Baltej Sandhu

ਖੇਤਾ ਵਿੱਚ (ਕਾਵਿ ਕਿਆਰੀ) - ਬਲਤੇਜ ਸੰਧੂ ਬੁਰਜ

ਅਸੀ ਪੰਜਾਬੀ ਲੋਕੋ ਸਰਮ ਨੇ ਹੀ ਮਾਰ ਦਿੱਤੇ
ਛੋਟਾ ਕੰਮ ਕਰਨ ਨੂੰ ਅਸੀ ਆਪਣੀ ਹੇਠੀ ਮੰਨਦੇ ਹਾ
ਪਾ ਚਿੱਟੇ ਕੱਪੜੇ ਮੋਟਰਸਾਈਕਲ ਤੇ ਖੇਤਾ ਨੂੰ
ਗੇੜਾ ਲਾਈਦਾ ਉਂਝ ਜੱਟ ਕਮਾਊ ਬਣਦੇ ਹਾ।
ਪੰਜ ਸੱਤ ਜਾਣੇ ਹੁੰਦੇ ਘਰ ਵਿੱਚ ਖਾਣ ਲਈ
ਬਸ ਘਰ ਵਿੱਚ ਇੱਕੋ ਇੱਕ ਜੀ ਕਮਾਉ ਹੁੰਦਾ ਆ
ਤਾਹੀਉ ਤਾ ਬਾਪੂ ਸਿਰ ਚੜਦਾ ਫਿਰ ਕਰਜਾ ਏ।
ਧੀ ਘਰ ਕੋਠੇ ਜਿੱਡੀ ਹੋਈ ਪੁੱਤ ਨਸ਼ੇੜੀ
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ,,,,,

ਕਦੇ ਬੋਰ ਖੜ੍ਹ ਜਾਂਵੇ ਕਦੇ ਮੋਟਰ ਹੈ ਸੜ ਜਾਂਦੀ
ਹਲ ਸੁਹਾਗਾ ਟਰਾਲੀ ਖੇਤੀ ਦੇ ਸੰਦੇ ਆਉਂਦੇ ਪੂਰੇ ਨਾ
ਪੁੱਤ ਗੁੱਸੇ ਹੋ ਸਪਰੇਅ ਦਾ ਭੱਜ ਭੱਜ ਲੀਟਰ ਚੁੱਕਦਾ ਏ
ਏਸੇ ਗੱਲ ਤੋ ਡਰਦਾ ਪੁੱਤ ਨੂੰ ਪਿਉ ਕਦੇ ਘੂਰੇ ਨਾ
ਚੜਿਆ ਸਿਰੋ ਲਹਿ ਜਾਏ ਕਰਜਾ ਸਾਹੂਕਾਰਾ ਦਾ
ਗਰੀਬ ਕਿਸਾਨ ਹਰਦਮ ਟੁੱਟ ਟੁੱਟ ਮਰਦਾ ਏ।
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ, ,,,

ਕਦੇ ਗੜੇਮਾਰੀ ਕਦੇ ਸੋਕੇ ਦੀ ਜੱਟ ਨੂੰ ਪੈਂਦੀਆਂ ਮਾਰਾ ਨੇ
ਕਿਉਂ ਦੇਸ ਮੇਰੇ ਦੀਆ ਸੁੱਤੀਆ ਪਈਆ ਸਰਕਾਰਾ ਨੇ
ਕੁੱਝ ਗੱਭਰੂ ਮੁਟਿਆਰਾ ਦੇਸ਼ ਮੇਰੇ ਦੇ ਬੇਰੁਜ਼ਗਾਰੀ ਨੇ ਝੰਭੇ ਨੇ
ਵਿੱਚ ਮਹਿੰਗਾਈ ਦੇ ਰਸਤੇ ਜਿੰਦਗੀ ਦੇ ਸੰਧੂਆ ਲੰਬੇ ਨੇ
ਫਾਹੇ ਲੱਗ ਮਰਨਾ ਮਸਲੇ ਦਾ ਹੱਲ ਨਹੀ ਮੈ ਪੜਿਆ ਵਿੱਚ ਅਖਬਾਰਾ ਦੇ ਫਾਹੇ ਲੱਗ ਜੱਟ ਰੋਜ ਹੀ ਮਰਦਾ ਏ।
ਪਰ ਖੇਤਾ ਵਿੱਚ ਕੱਲਾ ਬਾਪੂ ਕੰਮ ਕਰਦਾ ਏ,,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ (ਬਠਿੰਡਾ)
9465818158

ਧੀਆਂ - ਬਲਤੇਜ ਸੰਧੂ ਬੁਰਜ

ਕਿਊ ਲੋਕੋ ਜੱਗ ਵਿੱਚ ਰੀਤ ਪੁੱਠੀ ਜਿਹੀ ਪੈ ਗਈ
ਧੀ ਜਨਮ ਲੈਣ ਤੋ ਪਹਿਲਾ ਹੀ ਵੱਸ ਮਸ਼ੀਨਾ ਦੇ ਪੈ ਗਈ
ਇਨਸਾਨ ਕਿਉ ਇੱਕੋ ਗੱਲ ਨੂੰ ਪੱਲੇ ਬੰਨ੍ਹ ਕੇ ਬਹਿ ਗਿਆ
ਕਿ ਸਭ ਕੁੱਝ ਦੁਨੀਆ ਤੇ ਪੁੱਤਰਾ ਨਾਲ ਹੀ ਰਹਿ ਗਿਆ
ਕਾਹਤੋ ਜਨਮ ਲੈਣ ਨੀ ਦਿੰਦੇ ਧੀਆ ਨੂੰ।
ਕਿਉ ਲੋਕੋ ਤੁਸੀ ਕੁੱਖਾ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆ ਨੂੰ,,,,,

ਇੱਕ ਧੀ ਹੀ ਤਾ ਭੈਣ ਭੂਆ ਮਾਸੀ
ਬਣ ਕੇ ਵੱਖ ਵੱਖ ਫਰਜ ਨਿਭਾਉਂਦੀ ਏ
ਆਪਣੇ ਹੱਥੀ ਤੁਸੀ ਕਰਾਉਦੇ ਫਿਰਦੇ
ਪਰ ਉਹ ਉਸ ਦਾਤੇ ਤੋ ਸੁੱਖ ਥੋਡੀ ਚਾਹੁੰਦੀ ਏ
ਦੁੱਖ ਵੰਡਾਉਦੀਆ ਮਾਪਿਆ ਦੇ ਫਿਰ ਵੀ ਬੋਝ ਸਮਝਦੇ ਧੀਆ ਨੂੰ।
ਕਿਉ ਲੋਕੋ ਤੁਸੀ ਕੁੱਖਾ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆ ਨੂੰ,,,,

ਭੁੱਖ ਪੈਸਿਆ ਦੀ ਹੈ ਵੱਧ ਗਈ
ਬਣ ਗਿਆ ਹੈਵਾਨ ਡਾਕਟਰੀ ਪੇਸ਼ਾ
ਔਰਤ ਅੱਜ ਕੱਲ੍ਹ ਮਰਦ ਬਰਾਬਰ ਚੱਲਦੀ
ਬੁਰਜ ਲੱਧੇ ਦੇ ਸੰਧੂਆ ਜਾ ਕੇ ਵੇਖ ਲੈ ਵਿੱਚ ਵਿਦੇਸ਼ਾ
ਪੰਜਾਬ ਚ ਵੇਖਣ ਲਈ ਤਰਸਣ ਅੱਖੀਆ
ਪਿੱਪਲਾ ਥੱਲੇ ਲੱਗਦੀਆ ਤੀਆ ਨੂੰ।
ਕਿਉ ਲੋਕੋ ਤੁਸੀ ਕੁੱਖਾ ਵਿੱਚ ਮਾਰਨ ਲੱਗ ਪਏ
ਰੱਬ ਦਿਆ ਜੀਆ ਨੂੰ  ,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ ਬਠਿੰਡਾ
9465818158

ਪੁਲਿਸ ਦਾ ਕਹਿਰ - ਬਲਤੇਜ ਸੰਧੂ ਬੁਰਜ

ਅਸੀ ਜਿੰਨਾ ਲਈ ਵੈਰੀ ਨਾਲ ਲੜਦੇ ਰਹੇ
ਕੁਰਬਾਨੀਆ ਸਭਨਾਂ ਦੇ ਹੱਕਾ ਲਈ ਕਰਦੇ ਰਹੇ
ਨੋਵੇ ਗੁਰੂ ਸਾਡੇ ਜਿੰਨਾ ਲਈ ਕੁਰਬਾਨ ਹੋਏ
ਉਸ ਦਿੱਲੀ ਨੇ ਸਾਨੂੰ ਵੱਖਰੀ ਸਜਾ ਸੁਣਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ।
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,

ਵਿੱਚ 84 ਬੇਦੋਸ਼ੇ ਮਾਰੇ ਸੀ ਕਈ ਜਿਉਂਦੇ ਅੱਗ ਵਿੱਚ ਸਾੜੇ ਸੀ
ਇਨਸਾਨੀਅਤ ਦੀਆ ਹੱਦਾ ਟੱਪੇ ਭੁੱਖੇ ਹਵਸਾ ਦੇ
ਧੀਏ ਨੇ ਕੱਢੇ ਹਾੜੇ ਸੀ
ਪੀੜ ਉਮਰਾ ਦੀ ਪਤਾ ਨਹੀ ਕਿੰਨੀਆ ਮਾਂਵਾਂ ਦੀ ਝੋਲੀ ਪਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,

ਮੱਥਿਆ ਤੇ ਟਿੱਕੇ ਲੱਗਦੇ ਨੇ ਟੱਲ ਮੰਦਿਰਾ ਚੋ ਵੱਜਦੇ ਨੇ
ਤੁਸੀ ਭੁੱਲ ਅਹਿਸਾਨ ਗਏ ਤਾਹੀਉ ਸਿੱਖ ਮਾੜੇ ਲੱਗਦੇ ਨੇ
ਦਰਦ ਨਾ ਕੀਤਾ ਬੇਕਦਰਾ ਢੁਈ ਤੇ ਡਾਂਗਾਂ ਦੀਆ ਲਾਂਸਾ
ਪੈ ਗਈਆ ਰੂਹ ਦਿੱਲੀ ਵਿੱਚ ਵੱਸਦੇ ਸਿੱਖਾ ਦੀ ਫੇਰ ਕੰਬਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,

ਹਰ ਵਾਰੀ ਹਰ ਮੁੱਦੇ ਤੇ ਕਿਉ ਬਣਦੇ ਅਸੀ ਨਿਸ਼ਾਨਾ ਜੀ
ਐਵੇ ਤੁਸੀ ਨਫਰਤ ਦੀਆ ਜ਼ਹਿਰਾ ਘੋਲ ਰਹੇ ਕਦਰ ਕਰੋ ਇਨਸਾਨਾ ਦੀ
ਬੁਰਜ ਵਾਲਿਆ ਇੱਕ ਦੂਜੇ ਦੇ ਵੈਰੀ ਬਣ ਬਣ ਖੜਦੇ ਉ
ਧਰਮਾ ਵਿੱਚ ਪਾੜੇ ਦੀ ਕਿਸ ਚੰਦਰੇ ਪੁੱਠੀ ਰੀਤ ਚਲਾ ਦਿੱਤੀ।
ਢਾਹ ਤਸ਼ੱਦਤ ਪੁਲਿਸ ਵਾਲਿਆ ਸਿੱਖ ਪਿਉ ਪੁੱਤ ਤੇ
ਸਾਨੂੰ ਅੱਜ ਫੇਰ ਦੁਬਾਰਾ 84 ਯਾਦ ਕਰਾ ਦਿੱਤੀ,,,,,

ਬਲਤੇਜ ਸੰਧੂ ਬੁਰਜ
ਬੁਰਜ ਲੱਧਾ "ਬਠਿੰਡਾ"
9465818158

ਗੀਤ (ਪੁੱਤ ਕਿਉ ਪਰਦੇਸੀ ਹੋਏ) - ਬਲਤੇਜ ਸੰਧੂ

ਲੋਏ ਉਏ ਲੋਏ
ਹੱਥਾ ਵਿੱਚ ਡਿਗਰੀਆ ਚੱਕੀ ਫਿਰਦੇ
ਮਿਲਦਾ ਨਾ ਰੁਜ਼ਗਾਰ ਇੱਥੇ
ਪੁੱਤਰ ਪੰਜਾਬ ਦੇ ਤਾ ਪ੍ਰਦੇਸੀ ਹੋਏ।
ਪ੍ਰਦੇਸ ਜਾਂਦੇ ਪਰਦੇਸੀ ਪੁੱਤ ਨੂੰ
ਮਾਂ ਹੱਥੀ ਤੋਰ ਕੇ ਗਲ ਲੱਗ ਕੇ ਕੰਧਾ ਦੇ ਰੋਏ।
ਲੋਏ ਉਏ ਲੋਏ, ,,,

ਥਾਂਵਾ ਉਏ ਥਾਂਵਾ
ਜਿਹੜੇ ਘਰ ਵਿੱਚ ਪੁੱਤਾ ਤੈਨੂੰ ਲਾਡ ਲਡਾਏ
ਛੱਡ ਚੱਲਿਆ ਅੱਜ ਉਹ ਥਾਂਵਾ
ਅੱਖੀਆ ਤੈਨੂੰ ਰਹਿਣ ਉਡੀਕ ਦੀਆਂ
ਪੁੱਤਾ ਸੁੰਨੀਆ ਕਰ ਗਿਆ ਰਾਵਾਂ
ਥਾਂਵਾ ਉਏ ਥਾਂਵਾ,,,,

ਆਰੀ ਉਏ ਆਰੀ
ਮਾਂ ਪਿਉ ਦੇ ਫਿਰਦੀ ਸੀਨੇ ਚ ਆਰੀ
ਮੁੜ ਮੁੜ ਸੌਣ ਲਈ ਅੱਖਾ ਬੰਦ ਕਰਦੀ
ਸੁਪਨੇ ਚ ਪੁੱਤਾ ਤੇਰਾ ਮੁੱਖ ਦੇਖਣ ਦੀ ਮਾਰੀ।
ਆਰੀ ਉਏ ਆਰੀ,,,,,

ਹਵਾਵਾਂ ਉਏ ਹਵਾਵਾਂ
ਨਾ ਪੁੱਤਾ ਤੈਨੂੰ ਪਰਦੇਸਾ ਵਿੱਚ ਵੇ
ਤੱਤੀਆ ਕਦੇ ਲੱਗਣ ਹਵਾਵਾਂ
ਪੁੱਤ ਜਿੰਨਾ ਦੇ ਬਲਤੇਜ ਸੰਧੂ ਪਰਦੇਸ ਗਏ
ਘੁੱਟ ਸੀਨੇ ਨਾਲ ਲਾਉਣ ਨੂੰ ਰਹਿਣ ਤੜਫ ਦੀਆ ਮਾਂਵਾ
ਹਵਾਵਾਂ ਉਏ ਹਵਾਵਾਂ,,,,

ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158

ਅਜ਼ਾਦੀ ਤੋ ਬਹੱਤਰ ਸਾਲਾ ਬਾਅਦ ਵੀ ਮੁੱਢਲੀਆ ਸਹੂਲਤਾ ਨੂੰ ਤਰਸਦੇ ਲੋਕ - ਬਲਤੇਜ ਸੰਧੂ

ਚੋਣਾ ਦਾ ਬਿਗੁਲ ਵੱਜ ਚੁੱਕਾ ਹੈ ਸਤਾਰਵੀਆ ਲੋਕ ਸਭਾ ਦੀਆਂ ਚੋਣਾ ਪੂਰੇ ਦੇਸ਼ ਵਿੱਚ ਤਕਰੀਬਨ ਸੱਤ ਗੇੜਾ ਵਿੱਚ ਨੇਪਰੇ ਚਾੜ੍ਹਨ ਦੀ ਚੋਣ ਕਮਿਸ਼ਨ ਵੱਲੋ ਯੋਜਨਾ ਉਲੀਕੀ ਗਈ ਹੈ ਅੱਜ ਕੱਲ੍ਹ ਕਈ ਸੂਬਿਆ ਚ ਚੋਣ ਪ੍ਰਚਾਰ ਸਿਖਰ ਤੇ ਹੈ।ਵੱਖ ਵੱਖ ਪਾਰਟੀਆ ਨਾਲ ਸੰਬੰਧਤ ਨੁਮਾਇੰਦੇ ਇੱਕ ਦੂਸਰੇ ਉੱਪਰ ਖੁੱਲ੍ਹ ਕੇ ਦੂਸ਼ਣਬਾਜ਼ੀ ਕਰ ਰਹੇ ਹਨ।ਆਮ ਜਨਤਾ ਦੇ ਮੁੱਦਿਆ ਨੂੰ ਕਿਤੇ ਨਾ ਕਿਤੇ ਆਪਸੀ ਕਾਟੋ ਕਲੇਸ਼ ਵਿੱਚ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ।ਇਸੇ ਗੇੜ ਦੌਰਾਨ ਪੰਜਾਬ ਵਿੱਚ ਆਖਰੀ ਪੜਾਅ ਦੌਰਾਨ 19 ਮਈ ਨੂੰ ਵੋਟਾ ਪਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ।ਇਸ ਸਾਰੇ ਪੜ੍ਹਾਵਾ ਦਾ ਨਤੀਜਾ 23 ਮਈ ਨੂੰ ਸਾਹਮਣੇ ਆਏਗਾ।ਕਿਸਦੀ ਸਰਕਾਰ ਬਣਦੀ ਹੈ ਕਿਸਦੀ ਨਹੀ ਇਹ ਤਾ ਦੇਸ਼ ਦੇ ਵੋਟਰ ਅਤੇ ਆਉਣ ਵਾਲਾ ਸਮਾਂ ਤੈਅ ਕਰੇਗਾ।ਪਰ ਮੁੱਦਾ ਇਹ ਹੈ ਕਿ ਦੇਸ਼ ਵਾਸੀਆ ਨੂੰ ਅਜ਼ਾਦੀ ਤੋ 72 ਸਾਲਾ ਬਾਅਦ ਵੀ ਕੀ ਲੋੜੀਂਦੀਆ ਮੁੱਢਲੀਆ ਸਹੂਲਤਾ ਮਿਲ ਗਈਆ ਹਨ।
ਹਰ ਪੰਜ ਸਾਲਾ ਬਾਅਦ ਕਦੇ ਵਿਧਾਨ ਸਭਾ ਦੀਆ ਕਦੇ ਲੋਕ ਸਭਾ ਦੀਆ ਚੋਣਾ ਆਉਂਦੀਆ ਨੇ ਹਰ ਵਾਰ ਜਨਤਾ ਨਾਲ ਵੱਡੇ ਵੱਡੇ ਮਨ ਲੁਭਾਉ ਵਾਅਦੇ ਕੀਤੇ ਜਾਂਦੇ ਨੇ ਜੋ ਕੇ ਚੋਣਾ ਜਿੱਤਣ ਤੋ ਮਗਰੋਂ ਲੀਡਰ ਬੁਰੇ ਸੁਪਨੇ ਵਾਂਗ ਸਦਾ ਲਈ ਭੁੱਲ ਜਾਂਦੇ ਨੇ ਅਗਲੀਆ ਚੋਣਾ ਲਈ ਹੋਰ ਨਵੇ ਵਾਅਦੇ ਕੀਤੇ ਜਾਂਦੇ ਹਨ।ਜਿਵੇ ਮੱਛੀ ਨੂੰ ਫਸਾਉਣ ਲਈ ਕੰਡੇ ਤੇ ਆਟਾ ਆਦਿ ਲਗਾਇਆ ਜਾਂਦਾ ਹੈ।ਲੀਡਰਾ ਨੂੰ ਪਤਾ ਹੈ।ਲੋਕਾ ਦੀ ਯਾਦਦਾਸ਼ਤ ਬਹੁਤ ਕਮਜ਼ੋਰ ਹੈ।ਉਹ ਪਿਛਲੇ ਲੰਘੇ ਸਮੇ ਦੇ ਵਾਅਦਿਆ ਬਾਰੇ ਸਾਥੋ ਕਦੇ ਵੀ ਨਹੀ ਪੁੱਛਣਗੇ।ਭੋਲੀ ਭਾਲੀ ਜਨਤਾ ਅੱਛੇ ਦਿਨਾ ਦੇ ਚੱਕਰਾ ਚ ਕਦੇ ਖਾਤਿਆ ਚ ਲੱਖਾ ਰੁਪਿਆ ਪਵਾਉਣ ਜਾ ਘਰ ਘਰ ਨੌਕਰੀ ਸਮਾਰਟ ਫੋਨ ਗੁਟਕਾ ਸਾਹਿਬ ਦੀਆ ਸੌਹਾ ਖਾਹ ਕੇ ਚਾਹ ਪੱਤੀ ਖੰਡ ਘਿਉ ਵਰਗੇ ਮਿੱਠੇ ਮਿੱਠੇ ਲਾਰੇ ਵਗੈਰਾ ਵਗੈਰਾ ਹੋਰ ਪਤਾ ਨਹੀ ਕੀ ਕੁੱਝ।ਤੇ ਮਗਰੋਂ ਜਿਹੜੇ ਗਰੀਬਾ ਕੋਲ ਮਿਹਨਤ ਮੁਸ਼ੱਕਤ ਦੀ ਕਮਾਈ ਨਾਲ ਕਮਾਇਆ ਹੋਇਆ ਪੈਸਾ ਉਹ ਵੀ ਲੈ ਲਏ।ਲੋਕ ਵੀ ਇਹਨਾ ਦੀਆ ਮਿੱਠੀਆ ਚੋਪੜੀਆ ਗੱਲਾ ਵਿੱਚ ਝੱਟ ਆ ਜਾਂਦੇ ਨੇ।ਬਾਅਦ ਵਿੱਚ ਲੋਕਾ ਦੇ ਪਿੰਡਾਂ ਸ਼ਹਿਰਾ ਦੇ ਆਮ ਮਸਲੇ ਉੱਠ ਦੇ ਬੁੱਲ੍ਹ ਵਾਂਗ ਲਟਕਦੇ ਹੀ ਰਹਿੰਦੇ ਨੇ।
ਉਹੀ ਟੁੱਟੀਆ ਭੱਜੀਆ ਸੜਕਾ ਪਿੰਡਾ ਚ ਛੱਪੜ ਬਣੀਆ ਗਲੀਆ ਨਾਲੀਆ ਜਿਹੜੀਆ ਮੀਂਹ ਦੀਆ ਚਾਰ ਕਣੀਆ ਪੈਣ ਤੇ ਲੋਕਾ ਲਈ ਮੁਸੀਬਤ ਦਾ ਸਬੱਬ ਬਣ ਜਾਂਦੀਆ ਨੇ ਤੇ ਹਰ ਵੇਲੇ ਬਿਮਾਰੀ ਨੂੰ ਸੱਦਾ ਦਿੰਦੀਆ ਹਨ ਸੜਾਂਦ ਮਾਰਦੇ ਪਿੰਡਾ ਦੇ ਛੱਪੜ ਜਿਹੜੇ ਬਿਮਾਰੀ ਪੈਦਾ ਕਰਦੇ ਜਿਊਂਦੇ ਜਾਗਦੇ ਸਬੂਤ ਦਿੰਦੇ ਨੇ ਅਤੇ ਹਲਕਾ ਵਿਧਾਇਕ ਦੇ ਕੀਤੇ ਵਿਕਾਸ ਦਾ ਮੂੰਹ ਚਿੜਾਉਂਦੇ ਨੇ ।
ਪਰ ਮੇਰੇ ਦੇਸ਼ ਦੀਆ ਅੰਨੀਆ ਬੋਲੀਆ ਸਰਕਾਰਾ ਨੂੰ ਆਪਣੇ ਅਤੇ ਆਪਣਿਆ ਤੋ ਬਿਨਾ ਨਾ ਕੁੱਝ ਸੁਣਦਾ ਏ ਨਾ ਦਿੱਸਦਾ ਏ।ਆਪਣੀਆ ਆਉਣ ਵਾਲੀਆ ਪੰਜ ਚਾਰ ਪੀੜੀਆ ਦਾ ਢਿੱਡ ਭਰਨ ਲਈ ਧੰਨ ਇਕੱਠਾ ਕਰਨ ਵਿੱਚ ਜੁੱਟ ਜਾਂਦੇ ਨੇ ।ਕੀ ਸਾਡੇ ਦੇਸ਼ ਨੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸ਼ਹੀਦ ਸਾਥੀਆ ਦੇ ਸੁਪਨਿਆ ਦਾ ਦੇਸ਼ ਸਿਰਜ ਲਿਆ ਹੈ।ਅਜ਼ਾਦੀ ਤੋ ਪਹਿਲਾ ਉਹਨਾ ਸਾਡੇ ਲਈ ਜੋ ਸੁਪਨਾ ਦੇਖਿਆ ਸੀ ਕੀ ਸਰਕਾਰਾ ਉਹ ਪੂਰਾ ਕਰਨ ਵਿੱਚ ਸਫਲ ਹੋਈਆ ਨੇ ਤਾ ਜਵਾਬ ਨਾਂਹ ਹੀ ਹੋਏਗਾ ।ਸ਼ਹਿਰਾ ਵਿੱਚ ਸੜਕਾ ਕਿਨਾਰੇ ਲੱਗੇ ਗੰਦਗੀ ਦੇ ਢੇਰ ਸਰਕਾਰੀ ਹਸਪਤਾਲਾ ਵਿੱਚ ਬਿਨਾ ਦਵਾਈ ਖੱਜਲ ਖੁਆਰ ਹੁੰਦੇ ਮਰੀਜ਼ ਸਰਕਾਰੀ ਦਫ਼ਤਰਾ ਚ ਰੁੱਲਦੀਆ ਫਾਇਲਾ ਸਰਕਾਰੀ ਦਫ਼ਤਰਾ ਚ ਸਰਕਾਰੀ ਅਫਸਰਸ਼ਾਹੀ ਵੱਲੋ ਰਿਸ਼ਵਤਖੋਰੀ ਦਾ ਨਚਾਇਆ ਜਾਂਦਾ ਨੰਗਾ ਨਾਚ।ਕੁੱਝ ਗਿਣਤੀ ਦੇ ਅਧਿਕਾਰੀ ਛੱਡਕੇ ਬਾਕੀ ਦੇ ਕੀ ਚਪੜਾਸੀ ਕੀ ਲੱਖਾ ਰੁਪਏ ਤਨਖਾਹ ਲੈਣ ਵਾਲ਼ਾ ਮੁਲਾਜ਼ਮ ਸਾਰਾ ਸਿਸਟਮ ਹੀ ਕੁਰੱਪਟ ਹੋ ਚੁੱਕਿਆ ਏ।ਪਤਾ ਨਹੀ ਕਿੰਨੇ ਅਫਸਰ ਕਿੰਨੇ ਲੀਡਰ ਏਸ ਰਿਸ਼ਵਤ ਰੂਪੀ ਗੰਦਗੀ ਚ ਲਿਬੜੇ ਪਏ ਹਨ।ਭਗਤ ਸਿੰਘ ਦੇ ਸੁਪਨਿਆ ਦਾ ਅਤੇ ਆਮ ਇਨਸਾਨ ਦਾ ਤਾ ਲੱਗਦਾ ਹੁਣ ਰੱਬ ਹੀ ਰਾਖਾ ਹੈ ਕਹਿੰਦੇ ਨੇ ਜਿਸ ਖੇਤ ਨੂੰ ਵਾੜ ਹੀ ਖਾਣ ਲੱਗ ਪਵੇ ਉਸ ਦਾ ਬਚਣਾ ਫਿਰ ਮੁਸ਼ਕਿਲ ਹੋ ਜਾਂਦਾ।

ਬਲਤੇਜ ਸੰਧੂ
ਬੁਰਜ ਲੱਧਾ " ਬਠਿੰਡਾ "
9465818158

ਕਵਿਤਾ "ਸੋਨੇ ਰੰਗਾ ਰੰਗ ਕਣਕਾਂ ਦਾ" - ਬਲਤੇਜ ਸੰਧੂ

ਖਿੜ ਗਏ ਚਿਹਰੇ ਕਿਰਤੀ ਜੱਟਾ ਦੇ
ਚੜਿਆ ਵੈਸਾਖ ਰੰਗ ਵਟਾ ਲਿਆ ਕਣਕਾ ਨੇ।
ਦਿਲ ਅੰਦਰ ਅੰਗੜਾਈਆ ਲੈਣ ਉਮੰਗਾ
ਜਿਉਂ ਸੋਨੇ ਰੰਗਾ ਰੰਗ ਬਣਾ ਲਿਆ ਕਣਕਾ ਨੇ।

ਪੋਹ ਮਾਘ ਦੀਆ ਠੰਡੀਆਂ ਰਾਤਾ ਵਿੱਚ
ਕਰੀ ਕਮਾਈ ਦਾ ਹੁਣ ਮੁੱਲ ਪੈਣਾ ਏ।
ਕੁੱਝ ਸਿਰ ਤੋ ਭਾਰ ਹੌਲਾ ਹੋਵੇਗਾ
ਥੋੜ੍ਹਾ ਕਰਜ ਸਾਹੂਕਾਰ ਦਾ ਲੈਣਾ ਏ।

ਹਰ ਘਰ ਵਿੱਚ ਰੱਬਾ ਹੋਵਣ ਖੁਸੀਆ ਖੇੜੇ
ਚੇਹਰੇ ਕਿਰਤੀ ਦੇ ਕਿਉ ਮੁਰਝਾਏ ਰਹਿੰਦੇ ਨੇ।
ਹੱਡ ਭੰਨਵੀ ਮਿਹਨਤ ਦਾ ਪੈਦਾ ਪੂਰਾ ਮੁੱਲ ਨਹੀ
ਸਤਾਏ ਕਰਜੇ ਨੇ ਕਿਉ ਰੱਸੇ ਗਲਾ ਵਿੱਚ ਪੈਂਦੇ ਨੇ।

ਛੱਤ ਪਾੜ ਕੇ ਤੇਰੇ ਤੋ ਰੱਬਾ ਮੰਗਦੇ ਨਈ
ਬੱਸ ਮਿਹਨਤ ਦਾ ਮੁੱਲ ਹੀ ਪੂਰਾ ਪਾ ਦੇਵੀ।
ਦੁੱਖ ਤਕਲੀਫ ਬਿਮਾਰੀ ਤੋ ਰੱਖੀ ਬਚਾ ਕੇ
ਹੱਕ ਦੀ ਕਮਾਈ ਕਿਸੇ ਚੰਗੇ ਲੇਖੇ ਲਾ ਦੇਵੀ।

ਨਿੱਤ ਕਰ ਅਰਦਾਸ ਦਾਤਾ ਸ਼ੁੱਖ ਮੰਗੇ ਸੁਆਣੀ
ਮਾਲਕਾ ਫਲ ਲਾਵੀ ਸਭ ਦੀਆ ਉਮੰਗਾ ਨੂੰ।
ਨਿੱਕੇ ਨਿੱਕੇ ਬਾਲ਼ਾ ਦੇ ਸਿਰ ਤੋ ਨਾ ਉੱਠੇ ਸਹਾਰਾ ਬਾਪੂ ਦਾ
ਹਰ ਘਰ ਤੇਰੀ ਰਜਾ ਚ ਮਾਣੇ ਖੁਸੀਆ ਦੇ ਰੰਗਾ ਨੂੰ।

ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158

ਵਿਅੰਗਮਈ ਕਹਾਣੀ  "ਫਰਕ" - ਬਲਤੇਜ ਸੰਧੂ

ਮੇਰੇ ਲੇਖਕ ਸਾਥੀ ਗੁਰਮੀਤ ਸਿੱਧੂ ਕਾਨੂੰਗੋ ਨਾਲ ਇੱਕ ਦਿਨ ਅਚਾਨਕ ਫੋਨ ਤੇ ਗੱਲ ਚੱਲ ਪਈ ਉਹ ਕਹਿਣ ਲੱਗੇ ਕੇ ਇੱਕ ਬਹੁਤ ਪੁਰਾਣੀ ਗੱਲ ਹੈ।ਇੱਕ ਘੁਮਿਆਰ ਹੁੰਦਾ ਉਸ ਕੋਲ ਇੱਕ ਗਧਾ ਹੁੰਦਾ ਏ।ਉਹ ਸਾਰਾ ਦਿਨ ਗਧੇ ਤੋ ਬਹੁਤ ਕੰਮ ਲੈਦਾ ਉਸਨੂੰ ਕੁੱਟਦਾ ਮਾਰਦਾ ਗਧਾ ਆਪਣੇ ਮਾਲਕ ਤੋ ਅੰਦਰੋ ਅੰਦਰੀ ਬਹੁਤ ਦੁਖੀ ਪਰੇਸ਼ਾਨ ਹੋਇਆ ਸੋਚਦਾ ਹੈ ਕਿ ਉਹ ਉਸ ਨੂੰ ਛੱਡਕੇ ਦੌੜ ਜਾਵੇਗਾ।ਹਰ ਰੋਜ ਉਹ ਇਹੀ ਸਕੀਮਾ ਘੜਦਾ ਰਹਿੰਦਾ।
ਸਾਰੇ ਦਿਨ ਦੀ ਮਿਹਨਤ ਮਗਰੋ ਜਦ ਉਸ ਦਾ ਮਾਲਕ ਉਸ ਨੂੰ ਵਾੜੇ ਚ ਬੰਨਣ ਲਈ ਉਸ ਦੇ ਪੈਰਾ ਚ ਰੱਸੀ ਪਾਉਂਦਾ ਹੈ ਤਾ ਗਧੇ ਨੂੰ ਆਪਣੇ ਮਾਲਕ ਤੇ ਬੜੀ ਦਿਆਲਤਾ ਆਉਦੀ ਉਹ ਅੰਦਰੋ ਅੰਦਰੀ ਬੜਾ ਖੁਸ਼ ਹੁੰਦਾ ਉਹ ਸੋਚਦਾ ਮੇਰਾ ਮਾਲਕ ਕਿੰਨਾ ਚੰਗਾ ਹੈ ਉਹ ਰੋਜ਼ਾਨਾ ਸ਼ਾਮ ਨੂੰ ਮੇਰੇ ਪੈਰੀ ਹੱਥ ਲਾਉਂਦਾ ਏ।ਉਹ ਇਹ ਦੇਖ ਕੇ ਆਪਣੇ ਵਿਚਾਰ ਬਦਲ ਲੈਦਾ ਏ। ਦੂਸਰੇ ਦਿਨ ਤੋ ਫੇਰ ਉਹੀ ਹਾਲ।
ਇਹੀ ਹਾਲ ਸਾਡੇ ਦੇਸ਼ ਦੇ ਲੋਕਾ ਦਾ ਹੈ ਲੀਡਰ ਚੋਣਾ ਜਿੱਤ ਕੇ ਚਾਰ ਸਾਢੇ ਚਾਰ ਸਾਲ ਸਾਨੂੰ ਲੁੱਟ ਦੇ ਕੁੱਟ ਨੇ ਕਦੇ ਧਰਨਿਆ ਤੇ ਕਦੇ ਕਿਤੇ ਕਦੇ ਤਰੱਕੀਆ ਦਿਵਾਉਣ ਬਹਾਨੇ ਵਿਚੋਲਿਆ ਰਾਹੀ ਰਿਸ਼ਵਤਾ ਖਾਂਦੇ ਨੇ ਵੱਡੇ ਵੱਡੇ ਘਪਲੇ ਕਰੀ ਜਾ ਰਹੇ ਨੇ ਸਭ ਕੁੱਝ ਹੜੱਪ ਕਰ ਜਾਂਦੇ ਨੇ ਤੇ ਡਕਾਰ ਵੀ ਨਹੀ ਮਾਰਦੇ।ਕਿਸੇ ਨੂੰ ਕੋਈ ਸਹੂਲਤ ਨਹੀ ਜਨਤਾ ਦਾ ਬੁਰਾ ਹਾਲ ਹੈ ।ਜਦ ਫੇਰ ਵੋਟਾ ਨੇੜੇ ਆਉਣ ਵਾਲੀਆ ਹੁੰਦੀਆ ਨੇ ਮਤਲਬ ਛੇ ਕੁ ਮਹੀਨੇ ਪਹਿਲਾ ਉਹ ਫੇਰ ਮਸੋਸਿਆ ਜਿਹਾ ਮੂੰਹ ਲੈ ਕੇ ਆਮ ਜਨਤਾ ਵਿੱਚ ਆ ਜਾਂਦੇ ਨੇ ।ਕਿਸੇ ਦੇ ਘਰ ਉਹਨਾ ਨਾਲ ਬੈਠ ਰੋਟੀ ਖਾ ਜਾਂਦੇ ਹਨ ਕਿਸੇ ਨਾਲ ਖੜ ਫੋਟੋ ਖਿਚਵਾ ਲੈਂਦੇ ਨੇ ਸਾਨੂੰ ਉਹਨਾ ਤੇ ਦਿਆਲਤਾ ਆ ਜਾਂਦੀ ਹੈ ਅਸੀ ਅੰਦਰੋ ਅੰਦਰੀ ਬਹੁਤ ਖੁਸ਼ ਹੁੰਦੇ ਹਾ ਕਿ ਸਾਡੇ ਮਾਲਕ ਯਾਨੀ ਕਿ ਮੰਤਰੀ ਮੇਰੇ ਨਾਲ ਬੈਠ ਰੋਟੀ ਖਾ ਗਿਆ ਚਾਰ ਮਿੱਠੀਆ ਮਿੱਠੀਆ ਗੱਲਾ ਮਾਰ ਗਿਆ ਸਾਡੇ ਨਾਲ ਖੜ ਫੋਟੋ ਖਿਚਵਾ ਗਿਆ ਅਸੀ ਫੇਰ ਉਹਨਾ ਨੂੰ ਹੀ ਵੋਟ ਪਾ ਦਿੰਦੇ ਹਾ।ਉਹ ਉਹੀ ਕੰਮ ਅਗਲੀ ਵਾਰ ਫੇਰ ਕਰਦੇ ਨੇ।ਸਾਡੇ ਪਿੰਡਾ ਦੇ ਕੰਮ ਉੱਠ ਦੇ ਬੁੱਲ੍ਹ ਵਾਂਗ ਲਮਕਦੇ ਹੀ ਰਹਿੰਦੇ ਹਨ ਹੁਣ ਸੋਚ ਕੇ ਵੇਖੋ ਕਸੂਰ ਕਿਸਦਾ ਤੇ ਆਪਣੀ ਹਾਲਤ ਕੀਹਦੇ ਵਰਗੀ।
ਲੋੜ ਹੈ ਜਾਗਣ ਦੀ ਸਮਝਣ ਦੀ ਆਪਣੀ ਵੋਟ ਦੀ ਸਹੀ ਵਰਤੋ ਕਰਨ ਦੀ ਜੇ ਨਾ ਜਾਗੇ ਨਾ ਸਮਝੇ ਤਾ ਹੰਢਾਈ ਚੱਲਾਂਗੇ ਘੁਮਿਆਰ ਦੇ ਗਧੇ ਵਾਲੀ ਜੂਨ ।ਕਿਸੇ ਲੀਡਰ ਨੂੰ ਕੋਈ ਫਰਕ ਨਹੀ ਪੈਣਾ ।ਸਾਨੂੰ ਇਹ ਫਰਕ ਆਪ ਸਮਝਣਾ ਪਵੇਗਾ।

ਬਲਤੇਜ ਸੰਧੂ
ਬੁਰਜ ਲੱਧਾ ਬਠਿੰਡਾ
9465818158

ਮਾਨ ਨੇ ਸ਼ਰਾਬ ਨੂੰ ਆਖੀ ਅਲਵਿਦਾ  - ਬਲਤੇਜ ਸੰਧੂ ਬੁਰਜ ਵਾਲਾ

ਆਮ ਦਮੀ ਪਾਰਟੀ ਦੀ 20 ਜਨਵਰੀ ਦੀ ਬਰਨਾਲਾ ਰੈਲੀ ਵਿੱਚ ਜਿੱਥੇ ਦਿੱਲੀ ਦੇ ਮੁੱਖ ਮੰਤਰੀ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਉਂਦੀਆ ਲੋਕ ਸਭਾ ਚੋਣਾ ਦੇ ਮੱਦੇਨਜ਼ਰ ਬੁਲਾਇਆ ਗਿਆ।ਉੱਥੇ ਹੀ ਸੰਗਰੂਰ ਤੋ ਮੌਜੂਦਾ ਐੱਮ ਪੀ ਅਤੇ ਪੰਜਾਬ ਇਕਾਈ ਆਪ ਦੇ ਪ੍ਰਧਾਨ ਭਗਵੰਤ ਮਾਨ ਨੇ ਜਿਸ ਤਰਾ ਨਾਲ ਬੋਲਦਿਆ ਆਪਣੀ ਮਾਤਾ ਜੀ ਨੂੰ ਕੋਲ ਬੁਲਾ ਕੇ ਸ਼ਰਾਬ ਛੱਡਣ ਦੀ ਗੱਲ ਆਖੀ ਏ ਇਸ ਵਿਸ਼ੇ ਨੇ ਪੂਰੇ ਪੰਜਾਬ ਵਿੱਚ ਇੱਕ ਵਾਰ ਫਿਰ ਚਰਚਾਵਾ ਦਾ ਮਾਹੌਲ ਗਰਮ ਕਰ ਦਿੱਤਾ।ਸਭ ਨੂੰ ਪਤਾ ਹੈ ਕਿ ਸ਼ਰਾਬ ਦੇ ਨਸ਼ੇ ਵਿਚ 2017 ਚੋਣਾ ਦੌਰਾਨ ਭਗਵੰਤ ਮਾਨ ਦੀ ਕਾਫੀ ਸਾਰੀਆ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆ ਸਨ।ਪਾਰਟੀ ਦੀ ਏਸ ਮੁੱਦੇ ਤੇ ਅਤੇ ਭਗਵੰਤ ਮਾਨ ਦੀ ਪੰਜਾਬ ਅੰਦਰ ਬਹੁਤ ਕਿਰਕਿਰੀ ਵੀ ਹੋਈ ਸੀ।ਆਮ ਪਾਰਟੀ ਏਸ ਮੁੱਦੇ ਨੂੰ ਲੈ ਕੇ ਵਿਰੋਧੀ ਦਲਾ ਦੇ ਨਿਸ਼ਾਨੇ ਤੇ ਆ ਗਈ ਸੀ।ਅਤੇ ਵਿਰੋਧੀਆ ਨੇ ਅਲੱਗ ਅਲੱਗ ਢੰਗ ਤਰੀਕਿਆ ਨਾਲ ਤੰਜ ਵੀ ਕਸੇ ਸਨ।ਏਸ ਮਸਲੇ ਤੇ ਪਾਰਟੀ ਅੰਦਰ ਵੀ ਬਹੁਤ ਘਮਸਾਨ ਪਿਆ ਸੀ।ਸ੍ਰੀ ਅਨੰਦਪੁਰ ਸਾਹਿਬ ਤੋ ਆਪ ਤੋ ਮੁਅੱਤਲ ਐੱਮ ਪੀ ਹਰਿੰਦਰ ਸਿੰਘ ਖਾਲਸਾ ਨੇ ਤਾ ਸੰਸਦ ਵਿਚਲੀ ਮਾਨ ਨਾਲੋ ਸੀਟ ਬਦਲਣ ਦੀ ਪੇਸ਼ਕਸ਼ ਕਰ ਦਿੱਤੀ ਸੀ ਉਸ ਦਾ ਕਹਿਣਾ ਸੀ ਕਿ ਭਗਵੰਤ ਮਾਨ ਕੋਲ ਬੈਠਿਆ ਉਸ ਨੂੰ ਸ਼ਰਾਬ ਦੀ ਬਦਬੂ ਆਉਦੀ ਹੈ।ਉਸ ਕੋਲ ਬੈਠਣ ਵਿੱਚ ਉਹਨਾ ਨੂੰ ਤਕਲੀਫ ਮਹਿਸੂਸ ਹੁੰਦੀ ਹੈ।ਹਾਲ ਦੀ ਘੜੀ ਇਹਨਾ ਸਭ ਚਰਚਾਵਾ ਤੇ ਮਾਨ ਨੇ ਵਿਰਾਮ ਲਾਉਦਿਆ ਬਰਨਾਲਾ ਰੈਲੀ ਦੌਰਾਨ ਸ਼ਰਾਬ ਛੱਡਣ ਦਾ ਪ੍ਰਣ ਲਿਆ ਹੈ।ਇਸ ਵਿਸ਼ੇ ਤੇ ਸੋਸ਼ਲ ਮੀਡੀਆ ਉੱਪਰ ਵੱਖ ਵੱਖ ਲੋਕਾ ਵੱਲੋ ਵੱਖ ਵੱਖ ਪ੍ਰਤੀਕਰਮ ਪੜਣ ਸੁਨਣ ਨੂੰ ਮਿਲ ਰਹੇ ਨੇ ਕੋਈ ਤਾ ਇਸ ਗੱਲ ਨੂੰ ਝੰਡੇ ਅਮਲੀ ਦਾ ਸ਼ੁਕਲਾ ਦੱਸ ਰਿਹਾ ਹੈ।ਕੋਈ ਇਸ ਨੂੰ ਆਉਂਦੀਆ 2019 ਦੀਆ ਲੋਕ ਸਭਾ ਚੋਣਾ ਲਈ ਵਰਤਿਆ ਜਾਣ ਵਾਲਾ ਸਟੰਟ ਕਹਿ ਰਿਹਾ ਹੈ।ਅਤੇ ਕੁੱਝ ਸੱਜਣ ਪੰਜਾਬ ਦੇ ਭਲੇ ਲਈ ਤੀਸਰੇ ਧਿਰ ਲਈ ਚੰਗੀ ਗੱਲ ਕਹਿ ਰਿਹਾ ਏ।ਕਈਆ ਦਾ ਕਹਿਣਾ ਏ ਦੇਰ ਆਏ ਦਰੁਸਤ ਆਏ ਦੱਸ ਰਿਹਾ ਹੈ।ਹੋਰ ਤਾ ਹੋਰ ਇੱਕ ਨਾਮਵਰ ਲੀਡਰ ਨੇ ਇਸ ਰੈਲੀ ਨੂੰ ਕੇਜਰੀਵਾਲ ਦੀ ਭਗਵੰਤ ਮਾਨ ਦੀ ਸ਼ਰਾਬ ਛਡਾਉ ਰੈਲੀ ਤੱਕ ਕਹਿ ਦਿੱਤਾ ਹੈ।ਸਿਆਣੇ ਕਹਿੰਦੇ ਨੇ ਜਿੰਨੇ ਮੂੰਹ ਉਨੀਆ ਗੱਲਾ।ਬਾਕੀ ਦੇਖਣਾ ਹੋਵੇਗਾ ਮਾਨ ਆਪਣੇ ਕੀਤੇ ਹੋਏ ਵਾਅਦੇ ਤੇ ਕਿੰਨਾ ਖਰਾ ਉਤਰਦਾ ਹੈ।ਇਸ ਤੋ ਵੱਧ ਕੁੱਝ ਕਹਿਣਾ ਸਮੇ ਤੋ ਪਹਿਲਾ ਦੀ ਗੱਲ ਹੋਵੇਗੀ।

ਬਲਤੇਜ ਸੰਧੂ ਬੁਰਜ ਵਾਲਾ
ਬਠਿੰਡਾ
9465818158

ਵਿਸ਼ਾ-ਪੰਜਾਬੀ ਗੀਤ - ਬਲਤੇਜ ਸੰਧੂ

(ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ)
(1) ਅੱਜ ਯਾਰੋ ਗੱਲ ਕਰਾ ੳਸ ਮੈ ਪੰਜਾਬ ਦੀ
ਜਿੱਥੇ ਦੁੱਧ ਅਤੇ ਖੂਨ ਨਾਲੋ ਮਹਿੰਗੀ ਮਿਲੇ ਬੋਤਲ ਸ਼ਰਾਬ ਦੀ,
ਹੱਥਾ ਵਿੱਚ ਬੇਰੁਜ਼ਗਾਰ ਨੌਜਵਾਨ ਡਿਗਰੀਆ ਚੱਕੀ ਫਿਰਦੇ
ਕਿਊ ਨਾ ਸਰਕਾਰੇ ਤੈਨੂੰ ਦਿਸਦੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ,,,,
(2)ਕਾਹਤੋ ਧੀਆ ਦਾ ਕੁੱਖ ਵਿੱਚ ਕਤਲ ਹੋਵੇ
ਕਿਊ ਦਾਜ ਲਈ ਸਹੁਰੇ ਘਰ ਜਾਦੀਆ ਨੇ ਸਾੜੀਆ
ਇਹਨਾ ਉੱਤੇ ਕਿਉ ਕਰਦੇ ਉ ਵੈਰੀਉ ਤੇਜ਼ਾਬੀ ਹਮਲੇ,
ਹਵਸ ਦੇ ਭੁੱਖੇ ਕਾਸਤੋ ਨੀਤਾ ਰੱਖਦੇ ਨੇ ਮਾੜੀਆ।
ਲੱਖ ਵਾਰ ਸਲਾਮ ਉਹਨਾ ਧੀਆ ਨੂੰ ਕਰੀਏ
ਜੋ ਕੁੱਖ ਵਿੱਚੋ ਜੰਮਣ ਫਰਿਸਤੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ,,,,
(3)ਸਰਕਾਰੀ ਕੁਰਸੀ ਬੈਠ ਜੋ ਫੈਲਾਉਦੇ ਭ੍ਰਿਸਟਾਚਾਰ ਨੇ
ਲੈ ਲੈ ਵੱਢੀਆ ਖਾਵਦੇ ਢਿੱਡ ਫੇਰ ਵੀ ਨਾ ਭਰਦੇ,
ਅੱਜ ਅੱਧਾ ਦੇਸ਼ ਮੇਰਾ ਭੁੱਖ ਨੰਗ ਨਾ ਘੁੱਲੇ
ਕੁੱਝ ਐਸੇ ਵੀ ਨੇ ਪੈਸਿਉ ਬਗੈਰ ਬਿਨਾ ਇਲਾਜ ਤੋ ਹੈ ਮਰਦੇ।
ਰਿਸ਼ਵਤ ਖਾਣੇ ਬਣ ਗਏ ਨਾਸੂਰ ਦੇਸ਼ ਲਈ
ਜਿਹੜੇ ਹਰਦਮ ਰਹਿੰਦੇ ਰਿਸਦੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ, ,,,
(4)ਇੱਕ ਬੋਤਲ ਦਾਰੂ ਦੀ ਤੇ ਕੁੱਝ ਨੋਟਾ ਖਾਤਿਰ ਜਿਹੜੇ ਆਪਣਾ ਜਮੀਰ ਵੇਚਦੇ ਉਥੋ ਕਿੱਥੇ ਬੁਰਜ ਵਾਲਿਆ ਤੁਸੀ ਇਨਕਲਾਬ ਭਾਲਦੇ,
ਜਿਹੜੇ ਬਣਦੇ ਨੇ ਨੇਤਾ ਪੈਸੇ ਨਸ਼ੇ ਅਤੇ ਨਾਲ ਜੋਰ ਦੇ
ਉਹੀਉ ਤੁਹਾਡੇ ਪੁੱਤਰਾ ਲਈ ਸਿਵਿਆ ਦੀ ਅੱਗ ਬਾਲਦੇ।
ਜਿਹੜਾ ਬੰਦਾ ਆਉਣ ਵਾਲੇ ਭਵਿੱਖ ਦਾ ਨਾ ਫਿਕਰ ਕਰੇ
ਬਲਤੇਜ ਸੰਧੂ ਉਹ ਸਦਾ ਗੁਲਾਮੀ ਦੀ ਚੱਕੀ ਵਿੱਚ ਰਹਿੰਦੇ ਪਿਸਦੇ।।
ਕਾਹਤੋ ਖੂਨ ਦੁੱਧ ਨਾਲੋ ਚਿੱਟਾ ਹੋ ਗਿਆ
ਕਿਊ ਅੱਜ ਪੈਸੇ ਨਾਲੋ ਛੋਟੇ ਹੋ ਗਏ ਰਿਸ਼ਤੇ,,,,

ਬਲਤੇਜ ਸੰਧੂ
ਬੁਰਜ ਲੱਧਾ(ਬਠਿੰਡਾ)
9465818158

ਨਿੱਤ ਵੱਧਦੇ ਰੇਟ ਲੋਕਾ ਲਈ ਸਿਰਦਰਦੀ - ਬਲਤੇਜ ਸੰਧੂ

ਇੱਕ ਪਾਸੇ ਤਾ ਪੰਜਾਬ ਦੇ ਕਿਸਾਨ ਕਰਜੇ ਦੇ ਭਾਰ ਥੱਲੇ ਪਹਿਲਾ ਹੀ ਦੱਬ ਕੇ ਦਿਨੋ ਦਿਨ ਖੁਦਕੁਸ਼ੀਆ ਕਰ ਮੌਤ ਦੇ ਮੂੰਹ ਵਿੱਚ ਜਾ ਰਹੇ ਨੇ। ਦੂਜੇ ਪਾਸੇ ਸਰਕਾਰਾ ਆਏ ਦਿਨ ਪਟਰੋਲ ਡੀਜ਼ਲ ਖਾਦਾ ਆਦਿ ਦੀਆ ਕੀਮਤਾ ਨੂੰ ਅਸਮਾਨੀ ਚੜਾ ਰਹੀ ਹੈ।ਕੁੱਝ ਦਿਨ ਪਹਿਲਾ ਹਾੜ੍ਹੀ ਦੀ ਫਸਲ ਕਣਕ ਦੇ ਮੁੱਲ ਚ ਇਕ ਸੌ ਪੰਜ ਰੁਪਏ ਕੁਇੰਟਲ ਮਾਮੂਲੀ ਵਾਧਾ ਕਰ ਸਰਕਾਰ ਆਪਣੀ ਆਪਣੇ ਆਪ ਹੀ ਪਿੱਠ ਥਪਥਪਾ ਰਹੀ ਸੀ।ਪਰ ਕਿਸਾਨਾ ਅਤੇ ਕਿਸਾਨ ਯੂਨੀਅਨਾ ਵੱਲੋ ਸਵਾਮੀਨਾਥਨ ਰਿਪੋਰਟ ਅਨੁਸਾਰ ਬਣਦਾ ਸਮਰਥਨ ਮੁੱਲ ਲਗਭਗ ਸਤਾਈ ਸੌ ਰੁਪਏ ਕੁਇੰਟਲ ਦੀ ਮੰਗ ਕੀਤੀ ਜਾ ਰਹੀ ਹੈ।ਕਿਸਾਨਾ ਦੀ ਹਮਦਰਦ ਬਣਨ ਦੇ ਦਿਖਾਵੇ ਕਰ ਰਹੀ ਕੇਂਦਰ ਸਰਕਾਰ ਨੇ ਡੀ ਏ ਪੀ ਖਾਦ ਇੱਕ ਸੌ ਦਸ ਰੁਪਏ ਪ੍ਰਤੀ ਥੈਲਾ ਵਧਾ ਕੇ ਨਿਘਾਰ ਵੱਲ ਜਾ ਰਹੀ ਕਿਸਾਨੀ ਦੇ ਡੂੰਘੀ ਸੱਟ ਮਾਰੀ ਹੈ।ਜਦੋਂਕਿ ਕਣਕ ਦੀ ਬਿਜਾਈ ਵੇਲੇ ਕਿਸਾਨਾ ਨੂੰ ਡੀ ਏ ਪੀ ਖਾਦ ਦੀ ਜਰੂਰਤ ਜਿਆਦਾ ਹੁੰਦੀ ਹੈ।ਜਿਸ ਨਾਲ ਦੇਸ਼ ਦੇ ਕਿਸਾਨਾ ਤੇ ਵਾਧੂ ਬੋਝ ਪਾ ਦਿੱਤਾ ਗਿਆ ਹੈ।ਇਸ ਵੇਲੇ ਝੋਨੇ ਦੀ ਕਟਾਈ ਲਈ ਡੀਜ਼ਲ ਦੀ ਖਪਤ ਵੱਧ ਜਾਣੀ ਹੈ ਇਹੋ ਜਿਹੇ ਸਮੇ ਨੂੰ ਦੇਖਦੇ ਹੋਏ ਸਰਕਾਰ ਨੂੰ ਡੀਜ਼ਲ ਤੇ ਲੱਗ ਰਹੇ ਟੈਕਸਾ ਚ ਭਾਰੀ ਛੋਟ ਦੇਣੀ ਚਾਹੀਦੀ ਹੈ।ਤਾ ਜੋ ਕਿਸਾਨ ਅਤੇ ਟਰੱਕ ਅਪ੍ਰੇਟਰ ਆਰਥਿਕ ਮੰਦਹਾਲੀ ਤੋ ਬਚ ਸਕਣ।ਸਰਕਾਰ ਨੂੰ ਚਾਹੀਦਾ ਹੈ ਕਿ ਉਹ ਖਾਦਾ ਦੇ ਵਧੇ ਹੋਏ ਰੇਟ ਤੁਰੰਤ ਵਾਪਸ ਲੈ ਕੇ  ਡੁੱਬਦੀ ਕਿਸਾਨੀ ਨੂੰ ਮੁੜ ਪੈਰਾ ਸਿਰ ਖੜ੍ਹਾ ਕਰਨ ਲਈ ਉਪਰਾਲੇ ਕਰਨ ਦੀ।ਨਾ ਕੇ ਖੇਤੀਬਾੜੀ ਨੂੰ ਘਾਟੇ ਵੱਲ ਲਿਜਾਇਆ ਜਾਵੇ।

ਬਲਤੇਜ ਸੰਧੂ
ਪਿੰਡ ਬੁਰਜ ਲੱਧਾ ਸਿੰਘ ਵਾਲਾ
ਡਾਕ ਭਗਤਾ ਭਾਈ ਕਾ(ਬਠਿੰਡਾ)
9465818158