Pritam Ludhianvi

ਗਾਇਕ, ਗੀਤਕਾਰ ਤੇ ਕਹਾਣੀਕਾਰ ਦਾ ਸੁਮੇਲ :  ਗਗਨ ਕਾਈਨੌਰ (ਮੋਰਿੰਡਾ) - ਪ੍ਰੀਤਮ ਲੁਧਿਆਣਵੀ

    ਸੰਗੀਤਕ ਖੇਤਰ ਵਿੱਚ ਆਪਣੀ ਕਲਮ ਦੇ ਨਾਲ ਨਵੇਂ ਗਾਇਕਾਂ ਨੂੰ ਆਪਣੇ ਗੀਤਾਂ ਰਾਹੀਂ ਸੰਗੀਤਕ-ਦਰਸ਼ਕਾਂ ਦੇ ਰੂਬਰੂ ਕਰਨ ਦੀ ਦਿਲੋਂ ਇੱਛਾਂ ਰੱਖਣ ਵਾਲਾ ਨੌਜ਼ਵਾਨ ਗੀਤਕਾਰ, ਗਗਨ ਕਾਈਨੌਰ (ਮੋਰਿੰਡਾ) ਗੀਤਕਾਰੀ ਦੇ ਖੇਤਰ ਵਿੱਚ ਆਪਣਾ ਨਾਂ ਸਥਾਪਤ ਕਰਨ ਲਈ ਤੱਤਪਰ ਹੈ। ਗਗਨ ਕਾਈਨੌਰ ਦਾ ਜਨਮ ਜ਼ਿਲਾ ਰੂਪਨਗਰ (ਰੋਪੜ) ਦੇ ਪਿੰਡ ਕਾਈਨੌਰ ਵਿੱਚ 24 ਸਤੰਬਰ 1993 ਵਿੱਚ ਮਾਤਾ ਕੁਲਵੰਤ ਕੌਰ ਦੀ ਕੁੱਖੋਂ ਪਿਤਾ ਗੁਰਚਰਨ ਸਿੰਘ ਦੇ ਵਿਹੜੇ ਵਿੱਚ ਹੋਇਆ। ਇੱਥੇ ਦੱਸਣ ਯੋਗ ਗੱਲ ਹੈ ਕਿ ਗਗਨ ਦੇ ਮਾਤਾ ਜੀ ਆਪਣੇ ਜਨਮ ਤੋਂ ਹੀ ਬੋਲ ਨਹੀਂ ਸਕਦੇ ਸਨ ਅਤੇ ਪਿਤਾ ਦੇ ਵੀ ਆਪਣੇ ਬਚਪਨ ਵਿਚ ਰਾਤ ਨੂੰ ਪੜਦੇ-ਪੜਦੇ ਦੇ ਉੱਤੇ ਦੀਵਾ ਗਿਰ ਗਿਆ ਸੀ ਜਿਸ ਕਰਕੇ ਉਨਾਂ ਦੀ ਇੱਕ ਬਾਂਹ ਬਹੁਤ ਬੁਰੀ ਤਰਾਂ ਜਲ ਗਈ ਸੀ । 

       ਗਗਨ ਨੂੰ ਗਾਇਕੀ ਖੇਤਰ ਵਿਚ ਉਹਨਾਂ ਦੇ ਦਾਦਾ ਜੀ ਸਵਰਗਵਾਸੀ ਬਲਵੰਤ ਸਿੰਘ ਪਟਵਾਰੀ ਜੀ ਅਤੇ ਦਾਦੀ ਗੁਰਦਿਆਲ ਕੌਰ ਜੀ ਨੇ ਹਰ ਪਲ ਸਪੋਰਟ ਕੀਤੀ।  ਗਗਨ ਦਾ ਬਚਪਨ ਤੋਂ ਹੀ ਮਿਊਜ਼ਿਕ ਲਾਈਨ ਨਾਲ ਬਹੁਤ ਗੂੜਾ ਪਿਆਰ ਪੈ ਗਿਆ ਸੀ।  ਜਦੋਂ ਉਹ ਪੰਜਵੀਂ ਜਮਾਤ ਵਿਚ ਪੜਦਾ ਸੀ ਤਾਂ 26 ਜਨਵਾਰੀ ਦੇ ਮੌਕੇ ਤੇ ਸਕੂਲ ਵਿੱਚ 'ਹਿੰਦ ਵਾਸੀਓ ਰੱਖਣਾ ਯਾਦ ਸਾਨੂੰ' ਗੀਤ ਰਾਹੀਂ ਉਸ ਨੇ ਹਾਜ਼ਰੀ ਲਵਾਈ। ਉਸ ਉਪਰੰਤ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।

       ਗਗਨ ਨੇ ਇਕ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੇ ਬਾਰਵੀਂ ਤੱਕ ਦੀ ਪੜਾਈ ਆਪਣੇ ਪਿੰਡ ਦੇ ਸਕੂਲ ਇੰਦਰਾ ਹਾਈ ਸਕੂਲ ਕਾਈਨੌਰ ਤੋਂ ਕੀਤੀ। ਇਸ ਦੌਰਾਨ ਉਸ ਨੇ ਹਰ ਪ੍ਰੋਗਰਾਮ ਤੇ ਆਪਣੇ ਸਾਫ਼-ਸੁਥਰੇ ਗੀਤ ਗਾ ਕੇ ਸਰੋਤਿਆਂ ਦੇ ਦਿਲਾਂ ਉੱਪਰ ਡੂੰਘਾ ਅਸਰ ਪੈਦਾ ਕੀਤਾ।  ਉਸ ਤੋਂ ਬਾਅਦ ਉਸ ਨੇ ਬੱਸੀ ਪਠਾਣਾਂ ਤੋਂ ਆਈ.  ਟੀ. ਆਈ. ਪਾਸ ਕੀਤੀ।  ਇੱਥੇ ਉਸ ਨੇ ਇੱਕ ਪ੍ਰੋਗਰਾਮ ਵਿੱਚ 'ਬਾਪੂ' ਗੀਤ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਤੇ ਪੂਰੇ ਪੰਜਾਬ ਵਿਚ ਦੂਸਰਾ ਸਥਾਨ ਪ੍ਰਾਪਤ ਕੀਤਾ।

       ਆਪਣੇ ਨਵੇਂ ਲਿਖੇ ਗੀਤ, 'ਤੇਰੀ ਮੁਟਿਆਰ' ਦੇ ਨਾਲ ਥੋੜੇ ਹੀ ਸਮੇਂ ਵਿੱਚ ਕਾਈਨੌਰ ਨੌਜ਼ਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਿਆ ਹੈ। ਇਸ ਗੀਤ ਨੂੰ ਗਾਇਆ ਹੈ, ਸੁਰੀਲੀ ਗਾਇਕਾ ਵੀਰ ਕੌਰ ਨੇ : ਇਸ ਦਾ ਮਿਊਜ਼ਕ ਦਿੱਤਾ ਹੈ, ਮਿਊਜ਼ਕ ਡਾਇਰੈਕਟਰ, ਸੁਖਬੀਰ ਰੈੱਡ ਰੌਕਰਜ਼ ਨੇ ਅਤੇ ਅੱਜ ਦੇ ਦੌਰ ਦੀ ਸੰਗੀਤ ਦੇ ਖੇਤਰ ਵਿੱਚ ਪ੍ਰਸਿੱਧ ਮਿਊਜ਼ਕ ਕੰਪਨੀ, 'ਜ਼ਸ ਰਿਕਾਰਡਜ਼' ਵੱਲੋਂ ਯੂ-ਟਿਊਬ ਅਤੇ ਇੰਟਰਨੈਟ ਦੀਆਂ ਸਾਰੀਆਂ ਸ਼ੋਸ਼ਲ-ਸਾਇਟਾਂ ਤੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਤੋਂ ਪਹਿਲਾਂ ਗਗਨ ਦੇ ਲਿਖੇ ਗੀਤ, 'ਬਿੱਲੀ ਅੱਖ' (ਗਾਇਕ ਮਨੂੰ ਪ੍ਰੀਤ) ਅਤੇ ਧਾਰਮਿਕ ਗੀਤ, 'ਕੁਰਬਾਨੀ' (ਗਾਇਕ ਭਾਈ ਗੁਰਦੇਵ ਸਿੰਘ ਸੰਤਸਰ) ਵੀ ਮਾਰਕੀਟ ਵਿੱਚ ਆ ਚੁੱਕੇ ਹਨ।

      ਗਗਨ ਦੇ ਆਉਣ ਵਾਲੇ ਨਵੇਂ ਗੀਤਾਂ ਵਿਚ ਇੱਕ ਸੂਫ਼ੀ ਗੀਤ, 'ਤੇਰੇ ਦਰ ਦਾ ਮੰਗਤਾ'  ਅਤੇ ਹੋਰ ਗੀਤਾਂ ਰਾਹੀਂ ਸਰੋਤਿਆਂ ਦੀ ਕਚਹਿਰੀ ਵਿੱਚ ਉਹ ਹਾਜ਼ਰ ਹੋਵੇਗਾ ਅਤੇ ਵਿਰਸੇ ਤੇ ਸੱਭਿਆਚਾਰ ਨਾਲ ਜੁੜੀਆਂ ਹੋਈਆਂ ਨਵੀਂਆਂ ਕਹਾਣੀਆ ਵੀ ਬਹੁਤ ਜਲਦੀ ਪੇਸ਼  ਕਰੇਗਾ।  ਇਸ ਤੋਂ ਇਲਾਵਾ ਉਸ ਦੀ ਲਿਖੀ ਮੂਵੀ, 'ਜ਼ਿੰਦਗੀ' ਵੀ ਸਰੋਤਿਆਂ ਦੀ ਕਚਹਿਰੀ ਵਿੱਚ ਜਲਦੀ ਹੀ ਪੇਸ਼ ਹੋਵੇਗੀ।

     ਗਗਨ ਕਾਈਨੌਰ (ਮੋਰਿੰਡਾ) ਯੂ-ਟਿਊਬ ਅਤੇ ਫ਼ੇਸਬੁੱਕ ਤੇ ਨਵੇਂ ਗਾਇਕਾਂ ਨੂੰ ਵੀ ਆਪਣੇ ਲਿਖੇ ਗੀਤਾਂ ਰਾਹੀਂ ਪੇਸ਼ ਕਰ ਚੁੱਕਿਆਂ ਹੈ ਜਿਨਾਂ ਵਿੱਚ ਗਾਇਕ, ਗੁਰਸੇਵਕ ਨੂੰ 'ਦੁਬਈ', 'ਚਿੱਟਾ', 'ਸਿੰਘ ਸੂਰਮੇਂ', 'ਬੇਬੇ-ਬਾਪੂ', 'ਇੱਕ ਸੱਚ', ਅਤੇ ਗਾਇਕਾ ਗੁਰਲੀਨ ਕੌਰ ਨੂੰ 'ਮਾਂ-ਅੰਮੜੀ', 'ਮੇਰੀ ਕਲਗੀਧਰ', 'ਗੁਰੂ ਰਵਿਦਾਸ ਮਹਾਰਾਜ ਜੀ', 'ਚਾਹ ਦਾ ਗਿਲਾਸ' ਆਦਿ ਵਿਸ਼ੇਸ਼ ਜਿਕਰ ਯੋਗ ਹਨ।

     ਰੱਬ ਕਰੇ ਇਹ ਕਲਮ ਤੇ ਅਵਾਜ ਦਰਿਆਵਾਂ ਦੇ ਵਗਦੇ ਪਾਣੀਆਂ ਵਾਂਗ ਇਸੇ ਤਰਾਂ ਨਿਰੰਤਰ ਛੱਲਾਂ ਮਾਰਦੀ ਵਗਦੀ ਰਵੇ ! ਆਮੀਨ !

ਪ੍ਰੀਤਮ ਲੁਧਿਆਣਵੀ (ਚੰਡੀਗੜ), 9876428641

ਸੰਪਰਕ : ਗਗਨ ਕਾਈਨੌਰ (ਮੋਰਿੰਡਾ),7986626914, 7087725549

ਪੰਜਾਬੀ ਮਾਂ-ਬੋਲੀ ਨੂੰ ਸਮਰਪਿਤ,  ਹੋਣਹਾਰ ਕਲਮ -ਮਨਜੀਤ ਕੌਰ ਧੀਮਾਨ  - ਪ੍ਰੀਤਮ ਲੁਧਿਆਣਵੀ

'ਜਦੋਂ ਮੇਰੀ ਪਹਿਲੀ ਕਹਾਣੀ 'ਖੁਸ਼ੀ ਬਨਾਮ ਰਾਜਨੀਤੀ' ਰੋਜ਼ਾਨਾ ਅਜੀਤ ਪੰਜਾਬੀ ਅਖਬਾਰ ਵਲੋਂ ਛਪੀ ਤਾਂ ਮੈਨੂੰ ਬਹੁਤ ਸਾਰੇ ਪੱਤਰ ਆਏ, ਜਿਨਾਂ ਨੇ ਮੈਨੂੰ ਬਹੁਤ ਹੌਂਸਲਾ ਬਖਸ਼ਿਆ। ਸਮਝੋ ਇਸ ਕਹਾਣੀ ਨੇ ਮੇਰੀ ਕਲਮ ਦਾ ਨੀਂਹ-ਪੱਥਰ ਰੱਖਦਿਆਂ ਮੈਨੂੰ ਕਲਮੀ ਮਾਰਗ ਉਤੇ ਤੋਰ ਲਿਆ।'
      ਇਹ ਸ਼ਬਦ ਹਨ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਸੇਵਾ ਵਿਚ ਤਨ, ਮਨ, ਧਨ, ਲਗਨ, ਸ਼ੌਕ ਅਤੇ ਦ੍ਰਿੜਤਾ ਨਾਲ ਤੁਰੀ ਹੋਈ ਬੀਬੀ ਮਨਜੀਤ ਕੌਰ ਧੀਮਾਨ ਦੇ।  ਜਿਲ੍ਹਾ ਨਵਾ ਸ਼ਹਿਰ ਦੇ ਪਿੰਡ ਕਰਾਵਰ ਵਿਚ 1983 ਨੂੰ ਸ਼੍ਰੀਮਤੀ ਹਰਵਿੰਦਰ ਕੌਰ (ਮਾਤਾ) ਅਤੇ ਸ਼੍ਰੀ ਅਵਤਾਰ ਸਿੰਘ (ਪਿਤਾ) ਦੇ ਗ੍ਰਹਿ ਵਿਖੇ ਜਨਮੀ ਅਤੇ ਅੱਜ-ਕਲ ਆਪਣੇ ਜੀਵਨ-ਸਾਥੀ ਨਰੇਸ਼ ਕੁਮਾਰ ਧੀਮਾਨ ਨਾਲ ਲੁਧਿਆਣਾ ਸ਼ਹਿਰ ਵਿਚ ਡੇਰੇ ਲਾਈ ਬੈਠੀ ਮਨਜੀਤ ਦੱਸਦੀ ਹੈ ਕਿ ਮੁੱਢਲੀ ਪੜ੍ਹਾਈ ਉਸ ਨੇ ਬੀ. ਏ. ਬੀ. ਸਕੂਲ ਬਲਾਚੌਰ ਤੋਂ ਕੀਤੀ । ਬੀ. ਏ. ਦੀ ਡਿਗਰੀ ਪੰ. ਯੂਨੀ. ਚੰਡੀਗੜ੍ਹ ਤੋਂ :  ਐਮ. ਏ. ਸਰਕਾਰੀ ਕਾਲਜ ਰੋਪੜ, (ਪੰ. ਯੂਨੀ. ਪਟਿਆਲਾ)  ਤੋਂ ਅਤੇ ਬੀ.- ਐੱਡ ਸਾਈਂ ਕਾਲਜ ਆਫ਼ ਐਜੂਕੇਸ਼ਨ, ਜਾਡਲਾ (ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮਿਤਸਰ) ਤੋਂ ਪ੍ਰਾਪਤ ਕਰਨ ਉਪਰੰਤ ਰੱਤੋਵਾਲ ਗਰਲਜ਼ ਕਾਲਜ਼ ਵਿਖੇ ਤਿੰਨ ਸਾਲ ਉਸ ਨੇ   ਰਾਜਨੀਤੀ ਵਿਸ਼ੇ ਲਈ ਲੈਕਚਰਾਰ ਦੀ ਨੌਕਰੀ ਕੀਤੀ। ਉਸ ਨੂੰ ਲਿਖਣ ਦੀ ਚੇਟਕ ਉਸਦੇ ਇੱਕਲੇਪਨ ਤੋਂ ਲੱਗੀ। ਪੜ੍ਹਨ ਦਾ ਸ਼ੌਕ ਤਾਂ ਪਹਿਲਾਂ ਹੀ ਸੀ ਤੇ ਦਸਵੀਂ ਕਰਨ ਤੋਂ ਬਾਅਦ ਲਿਖਣ ਦੀ ਲਤ ਵੀ ਲੱਗ ਗਈ।  ਜਿੱਥੇ ਸਕੂਲ ਵਿੱਚ ਉਸ ਨੇ ਖੋ-ਖੋ ਦੀ ਖੇਡ੍ਹ ਬਹੁਤ ਖੇਡ੍ਹੀ, ਉਥੇ ਕਾਲਜ਼ ਦੀ ਪੜ੍ਹਾਈ ਦੌਰਾਨ ਉਹ ਸਾਹਿਤਕ ਅਤੇ ਸੱਭਿਆਚਾਰਕ ਪ੍ਰੋਗਰਾਮਾਂ ਵਿੱਚ ਵੀ ਖੁੱਲਕੇ ਭਾਗ ਲੈਂਦੀ ਰਹੀ।  ਬੀ ਐੱਡ ਦੌਰਾਨ ਸਾਰੇ ਅਧਿਆਪਕ ਖਾਸ ਕਰ ਸ. ਗੁਰਪ੍ਰੀਤ ਸਿੰਘ ਜੀ ਸਭਿਆਚਾਰਕ ਪ੍ਰੋਗਰਾਮਾਂ ਵਿੱਚ ਭਾਗ ਲੈਣ ਲਈ ਪ੍ਰੇਰਦੇ ਰਹਿੰਦੇ ਸਨ। ਹਰ ਹਫ਼ਤੇ ਸਟੇਜ਼ ਤੇ ਕੁਝ ਨਾ ਕੁਝ ਬੋਲਣਾ ਜ਼ਰੂਰੀ ਹੁੰਦਾ ਸੀ। ਨਤੀਜਨ ਕਾਲਜ਼ ਵਿੱਚ ਛਪਦੇ ਮੈਗਜ਼ੀਨ ਦੀ ਸੰਪਾਦਕੀ ਕਰਨ ਦਾ ਵੀ ਉਸ ਨੂੰ ਮੌਕਾ ਮਿਲਿਆ।  
         ਮਨਜੀਤ ਨੇ ਕਿਹਾ, 'ਜਿੱਥੇ ਮੇਰੀਆਂ ਦੋ ਕਹਾਣੀਆਂ ਅੰਮ੍ਰਿਤਸਰ ਮਿੰਨੀ ਕਹਾਣੀ ਮੁਕਾਬਲੇ ਵਿੱਚ ਉਹਨਾਂ ਦੀ ਕਿਤਾਬ 'ਮਿੰਨੀ' ਵਿੱਚ ਛਪੀਆਂ ਹਨ, ਉਥੇ ਸਾਹਿਤ ਸਭਾ ਪਟਿਆਲਾ ਵਲੋ ਪ੍ਰਕਾਸ਼ਿਤ ਪੁਸਤਕ 'ਕਲਮ ਸ਼ਕਤੀ' ਵਿੱਚ ਵੀ ਕਵਿਤਾਵਾਂ ਸ਼ਾਮਿਲ ਹਨ । ਹੁਣ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ; )  ਦੇ ਛਪ ਰਹੇ ਸਾਂਝੇ ਕਾਵਿ-ਸੰਗ੍ਰਹਿ ਸਮੇਤ ਹੋਰ ਵੀ ਕਈ ਸਾਹਿਤ ਸਭਾਵਾਂ ਵਲੋ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਸਾਂਝੀਆਂ ਪੁਸਤਕਾਂ ਵਿਚ ਮੇਰੀਆਂ ਕਵਿਤਾਵਾਂ ਛਪਣ ਲਈ ਤਿਆਰੀ ਵਿੱਚ ਹਨ । ਇਸ ਤੋਂ ਇਲਾਵਾ 'ਅਜੀਤ ਪੰਜਾਬੀ', 'ਅਜੀਤ ਹਿੰਦੀ', 'ਸਪੋਕਸਮੈਨ ਰੋਜ਼ਾਨਾ' ਅਤੇ ਮੈਗਜ਼ੀਨ 'ਪੰਜ ਦਰਿਆ', 'ਅਦਬੀ ਸਾਂਝ' ਅਤੇ 'ਸੂਲ਼ ਸੁਰਾਹੀ' ਆਦਿ ਵਿੱਚ ਰਚਨਾਵਾਂ ਲਗਾਤਾਰ ਸ਼ਾਮਿਲ ਹੋਣ ਦਾ ਮਾਣ ਮਿਲ਼ ਰਿਹਾ ਹੈ।    ਇਸ ਦੇ ਨਾਲ-ਨਾਲ ਹੁਣ ਆਪਣੀ ਕਿਤਾਬ ਛਪਵਾਉਣ ਦੀ ਤਿਆਰੀ ਵੀ ਕਰ ਰਹੀ ਹਾਂ। ਰੱਬ ਦੀ ਮਿਹਰ ਨਾਲ਼ ਇਹ ਸੁਪਨਾ ਵੀ ਜਲਦੀ ਹੀ ਪੂਰਾ ਕਰਾਂਗੀ।'
        'ਸਾਡਾ ਪੰਜਾਬੀ ਸੱਭਿਆਚਾਰ ਅੱਜ ਕਿੱਧਰ ਨੂੰ ਜਾ ਰਿਹਾ ਹੈ । ਇਸ ਬਾਰੇ ਗਾਇਕਾਂ ਅਤੇ ਲੇਖਕਾਂ ਨੂੰ ਕੁਝ ਕਹਿਣਾ ਚਾਹਵੋਂਗੇ ਮਨਜੀਤ ਜੀ?' ਦੇ ਉਤਰ ਵਿਚ ਮਨਜੀਤ ਨੇ ਕਿਹਾ, 'ਸਾਡਾ ਪੰਜਾਬੀ ਸੱਭਿਆਚਾਰ ਬਹੁਤ ਮਹਾਨ ਹੈ, ਪਰ ਅੱਜ-ਕੱਲ ਇਸ ਵਿੱਚ ਅਸ਼ਲੀਲਤਾ ਸ਼ਰੇਆਮ ਨਜ਼ਰ ਆਉਂਦੀ ਹੈ। ਇਸ ਸਬੰਧੀ ਮੈਂ ਇੱਕ ਕਹਾਣੀ 'ਸੱਭਿਆਚਾਰ' ਵੀ ਲਿਖੀ ਸੀ। ਮੈਂ ਤਾਂ ਕਲਾਕਾਰਾਂ ਤੇ ਲੇਖਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਮਹਾਨ ਸਭਿਆਚਾਰ ਨੂੰ ਸੰਭਾਲੋ।  ਅਸ਼ਲੀਲਤਾ ਨੂੰ ਛੱਡ ਕੇ ਸਮਾਜਿਕਤਾ ਵੱਲ ਆਓ।  ਚੰਗਾ ਲਿਖੋ ਤੇ ਚੰਗਾ ਗਾਓ, ਤਾਂ ਜੋ ਰਹਿੰਦੀ ਦੁਨੀਆਂ ਤੱਕ ਤੁਹਾਡਾ ਨਾਮ ਰਹੇ।' ਉਸ ਅੱਗੇ ਕਿਹਾ, 'ਮੈਂ ਹਮੇਸ਼ਾ ਇਸੇ ਤਰ੍ਹਾਂ ਪੰਜਾਬੀ ਮਾਂ-ਬੋਲੀ ਤੇ ਪੰਜਾਬੀ ਸਭਿਆਚਾਰ ਦੀ ਸੇਵਾ ਨੂੰ ਸਮਰਪਣ ਰਹਾਂਗੀ।'
       ਜਿਸ ਦ੍ਰਿੜਤਾ ਅਤੇ ਸੁਹਿਰਦਤਾ ਨਾਲ ਇਹ ਕਲਮ ਪੱਕੇ ਪੈਰੀਂ ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਨੂੰ ਸਮਰਪਣ ਹੈ, ਉਸਤੋਂ ਉਸਦੇ ਆਉਣ ਵਾਲੇ ਕੱਲ੍ਹ ਦੀਆਂ ਖੂਬ ਸੰਭਾਵਨਾਵਾਂ ਅਤੇ ਉਮੀਦਾਂ ਹਨ। ਮੇਰੀਆਂ ਢੇਰ ਦੁਆਵਾਂ ਤੇ ਕਾਮਨਾਵਾਂ ਹਨ, ਇਸ ਹੋਣਹਾਰ ਕਲਮ ਲਈ!         

 ਪ੍ਰੀਤਮ ਲੁਧਿਆਣਵੀ  (ਚੰਡੀਗੜ੍ਹ ) 9876428641
ਸੰਪਰਕ:  ਮਨਜੀਤ ਕੌਰ ਧੀਮਾਨ, ਲੁਧਿਆਣਾ,  (9464633059)

ਸਮੇਂ ਤੇ ਹਾਲਾਤਾਂ ਅਨੁਸਾਰ ਹਰ ਘਟਨਾ ਤੇ ਲਿਖਣ ਵਾਲਾ ਲੇਖਕ...ਗੁਰਜੰਟ ਸਿੰਘ ਪਟਿਆਲਾ

ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸੱਭਿਆਚਾਰ ਦੀ ਸੇਵਾ ਵਿੱਚ ਬਹੁਤ ਸਾਰੇ ਕਵੀਆਂ, ਗੀਤਕਾਰਾਂ, ਸ਼ਾਇਰਾਂ ਅਤੇ ਕਹਾਣੀਕਾਰਾਂ ਨੇ ਆਪਣਾ ਯੋਗਦਾਨ ਪਾਇਆ ਹੈ ।  ਇਨ੍ਹਾਂ ਵਿੱਚ ਅੱਜ ਦੇ ਸ਼ੋਸਲ ਮੀਡੀਆ ਦੇ ਜ਼ਮਾਨੇ ਵਿੱਚ ਸਮੇਂ ਤੇ ਹਾਲਾਤਾਂ ਅਨੁਸਾਰ ਹਰ ਘਟਨਾ ਨੂੰ ਕਲਮ ਦੀ ਨੋਕ ਤੇ ਲਿਆਉਣ ਵਾਲੇ ਲੇਖਕਾਂ ਵਿੱਚੋਂ ਇਕ ਮਾਣ-ਮੱਤਾ ਨਾਂਉਂ ਹੈ  -ਗੁਰਜੰਟ ਸਿੰਘ ਪਟਿਆਲਾઠ।
     ਗੁਰਜੰਟ ਪਟਿਆਲਾ ਨੇ ਕਦੇ ਕੁੜੀਆਂ ਦੇ ਅੰਗਾਂ ਤੇ ਗੀਤ, ਕਵਿਤਾਂਵਾਂ, ਜਾਂ ਸ਼ੇਅਰ ਨਹੀਂ ਲਿਖੇ । ਪਰ ਜਦੋਂ ਵੀ ਪੰਜਾਬ ਵਿੱਚ ਕੋਈ ਘਟਨਾ ਵਾਪਰਦੀ ਹੈ, ਚਾਹੇ ਉਹ ਬਲਾਤਕਾਰ ਹੋਵੇ, ਕਿਸੇ ਕਰਜਾਈ ਕਿਸਾਨ ਦੀ ਖ਼ੁਦਕੁਸ਼ੀ ਹੋਵੇ , ਸਰਕਾਰ ਵੱਲੋਂ ਕਿਸੇ ਬੇਕਸੂਰ ਨਾਲ ਧੱਕਾ ਜਾਂ ਤਸ਼ੱਦਦ ਹੋਵੇ, ਭਰੂਣ ਹੱਤਿਆ ਹੋਵੇ, ਦਹੇਜ ਲਈ ਮਾਰੀ ਗਈ ਕਿਸੇ ਨੂੰਹ ਦਾ ਮਾਮਲਾ ਹੋਵੇ ਜਾਂ ਪਾਣੀ ਦੀ ਸਮੱਸਿਆ, ਪੰਜਾਬੀ ਮਾਂ-ਬੋਲੀ ਦੇ ਮਾਣ- ਸਨਮਾਣ ਦੀ ਗੱਲ ਹੋਵੇ ઠ: ਅਨਪੜ੍ਹਤਾ, ਗਰੀਬੀ, ਵਧ ਰਿਹਾ ਨਸ਼ਾ, ਧਰਮ ਅਤੇ ਜਾਤਾਂ ਦੀ ਰਾਜਨੀਤੀ ਹੋਵੇ,  ਇਹਨਾ ਵਿਸ਼ਿਆਂ ਉੱਪਰ ਗੁਰਜੰਟ ਪਟਿਆਲਾ ਨੇ ਆਪਣੇ ਦਿਲ ਦੀ ਗਹਿਰਾਈ ਤੋਂ ਕਵਿਤਾਵਾਂ ਅਤੇ ਗੀਤ ਲਿਖਕੇ ਪੜ੍ਹਨ ਵਾਲਿਆਂ ਦੀ ਝੋਲੀ ਵਿੱਚ ਪਾਏ ਹਨ ।
     ਗੁਰਜੰਟ ਦਾ ਕਹਿਣਾ ਹੈ, 'ਫੇਸਬੁਕ ਤੇ ਆਪਣੀਆਂ ਫੋਟੋਆਂ ਪਾ ਕੇ ਉਸਤੇ ਲਾਇਕ ਤੇ ਕਮੈਂਟਾਂਂ ਦੀ ਆਸ ਰੱਖਣ ਵਾਲਿਉ , ਤੁਸੀਂ ਸਮਾਜਿਕ ਬੁਰਾਈਆਂ ਨੂੰ ਆਪਣੀ ਕਲਮ ਦੁਆਰਾ ਉਜਾਗਰ ਕਰੋ, ਤੁਹਾਨੂੰ ਕਿਸੇ ਨੂੰ ਟੈਗ ਕਰਨ ਦੀ ਵੀ ਲੋੜ ਨਹੀਂ ਪਵੇਗੀ, ਲੋਕ ਆਪਣੇ-ਆਪ ਤੁਹਾਡੀ ਰਚਨਾ ਨੂੰ ਸ਼ੇਅਰ ਕਰਨਗੇ । ਪੰਜਾਬੀ ਮਾਂ-ਬੋਲੀ ਲਈ ਰੌਲਾ ਪਾਉਣ ਵਾਲਿਆਂ ਨੇ ਆਪਣੀਆਂ ਫੇਸਬੁਕ ਆਈਡੀਆਂ ਅੰਗਰੇਜ਼ੀ ਵਿੱਚ ਬਣਾਈਆਂ ਹੋਈਆਂ ਹਨ । ਉਹ ਮਗਰਮੱਛ ਦੇ ਹੰਝੂ ਵਹਾਉਣ ਵਾਲੇ ਲੋਕ ਆਪਸ ਵਿੱਚ ਗੱਲਾਂ ਵੀ ਅੰਗਰੇਜ਼ੀ ਵਿੱਚ ਕਰਦੇ ਹਨ ।  ਜੋ ਲੋਕ ਪੰਜਾਬੀ ਮਾਂ-ਬੋਲੀ ਲਈ ਕੁਝ ਕਰਨਾ ਚਾਹੁੰਦੇ ਹਨ ਉਹਨਾ ਨੂੰ ਬੇਨਤੀ ਹੈ ਕਿ ਸਭ ਤੋਂ ਪਹਿਲਾਂ ਆਪੋ-ਆਪਣੀ ਫੇਸਬੁਕ ਆਈ ਡੀ ਪੰਜਾਬੀ ਭਾਸ਼ਾ ਵਿੱਚ ਬਣਾਉ ।  ਫੇਸਬੁਕ ਤੇ ਹਰ ਕਮੈਂਟ ਦਾ ਜਵਾਬ ਪੰਜਾਬੀ ਵਿੱਚ ਦਿਉ ।  ਸਮੇਂ ਦੀ ਚਾਲ ਨਾਲ ਚੱਲਣ ਲਈ ਹਰ ਭਾਸ਼ਾ ਦਾ ਗਿਆਨ ਰੱਖੋ, ਵੱਧ ਤੋਂ ਵੱਧ ਭਾਸ਼ਾਵਾ ਂਸਿੱਖਣ ਦੀ ਕੋਸ਼ਿਸ਼ ਕਰੋ ਪਰ ਪੰਜਾਬ ਵਿੱਚ ਤਾਂ ਪੰਜਾਬੀ ਬੋਲੋ ਅਤੇ ਪੰਜਾਬੀ ਲਿਖੋ।'
     ਗੁਰਜੰਟ ਦੇ ਹੁਣ ਤੱਕ ਡੇਢ ਦਰਜਨ ਦੇ ਕਰੀਬ ਗੀਤ ਰਿਕਾਰਡ ਹੋ ਚੁੱਕੇ ਹਨ ਅਤੇ ਉਹ ਦੋ ਕਿਤਾਬਾਂ ਵੀ ਸਾਹਿਤ ਦੀ ਝੋਲੀ ਵਿੱਚ ਪਾ ਚੁੱਕਿਆ ਹੈ ।  ਸਮਾਜ ਦੀ ਹਰ ਬੁਰਾਈ ਨੂੰ ਛੂਹਣ ਕਰਕੇ ਵਿਦੇਸ਼ਾਂ ਵਿੱਚ ਬੈਠੇ ਭੈਣ ਭਰਾ ਗੁਰਜੰਟ ਨੂੰ ਬਹੁਤ ਪਿਆਰ ਕਰਦੇ ਹਨ ।   ਉਸ ਨੂੰ ਸਾਦਗੀ ਵਿੱਚ ਰਹਿਣਾ ਬਹੁਤ ਪਸੰਦ ਹੈ।   ਉਸ ਦਾ ਕਹਿਣਾ ਹੈ ਕਿ ਚਮਕ ਤਾਂ ਤੁਹਾਡੀ ਕਲਮ ਅਤੇ ਕੰਮਾਂ ਵਿੱਚ ਹੋਣੀ ਚਾਹੀਦੀ ਹੈ, ਬਾਹਰੀ ਚਮਕ ਤਾਂ ਨਕਲੀ ਹੁੰਦੀ ਹੈ । ਐਨੀ ਮੁਸ਼ਕਿਲ ਭਰੀ ਨੌਕਰੀ ਵਿੱਚ ਵੀ ਸਮਾਂ ਕੱਢਕੇ ਹਰ ਬੁਰਾਈ ਤੇ ਬੇਬਾਕ ਹੋ ਕੇ ਉਹ ਲਗਾਤਾਰ ਲਿਖਦਾ ਆ ਰਿਹਾ ਹੈ ।
     ਇਕ ਮੁਲਾਕਾਤ ਦੌਰਾਨ ਇਸ ਨੌਜਵਾਨ ਨੇ ਦੱਸਿਆ ਕਿ ਉਹ ਸਤਿੰਦਰ ਸਰਤਾਜ, ਗੁਰਦਾਸ ਮਾਨ, ਦੇਬੀ ਮਖਸੂਸਪੁਰੀ, ਰਾਜ ਕਾਕੜਾ, ਅਤੇ ਸੁਰਜੀਤ ਪਾਤਰ ਜੀ ਦੀ ਕਲਮ ਤੋਂ ਬਹੁਤ ਪ੍ਰਭਾਵਿਤ ਹੈ ।  ਉਸ ਨੇ  ਅੱਗੇ ਕਿਹਾ ਜਦੋਂ ਤੱਕ ਅਸੀਂ ਵਧੀਆ ਗੀਤਾਂ ਦੇ ਸੁਦਾਗਰ ਨਹੀਂ ਬਣਦੇ ਓਦੋਂ ਤੱਕ ਇਹ ਗੀਤਕਾਰ ਅਤੇ ਗਾਇਕ ਸਾਨੂੰ ਮਾੜੇ ਗੀਤ ਪਰੋਸਦੇ ਹੀ ਰਹਿਣਗੇ । ਇਸ ਕਰਕੇ ਅਸੀਂ ਸਾਫ਼-ਸੁਥਰੇ ਗੀਤ ਹੀ ਸੁਣਨ ਦੀ ਆਦਤ ਪਾਈਏ ।
     ਅੱਜਕੱਲ੍ਹ ਆਪਣੀ ਜੀਵਨ-ਸਾਥਣ ਸ਼੍ਰੀਮਤੀ ਸਤਿੰਦਰ ਕੌਰ, ਪੁੱਤਰ ਹੁਸਨਪ੍ਰੀਤ ਸਿੰਘ ਅਤੇ ਧੀ ਸਿਦਕਪ੍ਰੀਤ ਨਾਲ ਬਹਾਦਰਗੜ੍ਹ (ਪਟਿਆਲਾ) ਵਿਖੇ ਰਹਿ ਰਹੇ  ਸਾਫ਼-ਸੁਥਰੀ ਸੱਭਿਆਚਾਰ ਗੀਤਕਾਰੀ ਦੇ ਪਹਿਰੇਦਾਰ ਗੁਰਜੰਟ ਸਿੰਘ ਪਟਿਆਲਾ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ।  ਦਿਲੀ ਅਰਦਾਸ  ਤੇ ਦੁਆ ਹੈ ਮੇਰੀ!

-ਪ੍ਰੀਤਮ ਲੁਧਿਆਣਵੀ  (ਚੰਡੀਗੜ੍ਹ),  9876428641

'ਕਮਲੀ ਹੋ ਗਈ' ਲੈਕੇ ਹਾਜ਼ਰ ਹੈ, ਸੂਫੀ ਗਾਇਕ ਤੇ ਗੀਤਕਾਰ - ਸਾਬਰ ਚੌਹਾਨ

     ਪੰਜਾਬੀ ਗਾਇਕੀ ਤੇ ਗੀਤਕਾਰੀ ਵਿਚ ਨਿੱਤ ਦਿਨ ਨਵੇ-ਨਵੇ ਚਿਹਰੇ ਵੇਖਣ ਨੂੰ ਮਿਲਦੇ ਹਨ, ਪਰ ਸਥਾਪਤ ਉਹੀ ਹੁੰਦੇ ਹਨ ਜਿਹੜੇ ਮਿਹਨਤ, ਸਿਰੜ ਅਤੇ ਲਗਨ ਨੂੰ ਪੱਲੇ ਬੰਨ ਲੈਂਦੇ ਹਨ। ਅੱਜ ਇਨਾਂ ਸਤਰਾਂ ਰਾਂਹੀਂ ਜਿਸ ਗਾਇਕ ਤੇ ਗੀਤਕਾਰ ਦਾ ਜਿਕਰ ਕਰਨ ਜਾ ਰਹੇ ਹਾਂ ਉਹ ਹੈ ਪਿੰਡ ਲਾਡਰਾਂ ਵਿਚ ਮਾਤਾ ਚਰਨਜੀਤ ਕੌਰ ਤੇ ਪਿਤਾ ਸ: ਪਿਆਰਾ ਸਿੰਘ ਦੇ ਘਰ ਜਨਮਿਆ, ਮਿਹਨਤੀ ਅਤੇ ਸਿਰੜੀ-  ਸਾਬਰ ਚੌਹਾਨ।  ਇਕ ਮੁਲਾਕਾਤ ਦੌਰਾਨ ਸਾਬਰ ਨੇ ਦੱਸਿਆ ਕਿ  ਉਸਦੇ ਜਨਮ ਤੋਂ ਥੋੜੀ ਦੇਰ ਬਾਅਦ ਉਹਨਾਂ ਦਾ ਪਰਿਵਾਰ ਜਿਲਾ ਰੋਪੜ ਦੇ ਆਪਣੇ ਜੱਦੀ ਪਿੰਡ ਧਨੌਰੀ (ਨੇੜੇ ਮੋਰਿੰਡਾ) ਵਿਖੇ ਰਿਹਾਇਸ਼ ਕਰਕੇ ਰਹਿਣ ਲੱਗ ਪਿਆ ਸੀ । ਇਸ ਤਰਾਂ ਉਸ ਨੇ ਦਸਵੀਂ ਕਲਾਸ ਤੱਕ ਪਿੰਡ ਧਨੌਰੀ ਦੇ ਸਕੂਲ ਵਿਚੋਂ : +2  ਪਿੰਡ ਬੂਰਮਾਜਰਾ ਤੋਂ ਪਾਸ ਕਰਕੇ ਫਿਰ ਕੰਪਿਊਟਰ ਡੀ ਸੀ ਏ  ਤੇ ਆਈ ਟੀ ਆਈ ਦਾ ਡਿਪਲੋਮਾ ਕੀਤਾ । ਗਾਇਕੀ ਦਾ ਸ਼ੌਕ ਉਸ ਨੂੰ ਪੰਜ ਸਾਲ ਦੀ ਉਮਰ ਵਿੱਚ ਹੀ ਪੈ ਗਿਆ ਸੀ । ਪ੍ਰਸਿੱਧ ਗਾਇਕ ਹਰਭਜਨ ਮਾਨ ਦੀ ਆਈ ਕੈਸਿਟ, 'ਚਿੱਠੀਏ ਨੀ ਚਿੱਠੀਏ'  ਸੁਣਕੇ ਉਹ ਮਾਨ ਦਾ ਹੀ ਫੈਨ ਬਣ ਗਿਆ ।  ਉਹ ਨੌਵੀਂ ਕਲਾਸ ਵਿੱਚ ਪੜਦਾ ਸੀ ਜਦੋਂ ਉਸ ਨੇ ਸਕੂਲ ਦੀ ਸਟੇਜ ਉਤੇ ਪਹਿਲੀ ਵਾਰ ਗੀਤ ਗਾਇਆ, 'ਪਤਾ ਨੀ ਰੱਬ ਕਿਹੜਿਆ ਰੰਗਾਂ ਵਿੱਚ ਰਾਜੀ' । ਸਕੂਲ ਦੇ ਟੀਚਰਾਂ ਤੇ ਵਿਦਿਆਰਥੀਆਂ ਵੱਲੋ ਮਿਲੇ ਪਿਆਰ ਸਦਕਾ ਸਾਬਰ ਨੂੰ ਇਸ ਪਹਿਲੀ ਵਾਰ ਗਾਏ ਗੀਤ ਨੇ ਹੀ ਗਾਇਕ ਬਣਾ ਦਿੱਤਾ। ਫਿਰ ਮੇਵਾ ਮੋਰਿੰਡਾ ਕੋਲੋਂ ਉਸਨੇ ਸੰਗੀਤ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ । ਸਾਬਰ ਨੇ ਦੱਸਿਆ ਕਿ  ਸਟੇਜ ਤੇ ਪਹਿਲੀ ਵਾਰ ਗਾਉਣ ਦਾ ਮੌਕਾ ਵੀ ਮੇਵਾ ਮੋਰਿੰਡਾ ਕਰਕੇ ਹੀ ਉਸ ਨੂੰ ਮਿਲਿਆ ਸੀ। ਬਸ ਮਨ ਵਿੱਚ ਸਿੱਖਣ ਦੀ ਤਾਂਘ ਹਰਦਮ ਲੱਗੀ ਰਹਿਣ ਕਰਕੇ ਫਿਰ ਸੁਪ੍ਰਸਿੱਧ ਸੰਗੀਤਕਾਰ ਜੋੜੀ ਲਾਲ-ਕਮਲ ਜੀ ਦੀ ਸੰਗਤ ਕਰਨ ਦਾ ਉਸਨੂੰ ਮੌਕਾ ਮਿਲਿਆ ਤੇ ਗੋਲਡੀ ਚੌਹਾਨ ਨੂੰ ਰਸਮੀ ਤੌਰ ਤੇ ਉਸ ਨੇ ਆਪਣਾ ਉਸਤਾਦ ਧਾਰ ਲਿਆ।
        ਇਸ ਉਪਰੰਤ ਗਾਉਣ ਲਈ ਸਾਬਰ ਖੁਦ ਆਪਣੇ ਵੀ ਗੀਤ ਲਿਖਣ ਵੱਲ ਨੂੰ ਚੱਲ ਪਿਆ ਤੇ ਉਹ ਧਾਰਮਿਕ ਪ੍ਰੋਗਰਾਮ ਕਰਨ ਲੱਗਾ।  ਸਾਬਰ ਨੇ ਜਿਆਦਾਤਰ ਗੀਤ ਸੂਫੀ ਹੀ ਲਿਖੇ।  10-12 ਸਾਲਾਂ ਤੋਂ ਸਰੋਤਿਆਂ ਦੀ ਸੇਵਾ ਕਰਦਿਆਂ ਆ ਰਹੇ ਸਾਬਰ ਨੇ ਅਨੇਕਾਂ ਮੇਲਿਆਂ ਤੋਂ ਮਾਨ-ਸਨਮਾਨ ਹਾਸਲ ਕੀਤੇ।
       ਹੁਣ ਪਿਛਲੇ ਦਿਨੀਂ ਉਹ ਆਪਣਾ ਪਹਿਲਾ ਸੂਫੀ ਗੀਤ ਸਿੰਗਲ ਟਰੈਕ 'ਕਮਲੀ ਹੋ ਗਈ' ਲੈਕੇ ਹਾਜ਼ਰ ਹੋਇਆ ਹੈ, ਜੋ ਕਿ ਉਸ ਦਾ ਆਪਣਾ ਹੀ ਲਿਖਿਆ ਆਪਣੀ ਹੀ ਅਵਾਜ ਵਿੱਚ ਰਿਕਾਰਡ ਕੀਤਾ ਹੈ। ਇਸ ਨੂੰ ਸੰਗੀਤ ਨਾਲ ਸ਼ਿੰਗਾਰਿਆ ਹੈ ਸੰਗੀਤਕਾਰ ਬਾਵਾ ਰੌਕਰ ਨੇ। ਇਸ ਦੇ ਵੀਡੀਓ-ਡਾਇਰੈਕਟਰ ਹਨ ਹਨੀ ਰਾਉ ਜੀ। ਸਾਬਰ ਚੌਹਾਨ ਨੇ ਦੱਸਿਆ ਕਿ  ਇਸ ਗੀਤ ਨੂੰ ਇੰਟਰਨੈੱਟ ਸ਼ੋਸ਼ਲ ਮੀਡੀਆ ਰਾਹੀਂ ਬਹੁਤ ਭਰਵਾਂ ਰਿਸਪਾਂਸ ਮਿਲ ਰਿਹਾ ਹੈ।
      ਇਕ ਸਵਾਲ ਦਾ ਜੁਵਾਬ ਦਿੰਦਿਆਂ ਸਾਬਰ ਚੌਹਾਨ ਨੇ ਕਿਹਾ, 'ਮੈਂ ਆਪਣੇ ਸਹਿਯੋਗੀ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ  ਜਿਨਾ ਵਿੱਚ ਵਿਸ਼ੇਸ਼ ਜਿਕਰ ਯੋਗ ਹਨ- ਸੰਗੀਤਕਾਰ ਲਾਲ ਕਮਲ ਜੀ, ਗੋਲਡੀ ਚੌਹਾਨ, ਮੇਵਾ ਮੋਰਿੰਡਾ ਤੇ ਗੀਤਕਾਰ ਰਾਜੂ ਨਾਹਰ।    
       ਸੂਫੀ ਗਾਇਕੀ ਤੇ ਗੀਤਕਾਰੀ ਦੀ ਕਤਾਰ ਵਿੱਚ ਇੱਕ ਹੋਰ ਪੈਦਾ ਹੋਏ ਇਸ ਪਿਆਰੇ ਅਨਮੋਲ ਹੀਰੇ ਸਾਬਰ ਚੌਹਾਨ ਨੂੰ ਮੇਰਾ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਤੇ ਇਸ ਮਾਰਗ ਦੀਆਂ ਬੁਲੰਦੀਆਂ ਛੂਹਣ ਦਾ ਉਸਨੂੰ ਬੱਲ ਬਖਸ਼ੇ! ਆਮੀਨ !  

ਪ੍ਰੀਤਮ ਲੁਧਿਆਣਵੀ  (ਚੰਡੀਗੜ), 9876428641

ਪੁਸਤਕ ਸਮੀਖਿਆ - ਪ੍ਰੀਤਮ ਲੁਧਿਆਣਵੀ


     ਪੁਸਤਕ ਦਾ ਨਾਂ : ਸਿਸਕਦੇ ਹਰਫ਼
     ਲੇਖਕ-  ਨਿਰਮਲ ਕੌਰ ਕੋਟਲਾ
     ਮੁੱਲ- 160 ਰੁਪਏ, ਪੰਨੇ - 128
ਪ੍ਰਕਾਸ਼ਕ : ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ।

ਨਿਰਮਲ ਕੌਰ ਕੋਟਲਾ ਜਿੱਥੇ ਸਰਕਾਰੀ ਤੌਰ ਤੇ ਵਿਦਿਆ ਦਾ ਚਾਨਣ ਫੈਲਾਉਣ ਵਿਚ ਆਪਣਾ ਅਹਿਮ ਰੋਲ ਅਦਾ ਕਰ ਰਹੀ ਹੈ, ਉਥੇ ਕਲਮਕਾਰ ਦੇ ਤੌਰ ਤੇ ਸਾਹਿਤਕ ਖੇਤਰ ਵਿਚ ਵੀ ਉਹ ਆਪਣਾ ਸਿਰਕੱਢ ਰੋਲ ਨਿਭਾ ਰਹੀ ਹੈ। ਲੰਬੇ ਸਮੇਂ ਤੋਂ ਅਖਬਾਰਾਂ-ਮੈਗਜ਼ੀਨਾਂ ਦਾ ਸ਼ਿੰਗਾਰ ਬਣਦੀ ਆ ਰਹੀ ਨਿਰਮਲ ਨੇ ਅੱਖਰਾਂ ਨਾਲ ਗੂਹੜੀ ਸਾਂਝ ਪਾਉਂਦਿਆਂ ਹੁਣ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਸਿਸਕਦੇ ਹਰਫ਼' ਨਾਲ ਪਾਠਕਾਂ ਦੀ ਦਹਿਲੀਜ ਉਤੇ ਆ ਦਸਤਕ ਦਿੱਤੀ ਹੈ। ਪੁਸਤਕ ਦੀ ਪਹਿਲੀ ਕਵਿਤਾ ਹੈ, 'ਪਿਆਰੀ ਮੁਹਾਰਨੀ' ।  ਇਸਤੋਂ ਪਤਾ ਲੱਗਦਾ ਹੈ ਕਿ ਉਹ ਆਪਣੀ ਮਾਤ-ਭਾਸ਼ਾ ਪ੍ਰਤੀ ਕਿੰਨਾ ਮੋਹ ਤੇ ਪਿਆਰ ਪਾਲ ਰਹੀ ਹੈ।
ਰਿਸ਼ਤਿਆਂ ਵਿਚ ਵਧ ਰਹੀ ਕੁੜੱਤਣ ਬਾਰੇ ਉਹ ਲਿਖਦੀ ਹੈ-
     'ਸੁਖਣਾ ਸੁੱਖ-ਸੁੱਖ ਵਾਰਿਸ ਲੱਭੇ,
      ਬਿਰਧ ਆਸ਼ਰਮ, ਵਾਰਿਸ ਜਗੀਰਾਂ।'
                               -0-
 'ਧਰਤੀ, ਮਨਾਂ, ਰਿਸ਼ਤਿਆਂ 'ਚ,
 ਜ਼ਹਿਰਾਂ ਘੁਲੀਆਂ ਹੋਣ ਜਿੱਥੇ
 ਫਿਰ ਕੋਈ ਦੁਆਵਾਂ ਅਸਰ ਨਹੀਂ ਕਰਦੀਆਂ।'                 
'ਦੋਸਤੀ ਨੂੰ ਸਮਰਪਣ', 'ਗਵਾਹੀ', 'ਯਾਦ', 'ਸ਼ਬਦ ਰੂਪੀ ਫੁੱਲ', 'ਦਿਲ ਦੀ ਘੁੰਡੀ ਖੋਹਲ ਵੇ ਮਾਹੀ', 'ਰਵਾਨਗੀ', 'ਤਰਕਾਲਾਂ', 'ਮੇਰੀ ਖਾਮੋਸ਼ ਮੁਹੱਬਤ', 'ਫਰਿਆਦ', 'ਤੂੰ ਚੜਦਾ ਸੂਰਜ' ਅਤੇ 'ਛੋਟੀ ਜਿਹੀ ਕੋਸ਼ਿਸ਼' ਰਚਨਾਵਾਂ ਪਿਆਰ-ਮੁਹੱਬਤ ਦੀ ਯਾਦ ਨੂੰ ਤਾਜ਼ਾ ਕਰਵਾਉਂਦੀਆਂ ਰਚਨਾਵਾਂ ਹਨ। ...... 'ਫੁੱਲਾਂ ਦੀ ਬਾਤ', 'ਅਕਸਰ', 'ਅਜਬ ਨਜ਼ਾਰੇ' ਅਤੇ 'ਕਹਿਰਵਾਨ ਹੁੰਦਾ ਹੈ' ਜਿੰਦਗੀ ਦਾ ਨਜਰੀਆ ਪੇਸ਼ ਕਰਦੀਆਂ ਕਵਿਤਾਵਾਂ ਹਨ। 
 'ਸੁਪਨੇ ਦਾ ਸੰਵਾਦ', 'ਵਿਸਾਖੀ', 'ਬੰਦ ਦਰਵਾਜੇ', 'ਦੁਨੀਆਂ ਤੋਂ ਦੂਰ', 'ਮੇਰੇ ਪਿੰਡ ਦੀ ਸ਼ਾਮ', 'ਰੁਲਿਆ ਪੰਜਾਬ', 'ਕਲਮ ਮੇਰੀ ਰੋ ਪਈ', 'ਬਸ ਕਰ ਜੀ' ਅਤੇ 'ਹਾਲ ਦੁਹਾਈ' ਸਾਡੇ ਸਮਾਜ ਦੀ ਮੌਜੂਦਾ ਦਿਸ਼ਾ ਦੀ ਤਸਵੀਰ ਵਾਹੁੰਦੀਆਂ ਖੂਬਸੂਰਤ ਰਚਨਾਵਾਂ ਹਨ, ਜਦ ਕਿ 'ਉਮੀਦ','ਮੇਰੀ ਕਲਮ' ਅਤੇ 'ਪ੍ਰਭਾਤ ਮੇਰੇ ਪਿੰਡ ਦੀ' ਆਸ਼ਾਵਾਦੀ ਰਚਨਾਵਾਂ ਹਨ।......ਇਵੇਂ ਹੀ, 'ਫੁੱਲਾਂ ਵਾਂਗ ਸਦਾ ਖਿੜੇ ਰਹੀਏ', 'ਫਿਰ ਦੀਪ ਜਗਾ ਦੇਵੀਂ' ਅਤੇ 'ਗੁਜਾਰਿਸ਼' ਪਾਠਕ ਨੂੰ ਨਸੀਅਤ ਦਿੰਦੀਆਂ ਰਚਨਾਵਾਂ ਹਨ।..... 'ਮੈਂ ਤੱਤੜੀ', 'ਲੋਚਾਂ' ਅਤੇ 'ਮੇਰੀ ਕੂਕ' ਰਾਂਹੀਂ ਰੱਬ ਨੂੰ ਅਰਜੋਈਆਂ ਕੀਤੀਆ ਗਈਆਂ ਹਨ। 
ਲੇਖਿਕਾ ਨੇ ਪੁਸਤਕ ਵਿਚ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਵੀ ਕਈ ਰਚਨਾਵਾ ਸ਼ਾਮਲ ਕੀਤੀਆਂ ਹਨ, ਜਿਵੇਂ ਕਿ 'ਸ਼ਹਾਦਤ', 'ਅਕ੍ਰਿਤਘਣ', 'ਸੱਚਾ ਸੌਦਾ' ਅਤੇ 'ਸ਼ਹੀਦ' ਆਦਿ ਕਵਿਤਾਵਾਂ।  'ਭੋਰੇ ਦਾ ਫਰਕ' ਸੱਚ ਅਤੇ ਝੂਠ ਦਾ ਅੰਤਰ ਦੱਸਦੀ ਕਵਿਤਾ ਹੈ। ...... 'ਅਹਿਸਤਾ ਅਹਿਸਤਾ', 'ਹੰਭਲਾ' ਅਤੇ 'ਗੁੱਝੀਆਂ ਰਮਜਾਂ' ਜਾਗਣ ਦਾ ਹੋਕਾ ਦਿੰਦੀਆਂ ......'ਮਾਂ' ਮਾਤਾ ਦੀ ਅਹਿਮੀਅਤ ਦੱਸਦੀ...... 'ਖਿਆਲਾਂ ਦੀ ਉਡਾਰੀ' ਜਜਬਾਤਾਂ ਦੀ ਗੱਲ ਪੇਸ਼ ਕਰਦੀ ਅਤੇ 'ਰੁੱਖ ਤੇ ਮਨੁੱਖ' ਰੁੱਖਾਂ ਦੇ ਉਜਾੜੇ ..... 'ਆਧੁਨਿਕ ਯੁੱਗ' ਅਤੇ 'ਯਾਦਾਂ ਬਚਪਨ ਦੀਆਂ',  ਬਚਪਨ ਦੀ ਤਸਵੀਰ ਵਾਹੁੰਦੀਆਂ ਰਚਨਾਵਾਂ ਹਨ।
 ਕੁੱਲ ਮਿਲਾਕੇ ਹਰ ਘਰ ਦੀ ਲਾਇਬਰੇਰੀ ਦਾ ਸ਼ਿੰਗਾਰ ਬਣਨ ਦਾ ਦਮ ਰੱਖਦੀ ਨਿਰਮਲ ਕੌਰ ਕੋਟਲਾ ਦੀ ਹੱਥਲੀ ਪਲੇਠੀ ਪੁਸਤਕ ਉਸਦੇ ਨਾਂ ਨੂੰ ਪੂਰਨ ਬੁਲੰਦੀਆਂ ਉਤੇ ਪਹੁੰਚਾਉਣ ਵਿਚ ਸਹਾਈ ਹੋਵੇਗੀ, ਮੈਨੂੰ ਯਕੀਨ ਵੀ ਤੇ ਵਿਸ਼ਵਾਸ਼ ਵੀ। ਉਸ ਦੀ ਕਲਮ ਨੂੰ ਸਲਾਮ !  ਦਿਲੀ ਮੁਬਾਰਕ !

    -ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)  

ਕੁਦਰਤੀ ਨਜਾਰਿਆਂ ਦੀ ਆਸ਼ਕ, ਹੋਣਹਾਰ  ਕਲਮ - ਤਜਿੰਦਰ ਕੌਰ ਮਿੱਠੂ - ਪ੍ਰੀਤਮ ਲੁਧਿਆਣਵੀ

 ਆਮ ਵੇਖਣ ਵਿਚ ਆਉਂਦਾ ਹੈ ਕਿ ਬਹੁਤੇ ਕਲਮਕਾਰ ਬਸ ਫੋਕੀ ਸ਼ੁਹਰਤ ਵੱਲ ਹੀ ਭੱਜਦੇ ਹਨ।  ਇਹ ਨਹੀ ਦੇਖਦੇ ਕਿ ਉਨ੍ਹਾਂ ਦੀ ਕਲਮ ਸਾਹਿਤ ਅਤੇ ਸਮਾਜ ਵਾਸਤੇ ਸੁਨੇਹਾ ਕੀ ਛੱਡ ਰਹੀ ਹੈ।  ਉਨ੍ਹਾਂ ਦਾ ਤਾਂ ਬਸ ਇਕੋ-ਇਕ ਨਿਸ਼ਾਨਾ ਹੁੰਦਾ ਹੈ ਕਿ ਲੱਗੀ ਦੌੜ ਵਿਚ ਅੱਗੇ ਕਿਵੇਂ ਨਿਕਲਿਆ ਜਾਵੇ।  ਪਰ, ਇਸ ਦੇ ਉਲਟ ਕੁਝ ਇਕ ਵਿਰਲੀਆਂ ਐਸੀਆਂ ਹੋਣਹਾਰ ਕਲਮਾਂ ਵੀ ਪੜ੍ਹਨ ਨੂੰ ਮਿਲਦੀਆਂ ਹਨ,  ਜਿਨ੍ਹਾਂ ਦਾ ਲੱਗੀ ਦੌੜ ਨਾਲ ਕੋਈ ਵਾਸਤਾ ਨਹੀ, ਬਲਕਿ ਉਨ੍ਹਾਂ ਦੀ ਸੋਚ ਤਾਂ ਸਮਾਜ ਅਤੇ ਸਾਹਿਤ ਲਈ ਕੁਝ ਕਰ ਗੁਜਰਨ ਦੀ ਹੁੰਦੀ ਹੈ।  ਅਜਿਹੀਆਂ ਨਿਵੇਕਲੀ ਅਤੇ ਅਗਾਂਹ-ਵਧੂ ਸੋਚ ਦੀਆਂ ਮਾਲਕਣ ਕਲਮਾਂ ਵਿਚੋਂ ਇਕ ਕਲਮ ਦਾ ਨਾਂਓਂ ਹੈ- ਤੇਜਿੰਦਰ ਕੌਰ ਮਿੱਠੂ।  ਉਹ ਤੇਜਿੰਦਰ, ਜਿਹੜੀ ਕਿ ਕੁਦਰਤ ਦੀ ਅਤੇ ਉਸ ਦੀ ਖੂਬਸੂਰਤ ਰਚਨਾ ਦੀ ਆਸ਼ਕ ਹੈ।  ਉਹ ਮਨੁੱਖਾਂ ਦੀਆਂ ਗੱਲਾਂ ਘੱਟ ਕਰਦੀ ਹੈ ਅਤੇ ਕੁਦਰਤੀ ਨਜਾਰਿਆਂ ਦੀਆਂ ਜਿਆਦਾ।  ਇਹੀ ਕਾਰਨ ਹੈ ਕਿ ਉਸ ਦੀਆਂ ਰਚਨਾਵਾਂ ਦੇ ਵਿਸ਼ੇ ਰੁੱਖ, ਪਾਣੀ, ਹਵਾ, ਪੰਛੀ, ਤਿੱਤਲੀਆਂ, ਭੰਵਰੇ, ਫੁੱਲ, ਅੰਬਰ, ਸੂਰਜ, ਚੰਦ, ਤਾਰੇ, ਕਲ-ਕਲ ਵਗਦੇ ਝਰਨੇ, ਨਦੀਆਂ-ਦਰਿਆਵਾਂ ਅਤੇ ਸਮੁੰਦਰ ਆਦਿ ਦੇ ਦੁਆਲੇ ਹੀ ਘੁੰਮਦੇ ਹਨ। 
     ਜੇਕਰ ਇਹ ਮੁਟਿਆਰ ਮਨੁੱਖ-ਜਾਤੀ ਦੀ ਗੱਲ ਕਰਦੀ ਹੈ ਤਾਂ ਭਰੂਣ-ਹੱਤਿਆ, ਧੀਆਂ-ਭੈਣਾਂ ਉਤੇ ਹੋ ਰਹੇ ਜੁਲਮ, ਵਤਨ ਤੋਂ ਦੂਰ ਪ੍ਰਦੇਸ ਗਏ ਪੰਜਾਬੀਆਂ ਦੇ ਦਰਦ ਅਤੇ ਕਿਸਾਨ-ਹੱਤਿਆਵਾਂ ਵਰਗੇ ਦਰਦਨਾਕ ਸੀਨ ਹੀ ਉਸ ਦੀ ਕਲਮ ਦੀ ਨੋਕ ਉਤੇ ਆਉਂਦੇ ਹਨ।  ਇਸ ਤੋਂ ਇਲਾਵਾ ਉਹ ਜਿਥੇ ਆਪਣੇ ਵਿਹਲੇ ਸਮੇ ਵਿਚ ਲੜਕੀਆਂ ਨੂੰ ਮੁਫਤ ਪੜ੍ਹਾਉਂਦੀ ਹੈ, ਉਥੇ ਲੋੜਵੰਦਾਂ ਨੂੰ ਕਈ ਬਾਰ ਉਹ ਕੋਟੀਆਂ ਅਤੇ ਕੰਬਲ ਆਦਿ ਵੰਡਣ ਦੀ ਸੇਵਾ ਵੀ ਕਰ ਚੁਕੀ ਹੈ। ਇੱਥੇ ਹੀ ਬਸ ਨਹੀ, ਉਹ ਅੱਖਾਂ ਅਤੇ ਦੰਦਾਂ ਦਾ ਫ੍ਰੀ ਮੈਡੀਕਲ-ਕੈਂਪ ਲਗਾਉਣ ਦੇ ਨਾਲ-ਨਾਲ ਬਜੁਰਗਾਂ ਨੂੰ ਮੁਫਤ ਦਵਾਈਆਂ ਵੰਡਣ ਆਦਿ ਵਰਗੇ ਕਾਰਜਾਂ ਦੁਆਰਾ ਵੀ ਆਪਣੇ ਮਨ ਨੂੰ ਰੂਹਾਨੀ ਖੁਸ਼ੀ ਪ੍ਰਾਪਤ ਕਰਦੀ ਹੈ।   
     ਇਕ ਸਵਾਲ ਦਾ ਜੁਵਾਬ ਦਿੰਦਿਆਂ ਮਿੱਠੂ ਨੇ ਕਿਹਾ, 'ਬ੍ਰਹਮਾ ਜੀ ਦੀ ਰਚਾਈ ਖੂਬਸੂਰਤ ਕੁਦਰਤ ਅਤੇ ਉਸ ਦੇ ਖੂਬਸੂਰਤ ਨਜਾਰਿਆਂ ਅੰਦਰ ਖੁਦਾ ਦਾ ਨਿਵਾਸ ਹੈ।  ਦੁਨੀਆਂ ਭਰ ਦੀਆਂ ਖੁਸ਼ੀਆਂ, ਬਰਕਤਾਂ ਅਤੇ ਧਨ-ਦੌਲਤਾਂ ਦੇ ਦਰਸ਼ਨ-ਦੀਦਾਰੇ ਕੁਦਰਤ ਦੀ ਬੁੱਕਲ ਵਿਚੋਂ ਹੀ ਹੋ ਜਾਂਦੇ ਹਨ।  ਬਸ, ਦੇਖਣ-ਪਰਖਣ ਵਾਲੀ ਅੱਖ ਹੋਣੀ ਚਾਹੀਦੀ ਹੈ।' 
      ਪੰਜਾਬ ਦੇ ਜਿਲ੍ਹਾ ਕਪੂਰਥਲਾ ਦੇ ਪਿੰਡ ਪੱਡੇ ਬੇਟ ਦੀ ਵਸਨੀਕ, ਪਿਤਾ ਤਰਸੇਮ ਸਿੰਘ ਅਤੇ ਮਾਤਾ ਬਲਵਿੰਦਰ ਕੌਰ ਦੀ ਸਪੁੱਤਰੀ ਤੇਜਿੰਦਰ ਨੇ ਮੁਲਾਕਾਤ ਦੌਰਾਨ ਦੱਸਿਆ ਕਿ ਉਸ ਨੂੰ ਬਚਪਨ ਤੋਂ ਹੀ ਕੁਦਰਤੀ ਨਜਾਰਿਆਂ ਨੂੰ ਗੰਭੀਰਤਾ ਨਾਲ ਲੈਣ ਦੀ ਚੇਟਕ ਲੱਗ ਗਈ ਸੀ। ਇਨ੍ਹਾਂ ਨਜਾਰਿਆਂ ਨੂੰ ਗਹਿਰਾਈ ਨਾਲ ਤੱਕਦੇ-ਤੱਕਦਿਆਂ ਉਸ ਨੂੰ ਪਤਾ ਹੀ ਨਹੀ ਲੱਗਾ ਕਲਮ-ਬੱਧ ਕਰਨ ਲਈ ਉਸ ਦੀ ਕਲਮ ਆਪ-ਮੁਹਾਰੇ ਕਦੋਂ ਚੱਲ ਪਈ।  ਨਤੀਜਨ ਉਸ ਦੀਆਂ ਅਨੇਕਾਂ ਰਚਨਾਵਾਂ, 'ਪੰਜਾਬੀ ਇੰਨ ਹਾਲੈਂਡ', 'ਜੱਗ-ਬਾਣੀ', 'ਅਜੀਤ', 'ਚੜ੍ਹਦੀ ਕਲਾ', 'ਆਸ਼ਿਆਨਾ', 'ਦੇਸ਼-ਦੁਆਬਾ', 'ਟਾਈਮਜ ਆਫ ਪੰਜਾਬ', 'ਸਕਾਈ ਹਾਕ', ਪੰਜ ਆਬੀ ਸੱਥ', 'ਸਕੇਪ ਪੰਜਾਬ', 'ਨਿਰਪੱਖ ਅਵਾਜ', 'ਪੰਜਾਬ ਕੋ-ਆਪਰੇਸ਼ਨ', 'ਪੰਜਾਬੀ ਸੱਚ ਕਹੂੰ ਆਦਿ ਦੇ ਨਾਲ-ਨਾਲ 'ਫਿਲਮੀ ਫੋਕਸ', 'ਅਦਬੀ ਸਾਂਝ' ਅਤੇ 'ਸੰਗੀਤ ਦਰਪਨ' ਆਦਿ ਮੈਗਜੀਨਾਂ ਦਾ ਸ਼ਿੰਗਾਰ ਬਣੀਆਂ।  ਵਧਦੇ ਕਦਮੀਂ  ਉਹ ਆਲ-ਇੰਡੀਆ ਰੇਡੀਓ ਸਟੇਸ਼ਨ, ਜਲੰਧਰ ਤੋਂ ਵੀ ਆਪਣੀਆਂ ਲਿਖੀਆਂ ਰਚਨਾਵਾਂ ਬੋਲਣ ਦਾ ਸੁਭਾਗ ਹਾਸਲ ਕਰ ਚੁੱਕੀ ਹੈ। 
      ਮਨਿੰਦਰ (ਭੈਣ) ਅਤੇ ਸੰਨੀ-ਗਿੰਨੀ ਮੋਰੀਆ ਭਰਾਵਾਂ ਦੀ ਲਾਡਲੀ ਭੈਣ ਮਿੱਠੂ ਬੜੇ ਮਾਣ ਨਾਲ ਕਹਿੰਦੀ ਹੈ, 'ਮੈਂ, ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਦੀ ਸਲਾਹਕਾਰ ਹਾਂ।  ਮੈਂ ਜਦੋਂ ਤੋਂ ਇਸ ਸੰਸਥਾ ਨਾਲ ਜੁੜੀ ਹਾਂ, ਮੇਰੀ ਕਲਮ ਵਿਚ ਲਗਾਤਾਰ ਨਿਖਾਰ ਆਇਆ ਹੈ ਅਤੇ ਮੈਨੂੰ ਕਾਫੀ ਕੁਝ ਸਿੱਖਣ ਨੂੰ ਵੀ ਮਿਲ ਰਿਹਾ ਹੈ, ਇਸ ਸੰਸਥਾ ਪਾਸੋਂ।  ਇਸ ਤੋਂ ਇਲਾਵਾ ਹਰਜੋਤ ਸੰਧੂ ਅਤੇ ਸਤਿੰਦਰ ਸਿੰਘ ਰਾਜਾ ਸਮੇਤ ਵੱਖ-ਵੱਖ ਅਖਬਾਰਾਂ-ਮੈਗਜੀਨਾਂ ਦੇ ਹੋਰ ਸੰਪਾਦਕਾਂ ਦੀ ਵੀ ਮੈਂ ਧੰਨਵਾਦੀ ਹਾਂ, ਜਿਨ੍ਹਾਂ ਨੇ ਮੇਰੀਆਂ ਰਚਨਾਵਾਂ ਛਾਪ ਕੇ ਮੇਰੀ ਹੌਸਲਾ-ਅਫਜਾਈ ਕੀਤੀ।' 
      ਸਾਹਿਤ ਅਤੇ ਕੁਦਰਤ ਨਾਲ ਅਟੁੱਟ ਰਿਸ਼ਤਾ ਗੰਢਕੇ ਓਸ ਮਾਲਕ ਦੀਆਂ ਅਪਾਰ ਬਖਸ਼ਿਸਾਂ ਹਾਸਲ ਕਰ ਰਹੀ, ਨਿਵੇਕਲੀ ਕਲਮ ਦੀ ਮਾਲਕਣ, ਹਸੂ-ਹਸੂ ਕਰਦੇ ਚਿਹਰੇ ਵਾਲੀ ਇਸ ਮੁਟਿਆਰ ਦੇ ਕਦਮਾਂ 'ਚ ਓਹ ਪਰਵਰਦਗਾਰ ਹੋਰ ਵੀ ਬੱਲ ਬਖਸ਼ੇ, ਤਾਂ ਕਿ ਇਹ ਆਪਣੇ ਮਿਸ਼ਨ ਵਿਚ ਸਫਲ ਪੁਲਾਂਘਾਂ ਪੁੱਟਦੀ ਨਿਰੰਤਰ ਅਤੇ ਨਿਰਵਿਘਨ ਤੁਰੀ ਰਵ੍ਹੇ, ਦਿਲੀ ਦੁਆਵਾਂ ਅਤੇ ਜੋਦੜੀਆਂ ਹਨ, ਮੇਰੀਆਂ।

- ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)

02 Feb. 2019

ਗੀਤਕਾਰੀ ਦੀਆਂ ਮੰਜਲਾਂ ਸਰ ਕਰ ਰਿਹਾ ਗੀਤਕਾਰ - ਮੀਤ ਸਦੌਂ-ਗੜ੍ਹ ਵਾਲਾ

ਹਿਮਾਚਲ ਦੀਆਂ ਖੂਬਸੂਰਤ ਵਾਦੀਆਂ ਦਾ ਜੰਮ-ਪਲ,  ਵਰਿਆਮ ਸਿੰਘ (ਪਿਤਾ)  ਅਤੇ ਕਰਮਜੀਤ ਕੌਰ (ਮਾਤਾ) ਦਾ ਲਾਡਲਾ, ਮੀਤ ਸਦੌਂ-ਗੜ੍ਹ ਵਾਲਾ ਕਿਸੇ ਜਾਣ-ਪਛਾਣ ਦਾ ਮੁਹਥਾਜ ਨਹੀ।  ਉਸ ਦੀ ਜਾਨਦਾਰ ਤੇ ਸ਼ਾਨਦਾਰ ਕਲਮ ਹੀ ਉਸ ਦਾ ਸਿਰਨਾਵਾਂ ਬਣ ਗੁਜਰੀ ਹੈ।  ਘਰਦਿਆਂ ਦਾ ਗੁਰਮੀਤ ਸਿੰਘ ਅਤੇ ਸੱਭਿਆਚਾਰਕ ਹਲਕਿਆਂ ਦਾ ਮੀਤ ਸਦੌਂ-ਗੜ੍ਹ ਵਾਲਾ ਦਂਸਦਾ ਹੈ ਕਿ ਉਸ ਦਾ ਪਹਿਲਾ ਗੀਤ 'ਬੇਬੇ ਦਾ ਬੁਖਾਰ' ਸੇਵਕ ਰਾਜਿਸਥਾਨੀ ਅਤੇ ਸੁੱਖ ਜੈਸਵਾਲ ਦੀ ਅਵਾਜ ਵਿਚ ਰਿਕਾਰਡ ਹੋਇਆ ਸੀ, ਜਿਹੜਾ ਕਿ ਡੀ. ਡੀ. ਪੰਜਾਬੀ ਦੇ ਮਕਬੂਲ ਪ੍ਰੋਗਰਾਮ, 'ਮੇਲਾ ਮੇਲੀਆਂ ਦਾ' ਦੁਆਰਾ ਖੂਬ ਚਰਚਾ ਦਾ ਵਿਸ਼ਾ ਬਣਿਆ ।  ਇਸ ਪਹਿਲੇ ਗੀਤ ਨੇ ਹੀ ਦਰਸ਼ਕਾਂ-ਸਰੋਤਿਆਂ ਵਲੋਂ ਉਸ ਨੂੰ ਐਨਾ ਉਤਸ਼ਾਹ, ਪਿਆਰ ਅਤੇ ਮਾਣ ਬਖਸ਼ਿਆ ਕਿ ਉਹ ਹੌਸਲੇ ਅਤੇ ਹੱਲਾ-ਸ਼ੇਰੀ ਦੇ ਖੰਭਾਂ ਉਤੇ ਉਡਾਰੀਆਂ ਲਾਉਣ ਲੱਗਿਆ।   ਬਸ ਫਿਰ ਕੀ ਸੀ, ਉਸ ਨੇ ਪਿੱਛੇ ਮੁੜ ਕੇ ਨਹੀ ਦੇਖਿਆ।  ਇਸ ਵਕਤ, ਵੱਖ-ਵੱਖ ਸੁਰੀਲੀਆਂ ਅਤੇ ਦਮਦਾਰ ਅਵਾਜਾਂ ਦੁਆਰਾ ਰਿਕਾਰਡ ਹੋਏ ਡੇਢ ਦਰਜਨ ਤੋ ਵੱਧ ਗੀਤ ਡੀ. ਡੀ. ਪੰਜਾਬੀ ਅਤੇ ਹੋਰ ਵੱਖ-ਵੱਖ ਚੈਨਲਾਂ ਉਤੇ ਗੂੰਜਦੇ, ਧਮਾਲਾਂ ਪਾਉਂਦੇ ਉਸ ਦੀ ਪਛਾਣ ਦਿਨ-ਪਰ-ਦਿਨ ਹੋਰ ਵੀ ਗੂਹੜੀ ਕਰ ਰਹੇ ਹਨ।
        ਵਿਦੇਸ਼ ਤੋਂ ਵਾਪਿਸ ਪਰਤਣ ਉਪਰੰਤ ਇਕ ਮੁਲਾਕਾਤ ਦੌਰਾਨ, ਕਲਮ ਦੇ ਧਨੀ ਮੀਤ ਨੇ ਦੱਸਿਆ ਕਿ ਉਸ ਦੇ ਰਿਕਾਰਡ ਹੋਏ ਗੀਤ,  ਜਿਨ੍ਹਾਂ ਵਿਚ 'ਰਿਸ਼ਤਾ', 'ਮਸ਼ਕਰੀਆਂ', 'ਧੰਨਵਾਦ ਵਿਚੋਲਣ ਦਾ' , 'ਵੇ ਡਰੈਵਰਾ' , 'ਜੱਟ ਦੀ ਸਰਦਾਰੀ', 'ਉਡਣੇ ਸੱਪ', 'ਸਮੁੰਦਰਾਂ ਤੋਂ ਪਾਰ', 'ਸੋਨੇ ਦੀ ਡੱਬੀ' ਅਤੇ 'ਫੌਜਣ' ਆਦਿ ਰਿੰਕਾ ਬਾਈ- ਮਿਸ ਪਵਨ ਪ੍ਰੀਤ  ਦੀ ਅਵਾਜ ਵਿਚ, 'ਮਾਂ ਦੀ ਯਾਦ' , ਬੌਬੀ ਖਹਿਰਾ ਦੁਆਰਾ ਅਤੇ 'ਕੈਲਗਿਰੀ' ਸੇਵਕ ਰਾਜਿਸਥਾਨੀ ਦੀ ਅਵਾਜ ਦਾ ਸ਼ਿੰਗਾਰ ਬਣੇ ਵਿਸ਼ੇਸ਼ ਵਰਣਨ ਯੋਗ ਗੀਤ ਹਨ।  ਇਵੇਂ ਹੀ  'ਦਿਲ ਤੁੜਵਾ ਕੇ' ਅਤੇ 'ਤਮਾਸ਼ਾ' ਗੀਤ ਵੀ ਖੂਬ ਚਰਚਾ ਵਿਚ ਰਹੇ ।  ਇੱਥੇ ਹੀ ਬਸ ਨਹੀ, ਇਨ੍ਹਾਂ ਲੋਕ-ਗੀਤਾਂ ਦੇ ਨਾਲ-ਨਾਲ ਮੀਤ ਦੀ ਕਲਮ ਚੋਂ ਨਿਕਲੇ ਧਾਰਮਿਕ ਗੀਤਾਂ ਵਿਚੋਂ ਮਾਤਾ ਦੀਆਂ ਭੇਟਾਂ ਅਤੇ ਬਾਬਾ ਬਾਲਕ ਨਾਥ ਜੀ ਦੇ ਭਜਨ ਵੀ ਰਿਕਾਰਡ ਹੋ ਚੁੱਕੇ ਹਨ।
       ਆਪਣੇ ਨਿਕਟ-ਭਵਿੱਖ  ਦੇ ਨਿਸ਼ਾਨੇ ਸਾਂਝੇ ਕਰਦਿਆਂ ਮੀਤ ਨੇ ਦੱਸਿਆ ਕਿ 'ਸ਼ਗਨਾਂ ਦੇ ਲੱਡੂ', 'ਸੰਧੂਰੀ ਪੱਗ', 'ਮਛਲੀ', 'ਪਿਆਰ ਤੇਰਾ' ਅਤੇ 'ਰੱਬ ਦੇ ਰੰਗ' ਜਲਦੀ ਹੀ ਉਹ ਸਰੋਤਿਆਂ ਦੀ ਕਚਹਿਰੀ ਵਿਚ ਲੈਕੇ ਹਾਜਰ ਹੋ ਰਿਹਾ ਹੈ।  ਇਕ ਹੋਰ ਸਵਾਲ ਦਾ ਜੁਵਾਬ ਦਿੰਦਿਆਂ ਮੀਤ ਸਦੌਂ-ਗੜ੍ਹ ਵਾਲਾ ਨੇ ਕਿਹਾ, 'ਮੈ ਹਮੇਸ਼ਾਂ ਸਾਫ-ਸੁਥਰੇ ਐਸੇ ਸੱਭਿਆਚਾਰਕ ਗੀਤ ਹੀ ਲਿਖਦਾ ਹਾਂ, ਜਿਨ੍ਹਾਂ ਨੂੰ ਪਰਿਵਾਰ ਵਿਚ  ਬੈਠਕੇ ਸੁਣਿਆ ਅਤੇ ਮਾਣਿਆ ਜਾ ਸਕੇ।  ਅਸ਼ਲੀਲ ਗੀਤ ਨਾ ਅੱਜ ਤੱਕ ਕੋਈ ਲਿਖਿਆ ਹੈ ਅਤੇ ਨਾ ਹੀ ਅੱਗੋਂ ਲਿਖਾਂਗਾ।  ਮੇਰਾ ਹਰ ਗੀਤ ਸਮਾਜ ਨੂੰ ਕੋਈ-ਨਾ-ਕੋਈ ਸੁਨੇਹਾ ਦੇਣ ਵਾਲਾ ਹੀ ਹੁੰਦਾ ਹੈ।'
        ਮੀਤ ਸਦੌਂ-ਗੜ੍ਹ ਵਾਲਾ ਆਪਣੇ ਇਸ ਮੁਕਾਮ ਦੀ ਪ੍ਰਾਪਤੀ ਵਿਚ ਜਿੱਥੇ ਆਪਣੇ ਗਾਇਕ ਕਲਾਕਾਰਾਂ ਦਾ ਜਿਕਰ ਕਰਦਾ ਹੈ, ਉਥੇ ਉਹ ਪ੍ਰਮਾਤਮਾ ਦੀ ਓਟ, ਆਪਣੇ ਮਾਤਾ-ਪਿਤਾ ਦਾ ਅਸ਼ੀਰਵਾਦ ਅਤੇ ਧਰਮ-ਪਤਨੀ ਵਰਿੰਦਰ ਕੌਰ ਦਾ ਵੀ ਬਹੁਤ ਯੋਗਦਾਨ ਮੰਨਦਾ ਹੈ।
        ਰੱਬ ਕਰੇ !   ਸਾਫ-ਸੁਥਰੀ ਗਾਇਕੀ ਦਾ ਪਹਿਰੇਦਾਰ, ਪੰਜਾਬੀ ਮਾਂ-ਬੋਲੀ ਦਾ ਪੁਜਾਰੀ, ਮੀਤ ਸਦੌਂ-ਗੜ੍ਹ ਵਾਲਾ, ਸੰਗੀਤਕ ਹਲਕਿਆਂ ਵਿਚ ਨਾਮਨਾ ਖੱਟਦਾ, ਗੀਤਕਾਰੀ ਦੀਆਂ ਮੰਜਲਾਂ ਸਰ ਕਰਦਾ, ਹੋਰ ਵੀ ਬੁਲੰਦੀਆਂ ਨੂੰ ਜਾ ਛੂਹਵੇ ! ਆਮੀਨ ! 

-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਮੀਤ ਸਦੌਂ-ਗੜ੍ਹ ਵਾਲਾ,  07807464033, 09816261322 

ਮਾਂ ਦੀ ਮੰਨਤ' ਸਿੰਗਲ ਟਰੈਕ ਲੈ ਕੇ ਹਾਜਰ ਹੈ - ਗਾਇਕ ਵਿਜੇ ਬੱਧਣ - ਪ੍ਰੀਤਮ ਲੁਧਿਆਣਵੀ

ਪੰਜਾਬੀ ਮਾਂ-ਬੋਲੀ ਦੇ ਜਾਏ, ਕਿਸੇ ਵੀ ਹਾਲਾਤ ਵਿਚ ਹੋਣ,  ਉਹ ਆਪਣੀ ਮਿਹਨਤ, ਲਗਨ, ਸਿਦਕ, ਫਿਰਾਕ-ਦਿਲੀ ਅਤੇ ਅਣਮੋਲ ਸੱਭਿਆਚਾਰਕ ਗਤੀਵਿਧੀਆਂ ਦੁਆਰਾ ਆਪਣਾ, ਆਪਣੀ ਜਨਮ-ਭੂਮੀ ਅਤੇ ਮਾਂ-ਬੋਲੀ ਪੰਜਾਬੀ ਦਾ ਨਾਮ ਰੋਸ਼ਨ ਕਰਦਿਆਂ ਆਪਣੀ ਅੱਡਰੀ ਛਾਪ ਛੱਡਣ ਲਈ ਯਤਨਸ਼ੀਲ ਹੀ ਰਹਿੰਦੇ ਹਨ।   ਇਸੇ ਲੜੀ ਤਹਿਤ ਜਿਸ ਸੰਘਰਸ਼ਸ਼ੀਲ ਨੌਜਵਾਨ ਦਾ ਇਨਾਂ ਸਤਰਾਂ ਦੁਆਰਾ ਜਿਕਰ ਕਰਨ ਜਾ ਰਿਹਾ ਹਾਂ, ਉਹ ਹੈ ਜਿਲਾ ਗੁਰਦਾਸਪੁਰ ਦੀ ਇਕ ਨੁਕਰੇ ਵਸਦੇ ਪਿੰਡ ਹੱਲਾ ਦਾ ਬਹੁ-ਕਲਾਵਾਂ ਦਾ ਸੁਮੇਲ ਨੌਜਵਾਨ ਵਿਜੇ ਬੱਧਣ।  ਵਧੀਆ ਸ਼ਾਇਰ, ਅਦਾਕਾਰ, ਨਿਰਮਾਤਾ, ਨਿਰਦੇਸ਼ਕ, ਸਮਾਜ-ਸੇਵੀ ਅਤੇ ਲੋਕ-ਗਾਇਕ।  ਗਾਇਕੀ ਖੇਤਰ ਵਿਚ, 'ਮੌਜਾਂ ਲਾਈਆਂ ਨੇ ਮਈਆਂ ਦੇ ਦੁਆਰੇ' ਅਤੇ ਜਲੰਧਰ ਦੂਰਦਰਸ਼ਨ ਦੇ ਨਵੇ ਵਰੇ (2018) ਦੀ ਆਮਦ ਤੇ 'ਢੋਲ ਵੱਜਿਆ'  ਗੀਤ ਰਾਂਹੀ ਭਰਵੀ ਹਾਜਰੀ ਦੁਆਰਾ ਚਰਚਿਤ ਹੋਏ ਇਸ ਗਾਇਕ ਦਾ ਹੁਣ ਨਵਾਂ ਸਿੰਗਲ ਟਰੈਕ 'ਮਾਂ ਦੀ ਮੰਨਤ' ਦੇਸ਼ ਵਿਦੇਸ਼ਾਂ ਵਿਚ ਚਰਚਾ ਦਾ ਖੂਬ ਵਿਸ਼ਾ ਬਣਿਆ ਹੋਇਆ ਹੈ।
       ਮਾਤਾ ਸਵ: ਪ੍ਰਭੀ ਦੇਵੀ ਅਤੇ ਪਿਤਾ ਸਵ: ਗਿਆਨੀ ਤੇਜ ਰਾਮ ਜੀ ਦੇ ਘਰ ਜਨਮੇ ਵਿਜੇ ਨੇ ਸੰਖੇਪ ਜਿਹੀ ਮੁਲਾਕਾਤ ਵਿਚ ਦੱਸਿਆ ਕਿ ਘਰ ਵਿਚ  ਗਰੀਬੀ ਹੋਣ ਕਾਰਨ ਉਹ ਜਿਆਦਾ ਪੜ ਨਾ ਸਕਿਆ।  ਗਾਉਣਾਂ, ਲਿਖਣਾਂ ਅਤੇ ਅਦਾਕਾਰੀ ਦਾ ਸ਼ੌਕ ਉਸ ਨੂੰ ਬਚਪਣ ਤੋ ਹੀ ਸੀ।  ਗਾਇਕੀ ਦੀਆਂ ਬਾਰੀਕੀਆਂ ਸਿੱਖਣ ਲਈ ਉਸ ਨੇ ਉਸਤਾਦ ਮਦਨ ਇਲਾਹੀ ਜੀ ਨੂੰ ਆਪਣਾ ਰਸਮੀ ਉਸਤਾਦ ਧਾਰਿਆ ਅਤੇ ਯਮਲੇ ਦੀ ਫੁੱਲਵਾੜੀ ਦੇ ਮਹਿਕਦੇ ਫੁੱਲ  ਸਵ: ਚਮਨ ਲਾਲ ਗੁਰਦਾਸਪੁਰੀ ਨਾਲ ਪੰਜਾਬ ਦੇ ਵੱਖ-ਵੱਖ ਸ਼ਹਿਰਾ ਵਿਚ ਜਾ ਕੇ ਸਟੇਜਾਂ ਉਤੇ ਹਾਜਰੀਆਂ ਲੁਆਈਆਂ।   ਅੱਜ ਕੱਲ ਬੱਧਣ ਆਪਣੀ ਕਲਾ ਨੂੰ ਨਿਖਾਰਨ ਲਈ ਰਾਕੇਸ਼ ਕੁਮਾਰ ਸ਼ਰਮਾਂ ਜੀ ਤੋ ਵੀ ਸੰਗੀਤ ਦੀਆਂ ਕਲਾਸਾਂ ਲੈ ਰਿਹਾ ਹੈ।
        ਗਾਇਕੀ ਦੇ ਨਾਲ-ਨਾਲ ਬੱਧਣ ਨੇ ਉਘੇ ਰੰਗਕਰਮੀ ਉਸਤਾਦ ਰਜਿੰਦਰ ਭੋਗਲ ਜੀ ਦੀ ਰਹਿਨੁਮਾਈ ਹੇਠ ਲੁਕਾਈ ਕਲਾ ਕੇਦਂਰ ਦੇ ਬੈਨਰ ਹੇਠ ਦਰਜਨ ਦੇ ਕਰੀਬ ਨਾਟਕ ਵੀ ਖੇਡੇ। ਇਕ ਲੜੀਵਾਰ ਹਿੰਦੀ ਸੀਰੀਅਲ 'ਪਸ਼ਚਾਤਾਪ' ਵਿਚ ਬਤੌਰ ਐਕਟਰ ਵੀ ਕੰਮ ਕੀਤਾ।  ਇਸ ਤੋ ਇਲਾਵਾ ਆਪਣੀ 'ਬੱਧਣ ਪ੍ਰੋਡੈਕਸ਼ਨ' ਹੇਠ ਦਰਜਨਾਂ ਕਲਾਕਾਰ ਦੇ ਸੱਭਿਆਚਾਰਕ ਗੀਤ ਪੇਸ਼ ਕਰਨ ਦਾ ਵੀ ਫਖਰ ਹਾਸਿਲ ਕੀਤਾ।
         ਕਲਮੀ-ਖੇਤਰ ਵਿਚ ਵਿਜੇ ਬੱਧਣ ਦੀਆਂ ਲਿਖੀਆਂ ਰਚਨਾਵਾਂ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ.) ਪੰਜਾਬ ਦੀਆਂ ਕਈ ਸਾਂਝੀਆਂ ਪ੍ਰਕਾਸ਼ਨਾਵਾਂ  ਵਿਚ ਛਪੀਆਂ।  ਉਸ ਵਲੋਂ ਵੱਖ-ਵੱਖ ਖੇਤਰਾਂ ਪਾਏ ਗਏ ਯੋਗਦਾਨ ਦਾ ਮੁੱਲ ਪਾਂਉਂਦੇ , ਉਸ ਦੇ ਘਰ ਵਿਚ ਸੰਭਾਲੇ ਵੱਖ-ਵੱਖ ਸੰਸਥਾਵਾਂ ਵਲੋਂ ਪ੍ਰਾਪਤ ਅਨੇਕਾਂ ਸਰਟੀਫਿਕੇਟ ਅਤੇ ਸਨਮਾਨ-ਚਿੰਨ ਉਸਦੇ ਮਾਣ-ਮੱਤੇ ਸਾਹਿਤਕ ਤੇ ਸੱਭਿਆਚਾਰਕ ਸਫਰ ਦੀ ਭਰਵੀਂ ਗਵਾਹੀ ਦੇ ਰਹੇ ਹਨ।
        ਆਪਣੇ ਨਵੇ ਸਿੰਗਲ ਟਰੈਕ 'ਮਾਂ ਦੀ ਮੰਨਤ' ਬਾਰੇ ਗੱਲਬਾਤ ਕਰਦਿਆਂ ਬੱਧਣ ਨੇ ਦੱਸਿਆ ਕਿ ਡੀ: ਟੀ: ਬੀ: ਫਿਲਮ ਪ੍ਰੋਡੈਕਸ਼ਨ ਦੀ ਅਤੇ ਪੇਸ਼ਕਰਤਾ ਅਨਿਲ ਰਤਨਗੜੀਆ ਦੀ ਪੇਸ਼ਕਸ਼ ਅਤੇ ਨਿਰਮਾਤਾ ਨਰੇਸ਼ ਸ਼ਰਮਾਂ ਦੀ ਰਹਿਨੁਮਾਈ ਹੇਠ ਕੱਢੇ ਇਸ ਗੀਤ ਦਾ ਲੇਖਕ ਵੀ ਖੁਦ ਉਹ (ਵਿਜੇ) ਹੀ ਹੈ।  ਇਸ ਗੀਤ ਨੂੰ ਸੰਗੀਤਕ-ਛੋਹਾਂ ਸੰਗੀਤਕਾਰ ਸ਼ਕਤੀ ਬਚਨ ਨੇ ਦਿੱਤੀਆਂ : ਜਦ ਕਿ ਇਸ ਦਾ  ਵੀਡੀਓ-ਫਿਲਮਾਂਕਣ ਸਚਿਨ ਵੱਲੋ ਪੰਜਾਬ ਦੀਆਂ ਵੱਖ ਵੱਖ ਲੋਕੇਸ਼ਨਾਂ ਤੇ ਕੀਤਾ ਗਿਆ। ਵਿਜੇ ਬੱਧਣ ਨੇ ਅੱਗੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਭਾਰਤ ਤੋ ਇਲਾਵਾ ਕਨੇਡਾਂ, ਆਸਟ੍ਰੇਲੀਆ, ਦੁਬੱਈ, ਇਟਲੀ, ਇੰਗਲੈਡ, ਸਾਉਥ ਕੋਰੀਆ, ਆਦਿ ਦੇਸ਼ਾਂ ਵਿਚ ਵੀ ਰਲੀਜ ਕੀਤਾ ਜਾ ਰਿਹਾ ਹੈ।
          ਇੱਥੋਂ ਤੱਕ ਦੇ ਮੁਕਾਮ ਹਾਸਲ ਕਰਨ ਦੀ ਪ੍ਰਾਪਤੀ ਨੂੰ ਬੱਧਣ ਜਿੱਥੇ ਆਪਣੇ ਗੁਰੂ ਦੇਵ ਸਚਖੰਡ ਵਾਸੀ ਸਤਿਗੁਰੂ ਸ੍ਰੀ 108 ਸੀਤਲ ਦਾਸ ਜੀ ਦਾ ਓਟ ਆਸਰਾ ਮੰਨਦਾ ਹੈ, ਉਥੇ ਆਪਣੇ ਗੁਰੂ-ਭਾਈ ਸੂਫੀ ਗਾਇਕ ਮੁਮਤਾਜ. ਹੰਸ, ਗਾਇਕ ਅਸ਼ਵਨੀ ਲੱਖੋਵਾਲੀ,  ਨਿਰਮਾਤਾ ਨਰੇਸ਼ ਸ਼ਰਮਾਂ ਤੋ ਇਲਾਵਾ ਦੋਸਤਾਂ-ਮਿੱਤਰਾਂ, ਸਹਿਯੋਗੀਆਂ ਅਤੇ ਦਰਸ਼ਕਾਂ-ਸਰੋਤਿਆਂ ਦਾ ਵੀ ਤਹਿ-ਦਿਲੋਂ ਧੰਨਵਾਦ ਕਰਦਾ ਹੈ ਜਿਨਾਂ ਦੀਆਂ ਸ਼ੁਭ-ਇੱਛਾਵਾਂ ਅਤੇ ਹੱਲਾ-ਸ਼ੇਰੀ ਹਮੇਸ਼ਾਂ ਉਸ ਦੇ ਨਾਲ ਰਹੀ।
- ਪ੍ਰੀਤਮ ਲੁਧਿਆਣਵੀ (ਚੰਡੀਗੜ), (9876428641)

ਗਾਇਕੀ, ਸੰਗੀਤਕਾਰੀ ਤੇ ਅਦਾਕਾਰੀ ਦਾ ਖੂਬਸੂਰਤ ਮੁਜੱਸਮਾ- ਮਨੀ ਔਜਲਾ - ਪ੍ਰੀਤਮ ਲੁਧਿਆਣਵੀ

ਦੋਗਾਣਾ 'ਖਿਲਾਰਾ' ਮਨੀ ਔਜਲਾ ਅਤੇ ਗਾਇਕਾ ਮਿਸ ਨੀਲਮ ਦੀ ਆਵਾਜ਼ 'ਚ ਸਰੋਤਿਆਂ ਵਿਚ ਹੋਇਆ ਮਕਬੂਲ

ਚੜਦੇ ਸੂਰਜ ਅਤੇ ਉਠਦੇ ਤੂਫਾਨ ਨੂੰ ਭਲਾ ਕੌਣ ਰੋਕ ਸਕਦਾ ਹੈ। ਇਸੇ ਤਰਾਂ ਜਿਸ ਦੇ ਮਨ ਵਿਚ ਉਪਰ ਉਠਣ ਦੀਆਂ ਤਾਂਘਾਂ, ਕੁਝ ਕਰਨ ਦੀਆਂ ਰੀਝਾਂ ਤੇ ਅਰਮਾਨ ਹੋਣ, ਲਗਨ ਤੇ ਉਤਸ਼ਾਹ ਹੋਵੇ, ਉਹ ਇਕ ਨਾ ਇਕ ਦਿਨ ਅੰਬਰ ਜਿੱਡੀਆਂ ਉਡਾਰੀਆਂ ਨੂੰ ਛੋਹ ਹੀ ਲੈਂਦੇ ਹਨ।  ਅਜਿਹੀ ਇਕ ਨਿਵੇਕਲੀ ਸਖਸ਼ੀਅਤ ਹੈ ਗਾਇਕ, ਸੰਗੀਤਕਾਰ ਅਤੇ ਅਦਾਕਾਰ ਮਨੀ ਔਜਲਾ।   ਚੰਡੀਗੜ ਵਿਖੇ ਪਿਤਾ ਸ੍ਰ. ਅਜਾਇਬ ਔਜਲਾ ਅਤੇ ਮਾਤਾ ਸ੍ਰੀਮਤੀ ਸੁਰਿੰਦਰ ਕੌਰ ਔਜਲਾ ਦੇ ਘਰ ਜਨਮੇ, ਹੋਣਹਾਰ ਸਪੁੱਤਰ ਮਨੀ ਔਜਲਾ ਇਸ ਮੁਕਾਮ ਤੇ ਰਾਤੋ-ਰਾਤ ਚ ਹੀ ਨਹੀ ਪੁੱਜਾ, ਬਲਕਿ ਡੇਢ ਦਿਹਾਕੇ ਤੋਂ ਉਹ ਸਟੇਜੀ ਤਪੱਸਿਆ ਵਿਚ ਜੁਟਿਆ ਚਲਿਆ ਆ ਰਿਹਾ ਹੈ।  ਪਹਿਲੀ ਵਾਰ ਮਨੀ ਔਜਲਾ ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮ 'ਸਟਾਰ-ਨਾਈਟ'  ਵਿਚ ਗੀਤ 'ਨਾਭੇ ਦੀਏ  ਬੰਦ ਬੋਤਲੇ'  ਲੈਕੇ ਦਰਸ਼ਕਾਂ ਸਨਮੁੱਖ ਹੋਇਆ।  ਫਿਰ ਗੀਤ 'ਐਵੇਂ ਨਹੀ ਜੱਗ ਉਤੇ ਹੁੰਦੀਆਂ ਸਲਾਮਾਂ'  ਵੀ ਖੂਬ ਚਰਚਾ ਵਿਚ ਰਿਹਾ।  ਉਪਰੰਤ  ਮਨੀ ਔਜਲਾ, ਨਿਰਮਾਤਾ ਅਨੂਪ ਕੁਮਾਰ ਦੇ ਸਹਿਯੋਗ ਨਾਲ ਯੋ ਯੋ ਹਨੀ ਸਿੰਘ ਦੇ ਸੰਪਰਕ ਵਿਚ ਆਏ।   ਇਸੇ ਦੌਰਾਨ ਹਨੀ ਸਿੰਘ ਨੇ ਮਕਬੂਲ ਐਲਬੰਮ 'ਇੰਟਰਨੈਸ਼ਨਲ ਬਲੇਜਰ'  ਵਿਚ ਮਨੀ ਗੀਤ 'ਅਸਕੇ' ਰਿਕਾਰਡ ਕੀਤਾ।   ਉਪਰੰਤ  'ਸਪੀਡ ਰਿਕਾਰਡਜ'  ਵਿਚ  ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਮਨੀ ਦਾ ਗੀਤ 'ਸਿਫਤਾਂ ਕਰਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ' ਆਇਆ।  ਇੱਥੇ ਇਹ ਵੀ ਵਰਣਨ ਯੋਗ ਹੈ ਕਿ ਮਨੀ ਔਜਲਾ ਅਜਿਹਾ ਪਹਿਲਾ ਹਿੰਦੋਸਤਾਨੀ ਪੰਜਾਬੀ ਗਾਇਕ ਬਣਿਆ ਜਿਸ ਨੇ ਇੰਗਲੈਂਡ ਦੀ ਪ੍ਰਸਿੱਧ ਗੋਰੀ ਗਾਇਕਾ ਨੈਸਡੀ ਜੌਹਨਜ  ਨਾਲ ਯੋ ਯੋ ਹਨੀ ਸਿੰਘ ਦੇ ਸੰਗੀਤ ਵਿਚ ਹੀ ਗੀਤਕਾਰ ਪ੍ਰਗਟ ਲਿੱਧੜਾਂ ਵਾਲੇ ਦਾ ਲਿਖਿਆ ਗੀਤ 'ਫਸਲਾਂ ਦੇ ਨਾਂ ਪੁੱਛਦੀ, ਗੋਰੀ ਲੰਡਨ ਤੋਂ ਆਈ ਲੱਗਦੀ' ਗਾਇਆ : ਜਿਸਨੇ ਨਵੇਂ ਰਿਕਾਰਡ ਹੀ ਸਥਾਪਤ ਕਰ ਦਿੱਤੇ।  ਇਹ ਗੀਤ  ਅੱਜ ਤੱਕ 'ਯੂ-ਟਿਊਬ'  ਤੇ 1 ਕਰੋੜ 50 ਲੱਖ (15 ਮਿਲੀਅਨ) ਤੋਂ ਵੱਧ  ਲੋਕਾਂ ਵਲੋਂ ਮਾਣਿਆ ਜਾ ਚੁੱਕਾ ਹੈ।  ਇਸੇ ਦੌਰਾਨ ਔਜਲਾ ਨੂੰ ਟੀ. ਵੀ. ਚੈਨਲ 'ਜੀ. ਟੀ-ਵੀ. ਪੰਜਾਬੀ',  'ਪੀ. ਟੀ. ਸੀ. (ਪੰਜਾਬੀ)', 'ਪੀ. ਟੀ. ਸੀ. ਚੱਕ ਦੇ', 'ਐਮ. ਐਚ. ਵੰਨ' ਅਤੇ  'ਡੇਅ ਐਂਡ ਨਾਈਟ' ਆਦਿ ਦੇ ਯਰੀਏ ਵੀ ਆਪਣੀ ਕਲਾ ਦਾ ਚੌਗਿਰਦਾ ਵਧਾਉਣ ਦੇ ਹੋਰ ਵੀ ਮੌਕੇ ਮਿਲੇ।  ਮਨੀ ਦੀ ਅਵਾਜ 'ਚ ਜਿੱਥੇ ਉਸ ਦੇ  ਆਪਣੇ ਹੀ ਲਿਖੇ  ਗੀਤ,  'ਆ ਜਾ ਸੋਹਣੀਏ, ਆ ਜਾ ਤੂੰ' ( ਜਿਸ ਨੂੰ ਦੁਬਈ 'ਚ ਫਿਲਮਾਇਆ ਗਿਆ) ਨੂੰ ਭਰਵਾਂ ਹੁੰਗਾਰਾ ਮਿਲਿਆ, ਉਥੇ ਟੀ. ਵੀ. ਚੈਨਲਾਂ ਦੇ ਨਵੇਂ ਵਰੇ ਦੇ ਪ੍ਰੋਗਰਾਮਾਂ ਵਿਚ ਮਨੀ ਦੇ ਗੀਤ, 'ਜੱਟੀ ਰੀਲੋਡਡ', 'ਬੁਲਟ' ਤੇ ਗੀਤ  'ਧੱਕ ਧੱਕ'  ਵੀ ਸਰੋਤਿਆਂ ਨੇ ਮਾਣੇ।  ਖਾਸ ਕਰਕੇ ਮਨੀ ਔਜਲਾ ਦੀ ਅਵਾਜ ਵਿਚ ਗੀਤ 'ਮੇਰਾ ਬਰੇਕ-ਅੱਪ ਹੋ ਗਿਆ ਵੇ, ਕੋਈ ਚੱਕਵੀਂ ਬੀਟ ਵਜਾ ਦੇ' ਵੀ ਨੌ-ਜਵਾਨ ਪੀੜੀ ਵਲੋਂ ਬੇਹੱਦ ਪਸੰਦ ਕੀਤਾ ਗਿਆ।  ਟਰੈਕ 'ਨੈਕਸਟ ਜਨਰੇਸ਼ਨ ਬੋਲੀਆਂ'  ਰਾਂਹੀਂ ਗਾਇਕ ਮਨੀ ਔਜਲਾ ਦੇ ਨਾਲ-ਨਾਲ ਅਲਫਾਜ, ਭਿੰਦਾ ਔਜਲਾ, ਐਸ. ਬੀ. ਹਰਿਆਣਵੀ, ਲਿੱਲ ਗੋਲੂ ਅਤੇ ਲੀਓ  ਦੇ ਨਾਲ-ਨਾਲ ਗਾਇਕ ਨਵਜੀਤ ਕਾਹਲੋਂ ਅਤੇ ਮਨੀ ਦੀ ਅਵਾਜ ਵਿਚ ਆਇਆ ਗੀਤ 'ਲੌਲੀ ਪੌਪ'  ਵੀ ਖੂਬ ਰਿਹਾ।    ਇਸੇ ਲੜੀ ਵਿਚ ਜਿੱਥੇ ਮਨੀ ਦੁਆਰਾ ਗਾਏ ਤੇ ਸੰਗੀਤਬੱਧ ਕੀਤੇ ਗੀਤ 'ਦਸੰਬਰ', 'ਵਣਜਾਰਾ', 'ਲੋਹੜੀ' ਦੇ ਨਾਲ ਨਾਲ ਗੀਤ 'ਕੰਮ ਚਕਮਾ' ਅਤੇ 'ਆਸਟ੍ਰੇਲੀਆ ਦੇ ਸ਼ਹਿਰ ਮੈੱਲਬੋਰਡ ਦੀਆਂ ਖੂਬਸੂਰਤ ਥਾਵਾਂ 'ਤੇ ਪੱਬਧਾਰੀਆ ਦੀ ਨਿਰਦੇਸ਼ਨਾ ਹੇਠ ਮਨੀ ਦਾ ਗੀਤ 'ਬੱਲੇ ਬੱਲੇ' ਸਰੋਤਿਆਂ ਦੀ ਪਸੰਦ ਹੋ ਨਿਬੜੇ ਉੱਥੇ ਪਿੱਛੇ ਜਿਹੇ ਅਨੂਪ ਕੁਮਾਰ ਦੀ ਪੇਸ਼ਕਸ਼ ਵਿਚ ਵਾਈਟ ਹਿੱਲ ਵਲੋਂ ਰਿਲੀਜ਼ ਕੀਤਾ ਗਿਆ ਗੀਤ 'ਲੈਕਚਰ-ਟੂ' ਵੀ  ਬੇਹੱਦ ਮਕਬੂਲ ਹੋਇਆ । ਇਹ ਗੀਤ ਮਨੀ ਔਜਲੇ ਦੁਆਰਾ ਲਿਖਿਆ ਅਤੇ ਸੰਗੀਤਬੱਧ ਵੀ ਕੀਤਾ ਗਿਆ ਸੀ।
     ਕਲਾਵਾਂ ਦੀਆਂ ਮੰਜਲਾਂ ਨੂੰ ਕਲਾਵੇ 'ਚ ਲੈਂਦਿਆਂ ਮਨੀ ਔਜਲਾ ਬਤੌਰ ਸੰਗੀਤਕਾਰ ਵੀ ਖੂਬ ਚਮਕਿਆ ਹੈ।  ਉਸ ਦੀਆਂ ਸੰਗੀਤਕ-ਧੁਨਾਂ ਵਿਚ ਮਰਹੂਮ ਗਾਇਕ ਸੋਨੀ ਪਾਬਲਾ ਦੇ ਭਾਣਜੇ ਗੁਰਦੀਪ ਸੈਣੀ (ਸਟਾਈਲਿਸ ਸਿੰਘ) ਦੀ ਅਵਾਜ ਵਿਚ ਆਏ  ਗੀਤ 'ਕੋਕਾ' ਰਾਂਹੀਂ ਪ੍ਰਵੇਸ਼ ਕਰਦੇ ਹੋਏ ਸੰਗੀਤਕਾਰ ਵਜੋਂ ਵੀ ਵਧੀਆ ਮੁੰਢ ਬੰਨਿਆ।  ਗਾਇਕ ਨਛੱਤਰ ਗਿੱਲ ਵਲੋਂ  ਮਨੀ ਔਜਲਾ ਦੁਆਰਾ ਲਿਖੇ ਤੇ ਸੰਗੀਤ-ਬੱਧ ਕੀਤੇ ਗੀਤ 'ਲੈਕਚਰ ਲਾ ਕੇ ਨਿਕਲੀ' ਨੇ ਤਾਂ ਧੰਨ ਧੰਨ ਹੀ ਕਰਵਾ ਦਿੱਤੀ।  ਇਸੇ ਲੜੀ ਵਿਚ ਔਜਲਾ ਦੇ ਸੰਗੀਤ ਵਿਚ ਗਾਇਕ ਪ੍ਰੀਤ ਹਰਪਾਲ ਦੀ ਅਵਾਜ ਵਿਚ ਆਇਆ ਗੀਤ, 'ਸੂਟ-ਸਾਟ', ਐਂਕਰ, ਅਦਾਕਾਰਾ ਅਤੇ ਗਾਇਕਾ ਸਤਿੰਦਰ ਸੱਤੀ ਦੀ ਅਵਾਜ ਵਿਚ 'ਗੁਲਾਬੀ ਪੱਗ', ਗਾਇਕ ਤੇ ਅਦਾਕਾਰ  ਰੋਸ਼ਨ ਪ੍ਰਿੰਸ ਦੀ ਅਵਾਜ ਵਿਚ 'ਅੱਜ ਬੋਲਦੀ', ਅਦਾਕਾਰ  ਤੇ ਗਾਇਕ ਐਮ. ਈ. ਵਿਰਕ ਦੀ ਅਵਾਜ ਵਿਚ 'ਪੱਗ ਸੁੱਕਣੀ', ਅਦਾਕਾਰ ਤੇ ਗਾਇਕ ਦਿਲਪ੍ਰੀਤ ਢਿੱਲੋਂ ਦੀ ਅਵਾਜ ਵਿਚ ਗੀਤ 'ਗੱਲ ਖਾਸ' ਦੇ ਨਾਲ-ਨਾਲ ਬਾਲੀਵੁੱਡ ਤੇ ਪਾਲੀਵੁੱਡ ਫਿਲਮਾਂ ਦੇ ਅਭਿਨੇਤਾ ਜਿੰਮੀ ਸ਼ੇਰਗਿੱਲ ਦੀ ਫਿਲਮ 'ਮੇਰਾ : ਹੀਰੋ ਨਾਮ ਯਾਦ ਰੱਖੀ' ਵਿਚ ਵੀ ਇਕ ਟਰੈਕ ਨੂੰ ਸੰਗੀਤ-ਬੱਧ ਕਰਨ ਦਾ ਅਵਸਰ ਮਨੀ ਨੂੰ ਮਿਲਿਆ ਹੈ।  ਫ਼ਿਲਮ 'ਰੇਡੂਆ' ਵਿਚ ਤਿੰਨ ਗੀਤਾਂ ਨੂੰ ਸੰਗੀਤਬਧ ਕੀਤਾ।  ਇਸ ਦੇ ਨਾਲ ਹੀ ਫ਼ਿਲਮ 'ਇਸ਼ਕਾ' ਵੀ ਮਨੀ ਔਜਲੇ ਦੇ ਸੰਗੀਤ ਵਿਚ ਆ ਰਹੀ ਹੈ।
      ਜਿਕਰ ਯੋਗ ਹੈ ਕਿ ਨਿਰਮਾਤਾ ਅਨੂਪ ਕੁਮਾਰ ਦੀ ਰਹਿਨੁਮਾਈ ਹੇਠ ਮਨੀ ਜਿੱਥੇ ਮੁਬੰਈ, ਕਲਕੱਤਾ, ਚੇਨਈ, ਦੇਹਰਾਦੂਨ, ਦਿੱਲੀ, ਗੁੜਗਾਓਂ ਅਤੇ ਚੰਡੀਗੜ ਆਦਿ ਸ਼ਹਿਰਾਂ ਵਿਚ ਸਰੋਤਿਆਂ ਦੇ ਸਨਮੁੱਖ ਹੋਇਆ, ਉਥੇ ਕਨੇਡਾ, ਅਮਰੀਕਾ, ਆਸਟ੍ਰੇਲੀਆ, ਦੁਬੱਈ, ਸਿੰਘਾ ਪੁਰ, ਨਿਊਜੀਲੈਂਡ ਅਤੇ ਦਰਜਨ ਤੋਂ ਵੱਧ ਹੋਰ ਦੇਸ਼ਾਂ ਵਿਚ ਵੀ ਯੋ ਯੋ ਹਨੀ ਸਿੰਘ ਹੋਰਾਂ ਦੇ ਨਾਲ ਵੀ ਉਸ ਨੇ ਪੇਸ਼ਕਾਰੀਆਂ ਦਿੱਤੀਆਂ।  ਬਾਲੀਵੁੱਡ ਪ੍ਰਸਿੱਧ ਅਭਿਨੇਤਾ ਸ਼ਾਹਰੁਖ ਖਾਨ, ਅਭਿਨੇਤਰੀਆਂ ਮਾਧੁਰੀ ਦਿਕਸ਼ਤ, ਰਾਣੀ ਮੁਖਰਜੀ, ਜੈਕਲਿਨ ਫਰਨਾਂਡੇਜ ਨਾਲ ਵੀ ਆਸਟ੍ਰੇਲੀਆਂ ਅਤੇ ਨਿਊਜੀਲੈਂਡ ਵਿਖੇ ਕੀਤੇ ਸ਼ੋਅ ਖਾਸ ਤੌਰ ਤੇ ਜਿਕਰ ਕਰਨੇ ਬਣਦੇ ਹਨ।  ਮਨੀ ਔਜਲਾ ਦੀ ਬਹੁ-ਪੱਖੀ ਪ੍ਰਤਿੱਭਾ ਨੂੰ ਵੇਖਦੇ ਹੋਏ ਟੀ. ਵੀ. ਚੈਨਲ 'ਪੀ. ਟੀ. ਸੀ.' ਪੰਜਾਬੀ ਵਲੋਂ ਪ੍ਰੋਗਰਾਮ 'ਮੇਰੇ ਪਿੰਡ ਦੀਆਂ ਗਲੀਆਂ' ਜੋ ਹਰ ਮੰਗਲਵਾਰ ਨੂੰ ਰਾਤੀਂ 9 ਤੋਂ 10 ਇਕ ਘੰਟੇ ਲਈ ਚੱਲਦਾ ਹੈ, ਪ੍ਰਸਾਰਿਤ ਕਰਨ ਦਾ ਮਨੀ ਨੂੰ ਮੌਕਾ ਦਿੱਤਾ ਗਿਆ ਹੈ, ਜੋ  ਦਰਸ਼ਕਾਂ ਵਿਚ ਬਹੁਤ ਮਕਬੂਲ  ਹੋ ਰਿਹਾ ਹੈ।  ਨਿਰਮਾਤਾ ਅਨੂਪ ਕੁਮਾਰ ਦੀ ਪੇਸ਼ਕਸ਼ ਵਿਚ ਟੀ-ਸੀਰੀਜ਼ ਵਲੋਂ ਮਨੀ ਔਜਲਾ ਵਲੋਂ ਗਾਏ, ਲਿਖੇ ਅਤੇ ਸੰਗੀਤਬੱਧ ਕੀਤੇ ਦੋਗਾਣੇ ਨੂੰ ਸਰੋਤਿਆਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ।
         ਉਲੇਖਣੀ ਹੈ ਕਿ ਮਨੀ ਔਜਲਾ ਨੇ ਹੁਣ ਤਕ ਸੋਲੋ ਹੀ ਗਾਇਕੀ ਪੇਸ਼ ਕੀਤੀ ਹੈ ਅਤੇ ਪਹਿਲੀ ਬਾਰ ਉੱਘੀ ਗਾਇਕਾ ਮਿਸ ਨੀਲਮ ਨਾਲ ਦੋਗਾਣਾ 'ਖਿਲਾਰਾ' ਲੈ ਕੇ ਸਰੋਤਿਆਂ ਦੇ ਸਨਮੁੱਖ ਹੋਇਆ ਹੈ ਜੋ ਸਹਿਜੇ ਹੀ ਇਹ ਗੀਤ ਵੀ ਸਰੋਤਿਆਂ ਦੀ ਪਸੰਦ 'ਤੇ ਖਰਾ ਉੱਤਰਣ ਦੇ ਨਾਲ ਨਾਲ ਬੇਹੱਦ ਮਕਬੂਲ ਵੀ ਹੋਇਆ ਹੈ।

ਪ੍ਰੀਤਮ ਲੁਧਿਆਣਵੀ, ਚੰਡੀਗੜ (9876428641)

ਬਹੁ- ਕਲਾਵਾਂ ਦਾ ਖੂਬਸੂਰਤ ਸੁਮੇਲ - ਨੇਚਰਦੀਪ ਕਾਹਲੋਂ - ਪ੍ਰੀਤਮ ਲੁਧਿਆਣਵੀ

ਬਾਬੇ ਨਾਨਕ ਦੀ ਪਾਵਨ-ਛੂਹ ਪ੍ਰਾਪਤ ਨਗਰੀ ਬਟਾਲਾ ਵਿਖੇ ਸ ਲਖਬੀਰ ਸਿੰਘ ਰੰਧਾਵਾ ਤੇ ਸਰਦਾਰੀ ਜਸਬੀਰ ਕੌਰ ਰੰਧਾਵਾ ਦੇ ਘਰ 1978 ਨੂੰ ਜਨਮੀ ਨੇਚਰਦੀਪ ਨੂੰ ਲਿਖਣ ਦਾ ਸ਼ੌਕ ਬਚਪਨ ਤੋਂ ਹੀ ਜਾਗ ਪਿਆ ਸੀ ।  ਕੁਦਰਤ ਨੇ ਉਸਨੂੰ ਇਹ ਐਸਾ ਆਸ਼ੀਰਵਾਦ ਦਿੱਤਾ ਸੀ ਕਿ ਕਿਸੇ ਨੂੰ ਵੀ ਮਿਲ ਕੇ ਉਹ ਉਸ ਬਾਰੇ ਲਿਖ ਦਿੰਦੀ ਸੀ।  ਮਾਂ ਬਾਪ ਦੀ ਹੱਲਾਸ਼ੇਰੀ ਅਤੇ ਆਸ਼ੀਰਵਾਦ ਨੇ ਉਸਦਾ ਬਹੁਤ ਸਾਥ ਦਿੱਤਾ।  ਬਚਪਨ ਤੋਂ ਹੀ ਆਰਟੀਕਲ, ਲੇਖ ਤੇ ਕਹਾਣੀਆਂ ਲਿਖਣ ਦਾ ਪੈਦਾ ਹੋਇਆ ਸ਼ੌਕ ਹੌਲੀ-ਹੌਲੀ ਇਤਨਾ ਵੱਧ ਗਿਆ ਕਿ ਸਮਾਜ ਦੀ ਹਰ ਮੁਸ਼ਕਿਲ ਅਤੇ ਹਰ ਤ੍ਰਾਸਦੀ ਉਤੇ ਉਹ ਪੂਰਨ ਪ੍ਰਪੱਕਤਾ ਨਾਲ ਲਿਖਣ ਲੱਗ ਪਈ।
     ਨੇਚਰਦੀਪ ਨੇ ਦੱਸਿਆ ਕਿ ਉਸ ਨੇ ਮੁੱਢਲੀ ਸਿੱਖਿਆ ਏ ਵੀ ਐਮ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਤੋਂ ਪ੍ਰਾਪਤ ਕੀਤੀ । ਫਿਰ ਡਿਗਰੀ ਐਸ ਐਲ ਬਾਵਾ ਕਾਲਜ ਬਟਾਲਾ ਤੋਂ।  ਐਮ ਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਅਤੇ ਬੀ ਐਡ ਜੰਮੂ ਯੂਨੀਵਰਸਿਟੀ ਤੋਂ।  ਲਿਖਣ ਦੇ ਨਾਲ ਨਾਲ ਉਹ ਬਚਪਨ ਤੋਂ ਹੀ ਹਰ ਜਮਾਤ 'ਚੋਂ ਜਿੱਥੇ ਪੜ੍ਹਾਈ ਵਿੱਚੋਂ ਅੱਵਲ ਆਉਂੁਦੀ ਰਹੀ, ਉਥੇ  ਗਿੱਧਾ, ਭੰਗੜਾ, ਕਵਿਤਾ ਉਚਾਰਨ, ਮੋਨੋ ਐਕਟਿੰਗ,  ਭਾਸ਼ਨ ਪ੍ਰਤੀਯੋਗਤਾ ਆਦਿ ਸਭ ਵਿਚ ਲਗਭਗ ਉਸ ਨੂੰ ਸਿਰੇ ਦੀ ਮੁਹਾਰਤ ਹਾਸਲ ਸੀ।  ਫਿਰ, ਨੈਸ਼ਨਲ ਪੱਧਰ ਤੱਕ ਉਹ ਹਾਕੀ ਦੀ ਖਿਡਾਰਣ ਵੀ ਰਹੀ। ਇੱਥੇ ਹੀ ਬਸ ਨਹੀ : ਮੋਨੋ ਐਕਟਿੰਗ 'ਚ ਸਟੇਟ ਪੱਧਰ ਜਿੱਤਿਆ। ਗਿੱਧਾ ਦੀ ਲਗਾਤਾਰ ਕਈ ਸਾਲ ਕੈਪਟਨ ਰਹੀ ਅਤੇ ਦੋ ਵਾਰ ਸਟੇਟ ਪੱਧਰ ਦੇ ਕੰਪੀਟੀਸ਼ਨ ਜਿੱਤੇ।   ਗੱਲ ਕੀ, ਪੂਰੀ ਪੜ੍ਹਾਈ  ਦੌਰਾਨ ਜਿੱਥੇ ਪੜ੍ਹਾਈ 'ਚੋਂ ਮੈਰਿਟ 'ਚ ਆਉਣ ਕਰਕੇ ਹਰ ਸਾਲ ਸਕਾਲਰਸ਼ਿਪ ਮਿਲਿਆ, ਉਥੇ ਕੋਈ ਐਸੀ ਗਤੀਵਿਧੀ ਨਹੀ ਛੱਡੀ ਜਿਸ ਵਿਚ ਸ਼ਮੂਲੀਅਤ ਨਾ ਕੀਤੀ ਹੋਵੇ ਅਤੇ ਇਨਾਮ ਹਾਸਲ ਨਾ ਕੀਤਾ ਹੋਵੇ ।  ਬਹੁ ਪੱਖੀ ਕਲਾਵਾਂ ਦੀ ਮਾਲਕਣ ਨੇਚਰਦੀਪ ਬੜੇ ਮਾਣ ਨਾਲ ਦੱਸਦੀ ਹੈ ਕਿ ਉਸਦੇ ਪੇਕੇ ਘਰ ਦਾ ਇੱਕ ਕਮਰਾ ਮਿਲੇ ਇਨਾਮਾਂ ਤੇ ਪੁਰਸਕਾਰਾਂ ਨਾਲ ਭਰਿਆ ਹੂੰਦਾ ਸੀ ਜੋ ਹਰ ਆਉਣ ਜਾਣ ਵਾਲੇ ਦਾ ਧਿਆਨ ਆਪਣੇ ਵੱਲ ਖਿੱਚਦਾ ਸੀ।
     ਗ੍ਰਹਿਸਥੀ-ਜੀਵਨ ਦੀ ਗੱਲ ਛਿੜੀ ਤਾਂ ਉਸ ਦੱਸਿਆ ਕਿ ਗੁਰਦਾਸਪੁਰ ਦੇ ਲਾਗਲੇ ਪਿੰਡ ਤੁਗਲਵਾਲ ਦੇ ਵਸਨੀਕ ਅਮਨਦੀਪ ਸਿੰਘ  ਕਾਹਲੋ ਜੋ ਕਿ ਇੱਕ ਸਫ਼ਲ ਬਿਜਨੈਸਮੈਨ ਹਨ,  ਨਾਲ 1998 'ਚ ਉਸਦਾ ਵਿਆਹ ਹੋਇਆ । ਪਰਮਾਤਮਾ ਨੇ ਦੋ ਪਿਆਰੇ  ਬੱਚੇ ਅਮਾਨਤ ਅੰਮ੍ਰਿਤ ਕੌਰ ਤੇ ਵਾਰਿਸ ਸਾਹਿਬ ਪ੍ਰੀਤ ਕਾਹਲੋ ਉਸ ਦੀ ਝੋਲੀ 'ਚ ਪਾਏ : ਜੋ ਕਿ ਉਮਰ ਦੇ ਹਿਸਾਬ ਨਾਲ ਪੜ੍ਹਾਈ 'ਚੋਂ ਚੰਗੀਆਂ ਮੱਲਾਂ ਮਾਰ ਰਹੇ ਹਨ । ਆਪਣੇ ਜੀਵਨ-ਸਾਥੀ ਨਾਲ ਖੁਸ਼ੀਆਂ ਭਰੀ  ਸੋਹਣੀ ਜ਼ਿੰਦਗੀ ਬਤੀਤ ਕਰ ਰਹੀ ਨੇਚਰਦੀਪ ਖੁਦ ਬਿਜ਼ਨੈਸ ਵਿਚ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੀ ਹੈ।  ਲੋੜਵੰਦ ਬੱਚਿਆਂ ਨੂੰ ਫਰੀ ਪੜ੍ਹਾਉਣਾਂ,  ਜ਼ਰੂਰਤਮੰਦਾਂ ਨੂੰ ਫਰੀਅ ਗਾਈਡੈਂਸ ਤੇ ਕੌਸਲਿੰਂਗ ਕਰਨ ਨਾਲ ਉਸ ਦਾ ਵਿਹਲਾ ਸਮਾਂ ਸਾਰਥਕ ਹੋ ਜਾਦਾ ਹੈ।
      ਪ੍ਰਕਾਸ਼ਨਾ ਖੇਤਰ ਵਿਚ ਨੇਚਰਦੀਪ ਦੇ ਜਿੱਥੇ ਕਈ ਅਖ਼ਬਾਰਾਂ ਤੇ ਮੈਗਜ਼ੀਨਾਂ 'ਚ ਆਰਟੀਕਲ ਤੇ  ਕਹਾਣੀਆਂ ਅਕਸਰ ਛਪ ਰਹੀਆਂ ਹਨ, ਉਥੇ ਇੱਕ ਸਾਂਝੀ ਕਿਤਾਬ ਵਿਚ ਵੀ ਜਲਦੀ ਹੀ ਛਪ ਰਹੀ ਹੈ ਉਹ । ਜਦ ਕਿ ਇੱਕ ਹੋਰ ਕਿਤਾਬ ਤੇ ਕੰਮ ਚਲ ਰਿਹਾ ਹੈ।  ਇਸ ਤੋਂ ਇਲਾਵਾ ਉਸ ਦੀ ਲਿਖੀ ਹੋਈ ਇੱਕ ਕਹਾਣੀ ਤੇ ਸ਼ਾਰਟ ਫਿਲਮ ਵੀ ਬਣ ਰਹੀ ਹੈ।
         ਬਹੁ- ਕਲਾਵਾਂ ਦੇ ਖੂਬਸੂਰਤ ਸੁਮੇਲ  ਨੇਚਰਦੀਪ ਦੇ ਸੰਘਰਸ਼ ਅਤੇ ਘਾਲਣਾ ਉਤੇ ਜਿੰਨਾ ਵੀ ਮਾਣ ਕੀਤਾ ਜਾਵੇ ਥੋੜ੍ਹਾ ਹੈ।  ਰੱਬ ਕਰੇ !  ਸਾਹਿਤ, ਸੱਭਿਆਚਾਰ ਅਤੇ ਖੇਡ੍ਹ-ਖੇਤਰ ਲਈ ਉਸ ਦੀਆਂ ਸੇਵਾਵਾਂ ਲਗਾਤਾਰ ਸਹਾਈ ਹੁੰਦੀਆਂ ਰਹਿਣ !  ਉਹ ਇਸੇ ਤਰਾਂ ਆਪਣੀਆਂ ਕਲਾਵਾਂ ਦੀ ਰੋਸ਼ਨੀ ਵੰਡਦੀ ਹੋਈ ਆਪਣਾ, ਆਪਣੇ ਖਾਨਦਾਨ, ਆਪਣੀ ਨਗਰੀ ਅਤੇ ਆਪਣੇ ਰਾਜ ਦਾ ਨਾਂਓਂ ਉਚਾ ਕਰਦੀ ਰਵ੍ਹੇ !  ਆਮੀਨ ! 

- ਪ੍ਰੀਤਮ ਲੁਧਿਆਣਵੀ (ਚੰਡੀਗੜ੍ਹ) (9876428641)
ਨੇਚਰਦੀਪ ਦਾ  ਸੰਪਰਕ : naturegulf@gmail.com