Ravinder-Singh-Kundra

ਚਹੇਤੇ ਚੇਤੇ - ਰਵਿੰਦਰ ਸਿੰਘ ਕੁੰਦਰਾ

ਚੇਤੇ ਇੰਨੇ ਚਹੇਤੇ ਸਨ ਜੋ,
ਉਮੜ ਉਮੜ ਕੇ ਚੇਤੇ ਆਏ,
ਨੈਣਾਂ ਦੇ ਨੀਰਾਂ ਨੇ ਫਿਰ,
ਮੋਹਲੇਧਾਰ ਕਈ ਮੀਂਹ ਵਰਸਾਏ।

ਉਖੜੇ ਸਾਹਾਂ ਦੀਆਂ ਤਰੰਗਾਂ,
ਤੜਪ ਤੜਪ ਕੇ ਇੰਨਾ ਫੜਕੀਆਂ,
ਕਈ ਪਰਤਾਂ ਵਿੱਚ ਦੱਬੇ ਜਜ਼ਬੇ,
ਲਾਵੇ ਵਾਂਗੂੰ ਉਬਲ਼ ਕੇ ਆਏ।

ਯਾਦਾਂ ਦੇ ਅਨੋਖੇ ਵਹਿਣ ਨੇ,
ਰੋੜ੍ਹ ਦਿੱਤਾ ਉਹ ਬੇੜਾ ਸਾਰਾ,
ਜਿਸ ਉੱਤੇ ਕਈ ਸੋਹਣੇ ਸੁਪਨੇ,
ਚਾਵਾਂ ਨਾਲ ਸੀ ਖੂਬ ਸਜਾਏ।

ਸੇਜਾਂ ਸੁੰਨੀਆਂ, ਬੇੜੀਆਂ ਰੁੜ੍ਹੀਆਂ,
ਟੁੱਟ ਖੁੱਸ ਗਏ ਸਾਰੇ ਹੀ ਚੱਪੂ,
ਲੁੱਟ ਲਏ ਸਭ ਪਾਪੀ ਲੁੱਡਣਾਂ,
ਪੂਰ ਜੋ ਸਨ ਕਦੀ ਭਰੇ ਭਰਾਏ।

ਚੱਲਣਾ ਨਹੀਂ ਹੁਣ ਕੋਈ ਵੀ ਚਾਰਾ,
ਜੋ ਖੱਟਿਆ ਸੋ ਪੱਲੇ ਬੰਨ੍ਹ ਲੈ,
ਮੁੜ ਕੇ ਫੇਰ ਆਪਣੇ ਨਹੀਂ ਬਣਦੇ,
ਜੋ ਇੱਕ ਵਾਰ ਹੋ ਜਾਣ ਪਰਾਏ।

ਚਲਣ ਦੁਨੀਆ ਦਾ ਬੜਾ ਅਨੋਖਾ,
ਮਤਲਬ ਪ੍ਰਸਤੀ ਭਾਰੂ ਹੋ ਗਈ,
ਚੱਲਵੇਂ ਰਿਸ਼ਤੇ ਬੜੀ ਛੇਤੀ ਟੁੱਟਦੇ,
ਮਨਸੂਬੇ ਰਹਿ ਜਾਣ ਧਰੇ ਧਰਾਏ।

ਛੱਡ ਫਰੋਲਣੀ ਕਾਇਆਂ ਦੀ ਮਿੱਟੀ,
ਖ਼ਾਕ ਖ਼ਲਕ ਨੇ ਛਾਣ ਹੀ ਦੇਣੀ,
ਤੇਰੇ ਹੱਥ ਨਹੀਂ ਹੁਣ ਉਹ ਆਉਣੇ,
ਲਾਲ ਜੋ ਹੱਥੀਂ ਕਦੇ ਲੁਟਾਏ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਚੰਦ ਦਾ ਚਾਅ - ਰਵਿੰਦਰ ਸਿੰਘ ਕੁੰਦਰਾ

ਚਾੜ੍ਹ ਦਿੱਤਾ ਹੈ, ਇਸਰੋ ਨੇ ਵੀ ਚੰਦ ਨਵਾਂ,
ਚੰਦਰਯਾਨ ਜਾ ਪਹੁੰਚਾ, ਚੱਲਦਾ ਰਵਾਂ ਰਵਾਂ।

ਪੈ ਰਿਹਾ ਸੀ ਧਮੱਚੜ, ਕਾਫੀ ਸਾਲਾਂ ਤੋਂ,
ਕਈਆਂ ਸਿਰ ਫੜ ਕੀਤੇ, ਜ਼ਰਬਾਂ, ਘਟਾਓ, ਜਮ੍ਹਾਂ।

ਜੱਕੋ ਤੱਕੀ ਵਿੱਚ ਕਈ, ਫੋਕੇ ਫਾਇਰ ਵੀ ਹੋਏ,
ਤਰੀਕਾਂ ਹੁੰਦੀਆਂ ਰਹੀਆਂ, ਕਈ ਹੀ ਅਗਾਂਹ ਪਿਛਾਂਹ।

ਘਿਸਰਦਾ ਘਿਸਰਦਾ ਇਸਰੋ, ਆਖ਼ਰ ਜਿੱਤ ਗਿਆ,
ਪੈਰ ਜਮਾਏ ਜਿੱਥੇ ਕੋਈ, ਪਹਿਲਾਂ ਪਹੁੰਚਾ ਨਾ।

ਸੁਭ ਹਨੂਮਾਨ ਚਾਲੀਸਾ, ਪੜ੍ਹਿਆ ਕਈਆਂ ਨੇ,
ਤਾਹੀਓਂ ਚਾਲ਼ੀ ਦਿਨ ਦਾ, ਲੱਗਿਆ ਵਕਤ ਇੰਨਾ।

ਟੱਲ ਖੜਕੇ ਹਰ ਪਾਸੇ, ਮੰਦਰਾਂ, ਧਾਮਾਂ ਦੇ,
ਬੋਲ਼ੇ ਕਈ ਕਰ ਦਿੱਤੇ, ਬੁੱਢੇ ਅਤੇ ਜਵਾਂ।

ਬਾਬੇ, ਕਈ ਨਜੂਮੀ, ਥਾਪੀਆਂ ਮਾਰ ਰਹੇ,
ਕਹਿਣ ਸਾਡੇ ਜਾਦੂ ਨੇ, ਕੀਤੇ ਸਭ ਹੈਰਾਂ।

ਕਾਮਯਾਬੀ ਵਿੱਚ ਹਰ ਕੋਈ, ਝੰਡੀ ਪੱਟ ਬਣਦਾ,
ਹਾਰ ਜਾਣ 'ਤੇ ਸਾਰੇ ਹੁੰਦੇ, ਉਰਾਂਹ ਪਰਾਂਹ।

ਉਂਗਲੀਆਂ ਕਈ ਚਿੱਥ ਗਏ, ਪਾ ਕੇ ਮੂੰਹਾਂ ਵਿੱਚ,
ਯਕੀਨ ਹੀ ਨਹੀਂ ਆਉਂਦਾ, ਗੋਰਿਆਂ 'ਤੇ ਚੀਨਣਿਆਂ।

ਡੇਢ ਅਰਬ ਭਾਰਤੀ, ਵਜਾਵਣ ਕੱਛਾਂ ਹੁਣ,
ਹਰ ਕੋਈ ਚਾਹੇ ਮੈਂ, ਚੰਦ 'ਤੇ ਜਾ ਪੈਰ ਧਰਾਂ।

ਗਰੀਬੀ ਦੀ ਚੱਕੀ ਪੀਂਹਦਾ, ਹਰੇਕ ਪ੍ਰਾਣੀ ਵੀ,
ਸੁਪਨੇ ਵਿੱਚ ਹੀ ਪਾਉਣਾ, ਚਾਹੁੰਦਾ ਚੰਦਰਮਾ।

ਧਰਤੀ ਸਾਡੀ ਗਰੀਬੀ, ਦੂਰ ਤਾਂ ਕਰ ਨਾ ਸਕੀ,
ਚੰਦ 'ਤੇ ਜਾ ਕੇ ਕਿਉਂ ਨਾ, ਮੁਸ਼ੱਕਤ ਫੇਰ ਕਰਾਂ।

ਦੰਪਤੀਆਂ ਨੂੰ ਫਿਕਰ ਹੈ, ਕਰਵਾ ਚੌਥ ਦਾ ਹੁਣ,
ਕਿੰਝ ਗੁਜ਼ਰੇਗਾ ਚੰਦ 'ਤੇ, ਵਰਤਾਂ ਦਾ ਸਮਾਂ।

ਚੌਦਾਂ ਦਿਨ ਦਾ ਵਰਤ 'ਤੇ, ਰੱਖਿਆ ਨਹੀਂ ਜਾਣਾ,
ਜੀਵਨ ਵਿੱਚ ਆਵੇਗਾ, ਔਖਾ ਵਕਤ ਘਣਾ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਸ਼ਹੀਦ - ਰਵਿੰਦਰ ਸਿੰਘ ਕੁੰਦਰਾ

ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ,
ਪੁਸ਼ਤ ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।

ਕਟੋਰੀ ਵੀ ਸਾਡੇ ਖ਼ੂਨ ਦੀ, ਕਤਰਾ ਕਰ ਕਰ ਮੁੱਕ ਗਈ,
ਕੌਡੀਆਂ ਹੋਈਆਂ ਮਹਿੰਗੀਆਂ, ਠੀਕਰ ਵੀ ਸਾਨੂੰ ਨਾ ਜੁੜੇ।

ਚੁੰਮਦੇ ਰਹੇ ਅਸੀਂ ਫਾਂਸੀਆਂ, ਨਾਪਦੇ ਰਹੇ ਉਹ ਗਰਦਣਾਂ,
ਕੀਮਤਾਂ ਸਾਡੇ ਧੜਾਂ ਦੀਆਂ, ਵਪਾਰੀ ਹਮੇਸ਼ਾਂ ਲੈ ਤੁਰੇ।

ਕੱਫਣ ਵੀ ਕੀਤੇ ਤਾਰ ਤਾਰ, ਢਕਣ ਤੋਂ ਪਹਿਲਾਂ ਸਾਡੇ ਧੜ,
ਲਾਸ਼ਾਂ ਨੂੰ ਅੱਗ ਦੇਣ ਲਈ, ਜਾਨਸ਼ੀਨ ਸਾਡੇ ਨਿੱਤ ਝੁਰੇ।

ਕੋਠੜੀਆਂ ਦਾ ਕਾਲ ਵੀ, ਕੰਧਾਂ ਤੋਂ ਰਿਹਾ ਦਹਿਲਦਾ,
ਉੱਕਰੇ ਉਨ੍ਹਾਂ ਉੱਤੇ ਸਾਡੇ, ਜਜ਼ਬੇ ਕਦੀ ਵੀ ਨਾ ਖੁਰੇ।

ਜਿਸ ਧਰਤ ਲਈ ਮਿਟਦੇ ਰਹੇ, ਉਸ ਉੱਤੋਂ ਹੀ ਮਿਟ ਗਏ,
ਮਿੱਟੀ ਨੂੰ ਮਿੱਟੀ ਨਾ ਮਿਲ਼ੀ, ਜਲਾਵਤਨ ਵੀ ਹੋ ਤੁਰੇ।

ਬੁੱਤ ਹਾਂ ਬਣ ਕੇ ਦੇਖਦੇ, ਕਰਤੂਤਾਂ ਝੋਲ਼ੀ ਚੁੱਕਾਂ ਦੀਆਂ,
ਪਥਰਾਏ ਸਾਡੇ ਨੈਣ ਵੀ, ਹੋ ਗਏ ਤੱਕ ਤੱਕ ਭੁਰਭਰੇ।

ਚਾੜ੍ਹ ਜਨੂੰਨਾਂ ਦੇ ਨਸ਼ੇ, ਅਸੀਂ ਪਾਕ ਸੁਪਨੇ ਲੈ ਤੁਰੇ,
ਪੁਸ਼ਤ ਦਰ ਪੁਸ਼ਤ ਹੋਏ ਸ਼ਹੀਦ, ਕਹਾਏ ਫਿਰ ਆਖ਼ਰ ਬੁਰੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਗਲ਼ ਪਿਆ ਢੋਲ - ਰਵਿੰਦਰ ਸਿੰਘ ਕੁੰਦਰਾ

ਸ਼ਾਦੀ ਮੌਲਵੀ ਦੀ ਹੋਈ ਨੂੰ, ਕਈ ਵਰ੍ਹੇ ਸਨ ਬੀਤੇ,
ਪਰ ਕੋਈ ਔਲਾਦ ਨਾ ਹੋਈ, ਲੱਖ ਉਸ ਹੀਲੇ ਕੀਤੇ।

ਬੀਵੀ ਦੂਜੇ ਪਾਸੇ ਤੜਪੇ, ਲੋਕੀ ਬੋੱਲੀਆਂ ਮਾਰਨ,
ਸਮਝ ਸਕੇ ਨਾ ਦੋਨੋਂ ਜੀਅ, ਇਸ ਦਾ ਜ਼਼ਾਹਿਰਾ ਕਾਰਨ।

ਮੌਲਵੀ ਕਹੇ ਸੁਣ ਮੇਰੀ ਸੱਜਣੀ, ਇਹ ਹੈ ਮੌਜ ਅੱਲਾ ਦੀ,
ਜਦੋਂ ਉਹ ਚਾਹੇ ਦੇ ਦੇਵੇਗਾ, ਤੈਨੂੰ ਨਵਾਂ ਪੁੱਤਰ ਜਾਂ ਧੀ।

ਪਰ ਮੌਲਾਣੀ ਸੁੱਕੇ ਫਿਕਰਾਂ ਚ', ਨਾ ਕੋਈ ਬੱਝੇ ਢਾਰਸ,
ਨਾ ਕੋਈ ਦਾਰੂ ਕੰਮ ਕਰੇ, ਨਾ ਕੋਈ ਤਬੀਤ ਨਾ ਪਾਰਸ।

ਆਖ਼ਰ ਅੱਕ ਕੇ ਮੌਲਾਣੀ ਨੇ, ਕਰੀ ਅਰਜ਼ ਖੁਦਾ ਦੇ ਅੱਗੇ,
ਕਰੇਂ ਜੇ ਮਿਹਰ ਤਾਂ ਮੈਂ ਬਜਵਾਵਾਂ, ਮਸੀਤੇ ਢੋਲ 'ਤੇ ਡੱਗੇ।

ਸੁਣੀ ਗਈ ਅਰਜ਼ ਨਿਮਾਣੀ ਦੀ, ਧੁਰ ਦਰਗਾਹੇ ਅੱਲਾ,
ਜਨਮਿਆ ਪੁੱਤਰ ਘਰ ਓਸ ਦੇ, ਹੋ ਗਈ ਵੱਲਾਹ ਵੱਲਾਹ।

ਖ਼ੁਸ਼ੀਆਂ ਬਰਸੀਆਂ ਘਰ ਮੁੱਲਾਂ ਦੇ, ਰੱਜ ਉਸ ਜਸ਼ਨ ਮਨਾਏ,
ਖਾਲੀ ਗਏ ਨਾ ਕੋਈ ਸਵਾਲੀ, ਜੋ ਘਰ ਉਸ ਦੇ ਆਏ।

ਵਿਹਲੇ ਹੋ ਕੇ ਸਭ ਕਾਸੇ ਤੋਂ, ਮੌਲਾਣੀ ਅਰਜ਼ ਗੁਜ਼ਾਰੇ,
ਮੇਰੀ ਸੁੱਖ ਵੀ ਪੂਰੀ ਕਰ ਦਿਓ, ਮੇਰੇ ਪ੍ਰੀਤਮ ਪਿਆਰੇ।

ਮੈਂ ਚਾਹੁੰਦੀ ਹਾਂ ਤੁਸੀਂ ਬਜਵਾਓ, ਢੋਲ ਮਸਜਿਦ ਦੁਆਰੇ,
ਮੇਰਾ ਅੱਲਾ ਖੁਸ਼ ਹੋ ਜਾਸੀ, ਹੋ ਜਾਵਣ ਵਾਰੇ ਨਿਆਰੇ।

ਸੁਣ ਕੇ ਗੱਲ ਮੌਲਾਣੀ ਦੀ, ਹੋਇਆ ਮੌਲਵੀ ਲੋਹਾ ਲਾਖਾ,
ਕਹੇ ਸ਼ਰਾਹ ਵਿੱਚ ਕਿਤੇ ਨੀਂ ਲਿਖਿਆ, ਐਸਾ ਪਖੰਡ ਤਮਾਸ਼ਾ।

ਮੈਨੂੰ ਲੋਕੀਂ ਮਾਰ ਦੇਣਗੇ, ਜੇ ਮੈਂ ਐਸਾ ਕੀਤਾ,
ਸਰੇ ਬਜ਼ਾਰ ਉਹ ਕਰ ਦੇਣਗੇ, ਮੇਰਾ ਫੀਤਾ ਫੀਤਾ।

ਮੰਨੀ ਨਾ ਪਰ ਅੜਬ ਮੌਲਾਣੀ, ਜ਼ਿਦ ਉੱਤੇ ਉਹ ਅੜ ਗਈ,
ਕਹੇ ਮੈਂ ਨਹੀਂ ਝੂਠੀ ਹੋਣਾ, ਅੱਲਾ ਦੇ ਇਸ ਵਰ ਲਈ।

ਮੌਲਵੀ ਬੜਾ ਕਸੂਤਾ ਫਸਿਆ, ਰਸਤਾ ਕੋਈ ਨਾ ਲੱਭੇ,
ਸੋਚ ਸੋਚ ਕੇ ਬੇਵੱਸ ਹੋ ਗਿਆ, ਲਾ ਕੇ ਤਾਣ ਉਹ ਸੱਭੇ।

ਆਖ਼ਰ ਉਸਨੂੰ ਜੁਗਤ ਇੱਕ ਸੁੱਝੀ, ਪਾਇਆ ਢੋਲ ਉਸ ਗਲ਼ ਵਿੱਚ,
ਜਾ ਚੜ੍ਹਿਆ ਮਸੀਤ ਚਬੂਤਰੇ, ਮਜਲਸ ਦੇ ਉਹ ਗੜ੍ਹ ਵਿੱਚ।

ਬੜੇ ਰੋਅਬ ਨਾਲ ਗਰਜਿਆ, ਆਖੇ ਮੈਂ ਸਬਕ ਤੁਸਾਂ ਨੂੰ ਦੇਸਾਂ,
ਜਿਹੜਾ ਤੁਸਾਂ ਨਾ ਸੁਣਿਆ ਹੋਸੀ, ਵਿੱਚ ਦੇਸਾਂ, ਪਰਦੇਸਾਂ।

ਮਸਜਿਦ ਵਿੱਚ ਹੈ ਮਨ੍ਹਾ ਵਜਾਉਣਾ, ਕੋਈ ਢੋਲ ਜਾਂ ਤਾਸਾ,
ਸ਼ਰਾਹ ਮੁਤਾਬਕ ਕੋਈ ਨਾ ਕਰੇ, ਇਸ ਤੋਂ ਆਸਾ ਪਾਸਾ।

ਬੇ ਸੁਰਾ ਇਹ ਟੱਮਕ ਜਿਹਾ, ਕੰਨਾਂ ਨੂੰ ਨਾ ਭਾਵੇ,
ਭਾਵੇਂ ਕੋਈ ਵਜਾਵੇ ਸੱਜਿਉਂ, ਜਾਂ ਖੱਬਿਉਂ ਖੜਕਾਵੇ।

ਇਹ ਕਹਿੰਦਿਆਂ ਹੱਥ ਉਸਨੇ, ਢੋਲ 'ਤੇ ਦੋ ਚਾਰ ਮਾਰੇ,
ਵਾਹ ਵਾਹ ਕਰਨ ਲੱਗੇ ਸਭ ਲੋਕੀਂ, ਜੁੜ ਜੋ ਬੈਠੇ ਸਾਰੇ।

ਦੇਖ ਲਵੋ ਤੁਸੀਂ ਮੇਰਾ ਕਹਿਣਾ, ਸੱਚਾ ਕਰ ਮੈਂ ਦੱਸਿਆ,
ਏਸੇ ਕਰਕੇ ਇਹਨੂੰ ਵਜਾਉਣਾ, ਸ਼ਰਾਹ ਵਿੱਚ ਨਹੀਂ ਰੱਖਿਆ।

ਲਾਹ ਕੇ ਢੋਲ ਗਲੋਂ ਜਦ ਉਸਨੇ, ਪਟਕਿਆ ਧਰਤੀ ਉੱਤੇ,
ਤੋੜਨ ਦੇ ਲਈ ਉਸਨੂੰ ਸਾਰੇ, ਪਏ ਇੱਕ ਦੂਜੇ ਤੋਂ ਉੱਤੇ।

ਤੋੜ ਤਾੜ ਇੱਕ ਪਾਸੇ ਕੀਤਾ, ਹਜੂਮ ਨੇ ਢੋਲ ਦਾ ਪਿੰਜਰ,
ਮਾਪੀ ਨਾ ਫਿਰ ਗਈ ਖੁਸ਼ੀ, ਜੋ ਉਪਜੀ ਮੌਲਵੀ ਅੰਦਰ।

ਮਨ ਵਿੱਚ ਸ਼ਾਂਤ ਜਿਹਾ ਉਹ ਹੋ ਕੇ, ਤੁਰ ਪਿਆ ਆਪਣੇ ਘਰ ਨੂੰ,
ਸ਼ੁਕਰ ਹੈ ਅੱਲਾ ਦਾ ਜਿਸ ਨੇ, ਤਰਕੀਬ ਸੁਝਾਈ ਮੈਨੂੰ।

ਮੁਆਸ਼ਰੇ ਵਿੱਚ ਮੇਰੀ ਇੱਜ਼ਤ ਰਹਿ ਗਈ, ਮੌਲਾਣੀ ਵੀ ਖੁਸ਼ ਹੋ ਗਈ,
ਖੁਸ਼ਕਿਸਮਤੀ ਨਾਲ ਸਾਰੇ ਪਾਸਿਉਂ,  ਮੇਰੀ ਧੰਨ ਧੰਨ ਹੋ ਗਈ।

ਤਕਦੀਰੇ ਤੇਰੇ ਖੇਲ੍ਹ ਨਿਆਰੇ, ਮਨ ਵਿੱਚ ਜਾਵੇ ਕਹਿੰਦਾ,
ਗਲ਼ ਵਿੱਚ ਪੈ ਗਿਆ ਹਰ ਬੰਦੇ ਨੂੰ, ਢੋਲ ਵਜਾਉਣਾ ਪੈਂਦਾ।
ਢੋਲ ਵਜਾਉਣਾ ਪੈਂਦਾ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਜ਼ਾਲਿਮ ਅਤੇ ਜ਼ੁਲਮ - ਰਵਿੰਦਰ ਸਿੰਘ ਕੁੰਦਰਾ

ਜ਼ਾਲਿਮ ਅਤੇ ਜ਼ੁਲਮ ਦਾ, ਰਿਸ਼ਤਾ ਹੈ ਕਿੰਨਾ ਅਜੀਬ,
ਦੋਨੋਂ ਸਦਾ ਹੀ ਲੋਚਦੇ, ਰਹਿਣਾ ਆਪੋ ਵਿੱਚ ਕ਼ਰੀਬ।

ਮਜ਼ਲੂਮ ਜੇਕਰ ਨਾ ਮਿਲੇ, ਤਾਂ ਤੜਪ ਜਾਂਦਾ ਹੈ ਜ਼ਾਲਿਮ,
ਕਿਸਮਤ ਨੂੰ ਫਿਰੇ ਕੋਸਦਾ, ਹਾਏ ਮੇਰੇ ਖੋਟੇ ਨਸੀਬ!

ਮਜਬੂਰ ਆਪਣੀ ਜ਼ਾਤ ਤੋਂ, ਹੰਤਾ ਲੱਭੇ ਸਦਾ ਸ਼ਿਕਾਰ,
ਅੱਛਾਈ ਅਤੇ ਬੁਰਾਈ ਦਾ, ਫ਼ਰਕ ਨਾ ਸਮਝੇ ਬਦੀਦ।

ਕਰਮ ਅਤੇ ਭਰਮ ਦੇ, ਨਰੜ ਦੇ ਐਸੇ ਜਾਲ ਵਿੱਚ,
ਸ਼ਾਂਤੀ ਨੂੰ ਜਾਵੇ ਭਾਲਦਾ, ਕੁਕਰਮ ਨਾ ਦੇਖੇ ਪਲੀਤ।

ਚਾਲ ਅਤੇ ਚਲਣ ਦਾ, ਦੁਰਮੇਲ ਕੁਦਰਤ ਪਰਖਦੀ,
ਇੱਕੋ ਵਜੂਦ ਵਿੱਚ ਢਾਲ਼ ਕੇ, ਇੱਕ ਰਫ਼ੀਕ 'ਤੇ ਇੱਕ ਰਕ਼ੀਬ।

ਜ਼ੁਲਮ ਰਾਹੀਂ ਨਾਪੇ ਜ਼ਾਲਿਮ, ਸਾਇਆ ਕੋਈ ਪਿਆਰ ਦਾ,
ਅਨੋਖਾ ਪਟਵਾਰੀ ਜ਼ੁਲਮ ਦਾ, ਘੜੀਸੀ ਫਿਰੇ ਅਪਣੀ ਜਰੀਬ।

ਨਾ ਮਿਲੇ ਫਿਰ ਚੈਨ ਉਸਨੂੰ, ਢੋਈ ਨਾ ਕਿਧਰੇ ਲੱਭਦੀ,
ਨਾ ਅਰਸ਼ 'ਤੇ ਨਾ ਫ਼ਰਸ਼ 'ਤੇ, ਬਣੇ ਕੋਈ ਉਸਦਾ ਮੁਰੀਦ।

ਜ਼ਾਲਿਮ ਅਤੇ ਜ਼ੁਲਮ ਦਾ, ਰਿਸ਼ਤਾ ਹੈ ਕਿੰਨਾ ਅਜੀਬ,
ਦੋਨੋਂ ਸਦਾ ਹੀ ਲੋਚਦੇ, ਰਹਿਣਾ ਆਪੋ ਵਿੱਚ ਕ਼ਰੀਬ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਜੂਠਾਂ - ਰਵਿੰਦਰ ਸਿੰਘ ਕੁੰਦਰਾ

ਜੂਠਾਂ ਨਿਗਲ਼ ਗਈਆਂ ਨੇ ਸਾਰੀ, ਪਾਕ ਪਵਿੱਤਰ ਸੰਗਤ ਦੀ ਜੂਠ,
ਸ਼ਾਮ ਸਵੇਰੇ ਕਰ ਅਰਦਾਸਾਂ, ਬੋਲਦੀਆਂ ਰਹੀਆਂ ਕੋਰਾ ਝੂਠ।

ਸ਼ਾਕਾਹਾਰੀ ਮਸੰਦ ਕਹਾ ਕੇ, ਢੋਰਾ, ਸੁੱਸਰੀ ਵਿੱਚੇ ਹੀ ਖਾ ਗਏ,
ਬੇਹੀਆਂ ਅਤੇ ਸੁੱਕੀਆਂ ਰੋਟੀਆਂ, ਮਰੜ ਮਰੜ ਕੇ ਸਭ ਚਬਾ ਗਏ।

ਬਾਬਾ! ਤੇਰੇ ਫ਼ਲਸਫ਼ੇ ਨੂੰ ਵੀ, ਖਾ ਗਏ ਨੇ ਇਹ ਵੇਚ ਕੇ ਚੋਰ,
ਨਹੀਂ ਰਹੀ ਹੁਣ ਕੋਈ ਕੀਮਤ, ਤਿਲ ਫੁੱਲ ਵਰਗੀ ਇੱਥੇ ਹੋਰ।

ਬੀਬੇ ਦਾਹੜਿਆਂ ਵਾਲੇ ਮਖੌਟੇ, ਪਹਿਨ ਨਿਕਲਦੇ ਸਰੇ ਬਜ਼ਾਰ,
ਪੈਰੀਂ ਪਾਣੀ ਪੈਣ ਨਾ ਦੇਵਣ, ਕਾਲ਼ਖਾਂ ਮਲ਼ੇ ਚਿਹਰੇ ਬਦਕਾਰ।

ਬੇਈਮਾਨੀ ਨੂੰ ਬੂਰ ਪੈ ਗਿਆ, ਬੂਰੇ ਨੇ ਕਰ ਦਿੱਤੀ ਕਮਾਲ,
ਆਪਣੇ ਪਾਪਾਂ ਨੂੰ ਢਕਣ ਲਈ, ਚੱਲਦੇ ਰਹੇ ਹਰ ਗੰਦੀ ਚਾਲ।

ਹਜ਼ਾਰਾਂ ਹੋਰ ਘਪਲਿਆਂ ਵਾਂਗੂੰ, ਹੋਵੇਗੀ ਹੁਣ ਬੀਣ 'ਤੇ ਛਾਣ,
ਕਮੇਟੀ ਹੁਣ ਦਰਿਆਫਤ ਕਰੇਗੀ, ਕਿਸ ਨੇ ਖਾਧਾ ਬੂਰਾ ਛਾਣ।

ਰੁਲ਼ ਜਾਵੇਗਾ ਮਸਲਾ ਸਾਰਾ, ਫੇਰ ਇੱਕ ਵਾਰੀ ਘੱਟੇ ਮਿੱਟੀ,
ਚੜ੍ਹ ਕਮੇਟੀ ਦੀ ਘਨੇੜੀ, ਇਹ ਗੁੱਥੀ ਨਹੀਂ ਜਾਣੀ ਨਜਿੱਠੀ।

ਮੁਕੱਦਮ, ਮੁਲਜ਼ਮ, ਗਵਾਹ, ਅਰਦਲੀ, ਹੋ ਜਾਣਗੇ ਸਭ ਇੱਕ ਪਾਸੇ,
ਘਾਲ਼ੇ ਮਾਲ਼ੇ ਦਾ ਲਾ ਕੇ ਲੰਗਰ, ਬੈਠ ਛਕਣਗੇ ਸਭ ਇੱਕ ਬਾਟੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਨਾਕਾਮੀਆਂ - ਰਵਿੰਦਰ ਸਿੰਘ ਕੁੰਦਰਾ

ਕੰਧਾਂ ਉੱਤੇ ਲਿਖਿਆ, ਪੜ੍ਹਿਆ ਨਾ ਗਿਆ,
ਹੱਡ ਬੀਤੀ ਦਾ ਦੁੱਖ ਵੀ, ਜਰਿਆ ਨਾ ਗਿਆ।

ਸੁਪਨੇ ਸੀ ਬੜੇ, ਪਰ ਸਾਕਾਰ ਨਾ ਹੋਏ,
ਤਾਬੀਰ ਦਾ ਦਰਸ ਵੀ, ਕਰਿਆ ਨਾ ਗਿਆ।

ਨਾ ਅੱਖਰ ਹੀ ਜੁੜੇ, ਨਾ ਬੰਦ ਹੀ ਬਣੇ,
ਪਿਆਰ ਦਾ ਕੋਈ ਗੀਤ, ਘੜਿਆ ਨਾ ਗਿਆ।

ਨਾ ਬਣੀ ਤਹਿਰੀਰ, ਕੋਈ ਮਨ ਭਾਉਂਦੀ,
ਬਹਿਰ ਦਾ ਲੜ ਕੋਈ, ਫੜਿਆ ਨਾ ਗਿਆ।

ਲਹਿਰਾਂ 'ਤੇ ਛੱਲਾਂ ਦੇ, ਬੜੇ ਝੱਲੇ ਦੁਫੇੜੇ,
'ਤੇ ਕਿਨਾਰੇ ਤਰਫ਼ ਕਦੀ, ਤਰਿਆ ਨਾ ਗਿਆ।

ਸ਼ਿਕਸ਼ਤਾਂ ਦੀਆਂ ਕੰਧਾਂ, ਦਰ ਕੰਧਾਂ ਹੀ ਮਿਲੀਆਂ,
ਮੰਜ਼ਿਲ 'ਤੇ ਪੈਰ ਕਦੀ, ਧਰਿਆ ਨਾ ਗਿਆ।

ਕਈ ਤਰੀਕੇ 'ਤੇ ਹਰਬੇ, ਲੱਖ ਵਰਤ ਕੇ ਦੇਖੇ,
ਕਾਮਯਾਬੀ ਦਾ ਕੋਈ ਪੌਡਾ, ਚੜ੍ਹਿਆ ਨਾ ਗਿਆ।

ਤੀਲੇ 'ਤੇ ਡੱਖੇ ਕਈ, ਰੱਖ ਬੁਣ ਕੇ ਤੱਕੇ,
ਸਿਰ ਢਕਣ ਲਈ ਆਲ੍ਹਣਾ, ਸਰਿਆ ਨਾ ਗਿਆ।

ਚੜ੍ਹਦੀਆਂ 'ਤੇ ਢਹਿੰਦੀਆਂ, ਸੋਚਾਂ ਦੇ ਸਹਾਰੇ,
ਰਿਸ਼ਤਾ ਸਫਲਤਾਵਾਂ ਨਾਲ, ਵਰਿਆ ਨਾ ਗਿਆ।

ਕੰਧਾਂ ਉੱਤੇ ਲਿਖਿਆ, ਪੜ੍ਹਿਆ ਨਾ ਗਿਆ,
ਹੱਡ ਬੀਤੀ ਦਾ ਦੁੱਖ ਵੀ, ਜਰਿਆ ਨਾ ਗਿਆ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਫਿਹਲ ਹੋ ਗਈ ਪੰਜਾਬੀ - ਰਵਿੰਦਰ ਸਿੰਘ ਕੁੰਦਰਾ

ਫਿਹਲ ਹੋ ਗਈ ਪੰਜਾਬ ਵਿੱਚ, ਲੋਕੋ ਪੰਜਾਬੀ,
ਸਾਡੇ ਸਭਿਆਚਾਰ ਦੀ, ਹੋ ਰਹੀ ਬਰਬਾਦੀ।

ਪੱਛਮੀ ਕਲਚਰ ਸਾਡੇ 'ਤੇ, ਹੋ ਗਿਆ ਹੈ ਭਾਰੀ,
ਅੰਗਰੇਜ਼ੀ ਬੋਲਣ ਪੜ੍ਹਨ ਦੀ, ਸਾਨੂੰ ਲੱਗੀ ਬਿਮਾਰੀ।

ਸਕੂਲ ਕੌਲਿਜ ਯੂਨੀਵਰਸਿਟੀਆਂ, ਧੜਾ ਧੜ ਖੁੱਲ੍ਹਣ,
ਸਾਰੇ ਰਲਮਿਲ ਪੰਜਾਬੀ ਦੀਆਂ, ਅੱਜ ਵੱਖੀਆਂ ਖੁੱਲਣ।

ਬਿਹਾਰੀ ਭਈਏ ਫਰਲ ਫ਼ਰਲ, ਪੰਜਾਬੀ ਬੋਲਣ,
ਪੰਜਾਬੀ ਟੁੱਟੀ ਹਿੰਦੀ ਬੋਲ, ਪੰਜਾਬੀ ਨੂੰ ਰੋਲਣ।

ਪੰਜਾਬੀ ਬੋਲਣ ਉੱਤੇ ਲੱਗਦੇ, ਸਕੂਲੀਂ ਜੁਰਮਾਨੇ,
ਇਸ ਦਾ ਰਸਤਾ ਰੋਕਣ ਕਈ, ਨਿੱਤ ਨਵੇਂ ਬਹਾਨੇ।

ਪੰਜਾਬੀ ਉੱਤੇ ਖੋਜਾਂ ਅੱਜ, ਅੰਗਰੇਜ਼ੀ ਵਿੱਚ ਹੁੰਦੀਆਂ,
ਪੰਜਾਬੀ ਦੀਵਾਨੇ ਰੋ ਰੋ ਕੇ, ਕਰਨ ਅੱਖਾਂ ਚੁੰਨ੍ਹੀਆਂ।

ਪੰਜਾਬੀ ਡਾਕਦਾਰਾਂ ਦੇ ਬੱਚੇ, ਹੁਣ ਵਿਦੇਸ਼ੀਂ ਪੜ੍ਹਦੇ,
ਪੰਜਾਬੀ ਦਾ ਖੱਟਿਆ ਖਾ ਕੇ ਵੀ, ਇਸ ਕੋਲ ਨਾ ਖੜ੍ਹਦੇ।

ਪੈਸੇ ਦੇ ਹੀ ਜ਼ੋਰ 'ਤੇ, ਅੱਜ ਡਿਗਰੀਆਂ ਵਿਕਦੀਆਂ,
ਸਨਮਾਨਾਂ ਦੀ ਦੌੜ ਵਿੱਚ, ਕਈ ਹਸਤੀਆਂ ਡਿਗਦੀਆਂ।

ਜਿੱਡਾ ਵੱਡਾ ਦਰਦੀ ਦਿਸੇ, ਓਡਾ ਹਤਿਆਰਾ,
ਪੜਦੇ ਪਿੱਛੇ ਕਰਦਾ ਫਿਰੇ, ਹਰ ਕੋਝਾ ਕਾਰਾ।

ਫਿਹਲ ਹੋ ਗਈ ਪੰਜਾਬ ਵਿੱਚ, ਲੋਕੋ ਪੰਜਾਬੀ,
ਸਾਡੇ ਸਭਿਆਚਾਰ ਦੀ, ਹੋ ਰਹੀ ਬਰਬਾਦੀ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਚੱਲ ਹਊ ਪਰੇ। - ਰਵਿੰਦਰ ਸਿੰਘ ਕੁੰਦਰਾ

ਮੈਂ ਕਿਸੇ ਵੱਲ੍ ਦੇਖਿਆ, ਉਹ ਮੂੰਹ ਫੇਰ ਕੇ ਮੁੜ ਗਿਆ।
ਚੱਲ ਹਊ ਪਰੇ।
ਮੇਰੇ ਤੋਂ ਨਾਤਾ ਤੋੜ ਕੇ ਉਹ, ਹੋਰ ਕਿਸੇ ਨਾਲ ਜੁੜ ਗਿਆ।
ਚੱਲ ਹਊ ਪਰੇ।
ਹਾਰ ਜਿੱਤ ਦੀ ਖੇਡ ਵਿੱਚ, ਹਰਾ ਮੈਨੂੰ ਕੋਈ ਤੁਰ ਗਿਆ।
ਚੱਲ ਹਊ ਪਰੇ।
ਪਲ਼ੀ ਪਲ਼ੀ ਸੀ ਜੋੜਿਆ, ਪਰ ਪੂਰਾ ਕੁੱਪਾ ਰੁੜ੍ਹ ਗਿਆ।
ਚੱਲ ਹਊ ਪਰੇ।
ਤੀਰ ਸੀ ਤਿੱਖਾ ਦਾਗਿਆ, ਤੁੱਕੇ ਦੀ ਤਰ੍ਹਾਂ ਭੁਰ ਗਿਆ।
ਚੱਲ ਹਊ ਪਰੇ।
ਕੁਰਬਾਨ ਕੀਤਾ ਜੋ ਕੋਲ ਸੀ, ਪਰ ਕੌਡੀ ਵੀ ਨਾ ਮੁੱਲ ਪਿਆ।
ਚੱਲ ਹਊ ਪਰੇ।
ਗਿਣੀਆਂ ਅਨੇਕਾਂ ਗਿਣਤੀਆਂ, ਗਿਣਤੀ ਹੀ ਸਾਰੀ ਭੁੱਲ ਗਿਆ।
ਚੱਲ ਹਊ ਪਰੇ।
ਅੱਖ ਚੋਂ ਮੋਤੀ ਉਮਗਿਆ, ਅਚਾਨਕ ਮਿੱਟੀ ਵਿੱਚ ਰੁਲ਼ ਗਿਆ।
ਚੱਲ ਹਊ ਪਰੇ।
ਮੈਂ ਤਾਂ ਰਿੱਧੀ ਖ਼ੀਰ ਸੀ, ਪਰ ਦਲ਼ੀਆ ਬਣ ਉੱਬਲ਼ ਗਿਆ।
ਚੱਲ ਹਊ ਪਰੇ।
ਚੱਲ ਹਊ ਪਰੇ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ

ਛਲੇਡਾ ਜੱਫੀ - ਰਵਿੰਦਰ ਸਿੰਘ ਕੁੰਦਰਾ

ਪੈ ਗਈ ਜੱਫੀ ਛਲੇਡਿਆਂ ਦੀ, ਜੋ ਰੰਗ ਬਦਲਣ ਦਿਨ ਰਾਤੀ,
ਨਿੱਤ ਬਣਾਉਂਦੇ ਲੋਕਾਂ ਨੂੰ ਬੁੱਧੂ, ਰੱਖਣ ਦੁਨੀਆ ਨੂੰ ਪਾਟੀ।

ਪੈਰ ਪੈਰ 'ਤੇ ਤੋਲਦੇ ਫੱਕੜ, ਬੰਨ੍ਹਣ ਝੂਠ ਪੁਲੰਦੇ,
ਬਕਦੇ ਜੋ ਵੀ ਮੂੰਹ ਵਿੱਚ ਆਉਂਦਾ, ਕਰਦੇ ਗੰਦੇ ਧੰਦੇ।

ਉਸੇ ਜ਼ਬਾਨੋਂ ਇੱਕ ਦੂਜੇ ਨੂੰ, ਗਾਲ੍ਹਾਂ ਕੱਢਣੋਂ ਨਹੀਂ ਥੱਕਦੇ,
ਉਸੇ ਹੀ ਮੂੰਹੋਂ ਉਸੇ ਹੀ ਵੇਲੇ, ਜਾਣ ਇੱਕ ਦੂਜੇ ਤੋਂ ਸਦਕੇ।

ਨਾ ਕੋਈ ਇਨ੍ਹਾਂ ਦਾ ਯਾਰ ਹੈ ਯਾਰੋ, ਨਾ ਕੋਈ ਇਨ੍ਹਾਂ ਦਾ ਸੰਗੀ,
ਮਤਲਬ ਕੱਢਣ ਲਈ ਇਨ੍ਹਾਂ ਨੇ, ਸ਼ਰਮ ਹੈ ਛਿੱਕੇ ਟੰਗੀ।

ਪਾਕਿਸਤਾਨੀ ਜ਼ਿਹਨੀਅਤ ਦੀ, ਕਸਰ ਨਾ ਕੋਈ ਰੱਖੀ,
ਡੱਡੂਆਂ ਦੀ ਪੰਸੇਰੀ ਹੋ ਗਈ, ਇੱਕੋ ਛਪੜੀ ਵਿੱਚ ਕੱਠੀ।

ਮਾਰ ਟਪੂਸੀਆਂ ਕਰਨਗੇ ਹੁਣ ਇਹ, ਰਾਜਨੀਤੀ ਹੋਰ ਗੰਦੀ,
ਹਾਰੇ ਹੋਏ ਜੁਆਰੀਆਂ ਦੀ ਹੁਣ, ਦੇਖੋ ਲੱਗੀ ਕਿੰਝ ਮੰਡੀ।

ਉਚੀ ਜ਼ਾਤ ਅਤੇ ਵੱਡੇ ਹੋਣ ਦੇ, ਦਮਗਜੇ ਮਾਰੀ ਜਾਂਦੇ,
ਬਾਜਵੇ ਵਰਗੇ ਬੇ ਵਜਾਹ ਹੀ, ਗਰੀਬਾਂ ਦੀ ਖਿੱਲੀ ਉਡਾਂਦੇ।

ਹਰ ਮਸਲੇ ਅਤੇ ਹਰ ਅਸੂਲ 'ਤੇ, ਕੁਰਬਾਨ ਹੋਣ ਨੂੰ ਕਾਹਲ਼ੇ,
ਅੰਦਰ ਖਾਤੇ ਜ਼ਮੀਰਾਂ ਵੇਚਣ ਦੇ, ਕਰਦੇ ਘਾਲ਼ੇ ਮਾਲ਼ੇ।

ਸੰਜੀਦਾ ਅਤੇ ਵਿਸ਼ਵਾਸੀ ਲੋਕੀ, ਕਿੱਧਰ ਨੂੰ ਹੁਣ ਜਾਵਣ,
ਕਿਸ ਦੇ ਲਈ ਹੁਣ ਤਾੜੀਆਂ ਮਾਰਨ, ਕਿਸ ਨੂੰ ਹੁਣ ਨਕਾਰਨ।

ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ