T.N.Nainan

ਕੋਵਿਡ ਦੇ ਸਮਿਆਂ ਵਿਚ ਜ਼ਿੰਦਗੀ ਦਾ ਮੁੱਲ - ਟੀ. ਐੱਨ. ਨੈਨਾਨ

ਭਾਰਤ ਵਿਚ ਹਰ ਸਾਲ ਇਕ ਕਰੋੜ ਲੋਕਾਂ ਦੀ ਮੌਤ ਹੁੰਦੀ ਹੈ। ਪਿਛਲੇ ਕਰੀਬ 14 ਮਹੀਨਿਆਂ ਦੌਰਾਨ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਦੀ ਕੁੱਲ ਸੰਖਿਆ ਸਰਕਾਰੀ ਤੌਰ ਤੇ 3 ਲੱਖ 60 ਹਜ਼ਾਰ ਦੱਸੀ ਗਈ ਹੈ। ਬਹੁਤੇ ਸਮੀਖਿਅਕਾਂ ਦਾ ਖਿਆਲ ਹੈ ਕਿ ਇਹ ਬਹੁਤ ਘੱਟ ਹੈ ਜਦਕਿ ਮੌਤਾਂ ਦੀ ਅਸਲ ਸੰਖਿਆ ਦੋ ਤੋਂ ਪੰਜ ਗੁਣਾ ਤੱਕ ਹੋ ਸਕਦੀ ਹੈ। ਜੇ ਇਹ ਅੰਕੜਾ ਤਿੰਨ ਗੁਣਾ ਵੀ ਮੰਨ ਲਿਆ ਜਾਵੇ ਤਾਂ 10 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ ਜੋ ਹਰ ਸਾਲ ਹੁੰਦੀਆਂ ਕੁੱਲ ਮੌਤਾਂ ਦੇ ਦਸ ਫ਼ੀਸਦ ਹਿੱਸੇ ਨੂੰ ਜਾ ਢੁਕਦੀਆਂ ਹਨ ਹੈ, ਇੰਜ ਆਮ ਹੋਣ ਵਾਲੀਆਂ ਮੌਤਾਂ ਦੀ ਦਰ ਵਿਚ ਵੀ ਕਰੀਬ ਦਸ ਫ਼ੀਸਦ ਵਾਧਾ ਦਰਜ ਹੁੰਦਾ ਹੈ। ਇਕ ਅਨੁਮਾਨ ਮੁਤਾਬਕ ਵਧੇਰੇ ਮਾਰ ਵਾਲੇ ਮਹੀਨਿਆਂ ਦੌਰਾਨ ਕੋਵਿਡ ਮੁਲਕ ਅੰਦਰ ਮੌਤਾਂ ਦਾ ਦੂਜਾ ਸਭ ਤੋਂ ਵੱਡਾ ਕਾਰਨ ਬਣ ਗਿਆ ਸੀ।
        ਮੌਤਾਂ ਦੀ ਦਰ ਵਿਚ ਅਜਿਹਾ ਅਹਿਮ ਵਰਤਾਰਾ ਆਮ ਤੌਰ ਤੇ ਹੁੰਦੀਆਂ ਮੌਤਾਂ ਦੇ ਵਰਗ ਨਾਲੋਂ ਵੱਖਰਾ ਰੱਖਣ ਦੀ ਲੋੜ ਹੁੰਦੀ ਹੈ ਜਿਵੇਂ ਹਵਾਈ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਨੂੰ ਭੋਪਾਲ ਗੈਸ ਕਾਂਡ ਜਿਹੇ ਸਨਅਤੀ ਹਾਦਸਿਆਂ ਵਿਚ ਹੋਣ ਵਾਲੀਆਂ ਮੌਤਾਂ ਤੋਂ ਨਿਖੇੜ ਕੇ ਦੇਖਿਆ ਜਾਂਦਾ ਹੈ। 9/11 ਸਾਕੇ ਜਾਂ ਰੇਲ ਹਾਦਸਿਆਂ ਦੇ ਚਲੰਤ ਇਤਿਹਾਸ ਦੇ ਉਲਟ, ਕੋਈ ਵੀ ਮੁਲਕ ਕੋਵਿਡ ਕਾਰਨ ਮਰਨ ਵਾਲਿਆਂ ਦੇ ਪਰਿਵਾਰਾਂ ਜਾਂ ਵਾਰਸਾਂ ਨੂੰ ਮੁਆਵਜ਼ਾ ਨਹੀਂ ਦੇ ਰਿਹਾ। ਇਸ ਪਿੱਛੇ ਇਹ ਧਾਰਨਾ ਕੰਮ ਕਰਦੀ ਹੈ ਕਿ ਸਨਅਤੀ ਹਾਦਸਿਆਂ ਦੇ ਉਲਟ ਮਹਾਮਾਰੀ ਤੇ ਕਿਸੇ ਦਾ ਕੋਈ ਵੱਸ ਨਹੀਂ ਹੈ ਪਰ ਇਹ ਦਲੀਲ ਸਾਨੂੰ ਪੋਂਹਦੀ ਨਹੀਂ ਹੈ। ਵੱਖ ਵੱਖ ਮੁਲਕਾਂ ਅੰਦਰ ਮੌਤਾਂ ਦੀ ਗਿਣਤੀ ਦਰਮਿਆਨ ਅੰਤਰ ਮਹਾਮਾਰੀ ਨਾਲ ਸਿੱਝਣ ਦੀ ਸਰਕਾਰਾਂ ਦੀ ਕਾਬਲੀਅਤ ਦੇ ਪੱਧਰ ਦੀ ਦੱਸ ਪਾਉਂਦਾ ਹੈ। ਬਹੁਤ ਸਾਰੀਆਂ ਮੌਤਾਂ ਟਾਲੀਆਂ ਜਾ ਸਕਦੀਆਂ ਸਨ। ਇਸ ਕਰ ਕੇ ਜਿਵੇਂ ਸਰਕਾਰਾਂ ਨੇ ਉਨ੍ਹਾਂ ਲੋਕਾਂ ਨੂੰ ਮੁਆਵਜ਼ਾ ਦੇਣ ਲਈ ਚੁਣਿਆ ਹੈ ਜਿਨ੍ਹਾਂ ਨੂੰ ਆਪਣੇ ਰੁਜ਼ਗਾਰ ਜਾਂ ਕੰਮ ਧੰਦਿਆ ਤੋਂ ਹੱਥ ਧੋਣੇ ਪੈ ਗਏ ਜਾਂ ਫਿਰ ਜਿਹੜੇ ਗੁਰਬਤ ਵਾਲੀ ਪਾਲ਼ ਵਿਚ ਚਲੇ ਗਏ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਕੋਵਿਡ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦੀ ਜ਼ਿੰਮੇਵਾਰੀ ਵੀ ਓਟਣੀ ਚਾਹੀਦੀ ਹੈ।
        ਇਸ ਦੇ ਵਿੱਤੀ ਤੌਰ ’ਤੇ ਕੀ ਮਾਇਨੇ ਹਨ? ਜਵਾਬ ਇਸ ਗੱਲ ’ਤੇ ਮੁਨੱਸਰ ਕਰਦਾ ਹੈ ਕਿ ਕਿਸੇ ਦੀ ਨਜ਼ਰ ਵਿਚ ਮਨੁੱਖੀ ਜ਼ਿੰਦਗੀ ਸਸਤੀ ਹੈ ਜਾਂ ਫਿਰ ਬੇਸ਼ਕੀਮਤੀ। ਜਦੋਂ ਪਿਛਲੇ ਸਾਲ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਹਾਦਸਾਗ੍ਰਸਤ ਹੋਇਆ ਸੀ ਤਾਂ ਏਅਰਲਾਈਨ ਨੇ ਹਾਦਸੇ ਵਿਚ ਮਾਰੇ ਗਏ ਮੁਸਾਫ਼ਰਾਂ ਦੇ ਨੇੜਲੇ ਪਰਿਵਾਰਕ ਜੀਆਂ ਜਾਂ ਵਾਰਸਾਂ ਨੂੰ ਦਸ ਲੱਖ ਰੁਪਏ ਦਾ ਅੰਤਰਿਮ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਸੀ ਪਰ ਮੌਂਟਰੀਅਲ ਅਹਿਦਨਾਮੇ ਮੁਤਾਬਕ ਇਸ ਤਰ੍ਹਾਂ ਦੇ ਹਵਾਈ ਹਾਦਸੇ ਵਿਚ ਗਈ ਜਾਨ ਦਾ ਮੁੱਲ ਕਰੀਬ 1 ਕਰੋੜ 20 ਲੱਖ ਰੁਪਏ ਬਣਦਾ ਹੈ। ਜਾਨ ਦੇ ਮੁੱਲ ਦਾ ਇਕ ਹੋਰ ਅੰਕੜਾ ਭੋਪਾਲ ਗੈਸ ਕਾਂਡ ਤੋਂ ਲਿਆ ਜਾਂਦਾ ਹੈ। ਉਸ ਕਾਂਡ ਵਿਚ ਮਾਰੇ ਗਏ ਕੁੱਲ 15300 ਲੋਕਾਂ ਦੇ ਪਰਿਵਾਰਾਂ ਨੂੰ ਅਦਾ ਕੀਤੇ ਗਏ ਮੁਆਵਜ਼ੇ ਦਾ ਅੱਜ ਦੇ ਲਿਹਾਜ਼ ਨਾਲ ਔਸਤਨ ਮੁਆਵਜ਼ਾ 4.6 ਲੱਖ ਰੁਪਏ ਬਣਦਾ ਹੈ। ਜੀਵਨ ਬੀਮਾ ਨਿਗਮ (ਐੱਲਆਈਸੀ) ਵਲੋਂ ਮਨੁੱਖੀ ਜੀਵਨ ਦਾ ਮੁੱਲ ਇੰਜ ਕੱਢਿਆ ਜਾਂਦਾ ਹੈ : ਜੇ ਕਿਸੇ ਦੀ ਉਮਰ 50 ਸਾਲ ਹੈ ਤੇ ਉਹ ਉਸ ਦੀ ਮਾਸਿਕ ਆਮਦਨ 30 ਹਜ਼ਾਰ ਰੁਪਏ ਹੈ ਤਾਂ ਉਸ ਦੇ ਜੀਵਨ ਦਾ ਮੁੱਲ ਕਰੀਬ 26 ਲੱਖ ਰੁਪਏ ਬਣੇਗਾ।
       ਇਸ ਲਿਹਾਜ਼ ਤੋਂ ਜਿਹੜੇ ਲੋਕ ਕੋਵਿਡ ਕਾਰਨ ਜ਼ਿੰਦਗੀ ਤੋਂ ਹੱਥ ਧੋ ਬੈਠੇ, ਉਨ੍ਹਾਂ ਦੇ ਪਰਿਵਾਰਾਂ ਦਾ ਕਿੱਡਾ ਵੱਡਾ ਮਾਲੀ ਨੁਕਸਾਨ ਹੋਇਆ ਹੈ? ਤੁਸੀਂ ਭਾਵੇਂ ਏਅਰਲਾਈਨ, ਭੋਪਾਲ ਗੈਸ ਜਾਂ ਐੱਲਆਈਸੀ ਦੇ ਅੰਕੜੇ ਲਵੋ ਅਤੇ ਮੌਤਾਂ ਬਾਰੇ ਸਰਕਾਰੀ ਅੰਕੜੇ (ਕਿਸੇ ਹੋਰ ਪ੍ਰਮਾਣਿਕ ਅੰਕੜਿਆਂ ਦੀ ਗ਼ੈਰ ਮੌਜੂਦਗੀ ਵਿਚ) ਮੰਨ ਕੇ ਚੱਲੋ ਤਾਂ ਵੀ ਮਨੁੱਖੀ ਜ਼ਿੰਦਗੀ ਦੇ ਨੁਕਸਾਨ ਦਾ ਮੁੱਲ 16500 ਕਰੋੜ ਰੁਪਏ ਤੋਂ ਲੈ ਕੇ 94000 ਕਰੋੜ ਰੁਪਏ ਤੱਕ ਅੰਗਿਆ ਜਾਂਦਾ ਹੈ। ਇਸ ਦੀ ਉਪਰਲੀ ਰੇਂਜ ਪਿਛਲੇ ਸਾਲ ਮੁਲਕ ਦੀ ਕੁੱਲ ਘਰੇਲੂ ਪੈਦਾਵਾਰ ਦੀ 0.50 ਫ਼ੀਸਦ ਹਿੱਸਾ ਬਣਦੀ ਹੈ ਜਦਕਿ ਅਮਰੀਕਾ ਨੇ 2001 ਵਿਚ ਹੋਏ 9/11 ਸਾਕੇ ਵਿਚ ਮਾਰੇ ਗਏ ਲੋਕਾਂ (ਕਰੀਬ 2800 ਮੌਤਾਂ ਹੋਈਆਂ ਸਨ ਤੇ ਹੋਰ ਬਹੁਤ ਸਾਰੇ ਫੱਟੜ ਹੋਏ ਸਨ) ਦੇ ਪਰਿਵਾਰਾਂ ਨੂੰ ਆਪਣੀ ਕੁੱਲ ਘਰੇਲੂ ਪੈਦਾਵਾਰ ਦਾ 0.60 ਫ਼ੀਸਦ ਹਿੱਸਾ ਮੁਆਵਜ਼ੇ ਦੇ ਰੂਪ ਵਿਚ ਅਦਾ ਕੀਤਾ ਸੀ। ਦੂਜੇ ਸ਼ਬਦਾਂ ਵਿਚ ਇਹ ਰਕਮ ਸਹਿਣਯੋਗ ਕਹੀ ਜਾ ਸਕਦੀ ਹੈ।
        ਨੁਕਸਾਨ ਦੇ ਇਹ ਅੰਕੜੇ ਉਹ ਹਨ ਜੋ ਕੋਵਿਡ ਕਾਰਨ ਮਰਨ ਵਾਲਿਆਂ ਨਾਲ ਸਿੱਧੇ ਜੁੜੇ ਹੋਏ ਹਨ ਜਦਕਿ ਮਹਾਮਾਰੀ ਦਾ ਕੁੱਲ ਆਰਥਿਕ ਨੁਕਸਾਨ ਬਹੁਤ ਵੱਡਾ ਹੈ (ਇਸ ਵਿਚ ਉਹ ਵੀ ਸ਼ਾਮਲ ਹਨ ਜੋ ਕੋਵਿਡ ਤੋਂ ਬਚ ਤਾਂ ਗਏ ਹਨ ਪਰ ਆਪਣੀਆਂ ਨੌਕਰੀਆਂ ਤੇ ਰੁਜ਼ਗਾਰ ਗੁਆ ਬੈਠੇ ਹਨ)। ਮੌਤਾਂ ਅਤੇ ਆਰਥਿਕ ਨੁਕਸਾਨ ਬਾਰੇ ਇਹ ਦੋ ਅੰਕੜੇ ਨਾਲੋ-ਨਾਲ ਚਲਦੇ ਜਾਪਦੇ ਹਨ। ਜਿਨ੍ਹਾਂ ਮੁਲਕਾਂ ਅੰਦਰ ਮੌਤਾਂ ਜ਼ਿਆਦਾ ਹੋਈਆਂ ਹਨ, ਉਨ੍ਹਾਂ ਦਾ ਆਰਥਿਕ ਨੁਕਸਾਨ ਵੀ ਜ਼ਿਆਦਾ ਹੋਇਆ ਨਜ਼ਰ ਆ ਰਿਹਾ ਹੈ। (ਬਰਤਾਨੀਆ ਤੇ ਬ੍ਰਾਜ਼ੀਲ ਇਸ ਦੀਆਂ ਦੋ ਚੰਗੀਆ ਮਿਸਾਲਾਂ ਹਨ)। ਮ੍ਰਿਤਕਾਂ ਲਈ ਮੁਆਵਜ਼ਾ ਦੇਣ ਦਾ ਕਦਮ ਚੋਣ ਦਾ ਭਰਮ ਦੂਰ ਕਰ ਦਿੰਦਾ ਹੈ, ਭਾਵ ਇਸ ਲਈ ਕਿਸੇ ਨੂੰ ਉੱਚੀ ਥਾਂ ਤੇ ਦੂਜੇ ਨੂੰ ਨੀਵੇਂ ਥਾਂ ਤੇ ਨਹੀਂ ਰੱਖਿਆ ਜਾ ਸਕਦਾ।
          ਇਸ ਤੋਂ ਬਾਅਦ ਆਸ-ਪਾਸ ਦੇ (ਕੋਲੈਟਰਲ) ਨੁਕਸਾਨ ਆਉਂਦੇ ਹਨ। ਮੁਆਵਜ਼ਾ ਮਿਲਣ ਦੀ ਸੰਭਾਵਨਾ ਨਾਲ ਪੀੜਤਾਂ ਦੇ ਪਰਿਵਾਰਾਂ ਨੂੰ ਮੌਤਾਂ ਬਾਰੇ ਸਹੀ ਵੇਰਵੇ ਦਰਜ ਕਰਾਉਣ ਦੀ ਵੀ ਪ੍ਰੇਰਨਾ ਮਿਲੇਗੀ ਤੇ ਇਸ ਤਰ੍ਹਾਂ ਸਾਨੂੰ ਮੌਤਾਂ ਦੇ ਵਧੇਰੇ ਪੁਖ਼ਤਾ ਅੰਕੜੇ ਹਾਸਲ ਹੋ ਸਕਣਗੇ। ਮੋੜਵੇਂ ਰੂਪ ਵਿਚ ਇਹ ਜ਼ਮੀਨੀ ਪੱਧਰ ਤੋਂ ਦਬਾਅ ਪਵੇਗਾ ਜਿਸ ਨਾਲ ਸਰਕਾਰਾਂ ਤੇ ਹਾਲਤ ਕਾਬੂ ਹੇਠ ਲਿਆਉਣ ਲਈ ਮਜਬੂਰ ਹੋਣਗੀਆਂ। ਮੁੱਕਦੀ ਗੱਲ, ਕੋਵਿਡ ਦੇ ਬਹਾਨੇ ਹੀ ਸਹੀ, ਰੇਲ ਤੇ ਸੜਕ ਹਾਦਸਿਆਂ, ਬਾਲ ਮੌਤਾਂ ਜਿਹੀਆਂ ਸਹਿਜੇ ਟਾਲੀਆਂ ਜਾ ਸਕਣ ਵਾਲੀਆਂ ਮੌਤਾਂ ਦੇ ਵਡੇਰੇ ਮੁੱਦੇ ਤੇ ਧਿਆਨ ਕੇਂਦਰਤ ਕੀਤਾ ਜਾਣਾ ਚਾਹੀਦਾ ਹੈ। ਭਾਰਤ ਵਿਚ ਹੋਣ ਵਾਲੀਆਂ ਇਹ ਮੌਤਾਂ ਘਟਾਉਣ ਲਈ ਸਾਨੂੰ ਕਿੰਨਾ ਕੁ ਧਨ ਖਰਚ ਕਰਨਾ ਚਾਹੀਦਾ ਹੈ? ਮੁਆਵਜ਼ਾ ਅਦਾ ਕੀਤਾ ਜਾਵੇ ਭਾਵੇਂ ਨਾ ਪਰ ਜੇ ਹਰ ਅਣਆਈ ਮੌਤ ਮਰਨ ਵਾਲੀ ਜ਼ਿੰਦਗੀ ਬਚਾਉਣ ਲਈ ਖਰਚ ਕੀਤੀ ਜਾਂਦੀ ਵਾਧੂ ਲਾਗਤ ਮਨੁੱਖੀ ਜ਼ਿੰਦਗੀ ਦੀ ਆਰਥਿਕ ਲਾਗਤ ਤੋਂ ਘੱਟ ਨਿਕਲੇ ਤਾਂ ਇਹ ਕਿਸੇ ਦੇ ਵਿਅਕਤੀਗਤ ਨਜ਼ਰੀਏ ਅਤੇ ਸਮਾਜ ਦੇ ਵਡੇਰੇ ਹਿੱਤ ਦੇ ਲਿਹਾਜ਼ ਤੋਂ ਖਰਚ ਕੀਤਾ ਗਿਆ ਸ਼ੁਭ ਸਰਮਾਇਆ ਤਸਲੀਮ ਕੀਤਾ ਜਾਵੇਗਾ।
* ਲਿਖਾਰੀ ਆਰਥਿਕ ਮਾਮਲਿਆਂ ਦਾ ਮਾਹਿਰ ਹੈ।