ਕਲਾਕ੍ਰਿਤੀ ਦਾ ਕੌਮੀ ਨਾਟਕ ਫ਼ੈਸਟੀਵਲ ਅਮਿਟ ਛਾਪ ਛੱਡ ਗਿਆ - ਉਜਾਗਰ ਸਿੰਘ
ਕਲਾਕ੍ਰਿਤੀ ਪਟਿਆਲਾ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਅਤੇ ਉਤਰੀ ਖੇਤਰੀ ਸਭਿਆਚਾਰਕ ਕੇਂਦਰ ਦੇ ਸਹਿਯੋਗ ਨਾਲ 25 ਨਵੰਬਰ ਤੋਂ 1 ਦਸੰਬਰ 2025 ਤੱਕ ਕਾਲੀਦਾਸ ਆਡੋਟੋਰੀਅਮ ਵਿੱਚ ਆਯੋਜਤ ਕੀਤੇ ਗਏ 'ਸਪਤਾਹਕ ਕੌਮੀ ਨਾਟਕ ਮੇਲੇ' ਨੇ ਪਟਿਆਲਵੀਆਂ ਦਾ ਦਿਲ ਜਿੱਤ ਲਿਆ। ਹਫ਼ਤਾ ਭਰ ਚਲਣ ਵਾਲੇ ਇਸ ਮੇਲੇ ਵਿੱਚ ਦੇਸ਼ ਭਰ ਵਿੱਚੋਂ ਆਏ 80 ਕਲਾਕਾਰਾਂ ਨੇ ਆਪਣੀ ਕਲਾ ਦੇ ਵੱਖੋ-ਵੱਖਰੇ ਰੰਗਾਂ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਨਾਟਕ ਮੇਲੇ ਵਿੱਚ ਉਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਚੰਡੀਗੜ੍ਹ ਅਤੇ ਪੰਜਾਬ ਦੇ ਕੌਮੀ ਪੱਧਰ ਦੇ ਕਲਾਕਾਰਾਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਹਫ਼ਤੇ ਵਿੱਚ ਸੱਤ ਨਾਟਕਾਂ ਦਾ ਮੰਚਨ ਕੀਤਾ ਗਿਆ। ਵਰਤਮਾਨ ਸਮੇਂ ਸਮਾਜ ਅਨੇਕ ਅਲਾਮਤਾਂ ਦਾ ਸ਼ਿਕਾਰ ਹੋਇਆ ਹੈ। ਨਾਟਕ ਮੇਲੇ ਵਿੱਚ ਇੱਕ ਨਾਟਕ ਮਾਨਵਤਾ ਦੇ ਹੱਕਾਂ 'ਤੇ ਪਹਿਰਾ ਦੇਣ ਦੀ ਪ੍ਰੇਰਨਾ ਵਾਲਾ, ਇੱਕ ਨਾਟਕ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਕਰਨ ਵਾਲੇ ਪੰਜਾਬੀਆਂ ਦੇ ਸੰਤਾਪ ਦੇ ਦੁਖਾਂਤ ਅਤੇ ਬਾਕੀ ਪੰਜ ਨਾਲ ਮਨੁੱਖੀ ਰਿਸ਼ਤਿਆਂ ਜਿਨ੍ਹਾਂ ਵਿੱਚ ਮੁੱਖ ਤੌਰ 'ਤੇ ਇਨਸਾਨੀ ਰਿਸ਼ਤਿਆਂ, ਜਿਨ੍ਹਾਂ ਵਿੱਚ ਮਾਂ-ਧੀ, ਪਤੀ-ਪਤਨੀ ਅਤੇ ਆਸ਼ਕ-ਮਾਸ਼ੂਕ ਦੇ ਰਿਸ਼ਤਿਆਂ ਵਿੱਚ ਆਈ ਗਿਰਾਵਟ ਨੂੰ ਦਰਸਾਉਣ ਵਾਲੇ ਸਨ, ਜਿਨ੍ਹਾਂ ਕਰਕੇ ਭਾਰਤੀ ਮਜ਼ਬੂਤ ਪਰਿਵਾਰਿਕ/ਸਮਾਜਿਕ ਤਾਣਾ-ਬਾਣਾ ਰਿਸ਼ਤਿਆਂ ਦੇ ਗਹਿਰੇ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ। ਇਸ ਨਾਟਕ ਮੇਲੇ ਦੀ ਖ਼ੂਬੀ ਰਹੀ ਕਿ ਮੇਲੇ ਦਾ ਆਗਾਜ਼ ਨੌਵੇਂ ਪਾਤਸ਼ਾਹ ਸ੍ਰੀ ਤੇਗ ਬਹਾਦਰ ਜੀ ਦੀ 350 ਵੇਂ ਸ਼ਹੀਦੀ ਦਿਵਸ ਦੇ ਸੰਬੰਧ ਵਿੱਚ ਪਹਿਲੇ ਦਿਨ 25 ਨਵੰਬਰ ਨੂੰ ਪ੍ਰਸਿੱਧ ਵਿਦਵਾਨ ਸ੍ਰੀ ਰਵਿੰਦਰ ਸਿੰਘ ਸੋਢੀ ਦੁਆਰਾ ਲਿਖਿਆ ਗਿਆ ਤੇ ਰੰਗ ਕਰਮੀ ਤੇ ਫ਼ਿਲਮ ਅਦਾਕਾਰ ਬਨਿੰਦਰਜੀਤ ਸਿੰਘ ਬਨੀ ਵੱਲੋਂ ਨਿਰਦੇਸ਼ਤ ਕੀਤਾ ਗਿਆ 'ਹਿੰਦ ਦੀ ਚਾਦਰ' ਖੇਡਿਆ ਗਿਆ। ਇੱਕ ਕਿਸਮ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸ਼ਰਧਾਂਜ਼ਲੀ ਭੇਂਟ ਕਰਕੇ ਨਾਟਕ ਮੇਲਾ ਸ਼ੁਰੂ ਕੀਤਾ ਗਿਆ। ਇਹ ਨਾਟਕ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ 'ਤੇ ਅਧਾਰਤ ਹੈ, ਜਿਸ ਵਿੱਚ ਵਿਖਾਇਆ ਗਿਆ ਹੈ ਕਿ ਉਨ੍ਹਾਂ ਨੇ ਮਾਨਵਤਾ ਦੇ ਹੱਕਾਂ ਦੀ ਰਾਖੀ ਲਈ ਆਪਣੀ ਜ਼ਿੰਦਗੀ ਦੀ ਆਹੂਤੀ ਦਿੱਤੀ ਸੀ। ਸੰਸਾਰ ਵਿੱਚ ਮਨੁੱਖੀ ਹੱਕਾਂ ਲਈ ਉਨ੍ਹਾਂ ਦੀ ਪਹਿਲੀ ਕੁਰਬਾਨੀ ਹੈ। ਹਿੰਦ ਦੀ ਚਾਦਰ ਨਾਟਕ ਮਨੁੱਖੀ ਹੱਕਾਂ ਦੀ ਹਿਫ਼ਾਜ਼ਤ ਲਈ ਲੜਾਈ ਲੜਨ ਦੀ ਪ੍ਰੇਰਨਾ ਦਿੰਦਾ ਹੈ। ਨਾਟਕ ਵਿੱਚ ਅਦਾਕਾਰਾਂ ਵੱਲੋਂ ਕੀਤੀ ਅਦਾਕਾਰੀ ਨੇ ਦਰਸ਼ਕਾਂ ਨੂੰ ਇਤਨਾ ਪ੍ਰਭਾਵਤ ਕੀਤਾ ਕਿ ਉਹ ਭਾਵਨਾਵਾਂ ਦੇ ਵਹਿਣ ਵਿੱਚ ਵਹਿੰਦੇ ਹੋਏ ਅਤਿਅੰਤ ਭਾਵਕ ਹੋ ਗਏ। ਇਹ ਨਾਟਕ 'ਇਮਪੈਕਟ ਆਰਟਸ ਮੋਹਾਲੀ' ਗਰੁਪ ਦੇ ਕਲਾਕਾਰਾਂ ਵੱਲੋਂ ਖੇਡਿਆ ਗਿਆ।
ਡਾ.ਕੁਲਦੀਪ ਸਿੰਘ ਦੀਪ ਦਾ ਲਿਖਿਆ 'ਛੱਲਾ' ਤੇ ਪਰਮਿੰਦਰ ਪਾਲ ਕੌਰ ਦਾ ਨਿਰਦੇਸ਼ਤ ਕੀਤਾ ਗਿਆ ਨਾਟਕ ਕਲਾਕ੍ਰਿਤੀ ਪਟਿਆਲਾ ਦੇ ਕਲਾਕਾਰਾਂ ਦੁਆਰਾ ਖੇਡਿਆ ਗਿਆ। ਪਹਿਲੀ ਵਾਰ 'ਛੱਲਾ' ਨੂੰ ਨਵੇਂ ਢੰਗ ਨਾਲ ਪੇਸ਼ ਕਰਕੇ ਕਲਾਕਾਰਾਂ ਨੇ ਪੰਜਾਬੀਆਂ ਨੂੰ ਆਪਣੀ ਵਿਰਾਸਤ ਨਾਲ ਜੁੜੇ ਰਹਿਣ ਲਈ ਮਾਪਿਆਂ ਦੀ ਅਗਵਾਈ ਅਤੇ ਸਲਾਹ ਅਨੁਸਾਰ ਵਿਚਰਣ ਦੀ ਪ੍ਰੇਰਨਾ ਕੀਤੀ ਹੈ। ਭਾਵਨਾਵਾਂ ਵਿੱਚ ਵਹਿਕੇ ਪਰਵਾਸ ਵੱਲ ਭੱਜਕੇ ਆਪਣੀ ਵਿਰਾਸਤ ਨਾਲੋਂ ਮੂੰਹ ਨਹੀਂ ਮੋੜਨਾ ਚਾਹੀਦਾ। ਇਸ ਨਾਟਕ ਦਾ ਵਿਸ਼ਾ ਪੰਜਾਬੀਆਂ ਦੇ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਜਾਣ ਦੀ ਤ੍ਰਾਸਦੀ ਦਾ ਦੁੱਖਦਾਈ ਅੰਤ ਵਿਖਾਇਆ ਗਿਆ ਹੈ, ਜਿਸ ਵਿੱਚ ਏਜੰਟਾਂ ਦੇ ਧੱਕੇ ਚੜ੍ਹਕੇ ਗਏ ਪੰਜਾਬੀਆਂ ਦੇ ਮਾਰੇ ਜਾਣ ਦੀ ਹਿਰਦੇਵੇਦਿਕ ਘਟਨਾ ਨੇ ਪੰਜਾਬੀਆਂ ਨੂੰ ਝੰਜੋੜਕੇ ਰੱਖ ਦਿੱਤਾ। ਉਨ੍ਹਾਂ ਦੇ ਪਿੱਛੇ ਰਹਿ ਗਏ ਮਾਪਿਆਂ ਦੇ ਦਰਦਨਾਕ ਦੁਖਾਂਤ ਨੇ ਦਰਸ਼ਕਾਂ ਨੂੰ ਪਸੀਜਕੇ ਰੱਖ ਦਿੱਤਾ, ਜਿਸਦਾ ਸਿੱਟਾ ਇਹ ਨਿਕਲਿਆ ਕਿ ਗ਼ੈਰਕਾਨੂੰਨੀ ਢੰਗ ਨਾਲ ਪਰਵਾਸ ਜਾਣਾ ਨਹੀਂ ਚਾਹੀਦਾ। ਨਾਟਕ ਦਾ ਸਮੁੱਚਾ ਘਟਨਾਕਰਮ ਉਨ੍ਹਾਂ ਸਾਰੇ ਛੱਲਿਆਂ ਦੇ ਨਾਂ ਸੀ ਜੋ ਘਰਾਂ ਤੋਂ ਜ਼ਿੰਦਗੀ ਦੀਆਂ ਝਨਾਵਾਂ ਤਰਨ ਲਈ ਨਿਕਲੇ, ਪ੍ਰੰਤੂ ਸਿਸਟਮ ਦੀ ਹਨ੍ਹੇਰੀ ਉਨ੍ਹਾਂ ਨੂੰ ਰਾਹ ਵਿੱਚ ਹੀ ਖਾ ਗਈ। ਦੁਆ ਕੀਤੀ ਗਈ ਕਿ ਮੁੜ ਇਸ ਧਰਤੀ 'ਤੇ ਕਦੇ ਅਜਿਹੇ ਛੱਲੇ ਨਾ ਜੰਮਣ। ਇਸ ਹਨ੍ਹੇਰੀ 'ਚੋਂ ਜਿਹੜਾ ਬਚਕੇ ਨਿਕਲਿਆ ਉਹ ਇਸ ਨਾਟਕ ਦਾ ਕਾਲਪਨਿਕ ਪਾਤਰ ਪ੍ਰੋਫ਼ੈਸਰ ਨੇ ਮਨੀ ਦੇ ਰੂਪ ਵਿੱਚ ਆਪਣੀਆਂ ਹੱਡ ਬੀਤੀਆਂ ਸੁਣਾਈਆਂ, ਜਿਨ੍ਹਾਂ ਨਾਲ ਨਾਟਕ ਦੇ ਦੁਖਾਂਤ ਨੇ ਦਰਸ਼ਕਾਂ ਨੂੰ ਝੰਜੋੜਕੇ ਰੱਖ ਦਿੱਤਾ। ਪਰਮਿੰਦਰ ਪਾਲ ਕੌਰ ਨੇ ਛੱਲੇ ਦੀ ਮਾਂ ਦਾ ਕਿਰਦਾਰ ਬਾਖ਼ੂਬੀ ਨਾਲ ਨਿਭਾਕੇ ਦਰਸ਼ਕਾਂ ਦੀਆਂ ਅੱਖਾਂ ਸੇਜਲ ਕਰ ਦਿੱਤੀਆਂ। ਪਰਮਿੰਦਰਪਾਲ ਕੌਰ ਦੀ ਨਿਰਦੇਸ਼ਨਾ ਨੇ ਕੁਲਦੀਪ ਸਿੰਘ ਦੀਪ ਦੀ ਲਿਖਤ ਨੂੰ ਚਾਰ ਚੰਦ ਲਾ ਦਿੱਤੇ।
ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਤੇ ਪਰਵੀਨ ਅਰੋੜਾ ਦਾ ਨਿਰਦੇਸ਼ਤ ਕੀਤਾ ਹੋਇਆ ਨਾਟਕ 'ਤੁਮਹੇ ਕੌਨ ਸਾ ਰੰਗ ਪਸੰਦ ਹੈ' 'ਨਤਿਆ ਵਾਸਤੂ ਸੰਸਕ੍ਰਿਤਿਕ ਤੇ ਸਮਾਜਿਕ ਸੰਸਥਾ ਕਾਨਪੁਰ' ਉਤਰ ਪ੍ਰਦੇਸ਼ ਦੇ ਗਰੁਪ ਵੱਲੋਂ ਖੇਡਿਆ ਗਿਆ। ਇਸ ਨਾਟਕ ਵਿੱਚ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ, ਵਿਆਹ ਤੋਂ ਪਹਿਲਾਂ ਸਰੀਰਕ ਸੰਬੰਧ ਬਣਾਉਣ ਅਤੇ ਲਿਵ ਇਨ ਰਿਲੇਸ਼ਨ ਵਿੱਚ ਰਹਿਣ ਲਈ ਪ੍ਰਾਈਵੇਟ ਕੰਪਨੀਆਂ ਵੱਲੋਂ ਆਪਣੇ ਹਿਤਾਂ ਲਈ ਭਾਰਤ ਦੇ ਮਜ਼ਬੂਤ ਪਰਿਵਾਰਿਕ ਢਾਂਚੇ ਨੂੰ ਤਹਿਸ ਨਹਿਸ ਕਰਨ ਦੀ ਵਕਾਲਤ ਤੇ ਚਿੰਤਾ ਪ੍ਰਗਟ ਕੀਤੀ ਗਈ ਹੈ। ਜੇਕਰ ਭਾਰਤੀ ਅਨੈਤਿਕ ਸੰਬੰਧਾਂ ਦੀ ਪ੍ਰੜ੍ਹਤਾ ਕਰਨਗੇ ਤਾਂ ਉਨ੍ਹਾਂ ਦੀਆਂ ਸਮਾਜਿਕ ਪਰੰਪਰਾਵਾਂ ਲਈ ਬੜਾ ਵੱਡਾ ਖ਼ਤਰਾ ਪੈਦਾ ਹੋਵੇਗਾ। ਕਲਾਕਾਰਾਂ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਬਹੁਤ ਹੀ ਪ੍ਰਭਾਵਤ ਕੀਤਾ। ਇਹ ਨਾਟਕ ਮੇਲਾ ਕਲਾਕ੍ਰਿਤੀ ਪਟਿਆਲਾ ਨੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸਪਾਂਸਰ ਅਤੇ ਉਤਰੀ ਖੇਤਰੀ ਸਭਿਅਚਾਰਕ ਕੇਂਦਰ ਦੇ ਸਹਿਯੋਗ ਨਾਲ ਕੀਤਾ ਗਿਆ।
ਕਾਸ਼ੀ ਨਾਥ ਸਿੰਘ ਅਤੇ ਵਿਨੋਦ ਮਿਸ਼ਰਾ ਦੀਆਂ ਕਹਾਣੀਆਂ 'ਤੇ ਅਧਾਰਤ ਨਾਟਕ 'ਰਿਲੇਸ਼ਨਸ਼ਿਪ ਰਿਦਮ 2.0' ਰਾਜ ਨਰਾਇਣ ਦੀਕਸ਼ਤ ਦੁਆਰਾ ਨਿਰਦੇਸ਼ਤ ਕੀਤਾ ਗਿਆ। ਰੰਗਮੰਡਲ ਦਿੱਲੀ ਦੁਆਰਾ ਪ੍ਰਸਤੱਤ ਕੀਤੇ ਗਏ ਨਾਟਕ ਨੇ ਦਰਸ਼ਕਾਂ ਨੂੰ ਕੀਲ ਕੇ ਰੱਖ ਦਿੱਤਾ ਕਿਉਂਕਿ ਇਸ ਨਾਟਕ ਵਿੱਚ ਵਰਤਮਾਨ ਅਖੌਤੀ ਆਧੁਨਿਕਤਾ ਦੇ ਵਿੱਚ ਗ੍ਰਸਤ ਮਾਨਵਤਾ ਦੇ ਮਨੁੱਖੀ ਰਿਸ਼ਤਿਆਂ ਦੀਆਂ ਗੁੰਝਲਾਂ, ਜੋ ਪਿਆਰ ਅਤੇ ਸਰੀਰਕ ਇੱਛਾ ਸ਼ਕਤੀ ਵਿਚਕਾਰਲੇ ਸੰਕਟਮਈ ਸੰਘਰਸ਼ ਨੂੰ ਅਦਾਕਾਰਾਂ ਨੇ ਆਪਣੀ ਕਲਾ ਦੀ ਪਿਉਂਦ ਨਾਲ ਵਿਖਾਇਆ ਸੀ। ਪਾਤਰ ਆਪਣੀਆਂ ਭਾਵਨਾਵਾਂ ਅਤੇ ਉਮੀਦਾਂ ਵਿੱਚਕਾਰਲੇ ਦਵੰਦ ਵਿੱਚ ਫਸੇ ਹੋਏ ਜੀਵਨ ਦੀਆਂ ਹਕੀਕਤਾਂ ਦਾ ਪ੍ਰਗਟਾਵਾ ਕਰਦੇ ਸਨ।
ਕੌਮੀ ਨਾਟਕ ਮੇਲੇ ਦੇ ਛੇਵੇਂ ਦਿਨ ਸਅਦਤ ਹਸਨ ਮੰਟੋ ਦੀ ਪ੍ਰਸਿੱਧ ਰਚਨਾ 'ਤੇ ਅਧਾਰਤ 'ਬਾਦਸ਼ਾਹਤ ਦਾ ਖ਼ਾਤਮਾ' ਦਾ ਮੰਚਨ ਰਾਜਸਥਾਨ ਦੇ 'ਰੰਗ ਸੰਸਕਾਰ ਥੇਟਰ' ਗਰੁਪ ਅਲਵਰ ਵੱਲੋਂ ਕੀਤਾ ਗਿਆ। ਇਹ ਨਾਟਕ ਅਖਤਾਰ ਅਲੀ ਵੱਲੋਂ ਅਡਾਪਟ ਕੀਤਾ ਅਤੇ ਡਾ.ਦੇਸ਼ਰਾਜ ਮੀਨਾ ਦੁਆਰਾ ਨਿਰਦੇਸ਼ਤ ਕੀਤਾ ਗਿਆ ਸੀ। ਇਸ ਨਾਟਕ ਦੀ ਕਮਾਲ ਰਹੀ ਕਿ ਇਹ ਨਾਟਕ ਸਿਰਫ ਦੋ ਪਾਤਰਾਂ ਵੱਲੋਂ ਖੇਡਿਆ ਗਿਆ, ਦੋਹਾਂ ਪਾਤਰਾਂ ਦੀ ਅਦਾਕਰੀ ਨੇ ਦਰਸ਼ਕਾਂ ਦੇ ਦਿਲ ਮੋਹ ਲਏ। ਇਹ ਕਹਾਣੀ ਦੋ ਥਾਵਾਂ ਦਫ਼ਤਰ ਅਤੇ ਘਰ ਤੋਂ ਸ਼ੁਰੂ ਹੁੰਦੀ ਹੈ।
ਅਸ਼ੋਕ ਸਿੰਘ ਵੱਲੋਂ ਲਿਖਿਆ ਤੇ ਡਾ.ਓਮਿੰਦਰਾ ਕੁਮਾਰ ਦਾ ਨਿਰਦੇਸ਼ਤ ਕੀਤਾ ਹੋਇਆ ਨਾਟਕ 'ਕੋਈ ਏਕ ਰਾਤ' ਅਨੁਕ੍ਰਿਤੀ ਕਾਨਪੁਰ ਉਤਰ ਪ੍ਰਦੇਸ਼ ਵੱਲੋਂ ਖੇਡਿਆ ਗਿਆ। ਇਸ ਨਾਟਕ ਵਿੱਚ ਮਾਂ ਪੂਰਵਾ ਤੇ ਬੇਟੀ ਸੁੰਮੀ ਦੇ ਵਿਚਾਲੇ ਉਸ ਇੱਕ ਰਾਤ ਦੀ ਕਹਾਣੀ ਵਿਚਲੇ ਤਕਰਾਰ, ਜਿਸ ਵਿੱਚ ਬੀਤੇ ਹੋਏ ਸਾਲਾਂ ਦਾ ਦਰਦ, ਸਮਝੌਤਾ ਅਤੇ ਨਰਾਜ਼ਗੀ ਦ੍ਰਿਸ਼ਟਾਂਤਿਕ ਰੂਪ ਵਿੱਚ ਵਿਖਾਈ ਦਿੰਦੀ ਸੀ। ਮਾਂ ਤੇ ਬੇਟੀ ਦੇ ਰਿਸ਼ਤੇ ਫ਼ਿਲਮੀ ਦੁਨੀਆਂ ਅਤੇ ਰੰਗਮੰਚ ਨਾਲ ਜੁੜਦੇ ਸਨ, ਪਰ ਉਨ੍ਹਾਂ ਦੀ ਸੋਚ, ਅਨੁਭਵ ਬਿਲਕੁਲ ਇੱਕ ਦੂਜੇ ਤੋਂ ਉਲਟ ਹੈ। ਮਾਂ ਨੇ ਫ਼ਿਲਮਾ ਵਿੱਚ ਕੰਮ ਕਰਨ ਲਈ ਅਨੇਕਾਂ ਗ਼ੈਰਕਾਨੂੰਨੀ ਸਮਝੌਤੇ ਕੀਤੇ, ਪਹਿਲਾਂ ਕੰਮ ਲੈਣ ਲਈ ਫਿਰ ਦੂਜਾ ਸਮਝੌਤਾ ਫ਼ਿਲਮ ਇੰਡਸਟੀ ਵਿੱਚ ਬਣੇ ਰਹਿਣ ਲਈ ਅਤੇ ਅੰਤ ਆਪਣੇ ਸਟੇਟਸ ਅਤੇ ਜੀਵਨ ਸ਼ੈਲੀ ਨੂੰ ਬਰਕਰਾਰ ਰੱਖਣ ਲਈ, ਪ੍ਰੰਤੂ ਬੇਟੀ ਆਤਮ ਸਨਮਾਨ ਨੂੰ ਸਰਵਉਚ ਮੰਨਦੀ ਹੋਈ ਸਮਝੌਤੇ ਨਹੀਂ ਕਰਦੀ। ਇਹ ਟਕਰਾਓ ਸਿਰਫ਼ ਦੋ ਸੋਚਾਂ ਦਾ ਨਹੀਂ ਸਗੋਂ ਸਮੁੱਚੀ ਇਸਤਰੀ ਜਾਤੀ ਦੇ ਆਤਮ ਸਨਮਾਨ ਦਾ ਹੈ।
'ਅਜ਼ੀਬ ਦਾਸਤਾਂ' ਨਾਟਕ ਅਲੋਕ ਸ਼ੁਕਲਾ ਦਾ ਲਿਖਿਆ ਅਤੇ ਨਿਰਦੇਸ਼ਤ ਕੀਤਾ ਹੋਇਆ 'ਪ੍ਰਸੰਗਿਕ ਦਿੱਲੀ' ਗਰੁਪ ਦੇ ਕਲਾਕਾਰਾਂ ਨੇ ਖੇਡਿਆ। ਇਹ ਨਾਟਕ ਮਹਾਂ ਨਗਰ ਮੁੰਬਈ ਦੇ ਰਹਿਣ ਵਾਲੇ ਦੋ ਤਲਾਕਸ਼ੁਦਾ ਜੋੜੀਆਂ ਦੇ ਆਲੇ ਦੁਆਲੇ ਘੁੰਮਦਾ ਹੈ,ਦੋਹਾਂ ਜੋੜੀਆਂ ਦੀਆਂ ਵੱਖੋ-ਵੱਖਰੇ ਹਾਲਾਤਾਂ ਕਰਕੇ, ਉਨ੍ਹਾਂ ਦੇ ਵਿਆਹ ਟੁੱਟ ਜਾਂਦੇ ਹਨ। ਦੋਵੇਂ ਔਰਤਾਂ ਸਮੱਸਿਆਵਾਂ ਦੇ ਹੱਲ ਲਈ ਇੱਕ ਔਰਤ ਦੋਸਤ ਦੇ ਰੂਪ ਵਿੱਚ ਸਾਥੀ ਲੱਭ ਲੈਂਦੀ ਤੇ ਦੂਜੀ ਦੁਬਾਰਾ ਵਿਆਹ ਕਰਕੇ ਸਮੱਸਿਆਵਾਂ ਨੂੰ ਖ਼ਤਮ ਕਰਨਾ ਚਾਹੁੰਦੀ ਹੈ, ਪ੍ਰੰਤੂ ਸਮੱਸਿਆਵਾਂ ਜਿਉਂ ਦੀ ਤਿਉਂ ਰਹਿੰਦੀਆਂ। ਉਨ੍ਹਾਂ ਵਿੱਚੋਂ ਇੱਕ ਦਾ ਬੱਚਾ ਨਸ਼ੇ ਕਰਨ ਲੱਗਦਾ ਹੈ ਤੇ ਹਾਲਾਤ ਵਿਗੜਨ ਕਰਕੇ ਉਸ ਬੱਚੇ ਨੂੰ ਪੁਨਰਵਾਸ ਕੇਂਦਰ ਵਿੱਚ ਭੇਜ ਦਿੱਤਾ ਜਾਂਦਾ ਹੈ। ਇਹ ਨਾਟਕ ਰਿਸ਼ਤਿਆਂ ਦੇ ਟੁੱਟਣ, ਨਵੀਂ ਸ਼ੁਰੂਆਤ, ਆਧੁਨਿਕ ਮਹਾਂ ਨਗਰ ਜੀਵਨ ਦੀਆਂ ਗੁੰਝਲਾਂ ਅਤੇ ਉਨ੍ਹਾਂ ਦਾ ਵਿਵਾਹਕ ਪਰਿਵਾਰਾਂ 'ਤੇ ਪੈਣ ਵਾਲੇ ਭਾਵਨਾਤਮਿਕ ਪ੍ਰਭਾਵਾਂ ਦੀ ਸੰਵੇਦਨਸ਼ੀਲਤਾ ਦੀ ਕਹਾਣੀ ਪੇਸ਼ ਕਰਦਾ ਹੈ।
ਮੀਤ ਅਨਮੋਲ ਦੀ ਪੁਸਤਕ ‘ਰਹਾਉ’ ॥ ਬੋਧ ਕਥਾਵਾਂ॥ ਗੁਣਾਂ ਦੀ ਗੁੱਥਲੀ - ਉਜਾਗਰ ਸਿੰਘ
ਮੀਤ ਅਨਮੋਲ ਨੇ ਲੋਕਾਂ ਨੂੰ ਆਪਣੀ ਜ਼ਿੰਦਗੀ ਬਿਹਤਰੀਨ ਢੰਗ ਨਾਲ ਬਸਰ ਕਰਨ ਲਈ ਵਿਲੱਖਣ ਕਿਸਮ ਦੀ ‘ਰਹਾਉ’ ਨਾਂ ਦੀ ਪੁਸਤਕ ਪ੍ਰਕਾਸ਼ਤ ਕਰਵਾਈ ਹੈ, ਜਿਸ ਵਿੱਚ 51 ਛੋਟੀਆਂ-ਛੋਟੀਆਂ ਬੋਧ ਕਥਾਵਾਂ ਨੂੰ ਪੇਸ਼ ਕੀਤਾ ਗਿਆ ਹੈ। ਇਹ ਬੋਧ ਕਥਾਵਾਂ ਇਕੱਤਰ ਕਰਕੇ ਉਸਨੇ ਸਮਾਜ ਨੂੰ ਮਾਰਗ ਦਰਸ਼ਨ ਦੇਣ ਦਾ ਉਪਰਾਲਾ ਕੀਤਾ ਹੈ, ਕਿਉਂਕਿ ਵਰਤਮਾਨ ਸਮਾਜਕ ਤਾਣਾ-ਬਾਣਾ ਬਹੁਤ ਸਾਰੀਆਂ ਸਮਾਜਿਕ ਅਲਾਮਤਾਂ ਦਾ ਸ਼ਿਕਾਰ ਹੋਇਆ ਪਿਆ ਹੈ। ਲੋਕ ਸਿਰਫ ਤੇ ਸਿਰਫ਼ ਆਪਣਾ ਜੀਵਨ ਬਿਹਤਰੀਨ ਬਣਾਉਣ ਤੇ ਅਮੀਰ ਹੋਣ ਲਈ ਸ਼ਾਰਟ ਕੱਟ ਮਾਰ ਰਹੇ ਹਨ। ਕਾਨੂੰਨ ਅਨੁਸਾਰ ਪ੍ਰਫ਼ੁਲਤ ਹੋਣ ਨੂੰ ਤਰਜ਼ੀਹ ਨਹੀਂ ਦੇ ਰਹੇ। ਅਜਿਹੇ ਮਾਹੌਲ ਵਿੱਚ ਇਹ ਬੋਧ ਕਥਾਵਾਂ ਸਾਰਥਿਕ ਸਾਬਤ ਹੋ ਸਕਦੀਆਂ ਹਨ। ਮੀਤ ਅਨਮੋਲ ਨੇ ਇਹ ਬੋਧ ਕਥਾਵਾਂ ਇਕੱਤਰ ਤੇ ਅਨੁਵਾਦ ਕਰਕੇ ਲਿਖੀਆਂ ਹਨ। ਇਨ੍ਹਾਂ ਨੂੰ ਪੜ੍ਹਨ ਤੋਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਉਸਦੀਆਂ ਮੌਲਿਕ ਕਹਾਣੀਆਂ ਹਨ। ਲੋਕ ਲੋਭ, ਲਾਲਚ, ਹਓਮੈ, ਧੋਖੇਬਾਜ਼ੀ ਅਤੇ ਹੋਰ ਕਈ ਤਰ੍ਹਾਂ ਦੇ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਕਰਕੇ ਸਮਾਜ ਵਿੱਚ ਅਸਥਿਰਤਾ ਅਤੇ ਆਪੋਧਾਪੀ ਦਾ ਰਾਮ ਰੌਲਾ ਪਿਆ ਹੋਇਆ ਹੈ। ਆਮ ਲੋਕਾਂ ਨੂੰ ਇਨਸਾਫ਼ ਨਹੀਂ ਮਿਲ ਰਿਹਾ, ਖਾਸ ਲੋਕ ਬੇਇਨਸਾਫੀਆਂ ਕਰ ਰਹੇ ਹਨ। ਸਹਿਨਸ਼ੀਲਤਾ, ਆਪਸੀ ਪਿਆਰ, ਸਹਿਯੋਗ ਤੇ ਸਹਿਹੋਂਦ ਨੂੰ ਖ਼ੋਰਾ ਲੱਗ ਰਿਹਾ ਹੈ। ਮੀਤ ਅਨਮੋਲ ਨੇ ਅਜਿਹੀਆਂ ਬੋਧ ਕਥਾਵਾਂ ਪ੍ਰੱਸਤਤ ਕੀਤੀਆਂ ਹਨ, ਜੇਕਰ ਸਮਾਜ ਦਾ ਹਰ ਪ੍ਰਾਣੀ ਉਨ੍ਹਾਂ ‘ਤੇ ਅਮਲ ਕਰੇਗਾ ਤਾਂ ਸਮਾਜ ਵਿੱਚ ਸੁਖ ਸ਼ਾਂਤੀ ਅਤੇ ਸਦਭਾਵਨਾ ਦਾ ਵਾਤਵਰਨ ਬਣ ਜਾਵੇਗਾ ਤੇ ਲੋਕ ਆਪਣੀ ਜ਼ਿੰਦਗੀ ਸਬਰ ਸੰਤੋਖ ਨਾਲ ਬਤੀਤ ਕਰ ਸਕਣਗੇ। ਇਨ੍ਹਾਂ ਬੋਧ ਕਥਾਵਾਂ ਵਿੱਚ ਇੱਕ ਕਿਸਮ ਨਾਲ ਜ਼ਿੰਦਗੀ ਜਿਉਣ ਦੇ ਨੁਕਤੇ ਦੱਸੇ ਗਏ ਹਨ। ਸਮਾਜ ਵਿੱਚ ਇਨਸਾਨ ਨੂੰ ਵਿਚਰਦਿਆਂ ਕਿਹੜੇ ਅਸੂਲਾਂ ‘ਤੇ ਚਲਣਾ ਚਾਹੀਦਾ ਹੈ, ਕਿਵੇਂ ਇੱਕ ਦੂਜੇ ਦੀ ਬਾਂਹ ਬਣਕੇ ਵਿਚਰਨਾ ਚਾਹੀਦਾ ਹੈ ਆਦਿ। ਇੱਕ ਤਰ੍ਹਾਂ ਇਹ 51 ਨੁਕਤੇ ਹਨ, ਜਿਨ੍ਹਾਂ ਨੂੰ ਉਦਾਹਰਨਾਂ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਬੋਧ ਕਥਾ ‘ਠੰਡਾ ਤੇ ਮਿੱਠਾ ਪਾਣੀ’ ਸਿਰਲੇਖ ਵਾਲੀ ਵਿੱਚ ਦੱਸਿਆ ਗਿਆ ਹੈ ਕਿ ਹਰ ਬੁਰਿਆਈ ਵਿੱਚੋਂ ਚੰਗਿਆਈ ਲੱਭੀ ਜਾ ਸਕਦੀ ਹੈ। ਲਿਖਣ ਦਾ ਭਾਵ ਹੈ ਕਿ ਕਿਸੇ ਦੀ ਬੁਰਿਆਈ ਨਾ ਕੀਤੀ ਜਾਵੇ। ਜੇ ਜਾਣੇ ਅਣਜਾਣੇ ਬੁਰਾਈ ਹੋ ਗਈ ਹੋਵੇ ਤਾਂ ਬੁਰਾਈ ਦਾ ਦ੍ਰਿੜ੍ਹਤਾ ਨਾਲ ਪ੍ਰਾਸਚਿਤ ਕਰਨ ਨਾਲ ਦੂਰ ਕੀਤੀ ਜਾ ਸਕਦੀ ਹੈ, ਹਰ ਬੋਧ ਕਥਾ ਦਾ ਸਾਰੰਸ਼ ਮੈਂ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ, ਜੋ ਇਸ ਪ੍ਰਕਾਰ ਹੈ : ਇੱਕ ਆਦਤ ‘ਤੇ ਚਲਦਿਆਂ ਸਮੇਂ ਸੋਚਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਫ਼ਲਤਾ ਦੇ ਰਾਹ ਬੰਦ ਤਾਂ ਨਹੀਂ ਹੋ ਰਹੇ, ਸਾਕਾਰਾਤਮਕ ਸੋਚ ਜ਼ਿੰਦਗੀ ਬਦਲ ਸਕਦੀ ਹੈ, ਇਸ ਲਈ ਨਾਕਾਰਤਮਿਕ ਸੋਚ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ, ਮਨ ਨੂੰ ਸ਼ਾਂਤ ਰੱਖੋ ਤੇ ਆਪੇ ਦੀ ਪਛਾਣ ਕਰੋ, ਆਪੇ ਦੀ ਪਛਾਣ ਕਰਨ ਨਾਲ ਪਰਮ ਪਰਮਾਤਮਾ ਮਿਲ ਸਕਦਾ ਹੈ, ਸ਼ਾਂਤੀ ਤੁੁਹਾਡੇ ਅੰਦਰ ਹੀ ਹੈ, ਆਲੇ ਦੁਆਲੇ ਹੱਥ ਪੱਲੇ ਮਾਰਨ ਦੀ ਕੋਸ਼ਿਸ਼ ਨਾ ਕਰੋ, ਸਾਦਗੀ ਇੱਕ ਗਹਿਣਾ ਹੈ, ਜਿਸ ਨਾਲ ਇਛਾਵਾਂ ‘ਤੇ ਕਾਬੂ ਪਾਇਆ ਜਾ ਸਕਦਾ ਹੈ, ਸਾਦਗੀ ਵਾਲੇ ਇਨਸਾਨ ਵਿੱਚ ਇਛਾਵਾਂ ਪੈਦਾ ਹੀ ਨਹੀਂ ਹੁੰਦੀਆਂ। ਅਹੁਦਿਆਂ ਨਾਲ ਮੁਸੀਬਤਾਂ ਤੇ ਸਾਧਾਰਣਤਾ ਨਾਲ ਸੰਤੁਸ਼ਟੀ ਮਿਲਦੀ ਹੈ, ਵੱਡੀ ਆਫ਼ਤ ਸਮੇਂ ਆਪਣੇ ਲਾਭ ਦੀ ਥਾਂ ਦੂਜਿਆਂ ਦੇ ਲਾਭ ਦਾ ਧਿਆਨ ਰੱਖੋ, ਪ੍ਰੇਮ, ਰਹਿਮ ਅਤੇ ਨੇਕੀ ਜਿਉਂਦੇ ਰੱਖਣਾ ਮਨੁੱਖ ਦਾ ਅਸਲੀ ਧਰਮ ਹੈ, ਦੂਜਿਆਂ ਲਈ ਝੀਲ ਬਣ ਜਾਓ, ਫਲ ਦੀ ਉਮੀਦ ਸੱਚੇ ਦਿਲੋਂ ਕੋਸ਼ਿਸ਼ ਕਰਨ ਨਾਲ ਪੂਰੀ ਹੁੰਦੀ ਹੈ, ਲੋਭ, ਲਾਲਚ, ਵਾਸਨਾਵਾਂ ਛੁੱਟ ਜਾਣ ਤਾਂ ਇਨਸਾਨ ਸਹਿਜ ਹੋ ਜਾਂਦਾ ਹੈ, ਲਾਲਸਾ ਤੋਂ ਬਿਨਾ ਭਗਤੀ ਸਾਰਥਿਕ ਹੋ ਸਕਦੀ ਹੈ। ਮੀਤ ਅਨਮੋਲ ਨੇ ਬੋਧ ਕਥਾਵਾਂ ਵਿੱਚ ਸ਼ਬਦਾਵਲੀ ਸਰਲ ਤੇ ਠੇਠ ਲਿਖੀ ਹੈ ਤਾਂ ਜੋ ਪਾਠਕ ਸੌਖੇ ਤਰੀਕੇ ਨਾਲ ਕਥਾ ਦੀ ਭਾਵਨਾ ਨੂੰ ਸਮਝ ਸਕੇ। ਇਹ ਕਥਾਵਾਂ ਅਟੱਲ ਸਚਾਈਆਂ ਹਨ। ਇਨ੍ਹਾਂ ਬੋਧ ਕਥਾਵਾਂ ਦੀਆਂ ਅਟੱਲ ਸਚਾਈਆਂ ਦੀ ਭਾਵਨਾ ਨੂੰ ਗ੍ਰਹਿਣ ਕਰਕੇ ਜ਼ਿੰਦਗੀ ਸੌਖੇ ਢੰਗ ਨਾਲ ਬਿਤਾਈ ਜਾ ਸਕਦੀ ਹੈ, ਜਿਵੇਂ ਮਿਹਨਤ ਦਾ ਫਲ ਹਮੇਸ਼ਾ ਮਿੱਠਾ ਹੁੰਦਾ ਹੈ, ਪ੍ਰੰਤੂ ਕੋਸ਼ਿਸ਼ ਜ਼ਾਰੀ ਰੱਖਣੀ ਚਾਹੀਦੀ ਹੈ, ਕਿਸੇ ਵੱਲੋਂ ਤੁਹਾਨੂੰ ਬੁਰਾ ਭਲਾ ਕਹਿਣ ਨਾਲ ਤੁਸੀਂ ਬੁਰੇ ਨਹੀਂ ਹੋ ਜਾਂਦੇ, ਤੁਸੀਂ ਕਿਸੇ ਵੱਲੋਂ ਕੀਤੀ ਬੁਰਾਈ ਨੂੰ ਪ੍ਰਵਾਨ ਹੀ ਨਾ ਕਰੋ, ਸੰਸਕਾਰ ਆਤਮਾ ਨਹੀਂ ਬਣ ਸਕਦੇ, ਸਾਕਾਰਾਤਮਿਕ ਸੋਚ ਲਾਭਦਾਇਕ ਹੁੰਦੀ ਹੈ, ਇਨਸਾਨ ਦਾ ਕਿਰਦਾਰ ਉਸਦੇ ਵਿਵਹਾਰ ਤੋਂ ਪਤਾ ਚਲਦਾ ਹੈ, ਦੂਸਰਿਆਂ ਦੇ ਹੰਝੂ ਪੂੰਝੋ, ਚੰਗਿਆਈ ਕਰਦੇ ਰਹੋ, ਪ੍ਰੇਮ ਵੱਡਾ ਹਥਿਆਰ ਹੈ, ਬੰਦੇ ਨੂੰ ਧੋਖਾ ਦੇਣਾ ਰੱਬ ਨੂੰ ਧੋਖਾ ਦੇਣ ਦੇ ਬਰਾਬਰ ਹੈ, ਸੰਤੁਲਿਤ ਵਿਚਾਰ ਰੱਖੋ, ਨੇਕੀ ਕਰੋ, ਬੁਰੇ ਨੂੰ ਸਿੱਧੇ ਰਸਤੇ ਪਾਉਣ ਦੀ ਕੋਸ਼ਿਸ਼ ਕਰੋ, ਇਨਸਾਨੀਅਤ ਦੀ ਕਦਰ ਕਰੋ, ਇਨਸਾਨ ਦਾ ਜੀਵਨ ਕੀਮਤੀ ਹੈ, ਹਿੰਸਾ ਤੋਂ ਦੂਰ ਰਹੋ, ਹਿੰਸਾ ਕਰਕੇ ਮੌਤ ਦੇ ਸੌਦਾਗਰ ਨਾ ਬਣੋ, ਸਾਡੀ ਖ਼ੁਸ਼ੀ ਦੂਜਿਆਂ ਦੀ ਖ਼ੁਸ਼ੀ ਵਿੱਚ ਛੁਪੀ ਹੁੰਦੀ ਹੈ, ਦੂਜੇ ਨੂੰ ਦੁਖੀ ਕਰਕੇ ਤੁਸੀਂ ਸੁਖੀ ਨਹੀਂ ਰਹਿ ਸਕਦੇ, ਕਿਸੇ ਨਾਲ ਬੇਇਨਸਾਫ਼ੀ ਨਾ ਕਰੋ, ਹੰਕਾਰ ਮੂਧੇ ਮੂੰਹ ਗਿਰਦਾ ਹੈ, ਇਨਸਾਨ ਗ਼ਲਤੀ ਦਰ ਗ਼ਲਤੀ ਕਰਦਾ ਰਹਿੰਦਾ ਹੈ, ਪ੍ਰੰਤੂ ਗ਼ਲਤੀ ਤੋਂ ਖਹਿੜਾ ਛੁਡਾਉਣਾ ਜ਼ਰੂਰੀ ਹੁੰਦਾ ਹੈ, ਸਚਾਈ ਜੀਵਨ ਬਦਲ ਸਕਦੀ ਹੈ, ਗੁੱਸਾ ਆਪਣਾ ਤੇ ਦੂਜੇ ਦਾ ਨੁਕਸਨ ਕਰਦਾ ਹੈ, ਜਲਦਬਾਜ਼ੀ ਦਾ ਫ਼ੈਸਲਾ ਵੀ ਗ਼ਲਤ ਹੁੰਦਾ ਹੈ, ਰੁੱਖ ਜੀਵਨ ਦਾਨੀ ਹਨ, ਵਾਤਵਰਨ ਸਵੱਛ ਰੱਖਦੇ ਹਨ, ਚੰਗਿਆਈ ਹਰ ਇੱਕ ਤੋਂ ਗ੍ਰਹਿਣ ਕੀਤੀ ਜਾ ਸਕਦੀ ਹੈ, ਔਰਤ ਸਤਿਕਾਰ ਦੀ ਪਾਤਰ ਹੈ, ਬਰਾਬਰਤਾ ਜ਼ਰੂਰੀ ਹੈ ਆਦਿ। ਮੀਤ ਅਨਮੋਲ ਦੀ ਇੱਕ-ਇੱਕ ਕਥਾ ਵਿੱਚ ਅਨੇਕ ਸੰਦੇਸ਼ ਮਿਲਦੇ ਹਨ, ਜਿਵੇਂ ਖ਼ੁਸ਼ੀ ਪੈਸੇ ਨਾਲ ਨਹੀਂ ਮਿਲਦੀ, ਹੰਕਾਰ ਨੁਕਸਾਨਦਾਇਕ ਹੁੰਦਾ ਹੈ, ਸੰਗੀਤ ਰੂਹ ਦੀ ਖ਼ੁਰਾਕ ਹੈ, ਇਸ ਨੂੰ ਅਪਣਾਵੋ, ਦੁਨੀਆਂ ਵਿੱਚ ਕੋਈ ਵੱਡਾ ਛੋਟਾ ਨਹੀਂ, ਸਾਰੇ ਬਰਾਬਰ ਹਨ, ਪ੍ਰੰਤੂ ਕਿਸੇ ਨਾਲ ਤੁਲਨਾ ਨਾ ਕਰੋ, ਜੇ ਤੁਲਨਾ ਕਰੋਗੇ ਤਾਂ ਅਸੰਤੁਸ਼ਟਤਾ ਪੈਦਾ ਹੋਵੇਗੀ, ਕਿਤਾਬੀ ਗਿਆਨ ਨਾਲੋਂ ਅਨੁਭਵ ਕੀਮਤੀ ਹੁੰਦਾ ਹੈ, ਮਖੌਟੇ ਪਾ ਕੇ ਨਾ ਰੱਖੋ, ਸੱਚੋ ਸੱਚ ਬਿਆਨ ਕਰੋ, ਕਲਪਨਾਂ ਸੱਚ ਤੋਂ ਕੋਹਾਂ ਦੂਰ ਹੁੰਦੀ ਹੈ, ਤਿਆਗ ਬੰਧਨ ਦੇ ਸਿੱਕੇ ਦਾ ਦੂਜਾ ਪਾਸਾ ਹੈ, ਤਿਆਗ ਸੰਤੁਸ਼ਟੀ ਦਿੰਦਾ ਹੈ, ਵਹਿਮਾਂ ਭਰਮਾ ਤੋਂ ਦੂਰ ਤੇ ਸਹਿਜ ਅਵਸਥਾ ਵਿੱਚ ਰਹੋ ਆਦਿ ਕੀਮਤੀ ਵਿਚਾਰ ਹਨ। ਇਸ ਪੁਸਤਕ ਨੂੰ ਸਮੁੱਚੇ ਰੂਪ ਵਿੱਚ ਸਫਲਤਾ ਦੀ ਕੁੰਜੀ ਕਿਹਾ ਜਾ ਸਕਦਾ ਹੈ। ਪੁਸਤਕ ਦੀਆਂ ਬੋਧ ਕਥਾਵਾਂ ਹਰ ਇੱਕ ਲਈ ਲਾਭਦਾਇਕ ਹਨ, ਪ੍ਰੰਤੂ ਬੱਚਿਆਂ ਅਤੇ ਨੌਜਵਾਨਾ ਲਈ ਮਾਰਗ ਦਰਸ਼ਕ ਬਣ ਸਕਦੀਆਂ ਹਨ। ਇਸ ਲਈ ਪੰਜਾਬ ਸਰਕਾਰ ਨੂੰ ਸੁਝਾਆ ਦਿੱਤਾ ਜਾਂਦਾ ਹੈ ਕਿ ਇਸ ਪੁਸਤਕ ਨੂੰ ਸਕੂਲਾਂ ਦੇ ਸਲੇਬਸ ਵਿੱਚ ਸ਼ਾਮਲ ਕੀਤਾ ਜਾਵੇ ਤਾਂ ਜੋ ਬਾਲ ਮਨ ਇਨ੍ਹਾਂ ਨੁਕਤਿਆਂ ਨੂੰ ਗ੍ਰਹਿਣ ਕਰਕੇ ਭਵਿਖ ਵਿੱਚ ਸਫਲ ਹੋ ਸਕਣ। ਮੀਤ ਅਨਮੋਲ ਇਸ ਕਾਰਜ ਲਈ ਵਧਾਈ ਦਾ ਪਾਤਰ ਹੈ।
160 ਪੰਨਿਆਂ, 300 ਰੁਪਏ ਕੀਮਤ ਵਾਲੀ ਇਹ ਪੁਸਤਕ ਅੰਬਰ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ: ਮੀਤ ਅਨਮੋਲ: 8558908727
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
ਗਿਆਨ ਦਾ ਸਮੁੰਦਰ ‘ਫੋਰ-ਇਨ-ਵਨ’ ਲੇਖਕ : ਬੁੱਧ ਸਿੰਘ ਨੀਲੋਂ - ਉਜਾਗਰ ਸਿੰਘ
ਕਈ ਵਾਰੀ ਕਿਸੇ ਵਿਅਕਤੀ ਦੀ ਕਾਬਲੀਅਤ ਉਸਦਾ ਲਾਭ ਕਰਨ ਦੀ ਥਾਂ ਨੁਕਸਾਨ ਕਰ ਜਾਂਦੀ ਹੈ, ਕਿਉਂਕਿ ਉਸਦੀ ਕਾਬਲੀਅਤ ਤੋਂ ਖ਼ਾਰ ਖਾਣ ਵਾਲੇ ਉਸਦੀ ਵਿਦਵਤਾ ਤੇ ਕਾਬਲੀਅਤ ਦੇ ਅਜਿਹੇ ਵਿਰੋਧੀ ਬਣਦੇ ਹਨ ਕਿ ਉਸਦੀਆਂ ਜੜ੍ਹਾਂ ਵਿੱਚ ਤੇਲ ਦੇਣ ਤੋਂ ਗੁਰੇਜ ਨਹੀਂ ਕਰਦੇ। ਵੈਸੇ ਉਸਦੀ ਕਿਸੇ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਹੈ। ਦੁਸ਼ਮਣ ਤਾਂ ਉਸਦੀ ਕਾਬਲੀਅਤ ਹੀ ਬਣੀ ਹੈ। ਬਿਲਕੁਲ ਇਸੇ ਤਰ੍ਹਾਂ ਬੁੱਧ ਸਿੰਘ ਨੀਲੋਂ ਨਾਲ ਹੋਇਆ ਹੈ। ਬੁੱਧ ਸਿੰਘ ਨੀਲੋਂ ਬਹੁਤਾ ਪੜ੍ਹਿਆ ਲਿਖਿਆ ਨਹੀਂ ਹੈ, ਭਾਵ ਉਸਨੇ ਡਿਗਰੀਆਂ ਨਹੀਂ ਕੀਤੀਆਂ ਹੋਈਆਂ, ਸਿਰਫ ਹਾਇਰ ਸੈਕੰਡਰੀ ਤੱਕ ਪੜ੍ਹਾਈ ਕੀਤੀ ਹੋਈ ਹੈ, ਪ੍ਰੰਤੂ ਉਹ ਗਿਆਨਵਾਨ ਹੀ ਨਹੀਂ ਸਗੋਂ ਉਸ ਕੋਲ ਗਿਆਨ ਦਾ ਭੰਡਾਰ ਹੈ। ਉਹ ਗਿਆਨਵਾਨ ਕਿਵੇਂ ਬਣਿਆਂ ਇਹ ਵੀ ਇੱਕ ਚਮਤਕਾਰੀ ਕਹਾਣੀ ਹੈ। ਉਸਨੂੰ ਪੜ੍ਹਨ ਲਿਖਣ ਦਾ ਬਹੁਤ ਸ਼ੌਕ ਸੀ, ਪ੍ਰੰਤੂ ਪਰਿਵਾਰ ਦੀ ਗ਼ਰੀਬੀ ਨੇ ਉਸਨੂੰ ਪੜ੍ਹਾਈ ਜ਼ਾਰੀ ਰੱਖਣ ਦੇ ਰਾਹ ਵਿੱਚ ਰੋੜਾ ਬਣਦੀ ਰਹੀ। ਜਦੋਂ ਉਹ ਪੰਜਾਬੀ ਸਾਹਿਤ ਅਕਡਮੀ ਲੁਧਿਆਣਾ ਵਿੱਚ ਨੌਕਰੀ ਕਰਨ ਲੱਗਿਆ ਤਾਂ ਉਸਨੂੰ ਆਪਣੇ ਪੜ੍ਹਨ ਲਿਖਣ ਦੇ ਸ਼ੌਕ ਨੂੰ ਅਮਲੀ ਜਾਮਾ ਪਹਿਨਾਉਣ ਦਾ ਅਵਸਰ ਮਿਲ ਗਿਆ। ਉਸਨੇ ਅਕਾਡਮੀ ਦੀ ਲਾਇਬਰੇਰੀ ਦਾ ਪੂਰਾ ਲਾਹਾ ਲਿਆ। ਉਸਦੀ ਪੁਸਤਕਾਂ ਪੜ੍ਹਨ ਦੀ ਪ੍ਰਵਿਰਤੀ ਨੂੰ ਚਾਰ ਚੰਨ ਲੱਗ ਗਏ। ਗਿਆਨ ਦੀ ਰੌਸ਼ਨੀ ਨੇ ਉਸਦੇ ਦਿਮਾਗ ਦੇ ਕਪਾਟ ਖੋਲ੍ਹ ਦਿੱਤੇ ਤੇ ਬੁੱਧ ਸਿੰਘ ਨੀਲੋਂ ਸੁੱਧ-ਬੁੱਧ ਭੁਲਕੇ ਲਾਇਬਰੇਰੀ ਦੀਆਂ ਪੁਸਤਕਾਂ ਦੇ ਰਖਵਾਲੇ ਦੇ ਨਾਲ ਹੀ ਪੁਸਤਕਾਂ ਦਾ ਰਸੀਆ ਬਣ ਗਿਆ। ਪੀ.ਐਚ.ਡੀ.ਦੇ ਥੀਸਜ਼ ਦੇ ਖਰੜਿਆਂ ਦੀਆਂ ਗ਼ਲਤੀਆਂ ਵੀ ਫੜ੍ਹਨ ਲੱਗ ਪਿਆ। ਇਹ ਸਾਰਾ ਕੁਝ ਉਸਦੇ ਦਿਮਾਗੀ ਤੌਰ ‘ਤੇ ਚੇਤੰਨ ਤੇ ਚਿੰਤਕ ਹੋਣ ਦੀ ਭਾਵਨਾ ਦਾ ਨਤੀਜਾ ਸੀ। ਭਾਵੇਂ ਉਹ ਪੰਜਾਬੀ ਸਾਹਿਤ ਅਕਾਡਮੀ ਦੀ ਨੌਕਰੀ ਤੋਂ ਰੁਖਸਤ ਹੋ ਗਿਆ, ਪ੍ਰੰਤੂ ਪੁਸਤਕਾਂ ਨਾਲ ਉਸਦਾ ਪਿਆਰ ਬਰਕਰਾਰ ਹੈ। ਉਹ ਹਰ ਵਕਤ ਗਿਆਨ ਦੇ ਸਮੁੰਦਰ ਵਿੱਚ ਅਜਿਹੀਆਂ ਤਾਰੀਆਂ ਲਾਉਂਦਾ ਰਹਿੰਦਾ ਹੈ, ਜਿਸਦੀਆਂ ਲਹਿਰਾਂ ਸਾਹਿਤਕ ਖੇਤਰ ਵਿੱਚ ਜਵਾਰ ਭਾਟੇ ਵਰਗੀਆਂ ਛੱਲਾਂ ਪੈਦਾ ਕਰ ਦਿੰਦੀਆਂ ਹਨ। ਸਾਹਿਤਕ ਖੇਤਰ ਵਿੱਚ ਤਰਥੱਲੀ ਮੱਚ ਜਾਂਦੀ ਹੈ, ਹਲਚਲ ਪੈਦਾ ਹੋ ਜਾਂਦੀ ਹੈ। ਕਈ ਵਿਦਵਾਨ ਸਾਹਿਤਕਾਰ ਭਮੱਤਰ ਕੇ ਅਸਹਿਜ ਹੋ ਜਾਂਦੇ ਹਨ। ਉਸਦੀਆਂ ਲਿਖਤਾਂ ਨਾਲ ਅਖੌਤੀ ਸਾਹਿਤਕਾਰਾਂ ਦੀ ਨੀਂਦ ਉਡ ਜਾਂਦੀ ਹੈ। ਉਹ ਬਹੁਤ ਹੀ ਬੇਬਾਕੀ ਅਤੇ ਦਲੇਰੀ ਨਾਲ ਲਿਖਦਾ ਹੈ, ਜਿਸਦਾ ਕਈ ਵਾਰ ਤਿੱਖਾ ਵਿਅੰਗ ਅਖੌਤੀ ਸਾਹਿਤਕਾਰਾਂ/ਬੁੱਧੀਜੀਵੀਆਂ ਨੂੰ ਬਰਦਾਸ਼ਤ ਕਰਨਾ ਅਸੰਭਵ ਹੋ ਜਾਂਦਾ ਹੈ। ਉਸਦੀ ਸ਼ਬਦਾਂ ਦੀ ਚੋਣ ਵੀ ਸਮਾਂ, ਸਥਾਨ, ਸਥਿਤੀ ਅਤੇ ਵਾਕ ਦੀ ਬਣਤਰ ਵਿਸ਼ੇ ਅਨੁਸਾਰ ਢੁਕਵੀਂ ਹੁੰਦੀ ਹੈ। ਇਹ ਕੁਦਰਤੀ ਹੈ ਕਿ ਸਚਾਈ ਹਮੇਸ਼ਾ ਕੌੜੀ ਲੱਗਦੀ ਹੈ। ਉਹ ਹੱਕ ਸੱਚ ਦਾ ਪਹਿਰੇਦਾਰ ਬਣਕੇ ਵਿਚਰਦਾ ਹੈ। ਉਹ ਚਿਕਣੀਆਂ ਚੋਪੜੀਆਂ ਹੋਈਆਂ ਮਿੱਠੀਆਂ ਗੱਲਾਂ ਕਰਨ ਵਿੱਚ ਵਿਸ਼ਵਾਸ਼ ਨਹੀਂ ਰੱਖਦਾ, ਜਿਹੜੀਆਂ ਗ਼ਲਤ ਕਦਰਾਂ ਕੀਮਤਾਂ ਦੀ ਸਿੱਧੇ/ਅਸਿੱਧੇ ਢੰਗ ਨਾਲ ਸਪੋਰਟ ਕਰਦੀਆਂ ਹੋਣ। ਪੀ.ਐਚ.ਡੀ.ਦੇ ਥੀਸਜ਼ਾਂ ਵਿੱਚ ਨਕਲ ਦੀ ਪ੍ਰਵਿਰਤੀ ਦੇ ਉਸਨੇ ਤੱਥਾਂ ਨਾਲ ਪਰਦੇ ਫਾਸ਼ ਕੀਤੇ ਹਨ। ਇੱਥੋਂ ਤੱਕ ਕਿ ਉਮੀਦਵਾਰਾਂ ਦੇ ਗਾਈਡ ਪ੍ਰੋਫ਼ੈਸਰਾਂ ਨੂੰ ਵੀ ਵਾਹਣੇ ਪਾ ਦਿੰਦਾ ਹੈ। ਇਕੱਲੀ-ਇਕੱਲੀ ਲਾਈਨ, ਪੈਰਿਆਂ ਅਤੇ ਪੰਨਿਆਂ ਦੀ ਨਕਲ ਦੇ ਸਬੂਤ ਦਿੰਦਾ ਹੈ, ਸਬੂਤਾਂ ਤੋਂ ਬਿਨਾ ਗੱਲ ਨਹੀਂ ਕਰਦਾ। ਯਥਾਰਥਵਾਦੀ ਪਹੁੰਚ ਦਾ ਮਾਲਕ ਹੈ। ਉਹ ਸੱਚੋ-ਸੱਚ ਲਿਖਕੇ ਮੂੰਹ ਤੇ ਕਹਿਣ ਦੀ ਜ਼ੁਅਰਤ ਰੱਖਦਾ ਹੈ, ਪ੍ਰੰਤੂ ਕਈ ਵਾਰ ਭਾਵਨਾਵਾਂ ਦੇ ਵੇਗ ਵਿੱਚ ਵਹਿ ਕੇ ਲਕਸ਼ਮਣ ਰੇਖਾ ਵੀ ਪਾਰ ਕਰ ਜਾਂਦਾ ਹੈ। ਅਜਿਹੀਆਂ ਗੱਲਾਂ ਲਿਖਣ ਕਰਕੇ ਉਸਨੂੰ ਧਮਕੀਆਂ ਵੀ ਮਿਲੀਆਂ ਹਨ, ਪ੍ਰੰਤੂ ਉਹ ਡਰ ਭੈ ਤੋਂ ਕੋਹਾਂ ਦੂਰ ਹੈ। ਰਾਜਨੀਤਕ, ਸਾਹਿਤਕ, ਸਮਾਜਿਕ, ਆਰਥਿਕ ਅਤੇ ਸਭਿਅਚਾਰਕ ਖੇਤਰ ਵਿੱਚ ਆ ਰਹੀਆਂ ਗਿਰਾਵਟਾਂ ਉਸਦੇ ਲੇਖਾਂ ਦੇ ਮੁੱਖ ਵਿਸ਼ੇ ਹੁੰਦੇ ਹਨ। ਉਸਦੀ ਇੱਕ ਖ਼ੂਬੀ ਹੈ ਕਿ ਉਹ ਕਿਸੇ ਦੀ ਵੀ ਗ਼ਲਤੀ ਨੂੰ ਬਖ਼ਸ਼ਦਾ ਨਹੀਂ, ਭਾਵੇਂ ਕੋਈ ਕਿਤਨਾ ਵੱਡਾ ਵਿਅਕਤੀ ਹੋਵੇ। ਸਮਾਜਿਕ ਵਿਸੰਗਤੀਆਂ ਨੂੰ ਵੇਖਣ ਪਰਖਣ ਦੇ ਉਸਦੇ ਆਪਣੇ ਹੀ ਮਾਪ-ਦੰਡ ਹਨ, ਜਿਹੜਾ ਉਨ੍ਹਾਂ ਮਾਪ-ਦੰਡਾਂ ‘ਤੇ ਖ਼ਰਾ ਨਹੀਂ ਉਤਰਦਾ, ਉਸਨੂੰ ਉਹ ਆੜੇ ਹੱਥੀਂ ਲੈਂਦਾ ਹੈ। ਉਹ ਸ਼ਬਦਾਵਲੀ ਵੀ ਥੋੜ੍ਹੀ ਸਖ਼ਤ ਤੇ ਚੁੱਭਵੀਂ ਵਰਤਦਾ ਹੈ, ਪ੍ਰੰਤੂ ਸਾਹਿਤਕ ਪਾਣ ਚਾੜ੍ਹਕੇ ਲਿਖਦਾ ਹੈ ਤਾਂ ਜੋ ਸਹਿਣਯੋਗ ਤਕਲੀਫ਼ ਹੋਵੇ। ਇਸ ਕਰਕੇ ਉਸ ਦੀਆਂ ਫੇਸ ਬੁੱਕ ਅਤੇ ਸ਼ੋਸ਼ਲ ਮੀਡੀਆ ‘ਤੇ ਪਾਈਆਂ ਪੋਸਟਾਂ ਨੂੰ ਬੇਥਾਹ ਪਸੰਦ ਕੀਤਾ ਜਾਂਦਾ ਹੈ। ਫੇਸ ਬੁੱਕ ‘ਤੇ ਉਸਦੇ ਕਾਲਮ ‘ਬੁੱਧ ਬੋਲ’, ‘ਬੁੱਧ ਬਾਣ’, ‘ਤਾਇਆ ਬਿਸ਼ਨਾ’, ‘ਪਿਆਜ ਦੇ ਛਿਲਕੇ’, ‘ਇਲਤੀਨਾਮਾ’, ‘ਬੁੱਧ ਚਿੰਤਨ’, ‘ਬੁੱਕਲ ਦੇ ਸੱਪ’, ‘ਲੋਕਾਂ ਨੂੰ ਲੱਗੀਆਂ ਜੋਕਾਂ’, ਆਦਿ ਬਹੁਤ ਹਰਮਨ ਪਿਆਰੇ ਹਨ। ਇਨ੍ਹਾਂ ਕਾਲਮਾਂ ਅਧੀਨ ਜਿਹੜੇ ਲੇਖ ਲਿਖਦਾ ਹੈ, ਉਨ੍ਹਾਂ ਲੇਖਾਂ ਦੇ ਸਿਰਲੇਖ ਵੀ ਪਾਠਕਾਂ ਨੂੰ ਟੁੰਬਦੇ ਹੋਏ ਪੜ੍ਹਨ ਲਈ ਪ੍ਰੇਰਿਤ ਕਰਦੇ ਹਨ। ਪਾਠਕ ਉਸਦੇ ਇਨ੍ਹਾਂ ਕਾਲਮਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਉਸਦੀ ਇਹ ਵੀ ਕਮਾਲ ਹੈ ਕਿ ਹਰ ਰੋਜ਼ ਨਵੇਂ ਵਿਸ਼ੇ ‘ਤੇ ਲਿਖਦਾ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਹ ਲਗਾਤਾਰ ਇਤਨਾ ਕਿਵੇਂ ਲਿਖ ਲੈਂਦਾ ਹੈ? ਕਈ ਵਾਰ ਉਸਦੇ ਸਾਹਿਤਕ ਤੁਣਕੇ ਦਾ ਤੀਰ ਇਤਨਾ ਤਿੱਖਾ ਹੁੰਦਾ ਹੈ ਕਿ ਉਸਦੇ ਜ਼ਖ਼ਮਾਂ ਦੀ ਚੀਸ ਸੰਬੰਧਤ ਲੋਕਾਂ ਨੂੰ ਤੜਪਾਉਂਦੀ ਰਹਿੰਦੀ ਹੈ। ਕੁਝ ਲੋਕ ਉਸਨੂੰ ਬਾਗ਼ੀ ਵੀ ਕਹਿੰਦੇ ਹਨ। ਅਸਲ ਵਿੱਚ ਹਾਲਾਤ ਹੀ ਅਜਿਹੇ ਹੁੰਦੇ ਹਨ, ਜਿਹੜੇ ਇਨਸਾਨ ਨੂੰ ਬਗ਼ਾਬਤ ਦੇ ਰਸਤੇ ਤੋਰ ਦਿੰਦੇ ਹਨ।
ਅਜੋਕੇ ਸੂਚਨਾ ਦੇ ਯੁਗ ਵਿੱਚ ਲੋਕ ਸੂਚਨਾ ਨੂੰ ਹੀ ਗਿਆਨ ਸਮਝ ਬੈਠਦੇ ਹਨ, ਪ੍ਰੰਤੂ ਸੂਚਨਾ ਅਤੇ ਗਿਆਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੁੰਦਾ ਹੈ। ਪੜ੍ਹਿਆ ਲਿਖਿਆ ਇਨਸਾਨ ਅੱਜ ਕਲ੍ਹ ਸੂਚਨਾ ਦੇਣ ਦਾ ਮਾਹਿਰ ਬਣ ਗਿਆ ਹੈ। ਲੋਕ ਸੂਚਨਾ ਦੇਣ ਵਾਲੇ ਨੂੰ ਹੀ ਪੜ੍ਹਿਆ ਲਿਖਿਆ ਸਮਝਦੇ ਹਨ। ਡਿਗਰੀਆਂ ਵਾਲੇ ਵਿਅਕਤੀਆਂ ਨੂੰ ਪੜ੍ਹਿਆ ਲਿਖਿਆ ਗਿਣਿਆਂ ਜਾਂਦਾ ਹੈ। ਜਦੋਂ ਕਿ ਇਹ ਜ਼ਰੂਰੀ ਨਹੀਂ ਕਿ ਹਰ ਪੜ੍ਹਿਆ ਲਿਖਿਆ ਵਿਅਕਤੀ ਗਿਆਨਵਾਨ ਹੋਵੇ, ਪ੍ਰੰਤੂ ਡਿਗਰੀਆਂ ਤੋਂ ਬਿਨਾ ਵਿਅਕਤੀ ਗਿਆਨਵਾਨ ਹੋ ਸਕਦਾ ਹੈ। ਬੁੱਧ ਸਿੰਘ ਨੀਲੋਂ ਜਿਹੜਾ ਬਹੁਤਾ ਪੜ੍ਹ ਲਿਖ ਨਹੀਂ ਸਕਿਆ, ਪ੍ਰੰਤੂ ਗਿਆਨਵਾਨ ਉਹ ਡਿਗਰੀਆਂ ਵਾਲਿਆਂ, ਇੱਥੋਂ ਤੱਕ ਕਿ ਪੀ.ਐਚ.ਡੀ.ਵਾਲਿਆਂ ਨਾਲੋਂ ਵੀ ਜ਼ਿਆਦਾ ਹੋ ਗਿਆ ਹੈ। ਉਹ ਬਹੁਤ ਹੀ ਵਿਦਵਤਾ ਭਰਪੂਰ ਗਿਆਨ ਵਾਲੀਆਂ ਰਚਨਾਵਾਂ ਲਿਖਦਾ ਹੈ, ਜਿਨ੍ਹਾਂ ਨੂੰ ਪੜ੍ਹਕੇ ਇਉਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਕਿਸੇ ਕਾਲਜ ਜਾਂ ਯੂਨੀਵਰਸਿਟੀ ਦੇ ਪ੍ਰਾ. ਅਧਿਆਪਕ ਨੇ ਲਿਖੀਆਂ ਹੋਣ। ਆਧੁਨਿਕ ਜ਼ਮਾਨੇ ਵਿੱਚ ਲੇਖਕਾਂ ਦਾ ਜਮਘਟਾ ਛਾਇਆ ਹੋਇਆ ਹੈ। ਬਹੁਤ ਸਾਰੇ ਕਥਿਤ ਵਿਦਵਾਨ ਸਾਹਿਤਕਾਰ ਧੜਾ-ਧੜ ਪੁਸਤਕਾਂ ਪ੍ਰਕਾਸ਼ਤ ਕਰਵਾ ਰਹੇ ਹਨ। ਬਹੁਤੀਆਂ ਪੁਸਤਕਾਂ ਕਵਿਤਾ ਦੀਆਂ ਪ੍ਰਕਾਸ਼ਤ ਹੋ ਰਹੀਆਂ ਹਨ। ਪੁਸਤਕਾਂ ਪ੍ਰਕਾਸ਼ਤ ਕਰਵਾਉਣਾ ਕੋਈ ਗ਼ਲਤ ਗੱਲ ਨਹੀਂ, ਸਗੋਂ ਸਾਹਿਤਕਾਰਾਂ ਨੂੰ ਸਾਰਥਿਕ ਸਾਹਿਤ ਪ੍ਰਕਾਸ਼ਤ ਕਰਵਾਉਣਾ ਚਾਹੀਦਾ ਹੈ, ਜਿਹੜਾ ਸਮਾਜ ਨੂੰ ਕੋਈ ਸੇਧ ਦੇ ਸਕੇ। ਆਮ ਤੌਰ ‘ਤੇ ਰੁਮਾਂਟਿਕ ਸਾਹਿਤ ਰਚਿਆ ਜਾ ਰਿਹਾ ਹੈ, ਜਿਹੜਾ ਪੜ੍ਹਨ ਲਈ ਦਿਲਚਸਪ ਤੇ ਰਸਦਾਇਕ ਤਾਂ ਹੋ ਸਕਦਾ ਹੈ, ਪ੍ਰੰਤੂ ਉਸਦਾ ਆਮ ਲੋਕਾਂ ਨੂੰ ਬਹੁਤਾ ਲਾਭ ਨਹੀਂ ਹੁੰਦਾ, ਪੜ੍ਹਿਆ ਉਹ ਹੀ ਜ਼ਿਆਦਾ ਜਾਂਦਾ ਹੈ। ਹੁਣ ਕਿੱਸਿਆਂ ਦਾ ਯੁਗ ਖ਼ਤਮ ਹੋ ਗਿਆ ਹੈ। ਅਸਲ ਵਿੱਚ ਸਾਹਿਤ ਦਾ ਮੰਤਵ ਸਮਾਜ ਲਈ ਪ੍ਰੇਰਨਾਦਾਇਕ ਹੋਣਾ ਹੁੰਦਾ ਹੈ, ਪ੍ਰੰਤੂ ਅਜਿਹੇ ਸਾਹਿਤ ਵਿੱਚ ਦਿਲਚਸਪੀ ਪੈਦਾ ਕਰਨ ਲਈ ਰੁਮਾਂਸਵਾਦ ਦੀ ਪਾਣ ਚੜ੍ਹਾ ਦਿੱਤੀ ਜਾਂਦੀ ਹੈ। ਰੁਮਾਂਸਵਾਦ ਦੇ ਤੜਕੇ ‘ਤੇ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਪ੍ਰੰਤੂ ਉਹ ਲੋਕਾਈ ਦੇ ਹਿੱਤਾਂ ‘ਤੇ ਪਹਿਰਾ ਨਹੀਂ ਦਿੰਦਾ। ਬੁੱਧ ਸਿੰਘ ਨੀਲੋਂ ਰੁਮਾਂਟਿਕ ਸਾਹਿਤ ਨਹੀਂ ਲਿਖਦਾ, ਪ੍ਰੰਤੂ ਉਸਦਾ ਲਿਖਿਆ ਸਮਾਜ ਦੀਆਂ ਵਿਸੰਗਤੀਆਂ ਦਾ ਪਰਦਾ ਫਾਸ਼ ਕਰਨ ਵਾਲਾ ਹੁੰਦਾ ਹੈ। ਸਮਾਜ ਵਿੱਚ ਇਸ ਆਧੁਨਿਕਤਾ ਦੇ ਦੌਰ ਵਿੱਚ ਬਹੁਤ ਕੁਝ ਅਜਿਹਾ ਲਿਖਿਆ ਜਾ ਰਿਹਾ ਹੈ, ਜਿਸਦਾ ਸਮਾਜਿਕ ਤਾਣੇ-ਬਾਣੇ ਦੀ ਬਿਹਤਰੀ ਨਾਲ ਸੰਬੰਧ ਨਹੀਂ ਹੁੰਦਾ, ਸਗੋਂ ਦਿਲਚਸਪੀ ਪੈਦਾ ਕਰਨ ਲਈ ਕਈ ਕਾਲਪਨਿਕ ਘਟਨਾਵਾਂ ਸ਼ਾਮਲ ਕਰ ਲਈਆਂ ਜਾਂਦੀਆਂ ਹਨ। ਬੁੱਧ ਸਿੰਘ ਨੀਲੋਂ ਹਰ ਰੋਜ਼ ਲਗਾਤਾਰ ਕਿਸੇ ਨਾ ਕਿਸੇ ਨਵੇਂ ਸਮਾਜਿਕ ਸਰੋਕਾਰਾਂ ਵਾਲੇ ਵਿਸ਼ੇ ਬਾਰੇ ਆਪਣੇ ਸਾਰਥਿਕ ਵਿਚਾਰ ਲਿਖਕੇ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦਾ ਹੈ। ਉਹ ਗ਼ਰੀਬ ਲਿਖਾਰੀ ਹੈ, ਇਸ ਕਰਕੇ ਪੁਸਤਕਾਂ ਨਹੀਂ ਛਪਵਾ ਸਕਿਆ, ਕਿਉਂਕਿ ਆਪਣੇ ਕੋਲੋਂ ਪੈਸੇ ਖ਼ਰਚਕੇ ਪੁਸਤਕ ਪ੍ਰਕਾਸ਼ਤ ਕਰਵਾਉਣੀ ਉਸਦੇ ਵਸ ਦੀ ਗੱਲ ਨਹੀਂ। ਉਸਨੂੰ ਤਾਂ ਪਰਿਵਾਰ ਪਾਲਣ ਦੇ ਲਾਲੇ ਪਏ ਹੋਏ ਹਨ। ਹੈਰਾਨੀ ਇਸ ਗੱਲ ਦੀ ਹੈ, ਅਜਿਹੇ ਹਾਲਾਤ ਵਿੱਚ ਵੀ ਉਹ ਲਿਖੀ ਜਾ ਰਿਹਾ ਹੈ। ਲਿਖਣਾ ਉਸ ਲਈ ਇੱਕ ਨਸ਼ਾ ਹੈ। ਬੁੱਧ ਸਿੰਘ ਨੀਲੋਂ ਫੋਰ-ਇਨ-ਵਨ ਹੈ। ਉਹ ਪੱਤਰਕਾਰ, ਕਾਲਮ ਨਵੀਸ, ਅਨੁਵਾਦਕ ਅਤੇ ਸਾਹਿਤਕਾਰ ਹੈ। ਉਸਦੀ ਸੰਪਾਦਤ ਕੀਤੀ ਪੁਸਤਕ ‘ਕਲਾਮ ਬਾਬੂ ਰਜਬ ਅਲੀ’ 2009 ਵਿੱਚ ਪ੍ਰਕਾਸ਼ਤ ਹੋਈ ਸੀ, ਜਿਸ ਦੀਆਂ ਹੁਣ ਤੱਕ ਪੰਜ ਐਡੀਸ਼ਨਾ ਪ੍ਰਕਾਸ਼ਤ ਹੋ ਚੁੱਕੀਆਂ ਹਨ। ਉਸਨੇ ਸੱਤ ਪੁਸਤਕਾਂ ਅਨੁਵਾਦ ਵੀ ਕੀਤੀਆਂ ਹਨ। ਉਸਦੀ ਇੱਕ ਪੁਸਤਕ ‘ਪੰਜਾਬੀ ਸਾਹਿਤ ਦਾ ਮਾਫ਼ੀਆ’ ਜਲਦੀ ਹੀ ਪ੍ਰਕਾਸ਼ਤ ਹੋ ਰਹੀ ਹੈ, ਜਿਸਦੀ ਬੇਸਬਰੀ ਨਾਲ ਉਡੀਕ ਹੋ ਰਹੀ ਹੈ। ਇਸ ਪੁਸਤਕ ਦੇ ਪ੍ਰਕਾਸ਼ਤ ਹੋਣ ਨਾਲ ਅਖੌਤੀ ਵਿਦਵਾਨਾ/ਸਾਹਿਤਕਾਰਾਂ/ਬੁੱਧੀਜੀਵਆਂ ਨੂੰ ਲੈਣੇ ਦੇ ਦੇਣੇ ਪੈ ਜਾਣੇ ਹਨ, ਕਿਉਂਕਿ ਨਕਲ ਨਾਲ ਲਈਆਂ ਪੀ.ਐਚ.ਡੀ.ਦੀਆਂ ਡਿਗਰੀਆਂ ਚਰਚਾ ਦਾ ਵਿਸ਼ਾ ਬਣਨਗੀਆਂ। ਬੁੱਧ ਸਿੰਘ ਨੀਲੋਂ ਪਰਿਵਾਰ ਦੇ ਗੁਜ਼ਾਰੇ ਲਈ ਪੰਜਾਬੀ ਦੇ ਅਖਬਾਰਾਂ ਦੇ ਸੰਪਾਦਕੀ ਮੰਡਲਾਂ ਵਿੱਚ ਕੰਮ ਕਰਦਾ ਰਿਹਾ ਹੈ। ਇਸ ਸਮ੍ਰੇਂ ਉਹ ‘ਪ੍ਰਾਈਮ ਉਦੈ‘ ਅਖ਼ਬਾਰ ਦਾ ਸੰਪਾਦਕ ਹੈ। ਉਸਦਾ ਬਲਜੀਤ ਕੌਰ ਨਾਲ ਵਿਆਹ ਹੋਇਆ ਹੈ ਤੇ ਉਸਦਾ ਇੱਕ ਲੜਕਾ ਗੌਰਵਦੀਪ ਸਿੰਘ ਹੈ। ਉਸਦਾ ਜੱਦੀ ਪਿੰਡ ਨੀਲੋਂ ਜਿਲ੍ਹਾ ਲੁਧਿਆਣਾ ਵਿੱਚ ਹੈ। ਇਸ ਸਮੇਂ ਉਹ ਸਾਹਨੇਵਾਲ ਰਹਿ ਰਿਹਾ ਹੈ।
ਤਸਵੀਰ ਤੇ ਸੰਪਰਕ : ਬੁੱਧ ਸਿੰਘ ਨੀਲੋਂ :9464370823
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
15 ਜਨਵਰੀ ਨੂੰ 127ਵੇਂ ਜਨਮ ਦਿਵਸ ‘ਤੇ ਵਿਸ਼ੇਸ਼ ਸਾਹਿਤ, ਧਰਮ ਅਤੇ ਰਾਜਨੀਤੀ ਦੀ ਤ੍ਰਵੈਣੀ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ - ਉਜਾਗਰ ਸਿੰਘ
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਸਾਹਿਤਕ ਖੇਤਰ ਵਿੱਚ ਵੀ ਵਿਲੱਖਣ ਮਾਹਰਕੇ ਮਾਰੇ ਸਨ। ਉਹ ਸਾਹਿਤ, ਧਰਮ ਤੇ ਰਾਜਨੀਤੀ ਦੀ ਤ੍ਰਵੈਣੀ ਸੀ। ਇਨ੍ਹਾਂ ਤਿੰਨਾਂ ਖੇਤਰਾਂ ਵਿੱਚ ਗਿਆਨੀ ਗੁਰਮੁੱਖ ਸਿੰਘ ਦੀ ਲਾਸਾਨੀ ਦੇਣ ਸੀ। ਨਮ੍ਰਤਾ, ਸ਼ਾਲੀਨਤਾ, ਸੁਹੱਪਣ, ਸ਼ਹਿਨਸ਼ੀਲਤਾ, ਖ਼ੁਸ਼ਮਿਜ਼ਾਜ਼ੀ ਤੇ ਸਿਆਣਪ ਉਸਦੇ ਵਿਅਕਤਿਤਵ ਦੇ ਵਿਲੱਖਣ ਗੁਣ ਸਨ। ਉਸਦੇ ਕਹਾਣੀ-ਸੰਗ੍ਰਹਿ ਉਰਵਾਰ ਪਾਰ ਨੂੰ 1978 ਵਿੱਚ ਸਾਹਿਤ ਅਕਾਡਮੀ ਨੇ ਪੁਰਸਕਾਰ ਦਿੱਤਾ ਸੀ। ਉਨ੍ਹਾਂ ਨੂੰ ਮਰਨ ਉਪਰੰਤ ‘ਪਦਮਾ ਵਿਭੂਸ਼ਨ’ ਭਾਰਤ ਦਾ ਸੈਕੰਡ ਸਭ ਤੋਂ ਵੱਡਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ ਗਿਆ। ਉਸਦੀਆਂ ਕਵਿਤਾਵਾਂ ਅਤੇ ਕਹਾਣੀਆਂ ਵਿਅੰਗਾਤਮਿਕ, ਦੇਸ਼ ਭਗਤੀ ਅਤੇ ਆਜ਼ਾਦੀ ਸੰਗਰਾਮ ਨਾਲ ਸੰਬੰਧਤ ਹੁੰਦੀਆਂ ਸਨ। ਉਹ ਸਟੇਜੀ ਕਵੀ ਸੀ, ਜਿਸ ਦੀਆਂ ਦੇਸ਼ ਭਗਤੀ ਦੀਆਂ ਕਵਿਤਾਵਾਂ ਆਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲੈਣ ਲਈ ਅਜਿਹਾ ਪ੍ਰੇਰਤ ਕਰਦੀਆਂ ਸਨ ਕਿ ਸ੍ਰੋਤਿਆਂ ਦੇ ਲੂੰ ਕੰਡੇ ਖੜ੍ਹੇ ਹੋ ਜਾਂਦੇ ਸਨ। ਗਿਆਨੀ ਗੁਰਮੁਖ ਸਿੰਘ ਦੀਆਂ ਰਚਨਾਵਾਂ ਵਿੱਚ ਵਿਅੰਗ ਦੀ ਵੀ ਤਿੱਖੀ ਚੋਭ ਹੁੰਦੀ ਸੀ। ਉਸਦੀ ਵਾਰਤਕ ਵਿੱਚ ਵਿਅੰਗ ਦੇ ਤੀਰ ਇਤਨੇ ਤਿੱਖੇ ਹੁੰਦੇ ਸਨ ਕਿ ਢਿੱਡੀਂ ਪੀੜਾਂ ਪਾ ਦਿੰਦੇ ਸਨ। ਉਹ ਜ਼ਮੀਨ ਨਾਲ ਜੁੜਿਆ ਹੋਇਆ ਨਮਰ ਸੁਭਾਅ ਵਾਲਾ ਬਹੁ-ਪੱਖੀ ਤੇ ਬਹੁ-ਦਿਸ਼ਾਵੀ ਸਾਹਿਤਕਾਰ ਸੀ। ਉਸਨੇ ਤਿੰਨ ਦਰਜਨ ਕਵਿਤਾ, ਕਹਾਣੀ, ਅਨੁਵਾਦ, ਸਫ਼ਰਨਾਮਾ ਅਤੇ ਜੀਵਨੀਆਂ ਦੀਆਂ ਪੁਸਤਕਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਸਨ, ਜਿਨ੍ਹਾਂ ਵਿੱਚ 9 ਕਾਵਿ-ਸੰਗ੍ਰਹਿ, ਸਬਰ ਦੇ ਬਾਣ (ਭਾਗ ਪਹਿਲਾ) (1921), ਸਬਰ ਦੇ ਬਾਣ (ਭਾਗ ਦੂਜਾ) (1922), ਟੁੱਟੇ ਖੰਭ (1929), ਪ੍ਰੇਮ-ਬਾਣ (1934), ਜੀਵਨ-ਪੰਧ (1940), ਮੁਸਾਫ਼ਰੀਆਂ (1951), ਕਾਵਿ-ਸੁਨੇਹੇ (1959), ਸਹਿਜ ਸੇਤੀ (1964), ਵੱਖਰਾ ਵੱਖਰਾ-ਕਤਰਾ ਕਤਰਾ(1970), ਦੂਰ ਨੇੜੇ (ਮਰਨ ਉਪਰੰਤ) (1981), 16 ਕਹਾਣੀ-ਸੰਗ੍ਰਹਿ ਵੱਖਰੀ ਦੁਨੀਆਂ (1945), ਸਭ ਹੱਛਾ (1949) ਆਲ੍ਹਣੇ ਦੇ ਬੋਟ (1955), ਕੰਧਾਂ ਬੋਲ ਪਈਆਂ (1960), ਸਤਾਈ ਜਨਵਰੀ (1964), ਅੱਲ੍ਹਾ ਵਾਲੇ (ਸੰਪਾਦਤ ਸੁਰਜੀਤ ਸਿੰਘ ਸੇਠੀ ), (1964), ਗੁਟਾਰ, , ਉਰਵਾਰ ਪਾਰ(1975), ਬਾਗ਼ੀ ਦੀ ਧੀ, ਖਸਮਾਂ ਖਾਣੇ, ਜਦੋਂ ਨਿੱਕੇ ਹੁੰਦੇ ਸਾਂ, ਹਿੰਦੂ ਪਾਣੀ-ਮੁਸਲਮ ਪਾਣੀ, ਭਾਈ ਵੱਡੇ ਦਾ ਖੂਹ, ਪੋਠੋਹਾਰ ਦੀ ਮਿੱਟੀ, ਨਹੀਂ ਪੇਸ਼ ਕਰਨੀ ਜੀ, ਸਸਤਾ ਤਮਾਸ਼ਾ ਅਤੇ 4 ਜੀਵਨੀਆਂ ਵੇਖਿਆ ਸੁਣਿਆਂ ਗਾਂਧੀ, ਵੇਖਿਆ ਸੁਣਿਆਂ ਨਹਿਰੂ, ਬਾਗੀ ਜਰਨੈਲ ਜਨਰਲ ਮੋਹਨ ਸਿੰਘ,ਅਕਾਲੀ ਪ੍ਰਕਾਸ਼ ਅਤੇ ਵੀਹਵੀਂ ਸਦੀ ਦੇ ਸ਼ਹੀਦ ਸ਼ਾਮਲ ਹਨ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ 1961 ਵਿੱਚ ਜਾਪਾਨ ਦੇ ਟੋਕੀਓ ਸ਼ਹਿਰ ਵਿੱਚ ਵਰਲਡ ਪ੍ਰਾਗਰੈਸਿਵ ਰਾਈਟਰਜ਼ ਕਾਨਫਰੰਸ ਵਿੱਚ ਭਾਰਤ ਦੇ ਡੈਲੀਗੇਸ਼ਨ ਦੀ ਅਗਵਾਈ ਕੀਤੀ ਸੀ। ਇਸੇ ਤਰ੍ਹਾਂ 1965 ਵਿੱਚ ਇੰਡੀਅਨ ਰਾਈਟਰਜ਼ ਦੇ ਡੈਲੀਗੇਸ਼ਨ ਦੀ ਅਗਵਾਈ ਬਾਕੂ ਵਿੱਚ ਹੋਈ ਐਫ਼ਰੋ ਏਸ਼ੀਅਨ ਕਾਨਫਰੰਸ ਵਿੱਚ ਕੀਤੀ ਸੀ। 1954 ਵਿੱਚ ਸਟਾਕਹੋਮ ਵਿਖੇ ਹੋਈ ਇੰਟਰਨੈਸ਼ਨਲ ਪੀਸ ਕਾਨਫ਼ਰੰਸ, 1965 ਵਿੱਚ ਹੈਲਸਿੰਕੀ ਵਿਖੇ ਵਰਲਡ ਪੀਸ ਕਾਨਫ਼ਰੰਸ ਅਤੇ 1969 ਵਿੱਚ ਬਰਲਨ ਵਿਖੇ ਵਰਲਡ ਪੀਸ ਕਾਨਫ਼ਰੰਸ ਵਿੱਚ ਭਾਰਤ ਦੇ ਡੈਲੀਗੇਸ਼ਨ ਦੇ ਮੈਂਬਰ ਦੇ ਤੌਰ ‘ਤੇ ਸ਼ਾਮਲ ਹੋਏ ਸਨ। ਕਵਿਤਾ ਲਿਖਣਾ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਤਖ਼ੱਲਸ ‘ਮੁਸਾਫ਼ਿਰ’ ਰੱਖਿਆ, ਜਿਹੜਾ ਤਾਅ ਉਮਰ ਉਨ੍ਹਾਂ ਦੇ ਨਾਮ ਨਾਲ ਜੁੜ ਗਿਆ। ਗਿਆਨੀ ਗੁਰਮੁੱਖ਼ ਸਿੰਘ ਮੁਸਾਫ਼ਿਰ ਨੇ ਹੀਰਾ ਸਿੰਘ ਦਰਦ ਨਾਲ ਰਲਕੇ 1924 ਵਿੱਚ ‘ਫੁੱਲਵਾੜੀ’ ਮਾਸਿਕ ਪੱਤਰ ਸ਼ੁਰੂ ਕੀਤਾ ਅਤੇ 1938 ਤੋਂ 40 ਤੱਕ ਦੋ ਸਾਲ ਅਕਾਲੀ ਪੱਤਰਕਾ ਦੇ ਮੁੱਖ ਸੰਪਾਦਕ ਰਹੇ।
ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੂੰ 1919 ਦੇ ਜੱਲਿ੍ਹਆਂ ਵਾਲੇ ਬਾਗ ਦਾ ਸਾਕਾ, ਨਨਕਾਣਾ ਸਾਹਿਬ ਦਾ ਸਾਕਾ ਅਤੇ ਗੁਰੂ ਕੇ ਬਾਗ ਦੇ ਮੋਰਚੇ ਨੇ ਮਾਨਸਿਕ ਤੌਰ ‘ਤੇ ਝੰਜੋੜਕੇ ਰੱਖ ਦਿੱਤਾ, ਜਿਸ ਕਰਕੇ ਉਸਨੇ ਭਰ ਜਵਾਨੀ ਵਿੱਚ ਮਹਿਜ 20 ਸਾਲ ਦੀ ਉਮਰ ਗੁਰਦੁਆਰਾ ਸੁਧਾਰ ਲਹਿਰ ਅਤੇ ਦੇਸ਼ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮਾਸਟਰ ਤਾਰਾ ਸਿੰਘ ਨੇ ਉਸਨੂੰ ਅਕਾਲੀ ਸਿਆਸਤ ਵਿੱਚ ਲਿਆਂਦਾ ਸੀ, ਕਿਉਂਕਿ ਉਹ ਉਸ ਸਕੂਲ ਵਿੱਚ ਅਧਿਆਪਕ ਸਨ, ਜਿਥੇ ਮਾਸਟਰ ਤਾਰਾ ਸਿੰਘ ਹੈਡ ਮਾਸਟਰ ਸਨ। ਉਹ 1922 ਵਿੱਚ ਅਧਿਆਪਕ ਦੀ ਨੌਕਰੀ ਤੋਂ ਅਸਤੀਫ਼ਾ ਦੇ ਕੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਕੁੱਦ ਪਏ। 1922 ਵਿੱਚ ਹੀ ਉਹ ਪਹਿਲੀ ਵਾਰ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਗ੍ਰਿਫ਼ਤਾਰ ਹੋਏ ਸਨ। ਇਸ ਤੋਂ ਬਾਅਦ ਤਾਂ ਉਹ 1947 ਤੱਕ ਹਰ ਮੋਰਚੇ/ਅੰਦੋਲਨ ਵਿੱਚ ਸ਼ਾਮਲ ਤੇ ਗ੍ਰਿਫ਼ਤਾਰ ਹੁੰਦੇ ਰਹੇ। ਇਹ ਕਿਹਾ ਜਾਂਦਾ ਹੈ ਕਿ ਪੰਜਾਬ ਦੀ ਕੋਈ ਜੇਲ੍ਹ ਅਜਿਹੀ ਨਹੀਂ ਸੀ, ਜਿਥੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਗ੍ਰਿਫ਼ਤਾਰ ਹੋ ਕੇ ਗਏ ਨਾ ਹੋਣ। ਇੱਕ ਕਿਸਮ ਨਾਲ ਜੇਲ੍ਹ ਹੀ ਉਸਦਾ ਘਰ ਬਣ ਗਿਆ ਸੀ। ਉਸਨੇ ਦੇਸ਼ ਦੀ ਆਜ਼ਾਦੀ ਸੰਬੰਧੀ ਹਰ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਸਿਵਲ ਨਾ ਫੁਰਮਾਨੀ, ਭਾਰਤ ਛੋੜੋ ਅਤੇ ਹੋਰ ਅੰਦੋਲਨਾ ਵਿੱਚ 1933, 25, 39, 41, 42, 45 ਵਿੱਚ ਜੇਲ੍ਹ ਯਾਤਰਾ ਕੀਤੀ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਇੱਕ ਅਜਿਹੇ ਸਰਵਪ੍ਰਮਾਣਤ ਨੇਤਾ ਸਨ, ਜਿਹੜੇ ਇੱਕੋ ਸਮੇਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਉਪ ਪ੍ਰਧਾਨ, ਸ਼੍ਰੋਮਣੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸਕੱਤਰ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦੇ ਜਥੇਦਾਰ ਦੇ ਅਹੁਦੇ ‘ਤੇ ਕੰਮ ਕਰਦੇ ਰਹੇ। ਉਸਦੀ ਜ਼ਿਆਦਾ ਦਿਲਚਸਪੀ ਧਾਰਮਿਕ ਕੰਮਾਂ ਵਿੱਚ ਸੀ। ਇਸ ਲਈ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੂੰ ਮਹਿਜ 31 ਸਾਲ ਦੀ ਉਮਰ ਵਿੱਚ 12 ਮਾਰਚ 1930 ਸ਼੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਦਾ ਜਥੇਦਾਰ ਚੁਣਿਆਂ ਗਿਆ, ਜਿਸ ਅਹੁਦੇ ‘ਤੇ ਉਹ ਇੱਕ ਸਾਲ 5 ਮਾਰਚ 1931 ਤੱਕ ਰਹੇ। ਧਾਰਮਿਕ ਖੇਤਰ ਵਿੱਚ ਉਸਦੇ ਕੀਤੇ ਕੰਮ ਹਮੇਸ਼ਾ ਇਤਿਹਾਸ ਵਿੱਚ ਯਾਦ ਕੀਤੇ ਜਾਂਦੇ ਰਹਿਣਗੇ। ਉਹ ਸਰਵੋਤਮ ਤੇ ਦੂਰਅੰਦੇਸ਼ ਜਥੇਦਾਰ ਸਨ, ਜਿਨ੍ਹਾਂ ਨੇ ਬਹੁਤ ਗੁੰਝਲਦਾਰ ਸਿੱਖ ਮਸਲੇ ਹੱਲ ਕੀਤੇ ਸਨ। ਜਦੋਂ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਬਣੇ ਤਾਂ ਉਸ ਸਮੇਂ ਔਰਤਾਂ ਨੂੰ ਅੰਮ੍ਰਿਤਧਾਰੀ ਹੋਣ ਲਈ ਕੇਸਕੀ ਬੰਨ੍ਹਕੇ ਅੰਮ੍ਰਿਤ ਛੱਕਣਾ ਪੈਂਦਾ ਸੀ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਨੇ ਔਰਤਾਂ ਨੂੰ ਕੇਸਕੀ ਤੋਂ ਬਿਨਾ ਚੁੰਨੀ ਪਹਿਨਕੇ ਅੰਮ੍ਰਿਤ ਛੱਕਣ ਦੀ ਇਜ਼ਾਜਤ ਦੇ ਦਿੱਤੀ ਸੀ, ਜੋ ਅੱਜ ਤੱਕ ਲਾਗੂ ਹੈ। ਉਹ ਵਿਧਾਨ ਘੜਨੀ ਸਭਾ ਦੇ ਮੈਂਬਰ, 1952, 57 ਅਤੇ 62 ਵਿੱਚ ਤਿੰਨ ਵਾਰ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਮੈਂਬਰ ਰਹੇ ਸਨ। 1968 ਤੋਂ 76 ਤੱਕ ਰਾਜ ਸਭਾ ਦੇ ਮੈਂਬਰ ਰਹੇ ਸਨ। 1966 ਵਿੱਚ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਉਹ ਨਵੇਂ ਪੰਜਾਬ ਦੇ ਪਹਿਲੇ ਤੇ ਪੰਜਾਬ ਦੇ ਪੰਜਵੇਂ ਮੁੱਖ ਮੰਤਰੀ ਬਣੇ ਸਨ। ਮੁੱਖ ਮੰਤਰੀ ਬਣਨ ਦੀ ਵੀ ਅਜੀਬ ਦਾਸਤਾਂ ਹੈ। ਉਸ ਸਮੇਂ ਪੰਜਾਬ ਕਾਂਗਰਸ ਦੇ ਕਈ ਦਿਗਜ਼ ਨੇਤਾ ਮੁੱਖ ਮੰਤਰੀ ਬਣਨ ਦੇ ਚਾਹਵਾਨ ਸਨ, ਜਿਨ੍ਹਾਂ ਵਿੱਚ ਕਾਮਰੇਡ ਰਾਮ ਕਿਸ਼ਨ, ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਮੋਹਰਲੀ ਕਤਾਰ ਦੇ ਨੇਤਾ ਸਨ, ਪ੍ਰੰਤੂ ਪੰਜਾਬ ਕਾਂਗਰਸ ਦੇ ਨੇਤਾਵਾਂ ਦੀ ਕਸ਼ਮਕਸ਼ ਵਿੱਚ ਇੰਦਰਾ ਗਾਂਧੀ ਅਜਿਹੇ ਨੇਤਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ, ਜਿਹੜਾ ਸਰਵੋਤਮ ਤੇ ਨਿਰਵਿਵਾਦ ਹੋਵੇ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਇਸ ਖਲਜਗਣ ਵਿੱਚ ਪੈਣ ਤੋਂ ਹਿਕਚਾਂਦੇ ਸਨ। ਫਿਰ ਇੰਦਰਾ ਗਾਂਧੀ ਨੇ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਨੂੰ ਮਨਾਉਣ ਲਈ ਇੰਦਰ ਕੁਮਾਰ ਗੁਜਰਾਲ ਨੂੰ ਭੇਜਿਆ ਸੀ, ਜੋ ਬਾਅਦ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਵੀ ਰਹੇ ਹਨ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ 1 ਨਵੰਬਰ 1966 ਤੋਂ 8 ਮਾਰਚ 1967 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਮੁੱਖ ਮੰਤਰੀ ਹੁੰਦਿਆਂ ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਅੰਮ੍ਰਿਤਸਰ ਤੋਂ ਪੰਜਾਬ ਵਿਧਾਨ ਸਭਾ ਦੀ ਚੋਣ 1967 ਵਿੱਚ ਲੜੇ ਅਤੇ ਕਾਮਰੇਡ ਸਤ ਪਾਲ ਡਾਂਗ ਤੋਂ ਹਾਰ ਗਏ ਸਨ। ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਪੰਜਾਬ ਦੇ ਪਹਿਲੇ ਅਜਿਹੇ ਨਿਰਵਿਵਾਦ ਨੇਤਾ ਸਨ, ਜਿਹੜੇ 1949 ਤੋਂ 1961 ਤੱਕ 12 ਸਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਹੇ। ਹਮੇਸ਼ਾ ਉਨ੍ਹਾਂ ਨੂੰ ਸਰਬਸੰਮਤੀ ਨਾਲ ਚੁਣਿਆਂ ਜਾਂਦਾ ਸੀ, ਸਿਰਫ਼ ਇੱਕ ਵਾਰ ਪੰਡਤ ਮੋਹਨ ਲਾਲ ਨੂੰ ਹਰਾਕੇ ਪ੍ਰਧਾਨ ਬਣੇ ਸਨ। ਉਹ ਸਰਬ ਭਾਰਤੀ ਕਾਂਗਰਸ ਕਮੇਟੀ ਦੀ ਸਭ ਤੋਂ ਵੱਡੀ ਨੀਤੀ ਬਣਾਉਣ ਵਾਲੀ ਵਰਕਿੰਗ ਕਮੇਟੀ ਦੇ ਵੀ ਮੈਂਬਰ ਸਨ। 1922 ਤੋਂ 42 ਤੱਕ 20 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ। ਉਹ ਹਿੰਦੂ, ਸਿੱਖ ਅਤੇ ਮੁਸਲਮਾਨ ਤਿੰਨਾਂ ਕੌਮਾਂ ਵਿੱਚ ਸਤਿਕਾਰੇ ਜਾਂਦੇ ਸਨ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਦਾ ਬਸਟ (ਮੂਰਤੀ) ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ 15 ਜਨਵਰੀ 2026 ਨੂੰ ਲਗਾਇਆ ਜਾ ਰਿਹਾ ਹੈ। ਇਹ ਬਸਟ ਉਨ੍ਹਾਂ ਦੀ ਲੜਕੀ ਜੋਗਿੰਦਰ ਸੰਤ ਮੁਸਾਫ਼ਿਰ ਨੇ ਬਣਵਾਕੇ ਦਿੱਤਾ ਹੈ।
ਗਿਆਨੀ ਗੁਰਮੁਖ ਸਿੰਘ ਮੁਸਾਫਰ ਦਾ ਜਨਮ 15 ਜਨਵਰੀ 1899 ਨੂੰ ਪੱਛਵੀਂ ਪੰਜਾਬ ਦੇ ਕੈਂਬਲਪੁਰ ਜਿਲ੍ਹੇ ਦੇ ਅੱਧਵਾਲ ਕਸਬੇ ਵਿੱਚ ਸੁਜਾਨ ਸਿੰਘ ਦੇ ਘਰ ਹੋਇਆ ਸੀ। ਇਸ ਸਮੇਂ ਇਹ ਕਸਬਾ ਮਿੰਟਗੁਮਰੀ ਜਿਲ੍ਹੇ ਵਿੱਚ ਹੈ। ਸੁਜਾਨ ਸਿੰਘ ਸ਼ਾਹੂਕਾਰੀ ਅਤੇ ਖੇਤੀਬਾੜੀ ਦਾ ਕਾਰੋਬਾਰ ਕਰਦੇ ਸਨ। ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ ਨੇ ਆਪਣੀ ਪ੍ਰਾਇਮਰੀ ਤੱਕ ਦੀ ਮੁੱਢਲੀ ਪੜ੍ਹਾਈ ਅੱਧਵਾਲ ਕਸਬੇ ਤੋਂ ਹੀ ਪ੍ਰਾਪਤ ਕੀਤੀ ਸੀ। ਮਿਡਲ ਤੱਕ ਦੀ ਪੜ੍ਹਾਈ ਕਰਨ ਲਈ ਉਹ ਰਾਵਲਪਿੰਡੀ ਚਲੇ ਗਏ। ਉਸਤੋਂ ਬਾਅਦ ਉਨ੍ਹਾਂ ਜੇ.ਵੀ.ਦੀ ਪ੍ਰੀਖਿਆ ਪਾਸ ਕੀਤੀ, ਜਿਸਤੋਂ ਬਾਅਦ ਉਹ ਅਧਿਆਪਕ ਲੱਗ ਗਏ। 1918 ਵਿੱਚ ਪਹਿਲਾਂ ਉਸਨੇ ਜਿਲ੍ਹਾ ਬੋਰਡ ਚੱਕਰੀ ਦੇ ਸਕੂਲ ਵਿੱਚ ਅਤੇ ਫਿਰ ਰਾਵਲਪਿੰਡੀ ਜਿਲ੍ਹੇ ਦੇ ਕਹੂਟਾ ਤਹਿਸੀਲ ਦੇ ਕੱਲਰ ਕਸਬੇ ਦੇ ਖਾਲਸਾ ਹਾਈ ਸਕੂਲ ਵਿੱਚ ਅਧਿਆਪਕ ਦੀਆਂ ਸੇਵਾਵਾਂ ਨਿਭਾਈਆਂ। ਇਸ ਤੋਂ ਬਾਅਦ ਐਸ.ਵੀ. ਦੀ ਸਿਖਿਆ ਪਾਸ ਕਰ ਲਈ ਤੇ ਹੈਡ ਵਰਨੈਕੂਲਰ ਅਧਿਆਪਕ ਲੱਗ ਗਏ। ਚਾਰ ਸਾਲ ਬਤੌਰ ਅਧਿਆਪਕ ਅਤੇ ਹੈਡਮਾਸਟਰ ਦੀਆਂ ਸੇਵਾਵਾਂ ਨਿਭਾਈਆਂ। ਉਸਤੋਂ ਬਾਅਦ ਅਸਤੀਫ਼ਾ ਦੇ ਕੇ ਮਾਸਟਰ ਤਾਰਾ ਸਿੰਘ ਦੇ ਨਾਲ ਧਾਰਮਿਕ ਸੁਧਾਰ ਲਹਿਰ ਵਿੱਚ ਸ਼ਾਮਲ ਹੋ ਗਏ। ਉਸਦਾ ਵਿਆਹ ਰਣਜੀਤ ਕੌਰ ਨਾਲ 1912 ਵਿੱਚ ਹੋਇਆ। ਉਨ੍ਹਾਂ ਦੇ 7 ਲੜਕੇ ਅਤੇ ਤਿੰਨ ਲੜਕੀਆਂ ਸਨ, ਜਿਨ੍ਹਾਂ ਵਿੱਚੋਂ ਦੋ ਲੜਕੇ ਅਤੇ ਇੱਕ ਲੜਕੀ ਬਿਮਾਰੀ ਕਾਰਨ ਜਲਦੀ ਸਵਰਗ ਸਿਧਾਰ ਗਏ ਸਨ। ਰਣਜੀਤ ਕੌਰ ਗਿਆਨੀ ਗੁਰਮੁਖ ਸਿੰਘ ਦੀ ਗ਼ੈਰਹਾਜ਼ਰੀ ਵਿੱਚ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਰਹੇ। ਇਸ ਸਮੇਂ ਉਨ੍ਹਾਂ ਦੀ ਇੱਕੋ ਲੜਕੀ ਜੋਗਿੰਦਰ ਕੌਰ ਜ਼ਿੰਦਾ ਹਨ, ਜੋ ਚੰਡੀਗੜ੍ਹ ਰਹਿੰਦੇ ਹਨ।
ਤਸਵੀਰ : ਗਿਆਨੀ ਗੁਰਮੁੱਖ ਸਿੰਘ ਮੁਸਾਫ਼ਿਰ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਚਰਨਜੀਤ ਸਮਾਲਸਰ ਦਾ ਕਾਵਿ ਸੰਗ੍ਰਹਿ ‘ਫ਼ਿਕਰ ਨਾ ਕਰੀਂ’ ਰੁਮਾਂਸਵਾਦ ਤੇ ਸਮਾਜਿਕ ਸਰੋਕਾਰਾਂ ਦਾ ਸੁਮੇਲ - ਉਜਾਗਰ ਸਿੰਘ
‘ਫ਼ਿਕਰ ਨਾ ਕਰੀਂ’ ਚਰਨਜੀਤ ਸਮਾਲਸਰ ਦਾ ਪਲੇਠਾ ਕਾਵਿ ਸੰਗ੍ਰਹਿ ਹੈ। ਉਹ ਸੰਵੇਦਨਸ਼ੀਲ ਤੇ ਸੂਖ਼ਮਭਾਵੀ ਕਵੀ ਹੈ। ਉਸਦੀਆਂ ਕਵਿਤਾਵਾਂ ਸਮਾਜ ਨੂੰ ਵੰਗਾਰਦੀਆਂ ਹੋਈਆਂ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਇੱਕਮੁਠ ਹੋ ਕੇ ਜਦੋਜਹਿਦ ਕਰਨ ਲਈ ਪ੍ਰੇਰਦੀਆਂ ਹਨ। ਉਹ ਮਾਨਵੀ ਸਰੋਕਾਰਾਂ ਦਾ ਪ੍ਰਤੀਨਿਧ ਤੇ ਪ੍ਰਤੀਬੱਧ ਕਵੀ ਹੈ। ਉਸਦੀ ਖੁਲ੍ਹੀ ਤੇ ਸਰੋਦੀ ਕਵਿਤਾ ਵਿਚਾਰ ਪ੍ਰਧਾਨ ਹੈ। ਆਪਣੇ ਵਿਚਾਰ ਵੀ ਸਹਿਜਤਾ ਨਾਲ ਸਥਿਤੀਆਂ ਅਤੇ ਪ੍ਰਸਿਥਿਤੀਆਂ ਨੂੰ ਮੁੱਖ ਰੱਖਕੇ ਦਿੰਦਾ ਹੈ। ਉਹ ਆਪਣੇ ਵਿਚਾਰਾਂ ਨੂੰ ਕਵਿਤਾ ਦਾ ਰੂਪ ਦਿੰਦਾ ਹੈ। ਉਸਦੀਆਂ ਕਵਿਤਾਵਾਂ ਸਮਾਜ ਨੂੰ ਸੇਧ ਦੇਣ ਵਾਲੀਆਂ ਹਨ। ਚਰਨਜੀਤ ਸਮਾਲਸਰ ਸਹਿਜਤਾ ਨਾਲ ਕਵਿਤਾ ਲਿਖਦਾ ਹੈ। ਕਵੀ ਕਿਰਤੀਆਂ ਦੀ ਵਕਾਲਤ ਕਰਦਾ ਹੋਇਆ ਉਨ੍ਹਾਂ ਨੂੰ ਸਿਆਸਤਦਾਨਾ ਦੀ ਲੁੱਟ ਘਸੁੱਟ ਤੋਂ ਬਚਣ ਲਈ ਲਾਮਬੰਦ ਹੋਣ ਦੀ ਤਾਕੀਦ ਕਰਦਾ ਹੈ। ਉਸਦੀ ਕਵਿਤਾ ਨਾਹਰਾਵਾਦੀ ਤਾਂ ਹੈ, ਪ੍ਰੰਤੂ ਅਰਥ ਭਰਪੂਰ ਹੋਣ ਕਰਕੇ ਰੜਕਦੀ ਨਹੀਂ, ਕਿਉਂਕਿ ਉਹ ਆਪਣੀ ਕਵਿਤਾ ਵਿੱਚ ਸਰੋਦੀ ਸੁਰ ਪਾ ਦਿੰਦਾ ਹੈ। ਉਹ ਕਵਿਤਾ ਨੂੰ ਸਮਰਪਤ ਹੈ, ਲੋਕ ਪੀੜਾ ਨੂੰ ਮਹਿਸੂਸ ਕਰਦਿਆਂ ਕਾਵਿਕ ਰੂਪ ਦਿੰਦਾ ਹੈ। ਸ਼ਾਇਰ ਨੇ ਆਪਣੀ ਨਿੱਜੀ ਜ਼ਿੰਦਗੀ ਦੇ ਤਜ਼ਰਬਿਆਂ ਨੂੰ ਲੋਕਾਈ ਦੇ ਬਣਾਕੇ ਪੇਸ਼ ਕੀਤਾ ਹੈ, ਇਹੋ ਕਵੀ ਦੀ ਪ੍ਰਾਪਤੀ ਹੈ। ਇਨ੍ਹਾਂ ਵਿੱਚੋਂ ਰੁਮਾਂਸਵਾਦੀ ਕਵਿਤਾਵਾਂ ਵਿੱਚ ਵੀ ਬਹੁਤਾ ਰੋਣਾ ਧੋਣਾ ਨਹੀਂ ਹੈ, ਜਿਵੇਂ ਆਮ ਤੌਰ ‘ਤੇ ਰੁਮਾਂਸਵਾਦੀ ਕਵਿਤਾਵਾਂ ਵਿੱਚ ਭਾਰੂ ਹੁੰਦਾ ਹੈ। ਕਵੀ ਆਪਣੀਆਂ ਕਵਿਤਾਵਾਂ ਰਾਹੀਂ ਧੜੱਲੇਦਾਰੀ ਨਾਲ ਸਰਕਾਰਾਂ ਨਾਲ ਆਡ੍ਹਾ ਵੀ ਲਾਉਂਦਾ ਹੈ। ਧਾਰਮਿਕ ਕੱਟੜਤਾ ਦਾ ਵਿਰੋਧੀ ਹੈ। ਸਰਕਾਰ ਦੀ ਸਾਹਿਤਕਾਰਾਂ, ਕਲਮਕਾਰਾਂ ਅਤੇ ਚਿੰਤਕਾਂ ਨੂੰ ਦਬਾਕੇ ਰੱਖਣ ਦੀ ਨੀਤੀ ਵੰਗਾਰਦਾ, ਕਵੀ ਇਸ ਸੰਗ੍ਰਹਿ ਦੀ ਪਹਿਲੀ ਕਵਿਤਾ ‘ਬੜਾ ਡਰੇ ਹੋਏ ਨੇ ਉਹ’ ਵਿੱਚ ਲਿਖਦਾ ਹੈ:
ਉਹ ਚਾਹੁੰਦੇ ਨੇ
ਮੇਰੀ ਕਲਮ ਦੀ
ਸਿਆਹੀ ਸੁੱਕ ਜਾਵੇ
ਅੱਖਰ-ਕ੍ਰਾਂਤੀ ਰੁਕ ਜਾਵੇ
‘ਲਾਲ’ ਤਾਂ ਜਮ੍ਹਾਂ ਈ ਮੁੱਕ ਜਾਵੇ
ਸਿਆਸਤ ਦੀ ਸੱਪਣੀ
ਮੇਰੀ ਕਲਮ ਦੀ ਨੋਕ ’ਤੇ
ਜ਼ਹਿਰ ਉਗਲ਼ ਜਾਵੇ।
ਚਰਨਜੀਤ ਸਮਾਲਸਰ ਦੀਆਂ ਕਵਿਤਾਵਾਂ ਕਹਿੰਦੀਆਂ ਹਨ ਕਿ ਹੰਕਾਰੀ ਤੇ ਜ਼ਾਬਰ ਸਰਕਾਰਾਂ ਦੀ ਜ਼ੋਰ-ਜ਼ਬਰਦਸਤੀ ਹਮੇਸ਼ਾ ਨਹੀਂ ਚਲੇਗੀ, ਸਮਾਂ ਬੜਾ ਬਲਵਾਨ ਹੁੰਦੈ। ਜ਼ਾਤ-ਪਾਤ ਤੇ ਊਚ-ਨੀਚ ਦੀਆਂ ਵੰਡੀਆਂ ਪਾ ਕੇ ਲੁੱਟ ਘਸੁੱਟ ਬੰਦ ਕਰਨ ਲਈ ਇਕ-ਨਾ-ਇੱਕ ਦਿਨ ਕਿਰਤੀ ਉਠਣਗੇ। ‘ਕਿਰਤ ਦਾ ਮੁੱਲ’ ਕਵਿਤਾ ਵਿੱਚ ਸ਼ਾਇਰ ਲਿਖਦੈ
ਕਿਰਤ ਤੇਰੀ ਜੋ ਲੁੱਟੀ ਜਾਂਦੇ
ਹਾਕਮ ਚੋਰ ਲੁਟੇਰੇ
ਆ ਇਨ੍ਹਾਂ ਦਾ ਬਣਕੇ ਝੱਖੜ
ਕਰੀਏ ਦੀਵਾ ਗੁਲ
ਊਚ-ਨੀਚ ਦੇ ਬੰਧਨ ਵਾਲੀ
ਢਾਹ ਦਿਉ ਕੰਧ ਉਚੇਰੀ
ਜ਼ਾਤ-ਪਾਤ ਦੀਆਂ ਥੋਹਰਾਂ ਪੁੱਟ ਕੇ
ਬੀਜੋ ਏਕੇ ਦੇ ਫੁੱਲ।
‘ਅਜੇ ਤਾਂ.. ..’ ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ ਕਿ ਮਨੁੱਖ ਦਾ ਇਰਾਦਾ ਮਜ਼ਬੂਤ ਅਤੇ ਨਿਸ਼ਾਨਾ ਨਿਸਚਤ ਹੋਣਾ ਚਾਹੀਦਾ, ਸੰਸਾਰ ਵਿੱਚ ਕੋਈ ਅਜਿਹੀ ਟੀਸੀ ਨਹੀਂ ਜਿਸਨੂੰ ਸਰ ਨਹੀਂ ਕੀਤਾ ਜਾ ਸਕਦਾ। ਹੁਕਮਰਾਨਾ ਦੀਆਂ ਅਥਾਹ ਸ਼ਕਤੀਆਂ ਦੇ ਤੂਫ਼ਾਨਾ ਦਾ ਰਸਤਾ ਮਨੁੱਖਤਾ ਦੀ ਏਕਤਾ ਨਾਲ ਮੋੜਿਆ ਜਾ ਸਕਦਾ ਹੈ। ਗ਼ਰੀਬੀ, ਕਰਜ਼ੇ ਅਤੇ ਜ਼ਿੰਦਗੀ ਦੇ ਰਸਤੇ ਵਿੱਚ ਆਉਣ ਵਾਲੀਆਂ ਹੋਰ ਅਲਾਮਤਾਂ ਨੂੰ ਖ਼ਤਮ ਕਰਕੇ ਸੁੱਖ ਦਾ ਜੀਵਨ ਜੀਵਿਆ ਜਾ ਸਕਦਾ ਹੈ। ਕਵੀ ਆਸ਼ਾਵਾਦੀ ਹੈ। ਇਸੇ ਤਰ੍ਹਾਂ ‘ਮੈਂ ਕਰਾਂਗਾ ਪਿਆਰ’ ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ ਕਿ ਭਾਵੇਂ ਕਿਸਾਨਾ ਦੇ ਰਾਹ ਵਿੱਚ ਅਨੇਕ ਕਿਸਮ ਦੀਆਂ ਮੁਸੀਬਤਾਂ ਪਹਾੜ ਬਣਕੇ ਖੜ੍ਹ ਜਾਂਦੀਆਂ ਹਨ, ਪ੍ਰੰਤੂ ਕਿਸਾਨ ਆਪਣੀ ਮਿਹਨਤ ਨਾਲ ਹਰ ਔਕੜ ਨੂੰ ਦੂਰ ਕਰਕੇ ਸਫ਼ਲਤਾ ਪ੍ਰਾਪਤ ਕਰ ਲੈਂਦਾ ਹੈ। ਸਰਕਾਰਾਂ ਉਸਦੇ ਰਾਹ ਨਹੀਂ ਰੋਕ ਸਕਦੀਆਂ। ਕਵੀ ਕਈ ਵਾਰ ਅਧਿਆਤਮਵਾਦ ਤੇ ਰੁਮਾਂਸਵਾਦ ਦਾ ਸੁਮੇਲ ਵੀ ਕਰ ਦਿੰਦਾ ਹੈ, ਜਿਵੇਂ ‘ਮੇਰੀ ਚੁੱਪ’ ਕਵਿਤਾ ਵਿੱਚ ਲਿਖਦਾ ਹੈ। ਇਸ ਮੰਤਵ ਦੀ ਪ੍ਰਾਪਤੀ ਲਈ ਗਿਆਨ ਪ੍ਰਾਪਤ ਕਰਨਾ ਜ਼ਰੂਰੀ ਹੈ। ‘ਐ ਮੇਰੇ ਸ਼ਬਦੋ’ ਵਿੱਚ ਸ਼ਾਇਰ ਨੇ ਸਾਫ਼ ਕਰ ਦਿੱਤਾ ਹੈ ਕਿ ਗਿਆਨ ਦੀ ਰੌਸ਼ਨੀ ਹੀ ਗੁਰਬਤ ਨੂੰ ਦੂਰ ਕਰ ਸਕਦੀ ਹੈ, ਮਜ਼ਲੂਮਾ, ਦੱਬੇ ਕੁਚਲੇ ਤੇ ਗ਼ਰੀਬ ਲੋਕਾਂ ਨੂੰ ਆਪਣੇ ਹੱਕ ਲੈਣ ਵਾਸਤੇ ਝੂਠ ਦੇ ਨਕਾਬ ਲਾਹਕੇ ਸਮਾਜ ਅੱਗੇ ਸੁੱਟਣੇ ਪੈਣਗੇ ਤਾਂ ਹੀ ਇਨ੍ਹਾਂ ਭੇੜੀਆਂ ਤੋਂ ਬਚਿਆ ਜਾ ਸਕਦਾ ਹੈ। ਬਲਾਤਕਾਰੀਆਂ ਦਾ ਵਿਰੋਧ ਦ੍ਰਿੜ੍ਹਤਾ ਨਾਲ ਕਰਨਾ ਪਵੇਗਾ। ਇਸੇ ਤਰ੍ਹਾਂ ‘ਕੌਣ ਪੁੱਛਦਾ ਏ.. ..?’ ਸਿਰਲੇਖ ਵਾਲੀ ਕਵਿਤਾ ਵਿੱਚ ਕਵੀ ਸਮਾਜ ਨੂੰ ਅਨੇਕ ਸਵਾਲ ਕਰਦਾ ਹੈ ਕਿ ਕੁਰਬਾਨੀਆਂ ਕਰਨ ਵਾਲਿਆਂ, ਗ਼ਰੀਬਾਂ, ਸੱਚ ਬੋਲਣ ਵਾਲਿਆਂ, ਧਾਰਮਿਕ ਲੋਕਾਂ ਦੀਆਂ ਜ਼ਿਆਦਤੀਆਂ ਅਤੇ ਹੋਰ ਅਨੇਕ ਅਲਾਮਤਾਂ ਤੋਂ ਕੌਣ ਖਹਿੜਾ ਛੁਡਾਏਗਾ? ਸ਼ਾਇਰ ਦਾ ਭਾਵ ਹੈ ਕਿ ਲੋਕਾਈ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣਾ ਪਵੇਗਾ। ਰਾਹ ਦਸੇਰਾ ਬਣਨਾ ਪਵੇਗਾ ਤਾਂ ਹੀ ਸਮਾਜ ਦਾ ਭਲਾ ਹੋ ਸਕਦਾ ਹੈ। ਗ਼ਰੀਬ ਅਮੀਰ ਦੇ ਅੰਤਰ ਬਾਰੇ ਵੀ ‘ਅੰਤਰ’ ਸਿਰਲੇਖ ਵਾਲੀ ਕਵਿਤਾ ਵਿੱਚ ਬਾਕਮਾਲ ਉਦਾਹਰਨਾ ਦੇ ਕੇ ਲਿਖਿਆ ਹੈ। ਚਰਨਜੀਤ ਸਮਾਲਸਰ ਨੇ ਮਾਂ ਦੇ ਯੋਗਦਾਨ ਬਾਰੇ ‘ਮਾਏ ਨੀ’, ‘ਗ਼ਰੀਬੜੀ ਮਾਂ’, ‘ਮਾਂ, ਮੰਜ਼ਿਲ ਤੇ ਮੈਂ’ ਅਤੇ ‘ਮਾਂ ਮਹਿਬੂਬ ਤੇ ਕਵਿਤਾ’ ਕਵਿਤਾਵਾਂ ਲਿਖੀਆਂ ਹਨ, ਜੋ ਬਹੁਤ ਹੀ ਭਾਵਪੂਰਤ ਹਨ। ਇਨ੍ਹਾਂ ਕਵਿਤਾਵਾਂ ਵਿੱਚ ਸ਼ਾਇਰ ਨੇ ਦੱਸਿਆ ਹੈ ਕਿ ਮਾਂ ਆਪਣੀ ਔਲਾਦ ਲਈ ਹਰ ਕੁਰਬਾਨੀ ਕਰਨ ਨੂੰ ਤਿਆਰ ਰਹਿੰਦੀ ਹੈ, ਮਜ਼ਦੂਰੀ ਕਰਨੀ ਪੈਂਦੀ ਹੈ, ਉਹ ਵੀ ਕਰ ਲੈਂਦੀ ਹੈ, ਭੁੱਖਾ ਰਹਿਣਾ ਪਵੇ ਉਹ ਵੀ ਰਹਿ ਲੈਂਦੀ ਹੈ ਪ੍ਰੰਤੂ ਆਪਣੀ ਔਲਾਦ ਦਾ ਭਵਿਖ ਸੁਨਹਿਰਾ ਚਾਹੁੰਦੀ ਹੈ।
ਇਸ ਕਾਵਿ ਸੰਗ੍ਰਹਿ ਦਾ ਦੂਜਾ ਪੱਖ ਰੁਮਾਂਸਵਾਦੀ ਕਵਿਤਾਵਾਂ ਦਾ ਹੈ, ਜਿਸ ਵਿੱਚ ਕਵੀ ਨੇ ਲਿਖਿਆ ਹੈ ਕਿ ਇਸ਼ਕ ਜ਼ਿੰਦਗੀ ਦੀ ਰਵਾਨਗੀ ਲਈ ਜ਼ਰੂਰੀ ਵੀ ਹੁੰਦਾ ਹੈ, ਪ੍ਰੰਤੂ ਇਸ਼ਕ- ਮੁਹੱਬਤ ਦਾ ਪੈਂਡਾ ਤਹਿ ਕਰਨਾ ਅਸੰਭਵ ਤਾਂ ਨਹੀਂ, ਔਖਾ ਜ਼ਰੂਰ ਹੁੰਦਾ ਹੈ। ਆਸ਼ਕ-ਮਸ਼ੂਕ ਦੇ ਰਸਤੇ ਵਿੱਚ ਰੁਕਾਵਟਾਂ ਪਹਾੜਾਂ ਤੋਂ ਵੀ ਵੱਡੀਆਂ ਹੁੰਦੀਆਂ ਹਨ। ਇਸ਼ਕ ਕੁਰਬਾਨੀ ਮੰਗਦਾ ਹੈ, ਕਈ ਵਾਰੀ ਮੌਤ ਨਾਲ ਵੀ ਲੜਨਾ ਪੈਂਦਾ ਹੈ। ‘ਪੰਧ ਦਾ ਬਿਰਖ’, ‘ਤੂੰ ਉਹ ਨਹੀਂ ਸੀ’, ਭਟਕਣਾ-1’ ਅਤੇ ‘ਮਹਿੰਗੇ ਮੋਤੀ’ ਕਵਿਤਾਵਾਂ ਵਿੱਚ ਬ੍ਰਿਹਾ ਦੀ ਤ੍ਰਾਸਦੀ ਪ੍ਰਗਟਾਉਂਦਾ ਹੋਇਆ ਕਵੀ ਲਿਖਦਾ ਹੈ:
ਜ਼ਹਿਰ ਪਿਆਲਾ ਹੱਸ ਹੱਸ ਪੀਤਾ
ਪੀਤਾ ਵਾਂਗਰ ਕਾੜ੍ਹੇ।
ਮਹਿੰਗੇ ਪੈਂਦੇ ਇਸ਼ਕ ਯਰਾਨੇ
ਮੰਗਦੇ ਜਾਨ ਦੇ ਭਾੜੇ।
ਅਰਸ਼ੋਂ ਟੁੱਟੀ ਗੁੱਡੀ ਲੋਕੋ
ਕੋਈ ਨਾ ਉਪਰ ਚਾੜ੍ਹੇ।
ਮੌਤ ਮੇਰੀ ਵੀ ਚੜ੍ਹ ਕੇ ਆਈ
ਆਈ ਵਾਂਗਰ ਲਾੜੇ।
ਉਸ ਦੀਆਂ ਕਵਿਤਾਵਾਂ ਮੁਹੱਬਤ ਦੇ ਗੀਤ ਵੀ ਗਾਉਂਦੀਆਂ ਹਨ, ਜਿਵੇਂ ਕਾਵਿ ਸੰਗ੍ਰਹਿ ਦੇ ਸਿਰਲੇਖ ਵਾਲੀ ਕਵਿਤਾ ‘ਤੂੰ ਫ਼ਿਕਰ ਨਾ ਕਰੀਂ’ ਵਿੱਚ ਵੀ ਸ਼ਾਇਰ ਆਪਣੀ ਮੁਹੱਬਤ ਵਿੱਚ ਸਫ਼ਲ ਹੋਣ ਦਾ ਵਿਸ਼ਵਾਸ ਕਰਦਾ ਹੋਇਆ ਕਹਿੰਦਾ ਹੈ ਕਿ ਹਰ ਹਾਲਤ ਵਿੱਚ ਉਹ ਆਪਣੇ ਨਿਸ਼ਾਨੇ ਤੇ ਪਹੁੰਚੇਗਾ, ਕੋਈ ਵੀ ਉਸਦਾ ਰਸਤਾ ਨਹੀਂ ਰੋਕ ਸਕਦਾ, ਕਿਉਂਕਿ ਉਸਦੀ ਮੁਹੱਬਤ ਪਾਕਿ ਤੇ ਪਵਿਤਰ ਹੈ। ਉਸ ਦੀਆਂ ਰੁਮਾਂਸਵਾਦੀ ਕਵਿਤਾਵਾਂ, , ‘ਰੂਹਾਂ ਦੇ ਰਿਸ਼ਤੇ’, ‘ਮਾਏ ਨੀ’, ‘ਬੇਮੌਸਮਾ ਫੁੱਲ’, ‘ਉਹ ਕੁੜੀ’, ‘ਨਵੀਂ ਪਹਿਚਾਣ’, ‘ਉਮਰ ਦਾ ਪੜਾਅ’, ‘ਇੰਜ ਵੀ ਹੋਣਾ ਸੀ-1’, ‘ਅਤੀਤ’, ‘ਗੈੱਟ-ਲਾਸਟ’, ‘ਪੱਬ’, ‘ਕੀ ਕਰਾਂ?’, ਆਦਿ ਹਨ। ‘ਸਾਨੂੰ ਨਹੀਂ ਆਉਂਦਾ’ ਸਿਰਲੇਖ ਵਾਲੀ ਨਜ਼ਮ ਵਿੱਚ ਲਿਖਦਾ ਹੈ:
ਅਸੀਂ ਤਾਂ
ਮੁਹੱਬਤ ਦੇ ਰੁੱਖਾਂ ‘ਚੋਂ
ਨਿਕਲਦੀ ਖ਼ੁਸ਼ਬੋ ਹਾਂ
ਨਫ਼ਰਤ ਦਾ ਜ਼ਹਿਰ ਫ਼ੈਲਾਉਣਾ
ਸਾਡੇ ਹਿੱਸੇ ਨਹੀਂ ਆਇਆ।
ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਕਵਿਤਾਵਾਂ ਆਸ਼ਕ-ਮਾਸ਼ੂਕ ਨੂੰ ਬ੍ਰਿਹਾ ਦੀ ਪੀੜਾ ਵਿੱਚ ਤੜਪਦਿਆਂ ਨੂੰ ਦਰਸਾ ਰਹੀਆਂ ਹਨ। ਦੋ ਕਵਿਤਾਵਾਂ ‘ਅਸੀਂ ਟੁੱਟ ਜਾਣਾ..’ ਅਤੇ ‘ਬਦਵਖ਼ਤੀ ਦਾ ਕੁਹਾੜਾ’ ਨਿਰਾਸ਼ਾਵਾਦੀ ਸੋਚ ਦੀਆਂ ਲਖਾਇਕ ਹਨ। ਭਵਿਖ ਵਿੱਚ ਇਸ ਤੋਂ ਵੀ ਵਧੀਆ ਕਾਵਿ ਸੰਗ੍ਰਹਿ ਦੀ ਕਾਮਨਾ ਕੀਤੀ ਜਾ ਸਕਦੀ ਹੈ।
80 ਪੰਨਿਆਂ, 180 ਰੁਪਏ ਕੀਮਤ ਵਾਲਾ ਇਹ ਕਾਵਿ ਸੰਗ੍ਰਹਿ ਕੈਲੀਬਰ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ:ਚਰਨਜੀਤ ਸਮਾਲਸਰ : 9814400878
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.co
ਅਲਵਿਦਾ! ਪੰਜਾਬੀ ਦੇ ਮੁੱਦਈ ਬਹੁ-ਪੱਖੀ ਸ਼ਖ਼ਸੀਅਤ : ਜੈਤੇਗ ਸਿੰਘ ਅਨੰਤ - ਉਜਾਗਰ ਸਿੰਘ
ਪੰਜਾਬ ਅਤੇ ਪੰਜਾਬੀ ਦੇ ਮੁੱਦਈ ਪ੍ਰਸਿੱਧ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਲੰਬੀ ਬਿਮਾਰੀ ਤੋਂ ਬਾਅਦ ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਰਾਜ ਦੇ ਸਰੀ ਸ਼ਹਿਰ ਵਿੱਚ 79 ਸਾਲ ਦੀ ਉਮਰ ਵਿੱਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਨਾਮਵਰ ਲੇਖਕ ਜੈਤੇਗ ਸਿੰਘ ਅਨੰਤ ਪਿਛਲੇ 28 ਸਾਲਾਂ ਤੋਂ ਕੈਨੇਡਾ ਦੇ ਸਰੀ ਸ਼ਹਿਰ ਵਿਚ ਰਹਿ ਰਹੇ ਸਨ। ਪੰਜਾਬੀ ਸਾਹਿਤ ਦੇ ਅਦਬ ਦੇ ਹਵਾਲੇ ਨਾਲ ਉਨ੍ਹਾਂ ਦਾ ਇਕ ਵਿਸ਼ੇਸ਼ ਮੁਕਾਮ ਸੀ। ਉਨ੍ਹਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਵਿਚ ਲਗਪਗ ਦੋ ਦਰਜਨ ਪੁਸਤਕਾਂ ਪਾਈਆਂ ਹਨ, ਜਿਨ੍ਹਾਂ ਵਿਚੋਂ 3 ਪੁਸਤਕਾਂ ਗ਼ਦਰ ਦੀ ਗੂੰਜ, ਸਿਮਰਤੀ ਗ੍ਰੰਥ ਭਾਈ ਰਣਧੀਰ ਸਿੰਘ ਅਤੇ ਪੰਥ ਦੀ ਸੋਨ ਚਿੜ੍ਹੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਜੀਵਨ ਤੇ ਸ਼ਖ਼ਸੀਅਤ ਨੂੰ ਸਮਰਪਤ ਹਨ। ਉਸਦੀ ਸੰਪਾਦਤ ਕੀਤੀ ਪੁਸਤਕ ਪ੍ਰਸਿਧ ਸੁਤੰਤਰਤਾ ਸੰਗਰਾਮੀ, ਦੇਸ਼ ਭਗਤ ਅਤੇ ਸਿੱਖੀ ਅਤੇ ਪੰਜਾਬੀਅਤ ਨੂੰ ਵਰਸੋਈ ਸ਼ਖਸ਼ੀਅਤ ਜਿਸਦੀ ਦੇਣ ਨੂੰ ਬਹੁ ਪਾਸਾਰੀ ਕਿਹਾ ਜਾ ਸਕਦਾ ਹੈ, ਮੇਰੀ ਮੁਰਾਦ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੇ ‘ ਭਾਈ ਰਣਧੀਰ ਸਿੰਘ ਸਿਮਰਤੀ ਗ੍ਰੰਥ’ ਤੋਂ ਹੈ, ਜਿਹੜਾ, ਨਸ਼ਿਆਂ ਵਿੱਚ ਗਲਤਾਨ ਪੰਜਾਬੀ ਨੌਜਵਾਨਾ ਲਈ ਗਾਡੀ ਰਾਹ ਸਾਬਤ ਹੋਵੇਗੀ। ਗ਼ਦਰ ਦੀ ਗੂੰਜ ਚਾਰ ਪੁਸਤਕਾਂ ਮਹਾਨ ਚਿੰਤਕ ਸਿਰਦਾਰ ਕਪੂਰ ਸਿੰਘ ਦੀਆਂ ‘ਸਿਰਦਾਰ’, ‘ਇੱਕ ਸਿੱਖ ਦਾ ਬੁਧ ਨੂੰ ਪ੍ਰਣਾਮ’ ਅਤੇ ਚੋਣਵੇਂ ਲੇਖਾਂ ਦੀਆਂ ਦੋ ਪੁਸਤਕਾਂ ‘ਪੰਚ ਨਦ’ ਤੇ ‘ਬੁਲੰਦ ਆਵਾਜ਼’ ਸੰਪਾਦਤ ਕਰਕੇ ਵਿਲੱਖਣ ਕਾਰਜ਼ ਕੀਤਾ ਹੈ। ਛੇ ਪੁਸਤਕਾਂ ‘ਰਾਗ ਮਾਲਾ’, ‘ਰਾਗ ਮਾਲਾ ਦਰਪਨ’, ‘ਜਨ ਪਰਉਪਕਾਰੀ ਆਏ’, ‘ਕੂੜ ਨ ਪਹੁੰਚੇ ਸੱਚ ਨੂੰ’, ‘ਝਟਕਾ ਮਾਸ ਪ੍ਰਥਾਇ ਤਤ ਗੁਰਮਤਿ ਨਿਰਣਯ’, ‘ਸਭਿ ਅਵਗੁਣ ਮੈਂ’ ਵੀ ਪ੍ਰਕਾਸ਼ਤ ਕੀਤੀਆਂ ਹਨ। ਇੱਕ ਪੁਸਤਕ ‘ਛੁਪੇ ਰਹਿਣ ਦੀ ਚਾਹ’ ਪ੍ਰਕਾਸ਼ਨਾ ਅਧੀਨ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਜੀਵਨੀ ਦਾ ਖਰੜਾ ਵੀ ਤਿਆਰ ਪਿਆ ਹੈ। ਉਨ੍ਹਾਂ ਨੇ ਇੱਕ ਫੱਕਰ ਅਤੇ ਅਣਥੱਕ ਯੋਗੀ ਦੀ ਤਰ੍ਹਾਂ ਪੰਜਾਬ ਦੀ ਮਿੱਟੀ ਵਿਚ ਗੁਆਚੇ ਮੋਤੀਆਂ ਨੂੰ ਲੱਭਕੇ ਉਹਨਾਂ ਨੂੰ ਮਾਂਜ ਸਵਾਰਕੇ ਤੇ ਲਿਸ਼ਕਾਕੇ ਲੋਕਾਂ ਸਾਹਮਣੇ ਪ੍ਰੱਸਤੱਤ ਕੀਤਾ ਸੀ। ਦੋ ਪੁਸਤਕਾਂ ਲਹਿੰਦੇ ਪੰਜਾਬ ਦੇ ਪ੍ਰਸਿੱਧ ਅਦੀਬ ਉਸਤਾਦ ਦਾਮਨ ਦੇ ਜੀਵਨ ਨਾਲ ਜੁੜੀਆਂ ਹੋਈਆਂ ਹਨ। ਪਾਕਿਸਤਾਨ ਸਰਕਾਰ ਵਲੋਂ ਅਣਗੌਲੇ ਪੰਜਾਬੀ ਦੇ ਸਿਰਮੌਰ ਸਟੇਜੀ ਸ਼ਾਇਰ ਚਿਰਾਗ ਦੀਨ ਦਾਮਨ, ਜਿਹੜਾ ਉਸਤਾਦ ਦਾਮਨ ਦੇ ਨਾਂ ਤੇ ਜਾਣਿਆਂ ਜਾਂਦਾ ਹੈ, ਦੇ ਪੰਜਾਬੀ ਦੇ ਯੋਗਦਾਨ ਬਾਰੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਗੁਰਮੁੱਖੀ) ਅਤੇ ‘ਬੇਨਿਆਜ ਹਸਤੀ ਉਸਤਾਦ ਦਾਮਨ’ (ਸ਼ਾਹਮੁੱਖੀ) ਵਿੱਚ ਸੰਪਾਦਤ ਕਰਕੇ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਸਨ। ਇਹ ਪੁਸਤਕਾਂ ਇੱਕ ਮੀਲ ਪੱਥਰ ਸਾਬਤ ਹੋਈਆਂ ਹਨ ਕਿਉਂਕਿ ਪਾਕਿਸਤਾਨ ਸਰਕਾਰ ਉਸਤਾਦ ਦਾਮਨ ਨੂੰ ਪੰਜਾਬੀ ਵਿੱਚ ਲਿਖਣ ਤੋਂਂ ਵਰਜਦੀ ਰਹੀ ਤੇ ਹਮੇਸ਼ਾ ਉਸਨੂੰ ਉਰਦੂ ਦਾ ਸ਼ਾਇਰ ਹੀ ਕਹਿੰਦੀ ਰਹੀ ਹੈ। ਅਸਲ ਵਿੱਚ ਜੈਤੇਗ ਸਿੰਘ ਅਨੰਤ ਚੜ੍ਹਦੇ ਤੇ ਲਹਿੰਦੇ ਪੰਜਾਬ ਅਤੇ ਦੁਨੀਆਂ ਵਿੱਚ ਵਸਦੇ ਪੰਜਾਬੀਆਂ ਦਰਮਿਆਨ ਸਾਹਿਤਕ ਕੜੀ ਦਾ ਕੰਮ ਕਰ ਰਿਹਾ ਸੀ। ਉਸਨੇ ਤਿੰਨ ਪੁਸਤਕਾਂ ‘ਮਹਿਕ ਸਮੁੰਦਰੋਂ ਪਾਰ’, ‘ਕਲਾ ਦੇ ਵਣਜਾਰੇ’ ਅਤੇ ‘ਗਾਇਕੀ ਦਾ ਬੇਸ਼ਕੀਮਤੀ ਹੀਰਾ’ ਪ੍ਰਕਾਸ਼ਤ ਕਰਵਾਕੇ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਦੇ ਪ੍ਰਤੀਕ ਵਿਅਕਤੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਂਦਾ ਸੀ। ਇਹ ਤਿੰਨੋ ਪੁਸਤਕਾਂ ਵਿਦੇਸ਼ਾਂ ਵਿੱਚ ਪ੍ਰਵਾਸ ਕਰ ਰਹੇ ਕਲਾਕਾਰਾਂ ਦੀ ਪੰਜਾਬੀ ਸਭਿਆਚਾਰ ਨੂੰ ਦਿੱਤੀ ਦੇਣ ਦਾ ਪ੍ਰਗਟਾਵਾ ਕਰ ਰਹੀਆਂ ਹਨ। ਸਿੱਖ ਇਤਿਹਾਸ ਨਾਲ ਸੰਬੰਧਤ ਉਨ੍ਹਾਂ ਦੀਆਂ ਦੋ ਪੁਸਤਕਾਂ ‘ਗ਼ਦਰੀ ਯੋਧੇ’ ਤੇ ‘ਗ਼ਦਰ ਦੀ ਕਹਾਣੀ’ ਵੀ ਪ੍ਰਕਾਸ਼ਤ ਹੋਈਆਂ ਹਨ। ਜੈਤੇਗ ਸਿੰਘ ਅਨੰਤ ਦੀ ਪੁਸਤਕ ‘ਗ਼ਦਰੀ ਯੋਧੇ’ ਨੂੰ ਸੰਪਾਦਨਾ ਵਿਚ ਭਾਸ਼ਾ ਵਿਭਾਗ ਪੰਜਾਬ ਨੇ ਸਰਵੋਤਮ ਪਹਿਲਾ ਪੁਰਸਕਾਰ ‘ਪ੍ਰਿੰਸੀਪਲ ਤੇਜਾ ਸਿੰਘ ਅਵਾਰਡ’ ਦਿੱਤਾ ਸੀ, ਜੈਤੇਗ ਸਿੰਘ ਨੇ ਆਪਣੇ ਫੋਟੋਗ੍ਰਾਫੀ ਦੇ ਸ਼ੌਕ ਦੇ ਨਾਲ ਇਤਿਹਾਸਕ ਸਥਾਨਾ ਬਾਰੇ 1968 ਵਿੱਚ ਲਿਖਣਾਂ ਵੀ ਸ਼ੁਰੂ ਕਰ ਦਿੱਤਾ ਜੋ ਕਿ ਹੌਲੀ-ਹੌਲੀ ਇੱਕ ਲੇਖਕ ਦੇ ਰੂਪ ਵਿਚ ਵਿਕਸਤ ਹੋ ਗਿਆ। ਉਸਦੇ ਸਾਹਿਤਕ ਸ਼ੌਕ ਨੇ ਉਸਨੂੰ ਸਰਕਾਰੀ ਨੌਕਰੀ ਤੋਂ ਸਮੇਂ ਤੋਂ ਪਹਿਲਾਂ ਹੀ ਸੇਵਾ ਮੁਕਤੀ ਲੈ ਕੇ ਆਪਣੇ ਮਸ ਨੂੰ ਪੂਰਾ ਕਰਨ ਲਈ ਮਜ਼ਬੂਰ ਕਰ ਦਿੱਤਾ। ਜਲਦੀ ਹੀ ਉਹ ਸਾਹਿਤਕ ਸੰਸਾਰ ਵਿੱਚ ਇੱਕ ਸੁਦ੍ਰਿੜ੍ਹ ਕਾਲਮ ਨਵੀਸ, ਸੰਪਾਦਕ, ਲੇਖਕ ਅਤੇ ਫੋਟੋ ਪੱਤਰਕਾਰ ਦੇੇ ਤੌਰ ਤੇ ਜਾਣਿਆਂ ਜਾਣ ਲੱਗ ਪਿਆ। ਫੋਟੋਗ੍ਰਾਫੀ ਦੇ ਅਥਾਹ ਸ਼ੌਕ ਨੇ ਹੀ ਉਸਨੂੰ ਇਤਿਹਾਸਕ ਮਹੱਤਤਾ ਵਾਲੇ ਦੁਰਲਭ ਸਥਾਨਾਂ ਦੀ ਫੋਟੋਗ੍ਰਾਫੀ ਕਰਨ ਕਰਕੇ ਇੱਕ ਪਰਪੱਕ ਸੰਪਾਦਕ ਬਣਾਇਆ। ਲੰਮਾ ਸਮਾਂ ਸਖਤ ਮਿਹਨਤ ਕਰਨ ਤੋਂ ਬਾਅਦ ਉਨ੍ਹਾਂ ਆਪਣਾ ਕਿਤਾਬੀ ਰੂਪ ਵਿੱਚ ਸਾਹਿਤਕ ਸਫਰ 2006 ਵਿੱਚ ਸ਼ੁਰੂ ਕੀਤਾ ਸੀ ਅਤੇ 8 ਸਾਲਾਂ ਵਿਚ ਹੀ ਉਨ੍ਹਾਂ ਨੇ ਇੱਕ ਦਰਜਨ ਤੋਂ ਵਧੇਰੇ ਪੁਸਤਕਾਂ ਵੱਖ-ਵੱਖ ਵਿਸ਼ਿਆਂ ਵਿੱਚ ਪੰਜਾਬੀ ਸਾਹਿਤਕ ਜਗਤ ਦੀ ਝੋਲੀ ਪਾਈਆਂ ਸਨ। ਉਹ ਭਾਵੇਂ ਅੱਜ ਕੱਲ੍ਹ ਪੰਜਾਬ ਤੋਂ ਹਜ਼ਾਰਾਂ ਮੀਲ ਦੂਰ ਕੈਨੇਡਾ ਵਿੱਚ ਪ੍ਰਵਾਸ ਕਰ ਰਿਹਾ ਸੀ, ਪ੍ਰੰਤੂ ਪੰਜਾਬ ਦੀ ਮਿੱਟੀ ਦੇ ਮੋਹ ਕਰਕੇ ਗੁਰਦੇ ਦੀ ਬਿਮਾਰੀ ਦੇ ਹੁੰਦਿਆਂ ਵੀ ਉਹ ਹਰ ਸਾਲ ਛੇ ਮਹੀਨੇ ਪੰਜਾਬ ਦੀ ਮਿੱਟੀ ਦੀ ਮਹਿਕ ਦੀ ਖ਼ੁਸ਼ਬੋ ਦਾ ਆਨੰਦ ਮਾਨਣ ਆਉਂਦਾ ਸੀ। ਇੱਥੇ ਉਹ ਟਿੱਕ ਕੇ ਨਹੀਂ ਬਹਿੰਦਾ ਸੀ, ਸਗੋਂ ਆਪਣੀਆਂ ਪੁਸਤਕਾਂ ਲਈ ਮੈਟਰ ਤੇ ਤਸਵੀਰਾਂ ਖਿਚਣ ਲਈ ਪੰਜਾਬ ਦੀ ਧਰਤੀ ਨੂੰ ਗਾਹ ਮਾਰਦਾ ਸੀ। ਮੁੱਢਲੇ ਤੌਰ ‘ਤੇ ਉਹ ਪੰਜਾਬੀ/ਖਾਲਸਾ/ਇਤਿਹਾਸ ਦੀ ਅਮੀਰ ਵਿਰਾਸਤ ਦੀਆਂ ਵੱਡਮੁੱਲੀਆਂ ਪ੍ਰਾਪਤੀਆਂ ਅਤੇ ਯਾਦਗਾਰਾਂ ਸੰਬੰਧੀ ਪੁਸਤਕਾਂ ਪ੍ਰਕਾਸ਼ਤ ਕਰਵਾਕੇ ਸੰਸਾਰ ਨੂੰ ਜਾਣੂੰ ਕਰਵਾਉਣਾ ਚਾਹੁੰਦਾ ਸੀ। ਅਨੰਤ ਅਜੇਹੇ ਕੰਮ ਕਰਨ ਨੂੰ ਤਰਜ਼ੀਹ ਦਿੰਦਾ ਸੀ, ਜਿਹੜੇ ਲਕੀਰ ਤੋਂ ਹੱਟਕੇ ਹੋਣ, ਉਹ ਆਮ ਲੋਕਾਂ ਦੀ ਤਰ੍ਹਾਂ ਲਕੀਰ ਦਾ ਫਕੀਰ ਨਹੀਂ। ਜਿਸ ਔਖੇ ਕਾਰਜ਼ ਨੂੰ ਕੋਈ ਵਿਅਕਤੀ ਕਰਨ ਦੀ ਹਿੰਮਤ ਨਾ ਕਰਦਾ ਹੋਵੇ, ਉਹ ਉਸ ਕੰਮ ਨੂੰ ਹੱਥ ਵਿੱਚ ਫੜਦਾ ਹੀ ਨਹੀਂ ਸਗੋਂ ਉਸਨੂੰ ਨੇਪਰੇ ਚਾੜ੍ਹ ਕੇ ਹੀ ਸਾਹ ਲੈਂਦਾ ਸੀ। ਚੜ੍ਹਦੇ ਸੂਰਜ ਨੂੰ ਤਾਂ ਹਰ ਕੋਈ ਸਲਾਮ ਕਰਦਾ ਹੈ ਪ੍ਰੰਤੂ ਜੈਤੇਗ ਸਿੰਘ ਅਨੰਤ, ਉਸ ਵਿਅਕਤੀ ਨੂੰ ਹੀ ਸਲਾਮ ਕਰਦਾ ਸੀ, ਜਿਸ ਨੂੰ ਸਮਾਜ ਨੇ ਅਣਗੌਲਿਆ ਕੀਤਾ ਹੋਵੇ। ਉਹ ਸਬਰ-ਸੰਤੋਖ ਵਾਲੇ ਸੰਤੁਸ਼ਟ ਵਿਅਕਤਿਤਵ ਦਾ ਮਾਲਕ ਸੀ, ਪ੍ਰੰਤੂ ਉਹ ਪੰਜਾਬੀ/ਸਿੱਖ/ਇਤਿਹਾਸ/ਸਭਿਅਚਾਰ ਦੇ ਸਮੁੰਦਰ ਵਿੱਚੋਂ ਹਮੇਸ਼ਾ ਅਜਿਹੇ ਗੁਆਚੇ ਮੋਤੀਆਂ ਨੂੰ ਲੱਭਦੇ ਰਹਿੰਦੇ ਸਨ, ਜਿਨ੍ਹਾਂ ਨੂੰ ਖ਼ੁਦਗਰਜ ਸਮਾਜ ਨੇ ਉਨ੍ਹਾਂ ਦੇ ਵਿਲੱਖਣ ਯੋਗਦਾਨ ਦੀ ਬੇਕਦਰੀ ਕਰਦਿਆਂ ਅਣਡਿਠ ਕੀਤਾ ਹੋਵੇ। ਵਿਸ਼ਿਆਂ ਦੀ ਚੋਣ ਕਰਨ ਲੱਗਿਆਂ ਵੀ ਜੈਤੇਗ ਸਿੰਘ ਅਨੰਤ ਨੇ ਕਮਾਲ ਹੀ ਕੀਤੀ ਹੈ, ਅਜਿਹੇ ਸਮੇਂ ਉਹ ਸਰਹੱਦਾਂ ਵੀ ਪਾਰ ਕਰ ਜਾਂਦਾ ਸੀ। ਇਸੇ ਕਰਕੇ ਜੈਤੇਗ ਸਿੰਘ ਨੂੰ ਹਮੇਸ਼ਾ ਨਵੀਂਆਂ ਪੈੜਾਂ ਪਾਉਣ ਅਤੇ ਖੁਦ ਪਗਡੰਡੀਆਂ ਬਣਾਕੇ ਪੰਜਾਬੀਆਂ ਨੂੰ ਉਨ੍ਹਾਂ ‘ਤੇ ਪਹਿਰਾ ਦੇਣ ਲਈ ਪ੍ਰੇਰਦੇ ਰਹਿੰਦੇ ਸਨ। ਉਹ ਖ਼ੁਸ਼ਬੋਆਂ ਦਾ ਵਣਜਾਰਾ ਸੀ ਤੇ ਪੰਜਾਬੀ ਵਿਰਸੇ ਵਿੱਚੋਂ ਖ਼ੁਸ਼ਬੋਆਂ ਲੱਭਕੇ ਪੰਜਾਬੀਆਂ ਦੀ ਝੋਲੀ ਪਾਉਂਦੇ ਰਹਿੰਦੇ ਸਨ। ਪੰਜਾਬੀ ਦੇ ਖ਼ਜਾਨੇ ਨੂੰ ਭਰਨ ਲਈ ਉਨ੍ਹਾਂ ਨੂੰ ਅਨੇਕਾਂ ਦੁਸ਼ਾਵਰੀਆਂ ਤੇ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ, ਇਸਦੇ ਬਾਵਜੂਦ ਵੀ ਉਹਨਾਂ ਹਜ਼ਾਰਾਂ ਮੀਲਾਂ ਦਾ ਸਫਰ ਤਹਿ ਕਰਕੇ, ਘੱਟਾ ਫਕਦਿਆਂ ਮਸਤ ਹਾਥੀ ਦੀ ਚਾਲ ਚਲਦਿਆਂ ਆਪਣਾ ਕਾਰਜ਼ ਜਾਰੀ ਰੱਖਿਆ। ਉਹ ਪੰਜਾਬੀ ਅਦਬੀ ਸੰਗਤ ਲਿਟ੍ਰੇਰੀ ਸੋਸਾਇਟੀ ਕੈਨੇਡਾ, ਹਰਿਦਰਸ਼ਨ ਮੈਮੋਰੀਅਲ ਇੰਟਰਨੈਸ਼ਨਲ ਟਰੱਸਟ ਕੈਨੇਡਾ ਦੇ ਰੂਹੇ ਰਵਾਂ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਲਾਈਫ਼ ਮੈਂਬਰ ਸਨ। ਇਸਤੋਂ ਇਲਾਵਾ ਹਰ ਸਾਲ ਪੰਜਾਬੀ ਯੂਨੀਵਰਸਿਟੀ ਵਿੱਚ ਹੋਣ ਵਾਲੀਆਂ ਹਿਸਟਰੀ ਕਾਨਫਰੰਸਾਂ ਵਿੱਚ ਹਿੱਸਾ ਲੈਂਦੇ ਸਨ। ਸੰਸਾਰ ਵਿੱਚ ਹੋਣ ਵਾਲੀਆਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸਾਂ ਵਿੱਚ ਜ਼ਰੂਰ ਸ਼ਾਮਲ ਹੁੰਦੇ ਸਨ। ਉਨ੍ਹਾਂ ਨੂੰ ਲਗਪਗ 50 ਸਾਹਿਤਕ, ਸਮਾਜਿਕ ਅਤੇ ਸਭਿਅਚਾਰਕ ਸੰਸਥਾਵਾਂ ਨੇ ਮਾਨ ਸਨਮਾਨ ਪ੍ਰਦਾਨ ਕੀਤੇ ਸਨ। ਸਿੱਖ ਧਰਮ ਦੇ ਖੋਜੀਆਂ ਖਾਸ ਤੌਰ ‘ਤੇ ਪੀ.ਐਚ.ਡੀ.ਕਰਨ ਵਾਲੇ ਖੋਜੀ ਵਿਦਿਆਰਥੀਆਂ ਦੀ ਆਰਥਿਕ ਮਦਦ ਬਿਨਾ ਮੰਗੇ ਕਰਦੇ ਰਹਿੰਦੇ ਸਨ।
ਭਾਈ ਜੈਤੇਗ ਸਿੰਘ ਅਨੰਤ ਦਾ ਜਨਮ ਪਿਤਾ ਹਰਿਚਰਨ ਸਿੰਘ ਤੇ ਮਾਤਾ ਦਰਸ਼ਨ ਕੌਰ ਦੀ ਕੁੱਖੋਂ ਸਰਗੋਧਾ ਜ਼ਿਲ੍ਹੇ ਦੇ ਪਿੰਡ ਮਿੱਢਰਾਂਝਾ ਵਿੱਚ 14 ਅਗਸਤ 1946 ਵਿੱਚ ਹੋਇਆ ਸੀ। ਦੇਸ਼ ਦੀ ਵੰਡ ਤੋਂ ਬਾਅਦ ਉਨ੍ਹਾਂ ਦੇ ਪਿਤਾ ਜੀ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੁਟਾਹਰੀ ਵਿੱਚ ਸੈਟਲ ਹੋ ਗਏ ਸਨ। ਉਨ੍ਹਾਂ ਦਾ ਇੱਕ ਲੜਕਾ ਇੰਜ.ਕੁਲਬੀਰ ਸਿੰਘ ਅਨੰਤ ਅਤੇ ਲੜਕੀ ਆਰਕੀਟੈਕਟ ਕੁਲਪ੍ਰੀਤ ਕੌਰ ਵੜੈਚ ਹੈ। ਜੈਤੇਗ ਸਿੰਘ ਅਨੰਤ ਨੇ ਪੰਜ ਸਾਲਾ ਨੈਸ਼ਨਲ ਡਿਪਲੋਮਾ ਇਨ ਅਪਲਾਈਡ ਆਰਟ ਅਤੇ ਕਾਰਟੂਨਿੰਗ ਵਿੱਚ ਅਮਰੀਕਾ ਤੋਂ ਡਿਪਲੋਮਾ ਕੀਤਾ ਹੋਇਆ ਸੀ। ਉਹ 31 ਦਸੰਬਰ 2025 ਨੂੰ ਸਵਰਗਵਾਸ ਹੋ ਗਏ ਸਨ।
ਭਾਈ ਜੈਤੇਗ ਸਿੰਘ ਅਨੰਤ ਦਾ ਅੰਤਮ ਸਸਕਾਰ 11 ਜਨਵਰੀ 2026 ਨੂੰ ਸਵੇਰੇ 11.00 ਵਜੇ ਰਿਵਰਸਾਈਡ ਫਿਊਨਰਲ ਹੋਮ ਐਂਡ ਕਰੀਮੇਟੋਰੀਅਮ 7410 ਹੋਪਸਕੋਟ ਰੋਡ ਡੈਲਟਾ ਵੀ4ਜੀ 1ਏ9 ਵਿਖੇ ਹੋਵੇਗਾ, ਉਸਤੋਂ ਬਾਅਦ ਅੰਤਮ ਅਰਦਾਸ ਗੁਰਦੁਆਰਾ ਸਾਹਿਬ ਬਰੁਕਸਾਈਡ 8365 140 ਸਟਰੀਟ ਸਰੀ ਵੀ3ਡਵਲਯੂ 5ਕੇ9 ਵਿਖੇ ਹੋਵੇਗੀ।
ਤਸਵੀਰ : ਜੈਤੇਗ ਸਿੰਘ ਅਨੰਤ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੁਖਦੇਵ ਸਿੰਘ ਸ਼ਾਂਤ ਦੀ ‘ਜਪੁ ਜੀ ਤੇ ਹੋਰ ਬਾਣੀਆਂ’ ਰਹੱਸਵਾਦੀ ਪੁਸਤਕ - ਉਜਾਗਰ ਸਿੰਘ
ਸੁਖਦੇਵ ਸਿੰਘ ਸ਼ਾਂਤ ਬਹੁ-ਪੱਖੀ ਲੇਖਕ ਹੈ। ਉਸ ਦੀਆਂ ਸਾਹਿਤ ਦੇ ਵੱਖ-ਵੱਖ ਰੂਪਾਂ ਦੀਆਂ ਲਗਪਗ ਡੇਢ ਦਰਜਨ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਚਾਰ ਗੁਰਮਤਿ ਸਾਹਿਤ, ਪੰਜ ਬਾਲ ਸਾਹਿਤ, ਤਿੰਨ ਕਹਾਣੀ ਸੰਗ੍ਰਹਿ, ਇੱਕ ਕਵਿਤਾ ਅਤੇ ਚਾਰ ਗੁਰਮਤਿ ਨਾਲ ਸੰਬੰਧਤ ਟਰੈਕਟ ਸ਼ਾਮਲ ਹਨ। ਉਹ ਗੁਰਮਤਿ ਨੂੰ ਆਪਣੀਆਂ ਰਚਨਾਵਾਂ ਦਾ ਪ੍ਰੇਰਨਾ ਸ੍ਰੋਤ ਮੰਨਦਾ ਹੈ, ਇਸ ਕਰਕੇ ਉਸ ਦੀਆਂ ਬਹੁਤੀਆਂ ਰਚਨਾਵਾਂ ਗੁਰਮਤਿ ਵਿਚਾਰਧਾਰਾ ਦੇ ਆਲੇ ਦੁਆਲੇ ਹੀ ਘੁੰਮਦੀਆਂ ਹਨ। ‘ਜਪੁ ਜੀ ਤੇ ਹੋਰ ਬਾਣੀਆਂ’ ਪੁਸਤਕ ਵਿੱਚ 12 ਲੇਖ, ਜਿਹੜੇ ਜਪੁ ਜੀ ਸਾਹਿਬ ਅਤੇ ਹੋਰ ਬਾਣੀਆਂ ਦੇ ਵਿਸ਼ਾ-ਵਸਤੂ, ਕਾਵਿ-ਕਲਾ ਅਤੇ ਸਾਹਿਤਕ ਪੱਖ ਬਾਰੇ ਹਨ। ਪਹਿਲਾ ਲੇਖ ਬਾਣੀ ‘ਜਪੁ ਜੀ’ ਦਾ ਵਿਸ਼ਾ-ਵਸਤੂ ਹੈ, ਜਿਸ ਵਿੱਚ ਜਪੁ ਜੀ ਸਾਹਿਬ ਦੇ ਵਿਸ਼ਾ-ਵਸਤੂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਬਾਣੀ ਜਪੁ ਜੀ ਨੂੰ, ਦਰਸ਼ਨ, ਭਗਤੀ ਅਤੇ ਬ੍ਰਹਮ-ਗਿਆਨ ਦਾ ਸੁਮੇਲ ਕਿਹਾ ਜਾ ਸਕਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਨੰਦਮਈ ਅਤੇ ਵਿਸਮਾਦੀ ਅਨੁਭਵ ਕਿਹਾ ਜਾ ਸਕਦਾ, ਜੋ ਇਸ ਬਾਣੀ ਦਾ ਧੁਰਾ ਹੈ। ਪਰਮਾਤਮਾ ਇੱਕ ਅਤੇ ਸਦੀਵੀ ਤੌਰ ‘ਤੇ ਸਤਿ ਅਰਥਾਤ ਸੱਚਾ ਹੈ, ਸਰਬ-ਸ਼ਕਤੀਮਨ ਅਤੇ ਸਰਬ-ਵਿਆਪੀ ਹੈ, ਸ੍ਰਿਸ਼ਟੀ ਦਾ ਆਦਿ, ਵਿਸ਼ਾਲ ਅਤੇ ਬੇਅੰਤ ਵੀ ਹੈ, ਕਾਲ-ਰਹਿਤ ਸਰੂਪ ਅਨਾਹਿਤ ਹੈ, ਸੁੰਦਰਤਾ, ਪਵਿੱਤਰਤਾ ਅਤੇ ਆਨੰਦ ਨਾਲ ਭਰਪੂਰ ਹੈ, ਚਿਤ ਸਰੂਪ ਵੀ ਹੈ, ਅਜੂਨੀ ਅਤੇ ਸੈਭੰ ਹੈ, ਹੋਂਦ ਤੇ ਹਸਤੀ ਅਮੁੱਲ ਅਤੇ ਬੇਅੰਤ ਹੈ, ਗੁਰ-ਉਪਦੇਸ ਅਤੇ ਪਰਮਾਤਮਾ ਦਾ ਨਾਮ ਇੱਕ ਗੱਲ ਹੀ ਹੈ। ਦੂਜਾ ਲੇਖ ‘ਜਪੁ ਜੀ’ ਦੀ ਕਾਵਿ-ਕਲਾ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਥੋੜ੍ਹੇ ਸ਼ਬਦਾਂ ਵਿੱਚ ਦਾਰਸ਼ਨਿਕ ਵਿਚਾਰ ਪ੍ਰਗਟਾਏ ਗਏ ਹਨ। ਇਹ ਬਾਣੀ ਸਰੋਦੀ ਰਸ, ਭਗਤੀ ਰਸ ਅਤੇ ਨਾਮ ਦੇ ਅੰਮ੍ਰਿਤ ਰਸ ਨਾਲ ਕਹੀ ਗਈ ਹੈ। ਅਲੰਕਾਰਾਂ ਤੇ ਅਖਾਣਾ ਦੇ ਵੱਖ-ਵੱਖ ਰੂਪਾਂ ਰਾਹੀਂ ਰਸ ਪੈਦਾ ਕਰਕੇ ਸਮਝਾਇਆ ਗਿਆ ਹੈ, ਸ਼ਬਦਾਵਲੀ ਹੀਰਿਆਂ ਦੀ ਤਰ੍ਹਾਂ ਜੜੀ ਗਈ ਹੈ। ਤੀਜਾ ਲੇਖ ਬਾਣੀ ‘ਆਸਾ ਦੀ ਵਾਰ’ ਦਾ ਵਿਸ਼ਾ-ਵਸਤੂ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹਨ, ਜਿਨ੍ਹਾਂ ਦੇ ਵੱਖਰੇ-ਵੱਖਰੇ ਰਸ ਹਨ, ਪ੍ਰੰਤੂ ਅਧਿਆਤਮਿਕ ਪੱਖ ਦੀ ਸੂਰਮਤਾਈ ਅਤੇ ਵਿਕਾਰਾਂ ‘ਤੇ ਜਿੱਤ ਦਾ ਵਿਸ਼ਾ ਮੁੱਖ ਹੈ। ਆਸਾ ਦੀ ਵਾਰ ਅਧਿਆਤਮਿਕ ਹੈ, ਪਰਮਾਤਮਾ ਇੱਕੋ-ਇੱਕ ਪਰਮ-ਹਸਤੀ ਹੈ, ਸਭ ਸ਼ਕਤੀਆਂ ਉਸ ਦੇ ਪਾਸ ਹਨ, ਸੰਸਾਰ ਦੇ ਜੀਵਾਂ ਦੇ ਦੁੱਖ-ਸੁੱਖ, ਉਤਰਾਅ-ਚੜ੍ਹਾਅ ਅਤੇ ਮਾਨ-ਅਪਮਾਨ ਸਭ ਉਸਦੇ ਹੁਕਮ ਵਿੱਚ ਹਨ, ਆਸਾ ਦੀ ਵਾਰ ਵਿੱਚ ਕੁਦਰਤ ਲਈ ਮੇਦਨੀ, ਲੋਅ, ਖੰਡ, ਬ੍ਰਹਮੰਡ, ਜਗਤੁ, ਜਗੁ ਅਤੇ ਦੁਨੀਆ ਆਦਿ ਸ਼ਬਦ ਵਰਤੇ ਗਏ ਹਨ, ਸੂਰਜ, ਚੰਦਰਮਾ, ਧਰਤੀ, ਹਵਾ, ਪਾਣੀ ਤੇ ਅਗਨੀ ਸਭ ਪਰਮਾਤਮਾ ਅਨੁਸਾਰ ਕੰਮ ਕਰਦੇ ਹਨ, ਉਸਦੀ ਰਚਨਾ ਅਦਭੁਤ ਹੈ। ਆਸਾ ਦੀ ਵਾਰ ਦੇ ਸਮਾਜਿਕ ਪੱਖ ਜ਼ਾਤ-ਪਾਤ, ਇਸਤਰੀ-ਵਰਗ, ਮਰਨ-ਜੰਮਣ, ਰਾਜਨੀਤਕ ਅਵਸਥਾ ਅਤੇ ਵਹਿਮਾ-ਭਰਮਾ ਬਾਰੇ ਵੀ ਲਿਖਿਆ ਗਿਆ ਹੈ। ਚੌਥੇ ਲੇਖ ‘ਆਸਾ ਦੀ ਵਾਰ’ ਦਾ ਕਲਾਤਮਿਕ ਜਾਂ ਸਾਹਿਤਕ ਪੱਖ ਬਾਰੇ ਦੱਸਿਆ ਗਿਆ ਹੈ। ਇਹ ਬਾਣੀ ਕਾਵਿ-ਰੂਪ ਵਾਰ ਵਿੱਚ ਉਚਾਰੀ ਗਈ ਹੈ। ਦੋ ਕਾਵਿ-ਛੰਦ ਪਉੜੀ ਅਤੇ ਸਲੋਕ ਹੀ ਵਰਤੇ ਗਏ ਹਨ। ਸਾਹਿਤਕ ਅਮੀਰੀ ਦੇ ਪੱਖ ਤੋਂ ‘ਆਸਾ ਦੀ ਵਾਰ’ ਸ਼ਬਦ ਅਲੰਕਾਰ, ਅਖਾਣ, ਮੁਹਾਵਰੇ, ਵੰਨ-ਸਵੰਨੀ ਸ਼ਬਦਾਵਲੀ ਕਾਵਿ ਰਸ ਪੈਦਾ ਕਰਦੀ ਹੈ। ਅਲੰਕਾਰਾਂ ਦੇ ਸਾਰੇ ਰੂਪ ਵਰਤੇ ਹਨ। ਅਖਾਣ, ਅਖਾਉਤ, ਕਹਾਵਤ, ਲੋਕੋਕਤੀ ਆਦਿ ਸ਼ਬਦ ਮਹਾਂ ਪੁਰਸ਼ਾਂ ਦੇ ਤਜ਼ਰਬਿਆਂ ਦਾ ਸਾਰ ਹੁੰਦਾ ਹੈ। ਕਾਵਿ-ਰਸ ਦੀਆਂ ਕਿਸਮਾਂ ਦੀ ਵਰਤੋਂ ਵੀ ਕੀਤੀ ਗਈ ਹੈ। ਪੰਜਵਾਂ ਲੇਖ ਬਾਣੀ ‘ਸਿਧ ਗੋਸਟਿ’ ਦਾ ਵਿਸ਼ਾ-ਵਸਤੂ ਸੰਬੰਧੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸੰਬਾਦ ਨਾਲ ਪ੍ਰੇਰਿਤ ਕੀਤਾ ਕਿ ਜੰਗਲਾਂ ਵਿੱਚ ਜਾ ਕੇ ਤਿਆਗੀ ਬਣਕੇ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ, ਸਗੋਂ ਗ੍ਰਹਿਸਤੀ ਵਿੱਚ ਰਹਿਕੇ ਪਰਮਾਤਮਾ ਦਾ ਨਾਮ ਸਿਮਰਨ ਇੱਕਚਿੱਤ ਹੋ ਕੇ ਕਰਨ ਨਾਲ ਪਰਮਾਤਮਾ ਨੂੰ ਪਾਇਆ ਜਾ ਸਕਦਾ ਹੈ। ਗ੍ਰਹਿਸਤ ਵਿੱਚ ਅਨੁਸਸ਼ਾਨ ਵਿੱਚ ਰਹਿਕੇ ਜੀਵਨ ਸਫਲ ਕੀਤਾ ਜਾ ਸਕਦਾ ਹੈ। ਸਿਧ ਗੋਸਿਟ ਅਧਿਆਤਮਿਕ ਸੰਬਾਦ ਹੈ। ਗੁਰੂ ਸਾਹਿਬ ਨੇ ਸਿਧਾਂ ਨੂੰ ਪ੍ਰਸ਼ਨਾਂ ਦੇ ਦਾਰਸ਼ਨਿਕ ਉਤਰ ਦਿੰਦਿਆਂ ਸਮਝਾਇਆ ਕਿ ਭੇਖੀ ਬਣਕੇ ਕੋਈ ਪ੍ਰਾਪਤੀ ਨਹੀਂ ਹੋ ਸਕਦੀ ਸਗੋਂ ਸਰੀਰ ਦੀ ਥਾਂ ਮਨ ਨੂੰ ਸੋਧਣ ਦੀ ਲੋੜ ਹੈ। ਆਪਣੇ ਆਪ ਨੂੰ ਸਰੀਰਕ ਦਿੱਖ ਦੇ ਤੌਰ ‘ਤੇ ਨਹੀਂ ਮਾਨਸਿਕ ਤੌਰ ‘ਤੇ ਬਦਲਣ ਦੀ ਜ਼ਰੂਰਤ ਹੈ। ਮਾਇਆ, ਲਾਲਚ, ਹਓਮੈ ਤੋਂ ਵੀ ਮਨ ਹੀ ਬਚਾ ਸਕਦਾ ਹੈ। ਦੁਨਿਆਵੀ ਵਸਤਾਂ ਤੋਂ ਭੱਜਣ ਨਾਲ ਕੁਝ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਯੋਗ ਜੀਵਨ ਜਾਚ ਨਹੀਂ। ਛੇਵਾਂ ਲੇਖ ਬਾਣੀ ‘ਸਿਧ ਗੋਸਟਿ’ ਦੀ ਕਾਵਿ-ਕਲਾ ਬਾਰੇ ਹੈ। ਸੰਗੀਤਕ, ਸਰੋਦੀ ਅਤੇ ਸ਼ਾਂਤ-ਰਸ ਵਾਲੀ ਬਾਣੀ ਸਿਧ ਗੋਸਟ ਹੈ। ਸਿਧ ਗੋਸਟਿ ਵਿੱਚ ਵੀ ਸ਼ਬਦ ਅਲੰਕਾਰ, ਅਰਥ ਅਲੰਕਾਰ, ਮੁਹਾਵਰੇ ਅਤੇ ਕਈ ਤਰ੍ਹਾਂ ਦੀ ਸ਼ਬਦਾਵਲੀ ਵਰਤੀ ਗਈ ਹੈ। ਹਰ ਤਰ੍ਹਾਂ ਦੇ ਮੁਹਾਵਰੇ ਤੇ ਅਲੰਕਾਰਾਂ ਦੀ ਵਰਤੋਂ ਵੀ ਕੀਤੀ ਗਈ ਹੈ। ਸੱਤਵਾਂ ਲੇਖ ਬਾਣ ‘ਬਾਰਹ ਮਾਹਾ ਤੁਖਾਰੀ’ ਦਾ ਕੇਂਦਰੀ ਵਿਸ਼ਾ-ਵਸਤੂ ਸੰਬੰਧੀ ਹੈ। ਬਾਰਾਹ ਮਾਹਾ, ਰੁਤੀ, ਥਿਤੀ, ਸਤਵਾਰਾ, ਪਹਰੇ ਅਤੇ ਦਿਨ-ਰੈਣਿ ਜੀਵਨ ਜਾਚ ਦਾ ਉਤਮ ਉਪਦੇਸ਼ ਦੇਣ ਲਈ ਵਰਤੇ ਗਏ ਹਨ। ਕਾਵਿ-ਰੂਪ ਬਾਰਾਹ ਮਾਹਾ ਅਤੇ ਰੁੱਤੀ ਦਾ ਨੇੜੇ ਦਾ ਸੰਬੰਧ ਹੈ। ਬਾਰਾ ਮਾਹਾ ਮਹੀਨੇ ਵਾਰ ਬਦਲਦੇ ਬਾਰਾਂ ਮਹੀਨਿਆਂ ਦੇ ਮੌਸਮ ਅਤੇ ਵਾਤਾਵਰਨ ਨਾਲ ਸੰਬੰਧਤ ਹੈ। ਰਾਗ ਤੁਖਾਰੀ ਵਿੱਚ ਦਰਜ ਬਾਣੀ ‘ਬਾਰਾਹ ਮਾਹਾ’ ਦੀਆਂ ਕੁਲ ਸਤਾਰਾਂ ਪਉੜੀਆਂ ਹਨ। ਪੰਜਵੀਂ ਪਉੜੀ ਤੋਂ ਸੋਲ੍ਹਵੀਂ ਪਉੜੀ ਤੱਕ ਬਾਰਾਂ ਪਉੜੀਆਂ ਬਾਰਾਂ ਮਹੀਨਿਆਂ ‘ਤੇ ਅਧਾਰਤ ਹਨ। ਤੁਖਾਰੀ ਰਾਗ ਵਿੱਚ ਬਿਰਹਾ ਅਤੇ ਮਿਲਾਪ, ਪਰਮਾਤਮਾ ਨਾਲ ਮਿਲਾਪ ਦੀਆਂ ਅਵਸਥਾਵਾਂ, ਮਿਲਾਪ ਲਈ ਨੈਤਿਕ ਗੁਣਾਂ, ਪ੍ਰਕਿ੍ਰਤੀ ਚਿਤਰਣ, ਬਾਰਹ ਮਾਹਾ, ਤੁਖਾਰੀ ਅਤੇ ਬਾਰਹ ਮਾਹਾ, ਮਾਝ ਵਿੱਚ ਸਾਂਝਾ ਦਿਸ਼ਟੀਕੋਣ ਅਤੇ ਸ਼ਬਦਾਵਲੀ ਬਾਰੇ ਵਿਸਤਾਰ ਨਾਲ ਦਰਸਾਇਆ ਗਿਆ ਹੈ। ਅੱਠਵਾਂ ਲੇਖ ਬਾਣੀ ‘ਬਾਰਹ ਮਾਹਾ ਤੁਖਾਰੀ’ ਦਾ ਸਾਹਿਤਕ ਪੱਖ ਬਾਰੇ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਕ੍ਰਿਤੀ ਚਿਤਰਣ ਇਸ ਬਾਣੀ ਦਾ ਕੇਂਦਰੀ ਨੁਕਤਾ ਹੈ, ਸਾਹਿਤਕ ਪੱਖ ਵਿੱਚ ਵਰਤੇ ਗਏ ਅਲੰਕਾਰਾਂ, ਅਖਾਣਾਂ, ਮੁਹਾਵਰੇ ਅਤੇ ਮੁਹਾਵਰਿਆਂ ਦੇ ਸਾਰੇ ਰੂਪ ਵਰਤੇ ਗਏ ਹਨ, ਜਿਨ੍ਹਾਂ ਵਿੱਚ ਛੇਕ ਅਨੁਪ੍ਰਾਸ, ਦ੍ਰਿਸ਼ਟਾਂਤ, ਰਤਨਾਵਲੀ, ਅਰਥਾਵਿ੍ਰਤੀ ਦੀਪਕ, ਉਪਮਾ ਅਤੇ ਮੁਹਾਵਰੇ ਰੰਗ ਮਾਣਨਾ, ਕਾਰਜ ਸੰਵਾਰਨਾ, ਬਲਿਹਾਰੇ ਜਾਣਾ, ਮਨ ਡੋਲਣਾ, ਭੱਠੀ ਵਾਂਗ ਤਪਣਾ, ਕਿਵਾੜ ਖੋਲ੍ਹਣਾ, ਅੱਧੀ ਕੌਡੀ ਦਾ ਨਾ ਹੋਣਾ। ਨੌਂ ਕਾਵਿ- ਰਸਾਂ ਸ਼ਿੰਗਾਰ, ਸ਼ਾਂਤ, ਅਦਭੁੱਤ, ਕਰੁਣਾ, ਬੀਰ, ਬੀਭਤਸ, ਰੌਦ੍ਰ, ਭਯਾਨਕ ਅਤੇ ਹਾਸ-ਰਸ ਵਿੱਚੋਂ ਸ਼ਿੰਗਾਰ-ਰਸ ਦੀ ਵਰਤੋਂ ਕੀਤੀ ਜਾਂਦੀ ਹੈ। ਨੌਵੇਂ ਲੇਖ ਬਾਣੀ ‘ਓਅੰਕਾਰੁ’ ਦਾ ਵਿਸ਼ਾ-ਵਸਤੂ ਬਾਰੇ ਹੈ। ਬਾਣੀ ਓਅੰਕਾਰ ਵੀ ਅੱਖਰਾਂ ‘ਤੇ ਅਧਾਰਤ ਕਰਕੇ ਲਿਖੀ ਹੋਈ ਹੈ। ਇਸਦਾ ਸੰਦੇਸ ਸਰਬ-ਵਿਆਪੀ ਅਤੇ ਸਰਬ-ਕਾਲੀ ਹੈ। ਓਅੰਕਾਰ ਸ੍ਰਿਸ਼ਟੀ ਨੂੰ ਘੜਨ-ਭੰਨਣ ਵਾਲਾ ਇੱਕੋੋ-ਇੱਕੋ ਹੈ। ਓਅੰਕਾਰ ਨਾਮ-ਸਿਮਰਨ ਦੀ ਮਹਿਮਾ, ਸੱਚਾ ਤੇ ਕੱਚਾ ਗੁਰੂ, ਵਿੱਦਿਆ ਦੇਣ ਵਾਲਿਆਂ ਪ੍ਰਤੀ ਉਪਦੇਸ਼ ਦੇਣ ਵਾਲਾ, ਮਾਇਆ ਸੰਬੰਧੀ ਜਾਣਕਾਰੀ ਦੇਣ ਵਾਲਾ ਹੈ। ਦਸਵਾਂ ਲੇਖ ਬਾਣੀ ‘ਓਅੰਕਾਰ’ ਦੀ ਕਾਵਿ-ਕਲਾ ਬਾਰੇ ਹੈ। ਭਾਸ਼ਾ, ਸ਼ਬਦਾਵਲੀ, ਅਲੰਕਾਰਾਂ, ਅਖਾਣਾਂ ਅਤੇ ਮੁਹਾਵਰਿਆਂ ਦੇ ਪੱਖੋਂ ਇਹ ਬਾਣੀ ਇੱਕ ਅਮੀਰ ਸਾਹਿਤਕ ਰੰਗ ਵਾਲੀ ਹੈ। ਰਾਗਾਤਮਿਕ ਅਤੇ ਸਰੋਦੀ ਰਸ ਨਾਲ ਭਰਪੂਰ ਬਾਣੀ ਹੋਣ ਕਰਕੇ ਇਸ ਬਾਣੀ ਦਾ ਪਾਠ ਜ਼ੁਬਾਨ ਅਤੇ ਕੰਨਾਂ ਵਿੱਚ ਮਿੱਠਾ ਰਸ ਘੋਲਦਾ ਹੈ। ਗਿਆਰਵਾਂ ਲੇਖ ਬਾਣੀ ‘ਪਟੀ ਲਿਖੀ’ ਦਾ ਕੇਂਦਰੀ ਵਿਸ਼ਾ-ਵਸਤੂ ਸੰਬੰਧੀ ਹੈ। ਪਟੀ ਸ਼ਬਦ ਨੂੰ ਪੱਟੀ, ਫੱਟੀ ਜਾਂ ਤਖ਼ਤੀ ਵਜੋਂ ਕਹਿ ਲੱਕੜ ਦੀ ਬਣੀ ਫੱਟੀ ਵਜੋਂ ਜਾਣਿਆਂ ਜਾਂਦਾ ਹੈ। ਇਸ ਲਈ ਪੈਂਤੀ ਅੱਖਰੀ ਦਾ ਭਾਵ ਅਰਥ ਵੀ ਪੱਟੀ ਤੋਂ ਹੀ ਲਿਆ ਜਾਂਦਾ ਹੈ। ਪੱਟੀ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਗਿਆਨ ਦਾ ਸੋਮਾ ਪਰਮਾਤਮਾ ਹੈ। ਬਾਣੀ ਪੱਟੀ ਵਿੱਚ ਪਰਮਾਤਮਾ ਦੇ ਅਨੇਕ ਨਾਮ ਦੱਸੇ ਹਨ, ਜਿਵੇਂ ਸਾਹਿਬੁ, ਆਦਿ ਪੁਰਖ, ਦਾਤਾ, ਸੱਚਾ, ਪਰਮੇਸ਼ਰ, ਪਾਤਿਸ਼ਾਹ ਆਦਿ। ਪੱਟੀ ਵਿੱਚ ਸਿੱਧੇ ਤੌਰ ‘ਤੇ ਪਰਮਾਤਮਾ ਨੂੰ ਯਾਦ ਰੱਖਣ ਦਾ ਅਤੇ ਸੰਸਾਰਕ ਧੰਦਿਆਂ ਵਿੱਚ ਖਚਿਤ ਨਾ ਹੋਣ ਦਾ ਉਪਦੇਸ਼ ਦਿੱਤਾ ਹੈ। ਬਾਰਵੇਂ ਲੇਖ ਵਿੱਚ ਬਾਣੀ ‘ਪਟੀ ਲਿਖੀ ਦਾ ਸਾਹਿਤਕ ਪੱਖ, ਜਿਨ੍ਹਾਂ ਵਿੱਚ ਅਲੰਕਾਰ, ਅਖਾਣ, ਸ਼ਬਦਾਵਲੀ ਅਤੇ ਮੁਹਾਵਰੇ ਵਰਤੇ ਗਏ ਹਨ। ਇਥੇ ਇਹ ਦੱਸਣਾ ਜ਼ਰੂਰੀ ਬਣਦਾ ਹੈ ਕਿ ਇਸ ਪੁਸਤਕ ਵਿਚਲੇ ਬਾਰਾਂ ਲੇਖ ਸਾਰੇ ਇੱਕ ਦੂਜੇ ਨਾਲ ਮਿਲਦੇ ਜੁਲਦੇ ਹਨ ਕਿਉਂਕਿ ਸਾਹਿਤਕ, ਕਾਵਿਕ ਅਤੇ ਵਿਸ਼ਾ ਵਸਤੂ ਗੁਰਬਾਣੀ ਦੇ ਲਗਪਗ ਇੱਕੋ ਜਿਹੇ ਹਨ, ਜਿਨ੍ਹਾਂ ਵਿੱਚ ਗੁਰਬਾਣੀ ਦੀ ਵਿਚਾਰਧਾਰਾ ਸਮੋਈ ਹੋਈ ਹੈ। ਇਸ ਕਰਕੇ ਦੁਹਰਾਓ ਵੀ ਲੱਗਦਾ ਹੈ।
270 ਪੰਨਿਆਂ, 395 ਰੁਪਏ ਕੀਮਤ ਵਾਲੀ, ਇਹ ਪੁਸਤਕ ਸੰਗਮ ਪਬਲੀਕੇਸ਼ਨ ਸਮਾਣਾ ਨੇ ਪ੍ਰਕਾਸ਼ਤ ਕੀਤੀ ਹੈ।
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com
ਸੰਤ ਸਿੰਘ ਸੋਹਲ ਦਾ 'ਬਾਬਾ ਬੰਦਾ ਸਿੰਘ ਬਹਾਦਰ ਮਹਾਂ-ਕਾਵਿ' ਬਹਾਦਰੀ ਦੀ ਗਾਥਾ - ਉਜਾਗਰ ਸਿੰਘ
ਸੰਤ ਸਿੰਘ ਸੋਹਲ ਸਥਾਪਤ ਸਾਹਿਤਕਾਰ ਹੈ। ਉਸਦੀਆਂ ਗਿਆਰਾਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸੱਤ ਗੀਤ/ਬਾਲ ਗੀਤ-ਸੰਗ੍ਰਹਿ, ਇੱਕ ਕਾਵਿ-ਸੰਗ੍ਰਹਿ, ਇੱਕ ਮਹਾਂ-ਕਾਵਿ, ਇੱਕ ਗ਼ਜ਼ਲ-ਸੰਗ੍ਰਹਿ ਅਤੇ ਇੱਕ ਸਾਕਾ ਸਰਹੰਦ ਸ਼ਾਮਲ ਹਨ। ਸੰਤ ਸਿੰਘ ਸੋਹਲ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਵਾਂ, ਇਤਿਹਾਸ ਅਤੇ ਮਿਥਿਹਾਸ ਨਾਲ ਪੂਰਾ ਬਾਵਾਸਤਾ ਹੈ। ਮਹਾਂ-ਕਾਵਿ ਖੋਜੀ ਵਿਦਵਾਨ ਹੀ ਲਿਖ ਸਕਦਾ ਹੈ, ਉਹ ਖੋਜੀ ਸਾਹਿਤਕਾਰ ਹੈ। 'ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ (ਮਹਾਂ-ਕਾਵਿ)' ਉਸਦੀ ਬਾਰਵੀਂ ਪੁਸਤਕ ਹੈ। ਮਹਾਂ-ਕਾਵਿ ਸਾਹਿਤ ਦੀ ਉਚ ਕੋਟੀ ਦੀ ਵੰਨਗੀ ਗਿਣੀ ਜਾਂਦੀ ਹੈ। ਇਹ ਮਹਾਂ-ਕਾਵਿ ਸਾਹਿਤ ਦੇ ਸਾਰੇ ਨਿਯਮਾਂ ਅਨੁਸਾਰ ਉਸਦੀ ਪਰਪੱਕ ਰਚਨਾ ਹੈ। ਸੰਤ ਸਿੰਘ ਸੋਹਲ ਦੀ ਸ਼ਬਦਾਵਲੀ ਤੇ ਸ਼ੈਲੀ ਸਰਲ ਹੈ। ਮਹਾਂ-ਕਾਵਿ ਨੂੰ ਉਸਨੇ ਦਸ ਸਰਗਾਂ (ਅਧਿਆਇ) ਵਿੱਚ ਵੰਡਿਆ ਹੈ। ਇਹ ਮਹਾਂ-ਕਾਵਿ ਸੁਰ, ਤਾਲ, ਲੈ ਦੇ ਤੁਕਾਂਤ ਨਾਲ ਸਰੋਦੀ ਬਣਿਆਂ ਹੋਇਆ ਹੈ। ਉਸਨੇ ਸਬਦਾਂ ਨੂੰ ਸਮੇਂ ਅਤੇ ਸਥਿਤੀ ਅਨੁਸਾਰ ਤਰਾਸ਼ਿਆ ਹੈ। ਛੰਦ-ਬੰਦੀ ਦੀ ਪੁਰਾਤਨ ਪਰੰਪਰਾ ਅਨੁਸਾਰ ਲਿਖਿਆ ਗਿਆ ਹੈ। ਉਸਨੇ ਇਸ ਮਹਾਂ-ਕਾਵਿ ਵਿੱਚ ਦੋਹਿਰਾ, ਕਬਿੱਤ ਤੇ ਬੈਂਤ ਦੀ ਵਰਤੋਂ ਕਰਦਿਆਂ, ਵਾਰ-ਦਟਪਟਾ, ਨਿਸ਼ਾਨੀ ਅਤੇ ਸਿਰਖੰਡੀ ਛੰਦਾਂ ਦੀ ਵਰਤੋਂ ਕੀਤੀ ਹੈ। ਵਰਤਮਾਨ ਸਮੇਂ ਵਿੱਚ ਸਾਹਿਤ ਦੇ ਇਸ ਰੂਪ ਵਿੱਚ ਚੋਣਵੇਂ ਸਾਹਿਤਕਾਰ ਹੀ ਲਿਖਦੇ ਹਨ, ਕਿਉਂਕਿ ਇਸ ਵਿੱਚ ਇਤਿਹਾਸ ਘਟਨਾਵਾਂ ਦਾ ਅਧਿਐਨ ਬੜਾ ਜ਼ਰੂਰੀ ਹੁੰਦਾ ਹੈ। ਕਵੀ ਗੁਣੀ ਗਿਆਨੀ ਹੋਣਾ ਚਾਹੀਦਾ ਹੈ। ਸੰਤ ਸਿੰਘ ਸੋਹਲ ਦਾ ਇਹ ਮਹਾਂ-ਕਾਵਿ-ਸੰਗ੍ਰਹਿ ਉਸਦੀ ਬਿਹਤਰੀਨ ਰਚਨਾ ਹੈ। ਇਸ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਬਚਪਨ ਤੋਂ ਲੈ ਕੇ ਸ਼ਹੀਦ ਹੋਣ ਤੱਕ ਦੇ ਘਟਨਾਕਰਮ ਨੂੰ ਤਰਬਤੀਬਵਾਰ ਤੱਥਾਂ ਸਮੇਤ ਇਤਿਹਾਸਿਕ ਪਰਿਪੇਖ ਵਿੱਚ ਲਿਖਿਆ ਗਿਆ ਹੈ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ, ਸਿੱਖ ਰਾਜ ਕਾਇਮ ਕਰਨਾ, ਜੰਗੀ ਕਰਤਵਾਂ ਦੀ ਜਾਣਕਾਰੀ, ਲੋਕਾਂ ਨੂੰ ਜ਼ਮੀਨਾ ਦੇ ਮਾਲਕ ਬਣਾਉਣ ਅਤੇ ਧਰਮ ਨਿਪੱਖਤਾ ਦੀ ਮਿਸਾਲ ਕਾਇਮ ਕਰਨ ਨੂੰ ਕਾਵਿ ਰੂਪ ਵਿੱਚ ਦਰਸਾਇਆ ਗਿਆ ਹੈ। ਇਸ ਵਿੱਚ ਸਿੱਖ ਰਾਜ ਦੀ ਸਥਾਪਨਾ ਦਾ ਮੁੱਢ ਕਿਵੇਂ ਤੇ ਕਿਹੜੀਆਂ ਸਥਿਤੀਆਂ ਵਿੱਚ ਬੱਝਿਆ ਦਾ ਕਾਵਿਕ ਰੂਪ ਵਿੱਚ ਵਰਣਨ ਕੀਤਾ ਹੋਇਆ ਹੈ? ਮੰਗਲਾ ਚਰਨ ਨਾਲ ਸ਼ੁਰੂ ਕਰਕੇ, ਪਹਿਲੇ ਸਰਗ (ਅਧਿਆਇ) ਵਿੱਚ ਜੰਮੂ ਕਸ਼ਮੀਰ ਦੀਆਂ ਵਾਦੀਆਂ ਦੀ ਕੁਦਰਤ ਦੀ ਪ੍ਰਕ੍ਰਿਤੀ ਦਾ ਵਰਣਨ, ਲਛਮਣ ਦਾਸ ਦਾ ਨਿਸ਼ਾਨਚੀ ਬਣਨ, ਹਰਨੀ ਦੇ ਸ਼ਿਕਾਰ ਸਮੇਂ ਉਸਦਾ ਗਰਭਵਤੀ ਹੋਣ ਦਾ ਪਤਾ ਲੱਗਣ 'ਤੇ ਵੈਰਾਗ ਜਾਗਣ, ਲਛਮਣ ਦਾਸ ਤੋਂ ਸਾਧੂਆਂ ਦੇ ਸੰਗ ਜਾ ਕੇ ਮਾਧੋਦਾਸ ਬਣਨ, ਜਪ-ਤਪੁ ਕਰਨ ਕਰਕੇ ਸਾਧਨਾ ਹਾਸਲ ਕਰਨ, ਅਭਿਮਾਨ ਕਰਨ, ਗੁਰੂ ਗੋਬਿੰਦ ਸਿੰਘ ਨੂੰ ਮਿਲਣ ਤੋਂ ਬਾਅਦ ਬੰਦਾ ਸਿੰਘ ਬਹਾਦਰ ਬਣਨ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਸਾਜਕੇ ਪੰਜਾਬ ਨੂੰ ਸਿੰਘਾਂ ਦੇ ਜਥੇ ਦਾ ਆਗੂ ਬਣਾਕੇ ਭੇਜਣਾ ਤੇ ਪੰਜਾਬ ਆਉਣ ਦੀ ਵਿਥਿਆ ਨੂੰ ਛੰਦ-ਬੰਦ ਕਰਕੇ ਬਾਕਮਾਲ ਢੰਗ ਨਾਲ ਲਿਖਿਆ ਗਿਆ ਹੈ। ਦੂਜੇ ਸਰਗ (ਅਧਿਆਇ) ਵਿੱਚ ਮਹਾਰਾਸ਼ਟਰ ਤੋਂ ਵਾਪਸ ਪੰਜਾਬ ਆਉਂਦਿਆਂ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਏਲਚੀਆਂ ਰਾਹੀਂ ਗੁਰੂ ਜੀ ਦਾ ਸੰਦੇਸ਼ ਪਹੁੰਚਾਇਆ, ਜਿਸਨੂੰ ਸੰਤ ਸਿੰਘ ਸੋਹਲ ਨੇ ਜੋਸ਼ੀਲੇ ਢੰਗ ਨਾਲ ਲਿਖਿਆ, ਜਿਸ ਨਾਲ ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਗਏ, ਜੋ ਇਸ ਪ੍ਰਕਾਰ ਲਿਖਿਆ ਹੈ:
ਖ਼ਤਾਂ ਦਾ ਸੰਦੇਸ਼, ਸਾਫ਼ ਗੁਰੂ ਮਾਰੀ ਨਗਰੀ ਤੋਂ,
ਬਦਲਾ ਮਾਸੂਮਾ ਦਾ ਹੈ, ਲੈਣਾ ਹਿੱਕ ਡਾਹਿ ਕੇ।
ਭੇਜਿਆ ਗੁਰਾਂ ਨੇ ਬੰਦਾ ਸਿੰਘ ਜਰਨੈਲ ਥਾਪ,
ਆ ਗਿਆ ਪੰਜਾਬ ਗੁਰੋਂ, ਥਾਪੜਾ ਜੋ ਪਾਇਕੇ।
ਗੁਰਾਂ ਦਾ ਹੁਕਮ ਉੱਠੋ, ਸਾਂਭੋ ਹਥਿਆਰ ਚੁੱਕੋ,
ਧਰਮ ਦੇ ਯੁੱਧ ਵਿੱਚ, 'ਕੱਠੇ ਹੋਵੋ ਆਇਕੇ।
ਦੂਜੇ ਸਰਗ (ਅਧਿਆਇ) ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦਾ ਪੰਜਾਬ ਆ ਕੇ ਲੋਕਾਂ ਨੂੰ ਲਾਮਬੰਦ ਕਰਨ ਨੂੰ ਸੰਤ ਸਿੰਘ ਸੋਹਲ ਨੇ ਸੁਚੱਜੇ ਢੰਗ ਨਾਲ ਕਾਵਿ ਰੂਪ ਵਿੱਚ ਦਰਸਾਇਆ ਹੈ ਕਿ ਲੋਕਾਂ ਨੂੰ ਗੁਰੂ ਸਾਹਿਬ ਦੇ ਸੰਦੇਸ਼ ਦਾ ਹਵਾਲਾ ਦੇ ਕੇ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲੈਣ ਲਈ ਤਿਆਰ ਕੀਤਾ। ਇਹ ਵੀ ਦਰਸਾਇਆ ਕਿ ਜ਼ਾਲਮਾ ਨੇ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਰੋਲਿਆ ਹੈ, ਇਹ ਲਿਖਣ ਦਾ ਭਾਵ ਲੋਕਾਂ ਵਿੱਚ ਬਦਲਾ ਲੈਣ ਦੀ ਭਾਵਨਾ ਪੈਦਾ ਕਰਨਾ ਸੀ। ਲਗਾਨ ਦੇਣ ਤੋਂ ਰੋਕ ਕੇ ਲੋਕਾਂ ਨੂੰ ਆਪਣੇ ਨਾਲ ਜੋੜਨ ਨੂੰ ਸੋਹਲ ਨੇ ਕਮਾਲ ਦੇ ਢੰਗ ਨਾਲ ਲਿਖਿਆ ਹੈ। ਅਜਿਹੇ ਢੰਗ ਨਾਲ ਲਿਖਿਆ ਕਿ ਲੋਕਾਂ ਦੇ ਖ਼ੂਨ ਬਦਲਾ ਲੈਣ ਲਈ ਉਬਾਲਾ ਖਾਣ ਲੱਗ ਪਏ। ਜ਼ਾਲਮਾ ਦੀ ਹਓਮੈ ਦਾ ਪਾਜ ਉਘੇੜਿਆ, ਫਿਰ ਸਿੰਘ ਬਘਿਆੜਾਂ ਦੀ ਤਰ੍ਹਾਂ ਜ਼ਾਲਮਾ 'ਤੇ ਟੁੱਟ ਕੇ ਪੈਂਦੇ ਦਰਸਾਏ ਗਏ ਹਨ। ਇਹ ਮਹਾਂ-ਕਾਵਿ ਨੂੰ ਪੜ੍ਹਕੇ ਪਾਠਕਾਂ ਦਾ ਵੀ ਖ਼ੂਨ ਖੌਲਣ ਲੱਗ ਜਾਂਦਾ ਹੈ। ਸਿੰਘ ਸਰਦਾਰਾਂ ਦੇ ਦਸਤਿਆਂ ਦੀ ਬਹਾਦਰੀ ਬਾਰੇ ਬਾਖ਼ੂਬੀ ਲਿਖਿਆ ਗਿਆ ਹੈ। ਸਰਗ (ਅਧਿਆਇ) ਤੀਜੇ ਵਿੱਚ ਪਾਪ ਦੇ ਭਰੇ ਭਾਂਡੇ ਦੀ ਦਾਸਤਾਂ ਬਿਆਨ ਕਰਦਿਆਂ ਵਜ਼ੀਰ ਖ਼ਾਂ ਦੇ ਜ਼ਬਰ ਦਾ ਭਾਂਡਾ ਭੰਨਿਆਂ ਹੈ। ਅਜਿਹੀ ਯੁੱਧ ਨੀਤੀ ਬਣਾਈ ਵਿਖਾਈ ਹੈ, ਜਿਸ ਨਾਲ ਵੈਰੀਆਂ 'ਤੇ ਕੀਤੇ ਦ੍ਰਿਸ਼ਟਾਂਤਿਕ ਹਮਲੇ ਇਸ ਪ੍ਰਕਾਰ ਹਨ ;
ਟੁੱਟ ਕੇ ਪੈ ਗਏ ਤੋਪਾਂ ਨੂੰ ਸਿੰਘ ਹੱਥੀਂ, ਮਾਰੇ ਤੋਪਚੀ ਤੋਪਾਂ ਮੂੰਹ ਮੋੜ ਦਿੱਤੇ।
ਪਹਿਲੀ ਬਾੜ ਸੀ ਜ਼ਾਬਰ ਦੀ ਤੋੜ ਦਿੱਤੀ, ਪੰਨੇ ਸਿਰਜ ਇਤਿਹਾਸ ਦੇ ਜੋੜ ਦਿੱਤੇ।
ਇਸ ਘਟਨਾ ਤੋਂ ਬਾਅਦ ਕਵੀ ਲਿਖਦਾ ਹੈ ਕਿ ਸਾਰਾ ਕੁਝ ਵਾਹਿਗੁਰੂ ਦੀ ਮਿਹਰ ਸਕਦਾ ਹੋਇਆ ਹੈ, ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਰਹਿਨੁਮਾਈ ਤੋਂ ਹੀ ਪ੍ਰੇਰਨਾ ਲੈਂਦਾ ਸੀ :
ਖੇਡਾਂ ਸਮੇਂ ਦੀਆਂ ਆਪ ਕਰਤਾਰ ਜਾਣੇ, ਉਹਦਾ ਭੇਦ ਨਾ ਕਿਸੇ ਨੇ ਪਾਇਆ ਜੀ।
'ਸੰਤ ਸਿੰਘਾ' ਹੈ ਜ਼ਾਬਰਾਂ ਹਾਰ ਹੋਈ, ਸਿੰਘਾਂ ਬੁਰਜ ਹੰਕਾਰ ਦਾ ਢਾਹਿਆ ਜੀ।
ਚੌਥੇ ਸਰਗ (ਅਧਿਆਇ) ਵਿੱਚ ਦਸ ਗੁਰੂ ਸਾਹਿਬਾਨ ਦੀ ਜ਼ਿੰਦਗੀ ਦੀ ਯਾਤਰਾ ਬਾਰੇ ਦੱਸਿਆ ਹੈ ਕਿ ਕਿਵੇਂ ਭਗਤੀ ਤੋਂ ਸ਼ਕਤੀ ਦਾ ਸਫਰ ਸ਼ੁਰੂ ਹੋਇਆ। ਬਹਾਦੁਰ ਸ਼ਾਹ ਰਾਜਪੂਤਾਂ ਦੀ ਬਗਾਬਤ ਦਬਾ ਰਿਹਾ ਸੀ, ਦੂਜੇ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਜ਼ਬਰ ਦੀਆਂ ਜੜ੍ਹਾਂ ਵਿੱਚ ਤੇਲ ਦੇ ਰਿਹਾ ਸੀ। ਇਸਨੂੰ ਸੰਤ ਸਿੰਘ ਸੋਹਲ ਨੇ ਬਾਖ਼ੂਬੀ ਬਿਆਨ ਕੀਤਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਸੋਚ ਵਿਚਾਰ ਤੋਂ ਬਾਅਦ ਲੋਹਗੜ੍ਹ ਨੂੰ ਸਿੱਖ ਸਟੇਟ ਦੀ ਰਾਜਧਾਨੀ ਬਣਾਇਆ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਨਾਮ ਤੇ ਸਿੱਕਾ ਜ਼ਾਰੀ ਕੀਤਾ। ਕਵੀ ਲਿਖਦਾ ਹੈ ਕਿ ਭਾਵੇਂ ਬੰਦਾ ਸਿੰਘ ਬਹਾਦਰ ਨੇ ਥੋੜ੍ਹਾ ਸਮਾਂ ਰਾਜ ਮਾਣਿਆਂ ਪ੍ਰੰਤੂ ਬਾਕਮਾਲ ਰਿਹਾ :
ਥੋੜ੍ਹਾ ਭਾਵੇਂ ਜੰਗੀ ਰਾਜ, ਮਾਣਿਆਂ ਹੈ ਖ਼ਾਲਸੇ ਨੇ,
'ਬੰਦਾ ਸਿੰਘ' ਯਾਦਗਾਰੀ, ਏਸ ਹੈ ਬਣਾ ਗਿਆ।
ਵੱਡੇ ਜ਼ਿੰਮੀਦਾਰਾਂ ਕੋਲੋਂ, ਖੋਹ ਜੋ ਜ਼ਮੀਨੀ ਹੱਕ,
ਕਿਰਤੀ ਨਿਤਾਣਿਆਂ ਦੇ, ਨਾਮ ਹੈ ਲੁਆ ਗਿਆ।
ਰਾਜ ਦਾ ਵਿਸਤਾਰ ਕਰਕੇ ਕਰਨਾਲ ਤੇ ਪਾਣੀਪਤ ਜਿੱਤ ਲਿਆ। ਪੰਜਵੇਂ ਸਰਗ (ਅਧਿਆਇ) ਵਿੱਚ ਮਾਝੇ ਦੇ ਕਈ ਇਲਾਕੇ ਬਟਾਲਾ, ਕਲਾਨੌਰ ਦੀ ਜੰਗ ਦੇ ਸ਼ਾਇਰ ਨੇ ਕਰਤਵਾਂ ਦਾ ਵਰਣਨ ਕਰਕੇ ਫ਼ੌਜਾਂ ਦੇ ਹੌਸਲੇ ਬੁਲੰਦ ਵਿਖਾਏ ਹਨ। ਫਿਰ ਲਾਹੌਰ ਵਲ ਨੂੰ ਚਾਲੇ ਪਾਉਣ ਦਾ ਵਿਵਰਣ ਦਿਲ ਨੂੰ ਟੁੰਬਣ ਵਾਲਾ ਹੈ। ਛੇਵੇਂ ਸਰਗ (ਅਧਿਆਇ) ਵਿੱਚ ਸਿੱਖ ਫ਼ੌਜਾਂ ਅਤੇ ਸ਼ਮਸ ਖਾਂ ਦੀਆਂ ਫ਼ੌਜਾਂ ਦਰਮਿਆਨ ਜੰਗ ਦਾ ਸੀਨ ਕਵੀ ਨੇ ਖਿੱਚਕੇ ਸਿੱਖ ਫ਼ੌਜਾਂ ਦੇ ਹੌਸਲੇ ਬੁਲੰਦ ਵਿਖਾਏ ਹਨ, ਪ੍ਰੰਤੂ ਕਦੀ ਇਕ ਤੇ ਕਦੀ ਦੂਜਾ ਭਾਰੂ ਰਿਹਾ। ਸੱਤਵੇਂ ਤੇ ਅੱਠਵੇਂ ਸਰਗ (ਅਧਿਆਇ) ਵਿੱਚ ਸਿੱਖਾਂ ਨੂੰ ਖ਼ਤਮ ਕਰਨ ਦੇ ਜ਼ਾਬਰਾਂ ਦੇ ਉਪਰਾਲਿਆਂ, ਸਿੰਘਾਂ ਨੂੰ ਮੌਤ ਦੇ ਘਾਟ ਉਤਾਰਨਾ ਅਤੇ ਵੱਖ-ਵੱਖ ਥਾਵਾਂ 'ਤੇ ਹੋਈਆਂ ਜੰਗਾਂ ਬਾਰੇ ਇਸ ਤਰ੍ਹਾਂ ਪੇਸ਼ ਕੀਤਾ ਜਿਵੇਂ ਜੰਗ ਦਾ ਸੀਨ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਾਪਰ ਰਿਹਾ ਹੋਵੇ। ਇਹ ਕਵੀ ਦੀ ਕਾਬਲੀਅਤ ਦਾ ਸਿਖ਼ਰ ਹੈ, ਇੱਕ ਬੈਂਤ ਵਿੱਚ ਕਵੀ ਲਿਖਦਾ ਹੈ :
ਚਾਰ ਜੂਨ ਨੂੰ ਬਾਦਸ਼ਾਹ ਖ਼ਬਰ ਪੁੱਜੀ, ਬਾਜ਼ੀਦ ਖ਼ਾਂ ਹੈ ਸਿੰਘਾਂ ਨੇ ਮਾਰ ਦਿੱਤਾ।
ਹਮਸ਼ ਖ਼ਾਂ ਤਲਵਾਰ ਦੀ ਭੇਟ ਚੜ੍ਹਿਆ, ਸਿੰਘਾਂ ਕਰ ਹੈ ਉਹ ਦੋਫਾੜ ਦਿੱਤਾ।
ਪਠਾਨਕੋਟ, ਜਲੰਧਰ ਵੀ ਲੁੱਟ ਲਿਆ, ਬਟਾਲਾ ਸ਼ਹਿਰ ਵੀ ਲੁੱਟ ਲਤਾੜ ਦਿੱਤਾ।
ਦਹਿਸ਼ਤ ਸਿੰਘਾਂ ਦੀ ਫੈਲੀ ਸੀ ਫ਼ੌਜ ਅੰਦਰ, ਆਇਆ ਸਾਹਵੇਂ ਜੋ ਜੰਡ 'ਤੇ ਚਾੜ੍ਹ ਦਿੱਤਾ।
ਨੌਵੇਂ ਸਰਗ (ਅਧਿਆਇ) ਵਿੱਚ ਗੁਰਦਾਸ ਦੀ ਗੜ੍ਹੀ ਵਿੱਚ ਸਿੱਖ ਫ਼ੌਜਾਂ ਅਤੇ ਜ਼ਾਲਮਾ ਦੀਆਂ ਫ਼ੌਜਾਂ ਦੀ ਲੜਾਈ ਦਾ ਬਿਰਤਾਂਤ ਦਿੰਦਿਆਂ ਲਿਖਿਆ ਹੈ ਕਿ ਅੱਠ ਮਹੀਨੇ ਜ਼ਾਲਮਾ ਦੀਆਂ ਫ਼ੌਜਾਂ ਨੇ ਚਾਰੇ ਪਾਸੇ ਤੋਂ ਘੇਰ ਰੱਖਿਆ, ਰਾਸ਼ਣ ਪਾਣੀ ਖ਼ਤਮ ਹੋ ਗਿਆ, ਪਰ ਸਿੱਖ ਫ਼ੌਜਾਂ ਨੇ ਹਥਿਆਰ ਨਹੀਂ ਸੁੱਟੇ। ਭੁੱਖਣ ਭਾਣੇ ਲੜਦੇ ਰਹੇ ਸਿੱਖਾਂ ਦੀ ਪ੍ਰਸੰਸਾ ਵਿੱਚ ਲਿਖਿਆ :
ਪੱਤੇ ਛਿੱਲ ਉਤਾਰ, ਖਾਧੇ ਦਰਖਤੋਂ, ਪਿੰਜਰ ਬਣੇ ਸਰੀਰ, ਅਣਖੀ ਯੋਧਿਆਂ।
ਖੱਚਰ ਘੋੜੇ ਵੱਢ, ਖਾਧੇ ਖ਼ਾਲਸੇ, ਪੱਟ ਚੀਰ ਭੁੰਨ ਖਾਣ, ਮੇਟਣ ਭੁੱਖ ਨੂੰ।
ਅਖ਼ੀਰ ਸਮਝੌਤੇ ਦੀ ਤਰਕੀਬ ਨਾਲ ਸਿੰਘਾਂ ਨੂੰ ਕੈਦ ਕਰ ਲਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਕੈਦੀ ਬਣਾਕੇ ਦਿੱਲੀ ਲਿਜਾਇਆ ਗਿਆ। ਦਸਵੇਂ ਸਰਗ (ਅਧਿਆਇ) ਵਿੱਚ ਧਰਮ ਬਦਲਣ, ਸਿੰਘਾਂ ਦੇ ਸਿਰਾਂ ਨੂੰ ਨੇਜਿਆਂ 'ਤੇ ਟੰਗਣ ਵਰਗੇ ਅਨੇਕਾਂ ਹਿਰਦੇਵੇਦਿਕ ਜ਼ੁਲਮਾ ਦੇ ਦ੍ਰਿਸ਼ ਵੀ ਖ਼ਾਲਸੇ ਨੂੰ ਡਰਾ ਨਾ ਸਕੇ। ਕਵੀ ਲਿਖਦਾ ਹੈ :
ਤਿੰਨ ਮਹੀਨੇ ਜ਼ਾਬਰਾਂ, ਵਰਤੇ ਢੰਗ ਤਮਾਮ।
ਪਰ ਨਾ ਡੋਲੇ ਸੂਰਮੇ, ਸਿੰਘਾਂ ਸਿਦਕ ਸਲਾਮ।
ਅਖ਼ੀਰ ਵਿੱਚ ਕਿਹਾ ਜਾ ਸਕਦਾ ਹੈ ਕਿ ਇਹ ਸੰਤ ਸਿੰਘ ਸੋਹਲ ਨੇ ਮਹਾਂ-ਕਾਵਿ ਲਿਖਕੇ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਸ਼ਹੀਦਾਂ ਨੂੰ ਸੱਚੀ ਸ਼ਰਧਾਂਜ਼ਲੀ ਦਿੱਤੀ ਹੈ। 264 ਪੰਨਿਆਂ, 500 ਰੁਪਏ ਕੀਮਤ ਵਾਲਾ ਇਹ ਮਹਾਂ ਕਾਵਿ ਪੰਜਾਬੀ ਸੱਥ ਵਾਲਸਲ (ਯੂ.ਕੇ.) ਨੇ ਪ੍ਰਕਾਸ਼ਤ ਕੀਤਾ ਹੈ।
ਸੰਪਰਕ ਸੰਤ ਸਿੰਘ ਸੋਹਲ : 9316625738
ਮੱਖਣ ਮਾਨ ਦਾ 'ਰੰਗਾਂ ਦੀ ਗੁਫ਼ਤਗੂ' ਲੋਕ ਹਿੱਤਾਂ ਦਾ ਪਹਿਰੇਦਾਰ ਕਾਵਿ-ਸੰਗ੍ਰਹਿ - ਉਜਾਗਰ ਸਿੰਘ
ਮੱਖਣ ਮਾਨ ਲੋਕ ਹਿੱਤਾਂ ਦੀ ਪਹਿਰੇਦਾਰੀ ਕਰਨ ਵਾਲੀਆਂ ਕਵਿਤਾਵਾਂ ਲਿਖਦਾ ਹੈ। ਚਰਚਾ ਅਧੀਨ 'ਰੰਗਾਂ ਦੀ ਗੁਫ਼ਤਗੂ' ਉਸਦਾ ਦੂਜਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸਦਾ ਇੱਕ 'ਬਿਰਸਾ ਮੁੰਡਾ ਦਾ ਪੁਨਰ ਜਨਮ' ਕਾਵਿ-ਸੰਗ੍ਰਹਿ 2019 ਵਿੱਚ ਪ੍ਰਕਾਸ਼ਿਤ ਹੋ ਚੁੱਕਾ ਹੈ। ਉਸਦਾ 'ਬਿਰਸਾ ਮੁੰਡਾ ਦਾ ਪੁਨਰ ਜਨਮ' ਕਾਵਿ-ਸੰਗ੍ਰਹਿ ਕਾਫ਼ੀ ਚਰਚਾ ਵਿੱਚ ਰਿਹਾ ਹੈ, ਇੱਕ ਕਿਸਮ ਨਾਲ ਇਸ ਕਾਵਿ-ਸੰਗ੍ਰਹਿ ਦੇ ਪ੍ਰਕਾਸ਼ਿਤ ਹੋਣ ਨਾਲ ਉਹ ਸਾਹਿਤਕ ਗਲਿਆਰਿਆਂ ਵਿੱਚ ਕਵੀ ਦੇ ਤੌਰ 'ਤੇ ਜਾਣਿਆਂ ਜਾਣ ਲੱਗ ਪਿਆ ਸੀ। ਭਾਵੇਂ ਇਸ ਤੋਂ ਪਹਿਲਾਂ ਉਸਦਾ ਮੌਲਿਕ ਕਹਾਣੀ-ਸੰਗ੍ਰਹਿ 'ਖੌਲਦੇ ਪਾਣੀ' (ਪੰਜਾਬੀ) ਤੇ 'ਸਿਮਰਤੀ ਭੋਜ' ਕਹਾਣੀ-ਸੰਗ੍ਰਹਿ (ਹਿੰਦੀ) ਵਿੱਚ ਪ੍ਰਕਾਸ਼ਤ ਹੋ ਚੁੱਕੇ ਸਨ। ਇਸ ਤੋਂ ਇਲਾਵਾ ਚਾਰ ਸੰਪਾਦਿਤ ਕਹਾਣੀ-ਸੰਗ੍ਰਹਿ 'ਵਗਦੇ ਪਾਣੀ', 'ਪੱਥਰਾਂ 'ਤੇ ਤੁਰਦੇ ਲੋਕ', 'ਨਵੀਂ ਕਹਾਣੀ ਨਵੇਂ ਨਕਸ਼-1' ਅਤੇ 'ਨਵੀਂ ਕਹਾਣੀ ਨਵੇਂ ਨਕਸ਼-2' ਵੀ ਪ੍ਰਕਾਸ਼ਿਤ ਹੋ ਚੁੱਕੇ ਹਨ। ਮੱਖਣ ਮਾਨ ਦਾ 'ਰੰਗਾਂ ਦੀ ਗੁਫ਼ਤਗੂ' ਆਪਣੀ ਕਿਸਮ ਦਾ ਨਿਵੇਕਲਾ ਕਾਵਿ-ਸੰਗ੍ਰਹਿ ਹੈ, ਜਿਸ ਵਿੱਚ ਵੱਖੋ-ਵੱਖਰੇ ਰੰਗ ਵਿਖੇਰਦੀਆਂ 45 ਖੁਲ੍ਹੀਆਂ ਵਿਚਾਰ ਪ੍ਰਧਾਨ ਕਵਿਤਾਵਾਂ ਹਨ, ਜਿਹੜੀਆਂ ਸਮਾਜ ਦੇ ਹਰ ਵਰਗ ਪ੍ਰੰਤੂ ਖਾਸ ਤੌਰ 'ਤੇ ਦਲਿਤ ਸਮਾਜ ਦੀ ਪ੍ਰਤੀਨਿਧਤਾ ਕਰਦੀਆਂ ਲੱਗਦੀਆਂ ਹਨ। ਇਸ ਕਾਵਿ-ਸੰਗ੍ਰਹਿ ਵਿੱਚ ਸ਼ਾਇਰ ਨੇ ਸਮਾਜ ਦੇ ਦੱਬੇ ਕੁਚਲੇ ਗ਼ਰੀਬ ਲੋਕਾਂ ਦੀ ਜਦੋਜਹਿਦ ਵਾਲੀ ਜ਼ਿੰਦਗੀ ਦੀ ਤ੍ਰਾਸਦੀ ਨਾਲ ਸੰਬੰਧਤ ਕਵਿਤਾਵਾਂ ਲਿਖੀਆਂ ਹਨ। ਇਹ ਕਵਿਤਾਵਾਂ ਗ਼ਰੀਬੀ ਕਰਕੇ ਸਮਾਜਿਕ, ਆਰਥਿਕ ਅਤੇ ਸਭਿਆਚਾਰਿਕ ਸੰਤਾਪ ਹੰਢਾ ਰਹੇ ਲੋਕਾਂ ਦੀ ਬਰਾਬਰੀ ਦੇ ਹੱਕ ਲੈਣ ਲਈ ਇੱਕਮੁਠਤਾ ਨਾਲ ਜੁੱਟ ਕੇ ਕੰਮ ਕਰਨ ਦੀ ਪ੍ਰੋੜ੍ਹਤਾ ਕਰਦੀਆਂ ਹਨ। ਉਸਦੀਆਂ ਕਵਿਤਾਵਾਂ ਲੋਕਾਈ ਦਾ ਦਰਦ-ਦੁਖਾਂਤ, ਜ਼ੋਰ-ਜ਼ਬਰਦਸਤੀ, ਜ਼ਬਰ-ਜ਼ੁਲਮ ਅਤੇ ਹੋ ਰਹੀ ਬੇਇਨਸਾਫ਼ੀ ਦੀ ਪੀੜਾ ਨੂੰ ਉਘਾੜਦੀਆਂ ਹਨ, ਤਾਂ ਜੋ ਇਹ ਲੋਕ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਕੇ ਸਮਾਨਤਾ ਦੇ ਹੱਕ ਪ੍ਰਾਪਤ ਕਰ ਸਕਣ। ਮੱਖਣ ਮਾਨ ਦੀਆਂ ਕਵਿਤਾਵਾਂ ਸਿਰਫ ਇਨ੍ਹਾਂ ਲੋਕਾਂ ਦੇ ਦੁਖਾਂਤ ਦਾ ਪ੍ਰਗਟਾਵਾ ਹੀ ਨਹੀਂ ਕਰਦੀਆਂ ਸਗੋਂ, ਸਮਾਜ, ਸਰਕਾਰਾਂ, ਸਿਆਸਤਦਾਨਾਂ ਅਤੇ ਪ੍ਰਬੰਧਕਾਂ ਨੂੰ ਸਵਾਲ ਵੀ ਕਰਦੀਆਂ ਹਨ। ਇਨ੍ਹਾਂ ਕਵਿਤਾਵਾਂ ਦਾ ਮੁੱਖ ਮੰਤਵ ਗ਼ਰੀਬ ਵਰਗ, ਘੱਟ ਗਿਣਤੀਆਂ ਅਤੇ ਦਲਿਤਾਂ ਨੂੰ ਉਨ੍ਹਾਂ ਦੇ ਆਪਣੇ ਦੁਖਾਂਤ ਬਾਰੇ ਸੁਚੇਤ ਕਰਨਾ ਹੈ। ਜੇਕਰ ਗ਼ਰੀਬ ਲੋਕ ਸੁਚੇਤ ਹੋ ਜਾਣਗੇ ਤਾਂ ਆਪਣੇ ਮਨੁੱਖੀ ਅਧਿਕਾਰਾਂ ਦੀ ਪ੍ਰਾਪਤੀ ਲਈ ਯੋਜਨਾਬੱਧ ਢੰਗ ਨਾਲ ਲੜਾਈ ਲੜ ਸਕਦੇ ਹਨ। ਇਨ੍ਹਾਂ ਵਰਗਾਂ ਦਾ ਭਲਾ ਰਾਜਨੀਤਕ ਪ੍ਰਣਾਲੀ ਰਾਹੀਂ ਹੀ ਹੋ ਸਕਦਾ ਹੈ, ਇਸ ਲਈ ਸ਼ਾਇਰ ਦੀਆਂ ਕਵਿਤਾਵਾਂ ਰਾਜਨੀਤਕ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰਨ ਵਾਲੀਆਂ ਹਨ। ਇਹ ਕਵਿਤਾਵਾਂ ਜ਼ਾਤ-ਪਾਤ ਤੇ ਊਚ-ਨੀਚ ਦੀ ਪ੍ਰਵਿਰਤੀ ਰਾਹੀਂ ਸਮਾਜਿਕ ਪ੍ਰਣਾਲੀ ਵੱਲੋਂ ਇਨ੍ਹਾਂ ਵਰਗਾਂ ਦੇ ਸਵੈ-ਮਾਣ ਨੂੰ ਖ਼ਤਮ ਕਰਨ ਲਈ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਰੋਕਣ ਵਿੱਚ ਸਹਾਈ ਹੋਣਗੀਆਂ। ਇਸ ਕਾਵਿ-ਸੰਗ੍ਰਹਿ ਦੀਆਂ ਕਵਿਤਾਵਾਂ ਰਾਜਨੀਤਕ ਲੋਕਾਂ ਦੀ ਕੂੜ ਰਾਜਨੀਤੀ ਨੂੰ ਸਮਝਣ ਲਈ ਪ੍ਰੇਰਿਤ ਕਰਦੀਆਂ ਹਨ। ਸ਼ਾਇਰ ਦਲਿਤ ਵਰਤਾਰੇ ਦੀ ਰਾਜਨੀਤੀ ਨੂੰ ਭਲੀ ਪ੍ਰਕਾਰ ਸਮਝਦਾ ਹੋਇਆ, ਇਨ੍ਹਾਂ ਕਵਿਤਾਵਾਂ ਦੇ ਮਾਧਿਅਮ ਰਾਹੀਂ ਸਰਕਾਰ ਦੀ ਆਰਥਿਕ ਤੇ ਪ੍ਰਬੰਧਕੀ ਨੀਤੀ ਦਾ ਪ੍ਰਗਟਾਵਾ ਵੀ ਕਰਦਾ ਹੈ, ਜਿਸ ਨਾਲ ਰਾਜਨੀਤੀ ਵਿੱਚ ਧਰਮ, ਮੂਲਵਾਦ, ਫ਼ਿਰਕਾਪ੍ਰਸਤੀ ਦੇ ਤਾਣੇ-ਬਾਣੇ ਨਾਲ ਜਕੜਿਆ ਹੋਇਆ ਹੈ। ਸ਼ਾਇਰ ਆਪਣੀ 'ਸ਼ਾਹ ਰਗ਼ 'ਚ ਬੁਝਦੀ ਜਗਦੀ ਕੈਨਵਸ' ਸਿਰਲੇਖ ਵਾਲੀ ਕਵਿਤਾ ਵਿੱਚ ਲਿਖਦਾ ਹੈ ਕਿ ਗ਼ਰੀਬ ਦਲਿਤ 'ਤੇ ਜੋ ਅਤਿਆਚਾਰ ਹੋ ਰਹੇ ਹਨ, ਇਹ ਹਲਕਾਏ ਲੋਕਾਂ ਦੀ ਮਾਨਸਿਕਤਾ ਹੈ ਕਿ ਉਹ ਦਲਿਤਾਂ ਨੂੰ ਪੈਰ-ਪੈਰ 'ਤੇ ਕੁਚਲ ਰਹੇ ਹਨ। ਇਸ ਕਵਿਤਾ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ:
ਹਲਕਾਅ ਦੀ ਦਹਿਸ਼ਤ
ਕਿੱਥੋਂ-ਕਿੱਥੋਂ ਦੀ ਹੋ ਆਈ ਹੈ
ਕੋਈ ਵੀ ਕੋਨਾ ਮਹਿਫ਼ੂਜ਼ ਨਹੀਂ ਬਚਿਆ ਹੈ
ਜ਼ਿੰਦਗੀ ਦਾ ਪਹੀਆ ਲੀਹੋਂ ਲਹਿ ਗਿਆ ਹੈ
ਹਲਕਾਈ ਕਤੀੜ
ਕਿਸੇ ਅਬਦਾਲੀ ਜਾਂ ਗਜ਼ਨਬੀ ਵਾਂਗ
ਲੈਸ ਹੋ ਕੇ ਨਹੀਂ ਆਈ
ਉਹ ਤਾਂ ਸਾੜ੍ਹ-ਸਤੀ ਬਣ
ਸਾਡੀਆਂ ਬਰੂਹਾਂ 'ਚ ਚੁੱਪ-ਚੁਪੀਤੇ ਦਾਖ਼ਲ ਹੋਈ
ਬਹੁਤ ਕੁੱਝ ਤਹਿਸ-ਨਹਿਸ ਕਰ ਗਈ
ਤੇ ਅਸੀਂ ਡਰਦੇ ਮਾਰੇ
ਘਰਾਂ 'ਚ ਕੱਛੂਕੁੰਮੇ ਬਣ ਗਏ ਹਾਂ
ਇਸ ਇੱਕ ਕਵਿਤਾ ਵਿੱਚ ਅਨੇਕਾਂ ਸਵਾਲ ਖੜ੍ਹੇ ਕੀਤੇ ਗਏ ਹਨ, ਜਿਨ੍ਹਾਂ ਦਾ ਜਵਾਬ ਦਲਿਤ ਸਮਾਜ ਸਰਕਾਰਾਂ ਤੋਂ ਮੰਗਦਾ ਹੈ। ਸ਼ਾਇਰ ਆਪਣੀਆਂ ਕਵਿਤਾਵਾਂ ਵਿੱਚ ਵਹਿਮਾਂ- ਭਰਮਾ ਦੇ ਜੰਜ਼ਾਲ ਵਿੱਚੋਂ ਨਿਕਲਕੇ ਬਗ਼ਾਬਤ ਦੀ ਰੌਂ ਉਸਾਰਨ ਦੀ ਤਾਕੀਦ ਕਰਦਾ ਹੈ। ਮੱਖਣ ਮਾਨ ਆਪਣੀਆਂ ਕਵਿਤਾਵਾਂ ਵਿੱਚ ਦੱਸਦਾ ਹੈ ਕਿ ਮੁਹੱਬਤਾਂ ਸਰੀਰਾਂ ਨਾਲ ਨਹੀਂ ਸਗੋਂ ਮੁਹੱਬਤ ਇਨਸਾਨ ਦੀ ਇਨਸਾਨ ਰਾਹੀਂ ਮਾਨਵਤਾ ਦੀ ਪਛਾਣ ਦਾ ਦੂਸਰਾ ਨਾਮ ਹੈ। ਸ਼ਾਇਰ ਨੇ ਦੁਨਿਆਵੀ ਮੁਹੱਬਤ ਦੇ ਅਰਥ ਬਦਲਣ ਦੀ ਵਕਾਲਤ ਕੀਤੀ ਹੈ। ਇਸ਼ਕ-ਹਕੀਕੀ ਤੇ ਇਸ਼ਕ-ਮਜਾਜ਼ੀ ਦੇ ਅੰਤਰ ਨੂੰ ਸਮਝਣ ਦੀ ਲੋੜ 'ਤੇ ਜ਼ੋਰ ਦਿੰਦਾ ਹੈ। ਸਰੀਰਕ ਖਿਚ ਪਿਤਰੀ ਸੋਚ ਦਾ ਪ੍ਰਤੀਕ ਹੈ। ਸ਼ਾਇਰ ਇਨਸਾਨ ਨੂੰ ਇਸ ਖਲਜਗਣ ਵਿੱਚੋਂ ਬਾਹਰ ਨਿਕਲਣ ਦੀ ਪ੍ਰੋੜ੍ਹਤਾ ਕਰਦਾ ਹੈ। 'ਸਪੇਸ ਕਿਤੇ ਵੀ ਨਹੀਂ' ਸਿਰਲੇਖ ਵਾਲੀ ਕਵਿਤਾ ਵਿੱਚ ਸ਼ਾਇਰ ਲਿਖਦਾ ਹੈ ਕਿ ਲੋਕਾਂ ਨੂੰ ਧਰਮ ਦੇ ਨਾਂ 'ਤੇ ਗੁੰਮਰਾਹ ਕੀਤਾ ਜਾਂਦਾ ਹੈ। ਲੋਕ ਧਰਮਾਂ ਦੇ ਚੱਕਰ ਵਿੱਚ ਫਸ ਗਏ ਹਨ:
ਲਵ ਜਹਾਦ
ਕਿਸ ਚੱਕਰਵਿਊ ਵਿੱਚ ਘਿਰ ਗਏ ਸੀ ਆਪਾਂ
ਮੈਂ ਕਦੇ ਮਸੀਤ ਨਹੀਂ ਵੇਖੀ ਸੀ
ਤੂੰ ਕਦੇ ਮੰਦਰ
ਪਰ ਚਿਣ ਦਿੱਤੇ ਗਏ ਸਾਂ
ਕਿਸੇ ਸਾਜ਼ਿਸ਼ ਦੇ ਤਹਿਤ
ਮਜ਼ਹਬ ਦੀਆਂ ਨੀਂਹਾਂ ਵਿੱਚ
ਮੁਹੱਬਤ ਰੂਹ ਦੀ ਖ਼ੁਰਾਕ ਹੁੰਦੀ ਹੈ। ਇਹ ਆਪਸੀ, ਮਿਲਵਰਤਨ, ਸਹਿਹੋਂਦ, ਸਹਿਨਸ਼ੀਲਤਾ ਅਤੇ ਸਲੀਕੇ ਦੀ ਪ੍ਰਤੀਕ ਹੁੰਦੀ ਹੈ। ਇਸਨੂੰ ਇਸ਼ਕ ਦੇ ਨਾਲ ਜੋੜਕੇ ਵੇਖਣਾ ਬਹੁਤਾ ਸਾਰਥਿਕ ਨਹੀਂ ਹੁੰਦਾ। ਇਹ ਤਹਿਜ਼ੀਬ ਦਾ ਦੂਜਾ ਨਾਮ ਹੈ। ਮੁਹੱਬਤ ਵਾਲੀਆਂ ਕਵਿਤਾਵਾਂ ਰਿਸ਼ਤਿਆਂ ਨੂੰ ਪਛਾਣਨ 'ਤੇ ਜ਼ੋਰ ਦਿੰਦੀਆਂ ਹਨ। ਸ਼ਾਇਰ ਦੀਆਂ ਮੁਹੱਬਤ ਨਾਲ ਸੰਬੰਧਤ ਕਵਿਤਾਵਾਂ ਵੀ ਸਮਾਜਿਕਤਾ ਦੀ ਪੈਰਵੀ ਕਰਦੀਆਂ ਹਨ। ਸਮਾਜਿਕ ਕਦਰਾਂ ਕੀਮਤਾਂ ਦੀ ਗਿਰਾਵਟ ਅਤੇ ਸਮਾਜਵਾਦੀ ਸਿਧਾਂਤਾਂ ਤੋਂ ਕਿਨਾਰਾਕਸ਼ੀ ਦਾ ਦੁਖਾਂਤ ਪੇਸ਼ ਕਰਦੀਆਂ ਹਨ। ਰਿਸ਼ਤੇ ਇੱਕ ਦੂਜੇ ਦੇ ਪੂਰਕ ਬਣਨੇ ਚਾਹੀਦੇ ਹਨ। ਪੰਜਾਬ ਦੀ ਵਿਰਾਸਤ ਬਹੁਤ ਅਮੀਰ ਹੈ, ਪ੍ਰੰਤੂ ਪਰੰਪਰਾਵਾਂ ਅਤੇ ਰੀਤੀ ਰਿਵਾਜ਼ ਇਸਤੇ ਭਾਰੂ ਹਨ। 'ਤ੍ਰਿਹਾਏ ਸੇਕ ਦੀ ਠਾਰ', 'ਮੁਕਤੀ ਦੁਆਰ', 'ਚਾਹਤ ਦਾ ਯਟੋਪੀਆ', 'ਇੱਕ ਗੱਲ ਜੇ ਮੈਂ ਕਹਾਂ', 'ਤੇਰੇ ਨਾਮ ਦੀਆਂ ਵਾਰਾਂ' ਅਤੇ 'ਕੁੜੀਆਂ ਚਿੜੀਆਂ ਤੇ ਪੱਥਰ' ਸਿਰਲੇਖ ਵਾਲੀਆਂ ਕਵਿਤਾਵਾਂ ਸਮਾਜ ਵਿੱਚ ਇਸਤਰੀਆਂ 'ਤੇ ਹੋ ਰਹੇ ਦੁਰਾਚਾਰਾਂ ਤੇ ਜ਼ਿਆਦਤੀਆਂ ਦੀ ਗਵਾਹੀ ਭਰਦੀਆਂ ਹਨ। ਔਰਤ ਨਾਲ ਹਰ ਰਿਸ਼ਤੇ ਵਿੱਚ ਅਣਹੋਣੀਆਂ ਹੋ ਰਹੀਆਂ ਹਨ, ਬਲਾਤਕਾਰ, ਕੁੱਟ-ਮਾਰ, ਬੇਇਨਸਾਫ਼ੀ, ਨੀਵਾਂ ਸਮਝਣਾ, ਨਿਹੋਰੇ ਮਾਰਨੇ, ਤਾਅਨੇ ਮਿਹਣੇ, ਬੰਦਸ਼ਾਂ, ਪਤੀ ਪਰਮੇਸ਼ਰ ਹੋਣਾ, ਸਮਾਜਿਕ ਵਿਤਕਰਾ, ਸੈਕਸੁਅਲ ਹਰਾਸਮੈਂਟ, ਰੋਣ ਵੀ ਨਹੀਂ ਦੇਣਾ ਅਤੇ ਭਰੂਣ ਹੱਤਿਆ ਵਰਗੀਆਂ ਲਾਹਣਤਾ ਨੂੰ ਚੁਪ ਕਰਕੇ ਸਹਿਣਾ ਔਰਤ ਦੀ ਤ੍ਰਾਸਦੀ ਦਰਸਾਉਂਦੀਆਂ ਕਵਿਤਾਵਾਂ ਹਨ। ਦੇਸ਼ ਲਈ ਨਾਮਣਾ ਖੱਟਣ ਵਾਲੀਆਂ ਪਹਿਲਵਾਨ ਲੜਕੀਆਂ ਜੇ ਰਾਜਨੀਤਕ ਲੋਕਾਂ ਤੋਂ ਸ਼ੋਸ਼ਣ ਦਾ ਸ਼ਿਕਾਰ ਹਨ ਤਾਂ ਆਮ ਇਸਤਰੀਆਂ ਦਾ ਕੀ ਹਾਲ ਹੋਵੇਗਾ। ਇਸ ਦੇ ਨਾਲ ਹੀ ਸ਼ਾਇਰ ਔਰਤ ਨੂੰ ਹੁਣ ਅਬਲਾ ਨਹੀਂ ਦਲੇਰੀ ਫੜ੍ਹਨ ਦੀ ਤਾਕੀਦ ਵੀ ਕਰਦਾ ਹੈ। ਇਸਤਰੀਆਂ ਨਾਲ ਬਿਨਾ ਵਜਾਹ ਦੇ ਝਗੜੇ ਉਨ੍ਹਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਂਦੇ ਹਨ। ਹਰ ਗ਼ਲਤ ਕੰਮ ਦੀ ਜ਼ਿੰਮੇਵਾਰ ਔਰਤ ਨੂੰ ਠਹਿਰਾਇਆ ਜਾਂਦਾ ਹੈ। ਔਰਤਾਂ ਨੂੰ ਰਿਸ਼ਤਿਆਂ ਦੇ ਬੰਧਨ ਵਿੱਚ ਬੰਨ੍ਹਕੇ ਬੇਇਨਸਾਫ਼ੀ ਕੀਤੀ ਜਾ ਰਹੀ ਹੈ। ਉਹ ਉਦਾਸ ਤੇ ਨਿਰਾਸ਼ ਰਹਿੰਦੀਆਂ ਹਨ, ਪ੍ਰੰਤੂ ਮੱਖਣ ਮਾਨ ਦੀਆਂ ਕਵਿਤਾਵਾਂ ਇਨ੍ਹਾਂ ਵਿਸੰਗਤੀਆਂ ਦਾ ਮੁਕਾਬਲਾ ਕਰਨ ਲਈ ਹੱਲਾਸ਼ੇਰੀ ਵੀ ਦਿੰਦੀਆਂ ਹਨ। 'ਰੋਹਿਤ ਵੇਮੁਲਾ ਦਾ ਖ਼ਤ' ਸਿਰਲੇਖ ਵਾਲੀ ਕਵਿਤਾ ਵੀ ਕਈ ਸਵਾਲ ਖੜ੍ਹੇ ਕਰਦੀ ਹੈ। ਆਜ਼ਾਦੀ ਦੀਆਂ ਬਰਕਤਾਂ ਆਮ ਲੋਕਾਂ ਨੂੰ ਮਿਲ ਨਹੀਂ ਰਹੀਆਂ, ਫ਼ਿਰਕਾਪ੍ਰਸਤੀ ਦਾ ਦੌਰ ਹੈ, ਭੀੜਤੰਤਰ ਘੱਟ ਗਿਣਤੀਆਂ ਤੇ ਤਸ਼ੱਦਦ ਕਰ ਰਿਹਾ ਹੈ, ਸਮਾਜਿਕ ਵਿਤਕਰੇ ਹੋ ਰਹੇ ਹਨ, ਸ਼ਾਇਰ ਇਨ੍ਹਾਂ ਵਿਰੁੱਧ ਲੜਾਈ ਲੜਨ ਦੀ ਪ੍ਰੇਰਨਾ ਕਰਦਾ ਹੈ। ਹਾਕਮਾ ਦੀ ਨੀਅਤ ਸਾਫ਼ ਨਹੀਂ, ਰੀਝਾਂ ਪੂਰੀਆਂ ਨਹੀਂ ਹੋ ਰਹੀਆਂ ਅਤੇ ਖ਼ੁਸ਼ਹਾਲੀ ਦੀ ਥਾਂ ਮੰਦਹਾਲੀ ਦਾ ਦੌਰ ਹੈ। 'ਅੰਬੇਦਕਰ ਕਿੱਥੇ ਹੈ?' ਕਵਿਤਾ ਦੇਸ਼ ਵਾਸੀਆਂ ਦੇ ਭਾਰਤੀ ਸੰਵਿਧਾਨ ਦੇ ਸਿਧਾਂਤਾਂ ਤੋਂ ਮੁੱਖ ਮੋੜਨ ਦੀ ਤ੍ਰਾਸਦੀ ਦਾ ਬਿਰਤਾਂਤ ਹੈ, ਕਿਉਂਕਿ ਜਿਹੜੇ ਸਪਨੇ ਸਿਰਜਕੇ ਸੰਵਿਧਾਨ ਬਣਾਇਆ ਸੀ, ਭਾਰਤੀ ਉਨ੍ਹਾਂ 'ਤੇ ਪਹਿਰਾ ਦੇਣ ਦੀ ਥਾਂ ਉਸਦੇ ਵਿਰੁੱਧ ਕਾਰਵਾਈਆਂ ਕਰ ਰਹੇ ਹਨ। ਸਰਕਾਰਾਂ ਦੀ ਅਣਵੇਖੀ ਨੂੰ ਭਾਰਤੀ ਵੀ ਅਣਡਿਠ ਕਰ ਰਹੇ ਹਨ। ਸਿਰਫ ਇੱਕ ਦਿਨ ਸੰਵਿਧਾਨ ਦੇ ਨਿਰਮਾਤਾ ਨੂੰ ਯਾਦ ਕਰਕੇ ਕਾਰਵਾਈ ਪਾ ਦਿੰਦੇ ਹਨ। 'ਰੇਤ 'ਚ ਤੈਰਦੀਆਂ ਜਾਮਣੀ ਨਦੀਆਂ' ਸਿਰਲੇਖ ਵਾਲੀ ਕਵਿਤਾ ਵਿੱਚ ਸਾਹਿਤਕਾਰਾਂ ਖਾਸ ਤੌਰ 'ਤੇ ਕਵੀਆਂ ਵੱਲੋਂ ਸਮਾਜ ਪ੍ਰਤੀ ਆਪਣੀ ਜਵਾਬਦੇਹੀ ਨਿਭਾਉਣ ਦੀ ਥਾਂ ਬੇਫ਼ਜ਼ੂਲ ਰਚਨਾਵਾਂ ਲਿਖੀਆਂ ਜਾ ਰਹੀਆਂ ਹਨ, ਜਿਹੜੀਆਂ ਲੋਕ ਹਿੱਤਾਂ ਦੀ ਤਰਜ਼ਮਾਨੀ ਨਹੀਂ ਕਰਦੀਆਂ। ਆਧੁਨਿਕਤਾ ਨੇ ਨੈਟ ਤੇ ਮੋਬਾਈਲ ਰਾਹੀਂ ਸਮਾਜਿਕ ਤਾਣੇ-ਬਾਣੇ ਨੂੰ ਨੁਕਸਾਨ ਪਹੁੰਚਾਇਆ ਹੈ। ਲੋਕ ਦੋਹਰੇ ਕਿਰਦਾਰ ਵਾਲੇ ਹਨ, ਪੰਜਾਬ ਸਰਾਪਿਆ ਪਿਆ ਹੈ, ਨਸ਼ੇ ਭਾਰੂ ਹਨ, ਮਾਵਾਂ ਪੁੱਤ ਨਹੀਂ ਖੁਦਕਸ਼ੀਆਂ ਜੰਮਦੀਆਂ ਹਨ, ਗੁੰਡਿਆਂ ਦਾ ਰਾਜ ਹੈ, ਇਨਸਾਫ਼ ਨਹੀਂ ਮਿਲਦਾ, ਨੇਕੀ ਤੇ ਬਦੀ ਭਾਰੂ ਹੈ। ਇਨ੍ਹਾਂ ਵਿਸ਼ਿਆਂ ਦੇ ਦੁਆਲੇ ਮੱਖਣ ਮਾਨ ਦੀਆਂ ਕਵਿਤਾਵਾਂ ਘੁੰਮਦੀਆਂ ਹਨ। ਉਹ ਲੋਕ ਹਿੱਤਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਸ਼ਇਰ ਹੈ। ਭਵਿਖ ਵਿੱਚ ਮੱਖਣ ਮਾਨ ਤੋਂ ਇਸ ਤੋਂ ਵੀ ਵਧੀਆ ਕਵਿਤਾਵਾਂ ਲਿਖਣ ਦੀ ਆਸ ਕੀਤੀ ਜਾ ਸਕਦੀ ਹੈ।
168 ਪੰਨਿਆਂ, 295 ਕੀਮਤ, ਸਚਿਤਰ ਮੁੱਖ ਕਵਰ ਵਾਲਾ ਇਹ ਕਾਵਿ ਸੰਗ੍ਰਹਿ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਤ ਕੀਤਾ ਹੈ।
‘ਝਲਕ ਝਲੂਰ ਪਿੰਡ ਦੀ’ ਪੁਸਤਕ ਪਿੰਡ ਤੇ ਪੰਜਾਬ ਦੇ ਇਤਿਹਾਸ ਤੇ ਸਭਿਅਚਾਰ ਦਾ ਸੁਮੇਲ - ਉਜਾਗਰ ਸਿੰਘ
ਮਾਸਟਰ ਹਰਦੇਵ ਸਿੰਘ ਪ੍ਰੀਤ ਨੇ ਆਪਣੇ ਜੱਦੀ ਪਿੰਡ ਝਲੂਰ ਦੇ ਇਤਿਹਾਸਕ, ਮਿਥਿਹਾਸਕ ਅਤੇ ਸਭਿਆਚਾਰਕ ਪੱਖਾਂ ਨੂੰ ਦਰਸਾਉਣ ਵਾਲੀ ਇੱਕ ਵੱਡ ਆਕਾਰੀ ਪੁਸਤਕ ‘ਝਲਕ ਝਲੂਰ ਪਿੰਡ ਦੀ (ਇਤਿਹਾਸ ਅਤੇ ਸਭਿਅਚਾਰ)’ ਲਿਖਕੇ ਆਪਣੇ ਪਿੰਡ ਦਾ ਨਾਮ ਪਿੰਡਾਂ ਦੇ ਇਤਿਹਾਸ ਵਿੱਚ ਦਰਜ ਕਰ ਦਿੱਤਾ ਹੈ। ਇਹ ਖੋਜੀ ਪੁਸਤਕ ਹੈ, ਇਸ ਵਿੱਚ ਉਸਨੇ ਆਪਣੇ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਪਤਵੰਤੇ ਵਿਅਕਤੀਆਂ ਅਤੇ ਸਮੁੱਚੇ ਪੰਜਾਬ ਦੇ ਸਭਿਆਚਾਰ ਬਾਰੇ ਬਾਕਮਾਲ ਜਾਣਕਾਰੀ ਦਿੱਤੀ ਹੈ। ਇਸ ਤੋਂ ਪਹਿਲਾਂ ਉਸਦੀਆਂ ਦੋ ਪੁਸਤਕਾਂ ਜਿਨ੍ਹਾਂ ਵਿੱਚ ਇੱਕ ‘ਤੇਰੇ ਭਾਣੇ’ ਨਾਵਲ ਅਤੇ ਇੱਕ ‘ਮੁੱਦਾ ਖ਼ਤਮ’ ਕਹਾਣੀ ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੀਆਂ ਹਨ। ਅਧਿਆਪਕ ਹੋਣ ਦੇ ਨਾਤੇ ਮਾਸਟਰ ਹਰਦੇਵ ਸਿੰਘ ਪ੍ਰੀਤ ਨੇ ਨਿੱਠਕੇ ਬੜੀ ਸ਼ਿਦਤ ਅਤੇ ਮਿਹਨਤ ਕਰਕੇ ਆਪਣੇ ਪਿੰਡ ਅਤੇ ਪਿੰਡ ਦੇ ਲੋਕਾਂ ਦੇ ਹਰ ਪੱਖ ਦੀ ਪ੍ਰਾਪਤੀ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਹੈ, ਪਿੰਡ ਦੀ ਮੋਹੜਂੀ ਗੱਡਣ ਦੀ ਜਾਣਕਾਰੀ ਉਪਲਭਧ ਨਹੀਂ ਹੈ। ਇਸ ਪੁਸਤਕ ਨੂੰ ਸਚਿਤਰ ਪੁਸਤਕ ਕਿਹਾ ਜਾ ਸਕਦਾ ਹੈ, ਕਿਉਂਕਿ ਲੇਖਕ ਨੇ ਆਪਣੀਆਂ ਲਿਖਤਾਂ ਨੂੰ ਸਹੀ ਸਾਬਤ ਕਰਨ ਲਈ ਤੱਥਾਂ ਸਮੇਤ ਜਾਣਕਾਰੀ ਦੇ ਨਾਲ ਰੰਗਦਾਰ ਤਸਵੀਰਾਂ/ਸਕੈਚ ਵੀ ਪ੍ਰਕਾਸ਼ਤ ਕੀਤੀਆਂ ਹਨ। ਲੇਖਕ ਨੇ ਇਸ ਪਿੰਡ ਦੇ ਰੰਧਾਵਾ ਪਰਿਵਾਰਾਂ ਦੇ ਹਵਾਲੇ ਨਾਲ ਪਿੰਡ ਨੂੰ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਜਲਾਲ ਜੀ ਦੀ ਅੰਸ਼-ਵੰਸ਼ ਨਾਲ ਜੋੜਿਆ ਹੈ। ਇਸ ਪੁਸਤਕ ਵਿੱਚ ਉਸਨੇ ਕਈ ਵਿਲੱਖਣ ਗੱਲਾਂ ਕੀਤੀਆਂ ਹਨ, ਸਾਰੇ ਪਿੰਡ ਦੇ ਪਰਿਵਾਰਾਂ ਦੇ ਕੁਰਸੀਨਾਮੇ (ਬੰਸਾਵਲੀ) ਦਿੱਤੇ ਹਨ। ਇਹ ਇੱਕ ਬਹੁਤ ਵੱਡਾ ਉਦਮ ਹੈ। ਪੁਸਤਕ ਵਿੱਚ ਵਰਤੀ ਗਈ ਭਾਸ਼ਾ ਸਰਲ ਤੇ ਠੇਠ ਮਲਵਈ ਦਿਹਾਤੀ ਸ਼ਬਦਾਵਲੀ ਹੈ। ਪੁਸਤਕ ਨੂੰ ਉਸਨੇ ਚਾਰ ਭਾਗਾਂ ਵਿੱਚ ਵੰਡਿਆ ਹੈ।
ਪਹਿਲੇ ਭਾਗ ਵਿੱਚ ਪਿੰਡ ਕਿਸਨੂੰ ਕਹਿੰਦੇ ਹਨ, ਉਸ ਬਾਰੇ ਮੁੱਢਲੀ ਜਾਣਕਾਰੀ ਦਿੱਤੀ ਗਈ ਹੈ, ਪਿੰਡ ਅਜਿਹੀ ਇਕਾਈ ਹੁੰਦਾ ਹੈ, ਜਿਥੇ ਜੀਵਨ ਬਸਰ ਕਰਨ ਲਈ ਮੁੱਢਲੀਆਂ ਜ਼ਰੂਰਤਾਂ ਉਪਲਭਧ ਹੋਣ। ਮੁੱਖ ਤੌਰ ‘ਤੇ ਕਿਸਾਨੀ ਦਾ ਕਾਰੋਬਾਰ ਤੇ ਕਿਸਾਨੀ ਨਾਲ ਸੰਬੰਧਤ ਹਰ ਵਰਗ ਦੇ ਲੋਕ ਹੋਣ। ਪਹਿਲਾਂ ਇਹ ਪਿੰਡ ਪਟਿਆਲਾ ਰਿਆਸਤ ਵਿੱਚ ਹੁੰਦਾ ਸੀ। ਹੁਣ ਸੰਗਰੂਰ ਜ਼ਿਲ੍ਹੇ ਵਿੱਚ ਹੈ। ਪਿੰਡ ਦੀ ਆਬਾਦੀ 3211 ਜਿਨ੍ਹਾਂ ਵਿੱਚ 1742 ਮਰਦ, 1469 ਔਰਤਾਂ ਲਗਪਗ 20 ਫ਼ੀ ਸਦੀ ਔਰਤਾਂ ਪੜ੍ਹੀਆਂ ਲਿਖੀਆਂ, 604 ਘਰ ਤਿੰਨ ਪੱਤੀਆਂ ਰਮਦਾਸ, ਸੂਚ ਤੇ ਰਾਜਪੂਤ, ਮੁੱਖ ਫ਼ਸਲਾਂ ਹਾੜ੍ਹੀ: ਕਣਕ, ਜੌਂ, ਛੋਲੇ, ਬਰਸੀਨ ਤੇ ਸਰੋਂ, ਸਾਉਣੀ: ਕਪਾਹ, ਕਮਾਦ, ਚਰੀ, ਤੋਰੀਆ, ਝੋਨਾ, ਅਰਹਰ ਤੇ ਆਲੂ ਹਨ। ਪਿੰਡ ਬਾਰੇ ਜਾਣਕਾਰੀ ਵਿੱਚ ਝਲੂਰ ਦੀ ਖਾਸੀਅਤ, ਭਾਈਚਾਰਾ, ਮਰਦਮ ਸ਼ੁਮਾਰੀ, ਆਬਾਦੀ, ਜਮ੍ਹਾਂਬੰਦੀ ਅਨੁਸਾਰ ਭੂਗੋਲਿਕ ਰਕਬਾ, ਪੱਤੀਆਂ, ਭੂਮੀ ਦੀਆਂ ਕਿਸਮਾਂ, ਫ਼ਸਲਾਂ, ਜਾਤੀਆਂ, ਗੋਤ, ਖਿਡਾਰੀ, ਸਮਾਜ ਸੇਵਕ, ਧਾਰਮਿਕ ਸਥਾਨ, ਧਰਮਸ਼ਾਲਾਵਾਂ, ਆਟਾ ਚੱਕੀਆਂ, ਦਾਣੇ ਭੁੰਨਣ ਵਾਲੀਆਂ ਭੱਠੀਆਂ, ਘੁਲਾੜੀਆਂ, ਵਿਦਿਆ ਮੰਦਰ, ਡਿਸਪੈਂਸਰੀਆਂ ਸਿਵਲ ਤੇ ਪਸ਼ੂ, ਸੁਵਿਧਾ ਕੇਂਦਰ, ਵਾਟਰ ਵਰਕਸ, ਸਹਿਕਾਰੀ ਸਭਾ, ਕਮਿਊਨਿਟੀ ਸੈਂਟਰ, ਪੰਚਾਇਤ ਘਰ, ਦੁਕਾਨਾ, ਬੱਸ ਅੱਡੇ, ਗਊਸ਼ਾਲਾ, ਯੁਵਕ ਕਲੱਬ, ਸਪੋਰਟਸ ਕਲੱਬ, ਖੂਹ, ਟੋਭੇ ਅਤੇ ਸੁਵਿਧਾ ਸੈਂਟਰ ਆਦਿ ਬਾਰੇ ਜਾਣਕਾਰੀ ਦਿੱਤੀ ਹੈ। ਸਾਰੇ ਪੰਚ ਸਰਪੰਚ, ਨੰਬਰਦਾਰ, ਚੌਕੀਦਾਰ, ਨਗਰ ਕੌਂਸਲ ਪ੍ਰਧਾਨ, ਸੰਗਰੂਰ ਜ਼ਿਲ੍ਹੇ ਅਤੇ ਨੇੜੇ ਦੇ ਵਿਧਾਨ ਸਭਾ ਹਲਕਿਆਂ ਦੇ ਵਿਧਾਨਕਾਰਾਂ ਅਤੇ ਸੰਸਦੀ ਹਲਕਿਆਂ ਦੇ ਮੈਂਬਰਾਂ ਦੀ ਸੂਚੀ ਸ਼ੁਰੂ ਤੋਂ 2024 ਤੱਕ ਦਿੱਤੀ ਹੈ। ਵਿਧਾਨ ਸਭਾ ਤੇ ਸੰਸਦ ਮੈਂਬਰਾਂ ਕਿਹੜੇ ਸਮੇਂ ਤੇ ਕਿਹੜੀ ਪਾਰਟੀ ਦੇ ਆਦਿ ਦਿੱਤਾ ਹੈ।
20&30%8 ਸਾਈਜ ਦੇ ਰੰਗਦਾਰ ਤਸਵੀਰਾਂ ਵਾਲੇ 101 ਪੰਨੇ ਹਨ, ਜਿਨ੍ਹਾਂ ਵਿੱਚ ਪਿੰਡ ਦੇ ਧਾਰਮਿਕ ਤੇ ਇਤਿਹਾਸਕ ਸਥਾਨ, ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੇ, ਪੰਚ, ਸਰਪੰਚ, ਨੰਬਰਦਾਰ, ਚੌਕੀਦਾਰ, ਖਿਡਾਰੀ, ਸਰਕਾਰੀ ਦਫਤਰ, ਕਲਾਕਾਰ ਦੀਆਂ ਕਲਾਕ੍ਰਿਤੀਆਂ, ਗੀਤਕਾਰ, ਸਮਾਜ ਸੇਵਕ, ਸਹਿਯੋਗੀ, ਗੁਰਦੁਆਰਾ ਕਮੇਟੀ, ਦਰਵਾਜ਼ੇ, ਧਰਮਸ਼ਾਲਾ, ਪੰਚਾਇਤ ਘਰ, ਪੁਰਾਤਨ ਹਵੇਲੀ, ਸ਼ਹੀਦੀ ਯਾਦਗਾਰ, ਆਟਾ ਚੱਕੀਆਂ, ਭੱਠੀਆਂ, ਸਕੂਲ, ਸਿਵਲ ਤੇ ਪਸ਼ੂ ਡਿਸਪੈਂਸਰੀ, ਲੇਖਕ, ਅਧਿਆਪਕ, ਸਰਕਾਰੀ ਅਧਿਕਾਰੀ ਤੇ ਕਰਮਚਾਰੀ, ਵਾਟਰ ਵਰਕਸ, ਅਨਾਜ ਮੰਡੀ, ਬੱਸ ਅੱਡੇ, ਦੁਕਾਨਾ, ਗਊਸ਼ਾਲਾ, ਆਈ.ਏ.ਐਸ., ਆਈ.ਆਰ.ਐਸ., ਫ਼ੌਜੀ, ਪੰਜਾਬ ਪੁਲਿਸ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ। ਚਾਰ ਪੰਨੇ ਤਿਥ ਤਿਓਹਾਰਾਂ, ਦੋ ਪੰਨੇ ਰਸਮ ਰਿਵਾਜ਼ਾਂ, 5 ਪੰਜ ਪੰਨੇ ਔਰਤਾਂ ਦੇ ਗਹਿਣੇ, 3 ਪੰਨੇ ਖੇਡਾਂ, ਦੋ ਪੰਨੇ ਸਿੱਕੇ ਤੇ ਨੋਟਾਂ, ਦੋ ਪੰਨੇ ਆਵਾਜਾਈ ਦੇ ਸਾਧਨਾ ਅਤੇ ਪੁਸਤਕ ਦੇ ਮੁੱਖ ਕਵਰ ਦੇ ਦੋ ਪੰਨੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਆਪਣੀਆਂ ਲਿਖਤਾਂ ਦੇ ਨਾਲ 238 ਬਲੈਕ ਐਂਡ ਵਾਈਟ ਤਸਵੀਰਾਂ/ਸਕੈਚ ਵੀ ਪ੍ਰਕਾਸ਼ਤ ਕੀਤੇ ਹਨ। 102 ਪੰਨੇ ਪਿੰਡ ਦੇ ਪਰਿਵਾਰਾਂ ਦੇ ਕੁਰਸੀਨਾਮਿਆਂ/ ਬੰਸਾਵਲੀ ਦੇ ਹਨ।
ਦੂਜੇ ਭਾਗ ਵਿੱਚ ਪਿੰਡ ਦੇ ਕੰਮ ਧੰਧੇ ਅਤੇ ਉਨ੍ਹਾਂ ਨਾਲ ਸੰਬੰਧਤ ਲੋਕ ਤੇ ਲੋਕਾਂ ਦੇ ਕੰਮਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਪਿੰਡ ਦਾ ਮੁੱਖ ਕਿਤਾ ਖੇਤੀਬਾੜੀ ਹੈ। ਖੇਤੀਬਾੜੀ ਦੇ ਸੰਦਾਂ ਦੇ ਨਾਮ ਤੇ ਤਸਵੀਰਾਂ, ਖੇਤੀ ਲਈ ਸਹਾਇਕ ਮਜ਼ਦੂਰਾਂ, ਲੁਹਾਰਾਂ, ਤਰਖਾਣਾ, ਝਿਊਰਾਂ, ਰਮਦਾਸੀਆਂ, ਮਜ਼੍ਹਬੀਆਂ, ਘੁਮਿਆਰਾਂ, ਜੁਲਾਹਿਆਂ ਤੇ ਤੇਲੀਆਂ ਦੀ ਜਾਣਕਾਰੀ ਦਿੱਤੀ ਗਈ ਹੈ। ਇਨ੍ਹਾਂ ਜਾਤਾਂ ਦੇ ਕੰਮਾ ਦਾ ਵੇਰਵਾ ਵਿਆਖਿਆ ਨਾਲ ਦਿੱਤਾ ਗਿਆ ਹੈ ਤੇ ਉਨ੍ਹਾਂ ਦੇ ਕੰਮ ਕਰਦਿਆਂ ਦੀਆਂ ਤਸਵੀਰਾਂ ਵੀ ਪ੍ਰਕਾਸ਼ਤ ਕੀਤੀਆਂ ਹਨ। ਖੇਤੀ ਨਾਲ ਸੰਬੰਧਤ ਪੁਰਾਣੇ ਤੇ ਨਵੇਂ ਸੰਦਾਂ ਬਾਰੇ ਵੀ ਲਿਖਿਆ ਗਿਆ ਹੈ। ਭਾਵ ਪਿੰਡ ਆਪਣੇ ਆਪ ਵਿੱਚ ਇੱਕ ਦੂਜੇ ‘ਤੇ ਨਿਰਭਰ ਹੁੰਦੇ ਹੋਏ ਸਾਰੇ ਆਤਮ ਨਿਰਭਰ ਸਨ। ਇਸ ਤੋਂ ਇਲਾਵਾ ਬਾਜ਼ੀਗਰ, (ਵਾਗੀ) ਪਸ਼ੂ ਚਾਰਨ ਵਾਲੇ ਤੇ ਡੱਗੀ ਵਾਲਿਆਂ ਬਾਰੇ ਪੂਰੀ ਜਾਣਕਾਰੀ ਹੈ। ਇਸਤਰੀਆਂ ਘਰਾਂ ਵਿੱਚ ਨਾਲੇ, ਦਰੀਆਂ, ਕਪਾਹ ਚੁਗਣ ਤੇ ਵੇਲਣ, ਚਰਖਾ ਕੱਤਣ ਆਦਿ ਬਾਰੇ ਦੱਸਿਆ ਗਿਆ, ਪ੍ਰੰਤੂ ਹੁਣ ਸਮਾਂ ਬਦਲ ਗਿਆ ਹੈ, ਇਹ ਸਾਰੇ ਕੰਮ ਲਗਪਗ ਬੰਦ ਵਰਗੇ ਹੀ ਹਨ। ਪਿੰਡ ਵਿੱਚ ਹੁਣ ਤਿਥ ਤਿਓਹਾਰ ਮਨਾਏ ਜਾਂਦੇ ਹਨ ਜਿਵੇਂ ਬਸੰਤ ਪੰਚਮੀ, ਹੋਲੀ, ਵਿਸਾਖੀ, ਬਾਸੜੇ, ਨਮਾਣੀ ਇਕਾਦਸੀ, ਤੀਆਂ, ਰੱਖੜੀ, ਜਨਮ ਅਸ਼ਟਮੀ, ਗੁੱਗਾ ਨੌਵੀਂ, ਸਰਾਧ, ਸਾਂਝੀ, ਕਰਵਾ ਚੌਥ, ਝਕਰੀਆਂ, ਦੁਸ਼ਹਿਰਾ, ਦੀਵਾਲੀ ਅਤੇ ਲੋਹੜੀ ਆਦਿ। ਇਸੇ ਤਰ੍ਹਾਂ ਪੁਰਾਣੇ ਰਸਮ-ਰਿਵਾਜ਼ਾਂ ਜਨਮ- ਮਰਨ, ਮਰਨ ਤੋਂ ਬਾਅਦ ਅਤੇ ਵਿਆਹ ਦੀਆਂ ਰਸਮਾਂ ਬਾਰੇ ਵਿਸਤਾਰ ਨਾਲ ਲਿਖਿਆ ਗਿਆ ਹੈ। ਗਹਿਣੇ/ਟੂਮਾਂ ਜਿਨ੍ਹਾਂ ਵਿੱਚ ਔਰਤਾਂ ਤੇ ਮਰਦਾਂ ਦੇ ਗਹਿਣੇ ਸ਼ਾਮਲ ਹਨ, ਇਨ੍ਹਾਂ ਦੀਆਂ ਤਸਵੀਰਾਂ ਵੀ ਦਿੱਤੀਆਂ ਹਨ। ਖੇਡਾਂ ਵਰਤਮਾਨ ਅਤੇ ਅਲੋਪ ਹੋ ਰਹੀਆਂ ਵਸਤਾਂ, ਖ਼ੁਰਾਕਾਂ ਪਹਿਰਾਵੇ, ਕਰੰਸੀ, ਤੋਲ, ਗਿਣਤੀ, ਮਿਣਤੀ, ਦੇਸੀ ਮਹੀਨੇ, ਮਾਪ, ਖੇਤਰਫਲ, ਜਿਨ੍ਹਾਂ ਬਾਰੇ ਅੱਜ ਦੀ ਨਸਲ ਨੂੰ ਪਤਾ ਹੀ ਨਹੀਂ ਬਾਰੇ ਵਿਸਤਰਿਤ ਜਾਣਕਾਰੀ ਪ੍ਰਕਾਸ਼ਤ ਕੀਤੀ ਗਈ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਲੇਖਕ ਨੇ ਇਸ ਪੁਸਤਕ ਵਿੱਚ ਉਹ ਸਾਰੀ ਜਾਣਕਾਰੀ ਦੇ ਦਿੱਤੀ ਹੈ, ਜਿਹੜੀ ਇੱਕ ਸੰਸਥਾ ਲਈ ਵੀ ਇਕੱਤਰ ਕਰਨੀ ਮੁਸ਼ਕਲ ਹੋਣੀ ਸੀ। ਅਜਿਹੇ ਕਾਰਜ ਯੂਨੀਵਰਸਿਟੀਆਂ ਨੂੰ ਕਰਨੇ ਬਣਦੇ ਹਨ, ਜਿਹੜੀਆਂ ਆਪਣੀ ਵਿਰਾਸਤ ਤੋਂ ਅਵੇਸਲੀਆਂ ਹੋਈਆਂ ਪਈਆਂ ਹਨ।
ਤੀਜੇ ਭਾਗ ਵਿੱਚ ਝਲੂਰ ਪਿੰਡ ਬਾਰੇ ਤਾਂ ਬਹੁਤਾ ਕੁਝ ਹੈ ਨਹੀਂ, ਪ੍ਰੰਤੂ ਪੰਜਾਬ ਦੇ ਸਾਹਿਤਕਾਰਾਂ ਦੀਆਂ ਰਚਨਾਵਾਂ, ਪਿੰਡ ਝਲੂਰ ਵਿੱਚ ਭਾਈਚਾਰਕ ਸਾਂਝ ਦਾ ਮਸਲਾ ਅਤੇ ਲੇਖਕ ਦੀਆਂ ਸੰਜੀਦਾ ਬੇਨਤੀਆਂ ਹਨ, ਜਿਨ੍ਹਾਂ ਬਾਰੇ ਸੋਚਣਾ ਅਤਿਅੰਤ ਜ਼ਰੂਰੀ ਹੈ। ਪਿੰਡ ਦੇ ਇੱਕ ਵਿਅਕਤੀ ਦੀ ਕਹਾਣੀ ਅਤੇ ਇੱਕ ਨੂੰ ਸ਼ਰਧਾਂਜ਼ਲੀ ਹੈ। ਇਹ ਭਾਗ ਪਿੰਡ ਦੀ ਪੁਸਤਕ ਲਈ ਅਤੇ ਪੰਜਾਬ ਦੇ ਸਭਿਅਚਾਰ ਬਾਰੇ ਜਿਹੜਾ ਮੈਟਰ ਦਿੱਤਾ ਹੈ, ਭਾਵੇਂ ਉਹ ਝਲੂਰ ਪਿੰਡ ਵਿੱਚ ਹੁਣ ਵੀ ਮੌਜੂਦ ਰਿਹਾ ਹੈ, ਪ੍ਰੰਤੂ ਇਸਨੇ ਪੁਸਤਕ ਦਾ ਸਾਈਜ਼ ਵੱਡਾ ਕਰ ਦਿੱਤਾ ਹੈ। ਸਹਾਇਕ ਪੁਸਤਕਾਂ ਦੀ ਸੂਚੀ ਦੇ ਕੇ ਪੁਸਤਕ ਦੀ ਸਾਰਥਿਕਤਾ ਬਣਾਈ ਹੈ। ਚੌਥੇ ਭਾਗ ਵਿੱਚ ਪਿੰਡ ਦੇ 197 ਪਰਿਵਾਰਾਂ/ਭਾਈਚਾਰੇ ਦੀ ਬੰਸਾਵਲੀ ਦਿੱਤੀ ਗਈ ਜੋ ਇੱਕ ਵਿਲੱਖਣ ਤੇ ਔਖਾ ਕਾਰਜ ਸੀ।
ਸਮੁੱਚੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਮਾਸਟਰ ਹਰਦੇਵ ਸਿੰਘ ਪ੍ਰੀਤ ਵਧਾਈ ਦਾ ਪਾਤਰ ਹੈ, ਜਿਸਨੇ ਇਕੱਲਿਆਂ ਕੁਝ ਸੱਜਣਾ ਦੇ ਸਹਿਯੋਗ ਨਾਲ ਹੀ ਐਡਾ ਵੱਡਾ ਕਾਰਜ਼ ਕਰਕੇ ਆਪਣੇ ਪਿੰਡ ਦੀ ਮਿੱਟੀ ਨੂੰ ਆਪਣੀ ਅਕੀਦਤ ਭੇਂਟ ਕਰਕੇ ਮਿੱਟੀ ਦਾ ਮੁੱਲ ਤਾਰਿਆ ਹੈ।
520 ਪੰਨਿਆਂ, 660 ਰੁਪਏ ਕੀਮਤ ਵਾਲੀ ਸਚਿਤਰ ਪੁਸਤਕ ਜ਼ੋਹਰਾ ਪਬਲੀਕੇਸ਼ਨ ਪਟਿਆਲਾ ਨੇ ਪ੍ਰਕਾਸ਼ਤ ਕੀਤੀ ਹੈ।
ਸੰਪਰਕ ਮਾਸਟਰ ਹਰਦੇਵ ਸਿੰਘ ਪ੍ਰੀਤ : 09463035535
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh48@yahoo.com