
Itihas Wale Warke 24 Jan. 2021
india time 05:35:18 |
europe time 01:05:18 |
uk time 01:05:18 |
nz time 13:05:18 |
newyork time 19:05:18 |
australia time 11:05:18 |
ਲਾਮਿਸਾਲ ਹੋਵੇਗਾ ਕਿਸਾਨ ਟਰੈਕਟਰ ਮਾਰਚ - ਗੁਰਦੀਸ਼ ਪਾਲ ਕੌਰ ਬਾਜਵਾ ਭਾਰਤ ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਪਿਛਲੇ ਚਾਰ ਮਹੀਨਿਆਂ ਤੋਂ ਵੱਖ ਵੱਖ ਤਰੀਕਿਆਂ ਨਾਲ ਕਿਸਾਨਾਂ ਵਲੋਂ ਪ੍ਰਦਰਸ਼ਨ ਅਤੇ ਅੰਦੋਲਨ ਕੀਤਾ ਜਾ ਰਿਹਾ ਹੈ। 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨਾਂ ਨੇ ਦਿੱਲੀ ਦੀਆਂ ਸਰਹੱਦਾਂ ਨੂੰ ਘੇਰ ਰੱਖਿਆ ਹੈ। ਭਾਰਤ ਸਰਕਾਰ ਨਾਲ ਇਨ੍ਹਾਂ ਕਾਨੂੰਨਾਂ ਸਬੰਧੀ 11 ਦੌਰ ਦੀਆਂ ਗੱਲਬਾਤਾਂ ਬੇਸਿੱਟਾ ਰਹਿਣ ਤੋਂ ਬਾਅਦ ਵੀ ਕਿਸਾਨ ਅਜੇ ਵੀ ਚੜ੍ਹਦੀ ਕਲਾ ਵਿੱਚ ਹਨ ਅਤੇ ਅੰਦੋਲਨ ਵਿੱਚ ਲਗਾਤਾਰ ਤੇਜ਼ੀ ਲਿਆ ਰਹੇ ਹਨ। ਇਸ ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਵਿੱਚ ਵਸਦੇ ਪੰਜਾਬੀਆਂ ਵਲੋਂ ਇਥੋਂ ਤੱਕ ਕਿ ਹਰਿਆਣਾ ਦੇ ਕਿਸਾਨ ਭਾਈਚਾਰੇ ਵਲੋਂ ਵੀ ਜਿੰਨੀ ਵੱਡੀ ਪੱਧਰ ਤੇ ਹੁੰਗਾਰਾ ਦਿੱਤਾ ਗਿਆ ਹੈ, ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵੱਲ ਦੇਖ ਕੇ ਦੂਜੇ ਰਾਜਾਂ ਦੇ ਕਿਸਾਨ ਵੀ ਇਸ ਅੰਦੋਲਨ ਦਾ ਹਿੱਸਾ ਬਣ ਚੁੱਕੇ ਹਨ। ਕਿਸਾਨੀ ਵਿੱਚ ਇੰਨੀ ਵੱਡੀ ਪੱਧਰ ਤੇ ਉਭਾਰ 1947 ਤੋਂ ਬਾਅਦ ਪਹਿਲੀ ਵਾਰ ਦੇਖਿਆ ਜਾ ਰਿਹਾ ਹੈ। ਇਸ ਕਿਸਾਨ ਅੰਦੋਲਨ ਦੀ ਖਾਸੀਅਤ ਇਹ ਰਹੀ ਹੈ ਕਿ ਇਸ ਅੰਦੋਲਨ ਵਿੱਚ ਕਿਸੇ ਵੀ ਸਿਆਸੀ ਜਮਾਤ ਨੂੰ ਦਖਲ ਨਹੀਂ ਦੇਣ ਦਿੱਤਾ ਗਿਆ ਜਿਸ ਦਾ ਸਿੱਟਾ ਇਹ ਹੈ ਕਿ ਇਹ ਅੰਦੋਲਨ ਅਜੇ ਤੱਕ ਸ਼ਾਂਤਮਈ ਹੈ ਅਤੇ ਸਹੀ ਦਿਸ਼ਾ ਵੱਲ ਵੱਧ ਰਿਹਾ ਹੈ। ਬਹੁਤ ਸਾਰੇ ਸਿਆਸੀ ਦਲਾਂ ਨੇ ਇਸ ਅੰਦੋਲਨ ਵਿਚ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ। ਇਸ ਦਾ ਮੁੱਖ ਕਾਰਨ ਇਸ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਧੜੱਲੇਦਾਰ ਆਗੂ ਹਨ ਜਿਨ੍ਹਾਂ ਨੇ ਇਸ ਕਿਸਾਨੀ ਅੰਦੋਲਨ ਰਾਹੀਂ ਪੰਜਾਬ ਦੀ ਜਵਾਨੀ ਨੂੰ ਸਹੀ ਸੇਧ ਦੇਣ ਵਿੱਚ ਸਫਲਤਾ ਹਾਸਲ ਕਰ ਲਈ ਹੈ। ਇਸ ਕਿਸਾਨੀ ਅੰਦੋਲਨ ਵਿੱਚ ਹੁਣ ਤੱਕ 100 ਤੋਂ ਵੱਧ ਕਿਸਾਨਾਂ ਦੀ ਜਾਨਾਂ ਜਾ ਚੁੱਕੀਆਂ ਹਨ ਪਰ ਇਹ ਅੰਦੋਲਨ ਕਿਸੇ ਵੀ ਤਰ੍ਹਾਂ ਨਾਲ ਡੋਲਿਆ ਨਹੀਂ ਹੈ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਉਤਰ ਪ੍ਰਦੇਸ਼ ਤੋਂ ਵੱਡੀ ਗਿਣਤੀ ਵਿੱਚ ਟਰੈਕਟਰ 26 ਜਨਵਰੀ ਦੇ ਸਮੇਂ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਪਹੁੰਚ ਰਹੇ ਹਨ। ਇਸ ਤੋਂ ਪਹਿਲਾਂ ਕਿਸਾਨਾਂ ਵਲੋਂ ਇਸ ਟਰੈਕਟਰ ਪਰੇਡ ਦੀ ਸਫਲਤਾ ਲਈ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਟਰੈਕਟਰ ਮਾਰਚ ਕਰਕੇ ਇਸ ਦੀ ਰਿਹਰਸਲ ਕੀਤੀ ਗਈ ਹੈ। ਇਸ ਟਰੈਕਟਰ ਮਾਰਚ ਲਈ ਦਿੱਲੀ ਪੁਲਿਸ ਨੂੰ ਮਜ਼ਬੂਰਨ ਇਜਾਜਤ ਦੇਣੀ ਪਈ ਹੈ। ਪਹਿਲਾਂ ਦਿੱਲੀ ਪੁਲਿਸ ਨੇ ਇਸ ਟਰੈਕਟਰ ਮਾਰਚ ਨੂੰ ਰੋਕਣ ਲਈ ਸੁਪਰੀਮ ਕੋਰਟ ਵੱਲ ਮੂੰਹ ਕੀਤਾ ਸੀ ਜਿਸ ਦੌਰਾਨ ਸੁਪਰੀਮ ਕੋਰਟ ਨੇ ਦਿੱਲੀ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਸੁਪਰੀਮ ਕੋਰਟ ਇਸ ਟਰੈਕਟਰ ਮਾਰਚ ਤੇ ਰੋਕ ਨਹੀਂ ਲਗਾ ਸਕਦੀ, ਇਹ ਅਮਨ ਕਾਨੂੰਨ ਦਾ ਮਸਲਾ ਦਿੱਲੀ ਪੁਲਿਸ ਆਪ ਹੱਲ ਕਰੇ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਸ਼ੁਰੂ ਕੀਤੀ ਅਤੇ ਪਹਿਲਾਂ ਦਬਾਅ ਪਾਇਆ ਕਿ ਇਹ ਟਰੈਕਟਰ ਪਰੇਡ ਰੱਦ ਕੀਤੀ ਜਾਵੇ ਜਾਂ ਦਿੱਲੀ ਵਿੱਚ ਨਾ ਕੀਤੀ ਜਾਵੇ ਪਰ ਕਿਸਾਨ ਜਥੇਬੰਦੀਆਂ ਇਸ ਗੱਲ ਲਈ ਬਜਿੱਦ ਹੋ ਗਈਆਂ ਕਿ ਚਾਹੇ ਦਿੱਲੀ ਪੁਲਿਸ ਇਜਾਜਤ ਦੇਵੇ ਜਾਂ ਨਾ ਟਰੈਕਟਰ ਪਰੇਡ ਤਾਂ ਦਿੱਲੀ ਵਿੱਚ ਹੀ ਹੋਵੇਗੀ। ਜੇਕਰ ਦਿੱਲੀ ਪੁਲਿਸ ਰੋਕ ਸਕਦੀ ਹੈ ਤਾਂ ਰੋਕ ਲਵੇ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਸਮੇਂ ਦੀ ਨਜਾਕਤ ਨੂੰ ਪਛਾਣਦੇ ਹੋਏ ਦਿੱਲੀ ਵਿੱਚ ਟਰੈਕਟਰ ਪਰੇਡ ਦੀ ਇਜਾਜਤ ਦੇ ਦਿੱਤੀ। ਇਹ ਟਰੈਕਟਰ ਪਰੇਡ ਹੁਣ ਦਿੱਲੀ ਵਿੱਚ ਹੋਣ ਵਾਲੀ ਸਰਕਾਰੀ ਪਰੇਡ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਦੇਰ ਸ਼ਾਮ ਤੱਕ ਖਤਮ ਹੋਵੇਗੀ। ਇਸ ਸਬੰਧ ਵਿੱਚ ਕਿਸਾਨ ਜਥੇਬੰਦੀਆਂ ਵਲੋਂ ਸਾਰੇ ਇਹਤਿਆਤ ਵਰਤੇ ਜਾ ਰਹੇ ਹਨ ਕਿ ਇਹ ਟਰੈਕਟਰ ਪਰੇਡ ਜੋ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਹੀ ਹੈ ਅਤੇ ਕਿਸਾਨਾਂ ਦੀ ਤਾਕਤ ਦਿਖਾਉਣ ਲਈ ਹੋ ਰਹੀ ਹੈ, ਨੂੰ ਹਰ ਹਾਲਤ ਵਿੱਚ ਸ਼ਾਂਤਮਈ ਰੱਖਿਆ ਜਾਵੇ ਤਾਂ ਜੋ ਭਾਰਤ ਸਰਕਾਰ ਤੇ ਹੋਰ ਦਬਾਅ ਬਣਾਇਆ ਜਾ ਸਕੇ ਕਿ ਕਿਸਾਨਾਂ ਦੀ ਤਾਕਤ ਨੂੰ ਦੇਖਦੇ ਹੋਏ ਪਾਸ ਕੀਤੇ ਤਿੰਨੋ ਖੇਤੀ ਕਾਨੂੰਨ ਰੱਦ ਕਰੇ।