Gurcharan Singh Jiwanwala

ਮਰੀ ਹੋਈ ਸਿੱਖ ਕੌਮ ਦੀਆਂ ਨਿਸ਼ਾਨੀਆਂ - ਗੁਰਚਰਨ ਸਿੰਘ ਜਿਉਣ ਵਾਲਾ

28-29 ਸਤੰਬਰ 2019 ਜਾਣੀ ਕੇ ਸਤੰਬਰ ਦੇ ਅਖੀਰਲੇ ਹਫਤੇ ਓਨਟੈਰੀਓ ਖਾਲਸਾ ਦਰਬਾਰ, ਡਿਕਸੀ ਰੋਡ ਗੁਰਦਵਾਰਾ ਮਿਸੀਸਾਉਗਾ ਵਿਖੇ,  ਵਰਲਡ ਸਿੱਖ ਓਰਗਾਨਾਈਜ਼ੇਸ਼ਨ ਵਲੋਂ, ਗੁਰੂ ਨਾਨਕ ਸਾਹਿਬ ਦੇ 550ਵੇਂ ਪੁਰਬ ਨੂੰ ਸਮ੍ਰਪਤ ਦੋ ਰੋਜ਼ਾ ਕਾਂਨਫ੍ਰੰਸ ਅਜੋਯਤ ਕੀਤੀ ਗਈ। ਦੂਰੋਂ ਦੂਰੋਂ ਬੁਲਾਰੇ ਬੁਲਾਏ ਗਏ ਪਰ ਸੁਣਨ ਲਈ ਨੇੜਿਓ ਉਠ ਕੇ ਵੀ ਸਰੋਤੇ ਨਹੀਂ ਆਏ। ਸੁਭਾ 10 ਵਜੇ ਸਮਾਗਮ ਦੀ ਸ਼ੁਰੂਆਤ ਸੀ ਪਰ ਗਿਆਰਾਂ ਵਜੇ ਤਕ, ਜ਼ਿਮਹਾਲ ਜੋ ਬਹੁਤ ਹੀ ਸੁੰਦਰ ਤਰੀਕੇ ਨਾਲ ਸ਼ਿਗਾਰਿਆ ਹੋਇਆ ਸੀ, ਨਕੋ ਨੱਕ ਭਰਿਆ ਨਹੀਂ ਸਗੋਂ ਬਿਲਕੁੱਲ ਖਾਲੀ ਸੀ। ਧੰਨਵਾਦੀ ਹਾਂ ਪ੍ਰਬੰਧਕੀ ਕਮੇਟੀ ਦਾ ਜਿਸਨੇ ਨੇ ਇਸ ਸਾਰੇ ਸਮਾਗਮ ਨੂੰ ਟੈਲੀਕਾਸਟ ਕਰਨ ਲਈ ਵਿਸ਼ੇਸੇ ਪ੍ਰਬੰਧ ਕੀਤਾ। ਵੱਖਰੀ ਵੱਖਰੀ ਨੁਕਰੇ ਚਾਰ-ਪੰਜ ਕੈਮਰੇ ਫਿਟ ਕੀਤੇ ਗਏ ਅਤੇ ਚਾਰ ਪੰਜ ਕੈਮਰਾ ਮੈਨ ਦੀ ਟੀਮ ਬਾਰ ਬਾਰ ਸਾਉਂਡ ਸਿਸਟਮ ਦੀ ਚੈਕਿੰਗ ਕਰ ਰਹੀ ਸੀ ਪਰ ਵੱਡੇ ਹਾਲ ਵਿਚ ਲੱਗੀਆਂ ਕੁਰਸੀਆਂ ਵਿਚੋਂ ਸਿਰਫ 60-70 ਕੁਰਸੀਆਂ ਤੇ ਲੋਕ ਬੈਠੇ ਸਨ ਬਾਕੀ ਖਾਲੀ ਪਈਆਂ ਕੁਰਸੀਆਂ ਸਿੱਖ ਕੌਮ ਨੂੰ ਮਿਹਣੇ ਮਾਰ ਰਹੀਆਂ ਸਨ। ਲੰਗਰ ਹਾਲ ਵਿਚ 12 ਵਜੇ ਤੋਂ ਲੈ ਕੇ 2 ਵਜੇ ਤਕ 200ਦੇ ਕਰੀਬ ਲੋਕ ਪ੍ਰਸ਼ਾਦਾ ਛੱਕਣ ਲਈ ਚੌਂਕੜੇ ਮਾਰੀ ਬੈਠੇ ਸਨ ਤੇ ਜਲਦੀ ਨਾਲ ਲੰਗਰ ਛੱਕ ਕੇ ਵਾਹ ਗੁਰੂ ਵਾਹ ਗੁਰੂ ਕਰਦੇ ਲੋਕ ਘਰਾਂ ਨੂੰ ਜਾ ਰਹੇ ਸਨ ਪਰ ਕਿਸੇ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਕੇ ਜ਼ਿਮਹਾਲ ਵਿਚ ਜਾ ਕੇ ਗੁਰੂ ਬਾਬੇ ਦੇ ਬਾਰੇ ਵੀ ਕੁੱਝ ਸੁਣ ਲਈਏ। ਪ੍ਰਬੰਧਕੀ ਕਮੇਟੀ ਦੇ ਸ਼ਲਾਘਾ ਯੋਗ ਉਦਮ ਦੇ ਬਾਵਜੂਦ, ਅਖਬਾਰਾਂ ਅਤੇ ਰੈਡੀਓ ਰਾਹੀਂ ਬਾਰ ਬਾਰ ਗੁਰੂ ਨਾਨਕ ਪਿਤਾ ਜੀ ਦੇ 550ਵੇਂ ਪੁਰਬ ਨੂੰ ਸਮ੍ਰਪਤ ਪ੍ਰੋਗਰਾਮ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਸਿੱਖ ਕੌਮ ਗਿਆਨ ਪ੍ਰਾਪਤ ਕਰਨ ਲਈ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਆਈ।
ਇਸੇ ਤਰ੍ਹਾਂ ਜਦੋਂ ਮੈਂ ਆਪਣੀ ਗੱਡੀ ਪਾਰਕ ਕਰਕੇ ਆਪਣੇ ਸੱਦੇ ਤੇ ਆਏ ਦੋਸਤਾਂ ਨੂੰ ਮਨ ਭਾਉਂਦੀਆਂ ਅਤੇ ਇੱਛਾ ਮੁਤਾਬਕ ਕਿਤਾਬਾਂ ਦੇ ਰਿਹਾ ਸਾਂ ਤਾਂ ਇਕ 50-55 ਕੁ ਸਾਲ ਦੀ ਔਰਤ ਆਪਣੀ ਨੂੰਹ ਨਾਲ ਗੱਡੀ ਵਿਚੋਂ ਉਤਰੀ ਤੇ ਮੈਨੂੰ ਕਹਿਣ ਲਗੀ ਕਿ ਵੀਰ ਜੀ ਕੀ ਵੰਡ ਰਹੇ ਹੋ। ਮੈਂ ਉਸ ਔਰਤ ਦੀ ਕਹੀ ਗੱਲ ਵਿਚੋਂ ‘ਵੰਡ’ ਲਫਜ਼ ਦੀ ਪਕੜ ਕਰਕੇ ਸਮਝ ਗਿਆ ਕਿ ਇਹ ਕਿਤਾਬਾਂ ਮੁਫਤ ਵਿਚ ਭਾਲਦੀ ਹੈ। ਮੈਂ ਫਟਾ ਫੱਟ ਜ਼ਵਾਬ ਦਿੱਤਾ ਕਿ ਭੈਣ ਜੀ ਇਹ ਕਿਤਾਬਾਂ ਸਿੱਖ ਧਰਮ ਬਾਰੇ ਹਨ ਤੇ ਇਕ ਇਕ ਕਿਤਾਬ ਪੰਜ ਪੰਜ ਡਾਲਰ ਦੀ ਹੈ। ਬੱਸ ਫਿਰ ਬਹੁਤੀ ਸਿੱਖ ਕੌਮ ਦੀ ਮਾਨਸਿਕਤਾ ਵਾਲੀ ਗੱਲ ਵਾਪਰੀ ਤੇ ਉਹ ਨੂੰਹ-ਸੱਸ ਦਬਾ ਦੱਬ ਚੱਲਦੀਆਂ ਬਣੀਆਂ। ਮੈਂ ਜ਼ਿਮਹਾਲ ਵਿਚੋਂ 12.15 ਤੇ ਬਾਹਰ ਆਇਆ ਕਿਉਂਕਿ 12.30 ਤੇ ਮੈਂ ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਵਿਚ ਭਾਈ ਬਾਲੇ ਵਾਲੀ ਸਾਖੀ ਤੇ ਚਰਚਾ ਕਰਨ ਵਿਚ ਭਾਗ ਲੈਣਾ ਸੀ। ਮੈਂ ਹਾਲੇ ਆਪਣੀ ਗੱਡੀ ਵਿਚ ਬੈਠ ਕੇ ਸਿਰਦਾਰ ਕੁਲਦੀਪ ਸਿੰਘ ਵੈਨਕੂਵਰ ਨੂੰ ਫੂੰਨ ਮਿਲਾ ਹੀ ਰਿਹਾ ਸੀ ਕਿ ਉਹ ਨੂੰਹ-ਸੱਸ ਲੰਗਰ ਵਿਚੋਂ ਪ੍ਰਸ਼ਾਦਿਆਂ ਨੂੰ ਰਗੜਾ ਲਾ ਕੇ ਆਪਣੀ ਗੱਡੀ ਵਿਚ ਬੈਠ ਕੇ ਚੱਲਦੀਆਂ ਬਣੀਆਂ।
ਇਕ ਨੌਜਵਾਨ ਬੁਲਾਰੇ, ਮਨਪ੍ਰੀਤ ਸਿੰਘ ਨੇ ਸਲਾਈਡਜ਼ ਸ਼ੋ ਰਾਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਗਿਆਨ ਤੋਂ ਸੇਧ ਲੈ ਕੇ ਰਾਜ-ਭਾਗ ਪ੍ਰਾਪਤ ਕਰਨ ਦੀਆਂ ਬਹੁਤ ਸਾਰੀਆਂ ਪੰਗਤੀਆਂ ਗੁਰੂ ਜੀ ਦੀ ਬਾਣੀ ਵਿਚੋਂ ਲੈ ਕੇ ਆਪਣਾ ਪਰਚਾ ਪੜਿਆ। ਜਿਵੇਂ: ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ ਪੰਨਾ 74॥ ਇਸ ਰਾਜ ਨੂੰ ਪਾਉਣ ਵਾਸਤੇ ਸਲੋਕ ਵਾਰਾਂ ਤੇ ਵਧੀਕ ਵਿਚੋਂ ਅਗਲਾ ਸਲੋਕ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412} ਲਿਆ ਗਿਆ। ਇਸ ਵਕਤਾ ਦਾ ਹੋਰ ਸਾਰਾ ਪਰਚਾ ਦਰੁਸਤ ਸੀ ਸਿਰਫ ਇਕ ਦੋ ਗਲਤੀਆਂ ਨੂੰ ਛੱਡ ਕੇ। ਜਿਵੇਂ: ਭਾਈ ਗੁਰਦਾਸ ਜੀ ਦੀਆ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਕੁੰਜੀ ਦੱਸਣਾ ਜਦੋਂ ਕਿ ਪਹਿਲੀ ਵਾਰ ਦੀ 48ਵੀਂ ਪਉੜੀ ਹੀ ਗੁਰੂ ਅਰਜਨ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਤੇ ਛੇਵੇਂ ਪਾਤਸ਼ਾਹ ਦੇ ਗੁਰ ਗੱਦੀ ਤੇ ਬੈਠਣ ਦਾ ਜ਼ਿਕਰ ਕਰਦੀ ਹੈ। ਜਿਵੇ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਵਿਚੋਂ ਘੱਟ ਤੋਂ ਘੱਟ 16 ਇਤਲਾਹਾਂ ਹੋਰ ਮਿਲ ਜਾਂਦੀਆਂ ਹਨ ਜਿੱਥੇ ਹਰਿਗੋਬਿੰਦ ਜੀ ਦਾ ਜ਼ਿਕਰ ਹੋ ਰਿਹਾ ਹੁੰਦਾ ਹੈ। ਇਸਦਾ ਮਤਲਬ ਇਹ ਕੇ ਵਾਰਾਂ ਗੁਰੂ ਅਰਜਨ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਹੀ ਲਿਖੀਆਂ ਗਈਆਂ। ਸੈਦਪੁਰ ਜਾਂ ਐਮਨਾਬਾਅਦ ਵਿਚ ਗੁਰੂ ਨਾਨਕ ਪਿਤਾ ਦਾ ਬਾਬਰ ਨਾਲ ਮੇਲ, ਬਾਬਰ ਨੂੰ ਜਾਬਰ ਕਹਿਣਾ, ਅਤੇ ਬਾਬਰ ਦੀ ਜੇਲ੍ਹ ਵਿਚ ਜਾਣਾ, ਚੱਕੀਆਂ ਦਾ ਆਪੇ ਚੱਲੀ ਜਾਣਾ, ਗੁਰੂ ਨਾਨਕ ਪਾਤਸ਼ਾਹ ਦਾ ਸੱਤ ਮੁੱਠਾਂ ਭੰਗ ਦੀਆਂ ਬਦਲੇ ਬਾਬਰ ਨੂੰ ਸੱਤ ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਇਹ ਸੱਭ ਕੂੜ-ਕਬਾੜ ਹੈ, ਗਲਤ ਹੈ। ਜਦੋਂ ਕੇ ਗੁਰਬਾਣੀ ਵਰ ਤੇ ਸਰਾਪ ਨੂੰ ਮੰਨਦੀ ਹੀ ਨਹੀਂ ਅਤੇ ਗੁਰੂ ਬਾਬਾ ਜੀ ਆਪਣੇ ਸਲੋਕ ਰਾਹੀਂ ਭੰਗ ਬਾਰੇ ਕੀ ਫੁਰਮਾਉਂਦੇ ਹਨ: ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਪੰਨਾ 721॥ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧।
ਰਾਜਵਿੰਦਰ ਸਿੰਘ ਰਾਹੀ ਹੋਰਾਂ ਬੜੇ ਸੁਚੱਜੇ ਢੰਗ ਨਾਲ ਸੰਤਾਂ ਮਹਾਂਪੁਰਖਾਂ ਤੇ ਟਿਪਣੀਆਂ ਕੀਤੀਆਂ। ਇਹ ਵੀ ਦੱਸਿਆ ਕਿ ਸਿੱਖਾਂ ਦੀਆਂ ਕੁਬਾਨੀਆਂ ਨੂੰ ਕਿਵੇਂ ਲਕੋ ਕੇ ਪੇਸ਼ ਕੀਤਾ ਜਾਂਦਾ ਹੈ। ਸਿੱਖ ਇਨਕਲਾਬ ਕੁਰਾਹੇ ਕਿਵੇਂ ਪਿਆ ਦੀ ਗੱਲ ਵੀ ਕੀਤੀ ਅਤੇ ‘ਸਿੱਖ ਇਨਕਕਲਾਬ ਦੇ ਮੋਢੀ ਗੁਰੂ ਨਾਨਕ’ ਪ੍ਰੋ. ਕਿਸ਼ਨ ਸਿੰਘ ਦੀ ਕਿਤਾਬ ਦਾ ਜ਼ਿਕਰ ਵੀ ਕੀਤਾ ‘ਸਿੱਖਾਂ’ ਲਫਜ਼ ਨੂੰ ਛੱਡ ਕੇ ਭਾਰਤੀ ਇਨਕਲਾਬੀ ਕਹਿ ਕੇ ਗੱਲ ਕਰਨੀ ਜਾਂ ਭਾਰਤੀ ਅਜ਼ਾਦੀ ਦੇ ਯੋਧੇ ਕਹਿਣਾ ਠੀਕ ਨਹੀਂ ਕਿਉਂਕਿ 114-115 ਫਾਸੀ ਦੇ ਰੱਸੇ ਚੁੰਮਣ ਵਾਲਿਆਂ ਵਿਚੋਂ 82 ਸਿੱਖ ਸਨ ਤੇ ਬਾਕੀ ਦੂਜੀਆਂ ਕੌਮਾਂ ਦੇ। ਰਾਹੀ ਜੀ ਨੇ ਇਹ ਵੀ ਦੱਸਿਆ ਕਿ ਇਲਿਮੀਨੇਸ਼ਨ ਅਤੇ ਅਸਿਮੀਲੇਸਨ ਕਿਵੇਂ ਕੀਤਾ ਜਾਂਦਾ ਹੈ। ਅਗਲੇ ਦਿਨ ਭਾਰਤ ਦੀ ਅਜ਼ਾਦੀ ਦਾ ਜ਼ਿਕਰ ਇਨ੍ਹਾਂ ਨੇ ਬੜੇ ਵਿਸਥਾਰ ਵਿਚ ਕੀਤਾ ਜਿਸਦੀ ਸ਼ਲਾਘਾ ਓਟੈਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਲ ਨੇ ਕੀਤੀ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੈਨਕੂਵਰ ਤੋਂ ਵਰਲਡ ਸਿੱਖ ਓਰਗਾਨਾਈਜੇਸ਼ਨ ਦੇ ਸੱਦੇ ਤੇ ਦਰਸ਼ਨ ਦੇਣ ਆਏ ਅਤੇ ਬੜੀਆਂ ਜੋਸ਼ੀਲੀਆਂ ਤਕਰੀਰਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦਾ ਵਿਸਥਾਰ ਪੂਰਵਕ ਵਰਨਣ ਕੀਤਾ।  ਇਹ ਵੀ ਜ਼ਿਕਰ ਕਰਨਾ ਬਣਾਦਾ ਹੈ ਕਿ ਇਨ੍ਹਾਂ ਨੇ ਇੰਦੂ ਭੂਸ਼ਨ ਬੈਨਰਜੀ ਦੀ ਕਿਤਾਬ “ਖਾਲਸੇ ਦੀ ਉਤਪਤੀ, ਹਰੀ ਰਾਮ ਗੁਪਤਾ ਅਤੇ ਗੋਕਲ ਚੰਦ ਨਾਰੰਗ ਦੀਆਂ ਲਿਖਤਾਂ ਦਾ ਜ਼ਿਕਰ ਵੀ ਕੀਤਾ।  ਹਰੀਰਾਮ ਗੁਪਤਾ ਤਾਂ ਆਪਣੀਆਂ ਲਿਖਤਾਂ ਵਿਚ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਦਾਸ ਹੀ ਲਿਖਦਾ ਹੈ। ਲਾਲਾ ਦੌਲਤ ਰਾਇ, ਜੋ ਆਰੀਆਸਮਾਜੀ ਹੈ, ਦੀ ਕਿਤਾਬ ਸਾਹਿਬੇ ਕਮਾਲ ਦਾ ਵੀ ਵਿਸਥਾਰ ਵਿਚ ਜਾ ਕੇ ਜ਼ਿਕਰ ਕੀਤਾ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨ ਜਨਕ ਟਿਪਣੀਆਂ ਦਾ ਵੀ ਪੋਲ ਖੋਲਿਆ ਗਿਆ। ਅੰਤ ਵਿਚ ਬਲਦੇਵ ਸਿੰਘ ਸੜਕਨਾਮੇ ਦੀ ਨਵੀ ਕਿਤਾਬ, “ ਸੂਰਜ ਦੀ ਅੱਖ” ਜਿਸ ਨੂੰ ਵੈਨਕੂਵਰ ਦੇ ਇਕ ਗਰੁਪ ਨੇ 25 ਹਜ਼ਾਰ ਡਾਲਰ ਦੇ ਇਨਾਮ ਨਾਲ ਨਿਵਾਜਿਆ, ਦੇ ਬਹੁਤ ਸਾਰੇ ਪੰਨਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਕਿਤਾਬ ਵਿਚ ਖਾਲਸਾ ਰਾਜ ਬਾਰੇ ਕੀ ਕੂੜ-ਕਬਾੜ ਲਿਖਿਆ ਗਿਆ ਹੈ। ਅੰਤ ਵਿਚ ਸਰੋਤਾ ਜਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਫਤਿਹ ਬੁਲਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਕਿਸੇ ਗੁਰਦਵਾਰਾ ਦੀ ਕਮੇਟੀ ਨੇ ਦੋ ਦਿਨ ਪੂਰਾ ਪ੍ਰੋਗਰਾਮ ਸੁਣਿਆ ਹੋਵੇ ਇਹ ਮੈਂ ਆਪਣੀਆਂ ਅੱਖਾਂ ਨਾਲ ਪਹਿਲੀ ਵਾਰ ਦੇਖਿਆ ਹੈ ਅਤੇ ਸ਼ਲਾਘਾ ਕਰਨੀ ਬਣਦੀ ਹੈ।
ਮੈਂ ਫਿਰ ਇਕਵਾਰ ਸਿੱਖ ਸੰਗਤਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਹਾਂ ਕਿ  ਜਦੋਂ ਕਦੇ ਵੀ ਐਸੇ ਮੌਕੇ ਆਉਂਦੇ ਹਨ ਜਿੱਥੇ ਕੁੱਝ ਸਿੱਖਣ ਨੂੰ ਮਿਲੇ ਜਰੂਰ ਜਾਓ। ਜੇਕਰ ਆਪਾਂ ਕੁੱਝ ਸਿੱਖਾਂਗੇ ਨਹੀਂ ਤਾਂ ਅੱਜ ਵੀ ਮਰੇ ਤੇ ਕੱਲ੍ਹ ਵੀ ਮਰੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079.

ਮਾੜਾ ਬਤਨੀ ਅੱਜ ਹਿਥੋਂ ਲੰਘਸੀ - ਗੁਰਚਰਨ ਸਿੰਘ ਜਿਉਣ ਵਾਲਾ

ਤਕਰੀਬਨ 84 ਸਾਲ ਪਹਿਲਾਂ, ਪ੍ਰਿੰ. ਤੇਜਾ ਸਿੰਘ, ਦੀ ਲਿਖੀ ਪੁਸਤਕ,”ਆਰਸੀ” ਵਿਚੋਂ ਹੂ-ਬਹੂ ਇਕ ਝਾਕੀ ਪਾਠਕਾਂ ਦੇ ਰੂ-ਬਰੂ ਕਰ ਰਿਹਾ ਹਾਂ। ਮੈਂ ਇਸ ਕਿਤਾਬ ਨੂੰ ਘੱਟ ਤੋਂ ਘੱਟ ਦੋ ਵਾਰ ਪੜ੍ਹ ਚੁਕਿਆ ਹਾਂ ਅਤੇ ਇਸ ਵਿਚੋਂ ਪ੍ਰੀਵਾਰਕ ਜੀਵਨ ਅਤੇ ਦੇਸ਼ ਪਿਆਰ ਦੇ ਕਈ ਦ੍ਰਿਸ਼ ਮਨ ਨੂੰ ਬਹੁਤ ਹੀ ਟੁੰਬਣ ਵਾਲੇ ਹਨ। ਸਰੀਰ ਥਕਾਵਟ ਨਾਲ ਟੁੱਟਿਆ ਹੋਣ ਦੇ ਬਾਵਜ਼ੂਦ ਵੀ ਇਸ ਲੇਖ ਨੂੰ ਪੂਰਾ ਕਰਕੇ ਸੌਣ ਦਾ ਯਤਨ ਕਰਾਂਗਾ। ਜੇਕਰ ਤੁਸੀਂ ਇਹ ਕਿਤਾਬ ਆਪ ਪੜ੍ਹੋ ਤਾਂ ਬਹੁਤ ਹੀ ਵਧੀਆ ਨਹੀਂ ਤਾਂ ਇਹ ਲੇਖ ਪੜ੍ਹ ਕੇ ਜ਼ਰੂਰ ਦੱਸਣਾ ਕਿ ਕਿਵੇਂ ਲੱਗਿਆ।
ਜਿਥੋਂ-ਜਿਥੋਂ ਮੇਰੀ ਗੱਡੀ ਲੰਘਦੀ, ਸਿੱਖ ਸੰਗਤਾਂ ਪਲੇਟ-ਫਾਰਮ ਤੇ ਸੁਆਗਤ ਲਈ ਫੁੱਲ ਤੇ ਫਲ ਲੈ ਕੇ ਪੁੱਜੀਆਂ ਹੁੰਦੀਆਂ। ਛੋਟੀਆਂ ਛੋਟੀਆਂ ਥਾਵਾਂ ਦੇ ਸਿੱਖ ਵੀ ਆ ਕੇ ਜ਼ੋਰ ਦਿੰਦੇ ਕਿ ਸਾਡੇ ਆਸਥਾਨ ਤੇ ਵੀ ਆ ਕੇ ਫੇਰਾ ਪਾ ਜਾਓ!
ਇਕ ਵਾਰੀ ਗੱਡੀ ਪੀਨਾਂਗ ਤੋਂ  ਚੱਲ ਕੇ ਬੰਬੋਕ ਵੱਲ ਜਾ ਰਹੀ ਸੀ। ਰਸਤਾ ਬਹੁਤ ਬਿਖੜਾ ਸੀ। ਰਾਹ ਵਿਚ ਜੰਗਲ ਆਉਂਦੇ ਸਨ। ਇਕ ਸਟੇਸ਼ਨ ਤੇ ਗੱਡੀ ਸਵੇਰੇ ਛੇ ਕੁ ਵਜੇ ਜਾ ਖੜੀ ਹੋਈ। ਇਕ ਮੁਸਲਮਾਨ ਸਿਪਾਹੀ ਭੱਜਦਾ ਭੱਜਦਾ ਆਇਆ ਤੇ ਮੇਰੀ ਗੱਡੀ ਦੀ ਬਾਰੀ ਦੇ ਸਾਹਮਣੇ ਆ ਖੜੋਤਾ। ਉਸ ਹੱਥ ਵਿਚ ਸੰਤਰੇ ਦੇ ਰਸ ਦੀਆਂ ਦੋ ਬੋਤਲਾਂ ਸਨ। ਹਫਦਾ ਹੋਇਆ ਕਹਿਣ ਲੱਗਾ, “ ਮੈਂ ਇੱਥੋ 20 ਕੋਹ ਦੀ ਵਿਥ ਤੇ ਰਹਿੰਦਾ ਹਾਂ। ਪੁਲਿਸ ਵਿਚ ਨੌਕਰ ਹਾਂ। ਮਾੜਾ ਪਿਛਲਾ ਬਤਨ ਜਿਹਲਮ ਨਾ ਹੈ। ਮੈਂ ਕੱਲ੍ਹ ਅਖਬਾਰ ਵਿਚ ਪੜ੍ਹਿਆ ਕਿ ਮਾੜਾ ਬਤਨੀ ਅੱਜ ਹਿਥੋਂ ਲੰਘਸੀ। ਮੈਂ ਅੱਧੀ ਰਾਤ ਟੁਰ ਕਿ ਦੌੜਨਾ-ਦੌੜਨਾ ਹਿੱਥੈ ਅਪੜਿਆ ਹਾਂ। ਹੇ ਦੋ ਬੱਤੇ ਘਿਨੀ ਅਛਿਆ ਵਾਂ। ਹਿਕ ਤੂੰ ਪੀ ਤੇ ਹਿੱਕ ਮੈਂ ਪੀਸਾਂ”।
ਇਹ ਸੁਣ ਕੇ ਜੋ ਮੇਰੇ ਦਿਲ ਤੇ ਗੁਜ਼ਰੀ ਉਹ ਮੈਂ ਹੀ ਜਾਣਦਾ ਹਾਂ। ਇਹ ਵਤਨ ਦੇ ਪਿਆਰ ਦੀ ਇਕ ਦੁਰਲੱਭ ਝਾਕੀ ਸੀ। ਇਕ ਤਾਂ ਮੁਸਲਮਾਨ ਤੇ ਦੂਜਾ ਪੁਲਸੀਆ। ਫਿਰ ਇਕ ਸਿੱਖ ਨਾਲ ਏਨਾ ਪਿਆਰ। ਮੈਨੂੰ ਖਿਆਲ ਆਇਆ ਕਿ ਆਪਣੇ ਦੇਸ਼ ਵਾਲਿਆਂ ਦੀ ਕਦਰ ਦੇਸ਼ ਤੋਂ ਬਾਹਰ ਜਾ ਕੇ ਹੀ ਉਗਮਦੀ ਹੈ। ਇਥੇ ਇਕ ਸਿੱਖ ਦੇ ਦੂਜਾ ਮੁਸਲਮਾਨ ਨਹੀਂ ਸੀ, ਸਗੋਂ ਪ੍ਰਦੇਸ਼ ਵਿਚ ਇਕ ਹਿੰਦੁਸਤਾਨੀ ਨੂੰ ਇਕ ਹੋਰ ਹਿੰਦੁਸਤਾਨੀ ਮਿਲ ਰਿਹਾ ਸੀ। ਹਿੰਦ ਦੀ ਮਿੱਟੀ ਦੇ ਬਣੇ ਹੋਏ ਦੋ ਪੁਤਲੇ ਮਿਲ ਰਹੇ ਸਨ, ਜਿਨ੍ਹਾਂ ਵਿਚ ਇਕੋ ਹਿੰਦ ਦਾ ਦਿਲ ਧੜਕ ਰਿਹਾ ਸੀ। ਇਕ ਬੱਤਾ ਮੈਂ ਉਸ ਦੇ ਹੱਥੋਂ ਲੈ ਕੇ ਪੀਤਾ, ਤੇ ਦੂਜਾ ਉਸ ਨੇ ਮੇਰੇ ਮੂੰਹ ਵੱਲ ਵੇਖ ਵੇਖ ਕੇ ਪੀਤਾ ਤੇ ਗੱਡੀ ਤੁਰ ਪਈ।
ਅੱਜ ਮੈਂ ਆਪ ਇਸ ਪਿਆਰ ਦਾ ਭੁੱਖਾ ਪਤਾ ਨਹੀਂ ਕਿਤਨੀ ਵਾਰ ਉਪਰਲੀਆਂ ਸਤਰਾਂ ਲਿਖਦਾ ਲਿਖਦਾ ਆਪਣੀਆਂ ਅੱਖਾਂ ਤੇ ਐਨਕਾਂ ਸਾਫ ਕਰਨ ਗਿਆ। ਅੱਜ ਅਸੀਂ ਉਸ ਵਕਤ ਨਾਲੋਂ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਹਾਂ, ਪੈਸੇ ਬਹੁਤ ਜ਼ਿਆਦਾ ਕਮਾ ਰਹੇ ਹਾਂ, ਜੀਵਨ ਵੀ ਬਹੁਤ ਸੌਖਾ ਹੈ ਪਰ ਸਾਡੀ  ਸਕੂਲੀ ਪੜ੍ਹਾਈ ਨੇ ਸਾਡੀ ਸੰਸਕ੍ਰਿਤੀ ਦਾ ਭੋਗ ਪਾ ਛੱਡਿਆ ਹੈ। ਅਸੀਂ ਇਕ ਦੂਜੇ ਨਾਲੋਂ ਟੱਟ ਚੁੱਕੇ ਹਾਂ। ਪੈਸੇ ਦੀ ਭੁੱਖ ਨੇ ਪਿਆਰ ਨਾਮ ਦੀ ਚੀਜ਼ ਨੂੰ ਸੱਤਵੇ ਅਕਾਸ ਚੜ੍ਹਾ ਦਿੱਤਾ ਹੈ। ਹੁਣ ਮੈਨੂੰ ਬਾਬੇ ਨਾਨਕ ਜੀ ਦੀਆਂ ਕੁੱਝ ਪੰਗਤੀਆਂ ਯਾਦ ਆ ਰਹੀਆਂ ਹਨ ਜੋ ਅੱਜ ਦੀ ਇਸ ਸਮਾਜਕ ਝਾਕੀ ਨੂੰ ਹੂ-ਬਹੂ ਬਿਆਨ ਕਰਦੀਆਂ ਹਨ। ਕਾਸ਼ ਕਿਤੇ ਗੁਰਦਵਾਰੇ ਸਾਨੂੰ ਐਸੀਆਂ ਪੰਗਤੀਆਂ ਦਾ ਪਾਠ ਪੜ੍ਹਾ ਸਮਝਾ ਕੇ ਬੰਦੇ ਬਣਾਉਣ ਦਾ ਕੰਮ ਕਰਦੇ ਹੁੰਦੇ।
“ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”। ਪੈਸੇ ਦੀ ਖਾਤਰ ਅਸੀਂ ਹੈਵਾਨ ਬਣ ਚੁੱਕੇ ਹਾਂ। ਨਾ ਸਾਡਾ ਕੋਈ ਸਾਕ ਸੰਬੰਧੀ ਹੈ ਨਾ ਰਿਸ਼ਤੇਦਾਰ ਨਾ ਭੈਣ ਨਾ ਭਰਾ।
ਜਦੋਂ ਮੈਂ ਅੱਜ-ਕੱਲ੍ਹ ਅਖਬਾਰਾਂ ਵਿਚ ਇਹ ਪੜ੍ਹਦਾ ਹਾਂ ਕਿ ਫਲਾਣੇ ਪਿੰਡ ਜਾਂ ਸ਼ਹਿਰ ਵਿਚ ਫਲਾਣੇ ਨੇ ਆਪਣੇ ਸਕੇ ਭਰਾ ਜਾਂ ਆਪਣੇ ਬਾਪ ਨੂੰ ਗੰਡਾਸਿਆਂ ਨਾਲ ਵੱਡ ਸੁਟਿਆ ਹੈ, ਕਿਸੇ ਜਵਾਈ ਨੇ ਆਪਣੇ ਸੱਸ, ਸਹੁਰੇ ਅਤੇ ਇਕ ਸਾਲੀ ਦਾ ਕਤਲ ਕਰ ਦਿੱਤਾ ਹੈ ਤਾਂ ਮੈਨੂੰ ਹੀ ਪਤਾ ਹੈ ਕਿ ਮੇਰੇ ਦਿੱਲ ਤੇ ਕੀ ਗੁਜ਼ਰਦੀ ਹੈ। ਫਿਰ ਇਸੇ ਕਿਤਾਬ ਦੇ ਪੰਨਾ 23 ਤੇ ਪ੍ਰਿੰ. ਤੇਜਾ ਸਿੰਘ ਦੀ ਲਿਖੀ ਇਕ ਟੂਕ ਸਾਹਮਣੇ ਆਉਂਦੀ ਹੈ।“ ਮੇਰੇ ਨਾਨਕੇ ਮੋਨੇ ਸਨ। ਪਰ ਮੇਰੀ ਇਕ ਮਾਮੀ (ਦਿਵਾਨ ਦਈ) ਸਿੱਖਾਂ ਦੀ ਧੀ ਸੀ। ਉਹ ਮੈਨੂੰ ਲਾਡ ਪਿਆਰ ਕਰਦੀ ਸੀ। ਸਕੂਲ ਜਾਣ ਤੋਂ ਪਹਿਲਾਂ, ਮੈਨੂੰ ਰੋਟੀ ਖੁਆਂਦੀ ਤੇ ਗਰਮ ਗਰਮ ਫੁਲਕੇ ਉਤੇ ਘਿਉ ਪਾ ਕੇ ਕਹਿੰਦੀ, “ਲੂਠਿਆ! ਛੇਤੀ ਛੇਤੀ ਖਾ ਲੈ, ਆਈ ਊ ਨਾਨੀ!” ਮੈਂ ਸੜਦੇ ਸੜਦੇ ਘਿਓ ਵਾਲੀ ਬੁਰਕੀ ਮੂੰਹ ਵਿਚ ਪਾਉਂਦਾ ਅਤੇ ਅੰਦਰ ਲੰਘਾਣ ਦੀ ਕਰਦਾ। ਮੇਰੀ ਨਾਨੀ ਮੈਥੋਂ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਦੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿੱਥੇ ਹਨ ਐਸੇ ਨਾਨਕੇ?, ਕਿੱਥੇ ਹਨ ਐਸੇ ਦੋਹਤੇ? ਕਿੱਥੇ ਹਨ ਐਸੇ ਭਰਾ, ਭਰਜਾਈਆਂ ਅਤੇ ਭੈਣਾਂ? ਕਿੱਥੇ ਹਨ ਐਸੇ ਮਾਂ ਅਤੇ ਬਾਪ ਜੋ ਆਪਣੀ ਸੰਤਾਨ ਨੂੰ ਬੰਦੇ ਬਣਾਉਣ ਦੀ ਪ੍ਰੇਰਣਾ ਕਰਦੇ ਹੋਣ। ਜਦੋਂ ਮਾਂ-ਬਾਪ ਨੂੰ ਆਪ ਹੀ ਪਤਾ ਨਹੀਂ ਕਿ ਬੰਦਗੀ/ਇਨਸਾਨੀਅਤ ਕੀ ਹੈ ਤਾਂ ਉਹ ਆਪ ਆਪਣੀ ਉਲਾਦ ਨੂੰ ਕੀ ਦੱਸਣਗੇ। ਕਿਸੇ ਵਿਦਵਾਨ ਦੀ ਕਹੀ ਗੱਲ ਮੈਨੂੰ ਯਾਦ ਆਉਂਦੀ ਹੈ। ਕੋਈ ਵਿਆਹਿਆ ਹੋਇਆ ਜੋੜਾ ਕਿਸੇ ਫਕੀਰ ਕੋਲ ਗਿਆ ਅਤੇ ਉਸ ਨੂੰ ਪੁੱਛਦਾ ਹੈ ਕਿ ਅਸੀਂ ਸੰਤਾਨ ਪੈਦਾ ਕਰਨੀ ਚਾਹੁੰਦੇ ਹਾਂ। ਸਾਨੂੰ ਦੱਸੋ ਕਿ ਅਸੀਂ ਉਸ ਨੂੰ ਧਾਰਮਿਕ ਵਿਦਿਆ ਕਦੋਂ ਦੇਣੀ ਸ਼ੁਰੂ ਕਰੀਏ? ਫਕੀਰ ਜੀ ਕਹਿਣ ਲੱਗੇ, “ਭਾਈ! ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ”। ਉਹ ਜੋੜਾ ਬੜੀ ਪਰੇਸ਼ਾਨੀ ਵਿਚ ਫਸ ਗਿਆ ਕਿ ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ ਉਸ ਨੂੰ ਸਿਖਿਆ ਕਿਵੇਂ ਦਿੱਤੀ ਜਾ ਸਕਦੀ ਹੈ?  ਪੁੱਛਣ ਤੇ ਫਕੀਰ ਜੀ ਨੇ ਦੱਸਿਆ ਕਿ ਭਾਈ ਜਦੋਂ ਤੁਹਾਨੂੰ ਕੁੱਛ ਆਉਂਦਾ ਹੋਊ ਤਾਂ ਹੀ ਤਾਂ ਤੁਸੀਂ ਆਪਣੇ ਬੱਚੇ ਨੂੰ ਕੁੱਝ ਦੱਸੋਗੇ। ਇਸ ਕਰਕੇ ਬੱਚਾ ਪੈਦਾ ਕਰਨ ਤੋਂ ਪਹਿਲਾਂ ਆਪ ਧਾਰਮਿਕ ਸਿਖਿਆ ਗ੍ਰਿਹਣ ਕਰੋ ਫਿਰ ਬੱਚੇ ਪੈਦਾ ਕਰਨਾ ਜੀ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079                                                              

ਗੁਰਬਾਣੀ ਤੋਂ ਸੱਖਣੇ ਬਾਬੇ ਇਕਬਾਲ ਸਿੰਘ ਦੇ ਮਨਘੜਤ ਗੱਪ - ਗੁਰਚਰਨ ਸਿੰਘ ਜਿਉਣਵਾਲਾ

ਅਸਲ ਵਿਚ ਰੰਗ ਦੀ ਤਾਂ ਕੋਈ ਗੱਲ ਹੀ ਨਹੀਂ। ਬਾਣੀ ਵਿਚ ਤਾਂ ਸਾਰਿਆਂ ਰੰਗਾਂ ਨੂੰ ਹੀ ਪ੍ਰਮਾਤਮਾ ਦੇ ਰੰਗ ਮੰਨਿਆ ਗਿਆ ਹੈ ਤਾਂ ਫਿਰ ਲਾਲ ਰੰਗ ਕਿਉਂ ਮਾੜਾ ਹੋਇਆ? ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਪੰਨਾ 134। ਬਾਬਿਆਂ ਦੀ ਬਿਰਤੀ ਨੂੰ ਸਮਝਣ ਲਈ ਸਾਨੂੰ ਥੋੜਾ ਇਤਹਾਸ ਨੂੰ ਫਰੋਲਣਾ ਪਏਗਾ। ਜਿਵੇਂ ਟਕਸਾਲੀਆਂ ਨੇ ਡੇਢ ਇੰਚ ਦਾ ਚੌੜਾ ਗਾਤਰਾ ਅਤੇ ਛਿਕੂ ਜਿਹਾ ਬਣਾ ਕੇ ਗੋਲ ਪੱਗ ਬੰਨੀ ਤੇ ਟਕੇਸਾਲੀ ਬਣ ਗਏ, ਕੰਨਾਂ ਵਿਚੋਂ ਮੈਲ ਕੱਢਣ ਵਾਲਿਆਂ ਵਰਗੀ ਪੱਗ ਬੰਨੀ ਤੇ ਰਾਮ ਸਿੰਘ ਕੂਕੇ ਦੇ ਚੇਲੇ ਨਾਮਧਾਰੀਏ ਬਣ ਗਏ ਇਵੇਂ ਹੀ ਸਰਬ ਲੋਹ ਦੇ ਬਰਤਨ ਵਰਤਣ ਲੱਗ ਪਏ ਤਾਂ ਅਖੰਡ-ਕੀਰਤਨਈਏ ਬਣ ਗਏ। ਦੇਖੋ! ਪੜਾਈ ਲਿਖਾਈ ਤੋਂ ਬਿਲਕੁਲ ਕੋਰੇ ਕਿਵੇਂ ਵੱਖਰੇ ਵੱਖਰੇ ਫਿਰਕਿਆਂ ਵਿਚ ਵੰਡੀਦੇ ਜਾ ਰਹੇ ਹਨ। ਠੀਕ ਇਸੇ ਤਰ੍ਹਾਂ ਹੀ ਇਹ ਬਾਬਾ ਜਿਹੜਾ ਆਪ ਗੁਰਮਤਿ ਤੋਂ ਕੋਰਾ ਹੈ ਬਾਕੀ ਬਚਿਆਂ ਨੂੰ ਰੰਗਾਂ ਦੀ ਮਾਰ ‘ਚ ਮਾਰ ਕੇ ਵੰਡਣ ਦਾ ਕੰਮ ਕਰ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਸੀ ਕਿ ਮੇਰੀ ਲਾਲ ਪੱਗ ਤੇ ਕੋਈ ਇਸਤ੍ਰੀ ਮੋਹਤ ਹੋ ਸਕਦੀ ਹੈ? ਕੀ ਗੁਰੂ ਜੀ ਗੁਰਬਾਣੀ ਸਿਧਾਂਤ ਤੋਂ ਨਾਵਾਕਿਫ ਸਨ?
ਇਕਬਾਲ ਸਿੰਘ (ਬਾਬਾ), ਬਰੈਕਟ ਵਿਚ ਬਾਬਾ ਮੈਂ ਇਨ੍ਹਾਂ ਦੀ ਕਿਤਾਬ ਤੋਂ ਨਕਲ ਕੀਤਾ ਹੈ ਵੈਸੇ ਹੈ ਇਹ ਗਲਤ, ਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਜਿਸ ਵਿਚ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਇਕ ਕਹਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਖ ਰਹੇ ਹਨ ਕਿ ਇਕ ਦਿਨ ਇਕ ਬੀਬੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਲਾਲ ਰੰਗ ਦੀ ਪੱਗ ਬੰਨੀ ਵੇਖ ਕੇ ਮੋਹਿਤ ਹੋ ਗਈ। ਇਸ ਕਰਕੇ ਗੁਰੂ ਜੀ ਨੇ ਉਸ ਦਿਨ ਤੋਂ ਸਿੱਖਾਂ ਨੂੰ  ਲਾਲ ਰੰਗ ਦੀ ਪੱਗ ਬੰਨਣ ਦੀ ਮਨਾਹੀ ਕਰ ਦਿੱਤੀ। ਬੋਲੋ ਜੀ! ਵਾਖਰੂ । ਮੈਨੂੰ ਇੰਞ ਲੱਗਦਾ ਹੈ ਕਿ ਬਾਬਾ ਇਕਬਾਲ ਸਿੰਘ ਜੀ ਨੇ ਦਸਮ ਗ੍ਰੰਥ ਵਾਲੀ ਅਨੂਪ ਕੁਆਰਿ ਵਾਲੀ ਕਹਾਣੀ ਤੋਂ ਕੋਈ ਉਪਦੇਸ਼ ਲਿਆ ਲੱਗਦਾ ਹੈ।
ਬਾਬਾ ਜੀ ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿਚ ਕਿਹੜੇ ਰੰਗ ਨੂੰ ਪੱਕਾ ਜਾਂ ਸਦਾ ਰਹਿਣ ਵਾਲਾ ਕਿਹਾ ਗਿਆ ਹੈ ਤੇ ਕਿਹੜੇ ਰੰਗ ਨੂੰ “ਥੋੜੜਿਆ ਦਿਨ ਚਾਰਿ ਜੀਉ” ਕਿਹਾ ਗਿਆ ਹੈ। ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਪੰਨਾ 54॥ ਬਾਬਾ ਜੀ! ਮਜੀਠ ਦਾ ਰੰਗ ਪੱਕਾ ਹੁੰਦਾ ਹੈ ਤੇ ਗਾੜਾ ਲਾਲ ਅਤੇ ਇਸ ਦੇ ਉਲਟ, “ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ”  ਕਸੁੰਭ ਦੇ ਫੁੱਲ ਨੂੰ ਛੇਤੀ ਖਤਮ ਹੋਣ ਵਾਲਾ ਲਿਖਿਆ ਹੈ। ਅੱਗੇ ਚੱਲ ਕੇ ਗੁਰਬਾਣੀ ਮੁਤਾਬਕ ਦੇਖਾਂਗੇ ਕੇ ਜਿਸ ਨੂੰ ਗੁਰਬਾਣੀ ਦੀ ਵੀਚਾਰਧਾਰਾ ਦਾ ਰੰਗ ਚੜ੍ਹ ਗਿਆ ਉਸ ਨੂੰ ਲਾਲੋ ਲਾਲ ਹੀ ਕਿਹਾ ਗਿਆ ਹੈ ਅਤੇ ਗੁਰਬਾਣੀ ਦੇ ਰੱਬ ਦਾ ਰੰਗ ਵੀ ਲਾਲੋ ਲਾਲ ਹੈ।  ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥੧॥ {ਪੰਨਾ 786} ॥
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ ਪੰਨਾ 977। ਜਿੱਥੇ ਪ੍ਰਮਾਤਮਾ ਵੱਸਦਾ ਹੈ ਉਸ ਨੂੰ ਉਹ ਆਪ ਸਵਾਰ ਲੈਂਦਾ ਹੈ। ਉਸਦਾ ਆਪਣਾ ਅਤੇ ਵਸੇਬੇ ਵਾਲੇ ਮਹਿਲ ਦਾ ਰੰਗ ਲਾਲ ਹੀ ਲਾਲ ਹੈ।
ਸਲੋਕੁ ਮਃ ੧ ॥ ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥ ਪੰਨਾ 1089। ਇਨ੍ਹਾਂ ਪੰਗਤੀ ਵਿਚ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਗੁਰੂ ਨਾਨਕ ਪਿਤਾ ਕਹਿੰਦੇ ਹਨ ਕਿ ‘ਸਚੁ’ ਬਨਾਰਸੀ ਦਾਸਾਂ ਵਾਂਗ ਭਗਵਾਂ ਵੀ ਨਹੀਂ ਤੇ ਨਾ ਹੀ ਉਹ ਮੈਲਾ ਅਤੇ ਨਾ ਹੀ ਕੱਚਾ ਹੁੰਦਾ ਹੈ। ਬਸ ਉਹ ਲਾਲ ਹੀ ਲਾਲ ਹੈ।
ਸਾਰਗ ਮਹਲਾ ੫ ॥ ਲਾਲ ਲਾਲ ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਨਹ ਦੂਰਿ ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥ ਨਹ ਬਰਨ ਬਰਨ ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ {ਪੰਨਾ 1231}
ਮਨ ਨੂੰ ਮੋਹਨ ਵਾਲਾ ਮੋਹਨ/ ਗੋਪਾਲ ਤੂੰ ਲਾਲ ਹੈਂ। ਤੂੰ ਹੀ ਕੀੜੇ ਮਕੌੜਿਆਂ ਅਤੇ ਹਾਥੀਆਂ ਨੂੰ, ਪੱਥਰਾਂ ਵਿਚ ਪਏ ਜੀਵਾਂ ਜੰਤਾਂ ਨੂੰ ਅਤੇ ਬਾਕੀ ਹੋਰ ਸਾਰੇ ਜੀਵਾਂ ਨੂੰ ਪਾਲਦਾ ਹੈ॥ ਰਹਾਉ॥ ਤੂੰ ਦੂਰ ਵੀ ਨਹੀਂ ਬਿਲਕੁਲ ਸਾਥ ਹੀ ਹੈਂ, ਅਤੀ ਸੁੰਦਰ ਹੈਂ, ਤੈਨੂੰ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਕੋਈ ਜਾਤੀ ਜਾਂ ਕੁਲ ਨਹੀਂ ਪਰ ਹੈਂ ਤੂੰ ਕਿਰਪਾਲੂ।
ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥ ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥{ਪੰਨਾ 1323}।
ਪ੍ਰਮਾਤਮਾ ਨੂੰ ਲਾਲਨ ਕਰਕੇ ਸੰਬੋਧਨ ਕੀਤਾ ਹੈ ਤੇ ਉਸਦਾ ਰੰਗ ਵੀ ਲਾਲ ਹੈ। ਹੁਣ ਆਪਾਂ ਆਪਣੇ ਪ੍ਰਮਾਤਮਾ ਨੂੰ ਆਪਣਾ ਮਨ ਰੰਗਣ ਵਾਸਤੇ ਦੇਣਾ ਹੈ। ਜਦੋ ਪ੍ਰਮਾਤਮਾ ਦਾ ਰੰਗ ਚੜ੍ਹ ਗਿਆ ਤਾਂ ਉਸ ਨੂੰ ਆਪਾਂ ਚੁਸਕੀਆਂ ਲੈ ਲੈ ਕੇ ਪੀ ਸਕਦੇ ਹਾਂ।
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}
ਐ ਬੰਦੇ! ਜਦੋਂ ਤੂੰ ਆਪਣੇ ਆਪੇ ਵਿਚੋਂ ਮੇਰੀ ਮੇਰੀ ਨੂੰ ਮਾਰ ਕੇ ਸੱਭ ਦਾ ਬਣ ਗਿਆ ਤਾਂ ਸਮਝ ਕੇ ਪ੍ਰਮਾਤਮਾ ਨੂੰ ਪਾਉਣ ਲਈ ਤੇਰੀ ਤਕਦੀਰ ਜਾਗ ਪਈ ਹੈ। ਜਦੋਂ ਤੇਰੇ ਵਿਚ ਇਹ ਇੱਛਾ ਪੈਦਾ ਹੋ ਗਈ ਤਾਂ ਫਿਰ ਪ੍ਰਮਾਤਮਾ ਨੇ ਤੇਰੇ ਗੁਣ ਅਤੇ ਅਗੁਣ ਨਹੀਂ ਵੀਚਾਰਨੇ ਬਸ ਸਮਝ ਕੇ ਤੇਰੀ ਬਾਂਹ ਪਕੜ ਕੇ ਠਾਕੁਰ ਨੇ ਤੈਨੂੰ ਆਪਣਾ ਬਣ ਲਿਆ ਹੈ। ਜਦੋਂ ਤੂੰ ਗੁਣਾਂ ਦਾ ਹਾਰ ਪਰੋ ਲਿਆ ਤਾਂ ਸਮਝ ਕੇ ਤੇਰੇ ਤੇ ਪ੍ਰਮਾਤਮਾ ਵਾਲਾ ਲਾਲ ਰੰਗ ਚੜ੍ਹ ਗਿਆ ਹੈ ਅਤੇ ਸਾਰਾ ਕੁਛ ਸੋਹਣਾ ਲੱਗਣ ਲੱਗ ਪਿਆ ਹੈ। ਓਹੋ ਇਸਤ੍ਰੀ ਹੀ ਸੋਹਾਗਣ ਹੈ ਜਿਸ ਨੇ ਆਪਣੇ ਪਤੀ ਪ੍ਰਮਾਤਮਾ ਨੂੰ ਮਨ ਵਿਚ ਵਸਾ ਲਿਆ  ਹੈ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ {ਪੰਨਾ 767}
ਪਰ ਬਾਬਾ ਜੀ ਤੁਹਾਡੀ ਹਾਲਤ ਤਾਂ ਉਪਰ ਵਾਲੀਆਂ ਪੰਗਤੀਆ ਵਾਲੀ ਹੈ। ਤੁਸੀਂ ਆਪ ਅੰਧੇ ਹੋ ਤੇ ਅਸਲ ਰਸਤੇ ਨੂੰ  ਕਿਵੇਂ ਪਛਾਂਣੋਗੇ? ਤੁਸੀਂ ਤਾਂ ਆਪ ਦਿੱਲੀ ਵਾਲੇ ਗੈਂਗ ਤੋਂ ਠੱਗੇ ਗਏ ਹੋ ਅਤੇ ਮੱਤ ਹੋਛੀ ਹੋ ਗਈ ਹੈ ਇਸ ਕਰਕੇ ਤੁਹਾਨੂੰ ਅਸਲੀ ਰਸਤੇ ਦੀ ਪਛਾਣ ਹੀ ਨਹੀਂ। ਕਿਉਂਕਿ ਤੁਹਾਡੀ ਮੱਤ ਹੀ ਅੰਨੀ ਹੋ ਗਈ ਹੈ ਇਸ ਕਰਕੇ ਨਾ ਤੁਸੀਂ ਅਸਲੀ ਰਸਤੇ ਤੇ ਤੁਰ ਸਕਦੇ ਹੋ ਤੇ ਨਾ ਹੀ ਅਸਲ ਠਿਕਾਣਾ ਪਾ ਸਕਦੇ ਹੋ। ਕਿਉਂਕਿ ਤੁਸੀਂ ਸੱਚ ਨਾਲੋ ਟੁੱਟੇ ਹੋਏ ਹੋ ਇਸ ਕਰਕੇ ਅੱਗੇ ਦੀ ਅੱਗੇ ਠੱਗੀਦੇ ਹੀ ਜਾਓਗੇ।
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ {ਪੰਨਾ 766}
ਬਾਬਾ ਜੀ ਜੇਕਰ ਤੁਸੀਂ ਆਪ ਗੁਰੂ ਵਾਲੇ ਬਣੇ ਹੋਏ ਹੁੰਦੇ ਤਾਂ ਤੁਹਾਨੂੰ ਸਰਕਾਰੇ ਦਰਬਾਰੇ { ਪਰ ਘਰ ਜਾਹੀ} ਸ਼ਿਫਰਸ਼ਾਂ ਲਾ ਕੇ ਕੰਮ ਕਰਵਾਉਣ ਦੀ ਲੋੜ ਹੀ ਨਾ ਪੈਂਦੀ। ਜਿਹੜੇ ਸੱਚ ਵਿਚ ਰੰਗੇ ਜਾਂਦੇ ਹਨ ਉਹ ਕਿਸੇ ਹੋਰ ਰੰਗ ਵਿਚ ਰੰਗੇ ਜਾਣ ਤੋਂ ਸੰਗਦੇ ਹਨ। ਮਤਲਬ ਕਿਸੇ ਹੋਰ ਦੇ ਨੇੜੇ ਵੀ ਨਹੀਂ ਜਾਂਦੇ।
ਪੰਜਾਬੀ ਭਰਾਵੋ! ਇਹ ਨਾ ਸੋਚੋ ਕਿ ਇਹ ਚਿੱਟ-ਕਪੜੀਏ ਤੁਹਾਡਾ ਕੁੱਝ ਸਵਾਰਨਗੇ। ਇਹ ਲੋਕ ਤਾਂ ਨਿਰੇ ਕੂੜ-ਕਪਟ ਨਾਲ ਭਰੇ ਹੋਏ ਸੁਧੇ ਠੱਗ ਹਨ। ਬਸ ਬਾਬਾ ਫਰੀਦ ਜੀ ਫਰਮਾਉਂਦੇ ਹਨ “ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ {ਪੰਨਾ 1382}” ਆਪਾਂ ਆਪਣਾ ਆਪ ਸਵਾਰ ਲਈਏ ਤਾਂ ਸਮਝੋ ਰੱਬ ਪਾ ਲਿਆ ਹੈ ਤੇ ਸਾਰਾ ਸੰਸਾਰ ਵੀ ਤੁਹਾਡਾ ਆਪਣਾ ਹੋ ਗਿਆ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ# 647 966 3132, 810 449 1079

ਨਿਧੱੜਕ ਤੇ ਬੁਲੰਦ ਅਵਾਜ਼ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਯਾਦਾਂ - ਗੁਰਚਰਨ ਸਿੰਘ ਜਿਉਣ ਵਾਲਾ

ਅੱਜ ਸਵੇਰੇ ਆਖਰ ਓਹ ਘੜੀ ਆ ਹੀ ਗਈ ਜਦੋਂ ਇਸ ਮਨੁੱਖੀ ਮਸ਼ੀਨਰੀ ਨੇ ਰੁਕ ਹੀ ਜਾਣਾ ਹੁੰਦਾ ਹੈ। ਤਕਰੀਬਨ 98 ਸਾਲ ਦੀ ਲੰਬੀ ਉਮਰ ਭੋਗ ਕੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਅਤੇ ਆਪਣੀਆਂ ਬੇਸ਼-ਕੀਮਤੀ ਕਿਤਾਬਾਂ, ਜਿਨ੍ਹਾ ਦੀ ਗਿਣਤੀ 13 ਹੈ, ਸਿੱਖ ਕੌਮ ਦੇ ਪੱਲੇ ਪਾ ਨਾਮਣਾ ਖੱਟ ਗਏ। ਮਾਰਚ 2018 ਵਿਚ ਗੁਰਬਖਸ਼ ਸਿੰਘ ਜੀ ਨਾਲ ਆਖਰੀ ਮੁਲਾਕਾਤ ਹੋਈ ਤੇ ਉਨ੍ਹਾ ਇਤਰਾਜ਼ ਜਤਾਇਆ ਕਿ ਮੈਂ ਜਲਦੀ ਜਲਦੀ ਮਿਲਣ ਕਿਉਂ ਨਹੀਂ ਆਉਂਦਾ। 97 ਸਾਲ ਦੀ ਉਮਰ ਵਿਚ ਵੀ ਉਨ੍ਹਾ ਨੂੰ ਸੱਭ ਕੁੱਝ ਯਾਦ ਸੀ ਕਿ ਸਿੰਘ ਸਭਾ ਇੰਟਰਨੈਸ਼ਨਲ ਕੈਨੇਡਾ ਬਣਾਉਣ ਅਤੇ ਸਿੱਖੀ ਦੇ ਪ੍ਰਚਾਰ ਵਿਚ ਜੁਟ ਜਾਣ ਦੀਆ ਗੱਲਾਂ ਜਾਂ ਸਕੀਮਾਂ ਅਸੀਂ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਦੇ ਰੋਜ਼ਵਿਲ ਗੁਰਦਵਾਰੇ ਵਿਚ ਬਣਾਈਆਂ ਅਤੇ ਸਿਰੇ ਚਾੜੀਆਂ। ਉਹ ਇਹ ਸੁਣ ਕੇ  ਬਹੁਤ ਹੀ ਖੁਸ਼ ਹੋਏ ਕਿ ਹੁਣ ਤਕ ਸਿੰਘ ਸਭਾ ਨੇ ਦਸਮ ਗ੍ਰੰਥ ਬਾਰੇ ਸਿੱਖ ਜਨਤਾ ਨੂੰ ਸੁਚੇਤ ਕਰਨ ਲਈ 58 ਹਜ਼ਾਰ ਮੈਗਜ਼ੀਨ, 50 ਹਜ਼ਾਰ ਅਖਬਾਰ ਪੰਜਾਬੀ ਵਿਚ ਅਤੇ 50 ਹਜ਼ਾਰ ਹਿੰਦੀ ਵਿਚ ਛਾਪ ਕੇ ਵੰਡਿਆ ਹੈ। ਜਦੋਂ ਮੈਂ ਛਾਪਾਈ ਦਾ ਸਾਰਾ ਹਾਲ ਬਿਆਨ ਕੀਤਾ ਕਿ ਵੱਖਰੇ ਵੱਖਰੇ ਮਜ਼ਬੂਨ ਲੈ ਕੇ ਹੁਣ ਤਕ ਸਿੰਘ ਸਭਾ ਤਕਰੀਬਨ ਸੱਤ ਲੱਖ ਅਖਬਾਰ/ਮੈਗਜ਼ੀਨ ਅਤੇ ਪੰਜ ਲੱਖ ਡੀ.ਵੀ.ਡੀ.& ਸੀਡੀਜ਼ ਵੰਡ ਚੁੱਕੀ ਹੈ ਤਾਂ ਮੰਜੇ ਵਿਚ ਲੰਮੇ ਪਏ ਸਿਰਦਾਰ ਜੀ ਨੂੰ ਇਤਨਾ ਜੋਸ਼ ਅਇਆ ਕਿ ਇਕ ਦਮ ਖੜਾ ਹੋ ਕੇ ਮੈਨੂੰ ਜੱਫੀ ਵਿਚ ਲੈ ਲਿਆ ਅਤੇ ਗਦ-ਗਦ ਹੋ ਗਏ। ਕਹਿਣ ਲੱਗੇ ਕਿ ਹੁਣ ਮੈਨੂੰ ਪੂਰਾ ਯਕੀਨ ਹੋ ਗਿਆ ਹੈ ਕਿ ਸੱਚ ਉਜਾਗਰ ਹੋ ਕੇ ਹੀ ਰਹੇਗਾ। ਸਿੱਖੀ ਵਿਚ ਆਏ ਨਿਘਾਰ ਨੂੰ  ਦੂਰ ਕਰਨ ਲਈ 1872 ਵਿਚ ਸਿੰਘ ਸਭਾਵਾਂ ਬਣਾਈਆਂ ਗਈਆਂ, ਗਿਆਨੀ ਦਿੱਤ ਸਿੰਘ, ਪ੍ਰੋ. ਗੁਰਮੁੱਖ ਸਿੰਘ, ਭਾਈ ਕਾਹਨ ਸਿੰਘ ਨਾਭਾ, ਭਸੌੜ ਵਾਲੇ ਪੰਚ ਖਾਲਸਾ ਦੀਵਾਨ ਵਾਲਿਆਂ ਅਤੇ ਹੋਰ ਗੁਰਮੁੱਖ ਪਿਆਰਿਆਂ ਨੇ ਤਨ ਦੇਹੀ ਨਾਲ ਜ਼ੋਰ ਲਾ ਕੇ ਪੁਜਾਰੀ ਜਮਾਤ ਦੇ ਸਿੱਖੀ ਵਿਚ ਪਾਏ ਹੋਏ ਢੇਰ ਸਾਰੇ ਗੰਦ ਨੂੰ ਸਾਫ ਕਰਨ ਦੀ ਕੋਸ਼ਿਸ਼ ਕੀਤੀ। 1962 ਵਿਚ ਮਿਸ਼ਨਰੀ ਕਾਲਜ਼ ਖੁਲਣੇ ਸੁਰੂ ਹੋਏ ਤੇ ਉਸ ਚਲਾਈ ਹੋਈ ਲਹਿਰ ਨੂੰ ਹੋਰ ਹੁੰਘਾਰਾ ਮਿਲਿਆ ਅਤੇ ਹੁਣ ਪੰਜਾਬ ਦੇ ਲੱਗ-ਭਗ 110 ਪਿੰਡਾਂ ਵਿਚ ਪ੍ਰਚਾਰ ਸੈਂਟਰ ਖੁਲ੍ਹ ਚੁੱਕੇ ਹਨ। ਇਹ ਸਾਰਾ ਹਾਲ ਸੁਣ ਕੇ ਬੁੱਢੇ ਸ਼ੇਰ ਦੀਆਂ ਗੱਲਾਂ ਤੇ ਲਾਲੀ ਚਮਕਣ ਲੱਗ ਪਈ ਅਤੇ ਆਪਣੇ ਪ੍ਰੀਵਾਰ ਦੇ ਜੀਆਂ ਨੂੰ ਅਵਾਜਾ ਮਾਰਿਆ ਕਿ ਇਨ੍ਹਾ ਸਿੱਖਾਂ ਵਾਸਤੇ ਚਾਹ-ਪਾਣੀ ਅਤੇ ਬਰਫੀ ਲੈ ਕੇ ਆਓ।
ਪ੍ਰੋ. ਗੁਰਮੁਖ ਸਿੰਘ ਕਲਕੱਤੇ ਤੋਂ ਖਾਲਸਾ ਕਾਲਜ਼ ਵਾਸਤੇ ਉਗਰਾਹੀ ਕਰਕੇ ਜਦੋਂ ਵਾਪਸ ਆਉਂਦੇ ਅੰਬਾਲੇ ਸਟੇਸ਼ਨ ਤੇ ਉਤਰੇ ਤਾਂ ਹਮ ਖਿਆਲੀ ਸੱਜਣਾਂ ਨੇ ਉਨ੍ਹਾਂ ਨੂੰ ਅਖਬਾਰ ਦਾ ਪਹਿਲਾ ਪੰਨਾ ਦਿਖਾਇਆ ਕਿ ਤੁਹਾਨੂੰ ਤਾਂ ਪੁਜਾਰੀਆਂ ਨੇ ਪੰਥ ਵਿਚੋਂ ਛੇਕ ਦਿਤਾ ਹੈ। ਪ੍ਰੋ. ਗੁਰਮੁੱਖ ਸਿੰਘ ਜੀ ਹੋਰਾਂ ਦਾ ਜਵਾਬ ਸੀ ਕਿ ਉਹ ਆਪਣਾ ਕੰਮ ਕਰੀ ਜਾਣ ਤੇ ਮੈਂ ਆਪਣਾ ਕਰੀ ਜਾਣਾ ਹੈ। ਇਨ੍ਹਾ ਪੁਜਾਰੀਆਂ ਤੋਂ ਲੈ ਕੇ ਮਾਸਟਰ ਤਾਰਾ ਸਿੰਘ ਤਕ ਕਿਸੇ ਸੂਝਵਾਨ ਸਿੱਖ ਨੂੰ ਮੋਢੀਆਂ ਦੇ ਰੂਪ ਵਿਚ ਅੱਗੇ ਨਹੀਂ ਆਉਣ ਦਿੱਤਾ ਗਿਆ। ਜਿਸ ਕਰਕੇ ਸਿੱਖ ਧਰਮ ਅੱਜ ‘ਤੇਜ-ਧਾਰਕ ਨਾ ਹੋ ਕੇ ਤੇਜ-ਪੂਜਕ’ ਬਣਾ ਦਿੱਤਾ ਗਿਆ ਹੈ। ਪੁਜਾਰੀਆਂ ਨੂੰ ਫਿਰ ਥੁੱਕ ਕੇ ਚੱਟਣਾ ਪਿਆ ਤੇ ਪ੍ਰੋ. ਗੁਰਮੁੱਖ ਸਿੰਘ ਜੀ ਨੂੰ 108 ਸਾਲਾਂ ਬਾਅਦ ਫਿਰ ਆਪਣੇ ਪੰਥ ਵਿਚ ਸ਼ਾਮਲ ਕਰ ਲਿਆ ਗਿਆ ਅਤੇ ਗਲਤੀ ਵੀ ਮੰਨ ਲਈ ਗਈ। ਇਹ ਕੰਮ ਤਾਂ ਕਰਿਸਚੀਅਨ ਕੌਮ ਦਾ ਪੋਪ ਵੀ ਕਰਦਾ ਹੈ ਤਾਂ ਫਿਰ ਤੁਸੀਂ ਕਿਹੜੇ ‘ਨਿਰਮਲ ਪੰਥ’ ਦੇ ਪੋਪ ਹੋ? ਓ ਪੁਜਾਰੀਓ! ਤੁਸੀਂ ਮਰ ਚੁੱਕੇ ਇਨਸਾਨ ਦਾ ਆਪਣੇ ਪੰਥ ਵਿਚ ਕੀ ਸ਼ਾਮਲ ਕਰ ਰਹੇ ਹੋ। ਤੁਹਾਨੂੰ ਪਤਾ ਨਹੀਂ ਕਿ ਜਿਉਂਦੇ ਜੀਅ ਉਸ ਇਨਸਾਨ ਨਾਲ ਕੀ ਵਾਪਰੀ ਹੋਵੇਗੀ ਜਦੋਂ ਤੁਸੀਂ ਆਪਣਾ ਫਤਵਾ ਸੁਣਾਇਆ ਸੀ? ਤੁਸੀਂ ਅੱਜ ਸਪੁਰਦ-ਏ-ਖਾਕ ਦਾ ਸਨਮਾਨ ਕਰਕੇ ਸਗੋਂ ਉਸ ਇਨਸਾਨ ਦਾ ਨਿਰਾਦਰ ਕਰ ਰਹੇ ਹੋ। ਵਕਤ ਆਉਣ ਤੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨਾਲ ਵੀ ਇਹ ਕੁੱਝ ਹੋਵੇਗਾ।
2003 ‘ਚ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਨਾਲ ਪਹਿਲੀ ਵਾਰ ਚਾਰ ਪੰਜ ਦਿਨ ਲਗਾਤਾਰ ਵੀਚਾਰ ਵਿਟਾਂਦਰਾ ਕਰਨ ਦਾ ਮੌਕਾ ਸਿਰਦਾਰ ਹਰਦੇਵ ਸਿੰਘ ਸ਼ੇਰਗਿੱਲ ਹੋਰਾਂ ਦੇ ਰੋਜ਼ਵਿਲ ਗੁਰਦਵਾਰੇ ਵਿਚ ਮਿਲਿਆ। ਇਸ ਤੋਂ ਸਾਲ ਜਾਂ ਦੋ ਸਾਲ ਪਹਿਲਾਂ ਉਨ੍ਹਾਂ ਦੀਆਂ ਪਹਿਲੀਆਂ ਦੋ ਕਿਤਾਬਾਂ ਪੜ੍ਹਨ ਦਾ ਮੌਕਾ ਮਿਲ ਚੁਕਿਆ ਸੀ ਜਿਸ ਕਰਕੇ ਮੈਂ ਉਨ੍ਹਾਂ ਦੇ ਵੀਚਾਰਾਂ ਤੋਂ ਜਾਣੂ ਸਾਂ। ਜਾਣ-ਪਹਿਚਾਣ ਦੀ ਹੀ ਦੇਰ ਸੀ ਕਿ ਗੁਰਬਖਸ਼ ਸਿੰਘ ਜੀ ਹੋਰਾਂ ਨਾਲ ਵੈਨਕੂਵਰ ਵਿਚ ਫੂਨ ਤੇ ਹਰ ਰੋਜ਼ ਗੱਲਬਾਤ ਹੋਣੀ ਸ਼ੁਰੂ ਹੋ ਗਈ। ਇਸੇ ਮਿਲਣੀ ਵਿਚ ਹੀ ਡਾ. ਮੱਖਣ ਸਿੰਘ, ਚਮਕੌਰ ਸਿੰਘ ਫਰਿਜ਼ਨੋ, ਸਿਰਦਾਰ ਅਵਤਾਰ ਸਿੰਘ ਮਿਸ਼ਨਰੀ, ਸਰਬਜੀਤ ਸਿੰਘ ਸੈਕਰਾਮਿੰਟੋ, ਅਤੇ ਡਾ. ਮੋਹਨ ਸਿੰਘ ਸਰਾਂ ਅਤੇ ਇਕ ਸਰਕਾਰੀ ਡਾ. ਸੁਰਜੀਤ ਸਿੰਘ ਜੋ ਆਪ ਕੈਮਿਸਟਰੀ ਦੀ ਪੀ.ਐਚ.ਡੀ ਹੋਣ ਦੇ ਬਾਵਜੂਦ ਵੀ ਨਿਅਗਰਾਫਾਲ ਗੁਰਦਵਾਰੇ ਦੀ ਸਟੇਜ਼ ਤੋਂ ਇਹ ਪ੍ਰਚਾਰ ਕਰਦਾ ਸੀ, “ ਇਕ ਮਦਾਰੀ ਜੀਸਿਸ ਦੇ ਬੁਤ ਅੱਗੇ ਆਪਣੇ ਕਰਤਵ ਦਿਖਾ ਰਿਹਾ ਸੀ ਅਤੇ ਮਾਤਾ ਮਰੀਅਮ ਦੇ ਬੁਤ ਨੂੰ ਪਸੀਨਾ ਆ ਗਿਆ ” ਨਾਲ ਜਾਣ-ਪਹਿਚਾਣ ਹੋਈ।
ਸਿਰਦਾਰ ਗੁਰਬਖਸ਼ ਸਿੰਘ ਦੀ ਬੇਬਾਕ ਲਿਖਤ ਦੀਆਂ ਧੁੰਮਾਂ ਹਾਲੇ ਪੈਣੀਆਂ ਹੀ ਸ਼ੁਰੂ ਹੋਈਆਂ ਸਨ ਕਿ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਨੇ ਕਾਲਾ ਅਫਗਾਨਾ ਜੀ ਨੂੰ ਸਿੱਖ ਪੰਥ ਵਿਚੋਂ ਛੇਕ ਦਿੱਤਾ। ਪੰਥ ਚੋਂ ਛੇਕੇ ਜਾਣ ਦਾ ਅਸਲ ਕਾਰਣ ਸੀ ਟਕੇਸਾਲੀ ਜੋਗਿਦਰ ਸਿੰਘ ਵੇਦਾਂਤੀ ਅਤੇ ਡਾ. ਅਮਰਜੀਤ ਸਿੰਘ ਪਟਿਆਲਾ ਵਾਲਿਆਂ ਵਲੋਂ ਪੁਨਰ-ਸੰਪਾਦਨ ਕੀਤੀ ਗਈ ਕਿਤਾਬ ‘ਗੁਰ ਬਿਲਾਸ ਪਾਤਸ਼ਾਹੀ ਛੇਵੀਂ’ ਤੇ ਸਿਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਵਲੋਂ ਟੀਕਾ-ਟਿਪਣੀ ਕਰਕੇ ਆਪਣੀ ਕਿਤਾਬ ਰਾਹੀਂ ਸਚਾਈ ਲੋਕਾਂ ਦੇ ਸਾਹਮਣੇ ਲਿਆਉਣੀ। ਜਿਸ ਕਰਕੇ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਪੁਨਰ ਸੰਪਾਦਨ ਕੀਤੀ ਕਿਤਾਬ ਦੀ ਸ਼੍ਰੋ. ਕਮੇਟੀ ਵਲੋਂ ਵਿਕਰੀ ਤੇ ਪਾਬੰਦੀ ਲਗਾਈ ਗਈ ਪਰ ਝੱਟ ਹੀ ਪਹਿਲੇ ਪੰਨੇ ਨੂੰ ਬਦਲ ਕੇ ਇਹੋ ਕਿਤਾਬ ਮਾਰਕਿਟ ਵਿਚ ਫਿਰ ਉਪਲੱਬਧ ਕਰਵਾ ਦਿੱਤੀ ਗਈ। ਡਾ. ਅਮਰਜੀਤ ਸਿੰਘ ਤੇ ਟਕੇਸਾਲੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਕਿਤਾਬ ਲਿਖਣ ਬਦਲੇ ਛੇ ਨੋਜ਼ਲਾਂ ਵਾਲਾ ਇਕ ਪੰਪ ਪਟਿਆਲੇ ਵਿਚ ਦਿੱਤਾ ਗਿਆ ਸੀ।
2004 ਦੀ ਗੱਲ ਹੈ ਕਿ ਗੁਰਬਖਸ਼ ਸਿੰਘ ਕਾਲਾ ਅਫਗਾਨਾ ਜੀ ਸਬਜ਼ੀਆਂ ਦੇ ਜੂਸ ਪੀ ਕੇ ਹੀ ਆਪਣਾ ਜੀਵਨ ਨਿਰਬਾਹ ਕਰ ਰਹੇ ਸਨ। ਗੁਰਿੰਦਰ ਸਿੰਘ ਬਰਾੜ, ਵਾਟਰਲੂ,  ਓਨਟੈਰੀਓ, ਕੈਨੇਡਾ ਵਾਲਿਆਂ ਵਲੋਂ ਹਵਾਈ ਟਿਕਟਾਂ ਭੇਜ ਕੇ ਕਾਲਾ ਅਫਗਾਨਾ ਜੀ ਦੀ ਦੋ ਕੁ ਹਫਤੇ ਟਹਿਲ ਸੇਵਾ ਕੀਤੀ ਗਈ। ਇਕ ਦਿਨ ਮੈਨੂੰ ਫੂਨ ਆਇਆ ਕਿ ਗੁਰਬਖਸ਼ ਸਿੰਘ ਜੀ ਤੁਹਾਨੂੰ ਮਿਲਣਾ ਚਾਹੁੰਦੇ ਹਨ। ਬਹੁਤ ਭਾਰੀ ਬਰਫਾਨੀ ਤੁਫਾਨ ਹੋਣ ਦੇ ਬਾਵਜੂਦ ਵੀ ਉਹ ਮੇਰੇ ਨਾਲ ਬਰੈਂਪਟਨ ਵੱਲ ਨੂੰ ਤਿਆਰ ਹੋ ਕੇ ਚੱਲ ਪਏ। ਸਿਹਤ ਪੱਖੋਂ ਉਹ ਇਤਨੇ ਕਮਜ਼ੋਰ ਸਨ ਕਿ ਰਸਤੇ ਵਿਚ ਹਾਜ਼ਤ ਹੋਣ ਕਰਕੇ ਮੈਂ ਉਨ੍ਹਾ ਨੂੰ ਗੱਡੀ ਵਿਚੋਂ ਚੱਕ ਕੇ ਉਤਾਰਿਆ, ਪਿਸ਼ਾਬ ਕਰਵਾਇਆ, ਤੇ ਫਿਰ ਆਪਣੇ ਘਰ ਵੱਲ ਚੱਲ ਪਏ। ਬਰੈਂਪਟਨ ਪਹੁੰਚਦਿਆਂ ਸਾਰ ਹੀ ਜਾਣ-ਪਹਿਚਾਣ ਵਾਲਿਆਂ ਨੂੰ ਮਿਲਣ ਲਈ ਫੂਨ ਕਰਕੇ ਸੱਦ ਲਿਆ ਗਿਆ। ਬਸ ਫਿਰ ਕੀ ਸੀ ਕਿ ਦੋ ਘੰਟਿਆਂ ਦੇ ਲੰਮੇ ਸਮੇਂ ਤਕ ਸੱਜਣਾਂ ਦੇ ਸਵਾਲਾਂ ਦੇ ਉਤਰ ਦਿੰਦੇ ਰਹੇ ਅਤੇ ਅਗਲੇ ਕਈ ਦਿਨ ਮੇਰੇ ਕੋਲ ਸਿਰਦਾਰ ਕਾਲਾ ਅਫਗਾਨਾ ਜੀ ਨੂੰ ਮਿਲਣ ਵਾਲਿਆਂ ਦਾ ਤਾਂਤਾ ਲੱਗਾ ਰਿਹਾ। ਇਹ ਹਨ ਨਿਸ਼ਾਨੀਆਂ ਕਿਸੇ ਦੇ ਦਿਲੋਂ ਸਿੱਖ ਹੋਣ ਦੀਆਂ। ਸਾਡਾ ਮਾੜਾ ਜਿਹਾ ਸਿਰ ਵੀ ਦੁੱਖਦਾ ਹੋਵੇ ਤਾਂ ਅਸੀਂ ਸਾਰੀਆਂ ਮਿਲਣੀਆਂ ਕੈਂਸਲ ਕਰਕੇ ਅਰਾਮ ਨਾਲ ਬਿਸਤਰ ਵਿਚ ਲੇਟੇ ਰਹਿੰਦੇ ਹਾਂ ਸਗੋਂ ਰੈਡੀਓ ਵਾਲਿਆਂ ਨੂੰ ਫੂਨ ਕਰਕੇ ਦੱਸਦੇ ਹਾਂ ਕਿ ਅੱਜ ਮੈਂ ਗੱਲ ਨਹੀਂ ਕਰ ਸਕਦਾ ਕਿਉਂਕਿ ਮੇਰਾ ਸਿਰ ਦੁਖਦਾ ਹੈ।
ਵੈਨਕੂਵਰ ਵਿਚ ਰਹਿੰਦਿਆਂ ਇਨ੍ਹਾਂ ਦੇ ਦੋਸਤ ਅਮਰਜੀਤ ਸਿੰਘ ਖੋਸਾ ਹੋਰਾਂ ਵੀ ਇਨ੍ਹਾ ਨੂੰ ਡਰਾਇਆ ਧਮਕਾਇਆ ਕਿ ਤੁਸੀਂ ਦਸਮ ਗ੍ਰੰਥ ਦੇ ਵਿਰੁਧ ਨਾ ਬੋਲੋ, ਨਾ ਲਿਖੋ। ਪਰ ਸ਼ੇਰ ਦਿਲ ਗੁਰਬਖਸ਼ ਸਿੰਘ ਨੇ ਆਪਣੀ ਦੋਸਤੀ ਨੂੰ ਪਾਸੇ ਕਰਕੇ ‘ਬਿਪ੍ਰਨ ਕੀ ਰੀਤ ਤੋਂ ਸੱਚ ਦਾ ਮਾਰਗ ਭਾਗ ਦਸਵਾਂ ਬਚਿੱਤ੍ਰ ਨਾਟਕ ਗੁਰਬਾਣੀ ਦੀ ਕਸਵੱਟੀ ਤੇ’ ਲਿਖ ਕੇ, ਜਿਸ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ/ ਆਤਮ ਕਥਾ ਸਵੀਕਾਰੀ ਬੈਠੇ ਹਾਂ, ਸੱਚ ਦਾ ਸੱਚ, ਝੂਠ ਦਾ ਝੂਠ ਤੇ ਪਾਣੀ ਦਾ ਪਾਣੀ ਨਿਤਾਰ ਕੇ ਲੋਕਾਂ ਨੂੰ ਸਚਾਈ ਨਾਲ ਜੁੜਨ ਦਾ ਉਪਦੇਸ਼ ਦੇਣ ਲਈ ਉਪਰ ਵਰਣਤ ਕਿਤਾਬ ਛਾਪ ਦਿੱਤੀ। ਇਸ ਤੋਂ ਪਤਾ ਲੱਗਦਾ ਹੈ ਕਿ ਕਾਲਾ ਅਫਗਾਨਾ ਜੀ ਕਿਨ੍ਹੇ ਦਰਿੜ ਇਰਾਦੇ ਅਤੇ ਵਿਸ਼ਵਾਸ਼ ਦੇ ਪੱਕੇ ਸਨ। 2014 ਵਿਚ ਸਿਰਦਾਰ ਗੁਰਬਖਸ਼ ਸਿੰਘ ਜੀ ਨੂੰ ਸਿੰਘ ਸਭਾ ਵਲੋਂ ਗੋਲਡ ਮੈਡਲ ਨਾਲ ਸਨਮਾਨਿਆ ਗਿਆ ਪਰ ਉਹ ਸਟੇਜ਼ ਤੇ ਦੋ ਅੱਖਰ ਵੀ ਨਾ ਬੋਲ ਸਕੇ। ਇਸੇ ਸਾਲ ਉਹ ਗੁਸਲਖਾਨੇ ਵਿਚ ਡਿੱਗ ਕੇ ਦਿਮਾਗੀ ਸੰਤੁਲਨ ਗਵਾ ਚੁੱਕੇ ਸਨ। ਕਦੇ ਉਹ ਚੰਗੀ ਹਾਲਤ ਵਿਚ ਹੁੰਦੇ ਤਾਂ ਸਾਰਾ ਕੁੱਝ ਯਾਦ ਨਹੀਂ ਤਾਂ ਯਾਦ ਸ਼ਕਤੀ ਗੁੰਮ।
2017 ਦੀਆਂ ਗਰਮੀਆਂ ਦੀ ਗੱਲ ਹੈ ਕਿ ਟਕੇਸਾਲੀਆਂ ਨੇ ਪ੍ਰਚਾਰ ਕਰਨਾ ਸ਼ੁਰੂ ਕੀਤਾ ਕਿ ਦਸਮ ਗ੍ਰੰਥ ਦਾ ਵਿਰੋਧ ਕਰਨ ਕਰਕੇ ਕਾਲਾ ਅਫਗਾਨਾ ਦੇ ਜ਼ਬਾਨ ਵਿਚ ਕੀੜੇ ਪੈ ਗਏ ਹਨ। ਜੋ ਸੱਚ ਨਹੀਂ ਸੀ। ਹੁਣ ਗੁਰਬਖਸ਼ ਸਿੰਘ ਜੀ ਆਪਣੇ ਪ੍ਰੀਵਾਰ ਨਾਲ ਬਰੈਂਪਟਨ ਵਿਚ ਹੀ ਰਹਿੰਦੇ ਸਨ ਤੇ ਮੈਂ ਉਨ੍ਹਾਂ ਨੂੰ ਆਪਣੇ ਘਰ ਲਿਆ ਕੇ ਵੀਡੀਓ ਰੀਕਾਰਡਿੰਗ ਕਰਕੇ ਯੂ ਟਿਊਬ ਤੇ ਪਾ ਕੇ ਇਹ ਸਿੱਧ ਕੀਤਾ ਕਿ ਸਿਰਦਾਰ ਗੁਰਬਖਸ਼ ਸਿੰਘ ਜੀ ਹੋਰੀਂ 96-97 ਸਾਲ ਦੀ ਉਮਰ ਵਿਚ ਵੀ ਬਿਲਕੁੱਲ ਨੌਂਬਰ ਨੌਂ ਹਨ ਸਗੋਂ ਤੁਹਾਡਾ ਸੱਤ ਵਿਸ਼ੇਸ਼ਣਾਂ ਵਾਲਾ ਬ੍ਰਹਮ ਗਿਆਨੀ, ਗੁਰਮਤਿ ਮਾਰਤੰਡ ਗੁਰਬਚਨ ਸਿੰਘ ਭਿੰਡਰਾਂ ਵਾਲਾ (ਅਖਾੜੇ ਵਾਲਾ) ਪੰਦਰਾਂ ਸਾਲ ਅੰਗਰੇਜੀ ਦਵਾਈਆਂ ਖਾ ਕੇ ਜਿਉਂਦਾ ਰਿਹਾ ਅਤੇ ਦਸਮ ਗ੍ਰੰਥ ਪੱਖੀ ਰਾਤ ਨੂੰ ਹਰਟ ਅਟੈਕ ਨਾਲ ਮਰਿਆ ਸੀ ਜਿਹੜਾ ਆਪਣੀ ਉਮਰ ਦੇ ਸੱਤਰ ਸਾਲ ਵੀ ਪੂਰੇ ਨਹੀਂ ਕਰ ਸਕਿਆ। ਚਲੋ ਜਿਉਣਾ ਮਰਨਾ ਤਾਂ ਆਪਣੇ ਵੱਸ ਵਿਚ ਨਹੀਂ ਪਰ ਸਿਧਾਂਤ ਪੱਖੋਂ ਤਾਂ ਮਾਰ ਨਾ ਖਾਈਏ। ਅਖਵਾਉਣਾ ਸੰਤ ਤੇ ਕਰਨਾ ਲੋਕਾਂ ਦਾ ਭਗਵਾਂਕਰਨ। ਇਹ ਗੱਲ ਜੱਚਦੀ ਨਹੀਂ।
ਯਾਦਾਂ ਤਾਂ ਬਹੁਤ ਹਨ ਪਰ ਬਹੁਤਾ ਲੰਮਾ ਲੇਖ ਪੜ੍ਹਨ ਵਾਲਿਆਂ ਵਾਸਤੇ ਦਿਲਚਸਪ ਨਹੀਂ ਰਹਿੰਦਾ। ਇਸ ਕਰਕੇ ਯਾਦਾਂ ਦੀ ਪਟਾਰੀ ਇੱਥੇ ਹੀ ਬੰਦ ਕਰਦਾ ਹਾਂ।
ਸਲੋਕ ਡਖਣੇ ਮਃ ੫ ॥ ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥ ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥ {ਪੰਨਾ 1102}। ਸਿਰਦਾਰ ਗੁਬਖਸ਼ ਸਿੰਘ ਕਾਲਾ ਅਫਗਾਨਾ ਜੀ ਨੇ ਆਪਣੇ ਗੁਣਾਂ ਨੂੰ ਸੱਜਣ ਬਣਾਇਆ ਅਤੇ ਆਪਣੀਆਂ ਕਿਤਾਬਾਂ ਦੇ ਰੂਪ ਵਿਚ ਹਮੇਸ਼ਾ ਵਾਸਤੇ ਸਿੱਖ ਕੌਮ ਨਾਲ ਸਾਂਝ ਪਾ ਗਏ। ਹਰ ਇਨਸਾਨ ਵਿਚ ਗੁਣ ਅਤੇ ਅੳਗੁਣ ਹੁੰਦੇ ਹਨ। ਪਰ ਜੋ ਵੀ ਆਦਮੀ ਆਪਣੇ ਅੳਗੁਣਾਂ ਨੂੰ ਪਰੇ ਰੱਖ ਕੇ ਆਪਣੇ ਗੁਣਾਂ ਦੀ ਸਾਂਝ ਆਪਣੀ ਕੌਮ ਨਾਲ ਕਰਦੇ ਹਨ ਉਹ ਸਲਾਹੁਤਾ ਦੇ ਹੱਕਦਾਰ ਹਨ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079