Jaswant Singh Ajit

26 ਜਨਵਰੀ ਨੂੰ ਕਿਸਾਨ-ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ?  - ਜਸਵੰਤ ਸਿੰਘ 'ਅਜੀਤ'

26, ਜਨਵਰੀ, ਗਣਤੰਤਰ ਦਿਵਸ ਨੂੰ ਦਿੱਲੀ ਵਿੱਚ ਹੋਈ ਕਿਸਾਨ-ਟਰੈਕਟਰ ਰੈਲੀ ਦੌਰਾਨ ਜੋ ਹਿੰਸਕ ਘਟਨਾਵਾਂ ਵਾਪਰੀਆਂ ਉਸਨੂੰ ਲੈ ਕੇ, ਦੋਹਾਂ ਧਿਰਾਂ (ਸਰਕਾਰ, ਦਿੱਲੀ ਪੁਲਿਸ ਅਤੇ ਕਿਸਾਨ ਜੱਥੇਬੰਦੀਆਂ) ਵਲੋਂ ਇੱਕ-ਦੂਜੇ ਦੇ ਵਿਰੁਧ ਬਹੁਤ ਕੁਝ ਕਿਹਾ ਗਿਆ ਹੈ। ਇੱਕ ਪਾਸੇ ਤਾਂ ਦਿੱਲੀ ਪੁਲਿਸ ਵਲੋਂ ਇਸ ਹਿੰਸਾ ਲਈ ਕਿਸਾਨ ਜੱਥੇਬੰਦੀਆਂ ਨੂੰ ਜ਼ਿਮੇਂਦਾਰ ਠਹਿਰਾ, ਕਈ ਕਿਸਾਨਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਇਸਦੇ ਨਾਲ ਹੀ ੳਨ੍ਹਾਂ ਦੇ ਦਿੱਲੀ ਬਾਰਡਰ ਸਥਿਤ ਧਰਨਾ-ਅਸਥਾਨਾਂ ਦੀ ਨਾਕਾ-ਬੰਦੀ ਨੂੰ ਇਤਨਾ ਮਜ਼ਬੂਤ ਕੀਤਾ ਜਾਣਾ ਸ਼ੁਰੂ ਕਰ ਦਿੱਤਾ, ਜਿਸਦੇ ਫਲਸਰੂਪ ਕਿਸਾਨ ਜੱਥੇਬੰਦੀਆਂ ਕਿਸੇ ਵੀ ਤਰ੍ਹਾਂ ਦਿੱਲੀ ਵਿੱਚ ਦਾਖਲ ਨਾ ਹੋ ਸਕਣ। ਦੂਜੇ ਪਾਸੇ ਕਿਸਾਨ ਜੱਥੇਬੰਦੀਆਂ ਦੇ ਮੁੱਖੀਆਂ ਅਤੇ ਨਿਰਪੱਖ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਹਿੰਸਾ ਕਿਸਾਨਾਂ ਵਲੋਂ ਨਹੀਂ, ਸਗੋਂ ਉਨ੍ਹਾਂ ਦੀਆਂ ਵਰੋਧੀ-ਤਾਕਤਾਂ ਵਲੋਂ ਕੀਤੀ ਅਤੇ ਕਰਵਾਈ ਗਈ ਹੈ, ਜਿਸਦਾ ਉਦੇਸ਼ ਅੰਂਦੋਲਨ ਨੂੰ ਬਦਨਾਮ ਕਰ, ਕਮਜ਼ੋਰ ਕੀਤਾ ਜਾਣਾ ਸੀ। ਇਸਦਾ ਕਾਰਣ ਉਹ ਇਹ ਦਸਦੇ ਹਨ ਕਿ ਕੇਂਦਰ ਸਰਕਾਰ ਵਲੋਂ ਬਣਾਏ ਖੇਤੀ ਕਾਨੂੰਨਾਂ ਨੂੰ ਕਿਸਾਨ-ਹਿਤਾਂ ਦੇ ਵਿਰੁੱਧ ਮੰਨ, ਉਨ੍ਹਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਕਿਸਾਨ ਜੱਥੇਬੰਦੀਆਂ ਵਲੋਂ ਸ਼ੁਰੂ ਕੀਤੇ ਗਏ ਹੋਏ ਅੰਂਦੋਲਨ ਨੂੰ ਚਾਰ ਮਹੀਨਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਹੈ ਅਤੇ ਦਿੱਲੀ ਬਾਰਡਰ ਪੁਰ ਉਨ੍ਹਾਂ ਵਲੋਂ ਦਿੱਤੇ ਗਏ ਹੋਏ ਸ਼ਾਂਤੀਪੂਰਣ ਧਰਨੇ ਨੂੰ ਵੀ ਢਾਈ ਮਹੀਨੇ ਹੋਣ ਨੂੰ ਜਾ ਰਹੇ ਹਨ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮਿਤਸ਼ਾਹ ਸਹਿਤ ਹੋਰ ਕੇਂਦਰੀ ਮੰਤ੍ਰੀਆਂ ਨਾਲ ਕਿਸਾਨ ਨੇਤਾਵਾਂ ਦੀਆਂ 12 ਬੈਠਕਾਂ ਹੋ ਚੁਕੀਆਂ ਹਨ, ਪ੍ਰੰਤੂ ਇਨ੍ਹਾਂ ਬੈਠਕਾਂ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀਂ ਆ ਸਕਿਆ। ਇਤਨਾ ਲੰਮਾਂ ਸਮਾਂ ਬੀਤ ਜਾਣ ਅਤੇ ਮਸਲੇ ਨੂੰ ਹਲ ਕਰਨ ਲਈ ਹੋਈਆਂ ਮੁਲਾਕਾਤਾਂ ਦਾ ਕੋਈ ਵੀ ਨਤੀਜਾ ਨਾ ਨਿਕਲ ਪਾਣ ਦੇ ਬਾਵਜੂਦ, ਧਰਨੇ ਪੁਰ ਬੈਠੇ ਲੱਖਾਂ ਕਿਸਾਨਾਂ ਵਲੋਂ ਭੜਕਾਹਟ ਪੈਦਾ ਕਰਨ ਵਾਲੀ, ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਦ੍ਰਿੜ੍ਹ ਸੰਜਮ ਤੋਂ ਕੰਮ ਲਏ ਜਾਣ ਦੇ ਚਲਦਿਆਂ, ਉਨ੍ਹਾਂ ਦੀ ਅਤੇ ਉਨ੍ਹਾਂ ਦੇ ਧਰਨੇ ਦੀ ਸੰਸਾਰ ਭਰ ਵਿੱਚ ਜੋ ਪ੍ਰਸ਼ੰਸਾ ਹੋਣ ਲਗੀ, ਉਸ ਨਾਲ ਕਿਸਾਨ-ਵਿਰੋਧੀਆਂ ਵਿੱਚ ਪ੍ਰੇਸ਼ਾਨੀ ਦਾ ਪੈਦਾ ਹੋਣਾ ਸੁਵਭਾਵਕ ਹੀ ਸੀ। ਉਨ੍ਹਾਂ ਨੂੰ ਇਉਂ ਜਾਪਣ ਲਗਾ ਕਿ ਜੇ ਕਿਸਾਨਾਂ ਨੇ ਭਵਿਖ ਵਿੱਚ ਇਸੇ ਤਰ੍ਹਾਂ ਦੇ ਸੰਜਮ ਤੋਂ ਕੰਮ ਲੈਣਾ ਜਾਰੀ ਰਖਿਆ ਤਾਂ  ਅੰਤਰ੍ਰਾਸ਼ਟਰੀ ਪੱਧਰ 'ਤੇ ਉਨ੍ਹਾਂ ਪ੍ਰਤੀ ਲਗਾਤਾਰ ਹਮਦਰਦੀ ਭਰਿਆ ਜੋ ਜਨਮਤ ਤਿਆਰ ਹੁੰਦਾ ਜਾਇਗਾ, ਉਸਦਾ ਸਾਹਮਣਾ ਕਰਨਾ ਉਨ੍ਹਾਂ (ਕਿਸਾਨ-ਵਿਰੋਧੀਆਂ) ਲਈ ਸੰਭਵ ਨਹੀਂ ਰਹਿ ਜਾਇਗਾ।
ਇਨ੍ਹਾਂ ਹੀ ਰਾਜਸੀ ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਜੇ ਸਰਕਾਰ ਨੇ ਪਹਿਲੀਆਂ ਦੋ ਮੁਲਾਕਾਤਾਂ, ਜੋ ਅਕਤੂਬਰ ਅਤੇ ਨਵੰਬਰ ਵਿੱਚ ਹੋਈਆਂ ਸਨ, ਦੌਰਾਨ ਆਪਣੇ ਸਟੈਂਡ ਵਿੱਚ ਥੋੜਾ-ਬਹੁਤ ਵੀ ਲਚੀਲਾਪਨ ਵਿਖਾਇਆ ਹੁੰਦਾ, ਤਾਂ ਹੋ ਸਕਦਾ ਸੀ ਕਿ ਕਿਸਾਨ ਜੱਥੇਬੰਦੀਆਂ ਨਾਲ ਉਸਦਾ ਇਹ ਟਕਰਾਉ ਨਾ ਤਾਂ ਇਤਨਾ ਵਧਦਾ ਅਤੇ ਨਾ ਹੀ ਇਤਨਾ ਲੰਮਾਂ ਖਿੱਚ ਪਾਂਦਾ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਜਿਉਂ-ਜਿਉਂ ਗਲ ਲਟਕਦੀ ਚਲੀ ਗਈ, ਤਿਉਂ-ਤਿਉਂ ਦੋਹਾਂ ਧਿਰਾਂ ਲਈ ਇਹ ਮੁੱਦਾ 'ਨਕ' ਦਾ ਸਵਾਲ ਬਣਦਾ ਚਲਿਆ ਗਿਆ। ਜਿਸਦਾ ਨਤੀਜਾ ਇਹ ਹੋਇਆ ਕਿ ਅੱਜ ਦੋਵੇਂ ਧਿਰਾਂ ਵਲੋਂ ਆਪੋ-ਆਪਣੇ ਸਟੈਂਡ ਤੋਂ ਪਿਛੇ ਹਟ ਪਾਣਾ ਸੰਭਵ ਨਹੀਂ ਰਹਿ ਗਿਆ ਹੋਇਆ। 26 ਜਨਵਰੀ ਦੀ ਹਿੰਸਾ ਨੇ ਤਾਂ ਇਸ ਮੁੱਦੇ ਨੂੰ ਹੋਰ ਭੀ ਉਲਝਾ ਕੇ ਰੱਖ ਦਿੱਤਾ ਹੈ।
ਮੰਨਿਆ ਜਾਂਦਾ ਹੈ ਕਿ ਹਾਲਾਂਕਿ ਇਸ ਅੰਦੋਲਨ ਦੀ ਅਰੰਭਤਾ ਪੰਜਾਬੀ ਕਿਸਾਨਾਂ ਵਲੋਂ ਕੀਤੀ ਗਈ। ਪ੍ਰੰਤੂ ਕੁਝ ਹੀ ਸਮੇਂ ਬਾਅਦ ਉਨ੍ਹਾਂ ਨੂੰ ਹਰਿਆਣਾ ਦੇ ਕਿਸਾਨਾਂ ਦਾ ਵੀ ਸਮਰਥਨ ਮਿਲ ਗਿਆ ਅਤੇ ਆਹਿਸਤਾ-ਆਹਿਸਤਾ ਦੇਸ਼ ਦੇ ਦੂਸਰੇ ਰਾਜਾਂ ਦੀਆਂ ਕਿਸਾਨ-ਜੱਥੇਬੰਦੀਆਂ ਵੀ ਉਨ੍ਹਾਂ ਦਾ ਸਾਥ ਦੇਣ ਦੇ ਲਈ ਅੱਗੇ ਆਉਣ ਲਗ ਪਈਆਂ। ਇਥੋਂ ਤਕ ਕਿ ਭਾਜਪਾ-ਸੱਤਾ ਵਾਲੇ ਰਾਜਾਂ ਦੀਆਂ ਸਰਕਾਰਾਂ ਵਲੋਂ ਰੁਕਾਵਟਾਂ ਪਾਏ ਜਾਣ ਦੇ ਬਾਵਜੂਦ ਵੀ, ਉਨ੍ਹਾਂ ਰਾਜਾਂ ਦੇ ਕਿਸਾਨ ਚੋਰੀ-ਛੁਪੇ ਧਰਨੇ ਵਿੱਚ ਪੁਜਣ ਲਗ ਪਏ। ਜਿਸਦਾ ਨਤੀਜਾ ਇਹ ਹੋਇਆ ਕਿ ਦੇਸ਼-ਵਿਦੇਸ਼ ਵਿੱਚ ਭਾਰਤੀ ਕਿਸਾਨਾਂ ਦੀਆਂ ਮੰਗਾਂ ਪ੍ਰਤੀ ਲੋਕ-ਆਵਾਜ਼ ਜ਼ੋਰ ਪਕੜਦੀ ਚਲੀ ਗਈ।

ਹਿੰਸਾ ਦੇ ਬਾਅਦ ਦੀ ਸiਥਤੀ: ਰਾਜਸੀ ਹਲਕਿਆਂ ਦੀ ਮਾਨਤਾ ਹੈ ਕਿ 26 ਜਨਵਰੀ ਨੂੰ ਕਿਸਾਨ-ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ਦੇ ਕਾਰਣ ਜੋ ਸਥਿਤੀ ਬਣ ਗਈ ਹੋਈ ਹੈ, ਉਸਦੇ ਚਲਦਿਆਂ ਜਿਥੇ ਇਕ ਪਾਸੇ ਇਉਂ ਲਗਦਾ ਹੈ, ਕਿ ਜਿਵੇਂ ਇਸ ਹਿੰਸਾ ਦਾ ਸਹਾਰਾ ਲੈ ਕੇ ਸਰਕਾਰ ਆਪਣੀ ਗਲ ਮੰਨਵਾਉਣ ਲਈ ਕਿਸਾਨ-ਜੱਥੇਬੰਦੀਆਂ ਪੁਰ ਦਬਾਉ ਬਨਾਣਾ ਸ਼ੁਰੂ ਕਰ ਦੇਵੇਗੀ, ਉਥੇ ਹੀ ਦੂਜੇ ਪਾਸੇ ਅਜਿਹੀ ਸੰਭਾਵਨਾ ਬਣ ਜਾਣ ਤੋਂ ਵੀ ਇਨਕਾਰ ਕਰ ਪਾਣਾ ਸੰਭਵ ਨਹੀਂ ਜਾਪਦਾ ਕਿ ਇਸ ਸਥਿਤੀ ਦੇ ਚਲਦਿਆ ਕਿਸਾਨ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਵਾਪਸ ਲੈਣ ਅਤੇ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਨੂੰ ਰਿਹਾ ਕਰਨੇ ਦੀ ਮੰਗ ਨੂੰ ਲੈ ਕੇ ਸਰਕਾਰ ਪੁਰ ਦਬਾਉ ਬਨਾਣ ਲਗਣ।
 
ਮੁਫਤ ਕਾਨੂੰਨੀ ਸਹਾਇਤਾ: ਕਿਸਾਨ ਅੰਂਦੋਲਨ ਨਾਲ ਸੰਬੰਧਤ ਚਲੇ ਆ ਰਹੇ ਕਿਸਨਾਂ ਪੁਰ ਬਣਾਏ ਗਏ ਮਾਮਲਿਆ ਦੀ ਮੁਫ ਪੈਰਵੀ ਕਰਨ ਦੀ ਪੇਸ਼ਕਸ਼ ਜਿਥੇ ਕਈ ਵਕੀਲ ਸੰਗਠਨਾਂ ਵਲੋਂ ਕੀਤੀ ਗਈ ਹੈ। ਉਥੇ ਇਸ ਮਾਮਲੇ ਵਿੱਚ ਸਿੱਖ ਜੱਥੇਬੰਦੀਆਂ ਵੀ ਅਗੇ ਆ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕੱਤਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਉਨ੍ਹਾਂ ਦੇ ਅਕਾਲੀ ਦਲ ਵਲੋਂ ਪ੍ਰਮੁਖ ਵਕੀਲਾਂ ਪੁਰ ਆਧਾਰਤ ਇੱਕ ਕਾਨੂੰਨੀ ਸੈਲ ਦਾ ਗਠਨ ਕੀਤਾ ਗਿਆ ਹੈ, ਜੋ ਕਿਸਾਨ ਅੰਂਦੋਲਨ ਨਾਲ ਜੁੜੇ ਸਾਰੇ ਮਾਮਲਿਆਂ ਵਿੱਚ ਕਿਸਾਨਾਂ ਨੂੰ ਮੁਫਤ ਕਾਨੰਨੀ ਸਹਾਇਤਾ ਉਪਲਬੱਧ ਕਰਵਾਇਗਾ।    

ਅੱਜਤਕ ਟੀਵੀ ਚੈਨਲ ਪੁਰ ਦੋਸ਼: ਖਬਰਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਅਤੇ 'ਜਾਗੋ' ਦੇ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਲੋਂ ਫਰਜ਼ੀੱ ਖਬਰਾਂ ਪ੍ਰਸਾਰਤ ਕਰ ਸਿੱਖਾਂ ਦੇ ਵਿਰੁੱਧ ਨਵੰਬਰ 84 ਵਰਗਾ ਮਾਹੌਲ ਬਨਾਣ ਦੀਆਂ ਕੌਸ਼ਿਸ਼ਾਂ ਕਰਨ ਦੇ ਕਥਤ ਦੋਸ਼ ਵਿੱਚ 'ਆਜਤਕ' ਟੀਵੀ ਚੈਨਲ ਵਿਰੁਧ ਦਿੱਲੀ ਹਾਈਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਦਾਖਲ ਕੀਤੀ ਗਈ ਹੈ। ਜਿਸ ਪੁਰ ਸੁਣਵਾਈ ਕਰਦਿਆਂ ਵਿਦਵਾਨ ਜਸਟਿਸ ਡੀ ਐਨ ਪਟੇਲ ਦੀ ਬੈਂਚ ਨੇ 'ਆਜਤਕ', 'ਨਿਊਜ਼ ਬ੍ਰਾਡਕਾਸਟਰ ਐਸੋਸੀਏਸ਼ਨ ਕੌਂਸਲ ਆਫ ਇੰਡੀਆ ਅਤੇ ਕੇਂਦ੍ਰੀ ਸੂਚਨਾ ਤੇ ਪ੍ਰਸਾਰਣ ਵਿਭਾਗ ਨੂੰ ਨੋਟਿਸ ਜਾਰੀ ਕਰ, ਉਨ੍ਹਾਂ ਪਾਸੋਂ ਇਸਦੇ ਸੰਬੰਧ ਵਿੱਚ ਸਪਸ਼ਟੀਕਰਣ ਦੇਣ ਦੀ ਮੰਗ ਕੀਤੀ ਹੈ। ਐਡਵੋਕੇਟ ਕੀਰਤੀ ਉੱਪਲ, ਇੰਦਰਬੀਰ ਸਿੰਘ ਅਲਗ, ਨਰਿੰਦਰ ਬੇਨੀਪਾਲ ਅਤੇ ਬਲਵਿੰਦਰ ਸਿੰਘ ਬੱਗਾ ਨੇ ਅਦਾਲਤ ਦੇ ਸਾਹਮਣੇ ਅਪੀਲ-ਕਰਤਾਵਾਂ ਵਲੋਂ ੳਨ੍ਹਾਂ ਦਾ ਪੱਖ ਰਖਿਆ।

ਸ਼ਰਾਰਤੀ ਤੱਤਾਂ ਵਿਰੁੱਧ ਸ਼ਿਕਾਇਤ: ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿੱਚ ਦਲ ਦੇ ਇੱਕ ਪ੍ਰਤੀਨਿਧ ਮੰਡਲ ਨੇ ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਇੱਕ ਪੱਤ੍ਰ ਸੌਂਪ, ਉਨ੍ਹਾਂ ਦਾ ਧਿਆਨ ਉਨ੍ਹਾਂ ਸ਼ਰਾਰਤੀ ਅਨਸਰਾਂ ਵਲ ਖਿਚਿਆ ਜੋ ਦਿੱਲੀ ਦੇ ਸਦਭਾਵਨਾ ਪੂਰਣ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਆਪਣੇ ਪਤ੍ਰ ਵਿੱਚ ਉਨ੍ਹਾਂ ਅਨਸਰਾਂ ਦਾ ਵੀ ਜ਼ਿਕਰ ਕੀਤਾ ਜਿਨ੍ਹਾਂ ਨੇ ਬੀਤੇ ਦਿਨੀਂ ਗੁਰਦੁਆਰਾ ਸੀਸਗੰਜ ਸਹਿਬ ਪੁਰ ਪ੍ਰਦਸ਼ਰਨ ਕਰ, ਹੁਲੜਬਾਜ਼ੀ ਕੀਤੀ ਸੀ। ਉਨ੍ਹਾਂ ਆਪਣੇ ਪਤ੍ਰ ਵਿੱਚ  ਹੋਰ ਲਿਖਿਆ ਕਿ ਇਹ ਲੋਕੀ ਦਿੱਲੀ ਵਿੱਚ ਸਿੱਖਾਂ ਵਿਰੁੱਧ 1984 ਵਾਲਾ ਮਾਹੌਲ ਬਨਾਣਾ ਚਾਹੁੰਦੇ ਹਨ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਦਿੱਲੀ ਦੇ ਮੁੱਖੀ ਹਰਪ੍ਰੀਤ ਸਿੰਘ ਜੌਲੀ (ਬਨੀ ਜੌਲੀ) ਨੇ ਵੀ ਇੱਕ ਬਿਆਨ ਜਾਰੀ ਕਰ ਅਜਿਹੇ ਅਨਸਰ ਦੇ ਵਿਰੁਧ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ, ਜਿਨ੍ਹਾਂ ਨੇ ਗੁਰਦੁਆਰਾ ਸੀਸਗੰਜ ਪੁਰ ਹੁਲੜਬਾਜ਼ੀ ਕਰ, ਸਿੱਖਾਂ ਦੇ ਵਿਰੁੱਧ ਨਫਰਤ ਦਾ ਮਾਹੌਲ ਬਨਾਣ ਦੀ ਕੋਸ਼ਿਸ਼ ਕੀਤੀ।

ਪੰਜਾਬੀ ਹੈਲਪਲਾਈਨ: ਪੰਜਾਬੀ ਹੈਲਪਲਾਈਨ ਦੇ ਮੁੱਖੀ ਅਤੇ ਜੀਐਚਪੀਐਸ ਲੋਨੀ ਰੋਡ ਦਿੱਲੀ ਦੇ ਸੀਨੀਅਰ ਅਧਿਆਪਕ ਸ. ਪ੍ਰਕਾਸ਼ ਸਿੰਘ ਗਿਲ ਨੇ ਦਸਿਆ ਕਿ ਬੀਤੇ ਦਿਨੀਂ ਚੰਡੀਗੜ੍ਹ ਕੇਂਦ੍ਰ ਦੇ ਕਸਟਮ, ਨਾਰਕੋਟਿਕਸ ਅਤੇ ਜੀਐਸਟੀ ਦੇ ਅਧਿਕਾਰੀਆਂ ਨੇ ਨੈਸ਼ਨਲ ਓਪਨ ਸਕੂਲ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਮਲ ਹੋਣ ਲਈ ਵਿਸ਼ੇਸ਼ ਰੂਪ ਵਿੱਚ ਵੈਬਐਕਸ ਐਪ ਤੇ 'ਆਨਲਾਈਨ' ਦੋ ਮਹੀਨਿਆਂ ਦੇ ਕੋਰਸ ਅਧੀਨ ਪੰਜਾਬੀ ਭਾਸ਼ਾ ਦੀ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਅਧਿਕਾਰੀਆਂ ਨੂੰ ਪੰਜਾਬੀ ਭਾਸ਼ਾ ਲਿਖਣ, ਪੜ੍ਹਨ ਅਤੇ ਬੋਲਣ ਦਾ ਗਿਆਨ ਦੇਣ ਵਿੱਚ ਉਨ੍ਹਾਂ ਨੇ (ਪੰਜਾਬੀ ਹੈਲਪਲਾਈਨ ਦਿੱਲੀ ਦੇ ਮੁੱਖੀ ਸ. ਪ੍ਰਕਾਸ਼ ਸਿੰਘ ਗਿਲ ਨੇ) ਵਿਸ਼ੇਸ਼ ਭੂਮਿਕਾ ਨਿਭਾਈ।

...ਅਤੇ ਅੰਤ ਵਿੱਚ: ਜਸਟਿਸ ਆਰ ਐਸ ਸੋਢੀ ਦਾ ਕਹਿਣਾ ਹੈ ਕਿ ਇੱਕ ਸਮਾਂ ਸੀ, ਜਦੋਂ ਇਹ ਮੰਨਿਆ ਜਾਂਦਾ ਸੀ ਕਿ ਰਾਜਨੀਤਕ ਤੇ ਵਿਚਾਰਕ ਮਤਭੇਦ ਹੋਣਾ ਤਾਂ ਸੁਭਾਵਕ ਹੈ, ਪ੍ਰੰਤੂ ਇਨ੍ਹਾਂ ਮਤਭੇਦਾਂ ਦੇ ਚਲਦਿਆਂ ਇੱਕ-ਦੂਜੇ ਪ੍ਰਤੀ, ਅਜਿਹੀ ਭਾਸ਼ਾ ਦੀ ਵਰਤੋਂ ਕਰਨ ਤੋਂ ਸੰਕੋਚ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਜਦੋਂ ਕਦੀ ਆਪੋ ਵਿੱਚ ਇੱਕ-ਦੂਜੇ ਦਾ ਆਹਮੋ-ਸਾਹਮਣਾ ਹੋ ਜਾਏ ਜਾਂ ਆਪੋ ਵਿੱਚ ਮਿਲ-ਬੈਠਣ ਦਾ ਮੌਕਾ ਬਣੇ ਤਾਂ ਸ਼ਰਮਿੰਦਿਆਂ ਨਾ ਹੋਣਾ ਪਏ। ਪ੍ਰੰਤੂ ਅੱਜ ਜੋ ਹਾਲਾਤ ਸਾਹਮਣੇ ਹਨ, ਉਨ੍ਹਾਂ ਤੋਂ ਅਜਿਹਾ ਜਾਪਦਾ ਹੈ ਕਿ ਜਿਵੇਂ ਰਾਜਨੀਤੀ, ਵਿਸ਼ੇਸ਼ ਰੂਪ ਵਿੱਚ, ਵਰਤਮਾਨ ਅਕਾਲੀ ਰਾਜਨੀਤੀ ਦਾ ਸਰੂਪ, ਉਸਦੇ ਮੂਲ ਸਰੂਪ ਤੋਂ ਬਿਲਕੁਲ ਹੀ ਬਦਲ ਗਿਆ ਹੋਇਆ ਹੈ। ਅੱਜ ਦੀ ਅਕਾਲੀ ਰਾਜਨੀਤੀ ਵਿੱਚ ਇੱਕ-ਦੂਜੇ ਦਾ ਵਿਰੋਧ, ਰਾਜਨੀਤਕ ਅਤੇ ਵਿਚਾਰਕ ਮਤਭੇਦਾਂ ਦੇ ਅਧਾਰ 'ਤੇ ਨਹੀਂ ਕੀਤਾ ਜਾਂਦਾ, ਸਗੋਂ ਇਹ ਮੰਨ ਕੇ ਕੀਤਾ ਜਾਂਤਦਾ ਹੈ, ਕਿ ਵਿਰੋਧ ਕਰਨਾ ਹੈ ਤਾਂ ਬਸ ਕਰਨਾ ਹੀ ਹੈ। ਅੱਜਕਲ ਇਸ ਗਲ ਨੂੰ ਸੋਚਣ ਤੇ ਸਮਝਣ ਦੀ ਲੋੜ ਹੀ ਨਹੀਂ ਸਮਝੀ ਜਾਂਦੀ ਕਿ ਜਿਸਦੇ ਵਿਰੁੱਧ ਉਹ ਮੰਦ ਭਾਸ਼ਾ ਦਾ ਸਹਾਰਾ ਲੈ ਰਹੇ ਹਨ, ਜੇ ਕਲ ਨੂੰ ਕਦੀ ਭੁਲ-ਭੁਲੇਖੇ ਹੀ ਉਸ ਨਾਲ ਆਹਮੋ-ਸਾਹਮਣਾ ਹੋ ਗਿਆ ਤਾਂ ਉਹ ਉਸਨੂੰ ਕੀ ਮੂੰਹ ਵਿਖਾਣਗੇ?                                           

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਧਾਰਮਕ ਜੱਥੇਬੰਦੀਆਂ ਦੀ ਮਹਤੱਤਾ ਬਨਾਮ ਸਿੱਖ ਜਥੇਬੰਦੀਆਂ - ਜਸਵੰਤ ਸਿੰਘ 'ਅਜੀਤ

ਕਿਸੇ ਸਮੇਂ, ਗਿਆਨੀ ਗੁਰਦਿਤ ਸਿੰਘ ਸੰਪਾਦਤ ਪੁਸਤਕ 'ਸਿੱਖ ਜਥੇਬੰਦੀ' ਪੜ੍ਹਨ ਦਾ ਮੌਕਾ ਮਿਲਿਆ। ਉਸ ਵਿੱਚਲੇ ਇਕ ਮਜ਼ਮੂਨ, 'ਜੱਥੇਬੰਦੀ ਅਤੇ ਸਿੱਖ ਜੱਥੇਬੰਦੀ' ਵਿੱਚ ਗਿਆਨੀ ਗੁਰਦਿਤ ਸਿੰਘ ਨੇ ਜੱਥੇਬੰਦੀ ਦੀ ਮਹਤੱਤਾ ਦਾ ਜ਼ਿਕਰ ਕਰਦਿਆਂ, ਸਭ ਤੋਂ ਪਹਿਲਾਂ ਬੁੱਧਮਤ ਵਿੱਚ ਜੱਥੇਬੰਦੀ ਦੀ ਮਹਤੱਤਾ ਦਾ ਉਦਾਹਰਣ ਦਿੰਦਿਆਂ ਦਸਿਆ ਕਿ ਮਹਾਤਮਾ ਬੁੱਧ ਇਕ ਵਾਰ ਵੈਸ਼ਾਲੀ ਦੇ ਮੁਕਾਮ ਤੇ ਠਹਿਰੇ ਹੋਏ ਸਨ। ਉਥੋਂ ਦੇ ਰਾਜਿਆਂ ਅਤੇ ਰਾਜਕੁਮਾਰਾਂ ਦੀ ਅਗਵਾਈ ਵਿੱਚ ਕੰਮ ਕਰ ਰਹੇ ਸੰਗਠਨ ਦੀ ਸੁੰਦਰ ਵਿਵਸਥਾ ਅਤੇ ਚੰਗੇ ਪ੍ਰਬੰਧ ਨੂੰ ਵੇਖ ਕੇ ਉਹ ਬਹੁਤ ਹੀ ਪ੍ਰਭਾਵਤ ਹੋਏ। ਉਨ੍ਹਾਂ ਦੇ ਦਿੱਲ ਵਿੱਚ ਇਹ ਸੋਚ ਉਭਰੀ ਕਿ ਕਿਉਂ ਨਾ ਇਸੇ ਵਿਵਸਥਾ ਦੇ ਆਧਾਰ ਤੇ ਬੁਧ-ਭਿਖਸ਼ੂਆਂ ਦੇ ਸੰਗਠਨ ਨੂੰ ਵੀ ਜਥੇਬੰਦ ਕੀਤਾ ਜਾਏ। ਇਹ ਸੋਚ ਆਉਣ ਤੇ ਉਨ੍ਹਾਂ ਆਪਣੇ ਸਕੱਤ੍ਰ ਅਨੰਦ, ਜੋ ਉਨ੍ਹਾਂ ਦਾ ਭਤੀਜਾ ਸੀ, ਨੂੰ ਕਿਹਾ ਕਿ ਵੈਸ਼ਾਲੀ ਦੇ ਰਾਜਿਆਂ ਦਾ ਰਾਜ-ਪ੍ਰਬੰਧ ਬਹੁਤ ਹੀ ਉਤਮ ਅਤੇ ਮਰਿਆਦਾ-ਪੂਰਣ ਤਰੀਕੇ ਨਾਲ ਚਲ ਰਿਹਾ ਹੈ। ਕੋਈ ਕਿਸੇ ਨਾਲ ਝਗੜਾ ਨਹੀਂ ਕਰਦਾ, ਸਾਰੇ ਹੀ ਆਪੋ-ਆਪਣੀ ਥਾਂ ਨੀਯਤ ਮਰਿਆਦਾ ਅਨੁਸਾਰ ਕਾਰਜਾਂ ਦੀਆਂ ਜ਼ਿਮੇਂਦਾਰੀਆਂ ਨਿਭਾਉਂਦੇ ਹਨ। ਨੀਯਤ ਸਮੇਂ ਤੇ ਪ੍ਰਬੰਧ ਬਦਲਣ ਵਿੱਚ ਕੋਈ ਹਿਚਕਿਚਾਹਟ ਨਹੀਂ ਵਿਖਾਈ ਜਾਂਦੀ। ਜੋ ਕਿਸੇ ਸਮੇਂ ਧੂਮ-ਧੜਾਕੇ ਨਾਲ ਅਹੁਦਾ ਸੰਭਾਲਦੇ ਹਨ, ਉਹ ਸਮਾਂ ਆਉਣ ਤੇ ਬਹੁਤ ਹੀ ਸਰਲਤਾ ਨਾਲ ਅਹੁਦਾ ਤਿਆਗ ਦਿੰਦੇ ਹਨ। ਉਨ੍ਹਾਂ ਅਨੰਦ ਨੂੰ ਸਲਾਹ ਦਿਤੀ ਕਿ ਉਹ ਆਪ ਵੈਸ਼ਾਲੀ-ਸੰਘ ਦੇ ਰਾਜ ਪ੍ਰਬੰਧਕਾਂ ਪਾਸ ਜਾ ਕੇ ਪਤਾ ਕਰੇ ਕਿ ਉਨ੍ਹਾਂ ਦੀ ਰਾਜ-ਪ੍ਰਬੰਧ ਸਬੰਧੀ ਨਿਯਮਾਵਲੀ ਕੀ ਹੈ ਅਤੇ ਉਸ ਅਨੁਸਾਰ ਉਹ ਕਿਵੇਂ ਆਚਰਣ ਦਾ ਪਾਲਣ ਕਰਦੇ ਹਨ, ਤਾਂ ਜੋ ਬੌਧੀ ਸੰਘ ਲਈ ਵੀ ਉਹੋ ਜਿਹੇ ਹੀ ਅਸੂਲ ਸਥਾਪਤ ਕਰ ਉਸਦਾ ਇਕ ਧਰਮ-ਸੰਗਠਨ ਬਣਾਇਆ ਜਾਏ।
ਇਸ ਤੋਂ ਬਾਅਦ ਉਨ੍ਹਾਂ ਈਸਾਈ ਜਥੇਬੰਦੀ ਦੀ ਚਰਚਾ ਕਰਦਿਆਂ ਲਿਖਿਆ ਕਿ ਈਸਾਈ ਧਰਮ ਦੇ ਮਿਸ਼ਨਰੀ, ਆਪਣੀ ਸੇਵਾ-ਸਾਧਨਾ ਨੂੰ ਰੱਜ ਕੇ ਵਰਤਣ ਦੀ ਇੱਛਾ ਦੇ ਅਧੀਨ, ਆਪਣੇ ਸੁਸਿਖਿਅਤ ਹੋਣ ਦਾ ਲਾਭ ਉਠਾਉਂਦਿਆਂ, ਨਿਸ਼ਠਾ ਨਾਲ ਦਿਨ-ਰਾਤ ਜੁਟੇ ਹੋਏ ਹਨ, ਜਿਸ ਕਾਰਣ ਉਨ੍ਹਾਂ ਦੇ ਧਰਮ ਨੇ ਬਹੁਤ ਉਨੱਤੀ ਕੀਤੀ ਹੈ। ਜਿੱਥੇ ਗ਼ਰੀਬੀ ਤੇ ਦਰਿਦਰਤਾ ਹੈ, ਲੋਕਾਂ ਵਿੱਚ ਭੁਖ ਹੈ, ਈਸਾਈ ਮਿਸ਼ਨਰੀ ਉਥੇ ਰੱਬੀ ਸੱਦਾ ਸਮਝ ਕੇ, ਬਿਨਾ ਕੋਈ ਦੇਰੀ ਕੀਤਿਆਂ ਜੱਥੇ ਬਣਾ ਕੇ ਸੇਵਾ ਲਈ ਪੁਜ ਜਾਂਦੇ ਹਨ। ...ਇਨ੍ਹਾਂ ਦੇ ਵਿਦਿਅਕ ਪ੍ਰਬੰਧ ਅਤੇ ਹਸਪਤਾਲਾਂ ਦੀ ਪ੍ਰਬੀਨਤਾ ਇਤਨੀ ਉਤਮ ਹੈ ਕਿ ਹਰ ਵਿਅਕਤੀ ਦੀ ਸਭ ਤੋਂ ਪਹਿਲੀ ਇਹੀ ਇੱਛਾ ਹੁੰਦੀ ਹੈ ਕਿ ਜੇ ਉਹ ਆਪਣਾ ਬੱਚਾ ਪੜ੍ਹਾਏ ਤਾਂ ਈਸਾਈਆਂ ਦੇ ਸਕੂਲ ਵਿੱਚ ਹੀ ਅਤੇ ਜੇ ਬੀਮਾਰੀ ਦਾ ਇਲਾਜ ਕਰਾਏ ਤਾਂ ਉਨ੍ਹਾਂ ਦੇ ਹੀ ਹਸਪਤਾਲ ਵਿੱਚ।
ਉਨ੍ਹਾਂ ਇਸਲਾਮ ਦੀ ਗਲ ਕਰਦਿਆਂ ਲਿਖਿਆ ਕਿ ਇਸਲਾਮ ਵਿੱਚ ਜਮਾਤ ਨੂੰ ਹੀ ਕਰਾਮਾਤ ਮੰਨਿਆ ਜਾਂਦਾ ਹੈ। ਇਕੋ ਤਰ੍ਹਾਂ ਦੀ ਜੀਵਨ-ਸ਼ੈਲੀ ਨੂੰ ਅਪਨਾਣ ਤੇ ਜ਼ੋਰ ਦਿੱਤਾ ਜਾਂਦਾ ਹੈ। ਹਜ਼ਾਰਾਂ, ਸਗੋਂ ਲੱਖਾਂ ਦਾ ਇਕੱਠ ਇਕ ਸਮੇਂ ਨਿਯਮ ਦਾ ਪਾਲਣ ਕਰਦਿਆਂ ਨਮਾਜ਼ ਪੜ੍ਹਨ ਸਮੇਂ ਇੱਕ ਕਤਾਰ ਵਿੱਚ ਇਕੋ ਤਰੀਕੇ ਨਾਲ ਸਾਰੀ ਰਸਮ ਨੂੰ ਪੂਰਿਆਂ ਕਰਦਾ ਹੈ, ਜੋ ਕਿ ਜਮਾਤ ਦੀ ਜ਼ਾਹਿਰਾ ਕਰਾਮਾਤ ਹੈ। ਇਸਦੇ ਨਾਲ ਹੀ ਉਹ ਲਿਖਦੇ ਹਨ ਕਿ ਇਸਲਾਮ ਦੀ ਤੰਗ-ਨਜ਼ਰੀ ਤੇ ਜਨੂੰਨ ਉਸਦੇ ਵਰਤਮਾਨ ਸੰਸਾਰ ਵਿੱਚ ਵਧਣ-ਫੁਲਣ ਵਿੱਚ ਰੁਕਾਵਟ ਹੈ, ਜਿਸਨੂੰ ਉਸਦੇ ਪੈਰੋਕਾਰ ਜਨੂੰਨੀ 'ਧੱਕੇ' ਨਾਲ ਪੂਰਿਆਂ ਕਰ ਲੈਂਦੇ ਹਨ।
ਉਹ ਸਵੀਕਾਰਦੇ ਹਨ ਕਿ ਇਨ੍ਹਾਂ ਮਜ਼੍ਹਬਾਂ ਦੀ ਉਨਤੀ ਅਤੇ ਇਨ੍ਹਾਂ ਦੇ ਵੱਧਣ-ਫੁਲਣ ਪਿੱਛੇ, ਉਨ੍ਹਾਂ ਦੇ ਪੈਰੋਕਾਰਾਂ ਦੀ ਨਿਸ਼ਠਾ, ਉਨ੍ਹਾਂ ਦੇ ਆਪਸੀ ਸਨੇਹ, ਉਨ੍ਹਾਂ ਵਿੱਚਲੀ ਆਪਣੇ ਮਜ਼੍ਹਬ ਲਈ ਕੁਝ ਕਰਨ ਦੀ ਤੰਮਨਾ ਅਤੇ ਜਥੇਬੰਦੀ ਰਾਹੀਂ ਕੁਝ ਕਰ ਵਿਖਾਉਣ ਦਾ ਜਜ਼ਬਾ ਕੰਮ ਕਰ ਰਿਹਾ ਹੈ।        
ਗਿਆਨੀ ਗੁਰਦਿਤ ਸਿੰਘ ਅਨੁਸਾਰ, ਸਿੱਖ ਪੰਥ ਦੇ ਵਧੱਣ-ਫੁਲਣ ਦੇ ਪਿੱਛੇ, ਜੋ ਵਰਨਣਯੋਗ ਕਾਰਣ ਹਨ, ਉਨ੍ਹਾਂ ਵਿਚੋਂ ਸਭ ਤੋਂ ਵੱਡਾ ਕਾਰਣ ਸੰਗਤਾਂ ਦੀ ਸਥਾਪਨਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਜਿਥੇ ਜਾਂਦੇ ਸਨ, ਉਥੇ ਹੀ ਸੰਗਤ ਕਾਇਮ ਕਰਦੇ ਸਨ। ਇਸਤਰ੍ਹਾਂ ਉਨ੍ਹਾਂ ਸੰਗਤਾਂ ਦਾ ਜਾਲ ਵਿੱਛਾ ਦਿੱਤਾ। ਸੰਗਤਾਂ ਕਾਇਮ ਹੋਣ ਦੇ ਨਾਲ ਹੀ ਉਨ੍ਹਾਂ ਦੇ ਮਿਲ ਬੈਠਣ ਲਈ ਧਰਮਸ਼ਾਲਾਵਾਂ ਸਥਾਪਤ ਕੀਤੀਆਂ ਗਈਆਂ।
ਪ੍ਰਿੰਸੀਪਲ ਹਰਿਭਜਨ ਸਿੰਘ ਨੇ ਸੰਗਤ ਅਤੇ ਧਰਮਸਾਲ ਦੀ ਪਰਿਭਾਸ਼ਾ ਦਾ ਵਰਨਣ ਕਰਦਿਆਂ ਲਿਖਿਆ ਹੈ, '(ਜਦੋਂ) ਸਤਿਗੁਰ ਨਾਨਕ ਦੇਵ ਜੀ ਪ੍ਰਭੂ ਨਾਲ ਇਕ-ਸੁਰ ਹੋਏ ਤਾਂ ਉਨ੍ਹਾਂ ਮਨੁੱਖ-ਮਾਤ੍ਰ ਦੀ ਸੁੱਖ-ਸ਼ਾਂਤੀ ਤੇ ਉਸਦੇ ਕਲਿਆਣ ਲਈ 'ਸਗਲੀ ਚਿੰਤਾ' ਮਿਟਾ ਦੇਣ ਵਾਲੀ 'ਧੁਰ ਕੀ ਬਾਣੀ' ਰਚੀ। ਇਸ ਬਾਣੀ ਦੇ ਪਠਨ-ਪਾਠ ਅਤੇ ਵਿਚਾਰ ਲਈ ਸੰਗਤਾਂ ਕਾਇਮ ਕੀਤੀਆਂ ਗਈਆਂ। ਇਨ੍ਹਾਂ ਸੰਗਤਾਂ ਦੇ ਮਿਲ-ਬੈਠਣ ਲਈ ਕਿਸੇ ਸਾਂਝੇ ਅਸਥਾਨ ਦੀ ਸਥਾਪਨਾ ਕਰਨ ਦੀ ਲੋੜ ਪਈ, ਅਜਿਹੇ ਅਸਥਾਨਾਂ ਨੂੰ ਧਰਮਸਾਲ, ਅਰਥਾਤ ਗੁਰਦੁਆਰੇ, ਦੀ ਸੰਗਿਆ ਦਿੱਤੀ ਗਈ।...ਸੋ ਇਸਤਰ੍ਹਾਂ ਗੁਰਬਾਣੀ, ਸੰਗਤ ਤੇ ਧਰਮਸਾਲ ਆਪੋ ਵਿੱਚ ਅਨਿੱਖੜ ਵਸਤਾਂ ਬਣ ਗਈਆਂ ਅਤੇ ਇਨ੍ਹਾਂ ਤਿੰਨਾਂ ਦੀ ਸਹੀ ਵਰਤੋਂ-ਵਿਹਾਰ ਵਿੱਚ ਹੀ ਸਿੱਖ ਅਥਵਾ ਪ੍ਰਾਣੀ ਮਾਤਰ ਦੇ ਕਲਿਆਣ ਦਾ ਭੇਦ ਭਰ ਦਿੱਤਾ ਗਿਆ'।
ਉਨ੍ਹਾਂ ਵਲੋਂ ਸੰਗਤ ਅਤੇ ਧਰਮਸਾਲ ਕੀਤੀ ਗਈ ਇਹ ਪਰਿਭਾਸ਼ਾ, ਇਸ ਗਲ ਦੀ ਪ੍ਰਤੀਕ ਹੈ ਕਿ 'ਧਰਮਸਾਲ', ਜਿਸਨੂੰ ਬਾਅਦ ਵਿੱਚ 'ਗੁਰਦੁਆਰੇ' ਦਾ ਨਾਂ ਦਿਤਾ ਗਿਆ, ਦੀ ਸਥਾਪਨਾ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਇਥੇ ਸੰਗਤਾਂ ਇੱਕਤਰ ਹੋ, 'ਧੁਰ ਕੀ ਬਾਣੀ' ਦਾ ਗਾਇਨ ਅਤੇ ਸ੍ਰਵਣ ਕਰਨਗੀਆਂ ਅਤੇ ਉਸ 'ਤੇ ਵਿਚਾਰ ਕਰ ਆਪਣਾ ਜੀਵਨ ਸਫਲਾ ਕਰ ਲੈਣਗੀਆਂ।
ਇਨ੍ਹਾਂ ਧਰਮਸ਼ਾਲਾਵਾਂ ਵਿੱਚ ਸੰਗਤਾਂ ਆਪੋ ਵਿੱਚ ਜੁੜ ਬੈਠਦੀਆਂ, ਆਪਸੀ ਭਾਵਨਾਵਾਂ ਨੂੰ ਸਾਂਝਿਆਂ ਕਰਦੀਆਂ ਅਤੇ ਗੁਰੂ ਸਾਹਿਬ ਵਲੋਂ ਮਨੁੱਖ-ਮਾਤ੍ਰ ਦੀ ਭਲਾਈ ਤੇ ਸਰਬ-ਸਾਂਝੀਵਾਲਤਾ ਦੇ ਵਿਖਾਏ ਮਾਰਗ ਤੇ ਚਲਦਿਆਂ ਸਿੱਖੀ ਦਾ ਪ੍ਰਚਾਰ ਕਰਦੀਆਂ। ਇਸੇ ਮਾਰਗ ਤੇ ਚਲਦਿਆਂ ਹੋਇਆਂ ਹੀ ਸਿੱਖਾਂ ਵਿੱਚ ਪਰਉਪਕਾਰ ਅਤੇ ਲੋਕ-ਭਲਾਈ ਦੀ ਭਾਵਨਾ ਪ੍ਰਜਵਲਿਤ ਹੋਈ ਅਤੇ ਗੁਰੂ ਸਾਹਿਬ ਦੇ ਆਦਰਸ਼ਾਂ ਪੁਰ ਪਹਿਰਾ ਦੇਣ ਵਾਲੇ ਜਾਤ-ਪਾਤ ਰਹਿਤ ਅਤੇ ਤ੍ਰਿਸ਼ਨਾ-ਹੀਨ ਮਨੁਖ ਦੀ ਸਿਰਜਨਾ ਹੋਈ।

...'ਤੇ ਸਿੱਖ ਸੰਸਥਾ ਟੁੱਟਣ ਲਗੀ: ਗੁਰੂ ਸਾਹਿਬਾਨ ਦੇ ਸਮੇਂ ਅਤੇ ਉਸ ਤੋਂ ਬਾਅਦ ਸਿੱਖੀ ਪੁਰ ਛੋਟੇ-ਵੱਡੇ ਅਨੇਕਾਂ ਸੰਕਟ ਆਏ। ਗੁਰੂ ਸਾਹਿਬਾਨ ਵਲੋਂ ਸਥਾਪਤ ਤ੍ਰਿਸ਼ਨਾ, ਕਾਮਨਾ ਅਤੇ ਲਾਲਸਾ-ਹੀਨ ਜਥੇਬੰਦੀ ਨੇ ਉਨ੍ਹਾਂ ਦਾ ਡੱਟ ਕੇ ਸਾਹਮਣਾ ਕੀਤਾ। ਪ੍ਰੰਤੂ ਜਦੋਂ ਸੱਤਾ-ਲਾਲਸਾ ਸਿੱਖ ਮੁਖੀਆਂ ਦੇ ਦਿਲਾਂ ਵਿੱਚ ਘਰ ਕਰਨ ਲਗੀ ਤਾਂ ਇਸ ਜਥੇਬੰਧਕ ਸ਼ਕਤੀ ਵਿੱਚ ਤਰੇੜਾਂ ਉਭਰਨ ਲਗੀਆਂ। ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਇਨਸਾਫ-ਭਰਪੂਰ ਤੇ ਸਰਬ-ਸਾਂਝੀਵਾਲਤਾ ਦਾ ਵਾਤਾਵਰਣ ਕਾਇਮ ਰਿਹਾ. ਪ੍ਰੰਤੂ ਸੱਤਾ-ਸੁਖ ਮਾਣਦਿਆਂ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਨੂੰ ਅਣਗੋਲਿਆਂ ਕੀਤਾ ਜਾਣ ਲਗਾ। ਰਾਜ-ਸੱਤਾ ਘਰੋਗੀ ਅਤੇ ਖਾਨਦਾਨੀ ਬਣ ਜਾਣ ਕਾਰਣ ਮਹਾਰਾਜਾ ਰਣਜੀਤ ਸਿੰਘ ਦੇ ਪਰਿਵਾਰ ਵਿੱਚ ਅਜਿਹੀ ਭਿਆਨਕ ਖਾਨਾਜੰਗੀ ਮੱਚੀ ਕਿ ਅਨੇਕਾਂ ਘਾਲਣਾਵਾਂ ਰਾਹੀਂ ਉਨ੍ਹਾਂ ਵਲੋਂ ਕਾਇਮ ਕੀਤੇ ਰਾਜ ਸਮੇਤ, ਉਨ੍ਹਾਂ ਦਾ ਸਮੁਚਾ ਖਾਨਦਾਨ ਹੀ ਟੋਟੇ-ਟੋਟੇ ਹੋ ਗਿਆ। ਸਿੱਖਾਂ ਦੀ ਗਿਣਤੀ ਸਵਾ ਕਰੋੜ ਤੋਂ ਘਟ ਕੇ 25 ਲੱਖ ਦੇ ਕਰੀਬ ਰਹਿ ਗਈ।

ਸਮਾਂ ਬਦਲਿਆ: ਸਮੇਂ ਦੇ ਬੀਤਣ ਨਾਲ ਸਿੱਖ ਜਥੇਬੰਦੀ ਦਾ ਸਰੂਪ ਵੀ ਬਦਲਦਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਗੁਰਧਾਮਾਂ ਪੁਰ ਕਾਬਜ਼ ਹੋਏ ਮਹੰਤਾਂ ਨੇ ਗੁਰਧਾਮਾਂ ਦੀਆਂ ਸਥਾਪਤ ਮਰਿਆਦਾਵਾਂ ਨੂੰ ਬਦਲਣਾ ਅਤੇ ਉਨ੍ਹਾਂ ਦੀ ਪਵਿਤ੍ਰਤਾ ਨੂੰ ਭੰਗ ਕਰਨਾ ਸ਼ੁਰੂ ਕਰ ਦਿਤਾ। ਮਹੰਤਾਂ ਦੇ ਚੰਗੁਲ ਵਿਚੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਉਣ ਲਈ ਸੰਘਰਸ਼ ਵਿਢਿਆ ਗਿਆ। ਅਨੇਕਾਂ ਕੁਰਬਾਨੀਆਂ ਤੋਂ ਬਾਅਦ ਗੁਰਧਾਮ ਆਜ਼ਾਦ ਹੋਏ। ਜਿਨ੍ਹਾਂ ਦੀ ਸੇਵਾ ਸੰਭਾਲ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਅਤੇ ਉਸਨੂੰ ਇਸ ਕੰਮ ਵਿੱਚ ਸਹਿਯੋਗ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਕਾਇਮ ਕੀਤਾ ਗਿਆ। ਕੁਝ ਹੋਰ ਸਮਾਂ ਬੀਤਿਆ! ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਗੁਰਧਾਮਾਂ ਦੀ ਸੇਵਾ-ਸੰਭਾਲ ਕਰਨ ਅਤੇ ਸਥਾਪਤ ਮਰਿਆਦਾਵਾਂ ਨੂੰ ਬਹਾਲ ਕਰੀ ਰਖਣ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਕਰਨ ਦੀ ਬਜਾਏ, ਉਸ ਪੁਰ ਜੂਲਾ ਪਾ ਕੇ, ਉਸਨੂੰ ਆਪਣੀ ਸੱਤਾ ਲਾਲਸਾ ਨੂੰ ਪੂਰਿਆਂ ਕਰਨ ਲਈ ਪੌੜੀ ਵਜੋਂ ਵਰਤਣਾ ਸ਼ੁਰੂ ਕਰ ਦਿਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰ ਉਸਨੂੰ ਆਪਣੇ ਰਾਜਨੈਤਿਕ ਸੁਆਰਥ ਲਈ ਵਰਤਣ ਦੀ ਲਾਲਸਾ ਨੇ ਅਕਾਲੀ ਦਲ ਦੇ ਨਾਂ ਤੇ ਕਈ ਦੁਕਾਨਾਂ ਖੁਲਵਾ ਦਿੱਤੀਆਂ। ਇਸਦੇ ਨਾਲ ਹੀ ਅਸਲੀ ਅਕਾਲੀ ਦਲ ਅਤੇ ਪੰਥਕ ਜਥੇਬੰਦੀ ਹੋਣ ਦੀ ਪ੍ਰੀਭਾਸ਼ਾ ਵੀ ਬਦਲ ਕੇ ਇਹ ਮੰਨੀ ਜਾਣ ਲਗੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਪੁਰ ਜਿਸਦਾ ਕਬਜ਼ਾ ਹੈ, ਉਹੀ ਅਸਲੀ ਅਕਾਲੀ ਦਲ ਅਤੇ ਪੰਥਕ ਜਥੇਬੰਦੀ ਹੈ। ਬਾਕੀ ਸਭ ਜਾਪਾਨੀ ਅਤੇ ਪੰਥ-ਵਿਰੋਧੀ ਹਨ। ਇਸੇ ਪ੍ਰੀਭਾਸ਼ਾ ਦੇ ਆਧਾਰ ਤੇ ਹੀ ਇਹ ਵੀ ਕਿਹਾ ਜਾਣ ਲਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਜਿਸ ਅਕਾਲੀ ਦਲ ਦਾ ਕਬਜ਼ਾ ਹੈ, ਉਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਤੇ ਪੰਥਕ ਜਥੇਬੰਦੀ ਹੈ ਅਤੇ ਉਸ ਸ਼੍ਰੋਮਣੀ ਅਕਾਲੀ ਦਲ ਪੁਰ ਜਿਸਦਾ ਕਬਜ਼ਾ ਹੈ, ਉਹੀ 'ਤੇ ਉਸਦੇ ਪੈਰੋਕਾਰ ਹੀ ਸਿੱਖ ਹਨ, ਬਾਕੀ ਸਾਰੇ ਕਾਂਗ੍ਰਸੀ ਅਤੇ ਸਿੱਖੀ ਦੇ ਦੁਸ਼ਮਣ।

...ਅਤੇ ਅੰਤ ਵਿੱਚ: ਮੰਨਿਆ ਜਾਂਦਾ ਹੈ ਕਿ 37-ਕੁ ਵਰ੍ਹੇ ਪਹਿਲਾਂ ਵਾਪਰੇ ਨੀਲਾਤਾਰਾ ਸਾਕੇ ਦੌਰਾਨ ਭਾਰਤੀ ਫੌਜ ਨੇ ਤਾਂ ਸ੍ਰੀ ਅਕਾਲ ਤਖਤ ਦੀ ਇਮਾਰਤ ਨੂੰ ਹੀ ਢਾਹਿਆ ਸੀ, ਪਰ ਇਸ ਸਮੇਂ ਦੌਰਾਨ ਸ੍ਰੀ ਅਕਾਲ ਤਖਤ ਦੀ ਮਰਿਆਦਾ ਨੂੰ ਤਾਂ ਸਾਡੇ ਆਪਣਿਆਂ ਨੇ ਹੀ ਆਪਣੀ ਸੱਤਾ-ਲਾਲਸਾ ਨੂੰ ਪੂਰਿਆਂ ਕਰਨ ਲਈ ਢਾਹ ਢੇਰੀ ਕਰ ਦਿੱਤਾ ਹੈ।

Mobile : +91 95 82 71 98 90
  E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085
 

ਗਲ ਜਾਰੀ ਏ ਪੰਜਾਬ ਦੀ ਬਰਬਾਦੀ ਦੀ? - ਜਸਵੰਤ ਸਿੰਘ 'ਅਜੀਤ'

ਕੇਂਦਰ ਸਰਕਾਰ ਵਲੋਂ ਬਣਾਏ ਗਏ ਖੇਤੀ ਕਾਨੂੰਨਾਂ, ਜਿਨ੍ਹਾਂ ਨੂੰ ਕਿਸਾਨਾਂ ਦੇ ਵੱਡੇ ਹਿਤਾਂ ਵਿਰੁਧ ਮੰਨਿਆ ਜਾ ਰਿਹਾ ਹੈ, ਦੇ ਵਿਰੁਧ ਅੱਜ ਭਾਵੇਂ ਸਮੁਚੇ ਦੇਸ਼ ਦੇ ਕਿਸਾਨ ਇੱਕ-ਜੁਟ ਹੋ ਸੰਘਰਸ਼ ਦੇ ਰਾਹ ਤੇ ਪੈ ਗਏ ਹੋਏ ਹਨ, ਪ੍ਰੰਤੂ ਸੱਚਾਈ ਇਹੀ ਹੈ ਕਿ ਇਸ ਸੰਘਰਸ਼ ਦੀ ਪਹਿਲ ਪੰਜਾਬ ਦੇ ਕਿਸਾਨਾਂ ਨੇ ਹੀ ਕੀਤੀ ਹੈ ਅਤੇ ਬੀਤੇ ਲਗਭਗ ਚਾਰ ਮਹੀਨਿਆਂ ਤੋਂ ਉਹੀ ਦੇਸ਼ ਦੇ ਸਮੁੱਚੇ ਕਿਸਨਾਂ ਦੀ ਅਗਵਾਈ ਸੰਭਾਲੀ ਚਲੇ ਆ ਰਹੇ ਹਨ। ਇਸਦਾ ਕਾਰਣ ਇਹ ਹੈ ਕਿ ਅੱਜ ਦੇ ਪੰਜਾਬ ਦੇ ਬਹੁਤੇ ਕਿਸਾਨ ਪੜ੍ਹੇ-ਲਿਖੇ ਹਨ। ਉਨ੍ਹਾਂ ਨੇ ਹੀ ਇਨ੍ਹਾਂ ਕਾਨੂੰਨਾਂ ਨੂੰ ਪੜ੍ਹਿਆ, ਘੋਖਿਆ ਅਤੇ ਸਮਝਿਆ। ਕਿਸਾਨ ਕਾਨੂੰਨਾਂ ਦੀ ਘੋਖ ਕਰਨ ਉਪਰੰਤ ਉਨ੍ਹਾਂ ਸਮਝਿਆ ਕਿ ਇਹ ਕਾਨੂੰਨ ਜ਼ਹਿਰ ਲਿਬੜੀ ਮਿਠੀ ਗੋਲੀ ਹੈ, ਜੋ ਕਿਸਾਨ ਨੂੰ ਖੁਆ, ਉਸਦੀ ਬਰਬਾਦੀ ਦਾ ਬਾਨ੍ਹਣੂ ਬੰਨਿਆ ਗਿਆ ਹੈ। ਇਹ ਗਲ ਸਾਮ੍ਹਣੇ ਆਉਂਦਿਆਂ ਹੀ ਉਨ੍ਹਾਂ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਸਰਕਾਰ ਰਿੁਧ ਮੋਰਚਾ ਖੋਲ੍ਹ ਦਿੱਤਾ। ਉਨ੍ਹਾਂ ਵਲੋਂ ਚੁਕੀ ਆਵਾਜ਼ ਨੂੰ ਹਰਿਆਣਾ ਦੇ ਕਿਸਨਾਂ ਨੇ ਵੀ ਸੁਣਿਆ ਤੇ ਸਮਝਿਆ ਫਲਸਰੂਪ ਉਹ ਵੀ ਉਨ੍ਹਾਂ ਨਾਲ ਆ ਖੜੇ ਹੋਏ। ਇਸ ਸਾਂਝ ਦੇਸ਼ ਭਰ ਦੇ ਕਿਸਾਨਾਂ ਪੁਰ ਅਸਰ ਹੋਇਆ ਤੇ ਉਹ ਵੀ ਜ਼ਹਿਰ ਲਿਬੜੀ ਮਿਠੀ ਗੋਲੀ ਦੀ ਸੱਚਾਈ ਜਾਣ ਉਨ੍ਹਾਂ ਨਾਲ ਆ ਜੁੜੇ। ਇਸ ਉਭਰੀ ਅਦੁੱਤੀ ਕਿਸਾਨੀ ਸਾਂਝ ਨੇ ਸਰਕਾਰ ਨੂੰ ਹਿਲਾ ਕੇ ਰਖ ਦਿੱਤਾ। ਫਲਸਰੂਪ ਇਸ ਸਾਂਝ ਨੂੰ ਤੋੜਨ ਲਈ ਉਸਨੇ ਇਨ੍ਹਾਂ ਕਿਸਾਨਾਂ ਦੀ ਅਗਵਾਈ ਕਰ ਰਹੇ ਪੰਜਾਬ ਦੇ ਕਿਸਾਨਾਂ ਨੂੰ 'ਖਾਲਿਸਤਾਨੀ, ਅੱਤਵਾਦੀ, ਮਾਊਵਾਦੀ ਆਦਿ ਕਈ ਦੇਸ਼-ਵਿਰੋਧੀ 'ਸਰਟੀਫਿਕੇਟ' ਦੇ ਕੇ ਦੇਸ਼ ਦੇ ਦੂਸਰੇ ਹਿਸਿਆਂ ਦੇ ਕਿਸਾਨਾਂ ਨੂੰ ਉਨ੍ਹਾਂ ਨਾਲੋਂ ਤੋੜਨ ਦੀ ਕੌਸ਼ਿਸ਼ ਕੀਤੀ। ਪ੍ਰੰਤੂ ਉਹ ਕਿਸਾਨ, ਜੋ ਸੱਚਾਈ ਨੂੰ ਸਮਝ ਚੁਕੇ ਹੋਏ ਸਨ, ਸਰਕਾਰ ਦੇ ਦੁਸ਼-ਪ੍ਰਚਾਰ ਦਾ ਸ਼ਿਕਾਰ ਨਾ ਹੋ ਸਕੇ। ਸਰਕਾਰ ਦੇ ਦੁਸ਼-ਪ੍ਰਚਾਰ ਦਾ ਜਵਾਬ ਉਨ੍ਹਾਂ ਨੇ ਛਾਤੀ ਤੇ ਹੱਥ ਮਾਰ ਇਹ ਕਹਿ ਕੇ ਦਿੱਤਾ ਕਿ 'ਇਹ ਖਾਲਿਸਤਾਨੀ ਹਨ ਤਾਂ ਮੈਂ ਵੀ ਖਾਲਿਸਤਾਨੀ ਹਾਂ'।
ਇਹ ਕਾਲਮ ਲਿਖੇ ਜਾਣ ਤਕ ਸਰਕਾਰ ਵਲੋਂ ਕਿਸਾਨਾਂ ਨੂੰ ਲੁਭਾਣ ਲਈ, ਉਨ੍ਹਾਂ ਨਾਲ ਦਸ ਬੈਠਕਾਂ ਕਰ ਅਤੇ ਯਾਰ੍ਹਵੀਂ ਬੈਟਕ ਲਈ ਵੀ ਤਾਰੀਖ ਮਿਥ ਚੁਕੀ ਹੈ। ਦੇਸ਼ ਦੇ ਆਰਥਕ ਮਾਹਿਰਾਂ ਅਨੁਸਾਰ ਖੇਤੀ ਦੀ ਉਪਜ ਦੇ ਮਾਮਲੇ ਤੇ ਪੰਜਾਬ ਭਾਵੇਂ ਤੀਜੇ ਨੰਬਰ ਤੇ ਹੈ, ਪ੍ਰੰਤੂ ਉਸਦੀ ਸਮੁਚੀ ਆਰਥਕਤਾ ਖੇਤੀ ਪੁਰ ਨਿਰਭਰ ਹੈ। ਜਿਸ ਕਾਰਣ ਪੰਜਾਬ ਦੀ ਆਰਥਕਤਾ ਪੁਰ ਨਜ਼ਰ ਰਖਣ ਵਾਲੇ ਮਾਹਿਰ ਇਨ੍ਹਾਂ ਖੇਤੀ ਕਾਨੂੰਨ ਪੰਜਾਬ ਲਈ ਬਹੁਤ ਹੀ ਘਾਤਕ ਅਤੇ ਉਸਦੀ ਆਰਥਕਤਾ ਪੁਰ ਮਾਰੂ ਹਮਲਾ ਕਰਾਰ ਦਿੰਦੇ ਹਨ।

ਪੰਜਾਬ ਵਿਰੋਧੀ ਮੁਹਿੰਮ ਕਈ ਦਹਾਕਿਆਂ ਤੋਂ ਜਾਰੀ ਹੈ। ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਰਾਜਸੀ ਸੋਚ ਦੇ ਅਧਾਰ 'ਤੇ ਕਿਸੇ ਵੀ ਪਾਰਟੀ ਨਾਲ ਸੰਬੰਧਤ ਨਹੀਂ, ਫਿਰ ਵੀ ਸਮੇਂ-ਸਮੇਂ ਦੇਸ਼, ਸਮਾਜ, ਸਿੱਖ ਜਗਤ ਅਤੇ ਪੰਜਾਬ ਨਾਲ ਜੁੜੀਆਂ ਚਲੀਆਂ ਆਉਂਦੀਆਂ ਸੱਮਸਿਆਵਾਂ ਪੁਰ ਆਪਣੀ ਬੇ-ਬਾਕ ਰਾਇ ਦਿੰਦੇ ਰਹਿੰਦੇ ਹਨ, ਨੇ ਸਰਕਾਰ ਵਲੋਂ ਬਣਾਏ ਗਏ, ਖੇਤੀ ਕਾਨੂੰਨਾਂ ਦੇ ਪੰਜਾਬ ਪੁਰ ਪੈਣ ਵਾਲੇ ਨਕਾਰਾਤਮਕ ਪ੍ਰਭਾਵਾਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੂੰ ਪੰਜਾਬ-ਵਿਰੋਧੀ ਸੋਚੀ-ਸਮਝੀ ਸਾਜ਼ਿਸ਼ ਦਾ ਹੀ ਇਕ ਹਿੱਸਾ ਕਰਾਰ ਦਿੱਤਾ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਪੰਜਾਬ ਨੂੰ ਤਬਾਹ ਤੇ ਬਰਬਾਦ ਕਰ ਦੇਣ ਦੀ ਕਾਫੀ ਸਮੇਂ ਤੋਂ ਚਲਦੀ ਆ ਰਹੀ ਸੋਚੀ-ਸਮਝੀ ਰਣਨੀਤੀ ਦੇ ਤਹਿਤ ਹੀ ਕਦਮ ਅਗੇ ਵਧਾਇਆ ਗਿਆ ਹੈ। ਉਨ੍ਹਾਂ ਸ਼ੰਕਾ ਪ੍ਰਗਟ ਕੀਤੀ ਕਿ ਸ਼ਾਇਦ ਇਹ ਕਹਾਣੀ ਉਸ ਸਮੇਂ ਸ਼ੁਰੂ ਹੋਈ ਜਦੋਂ ਪੰਜਾਬੀਆਂ ਵਲੋਂ ਕੀਤੇ ਗਏ ਇੱਕ ਲੰਮੇਂ ਸੰਘਰਸ਼ ਤੋਂ' ਬਾਅਦ 'ਲੰਗੜੇ ਪੰਜਾਬੀ ਸੂਬੇ' ਦੇ ਰੂਪ ਵਿੱਚ ਪੰਜਾਬੀਆਂ ਨੂੰ 'ਲਾਲੀਪਾਪ' ਥਮਾਇਆ ਗਿਆ ਸੀ। ਉਨ੍ਹਾਂ ਇਹ ਵੀ ਸ਼ੰਕਾ ਪ੍ਰਗਟ ਕੀਤੀ ਕਿ ਇਸੇ ਸੋਚੀ-ਸਮਝੀ ਰਣਨੀਤੀ ਦੇ ਅਧਾਰ ਤੇ ਹੀ ਪੰਜਾਬ ਵਿੱਚ ਅੱਤਵਾਦ ਉਭਾਰ, ਪੰਜਾਬ ਦੇ ਸਦਭਾਵਨਾ ਪੂਰਣ ਵਾਤਾਵਰਣ ਵਿੱਚ ਅੱਗ ਲਾ, ਉਸਨੂੰ ਹਵਾ ਦਿੱਤੀ ਗਈ। ਜਸਟਿਸ ਸੋਢੀ ਨੇ ਹੋਰ ਕਿਹਾ ਕਿ ਪੰਜਾਬ ਵਿੱਚ ਵੱਧੇ ਅਤਿਵਾਦ ਦੀ ਅੱਗ, ਜਿਸਦੇ ਵਿਰੁਧ ਲੜਾਈ ਸਿੱਧੀ ਕੇਂਦਰ ਦੀ ਆਪਣੀ ਸੀ, ਉਸ ਅੱਗ ਨੂੰ ਬੁਝਾਣ ਵਿੱਚ ਪੰਜਾਬੀਆਂ ਦੇ ਮਿਲੇ ਸਹਿਯੋਗ ਨੂੰ ਨਜ਼ਰ-ਅੰਦਾਜ਼ ਕਰ, ਉਸ ਲੜਾਈ ਪੁਰ ਹੋਏ ਸਾਰੇ ਖਰਚੇ ਨੂੰ, ਨਾ ਕੇਵਲ ਮੂਲ ਰੂਪ ਵਿੱਚ ਹੀ ਨਹੀਂ, ਸਗੋਂ ਉਸ ਪੁਰ ਵਿਆਜ ਦਰ ਵਿਆਜ ਲਾ ਪੰਜਾਬੀਆਂ ਦੇ ਸਿਰ ਮੜ੍ਹ, ਪੰਜਾਬ ਦੀ ਆਰਥਕਤਾ ਨੂੰ ਤਬਾਹ ਕਰਨ ਲਈ, ਸਦੀਵੀ ਘੁਣ ਲਾ ਦਿੱਤਾ ਗਿਆ। ਜਿਸਦੇ ਚਲਦਿਆਂ ਪੰਜਾਬ ਦੀ ਆਰਥਕ ਹਾਲਤ ਅਜਿਹੇ ਦੌਰ ਵਿੱਚ ਜਾ ਪੁਜੀ ਕਿ ਤਿੰਨ ਦਹਾਕਿਆਂ (36 ਵਰ੍ਹਿਆਂ) ਤੋਂ ਕਿਤੇ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪੰਜਾਬ ਲਈ ਉਸ ਕਰਜ਼ ਦੀ ਲੋੜੀਂਦੀ ਕਿਸ਼ਤ ਤਕ ਚੁਕਾ ਪਾਣਾ ਹੀ ਮੁਹਾਲ ਨਹੀਂ, ਸਗੋਂ ਕਰਜ਼ੇ ਦਾ ਵਿਅਜ ਤਕ ਦੇ ਪਾਣਾ ਵੀ ਉਸਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਇਸਦੇ ਵਿਰੁਧ ਕਸ਼ਮੀਰ ਸਹਿਤ ਦੇਸ਼ ਦੇ ਕਈ ਹੋਰ ਰਾਜਾਂ ਵਿੱਚ ਫੈਲੇ ਅਤਿਵਾਦ ਨੂੰ ਦਬਾਣ ਲਈ ਹੁੰਦੇ ਚਲੇ ਆ ਸਾਰੇ ਖਰਚ ਕੇਂਦਰ ਸਰਕਾਰ ਆਪਣੇ ਸਿਰ ਤੇ ਲੈ ਰਹੀ ਹੈ। ਪਰ ਪੰਜਾਬ ਵਿੱਚ ਹੋਏ ਖਰਚ ਨੂੰ ਪੰਜਾਬੀਆਂ ਦੇ ਮੱਥੇ ਮੜ੍ਹ ਦਿਤਾ ਗਿਆ ਹੈ। ਸੁਆਲ ਊਠਦਾ ਹੈ ਕਿ ਪੰਜਾਬ ਨਾਲ ਇਹ ਵਿਤਕਰਾ ਕਿਉਂ? ਕੀ ਪੰਜਾਬ ਦੇਸ਼ ਦਾ ਹੀ ਹਿੱਸਾ ਨਹੀਂ, ਜਾਂ ਫਿਰ ਦੇਸ਼ ਦੀ ਅਜ਼ਾਦੀ ਅਤੇ ਅਜ਼ਾਦੀ ਤੋਂ ਬਾਅਦ ਉਸਦੀਆਂ ਸਰਹਦਾਂ ਦੀ ਰਖਿਆ ਕਰਨ ਲਈ ਹੋਈਆਂ ਲੜਾਈਆਂ ਵਿੱਚ ਸਭ ਤੋਂ ਵੱਧ ਦਿੱਤੀਆਂ ਕੁਰਬਾਨੀਆਂ ਦੀ ਸਜ਼ਾ ਉਸਨੂੰ ਦਿੱਤੀ ਜਾ ਰਹੀ ਹੈ?    
ਜਸਟਿਸ ਸੋਢੀ ਨੇ ਕਿਹਾ ਕਿ ਗਲ ਇਥੇ ਹੀ ਨਹੀਂ ਮੁਕੀ, ਇਸਤੋਂ ਅਗੇ ਵੱਧੀ, ਪੰਜਾਬ ਦੀ ਅਰਥਕਤਾ ਨੂੰ ਪਟੜੀਉਂ ਉਤਾਰਨ ਲਈ ਪੰਜਾਬ ਦੇ ਗੁਆਂਢੀ ਰਾਜਾਂ ਵਿੱਚ ਉਦਯੋਗ ਲਾਉਣ ਲਈ ਉਦਯੋਗਪਤੀਆਂ ਨੂੰ ਉਤਸਾਹਿਤ ਕਰਨ ਲਈ ਕਈ ਰਿਆਇਤਾਂ ਅਤੇ ਸਹੂਲਤਾਂ ਦਿੱਤੀਆਂ ਗਈਆਂ, ਜਿਸਦੇ ਮੁਕਾਬਲੇ ਪੰਜਾਬ ਦੇ ਉਦਯੋਗਾਂ ਨੂੰ ਉਜੜਨ ਤੋਂ ਬਚਾਣ ਲਈ ਕੋਈ ਵੀ ਰਿਆਇਤ ਜਾਂ ਸਹੂਲਤ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ। ਜਿਸਦੇ ਨਤੀਜੇ ਵਜੋਂ ਪੰਜਾਬ ਦਾ ਉਦਯੋਗ ਉਜੜਦਾ ਚਲਿਆ ਜਾ ਰਿਹਾ ਹੈ ਤੇ ਉਸਦੇ ਗੁਆਂਢੀ ਰਾਜਾਂ ਦੇ ਉਦਯੋਗ ਵੱਧ-ਫੁਲ ਰਿਹਾ ਹੈ।
ਜਸਟਿਸ ਸੋਢੀ ਨੇ ਕਿਹਾ ਕਿ ਇਤਨਾ ਹੀ ਨਹੀਂ ਪੰਜਾਬ ਦੀ ਵੰਡ ਕਰਦਿਆਂ ਉਸਦੀਆਂ ਸੋਨਾ ਉਗਲਦੀਆਂ ਜ਼ਮੀਨਾਂ ਨੂੰ ਬੰਜਰ ਬਨਾਉਣ ਲਈ ਉਸ ਪਾਸੋਂ ਪਾਣੀਆਂ ਨੂੰ ਤਾਂ ਖੋਹਿਆਂ ਹੀ ਸੀ, ਹੁਣ ਖੇਤੀ (ਵਿਰੋਧੀ) ਕਾਨੂੰਨ ਬਣਾ ਪਹਿਲਾਂ ਤੋਂ ਹੀ ਬਰਬਾਦੀ ਦੀ ਰਾਹ ਤੇ ਅਗੇ ਵੱਧ ਰਹੇ ਪੰਜਾਬ ਦੀ 'ਰੀੜ੍ਹ ਦੀ ਹੱਡੀ' ਕਿਸਾਨੀ ਪੁਰ ਵੀ ਮਾਰੂ ਚੋਟ ਮਾਰ, ਉਸਨੂੰ ਹੋਰ ਤਬਾਹੀ ਦੇ ਰਸਤੇ ਧਕਿਆ ਜਾ ਰਿਹਾ ਹੈ। ਜਸਟਿਸ ਸੋਢੀ ਨੇ ਚਿਤਾਵਨੀ ਦਿੱਤੀ ਕਿ ਕਿਸੇ ਸਮੇਂ ਦੇਸ਼ ਦੇ ਸਭ ਤੋਂ ਵੱਧ ਖੁਸ਼ਹਾਲ ਅਤੇ ਦੇਸ਼ ਦੀ (ਰਖਿਅਕ) ਭੁਜਾ ਮੰਨੇ ਜਾਂਦੇ ਰਹੇ ਪੰਜਾਬ ਨੂੰ, ਜਿਸਤਰ੍ਹਾਂ ਸੋਚੀ-ਸਮਝੀ ਰਣਨੀਤੀ ਦੇ ਤਹਿਤ ਬਰਬਾਦੀ ਵੱਲ਼ ਧਕਿਆ ਜਾ ਰਿਹਾ ਹੈ, ਉਹ ਕਿਸੇ ਵੀ ਤਰ੍ਹਾਂ ਦੇਸ਼ ਦੇ ਵੱਡੇ ਹਿਤਾਂ ਵਿੱਚ ਨਹੀਂ ਹੋਵੇਗਾ।

...ਅਤੇ ਅੰਤ ਵਿੱਚ: ਜੇ ਸੱਚਾਈ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਇੱਕ ਸੱਚਾਈ ਇਹ ਵੀ ਹੈ ਕਿ ਅਣਵੰਡੇ ਪੰਜਾਬ ਵਿੱਚ ਜੋ ਪੰਜਾਬੀ ਰਾਜਸੀ ਵਿਚਾਰਧਾਰਕ ਸੋਚ ਤੋਂ ਉਪਰ ਉਠ, ਸਾਂਝਾ, ਸਦੱਭਾਵਨਾ-ਪੂਰਣ ਤੇ ਪਿਆਰ ਭਰਿਆ ਜੀਵਨ ਜੀਉਂਦੇ ਤੇ ਦਿਲਾਂ ਦੀਆਂ ਡੂੰਘਿਆਈਆਂ ਵਿਚੋਂ ਉਮੜੇ ਪਿਆਰ ਨਾਲ ਇੱਕ-ਦੂਸਰੇ ਦੇ ਦੁੱਖ-ਸੁੱਖ ਵਿੱਚ ਸ਼ਾਮਲ ਹੁੰਦੇ ਚਲੇ ਆ ਰਹੇ ਸਨ, ਉਹ ਭਾਂਵੇਂ ਅੱਜ ਵੀ ਇੱਕ-ਦੂਸਰੇ ਦਾ ਦੁਖ-ਸੁਖ ਵੰਡਾਣ ਲਈ ਅੱਗੇ ਆ ਜਾਂਦੇ ਹਨ, ਪ੍ਰੰਤੂ ਰਾਜਸੀ ਵਿਚਾਰਧਾਰਕ ਸੋਚ ਦੇ ਅਧਾਰ 'ਤੇ ਉਹ ਉਸੇ ਤਰ੍ਹਾਂ ਵੰਡੇ ਹੋਏ ਹਨ, ਜਿਵੇਂ ਪੰਜਾਬੀ ਸੂਬਾ ਮੋਰਚੇ ਦੇ ਦੌਰਾਨ ਉਹ ਵੰਡੇ ਗਏ ਸਨ।
ਅੱਜ, ਪੰਜਾਬੀ ਸੂਬੇ ਨੂੰ ਹੋਂਦ ਵਿੱਚ ਆਇਆਂ ਭਾਵੇਂ ਲਗਭਗ ਤਿੰਨ ਦਹਾਕਿਆਂ ਤੋਂ ਵੀ ਵੱਧ ਦਾ ਸਮਾਂ ਬੀਤ ਗਿਆ ਹੈ, ਫਿਰ ਵੀ ਇੱਕ ਪਾਸੇ ਭਾਜਪਾ ਪੰਜਾਬੀ ਸੂਬਾ ਮੋਰਚੇ ਦੌਰਾਨ ਹਿੰਦੂਆਂ ਦੀ ਪ੍ਰਤੀਨਿਧ ਜੱਥੇਬੰਦੀ ਹੋਣ ਦੇ ਮਿਲੇ ਉਭਾਰ ਤੋਂ ਆਪਣੇ ਆਪਨੂੰ ਮੁਕੱਤ ਨਹੀਂ ਕਰ ਸਕੀ 'ਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੀ ਪੰਜਾਬੀ ਮੋਰਚੇ ਦੌਰਾਨ ਸਿੱਖਾਂ ਦੀ ਜਥੇਬੰਦੀ ਹੋਣ ਦੇ ਮਿਲੇ ਉਭਾਰ ਤੋ ਮੁਕਤ ਨਹੀਂ ਹੋ ਸਕਿਆ। ਇਹੀ ਕਾਰਣ ਹੈ ਕਿ ਅੱਜ ਵੀ ਪੰਜਾਬ ਵਿੱਚ ਵਧੇਰੇ ਹਿੰਦੂ ਅਤੇ ਸਿੱਖ ਰਾਜਸੀ ਵਿਚਾਰਧਾਰਕ ਸੋਚ ਦੇ ਚਲਦਿਆਂ ਆਪੋ ਵਿੱਚ ਵੰਡੇ ਚਲੇ ਆ ਰਹੇ ਹਨ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਗੁਰੂ ਸਾਹਿਬਾਂ ਵਲੋਂ ਖੂਨ ਨਾਲ ਸਿੰਜਿਆ ਬੂਟਾ ਸੁਕ ਕਿਉਂ ਰਿਹੈ?  - ਜਸਵੰਤ ਸਿੰਘ 'ਅਜੀਤ'

ਜੇ ਸੱਚ ਨੂੰ ਸਵੀਕਾਰ ਕੀਤਾ ਜਾਏ ਤਾਂ ਸੱਚਾਈ ਇਹ ਹੀ ਹੈ ਕਿ ਗੁਰੂ ਸਾਹਿਬਾਨ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸ ਜਾਮਿਆਂ ਵਿਚ ਵਿਚਰ, ਸਿੱਖੀ ਦਾ ਬੂਟਾ ਲਾਇਆ ਅਤੇ ਆਪਣੇ ਤੇ ਆਪਣੇ ਪਰਿਵਾਰ ਦੇ ਖੂਨ ਨਾਲ ਸਿੰਜ ਕੇ ਪਰਵਾਨ ਚੜ੍ਹਾਇਆ, ਵਿਚ ਵਸਦੇ ਸਿੱਖ ਨੌਜਵਾਨ ਅੱਜ ਆਪਣੇ ਵਿਰਸੇ ਨਾਲੋਂ ਟੁਟ, ਸਿੱਖੀ-ਸਰੂਪ ਨੂੰ ਤਿਲਾਂਜਲੀ ਦਿੰਦੇ ਜਾ ਰਹੇ ਹਨ। ਸੱਚਾਈ ਇਹ ਵੀ ਹੈ ਕਿ ਅਜਿਹਾ ਕੇਵਲ ਪੰਜਾਬ ਵਿਚ ਹੀ ਨਹੀਂ ਹੋ ਰਿਹਾ, ਸਗੋਂ ਸਮਾਂ ਬੀਤਣ ਦੇ ਨਾਲ ਹੀ ਇਹ ਵਬਾ, ਪੰਜਾਬ ਤੋਂ ਉਸਦੇ ਨਾਲ ਲਗਦੇ ਰਾਜਾਂ ਵਿਚੋਂ ਦੀ ਹੁੰਦੀ ਹੋਈ, ਦਿੱਲੀ ਤੇ ਉਸਤੋਂ ਅਗੇ ਵੀ ਫੈਲਦੀ ਚਲੀ ਜਾ ਰਹੀ ਹੈ। ਜੇ ਕੁਝ ਪਿਛੇ ਵਲ ਨੂੰ ਝਾਤ ਮਾਰੀ ਜਾਏ ਤਾਂ ਪਤਾ ਲਗਦਾ ਹੈ ਕਿ ਨਵੰਬਰ-84 ਦੇ ਦੁਖਦਾਈ ਕਾਂਡ ਦੌਰਾਨ ਕਈ ਸਿੱਖ-ਪਰਿਵਾਰਾਂ ਨੇ ਆਪਣੇ ਬਚਿਆਂ ਦੀਆਂ ਜਾਨਾਂ ਬਚਾਣ ਲਈ, ਆਪ ਹੀ ਉਨ੍ਹਾਂ ਦੇ ਕੇਸ ਕਤਲ ਕਰ ਜਾਂ ਕਰਵਾ ਦਿਤੇ ਸਨ। ਇਸਦੇ ਨਾਲ ਹੀ ਕੁਝ ਸਿੱਖ ਨੌਜਵਾਨਾਂ ਨੇ, ਇਸ ਮੌਕੇ ਨੂੰ 'ਗ਼ਨੀਮਤ' ਸਮਝ, ਆਪ ਹੀ, ਆਪਣੀਆਂ 'ਜਾਨਾਂ ਬਚਾਣ' ਦੇ ਨਾਂ ਤੇ ਕੇਸ ਕਤਲ ਕਰਵਾ ਲਏ। ਇਨ੍ਹਾਂ ਵਿਚੋਂ ਸ਼ਾਇਦ ਹੀ ਕੋਈ ਅਜਿਹਾ ਨਿਤਰਿਆ ਹੋਵੇ, ਜਿਸਨੇ ਬੀਤੇ 35-36 ਵਰ੍ਹਿਆਂ ਵਿਚ ਕੇਸ ਕਤਲ ਕਰਵਾਉਣ ਦੇ ਕੀਤੇ ਗਏ ਗੁਨਾਹ ਲਈ, ਪਸ਼ਚਾਤਾਪ ਕਰ ਮੁੜ ਸਿੱਖੀ-ਸਰੂਪ ਧਾਰਣ ਕਰ, ਵਿਰਸੇ ਨਾਲ ਜੁੜਨ ਵਲ ਕਦਮ ਵਧਾਇਆ ਹੋਵੇ।
ਗਲ ਸਿੱਖੀ ਸਰੂਪ ਨੂੰ ਤਿਲਾਂਜਲੀ ਦਿਤੇ ਜਾਣ ਦੀ ਹੋ ਰਹੀ ਹੈ। ਗੱਡੀਆਂ ਅਤੇ ਬਸਾਂ ਵਿਚ ਸਫਰ ਕਰਦਿਆਂ ਕਈ ਅਜਿਹੇ ਬੱਚੇ, ਨੌਜਵਾਨ ਤੇ ਅਧਖੜ 'ਸਿੱਖਾਂ' ਦੇ 'ਦਰਸ਼ਨ' ਹੁੰਦੇ ਰਹਿੰਦੇ ਹਨ, ਜਿਨ੍ਹਾਂ ਨੇ ਹਥਾਂ ਵਿਚ ਲੋਹੇ ਜਾਂ ਸਟੀਲ ਦੇ ਮੋਟੇ-ਮੋਟੇ ਕੜੇ ਪਾਏ ਹੁੰਦੇ ਹਨ, ਪਰ ਉਨ੍ਹਾਂ ਦਾ ਸਿੱਖੀ-ਸਰੂਪ ਨਦਾਰਦ ਹੁੰਦਾ ਹੈ। ਗਲਾਂ-ਗਲਾਂ ਵਿਚ ਉਹ ਬੜੇ ਹੀ ਮਾਣ ਨਾਲ ਦਸਦੇ ਹਨ, ਕਿ ਉਨ੍ਹਾਂ ਦੇ ਬਜ਼ੁਰਗ ਸਿੱਖ ਸਨ, ਕਾਫੀ ਸਮਾਂ ਉਹ ਆਪ ਵੀ ਸਿੱਖੀ-ਸਰੂਪ ਵਿਚ ਵਿਚਰਦੇ ਰਹੇ ਸਨ, ਪਰ ਕੋਈ 'ਅਣ-ਕਿਆਸੀ ਮੁਸੀਬਤ' ਆ ਪੈਣ ਕਾਰਣ ਉਨ੍ਹਾਂ ਨੂੰ ਸਿੱਖੀ ਸਰੂਪ ਤਿਆਗਣ ਤੇ ਮਜਬੂਰ ਹੋਣਾ ਪੈ ਗਿਆ। ਹੁਣ ਉਸ 'ਮੁਸੀਬਤ' ਨੂੰ ਟਲਿਆਂ ਤਾਂ ਕਈ ਵਰ੍ਹੇ ਬੀਤ ਗਏ ਹਨ, ਫਿਰ ਉਹ ਸਿੱਖੀ-ਸਰੂਪ ਵਿਚ ਵਾਪਸ ਕਿਉਂ ਨਹੀਂ ਆਏ? ਇਸ ਸੁਆਲ ਦਾ ਜੁਆਬ ਉਹ ਟਾਲ ਜਾਂਦੇ ਹਨ।
ਗਡੀਆਂ ਤੇ ਬਸਾਂ ਵਿਚ ਹੀ ਨਹੀਂ, ਸਗੋਂ ਇਤਿਹਾਸਕ ਅਤੇ ਗੈਰ-ਇਤਿਹਾਸਕ ਗੁਰਦੁਆਰਿਆਂ ਵਿਚ ਵੀ ਸਹਿਜਧਾਰੀਆਂ ਤੋਂ ਇਲਾਵਾ ਅਜਿਹੇ ਕਈ ਸਿੱਖ ਬੱਚੇ, ਜਵਾਨ ਅਤੇ ਅਧਖੜ ਦੇਖਣ ਨੂੰ ਮਿਲਦੇ ਹਨ, ਜੋ ਬੜੀ ਸ਼ਰਧਾ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਮੱਥਾ ਟੇਕਦੇ, ਅਰਦਾਸ-ਬੇਨਤੀ ਕਰਦੇ ਅਤੇ ਉਥੇ ਹੋ ਰਹੀ ਸੇਵਾ ਵਿਚ ਹੱਥ ਵਟਾਂਦੇ ਅਤੇ ਆਪਣਾ ਹਿੱਸਾ ਪਾਂਦੇ ਹਨ, ਪਰ ਸਿੱਖੀ-ਸਰੂਪ ਤਿਆਗ ਚੁਕੇ ਹੋਏ ਹਨ। ਜਦੋਂ ਉਨ੍ਹਾਂ ਨੂੰ ਪੁਛਿਆ ਜਾਂਦਾ ਹੈ ਤਾਂ ਉਹ ਦਸਦੇ ਹਨ ਕਿ 'ਕਦੀ ਉਹ ਸਿੱਖੀ-ਸਰੂਪ ਵਿਚ ਹੀ ਸਨ, ਪਰ...।  ਇਸ ਤੋਂ ਅਗੇ ਕੁਝ ਵੀ ਕਹਿਣ ਤੋਂ ਉਹ ਝਿਝਕ ਜਾਂਦੇ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਇਸ ਬਾਰੇ ਕਦੀ ਵੀ ਨਿਰਪਖਤਾ ਨਾਲ ਸੋਚਿਆ-ਸਮਝਿਆ ਨਹੀਂ ਗਿਆ। ਪੰਜਾਬੋਂ ਬਾਹਰ ਦੇ ਸਿੱਖ ਮੁੱਖੀਆਂ ਵਲੋਂ ਪੰਜਾਬ ਵਿਚ ਵਧ ਰਹੇ ਪਤਤ-ਪੁਣੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਤੇ ਸ਼੍ਰੋਮਣੀ ਕਮੇਟੀ ਦੇ ਮੁਖੀਆਂ ਵਲੋਂ ਦਿੱਲੀ ਅਤੇ ਹੋਰ ਰਾਜਾਂ ਵਿਚ ਫੈਲ ਰਹੇ ਪਤਤ-ਪੁਣੇ ਦੀ ਗਲ ਕਰਦਿਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜ਼ਿਮੇਂਦਾਰ ਠਹਿਰਾ ਕੇ, ਆਪਣਾ ਪੱਲਾ ਝਾੜ ਲਿਆ ਜਾਂਦਾ ਹੈ।
ਜੇ ਸਮੁਚੇ ਰੂਪ ਵਿਚ ਵੇਖਿਆ ਜਾਏ ਤਾਂ ਸਿੱਖਾਂ ਦੀਆਂ ਸਮੁਚੀਆਂ ਧਾਰਮਕ ਜਥੇਬੰਦੀਆਂ, ਹਰ ਸਾਲ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰਦੀਆਂ ਹਨ। ਪਰ ਕਦੀ ਵੀ ਉਨ੍ਹਾਂ ਦੇ ਮੁੱਖੀਆਂ ਨੇ ਨਿਠ ਕੇ, ਇਸ ਗਲ ਨੂੰ ਵਿਚਾਰਨ 'ਤੇ ਘੌਖਣ ਦੀ ਲੋੜ ਨਹੀਂ ਸਮਝੀ ਕਿ ਉਹ ਜੋ ਕਰੋੜਾਂ ਰੁਪਏ ਧਰਮ ਪ੍ਰਚਾਰ ਦੇ ਨਾਂ ਤੇ ਖਰਚ ਕਰ ਰਹੇ ਹਨ, ਕੌਮ ਨੂੰ ਉਸਦਾ ਕੋਈ ਲਾਭ ਹੋ ਵੀ ਰਿਹਾ ਹੈ ਜਾਂ ਨਹੀਂ? ਸੱਚਾਈ ਤਾਂ ਇਹ ਹੈ ਕਿ ਕਰੋੜਾਂ ਰੁਪਏ ਖਰਚ ਕਰ ਕੇ ਵੀ ਪ੍ਰਾਪਤੀਆਂ ਦੇ ਨਾਂ ਤੇ ਕੁਝ ਵੀ ਹਾਸਲ ਨਹੀਂ ਹੋ ਰਿਹਾ।
ਸਿੱਖੀ ਨੂੰ ਢਾਹ ਲਗਣ ਦੇ ਕਾਰਣ ਲਭਣ ਲਈ ਏਅਰ-ਕੰਡੀਸ਼ੰਡ ਹਾਲਾਂ ਵਿਚ ਕਨਵੈਨਸ਼ਨਾਂ ਅਤੇ ਮੀਟਿੰਗਾਂ ਕਰਨ ਪੁਰ ਲੱਖਾਂ ਰੁਪਏ ਖਰਚ ਕਰ ਦਿਤੇ ਜਾਂਦੇ ਹਨ। ਫਿਰ ਵੀ ਪਰਨਾਲਾ ਉਥੇ ਦਾ ਉਥੇ ਹੀ ਰਹਿੰਦਾ ਹੈ। ...ਤੇ ਸਿਲਸਿਲਾ, ਉਹੀ ਕੀਰਤਨ ਦਰਬਾਰਾਂ, ਢਾਡੀ ਦਰਬਾਰਾਂ ਤੇ ਗੁਰਮਤਿ ਸਮਾਗਮਾਂ ਤਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਕੋਈ ਇਹ ਸਮਝਣ ਅਤੇ ਵਿਚਾਰਨ ਲਈ ਤਿਆਰ ਨਹੀਂ, ਕਿ ਜੋ ਵਿਅਕਤੀ ਸਿੱਖੀ ਵਿਰਸੇ ਨਾਲੋਂ ਟੁੱਟ ਗਿਆ ਹੋਇਆ ਹੈ, ਉਹ ਕਿਥੇ ਇਨ੍ਹਾਂ ਸਮਾਗਮਾਂ ਵਿਚ ਆਉਂਦਾ ਹੈ, ਜੇ ਕਿਧਰੇ ਭੁਲ-ਭੁਲੇਖੇ ਆ ਵੀ ਜਾਂਦਾ ਹੈ ਤਾਂ ਪੰਥ ਦੇ ਵਿਦਵਾਨ ਬੁਲਾਰਿਆਂ ਦੇ 'ਵਿਦਵਤਾ-ਪੂਰਣ' ਅਤੇ 'ਲੱਛੇਦਾਰ' ਭਾਸ਼ਣਾਂ ਵਿਚੋਂ ਉਸਦੇ ਪਲੇ ਕੁਝ ਪੈਂਦਾ ਵੀ ਹੈ ਜਾਂ ਨਹੀਂ? ਸਿੱਖੀ ਦੀ ਸੰਭਾਲ ਲਈ ਸਭ ਤੋਂ ਵਧ ਜ਼ਰੂਰੀ ਇਹ ਹੈ ਕਿ ਬਚਿਆਂ ਨੂੰ ਮੁਢਲੀਆਂ ਜਮਾਤਾਂ ਤੋਂ ਹੀ ਸਿੱਖ ਧਰਮ ਤੇ ਉਸਦੇ ਬਹੁਮੁਲੇ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਪ੍ਰਬੰਧ ਕੀਤਾ ਜਾਏ। ਇਨ੍ਹਾਂ ਜਮਾਤਾਂ ਵਿਚ ਪੜ੍ਹਨ ਵਾਲੇ ਬਚਿਆਂ ਨੂੰ ਬਾਣੀ ਦੇ ਅਰਥ-ਭਾਵ ਸਮਝ ਨਹੀਂ ਆਉਂਦੇ, ਇਸ ਲਈ ਸਿੱਖ ਇਤਿਹਾਸ ਨਾਲ ਸੰਬੰਧਤ ਛੋਟੀਆਂ-ਛੋਟੀਆਂ ਸਾਖੀਆਂ ਦਾ ਸਹਾਰਾ ਲੈਣਾ ਸ਼ੁਰੂ ਕੀਤਾ ਜਾ ਸਕਦਾ ਹੈ। ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਤਕ ਪਨੀਰੀ ਦੀ ਸੰਭਾਲ ਨਹੀਂ ਕੀਤੀ ਜਾਇਗੀ, ਤਦ ਤਕ ਸੰਘਣੇ ਦਰਖਤ ਦੀ ਛਾਂ ਪ੍ਰਾਪਤ ਨਹੀਂ ਹੋ ਸਕੇਗੀ।

ਕਮਜ਼ੋਰੀ ਸਵੀਕਾਰ ਪਰ, ਜ਼ਿਮੇਂਦਾਰੀ ਨਹੀਂ.: ਕੁਝ ਹੀ ਸਮਾਂ ਹੋਇਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਜ਼ਿਮੇਂਦਾਰ ਮੁਖੀ ਨੇ ਨਿਜੀ ਗਲਬਾਤ ਵਿੱਚ ਸਵੀਕਾਰ ਕੀਤਾ ਕਿ ਸ਼੍ਰੋਮਣੀ ਕਮੇਟੀ ਵਲੋਂ ਧਰਮ ਪ੍ਰਚਾਰ ਪੁਰ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਬਾਵਜੂਦ, ਪੰਜਾਬ ਦੇ ਸਿੱਖ ਨੌਜਵਾਨਾਂ ਵਿੱਚ ਪਤੱਤ ਹੋਣ ਵਲ ਜੋ ਰੁਝਾਨ ਲਗਾਤਾਰ ਵੱਧਦਾ ਜਾ ਰਿਹਾ ਹੈ, ਉਸਨੂੰ ਠਲ੍ਹ ਨਹੀਂ ਪੈ ਰਹੀ, ਪਰ ਉਨ੍ਹਾਂ ਇਸਦੇ ਲਈ ਸ਼੍ਰੋਮਣੀ ਕਮੇਟੀ ਨੂੰ ਜ਼ਿਮੇਂਦਾਰ ਸਵੀਕਾਰਨ ਤੋਂ ਸਾਫ ਇਨਕਾਰ ਕਰ ਦਿਤਾ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਜ਼ਾਰਾਂ ਸਿੰਘ ਸਭਾਵਾਂ ਅਤੇ ਛੋਟੀਆਂ-ਵੱਡੀਆਂ ਅਨੇਕਾਂ ਧਾਰਮਕ ਜਥੇਬੰਦੀਆਂ ਹਨ, ਜੋ ਆਪੋ-ਆਪਣੇ ਸਾਧਨਾਂ ਤੇ ਸਮਰਥਾ ਅਨੁਸਾਰ ਧਰਮ ਪ੍ਰਚਾਰ ਦੇ ਖੇਤ੍ਰ ਵਿੱਚ ਯੋਗਦਾਨ ਪਾ ਰਹੀਆਂ ਹਨ। ਪਰ ਇਸ ਗਲ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਸਦੇ ਬਾਵਜੂਦ ਸਿੱਖ ਨੌਜਵਾਨਾਂ ਵਿੱਚ ਸਿੱਖੀ ਵਿਰਸੇ ਨਾਲੋਂ ਟੁੱਟ, ਪਤਤ ਹੋਣ ਦਾ ਜੋ ਰੁਝਾਨ ਬਣਿਆ ਹੋਇਆ ਹੈ, ਉਸਨੂੰ ਕਿਸੇ ਵੀ ਪੱਧਰ ਤੇ ਠਲ੍ਹ ਨਹੀਂ ਪੈ ਰਹੀ।

ਧਾਰਮਕ ਸਮਾਗਮਾਂ ਦੀ ਰਾਜਨੈਤਿਕ ਸੁਆਰਥ ਲਈ ਵਰਤੋਂ: ਪੰਜਾਬ ਵਿੱਚ ਲੰਮੇਂ ਸਮੇਂ ਤੋਂ ਇਹ ਪਰੰਪਰਾ ਜਿਹੀ ਚਲੀ ਆ ਰਹੀ ਹੈ ਕਿ ਜਦੋਂ ਵੀ ਕਿਸੇ ਮਹਤੱਵਪੁਰਣ ਇਤਿਹਾਸਕ ਸਥਾਨ ਤੇ, ਉਸ ਸਥਾਨ ਨਾਲ ਸਬੰਧਤ ਸਾਕੇ ਦੀ ਯਾਦ ਮੰਨਾਉਣ ਲਈ ਜਿਥੇ ਧਾਰਮਕ ਸਮਾਗਮ ਦਾ ਆਯੋਜਨ ਕੀਤਾ ਜਾਂਦਾ ਹੈ 'ਤੇ ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਜੁੜਨ ਦੀ ਸੰਭਾਵਨਾ ਵਿਖਾਈ ਦਿੰਦੀ ਹੈ, ਤਾਂ ਪੰਜਾਬ ਵਿਚਲੀਆਂ ਸਾਰੀਆਂ ਹੀ ਰਾਜਸੀ ਪਾਰਟੀਆਂ, ਜਿਨ੍ਹਾਂ ਵਿੱਚ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਅਤੇ ਸਿੱਖੀ ਦੀਆਂ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਰਖਿਅਕ ਹੋਣ ਦੇ ਦਾਅਵੇਦਾਰ, ਅਕਾਲੀ ਦਲ ਵੀ ਸ਼ਾਮਲ ਹੁੰਦੇ ਹਨ, ਉਥੇ ਆਪੋ-ਆਪਣੇ ਰਾਜਸੀ ਜਲਸੇ ਕਰਨ ਲਈ ਲਾਓ-ਲਸ਼ਕਰ ਲੈ ਕੇ ਪੁਜ ਜਾਂਦੀਆਂ ਹਨ, ਇਨ੍ਹਾਂ ਜਲਸਿਆਂ, ਜਿਨ੍ਹਾਂ ਨੂੰ ਇਨ੍ਹਾਂ ਦੇ ਆਯੋਜਕ ਕਾਨਫਰੰਸਾਂ ਦਾ ਨਾਂ ਦਿੰਦੇ ਹਨ, ਵਿੱਚ ਧਾਰਮਕ ਗਲਾਂ ਘਟ ਅਤੇ ਰਾਜਸੀ ਗਲਾਂ ਵਧੇਰੇ ਕੀਤੀਆਂ ਜਾਂਦੀਆਂ ਹਨ ਅਤੇ ਉਹ ਵੀ ਵਿਰੋਧੀ ਨੂੰ ਭੰਡਣ ਅਤੇ ਆਪਣਾ ਗੁਣ-ਗਾਨ ਕਰਨ ਲਈ।
ਇਹ ਗਲ ਸੋਚਣ ਤੇ ਸਮਝਣ ਵਾਲੀ ਹੈ ਕਿ ਇਨ੍ਹਾਂ ਮੌਕਿਆਂ ਤੇ ਜੋ ਲੋਕੀ ਸ਼ਹੀਦਾਂ ਪ੍ਰਤੀ ਆਪਣੀ ਅਕੀਦਤ ਪੇਸ਼ ਕਰਨ ਅਤੇ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਲਈ ਪਹੁੰਚਦੇ ਹਨ, ਉਹ ਇਨ੍ਹਾਂ ਭਾਸ਼ਣਾਂ ਤੋਂ ਕੀ ਸੰਦੇਸ਼ ਅਤੇ ਪ੍ਰੇਰਨਾ ਲੈ ਕੇ ਪਰਤਦੇ ਹੋਣਗੇ? ਸੋਚਣ ਅਤੇ ਵਿਚਾਰਨ ਵਾਲੀ ਗਲ ਹੈ ਕਿ ਇਨ੍ਹਾਂ ਸਿੱਖੀ ਦੇ ਠੇਕੇਦਾਰਾਂ ਵਲੋਂ ਜਿਸਤਰ੍ਹਾਂ ਇਕ-ਦੂਜੇ ਨੂੰ ਕੋਸਣ ਵਿੱਚ ਆਪਣੇ ਦਿਲ ਦਾ ਗੁਭਾਰ ਕਢਣ ਲਈ, ਧਾਰਮਕ ਮੌਕਿਆਂ ਦੀ ਵਰਤੋਂ ਕੀਤੀ ਜਾਂਦੀ ਹੈ, ਕੀ ਉਸਤੋਂ ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾ ਦੇ ਫੁਲ ਭੇਂਟ ਕਰਨ ਲਈ ਪੁਜਣ ਵਾਲੇ ਸ਼ਰਧਾਲੂਆਂ, ਜਿਨ੍ਹਾਂ ਵਿੱਚ ਨੌਜਵਾਨਾਂ ਦੀ ਗਿਣਤੀ ਕਿਸੇ ਵੀ ਤਰ੍ਹਾਂ ਘਟ ਨਹੀਂ ਹੁੰਦੀ, ਦੀ ਧਾਰਮਕ ਭਾਵਨਾ ਨੂੰ ਠੇਸ ਨਹੀਂ ਪੁਜਦੀ ਹੋਵੇਗੀ? ਅਤੇ ਉਨ੍ਹਾਂ ਦੇ ਦਿਲ ਵਿੱਚ ਇਹ ਵਿਚਾਰ ਪੈਦਾ ਨਹੀਂ ਹੁੰਦਾ ਹੋਵੇਗਾ ਕਿ ਕੀ ਸ਼ਹੀਦਾਂ ਨੇ ਅਜਿਹੇ ਹੀ ਸਿੱਖੀ ਦੇ ਠੇਕੇਦਾਰਾਂ ਦੀ ਸੁਆਰਥ-ਪੂਰਤੀ ਲਈ ਆਪਣੀਆਂ ਸ਼ਹਾਦਤਾਂ ਦਿਤੀਆਂ ਹਨ?

...ਅਤੇ ਅੰਤ ਵਿੱਚ: ਕੋਈ ਇਸ ਸੱਚਾਈ ਨੂੰ ਸਵੀਕਾਰ ਕਰੇ ਜਾਂ ਨਾਂਹ, ਪਰ ਸੱਚਾਈ ਇਹੀ ਹੈ ਕਿ ਸਿੱਖ ਨੌਜਵਾਨਾਂ ਵਿੱਚ ਸਿੱਖੀ ਪ੍ਰਤੀ ਜੋ ਉਦਾਸੀਨਤਾ ਵੇਖਣ ਨੂੰ ਮਿਲ ਰਹੀ ਹੈ, ਉਸਦਾ ਮੁੱਖ ਕਾਰਣ ਸਿੱਖੀ ਦੇ ਰਾਖੇ ਹੋਣ ਦੇ ਦਾਅਵੇਦਾਰਾਂ ਵਲੋਂ ਧਾਰਮਕ ਮੌਕਿਆਂ ਅਤੇ ਸਮਾਗਮਾਂ ਦੀ ਰਾਜਸੀ ਸੁਆਰਥ ਲਈ ਵਰਤੋਂ ਕੀਤਾ ਜਾਣਾ ਵੀ ਹੈ।
 Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,  Sector – 14, Rohini,  DELHI-110085

ਹਾਏ ਨਾਰੀ! ਤੇਰੀ ਯਹੀ ਕਹਾਨੀ ਆਂਚਲ ਮੇਂ ਹੈ ਦੂਧ... - ਜਸਵੰਤ ਸਿੰਘ 'ਅਜੀਤ'

ਕਾਫੀ ਸਮਾਂ ਹੋਇਐ ਹਿੰਦੀ ਦੇ ਇੱਕ ਕਵੀ ਦੀ ਦਿੱਲ ਦੀਆਂ ਗਹਿਰਾਈਆਂ ਤਕ ਨੂੰ ਛਹੁ ਜਾਣ ਵਾਲੀ ਕਵਿਤਾ, 'ਹਾਏ ਨਾਰੀ ਤੇਰੀ ਯਹੀ ਕਹਾਨੀ, ਆਂਚਲ ਮੇਂ ਹੈ ਦੂਧ, ਆਂਖੋਂ ਮੇਂ ਪਾਨੀ' ਪੜ੍ਹੀ ਸੀ। ਜਿਸ ਵਿੱਚ ਉਸਨੇ ਬਹੁਤ ਹੀ ਦਰਦ ਭਰੇ ਸ਼ਬਦਾਂ ਵਿੱਚ ਨਾਰੀ ਦੇ ਜੀਵਨ ਦੇ ਇੱਕ ਅਜਿਹੇ ਅੰਗ ਦਾ ਚਿਤਰਣ ਕੀਤਾ ਸੀ, ਜਿਸਨੂੰ ਪੜ੍ਹਦਿਆਂ ਅੱਖਾਂ ਸਾਹਮਣੇ ਭਾਰਤੀ ਨਾਰੀ ਦਾ ਉਹ ਜੀਵਨ ਚਲ-ਚਿਤਰ ਵਾਂਗ ਉਭਰ ਸਾਹਮਣੇ ਆ ਜਾਂਦਾ, ਜੋ ਉਸਨੂੰ ਅਪਣੇ ਹੀ, ਉਸ ਦੇਸ਼ ਵਿੱਚ ਜੀਉਣਾ ਪੈ ਰਿਹਾ ਹੈ, ਜਿਸ ਦੇਸ਼ ਵਿੱਚ ਸਦੀਆਂ ਤੋਂ ਨਾਰੀ ਨੂੰ ਅਨੇਕਾਂ ਹੀ ਦੇਵੀਆਂ ਦੇ ਰੂਪ ਸਵੀਕਾਰਿਆ ਅਤੇ ਪੂਜਿਆ ਜਾਂਦਾ ਚਲਿਆ ਆ ਰਿਹਾ ਹੈ। ਇਤਨਾ ਹੀ ਨਹੀਂ ਸਿੱਖ ਧਰਮ, ਸਣੇ ਦੇਸ਼ ਵਿੱਚ ਪ੍ਰਚਲਤ ਸਾਰੇ ਹੀ ਧਰਮਾਂ ਦੇ ਪੈਰੋਕਾਰਾਂ ਵਲੋਂ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉਨ੍ਹਾਂ ਦਾ ਧਰਮ ਨਾਰੀ ਨੂੰ ਨਾ ਕੇਵਲ ਮਰਦ ਦੇ ਬਰਾਬਰ ਦਰਜਾ ਅਤੇ ਅਧਿਕਾਰ ਦਿੰਦਾ ਹੈ, ਸਗੋਂ ਉਸ ਨਾਲੋਂ ਕਿਤੇ ਵੱਧ ਉਸਦਾ ਸਨਮਾਨ ਵੀ ਕਰਦਾ ਹੈ।

ਅੱਜ ਵੀ ਦਹਾਕੇ ਪੁਰਾਣਾ ਚਿਤਰਣ: ਕਵੀ ਵਲੋਂ ਇਸ ਕਵਿਤਾ ਵਿੱਚ ਨਾਰੀ ਦੇ ਜੀਵਨ ਜੋ ਚਿਤਰਣ ਪੇਸ਼ ਕੀਤਾ ਗਿਆ ਹੈ, ਭਾਵੇਂ ਉਹ ਕਈ ਦਹਾਕੇ ਪਹਿਲਾਂ, ਦੇ ਉਸ ਸਮੇਂ ਦਾ ਹੈ, ਜਦੋਂ ਉਸਨੇ ਇਸ ਕਵਿਤਾ ਦੀ ਰਚਨਾ ਕੀਤੀ ਸੀ। ਪ੍ਰੰਤੂ ਸੱਚਾਈ ਇਹ ਵੀ ਹੈ ਕਿ ਜੇ ਇਸ ਚਿਤਰਣ ਨਾਲ ਅੱਜ ਦੀ ਨਾਰੀ ਦੇ ਉਸ ਜੀਵਨ ਦੀ, ਜੋ ਉਹ ਜੀਅ ਰਹੀ ਹੈ, ਤਸਵੀਰ ਦੀ ਤੁਲਨਾ ਕੀਤੀ ਜਾਏ ਤਾਂ ਉਸ ਵਿੱਚ ਕੋਈ ਬਹੁਤਾ ਅੰਤਰ ਨਜ਼ਰ ਨਹੀਂ ਆਉਂਦਾ, ਕੇਵਲ ਇਤਨੇ-ਕੁ ਦੇ ਕਿ ਦੇਸ਼ ਦੇ ਸੰਵਿਧਾਨ ਰਾਹੀਂ ਨਾਰੀ ਨੂੰ ਮਰਦ ਦੇ ਬਰਾਬਰ ਦਰਜਾ ਦੇ ਦਿੱਤਾ ਗਿਆ ਹੋਇਆ ਹੈ ਅਤੇ ਅੱਜ ਉਹ ਕਾਨੂੰਨਨ ਮਰਦ ਦੇ ਮੌਢੇ ਨਾਲ ਮੌਢਾ ਜੋੜ ਅੱਗੇ ਵੱਧ ਸਕਦੀ ਹੈ। ਇਥੋਂ ਤਕ ਕਿ ਰਾਜਨੀਤੀ ਵਿੱਚ ਅਤੇ ਸਰਕਾਰੀ ਤੇ ਗੈਰ-ਸਰਕਾਰੀ ਨੌਕਰੀਆਂ ਵਿੱਚਲੇ ਮਹੱਤਵਪੂਰਣ ਅਹੁਦਿਆਂ ਪੁਰ ਬੈਠ ਜ਼ਿਮੇਂਦਾਰੀਆਂ ਵੀ ਨਿਭਾ ਸਕਦੀ ਹੈ। ਇਸ ਵਿੱਚ ਕੋਈ ਸ਼ਕ ਵੀ ਨਹੀਂ ਕਿ ਅੱਜ ਦੀ ਨਾਰੀ ਨੇ ਇਨ੍ਹਾਂ ਜ਼ਿਮੇਂਦਾਰੀ ਭਰੇ ਅਹੁਦਿਆਂ ਪੁਰ ਰਹਿੰਦਿਆਂ ਤੇ ਖੇਡਾਂ ਦੇ ਮੈਦਾਨ ਵਿੱਚ ਕਈ ਪ੍ਰਸ਼ੰਸਾਯੋਗ ਪ੍ਰਦਰਸ਼ਨ ਕਰ ਵਾਹ! ਵਾਹ! ਖੱਟੀ ਹੈ। ਇਸਦੇ ਬਾਵਜੂਦ ਜੇ ਸਮੁਚੇ ਰੂਪ ਵਿੱਚ ਵੇਖਿਆ ਜਾਏ ਤਾਂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅੱਜ ਦੀ ਆਮ ਨਾਰੀ ਜੋ ਜੀਵਨ ਬਤੀਤ ਕਰਨ ਤੇ ਮਜਬੂਰ ਹੋ ਰਹੀ ਹੈ, ਉਹ ਕਈ ਦਹਾਕੇ ਪਹਿਲਾਂ ਬਤੀਤ ਕਰਦੀ ਰਹੀ ਜ਼ਿੰਦਗੀ ਦੀ ਤਸਵੀਰ ਤੋਂ ਕੋਈ ਬਹੁਤੀ ਵਖਰੀ ਨਹੀਂ।

ਬਲਾਤਕਾਰ ਤੇ ਅਗਵਾ ਦੀਆਂ ਖਬਰਾਂ ਦੀ ਭਰਮਾਰ: ਅੱਜਕਲ ਸਵੇਰੇ ਉਠਦਿਆਂ ਕੋਈ ਵੀ ਅਖਬਾਰ ਚੁਕ, ਵੇਖ ਲਓ, ਉਸਦਾ ਕੋਈ ਵੀ ਪੰਨਾ ਤੁਹਾਨੂੰ ਅਜਿਹਾ ਨਹੀਂ ਮਿਲੇਗਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਵਿੱਚ ਲਗੀਆਂ ਅਜਿਹੀਆਂ ਦੋ-ਚਾਰ ਖਬਰਾਂ ਪੜ੍ਹਨ ਨਾ ਮਿਲਣ, ਜਿਨ੍ਹਾਂ ਵਿੱਚ ਔਰਤ ਨੂੰ ਦਾਜ ਨਾ ਲਿਆਣ ਕਾਰਨ ਸਾੜਿਆ ਗਿਆ ਹੋਵੇ, ਸਮੂਹਕ ਬਲਾਤਕਾਰ ਕਰ, ਉਸਦੀ ਹਤਿਆ ਕਰ ਦਿੱਤੀ ਗਈ ਹੋਵੇ, ਉਸਨੂੰ ਨੰਗਿਆਂ ਕਰ ਉਸਦਾ ਜਲੂਸ ਕਢ ਘੁਮਾਇਆ ਗਿਆ ਹੋਵੇ, ਸਹੁਰਿਆਂ ਤੇ ਪਤੀ ਦੇ ਜ਼ੁਲਮ ਤੋਂ ਤੰਗ ਆ ਉਸਦੇ ਆਤਮ ਹਤਿਆ ਕਰ ਲੈਣ, ਆਪਣੇ ਮਾਤਾ-ਪਿਤਾ ਵਲੋਂ ਦਾਜ ਦਾ ਪ੍ਰਬੰਧ ਨਾ ਕਰ ਸਕਣ ਕਾਰਣ ਸੜ ਮਰਨ ਜਾਂ ਮਾਤਾ-ਪਿਤਾ ਵਲੋਂ ਬਚੀਆਂ ਨੂੰ ਜ਼ਹਿਰ ਦੇ ਆਪ ਵੀ ਆਤਮ ਹਤਿਆ ਕਰ ਲੈਣ ਦਾ ਜ਼ਿਕਰ ਕੀਤਾ ਗਿਆ ਹੋਵੇ। ਅਜਿਹੀਆਂ ਖਬਰਾਂ ਹਰ ਰੋਜ਼ ਛਪਦੀਆਂ ਹਨ, ਜਿਨ੍ਹਾਂ ਨੂੰ ਅਸੀਂ ਪੜ੍ਹਦੇ ਹਾਂ, ਪਰ ਬਹੁਤਾ ਗੋਲਦੇ ਨਹੀਂ। ਸ਼ਾਇਦ ਇਸਦਾ ਕਾਰਣ ਇਹ ਹੁੰਦਾ ਹੈ ਕਿ ਅਜਿਹੀਆਂ ਘਟਨਾਵਾਂ, ਜਿਹੜੀਆਂ ਨਿਤ ਸਾਡੇ ਆਲੇ-ਦੁਆਲੇ ਵਾਪਰਦੀਆਂ ਹਨ, ਦੀਆਂ ਖਬਰਾਂ ਰੋਜ਼ ਦਿਨ ਪੜ੍ਹਨ ਦੇ ਅਸੀਂ ਆਦੀ ਹੋ ਚੁਕੇ ਹਾਂ।

ਵਿਦੇਸ਼ ਵੀ ਵਿਰਵੇ ਨਹੀਂ: ਇਹ ਗਲ ਵੇਖਣ ਅਤੇ ਸਮਝਣ ਵਾਲੀ ਹੈ ਕਿ ਅਜਿਹੀਆਂ ਘਟਨਾਵਾਂ ਕੇਵਲ ਸਾਡੇ ਦੇਸ਼, ਭਾਰਤ ਵਿੱਚ ਹੀ ਨਹੀਂ, ਸਗੋਂ ਦੂਸਰੇ, ਦਖਣੀ ਏਸ਼ੀਆ ਦੇ ਦੇਸ਼ਾਂ ਵਿੱਚ ਵੀ ਵਾਪਰ ਰਹੀਆਂ ਹਨ। ਜਿਥੋਂ ਤਕ ਪਛਮੀ ਦੇਸ਼ਾਂ, ਜੋ ਆਪਣੇ ਨੂੰ ਬਹੁਤ ਹੀ ਵਿਕਸਤ ਤੇ ਅਗਾਂਹ-ਵੱਧੂ ਦੇਸ਼ ਮੰਨਦੇ ਹਨ, ਦੀ ਗਲ ਹੈ, ਉਨ੍ਹਾਂ ਵਿੱਚ ਔਰਤਾਂ ਨੂੰ ਨਾ ਤਾਂ ਦਾਜ ਦੀ ਬਲੀ ਚੜ੍ਹਾਇਆ ਜਾਂਦਾ ਹੈ ਅਤੇ ਨਾ ਹੀ ਉਥੋਂ ਦੀਆਂ ਔਰਤਾਂ ਪ੍ਰੇਸ਼ਾਨ ਹੋ ਆਤਮ ਹਤਿਆ ਕਰਨ ਤੇ ਮਜਬੂਰ ਕੀਤਾ ਜਾਂਦਾ ਹੈ, ਉਥੋਂ ਦੀਆਂ ਅੋਰਤਾਂ ਨਾਲ ਬਲਾਤਕਾਰ ਹੋਣ ਦੀਆਂ ਖਬਰਾਂ ਵੀ ਸ਼ਾਇਦ ਹੀ ਪੜ੍ਹਨ-ਸੁਣਨ ਨੂੰ ਮਿਲਦੀਆਂ ਹੋਣ, ਪਰ ਉਥੇ ਵੀ ਔਰਤ ਨੂੰ ਕੋਈ ਸਨਮਾਨ ਪ੍ਰਾਪਤ ਨਹੀਂ, ਉਥੇ ਉਸਨੂੰ ਇਸ਼ਤਿਹਾਰੀ ਸਭਿਅਤਾ ਦਾ ਇਕ ਹਿਸਾ ਮੰਨ, ਉਸਦੇ ਸ਼ਰੀਰ ਦੀ ਨੁਮਾਇਸ਼ ਕੀਤੀ ਜਾਂਦੀ ਹੈ। ਕੋਈ ਵੀ ਇਸ਼ਤਿਹਾਰ, ਭਾਵੇਂ ਸਾਬਣ ਦਾ ਹੋਵੇ ਜਾਂ ਫਿਰ ਸਿਗਰਟ ਦਾ, ਅਜਿਹਾ ਨਹੀਂ ਹੁੰਦਾ, ਜੋ ਔਰਤ ਦੇ ਸਰੀਰਕ ਨੰਗੇਜ ਦੇ ਪ੍ਰਦਰਸ਼ਨ ਤੋਂ ਬਿਨਾ ਹੋਵੇ। ਜੇ ਵੇਖਿਆ ਜਾਏ ਤਾਂ ਇਹੀ ਸਭਿਅਤਾ ਅੱਜ ਭਾਰਤ ਅਤੇ ਹੋਰ ਦਖਣੀ ਏਸ਼ੀਆਈ ਦੇਸ਼ਾਂ ਵਿੱਚ ਵੀ ਭਾਰੂ ਹੁੰਦੀ ਚਲੀ ਜਾ ਰਹੀ ਹੈ। ਇਸ ਉਦੇਸ਼ ਵਿੱਚ ਭਾਰਤ ਸਹਿਤ ਹੋਰ ਵੀ ਕਈ ਦੇਸ਼ਾਂ ਵਿੱਚ ਲਗਾਤਾਰ ਵੱਧਦੇ ਜਾ ਰਹੇ 'ਸੁੰਦਰਤਾ ਦੇ ਮੁਕਾਬਲੇ' ਮਦਦਗਾਰ ਸਾਬਤ ਹੋ ਰਹੇ ਹਨ। ਇਨ੍ਹਾਂ ਮੁਕਾਬਲਿਆਂ ਰਾਹੀਂ ਹੀ ਸੁੰਦਰਤਾ ਦਾ ਸਾਮਾਨ ਬਣਾਉਣ ਵਾਲੀਆਂ ਕੰਪਨੀਆਂ ਅਤੇ ਵੱਡੇ-ਵੱਡੇ ਫੈਸ਼ਨ ਹਾਊਸ, ਭਾਰਤ ਤੇ ਹੋਰ ਏਸ਼ੀਆਈ-ਅਫਰੀਕੀ ਦੇਸ਼ਾਂ ਦਾ ਸ਼ੋਸ਼ਣ ਕਰਨ ਵਿੱਚ ਸਫਲ ਹੋ ਰਹੇ ਹਨ।

ਚਿਤਾਵਨੀ ਭਰੀਆਂ ਕੁਝ ਖਬਰਾਂ: ਕੁਝ ਹੀ ਸਮਾਂ ਪਹਿਲਾਂ ਕਈ ਅਜਿਹੀਆਂ ਖਬਰਾਂ ਆਈਆਂ ਸਨ, ਜਿਨ੍ਹਾਂ ਰਾਹੀਂ ਭਵਿਖ-ਬਾਣੀ ਕੀਤੀ ਗਈ ਹੋਈ ਸੀ ਕਿ 'ਭਾਰਤ ਦਾ ਦਿੱਲੀ ਸ਼ਹਿਰ ਅਗਲੇ ਕੁਝ ਵਰ੍ਹਿਆਂ ਵਿੱਚ ਔਰਤਾਂ ਲਈ ਸਭ ਤੋਂ ਵੱਧ ਅਸੁਰਖਿਅਤ ਸ਼ਹਿਰ ਬਣ ਜਾਇਗਾ'। ਇਸਦਾ ਕਾਰਣ ਇਹ ਦਸਿਆ ਗਿਆ ਸੀ ਕਿ ਇਸ ਸਮੇਂ ਔਰਤਾਂ ਨੂੰ ਅਗਵਾ ਅਤੇ ਉਨ੍ਹਾਂ ਨਾਲ ਬਲਾਤਕਾਰ ਕਰਨ ਸਹਿਤ ਔਰਤਾਂ ਵਿਰੋਧੀ ਜੁਰਮ ਦੀਆਂ ਸਭ ਤੋਂ ਵੱਧ ਘਟਨਾਵਾਂ ਦਿੱਲੀ ਵਿੱਚ ਹੀ ਵਾਪਰਦੀਆਂ ਹਨ। ਭਾਵੇਂ ਮੱਧ ਪ੍ਰਦੇਸ਼, ਉਤਰ ਪ੍ਰਦੇਸ਼ ਅਤੇ ਬਿਹਾਰ ਵੀ ਇਸਤੋਂ ਕੋਈ ਬਹੁਤੇ ਪਿਛੇ ਨਹੀਂ ਹਨ! ਜਾਣਕਾਰ ਹਲਕਿਆਂ ਦਾ ਮੰਨਣਾ ਹੈ ਕਿ ਇਸ ਵਿੱਚ ਕੋਈ ਸ਼ਕ ਨਹੀਂ ਕਿ ਬਹੁਤ ਹੀ ਘਟ ਲੋਕੀ, ਅਜਿਹੇ ਹਨ, ਜੋ ਬਲਾਤਕਾਰ ਹੋਣ ਦੀ ਘਟਨਾ ਦੀ ਰਿਪੋਰਟ ਦਰਜ ਕਰਵਾਉਣ ਲਈ ਪੁਲਿਸ ਪਾਸ ਜਾਂਦੇ ਹਨ, ਉਨ੍ਹਾਂ ਦੀ ਮਾਨਤਾ ਹੈ ਕਿ ਬਲਾਤਕਾਰ ਦੇ ਮੁੱਦੇ ਨੂੰ ਲੈ ਕੇ ਅਦਾਲਤਾਂ ਵਿੱਚ ਜੋ ਬਹਿਸ ਹੁੰਦੀ ਹੈ, ਉਹ ਪੀੜਤ ਔਰਤ ਲਈ ਬਲਾਤਕਾਰ ਨਾਲੋਂ ਵੀ ਕਿਤੇ ਵੱਧ ਪੀੜਾਦਾਇਕ ਹੂੰਦੀ ਹੈ।

ਸਰਵੇ ਵੀ ਇਹੀ ਕਹਿੰਦੇ ਨੇ: ਔਰਤਾਂ ਨਾਲ ਹੋਣ ਵਾਲੇ ਅਪਰਾਧਾਂ ਬਾਰੇ ਸਰਵੇ ਕਰਨ ਵਾਲੀ ਇੱਕ ਅੰਤਰ-ਰਾਸ਼ਟਰੀ ਸੰਸਥਾ ਵਲੋਂ ਭਾਰਤ ਦੇ ਕੁਝ ਚੋਣਵੇਂ ਸਹਿਰਾਂ ਵਿੱਚ ਕੀਤੇ ਗਏ ਸਰਵੇ ਅਨੁਸਾਰ ਇਸ ਦੇਸ਼ ਦੇ ਘਰਾਂ ਵਿੱਚ ਵੀ ਔਰਤ ਨਾਲ ਬਹੁਤ ਮਾੜਾ ਵਰਤਾਉ ਕੀਤਾ ਜਾਂਦਾ ਹੈ। ਇਥੋਂ ਤਕ ਕਿ ਉਸਨੂੰ ਮਾਰ-ਕੁਟ ਤਕ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਇਸ ਸੰਸਥਾ ਦੀ ਰਿਪੋਰਟ ਅਨੁਸਾਰ 40 ਪ੍ਰਤੀਸ਼ਤ ਤੋਂ ਵੱਧ ਔਰਤਾਂ ਨੂੰ ਘਰਾਂ ਵਿੱਚ, ਮਰਦਾਂ, ਜਿਨ੍ਹਾਂ ਵਿੱਚ ਪਤੀ, ਪਿਤਾ, ਭਰਾ, ਪੁਤਰ ਤੇ ਹੋਰ ਰਿਸ਼ਤੇਦਾਰ ਸ਼ਾਮਲ ਹੁੰਦੇ ਹਨ, ਹਥੋਂ ਮਾਰ-ਕੁਟ ਸਹਿਣੀ ਪੈਂਦੀ ਹੈ ਤੇ ਇਹ ਮਾਰ-ਕੁਟ ਕੇਵਲ ਥਪੜਾਂ-ਮੁਕਿੱਆਂ ਆਦਿ ਤਕ ਹੀ ਸੀਮਤ ਨਹੀਂ ਹੁੰਦੀ। ਇਸੇ ਰਿਪੋਰਟ ਅਨੁਸਾਰ ਕੰਮ-ਕਾਜੀ ਅੋਰਤਾਂ ਵੀ ਇਸ ਕੁਟ-ਮਾਰ ਤੋਂ ਵਿਰਵੀਆਂ ਨਹੀਂ ਰਹਿੰਦੀਆਂ। ਅਜਿਹੀ ਕੁਟ-ਮਾਰ ਦਾ ਸ਼ਿਕਾਰ ਹੋਣ ਵਾਲੀਆਂ ਬਹੁਤੀਆਂ ਕੰਮ-ਕਾਜੀ ਔਰਤਾਂ ਉਹ ਹੁੰਦੀਆਂ ਹਨ, ਜਿਨ੍ਹਾਂ ਦੇ ਪਤੀ ਬੇ-ਰੁਜ਼ਗਾਰ ਹੁੰਦੇ ਹਨ ਤੇ ਕਮਾ ਕੇ ਘਰ ਚਲਾਣ ਵਾਲੀ ਔਰਤ ਨੂੰ ਉਹ ਇਸਲਈ ਕੁਟਦੇ-ਮਰਦੇ ਹਨ ਕਿ ਉਹ ਇਹ ਬਰਦਾਸ਼ਤ ਨਹੀਂ ਪਾਂਦੇ ਕਿ ਉਨ੍ਹਾਂ ਦੀ ਕਮਾਉ ਪਤਨੀ ਦਬਾਉ ਬਣਾ, ਉਨ੍ਹਾਂ ਨੂੰ ਅਪਣਾ ਦਬੇਲ ਬਣਾਉਣ ਵਿੱਚ ਸਫਲ ਹੋ ਜਾਏ ਜਾਂ ਅਜਿਹਾ ਕਰਨ ਦੀ ਕੌਸ਼ਿਸ਼ ਹੀ ਕਰੇ। ਇਸ ਮਾਰ-ਕੁਟ ਦੇ ਸਿਲਸਿਲੇ ਦੇ ਚਲਦਿਆਂ ਇਹ ਭੁਲੇਖਾ ਵੀ ਟੁੱਟ ਜਾਂਦਾ ਹੈ ਕਿ ਕਮਾਊ ਔਰਤ ਨੂੰ ਘਰ ਵਿੱਚ ਮਾਣ-ਸਤਿਕਾਰ ਮਿਲਦਾ ਹੈ।

...ਅਤੇ ਅੰਤ ਵਿੱਚ: ਇੱਕ ਸਰਵੇ ਅਨੁਸਾਰ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਵਿੱਚ ਔਰਤ ਦੇ ਮਾਮਲੇ ਵਿੱਚ ਕਈ ਸਦੀਆਂ ਨਾਲੋ-ਨਾਲ ਚਲ ਰਹੀਆਂ ਹਨ। ਇਨ੍ਹਾਂ ਵਿਚੋਂ ਇੱਕ ਸਦੀ ਅਜਿਹੀ ਹੈ, ਜਿਸ ਵਿੱਚ ਅੋਰਤ ਨੂੰ ਜੰਮਦਿਆਂ ਹੀ ਘਰ ਦੀ ਅਜਿਹੀ ਚਾਰ-ਦੀਵਾਰੀ ਵਿੱਚ ਇਸਤਰ੍ਹਾਂ ਬੰਦ ਕਰ ਦਿੱਤਾ ਜਾਂਦਾ ਹੈ, ਤਾਂ ਜੋ ਉਸਨੂੰ ਬਾਹਰ ਦੀ ਹਵਾ ਤਕ ਵੀ ਨਾ ਲਗ ਸਕੇ, ਇਸੇ ਦੇਸ਼ ਵਿੱਚ ਇੱਕ ਸਦੀ ਉਹ ਵੀ ਚਲ ਰਹੀ ਹੈ ਜਿਸ ਵਿੱਚ ਵਿਧਵਾ ਹੋ ਜਾਣ ਵਾਲੀ ਔਰਤ ਨੂੰ ਇੱਕ ਅਜਿਹੀ ਕਾਲ-ਕੋਠੜੀ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ, ਜਿਸ ਵਿੱਚ ਉਸਨੂੰ ਪਤਾ ਤਕ ਨਹੀਂ ਚਲਦਾ ਕਿ ਦੁਨੀਆਂ ਵਿੱਚ ਤਾਂ ਕੀ, ਉਸਦੇ ਘਰ ਵਿਚਲੀ ਉਸ ਕਾਲ ਕੋਠੜੀ, ਤੋਂ ਬਾਹਰ ਕੀ ਹੋ ਰਿਹਾ ਹੈ, ਜਿਸ ਵਿੱਚ ਉਹ ਬੰਦ ਹੈ। ਇਨ੍ਹਾਂ ਦੋ ਸਦੀਆਂ ਤੋਂ ਇਲਾਵਾ ਇੱਕ ਸਦੀ ਉਹ ਵੀ ਹੈ ਜਿਸ ਵਿੱਚ ਅੋਰਤ ਹਵਾਈ ਜਹਾਜ਼ ਉੱਡਾ ਰਹੀ ਹੈ, ਪੁਲਾੜ ਦੀ ਖੋਜ ਵਿੱਚ ਮਰਦ ਦੇ ਮੌਢੇ ਨਾਲ ਮੌਢਾ ਜੋੜ ਉਸਦੀ ਮਦਦਗਾਰ ਸਾਬਤ ਹੋਣ ਦੇ ਨਾਲ ਹੀ  ਵਿਗਿਆਨ, ਤਕਨੀਕੀ ਅਤੇ ਸਰੀਰਕ ਇਲਾਜ (ਡਾਕਟਰੀ) ਆਦਿ ਦੇ ਖੇਤਰਾਂ ਵਿੱਚ ਨਾਮਣਾ ਖਟ ਮੀਲ ਪੱਥਰ ਸਥਾਪਤ ਕਰਨ ਵਿੱਚ ਸਫਲ ਹੋ ਰਹੀ ਹੈ।

Mobile :+91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਢੀਂਡਸਾ-ਭਾਜਪਾ ਗਠਜੋੜ 'ਤੇ ਲਗਾ ਸੁਆਲੀਆ ਨਿਸ਼ਾਨ - ਜਸਵੰਤ ਸਿੰਘ 'ਅਜੀਤ'

ਕੇਂਦਰੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਕਿਸਾਨ-ਵਿਰੋਧੀ ਕਰਾਰ ਦਿੰਦਿਆਂ, ਜਦੋਂ ਪੰਜਾਬ ਦੇ ਕਿਸਾਨ ਇਨ੍ਹਾਂ ਵਿਰੁਧ ਮੈਦਾਨ ਵਿੱਚ ਨਿਤਰੇ ਤਾਂ ਕੇਂਦਰੀ ਸਰਕਾਰ ਵਿੱਚ ਹਿੱਸੇਦਾਰ ਬਣੇ ਚਲੇ ਆ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੂੰ ਐਨਡੀਏ ਨਾਲੋਂ ਨਾਤਾ ਤੋੜਨ ਦਾ ਐਲਾਨ ਕਰਨ ਅਤੇ ਖੁਲ੍ਹ ਕੇ ਕਿਸਾਨਾਂ ਦੇ ਸਮਰਥਨ ਵਿੱਚ ਨਿਤਰਨ 'ਤੇ ਮਜਬੂਰ ਹੋਣਾ ਪਿਆ। ਫਲਸਰੂਪ ਹਰਸਿਮਰਤ ਕੌਰ ਨੂੰ ਵੀ ਕੇਂਦਰੀ ਸਰਕਾਰ ਵਿੱਚ ਮਿਲੀ ਹੋਈ ਆਪਣੀ ਵਜ਼ੀਰੀ ਦੀ ਕੁਰਸੀ ਤਿਆਗਣੀ ਪਈ। ਇਨ੍ਹਾਂ ਹਾਲਾਤ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿੱਚ ਦਹਾਕਿਆਂ ਤੋਂ ਚਲੇ ਆ ਰਹੇ ਅਕਾਲੀ-ਭਾਜਪਾ ਗਠਜੋੜ ਨਾਲੋਂ ਵੀ ਅਲਗ ਹੋਣਾ ਪਿਆ। ਇਸਤਰ੍ਹਾਂ ਸ਼੍ਰੋਮਣੀ  ਅਕਾਲੀ ਦਲ (ਬਾਦਲ) ਵਲੋਂ ਭਾਜਪਾ ਨਾਲੋਂ ਆਪਣਾ ਸੰਬੰਧ ਤੋੜ ਲਏ ਜਾਣ ਤੋਂ ਬਾਅਦ, ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੁਖੀਆਂ ਲਈ ਜ਼ਰੂਰੀ ਹੋ ਗਿਆ ਕਿ ਉਹ ਪੰਜਾਬ ਵਿੱਚ ਆਪਣਾ ਆਧਾਰ ਬਣਾਈ ਰਖਣ ਲਈ, ਬਾਦਲ ਅਕਾਲੀ ਦਲ ਦੇ ਬਦਲ ਦੇ ਰੂਪ ਵਿੱਚ ਕਿਸੇ ਅਜਿਹੇ ਸਾਥੀ ਦੀ ਤਲਾਸ਼ ਕਰਨ, ਜੋ ਉਨ੍ਹਾਂ ਨੂੰ ਸਿੱਖਾਂ ਦਾ ਸਹਿਯੋਗ ਦੁਆਈ ਰਖਣ ਦੇ ਸਮਰਥ ਹੋਵੇ ਅਤੇ ਕਿਸਾਨਾਂ ਦੇ ਵਿਰੋਧ ਕਾਰਣ, ਉਨ੍ਹਾਂ ਦੇ ਖੁਰ ਰਹੇ ਆਧਾਰ ਨੂੰ ਠਲ੍ਹ ਪਾ ਸਕੇ। ਇਸ ਹਾਲਤ ਵਿੱਚ ਉਨ੍ਹਾਂ ਦੀਆਂ ਨਜ਼ਰਾਂ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਪੁਰ ਪਈਆਂ। ਉਨ੍ਹਾਂ ਨੂੰ ਜਾਪਿਆ ਕਿ ਇਹੀ ਪਾਰਟੀ ਪੰਜਾਬ ਵਿੱਚ ਉਨ੍ਹਾਂ ਦਾ ਸਹਾਰਾ ਹੋ ਸਕਦੀ ਹੈ, ਜੋ ਉਨ੍ਹਾਂ ਦਾ ਸਾਥੀ ਬਣ ਬਾਦਲ ਅਕਾਲੀ ਦਲ ਦੀ ਘਾਟ ਪੂਰੀ ਕਰ ਸਕਦੀ ਹੈ। ਫਲਸਰੂਪ ਉਨ੍ਹਾਂ ਨੇ ਉਸ ਨਾਲ ਗਠਜੋੜ ਹੋ ਪਾਣ ਦੀਆਂ ਉਨ੍ਹਾਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੇਜ਼ੀ ਲੈ ਆਂਦੀ, ਜਿਨ੍ਹਾਂ ਦੇ ਸੰਬੰਧ ਵਿੱਚ ਉਹ ਬੀਤੇ ਕਾਫੀ ਸਮੇਂ ਤੋਂ ਸੋਚਦੇ-ਵਿਚਾਰਦੇ ਚਲੇ ਆ ਰਹੇ ਸਨ।

ਸ. ਢੀਂਡਸਾ ਦਾ ਪੱਖ: ਜਦੋਂ ਭਾਜਪਾ ਵਲੋਂ ਸ਼੍ਰੋਮਣੀ ਅਕਾਲੀ ਦਲ ਡੇਮੌਕ੍ਰੇਟਿਕ ਨਾਲ ਗਠਜੋੜ ਕਰਨ ਦੀਆਂ ਸੰਭਾਵਨਾਵਾਂ ਦੀ ਤਲਾਸ਼ ਵਿੱਚ ਤੇਜ਼ੀ ਲਿਆਉਣ ਦੀ ਚਰਚਾ ਮੀਡੀਆ ਵਿੱਚ ਹੋਈ ਤਾਂ ਭਾਵੇਂ ਭਾਜਪਾ ਦੇ ਹਲਕਿਆਂ ਨੇ ਇਸ ਸੰਬੰਧ ਵਿੱਚ ਚੁਪ ਧਾਰੀ ਰਖਣਾ ਹੀ ਠੀਕ ਸਮਝਿਆ, ਪ੍ਰੰਤੂ ਡਮਿੋਕ੍ਰੇਟਿਕ ਅਕਾਲੀ ਦਲ ਦੇ ਪ੍ਰਧਾਨ ਸ. ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਜਿਥੋਂ ਤਕ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ, ਉਨ੍ਹਾਂ ਦੇ ਭਾਜਪਾ ਨਾਲ ਗਠਜੋੜ ਕਰਨ ਦਾ ਸੁਆਲ ਹੈ, ਉਸਦੇ ਸੰਬੰਧ ਵਿੱਚ ਉਨ੍ਹਾਂ ਨੇ ਲਗਭਗ ਛੇ ਮਹੀਨੇ ਪਹਿਲਾਂ ਜ਼ਰੂਰ ਸੋਚਿਆ ਸੀ, ਪ੍ਰੰਤੂ ਹੁਣ ਜਦਕਿ ਕਿਸਾਨ-ਵਿਰੋਧੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਰਾਜਸੀ ਸਮੀਕਰਣਾਂ ਵਿੱਚ ਜੋ ਤਬਦੀਲੀ ਆਈ ਹੈ, ਉਸਦੀ ਰੋਸ਼ਨੀ ਵਿੱਚ ਉਨ੍ਹਾਂ ਨੂੰੰ ਇਸ ਸਬੰਧ ਵਿੱਚ ਮੁੜ ਵਿਚਾਰ ਕਰਨ ਅਤੇ ਸੋਚਣ ਤੇ ਮਜਬੂਰ ਕਰ ਦਿੱਤਾ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਉਹ ਆਪ ਇੱਕ ਕਿਸਾਨ ਹਨ, ਇਸ ਕਰਕੇ ਉਹ ਕਿਸਾਨ-ਵਿਰੋਧੀ ਕਾਨੂੰਨਾਂ ਦਾ ਕਿਵੇਂ ਸਮਰਥਨ ਕਰ ਸਕਦੇ ਹਨ ਤੇ ਕਿਸਾਨ-ਵਿਰੋਧੀਆਂ ਨਾਲ ਕੋਈ ਗਠਜੋੜ ਕਰਨ ਬਾਰੇ ਸੋਚ ਸਕਦੇ ਹਨ? ਇਸ ਕਰਕੇ ਭਾਜਪਾ ਨਾਲ ਉਨ੍ਹਾਂ ਦੇ ਗਠਜੋੜ ਕਰਨ ਦੀ ਚਲ ਰਹੀ ਚਰਚਾ ਦਾ ਚੈਪਟਰ ਮੂਲੋਂ ਹੀ 'ਕਲੋਜ਼' (ਬੰਦ) ਹੋ ਜਾਾਣਾ ਚਹੀਦਾ ਹੈ।  

ਗਲ ਪਿਛੋਕੜ ਦੀ: ਪੰਜਾਬ ਦੀ ਰਾਜਨੀਤੀ ਨਾਲ ਚਿਰਾਂ ਤੋਂ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਅਨੁਸਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਾਫੀ ਸਮੇਂ ਤੋਂ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਮੁੱਖੀ ਦਾਅਵਾ ਕਰਦੇ ਚਲੇ ਆ ਰਹੇ ਸਨ ਕਿ ਇਸ ਵਾਰ ਉਹ ਪੰਜਾਬ ਵਿਧਾਨਸਭਾ ਦੀਆਂ ਸਾਰੀਆਂ 117 ਸੀਟਾਂ ਪੁਰ ਆਪਣੇ ਉਮੀਦਵਾਰ ਖੜੇ ਕਰਨਗੇ। ਇਸਦੇ ਨਾਲ ਹੀ ਉਹ ਇਹ ਦਾਅਵਾ ਵੀ ਕਰਦੇ ਸਨ ਕਿ ਇਸ ਵਾਰ ਪੰਜਾਬ ਦਾ ਮੁਖ ਮੰਤਰੀ ਭਾਜਪਾ ਦਾ ਹੀ ਹੋਵੇਗਾ। ਭਾਜਪਾ ਵਲੋਂ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਦੇ ਸੰਬੰਧ ਵਿੱਚ ਇਨ੍ਹਾਂ ਰਾਜਸੀ ਮਾਹਿਰਾਂ ਦੀ ਮਾਨਤਾ ਸੀ ਕਿ ਪੰਜਾਬ ਵਿਧਾਨ ਸਭਾ ਅਤੇ ਲੋਕਸਭਾ ਦੀਆਂ ਹੋਈਆਂ ਪਿਛਲੀਆਂ ਆਮ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੀ ਜੋ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਉਸਨੂੰ ਆਧਾਰ ਬਣਾ, ਪੰਜਾਬ ਪ੍ਰਦੇਸ਼ ਭਾਜਪਾ ਦੇ ਮੁਖੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁਖੀਆਂ ਪੁਰ ਦਬਾਉ ਬਨਾਣਾ ਚਾਹੁੰਦੇ ਸਨ ਕਿ ਇਸ ਵਾਰ ਚੋਣਾਂ ਤੋਂ ਪਹਿਲਾਂ ਹੀ ਬਾਦਲ ਅਕਾਲੀ ਦਲ ਦੇ ਮੁਖੀ, ਭਾਜਪਾ ਨੂੰ ਗਠਜੋੜ ਵਿੱਚ ਵੱਡਾ ਭਰਾ ਸਵੀਕਾਰ ਕਰ ਲੈਣ ਤਾਂ ਜੋ ਚੋਣਾਂ ਵਿੱਚ ਜਿੱਤ ਪ੍ਰਾਪਤ ਹੋਣ ਤੇ ਗਠਜੋੜ ਦੀ ਬਣਨ ਵਾਲੀ ਸਰਕਾਰ ਵਿੱਚ ਉਨ੍ਹਾਂ (ਭਾਜਪਾ) ਦਾ ਹੀ ਮੁਖ ਮੰਤਰੀ ਬਣਨ ਦਾ ਰਸਤਾ ਸਾਫ ਹੋ ਸਕੇ। ਇਨ੍ਹਾਂ ਰਾਜਸੀ ਹਲਕਿਆਂ ਦਾ ਇਹ ਵੀ ਮੰਨਣਾ ਹੈ ਕਿ ਪੰਜਾਬ ਭਾਜਪਾ ਦੇ ਮੁਖੀ, ਇਹ ਵਿਕਲਪ ਵੀ ਖੁਲ੍ਹਾ ਰਖਣਾ ਚਾਹੁੰਦੇ ਸਨ ਕਿ ਜੇ ਬਾਦਲ ਅਕਾਲੀ ਦਲ ਦੇ ਮੁਖੀ ਉਨ੍ਹਾਂ ਦਾ ਦਾਅਵਾ ਸਵੀਕਾਰ ਨਾ ਕਰਨ ਤਾਂ ਉਹ ਉਸਦੇ ਬਦਲ ਵਜੋਂ ਕਿਸੇ ਹੋਰ ਨਾਲ ਗਠਜੋੜ ਕਰ ਸਕਣ। ਆਪਣੇ ਇਸ ਉਦੇਸ਼ ਦੀ ਪੂਰਤੀ ਲਈ ਉਹ ਸ. ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਡੇਮੋਕ੍ਰੇਟਿਕ ਪੁਰ ਨਜ਼ਰਾਂ ਲਾਈ, ਉਸ ਨਾਲ ਗਠਜੋੜ ਕਰ ਸਕਣ ਦੀਆਂ ਸੰਭਾਵਨਾਵਾਂ ਤਲਾਸ਼ਣ ਵਿੱਚ ਜੁਟ ਗਏ ਹੋਏ ਸਨ। ਇਸ ਸੰਬੰਧੀ ਚਲ ਰਹੀਆਂ ਚਰਚਾਵਾਂ ਦੇ ਦੌਰਾਨ ਜਦੋਂ ਸ. ਢੀਂਡਸਾ ਦਾ ਪ੍ਰਤੀਕਰਮ ਪੁਛਿਆ ਗਿਆ ਤਾਂ ਉਸ ਸਮੇਂ ਉਨ੍ਹਾਂ ਕਿਹਾ ਸੀ ਕਿ ਉਹ ਇਨ੍ਹਾਂ ਹਾਲਾਤ ਵਿੱਚ ਭਾਜਪਾ ਨਾਲ ਗਠਜੋੜ ਕਰਨ ਦੇ ਸੰਬੰਧ ਵਿੱਚ ਸੋਚ ਸਕਦੇ ਹਨ।
ਹੁਣ ਜਦ ਕਿ, ਕਿਸਾਨ ਅੰਦੋਲਣ ਕਾਰਣ ਪੰਜਾਬ ਦੇ ਰਾਜਸੀ ਹਾਲਾਤ ਬਿਲਕੁਲ ਹੀ ਬਦਲ ਗਏ ਹਨ, ਉਨ੍ਹਾਂ ਦੇ ਚਲਦਿਆਂ ਸ. ਢੀਂਡਸਾ ਨੂੰ ਭਾਜਪਾ ਨਾਲ ਕੋਈ ਵੀ ਗਠਜੋੜ ਕਰਨ ਤੋਂ ਪਹਿਲਾਂ ਸੌ ਵਾਰ ਸੋਚਣ ਤੇ ਮਜਬੂਰ ਹੋਣਾ ਪੈ ਸਕਦਾ ਹੈ। ਇਹੀ ਕਾਰਣ ਹੈ ਕਿ ਬਦਲੇ ਹਾਲਾਤ ਦੀ ਰੋਸ਼ਨੀ ਵਿੱਚ ਉਨ੍ਹਾਂ (ਸ. ਢੀਂਡਸਾ) ਨੇ ਕਿਸੇ ਵੀ ਪਧੱਰ ਤੇ ਭਾਜਪਾ ਨਾਲ ਗਠਜੋੜ ਹੋ ਪਾਣ ਦੀਆਂ ਸੰਭਾਵਨਾਵਾਂ ਨੂੰ ਮੂਲੋਂ ਹੀ ਰੱਦ ਕਰ ਦਿੱਤਾ ਹੈ।

ਮੰਨੂ ਸਮ੍ਰਿਤੀ ਬਨਾਮ ਸਿੱਖ ਪੰਥ?: ਬੀਤੇ ਦਿਨ ਜਦੋਂ ਮੇਜ਼ ਦੇ ਇੱਕ ਦਰਾਜ਼ ਵਿਚੋਂ ਕੁਝ ਪੁਰਾਣੇ ਕਾਗਜ਼ ਵੇਖ, ਉਨ੍ਹਾਂ ਦੀ ਘੋਖ ਕਰ ਰਿਹਾ ਸਾਂ ਕਿ ਅਚਾਨਕ ਹੀ ਇਕ ਬਹੁਤ ਹੀ ਪੁਰਾਣੇ ਅੰਗ੍ਰੇਜ਼ੀ ਦੈਨਿਕ 'ਮੇਲ ਟੂਡੇ' ਦਾ ਅੰਕ ਹਥਾਂ ਵਿੱਚ ਆ ਗਿਆ, ਉਸਨੂੰ ਖੋਲ੍ਹ ਕੇ ਵੇਖਿਆ, ਉਸ ਵਿਚ ਸਿੱਖਾਂ ਕਥਨੀ ਤੇ ਕਰਨੀ ਪੁਰ ਵਿਅੰਗ ਕਰਦਾ ਇਕ ਕਾਰਟੂਨ ਛਪਿਆ ਹੋਇਆ ਸੀ, ਜਿਸ ਵਿਚ ਇਕ ਸਿੱਖ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠਾ, ਵੇਖਣ ਨੂੰ ਤਾਂ ਇਉਂ ਜਾਪਦਾ ਸੀ ਜਿਵੇਂ ਉਹ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੀ ਬਾਣੀ ਦਾ ਪਾਠ ਕਰ ਰਿਹਾ ਹੋਵੇ, ਪਰ ਅਸਲ ਵਿਚ ਉਹ ਬਾਣੀ ਪੜ੍ਹਨ ਦੇ ਪਰਦੇ ਹੇਠ 'ਮੰਨੂ ਸਮ੍ਰਿਤੀ' ਪੜ੍ਹ ਰਿਹਾ ਸੀ। ਇਹ ਵੇਖ ਇਉਂ ਜਾਪਿਆ, ਜਿਵੇਂ ਕਾਰਟੂਨਿਸਟ ਨੇ ਇਸ ਵਿਅੰਗ ਰਾਹੀਂ ਇਕ ਬਹੁਤ ਹੀ ਕੌੜੀ ਸਚਾਈ ਸਿੱਖਾਂ ਦੇ ਸਾਹਮਣੇ ਪੇਸ਼ ਕਰਨ ਦੀ ਹਿੰਮਤ ਵਿਖਾਈ  ਹੈ।
ਇਸ ਕਾਰਟੂਨ ਦੇ ਬਾਰੇ ਜਦੋਂ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ. ਐਸ. ਸੋਢੀ ਨਾਲ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਇਹ ਕਾਰਟੂਨ, ਸਿੱਖ ਜਗਤ ਦੀ ਉਸ ਸਥਿਤੀ ਪੁਰ ਸਿੱਧਾ ਵਿਅੰਗ ਹੈ, ਜਿਸ ਵਿਚੋਂ ਅੱਜ ਉਹ ਨਿਕਲ ਰਿਹਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਂ ਨੇ ਇੱਕ ਲੰਬੀ ਘਾਲਣਾ ਕਰ ਅਤੇ ਕੁਰਬਾਨੀਆਂ ਦੇ, ਜਿਸ ਬ੍ਰਾਹਮਣੀ, ਮੰਨੂ ਸਮ੍ਰਿਤੀ ਦੇ ਜਾਲ ਵਿਚੋਂ ਸਿੱਖਾਂ ਨੂੰ ਉਭਾਰਿਆ ਸੀ, ਅੱਜ ਉਹ ਮੁੜ ਉਸੇ ਬ੍ਰਾਹਮਣੀ, ਮੰਨੂ ਸਮ੍ਰਿਤੀ ਦੇ ਜਾਲ ਵਿੱਚ ਫਸਦੇ ਚਲੇ ਜਾ ਰਹੇ ਹਨ। ਉਨ੍ਹਾਂ ਕਿਹਾ ਇਸ ਸਥਿਤੀ ਲਈ ਮੁਖ ਰੂਪ ਵਿਚ ਸਿੱਖਾਂ ਦੀਆਂ ਸਰਵੁੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਜਥੇਬੰਦੀਆਂ ਅਤੇ ਉਨ੍ਹਾਂ ਪੁਰ ਕਾਬਜ਼, ਰਾਜਸੀ ਆਗੂ ਜ਼ਿਮੇਂਦਾਰ ਹਨ, ਜਿਨ੍ਹਾਂ ਨੇ ਵਿਸ਼ਵ-ਧਰਮ ਬਣਨ ਦੀ ਸਮਰਥਾ ਰਖਣ ਵਾਲੇ ਸਿੱਖ ਧਰਮ ਨੂੰ ਸਿੱਖ ਸਿਧਾਂਤਾਂ ਵਿਰੁਧ ਜਾਤਾਂ-ਬਿਰਾਦਰੀਆਂ ਵਿਚ ਵੰਡ, ਸੁੰਘੇੜ ਕੇ ਰਖ ਦਿਤਾ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਂਝੀਵਾਲਤਾ, ਪਿਆਰ, ਸਦਭਾਵਨਾ ਅਤੇ ਬਰਾਬਰਤਾ ਦੇ ਆਦਰਸ਼ ਨੂੰ ਮਜ਼ਬੂਤ ਕਰਨ ਲਈ ਲੰਗਰ ਦੀ ਪਰੰਪਰਾ ਦੀ ਅਰੰਭਤਾ ਕਰ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਨ ਦੇ ਨਾਲ ਹੀ ਖਾਲਸਾ ਪੰਥ ਦੀ ਸਿਰਜਨਾ ਨੂੰ ਸੰਪੂਰਨ ਕਰ, ਇਨ੍ਹਾਂ ਸਿਧਾਂਤਾਂ ਦੀ ਨੀਂਹ ਪੁਰ ਸਿੱਖੀ ਦੇ ਇਕ ਮਜ਼ਬੂਤ ਮਹਿਲ ਦੀ ਉਸਾਰੀ ਕੀਤੀ। ਪ੍ਰੰਤੂ ਸਿੱਖੀ ਦੇ ਵਰਤਮਾਨ ਠੇਕੇਦਾਰਾਂ ਨੇ ਰਾਜਸੀ ਸੱਤਾ ਦੀ ਲਾਲਸਾ ਦੀ ਦਲਦਲ ਵਿਚ ਫਸ, ਗੁਰੂ ਸਾਹਿਬਾਂ ਦੀਆਂ ਘਾਲਣਾਵਾਂ ਤੇ ਕੁਰਬਾਨੀਆਂ ਨੂੰ ਅਣਗੋਲਿਆਂ ਕਰ 'ਤੇ ਮਨੂੰ ਸਮ੍ਰਿਤੀ ਦੀਆਂ ਮਾਨਤਾਵਾਂ ਨੂੰ ਮੁੜ ਅਪਨਾ ਸਿੱਖੀ ਦੇ ਮਹੱਲ ਦੀਆਂ ਨੀਹਾਂ ਨੂੰ ਖੋਖਲਿਆਂ ਕਰਨਾ ਸ਼ੁਰੂ ਕਰ ਦਿਤਾ ਹੈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ - ਜਸਵੰਤ ਸਿੰਘ 'ਅਜੀਤ'

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਕੇਵਲ ਸਿੱਖ ਜਾਂ ਭਾਰਤ ਦੇ ਇਤਿਹਾਸ ਦੀ ਹੀ ਅਦੁੱਤੀ ਘਟਨਾ ਨਹੀਂ ਹੈ, ਸਗੋਂ ਸਮੁਚੇ ਸੰਸਾਰ ਦੇ ਇਤਿਹਾਸ ਦੀ ਵੀ ਇੱਕ ਅਦੁੱਤੀ ਘਟਨਾ ਹੈ। ਜਿਸਦੀ ਮਿਸਾਲ ਦੁਨੀਆਂ ਦੇ ਸਮੁਚੇ ਇਤਿਹਾਸ ਵਿੱਚ ਕਿਧਰੇ ਨਹੀਂ ਮਿਲਦੀ। ਇੱਕ ਪਾਸੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਸ਼ਮਣ ਦੀ ਟਿੱਡੀ-ਦਲ ਫੌਜ ਨਾਲ ਘਿਰੀ ਚਮਕੋਰ ਦੀ ਗੜ੍ਹੀ ਵਿਚੋਂ ਇੱਕ-ਇੱਕ ਕਰ ਦੋਹਾਂ ਵੱਡੇ ਮੱਸ-ਫੁਟ ਸਾਹਿਬਜ਼ਾਦਿਆਂ, ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਨੂੰ ਆਪਣੇ ਹਥੀਂ ਸ਼ਸਤਰ ਸੱਜਾ ਅਤੇ ਆਸ਼ੀਰਵਾਦ ਦੇ, ਦੁਸ਼ਮਣ ਦੀ ਭਾਰੀ ਫੌਜ ਦਾ ਟਾਕਰਾ ਕਰਨ ਲਈ ਬਾਹਰ ਜੰਗ ਦੇ ਮੈਦਾਨ ਵਿੱਚ ਭੇਜਦੇ ਹਨ, ਜਦਕਿ ਉਹ ਜਾਣਦੇ ਹਨ ਕਿ ਗੜ੍ਹੀ ਵਿਚੋਂ ਬਾਹਰ ਨਿਕਲੇ ਸਾਹਿਬਜ਼ਾਦੇ ਮੁੜ ਜੀਂਦਿਆਂ-ਜੀਅ ਵਾਪਸ ਨਹੀਂ ਆਉਣਗੇ, ਦੁਸ਼ਮਣ ਦੀ ਟਿੱਡੀ ਦਲ ਫੌਜ ਦਾ ਸਾਹਮਣਾ ਕਰਦਿਆਂ ਸ਼ਹਾਦਤ ਪ੍ਰਾਪਤ ਕਰ ਜਾਣਗੇ।  
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਨੇ ਵੀ ਆਪਣੇ ਪਿਤਾ-ਗੁਰੂ ਵਲੋਂ ਆਪਣੇ ਪੁਰ ਪ੍ਰਗਟਾਏ ਵਿਸ਼ਵਾਸ ਨੂੰ ਟੁਟਣ ਨਹੀਂ ਦਿੱਤਾ। ਉਹ ਵੀ ਜਾਣਦੇ ਸਨ ਕਿ ਜੋ ਜੰਗ ਲੜਨ ਲਈ ਉਹ ਜਾ ਰਹੇ ਹਨ, ਉਸ ਵਿਚੋਂ ਉਹ ਜੀਉਂਦੇ-ਜੀਅ ਵਾਪਸ ਆਉਣ ਵਾਲੇ ਨਹੀਂ। ਫਿਰ ਵੀ ਉਹ ਪਿਤਾ-ਗੁਰੂ ਪਾਸੋਂ ਦੁਸ਼ਮਣ ਨਾਲ ਜੂਝਣ ਲਈ ਜਾਣ ਦੀ ਆਗਿਆ ਮੰਗਦੇ ਹਨ। ਪਿਤਾ-ਗੁਰੂ ਉਨ੍ਹਾਂ ਨੂੰ ਆਗਿਆ ਹੀ ਨਹੀਂ ਦਿੰਦੇ, ਸਗੋਂ ਆਪਣੇ ਹਥੀਂ ਉਨ੍ਹਾਂ ਦੇ ਕਮਰ-ਕੱਸੇ ਅਤੇ ਸ਼ਸਤਾਰ ਸਜਾ, ਅਸਾਵੀਂ ਜੰਗ ਲੜਨ ਲਈ ਮੈਦਾਨ ਵਿੱਚ ਭੇਜਦੇ ਹਨ। ਪਿਤਾ-ਗੁਰੂ ਆਪਣੇ ਸਾਹਿਜ਼ਾਦਿਆਂ ਨੂੰ ਮੈਦਾਨੇ-ਜੰਗ ਵਿੱਚ ਸ਼ਹੀਦ ਹੋਣ ਲਈ ਭੇਜਦਿਆਂ ਕਿਸੇ ਵੀ ਤਰ੍ਹਾਂ ਦਾ ਪੁਤਰ-ਮੋਹ ਨਹੀਂ ਵਿਖਾਂਦੇ ਅਤੇ ਨਾ ਹੀ ਸਾਹਿਬਜ਼ਾਦੇ ਹੋਰ ਸਿੱਖਾਂ ਦੀ ਮੌਜੂਦਗੀ ਵਿੱਚ ਆਪਣੇ-ਆਪਨੂੰ ਲੜਨ ਤੇ ਸ਼ਹੀਦ ਹੋਣ ਲਈ ਭੇਜੇ ਜਾਣ ਤੇ ਕਿਸੇ ਤਰ੍ਹਾਂ ਦਾ ਇਤਰਾਜ਼ ਕਰਦੇ ਹਨ।
ਸਤਿਗੁਰੂ ਸਿੱਖਾਂ ਦੀ ਇਸ ਬੇਨਤੀ ਨੂੰ ਵੀ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੰਦੇ ਹਨ ਕਿ ਗੜ੍ਹੀ ਵਿੱਚ ਹੋਰ ਸਿੱਖਾਂ ਦੇ ਰਹਿੰਦਿਆਂ ਸਾਹਿਬਜ਼ਾਦਿਆਂ ਨੂੰ ਮੈਦਾਨ-ਏ-ਜੰਗ ਵਿੱਚ ਭੇਜਣ ਦੀ ਕੀ ਲੋੜ ਹੈ? ਉਹ ਸਾਹਿਜ਼ਾਦਿਆਂ ਨੂੰ ਨਾਲ ਲੈਕੇ ਰਾਤ ਦੇ ਹਨੇਰੇ ਵਿੱਚ ਗੜ੍ਹੀ ਵਿਚੋਂ ਨਿਕਲ ਜਾਣ। ਉਨ੍ਹਾਂ ਸਿੱਖਾਂ ਨੂੰ ਸਪਸ਼ਟ ਕਰ ਦਿੰਦੇ ਹਨ ਕਿ ਉਨ੍ਹਾਂ ਦੇ ਸਾਹਿਬਜ਼ਾਦੇ ਕੇਵਲ ਇਹ ਦੋ ਹੀ ਨਹੀਂ, ਸਗੋਂ ਸਾਰੇ ਸਿੱਖ ਹੀ ਉਨ੍ਹਾਂ ਦੇ ਸਾਹਿਬਜ਼ਾਦੇ ਹਨ। ਦੋਵੇਂ ਸਾਹਿਬਜ਼ਾਦੇ ਇੱਕ-ਇੱਕ ਕਰ ਕੇ ਮੈਦਾਨੇ-ਜੰਗ ਵਿੱਚ ਉਤਰਦੇ ਹਨ। ਮੈਦਾਨ-ਏ-ਜੰਗ ਵਿੱਚ ਉਤਰਦਿਆਂ ਹੀ ਉਹ ਆਪਣੀ ਸ਼ਹਾਦਤ ਨੂੰ ਸਾਹਮਣੇ ਵੇਖਦੇ ਹਨ, ਫਿਰ ਵੀ ਉਹ ਕਿਸੇ ਵੀ ਤਰ੍ਹਾਂ ਦਾ ਡਰ ਮਹਿਸੂਸ ਨਹੀਂ ਕਰਦੇ ਤੇ ਨਾ ਹੀ ਹਿਚਕਿਚਾਹਟ ਵਿਖਾਉਂਦੇ ਹਨ। ਉਹ ਪੂਰੀ ਦ੍ਰਿੜ੍ਹਤਾ ਨਾਲ ਮੈਦਾਨੇ-ਜੰਗ ਵਿੱਚ ਜੂਝਦੇ ਅਤੇ ਦੁਸ਼ਮਣ ਦੇ ਆਹੂ ਲਾਹੁੰਦੇ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ। ਗੜ੍ਹੀ ਵਿੱਚ ਬੈਠੇ ਸਤਿਗੁਰੂ ਆਪਣੀਆਂ ਅੱਖਾਂ ਨਾਲ ਇੱਕ ਤੋਂ ਬਾਅਦ ਇੱਕ, ਦੋਹਾਂ ਸਾਹਿਬਜ਼ਾਦਿਆਂ ਨੂੰ ਦੁਸ਼ਮਣ ਫੌਜ ਨਾਲ ਜੂਝਦਿਆਂ ਅਤੇ ਦੁਸ਼ਮਣਾਂ ਦੇ ਆਹੂ ਲਾਹੁੰਦਿਆਂ ਸ਼ਹੀਦ ਹੁੰਦਿਆਂ ਵੇਖਦੇ ਹਨ।    
ਦੁਜੇ ਪਾਸੇ ਦਾਦੀ, ਮਾਤਾ ਗੁਜਰੀ ਜੀ ਆਪਣੇ ਸੱਤ ਅਤੇ ਨੌਂ ਸਾਲ ਦੇ ਪੋਤਰਿਆਂ, ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹ ਸਿੰਘ ਨੂੰ ਤਿਆਰ ਕਰ ਆਪਣੇ ਦਾਦਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਯਾਦ ਕਰਵਾ, ਆਪਣੇ ਧਾਰਮਕ ਵਿਸ਼ਵਾਸ ਪੁਰ ਅਟੱਲ ਰਹਿਣ ਦੀ ਸਿਖਿਆ ਦੇ, ਸ਼ਹਾਦਤ ਪ੍ਰਾਪਤ ਕਰਨ ਲਈ ਭੇਜਦੇ ਹਨ। ਦਾਦੀ ਮਾਂ ਦੀ ਸਿਖਿਆ ਪ੍ਰਾਪਤ ਕਰ, ਦਾਦਾ ਸਤਿਗੁਰ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਦਿਲ ਵਿੱਚ ਵਸਾਈ ਮਾਸੂਮ ਬੱਚੇ 'ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹ' ਦਾ ਜੈਕਾਰਾ ਗਜਾਂਦੇ ਜ਼ਾਲਮ ਹਾਕਮਾਂ ਦੀ ਕਚਹਿਰੀ ਵਿੱਚ ਪੁਜਦੇ ਹਨ। ਜੈਕਾਰਾ ਸੁਣ ਤੜਪੇ ਜ਼ਾਲਮ ਹਾਕਮ ਆਪਣੇ ਗੁੱਸੇ ਪੁਰ ਕਾਬੂ ਪਾ ਮਾਸੂਮ ਬੱਚੱਆਂ ਨੂੰ ਕਈ ਤਰ੍ਹਾਂ ਦੇ ਲਾਲਚ ਦੇ ਇਸਲਾਮ ਕਬੂਲ ਕਰਨ ਦੀ ਪ੍ਰੇਰਨਾ ਕਰਦੇ ਹਨ। ਪਰ ਮਾਸੂਮ ਬੱਚੇ ਆਪਣੇ ਦਾਦਾ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਅਤੇ ਦਾਦੀ ਮਾਂ ਦੀ ਸਿਖਿਆ ਪੁਰ ਪਹਿਰਾ ਦਿੰਦਿਆਂ ਸਾਰੇ ਲਾਲਚਾਂ ਨੂੰ ਠੁਕਰਾ ਦਿੰਦੇ ਹਨ। ਜਦੋਂ ਜ਼ਾਲਮ ਹਾਕਮ, ਆਪਣੇ ਵਲੋਂ ਦਿੱਤੇ ਗਏ ਲਾਲਚਾਂ ਨਾਲ ਗਲ ਬਣਦੀ ਨਹੀਂ ਵੇਖਦੇ ਤਾਂ ਧਮਕੀਆਂ ਤੇ ਮੌਤ ਡਰਾਵੇ ਦੇ ਕੇ, ਗਲ ਬਣਾਉਣ 'ਤੇ ਉਤਰ ਆਉਂਦੇ ਹਨ। ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤਰੇ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਕੜ ਪੋਤਰੇ ਕਿਵੇਂ ਦਾਦੀ ਮਾਂ ਦੀ ਸਿਖਿਆ ਨੂੰ ਵਿਸਾਰ ਡਰ ਜਾਂਦੇ? ਉਹ ਹਰ ਧਮਕੀ ਅਤੇ ਡਰਾਵੇ ਦੇ ਸਾਹਮਣੇ ਅਡੋਲ ਰਹੇ। ਆਖਰ ਹਾਰ-ਹੁਟ ਜ਼ਾਲਮਾਂ ਨੇ ਮਾਸੂਮ ਬੱਚਿਆਂ ਨੂੰ ਦੀਵਾਰ ਦੀਆਂ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦੇਣ ਦਾ ਫਤਵਾ ਜਾਰੀ ਕਰ ਦਿੱਤਾ। ਮਾਸੂਮ ਬੱਚੇ ਦੀਵਾਰ ਦੀਆਂ ਨੀਂਹਾਂ ਵਿੱਚ ਚਿਣ ਸ਼ਹੀਦ ਕਰ ਦਿੱਤੇ ਗਏ ਅਤੇ ਸਾਹਿਬ ਸ੍ਰੀ ਗੁਰੂ ਗਬਿੰਦ ਸਿੰਘ ਜੀ ਦੇ ਸਾਹਿਬਜ਼ਾਦੇ ਸਿੱਖੀ-ਸਿਦਕ ਪੁਰ ਅਡੋਲ ਰਹਿੰਦਿਆਂ ਸ਼ਹਾਦਤ ਦੇ ਗਏ।
ਜਦੋਂ ਇਹ ਖਬਰ ਮਾਸੂਮ ਬੱਚਿਆਂ ਦੀ ਦਾਦੀ ਮਾਂ ਪਾਸ ਪੁਜੀ ਤਾਂ ਉਨ੍ਹਾਂ ਕੋਈ ਦੁਖ ਜਾਂ ਅਫਸੋਸ ਪ੍ਰਗਟ ਨਹੀਂ ਕੀਤਾ, ਸਗੋਂ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਕਿ ਉਨ੍ਹਾਂ ਦੇ ਪੋਤਰੇ ਆਪਣੇ ਦਾਦਾ ਅਤੇ ਨਕੜ ਦਾਦਾ ਦੇ ਪਦ-ਚਿਨ੍ਹਾਂ ਪੁਰ ਚਲਦਿਆਂ  ਸ਼ਹਾਦਤ ਦਾ ਜਾਮ ਪੀ ਗਏ, ਪਰ ਆਪਣੇ ਸਿੱਖੀ-ਸਿਦਕ ਪੁਰ ਆਂਚ ਨਹੀਂ ਆਉਣ ਦਿੱਤੀ। ਉਨ੍ਹਾਂ ਅਕਾਲ ਪੁਰਖ ਦਾ ਧੰਨਵਾਦ ਕੀਤਾ, ਸਿਰ ਝੁਕਾਦਿਆਂ ਅਤੇ ਇਹ ਆਖਦਿਆਂ, 'ਉਨ੍ਹਾਂ ਦਾ ਫਰਜ਼ ਪੂਰਾ ਹੋ ਗਿਐ' ਪ੍ਰਾਣ ਤਿਆਗ ਦਿੱਤੇ।
ਜਦੋਂ ਛੋਟੇ ਸ਼ਾਹਿਜ਼ਾਦਿਆਂ ਦੇ ਸ਼ਹੀਦ ਹੋਣ ਦੀ ਵੀ ਖਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤਕ ਪੁਜਦੀ ਹੈ ਤਾਂ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਕਿ ਉਸਦੀ ਅਮਾਨਤ ਉਸਨੂੰ ਸੁਖੀ-ਸਾਂਦੀ ਪੁਜਦੀ ਹੋ ਗਈ ਹੈ।
ਸੋਚਣ ਤੇ ਵਿਚਾਰਨ ਵਾਲ਼ੀ ਗਲ ਹੈ ਕਿ ਉਨ੍ਹਾਂ ਦਾ ਇਹ ਕਥਨ ਕਿਤਨਾ ਮਹੱਤਵਪੂਰਣ ਹੈ, ਜਦੋਂ ਸਾਹਿਬਜ਼ਾਦਿਆਂ ਦੇ ਸੰਬੰਧ ਵਿੱਚ ਉਨ੍ਹਾਂ ਪਾਸੋਂ ਪੁਛ ਕੀਤੀ ਜਾਂਦੀ ਹੈ ਤਾਂ ਉਹ ਦੀਵਾਨ ਵਿੱਚ ਸਜੇ ਸਿੱਖਾਂ ਵਲ ਇਸ਼ਾਰਾ ਕਰ ਫੁਰਮਾਂਦੇ ਹਨ: 'ਇਨ ਪੁਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ। ਚਾਰ ਮੂਏ ਤੋ ਕਿਆ ਹੂਆ ਜੀਵਤ ਕਈ ਹਜ਼ਾਰ'।

Mobile : + 91 95 82 71 98 90
  E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਗੁਰਾਂ ਦੇ ਨਾਂ ਤੇ ਜੀਂਦੇ ਪੰਜਾਬ ਵਿਚਲੀ ਸਦਭਾਵਨਾ ਵਿੱਚ ਜ਼ਹਿਰ? - ਜਸਵੰਤ ਸਿੰਘ 'ਅਜੀਤ'

ਕਿਸਾਨ-ਵਿਰੋਧੀ ਕਾਨੂਨਾਂ ਦੇ ਵਿਰੁਧ ਅੱਜ ਜੋ ਅੰਦੋਲਣ ਹੋ ਰਿਹਾ ਹੈ, ਉਸਦੀ ਅਰੰਭਤਾ ਭਾਵੇਂ ਪੰਜਾਬ ਦੇ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੇ ਸਿੱਖ ਹਨ, ਵਲੋਂ ਕੀਤੀ ਗਈ ਹੈ, ਪ੍ਰੰਤੂ ਉਸਦਾ ਸੰਬੰਧ ਕੇਵਲ ਪੰਜਾਬ ਦੇ ਕਿਸਾਨਾਂ ਦੇ ਹਿਤਾਂ ਨਾਲ ਹੀ ਨਹੀਂ, ਸਗੋਂ ਦੇਸ਼ ਦੇ ਸਮੁਚੇ ਕਿਸਾਨ ਭਾਈਚਾਰੇ ਦੇ ਹਿਤਾਂ ਨਾਲ ਹੈ। ਇਹ ਵਿਚਾਰ ਦਿੱਲੀ ਹਾਈਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਇੱਕ ਨਿਜੀ ਗਲਬਾਤ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬੀ ਕਿਸਾਨਾਂ ਵਲੋਂ ਅਰੰਭੇ ਇਸ ਅੰਦੋਲਣ ਨਾਲ ਪਹਿਲਾਂ ਹਰਿਆਣਾ ਦੇ ਕਿਸਾਨ ਜੁੜੇ, ਫਿਰ ਇਕ-ਇਕ ਕਰ ਦੇਸ਼ ਦੇ ਦੂਸਰੇ ਰਾਜਾਂ ਦੇ ਕਿਸਾਨ ਵੀ ਜੁੜਦੇ ਚਲੇ ਗਏ। ਇਸੇ ਸੰਬੰਧ ਵਿੱਚ ਪੁਛੇ ਗਏ ਇੱਕ ਸੁਆਲ ਦਾ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਵਲੋਂ ਇਸ ਪਾਸੇ ਪਹਿਲ ਕਰਨ ਦਾ ਕਾਰਣ ਇਹ ਹੈ ਕਿ ਅੱਜ ਦੇ ਪੰਜਾਬ ਦਾ ਕਿਸਾਨ ਪੜ੍ਹਿਆ-ਲਿਖਿਆ ਹੈ। ਉਸਨੇ ਜਦੋਂ ਇਨ੍ਹਾਂ ਨਵੇਂ ਬਣੇ ਖੇਤੀ ਕਾਨੂੰਨਾਂ ਦਾ ਅਧਿਅਨ ਕੀਤਾ ਤਾਂ ਉਸਨੂੰ ਜਾਪਿਆ ਕਿ ਇਹ ਕਾਨੂੰਨ, ਜੋ ਕਿਸਾਨ ਭਾਈਚਾਰੇ ਦੇ ਹਿੱਤ ਵਿੱਚ ਦਸੇ ਜਾ ਰਹੇ ਹਨ, ਉਸ ਅਸਲ ਵਿੱਚ ਉਨ੍ਹਾਂ ਦੇ ਹਿਤਾਂ ਦੇ ਵਿਰੁਧ ਹਨ। ਇਸਲਈ ਉਨ੍ਹਾਂ ਨੇ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ। ਕਨੂੰਨਾਂ ਦੇ ਵਿਰੋਧ ਵਿੱਚ ਉਸਦੇ ਮੈਦਾਨ ਵਿੱਚ ਨਿਤਰਨ ਦੀ ਦੇਰ ਸੀ, ਕਿ ਸਰਕਾਰ ਨੇ ਇਸ ਡਰੋਂ ਕਿ ਕਿਧਰੇ ਇਹ ਅੰਦੋਲਣ ਜ਼ੋਰ ਨਾ ਪਕੜ ਜਾਏ, ਇਸਦਾ ਵਿਰੋਧ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਸਰਕਾਰ ਵਲੋਂ ਕਿਸਾਨ ਅੰਦੋਲਣ ਦੇ ਸੰਬੰਧ ਵਿੱਚ ਜਿਸਤਰ੍ਹਾਂ ਅੰਦੋਲਣ-ਵਿਰੋਧੀ ਨੀਤੀ ਅਪਨਾਈ ਗਈ, ਉਸਦਾ ਨਤੀਜਾ ਇਹ ਹੋਇਆ ਕਿ ਦੂਸਰੇ ਰਾਜਾਂ ਦੇ ਕਿਸਾਨਾਂ ਵਿੱਚ ਵੀ ਇਨ੍ਹਾਂ ਕਾਨੂੰਨਾਂ ਦੇ ਸੰਬੰਧ ਵਿੱਚ ਸ਼ੰਕਾ ਪੈਦਾ ਹੋਣ ਲਗੀ ਤੇ ਉਹ ਵੀ ਇਸ ਅੰਦੋਲਣ ਵਿਚ ਭਾਈਵਾਲ ਬਣਨ ਲਈ ਅਗੇ ਆਉਣ ਲਗ ਪਏ।  
ਇਸ ਸਥਿਤੀ ਨੂੰ ਸਰਕਾਰ ਨੇ ਆਪਣੇ ਲਈ ਚੁਨੌਤੀ ਸਮਝਿਆ ਤੇ ਉਸਨੇ ਆਪਣੇ ਸਾਰੇ ਸਾਧਨ ਇਨ੍ਹਾਂ ਕਾਨੂੰਨਾਂ ਦੇ ਕਿਸਾਨਾਂ ਦੇ ਹਿਤ ਵਿੱਚ ਹੋਣ ਦਾ ਪ੍ਰਚਾਰ ਕਰਨ ਵਿੱਚ ਝੌਂਕ ਦਿੱਤੇ। ਸੰਭਵ ਹੈ ਕਿ ਇਸ ਅੰਦਲਣ ਨਾਲ ਸੰਬੰਧਤ ਸਿੱਖ ਜਥੇਬੰਦੀਆਂ ਨੂੰ ਬਦਨਾਮ ਕਰਨ ਲਈ ਹੀ, ਬੀਤੇ ਸਮੇਂ ਵਿੱਚ ਸਿੱਖ ਜਗਤ ਵਲੋਂ ਮਨਾਈਆਂ ਗਈਆਂ ਸ਼ਤਾਬਦੀਆਂ ਦੇ ਮੌਕੇ ਸਰਕਾਰ ਵਲੋਂ ਦਿੱਤੇ ਜਾਂਦੇ ਰਹੇ ਆਰਥਕ ਸਹਿਯੋਗ ਨੂੰ ਉਨ੍ਹਾਂ ਪੁਰ ਕੀਤੇ ਅਹਿਸਾਨ ਵਜੋਂ ਪ੍ਰਚਾਰ, ਅੰਦੋਲਣਕਾਰੀ ਸਿੱਖਾਂ ਨੂੰ ਅਹਿਸਾਨ-ਫਰੋਸ਼ ਸਾਬਤ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ। ਸਰਕਾਰ ਵਲੋਂ ਸਿੱਖਾਂ ਪੁਰ ਕੀਤੇ ਅਹਿਸਾਨ ਦੇ ਕੀਤੇ ਜਾ ਰਹੇ ਪ੍ਰਚਾਰ ਦੇ ਜਵਾਬ ਵਿੱਚ ਕੁਝ ਬਜ਼ੁਰਗ ਸਿੱਖਾਂ ਨੇ ਕਿਹਾ ਕਿ ਅਹਿਸਾਨ-ਫਰਾਮੋਸ਼ ਸਿੱਖ ਨਹੀਂ, ਇਸ ਦੇਸ਼ ਦੀਆਂ ਸਰਕਾਰਾਂ ਰਹੀਆਂ ਹਨ। ਉਨ੍ਹਾਂ ਦਸਿਆ ਕਿ ਇਸ ਦੇਸ਼ ਦੀ ਅਜ਼ਾਦੀ ਲਈ ਵਿੱਚ ਹੀ ਸਿੱਖਾਂ ਨੇ ਸਭ ਤੋਂ ਵੱਧ ਕੁਰਬਾਨੀਆਂ ਨਹੀਂ ਦਿੱਤੀਆਂ, ਸਗੋਂ ਉਸਤੋਂ ਬਾਅਦ ਵੀ ਦੇਸ਼ ਦੀ ਏਕਤਾ-ਅਖੰਡਤਾ ਦੀ ਬਹਾਲੀ ਤੇ ਉਸਦੀ ਰਖਿਆ ਲਈ ਵੀ ਉਨ੍ਹਾਂ ਅਨੇਕਾਂ ਕੁਰਬਾਨੀਆਂ ਕੀਤੀਆਂ, ਪ੍ਰੰਤੂ ਉਨ੍ਹਾਂ ਕਦੀ ਵੀ ਇਨ੍ਹਾਂ ਕੁਰਬਾਨੀਆਂ ਨੂੰ ਅਹਿਾਸਨ ਵਜੋਂ ਪ੍ਰਚਾਰਿਤ ਨਹੀਂ ਕੀਤਾ। ਇਸ ਸੰਬੰਧ ਵਿੱਚ ਉਨ੍ਹਾਂ ਕੁਝ ਘਟਾਨਾਵਾਂ ਜ਼ਿਕਰ ਵੀ ਕੀਤਾ, ਜੋ ਪਾਠਕਾਂ ਦੀ ਜਾਣਕਾਰੀ ਲਈ ਹੇਠਾਂ ਪੇਸ਼ ਹਨ।      
ਜਿਨ੍ਹਾਂ ਦੇਸ਼ ਦੀ ਵੰਡ ਦੇ ਜ਼ਖਮਾਂ ਨੂੰ ਪਿੰਡੇ ਹੰਡਾਇਆ, ਉਨ੍ਹਾਂ ਵਿਚੋਂ ਸੰਸਾਰ ਵਿਚ ਵਿਚਰ ਰਹੇ ਇਨ੍ਹਾਂ ਬਜ਼ੁਰਗਾਂ ਅਨੁਸਾਰ ਜਦੋਂ ਦੇਸ਼ ਦੀ ਆਜ਼ਾਦੀ ਦੀ ਰੂਪ-ਰੇਖਾ ਤਿਆਰ ਹੋ ਰਹੀ ਸੀ, ਉਸ ਸਮੇਂ ਦੇ ਕਾਂਗ੍ਰਸੀ ਨੇਤਾ ਦੇਸ਼ ਦੀ ਸੱਤਾ ਨੂੰ ਕੇਵਲ ਅਪਣੇ ਹੀ ਹਥਾਂ ਵਿਚ ਹੀ ਕੇਂਦ੍ਰਿਤ ਕਰੀ ਰਖਣ ਦੀ ਲਾਲਸਾ ਵਿਚ ਇਤਨੇ ਜ਼ਿਆਦਾ ਗ੍ਰਸਤ ਹੋ ਗਏ ਹੋਏ ਸਨ, ਕਿ ਉਨ੍ਹਾਂ ਦੇਸ਼ ਦੀ ਆਜ਼ਾਦੀ ਤੋਂ ਤੁਰੰਤ ਬਾਅਦ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ ਦੇਸ਼ ਤੇ ਮਨੁਖਤਾ ਦੇ ਦੁਸ਼ਮਣ ਸਥਾਪਤ ਕਰ ਭਾਰਤੀ-ਸਮਾਜ ਤੋਂ ਅਲਗ-ਥਲਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿਚ ਵੀ ਕੋਈ ਝਿਝਕ ਨਹੀਂ ਸੀ ਵਿਖਾਈ, ਜਿਨ੍ਹਾਂ ਨਾ ਕਵੇਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵਧ ਕੀਮਤ ਚੁਕਾਣੀ ਪਈ। ਦੇਸ਼ ਦੀ ਵੰਡ ਨੇ ਤਾਂ ਅੱਧੀ ਤੋਂ ਵਧ ਸਿੱਖ ਕੌਮ ਨੂੰ ਤਬਾਹ ਤੇ ਬਰਬਾਦ ਕਰਕੇ ਰਖ ਦਿਤਾ। ਉਹ ਜਾਨਾਂ ਤੋਂ ਵੀ ਵਧ ਪਿਆਰੇ ਆਪਣੇ ਗੁਰਧਾਮ, ਅਰਬਾਂ ਰੁਪਏ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਤਕ ਛਡ, ਖਾਲੀ ਹਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਕਦਮ ਰਖਿਆ ਸੀ ਕਿ ਦੇਸ਼ ਲਈ ਕੀਤੀ ਗਈ, ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ ਜਾਇਗਾ, ਪਰ ਇਧਰ ਆਉਂਦਿਆਂ ਹੀ ਉਨ੍ਹਾਂ ਨੂੰ 'ਜਰਾਇਮਪੇਸ਼ਾ' ਦੇ ਨਾਂ ਨਾਲ ਨਵਾਜ, ਉਨ੍ਹਾਂ ਪੁਰ ਸਖਤ ਨਿਗਰਾਨੀ ਰਖਣ ਦੇ ਆਦੇਸ਼ ਜਾਰੀ ਕਰ ਦਿਤੇ ਗਏ।
ਇਨ੍ਹਾਂ ਬਜ਼ੁਰਗਾਂ ਨੇ ਹੋਰ ਦਸਿਆ ਕਿ ਆਜ਼ਾਦੀ ਦੀ ਲੜਾਈ ਦੌਰਾਨ, ਜਦੋਂ ਕਦੀ ਕਾਂਗ੍ਰਸ ਦੀ ਇਜ਼ਤ ਦਾਅ ਤੇ ਲਗੀ, ਉਸ ਸਮੇਂ ਵੀ ਸਿੱਖ ਹੀ ਉਸਦੀ ਇਜ਼ਤ ਬਚਾਣ ਲਈ ਅਗੇ ਆਉਂਦੇ ਰਹੇ। ਇਸ ਸੰਬੰਧ ਵਿਚ ਉਹ ਦਸਦੇ ਹਨ, ਕਿ ਇਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗ੍ਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਤੇ ਜਲਸੇ ਵਾਲੀ ਥਾਂ ਪੁਲਿਸ ਨੇ ਅਪਣੇ ਘੇਰੇ ਵਿਚ ਲੈ ਲਈ। ਕੋਈ ਵੀ ਕਾਂਗ੍ਰਸੀ ਜਾਂ ਕੋਈ ਹੋਰ ਦੇਸ਼-ਭਗਤ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਜਥੇ ਨੇ ਹੀ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਮੈਦਾਨ ਵਿਚ ਨਿਤਰ ਕਾਂਗ੍ਰਸ ਦੀ ਇਜ਼ਤ ਬਚਾਈ ਸੀ।
ਉਨ੍ਹਾਂ ਇਹ ਵੀ ਦਸਿਆ ਕਿ ਅਜ ਜੰਮੂ-ਕਸ਼ਮੀਰ ਦਾ ਜੋ ਹਿਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਸਿੱਖ ਫੌਜੀਆਂ ਦੀ ਬਦੌਲਤ ਹੀ ਹੈ, ਸਿੱਖ ਫੌਜੀ ਤਾਂ ਉਸ ਹਿਸੇ ਨੂੰ ਵੀ ਪਾਕਿਸਤਾਨ ਤੋਂ ਵਾਪਸ ਲੈ ਲੈਣ ਲਈ ਤਿਆਰ ਸਨ, ਜੋ ਅਜ ਵੀ ਪਾਕਿਸਤਾਨ ਦੇ ਕਬਜ਼ੇ ਵਿਚ ਹੈ, ਤੇ ਭਾਰਤ ਲਈ ਕਦੀ ਵੀ ਦੂਰ ਨਾ ਹੋ ਪਾ ਸਕਣ ਵਾਲਾ ਸਿਰ ਦਰਦ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅਗੇ ਵਧਣ ਤੋਂ ਰੋਕ, ਇਹ ਮਾਮਲਾ ਯੂ ਐਨ ਓ ਵਿਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਲਗਾਤਾਰ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
ਇਨ੍ਹਾਂ ਬਜ਼ੁਰਗਾਂ ਅਨੁਸਾਰ ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਲਈ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਹੈ, ਜਦਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਉਨ੍ਹਾਂ ਦੀਆਂ ਸ਼ੰਕਾਵਾਂ ਨੂੰ ਦੂਰ ਨਹੀਂ ਸੀ ਕਰ ਪਾ ਰਹੇ। ਇਸ ਪਖੋਂ ਸਰਦਾਰ ਪਟੇਲ ਹੀ ਨਹੀਂ, ਸਗੋਂ ਪੰਡਤ ਨਹਿਰੂ ਤਕ ਵੀ ਨਿਰਾਸ਼ ਹੋ ਹਥਿਆਰ ਸੁੱਟ ਚੁਕੇ ਸਨ। ਉਸ ਸਮੇਂ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਨੇ ਅਗੇ ਆ, ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ, ਆਪਣੀ ਰਿਆਸਤ ਨੂੰ ਭਾਰਤੀ ਸੰਘ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਉਸ ਤੋਂ ਬਾਅਦ ਹੀ ਹੋਰ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿਚ ਸ਼ਾਮਲ ਕਰਨ ਲਈ ਤਿਆਰ ਹੋਏ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਤਾਂ ਪਾਕਿਸਤਾਨ ਨਾਲ ਆਪਣਾ ਭਵਿਖ ਜੋੜਨ ਦਾ ਐਲਾਨ ਕਰ ਦਿਤਾ ਸੀ। ਇਨ੍ਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁਖ ਭੂਮਿਕਾ ਰਹੀ ਸੀ। ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਸਿੱਖਾਂ ਨੇ ਇਸ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਪਰ ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੇ ਕੀਤੇ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਕਰਨ ਦੀ ਵੀ ਲੋੜ ਨਹੀਂ ਸਮਝੀ।
૴ਅਤੇ ਅੰਤ ਵਿਚ : ਇਨ੍ਹਾਂ ਬਜ਼ੁਰਗਾਂ ਨੂੰ ਇਹ ਸ਼ਿਕਵਾ ਵੀ ਹੈ ਕਿ ਜਦੋਂ ਸਿੱਖ ਆਗੂਆਂ ਨੇ ਪੰਜਾਬੀ ਭਾਸ਼ਾ ਦੇ ਆਧਾਰ ਤੇ ਪੰਜਾਬ ਦੇ ਪੁਨਰਗਠਨ ਦੀ ਮੰਗ ਕੀਤੀ ਅਤੇ ਇਸ ਮੰਗ ਦੀ ਪੂਰਤੀ ਲਈ ਲੰਮਾ ਸੰਘਰਸ਼ ਕੀਤਾ। ਉਸ ਦੌਰਾਨ ਗੈਰ-ਸਿੱਖ ਪੰਜਾਬੀਆਂ ਨੇ ਉਨ੍ਹਾਂ ਦਾ ਸਮਰਥਨ ਕਰਨ ਦੀ ਬਜਾਏ, ਇਹ ਆਖ ਉਨ੍ਹਾਂ ਦਾ ਵਿਰੋਸ਼ ਕਰਨਾ ਸ਼ੁਰੂ ਕਰ ਦਿੱਤਾ ਕਿ ਸਿੱਖ ਪੰਜਾਬੀ ਸੂਬੇ ਦੇ ਨਾਂ ਤੇ ਖਾਲਿਸਤਾਨ ਕਾਇਮ ਕਰਨਾ ਚਾਹੁੰਦੇ ਹਨ। ਫਲਸਰੂਪ ਪੰਜਾਬੀ ਸੂਬੇ ਦੀ ਮੰਗ ਦਾ ਤਿਖਾ ਵਿਰੋਧ ਹੋਇਆ। ਇਸੇ ਦਾ ਨਤੀਜਾ ਸੀ ਕਿ ਉਸ ਪੰਜਾਬ ਵਿਚ, ਜੋ ਗੁਰਾਂ ਦੇ ਨਾਂ ਤੇ ਜੀਂਦਾ ਸੀ ਅਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗ ਪਏ। ਗੁਆਂਢੀ, ਗੁਆਂਢੀ ਨੂੰ ਸ਼ਕ ਦੀਆਂ ਨਜ਼ਰਾਂ ਦੇ ਨਾਲ ਵੇਖਣ ਲਗਾ।૴ਇਸਤੋਂ ਅਗੇ ਉਹ ਕੁਝ ਨਾ ਕਹਿ ਸਕੇ। ਉਨ੍ਹਾਂ ਦਾ ਗਲਾ ਭਰ ਆਇਆ ਤੇ ਉਹ ਇਤਨਾ ਹੋਰ ਆਖ ਚੁਪ ਕਰ ਗਏ ਕਿ ਇਸਤੋਂ ਬਾਅਦ ਜੋ ਕੁਝ ਹੋਇਆ, ਉਸਨੂੰ ਅਜ ਦੀ ਪੀੜੀ ਚੰਗੀ ਤਰ੍ਹਾਂ ਜਾਣਦੀ ਹੈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਚਿਰਾਂ ਤੋਂ ਹੋ ਰਹੀ ਅਰਦਾਸ ਪੂਰੀ ਕਿਉਂ ਨਹੀਂ ਹੁੰਦੀ? - ਜਸਵੰਤ ਸਿੰਘ 'ਅਜੀਤ'

ਕੁਝ ਸਮਾਂ ਹੋਇਐ, ਸਿੱਖ ਧਰਮ ਦੇ ਇਕ ਪ੍ਰਮੁੱਖ ਵਿਦਵਾਨ ਪ੍ਰਚਾਰਕ ਅਤੇ ਗੁਰਸ਼ਬਦ ਦੇ ਵਿਆਖਿਆਕਾਰ ਇਕ ਨਿਜੀ ਟੀਵੀ ਚੈਨਲ ਪੁਰ ਗੁਰ-ਸ਼ਬਦ ਦੀ ਵਿਆਖਿਆ ਕਰ ਰਹੇ ਸਨ। ਉਨ੍ਹਾਂ ਗੁਰ-ਸ਼ਬਦ ਦੀ ਵਿਆਖਿਆ ਕਰਦਿਆਂ ਅਚਾਨਕ ਇਹ ਸੁਆਲ ਉਠਾਇਆ ਕਿ ਬੀਤੇ ਲਗਭਗ ਅੱਠ ਦਹਾਕਿਆਂ ਤੋਂ ਹਰ ਇਤਿਹਾਸਕ, ਗੈਰ-ਇਤਿਹਾਸਕ (ਸਿੰਘ ਸਭਾ) ਗੁਰਦੁਆਰੇ ਅਤੇ ਹਰ ਸਿੱਖ ਘਰ ਵਿੱਚ, ਰੋਜ਼ ਘਟੋ-ਘਟ ਦੋ ਵਾਰ, ਸਵੇਰੇ -ਸ਼ਾਮ ਇਹ ਅਰਦਾਸ ਕੀਤੀ ਜਾਂਦੀ ਚਲੀ ਆ ਰਹੀ ਹੈ ਕਿ 'ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ!' ਉਨ੍ਹਾਂ ਹੋਰ ਕਿਹਾ ਕਿ ਕਈ ਵਾਰ ਇਹ ਅਰਦਾਸ ਦੋ ਵਾਰ ਤੋਂ ਵੱਧ ਵਾਰ ਵੀ ਕੀਤੀ ਜਾਂਦੀ ਹੈ। ਇਤਨਾ ਕਹਿਣ ਤੋਂ ਬਾਅਦ ਉਨ੍ਹਾਂ ਪੁਛਿਆ ਕਿ ਇਹ ਅਰਦਾਸ ਇਤਨੇ ਲੰਮੇਂ ਸਮੇਂ ਤੋਂ ਕੀਤੀ ਜਾ ਰਹੀ ਹੈ, ਫਿਰ ਵੀ ਇਹ ਪੂਰੀ ਕਿਉਂ ਨਹੀਂ ਹੋ ਰਹੀ? ਜਦਕਿ ਸਿੱਖ ਧਰਮ ਵਿੱਚ ਮੰਨਿਆ ਜਾਂਦਾ ਹੈ ਕਿ ਅਕਾਲ ਪੁਰਖ ਦੇ ਚਰਨਾਂ ਵਿੱਚ ਵਿਸ਼ਵਾਸ, ਸ਼ਰਧਾ, ਸ਼ੁਭ ਭਾਵਨਾ ਨਾਲ ਅਤੇ ਸੱਚੇ ਦਿਲੋਂ ਕੀਤੀ ਜਾਂਦੀ ਹਰ ਅਰਦਾਸ ਪੂਰੀ ਹੁੰਦੀ ਹੈ।ਫਿਰ ਉਨ੍ਹਾਂ ਆਪ ਹੀ ਆਪਣੇ ਇਸ ਸੁਆਲ ਦਾ ਜੁਆਬ ਦਿੰਦਿਆਂ ਕਿਹਾ ਕਿ ਸਾਡਾ ਕੰਮ ਅਰਦਾਸ ਕਰਨਾ ਹੈ, ਉਸਨੂੰ ਪੂਰਿਆਂ ਕਰਨਾ ਜਾਂ ਨਾ ਕਰਨਾ ਅਕਾਲ ਪੁਰਖ ਦੇ ਆਪਣੇ ਹੱਥ ਵਿੱਚ ਹੈ।
ਉਨ੍ਹਾਂ ਦੇ ਇਸ ਸੁਆਲ ਅਤੇ ਜੁਆਬ ਨਾਲ ਮਨ ਨੂੰ ਤਸਲੀ ਨਹੀਂ ਹੋਈ ਤੇ ਇਸ ਸਬੰਧੀ ਭਰਮ ਬਣਿਆ ਰਿਹਾ। ਇਸੇ ਕਾਰਣ ਉਨ੍ਹਾਂ ਦੇ ਸੁਆਲ ਅਤੇ ਜੁਆਬ ਦੇ ਸਬੰਧ ਵਿੱਚ ਕੁਝ ਧਾਰਮਕ ਨਿਸ਼ਠਾ ਰਖਣ ਵਾਲੇ ਸਜਣਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਪੂਰੇ ਵਿਸ਼ਵਾਸ, ਨਿਸ਼ਠਾ ਅਤੇ ਸ਼ੁਭ ਭਾਵਨਾ ਨਾਲ ਕੀਤੀ ਜਾਂਦੀ ਅਰਦਾਸ ਕਦੀ ਵੀ ਬਿਰਥੀ ਨਹੀਂ ਜਾਂਦੀ। ਉਹ ਜ਼ਰੂਰ ਪੂਰੀ ਹੁੰਦੀ ਹੈ, ਕਿਉਂਕਿ ਸਤਿਗੁਰਾਂ ਦਾ ਆਪਣਾ ਬਚਨ ਹੈ : 'ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ'। ਉਨ੍ਹਾਂ ਦੇ ਇਹ ਵਿਚਾਰ ਸੁਣ, ਉਨ੍ਹਾਂ ਕੋਲੋਂ ਇਹ ਪੁਛੇ ਬਿਨਾਂ ਰਿਹਾ ਨਾ ਜਾ ਸਕਿਆ ਕਿ ਤਾਂ ਫਿਰ ਬੀਤੇ ਅੱਠ ਦਹਾਕਿਆਂ ਤੋਂ ਹਰ ਗੁਰਦੁਆਰੇ ਅਤੇ ਹਰ ਸਿੱਖ ਘਰ ਰੋਜ਼ ਦੋ ਵਾਰ ਤੋਂ ਵੀ ਵੱਧ ਵਾਰ ਕੀਤੀ ਜਾ ਰਹੀ ਅਰਦਾਸ ਕਿ 'ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ, ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ!' ਕਿਉਂ ਪੂਰੀ ਨਹੀਂ ਹੋ ਰਹੀ?
ਇਹ ਸੁਆਲ ਸੁਣ, ਉਹ ਕਾਫੀ ਦੇਰ ਚੁਪ ਰਹਿ ਸੋਚਾਂ ਵਿੱਚ ਡੁਬੇ ਰਹੇ। ਇਉਂ ਜਾਪਦਾ ਸੀ ਜਿਵੇਂ ਉਹ ਆਪਣੇ-ਆਪ ਨਾਲ ਮੰਥਨ ਕਰ, ਇਸ ਸੁਆਲ ਦਾ ਜੁਆਬ ਤਲਾਸ਼ ਰਹੇ ਹਨ। ਕੁਝ ਸਮੇਂ ਬਾਅਦ ਉਨ੍ਹਾਂ ਆਪਣੀ ਚੁਪ ਤੋੜੀ ਤੇ ਕਹਿਣਾ ਸ਼ੁਰੂ ਕੀਤਾ ਕਿ ਜੇ ਗੰਭੀਰਤਾ ਨਾਲ ਸੋਚੀਏ ਤਾਂ ਇਹ ਗਲ ਪ੍ਰਤੱਖ ਹੋ ਜਾਂਦੀ ਹੈ ਕਿ ਇਹ ਅਰਦਾਸ ਸਿੱਖੀ ਜੀਵਨ ਵਿੱਚ ਇਕ ਅਜਿਹੀ 'ਰਸਮ' ਜਿਹੀ ਬਣ ਗਈ ਹੈ, ਜੋ ਸਾਡੇ ਲਈ ਅਰਦਾਸ ਕਰਦਿਆਂ ਨਿਭਾਉਣੀ ਬਹੁਤ ਜ਼ਰੂਰੀ ਹੋ ਗਈ ਹੈ। ਕੋਈ ਮੌਕਾ ਹੋਵੇ, ਖੁਸ਼ੀ ਦਾ ਹੋਵੇ ਜਾਂ ਗ਼ਮੀਂ ਦਾ, ਅਰਦਾਸ ਕਰਦਿਆਂ ਇਹ ਰਸਮ ਜ਼ਰੂਰ ਪੂਰੀ ਕੀਤੀ ਜਾਂਦੀ ਹੈ। ਹਰ ਕੋਈ ਸਹਿਜੇ ਹੀ ਸਮਝ ਸਕਦਾ ਹੈ ਕਿ ਰਸਮੀ ਤੋਰ ਤੇ ਕੀਤੀ ਗਈ ਅਰਦਾਸ ਜਾਂ ਬੇਨਤੀ ਕਦੀ ਪ੍ਰਵਾਨ ਨਹੀਂ ਹੋ ਸਕਦੀ। ਜੇ ਅਰਦਾਸ ਪ੍ਰਵਾਨ ਹੀ ਨਹੀਂ ਹੋ ਰਹੀ ਤਾਂ ਫਿਰ ਉਹ ਪੂਰਿਆਂ ਕਿਵੇਂ ਹੋ ਸਕੇਗੀ?
ਉਨ੍ਹਾਂ ਵਿਚੋਂ ਹੀ ਇਕ ਸਜਣ ਨੇ ਦਸਿਆ ਕਿ ਕਾਫ਼ੀ ਸਮਾਂ ਹੋਇਐ, ਪੰਜਾਬ ਦੇ ਕਈ ਵਰ੍ਹਿਆਂ ਤਕ ਰਹੇ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਉਸ ਸਮੇਂ ਦੇ ਪ੍ਰਧਾਨ ਅਤੇ ਵਰਤਮਾਨ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਜਦੋਂ ਪਾਕਿਸਤਾਨ ਗਏ ਸਨ ਤਾਂ ਉਨ੍ਹਾਂ ਪਾਕਿਸਤਾਨੀ ਅਧਿਕਾਰੀਆਂ ਨਾਲ ਗਲ ਕਰਦਿਆਂ, ਪਾਕਿਸਤਾਨ ਸਥਿਤ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ, ਮੁੜ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਣ ਦੀ ਮੰਗ ਕੀਤੀ ਸੀ। ਜਿਸਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚੋਂ ਇੱਕ ਨੇ ਮੁਸਕੁਰਾਉਂਦਿਆਂ ਜਵਾਬ ਦਿਤਾ ਕਿ ਭਾਰਤ ਵਿਚਲੇ ਜਿਹੜੇ ਗੁਰਦੁਆਰੇ ਤੁਹਾਡੇ ਪ੍ਰਬੰਧ ਹੇਠ ਹਨ, ਉਨ੍ਹਾਂ ਦਾ ਪ੍ਰਬੰਧ ਤਾਂ ਤੁਹਾਡੇ ਪਾਸੋਂ ਚੰਗੀ ਤਰ੍ਹਾਂ ਹੁੰਦਾ ਨਹੀਂ। ਉਨ੍ਹਾਂ ਦੇ ਪ੍ਰਬੰਧ ਨੂੰ ਹੀ ਲੈ ਕੇ ਤੁਸੀਂ ਆਪੋ ਵਿੱਚ ਲੜਦੇ-ਭਿੜਦੇ ਰਹਿੰਦੇ ਹੋ। ਪਾਕਿਸਤਾਨ ਵਿਚਲੇ ਗੁਰਦੁਆਰਿਆਂ ਦਾ ਹੋਰ ਪ੍ਰਬੰਧ ਲੈ, ਕਿਉਂ ਆਪਣੇ ਲਈ ਨਵੀਂ ਲੜਾਈ ਸਹੇੜਨਾ ਚਾਹੁੰਦੇ ਹੋ? ਦਸਿਆ ਗਿਆ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਦੀ ਇਸ ਗਲ ਦਾ ਕੋਈ ਜੁਆਬ ਨਹੀਂ ਸੀ ਦੇ ਸਕੇ। ਉਸ ਸਜੱਣ ਨੇ ਇਹ ਗਲ ਦਸ ਕੇ ਕਿਹਾ ਕਿ ਇਸ ਗਲ ਵਿਚ ਕਿਤਨੀ-ਕੁ ਸਚਾਈ ਹੈ, ਇਸ ਬਾਰੇ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਜਾਂ ਪਾਕਿਸਤਾਨ ਦੇ ਸਬੰਧਤ ਅਧਿਕਾਰੀ ਹੀ ਦਸ ਸਕਦੇ ਹਨ, ਪਰ ਇਸ ਵਿਚ ਪਾਕਿਸਤਾਨ ਦੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਨਾ ਸੌਂਪੇ ਜਾਣ ਦੇ ਸਬੰਧ ਵਿਚ ਜੋ ਦਲੀਲ ਦਿਤੀ ਗਈ ਦਸੀ ਗਈ ਹੈ, ਉਸ ਵਿਚਲੀ ਸੱਚਾਈ ਨੂੰ ਤਾਂ ਨਕਾਰਿਆ ਨਹੀਂ ਜਾ ਸਕਦਾ।
ਇਸਦੇ ਨਾਲ ਹੀ ਉਨ੍ਹਾਂ ਕਿਹਾ, ਕਿ ਜੇ ਇਸ ਗਲ ਨੂੰ ਇਕ ਪਾਸੇ ਵੀ ਰਖ ਦਿੱਤਾ ਜਾਏ ਤਾਂ ਵੀ ਵਿਚਾਰਨ ਵਾਲੀ ਗਲ ਇਹ ਹੈ ਕਿ ਅਰਦਾਸ ਵਿੱਚ ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ ਦਾ ਦਾਨ 'ਖਾਲਸਾ' ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾਂਦੀ ਚਲੀ ਆ ਰਹੀ ਹੈ। ਇਹ ਮੰਗ ਕਰਦਿਆਂ ਸ਼ਾਇਦ ਕਿਸੇ ਦਾ ਧਿਆਨ ਇਸ ਪਾਸੇ ਨਹੀਂ ਜਾਂਦਾ ਕਿ 'ਦਰਸ਼ਨ-ਦੀਦਾਰ' ਤੇ 'ਸੇਵਾ-ਸੰਭਾਲ' ਦੀ ਜ਼ਿਮੇਂਦਾਰੀ 'ਖਾਲਸਾ' ਜੀ ਨੂੰ ਬਖਸ਼ੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ। ਸੁਆਲ ਉਠਦਾ ਹੈ ਕਿ ਕੀ ਸ਼੍ਰੋਮਣੀ ਗੁਰਦੁਆਰਾ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ ਜਾਂ ਕਿਸੇ ਹੋਰ ਧਾਰਮਕ ਸਿੱਖ ਜਥੇਬੰਦੀ ਦੇ ਮੁੱਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੀਨੇ ਤੇ ਹੱਥ ਰਖ, ਦਾਅਵੇ ਦੇ ਨਾਲ ਕਹਿ ਸਕਦੇ ਹਨ ਕਿ ਉਹ ਸੱਚੇ-ਸੁੱਚੇ ਅਤੇ ਸਥਾਪਤ ਕਸੌਟੀ ਪੁਰ ਪੂਰੇ ਉਤਰ ਸਕਣ ਵਾਲੇ 'ਖਾਲਸਾ' ਹਨ?
ਸਿੱਖਾਂ ਦੀਆਂ ਦੋ ਸਭ ਤੋਂ ਵੱਡੀਆਂ ਧਾਰਮਕ ਜਥੇਬੰਦੀਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਨ, ਇਨ੍ਹਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਾਂ ਦਹਾਕਿਆਂ ਤੋਂ ਇਕੋ ਜਥੇਬੰਦੀ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਚਲੀ ਆ ਰਹੀ ਹੈ, ਪ੍ਰੰਤੂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੱਤਾ ਬਦਲਦੀ ਰਹਿੰਦੀ ਹੈ, ਜਿਵੇਂ ਚਾਰ-ਪੰਜ ਸਾਲ ਪਹਿਲ਼ਾਂ ਤਕ ਇਸਦੀ ਸੱਤਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਥਾਂ ਵਿੱਚ ਰਹੀ। ਹੁਣ ਇਸਦੀ ਸੱਤਾ ਪੁਰ ਬਾਦਲ ਅਕਾਲੀ ਦਲ ਆਪ ਹੀ ਕਾਬਜ਼ ਹੋ ਗਿਆ ਹੋਇਆ ਹੈ। ਸ਼੍ਰੋਮਣੀ ਗੁਰਦੁਆਰਾ ਕਮੇਟੀ ਅਤੇ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਪੁਰ ਕਬਜ਼ਾ ਕਰਨ ਅਤੇ ਕਬਜ਼ਾ ਬਣਾਈ ਰਖਣ ਲਈ ਜੋ ਹਥਕੰਡੇ ਵਰਤੇ ਜਾਂਦੇ ਹਨ, ਉਨ੍ਹਾਂ ਪੁਰ ਕੋਈ ਵੀ ਸਿੱਖ ਮਾਣ ਨਹੀਂ ਕਰ ਸਕਦਾ। ਇਸ ਉਦੇਸ਼ ਲਈ ਵਰਤੇ ਜਾਂਦੇ ਹਥ-ਕੰਡਿਆਂ ਨੂੰ ਵੇਖ-ਸੁਣ ਕੇ ਨਾ ਕੇਵਲ ਹਰ ਸਿੱਖ ਦਾ ਸਿਰ ਸ਼ਰਮ ਨਾਲ ਝੁਕ ਜਾਂਦਾ ਹੈ, ਸਗੋਂ ਗ਼ੈਰ-ਸਿੱਖਾਂ ਦੀਆਂ ਨਜ਼ਰਾਂ ਵਿਚ ਵੀ ਸਮੁਚੀ ਕੌਮ ਦੀ ਸਥਿਤੀ ਹਾਸੋ-ਹੀਣੀ ਬਣ ਜਾਂਦੀ ਹੈ। ਇਹ ਸਭ ਕੁਝ ਸਮਝਦਿਆਂ-ਬੁਝਦਿਆਂ ਹੋਇਆਂ ਵੀ ਕਿਸੇ ਨੂੰ ਕੋਈ ਚਿੰਤਾ ਨਹੀਂ।

...ਅਤੇ ਅੰਤ ਵਿੱਚ : ਇਸ ਸਾਰੀ ਗਲ ਨੂੰ ਧਿਆਨ ਨਾਲ ਸੁਣਦਿਆਂ ਇੱਕ ਸਜੱਣ ਕਿਹਾ ਕਿ ਫਿਰ ਤਾਂ ਸੁਆਲ ਇਹ ਉਠਦਾ ਹੈ ਕਿ ਅਜਿਹੀ ਸਥਿਤੀ ਵਿਚ ਅਰਦਾਸ ਕਰ, ਪੰਥ ਪਾਸੋਂ ਵਿਛੋੜੇ ਗਏ ਗੁਰਦੁਆਰਿਆਂ ਤੇ ਹੋਰ ਗੁਰਧਾਮਾਂ ਦੇ ਖੁਲ੍ਹੇ ਦਰਸ਼ਨ-ਦੀਦਾਰ ਤੇ ਸੇਵਾ-ਸੰਭਾਲ 'ਖਾਲਸਾ' ਜੀ ਨੂੰ ਬਖਸ਼ੇ ਜਾਣ ਦੀ ਮੰਗ, ਜੋ ਬੀਤੇ ਸੱਤ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਕੀਤੀ ਜਾਂਦੀ ਚਲੀ ਆ ਰਹੀ ਹੈ ਅਤੇ ਹੁਣ ਤਕ ਲਖਾਂ ਨਹੀਂ ਕਰੋੜਾਂ ਵਾਰ ਕੀਤੀ ਜਾ ਚੁਕੀ ਹੈ। ਅਗੋਂ ਵੀ ਲਗਾਤਾਰ ਕੀਤੀ ਜਾਂਦੀ ਰਹੇਗੀ, ਬਾਰੇ ਆਪਣੇ ਅੰਦਰ ਝਾਤੀ ਮਾਰ ਕੇ ਆਪਣੇ-ਆਪ ਤੋਂ ਹੀ ਪੁੱਛ ਵੇਖੋ ਕਿ ਇਸ ਅਰਦਾਸ ਰਾਹੀਂ ਕੀਤੀ ਜਾ ਰਹੀ ਇਸ ਮੰਗ ਨੂੰ ਪੂਰਿਆਂ ਕਰਨ ਲਈ, ਉਹ ਕਿਹੜਾ 'ਖਾਲਸਾ' ਹੈ, ਜਿਸਨੂੰ ਅਕਾਲ ਪੁਰਖ ਇਨ੍ਹਾਂ ਗੁਰਦੁਆਰਿਆਂ ਦੇ ਖੁਲ੍ਹੇ ਦਰਸ਼ਨ-ਦੀਦਾਰ ਅਤੇ ਸੇਵਾ-ਸੰਭਾਲ ਦੀ ਜ਼ਿਮੇਂਦਾਰੀ ਦੀ ਬਖਸ਼ਸ਼ ਕਰੇ?

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸਿੱਖੀ ਨੂੰ ਲਗ ਰਹੀ ਢਾਹ ਪੁਰ ਚਿੰਤਾ, ਪਰ... - ਜਸਵੰਤ ਸਿੰਘ 'ਅਜੀਤ'

ਸਮੇਂ-ਸਮੇਂ ਸਿੱਖ ਆਗੂਆਂ ਵਲੋਂ ਸਿੱਖੀ ਨੂੰ ਲਗ ਰਹੀ ਢਾਹ ਪੁਰ ਚਿੰਤਾ ਪ੍ਰਗਟ ਕੀਤੀ ਜਾਂਦੀ ਰਹਿੰਦੀ ਹੈ। ਇਸਦੇ ਨਾਲ ਹੀ ਸਿੱਖੀ ਨੂੰ ਲਗ ਰਹੀ ਢਾਹ ਨੂੰ ਠਲ੍ਹ ਪਾਣ ਅਤੇ ਲਗ ਚੁਕੀ ਢਾਹ ਵਿਚੋਂ ਉਭਰਨ ਲਈ ਗੰਭੀਰ ਵਿਚਾਰ-ਵਟਾਂਦਰੇ ਵੀ ਕੀਤੇ ਜਾਂਦੇ ਰਹਿੰਦੇ ਹਨ। ਇਨ੍ਹਾਂ ਵਿਚਾਰ-ਵਟਾਂਦਰਿਆਂ ਦੌਰਾਨ ਰਾਹ ਵੀ ਤਲਾਸ਼ੇ ਜਾਂਦੇ ਹਨ ਤੇ ਸਾਧਨ ਵੀ। ਪ੍ਰੰਤੂ ਗਲ ਇਸ ਤੋਂ ਅਗੇ ਨਹੀਂ ਵੱਧ ਪਾਂਦੀ। ਇਸਦਾ ਕਾਰਣ ਇਹ ਹੈ ਕਿ ਜੋ ਰਾਹ ਤਲਾਸ਼ੇ ਗਏ ਹੁੰਦੇ ਹਨ ਤੇ ਸਾਧਨ ਵਰਤੇ ਜਾਣੇ ਹੁੰਦੇ ਹਨ, ਉਹ ਧਾਰਮਕ ਸੰਸਥਾਵਾਂ ਦੇ ਮੁੱਖੀਆਂ ਨੂੰ ਸਹਿਜ ਨਹੀਂ ਜਾਪਦੇ। ਇਨ੍ਹਾਂ ਦੇ ਮੁਕਾਬਲੇ ਕੀਰਤਨ ਦਰਬਾਰ ਅਤੇ ਗੁਰਮਤਿ ਸਮਾਗਮ ਕਰਵਾਉਣੇ ਉਨ੍ਹਾਂ ਲਈ ਬਹੁਤ ਹੀ ਸਹਿਜ ਹੁੰਦੇ ਹਨ।
ਇਸ ਗਲ ਬਾਰੇ ਕਦੀ ਵੀ ਸੋਚ-ਵਿਚਾਰ ਨਹੀਂ ਕੀਤੀ ਜਾਂਦੀ ਕਿ ਕੀਰਤਨ ਦਰਬਾਰਾਂ ਅਤੇ ਗੁਰਮਤਿ ਸਮਾਗਮਾਂ ਵਿਚ ਉਹ ਨੌਜਵਾਨ ਆਉਂਦੇ ਹੀ ਨਹੀਂ ਜੋ ਸਿੱਖੀ ਵਿਰਸੇ ਨਾਲੋਂ ਟੁੱਟ ਚੁਕੇ ਹੁੰਦੇ ਹਨ ਅਤੇ ਰੋਜ਼ ਦਿਨ ਪੈਦਾ ਕੀਤੇ ਜਾ ਰਹੇ ਨਵੇਂ ਤੋਂ ਨਵੇਂ ਵਿਵਾਦਾਂ ਤੋਂ ਉਪਰਾਮ ਹੋ ਵਿਰਸੇ ਨਾਲੋਂ ਟੁੱਟਣ ਦੀ ਤਿਆਰੀ ਕਰ ਰਹੇ ਹੁੰਦੇ ਹਨ। ਜੋ ਇਨ੍ਹਾਂ ਸਮਾਗਮਾਂ ਵਿਚ ਆਉਂਦੇ ਹਨ, ਉਨ੍ਹਾਂ ਨੂੰ ਇਨ੍ਹਾਂ ਸਮਾਗਮਾਂ ਵਿਚ ਵਿਦਵਾਨਾਂ ਤੇ ਬੁਧੀਜੀਵੀਆਂ ਦੇ 'ਉੱਚ-ਪਧਰੀ' ਭਾਸ਼ਣ ਸਮਝ ਹੀ ਨਹੀਂ ਆਉਂਦੇ ਅਤੇ ਰਾਜਸੀ ਭਾਸ਼ਣਾਂ ਉਨ੍ਹਾਂ ਲਈ ਪਹਿਲਾਂ ਤੋਂ ਹੀ ਦੁਬਿੱਧਾ ਦਾ ਕਾਰਣ ਬਣੇ ਚਲੇ ਆ ਰਹੇ ਹੁੰਦੇ ਹਨ।
ਆਮ ਤੋਰ ਤੇ ਅਜਿਹੇ ਸਮਾਗਮਾਂ ਵਿਚ ਜੇ ਕੋਈ ਧਰਮ ਦੀ ਗਲ ਕੀਤੀ ਵੀ ਜਾਂਦੀ ਹੈ, ਤਾਂ ਉਸ ਵਿਚ ਵੀ ਸਿੱਖ ਆਗੂਆਂ, ਧਾਰਮਕ ਮੁੱਖੀਆਂ ਅਤੇ ਪ੍ਰਚਾਰਕਾਂ ਵਲੋਂ ਇਸ ਗਲ ਤੇ ਹੀ ਜ਼ੋਰ ਦਿਤਾ ਜਾਂਦਾ ਹੈ ਕਿ ਹਰ ਸਿੱਖ ਲਈ ਦਸਮੇਸ਼ ਪਿਤਾ ਦੀ ਦਾਤ, ਅੰਮ੍ਰਿਤ ਛਕਣਾ ਬਹੁਤ ਜ਼ਰੂਰੀ ਹੈ। ਜੋ ਅੰਮ੍ਰਿਤ ਨਹੀਂ ਛਕਦਾ ਉਹ ਸਿੱਖ ਨਹੀਂ ਹੋ ਸਕਦਾ। ਇਸਦੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ, ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਣ ਦਾ ਆਦੇਸ਼ ਦਿਤਾ ਹੈ, ਇਸ ਕਰ ਕੇ ਇਸ ਪੁਰ ਕਿੰਤੂ ਨਹੀਂ ਕੀਤਾ ਜਾ ਸਕਦਾ।
ਇਸ ਸਮੇਂ ਸਿੱਖ ਪੰਥ ਦੇ ਸਾਹਮਣੇ ਸਭ ਤੋਂ ਵੱਡਾ ਸੁਆਲ ਇਹ ਹੈ ਕਿ ਸਿੱਖੀ ਨੂੰ ਕਿਵੇਂ ਬਚਾਇਆ ਜਾਏ ਤੇ ਲਗ ਰਹੀ ਢਾਹ ਤੋਂ ਇਸਨੂੰ ਕਿਵੇਂ ਉਭਾਰਿਆ ਜਾਏ? ਜੋ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁੱਟਦੇ ਜਾ ਰਹੇ ਹਨ, ਉਨ੍ਹਾਂ ਨੂੰ ਕਿਵੇਂ ਰੋਕਿਆ ਜਾਏ ਤੇ ਜੋ ਟੁੱਟ ਗਏ ਹੋਏ ਹਨ ਉਨ੍ਹਾਂ ਨੂੰ ਕਿਵੇਂ ਵਾਪਸ ਲਿਆਂਦਾ ਜਾਏ?
ਇਹ ਗਲ ਸਮਝ ਲੈਣੀ ਚਾਹੀਦੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਿਰਜਣਾ ਨਹੀਂ ਸੀ ਕੀਤੀ, ਸਗੋਂ ਉਨ੍ਹਾਂ ਨੇ ਤਾਂ ਉਸ ਪੰਥ ਦੀ ਸਿਰਜਣਾ ਨੂੰ ਸੰਪੂਰਨਤਾ ਪ੍ਰਦਾਨ ਕੀਤੀ ਸੀ, ਜਿਸਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਰਖੀ ਸੀ ਤੇ ਜਿਸਦੀ ਉਸਾਰੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਉਨ੍ਹਾਂ ਦੀਆਂ ਅੱਠ ਜੋਤਾਂ ਨੇ ਯੋਗਦਾਨ ਪਾਇਆ ਸੀ। ਇਸਤਰ੍ਹਾਂ ਤਕਰੀਬਨ ਦੋ ਸੌ ਤੀਹ ਵਰ੍ਹਿਆਂ ਦੀ ਅਦੁਤੀ ਘਾਲਣਾ ਤੋਂ ਬਾਅਦ ਹੀ ਖਾਲਸਾ ਪੰਥ (ਸੰਤ-ਸਿਪਾਹੀ) ਦੀ ਸਿਰਜਣਾ ਸੰਪੂਰਣ ਹੋਈ ਸੀ। ਉਹ ਵੀ ਐਂਵੇ ਹੀ ਨਹੀਂ ਹੋ ਗਈ। ਇਸਨੂੰ ਸੰਪੂਰਨ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਾਂ ਦੀ ਭੇਂਟ ਲਈ ਸੀ। ਇਹ ਗਲ ਵੀ ਯਾਦ ਰਖਣ ਵਾਲੀ ਹੈ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖੀ ਦੀ ਨੀਂਹ ਰਖਦਿਆਂ ਹੀ ਸਪਸ਼ਟ ਕਰ ਦਿਤਾ ਸੀ ਕਿ ਇਹ ਮਾਰਗ ਬਹੁਤ ਕਠਨ ਹੈ: 'ਇਤੁ ਮਾਰਗ ਪੈਰ ਧਰੀਜੇ ਸਿਰ ਦੀਜੈ ਕਾਣ ਨਾ ਕਜਿੈ'। ਇਸ ਤਰ੍ਹਾਂ ਗੁਰੂ ਸਾਹਿਬ ਨੇ ਪਹਿਲਾਂ ਹੀ ਸਪਸ਼ਟ ਕਰ ਦਿਤਾ ਸੀ ਕਿ ਸਿੱਖੀ ਵਿਚ 'ਸਿਰ ਦੀ ਭੇਂਟ' ਪਹਿਲੀ ਸ਼ਰਤ ਹੈ। ਇਸੇ ਸ਼ਰਤ ਦੇ ਆਧਾਰ ਤੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰੀਖਿਆ ਲੈ, ਸਿੱਖੀ ਦੇ ਮਹਿਲ ਦੀ ਸਿਰਜਣਾ ਨੂੰ ਸੰਪੂਰਨਤਾ ਦਿਤੀ।

ਸਿੱਖੀ ਦਾ ਨਿਸ਼ਾਨਾ ਰਾਜਸੱਤਾ ਨਹੀਂ: ਇਤਿਹਾਸ ਗੁਆਹ ਹੈ ਕਿ ਗੁਰੂ ਸਾਹਿਬਾਨ ਦੇ ਸਮੇਂ ਨਾ ਤਾਂ ਗੁਰੂ ਸਾਹਿਬ ਕੋਲ ਅਤੇ ਨਾ ਹੀ ਉਨ੍ਹਾਂ ਦੇ ਸਿੱਖਾਂ ਪਾਸ ਕੋਈ ਰਾਜਸੱਤਾ ਸੀ। ਜਿਸ ਸਮੇਂ ਸਿੱਖ ਸੰਘਰਸ਼ ਦੇ ਦੌਰ ਵਿਚੋਂ ਗੁਜ਼ਰ ਰਹੇ ਸਨ, ਉਸ ਸਮੇਂ ਸਿੱਖੀ ਮਜ਼ਬੂਤ ਸੀ, ਜਿਸਦੇ ਸਹਾਰੇ ਸਿੱਖ ਜਬਰ-ਜ਼ੁਲਮ ਦਾ ਨਾਸ਼ ਕਰਨ ਪ੍ਰਤੀ ਦ੍ਰਿੜ੍ਹ ਸੰਕਲਪ ਹੋ ਜੁਟੇ ਹੋਏ ਸਨ। ਇਹ ਮੰਨਿਆ ਜਾਂਦਾ ਹੈ ਕਿ ਰਾਜਸੱਤਾ ਅਤੇ ਸਿੱਖਾਂ ਵਿਚਕਾਰ ਕਦੀ ਵੀ ਤਾਲਮੇਲ ਨਹੀਂ ਬੈਠ ਸਕਿਆ। ਇਸਦਾ ਕਾਰਣ ਇਹ ਹੈ ਕਿ ਜਿਥੇ ਰਾਜਸੱਤਾ ਜਬਰ ਤੇ ਜ਼ੁਲਮ ਦਾ ਸਹਾਰਾ ਲਏ ਬਿਨਾਂ ਨਾ ਤਾਂ ਕਾਇਮ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਇਸਤੋਂ ਬਿਨਾਂ ਉਸਨੂੰ ਕਾਇਮ ਹੀ ਰਖਿਆ ਜਾ ਸਕਦਾ ਹੈ, ਇਸਦੇ ਵਿਰੁਧ ਸਿੱਖ ਸੁਭਾਉੇ ਤੋਂ ਹੀ ਵਿਦਰੋਹੀ ਹੈ, ਉਹ ਸੌੜੀ-ਸੰਕੋਚਵੀਂ ਧਾਰਮਕ ਸੋਚ, ਕਰਮ-ਕਾਂਡਾਂ, ਪਖੰਡਾਂ ਅਤੇ ਜਬਰ-ਜ਼ੁਲਮ ਅਧਾਰਤ ਰਾਜ ਸੱਤਾ ਵਿਰੁਧ ਲਗਾਤਾਰ ਜੂਝਦਾ ਚਲਿਆ ਆ ਰਿਹਾ ਹੈ। ਸਿੱਖ ਮਾਨਤਾਵਾਂ ਅਨੁਸਾਰ ਰਾਜਸੱਤਾ ਨੇ ਸਦਾ ਹੀ ਸਿੱਖੀ ਨੂੰ ਨੁਕਸਾਨ ਹੀ ਪਹੁੰਚਾਇਆ ਹੈ।
ਕਈ ਸਿੱਖ ਵਿਦਵਾਨ ਇਹ ਦਾਅਵਾ ਕਰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖਾਂ ਦੀ ਗਿਣਤੀ ਬਹੁਤ ਵਧ ਗਈ ਸੀ। ਪਰ ਉਹ ਇਸ ਗਲ ਨੂੰ ਨਜ਼ਰ-ਅੰਦਾਜ਼ ਕਰ ਜਾਂਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਸਿਤਾਰਾ ਡੁਬਦਿਆਂ ਹੀ ਉਹ ਸਾਰੇ, ਜੋ ਰਾਜਸੱਤਾ ਦਾ ਸੁੱਖ ਮਾਨਣ ਲਈ ਸਿੱਖੀ ਸਰੂਪ ਦੇ ਧਾਰਣੀ ਬਣੇ ਸਨ, ਸਿੱਖੀ ਸਰੂਪ ਨੂੰ ਤਿਲਾਂਜਲੀ ਦੇ ਗਏ ਅਤੇ ਸਿੱਖਾਂ ਦੀ ਗਿਣਤੀ ਤਕਰੀਬਨ ਪੰਜ ਹਜ਼ਾਰ ਹੀ ਰਹਿ ਗਈ ਸੀ।
ਆਜ਼ਾਦੀ ਤੋਂ ਬਾਅਦ ਕਈ ਵਾਰ ਅਕਾਲੀ ਸੱਤਾ ਵਿਚ ਆਏ। ਉਨ੍ਹਾਂ ਨੇ ਸਿੱਖਾਂ ਪਾਸੋਂ ਰਾਜ-ਭਾਗ ਦੀ ਮੰਗ ਕਰਦਿਆਂ ਉਨ੍ਹਾਂ ਵਿਚ ਇਹ ਭਰਮ ਪੈਦਾ ਕਰਨ ਵਿਚ ਵੀ ਕੋਈ ਕਸਰ ਨਹੀਂ ਛੱਡੀ ਕਿ 'ਰਾਜ ਬਿਨਾਂ ਨਹਿ ਧਰਮ ਚਲੈ ਹੈਂ', ਪਰ ਇਤਿਹਾਸ ਗੁਆਹ ਹੈ ਕਿ ਕਿਸੇ ਵੀ ਸਮੇਂ ਰਾਜ-ਸੱਤਾ ਧਰਮ ਦੀ ਰਖਿਆ ਨਹੀਂ ਕਰ ਸਕੀ। ਜੇ ਰਾਜ-ਸੱਤਾ ਧਰਮ ਦੀ ਰਖਿਆ ਕਰ ਸਕਦੀ ਤਾਂ ਅਜ ਪੰਜਾਬ ਦਾ ਅੱਸੀ ਪ੍ਰਤੀਸ਼ਤ ਨੌਜਵਾਨ ਸਿੱਖੀ ਵਿਰਸੇ ਨਾਲੋਂ ਟੁ    ੱਟ ਨਾ ਗਿਆ ਹੁੰਦਾ। ਇਨ੍ਹਾਂ ਹਾਲਾਤ ਵਿਚ ਇਹ ਗਲ ਸਵੀਕਾਰ ਕਰਨੀ ਹੀ ਹੋਵੇਗੀ ਕਿ ਸਿੱਖ ਧਰਮ ਦੀਆਂ ਮਾਨਤਾਵਾਂ, ਪਰੰਪਰਾਵਾਂ ਅਤੇ ਮਰਿਆਦਾਵਾਂ ਦੀ ਰਖਿਆ ਤਾਂ ਹੀ ਸੰਭਵ ਹੈ, ਜੇ ਉਹ ਰਾਜ-ਸੱਤਾ ਦੇ ਪ੍ਰਭਾਵ ਤੋਂ ਮੁਕਤ ਹੋਣ।
ਇਸਦਾ ਕਾਰਣ ਇਹ ਹੈ ਕਿ ਰਾਜਨੀਤੀ ਵਿਚ ਤਾਂ ਗ਼ੈਰ-ਸਿਧਾਂਤਕ ਸਮਝੌਤੇ ਕੀਤੇ ਜਾ ਸਕਦੇ ਹਨ ਪਰ ਧਰਮ ਦੇ ਮਾਮਲੇ ਵਿਚ ਕਿਸੇ ਵੀ ਤਰ੍ਹਾਂ ਦੇ ਨਾ ਤਾਂ ਗ਼ੈਰ-ਸਿਧਾਂਤਕ ਸਮਝੌਤੇ ਹੋ ਸਕਦੇ ਹਨ ਤੇ ਨਾ ਹੀ ਕਿਸੇ ਤਰ੍ਹਾਂ ਦਾ ਗਠਜੋੜ।  

ਪੰਥ ਵਿਚ ਢਹਿੰਦੀ-ਕਲਾ: ਇਕ ਦ੍ਰਿਸ਼ਟੀਕੋਣ ਇਹ ਵੀ : ਇਕ ਦਿਨ ਅਚਾਨਕ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ 'ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ' ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂਅ ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਜੋ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫਤਿਆਂ, ਮਹੀਨਿਆਂ ਜਾਂ ਵਰ੍ਹਿਆਂ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸਨੂੰ ਰਾਜਨੀਤੀ ਮੰਨਿਆ ਜਾਣ    ਲਗਾ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।

...ਅਤੇ ਅੰਤ ਵਿੱਚ : ਇਨ੍ਹਾਂ ਵਿਚਾਰਾਂ ਦੀ ਰੋਸ਼ਨੀ ਵਿੱਚ ਵਿਚਾਰਿਆ ਜਾਏ ਤਾਂ ਇਹ ਸੁਆਲ ਉਭਰ ਕੇ ਸਾਹਮਣੇ ਆਉਂਦਾ ਹੈ ਕਿ ਆਖਿਰ ਅੱਜ ਹੋ ਕੀ ਰਿਹਾ ਹੈ? ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਬਿਲਕੁਲ ਹੀ ਭੁਲਾ ਦਿਤਾ ਜਾਂਦਾ ਹੈ। ਜੇ ਗੰਭੀਰਤਾ ਨਾਲ ਸੋਚਿਆ-ਵਿਚਾਰਿਆ ਜਾਏ ਤਾਂ ਇਉਂ ਜਾਪੇਗਾ ਜਿਵੇਂ ਇਹੀ ਕਾਰਣ ਹੈ ਜਿਸਦੇ ਫਲਸਰੂਪ ਪੰਥ ਵਿੱਚ ਲਗਾਤਾਰ ਢਹਿੰਦੀ ਕਲਾ ਆਉਂਦੀ ਜਾ ਰਹੀ ਹੈ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085