Jaswant Singh Ajit

ਦਿੱਲੀ ਗੁਰਦੁਅਰਾ ਚੋਣਾਂ ਦਾ ਇਹ ਦੌਰ 'ਨਿਖਿਧ' ਮੰਨਿਆ ਜਾਇਗਾ? - ਜਸਵੰਤ ਸਿੰਘ 'ਅਜੀਤ'

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜੋ ਆਮ ਚੋਣਾਂ, 25 ਅਪ੍ਰੈਲ ਨੂੰ ਹੋਣ ਜਾ ਰਹੀਆਂ ਸਨ, ਉਹ ਸਮੁਚੇ ਦੇਸ਼ ਦੇ ਨਾਲ ਦਿੱਲੀ ਪੁਰ ਟੁੱਟੇ ਕੋਰੋਨਾ ਦੇ ਕਹਿਰ ਕਾਰਣ ਅਗਲੇ ਆਦੇਸ਼ ਤਕ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਚੋਣਾਂ ਦੇ ਬੀਤੇ ਦੌਰ ਦੇ ਦੌਰਾਨ ਮਤਦਾਤਾਵਾਂ ਨੂੰ ਲੁਭਾ, ਆਪਣੇ ਪਾਲੇ ਵਿੱਚ ਲਿਆਉਣ ਦੇ ਉਦੇਸ਼ ਨਾਲ ਚੋਣ ਪ੍ਰਚਾਰ ਕਰਦਿਆਂ ਜਿਸਤਰ੍ਹਾਂ ਗੁਰਦੁਅਰਾ ਪ੍ਰਬੰਧ ਨਾਲ ਸੰਬੰਧਤ ਮੁੱਖ ਏਜੰਡੇ ਨੂੰ ਦਰਕਿਨਾਰ ਕਰ, ਇੱਕ-ਦੂਜੇ ਦੀ ਛੱਬੀ ਖਰਾਬ ਕਰਨ ਲਈ ਘਟੀਆ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਰਹੀ, ਉਸ ਪੁਰ ਟਿੱਪਣੀ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਉਪ-ਕੁਲਪਤੀ ਡਾ. ਜਸਪਾਲ ਸਿੰਘ ਨੇ ਕਿਹਾ ਕਿ ਦਿੱਲੀ ਗੁਰਦੁਆਰਾ ਚੋਣਾਂ ਦਾ ਇਹ ਦੌਰ ਹੁਣ ਤਕ ਹੋਈਆਂ ਸਾਰੀਆਂ ਗੁਰਦੁਆਰਾ ਚੋਣਾਂ ਦੇ ਦੌਰ ਵਿਚੋਂ ਸਭ ਤੋਂ 'ਨਿਖਿਧ' ਮੰਨਿਆ ਜਾਇਗਾ। ਉਨ੍ਹਾਂ ਕਿਹਾ ਕਿ ਹੁਣ ਤਕ ਜਿਤਨੀਆਂ ਵੀ ਗੁਰਦੁਆਰਾ ਚੋਣਾਂ ਹੁੰਦੀਆਂ ਆਈਆਂ ਹਨ, ਉਨ੍ਹਾਂ ਵਿੱਚ ਹਿੱਸਾ ਲੈਣ ਵਾਲੀ ਕਿਸੇ ਵੀ ਪਾਰਟੀ ਨੇ ਕਦੀ ਵੀ ਇੱਕ-ਦੂਜੇ ਪੁਰ ਅਜਿਹੀ ਘਟੀਆ ਛੀਂਟਾਕਸ਼ੀ ਨਹੀਂ ਸੀ ਕੀਤੀ, ਜਿਹੋ-ਜਿਹੀ ਇਸ ਵਾਰ ਕੀਤੀ ਜਾਂਦੀ ਰਹੀ। ਇਸੇ ਤਰ੍ਹਾਂ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗਲ ਨੂੰ ਲੈ ਕੇ ਹੈਰਾਨੀ ਹੋਈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਾਅਦ ਦੂਜੀ ਸਭ ਤੋਂ ਵੱਡੀ ਧਾਰਮਕ ਸਿੱਖ ਜਥੇਬੰਦੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਸਿੱਖਾਂ ਦੀ ਧਾਰਮਕ ਪ੍ਰਤੀਨਿਧਤਾ ਕਰਨ ਦੇ ਦਾਅਵੇ-ਦਾਰਾਂ ਵਲੋਂ, ਆਪਣੇ ਚੋਣ ਪ੍ਰਚਾਰ ਦੌਰਾਨ ਨਾ ਤਾਂ ਧਾਰਮਕ ਜਥੇਬੰਦੀ ਦੇ ਮਾਣ-ਸਨਮਾਨ ਦਾ ਖਿਆਲ ਰਖਿਆ ਗਿਆ ਅਤੇ ਨਾ ਹੀ ਸਿੱਖ ਧਰਮ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਹੀ ਪਾਲਣ ਕੀਤਾ ਗਿਆ।

ਗਲ ਗੁਰਦੁਆਰਾ ਚੋਣਾਂ ਦੀ: ਇਨ੍ਹਾਂ ਚੋਣਾਂ, ਜੋ ਹੁਣ ਸਰਕਾਰ ਦੇ ਨਵੇਂ ਆਦੇਸ਼ ਦੇ ਤਹਿਤ ਆਉਣ ਵਾਲੇ ਕਿਸੇ ਵੀ ਸਮੇਂ ਹੋਣਗੀਆਂ, ਵਿੱਚ ਮੁੱਖ ਰੂਪ ਵਿੱਚ ਤਿੰਨ ਜੱਥੇਬੰਦੀਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ) ਅਤੇ ਜਾਗੋ : ਜਗ ਆਸਰਾ ਗੁਰੂ ਓਟ (ਜੀਕੇ) ਤੋਂ ਬਿਨਾਂ ਤਿੰਨ ਹੋਰ ਛੋਟੀਆਂ ਜੱਥੇਬੰਦੀਆਂ ਦੇ ਨਾਲ ਇੱਕ ਸੌ ਤੋਂ ਵੱਧ ਅਜ਼ਾਦ ਉਮੀਦਵਾਰ ਆਪੋ-ਆਪਣੀ ਕਿਸਮਤ ਅਜ਼ਮਾਣ ਲਈ ਚੋਣ ਮੈਦਾਨ ਵਿੱਚ ਉਤਰੇ ਹਨ। ਹਾਲਾਂਕਿ ਲਗਭਗ ਸਾਰੀਆਂ ਹੀ ਪਾਰਟੀਆਂ ਨੇ ਆਪੋ-ਆਪਣੇ ਚੋਣ ਮਨੋਰਥ ਪਤ੍ਰ, ਜਿਨ੍ਹਾਂ ਵਿੱਚ ਵੱਡੇ-ਵੱਡੇ ਦਿਲ-ਲੁਭਾਊ ਵਾਇਦੇ ਕਰ ਮਤਦਾਤਾਵਾਂ ਨੂੰ ਆਪਣੇ ਪਾਲੇ ਵਿੱਚ ਆਉਣ ਦਾ ਸਦਾ ਦਿੱਤਾ ਗਿਆ ਹੈ, ਜਾਰੀ ਕੀਤੇ ਗਏ ਹਨ, ਫਿਰ ਵੀ ਸਾਰੀਆਂ ਹੀ ਪਾਰਟੀਆਂ ਦੇ ਮੁਖੀਆਂ ਦੀ ਕੌਸ਼ਿਸ਼ ਇਹੀ ਹੈ ਕਿ ਉਹ ਵਿਰੋਧੀ ਦੀ ਛੱਬੀ ਨੂੰ ਨਕਾਰਾਤਮਕ ਰੂਪ ਵਿੱਚ ਪੇਸ਼ ਕਰ, ਮਤਦਾਤਾ ਨੂੰ ਉਸਤੋਂ ਦੂਰ ਕਰ ਆਪਣੇ ਪਾਲੇ ਵਿੱਚ ਆਉਣ ਲਈ ਪ੍ਰੇਰਤ ਕਰਨ ਵਿੱਚ ਸਫਲ ਹੋ ਜਾਣ।

ਬਾਦਲ ਅਕਾਲੀ ਦਲ: ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ 'ਦੋ ਵਰ੍ਹੇ ਬੇਮਿਸਾਲ' ਦੇ ਨਾਂ ਨਾਲ ਦੋ-ਪੰਨਿਆਂ ਦਾ ਦਾਅਵਾ-ਨਾਮਾ ਪ੍ਰਕਾਸ਼ਿਤ ਕਰ, ਮਤਦਾਤਾਵਾਂ ਨੂੰ ਇਹ ਦਸਣ ਦੀ ਕੌਸ਼ਿਸ਼ ਕੀਤੀ ਹੈ, ਕਿ ਉਸਦੇ ਮੁਖੀਆਂ ਨੇ ਬੀਤੇ ਦੋ ਵਰ੍ਹਿਆਂ ਵਿੱਚ ਕੀ ਤੇ ਕਿਤਨੀਆਂ 'ਮਲਾਂ' ਮਾਰੀਆਂ ਹਨ। ਉਨ੍ਹਾਂ ਦੇ ਇਸ ਦਾਅਵੇ ਵਿੱਚ ਕਿਤਨੀ ਸੱਚਾਈ ਹੈ? ਇਹ ਫੈਸਲਾ ਤਾਂ ਦਿੱਲੀ ਦੇ ਮਤਦਾਤਾਵਾਂ ਵਲੋਂ ਕੀਤਾ ਜਾਣਾ ਹੈ। ਅਸੀਂ ਤਾਂ ਕੇਵਲ ਇਹੀ ਪੁਛਣਾ ਚਾਹੁੰਦੇ ਹਾਂ ਕਿ ਸ. ਸਿਰਸਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀਆਂ ਪ੍ਰਾਪਤੀਆਂ ਵਿੱਚ ਉਨ੍ਹਾਂ 6 ਵਰ੍ਹਿਆਂ ਦੀਆਂ 'ਪ੍ਰਾਪਤੀਆਂ' ਦਾ ਕੋਈ ਜ਼ਿਕਰ ਕਿਉਂ ਨਹੀਂ ਕੀਤਾ, ਜਿਸ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਪੁਰ ਬਾਦਲ ਅਕਾਲੀ ਦਲ ਦੀ ਹੀ ਸੱਤਾ ਕਾਇਮ ਸੀ ਤੇ ਜਨਰਲ ਸਕਤੱਰ ਦੇ ਅਹੁਦੇ ਪੁਰ ਹੁੰਦਿਆਂ ਹੋਇਆਂ ਉਹ ਕਮੇਟੀ ਦੇ ਨਿਯਮਾਂ ਅਨੁਸਾਰ ਉਸਦੇ ਹਰ ਕੰਮ ਦੇ ਲਈ ਜਵਾਬਦੇਹ ਸਨ।

ਜਾਗੋ : ਜਗ ਆਸਰਾ ਗੁਰੂ ਓਟ (ਜੀਕੇ) ਵਲੋਂ ਆਪਣੇ ਚੋਣ ਪ੍ਰਚਾਰ ਦੌਰਾਨ ਦਿੱਲੀ ਗੁਰਦੁਆਰਾ ਕਮੇਟੀ ਦੇ ਉਨ੍ਹਾਂ 6 ਵਰ੍ਹਿਆਂ ਦੀਆਂ ਪ੍ਰਾਪਤੀਆਂ ਦਾ ਕੋਈ ਜ਼ਿਕਰ ਨਹੀਂ ਕੀਤਾ ਗਿਆ, ਜਿਸ ਦੌਰਾਨ ਮਨਜੀਤ ਸਿੰਘ ਜੀਕੇ ਕਮੇਟੀ ਦੇ ਪ੍ਰਧਾਨ ਰਹੇ ਸਨ। ਇਸਦੀ ਬਜਾਏ ਉਨ੍ਹਾਂ ਵਲੋਂ ਜੀਕੇ ਦੇ ਪਿਤਾ ਜ. ਸੰਤੋਖ ਸਿੰਘ ਦੀਆਂ ਉਨ੍ਹਾਂ ਪ੍ਰਾਪਤੀਆਂ ਦੇ ਪ੍ਰਚਾਰ ਨੂੰ ਪਹਿਲ ਦਿੱਤੀ। ਜੋ ਉਨ੍ਹਾਂ ਨੇ ਆਪਣੇ ਸੱਤਾਕਾਲ ਦੌਰਾਨ ਪ੍ਰਾਪਤ ਕੀਤੀਆਂ ਸਨ। ਸ਼ਾਇਦ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਜ. ਸੰਤੋਖ ਸਿੰਘ ਵਲੋਂ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦੇ ਲਈ ਜੋ ਰਿਕਾਰਡ ਪ੍ਰਾਪਤੀਆਂ ਕੀਤੀਆਂ ਗਈਆਂ, ਉਨ੍ਹਾਂ ਦਾ ਲਾਭ ਜੀਕੇ ਦੀ ਅਗਵਾਈ ਵਾਲੀ 'ਜਾਗੋ' ਦੇ ਉਮੀਦਵਾਰਾਂ ਨੂੰ ਮਿਲ ਸਕੇਗਾ।

ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ): ਇਨ੍ਹਾਂ ਦੋਹਾਂ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ), ਜੋ ਬੀਤੇ ਅੱਠ ਵਰ੍ਹਿਆਂ ਤੋਂ ਦਿੱਲੀ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਚਲਿਆ ਆ ਰਿਹਾ ਹੈ, ਕੋਲ ਇਨ੍ਹਾਂ ਅੱਠ ਵਰ੍ਹਿਆਂ ਦੀ ਕੋਈ ਪ੍ਰਾਪਤੀ ਨਹੀਂ: ਹਾਂ, ਉਨ੍ਹਾਂ ਪਾਸ ਉਸਤੋਂ ਪਹਿਲਾਂ ਦੇ ਦਸ ਵਰ੍ਹਿਆਂ ਦੀਆਂ ਪ੍ਰਾਪਤੀਆਂ ਜ਼ਰੂਰ ਹਨ, ਜਿਨ੍ਹਾਂ ਦਿਨੀਂ ਸ. ਸਰਨਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਹੇ ਸਨ। ਪ੍ਰੰਤੂ ਉਹ ਉਨ੍ਹਾਂ ਦਾ ਪ੍ਰਚਾਰ ਕਰਨ ਨਾਲੋਂ ਬਹੁਤਾ ਜ਼ੋਰ ਆਪਣੇ ਭਵਿੱਖ ਦੇ ਏਜੰਡੇ ਦੇ ਪ੍ਰਚਾਰ ਪੁਰ ਦੇ ਰਹੇ ਹਨ। ਇਨ੍ਹਾਂ ਤਿੰਨਾਂ ਪਾਰਟੀਆਂ ਤੋਂ ਬਿਨਾਂ ਜੋ ਛੋਟੀਆਂ-ਛੋਟੀਆਂ ਪਾਰਟੀਆਂ ਚੋਣ ਮੈਦਾਨ ਵਿੱਚ ਹਨ, ਉਨ੍ਹਾਂ ਵਲੋਂ ਵੀ ਆਪੋ-ਆਪਣੇ ਪੱਧਰ 'ਤੇ ਗੁਰਦੁਆਰਾ ਪ੍ਰਬੰਧ ਵਿੱਚ ਸੁਧਾਰ ਲਿਆ ਉਸਨੂੰ ਪਾਰਦਰਸ਼ੀ ਬਨਾਉਣ ਦੇ ਵਾਇਦੇ ਕੀਤੇ ਗਏ।

ਹੁਣ ਗੇਂਦ ਮਤਦਾਤਾਵਾਂ ਦੇ ਪਾਲੇ ਵਿੱਚ: ਧਾਰਮਕ ਸਿੱਖ ਬੁਧੀਜੀਵੀਆਂ ਨੇ ਸਿੱਖ ਮਤਦਾਤਾਵਾਂ ਨੂੰ ਅਪੀਲ ਕੀਤੀ ਕਿ ਇੱਕ ਤਾਂ ਉਨ੍ਹਾਂ ਨੂੰ ਗੁਰਦੁਆਰਾ ਚੋਣਾਂ ਵਿੱਚ ਵੱਧ-ਚੜ੍ਹ ਕੇ ਮਤਦਾਨ ਕਰਨ ਦੇ ਲਈ ਅੱਗੇ ਆਉਣਾ ਚਾਹੀਦਾ ਹੈ, ਤਾਂ ਜੋ ਚੰਗੇ ਬੰਦੇ ਚੁਣੇ ਜਾ ਕੇ ਗੁਰਦੁਆਰਾ ਪ੍ਰਬੰਧ ਵਿੱਚ ਭਾਈਵਾਲ ਬਣ ਸਕਣ, ਦੂਸਰਾ ਉਨ੍ਹਾਂ ਨੂੰ ਨਿਜੀ ਸੰਬੰਧਾਂ ਅਤੇ ਜਾਤ-ਬਰਾਦਰੀ ਦੀ ਸੋਚ ਤੋਂ ਉਪਰ ਉਠ ਅਤੇ ਇਹ ਸੋਚ ਕੇ ਮਤਦਾਨ ਕਰਨਾ ਚਾਹੀਦਾ ਹੈ ਕਿ ਉਹ ਕਿਸੇ ਰਾਜਸੀ ਵਿਅਕਤੀ ਦੀ ਚੋਣ ਕਰਨ ਨਹੀਂ ਜਾ ਰਹੇ, ਸਗੋਂ ਆਪਣੇ ਧਰਮ ਅਸਥਾਨਾਂ ਦਾ ਪ੍ਰਬੰਧ ਅਜਿਹੇ ਹੱਥਾਂ ਵਿੱਚ ਸੌਂਪਣ ਜਾ ਰਹੇ ਹਨ, ਜੋ ਸਥਾਪਤ ਧਾਰਮਕ ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਅਤੇ ਉਨ੍ਹਾਂ ਦਾ ਪਾਲਣ ਕਰਨ ਦੇ ਨਾਲ ਹੀ ਧਾਰਮਕ ਅਸਥਾਨਾਂ ਦੀ ਪਵਿਤ੍ਰਤਾ ਕਾਇਮ ਰਖਣ ਪ੍ਰਤੀ ਵਚਨਬੱਧ ਰਹਿਣ।

ਬਾਦਲ ਪਰਿਵਾਰ ਗਾਇਬ: ਦਿੱਲੀ ਗੁਰਦੁਆਰਾ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸਦੀ ਪ੍ਰਚਾਰ ਸਮਿਗ੍ਰੀ ਵਿਚੋਂ ਦਲ ਦੀ ਕੌਮੀ ਲੀਡਰਸ਼ਿਪ, ਸ. ਪ੍ਰਕਾਸ਼ ਸਿੰਘ ਬਾਦਲ (ਸਰਪ੍ਰਸਤ) ਅਤੇ ਸ. ਸੁਖਬੀਰ ਸਿੰਘ ਬਾਦਲ (ਪ੍ਰਧਾਨ) ਦੇ ਫੋਟੋਆਂ ਹੀ ਨਹੀਂ, ਸਗੋਂ ਉਨ੍ਹਾਂ ਦੇ ਨਾਂ ਤਕ ਵੀ ਗਾਇਬ ਹੋਣ ਪੁਰ ਉਨ੍ਹਾਂ ਦੇ ਆਪਣੇ ਸਮਰਥਕਾਂ ਵਲੋਂ ਹੀ ਸਵਾਲ ਚੁਕਿਆ ਗਿਆ। ਇਧਰ ਦਲ ਦੇ ਪ੍ਰਦੇਸ਼ ਮੁੱਖੀਆਂ ਦੇ ਨਿਕਟ ਸੂਤ੍ਰਾਂ ਦੀ ਗਲ ਮਨੀਏ ਤਾਂ ਇਸਦਾ ਕਾਰਣ ਇਹ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਅਤੇ ਸ. ਸੁਖਬੀਰ ਸਿੰਘ ਬਾਦਲ ਉਪ-ਮੁੱਖ-ਮੰਤਰੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜ-ਕਾਲ ਦੌਰਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਣ ਦੀਆਂ ਹੋਈਆਂ ਘਟਨਾਵਾਂ, ਉਨ੍ਹਾਂ ਲਈ ਦੋਸ਼ੀਆਂ ਦੇ ਪੁਲਿਸ ਦੀ ਪਹੁੰਚ ਤੋਂ ਬਾਹਰ ਰਹਿਣ ਅਤੇ ਸ਼ਾਂਤਮਈ ਸਿੱਖਾਂ ਪੁਰ ਗੋਲੀ ਚਲਵਾਏ ਜਾਣ ਦਾ ਜੋ ਕਥਤ ਕਲੰਕ ਉਨ੍ਹਾਂ ਪੁਰ ਲਗਾ ਹੋਇਆ ਹੈ, ਉਸਦੇ ਪ੍ਰਛਾਵੇਂ ਤੋਂ ਬਚੇ ਰਹਿਣ ਲਈ ਹੀ ਦਲ ਦੇ ਸਥਾਨਕ ਮੁੱਖੀਆਂ ਨੇ ਉਨ੍ਹਾਂ ਦੇ ਫੋਟੋਆਂ ਅਤੇ ਨਾਂ ਦੀ ਵਰਤੋਂ ਨਾ ਕੀਤੇ ਜਾਣ ਦਾ ਫੈਸਲਾ ਕੀਤਾ। ਤਾਂ ਜੋ ਦਿੱਲੀ ਦੇ ਸਿੱਖ ਮਤਦਾਤਾਵਾਂ ਵਿੱਚ ਇਹ ਸੰਦੇਸ਼ ਜਾ ਸਕੇ ਕਿ ਇਨਾਂ ਗੁਰਦੁਆਰਾ ਚੋਣਾਂ ਦਾ ਪੰਜਾਬ ਦੀ ਉਸ ਅਕਾਲੀ ਲੀਡਰਸ਼ਿਪ ਦਾ ਕੋਈ ਲੈਣਾ-ਦੇਣਾ ਨਹੀਂ, ਜਿਸ ਪੁਰ ੳੋਪਰੋਕਤ ਘਟਨਾਵਾਂ ਦਾ ਕਲੰਕ ਲਗਾ ਹੋਇਆ ਹੈ। ਜਦਕਿ ਰਾਜਧਾਨੀ ਦੇ ਰਾਜਨੀਤਕਾਂ ਧਾ ਮੰਨਣਾ ਹੈ ਕਿ ਸਥਾਨਕ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੀ ਇਹ ਸੋਚ ਉਨ੍ਹਾਂ ਦਾ ਮਾਤ੍ਰ ਭਰਮ ਹੈ, ਕਿਉਂਕਿ 2017 ਦੀਆਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਜੀਕੇ ਨੇ ਵੀ ਇਹੀ ਦਾਅ ਖੇਡਿਆ ਸੀ, ਪ੍ਰੰਤੂ ਜਦੋਂ ਉਨ੍ਹਾਂ ਉਸ ਜਿੱਤ ਨੂੰ ਸੁਖਬੀਰ ਦੀ ਝੋਲੀ ਵਿੱਚ ਜਾ ਪਾਇਆ ਤਾਂ ਦਿੱਲੀ ਦੇ ਸਿੱਖ-ਮਤਦਾਤਾ ਆਪਣੇ-ਆਪਨੂੰ ਠਗਿਆ-ਠਗਿਆ ਮਹਿਸੂਸ ਕਰਨ ਲਗੇ ਸਨ। ਇਸਲਈ ਜਾਪਦਾ ਨਹੀਂ ਕਿ ਇਸ ਵਾਰ ਉਹ ਫਿਰ ਆਪਣੇ-ਆਪਨੂੰ ਠਗਾਣ ਦੇ ਲਈ ਤਿਆਰ ਹੋ ਜਾਣ?

...ਅਤੇ ਅੰਤ ਵਿੱਚ: ਇਸ ਵਾਰ ਦਿੱਲੀ ਗੁਰਦੁਆਰਾ ਚੋਣਾਂ ਨੂੰ ਲੈ ਕੇ ਇੱਕ ਦਿਲਚਸਪ ਗਲ ਇਹ ਵੇਖਣ ਨੂੰ ਮਿਲ ਰਹੀ ਹੈ, ਕਿ ਚੋਣ-ਮੈਦਾਨ ਵਿੱਚ ਉਤਰੇ ਲਗਭਗ ਸਾਰੇ ਉਮੀਦਵਾਰਾਂ ਵਲੋਂ ਸੋਸ਼ਲ ਮੀਡੀਆ ਪੁਰ ਆਪਣਾ ਚੋਣ ਪ੍ਰਚਾਰ ਕਰਨ ਦੇ ਉਦੇਸ਼ ਨਾਲ ਜੋ ਪੋਸਟਾਂ ਪਾਈਆਂ ਗਈਆਂ, ਲਗਭਗ ਉਨ੍ਹਾਂ ਸਾਰੀਆਂ ਵਿੱਚ ਇਹ ਦਾਅਵਾ ਕੀਤਾ ਗਿਆ, ਕਿ ਉਹ ਇਹ ਗੁਰਦੁਆਰਾ ਚੋਣ ਕਿਸੇ 'ਚੌਧਰ' ਲਈ ਨਹੀਂ, ਸਗੋਂ 'ਸੇਵਾ' ਕਰਨ ਲਈ ਲੜ ਰਹੇ ਹਨ। ਇੱਕ ਦਲ ਅਤੇ ਉਸਦੇ ਉਮੀਦਵਾਰਾਂ ਵਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ 'ਸੇਵਾ ਕੀਤੀ ਹੈ, ਸੇਵਾ ਕਰਾਂਗੇ'। ਇਹ ਸਾਰੇ ਦਾਅਵੇ ਇਉਂ ਕੀਤੇ ਗਏ ਜਾਪਦੇ ਹਨ, ਜਿਵੇਂ ਸਿੱਖ ਧਰਮ ਵਿੱਚ 'ਸੇਵਾ' ਕੇਵਲ ਗੁਰਦੁਆਰਾ ਕਮੇਟੀ ਦਾ ਮੈਂਬਰ ਜਾਂ ਅਹੁਦੇਦਾਰ ਬਣਕੇ ਹੀ ਕੀਤੀ ਜਾ ਸਕਦੀ! ਇਸਤੋਂ ਬਿਨਾਂ ਸੇਵਾ ਕਰ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਰਾਜਨੀਤੀ, ਜੋ ਸਿੱਖੀ ਦਾ ਘਾਣ ਕਰ ਰਹੀ ਹੈ? - ਜਸਵੰਤ ਸਿੰਘ 'ਅਜੀਤ'

ਜਦੋਂ ਦਿੱਲੀ ਗੁਰਦੁਆਰਾ ਚੋਣਾਂ ਦੀ ਪ੍ਰਕ੍ਰਿਆ ਅਰੰਭ ਹੋਈ ਤਾਂ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਕੇਵਲ ਉਹੀ ਪਾਰਟੀਆਂ ਹਿੱਸਾ ਲੈ ਸਕਦੀਆਂ ਹਨ, ਜੋ ਧਾਰਮਕ ਜਥੇਬੰਦੀ ਵਜੋਂ ਰਜਿਸਟਰ ਹੋਣੇ ਤੇ ਰਾਜਨੀਤੀ ਨਾਲ ਉਨ੍ਹਾਂ ਦਾ ਕੋਈ ਲੈਣਾ ਦੇਣਾ ਨਾ ਹੋਵੇ। ਇਸੇ ਨਿਯਮ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਇਨ੍ਹਾਂ ਚੋਣਾਂ ਵਿੱਚ ਹਿੱਸਾ ਲੈਣ ਤੋਂ ਰੋਕ ਦਿੱਤਾ ਗਿਆ। ਦਿੱਲੀ ਚੋਣ ਡਾਇਰੈਕਟੋਰੇਟ ਦੇ ਇਸ ਫੈਸਲੇ  ਵਿਰੁਧ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁਖੀਆਂ ਨੇ ਦਿੱਲੀ ਹਾਈਕੋਰਟ ਦਾ ਦਰਵਾਜ਼ਾ ਜਾ ਖਟਕਟਾਇਆ ਤੇ ਉਥੇ ਜਾ ਦੁਹਾਈ ਦਿੱਤੀ ਕਿ ਸਾਡੇ ਗੁਰੂ ਸਾਹਿਬ ਨੇ ਮੀਰੀ-ਪੀਰੀ ਦੇ ਸਿਧਾਂਤ ਦੇ ਤਹਿਤ ਸਿੱਖੀ ਵਿੱਚ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਕਾਇਮ ਕੀਤੀ ਹੈ। ਇਸ ਕਰਕੇ ਇਸ ਸਿਧਾਂਤ ਦੀ ਰੋਸ਼ਨੀ ਵਿੱਚ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਇਸ ਕਰਕੇ ਰੋਕ ਲਾਇਆ ਜਾਣਾ ਕਿ ਉਹ ਰਾਜਨੀਤੀ ਵਿੱਚ ਵੀ ਹਿੱਸਾ ਲੈਂਦਾ ਹੈ, ਗਲਤ ਹੈ। ਇਸ ਅਧਾਰ ਤੇ ਉਸਨੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹਿੱਸਾ ਲੈਣ ਤੇ ਆਪਣੇ ਪੁਰ ਲਗੀ ਰੋਕ ਹਟਵਾ ਲਈ। ਆਪਣੀ ਇਸ ਜਿੱਤ ਤੇ ਦਲ ਦੇ ਮੁੱਖੀ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਸ਼ਾਥੀ ਖੁਸ਼ੀ ਵਿੱਚ ਖੀਵੇ ਹੋ ਰਹੇ ਹਨ।
ਉਨ੍ਹਾਂ ਦੀ ਇਸ ਖੁਸ਼ੀ ਦੀ ਰੋਸ਼ਨੀ ਵਿੱਚ ਇਹ ਵਿਚਾਰ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਸਿੱਖੀ ਵਿੱਚ ਰਾਜਸੀ ਦਖਲ ਦੀ ਕੀ ਭੂਮਿਕਾ ਚਲਦੀ ਆ ਰਹੀ ਹੈ ਅਤੇ ਉਸਨੇ ਸਿੱਖੀ ਦਾ ਕੁਝ ਸੰਵਾਰਿਆ ਵੀ ਹੈ ਜਾਂ ਨਿਰੋਲ ਘਾਣ ਹੀ ਕੀਤਾ ਹੈ? ਕਿਉਂਕਿ ਅਦਾਲਤ ਦੇ ਇਸ ਫੈਸਲੇ ਦੇ ਸਿੱਖ ਧਰਮ ਪੁਰ ਦੂਰ-ਰਸੀ ਪ੍ਰਭਾਵ ਪੈ ਸਕਦੇ ਹਨ।  
 
ਧਾਰਮਕ ਸੰਸਥਾਂਵਾਂ ਦੀ ਰਾਜਸੀ ਵਰਤੋਂ: ਇਕ ਸੱਚਾਈ, ਜੋ ਬਹੁਤ ਹੀ ਕੌੜੀ ਹੈ, ਉਹ ਇਹ ਹੈ ਕਿ ਸਤਿਗੁਰਾਂ ਦੀ ਵਰੋਸਾਈ ਧਰਤੀ, ਪੰਜਾਬ, ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਕਈ ਹੋਰ ਧਾਰਮਕ ਸੰਸਥਾਵਾਂ ਸਿੱਖੀ ਦਾ ਪ੍ਰਚਾਰ ਕਰਨ ਅਤੇ ਉਸ ਪੁਰ ਹਰ ਸਾਲ ਲੱਖਾਂ ਹੀ ਨਹੀਂ, ਸਗੋਂ ਕਰੋੜਾਂ ਰੁਪਏ ਖਰਚ ਕਰਨ ਦਾ ਦਾਅਵਾ ਕਰਦੀਆਂ ਚਲੀਆਂ ਆ ਰਹੀਆਂ ਹਨ, ਵਿੱਚ ਸਿੱਖੀ ਦੀ ਹਾਲਤ ਵੇਖ ਅਤੇ ਸੁਣ ਕੇ ਖੂਨ ਦੇ ਅਥਰੂ ਵਹਾਣ ਨੂੰ ਜੀਅ ਕਰਦਾ ਹੈ। ਪਤੱਤਪੁਣਾ ਲਗਾਤਾਰ ਵਧਦਾ ਜਾ ਰਿਹਾ ਹੈ, ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਜਵਾਨੀ ਬਰਬਾਦ ਕਰ ਰਹੇ ਹਨ। ਜਿਵੇਂ ਉਨ੍ਹਾਂ ਵਿੱਚ ਸਿੱਖੀ ਵਿਰਸੇ ਨਾਲ ਜੁੜਨ ਜਾਂ ਜੁੜੇ ਰਹਿਣ ਦੀ ਭਾਵਨਾ ਬਿਲਕੁਲ ਹੀ ਖਤਮ ਹੋ ਕੇ ਰਹਿ ਗਈ ਹੋਵੇ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਜਿਸ ਕਾਰਣ ਗੁਰਦੁਆਰਿਆਂ ਦੀ ਆਮਦਨ ਵਿੱਚ ਵੀ ਅੰਤਾਂ ਦਾ ਵਾਧਾ ਹੋ ਰਿਹਾ ਹੈ, ਪਰ ਉਸਦੇ ਮੁਕਾਬਲੇ ਸਿੱਖੀ-ਸਰੂਪ ਲਗਾਤਾਰ ਘਟਦਾ ਜਾ ਰਿਹਾ ਹੈ। ਸਿੱਖੀ ਦੇ ਸ਼ੁਭ-ਚਿੰਤਕਾਂ ਦੇ ਸ਼ਬਦਾਂ ਵਿੱਚ 'ਜਦੋਂ ਗੁਰਦੁਆਰਿਆਂ ਦੀਆਂ ਇਮਾਰਤਾਂ ਕਚੀਆਂ ਹੁੰਦੀਆਂ ਸਨ ਤਾਂ ਸਿੱਖੀ 'ਪੱਕੀ' ਹੁੰਦੀ ਸੀ, ਪਰ ਅਜ ਗੁਰਦੁਆਰਿਆਂ ਦੀਆਂ ਇਮਾਰਤਾਂ ਜਿਤਨੀਆਂ ਹੀ ਪੱਕੀਆਂ ਹੁੰਦੀਆਂ ਜਾ ਰਹੀਆਂ ਹਨ, ਸਿੱਖੀ ਉਤਨੀ ਹੀ ਕੱਚੀ ਹੁੰਦੀ ਜਾ ਰਹੀ ਹੈ। ਗੁਰਦੁਆਰਿਆਂ ਦੇ ਗੁੰਬਦਾਂ ਤੇ ਸੋਨਾ ਚੜ੍ਹਦਾ ਜਾ ਰਿਹਾ ਹੈ, ਪਰ ਅੰਦਰੋਂ ਸਿੱਖੀ ਗ਼ਾਇਬ ਹੁੰਦੀ ਜਾ ਰਹੀ ਹੈ'।
ਗੁਰਧਾਮ, ਜੋ ਕਿਸੇ ਸਮੇਂ ਸਿੱਖੀ ਪ੍ਰਚਾਰ ਦੇ ਸੋਮੇ ਸਨ, ਅਜ ਉਨ੍ਹਾਂ ਵਿਚਲੇ ਪ੍ਰਚਾਰ ਦੇ ਸੋਮੇਂ ਸੁਕਦੇ ਜਾ ਰਹੇ ਹਨ। ਇਥੋਂ ਤਕ ਕਿ ਸਿੱਖੀ ਦੇ ਸਰਵੁਚ ਧਾਰਮਕ ਅਸਥਾਨਾਂ ਦੇ ਸਨਮਾਨਤ ਅਹੁਦਿਆਂ ਪੁਰ ਬਿਰਾਜਮਾਨ ਸ਼ਖਸੀਅਤਾਂ ਵੀ ਆਪਣੇ ਅਹੁਦੇ ਦੇ ਸਨਮਾਨ, ਸਤਿਕਾਰ ਅਤੇ ਵਕਾਰ ਨੂੰ ਬਣਾਈ ਰੱਖਣ ਅਤੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਨੂੰ ਈਮਾਨਦਾਰੀ ਨਾਲ ਨਿਭਾਉਣ ਪ੍ਰਤੀ ਸਮਰਪਤ ਹੋਣ ਦੀ ਬਜਾਏ, ਉਸ ਨਾਲ ਚਿਮੜੇ ਰਹਿਣ ਲਈ ਜਾਂ ਤਾਂ ਆਪ ਰਾਜਨੀਤੀ ਕਰਨ ਲਗ ਪਈਆਂ ਹਨ, ਜਾਂ ਫਿਰ ਰਾਜਸੀ ਵਿਅਕਤੀਆਂ ਦੀ ਕਠਪੁਤਲੀ ਬਣ, ਉਨ੍ਹਾਂ ਦੇ ਇਸ਼ਾਰਿਆਂ ਤੇ ਨੱਚਣ ਲਗੀਆਂ ਹਨ।
ਇੱਕ ਗਲ ਤਾਂ ਸਪਸ਼ਟ ਹੈ ਅਜ ਜੋ ਸਥਿਤੀ ਬਣੀ ਵਿਖਾਈ ਦੇ ਰਹੀੈ, ਉਸ ਲਈ ਕਿਸੇ ਇਕ ਵਿਅਕਤੀ ਨੂੰ ਦੋਸ਼ੀ ਨਹੀਂ ਗਰਦਾਨਿਆ ਜਾ ਸਕਦਾ, ਅਸਲ ਵਿੱਚ ਵਿਗੜਿਆ ਹੋਇਆ ਸਾਰਾ ਸਿਸਟਮ ਹੀ ਇਸਦੇ ਲਈ ਜ਼ਿਮੇਂਦਾਰ ਹੈ। ਅਜ ਧਰਮ ਅਤੇ ਰਾਜਨੀਤੀ ਨੂੰ ਆਪੋ ਵਿੱਚ ਇਉਂ ਰਲਗੱਡ ਕਰ ਦਿਤਾ ਗਿਆ ਹੈ ਕਿ ਇਨ੍ਹਾਂ ਨੂੰ ਇਕ-ਦੂਜੇ ਤੋਂ ਵੱਖ ਕਰਨਾ ਜੇ ਨਾਮੁਮਕਿਨ ਨਹੀਂ ਤਾਂ ਮੁਸ਼ਕਲ ਜ਼ਰੂਰ ਹੋ ਗਿਆ ਹੋਇਆ ਹੈ। ਜੇ ਕੋਈ ਇਸ ਮੁਸ਼ਕਲ ਨੂੰ ਹਲ ਕਰਨ ਲਈ ਆਵਾਜ਼ ਉਠਾਂਦਾ ਹੈ ਜਾਂ ਹੰਭਲਾ ਮਾਰਦਾ ਹੈ ਤਾਂ ਧਰਮ ਤੇ ਰਾਜਨੀਤੀ ਪੁਰ ਕੁੰਡਲ ਮਾਰੀ ਬੈਠੇ ਕੌਮ ਦੇ ਠੇਕੇਦਾਰ ਉਸਦਾ ਜੀਣਾ ਹਰਾਮ ਕਰ ਦਿੰਦੇ ਹਨ। ਉਸ ਵਿਰੁਧ ਫਤਵਾ ਜਾਰੀ ਕਰ ਦਿਤਾ ਜਾਂਦਾ ਹੈ ਕਿ ਉਹ ਗੁਰੂ ਸਾਹਿਬਾਨ ਵਲੋਂ ਸਥਾਪਤ ਕੀਤੀਆਂ ਹੋਈਆਂ ਸਿੱਖੀ ਦੀਆਂ ਮਰਿਆਦਾਵਾਂ ਅਤੇ ਪਰੰਪਰਾਵਾਂ ਪੁਰ ਕੁਹਾੜਾ ਮਾਰ ਰਿਹਾ ਹੈ।
ਅਜ ਰਾਜਸੱਤਾ ਤਕ ਪੁਜਣ ਲਈ ਕੌਮ ਦੀਆਂ ਧਾਰਮਕ ਭਾਵਨਾਵਾਂ ਦਾ ਸ਼ੌਸ਼ਣ ਕਰਨ ਤੋਂ ਕੋਈ ਸੰਕੋਚ ਨਹੀਂ ਕੀਤਾ ਜਾਂਦਾ! ਧਾਰਮਕ ਸੰਸਥਾਵਾਂ ਨੂੰ ਰਾਜਸੀ ਸੁਆਰਥ ਲਈ ਵਰਤਣ ਦੇ ਉਦੇਸ਼ ਨਾਲ ਉਨ੍ਹਾਂ ਪੁਰ ਕਬਜ਼ਾ ਕਰਨ ਲਈ ਹਰ ਤਰ੍ਹਾਂ ਦੇ ਜਾਇਜ਼ ਅਤੇ ਨਾਜਾਇਜ਼ ਹਥਕੰਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਫਿਰ ਅਜਿਹਾ ਕਰਦਿਆਂ ਕਿਸੇ ਵੀ ਤਰ੍ਹਾਂ ਦੀ ਸ਼ਰਮ ਵੀ ਮਹਿਸੂਸ ਨਹੀਂ ਕੀਤੀ ਜਾਂਦੀ। ਮਤਲਬ ਇਹ ਕਿ ਰਾਜਸੱਤਾ ਹਾਸਲ ਕਰਨ ਦੇ ਉਦੇਸ਼ ਨਾਲ ਧਾਰਮਕ ਭਾਵਨਾਵਾਂ ਦਾ ਸ਼ੋਸ਼ਣ ਕਰਨਾ ਜਾਇਜ਼ ਸਮਝਿਆ ਜਾਣ ਲਗਾ ਹੈ। ਇਤਨਾ ਹੀ ਨਹੀਂ, ਆਪਣੇ ਰਾਜਸੀ ਸੁਆਰਥ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੀ ਵਰਤੋਂ ਕਰਨ ਵਾਸਤੇ, ਪ੍ਰਚਲਤ ਅਤੇ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਵੀ ਘਾਣ ਕੀਤਾ ਜਾਣ ਲਗਾ ਹੈ। ਫਿਰ ਇਸ ਕੋਝੇ ਬਦਲਾਉ ਨੂੰ ਠੀਕ ਸਾਬਤ ਕਰਨ ਲਈ, ਉਨ੍ਹਾਂ ਦੀ ਪ੍ਰੀਭਾਸ਼ਾ ਨੂੰ ਵੀ ਆਪਣੀ ਇੱਛਾ ਅਨੁਸਾਰ ਢਾਲਣਾ ਸ਼ੁਰੂ ਕਰ ਦਿੱਤਾ ਗਿਆ ਹੈ।  
ਮਤਲਬ ਇਹ ਕਿ ਵਰਤਮਾਨ ਸਮੇਂ ਵਿੱਚ ਰਾਜਸੱਤਾ ਲਈ ਧਰਮ ਅਤੇ ਧਾਰਮਕ ਸੰਸਥਾਵਾਂ ਦੀ ਵਰਤੋਂ ਕਰਨ ਅਤੇ ਰਾਜਸੀ ਖੇਤ੍ਰ ਵਿੱਚ ਆਪਣੇ ਪ੍ਰਭਾਵ ਨੂੰ ਕਾਇਮ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡਿਆਂ ਦੀ ਵਰਤੋਂ ਆਮ ਗਲ ਹੋ ਗਈ ਹੈ। ਜਿਸਦਾ ਨਤੀਜਾ ਇਹ ਹੋਇਆ ਹੈ ਕਿ ਅਜ ਨਾ ਤਾਂ ਧਰਮ ਨੂੰ ਧਰਮ ਅਤੇ ਨਾ ਹੀ ਰਾਜਨੀਤੀ ਨੂੰ ਰਾਜਨੀਤੀ ਰਹਿਣ ਦਿਤਾ ਗਿਆ ਹੈ।
ਫਿਰ ਹਨੇਰ ਸਾਈਂ ਦਾ, ਜਿਹੜੇ ਲੋਕੀ ਅਜਿਹਾ ਕਰ ਰਹੇ ਹਨ, ਉਹ ਆਪਣੇ ਗੁਨਾਹ ਨੂੰ ਸਵੀਕਾਰ ਕਰਨ ਦੀ ਬਜਾਏ, ਆਪਣੇ ਆਪਨੂੰ ਬੇਗੁਨਾਹ ਸਾਬਤ ਕਰਨ ਲਈ, ਗੁਰੂ ਸਾਹਿਬ ਦੇ ਨਾਂ ਦੀ ਵਰਤੋਂ ਕਰਦਿਆਂ, ਇਹ ਆਖਣਾ ਸ਼ੁਰੂ ਕਰ ਦਿੰਦੇ ਹਨ ਕਿ ਗੁਰੂ ਸਾਹਿਬ ਨੇ ਹੀ ਤਾਂ ਮੀਰੀ-ਪੀਰੀ ਦੇ ਸਿਧਾਂਤ ਰਾਹੀਂ ਧਰਮ ਅਤੇ ਰਾਜਨੀਤੀ ਨੂੰ ਇਕਠਿਆਂ ਕੀਤਾ ਹੈ। ਉਹ ਇਹ ਸਵੀਕਾਰ ਕਰਨ ਲਈ ਤਿਆਰ ਹੀ ਨਹੀਂ ਹੁੰਦੇ ਕਿ ਗੁਰੂ ਸਾਹਿਬ ਨੇ ਧਰਮ ਤੇ ਰਾਜਨੀਤੀ ਨੂੰ ਇਕਠਿਆਂ ਨਹੀਂ ਕੀਤਾ, ਸਗੋਂ ਭਗਤੀ ਅਤੇ ਸ਼ਕਤੀ ਨੂੰ ਇਕ-ਦੂਜੇ ਦੇ ਪੂਰਕ ਵਜੋਂ ਸਥਾਪਤ ਕੀਤਾ ਹੈ। ਇਸਦੀ ਪ੍ਰਤੱਖ ਉਦਾਹਰਣ ਖ਼ਾਲਸੇ ਦੀ ਸਿਰਜਨਾ ਹੈ, ਜੋ ਨਿਰੰਕੁਸ਼ ਰਾਜੇ ਜਾਂ ਮਹਾਰਾਜੇ ਦਾ ਨਹੀਂ, ਸਗੋਂ ਸਮਰਪਿਤ ਸੰਤ-ਸਿਪਾਹੀ ਦਾ ਸਰੂਪ ਹੈ।
ਗੁਰੂ ਸਾਹਿਬ ਵਲੋਂ ਸੰਤ-ਸਿਪਾਹੀ ਦੇ ਰੂਪ ਵਿੱਚ ਸਿਰਜਿਆ 'ਖਾਲਸਾ', ਸੱਤਾਧਾਰੀ ਜਾਂ ਨਿਰੰਕੁਸ਼ ਮਹਾਰਾਜਾ ਜਾਂ ਬਾਦਸ਼ਾਹ ਨਹੀਂ, ਸਗੋਂ ਅਕਾਲ ਪੁਰਖ ਦੀ ਫੌਜ (ਸੰਤ-ਸਿਪਾਹੀ) ਹੈ, ਜਿਸਦੀ ਜ਼ਿਮੇਂਦਾਰੀ ਨਾਮ-ਸਿਮਰਨ ਕਰਦਿਆਂ, ਅਨਿਆਇ ਤੇ ਅਤਿਆਚਾਰ ਵਿਰੁਧ ਜੂਝਣਾ ਅਤੇ ਇਨਸਾਫ ਤੇ ਗਰੀਬ-ਮਜ਼ਲੂਮ ਦੀ ਰਖਿਆ ਕਰਦਿਆਂ, ਆਪਣੇ ਆਪਨੂੰ, ਆਪਣੇ ਮਾਲਕ (ਅਕਾਲ ਪੁਰਖ) ਵਲੋਂ ਨਿਸ਼ਚਿਤ ਨਿਯਮਾਂ ਅਤੇ ਕਾਨੂੰਨਾਂ ਦੇ ਪਾਲਣ ਪ੍ਰਤੀ ਸਮਰਪਿਤ ਰਖਣਾ ਹੈ।

ਧਾਰਮਕ ਸੰਸਥਾਂਵਾਂ ਦਾ ਰਾਜਸੀਕਰਣ: ਅਜਕਲ ਜਿਸਤਰ੍ਹਾਂ ਧਾਰਮਕ ਸੰਸਥਾਵਾਂ ਦੀ ਵਰਤੋਂ ਰਾਜਸੀ ਸੁਆਰਥ ਅਤੇ ਉਦੇਸ਼ਾਂ ਲਈ ਕੀਤੀ ਜਾਣੀ ਸ਼ੁਰੂ ਕਰ ਦਿਤੀ ਗਈ ਹੈ, ਉਸਦਾ ਵੀ ਸਿੱਖੀ ਪੁਰ ਮਾਰੂ ਅਸਰ ਪੈ ਰਿਹਾ ਹੈ। ਇਨ੍ਹਾਂ ਸੰਸਥਾਵਾਂ ਵਲੋਂ ਆਯੋਜਿਤ ਸਮਾਗਮਾਂ ਵਿੱਚ ਜਿਥੇ ਇਕ ਅਕਾਲੀ ਦਲ ਦੇ ਆਗੂ 'ਰਾਜ ਬਿਨਾ ਨਹਿੰ ਧਰਮ ਚਲੈ ਹੈਂ, ਧਰਮ ਬਿਨਾਂ ਸਭ ਦਲੈ ਮਲੈ ਹੈਂ' ਦੀ ਗਲ ਬਾਰ-ਬਾਰ ਦੁਹਰਾ, ਆਪਣੇ ਲਈ ਸੱਤਾ ਦੀ ਮੰਗ ਕਰਦੇ ਹਨ ਅਤੇ ਉਥੇ ਹੀ ਦੂਸਰੇ  ਦਲ ਦੇ ਆਗੂ ਖਾਲਿਸਤਾਨ ਦੇ ਨਾਂ ਤੇ ਆਪਣੇ ਲਈ ਸੱਤਾ ਚਾਹੁੰਦੇ ਹਨ।
ਪੰਜਾਬੀ ਸੂਬਾ ਬਣਨ ਪਿਛੋਂ ਕਈ ਵਾਰ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਇਆ ਹੈ। ਇਸ ਸਮੇਂ ਦੌਰਾਨ ਸਿੱਖੀ ਕਿਤਨੀ ਵੱਧੀ-ਫੁਲੀ ਹੈ? ਇਸਦਾ ਕਦੀ ਮੁਲਾਂਕਣ ਨਾ ਤਾਂ ਕਦੀ ਕੀਤਾ ਗਿਆ ਹੈ ਅਤੇ ਨਾ ਹੀ ਕਦੀ ਕੀਤਾ ਜਾਇਗਾ। ਕਿਉਂਕਿ ਹਰ ਕੋਈ ਜਾਣਦਾ ਹੈ ਕਿ ਇਸਦਾ ਮੁਲਾਂਕਣ ਕਰਨ ਤੇ ਨਿਰਾਸ਼ਾ ਹੀ ਹੱਥ ਲਗੇਗੀ।

ਸ਼੍ਰੋਮਣੀ ਅਕਾਲੀ ਦਲ ਦੀ ਪਰੰਪਰਾ: ਸ਼੍ਰੋਮਣੀ ਅਕਾਲੀ ਦਲ, ਆਪਣੀ ਸਥਾਪਨਾ ਤੋਂ ਲੈ ਕੇ ਸੱਦਾ ਹੀ ਸਿੱਖੀ ਦੀਆਂ ਮਾਨਤਾਵਾਂ, ਪਰੰਪਰਾਵਾਂ, ਮਰਿਆਦਾਵਾਂ ਅਤੇ ਗੁਰਧਾਮਾਂ ਦੀ ਪਵਿਤ੍ਰਤਾ ਦੀ ਰਖਿਆ ਲਈ ਜੂਝਦਾ ਆਇਆ ਹੈ। ਇਸ ਵਲੋਂ ਲਾਏ ਗਏ ਹਰ ਮੋਰਚੇ ਦੇ ਨਾਲ ਵੀ ਇਹੀ ਆਦਰਸ਼ ਜੁੜਿਆ ਰਹਿੰਦਾ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੱਦਾ ਹੀ ਸ਼੍ਰੋਮਣੀ ਅਕਾਲੀ ਦਲ ਦਾ ਸ਼ਕਤੀ ਸੋਮਾ ਰਹੀ, ਇਹ ਨਾ ਕੇਵਲ ਉਸਦੀ ਸਹਾਇਕ ਹੀ ਰਹੀ, ਸਗੋਂ ਉਸਦੀ ਮੂਲ ਸ਼ਕਤੀ ਵੀ ਬਣੀ ਰਹੀ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਸੱਤਾ ਵਿੱਚ ਨਹੀਂ ਹੁੰਦਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਉਸਦੀ ਰੂਹ ਬਣ ਉਸਨੂੰ ਜ਼ਿੰਦਾ ਰਖਦੀ ਹੈ। ਅਕਾਲੀ ਦਲ ਦਾ ਹਰ ਮੋਰਚਾ ਮੰਜੀ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਤੋਂ ਲਗਾ। ਇਨ੍ਹਾਂ ਮੋਰਚਿਆਂ ਦੀ ਸਫਲਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਤੇ ਹੀ ਨਿਰਭਰ ਹੁੰਦੀ ਸੀ। ਹੁਣ ਤਾਂ ਇਹ ਮੰਨਿਆ ਜਾਣ ਲਗਾ ਹੈ ਕਿ ਰਾਜਸੱਤਾ ਦੀ ਲਾਲਸਾ ਨੂੰ ਪੂਰਿਆਂ ਕਰਨ ਲਈ ਅਕਾਲੀ ਆਗੂਆਂ ਨੇ ਹੀ ਇਸ ਸ਼ਕਤੀ-ਸੋਮੇ ਨੂੰ ਰਾਜਸੀ ਸੁਆਰਥ ਦੀ ਪੂਰਤੀ ਲਈ ਵਰਤਣ ਦੇ ਉਦੇਸ਼ ਨਾਲ, ਇਸਦੇ ਧਾਰਮਕ ਏਜੰਡੇ ਨੂੰ ਬਾਹਰ ਧੱਕ ਇਸਦੀਆਂ ਜੜ੍ਹਾਂ ਵਿੱਚ ਤੇਲ ਦੇਣਾ ਸ਼ੁਰੂ ਕਰ ਦਿੱਤਾ ਹੈ।

...ਅਤੇ ਅੰਤ ਵਿੱਚ : ਇਹ ਗਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਿੱਖਾਂ ਦੀ ਮਿਨੀ ਪਾਰਲੀਮੈਂਟ ਵਜੋਂ ਸਵੀਕਾਰੀ ਜਾਂਦੀ ਹੈ, ਜਦੋਂ ਦੀ ਹੋਂਦ ਵਿੱਚ ਆਈ ਹੈ, ਤਦ ਤੋਂ ਹੀ ਉਸਦੀ ਸੱਤਾ ਪੁਰ ਅਕਾਲੀਆਂ ਦਾ ਹੀ ਕਬਜ਼ਾ ਚਲਿਆ ਆ ਰਿਹਾ ਹੈ। ਜੇ ਬਹੁਤਾ ਦੂਰ ਨਾ ਜਾਈਏ ਤੇ ਕੇਵਲ ਬੀਤੇ ਤੀਹ-ਪੈਂਤੀ ਵਰ੍ਹਿਆਂ ਦੇ ਇਤਿਹਾਸ ਦੀ ਹੀ ਘੋਖ ਕਰ, ਇਸ ਗਲ ਦਾ ਮੁਲਾਂਕਣ ਕੀਤਾ ਜਾਏ ਕਿ ਇਸ ਸਮੇਂ ਦੌਰਾਨ ਉਸਦਾ ਸਿੱਖੀ ਦੇ ਪ੍ਰਚਾਰ ਤੇ ਪਸਾਰ ਵਿੱਚ ਕੀ ਯੋਗਦਾਨ ਰਿਹਾ ਹੈ? ਤਾਂ ਨਤੀਜਾ ਸਿਫਰ ਹੀ ਸਾਹਮਣੇ ਆਇਗਾ।

Mobile : + 91 95 82 71 98 90
E-mail : jaswantsinghajit@gmail.com
Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸਿੱਖੀ ਵਿੱਚ ਨਿਘਾਰ ਅਤੇ ਸਿੱਖਾਂ ਵਿਚ ਢਹਿੰਦੀ-ਕਲਾ ਕਿਉਂ? - ਜਸਵੰਤ ਸਿੰਘ 'ਅਜੀਤ'

ਇਕ ਦਿਨ ਅਚਾਨਕ ਹੀ ਗ਼ੈਰ-ਰਾਜਨੀਤਕ ਸਿੱਖਾਂ ਦੀ ਇਕ ਅਜਿਹੀ ਬੈਠਕ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ, ਜਿਸ ਵਿਚ 'ਸਿੱਖੀ ਵਿਚ ਆ ਰਹੇ ਨਿਘਾਰ ਅਤੇ ਸਿੱਖਾਂ ਵਿਚ ਆ ਰਹੀ ਢਹਿੰਦੀ ਕਲਾ' ਵਿਸ਼ੇ ਪੁਰ ਵਿਚਾਰ-ਚਰਚਾ ਕੀਤੀ ਜਾ ਰਹੀ ਸੀ। ਬੈਠਕ ਵਿਚ ਜੋ ਵਿਚਾਰ ਪ੍ਰਗਟ ਕੀਤੇ ਜਾ ਰਹੇ ਸਨ, ਉਹ ਸੁਣ ਕੇ ਹੈਰਾਨੀ ਹੋ ਰਹੀ ਸੀ ਕਿ ਇਤਨੇ ਡੂੰਘੇ ਅਤੇ ਪ੍ਰਭਾਵਸ਼ਾਲੀ ਵਿਚਾਰ, ਉਨ੍ਹਾਂ ਸਜਣਾਂ ਵਲੋਂ ਪ੍ਰਗਟ ਕੀਤੇ ਜਾ ਰਹੇ ਸਨ, ਜਿਨ੍ਹਾਂ ਦਾ ਨਾਂ, ਨਾ ਤਾਂ ਕਦੀ ਕਿਸੇ ਚਰਚਾ ਵਿਚ ਸੁਣਿਆ ਗਿਆ ਸੀ ਅਤੇ ਨਾ ਹੀ ਮੀਡੀਆ ਵਿਚ ਵੇਖਣ ਜਾਂ ਪੜ੍ਹਨ ਨੂੰ ਮਿਲਿਆ ਸੀ।
ਇਕ ਸਜਣ ਕਹਿ ਰਿਹਾ ਸੀ ਕਿ ਅਜ ਸਿੱਖੀ ਵਿੱਚ ਜੋ ਨਿਘਾਰ ਅਤੇ ਸਿੱਖਾਂ ਵਿੱਚ ਢਹਿੰਦੀ ਕਲਾ ਦੀ ਦਸ਼ਾ ਵੇਖਣ ਨੂੰ ਮਿਲ ਰਹੀ ਹੈ, ਉਹ ਕੁਝ ਦਿਨਾਂ, ਹਫ਼ਤਿਆਂ, ਮਹੀਨਿਆਂ ਜਾਂ ਵਰ੍ਹਿਆਂ ਵਿਚ ਹੀ ਨਹੀਂ ਆਈ, ਸਗੋਂ ਇਹ ਬਹੁਤ ਹੀ ਲੰਮਾਂ ਪੈਂਡਾ ਤਹਿ ਕਰ ਕੇ ਆਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤਕ ਸ਼ਕਤੀ ਨੂੰ ਭਗਤੀ, ਅਰਥਾਤ ਧਰਮ, ਦੇ ਅਧੀਨ ਰਖ ਕੇ ਵਰਤਿਆ ਜਾਂਦਾ ਚਲਿਆ ਆਉਂਦਾ ਰਿਹਾ, ਓਦੋਂ ਤਕ ਤਾਂ ਸਭ ਕੁਝ ਠੀਕ-ਠਾਕ ਚਲਦਾ ਰਿਹਾ। ਪ੍ਰੰਤੂ ਜਦੋਂ ਭਗਤੀ (ਧਰਮ) ਨੂੰ ਸ਼ਕਤੀ, ਜਿਸ ਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੇ ਅਧੀਨ ਕਰਕੇ, ਉਸਦੀ ਵਰਤੋਂ ਸੱਤਾ ਹਾਸਲ ਕਰਨ ਲਈ ਕੀਤੀ ਜਾਣ ਲਗੀ, ਓਦੋਂ ਤੋਂ ਹੀ ਸਥਿਤੀ ਬਦਲਣੀ ਸ਼ੁਰੂ ਹੋ ਗਈ।
ਉਨ੍ਹਾਂ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਦਾ ਜ਼ਿਕਰ ਕਰਦਿਆਂ ਇਕ ਥਾਂ ਲਿਖਿਆ ਹੈ ਕਿ 'ਹਰਿਮੰਦਿਰ ਦੀਆਂ ਨੀਹਾਂ ਪ੍ਰੇਮ, ਸ਼ਰਧਾ ਅਤੇ ਸੰਤੋਖ 'ਤੇ ਰਖੀਆਂ ਗਈਆਂ ਸਨ। ਗਵਾਹੀ ਹੈ ਕਿ 'ਸੰਤੋਖਸਰ' ਦੀ ਗ਼ਾਰ, ਹਰਿਮੰਦਿਰ ਸਾਹਿਬ ਦੀਆਂ ਨੀਹਾਂ ਹੇਠ ਪਾਈ ਗਈ ਸੀ। ਹਰਿਮੰਦਿਰ ਸਾਹਿਬ ਦੇ ਚਾਰ ਦਰਵਾਜ਼ੇ ਹਨ, ਜੋ ਪ੍ਰਤੀਕ ਹਨ ਮਨੁੱਖੀ  ਏਕਤਾ ਦੇ, ਚਾਰ ਵਰਨਾਂ ਦੇ, ਹਰ ਪ੍ਰਕਾਰ ਦੇ ਰੰਗ ਦੇ, ਚਾਰ ਚਕਾਂ ਦੇ, ਚਾਰ ਮੁਕਤੀਆਂ ਦੇ ਅਤੇ ਚਾਰ ਆਸ਼ਰਮਾਂ ਦੇ। ਇਹ ਦਰਵਾਜ਼ੇ ਕਿਸੇ ਖਾਸ ਕੂੰਟ ਵਿਚ ਨਹੀਂ ਹਨ। ਦੋ-ਦੋ (ਪੂਰਬ-ਦੱਖਣ, ਦੱਖਣ-ਪੱਛਮ, ਪੱਛਮ-ਉੱਤਰ ਅਤੇ ਉੱਤਰ-ਪੂਰਬ) ਕੂੰਟਾਂ ਵਿਚਕਾਰ ਇੱਕ-ਇੱਕ ਦਰਵਾਜ਼ਾ ਹੈ। ਇਸ ਤਰ੍ਹਾਂ ਦਿਸ਼ਾਵਾਂ ਦਾ ਵਿਵਾਦ ਵੀ ਸ੍ਰੀ ਹਰਿਮੰਦਿਰ ਸਾਹਿਬ ਨੇ ਮੁਕਾ ਦਿੱਤਾ। ਹਰਿਮੰਦਿਰ ਸਾਹਿਬ ਨੂੰ ਨੀਵੀਂ ਥਾਂ ਤੇ ਸਥਾਪਤ ਕੀਤਾ ਗਿਆ ਅਤੇ ਉਸਦੇ ਗ਼ੁੰਬਦ ਨੂੰ ਬੈਠਵਾਂ ਰੱਖਿਆ ਗਿਆ, ਜੋ ਨਿਮਰਤਾ ਦੇ ਪ੍ਰਤੀਕ ਹਨ। ਇਸੇਤਰ੍ਹਾਂ ਅੰਮ੍ਰਿਤ ਸਰੋਵਰ ਵਿੱਚ ਕਮਲ ਫੁਲ ਵਾਂਗ ਸ੍ਰੀ ਹਰਿਮੰਦਿਰ ਸਾਹਿਬ ਦੀ ਸਥਾਪਨਾ ਕਰਕੇ, ਉਸ ਵਿੱਚ ਆਦਿ ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਦਾ ਪ੍ਰਕਾਸ਼ ਕੀਤਾ ਗਿਆ।
ਉਨ੍ਹਾਂ ਹੋਰ ਦਸਿਆ ਕਿ ਪ੍ਰਿੰਸੀਪਲ ਸਤਿਬੀਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਦੀ ਸਥਾਪਨਾ ਅਤੇ ਸ੍ਰੀ ਹਰਿਮੰਦਿਰ ਸਾਹਿਬ ਦੇ ਨਾਲ ਉਸਦੇ ਸਬੰਧਾਂ ਦਾ ਜ਼ਿਕਰ ਇਨ੍ਹਾਂ ਸ਼ਬਦਾਂ ਵਿਚ ਕੀਤਾ ਹੈ ਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਇਸ ਕਰਕੇ ਬਣਾਇਆ ਗਿਆ ਸੀ ਕਿ ਸ੍ਰੀ ਹਰਿਮੰਦਿਰ ਸਾਹਿਬ ਵਿੱਚ ਬੈਠਾ ਸਿੱਖ ਆਪਣੇ ਇਨਸਾਨੀ ਫ਼ਰਜ਼ਾਂ ਨੂੰ ਨਾ ਭੁਲਾ ਦੇਵੇ। ਸ਼ਕਤੀ (ਅੱਜ ਦੇ ਆਗੂਆਂ ਅਨੁਸਾਰ, ਰਾਜਨੀਤੀ), ਭਗਤੀ (ਧਰਮ) ਦੀ ਨਿਗ਼ਾਹਬਾਨ ਹੈ ਅਤੇ ਦੂਜੇ ਪਾਸੇ ਤਖ਼ਤ (ਸ੍ਰੀ ਅਕਾਲ ਤਖ਼ਤ) ਉਤੇ ਬੈਠਾ ਹੋਇਆ ਸਿੱਖ ਸ਼ਕਤੀ (ਸੱਤਾ-ਸ਼ਕਤੀ) ਹਾਸਲ ਕਰਕੇ ਉਸਦੇ ਨਸ਼ੇ ਵਿੱਚ ਭਗਤੀ (ਧਰਮ) ਨੂੰ ਨਾ ਭੁਲ ਜਾਏ। ਸ੍ਰੀ ਅਕਾਲ ਤਖ਼ਤ ਨੂੰ ਸ੍ਰੀ ਹਰਿਮੰਦਿਰ ਸਾਹਿਬ ਤੋਂ ਹਟਵਾਂ ਇਸ ਕਰਕੇ ਬਣਾਇਆ ਗਿਆ ਸੀ ਕਿ ਭਗਤੀ (ਧਰਮ) ਦਾ ਸਤਿਕਾਰ ਪਹਿਲਾਂ ਹੈ।
ਇਤਨਾ ਕੁਝ ਦਸ ਕੇ ਉਨ੍ਹਾਂ ਪੁਛਿਆ ਕਿ ਅੱਜ ਹੋ ਕੀ ਰਿਹਾ ਹੈ? ਉਨ੍ਹਾਂ ਆਪ ਹੀ ਆਪਣੇ ਸੁਆਲ ਦਾ ਜਵਾਬ ਦਿੰਦਿਆਂ ਕਿਹਾ ਕਿ ਭਗਤੀ (ਧਰਮ) ਨੂੰ ਰਾਜਸੀ ਸੱਤਾ ਪ੍ਰਾਪਤ ਕਰਨ ਲਈ ਪੌੜੀ ਵਜੋਂ ਵਰਤਿਆ ਜਾਣ ਲਗਾ ਹੈ। ਭਗਤੀ (ਧਰਮ) ਦੀ ਗਲ ਕੇਵਲ ਸੱਤਾ ਹਾਸਲ ਕਰਨ ਲਈ ਹੀ ਕੀਤੀ ਜਾਂਦੀ ਹੈ। ਜਦੋਂ ਸੱਤਾ ਜਾਂ ਸ਼ਕਤੀ ਪ੍ਰਾਪਤ ਹੋ ਜਾਂਦੀ ਹੈ ਤਾਂ ਭਗਤੀ (ਧਰਮ) ਨੂੰ ਭੁਲਾ ਦਿਤਾ ਜਾਂਦਾ ਹੈ।
ਉਨ੍ਹਾਂ ਦੀ ਗਲ ਨੂੰ ਅਗੇ ਵਧਾਂਦਿਆਂ ਦੂਸਰੇ ਸਜਣ ਨੇ ਕਿਹਾ ਕਿ ਧਰਮ, ਅਰਥਾਤ ਭਗਤੀ ਦਾ ਚਿੰਨ੍ਹ ''<'' ਹੈ, ਜਿਸਨੂੰ ਪੂਰੀ ਤਰ੍ਹਾਂ ਨਜ਼ਰ-ਅੰਦਾਜ਼ ਕਰ ਦਿੱਤਾ ਗਿਆ ਹੋਇਆ ਹੈ। ਉਸ ਦੀ ਥਾਂ 'ਤੇ ਰਾਜਸੀ (ਖੰਡੇ, ਚੱਕਰ ਤੇ ਕਿਰਪਾਨਾਂ ਵਾਲਾ) '>' ਚਿੰਨ੍ਹ ਅਪਨਾ ਲਿਆ ਗਿਆ ਹੋਇਆ ਹੈ। ਉਨ੍ਹਾਂ ਦਸਿਆ ਕਿ ਸ੍ਰੀ ਹਰਿਮੰਦਿਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਚਕਾਰ ਜੋ ਭਗਤੀ ਅਤੇ ਸ਼ਕਤੀ ਦੇ ਸੁਮੇਲ ਨੂੰ ਦਰਸਾਂਦੇ, ਨਿਸ਼ਾਨ ਸਾਹਿਬ ਲਗੇ ਹੋਏ ਹਨ, ਉਨ੍ਹਾਂ ਵਿੱਚੋਂ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਸ਼ਕਤੀ ਦਾ ਪ੍ਰਤੀਕ '>', ਅਰਥਾਤ ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ ਚਿੰਨ੍ਹ, ਜਦਕਿ ਸ੍ਰੀ ਹਰਿਮੰਦਿਰ ਸਾਹਿਬ ਦੇ ਪਾਸੇ ਵਾਲੇ ਨਿਸ਼ਾਨ ਸਾਹਿਬ ਪੁਰ ਧਰਮ (ਭਗਤੀ) ਦਾ ਪ੍ਰਤੀਕ '<' ਚਿੰਨ੍ਹ ਹੋਇਆ ਕਰਦਾ ਸੀ। ਇਹ ਨਿਸ਼ਾਨ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ ਕੁਝ ਉਚਾ ਹੈ। ਜਿਸਦਾ ਭਾਵ ਇਹ ਹੈ ਕਿ ਸ਼ਕਤੀ, ਭਗਤੀ ਦੇ ਅਧੀਨ ਹੈ, ਅਰਥਾਤ ਸ਼ਕਤੀ, ਜਿਸਨੂੰ ਅਜਕਲ ਰਾਜਨੀਤੀ ਕਿਹਾ ਜਾਣ ਲਗ ਪਿਆ ਹੈ, ਦੀ ਵਰਤੋਂ ਭਗਤੀ, ਜਿਸਨੂੰ ਧਰਮ ਕਿਹਾ ਜਾਂਦਾ ਹੈ, ਦੀਆਂ ਮਾਨਤਾਵਾਂ ਦੇ ਅਨੁਸਾਰ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਪਤਾ ਨਹੀਂ ਕਦੋਂ ਸ੍ਰੀ ਹਰਿਮੰਦਿਰ ਸਾਹਿਬ ਵਾਲੇ ਪਾਸੇ ਦੇ ਨਿਸ਼ਾਨ ਸਾਹਿਬ ਤੋਂ '<' ਹਟਾ ਕੇ, ਉਸ ਪੁਰ ਵੀ '>' (ਖੰਡੇ, ਕਿਰਪਾਨਾਂ ਅਤੇ ਚੱਕਰ ਵਾਲਾ) ਚਿੰਨ੍ਹ ਸਥਾਪਤ ਕਰ ਦਿਤਾ ਗਿਆ ਹੈ। ਇਸਦਾ ਮਤਲਬ ਸਪਸ਼ਟ ਹੈ ਕਿ ਭਗਤੀ (ਧਰਮ) ਦਾ ਚਿੰਨ੍ਹ ਅਲੋਪ ਹੋ ਗਿਆ ਹੈ, ਅਰਥਾਤ 'ਧਰਮ ਪੰਖਿ ਕਰ..' ਉੱਡ ਗਿਆ ਹੈ ਅਤੇ ਸ਼ਕਤੀ (ਰਾਜਨੀਤੀ) ਹੀ ਸ਼ਕਤੀ (ਰਾਜਨੀਤੀ) ਰਹਿ ਗਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਅਜ ਸੰਸਾਰ ਭਰ ਵਿਚ ਹਜ਼ਾਰਾਂ ਇਤਿਹਾਸਕ ਅਤੇ ਗ਼ੈਰ-ਇਤਿਹਾਸਕ ਗੁਰਦੁਆਰੇ ਹਨ, ਉਨ੍ਹਾਂ ਵਿਚੋਂ ਸ਼ਾਇਦ ਹੀ ਕਿਸੇ ਉਤੇ ਭਗਤੀ (ਧਰਮ) ਦੇ ਪ੍ਰਤੀਕ ਚਿੰਨ੍ਹ '<' ਵਾਲਾ ਨਿਸ਼ਾਨ ਸਾਹਿਬ ਝੂਲਦਾ ਵਿਖਾਈ ਦਿੰਦਾ ਹੋਵੇ? ਇਸਦੇ ਨਾਲ ਹੀ ਉਨ੍ਹਾਂ ਪੁਛਿਆ ਕਿ ਜਦੋਂ ਚੜ੍ਹਦੀਕਲਾ ਦੇ ਆਧਾਰ ਭਗਤੀ (ਧਰਮ) ਦੇ ਚਿੰਨ੍ਹ '<' ਨੂੰ ਹੀ ਪੂਰੀ ਤਰ੍ਹਾਂ ਵਿਸਾਰ ਦਿਤਾ ਗਿਆ ਹੈ ਤਾਂ ਚੜ੍ਹਦੀਕਲਾ ਰਹਿ ਕਿਥੇ ਜਾਇਗੀ?

ਉੱਚ ਧਾਰਮਕ ਅਹੁਦਿਆਂ ਪੁਰ ਸ਼ਕੀ ਸ਼ਖਸੀਅਤਾਂ: ਬੀਤੇ ਕਾਫੀ ਸਮੇਂ ਤੋਂ ਵੇਖਣ ਵਿੱਚ ਆ ਰਿਹਾ ਹੈ ਕਿ ਉੱਚ ਧਾਰਮਕ ਅਸਥਾਨਾਂ ਦੇ ਉੱਚ ਅਹੁਦਿਆਂ ਪੁਰ ਅਜਿਹੇ ਵਿਅਕਤੀ ਥਾਪ ਕੇ ਉਨ੍ਹਾਂ ਦੀ ਸਰਪ੍ਰਸਤੀ ਕੀਤੀ ਜਾਣ ਲਗੀ ਹੈ, ਜਿਨ੍ਹਾਂ ਦੇ ਆਚਰਣ ਪੁਰ ਆਮ ਲੋਕਾਂ ਵਲੋਂ ਖੁਲ੍ਹੇ-ਆਮ ਉਂਗਲੀਆਂ ਉਠਾਈਆਂ ਜਾਂਦੀਆਂ ਰਹੀਆਂ ਹਨ। ਭਾਈ ਰਣਜੀਤ ਸਿੰਘ, ਜਿਨ੍ਹਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਥਾਪਿਆ ਗਿਆ, ਫਿਰ ਜਦੋਂ ਉਹ ਕਾਬੂ ਤੋਂ ਬਾਹਰ ਹੋਣ ਲਗੇ ਤਾਂ ਉਨ੍ਹਾਂ ਨੂੰ ਅਪਮਾਨਤ ਕਰ ਅਹੁਦੇ ਤੋਂ ਹਟਾ ਦਿੱਤਾ ਗਿਆ, ਪੁਰ ਖੁਲ੍ਹੇ-ਆਮ ਇਹ ਦੋਸ਼ ਲਗੇ ਕਿ ਉਨ੍ਹਾਂ ਅਕਾਲ ਤਖ਼ਤ ਨੂੰ ਪੁਲਿਸ ਚੌਕੀ ਬਣਾ ਕੇ ਰੱਖ ਦਿਤਾ ਹੈ। ਗਿਆਨੀ ਕੇਵਲ ਸਿੰਘ, ਜਦੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰਨ ਅਤੇ ਆਪਣੀ ਨੂੰਹ ਨੂੰ ਕਤਲ ਕਰਨ ਦੇ ਦੋਸ਼ ਲਗੇ, ਉਨ੍ਹਾਂ ਦੀ ਤਦ ਤਕ ਸਰਪ੍ਰਸਤੀ ਕੀਤੀ ਜਾਂਦੀ ਰਹੀ, ਜਦੋਂ ਤੱਕ ਉਨ੍ਹਾਂ ਵਿਰੁੱਧ ਗ਼ੈਰ-ਜ਼ਮਾਨਤੀ ਵਰੰਟ ਨਹੀਂ ਜਾਰੀ ਹੋਏ। ਪ੍ਰੋ. ਮਨਜੀਤ ਸਿੰਘ, ਜੋ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਨ, ਪੁਰ ਆਪਣੇ ਅਹੁਦੇ ਦੀ ਨਾਜਾਇਜ਼ ਵਰਤੋਂ ਕਰ ਦਾਨ ਵਿੱਚ ਹਾਸਲ ਕੀਤੀਆਂ ਜ਼ਮੀਨਾਂ ਵੇਚਣ ਅਤੇ ਪ੍ਰਾਪਰਟੀ ਡੀਲਰ ਬਣ ਜਾਣ ਦੇ ਦੋਸ਼ ਲਗੇ। ਬੀਬੀ ਜਗੀਰ ਕੌਰ, ਜਿਨ੍ਹਾਂ ਪੁਰ ਆਪਣੀ ਧੀ ਦਾ ਕਤਲ ਕਰਵਾਉਣ ਦਾ ਦੋਸ਼ ਲਗਾ, ਜਿਸਦਾ ਕੇਸ ਅਜੇ ਤਕ ਅਦਾਲਤ ਵਿੱਚ ਚਲਿਆ, ਨੂੰ ਤਦ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਪੁਰ ਬਣਾਈ ਰਖਿਆ ਗਿਆ, ਜਦੋਂ ਤਕ ਪਾਰਟੀ ਅੰਦਰੋਂ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣ ਦਾ ਦਬਾਉ ਨਾ ਵਧਿਆ। ਹੁਣ ਫਿਰ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣਾ ਕੇ ਸਨਮਾਨਤ ਕੀਤਾ ਗਿਆ ਹੋਇਆ ਹੈ।
ਇਹ ਉਨ੍ਹਾਂ ਵਿਚੋਂ ਕੁਝ-ਕੁ ਹੀ 'ਸਨਮਾਨਤ ਤੇ ਮਹਾਨ' ਸ਼ਖਸੀਅਤਾਂ ਹਨ, ਜੋ ਸਿੱਖੀ ਦੇ ਪਹਿਰੇਦਾਰ, ਉਸਦੇ ਪ੍ਰਚਾਰਕ ਹੋਣ ਦੇ ਨਾਲ ਹੀ ਉਸਦੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਦੇ ਰਾਖੇ ਹੋਣ ਦਾ ਦਾਅਵਾ ਕਰਦੀਆਂ ਹਨ।

ਸਿੱਖੀ ਪ੍ਰਚਾਰ ਲਈ ਢੰਗ ਬਦਲਣ ਦੀ ਲੋੜ : ਜਿਵੇਂ ਗੁਰੂ ਸਾਹਿਬ ਆਪਣੇ ਜੀਵਨ-ਕਾਲ ਦੌਰਾਨ ਵੱਖ-ਵੱਖ ਧਰਮਾਂ ਦੇ ਧਾਰਮਕ ਤਿਉਹਾਰਾਂ ਤੇ ਹੁੰਦੇ ਸਮਾਗਮਾਂ ਵਿਚ ਪੁਜ, ਆਪਣੇ ਮਿਸ਼ਨ ਦਾ ਪ੍ਰਚਾਰ ਕਰਦੇ ਰਹੇ ਸਨ, ਕੀ ਅੱਜ ਦੇ ਸਿੱਖ ਆਗੂ, ਪ੍ਰਚਾਰਕ ਆਦਿ  ਅਜਿਹਾ ਨਹੀਂ ਕਰ ਸਕਦੇ? ਹੋਰ ਕੁਝ ਨਹੀਂ ਤਾਂ ਘਟੋ-ਘਟ ਭਾਈ ਘਨਈਆ ਦੇ ਆਦਰਸ਼ ਨੂੰ ਹੀ ਲੈ ਕੇ, ਉਨ੍ਹਾਂ ਦੇ ਸਮਾਗਮਾਂ ਤੇ ਮੈਡੀਕਲ ਸਹਾਇਤਾ ਕੈਂਪ ਲਾ ਮਨੁਖਤਾ ਦੀ ਸੇਵਾ ਦੇ ਆਦਰਸ਼ ਦਾ ਸੰਦੇਸ਼ ਤਾਂ ਉਨ੍ਹਾਂ ਤਕ ਪਹੁੰਚਾਇਆ ਹੀ ਜਾ ਸਕਦੈ?
ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਸਿੱਖਾਂ ਦੀਆਂ ਕਈ ਧਾਰਮਕ ਜਥੇਬੰਦੀਆਂ ਪਾਸ ਲੋੜ ਤੋਂ ਕਿਤੇ ਵਧ, ਸ਼ਰਧਾਲੂਆਂ ਵਲੋਂ ਭੇਂਟ ਕੀਤੀ ਜਾਂਦੀ ਰਾਸ਼ਨ ਦੀ ਸਮਿਗਰੀ, ਆਟਾ, ਦਾਲਾਂ, ਘਿਉ, ਲੂਣ ਆਦਿ ਵਸਤਾਂ ਦੇ ਰੂਪ ਵਿੱਚ ਆਉਂਦੀ ਰਹਿੰਦੀ ਹੈ, ਜਿਸਨੂੰ ਉਨ੍ਹਾਂ ਨੂੰ ਵੇਚਣ ਤੇ ਮਜਬੂਰ ਹੋਣਾ ਪੈਂਦਾ ਹੈ। ਕੀ ਇਹੀ ਸਮਿਗਰੀ ਉਨ੍ਹਾਂ ਗ਼ਰੀਬਾਂ ਦੀਆਂ ਝੌਪੜੀਆਂ ਤਕ ਨਹੀਂ ਪਹੁੰਚਾਈ ਜਾ ਸਕਦੀ, ਜਿਨ੍ਹਾਂ ਲਈ ਦੋ ਵਕਤ ਦੀ ਰੋਟੀ ਦਾ ਜੁਗਾੜ ਕਰ ਪਾਣਾ ਵੀ ਸੰਭਵ ਨਹੀਂ ਹੁੰਦਾ? ਗੁਰਪੁਰਬਾਂ ਦੇ ਮੌਕੇ ਤੇ ਕਈ ਜਥੇਬੰਦੀਆਂ ਦੇ ਮੁਖੀ ਆਪਣੀ ਹਉਮੈ ਨੂੰ ਪੱਠੇ ਪਾਣ ਲਈ, ਦੀਵਾਨ ਸਥਾਨ ਤੋਂ ਬਾਹਰ ਕੈਂਪ ਲਾ ਲੋਕਾਂ ਨੂੰ ਲਾਈਨ ਵਿਚ ਖੜਿਆਂ ਕਰ 'ਲੰਗਰ' ਦੇ ਨਾਂ ਤੇ ਬੇ-ਬਹਾ ਖਾਣ ਦਾ ਸਾਮਾਨ ਵੰਡਦੇ ਰਹਿੰਦੇ ਹਨ, ਜਿਸ ਵਿਚੋਂ ਕਾਫੀ ਸਾਮਾਨ ਪੈਰਾਂ ਵਿਚ ਰੁਲਦਾ ਵੇਖਿਆ ਜਾਂਦਾ ਹੈ। ਜੇ ਇਹੀ ਖਾਣ ਦਾ ਸਾਮਾਨ ਵੀ ਲੋੜਵੰਦਾਂ ਤਕ ਪਹੁੰਚਾਇਆ ਜਾ ਸਕੇ ਤਾਂ ਕੀ ਬਿਨਾਂ ਕੁਝ ਕਹੇ ਦੇ ਹੀ ਸਿੱਖੀ ਦਾ ਪ੍ਰਚਾਰ ਨਹੀਂ ਹੋ ਸਕਦਾ?

...ਅਤੇ ਅੰਤ ਵਿੱਚ : ਜਸਟਿਸ ਆਰ ਐਸ ਸੋਢੀ ਦਾ ਕਹਿਣਤ ਹੈ ਕਿ ਜੇ ਕਿਸੇ ਫਿਰਕੇ ਵਿਸ਼ੇਸ਼, ਜਿਵੇਂ ਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੀ ਦਾਅਵੇਦਾਰ ਪਾਰਟੀ ਦੇ ਮੁਖੀਆਂ ਨੇ ਆਪਣੇ ਧਰਮ ਦੀਆਂ ਮਾਨਤਾਵਾਂ, ਮਰਿਅਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬਧ ਰਹਿਣਾ ਹੈ, ਤਾਂ ਉਨ੍ਹਾਂ ਨੂੰ ਰਾਜ-ਸੱਤਾ ਦੀ ਲਾਲਸਾ ਦਾ ਤਿਆਗ ਕਰਨਾ ਹੋਵੇਗਾ ਅਤੇ ਇਸਦੀ ਆਸ ਤੁਸੀਂ ਕਿਸੇ ਵੀ ਅਜਿਹੀ ਸਿੱਖ ਜਥੇਬੰਦੀ ਦੇ ਮੁਖੀਆਂ ਪਾਸੋਂ ਨਹੀਂ ਰਖ ਸਕਦੇ, ਜੋ ਸਿਧੇ ਜਾਂ ਟੇਢੇ ਢੰਗ ਨਾਲ ਸੱਤਾ ਦੇ ਗਲਿਆਰਿਆਂ ਤਕ ਪੁਜਣਾ ਚਾਹੁੰਦੇ ਹਨ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085
 

ਬਾਦਲ ਦਲ ਦੇ ਮੁੱਖੀ ਬਗਲਾਂ ਵਜਾ ਰਹੇ ਨੇ... ਕਿਸ ਜਿੱਤ 'ਤੇ? - ਜਸਵੰਤ ਸਿੰਘ 'ਅਜੀਤ'

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਿੱਲੀ ਪ੍ਰਦੇਸ਼ ਦੇ ਮੁੱਖੀ ਅੱਜਕਲ ਬਗਲਾਂ ਵਜਾ ਰਹੇ ਹਨ, ਇਹ ਬਗਲਾਂ ਉਹ ਕਿਸ ਜਿੱਤ ਦੀ ਖੁਸ਼ੀ ਵਿੱਚ ਮਨਾ ਰਹੇ ਹਨ? ਕੀ ਉਸ ਜਿੱਤ ਦੀ ਖੁਸ਼ੀ ਵਿੱਚ ਜੋ ਉਨ੍ਹਾਂ ਨੇ ਸਿੱਖ ਧਰਮ ਦੀਆਂ ਮਹਾਨ ਤੇ ਮੂਲ ਸਿਧਾਂਤਾਂ ਦਾਂ ਘਾਣ ਕਰ ਅਤੇ ਕਰਵਾ ਕੇ ਪ੍ਰਾਪਤ ਕੀਤੀ ਹੈ? ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਇਹ ਖੁਸ਼ੀ ਉਸ ਜਿੱਤ ਪੁਰ ਅਧਾਰਤ ਹੈ, ਜੋ ਉਨ੍ਹਾਂ ਨੇ 'ਮੀਰੀ-ਪੀਰੀ' ਦੇ ਸਿਧਾਂਤ ਦਾ ਸਹਾਰਾ ਲੈ, ਅਦਾਲਤ ਰਾਹੀਂ ਦਿੱਲੀ ਸਿੱਖ ਗੁਰਦੁਆਰਾ ਚੋਣਾਂ ਲੜਨ ਦਾ ਉਹ ਅਧਿਕਾਰ ਪ੍ਰਾਪਤ ਕਰਕੇ ਕੀਤੀ  ਹੈ, ਜੋ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਇੱਕ ਰਾਜਸੀ ਪਾਰਟੀ ਹੋਣ ਦੇ ਕਾਰਣ, ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਪਰ ਜਾਪਦਾ ਹੈ ਕਿ ਉਨ੍ਹਾਂ ਨੂੰ ਪਤਾ ਨਹੀਂ ਕਿ ਉਨ੍ਹਾਂ ਇਹ ਅਧਿਕਾਰ ਪ੍ਰਾਪਤ ਕਰਨ ਲਈ ਲਈ, ਸਿੱਖ ਧਰਮ ਦੀਆਂ ਮਾਨਤਾਵਾਂ ਦੀ ਕਿਤਨੀ ਭਾਰੀ ਕੀਮਤ ਚੁਕਾਈ ਹੈ? ਸ਼ਾਇਦ ਇਹ ਗਲ ਉਨ੍ਹਾਂ ਲਈ ਕੋਈ ਮਹਤੱਵ ਵੀ ਨਹੀਂ ਰਖਦੀ ਕਿ ਇਹ, ਗੁਰੂ ਗੋਲਕ ਪੁਰ ਕਬਜ਼ਾ ਦੀ ਲਾਲਸਾ ਨੂੰ ਪੂਰਿਆਂ ਕਰਨ ਦਾ, ਅਧਿਕਾਰ ਪ੍ਰਾਪਤ ਕਰਨ ਲਈ, ਉਨ੍ਹਾਂ ਨੇ 'ਸਿੱਖ ਧਰਮ', ਜਿਸਦੇ ਪੈਰੋਕਾਰ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਲਈ ਅਤੇ ਜਬਰ-ਜ਼ੁਲਮ, ਅਨਿਆਇ ਦੇ ਵਿਰੁਧ ਸੰਘਰਸ਼ ਕਰਦਿਆਂ ਆਪਣਾ ਆਪ ਤਕ ਕੁਰਬਾਨ ਕਰ ਦਿੰਦੇ ਹਨ; ਦੀ ਸਾਂਝ ਇਕ ਅਜਿਹੀ 'ਰਾਜਨੀਤੀ', ਜਿਸਦੇ ਪੈਰੋਕਾਰ ਆਪਣੇ ਰਾਜਸੀ ਸੁਆਰਥ ਦੀ ਪੂਰਤੀ ਲਈ ਆਪਣਿਆਂ ਤਕ ਦੇ ਨਾਲ ਵਿਸ਼ਵਾਸਘਾਤ ਕਰਨ, ਵੈਰ-ਵਿਰੋਧ ਨੂੰ ਉਤਸਾਹਿਤ ਕਰਨ ਦੇ ਨਾਲ ਹੀ ਨਫਰਤ ਪੈਦਾ ਕਰ, ਇਨਸਾਨੀਅਤ ਦੀਆਂ ਸਮੁਚੀਆਂ ਮਾਨਤਾਵਾਂ ਦਾ ਘਾਣ ਕਰਨ ਤੋਂ ਵੀ ਸੌਕੋਚ ਨਹੀਂ ਕਰਦੇ, ਨਾਲ ਸਾਂਝ ਪੁਰ ਅਦਾਲਤੀ ਮੋਹਰ ਲੁਆ ਲਈ ਹੈ।  
ਮੀਰੀ-ਪੀਰੀ ਦੇ ਸਿਧਾਂਤ ਦੀ ਮੂਲ ਭਾਵਨਾ: ਜੇ ਸਿੱਖ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਗੁਰਬਾਣੀ ਦੇ ਸੰਦੇਸ਼ ਨੂੰ ਗੰਭੀਰਤਾ ਨਾਲ ਘੋਖਿਆ ਜਾਏ ਤਾਂ ਇਹ ਗਲ ਸਹਿਜੇ ਹੀ ਸਮਝ ਵਿੱਚ ਆ ਜਾਂਦੀ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸ੍ਰੀ ਅਕਾਲ ਤਖਤ ਦੀ ਸਥਾਪਨਾ ਕਰਨਾ ਅਤੇ ਮੀਰੀ ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨਾ, ਸ੍ਰੀ ਗੁਰੂ ਗਬਿੰਦ ਸਿੰਘ ਜੀ ਵਲੋਂ ਸੰਤ-ਸਿਪਾਹੀ ਦੇ ਰੂਪ ਵਿਚ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤਾ ਜਾਣਾ ਅਤੇ ਮੀਰੀ ਤੇ ਪੀਰੀ ਦੀਆਂ ਕਿਰਪਾਨਾਂ ਨੂੰ ਦੋਧਾਰੀ ਖੰਡੇ ਦਾ ਰੂਪ ਦੇ ਦੇਣਾ, ਆਦਿ ਕਾਰਜ ਧਰਮ ਅਤੇ ਰਾਜਨੀਤੀ ਵਿੱਚ ਸਾਂਝ ਦੇ ਪ੍ਰਤੀਕ ਨਹੀਂ, ਸਗੋਂ ਭਗਤੀ ਤੇ ਸ਼ਕਤੀ ਵਿੱਚ ਸੁਮੇਲ ਕਾਇਮ ਕਰਨ ਦੇ ਪ੍ਰਤੀਕ ਹਨ। ਇਹ ਸੁਮੇਲ ਨਾ ਤਾਂ ਸ੍ਰੀ ਅਕਾਲ ਤਖਤ ਦੀ ਸਥਾਪਨਾ ਤੋਂ, ਨਾ ਹੀ ਗੁਰੂ ਹਰਿਗੋਬਿੰਦ ਸਾਹਿਬ ਦੇ ਮੀਰੀ-ਪੀਰੀ ਦੀਆਂ ਕਿਰਪਾਨਾਂ ਧਾਰਨ ਕਰਨ, ਨਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਦੋਧਾਰੀ ਖੰਡੇ ਦੀ ਰਚਨਾ ਅਤੇ ਨਾ ਹੀ ਖਾਲਸੇ ਦੀ ਸਿਰਜਨਾ ਨੂੰ ਸੰਪੂਰਨ ਕੀਤੇ ਜਾਣ ਦੇ ਸਮੇਂ ਤੋਂ ਅਰੰਭ ਹੋਇਆ ਸੀ, ਸਗੋਂ ਇਹ ਸੁਮੇਲ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ-ਕਾਲ ਤੋਂ ਹੀ ਅਰੰਭ ਹੋ ਗਿਆ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਦ੍ਰਿੜ੍ਹਤਾ ਨਾਲ 'ਜਾਬਰ' ਕਿਹਾ ਅਤੇ ਆਪਣੀ ਬਾਣੀ ਵਿਚ ਅਨਿਆਇ, ਜਬਰ ਤੇ ਜ਼ੁਲਮ ਦੇ ਵਿਰੁਧ ਆਵਾਜ਼ ਉਠਾਉਂਦਿਆਂ ਫੁਰਮਾਇਆ: 'ਰਾਜੇ ਸੀਂਹ ਮੁਕਦਮ ਕੁਤੇ'। ਹੋਰ-'ਕਾਦੀ ਕੂੜੁ ਬੋਲਿ ਮਲੁ ਖਾਇ। ਬ੍ਰਾਹਮਣ ਨਾਵੈ ਜੀਆ ਘਾਇ। ਜੋਗੀ ਜੁਗਤਿ ਨਾ ਜਾਣੈ ਅੰਧੁ ਤੀਨੇ ਓਜਾੜੈ ਕਾ ਬੰਧ'। ਉਨ੍ਹਾਂ ਦੇ ਇਹ ਸ਼ਬਦ, ਭਗਤੀ ਤੇ ਸ਼ਕਤੀ ਦੇ ਸੁਮੇਲ ਦੇ ਪ੍ਰਤੀਕ ਹਨ, ਨਾ ਕਿ ਧਰਮ ਤੇ ਰਾਜਨੀਤੀ ਦੇ, ਕਿਉਂਕਿ  ਰਾਜਨੀਤੀ ਵਿੱਚ ਇਤਨੀ ਦ੍ਰਿੜ੍ਹਤਾ ਅਤੇ ਦਲੇਰੀ ਨਾਲ ਅਜਿਹਾ ਕੁਝ ਕਹਿ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ।
ਵਿਚਾਰਨ ਵਾਲੀ ਗਲ ਤਾਂ ਇਹ ਵੀ ਹੈ ਕਿ ਸਿੱਖੀ ਦਾ ਮਾਰਗ ਅਪਨਾਉਣ ਲਈ ਗੁਰੂ ਸਹਿਬ ਨੇ 'ਇਤੁ ਮਾਰਗ ਪੈਰ ਧਰੀਜੇ ਸਿਰੁ ਦੀਜੈ ਕਾਣ ਨਾ ਕੀਜੈ', 'ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ', 'ਸਿਰ ਧਰ ਤਲੀ ਗਲੀ ਮੇਰੀ ਆਉ', ਆਦਿ ਦੀਆਂ ਜੋ ਸ਼ਰਤਾਂ ਨਿਸ਼ਚਿਤ ਕੀਤੀਆਂ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਿਰਜਨਾ ਨੂੰ ਸੰਪੂਰਨ ਕਰਨ ਲਈ 'ਸੀਸ-ਭੇਂਟ' ਦੀ ਜੋ ਸ਼ਰਤ ਰਖੀ, ਕੀ ਉਹ ਰਾਜਨੀਤੀ ਵਿੱਚ ਸਵੀਕਾਰਨ-ਯੋਗ ਹਨ?
ਜਦੋਂ ਰਾਜ-ਸੱਤਾ ਆਉਂਦੀ ਹੈ: ਕੁਝ ਸਮਾਂ ਹੋਇਐ ਸ. ਅਜਮੇਰ ਸਿੰਘ ਲਿਖਤ ਪੁਸਤਕ 'ਕਿਸ ਬਿਧ ਰੁਲੀ ਪਾਤਸ਼ਾਹੀ' ਪੜ੍ਹ ਰਿਹਾ ਸਾਂ, ਉਸ ਵਿੱਚ ਇਕ ਥਾਂ ਸ. ਅਜਮੇਰ ਸਿੰਘ ਨੇ, ਸੱਤਾ ਵਿਚ ਆਉਣ 'ਤੇ ਮਨੁਖ ਦੀ ਕੀ ਦਸ਼ਾ ਹੁੰਦੀ ਹੈ? ਉਸਦਾ ਬਿਆਨ ਕਰਦਿਆਂ ਲਿਖਿਆ , 'ਜਦੋਂ ਕੋਈ ਸਮਾਜ ਵਿੱਚ ਵਿਸ਼ੇਸ਼ ਦਰਜਾ ਪ੍ਰਾਪਤ ਕਰ ਲੈਂਦਾ ਹੈ ਅਤੇ ਇਸਦੇ ਫਲਸਰੂਪ ਵਿਸ਼ੇਸ਼ ਅਧਿਕਾਰਾਂ ਤੇ ਸੁੱਖ-ਸਹੂਲਤਾਂ ਦਾ ਅਨੰਦ ਭੋਗਣ ਲਗਦਾ ਹੈ ਤਾਂ ਉਸਦੇ ਅੰਦਰੋਂ ਆਹਿਸਤਾ-ਆਹਿਸਤਾ ਕੌਮੀ ਭਾਈਚਾਰੇ ਦੀ ਸਪਿਰਟ ਦੰਮ ਤੋੜਨ ਲਗਦੀ ਹੈ। ਉਹ ਕੌਮੀ ਹਿਤਾਂ ਨਾਲੋਂ ਆਪਣੇ ਨਿਜੀ ਹਿਤਾਂ ਨੂੰ ਪ੍ਰਮੁਖਤਾ ਦੇਣ ਦੀ ਕਰੁਚੀ ਦਾ ਸ਼ਿਕਾਰ ਹੋ ਜਾਂਦਾ ਹੈ'। ਸੱਤਾ ਦੀ ਲਾਲਸਾ ਨੇ ਉਨ੍ਹਾਂ (ਸਿੱਖਾਂ) ਨੂੰ ਕਿਥੋਂ ਦਾ ਕਿਥੇ ਪਹੁੰਚਾ ਦਿੱਤਾ, ਇਸਦਾ ਜ਼ਿਕਰ ਕਰਦਿਆਂ, ਉਨ੍ਹਾਂ ਲਿਖਿਆ, ਕਿ 'ਖਾਲਸੇ ਅੰਦਰ ਆਪਸੀ ਪਿਆਰ ਤੇ ਮਿਲਵਰਤਣ ਦੀ ਭਾਵਨਾ ਕਮਜ਼ੋਰ ਪੈ ਗਈ, ਇਸਦੀ ਜਗ੍ਹਾ ਆਪਸੀ ਵਿਰੋਧਾਂ, ਸ਼ੰਕਿਆਂ ਤੇ ਸਾੜਿਆਂ ਨੇ ਲੈ ਲਈ। ਖਾਲਸੇ ਦੀ ਸੰਗਠਿਤ ਭਾਵਨਾ ਨਿਜਵਾਦ ਤੇ ਹਊਮੈ ਨੇ ਨਿਗਲ ਲਈ। ਸਮੂਹ ਰਜ਼ਾ ਦੀ ਥਾਂਵੇਂ ਆਪ-ਹੁਦਰਾਪਨ ਹਾਵੀ ਹੋ ਗਿਆ'।
ਇਸੇਤਰ੍ਹਾਂ ਪ੍ਰਿੰ. ਸਤਿਬੀਰ ਸਿੰਘ ਨੇ 'ਸਿੱਖ ਰਾਜ ਕਿਵੇਂ ਗਿਆ'? ਦੇ ਇਕ ਸੁਆਲ ਦਾ ਜਵਾਬ ਦਿੰਦਿਆਂ ਲਿਖਿਆ ਕਿ ਇਕ ਤਾਂ 'ਜਿਨ੍ਹਾਂ ਹੱਥ ਵਾਗਡੋਰ ਆਈ ਜਾਂ ਤਾਂ ਉਹ ਖਰੀਦੇ ਗਏ ਜਾਂ ਇਤਨੀ ਨਦਰ ਵਾਲੇ ਨਾ ਰਹੇ ਕਿ ਵਿੱਚਲੀ ਗਲ ਜਾਣ ਸਕਣ', ਦੂਜਾ, 'ਲੋਕੀ ਖੁਸ਼ਹਾਲੀ ਕਾਰਣ ਨਿਸਲ ਤੇ ਅਵੇਸਲੇ ਹੋ ਗਏ', ਤੀਜਾ, 'ਸਿੱਖ, ਸਿੱਖ ਦਾ ਵੈਰੀ ਹੋ ਗਿਆ', ਚੌਥਾ, 'ਗੁਰਮੱਤਾ ਕਰਨ ਵਾਲੀ ਸੰਸਥਾ ਅਲੋਪ ਹੋ ਗਈ, ਆਈ ਬਿਪਤ ਵੇਲੇ ਇਕੱਠਾ ਕਰਨ ਵਾਲੀ ਕੋਈ ਸੰਸਥਾ ਨਾ ਰਹੀ'।
ਜਵੇਂ ਕਿ ਅਰੰਭ ਵਿੱਚ ਹੀ ਜ਼ਿਕਰ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਭਗਤੀ ਅਤੇ ਸ਼ਕਤੀ ਦਾ ਸੁਮੇਲ ਸਥਾਪਤ ਕਰਨ ਦੀ ਪ੍ਰਕਿਰਿਆ ਅਰੰਭ ਹੋ ਗਈ ਹੋਈ ਸੀ। ਇਹ ਭਗਤੀ ਦਿਖਾਵੇ ਦੀ ਨਹੀਂ, ਅੰਤਰ-ਆਤਮਾ ਦੀ ਹੈ, ਜੋ ਮਨੁਖ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੈ। ਜਦੋਂ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੀਆਂ ਸ਼ਹਾਦਤਾਂ ਹੁੰਦੀਆਂ ਹਨ ਤਾਂ ਸਿੱਖ ਉਨ੍ਹਾਂ ਦੇ ਦਰ ਤੋਂ ਪ੍ਰਾਪਤ ਕੀਤੀ ਸ਼ਕਤੀ ਦੇ ਸਹਾਰੇ, ਦਿੱਲੀ ਤੇ ਲਾਹੌਰ ਨੂੰ ਟਕਰਾ ਕੇ ਫਨਾਹ ਕਰ ਦੇਣ ਦੀ ਸਮਰਥਾ ਦਾ ਵਿਖਾਵਾ ਕਰਨਾ ਚਾਹੁੰਦੇ ਹਨ, ਪਰ ਗੁਰੂ ਸਾਹਿਬ ਉਨ੍ਹਾਂ ਨੂੰ ਸਮਝਾਂਦੇ ਹਨ ਕਿ ਅਕਾਲ ਪੁਰਖ ਤੋਂ ਪ੍ਰਾਪਤ ਆਤਮਕ-ਸ਼ਕਤੀ ਦਾ ਅਹਿਸਾਸ ਦੁਨੀਆਂ ਨੂੰ ਤਬਾਹ ਕਰਕੇ ਨਹੀਂ, ਸਗੋਂ ਸਹਿਣਸ਼ੀਲ ਬਣੇ ਰਹਿ ਕੇ ਕਰਵਾਇਆ ਜਾਣਾ ਚਾਹੀਦਾ ਹੈ।
ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਸੰਤ-ਸਿਪਾਹੀ, ਖਾਲਸੇ ਦੀ ਸਿਰਜਨਾ ਕੀਤੀ, ਉਹ ਵੀ ਭਗਤੀ ਤੇ ਸ਼ਕਤੀ ਦੇ ਸੁਮੇਲ ਦਾ ਪ੍ਰਤੀਕ ਹੈ। ਸੰਤ, ਪ੍ਰਭੂ-ਭਗਤੀ ਵਿਚ ਲੀਨ ਰਹਿੰਦਾ ਹੈ, ਜੀਵਨ ਦੀ ਪਵਿਤ੍ਰਤਾ ਨੂੰ ਕਾਇਮ ਰਖਦਾ ਹੈ, ਮਨੁਖਤਾ ਦੀ ਸੇਵਾ ਵਿਚ ਆਪਣੇ-ਆਪਨੂੰ ਸਮਰਪਿਤ ਕਰ ਦਿੰਦਾ ਹੈ, ਉਸਦੀ ਭਲਾਈ ਲਈ ਆਪਾ ਤਕ ਕੁਰਬਾਨ ਕਰ ਦੇਣ ਤੋਂ ਵੀ ਸੰਕੋਚ ਨਹੀਂ ਕਰਦਾ। ਜਦੋਂ ਭਗਤੀ ਰਾਹੀਂ ਸੰਤ ਵਿਚ ਇਹ ਗੁਣ ਆ ਜਾਂਦੇ ਹਨ ਤਾਂ ਉਹ ਸੰਤ-ਸਿਪਾਹੀ ਬਣ ਜਾਂਦਾ ਹੈ। ਜ਼ੁਲਮ ਤੇ ਅਨਿਆਇ ਉਸ ਤੋਂ ਬਰਦਾਸ਼ਤ ਨਹੀਂ ਹੋ ਪਾਂਦੇ। ਜਿਥੇ-ਕਿਥੇ ਵੀ ਉਹ ਜ਼ੁਲਮ ਹੁੰਦਾ ਅਤੇ ਅਨਿਆਇ ਨੂੰ ਪੈਰ ਪਸਾਰਦਿਆਂ ਵੇਖਦਾ ਹੈ, ਤਾਂ ਉਹ ਉਨ੍ਹਾਂ ਦਾ ਵਿਰੋਧ ਕਰਨ ਲਈ ਬੇਚੈਨ ਹੋ ਉਠਦਾ ਹੈ। ਇਸ ਤਰ੍ਹਾਂ ਸੰਤ ਤੇ ਸਿਪਾਹੀ ਦੇ ਸੁਮੇਲ ਨਾਲ, ਇਕ ਅਜਿਹੇ ਇਨਸਾਨ ਦਾ ਜਨਮ ਹੁੰਦਾ ਹੈ, ਜੋ ਇਨਸਾਨੀਅਤ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਲਈ ਸਭ ਕੁਝ ਕੁਰਬਾਨ ਕਰਨ ਵਾਸਤੇ ਸਦਾ ਤਤਪਰ ਰਹਿੰਦਾ ਹੈ।
ਪ੍ਰੰਤੂ ਇਸਦੇ ਵਿਰੁਧ ਜਿਥੋਂ ਤਕ ਰਾਜਨੀਤੀ ਦਾ ਸੰਬੰਧ ਹੈ, ਉਹ ਇਕ ਅਜਿਹਾ ਫਰੇਬ ਹੈ, ਜੋ ਸੱਤਾ ਹਾਸਲ ਕਰਨ ਅਤੇ ਉਸਨੂੰ ਕਾਇਮ ਰਖਣ ਲਈ ਵਰਤਿਆ ਜਾਂਦਾ ਹੈ। ਮਤਲਬ ਇਹ ਕਿ ਰਾਜਨੀਤੀ ਵਿਚ ਵੀ ਹਰ ਹਥਕੰਡੇ ਦਾ ਵਰਤਿਆ ਜਾਣਾ ਅਤੇ ਆਪਣਿਆਂ ਨਾਲ ਵਿਸ਼ਵਾਸਘਾਤ ਕਰਨਾ, ਆਪੋ ਵਿੱਚ ਵੈਰ-ਵਿਰੋਧ ਅਤੇ ਨਫਰਤ ਪੈਦਾ ਕਰਨ ਦਾ ਸਹਾਰਾ ਲਿਆ ਜਾਣਾ ਜਾਇਜ਼ ਮੰਨਿਆ ਜਾਂਦਾ ਹੈ।
...ਅਤੇ ਅੰਤ ਵਿੱਚ: ਇਸ ਸਥਿਤੀ ਵਿੱਚ ਸੁਆਲ ਉਠਦਾ ਹੈ ਕਿ ਕੀ ਗੁਰੂ ਸਾਹਿਬ ਨੇ ਇਸੇ ਰਾਜਨੀਤੀ ਨੂੰ, ਜਿਸਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ, ਧਰਮ ਦੀਆਂ ਮਾਨਤਾਵਾਂ ਤੇ ਪ੍ਰੀਭਾਸ਼ਾਵਾਂ ਦੇ ਬਿਲਕੁਲ ਉਲਟ ਹਨ, ਧਰਮ ਨਾਲ ਸਬੰਧਿਤ ਕੀਤਾ ਹੈ? ਜੇ ਇਹ 'ਮੇਲ' ਗੁਰੂ ਸਾਹਿਬ ਨੇ ਕਰਵਾਇਆ ਹੈ, ਤਾਂ ਫਿਰ ਸਾਡੇ ਵਲੋਂ ਧਾਰਮਕ ਮਾਮਲਿਆਂ ਵਿਚ ਰਾਜਨੈਤਿਕ ਦਖਲ ਦਾ ਵਿਰੋਧ ਕਿਉਂ ਕੀਤਾ ਜਾਂਦਾ ਹੈ? ਜਦੋਂ ਵੀ ਸਥਾਪਤ ਧਾਰਮਿਕ ਮਰਿਆਦਾਵਾਂ ਪੁਰ ਹਮਲੇ ਹੁੰਦੇ ਹਨ ਤਾਂ ਸਾਡੇ ਹਿਰਦੇ ਤੜਪ ਕਿਉਂ ਉਠਦੇ ਹਨ? ਭਾਵੇਂ ਸਾਡਾ ਰਾਜਨੈਤਿਕ ਵਿਸ਼ਵਾਸ ਕੁਝ ਵੀ ਹੁੰਦਾ ਹੈ?000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸ੍ਰੀ ਅਕਾਲ ਤਖਤ ਦੀ ਸਿਰਜਨਾ ਦਾ ਉਦੇਸ਼  - ਜਸਵੰਤ ਸਿੰਘ 'ਅਜੀਤ'

ਕਈ ਸਿੱਖ ਇਤਿਹਾਸਕਾਰਾਂ ਅਤੇ ਵਿਦਵਾਨਾਂ ਅਨੁਸਾਰ ਸ੍ਰੀ ਅਕਾਲ ਤਖਤ ਦੀ ਸਿਰਜਨਾ ਕਿਸੇ ਰਾਜ ਸੱਤਾ ਦੀ ਪ੍ਰਾਪਤੀ ਜਾਂ ਰਾਜਨੈਤਿਕ ਮਾਰਗ ਦਰਸ਼ਨ ਦੇ ਲਈ ਨਹੀਂ, ਸਗੋਂ ਇਸਦੀ ਸਿਰਜਨਾ ਕਰਦਿਆਂ ਇਸ ਆਦਰਸ਼ ਮੁੱਖ ਰਖਿਆ ਗਿਆ ਕਿ ਇੱਕ ਤਾਂ ਇਹ ਕਿ ਇਸ ਅਸਥਾਨ ਪੁਰ ਬੈਠਾ ਸਿੱਖ ਦਰਬਾਰ ਸਾਹਿਬ (ਹਰਿਮੰਦਿਰ ਸਾਹਿਬ) ਪ੍ਰਤੀ ਸਮਰਪਿਤ ਹੋ, ਉਨ੍ਹਾਂ ਫਰਜ਼ਾਂ (ਜ਼ਿਮੇਂਦਾਰੀਆਂ) ਨੂੰ ਨਾ ਭੁਲ ਜਾਏ, ਜੋ ਉਸਨੂੰ ਆਤਮ-ਸਨਮਾਨ ਅਤੇ ਗਰੀਬ ਮਜ਼ਲੂਮ ਦੀ ਰਖਿਆ ਲਈ ਸੌਂਪੇ ਗਏ ਹੋਏ ਹਨ, ਅਰਥਾਤ ਉਹ (ਸਿੱਖ) 'ਸੰਤ' ਬਣਨ ਦੇ ਨਾਲ ਹੀ 'ਸਿਪਾਹੀ' ਦੀਆਂ ਜ਼ਿਮੇਂਦਾਰੀਆਂ ਨਿਬਾਹੁਣ, ਅਰਥਾਤ ਆਤਮ-ਸਨਮਾਨ ਅਤੇ ਗਰੀਬ-ਮਜ਼ਲੂਮ ਦੀ ਰਖਿਆ ਕਰਨ ਪ੍ਰਤੀ ਵੀ ਸਮਰਪਿਤ ਰਹੇ। ਇਸਦੇ ਨਾਲ ਹੀ ਇਹ ਆਦਰਸ਼ ਵੀ ਮਿਥਿਆ ਕਿ ਉਹ (ਸਿੱਖ) ਅਕਾਲ ਤਖਤ ਪ੍ਰਤੀ ਸਮਰਪਿਤ ਹੋ 'ਸਿਪਾਹੀ' ਬਣ, ਤਾਕਤ ਦੇ ਨਸ਼ੇ ਵਿੱਚ ਆ 'ਸੰਤ' ਦੇ ਆਦਰਸ਼ਾਂ ਨੂੰ ਅਣਗੋਲਿਆਂ ਨਾ ਕਰ ਬੈਠੇ, ਇਸਲਈ ਉਸਨੂੰ ਹਰਿਮੰਦਿਰ ਸਾਹਿਬ ਦੀ ਤਾਬਿਆ ਰਖਿਆ ਗਿਆ।     
ਜਿਥੋਂ ਤਕ ਇਸ ਦਾਅਵੇ ਦਾ ਸੁਆਲ ਹੈ ਕਿ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਦੀ ਸੰਰਚਨਾ ਕਰ 'ਧਰਮ ਤੇ ਰਾਜਨੀਤੀ' ਵਿੱਚ ਸਾਂਝ ਸਥਾਪਤ ਕੀਤੀ ਸੀ, ਉਸ ਸਬੰਧੀ ਕਿਸੇ ਅੰਤਿਮ ਨਤੀਜੇ ਤੇ ਪੁਜਣ ਲਈ ਇਸ ਸੁਆਲ ਤੇ ਗੰਭੀਰਤਾ ਨਾਲ ਵਿਚਾਰ ਕਰਕੇ ਫੈਸਲਾ ਕਰਨਾ ਹੋਵੇਗਾ ਕਿ ਕੀ ਅਜਿਹਾ ਸੰਭਵ ਹੈ? ਕਿਉਂਕਿ ਇਕ ਪਾਸੇ ਤਾਂ ਉਹ ਧਰਮ ਹੈ, ਜਿਸਨੂੰ ਪਵਿਤਰਤਾ, ਕੁਰਬਾਨੀ, ਸੇਵਾ ਅਤੇ ਸਮਰਪਣ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਦਕਿ ਦੂਜੇ ਪਾਸੇ ਉਹ ਰਾਜਨੀਤੀ ਹੈ, ਜਿਸਦੀ ਨੀਂਹ ਹੀ ਸੱਤਾ ਦੀ ਭੁਖ, ਧੋਖੇ, ਫਰੇਬ, ਵਿਸਾਹਘਾਤ ਅਤੇ ਸੁਆਰਥ ਪੁਰ ਰਖੀ ਗਈ ਹੋਈ ਮੰਨੀ ਜਾਂਦੀ ਹੈ।
ਸ੍ਰੀ ਅਕਾਲ ਤਖ਼ਤ ਦੀ ਸਿਰਜਣਾ: ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਵਰਗੀਆਂ ਮਹਾਨ ਸ਼ਖਸੀਅਤਾਂ ਦੇ ਸਹਿਯੋਗ ਨਾਲ, ਸ੍ਰੀ ਅਕਾਲ ਤਖਤ ਦੀ ਸਿਰਜਣਾ ਆਪਣੇ ਕਰ-ਕਮਲਾਂ ਨਾਲ, ਇਸ ਉਦੇਸ਼ ਅਤੇ ਆਸ਼ੇ ਦੇ ਨਾਲ ਕੀਤੀ, ਕਿ ਇਥੋਂ ਮਿਲਣ ਵਾਲਾ ਸੰਦੇਸ਼, ਦੇਸ-ਵਾਸੀਆਂ ਵਿਚ ਆਤਮ-ਵਿਸ਼ਵਾਸ ਤੇ ਆਤਮ-ਸਨਮਾਨ ਦੀ ਭਾਵਨਾ ਪੈਦਾ ਕਰੇਗਾ, ਜਿਸਦੇ ਸਹਾਰੇ ਉਹ ਆਤਮ-ਰਖਿਆ ਲਈ ਜ਼ਾਲਮ ਹਕੂਮਤ ਦੇ ਜਬਰ-ਜ਼ੁਲਮ ਦਾ ਖਾਤਮਾ ਕਰ ਸਕਣ ਦੇ ਜਜ਼ਬੇ ਦੇ ਨਾਲ ਸਰਸ਼ਾਰ ਹੋ ਸਕਣਗੇ।
ਉਚ ਧਰਮ ਅਸਥਾਨ, ਸ੍ਰੀ ਅਕਾਲ ਤਖ਼ਤ, ਸਤਿਗੁਰਾਂ ਦਾ ਉਹ ਦਰ ਹੈ, ਜਿਥੇ ਹਰ ਕੋਈ ਸਹਿਮਿਆ-ਡਰਿਆ ਨਹੀਂ, ਸਗੋਂ ਇਸ ਵਿਸ਼ਵਾਸ ਦੇ ਨਾਲ ਆਉਂਦਾ ਹੈ ਕਿ ਉਸ ਕੋਲੋਂ ਜੇ ਕੋਈ ਭੁਲ ਹੋ ਗਈ ਹੈ ਤਾਂ ਉਹ ਇਥੋਂ ਬਿਨਾ ਕਿਸੇ ਕਿੰਤੂ-ਪ੍ਰੰਤੂ ਦੇ ਬਖ਼ਸ਼ੀ ਜਾਇਗੀ। ਗੁਰੂ ਬਖ਼ਸ਼ਣਹਾਰ ਹੈ, ਗੁਰੂ ਘਰ ਤੋਂ 'ਦੋਸ਼' ਨਹੀਂ ਲਗਦੇ, 'ਸਜ਼ਾ' ਨਹੀਂ ਮਿਲਦੀ। ਸਗੋਂ, ਸੱਚੇ ਦਿਲੋਂ ਸਵੀਕਾਰ ਕਰਦਿਆਂ ਹੀ 'ਭੁਲ' ਬਖ਼ਸ਼ੀ ਜਾਂਦੀ ਹੈ। ਗੁਰੂ ਦੇ ਦਰ ਤੇ ਇਹੀ ਇਕੋ-ਇਕ ਸਿਧਾਂਤ ਕੰਮ ਕਰਦਾ ਹੈ: 'ਨਾਨਕ ਬਖਸੇ ਪੂਛ ਨ ਹੋਇ'। ਹੋਰ: 'ਪਿਛਲੇ ਅਉਗਣ ਬਖਸਿ ਲਏ, ਪ੍ਰਭੁ ਆਗੈ ਮਾਰਗਿ ਪਾਵੈ'।  ਗੁਰੂ ਸਾਹਿਬ ਦੇ ਇਹ ਬਚਨ ਇਸ ਗਲ ਦੇ ਸਾਖੀ ਹਨ ਕਿ ਗੁਰੂ ਅਤੇ ਗੁਰੂ ਦਾ ਦਰ ਸਦਾ ਹੀ ਬਖਸ਼ਣਹਾਰ ਹੈ, ਜੇ ਕੋਈ ਗੁਰੂ ਦਾ ਨਾਂ ਲੈ ਕੇ ਕਿਸੇ ਨੂੰ ਦੋਸ਼ੀ ਠਹਿਰਾ, ਉਸਨੂੰ ਸਜ਼ਾ ਦਿੰਦਾ ਹੈ, ਤਾਂ ਉਹ ਗੁਰੂ ਸਾਹਿਬਾਨ ਵਲੋਂ ਸਥਾਪਤ ਸਿਧਾਂਤ ਅਤੇ ਆਦਰਸ਼ ਦੀ ਉਲੰਘਣਾ ਕਰਨ ਦਾ ਦੋਸ਼ੀ ਤੇ ਗੁਰੂ ਦਾ ਦੇਣ-ਦਾਰ ਹੈ ਅਤੇ ਜੋ ਇਸ ਡਰੋਂ ਗੁਰੂ ਦਰ ਤੇ ਜਾ, ਭੁਲ ਸਵੀਕਾਰ ਕਰਨ ਤੋਂ ਸੰਕੋਚ ਕਰਦਾ ਹੈ, ਕਿ ਜੇ ਉਸਨੇ ਭੁਲ ਸਵੀਕਾਰ ਕਰ ਲਈ ਤਾਂ ਉਸਨੂੰ ਲੋਕਾਂ ਸਾਹਮਣੇ ਸ਼ਰਮਿੰਦਿਆਂ ਹੋਣਾ ਪਵੇਗਾ, ਉਹ ਵੀ ਕਦੀ ਕੀਤੀ ਭੁਲ ਦੇ ਦੋਸ਼ ਤੋਂ ਮੁਕਤ ਨਹੀਂ ਹੋ ਸਕਦਾ। ਉਸਦੀ ਆਪਣੀ ਹੀ ਆਤਮਾ ਉਸਨੂੰ ਕੀਤੀ ਗਈ ਭੁਲ ਦੇ ਲਈ ਸਦਾ ਕਚੋਟਦੀ ਰਹੇਗੀ। ਇਤਿਹਾਸ ਗੁਆਹ ਹੈ ਕਿ ਜਦੋਂ ਮਹਾਂ ਸਿੰਘ ਇਕਲੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਦਾਵਾ, 'ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ' ਲਿਖ, ਦੇ ਗਏ 40 ਸਿੱਖਾਂ ਨੂੰ ਬਖਸ਼ਣ ਦੀ ਬੇਨਤੀ ਕੀਤੀ ਤਾਂ ਬਖਸ਼ਣਹਾਰ ਸਤਿਗੁਰਾਂ ਨੇ ਉਨ੍ਹਾਂ ਨੂੰ ਬਖਸ਼ਣ ਵਿੱਚ ਜ਼ਰਾ ਵੀ ਢਿਲ ਨਹੀਂ ਕੀਤੀ, ਤੁਰੰਤ ਹੀ ਕਮਰਕੱਸੇ ਵਿੱਚ ਸਾਂਭ ਰਖਿਆ ਬੇਦਾਵਾ ਕਢ ਮਹਾਂ ਸਿੰਘ ਦੀਆਂ ਅੱਖਾਂ ਸਾਹਮਣੇ ਹੀ ਪਾੜ ਹਵਾ ਵਿੱਚ ਉੱਡਾ ਮਹਾਂ ਸਿੰਘ ਨੂੰ ਗਲ ਨਾਲ ਲਾ ਲਿਆ।
ਰਾਜਸੱਤਾ ਦਾ ਸਿੱਖ ਸੰਕਲਪ: ੱਿਸੱਖ ਵਿਦਵਾਨ ਵੀ ਰਾਜਸੱਤਾ ਦੇ ਸਿੱਖ ਸੰਕਲਪ ਦੇ ਮੁੱਦੇ ਤੇ ਇਕ ਮਤ ਨਹੀਂ ਹਨ। ਇਕ ਵਰਗ ਦਾ ਪੱਖ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ, ਲੱਖਾ ਸਿੰਘ ਅਨੁਸਾਰ: 'ਰਾਜ ਜੋਗ ਤੁਮ ਕਹ ਮੈ ਦੀਨਾ। ਪਰਮ ਜੋਤਿ ਸੰਗ ਪਰਚੋ ਕੀਨਾ। ਸੰਤ ਸਮੂਹਨ ਕੋ ਸੁਖ ਦੀਜੈ। ਅਚਲ ਰਾਜ ਧਰਨੀ ਮਹਿ ਕੀਜੈ', ਸਿੱਖਾਂ ਨੂੰ ਰਾਜੇ ਹੋਣ ਦਾ ਵਰ  ਦਿਤਾ ਹੋਇਆ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਜੀ ਦਾ ਨਿਸ਼ਾਨਾ ਗ਼ਰੀਬ ਸਿੱਖਾਂ ਨੂੰ ਪਾਤਸ਼ਾਹੀ ਦੇਣਾ ਸੀ। ਆਪਣੇ ਇਸ ਦਾਅਵੇ ਦੀ ਪੁਸ਼ਟੀ ਵਿਚ ਉਹ ਭਾਈ ਕੋਇਰ ਸਿੰਘ ਲਿਖਤ 'ਗੁਰਬਿਲਾਸ' ਵਿਚੋਂ ਇਹ ਟੂਕ ਦਿੰਦੇ ਹਨ; 'ਮੈਂ ਅਸਿਪਾਨਜ (ਖੜਗਧਾਰੀ) ਤਦ ਸੁ ਕਹਾਊਂ, ਚਿੜੀਅਨ ਪੈ ਜੋ ਬਾਜ ਤੁੜਾਊਂ। ਕਿਰਸਾਨੀ ਜਗ ਮੈ ਭਏ ਰਾਜਾ'। ਹੋਰ: 'ਅਬ ਦਯੈ ਪਾਤਸਾਹੀ ਗਰੀਬਨ ਉਠਾਇ, ਵੈ ਜਾਨੈ ਗੁਰ ਦਈ ਮਾਹਿ'।                                           
ਜਦਕਿ ਦੂਜੇ ਵਰਗ ਦਾ ਪੱਖ ਇਹ ਦਸਿਆ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਿਰਜਨਾ ਜਬਰ, ਜ਼ੁਲਮ ਅਤੇ ਜ਼ਾਲਮ ਵਿਰੁਧ ਸਦੀਵੀ ਸੰਘਰਸ਼ ਜਾਰੀ ਰਖਣ ਅਤੇ ਗ਼ਰੀਬ-ਮਜ਼ਲੂਮ ਦੀ ਰਖਿਆ ਕਰਨ ਲਈ ਕੀਤੀ ਹੈ। ਇਸਦੇ ਵਿਰੁਧ ਰਾਜਸੱਤਾ ਇਨ੍ਹਾਂ (ਜਬਰ ਅਤੇ ਜ਼ੁਲਮ) ਤੋਂ ਬਿਨਾਂ ਨਾ ਤਾਂ ਕਾਇਮ ਹੋ ਸਕਦੀ ਹੈ ਅਤੇ ਨਾ ਹੀ ਕਾਇਮ ਰਖੀ ਜਾ ਸਕਦੀ ਹੈ। ਜਿਸ ਕਾਰਣ ਰਾਜਸੱਤਾ ਅਤੇ ਖਾਲਸੇ ਵਿਚਕਾਰ ਅਰੰਭ ਤੋਂ ਹੀ ਟਕਰਾਉ ਬਣਿਆ ਚਲਿਆ ਆ ਰਿਹਾ ਹੈ। ਉਹ ਕਹਿੰਦੇ ਹਨ ਕਿ ਗੁਰੂ ਸਾਹਿਬ ਵਲੋਂ ਸਿੱਖਾਂ ਨੂੰ ਬਖ਼ਸ਼ੀ ਗਈ ਪਾਤਸਾਹੀ ਨੂੰ 'ਮਹਿਮਾ ਪ੍ਰਕਾਸ਼' ਦੇ ਇਨ੍ਹਾਂ ਸ਼ਬਦਾਂ-'ਐਸਾ ਪੰਥ ਸਤਿਗੁਰ ਰਚਾ, ਸਗਲ ਜਗਤ ਹੈਰਾਨ। ਬਿਨ ਧਨ ਭੂਮ ਰਾਜਾ ਬਨੈ, ਬਿਨ ਪਦ ਬਢੇ ਮਹਾਨ' ਦੀ ਰੋਸ਼ਨੀ ਵਿਚ ਲਿਆ ਜਾਣਾ ਚਾਹੀਦਾ ਹੈ। ਅਰਥਾਤ ਖਾਲਸਾ ਕਿਸੇ ਜ਼ਮੀਨੀ ਖਿੱਤੇ ਜਾਂ ਇਲਾਕੇ ਤੇ ਰਾਜ ਕਰਨ ਵਾਲਾ ਰਾਜਾ ਨਹੀਂ, ਇਲਾਕਿਆਂ ਅਤੇ ਜ਼ਮੀਨੀ ਖਿਤਿਆਂ ਦੀ ਰਾਜ-ਸੱਤਾ ਤਾਂ ਬਦਲਦੀ ਰਹਿੰਦੀ ਪਰ ਖਾਲਸਾ ਆਪਣੇ ਕਿਰਦਾਰ ਤੇ ਆਦਰਸ਼ਾਂ ਕਾਰਣ ਮਨੁਖੀ ਦਿੱਲਾਂ ਪੁਰ ਰਾਜ-ਸੱਤਾ ਕਾਇਮ ਕਰਨ ਵਾਲਾ ਅਜਿਹਾ ਰਾਜਾ ਹੈ, ਜਿਸਦਾ ਰਾਜ ਨਾ ਤਾਂ ਕੋਈ ਖੋਹ ਸਕਦਾ ਹੈ ਅਤੇ ਨਾ ਹੀ ਮਿਟਾ ਸਕਦਾ ਹੈ।

...ਅਤੇ ਅੰਤ ਵਿਚ: ਜਿਉਂ-ਜਿਉਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਆਦੇਸ਼ਾਂ (ਹੁਕਮਨਾਮਿਆਂ) ਦੇ ਸਬੰਧ ਵਿਚ ਵਿਵਾਦ ਉਭਰਦੇ ਚਲੇ ਜਾ ਰਹੇ ਹਨ, ਤਿਉਂ-ਤਿਉਂ ਆਮ ਸਿੱਖਾਂ ਵਿਚ ਲਗਾਤਾਰ ਇਹ ਧਾਰਣਾ ਦ੍ਰਿੜ੍ਹ ਹੁੰਦੀ ਜਾ ਰਹੀ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੁਰ ਵਿਵਾਦਤ ਮੁੱਦਿਆਂ ਪੁਰ ਵਿਚਾਰ ਕੀਤੀ ਜਾਣੀ ਹੋਵੇ ਤਾਂ ਉਨ੍ਹਾਂ ਪੁਰ ਵਿਚਾਰ ਕਰਨ ਲਈ ਦੋਹਾਂ ਧਿਰਾਂ ਦੇ ਪ੍ਰਵਾਨਤ ਪੰਜ ਪਿਆਰੇ ਹੋਣੇ ਚਾਹੀਦੇ ਹਨ। ਇਕ ਵਿਚਾਰ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਪੁਰ ਰਾਜਸੀ ਮੁੱਦੇ ਬਿਲਕੁਲ ਹੀ ਨਹੀਂ ਵਿਚਾਰੇ ਜਾਣੇ ਚਾਹੀਦੇ, ਉਥੇ ਕੇਵਲ ਧਾਰਮਕ ਮੁੱਦੇ ਹੀ ਵਿਚਾਰ-ਅਧੀਨ ਲਿਆਏ ਜਾਣੇ ਚਾਹੀਦੇ ਹਨ। ਇਸਦੇ ਨਾਲ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਲ ਇਕ ਸਕ੍ਰੀਨਿੰਗ ਕਮੇਟੀ ਹੋਣੀ ਚਾਹੀਦੀ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਪੁਰ ਵਿਚਾਰ ਲਈ ਆਉਣ ਵਾਲੇ ਮੁੱਦਿਆਂ ਦੇ ਸਬੰਧ ਵਿਚ ਪੁਣ-ਛਾਣ ਕਰਕੇ, ਬਹੁਤ ਮਹਤਵਪੁਰਣ ਮੁੱਦੇ ਹੀ ਸਿੰਘ ਸਾਹਿਬਾਨ ਦੇ ਸਾਹਮਣੇ ਵਿਚਾਰ ਲਈ ਪੇਸ਼ ਕਰੇ ਅਤੇ ਜਿਨ੍ਹਾਂ ਦਾ ਆਧਾਰ ਜਾਤੀ ਵਿਰੋਧ ਅਤੇ ਰਾਜਨੀਤੀ ਹੋਵੇ ਉਨ੍ਹਾਂ ਨੂੰ ਹੇਠਲੀ ਪੱਧਰ ਤੇ ਹੀ ਵਾਪਸ ਜਾਂ ਰੱਦ ਕਰ ਦਿੱਤਾ ਕਰੇ।

Mobile : +91 95 82 71 98 90
E-Mail :  jaswantsinghajit@gmail.com

        Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਕੀ ਕਿਸਾਨ ਅੰਦੋਲਣ ਦਾ ਪ੍ਰਭਾਵ ਸੜਕਾਂ ਪੁਰ ਹੀ ਹੈ? - ਜਸਵੰਤ ਸਿੰਘ 'ਅਜੀਤ'

ਕਿਸਾਨੀ ਅੰਦੋਲਣ ਨਾਲ ਲਗਾਤਾਰ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਵਲੋਂ ਇਹ ਸੁਆਲ ਉਸ ਸਮੇਂ ਉਠਾਇਆ ਗਿਆ, ਜਦੋਂ ਰਾਜ ਦੇ ਕਿਸਾਨ ਨੇਤਾਵਾਂ ਵਲੋਂ ਹਰਿਆਣੇ ਦੇ ਵਿਧਾਇਕਾਂ ਪੁਰ ਇਹ ਦਬਾਉ ਬਣਾਏ ਜਾਣ ਦੇ ਬਾਵਜੂਦ, ਕਿ ਉਹ ਰਾਜ ਦੀ ਭਾਜਪਾ ਗਠਜੋੜ ਵਾਲੀ ਸਰਕਾਰ ਦਾ ਵਿਰੋਧ ਕਰ ਉਸਨੂੰ ਚਲਤਾ ਕਰਨ ਵਿੱਚ ਭੂਮਿਕਾ ਨਿਭਾਉਣ, ਕਿਉਂਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ, ਹਰਿਆਣਾ ਸਰਕਾਰ ਬੇਵਿਸਵਾਸੀ ਦੇ ਮਤੇ ਤੇ 33 ਦੇ ਮੁਕਬਲੇ 55 ਮੱਤ ਹਾਸਲ ਕਰਕੇ ਆਪਣੀ ਜਿੱਤ ਦਰਜ ਕਰਵਾਣ ਵਿੱਚ ਸਫਲ ਹੋ ਜਾਂਦੀ ਹੈ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਹਰਿਆਣਾ ਸਰਕਾਰ ਦਾ ਬੇਵਿਸਵਾਸੀ ਦੇ ਮੱਤੇ ਪੁਰ ਜਿੱਤ ਪ੍ਰਾਪਤ ਕਰ ਜਾਣ ਤੋਂ ਇਹ ਪ੍ਰਭਾਵ ਲਿਆ ਜਾਣਾ ਕੁਦਰਤੀ ਹੈ ਕਿ ਕੀ ਕਿਸਾਨਾਂ ਦੇ ਅੰਦੋਲਣ ਦਾ ਪ੍ਰਭਾਵ ਕੇਵਲ ਸੜਕਾਂ ਪੁਰ ਹੀ ਹੈ, ਰਾਜਨੈਤਿਕਾਂ ਜਾਂ ਆਮ ਲੋਕਾਂ ਪੁਰ ਬਿਲਕੁਲ ਨਹੀਂ ਹੈ?
ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਹਰਿਆਣੇ ਦੇ ਕਿਸਾਨ ਨੇਤਾਵਾਂ ਵਲੋਂ ਭਾਵੇਂ ਰਾਜ ਦੇ ਵਿਧਾਇਕਾਂ ਪੁਰ ਇਹ ਦਬਾਉ ਬਨਾਣ ਦੀ ਕੌਸ਼ਿਸ਼ ਕੀਤੀ ਗਈ ਸੀ ਕਿ ਉਹ ਕਿਸਾਨ-ਵਿਰੋਧੀ ਭਾਜਪਾ ਸਰਕਾਰ ਨੂੰ ਗਿਰਾਣ ਵਿੱਚ ਆਪਣੀ ਭੂਮਿਕਾ ਨਿਭਾਉਣ। ਪਰ ਉਹ ਆਪਣੇ ਇਸ ਉਦੇਸ਼ ਵਿੱਚ ਸਫਲ ਨਹੀਂ ਹੋ ਸਕੇ। ਜਿਸਤੋਂ ਇਹ ਸੁਆਲ ਉਠਦਾ ਹੈ ਕਿ ਕੀ ਸਚਮੁਚ ਕਿਸਾਨਾਂ ਦਾ ਪ੍ਰਭਾਵ ਕੇਵਲ ਸੜਕਾਂ ਪੁਰ ਹੀ ਹੈ। ਕਿਸਾਨ ਅੰਦੋਲਣ ਦਾ ਪ੍ਰਭਾਵ ਅਮਲੋਕਾਂ, ਸਰਕਾਰਾਂ ਜਾਂ ਵਿਧਾਇਕਾਂ / ਸਾਂਸਦਾਂ ਪੁਰ ਬਿਲਕੁਲ ਹੀ ਨਹੀਂ? ਇਨ੍ਹਾਂ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸਦਾ ਕਾਰਣ ਇਹ ਵੀ ਹੋ ਸਕਦਾ ਹੈ ਕਿ ਵਿਧਾਇਕਾਂ ਦੇ ਦਿਲਾਂ ਵਿੱਚ ਇਹ ਡਰ ਬੈਠ ਗਿਆ ਹੋਇਆ ਹੈ ਕਿ ਸਰਕਾਰ ਦੇ ਡਿਗਣ ਨਾਲ ਉਨ੍ਹਾਂ ਦੀ ਵਿਧਾਇਕੀ ਵੀ ਜਾਂਦੀ ਰਹੇਗੀ। ਕਿਸਾਨੀ ਅੰਦੋਲਣ ਦੇ ਚਲਦਿਆਂ ਕਿਸਾਨਾਂ ਅਤੇ ਆਮ ਲੋਕਾਂ ਵਿੱਚ ਸਰਕਾਰ ਅਤੇ ਉਨ੍ਹਾਂ ਵਿਰੁਧ ਜੋ ਰੋਹ ਪੈਦਾ ਹੋਇਆ ਹੈ, ਉਸਦੇ ਚਲਦਿਆਂ ਉਹ ਦੁਬਾਰਾ ਵਿਧਾਇਕ ਨਹੀਂ ਬਣ ਸਕਣਗੇ। ਜਿਸਦਾ ਨਤੀਜਾ ਇਹ ਹੋਵੇਗਾ ਕਿ ਉਨ੍ਹਾਂ ਦਾ ਸਰਕਾਰ ਦਾ ਹਿਸਾ ਬਣ ਪਾਣਾ ਵੀ ਸੰਭਵ ਨਹੀਂ ਰਹਿ ਜਾਇਗਾ।

ਕਿਸਾਨ ਅੰਦੋਲਣ ਚੌਥੇ ਮਹੀਨੇ ਵਿੱਚ: ਭਾਰਤੀ ਕਿਸਾਨਾਂ ਦਾ ਅੰਦੋਲਣ ਚੌਥੇ ਮਹੀਨੇ ਨੂੰ ਵੀ ਪਾਰ ਕਰ ਜਾਣ ਵਲ ਵੱਧ ਰਿਹਾ ਹੈ। ਇਤਨਾ ਲੰਬਾ ਸਮਾਂ ਉਸਦੇ ਸ਼ਾਂਤੀ-ਪੂਰਣ ਚਲਦਿਆਂ ਰਹਿਣ ਦੇ ਕਾਰਣ, ਉਸਦੇ ਅਗੂਆਂ ਨੂੰ ਸੰਸਾਰ ਭਰ ਦਾ ਸਮਰਥਨ ਮਿਲਣ ਲਗ ਪਿਆ ਹੈ, ਭਾਵੇਂ ਬਾਂਰਤ ਸਰਕਾਰ ਸੰਸਾਰ ਭਰ ਦੇ ਮਿਲ ਰਹੇ ਸਮਰਥਨ ਨੂੰ ਇਹ ਕਹਿ ਨਕਾਰਦੀ ਚਲੀ ਆ ਰਹੀ ਹੈ ਕਿ ਭਾਰਤੀ ਕਿਸਾਨਾਂ ਦਾ ਮਾਮਲਾ ਭਾਰਤ ਦਾ ਅੰਦਰੂਨੀ ਮਾਮਲਾ ਹੈ, ਇਸ ਵਿੱਚ ਕਿਸੇ ਵੀ ਬਾਹਰਲੇ ਦਖਲ ਨੂੰ ਉਹ ਨਹੀਂ ਸਵੀਕਾਰਦੀ, ਪਰ ਇਹ ਗਲ ਚਿਟੇ ਦਿਨ ਵਾਂਗ ਸਾਫ ਹੈ ਕਿ ਸੰਸਾਰ ਵਿੱਚ ਉਸ ਪ੍ਰਤੀ ਹਮਦਰਦੀ ਪੈਦਾ ਹੋ ਰਹੀ ਹੈ ਤੇ ਦੋ ਸੌ ਤੋਂ ਵੱਧ ਕਿਸਾਨਾਂ ਦੇ ਮਾਰੇ ਜਾਣ ਤੇ ਵੀ ਉਸ ਵਲੋਂ ਨਿਸ਼ਠੁਰਤਾ ਧਾਰੀ ਰਖਣ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ, ਸਗੋਂ ਉ ਸਪੁਰ ਵੀ ਸੁਆਲ ਉਠਣੇ ਸ਼ੁਰੂ ਹੋ ਗਏ ਹੋਏ ਹਨ। ਇਸ ਸਭ ਕੁਝ ਦੇ ਬਾਵਜੁਦ ਕੇਂਦਰੀ ਸਰਕਾਰ ਇਹ ਪ੍ਰਭਾਵ ਦੇਣ ਦੀ ਕੌਸ਼ਿਸ਼ ਕਰ ਰਹੀ ਹੈ ਕਿ ਇਹ ਅੰਦੋਲਣ ਭਾਵੇਂ ਕਿਤਨਾ ਹੀ ਲੰਬਾ ਚਲੇ ਉਸਦੀ ਸਿਹਤ ਪੁਰ ਕੋਈ ਅਸਰ ਹੋਣ ਵਾਲਾ ਨਹੀਂ।

ਆਰਥਕਤਾ ਪੁਰ ਪ੍ਰਭਾਵ: ਇੱਕ ਗਲ ਤਾਂ ਸਵੀਕਾਰ ਕਰਨੀ ਹੀ ਪਵੇਗੀ ਕਿ ਭਾਵੇਂ ਸਰਕਾਰ ਸਵੀਕਾਰ ਕਰੇ ਜਾਂ ਨਾਂਹ, ਸੱਚਾਈ ਇਹ ਹੀ ਹੈ ਕਿ ਜਿਤਨਾ ਲੰਬਾ ਇਹ ਅੰਦੋਲਣ ਚਲਦਾ ਜਾਇਗਾ, ਉਤਨੀ ਹੀ ਦੇਸ਼ ਦੀ ਆਰਥਕ ਸਥਿਤੀ ਵੀ ਪ੍ਰਭਾਵਤ ਹੁੰਦੀ ਚਲੀ ਜਾਇਗੀ। ਇਹ ਗਲ ਵਖਰੀ ਹੈ ਇਸਦਾ ਅਸਰ ਦੇਸ਼ ਦੇ ਦੂਜੇ ਹਿਸਿਆਂ ਪੁਰ ਘਟ ਤੇ ਪੰਜਾਬ ਪੁਰ ਸਭ ਤੋਂ ਵੱਧ ਪੈ ਰਿਹਾ ਹੈ। ਜਸਟਿਸ ਆਰਐਸ ਸੋਢੀ ਦਾ ਕਹਿਣਾ ਹੈ ਕਿ ਇੱਕ ਤਾਂ ਲੱਖਾਂ ਕਿਸਾਨਾਂ ਦੇ ਅੰਦੋਲਣ ਦਾ ਹਿਸਾ ਬਣ ਦਿੱਲੀ ਦੇ ਬਾਰਡਰ ਪੁਰ ਜਮਾਈ ਬੈਠੇ ਰਹਿਣ ਕਾਰਣ ਉਪਜ ਪ੍ਰਭਾਵਤ ਹੋ ਰਹੀ ਹੈ। ਇਸ ਵਿੱਚ ਕਪਈ ਸ਼ਕ ਨਹੀਂ ਕਿ ਕਿਸਾਨਾਂ ਵਲੋਂ ਇਸ ਸਥਿਤੀ ਦਾ ਸਾਹਮਣਾ ਕਰਨ ਲਈ, ਅੰਦੋਲਣ-ਅਸਥਾਨ ਤੋਂ ਕਿਸਾਨਾਂ ਨੂੰ ਖੇਤੀ ਦੀ ਸਾਂਭ-ਸੰਭਾਲ ਲਈ ਵਾਰੋ-ਵਾਰੀ ਵਾਪਸ ਭੇਜਿਆ ਜਾ ਰਿਹਾ ਹੈ, ਫਿਰ ਵੀ ਕਿਸਾਨਾਂ ਨੂੰ ਸਮੁਚੇ ਰੂਪ ਵਿੱਚ ਆਪੋ-ਆਪਣੇ ਖੇਤਾਂ ਪੁਰ ਮੌਜੂਦ ਰਹਿ ਕੇ ਜਿਤਨੀ ਸਾਂਭ-ਸੰਭਾਲ ਹੋ ਸਕਦੀ ਹੈ, ਉਤਨੀ ਕੁਝ-ਕੁ ਕਿਸਾਨਾਂ ਦੀ ਮੌਜੂਦਗੀ ਨਾਲ ਨਹੀਂ ਹੋ ਸਕਦੀ। ਇਸਦੇ ਨਾਲ ਹੀ ਜਸਟਿਸ ਸੋਢੀ ਦਾ ਕਹਿਣਾ ਹੈ ਕਿ ਇਸ ਮੋਰਚੇ ਕਾਰਣ ਵਪਾਰ ਦੇ ਦੂਜੇ ਅੰਗ ਵੀ ਪ੍ਰਭਾਵਤ ਹੋ ਰਹੇ ਹਨ। ਕਿਉਂਕਿ ਅੰਦੋਲਣ ਦੇ ਹਾਲਾਤ ਵਿੱਚ ਨਾ ਬਾਜ਼ਾਰ ਵਿੱਚ ਲੋੜੀਂਦਾ ਗ੍ਰਾਹਕ ਹੈ ਤੇ ਨਾ ਹੀ ਵਸਤਾਂ। ਕਿਸਾਨ ਦੀ ਉਪਜ ਨੂੰ ਵੀ ਉਤਨਾ ਮੁਲ ਨਹੀਂ ਮਿਲ ਪਾ ਰਿਹਾ, ਜਿਤਨਾਂ ਉਸਨੂੰ ਉਪਜਾਣ ਪੁਰ ਖਰਚ ਹੋ ਰਿਹਾ ਹੈ। ਉਨ੍ਹਾਂ ਦਸਿਆ ਕਿ ਪੰਜਾਬ ਸਰਕਾਰ ਨੂੰ ਵੀ ਸ਼ਿਕਾਇਤ ਹੈ ਕਿ ਕੇਂਦਰ ਸਰਕਾਰ ਉਸਨੂੰ ਪੰਜਾਬ ਵਿਚੋਂ ਉਗਰਾਹੇ ਜਾ ਰਹੇ ਟੈਕਸਾਂ ਵਿਚੋਂ ੳਸਦਾ ਬਣਦਾ ਹਿਸਾ ਵੀ ਨਹੀਂ ਦੇ ਰਹੀ, ਜਿਸਤੋਂ ਸ਼ੰਕਾ ਪੈਦਾ ਹੁੰਦੀ ਹੈ ਕਿ ਕੇਂਦਰ ਸਰਕਾਰ ਵੀ ਪੰਜਾਬ ਦਾ ਆਰਥਕ ਸੰਕਟ ਵਧਾਣ ਵਿੱਚ ਆਪਣੇ ਤੋਰ ਤੇ ਆਪਣੀ ਭੂਮਿਕਾ ਨਿਭਾ ਰਹੀ ਹੈ।       

ਗਲ ਗੁਰਦੁਆਰਾ ਗਿਆਨ ਗੋਦੜੀ ਦੀ - ਇਤਿਹਾਸ : 'ਗੁਰਦੁਆਰਾ ਗਿਆਨ ਗੋਦੜੀ' ਉਹ ਇਤਿਹਾਸਕ ਅਸਥਾਨ ਹੈ, ਜਿਥੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਹਰਿਦੁਆਰ ਪੁਜ, ਕਰਮ-ਕਾਂਡਾਂ, ਵਹਿਮਾਂ-ਭਰਮਾਂ ਦੇ ਫੈਲੇ ਹਨੇਰੇ ਨੂੰ ਦੂਰ ਕਰਨ ਲਈ 'ਗਿਆਨ ਦਾ ਪ੍ਰਕਾਸ਼' ਕੀਤਾ ਸੀ। ਗੁਰੂ ਸਾਹਿਬ ਦੀ ਇਸ ਹਰਿਦੁਆਰ ਯਾਤਰਾ ਦੀ ਯਾਦ ਵਿੱਚ ਗੰਗਾ ਕਿਨਾਰੇ ਹਰਿ ਕੀ ਪੌੜੀ ਦੇ ਸਥਾਨ 'ਤੇ ਇਤਿਹਾਸਕ, ਗੁਰਦੁਆਰਾ ਗਿਆਨ ਗੋਦੜੀ ਸਥਾਪਤ ਕੀਤਾ ਗਿਆ ਹੋਇਆ ਸੀ, ਜਿਸਨੂੰ 1979 ਵਿੱਚ ਵਾਪਰੇ ਦੁਖਾਂਤ ਤੋਂ ਬਾਅਦ ਢਾਹ ਦਿੱਤਾ ਗਿਆ। ਦਸਿਆ ਗਿਆ ਹੈ ਕਿ ਇਸ ਸਮੇਂ ਇਸ ਅਸਥਾਨ ਪੁਰ 'ਉਤਰਾਂਚਲ ਭਾਰਤੀ ਸਕਾਊਟਸ' ਵਲੋਂ ਸੰਚਲਿਤ ਸੇਵਾ ਕੇਂਦ੍ਰ ਸਥਾਪਤ ਹੈ। ਗੁਰਦੁਆਰਾ ਗਿਆਨ ਗੋਦੜੀ ਦੇ ਹਰਿ ਕੀ ਪੌੜੀ ਪੁਰ ਸਥਾਪਤ ਹੋਣ ਦੀ ਗੁਆਹੀ ਨਾ ਕੇਵਲ ਹਰਿਦੁਆਰ ਦੀ ਪੁਰਾਣੀ ਪੀੜੀ ਦੇ ਲੋਕੀ ਹੀ ਭਰਦੇ ਹਨ, ਸਗੋਂ 'ਹਰਿ ਕੀ ਪੌੜੀ' ਪੁਰ ਆਸ-ਪਾਸ ਸਥਿਤ ਹੋਰ ਧਰਮ ਅਸਥਾਨਾਂ ਦੇ ਮੁਖੀ ਵੀ ਇਸਦੀ ਗੁਆਹੀ ਭਰਦੇ ਹਨ। ਇਹੀ ਨਹੀਂ, ਗਲਬਾਤ ਦੌਰਾਨ ਉਹ ਇਹ ਇੱਛਾ ਵੀ ਪ੍ਰਗਟ ਕਰਦੇ ਹਨ ਕਿ ਇਤਿਹਾਸਕ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਮੁੜ ਇਸੇ ਸਥਾਨ 'ਤੇ ਹੀ ਹੋਣੀ ਚਾਹੀਦੀ ਹੈ ਤਾਂ ਜੋ ਉਸੇ ਸਥਾਨ ਤੋਂ ਗੁਰੂ ਸਾਹਿਬ ਵਲੋਂ ਜਗਾਈ 'ਗਿਆਨ ਦੇ ਪ੍ਰਕਾਸ਼ ਦੀ ਜੋਤਿ' ਦੀ ਰੋਸ਼ਨੀ ਦੂਰ-ਦੂਰ ਤਕ ਫੈਲ ਸਕੇ।


ਕੌਮੀ ਘਟ ਗਿਣਤੀ ਕਮਸ਼ਿਨ : ਮਿਲੀ ਜਾਣਕਾਰੀ ਅਨੁਸਾਰ ਮੂਲ ਸਥਾਨ ਪੁਰ ਹੀ 'ਗੁਰਦੁਆਰਾ ਗਿਆਨ ਗੋਦੜੀ' ਸਥਾਪਤ ਕਰਾਣ ਵਿੱਚ ਆਪਣਾ ਸਹਿਯੋਗ ਕਰਨ ਦੇ ਉਦੇਸ਼ ਨਾਲ ਕੌਮੀ ਘਟ ਗਿਣਤੀ ਕਮਸ਼ਿਨ ਨੇ ਵੀ ਸੰਬੰਧਤ ਅਧਿਕਾਰੀਆਂ ਤਕ ਪਹੁੰਚ ਕੀਤੀ ਸੀ। ਪ੍ਰੰਤੂ ਹਰਿਦੁਆਰ ਦੇ ਜ਼ਿਲਾ ਜੱਜ ਨੇ ਇਹ ਕਹਿੰਦਿਆਂ ਉਸਦੀ ਮੰਗ ਨਾਮੰਨਜ਼ੂਰ ਕਰ ਦਿਤੀ ਕਿ ਸੰਬੰਧਤ ਸਥਾਨ 'ਤੇ ਮੁੜ ਗੁਰਦੁਆਰਾ ਗਿਆਨ ਗੋਦੜੀ ਦੀ ਸਥਾਪਨਾ ਕੀਤਾ ਜਾਣਾ ਸੰਭਵ ਨਹੀਂ। ਇਹ ਵੀ ਦਸਿਆ ਗਿਆ ਹੈ ਕਿ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਗੰਗਾ ਕਿਨਾਰੇ ਹੀ ਕੋਈ ਹੋਰ ਜਗ੍ਹਾ ਅਲਾਟ ਕਰ ਦਿੱਤੇ ਜਾਣ ਦੀ ਗਲ ਵੀ ਹੋਈ ਸੀ। ਪਰ ਸੁਆਲ ਉਠਦਾ ਹੈ ਕਿ ਜੋ ਇਤਿਹਾਸਕਤਾ ਮੂਲ ਸਥਾਨ ਨਾਲ ਜੁੜੀ ਹੋਈ ਹੈ, ਕੀ ਉਹੀ ਇਤਿਹਾਸਕਤਾ ਕਿਸੇ ਹੋਰ ਸਥਾਨ ਨਾਲ ਜੁੜ ਸਕਦੀ ਹੈ?

...ਅਤੇ ਅੰਤ ਵਿੱਚ : ਜਿਥੋਂ ਤਕ ਗੁਰਦੁਆਰਾ ਗਿਆਨ ਗੋਦੜੀ ਦੇ ਵਿਵਾਦ ਦਾ ਮਾਮਲਾ ਹੈ, ਉਸਨੂੰ ਇਹ ਮੰਨ ਕੇ ਚਲਣਾ ਹੋਵੇਗਾ ਕਿ ਇਹ ਮਾਮਲਾ ਬਹੁਤ ਸੰਵੇਦਨਸ਼ੀਲ ਹੈ। ਇਸਦਾ ਹਲ ਧਮਕੀਆਂ ਨਾਲ ਸੰਭਵ ਨਹੀਂ ਹੋ ਸਕੇਗਾ। ਇਸਦੇ ਲਈ ਕੂਟਨੀਤਕ ਨੀਤੀ ਅਪਨਾਣੀ ਹੋਵੇਗੀ। ਇਸ ਮੁੱਦੇ ਨਾਲ ਸੰਬੰਧਤ ਚਲੇ ਆ ਰਹੇ ਅਧਿਕਾਰੀਆਂ ਨੂੰ ਸਮਝਾਣਾ ਹੋਵੇਗਾ ਕਿ ਗੁਰਦੁਆਰੇ ਦੇ ਮੂਲ ਸਥਾਨ, ਜੋ ਕਿ ਸਿੱਖਾਂ ਲਈ ਇਤਿਹਾਸਕ ਮਹਤੱਤਾ ਦਾ ਹੈ, ਦੇ ਨਾਲ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਜੁੜੀਆਂ ਹੋਈਆਂ ਹਨ, ਜਿਸਦੇ ਚਲਦਿਆਂ ਉਹ ਇਸ ਗੁਰਦੁਆਰੇ ਨੂੰ ਕਿਸੇ ਹੋਰ ਥਾਂ ਪੁਰ ਸਥਾਪਤ ਕਰਨ ਦੀ ਗਲ ਕਿਸੇ ਵੀ ਕੀਮਤ 'ਤੇ ਸਵੀਕਾਰ ਨਹੀਂ ਕਰਨਗੇ, ਇਸਲਈ ਉਨ੍ਹਾਂ ਦੀਆਂ ਧਾਰਮਕ ਭਾਵਨਾਵਾਂ ਦਾ ਸਨਮਾਨ ਕਰਦਿਆਂ, ਮੂਲ ਥਾਂ ਹੀ ਗੁਰਦੁਆਰਾ ਸਾਹਿਬ ਦੀ ਸਥਾਪਨਾ ਲਈ ਵਾਪਸ ਕਰ ਦਿੱਤੀ ਜਾਣੀ ਚਾਹੀਦੀ ਹੈ।000  

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085   
 

ਭਾਰਤ ਸਮਾਜ ਵਿੱਚ ਲਿਵ-ਇਨ-ਰਿਲੇਸ਼ਨ - ਜਸਵੰਤ ਸਿੰਘ 'ਅਜੀਤ'

ਕੁਝ ਹੀ ਸਮਾਂ ਹੋਇਐ ਸੁਪ੍ਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ 'ਲਿਵ-ਇਨ-ਰਿਲੇਸ਼ਨ' ਨੂੰ ਭਾਰਤੀ ਦੰਡ ਸਹਿੰਤਾ (ਆਈਪੀਸੀ) ਤਹਤ ਮਾੜੇ ਵਿਹਾਰ (ਬਲਾਤਕਾਰ) ਦੇ ਦਾਇਰੇ ਵਿਚੋਂ ਬਾਹਰ ਰਖਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਅਜਿਹਾ ਕਰਨ ਦਾ ਕਾਰਣ ਇਹ ਦਸਿਆ ਕਿ ਇਸਨੂੰ ਆਈਪੀਸੀ ਦੀ ਧਾਰਾ 376 ਦੇ ਦਾਇਰੇ ਤੋਂ ਬਾਹਰ ਰਖਣ ਦਾ ਮਤਲਬ 'ਲਿਵ-ਇਨ-ਰਿਲੇਸ਼ਨ, ਨੂੰ 'ਸ਼ਾਦੀ' ਦਾ ਦਰਜਾ ਪ੍ਰਦਾਨ ਕਰਨਾ ਹੋਵੇਗਾ, ਜਦਕਿ ਵਿਧਾਇਕਾ (ਕਾਨੂੰਨ ਘਾੜਨੀ) ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਹ ਗਲ ਇਥੇ ਵਰਣਨਯੋਗ ਹੈ ਕਿ ਸੁਪ੍ਰੀਮ ਕੋਰਟ ਨੇ ਸੰਨ-2008 ਵਿੱਚ 'ਲਿਵ-ਇਨ-ਰਿਲੇਸ਼ਨ' ਅਰਥਾਤ ਸਹਿ-ਜੀਵਨ ਸੰਸਥਾ ਨੂੰ ਕਾਨੂੰਨੀ ਪ੍ਰਵਾਨਗੀ ਦਿੱਤੀ ਸੀ, ਪ੍ਰੰਤੂ ਭਾਰਤੀ ਸਮਾਜ ਦੀ ਪਰੰਪਰਾ ਦੇ ਤਾਣੇ-ਬਾਣੇ ਵਿੱਚ ਇਸ ਰਿਸ਼ਤੇ ਨੂੰ ਅਜੇ ਤਕ ਪ੍ਰਵਾਨਗੀ ਨਹੀਂ ਮਿਲ ਪਾ ਰਹੀ। ਕਾਨੂੰਨਦਾਨਾਂ ਅਨੁਸਾਰ ਸੁਪ੍ਰੀਮ ਕੋਰਟ ਦੇ ਇਸ ਫੈਸਲੇ ਤੋਂ ਪਹਿਲਾਂ ਸੰਨ-2005 ਵਿੱਚ ਲਾਗੂ ਕੀਤਾ ਗਿਆ 'ਘਰੇਲੂ ਹਿੰਸਾ ਕਾਨੂੰਨ' ਸ਼ਾਇਦ ਪਹਿਲਾ ਅਜਿਹਾ ਕਾਨੂੰਨ ਸੀ, ਜੋ ਸਹਿ-ਜੀਵਨ ਦੇ ਰਿਸ਼ਤਿਆਂ ਨੂੰ ਸਵੀਕਾਰ ਕਰ, ਉਨ੍ਹਾਂ ਨੂੰ ਵੀ ਕਾਨੂੰਨੀ ਦਾਇਰੇ ਵਿੱਚ ਲਿਆਉਂਦਾ ਹੈ। ਕੜਵਾਹਟ ਭਰੇ ਦੌਰ ਵਿਚੋਂ ਗੁਜ਼ਰ ਰਹੇ ਸਾਡੇ ਸਮਾਜ ਵਿਚਲੇ 'ਇਨਸਾਨੀ (ਮਾਨਵੀ) ਸੰਬੰਧ' ਬਹੁਤ ਹੀ ਪ੍ਰਭਾਵਤ ਹੋ ਰਹੇ ਹਨ। ਮੈਟਰੋਪਾਲਿਨ ਸੰਸਕ੍ਰਿਤੀ ਨੇ 'ਲਿਵ-ਇਨ-ਰਿਲੇਸ਼ਨਸ਼ਿਪ' ਨੂੰ ਸਵੀਕਾਰਿਆ ਤਾਂ ਹੈ, ਪਰ ਬਦਲਦੇ ਹਾਲਾਤ ਵਿੱਚ ਇਹ ਰਿਸ਼ਤਾ ਇੱਕ ਸਵਾਲ ਬਣ ਕੇ ਰਹਿ ਗਿਆ ਹੋਇਆ ਹੈ।
ਸਹਿ-ਜੀਵਨ ਦਾ ਰਿਸ਼ਤਾ ਸਿਰਫ ਕਾਨੂੰਨੀ ਮਾਮਲਾ ਹੈ ਜਾਂ ਨੈਤਿਕਤਾ, ਸਮਾਜਕਤਾ ਦਾ ਵੀ? ਇਹ ਇੱਕ ਵਖਰਾ ਸੁਅਲ ਹੈ। ਭਾਰਤੀ ਸਮਾਜ ਦੀਆਂ ਮਾਨਤਾਵਾਂ ਅਨੁਸਾਰ ਤੀਵੀਂ ਅਤੇ ਮਰਦ ਇੱਕ-ਦੂਸਰੇ ਦੇ ਪੂਰਕ ਹਨ। ਇਸ ਪੂਰਨਤਾ ਨੂੰ ਅਧਾਰ ਅਤੇ ਸਹਾਰਾ ਦੇਣ ਲਈ 'ਵਿਆਹ' ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਗਿਆ। ਵਿਆਹ ਦਾ ਭਾਵ ਦੋ ਵਿਰੋਧੀ ਲਿੰਗੀਆਂ ਦਾ ਸਮਾਜਕ ਅਤੇ ਕਾਨੂੰਨੀ ਮਾਨਤਾਵਾਂ ਦਾ ਪਾਲਣ ਕਰਦਿਆਂ ਨਾਲ ਰਹਿਣਾ ਹੀ ਨਹੀਂ, ਸਗੋਂ ਇਸ ਵਿੱਚਲੀਆਂ ਜ਼ਿਮੇਂਦਾਰੀਆਂ ਦਾ ਪਾਲਣ ਕਰਨਾ ਵੀ ਹੈ, ਜਿਸ ਵਿੱਚ ਤਿਆਗ, ਸਮਝੌਤੇ ਅਤੇ ਪਿਆਰ ਦੇ ਨਾਲ ਸਮਰਪਣ ਵੀ ਹੈ। ਪ੍ਰੰਤੂ ਭੌਤਿਕਤਾਵਾਦੀ ਦ੍ਰਿਸ਼ਟੀਕੋਣ, ਅੰਤਹੀਨ ਇਛਾਵਾਂ ਨੇ ਇਸ ਵਿਆਹ ਸੰਸਥਾ ਵਿੱਚ ਸੰਨ੍ਹ ਲਾ ਦਿੱਤੀ ਹੈ।
ਮੰਨਿਆ ਜਾਂਦਾ ਹੈ ਕਿ ਸਹਿ-ਜੀਵਨ ਵਿੱਚ ਇੱਕ ਆਪਾ-ਵਿਰੌਧੀ ਗਲ ਇਹ ਵੀ ਹੈ ਕਿ ਪਰੰਪਰਾਗਤ ਸੋਚ ਅਤੇ ਨਿਯਮਾਂ ਨੂੰ ਅਣਗੋਲਿਆਂ ਕਰ, ਇਸ ਵਿੱਚ ਤੀਵੀਂ ਅਤੇ ਮਰਦ ਬਿਨਾਂ ਵਿਆਹ ਕੀਤੇ ਇਕਠਿਆਂ ਰਹਿਣ ਦਾ ਕਦਮ ਚੁਕਦੇ ਹਨ, ਪ੍ਰੰਤੂ ਵੱਖ ਹੋਣ ਸਮੇਂ ਗੁਜ਼ਾਰੇ-ਭੱਤੇ ਦੀ ਮੰਗ, ਉਨ੍ਹਾਂ ਨੂੰ ਉਸੇ ਪਰੰਪਰਿਕ ਸ਼੍ਰੇਣੀ ਵਿੱਚ ਲਿਆ ਖੜਿਆਂ ਕਰਦੀ ਹੈ, ਜਿਸਨੂੰ ਛੱਡ ਉਨ੍ਹਾਂ ਨੇ ਸਹਿ-ਜੀਵਨ ਦੀ ਰਾਹ ਨੂੰ ਸਵੀਕਾਰ ਕੀਤਾ ਸੀ।

ਸੁਪ੍ਰੀਮ ਕੋਰਟ ਇੱਕ ਹੋਰ ਫੈਸਲਾ: ਦਸਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਵਲੋਂ 'ਲਿਵ-ਇਨ-ਰਿਲੇਸ਼ਨਸ਼ਿਪ' ਪੁਰ ਇੱਕ ਹੋਰ ਫੈਸਲਾ ਦਿੰਦਿਆਂ ਕਿਹਾ ਗਿਆ ਹੈ ਕਿ ਜੇ ਕੋਈ ਜੋੜਾ (ਤੀਵੀਂ-ਮਰਦ) ਵਿਆਹ ਕੀਤੇ ਬਿਨਾ ਇੱਕਠੇ ਪੱਤੀ-ਪਤਨੀ ਵਾਂਗ ਰਹਿ ਰਹੇ ਹਨ, ਤਾਂ ਦੋਵੇਂ ਕਾਨੂੰਨੀ ਰੂਪ ਵਿੱਚ ਸ਼ਾਦੀਸ਼ੁਦਾ ਮੰਨੇ ਜਾਣਗੇ। ਇਹ ਫੈਸਲਾ ਦਿੰਦਿਆਂ ਅਦਾਲਤ ਨੇ ਸਾਫ ਕੀਤਾ ਕਿ ਇਸ ਦੌਰਾਨ ਜੇ ਮਰਦ ਸਾਥੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੀ ਤੀਵੀਂ ਸਾਥੀ ਦਾ ਉਸਦੀ ਜਾਇਦਾਦ ਪੁਰ ਕਾਨੂੰਨੀ ਅਧਿਕਾਰ ਹੋਵੇਗਾ ਤੇ ਉਹ ਉਸਦੀ ਵਾਰਿਸ ਮੰਨੀ ਜਾਇਗੀ। ਦਸਿਆ ਗਿਆ ਹੈ ਕਿ ਅਦਾਲਤ ਨੇ ਇਹ ਫੈਸਲਾ ਜਾਇਦਾਦ ਨਾਲ ਜੁੜੇ ਇੱਕ ਮਾਮਲੇ ਪੁਰ ਸੁਣਵਾਈ ਕਰਦਿਆਂ ਦਿੱਤਾ ਹੈ। ਇਹ ਵੀ ਦਸਿਆ ਗਿਆ ਕਿ ਅਦਾਲਤ ਨੇ ਇਹ ਫੈਸਲਾ ਦਿੰਦਿਆਂ ਇਹ ਵੀ ਕਿਹਾ ਕਿ ਭਾਰਤੀ ਕਾਨੂੰਨ, ਬਿਨਾ ਵਿਆਹ ਦੇ 'ਲਿਵ-ਇਨ-ਰਿਲੇਸ਼ਨ' ਵਿਚ ਰਹਿਣ ਦੇ ਵਿਰੁਧ ਹੈ। ਇਸ ਫੈਸਲੇ ਨਾਲ ਦੋ ਤੱਥ ਸਾਫ ਹੁੰਦੇ ਹਨ। ਇੱਕ ਤਾਂ ਇਹ ਕਿ ਤੀਵੀਂ ਦਾ ਅਧਿਕਾਰ ਜੀਵਨ-ਸਾਥੀ ਨਾਲ ਕਾਨੂੰਨੀ ਵਿਆਹ ਨਾ ਕਰਨ ਦੀ ਸਥਿਤੀ ਵਿੱਚ ਵੀ ਘਟ ਨਹੀਂ ਹੋ ਜਾਂਦਾ। ਦੂਸਰਾ, ਇਹ ਕਿ ਕਾਨੂੰਨ ਲਿਵ-ਇਨ-ਰਿਲੇਸ਼ਨ ਨੂੰ ਸਵੀਕਾਰਦਾ ਤਾਂ ਹੈ, ਪ੍ਰੰਤੂ ਉਸਨੂੰ ਜਾਇਜ਼ ਨਹੀਂ ਮੰਨਦਾ। ਇਸ ਫੈਸਲੇ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਇੱਕ ਪਾਸੇ ਤਾਂ ਦੇਸ਼ ਵਿੱਚ ਅੱਜ ਵੀ ਵਿਆਹ ਸੰਸਥਾ ਮਜ਼ਬੂਤ ਹੈ ਅਤੇ ਦੂਸਰੇ ਪਾਸੇ ਸਹਿ-ਜੀਵਨ ਨੂੰ ਲੈ ਕੇ ਸਮਾਜ ਵਿੱਚ ਇਹ ਬਹਿਸ ਛਿੜੀ ਹੋਈ ਹੈ, ਕਿ ਇਹ ਰਿਸ਼ਤਾ ਕੇਵਲ ਕਾਨੂੰਨ ਦਾ ਮਾਮਲਾ ਹੈ ਜਾਂ ਨੇੈਤਿਕਤਾ ਜਾਂ ਸਮਾਜਿਕਤਾ ਦਾ ਜਾਂ ਫਿਰ ਇਸਤੋਂ ਵੀ ਕਿਤੇ ਵੱਧ ਕੁਝ ਹੋਰ? ਮੈਟਰੋਪਾਲਿਟਨ ਸੰਸਕ੍ਰਿਤੀ ਅਹਿਸਤਾ-ਆਹਿਸਤਾ ਸਹਿ-ਜੀਵਨ ਨੂੰ ਪ੍ਰਵਾਨਦੀ ਚਲੀ ਜਾ ਰਹੀ ਹੈ, ਪ੍ਰੰਤੂ ਸੁਆਲ ਇਹ ਵੀ ਹੈ ਕਿ ਅਜਿਹੇ ਕਿਹੜੇ ਕਾਰਣ ਹਨ, ਜਿਨ੍ਹਾਂ ਦੇ ਚਲਦਿਆਂ ਯੁਵਾ ਵਰਗ 'ਵਿਆਹ' ਸੰਸਥਾ ਨੂੰ ਤਿਲਾਂਜਲੀ ਦੇ 'ਸਹਿ-ਜੀਵਨ' ਅਪਨਾਣ ਵਲ ਵਧੱਦਾ ਜਾ ਰਿਹਾ ਹੈ?
ਮਾਨਵੀ ਮਾਨਸਿਕਤਾ ਤੋਂ ਜਾਣੂ ਮਾਹਿਰਾਂ ਅਨੁਸਾਰ ਯੁਵਾ ਪੀੜੀ ਆਰਥਕ ਸੁਤੰਤਰਤਾ ਦੇ ਨਾਲ ਵਿਚਾਰਕ ਅਜ਼ਾਦੀ ਅਤੇ ਬੰਧਨ-ਹੀਨ ਜੀਵਨ ਨੂੰ ਪਹਿਲ ਦੇਣ ਲਗੀ ਹੈ, ਕਿਉਂਕਿ ਉਸਦੀਆਂ ਨਜ਼ਰਾਂ ਵਿੱਚ ਪਰੰਪਰਕ ਵਿਆਹੁਤਾ ਜੀਵਨ ਦੀਆਂ ਬੰਦਸ਼ਾਂ ਬਹੁਤ ਜ਼ਿਆਦਾ ਹਨ। 'ਸਹਿ-ਜੀਵਨ' ਦੀ ਅਰੰਭਤਾ ਉਹੀ ਯੁਵਾ ਕਰਦੇ ਹਨ, ਜੋ 'ਪ੍ਰੇਮ' ਸੰਬੰਧਾਂ ਵਿੱਚ ਹਨ। ਪ੍ਰੰਤੂ ਇਹ ਇੱਕ ਸਰਬ ਪ੍ਰਵਾਨਤ ਮਾਨਤਾ ਹੈ ਕਿ ਦੋ ਵਿਅਕਤੀਆਂ ਦਾ ਇੱਕ ਛੱਤ ਹੇਠ ਰਹਿਣਾ ਜ਼ਿਮੇਂਦਾਰੀਆਂ ਦੀ ਅਰੰਭਤਾ ਹੈ। ਫਿਰ ਕਿਵੇਂ ਸਹਿ-ਜੀਵਨ ਨੂੰ ਜ਼ਿਮੇਂਦਾਰੀਆਂ ਤੋਂ ਬਚਾਅ ਦਾ ਰਸਤਾ ਸਵੀਕਾਰਿਆ ਜਾ ਸਕਦਾ ਹੈ? ਇਨ੍ਹਾਂ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਭਾਵੇਂ ਅਸੀਂ 'ਸਹਿ-ਜੀਵਨ' ਨੂੰ ਨੈਤਿਕਤਾ ਦੀ ਕਸੌਟੀ ਤੇ ਪਰਖਦਿਆਂ ਕਟਹਿਰੇ ਵਿੱਚ ਖੜਿਆਂ ਕਰਦੇ ਰਹੀਏ, ਪ੍ਰੰਤੂ ਇਸ ਨਾਲ ਇਸ ਸੱਚਾਈ ਨੂੰ ਨਹੀਂ ਬਦਲਿਆ ਜਾ ਸਕਦਾ ਕਿ 'ਸਹਿ-ਜੀਵਨ' ਸਾਡੀ ਸਮਾਜਕ ਵਿਵਸਥਾ ਵਿੱਚ ਘੁਸਪੈਠ ਕਰ ਚੁਕਾ ਹੈ।

'ਸਹਿ-ਜੀਵਨ' ਬਨਾਮ ਛੇੜਖਾਨੀ : ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਨੇ ਦਿੱਲੀ ਦੇ ਬਾੜਾ ਹਿੰਦੂ ਰਾਓ ਥਾਣੇ ਵਿੱਚ ਇੱਕ ਯੁਵਕ ਵਿਰੁਧ ਐਫਆਈਆਰ ਦਰਜ ਕਰਵਾਈ। ਜਿਸ ਵਿੱਚ ਉਸਨੇ ਇੱਕ ਪਾਸੇ ਤਾਂ ਇਹ ਸਵੀਕਾਰ ਕੀਤਾ ਕਿ ਉਹ, ਉਸ ਨੌਜਵਾਨ (24 ਵਰ੍ਹੇ) ਦੇ ਨਾਲ ਬੀਤੇ ਦੋ ਵਰ੍ਹਿਆਂ ਤੋਂ 'ਲਿਵ-ਇਨ ਰਿਲੇਸ਼ਨਸ਼ਿਪ' ਵਿੱਚ ਰਹਿ ਰਹੀ ਹੈ ਅਤੇ ਦੂਸਰੇ ਪਾਸੇ ਉਸਨੇ ਉਸ ਪੁਰ ਆਪਣੇ ਨਾਲ ਸ਼ਰੀਰਕ ਛੇੜਖਾਨੀ ਕਰਨ ਦਾ ਦੋਸ਼ ਲਾਇਆ ਅਤੇ ਇਹ ਵੀ ਕਿਹਾ ਕਿ ਉਸਨੇ ਉਸ ਨਾਲ ਬਲਾਤਕਾਰ ਕਰਨ ਦੀ ਕੌਸ਼ਿਸ਼ ਵੀ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਤਾਂ ਯੁਵਕ ਵਿਰੁੱਧ ਮੁਕਦਮਾ ਦਰਜ ਕਰ ਲਿਆ, ਪ੍ਰੰਤੂ ਜਦੋਂ ਮਾਮਲਾ ਅਦਾਲਤ ਵਿੱਚ ਪੁਜਾ ਤਾਂ ਸ਼ਿਕਾਇਤ ਵਿੱਚ ਦਰਜ, ਕਿ ਉਹ ਦੋ ਵਰ੍ਹਿਆਂ ਤੋਂ ਯੁਵਕ ਨਾਲ ਲਿਵ-ਇਨ-ਰਿਲੇਸ਼ਨ' ਵਿੱਚ ਰਹਿ ਰਹੀ ਹੈ, ਨੇ ਮੁਕਦਮੇ ਦਾ ਪਾਸਾ ਪਲਟ ਦਿੱਤਾ ਤੇ ਅਦਾਲਤ ਨੇ ਇਹ ਆਖਦਿਆਂ ਯੁਵਕ ਨੂੰ ਅਗੇਤੀ ਜ਼ਮਾਨਤ ਦੇ ਦਿੱਤੀ ਕਿ 'ਲਿਵ-ਇਨ-ਰਿਲੇਸ਼ਨ' ਵਿੱਚ ਰਹਿੰਦਿਆਂ ਛੇੜਖਾਨੀ ਦਾ ਦੋਸ਼ ਲਾਣਾ ਜਾਇਜ਼ ਨਹੀਂ। ਸ਼ਿਕਾਇਤ-ਕਰਤਾ ਅਤੇ ਯੁਵਕ ਦੋਵੇਂ ਬਾਲਗ ਹਨ ਅਤੇ ਇਸਤਰ੍ਹਾਂ ਦੇ ਸੰਬੰਧਾਂ ਦੇ ਨਤੀਜਿਆਂ ਤੋਂ ਉਹ ਪਹਿਲਾਂ ਤੋਂ ਹੀ ਚੰਗੀ ਤਰ੍ਹਾਂ ਜਾਣੂ ਹੋਣਗੇ। ਅਜਿਹੀ ਹਾਲਤ ਵਿੱਚ ਪਹਿਲੀ ਨਜ਼ਰ ਵਿੱਚ ਯੁਵਕ ਵਿਰੁੱਧ ਲਾਏ ਗਏ ਛੇੜਖਾਨੀ ਅਤੇ ਪਿਛਾ ਕਰਨ ਦੇ ਦੋਸ਼ ਬਿਲਕੁਲ ਬੇਬੁਨਿਆਦ ਨਜ਼ਰ ਆ ਰਹੇ ਹਨ। ਇਸਦੇ ਨਾਲ ਹੀ ਅਦਾਲਤ ਨੇ ਇੱਕ ਪਾਸੇ ਔਰਤ ਨੂੰ ਆਪਣਾ ਪੱਖ ਵਿਸਥਾਰ ਨਾਲ ਪੇਸ਼ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਜੇ ਉਹ (ਸ਼ਿਕਾਇਤ-ਕਰਤਾ) ਸੱਚਮੁੱਚ ਪੀੜਤ ਹੈ ਤਾਂ ਉਹ ਤੱਥਾਂ ਨਾਲ ਪੇਸ਼ ਹੋਵੇ ਅਤੇ ਦੂਸਰੇ ਪਾਸੇ ਯੁਵਕ ਨੂੰ ਹਿਦਾਇਤ ਕਰਦਿਆਂ ਕਿਹਾ ਕਿ ਭਾਵੇਂ ਪਹਿਲੀ ਨਜ਼ਰ ਵਿੱਚ ਉਹ ਦੋਸ਼ੀ ਨਹੀਂ ਸਾਬਤ ਹੁੰਦਾ, ਇਸਲਈ ਉਸਦੇ ਹੱਕ ਵਿੱਚ ਆਦੇਸ਼ ਜਾਰੀ ਕੀਤਾ ਗਿਆ ਹੈ, ਫਿਰ ਵੀ ਉਹ ਪੁਲਿਸ ਨੂੰ ਜਾਂਚ ਵਿੱਚ ਪੂਰਾ ਸਹਿਯੋਗ ਦੇਵੇ। ਜਿਸ ਸਮੇਂ ਵੀ ਉਸਨੂੰ ਪੁਲਿਸ ਵਲੋਂ ਬੁਲਾਇਆ ਜਾਏ ਉਹ ਉਸ ਪਾਸ ਜਾਏ ਤੇ ਪੁਛੇ ਗਏ ਹਰ ਸੁਆਲ ਦਾ ਜਵਾਬ ਦੇਵੇ।

ਸ਼ਹਿ-ਜੀਵਨ ਬਨਾਮ ਬਲਾਤਕਾਰ : ਖਬਰਾਂ ਅਨੁਸਾਰ ਦਿੱਲੀ ਹਾਈਕੋਰਟ ਨੇ 'ਲਿਵ-ਇਨ-ਰਿਲੇਸ਼ਨਸ਼ਿਪ' ਦੇ ਮਾਮਲਿਆਂ ਨੂੰ ਬਲਾਤਕਾਰ ਦੀਆਂ ਧਾਰਾਵਾਂ ਵਿੱਚ ਦਰਜ ਕਰਨ ਦੀ ਮੰਗ ਨੂੰ ਅਸਵੀਕਾਰ ਕਰ ਦਿੱਤਾ ਹੈ। ਦਸਿਆ ਗਿਆ ਹੈ ਕਿ ਇਸ ਮਾਮਲੇ ਵਿੱਚ ਇੱਕ ਜਨਹਿਤ ਪਟੀਸ਼ਨ ਰਾਹੀਂ ਮੰਗ ਕੀਤੀ ਗਈ ਸੀ ਕਿ ਆਈਪੀਸੀ ਦੇ ਤਹਿਤ ਬਲਾਤਕਾਰ ਨੂੰ ਉਸਦੀਆਂ ਧਾਰਾਵਾਂ ਹੇਠ ਦਰਜ ਕੀਤਾ ਜਾਏ। ਦਿੱਲੀ ਹਾਈਕੋਰਟ ਦੇ ਚੀਫ ਜੱਜ, ਜਸਟਿਸ ਜੀ ਰੋਹਿਣੀ ਅਤੇ ਜਸਟਿਸ ਆਰਐਸ ਏਂਡਲਾ ਦੀ ਬੈਂਚ ਨੇ ਇਸ ਸੰਬੰਧੀ ਦਾਇਰ ਪਟੀਸ਼ਨ ਨੂੰ ਖਾਰਜ ਕਰਦਿਆਂ ਕਿਹਾ ਕਿ ਇਹ ਮਾਮਲਾ ਕੋਰਟ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦਾ। ਅਦਾਲਤ ਕਿਸੇ ਵੀ ਅਧਾਰ ਤੇ ਪੁਲਿਸ ਨੂੰ ਇਹ ਨਹੀਂ ਕਹਿ ਸਕਦੀ ਕਿ ਉਹ ਫਲਾਂ ਨੂੰ ਗ੍ਰਿਫਤਾਰ ਕਰ ਲਏ ਤੇ ਫਲਾਂ ਨੂੰ ਛੱਡ ਦੇਵੇ। ਜੇ ਉਹ ਅਜਿਹਾ ਕਰਦੀ ਹੈ ਤਾਂ ਇਹ ਬਲਾਤਕਾਰ ਦੇ ਕਾਨੂੰਨ ਦੀ ਦੁਰਵਰਤੋਂ ਹੋਵੇਗੀ। ਦਸਿਆ ਜਾਂਦਾ ਹੈ ਕਿ ਐਡਵੋਕੇਟ ਅਨਿਲ ਦੱਤਾ ਸ਼ਰਮਾ ਨੇ ਅਦਾਲਤ ਵਿੱਚ ਇਕ ਪਟੀਸ਼ਨ ਦਾਇਰ ਕਰ ਮੰਗ ਕੀਤੀ ਸੀ ਕਿ 'ਲਿਵ-ਇਨ-ਰਿਲੇਸ਼ਨਸ਼ਿਪ' ਦੇ ਮਾਮਲਿਆਂ ਵਿੱਚ ਧੋਖਾਧੜੀ ਅਤੇ ਬਲਾਤਕਾਰ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਹੋਣਾ ਚਾਹੀਦਾ ਹੈ।

...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਗੁਜ਼ਾਰੇ ਭੱਤੇ ਦੇ ਇੱਕ ਮਾਮਲੇ ਵਿੱਚ ਸੁਪ੍ਰੀਮ ਕੋਰਟ ਨੇ ਮੁੰਬਈ ਹਾਈਕੋਰਟ ਦੇ ਉਸ ਫੈਸਲੇ 'ਤੇ ਮੋਹਰ ਲਾ ਦਿੱਤੀ। ਜਿਸ ਵਿੱਚ ਇੱਕ ਸ਼ਾਦੀਸ਼ੁਦਾ ਯੁਵਕ ਨੂੰ ਆਪਣੇ ਨਾਲ 'ਲਿਵ-ਇਨ-ਰਿਲੇਸ਼ਨਸ਼ਿਪ' ਵਿੱਚ ਰਹਿ ਰਹੀ ਮਹਿਲਾ ਨੂੰ ਗੁਜ਼ਾਰਾ ਭੱਤਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਜਸਟਿਸ ਵਿਕਰਮਜੀਤ ਸੇਨ ਅਤੇ ਜਸਟਿਸ ਏਐਸ ਸਪਰੇ ਦੀ ਬੈਂਚ ਨੇ ਉਸ ਯੁਵਕ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਮੁੰਬਈ ਹਾਈਕੋਰਟ ਵਲੋਂ 'ਲਿਵ-ਇਨ-ਰਿਲੇਸ਼ਨਸ਼ਿਪ' ਵਿੱਚ ਉਸ ਨਾਲ ਰਹਿ ਰਹੀ ਮਹਿਲਾ ਨੂੰ ਗੁਜ਼ਾਰਾ ਭੱਤਾ ਦੇਣ ਦਾ ਜੋ ਆਦੇਸ਼ ਦਿੱਤਾ ਗਿਆ ਹੈ, ਉਹ ਗਲਤ ਹੈ। ਉਸਦੀ ਪਹਿਲੀ ਸ਼ਾਦੀ ਕਾਨੂੰਨੀ ਹੈ ਤੇ ਅਜੇ ਵੀ ਬਰਕਰਾਰ ਹੈ। ਇਸ ਹਾਲਤ ਵਿੱਚ ਦੂਸਰੀ ਔਰਤ ਨੂੰ ਗੁਜ਼ਾਰਾ ਭੱਤਾ ਦੇਣ ਦਾ ਉਸਨੂੰ ਦਿੱਤਾ ਗਿਆ ਆਦੇਸ਼ ਅਨੁਚਿਤ ਹੈ। ਪਰ ਅਦਾਲਤ ਨੇ ਇਹ ਆਖ ਕਿ ਮੁੰਬਈ ਹਾਈਕੋਰਟ ਦਾ ਫੈਸਲਾ ਸਹੀ ਹੈ, ਉਸਦੀ ਪਟੀਸ਼ਨ ਖਾਰਜ ਕਰ ਦਿੱਤੀ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਸਿੱਖ ਸਿਧਾਂਤਾਂ ਦੀ ਕਸੌਟੀ 'ਤੇ ਸਿੱਖ ਲੀਡਰਸ਼ਿਪ  - ਜਸਵੰਤ ਸਿੰਘ 'ਅਜੀਤ'

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦਾ ਜੇ ਗਹਿਨ ਅਧਿਅਨ ਕੀਤਾ ਜਾਏ ਤਾਂ ਇਹ ਗਲ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀ ਹੈ ਕਿ ਗੁਰੂ ਸਾਹਿਬ ਨੇ ਆਪਣੀ ਬਾਣੀ ਵਿਚ ਸਮੇਂ ਦੀ ਸਮਾਜਕ, ਧਾਰਮਕ ਅਤੇ ਰਾਜਨੀਤਕ ਸਥਿਤੀ ਵਿਚ ਆਏ ਨਿਘਾਰ ਦਾ ਵਿਸਥਾਰ ਨਾਲ ਵਰਨਣ ਕਰਦਿਆਂ, ਉਸਦੇ ਲਈ, ਇਨ੍ਹਾਂ ਖੇਤਰਾਂ ਵਿਚ ਘਰ ਕਰ ਚੁਕੀਆਂ ਹੋਈਆਂ ਬੁਰਿਆਈਆਂ ਨੂੰ ਜ਼ਿਮੇਂਦਾਰ ਠਹਿਰਾਇਆ ਹੈ। ਉਨ੍ਹਾਂ ਨੇ ਅਜਿਹਾ ਕਰਦਿਆਂ ਆਪਣੀ ਬਾਣੀ ਵਿਚ ਕਈ ਅਟਲ ਸਚਿਆਈਆਂ ਬਿਆਨ ਕੀਤੀਆਂ ਹਨ। ਜੇ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਬਿਆਨ ਕੀਤੀਆਂ ਗਈਆਂ ਹੋਰ ਸਚਿਆਈਆਂ ਨੂੰ ਕਿਸੇ ਹੋਰ ਸਮੇਂ ਲਈ ਵਿਚਾਰਨ ਵਾਸਤੇ ਛਡ, ਕੇਵਲ ਇਕ ਸਚਾਈ, 'ਖਤਰੀਆਂ ਤਾਂ ਧਰਮ ਛੋਡਿਆ...' ਦੀ ਕਸੌਟੀ ਪੁਰ, ਉਨ੍ਹਾਂ ਵਰਤਮਾਨ ਸਿੱਖ ਆਗੂਆਂ ਦੇ ਆਚਰਣ ਨੂੰ ਪਰਖਿਆ ਜਾਏ, ਜੋ ਆਪਣੇ ਆਪ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਪੈਰੋਕਾਰ ਹੋਣ ਦਾ ਦਾਅਵਾ ਕਰਦਿਆਂ ਨਹੀਂ ਥਕਦੇ, ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਹ ਬਚਨ ਅਜ ਦੇ ਇਨ੍ਹਾਂ ਸਿੱਖ ਆਗੂਆਂ ਪੁਰ ਇੰਨ-ਬਿੰਨ ਢੁਕਦੇ ਨਜ਼ਰ ਆਉਣਗੇ ਹਨ।
ਇਹ ਆਪੇ ਬਣੇ ਸਿੱਖ ਆਗੂ ਇਕ ਪਾਸੇ ਤਾਂ ਅਖੌਤੀ ਡੇਰੇਦਾਰਾਂ ਅਤੇ ਸਾਧਾਂ-ਸੰਤਾਂ ਪੁਰ ਇਹ ਦੋਸ਼ ਲਾਉਂਦੇ ਰਹਿੰਦੇ ਹਨ ਕਿ ਉਹ ਆਪਣੇ ਗੁਰੂ-ਡੰਮ ਨੂੰ ਕਾਇਮ ਰਖਣ ਅਤੇ ਆਪਣੇ ਸੁਆਰਥ ਦੀ ਪੂਰਤੀ ਲਈ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰ, ਉਸਦੀ ਗ਼ਲਤ ਵਿਆਖਿਆ ਕਰਦੇ ਹਨ ਅਤੇ ਦੂਜੇ ਪਾਸੇ ਉਹ ਆਪ, ਉਨ੍ਹਾਂ ਨਾਲੋਂ ਕਿਤੇ ਵੱਧ ਅਰਥਾਂ ਦੇ ਅਨਰਥ ਕਰ ਆਪਣੇ ਸੁਆਰਥ ਦੀ ਪੂਰਤੀ ਕਰਨ ਵਿਚ ਕੋਈ ਕਸਰ ਨਹੀਂ ਛੱਡਦੇ।
ਗੁਰੂ ਸਾਹਿਬਾਂ ਦੇ ਜੀਵਨ-ਕਾਰਜਾਂ ਦੇ ਨਾਲ ਸਬੰਧਤ ਪੁਰਬ ਮੰਨਾਉਂਦਿਆਂ, ਉਹ ਜਿਨ੍ਹਾਂ ਧਾਰਮਕ ਸਮਾਗਮਾਂ ਦਾ ਆਯੋਜਨ ਕਰਦੇ ਹਨ, ਉਨ੍ਹਾਂ ਸਮਾਗਮਾਂ ਵਿਚ ਉਹ ਬਾਹਵਾਂ ਉਲਾਰ-ਉਲਾਰ ਹਵਾ ਵਿਚ ਮੁੱਕੇ ਲਹਿਰਾਉਂਦਿਆਂ ਕੀਤੇ ਜਾਂਦੇ ਅਪਣੇ ਭਾਸ਼ਣਾ ਵਿਚ ਇਹ ਦਾਅਵਾ ਕਰਨ ਤੋਂ ਕੋਈ ਸੰਕੋਚ ਨਹੀਂ ਕਰਦੇਂ ਕਿ ਸਿੱਖ ਧਰਮ ਹੀ ਸੰਸਾਰ ਦਾ ਇਕੋ-ਇਕ ਅਜਿਹਾ ਧਰਮ ਹੈ, ਜੋ ਸਦਭਾਵਨਾ, ਸਾਂਝੀਵਾਲਤਾ, ਬਰਾਬਰਤਾ ਅਤੇ ਸਰਬਤ ਦੇ ਭਲੇ ਵਿਚ ਵਿਸ਼ਵਾਸ ਰਖਦਾ ਹੈ ਅਤੇ ਉਸੇ ਪਾਸ ਹੀ ਇਕੋ-ਇੱਕ ਅਜਿਹਾ ਧਰਮ-ਗ੍ਰੰਥ (ਸ੍ਰੀ ਗੁਰੂ ਗ੍ਰੰਥ ਸਾਹਿਬ) ਹੈ, ਜੋ ਸੁਚਜਾ ਜੀਵਨ ਜੀਣ ਲਈ ਕਿਸੇ ਇਕ ਫਿਰਕੇ ਜਾਂ ਜਾਤੀ ਦਾ ਨਹੀਂ, ਸਗੋਂ ਸਮੁਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਦਾ ਹੈ।
ਉਨ੍ਹਾਂ ਦੇ ਇਨ੍ਹਾਂ ਦਾਅਵਿਆਂ ਪੁਰ ਸੁਆਲ ਉਠਾਇਆ ਜਾਂਦਾ ਹੈ ਕਿ ਕੀ ਅਜਿਹੇ ਦਾਅਵੇ ਕਰਨ ਵਾਲੇ ਸਿੱਖ ਆਗੂ ਆਪ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ-ਦਰਸ਼ਨ ਨੂੰ ਅਪਨਾ ਕੇ ਚਲ ਰਹੇ ਹਨ? ਕੀ ਉਹ ਸਵੇਰ-ਸ਼ਾਮ ਕੀਤੀ ਜਾਂਦੀ ਅਰਦਾਸ ਵਿਚ 'ਸਰਬਤ ਦੇ ਭਲੇ' ਦੀ ਕੀਤੀ ਜਾਂਦੀ ਮੰਗ ਪੁਰ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਪ੍ਰਤੀ ਇਮਾਨਦਾਰ ਜਾਂ ਵਚਨਬੱਧ ਰਹਿੰਦੇ ਹਨ? ਜਾਂ ਫਿਰ ਉਨ੍ਹਾਂ ਨੇ ਇਸਨੂੰ ਕੇਵਲ ਗੁਰਦੁਆਰਿਆਂ ਦੀ ਚਾਰ-ਦੀਵਾਰੀ ਤਕ ਹੀ ਸੀਮਤ ਕਰਕੇ ਰਖ ਦਿਤਾ ਹੋਇਆ ਹੈ?
ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ, ਜਸਟਿਸ ਆਰ ਐਸ ਸੋਢੀ, ਜੋ ਸਮੇਂ-ਸਮੇਂ ਭਾਰਤੀ ਨਿਆਇ-ਪ੍ਰਣਾਲੀ ਦੇ ਨਾਲ ਹੀ ਸਿੱਖ ਰਾਜਨੀਤੀ ਅਤੇ ਧਰਮ ਪ੍ਰਤੀ ਆਪਣੇ ਆਲੋਚਨਾਤਮਕ ਵਿਚਾਰ ਪ੍ਰਗਟ ਕਰਦੇ ਰਹਿੰਦੇ ਹਨ, ਦੇ ਨਾਲ ਇਸ ਸਬੰਧ ਵਿਚ ਗਲ ਹੋਈ ਤਾਂ ਉਨ੍ਹਾਂ ਕਿਹਾ ਕਿ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਦੇ ਮੁਖੀ 'ਸਰਬਤ ਦੇ ਭਲੇ' ਦੇ ਨਾਂ ਤੇ ਕੇਵਲ 'ਆਪਣਾ' ਹੀ ਭਲਾ ਮੰਗਦੇ ਅਤੇ ਚਾਹੁੰਦੇ ਹਨ। ਅਰਦਾਸ ਕਰਦਿਆਂ ਅਤੇ ਸੁਣਦਿਆਂ ਭਾਵੇਂ ਉਨ੍ਹਾਂ ਦੀ ਜ਼ਬਾਨ ਤੇ 'ਸਰਬਤ ਦਾ ਭਲਾ' ਸ਼ਬਦ ਹੁੰਦੇ ਹਨ, ਪ੍ਰੰਤੂ ਉਨ੍ਹਾਂ ਦੇ ਦਿਲ ਵਿਚ ਕੇਵਲ 'ਨਿਜ ਭਲੇ' ਦੀ ਮੰਗ ਦੀ ਹੀ ਭਾਵਨਾ ਕੰਮ ਕਰ ਰਹੀ ਹੁੰਦੀ ਹੈ। ਉਹ ਧਾਰਮਕ ਸਮਾਗਮਾਂ ਵਿਚ ਬਾਹਵਾਂ ਉਲਾਰ-ਉਲਾਰ ਕੇ ਵਿਰੋਧੀਆਂ ਨੂੰ ਭੰਡਦਿਆਂ ਅਤੇ ਦੂਜੇ ਧਰਮਾਂ ਦੇ ਬਖੀਏ ਉਧੇੜਦਿਆਂ ਆਪਣੇ-ਆਪ ਦੇ ਅਤੇ ਆਪਣੇ ਧਰਮ ਦੇ ਸਰਵ-ਸ੍ਰੇਸ਼ਟ ਹੋਣ ਦਾ ਦਾਅਵਾ ਕਰਦਿਆਂ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ।
ਜਸਟਿਸ ਸੋਢੀ ਦਾ ਇਹ ਵੀ ਕਹਿਣਾ ਹੈ ਕਿ ਗੁਰੂ ਸਾਹਿਬਾਂ ਨੇ ਕਿਸੇ ਵੀ ਧਰਮ ਦੀ ਨਾ ਤਾਂ ਅਲੋਚਨਾ ਕੀਤੀ ਹੈ ਅਤੇ ਨਾ ਹੀ ਕਿਸੇ ਦਾ ਵਿਰੋਧ, ਨਿਖੇਧੀ ਜਾਂ ਨਿੰਦਿਆ ਹੀ ਕੀਤੀ ਹੈ। ਉਨ੍ਹਾਂ ਨੇ ਕੇਵਲ ਉਨ੍ਹਾਂ ਕਰਮ-ਕਾਂਡਾਂ ਅਤੇ ਪਖੰਡਾਂ ਦਾ ਵਿਰੋਧ ਕੀਤਾ, ਜਿਨ੍ਹਾਂ ਨੂੰ ਨਿਜ ਸੁਆਰਥ ਅਧੀਨ ਕੁਝ ਲੋਕਾਂ ਵਲੋਂ ਧਰਮ ਦਾ ਅੰਗ ਬਣਾ ਕੇ, ਭੋਲੇ-ਭਾਲੇ ਲੋਕਾਂ ਦਾ ਮਾਨਸਿਕ, ਆਰਥਕ ਅਤੇ ਭਾਵਨਾਤਮਕ ਸ਼ੋਸ਼ਣ ਕੀਤਾ ਜਾ ਰਿਹਾ ਸੀ। ਉਨ੍ਹਾਂ ਨੇ ਵਖ-ਵਖ ਧਰਮਾਂ ਦੀਆਂ ਮੂਲ ਮਾਨਤਾਵਾਂ ਅਤੇ ਪਰੰਪਰਾਵਾਂ ਦੀ ਕਦੀ ਵੀ ਨਿਖੇਧੀ ਨਹੀਂ ਕੀਤੀ। ਉਨ੍ਹਾਂ ਦਸਿਆ ਕਿ ਇਸਦਾ ਪ੍ਰਤੱਖ ਪ੍ਰਮਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਬਾਬਾ ਫਰੀਦ ਜੀ ਦੀ ਬਾਣੀ ਹੈ, ਜਿਸ ਵਿਚ ਮੁਸਲਮਾਣਾਂ ਨੂੰ ਸੱਚਾ ਮੁਸਲਮਾਣ ਬਣਨ ਅਤੇ ਆਪਣੀਆਂ ਧਾਰਮਕ ਮਾਨਤਾਵਾਂ ਦਾ ਪਾਲਣ ਇਮਾਨਦਾਰੀ ਨਾਲ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੋਈ ਹੈ।
ਉਨ੍ਹਾਂ ਨੇ ਇਹ ਵੀ ਦਸਿਆ ਕਿ ਸਿੱਖ ਇਤਿਹਾਸ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਸ ਜੰਞੂ ਨੂੰ ਪਾਣ ਤੋਂ ਇਨਕਾਰ ਕੀਤਾ ਸੀ, ਉਸੇ ਜੰਞੂ ਦੇ ਪਹਿਨਣ ਵਾਲਿਆਂ ਦੇ ਵਿਸ਼ਵਾਸ ਦੀ ਰਖਿਆ ਕਰਨ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੇ ਦਿੱਲੀ ਦੇ ਚਾਂਦਨੀ ਚੌਕ ਵਿਚ ਆਪਣੀ ਸ਼ਹਾਦਤ ਦੇ ਦਿੱਤੀ ਸੀ। ਜੋ ਇਸ ਗਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬ ਹਰ ਵਿਅਕਤੀ ਦੇ ਧਾਰਮਕ ਵਿਸ਼ਵਾਸ ਦੀ ਆਜ਼ਾਦੀ ਦੇ ਇਛੁਕ ਸਨ। ਉਨ੍ਹਾਂ ਦੀ ਇੱਛਾ ਕੇਵਲ ਇਹ ਸੀ ਕਿ ਹਰ ਵਿਅਕਤੀ ਆਪਣੇ ਧਰਮ ਦੀਆਂ ਬੁਨਿਆਦੀ ਮਾਨਤਾਵਾਂ ਅਤੇ ਪਰੰਪਰਾਵਾਂ ਦੇ ਪਾਲਣ ਪ੍ਰਤੀ ਇਮਾਨਦਾਰ ਹੋਵੇ।

ਸਿੱਖ ਦੀ ਪਛਾਣ ਅਤੇ ਸਿੱਖ ਬੁਧੀਜੀਵੀ?: ਬੀਤੇ ਦਿਨੀਂ ਇੱਕ ਸਿੱਖ ਬੁਧੀਜੀਵੀ ਵਲੋਂ ਲਿਖਿਆ ਮਜ਼ਮੂਨ ਨਜ਼ਰਾਂ ਵਿਚੋਂ ਗੁਜ਼ਰਿਆ, ਜਿਸ ਵਿੱਚ ਉਨ੍ਹਾਂ ਨੇ 'ਸਿੱਖ ਦੀ ਪਛਾਣ' ਦੇ ਮੁੱਦੇ ਨੂੰ ਲੈ ਕੇ ਬਹੁਤ ਹੀ ਵਿਸਥਾਰ ਨਾਲ ਚਰਚਾ ਕੀਤੀ ਹੋਈ ਸੀ। ਉਹ ਲਿਖਦੇ ਹਨ, ਕਿ 'ਹਰ ਧਰਮ ਜਦੋਂ ਆਪਣੀ ਮੂਲ ਧਰਤੀ ਤੋਂ ਨਿਕਲ ਕੇ ਸੰਸਾਰ ਦੇ ਦੂਸਰੇ ਹਿਸਿਆਂ ਵਿੱਚ ਆਪਣਾ ਪਸਾਰ ਕਰਦਾ ਹੈ, (ਤਾਂ ਉਹ) ਆਪਣੇ ਰੂਪ ਵਿੱਚ ਬਦਲਾਉ ਲੈ ਆਉਂਦਾ ਹੈ। .....ਕੁਝ ਹਦ ਤਕ ਸਿੱਖੀ ਬਾਰੇ ਵੀ ਇਹੀ ਗਲ ਕਹੀ ਜਾ ਸਕਦੀ ਹੈ। ਬਾਈਬਲ, ਕੁਰਾਨ, ਗੀਤਾ ਵਾਂਗ ਗੁਰੂ ਗ੍ਰੰਥ ਸਾਹਿਬ ਸਿੱਖ ਵਿਚਾਰਧਾਰਾ ਦਾ ਮੂਲ ਤੱਤ ਹੈ। ਪਰ ਉਸ (ਸਿੱਖ) ਦਾ ਇੱਕ ਬਾਹਰਲਾ ਰੂਪ ਵੀ ਹੈ। ਕੁਝ ਰਹਿਤ ਮਰਿਆਦਾਵਾਂ ਹਨ, ਕੁਝ ਰਵਾਇਤਾਂ ਹਨ...'
ਉਹ ਹੋਰ ਲਿਖਦੇ ਹਨ, 'ਕੈਨੇਡਾ 'ਚ ਅਜਿਹੇ ਗੁਰਧਾਮ ਬਣੇ ਹੋਏ ਹਨ ਜਿਥੇ ਪਹਿਲੀ ਮੰਜ਼ਿਲ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਤੇ ਸ਼ਬਦ-ਕੀਰਤਨ ਹੁੰਦਾ ਹੈ ਤੇ ਥਲਵੀਂ ਮੰਜ਼ਿਲ 'ਤੇ ਮੇਜ਼-ਕੁਰਸੀਆਂ ਤੇ ਬਹਿ ਕੇ ਲੰਗਰ ਛਕਿਆ ਜਾਂਦਾ ਸੀ। ਪੰਗਤ ਵਿੱਚ ਬੈਠੀ ਸੰਗਤ ਨੂੰ ਲੰਗਰ ਵਰਤਾਉਣ ਦੀ ਥਾਂ ਅਜਿਹੀ ਵਿਵਸਥਾ ਉਭਰ ਆਈ ਕਿ ਕਾਉਂਟਰ ਪਿੱਛੇ ਖੜੇ 'ਸੇਵਾਦਾਰ' ਸਾਹਮਣੇ ਕਤਾਰ ਵਿੱਚ ਥਾਲੀ ਫੜੀ ਲੰਘਦੀ 'ਸੰਗਤ' ਨੂੰ 'ਲੰਗਰ' ਵਰਤਾਇਆ ਜਾਣ ਲਗ ਪਿਆ'।
ਇਸੇ ਮਜ਼ਮੂਨ ਵਿੱਚ ਉਹ ਵਿਦੇਸ਼ਾਂ ਵਿੱਚ ਸਿੱਖੀ ਸਰੂਪ ਨੂੰ ਲਗ ਰਹੀ ਢਾਹ ਦਾ ਜ਼ਿਕਰ ਕਰਦਿਆਂ ਲਿਖਦੇ ਹਨ, '(ਵਿਦੇਸ਼ਾਂ ਵਿੱਚ) ਸਿੱਖੀ ਦਾ ਕੇਸ-ਦਾੜ੍ਹੀ ਵਾਲਾ ਖ਼ਾਲਸਈ ਸਰੂਪ ਤੇਜ਼ੀ ਨਾਲ ਮੁਕਦਾ ਜਾ ਰਿਹਾ ਹੈ'। ਇਸੇ ਗਲ ਨੂੰ ਅੱਗੇ ਵਧਾਉਂਦਿਆਂ ਉਨ੍ਹਾਂ ਲਿਖਿਆ ਕਿ '...ਮੈਂ ਪੁਛਿਆ ਕੀ ਕੋਈ ਅਜਿਹੀ ਲਹਿਰ ਚਲ ਸਕਦੀ ਹੈ, ਜਿਸਦੇ ਪ੍ਰਭਾਵ ਨਾਲ ਪਤਤ ਹੋਏ ਸਿੱਖ ਮੁੜ ਸਿੱਖੀ ਸਰੂਪ ਧਾਰ ਲੈਣ? ਬਹੁਤਿਆਂ ਦਾ ਉੱਤਰ ਨਾਂਹ ਵਿੱਚ ਸੀ। '...ਮੇਰਾ ਸੁਝਾਅ ਸੀ ਕਿ ਜੇ ਆਪਣੇ ਆਪਨੂੰ ਸਿੱਖ ਸਦਵਾਉਣ ਵਾਲੇ ਸਾਰੇ ਲੋਕੀ ਆਪਣੇ ਹੱਥਾਂ ਵਿੱਚ ਕੜੇ ਪਾਈ ਰਖਣ ਤਾਂ ਇਨ੍ਹਾਂ ਦੀ ਕੁਝ ਪਛਾਣ ਤਾਂ ਬਣੀ ਰਹੇਗੀ। ਮੇਰਾ ਇਹ ਸੁਝਾਅ ਸਾਰਿਆਂ ਨੂੰ ਬੜਾ ਪਸੰਦ ਆਇਆ'।
ਸੰਬੰਧਤ ਲੇਖ ਦੇ ਉਪ੍ਰੋਕਤ ਅੰਸ਼, ਜੋ ਲੇਖ ਦਾ ਮੂਲ ਭਾਵ ਹਨ, ਪੜ੍ਹ ਕੇ ਦਿੱਲ ਵਿਚੋਂ ਇੱਕ ਹੂਕ ਜਿਹੀ ਉਠੀ ਅਤੇ ਹੈਰਾਨੀ ਵੀ ਹੋਈ ਕਿ ਜਿਥੇ ਇੱਕ ਪਾਸੇ ਸਿੱਖ ਬੁਧੀਜੀਵੀਆਂ ਦਾ ਇੱਕ ਵਰਗ ਸਿੱਖੀ ਨੂੰ ਉਸਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੇ ਆਧਾਰ ਤੇ ਇੱਕ ਵਿਲਖਣ ਧਰਮ ਅਤੇ ਸੁਤੰਤਰ ਧਰਮ ਸਵੀਕਾਰਦਾ, ਉਸਦੀ ਸੁਤੰਤਰ ਹੋਂਦ ਅਤੇ ਉਸਦੇ ਪੈਰੋਕਾਰ, ਸਿੱਖਾਂ ਦੀ ਅੱਡਰੀ ਪਛਾਣ ਨੂੰ ਕਾਇਮ ਰਖਣ ਲਈ ਕੌਮ ਨੂੰ ਸੰਘਰਸ਼ ਵਿਢਣ ਲਈ ਪ੍ਰੇਰਿਤ ਕਰ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਿੱਖ ਬੁਧੀਜੀਵੀਆਂ ਦਾ ਹੀ ਇੱਕ ਅਜਿਹਾ ਵਰਗ ਹੈ, ਜੋ ਸਿੱਖ ਧਰਮ ਅਤੇ ਇਤਿਹਾਸ ਦਾ ਸਭ ਤੋਂ ਵੱਧ ਜਾਣੂ ਹੋਣ ਦਾ ਦਾਅਵਾ ਕਰਦਾ, ਸਿੱਖ ਧਰਮ ਨੂੰ ਦੂਜਿਆਂ ਧਰਮਾਂ ਦੀ ਹੀ ਸ਼੍ਰੇਣੀ ਵਿੱਚ ਰਖ, ਉਨ੍ਹਾਂ ਦੇ ਸੰਘਰਸ਼ ਦੀਆਂ ਜੜ੍ਹਾਂ ਵਢਣ ਵਿੱਚ ਕੋਈ ਵੀ ਕਸਰ ਛਡਣ ਲਈ ਤਿਆਰ ਨਹੀਂ ਜਾਪਦਾ।


...ਅਤੇ ਅੰਤ ਵਿੱਚ: ਜਦੋਂ ਇਸ ਸੰਬੰਧ ਵਿੱਚ ਕੁਝ ਸਿੱਖ ਧਾਰਮਕ ਸ਼ਖਸੀਅਤਾਂ ਨਾਲ ਗਲ ਕੀਤੀ ਗਈ ਤਾਂ ਉਨ੍ਹਾਂ ਬਹੁਤ ਹੀ ਸੋਚ-ਵਿਚਾਰ ਉਪਰੰਤ ਕਿਹਾ ਕਿ ਇਹ ਸੋਚ ਕਿ ਸਿੱਖੀ-ਸਰੂਪ ਵਾਪਸ ਨਹੀਂ ਆ ਸਕਦਾ ਜਾਂ ਸਿੱਖਾਂ ਦੀ ਅੱਡਰੀ ਪਛਾਣ ਸਥਾਪਤ ਨਹੀਂ ਹੋ ਸਕਦੀ, ਇੱਕ ਨਿਰਾਸ਼ਾ ਭਰੀ ਸੋਚ ਹੈ, ਜਿਸਦੀ ਸਿੱਖੀ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਅਜਿਹੀ ਸੋਚ ਕੇਵਲ ਉਨ੍ਹਾਂ ਬੁਧੀਜੀਵੀਆਂ ਦੀ ਹੀ ਹੋ ਸਕਦੀ ਹੈ, ਜੋ ਸਿੱਖੀ ਦੀ ਮੂਲ ਤੱਥਾਂ ਅਤੇ ਗੁਰਬਾਣੀ ਦੀ ਡੂੰਘੀ ਵਿਚਾਰਧਾਰਾ ਨੂੰ ਸਮਝਣ ਲਈ ਮਿਹਨਤ ਕਰਨ ਨੂੰ ਤਿਆਰ ਨਹੀਂ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

...ਸਿੱਖ ਧਰਮ ਸਿਕੁੜ ਰਿਹਾ ਹੈ? - ਜਸਵੰਤ ਸਿੰਘ 'ਅਜੀਤ'

ਬੀਤੇ ਕਾਫੀ ਸਮੇਂ ਤੋਂ ਸਿੱਖ ਬੁਧੀਜੀਵੀਆਂ ਅਤੇ ਧਾਰਮਕ ਸੰਸਥਾਵਾਂ ਦੇ ਮੁਖੀਆਂ ਦੇ ਇਕ ਵਰਗ, ਜਿਨ੍ਹਾਂ ਦੇ ਨਾਲ ਕੁਝ ਰਾਜਸੀ ਸਿੱਖ ਵੀ ਸ਼ਾਮਲ ਹਨ, ਵਲੋਂ 'ਬ੍ਰਾਹਮਣਵਾਦੀ' ਪ੍ਰਭਾਵ ਤੋਂ ਸਿੱਖੀ ਨੂੰ ਮੁਕਤ ਕਰਾਉਣ ਦੇ ਨਾਂ ਤੇ ਇਕ ਅੰਦੋਲਣ ਸ਼ੁਰੂ ਕੀਤਾ ਗਿਆ ਹੋਇਆ ਹੈ। ਇਨ੍ਹਾਂ ਸੁਧਾਰਵਾਦੀਆਂ ਦਾ ਕਹਿਣਾ ਹੈ ਕਿ ਗੁਰੂ ਸਾਹਿਬਾਨ ਨੇ ਜਿਸ 'ਬ੍ਰਾਹਮਣਵਾਦੀ' ਪ੍ਰਭਾਵ ਤੋਂ ਮਨੁਖੀ-ਸਮਾਜ ਨੂੰ ਮੁਕਤ ਕਰਨ ਲਈ ਸਿੱਖ-ਪੰਥ ਦੀ ਸਿਰਜਨਾ ਕੀਤੀ ਸੀ, ਉਹੀ 'ਬ੍ਰਾਹਮਣਵਾਦੀ' ਪ੍ਰਭਾਵ ਮੁੜ ਸਿੱਖ-ਪੰਥ ਰਾਹੀਂ ਮਨੁਖੀ-ਸਮਾਜ ਪੁਰ ਹਾਵੀ ਹੁੰਦਾ ਜਾ ਰਿਹਾ ਹੈ। ਜਿਸਦੇ ਫਲਸਰੂਪ ਉਨ੍ਹਾਂ ਸਿਖਾਂ ਦੀ ਵੀ ਅੱਡਰੀ ਪਛਾਣ ਅਤੇ ਹੋਂਦ ਲਈ ਭਾਰੀ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ, ਜੋ ਗੁਰੂ ਸਾਹਿਬਾਨ ਦੇ ਉਪਦੇਸ਼ਾਂ ਅਤੇ ਕੁਰਬਾਨੀਆਂ ਕਾਰਣ ਬ੍ਰਾਹਮਣਵਾਦੀ ਪ੍ਰਭਾਵ ਤੋਂ ਮੁਕਤ ਹੋ ਗਏ ਹੋਏ ਮੰਨੇ ਜਾਂਦੇ ਰਹੇ ਹਨ।
ਸਿੱਖੀ ਨੂੰ ਇਸ ਵਧ ਰਹੇ ਖਤਰੇ ਤੋਂ ਬਚਾਣ ਦੇ ਨਾਂ ਤੇ ਇਨ੍ਹਾਂ 'ਸੁਧਾਰਵਾਦੀਆਂ' ਵਲੋਂ ਜੋ ਨੀਤੀ ਅਪਨਾਈ ਗਈ ਹੋਈ ਹੈ ਅਤੇ ਜਿਸ ਨੀਤੀ ਅਧੀਨ ਇਨ੍ਹਾਂ ਵਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਸਦੀ ਘੋਖ ਕਰਨ ਵਾਲੇ ਸਿੱਖ ਬੁਧੀਜੀਵੀਆਂ ਅਤੇ ਧਾਰਮਕ ਸ਼ਖਸੀਅਤਾਂ ਦੇ ਇਕ ਵਰਗ ਵਲੋਂ, ਉਸਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਇਸ ਵਰਗ ਦਾ ਕਹਿਣਾ ਹੈ ਕਿ ਸਿੱਖੀ ਨੂੰ ਬਚਾਣ ਦੇ ਨਾਂ ਤੇ ਇਨ੍ਹਾਂ ਸੁਧਾਰਵਾਦੀਆਂ ਵਲੋਂ ਜੋ ਕੁਝ ਕੀਤਾ ਜਾ ਰਿਹਾ ਹੈ, ਉਸਦੇ ਨਾਲ ਸਿੱਖੀ ਦਾ ਬਚਾਅ ਜਾਂ ਫੈਲਾਅ ਹੋ ਪਾਣਾ ਤਾਂ ਦੂਰ ਰਿਹਾ, ਸਗੋਂ ਉਸ ਨਾਲ ਤਾਂ ਗੁਰੂ ਸਾਹਿਬਾਨ ਵਲੋਂ ਸਿਰਜਿਆ ਸਿੱਖ-ਧਰਮ, ਵਿਸ਼ਵ-ਵਿਆਪੀ ਆਦਰਸ਼ਾਂ ਪੁਰ ਅਧਾਰਤ ਹੋਣ ਦੇ ਬਾਵਜੂਦ, ਚਾਰਦੀਵਾਰੀ ਵਿਚ ਸਿਮਟ ਕੇ ਰਹਿ ਜਾਇਗਾ।
ਇਸ ਵਰਗ ਦੇ ਮੁਖੀਆਂ ਦਾ ਮੰਨਣਾ ਹੈ ਕਿ 'ਸਿੱਖੀ-ਬਚਾਉ' ਦੇ ਨਾਂ ਤੇ ਜੋ ਅੰਦੋਲਣ ਸ਼ੁਰੂ ਕੀਤਾ ਗਿਆ ਹੋਇਆ ਹੈ, ਉਸ ਅਨੁਸਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਘਰ ਪੁਰ ਅਪਾਰ ਸ਼ਰਧਾ ਰਖਣ ਵਾਲੇ 'ਸਹਿਜਧਾਰੀ', ਸਿੱਖ ਨਹੀਂ ਹੋ ਸਕਦੇ, ਕਿਉਂਕਿ ਉਨ੍ਹਾਂ ਦਸਮੇਸ਼ ਪਿਤਾ ਦੀ ਬਖਸ਼ੀ ਦਾਤ ਅੰਮ੍ਰਿਤ ਦਾ ਪਾਨ ਨਹੀਂ ਕੀਤਾ ਅਤੇ ਨਾ ਹੀ ਉਹ ਸਾਬਤ-ਸੂਰਤ ਹਨ। ਸੁਧਾਰਵਾਦੀਆਂ ਦਾ ਇਹ ਵੀ ਕਹਿਣਾ ਹੈ, ਕਿ ਜੇ ਇਹ 'ਸਹਿਜਧਾਰੀ' ਸਿੱਖੀ ਦੇ ਨਾਲ ਜੁੜੇ ਰਹੇ ਤਾਂ ਇਨ੍ਹਾਂ ਦੇ ਸਹਾਰੇ ਸਿੱਖੀ-ਵਿਰੋਧੀ, ਗ਼ੈਰ-ਸਿੱਖ ਅਨਸਰ ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਹੋ ਜਾਏਗਾ, ਫਲਸਰੂਪ ਗੁਰਦੁਆਰਿਆਂ ਵਿਚ ਸਥਾਪਤ ਮਰਿਆਦਾ ਪ੍ਰਭਾਵਤ ਹੋਣ ਲਗੇਗੀ।
ਦੂਸਰੇ ਪਾਸੇ ਇਹੀ ਸੁਧਾਰਵਾਦੀ ਬ੍ਰਾਹਮਣਵਾਦੀ-ਦ੍ਰਿਸ਼ਟੀਕੋਣ ਅਨੁਸਾਰ ਇਹ ਮੰਨਦੇ ਹਨ ਕਿ ਸਿੱਖ ਦੇ ਘਰ ਪੈਦਾ ਹੋਣ ਵਾਲਾ ਹੀ ਸਿੱਖ ਹੋ ਸਕਦਾ ਹੈ, ਭਾਵੇਂ ਉਹ ਸਿੱਖੀ-ਵਿਰਸੇ ਨਾਲੋਂ ਟੁਟ, ਸਿੱਖੀ-ਸਰੂਪ ਨੂੰ ਤਿਲਾਂਜਲੀ ਹੀ ਕਿਉਂ ਨਾ ਦੇ ਗਿਆ ਹੋਵੇ। ਉਨ੍ਹਾਂ ਨੂੰ ਅਖਬਾਰਾਂ ਵਿਚ ਛਪੇ ਵਿਆਹ-ਸ਼ਾਦੀਆਂ ਦੇ ਉਹ ਇਸ਼ਤਿਹਾਰ ਪੜ੍ਹ ਕੇ ਨਾ ਤਾਂ ਸ਼ਰਮ ਮਹਿਸੂਸ ਹੁੰਦੀ ਹੈ ਅਤੇ ਨਾ ਹੀ ਉਨ੍ਹਾਂ ਦੇ ਦਿਲ ਵਿਚ ਵਿਰੋਧ ਕਰਨ ਦੀ ਭਾਵਨਾ ਜਾਗਦੀ ਹੈ, ਜਿਨ੍ਹਾਂ ਰਾਹੀਂ ਮੋਟੇ-ਮੋਟੇ ਅਖਰਾਂ ਵਿਚ 'ਕਲੀਨਸ਼ੇਵਨ-ਸਿੱਖ' ਮੁੰਡੇ ਲਈ ਸਿੱਖ ਕੁੜੀ ਦੀ ਅਤੇ ਸਿੱਖ ਕੁੜੀ ਲਈ 'ਕਲੀਨਸ਼ੇਵਨ ਸਿੱਖ' ਮੁੰਡੇ ਦੀ ਮੰਗ ਇਸਤਰ੍ਹਾਂ ਕੀਤੀ ਗਈ ਹੁੰਦੀ ਹੈ, ਜਿਵੇਂ ਸਿੱਖ ਮੁੰਡੇ ਦਾ 'ਕਲੀਨਸ਼ੇਵਨ' ਹੋਣਾ ਕੋਈ ਵਿਸ਼ੇਸ਼ ਯੋਗਤਾ ਹੋਵੇ। ਇਹ ਇਸ਼ਤਿਹਾਰ ਪੜ੍ਹ ਕੇ ਇਨ੍ਹਾਂ 'ਸੁਧਾਰਵਾਦੀਆਂ' ਦੀ ਸਿੱਖੀ-ਭਾਵਨਾ ਨੂੰ ਕੋਈ ਠੇਸ ਪੁਜੀ ਹੋਵੇ ਜਾਂ ਇਨ੍ਹਾਂ ਨੇ ਇਹ ਕੁਝ ਪੜ੍ਹ ਕੇ ਇਸਦੇ ਵਿਰੁਧ ਕੋਈ ਹਿਲ-ਜੁਲ ਕੀਤੀ ਹੋਵੇ, ਕਦੀ ਕਿਧਰੇ ਪੜ੍ਹਿਆ-ਸੁਣਿਆ ਨਹੀਂ ਗਿਆ। ਸ਼ਾਇਦ ਇਨ੍ਹਾਂ ਨੂੰ ਇਸ ਗਲ ਤੇ ਮਾਣ ਹੁੰਦਾ ਹੋਵੇਗਾ ਕਿ 'ਕਲੀਨਸ਼ੇਵਨ' ਹੋ ਕੇ ਵੀ ਮੁੰਡਾ ਆਪਣੇ ਸਿੱਖ ਹੋਣ ਤੇ 'ਫਖਰ' ਤਾਂ ਕਰ ਹੀ ਰਿਹਾ ਹੈ। ਇਨ੍ਹਾਂ ਆਪੇ ਬਣੇ  'ਸੁਧਾਰਵਾਦੀਆਂ' ਦੀਆਂ ਇਨ੍ਹਾਂ ਨੀਤੀਆਂ ਪੁਰ ਉਂਗਲ ਉਠਾਣ ਵਾਲਿਆਂ ਦਾ ਇਹ ਵੀ ਕਹਿਣਾ ਹੈ ਕਿ ਜਿਵੇਂ ਬ੍ਰਾਹਮਣਾਂ ਨੇ ਆਪਣੀ ਸਰਵੁਚਤਾ ਦੀ ਹੈਸੀਅਤ ਬਣਾਈ ਰਖਣ ਲਈ ਵੇਦਾਂ-ਪੁਰਾਣਾਂ ਅਤੇ ਸ਼ਾਸਤਰਾਂ ਦੇ ਪੜ੍ਹਨ ਅਤੇ ਉਨ੍ਹਾਂ ਦਾ ਅਧਿਅਨ ਕਰਨ ਦਾ ਅਧਿਕਾਰ ਆਪਣੇ ਲਈ ਰਾਖਵਾਂ ਕਰਕੇ ਗ਼ੈਰ-ਬ੍ਰਾਹਮਣਾਂ ਲਈ, ਇਨ੍ਹਾਂ ਦੇ ਪੜ੍ਹਨ ਤੇ ਰੋਕ ਲਾ ਦਿਤੀ ਹੋਈ ਸੀ ਅਤੇ ਪਛੜਿਆਂ ਨੂੰ ਇਨ੍ਹਾਂ ਦੇ ਸੁਣਨ ਤਕ ਦਾ ਅਧਿਕਾਰ ਵੀ ਨਹੀਂ ਸੀ ਦਿਤਾ ਹੋਇਆ, ਇਸੇ ਤਰ੍ਹਾਂ ਇਹ 'ਸੁਧਾਰਵਾਦੀ' ਵੀ 'ਸਿੱਖੀ ਬਚਾਉਣ' ਦੇ ਨਾਂ ਤੇ ਗੁਰਬਾਣੀ ਪੜ੍ਹਨ ਦਾ ਅਧਿਕਾਰ ਕੇਵਲ ਆਪਣੇ ਲਈ ਹੀ ਰਾਖਵਾਂ ਕਰਨ ਵਲ ਵਧ ਰਹੇ ਹਨ। ਉਨ੍ਹਾਂ ਗ਼ੈਰ-ਸਿੱਖਾਂ ਦੇ ਬਾਣੀ ਪੜ੍ਹਨ ਤੇ ਰੋਕ ਲਾਉਣ ਵਲ ਵੀ ਕਦਮ ਵਧਾਣਾ ਸ਼ੁਰੂ ਕਰ ਦਿਤਾ ਹੈ। ਬਜਾਏ ਇਸਦੇ ਕਿ ਉਹ ਦੂਜਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਾਣ-ਸਤਿਕਾਰ ਕਾਇਮ ਰਖਣ ਦੀ ਸਿੱਖਿਆ ਦੇਣ ਦੀ ਜ਼ਿਮੇਂਦਾਰੀ ਸੰਭਾਲਣ, ਸਗੋਂ ਇਨ੍ਹਾਂ ਨੇ ਤਾਂ ਉਨ੍ਹਾਂ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੀ ਚੁਕਾਣੇ ਸ਼ੁਰੂ ਕਰ ਦਿਤੇ। ਉਨ੍ਹਾਂ ਕਦੀ ਇਹ ਜਾਣਨ ਦੀ ਕੌਸ਼ਿਸ਼ ਨਹੀਂ ਕੀਤੀ ਕਿ ਜਿਨ੍ਹਾਂ ਸਿੱਖਾਂ ਨੇ ਅਪਣੇ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਥਾਪਤ ਕੀਤੇ ਹੋਏ ਹਨ, ਕੀ ਉਨ੍ਹਾਂ ਸਾਰਿਆਂ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ-ਸੰਭਾਲ ਪੂਰਣ ਮਰਿਆਦਾ ਅਨੁਸਾਰ ਕੀਤੀ ਜਾ ਰਹੀ ਹੈ?
'ਸੋ ਕਿਉ ਮੰਦਾ ਆਖੀਐ' ਸ਼ਬਦ ਦਾ ਗਾਇਨ ਕਰਨ ਅਤੇ ਸੁਣਨ ਵਾਲੇ ਇਹ 'ਸੁਧਾਰਵਾਦੀ' ਭਾਸ਼ਣ ਕਰਦਿਆਂ ਤਾਂ ਬੜੇ ਹੀ ਮਾਣ ਨਾਲ ਦਾਅਵਾ ਕਰਦੇ ਹਨ ਕਿ ਭਾਰਤੀ ਸਮਾਜ ਵਲੋਂ ਦੁਰਕਾਰੀ ਤੇ ਪੈਰ ਦੀ ਜੁਤੀ ਸਮਝੀ ਜਾਂਦੀ ਨਾਰੀ ਨੂੰ ਗੁਰੂ ਸਾਹਿਬ ਨੇ ਨਾ ਕੇਵਲ ਬਰਾਬਰਤਾ ਦਾ ਅਧਿਕਾਰ ਦਿਤਾ, ਸਗੋਂ ਉਸਨੂੰ ਬਣਦਾ ਸਨਮਾਨ ਵੀ ਦਿਤਾ। ਪਰ ਅਜ ਉਸੇ ਨਾਰੀ ਨੂੰ ਹਰਿਮੰਦਿਰ ਸਾਹਿਬ ਵਿਖੇ ਅੰੰਿਮ੍ਰਤ ਵੇਲੇ ਹੋਣ ਵਾਲੀ ਸੇਵਾ ਵਿਚ ਹਿੱਸਾ ਲੈਣ ਤੋਂ ਤਾਂ ਰੋਕਿਆ ਹੀ ਜਾ ਰਿਹਾ ਹੈ, ਇਸਦੇ ਨਾਲ ਹੀ ਉਸਨੂੰ, ਜਿਸ ਪਾਲਕੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਬ ਦਾ ਸਰੂਪ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਪ੍ਰਕਾਸ਼ ਕਰਨ ਲਈ ਲਿਆਇਆ ਜਾਂਦਾ ਹੈ, ਉਸ ਪਾਲਕੀ ਨੂੰ ਮੋਢਾ ਦੇਣ ਦਾ ਅਧਿਕਾਰ ਦੇਣਾ ਤਾਂ ਦੂਰ ਰਿਹਾ, ਹਥ ਲਾਉਣ ਦਾ ਅਧਿਕਾਰ ਵੀ ਨਹੀਂ ਦਿਤਾ ਜਾ ਰਿਹਾ। ਬੀਤੇ ਕਾਫੀ ਸਮੇਂ ਤੋਂ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਕੀਰਤਨ ਕਰਨ ਦੇ ਅਧਿਕਾਰ ਦੀ ਮੰਗ ਕਰ ਰਹੀਆਂ ਬੀਬੀਆਂ ਨੁੰ ਲਗਾਤਾਰ ਨਿਰਾਸ਼ ਕੀਤਾ ਜਾ ਰਿਹਾ ਹੈ, ਕਿਉਂ? ਕੀ ਸਿਰਫ ਇਸ ਕਰਕੇ ਕਿ ਬ੍ਰਾਹਮਣੀ-ਵਰਗ ਨਾਰੀ ਨੂੰ 'ਪੈਰ ਦੀ ਜੁਤੀ' ਸਮਝਦਾ ਹੈ, ਤਾਂ ਫਿਰ ਉਹ ਕਿਵੇਂ ਗੁਰੂ ਸਾਹਿਬਾਨ ਵਲੋਂ ਉਸਨੂੰ ਸਨਮਾਨਤ ਤੇ ਬਰਾਬਰਤਾ ਦੇ ਦਿਤੇ ਗਏ ਅਧਿਕਾਰ ਨੂੰ ਮਾਨਤਾ ਦੇ ਦੇਣ? ਇਨ੍ਹਾਂ ਸੁਧਾਰਵਾਦੀਆਂ ਦਾ ਇਸ ਗਲ ਨਾਲ ਕੋਈ ਮਤਲਬ ਨਹੀਂ ਕਿ ਉਨ੍ਹਾਂ ਵਲੋਂ ਸੁਧਾਰ ਦੇ ਨਾਂ ਤੇ ਸ਼ੁਰੂ ਕੀਤੇ ਗਏ ਹੋਏ 'ਸਿੱਖੀ ਬਚਾਓ' ਅੰਦੋਲਣ ਦੇ ਫਲਸਰੂਪ ਸਿੱਖ-ਪੰਥ ਵਿਚ ਵੰਡੀਆਂ ਪੈ ਰਹੀਆਂ ਹਨ। ਜਿਸ ਨਾਲ ਸਿੱਖੀ ਨੂੰ ਨਾ ਠਲ੍ਹੀ ਜਾ ਸਕਣ ਵਾਲੀ ਢਾਹ ਲਗਦੀ ਜਾ ਰਹੀ ਹੈ। ਸਿੱਖਾਂ ਵਿਚ ਵੀ ਉਸੇ ਤਰ੍ਹਾਂ ਦੀਆਂ ਵੰਡੀਆਂ ਪੈਣ ਦੀਆਂ ਸੰਭਾਵਨਾਵਾਂ ਵਧਦੀਆਂ ਚਲੀਆਂ ਜਾ ਰਹੀਆਂ ਹਨ ਜਿਵੇਂ ਕਿ ਮੁਸਲਮਾਣਾਂ, ਇਸਾਈਆਂ, ਜੈਨੀਆਂ, ਬੋਧੀਆਂ ਆਦਿ ਫਿਰਕਿਆਂ ਵਿਚ ਪਈਆਂ ਹੋਈਆਂ ਹਨ।
...ਅਤੇ ਅੰਤ ਵਿਚ: ਅਜ ਜਾਤੀਆਂ ਦੇ ਨਾਂ (ਅਧਾਰ) ਤੇ ਗੁਰਦੁਆਰੇ ਬਣਦੇ ਜਾ ਰਹੇ ਹਨ। ਗੁਰਦੁਆਰਿਆਂ ਦੇ ਮੁਖ ਦੁਆਰ ਤੇ ਬੜੇ ਸਜਾਵਟੀ ਅਖਰਾਂ ਵਿਚ ਲਿਖਿਆ ਜਾ ਰਿਹਾ ਹੈ, ਗੁਰਦੁਆਰਾ ਰਾਮਗੜ੍ਹੀਆਂ, ਗੁਰਦੁਆਰਾ ਪੋਠੋਹਾਰੀਆਂ, ਗੁਰਦੁਆਰਾ ਪਿਸ਼ੋਰੀਆਂ, ਜਟਾਂ, ਭਾਪਿਆਂ, ਰਾਮਦਾਸੀਆਂ ਆਦਿ। ਗੁਰਦੁਆਰੇ, ਹੁਣ ਗੁਰੂ ਦੇ ਦੁਆਰ ਨਾ ਰਹਿ, ਜਾਤੀਆਂ ਦੇ ਬਣਦੇ ਜਾ ਰਹੇ ਹਨ। ਕਈ ਗੁਰਦੁਆਰਿਆਂ ਵਿਚ ਤਾਂ ਅੰਮ੍ਰਿਤਧਾਰੀ ਦਲਿਤਾਂ ਨੂੰ ਨਾ ਪ੍ਰਸ਼ਾਦ ਵੰਡਣ ਦਿਤਾ ਜਾਂਦਾ ਹੈ ਤੇ ਨਾ ਹੀ ਲੰਗਰ। ਪੰਗਤ ਵਿੱਚ ਬੈਠ ਲੰਗਰ ਵੀ ਛਕਣ ਨਹੀਂ ਦਿੱਤਾ ਜਾਂਦਾ। ਕੀ ਇਹ ਸਭ ਕੁਝ 'ਬ੍ਰਾਹਮਣੀ ਸੋਚ' ਤੋਂ ਮੁਕਤ ਹੁੰਦਿਆਂ ਜਾਣ ਦਾ ਪ੍ਰਤੀਕ ਹੈ ਜਾਂ ਕਿ 'ਬ੍ਰਾਹਮਣੀ ਸੋਚ' ਦੇ ਭਾਰੂ ਹੁੰਦਿਆਂ ਜਾਣ ਦਾ? ਕੀ ਇਹ ਗੁਰੂ ਸਾਹਿਬ ਵਲੋਂ ਪ੍ਰਚਾਰੇ ਉਨ੍ਹਾਂ ਆਦਰਸ਼ਾਂ ਦੇ ਨਾਲ ਵਿਸ਼ਵਾਸਘਾਤ ਨਹੀਂ, ਜਿਨ੍ਹਾਂ ਨੂੰ ਸਥਾਪਤ ਕਰਨ ਅਤੇ ਜਿਨ੍ਹਾਂ ਦੀਆਂ ਨੀਹਾਂ ਤੇ ਸਿੱਖੀ ਦਾ ਮੱਹਲ ਉਸਾਰਣ ਲਈ ਉਨ੍ਹਾਂ ਆਪਣਾ-ਆਪ ਹੀ ਨਹੀਂ, ਸਗੋਂ ਆਪਣਾ ਸਰਬੰਸ ਤਕ ਵੀ ਕੁਰਬਾਨ ਕਰ ਦਿਤਾ ਸੀ?

Mobile : +91 95 82 71 98 90
E-Mail :  jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਵੱਡਾ ਘਲੂਘਾਰਾ : ...ਅਤੇ 30 ਹਜ਼ਾਰ ਸਿੱਖ ਸ਼ਹੀਦ ਹੋ ਗਏ? - ਜਸਵੰਤ ਸਿੰਘ 'ਅਜੀਤ'

ਅਹਿਮਦਸ਼ਾਹ ਅਬਦਾਲੀ ਹਿੰਦੁਸਤਾਨ ਪੁਰ ਪੰਜ ਹਮਲੇ ਕਰ ਚੁਕਾ ਸੀ ਅਤੇ ਛੇਵੇਂ ਹਮਲੇ ਦੀ ਤਿਆਰੀ ਉਹ ਬਹੁਤ ਹੀ ਜ਼ੋਰ-ਸ਼ੋਰ ਨਾਲ ਕਰ ਰਿਹਾ ਸੀ। ਇਤਿਹਾਸਕਾਰ ਮੰਨਦੇ ਹਨ ਕਿ ਭਾਵੇਂ ਉਸ ਵਲੋਂ ਕੀਤੇ ਜਾਣ ਵਾਲੇ ਇਸ ਹਮਲੇ ਦਾ ਉਦੇਸ਼ ਵੀ ਉਸਦੇ ਪਹਿਲੇ ਹਮਲਿਆਂ ਵਾਂਗ ਹੀ ਹਿੰਦੁਸਤਾਨ ਨੂੰ ਲੁਟਣਾ ਅਤੇ ਉਸਦੀ ਅਸਮਤ, ਉਸਦੀਆਂ ਧੀਆਂ-ਭੈਣਾਂ ਨੂੰ ਬੰਦੀ ਬਣਾ ਲਿਜਾ, ਗਜ਼ਨੀ ਦੇ ਬਜ਼ਾਰਾਂ ਵਿੱਚ ਵੇਚਣਾ ਹੀ ਪ੍ਰਚਾਰਿਆ ਜਾ ਰਿਹਾ ਸੀ, ਫਿਰ ਵੀ ਉਸਦੇ ਇਸ ਹਮਲੇ ਦਾ ਮੁੱਖ ਉਦੇਸ਼, ਉਸ ਸਿੱਖ ਸ਼ਕਤੀ ਨੂੰ ਮੂਲੋਂ ਹੀ ਕੁਚਲ ਦੇਣਾ ਸੀ, ਜੋ ਉਸਦੇ ਹਰ ਹਮਲੇ ਦੌਰਾਨ ਉਸ ਵਲੋਂ ਲੁਟੀ ਦੌਲਤ ਵਿਚੋਂ ਹਿੱਸਾ ਵੰਡਾਂਦੀ ਅਤੇ ਭਾਰਤੀ ਅਸਮਤ ਨੂੰ ਉਸਦੀ ਕੈਦ ਵਿਚੋਂ ਛੁਡਾ ਲਿਜਾਣਾ ਚਲੀ ਆ ਰਹੀ ਸੀ। ਪਿਛਲੀ ਵਾਰ ਤਾਂ ਉਸ ਸ਼ਕਤੀ ਦੇ ਮਾਲਕ, ਸਿੱਖਾਂ ਨੇ ਹਦ ਹੀ ਮੁੱਕਾ ਦਿੱਤੀ, ਜਦੋਂ ਉਹ ਉਸ ਵਲੋਂ ਦਿੱਲੀ ਤੋਂ ਬੰਦੀ ਬਣਾ ਫੌਜ ਦੇ ਭਾਰੀ ਘੇਰੈ ਵਿੱਚ ਲਿਜਾਈਆਂ ਜਾ ਰਹੀਆਂ ਹਿੰਦੁਸਤਾਨ ਦੀਆਂ 2200 ਧੀਆਂ-ਭੈਣਾਂ ਅੱਖ ਦੇ ਫੋਰ ਵਿੱਚ ਆਜ਼ਾਦ ਕਰਵਾ ਹਰਨ ਹੋ ਗਏ ਅਤੇ ਸਤਿਕਾਰ ਨਾਲ ਉਨ੍ਹਾਂ ਨੂੰ ਉਨ੍ਹਾਂ ਦੇ ਘਰੋ ਘਰੀ ਪਹੁੰਚਾ ਆਏ।
ਅਬਦਾਲੀ ਨੂੰ ਹੈਰਾਨੀ ਇਸ ਗਲ ਦੀ ਸੀ ਕਿ ਮਰਹੱਟਿਆਂ ਵਰਗੀ ਤਾਕਤ ਤਾਂ ਉਸਦੀਆਂ ਜੁਝਾਰੂ ਫੌਜਾਂ ਸਾਹਮਣੇ ਬਹੁਤੀ ਦੇਰ ਟਿੱਕ ਨਹੀਂ ਸੀ ਸਕੀ, ਪਰ ਇਹ ਸਿੱਖ, ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ, ਜਦੋਂ ਵੀ ਉਹ ਹਿੰਦੁਸਤਾਨ ਵਿੱਚ ਦਾਖਿਲ ਹੁੰਦਾ ਹੈ, ਕੋਈ ਵੀ ਉਸਨੂੰ ਰੋਕਣ ਦਾ ਹੀਆ ਨਹੀਂ ਕਰਦਾ, ਪਰ ਜਦੋਂ ਉਹ ਲੁਟ-ਮਾਰ ਕਰ ਵਾਪਸ ਮੁੜਦਿਆਂ ਪੰਜਾਬ ਦੀ ਧਰਤੀ ਤੇ ਪੈਰ ਰਖਦਾ ਹੀ ਹੈ ਤਾਂ, ਸਿੱਖਾਂ ਵਲੋਂ ਉਸਦੀ ਲੁਟ ਵਿਚੋਂ ਹਿੱਸਾ ਵੰਡਾਇਆ ਜਾਣਾ ਸ਼ੁਰੂ ਹੋ ਜਾਂਦਾ ਹੈ। ਉਨ੍ਹਾਂ ਨੂੰ ਨਾ ਤਾਂ ਉਸਦੀ ਤਾਕਤ ਦਾ ਭੈ ਹੈ ਅਤੇ ਨਾ ਹੀ ਆਪਣੀ ਮੌਤ ਦਾ ਡਰ।
ਇਸ ਵਾਰ ਅਹਿਮਦਸ਼ਾਹ ਅਬਦਾਲੀ ਨੇ ਹਿੰਦੁਸਤਾਨ ਪੁਰ ਹਮਲਾ ਕਰਨ ਤੋਂ ਪਹਿਲਾਂ ਹੀ ਠਾਣ ਲਿਆ ਸੀ ਕਿ ਉਹ ਇਸ ਵਾਰ ਸਿੱਖਾਂ ਦੀ ਸ਼ਕਤੀ ਨੂੰ ਇਤਨੀ ਬੁਰੀ ਤਰ੍ਹਾਂ ਕੁਚਲ ਕੇ ਮੁੜੇਗਾ, ਕਿ ਉਹ ਮੁੜ ਕਦੀ ਵੀ ਸਿਰ ਚੁਕਣ ਦੀ ਹਿੰਮਤ ਨਾ ਕਰ ਸਕਣ।
ਪਿਛਲੀ ਵਾਰ ਵਾਪਸ ਮੁੜਦੇ ਅਬਦਾਲੀ ਪਾਸੋਂ, ਉਸ ਵਲੋਂ ਲੁਟ ਕੇ ਲਿਜਾਂਦੇ ਜਾ ਰਹੇ ਮਾਲ ਵਿਚੋਂ ਇੱਕ ਵੱਡਾ ਹਿਸਾ ਵੰਡਾ ਲੈਣ ਅਤੇ ਉਸਦੇ ਕਬਜ਼ੇ ਵਿਚੋਂ ਹਿੰਦੁਸਤਾਨ ਦੀ ਅਜ਼ਮਤ, 2200 ਧੀਆਂ-ਭੈਣਾਂ ਨੂੰ ਛੁਡਾ, ਸਤਿਕਾਰ ਸਹਿਤ ਉਨ੍ਹਾਂ ਦੇ ਘਰੋ-ਘਰੀਂ ਪਹੁੰਚਾ ਦੇਣ ਨਾਲ ਜਿਥੇ ਸਿੱਖਾਂ ਨੂੰ ਜੱਸ ਮਿਲਿਆ, ਉਥੇ ਹੀ ਉਨ੍ਹਾਂ ਦੀ ਸ਼ਕਤੀ ਦਾ ਲੋਹਾ ਵੀ ਮੰਨਿਆ ਜਾਣ ਲਗਾ। ਪਰ ਇਹ ਗਲ ਉਨ੍ਹਾਂ ਈਰਖਾਲੂਆਂ ਤੇ ਸਿੱਖਾਂ ਦੇ ਵੈਰੀਆਂ ਲਈ ਅਸਹਿ ਬਣਦੀ ਜਾ ਰਹੀ ਸੀ। ਜੋ ਕਿ ਪੀੜੀਆਂ ਤੋਂ ਸਿੱਖਾਂ ਨਾਲ ਵੈਰ ਕਮਾਂਦੇ ਚਲੇ ਆ ਰਹੇ ਸਨ। ਅਜਿਹੇ ਹੀ ਵੈਰੀ ਨਿਰੰਜਨੀਆਂ ਦੀ ਪੀੜੀ ਵਿਚਲਾ ਅਕਾਲ ਦਾਸ ਅਬਦਾਲੀ ਨੂੰ ਬਾਰ-ਬਾਰ ਚਿੱਠੀਆਂ ਲਿਖ ਸਿੱਖ ਸ਼ਕਤੀ ਨੂੰ ਕੁਚਲਣ ਲਈ ਹਿੰਦੁਸਤਾਨ ਆਉਣ ਦਾ ਸੱਦਾ ਦਿੰਦਾ ਚਲਿਆ ਆ ਰਿਹਾ ਸੀ।
ਅਬਦਾਲੀ ਤਾਂ ਪਹਿਲਾਂ ਹੀ ਧਾਰੀ ਬੈਠਾ ਸੀ ਕਿ ਉਸਨੇ ਇਸ ਵਾਰ ਹਿੰਦੁਸਤਾਨ ਪੁਰ ਕੀਤੇ ਜਾਣ ਵਾਲੇ ਆਪਣੇ ਹਮਲੇ ਵਿੱਚ ਸਭ ਤੋਂ ਪਹਿਲਾਂ ਉਨ੍ਹਾਂ ਸਿੱਖਾਂ ਦੀ ਸ਼ਕਤੀ ਨੂੰ ਕੁਚਲਣਾ ਹੈ, ਜੋ ਹਰ ਵਾਰ ਉਸਦੇ ਲਈ ਚੁਨੌਤੀ ਬਣਦੇ ਚਲੇ ਆ ਰਹੇ ਹਨ। ਇਸਦੇ ਨਾਲ ਹੀ ਅਕਾਲ ਦਾਸ ਵਲੋਂ ਬਾਰ-ਬਾਰ ਦਿੱਤੇ ਜਾ ਰਹੇ ਸੱਦੇ ਵੀ ਉਸਦੇ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰ ਰਹੇ ਸਨ ਕਿ ਇਸ ਵਾਰ ਤਾਂ ਉਸਨੂੰ ਸਿੱਖਾਂ ਦੀ ਸ਼ਕਤੀ ਨੂੰ ਕੁਚਲਣ ਵਿੱਚ ਪੰਜਾਬ ਵਿਚੋਂ ਵੀ ਭਾਰੀ ਮਦੱਦ ਮਿਲੇਗੀ। ਇਸੇ ਵਿਸ਼ਵਾਸ ਨਾਲ ਭਰੇ ਅਹਿਮਦਸ਼ਾਹ ਅਬਦਾਲੀ ਨੇ ਛੇਵਾਂ ਹਮਲਾ ਕਰਨ ਲਈ ਭਾਰੀ ਫੌਜ ਲੈ ਹਿੰਦੁਸਤਾਨ ਵਲ ਕੂਚ ਕਰ ਦਿੱਤਾ। ਇਸ ਵਾਰ ਉਹ ਸਾਰਾ ਪੈਂਡਾ ਜਲਦੀ ਤੋਂ ਜਲਦੀ ਮੁੱਕਾ, ਸਿੱਖਾਂ ਪੁਰ ਇਸਤਰ੍ਹਾਂ ਅਚਾਨਕ ਹਮਲਾ ਕਰਨਾ ਚਾਹੁੰਦਾ ਸੀ ਕਿ ਉਨ੍ਹਾਂ ਨੂੰ ਸੰਭਲਣ ਤੱਕ ਦਾ ਮੌਕਾ ਤੱਕ ਵੀ ਨਾ ਮਿਲ ਸਕੇ।
ਅਕਾਲ ਦਾਸ, ਉਸਦੀ ਮਨਸ਼ਾ ਨੂੰ ਪੂਰਿਆਂ ਕਰਨ ਦੇ ਉਦੇਸ਼ ਨਾਲ ਸਿੱਖਾਂ ਦੀਆਂ ਸਰਗਰਮੀਆਂ ਅਤੇ ਟਿਕਾਣਿਆਂ ਬਾਰੇ ਉਸਨੂੰ ਲਗਾਤਾਰ ਜਾਣਕਾਰੀ ਭੇਜ ਰਿਹਾ ਸੀ। ਉਧਰ ਅਬਦਾਲੀ ਸਿੱਖ ਸ਼ਕਤੀ ਨੂੰ ਕੁਚਲਣ ਲਈ ਇਤਨਾ ਕਾਹਲਾ ਸੀ ਕਿ ਬਿਨਾਂ ਕਿਧਰੇ ਪੜਾਅ ਕੀਤੇ ਦਿਨ-ਰਾਤ ਸਫਰ ਕਰ ਵਾਹੋ-ਦਾਹੀ ਹਿੰਦੁਸਤਾਨ ਵਲ ਵਧਦਾ ਚਲਿਆ ਆ ਰਿਹਾ ਸੀ।
ਭਾਵੇਂ ਸਿੱਖਾਂ ਨੂੰ ਅਬਦਾਲੀ ਦੇ ਮੁੜ ਹਿੰਦੁਸਤਾਨ ਤੇ ਹਮਲਾ ਕਰਨ ਲਈ ਕੂਚ ਕਰ ਦੇਣ ਦੀਆਂ ਖਬਰਾਂ ਮਿਲ ਗਈਆਂ ਸਨ, ਪਰ ਉਨ੍ਹਾਂ ਨੂੰ ਇਸ ਗਲ ਦਾ ਅਹਿਸਾਸ ਤਕ ਨਹੀਂ ਸੀ ਕਿ ਉਹ ਇਤਨੀ ਜਲਦੀ ਆ ਉਨ੍ਹਾਂ ਦੇ ਸਿਰ ਤੇ ਮੰਡਰਾਣ ਲਗ ਪਏਗਾ।
ਸਿੱਖ ਅਜੇ ਆਪਣੇ ਪਰਿਵਾਰਾਂ ਨੂੰ ਸੁਰਖਿਅਤ ਠਿਕਾਣਿਆਂ ਤੇ ਪਹੁੰਚਾਣ ਦੀਆਂ ਵਿਉਂਤਾਂ ਹੀ ਬਣਾ ਰਹੇ ਸਨ ਕਿ ਅਬਦਾਲੀ ਉਨ੍ਹਾਂ ਦੇ ਸਿਰ ਤੇ ਆ ਧਮਕਿਆ ਤੇ ਆਉਂਦਿਆਂ ਹੀ ਉਸਨੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਪੰਥ ਪ੍ਰਕਾਸ਼ ਦੇ ਕਰਤਾ ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ : 'ਨਹਿ ਤਾੜੇ ਸੁਚੇਤੇ ਸਜੇ ਦਸਤਾਰੇ। ਆਨ ਕਵੇਲੇ ਪਰੈ ਤਿਤੇ ਤਬ ਸਿੰਘ ਕਹੇ ਗਿਲਜੇ ਗੁਰਮਾਰੇ'। ਅਰਥਾਤ ਸਿੱਖ ਅਜੇ ਦਸਤਾਰਾਂ ਹੀ ਸਜਾ ਰਹੇ ਸਨ ਕਿ ਅਬਾਦਲੀ ਦੀਆਂ ਫੌਜਾਂ ਨੇ ਆ ਉਨ੍ਹਾਂ ਦੁਆਲੇ ਘੇਰਾ ਪਾ ਲਿਆ ਤੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਇਸ ਅਚਨਚੇਤ ਹੋਏ ਹਮਲੇ ਵਿੱਚ ਵੱਡੀ ਗਿਣਤੀ ਵਿਚ ਸਿੱਖ ਸ਼ਹੀਦ ਹੋ ਗਏ। ਫਿਰ ਵੀ ਉਨ੍ਹਾਂ ਹੌਂਸਲਾ ਨਾ ਹਾਰਿਆ ਤੇ ਝਟ ਤਲਵਾਰਾਂ ਸੂਤ ਦੁਸ਼ਮਣ ਦੀਆਂ ਫੌਜਾਂ ਸਾਹਮਣਾ ਕਰਨ ਲਗੇ।
ਉਨ੍ਹਾਂ ਦੇ ਸਾਹਮਣੇ ਜਿਥੇ ਇੱਕ ਪਾਸੇ ਦੁਸ਼ਮਣ ਨਾਲ ਦੋ-ਦੋ ਹੱਥ ਕਰਨ ਦੀ ਸਥਿਤੀ ਬਣੀ ਹੋਈ ਸੀ, ਉਥੇ ਹੀ ਦੂਜੇ ਪਾਸੇ ਉਨ੍ਹਾਂ ਸਾਹਮਣੇ ਆਪਣੇ ਪਰਿਵਾਰਾਂ ਦੀ ਵਹੀਰ ਨੂੰ ਸੁਰਖਿਅਤ ਠਿਕਾਣਿਆ ਪੁਰ ਪਹੁੰਚਾਣ ਦੀ ਵੀ ਸਮੱਸਿਆ ਸੀ। ਇਸ ਕਰਕੇ ਉਨ੍ਹਾਂ ਆਪਣੇ ਪਰਿਵਾਰਾਂ ਦੀ ਵਹੀਰ ਦੁਆਲੇ ਘੇਰਾ ਪਾ, ਉਨ੍ਹਾਂ ਦਾ ਬਚਾਅ ਕਰਦਿਆਂ, ਅਬਦਾਲੀ ਦੀਆਂ ਫੌਜਾਂ ਦਾ ਸਾਹਮਣਾ ਕਰਨਾ ਜਾਰੀ ਰਖਿਆ। ਇਸ ਹਾਲਤ ਵਿੱਚ ਹਾਲਾਂਕਿ ਸਿੱਖਾਂ ਦਾ ਭਾਰੀ ਨੁਕਸਾਨ ਹੋ ਰਿਹਾ ਸੀ, ਇਸਦੇ ਬਾਵਜੂਦ ਸਿੱਖਾਂ ਵਲੋਂ ਹਮਲੇ ਦਾ ਦਿੱਤਾ ਜਾ ਰਿਹਾ ਡਟਵਾਂ ਜਵਾਬ ਅਬਦਾਲੀ ਦੀਆਂ ਫੌਜਾਂ ਨੂੰ 'ਅੱਲਾ' ਨੂੰ ਯਾਦ ਕਰਨ ਤੇ ਮਜਬੂਰ ਕਰ ਰਿਹਾ ਸੀ : 'ਸਿੰਘਾਂ ਵਟ ਕਸੀਸ ਦਈ। ਤਬ ਯਾਦ ਕਰਾ ਦਯੋ ਅਲ੍ਹਾ'।
ਇਨ੍ਹਾਂ ਹਾਲਾਤ ਵਿੱਚ ਸਿੱਖ ਜਿਸਤਰ੍ਹਾਂ ਜਾਨਾਂ ਹੂਲ ਕੇ ਆਪਣੇ ਪਰਿਵਾਰਾਂ ਦੀ ਵਹੀਰ ਦੀ ਰਖਿਆ ਕਰ ਰਹੇ ਸਨ, ਉਸਦਾ ਵਰਨਣ ਭਾਈ ਰਤਨ ਸਿੰਘ ਭੰਗੂ ਨੇ ਇਨ੍ਹਾਂ ਸ਼ਬਦਾਂ ਵਿੱਚ ਕੀਤਾ ਹੈ : 'ਜਿਮ ਕਰ ਕੁਕੜੀ ਬਚਿਅਨ ਛਪਾਵੇ, ਫਲਾਇ ਪੰਖ ਦੁਇ ਤਰਫ ਰਖਾਵੈ। ਇਮ ਖਾਲਸੇਨ ਬਹੀਰ ਛਪਾਯੋ'। ਸਿੱਖਾਂ ਦੀ ਇਸ ਦਲੇਰੀ ਨੂੰ ਵੇਖ ਅਹਿਮਦਸ਼ਾਹ ਤੇ ਉਸਦੇ ਜਰਨੈਲ ਤਕ ਹੈਰਾਨ ਹੋਣ ਲਗੇ। ਅਹਿਮਦਸ਼ਾਹ ਨੇ ਜੈਨ ਖਾਨ ਨੂੰ ਕਿਹਾ ਕਿ ਜੇ ਉਹ ਅਗੋਂ ਰੋਕ ਪਾ ਦੇਵੇ ਤਾਂ ਉਹ ਸਿੱਖਾਂ ਦਾ ਇੱਕ ਪਲ ਵਿੱਚ ਸਫਾਇਆ ਕਰ ਦੇਵੇਗਾ। ਇਹ ਸੁਣ ਜੈਨ ਖਾਨ ਨੇ ਕਿਹਾ ਕਿ ਇਹ ਗਲ ਅਸੰਭਵ ਹੈ, ਜੋ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋ ਸਕਦੀ : 'ਹਮ ਤੈ ਕਭੀ ਨਾ ਮਰੈ ਹੈ ਯਾਹਿ। ਪਹਿਲੇ ਮੁਗਲੋਂ ਨੇ ਬਹੁ ਮਾਰੇ, ਪੁਨ ਹਮਨੇ ਮਾਰੇ ਬਹੁ ਬਾਰੈ। ਕਸਰ ਮੁਕਾਵਨ ਪੈ ਨਹਿ ਛੋਡੀ, ਫਿਰ ਇਹੁ ਬਢਤੇ ਜੈਹੈ ਹੋਡੀ'।
ਆਖਿਰ ਅਹਿਮਦਸ਼ਾਹ ਨੇ ਆਪਣੇ ਸਿਪਾਹਸਾਲਾਰਾਂ, ਵਲੀ ਖਾਨ, ਭੀਖਨ ਖਾਨ ਮਲੇਰ ਕੋਟਲਾ ਅਤੇ ਜੈਨ ਖਾਨ ਨੂੰ ਫੌਜ ਦੀ ਕਮਾਨ ਸੌਂਪ ਉਨ੍ਹਾਂ ਨੂੰ ਸਿੱਖਾਂ ਪੁਰ ਤਿੰਨਾਂ ਪਾਸਿਆਂ ਤੋਂ ਹਮਲਾ ਕਰਨ ਲਈ ਕਿਹਾ। ਉਧਰ ਸਾਰੇ ਸਿੱਖ ਸਰਦਾਰਾਂ ਨੇ ਇਕਠਿਆਂ ਹੋ ਨਵੀਂ ਰਣਨੀਤੀ ਬਣਾ, ਅਬਦਾਲੀ ਦੇ ਹਮਲੇ ਦਾ ਜਵਾਬ ਦੇਣਾ ਸ਼ੁਰੂ ਕਰ ਦਿੱਤਾ। ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਸ਼ਾਮ ਸਿੰਘ ਅਤੇ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਨੇ ਦੁਸ਼ਮਣ ਫੌਜਾਂ ਨੂੰ ਤਕੜੇ ਹੱਥ ਵਿਖਾਏ। ਇਸ ਲੜਾਈ ਵਿੱਚ ਇੱਕ ਮੌਕਾ ਅਜਿਹਾ ਆਇਆ ਕਿ ਸ. ਜੱਸਾ ਸਿੰਘ ਆਹਲੂਵਾਲੀਆ ਦੇ ਸਿਰ ਤੇ ਮੌਤ ਆ ਮੰਡਰਉਣ ਲਗੀ, ਉਸ ਸਮੇਂ ਅਕਾਲ ਪੁਰਖ ਨੇ ਹੀ ਹੱਥ ਦੇ ਕੇ ਉਸਦੀ ਰਖਿਆ ਕੀਤੀ। ਉਸਦੇ ਸਰੀਰ; ਤੇ 22 ਜ਼ਖਮ ਆਏ, ਜਦਕਿ ਸਰਦਾਰ ਚੜ੍ਹਤ ਸਿੰਘ ਸ਼ੁਕਰਚਕੀਆ ਦੇ ਸਰੀਰ ਪੁਰ 19 ਜ਼ਖਮ ਲਗੇ।
ਇਸ ਭਾਰੀ ਲੜਾਈ ਵਿੱਚ ਅਹਿਮਦਸ਼ਾਹ ਦੀ ਫੌਜ ਪਰਿਵਾਰਾਂ ਦੀ ਵਹੀਰ ਨੂੰ ਸਿੱਖ ਯੋਧਿਆਂ ਨਾਲੋਂ ਨਿਖੇੜਨ ਵਿੱਚ ਸਫਲ ਹੋ ਗਈ। ਅਬਦਾਲੀ ਦੀ ਫੌਜ ਨੇ ਵਹੀਰ ਵਿੱਚ ਸ਼ਾਮਲ ਬੱਚਿਆਂ, ਜਵਾਨਾਂ, ਬੁਢਿਆਂ ਅਤੇ ਇਸਤ੍ਰੀਆਂ ਨੂੰ ਬਹਤ ਹੀ ਬੇਦਰਦੀ ਨਾਲ ਕਤਲ ਕਰ ਦਿੱਤਾ। ਗਿਆਨੀ ਗਿਆਨ ਸਿੰਘ ਅਨੁਸਾਰ : 'ਉਥੇ ਖੂਨ ਦੀ ਨਦੀ ਵਹਿ ਤੁਰੀ'।
ਸਿੱਖ ਇਤਿਹਾਸ ਵਿੱਚ ਇਸ ਘਟਨਾ ਨੂੰ ਵੱਡੇ ਘਲੂਘਾਰੇ ਵਜੋਂ ਯਾਦ ਕੀਤਾ ਜਾਂਦਾ ਹੈ। ਭਾਈ ਰਤਨ ਸਿੰਘ ਭੰਗੂ ਅਤੇ ਹੋਰ ਗੈਰ-ਸਿੱਖ ਇਤਿਹਾਸਕਾਰਾਂ ਅਨੁਸਾਰ ਇਸ ਘਲੂਘਾਰੇ ਵਿੱਚ ਲਗਭਗ 30 ਹਜ਼ਾਰ ਸਿੱਖ, ਜੋ ਉਸ ਸਮੇਂ ਦੀ ਸਿੱਖ ਵਸੋਂ ਦਾਂ ਲਗਭਗ ਅੱਧ ਸਨ, ਸ਼ਹੀਦ ਹੋ ਗਏ। ਜਦ ਕਿ ਛੋਟੇ ਘਲੂਘਾਰੇ ਵਿੱਚ ਦਸ ਹਜ਼ਾਰ ਸਿੱਖ ਸ਼ਹੀਦ ਹੋਏ ਸਨ।  ਸੰਸਾਰ ਦੇ ਲੋਕਾਂ ਨੇ ਗੈਰ-ਸਿੱਖ ਇਤਿਹਾਸਕਾਰਾਂ ਦੀਆਂ ਉਨ੍ਹਾਂ ਲਿਖਤਾਂ ਨੂੰ ਹੈਰਨੀ ਨਾਲ ਪੜ੍ਹਿਆ ਕਿ ਜਿਨ੍ਹਾਂ ਵਿੱਚ ਇਸ ਲੜਾਈ ਦਾ ਜ਼ਿਕਰ ਕਰਦਿਆਂ ਲਿਖਿਆ ਗਿਆ ਹੋਇਆ ਸੀ ਕਿ ਇਤਨੀ ਭਾਰੀ ਸੱਟ ਲਗਣ ਦੇ ਬਾਵਜੂਦ ਸਿੱਖ ਚੜ੍ਹਦੀ ਕਲਾ ਵਿੱਚ ਰਹੇ। ਇਹ ਗਲੂਘਾਰਾ ਫਰਵਰੀ 1762 ਵਿੱਚ ਵਾਪਰਿਆ, ਇਸਤੋਂ ਤਿੰਨ ਮਹੀਨੇ ਬਾਅਦ, ਅਰਥਾਤ ਇਸੇ ਵਰ੍ਹੇ ਮਈ ਵਿੱਚ ਸਿੱਖਾਂ ਨੇ ਸਰਹੰਦ ਪੁਜ ਨਵਾਬ ਜੈਨ ਖਾਨ ਨੂੰ ਜਾ ਘੇਰਿਆ।

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085