Amar Minia Glasgow

ਬਿੱਲੂ ਬਹਿਵਤੀ - ਅਮਰ ਮੀਨੀਆਂ ਗਲਾਸਗੋ

"ਛੋਟਾ ਹੁੰਦਾ ਇਹ ਐਨਾ ਸ਼ਰਾਰਤੀ ਨਹੀਂ ਸੀ ਪਰ ਆਹ ਪੋਲੀਓ ਹੋਣ ਤੋਂ ਬਾਅਦ ਇਹਦੀ ਇੱਕ ਰਗ ਵਧ ਗਈ ਕੰਜਰ ਦੀ।" ਇਹ ਗੱਲ ਬਿੱਲੂ ਦਾ ਤਾਇਆ ਪਾਖਰ ਸਿੰਘ ਆਮ ਹੀ ਕਿਹਾ ਕਰਦਾ ਸੀ ਬਿੱਲੂ ਬਹਿਵਤੀ ਬਾਰੇ। ਮਾਂ-ਬਾਪ ਨੇ ਤਾਂ ਨਾਮ ਬਲਵੀਰ ਸਿੰਘ ਰੱਖਿਆ ਸੀ, ਚਾਚੀਆਂ ਤਾਈਆਂ ਨੇ ਬਿੱਲੂ ਬਣਾ ਦਿੱਤਾ ਤੇ ਸਕੂਲ ਵਿੱਚ ਬਣ ਗਿਆ "ਬਿੱਲੂ ਬਹਿਵਤੀ"। ਚਾਰ ਪੰਜ ਕੁ ਸਾਲ ਦਾ ਸੀ ਜਦੋਂ ਬਿੱਲੂ ਪੋਲੀਓ ਦੀ ਲਪੇਟ ਵਿੱਚ ਆ ਗਿਆ ਚੰਦਰੀ ਬਿਮਾਰੀ ਦੋਨੋਂ ਲੱਤਾਂ ਨੂੰ ਨਕਾਰਾ ਕਰ ਗਈ। ਸਕੂਲ ਦੇ ਪਹਿਲੇ ਸਾਲ  ਪਿਉ ਘਨੇੜਿਆਂ ਤੇ ਚੁੱਕ ਕੇ ਸਕੂਲ ਛੱਡ ਜਾਂਦਾ ਤੇ ਮਾਂ ਛੁੱਟੀ ਹੋਣ ਵੇਲੇ ਗੋਦੀ ਚੁੱਕ ਕੇ ਘਰ ਲੈ ਜਾਂਦੀ। ਦੂਜੀ ਕਲਾਸ ਤੱਕ ਬਿੱਲੂ ਭਾਰਾ ਹੋ ਗਿਆ ਸੀ ਬਾਪੂ ਛੱਡ ਜਾਂਦਾ ਪਰ ਮਾਂ ਲਈ ਮੁਸ਼ਕਿਲ ਹੋ ਜਾਂਦੀ। ਹੌਲੀ-ਹੌਲੀ ਬਿੱਲੂ ਬਾਹਵਾਂ ਦੇ ਸਹਾਰੇ ਰੁੜ ਕੇ ਸਕੂਲ ਆਉਣ ਜਾਣ ਲੱਗ ਪਿਆ। ਸਕੂਲ ਦੇ ਸ਼ਰਾਰਤੀ ਬੱਚਿਆਂ ਨੂੰ ਕੁੱਟ ਪੈਂਦੀ। ਸ਼ਰਾਰਤਾਂ ਤਾ ਬਿੱਲੂ ਵੀ ਬਹੁਤ ਕਰਦਾ, ਪਰ ਬਿੱਲੂ ਗੁੱਝਾ ਸ਼ਰਾਰਤੀ ਸੀ ਛੇਤੀ ਕੀਤੇ ਪਤਾ ਨਹੀਂ ਸੀ ਲੱਗਣ ਦਿੰਦਾ। ਅਧਿਆਪਕ ਵੀ ਉਸਦੀ ਹਾਲਤ ਤੇ ਤਰਸ ਕਰਦੇ।ਛੋਟੀਆਂ ਮੋਟੀਆਂ ਹਰਕਤਾਂ ਨੂੰ ਅਣਗੌਲਿਆ ਕਰ ਦਿੰਦੇ।
                     ਹਾਈ ਸਕੂਲ ਗਿਆ ਤਾਂ ਇਕ ਦਿਨ ਕਿਸੇ ਨੇ ਹਿੰਦੀ ਵਾਲੀ ਭੈਣਜੀ ਦੀ ਕੁਰਸੀ ਉੱਪਰ ਲੁੱਕ ਰੱਖ ਦਿੱਤੀ। ਉਸਦੀ ਚਿੱਟੀ ਕੁੜਤੀ ਕੁਰਸੀ ਨਾਲ ਜੁੜ ਗਈ, ਕੁੜੀਆਂ ਨੇ ਫਟਣ ਤੋਂ ਬਚਾਅ ਕੇ ਹੌਲੀ-ਹੌਲੀ ਕੁਰਸੀ ਤੋਂ ਅਲੱਗ ਕੀਤੀ। ਇਕ ਤਰ੍ਹਾਂ ਨਾਲ ਉਸਦਾ ਨਵਾਂ ਸੂਟ ਬਿਲਕੁਲ ਖ਼ਰਾਬ ਹੋ ਗਿਆ ਸੀ, ਜੋ ਉਸਨੂੰ ਬੇਸ਼ਰਮੀ ਝੱਲਣੀ ਪਈ ਉਹ ਵੱਖਰੀ। ਗੱਲ ਮੁੱਖ ਅਧਿਆਪਕ ਤੱਕ ਪਹੁੰਚੀ ਤਾਂ ਉਸਨੇ ਸਾਰਾ ਸਕੂਲ ਗਰਾਉਂਡ ਵਿੱਚ ਇਕੱਠਾ ਕਰ ਲਿਆ। ਇਕੱਲੇ-ਇਕੱਲੇ ਵਿਦਿਆਰਥੀ ਦੇ ਹੱਥ ਵੇਖੇ ਗਏ ਕਿ ਕਿਸੇ ਦੇ ਹੱਥ ਨੂੰ ਲੁੱਕ ਤੇ ਨਹੀਂ ਲੱਗੀ ਹੋਈ। ਸਾਰੇ ਵਿਦਿਆਰਥੀਆਂ ਵਿੱਚੋਂ ਲੁੱਕ ਸਿਰਫ਼ ਬਿੱਲੂ ਦੇ ਦੋਨਾਂ ਹੱਥਾਂ ਨੂੰ ਲੱਗੀ ਹੋਈ ਮਿਲੀ। ਬਿੱਲੂ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਛਿੱਤਰ ਪਰੇਡ ਹੋਈ ਪਰ ਦੋਸ਼ੀ ਦਾ ਪਤਾ ਨਹੀਂ ਲੱਗ ਸਕਿਆ। ਸਕੂਲ ਦੇ ਸਾਹਮਣੇ ਵਾਲੀ ਸ਼ੜਕ ਉਪਰ ਲੁੱਕ ਪੈ ਰਹੀ ਸੀ, ਦੋਵੇਂ ਹੱਥਾਂ ਦੇ ਸਹਾਰੇ ਰਿੜ੍ਹ ਕੇ ਆਉਣ ਵਾਲੇ ਬਿੱਲੂ ਦੇ ਹੱਥਾਂ ਨੂੰ ਲੁੱਕ ਲੱਗਣੀ ਸੁਭਾਵਿਕ ਸੀ। ਦਸ ਪੰਦਰਾਂ ਦਿਨਾਂ ਬਾਅਦ ਪੰਜਾਬੀ ਵਾਲੇ ਅਧਿਆਪਕ ਗਿਆਨੀ ਰਾਮ ਸਰੂਪ ਦੀ ਖੋਜ਼ ਵਿੱਚ ਇਹ ਸ਼ਰਾਰਤ ਬਿੱਲੂ ਦੀ ਨਿਕਲੀ। ਉਸਨੇ ਬਿੱਲੂ ਨੂੰ ਮਿੱਠਾ ਜਿਆ ਝਿੜਕਿਆ ਤੇ ਤਖੱਲਸ ਬਖ਼ਸ਼ ਦਿੱਤਾ "ਬਹਿਵਤੀ"। ਉਸੇ ਦਿਨ ਤੋਂ ਲੋਕਾਂ ਵਿੱਚ ਬਲਵੀਰ ਸਿੰਘ "ਬਿੱਲੂ ਬਹਿਵਤੀ" ਨਾਲ ਜਾਣਿਆ ਜਾਣ ਲੱਗਾ।
                         ਡਰਾਇੰਗ ਮਾਸਟਰ ਪਾਡੇ ਦੀ ਸਕੂਲ ਵਿੱਚ ਬਹੁਤ ਦਹਿਸ਼ਤ ਸੀ।ਚੰਗੀ ਕੱਦ ਕਾਠੀ, ਗੋਰਾ ਰੰਗ, ਮੋਟੀਆਂ ਲਾਲ ਸੁਰਖ ਅੱਖਾਂ ਤੇ ਭਰਵੀਆਂ ਮੁੱਛਾਂ ਨੂੰ ਵੱਟ ਚਾੜ੍ਹਦਾ ਹੋਇਆ ਉਹ ਸਕੂਲ ਮਾਸਟਰ ਘੱਟ ਤੇ ਠਾਣੇਦਾਰ ਵੱਧ ਲੱਗਦਾ। ਠਾਣੇਦਾਰਾਂ  ਵਰਗੀ ਦਿੱਖ ਵਾਲੇ ਮਾਸਟਰ ਤੋਂ ਜੁਆਕ ਬਹੁਤ ਡਰਦੇ ਸਨ। ਇਸ ਕਰਕੇ ਮੁੱਖ ਅਧਿਆਪਕ ਨੇ ਸਕੂਲ ਵਿੱਚ ਡਿਸਪਲਿਨ ਰੱਖਣ ਦੀ ਜਿੰਮੇਵਾਰੀ ਵੀ  ਪਾਡੇ ਨੂੰ ਹੀ ਦੇ ਰੱਖੀ ਸੀ। ਆਪਣਾ ਰੋਅਬ ਦਾਬ ਕਾਇਮ ਰੱਖਣ ਲਈ ਉਹ ਐਂਵੇ ਹੀ ਜੁਆਕਾਂ ਦੀ ਧੌੜੀ ਲਾਹੀ ਜਾਂਦਾ। ਐਸ ਸੀ ਤੇ ਬੀ ਸੀ ਕੈਟਾਗਰੀ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਤਾਂ ਉਹ ਬੇਹੇ ਕੜਾਹ ਵਾਂਗੂੰ ਲੈਂਦਾ ਸੀ। ਜਦੋਂ ਵੀ ਉਸਦਾ ਹੱਥ ਹੌਲਾ ਕਰਨ ਦਾ ਦਿਲ ਹੁੰਦਾ ਤਾਂ ਕਲਾਸ ਵਿੱਚ ਵੜਦੇ ਸਾਰ ਹੁਕਮ ਦਿੰਦਾ ਕਿ ਵਜ਼ੀਫੇ ਵਾਲੇ ਖੜ੍ਹੇ ਹੋ ਜਾਓ। ਸ਼ਾਇਦ ਉਹ ਨਹੀਂ ਸੀ ਚਾਹੁੰਦਾ ਕਿ ਕੰਮੀ ਕਮੀਣਾਂ ਦੇ ਜੁਆਕ ਪੜ੍ਹਨ।ਉਸਦੀ ਗਰੀਬ ਬੱਚਿਆਂ ਪ੍ਰਤੀ ਅਜਿਹੀ ਮਾਨਸਿਕਤਾ ਕਾਰਨ ਉਸਦੇ ਸਾਥੀ ਅਧਿਆਪਕ ਵੀ ਉਸ ਨਾਲ ਜਿਆਦਾ ਗੱਲਬਾਤ ਨਹੀਂ ਸੀ ਕਰਦੇ। ਬੰਗੜ, ਜੱਸਲ ਤੇ ਮਣਕੂ ਵਰਗੇ ਮਾਸਟਰਾਂ ਨਾਲ ਵੀ ਉਹ ਦੂਰੀ ਬਣਾ ਕੇ ਹੀ ਰੱਖਦਾ। ਵਜ਼ੀਫੇ ਵਾਲਿਆਂ ਦੇ ਗਰੁੱਪ ਵਿੱਚ ਬਿੱਲੂ ਨੇ ਵੀ ਪਾਡੇ ਕੋਲੋਂ ਚਾਰ ਪੰਜ ਵਾਰ ਕੁੱਟ ਖਾਧੀ ਸੀ। ਹਰੇਕ ਸ਼ਨੀਵਾਰ ਅੱਧੀ ਛੁੱਟੀ ਤੋਂ ਬਾਅਦ ਦੋ ਘੰਟੇ ਖੇਡਾਂ ਦਾ ਪੀਰਡ ਹੁੰਦਾ ਸੀ। ਜਗਰਾਵਾਂ ਵਾਲੇ ਸਤਨਾਮ ਡੀ ਪੀ ਦੀ ਬਦਲੀ ਤੋਂ ਬਾਅਦ ਡਰਾਇੰਗ ਵਾਲਾ ਹੀ ਖੇਡਾਂ ਦਾ ਪੀਰਡ ਲਾਉਂਦਾ ਸੀ। ਅੱਧੀ ਛੁੱਟੀ ਦੀ ਘੰਟੀ ਦੇ ਨਾਲ ਹੀ ਚਪੜਾਸੀ ਡੀ ਪੀ ਦੀ ਕੁਰਸੀ ਗਰਾਊਂਡ ਵਿੱਚ ਰੱਖ ਦਿੰਦਾ ਸੀ। ਉਹ ਲੁੱਕ ਤਾਂ ਡਰਾਇੰਗ ਮਾਸਟਰ ਲਈ ਰੱਖੀ ਗਈ ਸੀ ਪਰ ਉਹ ਅੱਧੀ ਛੁੱਟੀ ਦੇ ਨਾਲ ਹੀ ਘਰ ਨੂੰ ਤੁਰ ਗਿਆ ਤੇ ਖੇਡਾਂ ਦਾ ਪੀਰਡ ਲਾਉਣ ਹਿੰਦੀ ਵਾਲੀ ਆ ਗਈ। ਹੌਲੀ-ਹੌਲੀ ਲੁੱਕ ਦੀ ਸਚਾਈ ਪਾਡੇ ਤੱਕ ਵੀ ਪਹੁੰਚ ਗਈ। ਉਸ ਦਿਨ ਤੋਂ ਬਾਅਦ ਤਾਂ ਉਹ ਬਿੱਲੂ ਦੇ ਵੈਰ ਹੀ ਪੈ ਗਿਆ। ਆਨੇ ਬਹਾਨੇ ਬਿੱਲੂ ਦੀ ਖੜਕੈਤੀ ਕਰਦਾ ਰਹਿੰਦਾ। ਅੱਕ ਕੇ ਬਿੱਲੂ ਅੱਠਵੀਂ ਕਲਾਸ ਵਿੱਚ ਹੀ ਬਰੇਕਾਂ ਮਾਰ ਗਿਆ।
            ਛੇ ਕੁ ਮਹੀਨੇ ਕੱਪੜੇ ਸਿਲਾਈ ਦਾ ਕੰਮ ਸਿੱਖਣ ਤੇ ਲਾਏ ਪਰ ਉਹ ਕੰਮ ਵੀ ਰਾਸ ਨਾ ਆਇਆ। ਗੁਰੂ ਘਰ ਦੇ ਗ੍ਰੰਥੀ ਸਿੰਘ ਦੀ ਸਲਾਹ ਨਾਲ ਬਿੱਲੂ ਨੂੰ ਅੰਮ੍ਰਿਤਸਰ ਵੱਲ ਇਕ ਧਾਰਮਿਕ ਵਿਦਿਆਲੇ ਵਿੱਚ ਦਾਖਲ ਕਰਵਾਇਆ ਗਿਆ। ਚਾਰ ਪੰਜ ਕੁ ਸਾਲਾਂ ਵਿੱਚ ਗੁਰਬਾਣੀ ਦੀ ਸੰਥਿਆ ਦੇ ਨਾਲ-ਨਾਲ  ਤਬਲਾ ਤੇ ਵਾਜਾ ਵੀ ਸਿੱਖ ਗਿਆ। ਬਹੁਤ ਸਾਰੇ ਕੀਰਤਨੀਆਂ ਨਾਲ ਉਹ ਬੰਬੇ, ਕਲਕੱਤੇ, ਜੰਮੂ-ਕਸ਼ਮੀਰ ਤੇ ਮਦਰਾਸ ਤੱਕ ਘੁੰਮਿਆ ਪਰ ਆਪਣੀਆਂ ਬਹਿਵਤਾਂ ਕਾਰਨ ਕਿਸੇ ਤਣ ਪੱਤਣ ਨਾ ਲੱਗ ਸਕਿਆ। ਲੁਧਿਆਣੇ ਵਾਲਾ ਪ੍ਰੀਤਮ ਸਿੰਘ ਰਾਗੀ ਤਾਂ ਇਸ ਨੂੰ ਕਨੇਡਾ ਲਿਜਾਣ ਲਈ ਰਾਹਦਾਰੀ ਮੰਗਵਾਈ ਬੈਠਾ ਸੀ ਪਰ ਇਸ ਦੀ ਇੱਕ ਸ਼ਰਾਰਤ ਨੇ ਸੇਵੀਆਂ 'ਚ ਲੂਣ ਪਾ ਦਿੱਤਾ। ਤਕਰੀਬਨ ਸਾਲ ਡੇਢ ਸਾਲ ਹੋ ਗਿਆ ਸੀ ਇਸ ਨੂੰ ਭਾਈ ਪ੍ਰੀਤਮ ਸਿੰਘ ਨਾਲ ਤਬਲਾ ਵਜਾਉਂਦੇ ਨੂੰ। ਭਾਈ ਪ੍ਰੀਤਮ ਸਿੰਘ ਸੱਠ ਕੁ ਸਾਲ ਦਾ ਹੋਵੇਗਾ, ਭਾਰ ਡੇਢ ਕੁਇੰਟਲ ਤੋਂ ਉਪਰ, ਸ਼ੂਗਰ ਬਲੱਡ ਪ੍ਰੈਸ਼ਰ ਤੇ ਹੋਰ ਦੋ ਚਾਰ ਛੋਟੀਆਂ ਮੋਟੀਆਂ ਬਿਮਾਰੀਆਂ ਦਾ ਸ਼ਿਕਾਰ ਦੇਸੀ, ਅੰਗਰੇਜ਼ੀ ਤੇ ਹੋਮਿਓਪੈਥੀ ਦੀਆਂ ਅਣਗਿਣਤ ਗੋਲੀਆਂ ਤੇ ਵੰਨ ਸੁਵੰਨੇ ਚੂਰਨ ਖਾਂਦਾ ਸੀ। ਜਿਸ ਨਾਲ ਉਸਨੂੰ ਕਬਜ਼ ਹੁੰਦੀ ਤੇ ਗੈਸ ਬਹੁਤ ਬਣਦੀ। ਬਹੁਤ ਵਾਰ ਤਾਂ ਉਸਨੂੰ ਆਪਣਾ ਗੈਸ ਸਿਲੰਡਰ ਕੀਰਤਨ ਦੀ ਚੌਂਕੀ ਦੌਰਾਨ ਹੀ ਖਾਲੀ ਕਰਨਾ ਪੈਂਦਾ। ਅਜਿਹੀ ਸਥਿਤੀ ਵਿੱਚ ਉਹ ਤਬਲੇ ਵਾਲੇ ਨੂੰ ਗੋਡਾ ਮਾਰਦਾ ਤੇ ਕੰਨ ਵਿੱਚ ਕਹਿੰਦਾ, "ਧੱਫਾ ਧੱਫਾ" । ਤਬਲਾਵਾਦਕ ਦੋਵੇਂ ਪੁੜਿਆਂ ਉੱਤੇ ਜ਼ੋਰ-ਜ਼ੋਰ ਦੀ ਹੱਥ ਮਾਰਦਾ। ਇਸੇ ਖੜਕੇ ਦੜਕੇ ਵਿੱਚ ਪ੍ਰੀਤਮ ਸਿੰਘ ਆਪਣਾ ਕੰਮ ਕਰ ਲੈਂਦਾ। ਇਕ ਦਿਨ ਬਹੁਤ ਵੱਡਾ ਸਮਾਗਮ ਹੋ ਰਿਹਾ ਸੀ। ਪ੍ਰੀਤਮ ਸਿੰਘ ਦਾ ਜੱਥਾ ਰਸਭਿੰਨਾ ਕੀਰਤਨ ਕਰ ਰਿਹਾ ਸੀ। ਜਿਉਂ ਹੀ ਗੈਸ ਦਾ ਗੁਬਾਰਾ ਪ੍ਰੀਤਮ ਸਿੰਘ ਦੇ ਢਿੱਡ ਵਿੱਚ ਬਣਿਆ ਤਾਂ ਉਹੀ ਇਸ਼ਾਰਾ ਬਿੱਲੂ ਲਈ ਕੀਤਾ ਗਿਆ "ਧੱਫਾ ਧੱਫਾ" ।ਏਧਰੋਂ ਪ੍ਰੀਤਮ ਸਿੰਘ ਨੇ ਕਾਰਵਾਈ ਕਰਨ ਲਈ ਸੱਜਾ ਪਾਸਾ ਉੱਪਰ ਨੂੰ ਚੁੱਕਿਆ ਤੇ ਓਧਰ ਬਿੱਲੂ ਨੇ ਤਬਲਾ ਬੰਦ ਕਰ ਦਿੱਤਾ। ਇੱਕ ਗਰਜਵੇਂ ਧਮਾਕੇ ਦੀ ਅਵਾਜ਼ ਸਪੀਕਰ ਰਾਹੀਂ ਸਾਰੀ ਸੰਗਤ ਨੇ ਸੁਣੀ। ਦੂਜੇ ਦਿਨ ਹੀ ਬਿੱਲੂ ਦਾ ਬਿਸਤਰਾ ਗੋਲ ਹੋ ਗਿਆ।
                             ਬਠਿੰਡੇ ਵੱਲ ਕਿਸੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀ ਡਿਊਟੀ ਕਰਨ ਲੱਗ ਪਿਆ। ਗੁਰਦੁਆਰੇ ਦਾ ਪ੍ਰਧਾਨ ਚੰਗਾ ਸਰਦਾ ਪੁਜਦਾ ਸਰਦਾਰ ਸੀ। ਘੋੜੀਆਂ ਰੱਖੀਆਂ ਹੋਈਆਂ ਸਨ। ਬਹੁਤ ਵਾਰ ਉਹ ਗੁਰਦੁਆਰਾ ਸਾਹਿਬ ਘੋੜੀ ਤੇ ਸਵਾਰੀ ਕਰਕੇ ਆਉਂਦਾ। ਬਿੱਲੂ ਅੰਦਰ ਵੀ ਘੋੜੀ ਤੇ ਸਵਾਰੀ ਕਰਨ ਦਾ ਸ਼ੌਕ ਜਾਗ ਪਿਆ। ਪ੍ਰਧਾਨ ਨੂੰ ਘੋੜੀ ਤੇ ਝੂਟਾ ਲੈਣ ਦੀ ਬੇਨਤੀ ਕੀਤੀ। ਪ੍ਰਧਾਨ ਨੇ ਬਿੱਲੂ ਦੀਆਂ ਲੱਤਾਂ ਦੀ ਮੁਸ਼ਕਿਲ ਵੇਖ ਕੇ ਆਖਿਆ ਕਿ, "ਬਾਬਾ ਜੀ ਇਹ ਘੋੜੀ ਥੋੜ੍ਹੀ ਮੱਛਰੀ ਜੇ, ਤਿਰ ਤੋਂ ਕਾਬੂ ਨਹੀਂ ਜੇ  ਆਣੀ, ਕਿਹੇ ਦਿਨ ਧਾਅਡੇ ਝੂਟੇ ਲੈਣ ਵਾਲੀ ਘੋੜੀ ਖੜੂੰਗਾ, ਓਹਤੇ ਸਵਾਰੀ ਕਰ ਲਵੀਂ, ਹਾਡੇ ਨਿਆਣੇ ਵੀ ਓਹਤੇ ਸਵਾਰੀ ਕਰਦੇ ਜੇ।" ਇਕ ਦਿਨ ਪ੍ਰਧਾਨ ਬਹੁਤ ਹੀ ਸੀਲ ਘੋੜੀ ਲੈ ਕੇ ਆ ਗਿਆ। ਦੋ ਜਣਿਆਂ ਨੇ ਚੁੱਕ ਕੇ ਘੋੜੀ ਚਾੜ੍ਹ ਦਿੱਤਾ। ਖੱਬੇ ਸੱਜੇ ਮੋੜਨ ਤੇ ਰੋਕਣ ਲਈ ਲਗਾਮਾਂ ਨੂੰ ਖਿੱਚਣ ਦਾ ਢੰਗ ਦੱਸ ਦਿੱਤਾ। ਘੋੜੀ ਹੌਲੀ-ਹੌਲੀ ਤੁਰਨ ਲੱਗੀ ਮੁੱਖ ਦਰਵਾਜ਼ੇ ਪਹੁੰਚਣ ਤੱਕ ਉਹ ਤੇਜ਼ ਹੋ ਗਈ। ਬਾਹਰ ਨਿਕਲ ਕੇ ਖੱਬੇ ਮੁੜਨ ਤੱਕ ਕਾਫੀ ਰਫ਼ਤਾਰ ਫੜ੍ਹ ਲਈ। ਪ੍ਰਧਾਨ ਦੇ ਵੇਖਦਿਆਂ- ਵੇਖਦਿਆਂ ਹੀ ਘੋੜੀ ਨੇ ਸਪੋਰਟਸ ਕਾਰ ਵਾਂਗੂੰ ਸ਼ੂਟ ਵੱਟ ਲਈ। ਪ੍ਰਧਾਨ ਹੋਰਾਂ ਨੂੰ ਤਾਂ ਕੱਚੇ ਰਸਤੇ ਵਿੱਚ ਉੱਡਦੀ ਧੂੜ ਹੀ ਦਿਖਦੀ ਸੀ। ਉਸਨੇ ਗੁਆਂਢੀਆਂ ਦਾ ਸਕੂਟਰ ਮਗਰ ਲਾਇਆ ਜਦ ਤੱਕ ਉਹ ਪਹੁੰਚੇ ਤਾਂ ਬਿੱਲੂ ਨਰਮੇ ਦੇ ਖੇਤ ਵਿੱਚ ਡਿੱਗਿਆ ਚੀਕਾਂ ਮਾਰ ਰਿਹਾ ਸੀ ਤੇ ਘੋੜੀ ਥੋੜ੍ਹੀ ਦੂਰ ਪਸੀਨੇ ਨਾਲ ਲੱਥਪੱਥ ਸਾਹੋ ਸਾਹ ਹੋਈ ਖੜ੍ਹੀ ਸੀ। ਬਿੱਲੂ ਨੂੰ ਹਸਪਤਾਲ ਲਿਜਾਇਆ ਗਿਆ। ਸੱਜੀ ਬਾਂਹ ਟੁੱਟ ਗਈ, ਮੂੰਹ, ਸਿਰ ਤੇ ਸਰੀਰ ਦੇ ਕਈ ਅੰਗਾਂ ਤੇ ਸੱਟਾਂ ਲੱਗੀਆਂ। ਪਿੰਡ ਦੀ ਸੰਗਤ ਤੇ ਕਮੇਟੀ ਮੈਂਬਰ ਪ੍ਰਧਾਨ ਨਾਲ ਲੜ ਰਹੇ ਸਨ ਕਿ, "ਤੂੰ ਕਿਉਂ ਇਕ ਅਪਾਹਜ ਬੰਦੇ ਨੂੰ ਘੋੜੀ ਦਿੱਤੀ।" ਪ੍ਰਧਾਨ ਆਪ ਪ੍ਰੇਸ਼ਾਨ ਸੀ ਕਿ ਏਨੀ ਸੀਲ ਘੋੜੀ ਆਖਰ ਕਿਉਂ ਐਨੀ ਦੌੜੀ?
                          ਹਫਤੇ ਬਾਅਦ ਬਿੱਲੂ ਨੂੰ ਹਸਪਤਾਲ ਤੋਂ ਛੁੱਟੀ ਮਿਲੀ। ਹਸਪਤਾਲ ਦੇ ਬੈੱਡ ਤੋਂ ਪ੍ਰਧਾਨ ਦੇ ਮੁੰਡੇ ਜੱਗੇ ਨੇ ਬਿੱਲੂ ਨੂੰ ਆਪਣੇ ਕੰਧੇੜਿਆਂ ਤੇ ਚੁੱਕ ਲਿਆ। ਸੌ ਕੁ ਗਜ ਤੇ ਖੜ੍ਹੀ ਜੀਪ ਵਿੱਚ ਬਿਠਾ ਕੇ ਘਰ ਲੈ ਆਏ। ਜੱਗਾ ਆਪਣੇ ਬਾਪੂ ਨੂੰ ਇਸ਼ਾਰਾ ਜਿਹਾ ਕਰਕੇ ਬਾਹਰ ਲੈ ਗਿਆ ਤੇ ਕਹਿਣ ਲੱਗਾ, "ਭਾਊ ਲੱਗ ਗਿਆ ਜੇ ਪਤਾ ਘੋੜੀ ਦੇ ਨੱਸਣ ਦਾ ।" "ਉਹ ਕਿੱਦਾਂ?" ਭਾਊ ਦਾ ਸੁਆਲ ਸੀ। ਅੱਜ ਜਦੇ ਮੈਂ ਬਾਬੇ ਨੂੰ ਹਸਪਤਾਲ ਤੋਂ ਕੰਧਿਆਂ ਤੇ ਚੁੱਕ ਕੇ ਖੜਿਆ ਉਦੋਂ ਪਤਾ ਲੱਗਾ ਜੇ। ਜਦੋਂ ਬਾਬੇ ਨੂੰ ਧੌਣ ਤੇ ਬਿਠਾਲਕੇ ਮੈਂ ਟੁਰਨ ਲੱਗਾ ਤਾਂ ਬਾਬੇ ਦੀਆਂ ਦੋਵੇਂ ਅੱਡੀਆਂ ਮੇਰੇ ਢਿੱਡ ਤੇ ਵੱਜਣ ਲੱਗ ਪਈਆਂ, ਜਿਤਰਾਂ- ਜਿਤਰਾਂ ਮੈਂ ਤੇਜ ਹੋਈ ਗਿਆ ਤੇ ਅੱਡੀਆਂ ਵੀ ਉਤਰਾਂ - ਉਤਰਾਂ ਤੇਜ ਹੋਈ ਗਈਆਂ। ਮੈਨੂੰ ਲੱਗਦਾ ਭਾਊ ਘੋੜੀ ਵੀ ਅੱਡੀ ਲੱਗਣ ਨਾਲ ਦੌੜੀ ਜੇ।"
            ਅਮਰ ਮੀਨੀਆਂ ਗਲਾਸਗੋ 00447868370984

"ਆਟੇ ਨਾਲ ਪਲੇਥਣ" - ਅਮਰ ਮੀਨੀਆਂ ਗਲਾਸਗੋ

ਪੰਜਾਬ ਦੇ ਕਾਲੇ ਦੌਰ ਦੀ ਗੱਲ ਆ, 1990/91 ਦੇ ਨੇੜ ਤੇੜ ਦੀ। ਸਾਡੇ ਇੱਕ ਦੋਸਤ ਗੁਰਦੇਵ ਨੇ ਜਗਰਾਓਂ ਬਿਜਲੀ ਫਿਟਿੰਗ ਦੀ ਦੁਕਾਨ ਕਰ ਲਈ। ਦੁਕਾਨ ਇੱਕ ਗੁਰਦੁਆਰਾ ਸਾਹਿਬ ਵਿੱਚ ਬਣੀ ਹੋਈ ਹੈ । ਪਿਛਲੇ ਪਾਸੇ ਗੁਰੂ ਘਰ ਬਣਿਆ ਹੋਇਆ ਹੈ ਤੇ ਮੂਹਰੇ ਮੇਨ ਰੋਡ ਉੱਤੇ ਦਸ ਬਾਰਾਂ ਦੁਕਾਨਾਂ ਬਣੀਆ ਹਨ ਜੋ ਕਾਰੋਬਾਰੀ ਲੋਕਾਂ ਨੂੰ ਕਿਰਾਏ ਤੇ ਦਿੱਤੀਆਂ ਜਾਦੀਆਂ ਹਨ। ਜਗਰਾਓਂ ਦੇ ਨੇੜਲੇ ਪਿੰਡ ਦਾ ਇੱਕ ਨੌਜਵਾਨ ਬਿੱਟੂ ਗੁਰਦੁਆਰਾ ਸਾਹਿਬ ਵਿੱਚ ਕੋਈ ਛੋਟੀ ਮੋਟੀ ਨੌਕਰੀ ਕਰਦਾ ਸੀ। ਉਹ ਗੁਰਦੇਵ ਕੋਲ ਉੱਠਣ ਬੈਠਣ ਲੱਗ ਪਿਆ। ਹੌਲੀ-ਹੌਲੀ ਦੋਨੋਂ ਚੰਗੇ ਦੋਸਤ ਬਣ ਗਏ। ਬਿੱਟੂ ਦਾ ਚੇਤਕ ਸਕੂਟਰ ਗੁਰਦੇਵ ਆਪਣੇ ਕੰਮਾਂ ਕਾਰਾਂ ਲਈ ਭਜਾਈ ਫਿਰਦਾ। ਬਿੱਟੂ ਨੇ ਕਦੇ ਮੱਥੇ ਤਿਊੜੀ ਨਹੀਂ ਸੀ ਪਾਈ।ਕਦੇ-ਕਦੇ ਬਿੱਟੂ ਆਪਣੀ ਮਹਿੰਦਰਾ ਜੀਪ ਲੈਕੇ ਡਿਊਟੀ ਤੇ ਆਉਂਦਾ। ਉਸ ਕੋਲ ਪੁਰਾਣਾ ਰਾਜਦੂਤ ਮੋਟਰਸਾਈਕਲ ਵੀ ਸੀ। ਕਿਤੇ ਨਾ ਕਿਤੇ ਗੁਰਦੇਵ, ਬਿੱਟੂ ਦੇ ਸ਼ਾਹੀ ਠਾਠ ਬਾਠ ਤੋਂ ਵੀ ਪ੍ਰਭਾਵਿਤ ਸੀ। ਬਹੁਤ ਵਾਰ ਗੁਰਦੇਵ, ਬਿੱਟੂ ਦੇ ਘਰ ਗਿਆ, ਉਸਦੇ ਮਾਪਿਆਂ ਨੂੰ ਮਿਲਿਆ, ਰੋਟੀ, ਚਾਹ ਪਾਣੀ ਛਕਿਆ। ਇੱਕ ਦੋ ਵਾਰ ਰਾਤ ਵੀ ਰਿਹਾ।
          ਇਸ ਮੇਲ ਮਿਲਾਪ ਨੂੰ ਅਜੇ ਸਿਰਫ਼ ਦੋ ਤਿੰਨ ਕੁ ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਖ਼ਬਰ ਆ ਗਈ ਕਿ ਬਿੱਟੂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਗਰੁੱਪ ਦੇ ਬੰਦਿਆਂ ਨੇ ਪਿੰਡ ਦੀ ਪੰਚਾਇਤ ਸਾਹਮਣੇ ਗੋਲੀਆਂ ਨਾਲ ਭੁੰਨ ਦਿੱਤਾ ਹੈ। ਮੁੰਡਿਆਂ ਵੱਲੋਂ ਦੋਸ਼ ਲਾਇਆ ਗਿਆ ਕਿ ਬਿੱਟੂ ਖਾੜਕੂਆਂ ਦੇ ਨਾਮ ਹੇਠ ਲੁੱਟਾਂ ਖੋਹਾਂ ਤੇ ਫਿਰੌਤੀਆਂ ਦਾ ਧੰਦਾ ਕਰਦਾ ਹੈ। ਥੋੜ੍ਹਾ ਬਹੁਤ ਲੁੱਟ ਦਾ ਸਮਾਨ ਤੇ ਲੱਕੜ ਦੇ ਟੋਟੇ ਉੱਪਰ ਭੂਕਣਾ ਫਿੱਟ ਕਰਕੇ ਬਣਾਈ ਹੋਈ ਨਕਲੀ ਬੰਦੂਕ ਵੀ ਪੰਚਾਇਤ ਦੀ ਹਾਜ਼ਰੀ ਵਿੱਚ ਬਿੱਟੂ ਕੋਲੋਂ ਬਰਾਮਦ ਕੀਤੀ ਗਈ। ਸਾਰੀ ਰਾਤ ਬਿੱਟੂ ਦੀ ਲਾਸ਼ ਸੱਥ ਵਿੱਚ ਪਈ ਰਹੀ। ਸਵੇਰੇ ਪੁਲਸ ਨੂੰ ਇਤਲਾਹ ਦਿੱਤੀ ਗਈ ਤੇ ਲਾਸ਼ ਪੁਲਸ ਨੇ ਕਬਜ਼ੇ ਵਿੱਚ ਲੈ ਲਈ। ਰਾਤ ਵੇਲੇ ਬੀਤੀ ਘਟਨਾ ਦਾ ਵੇਰਵਾ ਲੈ ਕੇ ਪੁਲਸ ਨੇ ਬਿੱਟੂ ਦੇ ਮਾਂ-ਪਿਓ ਚੁੱਕ ਲਏ। ਪੁਲਿਸ ਨੇ ਉਨ੍ਹਾਂ ਤੋਂ ਬਿੱਟੂ ਦੇ ਨਜ਼ਦੀਕੀ ਦੋਸਤਾਂ ਬਾਰੇ ਪੁੱਛਿਆ ਤਾਂ ਚਾਰ ਪੰਜਾਂ ਦੀ ਲਿਸਟ ਵਿੱਚ ਪਹਿਲਾ ਸਥਾਨ ਗੁਰਦੇਵ ਦਾ ਸੀ। ਸ਼ਾਮ ਤੱਕ ਗੁਰਦੇਵ ਵੀ ਪੁਲਸ ਨੇ ਡੁੱਕ ਲਿਆ।
         ਘਰ ਵਾਲਿਆਂ ਨੂੰ ਤਾਂ ਦੂਜੇ ਦਿਨ ਪਤਾ ਲੱਗਾ ਕਿ ਗੁਰਦੇਵ ਨੂੰ ਪੁਲਸ ਨੇ ਫੜ ਲਿਆ ਹੈ। ਪਿੰਡ ਦੀ ਪੰਚਾਇਤ ਤੇ ਕੁੱਝ ਹੋਰ ਮੋਹਤਬਰ ਬੰਦਿਆਂ ਨਾਲ ਠਾਣੇ ਪਤਾ ਕੀਤਾ ਤਾਂ ਕੋਈ ਪਤਾ ਨਹੀਂ ਲੱਗਾ ਕਿ ਕਿੱਥੋਂ ਦੀ ਪੁਲਸ ਨੇ ਚੁੱਕਿਆ ਹੈ।ਪਰਵਾਰ ਸਮੇਤ ਰਿਸ਼ਤੇਦਾਰਾਂ ਤੇ ਮੇਰੇ ਵਰਗੇ ਯਾਰਾਂ ਦੋਸਤਾਂ ਨੂੰ ਭਾਜੜਾਂ ਪੈ ਗਈਆਂ। ਦਸ ਕੁ ਦਿਨਾਂ ਬਾਅਦ ਸਾਡੇ ਇੱਕ ਖਾਸ ਰਿਸ਼ਤੇਦਾਰ ਨਾਲ ਗੱਲ ਹੋਈ ਜੋ ਪੁਲਿਸ ਨਾਲ ਸੰਬੰਧਿਤ ਇਕ ਖਾਸ ਮਹਿਕਮੇ ਵਿੱਚ ਵੱਡੇ ਅਹੁਦੇ ਤੇ ਸੀ। ਅੱਤਵਾਦ, ਡਰੱਗਜ਼ ਤੇ ਰਿਸ਼ਵਤ ਦੇ ਕੇਸਾਂ ਵਿੱਚ ਮੱਦਦ ਕਰਨੀ ਉਸਦੇ ਅਸੂਲਾਂ ਦੇ ਖਿਲਾਫ ਸੀ। ਦੋ ਤਿੰਨ ਦਿਨ ਤਰਲੇ ਮਿੰਨਤਾਂ ਕਰਨ ਤੋਂ ਬਾਅਦ ਉਸਨੇ ਸਿਰਫ਼ ਏਨਾ ਹੀ ਦੱਸਿਆ ਕਿ ਬੰਦਾ ਥੋਡਾ ਜਿਉਂਦਾ ਹੈ ਤੇ ਕੱਲ੍ਹ ਰਾਤ ਤੱਕ ਹੰਭੜਾਂ ਜ਼ਿਲਾ ਲੁਧਿਆਣਾ ਠਾਣੇ ਵਿੱਚ ਸੀ।
ਪੂਰੇ ਇੱਕ ਮਹੀਨੇ ਬਾਅਦ 50 ਹਜ਼ਾਰ ਦੀ ਰਿਸ਼ਵਤ ਦੇ ਕੇ ਗੁਰਦੇਵ ਮੌਤ ਦੇ ਮੂੰਹ ਵਿੱਚੋਂ ਨਿਕਲ ਆਇਆ। ਬੁਰਾ ਹਾਲ ਤੇ ਬੌਂਕੇ ਦਿਹਾੜੇ। ਵੱਖ ਵੱਖ ਠਾਣਿਆਂ ਵਿੱਚ ਹਰ ਤਰ੍ਹਾਂ ਦੇ ਤਸੀਹੇ ਦਿੱਤੇ ਗਏ। ਪੱਟਾਂ ਉੱਪਰ ਘੋਟੇ, 180 ਡਿਗਰੀ ਤੱਕ ਲੱਤਾਂ ਖਿੱਚੀਆਂ, ਬਿਜਲੀ ਦਾ ਕਰੰਟ ਤੇ ਬਰਫ ਦੀ ਸਿੱਲ ਤੇ ਲਿਟਾ ਕੇ ਪਾਣੀ ਦੇ ਟੱਬ ਵਿੱਚ ਸਾਹ ਘੁੱਟਣ ਤੱਕ ਮੂੰਹ ਡਬੋਇਆ ਜਾਂਦਾ। ਪੁਲਿਸ ਗੁਰਦੇਵ ਤੋਂ ਬਿੱਟੂ ਨਾਲ ਰਲ ਕੇ ਕੀਤੀਆਂ ਲੁੱਟਾਂ ਖੋਹਾਂ ਬਾਰੇ ਪੁੱਛ ਪੜਤਾਲ ਕਰ ਰਹੀ ਸੀ। ਜਦਕਿ ਗੁਰਦੇਵ ਇਸ ਸਭ ਕਾਸੇ ਤੋਂ ਅਣਜਾਣ ਸੀ। ਬਿੱਟੂ ਦੁਆਰਾ ਕੀਤੇ ਕਾਰਨਾਮਿਆਂ ਬਾਰੇ ਤਾਂ ਉਸ ਨੂੰ ਵੀ ਠਾਣੇ ਵਿੱਚ ਜਾ ਕੇ ਹੀ ਪਤਾ ਲੱਗਿਆ ਸੀ। ਅਸਲ ਵਿੱਚ ਸ਼ਾਤਰ ਦਿਮਾਗ ਬਿੱਟੂ ਆਪਣਾ ਇਕ ਗੈਂਗ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਜਦ ਤੱਕ ਗੁਰਦੇਵ ਉਸਦੀਆਂ ਕਾਰਵਾਈਆਂ ਵਿੱਚ ਸ਼ਾਮਲ ਹੁੰਦਾ ਤਦ ਤੱਕ ਉਹ ਇਸ ਜਹਾਨ ਤੋਂ ਕੂਚ ਕਰ ਚੁੱਕਾ ਸੀ।
                         ਬੇਸ਼ੱਕ ਗੁਰਦੇਵ ਬੇਗੁਨਾਹ ਸੀ ਪਰ ਪਿੰਡ ਵਿੱਚ ਲੋਕ ਮੂੰਹ ਜੋੜ ਜੋੜ ਗੱਲਾਂ ਕਰ ਰਹੇ ਸਨ। ਘਰ ਵਿੱਚ ਨਵੀਂ ਖਰੀਦੀ ਮੱਝ ਨੂੰ ਵੀ ਲੁੱਟ ਦੇ ਮਾਮਲੇ ਨਾਲ ਜੋੜਿਆ ਜਾ ਰਿਹਾ ਸੀ। ਗੁਰਦੇਵ ਦੇ ਘਰਵਾਲੇ ਬਥੇਰਾ ਕਹਿੰਦੇ ਕਿ, "ਅਸੀਂ ਤਾਂ ਪੱਟੇ ਗਏ ਸਾਡਾ ਪੁੱਤ ਨਹੱਕਾ ਰਗੜਿਆ ਗਿਆ। ਬੱਸ ਆਟੇ ਨਾਲ ਪਲੇਥਣ ਲੱਗ ਗਿਆ।" ਪਰ ਪਿੰਡ ਵਿੱਚ ਨਿੱਤ ਨਵੀਆਂ ਅਫਵਾਹਾਂ ਉੱਡਦੀਆਂ ਰਹਿੰਦੀਆਂ। ਕੋਈ ਨਵੀਂ ਭਸੂੜੀ ਪੈਣ ਦੇ ਡਰੋਂ ਗੁਰਦੇਵ ਨੂੰ ਡੁਬਈ ਭੇਜ ਦਿੱਤਾ। ਉਸ ਤੋਂ ਬਾਅਦ ਪੰਜਾਬ 'ਚ ਰਾਸ਼ਟਰਪਤੀ ਰਾਜ ਭੰਗ ਕਰਕੇ ਕਾਂਗਰਸ ਦੀ ਸਰਕਾਰ ਬੇਅੰਤ ਸਿੰਘ ਅਗਵਾਈ ਵਿੱਚ ਬਣੀ। ਏ ਕੇ ਸੰਤਾਲੀਆਂ ਦੀ ਅੱਗ ਠੰਡੀ ਹੋਈ। ਸਾਲ ਦੇ ਅੰਦਰ ਅੰਦਰ ਮਹੌਲ ਸ਼ਾਂਤ ਹੋਣਾ ਸ਼ੂਰੂ ਹੋ ਗਿਆ। ਗੁਰਦੇਵ ਦੇ ਵਾਪਸ ਆਉਣ ਤੱਕ ਸਭ ਕੁੱਝ ਨੌਰਮਲ ਹੋ ਗਿਆ ਸੀ। ਤੀਹ ਦੇ ਨੇੜੇ ਢੁੱਕਣ ਲੱਗੇ ਮੁੰਡੇ ਲਈ ਮਾਪਿਆਂ ਨੇ ਕੁੜੀ ਵੇਖ ਰੱਖੀ ਸੀ। ਪਰ ਗੁਰਦੇਵ ਕਿਤੇ ਹੋਰ ਗਾਟੀ ਪਾਈ ਫਿਰਦਾ ਸੀ। ਇਸ ਮਸਲੇ ਨੂੰ ਲੈ ਕੇ ਘਰ ਦਾ ਮਹੌਲ ਤਣਾਅਪੂਰਨ ਸੀ। ਆਪਣੇ ਪੱਖ 'ਚ ਗੱਲ ਮਨਵਾਉਣ ਲਈ ਗੁਰਦੇਵ ਨੇ ਮੈਨੂੰ ਬੁਲਾ ਲਿਆ। ਸ਼ਾਇਦ ਬਾਪੂ, ਮੁੰਡੇ ਦੀ ਮਸ਼ੂਕਾ ਦੇ ਓੜਮੇ ਕੋੜਮੇ ਦੀ ਪੂਰੀ ਕੁੰਡਲੀ ਬਣਾਈ ਬੈਠਾ ਸੀ। ਇਸ ਕਰਕੇ ਉਸ ਨੇ ਪੁੱਛਿਆ, "ਕਿ ਤੂੰ ਕੀ ਜਾਣਦਾ ਉਸ ਕੁੜੀ ਤੇ ਉਸਦੇ ਪਰਿਵਾਰ ਬਾਰੇ?" ਤਾਂ ਜਵਾਬ ਵਿੱਚ ਇੰਨਾ ਹੀ ਕਹਿ ਸਕਿਆ ਕਿ ਕੁੜੀ ਬਹੁਤ ਚੰਗੀ ਆ ਉਸਦਾ ਪਰਿਵਾਰ ਵੀ ਖਾਨਦਾਨੀ ਆ। ਮੈਂ ਪੂਰੀ ਪੁੱਛ ਪੜਤਾਲ ਕੀਤੀ ਹੋਈ ਆ। ਸੁਣ ਕੇ ਬਾਪੂ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ ਤੇ ਬੋਲਿਆ, "ਯੱਦਾ ਪੁੱਛ ਪੜਤਾਲ ਦਾ, ਦੋ ਮਹੀਨੇ ਪਤੰਦਰ ਦੇ ਬੰਬੂਕਾਟ ਤੇ ਝਾਟੀਆਂ ਲੈਂਦਾ ਰਿਹਾ। ਗੁਰਦੁਆਰੇ ਵਿੱਚ ਹਜ਼ਾਰ ਪੰਦਰਾਂ ਸੌ ਦੀ ਨੌਕਰੀ ਕਰਨ ਵਾਲਾ ਬੰਦਾ, ਗੱਡੀਆਂ ਮੋਟਰਾਂ ਭਜਾਈ ਫਿਰਦਾ। ਇੱਥੇ ਸਾਲਾ ਸੈਕਲ ਨੀ ਜੁੜਦਾ। ਉਸ ਧਗੜੇ ਦੀ ਤਾਂ ਪੁੱਛ ਪੜਤਾਲ ਹੋਈ ਨਾ ਤੈਥੋ ਵੱਡੇ ਸਿਆਣੇ ਤੋਂ। ਮਹੀਨਾ ਚੱਡੇ ਪੜਵਾਈ ਗਿਆ ਪੁਲਸ ਤੋਂ। ਜੇ ਆਹ ਅਮਰ ਵਰਗੇ ਨਾ ਹੁੰਦੇ ਤਾਂ ਤੇਰੇ ਨੰਦ ਤਾਂ ਕੀ ਹੁਣ ਨੂੰ ਕੀਰਤਨ ਸੋਹਲਾ ਪੜ੍ਹਿਆ ਹੋਣਾ ਸੀ। ਮਾਰਦਾ ਗੱਲਾਂ।"
                   ਅਮਰ ਮੀਨੀਆਂ ਗਲਾਸਗੋ  (00447868370984)

ਬੋਤਾ ਫੌਜ਼ੀ - ਅਮਰ ਮੀਨੀਆਂ (ਗਲਾਸਗੋ)

ਦਸਵੀਂ ਪਾਸ ਕਰਨ ਤੋਂ ਬਾਅਦ ਨੌਕਰੀ ਲਈ ਭੱਜ ਨੱਠ ਸ਼ੁਰੂ ਹੋਈ। ਕਾਬਲੀਅਤ ਤਾਂ ਕੋਈ ਹੈ ਨਹੀਂ ਸੀ ਮੋਗੇ  ਬਿਜਲੀ ਬੋਰਡ ਵਿੱਚ ਖੰਭੇ ਖਿੱਚਣ ਲੱਗ ਪਏ ਦਿਹਾੜੀ ਤੇ। ਕੱਦ ਕਾਠ ਬਥੇਰਾ ਸੀ ਪਰ ਸਰੀਰ ਕਮਜ਼ੋਰ, ਇਸ ਕਰਕੇ ਚੌਥੇ ਪੰਜਵੇਂ ਕੁ ਦਿਨ ਭਿਆਂ ਹੋ ਗਈ। ਸਾਡੇ ਪਿੰਡ ਦੇ ਦੋ ਤਿੰਨ ਮੇਰੇ ਸਾਥੀ  ਖੰਭੇ ਖਿੱਚਦੇ ਖਿੱਚਦੇ ਬਿਜਲੀ ਬੋਰਡ ਵਿੱਚ ਪੱਕੇ ਹੋ ਗਏ ਸਨ ਤੇ ਅੱਜ ਤੱਕ ਨੌਕਰੀ ਕਰ ਰਹੇ ਹਨ। ਉਸ ਤੋਂ ਬਾਅਦ ਫੌਜ਼ ਵਿੱਚ ਭਰਤੀ ਹੋਣ ਦਾ ਜਨੂੰਨ ਚੜ੍ਹ ਗਿਆ। ਅਸੀਂ ਦਸ ਬਾਰਾਂ ਜਣੇ ਝੋਲਿਆਂ ਚ ਸਰਟੀਫਿਕੇਟ ਪਾ ਕੇ ਭਰਤੀ ਵੇਖਣ ਤੁਰੇ ਰਹਿੰਦੇ। ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਲੁਧਿਆਣਾ ਤੇ ਚੰਡੀਗੜ੍ਹ ਤੱਕ ਕੋਈ ਭਰਤੀ ਨਹੀਂ ਛੱਡੀ ਪਰ ਮੈਂ ਤੇ ਮੇਰੇ ਦੋ ਤਿੰਨ ਹੋਰ ਸਾਥੀ ਕਿਸੇ ਨਾ ਕਿਸੇ ਕਮੀ ਕਾਰਨ ਭਰਤੀ ਨਾ ਹੋ ਸਕੇ। ਮੈਨੂੰ ਤਾਂ ਮਿਣਤੀ ਦੌਰਾਨ ਹੀ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਂਦਾ ਸੀ ਕਦੇ ਛਾਤੀ ਘੱਟ ਤੇ ਕਦੇ ਭਾਰ। ਇਸ ਸਫਰ ਦੌਰਾਨ ਵੀ ਸਾਡੇ ਨਾਲ ਦੇ ਅੱਠ ਨੌ ਮੁੰਡੇ ਭਰਤੀ ਹੋਏ। ਤਿੰਨ ਚਾਰ ਜਣੇ ਮਿਲਟਰੀ ਤੋਂ ਪੈਨਸ਼ਨ ਆ ਚੁੱਕੇ ਹਨ ਤੇ ਚਾਰ ਪੰਜ ਅਜੇ ਵੀ BSF/CRP/CISF ਜਾਂ ਪੰਜਾਬ ਪੁਲੀਸ ਵਿੱਚ ਨੌਕਰੀ ਕਰ ਰਹੇ ਹਨ।
            ਲੁਧਿਆਣੇ ਭਰਤੀ ਸੀ ਤੇ ਅਸੀਂ ਪਿੰਡ ਤੋਂ ਸਵੇਰੇ ਛੇ ਵਾਲੀ ਬੱਸ ਚੜ੍ਹ ਗਏ। ਸੀਟਾਂ ਅਸੀਂ ਬਜ਼ੁਰਗਾਂ ਜਾਂ ਹੋਰ ਲੋੜਵੰਦਾਂ ਲਈ ਛੱਡ ਦਿੱਤੀਆਂ ਤੇ ਆਪ ਖੜ੍ਹੇ ਰਹੇ। ਬਾਕੀ ਭਰਤੀ ਵਾਲੇ ਮੁੰਡੇ ਤਾਂ ਅਸੀਂ ਇਕ-ਦੂਜੇ ਨੂੰ ਜਾਣਦੇ ਸੀ ਪਰ ਇੱਕ ਓਪਰਾ ਜਿਆ ਮੁੰਡਾ  ਪਿਛਲੀ ਤਾਕੀ ਕੋਲ ਉਪਰਲੇ ਡੰਡੇ ਨੂੰ ਹੱਥ ਪਾਈ ਖੜ੍ਹਾ ਸੀ। ਕੱਦ ਉਸਦਾ ਸੱਤ ਫੁੱਟ ਦੇ ਨੇੜੇ ਤੇੜੇ ਹੋਣਾ। ਇਸ ਕਰਕੇ ਧੌਣ ਨੀਵੀਂ ਕਰਕੇ ਕੁੱਬਾ ਜਿਆ ਹੋਕੇ ਖੜ੍ਹਾ ਸੀ। ਹੌਲੀ-ਹੌਲੀ ਪਤਾ ਲੱਗਾ ਕਿ ਉਹ ਸਾਡੇ ਇਕ ਸਾਥੀ ਪੁਸ਼ਪਿੰਦਰ ਸਿੰਘ ਦੇ ਮਾਮੇ ਦਾ ਮੁੰਡਾ ਹੈ ਜੋ ਆਪਣੀ ਭੂਆ ਕੋਲ ਆਇਆ ਸੀ ਤੇ ਆਪਣੀ ਭੂਆ ਦੇ ਮੁੰਡੇ ਨਾਲ ਹੀ ਤੁਰ ਪਿਆ ਲੁਧਿਆਣਾ ਸ਼ਹਿਰ ਤੇ ਭਰਤੀ ਦਾ ਰੰਗ ਢੰਗ ਵੇਖਣ ਲਈ। ਭਰਤੀ ਇਕ ਸਕੂਲ ਵਿੱਚ ਹੋ ਰਹੀ ਸੀ ਜੋ ਤਿੰਨ ਦਿਨ ਚੱਲਣੀ ਸੀ। ਪਹਿਲੇ ਦਿਨ ਤਾਂ ਸਾਡੀ ਵਾਰੀ ਹੀ ਨਹੀਂ ਆਈ।ਰਾਤ ਅਸੀਂ ਦੁੱਖ ਨਿਵਾਰਨ ਗੁਰਦੁਆਰੇ ਕੱਟ ਲਈ। ਇਸ ਦੌਰਾਨ ਸਾਡੀ ਪੁਸ਼ਪਿੰਦਰ ਦੇ ਮਾਮੇ ਦੇ ਮੁੰਡੇ ਨਾਲ ਜਾਣ-ਪਛਾਣ ਹੋ ਗਈ। ਉਸ ਨੇ ਆਪ ਹੀ ਦੱਸਿਆ ਕਿ ਉਹ ਅੱਠ ਜਮਾਤਾਂ ਹੀ ਪੜਿਆ ਹੈ। ਕੱਦ ਲੰਬਾ ਹੋਣ ਕਰਕੇ ਸਕੂਲ ਵਿੱਚ ਮੁੰਡੇ ਪੁੱਠੇ ਨਾਮ ਲੈ ਕੇ ਛੇੜਦੇ ਸੀ ਇਸ ਕਰਕੇ ਪੜ੍ਹਾਈ ਛੱਡ ਦਿੱਤੀ। ਮੁੰਡਿਆਂ ਨੇ ਤਾਂ ਛੇੜਨਾ ਹੀ ਸੀ ਸਗੋਂ ਮਾਸਟਰ ਵੀ ਉਸ ਨੂੰ ਊਠ ਜਾਂ ਲਮਢੀਗਲ ਕਹਿ ਕੇ ਬੁਲਾਉਂਦੇ ਸਨ।ਉਸਨੇ ਆਪਣਾ ਅਸਲੀ ਨਾਂ ਗੁਰਮੇਲ ਸਿੰਘ ਦੱਸਿਆ। ਖੈਰ ਬੰਦਾ ਰੰਗੀਲਾ ਸੀ ਗੁਰਮੇਲ। ਦੂਜੇ ਦਿਨ ਭਰਤੀ ਵਾਲੀ ਲਾਈਨ ਚ ਫਿਰ ਦਾਖਲ ਹੋ ਗਏ। ਦੋ ਕੁ ਘੰਟਿਆਂ ਵਿੱਚ ਸਾਰੇ ਹੀ ਕਿਸੇ ਨਾ ਕਿਸੇ ਘਾਟ ਕਾਰਨ ਬਾਹਰ ਕੱਢ ਦਿੱਤੇ। ਬਾਹਰ ਭੀੜ ਬਹੁਤ ਸੀ ਸਾਡੇ ਨਾਲ ਦਾ ਇੱਕ ਜਣਾ ਅਜੇ ਆਇਆ ਨਹੀਂ ਸੀ ਇਸ ਕਰਕੇ ਉਸਨੂੰ ਉਡੀਕ ਰਹੇ ਸੀ। ਸਾਡੇ ਖੜ੍ਹੇ ਖੜ੍ਹੇ ਹੀ ਫੌਜ਼ ਦਾ ਵੱਡਾ ਅਫਸਰ ਘੁੰਮਦਾ ਘੁੰਮਦਾ ਸਾਡੇ ਸਾਹਮਣੇ ਆ ਗਿਆ ਤੇ ਗੁਰਮੇਲ ਨੂੰ ਇਸ਼ਾਰਾ ਕਰਕੇ ਕੋਲ ਬੁਲਾਇਆ ਤੇ ਪੁੱਛਿਆ, "ਆਪ ਆਰਮੀ ਜੁਆਇਨ ਕਰਨੇ ਕੇ ਲੀਏ ਆਏ ਹੋ? ਗੁਰਮੇਲ ਨੇ ਟੁੱਟੀ ਫੁੱਟੀ ਹਿੰਦੀ ਵਿੱਚ ਆਪਣੀ ਰਾਮ ਕਹਾਣੀ ਸੁਣਾਈ," ਕਿ ਮੈਂ ਤਾਂ ਅੰਡਰ ਮੈਟ੍ਰਿਕ ਹਾਂ ਇਸ ਕਰਕੇ ਭਰਤੀ ਨਹੀਂ ਵੇਖ ਸਕਦਾ।" ਉਸ ਵੇਲੇ ਘੱਟੋ-ਘੱਟ ਦਸਵੀਂ ਪਾਸ ਹੋਣਾ ਲਾਜ਼ਮੀ ਸੀ ਭਰਤੀ ਹੋਣ ਲਈ। ਅਫ਼ਸਰ ਦੇ ਪਤਾ ਨਹੀਂ ਕੀ ਮਨ ਵਿੱਚ ਆਇਆ ਉਹ ਗੁਰਮੇਲ ਦੀ ਬਾਂਹ ਫੜ ਕੇ ਅੰਦਰ ਲੈ ਗਿਆ ਤੇ ਸਾਨੂੰ ਇੱਥੇ ਹੀ ਗੁਰਮੇਲ ਦੀ ਉਡੀਕ ਕਰਨ ਦਾ ਸੁਨੇਹਾ ਮਿਲ ਗਿਆ। ਦੋ ਕੁ ਘੰਟੇ ਬਾਅਦ ਇਕ ਫੌਜ਼ੀ ਸਾਡੇ ਕੋਲ ਆਇਆ ਤੇ ਚਿੱਠੀ ਫੜਾ ਕੇ ਵਾਪਸ ਚਲਾ ਗਿਆ। ਜਿਸ ਵਿੱਚ ਲਿਖਿਆ ਸੀ ਕਿ ਗੁਰਮੇਲ ਸਿੰਘ ਭਰਤੀ ਹੋ ਗਿਆ ਹੈ ਕੱਲ੍ਹ ਦਸ ਵਜੇ ਤੱਕ ਇਸ ਦਾ ਸਕੂਲ ਸਰਟੀਫਿਕੇਟ ਤੇ ਜ਼ਰੂਰੀ ਚੀਜ਼ਾਂ ਹਾਜ਼ਰ ਕੀਤੀਆਂ ਜਾਣ। ਪੁਸ਼ਪਿੰਦਰ ਤਾਂ ਲੁਧਿਆਣੇ ਤੋਂ ਹੀ ਨਾਨਕਿਆਂ ਦੀ ਬੱਸ ਬੈਠ ਗਿਆ। ਮਾਮੇ ਨੂੰ ਖੁਸ਼ਖਬਰੀ ਦੇਣ ਲਈ ਤੇ ਕਾਗਜ਼ ਪੱਤਰ ਲੈਣ ਲਈ ਤੇ ਅਸੀਂ ਪਿੰਡ ਨੂੰ ਤੁਰ ਪਏ।
                ਬੇਸ਼ੱਕ ਗੁਰਮੇਲ ਆਪਣੇ ਕੱਦ ਕਾਠ ਦੀ ਬਦੌਲਤ ਭਰਤੀ ਹੋ ਗਿਆ ਸੀ ਤੇ ਅਸੀਂ ਕਿਸੇ ਨਾ ਕਿਸੇ ਕਮਜ਼ੋਰੀ ਕਰਕੇ ਬੇਰੰਗ ਵਾਪਸ ਜਾ ਰਹੇ ਸਾਂ ਪਰ ਸਾਰੇ ਰਾਹ ਅਸੀਂ ਜਲਨ ਦੇ ਮਾਰੇ ਹੋਏ ਉਸਨੂੰ ਗਾਲ਼ਾਂ ਕੱਢਦੇ ਆਏ। ਉਸ ਵਕਤ ਉਮਰ ਹੀ ਅਜਿਹੀ ਸੀ ਕਿ ਸਾਨੂੰ ਲੱਗਦਾ ਸੀ ਕਿ ਇਸ ਨੇ ਸਾਡਾ ਹੱਕ ਮਾਰ ਲਿਆ ਹੈ। ਜਦਕਿ ਉਸਦਾ ਤੁੱਕਾ ਲੱਗ ਗਿਆ ਜਾਂ ਰੱਬ ਛੱਤ ਪਾੜ ਕੇ ਪ੍ਰਗਟ ਹੋਇਆ ਸੀ ਉਹਦੇ ਲਈ। ਸਾਰਿਆਂ ਨੇ ਇੱਕ ਗੱਲ ਤੇ ਆਪਣੇ ਆਪ ਨੂੰ ਧਰਵਾਸਾ ਦਿੱਤਾ ਕਿ, "ਕੋਈ ਨਾ ਜਿਵੇਂ ਸਕੂਲ 'ਚੋਂ ਭੱਜਿਆ, ਇਵੇਂ ਹੀ ਫੌਜ਼ੀ ਭਜਾਉਣਗੇ ਇਹਨੂੰ ਲਮਢੀਗਲ, ਬੋਤਾ ਜਾਂ ਅੜਲਬੋਕ ਕਹਿ ਕੇ।" ਸਮਾ ਆਪਣੀ ਚਾਲ ਦੌੜਦਾ ਗਿਆ, ਉਸ ਵੇਲੇ ਦੇ ਬੇਰੁਜ਼ਗਾਰ ਦੋਸਤ ਹੌਲੀ-ਹੌਲੀ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ ਬਾਲ ਬੱਚਿਆਂ ਵਾਲੇ ਕਬੀਲਦਾਰ ਹੋ ਗਏ।ਗੁਰਮੇਲ ਦੀ ਭੂਆ ਦਾ ਪੁੱਤ ਪੁਸ਼ਪਿੰਦਰ ਹਾਂਗਕਾਂਗ ਵਸ ਗਿਆ। ਇੱਧਰ ਸਾਡਾ ਦਾਣਾ ਪਾਣੀ ਗੋਰਿਆਂ ਦੀ ਧਰਤੀ ਤੇ ਖਿਲਰਿਆ ਪਿਆ ਸੀ। ਕੁੱਝ ਕੁ ਸਾਲ ਪਹਿਲਾਂ ਪੁਸ਼ਪਿੰਦਰ ਨੇ ਘਰ ਅਖੰਡਪਾਠ ਕਰਵਾਇਆ ਤੇ ਮੈਂ ਵੀ ਪਿੰਡ ਗਿਆ ਹੋਇਆ ਸੀ। ਭੋਗ ਤੋਂ ਬਾਅਦ ਪੁਸ਼ਪਿੰਦਰ ਨੇ ਇੱਕ ਲੰਬੀ ਦਾਹੜੀ ਵਾਲੇ ਸਰਦਾਰ ਜੀ ਨਾਲ ਮਿਲਾਇਆ। ਉਸਦਾ ਕੱਦ ਕਾਠ ਵੇਖ ਕੇ ਮੈਂ ਸਮਝ ਗਿਆ ਕਿ ਇਹ ਤਾਂ ਉਹੀ ਲੁਧਿਆਣੇ ਭਰਤੀ ਹੋਣ ਵਾਲਾ ਪੁਸ਼ਪਿੰਦਰ ਦੇ ਮਾਮੇ ਦਾ ਪੁੱਤ ਹੋਵੇਗਾ। ਜਿਸਦਾ ਮੈਂ ਨਾਂਅ ਤਾਂ ਭੁੱਲ ਚੁੱਕਾ ਸੀ ਪਰ  ਤੀਹ ਪੈਂਤੀ ਸਾਲ ਪੁਰਾਣਾ ਲੁਧਿਆਣੇ ਵਾਲਾ ਸਾਰਾ ਸੀਨ ਮੇਰੀਆਂ ਅੱਖਾਂ ਅੱਗੇ ਘੁੰਮ ਗਿਆ। ਬੜੇ ਤਪਾਕ ਨਾਲ ਮਿਲਿਆ, ਘਰ ਪ੍ਰਵਾਰ ਤੇ ਫੌਜ਼ੀ ਜ਼ਿੰਦਗੀ ਬਾਰੇ ਢੇਰ ਸਾਰੀਆਂ ਗੱਲਾਂ ਹੋਈਆਂ।ਫੌਜ਼ ਵਿੱਚ ਉਹ ਬਾਸਕਟਬਾਲ ਵੀ ਖੇਡਿਆ ਤੇ ਬਹੁਤ ਸਾਰੇ ਇਨਾਮ ਵੀ ਜਿੱਤੇ। ਹੁਣ ਉਹ ਪੈਨਸ਼ਨ ਆ ਗਿਆ ਸੀ ਤੇ ਬੈਂਕ ਵਿੱਚ ਸੁਰੱਖਿਆ ਕਰਮਚਾਰੀ ਦੀ ਨੌਕਰੀ ਕਰ ਰਿਹਾ ਸੀ। ਜਾਣ ਲੱਗਾ ਕਹਿੰਦਾ, "ਬਾਈ ਜੀ ਦਿੱਲੀ ਆਉਂਦੇ ਜਾਂਦੇ ਘਰ ਚਾਹ ਪਾਣੀ ਪੀਂਦੇ ਜਾਇਆ ਕਰੋ, ਪਿੰਡ ਵਿੱਚ ਦੀ ਹੀ ਲੰਘਦੇ ਹੋ।  ਪਿੰਡ ਤਾਂ ਸਾਡਾ ਵੱਡਾ ਆ ਪਰ ਸਾਰੇ ਪਿੰਡ ਚ ਜਿੱਥੋਂ ਮਰਜ਼ੀ ਪੁੱਛ ਲਿਓ ਸਾਰੇ ਜਾਣਦੇ ਆ। ਵੈਸੇ ਮੇਰਾ ਸਹੀ ਨਾਂਅ ਗੁਰਮੇਲ ਤਾਂ ਬਹੁਤ ਘੱਟ ਲੋਕ ਜਾਣਦੇ ਆ।" ਬੋਤਾ ਫੌਜ਼ੀ " ਕਹਿ ਦਿਉ ਘਰ ਤੱਕ ਛੱਡ ਕੇ ਆਉਣਗੇ। ਸਕੂਲ ਵੇਲੇ ਤਾਂ ਮੈਨੂੰ ਇਸ ਨਾਂਅ ਕੁਨਾਂਅ ਤੋਂ ਚਿੜ ਆਉਂਦੀ ਸੀ ਪਰ ਉਸ ਦਿਨ ਭਰਤੀ ਹੋਣ ਵੇਲੇ ਮੈਨੂੰ ਮੇਰੇ ਬੋਤੇ ਵਰਗੇ ਕੱਦ ਤੇ ਬਹੁਤ ਫਖ਼ਰ ਹੋਇਆ ਜਿਸਦੀ ਬਦੌਲਤ ਮੈਂ ਰੋਜ਼ੀ ਰੋਟੀ ਪੈ ਗਿਆ। ਨਹੀਂ ਤਾਂ ਮੇਰੇ ਨਾਲ ਦੇ ਬੀ ਏ, ਐਮ ਏ ਪੜ੍ਹੇ ਵੀ ਝੋਟਿਆਂ ਦੀਆਂ ਪੂਛਾਂ ਮਰੋੜਦੇ ਫਿਰਦੇ ਆ। "

ਅਮਰ ਮੀਨੀਆਂ (ਗਲਾਸਗੋ)
00447868370984

ਤੇਲ  ਦੀ ਬੋਤਲ - ਅਮਰ ਮੀਨੀਆਂ (ਗਲਾਸਗੋ)

ਇਕ ਦਿਨ ਮੇਰਾ ਦੋਸਤ ਬੂਟਾ ਤੂਰ ਮੇਰੇ ਕੋਲ ਆ ਗਿਆ। ਚਾਹ ਪਾਣੀ ਪੀਤਾ ਤੇ ਘੰਟਾ ਕੁ ਗੱਲਾਂ ਮਾਰਦੇ ਰਹੇ। ਗੱਲ ਕਰ ਰਿਹਾ ਸੀ ਕਿ ਅੱਜ-ਕੱਲ੍ਹ ਦੇ ਬੱਚਿਆਂ ਵਿੱਚ ਰਿਸ਼ਤਿਆਂ ਦਾ ਮੋਹ ਉਹ ਨਹੀਂ ਰਿਹਾ ਜੋ ਸਾਡੇ ਵੇਲੇ ਹੁੰਦਾ ਸੀ। ਮੋਬਾਇਲਾਂ ਵਿੱਚ ਰੁੱਝੇ ਹੋਏ ਬੱਚੇ ਮਾਂ-ਬਾਪ ਨਾਲ ਤਾਂ ਕੀ ਆਪਸ ਵਿੱਚ ਵੀ ਕੋਈ ਗੱਲਬਾਤ ਨਹੀਂ ਕਰਦੇ। ਕਈ ਘਰਾਂ ਵਿੱਚ ਤਾਂ ਇਹ ਹਾਲਾਤ ਹੁੰਦੇ ਹਨ ਕਿ ਪਿਉ ਲੈਪਟਾਪ ਖੋਲ੍ਹੀ ਬੈਠਾ, ਬੱਚੇ ਗੇਮਾਂ ਵਿੱਚ ਮਸ਼ਰੂਫ ਤੇ ਮਾਂ ਦਾ ਟੀ ਵੀ ਸੀਰੀਅਲ ਲਾਇਆ ਹੁੰਦਾ। ਇਕੋ ਸੋਫੇ ਤੇ ਬੈਠਾ ਸਾਰਾ ਟੱਬਰ ਇਕ ਦੂਜੇ ਤੋਂ ਕੋਹਾਂ ਦੂਰ ਹੁੰਦਾ। ਬੂਟਾ ਤੂਰ ਦੱਸ ਰਿਹਾ ਸੀ ਕਿ, "ਮੈਂ ਹਮੇਸ਼ਾ ਆਪਣੇ ਨਾਨਕਿਆਂ, ਭੂਆ, ਮਾਸੀਆਂ ਤੇ ਹੋਰ ਨਜ਼ਦੀਕੀ ਰਿਸ਼ਤੇਦਾਰਾਂ ਨਾਲ ਰਾਬਤੇ ਵਿੱਚ ਰਹਿੰਦਾ ਹਾਂ। ਹਰੇਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਦੀ ਕੋਸ਼ਿਸ਼ ਕਰੀਦੀ ਹੈ। ਅੱਜ ਦੇ ਬੱਚਿਆਂ ਵਿੱਚ ਉਹ ਉਤਸ਼ਾਹ ਖ਼ਤਮ ਹੁੰਦਾ ਜਾ ਰਿਹਾ।" ਮੈਂ ਵੀ ਦੱਸਿਆ ਕਿ, "ਸਾਡੇ ਦਾਦੇ ਦੇ ਦੋ ਵਿਆਹ ਸਨ ਤੇ ਅਸੀਂ ਅੱਜ ਤੱਕ ਬਾਪੂ ਦੇ ਦੋਨੋਂ ਨਾਨਕੇ ਪਰਵਾਰਾਂ ਨਾਲ ਵਰਤਦੇ ਆ ਰਹੇ ਹਾਂ। ਬਾਕੀ ਸ਼ਕੀਰੀਆਂ ਨਾਲ ਵੀ ਸੋਹਣਾ ਤਿਉ ਤਲਕ ਆ।ਸਕੂਲੋਂ ਛੁੱਟੀਆਂ ਵੇਲੇ ਨਾਨਕੇ ਛੁੱਟੀਆਂ ਮਨਾਉਂਣੀਆ ਕਿਸੇ ਪੈਰਿਸ ਲੰਡਨ ਤੋਂ ਘੱਟ ਨਹੀਂ ਸੀ ਹੁੰਦਾ। ਪਰ ਅੱਜ ਦੇ ਜੁਆਕਾਂ ਵਿੱਚ ਨਾਨਕੇ ਜਾਣ ਦਾ ਰਿਵਾਜ਼ ਵੀ ਬਹੁਤ ਘਟ ਗਿਆ ਹੈ।"ਬੂਟਾ ਤੂਰ ਤਾਂ ਆਪਣੇ ਕੰਮ ਤੇ ਤੁਰ ਗਿਆ ਪਰ ਮੈਂ ਬੈਠਾ ਬੈਠਾ ਨਾਨਕੇ ਪਿੰਡ ਪਹੁੰਚ ਗਿਆ।
      ਪ੍ਰਦੇਸ਼ ਦੇ ਦਸ ਕੁ ਸਾਲ ਦੇ ਦਸੌਂਟੇ ਤੋਂ ਬਾਅਦ ਪਿੰਡ ਜਾਕੇ ਘਰ ਦਾ ਮੂੰਹ ਵੇਖਿਆ ਤਾਂ ਦੂਜੇ ਦਿਨ ਹੀ ਨਾਨਕਿਆਂ ਦੇ ਰਾਹ ਬਜਾਜ ਚੇਤਕ ਸਕੂਟਰ ਪਾ ਦਿੱਤਾ। ਘਰ ਵਿੱਚ ਮਾਮੇ ਦੇ ਦੋ ਪੋਤਰੇ ਬੰਟੇ ਖੇਡ ਰਹੇ ਸਨ। ਓਪਰੇ ਬੰਦੇ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਹ ਆਪਣੀ ਖੇਡ ਵਿੱਚ ਰੁੱਝ ਗਏ, ਮੈਂ ਸੁੰਨੇ ਘਰ ਵਿੱਚ ਮੰਜੇ ਤੇ ਬੈਠਾ ਆਪਣੇ ਬਚਪਨ ਦੀਆਂ ਯਾਦਾਂ ਨੂੰ ਟਟੋਲ ਰਿਹਾ ਸੀ। ਨਾਲੇ ਬੱਚਿਆਂ ਨੂੰ ਕੀ ਪਤਾ ਕਿ ਕਿਸੇ ਵੇਲੇ ਇਹ ਓਪਰਾ ਜਿਆ ਬੰਦਾ ਵੀ ਇਸੇ ਵਿਹੜੇ ਵਿੱਚ ਹੀ ਪਿੱਲ ਚੋਟ ਤੇ ਗੁੱਲੀ ਡੰਡਾ ਖੇਡਦਾ ਹੁੰਦਾ ਸੀ, ਜਦੋਂ ਤੁਹਾਡੀ ਉਮਰ ਦਾ ਹੁੰਦਾ ਸੀ।' ਘਰ ਦੇ ਬਾਕੀ ਜੀਆਂ ਦੀ ਗੈਰਹਾਜ਼ਰੀ ਬਾਰੇ ਇੰਨਾਂ ਕੁ ਹੀ ਪਤਾ ਲੱਗਾ ਕਿ ਕੋਈ ਬਜ਼ੁਰਗ ਪੂਰਾ ਹੋ ਗਿਆ ਹੈ ਤੇ ਉਸ ਦੇ ਸਸਕਾਰ ਤੇ ਗਏ ਹੋਏ ਹਨ। ਅੱਧੇ ਕੁ ਘੰਟੇ ਬਾਅਦ ਮਾਮਾ ਤੇ ਮਾਮੀ ਘਰ ਆ ਗਏ ਤੇ ਘੁੱਟ ਘੁੱਟ ਜੱਫੀਆਂ ਨਾਲ ਰੂਹ ਤਰੋ ਤਾਜ਼ਾ ਹੋ ਗਈ। ਮਾਮਾ ਕਹਿੰਦਾ, "ਚਾਚਾ ਬਚਿੰਤਾ ਪੂਰਾ ਹੋ ਗਿਆ ਸੀ ਉਹਨੂੰ ਦਾਗ ਦੇ ਕੇ ਆਏ ਆਂ। ਤੂੰ ਬੈਠ ਮੈਂ ਪਿੰਡੇ ਪਾਣੀ ਪਾ ਕੇ ਆਇਆ।" ਪਤਾ ਨਹੀਂ ਵਹਿਮ ਹੈ ਜਾਂ ਕੋਈ ਵਿਗਿਆਨਕ ਪੱਖ ਕਿਸੇ ਨੂੰ ਫੂਕਣ ਤੋਂ ਬਾਅਦ ਪਤਾ ਨਹੀਂ ਨਹਾਉਂਣਾਂ ਕਿਉਂ ਜਰੂਰੀ ਹੁੰਦਾ? ਮਾਮਾ ਨ੍ਹਾ ਕੇ ਆਇਆ ਤਾਂ ਪੁੱਛਿਆ ਕਿ ਕਿਹੜਾ ਬਚਿੰਤਾ ਸੀ? "ਲੈ ਹੁਣ ਤੂੰ ਭੁੱਲ ਗਿਆ ਬਚਿੰਤੇ ਨੂੰ, ਉਹੀ ਜੀਹਨੂੰ ਤੁਸੀਂ "ਤੇਲ ਦੀ ਬੋਤਲ" ਕਹਿ ਕੇ ਛੇੜਦੇ ਹੁੰਦੇ ਸੀ।ਇਕ ਦਮ ਮੇਰੇ ਚੇਤਿਆਂ ਵਿੱਚ ਅੱਧਖੜ ਉਮਰ ਦਾ ਬਚਿੰਤਾ ਨਾਨਾ ਆ ਗਿਆ। ਉਹ ਸਾਈਕਲ ਤੇ, ਪੈਦਲ ਜਾਂ ਗੱਡੇ ਤੇ ਜਿੱਥੋਂ ਵੀ ਲੰਘਦਾ ਤਾਂ ਜੁਆਕ ਉਸ ਨੂੰ " ਤੇਲ ਦੀ ਬੋਤਲ" ਕਹਿੰਦੇ ਤੇ ਉਹ ਉਥੇ ਹੀ ਖੜ੍ਹ ਕੇ ਥੋਡੀ ਮਾਂ ਦੀ - - ਥੋਡੀ ਭੈਣ ਦੀ???? ਗਾਲ਼ਾਂ ਦੀ ਝੜੀ ਲਾ ਦਿੰਦਾ। ਨਾਨਕੇ ਭ੍ਰਮਣ ਦੌਰਾਨ ਮੈਂ ਵੀ ਉਸਨੂੰ ਛੇੜਨ ਵਾਲੇ ਗਰੁੱਪ ਵਿੱਚ ਰਲ ਜਾਂਦਾ। ਇਕ ਦਿਨ ਉਸਨੂੰ ਪਤਾ ਲੱਗਾ ਕਿ ਰਤਨ ਸਿੰਘ ਦਾ ਦੋਹਤਾ ਵੀ ਮੈਨੂੰ ਛੇੜਨ ਵਾਲਿਆਂ ਦੇ ਨਾਲ ਹੁੰਦਾ। ਦੂਜੇ ਦਿਨ ਉਹ ਘਰੇ ਉਲਾਂਭਾ ਦੇਣ ਆ ਗਿਆ, ਮੇਰੇ ਨਾਨੇ ਨੂੰ ਕਹਿੰਦਾ, "ਦੇਖ ਬੀ ਵੱਡੇ ਬਾਈ ਤੈਨੂੰ ਤਾਂ ਪਤਾ ਈ ਆ ਕਿ ਪਿੰਡ ਦੀ ਲਗੌੜ ਮੈਨੂੰ ਪੁੱਠੇ ਸਿੱਧੇ ਨਾਂ ਲੈ ਕੇ ਤੰਗ ਕਰਦੀ ਆ ਤੇ ਮੈਥੋਂ ਫਿਰ ਸੁਣਦੇ ਆ ਸ਼ਲੋਕ ਉਹ ਵੀ ਤੱਤੇ ਤੱਤੇ। ਉਹਨਾਂ ਨਾਲ ਆਪਣਾ ਦੋਹਤਮਾਨ ਵੀ ਰਲ ਜਾਂਦਾ। ਮੇਰੀਆਂ ਗਾਲ਼ਾਂ ਦਾ ਪ੍ਰਸ਼ਾਦ ਵੰਡੇ ਵਿੱਚ ਇਹਨੂੰ ਵੀ ਮਿਲਦਾ ਹੋਣਾ। ਇਹ ਠੀਕ ਨਹੀਂ ਇਹਨੂੰ ਸਮਝਾਓ ਬਾਕੀਆਂ ਨੂੰ ਤਾਂ ਮੈਂ ਸੱਜਰਾ ਪਰਹੁਣਾ ਬਣ ਕੇ ਟੱਕਰਦਾ ਹੀ ਰਹਿੰਨਾਂ। ਇਹ ਉਹਨਾਂ ਨਾਲ ਰਲ ਕੇ ਮੈਨੂੰ ਪਾਪਾਂ ਦਾ ਭਾਗੀ ਨਾ ਬਣਾਵੇ। ਨਾਨੇ ਨੇ ਉਹਦੇ ਸਾਹਮਣੇ ਹੀ ਮੇਰੇ ਦੋ ਤਿੰਨ ਜੁੱਤੀਆਂ ਜੜ ਦਿੱਤੀਆਂ। ਉਸ ਤੋਂ ਬਾਅਦ ਮੈਂ ਛੇੜਛਾੜ ਵਾਲੀ ਢਾਣੀ ਤੋਂ ਦੂਰ ਹੀ ਰਿਹਾ। ਸਮਾਂ ਬੀਤਿਆ ਵੱਡੇ ਹੋਏ, ਕਬੀਲਦਾਰੀਆਂ ਪੈ ਗਈਆਂ, ਰੋਜ਼ੀ-ਰੋਟੀ ਦੀ ਭਾਲ ਵਿੱਚ ਪ੍ਰਦੇਸੀ ਹੋ ਗਏ ਤੇ ਬਚਿੰਤੇ ਵਰਗਿਆਂ ਦੇ ਅਕਸ ਵੀ ਧੁੰਦਲੇ ਹੋ ਗਏ।
                                    ਪਰ ਅੱਜ ਉਸਦੀ ਮੌਤ ਵਾਲੇ ਦਿਨ ਫਿਰ ਸਭ ਕੁਝ ਯਾਦ ਆ ਗਿਆ। ਬਚਿੰਤੇ ਦੀ ਮੌਤ ਤੇ ਉਸਦੇ ਪਰਿਵਾਰ ਵਾਰੇ ਚੱਲਦੀਆਂ ਗੱਲਾਂ ਵਿੱਚ ਮੈਂ ਮਾਮੇ ਨੂੰ ਪੁੱਛਿਆ ਕਿ ਇਹਨੂੰ ਤੇਲ ਦੀ ਬੋਤਲ ਕਹਿ ਕੇ ਕਿਉੰ ਛੇੜਿਆ ਜਾਂਦਾ ਸੀ? ਮਾਮਾ ਕਹਿੰਦਾ, "ਅੱਸੀ ਤੋਂ ਉੱਤੇ ਦਾ ਹੋ ਕੇ ਮਰਿਆ, ਪਰ ਤੇਲ ਦੀ ਬੋਤਲ ਵਾਲੀ ਛੇੜ ਨੇ ਇਸ ਦਾ ਮਰਦੇ ਦਮ ਤੱਕ ਖਹਿੜਾ ਨੀ ਛੱਡਿਆ। ਇਸ ਨੂੰ ਛੇੜਨ ਵਾਲਿਆਂ ਦੀ ਲਾਈਨ ਕਦੇ ਵੀ ਨਹੀਂ ਟੁੱਟੀ, ਜਿਵੇਂ ਜਿਵੇਂ ਤੇਰੇ ਵਰਗੇ ਸਿਆਣੇ ਹੋ ਕੇ ਇਸਨੂੰ ਛੇੜਨੋ ਹਟ ਜਾਂਦੇ ਸੀ ਉਵੇਂ ਉਵੇਂ ਨਵਾਂ ਪੂਰ ਉਠ ਕੇ ਇਸਤੋਂ ਸ਼ਾਂਦਾ ਲੈਣ ਲੱਗ ਪੈਂਦਾ ਸੀ। ਬਹੁਤ ਵਾਰ ਇਹ ਸ਼ਰਾਬ ਦੇ ਠੇਕੇ ਅੱਗਿਓਂ ਲੰਘਦਾ ਸ਼ਰਾਬੀਆਂ ਨਾਲ ਸਿੰਗ ਫਸਾ ਲੈਂਦਾ ਸੀ। ਉਹ ਤਾਂ ਠੇਕੇ ਵਾਲੇ ਤੋਂ ਬੋਤਲ ਮੰਗਦੇ ਪਰ ਇਹ ਸਮਝਦਾ ਕਿਤੇ ਮੈਨੂੰ ਛੇੜਦੇ ਆ। ਪਰ ਪਤਾ ਕਿਸੇ ਨੂੰ ਵੀ ਨਹੀਂ ਹੋਣਾ ਕਿ ਇਸ ਮਗਰ ਇਹ ਛੇੜ ਕਿਵੇਂ ਪਈ? ਅਸਲ ਵਿੱਚ ਇਹਦੇ ਜੁਆਨੀ ਪਹਿਰੇ ਦੀ ਗੱਲ ਆ, ਚਾਚੇ ਦੇ ਸਹੁਰੇ ਆ ਕਾਉਂਕੇ ਕਲਾਂ ਪਿੰਡ, ਨਹਿਰ ਤੋਂ ਪਰਲੇ ਬੰਨ੍ਹੇ। ਇਹਦੇ ਸਾਲੇ ਦਾ ਵਿਆਹ ਆ ਗਿਆ।ਉੱਧਰ ਬਰਾਤ ਤਿਆਰ ਤੇ ਪ੍ਰਾਹੁਣੇ ਦੀ ਉਡੀਕ ਹੋ ਰਹੀ ਸੀ।ਇਧਰ ਪਤਾ ਲੱਗਾ ਕਿ ਬਚਿੰਤ ਸਿੰਉਂ ਤਾਂ ਠਾਣੇ ਫੜਿਆ ਹੋਇਆ। ਦੋ ਪਿੰਡਾਂ ਦੀ ਪੰਚਾਇਤ ਗਈ ਤੇ ਪ੍ਰਾਹੁਣੇ ਨੂੰ ਠਾਣੇ ਵਿੱਚੋਂ ਹੀ ਮੂੰਹ ਹੱਥ ਧੁਆ ਕੇ ਬਰਾਤੇ ਚਾੜ੍ਹਿਆ। ਹੋਇਆ ਇਉਂ ਕਿ ਇਹਨੇ ਘਰਵਾਲੀ ਤੇ ਜੁਆਕਾਂ ਨੂੰ ਤਾਂ ਸਵੇਰੇ ਨੌਂ ਵਾਲੀ ਬੱਸ ਚੜਾ ਦਿੱਤਾ ਤੇ ਆਪ ਘਰੇ ਆਕੇ ਦਾਰੂ ਕੱਢਣ ਲੱਗ ਪਿਆ।ਪੰਜ ਸੱਤ ਬੋਤਲਾਂ ਨਿੱਕਲੀਆਂ ਤੇ ਇਕ ਪਹਿਲੇ ਤੋੜ ਵਾਲੀ ਬੋਤਲ ਪਾਸੇ ਰੱਖ ਕੇ ਬਾਕੀ ਭਾਂਡੇ ਟੀਂਡੇ ਤੇ ਸ਼ਰਾਬ ਸਾਂਭ ਦਿੱਤੀ। ਲਾਹਣ ਛੱਪੜ ਵਿੱਚ ਡੋਲ੍ਹ ਕੇ ਸ਼ਾਮ ਤੱਕ ਵਿਆਹ ਜਾਣ ਦੀਆਂ ਤਿਆਰੀਆਂ ਕਰ ਲਈਆਂ। ਲੜ ਛੱਡਵੀਂ ਪੱਗ ਤੇ ਕੁੜਤਾ ਚਾਦਰਾ ਲਾਕੇ ਸਾਈਕਲ ਤੇ ਚੱਲ ਪਿਆ ਤੇ ਤੋਤਿਆਂ ਵਾਲੇ ਝੋਲੇ ਵਿੱਚ ਪਹਿਲੇ ਤੋੜ ਵਾਲੀ ਬੋਤਲ ਪਾਕੇ ਹੈੰਡਲ ਨਾਲ ਟੰਗ ਲਈ। ਮਾੜੀ ਕਿਸਮਤ ਨੂੰ ਨਹਿਰ ਦੇ ਪੁਲ ਤੇ ਪੁਲਸ ਵਾਲੇ ਖੜ੍ਹੇ। ਉਹ ਤਾਂ ਕਿਸੇ ਹੋਰ ਮਾਰ ਤੇ ਖੜ੍ਹੇ ਸਨ ਪਰ ਪੁਲਸ ਵੇਖ ਕੇ ਬਚਿੰਤੇ ਦਾ ਸਾਈਕਲ ਡਿੱਕ ਡੋਲੇ ਖਾਣ ਐ ਪਿਆ। ਰਹਿੰਦੀ ਖੁੰਹਦੀ ਕਸਰ ਉਦੋਂ ਨਿਕਲ ਗਈ ਜਦੋਂ ਥਿੜਕਦੀ ਜ਼ੁਬਾਨ ਨਾਲ ਕਹਿੰਦਾ, "ਸਾ ਸੀ ਕਾਲ ਸਦਾਅ ਜੀ।(ਸਤਿ ਸ੍ਰੀ ਅਕਾਲ ਸਰਦਾਰ ਜੀ)। "ਪੁਲਸ ਵਾਲਿਆਂ ਦੀ ਇੱਲ ਵਰਗੀ ਅੱਖ, ਉਹਨਾਂ ਨੇ ਉੱਥੇ ਹੀ ਰੋਕ ਲਿਆ ਠਾਣੇਦਾਰ ਕਹਿੰਦਾ, "ਹਾਂ ਬਈ ਕਿਧਰ ਨੂੰ?" ਸ਼ਾਲੇ ਦਾ ਵਿਆਹ ਏ ਸਦਾਅ ਜੀ ਕਾਉਕਿਆਂ ਨੂੰ ਜਾਨਾਂ। "" ਠੀਕ ਐ ਠੀਕ ਐ, ਆਹ ਝੋਲੇ ਚ ਕੀ ਪਾਈ ਫਿਰਦੈਂ? ਸਦਾਅ ਜੀ ਸਦਾਅ ਜੀ ਇਹਦੇ ਚ ਤਾਂ ਮਿੱਟੀ ਦੇ ਤੇਲ ਦੀ ਬੋਤਲ ਆ। "ਜਦੋਂ ਹੀ ਠਾਣੇਦਾਰ ਨੇ ਢੱਕਣ ਖੋਲ੍ਹਿਆ ਤਾਂ ਤਿੱਖੀ ਹਵਾੜ ਮਗਜ ਨੂੰ ਚੜ੍ਹ ਗਈ। ਉਹਨੇ ਨਾਲ ਹੀ ਵੱਟ ਥੱਪੜ ਮਾਰਿਆ ਕਹਿੰਦਾ," ਸਾਲਿਆ ਵਿਆਹ ਚੱਲਿਆਂ ਕਿ ਸਹੁਰਿਆਂ ਨੂੰ ਫੂਕਣ???? ਮਿੱਟੀ ਦਾ ਤੇਲ ਹੂੰ??
                
ਅਮਰ ਮੀਨੀਆਂ (ਗਲਾਸਗੋ)
00447868370984

ਕੋਲਿਆਂ ਦੀ ਦਲਾਲੀ - ਅਮਰ ਮੀਨੀਆਂ ਗਲਾਸਗੋ

ਕਨੇਡਾ, ਅਮਰੀਕਾ, ਯੂਰਪ ਜਾਂ ਹੋਰ ਵਿਕਾਸਸ਼ੀਲ ਦੇਸ਼ਾ ਵਿੱਚ ਗੈਰ-ਕਾਨੂੰਨੀ ਢੰਗ ਨਾਲ ਦਾਖਲ ਹੋਏ, ਅਣਵਿਆਹੇ ਮੁੰਡਿਆਂ ਦੀ ਪਹਿਲੀ ਪਸੰਦ ਹੁੰਦੀ ਹੈ ਕਿ ਕਿਵੇਂ ਨਾ ਕਿਵੇਂ ਇਸ ਦੇਸ਼ ਦੀ ਪੱਕੀ ਵਸਨੀਕ ਕੁੜੀ ਨਾਲ ਵਿਆਹ ਕਰਵਾ ਕੇ, ਪੱਕੀ ਨਾਗਰਿਕਤਾ ਲਈ ਜਾਵੇ। ਸਾਡੇ ਇੰਗਲੈਂਡ ਵਿੱਚ ਬਹੁ ਗਿਣਤੀ ਦੁਆਬੇ ਨਾਲ ਸੰਬੰਧਿਤ ਪੰਜਾਬੀਆਂ ਦੀ ਹੈ। ਦੁਆਬੀਏ ਤਾਂ ਅੰਗਲੀ ਸੰਗਲੀ ਅੜਾ ਕੇ ਲਾਲ ਪਾਸਪੋਰਟ ਜੇਬ ਵਿੱਚ ਪਾ ਲੈਂਦੇ ਹਨ ਪਰ ਮਝੈਲ ਭਾਉ ਤੇ ਮਲਵਈ ਵਾਲੇ ਬਾਈ ਜੀ, ਤਰਲੇ ਲੈਂਦੇ ਹੀ ਬੁੱਢੇ ਹੋ ਜਾਂਦੇ ਹਨ। ਸਾਡੇ ਨਾਲ ਸੋਹਣਾ ਸੁਨੱਖਾ, ਦਾਰੇ ਭਲਵਾਨ ਦੇ ਪਿੰਡਾਂ ਵੱਲ ਦਾ ਜੋਗਾ ਭੁੱਲਰ ਰਹਿੰਦਾ ਸੀ। ਜੋਗੇ ਦੇ ਪਿਉ ਦਾਦੇ ਭਲਵਾਨੀ ਕਰਦੇ ਸਨ ਤੇ ਥੋੜ੍ਹਾ ਬਹੁਤ ਸ਼ੌਕ ਜੋਗਾ ਵੀ ਰੱਖਦਾ ਸੀ। ਉਹ ਰੋਜ਼ਾਨਾ ਜਿੰਮ ਜਾਂਦਾ ਤੇ ਘਰੇ ਵੀ ਜਿੰਮ ਦਾ ਸਮਾਨ ਰੱਖਿਆ ਹੋਇਆ ਸੀ। ਸਾਨੂੰ ਵੀ ਵਰਜ਼ਿਸ ਕਰਨ ਦੀ ਆਦਤ ਜੋਗੇ ਨੇ ਹੀ ਪਾਈ। ਗੁਰੂ ਘਰ ਦਾ ਬੜਾ ਪ੍ਰੇਮੀ ਸੀ ਜੋਗਾ। ਅਸੀਂ ਤਾਂ ਲੰਗਰ ਛਕ ਕੇ ਤੇ ਗੱਪਾਂ ਮਾਰਕੇ ਘਰੇ ਆ ਜਾਂਦੇ ਪਰ ਉਹ ਐਤਵਾਰ ਦੀ ਸਾਰੀ ਛੁੱਟੀ ਗੁਰੂ ਘਰ ਸੇਵਾ ਵਿੱਚ ਹੀ ਬਿਤਾਉਂਦਾ। ਉਸਦੀ ਡੀਲ ਡੌਲ ਤੇ ਸੇਵਾ ਭਾਵਨਾਂ ਵੇਖ ਕੇ ਇਕ ਕੁੜੀ ਉਸ ਤੇ ਮੋਹਿਤ ਹੋ ਗਈ। ਗੱਲਬਾਤ ਤੋਂ ਬਾਅਦ ਪਿਆਰ ਤੇ ਫਿਰ ਗੱਲ ਵਿਆਹ ਤੱਕ ਪਹੁੰਚ ਗਈ। ਕੁੜੀ ਵਾਲਿਆਂ ਨਾਲ ਗੱਲ ਕਰਨ ਲਈ ਜੋਗੇ ਨੇ ਮੈਨੂੰ ਧੱਕੇ ਨਾਲ ਹੀ ਵਿਚੋਲਗਿਰੀ ਵਿੱਚ ਘੜੀਸ ਲਿਆ।ਸਾਡੇ ਪਿੰਡ, ਮੇਰੀ ਤਾਈ ਨੇ ਸਾਡੇ ਸਾਰੇ ਪਿੰਡ ਵਿੱਚ ਆਪਣੇ ਪੇਕਿਆਂ ਤੋਂ ਰਿਸ਼ਤੇ ਕਰਵਾਏ ਸਨ। ਪਰ ਸਾਰਿਆਂ ਤੋਂ ਛਿੱਤਰ ਹੀ ਖਾਧੇ। ਤਾਏ ਦੀ ਗਾਲ਼ ਦੁੱਪੜ ਵੱਖਰੀ। ਮੈਂ ਤਾਂ ਤਾਈ ਨੂੰ ਹੱਸਦਾ ਹੁੰਦਾ ਸੀ ਕਿ ਤਾਈ ਭਰੋਵਾਲ ਵਾਲੇ ਦਿਦਾਰ ਸੰਧੂ ਨੇ ਗਾਣਾ ਤੇਰੇ ਤੇ ਹੀ ਗਾਇਆ ਸੀ ਕਿ, "ਵੱਗ ਕੁੜੀਆਂ ਦਾ ਪੇਕਿਆਂ ਤੋਂ ਸਹੁਰੇ ਵਾੜਤਾ। ਪਰ ਤਾਈ ਕਹਿੰਦੀ ਸੀ ਕਿ ਭਾਈ ਇਹ ਤਾਂ ਕੋਲਿਆਂ ਦੀ ਦਲਾਲੀ ਵਾਲਾ ਕੰਮ ਆ, ਮੂੰਹ ਸਿਰ ਕਾਲਾ ਤਾਂ ਹੁੰਦਾ ਹੀ ਹੁੰਦਾ। ਵਿਚੋਲਗਿਰੀ ਵਾਲੇ ਕੁੱਤਖਾਨੇ ਤੋਂ ਤਾਂ ਬੰਦਾ ਦੂਰ ਹੀ ਰਹੇ" । ਇੱਥੇ ਘਰ ਵਿੱਚ ਮੈਂ ਹੀ ਸਾਰਿਆਂ ਤੋਂ ਵੱਡਾ ਸੀ ਇਸ ਕਰਕੇ ਜੋਗੇ ਭਾਉ ਲਈ ਵਿਚੋਲੇ ਵਾਲਾ ਅੱਕ ਚੱਬ ਹੀ ਲਿਆ। ਮੈਂ ਤੇ ਮਾਛੀਕੇ ਵਾਲਾ ਬਾਈ ਇਕਬਾਲ ਕਲੇਰ, ਕੁੜੀ ਦੇ ਪਿਉ ਨੂੰ ਮਿਲੇ। ਗੁਜਰਵਾਲੀਏ ਗਰੇਵਾਲ ਨੇ ਮੁੰਡੇ ਦੀ ਜਾਤ ਗੋਤ ਤੋਂ ਬਿਨਾਂ ਹੋਰ ਕੱਖ ਨੀ ਪੁੱਛਿਆ ਤੇ ਹਾਂ ਕਰ ਦਿੱਤੀ। ਜਿਵੇਂ ਉਹ ਵੀ ਜੋਗੇ ਵਰਗੇ ਜੋਗ ਰਿਸ਼ਤੇ ਦੀ ਉਡੀਕ ਵਿੱਚ ਹੀ ਬੈਠੇ ਸੀ। ਮਹੀਨੇ ਦੇ ਵਿੱਚ ਵਿੱਚ ਵਿਆਹ ਹੋ ਗਿਆ ਤੇ ਦੋ ਕੁ ਸਾਲ ਬਾਅਦ ਜੋਗਾ ਭਾਉ ਪੱਕਾ ਵੀ ਹੋ ਗਿਆ। ਜਦੋਂ ਕਦੇ ਵੀ ਦੋਨੋਂ ਮਿਲਦੇ ਤਾਂ ਬਾਈ ਜੀ ਬਾਈ ਜੀ ਕਰਦਿਆਂ ਦਾ ਮੂੰਹ ਸੁੱਕਦਾ। ਬੜਾ ਮਾਣ ਸਤਿਕਾਰ ਕਰਦੇ।ਸੋਹਣੀ ਜੋੜੀ ਦਾ ਸੁਮੇਲ ਕਰਾਉਣ ਦਾ ਭਰਮ ਪਾਲ ਕੇ ਮੈਂ ਆਪਣੇ ਆਪ ਅੰਦਰੋਂ ਅੰਦਰ ਖੁਸ਼ ਹੋਈ ਜਾਂਦਾ। ਤਾਈ ਦੇ ਵਿਚੋਲਪੁਣੇ ਵਾਲੀ ਨਸੀਅਤ ਵੀ ਝੂਠੀ ਜਿਹੀ ਲੱਗਦੀ। ਪੱਕੀ ਮੋਹਰ ਲੁਆ ਕੇ ਜੋਗਾ ਦੋ ਕੁ ਮਹੀਨੇ ਲਈ ਪਿੰਡ ਛੁੱਟੀ ਗਿਆ। ਘਰਵਾਲੀ ਨੇ ਆਪਣੇ ਕੰਮਕਾਰ ਦਾ ਬਹਾਨਾ ਪਾ ਦਿੱਤਾ। ਉਸੇ ਦੌਰਾਨ ਜੋਗੇ ਦੀ ਜੋਗਣ ਦੀ ਜ਼ਿੰਦਗੀ ਵਿੱਚ ਉਸਦਾ ਪੁਰਾਣਾ ਪ੍ਰੇਮੀ ਆ ਗਿਆ, ਜਿਸ ਨੂੰ ਗਰੇਵਾਲ ਪ੍ਰਵਾਰ ਨੇ ਸਿਰੇ ਤੋਂ ਹੀ ਨਕਾਰ ਦਿੱਤਾ ਸੀ। ਕੁੜੀ ਦੀਆਂ ਮਿੰਨਤਾ, ਤਰਲੇ ਤੇ ਧਮਕੀਆਂ ਵੀ ਜਾਤ ਪਾਤ ਦੀ ਕੰਧ ਤੋੜ ਨਾ ਸਕੀਆਂ। ਇਹੀ ਕਾਰਨ ਸੀ ਕਿ ਜੋਗੇ ਦੇ ਹਲਦੀ ਵਾਲਾ ਵੱਟਣਾ ਜਲਦੀ-ਜਲਦੀ ਲੱਗ ਗਿਆ। ਇੰਡੀਆ ਤੋਂ ਵਾਪਸ ਆਏ ਜੋਗੇ ਨੂੰ ਵੀ ਇਧਰੋਂ ਓਧਰੋਂ ਭਿਣਕ ਲੱਗ ਗਈ ਕਿ ਦੋ ਮਹੀਨੇ ਕਿਸੇ ਓਪਰੇ ਬੰਦੇ ਨੇ ਉਸ ਦੇ ਘਰ ਰੰਗ ਭਾਗ ਲਾਈ ਰੱਖੇ ਸਨ। ਰਾਤ ਨੂੰ ਦਸ ਕੁ ਵਜੇ ਇਕ ਦੋਸਤ ਦਾ ਫੋਨ ਆਇਆ ਕਿ ਜੋਗੇ ਨੇ ਆਪਣੀ ਘਰ ਵਾਲੀ ਦੇ ਆਸ਼ਕ ਨੂੰ ਬੁਰੀ ਤਰ੍ਹਾਂ ਕ੍ਰਿਕਟ ਬੈਟ ਨਾਲ ਕੁੱਟਿਆ ਹੈ ਤੇ ਸਿਰ ਪਾੜ ਦਿੱਤਾ ਹੈ।ਬਚਣਾਂ ਮੁਸ਼ਕਿਲ ਹੈ ਤੇ ਜੋਗਾ ਅੰਦਰ ਹੈ। ਮੈਂ ਸੋਚ ਰਿਹਾ ਸੀ ਕਿ, ਮੰਨਿਆ ਜਾਂਦਾ ਹੈ ਕਿ ਮਝੈਲ ਹੁੰਦੇ ਲੜਾਈ ਨੂੰ ਸ਼ੇਰ ਹੀ ਆ ਪਰ ਜੋਗਾ ਇਹੋ ਜਿਹਾ ਨਹੀਂ ਸੀ। ਇੰਨਾਂ ਸਾਉ ਬੰਦਾ ਇੱਡਾ ਵੱਡਾ ਫੈਸਲਾ ਕਿਵੇਂ ਲੈ ਗਿਆ। ਮੁੰਡਾ ਮਰਨੋਂ ਬਚ ਗਿਆ ਸੀ ਪਰ ਜੋਗੇ ਨੂੰ ਇਰਾਦਾ ਕਤਲ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋ ਗਈ। ਮੁਲਾਕਾਤ ਵੇਲੇ ਜੋਗੇ ਨੇ ਆਪਣੇ ਕਾਰਨਾਮੇ ਤੇ ਪਛਤਾਵਾ ਕਰਦੇ ਨੇ ਦੱਸਿਆ, "ਕਿ ਬਾਈ, ਮੈਂ ਮੇਰੇ ਨਾਲ ਕੰਮ ਕਰਦੇ ਪਾਕਿਸਤਾਨੀ ਦੋਸਤਾਂ ਨੂੰ ਦੱਸ ਬੈਠਾ। ਉਹਨਾਂ ਨੇ ਮੈਨੂੰ ਪੰਪ ਮਾਰ ਮਾਰ ਕੇ ਇਹ ਕੰਮ ਕਰਵਾਇਆ। ਸਾਰੀ ਦਿਹਾੜੀ ਇਕੋ ਹੀ ਰੱਟ ਲਾਈ ਰੱਖੀ," ਉਹ ਸਰਦਾਰਾ ਮਾਰ ਕੇ ਕਾਪਾ ਕਰਦੇ ਸਿਰ ਕਲਮ ਦੋਹਾਂ ਦੇ। ਸਰਦਾਰ ਤਾਂ ਦੁਸ਼ਮਣ ਦਾ ਜਹੱਨਮ ਤੱਕ ਪਿੱਛਾ ਕਰਦੇ ਆ। ਜਿਹਦੇ ਚ ਗੈਰਤ ਈ ਹੈਨੀ ਉਹ ਸਰਦਾਰ ਕਾਹਦਾ। ਬੈਗੇਰਤਾਂ ਵਾਂਗੂੰ ਜੀਣ ਨਾਲੋਂ ਤਾਂ ਬੰਦਾ ਮਹੁਰਾ ਫੱਕ ਲਵੇ" ।ਐਤਵਾਰ ਗੁਰਦੁਆਰੇ ਕਾਰ ਪਾਰਕਿੰਗ ਵਿੱਚ ਜੋਗੇ ਦੇ ਸੱਸ ਸਹੁਰਾ ਮਿਲ ਗਏ। ਮੈਂ ਸੋਚਿਆ, ਉਲਾਂਭਾ ਤਾਂ ਦੇ ਦੇਈਏ ਕਿ ਥੋਡੀ ਕੁੜੀ ਦੀ ਕਰਤੂਤ ਕਰਕੇ ਇਕ ਸ਼ਰੀਫ ਬੰਦਾ ਸਲਾਖਾਂ ਪਿੱਛੇ ਚਲਿਆ ਗਿਆ। ਪਰ ਇੱਥੇ ਤਾਂ ਲੈਣੇ ਦੇ ਦੇਣੇ ਪੈ ਗਏ। ਦੋਨੋਂ ਜਣੇ ਫਤਹਿ ਬੁਲਾਉਣ ਤੋਂ ਪਹਿਲਾਂ ਹੀ ਮੇਰੇ ਤੇ ਵਰ੍ਹ ਪਏ। "ਤੁਸੀਂ ਚੰਗੇ ਰਿਸ਼ਤੇਦਾਰ ਟਕਰਾਏ, ਅੰਬਰਸਰੀਏ ਮਝੈਲ। ਸਾਡੀ ਤਾਂ ਸਾਰੇ ਸ਼ਹਿਰ ਵਿੱਚ ਤੋਇ ਤੋਇ ਕਰਵਾਤੀ ਨਾ। ਸਾਡੇ ਵੱਡ ਵਡੇਰੇ ਤਾਹੀਂ ਦਰਿਆਓ ਪਾਰ ਨਾ ਕੁੜੀ ਦਿੰਦੇ ਸੀ ਨਾ ਲੈਂਦੇ ਸੀ। ਤੂੰ ਸਾਡਾ ਮਲਵਈ ਭਰਾ ਹੋਣ ਕਰਕੇ ਤੇਰੇ ਤੇ ਭਰੋਸਾ ਕਰ ਕੇ ਝੱਟ ਹਾਂ ਕਰ ਦਿੱਤੀ। ਪਰ ਤੂੰ ਤਾਂ ਸਾਡੇ ਸਿਰ ਚ ਸੁਆਹ ਹੀ ਪੁਆ ਦਿੱਤੀ। ਉਸ ਬਦ ਮਗਜ਼ੇ ਨੇ ਸਾਡੇ ਕੋਲ ਭਾਫ ਨੀ ਕੱਢੀ। ਉਹਨੂੰ ਕੁਛ ਲੱਗਦੇ ਨੂੰ ਭੰਨਣ ਤੁਰ ਪਿਆ। ਬਾਹਲੀ ਗੱਲ ਸੀ ਕੁੜੀ ਨੂੰ ਤਲਾਕ ਦੇ ਦਿੰਦਾ ਅਸੀਂ ਆਪੇ ਗੱਲ ਸਾਂਭ ਲੈਂਦੇ। ਪਹਿਲਾਂ ਵੀ ਪੂਰੇ ਪੰਜ ਸਾਲ ਅਸੀਂ ਕੁੜੀ ਦੀ ਸੰਘੀ ਨੱਪੀ ਰੱਖੀ। ਇੱਦਾਂ ਕਿਵੇਂ ਮੰਨ ਲੈਂਦੇ ਜੁਆਈ ਭਾਈ ਕਿਸੇ ਨਿੱਕੀ ਸੁੱਕੀ ਜਾਤ ਨੂੰ। ਹੁਣ ਉਹ ਬਚ ਗਿਆ ਏ ਤੇ ਕੁੜੀ ਪੱਕਾ ਉਹਦੇ ਨਾਲ ਹੀ ਖੜੂ। ਤੂੰ ਤਾਂ ਅਜੇ ਕੱਲ੍ਹ ਵਲੈਤ ਆਇਆਂ ਏ ਬਾਈ ਸਿਆਂ, ਸਾਡੀ ਤਾਂ ਚਾਲੀ ਸਾਲ ਦੀ ਇੱਜ਼ਤ ਮਿੱਟੀ ਹੋ ਗਈ ਨਾ। ਹੇ ਸੱਚੇ ਪਾਤਸ਼ਾਹ, ਬਚਾਂਈ ਇਹੋ ਜਿਹੇ ਮੀਸਣੇ ਵਿਚੋਲਿਆਂ ਤੋਂ"। ਮੈਨੂੰ ਉਹਨਾਂ ਕੁਝ ਕਹਿਣ ਦਾ ਮੌਕਾ ਹੀ ਨਹੀਂ ਦਿੱਤਾ, ਮਾਰੀ ਸੈਲਫ ਤੇ ਔਹ ਗਏ, ਔਹ ਗਏ। ਮੈਂ ਵਿਚੋਲਗਿਰੀ ਦੀ ਮੁੰਦਰੀ ਪੁਆ ਕੇ, ਇੰਨਾਂ ਕੁ ਤਾਂ ਸੰਤੁਸ਼ਟ ਹੋਇਆ ਕਿ ਮੇਰੀ ਬੇਜ਼ਤੀ ਦਾ ਲਾਈਵ ਟੈਲੀਕਾਸਟ ਕਿਸੇ ਹੋਰ ਨੇ ਨਹੀਂ ਸੀ ਵੇਖਿਆ।


                                    ਦੂਜਾ ਪੇਚਾ ਮੇਰੇ ਕੰਮ ਤੇ ਪੈ ਗਿਆ। ਮੈਂ ਗੁਜਰਾਤੀ ਪਟੇਲਾਂ ਦੇ ਕੰਮ ਕਰਦਾ ਸੀ। ਉਹਨਾਂ ਦਾ ਛੋਟਾ ਮੁੰਡਾ ਰਾਹੁਲ ਪਟੇਲ, ਸਾਡੇ ਨਾਲ ਕੰਮ ਕਰਦੀ ਖੂਬਸੂਰਤ ਗੋਰੀ ਤੇ ਲੱਟੂ ਹੋ ਗਿਆ। ਗੱਲ ਪਿਆਰ ਤੋਂ ਵਿਆਹ ਤੱਕ ਪਹੁੰਚ ਗਈ। ਗੱਲ ਵੱਡੇ ਪਟੇਲ ਤੱਕ ਪਹੁੰਚੀ ਤਾਂ ਉਸਨੇ ਕੁੜੀ ਨੂੰ ਇਕ ਹਫਤੇ ਦਾ ਨੋਟਿਸ ਦੇ ਕੇ ਕੰਮ ਤੋਂ ਫਾਰਗ ਕਰ ਦਿੱਤਾ।ਇਕ ਦਿਨ ਰਾਹੁਲ ਮੈਨੂੰ ਕਹਿੰਦਾ, "ਭਾਜੀ ਹਮ ਨੇ ਸ਼ਾਦੀ ਕਰਵਾਨੀ ਹੈ। ਆਪ ਹਮਾਰੀ ਹੈਲਪ ਕਰੋ। ਗੋਰੀ ਕੇ ਗਰ ਵਾਲੋਂ ਕੋ ਤੋ ਕੋਈ ਪਰੋਬਲਮ ਨਹੀਂ ਹੈ ਪਰ ਮੇਰੇ ਕੋ ਏਕ ਵਿਟਨਿੱਸ ਕੀ ਜ਼ਰੂਰਤ ਹੈ। ਅਗਰ ਆਪ ਮੇਰੇ ਸਾਥ ਰਜਿਸਟਰ ਆਫਿਸ ਮੈਂ ਜਾ ਕਰ ਆਪਣੇ ਸਾਈਨ ਕਰ ਦੇਂ ਤੋਂ ਮੇਰਾ ਕਾਮ ਹੋ ਜਾਏਗਾ" । ਉਸਦੇ ਦੋਸਤ ਤੇ ਰਿਸ਼ਤੇਦਾਰ, ਪਟੇਲ ਪ੍ਰਵਾਰ ਦੀ ਨਰਾਜ਼ਗੀ ਸਹੇੜਨ ਤੋਂ ਕੰਨੀ ਕਤਰਾਉਂਦੇ ਸਨ। ਦੋ ਤਿੰਨ ਦਿਨ ਤਾਂ ਮੈਂ ਹੱਥ ਪੱਲਾ ਨਹੀਂ ਫੜਾਇਆ ਪਰ ਤੇਜ ਤਰਾਰ ਗੁਜਰਾਤੀ ਛੋਕਰੇ ਨੇ ਮੈਨੂੰ ਸਰਦਾਰਾਂ ਦੀ ਦਲੇਰੀ ਵਾਲੀ ਫੂਕ ਛਕਾ ਛਕਾ ਕੇ ਤਿਆਰ ਕਰ ਹੀ ਲਿਆ। ਨਾਲੇ ਮਿੱਠੀਆਂ ਪਿਆਰੀਆਂ ਮਾਰ ਮਾਰ ਕੇ ਤਾਂ ਗੁਜਰਾਤੀਆਂ ਨੇ ਪੂਰੇ ਭਾਰਤ ਤੇ ਰਾਜ ਭਾਗ ਕਾਇਮ ਕਰ ਲਿਆ, ਮੈਂ ਕਿਹੜੇ ਬਾਗ ਦੀ ਮੂਲੀ ਸੀ? ਇੱਥੇ ਵੀ ਮੈਂ ਜਜ਼ਬਾਤੀ ਹੋ ਕੇ ਸੰਨ੍ਹ ਵਿਚਾਲੇ ਫਸ ਗਿਆ ਸੀ। ਜਿਉਂ ਹੀ ਪਟੇਲ ਪ੍ਰਵਾਰ ਵਿੱਚ ਵਿਆਹ ਦੀ ਖਬਰ ਪਹੁੰਚੀ ਤਾਂ ਅਗਲਿਆਂ ਨੇ ਵਿਆਂਦੜ ਜੋੜੇ ਨੂੰ ਸਲਾਮੀ ਤੇ ਵਿਚੋਲੇ ਨੂੰ ਮੁੰਦਰੀ ਤੁਰੰਤ ਹੀ ਪਾ ਦਿੱਤੀ। ਪਟੇਲਾਂ ਨੇ ਜੋੜੀ ਨੂੰ ਘਰੋਂ ਕੱਢ ਦਿੱਤਾ ਤੇ ਮੈਨੂੰ ਕੰਮ ਤੋਂ। ਰਾਹੁਲ ਗੋਰਿਆਂ ਦਾ ਘਰ ਜੁਆਈ ਬਣ ਗਿਆ ਤੇ ਘਰ ਗਰਿਸਤੀ ਚਲਾਉਣ ਲਈ ਟੈਕਸੀ ਚਲਾਉਣ ਲੱਗਾ। ਸਾਲ ਕੁ ਦੇ ਵਿੱਚ ਵਿੱਚ ਹੀ ਇਸ਼ਕ ਦਾ ਭੂਤ ਲੱਥਣਾਂ ਸ਼ੁਰੂ ਹੋ ਗਿਆ। ਪੰਜ ਛੇ ਬੈੱਡਰੂਮ ਦੇ ਖੁੱਲ੍ਹੇ ਡੁੱਲੇ ਘਰ ਚ ਰਹਿਣ ਦਾ ਆਦੀ ਰਾਹੁਲ, ਦੋ ਬੈੱਡ ਦੇ ਤੰਗ ਜਿਹੇ ਫਲੈਟ ਵਿੱਚ ਕੈਦ ਹੋ ਗਿਆ। ਗੋਰਿਆਂ ਦਾ ਰਹਿਣ ਸਹਿਣ, ਖਾਣ ਪੀਣ ਸਭ ਕੁਝ ਵੱਖਰਾ।  ਕਦੇ-ਕਦੇ ਸੱਸ, ਸਹੁਰੇ ਜਾਂ ਸਾਲੇ ਨਾਲ ਦਿੱਸ ਐਂਡ ਦੈਟ ਵੀ ਹੋ ਜਾਂਦੀ। ਗੋਰੀ ਦੇ ਤੇਵਰ ਵੀ ਪਹਿਲਾਂ ਵਾਲੇ ਨਾ ਰਹੇ। ਸ਼ਾਇਦ ਉਸਨੇ ਵੀ ਲਾਲਚ ਵੱਸ ਅੱਕ ਚੱਬਿਆ ਸੀ ਕਿ ਅਮੀਰ ਘਰ ਦਾ ਮੁੰਡਾ ਹੈ। ਵੱਡੀਆਂ ਗੱਡੀਆਂ ਤੇ ਘੁੰਮਾਂਗੇ, ਦੁਨੀਆਂ ਦੀ ਸ਼ੈਰ ਕਰਾਂਗੇ,ਨਾਮੀ ਗਰਾਮੀ ਸਟੋਰਾਂ ਤੋਂ ਸ਼ੌਪਿੰਗ ਹੋਵੇਗੀ ਤੇ ਮੌਜਾਂ ਮਾਣਾਂਗੇ। ਪਰ ਕੰਮ ਉਲਟ ਹੋ ਗਿਆ। ਰੱਬ ਦਾ ਲੱਖ ਲੱਖ ਸ਼ੁਕਰ ਕੀਤਾ ਹੋਣਾ ਜਦੋਂ ਨੰਗ ਜੱਟ ਦੀ ਮੁਲਾਹਜ਼ੇਦਾਰੀ ਮਿਹਣੋ ਮਿਹਣੀ ਹੋ ਕੇ ਟੁੱਟੀ ਹੋਵੇਗੀ।
                         ਮਾਛੀਕਿਆਂ ਵਾਲੇ ਇਕਬਾਲ ਕਲੇਰ ਦਾ ਪੱਬ ਸੀ। ਟੈਕਸੀ ਚਲਾਉਂਦਾ ਲੰਘਦਾ ਟੱਪਦਾ ਰਾਹੁਲ, ਕਲੇਰ ਦੇ ਪੱਬ ਤੇ ਰੁਕ ਜਾਂਦਾ ਤੇ ਉਸ ਕੋਲ ਆਪਣੇ ਦੁੱਖੜੇ ਰੋਂਦਾ। ਜਿਸ ਵਿੱਚ ਘਰਵਾਲੀ ਦੇ ਨਾਲ ਗੱਲ ਗੱਲ ਤੇ ਲੜਾਈ ਦਾ ਜ਼ਿਕਰ ਹੁੰਦਾ। ਸੱਸ ਸਹੁਰੇ ਦਾ ਨਫਰਤੀ ਵਤੀਰਾ ਤੇ ਆਪਣੇ ਮਾਪਿਆਂ ਵੱਲੋ ਉਕਾ ਹੀ ਮੁੱਖ ਮੋੜ ਲੈਣਾਂ ਸ਼ਾਮਲ ਹੁੰਦਾ। ਜਦੋਂ ਵੀ ਪੱਬ ਤੇ ਜਾਂਦਾ ਤਾਂ ਆਪਣੀਆਂ ਮੁਸ਼ਕਿਲਾਂ ਦੀ ਚੱਕੀ ਝੋ ਲੈਂਦਾ।ਸ਼ਰਾਬੀ ਹੋਇਆ ਤਾਂ ਬੱਚਿਆਂ ਵਾਂਗ ਰੋਂਦਾ ਤੇ ਆਪਣੇ ਗਲਤ ਫੈਸਲੇ ਤੇ ਪਛਤਾਵਾ ਕਰਦਾ। ਹੋਰਨਾਂ ਯਾਰਾਂ ਦੋਸਤਾਂ ਕੋਲ ਵੀ ਇਹੋ ਰਾਗ ਅਲਾਪਦਾ। ਇਕ ਦਿਨ ਇਕ ਪਾਰਟੀ ਤੇ ਇਕਬਾਲ ਕਲੇਰ ਮਿਲ ਪਿਆ, ਮੈਨੂੰ ਕਹਿੰਦਾ, "ਹੁਣ ਤੱਕ ਤੂੰ ਕਿੰਨੇ ਕੁ ਰਿਸ਼ਤੇ ਕਰਵਾਏ ਆ? ਮੈਂ ਕਿਹਾ ਭਾਜੀ," ਥੋਨੂੰ ਪਤਾ ਹੀ ਆ,ਆਹ ਦੋ ਵਿਆਹ, ਜੋਗੇ ਤੇ ਰਾਹੁਲ ਵਾਲੇ ਤਾਂ ਪ੍ਰੇਮ ਸੰਬੰਧਾਂ ਵਾਲੇ ਸੀ। ਮੈਂ  ਤਾਂ ਹੈਲਪ ਕਰਦੇ-ਕਰਦੇ ਨੇ ਹੀ ਵਿੱਚ ਲੱਤਾਂ ਫਸਾਈਆਂ ਸੀ। ਵੈਸੇ  ਹੋਰ ਮੈਂ ਕਦੇ ਕੋਈ ਰਿਸ਼ਤਾ ਨਹੀਂ ਕਰਵਾਇਆ। ਉਹ ਕਹਿੰਦਾ, "ਚੰਗੀ ਚਾਹੁੰਨਾ ਤਾਂ ਕਰਵਾਈ ਵੀ ਨਾ। ਤੇਰੇ ਦੋ ਰਿਸ਼ਤਿਆਂ ਦਾ ਨਿਚੋੜ ਵੇਖ ਲੈ, ਇੱਕ ਜੇਲ੍ਹ ਚ ਬੈਠਾ ਤੇ ਦੂਜਾ ਫਾਹਾ ਲੈਣ ਨੂੰ ਫਿਰਦਾ।


(ਅਮਰ ਮੀਨੀਆਂ ਗਲਾਸਗੋ 00447868370984)

ਸ਼ੇਰਾ ਸ਼ਰਾਬੀ - ਅਮਰ ਮੀਨੀਆਂ (ਗਲਾਸਗੋ)

ਸ਼ਰਾਬ ਦੇ ਦੋ ਸਟੋਰਾਂ ਤੇ ਅਸੀਂ ਚਾਰ ਪੰਜਾਬੀ ਕੰਮ ਕਰਦੇ ਸੀ। ਕਹਿੰਦੇ ਹੁੰਦੇ ਆ, "ਇਕ ਸੀ ਕਮਲੀ ਤੇ ਦੂਜਾ ਪੈ ਗਈ ਸਿਵਿਆਂ ਦੇ ਰਾਹ, ਇਕ ਤਾਂ ਪੰਜਾਬੀ ਦੂਜਾ ਠੇਕੇ ਘਰ ਪਾ ਲਿਆ। ਸ਼ਾਮ ਅੱਠ ਵਜੇ ਸਟੋਰ ਬੰਦ ਕਰਕੇ, ਬੌਸ ਸਾਨੂੰ ਘਰ ਛੱਡਣ ਜਾਂਦਾ। ਵੱਡੀ ਵੈਨ ਵਿੱਚ ਪਿੱਛੇ ਹੀ ਬੀਅਰਾਂ ਦੀਆਂ ਬੋਤਲਾਂ ਦੇ ਡੱਟ ਖੁੱਲ੍ਹ ਜਾਂਦੇ। ਵੀਰਵਾਰ ਤੇ ਮੰਗਲਵਾਰ ਤੋਂ ਬਿਨਾਂ ਵਹਿਮੀਂ ਬੌਸ ਵੀ ਸਾਡੀ ਮਹਿਫਲ ਚ ਸ਼ਾਮਲ ਹੁੰਦਾ। ਵੱਡਾ ਪਿਆਕੜ ਸੀ, "ਸ਼ੇਰਾ ਸ਼ਰਾਬੀ" ਜਿਸ ਨਾਲ ਸਾਂਝ ਭਿਆਲੀ ਨਿਭਣੀ ਔਖੀ ਸੀ ਤੇ ਮਹੀਨੇ ਕੁ ਬਾਅਦ ਹੀ ਉਸਦਾ ਕੱਟਾ ਵੱਛਾ ਵੰਡ ਦਿੱਤਾ। ਉਹ ਰੋਜ਼ਾਨਾ ਪੂਰੀ ਬੋਤਲ ਤਿੱਤਰ ਮਾਰਕਾ ਨੂੰ ਫੂਕ ਮਾਰ ਦਿੰਦਾ, ਪਾਣੀ ਦੇ ਥਾਂ ਬੀਅਰ ਪਾਉਂਦਾ, ਉਹ ਵੀ ਬੁੱਡਵਾਈਜਰ ਦੇ ਦੋ ਤਿੰਨ ਡੱਬੇ ਹੋ ਜਾਂਦੇ। ਸਾਂਝੇ ਥਾਂ ਉਸਦੀ ਝਾਲ ਝੱਲਣੀ ਮੁਸ਼ਕਿਲ ਸੀ। ਐਤਵਾਰ ਦੀ ਛੁੱਟੀ ਹੁੰਦੀ, ਛੁੱਟੀ ਵਾਲੇ ਦਿਨ ਉਹ ਸਵੇਰੇ ਹੀ ਸ਼ੁਰੂ ਹੋ ਜਾਂਦਾ ਰਾਤ ਤੱਕ ਦੋ ਕੁ ਬੋਤਲਾਂ ਖਾਲੀ ਕਰ ਦਿੰਦਾ, ਸਵੇਰੇ ਉਠ ਕੇ ਬਚੀ ਖੁਚੀ ਖਿੱਚ ਕੇ ਕੰਮ ਤੇ ਤੁਰਦਾ। ਮੈਂ ਦਸ ਵਜੇ ਸਟੋਰ ਖੋਲ੍ਹ ਲੈਦਾ ਤੇ ਸ਼ੇਰਾ ਬਾਰਾਂ ਕੁ ਵਜੇ, ਮੂੰਹ ਦੇ ਬਾਰਾਂ ਵੱਜਿਆਂ ਨਾਲ ਡਿੱਕ ਡੋਲੇ ਖਾਂਦਾ ਕੰਮ ਤੇ ਪਹੁੰਚਦਾ। ਮੂੰਹ ਦੀ ਬਦਬੂ ਨੂੰ ਮਾਉਥਵਾਸ਼ ਤੇ ਚਿੰਗਮਾਂ ਵੀ ਡੱਕਣ ਤੋਂ ਤੌਬਾ ਕਰਦੀਆਂ। ਕੰਮ ਤੇ ਪੀਣ ਦੀ ਮਨਾਹੀ ਸੀ ਪਰ ਸ਼ੇਰਾ ਕੈਮਰੇ ਦੀ ਅੱਖ ਨੂੰ ਝਕਾਨੀ ਦੇਕੇ, ਪਉਆ, ਬੀਅਰ ਦੀ ਕੈਨ ਜਾਂ ਵਾਈਨ ਦੀ ਛੋਟੀ ਬੋਤਲ ਜੇਬ ਚ ਥੁੰਨ ਕੇ ਟੌਲਿਟ ਵਿੱਚ ਵੜ ਜਾਂਦਾ। ਸ਼ਰਾਬ ਚੋਰੀ ਦੀ ਆਦਤ ਕਰਕੇ ਸ਼ੇਰੇ ਨੂੰ ਬਹੁਤ ਥਾਵਾਂ ਤੇ ਕੰਮ ਤੋਂ ਕੱਢ ਦਿੱਤਾ ਗਿਆ। ਜਿੰਨੇ ਕੁ ਪੈਸੇ ਹਫਤੇ ਦੇ ਕਮਾਉਂਦਾ, ਉਸ ਦੇ ਅੱਧ ਤੋਂ ਜਿਆਦਾ ਤਾਂ ਸ਼ਰਾਬ, ਸਿਗਰਟ ਤੇ ਜ਼ਰਦੇ ਤੇ ਖਰਚ ਹੋ ਜਾਂਦੇ ਤੇ ਬਾਕੀ ਘਰ ਦਾ ਕਿਰਾਇਆ ਤੇ ਰੋਟੀ ਪਾਣੀ ਤੇ ਲੱਗ ਜਾਂਦਾ। ਦੋ ਤਿੰਨ ਮਹੀਨੇ ਬਾਅਦ ਦਸ ਪੰਦਰਾਂ ਹਜ਼ਾਰ ਇਧਰੋਂ ਉਧਰੋਂ ਫੜ ਦੜ ਕੇ ਇੰਡੀਆ ਭੇਜ ਦਿੰਦਾ। ਜਿਵੇਂ ਸਾਡੇ ਸਾਧ ਬਾਬੇ ਕਹਿੰਦੇ ਹੁੰਦੇ ਆ ਕਿ, "ਖਾਲੀ ਹੱਥ ਆਇਆ ਸੀ ਬੰਦਿਆ ਖਾਲੀ ਹੱਥ ਜਾਣਾ, ਵਾਂਗੂੰ ਸ਼ੇਰਾ ਵੀ ਇੰਗਲੈਂਡ ਚ ਦਸ ਬਾਰਾਂ ਸਾਲ ਲਾ ਕੇ ਖਾਲੀ ਹੱਥ ਹੀ ਗਿਆ। ਬੱਸ " ਸੰਤਰੇ" ਤੋਂ ਸਕੌਚ ਦਾ ਸਫਰ ਹੀ ਤਹਿ ਕੀਤਾ।
                             ਸਾਡਾ ਵਹਿਮੀਂ ਬੌਸ ਟੇਵੇ ਪੱਤਰੀਆਂ ਤੇ ਬਹੁਤ ਵਿਸ਼ਵਾਸ ਕਰਦਾ ਸੀ। ਉਹ ਰਾਤ ਨੂੰ ਆਏ ਆਪਣੇ ਸੁਪਨੇ ਸਾਨੂੰ ਸੁਣਾਉਂਦਾ ਤੇ ਸਾਥੋਂ ਵੀ ਸੁਣਦਾ, ਫਿਰ ਉਹਨਾਂ ਦੀ ਲੱਤ ਬਾਂਹ ਫੜ ਕੇ, ਊਟ ਪਟਾਂਗ ਕਹਾਣੀਆਂ ਘੜਦਾ।ਪਰ ਸ਼ੇਰਾ ਹਮੇਸ਼ਾ ਇਕ ਹੀ ਸੁਪਨਾ ਸੁਣਾਉਂਦਾ, "ਮੈਂ ਤੁਰਿਆ ਜਾਨਾਂ, ਤੁਰਿਆ ਜਾਨਾਂ, ਜੇਬ ਖਾਲੀ ਤੇ ਸ਼ਰਾਬ ਦੀ ਲੱਗੀ ਤਲਬ । ਅੱਗੇ ਕੀ ਵੇਖਦਾਂ, ਕੋਕ ਵਰਗੇ ਪਾਣੀ ਦੀ ਨਹਿਰ ਵਗੇ, ਨੇੜੇ ਜਾਨਾ ਤਾਂ ਉਹ ਤਾਂ ਵਿਸਕੀ ਦੀ ਨਹਿਰ, ਜਮਾਂ ਆਪਣੀ ਫੇਮਸ ਗਰਾਉਸ ਵਰਗਾ ਰੰਗ। ਗੋਰੇ ਗੋਰੀਆਂ ਜੱਗ ਭਰ ਭਰ ਪੀਈ ਜਾਂਦੇ ਆ। ਹੁਣ ਨਾ ਮੇਰੇ ਕੋਲ ਕੋਈ ਜੱਗ ਨਾ ਗਲਾਸ।ਸੋਚਿਆ ਬਾਪੂ ਹੋਣੀ ਕਹਾਵਤ ਪਾਉਂਦੇ ਹੁੰਦੇ ਸੀ, "ਬੀ ਪਾਣੀ ਓਕ ਦਾ ਤੇ ਸੌਦਾ ਰੋਕ ਦਾ"। ਜਿਉਂ ਹੀ ਮੈਂ ਬੁੱਕ ਭਰਕੇ ਮੂੰਹ ਕੋਲ ਲੈ ਕੇ ਗਿਆ ਤਾਂ ਸਾਲੀ ਪਟੱਕ ਦੇਣੇ ਅੱਖ ਖੁੱਲ੍ਹ ਗਈ"। ਬਾਕੀ ਥਾਵਾਂ ਤੇ ਤਾਂ ਉਹ ਸ਼ਰਾਬ ਦਾ ਕਰਕੇ ਕੰਮ ਤੋਂ ਨਿਕਲਿਆ, ਪਰ ਸਾਡੇ ਭਾਣਾ ਹੋਰ ਵਰਤਿਆ। ਸ਼ੇਰਾ ਸਿਗਰਟ ਪੀਣ ਲਈ ਬਾਹਰ ਗਿਆ, ਜੋ ਅਕਸਰ ਹੀ ਘੰਟੇ ਡੇਢ ਬਾਅਦ ਜਾਂਦਾ ਸੀ। ਦਸ ਕੁ ਮਿੰਟ ਬਾਅਦ ਮੈਨੂੰ ਇਕ ਗੋਰੇ ਨੇ ਦੱਸਿਆ ਕਿ ਬਾਹਰ ਇਕ ਕੁੜੀ ਬੇਹੋਸ਼ ਪਈ ਆ। ਮੈਂ ਜਾਕੇ ਵੇਖਿਆ, ਸਾਡੀ ਗਾਹਕ ਪੱਚੀ ਕੁ ਵਰਿਆਂ ਦੀ ਗੋਰੀ," ਲੀਸਾ" ਡਿੱਗੀ ਹੋਈ ਸੀ। ਲੀਸਾ ਦਾ ਸਾਹ ਚੱਲ ਰਿਹਾ ਸੀ ਤੇ ਉਸਦੇ ਮੂੰਹ ਚੋਂ ਘਸਮੈਲੇ ਜੇ ਰੰਗ ਦੀ ਕੋਈ ਚੀਜ਼ ਨਿਕਲਕੇ ਨੱਕ ਬੁੱਲ ਲਿਬੜੇ ਪਏ ਸਨ। ਮੈਂ ਐਂਬੂਲੈਂਸ ਨੂੰ ਫੋਨ ਕੀਤਾ, ਦੋ ਤਿੰਨ ਮਿੰਟਾਂ ਚ ਹੀ ਉਹ ਉਸਨੂੰ ਚੁੱਕ ਕੇ ਲੈ ਗਏ। ਸਾਰੇ ਕਾਸੇ ਤੋਂ ਵਿਹਲੇ ਹੋ ਕੇ, ਮੈਨੂੰ ਸ਼ੇਰੇ ਦਾ ਖਿਆਲ ਆਇਆ ਕਿ ਉਹ ਤਾਂ ਬਾਹਰ ਸਿਗਰਟ ਪੀਣ ਗਿਆ ਸੀ, ਉਹ ਕਿੱਧਰ ਗਿਆ? ਅੰਦਰ ਬਾਹਰ ਚਾਰ ਚੁਫੇਰੇ ਵੇਖਿਆ, ਕਿਤੇ ਨਹੀਂ ਦਿਸਿਆ। ਉਸਦਾ ਫੋਨ ਮਿਲਾਇਆ ਤਾਂ ਉਹ ਵੀ ਚਾਰਜ ਤੇ ਲੱਗਾ ਮੇਰੇ ਕੋਲ ਹੀ ਖੜਕਿਆ। ਸ਼ਾਮ ਨੂੰ ਕੰਮ ਬਿਜੀ ਹੋ ਜਾਂਦਾ ਸੀ ਤੇ ਇਕੱਲੇ ਬੰਦੇ ਨੂੰ ਸੰਭਾਲਣਾ ਮੁਸ਼ਕਿਲ ਸੀ। ਬੌਸ ਨੂੰ ਫੋਨ ਕਰਕੇ ਦੱਸਿਆ ਤੇ ਉਹ ਕੰਮ ਤੇ ਆ ਗਿਆ।ਕੰਮ ਬੰਦ ਕਰਕੇ, ਅਸੀਂ cctv ਵੇਖਣ ਲੱਗ ਪਏ। ਬਾਹਰਲੇ ਕੈਮਰੇ ਦੀ ਅਵਾਜ਼ ਬੰਦ ਸੀ ਸਿਰਫ ਹਰਕਤਾਂ ਹੀ ਨਜ਼ਰ ਆ ਰਹੀਆਂ ਸਨ। ਸ਼ੇਰਾ ਬਾਹਰ ਖੜ੍ਹਾ, ਸਿਗਰਟ ਪੀ ਰਿਹਾ ਹੈ, ਉਸਦੇ ਕੋਲ ਲੀਸਾ ਆਉੰਦੀ ਹੈ। ਸ਼ਾਇਦ ਉਹ ਉਸ ਤੋਂ ਸਿਗਰਟ ਮੰਗ ਰਹੀ ਸੀ। ਨੌਜਵਾਨ ਕੁੜੀਆਂ ਅਕਸਰ ਹੀ ਸ਼ੇਰੇ ਕੋਲੋਂ ਸੂਟੇ ਲਾ ਜਾਂਦੀਆਂ ਸਨ ਤੇ ਬਦਲੇ ਵਿੱਚ ਉਸਨੂੰ ਜੱਫੀ ਪੱਪੀ ਦੇ ਜਾਂਦੀਆਂ। ਇਹ ਰੋਜ਼ਾਨਾ ਦਾ ਹੀ ਕੰਮ ਸੀ, ਸਾਡੇ ਲਈ ਕੋਈ ਨਵੀਂ ਗੱਲ ਨਹੀਂ ਸੀ। ਲੀਸਾ ਡਰੱਗ ਦੀ ਵੀ ਆਦੀ ਸੀ। ਉਹ ਸ਼ੇਰੇ ਨੂੰ ਭੰਗ ਦੇ ਸੂਟੇ ਵੀ ਲੁਆ ਜਾਂਦੀ ਸੀ। ਸ਼ੇਰੇ ਨੇ ਆਪਣੀ ਸਿਗਰਟ ਲੀਸਾ ਨੂੰ ਦੇ ਦਿੱਤੀ ਤੇ ਆਪ ਜ਼ਰਦਾ ਮਲਣ ਲੱਗ ਪਿਆ। ਅਗਲੇ ਸੀਨ ਵਿੱਚ ਸ਼ੇਰੇ ਦੀ ਕੈਮਰੇ ਵੱਲ ਪਿੱਠ ਹੋ ਗਈ ਤੇ ਇੰਞ ਲੱਗਾ ਕਿ ਜਿਵੇਂ ਉਹ ਲੀਸਾ ਦੀ ਚੁੰਮੀ ਲੈ ਰਿਹਾ ਹੈ। ਉਸੇ ਵੇਲੇ ਹੀ ਲੀਸਾ ਗੇੜੇ ਜੇ ਖਾਂਦੀ ਥੱਲੇ ਡਿੱਗ ਪਈ ਤੇ ਸ਼ੇਰਾ ਅੱਡੀਆਂ ਨੂੰ ਥੁੱਕ ਲਾ ਕੇ ਦੌੜ ਗਿਆ। ਅਸੀਂ ਵਾਰ-ਵਾਰ ਰੀਪੀਟ ਕਰਕੇ ਵੇਖਿਆ ਪਰ ਅਸਲੀਅਤ ਕੋਈ ਸਮਝ ਨਾ ਆਈ। ਸੋਚ ਰਹੇ ਸੀ ਕਿ ਇਸ ਕੰਜਰ ਨੇ ਐਸਾ ਕਿਹੜਾ ਕੋਬਰੇ ਦਾ ਜ਼ਹਿਰ ਉਸਦੇ ਮੂੰਹ ਨੂੰ ਲਾ ਦਿੱਤਾ, ਜਿਹੜੀ ਅੱਖ ਦੇ ਫੋਰੇ ਵਿੱਚ ਧੜੱਮ ਕਰਦੀ ਡਿੱਗ ਪਈ।
                                        ਬੌਸ ਗੁੱਸੇ ਤੇ ਡਰ ਨਾਲ ਕੰਬ ਰਿਹਾ ਸੀ। ਕੱਚੇ ਬੰਦੇ ਨੂੰ ਕੰਮ ਤੇ ਰੱਖਣ ਵਾਲੇ ਨੂੰ ਦਸ ਹਜ਼ਾਰ ਪੌੰਡ ਦਾ ਜ਼ੁਰਮਾਨਾ ਪੈਣ ਦਾ ਕਨੂੰਨ ਪਾਸ ਹੋ ਚੁੱਕਾ ਸੀ। ਜੇ ਕੋਈ ਪੁਲਸ ਕੇਸ ਬਣ ਗਿਆ ਤਾਂ ਉਹ ਵੀ ਕਨੂੰਨੀ ਸ਼ਿਕੰਜੇ ਵਿੱਚ ਫਸ ਸਕਦਾ ਸੀ। ਪਤੰਦਰ ਡ੍ਰਿੰਕ ਡਰਾਇਵ ਦੀ ਪਰਵਾਹ ਕੀਤੇ ਬਿਨਾਂ ਹੀ ਅੱਧੀ ਬੋਤਲ ਖਿੱਚ ਗਿਆ। ਸਵੇਰ ਨੂੰ ਲੀਸਾ ਦੀ ਮਾਂ ਨੇ ਆਕੇ, ਐਬੂਲੈਂਸ ਬੁਲਾਉਣ ਲਈ ਧੰਨਵਾਦ ਕੀਤਾ ਤਾਂ ਮੇਰੀ ਵੀ ਧੜਕਦੀ ਕੌਡੀ ਨੂੰ ਰੋਕ ਲੱਗੀ। ਉਹ ਕਹਿੰਦੀ, "ਹਰਾਮਯਾਦੀ ਕੁੱਤੀ ਡਰੱਗ ਬਹੁਤ ਲੈਣ ਲੱਗ ਪਈ, ਕੱਲ੍ਹ ਵੀ ਡਰੱਗ ਦੀ ਓਵਰਡੋਜ਼ ਨਾਲ ਬੇਹੋਸ਼ ਹੋਈ ਸੀ। ਹੁਣ ਉਹ ਠੀਕ ਹੈ ਤੇ ਉਸ ਨੂੰ (Rehabilitation Centre) ਨਸ਼ਾ ਮੁਕਤ ਕੇਂਦਰ ਚ ਭੇਜ ਦਿੱਤਾ ਹੈ। ਤੀਜੇ ਦਿਨ ਸ਼ੇਰਾ ਕੰਮ ਤੇ ਹਾਜ਼ਰ ਹੋ ਗਿਆ। ਪਰ ਵਿਚਾਰੇ ਦੀ ਬੌਸ ਨੇ ਇਕ ਨਹੀਂ ਸੁਣੀ ਤੇ ਹਫਤੇ ਦੀ ਤਨਖਾਹ ਦੇ ਕੇ ਮੱਥਾ ਟੇਕ ਦਿੱਤਾ। ਰਾਤ ਨੂੰ ਦੋ ਕੁ ਹਾੜੇ ਲਾ ਕੇ ਸ਼ੇਰਾ ਦੱਸ ਰਿਹਾ ਸੀ, "ਯਾਰ ਮੈਂ ਤਾਂ ਸਿਗਟ ਪੀਣ ਗਿਆ ਸੀ, ਉੱਥੇ ਗੋਰੀ ਆ ਗਈ। ਅੱਖਾਂ ਚੜ੍ਹੀਆਂ ਹੋਈਆਂ, ਲੱਗਦਾ ਸੀ ਨਸ਼ੇ ਪੱਤੇ ਪੂਰੇ ਬੁਲੰਦ ਸੀ। ਕਹਿੰਦੀ ਸਿਗਟ ਦੇ, ਮੇਰੇ ਕੋਲ ਇਕ ਹੀ ਸੀ। ਮੈਂ ਦੋ ਕੁ ਲੰਮੇ ਸੂਟੇ ਮਾਰ ਕੇ ਸਿਗਟ ਉਹਨੂੰ ਫੜਾ ਦਿੱਤੀ ਤੇ ਆਪ ਜ਼ਰਦਾ ਮਲਣ ਲੱਗ ਪਿਆ। ਉਹ ਕਹਿੰਦੀ ਇਹ ਕੀ ਆ? ਹੁਣ ਤੈਨੂੰ ਤਾਂ ਪਤਾ ਹੀ ਆ ਆਪਣੀ ਅੰਗਰੇਜ਼ੀ ਬਾਰੇ, ਫਿਰ ਵੀ ਮੈਂ ਕਿਹਾ ਕਿ, ਦਿੱਸ ਇਜ ਈਟਿੰਗ ਤਮਾਂਕੂ। ਉਹ ਕਹਿੰਦੀ ਮੈਨੂੰ ਵੀ ਖੁਆ। ਜਿਹੜਾ ਉਹ ਵਹਿਮੀ ਸਾਹਬ ਆਖੀ ਜਾਂਦਾ ਸੀ ਨਾ ਕਿ ਤੂੰ ਚੁੰਮਣ ਚੱਟਣ ਕਰਦਾ ਸੀ। ਉਹ ਬਾਈ, ਮੈਂ ਤਾਂ ਉਸ ਦਾ ਬੁੱਲ੍ਹ ਖੋਲ੍ਹ ਕੇ ਜ਼ਰਦਾ ਉਹਦੇ ਬੁੱਲ੍ਹਾਂ ਚ ਰੱਖ ਰਿਹਾ ਸੀ। ਪਤਾ ਨਹੀਂ ਤਾਂ ਸਾਲੀ ਅੰਦਰ ਲੰਘਾ ਗਈ ਜਾਂ ਕੁੱਝ  ਹੋਰ ਹੋਇਆ, ਬੱਸ ਮੇਰੇ ਹੱਥਾਂ ਚ ਹੀ ਲੁੜਕ ਗਈ।

ਕੌੜਤੁੰਮੇ ਵਰਗਾ "ਮਿੱਠਾ" ਸੱਚ - ਅਮਰ ਮੀਨੀਆਂ (ਗਲਾਸਗੋ)

ਖ਼ਬਰਦਾਰ! ਕਵਿਤਾ ਹੱਥਕੜੀ ਵੀ ਲੁਆ ਦਿੰਦੀ ਐ।

ਇੰਗਲੈਂਡ ਦੇ ਮਸ਼ਹੂਰ ਸ਼ਹਿਰ ਦਾ ਇੱਕ ਕਵੀ, ਜੋ ਆਪਣੇ ਆਪ ਨੂੰ ਮਿਰਜ਼ਾ ਗਾਲਿਬ ਹੀ ਸਮਝਦਾ ਸੀ। ਇੰਗਲੈਂਡ ਦੇ ਪੰਜਾਬੀ ਪੇਪਰਾਂ ਵਿੱਚ ਵੀ ਕਦੇ-ਕਦੇ ਉਹਦੀਆਂ ਕਵਿਤਾਵਾਂ ਛਪਦੀਆਂ। ਪੱਲਿਉਂ ਪੰਜ ਸੱਤ ਲੱਖ ਖਰਚ ਕੇ ਦੋ ਤਿੰਨ ਕਿਤਾਬਾਂ ਵੀ ਛਪਵਾਈਆਂ ਪਰ ਖਰੀਦੀਆਂ ਕਿਸੇ ਨੇ ਵੀ ਨਹੀਂ। ਵਿਚਾਰੇ ਨੇ ਆਪ ਹੀ "ਪ੍ਰੇਮ ਸਹਿਤ ਭੇਟ" ਤੇ ਥੱਲੇ ਆਪਣੇ ਦਸਤਖਤ ਕਰਕੇ ਲੋਕਾਂ ਨੂੰ ਧੱਕੇ ਨਾਲ ਮੁਫ਼ਤ ਵਿੱਚ ਵੰਡੀਆਂ। ਦੋ ਕਿਤਾਬਾਂ ਮੇਰੀ ਘਰੇਲੂ ਲਾਇਬਰੇਰੀ ਦਾ ਵੀ ਥਾਂ ਰੋਕੀ ਬੈਠੀਆਂ ਹਨ। ਕਵੀ ਸਾਹਿਬ ਨੇ ਇਹ ਕਿਤਾਬਾਂ ਚੰਡੀਗੜੀਏ ਮੋਹਰ ਸਿੰਘ ਨੂੰ ਦਿੱਤੀਆਂ ਸਨ। ਉਸਨੇ ਤਿੰਨ ਚਾਰ ਪੌਡ ਡਾਕ ਖਰਚਾ ਭਰਕੇ, ਸਾਊਥਾਲ ਤੋਂ ਗਲਾਸਗੋ ਪੋਸਟ ਕਰ ਦਿੱਤੀਆਂ। ਕਵੀ ਸਾਹਿਬ ਜਦੋਂ ਵੀ ਘਰੋਂ ਬਾਹਰ ਨਿਕਲਦੇ ਤਾਂ ਆਪਣੀ ਕਵਿਤਾਵਾਂ ਵਾਲੀ ਕਾਪੀ ਕਦੇ ਵੀ ਨਾ ਭੁੱਲਦੇ, ਕੋਟ ਦੀ ਅੰਦਰਲੀ ਜੇਬ ਵਿੱਚ ਕਾਪੀ ਹਮੇਸ਼ਾ ਪਾਈ ਹੁੰਦੀ। ਜਿਹੜਾ ਵੀ ਰਸਤੇ ਵਿੱਚ ਜਾਣਕਾਰ ਜਾਂ ਮੇਰੇ ਵਰਗਾ ਪਗੜੀਧਾਰੀ ਮਿਲ ਜਾਂਦਾ ਤਾਂ ਨਵੀਂ ਲਿਖੀ ਕਵਿਤਾ ਧੱਕੇ ਨਾਲ ਸੁਣਾਉਂਦੇ। ਇੱਕ ਕਵਿਤਾ ਖਤਮ ਹੋਣ 'ਤੇ ਜਦੋਂ ਤੁਸੀਂ ਵਾਹ ਵਾਹ ਕਿਹਾ ਤਾਂ ਨਾਲ ਹੀ ਅਗਲੀ ਸ਼ੁਰੂ ਹੋ ਜਾਂਦੀ। ਘੱਟੋ-ਘੱਟ ਚਾਰ ਪੰਜ ਕਵਿਤਾਵਾਂ ਸੁਣਨ ਤੋਂ ਬਿਨਾਂ ਖਹਿੜਾ ਛੁੱਟਣਾ ਮੁਸ਼ਕਿਲ ਸੀ। ਜਾਣਕਾਰ ਲੋਕ ਤਾਂ ਦੂਰੋਂ ਹੀ ਵੇਖ ਕੇ ਪਾਸੇ ਹੋ ਜਾਂਦੇ। ਇੱਥੋਂ ਦੀ ਤੇਜ ਤਰਾਰ ਜਿੰਦਗੀ ਵਿੱਚ ਵਿਹਲਾ ਵਕਤ ਹੁੰਦਾ ਹੀ ਨਹੀਂ। ਕਵੀ ਦੇ ਜਿਆਦਾਤਾਰ ਸ਼ਿਕਾਰ ਮੇਰੇ ਵਰਗੇ ਪੰਜਾਬ ਤੋਂ ਆਏ, ਕੰਮ ਦੇ ਭਾਲੂ ਹੁੰਦੇ ਜਾਂ ਗੁਰਦੁਆਰੇ ਦੇ ਭਾਈ ਬਣਦੇ। ਕਿਉਂਕਿ ਕਵੀ ਸਾਹਿਬ ਦਾ ਸਾਰੇ ਸ਼ਹਿਰ ਦੇ ਕੌਲੇ ਕੱਛਣ ਤੋਂ ਬਾਅਦ ਆਖਰੀ ਪੜਾਅ ਗੁਰੂ ਘਰ ਹੀ ਹੁੰਦਾ, ਚਾਹ ਪਾਣੀ ਲੰਗਰ ਵੀ ਛਕ ਲੈਂਦਾ ਤੇ ਆਪਣੀਆਂ ਕਵਿਤਾਵਾਂ ਸੁਣਾਉਣ ਦੀ ਲਲਕ ਵੀ ਪੂਰੀ ਕਰਦਾ। ਭਾਈਆਂ ਦੇ ਆਪਣੇ ਮਤਲਬ ਹੁੰਦੇ, ਨਿੱਕੇ ਮੋਟੇ ਕੰਮਾਂ ਕਾਰਾਂ ਵਿੱਚ ਇੰਗਲਿਸ਼ ਦੀ ਮੁਸ਼ਕਿਲ ਪੈਂਦੀ ਤਾਂ ਕਵੀ ਜੀ ਮੱਦਦ ਕਰਦੇ। ਦੂਰ ਨੇੜੇ ਆਉਣ ਜਾਣ ਵੇਲੇ ਕਵੀ ਜੀ ਗੱਡੀ 'ਤੇ ਲੈ ਜਾਂਦੇ। ਇਸ ਮਜ਼ਬੂਰੀ ਵੱਸ ਉਹ ਵਿਚਾਰੇ ਕਵਿਤਾਈ ਅੱਤਿਆਚਾਰ ਬਰਦਾਸ਼ਤ ਕਰਦੇ।
               ਗੁਰਦੁਆਰੇ ਅਖੰਡ ਪਾਠ ਚੱਲ ਰਿਹਾ ਸੀ ਤੇ ਭਾਈ ਕੇਵਲ ਸਿੰਘ ਨੇ ਬਾਰਾਂ ਵਜੇ ਰੌਲ 'ਤੇ ਬੈਠਣਾ ਸੀ। ਵੀਹ ਕੁ ਮਿੰਟ ਰਹਿੰਦੇ ਸੀ ਬਾਰਾਂ ਵੱਜਣ ਵਿੱਚ, ਇੰਡੀਆ ਫੋਨ ਕਰਨਾ ਸੀ ਪਰ ਇੰਟਰਨੈਸ਼ਨਲ ਕਾਲਿੰਗ ਕਾਰਡ ਖਤਮ ਹੋ ਗਿਆ। ਉਸਨੇ ਸੋਚਿਆ ਬਾਰਾਂ ਤੋਂ ਪਹਿਲਾਂ ਪਹਿਲਾਂ ਨੇੜੇ ਦੀ ਦੁਕਾਨ ਤੋਂ ਕਾਰਡ ਲੈ ਆਵਾਂ। ਉਹ ਪਰਨਾ ਲਪੇਟ ਕੇ ਤੁਰ ਪਿਆ। ਕਾਰਡ ਕਾਹਨੂੰ, ਉਹ ਤਾਂ ਮੁਸੀਬਤ ਖਰੀਦਣ ਤੁਰ ਪਿਆ ਸੀ। ਜਿਉਂ ਹੀ ਉਹ ਬਾਹਰ ਨਿਕਲਕੇ ਮੇਨ ਰੋਡ ਦੇ ਫੁੱਟਪਾਥ ਤੇ ਚੜਿਆ। ਤਾਂ ਦੂਰੋਂ ਉਹਦੇ ਵੱਲ ਨੂੰ ਕਵੀ ਤੁਰਿਆ ਆਵੇ। ਭਾਈ ਨੇ ਸੋਚਿਆ ਜੇ ਇਹਦੇ ਅੜਿੱਕੇ ਆ ਗਿਆ ਤਾਂ ਰੌਲ ਤੋਂ ਲੇਟ ਹੋਉਂ, ਇਸ ਲਈ ਬਚਾਉ ਵਿੱਚ ਹੀ ਬਚਾਓ ਆ। ਉਹ ਕੋਡਾ ਜਿਆ ਹੋ ਕੇ ਸ਼ੜਕ 'ਤੇ ਪਾਰਕ ਕੀਤੀਆਂ ਗੱਡੀਆਂ ਦੇ ਉਹਲੇ ਛੁਪ ਗਿਆ। ਜਿਵੇਂ ਜਿਵੇਂ ਕਵੀ ਤੁਰਿਆ ਜਾਵੇ ਉਹ ਕੋਡਾ ਕੋਡਾ ਅੱਗੇ ਹੋਈ ਜਾਵੇ। ਅਚਾਨਕ ਕਵੀ ਰੁੱਕ ਗਿਆ, ਜਿਵੇਂ ਕੋਈ ਚੀਜ਼ ਯਾਦ ਆਈ ਹੋਵੇ ਘੁੰਮਿਆ ਤੇ ਜਿੱਧਰੋਂ ਆ ਰਿਹਾ ਸੀ ਉਸੇ ਪਾਸੇ ਵਾਪਸ ਮੁੜ ਪਿਆ। ਉਧਰ ਭਾਈ ਨੇ ਵੀ ਗੱਡੀਆਂ ਦੇ ਹੈਂਡਲਾਂ ਨੂੰ ਫੜ ਫੜ ਕੇ ਕੋਡੇ ਢੂਹੀ ਬੈਕ ਗੇਅਰ ਪਾ ਲਿਆ। ਪਰ ਮਾੜੀ ਕਿਸਮਤ ਭਾਈ ਜੀ ਦੀ, ਪਿਛਲੇ ਮਹੀਨੇ ਡੇਢ ਮਹੀਨੇ ਤੋਂ ਇਸ ਇਲਾਕੇ ਵਿੱਚ ਗੱਡੀਆਂ ਚੋਰੀ ਦੀਆਂ ਬਹੁਤ ਵਾਰਦਾਤਾਂ ਹੋ ਚੁੱਕੀਆਂ ਸਨ। ਇਸ ਕਰਕੇ ਪੁਲਸ ਚੌਕਸੀ ਵਧਾ ਦਿੱਤੀ ਸੀ। ਭਾਈ ਕੇਵਲ ਸਿੰਘ ਦੀ ਹਰਕਤ ਨੂੰ ਦੂਰ ਖੜ੍ਹੀ ਪੁਲਿਸ ਵੇਖ ਰਹੀ ਸੀ। ਕਵੀ ਤਾਂ ਚਲਾ ਗਿਆ ਪਰ ਪੁਲਸ ਨੇ ਕੇਵਲ ਸਿੰਘ ਨੂੰ ਖੜ੍ਹਾ ਹੀ ਨਹੀਂ ਹੋਣ ਦਿੱਤਾ, ਮੂਧਾ ਪਾ ਕੇ ਹੱਥਕੜੀ ਠੋਕ ਦਿੱਤੀ। ਖੀਸੇ 'ਚ ਹੱਥ ਮਾਰਿਆ ਤਾਂ ਗੁਰਦੁਆਰੇ ਦੇ ਵੱਖ ਵੱਖ ਕਮਰਿਆਂ ਦੀਆਂ ਵੀਹ ਪੱਚੀ ਚਾਬੀਆਂ ਦਾ ਗੁੱਛਾ ਨਿੱਕਲ ਆਇਆ। ਪੁਲਸ ਦਾ ਸ਼ੱਕ ਯਕੀਨੀ ਬਣ ਗਿਆ। ਅੰਗਰੇਜ਼ੀ ਵੱਲੋਂ ਹੱਥ ਪੂਰਾ ਈ ਤੰਗ, ਪੁੱਛਣ 'ਤੇ ਜਵਾਬ ਬਣੇ ਹੀ ਨਾ, "ਮੀ ਗ੍ਰੰਥੀ, ਹੀ ਕਵੀ"ਆਖੀ ਜਾਵੇ। ਕਵਿਤਾ, ਕਵ,ੀ ਗ੍ਰੰਥੀ ਦਾ ਭੰਬਲਭੂਸਾ ਪੁਲਸ ਨੂੰ ਕੀ ਸਮਝ ਆਉਣਾ ਸੀ? ਉਹਨਾਂ ਨੇ ਠਾਣੇ ਲਿਜਾ ਕੇ ਹਵਾਲਾਤ ਵਿੱਚ ਬੰਦ ਕਰ ਦਿੱਤਾ। ਦੋ ਕੁ ਘੰਟਿਆਂ ਬਾਅਦ ਪੰਜਾਬੀ ਇੰਟਰਪਰੇਟਰ ਆਇਆ। ਕੇਵਲ ਸਿੰਘ ਆਪਣੀ ਕਹਾਣੀ ਦੱਸੀ ਗਿਆ ਤੇ ਇੰਟਰਪਰੇਟਰ ਮੁਸਕੜੀਏਂ ਹੱਸੀ ਗਿਆ ਕਿਉਂਕਿ ਉਹ ਵੀ ਉਸੇ ਕਵੀ ਦੀ ਕਵਿਤਾ ਦਾ ਕਈ ਵਾਰ ਜ਼ੁਲਮ ਝੱਲ ਚੁੱਕਾ ਸੀ। ਪੁਲਿਸ ਅਫਸ਼ਰ ਨੇ ਭਾਈ ਜੀ ਤੋਂ ਮੁਆਫੀ ਮੰਗੀ ਤੇ ਪੁਲਸ ਕੇਵਲ ਸਿੰਘ ਨੂੰ ਗੁਰੂਦੁਆਰਾ ਸਾਹਿਬ ਵਾਪਸ ਛੱਡ ਕੇ ਗਈ। ਹੁਣ ਗੁਰੂ ਘਰ ਦੇ ਬਾਹਰ ਲੱਗੇ ਨਿਸ਼ਾਨ ਸਾਹਿਬ ਕੋਲ ਹੱਥ ਬੰਨ੍ਹ ਖੜਾ ਕੇਵਲ ਸਿੰਘ ਗਿਲਾ ਕਰ ਰਿਹਾ ਸੀ ਕਿ ਦਾਤਿਆ ਧੰਨ ਨੇ ਤੇਰੇ ਰੰਗ, ਪੰਜਾਬ ਵਿੱਚ ਮੈਂ ਤਾਂ ਕੀ ਮੇਰੇ ਪਿਉ ਦਾਦੇ ਨੇ ਕਦੇ ਠਾਣੇ ਦੀ ਦੇਹਲੀ ਨੀ ਸੀ ਟੱਪੀ ਤੇ ਵਲੈਤ ਆਕੇ ਹੱਥਕੜੀਆਂ ਵੀ ਲੱਗ ਗਈਆਂ ਤੇ ਹਵਾਲਾਤ ਵੀ ਵਿਖਾ ਤੀ। ਉਹ ਵੀ ਇਕ ਕਵਿਤਾ ਨੇ?