Amarjit Singh Sidhu

ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਲਿਖਣੇ ਛੱਡ ਰੁਮਾਂਟਿਕ ਨਗਮੇ

ਲਿਖਣਾ ਹੈ ਲਿਖ ਪਾਏਦਾਰ।

ਧਰਮਾ ਦੇ ਨਾਮ ਕਿਉਂ ਲੜਾਵੇ

ਲੋਕਾਂ ਨੂੰ ਦੱਸ ਇਹ ਸਰਕਾਰ।ਪਾਣੀ ਦੂਸ਼ਿਤ ਵਾਅ ਜਹਿਰੀਲੀ

ਕਰਨਾ ਕੁਦਰਤ ਨਾਲ ਮਜਾਕ,

ਬੰਦੇ ਨੂੰ ਪੁੱਛ ਕਿਸ ਦੇ ਕੋਲੋਂ

ਪਾਏ ਹਨ ਤੂੰ ਇਹ ਅਧਿਕਾਰ।ਲੋਕਾਂ ਅੰਦਰ ਪਣਪ ਰਹੀ ਜੋ

ਹੈ ਕਿਹੜੀ ਇਹ ਅਦਭੁਤ ਸੋਚ,

ਖੁਸ਼ ਹੋਵਣ ਜੋ ਆਪਣਿਆਂ ਨੂੰ

ਕਰਕੇ ਉਹ ਖੱਜਲ ਖੁਆਰ।ਬੰਦਾ ਹੈ ਬੰਦੇ ਦੀ ਦਾਰੂ

ਇਹ ਹੀ ਆਖਣ ਸਾਰੇ ਲੋਕ,

ਕਿਉਂ ਡਰਦਾ ਏਂ ਖੁਲ ਕੇ ਲਿਖ ਤੂੰ
ਮਰਦਾਂ ਵਾਗੂੰ ਸੱਚ ਵਿਚਾਰ।ਭਾਈ ਭਾਈ ਨੂੰ ਆਪਸ ਵਿਚ

ਅੱਡ ਕਰਨ ਸਿੱਧੂ ਉਹ ਲੋਕ,

ਖ਼ਤਮ ਕਰਨ ਖਾਤਰ ਦੋਹਾਂ ਨੂੰ

ਵੇਚਣਗੇ ਜੋ ਖੁਦ ਹਥਿਆਰ।

ਬਲਦੇ ਸਿਵਿਆਂ ਦਾ ਸੇਕ - ਅਮਰਜੀਤ ਸਿੰਘ ਸਿੱਧੂ

ਕਿੰਨਾ ਸੌਖਾ ਸ਼ਬਦ ਲਗਦਾ
ਕਿਸੇ ਨੂੰ ਇਹ ਆਖਣਾ।
ਕਿ ਭੁਲ ਜਾਵੋ ਤੁਸੀਂ
ਆਪਣੇ ਬੀਤੇ ਦੀ ਦਾਸਤਾਂ।

ਕਿਵੇਂ ਕਿਸੇ ਮਾਂ ਤੋਂ ਉਹ
ਜਾਊ ਦਰਦ ਭੁਲਾਇਆ।
ਜਿਸ ਦੇ ਜਿਗਰ ਦਾ ਟੁਕੜਾ
ਖੇਤ ਗਿਆ, ਬਜਾਰ ਗਿਆ
ਡਿਉਟੀ ਤੇ ਗਿਆ
ਮੁੜ ਘਰ ਨਾ ਆਇਆ।
ਜਿਸ ਨੂੰ ਫੜ ਕੇ ਜਾਲਮਾਂ
ਨੇ ਮਾਰ ਮੁਕਾਇਆ।
ਲਾਵਾਰਿਸ ਲਾਸ਼ ਆਖਕੇ
ਗਿਆ ਹੋਵੇ ਜਲਾਇਆ।
ਅਖਬਾਰ ਵਿਚ ਮਰੇ ਦਾ
ਜਦ ਫੋਟੋ ਹੋਵੇ ਆਇਆ।
ਕਿਵੇਂ ਜਾਊ ਉਹ ਮਾਂ ਤੋਂ
ਦੱਸੋ ਭੁਲਾਇਆ।

ਤਲੀਆਂ ਤੇ ਲੱਗੀ ਹੋਈ
ਸ਼ਗਨਾਂ ਦੀ ਮਹਿੰਦੀ
ਤੇ ਮਾਂਗ ਵਿੱਚ ਪਏ
ਸੱਜਰੇ ਸੰਧੂਰ ਦਾ ਰੰਗ
ਫਿੱਕਾ ਪੈਣ ਤੋਂ ਪਹਿਲਾਂ
ਸਿਰ ਤੇ ਲਈ ਚੁੰਨੀ ਦਾ
ਰੰਗ ਕਰ ਦਿੱਤਾ ਜਾਵੇ
ਗੁਲਾਬੀ ਤੋਂ ਚਿੱਟਾ।
ਬਚਪਨ ਤੋਂ ਲੈ ਕੇ
ਜਵਾਨੀ ਤੱਕ ਸਿਰਜੇ
ਸੁਨਿਹਰੀ ਸੁਪਨਿਆਂ ਦੀ ਸੇਜ
ਅੱਗ ਦੀ ਜੋ ਭੇਟ ਚੜ੍ਹ ਜਾਵੇ,
ਆਪਣੇ ਸੁਹਾਗ ਨੂੰ ਉਹ
ਦੱਸੋ ਫਿਰ ਕਿਵੇ ਭੁਲਾਵੇ।

ਉਹ ਬਾਪੂ
ਜਿਸਦੀ ਨੌਜਵਾਨ ਧੀ ਦੀ ਆਬਰੂ
ਹਕੂਮਤ ਦੇ ਇਸ਼ਾਰੇ ਤੇ
ਹਾਕਮਾਂ ਦੇ ਪਾਲੇ ਦੱਲਿਆਂ ਹੱਥੋਂ ਅੱਖਾਂ ਦੇ ਸਾਹਮਣੇ
ਤਾਰ ਤਾਰ ਹੋ ਜਾਵੇ।
ਬੇਬੱਸ ਹੋਇਆ ਬਾਪੂ
ਖੂਨ ਦੇ ਹੰਝੂ ਵਹਾਵੇ।
ਜਦ ਉਹ ਦ੍ਰਿਸ਼
ਯਾਦ ਵਿੱਚ ਆਵੇ।
ਪੈਰਾਂ ਵਿੱਚ ਰੁਲੀ ਆਪਣੀ ਪੱਗ
ਦੱਸੋ ਉਹ ਕਿਵੇ ਭੁਲ ਜਾਵੇ।

ਉਹ ਭੈਣ
ਜੀਹਨੇ ਰੱਬ ਅੱਗੇ
ਪੱਲਾ ਅੱਡ ਕੇ ਕਿਹਾ ਸੀ।
ਇੱਕ ਵੀਰ ਦੇਈਂ ਵੇ ਰੱਬਾ
ਸੌਹ ਖਾਣ ਨੂੰ ਕਰੇ ਬੜਾ ਜੀਅ।
ਹੁਣ ਜਦ ਉਹ ਵੀਰ
ਨੌਕਰੀ ਤੇ ਗਿਆ
ਮੁੜ ਘਰ ਨਾਂ ਆਇਆ।
ਰਿਸ਼ਵਤ ਖੋਰਾਂ ਫੀਤੀਆਂ ਦੇ ਭੁੱਖਿਆਂ
ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਅੱਜ ਤੱਕ ਜਿਸ ਦਾ
ਖੁਰਾ ਖੋਜ ਨਹੀਂ ਥਿਆਇਆ।
ਰੱਖੜੀ ਦੇ ਦਿਨ ਬੈਠੀ ਭੈਣ
ਯਾਦਾਂ ਦੇ ਹੰਝੂ ਵਹਾਵੇ।
ਮਾਂ ਜਾਏ ਦੀ ਯਾਦ ਨੂੰ
ਦੱਸੋ ਉਹ ਕਿਵੇਂ ਭੁਲ ਜਾਵੇ।

ਉਹ ਗੱਭਰੂ
ਜੀਹਨੇ ਬਚਪਨ ਚ ਅੱਖੀਂ  ਦੇਖਿਆ
ਸੜਦਾ ਆਪਣਾ ਭਵਿੱਖ।
ਜੀਹਦੇ ਗਲ ਵਿੱਚ ਬਲਦਾ ਟਾਇਰ ਪਾ ਕੇ।
ਕੋਹਿਆ ਗਿਆ ਹੋਵੇ ਅੱਧ ਸੜੇ ਨੂੰ
ਸ਼ਬਦਾਂ ਦੀਆਂ ਆਰਾਂ ਲਗਾਕੇ।
ਫਿਰ ਤੜਫਦੇ ਨੂੰ ਸਿਟਿਆ ਗਿਆ ਹੋਵੇ
ਸੀਵਰੇਜ ਦੇ ਗਟਰ ਚ ਲਿਜਾਕੇ।
ਦੱਸੋ ਉਹ ਕਿਵੇਂ ਬੈਠ ਜਾਵੇ
ਬਾਪੂ ਦੀ ਯਾਦ ਨੂੰ ਭੁਲਾਕੇ ।

ਦੱਸੋ ਉਹ ਕਿਵੇਂ ਭੁਲ ਜਾਣ
ਜਿਨ੍ਹਾਂ ਪਿੰਡੇ ਤੇ ਹੰਢਾਇਆ ਹੋਵੇ
ਦੋਜਕ ਭਰਿਆ ਸਮਾਂ।
ਜਿਨ੍ਹਾਂ ਅੱਖਾਂ ਨੇ ਵੇਖਿਆ ਹੋਵੇ
ਮੌਤ ਦਾ ਤਾਂਡਵ ਨਾਚ।
ਕੁੱਤਿਆਂ ਤੇ ਗਿਰਝਾਂ ਨੂੰ ਵੇਖਿਆ
ਖਾਂਦੇ ਮਨੁੱਖਤਾ ਦਾ ਮਾਸ।
ਮਨ ਵਿੱਚ ਚਸਕਦੇ
ਯਾਦਾਂ ਦੇ ਨਸੂਰ ਉਤੇ! ਦੱਸੋ
ਇਨ੍ਹਾਂ ਸ਼ਬਦਾਂ ਦੀ ਮੱਲਮ ਲਾਵੇ।
ਜੋ ਅੱਜ ਵੀ ਨਸ਼ਤਰ ਚਲਾ ਕੇ
ਜਖਮਾਂ ਵਿਚ ਲੂਣ ਪਾ ਕੇ
ਜਖਮਾਂ ਨੂੰ ਰਸਣ ਲਾਵੇ।

ਕਈ ਮੈਂ ਪੁੱਛ ਸਕਦਾਂ!
ਨੇਤਾ ਅਖਵਾਉਦੇ
ਇਨ੍ਹਾਂ ਝੂਠੇ ਮਕਾਰਾਂ ਨੂੰ।
ਮਖੌਟੇ ਪਹਿਨੀ ਬੈਠੀਆਂ
ਧੋਖੇਬਾਜ਼ ਸਰਕਾਰਾਂ ਨੂੰ।
ਇਨ੍ਹਾਂ ਦੇ ਪਾਲਤੂ
ਗੁੰਡੇ ਬਦਕਾਰਾਂ ਨੂੰ।
ਜੇ ਉਪਰੋਕਤ ਵਰਤਾਰਾ
ਝਲਦੇ ਤੁਸੀਂ ਜਾਂ ਤੁਹਾਡਾ ਭਾਈਚਾਰਾ।
ਕੀ ਤੁਸੀਂ ਭੁਲ ਜਾਂਦੇ
ਦਿਲਾਂ ਵਿੱਚ ਬਲਦੇ ਸਿਵਿਆਂ ਦਾ ਸੇਕ।

ਕਿੰਨਾ ਸੌਖਾ ਸ਼ਬਦ ਲਗਦਾ ਹੈ
ਕਿਸੇ ਨੂੰ ਇਹ ਆਖਣਾ।
ਭੁਲ ਜਾਵੋ ਤਸੀਂ
ਆਪਣੇ ਬੀਤੇ ਦੀ ਦਾਸਤਾਂ।

ਅਮਰਜੀਤ ਸਿੰਘ ਸਿੱਧੂ
004917664197996

ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਜਦ ਵੀ ਆਵੇਂ ਤੂੰ ਤੇਜੀ ਵਿਚ ਆਉਂਦਾ ਹੈੰ।
ਆ ਕੇ ਮੇਰੇ ਦਿਲ ਦਾ ਚੈਨ ਚੁਰਾਉਂਦਾ ਹੈਂ।

ਕਿਹੜੀ ਗਲਤੀ  ਮੇਰੇ ਕੋਲੋਂ ਹੋਈ ਹੈ,
ਉਂਗਲਾਂ 'ਤੇ ਜਿਸ ਕਾਰਨ ਢੇਰ ਨਚਾਉਂਦਾ ਹੈ।

ਬਣਕੇ ਬੂੰਦ ਸਵਾਤੀ ਵਰ੍ਹ ਜਾ ਤੂੰ ਯਾਰਾ,
ਵਾਂਗ ਪਪੀਹੇ ਦੇ ਕਾਹਤੋਂ ਤੜਪਾਉਂਦਾ ਹੈਂ ।

ਨੈਣਾਂ ਦਾ ਲੈ ਖਾਲੀ ਕਾਸਾ ਬੈਠੀ ਹਾਂ,
ਖਬਰੇ ਤੂੰ ਕਦ ਆ ਕੇ ਦਰਸ ਵਿਖਾਉਂਦਾ ਹੈ।

ਵਾਧਾ ਘਾਟਾ ਜੇ ਕਰ ਪਿਆਰ 'ਚ ਹੈ ਹੋਇਆ,
ਬਾਤ-ਬਤੰਗੜ ਵਾਲੀ ਗੱਲ ਬਣਾਉਂਦਾ ਹੈਂ।

ਜੇ ਅਣਜਾਣੇ ਦੇ ਵਿਚ ਗਲਤੀ ਹੋਈ ਹੈ,
'ਸਿੱਧੂ' ਉਸ ਦੀ ਕਾਹਦੀ ਮਾਫੀ  ਚਾਹੁੰਦਾ ਹੈਂ।

ਗ਼ਜ਼ਲ - ਅਮਰਜੀਤ ਸਿੰਘ ਸਿੱਧੂ

ਕੋਈ ਐਸਾ ਗੀਤ ਸੁਣਾ ਜੇ ਤੂੰ ਸ਼ਾਇਰ ਏਂ।
ਰੋਂਦੀ ਜਨਤਾ ਹੱਸਣ ਲਾ ਜੇ ਤੂੰ ਸ਼ਾਇਰ ਏਂ।

ਮਿਰਜਾ  ਸੱਸੀ  ਸ਼ੀਰੀ  ਹੁਣ ਤਾਂਈ ਗਾਏ ਨੇ,
ਆ ਲੋਕਾਂ ਦਾ ਦਰਦ ਸੁਣਾ ਜੇ ਤੂੰ ਸ਼ਾਇਰ ਏਂ।

ਝੁਕ ਝੁਕ ਕਰਨ ਸਲਾਮਾਂ ਸਾਰੇ ਹੀ ਚੜਦੇ ਨੂੰ,
ਉਠ ਢੱਲਦੇ ਤਾਂਈ ਗਲ ਲਾ ਜੇ ਤੂੰ ਸ਼ਾਇਰ ਏਂ।

ਖੋਹੇ  ਜਾਵਣ  ਅੱਖਾਂ  ਸਾਹਮਣੇ  ਹੱਕ  ਜਦੋ,
ਚੱੜ੍ਹ  ਕੋਠੇ 'ਤੇ ਰੌਲਾ ਪਾ  ਜੇ ਤੂੰ ਸ਼ਾਇਰ ਏਂ।

ਲੋਕਾਂ ਉੱਤੇ ਹੁੰਦਾ ਜਦ  ਜ਼ਬਰ ਜ਼ੁਲਮ ਅਨਿਆਂ,
ਕਾਨੀ  ਨੂੰ ਤਲਵਾਰ  ਬਣਾ  ਜੇ  ਤੂੰ ਸ਼ਾਇਰ ਏ।਼

ਜਦ  ਮਜਬੂਰੀ  ਖਾਤਰ  ਲੋਕ ਨਿਗਲ ਦੇ ਮੱਖੀ,
ਮੱਥਾ  ਨਾਲ  ਜਬਰ ਦੇ ਲਾ  ਜੇ ਤੂੰ  ਸਾਇਰ ਏ਼।

ਫਾਹੇ  ਲੈਂਦੇ  ਮਜਦੂਰ  ਕਿਸਾਨਾਂ  ਦੀ  ਖਾਤਰ,
ਧਿਰ ਬਣ ਕੇ ਸਾਹਮਣੇ ਆ ਜੇ ਤੂੰ ਸ਼ਾਇੱਰ ਏ਼।

ਖਤਮ ਕਰਨ ਜੋ ਨਫਰਤ ਨੂੰਂ ਬੀ ਐਸੇ ਬੀਜਣ,
ਸਿੱਧੂ  ਲੋਕਾਂ  ਨੂੰ  ਸਮਝਾ  ਜੇ ਤੂੰ ਸ਼ਾਇਰ ਏਂ।

ਅਮਰਜੀਤ ਸਿੰਘ ਸਿੱਧੂ
004917664197996