ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਦੋ ਪਲ ਬਹਿ ਆ ਬਾਤਾਂ ਪਾਈਏ।
ਇਕ ਦੂਜੇ ਦਾ ਦਰਦ ਘਟਾਈਏ।
ਦਿਲ ਦੇ ਮਾਰੂਥਲ ਅੰਦਰ ਕੋਈ,
ਆਸਾ ਵਾਲਾ ਮੀਂਹ ਵਰਾਈਏ।
ਮਨ ਭੌਰਾ ਤੇ ਸਾਹਾਂ ਦੀ ਤਿੱਤਲੀ,
ਖੁੱਲੇ ਵਿਚ ਅਸਮਾਨ ਉਡਾਈਏ।
ਸਾਲਾਂ ਮਗਰੋਂ ਹਾਂ ਕੱਠੇ ਹੋਏ,
ਬਿਨ ਬੋਲੇ ਹੀ ਨਾ ਤੁਰ ਜਾਈਏ।
ਦਿਲ ਅੰਦਰ ਪਲਦੇ ਅਰਮਾਨਾਂ ਨੂੰ,
ਆ ਭਰਨੀ ਪਰਵਾਜ ਸਿਖਾਈਏ।
ਆ ਸਿੱਧੂ ਚਾਅ ਕਰੀਏ ਪੂਰੇ,
ਫਿਰ ਕਿਧਰੇ ਨਾ ਵਿੱਛੜ ਜਾਈਏ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਹਰ ਪਾਸੇ ਦਹਿਸ਼ਤ ਪਾਈ ਵੇਖ ਕਰੋਨੇ ਨੇ।
ਸਭ ਜਨਤਾਂ ਤੜਫਣ ਲਾਈ ਵੇਖ ਕਰੋਨੇ ਨੇ।
ਛੋਟੇ ਵੱਡੇ ਸਾਰੇ ਡੁੱਬ ਗਏ ਫਿਕਰਾਂ ਵਿਚ,
ਜੇਲ ਘਰਾਂ ਵਿਚ ਕਰਵਾਈ ਵੇਖ ਕਰੋਨਾ ਨੇ।
ਇਕ ਨੂੰ ਫਿਕਰ ਪਿਆ ਦੋ ਵੇਲੇ ਦੀ ਰੋਟੀ ਦਾ,
ਇਕ ਲਾਏ ਕਰਨ ਕਮਾਈ ਵੇਖ ਕਰੋਨਾ ਨੇ।
ਅਪਣੀ ਮਸਤੀ ਚ ਰਹਿੰਦਾ ਸੀ ਜੋ ਹਰ ਵੇਲੇ,
ਰਾਜੇ ਦੀ ਨੀਂਦ ਉਡਾਈ ਵੇਖ ਕਰੋਨਾ ਨੇ।
ਹੁਣ ਹੱਥ ਮਿਲਾਉਣ ਤੋਂ ਡਰਦਾ ਹੈ ਹਰ ਕੋਈ,
ਦੂਰੀ ਮਾਂ ਪੁੱਤ ਚ ਪਾਈ ਵੇਖ ਕਰੋਨਾ ਨੇ।
ਜੋ ਆਖਣ ਤਕੜੇ ਹਾਂ ਇਸ ਸਾਰੇ ਜੱਗ ਵਿਚੋਂ,
ਉਹ ਥਰ ਥਰ ਕੰਬਣ ਲਾਏ ਵੇਖ ਕਰੋਨਾ ਨੇ।
ਵਿਕਸਤ ਸੀ ਅਖਵਾਉਣ ਵਾਲੇ ਮੁਲਕਾਂ ਵਿਚ
ਹੈ ਹਾਹਾਕਾਰ ਮਚਾਈ ਵੇਖ ਕਰੋਨਾ ਨੇ ।
ਹਰਰੋਜ ਕਮਾ ਕੇ ਖਾਣੀ ਸਿੱਧੂ ਜਿਸ ਨੇ ਹੈ,
ਉਹਨਾਂ ਦੀ ਜਾਨ ਸੁਕਾਈ ਵੇਖ ਕਰੋਨਾ ਨੇ
ਗੀਤ
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ ।
ਤਿਲਕ ਲਾਉਣ ਦਾ ਮਹਾਰਾਜ ਨੇ ਜਦ ਫਰਮਾਇਆ।
ਧਿਆਨ ਸਿੰਘ ਨੂੰ ਆਪਣੇ ਉਹਨਾਂ ਕੋਲ ਬੁਲਾਇਆ।
ਅੱਜ ਜੁੰਮੇਵਾਰੀ ਸਿੱਖ ਰਾਜ ਦੀ ਟਿੱਕੇ ਸਿਰ ਪਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ ।
ਜੋ ਘੜਿਆ ਉਸ ਨੇ ਟੁੱਟਣਾ ਹੈ ਇਹ ਰੀਤ ਪੁਰਾਣੀ।
ਇਹ ਚੱਲਦੀ ਆਈ ਹੈ ਮੁੱਢ ਤੋਂ ਅੱਗੇ ਚੱਲੂ ਕਹਾਣੀ।
ਇਸ ਦੇ ਇੱਕ ਅਧਿਆਏ ਨੂੰ ਆਪਾਂ ਅੱਗੇ ਵਧਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।
ਮੈਂ ਜੋ ਵੀ ਸਾਂ ਕਰ ਸਕਦਾ ਉਹ ਕਰ ਵਖਾਇਆ।
ਨਾਲ ਤੁਹਾਡੇ ਸਹਿਯੋਗ ਦੇ ਸਿੱਖ ਰਾਜ ਵਧਾਇਆ।
ਹਰੀ ਸਿੰਘ ਦੇ ਸੁਪਨਿਆਂ ਉਤੇ ਫੁੱਲ ਚੜਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।
ਹਰ ਕੰਮ ਨਾਲ ਸਲਾਹ ਦੇ ਤੁਸੀਂ ਮਿਲ ਕੇ ਕਰਨਾ।
ਆਪਣੇ ਪੁੱਤਾਂ ਵਾਂਗ ਹੀ ਹੱਥ ਸਿਰ ਇਹਦੇ ਧਰਨਾ।
ਆਵੋ ਰਲ ਸਿੱਖ ਰਾਜ ਦੀ ਹੋਰ ਸ਼ਾਨ ਵਧਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।
ਸਿੱਖ ਰਾਜ ਦੀ ਪ੍ਮਪਰਾ ਪਹਿਲਾਂ ਵਾਂਗ ਨਿਭਾਉਣਾ।
ਮਾੜੇ ਦੀ ਰੱਖਿਆ ਕਰਨੀ ਤੇ ਉਹਨੂੰ ਗਲ ਲਾਉਣਾ।
ਵਾਂਗੂੰ ਫੁੱਲਾਂ ਦੇ ਆਪਣੀ ਆਵੋ ਮਹਿਕ ਖਿੰਡਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।
ਨਾਲ ਪਿਆਰ ਦੇ ਤੁਸੀਂ ਹੈ ਟਿੱਕੇ ਤਾਈਂ ਰੱਖਣਾ।
ਆਪਣੇ ਆਪ ਨੂੰ ਅਮਰਜੀਤ ਨਾ ਸਮਝੇ ਸੱਖਣਾ।
ਇੱਕ ਦੂਜੇ ਦੀਆਂ ਸਿੱਧੂਆ ਬਣ ਬਾਹਾਂ ਜਾਈਏ।
ਲਿਆਵੋ ਖੜਕ ਸਿੰਘ ਨੂੰ ਉਹਦੇ ਤਿਲਕ ਲਗਾਈਏ।
ਬੈਂਤ - ਅਮਰਜੀਤ ਸਿੰਘ ਸਿੱਧੂ
ਮਹਾਂਰਾਜ ਰਣਜੀਤ ਸਿੰਘ ਵੇਖਿਆ ਜਦ ਜੋਰ ਆਪਣਾ ਬਿਮਾਰੀ ਵਧਾ ਲਿਆ ਏ।
ਨਾਲ ਦਵਾਈ ਦੇ ਫਰਕ ਨਹੀਂ ਪੈ ਰਿਹਾ ਸਮਾਂ ਜਾਪਦਾ ਅਖੀਰਲਾ ਆ ਗਿਆ ਏ।
ਮਹਾਂਰਾਜ ਇਹ ਸੋਚ ਕੇ ਹੁਕਮ ਕੀਤਾ ਹਜਾਰੀ ਬਾਗ ਚ ਦਰਬਾਰ ਸਜਾ ਲਿਆ ਏ।
ਅਹਿਲਕਾਰ ਵਜੀਰ ਤੇ ਪ੍ਰਵਾਰ ਸਾਰਾ ਰਿਸ਼ਤੇਦਾਰਾਂ ਦਾ ਇਕੱਠ ਬੁਲਾ ਲਿਆ ਏ।
ਜਿਸ ਦੇ ਸਾਮਣੇ ਅੱਟਕ ਸੀ ਰੁਕ ਜਾਂਦਾ ਉਹਨੇ ਪਾਲਕੀ ਨੂੰ ਢੋਅ ਲਾ ਲਿਆ ਏ।
ਨਾਲ ਬਿਮਾਰੀ ਦੇ ਸ਼ੇਰ ਨਿਢਾਲ ਹੋਏ ਆਸਣ ਤਖਤ ਤੇ ਆਣ ਅਜਮਾ ਲਿਆ ਏ।
ਸਲਾਮ ਦੁਆ ਤੇ ਫਤਹਿ ਬੁਲਾ ਸਭ ਨੂੰ ਸ਼ੇਰੇ ਪੰਜਾਬ ਇਹ ਮੁੱਖੋਂ ਫਰਮਾ ਰਿਹਾ ਏ।
ਮੈਨੂੰ ਇਸ ਦਾ ਨੀ ਅਫਸੋਸ ਭੋਰਾ ਕਿ ਵੇਲਾ ਆਖਰੀ ਮੇਰਾ ਹੁਣ ਆ ਰਿਹਾ ਏ।
ਜੋ ਘੜਿਆ ਹੈ ਉਸ ਨੇ ਟੁਟ ਜਾਣਾ ਸਾਡਾ ਫਲਸਫਾ ਇਹ ਸਾਨੂੰ ਦਰਸਾ ਰਿਹਾ ਏ।
ਜੋ ਰਹਿਣ ਰਲਕੇ ਨਾਂ ਸਿੱਧੂ ਮਾਰ ਖਾਂਦੇ ਇੱਦਾਂ ਸ਼ੇਰੇ ਪੰਜਾਬ ਸਮਝਾ ਰਿਹਾਏ।
ਇਹ ਸਭ ਨੂੰ ਮੇਰਾ ਕਹਿਣਾ ਹੈ।
ਰਲ ਮਿਲ ਕੇ ਤੁਸੀਂ ਰਹਿਣਾ ਹੈ।
ਇਹ ਪੰਜਾਬ ਤਹਾਡਾ ਗਹਿਣਾ ਹੈ।
ਹੱਥ ਨਾ ਆ ਜਾਵੇ ਇਹ ਵੈਰੀ ਦੇ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜਿਸ ਮਹਿਫਲ ਵਿਚ ਚਲਦੀ ਹੁੰਦੀ ਹੈ ਸੀ ਗੱਲ ਪਿਆਰਾਂ ਦੀ,
ਉਸ ਮਹਿਫਲ ਵਿਚ ਲੱਗ ਰਹੀ ਕਿਉਂ ਬੋਲੀ ਹੁਣ ਹਥਿਆਰਾਂ ਦੀ।
ਗੁਣ ਵਾਲੇ ਨੂੰ ਮਿਲਦਾ ਹੁੰਦਾ ਪੂਰਾ ਸੀ ਸਨਮਾਨ ਕਦੇ ,
ਕਦਰ ਰਹੀ ਨਾਂ ਹੁਨਰਾਂ ਦੀ ਹੁਣ ਹੋਵੇ ਪੁੱਛ ਨਚਾਰਾ ਦੀ।
ਜਿਸ ਥਾਂ ਬਹਿ ਸੀ ਸੋਚੀ ਜਾਦੀ ਲੋਕਾਈ ਦੀ ਗੱਲ ਸਦਾ,
ਉਸ ਥਾਂ ਕਿਉਂ ਹੁਣ ਫੂਕੀ ਜਾਦੀ ਅਰਥੀ ਹੈ ਸਰਕਾਰਾਂ ਦੀ।
ਕਹਿਣੀ ਤੇ ਕਰਨੀ ਦੇ ਪੂਰੇ ਹੁੰਦੀ ਸੀ ਪਹਿਚਾਣ ਕਦੇ,
ਮੁਨਸਿਫ ਕਰ ਮਾਫ ਦਿੰਦਾ ਸੁਣ ਗੱਲ ਸਿੰਘ ਸਰਦਾਰਾਂ ਦੀ।
ਪੁਰਸ਼ ਭਲੇ ਦੀ ਪੁੱਛ ਨਹੀਂ ਕਿਧਰੇ ਹਰ ਥਾਂ ਪੈਂਦੇ ਧੱਕੇ ਨੇ ,
ਲੁੱਟਾਂ ਖੋਹਾਂ ਅਫਸਰ ਕਰਦੇ ਰੌਲੀ ਪਾ ਅਧਿਕਾਰਾਂ ਦੀ।
ਚਾਰੇ ਪਾਸੇ ਪੈਸੇ ਦੀ ਹੀ ਖਿੱਚਾ ਧੂਈ ਹੈ ਸਿੱਧੂ,
ਕਾਮੇ ਇੱਥੇ ਭੁੱਖੇ ਵਿਲਕਣ ਚਾਂਦੀ ਹੈ ਬਦਕਾਰਾਂ ਦੀ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਲਿਖਣੇ ਛੱਡ ਰੁਮਾਂਟਿਕ ਨਗਮੇ
ਲਿਖਣਾ ਹੈ ਲਿਖ ਪਾਏਦਾਰ।
ਧਰਮਾ ਦੇ ਨਾਮ ਕਿਉਂ ਲੜਾਵੇ
ਲੋਕਾਂ ਨੂੰ ਦੱਸ ਇਹ ਸਰਕਾਰ।
ਪਾਣੀ ਦੂਸ਼ਿਤ ਵਾਅ ਜਹਿਰੀਲੀ
ਕਰਨਾ ਕੁਦਰਤ ਨਾਲ ਮਜਾਕ,
ਬੰਦੇ ਨੂੰ ਪੁੱਛ ਕਿਸ ਦੇ ਕੋਲੋਂ
ਪਾਏ ਹਨ ਤੂੰ ਇਹ ਅਧਿਕਾਰ।
ਲੋਕਾਂ ਅੰਦਰ ਪਣਪ ਰਹੀ ਜੋ
ਹੈ ਕਿਹੜੀ ਇਹ ਅਦਭੁਤ ਸੋਚ,
ਖੁਸ਼ ਹੋਵਣ ਜੋ ਆਪਣਿਆਂ ਨੂੰ
ਕਰਕੇ ਉਹ ਖੱਜਲ ਖੁਆਰ।
ਬੰਦਾ ਹੈ ਬੰਦੇ ਦੀ ਦਾਰੂ
ਇਹ ਹੀ ਆਖਣ ਸਾਰੇ ਲੋਕ,
ਕਿਉਂ ਡਰਦਾ ਏਂ ਖੁਲ ਕੇ ਲਿਖ ਤੂੰ
ਮਰਦਾਂ ਵਾਗੂੰ ਸੱਚ ਵਿਚਾਰ।
ਭਾਈ ਭਾਈ ਨੂੰ ਆਪਸ ਵਿਚ
ਅੱਡ ਕਰਨ ਸਿੱਧੂ ਉਹ ਲੋਕ,
ਖ਼ਤਮ ਕਰਨ ਖਾਤਰ ਦੋਹਾਂ ਨੂੰ
ਵੇਚਣਗੇ ਜੋ ਖੁਦ ਹਥਿਆਰ।
ਬਲਦੇ ਸਿਵਿਆਂ ਦਾ ਸੇਕ - ਅਮਰਜੀਤ ਸਿੰਘ ਸਿੱਧੂ
ਕਿੰਨਾ ਸੌਖਾ ਸ਼ਬਦ ਲਗਦਾ
ਕਿਸੇ ਨੂੰ ਇਹ ਆਖਣਾ।
ਕਿ ਭੁਲ ਜਾਵੋ ਤੁਸੀਂ
ਆਪਣੇ ਬੀਤੇ ਦੀ ਦਾਸਤਾਂ।
ਕਿਵੇਂ ਕਿਸੇ ਮਾਂ ਤੋਂ ਉਹ
ਜਾਊ ਦਰਦ ਭੁਲਾਇਆ।
ਜਿਸ ਦੇ ਜਿਗਰ ਦਾ ਟੁਕੜਾ
ਖੇਤ ਗਿਆ, ਬਜਾਰ ਗਿਆ
ਡਿਉਟੀ ਤੇ ਗਿਆ
ਮੁੜ ਘਰ ਨਾ ਆਇਆ।
ਜਿਸ ਨੂੰ ਫੜ ਕੇ ਜਾਲਮਾਂ
ਨੇ ਮਾਰ ਮੁਕਾਇਆ।
ਲਾਵਾਰਿਸ ਲਾਸ਼ ਆਖਕੇ
ਗਿਆ ਹੋਵੇ ਜਲਾਇਆ।
ਅਖਬਾਰ ਵਿਚ ਮਰੇ ਦਾ
ਜਦ ਫੋਟੋ ਹੋਵੇ ਆਇਆ।
ਕਿਵੇਂ ਜਾਊ ਉਹ ਮਾਂ ਤੋਂ
ਦੱਸੋ ਭੁਲਾਇਆ।
ਤਲੀਆਂ ਤੇ ਲੱਗੀ ਹੋਈ
ਸ਼ਗਨਾਂ ਦੀ ਮਹਿੰਦੀ
ਤੇ ਮਾਂਗ ਵਿੱਚ ਪਏ
ਸੱਜਰੇ ਸੰਧੂਰ ਦਾ ਰੰਗ
ਫਿੱਕਾ ਪੈਣ ਤੋਂ ਪਹਿਲਾਂ
ਸਿਰ ਤੇ ਲਈ ਚੁੰਨੀ ਦਾ
ਰੰਗ ਕਰ ਦਿੱਤਾ ਜਾਵੇ
ਗੁਲਾਬੀ ਤੋਂ ਚਿੱਟਾ।
ਬਚਪਨ ਤੋਂ ਲੈ ਕੇ
ਜਵਾਨੀ ਤੱਕ ਸਿਰਜੇ
ਸੁਨਿਹਰੀ ਸੁਪਨਿਆਂ ਦੀ ਸੇਜ
ਅੱਗ ਦੀ ਜੋ ਭੇਟ ਚੜ੍ਹ ਜਾਵੇ,
ਆਪਣੇ ਸੁਹਾਗ ਨੂੰ ਉਹ
ਦੱਸੋ ਫਿਰ ਕਿਵੇ ਭੁਲਾਵੇ।
ਉਹ ਬਾਪੂ
ਜਿਸਦੀ ਨੌਜਵਾਨ ਧੀ ਦੀ ਆਬਰੂ
ਹਕੂਮਤ ਦੇ ਇਸ਼ਾਰੇ ਤੇ
ਹਾਕਮਾਂ ਦੇ ਪਾਲੇ ਦੱਲਿਆਂ ਹੱਥੋਂ ਅੱਖਾਂ ਦੇ ਸਾਹਮਣੇ
ਤਾਰ ਤਾਰ ਹੋ ਜਾਵੇ।
ਬੇਬੱਸ ਹੋਇਆ ਬਾਪੂ
ਖੂਨ ਦੇ ਹੰਝੂ ਵਹਾਵੇ।
ਜਦ ਉਹ ਦ੍ਰਿਸ਼
ਯਾਦ ਵਿੱਚ ਆਵੇ।
ਪੈਰਾਂ ਵਿੱਚ ਰੁਲੀ ਆਪਣੀ ਪੱਗ
ਦੱਸੋ ਉਹ ਕਿਵੇ ਭੁਲ ਜਾਵੇ।
ਉਹ ਭੈਣ
ਜੀਹਨੇ ਰੱਬ ਅੱਗੇ
ਪੱਲਾ ਅੱਡ ਕੇ ਕਿਹਾ ਸੀ।
ਇੱਕ ਵੀਰ ਦੇਈਂ ਵੇ ਰੱਬਾ
ਸੌਹ ਖਾਣ ਨੂੰ ਕਰੇ ਬੜਾ ਜੀਅ।
ਹੁਣ ਜਦ ਉਹ ਵੀਰ
ਨੌਕਰੀ ਤੇ ਗਿਆ
ਮੁੜ ਘਰ ਨਾਂ ਆਇਆ।
ਰਿਸ਼ਵਤ ਖੋਰਾਂ ਫੀਤੀਆਂ ਦੇ ਭੁੱਖਿਆਂ
ਆਪਣੀ ਹਵਸ ਦਾ ਸ਼ਿਕਾਰ ਬਣਾਇਆ।
ਅੱਜ ਤੱਕ ਜਿਸ ਦਾ
ਖੁਰਾ ਖੋਜ ਨਹੀਂ ਥਿਆਇਆ।
ਰੱਖੜੀ ਦੇ ਦਿਨ ਬੈਠੀ ਭੈਣ
ਯਾਦਾਂ ਦੇ ਹੰਝੂ ਵਹਾਵੇ।
ਮਾਂ ਜਾਏ ਦੀ ਯਾਦ ਨੂੰ
ਦੱਸੋ ਉਹ ਕਿਵੇਂ ਭੁਲ ਜਾਵੇ।
ਉਹ ਗੱਭਰੂ
ਜੀਹਨੇ ਬਚਪਨ ਚ ਅੱਖੀਂ ਦੇਖਿਆ
ਸੜਦਾ ਆਪਣਾ ਭਵਿੱਖ।
ਜੀਹਦੇ ਗਲ ਵਿੱਚ ਬਲਦਾ ਟਾਇਰ ਪਾ ਕੇ।
ਕੋਹਿਆ ਗਿਆ ਹੋਵੇ ਅੱਧ ਸੜੇ ਨੂੰ
ਸ਼ਬਦਾਂ ਦੀਆਂ ਆਰਾਂ ਲਗਾਕੇ।
ਫਿਰ ਤੜਫਦੇ ਨੂੰ ਸਿਟਿਆ ਗਿਆ ਹੋਵੇ
ਸੀਵਰੇਜ ਦੇ ਗਟਰ ਚ ਲਿਜਾਕੇ।
ਦੱਸੋ ਉਹ ਕਿਵੇਂ ਬੈਠ ਜਾਵੇ
ਬਾਪੂ ਦੀ ਯਾਦ ਨੂੰ ਭੁਲਾਕੇ ।
ਦੱਸੋ ਉਹ ਕਿਵੇਂ ਭੁਲ ਜਾਣ
ਜਿਨ੍ਹਾਂ ਪਿੰਡੇ ਤੇ ਹੰਢਾਇਆ ਹੋਵੇ
ਦੋਜਕ ਭਰਿਆ ਸਮਾਂ।
ਜਿਨ੍ਹਾਂ ਅੱਖਾਂ ਨੇ ਵੇਖਿਆ ਹੋਵੇ
ਮੌਤ ਦਾ ਤਾਂਡਵ ਨਾਚ।
ਕੁੱਤਿਆਂ ਤੇ ਗਿਰਝਾਂ ਨੂੰ ਵੇਖਿਆ
ਖਾਂਦੇ ਮਨੁੱਖਤਾ ਦਾ ਮਾਸ।
ਮਨ ਵਿੱਚ ਚਸਕਦੇ
ਯਾਦਾਂ ਦੇ ਨਸੂਰ ਉਤੇ! ਦੱਸੋ
ਇਨ੍ਹਾਂ ਸ਼ਬਦਾਂ ਦੀ ਮੱਲਮ ਲਾਵੇ।
ਜੋ ਅੱਜ ਵੀ ਨਸ਼ਤਰ ਚਲਾ ਕੇ
ਜਖਮਾਂ ਵਿਚ ਲੂਣ ਪਾ ਕੇ
ਜਖਮਾਂ ਨੂੰ ਰਸਣ ਲਾਵੇ।
ਕਈ ਮੈਂ ਪੁੱਛ ਸਕਦਾਂ!
ਨੇਤਾ ਅਖਵਾਉਦੇ
ਇਨ੍ਹਾਂ ਝੂਠੇ ਮਕਾਰਾਂ ਨੂੰ।
ਮਖੌਟੇ ਪਹਿਨੀ ਬੈਠੀਆਂ
ਧੋਖੇਬਾਜ਼ ਸਰਕਾਰਾਂ ਨੂੰ।
ਇਨ੍ਹਾਂ ਦੇ ਪਾਲਤੂ
ਗੁੰਡੇ ਬਦਕਾਰਾਂ ਨੂੰ।
ਜੇ ਉਪਰੋਕਤ ਵਰਤਾਰਾ
ਝਲਦੇ ਤੁਸੀਂ ਜਾਂ ਤੁਹਾਡਾ ਭਾਈਚਾਰਾ।
ਕੀ ਤੁਸੀਂ ਭੁਲ ਜਾਂਦੇ
ਦਿਲਾਂ ਵਿੱਚ ਬਲਦੇ ਸਿਵਿਆਂ ਦਾ ਸੇਕ।
ਕਿੰਨਾ ਸੌਖਾ ਸ਼ਬਦ ਲਗਦਾ ਹੈ
ਕਿਸੇ ਨੂੰ ਇਹ ਆਖਣਾ।
ਭੁਲ ਜਾਵੋ ਤਸੀਂ
ਆਪਣੇ ਬੀਤੇ ਦੀ ਦਾਸਤਾਂ।
ਅਮਰਜੀਤ ਸਿੰਘ ਸਿੱਧੂ
004917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜਦ ਵੀ ਆਵੇਂ ਤੂੰ ਤੇਜੀ ਵਿਚ ਆਉਂਦਾ ਹੈੰ।
ਆ ਕੇ ਮੇਰੇ ਦਿਲ ਦਾ ਚੈਨ ਚੁਰਾਉਂਦਾ ਹੈਂ।
ਕਿਹੜੀ ਗਲਤੀ ਮੇਰੇ ਕੋਲੋਂ ਹੋਈ ਹੈ,
ਉਂਗਲਾਂ 'ਤੇ ਜਿਸ ਕਾਰਨ ਢੇਰ ਨਚਾਉਂਦਾ ਹੈ।
ਬਣਕੇ ਬੂੰਦ ਸਵਾਤੀ ਵਰ੍ਹ ਜਾ ਤੂੰ ਯਾਰਾ,
ਵਾਂਗ ਪਪੀਹੇ ਦੇ ਕਾਹਤੋਂ ਤੜਪਾਉਂਦਾ ਹੈਂ ।
ਨੈਣਾਂ ਦਾ ਲੈ ਖਾਲੀ ਕਾਸਾ ਬੈਠੀ ਹਾਂ,
ਖਬਰੇ ਤੂੰ ਕਦ ਆ ਕੇ ਦਰਸ ਵਿਖਾਉਂਦਾ ਹੈ।
ਵਾਧਾ ਘਾਟਾ ਜੇ ਕਰ ਪਿਆਰ 'ਚ ਹੈ ਹੋਇਆ,
ਬਾਤ-ਬਤੰਗੜ ਵਾਲੀ ਗੱਲ ਬਣਾਉਂਦਾ ਹੈਂ।
ਜੇ ਅਣਜਾਣੇ ਦੇ ਵਿਚ ਗਲਤੀ ਹੋਈ ਹੈ,
'ਸਿੱਧੂ' ਉਸ ਦੀ ਕਾਹਦੀ ਮਾਫੀ ਚਾਹੁੰਦਾ ਹੈਂ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਕੋਈ ਐਸਾ ਗੀਤ ਸੁਣਾ ਜੇ ਤੂੰ ਸ਼ਾਇਰ ਏਂ।
ਰੋਂਦੀ ਜਨਤਾ ਹੱਸਣ ਲਾ ਜੇ ਤੂੰ ਸ਼ਾਇਰ ਏਂ।
ਮਿਰਜਾ ਸੱਸੀ ਸ਼ੀਰੀ ਹੁਣ ਤਾਂਈ ਗਾਏ ਨੇ,
ਆ ਲੋਕਾਂ ਦਾ ਦਰਦ ਸੁਣਾ ਜੇ ਤੂੰ ਸ਼ਾਇਰ ਏਂ।
ਝੁਕ ਝੁਕ ਕਰਨ ਸਲਾਮਾਂ ਸਾਰੇ ਹੀ ਚੜਦੇ ਨੂੰ,
ਉਠ ਢੱਲਦੇ ਤਾਂਈ ਗਲ ਲਾ ਜੇ ਤੂੰ ਸ਼ਾਇਰ ਏਂ।
ਖੋਹੇ ਜਾਵਣ ਅੱਖਾਂ ਸਾਹਮਣੇ ਹੱਕ ਜਦੋ,
ਚੱੜ੍ਹ ਕੋਠੇ 'ਤੇ ਰੌਲਾ ਪਾ ਜੇ ਤੂੰ ਸ਼ਾਇਰ ਏਂ।
ਲੋਕਾਂ ਉੱਤੇ ਹੁੰਦਾ ਜਦ ਜ਼ਬਰ ਜ਼ੁਲਮ ਅਨਿਆਂ,
ਕਾਨੀ ਨੂੰ ਤਲਵਾਰ ਬਣਾ ਜੇ ਤੂੰ ਸ਼ਾਇਰ ਏ।਼
ਜਦ ਮਜਬੂਰੀ ਖਾਤਰ ਲੋਕ ਨਿਗਲ ਦੇ ਮੱਖੀ,
ਮੱਥਾ ਨਾਲ ਜਬਰ ਦੇ ਲਾ ਜੇ ਤੂੰ ਸਾਇਰ ਏ਼।
ਫਾਹੇ ਲੈਂਦੇ ਮਜਦੂਰ ਕਿਸਾਨਾਂ ਦੀ ਖਾਤਰ,
ਧਿਰ ਬਣ ਕੇ ਸਾਹਮਣੇ ਆ ਜੇ ਤੂੰ ਸ਼ਾਇੱਰ ਏ਼।
ਖਤਮ ਕਰਨ ਜੋ ਨਫਰਤ ਨੂੰਂ ਬੀ ਐਸੇ ਬੀਜਣ,
ਸਿੱਧੂ ਲੋਕਾਂ ਨੂੰ ਸਮਝਾ ਜੇ ਤੂੰ ਸ਼ਾਇਰ ਏਂ।
ਅਮਰਜੀਤ ਸਿੰਘ ਸਿੱਧੂ
004917664197996