ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਜਦ ਵੀ ਆਵੇਂ ਤੂੰ ਤੇਜੀ ਵਿਚ ਆਉਂਦਾ ਹੈੰ।
ਆ ਕੇ ਮੇਰੇ ਦਿਲ ਦਾ ਚੈਨ ਚੁਰਾਉਂਦਾ ਹੈਂ।
ਕਿਹੜੀ ਗਲਤੀ ਮੇਰੇ ਕੋਲੋਂ ਹੋਈ ਹੈ,
ਉਂਗਲਾਂ 'ਤੇ ਜਿਸ ਕਾਰਨ ਢੇਰ ਨਚਾਉਂਦਾ ਹੈ।
ਬਣਕੇ ਬੂੰਦ ਸਵਾਤੀ ਵਰ੍ਹ ਜਾ ਤੂੰ ਯਾਰਾ,
ਵਾਂਗ ਪਪੀਹੇ ਦੇ ਕਾਹਤੋਂ ਤੜਪਾਉਂਦਾ ਹੈਂ ।
ਨੈਣਾਂ ਦਾ ਲੈ ਖਾਲੀ ਕਾਸਾ ਬੈਠੀ ਹਾਂ,
ਖਬਰੇ ਤੂੰ ਕਦ ਆ ਕੇ ਦਰਸ ਵਿਖਾਉਂਦਾ ਹੈ।
ਵਾਧਾ ਘਾਟਾ ਜੇ ਕਰ ਪਿਆਰ 'ਚ ਹੈ ਹੋਇਆ,
ਬਾਤ-ਬਤੰਗੜ ਵਾਲੀ ਗੱਲ ਬਣਾਉਂਦਾ ਹੈਂ।
ਜੇ ਅਣਜਾਣੇ ਦੇ ਵਿਚ ਗਲਤੀ ਹੋਈ ਹੈ,
'ਸਿੱਧੂ' ਉਸ ਦੀ ਕਾਹਦੀ ਮਾਫੀ ਚਾਹੁੰਦਾ ਹੈਂ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਕੋਈ ਐਸਾ ਗੀਤ ਸੁਣਾ ਜੇ ਤੂੰ ਸ਼ਾਇਰ ਏਂ।
ਰੋਂਦੀ ਜਨਤਾ ਹੱਸਣ ਲਾ ਜੇ ਤੂੰ ਸ਼ਾਇਰ ਏਂ।
ਮਿਰਜਾ ਸੱਸੀ ਸ਼ੀਰੀ ਹੁਣ ਤਾਂਈ ਗਾਏ ਨੇ,
ਆ ਲੋਕਾਂ ਦਾ ਦਰਦ ਸੁਣਾ ਜੇ ਤੂੰ ਸ਼ਾਇਰ ਏਂ।
ਝੁਕ ਝੁਕ ਕਰਨ ਸਲਾਮਾਂ ਸਾਰੇ ਹੀ ਚੜਦੇ ਨੂੰ,
ਉਠ ਢੱਲਦੇ ਤਾਂਈ ਗਲ ਲਾ ਜੇ ਤੂੰ ਸ਼ਾਇਰ ਏਂ।
ਖੋਹੇ ਜਾਵਣ ਅੱਖਾਂ ਸਾਹਮਣੇ ਹੱਕ ਜਦੋ,
ਚੱੜ੍ਹ ਕੋਠੇ 'ਤੇ ਰੌਲਾ ਪਾ ਜੇ ਤੂੰ ਸ਼ਾਇਰ ਏਂ।
ਲੋਕਾਂ ਉੱਤੇ ਹੁੰਦਾ ਜਦ ਜ਼ਬਰ ਜ਼ੁਲਮ ਅਨਿਆਂ,
ਕਾਨੀ ਨੂੰ ਤਲਵਾਰ ਬਣਾ ਜੇ ਤੂੰ ਸ਼ਾਇਰ ਏ।਼
ਜਦ ਮਜਬੂਰੀ ਖਾਤਰ ਲੋਕ ਨਿਗਲ ਦੇ ਮੱਖੀ,
ਮੱਥਾ ਨਾਲ ਜਬਰ ਦੇ ਲਾ ਜੇ ਤੂੰ ਸਾਇਰ ਏ਼।
ਫਾਹੇ ਲੈਂਦੇ ਮਜਦੂਰ ਕਿਸਾਨਾਂ ਦੀ ਖਾਤਰ,
ਧਿਰ ਬਣ ਕੇ ਸਾਹਮਣੇ ਆ ਜੇ ਤੂੰ ਸ਼ਾਇੱਰ ਏ਼।
ਖਤਮ ਕਰਨ ਜੋ ਨਫਰਤ ਨੂੰਂ ਬੀ ਐਸੇ ਬੀਜਣ,
ਸਿੱਧੂ ਲੋਕਾਂ ਨੂੰ ਸਮਝਾ ਜੇ ਤੂੰ ਸ਼ਾਇਰ ਏਂ।
ਅਮਰਜੀਤ ਸਿੰਘ ਸਿੱਧੂ
004917664197996