Baljinder Kaur Shergill

ਰੂਹਾਂ ਦਾ ਹਾਣੀ - ਬਲਜਿੰਦਰ ਕੌਰ ਸ਼ੇਰਗਿੱਲ

ਸਾਥੋਂ ਦਰਦ ਬਿਰਹਾ ਲਿਖਵਾ ਕੇ,
ਖ਼ੁਦਾ ਦੀਆਂ ਰਹਿਮਤਾਂ ਬਰਸਾਂ ਗਿਆ ਕੋਈ।

ਫ਼ਰਕ ਆਪਣੇ ਪਰਾਏ ਦਾ ਸਮਝਾ ਕੇ,
ਹੱਥੀਂ ਕਲ਼ਮ ਫੜਾ ਗਿਆ ਕੋਈ।

ਸਾਹਾਂ 'ਤੇ ਨਾਂ ਆਪਣਾ ਲਿਖਵਾ ਕੇ,
ਮੁਹੱਬਤਾਂ ਦੀ ਮਹਿਕ ਜਗਾ ਗਿਆ ਕੋਈ।

ਵਾਂਗ ਰਾਂਝੇ ਉਹ ਭੇਸ ਵਟਾ ਕੇ,
ਜਿਊਂਦੀ ਲਾਸ਼ ਬਣਾ ਗਿਆ ਕੋਈ।

ਨਦੀਆਂ ਨੂੰ ਸਾਗਰਾਂ 'ਚ ਮਿਲਾ ਕੇ,
ਸੱਚੇ ਇਸ਼ਕ ਦੀ ਲਾਗ ਲਗਾ ਗਿਆ ਕੋਈ।

"ਬਲਜਿੰਦਰ" ਨੂੰ ਰੂਹਾਂ ਦਾ ਹਾਣੀ ਬਣਾ ਕੇ,
ਵਿੱਚ ਹਨੇਰੇ ਚਾਨਣ ਜਗਾ ਗਿਆ ਕੋਈ।

ਬਲਜਿੰਦਰ ਕੌਰ ਸ਼ੇਰਗਿੱਲ
98785-19278

ਆਜਾ ਮੇਰਾ ਪਿੰਡ ਵੇਖ ਲੈ - ਬਲਜਿੰਦਰ ਕੌਰ ਸ਼ੇਰਗਿੱਲ

ਪਿੰਡ ਖਮਾਣੋਂ ਖੁਰਦ ਜਿਸ ਨੂੰ ਕਿਲੇ ਵਾਲੀ ਖਮਾਣੋਂ ਵੀ ਕਹਿੰਦੇ ਹਨ। ਪਿੰਡ ਖਮਾਣੋਂ ਦਾ ਨਾਂ ਸੂਬੇਦਾਰ ਸਰਹਿੰਦ ਦੀ ਭਤੀਜੀ ਬੇਗਮ ਖੇਮੋ ਦੇ ਨਾਂ ’ਤੇ ਦੱਸਿਆ ਜਾਂਦਾ ਹੈ। ਜਦੋਂ ਸਿੱਖ ਮਿਸਲਾਂ ਨੇ 30 ਦਸੰਬਰ 1761 ਤੋਂ ਪਹਿਲੀ ਜਨਵਰੀ 1762 ਤੱਕ ਲੜਾਈ ਵਿੱਚ ਸਰਹੰਦ ਦੇ ਸੂਬੇਦਾਰ ਜੈਨ ਖਾਂ ਦਾ ਕਤਲ ਕਰਕੇ ਸਰਹੰਦ ਉੱਤੇ ਕਬਜ਼ਾ ਕੀਤਾ ਸੀ। ਡੱਲੇਵਾਲੀਆ ਮਿਸਲ ਨੂੰ ਕਿਲ੍ਹਾ ਹਯਾਤਪੁਰ ਅਤੇ ਇਸ ਦੇ ਨਾਲ ਲੱਗਦੇ 62 ਪਿੰਡ ਚਿੱਤ ਵਿੱਚ ਹਿੱਸੇ ਆਏ ਸਨ।
ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਖਾਨਦਾਨ ਦੀ ਧੀ ਖੇਮੋਂ ਬੱਸੀ ਗੁਜਰਾਂ ਦੇ ਕਿਲੇਦਾਰ ਮੁਹੰਮਦ ਬਸ਼ੀਰ ਖਾਨ ਨਾਲ ਵਿਆਹੀ ਹੋਈ ਸੀ। ਜੋ ਖੇਮੋਂ ਬੇਗਮ ਨਾਂ ਨਾਲ ਪ੍ਰਸਿੱਧ ਸੀ। ਸਿੱਖਾਂ ਵੱਲੋਂ ਇਸ ਕਿਲੇ ਉੱਤੇ ਕਬਜ਼ਾ ਕਰਨ ਵੇਲੇ ਮੁਹੰਮਦ ਬਸ਼ੀਰ ਖਾਂ ਬਸੀ ਗੁਜਰਾਂ ਵਿੱਚ ਸੀ। ਸਿੱਖਾਂ ਨੇ ਉਸ ਨੂੰ ਉੱਥੇ ਜਾ ਕੇ ਦਬੋਚਿਆ ਅਤੇ ਇਸ ਕਿਲ੍ਹੇ ਵਿੱਚ ਬੰਦੀ ਬਣਾ ਕੇ ਨਜ਼ਰਬੰਦ ਕਰ ਦਿੱਤਾ। ਹੁਣ ਖੇਮੋਂ ਬੇਗਮ ਅਤੇ ਮੁਹੰਮਦ ਬਸ਼ੀਰ ਥਾਂ ਦੀ ਕਿਸਮਤ ਦਾ ਫੈਸਲਾ ਸਿੱਖਾਂ ਨੇ ਕਰਨਾ ਸੀ। ਜਥੇਦਾਰ ਕੋਇਰ ਦੀ ਅਗਵਾਈ ਵਿੱਚ ਸੰਘਣੀ ਸੋਚ ਉਪਰੰਤ ਉਹਨਾਂ ਨੇ ਜਿਹੜਾ ਫੈਸਲਾ ਸੁਣਾਇਆ ਉਸ ਨਾਲ ਡੱਲਾ ਮਿਸਲ ਦਾ ਇਤਿਹਾਸ ਰੁਤਬਾ ਸਿਕੰਦਰ ਮਹਾਨ ਜਿੰਨਾਂ ਉੱਚਾ ਹੋ ਗਿਆ।
ਖੇਮੋਂ ਬੇਗਮ ਮੁਹੰਮਦ ਬਸ਼ੀਰ ਖਾਂ ਕਿਸਮਤ ਦੇ ਸਿਕੰਦਰ ਨਿਕਲੇ। ਜਿਨਾਂ ਨੂੰ ਕਿਲ੍ਹੇ ’ਚੋਂ ਬਾਹਰ ਬੁਲਾ ਕੇ ਸਿੱਖਾਂ ਦੀ ਪੰਜ ਪ੍ਰਧਾਨੀ ਜਥੇਦਾਰ ਨੇ ਫੈਸਲਾ ਸੁਣਾਇਆ। ਸਿੱਖ ਆਪਣੀ ਗੁਰੂ ਸਿੱਖਿਆ ਦੇ ਪ੍ਰਬੰਧ ਹਨ ਉਹ ਕਿਸੇ ਨਿਹੱਥੇ ਉੱਤੇ ਵਾਰ ਨਹੀਂ ਸੀ ਕਰਦੇ। ਇਸਤਰੀ ਦੀ ਆਨ ਅਤੇ ਜਾਨ ਦੇ ਰਾਖੇ ਸਨ। ਖੇਮੋਂ ਬੇਗਮ ਨੂੰ ਕਿਲ੍ਹੇ ਵਿੱਚ ਕਿਤੇ ਵੀ ਜਾਣ ਦੀ ਖੁੱਲ ਦਿੱਤੀ ਗਈ। ਇਸਤਰੀਆਂ ਨੂੰ ਗਹਿਣਿਆਂ ਨਾਲ ਬਹੁਤ ਪਿਆਰ ਹੁੰਦਾ ਹੈ। ਗਹਿਣੇ ਉਸ ਦੇ ਅੰਗ ਦਾ ਸ਼ਿੰਗਾਰ ਹੁੰਦੇ ਹਨ। ਖੇਮੋਂ ਬੇਗਮ ਨੂੰ ਆਗਿਆ ਦਿੱਤੀ ਗਈ ਕਿ ਪਹਿਨੇ ਹੋਏ ਗਹਿਣਿਆਂ ਦੇ ਨਾਲ ਉਹ ਗਹਿਣੇ ਵੀ ਨਾਲ ਲੈ ਜਾਵੇ ਜੋ ਕਿਲ੍ਹੇ ਅੰਦਰ ਮੌਜੂਦ ਹਨ ।
ਪੰਚ ਪ੍ਰਧਾਨ ਲਈ ਜਥੇਦਾਰ ਦੀਆਂ ਗੱਲਾਂ ਸੁਣ ਕੇ ਖੇਮੋਂ ਬੇਗਮ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ ਸੀ। ਜਿਨ੍ਹਾਂ ਨੂੰ ਉਹ ਕਾਫ਼ਰ ਸਮਝਦੀ ਰਹੀ ਉਹ ਫ਼ਰਿਸ਼ਤੇ ਨਿਕਲੇ। ਉਸ ਦਾ ਰੋਮ- ਰੋਮ ਅਹਿਸਾਨਮੰਦ ਸੀ।
ਖੇਮੋਂ ਬੇਗਮ ਨੇ ਜਥੇਦਾਰ ਨੂੰ ਤਰਲੇ ਭਰੀ ਆਵਾਜ਼ ਵਿੱਚ ਕਿਹਾ ਕਿ ਇੱਕ ਬਖਸ਼ਿਸ਼ ਹੋਰ ਕਰ ਦੇਣਾ ਜੀ। ਜਥੇਦਾਰ ਜੀਓ, ਮੈਂ ਇਸ ਕਿਲ੍ਹੇ ਦੀ ਚਾਰ ਦੀਵਾਰੀ ਓਹਲੇ ਪਰਦੇ ਵਿਚ ਲੋਕਾਂ ਦੀ ਫ਼ਰਿਆਦ ਸੁਣਦੀ ਰਹੀ। ਮੇਰਾ ਇੱਥੇ ਦੀ ਪਰਜਾ ਨਾਲ ਬਹੁਤ ਮੋਹ ਦਾ ਰਿਸ਼ਤਾ ਬਣਿਆ ਹੋਇਆ ਹੈ। ਮੈਂ ਇਸ ਧਰਤੀ ਉੱਤੇ ਨੰਗੇ ਪੈਰੀਂ ਤੁਰ ਕੇ ਆਪਣੀ ਪੈੜ ਦੇਖਦੀ ਰਹਿੰਦੀ ਹਾਂ। ਦੇਖਿਓ ਕਿਤੇ ਸਮੇਂ ਦੀ ਧੂੜ ਨਾਲ ਇਹ ਮਿਟ ਨਾ ਜਾਵੇ। ਕਿਰਪਾ ਕਰਨਾ ਇਸ ਪਿੰਡ ਦਾ ਨਾਂ ਖੇਮੋਂ ਰੱਖ ਦੇਣਾ ਜੀ। ਜਥੇਦਾਰ ਨੇ ਜੈਕਾਰਾ ਛੱਡਦਿਆਂ ਖੇਮੋਂ ਬੇਗਮ ਦੇ ਨਾਂ ਦੀ ਪ੍ਰਵਾਨਗੀ ਦੇ ਦਿੱਤੀ। ਜਿਸ ਨੂੰ ਅੱਜ ਕੱਲ੍ਹ ਲੋਕ ਪਿੰਡ ਖਮਾਣੋਂ ਦੇ ਨਾਂ ਨਾਲ ਜਾਣਦੇ ਹਨ। ਜਥੇਦਾਰ ਵਲੋਂ ਔਰਤ ਹੋਣ ਕਾਰਨ ਖੇਮੋਂ ਬੇਗਮ ਦੀ ਜਾਨ ਬਖ਼ਸ਼ ਕੇ ਉਸ ਨੂੰ ਉਸ ਦੀ ਇੱਛਾ ਅਨੁਸਾਰ  ਸੁਰੱਖਿਅਤ ਥਾਂ ਪਹੁੰਚਾਇਆ।
ਅੱਜ ਕੱਲ੍ਹ ਇਹ ਪਿੰਡ ਪੰਜਾਬ ਦੇ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦਾ ਪਿੰਡ ਖਮਾਣੋਂ ਕਲਾ ਜੋ ਕਿ ਜੀਟੀ ਰੋਡ ਉੱਤੇ ਹੋਣ ਕਰ ਕੇ ਇੱਕ ਵੱਡਾ ਪਿੰਡ ਬਣ ਚੁੱਕਾ ਹੈ। ਇਸ ਪਿੰਡ ਦੇ ਆਲੇ ਦੁਆਲੇ ਦੇ ਪਿੰਡਾਂ ਨੂੰ ਇਹ ਸ਼ਹਿਰ ਲੱਗਦਾ ਹੈ  ਹਰ ਕਿਸੇ ਨੂੰ ਖ਼ਰੀਦਦਾਰੀ ਕਰਨ ਲਈ ਸ਼ਹਿਰ ਖਮਾਣੋਂ ਆਉਣਾ ਪੈਂਦਾ ਹੈ। ਇਸ ਪਿੰਡ ਨੂੰ ਤਿੰਨ ਨਾਵਾਂ ਨਾਲ ਜਾਣਿਆ ਜਾਂਦਾ ਹੈ। ਪਿੰਡ ਖਮਾਣੋਂ ਕਲਾਂ, ਖਮਾਣੋਂ ਖੁਰਦ, ਖਮਾਣੋਂ ਕਮਲੀ ਨਾਲ ਕਿਹਾ ਜਾਂਦਾ ਹੈ। ਖਮਾਣੋਂ ਪਿੰਡ ਸੰਘੋਲ ਦੇ ਨੇੜੇ ਹੋਣ ਕਰਕੇ ਇਹ ਇਤਿਹਾਸ ਨਾਲ ਜੁੜਿਆ ਹੋਇਆ ਹੈ ਇਸ ਪਿੰਡ ਵਿੱਚ ਪੁਰਾਤਨ ਸਮੇਂ ਦੀ ਹਵੇਲੀ ਅੱਜ ਵੀ ਮੌਜੂਦ ਹੈ। ਪੁਰਾਤਨ ਸਮੇਂ ਦੇ ਹਿਸਾਬ ਨਾਲ ਇਸ ਪਿੰਡ ਦਾ ਨਾਂ ਇੱਥੇ ਦੀ ਰਾਣੀ ਖੇਮੋਂ ਬੇਗਮ ਦੇ ਨਾਂ ਤੇ ਰੱਖਿਆ ਗਿਆ ਹੈ।
ਇਸ ਪਿੰਡ ਵਿੱਚ ਕਦੇ ਟਿੱਬੇ ਵੀ ਹੋਇਆ ਕਰਦੇ ਸੀ ਜੋ ਸਮੇਂ ਦੇ ਨਾਲ ਨਾਲ ਖ਼ਤਮ ਹੋ ਚੁੱਕੇ ਹਨ। ਦਿਨੋਂ ਦਿਨ ਆਬਾਦੀ ਵੱਧਣ ਕਾਰਨ ਸ਼ਹਿਰ ਦਾ ਘੇਰਾ ਵਿਸ਼ਾਲ ਹੋ ਗਿਆ ਹੈ।
ਪਿੰਡ ਜੀਟੀ ਰੋਡ ਉੱਤੇ ਹੋਣ ਕਰਕੇ ਆਵਾਜਾਈ ਨੂੰ ਕੰਟਰੋਲ ਵਿਚ ਕਰਨ ਲਈ ਮੇਨ ਸੜਕ ਉਤੇ ਇਕ ਫਲਾਈਓਵਰ ਬਣਾਇਆ ਗਿਆ ਹੈ। ਜਿਥੋਂ ਫਲਾਈਓਵਰ ਦੀ ਸ਼ੁਰੂਆਤ ਹੁੰਦੀ ਹੈ ਉਥੇ ਰੋਡ ਉੱਤੇ ਬਾਬਾ ਸ੍ਰੀ ਚੰਦ ਜੀ ਦਾ ਅਸਥਾਨ ਆਉਂਦਾ ਹੈ। ਇਹ ਅਸਥਾਨ ਦਹਾਕਿਆਂ ਤੋਂ ਇੱਥੇ ਬਾਬਾ ਸ੍ਰੀ ਚੰਦ ਜੀ ਦੀ ਜੋਤ ਜਗਦੀ ਹੈ। ਜਿਸ ਦੀ ਬਹੁਤ ਮਹਾਨਤਾ ਹੈ। ਇਸ ਨੂੰ "ਬਰੋਟੇ ਵਾਲੇ" ਬਾਬਾ ਜੀ ਵੀ ਕਿਹਾ ਜਾਂਦਾ ਹੈ। ਕਿਉਂਕਿ ਇਹ ਬਰੋਟਾ ਦਹਾਕਿਆਂ ਤੋਂ ਇਥੇ ਮੌਜੂਦ ਹੈ। ਜਿਸ ਦੀ ਦਿਖ ਆਪਣੇ ਆਪ ਹੀ ਬਿਆਨ ਕਰਦੀ ਹਾਂ। ਕੁਝ ਲੋਕਾਂ ਮੁਤਾਬਕ ਇਥੇ ਸਭ ਤੋਂ ਪਹਿਲਾਂ ਇਥੇ ਖੇਮੋਂ ਬੇਗਮ ਦੇ ਨਾਂ ਦੀਵਾ ਬਾਲਿਆ ਜਾਂਦਾ ਸੀ।
ਇਥੇ ਕੁਝ ਕੁ ਕਦਮਾਂ ਉਤੇ ਇਕ ਕੋਰਟ ਅਤੇ ਗਰਾਊਂਡ ਹੈ ਉਸ ਦੇ ਸਾਹਮਣੇ ਇਕ ਸਰਕਾਰੀ ਹਾਈ ਸਕੂਲ ਹੈ। ਰੋਡ ਉੱਤੇ ਇਕ ਗੋਦਾਮ ਅਤੇ ਦਾਣਾ ਮੰਡੀ ਮੌਜੂਦ ਹੈ। ਅੱਗੇ ਪੁਲ ਦੇ ਨੇੜੇ ਇਕ ਬਹੁਤ ਪੁਰਾਣੀ ਮਿਠਾਈ ਦੀ ਦੁਕਾਨ ਹੈ ਜਿਸ ਚ ਸਮੇਂ ਦੇ ਹਿਸਾਬ ਨਾਲ ਨਾਲ ਤਬਦੀਲੀ ਆ ਚੁੱਕੀ ਹੈ।
ਪਿੰਡ ਦੇ ਅੰਦਰ ਇਕ ਪੁਰਾਣਾ ਸ਼ਿਵ ਮੰਦਰ ਹੈ। ਜਿਥੇ ਕਦੇ ਪੁਰਾਤਨ ਬਜ਼ਾਰ ਹੁੰਦਾ ਸੀ । ਪਿੰਡ ਵਾਸੀਆਂ ਮੁਤਾਬਕ ਇਹ ਮੰਦਰ ਪਹਿਲਾਂ ਤੋਂ ਮੌਜੂਦ ਸੀ ਭਾਵ ਧਰਤੀ ਵਿੱਚ ਸ਼ਿਵਲਿੰਗ ਨਿਕਲਿਆ ਸੀ ਅਤੇ ਹੌਲੀ -ਹੌਲੀ ਇਸ ਦਾ ਨਿਰਮਾਣ ਵੀ ਕੀਤਾ ਗਿਆ। ਇਸ ਨੂੰ ਪੁਰਾਤਨ ਮੰਦਰ ਕਿਹਾ ਜਾਂਦਾ ਹੈ।
ਸਮੇਂ ਦੇ ਨਾਲ ਨਾਲ ਪਿੰਡ ਖਮਾਣੋਂ ਦਾ ਘੇਰਾ ਵਿਸ਼ਾਲ ਹੋ ਚੁੱਕਾ ਹੈ। ਪਿੰਡ ਦੀ ਖਾਸੀਅਤ ਇਹ ਹੈ ਕਿ ਹਰ ਬੰਦਾ ਪੜਿਆ ਲਿਖਿਆ ਹੈ। ਪਿੰਡ ਦੀ ਹਰ ਗਲੀ ਤੇ ਮਕਾਨ ਪੱਕਾ ਹੈ, ਇਸ ਪਿੰਡ ਹਰ ਧਰਮ ਦੇ ਲੋਕ ਵੱਸਦੇ ਹਨ। ਇਸ ਪਿੰਡ ਵਿੱਚ ਫ਼ਿਲਮਾਂ ਵੀ ਬਣ ਚੁੱਕੀਆਂ ਹਨ ।
ਪਿੰਡ ਦੇ ਕਿੰਨੇ ਪੁੱਤ ਫੌਜ ਵਿੱਚ ਭਰਤੀ ਹੋ ਬਾਰਡਰ 'ਤੇ ਸੇਵਾਵਾਂ ਦੇ ਚੁੱਕੇ ਹਨ। ਕਈ ਸੇਵਾਮੁਕਤ ਹੋ ਆਪੋ ਆਪਣਾ ਜੀਵਨ ਬਸਰ ਕਰ ਰਹੇ ਹਨ।
ਪਿੰਡ ਵਾਸੀਆਂ ਨੂੰ ਹਰ ਸਹੂਲਤ ਜਿਵੇਂ ਕਿ ਹਸਪਤਾਲ , ਬੈਂਕ, ਡਾਕਖਾਨਾ, ਬਿਜਲੀ ਘਰ, ਬੱਸ ਸਟੈਂਡ, ਸਕੂਲ ਕਾਲਜ, ਧਰਮਸ਼ਾਲਾ, ਗੁਰਦੁਆਰਾ ਸਾਹਿਬ, ਮੰਦਰ, ਮਸਜਿਦ, ਨਹਿਰੀ ਪਾਣੀ, ਕੋਰਟ, ਗੋਦਾਮ, ਆਟਾ ਚੱਕੀ, ਰੇਲਵੇ ਸਟੇਸ਼ਨ, ਦਾਣਾ ਮੰਡੀ, ਸ਼ੀਤਲਾ ਮਾਤਾ ਮੰਦਰ, ਬਾਲਮੀਕ ਮੰਦਰ, ਦੁੱਧ ਦੀ ਡੇਅਰੀ, ਵੈਟਰਨਰੀ ਹਸਪਤਾਲ, ਆਕਾਲ ਐਕਡਮੀ, ਸ਼ਮਸ਼ਾਨ ਘਾਟ, ਨਗਰ ਨਿਗਮ ਕਮੇਟੀ ਦਫ਼ਤਰ, ਡਿਪੂ, ਸੈਲਰ, ਪਟਰੋਲ ਪੰਪ ਆਦਿ ਮੌਜੂਦ ਹਨ।
ਪੰਜਾਬ ਵਿਚ ਮੇਲਿਆਂ ਦਾ ਬਹੁਤ ਮਹੱਤਵ ਹੈ, ਉਥੇ ਹੀ ਇਹ ਲੋਕਾਂ ਦੇ ਰੀਤੀ ਰਿਵਾਜ ਤੇ ਸੱਭਿਆਚਾਰ ਦੀ ਗਵਾਹੀ ਭਰਦੇ ਹਨ। ਮੇਲੇ ਪ੍ਰਾਚੀਨ ਸਮੇਂ ਤੋਂ ਪ੍ਰਚਲਿਤ ਹਨ। ਇਹਨਾਂ ਮੇਲਿਆਂ ਦਾ ਮਹੱਤਵ ਇੱਕ ਤਿਉਹਾਰ ਤੋਂ ਵਾਂਗ ਮੰਨਿਆ ਜਾਂਦਾ ਹੈ। ਜਿਸ ਤਰ੍ਹਾਂ ਤਿਉਹਾਰਾਂ ਦਾ ਚਾਅ ਹੁੰਦਾ ਹੈ ਉਸੇ ਤਰ੍ਹਾਂ ਮੇਲੇ ਦਾ ਵੀ ਉਨ੍ਹਾਂ ਹੀ ਮਹੱਤਵ ਹੁੰਦਾ ਹੈ। ਜਿਸ ਵਿੱਚ ਹਰ ਪਿੰਡ ਤੇ ਸ਼ਹਿਰ ਦੇ ਲੋਕੀਂ ਸ਼ਾਮਿਲ ਹੁੰਦੇ ਹਨ। ਇਹ ਮੇਲੇ ਸਰਬ ਸਾਂਝੇ ਹੁੰਦੇ ਹਨ। ਜਿਥੇ ਸਾਰੇ ਧਰਮਾਂ ਦੇ ਲੋਕ ਇੱਕਠੇ ਹੁੰਦੇ ਹਨ।
ਪੰਜਾਬ ਵਿੱਚ ਸਥਾਨਕ ਪੱਧਰ ਦੇ ਮੇਲੇ ਜਿਵੇਂ ਸ਼ਹੀਦੀ ਜੋੜਾ ਮੇਲਾ ਫਤਿਹਗੜ੍ਹ ਸਾਹਿਬ ਜੀ, ਜਰਗ ਦਾ ਮੇਲਾ, ਮਾਲਵੇ ਦਾ ਮੇਲਾ, ਛਪਾਰ ਦਾ ਮੇਲਾ, ਮੁਕਤਸਰ ਦਾ ਮੇਲਾ, ਹੈਦਰ ਸ਼ੇਖ ਦਾ ਮੇਲਾ, ਸਾਈ ਇਲਾਹੀ ਸ਼ਾਹ ਦੀ ਦਰਗਾਹ ਦਾ ਮੇਲਾ, ਆਨੰਦਪੁਰ ਦਾ ਹੌਲਾ ਮੁਹੱਲਾ, ਦੁਆਬੇ ਦਾ ਬਾਬਾ ਸੋਢਲ ਦਾ ਮੇਲਾ, ਤੜਾਗੀਆਂ ਦਾ ਮੇਲਾ ਆਦਿ ਮੇਲਿਆਂ ਦਾ ਜ਼ਿਕਰ ਮਿਲਦਾ ਹੈ।
ਇਹਨਾਂ ’ਚ ਇੱਕ ਮੇਲਾ  ਜੋ ਦਹਾਕਿਆਂ ਤੋਂ ਭਰਦਾ ਆ ਰਿਹਾ ਹੈ ਉਹ ਹੈ ਪਿੰਡ ਖਮਾਣੋਂ ਸ਼ਹਿਰ ਭਰਦਾ ਹੈ। ਇਥੇ "ਬਾਬਾ ਪੂਰਨਗਿਰ" ਜੀ ਦੀ ਸਮਾਧ ਹੈ। ਇਥੇ ਮੇਲਾ ਸਾਲ ਵਿੱਚ ਦੋ ਵਾਰ ਭਰਦਾ ਹੈ। ਇਹ ਮੇਲਾ ਦੇਸੀ ਮਹੀਨਾ ਚੇਤਰ (ਚੇਤ) ਵਿੱਚ ਭਰਿਆ ਹੈ। ਦੂਜੀ ਵਾਰ ਇਹ ਮੇਲਾ, ਪਹਿਲੇ ਨਾਰਾਤੇ, ਦੀਵਾਲੀ ਤੋਂ ਪਹਿਲਾਂ ਦੇਸੀ ਮਹੀਨਾ ਕੱਤਕ ਵਿੱਚ ਭਰਦਾ ਹੈ। ਸ਼ਹਿਰ ਦੇ ਮੇਨ ਰੋਡ ’ਤੇ ਬੱਸ ਸਟੈਂਡ ਦੇ ਸਾਹਮਣੇ ਇਸ ਦਾ ਅਸਥਾਨ ਹੈ। ਇਸ ਮੇਲੇ ਦਾ ਮਹੱਤਵ ਹੈ ਕਿ ਇੱਥੇ ਘੜੌਲੀਆਂ ਚੜ੍ਹਾਈਆਂ ਜਾਂਦੀਆਂ ਹਨ। ਨਵੀਆਂ ਜੌੜੀਆਂ ਦੇ ਮੱਥਾ ਟਕਾਇਆ ਜਾਂਦਾ ਹੈ। ਜਿਹਨਾਂ ਦੇ ਘਰ ਔਲਾਦ ਨਹੀਂ ਹੁੰਦੀ ਉਹ ਇਸ ਸਥਾਨ ’ਤੇ ਘੜੌਲੀ ਸੁੱਖ ਜਾਂਦੇ ਹਨ। ਜਦੋਂ ਸੁੱਖ ਪੂਰੀ ਹੋ ਜਾਦੀ ਹੈ ਭਾਵ ਜਿਹਨਾਂ ਦੇ ਘਰ ਔਲਾਦ ਹੋ ਜਾਂਦੀ ਹੈ ਤਾਂ ਇਥੇ ਘੜੌਲੀ ਚੜਾਉਣ ਆਉਂਦੇ ਹਨ। ਸੁੱਖਣਾ ਪੂਰੀ ਹੋਣ ’ਤੇ ਬਾਬਾ ਪੂਰਨਗਿਰ ਜੀ ਦੀ ਸਮਾਧ ’ਤੇ ਬੱਚੇ ਦਾ ਮੱਥਾ ਟਿਕਿਆ ਜਾਂਦਾ ਹੈ। ਇੱਥੇ ਪ੍ਰਸਾਦ ਵਿੱਚ ਪਤਾਸੇ ਚੜ੍ਹਾਏ ਜਾਂਦੇ ਹਨ। ਜਿਨ੍ਹਾਂ ਦੇ  ਮੂੰਹ ’ਤੇ ( ਮੌਂਕੇ) ਦਾਣਿਆਂ ਦੀ ਤਰ੍ਹਾਂ ਛੋਟੇ -ਛੋਟੇ ਮਾਸ ਦਾਣੇ ਆ ਜਾਂਦਾ ਹੈ ਉਹ ਵੀ ਇਥੇ ਲੂਣ ਤੇ ਝਾੜੂ ਸੁੱਖਦੇ ਹਨ। ਜਦੋਂ ਉਨ੍ਹਾਂ ਦਾ ਇਹ ਕਸ਼ਟ ਦੂਰ ਹੋ ਜਾਂਦਾ ਹੈ ਤਾਂ ਇਥੇ ਝਾੜੂ ਤੇ ਲੂਣ ਚੜਾ ਕੇ ਜਾਂਦੇ ਹਨ। ਇਥੇ ਗੇਟ ਉੱਤੇ ਢੋਲੀ ਢੋਲ ਵਜਾਉਂਦੇ ਹਨ। ਖੁਸ਼ੀ ਵਿੱਚ ਲੋਕੀਂ ਨਵੀ ਜੌੜੀ ਨੂੰ ਜਾਂ ਜਿਨ੍ਹਾਂ ਘਰ ਬੱਚਾ ਹੋਇਆ ਹੋਵੇ ਉਹ ਢੋਲੀ ਨੂੰ ਨਾਲ ਲਿਜਾ ਢੋਲ ਵਜਾ ਮੱਥਾ ਟਿਕਾਉਂਦੇ ਹਨ। ਇਥੇ ਹਰ ਕੋਈ ਦੂਰੋਂ-ਦੂਰੋਂ ਆ ਮੱਥਾ ਟੇਕਦਾ ਹੈ। ਇਥੇ ਇੱਕ ਵੱਡਾ ਇੱਕਠ ਹੁੰਦਾ ਹੈ ਭਾਵ ਮੇਲੇ ਭਰਿਆ ਜਾਂਦਾ ਹੈ।
ਮੇਲੇ ’ਤੇ ਧਾਰਮਿਕ ਸੰਗੀਤਕਾਰ ਵੀ ਆਉਂਦੇ ਹਨ। ਜੋ ਮੇਲੇ ਦੀ ਮਹਿਮਾ ਸੁਣਾਉਂਦੇ ਹਨ। ਉਹ ਆਪਣੇ ਸੰਗੀਤ ਰਾਹੀਂ ਲੋਕਾਂ ਨੂੰ ਮੇਲੇ ਦੇ ਪ੍ਰਤੀ ਸ਼ਰਧਾ ਤੇ ਸਤਿਕਾਰ ਦੱਸਦੇ ਹਨ। ਜਿਸ ਦਾ ਹਰ ਕੋਈ ਵਿਰਤਾਂਤ ਧਿਆਨ ਨਾਲ ਸੁਣਦਾ ਹੈ। ਮੇਲੇ ਵਿੱਚ ਹਰ ਧਰਮ ਸਾਂਝਾਂ ਯੋਗਦਾਨ ਕਰ ਇਹਨਾਂ ਸੰਗੀਤਕਾਰ ਨੂੰ ਆਪਣੀ- ਆਪਣੀ ਸ਼ਰਧਾ ਅਨੁਸਾਰ ਸੇਵਾ ਭੇਟਾ ਭੇਟ ਕਰਦਾ ਹੈ।
ਮੇਲੇ ਦੀ ਰੌਣਕ ਦੇਖਿਆ ਹੀ ਦਿਖਦੀ ਹੈ। ਜਿਥੇ ਪੌਕੜੇ, ਜਲੇਬੀਆਂ ਕੱਢਦੇ ਦੁਕਾਨਾਂ ਸੜਕਾਂ ’ਤੇ ਲੱਗੀਆਂ ਹੁੰਦੀਆਂ। ਬੱਚਿਆਂ ਦੇ ਖਿਡੌਣੇ, ਬਾਸਰੀ, ਝੂਲੇ, ਬੰਸਾਰੀਆਂ ਵਾਲਾ, ਨਿਸ਼ਾਨੇ ਲਗਾਉਣੇ, ਕਾਗਜ਼ ਦੇ ਬਣੇ ਕਾਨਿਆਂ ’ਤੇ ਪੱਖੇ ਉਢਾਣਾ, ਘੌੜਿਆਂ ’ਤੇ ਬੈਠ ਝੂਲੇ ਲੈਂਦੇ ਹੋਏ ਬੱਚੇ ਜਿਥੇ ਖੂਬ ਮਜਾ ਕਰਦੇ ਹਨ, ਉਥੇ ਹੀ ਖਰੀਦਦਾਰੀ ਦੀ ਵੀ ਜ਼ਿੱਦ ਕਰਦੇ ਹਨ। ਮੇਲੇ ਵਿਚ ਇੱਕ ਗੱਲ ਬੱਚਿਆਂ ਨੂੰ ਬਹੁਤ ਚੰਗੀ ਲੱਗਦੀ ਹੈ ਇੱਕ ਭਾਈ ਮੂੰਹ ’ਚ ਪਾ ਪੌਅ ਪੌਅ ਕਰਕੇ ਵਾਜਾ ਵਜਾਉਂਦਾ ਹੈ ਜਿਸ ਨੂੰ ਹਰ ਬੱਚਾ ਖਰੀਦਦਾ ਹੈ ਤੇ ਮੇਲੇ ’ਚ ਆਪ ਵੀ ਵਜਾਉਂਦੇ ਪੌਅ -ਪੌਅ ਕਰਦੇ ਹਨ। ਮੇਲੇ ਵਿਚ ਸ਼ੌਰ ਸ਼ਰਾਬਾਂ ਬਹੁਤ ਹੁੰਦਾ ਹੈ ਪਰ ਫਿਰ ਵੀ ਮੇਲਾ ਖੂਬ ਆਨੰਦ ਵਾਲਾ ਹੁੰਦਾ ਹੈ। ਜਿਸ ਦਾ ਹਰ ਇੱਕ ਬੱਚੇ ਤੇ ਬਜ਼ੁਰਗ ਨੂੰ ਇੰਤਜਾਰ ਰਹਿੰਦਾ ਹੈ।

ਕਹਿੰਦੇ ਨੇ.....

ਤੂੜੀ ਤੰਦ ਹਾੜੀ ਸਭ ਵੇਚ ਵੱਟ ਕੇ,

ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ,

ਕੱਛੇ ਮਾਰ ਵੰਝਲੀ ਆਨੰਦ ਆ ਗਿਆ,

ਮਾਰਦਾ ਦਮਾਮੇ ਜੱਟ ਮੇਲੇ ਆ ਗਿਆ।

 ਮੇਲੇ ਦੇ ਆਨੰਦ ਦਾ ਮਾਣ ਕਿ ਹੀ ਪਤਾ ਚੱਲਦਾ ਹੈ। ਕਿ ਸਾਡੇ ਪੂਰਵਜ਼ ਮੇਲਿਆਂ ਦਾ ਅਨੰਦ ਲੈਂਦੇ ਸੀ ਤੇ ਸਰੀਰ ਨੂੰ ਫਿਟ ਰੱਖਣ ਲਈ ਇੱਥੇ ਘੋਲ ਵੀ ਕਰਵਾਏ ਜਾਂਦੇ ਸੀ। ਇਹਨਾਂ ਘੋਲਾਂ ਵਿਚ ਨੌਜਵਾਨ ਆਪਣੇ ਜੋਸ਼ ਨਾਲ ਹਿੱਸਾ ਵੀ ਲੈਂਦੇ ਸੀ।
ਭਾਵੇਂ ਸ਼ਹਿਰ 'ਚ ਡਿਵੈਲਪਮੈਂਟ ਬਹੁਤ ਹੋ ਗਈ ਹੈ, ਪਰ ਫਲਾਈਓਵਰ ਬਣ ਨਾਲ ਸ਼ਹਿਰ ਤੰਗ ਹੋ ਗਿਆ ਹੈ। ਪਰ ਲੋਕਾਂ ਦੀ ਆਸਥਾ ਘੱਟ ਨਹੀਂ ਹੋਈ, ਉਸੇ ਤਰ੍ਹਾਂ ਅੱਜ ਮੇਲਾ ਭਰਦਾ ਹੈ। ਝੂਲੇ ਲੱਗਦੇ ਹਨ, ਵੱਖੋਂ ਵੱਖਰੀਆਂ ਦੁਕਾਨਾਂ ਸਜਾਈਆਂ ਜਾਂਦੀਆਂ ਹਨ।
 ਅੰਤ ਦੇਖਿਆ ਜਾਵੇ ਤਾਂ ਦਿਨ ਪਰ ਦਿਨ ਪੁਰਾਣੀਆਂ ਚੀਜ਼ਾਂ ਅਲੋਪ ਹੋ ਗਈਆਂ ਹਨ ਪਰੰਤੂ ਬੱਸ ਅੱਡੇ ਤੇ ਪਿੰਡ ਨੂੰ ਜਾਣ ਵਾਲੇ ਟੈਂਪੂ ਅੱਜ ਵੀ ਮੌਜੂਦ ਹਨ। ਸ਼ਹਿਰ ਦੇ ਨਾਲ ਪਿੰਡਾਂ ਲਈ ਸਵਾਰੀਆਂ ਟੈਂਪੂ ਤੇ ਸਫ਼ਰ ਕਰਦੀਆਂ ਨਜ਼ਰ ਆਉਂਦੀਆਂ ਹਨ। ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਇਹ ਪਿੰਡ ਉਨ੍ਹਾਂ ਹੀ ਖੁਸ਼ਹਾਲ ਹੈ ਜਿਨ੍ਹਾਂ ਰਾਣੀ ਖੇਮੋਂ ਸਮੇਂ ਹੁੰਦਾ ਸੀ।
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
98785-19278

ਅਰਦਾਸ - ਬਲਜਿੰਦਰ ਕੌਰ ਸ਼ੇਰਗਿੱਲ

ਮੁਰਸ਼ਦ ਦੇ ਚਰਨੀਂ ਕੀਤੀ ਅਰਦਾਸ,
ਰਿਸ਼ਤਾ ਬਣਾਈ ਰੱਖੀ ਰੱਬਾ ਸਾਡਾ ਖਾਸ।

ਰਹਿਨੁਮਾਈ ਹੇਠ ਆਪਣੀ ਜਗ੍ਹਾ ਦੇਵੀਂ  ਖਾਸ।
ਟੁੱਟੇ ਨਾ ਕਦੀ ਇੱਕ ਦੂਜੇ ਦਾ ਵਿਸ਼ਵਾਸ  ।

ਗੰਢ ਕੋਈ ਪੱਕੀ ਦਾ ਹੋ ਰੇਹਾ ਅਹਿਸਾਸ,
ਕਿਉਂ ਇਹ ਦਿਨ ਮੇਰੇ ਲਈ ਹੈ ਖਾਸ।

ਮਹਿਰਮ ਮੇਰਾ ਮੇਰੀ ਰੂਹ ਦੇ ਐਨਾ ਹੈ ਪਾਸ ,
ਫਿਰ ਵੀ ਦਿਲ ਕਿਉਂ ਰਹਿੰਦਾ ਹੈ ਉਦਾਸ ।

ਦਿਲ ਨੂੰ ਹਰ ਵੇਲੇ ਰਹਿੰਦੀ ਉਸ ਦੀ ਹੀ ਯਾਦ।
ਆਉਂਦੇ ਨੇ ਕਿਉਂ ਮਖਮਲੀ ਜਿਹੇ ਅਹਿਸਾਸ।
 
ਮੁਕਾ ਦੇ ਰੱਬਾ ਆਇਆ ਸੰਨਿਆਸ।
"ਬਲਜਿੰਦਰ" ਦੀ ਮੁਹੱਬਤ ਸਜੇ ਵਿੱਚ ਰੰਗੀਨ ਲਿਬਾਸ।
ਬਲਜਿੰਦਰ ਕੌਰ ਸ਼ੇਰਗਿੱਲ


ਕਾਗਜ਼ਾਂ ਦੇ ਪੱਤਰੇ

ਰੂਹ ਦਿਆਂ ਹਾਣੀਆਂ ਸਾਂਭ ਲੈ ਪੈਗਾਮ,
ਮੁਹੱਬਤਾਂ ਦੇ ਚਿਰਾਗ਼ ਬੁਝਦੇ ਨੀਂ ਸੌਖੇ।

ਮਹਿੰਗੇ ਭਾਰ ਤੁਲਣੇ ਕਾਗਜ਼ਾਂ ਦੇ ਪੱਤਰੇ,
ਅਹਿਸਾਸਾਂ ਦੀਆਂ ਹੱਟੀਆਂ ਦੇ ਮੁੱਲ ਪੈਣੇ ਚੌਖੇ।

ਮੁਕੱਦਰਾਂ ਦੇ ਵਿਚ ਸੀ ਦਰਦ ਵਿਛੋੜੇ,
ਪਲਾਂ ਵਿਚ ਹੋ ਗਏ ਸੀ ਅੱਖੋਂ -ਪਰੋਖੇ।

ਜ਼ਿਹਨ 'ਚ ਫੁਰਨੇ ਮੁਹੱਬਤਾਂ ਦੇ ਫੁਰੇ,
ਸਫ਼ਰਾਂ ਦੇ ਰਾਹੀਂ ਜ਼ਿੰਦ ਤੁਰੀ ਵੇਲੇ ਔਖੇ।

"ਬਲਜਿੰਦਰ" ਦੇ ਹੱਥਾਂ ਵਿੱਚ ਸੀ ਕਾਗਜ਼ ਕੋਰੇ,
ਅਜ਼ਲੋਂ ਫ਼ਰਮਾਨ ਆਏ ਸੀ ਔਖੇ।


ਬਲਜਿੰਦਰ ਕੌਰ ਸ਼ੇਰਗਿੱਲ

ਕਹਿ ਲੈਣ ਦੇ

ਇੰਨਾ ਅੱਖੀਆਂ ਦੇ ਪਾਣੀ ਨੂੰ ਵਹਿ ਲੈਣ ਦੇ ,
ਦਰਦ ਦਿਲਾਂ ਦਾ, ਕਹਿ ਲੈਣ ਦੇ ।

ਤਲੀਆਂ ਤੇ ਮਹਿੰਦੀ ਰੰਗ ਚੜ੍ਹਾ ਕੇ
ਕਿੰਝ ਲੁਕ -ਲੁਕ ਰੋਏ, ਕਹਿ ਲੈਣ ਦੇ।

ਸੱਧਰਾਂ ਨੂੰ ਵਿਚ ਕੋਨੇ ਛੁਪਾ ਕੇ,
ਕਾਗਜ਼ ਤੇ ਲਿਖ ਲਿਖ, ਕਹਿ ਲੈਣ ਦੇ।

ਸ਼ਾਇਰਾਂ ਦੀ ਦੁਨੀਆਂ 'ਚ ਕਦਮ ਰਖਾ ਕੇ,
ਭਰੀ ਮਹਿਫ਼ਲ ਵਿਚ ਗਾਇਆ, ਕਹਿ ਲੈਣ ਦੇ।

ਪੰਨਿਆ ਤੇ ਹਰਫ਼ਾਂ ਦੇ ਮੋਤੀ ਚੜਾ ਕੇ,
ਬਿਰਹੋਂ ਦੇ ਵਿਹੜੇ 'ਚ, ਬਹਿ ਲੈਣ ਦੇ।

ਰੂਹ ਨੂੰ ਆਪਣਾ ਮੁਰੀਦ ਬਣ ਕੇ,
ਖੁਦ ਮੁਰਸ਼ਦ ਹੋ ਗਏ, ਕਹਿ ਲੈਣ ਦੇ।

"ਬਲਜਿੰਦਰ" ਨੂੰ ਸਫ਼ਰਾਂ ਦੇ ਰਾਹੀਂ ਪਾ ਕੇ,
ਹੁਣ ਖਾਬਾਂ ਦੁਨੀਆਂ 'ਚ ਰਹਿ ਲੈਣ ਦੇ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ

ਪਾਣੀ ਦਾ ਭੰਡਾਰ

ਚੱਲ ਰਹੀ ਸੀ ਖੋਜ,
ਧਰਤੀ ਤੇ ਪਾਣੀ ਕਿਥੋਂ ਆਇਆ।

ਅਧਿਐਨ ਦੇਵੇ ਚੌਣਤੀ,
ਪਾਣੀ ਉਲਕਾਪਿੰਡਾਂ ਜਾਂ ਧੂਮਕੇਤੂਆ ਤੋਂ ਆਇਆ ।

ਸਾਇੰਸਦਾਨਾਂ ਦੀ ਖੋਜ ਨੇ ਧਰਤੀ ਦੀ ਸਤ੍ਹਾ ਹੇਠ,
ਹੈਰਾਨੀ ਜਨਕ ਜਾਂਚ 'ਚ ਵਿਸ਼ਾਲ ਸਮੁੰਦਰ ਸੀ ਪਾਇਆ।

ਕਿਸੇ ਕਲਪਨਾ ਨਾ ਕੀਤੀ ਹੋਉ,
ਸਤ੍ਹਾ ਹੇਠ 700 ਕਿਲੋਮੀਟਰ ਜੋ ਮੌਜੂਦ ਸੀ ਪਾਇਆ।

ਧਰਤੀ ਦੇ ਸਾਗਰਾਂ ਤੋਂ ਤਿੰਨ ਗੁਣਾ ਵੱਡਾ,
ਜ਼ਮੀਨਦੋਜ਼ ਪਾਣੀ ਦਾ ਭੰਡਾਰ ਸੀ ਥਿਆਇਆ।

"ਬਲਜਿੰਦਰ" ਹੋਈ ਹੈਰਾਨ ਪੜ੍ਹ ਇਸ ਖੋਜ ਨੂੰ,
ਕਵਿਤਾ ਵਿਚ ਆਖ ਸੁਣਾਇਆ।

ਪੰਜਾਬੀ ਸਿੱਖੋ ਸਿਖਾਓ - ਬਲਜਿੰਦਰ ਕੌਰ ਸ਼ੇਰਗਿੱਲ

ਬੱਚਿਓ, ਆਪਣੇ  ਮਨਾਂ ਵਿਚ ਜ਼ਰਾ ਜੋਸ਼ ਜਗਾਓ,
ਮਾਂ ਬੋਲੀ ਪੰਜਾਬੀ ਸਾਰੇ ਸਿੱਖੋ ਤੇ ਸਿਖਾਓ।

ਤੁਸੀਂ ਆਪਣੇ ਘਰਾਂ ਤੋਂ ਸ਼ੁਰੂਆਤ ਕਰ ਆਓ,
ਬੇਗਾਨਿਆਂ ਵਾਂਗ ਨਾ ਰੁਖ ਅਪਨਾਓ।

ਹੋ ਰਹੇ ਵਿਤਕਰੇ ਨੂੰ, ਰਲ ਮਿਲ  ਕੇ ਘਟਾਓ,
ਇਕ ਮਿਕ ਹੋ ਕੇ ਸਾਰੇ ਮਾਂ ਬੋਲੀ ਨੂੰ ਬਚਾਓ।

ਮੈਗਜ਼ੀਨ ਅਖ਼ਬਾਰਾਂ ਪੜ੍ਹਨ ਦੀ ਆਦਤ ਤਾਂ ਪਾਓ,
ਨਿੱਤ ਦੀਆਂ ਗੱਲਾਂ ਵਿਚ ਪੰਜਾਬੀ ਕਹਿ ਸੁਣਾਓ।

ਮਾਂ ਬੋਲੀ ਨੂੰ ਬਣਦਾ ਸਤਿਕਾਰ ਦੁਆਓ,
ਗੁਰਮੁਖੀ ਤਾਈਂ, ਘੁਟ ਕੇ ਹਿੱਕ ਨਾਲ ਲਾਓ।

"ਬਲਜਿੰਦਰ" ਮਾਂ ਬੋਲੀ ਤੋਂ ਕੰਨੀ ਨਾ ਕਰਤਰਾਓ,
ਸਾਇਨ ਬੋਰਡਾਂ 'ਤੇ ਪੰਜਾਬੀ ਲਿਖੋ ਅਤੇ ਲਿਖਾਓ।

ਬੱਚਿਓ, ਆਪਣੇ  ਮਨਾਂ ਵਿਚ ਜ਼ਰਾ ਜੋਸ਼ ਜਗਾਓ,
ਮਾਂ ਬੋਲੀ ਪੰਜਾਬੀ ਸਾਰੇ ਸਿੱਖੋ ਤੇ ਸਿਖਾਓ।

ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278

ਕਲਮ ਤੇ ਮੈਂ - ਬਲਜਿੰਦਰ ਕੌਰ ਸ਼ੇਰਗਿੱਲ

ਕਲਮ ਕਹਿੰਦੀ, ਤੂੰ ਨਾ ਘਬਰਾਈਂ,
ਸੱਚ ਲਿੱਖਣੋਂ, ਕੰਨੀਂ ਨਾ ਕਤਰਾਈਂ।

ਪੀੜ ਆਪਣੀ ਨੂੰ, ਕਦੇ ਨਾ ਛੁਪਾਈਂ,
ਦਿਲ ਵਿੱਚ ਵੀ, ਕੁਝ ਨਾ ਲੁਕਾਈਂ।

ਕੋਰੇ ਕਾਗਜ਼ ’ਤੇ, ਭਾਵੇਂ ਲੀਕਾਂ ਵਾੲੀਂ,
ਲਿਖਦੇ-ਲਿਖਦੇ, ਤੂੰ ਰੁਕ ਨਾ ਜਾਈਂ।

ਕਲਮ ਮੇਰੀਏ! ਇਹ ਜੋ ਉਦਾਸੀ ਛਾਈਂ,
ਇਹ ਹੈ ਕਿਸੇ ਨੇ, ਦਿੱਤੀ ਏ ਰੁਸਵਾਈਂ।

ਜਦ ਕਦੇ ਵੀ ਦਿਲ ਨੇ, ਹੈ ਪਾਈ ਦੁਹਾਈਂ,
ਉੁਸ ਵੇਲੇ ਮੌਲਾ ਨੇ, ਹੱਥੀਂ ਕਲਮ ਫੜਾਈਂ।

ਕੇਵਲ ਸਾਡੇ ਰਾਹਾਂ ਵਿੱਚ ਈ, ਕਿਉਂ ਏ ਖਾਈਂ,
ਰੂਹ ਦੀ ਰੂਹ ਨਾਲ ਲੱਗਦੈ, ਜਿਵੇਂ ਹੋਵੇ ਲੜਾਈ।

‘ਬਲਜਿੰਦਰ ਸ਼ੇਰਗਿੱਲ’ ਨੇ ਫਿਰ ਕਲਮ ਚਲਾਈਂ,
ਕਾਗਜ਼ ’ਤੇ ਲਿਖ ਓਸਨੇ, ਸਾਰੀ ਗੱਲ ਮੁਕਾਈਂ ਏ।

ਬਲਜਿੰਦਰ ਕੌਰ ਸ਼ੇਰਗਿੱਲ, ਮੋਹਾਲੀ
ਮੋਬਾ : 9878519278


ਲਿਖਦੇ- ਲਿਖਦੇ - ਬਲਜਿੰਦਰ ਕੌਰ ਸ਼ੇਰਗਿੱਲ

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਹੱਥਾਂ ਦੀਆਂ ਲਕੀਰਾਂ ਨੇ ਵੀ, ਮਿਟ ਜਾਣਾ,
ਜਦ ਵਿੱਚ ਰਾਖ ਦੇ ਇਸ ਕਲਬੂਤ ਨੇ ਲੁੱਕ ਜਾਣਾ।

ਅਸਾਂ ਵਾਂਗ ਪਰਿੰਦਿਆਂ, ਮਾਰ ਉਡਾਰੀ ਉੱਡ ਜਾਣਾ,
ਛੱਡ ਆਲ੍ਹਣੇ ਦਾਣਾ ਪਾਣੀ , ਹੋ ਏਥੋਂ ਚੁੱਕ ਜਾਣਾ।

ਲਾਈ ਇਸ਼ਕ ਦੀ ਬਾਜ਼ੀ’ਤੇ ਉਦੋਂ ਹੀ ਜਿੱਤ ਹੋਣੀ,
ਜਦ ਆਉਣ ਜਾਣ ਦਾ ਗੇੜ, ਵੀ ਸਾਡਾ ਰੁੱਕ ਜਾਣਾ।

ਸਤਰੰਗੀ ਪੀਂਘ ਵੀ ਝੂਟਦੇ ਰਹੇ, ਅਸੀਂ ਦੁਨੀਆਂ ਤੇ,
ਮੋਰਾਂ ਵਾਂਗ ਜੋ ਪੰਖ ਫ਼ੈਲਾਏ , ਇਨ੍ਹਾਂ ਵੀ ਸੁੱਕ ਜਾਣਾ।

ਅਸਾਂ ਧਰਤੀ ਮਾਂ ਦੀ ਬੁਕੱਲ ਵਿੱਚ ਜਾ ਸੌ ਜਾਣਾ,
ਵਿੱਚ ਚਿਖਾ ਦੇ ਸੜ ਕੇ ਹੋ ਮਿੱਟੀ ਦਾ ਬੁੱਕ ਜਾਣਾ।

" ਬਲਜਿੰਦਰ" ਦਰ ਸਾਈਆਂ ਦੇ ਸਭ ਨੂੰਜਾਣਾ ਪੈਣਾ ਏ,
ਜਦੋਂ ਇਸ ਦੁਨੀਆਂ ਤੋਂ ਲੇਖਾ ਜੋਖਾ ਮੁੱਕ ਜਾਣਾ।

ਲਿਖਦੇ- ਲਿਖਦੇ ਇੱਕ ਦਿਨ, ਹੱਥਾਂ ਨੇ ਰੁੱਕ ਜਾਣਾ,
ਅੰਬਰੋਂ ਆਉਣੇ ਸੁਨੇਹੇ, ਸਾਹਾਂ ਨੇ ਮੁੱਕ ਜਾਣਾ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਨਜ਼ਰਾਂ - ਬਲਜਿੰਦਰ ਕੌਰ ਸ਼ੇਰਗਿੱਲ

ਮੇਰੀਆਂ ਨਜ਼ਰਾਂ 'ਚ ਨਜ਼ਰਾਂ ਮਿਲਾਕੇ ਤਾਂ ਵੇਖ,
ਇਸ ਸਮੁੰਦਰ ਦੀਆਂ ਲਹਿਰਾਂ 'ਚ ਆ ਕੇ ਤਾਂ ਵੇਖ।

ਮੇਰੇ ਹੂੰਝਆਂ 'ਚ, ਮੈਨੂੰ ਬਲਦੀ ਤਾਂ ਵੇਖ,
ਬਿਨ ਤੀਲੀ ਤੋਂ ਅੱਗ 'ਚ ਸੜਦੀ ਤਾਂ ਵੇਖ।

ਮੇਰੀਆਂ ਭਿੱਜੀਆਂ ਪਲਕਾਂ, ਗ਼ੌਰ ਨਾਲ  ਵੇਖ,
ਗੁਜ਼ਰੇ ਹੋਏ ਦੌਰ ਨਾਲ ਵੇਖ।

ਟਪਕਦੇ ਹੋਏ ਇਨਾਂ ਮੋਤੀਆਂ ਨੂੰ,
ਚੁੱਕ ਕੇ ਸੀਨੇ ਲਾ ਕੇ ਤਾਂ ਵੇਖ।

‘‘ਬਲਜਿੰਦਰ’’ ਦੀਆਂ ਅੱਖਾਂ ਨੂੰ ਪੜ੍ਹ ਕੇ ਤਾਂ ਵੇਖ,
ਆਏ ਹੜ੍ਹ ਵਿੱਚ ਵੜ੍ਹ ਕੇ ਤਾਂ ਵੇਖ।


ਬਲਜਿੰਦਰ ਕੌਰ ਸ਼ੇਰਗਿੱਲ

ਖੁਦ - ਬਲਜਿੰਦਰ ਕੌਰ ਸ਼ੇਰਗਿੱਲ

ਖੁਦ ਦੀ ਖੁਦ ਨਾਲ ਹੋਈ ਗੱਲਬਾਤ,
ਖੁਦਾ ਨੇ ਮੈਨੂੰ ਕੋਈ ਬਖ਼ਸ਼ੀ ਹੈ ਦਾਤ ।

ਲਿਖ ਰਹੀ ਹਾਂ ਖੁਦ ਦੇ ਖ਼ਿਆਲਾਤ,
ਮੁਹਬੱਤਾਂ ਦੇ ਨਗ਼ਮੇ ਗਾ ਰਹੀ ਦਿਨ ਰਾਤ।

ਇੱਕ ਦਿਨ ਮੁੱਕ ਜਾਣੇ ਇਹ ਸਾਰੇ ਜਜ਼ਬਾਤ,
ਜਿਸ ਦੀ ਗਹਿਰਾਈ ਤੇ ਨਾ ਮਾਰੇ ਕੋਈ ਝਾਤ।

ਇਸ਼ਕੇ ਦੇ ਗ਼ਮਾਂ 'ਚ ਸੱਜ ਜਾਣੀ ਬਰਾਤ,
ਜੋ ਹਰ ਵੇਲੇ ਹੁੰਝੂਆਂ ਦੀ ਲਾ ਰਹੀ ਬਰਸਾਤ।

"ਬਲਜਿੰਦਰ" ਮਿਲੇਗੀ ਬੇਸ਼ਕੀਮਤੀ ਸੌਗਾਤ,
ਰੂਹ ਨੂੰ ਠਾਰੇ ਗੀ ਜਦ ਅੰਬਰੀਂ ਪ੍ਰਭਾਤ ।

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ

ਚੰਨ ਤਾਰੇ - ਬਲਜਿੰਦਰ ਕੌਰ ਸ਼ੇਰਗਿੱਲ

ਗਈ ਮੈਂ ਬਜ਼ਾਰ,
ਆਪਣੀ ਸਹੇਲੀ ਦੇ ਨਾਲ,
ਇੱਕ ਦੂਜੀ ਲੱਗੀਆਂ,
ਆਪੋਂ ਆਪਣਾ ਸੁਣਾਉਣ ਹਾਲ,
ਨੇੜੇ ਆਇਆ ਇੱਕ ਭਾਈ,
ਕਹਿੰਦੇ ਲੈ ਲੋ ਜੀ ਚੰਨ ਤਾਰੇ ਹਰ ਹਾਲ |

ਮੈਂ ਆਖਿਆ, ਭਾਈ ਚੰਨ ਤਾਰੇ,
ਸਾਡਾ ਤਾਂ ਆਪਣਾ ਚੰਨ ਗੁਆਚਿਆ,
ਜੋ ਸਾਨੂੰ ਦਿਨੇ ਦਿਖਾਵੇ ਤਾਰੇ |

ਭਾਈ ਵੀ ਹੱਸਿਆ,
ਹੋਇਆ ਪਾਸੇ ਨਾਲ,
ਦੇਖਦਾ ਰਿਹਾ ਸਾਨੂੰ,
ਹੋਇਆ ਖੁਸ਼ੀ 'ਚ ਮਲਾਲ |
ਬਲਜਿੰਦਰ ਕੌਰ ਸ਼ੇਰਗਿੱਲ।

ਮਾਂ ਬੋਲੀ - ਬਲਜਿੰਦਰ ਕੌਰ ਸ਼ੇਰਗਿੱਲ ਮੋਹਾਲੀ

ਹੱਦੋਂ ਵੱਧ ਮਾਂ ਬੋਲੀ ਨੂੰ ਪਿਆਰ ਕਰਦੀ ਹਾਂ,
ਔਰਤ ਹਾਂ ਔਰਤ ਦਾ ਸਤਿਕਾਰ ਕਰਦੀ ਹਾਂ।

ਨੌਜਵਾਨਾਂ ਨੂੰ ਇੱਕ ਗੁਹਾਰ ਕਰਦੀ ਹਾਂ,
ਮਾਂ ਬੋਲੀ ਸਾਂਭਣ ਇਹੀ ਪ੍ਰਸਾਰ ਕਰਦੀ ਹਾਂ।

ਸਾਹਿਤਕਾਰਾਂ ਦਾ ਦਿਲੋਂ ਸਤਿਕਾਰ ਕਰਦੀ ਹਾਂ,
ਮਾਂ ਬੋਲੀ ਦੇ ਹੱਕ 'ਚ ਪ੍ਰਚਾਰ ਕਰਦੀ ਹਾਂ।

ਜਿਸ ਦੀ ਗੋਦੀ ’ਚ ਬੈਠ ਕੇ ਮਾਂ ਬੋਲੀ, ਬੋਲੀ ਮੈਂ,
ਉਸ ਮਾਂ ਨੂੰ ਸਿਜਦਾ ਵਾਰੋਂ ਵਾਰ ਕਰਦੀ ਹਾਂ।

ਜਿਸ ਮਿੱਟੀ ਤੇ ਡੁੱਲ੍ਹੇ ਨੇ ਖੂਨ ਸ਼ਹੀਦਾਂ ਦੇ,
ਉਸ ਮਾਂ ਧਰਤੀ ਦੀ ਪੂਜਾ ਰੱਬ ਵਾਂਗ ਕਰਦੀ ਹਾਂ।

ਜਿਸ ਮਾਂ ਬੋਲੀ ਨੇ ਪੁਚਾਇਆ "ਬਲਜਿੰਦਰ" ਇਸ ਮੁਕਾਮ ਤੇ,
ਉਸ ਮਾਂ ਬੋਲੀ ਨੂੰ ਦਿਲੋਂ ਸਲਾਮ ਕਰਦੀ ਹਾਂ।

ਹੜ੍ਹ - ਬਲਜਿੰਦਰ ਕੌਰ ਸ਼ੇਰਗਿੱਲ

ਕੁਦਰਤ ਦਾ ਖੌਫ਼ਨਾਕ ਸੀ ਮੰਜ਼ਰ,
ਬਾਰਿਸ਼ ਵਿਚ ਰੁੜ ਗਏ ਸੀ ਡੰਗਰ।

ਨਦੀਆਂ ’ਚ ਪਾੜ ਪੈ ਗਏ ਸੀ ਭਾਰੀ,
ਹੜ੍ਹ ਕਾਰਨ ਅਲਰਟ ਹੋ ਗਏ ਸੀ ਜਾਰੀ।

ਪਿੰਡਾਂ ਦਾ ਨਾ ਕੋਈ ਸੀ ਹਾਣੀ।
ਹਸਪਤਾਲਾਂ ’ਚ ਭਰ ਗਿਆ ਸੀ ਪਾਣੀ,  

ਪੁੱਲ ਸੀ ਬਣਾਏ ਕਰੋੜਾਂ ਦੀ ਲਾਗਤ,
ਢਹਿ ਢੇਰੀ ਹੋ ਕੇ ਬਣ ਗਏ ਸੀ ਆਫ਼ਤ।

ਧੱਸੀਆ ਸੜਕਾਂ, ਘਰ ਢਹਿ ਗਏ,
ਤੀਲੀਆਂ ਵਾਂਗ ਰੁੱਖ ਵਹਿ ਗਏ।

ਮੁਨੱਖ ਨਾ ਚੜ੍ਹਜੇ ਪਾਣੀ ਦੀ ਲਪੇਟ।
ਖੋਲ੍ਹ ਦਿੱਤੇ ਡੈਮ ਦੇ ਫਲੱਡ ਗੇਟ।

ਸੰਕਟ ’ਚ ‘‘ਬਲਜਿੰਦਰ’’ ਦੁਨੀਆਂ ਹਾਲੇ,
ਸਕੂਲਾਂ ਨੂੰ ਲਾ ਦਿੱਤੇ ਸੀ ਤਾਲੇ।
 
ਬਲਜਿੰਦਰ ਕੌਰ ਸ਼ੇਰਗਿੱਲ
ਮੋਹਾਲੀ
9878519278

ਧੀ ਕੁਰਲਾਈ - ਬਲਜਿੰਦਰ ਕੌਰ ਸ਼ੇਰਗਿੱਲ

ਕੁੱਖੋਂ ਜਿਸਦੀ ਪੈਦਾ ਹੋਇਆ,
ਦੁੱਧ ਚੁੰਘ ਕੇ ਵੱਡਾ ਹੋਇਆ |

ਅੱਜ ਉਹੀ ਸ਼ਰਮਸਾਰ ਹੋਈ,
ਜਾ ਇਨਸਾਨਾਂ ਜਾ,
ਕੁੱਲਾਂ ਤੇਰੀਆਂ ਨਰਕਾਂ ਦੀ ਭਾਗੀਦਾਰ ਹੋਈ |

ਧੀ ਕੁਰਲਾਈ ਰੋ-ਰੋ ਕੇ,
ਦਰਿੰਦਗੀ ਦਾ ਜ਼ੁਲਮ ਢੋਅ-ਢੋਅ ਕੇ,
ਨਿਰਵਸਤਰ ਸਰੇ ਬਜ਼ਾਰ ਹੋਈ,
ਮਨੁੱਖਤਾ ਦੇਖੋ ਕਿੰਨੀ ਸ਼ਰਮਾਸਾਰ ਹੋਈ |

ਮਨੀਪੁਰ 'ਚ ਦੋ ਕਬਾਇਲੀ ਬੱਚੀਆਂ,
ਹੈਵਾਨਾਂ ਅੱਗੇ ਪਾ ਰਹੀਆਂ ਸਿਸਕੀਆਂ,
ਸੈਂਕੜੇ ਤਮਾਸ਼ਬੀਨ ਲੋਕਾਂ ਅੱਗੇ,
ਵਹਿਸ਼ੀਪਣੇ ਦਾ ਸ਼ਿਕਾਰ ਹੋਈ |

ਇਨਸਾਨ ਨਹੀਂ ਉਹ ਜਾਨਵਰ ਤੋਂ ਭੈੜਾ,
ਇਸ ਘਿਨੌਨੀ ਹਰਕਤ ਦਾ,
''ਬਲਜਿੰਦਰ'' ਹੋਵੇ ਮਿਸਾਲੀ ਸਜਾ,
ਜਿਸਦੀ ਗਵਾਹੀ ਭਰੇ ਹਰ ਕੋਈ |  

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਮਿੰਨੀ ਕਹਾਣੀ : ਮਾਂ ਬੋਲੀ ਦੇ ਸੇਵਾਦਾਰ - ਬਲਜਿੰਦਰ ਕੌਰ ਸ਼ੇਰਗਿੱਲ

ਕੌਮਾਂਤਰੀ ਮਾਂ ਬੋਲੀ ਦਿਵਸ ਮਨਾਉਣ ਤੋਂ ਇੱਕ ਦਿਨ ਪਹਿਲਾਂ ਫੋਨ ਆਇਆ ਕਿ ਤੁਸੀਂ ਜ਼ਰੂਰ ਆਉਣਾ ਹੈ | ਤੁਸੀਂ ਮਾਂ ਬੋਲੀ ਦੀ ਸੇਵਾ ਬਾਖੂਬੀ ਨਿਭਾਉਂਦੇ ਹੋ, ਸਮਾਗਮ 'ਚ ਜ਼ਰੂਰ ਪਹੁੰਚਣਾ | ਇਹ ਫੋਨ ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਅਤੇ ਪਿ੍ੰਸੀਪਲ ਬਹਾਦਰ ਸਿੰਘ ਗੋਸਲ ਜੀ ਦਾ ਸੀ | ਇਹਨਾਂ ਦਾ ਨਾਂ ਸਾਹਿਤ ਜਗਤ ਵਿੱਚ ਬਹੁਤ ਉੱਚਾ ਹੈ | ਬਹਾਦਰ ਜੀ ਹੁਣ ਤੱਕ 76 ਕਿਤਾਬਾਂ ਲਿਖ ਚੁੱਕੇ ਹਨ | ਆਏ ਦਿਨ ਅਖ਼ਬਾਰਾਂ ਵਿੱਚ ਇਹਨਾਂ ਦੇ ਲੇਖ, ਕਹਾਣੀਆਂ ਛੱਪਦੀਆਂ ਰਹਿੰਦੀਆਂ ਹਨ | ਇਹ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਸਟੇਟ ਅਵਾਰਡ ਵੀ ਲੈ ਚੁੱਕੇ ਹਨ | ਇਹਨਾਂ ਨੇ ਅਨੇਕਾਂ ਐਵਾਰਡ ਹਾਸਿਲ ਕੀਤੇ ਹਨ |    
ਸਭ ਤੋਂ ਚੰਗੀ ਗੱਲ ਇਹਨਾਂ ਨੇ 1995 ਵਿੱਚ ਪੰਜਾਬੀ ਦੀਆਂ ਪ੍ਰਸਾਰ ਮੁਹਿੰਮਾਂ ਸ਼ੁਰੂ ਕਰ ਦਿੱਤੀਆਂ ਸੀ | ਇਹ ਮੁਹਿੰਮ ਬੋਰੀ ਤੋਂ ਬਸਤਾ, ਚੱਲੋ ਬੇਟੀ ਸਕੂਲ, ਆਸਰਾ, ਸੰਡੇ ਸਕੂਲ, ਸ਼ੁਰੂ ਕੀਤੀਆਂ | ਬਹਾਦਰ ਜੀ ਬਾਲ ਸਹਿਤ 52 ਕਿਤਾਬਾਂ ਝੋਲੀ ਪਾ ਚੁੱਕੇ ਹਨ | ਇਹਨਾਂ ਨੂੰ  ਪੰਜਾਬ ਦੇ ਗਵਰਨਰ ਨਾਲ ਮਿਲਣ ਦਾ ਮੌਕਾ ਵੀ ਮਿਲਿਆ |
ਇੱਕ ਦਿਨ ਦੀ ਗੱਲ ਹੈ ਇਹਨਾਂ ਦੀ ਸਭਾ ਵੱਲੋਂ ਅਖ਼ਬਾਰ ਵਿਚ ਖ਼ਬਰ ਲੱਗੀ ਕਿ ਜਿਹੜੇ ਬੱਚੇ ਦਸਵੀਂ ਤੇ ਬਾਰਵੀਂ ਕਲਾਸ ਵਿੱਚ ਪੰਜਾਬੀ ਦੇ ਵਿਸ਼ੇ 'ਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਪਾਸ ਹੋਏ ਉਹਨਾਂ ਨੂੰ  ਸਨਮਾਨਿਤ ਕੀਤਾ ਜਾਵੇਗਾ | ਇਸ ਸਮਾਗਮ ਵਿੱਚ ਮੈਂ ਖੁਦ ਵੀ ਪਹੁੰਚੀ ਸੀ ਤੇ 8 ਬੱਚਿਆਂ ਨੂੰ  ਪੂਰੇ ਪੰਜਾਬ ਵਿੱਚੋਂ ਗਿਆਰਾਂ -ਗਿਆਰਾਂ ਸੌ ਰੁਪਏ, ਮੋਮੈਂਟੋ, ਇੱਕ ਸ਼ਾਲ ਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ | ਇਹਨਾਂ ਦੀ ਮਾਂ ਬੋਲੀ ਲਈ ਸੇਵਾ ਦਾ ਘੇਰਾ ਦਿਨ -ਬ -ਦਿਨ ਬਹੁਤ ਵਿਸ਼ਾਲ ਹੁੰਦਾ ਜਾ ਰਿਹਾ ਹੈ ਜਿਸਨੂੰ ਦੇਖਦੇ ਹੀ ਮਨ ਬਹੁਤ ਖੁਸ਼ ਹੁੰਦਾ ਹੈ |
 
ਅੰਤ ਬਹਾਦਰ ਜੀ ਦਾ ਮੈਨੂੰ ਫੋਨ ਕਰਕੇ ਸਮਾਗਮ ਵਿਚ ਬੁਲਾਉਣਾ ਮਨ ਨੂੰ  ਤਸੱਲੀ ਦਿੰਦੀ ਕਿ ਅੱਜ ਵੀ ਅਜਿਹੇ ਲੋਕ ਹਨ ਜੋ ਆਪਣੇ ਆਪ ਨੂੰ  ਵੱਡੀ ਹਸਤੀਆਂ ਵਿਚ ਨਾ ਸ਼ਾਮਲ ਕਰਕੇ ਇੱਕ ਤੁੱਛ ਜਿਹੇ ਇਨਸਾਨ ਸਮਝਦੇ ਹਨ | ਜੋ ਇਨਸਾਨ ਆਪਣੀ ਮਾਂ ਬੋਲੀ ਦਾ ਪਹਿਰੇਦਾਰ ਹੁੰਦਾ ਹੈ, ਜੱਗ ਤੇ ਉਸਦੀ ਉਸਤਤ ਰਹਿੰਦੇ ਜਹਾਨ ਤੱਕ ਰਹਿੰਦੀ ਹੈ | ਉਨ੍ਹਾਂ ਅੰਦਰ ਕੋਈ ਦਿਖਾਵਾ ਨਹੀਂ ਹੈ | ਉਹ ਹਰ ਇੱਕ ਨੂੰ  ਆਮ ਇਨਸਾਨ ਦੀ ਤਰ੍ਹਾਂ ਹੀ ਮਿਲਦੇ ਹਨ | ਬਹਾਦਰ ਗੋਸਲ ਜੀ ਮਾਂ ਬੋਲੀ ਦੇ ਅਸਲ ਸੇਵਾਦਾਰ ਹਨ | ਜਿਨ੍ਹਾਂ 'ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ  ਫ਼ਖਰ ਮਹਿਸੂਸ ਹੋਵੇਗਾ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
98785-19278

ਮੈਂ ਤੇ ਹਵਾਵਾਂ - ਬਲਜਿੰਦਰ ਕੌਰ ਸ਼ੇਰਗਿੱਲ

ਇੱਕ ਦਿਨ ਹਵਾਵਾਂ ਕੋਲੋਂ ਤੀਂ ਲੰਘੀਆਂ
ਮੈਂ ਹਵਾਵਾਂ ਨੂੰ  ਪੁੱਛਿਆ,
ਨੀਂ ਦੱਸੋ, ਮੈਨੂੰ ਵੀ ਕਰਦਾ ਕੋਈ ਯਾਦ |

ਹਵਾਵਾਂ ਹੱਸੀਆਂ ਤੇ ਬੋਲੀਆਂ,
ਤੂੰ ਜਿਸ ਨੂੰ  ਮਿਲਣਾ,
ਉਹ ਰਾਹਾਂ ਬਹੁਤ ਲੰਮੀਆਂ |

ਮੈਂ ਆਖਿਆ,
ਖਿਦਮਤ ਖੁਦਾ ਦੀ,
ਜਿਨ੍ਹਾਂ ਰਾਹਾਂ 'ਤੇ ਤੁਰਨਾ ਉਹ ਰਾਹਾਂ,
ਰੱਬ ਵਲੋਂ ਗਈਆਂ ਨੇ ਘੱਲੀਆਂ |

ਮੈਂ ਟੁਰਾਂਗੀ ਤੇ ਟੁਰਦੀ ਰਹਾਂਗੀਂ,
ਆਖਿਰ ਪੱਥਰਾਂ ਨੂੰ ਚੀਰ ਕੇ,
ਸਾਗਰ ਵਿਚ ਜਾ ਮਿਲਾਂਗੀ |

ਹਵਾਵਾਂ ਹੱਸੀਆਂ ਤੇ ਬੋਲੀਆਂ,
ਮੁਹੱਬਤਾਂ ਵੀ ਬੜੀਆਂ ਹੁੰਦੀਆਂ ਭੋਲੀਆਂ,
ਰੱਬ ਆਖਿਰਾਂ ਨੂੰ ਭਰ ਦਿੰਦਾ ਝੋਲੀਆਂ |  

ਜਦ ਉਹ ਛੂਹ ਕੇ ਲੰਘੀਆਂ,
ਮੇਰੇ ਜਿਸਮ ਤੇ ਲੂ-ਲੂ ਸੀ,
ਮੇਰੀ ਰੂਹ ਨੂੰ ਰੱਬ ਦਾ,
ਆ ਰਿਹਾ ਸਰੂਰ ਸੀ |
ਮੁੱਖ 'ਤੇ ਵੀ ''ਬਲਜਿੰਦਰ'' ਦੇ,
ਕੋਈ ਵੱਖਰਾ ਹੀ ਨੂਰ ਸੀ |

ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278

ਜੇ ਮੈਂ ਬੱਚਾ ਹੋਵਾਂ - ਬਲਜਿੰਦਰ ਕੌਰ ਸ਼ੇਰਗਿੱਲ

ਕਾਸ਼;  ਜੇ ਮੈਂ ਬੱਚਾ ਹੋਵਾਂ,
ਅੰਬੀਆਂ ਵਾਂਗ ਕੱਚਾ ਹੋਵਾਂ |

ਕਦੇ ਹੱਸਾਂ ਤੇ ਕਦੇ ਰੋਵਾਂ,
ਕਦੇ ਮਾਂ ਦੇ ਸੀਨੇ ਲੱਗ ਸੋਵਾਂ |

ਮਿੱਟੀ ਵਿਚ ਖੇਡਦਾ ਹੋਵਾਂ,
ਕਹੇ ਤੇ ਵੀ ਹੱਥ ਨਾ ਧੋਵਾਂ |

ਘਰ ਦੇ ਵਿਹੜੇ ਦੀ ਰੌਣਕ ਹੋਵਾਂ,
ਭੈਣ ਦਾ ਜੇ ਮੈਂ ਵੀਰ ਹੋਵਾਂ |

ਕਾਰਟੂਨ ਦੇਖਾ, ਆਈਸ ਕਰੀਮ ਖਾਵਾਂ,
ਸਾਈਕਲ ਚਲਾਉਣ ਦਾ ਸ਼ੌਕੀਨ ਹੋਵਾਂ,

ਪਾਪਾ ਘਰ ਆਉਣ ਵਾਲੇ ਨੇ,
ਚਾਕਲੇਟ ਦੀ ਉਡੀਕ 'ਚ ਹੋਵਾਂ |

ਬੇਬੇ ਬਾਪੂ ਜਦ ਮੋਢੇ ਚੁੱਕਦੇ ਦੋਵਾਂ,
''ਬਲਜਿੰਦਰ'' ਕਾਸ਼; ਜੇ ਮੈਂ ਬੱਚਾ ਹੀ ਹੋਵਾਂ,


ਬਲਜਿੰਦਰ ਕੌਰ ਸ਼ੇਰਗਿੱਲ
ਮੁਹਾਲੀ
9878519278