Dr Aarun Mitra

ਚੰਗੀ ਸਿਹਤ ਲਈ ਵਾਤਾਵਰਨ ਦੀ ਸੰਭਾਲ ਅਤਿ ਜ਼ਰੂਰੀ - ਡਾ: ਅਰੁਣ ਮਿੱਤਰਾ

ਪਿਛਲੇ ਕਈ ਸਾਲਾਂ ਤੋਂ ਸੰਘਣੇ ਧੂੰਏਂ ਕਾਰਨ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ, ਹਿਮਾਚਲ ਪ੍ਰਦੇਸ, ਐੱਨਸੀਆਰ ਦਿੱਲੀ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿਚ ਹਰ ਸਾਲ ਅਕਤੂਬਰ ਨਵੰਬਰ ਵਿਚ ਵਾਤਾਵਰਨ ਵਿਚ ਗੰਭੀਰ ਨਿਘਾਰ ਆਉਂਦਾ ਹੈ। ਇਨ੍ਹਾਂ ਦਿਨਾਂ ਵਿਚ ਜਦੋਂ ਗਰਮੀ ਖਤਮ ਹੋ ਜਾਂਦੀ ਹੈ ਤੇ ਸਰਦੀਆਂ ਸ਼ੁਰੂ ਹੋਣ ਵਾਲੀਆਂ ਹੁੰਦੀਆਂ ਹਨ ਤਾਂ ਇਹ ਸਥਿਤੀ ਹਰ ਸਾਲ ਬਣਦੀ ਹੈ। ਗਰਮੀਆਂ ਦੇ ਮੌਸਮ ਵਿਚ ਹਵਾ ਵਾਯੂਮੰਡਲ ਵਿਚ ਉੱਪਰ ਚੜ੍ਹ ਜਾਂਦੀ ਹੈ ਪਰ ਅਕਤੂਬਰ ਅਤੇ ਨਵੰਬਰ ਦੇ ਦੌਰਾਨ ਤਾਪਮਾਨ ਵਿੱਚ ਗਿਰਾਵਟ ਦੇ ਕਾਰਨ ਵਾਤਾਵਰਨ ਵਿੱਚ ਲਟਕਦੇ ਕਣ ਉੱਪਰ ਨਹੀਂ ਚੜ੍ਹ ਸਕਦੇ ਤੇ ਹਵਾ ਵਿਚ ਪਾਣੀ ਦੇ ਨਾਲ ਰਲ ਜਾਂਦੇ ਹਨ, ਜਿਸ ਨੂੰ ਸਮਾਗ ਕਿਹਾ ਜਾਂਦਾ ਹੈ। ਇਨ੍ਹਾਂ ਕਣਾਂ ਦਾ ਸਰੋਤ ਮੁੱਖ ਤੌਰ 'ਤੇ ਵਾਹਨਾਂ 'ਚੋਂ ਨਿਕਲੀਆਂ ਨਿਕਾਸੀ ਗੈਸਾਂ, ਉਦਯੋਗਾਂ ਵਿਚੋਂ ਨਿਕਲਣ ਵਾਲਾ ਧੂੰਆਂ ਅਤੇ ਖੇਤਾਂ ਵਿਚ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਕਾਰਨ ਨਿਕਲਣ ਵਾਲਾ ਧੂੰਆਂ ਹਨ। ਇਨ੍ਹਾਂ ਦਿਨਾਂ ਵਿਚ ਹਵਾ ਦੀ ਘੱਟ ਰਫਤਾਰ ਕਾਰਨ ਧੂੰਆਂ ਜ਼ਮੀਨ ਦੇ ਨੇੜੇ ਹੀ ਰਹਿੰਦਾ ਹੈ, ਜਿਸ ਕਾਰਨ ਸਮੱਸਿਆ ਹੋਰ ਵੀ ਵਧ ਜਾਂਦੀ ਹੈ। ਨਤੀਜੇ ਵਜੋਂ ਹਵਾ ਦੀ ਗੁਣਵੱਤਾ ਵਿਚ ਕਈ ਵਾਰ ਖਤਰਨਾਕ ਪੱਧਰ ਦੀ ਗਿਰਾਵਟ ਆਉਂਦੀ ਹੈ।
      ਹਵਾ ਦੀ ਗੁਣਵੱਤਾ ਨੂੰ ਏਅਰ ਕੁਆਲਟੀ ਇੰਡੈਕਸ (ਏਕਿਯੂਆਈ) ਦੇ ਤੌਰ 'ਤੇ ਮਾਪਿਆ ਜਾਂਦਾ ਹੈ। ਵਾਤਾਵਰਨ ਸੁਰੱਖਿਆ ਪ੍ਰਣਾਲੀ ਦੇ ਅਨੁਸਾਰ ਏਕਿਯੂਆਈ ਨੂੰ ਪੰਜ ਵੱਡੇ ਪ੍ਰਦੂਸ਼ਕਾਂ ਦੇ ਆਧਾਰ 'ਤੇ ਤੈਅ ਕੀਤਾ ਜਾਂਦਾ ਹੈ : ਜ਼ਮੀਨੀ ਸਤਹਿ 'ਤੇ ਓਜੋਨ ਦੀ ਮਾਤਰਾ, ਹਵਾ ਵਿਚ ਲਮਕਦੇ ਕਣ ਪਦਾਰਥ, ਕਾਰਬਨ ਮੋਨੋਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ। ਏਕਿਯੂਆਈ ਦੇ ਪੱਧਰ ਨੂੰ 0-500 ਦੀ ਸ਼੍ਰੇਣੀ ਵਿੱਚ ਵੰਡਿਆ ਗਿਆ ਹੈ। 0-50 ਦਾ ਏਕਿਯੂਆਈ ਪੱਧਰ ਸਾਡੀ ਸਿਹਤ ਲਈ ਸੰਤੁਸ਼ਟੀਜਨਕ ਮੰਨਿਆ ਗਿਆ ਹੈ। ਦਰਮਿਆਨੀ ਏਕਿਯੂਆਈ 51-100 ਤੱਕ ਮੰਨੀ ਜਾਂਦੀ ਹੈ। ਇਹ ਕੁਝ ਲੋਕ ਜਿਨ੍ਹਾਂ ਨੂੰ ਸਾਹ ਦੀਆਂ ਬਿਮਾਰੀਆਂ ਹਨ, ਉਨ੍ਹਾਂ ਲਈ ਹਾਨੀਕਾਰਕ ਹੁੰਦਾ ਹੈ। 101-150 ਦੇ ਪੱਧਰ ਉਨ੍ਹਾਂ ਵਿਅਕਤੀਆਂ ਲਈ ਨੁਕਸਾਨਦੇਹ ਹੋ ਸਕਦੇ ਹਨ ਜੋ ਪਹਿਲਾਂ ਹੀ ਸਾਹ ਦੀਆਂ ਸਮੱਸਿਆਵਾਂ ਜਾਂ ਦਿਲ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਹਨ ਤੇ ਇਨ੍ਹਾਂ ਵਿਚ ਬੱਚਿਆਂ ਅਤੇ ਬਜੁਰਗਾਂ ਨੂੰ ਵਧੇਰੇ ਜੋਖਮ ਹੁੰਦਾ ਹੈ। 151-200 ਦਾ ਪੱਧਰ ਹਰ ਨਾਗਰਿਕ ਲਈ ਹਾਨੀਕਾਰਕ ਹੈ। 201-300 ਦੇ ਵਿਚਕਾਰ ਦਾ ਪੱਧਰ ਵਧੇਰੇ ਗੰਭੀਰ ਪ੍ਰਭਾਵ ਪੈਦਾ ਕਰਦਾ ਹੈ ਤੇ ਸਿਹਤ ਲਈ ਗੰਭੀਰ ਚਿਤਾਵਨੀ ਹੈ। 300 ਤੋਂ ਵੱਧ ਦਾ ਪੱਧਰ ਇਕ ਸੰਕਟਕਾਲੀਨ ਸਥਿਤੀ ਹੈ। ਇਸ ਪ੍ਰਸੰਗ 'ਚ, 8 ਨਵੰਬਰ, 2017 ਨੂੰ ਦਿੱਲੀ ਦੇ ਪੰਜਾਬੀ ਬਾਗ ਖੇਤਰ ਵਿੱਚ ਜੋ ਪੱਧਰ 999 ਤੱਕ ਪਹੁੰਚੇ ਸਨ, ਉਹ ਅਤਿ ਗੰਭੀਰ ਚਿੰਤਾ ਦਾ ਕਾਰਨ ਹਨ।
      ਧੂੰਏਂ ਕਾਰਨ ਆਲੇ ਦੁਆਲੇ ਦੀ ਹਵਾ ਵਿਚ ਆਕਸੀਜਨ ਦੀ ਕਮੀ ਦੇ ਕਾਰਨ ਦਮ ਘੁੱਟਦਾ ਹੈ। ਇਸ ਨਾਲ ਸਾਹ ਪ੍ਰਣਾਲੀ ਵਿਚ ਜਲੂਣ ਹੋ ਸਕਦੀ ਹੈ ਤੇ ਖੰਘ ਅਤੇ ਗਲੇ ਵਿਚ ਜਲਣ ਪੈਦਾ ਹੋ ਸਕਦੀ ਹੈ। ਇੱਕ ਵਿਅਕਤੀ ਨੂੰ ਛਾਤੀ ਵਿੱਚ ਦਬਾਅ ਦਾ ਅਨੁਭਵ ਹੋ ਸਕਦਾ ਹੈ। ਓਜ਼ੋਨ ਗੈਸ ਫੇਫੜੇ ਦੀ ਕਾਰਜ ਸਮਰੱਥਾ ਨੂੰ ਘਟਾ ਸਕਦੀ ਹੈ ਅਤੇ ਪ੍ਰਭਾਵਿਤ ਵਿਅਕਤੀ ਨੂੰ ਡੂੰਘੇ ਅਤੇ ਜ਼ੋਰ ਨਾਲ ਸਾਹ ਲੈਣੇ ਪੈਂਦੇ ਹਨ। ਇਸ ਨਾਲ ਦਮੇ ਦੀ ਬਿਮਾਰੀ ਹੋ ਸਕਦੀ ਹੈ, ਜਿਸ ਲਈ ਕਿ ਇਲਾਜ ਕਰਵਾਉਣਾ ਪੈਂਦਾ ਹੈ। ਓਜੋਨ ਨਾਲ ਐਲਰਜੀ ਵੀ ਵਧਦੀ ਹੈ, ਜਿਸ ਕਰਕੇ ਦਮੇ ਦੇ ਦੌਰੇ ਵਧ ਸਕਦੇ ਹਨ।
      ਓਜ਼ੋਨ ਫੇਫੜੇ ਦੇ ਗੰਭੀਰ ਰੋਗਾਂ ਜਿਵੇਂ ਕਿ ਐਮਫਾਈਸੀਮਾ (ਫੇਫੜਿਆਂ ਦਾ ਜਾਮ ਹੋ ਜਾਣਾ) ਅਤੇ ਬ੍ਰੌਨਕਾਈਟਸ (ਫੇਫੜਿਆਂ ਵਿਚ ਰੇਸ਼ਾ) ਨੂੰ ਵਧਾ ਸਕਦਾ ਹੈ ਅਤੇ ਸਾਹ ਪ੍ਰਣਾਲੀ ਵਿਚ ਜਰਾਸੀਮੀ ਲਾਗਾਂ ਨਾਲ ਲੜਨ ਲਈ ਸਮਰੱਥਾ ਨੂੰ ਘਟਾ ਦਿੰਦਾ ਹੈ। ਬੱਚਿਆਂ ਦੇ ਵਿਕਸਿਤ ਹੋ ਰਹੇ ਫੇਫੜਿਆਂ ਨੂੰ ਵਾਰ ਵਾਰ ਥੋੜ੍ਹੇ ਸਮੇਂ ਲਈ ਓਜੋਨ ਨਾਲ ਫੇਫੜੇ ਦੀ ਕੰਮ ਕਰਨ ਦੀ ਤਾਕਤ ਘੱਟ ਜਾਂਦੀ ਹੈ।
      ਹਵਾ ਵਿਚ ਅਨੇਕਾਂ ਸੂਖਮ ਕਣ ਹੁੰਦੇ ਹਨ ਤੇ ਇਹ ਪਾਣੀ ਦੀਆਂ ਛੋਟੀਆਂ ਬੂੰਦਾਂ ਨਾਲ ਰਲ ਜਾਂਦੇ ਹਨ। ਸਰੀਰ ਵਿਚ ਬਾਹਰੋਂ ਜਾਣ ਵਾਲੇ ਕਣਾਂ ਨੂੰ ਸਾਹ ਦੀ ਨਾਲੀ ਦੇ ਉੱਪਰਲੇ ਹਿੱਸੇ, ਨੱਕ ਤੇ ਗਲਾ, ਅੰਦਰ ਜਾਣ ਤੋਂ ਰੋਕਦੇ ਹਨ ਪਰ ਛੋਟੇ ਆਕਾਰ ਦੇ ਕਾਰਨ, ਇਹ ਕਣ ਨੱਕ ਅਤੇ ਸਾਹ ਦੀ ਨਾਲੀ ਦੇ ਉੱਪਰਲੇ ਕੁਦਰਤੀ ਬਚਾਅ ਦੇ ਹਿੱਸੇ ਨੂੰ ਸਹਿਜੇ ਹੀ ਪਾਰ ਕਰ ਕੇ ਫੇਫੜਿਆਂ ਵਿੱਚ ਡੂੰਘੇ ਚਲੇ ਜਾਂਦੇ ਹਨ, ਜਿੱਥੇ ਉਹ ਫਸ ਸਕਦੇ ਹਨ ਅਤੇ ਜਲਣ ਪੈਦਾ ਕਰ ਸਕਦੇ ਹਨ। ਕਣ ਪਦਾਰਥ ਦੇ ਸੰਪਰਕ ਵਿਚ ਆਉਣ ਨਾਲ ਦਮਾਂ ਜਾਂ ਸਾਹ ਦੀ ਬਿਮਾਰੀ ਨਾਲ ਗ੍ਰਸਤ ਲੋਕਾਂ ਵਿਚ ਘਬਰਾਹਟ ਦੇ ਲੱਛਣ ਪੈਦਾ ਹੋ ਸਕਦੇ ਹਨ। ਇਹ ਪਦਾਰਥ ਜ਼ਹਿਰੀਲੇ ਹਵਾ ਪ੍ਰਦੂਸ਼ਕਾਂ ਨੂੰ ਸਰੀਰ ਅੰਦਰ ਲਿਜਾਣ ਦਾ ਕੰਮ ਕਰ ਸਕਦੇ ਹਨ। ਕਾਰਬਨ ਮੋਨੋਆਕਸਾਈਡ ਗੈਸ ਆਕਸੀਜਨ ਨਾਲ ਰਲ ਕੇ ਕਾਰਬੌਕਸੀ ਹੀਮੋਗਲੋਬਿਨ ਬਣਾ ਕੇ ਹੀਮੋਗਲੋਬਿਨ ਦੇ ਆਕਸੀਜਨ ਦੀ ਕਿਰਿਆ ਨੂੰ ਪ੍ਰਭਾਵਿਤ ਕਰਦਾ ਹੈ, ਜਿਸ ਨਾਲ ਸਰੀਰ ਵਿਚ ਆਕਸੀਜਨ ਦੀ ਕਮੀ ਮਹਿਸੂਸ ਹੁੰਦੀ ਹੈ।
ਇਨ੍ਹਾਂ ਸਭ ਦੇ ਸਿੱਟੇ ਵਜੋਂ ਵਿਅਕਤੀ ਦੀ ਕਾਰਜਸੀਲਤਾ ਘੱਟ ਜਾਣ ਕਾਰਨ ਕੰਮ ਦਾ ਨੁਕਸਾਨ ਹੰਦਾ ਹੈ। ਬੱਚੇ ਸਕੂਲ ਨਹੀ੬ਂ ਜਾ ਪਾਉਂਦੇ। ਕਿਉਂਕਿ ਬਾਹਰ ਜਾਣ ਦੇ ਨਾਲ ਹਵਾ ਦੇ ਪ੍ਰਦੂਸ਼ਣ ਦਾ ਵਧ ਅਸਰ ਪੈਂਦਾ ਹੈ, ਇਸ ਲਈ ਘਰ ਵਿਚ ਰਹਿਣ ਦੇ ਕਾਰਨ ਉਤਪਾਦਕਤਾ ਵਿਚ ਕਮੀ ਆਉਂਦੀ ਹੈ।
       ਹਰ ਸਾਲ ਜਦੋਂ ਸਮੌਗ ਵਿਚ ਵਾਧਾ ਹੁੰਦਾ ਹੈ, ਇਸ ਮੁੱਦੇ 'ਤੇ ਬਹਿਸ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਇਹ ਚਰਚਾ ਮੁੱਕ ਜਾਂਦੀ ਹੈ। ਇਸ ਬਾਰੇ ਜ਼ਰੂਰੀ ਉਪਾਅ ਕਰਨੇ ਲਾਜ਼ਮੀ ਹਨ। ਪ੍ਰਦੂਸ਼ਣ ਨੂੰ ਘਟਾਉਣ ਲਈ ਉਦਯੋਗਾਂ ਨੂੰ ਦ੍ਰਿੜ੍ਹਤਾ ਨਾਲ ਨਿਯਮਤ ਕਰਨ ਦੀ ਜ਼ਰੂਰਤ ਹੈ। ਵਾਹਨਾਂ ਦੇ ਨਿਕਾਸ ਨੂੰ ਹੇਠਾਂ ਲਿਆਉਣਾ ਜ਼ਰੂਰੀ ਹੈ। ਝੋਨੇ ਦੀ ਪਰਾਲੀ ਸਾੜਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਲਗਾਤਾਰ ਜਾਣਕਾਰੀ ਦੇਣਾ ਜ਼ਰੂਰੀ ਹੈ ਪਰ ਕਿਸਾਨਾਂ ਦੀਆਂ ਸਿਕਾਇਤਾਂ ਦਾ ਹੱਲ ਕੀਤੇ ਬਗੈਰ ਪੂਰਾ ਦੋਸ਼ ਕਿਸਾਨਾਂ 'ਤੇ ਲਗਾਉਣਾ ਸਹੀ ਨਹੀਂ ਹੈ।
    aqicn.org ਵੈੱਬਸਾਈਟ ਦੇ ਮੁਤਾਬਕ ਹੁਣ 19 ਅਕਤੂਬਰ 2020 ਨੂੰ ਜਦੋਂ ਕਿ ਦਿੱਲੀ ਵਿਚ ਏਕਿਊਆਈ ਦੀ ਮਾਤਰਾ 180 ਹੈ ਪੰਜਾਬ ਵਿਚ ਇਸਦਾ ਪੱਧਰ ਲੁਧਿਆਣਾ 'ਚ 72, ਜਲੰਧਰ 145 ਤੇ ਅੰਮ੍ਰਿਤਸਰ ਵਿਚ 94 ਹੋ ਗਿਆ ਹੈ ਜੋ ਕਿ ਦਿੱਲੀ ਨਾਲੋਂ ਘੱਟ ਹੈ। ਜੇਕਰ ਕੇਵਲ ਖੇਤੀ ਕਾਰਨ ਪ੍ਰਦੁਸ਼ਣ ਫੈਲਦਾ ਹੋਏ ਤਾਂ ਏਕਿਊਆਈ ਦੀ ਮਾਤਰਾ ਪਹਿਲਾਂ ਪੰਜਾਬ ਵਿਚ ਵਧਣੀ ਚਾਹੀਦੀ ਹੈ।
      ਝੋਨੇ ਦੀ ਕਟਾਈ ਅਤੇ ਕਣਕ ਦੀ ਫ਼ਸਲ ਦੀ ਬਿਜਾਈ ਵਿਚਕਾਰ ਸਮਾਂ ਅੰਤਰ ਘੱਟ ਹੈ। ਇਸ ਲਈ ਕਿਸਾਨਾਂ ਨੂੰ ਸਭ ਤੋਂ ਆਸਾਨ ਤਰੀਕਾ ਪਰਾਲੀ ਨੂੰ ਸਾੜ ਦੇਣਾ ਜਾਪਦਾ ਹੈ। ਖੇਤੀ ਮਾਹਿਰਾਂ ਅਨੁਸਾਰ ਅਗਲੀਆਂ ਫਸਲਾਂ ਵਿਚ ਹਲ ਵਾਹੁਣ ਦੇ ਬਾਵਜੂਦ ਪਰਾਲੀ ਦੀ ਰਹਿੰਦ-ਖੂੰਹਦ ਸਾੜਨ ਕਾਰਨ ਮਿੱਟੀ ਦਾ ਤਾਪਮਾਨ ਵਧ ਜਾਂਦਾ ਹੈ ਜਿਸ ਕਾਰਨ ਲਾਭਦਾਇਕ ਸੂਖਮ ਜੀਵ ਨਸ਼ਟ ਹੋ ਜਾਂਦੇ ਹਨ। ਇਸਦੇ ਨਾਲ ਨਾਈਟ੍ਰੋਜਨ, ਫਾਸਫੋਰਸ, ਪੋਟਾਸ ਸਮੇਤ ਬਹੁਤ ਸਾਰੇ ਲਾਭਕਾਰੀ ਸੂਖਮ ਤੱਤਾਂ ਦਾ ਵੀ ਨੁਕਸਾਨ ਹੁੰਦਾ ਹੈ। ਪੌਸ਼ਟਿਕ ਤੱਤ ਅਨੁਮਾਨਾਂ ਅਨੁਸਾਰ ਕਣਕ ਅਤੇ ਝੋਨੇ ਦੀ ਪਰਾਲੀ ਸਾੜਨ ਕਾਰਨ ਹਰ ਸਾਲ ਪੰਜਾਬ ਰਾਜ ਵਿੱਚ 1000/- ਕਰੋੜ ਰੁਪਏ ਦੇ ਮੁੱਖ ਅਤੇ ਸੂਖਮ ਪੋਸ਼ਕ ਤੱਤਾਂ ਦਾ ਨੁਕਸਾਨ ਹੁੰਦਾ ਹੈ। ਪੰਜਾਬ ਵਿਚ ਝੋਨੇ ਦਾ ਕਾਸ਼ਤ ਯੋਗ ਰਕਬਾ ਲਗਭਗ 65 ਲੱਖ ਏਕੜ ਹੈ। ਪ੍ਰਤੀ ਏਕੜ 30-40 ਕੁਇੰਟਲ ਝਾੜ ਹੁੰਦਾ ਹੈ ਭਾਵ ਰਾਜ ਵਿੱਚ 19.5 - 26 ਕਰੋੜ ਕੁਇੰਟਲ ਝੋਨੇ ਦੀ ਪੈਦਾਵਾਰ ਹੁੰਦੀ ਹੈ। ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀਆਂ ਹਦਾਇਤਾਂ ਅਨੁਸਾਰ ਵੱਖ ਵੱਖ ਖੇਤੀਬਾੜੀ ਮਸ਼ੀਨਰੀ ਅਤੇ ਤੂੜੀ ਦੇ ਪ੍ਰਬੰਧਨ ਲਈ ਪੰਜਾਬ ਵਿਚ ਲਗਭਗ 1600 ਕਰੋੜ ਰੁਪਏ ਖਰਚ ਆਉਂਦੇ ਹਨ। ਛੋਟੇ ਅਤੇ ਸੀਮਾਂਤ ਕਿਸਾਨਾਂ ਲਈ ਅਜਿਹੀ ਮਸੀਨਰੀ ਖਰੀਦਣਾ ਸੰਭਵ ਨਹੀਂ ਹੈ। ਇਸ ਲਈ ਸਰਕਾਰ ਵਲੋਂ ਕਿਸਾਨੀ ਨੂੰ ਇਨ੍ਹਾਂ ਖੇਤੀ ਸੰਦਾਂ ਲਈ ਸਬਸਿਡੀ ਦੇਣੀ ਪਏਗੀ। ਹੁਣ ਕਈ ਸਵੈਸੇਵੀ ਜਥੇਬੰਦੀਆਂ ਇਨ੍ਹਾਂ ਉਪਕਰਨਾਂ ਨੂੰ ਬਹੁਤ ਘੱਟ ਕਿਰਾਏ 'ਤੇ ਵੀ ਦਿੰਦੀਆਂ ਹਨ ਪਰ ਉਹ ਨਾਮਾਤਰ ਹੈ।
      ਕਿਸਾਨਾਂ ਦਾ ਤਰਕ ਹੈ ਕਿ ਪਰਾਲੀ ਦਾ ਪ੍ਰਬੰਧ ਕਰਦੇ ਕਰਦੇ ਅਗਲੀ ਫਸਲ ਕਣਕ ਦੀ ਬਿਜਾਈ ਵਿਚ ਦੇਰੀ ਕਰ ਕੇ ਝਾੜ ਘੱਟ ਹੋਣ ਕਾਰਨ ਉਹ ਪੈਸਾ ਗੁਆ ਰਹੇ ਹਨ। ਇਸ ਲਈ ਜੇਕਰ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਦਾ ਬੋਨਸ ਦਿੱਤਾ ਜਾਂਦਾ ਹੈ, ਜਿਸ ਨਾਲ ਸਰਕਾਰ ਨੂੰ 2000 ਕਰੋੜ ਰੁਪਏ ਖਰਚਣੇ ਪੈਣਗੇ, ਤਾਂ ਸੰਭਾਵਨਾ ਹੈ ਕਿ ਕਿਸਾਨ ਖਰਚੇ ਦੀ ਭਰਪਾਈ ਹੋ ਜਾਣ ਕਾਰਨ ਪਰਾਲੀ ਨਾ ਸਾੜਨ ਲਈ ਰਾਜੀ ਹੋ ਸਕਣ। ਬਹੁਤ ਸਾਰੇ ਨੌਜਵਾਨ ਹੁਣ ਮਿੱਟੀ ਦੀ ਉਪਜਾਊ ਸ਼ਕਤੀ ਅਤੇ ਧੂੰਏ ਦੇ ਸਿਹਤ ਪ੍ਰਭਾਵਾਂ ਬਾਰੇ ਚਿੰਤਤ ਹਨ। ਰਾਜ ਅਤੇ ਕੇਂਦਰ ਸਰਕਾਰਾਂ ਨੂੰ ਇਸ ਜਿੰਮੇਵਾਰੀ ਨੂੰ ਸਮਝਦਿਆਂ ਸਾਂਝੇ ਤੌਰ 'ਤੇ ਹੱਲ ਕਰਨਾ ਚਾਹੀਦਾ ਹੈ। ਸਮੁੱਚੀ ਲਾਗਤ ਦਾ ਮੁਲਾਂਕਣ ਲੋਕਾਂ ਦੁਆਰਾ ਜੇਬ 'ਚੋਂ ਕੀਤੇ ਜਾਣ ਵਾਲੇ ਸਿਹਤ 'ਤੇ ਆਉਂਦੇ ਖਰਚਿਆਂ ਨੂੰ ਜੋੜ ਕੇ ਕਰਨਾ ਚਾਹੀਦਾ ਹੈ। ਇਸ ਤੋਂ ਪਤਾ ਲੱਗੇਗਾ ਕਿ ਇਹ ਖਰਚੇ ਉਪਰੋਕਤ ਰਕਮ ਨਾਲੋਂ ਕਿਤੇ ਵੱਧ ਹਨ ਕਿਉਂਕਿ ਇਸ ਵਿਚ ਬਿਮਾਰੀ, ਮਨੁੱਖ ਦੇ ਕੰਮ ਦੇ ਦਿਨਾਂ ਦੇ ਘਾਟੇ, ਉਤਪਾਦਨ ਦਾ ਨੁਕਸਾਨ, ਸਕੂਲ ਦੀ ਪੜ੍ਹਾਈ ਦਾ ਘਾਟਾ ਅਤੇ ਮਾਨਸਿਕ ਤਣਾਅ ਵੀ ਸਾਮਲ ਹੁੰਦੇ ਹਨ।

ਸੰਪਰਕ : 9417000360

ਫਾਸ਼ੀਵਾਦ ਦਾ ਵਧ ਰਿਹਾ ਖ਼ਤਰਾ ਅਤੇ ਲੋਕਤੰਤਰ ਦੀ ਰਾਖੀ - ਡਾ. ਅਰੁਣ ਮਿੱਤਰਾ

ਪ੍ਰਗਤੀਸ਼ੀਲ ਵਿਚਾਰਧਾਰਾ ਵਾਲਿਆਂ ਨੇ ਪਹਿਲਾਂ ਹੀ ਚਿਤਾਵਨੀ ਦਿੱਤੀ ਸੀ ਕਿ ਭਾਜਪਾ ਦਾ ਸੱਤਾ ਵਿਚ ਆਉਣਾ ਸਾਧਾਰਨ ਸੱਤਾ ਪਰਿਵਰਤਨ ਨਹੀਂ ਹੋਵੇਗਾ। ਹੁਣ ਤੱਕ ਚੋਣਾਂ ਰਾਹੀਂ ਵੱਖ ਵੱਖ ਪਾਰਟੀਆਂ ਦੇਸ਼ ਦੇ ਸੰਵਿਧਾਨ ਮੁਤਾਬਕ ਕੇਂਦਰ ਜਾਂ ਸੂਬਿਆਂ ਵਿਚ ਸਰਕਾਰਾਂ ਬਣਾਉਂਦੀਆਂ ਰਹੀਆਂ ਅਤੇ ਆਪਣੀ ਸੋਚ ਦੇ ਮੁਤਾਬਿਕ ਨੀਤੀਆਂ ਨੂੰ ਸੱਤਾ ਵਿਚ ਆਉਣ ਤੋਂ ਬਾਅਦ ਲਾਗੂ ਕਰਦੀਆਂ ਰਹੀਆਂ। ਇਸ ਦੌਰਾਨ ਖੱਬੀਆਂ ਅਤੇ ਹੋਰ ਪ੍ਰਗਤੀਸ਼ੀਲ ਪਾਰਟੀਆਂ ਤੇ ਨਾਲ ਜੁੜੀਆਂ ਅਵਾਮੀ ਜਥੇਬੰਦੀਆਂ ਲੋਕ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੀਆਂ ਰਹੀਆਂ। ਇਨ੍ਹਾਂ ਸੰਘਰਸ਼ਾਂ ਵਿਚ ਅਨੇਕ ਵਾਰ ਸਫਲਤਾ ਪ੍ਰਾਪਤ ਹੋਈ ਲੇਕਿਨ ਕਈ ਵਾਰ ਕੁਝ ਨਹੀਂ ਵੀ ਮਿਲਿਆ ਪਰ ਮਿਹਨਤਕਸ਼ ਜਮਾਤ ਹਰ ਚੁਣੌਤੀ ਦਾ ਸਾਹਮਣਾ ਕਰਦੀ ਰਹੀ।
        ਹੁਣ ਹਾਲਾਤ ਬਿਲਕੁਲ ਅਲੱਗ ਹਨ। ਭਾਜਪਾ ਦੀ ਬਹੁਮਤ ਵਾਲੀ ਐੱਨਡੀਏ ਦੀ ਸਰਕਾਰ ਆਰਐੱਸਐੱਸ ਦੀ ਸੋਚ ਤੋਂ ਸੰਚਾਲਿਤ ਹੈ। ਆਰਐੱਸਐੱਸ ਦੀ ਕੋਈ ਵੀ ਗੱਲ ਲੁਕੀ ਹੋਈ ਨਹੀਂ, ਉਹ ਸਾਫ਼ ਆਖਦੇ ਹਨ ਕਿ ਉਹ ਇਸ ਦੇਸ਼ ਵਿਚ ਹਿੰਦੂ ਰਾਸ਼ਟਰ ਦੀ ਸਥਾਪਨਾ ਚਾਹੁੰਦੇ ਹਨ। ਆਰਐੱਸਐੱਸ ਦੇ ਸੰਸਥਾਪਕ ਹੈਡਗੇਵਾਰ ਅਤੇ ਉਨ੍ਹਾਂ ਤੋਂ ਬਾਅਦ ਮਾਧਵ ਰਾਓ ਗੋਲਵਲਕਰ ਜੋ ਆਰਐੱਸ ਐੱਸ ਦੇ ਮੁੱਖ ਵਿਚਾਰਕ ਹੋਏ ਹਨ, ਨੇ ਕਦੇ ਵੀ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ। ਉਨ੍ਹਾਂ ਇਤਿਹਾਸ ਨੂੰ ਤੋੜ-ਮਰੋੜ ਕੇ ਮੁਗ਼ਲ ਬਾਦਸ਼ਾਹਾਂ ਦੁਆਰਾ ਕੀਤੇ ਅੱਤਿਆਚਾਰਾਂ ਨੂੰ ਇਸਲਾਮ ਧਰਮ ਦੇ ਨਾਲ ਜੋੜ ਕੇ ਪੇਸ਼ ਕੀਤਾ ਜਦ ਕਿ ਦੁਨੀਆਂ ਦਾ ਇਹ ਸੱਚ ਹੈ ਕਿ ਕਿਸੇ ਵੀ ਧਰਮ ਨਾਲ ਸੰਬੰਧ ਰੱਖਣ ਵਾਲੇ ਬਾਦਸ਼ਾਹ ਦਾ ਰਵੱਈਆ ਇੱਕੋ ਜਿਹਾ ਹੀ ਹੁੰਦਾ ਹੈ। ਸਿੰਧੂ ਘਾਟੀ ਦੇ ਇਸ ਖਿੱਤੇ ਤੇ ਅਨੇਕਾਂ ਲੋਕ ਬਾਹਰੋਂ ਆਏ। ਇਨ੍ਹਾਂ ਵਿਚ ਆਰੀਆ, ਹੂਨ ਤੇ ਸ਼ੱਕ ਇੱਥੇ ਆ ਕੇ ਵੱਸ ਗਏ। ਇਨ੍ਹਾਂ ਤੋਂ ਇਲਾਵਾ ਮੱਧ ਏਸ਼ੀਆ ਤੋਂ ਅਨੇਕਾਂ ਹਮਲਾਵਰ ਆਏ ਤੇ ਇੱਥੋਂ ਮਾਲ ਲੁੱਟ ਕੇ ਲੈ ਗਏ। ਰਾਜੇ ਰਜਵਾੜੇ ਸਦਾ ਹੀ ਸਾਮੰਤੀ ਸੋਚ ਦੇ ਮਾਲਿਕ ਹੁੰਦੇ ਹਨ। ਜਿਸ ਤਰ੍ਹਾਂ ਬਾਕੀ ਰਾਜਿਆਂ ਨੇ ਆਪਣੀ ਸੱਤਾ ਨੂੰ ਵਧਾਉਣ ਦੇ ਲਈ ਯੁੱਧ ਕੀਤੇ ਤੇ ਲੋਕਾਂ ਦੇ ਹੱਕਾਂ ਦੀ ਅਣਦੇਖੀ ਕੀਤੀ, ਇਸੇ ਤਰ੍ਹਾਂ ਮੁਗ਼ਲਾਂ ਨੇ ਵੀ ਆਪਣੀ ਸਲਤਨਤ ਨੂੰ ਵਧਾਉਣ ਦੇ ਲਈ ਦੂਜਿਆਂ ਦਾ ਦਮਨ ਕੀਤਾ ਪਰ ਮੁਗ਼ਲ ਇੱਥੋਂ ਦੇ ਬਣ ਕੇ ਰਹਿ ਗਏ। ਮੁਗ਼ਲਾਂ ਦੇ ਰਾਜ ਦੇ ਦੌਰਾਨ ਇੱਸ ਖਿੱਤੇ ਦਾ ਆਰਥਿਕ ਤੇ ਸਭਿਆਚਾਰਕ ਵਿਕਾਸ ਵੀ ਹੋਇਆ। ਬਾਅਦ ਵਿਚ ਬਰਤਾਨਵੀ ਸਾਮਰਾਜੀ 16ਵੀਂ ਸਦੀ ਵਿਚ ਈਸਟ ਇੰਡੀਆ ਕੰਪਨੀ ਵਜੋਂ ਇੱਥੇ ਆਏ।
        ਅੰਗਰੇਜ਼ ਸਾਡੇ ਦੇਸ਼ ਵਿਚ ਵਪਾਰ ਕਰਨ ਆਏ ਸੀ ਪਰ ਉਨ੍ਹਾਂ ਸਾਡੇ ਤੇ ਸ਼ਾਸਨ ਕੀਤਾ ਤੇ ਅੰਨ੍ਹੀ ਲੁੱਟ ਕੀਤੀ। ਉਨ੍ਹਾਂ ਇੱਥੋਂ ਦੇ ਰਾਜਿਆਂ ਰਜਵਾੜਿਆਂ ਨੂੰ ਲੜਾ ਕੇ, ਕੁਝ ਨਾਲ ਗੱਠਜੋੜ ਕਰ ਕੇ ਆਪਣਾ ਸ਼ਾਸਨ ਕਾਇਮ ਕੀਤਾ ਅਤੇ ਦੇਸ਼ ਦੇ ਲੋਕਾਂ ਦੀ ਮਿਹਨਤ ਸਦਕਾ ਪੈਦਾ ਕੀਤੇ ਅਸਾਸੇ ਇੰਗਲੈਂਡ ਵਿਚ ਲੈ ਗਏ। ਅੰਗਰੇਜ਼ਾਂ ਨੇ ਸਾਡੇ ਦੇਸ਼ ਦੇ ਵਾਸੀਆਂ ਤੇ ਅਥਾਹ ਜ਼ੁਲਮ ਕੀਤੇ। ਇਸ ਨਾਲ ਸਾਡੇ ਬੁਣਕਰਾਂ ਦੁਆਰਾ ਬਣਾਏ ਮਾਲ ਦਾ ਬਰਾਮਦ 27 ਪ੍ਰਤੀਸ਼ਤ ਤੋਂ ਘਟ ਕੇ 2 ਪ੍ਰਤੀਸ਼ਤ ਰਹਿ ਗਿਆ। 19ਵੀਂ ਸਦੀ ਦੇ ਮੱਧ ਵਿਚ ਬਰਤਾਨਵੀ ਸਾਮਰਾਜ ਖ਼ਿਲਾਫ਼ ਸੰਘਰਸ਼ ਵਿਚ, ਜਿਸ ਨੂੰ ਆਜ਼ਾਦੀ ਦਾ ਪਹਿਲਾ ਸੰਗਰਾਮ ਕਿਹਾ ਜਾਂਦਾ ਹੈ, ਦੀ ਉਸ ਵੇਲੇ ਦੇ ਬਾਦਸ਼ਾਹ ਬਹਾਦੁਰ ਸ਼ਾਹ ਜਫ਼ਰ ਨੇ ਬਾਕੀ ਰਾਜਾਵਾਂ ਦੀ ਬੇਨਤੀ ਤੇ ਅਗਵਾਈ ਕੀਤੀ। ਇਹ ਗੱਲ ਵੱਖਰੀ ਹੈ ਕਿ ਉਸ ਸੰਗਰਾਮ ਵਿਚ ਅੰਗਰੇਜ਼ ਜਿੱਤ ਗਏ ਅਤੇ ਮੁਲਕ ਗੁਲਾਮ ਹੋ ਗਿਆ। ਆਰਐੱਸਐੱਸ ਨੇ 1925 ਵਿਚ ਐਲਾਨੀਆ, ਕੇਵਲ ਮੁਗ਼ਲਾਂ ਦੇ ਸ਼ਾਸਨ ਦੀਆਂ ਗੱਲਾਂ ਕੀਤੀਆਂ ਅਤੇ ਅੰਗਰੇਜ਼ਾਂ ਦੁਆਰਾ ਢਾਏ ਜਾ ਰਹੇ ਦਮਨ ਦੇ ਬਾਰੇ ਚੁੱਪ ਰਹੇ। ਆਰਐੱਸਐੱਸ ਤਾਂ ਇਸ ਲਈ ਵੀ ਤਿਆਰ ਸੀ ਕਿ ਅੰਗਰੇਜ਼ੀ ਸ਼ਾਸਨ ਅਧੀਨ ਦੇਸ਼ ਨੂੰ ਹਿੰਦੂ ਰਾਸ਼ਟਰ ਐਲਾਨ ਦਿੱਤਾ ਜਾਏ। ਬਾਅਦ ਵਿਚ 1931-32 ਵਿਚ ਦਾਮੋਦਰ ਸਾਵਰਕਰ ਦੇ ਸਿਧਾਂਤ, ਕਿ ਹਿੰਦੂ ਤੇ ਮੁਸਲਮਾਨ ਵੱਖਰੀਆਂ ਕੌਮਾਂ ਹਨ, ਨੇ ਦੇਸ਼ ਦੇ ਵੰਡ ਦੀ ਸੋਚ ਦੀ ਨੀਂਹ ਰੱਖੀ। ਅੰਗਰੇਜ਼ਾਂ ਨੇ ਇਸ ਦਾ ਲਾਭ ਉਠਾਇਆ ਅਤੇ ਜਦੋਂ 1940ਵਿਆਂ ਵਿਚ ਮੁਸਲਿਮ ਲੀਗ ਨੇ ਪਾਕਿਸਤਾਨ ਦੀ ਮੰਗ ਚੁੱਕੀ ਤਾਂ ਬਰਤਾਨਵੀ ਸਾਮਰਾਜੀਆਂ ਨੇ 'ਵੰਡੋ ਤੇ ਰਾਜ ਕਰੋ' ਦੀ ਨੀਤੀ ਦੇ ਤਹਿਤ ਪੂਰੀ ਹਵਾ ਦਿੱਤੀ। ਜਿੱਥੇ ਇੱਕ ਪਾਸੇ ਇਸਲਾਮ ਦੇ ਆਧਾਰ ਤੇ ਪਾਕਿਸਤਾਨ ਬਣਿਆ, ਦੂਜੇ ਪਾਸੇ ਸਾਮਰਾਜ ਖ਼ਿਲਾਫ਼ ਲੰਬੀ ਲੜਾਈ ਲੜਨ ਦੇ ਕਾਰਨ ਪੈਦਾ ਹੋਏ ਵਿਚਾਰਾਂ ਤੇ ਨੇਤਾਵਾਂ ਦੀ ਦੂਰਦਰਸ਼ੀ ਸੋਚ ਦੇ ਸਿੱਟੇ ਵਜੋਂ ਭਾਰਤ ਧਰਮ ਨਿਰਪੱਖ ਅਤੇ ਲੋਕਤੰਤਰਕ ਰਾਜ ਬਣਿਆ।
       ਇਸ ਸਾਰੇ ਸੰਘਰਸ਼ ਦੌਰਾਨ ਆਰਐੱਸਐੱਸ ਜਾਂ ਇਸ ਦੇ ਕਿਸੇ ਵੀ ਆਗੂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਇੱਕ ਵਾਰ ਵੀ ਆਵਾਜ਼ ਬੁਲੰਦ ਨਹੀਂ ਕੀਤੀ ਬਲਕਿ ਉਨ੍ਹਾਂ ਦਾ ਸਾਥ ਦਿੱਤਾ। ਉਹ ਤਾਂ ਸਮਾਜ ਨੂੰ ਹਿੰਦੂ ਤੇ ਮੁਸਲਮਾਨ ਵਜੋਂ ਫਿਰਕੂ ਲੀਹਾਂ ਤੇ ਵੰਡਣ ਵਿਚ ਲਗਾਤਾਰ ਕਾਰਜਸ਼ੀਲ ਰਹੇ। ਆਰਐੱਸਐੱਸ ਦੇ ਆਗੂ ਬੀਐੱਸ ਮੁੰਜੇ ਨੇ ਨਾਗਪੁਰ ਵਿਚ ਜਾਣਬੁੱਝ ਕੇ ਮਸੀਤਾਂ ਦੇ ਬਾਹਰ ਰੌਲਾ ਰੱਪਾ ਪਾ ਕੇ ਜਲੂਸ ਕੱਢ ਕੇ ਤਣਾਅ ਬਣਇਆ ਤੇ ਝਗੜੇ ਕਰਵਾਏ। ਮੁੰਜੇ ਆਰਐੱਸਐੱਸ ਦੇ ਮੁਖੀ ਹੈਡਗੇਵਾਰ ਦੀ ਹਦਾਇਤ ਤੇ ਇਟਲੀ ਜਾ ਕੇ ਮੁਸੋਲਿਨੀ ਨੂੰ ਮਿਲ ਕੇ ਆਏ ਤੇ ਉਨ੍ਹਾਂ ਤੋਂ ਤੌਰ ਤਰੀਕੇ ਸਿੱਖ ਕੇ ਆਏ। ਗੋਲਵਲਕਰ ਨੇ ਆਪਣੀਆਂ ਲਿਖਤਾਂ ਵਿਚ ਹਿਟਲਰ ਦੀਆਂ ਤਾਰੀਫਾਂ ਕੀਤੀਆਂ ਅਤੇ ਉਸ ਨੂੰ ਕੌਮ ਦੇ ਸ਼ੁੱਧੀਕਰਨ ਵਾਲਾ ਸ਼ਖ਼ਸ ਦੱਸਿਆ। ਇਸ ਲਈ ਕਮਿਊਨਿਸਟਾਂ ਤੇ ਪ੍ਰਗਤੀਸ਼ੀਲ ਲੋਕਾਂ ਨੇ ਪਹਿਲਾਂ ਹੀ ਇਸ ਗੱਲ ਨੂੰ ਪਛਾਣ ਲਿਆ ਅਤੇ ਜਾਣ ਲਿਆ ਕਿ ਆਰਐੱਸਐੱਸ ਦੀ ਥਾਪੜੀ ਭਾਰਤੀ ਜਨਸੰਘ ਪਾਰਟੀ ਜਿਸ ਦਾ ਹੁਣ ਨਾਮ ਭਾਰਤੀ ਜਨਤਾ ਪਾਰਟੀ ਹੈ, ਦੀ ਸਰਕਾਰ ਦਾ ਸੱਤਾ ਵਿਚ ਆਉਣਾ ਅਸਾਧਾਰਨ ਘਟਨਾ ਹੋਵੇਗੀ ਜੋ ਦੇਸ਼ ਬਹੁਤ ਪਿੱਛੇ ਧੱਕ ਦੇਵੇਗੀ।
      ਆਜ਼ਾਦੀ ਤੋਂ ਬਾਅਦ ਆਰਐੱਸਐੱਸ ਨੇ 1951 ਵਿਚ ਸਰਦਾਰ ਪਟੇਲ ਨੂੰ ਲਿਖੇ ਪੱਤਰ 'ਚ ਖ਼ੁਦ ਨੂੰ ਰਾਜਨੀਤਕ ਖੇਤਰ ਤੋਂ ਦੂਰ ਆਖਿਆ ਤੇ ਭਰੋਸਾ ਦਿਵਾਇਆ ਕਿ ਉਹ ਕੇਵਲ ਸਭਿਆਚਾਰਕ ਕੰਮ ਵਾਲੀ ਸੰਸਥਾ ਬਣੇ ਰਹਿਣਗੇ। ਉਨ੍ਹਾਂ ਚਤੁਰਾਈ ਨਾਲ 1951 'ਚ ਜਨਸੰਘ ਨਾਮ ਦੀ ਪਾਰਟੀ ਮੈਦਾਨ ਵਿਚ ਲੈ ਕੇ ਆਂਦੀ। ਇਨ੍ਹਾਂ ਆਰਥਿਕ ਖੇਤਰ ਵਿਚ ਜਗੀਰਦਾਰਾਂ ਪੱਖੀ ਅਤੇ ਕਾਰਪੋਰੇਟ ਪੱਖੀ ਕਦਮਾਂ ਦਾ ਸਮਰਥਨ ਕੀਤਾ। ਬੈਂਕਾਂ ਦਾ ਕੌਮੀਕਰਨ, ਕੋਇਲੇ ਅਤੇ ਲੋਹੇ ਦੀਆਂ ਖਾਨਾਂ ਦਾ ਕੌਮੀਕਰਨ, ਜਾਂ ਫਿਰ ਰਾਜਿਆਂ ਦੇ ਭੱਤੇ ਸਮਾਪਤ ਕਰਨ ਦੇ ਸਵਾਲ ਤੇ ਇਨ੍ਹਾਂ ਨੇ ਨਾਂਹ-ਪੱਖੀ ਸਟੈਂਡ ਲਿਆ ਤੇ ਕਾਰਪੋਰੇਟ ਧਨ ਕੁਬੇਰਾਂ ਦੇ ਹੱਕ ਵਿਚ ਹਮੇਸ਼ਾਂ ਭੁਗਤਦੇ ਰਹੇ। ਉਨ੍ਹਾਂ ਨੇ ਫ਼ਿਰਕੂ ਨਾਅਰੇ ਦੇ ਕੇ ਲੋਕਾਂ ਨੂੰ ਮਗਰ ਲਾ ਕੇ ਧਰਮ ਦੀਆਂ ਵੰਡੀਆਂ ਪਾ ਕੇ ਅਤੇ ਝੂਠੇ ਦਿਲਾਸੇ ਦੇ ਕੇ ਸੱਤਾ ਵਿਚ ਆਉਣ ਦੀ ਕੋਈ ਕਸਰ ਨਹੀਂ ਛੱਡੀ। ਇਸ ਲਈ ਇਨ੍ਹਾਂ ਵੱਲੋਂ ਚੁੱਕੇ ਗਏ ਆਰਥਿਕ ਕਦਮ ਜੋ ਨੰਗੇ ਚਿੱਟੇ ਕਾਰਪੋਰੇਟ ਜਗਤ ਦੇ ਹੱਕ ਵਿਚ ਹਨ ਤੇ ਮਿਹਨਤਕਸ਼ ਲੋਕਾਂ ਦੇ ਵਿਰੋਧੀ ਹਨ, ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਤੇ ਨਾ ਹੀ ਇਨ੍ਹਾਂ ਵੱਲੋਂ ਫ਼ਿਰਕੇਦਾਰਾਨਾ ਆਧਾਰ ਤੇ ਸਮਾਜ ਨੂੰ ਵੰਡਣ ਬਾਰੇ ਕੋਈ ਹੈਰਾਨੀ ਵਾਲੀ ਗੱਲ ਹੈ। ਝੂਠ ਬੋਲਣਾ ਤੇ ਝੂਠ ਨੂੰ ਇੰਨਾ ਜ਼ਿਆਦਾ ਬੋਲਣਾ ਕਿ ਉਹ ਸੱਚ ਲੱਗਣ ਲੱਗ ਜਾਏ! ਇਹ ਲੋਕ ਹਿਟਲਰ ਦੇ ਪ੍ਰਾਪੇਗੰਡਾ ਮੰਤਰੀ ਗੋਇਬਲਜ਼ ਦੀ ਨੀਤੀ ਤੇ ਚੱਲਣ ਵਾਲੇ ਹਨ। ਇਸ ਲਈ ਹਰ ਪੰਦਰਾਂ ਦਿਨ ਬਾਅਦ ਕੋਈ ਨਾ ਕੋਈ ਨਵਾਂ ਲੋਕ ਲੁਭਾਵਣਾ ਨਾਅਰਾ ਦੇ ਕੇ ਲੋਕਾਂ ਨੂੰ ਉਸ ਵਿਚ ਉਲਝਾ ਲੈਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਲੋਕ ਇਨ੍ਹਾਂ ਦੀਆਂ ਪਿਛਲੀਆਂ ਅਸਫ਼ਲਤਾਵਾਂ ਨੂੰ ਭੁੱਲ ਜਾਣ। ਕਾਰਪੋਰੇਟ ਜਗਤ ਦੇ ਨੰਗੇ ਚਿੱਟੇ ਪੈਰੋਕਾਰ ਹੋਣ ਕਾਰਨ ਤਕਰੀਬਨ ਸਾਰਾ ਮੀਡੀਆ, ਖਾਸ ਤੌਰ ਤੇ ਇਲੈਕਟ੍ਰਾਨਿਕ ਮੀਡੀਆ, ਜੋ ਧਨ ਕੁਬੇਰਾਂ ਦੇ ਕੰਟਰੋਲ ਵਿਚ ਹੈ, ਇਨ੍ਹਾਂ ਦੀ ਹੀ ਬੋਲੀ ਬੋਲਦਾ ਹੈ। ਜੁਡੀਸ਼ਰੀ ਸਮੇਤ ਸਾਰੀਆਂ ਸੰਵਿਧਾਨਕ ਸੰਸਥਾਵਾਂ ਦਾ ਜੋ ਹਾਲ ਕੀਤਾ ਹੈ, ਉਹ ਸਾਹਮਣੇ ਹੀ ਹੈ। ਵੱਡੇ ਵੱਡੇ ਅਹੁਦਿਆਂ ਤੇ ਬੈਠੇ ਲੋਕ ਇਨ੍ਹਾਂ ਤੋਂ ਡਰਦੇ ਹਨ। ਜਿਸ ਢੰਗ ਦੇ ਨਾਲ ਮੁਸਲਮਾਨ ਇਨ੍ਹਾਂ ਦੀਆਂ ਭੀੜਾਂ ਵੱਲੋਂ ਕਤਲ ਕੀਤੇ ਗਏ, ਉਹ ਲੁਕਵੀਂ ਗੱਲ ਨਹੀਂ ਹੈ। ਜਿਸ ਢੰਗ ਦੇ ਨਾਲ ਤਰਕਸ਼ੀਲ ਲੋਕਾਂ ਜਿਵੇਂ ਗੋਵਿੰਦ ਪਨਸਾਰੇ, ਐੱਮਐੱਮ ਕੁਲਬੁਰਗੀ, ਨਰਿੰਦਰ ਦਬੋਲਕਰ ਅਤੇ ਗੌਰੀ ਲੰਕੇਸ਼ ਦੇ ਕਤਲ ਕੀਤੇ ਗਏ, ਉਹ ਵੀ ਸਾਹਮਣੇ ਹਨ। ਸੀਏਏ ਦਾ ਵਿਰੋਧ ਕਰਨ ਵਾਲਿਆਂ ਤੇ ਜਾਂ ਫਿਰ ਜਾਮੀਆ ਮਿਲੀਆ ਅਤੇ ਜੇਐੱਨਯੂ ਵਿਦਿਆਰਥੀਆਂ ਤੇ ਝੂਠੇ ਕੇਸ ਬਣਾਏ ਜਾ ਰਹੇ ਹਨ। ਆਦਿਵਾਸੀਆਂ, ਦਲਿਤਾਂ ਤੇ ਘੱਟਗਿਣਤੀਆਂ ਦੇ ਹਿੱਤਾਂ ਦੀ ਗੱਲ ਕਰਨ ਵਾਲੇ ਵਰਵਰਾ ਰਾਓ, ਗੌਤਮ ਨਵਲੱਖਾ, ਸੁਧਾ ਭਾਰਦਵਾਜ, ਆਨੰਦ ਤੇਲਤੁੰਬੜੇ ਅਦਿ ਵਰਗਿਆਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਇਹ ਖਤਰਨਾਕ ਰੁਝਾਨ ਹੈ।
      ਦੇਸ਼ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਜਿੱਥੇ ਭਾਜਪਾ ਦੀਆਂ ਸਰਕਾਰਾਂ ਹਨ, ਉੱਥੇ ਪੁਲੀਸ ਰਾਜ ਬਣਾ ਕੇ ਰੱਖ ਦਿੱਤਾ ਗਿਆ ਹੈ ਅਤੇ ਬਹੁਤ ਸਾਰੇ ਪੁਲੀਸ ਕਰਮੀ ਗੁੰਡਿਆਂ ਵਾਂਗ ਵਿਹਾਰ ਕਰ ਰਹੇ ਹਨ। ਕਿਸੇ ਦੀ ਕਿਸੇ ਕੋਲ ਕੋਈ ਸੁਣਵਾਈ ਨਹੀਂ। ਲੋਕਾਂ ਦੀ ਮਾਨਸਿਕਤਾ ਵਿਚ ਪਰਿਵਰਤਨ ਕਰਨ ਵਿਚ ਕੁਝ ਹੱਦ ਤੱਕ ਇਹ ਕਾਮਯਾਬ ਹੋਏ ਹਨ। ਇਸ ਲਈ ਜਦੋਂ ਪੁਲੀਸ ਕੋਈ ਹਿੰਸਾ ਕਰਦੀ ਹੈ ਤਾਂ ਲੋਕ ਉਸ ਦੀ ਤਾਰੀਫ਼ ਕਰਦੇ ਹਨ ਤੇ ਆਖਦੇ ਹਨ ਕਿ ਇਨ੍ਹਾਂ ਗੁੰਡਿਆਂ ਦਾ ਇਹੀ ਹਸ਼ਰ ਹੋਣਾ ਚਾਹੀਦਾ ਸੀ! ਵਿਕਾਸ ਦੂਬੇ ਦਾ ਮੁਕਾਬਲਾ ਹੋਵੇਂ ਜਾਂ ਫਿਰ ਆਂਧਰਾ ਪ੍ਰਦੇਸ਼ ਵਿਚ ਬਿਨਾਂ ਕਿਸੇ ਜਾਂਚ ਦੇ ਬਲਾਤਕਾਰ ਦੇ ਅਪਰਾਧੀਆਂ ਦਾਮੁਕਾਬਲਾ ਹੋਵੇ, ਇਹ ਨਿਆਂ ਪ੍ਰਣਾਲੀ ਦਾ ਮਜ਼ਾਕ ਹੈ।
      ਆਰਥਿਕ ਖੇਤਰ ਪੂਰੀ ਤਰ੍ਹਾਂ ਫ਼ੇਲ ਹੋਣ, ਲੋਕਾਂ ਦੀਆਂ ਸਮੱਸਿਆਵਾਂ ਲਗਾਤਾਰ ਵਧਣ ਕਾਰਨ ਭਾਜਪਾ ਦੀ ਸਾਖ ਡਿੱਗੀ ਹੋਈ ਹੈ। ਹੌਲੀ ਹੌਲੀ ਲੋਕ ਡਰ ਤੇ ਭੈਅ ਦੇ ਮਾਹੌਲ ਤੋਂ ਉੱਭਰ ਕੇ ਇਨ੍ਹਾਂ ਦੇ ਖਿਲਾਫ ਬੋਲਣ ਵੀ ਲੱਗ ਪਏ ਹਨ ਪਰ ਕੋਈ ਬਦਲ ਲੋਕਾਂ ਨੂੰ ਨਹੀ੬ਂ ਦਿਸ ਰਿਹਾ। ਕਾਂਗਰਸ ਜੋ ਮੁੱਖ ਵਿਰੋਧੀ ਦਲ ਹੈ, ਆਪਣੀ ਬਣਦੀ ਭੂਮਿਕਾ ਨਹੀਂ ਨਿਭਾਅ ਰਹੀ। ਖੱਬੀਆਂ ਪਾਰਟੀਆਂ ਲੋਕ ਹਿਤੂ ਮੰਗਾਂ ਲਈ ਆਵਾਜ਼ ਚੁੱਕ ਰਹੀਆਂ ਹਨ ਤੇ ਅੰਦੋਲਨ ਕਰ ਰਹੀਆਂ ਹਨ ਪਰ ਉਨ੍ਹਾਂ ਦੀ ਆਵਾਜ਼ ਮੀਡੀਆ ਵਿਚ ਦਿਖਾਈ ਨਾ ਜਾਣ ਕਰ ਕੇ ਲੋਕਾਂ ਦੇ ਸਾਹਮਣੇ ਨਹੀਂ ਆ ਰਹੀ। ਖੱਬੀ ਧਿਰ ਇੱਕ ਸੁਰ ਅਤੇ ਇੱਕ ਮੁੱਠ ਵੀ ਨਹੀਂ ਹੈ ਅਤੇ ਕੁਝ ਦੀ ਸੋਚ ਬਹੁਤ ਸੌੜੀ ਹੈ, ਜਦਕਿ ਵਧ ਰਹੇ ਫਾਸ਼ੀਵਾਦ ਬਾਰੇ ਉਨ੍ਹਾਂ ਦਾ ਵਿਸ਼ਲੇਸ਼ਣ ਸਹੀ ਹੋਣਾ ਚਾਹੀਦਾ ਹੈ ਤਾਂ ਹੀ ਇੱਕ ਮੁੱਠ ਹੋ ਇਸ ਹਾਲਾਤ ਦਾ ਮੁਕਾਬਲਾ ਕਰ ਸਕਣਗੇ।
      ਹਾਲਾਤ ਇਹ ਹੈ ਕਿ ਇਕੱਲੇ ਲੜ ਕੇ ਕੋਈ ਵੀ ਰਾਜਨੀਤਕ ਪਾਰਟੀ ਜਾਂ ਧੜਾ ਫਾਸ਼ੀਵਾਦੀ ਸ਼ਕਤੀਆਂ ਨੂੰ ਹਰਾਉਣ ਦੇ ਸਮਰੱਥ ਨਹੀਂ। ਇਸ ਲਈ ਵਿਸ਼ਾਲ ਅਗਾਂਹਵਧੂ ਲੋਕਤੰਤਰਿਕ ਅਤੇ ਧਰਮ ਨਿਰਪੱਖ ਮੋਰਚੇ ਦੀ ਜ਼ਰੂਰਤ ਹੈ। ਇਸ ਮੋਰਚੇ ਵਿਚ ਚਾਹੇ ਅਣਚਾਹੇ ਕਈਆਂ ਨੂੰ ਜੁੜਨਾ ਪਏਗਾ, ਇਸ ਲਈ ਕੋਸ਼ਿਸ਼ਾਂ ਜਾਰੀ ਰੱਖਣੀਆਂ ਪੈਣਗੀਆਂ। ਇਹ ਲੜਾਈ ਕੇਵਲ ਚੋਣਾਂ ਤੱਕ ਹੀ ਨਹੀਂ, ਉਸ ਤੋਂ ਬਾਅਦ ਵੀ ਜਾਰੀ ਰੱਖਣੀ ਪਏਗੀ ਤਾਂ ਜੋ ਸੰਵਿਧਾਨਿਕ ਸੰਸਥਾਵਾਂ ਨੂੰ ਪੁਚਾਏ ਨੁਕਸਾਨ ਦੀ ਭਰਪਾਈ ਕੀਤੀ ਜਾ ਸਕੇ। ਜੇ ਹੁਣ ਵੀ ਨਾ ਲੜੇ, ਜੇ ਹੁਣ ਸਹੀ ਫ਼ੈਸਲੇ ਨਾ ਕੀਤੇ ਅਤੇ ਵਿਸ਼ਾਲ ਏਕਾ ਨਾ ਉਸਾਰਿਆ, ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਤਬਾਹੀ ਦੇ ਕੰਢੇ ਤੇ ਚਲਾ ਜਾਏਗਾ। ਲੋਕਤੰਤਰ ਵਿਚ ਵਿਸ਼ਵਾਸ ਰੱਖਣ ਵਾਲੀਆਂ ਸਾਰੀਆਂ ਰਾਜਨੀਤਕ ਧਿਰਾਂ ਅਤੇ ਲੋਕਾਂ ਨੂੰ 1930-40ਵਿਆਂ ਦੇ ਯੂਰੋਪ ਦੇ ਇਤਿਹਾਸ ਤੋਂ ਸਬਕ ਸਿੱਖਣ ਦੀ ਲੋੜ ਹੈ।

ਸੰਪਰਕ : 94170-00360

ਕਰੋਨਾ : ਗਿਆਨ ਤੇ ਵਿਗਿਆਨ ਹੀ ਕਾਰਗਰ ਹਥਿਆਰ - ਡਾ. ਅਰੁਣ ਮਿੱਤਰਾ

ਮਾਹਰਾਂ ਦੀ ਭਵਿੱਖਬਾਣੀ ਅਨੁਸਾਰ, ਕੋਵਿਡ-19 ਭਾਰਤ ਵਿਚ ਸਿਖਰ ਵਲ ਵੱਧ ਰਿਹਾ ਹੈ। ਨਵੇਂ ਕੇਸਾਂ ਵਿਚ ਵਾਧੇ ਦੀ ਦਰ ਹੁਣ ਸਾਫ਼ ਦਿਖਾਈ ਦਿਖਣ ਲੱਗੀ ਹੈ। ਜਿੱਥੋਂ ਤਕ ਕੇਸਾਂ ਦੀ ਗਿਣਤੀ ਦਾ ਸਵਾਲ ਹੈ, ਅਸੀਂ ਸੰਸਾਰ ਭਰ ਵਿਚ ਚੌਥੇ ਸਥਾਨ ਤੇ ਆਣ ਖੜ੍ਹੇ ਹੋਏ ਹਾਂ। ਇਹ ਸੱਚ ਹੈ ਕਿ ਸਾਡੀ ਆਬਾਦੀ ਬਹੁਤ ਵੱਡੀ ਹੈ ਅਤੇ ਇਸ ਪ੍ਰਸੰਗ ਵਿਚ ਇਹ ਗਿਣਤੀ ਮੁਕਾਬਲਤਨ ਬਹੁਤ ਜ਼ਿਆਦਾ ਨਹੀਂ ਹੈ ਪਰ ਸੰਸਾਰ ਵਪਾਰ ਸੰਸਥਾ (ਡਬਲਿਊਐੱਚਓ) ਨੇ ਚਿਤਾਵਨੀ ਦਿੱਤੀ ਹੈ ਕਿ ਹਾਲਾਤ ਸ਼ਾਇਦ ਇਸ ਤੋਂ ਵੀ ਬਦਤਰ ਹੋ ਸਕਦੇ ਹਨ। ਲੌਕਡਾਊਨ ਚੁੱਕਣ ਤੋਂ ਬਾਅਦ ਸਮਾਜ ਵਿਚ ਲਾਪਰਵਾਹੀ ਪੈਦਾ ਹੋਣੀ ਸ਼ੁਰੂ ਹੋ ਗਈ ਹੈ। ਜਨਤਕ ਸਥਾਨਾਂ ਉੱਤੇ ਭੀੜਾਂ ਵੀ ਦੇਖਣ ਵਿਚ ਆ ਰਹੀਆਂ ਹਨ। ਮਾਸਕ ਪਹਿਨਣ ਅਤੇ ਸਰੀਰਕ ਦੂਰੀ ਬਣਾਈ ਰੱਖਣ ਵਰਗੇ ਰੋਕਥਾਮ ਵਾਲੇ ਉਪਾਵਾਂ ਤੇ ਉਪਰਾਲਿਆਂ ਬਾਰੇ ਅਵੇਸਲਾਪਣ ਵਧ ਰਿਹਾ ਜਾਪਦਾ ਹੈ। ਇਹ ਸਮਾਂ ਕਿਸੇ ਵਿਚ ਨੁਕਸ ਲੱਭਣ ਅਤੇ ਆਲੋਚਨਾ ਕਰਨ ਦਾ ਨਹੀਂ, ਬਲਕਿ ਮਹਾਮਾਰੀ ਨਾਲ ਨਜਿੱਠਣ ਲਈ ਪਹੁੰਚ ਬਾਰੇ ਗੰਭੀਰ ਵਿਗਿਆਨਕ ਆਤਮ ਚਿੰਤਨ ਦੀ ਲੋੜ ਹੈ ਤਾਂ ਜੋ ਭਵਿੱਖ ਲਈ ਬਿਹਤਰ ਯੋਜਨਾਬੰਦੀ ਕੀਤੀ ਜਾ ਸਕੇ।
      ਸਿਹਤ ਨਾਲ ਜੁੜੇ ਕਿਸੇ ਵੀ ਮੁੱਦੇ ਨੂੰ ਵਿਗਿਆਨਕ ਪਹੁੰਚ ਨਾਲ ਨਜਿੱਠਣਾ ਪੈਂਦਾ ਹੈ। ਜਦੋਂ ਮਹਾਮਾਰੀ ਦੀ ਗੱਲ ਆਉਂਦੀ ਹੈ ਤਾਂ ਮਹਾਮਾਰੀ ਵਿਗਿਆਨੀਆਂ ਅਤੇ ਵਿਸ਼ਾਣੂ ਵਿਗਿਆਨੀਆਂ ਦੀ ਰਾਇ ਨੂੰ ਹੀ ਪ੍ਰਮੁੱਖ ਮੰਨਿਆ ਜਾਣਾ ਚਾਹੀਦਾ ਹੈ। ਬਦਕਿਸਮਤੀ ਨਾਲ ਸਾਡੇ ਮੁਲਕ ਵਿਚ ਅਜਿਹਾ ਨਹੀਂ ਹੋਇਆ। ਦਸੰਬਰ 2019 ਵਿਚ ਚੀਨ ਵਿਚ ਕੋਵਿਡ-19 ਦੇ ਕੇਸਾਂ ਬਾਰੇ ਪਤਾ ਲੱਗ ਗਿਆ ਸੀ। ਸਾਡੇ ਮੁਲਕ ਵਿਚ 30 ਜਨਵਰੀ 2020 ਨੂੰ ਪਹਿਲੇ ਕੇਸ ਦੀ ਨਿਸ਼ਾਨਦੇਹੀ ਹੋ ਗਈ ਸੀ। ਉਸੇ ਹੀ ਦਿਨ ਸੰਸਾਰ ਵਪਾਰ ਸੰਸਥਾ ਨੇ ਕੋਵਿਡ-19 ਨੂੰ ਜਨਤਕ ਸਿਹਤ ਐਮਰਜੈਂਸੀ ਐਲਾਨ ਦਿੱਤਾ ਸੀ। ਇਹ ਆਪਣੇ ਆਪ ਵਿਚ ਸਮਝਣ ਲਈ ਕਾਫੀ ਸੀ ਕਿ ਦੁਨੀਆਂ ਦੀ ਹਰ ਸਰਕਾਰ ਇਨ੍ਹਾਂ ਹਾਲਾਤ ਨੂੰ ਗੰਭੀਰਤਾ ਨਾਲ ਲਵੇ। ਕਈ ਮੁਲਕਾਂ ਨੇ ਇੰਝ ਕੀਤਾ ਵੀ। ਵੀਅਤਨਾਮ ਜਿਸ ਦੀਆਂ ਹੱਦਾਂ ਚੀਨ ਨਾਲ ਲਗਦੀਆਂ ਹਨ, ਬਿਮਾਰੀ ਦੇ ਫੈਲਣ ਨੂੰ ਸੀਮਤ ਕਰ ਸਕਣ ਵਿਚ ਕਾਫ਼ੀ ਹਦ ਤੱਕ ਕਾਮਯਾਬ ਹੋਇਆ ਹੈ। ਸਾਡੇ ਮੁਲਕ ਵਿਚ ਕੇਰਲ ਰਾਜ ਨੇ ਉਦੋਂ ਤੋਂ ਹੀ ਪ੍ਰਭਾਵਸ਼ਾਲੀ ਉਪਾਅ ਕਰਨੇ ਸ਼ੁਰੂ ਕਰ ਦਿੱਤੇ। ਬਦਕਿਸਮਤੀ ਨਾਲ ਭਾਰਤ ਸਰਕਾਰ ਨੇ ਹਾਲਾਤ ਦੀ ਗੰਭੀਰਤਾ ਨੂੰ ਬਹੁਤ ਦੇਰ ਨਾਲ ਮੰਨਿਆ। ਬਿਹਤਰ ਹੁੰਦਾ ਜੇਕਰ 24-25 ਫਰਵਰੀ ਨੂੰ ਹੋਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਦੌਰੇ ਨੂੰ ਮੁਲਤਵੀ ਕਰ ਦਿੱਤਾ ਜਾਂਦਾ। ਇਸ ਕਿਸਮ ਦੇ ਮਹਿਮਾਨ ਦੇ ਆਉਣ ਤੇ ਸਰਕਾਰੀ ਮਸ਼ੀਨਰੀ ਦਾ ਧਿਆਨ ਵੰਡਿਆ ਜਾਣਾ ਕੁਦਰਤੀ ਹੈ। ਉਸ ਸਮੇਂ ਤੋਂ ਭਾਵੇਂ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਹੋ ਗਈ ਸੀ ਪਰ ਇਹ ਓਨੀ ਸਖਤ ਨਹੀਂ ਸੀ ਜਿੰਨੀ ਹੋਣੀ ਚਾਹੀਦੀ ਸੀ। ਰਾਸ਼ਟਰਪਤੀ ਟਰੰਪ ਨਾਲ ਆਏ 4000 ਵਿਅਕਤੀਆਂ ਤੇ ਕੀਤੇ ਗਏ ਟੈਸਟਾਂ ਦੇ ਨਤੀਜਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
       ਉਸ ਸਮੇਂ ਦੌਰਾਨ ਉੱਤਰ-ਪੂਰਬੀ ਦਿੱਲੀ ਵਿਚ ਫਿਰਕੂ ਹਿੰਸਾ ਦਾ ਦੌਰ ਸ਼ੁਰੂ ਹੋਇਆ ਸੀ। ਫਿਰ ਮੱਧ ਪ੍ਰਦੇਸ਼ ਵਿਚ ਸਰਕਾਰ ਨੂੰ ਡੇਗਣ ਵਰਗੇ ਹੋਰ ਮਸਲੇ ਸਨ। ਇਸ ਤਰ੍ਹਾਂ ਸਾਡੇ ਮੁਲਕ ਦੀ ਸਰਕਾਰ ਨੂੰ ਮਾਰਚ ਦੇ ਤੀਜੇ ਹਫਤੇ ਤੱਕ ਕੋਈ ਗੰਭੀਰ ਅਹਿਸਾਸ ਨਹੀਂ ਹੋਇਆ। ਬਾਅਦ ਵਿਚ ਹਾਲਾਤ ਤੋਂ ਪ੍ਰੇਸ਼ਾਨ ਹੋ ਕੇ 24 ਮਾਰਚ ਨੂੰ ਪ੍ਰਧਾਨ ਮੰਤਰੀ ਨੇ ਅਚਾਨਕ 21 ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕਰ ਦਿੱਤਾ। ਰਾਸ਼ਟਰ ਨੂੰ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਅਸੀਂ 18 ਦਿਨਾਂ ਵਿਚ ਮਹਾਂਭਾਰਤ ਜਿੱਤ ਲਿਆ ਸੀ ਅਤੇ ਅਸੀਂ 21 ਦਿਨਾਂ ਵਿਚ ਕਰੋਨਾ ਖਿਲਾਫ ਲੜਾਈ ਜਿੱਤ ਲਵਾਂਗੇ। ਇਹ ਗੱਲ ਲੋਕਾਂ ਵਿਚ ਵਿਸ਼ਵਾਸ ਪੈਦਾ ਕਰਨ ਲਈ ਤਾਂ ਹੋ ਸਕਦੀ ਸੀ ਪਰ ਇਸ ਬਿਆਨਬਾਜ਼ੀ ਦਾ ਕੋਈ ਵਿਗਿਆਨਕ ਆਧਾਰ ਨਹੀਂ ਸੀ। ਕੋਈ ਵਿਗਿਆਨਕ ਸੋਚ ਰੱਖਣ ਵਾਲਾ ਸ਼ਖ਼ਸ ਇਸ ਗੱਲ ਨਾਲ ਸਹਿਮਤ ਨਹੀਂ ਹੋਵੇਗਾ ਕਿ ਕਰੋਨਾ ਨਾਲ ਥਾਲੀਆਂ ਜਾਂ ਤਾਲੀਆਂ ਵਜਾ ਕੇ ਜਾਂ ਸੰਖ ਨਾਦ ਕਰ ਕੇ ਨਜਿੱਠਿਆ ਜਾ ਸਕਦਾ ਹੈ। ਗਊ ਮੂਤਰ ਅਤੇ ਗਊ ਗੋਬਰ ਦੀ ਵਰਤੋਂ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੂੰ ਅਜਿਹੇ ਬੇਤੁਕੇ ਵਿਚਾਰਾਂ ਨੂੰ ਫੈਲਾਉਣ ਤੋਂ ਕਤਈ ਨਹੀਂ ਰੋਕਿਆ ਗਿਆ।
      ਵਿਗਿਆਨ ਵਿਚ ਆਪਣੀ ਪਿੱਠ ਥਾਪੜਨ ਦੀ ਕੋਈ ਗੁੰਜਾਇਸ ਨਹੀਂ ਹੈ ਪਰ ਸਰਕਾਰੀ ਨੁਮਾਇੰਦੇ, ਜੁਆਇੰਟ ਸੈਕਟਰੀ ਲਵ ਅਗਰਵਾਲ ਦੁਹਰਾਉਂਦੇ ਰਹੇ ਕਿ ਸਾਡੇ ਮੁਲਕ ਵਿਚ ਕੋਵਿਡ-19 ਦਾ ਗਰਾਫ਼ ਸਮਤਲ ਹੈ ਅਤੇ ਅਸੀਂ ਲੜਾਈ ਵਿਚ ਦੁਨੀਆਂ ਦੇ ਮੁਕਾਬਲੇ ਬਹੁਤ ਅੱਗੇ ਹਾਂ। ਹਾਲਾਂਕਿ ਸ਼ੁਰੂ ਵਿਚ ਆਈਸੀਐੱਮਆਰ ਮੀਡੀਆ ਨੂੰ ਸੰਬੋਧਨ ਕਰਦੇ ਰਹੇ ਪਰ 21 ਅਪਰੈਲ ਤੋਂ ਬਾਅਦ ਪ੍ਰੈੱਸ ਨਾਲ ਗੱਲਬਾਤ ਦੌਰਾਨ ਸਿਰਫ ਨੌਕਰਸ਼ਾਹ, ਸਿਹਤ ਦੇ ਮੁੱਦਿਆਂ ਬਾਰੇ ਸੰਖੇਪ ਜਾਣਕਾਰੀ ਦਿੰਦੇ ਰਹੇ ਹਨ, ਕੋਈ ਵਾਇਰਾਲੋਜਿਸਟ ਜਾਂ ਮਹਾਮਾਰੀ ਵਿਗਿਆਨੀ ਨਹੀਂ! ਇਹ ਮੀਡੀਆ ਸੰਬੋਧਨ ਵੀ ਹੁਣ ਬਹੁਤ ਘੱਟ ਹੋ ਗਏ ਹਨ। ਕਿਸ ਨੇ ਅਜਿਹਾ ਫੈਸਲਾ ਕੀਤਾ, ਇਸ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ। ਇਹ ਬਿਹਤਰ ਹੁੰਦਾ, ਜੇ ਜਨਤਕ ਸਿਹਤ ਮਾਹਰਾਂ ਦੀ ਟਾਸਕ ਫੋਰਸ ਨੂੰ ਸਰਕਾਰ ਨੂੰ ਤਕਨੀਕੀ ਗਾਈਡ ਲਾਈਨਾਂ ਦੇਣ ਦਾ ਕੰਮ ਸੌਂਪਿਆ ਜਾਂਦਾ। ਉਨ੍ਹਾਂ ਦੀ ਰਾਇ ਇਸ ਖੇਤਰ ਦੇ ਵਿਦਵਾਨਾਂ ਵਿਚਾਲੇ ਵਿਚਾਰ ਵਟਾਂਦਰੇ ਲਈ ਪਾਰਦਰਸ਼ੀ ਹੋਣੀ ਚਾਹੀਦੀ ਸੀ।
      ਵਿਗਿਆਨ ਵਿਚ ਪਾਰਦਰਸ਼ਤਾ ਹਮੇਸਾਂ ਇਸ ਦੇ ਵਿਕਾਸ ਅਤੇ ਬਿਹਤਰ ਸਿੱਟੇ ਤੇ ਪਹੁੰਚਣ ਵਿਚ ਸਹਾਈ ਹੁੰਦੀ ਹੈ। ਵਿਗਿਆਨੀਆਂ ਨੇ ਸਾਨੂੰ ਬਿਮਾਰੀ ਦੇ ਰਾਹ ਬਾਰੇ ਨਾ ਸਿਰਫ ਚਿਤਾਵਨੀ ਦਿੱਤੀ ਬਲਕਿ ਰੋਕਥਾਮ ਦੇ ਕਦਮਾਂ ਬਾਰੇ ਵੀ ਦੱਸਿਆ। ਭਾਰਤ ਵਰਗੇ ਮੁਲਕ ਵਿਚ, ਪੇਂਡੂ ਖੇਤਰਾਂ ਵਿਚ ਵੱਡੀ ਗਿਣਤੀ ਵਿਚ ਲੋਕਾਂ ਕੋਲ ਸੰਚਾਰ ਦੇ ਆਧੁਨਿਕ ਸਾਧਨ ਨਹੀਂ ਹਨ। ਇਸ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਹਰ ਇਕ ਸ਼ਖ਼ਸ ਨੂੰ ਵਿਅਕਤੀਗਤ ਤੌਰ ਤੇ ਵਿਆਪਕ ਜਾਣਕਾਰੀ ਮੁਹੱਈਆ ਕੀਤੀ ਜਾਵੇ। ਸਿੱਧੀ ਗੱਲਬਾਤ ਵਿਚ ਸਿਹਤ ਅਧਿਕਾਰੀ ਲੋਕਾਂ ਦੇ ਕਈ ਪ੍ਰਸ਼ਨਾਂ ਦੇ ਉੱਤਰ ਦੇ ਸਕਦਾ ਹੈ। ਸਾਡੇ ਕੋਲ ਤਕਰੀਬਨ 10 ਲੱਖ ਆਸਾ ਵਰਕਰ ਹਨ ਜਿਨ੍ਹਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਸੀ। ਤਕਰੀਬਨ 138 ਕਰੋੜ ਦੀ ਆਬਾਦੀ ਨਾਲ ਸਾਡੇ ਕੋਲ 1400 ਲੋਕਾਂ ਜਾਂ 300 ਪਰਿਵਾਰਾਂ ਲਈ ਇੱਕ ਆਸਾ ਵਰਕਰ ਹੈ। ਲੋਕਾਂ ਨੂੰ ਕੋਵਿਡ-19 ਬਾਰੇ ਜਾਗਰੂਕ ਕਰਨਾ ਕੋਈ ਮੁਸ਼ਕਿਲ ਕੰਮ ਨਹੀਂ ਸੀ। ਇਸ ਨੇ ਇੱਕ ਪਾਸੇ ਤਾਂ ਲੋਕਾਂ ਅੰਦਰਲੇ ਡਰ ਨੂੰ ਦੂਰ ਕਰਨ ਵਿਚ ਸਹਾਈ ਹੋਣਾ ਸੀ, ਦੂਜੇ ਪਾਸੇ ਇਸ ਨਾਲ ਉਨ੍ਹਾਂ ਨੂੰ ਬਿਮਾਰੀ ਦੀ ਰੋਕਥਾਮ ਬਾਰੇ ਲੋੜੀਂਦਾ ਗਿਆਨ ਵੀ ਮਿਲ ਜਾਂਦਾ। ਤਕਰੀਬਨ 28 ਲੱਖ ਆਂਗਨਵਾੜੀ ਵਰਕਰਾਂ ਨੂੰ ਵੀ ਇਸ ਬਾਰੇ ਸਿਖਲਾਈ ਦਿੱਤੀ ਜਾ ਸਕਦੀ ਸੀ। 24 ਮਾਰਚ ਨੂੰ ਤਾਲਾਬੰਦੀ ਲਗਾਉਣ ਦੀ ਬਜਾਏ ਜੇ ਸਿੱਖਿਆ ਮੁੱਖ ਮਾਪਦੰਡ ਹੁੰਦੀ ਤਾਂ ਇਹ ਲਾਗ ਦੇ ਖਤਰੇ ਨੂੰ ਘਟਾਉਂਦੀ, ਆਰਥਿਕਤਾ ਨੂੰ ਵੀ ਘੱਟ ਨੁਕਸਾਨ ਹੁੰਦਾ ਅਤੇ ਕਰੋੜਾਂ ਨੂੰ ਭੁੱਖਮਰੀ ਤੋਂ ਬਚਾਇਆ ਜਾ ਸਕਦਾ ਸੀ ਪਰ ਸਰਕਾਰ ਇਸ ਗੱਲ ਲਈ ਆਪਣੀ ਪਿੱਠ ਥਾਪੜ ਰਹੀ ਹੈ ਕਿ ਅਸੀਂ ਕੋਵਿਡ-19 ਨਾਲ ਨਜਿੱਠਣ ਵਿਚ ਬਾਕੀ ਸੰਸਾਰ ਤੋਂ ਕਿਤੇ ਅੱਗੇ ਹਾਂ। ਹਾਲਾਂਕਿ ਸੁਪਰੀਮ ਕੋਰਟ ਵਿਚ ਹਲਫੀਆ ਬਿਆਨ ਰਾਹੀਂ ਸਰਕਾਰ ਨੇ ਇਹ ਮੰਨਿਆ ਕਿ ਕੋਵਿਡ-19 ਦੇ ਕੇਸ ਵਧ ਰਹੇ ਹਨ। ਸੱਚ ਨੂੰ ਮੰਨਣਾ, ਪਿਛਲੇ ਤਜਰਬੇ ਤੋਂ ਸਿੱਖਣਾ ਅਤੇ ਅੱਗੇ ਵਧਣਾ ਹਮੇਸ਼ਾ ਚੰਗਾ ਹੁੰਦਾ ਹੈ।

ਸੰਪਰਕ : 94170-00360

ਗਊ ਮੂਤਰ : ਭਰਮ ਤੇ ਭੁਲੇਖੇ - ਡਾ. ਅਰੁਣ ਮਿੱਤਰਾ'

ਭੁਪਾਲ ਲੋਕ ਸਭਾ ਹਲਕੇ ਤੋਂ ਜੇਤੂ ਰਹੀ ਭਾਰਤੀ ਜਨਤਾ ਪਾਰਟੀ ਦੀ ਆਗੂ ਪ੍ਰੱਗਿਆ ਸਿੰਘ ਠਾਕੁਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕੈਂਸਰ ਗਊ ਮੂਤਰ ਪੀਣ ਨਾਲ ਠੀਕ ਹੋਇਆ ਹੈ। ਇਸ ਕਥਨ ਨੇ ਪ੍ਰਸ਼ਨ ਖੜ੍ਹਾ ਕਰ ਦਿੱਤਾ ਹੈ ਕਿ ਆਉਣ ਵਾਲੇ ਸਮੇਂ ਵਿਚ ਮੁਲਕ ਵਿਚ ਮੈਡੀਕਲ ਵਿਗਿਆਨ, ਮਿੱਥਿਆ ਉੱਤੇ ਆਧਾਰਿਤ ਹੋਵੇਗਾ ਜਾਂ ਪ੍ਰਮਾਣ ਆਧਾਰਿਤ ਵਿਗਿਆਨਕ ਵਿਚਾਰਾਂ ਉੱਤੇ। ਰਾਮ ਮਨੋਹਰ ਲੋਹੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਸਰਜਨ ਡਾ. ਐੱਸਐੱਸ ਰਾਜਪੂਤ ਨੇ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਪ੍ਰੱਗਿਆ ਦੇ ਛਾਤੀ ਦੇ ਕੈਂਸਰ ਲਈ ਤਿੰਨ ਅਪ੍ਰੇਸ਼ਨ ਕੀਤੇ ਤਾਂ ਜੋ ਉਨ੍ਹਾਂ ਨੂੰ ਕੈਂਸਰ ਮੁਕਤ ਕੀਤਾ ਜਾ ਸਕੇ।
       ਕੱਟੜ ਹਿੰਦੂਵਾਦੀ ਤਾਕਤਾਂ ਵੱਲੋਂ ਗਊ ਮੂਤਰ ਦੇ ਸਿਹਤ ਨੂੰ ਲਾਭਾਂ ਬਾਬਤ ਅਨੇਕਾਂ ਦਾਅਵੇ ਕੀਤੇ ਜਾਂਦੇ ਰਹੇ ਹਨ, ਹਾਲਾਂਕਿ ਇਨ੍ਹਾਂ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਇਨਸਾਨੀ ਖਪਤ ਲਈ ਕਿਸੇ ਵਸਤੂ ਦੇ ਹਾਨੀਕਾਰਕ ਨਾ ਹੋਣ ਲਈ ਜਾਂਚ ਜ਼ਰੂਰੀ ਹੈ ਤੇ ਨਾਲ ਹੀ ਲਾਭਕਾਰੀ ਹੋਣ ਦਾ ਪ੍ਰਮਾਣ ਵੀ ਚਾਹੀਦਾ ਹੁੰਦਾ ਹੈ। ਇਹ ਉਨ੍ਹਾਂ ਵਸਤਾਂ ਲਈ ਹੋਰ ਵੀ ਜ਼ਰੂਰੀ ਹੈ ਜਿਨ੍ਹਾਂ ਨੂੰ ਦਵਾਈ ਵਜੋਂ ਵਰਤਿਆ ਜਾਣਾ ਹੈ ਪਰ ਇਸ ਪਾਸੇ ਗੱਲ ਤੁਰ ਨਹੀਂ ਰਹੀ ਹੈ।
      ਸਾਡੇ ਸਰੀਰ ਵਿਚ ਬਹੁਤ ਹੀ ਵਿਸਤ੍ਰਿਤ ਪ੍ਰਣਾਲੀ ਮੌਜੂਦ ਹੈ ਜਿਸ ਰਾਹੀਂ ਜਿਹੜਾ ਪਦਾਰਥ ਲੋੜੀਂਦਾ ਹੈ, ਉਹ ਵਰਤੋਂ ਵਿਚ ਆ ਜਾਂਦਾ ਹੈ। ਇਹ ਆਮ ਗੱਲ ਹੈ ਕਿ ਜਿਸ ਚੀਜ਼ ਨੂੰ ਅਸੀਂ ਖਾਂਦੇ ਹਾਂ, ਉਹ ਪਾਚਨ ਪ੍ਰਣਾਲੀ ਵਿਚ ਹਜ਼ਮ ਕੀਤੀ ਜਾਂਦੀ ਹੈ ਅਤੇ ਬਾਕੀ ਨੂੰ ਖੁਰਾਕ ਨਾਲੀ ਦੁਆਰਾ ਸਰੀਰ ਤੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਖੁਰਾਕ ਹਜ਼ਮ ਕਰਨ ਦੀ ਕਿਰਿਆ ਦੌਰਾਨ ਗੈਰ ਜ਼ਰੂਰੀ ਪਦਾਰਥਾਂ ਨੂੰ ਗੁਰਦਿਆਂ ਰਾਹੀਂ ਮੂਤਰ ਵਿਚ ਬਾਹਰ ਕੱਢ ਦਿੱਤਾ ਜਾਂਦਾ ਹੈ। ਸਾਰੇ ਥਣਧਾਰੀ ਪ੍ਰਾਣੀਆਂ ਦੀ ਇਹ ਕਿਰਿਆ ਮੋਟੇ ਤੌਰ 'ਤੇ ਇਕੋ ਜਿਹੀ ਹੈ, ਇਸ ਲਈ ਜੋ ਮੂਤਰ ਬਾਹਰ ਨਿਕਲਦਾ ਹੈ, ਉਹ ਵੀ ਇਕੋ ਜਿਹਾ ਹੋਵੇਗਾ।
       ਮਨੁੱਖੀ ਅਤੇ ਗਊ ਮੂਤਰ ਵਿਚ ਪਾਣੀ ਤੋਂ ਇਲਾਵਾ ਮੁੱਖ ਤੱਤ ਹਨ : ਯੂਰੀਆ, ਸੋਡੀਅਮ, ਕਲੋਰਾਈਡ, ਸਲਫ਼ੇਟ, ਫ਼ਾਸਫ਼ੇਟ, ਪੋਟਾਸ਼ੀਅਮ, ਕਰੀਏਟੀਨੀਨ, ਅਮੋਨੀਆ, ਯੂਰਿਕ ਐਸਿਡ ਆਦਿ। ਅਸਲ ਵਿਚ ਤੱਤਾਂ ਦੇ ਪੱਖ ਤੋਂ ਗਾਂ ਅਤੇ ਮਨੁੱਖੀ ਪੇਸ਼ਾਬ ਵਿਚ ਕੋਈ ਅੰਤਰ ਨਹੀ੬ਂ ਹੈ। ਇਸ ਲਈ ਇਸ ਗੱਲ ਉੱਤੇ ਯਕੀਨ ਕਰਨਾ ਕਿ ਗਊ ਮੂਤਰ ਸਾਡੀ ਸਿਹਤ ਲਈ ਲਾਭਕਾਰੀ ਹੈ ਤੇ ਮਨੁੱਖੀ ਮੂਤਰ ਨਹੀ੬ਂ, ਸਹੀ ਨਹੀਂ ਹੈ।
      ਇਸ ਮਸਲੇ ਬਾਰੇ ਕੁੱਝ ਹੋਰ ਸਪੱਸ਼ਟਤਾ ਲੈਣ ਲਈ ਭਾਰਤ ਸਰਕਾਰ ਦੇ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਮਹਿਕਮੇ ਤੋਂ ਆਰਟੀਆਈ ਰਾਹੀਂ ਜਾਣਕਾਰੀ ਲਈ ਗਈ ਕਿ ਗਊ ਮੂਤਰ ਮਨੁੱਖੀ ਸਰੀਰ ਲਈ ਲਾਭਕਾਰੀ ਹੈ? ਜੁਆਬ ਮਿਲਿਆ ਕਿ ਉਨ੍ਹਾਂ ਦੇ ਪਸ਼ੂ ਪਾਲਣ ਵਿਭਾਗ ਕੋਲ ਇਸ ਕਿਸਮ ਦੀ ਕੋਈ ਜਾਣਕਾਰੀ ਨਹੀਂ ਹੈ। ਇਸੇ ਤਰ੍ਹਾਂ ਗੁਰੂ ਅੰਗਦ ਦੇਵ ਯੂਨੀਵਰਸਿਟੀ ਆਫ਼ ਵੈਟਰਨਰੀ ਸਾਇੰਸਿਜ਼ (ਗਡਵਾਸੂ) ਲੁਧਿਆਣਾ ਵੱਲੋਂ ਵੀ ਇਸੇ ਕਿਸਮ ਦਾ ਜੁਆਬ ਮਿਲਿਆ।
       ਪਸ਼ੂ ਵਿਗਿਆਨ ਨਾਲ ਸਬੰਧਤ ਖੋਜ ਕਰਨ ਵਾਲੀਆਂ ਸੰਸਥਾਵਾਂ ਕੋਲ ਗਊ ਮੂਤਰ ਦੇ ਲਾਭਕਾਰੀ ਹੋਣ ਦੀ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਉਲਟ, ਮੂਤਰ ਪੀਣਾ ਸਰੀਰ ਲਈ ਹਾਨੀਕਰਾਕ ਹੋ ਸਕਦਾ ਹੈ।
      ਵਿਗਿਆਨੀਆਂ ਨੇ ਬਾਬਾ ਰਾਮਦੇਵ ਦੇ ਇਸ ਦਾਅਵੇ ਕਿ ਗਊ ਮੂਤਰ ਨਾਲ ਕੀਟਾਣੂ-ਨਾਸ਼ਕ ਦਵਾਈ ਬੀਟਾਡੀਨ ਦਾ ਅਸਰ ਖਤਮ ਹੋ ਜਾਂਦਾ ਹੈ, ਨੂੰ ਗਲਤ ਦੱਸਿਆ ਹੈ। ਸਾਫ਼ ਪਾਣੀ ਵਿਚ ਬੀਟਾਡੀਨ ਪਾ ਕੇ ਉਸ ਦਾ ਰੰਗ ਬਦਲ ਜਾਂਦਾ ਹੈ ਤੇ ਮੂਤਰ ਨਾਲ ਉਹ ਫਿਰ ਸਾਫ਼ ਹੋ ਜਾਂਦਾ ਹੈ। ਇਹ ਰਸਾਇਣਕ ਕਿਰਿਆ ਹੈ ਜੋ ਮਨੁੱਖੀ ਮੂਤਰ ਨਾਲ ਵੀ ਉਸੇ ਢੰਗ ਨਾਲ ਹੁੰਦੀ ਹੈ। ਇਸ ਕਿਰਿਆ ਵਿਚ ਮੂਤਰ ਵਿਚ ਮੌਜੂਦ ਥਾਇਉਸਲਫ਼ੇਟ ਦੀ ਬੀਟਾਡੀਨ ਵਿਚ ਮੌਜੂਦ ਟ੍ਰਾਈ ਆਇਉਡੀਨ ਆਇਉਨ ਨਾਲ ਕਿਰਿਆ ਹੁੰਦੀ ਹੈ ਤੇ ਉਹ ਸੋਡੀਅਮ ਆਇਉਡਾਈਡ ਵਿਚ ਬਦਲ ਜਾਂਦਾ ਹੈ ਜੋ ਰੰਗ ਰਹਿਤ ਅਤੇ ਸਾਫ਼ ਹੁੰਦਾ ਹੈ।
      ਇਸ ਤਰ੍ਹਾਂ ਇਸ ਕਿਸਮ ਦੇ ਦਾਅਵੇ ਕੱਟੜਵਾਦੀਆਂ ਵਲੋਂ ਮਿੱਥਿਆ ਫੈਲਾਉਣ ਲਈ ਕੀਤੇ ਜਾ ਰਹੇ ਹਨ। ਹੁਣ ਸਮਾਂ ਹੈ ਕਿ ਫ਼ਾਰਮਾਸਿਊਟੀਕਲ ਤੇ ਸਿਹਤ ਮੰਤਰਾਲਿਆਂ ਵੱਲੋਂ ਇਸ ਕਿਸਮ ਦੇ ਪ੍ਰਾਪੇਗੰਡੇ ਨੂੰ ਰੋਕਿਆ ਜਾਵੇ।

'ਸੀਨੀਅਰ ਮੀਤ ਪਰਧਾਨ, ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ।
ਸੰਪਰਕ : 94170-00360