ਤੇਰੀ ਯਾਦ - ਗੁਰਬਾਜ ਸਿੰਘ
ਇੱਕ ਵੀਰਾਨ ਮੁਹੱਬਤੀਂ ਖੰਡਰ,
ਆ ਕਿਸੇ ਅਲਖ ਜਗਾਈ।
ਧੁੰਦਲੇ ਜਜਬਾਤਾਂ ਦੇ ਸ਼ੀਸ਼ਿਓਂ,
ਕਿਸੇ ਧੂੜ ਹਟਾਈ।
ਪੈੜ ਸੀ ਸੁੱਤੀ, ਹਵਾ ਵੀ ਰੁੱਠੀ,
ਨੀਮ-ਬੇਹੋਸ਼ੀ ਰਾਤ ਸੀ ਛਾਈ।
ਅੱਜ ਦੱਬੇ ਪੈਰੀਂ ਚੱਲਕੇ,
ਤੇਰੀ ਯਾਦ ਸੀ ਆਈ।
ਅੱਜ ਦੱਬੇ ਪੈਰੀਂ ਚੱਲਕੇ,
ਤੇਰੀ ਯਾਦ ਸੀ ਆਈ।
-ਗੁਰਬਾਜ ਸਿੰਘ
8837644027
ਕਰਮ-ਯੋਗੀ
ਕਬੀਲਦਾਰੀ ਦੀ ਪੰਡ,
ਤੇ ਬਾਲਿਆਂ ਦੀ ਛੱਤ ਥੱਲੇ,
ਪਹਾੜ ਵਰਗਾ ਮੋਢਾ ਧਰਦਿਆਂ।
ਸੁਨਹਿਰੀ ਸੁਪਨੇ,
ਅੱਧ-ਵੱਢੇ, ਮੂੰਹ-ਅੱਡੇ,
ਕੱਕੇ ਬੁੱਥਿਆਂ ਚੋਂ ਫੜਦਿਆਂ।
ਪੁੱਤ ਦੀ ਫ਼ੀਸਾਂ ਲਈ,
ਉਠਦੀਆਂ ਚੀਸਾਂ ਲਈ,
ਪੱਥਰ ਹੋ ਆਥੜੀਆਂ ਕਰਦਿਆਂ।
ਧੀ ਦੇ ਕਾਜ ਲਈ,
ਵਧਦੇ ਵਿਆਜ ਲਈ,
ਪਾਪੀ ਕਰਜ਼ੇ ਥੱਲੇ ਮਰਦਿਆਂ।
ਭੁੱਖੇ ਡੰਗਰਾਂ ਲਈ,
ਖੁੱਸੇ ਅੰਬਰਾਂ ਲਈ,
ਘਾਹ ਦੀ ਪੰਡ ਲਈ ਵੱਟਾਂ ਤੇ ਚੜਦਿਆਂ।
ਆਪਣੀ ਭੁੱਖ ਨੂੰ ਮਾਰ,
ਕੁਝ ਰੀਝਾਂ ਨੂੰ ਸਾੜ,
ਪੈਰੀਂ ਛਾਲੇ ਜਰਦਿਆਂ,
ਕਦੇ ਥੱਕਿਆ ਨਹੀਂ ਸੀ...
ਕਦੇ ਹਾਰਿਆ ਨਹੀਂ ਸੀ...
ਆਪਣੀ ਕਿਸਮਤ ਤੋ...
ਤੇ...
ਅੱਜ ਵੀ ਇਸ ਨੂੰ ਬਦਲਣ ਲਈ...
ਉਹ ਦਿ੍ਰੜ ਸੀ...
ਕਰਮ-ਯੋਗੀ ਸੀ...।
-ਗੁਰਬਾਜ ਸਿੰਘ
8837644027
ਸ਼ਬਦਾਂ ਨੂੰ.. - ਗੁਰਬਾਜ ਸਿੰਘ
ਮੈਂ ਨਤਮਸਤਕ ਹਾਂ...
ਤੁਹਾਡੇ ਕੋਲ ਅਸੀਮ ਕੁਵਤ ਹੈ...
ਪਵਿੱਤਰਤਾ ਦੀ ਗਹਿਰਾਈ ਰੱਖਣ ਦੀ..
ਨਿਰਮਾਣਤਾ ਦੀ ਡੂੰਘਾਈ ਨਾਪਣ ਦੀ...
ਨਾਨਕ ਦੀ ਬਾਣੀ ਬਨਣ ਦੀ...
ਬੁੱਲੇ ਦੀਆਂ ਕਾਫ਼ੀਆਂ ਅਮਰ ਕਰਨ ਦੀ...
ਵਾਰਿਸ ਦੀ ਹੀਰ ਬਨਣ ਦੀ...
ਸ਼ਿਵ ਦੀ ਪੀੜ ਹਰਨ ਦੀ...
ਸ਼ੀਤ ਹਵਾਵਾਂ ਨੂੰ ਕਲਾਵੇ ਭਰਨ ਦੀ...
ਬੇਪਨਾਹ ਮੁਹੱਬਤ ਨੂੰ ਬਿਆਨਣ ਦੀ...
ਦਿਲੀ ਭਾਵਾਂ ਨੂੰ ਸਿਆਨਣ ਦੀ...
ਨੀਲੇ ਅਰਸ਼ਾਂ ਨੂੰ ਗਲ ਲਾਵਣ ਦੀ...
ਜੋਸ਼ਾਂ ਨੂੰ ਤੂਫ਼ਾਨ ਬਨਾਵਣ ਦੀ...
ਤੇ ਰੂਹੀ-ਮੁਹੱਬਤਾਂ ਨੂੰ...
ਅਮਰ ਕਰਨ ਦੀ...
ਤੁਸੀਂ ਜੁੱਗ-ਜੁੱਗ ਜੀਓ...
ਤੁਸੀਂ ਅਮਰ ਹੋ...।
-ਗੁਰਬਾਜ ਸਿੰਘ
8837644027
ਕਵੀ.. - ਗੁਰਬਾਜ ਸਿੰਘ
ਕਵੀ ਹੋਣਾ ਕੋਈ ਘਟਨਾ ਨਹੀਂ,
ਇਕ ਨੇਮਤ ਹੈ...
ਬਰਕਤ ਹੈ...
...
ਇਹ ਰੂਹ..
ਲੋਕਾਈ..
ਤੇ...
ਤੇਰਾ ਚੇਹਰਾ...
ਬੱਸ...
ਉਸੇ ਦੇ ਸਿਰਨਾਵੇਂ ਨੇ..।
-ਗੁਰਬਾਜ ਸਿੰਘ
8837644027
ਇੰਤਜ਼ਾਰ - ਗੁਰਬਾਜ ਸਿੰਘ
ਤੂੰ ਆਖਿਆ ਸੀ,
ਮੁੜ ਆਵਾਗੀ ਮੈਂ,
ਤੂੰ ਮੇਰਾ ਇੰਤਜਾਰ ਕਰੀਂ।
ਤੇ....
ਵੇਖ ਅੱਜ ਵੀ....
ਧੜਕਨ, ਸਾਹ ਤੇ ਨਜ਼ਰ ਉੱਥੇ ਈ ਖੜੇ ਨੇ..।
-ਗੁਰਬਾਜ ਸਿੰਘ
8837644027
ਪੱਥਰ-ਲੀਕ - ਗੁਰਬਾਜ ਸਿੰਘ
...ਦੋ ਸਾਲ ਹੋ ਗਏ,
...ਖੌਰੇ ਕਿੱਥੇ ਖੋ ਗਏ,
ਨਾ ਸੋਚ ਨੇ ਗੱਲ ਕੋਈ ਬੁੱਝੀ।
...ਨੈਣਾਂ ਭਾਲਿਆ,
...ਬੜਾ ਖੰਗਾਲਿਆ,
ਨਾ ਦਿਲ ਨੂੰ ਰਾਹ ਕੋਈ ਸੁੱਝੀ।
...ਕਹਾਂ ਕੀ ਏਨੂੰ,
..ਕੁਝ ਸਮਝ ਨਾ ਆਵੇ ਮੈਨੂੰ,
ਨਾ ਗੱਲ ਹੁਣ ਰਹੀ ਕੋਈ ਗੁੱਝੀ।
...ਉਮਰਾਂ ਦੇ ਗੇੜੇ,
...ਇਹ ਸਫਰ ਲੰਮੇਰੇ,
ਜਿੰਦ ਨਿਮਾਣੀ ਗਮਾਂ ਵਿੱਚ ਰੁੱਝੀ।
...ਪੈੜਾਂ ਮਿਟੀਆਂ,
...ਵਫਾਵਾਂ ਲੁੱਟੀਆਂ,
ਸੀਨੇ ਕੋਈ ਕਟਾਰੀ ਚੁਭੀ।
...ਸਿਵੇ ਉਡੀਕਣ,
...ਮੌਤ ਉਲੀਕਣ,
ਪੱਥਰ-ਲੀਕ ਇੱਕ ਮੱਥੇ ਖੁੱਭੀ।
ਪੱਥਰ-ਲੀਕ ਇੱਕ ਮੱਥੇ ਖੁੱਭੀ।
-ਗੁਰਬਾਜ ਸਿੰਘ
088376-44027
ਪੀੜਾਂ - ਗੁਰਬਾਜ ਸਿੰਘ ਤਰਨ ਤਾਰਨ
ਤੂੰ ਚੰਨ ਸੀ,,
ਮੇਰੀ ਜ਼ਿੰਦਗੀ ਦਾ,,
ਤੇਰੀ ਮੌਜੂਦਗੀ ਨਾਲ,,
ਜਿੰਦੜੀ ਦਾ ਹਰ ਕੋਨਾ ਰੋਸ਼ਨ ਸੀ,,
ਤੇਰੇ ਬਿਨ,,
ਦਿਲ ਦੇ ਵੇਹੜੇ ਪੀੜਾਂ ਉੱਗੀਆਂ ਨੇ,,
ਰੋਜ਼ ਸਿੰਜਦਾ ਹਾਂ ਇੰਨਾਂ ਨੂੰ,,
ਖਾਰੇ ਹੰਝੂਆਂ ਦੇ ਨਾਲ,,
ਪਰ ਵੇਖ,,
ਨਾ ਹੀ ਇਹ ਰੱਜਦੀਆਂ ਨੇ,,
ਤੇ ਨਾ ਹੀ ਮੇਰੀ ਉਡੀਕ।
-ਗੁਰਬਾਜ ਸਿੰਘ ਤਰਨ ਤਾਰਨ
8837644027
ਤੇਰੇ ਸ਼ਹਿਰ.. - ਗੁਰਬਾਜ ਸਿੰਘ ਤਰਨ ਤਾਰਨ
ਜਿੱਥੇ ਚਾਨਣਾਂ ਦਾ ਵੱਸਦਾ ਏ ਕਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਰਾਹਾਂ ਨੇ ਹੈ ਦਗਾ ਕੀਤਾ, ਪੀੜਾਂ ਨੂੰ ਦੁਆਵਾਂ ਸੰਗ ਸੀਤਾ,
ਕੱਖਾਂ ਨੇ ਵੀ ਭੁੰਨੇ ਸਾਡੇ ਪੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਏਥੇ ਖ਼ਾਰਾਂ ਜਿਹੇ ਹੱਥ, ਸਭ ਖ਼ਾਰਾਂ ਜਿਹੇ ਚੇਹਰੇ ਨੇ,
ਸੁਪਨਿਆਂ ਦਾ ਭਾਰ ਮੋਢੇ ਜੋ ਤੇਰੇ ਅਤੇ ਮੇਰੇ ਨੇ,
ਰੋਮ-ਰੋਮ ਸਾੜੇ ਚਾਵਾਂ ਵਾਲੀ ਲਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਕਦਰ ਨਹੀਂਓ ਲੋਕਾਂ ਨੂੰ ਤੇਰੇ ਸ਼ਹਿਰ ਆਏ ਮਹਿਮਾਨ ਦੀ,
ਹਰ ਗਲੀ-ਮੋੜ ਲੁੱਟ ਹੋਵੇ ਸੋਚਾਂ ਦੇ ਸਮਾਨ ਦੀ,
ਗਵਾਹੀ ਦੇਵੇ ਹਰ ਅੱਖ ਹੁੰਦਾ ਕਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਸ਼ਹਿਰ ਵਿੱਚ ਰਲ ਤੂੰ ਵੀ ਸ਼ਹਿਰੀ ਜਿਹਾ ਹੋ ਗਿਆਂ ਏਂ,
ਪਿਆਰ ਕੋਈ ਅਣਭੋਲ ਆ ਕੇ ਭੀੜ ਵਿੱਚ ਖੋ ਗਿਆ ਏ,
ਵਫਾਵਾਂ ਚ’ ਰਲਾਇਆ ਕਿਸੇ ਜ਼ਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰੇ ਸ਼ਹਿਰ ਦੀਆਂ ਘਟਾਵਾਂ ਦਗਾ ਕਰਨੇ ਨੂੰ ਚੜੀਆਂ ਨੇ,
ਹਵਾਵਾਂ ਵੀ ਪਰਾਈਆਂ ਹੋ ਦੂਰ ਜਾ ਖੜੀਆਂ ਨੇ,
ਲੈ ਖ਼ੰਜਰ ਉਡੀਕੇ ਹਰ ਪਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰਾ ਪਤਾ ਪੁੱਛਣੇ ਨੂੰ ਗਇਆ ਜਿਹੜੇ-ਜਿਹੜੇ ਘਰ ਨੂੰ,
ਹਰ ਬਸ਼ਿੰਦੇ ਤੇਰੇ ਸ਼ਹਿਰ ਦੇ ਨੇ ਜ਼ਿੰਦਾ ਲਾਇਆ ਦਰ ਨੂੰ,
ਤਾਂ ਵੀ ਭੋਰਾ ਮੈਨੂੰ ਲੱਗਾ ਨਾ ਕੋਈ ਗ਼ੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਮੈਨੂੰ ਉਮਰ ਹੰਢਾ ਬਣ ਤੁਰ ਗਈ ਬੇਗਾਨੀ,
ਮੇਰੇ ਹਰਫ ਪਾਉਣ ਵੈਣ ਮੇਰੀ ਰੁਲ਼ ਗਈ ਜਵਾਨੀ,
ਇੱਕ ਜਿਸਮ ਫਿਰੇ ਸਾਹਾਂ ਤੋਂ ਬਗੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਹਨੇਰਿਆਂ ਚ’ ਸਾਥ ਦਿੱਤਾ ਤੇਰੇ ਸ਼ਹਿਰ ਦੇ ਰਾਹਾਂ ਨੇ,
ਭੁੱਲ ਗਏ ਸੀ ਗ਼ਮ ਹਰ ਪਲ ਦੇ ਗਵਾਹਾਂ ਨੇ ,
ਜਾਪੇ ਜਾਨ ਲੈ ਲਊ ਏਹ ਹਿਜਰ ਦੁਪਹਿਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਤੇਰੇ ਸ਼ਹਿਰ ਦੀਆਂ ਗਲ਼ੀਆਂ ਤੇ ਮੋਹ ਬੜਾ ਆਉਦਾ ਏ,
ਤੇਰੀਆਂ ਮੁਹੱਬਤਾਂ ਦਾ ਹਰ ਹੰਝੂ ਗੀਤ ਗਾਉਂਦਾ ਏ,
ਤੇਰਾ ਨਹੀਂ ਕੋਈ ਦੋਸ਼ ਏਹ ਲੇਖਾਂ ਦੇ ਵੈਰ ਮੇਰੇ ਦੋਸਤਾ,
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
ਕਾਹਤੋਂ ਅਸੀਂ ਆਏ ਤੇਰੇ ਸ਼ਹਿਰ ਮੇਰੇ ਦੋਸਤਾ ।
-ਗੁਰਬਾਜ ਸਿੰਘ ਤਰਨ ਤਾਰਨ
88376-44027
ਨਵੇਂ ਸਾਲ ਨੂੰ - ਗੁਰਬਾਜ ਸਿੰਘ
ਆ ਗਿਆ ਤੂੰ ਫੇਰ ਨਵਾਂ ਰੂਪ ਧਾਰ,
ਖ਼ੁਸ਼-ਆਮਦੀਦ ਕਹੀਏ ਤੈਨੂੰ ਬਾਹਾਂ ਨੂੰਖਿਲਾਰ।
ਵੇਖੀ ਹਰ ਇੱਕ ਚਾਅ ਤੂੰ ਪੂਰ ਦੇਵੀਂ ।
ਨਾ ਕੋਈ ਰਹੇ ਖੁਸ਼ੀਆਂ ਤੋਂ ਵਿਰਵਾ,
ਰੋਟੀ ਦੋ ਵਕਤ ਦੀ ਗਰੀਬ ਨੂੰ ਵੀ ਜ਼ਰੂਰ ਦੇਵੀਂ।
ਮੈਂ ਪੁੱਛਾਂਗਾ ਨਾ ਤੈਨੂੰ ਤੇਰੇ ਪਿਛਲੇ ਦਿਨਾਂ ਬਾਰੇ,
ਤੂੰ ਅੱਗੇ ਮਿਹਨਤਾਂ ਨੂੰ ਬਣਦਾ ਵੀ ਸਰੂਰ ਦੇਵੀਂ।
ਹੋਵੇ ਬੇਅਦਬੀ ਨਾ ਗ੍ਰੰਥਾਂ-ਪੰਥਾਂ ਤੇ ਔਰਤਾਂ ਦੀ,
ਐਸਾ ਸਮਾਂ, ਦਿ੍ਰਸ਼ ਨਾ ਕੋਈ ਵੀ ਕਰੂਰ ਦੇਵੀਂ।
ਤੇਰੇ ਸਾਥ ਨਾਲ ਸਭਨਾਂ ਨੇ ਸੁਪਨੇ ਸੰਜੋਣੇ ਕਈ,
ਤੂੰ ਸਭੇ ਅਧੂਰੀਆਂ ਆਸਾਂ ਨੂੰ ਵੀ ਬੂਰ ਦੇਵੀਂ ।
ਮੁਹੱਬਤਾਂ ਨੂੰ ਆਰੰਭ ਦੇਵੀਂ, ਸੱਧਰਾਂ ਨੂੰ ਖੰਭਦੇਵੀਂ,
ਵੇਹੜੇ ਰੰਗਲੀਆਂ ਬਹਾਰਾਂ ਵੀ ਭਰਪੂਰ ਦੇਵੀਂ।
ਏਕਾ ਲਿਆਵੀ, ਭਾਈਚਾਰੇ ਨੂੰ ਖਿੰਡਾਈ,
ਤੂੰ ਨਾ ਕਰ ਕਿਸੇ ਨੂੰ ਵੀ ਮਗ਼ਰੂਰ ਦੇਵੀਂ ।
ਕਈ ਪਿਆਰਾਂ ਤੇ ਪਰਿਵਾਰਾਂ ਤੋਂ ਨੇ ਸੱਖਣੇ,
ਜ਼ਿੰਦਗੀ ਸਭ ਦੀ ਵਿੱਚ ਖ਼ੁਸ਼ੀ ਵੀ ਜ਼ਰੂਰ ਦੇਵੀਂ।
ਜਿੱਤ, ਖ਼ੁਸ਼ਹਾਲੀ ਤੇ ਬਰਕਤ ਵੰਡੀ ਸਭ ਪਾਸੇ,
ਮੇਰੇ ਭਾਰਤ ਨੂੰ ਵੀ ਕਰ ਜੱਗ ਤੇ ਮਸ਼ਹੂਰ ਦੇਵੀਂ।
ਓਹ,,? - ਗੁਰਬਾਜ ਸਿੰਘ
ਬੱਸ ਇੱਕ ਰੱਬ ਦਾ ਨਾਮ ਧਿਆਉਂਦਾ ਰਿਹਾ,
ਓਹ ਸਭੇ ਦੋਸਤਾਂ ਨੂੰ ਹੱਸ ਗੱਲ ਲਾਉਂਦਾ ਰਿਹਾ।
ਕੁਝ ਜ਼ਖ਼ਮ ਵੀ ਮਿਲੇ ਮਾਰ ਮੁਕਾਵਣ ਵਾਲੇ,
ਫੇਰ ਵੀ ਮੁਸਕਾਨ ਦੀ ਮਲਮ ਓਹ ਲਾਉਂਦਾਰਿਹਾ ।
ਤੈਨੂੰ ਮਾੜਾ ਕਦੇ ਵੀ ਨਾ ਤਕਾਇਆ ਓਨੇ,
ਤੇਰੀ ਵਫਾ ਦੇ ਸੋਹਲੇ ਓਹ ਗਾਉਂਦਾ ਰਿਹਾ ।
ਉਹਦੀ ਰੂਹ ਤਕ ਵੀ ਇਸ ਕਦਰ ਸੀ ਰੋਈ,
ਲੋਕ ਕਹਿਣ ਓਹ ਇੰਨਾ ਮੁਸਕਰਾਉਂਦਾ ਰਿਹਾ ।
ਨੇਰੇ-ਜੁਦਾਈਆਂ ਨੇ ਰੋਕਿਆ ੳਦ੍ਹਾ ਪੰਧ ਵੀਬਥੇਰਾ,
ਅਮੁੱਕ ਹਰਫ਼ਾਂ ਦੇ ਦੀਪ ਓਹ ਜਲ਼ਾਉਂਦਾ ਰਿਹਾ।
ਰੱਖੇ ਗਲ ਨਾਲ ਲਾ ਕੁਝ ਦਰਦੀ ਨਜ਼ਮਾਂ ਨੂੰਓਹ,
ਲੋਕਾਂ ਦੀ ਨਜ਼ਰੇ ਓਹ ਸ਼ਾਇਰ ਕਹਾਉੰਦਾ ਰਿਹਾ।
ਤੇਰੀ ਪੈੜ ਦੇ ਪੈਂਡੇਂ ਨਾ ਕਦੇ ਸਰ ਹੋਣੇ ਓਸ ਤੋਂ,
ਐਵੇਂ ਬੇ-ਆਸੇ ਹੀ ਰਾਹਾਂ ਨੂੰ ਓਹ ਗਾਹੁੰਦਾਰਿਹਾ ।
ਸ਼ਾਂਤੀ ਮਿਲੀ ਨਾ ਓਨੂੰ ਕਿਤੇ ਕਬਰਾਂ ਜਹੀ ,
ਭਾਵੇਂ ਪਲ-ਪਲ ਵੀ ਮੌਤ ਨੂੰ ਓਹ ਪਾਉਂਦਾ ਰਿਹਾ।
ਭਾਵੇਂ ਪਲ-ਪਲ ਵੀ ਮੌਤ ਨੂੰ ਓਹ ਪਾਉਂਦਾ ਰਿਹਾ।
-ਗੁਰਬਾਜ ਸਿੰਘ
88376-44027