Gurcharan Singh Jiwanwala

ਲਾਂਬੂ ਲਾਉਣ ਵਾਲੇ ਲਾਂਬੇ ਦੇ ਝੂਠਾਂ ਤੋਂ ਝਾੜੀ ਧੂੜ - ਗੁਰਚਰਨ ਸਿੰਘ ਜਿਉਣ ਵਾਲਾ

ਗੁਰਸ਼ਰਨਜੀਤ ਸਿੰਘ ਲਾਂਬਾ ਜੀਓ! ਜਿਸ ਤਰ੍ਹਾਂ ਤੁਸੀਂ ਡਾ. ਗੁਰਦਰਸ਼ਨ ਸਿੰਘ ਢਿਲੋਂ ਨੂੰ ‘ ਟੀ. ਵੀ. ਗਲੋਬਲ ਪੰਜਾਬ’ ਤੇ ਨਿੰਦ ਰਹੇ ਹੋ ਕਿ, “ਜਿਹੜਾ ਸਿੱਖ ਇਹ ਕਹਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੁੱਝ ਨਹੀਂ ਲਿਖਿਆ ਉਹ ਸਿੱਖ ਹੀ ਨਹੀਂ ਹੋ ਸਕਦਾ, ਉਸ ਨੇ ਸ੍ਰੀ (ਸਿਰੀ) ਦਸਮ ਗਰੰਥ ਸਾਹਿਬ ਵੇਖਿਆ ਹੀ ਨਹੀਂ, ਬੜੀ ਬੇਹੂਦਾ ਜਿਹੀ ਦਲੀਲ ਹੈ”। ਦਰਅਸਲ ਤੁਸੀਂ ਖੁਦ ਹੀ ਕਦੀ ਦਸਮ ਗ੍ਰੰਥ ਦੇ ਨੇੜ-ਤੇੜ ਨਹੀਂ ਗਏ। ਅਸਲ ‘ਚ ਤੁਸੀਂ ਸਰੂਪ ਦਾਸ ਭੱਲਾ ਦਾ ‘ਮਹਿਮਾ ਪ੍ਰਕਾਸ਼’ ਪੜ੍ਹਿਆ ਤੇ ਕੁੱਝ ਹੋਰ ਇਧਰੋਂ-ਉਧਰੋਂ ਮਸਾਲਾ ਇਕੱਠਾ ਕੀਤਾ ਹੋਇਆ ਹੈ। ਨਾ ਤੁਹਾਨੂੰ ਇਸ ਗ੍ਰੰਥ ਦੇ ਇਤਿਹਾਸ ਬਾਰੇ ਵਾਕਫੀ ਹੈ ਤੇ ਨਾ ਹੀ ਇਸ ਵਿਚਲੀਆਂ ਗਵਾਹੀਆਂ ਦਾ ਹੀ ਪਤਾ ਹੈ। ਆਓ ਤੁਹਾਡੀ ਇਸ ਗੱਲ-ਬਾਤ ਦਾ ਚੀਰ-ਫਾੜ ਕਰੀਏ।
ਦਸਮ ਗੁਰੂ ਦੇ ਸਮਕਾਲੀਆਂ ਦੇ ਨਾਮ ਗਿਣਦੇ ਤੁਸੀਂ ਕੇਸਰ ਸਿੰਘ ਛਿੱਬਰ, ਕੰਕਣ ਕਵੀ ਅਤੇ ਕਵੀ ਸੈਨਾਪਤੀ ਦਾ ਨਾਮ ਲੈਂਦੇ ਹੋ। ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਕੇਸਰ ਸਿੰਘ ਛਿੱਬਰ ਗੁਰੂ ਜੀ ਦੇ ਅਕਾਲ ਚਲਾਣਾ ਕਰਨ ਤੋਂ ਅੱਠ ਸਾਲ ਬਾਅਦ 1715 ਈ: ਨੂੰ ਪੈਦਾ ਹੋਇਆ ਹੈ। ਜੇਕਰ ਤੁਸੀਂ “ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ” ਕ੍ਰਿਤ ਕੇਸਰ ਸਿੰਘ ਛਿੱਬਰ, ਪਿਆਰਾ ਸਿੰਘ ਪਦਮ ਦੁਆਰਾ ਛਾਪਿਆ, ਪੜ੍ਹਿਆ ਹੁੰਦਾ ਤਾਂ ਤੁਹਾਨੂੰ ਪਤਾ ਚੱਲ ਜਾਂਦਾ ਕਿ ਕੇਸਰ ਸਿੰਘ ਛਿੱਬਰ ਪੈਦਾ ਕਦੋਂ ਹੋਇਆ? ਕਵੀ ਸੈਨਾਪਤਿ ਦਾ ਗ੍ਰੰਥ ‘ ਸਿਰੀ ਗੁਰ ਸੋਭਾ’ ਮੇਰੇ ਕੋਲ ਹੈ ਤੇ ਉਸ ਵਿਚ ਕਿਤੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਕਿਸੇ ਗ੍ਰੰਥ ਜਾਂ ਕਿਸੇ ਬਾਣੀ ਦੇ ਲਿਖੇ ਹੋਣ ਦਾ ਜ਼ਿਕਰ ਨਹੀਂ। ਹਾਂ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਦਾ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ;
“  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
     ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ”॥ 14॥
ਹੁਣ ਗੱਲ ਕਰੀਏ ਕਵੀ ਕੰਕਣ ਦੀ; ਸੰਤ ਸਿਪਾਹੀ ਦਾ ਹੀ ਪੋਸਟ ਕੀਤਾ ਇਸ ਕਵੀ ਦਾ ਗ੍ਰੰਥ, “ਦਸ ਗੁਰ ਕਥਾ” ਜਿਸਦੇ 52 ਪੰਨੇ ਹਨ ਅੱਜ ਮੈਂ ਉਹ ਸਾਰਾ ਪੜ੍ਹ ਕੇ ਤੁਹਾਨੂੰ ਜਵਾਬ ਲਿਖਣ ਲੱਗਾ ਹਾਂ। ਦਸਮ ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਣਾ ਬਾਰੇ ਲਿਖ ਕੇ ਉਹ ਇਸ ਗ੍ਰੰਥ ਨੂੰ ਸਮਾਪਤ ਕਰ ਦਿੰਦੇ ਹਨ ਪਰ ਕਿਤੇ ਵੀ ਇਕ ਅੱਖਰ ਵੀ ਦਸਮ ਗੁਰੂ ਜੀ ਦੀਆਂ ਲਿਖਤਾਂ ਹੋਣ ਬਾਰੇ ਜਾਂ ਸਿਰੀ ਦਸਮ ਗ੍ਰੰਥ ਜਾਂ ਗੁਰੂ ਜੀ ਦੀ ਹੋਰ ਕਿਸੇ ਲਿਖਤ ਹੋਣ ਦਾ ਜ਼ਿਕਰ ਨਹੀਂ ਕਰਦੇ। ਸਗੋਂ ਗੁਰੂ ਗੋਬਿੰਦ ਸਿੰਘ ਜੀ ਵਲੋਂ ਕਿਸੇ ਮਜ਼ਬੀ ਸਿੱਖ ਨੂੰ ਦਿੱਲੀ ਘੱਲ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੜ ਨੂੰ ਅੰਮ੍ਰਿਤਸਰ ਮੰਗਵਾ ਕੇ , ਚੰਦਨ ਦੀ ਚਿਖਾ ਚਿਣ ਕੇ, ਆਪ ਦਾਗ ਦੇਣ ਦਾ ਵਰਨਣ ਹੈ ਜੋ ਵਿਸ਼ਵਾਸ ਕਰਨ ਦੇ ਯੋਗ ਨਹੀਂ ਸਗੋਂ ਸਰਾ-ਸਰ ਝੂਠ ਹੈ। ਗੁਰੂ ਗੋਬਿੰਦ ਸਿੰਘ ਜੀ ਆਪਣੇ ਸਾਰੇ ਜੀਵਨ ਕਾਲ ਵਿਚ ਕਦੀ ਵੀ ਅੰਮ੍ਰਿਤਸਰ ਨਹੀਂ ਗਏ। ਇਹ ਗੱਲ ਵੀ ਕੰਕਣ ਕਵੀ ਨੂੰ ਸ਼ੱਕ ਦੇ ਘੇਰੇ ਵਿਚ ਲਿਆ ਖੜਾ ਕਰਦੀ ਹੈ ਕਿ ਕੀ ਉਹ ਵਾਕਿਆ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਸਮਕਾਲੀ ਸੀ? ਕਿਸੇ ਵੀ ਮੁਰਦਾ ਸਰੀਰ ਨੂੰ ਚੰਦਨ ਦੀ ਚਿਖਾ ਵਿਚ ਅਗਨ ਭੇਟ ਕਰਨਾ, ਗੁਰਬਾਣੀ ਰਚੇਤਿਆਂ ਦੇ ਸਿਧਾਂਤ ਦੇ ਪ੍ਰਤੀਕੂਲ ਹੈ, ਪਰ ਇਹ ਕੰਮ ਲਾਂਬੂ ਲਾਉਣ ਵਾਲੇ ਲਾਂਬਿਆਂ ਦੇ ਅਨਕੂਲ ਹੈ।
“ਹੋਵੈ ਐਸਾ ਸਿੱਖ ਮਮ” ਸਤਿਗੁਰ ਕਹਿਆ ਸੁਨਾਇ॥ ਲੋਥ ਹਮਾਰੇ ਪਿਤਾ ਕੀ ਤਹਿ ਤੇ ਲਯਾਵੈ ਜਾਇ।181॥....॥ ਮਜ਼ਬੀ ਊਪਰ ਸਤਿਗੁਰੂ ਐਸੀ ਕ੍ਰਿਪਾ ਕੀਨ॥ ਅੰਮ੍ਰਿਤਸਰ ਤਾਲ ਕੀ ਬਾਹੀ ਚਉਥੀ ਦੀਨ॥187॥ ਇਕਠਾ ਕਰ ਚੰਦਨ ਅਧਿਕ ਲੀਨੀ ਚਿਤਾ ਬਨਾਇ॥187॥ ਸਤਿਗੁਰ ਦੀਨਾ ਦਾਗ ਨਿਜ ਊਪਰ ਲੋਥ ਧਰਾਇ॥188॥
ਇਸ ਗ੍ਰੰਥ ਦੇ ਕੁੱਲ ਪੰਨੇ 52 ਹਨ। ਇਸ ਗ੍ਰੰਥ ਵਿਚ ਕਿਤੇ ਵੀ ਜ਼ਿਕਰ ਨਹੀਂ ਮਿਲਦਾ ਕਿ ਕਵੀ ਕੰਕਣ ਗੁਰੂ ਜੀ ਦਾ ਸਮਕਾਲੀ ਸੀ। ਭਾਈ ਵੀਰ ਸਿੰਘ ਦੇ ਅਟਕਲ ਪੱਚੂ ਹੀ ਕਵੀ ਕੰਕਣ ਨੂੰ ਗੁਰੂ ਜੀ ਦਾ ਸਮਕਾਲੀ ਸਾਬਤ ਕਰਦੇ ਹਨ। ਹਾਂ! ਜਿਸ ਦਾ ਜ਼ਿਕਰ ਕਰਨਾ ਬਣਦਾ ਸੀ ਉਸ ਦਾ ਤੁਸੀਂ ਕੀਤਾ ਹੀ ਨਹੀਂ ਉਹ ਹਨ ਭਾਈ ਨੰਦ ਲਾਲ (ਸਿੰਘ) ਗੋਯਾ ਜਿਸ ਦੀਆਂ ਦੋ ਲਿਖਤਾਂ ਵਰਨਣ ਕਰਨ ਯੋਗ ਹਨ; ਰਹਿਤਨਾਮਾ ਅਤੇ ਤਨਖਾਹਨਾਮਾ। ਰਹਿਤਨਾਮਾ ਸੰਮਤ 1752 ਦਾ ਲਿਖਿਆ ਹੋਇਆ ਹੋਣ ਕਰਕੇ ਲਿਖਾਰੀ ਗੁਰੂ ਜੀ ਨੂੰ ਗੁਰਦੇਵ ਕਰਕੇ ਸੰਬੋਧਨ ਕਰਦਾ ਹੈ ਅਤੇ ਤਨਖਾਹਨਾਮਾ 1699 ਈ: ਤੋਂ ਬਾਅਦ ਦਾ ਲਿਖਿਆ ਹੋਣ ਕਰਕੇ ਗੁਰੂ ਜੀ ਦਾ ਪੂਰਾ ਨਾਮ,” ਕਹੈ ਗੋਬਿੰਦ ਸਿੰਘ ਲਾਲ ਜੀ” ਲਿਖਦਾ ਹੈ। ਭਾਈ ਨੰਦ ਲਾਲ (ਸਿੰਘ) ਕਿਤੇ ਵੀ ਗੁਰੂ ਜੀ ਦੀ ਕਿਸੇ ਲਿਖਤ ਦਾ ਜ਼ਿਕਰ ਨਹੀਂ ਕਰਦੇ। ਇਸੇ ਹੀ ਤਰ੍ਹਾਂ ‘ਪਰਚੀਆਂ ਗੁਰੂ ਕੀਆਂ” ਲਿਖਾਰੀ ਭਾਈ ਸੇਵਾ ਦਾਸ, ਜੋ ਗੁਰੂ ਜੀ ਤੇ ਅਕਾਲ ਚਾਲਾਣਾ ਕਰਨ ਤੋਂ ਸਿਰਫ 31-35 ਸਾਲ ਬਾਅਦ ‘ਚ ਲਿਖੀਆਂ ਗਈਆਂ ਹਨ, ਵਿਚ ਵੀ ਗੁਰੂ ਜੀ ਦੇ ਦਸਮ ਗ੍ਰੰਥ ਦਾ ਕੋਈ ਜ਼ਿਕਰ ਨਹੀਂ ਮਿਲਦਾ।

ਕੇਸਰ ਸਿੰਘ ਛਿੱਬਰ ਬਾਰੇ ਕੁੱਝ ਹੋਰ: ਛੋਟਾ ਗ੍ਰੰਥ ਜੀ ਜਨਮੇ ਸਾਹਿਬ ਦਸਵੇਂ ਪਾਤਸ਼ਾਹ ਕੇ ਧਾਮ। ਸੰਮਤ ਸਤਾਰਾਂ ਸੈ ਪਚਵੰਜਾ ਬਹੁਤ ਖਿਡਾਵੇ ਲਿਖਾਰੇ ਨਾਮ॥ ਅੱਗੇ ਜਾ ਕੇ ਲਿਖਦੇ ਹਨ; ਸਿਖਾਂ ਕੀਤੀ ਅਰਦਾਸ ਜੀ ਨਾਲ ਚਾਹੀਏ ਮਿਲਾਯਾ॥ ਬਚਨ ਕੀਤਾ ਗ੍ਰੰਥ ਹੈ ਉਹ ਇਹ ਅਸਾਡੀ ਖੇਡ। ਨਾਲ ਨਾ ਮਿਲਾਇਆ ਆਹਾ ਪਿਆਰਾ ਕਉਨ ਜਾਨੈ ਭੇਦ॥ ਜੇਕਰ ਛਿੱਬਰ ਦਾ ਦਿੱਤਾ ਸੰਮਤ 1755 ਦਸਮ ਗ੍ਰੰਥ ਨੂੰ ਸੰਪੂਰਨ ਕਰਨ ਦਾ ਮੰਨ ਲਿਆ ਜਾਵੇ ਤਾਂ ਜ਼ਫਰਨਾਮਾ ਦਸਮ ਗ੍ਰੰਥ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਲਿਖਤ ਸੰਮਤ 1763 ਦੇ ਨੇੜ-ਤੇੜ ਦੀ ਹੈ। ਬਹੁਤ ਖਿਡਾਵੇ ਲਿਖਾਰੇ ਨਾਮ ਦਾ ਮਤਲਬ ਇਹ ਬਣਦਾ ਹੈ ਕਿ ਲਿਖਣ ਵਾਲੇ ਕਵੀ ਇਕ ਨਹੀਂ ਬਹੁਤ ਸਾਰੇ ਹਨ। ਜਿਵੇਂ;
                                                ਗੁਰੂ ਅਰਜਨ ਕੇ ਧਾਮ ਗ੍ਰੰਥ ਸਾਹਿਬ ਜਨਮੁ ਹੈ ਧਾਰਾ॥
                                                ਦਾਯਾ ਸੀ ਭਾਈ ਗੁਰਦਾਸ ਲਿਖਾਰਾ ਖਿਡਾਵਣ ਹਾਰਾ॥266॥ ਬੰਸਵਲੀਨਾਮਾ ਪੱਤਰਾ 298॥ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਗੁਰੂ ਅਰਜਨ ਪਾਤਸਾਹ ਜੀ ਨੇ ਹੈ ਪਰ ਇਸ ਵਿਚ ਬਾਣੀ ਬਹੁਤੇ ਲਿਖਾਰੀਆਂ ਦੀ ਹੈ ਨਾ ਕੇ ਸਿਰਫ ਗੁਰੂ ਅਰਜਨ ਜੀ ਦੀ। ਛੋਟੇ ਗ੍ਰੰਥ ਦਾ ਮਤਲਬ ਦਸਮ ਗ੍ਰੰਥ ਨਹੀਂ ਬਣਦਾ ਜੇ ਬਣਦਾ ਹੈ ਤਾਂ ਵੀ ਲਿਖਾਰੀ ਇਕ ਨਾ ਹੋ ਕੇ ਬਹੁਤੇ ਲਿਖਾਰੀ ਹਨ। ਤਾਂ ਵੀ ਦਸਮ ਗ੍ਰੰਥ ਦਾ ਲਿਖਾਰੀ ਗੁਰੂ ਗੋਬਿੰਦ ਸਿੰਘ ਜੀ ਨਹੀਂ ਮੰਨਿਆ ਜਾ ਸਕਦਾ।
ਸਰੂਪ ਦਾਸ ਭੱਲਾ ਕ੍ਰਿਤ ‘ਮਹਿਮਾ ਪ੍ਰਕਾਸ਼’ “ਬੇਦ ਬਿਦਿਆ ਪ੍ਰਕਾਸ ਕੋ ਸੰਕਲਪ ਧਰਿਓ ਮਨ ਦਿਆਲ। ਪੰਡਤ ਪੁਰਾਨ ਇਕਤ੍ਰ ਕਰ ਭਾਖਾ ਰਚੀ ਬਿਸਾਲ॥1॥......॥ ਗੁਰਮੁਖੀ ਲਿਖਾਰੀ ਨਿਕਟ ਬੁਲਾਏ। ਤਾਕੋ ਸਭ ਬਿਧ ਦਈ ਬੁਝਾਏ। ਕਰ ਭਾਖਾ ਲਿਖੋ ਗੁਰਮੁਖੀ ਭਾਈ। ਮੁਨਿ ਮੋਕੋ ਦੇਹੁ ਕਥਾ ਸੁਨਾਈ॥5॥ ਗੁਰਸ਼ਰਨਜੀਤ ਸਿੰਘ ਲਾਂਬਾ ਜੀਓ! ਮਤਲਬ ਤੁਸੀਂ ਸਮਝ ਹੀ ਗਏ ਹੋਵੋਗੇ। ਪੰਡਤਾਂ ਨਾਲ ਗੁਰਮੁਖੀ ਲਿਖਾਰੀ ਲਾ ਕੇ ਸੰਸਕ੍ਰਿਤ ਦੇ ਗ੍ਰੰਥਾਂ ਦਾ ਉਲੱਥਾ ਕਰਵਾਇਆ। ਇਸੇ ਉਲੱਥੇ ਨੂੰ ਇਕੱਠਾ ਕਰਕੇ ਹੀ ‘ਵਿੱਦਿਆ ਸਾਗਰ’ ਨਾਮ ਦਾ ਗ੍ਰੰਥ ਬਣਾਇਆ ਗਿਆ। ਇਹੀ ਗ੍ਰੰਥ ਕਦੀ ਵਿੱਦਿਆਧਰ, ਕਦੀ ਬਚਿਤ੍ਰ ਨਾਟਿਕ, ਕਦੀ ਦਸਵੇਂ ਪਾਤਸ਼ਾਹ ਕਾ ਗ੍ਰੰਥ,  ਕਦੀ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਅਤੇ ਹੁਣ ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਕੱਲ੍ਹ ਨੂੰ “ਸ੍ਰੀ ਗੁਰੂ ਗ੍ਰੰਥ ਸਾਹਿਬ” ਬਣ ਜਾਵੇਗਾ।
ਸੰਬਤ ਸੱਤ੍ਰਹ ਸਹਸ ਭਣਿਜੈ॥ ਅਰਧ ਸਹਸ ਫੁਨਿ ਤੀਨਿ ਕਹਿਜੈ॥ ਭਾਦ੍ਰਵ ਸੁਦੀ ਅਸ਼ਟਮੀ ਰਵਿ ਵਾਰਾ॥ ਤੀਰ ਸਤੁੱਦ੍ਰਵ ਗ੍ਰੰਥ ਸੁਧਾਰਾ॥ 405॥ ਤੁਹਾਨੂੰ ਤਾਂ ਇਹ ਵੀ ਪੜ੍ਹਨਾ ਨਹੀਂ ਆਇਆ। ਤੁਹਾਨੂੰ ਤਾਂ ਇਸ ਗ੍ਰੰਥ ਵਿਚ ਆਈਆਂ ਤਰੀਕਾਂ ਦਾ ਵੀ ਨਹੀਂ ਪਤਾ ।  ਜਿਵੇਂ ਤੁਸੀਂ ਜ਼ਿਕਰ ਕਰਦੇ ਹੋ ਕਿ ਇਸ ਗ੍ਰੰਥ ਨੂੰ ਮੁਕੰਮਲ ਕਰਨ ਦੀਆਂ ਘੱਟੋ ਘੱਟ 10 ਤਰੀਕਾਂ ਹਨ। ਜੇਕਰ ਤੁਸੀਂ ਨੌਂ ਵੀ ਸਾਬਤ ਕਰ ਦਿਓ ਤਾਂ ਮੈਂ ਤੁਹਾਨੂੰ ਦਸ ਹਜ਼ਾਰ ਅਮਰੀਕਨ ਡਾਲਰ ਦਿਆਗਾਂ ਨਹੀਂ ਤਾਂ ਤੁਸੀਂ ਮੈਨੂੰ ਦੇਓਗੇ। ਇਹ ਮੇਰਾ ਤੁਹਾਨੂੰ ਚੈਲਿੰਜ਼ ਹੈ। ਪੰਨਾ 254, 354, 386, 570 ਅਤੇ 1388 ਤੇ ਇਹ ਪੰਜ ਤਰੀਕਾਂ ਆਈਆਂ ਹਨ ਇਸ ਤੋਂ ਵੱਧ ਕੁੱਝ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਣ ਹੋਣ ਦੀ ਇਕ ਤਰੀਕ ਹੈ। ਦਸਮ ਗ੍ਰੰਥ ਦੇ ਲਿਖਾਰੀ ਨੂੰ ਪੰਜ ਤਰੀਕਾਂ ਦੇਣ ਦੀ ਕੀ ਲੋੜ ਪਈ ਸੀ?
ਗਿਆਨੀ ਗਿਆਨ ਸਿੰਘ ਜੀ ਦਸਮ ਗ੍ਰੰਥ ਬਾਰੇ ਕੀ ਲਿਖਦੇ ਹਨ;
ਜੋ ਅਬ ਗ੍ਰੰਥ ਦਸਮ ਗੁਰ ਕੇਰਾ। ਕਹਿਲਾਵਤ ਮਧ ਪੰਥ ਅਛੇਰਾ। ਗੁਰ ਕੇ ਸਮੇ ਬੀੜ ਨਹਿ ਤਾਂਕੀ। ਭਈ ਬਾਣੀਆਂ ਰਹੀ ਇਕਾਂਕੀ। ਅਨਕੈ ਠੌਰ ਪੋਥੀਆਂ ਮਾਹਿ। ਬਾਣੀ ਰਹੀ ਦਸਮ ਗੁਰ ਵਾਹਿ। ਪੰਥ ਪ੍ਰ. ਪੰਨਾ 305। ਸੰ: 1931 ਬਿ:।
ਸਾਡਾ ਨਿੱਤਨੇਮ ਗੁਰੂ ਗ੍ਰੰਥ ਸਾਹਿਬ ਜੀ  ਮੁਢਲੇ 13 ਪੰਨੇ ਹਨ। ਕੀ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਅੱਜ ਵਾਲਾ ਨਿੱਤਨੇਮ ਗੁਰੂ ਗੋਬਿੰਦ ਸਿੰਘ ਜੀ ਹੀ ਲਾਗੂ ਕਰਕੇ ਗਏ ਹਨ? ਸਿੱਖ ਰਹਿਤ ਮਰਯਾਦਾ ਤਾਂ ਬਣਾਈ ਹੀ ਵੀਹਵੀਂ ਸਦੀ ਦੇ ਪਹਿਲੇ ਚੌਥੇ ਹਿੱਸੇ ਵਿਚ ਹੈ ਅਤੇ ਇਹ ਬਦਲਦੀ ਆਈ ਹੈ। ਅੱਜ ਤੋਂ ਕੋਈ 200 ਸਾਲ ਪਹਿਲਾਂ ਦਾ ਸਬੂਤ ਤੁਹਾਡੇ ਕੋਲ ਹੋਵੇ ਜੋ ਤੁਹਾਡੀ ਇਸ ਰਾਇ ਦੀ ਪ੍ਰੋੜਤਾ ਕਰਦਾ ਹੋਵੇ ਤਾਂ ਦੱਸਣਾ ਜੀਓ? ਸਿੱਖ ਰਹਿਤ ਮਰਯਾਦਾ ਦੀ ਇਹ ਗੱਲ ਵੀ ਗਲਤ ਸਾਬਤ ਹੁੰਦੀ ਹੈ ਕਿ ਸਿੱਖ ਓਹ ਹੈ ਜੋ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸਚਾ ਰੱਖਦਾ ਹੋਵੇ। ਜੇਕਰ ਦਸਮ ਗ੍ਰੰਥ ਨੁੰ ਗੁਰੂ ਗੋਬਿੰਦ ਸਿੰਘ ਜੀ ਦੀ ਲਿਖਤ ਮੰਨ ਵੀ ਲਿਆ ਜਾਵੇ ਤਾਂ ਵੀ ਸਾਨੂੰ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦਾ ਲਿਖਿਆ ਹੋਇਆ ਕੁੱਝ ਵੀ ਨਹੀਂ ਮਿਲਦਾ। ਸਿਰਫ ਸੱਤ ਗੁਰੂ ਸਾਹਿਬਾਨ ਦੀ ਬਾਣੀ ਹੈ। ਹੁਣ ਤੁਸੀਂ ਪੁੱਛੋ ਜਾ ਕੇ ਸਿੱਖ ਰਹਿਤ ਮਰਯਾਦਾ ਛਾਪਣ ਵਾਲਿਆਂ ਨੂੰ ਕਿ ਤਿੰਨ ਗੁਰੂ ਸਹਿਬਾਨ ਦੀ ਬਾਣੀ ਕਿੱਥੋ ਪੜ੍ਹੀਏ? ਕੀ ਬਾਣੀ ਲਿਖਣ ਵਾਲਿਆਂ ਨੂੰ ਹੀ ਅਸੀਂ ਆਪਣਾ ਗੁਰੂ ਮੰਨਣਾ ਹੈ?
ਕੀ ਗੁਰੂ ਗੋਬਿੰਦ ਸਿੰਘ ਜੀ ਭੁੱਲੜ ਸਨ; ਸੱਤ੍ਰਹ ਸੈ ਪੈਤਾਲ ਮੈ ਕੀਨੀ ਕਥਾ ਸੁਧਾਰ॥ ਚੂਕ ਹੋਇ ਜਹਿ ਤਹਿ ਸੁ ਕਬਿ ਲੀਜਹੁ ਸਕਲ ਸੁਧਾਰ॥755॥ਪੰਨਾ 354॥ ਇਸ ਤਰ੍ਹਾਂ ਦੀਆਂ ਪੰਗਤੀਆਂ ਇਸ ਗ੍ਰੰਥ ਵਿਚ ਕਈ ਵਾਰ ਆਉਦੀਆਂ ਹਨ।
ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦਾ ਪੁਜਾਰੀ ਹੈ ਤੇ ਉਸਦੇ ਸਿੱਖ ਬਣਾਉਣ ਦਾ ਤਰੀਕਾ ਹੈ ਸ਼ਰਾਬ ਅਫੀਮ ਭੰਗ ਪਿਆ ਕੇ ਨਾ ਕੇ ਖੰਡੇ-ਬਾਟੇ ਦੀ ਪਾਹੁਲ ਪਿਆ ਕੇ। ਦ. ਗ੍ਰੰ. ਪੰਨਾ 1210, ਚਰਿਤ੍ਰ 266 ਅਖੀਰਲਾ ਬੰਦ।
ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ। ਮਹਾਕਾਲ ਕੋ ਸਿੱਖਯ ਕਰ ਮਦਰਾ ਭਾਂਗ ਪਵਾਇ॥125॥
ਕੀ ਗੁਰੂ ਜੀ ਦੇਵੀ ਦੇ ਪੁਜਾਰੀ ਸਨ?
ਸਰਬਕਾਲ ਹੈ ਪਿਤਾ ਹਮਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ 5॥ਪੰਨਾ 73॥ ਇਸਨੂੰ ਯੁਗਲ ਭਗਤੀ ਕਹਿੰਦੇ ਹਨ ਜੋ ਹਿੰਦੂ ਮੱਤ ਵਿਚ ਪ੍ਰਵਾਨ ਹੈ। ਜਿਵੇਂ: ਰਾਧੇ ਸ਼ਾਮ, ਸੀਤਾ ਰਾਮ, ਬਿਸ਼ਨੂੰ ਲੱਛਮੀ, ਮਹਾਂਕਾਲ ਤੇ ਕਾਲਕਾ॥ ਦਸਮ ਗ੍ਰੰਥ ਦਾ ਲਿਖਾਰੀ ਮਹਾਂਕਾਲ ਦੀ ਪੂਜਾ ਕਰਨ ਤੋਂ ਝੱਟ ਹੀ ਬਾਅਦ ਦੇਵੀ ਪੂਜਣ ਦਾ ਜ਼ਿਕਰ ਕਰਨਾ ਨਹੀਂ ਭੁੱਲਦਾ ਜੋ ਤਾਂਤਰਕ ਮੱਤ ਦਾ ਸਿਧਾਂਤ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ਪੰਨਾ 54-55॥ ਕ੍ਰਿਪ ਕਰੀ ਹਮ ਪਰ ਜਗਮਾਤਾ॥ ਗ੍ਰੰਥ ਕਰਾ ਪੂਰਨ ਸੁਭਰਾਤਾ॥ ਕਿਲਬਿਖ ਸਕਲ ਦੇਹ ਕੋ ਹਰਤਾ॥ ਦੁਸਟ ਦੋਖਿਯਨ ਕੋ ਛੈ ਕਰਤਾ॥402॥ ਪੰਨਾ 1388॥
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੇ ਪਉੜੀਆ॥ ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥55॥ ਇਤਿ ਸ੍ਰੀ ਦੁਰਗਾ ਕੀ ਵਾਰ ਸਮਾਪਤੰ ਸਤੁ ਸੁਭਮ ਸਤੁ॥ ਪੰਨਾ 127॥ ਇਸ ਦੁਰਗਾ ਦੀ ਵਾਰ ਵਿਚੋਂ ਹੀ ਸਾਡੀ ਅਰਦਾਸ ਆਈ ਹੈ ਦਸਮ ਗ੍ਰੰਥ ਦੇ ਪੰਨਾ 119 ਤੋਂ ਸ਼ੁਰੂ ਹੁੰਦੀ ਹੈ॥।
ਦਸਮ ਗ੍ਰੰਥ ਦਾ ਰੱਬ ਕਿਹੋ ਜਿਹਾ ਹੈ?
ਚਤੁਰ ਬਾਂਹ ਚਾਰੰ॥ ਨਿਜੂਟ ਸੁਧਾਰੰ॥ ਗਦਾ ਪਾਸ ਸੋਹੰ॥ ਜਮੰ ਮਾਨ ਮੋਹੰ॥32॥ ਸੁਭੰ ਜੀਭ ਜੁਆਲੰ॥ ਸੁ ਦਾੜ੍ਹਾ ਕਰਾਲੰ॥ 33॥  ਪੰਨਾ 41॥ ਇਸਦੇ ਉਲਟ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1359 ਤੇ ਦਰਜ ਸਲੋਕ ਗਦਾ ਤੇ ਸੰਖ ਆਦਿ ਹੋਣ ਦੀ ਗੱਲ ਨੂੰ ਰੱਦ ਕਰਦਾ ਹੈ॥ ਨ ਸੰਖੰ ਨਾ ਚਕ੍ਰੰ ਨ ਗਦਾ ਨ ਸਿਅਮੰ॥ ਅਸਚ੍ਰਜ ਰੂਪੰ ਰਹੰਤ ਜਨਮੰ॥ ਨੇਤ ਨੇਤ ਕਥੰਤਿ ਬੇਦਾ॥ ਊਚ ਮੂਚ ਅਪਾਰ ਗੋਬੰਦਹ॥
ਦਸਮ ਗ੍ਰੰਥ ਦਾ ਰੱਬ ਸ਼ਰਾਬ ਵੀ ਪੀਂਦਾ ਹੈ। ਮਦਰਾ ਕਰ ਮੱਤ ਮਹਾ ਭਭਕੰ॥ ਬਨ ਮੈ ਮਨੋ ਬਾਘ ਬਚਾ ਬਬਕੰ॥ 53॥ ਪੰਨਾ 42॥
ਦਸਮ ਗ੍ਰੰਥ ਵਿਚ ਸ੍ਰਿਸ਼ਟੀ ਸਾਜਣ ਦਾ ਢੰਗ ਗੁਰੂ ਗ੍ਰੰਥ ਸਾਹਿਬ ਜੀ ਦੇ ਵਿਪਰੀਤ ਹੈ।
ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੁ ਕੀਟਬ ਤਨ ਧਾਰਾ॥ ਦੁਤੀਯ ਕਾਨ ਤੇ ਮੈਲੁ ਨਿਕਾਰੀ॥ ਤਾ ਤੇ ਭਈ ਸ੍ਰਿਸ਼ਟ ਇਹ ਸਾਰੀ॥13॥ ਪੰਨਾ 47॥ ਜਦੋਂ ਦੂਜੇ ਕੰਨ ਤੋਂ ਮੈਲ ਨਿਕਾਲਣ ਤੋਂ ਬਾਅਦ ਹੀ ਇਹ ਸਾਰੀ ਸ੍ਰਿਸ਼ਟੀ ਬਣੀ ਹੈ ਤਾਂ ਫਿਰ ਪਹਿਲੇ ਕੰਨ ਦੀ ਮੈਲ ਤੋਂ ਬਣਾਏ ਗਏ ਕੀੜੇ ਮਕੌੜੇ ਕਿਥੇ ਰੱਖੇ? ‘ਜਪੁ’ ਬਾਣੀ ਸ੍ਰਿਸ਼ਟੀ ਸਾਜਣ ਬਾਰੇ ਕੀ ਫੁਰਮਾਣ ਕਰਦੀ ਹੈ। ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥
ਕਿਸੇ ਵੀ ਗ੍ਰੰਥ ਨੂੰ ਤੋਲਣ ਵਾਸਤੇ ਸਾਡੇ ਕੋਲ ਤੱਕੜ ਗੁਰੂ ਗਰੰਥ ਸਾਹਿਬ ਜੀ ਦਾ ਹੈ। ਜੋ ਇਸ ਤੱਕੜ ਤੇ ਪੂਰਾ ਨਹੀਂ ਤੁਲਦਾ, ਭਾਂਵੇ ਉਹ ਕਿਸੇ ਦਾ ਵੀ ਲਿਖਿਆ ਹੋਵੇ, ਉਸ ਗ੍ਰੰਥ ਦਾ ਸਿੱਖਾਂ ਨਾਲ ਕੋਈ ਸਬੰਧ ਨਹੀਂ। ਲਾਂਬਾ ਜੀਓ! ਡਾ. ਹਰਭਜਨ ਸਿੰਘ ਡੇਹਰਾਦੂਨ ਵਾਲੇ, ਡਾ. ਹਰਪਾਲ ਸਿੰਘ ਪੰਨੂੰ ਘੱਗੇ ਵਾਲਾ, ਡਾ. ਜੋਧ ਵਿਚ ਦਸਮ ਗ੍ਰੰਥ ਵਾਲਾ, ਤੁਸੀਂ ਅਤੇ ਤੁਹਾਡਾ ਸਾਰਾ ‘ਲੁੰਗ-ਲਾਣਾ’, ਜੋ ਆਰ. ਐਸ. ਐਸ, ਦੀ ਮੈਂਬਰਸ਼ਿਪ ਲਿਸਟ ਵਿਚ ਹਨ, ਦੋ ਚਾਰ ਪੰਗਤੀਆਂ ਹੀ ਦਸਮ ਗ੍ਰੰਥ ਵਿਚੋਂ ਸਟੇਜਾਂ ਤੇ ਬੋਲਦੇ ਹਨ। ਜਿਵੇ: ਅਵਰ ਬਾਸਨਾ ਨਾਹਿ ਪ੍ਰਭ ਧਰਮ ਜੁੱਧ ਕੈ ਚਾਇ॥2491॥ ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨ ਆਨੈ॥ ਆਦਿ। ਕਿਸੇ ਵੀ ਗ੍ਰੰਥ ਨੂੰ ਮਾਪਣ ਦਾ ਇਹ ਤਰੀਕਾ ਗਲਤ ਹੈ। ਕਿਸੇ ਵੀ ਗ੍ਰੰਥ ਬਾਰੇ ਕੋਈ ਫੈਸਲਾ ਲੈਣਾ ਹੈ ਤਾਂ ਪੂਰੇ ਦਾ ਪੂਰਾ ਗ੍ਰੰਥ ਤੋਲਣਾ ਪਵੇਗਾ। ਕਿਸੇ ਵੀ ਮਾੜੇ ਤੋਂ ਮਾੜੇ ਗ੍ਰੰਥ ਵਿਚ ਕੁੱਝ ਨਾ ਕੁੱਝ ਚੰਗਾ ਜਰੂਰ ਮਿਲ ਜਵੇਗਾ ਪਰ ਇਸਦਾ ਮਤਲਬ ਇਹ ਨਹੀਂ ਕਿ ਉਹ ਗ੍ਰੰਥ ਚੰਗਾ ਹੈ।
ਹਾਲੇ ਮੈਂ ਕੋਕ-ਸਾਸ਼ਤ੍ਰ ਵਾਲੇ ਹਿੱਸੇ ਅਤੇ ਸੱਤਵਾਰ ਸ਼ਰਾਬ ਵਿਚੋਂ ਸ਼ਰਾਬ ਕੱਢਣ ਵਾਲੇ ਹਿੱਸੇ ਨੂੰ ਛੇੜਿਆ ਨਹੀਂ। ਜੇਕਰ ਤੁਸੀਂ ਦਸਮ ਗ੍ਰੰਥ ਦੇ ਅੰਦਰੂਨੀ ਹਵਾਲਿਆਂ ਬਾਰੇ ਟੀ.ਵੀ. ਤੇ ਚਰਚਾ-ਵਾਰਤਾ ਕਰਨਾ ਚਾਹੋ ਤਾਂ ਮੈਂ ਤਿਆਰ ਹਾਂ ਜੀ। ਸਬੂਤ
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # +1 647 966 1332 

ਗੁਰੂ ਨਾਨਕ ਦਾ ਅਸਲੀ ਗੁਰਪੁਰਬ ਦਿਹਾੜਾ ਕਿਹੜਾ - ਗੁਰਚਰਨ ਸਿੰਘ ਜਿਉਣ ਵਾਲਾ

ਸਾਰੇ ਸਿੱਖ ਸਮਾਜ ਨੇ, ਦਿੱਲੀ ਅਤੇ ਅੰਮ੍ਰਿਤਸਰ ਕਮੇਟੀ ਨੇ, ਟੀ.ਵੀ ਅਤੇ ਰੇਡੀਓ ਵਾਲਿਆਂ ਨੇ, ਬਾਹਰਲੇ ਮੁਲਕਾਂ ਵਾਲੇ ਗੁਰਦਵਾਰਿਆਂ ਤੇ ਸੱਜਣਾਂ ਮਿਤਰਾਂ ਅਤੇ ਨਾ-ਵਾਕਫ ਲੋਕਾਂ ਨੇ ਵੀ ਇਕ ਦੂਜੇ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੱਤੀਆਂ। ਅਤਸ਼ਬਾਜ਼ੀ ਚਲਾਈ ਗਈ, ਵਾਤਾਵਰਣ ਖਰਾਬ ਕੀਤਾ ਗਿਆ, ਅਖੰਡ-ਪਾਠ ਖੋਲ੍ਹੇ ਗਏ, ਕੀਤੇ ਗਏ ਅਤੇ ਕਰਾਏ ਗਏ,  ਹੋਰ ਲੁੱਟ ਲਈ ਸੰਪਟ-ਪਾਠ ਵੀ ਕੀਤੇ ਗਏ, ਪ੍ਰਸ਼ਾਦ ਵੰਡਿਆ ਗਿਆ ਤੇ ਖਾਧਾ ਗਿਆ, ਲੰਗਰ ਲਾਏ ਗਏ ਤੇ ਖਾਧੇ ਗਏ, ਟਕਸਾਲੀਆਂ ਨੇ 18-18 ਮੀਟਰ ਦੇ ਕਛਿਹਰੇ ਸਿਵਾਏ ਤੇ ਵੰਡੇ, ਨਾਨਕਸਰੀਆਂ ਦੀ ਝੂਠ ਦੀ ਦੁਕਾਨ ਨੇ ਤਾਂ ਹੱਦ ਹੀ ਕਰ ਦਿੱਤੀ ਜਦੋਂ ਬਾਬੇ ਨੰਦ ਸਿੰਘ ਦੀ ਆਦਮ ਕੱਦ ਦੀ ਫੋਟੋ ਦੀ ਪੂਜਾ ਕੀਤੀ ਗਈ, ਕਵਿਤਾਵਾਂ ਤੇ ਲੇਖ ਵੀ ਪੜ੍ਹੇ ਗਏ ਪਰ ਕੀ ਕਿਸੇ ਨੇ ਹੌਂਸਲੇ ਨਾਲ ਇਹ ਗੱਲ ਵੀ ਕਰਨ ਦੀ ਕੋਸ਼ਿਸ਼ ਕੀਤੀ ਕਿ ਅੱਜ ਬਾਬਾ ਜੀ ਦਾ ਜਨਮ ਦਿਨ ਨਹੀਂ? ਰਸਮੋ ਰਸਮੀ ਮੇਰੇ ਇਕ ਜਾਣਕਾਰ ਮਿੱਤਰ ਰੇਡੀਓ ਵਾਲੇ ਨੇ ਵੀ ‘ਸਿਰੀ ਅਖੰਡ-ਪਾਠ ਸਾਹਿਬ ਜੀ’ ਦਾ ਰੇਡੀਓ ਤੋਂ ਸਿੱਧਾ ਪ੍ਰਸਾਰਣ ਕੀਤਾ, ਕਿਉਂਕਿ ਇਹ ਉਸਦਾ ਵਪਾਰ ਹੈ। ਪਰ ਕੀ ਖੱਟਿਆ ਕੀ ਕਮਾਇਆ ਇਸ ਬਾਰੇ ਸ਼ਾਇਦ ਹੀ ਕਿਸੇ ਸਿਆਣੇ ਵਿਅਕਤੀ ਨੇ ਸੋਚਿਆ ਹੋਵੇ। ਕਿਉਂਕਿ ‘ਜਸਵੰਤ ਜਫਰ' ਜੀ ਦੀ ਕਵਿਤਾ ਮੁਤਾਬਕ ਤਾਂ ਅਸੀਂ ਅਸਲੀ ਨਾਨਕ ਦਾ ਧਿਆਨ ਧਰਨ ਤੋਂ ਵੀ ਡਰਦੇ ਹਾਂ, ਨਾਨਕ ਤੋਂ ਸਿੱਖਿਆ ਲੈਣੀ ਤਾਂ ਦੂਰ ਦੀ ਗੱਲ ਹੈ। ਜਸਵੰਤ ਜਫਰ ਜੀ ਲਿਖਦੇ ਹਨ, “ ਲੰਬੇ ਪੈਂਡੇ ਦੀ ਧੂੜ ਨਾਲ ਲੱਥ-ਪੱਥ ਪਿੰਜਣੀਆਂ, ਲੰਮੇ ਸਫਰ ਕਰਕੇ ਪਾਟੀਆਂ ਅੱਡੀਆਂ, ਹਨੇਰੀ ਨਾਲ ਉਲਝੀ ਹੋਈ ਖੁਸ਼ਕ ਦਾਹੜੀ, ਬਰਫੀਲੀਆਂ ਹਵਾਵਾਂ ਨਾਲ ਝੰਬੀ ਹੋਈ ਚਿਹਰੇ ਦੀ ਪਕਰੋੜ ਚਮੜੀ ’ਤੇ ਪਕਰੋੜ ਚਮੜੀ ਵਿਚ ਉਭਰੀਆਂ ਹੋਈਆਂ ਦੋ ਉੱਚੀਆਂ ਹੱਡੀਆਂ, ਉੱਚੀਆਂ ਹੱਡੀਆਂ ਵਿਚ ਬੇਖੌਫ ਚਮਕਦੀਆਂ ਦੋ ਅੱਖਾਂ ਜੋ ਸਮਾਜ ਨੂੰ, ਸਰਕਾਰ ਨੂੰ ’ਤੇ ਹਰ ਕਿਸਮ ਦੇ ਰੀਤੀ ਰਵਾਜ ਨੂੰ ਟਿੱਚ ਕਰਕੇ ਜਾਣਦੀਆਂ ਹਨ। ਇਨ੍ਹਾਂ ਖਤਰਨਾਕ ਅੱਖਾਂ ਦਾ ਧਿਆਨ ਧਰਨਾ ਸਾਨੂੰ ਮਾਫਕ ਨਹੀਂ। ਸਾਨੂੰ ਤਾਂ ਸੋਭਾ ਸਿੰਘੀ ਬਾਬਾ, ਜਿਸਦੇ ਲਕਸ਼ਮੀ ਦੇਵੀ ਵਾਂਗੂ ਲਾਲ ਸੁਰਖ ਟਿਪਸੀ ਹੋਂਠ, ਗੋਲ ਮਟੋਲ ਮੁਲਾਇਮ ਗੱਲ੍ਹਾਂ, ਰੇਸ਼ਮੀ ਬਸਤਰ ਤੇ ਬਖਸ਼ਿਸ਼ਾਂ ਦਿੰਦਾ ਅਰਸ਼ੀ ਹੱਥ ਹੀ ਪਸੰਦ ਹੈ। ਸਾਨੂੰ ਤਾਂ ਚਾਹੀਦੀਆਂ ਹਨ ਦਾਤਾਂ ਤੇ ਵੱਧਦੀਆਂ ਵੇਲਾਂ, ਸੁੱਖ ਸ਼ਾਂਤੀ ਤੇ ਪੈਸਾ। ਅਸਲੀ ਨਾਨਕ ਸਾਡੇ ਵਾਸਤੇ ਖਤਰਨਾਕ ਸਿੱਧ ਹੋ ਸਕਦਾ ਹੈ, ਸਾਡੇ ਘਰ ਢੁਆ ਸਕਦਾ ਹੈ ਤੇ ਨਾਲੇ ਪੁੱਤ ਮਰਵਾ ਸਕਦਾ ਹੈ” ।
ਕਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਇਹ ਸਾਬਤ ਕਰਦਾ ਹੈ ਕਿ ਗੁਰੂ ਨਾਨਕ ਪਿਤਾ ਦੇ ਅਕਾਲ ਚਲਾਣਾ ਕਰਨ ਤੋਂ 120 ਸਾਲ ਬਾਅਦ ਲਿਖੀ ਗਈ ਭਾਈ ਬਾਲੇ ਵਾਲੀ ਸਾਖੀ, ਜਿਸ ਨੂੰ ਪ੍ਰੋ. ਐਸ.ਐਸ. ਪਦਮ ਜੀ ‘ਬਾਲਾ ਬਲੱਫ’ ਦਾ ਨਾਮ ਦਿੰਦੇ ਹਨ, ਵਿਚ ਫਸੇ ਹੋਏ ਹੀ ਅਸੀਂ ਧੰਦਾ ਪਿਟ ਰਹੇ ਹਾਂ। ਗੁਰੂ ਨਾਨਕ ਵਾਕ: “ਧੰਧਾ ਪਿਟਿਹੁ ਭਾਈਹੋ ਤੁਮ੍ਹ ਕੂੜ ਕਮਾਵਹੁ”॥ ‘ਜੰਡਿਆਲਾ ਗੁਰੂ ਕਾ’ ਦਾ ਮਸੰਦ ਹੰਦਾਲ, ਜਿਸਦਾ ਜਨਮ ਵੈਸਾਖ ਪੂਰਨਮਾਸ਼ੀ ਸੰਮਤ 1630 ਹੈ, ਦੀ ਮੌਤ ਤੋਂ ਬਾਅਦ ਉਸ ਦੀ ਉਲਾਦ ਬਾਲ ਚੰਦ ਅਤੇ ਬਿਧੀ ਚੰਦ ਹੀ ਇਸ ਕੂੜ ਦੇ ਪੋਥੇ ਦੇ ਘੜਨਹਾਰੇ ਹਨ। ਬਾਲ ਚੰਦ ਦੀ ਮੌਤ ਤੋਂ ਬਾਅਦ ਛੋਟੇ ਭਾਈ ਬਿਧੀ ਚੰਦ ਨੇ ਹੀ ਅਸਲ ‘ਚ ਆਪਣੇ ਵੱਡੇ ਭਰਾ ਬਾਲ ਚੰਦ ਨੂੰ ਭਾਈ ਬਾਲਾ ਬਣਾ ਕੇ ਗੁਰੂ ਨਾਨਕ ਦਾ ਸਮਕਾਲੀ ਤੇ ਹਮਸਫਰੀ ਬਣਾ ਕੇ ਸਾਰਾ ਕਾਰਾ ਕੀਤਾ। ਲਿਖਾਰੀ ਹੈ ਗੋਰਖ ਦਾਸ ਤੇ ਸਲਾਹਕਾਰ ਹੈ ਲਾਲਾ ਪੰਨੂੰ ਜਿਨ੍ਹਾਂ ਨੇ ਰੜੇ ਲਹੌਰ ਵਿਚ ਇਹ ਜਨਮ ਸਾਖੀ ਤਿਆਰ ਕੀਤੀ ਅਤੇ ਓਸ ਵੇਲੇ ਕਰੋੜਾਂ ਰੁਪੈ ਦੀ ਲਾਗਤ ਨਾਲ ਸਾਰੇ ਮਹੱਤਵ ਪੂਰਨ ਸਿੱਖ ਧਰਮ ਅਸਥਾਨਾਂ ’ਤੇ 28-28 ਰੰਗੀਨ ਚਿੱਤਰਾਂ ਨਾਲ ਸ਼ਿੰਗਾਰ ਕੇ “ਜਨਮ ਸਾਖੀ ਭਾਈ ਬਾਲਾ” ਭੇਜੀ ਗਈ ਅਤੇ ਜੋ ਵੀ ਪੁਰਾਣੀਆਂ ਜਨਮ ਸਾਖੀਆਂ, ਉਪਲੱਬਧ ਹੋਈਆਂ, ਨੂੰ ਨਸ਼ਟ ਕਰਨ ਦਾ ਜ਼ਿੰਮਾ ਵੀ ਆਪਣੇ ਸਿਰ ਲਿਆ। ਅਸਲ ਨੂੰ ਨਸ਼ਟ ਕਰਨ ਨਾਲ ਹੀ ਨਕਲ ਟਿਕ ਸਕਦਾ ਹੈ। ਬਾਲਾ-2 ਰੂਪਾਂਤਰ ਵਾਲੇ ਖਰੜੇ ਦੇ ਅਖੀਰ ਤੇ ਦਰਜ ਹੈ:
ਸਮੰਤੁ॥ 1715॥ਮਾਘ ਸੁਦੀ॥6 ਪੋਥੀ ਲਿਖੀ ਗੁਰ ਪ੍ਰਸਾਦਿ ਗੋਰਖ ਦਾਸ ਸੰਗਤ ਗੁਰੂ ਕਾ ਜਾਚਕ॥ ਵਾਹਗੁਰੂ ਸਤਿਗੁਰੂ ਜੀ॥
ਜੇ ਕਿਸੇ ਨੇ ਇਸ ਗੱਲ ਦੀ ਪੁਸ਼ਟੀ ਕਰਨੀ ਹੋਵੇ ਤਾਂ ਸੈਂਟਰਲ ਸਟੇਟ ਲਾਇਬਰੇਰੀ ਪਟਿਆਲਾ ਵਿਚ, ਜਨਮ ਸਾਖੀ ਭਾਈ ਬਾਲਾ, ਪਟਿਆਲਾ 1987, ਪੰਨੇ 151 ਤੇ 463 । ਅਤੇ;
ਹਾਸਲ ਬਹੁਤ ਖਰਚ ਕਛੁ ਨਾਹੀ ਕਰੇ ਤਗੀਰ ਨ ਕੋਈ॥ ਨਾਨਕ ਐਸੀ ਉਮਦੀ ਖਿਜਮਤਿ ਬਿਨਾ ਭਾਗ ਕਿਉਂ ਹੋਈ॥4॥ ਓਹੀ ਪੰਨਾ 463॥ ਕਰ ਸਕਦਾ ਹੈ।
ਸਭ ਤੋਂ ਪਹਿਲਾਂ ਇਹ ਦੇਖੀਏ ਕਿ ਅਵਤਾਰ ਧਾਰਣਾ ਦਾ ਕੀ ਮਤਲਬ ਹੈ। ਕਿਉਂਕਿ ਜੇਕਰ ਇਹ ਲਿਖ ਦਿੱਤਾ ਜਾਵੇ ਕਿ ਬਾਬਾ ਜੀ ਦਾ ਜਨਮ ਦਿਨ ਵੈਸਾਖ ਦਾ ਹੈ, ਤਾਂ ਕਈ ਮੂੜ੍ਹ ਮੱਤੀਏ ਗਲ ਨੂੰ ਆਉਂਦੇ ਹਨ। ਮਹਾਨ ਕੋਸ਼ ਦੇ ਪੰਨਾ 88 ਮੁਤਾਬਕ: ਅਵਤਾਰ ਧਾਰਣਾ ਦੇ ਕਈ ਸਾਰੇ ਮਤਲਬ ਹਨ।  ਸੰਗਯਾ- ਜਨਮ, ਜਨਮ ਗ੍ਰਿਹਣ, ਜਨਮ ਧਾਰਣਾ, ਉਤਰਨਾ, ਹੇਠ ਆਉਣ ਦੀ ਕ੍ਰਿਆ, ਪੁਰਾਣਮੱਤ ਅਨੁਸਾਰ ਕਿਸੇ ਦੇਵਤਾ ਦਾ ਕਿਸੇ ਦੇਹ ਵਿਚ ਪ੍ਰਗਟ ਹੋਣਾ,  ਚੌਬੀਸ ਅਵਤਾਰ ਅਤੇ ਦਸ ਅਵਤਾਰ, “ ਅਵਤਾਰ ਨ ਜਾਨਹਿ ਅੰਤ॥ ਪਰਮੇਸਰ ਪਾਰਬ੍ਰਹਮ ਬੇਅੰਤ॥ ਗੁਰਬਾਣੀ ਦੇ ਕਰਤਿਆਂ ਨੇ ਆਪਣੀ ਬਾਣੀ ਵਿਚ ਦੇਵਤਾ-ਵਾਦ ਦਾ ਖੰਡਨ ਕੀਤਾ ਪਰ ਅਸੀਂ ਤਾਂ ਗੁਰੂਆਂ ਨੂੰ ਵੀ ਦੇਵਤੇ ਬਣਾ ਕੇ ਹੀ ਛੱਡਣਾ ਹੈ। ਜੇਕਰ ‘ਦੇਵਤਾ’ ਦੇ ਜਨਮ ਨੂੰ ਅਵਤਾਰ ਧਾਰਣਾ ਪੁਰਾਣਾਂ ਮੁਤਾਬਕ ਠੀਕ ਹੈ ਤਾਂ ਸਾਨੂੰ ਇਹ ਬੋਲੀ ਬਦਲਣ ਦੀ ਲੋੜ ਹੈ।
ਹੁਣ ਆਪਾਂ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਮੁਤਾਬਕ ਗੁਰੂ ਨਾਨਕ ਸਾਹਿਬ ਦੇ ਅਸਲੀ ਜਨਮ ਦਿਨ ਬਾਰੇ ਵਿਚਾਰ ਕਰਦੇ ਹਾਂ। ਗੁਰਪੁਰਬ ਨਿਰਣਯ ਦੇ ਪੰਨਾ 69 ਇਉਂ ਲਿਖਦੇ ਹਨ। (2) ਹੁਣ ਮੈਂ ਵਸਾਖ ਸੁਦੀ ਤਿੰਨ ਸੰਮਤ 1526 ਦੇ ਟਾਕਰੇ ਦੀਆਂ ਈਸਵੀ, ਪਰਵਿਸ਼ਟਾ ਅਤੇ ਹਿਜਰੀ ਤ੍ਰੀਕਾਂ ਲੱਭਦਾ ਹਾਂ: 14 ਮਾਰਚ ਮੰਗਲਵਾਰ ਨੂੰ ਚੇਤ ਸੁਦੀ ਪਹਿਲੀ ਹੈ: “ਗਿਣਤੀਆਂ ਮਿਣਤੀਆਂ ਨੂੰ ਇਸ ਕਰਕੇ ਲਿਖ ਨਹੀਂ ਰਿਹਾ ਕੇ ਲੇਖ ਕਾਫੀ ਲੰਬਾ ਹੋ ਜਾਏਗਾ ਅਤੇ ਮੇਰੇ ਵਰਗੇ ਸਧਾਰਣ ਮਨੁੱਖ ਦੀ ਸਮਝ ਤੋਂ ਵੀ ਪਰੇ ਦੀ ਗੱਲ ਹੈ”। ਅੱਗੇ ਲਿਖਦੇ ਹਨ : ਅਰਥਾਤ ਵਸਾਖ ਸੁਦੀ ਤਿੰਨ ਸੰਮਤ 1526 ਨੂੰ ਸ਼ਨਿਚਰਵਾਰ 15 ਅਪ੍ਰੈਲ ਸੰਨ 1469 ਈ: ਸੀ। ‘ਕੱਤਕ ਕਿ ਵਿਸਾਖ’ ਕਰਮ ਸਿੰਘ ਹਿਸਟੋਰੀਅਨ ਦੀ ਕਿਤਾਬ ਪਹਿਲੇ ਪਹਿਲ 1930 ਵਿਚ ਛਪੀ। ਭਾਈ ਵੀਰ ਸਿੰਘ ਨੇ ਸਟੇਜ ਤੋਂ ਇਹ ਐਲਾਨ ਕੀਤਾ, “ਕੱਤਕ ਕਿ ਵਿਸਾਖ ਸਿੱਖ ਕੌਮ ਲਈ ਅਤੀਅੰਤ ਕੀਮਤੀ ਸੌਗਾਤ ਹੈ” ਪਰ ਨਾਲ ਦੀ ਨਾਲ ਨਾਟਕੀ ਢੰਗ ਨਾਲ ਇਸ ਕਿਤਾਬ ਦੀ ਵਿਕਰੀ ਬੰਦ ਕਰਵਾ ਦਿੱਤੀ ਤੇ ਜੋ ਵੀ ਕਿਤਾਬ ਮਿਲੀ ਉਸ ਨੂੰ ਜ਼ਬਤ ਕਰ ਲਿਆ ਗਿਆ। ਧੰਨਵਾਦੀ ਹਾਂ ਹੀਰਾ ਸਿੰਘ ਦਰਦ ਜੀ ਦੇ ਜਿਸ ਨੇ ਸਿਰਦਾਰ ਗੁਰਬਖਸ਼ ਸਿੰਘ ਬਾਗਬਾਨਪੁਰਾ ਦੀ ਲਾਇਬਰੇਰੀ ਵਿਚੋਂ ਇਕ ਕਾਪੀ ਪ੍ਰਾਪਤ ਕਰਕੇ 1932 ਵਿਚ ਇਸੇ ਕਿਤਾਬ ਨੂੰ ਮੁੜ ਤੋਂ ਪ੍ਰਕਾਸ਼ਤ ਕਰਕੇ ਸਿੱਖ ਕੌਮ ਨੂੰ ਵੱਡਮੁੱਲੀ ‘ਸੌਗਾਤ’ ਪ੍ਰਾਪਤ ਕਰਵਾਈ। ਇਸ ਕਿਤਾਬ ਦੇ ਪੰਨਾ 122 ਤੇ ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ ਕਿ “ਕੱਤਕ ਦਾ ਰਿਵਾਜ (ਮੈਕਾਲਿਫ ਸਾਹਿਬ ਦੇ ਕਥਨ ਅਨੁਸਾਰ) ਗਿਆਨੀ ਸੰਤ ਸਿੰਘ ਜੀ ਨੇ ਪਾਇਆ। ਮਿਸਟਰ ਮੈਕਾਲਿਫ ਕਾਰਨ ਦੱਸਦੇ ਹਨ ਕਿ ਕੱਤਕ ਪੂਰਨਮਾਸ਼ੀ ਨੂੰ ਰਾਮ ਤੀਰਥ ਦਾ ਮੇਲਾ ਹੋਣ ਕਰਕੇ ਸਾਰੇ ਸਿੱਖ ਓਧਰ ਚਲੇ ਜਾਂਦੇ ਸਨ। ਸੋ ਓਧਰੋਂ ਹਟਾੳਣ ਵਾਸਤੇ ਗਿਆਨੀ ਜੀ ਨੇ ਕੱਤਕ ਪੂਰਨਮਾਸ਼ੀ ਨੂੰ ਆਦਿ ਸਤਿਗੁਰੂ ਜੀ ਦੇ ਪ੍ਰਗਟ ਹੋਣ ਦਾ ਗੁਰਪੁਰਬ ਮਨਾਉਣਾ ਅਰੰਭ ਦਿੱਤਾ। ਬੱਸ ਫੇਰ ਕੀ ਸੀ, ਓਦੋਂ ਤਾਂ ਰਾਜ ਦੇ ਜ਼ੋਰ ਇਹ ਰਿਵਾਜ ਪਾ ਲਿਆ ਪਰ ਅੱਜ ਇਹ ਪੁਰਾਣਾ ਨਜ਼ਰ ਆ ਰਿਹਾ ਹੈ। 1925 ਦੀ ਹੀ ਗੱਲ ਹੈ ਕਿ ਸ੍ਰੀ ਨਨਕਾਣਾ ਸਾਹਿਬ ਕੱਤਕ ਪੂਰਨਮਾਸ਼ੀ ਨੂੰ ਗੁਰਪੁਰਬ ਮਨਾਉਣਾ ਅਰੰਭ ਹੋਇਆ, ਉਸ ਤੋਂ ਪਹਿਲਾਂ ਇਸ ਦਿਨ ਨੂੰ ਉਥੇ ਕੋਈ ਜਾਣਦਾ ਵੀ ਨਹੀਂ ਸੀ। ਸੱਠ ਕੁ ਵਰ੍ਹੇ ਏਸੇ ਤਰ੍ਹਾਂ ਹੋਰ ਲੰਘ ਗਏ ਤਾਂ ਲੋਕੀਂ ਆਖਣ ਲੱਗ ਪੈਣਗੇ ਜੋ ਇਹ ਗੁਰਪੁਰਬ ਮੁੱਢ ਤੋਂ ਹੀ ਕੱਤਕ ਪੂਰਨਮਾਸ਼ੀ ਨੂੰ ਨਨਕਾਣੇ ਸਾਹਿਬ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਅੱਜ ਕੱਲ੍ਹ ਗਿਆਨੀ ਸੰਤ ਸਿੰਘ ਜੀ ਦੇ ਚਲਾਏ ਹੋਏ ਗੁਰਪੁਰਬ ਨੂੰ ਸਭ ਪੁਰਾਤਨ ਹੀ ਮੰਨ ਰਹੇ ਹਨ। ਮੇਰਾ ਆਪਣਾ ਵਿਚਾਰ ਹੈ ਕਿ ‘ਦਰਬਾਰ ਸਾਹਿਬ’ ਦਾ ਮੁੱਖ ਗ੍ਰੰਥੀ ਭਾਈ ਸੂਰਤ ਸਿੰਘ, ਜੋ ‘ਸਿੱਖਾਂ ਦੀ ਭਗਤਮਾਲਾ’ ਦਾ ਕਰਤਾ ਹੈ ’ਤੇ ਇਸ ਕਿਤਾਬ ਨੂੰ ਭਾਈ ਮਨੀ ਸਿੰਘ ਜੀ ਦੀ ਕ੍ਰਿਤ ਦੱਸਦਾ ਹੈ, ਦਾ ਪੁੱਤਰ ਗਿਆਨੀ ਸੰਤ ਸਿੰਘ ਹੈ ਜੋ ਨਿਰਮਲੇ ਸੰਪ੍ਰਦਾਇ ਨਾਲ ਸੰਬੰਧ ਰੱਖਦੇ ਸਨ ’ਤੇ ਵੀ ਅਸਰ ‘ਬਾਲਾ ਬਲੱਫ’ ਦਾ ਹੋਇਆ। ਜੰਡਿਆਲਾ ਗੁਰੂ ਕਿਆਂ ਵਾਲਿਆਂ ਨੇ ‘ਬਾਲਾ ਬਲੱਫ’ ਨੂੰ ਆਪਣੇ ਸਰਕਾਰੀ ਅਸਰ ਰਸੂਖ ਤੇ ਪੈਸੇ ਦੇ ਜੋਰ ਨਾਲ ਹਰ ਥਾਂ ਲਾਗੂ ਕਰਵਾਇਆ। ਜਨਮ ਸਾਖੀ ਬਾਲਾ ਨੂੰ ਛੱਡ ਕੇ ਹੋਰ ਕਿਸੇ ਵੀ ਜਨਮ ਸਾਖੀ ਵਿਚ ‘ਕੱਤਕ ਦੀ ਪੂਰਨਮਾਸ਼ੀ’ ਨੂੰ ਬਾਬੇ ਦਾ ਅਵਤਾਰ ਪੁਰਬ ਨਹੀਂ ਸਗੋਂ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਬੀ-40 ਜਨਮ ਸਾਖੀ: ਦਾ ਹੱਥ ਲਿਖਤ ਖਰੜਾ ਜੋ ਪਹਿਲਾਂ ਇੰਡੀਆ ਆਫਿਸ ਲਾਇਬਰੇਰੀ, (ਹੁਣ ਫਾਰਨ ਐਂਡ ਕਾਮਨਵੈਲਥ ਆਫਿਸ) ਲੰਡਨ ਵਿਚ ਸੁਰੱਖਿਅਤ ਹੈ ਭਾਈ ਬਾਲੇ ਦਾ ਨਾਮ ਨਿਸ਼ਾਨ ਹੀ ਨਹੀਂ ਅਤੇ ਗੁਰੂ ਨਾਨਕ ਪਾਤਸ਼ਾਹ ਦਾ ਜਨਮ ਦਿਵਸ ਵਿਸਾਖ ਸੁਦੀ ਤੀਜ ਲਿਖਿਆ ਮਿਲਦਾ ਹੈ। ਇਸੇ ਦੀ ਕਾਪੀ ਜਦੋਂ ਭਾਈ ਵੀਰ ਸਿੰਘ ਨੂੰ ਪ੍ਰਾਪਤ ਹੋਈ ਤਾਂ ਉਸ ਨੇ ਇਸ ਨੂੰ ‘ਪੁਰਾਤਨ ਜਨਮ ਸਾਖੀ’ ਦਾ ਨਾਮ ਦਿੱਤਾ, ਹਾਫਜਾਬਾਦ ਵਾਲੀ ਜਨਮ ਸਾਖੀ, ਮਿਹਰਬਾਨ ਨੇ ਆਪਣੇ ਹੱਥੀਂ ‘ਪੋਥੀ ਸੱਚੁ ਖੰਡ’ 1619 ਈ: ਦੇ ਨੇੜੇ ਤੇੜੇ ਮੁਕੰਮਲ ਕਰਵਾਈ ਜੋ ਗੁਰੂ ਅਰਜਨ ਪਾਤਸ਼ਾਹ ਦਾ ਪਿਆਰਾ ਭਤੀਜਾ ਅਤੇ ਗੁਰੂ ਰਾਮਦਾਸ ਦਾ ਹੋਣਹਾਰ ਪੋਤਰਾ ਸੀ, ਨੇ ਵੀ ਜਨਮ ਅਸਥਾਨ ਦੇ ਵੇਰਵੇ ਸਮੇਤ ਜਨਮ ਦਿਵਸ ਵੈਸਾਖ ਸੁਦੀ 3 ਲਿਖਿਆ ਹੈ। ਇਕ ਹੋਰ ਮਹੱਤਵ ਪੂਰਣ ‘ਜਨਮ ਪਤ੍ਰੀ ਬਾਬੇ ਜੀ ਕੀ’ ਜਿਸਦਾ ਲੇਖਕ ਹੈ ਭਾਈ ਬੂਲਾ ਪਾਧਾ, ਗੁਰੂ ਅਮਰਦਾਸ ਦਾ ਸਿੱਖ ਤੇ ਭਾਈ ਗੁਰਦਾਸ ਦਾ ਨਿਕਟਵਰਤੀ, ਡੱਲੇ ਨਗਰ ਦਾ ਨਿਵਾਸੀ ਜਿਸਨੇ ‘ਸਾਖੀ ਮਹਲੁ ਪਹਿਲੇ ਕੀ’ ਦੀ ਰਹਿੰਦੀ ਖੂੰਹਦੀ ਘਾਟ ਨੂੰ ਪੂਰਾ ਕੀਤਾ, ਇਸ ਲਿਖਤ ਵਿਚ ਵੀ ਜਨਮ ਦਿਵਸ ਵੈਸਾਖ ਸੁਦੀ 3 ਦਰਜ ਹੈ ਜੋ 1598-99 ਈ: ਵਿਚ ਮੁਕੰਮਲ ਕੀਤੀ। ਮੁਜੰਗਾਂ, ਲਾਹੌਰ ਨਿਵਾਸੀ ਸੈਦੋ ਜੱਟ ਜੋ ਪਿਸ਼ਾਵਰ ਦੇ ਇਲਾਕੇ ਵਿਚ ਪ੍ਰਚਾਰਕ ਸੀ, ਨੇ 1657-58 ਵਿਚ ਇਕ ਜਨਮ ਸਾਖੀ ਦਾ ਨਿਰਮਾਣ ਕੀਤਾ ਜਿਸ ਨੂੰ ‘ਪੁਰਾਤਨ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਸਲੀਅਤ ਤੋਂ ਵਾਕਫ ਸੈਦੋ ਨੇ ਬਾਲੇ ਵਾਲੀ ਮਿਤੀ ਰੱਦ ਕਰਕੇ ਸੀਹੋਂ ਦੀ ‘ਸਾਖੀ ਮਹਲੁ ਪਹਿਲੇ ਕੀ’ ਵਾਲੀ ਪਰਮਾਣਕ ਮਿਤੀ ਨੂੰ ਅਧਾਰ ਬਣਾ ਕੇ ਆਪਣੀ ਲਾਜਵਾਬ ਸਾਖੀ ਦੀ ਸਿਰਜਣਾ ਕੀਤੀ। ਗੁਰੂ ਅਮਰਦਾਸ ਦੇ ਬੰਸਜ ਸਰੂਪ ਦਾਸ ਭੱਲਾ ਨੇ 1776 ਈ:  ਵਿਚ ਮਹਿਮਾ ਪ੍ਰਕਾਸ਼ ਕਵਿਤਾ ਅਤੇ ਇਸੇ ਖਾਨਦਾਨ ਦੇ ਕਿਸੇ ਅਗਿਆਤ ਵਿਅਕਤੀ ਨੇ 19ਵੀਂ ਸਦੀ ਦੇ ਦੂਜੇ ਅੱਧ ਵਿਚ  ਮਹਿਮਾ ਪ੍ਰਕਾਸ਼ ਵਾਰਤਕ ਨਾਮ ਦੀਆਂ ਰਚਨਾਵਾਂ ਵਿਚ ਜਨਮ ਦਿਵਸ ਵੈਸਾਖ ਸੁਦੀ 3 ਦਾ ਹੀ ਦਿੱਤਾ ਹੈ, ਕਿਉਂਕਿ ਇਹ ਗੁਰੂ ਕੀ ਲਹਿਰ ਦਾ ਪਰੰਪ੍ਰਾਗਤ ਅਸਰ ਸੀ। ਡੀ.ਏ.ਵੀ ਕਾਲਜ ਦਾ ਖਰੜਾ 2000 ਮਸਲਨ ਇਹ ਸਾਰੀਆਂ ਲਿਖਤਾਂ ਗੁਰੂ ਬਾਬਾ ਜੀ ਦਾ ਜਨਮ ਦਿਵਸ ਵਿਸਾਖ ਦਾ ਹੀ ਮੰਨਦੀਆਂ ਹਨ।
ਜਨਮ ਪੱਤ੍ਰੀ ਦੀ ਪਹਿਲੀ ਪਰਤ, ਜੋ ਗੁਰੂ ਕੇ ਜੰਡਿਆਲੇ ਵਾਲੇ ਹੰਦਾਲਕਿਆਂ ਨੇ 1656-57 ਈ. ਦੇ ਲਾਗੇ ਚਾਗੇ ਤਿਆਰ ਕਰਵਾਈ ਕੁੱਝ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ: “ਜਨਮ ਪਤ੍ਰੀ ਨਾਨਕ ਵੇਦੀ ਦੀ॥ ਸੰਮਤ 1626॥ ਮਿਤੀ ਕਤਕ ਸੁਦੀ ਪੂਰਨਮਾਸੀ॥ ਨਾਨਕ ਜਨਮ ਲੀਤਾ॥ ਅਧੀ ਰਾਤ ਘੜੀ ਉਪਰਿ ਕਾਲੂ ਵੇਦੀ ਦੇ ਘਰਿ॥ ਕਾਲੂ ਦਾ ਪਰੋਹਿਤ ਹਰਿਦਿਆਲ ਬ੍ਰਹਮਣੁ ਆਹਾ॥ ਅਤੇ ਨਾਲੇ ਗੁਰਦੇਵ ਆਹਾ॥ ਵਡੀ ਵੇਲਾ ਕਾਲੂ ਹਰਿਦਿਆਲ ਦੇ ਘਰਿ  ਗਇਆ॥..........॥ ਤਾ ਬਾਲੇ ਵਿਦਾ ਲੀਤੀ ਤਲਵੰਡੀ ਗਇਆ॥ ਇਸ ਤੋਂ ਅੱਗੇ ਬਾਲਾ ਰੂਪਾਂਤਰ ਇਕ ਜਨਮ ਸਾਖੀ ਤਿਆਰ ਕੀਤੀ ਗਈ। ਫਿਰ ਇਸ ਵਿਚ ਗੁਰੂ ਨਾਨਕ ਪਿਤਾ ਦੇ ਚਾਲ-ਚੱਲਣ/ਚਰਿਤ੍ਰ ਨੂੰ ਘਾਤ ਕਰਨ ਲਈ ਰੰਘੜੀ ਵਾਲੀ ਸਾਖੀ ਅਤੇ ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਨੂੰ ਇਹ ਕਹਿਣਾ ਕਿ ਰਾਤੀ ਆਪਣੀ ਲੜਕੀ ਨੂੰ ਬਣਾਏ ਕੇ ਲਈ ਆਵਣਾ(ਸਹਿਜ-ਕੁਸਹਿਜ ਵਾਲੀ ਸਾਖੀ) ਅਤੇ ਹੋਰ ਬਹੁਤ ਕੁੱਝ ਘੜ-ਘੜਾ ਕੇ ਬਾਲਾ ਰੂਪਾਂਤਰ 2 ਤਿਆਰ ਕਰਕੇ 28-28 ਸੁਚਿਤਰਾਂ ਨਾਲ ਸ਼ੰਗਾਰ ਕੇ, ਕਈ ਦਹਾਕਿਆਂ ਬੱਧੀ ਇਹ ਕੰਮ ਚੱਲਦਾ ਰਿਹਾ, ਸਾਰੇ ਪਰਮੁੱਖ ਸਿੱਖ ਧਾਰਮਿਕ ਅਸਥਾਨਾਂ ਤੇ ਪਹੁੰਚਾਈ ਗਈ। ਬਾਲਾ ਰੂਪਾਂਤਰ 2 ਦੇ ਹੱਥ ਲਿਖਤ ਖਰੜੇ ਵਿਚ ਇਹ ਲਿਖ ਦਿੱਤਾ ਕਿ ਇਹ ਜਨਮ ਸਾਖੀ 1582 ਸੰਮਤ ਵਿਚ ਗੁਰੂ ਅੰਗਦ ਦੀ ਹਜ਼ੂਰੀ ਵਿਚ ਭਾਈ ਬਾਲੇ ਨੇ ਪੈੜੇ ਮੋਖੇ ਕੋਲੋਂ ਲਿਖਵਾਈ। ਜਦੋਂ ਕਿ ਸੱਚ ਇਹ ਹੈ ਕਿ ਸੰਮਤ 1582/1525 ਈ. ਵਿਚ ਤਾਂ ਭਾਈ ਲਹਿਣਾ ਜੀ ਗੁਰੂ ਨਾਨਕ ਪਿਤਾ ਜੀ ਨੂੰ ਮਿਲੇ ਵੀ ਨਹੀਂ ਸਨ। ਪਿਆਰੇ ਲਾਲ ਬੇਦੀ, ਐਫ-17, ਜੰਗਪੁਰਾ ਭੋਗਲ, ਨਵੀ ਦਿਲੀ, ਨੂੰ ਪੁੱਜਿਆ ਸੰਮਤ 1770 (1713ਈ.) ਵਾਲਾ ਖਰੜਾ ਆਪ ਉਚੀ ਉਚੀ ਬੋਲ ਕੇ ਖੁਲਾਸਾ ਕਰਦਾ ਹੈ: “ ਜਨਮ ਪਤ੍ਰੀ ਬਾਬੇ ਨਾਨਕ ਕੀ ਸੰਪੂਰਨ ਹੋਈ॥ ਵੀਰਵਾਰ ਪਹਿਰ ਦਿਨ ਚੜੇ॥ ਸੰਮਤ 1770 ਦੇ ਬੀਤੇ ਹੋਇ ਮੁਕੀ। ਲਿਖਵਾਈ ਸੰਗਤ ਸਿੰਘ ਸੂਦ॥ ਲਿਖੀ ਆਤਮਾ ਸਿੰਘ ਸੂਦ॥ ਕੀਰਤਨਏ॥ ਵਿਚ ਰੜੇ ਲਹੌਰ ਦੇ ਅਗੇ ਲਾਗਤ ਪੋਥੀ ਲਿਖੀ 330 ਰੁਪਏ॥ ਜੋ ਅੱਜ ਦੀ ਕੀਮਤ ਅਨੁਸਾਰ ਤਿੰਨ ਲੱਖ ਤੀਹ ਹਜ਼ਾਰ ਰੁਪੈ ਬਣਦੀ ਹੈ। ਹੰਦਾਲਕਿਆਂ ਨੇ ਵੱਡੇ ਤਰੱਦਦ ਨਾਲ ਇਸ ਨੂੰ ਸਿੱਖ ਚਿੰਤਨ ਤੇ ਚੇਤਨਾ ਨੂੰ ਸੁੰਨ ਕਰਨਹਾਰੇ ਜ਼ਹਿਰ ਦੇ ਟੀਕੇ ਵਾਂਗ ਵਰਤਿਆ; ਸਦੀਆਂ ਲੰਘ ਗਈਆਂ; ਮੂਰਛਾ ਦੀ ਸ਼ਿਕਾਰ ਹੋਈ ਸਿੱਖ ਚੇਤਨਾ ਅਜੇ ਅੱਖ ਪੱਟ ਕੇ ਝਾਕਣ ਦਾ ਹੀਆ ਨਹੀਂ ਕਰ ਸਕੀ; ਪਰ ਇਹ ਮਰੀ ਨਹੀਂ, ਜਾਗੇਗੀ ਕਿਉਂਕਿ ਜਿਉਣ ਦਾ ਹੱਠ ਇਸ ਦਾ ਵਿਸ਼ੇਸ਼ ਖਾਸਾ ਹੈ।
“ਸਾਖੀ ਪਰੰਪਰਾ ਵਿਚੋਂ ਕੇਵਲ ਜਨਮ ਸਾਖੀ ਬਾਲਾ ਹੀ ਸਾਨੂੰ ਗੁਰੂ ਨਾਨਕ ਪਿਤਾ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਦਾ ਦੱਸਦੀ ਹੈ ਅਤੇ ਸਾਨੂੰ ਇਸ ਅਣਹੋਏ ਸੱਚ ਨੂੰ ਸਵੀਕਾਰ ਕਰਨ ਨੂੰ ਮਜਬੂਰ ਕਰਦੀ ਹੈ। ਇਸ ਧਰਮ ਸੰਕਟ ਦਾ ਹੱਲ, ਪੂਰਨਮਾਸ਼ੀ ਵਾਲੀ ਮਿਤੀ ਨੂੰ ਕਿਸੇ ਇਕ, ਪਿਉ ਜਾਂ ਪੁੱਤਰ ਨਾਲ ਜੋੜ ਕੇ ਹੀ ਸੰਭਵ ਹੋ ਸਕਦਾ ਹੈ, ਦੋਵਾਂ ਨਾਲ ਨਹੀਂ। ਕੱਤਕ ਦੀ ਪੂਰਨਮਾਸ਼ੀ ਨੂੰ ਸ੍ਰੀ ਚੰਦ ਦੀ ਜਨਮ ਮਿਤੀ ਮੰਨਣ ਲਈ ਸਾਡੇ ਕੋਲ ਬਹੁਤ ਹੀ ਪਰਮਾਣਕ ਸਬੂਤ ਹਨ ਜੋ ਭਰੋਸੇਯੋਗ ਸਰੋਤ ਤੋਂ ਆਏ ਹੋਣ ਕਰਕੇ ਅਕੱਟ ਹਨ। ਗੁਰੂ ਨਾਨਕ ਦੇ ਬੰਸ, ਦਸਵੀਂ ਪੀੜ੍ਹੀ, ਬਾਬਾ ਸੁਖਬਾਸੀ ਨੇ ਆਪਣੇ ਖਾਨਦਾਨ ਸਬੰਧੀ ਇਕ ਗਰੰਥ ‘ਨਾਨਕ ਬੰਸ ਪ੍ਰਕਾਸ਼’ ਸੰਮਤ 1872 (1815 ਈ:) ਵਿਚ ਰਚਨਾ ਕੀਤੀ। ਜਿਸ ਵਿਚ ਸਪੱਸ਼ਟ ਲਿਖਿਆ ਹੈ:
ਸੁਭ ਨਖਯਤ੍ਰ ਸੁਭ ਲਗਨ ਬਰ ਕਾਤਕ ਮਾਸ ਪੁਨੀਤ॥ ਸ੍ਰੀ ਚੰਦ ਸਤਿਗੁਰ ਪ੍ਰਗਟੇ ਅਦਭੁਤ ਨਿਰਮਲ ਚੀਤ॥ ਮਤਲਬ ਸ੍ਰੀ ਚੰਦ ਕਤਕ ਦੇ ਮਹੀਨੇ ਪੂਰਨਮਾਸ਼ੀ ਨੂੰ ਪੈਦਾ ਹੋਇਆ। ਇਸੇ ਗਰੰਥ ਵਿਚ ਗੁਰੂ ਨਾਨਕ ਦਾ ਜਨਮ ਵਿਸਾਖ ਸੁਦੀ 3 ਦਾ ਦੱਸਿਆ ਹੈ:
ਸੰਬਤ ਬਿਕ੍ਰਮ ਨ੍ਰਿਪਤ ਕੇ ਪੰਦ੍ਰਹ ਸਤਿ ਖਟਿ ਬੀਸ॥ ਅਖਯ-(ਸੁਦੀ) ਤੀਜ ਤਿਥਿ ਮਾਸ ਬਰ ਮਾਧਵਿ(ਵੈਸਾਖ) ਪ੍ਰਗਟੇ ਈਸ॥
ਬਾਬਾ ਸੁਖਬੰਸੀ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸ਼ਿਕਾਰ ਹੋਣ ਦੇ ਬਾਵਜੂਦ ਵੀ ਕੱਤਕ ਦੀ ਪੂਰਨਮਾਸ਼ੀ ਦੀ ਤਰੀਕ ਨੂੰ ਕੱਟ ਕੇ ਅਸਲੀ ਜਨਮ ਤਰੀਖ ਦੇਣ ਵਿਚ ਗੁਰੇਜ਼ ਨਹੀਂ ਕਰਦਾ”। ਇਹ ਸਾਰੀ ਸੂਚਨਾ ‘ਸਾਖੀ ਮਹਿਲ ਪਹਿਲੇ ਕੀ ਸਾਖੀਕਾਰ ਸੀਹਾਂ ਉਪਲ ਸੰਪਾਦਕ ਸ. ਸ. ਪਦਮ’ ਦੀ ਕਿਤਾਬ ਦੇ ਪੰਨਾ 102-103 ਤੇ ਦਰਜ ਹੈ।
ਜਦੋਂ ਇਹ ਸਾਰਾ ਕੁੱਝ ਵਾਪਰ ਰਿਹਾ ਸੀ ਤਾਂ ਵਿਸਨ ਸਿੰਘ ਨਾਂ ਦਾ ਇਕ ਪਰਬੁੱਧ ਇਨਸਾਨ ਵੀ ਕਾਰਜਸ਼ੀਲ ਸੀ, ਜਿਸ ਨੇ 1828 ਈ. ਵਿਚ ‘ਗਿਆਨ ਰਤਨਾਵਲੀ’ ਕ੍ਰਿਤ ਸੂਰਤ ਸਿੰਘ ਨੂੰ ਅਨਕੂਲ ਕੇ ਆਪਣੇ ‘ਗਿਆਨ ਰਤਨਾਗਰ ਕਾਵਿ ਗਰੰਥ’ ਦੀ ਰਚਨਾ ਕੀਤੀ। ਇਹ ਗਿਆਨੀ ਸੰਤ ਸਿੰਘ ਦਾ ਚੇਲਾ ਤੇ ‘ਗੁਰਪ੍ਰਤਾਪ ਸੂਰਜ ਗ੍ਰੰਥ’ ਵਾਲੇ ਰਾਜਕਵੀ ਸੰਤੋਖ ਸਿੰਘ ਦਾ ਗੁਰਭਾਈ ਸੀ, ਪਰ ਆਪਣੇ ਆਪ ਨੂੰ ਸੂਰਤ ਸਿੰਘ ਦਾ ਪੋਤਰਾ ਚੇਲਾ ਦੱਸਣ ਵਿਚ ਵਧੇਰੇ ਮਾਣ ਮਹਿਸੂਸ ਕਰਦਾ ਸੀ। ਉਸ ਦੀ ਵੀ ਸੁਣੋ, ਸੰਤੋਖ ਸਿੰਘ ਅਤੇ ਉਸ ਦੇ ਪੁਰਾਣੇ ਜਾਂ ਅਧੁਨਿਕ ਪਾਛੂਆਂ ਨੇ ਭਾਵੇਂ ਨਹੀਂ ਸੁਣੀ:
“ਜਬ ਹੰਦਾਲ ਸੁਰ ਲੋਕ ਪਧਾਰਾ। ਬਿਧੀ ਚੰਦ ਸੁਤ ਸਕਤੀਵਾਰਾ। ਲਈ ਮਹੰਤੀ ਸਿਖ ਬਣਾਏ।ਤੁਰਕਨ ਕੀ ਗਨਕਾ ਇਕ ਗਾਇ। ਸੋ ਆਪਣੇ ਗ੍ਰਹ ਆਨ ਵਸਾਈ। ਤਬ ਵਰਤਨ ਤਜ ਦੀਨ ਲੁਕਾਈ। ਬਿਧੀ ਚੰਦ ਮਞੋਤ ਪ੍ਰਸੰਗਾ। ਲਿਖੇ ਗੁਰ ਧਾਰੀ ਹਿਤ ਸੰਗਾ। ਆਗੇ ਗੁਰ ਕੀ ਸਾਖੀ ਨਾਹੀ। ਰਚੀ ਨਿੰਦਾ ਬਿਧ ਬਹੁਤ ਬਨਾਈ। ਬਾਲੇ ਅੰਗਦ ਕੋ ਧਰ ਨਾਮਾ। ਪ੍ਰਥਮੇ ਹੀ ਝੂਠਾ ਕੀਓ ਕਾਮਾ। ਪੰਦ੍ਰਹ ਸਹਸ ਪਚਾਸੀ ਮਾਹੀ। ਪੰਚਮ ਥਿਤ ਬੈਸਾਖ ਕੀ ਆਹੀ। ਪੈੜੇ ਮੋਖੇ ਲਿਖੀ ਬਨਾਈ। ਗੁਰ ਅੰਗਦ ਗੁਰ ਮਿਲੇ ਨ ਭਾਈ”।
ਜੋ ਕੂੜ ਰਾਜਕਵੀ ਸੰਤੋਖ ਸਿੰਘ ਨੇ ਆਪਣੇ ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ‘ਬਾਲਾ ਬਲੱਫ’ ਤੋਂ ਪ੍ਰਭਾਵਤ ਹੋ ਕੇ ਵਾੜਿਆ ਜਾਂ ਵਾੜਿਆ ਗਿਆ ਉਸ ਦਾ ਅਤੇ ਭਾਈ ਬਿਧੀ ਚੰਦ ਵਲੋਂ ਆਪਣੀ ਬੁਰਿਆਈ ਨੂੰ ਛਪਾਉਣ ਲਈ ਜੋ ਗੁਰੂ ਨਾਨਕ ਸਾਹਿਬ ਦਾ ਚ੍ਰਿਤਰ-ਘਾਤ ਕੀਤਾ ਗਿਆ ਹੈ ਉਸ ਨੂੰ ਭਾਈ ਵਿਸਨ ਸਿੰਘ ਨੇ ਆਪਣੀ ਉਪਰਲੀ ਕਵਿਤਾ ਵਿਚ ਨੰਗਾ ਕੀਤਾ ਹੈ।
ਹੁਣ ਫੈਸਲਾ ਸਿੱਖ ਕੌਮ ਨੇ ਕਰਨਾ ਹੈ ਕਿ ਉਹ ਗੁਰੂ ਦਾ ਗੁਰਪੁਰਬ ਅਸਲੀ ਤਰੀਕ, ਵੈਸਾਖ ਸੁਦੀ ਤੀਜ, ਨੂੰ ਮਨਾਉਣਾ ਚਾਹੁੰਦੀ ਹੈ ਜਾਂ ਫਿਰ ‘ਬਾਲਾ ਬਲੱਫ’ ਦੀ ਵਰਤਾਈ ਹੋਈ ਨਕਲੀ ਤਰੀਕ, “ਕੱਤਕ ਦੀ ਪੂਰਨਮਾਸੀ” ਨੂੰ ਹੀ ਕੜ੍ਹੀ ਘੋਲਣਾ ਚਾਹੁੰਦੀ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132
    

ਕਾਲਕਾ, ਜਗਮਾਤਾ, ਭਵਾਨੀ, ਕਰੂਧਣੀ ਆਦਿ ਇਹ ਕੌਣ ਹਨ - ਗੁਰਚਰਨ ਸਿੰਘ ਜਿਉਣ ਵਾਲਾ

ਸਭ ਤੋਂ ਪਹਿਲਾਂ ਸਵਾਲ ਇਹ ਪੈਦਾ ਹੁੰਦਾ ਹੈ ਕਿ ਕੀ ਸਿੱਖ ਧਰਮ, ਜੋ ਗੁਰੂ ਸਾਹਿਬ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿਚ ਦੇ ਕੇ ਗਏ ਹਨ, ਦਾ ਦੇਵੀ ਦੇਵਤਿਆਂ ਨਾਲ ਕੋਈ ਸਬੰਧ ਹੈ ਜਾਂ ਨਹੀਂ? ਇਸ ਦਾ  ਜਵਾਬ  ਵੀ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੁੱਛਦੇ ਹਾਂ: ਮਹਲਾ ੫ ॥ ਮਹਿਮਾ ਨ ਜਾਨਹਿ ਬੇਦ ॥ ਬ੍ਰਹਮੇ ਨਹੀ ਜਾਨਹਿ ਭੇਦ ॥ ਅਵਤਾਰ ਨ ਜਾਨਹਿ ਅੰਤੁ ॥ ਪਰਮੇਸਰੁ ਪਾਰਬ੍ਰਹਮ ਬੇਅੰਤੁ ॥੧॥ ਅਪਨੀ ਗਤਿ ਆਪਿ ਜਾਨੈ ॥ ਸੁਣਿ ਸੁਣਿ ਅਵਰ ਵਖਾਨੈ ॥੧॥ ਰਹਾਉ ॥ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥੨॥ {ਪੰਨਾ 894}। ਇਸ ਸਲੋਕ ਵਿਚ ਪੰਜਵੇਂ ਪਾਤਸ਼ਾਹ ਨੇ ਬੇਦ-ਕਤੇਬ, ਦੇਵ-ਦੇਵੀਆਂ ਅਤੇ ਅਵਤਾਰਾਂ ਨੂੰ ਖੂੰਝੇ ਲਾ ਕੇ ਅਤੇ ਉੱਚੀ ਬਾਂਹ, ਗੁਰਿ ਕਾਢੀ ਬਾਹ ਕੁਕੀਜੈ, ਕਰਕੇ ਫੁਰਮਾਉਂਦੇ ਹਨ ਕਿ ਇਨ੍ਹਾਂ ਸਭਨਾਂ ਨੂੰ ਪ੍ਰਮਾਤਮਾ ਬਾਰੇ ਭੋਰਾ ਵੀ ਪਤਾ ਨਹੀਂ। ਅਗਲਾ ਸਵਾਲ ਇਹ ਹੈ ਕਿ ਜੇਕਰ ਕਿਸੇ ਦੁਸ਼ਟ ਦਮਨ ਨੇ ਪਹਾੜਾਂ ਵਿਚ ਕੋਈ ਜਪ-ਤਪ ਕੀਤਾ ਵੀ ਹੈ ਤਾਂ ਵੀ ਸਾਡੇ ਨਾਲ ਉਸ ਦਾ ਕੀ ਲੈਣ-ਦੇਣ? ਜਪੁ ਤਪੁ ਸੰਜਮੁ ਹੋਰੁ ਕੋਈ ਨਾਹੀ ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ ॥ ਗੁਰ ਕੈ ਸਬਦਿ ਮਿਲਿਆ ਸਚੁ ਪਾਇਆ ਸਚੇ ਸਚਿ ਸਮਾਇਦਾ ॥੧੨॥ {ਪੰਨਾ 1060}। ਅੱਖਾਂ ਬੰਦ ਕਰਕੇ, ਚੌਂਕੜਾ ਮਾਰਕੇ, ਮੁੱਠੀਆਂ ਮੀਚ ਕੇ ਜਾਂ ਖੋਲ੍ਹ ਕੇ, ਬੈਠੇ ਰਹਿਣਾ ਅਤੇ ਸੁਨਿਹਰੀ ਜ਼ਿੰਦਗੀ ਨੂੰ ਗਾਲਣਾ ਵੀ ਗੁਰਮਤਿ ਦੇ ਅਨਕੂਲ ਨਹੀਂ। ਗੁਰਬਾਣੀ ਦਾ ਫੁਰਮਾਣ ਹੈ:  ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮ:1, ਪੰਨਾ 156॥ ਪਹਿਲਾਂ ਸਾਡਾ ਬਾਪ ਕੌਣ ਸੀ, ਮਾਂ ਕੌਣ ਸੀ, ਅਸੀਂ ਕਿਥੋਂ ਆਏ ਹਾਂ, ਸਾਨੂੰ ਕੋਈ ਪਤਾ ਨਹੀਂ। ਇਨ੍ਹਾਂ ਬਚਨਾਂ ਦੇ ਹੁੰਦੇ ਹੋਏ ਅਸੀਂ ਕਿਸੇ ਦੁਸ਼ਟ ਦਮਨ ਨੂੰ ਮਾਤਾ ਗੁਜਰੀ ਜੀ ਦਾ ਦੁਲਾਰਾ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਪਿਆਰਾ ਪੁੱਤਰ ‘ਗੁਰੂ ਗੋਬਿੰਦ ਸਿੰਘ’ ਕਿਵੇਂ ਮੰਨ ਲਈਏ? ਇਹ ਬਿਲਕੁੱਲ ਅਸੰਭਵ ਹੈ।
ਤਹ ਹਮ ਅਧਿਕ ਤਪੱਸਿਆ ਸਾਧੀ॥ ਮਹਾਂਕਾਲ ਕਾਲਕਾ ਅਰਾਧੀ॥ 2॥ ਪੰਨਾ 54/5॥ ਇਸ ਪੰਗਤੀ ਵਿਚ ਆਈ ‘ਕਾਲਕਾ’ ਦਾ ‘ਕਾ’ ਕੱਟ ਕੇ ਪਦ-ਸ਼ੇਦ ਕਰਨ ਨਾਲ ਟਕਸਾਲ ਵਾਲੇ ਆਪਣੇ ਆਪ ਅਗਿਆਨੀ ਸਾਬਤ ਹੋ ਜਾਂਦੇ ਹਨ। ਕਿਉਂਕਿ ਸ਼ਬਦ ‘ਅਰਾਧੀ’ ਇਸਤ੍ਰੀ-ਲਿੰਗ ਕ੍ਰਿਆ ਦੱਸਦੀ ਹੈ ਕਿ ਇਸ ਤੋਂ ਪਹਿਲਾ ਸ਼ਬਦ ਇਸਤ੍ਰੀ-ਵਾਚਕ ਹੈ। ਭਿੰਡਰਾਂ ਵਾਲਿਆਂ ਦੇ ਚੌਧਵੇ ਆਗੂ ‘ਸੰਤ ਜਰਨੈਲ ਸਿੰਘ’ ਜਦੋਂ ਇਸ ਸ਼ਬਦ ਦੀ ਕਥਾ, ਸ਼ਬਦ ਨੂੰ ਕੱਟ-ਵੱਡ ਕੇ ਕਰਦੇ ਵੀ ਸਨ ਤਾਂ ਵੀ ਇਸਤ੍ਰੀ-ਲਿੰਗ ਨੇ ਪੁਲਿੰਗ ਵਿਚ ਨਹੀਂ ਬਦਲ ਜਾਣਾ। ਜਰਨੈਲ ਸਿੰਘ ਦੀ ਸ਼ਹਾਦਤ ਕਰਕੇ ਮੈਂ ਇਨ੍ਹਾਂ ਦਾ ਸਤਿਕਾਰ ਕਰਦਾ ਹਾਂ ਪਰ ਗਿਆਨੀ ਗੁਬਚਨ ਸਿੰਘ ਅਖਾੜੇ ਵਾਲੇ, ਟਕਸਾਲ ਦੇ ਵਾਈਸਚਾਂਸਲਰ, ਦੀ ਜੀਵਨੀ ਜੋ ਇਨ੍ਹਾਂ ਆਪ ਹੀ ਲਿਖੀ ਹੈ, ਪੜ੍ਹ ਕੇ ਦੇਖੋ ਕਿ ਉਹ ਗੋਇੰਦਵਾਲ ਚੁਰਾਸੀ ਕੱਟਦਾ ਫਿਰਦਾ ਹੈ, ਗਲ-ਗਲ ਪਾਣੀ ਵਿਚ ਖੜ ਕੇ ਤਪੱਸਿਆ ਕਰਦਾ ਹੈ, 25 ਬੰਦਿਆਂ ਵਾਲਾ ਅਖੰਡ-ਪਾਠ ਅਤੇ ਹੋਰ ਬਹੁਤ ਸਾਰਾ ਨਿੱਕੜ-ਸੁੱਕੜ ਸਾਨੂੰ ਦੱਸਦਾ ਹੈ ਕਿ ਉਹ ਬਨਾਰਸੀ ਪਾਂਧਾ ਸੀ ਅਤੇ ਇਹੋ ਕੁੱਝ ਉਸ ਨੇ ਅੱਗੇ ਤੋਂ ਅੱਗੇ ਆਪਣੇ ਆਉਣ ਵਾਲੇ ਵਿਦਿਆਰਥੀਆਂ ਨੂੰ ਦਿੱਤਾ।  
ਸਰਬਕਾਲ ਹੈ ਪਿਤਾ ਅਪਾਰਾ॥ ਦੇਬਿ ਕਾਲਕਾ ਮਾਤ ਹਮਾਰਾ॥ ਮਨੂਆ ਗੁਰ ਮੁਰਿ ਮਨਸਾ ਮਾਈ। ਜਿਨਿ ਮੋ ਕੋ ਸੁਭ ਕ੍ਰਿਆ ਪੜਾਈ॥5॥ ਪੰਨਾ 73॥ ਸਾਕਤ ਮੱਤੀਆ ਲਿਖਾਰੀ ਹਿੰਦੂ ਮੱਤ ਦੇ ਪ੍ਰਭਾਵ ਥੱਲੇ ਹੈ। ਜਿੱਥੇ-ਕਿਤੇ ਵੀ ਉਹ ਸਰਬਕਾਲ ਦੇ ਗੁਣ ਗਾਇਨ ਕਰੇਗਾ ਉੱਥੇ ਉਹ ਉਸਦੀ ਤੀਵੀਂ ਦੇ ਵੀ ਗੁਣ ਗਾਇਨ ਕਰਨ ਤੋਂ ਪਿੱਛੇ ਨਹੀਂ ਹਟ ਸਕਦਾ। ਇਸ ਨੂੰ ਹਿੰਦੂ ਧਰਮ ਵਿਚ ‘ਯੁਗਲ ਭਗਤੀ’ ਮਤਲਬ ਦੋਹਾਂ ਦੀ ਭਗਤੀ ਕਰਨੀ ਕਿਹਾ ਜਾਂਦਾ ਹੈ ਜਿਵੇਂ ਸੀਤਾ ਰਾਮ, ਰਾਧੇ ਸ਼ਾਮ, ਵਿਸ਼ਨੂੰ ਅਤੇ ਲਕਸ਼ਮੀ, ਸ਼ਿਵ ਅਤੇ ਪਾਰਬਤੀ। ਸਿੱਖ ਧਰਮ ਵਿਚ ਸਿਰਫ ਪ੍ਰਮਾਤਮਾ ਦੀ ਭਗਤੀ ਮਨਜ਼ੂਰ ਹੈ ਤੇ ਅਸੀਂ ਸਾਰੇ ਉਸ ਦੀਆਂ ਤੀਵੀਂਆਂ ਹਾਂ। ਜਿਵੇ: ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥
‘ਦੇਬਿ’ ਮਤਲਬ ਦੇਵੀ, ‘ਮਾਤ’ ਮਤਲਬ ਮਾਤਾ। ਸਰਬਕਾਲ ਮਤਲਬ ਮਹਾਂਕਾਲ ਪਿਤਾ/ਬਾਪ ਹੈ ਤੇ ਕਾਲਕਾ ਮਾਤਾ ਹੈ ਤਾਂ ਹੁਣ ਵਾਲੀ ‘ਕਾਲਕਾ’ ਦਾ ‘ਕਾ’ ਕੱਟ ਕੇ ਕੀ ਕਰੋਗੇ? ਅਗਲੀਆਂ ਦੋ ਪੰਗਤੀਆਂ ਵੀ ਇਸੇ ਦੇਵੀ ਦੇ ਦੂਜੇ ਰੂਪ ‘ਮਨਸਾ ਮਾਈ’ ਵਿੱਦਿਆ ਦੀ ਦੇਵੀ ਨੂੰ ਪ੍ਰਗਟ ਕਰਦੀਆਂ ਹਨ। ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਵਿੱਦਿਆ ਕਿਸੇ ਦੇਵੀ ਨੇ ਆ ਕੇ ਦਿੱਤੀ? ਜਾਂ ਮਾਮਾ ਕ੍ਰਿਪਾਲ ਜੀ  ਨੇ ਕਿਸੇ ਹੋਰ ਅਧਿਆਪਕ ਦਾ ਇੰਤਜ਼ਾਮ ਕੀਤਾ ਸੀ?
ਮਨ ਤੇ ਨਤ ਤੇਜੁ ਚਲਿਓ ਜਗ ਮਾਤ ਕੋ ਦਾਮਨ ਜਾਨ ਚਲੇ ਘਨ ਮੈ॥48॥ ਪੰਨਾ 78। ਇਸੇ ਪੰਨੇ ਦੇ ਫੁੱਟ ਨੋਟ ਵਿਚ ਜਗ ਮਾਤ ਦਾ ਅਰਥ ਦੇਵੀ ਲਿਖਿਆ ਹੈ।॥
ਚੁਨ ਚੁਨ ਹਨੁ ਪਖਰੀਆ ਬਾਨੀ॥ ਕ੍ਰੋਧ ਜਵਾਲ ਮਸਤਕ ਤੇ ਬਿਗਸੀ॥ ਤਾ ਤੇ ਆਪ ਕਾਲਕਾ ਨਿਕਸੀ॥27॥ ਪੰਨਾ 101॥ ਇਸ ਪੰਗਤੀ ਵਿਚ ‘ਕਾਲਕਾ’ ਦੇਵੀ ਦਾ ਭਵਾਨੀ ਦੇ ਮੱਥੇ ਵਿਚੋਂ ਪ੍ਰਗਟ ਹੋਣਾ ਦੱਸਦਾ ਹੈ ਕਿ ‘ਕਾਲਕਾ’ ਕਾਲੀ ਦੇਵੀ ਹੀ ਹੈ। ਇੱਥੇ ਵੀ ਲਫਜ ‘ਨਿਕਸੀ’ ਇਸਤ੍ਰੀ-ਵਾਚਕ ਕ੍ਰਿਆ ਦੱਸਦੀ ਹੈ ਕਿ ਇਸ ਤੋਂ ਪਹਿਲਾ ਲਫਜ ਇਸਤ੍ਰੀ ਲਿੰਗ ਹੈ। ਇਸ ‘ਕਾਲਕਾ ਦਾ ਕੀ ਕਰੋਗੇ?
ਮਿੜਾ ਮਾਰਜਨੀ ਸੂਰਤਵੀ ਮੋਹ ਕਰਤਾ॥ ਪਰਾ ਪਸ਼ਟਣੀ ਪਾਰਬਤੀ ਦੁਸ਼ਟ ਹਰਤਾ॥ ਨਮੋ ਹਿੰਗੁਲਾ ਪਿੰਗੁਲਾ ਤੋਤਲਾਯੰ॥ ਨਮੋ ਕਰਤਿਕਯਾਨੀ ਸ਼ਿਵਾ ਸੀਤਲਾਯੰ॥10॥229॥ ਪੰਨਾ 116॥ ਮਿੜਾ ਦਾ ਅਰਥ ਫੁੱਟ ਨੋਟ ਵਿਚ ਸ਼ਿਵ ਦੀ ਇਸਤ੍ਰੀ ਪਾਰਬਤੀ ਲਿਖਿਆ। ਇਹ ਚੰਡੀ ਚਰਿਤ੍ਰ ਦੂਜੇ ਦਾ ਸੱਤਵਾਂ ਅਧਿਆਇ ਹੈ ਜਿਸ ਵਿਚ ਕਵੀ ਨੇ ‘ਚੰਡੀ’ ਦੀ ਉਸਤਤ ਕਰਦਿਆਂ 220 ਤੋਂ 256 ਬੰਦ ‘ਦੇਵੀ ਜੂ ਕੀ ਉਸਤਤ ਬਰਨਨ’ ਵਿਚ ਲਿਖ ਕੇ ਹਿੰਦੂ ਸ਼ਾਸਤਰਾਂ ਦੇ ਮੁਤਾਬਕ  ‘ਚੰਡੀ’ ਦੇ 141 ਨਾਮ ਲਿਖੇ ਹਨ।
ਦੁਰਗਾ ਦੀ ਸ਼ਾਮ ਤਕਾਈ ਦੇਵਾਂ ਡਰਦਿਆਂ॥ ਆਂਦੀ ਚੰਡਿ ਚੜ੍ਹਾਈ ਉਤੇ ਰਾਕਸ਼ਾਂ॥25॥ ਆਈ ਫੇਰਿ ਭਵਾਨੀ ਖਬਰੀ ਪਾਈਆਂ॥ ਪੰਨਾ122॥ ਇਨ੍ਹਾਂ ਪੰਗਤੀਆ ਵਿਚ ਵੀ ਲਿਖਾਰੀ ‘ਚੰਡੀ’ ਦੁਰਗਾ, ਭਵਾਨੀ ਆਦਿ ਨਾਵਾਂ ਦਾ ਜ਼ਿਕਰ ਕਰਕੇ ਦੇਵੀ ਦੀ ਬਹਾਦਰੀ ਦੇ ਗੁਣ ਗਾਇਨ ਕਰਦਾ ਹੈ।
ਚੰਡਿ ਚਿਤਾਰੀ ਕਾਲਕਾ ਮਨ ਬਹਲਾ ਰੋਸੁ ਬਢਾਂਇਕੈ॥ ਨਿਕਲੀ ਮੱਥਾ ਫੌੜਿਕੈ ਜਣ ਫਤੇ ਨਿਸ਼ਾਂਣ ਬਜਾਇਕੈ॥41॥ ਪੰਨਾ 124॥ ‘ਕਾਲਕਾ’ ਦੇਵੀ ‘ਚੰਡੀ’ ਦੇ ਮੱਥੇ ਵਿਚੋਂ ਪੈਦਾ ਹੁੰਦੀ ਹੈ। ਇਸ ‘ਕਾਲਕਾ’ ਨੂੰ ਕਿਹੜੇ ਖੂਹ-ਖਾਤੇ ‘ਚ ਪਾਓਗੇ?
ਕਾਲੀ ਖੇਤ ਖਪਾਈਆਂ ਸੱਭੇ ਸੂਰਤਾਂ॥ ਬਹੁਤੀ ਸਿਰੀ ਬਿਹਾਈਆਂ ਘੜੀਆਂ ਕਾਲ ਕੀਆਂ॥ 43॥ ਪੰਨਾ 125॥ ਕਾਲੀ ਦਾ ਮਤਲਬ ਹੈ ਕਾਲੀ ਦੇਵੀ ਜਾਂ ਕਾਲਕਾ।
ਗੁਸੇ ਆਈ ਸਾਹਮਣੇ ਰਣ ਅੰਦਰਿ ਘੱਤਣ ਕੱਉ॥ ਅਗੈ ਤੇਗ ਵਗਾਈ ਦੁਰਗਸ਼ਾਹ ਬੱਢ ਸੁੰਭਨ ਬਹੀ ਪਲਾੳ ਕੱਉ॥49॥ ਪੰਨਾ 126॥ ਗੁਸੇ ਵਿਚ ਦੇਵੀ ਰਣ ਤੱਤੇ ਵਿਚ ਆਈ। ਦੁਰਗਸ਼ਾਹ ਵੀ ਦੁਰਗਾ ਦਾ ਹੀ ਨਾਮ ਹੈ ਤੇ ਉਹ ਦੈਤਾਂ ਨੂੰ ਮਾਰਨ ਲਈ ਤੇਗ ਚਲਾਉਂਦੀ ਹੈ।
ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ॥ ਦੁਰਗਾ ਪਾਠ ਬਣਾਇਆ ਸਭੈ ਪਉੜੀਆਂ॥ ਫੇਰ ਨ ਜੂਨੀ ਆਇਆ ਜਿਨ ਇਹ ਗਾਇਆ॥55॥ ਪੰਨਾ 127॥ ਇਹ ਚੰਡੀ ਚਰਿਤ੍ਰ ਤੀਜੇ ਦਾ ਅਖੀਰਲਾ ਬੰਦ ਹੈ ਤੇ ਇਹ ਵੀ ਜਗਮਾਤਾ ਦੀ ਹੀ ਉਸਤਤ ਹੈ।
ਦੁਰਗਾ ਤੂੰ  ਛਿਮਾ ਤੂੰ ਸ਼ਿਵਾ ਰੂਪ ਤੋਰੋ॥ ਤੁਧਾਤ੍ਰੀ ਸਵਾਹਾ ਨਮਸ਼ਕਾਰ ਮੋਰੋ॥12॥ ਪੰਨਾ 810॥ ਇਹ ਪੰਗਤੀ ਵੀ ਇਹੋ ਕੁੱਝ ਬਿਆਨ ਕਰਦੀ ਹੈ ਕਿ ਦੁਰਗਾ, ਛਿਮਾ, ਸ਼ਿਵਾ/ਪਾਰਬਤੀ, ਤੁਧਾਤ੍ਰੀ ਸਾਰੇ ਇਕੋ ਦੇਵੀ ਦੇ ਹੀ ਨਾਮ ਹਨ ਤੇ ਮੈਂ ਇਨ੍ਹਾਂ ਨੂੰ ਨਮਸਕਾਰ ਕਰਦਾ ਹਾਂ।
ਦਸਮ ਗ੍ਰੰਥ ਦਾ ਉਹ ਪੰਨਾ ਮੈਨੂੰ ਅੱਜ ਲੱਭ ਨਹੀਂ ਰਿਹਾ ਜਿੱਥੇ ‘ਨੱਚੀ ਕਾਲਕਾ’ ਲਿਖਿਆ ਹੋਇਆ ਹੈ। ਚਲੋ ਖੈਰ! ਸਾਡਾ ਕੰਮ ਕਿਸੇ ਨੂੰ ਮਨਾਉਣਾ ਨਹੀਂ ਸਗੋਂ ਲੋਕਾਂ ਵਿਚ ਸੱਚ ਦਾ ਪ੍ਰਚਾਰ ਕਰਨਾ ਹੈ ਅਤੇ ਸੱਚ ਲੋਕਾਂ ਆਪਣੇ ਆਪ ਸਵੀਕਾਰ ਕਰ ਲੈਣਾ ਹੈ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132

ਗੁਰੂ ਤੇਗ ਬਹਾਦਰ ਸਗਲ ਸ੍ਰਿਸਟ ਕੀ ਚਾਦਰ - ਗੁਰਚਰਨ ਸਿੰਘ ਜਿਉਣ ਵਾਲਾ

ਗੁਰੂ ਹਰਿ ਗੋਬਿੰਦ ਸਾਹਿਬ ਜੀ ਦੀ ਅਤੇ ਗੁਰੂ ਹਰਿ ਰਾਇ ਸਾਹਿਬ ਜੀ ਦੀ ਗੱਦੀ ਨਸ਼ੀਨੀ ਇਹ ਦੱਸਦੀ ਹੈ ਕਿ ਸਿੱਖ ਕੌਮ ਦੇ ਸਿਰਜਣਹਾਰੇ ਕਿੰਨੇ ਦੂਰ ਅੰਦੇਸ਼ ਸਨ। ਕੀ ਗੁਰੂ ਤੇਗ ਬਹਾਦਰ ਸਾਹਿਬ ਉਮਰ ਵਿਚ ਅਤੇ ਪੀਹੜੀ ਦਰ ਪੀਹੜੀ ਗੁਰੂ ਹਰਿ ਰਾਇ ਸਾਹਿਬ ਜੀ ਨਾਲੋਂ ਵੱਡੇ ਨਹੀਂ ਸਨ? ਜਦੋਂ ਗੁਰੂ ਹਰਿ ਰਾਇ ਜੀ ਨੂੰ ਗੁਰ-ਗੱਦੀ ਸੌਂਪੀ ਗਈ ਸੀ ਕੀ ਉਦੋਂ ‘ਤਿਆਗ ਮੱਲ’ 12 ਸਾਲ ਦੀ ਉਮਰੇ ਅੰਮ੍ਰਤਸਰ, ਅੱਜ-ਕੱਲ੍ਹ ਖਾਲਸਾ ਕਾਲਜ਼ ਵਾਲੀ ਥਾਂ, ਦੀ ਲੜਾਈ  ਵਿਚ ਆਪਣੀ ਤਲਵਾਰ ਦੇ ਜੌਹਰ ਵਿਖਾ ਕੇ ‘ਤੇਗ ਬਹਾਦਰ’ ਨਹੀਂ ਸੀ ਬਣ ਗਏ? ਕੀ ਉਸ ਵਕਤ ਤੇਗ ਬਹਾਦਰ ਗੁਰੂ ਬਣਨ ਦੇ ਯੋਗ ਨਹੀਂ ਸਨ? ਇਨ੍ਹਾਂ ਸਵਾਲਾਂ ਦੇ ਜਵਾਬ ਲੱਭਦਾ-ਲੱਭਦਾ ਮੈਂ ਇਸ ਸਿੱਟੇ ਤੇ ਪਹੁੰਚਿਆ ਹਾਂ ਕਿ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਇਹ ਯਕੀਨੀ ਬਣ ਗਿਆ ਸੀ ਕਿ ਜੋ ਵੀ ਗੁਰੂ ਪਦਵੀ ਧਾਰਣ ਕਰੇਗਾ ਉਸ ਨੂੰ ਸਰਕਾਰ ਵਲੋਂ ਮੌਤ ਦਾ ਫਤਵਾ ਦਿੱਤਾ ਜਾਣਾ ਅਵੱਸ਼ ਹੈ। ਇਸੇ ਕਰਕੇ ਹੀ ਤਾਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸੇ ਨੇ ਗੁਰੂ ਬਣਨ ਲਈ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਵਿਰੋਧ ਨਹੀਂ ਕੀਤਾ। ਛੇਵੇਂ ਪਾਤਸ਼ਾਹ ਜੀ ਨੇ ਤੇਗ ਬਹਾਦਰ ਨੂੰ ਯੋਗ ਅਤੇ ਯੁੱਗ-ਪੁਰਸ਼ ਜਾਣ ਕੇ, ਦਿਲੀ ਸਰਕਾਰ ਦੀਆਂ ਨਜ਼ਰਾਂ ਤੋਂ ਦੂਰ, ਪ੍ਰਚਾਰ ਦੌਰਿਆਂ ਤੇ ਰਹਿਣ ਦੀ ਹਦਾਇਤ ਕੀਤੀ। ਆਪਣੇ ਪਿਤਾ, ਹਰਿ ਗੋਬਿੰਦ ਸਾਹਿਬ ਜੀ, ਦੇ ਜਿਉਂਦਿਆਂ-ਜਿਉਂਦਿਆਂ ਹੀ ਗੁਰੂ ਤੇਗ ਬਹਾਦਰ ਸਾਹਿਬ ਕੀਰਤਪੁਰ, ਕਰਤਾਰਪਰ, ਗੁਰੂ ਕਾ ਚੱਕ ਅਤੇ ਬਾਬਾ ਬਕਾਲਾ ਵਿਚ ਕਥਾ-ਵਾਰਤਾ ਕਰਦੇ ਰਹੇ ਹਨ। ਛੇਵੇਂ ਪਿਤਾ ਆਪਣੇ ਪੋਤਰੇ ਹਰਿ ਰਾਇ ਸਾਹਿਬ ਜੀ ਨੂੰ ਗੁਰ-ਗੱਦੀ ਸੌਂਪ ਕੇ, ਸ਼ਾਂਤ ਰਹਿਣ ਜਾਂ ਮੁਗਲੀਆ ਸਲਤਨਤ ਨਾਲ ਲੜਾਈਆਂ ਤੋਂ ਦੂਰ ਰਹਿਣ ਦਾ ਉਪਦੇਸ਼ ਦੇ ਕੇ, ਅਕਾਲ ਚਲਾਣਾ ਕਰ ਗਏ।
ਪਰ ਸਾਡੇ ਸਾਖੀਕਾਰਾਂ ਨੇ ਗੁਰੂ ਸਹਿਬਾਨ ਪ੍ਰਤੀ ਸਾਖੀਆਂ ਘੜ ਕੇ ਉਪਮਾ ਕਰਨ ਦੀ ਬਜਾਏ ਨਿੰਦਾ ਕੀਤੀ। ਲੋਕਾਂ ਨੂੰ ਖੰਡ ਵਿਚ ਲਪੇਟ ਕੇ ਜ਼ਹਿਰ ਦਿੱਤੀ, ਲੋਕਾਂ ਨੂੰ ਪਤਾ ਨਹੀਂ ਲੱਗਿਆ ਪਰ ਨਿਗਲ ਗਏ, ਮਰੇ ਨਹੀਂ ਪਰ ਮਰਿਆਂ ਨਾਲੋਂ ਵੱਧ ਮੂਰਸ਼ਤ ਕਰ ਦਿੱਤੇ ਗਏ ਅਤੇ ਅੱਜ ਵੀ ਬੇਹੋਸ਼ੀ ਅਤੇ ਬੇਸਮਝੀ ਦੀ ਹਾਲਤ ਵਿਚ ਸਿਰ ਸੁੱਟੀ ਜਿੰਦਗੀ ਬਸਰ ਕਰ ਰਹੇ ਹਨ। ਬੀਬੀ ਭਾਨੀ ਜੀ ਆਪਣੇ ਪਿਤਾ, ਤੀਸਰੇ ਪਾਤਸ਼ਾਹ ਜੀ, ਤੋਂ ਗੁਰ ਗੱਦੀ ਨੂੰ ਆਪਣੇ ਘਰ ਰੱਖਣ ਲਈ ਵਰ ਮੰਗਦੀ ਦਿਖਾ ਕੇ ਸਿੱਖ ਸਿਧਾਂਤ ਨੂੰ ਘੱਟੇ ਰੋਲਿਆ ਹੈ। ਜਦੋਂ ਕਿ ਸਿੱਖੀ ਵਿਚ ਨਾ ਵਰ ਨਾ ਸਰਾਪ। ਗੁਰੂ ਨਾਨਕ ਪਿਤਾ ਜੀ ਬਾਬਾ ਲਹਿਣਾ ਜੀ ਨੂੰ ਨਿਰਖ-ਪਰਖ ਕਰਕੇ ਗੁਰੁ-ਗੱਦੀ ਸੌਂਪਦੇ ਹਨ ਅਤੇ ਇਹ ਪ੍ਰੰਪਰਾ ਅੱਗੇ ਤੋਂ ਅੱਗੇ ਕਿਸੇ ਗੁਰੂ ਵਿਆਕਤੀ ਨੇ ਨਹੀਂ ਤੋੜੀ। ਗੁਰਿ ਚੇਲੇ ਰਹਰਾਸਿ ਕੀਈ ਨਾਨਕਿ ਸਲਾਮਤਿ ਥੀਵਦੈ ॥ ਸਹਿ ਟਿਕਾ ਦਿਤੋਸੁ ਜੀਵਦੈ ॥੧॥ {ਪੰਨਾ 966}ਅਤੇ ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥੪॥ {ਪੰਨਾ 967} ਬਾਬਾ ਬੁੱਢਾ ਜੀ ਮਾਤਾ ਗੰਗਾ ਨੂੰ ਵਰ ਦਿੰਦੇ ਹਨ ਕਿ ਮੁਗਲਾਂ ਦੇ ਸਿਰ ਭੰਨਣ ਵਾਲਾ ਯੋਧਾ ਤੁਹਾਡੇ ਘਰ ਪੈਦਾ ਹੋਵੇਗਾ ਜਦੋਂ ਕਿ ਇਹ ਵਰ-ਸਰਾਪ ਦੀ ਕਹਾਣੀ, ਗੁਰਬਾਣੀ ਮੁਤਾਬਕ: “ਜੈਸੇ ਮਾਤ ਪਿਤਾ ਬਿਨੁ ਬਾਲੁ ਨ ਹੋਈ”  ਵੀ ਝੂਠੀ ਹੈ। ਗੁਰੂ ਹਰਿ ਰਾਇ ਸਾਹਿਬ ਤੇਗ ਬਹਾਦਰ ਨੂੰ ਪ੍ਰਚਾਰ ਦੇ ਯੋਗ ਸਮਝ ਕੇ ਸਿੱਖੀ ਦੇ ਮੁੱਖ ਕੇਂਦਰ ਤੋਂ ਦੂਰ ਅਤੇ ਮੁਗਲ ਸਾਮਰਾਜ ਦੀਆ ਨਜ਼ਰਾਂ ਤੋਂ ਵੀ ਦੂਰ ਰਹਿਣ ਦਾ ਉਪਦੇਸ਼ ਦੇ ਕੇ ਪੂਰਬ ਵੱਲ ਨੂੰ ਤੋਰ ਦਿੰਦੇ ਹਨ। ਇਸਦੇ ਸਬੂਤ ‘ਭੱਟ ਵਹੀ ਤਲਾਉਂਡਾ, ਪਰਗਣਾ ਜੀਂਦ’ ਵਿਚੋਂ ਮਿਲਦੇ ਹਨ ਜਿਸ ਦੀ ਬਦੌਲਤ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਹਜ਼ਾਰਾਂ ਦੀ ਤੈਦਾਦ ਵਿਚ ਲੋਕ ਹਥਿਆਰ-ਬੰਦ ਹੋ ਕੇ ਅਨੰਦਪੁਰ ਵੱਲ ਵਹੀਰਾਂ ਘੱਤ ਕੇ ਆਏ। ਇਸ ਕਰਕੇ ਹੀ ਦਸਵੇਂ ਪਾਤਸ਼ਾਹ, ਬਾਈਧਾਰ ਦੇ ਪਹਾੜੀ ਰਾਜਿਆਂ ਨਾਲ, ਜੋ ਸਿੱਖ ਲਹਿਰ ਤੋਂ ਖਫਾ ਸਨ, ਅਨੰਦਪੁਰ ਅਤੇ ਆਸ-ਪਾਸ ਦੀਆਂ ਜੰਗਾਂ ਲੜ ਸਕੇ।  
ਜਿਸ ਸਿੱਖ-ਲਹਿਰ ਨੇ ਖੁੱਡਾਂ ਵਿਚ ਵੜੇ ਸਿੱਧਾਂ, ਜੋਗੀਆਂ ਅਤੇ ਪੀਰਾਂ ਫਕੀਰਾਂ, ਡਾਕੂਆਂ ਅਤੇ ਲੁਟੇਰਿਆਂ ਨੂੰ ਬਾਹਰ ਕੱਢਕੇ ਲੋਕ-ਭਲਾਈ ਦੇ ਕੰਮ ਲਾਇਆ ਅੱਜ ਅਸੀਂ ਉਸੇ ਲਹਿਰ ਦੇ ਮੋਢੀਆਂ ਨੂੰ ਭੋਰਿਆਂ ਵਿਚ ਤਪ ਕਰਦੇ ਦਿਖਾ ਕੇ ਫਖਰ ਮਹਿਸੂਸ ਕਰਦੇ ਹਾਂ ਜਦੋਂ ਕਿ ‘ਜਪ ਅਤੇ ਤਪ’ ਨੂੰ ਸਿੱਖੀ ਵਿਚ ਕੋਈ ਥਾਂ ਹੀ ਨਹੀਂ। ਜਿਵੇ: ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ ॥ ਜਾ ਕੈ ਰਿਦੈ ਭਾਉ ਹੈ ਦੂਜਾ ॥੧॥ ਪੰਨਾ 324॥ ਕਿਸੇ ਲਿਖਾਰੀ ਨੇ 22 ਸਾਲ ਅਤੇ ਕਿਸੇ 25-26 ਸਾਲ ਗੁਰੂ ਤੇਗ ਬਹਾਦਰ ਜੀ ਨੂੰ ਭੋਰੇ ਵਿਚ ਤਪ ਕਰਨ ਲਈ ਵਾੜ ਦਿੱਤਾ। ਜੋ ਸਰਾ-ਸਰ ਗਲਤ ਅਤੇ ਮਨਘੜਤ ਹੈ। ਭੋਰਿਆਂ ਵਿਚ ਬੈਠਣ ਵਾਲੇ ਕੌਮਾਂ ਨਹੀਂ ਸਿਰਜ ਸਕਦੇ, ਸਮਾਜ ਸੁਧਾਰ ਲਈ ਆਪਣੀ ਚੀਚੀ ਦੇ ਨਹੁੰ ਤੇ ਝਰੀਟ ਵੀ ਨਹੀਂ ਸਹਾਰ ਸਕਦੇ, ਕੌਮ ਦੀ ਖਾਤਰ ਅਤੇ ਲੋਕਾਂ  ਦੇ ਜ਼ਮੂਹਰੀ ਹੱਕਾਂ ਲਈ ਬਲੀਦਾਨ ਦੇਣਾ ਤਾਂ ਦੂਰ ਦੀ ਗੱਲ। ਅੱਜ ਦੇ ਕਿਸੇ ਸਾਧੜੇ ਨੂੰ ਦੇਖ ਲਓ। ਲੋਕ ਸਰਕਾਰੀ ਅੱਤਿਆਚਾਰ ਕਰਕੇ ਤੜਫ ਰਹੇ ਹੁੰਦੇ ਹਨ ਪਰ ਬਾਬਾ ਜੀ ‘ਵਾਹਿ ਗੁਰੂ’ ਦਾ ਜਾਪ ਕਰਨ ਦੀ ਗੱਲ ਕਰਕੇ ਪੱਲਾ ਝਾੜ ਕੇ ਤੁਰਦੇ ਬਣਦੇ ਹਨ। ਲੋਕੋ ! ਚਾਹੇ ਤੁਸੀਂ ਗੱਲ 1984 ਦੀ ਕਰੋ ਤੇ ਚਾਹੇ ਅੱਜ, “ਕਰੋਨਾ ਵਾਇਰਸ” ਦੀ, ਲੋਕਾਂ ਦਿਆਂ ਟੁਕੜਿਆਂ ਤੇ ਪਲਣ ਵਾਲਿਆਂ ਕਦੀ ਕਿਸੇ ਦੀ ਕੋਈ ਮੱਦਦ ਨਹੀਂ ਕੀਤੀ।
ਦੂਸਰੇ ਪਾਸੇ ਗੁਰੂ ਤੇਗ ਬਹਾਦਰ ਜੀ ਲੋਕਾਂ ਨੂੰ ਸ਼ਿਕਾਰ ਕਰਨਾ ਸਿਖਾਉਂਦੇ ਹਨ ਜਦੋਂ ਕਿ ਸਰਕਾਰ ਨੇ ਹਥਿਆਰ ਰੱਖਣੇ ਅਤੇ ਸ਼ਿਕਾਰ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇਸੇ ਵਜ੍ਹਾ ਕਰਕੇ 1665 ਈ: ਵਿਚ ਗੁਰੂ ਜੀ ਧਮਤਾਨ ਦੇ ਅਸਥਾਨ ਤੋਂ ਗ੍ਰਿਫਤਾਰ ਕੀਤੇ ਗਏ ਪਰ ਜੈਪੁਰੀਏ ਰਾਜੇ, ਰਾਮ ਸਿੰਹ, ਦੀ ਸ਼ਿਫਾਰਸ਼ ਕਰਨ ਉਪਰੰਤ ਗੁਰੂ ਜੀ ਨੂੰ ਛੋੜ ਦਿਤਾ ਗਿਆ। ਇਸ ਤੋਂ ਬਾਅਦ 1670 ਵਿਚ ਜਦੋਂ ਗੁਰੂ ਜੀ ਪੂਰਬੀ ਇਲਾਕਿਆਂ ਵਿਚ ਪ੍ਰਚਾਰ ਕਰਕੇ ਵਾਪਸ ਆ ਰਹੇ ਸਨ ਤਾਂ ਆਗਰੇ ਤੋਂ ਗ੍ਰਿਫਤਾਰ ਕਰ ਲਏ ਗਏ ਇਸ ਵਾਰ ਵੀ ਜੈਪੁਰੀਆਂ ਦੀ ਮੱਦਦ ਨਾਲ ਗੁਰੂ ਜੀ ਨੂੰ ਰਿਹਾ ਕਰ ਦਿੱਤਾ ਗਿਆ। ਪਰ 1675 ਈ: ਵਿਚ ਜਦੋਂ ਔਰੰਗਜੇਬ ਜ਼ਬਰਨ ਲੋਕਾਂ ਨੂੰ ਹਿੰਦੂ ਬਣਾ ਰਿਹਾ ਸੀ ਤਾਂ ਕਸ਼ਮੀਰੀ ਪੰਡਿਤਾਂ ਨੇ ਗੁਰੂ ਜੀ ਕੋਲ 25 ਮਈ 1675 ਈ: ਨੂੰ ਅਨੰਦਪੁਰ ਆ ਕੇ ਫਰਿਆਦ, “ ਸਾਨੂੰ ਬਚਾਓ, ਸਾਡੀ ਮੱਦਦ ਕਰੋ, ਸਾਡੀ ਬਾਂਹ ਪਕੜੋ ” ਕੀਤੀ। ਇਸ ਵਕਤ ਔਰੰਗਜੇਬ ਦੱਖਣ ਦੀ ਮੁਹਿੰਮ ਤੇ ਗਿਆ ਹੋਇਆ ਸੀ। ਪਰ ਕਸ਼ਮੀਰ ਦੇ ਸੂਬੇਦਾਰ ਨੇ ਸੂਹੀਏ ਰਾਹੀਂ ਇਹ ਖਬਰ ਦਿੱਲੀ ਦਰਬਾਰ ਪਹੁੰਚਦੀ ਕਰ ਦਿੱਤੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਵੀ ਜਾਰੀ ਹੋ ਗਏ। ਇਸ ਤੋਂ ਪਹਿਲਾਂ ਕਿ ਮੁਗਲ ਹਕੂਮਤ ਦੇ ਕਰਿੰਦੇ ਗੁਰੂ ਜੀ ਨੂੰ ਆ ਕੇ ਪਕੜਦੇ ਗੁਰੂ ਜੀ ਆਪ ਹੀ 10 ਜੁਲਾਈ 1675 ਈ: ਨੂੰ ਦਿੱਲੀ ਵੱਲ ਨੂੰ ਚੱਲ ਪਏ ਅਤੇ ਅਗਲੇ ਦਿਨ ਗੁਰੂ ਜੀ ਨੂੰ ਮਲਕਪੁਰ ਰੰਘੜਾਂ ਤੋਂ ਮੋਰਿੰਡੇ ਦੀ ਪੁਲਸ ਨੇ ਗ੍ਰਿਫਤਾਰ ਕਰ ਲਿਆ। ਮੋਰਿੰਡਾ ਦੇ ਥਾਣੇਦਾਰ ਨੂਰ ਮੁਹੰਮਦ ਹਸਨ ਨੇ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਦੇ ਸਮੇਤ ਗੁਰੂ ਜੀ ਨੂੰ ਗ੍ਰਿਫਤਾਰ ਕਰਕੇ ਸੂਬਾ ਸਰਹਿੰਦ ਦੇ ਹੁਕਮ ਅਨੁਸਾਰ ਬੱਸੀ ਪਠਾਣਾਂ ਦੇ ਕਿਲੇ ਵਿਚ ਬੰਦ ਕਰ ਦਿੱਤਾ। ਨਕਸ਼ਬੰਦੀ ਫਿਰਕੇ ਦੇ ਸਰਹਿੰਦ ਦੇ ਕਾਜ਼ੀ, “ਸ਼ੈਖ ਸੈਫ-ਉਦ-ਦੀਨ” ਵਾਰਤਾਲਾਪ ਕਰਕੇ ਗੁਰੂ ਜੀ ਨੂੰ ਮੁਸਲਮਾਨ ਬਣਾਉਣ ਵਿਚ ਜਦੋਂ ਨਾਕਾਮਯਾਬ ਰਹੇ ਤਾਂ ਉਸ ਨੇ ਦਿੱਲੀ ਦਰਬਾਰ ਨੂੰ ਲਿਖ ਭੇਜਿਆ ਕਿ ਗੁਰੂ ਜੀ ਗੱਲਾਂ-ਬਾਤਾਂ ਨਾਲ ਮੁਸਲਮਾਨ ਧਰਮ ਕਬੂਲ ਨਹੀਂ ਕਰਨਗੇ। ਸ਼ਾਇਦ ਤਲਵਾਰ ਦੇ ਡਰ ਨਾਲ ਮਨਾਏ ਜਾ ਸਕਣ। ਕਾਫੀ ਲੰਮੀ ਚਰਚਾ-ਵਾਰਤਾ ਅਤੇ ਤਸੀਹੇ ਦੇਣ ਤੋਂ ਬਾਅਦ 3 ਨਵੰਬਰ 1675 ਈ: ਗੁਰੂ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਨੂੰ ਦਿੱਲੀ ਕੋਤਵਾਲੀ ਵਿਚ ਬੰਦ ਕਰ ਦਿਤਾ ਗਿਆ। 11 ਨਵੰਬਰ ਨੂੰ ਗੁਰੂ ਜੀ ਦੀਆਂ ਅੱਖਾਂ ਦੇ ਸਾਹਮਣੇ ਭਾਈ ਦਿਆਲਾ ਜੀ ਨੂੰ ਚਾਂਦਨੀ ਚੌਕ ਵਿਚ, ਪਾਣੀ ਨਾਲ ਭਰੀ ਵੱਡੀ ਦੇਗ ਵਿਚ ਬੰਨ ਕੇ, ਉਬਾਲ ਕੇ ਸ਼ਹੀਦ ਕਰ ਦਿੱਤਾ ਗਿਆ। ਇਸ ਤੋਂ ਮਗਰੋਂ ਭਾਈ ਮਤੀ ਦਾਸ ਨੂੰ ਦੋ ਲੱਕੜਾਂ ਦੇ ਸ਼ਿਕੰਜੇ ਵਿਚ ਬੰਨ ਕੇ ਆਰੇ ਨਾਲ ਚੀਰ ਦਿੱਤਾ ਅਤੇ ਭਾਈ ਸਤੀ ਦਾਸ ਨੂੰ ਰੂੰ ਵਿਚ ਲਪੇਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਸ਼ਾਮ ਦੇ ਵਕਤ ਕਾਜ਼ੀ ਦੇ ਆਖਰੀ ਫਤਵੇ ਮਗਰੋਂ ਜੱਲਾਦ, ਜਲਾਲ-ਉਦ-ਦੀਨ, (ਸਮਾਣੇ ਵਾਲੇ)  ਨੇ ਗੁਰੂ ਜੀ ਨੂੰ ਤਲਵਾਰ ਦੇ ਇਕੋ ਝਟਕੇ ਨਾਲ ਸ਼ਹੀਦ ਕਰ ਦਿਤਾ।
ਗੁਰੂ ਸਾਹਿਬ ਦੀ ਸ਼ਹਾਦਤ ਨੂੰ ‘ਸਿਰੀ ਗੁਰੁ ਸੋਭਾ’ ਗ੍ਰੰਥ ਦਾ ਲਿਖਾਰੀ, ਕਵੀ ਸੈਨਾਪਤਿ ਜਾਂ ਸੈਣਾ ਸਿੰਘ ਆਪਣੇ ਲਫਜਾਂ ਵਿਚ ਇੰਜ ਬਿਆਨ ਕਰਦਾ ਹੈ:  ਪ੍ਰਗਟ ਭਏ ਗੁਰੁ ਤੇਗ ਬਹਾਦਰ। ਸਗਲ ਸ੍ਰਿਸਟ ਪੈ ਜਾਕੀ ਚਾਦਰ।
ਕਰਮ ਧਰਮ ਕੀ ਜਿਨਿ ਪਤਿ ਰਾਖੀ। ਅਟਲ ਕਰੀ ਕਲਿਯੁਗ ਮੈਂ ਸਾਖੀ॥ 14॥
ਅਤੇ ਗੁਰ ਪੰਥ ਪ੍ਰਕਾਸ਼ ਦਾ ਲਿਖਾਰੀ ਇਉਂ ਲਿਖਦਾ ਹੈ: ਤੇਗ ਬਹਾਦਰ ਫਿਰ ਗੁਰ ਭਯੋ ਪਰਸਵਾਰਥ ਹਿਤਿ ਜਿਨਿ ਸਿਰ ਦਯੋ॥ ਕਲਯੁਗ ਮੈ ਬਡ ਸਾਕਾ ਕੀਯਾ ਧਰਮ ਕਰਮ ਰਖ ਹਿੰਦੂ ਲੀਯਾ॥
ਪਰ ਬਚਿਤ੍ਰ ਨਾਟਿਕ ਦੇ ਲਿਖਾਰੀ ਕਵੀ ਸਿਯਾਮ ਨੇ ਤਾਂ ਗੁਰੂ ਜੀ ਦੀ ਸ਼ਹਾਦਤ ਨੂੰ ਮਿੱਟੀ-ਘੱਟੇ ਹੀ ਰੋਲ ਦਿਤਾ। ਜਿਵੇ: ਤਿਲਕ ਜੰਞੂ ਰਾਖਾ ਪ੍ਰਭ ਤਾਕਾ॥ ਕੀਨੋ ਬਡੋ ਕਲੂ ਮਹਿ ਸਾਕਾ॥ ਸਾਧਨ ਹੇਤਿ ਇਤੀ ਜਿਨਿ ਕਰੀ॥ ਸੀਸੁ ਦੀਆ ਪਰੁ ਸੀ ਨ ਉਚਰੀ॥ ਦ. ਗ੍ਰ. ਪੰਨਾ 54॥ ਜਿਸ ਤਿਲਕ-ਜੰਞੂ ਨਾਲ ਸਿੱਖ ਲਹਿਰ ਦਾ ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਤੋਂ ਕੋਈ ਸਬੰਧ ਨਹੀਂ ਉਸ ਦੀ ਖਾਤਰ ਗੁਰੂ ਜੀ ਅਤੇ ਬਾਕੀ ਸਿੱਖਾਂ ਨੇ ਬਲੀਦਾਨ ਕਿਉਂ ਦੇਣਾ ਸੀ? ਸਭ ਲੋਕਾਂ ਦੇ ਹੱਕਾਂ ਲਈ ਲੜਨ ਮਰਨ ਵਾਲੀ ਸਿੱਖ-ਲਹਿਰ ਨੂੰ ਕਿਸੇ ਇਕ ਧਰਮ ਦੀ ਰਾਖੀ ਲਈ ਜਾਨਾਂ ਕੁਰਬਾਨ ਕਰਦਿਆਂ ਦਿਖਾਉਣਾ ਇਕ ਸਾਜਿਸ਼ ਹੈ। ਸਿੱਖ-ਲਹਿਰ ਦੀਆਂ ਲੱਖਾਂ ਸ਼ਹਾਦਤਾਂ ਲੋਕਾਂ ਦੇ ਹੱਕਾਂ ਅਤੇ ‘ਸੱਚ ਧਰਮ’ ਨੂੰ ਬਹਾਲ ਕਰਾਉਣ ਲਈ ਦਿੱਤੀਆਂ ਗਈਆਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਭੁੱਲ ਚੁੱਕੇ ਹਾਂ। ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ ॥ ਪੰਨਾ 1427॥
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132 , www.singhsabhacanada.com

ਕੂੰਡੇ ਵਾਲੀ ਚਟਣੀ - ਗੁਰਚਰਨ ਸਿੰਘ ਜਿਉਣ ਵਾਲਾ

ਨਾ ਕੋਈ ਮੈਕਸੀ ਸੀ ਨਾ ਕੋਈ ਗਰਾਈਂਡਰ, ਨਾ ਕੋਈ ਜੂਸਰ ਅਤੇ ਨਾ ਕੋਈ ਹੋਰ ਕਿਸੇ ਕਿਸਮ ਦੀ ਬਿਜਲੀ ਨਾਲ ਚੱਲਣ ਵਾਲੀ ਮਸ਼ੀਨ। ਇਹ ਕਿੱਥੋਂ ਹੋਣੇ ਸਨ ਜਦੋਂ ਹਾਲੇ ਸਾਡੇ ਪਿੰਡਾਂ ਵਿਚ ਬਿਜਲੀ ਹੀ ਨਹੀਂ ਸੀ ਆਈ। ਸੱਤਰਵਿਆਂ ਦੇ ਸ਼ੁਰੂ-ਸ਼ੁਰੂ ਦੇ ਦਿਨਾਂ ਦੀਆਂ ਯਾਦਾਂ ਤੁਹਾਡੇ ਨਾਲ ਸਾਂਝੀਆਂ ਕਰਨ ਲੱਗਿਆ ਹਾਂ। ਸਰਦੀਆਂ ਵਿਚ ਚੁੱਲੇ ਤੇ ਤਵੇ ਦੀ ਰੋਟੀ ਅਤੇ ਗਰਮੀਆਂ ਵਿਚ ਤੰਦੂਰੀ ਰੋਟੀ ਹਾਲੇ ਪੱਕਣੀ ਸ਼ੁਰੂ ਹੀ ਹੁੰਦੀ ਸੀ ਤਾਂ ਮਾਂ ਬਾਪੂ ਨੂੰ ਅਵਾਜ ਮਾਰਦੀ ਕਿ ਕੂੰਡੇ ਵਿਚ ਮਿਰਚਾਂ ਰਗੜ ਲਓ ਰੋਟੀ ਤਿਆਰ ਹੈ। ਬਸ ਫਿਰ ਕੀ ਸੀ ਬਾਪੂ ਹੱਥ ਵਿਚ ਗੰਡੇ ਨੂੰ ਮਲਦਾ ਤੇ ਛਿਲੜ ਨੂੰ ਦੂਰ ਕਰਦਾ, ਜੜਾਂ ਤੇ ਭੂਕਾਂ ਵਾਲੇ ਪਾਸਿਓ ਜੇਕਰ ਚਾਕੂ ਲੱਭ ਜਾਂਦਾ ਤਾਂ ਠੀਕ ਨਹੀਂ ਤਾਂ ਮੂੰਹ ਨਾਲ ਹੀ ਕੰਮ ਸਾਰ ਲੈਂਦਾ। ਦੋ ਕੁ ਮਿੰਟਾਂ ‘ਚ ਗੰਡਾ, ਮਿਰਚਾਂ, ਲੂਣ ਅਤੇ ਲਸਣ ਨੂੰ ਦਰੜ-ਫਰੜ ਕੇ ਬਾਪੂ ਕੁੰਡੇ ਨੂੰ ਮਾਂ ਕੋਲ ਧਰ ਦਿੰਦਾ। ਗਰਮੀਆਂ ਵਿਚ ਖੱਖੜੀਆਂ ਦੇ ਬੀਜ ਤੇ ਸਰਦੀਆਂ ਵਿਚ ਕਪਾਹ ਦੀ ਫਸਲ ਵਿਚੋਂ ਇਕੱਠੇ ਕੀਤੇ ਚਿੱਬੜ ਵੀ ਚਟਣੀ ‘ਚ ਮਿਲਾ ਕੇ ਖਾਣ ਦਾ ਸਵਾਦ ਲੈਂਦੇ। ਥੋੜੀ ਕੁ ਚਟਣੀ ਅਤੇ ਮੱਖਣ ਦੋ ਰੋਟੀਆਂ ਤੇ ਰੱਖ ਕੇ ਮਾਂ ਕਹਿੰਦੀ ‘ਆਹ ਲੈ ਪੁੱਤ ਖਾ ਤੇ ਸਕੂਲ ਨੂੰ ਤੁਰਦਾ ਬਣ’। ਦੁਪਹਿਰ ਨੂੰ ਅੱਧੀ ਛੁੱਟੀ ਵੇਲੇ ਫਿਰ ਘਰ ਰੋਟੀ ਖਾਣ ਆਉਣਾ ਤਾਂ ਸਵੇਰ ਵਾਲੀ ਪੱਕੀ ਹੋਈ ਰੋਟੀ ਅਚਾਰ ਨਾਲ ਖਾ ਕੇ ਫਿਰ ਸਕੂਲ ਨੂੰ ਭੱਜ ਜਾਣਾ। ਨਾ ਮਾਂ ਨੂੰ ਫਿਕਰ ਕੇ ਭਾਂਡੇ ਮਾਂਜਣੇ ਹਨ ਤੇ ਨਾ ਹੀ ਆਮ ਘਰਾਂ ਵਿਚ ਐਨੀਆਂ ਕੌਲੀਆਂ, ਚਮਚੇ ਅਤੇ ਥਾਲੀਆਂ ਹੁੰਦੀਆਂ ਸਨ ਕੇ ਸਾਰੇ ਇਕੱਠੇ ਬੈਠ ਕੇ ਰੋਟੀ ਖਾਂਦੇ ਪਰ ਹੁੰਦੇ ਉਹ ਇਕੱਠੇ ਹੀ। ਇੱਥੇ ਮੈਨੂੰ ਇਕ ਢੁੱਕਵਾਂ ਚੁੱਟਕਲਾ ਯਾਦ ਆਇਆ। ਇਕ ਵਾਰੀ ਕੋਈ ਬੰਦਾ ਆਪਣੇ ਬਾਪੂ ਨੂੰ ਡਾਕਟਰ ਕੋਲ ਕਿਸੇ ਬਿਮਾਰੀ ਕਰਕੇ ਲੈ ਗਿਆ। ਮਰੀਜ਼ ਨੂੰ ਦੇਖਣ ਤੋਂ ਬਾਅਦ ਡਾਕਟਰ ਕਹਿੰਦਾ, “ ਬਾਬਾ ਜੀ ਆਹ ਲਓ ਦਵਾਈ ਦੀ ਸ਼ੀਸ਼ੀ। ਦੋ ਚਮਚੇ ਸਵੇਰੇ, ਦੋ ਚਮਚੇ ਦੁਪਿਹਰੇ ਅਤੇ ਦੋ ਚਮਚੇ ਸ਼ਾਮ ਨੂੰ ਦਵਾਈ ਦੇ ਲੈਣੇ ਹਨ”। ਅੱਗੋ ਬਾਪੂ ਜੀ ਕਹਿੰਦੇ, “ ਡਾਕਟਰ ਸਾਹਿਬ ਆਹ ਫੜੋ ਆਪਣੀ ਦਵਾਈ ਵਾਲੀ ਸ਼ੀਸ਼ੀ ਸਾਡੇ ਘਰੇ ਤਾਂ ਐਨੇ ਚਮਚੇ ਹੀ ਨਹੀਂ”।
ਇਹ ਸੀ ਓਹ ਵੇਲਾ ਜਦੋਂ ਕਿਸੇ ਵਿਰਲੇ ਤਕੜੇ ਜਿਮੀਂਦਾਰ ਦੇ ਘਰ ਦੋ ਵੇਲੇ ਦਾਲ ਸਬਜ਼ੀ ਬਣਦੀ। ਆਮ ਜਿਮੀਂਦਾਰਾਂ ਦੇ ਘਰ ਸਰਦੀਆਂ ਵਿਚ ਲਵੇਰਾ ਹੁੰਦਾ ਤਾਂ ਸਵੇਰੇ ਦਹੀਂ ਦੀ ਕੌਲੀ ਅਤੇ ਮੱਖਣੀ ਮਿਲਦੀ ਨਹੀਂ ਤਾਂ ਰੋਟੀ ਚਟਣੀ ਨਾਲ ਖਾ ਲੈਣੀ ਤੇ ਸਾਰੀ ਦਿਹਾੜੀ ਕੰਮ ਕਰਦੇ ਰਹਿਣਾ। ਸਿਰਫ ਸ਼ਾਮ ਦੇ ਵੇਲੇ ਹੀ ਤੌੜੀ ਵਿਚ ਰਿੰਨੀ ਦਾਲ ਖਾਣ ਨੂੰ ਮਿਲਦੀ। ਨਾ ਕਿਸੇ ਨੂੰ ਸਰਦੀ-ਜ਼ੁਕਾਮ, ਤਾਪ ਅਤੇ ਮਲੇਰੀਆ ਹੁੰਦਾ ਤੇ ਨਾ ਹੀ ਕੋਈ ਸ਼ਹਿਰ ਡਾਕਟਰ ਕੋਲ ਦਵਾਈ ਲੈਣ ਜਾਂਦਾ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਜਿਮੀਂਦਾਰ ਦਾ ਲਮਕਮਾ ਢਿੱਡ ਹੀ ਨਹੀਂ ਸੀ ਹੁੰਦਾ। ਜਦੋਂ ਬੰਦਾ ਵਾਧੂ ਭਾਰ ਹੀ ਨਹੀਂ ਚੱਕਦਾ ਤਾਂ ਗੋਡਿਆਂ ਨੂੰ ਕੀ ਹੋਣਾ ਸੀ। ਜਦੋਂ ਵਾਧੂ ਭਾਰ ਹੀ ਨਹੀਂ ਤਾਂ ਦਿਲ ਨੂੰ ਬਹੁਤਾ ਕੰਮ ਕਰਨ ਦੀ ਵੀ ਲੋੜ ਨਹੀ ਸੀ ਪੈਂਦੀ। ਇਸ ਕਰਕੇ ਨਾ ਹਰਟ-ਅਟੈਕ ਤੇ ਨਾ ਬਲੱਡ-ਪਰੈਸ਼ਰ। ਹੋ ਸਕਦਾ ਐ ਕਿ ਕੁੱਝ ਲੋਕ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਮਰਦੇ ਹੋਣ। ਪਰ ਜਦੋਂ ਪਤਾ ਹੀ ਨਹੀਂ ਤੇ ਇਲਾਜ ਕਰਾਉਣ ਵਾਸਤੇ ਕੋਈ ਸਹੂਲਤ ਵੀ ਨਹੀਂ, ਪੈਸਾ ਵੀ ਨਹੀਂ ਤਾਂ ਫਿਰ ਇਹੀ ਕਿਹਾ ਜਾਂਦਾ ਕਿ ‘ ਫਲਾਣਿਆਂ ਦਾ ਬੁੜਾ ਤਾਂ ਚੰਗੇ- ਕਰਮਾਂ ਵਾਲਾ ਸੀ। ਵੇਖੋ ਕਿਵੇਂ ਬੈਠਾ-ਬੈਠਾ ਹੀ ਚਲਿਆ ਗਿਆ’। ਇਸ ਨੂੰ ਅਸੀਂ ਅਗਿਆਨਤਾ ਤਾਂ ਕਹਿ ਸਕਦੇ ਹਾਂ ਪਰ ਅੱਜ ਵਾਲਾ ਅੰਧਵਿਸ਼ਵਾਸ਼ ਨਹੀਂ।
1960ਵਿਆਂ ਵਿਚ ਕਈ ਗਰੀਬ ਕ੍ਰਿਸਾਨਾਂ ਦੇ ਘਰੀਂ ਸਰਦੀਆਂ ਵਿਚ ਦਾਣੇ ਮੁੱਕ ਜਾਂਦੇ ਤੇ ਇਕੱਲਾ ਸਾਗ ਖਾ ਕੇ ਹੀ ਰਾਤ ਲੰਘਾਉਣ ਪੈਂਦੀ ਤੇ ਕਈ ਹੋਰ ਗਰੀਬ ਪ੍ਰੀਵਾਰ ਭੁੱਖੇ ਹੀ ਸੌਂਦੇ। ਫਿਰ ਹਰੀ ਕਰਾਂਤੀ ਸ਼ੁਰੂ ਹੋਈ। ਪਹਲੇ ਪਹਿਲ ਮੈਕਸੀਕਨ ਕਣਕ ਤੇ ਅਗਲੇ ਸਾਲ ਕਲਿਆਣ ਤੇ ਥੋੜਾ ਚਿਰ ਬਾਅਦ ਤਾਂ ਪਤਾ ਹੀ ਨਹੀਂ ਕਿਨੇ ਕੁ ਹੋਰ ਨਮੂੰਨੇ ਬਜਾਰ ਵਿਚ ਵਿਕਣ ਲਈ ਤਿਆਰ ਬੈਠੇ ਸਨ। ਮੈਕਸੀਕਨ ਕਣਕ ਦੀ ਰੋਟੀ ਥੋੜੀ ਕਾਲੀ ਅਤੇ ਲਾਲ ਜਿਹੇ ਰੰਗ ਦੀ ਹੁੰਦੀ ਸੀ। ਜੇਕਰ ਆਟਾ ਗੁੰਨ ਕੇ ਥੋੜੀ ਦੇਰ ਪਰਾਂਤ ਵਿਚ ਰੱਖ ਦਿੱਤਾ ਤਾਂ ਆਟਾ ਵਗ ਤੁਰਦਾ। ਜੇ ਰੋਟੀ ਠੰਡੀ ਹੋ ਗਈ ਤਾਂ ਖਿੱਚਿਆਂ ਟੁੱਟਦੀ ਨਹੀਂ ਸੀ, ਜੇ ਖਾ ਲਈ ਤਾਂ, ਲੋੜੀਂਦੇ ਤੱਤਾਂ ਦੀ ਘਾਟ ਕਰਕੇ, ਫਿਰ ਦੋ ਘੰਟਿਆਂ ਬਾਅਦ ਭੁੱਖੇ ਦੇ ਭੁੱਖੇ। ਜਿਨ੍ਹਾਂ ਸੱਜਣਾਂ ਨੇ ਇਹ ਵਕਤ ਆਪਣੇ ਹੱਡਾਂ ਤੇ ਹੰਢਾਇਆ ਹੈ ਉਹ ਇਹ ਸਭ ਜਾਣਦੇ ਹਨ।
1972’ਚ ਪੰਜਾਬ ਦੇ ਬਹੁਤੇ ਪਿੰਡਾਂ ਵਿਚ ਬਿਜਲੀ ਦੀ ਸਹੂਲਤ ਮਿਲਣੀ ਸ਼ੁਰੂ ਹੋਈ ਤੇ ਇਸੇ ਹੀ ਦੌਰ ‘ਚ ਲੋਕ ਬਾਹਰ ਨੂੰ ਭੱਜਣੇ ਸ਼ੁਰੂ ਹੋਏ। ਬਸ ਫਿਰ ਕੀ ਸੀ ਹਰ ਇਕ ਨੇ, ਜਿਨ੍ਹਾਂ ਜ਼ੋਰ ਲੱਗ ਸਕਦਾ ਸੀ ਲਾਇਆ, ਆਪਣੇ-ਆਪਣੇ ਘਰ ਨੂੰ ਸਵਾਰਿਆ ਅਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਬਾਹਰ ਖਿੱਚਿਆ। ਮਣਾਂ-ਮੂੰਹੀਂ ਪੈਸਾ ਪੰਜਾਬ ਵਿਚ ਭੇਜਿਆ। ਇਸੇ ਦੌਰ ਵਿਚ ਅਸੀਂ ਕੂੰਡੇ ਵਾਲੀ ਚਟਣੀ ਦਾ ਭੋਗ ਪਾ ਦਿੱਤਾ। ਰਾਜੀਵ ਗਾਂਧੀ ਅਤੇ ਡਾ. ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਦੇ ਸਮੇਂ ਵਿਚ ਘੁਮਿਆਰਾਂ ਦੇ ਆਵੇ ਠੰਡੇ ਹੋਣੇ ਸ਼ੁਰੂ ਹੋਏ ਤੇ ਕਈ ਵੀਚਾਰੇ ਗਰੀਬੀ ਨਾਲ ਲੜਦੇ-ਘੁਲਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਕਾਰਖਾਨਿਆਂ ਵਾਲੀ ਤਰੱਕੀ ਦੇ ਰਾਹ ਪੈਣ ਤੇ ਅਸੀਂ ਸਰੀਰਕ ਕਸਰਤ ਤੋਂ ਛੁਟਕਾਰਾ ਪਾ ਕੇ ਬਿਮਾਰੀਆਂ ਵਾਲੇ ਰਸਤੇ ਪੈ ਗਏ ਜਿਸਦਾ ਪਤਾ ਸਾਨੂੰ ਹੁਣ 60 ਸਾਲਾਂ ਬਾਅਦ ਲੱਗ ਰਿਹਾ ਹੈ।
ਅੱਜ ਸਾਨੂੰ ਫਰਿੱਜ ਵਿਚੋਂ ਕੱਢਕੇ ਠੰਡੇ ਪਾਣੀ ਪੀਣ ਦੇ ਨੁਕਸਾਨਾਂ ਦਾ ਹੌਲੀ-ਹੌਲੀ ਪਤਾ ਲੱਗ ਰਿਹਾ ਹੈ ਤੇ ਆਮ ਜਨਤਾ ਘੁਮਿਆਰਾਂ ਦੇ ਆਵੇ ਦੇ ਪਕਾਏ ਘੜੇ ਮੁੜ ਤੋਂ ਖਰੀਦਣੇ ਸ਼ੁਰੂ ਕਰ ਰਹੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਅਸੀਂ ਬਹੁਤ ਸਾਰੀਆਂ ਕਾਢਾਂ ਆਪਣੇ ਬਚਾਓ ਲਈ ਨਹੀਂ ਸਗੋਂ ਨੁਕਸਾਨ ਵਾਸਤੇ ਵੀ ਕੱਢ ਲਈਆਂ ਹਨ ਜਾਂ ਫਿਰ ਇੰਞ ਕਹਿ ਲਈਏ ਕਿ ਸਾਨੂੰ ਉਸਦੇ ਵਰਤਣ ਦਾ ਪਤਾ ਨਹੀਂ। ਮੈਂ ਆਪ ਕਦੀ-ਕਦੀ ਰੋਪੜ ਵਾਲੇ ਵੈਦਾਂ, ਜੋ ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਤੋਂ ਹਕੀਮੀ ਕਰਦੇ ਆ ਰਹੇ ਹਨ, ਨੂੰ ਫੂੰਨ ਕਰਕੇ ਕੁੱਝ ਨਾ ਕੁੱਝ ਪੁੱਛਦਾ ਰਹਿੰਦਾ ਹਾਂ। ਉਨ੍ਹਾਂ ਤੋਂ ਇਹ ਪਤਾ ਚੱਲਿਆ ਕਿ ਲਸਣ ਨੂੰ ਚਾਕੂ ਨਾਲ ਬਿਲਕੁੱਲ ਨਹੀਂ ਕੱਟਣਾ ਤੇ ਤੇਲ ਵਿਚ ਭੁੰਨ ਕੇ ਖਾਣ ਨਾਲ 90% ਤੱਤ ਖਤਮ ਹੋ ਜਾਂਦੇ ਹਨ ਪਰ ਸਾਨੂੰ ਤਾਂ ਕੋਈ ਵੀ ਸਬਜ਼ੀ ਜਾਂ ਦਾਲ ਤੜਕੇ ਤੋਂ ਬਗੈਰ ਸਵਾਦ ਹੀ ਨਹੀਂ ਲੱਗਦੀ। ਮਿੱਟੀ ਦਾ ਕੂੰਡਾ, ਵਿਚ ਪੱਥਰ ਦੇ ਰੋੜ ਅਤੇ ਨਿੰਮ ਦਾ ਘੋਟਣਾ ਇਹ ਤਿੰਨੇ ਹੀ ਅੰਦਰੂਨੀ ਬਿਮਾਰਿਆਂ ਨੂੰ ਖਤਮ ਕਰਨ ਦਾ ਕੰਮ ਕਰਦੇ ਹਨ। ਪਰ ਮੈਕਸੀ ਵਿਚ ਚਟਣੀ ਬਣਾਉਣ ਨਾਲ ਅਸੀਂ ਇਨ੍ਹਾਂ ਤਿੰਨਾਂ ਚੀਜਾਂ ਦੇ ਫਾਈਦੇ ਉਠਾਉਣ ਤੋਂ ਵਾਂਝੇ ਰਹਿ ਗਏ ਤੇ ਅਸੀਂ ਬਿਮਾਰੀਆਂ ਵੱਲ ਨੂੰ ਆਪ ਹੀ ਤੁਰ ਗਏ। ਕੱਚਾ ਲਸਣ ਸਾਡੇ ਖੂੰਨ ਨੂੰ ਪਤਲਾ ਕਰਦਾ ਹੈ ਅਤੇ ਨਾੜੀਆਂ ਨੂੰ ਬੰਦ ਹੋਣ ਤੋਂ ਬਚਾਉਂਦਾ ਹੈ। ਜੇਕਰ ਨਾੜੀਆਂ ਬੰਦ ਜਾਂ ਤੰਗ ਹੋਣੋ ਬਚ ਗਈਆਂ ਤਾਂ ਅਸੀਂ ਵੀ ਬਲੱਡ-ਪਰੈਸ਼ਰ ਅਤੇ ਹਰਟ-ਅਟੈਕ ਦੀ ਬਿਮਾਰੀ ਤੋਂ ਬਚ ਗਏ। ਮੈਕਸੀ ਵਿਚ ਤਿਆਰ ਕੀਤੀ ਚਟਣੀ ਦਾ ਇਕ ਚਮਚ ਪਾਣੀ ਦੇ ਗਿਲਾਸ ਵਿਚ ਪਾ ਕੇ ਦੇਖੋ ਤੁਹਾਨੂੰ ਪੁਦੀਨੇ ਦੇ ਪੱਤੇ ਬਰੀਕ-ਬਰੀਕ ਕੱਟੇ ਹੋਏ ਨਜ਼ਰ ਤਾਂ ਆਉਣਗੇ ਪਰ ਘੁਟੇ ਹੋਏ ਨਹੀਂ ਦਿਸਣਗੇ। ਅਸੀਂ ਆਪਣਾ ਕੰਮ ਤਾਂ ਸੌਖਾ ਕਰ ਲਿਆ ਪਰ ਉਸਦੇ ਫਾਇਦੇ ਤੋਂ ਵੀ ਵਾਂਝੇ ਹੋ ਗਏ। ਹਾੜੀ ਵੱਡਦਿਆਂ ਦੇ ਜਦੋਂ ਉਂਗਲ ਤੇ ਦਾਤਰੀ ਵੱਜਦੀ ਤਾਂ ਬਾਪੂ ਕਹਿੰਦਾ ਮੁੰਡਿਆ ਜ਼ਖਮ ਤੇ ਪਿਸ਼ਾਬ ਕਰਕੇ ਫਿਰ ਥੋੜੀ ਮਿੱਟੀ ਲਾ ਕੇ ਉਪਰ ਟਾਕੀ ਬੰਨ ਲੈ ਕੱਲ੍ਹ ਤਕ ਅਰਾਮ ਆ ਜਾਊ। ਪਰ ਅੱਜ ਦੇ ਬੱਚਿਆਂ ਨੂੰ ਤਾਂ ਪਤਾ ਹੀ ਨਹੀਂ ਕਿ ਪਿਸ਼ਾਬ ਐਂਟੀਸੈਪਟਿਕ ਹੈ। ਅੱਜ ਦੇ ਬੱਚੇ ਤਾਂ ਇਹ ਜਾਣਦੇ ਹਨ ਕਿ ਪਿਸ਼ਾਬ ਕਰਨ ਤੋਂ ਬਾਅਦ ਸਾਬਣ ਨਾਲ ਹੱਥ ਚੰਗੀ ਤਰ੍ਹਾਂ ਧੋਣੇ ਬਹੁਤ ਜ਼ਰੂਰੀ ਹਨ।
ਛੇ ਕੁ ਮਹੀਨੇ ਪਹਿਲਾਂ ਮੈਂ ਇਕ ਲੇਖ, “ਕੁੱਝ ਬਿਮਾਰੀਆਂ ਦੇ ਇਲਾਜ਼ ਤੁਹਾਡੇ ਹੱਥ ਵਿਚ” ਲਿਖਿਆ ਸੀ ਜਿਸਨੂੰ ਪਾਠਕ ਅੱਜ ਤਕ ਸਾਂਭੀ ਬੈਠੇ ਹਨ। ਕੱਲ ਕਿਸੇ ਸੱਜਣ ਨੇ ਫੂੰਨ ਕੀਤਾ ਕਿ “ਗਠੀਏ ਦੇ ਇਲਾਜ਼ ਬਾਰੇ ਦੱਸੋ”। ਫੂੰਨ ਜੀ ਸਦਕੇ ਕਰੋ! ਕੋਈ ਗੱਲ ਨਹੀਂ ਪਰ ਮੇਰੀ ਬੇਨਤੀ ਹੈ ਕਿ ਮੈਂ ਕੋਈ ਵੈਦ ਜਾਂ ਦਵਾਖਾਨਾ ਨਹੀਂ ਖੋਲਿਆ ਹੋਇਆ। ਜਿਸ ਕਿਸੇ ਨੁਸਖੇ ਬਾਰੇ ਮੈਨੂੰ ਪਤਾ ਚੱਲਦਾ ਹੈ ਉਹ ਮੈਂ ਪੰਜਾਬੀ ਭੈਣਾਂ-ਭਰਾਵਾਂ ਦੇ ਪੇਸ਼ ਕਰ ਦਿੰਦਾ ਹਾਂ। ਲਸਣ, ਅਧਰਕ ਜਿਤਨਾ ਹੋ ਸਕੇ ਕੱਚਾ ਖਾਇਆ ਜਾਵੇ ਜਾਂ ਫਿਰ ਸ਼ਹਿਦ ਵਿਚ ਮਿਲਾ ਕੇ। ਫਇਦਾ ਹੀ ਫਾਇਦਾ ਨੁਕਸਾਨ ਕੋਈ ਨਹੀਂ। ਮਸਾਲਿਆਂ ਨੂੰ ਰਿੱਝਦੇ ਸਾਗ, ਦਾਲ ਜਾਂ ਮੀਟ ਵਿਚ ਪਾ ਦਿਓ। ਹੌਲੀ ਹੌਲੀ ਆਦਤ ਬਦਲ ਜਾਵੇਗੀ ਤੇ ਇਹੋ ਬਗੈਰ ਤੜਕੇ-ਫੜਕੇ ਦੇ ਹੀ ਸਵਾਦ ਲੱਗਣ ਲੱਗ ਪਵੇਗਾ। ਜੇਕਰ ਤੜਕਾ ਲਾਉਣਾ ਹੀ ਹੈ ਤਾਂ ਸਿਰਫ ਪਿਆਜ ਨੂੰ ਤੇਲ ਵਿਚ ਭੂੰਨ ਲਓ ਤੇ ਅਖੀਰਲੇ ਮਿੰਟ ਹਲਦੀ ਤੇ ਹੋਰ ਗਰਮ ਮਸਾਲੇ ਜਲਦੀ-ਜਲਦੀ ਪਾ ਕੇ ਥੋੜਾ ਬਹੁਤ ਹਲਾ ਕੇ ਥੱਲੇ ਲਾਹ ਲਓ। ਬਸ ਇਤਨਾ ਹੀ ਕਾਫੀ ਹੈ। ਗੁਰਬਾਣੀ ਦਾ ਫੁਰਮਾਣ ਹੈ:
ਸਿਰੀਰਾਗੁ ਮਹਲਾ ੫ ॥ ਮਿਠਾ ਕਰਿ ਕੈ ਖਾਇਆ ਕਉੜਾ ਉਪਜਿਆ ਸਾਦੁ ॥ ਭਾਈ ਮੀਤ ਸੁਰਿਦ ਕੀਏ ਬਿਖਿਆ ਰਚਿਆ ਬਾਦੁ ॥ ਜਾਂਦੇ ਬਿਲਮ ਨ ਹੋਵਈ ਵਿਣੁ ਨਾਵੈ ਬਿਸਮਾਦੁ ॥੧॥ ਮੇਰੇ ਮਨ ਸਤਗੁਰ ਕੀ ਸੇਵਾ ਲਾਗੁ ॥ ਜੋ ਦੀਸੈ ਸੋ ਵਿਣਸਣਾ ਮਨ ਕੀ ਮਤਿ ਤਿਆਗੁ ॥੧॥ ਰਹਾਉ ॥ ਜਿਨ੍ਹਾ ਜ਼ਿਆਦਾ ਮਿੱਠਾ ਅਸੀਂ ਖਾਦੇ ਹਾਂ ਉਤਨਾ ਹੀ ਉਸਦਾ ਸਾਡੇ ਸ਼ਰੀਰ ਤੇ ਭੈੜਾ ਅਸਰ ਪੈਂਦਾ ਹੈ ਜਿਵੇਂ ਤਿਜ਼ਾਬੀ ਮਾਦਾ ਦਾ ਹੋਣਾ ਜਾਂ ਸ਼ੂਗਰ ਰੋਗ ਦਾ ਉਤਪੰਨ ਹੋਣਾ। ਜਿਨ੍ਹੇ ਜ਼ਿਆਦਾ ਦੋਸਤ ਮਿੱਤਰ ਬਣਾਏ ਉੱਤਨੇ ਹੀ ਵਾਧੂ ਝਗੜੇ ਸਹੇੜੇ ਜਾਂਦੇ ਹਨ। ਇਹ ਸਾਰੀਆਂ ਚੀਜਾਂ, ਧਨ-ਦੌਲਤ ਆਦਿ ਦਾ ਜਾਂਦਿਆਂ ਦਾ ਪਤਾ ਵੀ ਨਹੀਂ ਲੱਗਦਾ। ਐ ਬੰਦੇ! ਆਪਣੀ ਮੱਤ ਛੱਡ ਤੇ ਗਿਆਨ ਲੈ ਕੇ ਸੱਚ ਨਾਲ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰ। ਇਹੀ ਇਕ ਵਧੀਆ, ਸੌਖਾ ਤੇ ਸਰਲ ਤਰੀਕਾ ਹੈ ਅਨੰਦ ਮਾਨਣ ਦਾ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # + 647 966 3132

ਕੁੱਝ ਬਿਆਰੀਆਂ ਦੇ ਇਲਾਜ਼ ਤੁਹਾਡੇ ਹੱਥ ਵਿਚ

ਹਰ ਦੁਨੀਆਂ ਨੂੰ ਜਿਤਣ ਵਾਲਾ ਇਕ ਦਿਨ ਬਾਜ਼ੀ ਹਾਰ ਗਿਆ। ਠੱਗੀਆਂ ਕਰ ਕਰ ਠੱਗਣ ਵਾਲਾ ਠੱਗਿਆ ਆਖਰਕਾਰ ਗਿਆ। ਝੂਠੇ ਦਾਅਵੇ ਬੰਨਣ ਵਾਲਾ ਰੋਂਦਾ ਛੱਡ ਪ੍ਰੀਵਾਰ ਗਿਆ। ਜਿਨਾਂ ਬਾਝੋਂ ਪਲ ਨਹੀਂ ਸਰਦਾ ਛੱਡ ਜੁੰਡੀ ਯਾਰ ਗਿਆ। ਆਪਣੇ ਹੱਥੀ ਅੱਗ ਲਗਾਕੇ ਆਖਣਗੇ ਦਿਲਦਾਰ ਗਿਆ। ਵਿਚ ਸਿਵਿਆਂ ਦੇ ਵਾਸਾ ਕਰ ਲਿਆ ਉੱਚੇ ਮਹਿਲ ਉਸਾਰ ਗਿਆ। ਇਕ ਦਿਨ ਸੇਖੋਂ ਇਹ ਆਖੂਗਾ ਕਿਧਰ ਤੁਰ ਕਰਤਾਰ ਗਿਆ। ਤੁਰ ਤਾਂ ਆਪਾਂ ਸਾਰਿਆਂ ਹੀ ਜਾਣਾ ਹੈ ਅੱਜ ਜਾਂ ਕੱਲ੍ਹ। ਪਰ ਜੇਕਰ ਸੌਖਿਆਂ ਜਿੰਦਗੀ ਬਤੀਤ ਹੋ ਜਾਏ ਤਾਂ ਵਧੀਆ ਨਹੀਂ ਹੱਡ-ਗੋਡੇ ਰਗੜ ਕੇ ਤਾਂ ਲੰਘਾਉਣੀ ਹੀ ਪੈਣੀ ਹੈ। ਜਦੋਂ ਅਸੀਂ ਬੇਧਿਆਨੇ ਤੁਰਦੇ ਹਾਂ ਤਾਂ ਠੇਡੇ ਵੱਜਦੇ ਹੀ ਵੱਜਦੇ ਹਨ। ਥੋੜਾ ਜਿਹਾ ਧਿਆਨ ਕਰਕੇ ਚੱਲਣ ਨਾਲ ਬਹੁਤੀ ਵਾਰੀ ਆਪਾਂ ਕੱਸੀਆਂ-ਸੂਏ ਵੀ ਟੱਪ ਜਾਂਦੇ ਹਾਂ ਜਾਂ ਪਾਰ ਕਰ ਜਾਂਦੇ ਹਾਂ ਨਹੀਂ ਤਾਂ ਧੜੰਮ ਕਰਕੇ ਵਿਚ ਡਿਗਣਾ ਲਾਜ਼ਮੀ ਹੁੰਦਾ ਹੈ। ਐਸੀਆਂ ਬਹੁਤੀਆਂ ਗਲਤੀਆਂ ਦੇ ਪਿੱਛੇ ਲਾਪਰਵਾਹੀ ਕੰਮ ਕਰ ਰਹੀ ਹੁੰਦੀ ਹੈ। ਭੋਰਾ ਕੁ ਲਾਪਰਵਾਹੀ ਨੇ ਕਈਆਂ ਦੇ ਘਰ ਉਜਾੜੇ, ਰਾਜ-ਭਾਗ ਉਜਾੜੇ। ਫੋਕੀ ਸ਼ੌਹਰਤ ਅਤੇ ਜਿੰਦਗੀ ਦੇ ਕਾਮੁਕ ਚਸਕਿਆਂ ਨੇ ਰਾਜਿਆਂ ਮਹਾਂ ਰਾਜਿਆਂ ਨੂੰ ਵੀ ਨਹੀਂ ਬਖਸ਼ਿਆ। ਇੰਗਲੈਂਡ ਦੀ ਰਾਣੀ ਦੇ ਪੁਤਰ ਅਤੇ ਨੂੰਹ ਤੇ ਇਹ ਗੱਲ ਬਿਲਕੁਲ ਸਉਅ ਪਰਸੈਂਟ ਢੁੱਕਦੀ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ:
ਮਤੁ ਜਾਣ ਸਹਿ ਗਲੀ ਪਾਇਆ ॥ ਮਾਲ ਕੈ ਮਾਣੈ ਰੂਪ ਕੀ ਸੋਭਾ ਇਤੁ ਬਿਧੀ ਜਨਮੁ ਗਵਾਇਆ ॥੧॥ ਪੰਨਾ 24॥ ਪੈਸੇ ਅਤੇ ਰੂਪ ਦੀ ਸੋਭਾ ਕਰਕੇ ਲੇਡੀ ਡਿਆਨਾ ਆਪਣੀ ਜ਼ਿੰਦਗੀ ਤੋਂ ਹੱਥ ਧੋ ਬੈਠੀ। ਮਿਲਿਆ ਕੀ? ਕਬਰ ਤੇ ਫੁਲਾਂ ਦਾ ਗੁਲਦਸਤਾ। ਓਹ ਵੀ ਅਗਲੇ ਕੁੱਝ ਸਾਲ ਤੇ ਫਿਰ ਬੱਸ ਚੁਪ-ਚਾਪ। ਨਾ ਕੋਈ ਪੁੱਤ ਨਾ ਧੀ।
1960-62 ਵਿਚ ਜਦੋਂ ਸਕੂਲ ਪੜ੍ਹਦੇ ਸੀ ਤਾਂ ਇਸ ਤਰ੍ਹਾਂ ਦੀ ਇਕ ਵਕਿਤਾ ਹੁੰਦੀ ਸੀ: ਅੱਖਾਂ ਗਈਆਂ ਤਾਂ ਜਹਾਨ ਗਿਆ। ਜੀਭ ਗਈ ਤਾਂ ਸੁਆਦ ਗਿਆ। ਦੰਦ ਗਏ ਤਾਂ...। ਅੱਗੇ ਯਾਦ ਨਹੀਂ। ਪਰ ਇਸ ਗੱਲ ਦੀ ਸੋਝੀ ਹੁਣ 60 ਸਾਲਾਂ ਬਾਅਦ ਆਈ ਹੈ ਕਿ ਚੌਥੀ ਪੰਜਵੀਂ ਜਮਾਤ ਵਿਚ ਪੜ੍ਹਾਈ ਜਾਣ ਵਾਲੀ ਕਵਿਤਾ ਦਾ ਮਤਲਬ ਕੀ ਸੀ। ਅੱਜ ਜਦੋਂ ਮੈਂ ਆਪ ਇਸ ਕਨਾਰੇ ਪਹੁੰਚ ਗਿਆ ਹਾਂ ਤਾਂ ਇਸ ਵਿਸ਼ੇ ਤੇ ਵੀਚਾਰ ਕਰਨ ਦੀ ਸੋਝੀ ਆਈ ਹੈ।
ਪਿਛਲੇ ਕੁੱਝ ਸਾਲਾਂ ਤੋਂ ਮੇਰਾ ਫੈਮਲੀ ਡਾਕਟਰ ਕਹਿ ਰਿਹਾ ਸੀ; “ ਤੇਰਾ ਖੂੰਨ ਗਾੜਾ ਹੈ, ਬਲੱਡ ਕੋਲਿਸਟਰੋਲ ਕਾਫੀ ਜ਼ਿਆਦਾ ਹੈ, 6.59 ਹੈ, ਤੁੰ ਗੋਲੀਆਂ ਲੈਣੀਆਂ ਸ਼ੁਰੂ ਕਰ ਦੇ”। ਪਰ ਮੈਂ ਮਨਾਹ ਹੀ ਕਰਦਾ ਰਿਹਾ। ਕਿਉਂਕਿ ਉਨ੍ਹਾਂ ਗੋਲੀਆਂ ਦੇ ਹੋਰ ਕਈ ਨੁਕਸਾਨ ਵੀ ਹੁੰਦੇ ਹਨ ਤੇ ਮੈਂ ਦੇਸੀ ਘਰੇਲੂ ਨੁਸਖੇ ਲੱਭਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੇ ਜੇਕਰ ਫਾਇਦੇ ਨਹੀਂ ਤਾਂ ਨੁਕਸਾਨ ਵੀ ਕੋਈ ਨਹੀਂ। ਕਈ ਕੁੱਝ ਬਣਾਇਆ ਤੇ ਖਾਦਾ ਪਰ ਜਿਸ ਨਾਲ ਸਫਲਤਾ ਪ੍ਰਾਪਤ ਹੋਈ ਉਹ ਕੁੱਝ ਅੱਜ ਤੁਹਾਡੇ ਨਾਲ ਤੁਹਾਡੇ ਭਲੇ ਲਈ ਸਾਂਝਾ ਕਰਨ ਲੱਗਿਆ ਹਾਂ।


ਲਸਣ ਕਿਵੇਂ ਖਾਈਏ ਤੇ ਫਾਇਦੇ।
ਖੂੰਨ ਦੇ ਗਾੜੇਪਨ (ਬਲੱਡ ਕਲਿਸਟਰੋਲ ਦਾ ਹੋਣਾ) ਨੂੰ ਘੱਟ ਕਰਨ ਕਰਨ ਦੇ ਹੋਰ ਵੀ ਕਈ ਤਰੀਕੇ ਹੋ ਸਕਦੇ ਹਨ, ਲਸਣ ਨੂੰ ਖਾਣ ਦੇ ਹੋਰ ਵੀ ਬਹੁਤ ਢੰਗ ਹੋ ਸਕਦੇ ਹਨ ਪਰ ਜੋ ਮੈਂ ਆਪਣੇ ਤੇ ਅਜਮਾਇਸ਼ ਕਰਕੇ ਦੱਸਣ ਲੱਗਿਆ ਹਾਂ। ਓਹ ਇਹ ਹੈ ਕਿ ਸਵੇਰੇ ਸਵੇਰ ਦੋ ਪੋਥੀਆਂ ਛਿਲ ਕੇ ਕਿਸੇ ਛੋਟੇ ਮਾਮਦਸਤੇ ਵਿਚ ਰਗੜ ਲਓ (ਸਾਡੇ ਇਲਾਕੇ ਵਿਚ ਲਸਣ ਦੇ ਗੰਡੇ ਦੇ ਛੋਟੇ ਛੋਟੇ ਹਿਸਿਆਂ ਨੂੰ ਪੋਥੀਆਂ ਕਹਿੰਦੇ ਹਨ)। ਲਸਣ ਨੂੰ ਚਾਕੂ ਨਾਲ ਕਿਸੇ ਵੀ ਹਾਲਤ ਵਿਚ ਕੱਟਣਾ ਨਹੀਂ। ਮਾਮਦਸਤੇ ਵਿਚੋਂ ਰਗੜੇ ਹੋਏ ਲਸਣ ਨੂੰ ਕਿਸੇ ਵੀ ਕੌਲੀ ਵਿਚ ਕੱਢ ਲਓ ਤੇ ਵਿਚ ਇਕ ਚਮਚਾ ਸ਼ਹਿਦ ਦਾ ਮਿਲਾ ਕੇ ਖਾ ਲਓ। ਫਿਰ ਗਰਮ ਪਾਣੀ ਦਾ ਇਕ ਵੱਡਾ ਗਲਾਸ ਲੈ ਕੇ, ਬੇਸ਼ੱਕ ਇਸ ਨਾਲ ਮਾਮਦਸਤਾ ਵੀ ਧੋ ਕੇ ਵਿਚ ਮਿਲਾ ਲਓ, ਪੀ ਜਾਓ। ਸਿਰਫ ਤਿੰਨ ਕੁ ਹਫਤੇ ਸਵੇਰੇ ਸਵੇਰੇ ਲਸਣ ਖਾਣ ਨਾਲ ਤੁਹਾਡਾ ਬਲੱਡ ਕਲਿਸਟਰੋਲ 5.19 ਜਾਣੀ ਕੇ ਨਾਰਮਲ ਹੋ ਜਾਵੇਗਾ।  ਜੋ ਸੱਜਣ ਹਫਤਾ ਹਫਤਾ ਭਰ ਘਰੋਂ ਬਾਹਰ ਰਹਿੰਦੇ ਹਨ ਉਹ ਲਸਣ ਦੀਆਂ 10-12 ਪੋਥੀਆਂ ਛਿਲ ਕੇ ਕੱਚ ਦੀ ਸ਼ੀਸ਼ੀ ਵਿਚ ਪਾ ਲੈਣ ਅਤੇ ਪੰਜ ਸੱਤ ਚਮਚ ਸ਼ਹਿਦ ਦੇ ਮਿਲਾ ਲੈਣ। ਹਰ ਰੋਜ ਸਵੇਰੇ ਉੱਠ ਕੇ ਸ਼ਹਿਦ ਨਾਲ ਲਿਬੜੀਆਂ ਹੋਈਆਂ ਦੋ ਪੋਥੀਆਂ ਨੂੰ ਚੰਗੀ ਤਰ੍ਹਾਂ ਚਬਾ ਕੇ ਅੰਦਰ ਲੰਘਾ ਲੈਣ ਅਤੇ ਉਪਰੋਂ ਗਰਮ ਪਾਣੀ ਦਾ ਇਕ ਵੱਡਾ ਗਲਾਸ ਪੀਣ। 3-4 ਹਫਤਿਆਂ ਵਿਚ ਬਲੱਡ ਕਲਿਸਟਰੋਲ ਨਾਰਮਲ ਹੋ ਜਾਵੇਗਾ। ਛੇ ਕੁ ਮਹੀਨਿਆਂ ਬਾਅਦ ਹੁਣ ਮੈਂ ਫਿਰ ਲਸਣ ਖਾਣ ਦਾ ਇਹੀ ਤਰੀਕਾ ਵਰਤ ਕੇ ਦੋਬਾਰਾ ਆਪਣਾ ਖੂਨ ਟੈਸਟ ਕਰਾਵਾਂਗਾ। ਮੈਨੂੰ ਪੂਰਨ ਉਮੀਦ ਅਤੇ ਯਕੀਨ ਹੈ ਕਿ ਕੋਈ ਅਸਧਾਰਣ ਨਤੀਜਾ ਨਹੀਂ ਨਿਕਲੇਗਾ।


ਅੰਤੜੀਆਂ ਨੂੰ ਖੋਲ੍ਹਣ ਦਾ ਤਰੀਕਾ:
ਦੋ ਪਾਨ ਪੱਤੇ ਬੰਗਾਲੀ ਡੰਡਲ ਸਮੇਤ, ਉਂਗਲੀ ਦੇ ਪੋਟੇ ਜਿਤਨਾ ਅਧਰਕ ਅਤੇ ਦੋ ਪੋਥੀਆਂ ਲਸਣ ਦੀਆਂ ਲੈ ਕੇ ਪੱਥਰ ਦੇ ਕੂੰਡੇ-ਘੋਟਣੇ ਨਾਲ 15 ਕੁ ਮਿੰਟ ਰਗੜੋ। ਜਦੋਂ ਇਹ ਸਾਰਾ ਕੁੱਝ ਬਿਲਕੁਲ ਮਹੀਨ ਹੋ ਜਾਵੇ ਤਾਂ ਦੋ ਚਮਚ ਸ਼ਹਿਦ ਦੇ ਮਿਲਾ ਕੇ ਹੌਲੀ ਹੌਲੀ 40-45 ਮਿੰਟਾਂ ਵਿਚ ਇਸ ਨੂੰ ਉਂਗਲੀ ਨਾਲ ਚੱਟ ਕੇ ਅੰਦਰ ਲੰਘਾਓ। ਇਹ ਕੰਮ ਸਿਰਫ ਦਸ ਦਿਨ ਕਰਨ ਨਾਲ ਅੰਤੜੀਆਂ ਬਿਲਕੁੱਲ ਖੁਲ੍ਹ ਜਾਣਗੀਆਂ। ਸਾਹ ਦਾ ਚੜਨਾ ਵੀ ਬੰਦ ਹੋ ਜਾਵੇਗਾ, ਜਾਣੀਕੇ ਨਾਰਮਲ। ਇਸ ਨਾਲ ਟਰਿਗਲਿਸਰਾਈਡ ਵੀ ਨਾਰਮਲ ਹੁੰਦਾ ਹੈ। ਇਹ ਤਰੀਕਾ ਮੇਰੇ ਹੀ ਕਿਸੇ ਸੱਜਣ-ਮਿਤਰ ਨੇ ਅਜਮਾ ਕੇ ਦੇਖਿਆ ਹੈ।
ਇਕ ਹੋਰ ਵੀ ਤਰੀਕਾ ਹੈ ਅੰਤੜੀਆਂ ਨੂੰ ਖੋਲਣ ਦਾ: ਅਧਰਕ, ਲਸਣ, ਨਿੰਬੂ (ਪੀਲੇ ਵਾਲੇ) ਇਨ੍ਹਾਂ ਦਾ ਰਸ ਇਕੋ ਜਿਨੀ ਮਾਤਰਾ ਵਿਚ ਕੱਢਕੇ ਅਤੇ ਓਨੀ ਹੀ ਮਾਤਰਾ, ਮਤਲਬ ਅਧਰਕ ਜਾਂ ਨਿਬੂੰ ਜਾਂ ਲਸਣ ਦੇ ਰਸ, ਜਿਤਨਾ ਹੀ ਐਪਲ ਸਾਈਡਰ ਵੈਨੀਗਰ ਆਗਾਨਿਕ ਮਿਲਾ ਕੇ ਮੱਠੀ ਮੱਠੀ ਅੱਗ ਤੇ ਓਬਾਲੋ ਜਦੋਂ ਇਕ ਤਿਹਾਈ ਉੱਡ ਜਾਵੇ ਜਾਂ ਜਦੋਂ ਦੋ ਤਿਹਾਈ ਬਾਕੀ ਬੱਚ ਜਾਵੇ ਤਾਂ ਅੱਗ ਬੰਦ ਕਰ ਦਿਓ। ਠੰਡਾ ਹੋਣ ਉਪਰੰਤ ਆਪਣੀ ਮਰਜ਼ੀ ਅਨੁਸਾਰ ਸ਼ਹਿਦ ਮਿਲਾ ਕੇ ਕੱਚ ਦੀ ਬੋਤਲ ਵਿਚ ਪਾ ਲਓ। ਹਰ ਰੋਜ਼ ਸਵੇਰੇ ਸਵੇਰੇ ਨਿਰਣੇ ਕਾਲਜੇ ਦੋ- ਤਿੰਨ ਵੱਡੇ ਚਮਚ ਜਾਂ ਇਕ ਘੁੱਟ ਭਰ ਲਓ। ਇਕ ਜਾਂ ਦੋ ਮਹੀਨਿਆਂ ਬਾਅਦ ਖੂੰਨ ਚੈਕ ਕਰਵਾਓ। ਨਤੀਜਾ ਪਹਿਲੇ ਨਾਲੋਂ ਵਧੀਆ ਹੋਵੇਗਾ।

ਭਾਰ ਘੱਟ ਕਰਨ ਦਾ ਤਰੀਕਾ:
ਜ਼ੀਰਾ, ਅਜਵੈਣ ਅਤੇ ਅਲਸੀ ਦੇ ਬੀਜ਼, ਲਾਲ ਵਾਲੇ। ਜ਼ੀਰਾ ਤੇ ਅਜਵੈਣ ਇਕ ਇਕ ਚਮਚ ਅਤੇ ਅਲਸੀ ਦੇ ਬੀਜ਼ ਡੇਢ ਚਮਚ। ਮਤਲਬ ਅਲਸੀ ਦੀ ਮਾਤਰਾ ਦੂਜੀਆਂ ਦੋ ਚੀਜ਼ਾਂ ਨਾਲੋਂ ਡੇਢੀ ਰੱਖਣੀ ਹੈ। ਜੇਕਰ ਸਾਰੇ ਪ੍ਰੀਵਾਰ ਵਾਸਤੇ ਇਹ ਚੂਰਣ ਬਣਾਉਣਾ ਹੋਵੇ ਤਾਂ ਭਾਂਵੇਂ ਜਿਤਨਾ ਮਰਜ਼ੀ ਬਣਾਓ ਨਹੀਂ ਤਾਂ ਜ਼ੀਰਾ ਅਜਵੈਣ ਦੋ ਵੱਡੇ ਚਮਚ ਅਤੇ ਅਲਸੀ ਤੇ ਤਿੰਨ ਚਮਚ ਫਰਾਈਪੈਨ ਵਿਚ ਪਾ ਕੇ ਗਰਮ ਕਰੋ। ਇਸ ਸਾਰੇ ਕਾਸੇ ਨੂੰ ਭੁੰਨਣਾ ਨਹੀਂ। ਗਰਮ ਕਰਨ ਤੋਂ ਬਾਅਦ ਠੰਡਾ ਹੋਣ ਦਿਓ। ਫਿਰ ਗਰਾਈਂਡਰ ਵਿਚ ਪਾ ਕੇ ਜਿਤਨਾ ਮਹੀਨ ਹੋ ਸਕੇ ਕਰੋ। ਜਾਣੀ ਕੇ ਆਟੇ ਵਰਗਾ ਬਰੀਕ ਕਰ ਲਓ। ਇਸ ਨੂੰ ਕੱਚ ਦੀ ਸ਼ੀਸ਼ੀ ਵਿਚ ਪਾ ਕੇ ਰੱਖੋ। ਕਦੇ ਵੀ ਪਲਾਸਟਿਕ ਦੀ ਸ਼ੀਸ਼ੀ ਵਿਚ ਨਹੀਂ ਪਾਉਣਾ। ਸਵੇਰੇ ਸਵੇਰੇ ਨਿਰਣੇ ਕਾਲਜੇ ਇਕ ਛੋਟਾ ਚਮਚ (ਟੀ ਸਪੂਨ) ਗਰਮ ਗਰਮ ਪਾਣੀ ਦੇ ਵੱਡੇ ਗਲਾਸ ਨਾਲ ਅੰਦਰ ਲੰਘਾ ਲਓ। ਇਸ ਤਰ੍ਹਾਂ ਕੋਈ ਚਾਰ ਕੁ ਹਫਤੇ ਕਰੋ। ਫਿਰ ਦੋ ਹਫਤੇ ਨਹੀਂ ਲੈਣਾ। ਇਹੀ ਪ੍ਰਕ੍ਰਿਆ ਅਗਲੇ ਚਾਰ ਪੰਜ ਮਹੀਨੇ ਕਰੋ। ਪੰਜ ਛੇ ਮਹੀਨਆਂ ਬਾਅਦ 20-25 ਪੌਂਡ ਭਾਰ ਘੱਟ ਜਾਵੇਗਾ। ਸਿਰਫ ਇਸ ਗੱਲ ਦਾ ਖਿਆਲ ਰੱਖਣਾ ਹੈ ਕਿ ਠੰਡਾ ਪਾਣੀ ਅਤੇ ਕੋਲਡ ਡਰਿੰਕਸ ਨਹੀਂ ਲੈਣੀਆਂ। ਕੋਸ਼ਿਸ ਇਹ ਕਰੋ ਕਿ ਫਰਿਜ਼ ਵਿਚੋਂ ਕੱਢ ਕੇ ਕੁੱਝ ਵੀ  ਨਹੀਂ ਖਾਣਾ ਪੀਣਾ।


ਜੋੜਾਂ ਦੇ ਦਰਦਾਂ ਇਲਾਜ:
ਜੈਤੂਨ ਦਾ ਤੇਲ (ਆਲੀਵ ਓਇਲ) ਰੀਫਾਇਨਡ ਨਹੀਂ ਲੈਣਾ। 250-300 ਗਰਾਮ ਜੈਤੂਨ ਦਾ ਤੇਲ ਇਕ ਕੱਚ ਦੀ ਸ਼ੀਸੀ ਵਿਚ ਪਾ ਲਓ। ਇਸ ਵਿਚ ਪੀਲੇ ਵਾਲੇ ਤਿੰਨ-ਚਾਰ ਨਿਬੂੰਆਂ ਦੀਆਂ ਸਿਰਫ ਛਿਲਾਂ ਕੱਟ ਕੇ ਪਾਓ। ਨਿਬੂੰਆਂ ਦਾ ਰਸ ਕੱਢ ਕੇ ਵਰਤ ਲਓ। ਮਤਲਬ ਰਸ ਤੇਲ ਵਿਚ ਨਹੀਂ ਪਾਉਣਾ। ਇਸ ਨੂੰ ਤਿੰਨ ਕੁ ਹਫਤੇ ਰਸੋਈ ਵਿਚ ਪਿਆ ਰਹਿਣ ਦਿਓ। ਫਿਰ ਛਾਨਣੀ ਨਾਲ ਛਾਂਣ ਲਓ। ਹੁਣ ਤੇਲ ਵਰਤਣ ਲਈ ਤਿਆਰ ਹੈ। ਤੇਲ ਵਿਚੋਂ ਕੱਢੀਆਂ ਛਿਲਾਂ ਸੁੱਟਣੀਆਂ ਨਹੀਂ। ਪਹਿਲਾਂ ਛਿਲਾਂ ਨੂੰ ਆਪਣੇ ਜੋੜਾਂ ਤੇ ਮਲ ਲਓ ਤੇ ਫਿਰ ਤੇਲ ਦੀ ਵਰਤੋਂ ਕਰੋ। ਹਫਤੇ ਕੁ ਦੇ ਅੰਦਰ ਅੰਦਰ ਇਸ ਦੇ ਨਤੀਜੇ ਤੁਹਾਨੂੰ ਮਹਿਸੂਸ ਹੋਣ ਲੱਗ ਪੈਣਗੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079

ਪਟਿਆਲਾ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੀਆਂ ਪ੍ਰਾਪਤੀਆਂ/ਬਾਬੇ ਦੇ ਸਿਧਾਂਤ ਦਾ ਖੰਡਨ - ਗੁਰਚਰਨ ਸਿੰਘ ਜਿਉਣ ਵਾਲਾ

ਡਾ. ਦਲਜੀਤ ਸਿੰਘ ਵਾਲੀਆ, ਇੰਚਾਰਜ ਸ੍ਰੀ ਗੁਰੂ ਤੇਗ ਬਹਾਦਰ ਰਾਸ਼ਟਰੀ ਏਕਤਾ ਚੇਅਰ ਅਤੇ ਅਸਿਸਟੈਂਟ ਪ੍ਰੋਫੈਸਰ, ਪੰਜਾਬ ਇਤਿਹਾਸ ਅਧਿਅਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਨੇ ਆਪਣੀ ਕਿਤਾਬ ਸ੍ਰੀ ਗੁਰੂ ਨਾਨਕ ਦੇਵ ਜੀ (1469-1539 ਈ.) ਵਿਚ ਜੋ ਕੜੀ ਘੋਲੀ ਹੈ ਉਸ ਵਿਚੋਂ ਵੰਨਗੀ ਮਾਤਰ ਕੁੱਝ ਅੰਸ਼ ਸਾਰੀ ਸਿੱਖ ਕੌਮ ਦੇ ਸਾਹਮਣੇ ਰੱਖਣ ਦਾ ਉਪਰਾਲਾ ਕਰ ਰਿਹਾ ਹਾਂ। ਸਾਨੂੰ ਸੱਭ ਨੂੰ ਇਹ ਵੀ ਪਤਾ ਹੈ ਕਿ ਸੰਪਾਦਕ ਆਪਣੀ ਕਿਤਾਬ ਵਿਚਲੀਆਂ ਸਾਰੀਆਂ ਲਿਖਤਾਂ ਦੇ ਠੀਕ ਨਾ ਠੀਕ ਹੋਣ ਦਾ ਜ਼ੁਮੇਵਾਰ ਹੁੰਦਾ ਹੈ। ਸਾਨੁੰ ਇਹ ਵੀ ਪਤਾ ਹੈ ਕਿ ਅੱਜ ਦੇ ਸਾਰਕਾਰੀ ਮਹੌਲ ਵਿਚ ਇਹੀ ਵਾਪਰਦਾ ਹੈ ਕਿ “ ਤੂੰ ਮੈਨੂੰ ਮੁੱਲਾ ਕਹੋ ਮੈਂ ਤੈਨੂੰ ਕਾਜ਼ੀ ਕਹਾਂ”। ਇਸ ਕਿਤਾਬ ਅੰਦਰਲੀਆਂ ਲਿਖਤਾਂ ਵਿਚੋਂ ਵੀ ਇਹੀ ਸਾਬਤ ਹੁੰਦਾ ਹੈ।
ਸਿਰਦਾਰ ਦਲਜੀਤ ਸਿੰਘ ਵਾਲੀਆ ਜੀ 16 ਜੂਨ 2019 ਨੂੰ ਗੁਰੂ ਨਾਨਕ ਪ੍ਰਕਾਸ਼ ਉਤਸਵ ਬਾਰੇ ਬੁਲਾਈ ਗਈ ਕਾਂਨਫ੍ਰੰਸ ਵਿਚ ਹਿਸਾ ਲੈਣ ਲਈ ਬਰੈਂਪਟਨ, ਕੈਨੇਡਾ, ਆਏ ਤੇ ਜੋ ਪੇਪਰ ਉਨ੍ਹਾਂ ਪੜ੍ਹਿਆ ਉਹ ਮੁੱਖ ਤੌਰ ਤੇ ਇਸ ਕਿਤਾਬ ਦੇ ਮੁੱਖ ਬੰਦ ਦਾ ਹਿਸਾ ਹੀ ਸੀ। ਜਿਵੇਂ ਦਸਵੀਂ ਜਮਾਤ ਦਾ ਵਿਦਿਆਰਥੀ ਆਪਣੇ ਅਧਿਆਪਕ ਨੂੰ ਪਾਠ ਸੁਣਾ ਰਿਹਾ ਹੁੰਦਾ ਹੈ ਇਵੇਂ ਉਹ 15-20 ਮਿੰਟ ਵਿਚ ਆਪਣਾ ਪਰਚਾ ਪੜ੍ਹ ਕੇ ਮੁੱਖ ਮਹਿਮਾਨ ਵਾਲੀ ਕੁਰਸੀ ਤੇ ਜਾ ਬਿਰਾਜੇ। ਮੇਰੇ ਵਲੋਂ ਪਾਏ ਗਏ ਸਵਾਲ ਦਾ ਜਵਾਬ ਦੇਣਾ ਵੀ ਮੁਨਾਸਬ ਨਹੀਂ ਸਮਝਿਆ ਗਿਆ। ਸਵਾਲ ਸਿਰਫ ਇਹ ਸੀ ਕਿ ਗੁਰੂ ਨਾਨਕ ਪਾਤਸ਼ਾਹ ਦੇ ਜਨਮ ਦੀ ਕਿਹੜੀ ਤਾਰੀਕ ਠੀਕ ਹੈ? ਬਾਅਦ ਵਿਚ ਪੁੱਛਣ ਦੇ ਜਵਾਬ ਦਿੱਤਾ ਕਿ ਇਹ ਵਿਵਾਦੀ ਵਿਸ਼ਾ ਹੈ। ਮੇਰਾ ਜਵਾਬ ਸੀ ਕਿ ਤੁਸੀਂ ਪੰਜਾਬ ਇਤਿਹਾਸ ਅਧਿਅਨ ਵਿਭਾਗ ਨੂੰ ਵਲਗਣਾ ਮਾਰ ਕੇ ਬੈਠੇ ਹੋ ਤੇ ਇਸਦਾ ਹੱਲ ਕੋਈ ਹੋਰ ਲੱਭੇਗਾ? ਹੁਣ ਇਸ ਚਿੱਠੀ ਰਾਹੀਂ ਇਹ ਸਵਾਲ ਪੁੱਛ ਰਿਹਾ ਹਾਂ ਕਿ ਇਸ ਕਿਤਾਬ ਦੀਆਂ ਸਿਰਫ 150 ਕਾਪੀਆਂ ਹੀ ਛਾਪੀਆਂ ਗਈਆਂ ਹਨ ਇਸਦਾ ਭੇਦ ਕੀ ਹੈ? ਜੇਕਰ ਇਹ ਕਿਤਾਬ ਵਾਕਿਆ ਹੀ ਪਾਏਦਾਰ ਹੈ ਤਾਂ ਇਹ ਆਮ ਜਨਤਾ ਦੇ ਹੱਥਾਂ ‘ਚ ਹੋਣੀ ਚਾਹੀਦੀ ਹੈ। ਪਰ 150 ਕਿਤਾਬਾਂ ਤਾਂ ਪੰਜ ਦਸ ਥਾਂਵਾਂ ਤੇ ਰਲੀਜ਼ ਕਰਨ ਨਾਲ ਹੀ ਮੁੱਕ ਜਾਣੀਆਂ ਹਨ ਤੇ ਇਹ ਕਿਤਾਬ ਫਿਰ ਉਨ੍ਹਾਂ ਦੇ ਹੱਥਾਂ ਤਕ ਹੀ ਸੀਮਤ ਹੋ ਜਵੇਗੀ ਜੋ ਇਨ੍ਹਾਂ ਨੂੰ ਮੁੱਲਾ ਕਹਿਣਗੇ ਤੇ ਇਹ ਉਨ੍ਹਾਂ ਨੂੰ ਕਾਜ਼ੀ।
ਭੂਮਿਕਾ ਦੇ ਦੂਜੇ ਪਹਿਰੇ ਦੀ ਦੂਜੀ ਸਤਰ; “ਭਟਕੇ ਹੋਏ ਲੋਕਾਂ ਨੂੰ ਸਿੱਧੇ ਰਾਹ ਪਾਉਣ ਅਤੇ ਨਾਮ ਸਿਮਰਨ ਤੇ ਸ਼ਬਦ ਦੀ ਸ਼ਕਤੀ ਤੋਂ ਲੋਕਾਂ ਨੂੰ ਜਾਣੂ ਕਰਵਾਉਣ ਲਈ 1498 ਤੋਂ 1509 ਈ. ਤਕ ਚਾਰੋਂ ਦਿਸ਼ਾਵਾਂ ਵਿਚ ਵੱਖ-ਵੱਖ ਸਥਾਨਾਂ ਦੀ ਯਾਤਰਾ ਕੀਤੀ”। ਮਤਲਬ ਗੁਰੂ ਨਾਨਕ ਪਿਤਾ ਜੀ ਨੇ ਸਿਰਫ 11 ਸਾਲ ਯਾਤਰਾਵਾਂ ਕੀਤੀਆਂ। ਪਰ ਇਸੇ ਕਿਤਾਬ ਦਾ ਪੰਨਾ 196 ਇਨ੍ਹਾਂ ਦੀ ਉਪਰਲੀ ਮਨੌਤ ਨੂੰ ਕੱਟਦਾ ਹੈ। ਭਾਰਤਬੀਰ ਕੌਰ ਸੰਧੂ , ਅਸਿਸਟੈਂਟ ਪ੍ਰੋ., ਗੁਰੂ ਨਾਨਕ ਅਧਿਐਨ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ਆਪਣੇ ਲੇਖ ਵਿਚ ਲਿਖਦੇ ਹਨ; “ ਜਨਮਸਾਖੀਆਂ ਅਨੁਸਾਰ ਗੁਰੂ ਨਾਨਕ ਦੇਵ ਜੀ ਨੇ 1499 ਈਸਵੀ ਤੋਂ ਲੈ ਕੇ 1520-21 ਈਸਵੀ ਤਕ ਦੇਸ਼ ਵਿਦੇਸ਼ ਦੇ ਕਈਆਂ ਹਿਸਿਆਂ ਵਿਚ ਯਾਤਰਾਵਾਂ/ਉਦਾਸੀਆਂ ਕੀਤੀਆਂ ਸਨ”। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਦੋਹਾਂ ਅਸਿਸਟੈਂਟ ਪ੍ਰੋਫੈਸਰਾਂ ਵਿਚੋਂ ਕਿਹੜਾ ਠੀਕ ਤੇ ਕਿਹੜਾ ਗਲਤ ਹੈ? ਠੀਕ ਜਿਹੜਾ ਵੀ ਹੋਵੇ ਓਹ ਗੱਲ ਨਹੀਂ ਸਵਾਲ ਇਹ ਹੈ ਕਿ ਸੰਪਾਦਕ ਨੇ ਦੂਸਰਿਆਂ ਲਿਖਾਰੀਆਂ ਦੇ ਸਾਰੇ ਲੇਖ ਪੜ੍ਹ ਕੇ ਚੰਗੀ ਤਰ੍ਹਾਂ ਘੋਖ ਕੇ ਆਪਣੀ ਕਿਤਾਬ ਵਿਚ ਛਾਪੇ ਹਨ ਜਾਂ ਫਿਰ ਅੱਖਾਂ ਮੀਚ ਕੇ? ਮੈਨੂੰ ਤਾਂ ਮੇਰੀ ਆਪਣੀ ਦਲੀਲ “ਅੱਖਾਂ ਮੀਚ ਕੇ” ਵਾਲੀ ਠੀਕ ਲੱਗਦੀ ਹੈ। ਇਸੇ ਪਹਿਰੇ ਦੀ ਪਹਿਲੀ ਪੰਗਤੀ ਵੱਲ ਨਜ਼ਰ ਮਾਰੋ। “ਸ਼ਬਦ ਦੀ ਸ਼ਕਤੀ” ਪ੍ਰੋਫੈਸਰ ਵਾਲੀਆ ਜੀ ਤੁਸੀਂ ਕਿਸੇ ਨੂੰ ਸਿੱਖੀ ਬਾਰੇ ਕੀ ਦੱਸੋਓਗੇ ਤੁਹਾਡੀ ਤਾਂ ਸੋਚ ਹੀ ਪੰਡਿਤ ਵਾਲੀ ਹੈ। ਸ਼ਬਦ/ਮੰਤਰ ਵਿਚ ਸ਼ਕਤੀ ਤਾਂ ਪੰਡਿਤ ਜੀ ਦੀ ਬੋਲੀ ਹੈ। ਇਹ ਤਾਂ ਓਹ ਕਹਿੰਦਾ ਹੈ ਕਿ ਮੰਤਰ ਮੇਰੇ ਕੋਲ ਹੈ ਇਸਦਾ ਰਟਨ ਕਰਨ ਨਾਲ ਦੇਵੀ, ਦੇਵਤੇ, ਬੀਰ ਵਗੈਰਾ ਸੱਭ ਵੱਸ ਹੋ ਜਾਂਦੇ ਹਨ। ਕੀ ਤੁਸੀਂ ਇਹ ਪੰਗਤੀਆਂ ਪੜ੍ਹੀਆਂ ਹਨ; ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥3॥ ਤੁਹਾਨੂੰ ਤਾਂ ਇਹ ਵੀ ਨਹੀਂ ਪਤਾ ਕਿ ਸ਼ਬਦ ਵਿਚ ਸ਼ਕਤੀ ਨਹੀਂ ਹੁੰਦੀ ਸਗੋਂ ਸ਼ਬਦ ਨੂੰ ਸਮਝਣ ਵਾਲੇ ਵਿਚ ਸ਼ਕਤੀ ਪੈਦਾ ਹੁੰਦੀ ਹੈ। ਸ਼ਬਦ ਤਾਂ ਇਕ ਕਿਸਮ ਦਾ ਸਿਧਾਂਤ ਹੈ/ਗਿਆਨ ਹੈ। ਇਸ ਨੇ ਤਾਂ ਮੂਰਖ ਨੂੰ ਇਨਸਾਨ ਬਣਾਉਣਾ ਹੈ। ਤੁਸੀਂ ਤਾਂ ਉਹ ਗੱਲ ਕਰਤੀ ਜਿਵੇਂ ਕਿਸੇ ਨੇ ਬੰਬ ਬਣਾੳਣ ਵਾਲੇ ਫਾਰਮੂਲੇ ਵਿਚ ਸ਼ਕਤੀ ਦੇਖ ਲਈ ਹੋਵੇ ਤੇ ਫਾਰਮੂਲੇ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦੇਵੇ। ਜੇਕਰ ਫਾਰਮੂਲੇ ਵਿਚ ਸ਼ਕਤੀ ਹੈ ਤਾਂ ਬੰਬ ਬਣਾਉਣ ਦੀ ਕੀ ਜ਼ਰੂਰਤ? ਸਿਧਾਂਤ ਵਿਚ ਸ਼ਕਤੀ ਪੈਦਾ ਕਰਨ ਦਾ ਤਰੀਕਾ ਦੱਸਿਆ ਗਿਆ ਹੈ ਤੇ ਸ਼ਕਤੀ ਬੰਬ/ਬੰਦਿਆਂ ਵਿਚ ਪੈਦਾ ਹੋਣੀ ਹੈ। ਇਸੇ ਹੀ ਪਹਿਰੇ ਦੀਆਂ ਆਖਰੀ ਸਤਰਾਂ; ਪਰਮਾਤਮਾ ਨੂੰ ਮਿਲਣ ਲਈ ਜਾਂ ਉਸ ਤਕ ਪਹੁੰਚਣ ਲਈ ਨਾਮ ਸਿਮਰਨ, ਨਿਮਰਤਾ ਅਤੇ ਸੇਵਾ ਭਾਵਨਾ ਦੀ ਜ਼ਰੂਰਤ ਹੈ। ਇਨ੍ਹਾਂ ਨੂੰ ਆਪਣੇ ਜੀਵਨ ਵਿਚ ਅਪਣਾ ਕੇ ਹੀ ਪਰਮਾਤਮਾ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਸਵਾਲ ਹੈ ਕੀ ਪ੍ਰਮਾਤਮਾ ਕੋਈ ਪ੍ਰਾਪਤ ਕਰਨ ਵਾਲੀ ਵਸਤੂ ਹੈ ਜਾਂ ਫਿਰ ਗਿਆਨ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪ੍ਰਮਾਤਮਾ ਕਿਹਾ ਗਿਆ। ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗਿ ਗਾਵਹਿ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨੁ॥ ਪੰਨਾ 1226॥
ਸੱਭ ਤੋਂ ਪਹਿਲਾ ਲੇਖ, “ ਸਤਿਗੁਰ ਨਾਨਕ ਪ੍ਰਗਟਿਆ” ਡੀ. ਲਿਟ ਡਾ. ਰਤਨ ਸਿੰਘ ਜੱਗੀ ਸਾਬਕਾ ਪ੍ਰੋਫੈਸਰ ਅਤੇ ਮੁਖੀ, ਪੰਜਾਬੀ ਸਾਹਿਤ ਅਧਿਐਨ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਹੈ। ਡਾ. ਰਤਨ ਸਿੰਘ ਜੱਗੀ ਜੀ ਅਖਬਾਰ ਦਾ ਨਾਮ ਅਤੇ ਤਰੀਕ ਦੱਸਣ ਤੋਂ ਬਗੈਰ ਹੀ ਹਵਾਲਾ ਦੇ ਕੇ ਕਹਿੰਦੇ ਹਨ; “ ਇਕ ਮੁਸਲਮਾਨ ਗੁਰੂ ਨਾਨਕ ਸਾਹਿਬ ਦੇ ਜਨਮ ਉਤਸਵ ਤੇ ਨਨਕਾਣਾ ਸਾਹਿਬ ਆਇਆ ਹੋਇਆ ਸੀ ਅਤੇ ਗੁਰੂ-ਧਾਮ ਦੇ ਦੁਆਰ ਤੋਂ ਮਿੱਟੀ ਇਕੱਠੀ ਕਰਕੇ ਇਕ ਡੱਬੇ ਵਿਚ ਪਾ ਰਿਹਾ ਸੀ। ਵੇਖਣ ਵਾਲਿਆਂ ਦੇ ਪੁੱਛਣ ‘ਤੇ ਉਸਨੇ ਦੱਸਿਆ ਕਿ ਉਹ ਰਾਵਲਪਿੰਡੀ ਵਿਚ ਹਿਕਮਤ ਕਰਦਾ ਹੈ। ਇਸ ਚਰਣ-ਧੂੜ ਦਾ ਕਿਣਕਾ ਉਹ ਆਪਣੇ ਮਰੀਜ਼ਾਂ ਦੀ ਦਵਾਈ ਵਿਚ ਪਾ ਦਿੰਦਾ ਹੈ। ਇਸ ਤਰ੍ਹਾਂ ਉਹ ਦਵਾ ਅਕਸੀਰ ਬਣ ਜਾਂਦੀ ਹੈ ਅਤੇ ਮਰੀਜ਼ ਬਿਲਕੁਲ ਸ਼ਫਾ ਪਾ ਲੈਂਦਾ ਹੈ। ਇਸ ਘਟਨਾ ਦੇ ਨਸ਼ਰ ਹੋਣ ਨਾਲ ਗੁਰੂ ਸਾਹਿਬ ਪ੍ਰਤੀ ਸਭ ਦੇ ਮਸਤਕ ਝੁੱਕ ਗਏ”।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰਬਾਣੀ ਵਿਚ ਚਰਣ-ਧੂੜ ਕਿਸ ਨੂੰ ਕਿਹਾ ਗਿਆ ਹੈ? ਕੀ ਡਾ. ਰਤਨ ਸਿੰਘ ਜੱਗੀ ਜੀ ਇਸ ਤੋਂ ਨਾਵਾਕਿਫ ਹਨ? ਡਾ. ਰਤਨ ਸਿੰਘ ਜੱਗੀ ਜੀ ਹੋਰਾਂ ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਤਰਜ਼ਮਾ ਕੀਤਾ ਹੈ। ਨਹੀਂ ਨਹੀਂ ਡਾ. ਰਤਨ ਸਿੰਘ ਜੱਗੀ ਜੀ ਤਾਂ ਸੱਭ ਕੁੱਝ ਜਾਣਦੇ ਹਨ। ਇਹ ਤਾਂ ਗੁਰਬਾਣੀ ਨਾਲੋਂ ਤੋੜਣ ਦਾ ਕੋਝਾ ਉਪਰਾਲਾ ਕੀਤਾ ਗਿਆ ਹੈ। ਸੂਹੀ ਮਹਲਾ ੫ ॥ ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ {ਪੰਨਾ 749}॥ ਚਰਣ-ਧੂੜ ਮੰਗਣ ਦੀ ਕੀ ਜ਼ਰੂਰਤ ਉਹ ਤਾਂ ਕਿਸੇ ਵੀ ਧਾਰਮਿਕ ਸਥਾਨ ਤੋਂ ਚੁੱਕ ਕੇ ਡੱਬੇ ਵਿਚ ਪਾ ਕੇ ਨਾਲ ਨਾਲ ਲਿਜ਼ਾਈ ਜਾ ਸਕਦੀ ਹੈ।  ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ {ਪੰਨਾ 749}॥ ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥
ਡਾ. ਰਤਨ ਸਿੰਘ ਜੱਗੀ ਜੀਓ! ਜੇ ਚਰਣ-ਧੂੜ ਦਾ ਮਤਲਬ ਮਿੱਟੀ ਹੈ ਤੇ ਮਨੁੱਖ ਮਿੱਟੀ ਹੋਣਾ ਚਾਹੁੰਦਾ ਹੈ ਤਾਂ ਪ੍ਰਮਾਤਮਾ ਨੂੰ ਪਾਇਆ ਉਹ ਕਿਵੇਂ ਸਮਝੇਗਾ? ਚਰਣ-ਧੂੜ ਦਾ ਮਤਲਬ ਨਿਮਰਤਾ ਵੀ ਨਹੀਂ ਸਗੋਂ ਪ੍ਰਮਾਤਮਾ ਦਾ ਉਪਦੇਸ਼ ਹੈ ਜੋ ਤੀਜੀ ਉਦਾਹਰਣ ਦੀ ਅਖੀਰਲੀ ਪੰਗਤੀ ਬਿਲਕੁੱਲ ਸਾਫ ਕਰ ਦਿੰਦੀ ਹੈ। ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥{ਪੰਨਾ 749॥ ਜਦੋਂ ਗੁਰੂ ਦਾ ਉਪਦੇਸ਼ “ਰਿਦੈ ਉਰਿ ਧਾਰੀ” ਹਿਰਦੇ ਵਿਚ ਵਸਾ ਲਿਆ ਤਾਂ ਇਸ ਉਪਦੇਸ਼ ਦੀ ਕ੍ਰਿਪਾ ਨਾਲ ਪ੍ਰਮਾਤਮਾ ਦਾ ਸੰਗ ਪ੍ਰਾਪਤ ਹੋ ਗਿਆ। ਇਸੇ ਹੀ ਲੇਖ ਵਿਚ ਡਾ. ਰਤਨ ਸਿੰਘ ਜੱਗੀ ਜੀ ਹਸਨ ਨਾਮ ਦੇ ਵਿਆਕਤੀ ਵਲੋਂ ਖਿਝ ਕੇ ਇਕ ਵੱਡੇ ਅਕਾਰ ਵਾਲਾ ਪੱਥਰ ਰੋੜਨ ਦਾ ਜ਼ਿਕਰ ਕਰਦੇ ਹਨ ਗੁਰੂ ਜੀ ਆਪਣੇ ਸੱਜੇ ਹੱਥ ਨਾਲ ਪੱਥਰ ਨੂੰ ਰੋਕ ਲੈਂਦੇ ਹਨ। ਜਿਸ ਕਰਕੇ ਪੱਥਰ ਉਪਰ ਹੱਥ ਦਾ ਨਿਸ਼ਾਨ ਬਣ ਗਿਆ। ਡਾ. ਰਤਨ ਸਿੰਘ ਜੀਓ! ਹੁਣ ਉਹ ਜ਼ਮਾਨਾ ਗਿਆ ਜਦੋਂ ਕੋਈ ਕੁੱਝ ਕਹੀ ਜਾਂਦਾ ਸੀ ਤੇ ਅਸੀਂ ਚੁਪ-ਚਾਪ ਲਿਖਤਾਂ ਜਾਂ ਭਾਸ਼ਣਾਂ ਨੂੰ ਪੜ੍ਹੀ/ਸੁਣੀ ਜਾਂਦੇ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਕਿਸੇ ਵੀ ਜਨਮ ਸਾਖੀ ਵਿਚ ਪੰਜੇ ਵਾਲੀ ਸਾਖੀ ਦਾ ਕੋਈ ਜ਼ਿਕਰ ਨਹੀਂ। ਤੁਹਾਡੀ ਹੀ ਯੂਨੀਵਰਸਿਟੀ ਦਾ ਛਾਪੀ ਹੋਈ ਪੁਸਤਕ,  “ ਜਨਮਸਾਖੀ ਪ੍ਰੰਪਰਾ” ਡਾ. ਕਿਰਪਾਲ ਸਿੰਘ, ਵਿਚ ਇਸਦਾ ਕੋਈ ਜ਼ਿਕਰ ਨਹੀਂ। ਸਗੋਂ ਹਸਨ ਨਾਮੀ ਗੁਜ਼ਰ ਗੁਰੂ ਜੀ ਅਤੇ ਭਾਈ ਮਰਦਾਨਾ ਜੀ ਨੂੰ ਦੁੱਧ ਪਿਆਉਣ ਦਾ ਜ਼ਿਕਰ ਹੈ। ਪੰਨਾ 110। ਕਨਿੰਗਮ, ਬਾਈਰਨ ਹੂਗਲ ਇਸ ਥਾਂ ਤੇ ਬੋਧੀ ਮੱਠ ਹੋਣ ਦਾ ਜ਼ਿਕਰ ਕਰਦੇ ਹਨ। ਜਰਮਨ ਯਾਤਰੀ ਬਾਇਰਨ ਹੂਗਲ ਤਾਂ ਇਹ ਵੀ ਲਿਖਦਾ ਹੈ ਕਿ ਗੁਰੂ ਜੀ ਵਲੀ ਕੰਧਾਰੀ ਦੇ ਕਿਸੇ ਚੇਲੇ ਨੂੰ ਮਿਲੇ ਸਨ ਤੇ ਪਾਣੀ ਦਾ ਚਸ਼ਮਾ ਬੋਧੀਆਂ ਦੇ ਸਮੇਂ ਤੋਂ ਹੋਣ ਦਾ ਵਰਨਣ ਕਰਦਾ ਹੈ। ਪੰਨਾ 111। ਡਾ. ਰਤਨ ਸਿੰਘ ਜੱਗੀ ਜੀ ਇਹ ਪੰਜਾ ਖੁਦਿਆ ਹੋਇਆ ਹੈ ਧਸਿਆ ਹੋਇਆ ਨਹੀਂ। ਮੈਂ ਆਪਣੀ ਯਾਰਤਾ ਸਮੇਂ ਹੇਠ ਲਿਖੀਆਂ ਗੱਲਾਂ ਦਾ ਖਾਸ ਖਿਆਲ ਰੱਖਿਆ ਸੀ: ਕੀ ਇਸ ਪਹਾੜੀ ਤੇ ਪੰਜੇ ਵਾਲੇ ਪੱਥਰ ਦੀ ਕਿਸਮ ਦਾ ਕੋਈ ਹੋਰ ਪੱਥਰ ਹੈ? ਨਹੀਂ? ਕੀ ਇੱਥੋਂ ਰੋੜਿਆ ਹੋਇਆ ਪੱਥਰ ਇਸ ਤਰ੍ਹਾਂ ਦੀ ਸ਼ਕਲ ਦਾ ਹੀ ਹੋਵੇਗਾ? ਨਹੀਂ ਸਗੋਂ ਗੋਲ ਹੋ ਜਾਣਾ ਚਾਹੀਦਾ ਸੀ। ਕੀ ਇਸ ਪਹਾੜੀ ਦੀ ਢਾਲ ਉਧਰ ਨੂੰ ਹੈ ਜਿਧਰ ਇਹ ਪੰਜੇ ਵਾਲਾ ਪੱਥਰ ਪਿਆ ਹੈ? ਨਹੀਂ। ਕੀ ਪੱਥਰ ਵਿਚ ਕਿਸੇ ਦਾ ਹੱਥ, ਚਾਹੇ ਉਹ ਗੁਰੂ ਜੀ ਦਾ ਹੀ ਕਿਉਂ ਨਾ ਹੋਵੇ, ਧੱਸ ਸਕਦਾ ਹੈ? ਨਹੀਂ। ਭਾਈ ਗੁਰਦਾਸ ਜੀ ਵੀ ਗੁਰੂ ਜੀ ਦੇ ਸਫਰਾਂ ਦਾ ਵਿਸਥਾਰ ਲਿਖਦੇ ਪੰਜੇ ਸਾਹਿਬ ਵਾਲੀ ਸਾਖੀ ਦਾ ਜ਼ਿਕਰ ਬਿਲਕੁੱਲ ਨਹੀਂ ਕਰਦੇ। ਇਸੇ ਹੀ ਲੇਖ ਵਿਚ ਜੱਗੀ ਜੀ ਲਿਖਦੇ ਹਨ: “ ਉਨ੍ਹਾਂ ਨੇ ਪਰਮਾਤਮਾ ਨੂੰ ਸੰਬੰਧਨ ਕਰਦਿਆ ਕਿਹਾ, “ ਏਤੀ ਮਾਰਿ ਪਈ ਕੁਰਲਾਣੇ ਤੈ ਕੀ ਦਰਦੁ ਨਾ ਆਇਆ’ ਇਤਨਾ ਜ਼ੁਲਮ ਹੋ ਰਿਹਾ ਹੈ। ਹੇ ਪਰਮਾਤਮਾ! ਤੂੰ ਸਾਰਿਆਂ ਦਾ ਮਾਲਕ ਹੈਂ, ; ਵਾਰਿਸ ਹੈਂ, ; ਇਨ੍ਹਾਂ ਨੂੰ ਪੈਦਾ ਕਰਨ ਵਾਲਾ ਹੈਂ, ਫਿਰ ਕੀ ਤੈਨੂੰ ਇਨ੍ਹਾਂ ਤੇ ਤਰਸ ਨਹੀਂ ਆਇਆ? ਜੱਗੀ ਜੀ ਇਹ ਅਰਥ ਕਰਦਿਆਂ ਤੁਹਾਨੂੰ ਅੱਗੇ ਲਿਖੀ ਪੰਗਤੀ ਯਾਦ ਨਹੀਂ ਆਈ:  ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ ਗੁਰੂ ਜੀ ਤਾਂ ਪਰਮਾਤਮਾ ਨੂੰ ਤਾਹਨਾ ਮਾਰ ਹੀ ਨਹੀਂ ਸਕਦੇ ਕਿਉਂਕਿ ਇਸ ਵਿਚ ਰੱਬ ਜੀ ਦਾ ਕੀ ਦੋਸ਼। ਦੋਸ਼ ਤਾ ਹੁਕਮਰਾਨਾ ਅਤੇ ਉਸਦੇ ਕਰਿੰਦਿਆਂ ਦਾ ਹੈ। ਇਸੇ ਕਰਕੇ ਗੁਰੂ ਜੀ ਲਿਖਦੇ ਹਨ: ਕਿ ਲੋਕ ਆਪਣੇ ਆਪ ਨੂੰ ਦੋਸ਼ ਨਾ ਦੇ ਕੇ ਕਰਤੇ ਨੂੰ ਦੋਸ਼ ਦੇ ਰਹੇ ਹਨ ਕਿ ਤੂੰ ਮੁਗਲਾਂ ਨੂੰ ਸਾਡੇ ਉਪਰ ਜਮਾਂ ਦੇ ਰੂਪ ਵਿਚ ਚੜ੍ਹਾ ਕੇ ਲੈ ਆਇਆ ਹੈਂ ਤੇ ਸਾਨੂੰ ਇਤਨੀ ਮਾਰ ਪਈ ਹੈ ਕਿ ਤੈਨੂੰ ਤਰਸ ਹੀ ਨਹੀਂ ਆਇਆ। ਇਸ ਤਰ੍ਹਾਂ ਕਾਮਾ ਲਾ ਕੇ ਪੜ੍ਹਨ ਨਾਲ ਅਰਥ ਬਿਲਕੁਲ ਸਹੀ ਬਣਦੇ ਹਨ।
ਆਪੈ ਦੋਸੁ ਨ, ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ ਪੰਨਾ
360॥ ਇਸੇ ਹੀ ਲੇਖ ਵਿਚ ਅੱਗੇ ਜਾ ਕੇ ਜੱਗੀ ਜੀ ਲਿਖਦੇ ਹਨ: “ ਉਸ ਵਕਤ ਗੁਰੂ ਨਾਨਕ ਸਾਹਿਬ ਦੀ ਵਿਸ਼ੇਸਤਾ ਸੀ ਕਿ ਉਨ੍ਹਾ ਨੇ ਆਪਣੀ ਬਾਣੀ ਨੂੰ ਸੰਗੀਤ ਨਾਲ ਇਕਸੁਰ ਕਰ ਦਿੱਤਾ। ਇਸ ਵਾਸਤੇ ਕੀਰਤਨ ਦਾ ਸਿੱਖ ਧਰਮ ਵਿਚ ਉਹੀ ਸਥਾਨ ਹੈ ਜਿਹੜਾ ਕਿਸੇ ਸਰੀਰ ਵਿਚ ਰੀੜ ਦੀ ਹੱਡੀ ਦਾ ਹੁੰਦਾ ਹੈ”। ਜੱਗੀ ਜੀ ਤੁਹਾਡਾ ਇਹ ਵੀਚਾਰ ਵੀ ਗਲਤ ਹੈ। ਬਾਣੀ ਨੂੰ ਸੰਗੀਤ ਨਾਲ ਇਕਸੁਰ ਤਾਂ ਜ਼ਰੂਰ ਕੀਤਾ ਹੈ ਪਰ ਰੀੜ ਦੀ ਹੱਡੀ ਸਿਰਫ ਤੇ ਸਿਰਫ ਬਾਣੀ ਹੈ, ਬਾਣੀ ਵਿਚ ਪੇਸ਼ ਕੀਤਾ ਗਿਆ ਸਿਧਾਂਤ ਹੈ। ਬਾਣੀ ਨੂੰ ਰਾਗਾਂ ਵਿਚ ਗਾਉਣ ਦਾ ਹੁਕਮ ਜ਼ਰੂਰ ਹੈ ਪਰ ਕੀਰਤਨ ਬਾਰੇ ਖੁਦ ਗੁਰੂ ਜੀ ਦੀ ਬਣੀ ਦਾ ਕੀ ਫੁਰਮਾਣ ਹੈ:
1. ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥ ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥ ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥ ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥ {ਪੰਨਾ 450}
2. ਪਉੜੀ ॥ ਕੋਈ ਗਾਵੈ ਕੋ ਸੁਣੈ ਕੋਈ ਕਰੈ ਬੀਚਾਰੁ ॥ ਕੋ ਉਪਦੇਸੈ ਕੋ ਦ੍ਰਿੜੈ ਤਿਸ ਕਾ ਹੋਇ ਉਧਾਰੁ ॥ ਕਿਲਬਿਖ ਕਾਟੈ ਹੋਇ ਨਿਰਮਲਾ ਜਨਮ ਜਨਮ ਮਲੁ ਜਾਇ ॥ ਹਲਤਿ ਪਲਤਿ ਮੁਖੁ ਊਜਲਾ ਨਹ ਪੋਹੈ ਤਿਸੁ ਮਾਇ ॥ {ਪੰਨਾ 300}॥
3.  ਕਲਜੁਗ ਮਹਿ ਕੀਰਤਨੁ ਪਰਧਾਨਾ ॥ ਗੁਰਮੁਖਿ ਜਪੀਐ ਲਾਇ ਧਿਆਨਾ ॥ 1075॥ ਉਪਰਲੀਆਂ ਦੋ ਉਦਾਹਰਣਾਂ ਤੋਂ ਤਾਂ ਬਿਲਕੁਲ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਰਾਗਾਂ ਵਿਚ ਗਾਉਣ ਨਾਲ ਕੁੱਝ ਵੀ ਪ੍ਰਾਪਤ ਨਹੀਂ ਹੁੰਦਾ ਸਗੋਂ ਗੁਰ ਉਪਦੇਸ਼ ਨੂੰ ਦ੍ਰਿੜ ਕਰਨ ਨਾਲ ਹੀ ਜਨਮ ਜਨਮ ਦੀ ਮਲ ਲੱਥ ਦੀ ਹੈ। ਇਸ ਉਦਾਹਰਣ ਵਿਚ ਵੀ ਇਹੋ ਉਪਦੇਸ਼ ਹੈ। ਜਪਣਾ ਵੀ ਦ੍ਰਿੜ ਕਰਨਾ ਹੁੰਦਾ ਹੈ ਨਾ ਕਿ ਗਾਉਣਾ ਜਾਂ ਰਾਗਾਂ ਵਿਚ ਗਾਉਣਾ।
4.  ਭਲੋ ਭਲੋ ਰੇ ਕੀਰਤਨੀਆ ॥ ਰਾਮ ਰਮਾ ਰਾਮਾ ਗੁਨ ਗਾਉ ॥ ਛੋਡਿ ਮਾਇਆ ਕੇ ਧੰਧ ਸੁਆਉ ॥੧॥ ਰਹਾਉ ॥
ਗੁਰਬਣੀ ਵਿਚ ਸੱਭ ਤੋਂ ਸ੍ਰੇਸ਼ਟ ਬਾਣੀ ਨੂੰ ਵਿਚਾਰਨ ਦੀ ਤਾਗੀਦ ਕੀਤੀ ਗਈ ਹੈ। ਜਿਵੇਂ:
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ॥੪੦॥ {ਪੰਨਾ 935}
ਸਭਸੈ ਊਪਰਿ ਗੁਰ ਸਬਦੁ ਬੀਚਾਰੁ ॥ ਹੋਰ ਕਥਨੀ ਬਦਉ ਨ ਸਗਲੀ ਛਾਰੁ ॥ ਪੰਨਾ 904॥
ਨਾਨਕ ਬੇੜੀ ਸਚ ਕੀ ਤਰੀਐ ਗੁਰ ਵੀਚਾਰਿ ॥ ਇਕਿ ਆਵਹਿ ਇਕਿ ਜਾਵਹੀ ਪੂਰਿ ਭਰੇ ਅਹੰਕਾਰਿ ॥ ਪੰਨਾ 20॥
ਡਾ. ਰਤਨ ਸਿੰਘ ਜੱਗੀ ਜੀਓ! ਮੈਂ ਆਪਣੀ ਪਹਿਚਾਣ ਕਰਾਵਾਂ।  ਫਰਵਰੀ 2016 ਵਿਚ ਮੈਂ ਤੁਹਾਨੂੰ ਦਸਮ ਗ੍ਰੰਥ ਬਾਰੇ ਇੰਟਰਵਿਊ ਕਰਨ ਲਈ ਫੂਨ ਕੀਤਾ ਸੀ ਪਰ ਤੁਸੀਂ ਇਨਕਾਰ ਕਰ ਦਿੱਤਾ ਤੇ ਸਧਾਰਣ ਤੌਰ ਤੇ ਮਿਲਣ ਦੀ ਇਜ਼ਾਜ਼ਤ ਦੇ ਦਿੱਤੀ। ਜਦੋਂ ਹੀ ਇੰਦਰਜੀਤ ਸਿੰਘ ਘੱਗਾ ਜੀ ਤੇ ਮੈਂ ਤੁਹਾਡੇ ਬੈਠਣ ਵਾਲੇ ਕਮਰੇ ਵਿਚ ਗਏ ਤਾਂ ਮੇਰੀ ਨਜ਼ਰ ਤੁਹਾਡੇ ਗੁਰੂ ਗ੍ਰੰਥ ਸਾਹਿਬ ਜੀ ਦੇ ਕੀਤੇ ਟੀਕੇ ਤੇ ਪਈ ਤਾਂ ਮੈਂ ਪੁੱਛ ਲਿਆ। ਜੀ ਤੁਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਕੀਤਾ ਹੈ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ ਹੋਰਾਂ ਨਾਲੋਂ ਤੁਹਾਡੇ ਅਰਥਾਂ ਦਾ ਕਿਤਨਾ ਕੁ ਫਰਕ ਹੈ। ਤੁਹਾਡਾ ਜਵਾਬ ਸੀ ਕਿ ਪ੍ਰੋਫੈਸਰ ਸਾਹਿਬ ਸਿੰਘ ਨੂੰ ਸਾਹਿਤ ਦਾ ਕੀ ਪਤਾ ਉਹ ਤਾਂ ਸਿਰਫ ਬੀ.ਏ. ਸੀ। ਫਿਰ ਮੈਂ ਕਿਹਾ ਚਲੋ ਛੱਡੋ ਤੇ ਇਉਂ ਕਰੋ ਪੰਨਾ 315 ਤੇ ਮਃ ੫ ॥ ਮੁੰਢਹੁ ਭੁਲੇ ਮੁੰਢ ਤੇ ਕਿਥੈ ਪਾਇਨਿ ਹਥੁ ॥ ਤਿੰਨੈ ਮਾਰੇ ਨਾਨਕਾ ਜਿ ਕਰਣ ਕਾਰਣ ਸਮਰਥੁ ॥੨॥ {ਪੰਨਾ 315}॥ ਅਰਥ ਵਿਖਾਓ। ਤੁਹਾਡੇ ਅਰਥ ਬਿਲਕੁੱਲ ਓਹੀ ਜੋ ਪ੍ਰੋ. ਸਾਹਿਬ ਸਿੰਘ ਵਾਲੇ ਹਨ ਦੇਖ ਕਿ ਮੈਂ ਕਿਹਾ “ਜੀ ਤੁਹਾਡੇ ਅਰਥ ਅਤੇ ਪ੍ਰੋਫੈਸਰ ਸਾਹਿਬ ਦੇ ਅਰਥ ਹੂ-ਬਹੂ ਇਕੋ ਹਨ। ਤੁਹਾਡੇ ਅਰਥ ਵੀ ਗਲਤ ਹਨ ਤੇ ਉਨ੍ਹਾਂ ਦੇ ਵੀ”। ਜੋ ਇਸ ਤਰ੍ਹਾਂ ਹਨ:
ਅਰਥ: ਜੋ ਮਨੁੱਖ ਪਹਿਲੋਂ ਤੋਂ ਹੀ ਪ੍ਰਭੂ ਵਲੋਂ ਖੁੰਝੇ ਹੋਏ ਹਨ, ਉਹ ਹੋਰ ਕਿਹੜਾ ਆਸਰਾ ਲੈਣ? (ਕਿਉਂਕਿ) ਹੇ ਨਾਨਕ! ਇਹ ਉਸ ਪ੍ਰਭੂ ਨੇ ਆਪ ਮਾਰੇ ਹੋਏ ਹਨ, ਜੋ ਸਾਰੀ ਸ੍ਰਿਸ਼ਟੀ ਨੂੰ ਰਚਨ ਦੇ ਸਮਰੱਥ ਹੈ।2। ਗੁਰਬਾਣੀ ਦਾ ਰੱਬ ਕਿਸੇ ਨੂੰ ਮਾਰਦਾ ਨਹੀਂ ਸਗੋਂ ਆਪਣੇ ਵੱਲ ਨੂੰ ਖਿਚਦਾ ਹੈ। ਠੀਕ ਅਰਥ ਇਹ ਬਣਦੇ ਹਨ ਕਿ ਜਿਹੜੇ ਮਨੁੱਖ ਰੱਬ ਜੀ ਨਾਲੋਂ ਟੁੱਟੇ ਹੋਏ ਹਨ ਉਹ ਕੀ ਕਰਨ ਕਿ ਉਨ੍ਹਾਂ ਨੂੰ ਰੱਬ ਜੀ ਦਾ ਮੇਲ ਪ੍ਰਾਪਤ ਹੋ ਜਾਵੇ। ਹੁਣ ਜਵਾਬ ਹੋਣਾ ਚਾਹਿਦਾ ਹੈ ਕਿ ਜਿਨ੍ਹਾਂ ਕਾਰਣਾਂ ਕਰਕੇ ਤੂੰ ਰੱਬ ਜੀ ਨਾਲੋਂ ਟੁੱਟਿਆ ਹੋਇਆ ਹੈਂ ਉਨ੍ਹਾਂ ਨੂੰ ਮਾਰ ਜੇ ਰੱਬ ਜੀ ਨੂੰ ਮਿਲਣਾ ਚਾਹੁੰਦਾ ਹੈਂ ਤਾਂ। ਤੁਸੀਂ ਤੇ ਪ੍ਰੋਫੈਸਰ ਸਾਹਿਬ ਸਿੰਘ ਜੀ , “ਤਿੰਨੈ ਮਾਰੇ” ਦੇ ਅਰਥ ਨਹੀਂ ਸਮਝ ਸਕੇ। ਇਸ ਤੋਂ ਅੱਗੇ ਅਸੀਂ ਹੋਰ ਗੱਲ-ਬਾਤ ਕਰਨੀ ਮੁਨਾਸਬ ਨਹੀਂ ਸਮਝੀ ਤੇ ਫਤਿਹ ਬੁਲਾ ਕੇ ਛੁੱਟੀ ਲੈ ਕੇ ਰਵਾਨਾ ਹੋ ਗਏ।
ਦੂਸਰਾ ਲੇਖ ਹੈ ਡਾ. ਰਤਨ ਸਿੰਘ ਜੱਗੀ ਜੀ ਦੇ ਧਰਮ ਪਤਨੀ ਗੁਰਸ਼ਰਨ ਕੌਰ ਜੱਗੀ ਜੀ ਦਾ: ਪਹਿਲੀ ਸਤਰ: “ਗੁਰੂ ਨਾਨਕ ਦੇਵ ਜੀ ਦਾ ਮੱਧ-ਯੁੱਗ ਦੀ ਪ੍ਰੇਮ-ਭਗਤੀ ਦੇ ਸਾਧਕਾਂ ਵਿਚ ਪ੍ਰਮੁੱਖ ਅਤੇ ਮਹੱਤਵਪੂਰਨ ਸਥਾਨ ਹੈ”। ਗੁਰੂ ਨਾਨਕ ਪਾਤਸ਼ਾਹ ਤਾਂ ਸੁਤਿਆਂ ਲੋਕਾਂ ਨੂੰ ਗਫਲਤਾ ਦੀ ਨੀਂਦ ਵਿਚੋਂ ਕੱਢ ਕੇ ਆਪਣੇ ਹੱਕ-ਹਕੂਕਾਂ ਲਈ ਲੜਨ ਵਾਸਤੇ ਤਿਆਰ ਕਰਦੇ ਹਨ ਪਰ ਸਾਡੇ ਯੂਨੀਵਰਸਿਟੀਜ਼ ਦੇ ਮੰਨੇ-ਪ੍ਰਮੰਨੇ ਪ੍ਰੋਫੈਸਰ ਪਤਾ ਨਹੀਂ ਕਿਹੜੀ ਪ੍ਰੇਮਾ-ਭਗਤੀ ਦੀ ਗੱਲ ਕਰਦੇ ਹਨ। ਗੁਰੂ ਨਾਨਕ ਪਿਤਾ ਜੀ ਦੀ ਆਪਣੀ ਬਾਣੀ:1. ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ। ਰਤੁ ਪਿਤੁ ਕੁਤਿਹੋ ਚਟਿ ਜਾਹੁ॥ 2. ਜਿਸ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ॥ ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ॥ 3. ਨਾਵਹੁ ਧੋਵਹੁ ਤੋਲਕੁ ਚੜਾਵਹੁ ਸੁਚ ਵਿਣ ਸੋਚ ਨ ਹੋਈ॥ 4. ਉਡਿ ਨ ਜਹੀ ਸਿਧ ਨ ਹੋਹਿ॥ 5. ਜਉ ਤਉ ਪ੍ਰੇਮ ਖੈਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਗੁਰਸ਼ਰਨ ਕੌਰ ਜੱਗੀ ਜੀਓ! ਇਸ ਤਰ੍ਹਾਂ ਦੀਆਂ ਹੋਰ ਸੈਂਕੜੇ ਪੰਗਤੀਆਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਹਨ ਅਤੇ ਇਸੇ ਦੀ ਬਦੌਲਤ ਹੀ ਬੰਦਾ ਸਿੰਘ ਬਹਾਦਰ ਨੇ ਸਿਰਹੰਦ ਦੀ ਇੱਟ ਨਾਲ ਇੱਟ ਖੜਕਾਈ, ਮਿਸਲਾਂ ਵਾਲੇ ਸਿਰਦਾਰਾਂ ਖਲਾਸਾ ਰਾਜ ਦੀ ਨੀਂਹ ਰੱਖੀ ਅਤੇ ਸਿਰਦਾਰ ਰਣਜੀਤ ਨੇ ਸਿੰਘ ਖਾਲਸਾ ਰਾਜ ਸਥਾਪੱਤ ਕੀਤਾ ਅਤੇ ਓਸ ਵੇਲੇ ਦੁਨੀਆਂ ਦੀ ਸਿਰਮੌਰ ਸ਼ਕਤੀ ਬਣ ਕੇ ਆਪਣੇ ਲੋਕਾਂ ਨੂੰ ਪੱਛਮੀ ਧਾੜਵੀਆਂ ਤੋਂ ਬਚਾਇਆ। ਕੀ ਤੁਸੀਂ ਆਪਣੇ ਲਫਜ਼ਾਂ ਵਿਚ ਇਸ ਨੂੰ ਪ੍ਰੇਮਾ ਭਗਤੀ ਕਹਿੰਦੇ ਹੋ? ਜਿਹੜੀ ਤਲਵਾਰ ਗੁਰੂ ਗੋਬਿੰਦ ਸਿੰਘ ਜੀ ਨੇ ਵਾਹੀ, ਬਾਬਾ ਬੰਦਾ ਸਿੰਘ ਬਹਾਦਰ, ਮਿਸਲਾਂ ਦੇ ਸਿਰਦਾਰਾਂ ਅਤੇ ਖਾਲਸਾ ਰਾਜ ਦੇ ਫੌਜੀਆਂ ਨੇ ਖੜਕਾਈ ਉਸਦਾ ਫੌਲਾਦ ਗੁਰੂ ਨਾਨਕ ਸਾਗਿਬ ਤਿਆਰ ਕਰਦੇ ਹਨ।
ਗੁਰਸ਼ਰਨ ਕੌਰ ਜੱਗੀ ਜੀ ਪ੍ਰਚੱਲਤ ਕਹਾਵਤ ਅਨੁਸਾਰ ਲਿਖਦੇ ਹਨ, “ਸਗੋਂ ਲੋਕਾਂ ਦੇ ਦਰਦ ਨੂੰ ਵੰਡਾਂਦੇ ਹੋਏ ਬਾਬਰ ਦੀ ਕੈਦ ਕੱਟਦੇ ਹਨ”। ਭੈਣ ਜੀਓ! ਪ੍ਰੋ. ਐਸ. ਐਸ ਪਦਮ ਜੀ ਨੇ ਆਪਣੇ ਖੋਜ ਕੰਮ ਦੇ ਅਧਾਰਤ ਦੋ ਕਿਤਾਬਾਂ ਲਿਖੀਆਂ ਹਨ; ਸਿੱਖਾਂ ਦੀ ਭਗਤਮਾਲਾ ਕਰਤਾ ਸੂਰਤ ਸਿੰਘ ਅਤੇ ਸਾਖੀ ਮਹਿਲ ਪਹਿਲੇ ਕੀ ਕਰਤਾ ਸੀਂਹਾ ਉਪਲ। ਇਨ੍ਹਾਂ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਗੁਰੂ ਜੀ ਐਮਨਾਬਾਦ ਵਾਲੇ ਸਾਕੇ ਤੋਂ ਕੋਈ ਤਕਰੀਬਨ 1-2 ਮਹੀਨੇ ਬਾਦ ਹੀ ਇਸ ਸ਼ਹਿਰ ਵਿਚ ਪਹੁੰਚਦੇ ਹਨ। ਹੋ ਸਕਦਾ ਹੈ ਕਿ ਡਾ. ਕਿਰਪਾਲ ਸਿੰਘ ਜੀ ਨੇ ਵੀ “ਜਨਮਸਾਖੀ ਪ੍ਰੰਪਰਾ ਵਿਚ ਇਹੀ ਸਾਬਤ ਕੀਤਾ ਹੋਵੇ ਪਰ ਹੁਣ ਮੈਨੂੰ ਪੱਕਾ ਯਾਦ ਨਹੀਂ। ਇਹ ਗੱਲ ਕਿਉਂ ਚਲਾਈ ਗਈ ਕਿ ਗੁਰੂ ਜੀ ਨੂੰ ਬਾਬਰ ਨੇ ਕੈਦ ਕੀਤਾ? ਸੱਭ ਤੋਂ ਪਹਿਲਾਂ ਗੁਰੂ ਜੀ ਕੋਲ ਕੋਈ ਗੈਬੀ ਸ਼ਕਤੀਆਂ ਦਿਖਾਉਣੀਆਂ ਹਨ, ਫਿਰ ਚੱਕੀਆਂ ਨੂੰ ਗੈਬੀ ਸ਼ਕਤੀਆਂ ਚਲਾ ਰਹੀਆਂ ਹਨ, ਫਿਰ ਬਾਬਰ ਗੁਰੂ ਜੀ ਨੂੰ ਦੁਆ ਸਲਾਮ ਕਰਦਾ ਹੈ, ਫਿਰ ਗੁਰੂ ਜੀ ਨੂੰ ਭੰਗ ਪੀਂਦਾ ਦਿਖਾਉਣਾ ਹੈ, ਤੇ ਬਾਅਦ ਵਿਚ ਬਾਬਰ ਨੂੰ ਸੱਤ-ਮੁੱਠਾਂ ਭੰਗ ਦੀਆਂ ਬਦਲੇ ਸੱਤ-ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਹੈ ਜੋ ਸਾਡੇ ਹੁਣ ਵਾਲੇ ਸਾਧਾਂ ਦੇ ਬਿਲਕੁੱਲ ਫਿਟ ਬੈਠਦਾ ਹੈ। ਇਹ ਵਿਹਲੜ ਤੇ ਢਿਢਲ ਸਾਧ-ਲਾਣੇ ਦੀ ਚਲਾਈ ਹੋਈ ਕਹਾਣੀ ਹੈ ਨਾ ਕਿ ਇਹ ਇਤਹਾਸ ਹੈ। ਅੱਗੇ ਜਾ ਕੇ ਤੁਸੀਂ ਆਪ ਹੀ ਲਿਖ ਦਿੱਤਾ “ ਸਗੋਂ ਰਾਜਨੈਤਿਕ ਅਵਸਥਾ ਪ੍ਰਤੀ ਵੀ ਅਸੰਤੁਸ਼ਟ ਸਨ” ਜੋ ਅਸਲੀਅਤ ਹੈ। ਇਸੇ ਲੇਖ ਵਿਚ ਤੁਸੀਂ ਲਿਖਦੇ ਹੋ ਕਿ ਗੁਰੂ ਨਾਨਕ ਪਿਤਾ ‘ਅਧਿਆਤਮਿਕ ਸਾਧਨਾਂ ਵਿਚ ਪ੍ਰਬੀਨ ਹੀ ਨਹੀਂ ਸਨ ਸਗੋਂ ਪ੍ਰਮਾਤਮਾ ਨੂੰ ਜਾਨਣ ਵਾਲੇ ਵੀ ਸਨ’।  ਮਾਰੂ ਮਹਲਾ ੧ ॥ ਅਸੁਰ ਸਘਾਰਣ ਰਾਮੁ ਹਮਾਰਾ ॥ ਘਟਿ ਘਟਿ ਰਮਈਆ ਰਾਮੁ ਪਿਆਰਾ ॥ ਨਾਲੇ ਅਲਖੁ ਨ ਲਖੀਐ ਮੂਲੇ ਗੁਰਮੁਖਿ ਲਿਖੁ ਵੀਚਾਰਾ ਹੇ ॥੧॥ ਪੰਨਾ 1028॥ ਇਨ੍ਹਾਂ ਪੰਗਤੀਆਂ ਵਿਚ ਤਾਂ ਗੁਰੂ ਨਾਨਕ ਪਾਤਸ਼ਾਹ ਆਪ ਲਿਖਦੇ ਹਨ ਕਿ ਪ੍ਰਮਾਤਮਾ ਬਾਰੇ ਬਿਆਨ ਨਹੀਂ ਕੀਤਾ ਜਾ ਸਕਦਾ। ਫਿਰ ਓਹ ਪ੍ਰਮਾਤਮਾ ਨੂੰ ਜਾਨਣ ਵਾਲੇ ਕਿਵੇਂ ਹੋਏ? ਗੁਰਬਾਣੀ ਵਿਚ ਅਨੇਕਾਂ ਵਾਰ ਲਿਖਿਆ ਮਿਲਦਾ ਹੈ, “ ਅਲਖ ਨ ਜਾਈ ਲਖਿਆ”। ਗੁਰਬਾਣੀ ਵਿਚ ‘ਅਧਿਆਤਮ” ਲਫਜ ਤਿੰਨ ਵਾਰ ਆਉਂਦਾ ਹੈ ਤੇ ਤਿੰਨੇ ਵਾਰ ਅਧਿਆਤਮ ਕਰਮਾਂ ਦਾ ਖੰਡਨ ਕਰਦਾ ਹੈ। ਜਿਵੇਂ: ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥ ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥ ਪੰਨਾ 33॥ ਅਧਿਆਤਮ ਕਰਮ ਕਰੇ ਤਾ ਸਾਚਾ॥ ਮੁਕਤਿ ਭੇਦੁ ਕਿਆ ਜਾਣੈ ਕਾਚਾ ॥੧॥ ਪੰਨਾ 223॥ ਅਧਿਆਤਮ ਕਰਮ ਕਰੇ ਦਿਨੁ ਰਾਤੀ ॥ ਨਿਰਮਲ ਜੋਤਿ ਨਿਰੰਤਰਿ ਜਾਤੀ ॥ ਸਬਦੁ ਰਸਾਲੁ ਰਸਨ ਰਸਿ ਰਸਨਾ ਬੇਣੁ ਰਸਾਲੁ ਵਜਾਇਆ ॥੯॥ ਪੰਨਾ 1039॥ ਅਗਲੇ ਪੰਨੇ ਤੇ ਤੁਸੀਂ ਜਨਮ ਸਾਖੀਆਂ ਦੇ ਹਵਾਲੇ ਅਨੁਸਾਰ ਲਿਖਦੇ ਹੋ: “ ਆਗਿਆ ਪਰਮੇਸਰ ਕੀ ਹੋਈ ਜੋ ਨਾਨਕ ਭਗਤੁ ਹਾਜ਼ਰ ਹੋਆ, ਤਾਂ ਅੰਮ੍ਰਤਿ ਦਾ ਕਟੋਰਾ ਭਰਿ ਕਰਿ ਆਗਿਆ ਨਾਲਿ ਮਿਲਿਆ। ਹੁਕਮੁ ਹੋਆ- ਨਾਨਕੁ ਇਹ ਅੰਮ੍ਰਿਤ ਨਾਹੀ, ਇਹ ਮੇਰੇ ਨਾਮ ਦਾ ਪਿਆਲਾ ਹੈ, ਤੂ ਪੀਉ। ਤਬਿ ਗੁਰੂ ਨਾਨਕ ਤਸਲੀਮ ਕੀਤੀ, ਪਿਆਲਾ ਪੀਤਾ।....... ਤਦਿ ਗੁਰੂ ਨਾਨਕ ਪੈਰੀ ਪਇਆ”। ਸਤਿਕਾਰ ਯੋਗ ਭੈਣ ਜੀਓ! ਸਾਖੀਕਾਰ ਨੂੰ ਆਪ ਹੀ ਪਤਾ ਨਹੀਂ ਕਿ ਉਹ ਕੀ ਲਿਖ ਰਿਹਾ ਹੈ। ਪਹਿਲੀ ਪੰਗਤੀ ਵਿਚ ਕਟੋਰੇ ਵਿਚ “ਅੰਮ੍ਰਤ” ਤੇ ਅਗਲੀ ਪੰਗਤੀ ਵਿਚ ਉਸੇ ਪਿਆਲੇ ਵਾਲੇ ਅੰਮ੍ਰਤਿ ਨੂੰ ਪਰਮਾਤਮਾ ਦੇ ਨਾਮ ਵਾਲਾ ਪਿਆਲਾ ਬਣਾ ਧਰਿਆ ਹੈ। ਕੀ ਥੁੜਿਆ ਪਿਆ ਹੈ ਐਸੀਆਂ ਸਾਖੀਆਂ ਵੱਲੋਂ? ਗੁਰਬਾਣੀ ਸਾਨੂੰ ਗਿਆਨ ਨਾਲ ਜੋੜਦੀ ਹੈ ਪਰ ਸਾਖੀਆਂ ਸਾਨੂੰ ਕਿਸੇ ਰੱਬ ਦੇ ਨਾਮ ਦਾ ਪਿਆਲਾ ਪਿਲਾ ਕੇ ਗਿਆਨਵਾਨ ਬਣਾਉਦੀਆਂ ਹਨ। ਇਹ ਵੀਚਾਰ ਤਾਂ ਇਕ ਦੂਜੇ ਦੇ ਵਿਪਰੀਤ ਹਨ। ਗੁਰਬਾਣੀ ਦਾ ਫੁਰਮਾਣ ਹੈ: “ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ॥3॥ ਗੁਰੂ ਨਾਨਕ ਪਾਤਸ਼ਾਹ ਜਦੋਂ ਪੂਰਾ ਮੰਗਲਾਚਰਣ ਲਿਖਦੇ ਹਨ ਤਾਂ ਪਰਮਾਤਮਾ ਦਾ ਸਰੂਪ ਬਿਆਨ ਕਰਦੇ “ਅਜੂਨੀ” ਲਿਖਦੇ ਹਨ। ਫਿਰ ਪਰਮਾਤਮਾ ਦੀ ਦਰਗਾਹ ਕਿੱਥੇ? ਫਿਰ ਕਿਹੜੇ ਪਰਮਾਤਮਾ ਨਾਲ ਗੱਲਾਂ? ਕਿਹੜਾ ਸਵਰਗ ਤੇ ਕਿਹੜਾ ਨਰਕ? ਗੁਰਬਾਣੀ ਤਾਂ ਇਨ੍ਹਾਂ ਗੱਲਾਂ ਨੂੰ ਮੰਨਦੀ ਹੀ ਨਹੀਂ। ਪਰ ਤੁਸੀਂ ਆਪਣੇ ਇਸ ਸਾਰੇ ਲੇਖ ਵਿਚ ਬਾਰ ਬਾਰ ਸਾਖੀਆਂ ਦਾ ਹਵਾਲਾ ਦਿਤਾ ਹੈ ਜੋ ਸੱਚੀਆਂ ਨਹੀਂ ਹਨ। ਕੀ ਅਸੀਂ ਲੋਕਾਂ ਦੀਆਂ ਮਨ-ਕਲਪਤ ਗਪੌੜਾਂ ਤੇ ਵਿਸ਼ਵਾਸ ਕਰੀਏ ਜਾਂ ਫਿਰ ਗੁਰਬਾਣੀ ਤੇ? ਰਾਜਨੈਤਿਕ ਦ੍ਰਿਸ਼ਟੀ ਤੋਂ; ਵਾਲੇ ਹਿਸੇ ਵਿਚ ਮੱਧ-ਯੁੱਗ ਦੇ ਭਗਤ ਜਨਾਂ ਦੀਆਂ ਰਚਨਾਵਾਂ ਵਿਚ ਰਾਜਨੈਤਿਕ ਘਟਨਾਵਾਂ ਦਾ ਅਭਾਵ ਹੈ। ਭਗਤ ਕਬੀਰ, ਰਵੀਦਾਸ, ਤ੍ਰਲੋਚਨ, ਨਾਮਦੇਵ ਆਦਿ ਸਾਰੇ ਕ੍ਰਾਂਤੀਕਾਰੀ ਹੋਏ ਹਨ ਤੇ ਇਨ੍ਹਾਂ ਦੇ ਹਵਾਲੇ ਗੁਰਬਾਣੀ ਵਿਚੋਂ ਇਉਂ ਮਿਲਦੇ ਹਨ: ਬ੍ਰਾਹਮਣ ਨੂੰ ਨਿੰਦਣਾ ਉਸ ਵਕਤ ਕਤਲ ਦੇ ਬਰਾਬਰ ਸੀ, “ ਗਉੜੀ ਕਬੀਰ ਜੀ ॥ ਗਰਭ ਵਾਸ ਮਹਿ ਕੁਲੁ ਨਹੀ ਜਾਤੀ ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ ॥੧॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੋਏ ॥ ਬਾਮਨ ਕਹਿ ਕਹਿ ਜਨਮੁ ਮਤ ਖੋਏ ॥੧॥ ਰਹਾਉ ॥ ਜੌ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ ॥ ਤਉ ਆਨ ਬਾਟ ਕਾਹੇ ਨਹੀ ਆਇਆ ॥੨॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ ॥ ਹਮ ਕਤ ਲੋਹੂ ਤੁਮ ਕਤ ਦੂਧ ॥੩॥ ਕਹੁ ਕਬੀਰ ਜੋ ਬ੍ਰਹਮੁ ਬੀਚਾਰੈ ॥ ਸੋ ਬ੍ਰਾਹਮਣੁ ਕਹੀਅਤੁ ਹੈ ਹਮਾਰੈ ॥੪॥੭॥ {ਪੰਨਾ 324} ਜਿਸ ਰਸਤੇ ਅਸੀਂ ਇਸ ਸੰਸਾਰ ਵਿਚ ਆਏ ਉਸੇ ਰਸਤੇ ਰਾਹੀਂ ਹੀ ਤੂੰ ਇਸ ਸੰਸਾਰ ਵਿਚ ਆਇਆ। ਤੇਰੀਆ ਨਾੜਾਂ ਵਿਚ ਕਿਹੜਾ ਦੁੱਧ ਹੈ ਤੇ ਸਾਡੇ ਲਹੂ। ਫਿਰ ਤੁੰ ਪੰਡਿਤ ਕਿਵੇਂ ਹੋਇਆ ਤੇ ਅਸੀਂ ਨੀਵੇ ਕਿਵੇਂ ਹੋਏ? ਇਹ ਲੋਕਾਂ ਨੂੰ ਜਗਾਉਣ ਵਾਲਾ ਸਿਧਾਂਤ ਨਹੀਂ ਤਾਂ ਹੋਰ ਕੀ ਹੈ?  ਭਗਤ ਰਵਿਦਾਸ; ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥੧॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥੧॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥੨॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥੩॥੨॥ {ਪੰਨਾ 345} ਕੀ ਇਹ ਰਾਜਨੈਤਿਕ ਅਵਸਥਾ ਦਾ ਜ਼ਿਕਰ ਨਹੀਂ? ਭਗਤ ਨਾਮਦੇਵ : ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ॥ ਪੰਨਾ 1292॥ ਬ੍ਰਾਹਮਣ ਦੇ ਸਿਧਾਂਤ ਨੂੰ ਕੱਟਣਾ ਉਸ ਵਕਤ ਦਾ ਭਾਰੀ ਤੋਂ ਭਾਰੀ ਜ਼ੁਰਮ ਸੀ। ਕੀ ਭਗਤ ਨਾਮਦੇਵ ਜੀ ਜਾਗਰਤੀ ਲਿਆਉਣ ਵਾਸਤੇ ਕੋਈ ਕੰਮ ਕਰ ਰਹੇ ਹਨ ਜਾਂ ਨਹੀਂ? ਜੇਕਰ ਗੁਰੂ ਜੀ ਦੇ ਵਿਚਾਰ ਦੂਸਰੇ ਬਾਣੀਕਾਰਾਂ ਨਾਲ ਮੇਲ ਨਾ ਖਾਂਦੇ ਹੁੰਦੇ ਤਾਂ ਉਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਵਿਚ ਦਰਜ਼ ਹੀ ਨਹੀਂ ਸੀ ਹੋਣੀ। ਡਾ. ਗੁਰਸ਼ਰਨ ਕੌਰ ਜੱਗੀ ਜੀ ਸਾਨੂੰ ਸਾਖੀਆਂ ਤੋਂ ਸੇਧ ਲੈ ਕੇ ਇਹ ਮੰਨਣ ਦੀ ਲੋੜ ਨਹੀਂ ਕਿ ਗੁਰੂ ਜੀ ਨੂੰ ਬਾਣੀ ਉਚਾਰਣ ਕਰਨ ਲਈ ਕੋਈ ਉਚੇਚ ਨਹੀਂ ਕਰਨੀ ਪਈ ਸਗੋਂ ਬਾਣੀ ਆਪ ਬੋਲ ਕੇ ਸਾਨੂੰ ਦੱਸ ਰਹੀ ਹੈ ਕਿ ਗੁਰੂ ਜੀ ਉੱਚ-ਕੋਟੀ ਦੇ ਕਵੀ, ਢਾਡੀ, ਨਵੀਂ ਕਿਸਮ ਦੀ ਮਨੁੱਖਤਾ ਦੇ ਘਾੜੇ ਅਤੇ ਸਿਧਾਂਤ-ਘਾੜੇ ਵੀ ਸਨ। ਉਹ ਪੂਰਨ ਮਨੁੱਖ ਸਨ।
ਗੁਰਬਚਨ ਸਿੰਘ ‘ਰਾਹੀ’ ਆਪਣੇ ਲੇਖ, “ ਜਪੁ ਜੀ-ਗੁਰਮਤਿ ਦਾ ਅਧਾਰ” ਵਿਚ ਲਿਖਦੇ ਹਨ; ‘ ਵੇਦਾਂਤ ਵਾਂਗ ਗੁਰੂ ਨਾਨਕ ਦੇਵ ਜੀ ਕਰਮ ਸਿਧਾਂਤ ਵਿੱਚ ਵਿਸ਼ਵਾਸ਼ ਰੱਖਦੇ ਹਨ। ਕਰਮ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਹਨ।......। ਮਨੁੱਖ ਦੇ ਚੰਗੇ ਜਾਂ ਬੁਰੇ ਕਰਮਾਂ ਦਾ ਨਿਬੇੜਾ ਜਾਂ ਲੇਖਾ-ਜੋਖਾ ਪਰਮਾਤਮਾ ਦੀ ਦਰਗਾਹ ਵਿੱਚ ਜਰੂਰ ਦੇਣਾ ਹੁੰਦਾ ਹੈ। ਜਿਨ੍ਹਾਂ ਨੇ ਚੰਗੇ ਕਰਮ ਕੀਤੇ ਹੁੰਦੇ ਹਨ, ਉਹ ਪ੍ਰਭੂ ਦੇ ਨੇੜੇ ਹੋ ਜਾਂਦੇ ਹਨ। ਜਿਨ੍ਹਾਂ ਨੇ ਬੁਰੇ ਕਰਮ ਕੀਤੇ ਹੁੰਦੇ ਹਨ, ਉਹ ਉਸ ਤੋਂ ਦੂਰ ਚਲੇ ਜਾਂਦੇ ਹਨ ਤੇ ਆਵਾਗਵਣ ਦੇ ਚੱਕਰ ਵਿਚ ਪਏ ਰਹਿੰਦੇ ਹਨ- ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰਿ॥ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰਿ”॥ ਗੁਰਬਚਨ ਸਿੰਘ ਰਾਹੀ ਜੀ ਜਦੋਂ ਪਰਮਾਤਮਾ ਹਰ ਇਕ ਦੇ ਦਿਲ ਵਿਚ ਜਾਂ ਹਰ ਥਾਂ ਵੱਸਦਾ ਹੈ ਤਾਂ ਪਰਮਾਤਮਾ ਦੀ ਦਰਗਾਹ ਕਿਧਰੇ ਸੱਤਵੇਂ ਅਸਮਾਨ ਵਿਚ ਨਹੀਂ ਹੋ ਸਕਦੀ? ਪਰਮਾਤਮਾ ਦੀ ਦਰਗਾਹ ਵੀ ਅੱਜ ਹੈ ਅਤੇ ਇਸੇ ਜਨਮ ਵਿਚ ਅਤੇ ਇਹ ਦੁਨੀਆਂ ਹੀ ਪਰਮਾਤਮਾ ਦੀ ਦਰਗਾਹ ਹੈ। ਕਰਮਾਂ ਦੇ ਸਿਧਾਂਤ ਨੂੰ ਗੁਰਬਾਣੀ ਕੱਟਦੀ ਹੈ ਜਿਵੇਂ: ਸੂਹੀ ਮਹਲਾ ੫ ॥ ਜਬ ਕਛੁ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰਿ ਆਇਆ ॥ ਅਪਨਾ ਖੇਲੁ ਆਪਿ ਕਰਿ ਦੇਖੈ ਠਾਕੁਰਿ ਰਚਨੁ ਰਚਾਇਆ ॥੧॥ ਪੰਨਾ 748॥ ਭਗਤ ਕਬੀਰ ਜੀ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ ॥੨॥ ਹਰਿ ਮਹਿ ਤਨੁ ਹੈ ਤਨ ਮਹਿ ਹਰਿ ਹੈ ਸਰਬ ਨਿਰੰਤਰਿ ਸੋਇ ਰੇ ॥ ਕਹਿ ਕਬੀਰ ਰਾਮ ਨਾਮੁ ਨ ਛੋਡਉ ਸਹਜੇ ਹੋਇ ਸੁ ਹੋਇ ਰੇ ॥੩॥੩॥ {ਪੰਨਾ 870} ਜਦੋਂ ਇਸ ਸੰਸਾਰ ਵਿਚ ਕੋਈ ਹੈ ਹੀ ਨਹੀਂ ਸੀ ਤਾਂ ਪਹਿਲਾ ਮਨੁੱਖੀ ਜੀਵ ਕਿਹੜੇ ਕਰਮ ਕਰਕੇ ਇੱਥੇ ਆਇਆ? ॥ ਇਹ ਬ੍ਰਾਹਮਣ ਦੇ ਕਰਮ ਕਾਂਢ ਦੇ ਸਿਧਾਂਤ ਨੂੰ ਕੱਟਣਾ ਹੈ। ਖੰਡਨਾ ਹੈ ਮੰਡਨਾ ਨਹੀਂ। ਗੁਰੂ ਨਾਨਕ ਪਾਤਸਾਹ ਜਾਂ ਕਿਸੇ ਹੋਰ ਭਗਤ ਜਨ ਦਾ ਕਿਸੇ ਵੇਦਾਂਤ ਨਾਲ ਕੋਈ ਸੰਬੰਧ ਨਹੀਂ। ਹਮਰਾ ਝਗਰਾ ਰਹਾ ਨ ਕੋਊ ॥ ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ ਬੁਨਿ ਬੁਨਿ ਆਪ ਆਪੁ ਪਹਿਰਾਵਉ ॥ ਜਹ ਨਹੀ ਆਪੁ ਤਹਾ ਹੋਇ ਗਾਵਉ ॥੨॥ ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ ॥੩॥ ਰਿਦੈ ਇਖਲਾਸੁ ਨਿਰਖਿ ਲੇ ਮੀਰਾ ॥ ਆਪੁ ਖੋਜਿ ਖੋਜਿ ਮਿਲੇ ਕਬੀਰਾ ॥੪॥੭॥ {ਪੰਨਾ 1158-1159}
ਵੇਦਾਂਤ ਮੱਤ ਬਾਰੇ: ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥ ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥ ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥ ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥ {ਪੰਨਾ 920}
ਗੁਰਬਚਨ ਸਿੰਘ ਰਾਹੀ ਜੀ ਜੇਕਰ ਤੁਸੀਂ ਹਾਲੇ ਵੀ “ਵੇਦਾਂਤ ਵਾਂਗ ਗੁਰੂ ਨਾਨਕ ਵੀ ਕਰਮ ਸਿਧਾਂਤ ਵਿਚ ਵਿਸ਼ਵਾਸ਼ ਰੱਖਦੇ ਹਨ” ਲਿਖਣਾ ਹੈ ਤਾਂ ਇਸ ਸਵਾਲ ਦਾ ਜਵਾਬ ਦਿਓ ਜੀ : ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। ਵਾਰ 1, ਪਉੜੀ 45। ਰਾਹੀ ਜੀ ਤੁਹਾਡੇ ਲੇਖ ਦਾ ਨਾਮ ਹੀ ਬ੍ਰਾਹਮਣੀ-ਸੋਚ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕਾਂ ਸਿਧਾਂਤ ਹਨ ਜੋ ਗੁਰੂ ਜੀ ਦੀ ਬਾਣੀ ‘ਜਪੁ’ ਵਿਚ ਨਹੀਂ ਹਨ। ਫਿਰ ‘ਜਪੁ’ ਗੁਰਮਤਿ ਦਾ ਅਧਾਰ ਕਿਵੇਂ ਹੋਇਆ?
ਇਸ ਤੋਂ ਅਗਲਾ ਲੇਖ “ ਆਸਾ ਦੀ ਵਾਰ: ਸੰਦੇਸ਼ ਤੇ ਸੰਚਾਰ” ਹੈ ਅੰਮ੍ਰਿਤਪਾਲ ਕੌਰ ਜੀ ਦਾ। ਇਸ ਵੀਚਾਰੀ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਰਾਗ ਆਸਾ ਵਿਚ ਦਰਜ਼ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਸਿਰਲੇਖ ਕੀ ਹੈ? ਜਦੋਂ ਅਸੀਂ ਇਸ ਵਾਰ ਨੂੰ “ ਆਸਾ ਦੀ ਵਾਰ ਲਿਖਦੇ ਜਾਂ ਬੋਲਦੇ ਹਾਂ ਤਾਂ ਇਸ ਵਾਰ ਦਾ ਕਰਤਾ ਕੋਈ ‘ਆਸਾ’ ਬਣ ਜਾਂਦਾ ਹੈ। ਆਸਾ ਕੋਈ ਲਿਖਾਰੀ ਨਹੀਂ। ਆਸਾ ਤਾਂ ਰਾਗ ਦਾ ਨਾਮ ਹੈ ਤੇ ਇਸ ਵਾਰ ਦਾ ਕਰਤਾ ਗੁਰੂ ਨਾਨਕ। ਗੁਰੂ ਗ੍ਰੰਥ ਸਾਹਿਬ ਜੀ ਵਿਚ ਇਸ ਤਰ੍ਹਾਂ ਦਰਜ਼ ਹੈ: ਆਸਾ ਮਹਲਾ ੧ ॥ ਵਾਰ ਸਲੋਕਾ ਨਾਲਿ ਸਲੋਕ ਭੀ ਮਹਲੇ ਪਹਿਲੇ ਕੇ ਲਿਖੇ ਟੁੰਡੇ ਅਸ ਰਾਜੈ ਕੀ ਧੁਨੀ ॥ {ਪੰਨਾ 462}॥ ਜਿਸ ਲਿਖਾਰੀ ਨੇ ਗੁਰੂ ਨਾਨਕ ਪਾਤਸ਼ਾਹ ਦੀ ਵਾਰ ਦਾ ਕਰਤਾ ਹੀ ਕਿਸੇ ਆਸੇ ਨੂੰ ਬਣਾ ਧਰਿਆ ਹੈ ਤਾਂ ਉਸਦੀ ਬਾਕੀ ਲਿਖਤ ਨੂੰ ਪੜ੍ਹਨ ਦਾ ਕੀ ਫਾਇਦਾ? ਬਾਕੀ ਦੇ ਲਿਖਾਰੀਆਂ ਨੇ ਵੀ ਇਸੇ ਤਰ੍ਹਾਂ ਦਾ ਹੀ ਕੁੱਝ ਕੀਤਾ ਹੋਊ, ਪਤਾ ਨਹੀਂ, ਪਰ ਹੋਊ ਜ਼ਰੂਰ ਇਸੇ ਤਰ੍ਹਾਂ ਦਾ। ਇਸ ਕਰਕੇ ਇਸ ਕਿਤਾਬ, “ਸ੍ਰੀ ਗੁਰੂ ਨਾਨਕ ਦੇਵ ਜੀ (1469- 1539 ਈ.)” ਸੰਪਾਦਕ ਡਾ. ਦਲਜੀਤ ਸਿੰਘ ਵਾਲੀਆ, ਤੇ ਹੋਰ ਸਮਾਂ ਬਰਬਾਦ ਕਰਨ ਦਾ ਕੀ ਮਕਸਦ?
ਸਿੱਖ ਭਰਾਵੋ! ਜੇਕਰ ਬਾਬਾ ਜੀ ਬਾਰੇ ਕੁੱਝ ਸੱਚਾ-ਸੁੱਚਾ ਜਾਨਣਾ ਚਾਹੁੰਦੇ ਹੋ ਤਾਂ ਬਾਬਾ ਜੀ ਦੀ ਲਿਖਤ ਨੂੰ ਕਲਾਵੇ ਵਿਚ ਲਓ, ਜੱਫੀ ਪਾਓ ਮਤਲਬ ਪੜ੍ਹੋ, ਸਮਝੋ ਅਤੇ ਅਮਲੀ ਜਾਮਾ ਪਹਿਨਾਵੋ। ਛੱਡੋ ਸਾਖੀਆਂ, ਜਨਮ ਸਾਖੀਆਂ ਤੇ ਲੋਕਾਂ ਦੀਆਂ ਲਿਖੀਆਂ ਮਨ- ਘੜਤ ਗੱਪਾਂ ਨੂੰ ਜੋ ਗੁਰੂ ਸਾਹਿਬਾਨ ਦੀ ਸ਼ਖਸ਼ੀਅਤ ਨੂੰ ਕਲੰਤ ਹੀ ਨਹੀਂ ਕਰਦੀਆਂ ਸਗੋਂ ਸਿੱਖੀ ਦਾ ਵੀ ਭੋਗ ਪਾ ਰਹੀਆਂ ਹਨ ਅਤੇ ਬਚੋ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਤੋਂ ਜੋ ਪੈਸੇ ਪਿੱਛੇ ਬਰਾਛਾਂ ਵਿਚੋਂ ਲਾਅਲਾਂ ਵਗਾ ਕੇ ਆਪਣੀਆਂ ਕਮੀਜ਼ਾਂ ਗਿਲੀਆਂ ਕਰੀ ਜਾ ਰਹੇ ਨੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079

ਮਰੀ ਹੋਈ ਸਿੱਖ ਕੌਮ ਦੀਆਂ ਨਿਸ਼ਾਨੀਆਂ - ਗੁਰਚਰਨ ਸਿੰਘ ਜਿਉਣ ਵਾਲਾ

28-29 ਸਤੰਬਰ 2019 ਜਾਣੀ ਕੇ ਸਤੰਬਰ ਦੇ ਅਖੀਰਲੇ ਹਫਤੇ ਓਨਟੈਰੀਓ ਖਾਲਸਾ ਦਰਬਾਰ, ਡਿਕਸੀ ਰੋਡ ਗੁਰਦਵਾਰਾ ਮਿਸੀਸਾਉਗਾ ਵਿਖੇ,  ਵਰਲਡ ਸਿੱਖ ਓਰਗਾਨਾਈਜ਼ੇਸ਼ਨ ਵਲੋਂ, ਗੁਰੂ ਨਾਨਕ ਸਾਹਿਬ ਦੇ 550ਵੇਂ ਪੁਰਬ ਨੂੰ ਸਮ੍ਰਪਤ ਦੋ ਰੋਜ਼ਾ ਕਾਂਨਫ੍ਰੰਸ ਅਜੋਯਤ ਕੀਤੀ ਗਈ। ਦੂਰੋਂ ਦੂਰੋਂ ਬੁਲਾਰੇ ਬੁਲਾਏ ਗਏ ਪਰ ਸੁਣਨ ਲਈ ਨੇੜਿਓ ਉਠ ਕੇ ਵੀ ਸਰੋਤੇ ਨਹੀਂ ਆਏ। ਸੁਭਾ 10 ਵਜੇ ਸਮਾਗਮ ਦੀ ਸ਼ੁਰੂਆਤ ਸੀ ਪਰ ਗਿਆਰਾਂ ਵਜੇ ਤਕ, ਜ਼ਿਮਹਾਲ ਜੋ ਬਹੁਤ ਹੀ ਸੁੰਦਰ ਤਰੀਕੇ ਨਾਲ ਸ਼ਿਗਾਰਿਆ ਹੋਇਆ ਸੀ, ਨਕੋ ਨੱਕ ਭਰਿਆ ਨਹੀਂ ਸਗੋਂ ਬਿਲਕੁੱਲ ਖਾਲੀ ਸੀ। ਧੰਨਵਾਦੀ ਹਾਂ ਪ੍ਰਬੰਧਕੀ ਕਮੇਟੀ ਦਾ ਜਿਸਨੇ ਨੇ ਇਸ ਸਾਰੇ ਸਮਾਗਮ ਨੂੰ ਟੈਲੀਕਾਸਟ ਕਰਨ ਲਈ ਵਿਸ਼ੇਸੇ ਪ੍ਰਬੰਧ ਕੀਤਾ। ਵੱਖਰੀ ਵੱਖਰੀ ਨੁਕਰੇ ਚਾਰ-ਪੰਜ ਕੈਮਰੇ ਫਿਟ ਕੀਤੇ ਗਏ ਅਤੇ ਚਾਰ ਪੰਜ ਕੈਮਰਾ ਮੈਨ ਦੀ ਟੀਮ ਬਾਰ ਬਾਰ ਸਾਉਂਡ ਸਿਸਟਮ ਦੀ ਚੈਕਿੰਗ ਕਰ ਰਹੀ ਸੀ ਪਰ ਵੱਡੇ ਹਾਲ ਵਿਚ ਲੱਗੀਆਂ ਕੁਰਸੀਆਂ ਵਿਚੋਂ ਸਿਰਫ 60-70 ਕੁਰਸੀਆਂ ਤੇ ਲੋਕ ਬੈਠੇ ਸਨ ਬਾਕੀ ਖਾਲੀ ਪਈਆਂ ਕੁਰਸੀਆਂ ਸਿੱਖ ਕੌਮ ਨੂੰ ਮਿਹਣੇ ਮਾਰ ਰਹੀਆਂ ਸਨ। ਲੰਗਰ ਹਾਲ ਵਿਚ 12 ਵਜੇ ਤੋਂ ਲੈ ਕੇ 2 ਵਜੇ ਤਕ 200ਦੇ ਕਰੀਬ ਲੋਕ ਪ੍ਰਸ਼ਾਦਾ ਛੱਕਣ ਲਈ ਚੌਂਕੜੇ ਮਾਰੀ ਬੈਠੇ ਸਨ ਤੇ ਜਲਦੀ ਨਾਲ ਲੰਗਰ ਛੱਕ ਕੇ ਵਾਹ ਗੁਰੂ ਵਾਹ ਗੁਰੂ ਕਰਦੇ ਲੋਕ ਘਰਾਂ ਨੂੰ ਜਾ ਰਹੇ ਸਨ ਪਰ ਕਿਸੇ ਦੇ ਕੰਨ ਤੇ ਜੂੰ ਵੀ ਨਹੀਂ ਸਰਕੀ ਕੇ ਜ਼ਿਮਹਾਲ ਵਿਚ ਜਾ ਕੇ ਗੁਰੂ ਬਾਬੇ ਦੇ ਬਾਰੇ ਵੀ ਕੁੱਝ ਸੁਣ ਲਈਏ। ਪ੍ਰਬੰਧਕੀ ਕਮੇਟੀ ਦੇ ਸ਼ਲਾਘਾ ਯੋਗ ਉਦਮ ਦੇ ਬਾਵਜੂਦ, ਅਖਬਾਰਾਂ ਅਤੇ ਰੈਡੀਓ ਰਾਹੀਂ ਬਾਰ ਬਾਰ ਗੁਰੂ ਨਾਨਕ ਪਿਤਾ ਜੀ ਦੇ 550ਵੇਂ ਪੁਰਬ ਨੂੰ ਸਮ੍ਰਪਤ ਪ੍ਰੋਗਰਾਮ ਦੀ ਸੂਚਨਾ ਦੇਣ ਦੇ ਬਾਵਜੂਦ ਵੀ ਸਿੱਖ ਕੌਮ ਗਿਆਨ ਪ੍ਰਾਪਤ ਕਰਨ ਲਈ ਆਪਣੇ ਘਰਾਂ ਵਿਚੋਂ ਬਾਹਰ ਨਹੀਂ ਆਈ।
ਇਸੇ ਤਰ੍ਹਾਂ ਜਦੋਂ ਮੈਂ ਆਪਣੀ ਗੱਡੀ ਪਾਰਕ ਕਰਕੇ ਆਪਣੇ ਸੱਦੇ ਤੇ ਆਏ ਦੋਸਤਾਂ ਨੂੰ ਮਨ ਭਾਉਂਦੀਆਂ ਅਤੇ ਇੱਛਾ ਮੁਤਾਬਕ ਕਿਤਾਬਾਂ ਦੇ ਰਿਹਾ ਸਾਂ ਤਾਂ ਇਕ 50-55 ਕੁ ਸਾਲ ਦੀ ਔਰਤ ਆਪਣੀ ਨੂੰਹ ਨਾਲ ਗੱਡੀ ਵਿਚੋਂ ਉਤਰੀ ਤੇ ਮੈਨੂੰ ਕਹਿਣ ਲਗੀ ਕਿ ਵੀਰ ਜੀ ਕੀ ਵੰਡ ਰਹੇ ਹੋ। ਮੈਂ ਉਸ ਔਰਤ ਦੀ ਕਹੀ ਗੱਲ ਵਿਚੋਂ ‘ਵੰਡ’ ਲਫਜ਼ ਦੀ ਪਕੜ ਕਰਕੇ ਸਮਝ ਗਿਆ ਕਿ ਇਹ ਕਿਤਾਬਾਂ ਮੁਫਤ ਵਿਚ ਭਾਲਦੀ ਹੈ। ਮੈਂ ਫਟਾ ਫੱਟ ਜ਼ਵਾਬ ਦਿੱਤਾ ਕਿ ਭੈਣ ਜੀ ਇਹ ਕਿਤਾਬਾਂ ਸਿੱਖ ਧਰਮ ਬਾਰੇ ਹਨ ਤੇ ਇਕ ਇਕ ਕਿਤਾਬ ਪੰਜ ਪੰਜ ਡਾਲਰ ਦੀ ਹੈ। ਬੱਸ ਫਿਰ ਬਹੁਤੀ ਸਿੱਖ ਕੌਮ ਦੀ ਮਾਨਸਿਕਤਾ ਵਾਲੀ ਗੱਲ ਵਾਪਰੀ ਤੇ ਉਹ ਨੂੰਹ-ਸੱਸ ਦਬਾ ਦੱਬ ਚੱਲਦੀਆਂ ਬਣੀਆਂ। ਮੈਂ ਜ਼ਿਮਹਾਲ ਵਿਚੋਂ 12.15 ਤੇ ਬਾਹਰ ਆਇਆ ਕਿਉਂਕਿ 12.30 ਤੇ ਮੈਂ ‘ਦਿਲਾਂ ਦੀ ਸਾਂਝ’ ਪ੍ਰੋਗਰਾਮ ਵਿਚ ਭਾਈ ਬਾਲੇ ਵਾਲੀ ਸਾਖੀ ਤੇ ਚਰਚਾ ਕਰਨ ਵਿਚ ਭਾਗ ਲੈਣਾ ਸੀ। ਮੈਂ ਹਾਲੇ ਆਪਣੀ ਗੱਡੀ ਵਿਚ ਬੈਠ ਕੇ ਸਿਰਦਾਰ ਕੁਲਦੀਪ ਸਿੰਘ ਵੈਨਕੂਵਰ ਨੂੰ ਫੂੰਨ ਮਿਲਾ ਹੀ ਰਿਹਾ ਸੀ ਕਿ ਉਹ ਨੂੰਹ-ਸੱਸ ਲੰਗਰ ਵਿਚੋਂ ਪ੍ਰਸ਼ਾਦਿਆਂ ਨੂੰ ਰਗੜਾ ਲਾ ਕੇ ਆਪਣੀ ਗੱਡੀ ਵਿਚ ਬੈਠ ਕੇ ਚੱਲਦੀਆਂ ਬਣੀਆਂ।
ਇਕ ਨੌਜਵਾਨ ਬੁਲਾਰੇ, ਮਨਪ੍ਰੀਤ ਸਿੰਘ ਨੇ ਸਲਾਈਡਜ਼ ਸ਼ੋ ਰਾਹੀਂ ਬਹੁਤ ਹੀ ਵਧੀਆ ਤਰੀਕੇ ਨਾਲ ਗਿਆਨ ਤੋਂ ਸੇਧ ਲੈ ਕੇ ਰਾਜ-ਭਾਗ ਪ੍ਰਾਪਤ ਕਰਨ ਦੀਆਂ ਬਹੁਤ ਸਾਰੀਆਂ ਪੰਗਤੀਆਂ ਗੁਰੂ ਜੀ ਦੀ ਬਾਣੀ ਵਿਚੋਂ ਲੈ ਕੇ ਆਪਣਾ ਪਰਚਾ ਪੜਿਆ। ਜਿਵੇਂ: ਹੁਣਿ ਹੁਕਮੁ ਹੋਆ ਮਿਹਰਵਾਣ ਦਾ ॥ ਪੈ ਕੋਇ ਨ ਕਿਸੈ ਰਞਾਣਦਾ ॥ ਸਭ ਸੁਖਾਲੀ ਵੁਠੀਆ ਇਹੁ ਹੋਆ ਹਲੇਮੀ ਰਾਜੁ ਜੀਉ ॥੧੩॥ ਪੰਨਾ 74॥ ਇਸ ਰਾਜ ਨੂੰ ਪਾਉਣ ਵਾਸਤੇ ਸਲੋਕ ਵਾਰਾਂ ਤੇ ਵਧੀਕ ਵਿਚੋਂ ਅਗਲਾ ਸਲੋਕ: ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥੨੦॥ {ਪੰਨਾ 1412} ਲਿਆ ਗਿਆ। ਇਸ ਵਕਤਾ ਦਾ ਹੋਰ ਸਾਰਾ ਪਰਚਾ ਦਰੁਸਤ ਸੀ ਸਿਰਫ ਇਕ ਦੋ ਗਲਤੀਆਂ ਨੂੰ ਛੱਡ ਕੇ। ਜਿਵੇਂ: ਭਾਈ ਗੁਰਦਾਸ ਜੀ ਦੀਆ ਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਵਾਸਤੇ ਕੁੰਜੀ ਦੱਸਣਾ ਜਦੋਂ ਕਿ ਪਹਿਲੀ ਵਾਰ ਦੀ 48ਵੀਂ ਪਉੜੀ ਹੀ ਗੁਰੂ ਅਰਜਨ ਪਿਤਾ ਦੀ ਸ਼ਹਾਦਤ ਤੋਂ ਬਾਅਦ ਅਤੇ ਛੇਵੇਂ ਪਾਤਸ਼ਾਹ ਦੇ ਗੁਰ ਗੱਦੀ ਤੇ ਬੈਠਣ ਦਾ ਜ਼ਿਕਰ ਕਰਦੀ ਹੈ। ਜਿਵੇ: ਪੰਜਿ ਪਿਆਲੇ ਪੰਜਿ ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ। ਅਰਜਨੁ ਕਾਇਆ ਪਲਟਿ ਕੈ ਮੂਰਤਿ ਹਰਿਗੋਬਿੰਦ ਸਵਾਰੀ। ਇਸ ਤਰ੍ਹਾਂ ਭਾਈ ਗੁਰਦਾਸ ਜੀ ਦੀਆਂ 40 ਵਾਰਾਂ ਵਿਚੋਂ ਘੱਟ ਤੋਂ ਘੱਟ 16 ਇਤਲਾਹਾਂ ਹੋਰ ਮਿਲ ਜਾਂਦੀਆਂ ਹਨ ਜਿੱਥੇ ਹਰਿਗੋਬਿੰਦ ਜੀ ਦਾ ਜ਼ਿਕਰ ਹੋ ਰਿਹਾ ਹੁੰਦਾ ਹੈ। ਇਸਦਾ ਮਤਲਬ ਇਹ ਕੇ ਵਾਰਾਂ ਗੁਰੂ ਅਰਜਨ ਪਾਤਸ਼ਾਹ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਹੀ ਲਿਖੀਆਂ ਗਈਆਂ। ਸੈਦਪੁਰ ਜਾਂ ਐਮਨਾਬਾਅਦ ਵਿਚ ਗੁਰੂ ਨਾਨਕ ਪਿਤਾ ਦਾ ਬਾਬਰ ਨਾਲ ਮੇਲ, ਬਾਬਰ ਨੂੰ ਜਾਬਰ ਕਹਿਣਾ, ਅਤੇ ਬਾਬਰ ਦੀ ਜੇਲ੍ਹ ਵਿਚ ਜਾਣਾ, ਚੱਕੀਆਂ ਦਾ ਆਪੇ ਚੱਲੀ ਜਾਣਾ, ਗੁਰੂ ਨਾਨਕ ਪਾਤਸ਼ਾਹ ਦਾ ਸੱਤ ਮੁੱਠਾਂ ਭੰਗ ਦੀਆਂ ਬਦਲੇ ਬਾਬਰ ਨੂੰ ਸੱਤ ਪੀਹੜੀਆਂ ਦਾ ਰਾਜ-ਭਾਗ ਬਖਸ਼ਣਾ ਇਹ ਸੱਭ ਕੂੜ-ਕਬਾੜ ਹੈ, ਗਲਤ ਹੈ। ਜਦੋਂ ਕੇ ਗੁਰਬਾਣੀ ਵਰ ਤੇ ਸਰਾਪ ਨੂੰ ਮੰਨਦੀ ਹੀ ਨਹੀਂ ਅਤੇ ਗੁਰੂ ਬਾਬਾ ਜੀ ਆਪਣੇ ਸਲੋਕ ਰਾਹੀਂ ਭੰਗ ਬਾਰੇ ਕੀ ਫੁਰਮਾਉਂਦੇ ਹਨ: ਭਉ ਤੇਰਾ ਭਾਂਗ ਖਲੜੀ ਮੇਰਾ ਚੀਤੁ ॥ ਮੈ ਦੇਵਾਨਾ ਭਇਆ ਅਤੀਤੁ ॥ ਕਰ ਕਾਸਾ ਦਰਸਨ ਕੀ ਭੂਖ ॥ ਮੈ ਦਰਿ ਮਾਗਉ ਨੀਤਾ ਨੀਤ ॥੧॥ ਪੰਨਾ 721॥ ਤੇਰਾ ਡਰ ਅਦਬ ਮੇਰੇ ਵਾਸਤੇ ਭੰਗ ਹੈ, ਮੇਰਾ ਮਨ (ਇਸ ਭੰਗ ਨੂੰ ਸਾਂਭ ਕੇ ਰੱਖਣ ਲਈ) ਗੁੱਥੀ ਹੈ। (ਤੇਰੇ ਡਰ-ਅਦਬ ਦੀ ਭੰਗ ਨਾਲ) ਮੈਂ ਨਸ਼ਈ ਤੇ ਵਿਰਕਤ ਹੋ ਗਿਆ ਹਾਂ। ਮੇਰੇ ਦੋਵੇਂ ਹੱਥ (ਤੇਰੇ ਦਰ ਤੋਂ ਖ਼ੈਰ ਲੈਣ ਵਾਸਤੇ) ਪਿਆਲਾ ਹਨ, (ਮੇਰੇ ਆਤਮਾ ਨੂੰ ਤੇਰੇ) ਦੀਦਾਰ ਦੀ ਭੁੱਖ (ਲੱਗੀ ਹੋਈ) ਹੈ, (ਇਸ ਵਾਸਤੇ) ਮੈਂ (ਤੇਰੇ) ਦਰ ਤੇ ਸਦਾ (ਦੀਦਾਰ ਦੀ ਮੰਗ ਹੀ) ਮੰਗਦਾ ਹਾਂ।੧।
ਰਾਜਵਿੰਦਰ ਸਿੰਘ ਰਾਹੀ ਹੋਰਾਂ ਬੜੇ ਸੁਚੱਜੇ ਢੰਗ ਨਾਲ ਸੰਤਾਂ ਮਹਾਂਪੁਰਖਾਂ ਤੇ ਟਿਪਣੀਆਂ ਕੀਤੀਆਂ। ਇਹ ਵੀ ਦੱਸਿਆ ਕਿ ਸਿੱਖਾਂ ਦੀਆਂ ਕੁਬਾਨੀਆਂ ਨੂੰ ਕਿਵੇਂ ਲਕੋ ਕੇ ਪੇਸ਼ ਕੀਤਾ ਜਾਂਦਾ ਹੈ। ਸਿੱਖ ਇਨਕਲਾਬ ਕੁਰਾਹੇ ਕਿਵੇਂ ਪਿਆ ਦੀ ਗੱਲ ਵੀ ਕੀਤੀ ਅਤੇ ‘ਸਿੱਖ ਇਨਕਕਲਾਬ ਦੇ ਮੋਢੀ ਗੁਰੂ ਨਾਨਕ’ ਪ੍ਰੋ. ਕਿਸ਼ਨ ਸਿੰਘ ਦੀ ਕਿਤਾਬ ਦਾ ਜ਼ਿਕਰ ਵੀ ਕੀਤਾ ‘ਸਿੱਖਾਂ’ ਲਫਜ਼ ਨੂੰ ਛੱਡ ਕੇ ਭਾਰਤੀ ਇਨਕਲਾਬੀ ਕਹਿ ਕੇ ਗੱਲ ਕਰਨੀ ਜਾਂ ਭਾਰਤੀ ਅਜ਼ਾਦੀ ਦੇ ਯੋਧੇ ਕਹਿਣਾ ਠੀਕ ਨਹੀਂ ਕਿਉਂਕਿ 114-115 ਫਾਸੀ ਦੇ ਰੱਸੇ ਚੁੰਮਣ ਵਾਲਿਆਂ ਵਿਚੋਂ 82 ਸਿੱਖ ਸਨ ਤੇ ਬਾਕੀ ਦੂਜੀਆਂ ਕੌਮਾਂ ਦੇ। ਰਾਹੀ ਜੀ ਨੇ ਇਹ ਵੀ ਦੱਸਿਆ ਕਿ ਇਲਿਮੀਨੇਸ਼ਨ ਅਤੇ ਅਸਿਮੀਲੇਸਨ ਕਿਵੇਂ ਕੀਤਾ ਜਾਂਦਾ ਹੈ। ਅਗਲੇ ਦਿਨ ਭਾਰਤ ਦੀ ਅਜ਼ਾਦੀ ਦਾ ਜ਼ਿਕਰ ਇਨ੍ਹਾਂ ਨੇ ਬੜੇ ਵਿਸਥਾਰ ਵਿਚ ਕੀਤਾ ਜਿਸਦੀ ਸ਼ਲਾਘਾ ਓਟੈਰੀਓ ਖਾਲਸਾ ਦਰਬਾਰ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬਲ ਨੇ ਕੀਤੀ।
ਡਾ. ਗੁਰਵਿੰਦਰ ਸਿੰਘ ਧਾਲੀਵਾਲ ਵੈਨਕੂਵਰ ਤੋਂ ਵਰਲਡ ਸਿੱਖ ਓਰਗਾਨਾਈਜੇਸ਼ਨ ਦੇ ਸੱਦੇ ਤੇ ਦਰਸ਼ਨ ਦੇਣ ਆਏ ਅਤੇ ਬੜੀਆਂ ਜੋਸ਼ੀਲੀਆਂ ਤਕਰੀਰਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਮਿਸ਼ਨ ਦਾ ਵਿਸਥਾਰ ਪੂਰਵਕ ਵਰਨਣ ਕੀਤਾ।  ਇਹ ਵੀ ਜ਼ਿਕਰ ਕਰਨਾ ਬਣਾਦਾ ਹੈ ਕਿ ਇਨ੍ਹਾਂ ਨੇ ਇੰਦੂ ਭੂਸ਼ਨ ਬੈਨਰਜੀ ਦੀ ਕਿਤਾਬ “ਖਾਲਸੇ ਦੀ ਉਤਪਤੀ, ਹਰੀ ਰਾਮ ਗੁਪਤਾ ਅਤੇ ਗੋਕਲ ਚੰਦ ਨਾਰੰਗ ਦੀਆਂ ਲਿਖਤਾਂ ਦਾ ਜ਼ਿਕਰ ਵੀ ਕੀਤਾ।  ਹਰੀਰਾਮ ਗੁਪਤਾ ਤਾਂ ਆਪਣੀਆਂ ਲਿਖਤਾਂ ਵਿਚ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਗੋਬਿੰਦ ਦਾਸ ਹੀ ਲਿਖਦਾ ਹੈ। ਲਾਲਾ ਦੌਲਤ ਰਾਇ, ਜੋ ਆਰੀਆਸਮਾਜੀ ਹੈ, ਦੀ ਕਿਤਾਬ ਸਾਹਿਬੇ ਕਮਾਲ ਦਾ ਵੀ ਵਿਸਥਾਰ ਵਿਚ ਜਾ ਕੇ ਜ਼ਿਕਰ ਕੀਤਾ। ਇਸ ਵਿਚ ਗੁਰੂ ਗੋਬਿੰਦ ਸਿੰਘ ਜੀ ਬਾਰੇ ਅਪਮਾਨ ਜਨਕ ਟਿਪਣੀਆਂ ਦਾ ਵੀ ਪੋਲ ਖੋਲਿਆ ਗਿਆ। ਅੰਤ ਵਿਚ ਬਲਦੇਵ ਸਿੰਘ ਸੜਕਨਾਮੇ ਦੀ ਨਵੀ ਕਿਤਾਬ, “ ਸੂਰਜ ਦੀ ਅੱਖ” ਜਿਸ ਨੂੰ ਵੈਨਕੂਵਰ ਦੇ ਇਕ ਗਰੁਪ ਨੇ 25 ਹਜ਼ਾਰ ਡਾਲਰ ਦੇ ਇਨਾਮ ਨਾਲ ਨਿਵਾਜਿਆ, ਦੇ ਬਹੁਤ ਸਾਰੇ ਪੰਨਿਆਂ ਦਾ ਹਵਾਲਾ ਦੇ ਕੇ ਦੱਸਿਆ ਕਿ ਇਹ ਕਿਤਾਬ ਵਿਚ ਖਾਲਸਾ ਰਾਜ ਬਾਰੇ ਕੀ ਕੂੜ-ਕਬਾੜ ਲਿਖਿਆ ਗਿਆ ਹੈ। ਅੰਤ ਵਿਚ ਸਰੋਤਾ ਜਨਾਂ ਦੇ ਸਵਾਲਾਂ ਦੇ ਜਵਾਬ ਦੇ ਕੇ ਫਤਿਹ ਬੁਲਾ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ। ਕਿਸੇ ਗੁਰਦਵਾਰਾ ਦੀ ਕਮੇਟੀ ਨੇ ਦੋ ਦਿਨ ਪੂਰਾ ਪ੍ਰੋਗਰਾਮ ਸੁਣਿਆ ਹੋਵੇ ਇਹ ਮੈਂ ਆਪਣੀਆਂ ਅੱਖਾਂ ਨਾਲ ਪਹਿਲੀ ਵਾਰ ਦੇਖਿਆ ਹੈ ਅਤੇ ਸ਼ਲਾਘਾ ਕਰਨੀ ਬਣਦੀ ਹੈ।
ਮੈਂ ਫਿਰ ਇਕਵਾਰ ਸਿੱਖ ਸੰਗਤਾਂ ਨੂੰ ਹੱਥ ਬੰਨ ਕੇ ਅਪੀਲ ਕਰਦਾ ਹਾਂ ਕਿ  ਜਦੋਂ ਕਦੇ ਵੀ ਐਸੇ ਮੌਕੇ ਆਉਂਦੇ ਹਨ ਜਿੱਥੇ ਕੁੱਝ ਸਿੱਖਣ ਨੂੰ ਮਿਲੇ ਜਰੂਰ ਜਾਓ। ਜੇਕਰ ਆਪਾਂ ਕੁੱਝ ਸਿੱਖਾਂਗੇ ਨਹੀਂ ਤਾਂ ਅੱਜ ਵੀ ਮਰੇ ਤੇ ਕੱਲ੍ਹ ਵੀ ਮਰੇ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ# 647 966 3132, 810 449 1079.

ਮਾੜਾ ਬਤਨੀ ਅੱਜ ਹਿਥੋਂ ਲੰਘਸੀ - ਗੁਰਚਰਨ ਸਿੰਘ ਜਿਉਣ ਵਾਲਾ

ਤਕਰੀਬਨ 84 ਸਾਲ ਪਹਿਲਾਂ, ਪ੍ਰਿੰ. ਤੇਜਾ ਸਿੰਘ, ਦੀ ਲਿਖੀ ਪੁਸਤਕ,”ਆਰਸੀ” ਵਿਚੋਂ ਹੂ-ਬਹੂ ਇਕ ਝਾਕੀ ਪਾਠਕਾਂ ਦੇ ਰੂ-ਬਰੂ ਕਰ ਰਿਹਾ ਹਾਂ। ਮੈਂ ਇਸ ਕਿਤਾਬ ਨੂੰ ਘੱਟ ਤੋਂ ਘੱਟ ਦੋ ਵਾਰ ਪੜ੍ਹ ਚੁਕਿਆ ਹਾਂ ਅਤੇ ਇਸ ਵਿਚੋਂ ਪ੍ਰੀਵਾਰਕ ਜੀਵਨ ਅਤੇ ਦੇਸ਼ ਪਿਆਰ ਦੇ ਕਈ ਦ੍ਰਿਸ਼ ਮਨ ਨੂੰ ਬਹੁਤ ਹੀ ਟੁੰਬਣ ਵਾਲੇ ਹਨ। ਸਰੀਰ ਥਕਾਵਟ ਨਾਲ ਟੁੱਟਿਆ ਹੋਣ ਦੇ ਬਾਵਜ਼ੂਦ ਵੀ ਇਸ ਲੇਖ ਨੂੰ ਪੂਰਾ ਕਰਕੇ ਸੌਣ ਦਾ ਯਤਨ ਕਰਾਂਗਾ। ਜੇਕਰ ਤੁਸੀਂ ਇਹ ਕਿਤਾਬ ਆਪ ਪੜ੍ਹੋ ਤਾਂ ਬਹੁਤ ਹੀ ਵਧੀਆ ਨਹੀਂ ਤਾਂ ਇਹ ਲੇਖ ਪੜ੍ਹ ਕੇ ਜ਼ਰੂਰ ਦੱਸਣਾ ਕਿ ਕਿਵੇਂ ਲੱਗਿਆ।
ਜਿਥੋਂ-ਜਿਥੋਂ ਮੇਰੀ ਗੱਡੀ ਲੰਘਦੀ, ਸਿੱਖ ਸੰਗਤਾਂ ਪਲੇਟ-ਫਾਰਮ ਤੇ ਸੁਆਗਤ ਲਈ ਫੁੱਲ ਤੇ ਫਲ ਲੈ ਕੇ ਪੁੱਜੀਆਂ ਹੁੰਦੀਆਂ। ਛੋਟੀਆਂ ਛੋਟੀਆਂ ਥਾਵਾਂ ਦੇ ਸਿੱਖ ਵੀ ਆ ਕੇ ਜ਼ੋਰ ਦਿੰਦੇ ਕਿ ਸਾਡੇ ਆਸਥਾਨ ਤੇ ਵੀ ਆ ਕੇ ਫੇਰਾ ਪਾ ਜਾਓ!
ਇਕ ਵਾਰੀ ਗੱਡੀ ਪੀਨਾਂਗ ਤੋਂ  ਚੱਲ ਕੇ ਬੰਬੋਕ ਵੱਲ ਜਾ ਰਹੀ ਸੀ। ਰਸਤਾ ਬਹੁਤ ਬਿਖੜਾ ਸੀ। ਰਾਹ ਵਿਚ ਜੰਗਲ ਆਉਂਦੇ ਸਨ। ਇਕ ਸਟੇਸ਼ਨ ਤੇ ਗੱਡੀ ਸਵੇਰੇ ਛੇ ਕੁ ਵਜੇ ਜਾ ਖੜੀ ਹੋਈ। ਇਕ ਮੁਸਲਮਾਨ ਸਿਪਾਹੀ ਭੱਜਦਾ ਭੱਜਦਾ ਆਇਆ ਤੇ ਮੇਰੀ ਗੱਡੀ ਦੀ ਬਾਰੀ ਦੇ ਸਾਹਮਣੇ ਆ ਖੜੋਤਾ। ਉਸ ਹੱਥ ਵਿਚ ਸੰਤਰੇ ਦੇ ਰਸ ਦੀਆਂ ਦੋ ਬੋਤਲਾਂ ਸਨ। ਹਫਦਾ ਹੋਇਆ ਕਹਿਣ ਲੱਗਾ, “ ਮੈਂ ਇੱਥੋ 20 ਕੋਹ ਦੀ ਵਿਥ ਤੇ ਰਹਿੰਦਾ ਹਾਂ। ਪੁਲਿਸ ਵਿਚ ਨੌਕਰ ਹਾਂ। ਮਾੜਾ ਪਿਛਲਾ ਬਤਨ ਜਿਹਲਮ ਨਾ ਹੈ। ਮੈਂ ਕੱਲ੍ਹ ਅਖਬਾਰ ਵਿਚ ਪੜ੍ਹਿਆ ਕਿ ਮਾੜਾ ਬਤਨੀ ਅੱਜ ਹਿਥੋਂ ਲੰਘਸੀ। ਮੈਂ ਅੱਧੀ ਰਾਤ ਟੁਰ ਕਿ ਦੌੜਨਾ-ਦੌੜਨਾ ਹਿੱਥੈ ਅਪੜਿਆ ਹਾਂ। ਹੇ ਦੋ ਬੱਤੇ ਘਿਨੀ ਅਛਿਆ ਵਾਂ। ਹਿਕ ਤੂੰ ਪੀ ਤੇ ਹਿੱਕ ਮੈਂ ਪੀਸਾਂ”।
ਇਹ ਸੁਣ ਕੇ ਜੋ ਮੇਰੇ ਦਿਲ ਤੇ ਗੁਜ਼ਰੀ ਉਹ ਮੈਂ ਹੀ ਜਾਣਦਾ ਹਾਂ। ਇਹ ਵਤਨ ਦੇ ਪਿਆਰ ਦੀ ਇਕ ਦੁਰਲੱਭ ਝਾਕੀ ਸੀ। ਇਕ ਤਾਂ ਮੁਸਲਮਾਨ ਤੇ ਦੂਜਾ ਪੁਲਸੀਆ। ਫਿਰ ਇਕ ਸਿੱਖ ਨਾਲ ਏਨਾ ਪਿਆਰ। ਮੈਨੂੰ ਖਿਆਲ ਆਇਆ ਕਿ ਆਪਣੇ ਦੇਸ਼ ਵਾਲਿਆਂ ਦੀ ਕਦਰ ਦੇਸ਼ ਤੋਂ ਬਾਹਰ ਜਾ ਕੇ ਹੀ ਉਗਮਦੀ ਹੈ। ਇਥੇ ਇਕ ਸਿੱਖ ਦੇ ਦੂਜਾ ਮੁਸਲਮਾਨ ਨਹੀਂ ਸੀ, ਸਗੋਂ ਪ੍ਰਦੇਸ਼ ਵਿਚ ਇਕ ਹਿੰਦੁਸਤਾਨੀ ਨੂੰ ਇਕ ਹੋਰ ਹਿੰਦੁਸਤਾਨੀ ਮਿਲ ਰਿਹਾ ਸੀ। ਹਿੰਦ ਦੀ ਮਿੱਟੀ ਦੇ ਬਣੇ ਹੋਏ ਦੋ ਪੁਤਲੇ ਮਿਲ ਰਹੇ ਸਨ, ਜਿਨ੍ਹਾਂ ਵਿਚ ਇਕੋ ਹਿੰਦ ਦਾ ਦਿਲ ਧੜਕ ਰਿਹਾ ਸੀ। ਇਕ ਬੱਤਾ ਮੈਂ ਉਸ ਦੇ ਹੱਥੋਂ ਲੈ ਕੇ ਪੀਤਾ, ਤੇ ਦੂਜਾ ਉਸ ਨੇ ਮੇਰੇ ਮੂੰਹ ਵੱਲ ਵੇਖ ਵੇਖ ਕੇ ਪੀਤਾ ਤੇ ਗੱਡੀ ਤੁਰ ਪਈ।
ਅੱਜ ਮੈਂ ਆਪ ਇਸ ਪਿਆਰ ਦਾ ਭੁੱਖਾ ਪਤਾ ਨਹੀਂ ਕਿਤਨੀ ਵਾਰ ਉਪਰਲੀਆਂ ਸਤਰਾਂ ਲਿਖਦਾ ਲਿਖਦਾ ਆਪਣੀਆਂ ਅੱਖਾਂ ਤੇ ਐਨਕਾਂ ਸਾਫ ਕਰਨ ਗਿਆ। ਅੱਜ ਅਸੀਂ ਉਸ ਵਕਤ ਨਾਲੋਂ ਬਹੁਤ ਜ਼ਿਆਦਾ ਪੜ੍ਹ ਲਿਖ ਗਏ ਹਾਂ, ਪੈਸੇ ਬਹੁਤ ਜ਼ਿਆਦਾ ਕਮਾ ਰਹੇ ਹਾਂ, ਜੀਵਨ ਵੀ ਬਹੁਤ ਸੌਖਾ ਹੈ ਪਰ ਸਾਡੀ  ਸਕੂਲੀ ਪੜ੍ਹਾਈ ਨੇ ਸਾਡੀ ਸੰਸਕ੍ਰਿਤੀ ਦਾ ਭੋਗ ਪਾ ਛੱਡਿਆ ਹੈ। ਅਸੀਂ ਇਕ ਦੂਜੇ ਨਾਲੋਂ ਟੱਟ ਚੁੱਕੇ ਹਾਂ। ਪੈਸੇ ਦੀ ਭੁੱਖ ਨੇ ਪਿਆਰ ਨਾਮ ਦੀ ਚੀਜ਼ ਨੂੰ ਸੱਤਵੇ ਅਕਾਸ ਚੜ੍ਹਾ ਦਿੱਤਾ ਹੈ। ਹੁਣ ਮੈਨੂੰ ਬਾਬੇ ਨਾਨਕ ਜੀ ਦੀਆਂ ਕੁੱਝ ਪੰਗਤੀਆਂ ਯਾਦ ਆ ਰਹੀਆਂ ਹਨ ਜੋ ਅੱਜ ਦੀ ਇਸ ਸਮਾਜਕ ਝਾਕੀ ਨੂੰ ਹੂ-ਬਹੂ ਬਿਆਨ ਕਰਦੀਆਂ ਹਨ। ਕਾਸ਼ ਕਿਤੇ ਗੁਰਦਵਾਰੇ ਸਾਨੂੰ ਐਸੀਆਂ ਪੰਗਤੀਆਂ ਦਾ ਪਾਠ ਪੜ੍ਹਾ ਸਮਝਾ ਕੇ ਬੰਦੇ ਬਣਾਉਣ ਦਾ ਕੰਮ ਕਰਦੇ ਹੁੰਦੇ।
“ਨਾਨਕ ਦੁਨੀਆ ਕੈਸੀ ਹੋਈ ॥ ਸਾਲਕੁ ਮਿਤੁ ਨ ਰਹਿਓ ਕੋਈ ॥ ਭਾਈ ਬੰਧੀ ਹੇਤੁ ਚੁਕਾਇਆ ॥ ਦੁਨੀਆ ਕਾਰਣਿ ਦੀਨੁ ਗਵਾਇਆ ॥੫॥ {ਪੰਨਾ 1410}”। ਪੈਸੇ ਦੀ ਖਾਤਰ ਅਸੀਂ ਹੈਵਾਨ ਬਣ ਚੁੱਕੇ ਹਾਂ। ਨਾ ਸਾਡਾ ਕੋਈ ਸਾਕ ਸੰਬੰਧੀ ਹੈ ਨਾ ਰਿਸ਼ਤੇਦਾਰ ਨਾ ਭੈਣ ਨਾ ਭਰਾ।
ਜਦੋਂ ਮੈਂ ਅੱਜ-ਕੱਲ੍ਹ ਅਖਬਾਰਾਂ ਵਿਚ ਇਹ ਪੜ੍ਹਦਾ ਹਾਂ ਕਿ ਫਲਾਣੇ ਪਿੰਡ ਜਾਂ ਸ਼ਹਿਰ ਵਿਚ ਫਲਾਣੇ ਨੇ ਆਪਣੇ ਸਕੇ ਭਰਾ ਜਾਂ ਆਪਣੇ ਬਾਪ ਨੂੰ ਗੰਡਾਸਿਆਂ ਨਾਲ ਵੱਡ ਸੁਟਿਆ ਹੈ, ਕਿਸੇ ਜਵਾਈ ਨੇ ਆਪਣੇ ਸੱਸ, ਸਹੁਰੇ ਅਤੇ ਇਕ ਸਾਲੀ ਦਾ ਕਤਲ ਕਰ ਦਿੱਤਾ ਹੈ ਤਾਂ ਮੈਨੂੰ ਹੀ ਪਤਾ ਹੈ ਕਿ ਮੇਰੇ ਦਿੱਲ ਤੇ ਕੀ ਗੁਜ਼ਰਦੀ ਹੈ। ਫਿਰ ਇਸੇ ਕਿਤਾਬ ਦੇ ਪੰਨਾ 23 ਤੇ ਪ੍ਰਿੰ. ਤੇਜਾ ਸਿੰਘ ਦੀ ਲਿਖੀ ਇਕ ਟੂਕ ਸਾਹਮਣੇ ਆਉਂਦੀ ਹੈ।“ ਮੇਰੇ ਨਾਨਕੇ ਮੋਨੇ ਸਨ। ਪਰ ਮੇਰੀ ਇਕ ਮਾਮੀ (ਦਿਵਾਨ ਦਈ) ਸਿੱਖਾਂ ਦੀ ਧੀ ਸੀ। ਉਹ ਮੈਨੂੰ ਲਾਡ ਪਿਆਰ ਕਰਦੀ ਸੀ। ਸਕੂਲ ਜਾਣ ਤੋਂ ਪਹਿਲਾਂ, ਮੈਨੂੰ ਰੋਟੀ ਖੁਆਂਦੀ ਤੇ ਗਰਮ ਗਰਮ ਫੁਲਕੇ ਉਤੇ ਘਿਉ ਪਾ ਕੇ ਕਹਿੰਦੀ, “ਲੂਠਿਆ! ਛੇਤੀ ਛੇਤੀ ਖਾ ਲੈ, ਆਈ ਊ ਨਾਨੀ!” ਮੈਂ ਸੜਦੇ ਸੜਦੇ ਘਿਓ ਵਾਲੀ ਬੁਰਕੀ ਮੂੰਹ ਵਿਚ ਪਾਉਂਦਾ ਅਤੇ ਅੰਦਰ ਲੰਘਾਣ ਦੀ ਕਰਦਾ। ਮੇਰੀ ਨਾਨੀ ਮੈਥੋਂ ਸਵੇਰੇ ਜਪੁਜੀ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੁਣਦੀ।
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਿੱਥੇ ਹਨ ਐਸੇ ਨਾਨਕੇ?, ਕਿੱਥੇ ਹਨ ਐਸੇ ਦੋਹਤੇ? ਕਿੱਥੇ ਹਨ ਐਸੇ ਭਰਾ, ਭਰਜਾਈਆਂ ਅਤੇ ਭੈਣਾਂ? ਕਿੱਥੇ ਹਨ ਐਸੇ ਮਾਂ ਅਤੇ ਬਾਪ ਜੋ ਆਪਣੀ ਸੰਤਾਨ ਨੂੰ ਬੰਦੇ ਬਣਾਉਣ ਦੀ ਪ੍ਰੇਰਣਾ ਕਰਦੇ ਹੋਣ। ਜਦੋਂ ਮਾਂ-ਬਾਪ ਨੂੰ ਆਪ ਹੀ ਪਤਾ ਨਹੀਂ ਕਿ ਬੰਦਗੀ/ਇਨਸਾਨੀਅਤ ਕੀ ਹੈ ਤਾਂ ਉਹ ਆਪ ਆਪਣੀ ਉਲਾਦ ਨੂੰ ਕੀ ਦੱਸਣਗੇ। ਕਿਸੇ ਵਿਦਵਾਨ ਦੀ ਕਹੀ ਗੱਲ ਮੈਨੂੰ ਯਾਦ ਆਉਂਦੀ ਹੈ। ਕੋਈ ਵਿਆਹਿਆ ਹੋਇਆ ਜੋੜਾ ਕਿਸੇ ਫਕੀਰ ਕੋਲ ਗਿਆ ਅਤੇ ਉਸ ਨੂੰ ਪੁੱਛਦਾ ਹੈ ਕਿ ਅਸੀਂ ਸੰਤਾਨ ਪੈਦਾ ਕਰਨੀ ਚਾਹੁੰਦੇ ਹਾਂ। ਸਾਨੂੰ ਦੱਸੋ ਕਿ ਅਸੀਂ ਉਸ ਨੂੰ ਧਾਰਮਿਕ ਵਿਦਿਆ ਕਦੋਂ ਦੇਣੀ ਸ਼ੁਰੂ ਕਰੀਏ? ਫਕੀਰ ਜੀ ਕਹਿਣ ਲੱਗੇ, “ਭਾਈ! ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ”। ਉਹ ਜੋੜਾ ਬੜੀ ਪਰੇਸ਼ਾਨੀ ਵਿਚ ਫਸ ਗਿਆ ਕਿ ਬੱਚੇ ਦੇ ਜਨਮ ਤੋਂ ਦੋ ਸਾਲ ਪਹਿਲਾਂ ਉਸ ਨੂੰ ਸਿਖਿਆ ਕਿਵੇਂ ਦਿੱਤੀ ਜਾ ਸਕਦੀ ਹੈ?  ਪੁੱਛਣ ਤੇ ਫਕੀਰ ਜੀ ਨੇ ਦੱਸਿਆ ਕਿ ਭਾਈ ਜਦੋਂ ਤੁਹਾਨੂੰ ਕੁੱਛ ਆਉਂਦਾ ਹੋਊ ਤਾਂ ਹੀ ਤਾਂ ਤੁਸੀਂ ਆਪਣੇ ਬੱਚੇ ਨੂੰ ਕੁੱਝ ਦੱਸੋਗੇ। ਇਸ ਕਰਕੇ ਬੱਚਾ ਪੈਦਾ ਕਰਨ ਤੋਂ ਪਹਿਲਾਂ ਆਪ ਧਾਰਮਿਕ ਸਿਖਿਆ ਗ੍ਰਿਹਣ ਕਰੋ ਫਿਰ ਬੱਚੇ ਪੈਦਾ ਕਰਨਾ ਜੀ।

ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣ ਵਾਲਾ # 647 966 3132, 810 449 1079                                                              

ਗੁਰਬਾਣੀ ਤੋਂ ਸੱਖਣੇ ਬਾਬੇ ਇਕਬਾਲ ਸਿੰਘ ਦੇ ਮਨਘੜਤ ਗੱਪ - ਗੁਰਚਰਨ ਸਿੰਘ ਜਿਉਣਵਾਲਾ

ਅਸਲ ਵਿਚ ਰੰਗ ਦੀ ਤਾਂ ਕੋਈ ਗੱਲ ਹੀ ਨਹੀਂ। ਬਾਣੀ ਵਿਚ ਤਾਂ ਸਾਰਿਆਂ ਰੰਗਾਂ ਨੂੰ ਹੀ ਪ੍ਰਮਾਤਮਾ ਦੇ ਰੰਗ ਮੰਨਿਆ ਗਿਆ ਹੈ ਤਾਂ ਫਿਰ ਲਾਲ ਰੰਗ ਕਿਉਂ ਮਾੜਾ ਹੋਇਆ? ਰੰਗ ਸਭੇ ਨਾਰਾਇਣੈ ਜੇਤੇ ਮਨਿ ਭਾਵੰਨਿ ॥ ਜੋ ਹਰਿ ਲੋੜੇ ਸੋ ਕਰੇ ਸੋਈ ਜੀਅ ਕਰੰਨਿ ॥ ਪੰਨਾ 134। ਬਾਬਿਆਂ ਦੀ ਬਿਰਤੀ ਨੂੰ ਸਮਝਣ ਲਈ ਸਾਨੂੰ ਥੋੜਾ ਇਤਹਾਸ ਨੂੰ ਫਰੋਲਣਾ ਪਏਗਾ। ਜਿਵੇਂ ਟਕਸਾਲੀਆਂ ਨੇ ਡੇਢ ਇੰਚ ਦਾ ਚੌੜਾ ਗਾਤਰਾ ਅਤੇ ਛਿਕੂ ਜਿਹਾ ਬਣਾ ਕੇ ਗੋਲ ਪੱਗ ਬੰਨੀ ਤੇ ਟਕੇਸਾਲੀ ਬਣ ਗਏ, ਕੰਨਾਂ ਵਿਚੋਂ ਮੈਲ ਕੱਢਣ ਵਾਲਿਆਂ ਵਰਗੀ ਪੱਗ ਬੰਨੀ ਤੇ ਰਾਮ ਸਿੰਘ ਕੂਕੇ ਦੇ ਚੇਲੇ ਨਾਮਧਾਰੀਏ ਬਣ ਗਏ ਇਵੇਂ ਹੀ ਸਰਬ ਲੋਹ ਦੇ ਬਰਤਨ ਵਰਤਣ ਲੱਗ ਪਏ ਤਾਂ ਅਖੰਡ-ਕੀਰਤਨਈਏ ਬਣ ਗਏ। ਦੇਖੋ! ਪੜਾਈ ਲਿਖਾਈ ਤੋਂ ਬਿਲਕੁਲ ਕੋਰੇ ਕਿਵੇਂ ਵੱਖਰੇ ਵੱਖਰੇ ਫਿਰਕਿਆਂ ਵਿਚ ਵੰਡੀਦੇ ਜਾ ਰਹੇ ਹਨ। ਠੀਕ ਇਸੇ ਤਰ੍ਹਾਂ ਹੀ ਇਹ ਬਾਬਾ ਜਿਹੜਾ ਆਪ ਗੁਰਮਤਿ ਤੋਂ ਕੋਰਾ ਹੈ ਬਾਕੀ ਬਚਿਆਂ ਨੂੰ ਰੰਗਾਂ ਦੀ ਮਾਰ ‘ਚ ਮਾਰ ਕੇ ਵੰਡਣ ਦਾ ਕੰਮ ਕਰ ਰਿਹਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਨਹੀਂ ਪਤਾ ਸੀ ਕਿ ਮੇਰੀ ਲਾਲ ਪੱਗ ਤੇ ਕੋਈ ਇਸਤ੍ਰੀ ਮੋਹਤ ਹੋ ਸਕਦੀ ਹੈ? ਕੀ ਗੁਰੂ ਜੀ ਗੁਰਬਾਣੀ ਸਿਧਾਂਤ ਤੋਂ ਨਾਵਾਕਿਫ ਸਨ?
ਇਕਬਾਲ ਸਿੰਘ (ਬਾਬਾ), ਬਰੈਕਟ ਵਿਚ ਬਾਬਾ ਮੈਂ ਇਨ੍ਹਾਂ ਦੀ ਕਿਤਾਬ ਤੋਂ ਨਕਲ ਕੀਤਾ ਹੈ ਵੈਸੇ ਹੈ ਇਹ ਗਲਤ, ਦੀ ਵੀਡੀਓ ਬਹੁਤ ਵਾਇਰਲ ਹੋਈ ਹੈ ਜਿਸ ਵਿਚ ਬਾਬਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਦੀ ਇਕ ਕਹਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੇ ਹਨ। ਆਖ ਰਹੇ ਹਨ ਕਿ ਇਕ ਦਿਨ ਇਕ ਬੀਬੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਈ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਿਰ ਤੇ ਲਾਲ ਰੰਗ ਦੀ ਪੱਗ ਬੰਨੀ ਵੇਖ ਕੇ ਮੋਹਿਤ ਹੋ ਗਈ। ਇਸ ਕਰਕੇ ਗੁਰੂ ਜੀ ਨੇ ਉਸ ਦਿਨ ਤੋਂ ਸਿੱਖਾਂ ਨੂੰ  ਲਾਲ ਰੰਗ ਦੀ ਪੱਗ ਬੰਨਣ ਦੀ ਮਨਾਹੀ ਕਰ ਦਿੱਤੀ। ਬੋਲੋ ਜੀ! ਵਾਖਰੂ । ਮੈਨੂੰ ਇੰਞ ਲੱਗਦਾ ਹੈ ਕਿ ਬਾਬਾ ਇਕਬਾਲ ਸਿੰਘ ਜੀ ਨੇ ਦਸਮ ਗ੍ਰੰਥ ਵਾਲੀ ਅਨੂਪ ਕੁਆਰਿ ਵਾਲੀ ਕਹਾਣੀ ਤੋਂ ਕੋਈ ਉਪਦੇਸ਼ ਲਿਆ ਲੱਗਦਾ ਹੈ।
ਬਾਬਾ ਜੀ ਤੁਹਾਨੂੰ ਤੇ ਇਹ ਵੀ ਪਤਾ ਨਹੀਂ ਕਿ ਗੁਰਬਾਣੀ ਵਿਚ ਕਿਹੜੇ ਰੰਗ ਨੂੰ ਪੱਕਾ ਜਾਂ ਸਦਾ ਰਹਿਣ ਵਾਲਾ ਕਿਹਾ ਗਿਆ ਹੈ ਤੇ ਕਿਹੜੇ ਰੰਗ ਨੂੰ “ਥੋੜੜਿਆ ਦਿਨ ਚਾਰਿ ਜੀਉ” ਕਿਹਾ ਗਿਆ ਹੈ। ਆਪੇ ਹੀਰਾ ਨਿਰਮਲਾ ਆਪੇ ਰੰਗੁ ਮਜੀਠ ॥ ਆਪੇ ਮੋਤੀ ਊਜਲੋ ਆਪੇ ਭਗਤ ਬਸੀਠੁ ॥ ਪੰਨਾ 54॥ ਬਾਬਾ ਜੀ! ਮਜੀਠ ਦਾ ਰੰਗ ਪੱਕਾ ਹੁੰਦਾ ਹੈ ਤੇ ਗਾੜਾ ਲਾਲ ਅਤੇ ਇਸ ਦੇ ਉਲਟ, “ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ”  ਕਸੁੰਭ ਦੇ ਫੁੱਲ ਨੂੰ ਛੇਤੀ ਖਤਮ ਹੋਣ ਵਾਲਾ ਲਿਖਿਆ ਹੈ। ਅੱਗੇ ਚੱਲ ਕੇ ਗੁਰਬਾਣੀ ਮੁਤਾਬਕ ਦੇਖਾਂਗੇ ਕੇ ਜਿਸ ਨੂੰ ਗੁਰਬਾਣੀ ਦੀ ਵੀਚਾਰਧਾਰਾ ਦਾ ਰੰਗ ਚੜ੍ਹ ਗਿਆ ਉਸ ਨੂੰ ਲਾਲੋ ਲਾਲ ਹੀ ਕਿਹਾ ਗਿਆ ਹੈ ਅਤੇ ਗੁਰਬਾਣੀ ਦੇ ਰੱਬ ਦਾ ਰੰਗ ਵੀ ਲਾਲੋ ਲਾਲ ਹੈ।  ਗੁਰਮੁਖਿ ਲਾਲੋ ਲਾਲੁ ਹੈ ਜਿਉ ਰੰਗਿ ਮਜੀਠ ਸਚੜਾਉ ॥੧॥ {ਪੰਨਾ 786} ॥
ਹਰਿ ਕਾ ਗ੍ਰਿਹੁ ਹਰਿ ਆਪਿ ਸਵਾਰਿਓ ਹਰਿ ਰੰਗ ਰੰਗ ਮਹਲ ਬੇਅੰਤ ਲਾਲ ਲਾਲ ਹਰਿ ਲਾਲ ॥ ਪੰਨਾ 977। ਜਿੱਥੇ ਪ੍ਰਮਾਤਮਾ ਵੱਸਦਾ ਹੈ ਉਸ ਨੂੰ ਉਹ ਆਪ ਸਵਾਰ ਲੈਂਦਾ ਹੈ। ਉਸਦਾ ਆਪਣਾ ਅਤੇ ਵਸੇਬੇ ਵਾਲੇ ਮਹਿਲ ਦਾ ਰੰਗ ਲਾਲ ਹੀ ਲਾਲ ਹੈ।
ਸਲੋਕੁ ਮਃ ੧ ॥ ਨਾ ਮੈਲਾ ਨਾ ਧੁੰਧਲਾ ਨਾ ਭਗਵਾ ਨਾ ਕਚੁ ॥ ਨਾਨਕ ਲਾਲੋ ਲਾਲੁ ਹੈ ਸਚੈ ਰਤਾ ਸਚੁ ॥੧॥ ਪੰਨਾ 1089। ਇਨ੍ਹਾਂ ਪੰਗਤੀ ਵਿਚ ਤਾਂ ਕੋਈ ਕਸਰ ਰਹਿਣ ਹੀ ਨਹੀਂ ਦਿੱਤੀ। ਗੁਰੂ ਨਾਨਕ ਪਿਤਾ ਕਹਿੰਦੇ ਹਨ ਕਿ ‘ਸਚੁ’ ਬਨਾਰਸੀ ਦਾਸਾਂ ਵਾਂਗ ਭਗਵਾਂ ਵੀ ਨਹੀਂ ਤੇ ਨਾ ਹੀ ਉਹ ਮੈਲਾ ਅਤੇ ਨਾ ਹੀ ਕੱਚਾ ਹੁੰਦਾ ਹੈ। ਬਸ ਉਹ ਲਾਲ ਹੀ ਲਾਲ ਹੈ।
ਸਾਰਗ ਮਹਲਾ ੫ ॥ ਲਾਲ ਲਾਲ ਮੋਹਨ ਗੋਪਾਲ ਤੂ ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ ॥੧॥ ਰਹਾਉ ॥ ਨਹ ਦੂਰਿ ਪੂਰਿ ਹਜੂਰਿ ਸੰਗੇ ॥ ਸੁੰਦਰ ਰਸਾਲ ਤੂ ॥੧॥ ਨਹ ਬਰਨ ਬਰਨ ਨਹ ਕੁਲਹ ਕੁਲ ॥ ਨਾਨਕ ਪ੍ਰਭ ਕਿਰਪਾਲ ਤੂ ॥੨॥੯॥੧੩੮॥ {ਪੰਨਾ 1231}
ਮਨ ਨੂੰ ਮੋਹਨ ਵਾਲਾ ਮੋਹਨ/ ਗੋਪਾਲ ਤੂੰ ਲਾਲ ਹੈਂ। ਤੂੰ ਹੀ ਕੀੜੇ ਮਕੌੜਿਆਂ ਅਤੇ ਹਾਥੀਆਂ ਨੂੰ, ਪੱਥਰਾਂ ਵਿਚ ਪਏ ਜੀਵਾਂ ਜੰਤਾਂ ਨੂੰ ਅਤੇ ਬਾਕੀ ਹੋਰ ਸਾਰੇ ਜੀਵਾਂ ਨੂੰ ਪਾਲਦਾ ਹੈ॥ ਰਹਾਉ॥ ਤੂੰ ਦੂਰ ਵੀ ਨਹੀਂ ਬਿਲਕੁਲ ਸਾਥ ਹੀ ਹੈਂ, ਅਤੀ ਸੁੰਦਰ ਹੈਂ, ਤੈਨੂੰ ਪੂਰਾ ਪੂਰਾ ਬਿਆਨ ਨਹੀਂ ਕੀਤਾ ਜਾ ਸਕਦਾ। ਤੇਰੀ ਕੋਈ ਜਾਤੀ ਜਾਂ ਕੁਲ ਨਹੀਂ ਪਰ ਹੈਂ ਤੂੰ ਕਿਰਪਾਲੂ।
ਲਾਲਨੁ ਲਾਲੁ ਲਾਲੁ ਹੈ ਰੰਗਨੁ ਮਨੁ ਰੰਗਨ ਕਉ ਗੁਰ ਦੀਜੈ ॥ ਰਾਮ ਰਾਮ ਰਾਮ ਰੰਗਿ ਰਾਤੇ ਰਸ ਰਸਿਕ ਗਟਕ ਨਿਤ ਪੀਜੈ ॥੫॥{ਪੰਨਾ 1323}।
ਪ੍ਰਮਾਤਮਾ ਨੂੰ ਲਾਲਨ ਕਰਕੇ ਸੰਬੋਧਨ ਕੀਤਾ ਹੈ ਤੇ ਉਸਦਾ ਰੰਗ ਵੀ ਲਾਲ ਹੈ। ਹੁਣ ਆਪਾਂ ਆਪਣੇ ਪ੍ਰਮਾਤਮਾ ਨੂੰ ਆਪਣਾ ਮਨ ਰੰਗਣ ਵਾਸਤੇ ਦੇਣਾ ਹੈ। ਜਦੋ ਪ੍ਰਮਾਤਮਾ ਦਾ ਰੰਗ ਚੜ੍ਹ ਗਿਆ ਤਾਂ ਉਸ ਨੂੰ ਆਪਾਂ ਚੁਸਕੀਆਂ ਲੈ ਲੈ ਕੇ ਪੀ ਸਕਦੇ ਹਾਂ।
ਲਾਲਨੁ ਤੈ ਪਾਇਆ ਆਪੁ ਗਵਾਇਆ ਜੈ ਧਨ ਭਾਗ ਮਥਾਣੇ ॥ ਬਾਂਹ ਪਕੜਿ ਠਾਕੁਰਿ ਹਉ ਘਿਧੀ ਗੁਣ ਅਵਗਣ ਨ ਪਛਾਣੇ ॥ ਗੁਣ ਹਾਰੁ ਤੈ ਪਾਇਆ ਰੰਗੁ ਲਾਲੁ ਬਣਾਇਆ ਤਿਸੁ ਹਭੋ ਕਿਛੁ ਸੁਹੰਦਾ ॥ ਜਨ ਨਾਨਕ ਧੰਨਿ ਸੁਹਾਗਣਿ ਸਾਈ ਜਿਸੁ ਸੰਗਿ ਭਤਾਰੁ ਵਸੰਦਾ ॥੩॥ {ਪੰਨਾ 704}
ਐ ਬੰਦੇ! ਜਦੋਂ ਤੂੰ ਆਪਣੇ ਆਪੇ ਵਿਚੋਂ ਮੇਰੀ ਮੇਰੀ ਨੂੰ ਮਾਰ ਕੇ ਸੱਭ ਦਾ ਬਣ ਗਿਆ ਤਾਂ ਸਮਝ ਕੇ ਪ੍ਰਮਾਤਮਾ ਨੂੰ ਪਾਉਣ ਲਈ ਤੇਰੀ ਤਕਦੀਰ ਜਾਗ ਪਈ ਹੈ। ਜਦੋਂ ਤੇਰੇ ਵਿਚ ਇਹ ਇੱਛਾ ਪੈਦਾ ਹੋ ਗਈ ਤਾਂ ਫਿਰ ਪ੍ਰਮਾਤਮਾ ਨੇ ਤੇਰੇ ਗੁਣ ਅਤੇ ਅਗੁਣ ਨਹੀਂ ਵੀਚਾਰਨੇ ਬਸ ਸਮਝ ਕੇ ਤੇਰੀ ਬਾਂਹ ਪਕੜ ਕੇ ਠਾਕੁਰ ਨੇ ਤੈਨੂੰ ਆਪਣਾ ਬਣ ਲਿਆ ਹੈ। ਜਦੋਂ ਤੂੰ ਗੁਣਾਂ ਦਾ ਹਾਰ ਪਰੋ ਲਿਆ ਤਾਂ ਸਮਝ ਕੇ ਤੇਰੇ ਤੇ ਪ੍ਰਮਾਤਮਾ ਵਾਲਾ ਲਾਲ ਰੰਗ ਚੜ੍ਹ ਗਿਆ ਹੈ ਅਤੇ ਸਾਰਾ ਕੁਛ ਸੋਹਣਾ ਲੱਗਣ ਲੱਗ ਪਿਆ ਹੈ। ਓਹੋ ਇਸਤ੍ਰੀ ਹੀ ਸੋਹਾਗਣ ਹੈ ਜਿਸ ਨੇ ਆਪਣੇ ਪਤੀ ਪ੍ਰਮਾਤਮਾ ਨੂੰ ਮਨ ਵਿਚ ਵਸਾ ਲਿਆ  ਹੈ।
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥ ਆਪਿ ਮੁਸੈ ਮਤਿ ਹੋਛੀਐ ਕਿਉ ਰਾਹੁ ਪਛਾਣੈ ॥ ਕਿਉ ਰਾਹਿ ਜਾਵੈ ਮਹਲੁ ਪਾਵੈ ਅੰਧ ਕੀ ਮਤਿ ਅੰਧਲੀ ॥ ਵਿਣੁ ਨਾਮ ਹਰਿ ਕੇ ਕਛੁ ਨ ਸੂਝੈ ਅੰਧੁ ਬੂਡੌ ਧੰਧਲੀ ॥ {ਪੰਨਾ 767}
ਪਰ ਬਾਬਾ ਜੀ ਤੁਹਾਡੀ ਹਾਲਤ ਤਾਂ ਉਪਰ ਵਾਲੀਆਂ ਪੰਗਤੀਆ ਵਾਲੀ ਹੈ। ਤੁਸੀਂ ਆਪ ਅੰਧੇ ਹੋ ਤੇ ਅਸਲ ਰਸਤੇ ਨੂੰ  ਕਿਵੇਂ ਪਛਾਂਣੋਗੇ? ਤੁਸੀਂ ਤਾਂ ਆਪ ਦਿੱਲੀ ਵਾਲੇ ਗੈਂਗ ਤੋਂ ਠੱਗੇ ਗਏ ਹੋ ਅਤੇ ਮੱਤ ਹੋਛੀ ਹੋ ਗਈ ਹੈ ਇਸ ਕਰਕੇ ਤੁਹਾਨੂੰ ਅਸਲੀ ਰਸਤੇ ਦੀ ਪਛਾਣ ਹੀ ਨਹੀਂ। ਕਿਉਂਕਿ ਤੁਹਾਡੀ ਮੱਤ ਹੀ ਅੰਨੀ ਹੋ ਗਈ ਹੈ ਇਸ ਕਰਕੇ ਨਾ ਤੁਸੀਂ ਅਸਲੀ ਰਸਤੇ ਤੇ ਤੁਰ ਸਕਦੇ ਹੋ ਤੇ ਨਾ ਹੀ ਅਸਲ ਠਿਕਾਣਾ ਪਾ ਸਕਦੇ ਹੋ। ਕਿਉਂਕਿ ਤੁਸੀਂ ਸੱਚ ਨਾਲੋ ਟੁੱਟੇ ਹੋਏ ਹੋ ਇਸ ਕਰਕੇ ਅੱਗੇ ਦੀ ਅੱਗੇ ਠੱਗੀਦੇ ਹੀ ਜਾਓਗੇ।
ਸਾਜਨ ਹੋਵਨਿ ਆਪਣੇ ਕਿਉ ਪਰ ਘਰ ਜਾਹੀ ॥ ਸਾਜਨ ਰਾਤੇ ਸਚ ਕੇ ਸੰਗੇ ਮਨ ਮਾਹੀ ॥ {ਪੰਨਾ 766}
ਬਾਬਾ ਜੀ ਜੇਕਰ ਤੁਸੀਂ ਆਪ ਗੁਰੂ ਵਾਲੇ ਬਣੇ ਹੋਏ ਹੁੰਦੇ ਤਾਂ ਤੁਹਾਨੂੰ ਸਰਕਾਰੇ ਦਰਬਾਰੇ { ਪਰ ਘਰ ਜਾਹੀ} ਸ਼ਿਫਰਸ਼ਾਂ ਲਾ ਕੇ ਕੰਮ ਕਰਵਾਉਣ ਦੀ ਲੋੜ ਹੀ ਨਾ ਪੈਂਦੀ। ਜਿਹੜੇ ਸੱਚ ਵਿਚ ਰੰਗੇ ਜਾਂਦੇ ਹਨ ਉਹ ਕਿਸੇ ਹੋਰ ਰੰਗ ਵਿਚ ਰੰਗੇ ਜਾਣ ਤੋਂ ਸੰਗਦੇ ਹਨ। ਮਤਲਬ ਕਿਸੇ ਹੋਰ ਦੇ ਨੇੜੇ ਵੀ ਨਹੀਂ ਜਾਂਦੇ।
ਪੰਜਾਬੀ ਭਰਾਵੋ! ਇਹ ਨਾ ਸੋਚੋ ਕਿ ਇਹ ਚਿੱਟ-ਕਪੜੀਏ ਤੁਹਾਡਾ ਕੁੱਝ ਸਵਾਰਨਗੇ। ਇਹ ਲੋਕ ਤਾਂ ਨਿਰੇ ਕੂੜ-ਕਪਟ ਨਾਲ ਭਰੇ ਹੋਏ ਸੁਧੇ ਠੱਗ ਹਨ। ਬਸ ਬਾਬਾ ਫਰੀਦ ਜੀ ਫਰਮਾਉਂਦੇ ਹਨ “ਆਪੁ ਸਵਾਰਹਿ ਮੈ ਮਿਲਹਿ ਮੈ ਮਿਲਿਆ ਸੁਖੁ ਹੋਇ ॥ ਫਰੀਦਾ ਜੇ ਤੂ ਮੇਰਾ ਹੋਇ ਰਹਹਿ ਸਭੁ ਜਗੁ ਤੇਰਾ ਹੋਇ॥ {ਪੰਨਾ 1382}” ਆਪਾਂ ਆਪਣਾ ਆਪ ਸਵਾਰ ਲਈਏ ਤਾਂ ਸਮਝੋ ਰੱਬ ਪਾ ਲਿਆ ਹੈ ਤੇ ਸਾਰਾ ਸੰਸਾਰ ਵੀ ਤੁਹਾਡਾ ਆਪਣਾ ਹੋ ਗਿਆ ਹੈ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ# 647 966 3132, 810 449 1079