Hardev Singh Dhaliwal

ਕੁਦਰਤ ਆਪ ਵੀ ਇਨਸਾਫ਼ ਕਰਦੀ ਹੈ - ਹਰਦੇਵ ਸਿੰਘ ਧਾਲੀਵਾਲ

ਮੈਂ ਕੋਈ ਵੱਡਾ ਭਗਤ ਨਹੀਂ। ਸੱਚ ਬੋਲਣਾ ਤੇ ਕੌੜੀ ਗੱਲ ਕਹਿ ਦੇਣਾ ਮੇਰੇ ਵਿੱਚ ਨੁਕਸ ਮੰਨਿਆ ਜਾਂਦਾ ਹੈ। ਮੇਰੇ ਬਾਪੂ ਜੀ ਦਾ ਚਲਾਣਾ 1947 ਵਿੱਚ ਹੋ ਗਿਆ ਸੀ। ਮੈਂ ਕੋਈ ਸੱਤ ਕੁ ਸਾਲਾਂ ਦਾ ਸੀ ਤੇ ਤਿੰਨ ਭਰਾਵਾਂ ਵਿੱਚੋਂ ਮੈਂ ਛੋਟਾ ਸੀ। ਸਾਡੀਆਂ ਦੋ ਮਾਵਾਂ ਸਨ, ਵੱਡੀ ਮਾਂ ਦੇ ਕੋਈ ਬੱਚਾ ਨਹੀਂ ਸੀ। ਅਸੀਂ ਸਾਰੇ ਛੋਟੀ ਮਾਂ ਦੀ ਔਲਾਦ ਸੀ, ਪਰ ਸਾਡਾ ਪਾਲਣ-ਪੋਸ਼ਣ ਵੱਡੀ ਮਾਂ ਹੀ ਕਰਦੀ ਸੀ। ਉਸ ਦਾ ਪਿਆਰ ਛੋਟੀ ਮਾਂ ਤੋਂ ਘੱਟ ਨਹੀਂ ਸੀ। ਸਾਡੇ ਘਰ ਆ ਕੇ ਆਮ ਆਦਮੀ ਨੂੰ ਸਾਡੀ ਮਾਂ ਬਾਰੇ ਸੋਚਣਾ ਪੈਂਦਾ ਸੀ ਤੇ ਅਸੀਂ ਵੀ ਦੋਹਾਂ ਦਾ ਬਰਾਬਰ ਸਤਿਕਾਰ ਕਰਦੇ ਸੀ। ਉਨ੍ਹਾਂ ਔਖੇ ਸਮੇਂ ਵਿੱਚ ਮਿਹਨਤ ਕਰਕੇ ਸਾਨੂੰ ਪਾਲਿਆ ਸੀ। ਭਾਵੇਂ ਜਮੀਨ ਕਾਫੀ ਸੀ, ਪਰ ਉਸ ਸਮੇਂ ਜਮੀਨ ਤੋਂ ਆਮਦਨ ਬਹੁਤੀ ਨਹੀਂ ਸੀ ਹੁੰਦੀ। ਇਸ ਕਰਕੇ ਉਹ ਚਾਰ ਮੱਝਾਂ ਦਾ ਦੁੱਧ ਵੇਚਦੀਆਂ ਸਨ, ਜਦੋਂ ਕਿ ਚੰਗੇ ਜਿਮੀਂਦਾਰ ਪਰਿਵਾਰ ਉਨ੍ਹੀਂ ਦਿਨੀ ਦੁੱਧ ਵੇਚਣਾ ਚੰਗਾ ਨਹੀਂ ਸਨ ਸਮਝਦੇ। ਛੋਟੀ ਮਾਂ ਦਾ ਪਿੰਡ ਵਿੱਚ ਵਿਆਜ ਵੀ ਚੱਲਦਾ ਸੀ ਤੇ ਉਹ ਪੁਆਨੀ (ਇੱਕ ਰੁਪਿਆ ਨੌਂ ਆਨੇ) ਦਾ ਵਿਆਜ ਲਾਉਂਦੀ ਸੀ। ਪਿੰਡ ਵਿੱਚ ਕਾਫੀ ਪੇਸਾ ਚੱਲਦਾ ਸੀ।
    ਮੈਂ 11 ਅਪ੍ਰੈਲ 1965 ਨੂੰ ਫਿਰੋਜਪੁਰ ਤੋਂ ਚਾਰ ਦਿਨਾਂ ਦੀ ਛੁੱਟੀ ਲੈ ਕੇ ਆਇਆ ਸੀ। ਮੇਰੀ ਛੋਟੀ ਮਾਂ ਜੀ ਸੀਰੀਆ ਤੌਂ ਇੰਜਣ ਰਾਹੀਂ ਕਪਾਹ ਦੀ ਰੌਣੀ ਕਰਵਾ ਰਹੀ ਸੀ। ਮੈਨੂੰ ਵੱਟ ਤੇ ਬਿਠਾ ਕੇ ਕਹਿਣ ਲੱਗੀ ਕਿ "ਤੂੰ ਥਾਣੇਦਾਰ ਬਣ ਗਿਆ ਹੈਂਂ, ਲੋਕਾਂ ਤੋਂ ਵੱਢੀ ਨਹੀਂ ਲੈਣੀ, ਨਹੀਂ ਤਾਂ ਲੋਕ ਕਹਿਣਗੇ ਕਿ ਗਿਆਨੀ ਸ਼ੇਰ ਸਿੰਘ ਦਾ ਭਤੀਜਾ ਤੇ ਸ੍ਰ. ਖੀਵਾ ਸਿੰਘ ਦਾ ਪੁੱਤਰ ਰਿਸ਼ਵਤਖੋਰ ਹੈ, ਬਜੁਰਗਾਂ ਦੀ ਬਦਨਾਮੀ ਹੋਵੇਗੀ, ਜੋ ਮੈਂ ਬਰਦਾਸਤ ਨਹੀਂ ਕਰ ਸਕਸਦੀ। ਤੈਨੂੰ ਕੱਪੜੇ, ਘਿਉ ਤੇ ਵਾਧੂ ਖਰਚਾ ਘਰ ਤੋਂ ਮਿਲ ਜਾਏਗਾ।" ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਕਿ ਮੈਂ ਤਾਂ ਫਿਲੌਰ ਤੋਂ ਆਇਆ ਹੀ ਹਾਂ, ਅਜੇ ਕਈ ਕੋਰਸ ਕਰਨੇ ਹਨ, ਹਾਲੇ ਪੈਸੇ ਨਹੀਂ ਮਿਲਦੇ । ਪਰ ਉਹ ਆਪਣੀ ਗੱਲ ਦੁਬਾਰਾ ਸ਼ਖਤੀ ਨਾਲ ਕਹਿ ਗਈ।
    ਇਹ ਮੇਰੀ ਛੋਟੀ ਮਾਂ ਨਾਲ ਅਖੀਰੀ ਮੁਲਾਕਾਤ ਸੀ। ਮੈਂ ਹੈਰਾਨ ਸੀ ਕਿ ਮਾਂ ਨੇ 17-18 ਸਾਲ ਵਿਆਜ ਲਾਇਆ ਹੈ ਤੇ ਵਿਆਜ ਘੱਟ ਵੀ ਨਹੀਂ ਕਰਦੀ, ਪਰ ਇਹ ਨਸੀਹਤ ਉਲਟ ਸੀ। ਮੈਂ ਸਾਰੀ ਉਮਰ ਉਸ ਦੀ ਗੱਲ ਮੰਨਣ ਦੀ ਪੂਰੀ ਕੋਸ਼ਿਸ਼ ਕੀਤੀ। ਬਾਰਾਂ ਅਪ੍ਰੈਲ ਨੂੰ ਮੈਂ ਦੋ-ਤਿੰਨ ਦੋਸਤਾਂ ਨਾਲ ਤਲਵੰਡੀ ਸਾਬੋ ਮੇਲਾ ਦੇਖਣ ਚਲਿਆ ਗਿਆ। ਸੁਖਦੇਵ ਸਿੰਘ ਦੇ ਸਹੁਰੇ ਬੁਰਜ ਬਘੇਹਰ ਸਨ। ਦੋ ਰਾਤਾਂ ਲਾਲ ਕੇ ਮੈਂ ਵਾਪਸ ਆਇਆ, ਜਦੋਂ ਕਿ ਉਹ ਦੋਵੇਂ ਉੱਥੇ ਹੀ ਰਹਿ ਗਏ। ਵਾਪਸ ਆਉਂਦੇ ਹੀ ਪਤਾ ਲੱਗਿਆ ਕਿ ਸੀਰੀਆਂ ਨੇ ਇੰਜਣ ਦੇ ਹੈਂਡਲ ਤੇ ਕੁਹਾੜੀ ਨਾਲ ਮਾਂ ਦਾ ਕਤਲ ਕਰ ਦਿੱਤਾ ਹੈ। ਉਹ ਸਖਤ ਮਿਜਾਜ਼ ਸੀ, ਨਰਮ ਵੀ ਬਹੁਤ ਸੀ। ਸੀਰੀਆਂ ਨੇ ਨਸ਼ੇ ਵਾਲੀਆਂ ਗੋਲੀਆਂ ਖਾਧੀਆਂ ਹੋਈਆਂ ਸਨ ਤੇ ਇੰਜਣ ਤੇਜ ਚੱਲ ਰਿਹਾ ਸੀ। ਮਾਂ ਨੇ ਘੂਰੇ ਤੇ ਆਪ ਇੰਜਣ ਹੌਲੀ ਕਰਨ ਲੱਗੀ ਤਾਂ ਮਗਰੋਂ ਉਨ੍ਹਾਂ ਨੇ ਹੈਂਡਲ ਤੇ ਕੁਹਾਡੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਉਨ੍ਹਾਂ ਨੂੰ ਵਰਗਲਾਉਣ ਵਿੱਚ ਸਾਇਦ ਕੋਈਭੈੜਾ ਹੱਥ ਸੀ।
    ਸਤੰਬਰ 1965 ਵਿੱਚ ਕੇਸ ਦਾ ਫੈਸਲਾ ਹੋ ਗਿਆ। ਦੋਵਾਂ ਨੂੰ ਸੈਸ਼ਨ ਜੱਜ ਠੁਕਰਾਲ ਨੇ ਵੀਹ-ਵੀਹ ਸਾਲ ਦੀ ਕੈਦ ਕਰ ਦਿੱਤੀ। ਉਨ੍ਹਾਂ: ਦੀ ਉਮਰ ਉਸ ਸਮੇਂ ਵੀਹ ਸਾਲ ਤੋਂ ਵੱਧ ਸੀ, ਪਰ ਮੇਰੀ ਗੈਰ-ਹਾਜ਼ਰੀ ਕਰਕੇ ਉੱਪਲੀ ਦੇ ਇੱਕ ਕਪਤਾਨ ਸਾਹਿਬ ਨੇ ਡਾਕਟਰਾਂ ਨਾਲ ਸਾਜ-ਬਾਜ ਕਰ ਕੇ ਅਦਾਲਤ ਰਾਹੀਂ ਉਨ੍ਹਾਂ ਦਾ ਡਾਕਟਰੀ ਮੁਆਇਨਾ ਕਰਵਾ ਕੇ 18 ਸਾਲ ਤੋਂ ਛੋਟੀ ਉਮਰ ਦੇ ਕਰਾਰ ਦਿਵਾ ਦਿੱਤੇ। ਇਸ ਕਰਕੇ ਉਹ ਬੋਸਟਲ ਜੇਲ੍ਹ ਫਰੀਦਕੋਟ ਭੇਜ ਦਿੱਤੇ ਗਏ। ਮੈਂ 1971  ਦੀ ਜੁਲਾਈ ਤੱਕ ਉਨ੍ਹਾਂ ਦਾ ਕੋਈ ਪਤਾ ਨਾ ਕੀਤਾ ਕਿ ਕਿਹੜੀ ਜੇਲ੍ਹ ਵਿੱਚ ਹਨ, ਨਾ ਹੀ ਮੈਨੂੰ ਕੋਈ ਲੋੜ ਸੀ। ਜੁਲਾਈ 1972 ਵਿੱਚ ਮੈਂ ਮੁੱਖ ਅਫਸਰ ਸਦਰ ਨਾਭਾ ਲੱਗ ਗਿਆ। ਪਿੰਡ ਤੋਂ ਪਤਾ ਲੱਗਿਆ ਸੀ ਕਿ ਉਹ ਨਾਭੇ ਦੀ ਖੁੱਲ੍ਹੀ ਜੇਲ੍ਹ ਵਿੱਚ ਹਨ, ਪਰ ਮੈਂ ਕੈਦ ਕਰਾ ਕੇ ਸੰਤੁਸ਼ਟ ਸੀ। ਕੁਦਰਤ ਬੜੀ ਬਲਵਾਨ ਹੈ। ਉਸ ਦਿਨ ਤੋਂ ਮੇਰਾ ਰੱਬ ਵਿੱਚ ਭਰੋਸਾ ਹੋਰ ਵੱਧ ਗਿਆ। ਸ਼ਾਮ ਦੇ ਕੋਈ ਛੇ ਕੁ ਵੱਜੇ ਮੈਂ ਆਪਣੇ ਮੁਲਾਜਮਾਂ ਨਾਲ ਬੈਠਾ ਸੀ। ਮੇਰੇ ਮਨ ਵਿੱਚ ਸਹਿਬਨ ਆਇਆ ਕਿ ਉਨ੍ਹਾਂ ਦਾ ਪਤਾ ਕਰਾਂ। ਮੈਂ ਡੀ.ਐਫ.ਸੀ. ਨੂੰ ਖੁੱਲੀ ਜੇਲ੍ਹ ਭੇਜਿਆ ਕਿ ਪਤਾ ਕਰ ਕੇ ਆਵੇ ਕਿ ਉਨ੍ਹਾਂ ਦਾ ਕਿਹੋ ਜਿਹਾ ਵਿਹਾਰ ਹੈ ਤੇ ਕਦੋਂ ਛੁੱਟਣ ਵਾਲੇ ਹਨ, ਪਰ ਡੀ.ਐਫ.ਸੀ.ਦੇ ਜਾਣ ਤੇ ਜੇਲ੍ਹ ਅਧਿਕਾਰੀਕਾਫੀ ਘਬਰਾ ਗਏ ਤੇ ਉਸ ਨੂੰ ਕੋਈ ਸਹੀ ਜਵਾਬ ਨਾ ਦੇ ਸਕੇ।
    ਮੈਂ ਏ.ਐਸ.ਆਈ. ਸ੍ਰੀ ਸੰਤ ਸਰਨ ਨੂੰ ਕਿਹਾ ਕਿ ਕੱਲ੍ਹ ਨੂੰ ਉਹ ਪਤਾ ਕਰੇ। ਤਦ ਸ਼ਾਮ ਦੇ ਅੱਠ ਕੁ ਵੱਜੇ ਖੁੱਲ੍ਹੀ ਜੇਲ੍ਹ ਤੋਂ ਦੋ ਕੈਦੀਆਂ ਦੇ ਫਰਾਰ ਹੋਣ ਦੀ ਚਿੱਠੀ ਆ ਗਈ। ਅਸੀਂ ਮੁਕੱਦਮਾ ਦਰਜ ਕਰ ਦਿੱਤਾ। ਅਸਲ ਵਿੱਚ ਉਹ ਜੇਲ੍ਹ ਅਧਿਕਾਰੀਆਂ ਦੀ ਮਰਜੀ ਨਾਲ ਫਰਲੋ (ਬਿਨਾਂ ਮੰਨਜੂਰ ਛੁੱਟੀ) ਤੇ ਭੇਜੇ ਹੋਏ ਸਨ। ਉਹ ਸਮੇਂ ਟੈਲੀਫੋਨ ਆਦਿ ਦੀ ਬਹੁਤੀ ਸਹੂਲਤ ਨਹੀਂ ਸੀ। ਉਨ੍ਹਾਂ ਨੂੰ ਤਸੱਲੀ ਹੋ ਗਈ ਸੀ ਕਿ ਜਾਂ ਤਾਂ ਮੈਂ ਉਨ੍ਹਾਂ ਨੂੰ ਫੜ ਲਿਆ ਹੈ, ਜਾਂ ਮੈਨੂੰ ਉਨ੍ਹਾਂ ਦੇ ਪਿੰਡ ਪਹੁੰਚਣ ਬਾਰੇ ਪਤਾ ਹੈ। ਇਸ ਭਗਦੜ ਵਿੱਚ ਉਹ ਉਨ੍ਹਾਂ ਨੂੰ ਰਾਤੋ-ਰਾਤ ਸੇਰੋਂ ਤੋਂ ਨਾਭੇ ਲੈ ਆਏ, ਕਿਉਂਕਿ ਉਹ ਅਧਿਕਾਰੀਆਂ ਦੀ ਰਾਏ ਨਾਲ ਗਏ ਸਨ, ਪਰ ਜੇਲ੍ਹ ਵਾਲਿਆਂ ਨੇ ਆਪਣੇ ਆਪ ਨੂੰ ਬਚਾਉਣ ਲਈ ਉਨ੍ਹਾਂ ਤੋਂ ਇਕਬਾਲ (ਜੁਰਮ ਮੰਨਣਾ) ਕਰਵਾ ਦਿੱਤਾ। ਜੱਜ ਸਾਹਿਬ ਨੇ ਦੋਹਾਂ ਨੂੰ ਜੇਲ ਤੋਂ ਭੱਜਣ ਦੇ ਦੋਸ਼ ਤਹਿਤ ਹੋਰ ਕੈਦ ਕਰ ਦਿੱਤੀ। ਜੇਲ੍ਹ ਵਿੱਚ ਦੂਜਾ ਜੁਰਮ ਕਰਨ ਕਾਰਨ ਉਨ੍ਹਾਂ ਦੀਆਂ ਸਾਰੀਆਂ ਮੁਆਫੀਆਂ ਰੱਦ ਹੋ ਗਈਆਂ ਅਤੇ ਉਨ੍ਹਾਂ ਨੂੰ ਛੁੱਟੀ ਮਿਲਣੀ ਵੀ ਬੰਦ ਹੋ ਗਈ। ਦੋਵਾਂ ਨੇ 1979 ਤੱਕ ਪੂਰੀ 14 ਸਾਲ ਜੇਲ੍ਹ ਕੱਟੀ, ਜਿਹੜੀ ਕਿ 20 ਸਾਲ ਕੈਦ ਵਾਲੇ ਕੈਦੀ ਨੂੰ ਕੱਟਣੀ ਪੈਂਦੀ ਹੈ। ਜਦੋਂ ਕਿ ਉਨ੍ਹਾਂ ਨੇ 1971 ਵਿੱਚ ਹੀ ਬਾਹਰ ਆ ਜਾਣਾ ਸੀ। ਕੁਦਰਤ ਨੇ ਆਪਣਾ ਇਨਸਾਫ ਕਰ ਦਿਖਾਇਆ । ਅਜਿਹੇ ਇਨਸਾਫ਼ ਕੁਦਰਤ ਹੀ ਕਰ ਸਕਦੀ ਹੈ।
    ਮੈਂ ਇਸ ਤੇ ਸੁਚੇਤ ਹੋ ਗਿਆ । ਜੇਲ੍ਹ ਵਿੱਚ ਭਾਵੇਂ ਉਹ ਦਬਾਕੜੇ ਮਾਰਦੇ ਰਹੇ, ਪਰ ਮੈਂ 1979 ਤੱਕ ਪੈਰਵੀ ਜਾਰੀ ਰੱਖੀ।
    ਗਿਆਨੀ ਅਜਮੇਰ ਸਿੰਘ ਧਮੋਟ ਬਹੁਤ ਵਧੀਆ ਇਨਸਾਨ ਤੇ ਇਮਾਨਦਾਰ ਥਾਣੇਦਾਰ ਹੋਏ ਹਨ। ਉਹ ਹੱਥ ਦੇਖਣ ਦੇ ਵੀ ਮਾਹਰ ਸਨ। ਕਹਿੰਦੇ ਹਨ ਕਿ ਉਹ ਮੁੱਖ ਅਫ਼ਸਰ ਥਾਣਾ ਬੋਹਾ ਲੱਗੇ ਹੋਏ ਸਨ। ਉਹ ਜ਼ਬਾਨ ਦੇ ਨਰਮ ਤੇ ਸੁਭਾਅ ਦੇ ਮਿੱਠੇ ਸਨ। ਥਾਣਾ ਬੋਹਾ ਵਿੱਚ ਭਾਊਆਂ ਦੀ ਕਾਫ਼ੀ ਅਬਾਦੀ ਹੈ। ਬਹੁਤੇ ਭਾਊ ਤੇ ਰਾਏ ਸਿੱਖ ਕੱਢ ਕੇ ਸ਼ਰਾਬ ਵੇਚਣ ਦੇ ਆਦੀ ਸਨ। ਇਸ ਲਈ ਸਜਾ ਵੀ ਸਧਾਰਨ ਹੁੰਦੀ ਸੀ। ਉਨ੍ਹਾਂ ਨੇ ਇੱਕ ਭਾਊ ਤੋਂ ਚੱਲਦੀ ਭੱਠੀ ਫੜ ਲਈ, ਪਰ ਅਦਾਲਤ ਵਿੱਚ ਗਵਾਹ ਸਹੀ ਨਾ ਭੁਗਤਨ ਕਾਰਨ ਮੈਜਿਸਟਰੇਟ ਮਾਨਸਾ ਨੇ ਬਰੀ ਕਰ ਦਿੱਤਾ । ਉਸ ਨੇ ਬਾਹਰ ਆ ਕੇ ਗਿਆਨੀ ਜੀ ਨੂੰ ਟਕੋਰ ਮਾਰੀ ਕਿ "ਗਿਆਨੀ ਜੀ, ਮੈਂ ਬਰੀ ਹੋ ਗਿਆ ਹਾਂ।" ਉਹ ਹੱਸ ਕੇ ਕਹਿਣ ਲੱਗੇ, "ਭਾਊ, ਤੇਰੀ 20-25 ਸੇਰ ਦੀ ਪਿੱਤਲ ਦੀ ਦੋਹਣੀ ਫੜੀ ਹੋਈ ਹੈ, ਕਮਲਿਆ ਉਹ ਤਾਂ ਅਰਜ਼ੀ ਦੇ ਕੇ ਲੈ ਜਾ।" ਭਾਊ ਲਾਲਚ ਵਿੱਚ ਆ ਗਿਆ। ਉਹ ਅਰਜ਼ੀ ਲਿਖਵਾ ਕੇ ਅਦਾਲਤ ਵਿੱਚ ਚਲਿਆ ਗਿਆ। ਵਕੀਲ ਨਾਲ ਉਸ ਨੇ ਗੱਲ ਨਾ ਕੀਤੀ। ਜੱਜ ਦੇ ਪੇਸ਼ ਹੋ ਕੇ ਅਰਜ਼ੀ ਸਾਹਮਣੇ ਰੱਖ ਦਿੱਤੀ। ਪਿੱਛੇ-ਪਿੱਛੇ ਗਿਆਨੀ ਜੀ ਵੀ ਚਲੇ ਗਏ। ਜੱਜ ਦਾ ਫੈਸਲਾ ਝੂਠਾ ਪੈ ਗਿਆ, ਜੱਜ ਸਾਹਿਬ ਨੇ ਪਹਿਲਾ ਫੈਸਲਾ ਰੱਦ ਕਰਕੇ ਉਸ ਅਰਜ਼ੀ ਦੇ ਆਧਾਰ ਤੇ ਭਾਊ ਨੂੰ ਕੈਦ ਕਰ ਦਿੱਤੀ ਇਹ ਗੱਲ ਮਾਨਸਾ ਦੇ ਪੁਰਾਣੇ ਵਕੀਲਾਂ ਵਿੱਚ ਮਸ਼ਹੂਰ ਹੈ ਤੇ ਸੁਲਝੇ ਥਾਣੇਦਾਰ ਦੀ ਮਿਸਾਲ ਹੈ।

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

ਇਨਸਾਨੀਅਤ, ਇਨਸਾਨੀਅਤ ਦੀ ਦੁਸ਼ਮਣ ਹੋ ਗਈ - ਹਰਦੇਵ ਸਿੰਘ ਧਾਲੀਵਾਲ

ਮੇਰੀ ਸੁਰਤ ਸਮੇਂ ਸਾਡਾ ਮੋਘੇ ਵਾਲਾ ਕਮਰਾ ਇੱਕ ਤਰ੍ਹਾਂ ਅਕਾਲੀ ਲੀਡਰਸਿੱਪ ਦਾ ਕਮਰਾ ਹੀ ਬਣ ਗਿਆ ਸੀ। ਇਸ ਵਿੱਚ 7-8 ਲੱਕੜ ਦੀਆਂ ਕੁਰਸੀਆਂ, ਇੱਕ ਟੇਬਲ ਚਾਚਾ ਜੀ ਦੇ ਵੱਡੇ ਮੰਜੇ ਦੇ ਸਾਹਮਣੇ ਪਿਆ ਹੁੰਦਾ ਸੀ। ਮੈਂ ਕਈ ਵਾਰ ਇਸ ਕਮਰੇ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜੱਥੇਦਾਰ ਪ੍ਰੀਤਮ ਸਿੰਘ ਗੁੱਜਰਾਂ, ਜੱਥੇਦਾਰ ਸੰਪੂਰਨ ਸਿੰਘ ਰਾਮਾ, ਜੱਥੇਦਾਰ ਬਸੰਤ ਸਿੰਘ ਭੱਠਲ ਅਤੇ ਵਜੀਰ ਸਿੰਘ ਦਰਦੀ ਆਦਿ ਅਕਾਲੀ ਲੀਡਰਾਂ ਨੂੰ ਦੇਖਦਾ ਹੁੰਦਾ ਸੀ। ਕਦੇ ਕਦਾਈਂ ਜੱਥੇਦਾਰ ਊਧਮ ਸਿੰਘ ਨਾਗੋਕੇ ਤੇ ਈਸ਼ਰ ਸਿੰਘ ਮਝੇਲ ਵੀ ਦੇਖੇ ਜਾਂਦੇ ਸਨ। ਸਭ ਤੋਂ ਜਿਆਦਾ ਗਿਆਨੀ ਕਰਤਾਰ ਸਿੰਘ ਹੀ ਹੁੰਦੇ ਸਨ। ਪੋਠੋਹਾਰ ਤੇ ਸਰਹੱਦ ਦੇ ਕਾਫੀ  ਸਿੱਖ ਆਉਂਦੇ ਸਨ, ਪਰ ਮੈਂ ਉਨ੍ਹਾਂ ਦੇ ਨਾਂ ਨਹੀਂ ਜਾਣਦਾ। ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨ ਤੇ ਗੋਪਾਲ ਸਿੰਘ ਕ੍ਰਿਸ਼ਨਾ ਨਗਰ ਲਾਹੌਰ ਵੀ ਕਾਫੀ ਆਉਂਦੇ ਸਨ। ਇਸ ਸਮੇਂ ਚਾਚਾ ਜੀ (ਗਿਆਨੀ ਸ਼ੇਰ ਸਿੰਘ) ਨੇ ਨਿੱਤਨੇਮ ਸਟੀਕ ਵੀ ਲਿਖਿਆ ਸੀ। ਮਾਲਵਾ ਤੇ ਪੋਠੋਹਾਰ ਦੇ ਅਕਾਲੀਆਂ ਦਾ ਗੜ੍ਹ ਸਾਡਾ ਘਰ ਹੀ ਸੀ।
    ਸ੍ਰੋਮਣੀ ਅਕਾਲੀ ਦਲ ਆਪਣੀ "ਪੰਥ ਦੀ ਆਜ਼ਾਦ ਹਸਤੀ" ਵਾਲੀ ਨੀਤੀ ਅਪਣਾ ਚੁੱਕਿਆ ਸੀ। ਜਦੋਂਕਿ ਪਹਿਲਾਂ ਇਹ ਕਾਂਗਰਸ ਨਾਲ ਹੀ ਸੀ। 1940 ਵਿੱਚ ਮਾਸਟਰ ਜੀ ਤੇ ਗਿਆਨੀ ਕਰਤਾਰ ਸਿੰਘ ਨੇ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ ਸਨ ਤੇ ਫੌਜ ਵਿੱਚ ਸਿੱਖਾਂ ਦੀ ਭਰਤੀ ਦਾ ਖੁੱਲ ਕੇ ਸਮਰਥਨ ਕੀਤਾ ਸੀ। ਇਸੇ ਅਧਾਰ ਤੇ ਹੀ ਗਿਆਨੀ ਕਰਤਾਰ ਸਿੰਘ ਜੀ ਨੇ ਮਾਸਟਰ ਜੀ ਅਤੇ ਚਾਚਾ ਜੀ, ਗਿਆਨੀ ਸ਼ੇਰ ਸਿੰਘ ਵਿਚਕਾਰ ਸਮਝੋਤਾ ਕਰਵਾਇਆ ਸੀ। 1941 ਵਿੱਚ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਦੇਸ਼ ਦੀ ਵੰਡ ਹੋ ਕੇ ਰਹੇਗੀ।  ਉਹ ਸਮਝਦੇ ਸਨ ਕਿ ਪਾਕਿਸਤਾਨ ਦੇ ਬਨਣ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਸਿੱਖਾਂ ਦੇ ਹੱਕਾਂ ਦੀ ਸੁਰੱਖਿਆ ਇਸ ਸਮਝੌਤੇ ਦਾ ਵੱਡਾ ਕਾਰਨ ਸੀ । ਉਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਦੀ ਰਾਇ ਨਾਲ ਅਕਾਲੀ ਦਲ ਦੀਆਂ ਦੋ ਮੰਗਾਂ ਰੱਖੀਆਂ। 1942 ਵਿੱਚ ਸ੍ਰੀ ਰਾਜ ਗੋਪਾਲ ਅਚਾਰੀਆ ਨੇ ਦੇਸ਼ ਦੀ ਵੰਡ ਨੂੰ ਮੰਨ ਲੈਣ ਦਾ ਸੁਝਾਅ ਦੇ ਦਿੱਤਾ ਸੀ।
    ਸਿੱਖ ਲੀਡਰਸਿੱਪ ਨੇ ਇਸ ਕਰਕੇ ਹੀ ਦੋ ਮੰਗਾਂ ਰੱਖੀਆਂ ਸਨ। ਅਕਾਲੀਦਲ ਚਾਹੁੰਦਾ ਸੀ, ਜੇਕਰ ਦੇਸ਼ ਇੱਕ ਰਹਿੰਦਾ ਹੈ, ਤਾਂ ਅਜ਼ਾਦ ਪੰਜਾਬ ਬਣਾਇਆ ਜਾਵੇ, ਇਸ ਵਿੱਚੋਂ ਸਿੱਖ ਰਾਜ ਤੋਂ ਪਹਿਲਾਂ ਜੇਲ੍ਹਮ ਤੋਂ ਪਾਰ ਦੇ ਇਲਾਕੇ ਕੱਟ ਦਿੱਤੇ ਜਾਣ ਅਤੇ ਇਸੇ ਤਰ੍ਹਾਂ ਹਰਿਆਣੇ ਦੇ ਉਹ ਜਿਲ੍ਹੇ ਵੀ ਕੱਟ ਦਿੱਤੇ ਜਾਣ ਜਿਹੜੇ 1857 ਦੇ ਗਦਰ ਤੋਂ ਬਾਅਦ ਸਜ਼ਾ ਦੇ ਤੌਰ ਤੇ ਪੰਜਾਬ ਵਿੱਚ ਸ਼ਾਮਲ ਕੀਤੇ ਸਨ। ਇਸ ਇਲਾਕੇ ਵਿੱਚ 40 ਪ੍ਰਤੀਸ਼ਤ ਮੁਸਲਮਾਨ, 40 ਪ੍ਰਤੀਸ਼ਤ ਹਿੰਦੂ ਅਤੇ 20 ਪ੍ਰਤੀਸ਼ਤ ਸਿੱਖ ਹੋਣ, ਤਾਂ ਕਿ ਇੱਕ ਦੂਜੇ ਨੂੰ ਕੋਈ ਦਬਾਅ ਨਾ ਸਕੇ। ਪਰ ਜੇਕਰ ਪਾਕਿਸਤਾਨ ਬਨਣਾ ਹੀ ਹੈ, ਤਾਂ ਸਿੱਖ ਸਟੇਟ ਦੀ ਮੰਗ ਸੀ, ਅਥਵਾ ਉਹ ਇਲਾਕੇ ਜਿੱਥੇ ਸਿੱਖ 25 ਪ੍ਰਤੀਸ਼ਤ ਤੋਂ ਵੱਧ ਮਾਮਲਾ ਦਿੰਦੇ ਹਨ, ਇਸ ਥਾਂ ਤੇ ਸਿੱਖ ਇਕੱਠੇ ਕੀਤੇ ਜਾ ਸਕਦੇ ਹਨ, ਰਿਆਸਤਾਂ ਵੀ ਨਾਲ ਲੱਗਦੀਆਂ ਸਨ।
    ਅਕਾਲੀਦਲ 1944 ਤੱਕ ਇਹ ਮੰਗਾਂ ਪੂਰੇ ਜੋਰ ਨਾਲ ਪਰਚਾਰਦਾ ਰਿਹਾ ਅਤੇ ਕਾਫੀ ਫਿਜਾ ਬਣ ਗਈ ਸੀ। 1942 ਵਿੱਚ ਲਾਰਡ ਕਰਿਪਸ ਦਾ ਗਿਆਨੀ ਸ਼ੇਰ ਸਿੰਘ ਨੂੰ ਸੱਦ ਕੇ ਮੁਲਾਕਾਤ ਕਰਨਾ ਇਨ੍ਹਾਂ ਮੰਗਾਂ ਪ੍ਰਤੀ ਅੰਗਰੇਜ਼ਾਂ ਦੀ ਕੁੱਝ ਖਿੱਚ ਵੀ ਜਾਪਦੀ ਸੀ। ਪਰ ਅਕਤੂਬਰ 1944 ਵਿੱਚ ਗਿਆਨੀ ਸ਼ੇਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਮੰਗਾਂ  ਕਮਜੋਰ ਹੋ ਗਈਆਂ, ਕਿਉਂਕਿ  ਜੱਥੇਦਾਰ ਊਧਮ ਸਿੰਘ ਨਾਗੋਕੇ ਦਾ ਗਰੁੱਪ ਪੱਕੇ ਤੌਰ ਤੇ ਕਾਂਗਰਸ ਨਾਲ ਚੱਲ ਰਿਹਾ ਸੀ। ਸੰਨ 1945 ਦੀ ਆਰਜੀ ਸਰਕਾਰ ਵਿੱਚ ਸ੍ਰ. ਬਲਦੇਵ ਸਿੰਘ  ਦੇ ਰੱਖਿਆ ਮੰਤਰੀ ਬਨਣ ਨਾਲ ਤਾਂ ਇਨ੍ਹਾਂ ਮੰਗਾਂ ਦਾ ਭੋਗ ਹੀ ਪੈ ਗਿਆ। ਗਿਆਨੀ ਕਰਤਾਰ ਸਿੰਘ ਜਿਹੜੇ ਇਨ੍ਹਾਂ ਮੰਗਾਂ ਦੇ ਸਮਰਥਕ ਸਨ ਉਹ ਵੀ ਸ੍ਰ. ਬਲਦੇਵ ਸਿੰਘ ਦੇ ਨਜਦੀਕ ਚਲੇ ਗਏ।  ਮੇਰੇ ਪਿਤਾ (ਸ੍ਰ. ਖੀਵਾ ਸਿੰਘ) ਕਰਮ ਸਿੰਘ ਜਖਮੀ ਦੀ ਮਦਤ ਨਾਲ ਹਫਤਾ ਵਾਰ ਅਖਬਾਰ 'ਪੰਜਾਬ' ਚਲਾਉਂਦੇ ਰਹੇ ਅਤੇ ਇਹ ਅਕਾਲੀ ਸਿਆਸਤ ਦੇ ਅਨੁਕੂਲ ਹੀ ਚੱਲਦਾ ਸੀ। ਮਾਰਚ 1947 ਵਿੱਚ ਮੇਰੇ ਵੱਡੇ ਭਰਾ ਬਲਦੇਵ ਸਿੰਘ ਜਿਸ ਦੀ ਉਮਰ 15 ਕੁ ਸਾਲ ਸੀ ਦੀ ਸ਼ਾਦੀ ਰੱਖੀ ਸੀ, ਪਰ ਅੰਮ੍ਰਿਤਸਰ ਵਿੱਚ ਫਿਰਕੂ ਦੰਗਿਆਂ ਦੇ ਹੋਣ ਕਾਰਨ ਇਹ ਬਰਾਤ ਚੜ੍ਹ ਹੀ ਨਾ ਸਕੀ।
    ਅੰਮ੍ਰਿਤਸਰ ਵਿੱਚ ਮਾਰਚ ਵਿੱਚ ਹੀ  ਫਸਾਦ ਭੜਕ ਪਏ ਸਨ। ਸੁਣਿਆ ਸੀ, ਕਿ ਨਗਾਰੇ  ਤੇ ਇੱਕ ਸਿੱਖ ਟਾਂਗੇ ਰਾਹੀਂ ਰਾਤ ਨੂੰ ਜਲਸੇ ਦਾ ਪ੍ਰਚਾਰ ਕਰ ਰਿਹਾ ਸੀ, ਜੋਕਿ ਮੰਜੀ ਸਾਹਿਬ ਵਿਖੇ ਹੋਣਾ ਸੀ। ਮੁਸਲਮਾਨਾਂ ਨੇ ਉਸ ਦਾ ਕਤਲ ਕਰ ਦਿੱਤਾ। ਭੜਕੇ ਹੋਏ ਸਿੰਘਾਂ ਨੇ ਜਾ ਕੇ 2-3 ਮੁਸਲਮਾਨ ਕਤਲ ਕਰ ਦਿੱਤੇ। ਬੱਸ, ਸਾਰੇ ਅੰਮ੍ਰਿਤਸਰ ਵਿੱਚ ਅੱਗ ਮੱਚ ਗਈ। ਭੜਾਕੇ ਤੇ ਭੜਾਕੇ ਸ਼ੁਰੂ ਹੋ ਗਏ, ਸਾਡਾ ਮਕਾਨ ਹਾਲ ਬਜਾਰ ਦੇ ਨਜਦੀਕ ਕੱਟੜਾ ਬੱਘੀਆਂ ਵਿੱਚ ਸੀ। ਆਸੇ ਪਾਸੇ ਮੁਸਲਮਾਨਾਂ ਦੇ ਘਰ ਹੀ ਸੀ, ਉਸ ਇਲਾਕੇ ਵਿੱਚ ਮੁਸਲਮਾਨਾਂ ਦਾ ਜੋਰ ਸੀ। ਸਾਡੇ ਘਰ ਦੀ ਪਿੱਠ ਇੱਕ ਮੁਸਲਮਾਨ ਪਰਿਵਾਰ ਨਾਲ ਲੱਗਦੀ ਸੀ ਅਤੇ ਸਾਡਾ ਆਪਸ ਵਿੱਚ ਵਧੀਆ ਮੇਲਜੋਲ ਸੀ। ਅਸੀਂ ਉਨ੍ਹਾਂ ਦੀ ਇੱਕ ਨੌਜਵਾਨ ਲੜਕੀ ਨੂੰ ਬੀਬੀ ਕਹਿ ਕੇ ਬਲਾਉਂਦੇ ਸੀ, ਅਤੇ ਉਹ ਮੈਨੂੰ ਸ਼ੁਰੂ ਤੋਂ ਹੀ ਆਪਣੇ ਨਾਲ ਰੱਖਦੀ ਸੀ। ਦੋਹਾਂ ਪਰਿਵਾਰਾਂ ਵਿੱਚ ਕੋਈ ਫਰਕ ਨਹੀਂ ਸੀ। ਮੇਰੀ 6-7 ਸਾਲ ਦੀ ਉਮਰ ਤੱਕ ਸਾਡਾ ਬਹੁਤ ਹੀ ਸਨੇਹ ਰਿਹਾ।  ਅੰਮ੍ਰਿਤਸਰ ਦੇ ਦੰਗਿਆਂ ਸਮੇਂ ਉਹ ਸਾਡੇ ਇਕੱਲੇ ਘਰ ਦੀ ਰੱਖਿਆ ਵੀ ਕਰਦੇ ਸਨ। ਅਸੀਂ ਇੱਕ ਦੂਜੇ ਦੇ ਘਰ ਦੀ ਰੋਟੀ ਵੀ ਖਾਂਦੇ ਸੀ ਅਤੇ ਕਿਸੇ ਦੇ ਮਨ ਵਿੱਚ ਕੋਈ ਫਰਕ ਨਹੀਂ ਸੀ।
    ਤਿੰਨ-ਚਾਰ ਦਿਨਾਂ ਬਾਅਦ ਉਨ੍ਹਾਂ ਦੇ ਬਜੁਰਗ ਨੇ ਮੇਰੇ ਬਾਪੂ ਜੀ ਨੂੰ ਕੁੱਝ ਕਿਹਾ, ਉਨ੍ਹਾਂ ਨੂੰ ਸ਼ੱਕ ਸੀ ਕਿ ਇਕੱਲਾ ਘਰ ਸਮਝ ਕੇ ਮੁਸਲਮਾਨ ਹਮਲਾ ਨਾ ਕਰ ਦੇਣ। ਇੱਕ ਦਿਨ ਸ਼ਾਮ ਨੂੰ ਬਾਪੂ ਜੀ ਲੋੜ ਅਨੁਸਾਰ ਕੱਪੜੇ ਅਤੇ ਨਕਦੀ ਚੁੱਕ ਕੇ ਪਰਵਾਰ ਸਮੇਤ ਕੋਤਵਾਲੀ ਚਲੇ ਗਏ । ਉੱਥੇ ਕੋਤਵਾਲ ਮੁਸਲਮਾਨ ਸੀ, ਪਰ ਹਾਜ਼ਰ ਨਹੀਂ ਸੀ। ਇੱਕ ਸਿੱਖ ਸਬ-ਇੰਸਪੈਕਟਰ   ਸਾਨੂੰ  ਵਰਾਡੇ ਵਿੱਚ ਬਿਸਤਰੇ ਵਿਛਾਉਣ ਲਈ ਕਹਿ ਦਿੱਤਾ । ਕੋਈ ਅੱਠ ਕੁ ਵਜੇ ਮੁਸਲਮਾਨ ਇੰਸਪੈਕਟਰ ਆ ਗਿਆ ਤੇ ਗੁੱਸੇ ਵਿੱਚ ਰੌਲਾ ਪਾਉਣ ਲੱਗਿਆ "ਇਨ੍ਹਾਂ ਨੂੰ ਕੋਤਵਾਲੀ ਵਿੱਚ ਕਿਉਂ ਰੱਖਿਆ ਹੈ?" ਉਹ ਥਾਣੇਦਾਰ ਵੀ ਆ ਗਿਆ। ਉਸ ਨੇ ਕਿਹਾ "ਖਾਤਰਾ ਮਹਿਸੂਸ ਕਰਦਿਆਂ ਮੈਂ ਜਗ੍ਹਾ ਦਿੱਤੀ ਹੈ।" ਦੋਵੇਂ ਇੱਕ ਦੂਜੇ ਵਿਰੁੱਧ ਤਣ ਗਏ । ਦੋਵੇਂ ਰਿਵਾਲਵਰ ਕੱਢਣ ਤੱਕ ਚਲੇ ਗਏ, ਪਰ ਮੁਲਾਜਮਾਂ ਦੇ ਵਿੱਚ ਪੈਣ ਤੇ ਉਹ ਸ਼ਾਂਤ ਹੋ ਗਏ। ਕੋਤਵਾਲ ਸਾਡੇ ਵੱਲ ਬੜਾ ਔਖਾ ਝਾਕਦਾ ਸੀ, ਪਰ ਉਸ ਦੀ ਕੋਈ ਵਾਹ ਨਹੀਂ ਸੀ ਜਾ ਰਹੀ।
    ਦੂਸਰੇ ਦਿਨ ਮਾਸਟਰ ਤਾਰਾ ਸਿੰਘ ਅਫ਼ਸਰਾਂ ਦੇ ਸੱਦਣ ਤੇ ਅਮਨ ਕਮੇਟੀ ਦੀ ਮੀਟਿੰਗ ਵਿੱਚ ਆਏ। ਉਨ੍ਹਾ ਨੇ ਝੱਟ ਉਹ ਕਾਰ, ਜਿਸ ਵਿੱਚ ਉਹ ਆਏ ਸਨ, ਸਾਡੇ ਸਾਮਾਨ ਸਮੇਤ ਸਾਨੂੰ ਗੁਰੂ ਰਾਮਦਾਸ ਸਰਾਂ ਛੱਡਣ ਲਈ ਭੇਜ ਦਿੱਤੀ। ਮੈਨੂੰ ਯਾਦ ਹੈ ਕਿ ਸ਼ਾਇਦ ਇਹ ਕਾਰ ਰੰਘਣ ਨੰਗਲੀਏ ਸਰਦਾਰਾਂ ਦੀ ਸੀ। ਇਸ ਕਾਰ ਦੇ ਬੋਨਟ 'ਤੇ ਇੱਕ ਦੋਨਾਲੀ ਬੰਦੂਕ ਲੈ ਕੇ ਬੈਠ ਗਿਆ। ਡਰਾਈਵਰ ਕੋਲ ਵੀ ਅਸਲਾ ਸੀ। ਇੱਕ 12 ਬੋਰ ਬੰਦੂਕ ਮੇਰੇ ਬਾਪੂ ਜੀ ਕੋਲ ਵੀ ਸੀ। ਸਾਨੂੰ ਸਰਾਂ ਵਿੱਚ ਯੋਗ ਥਾਂ ਮਿਲ ਗਈ। ਉਸ ਤੋ ਂਪਹਿਲਾਂ ਅਸੀਂ ਗੈਸੱਟ ਹਾਊਸ ਵਿੱਚ ਵੀ ਰਹੇ। ਸਰਾਂ ਬਿਲਕੁਲ ਭਰੀ ਹੋਈ ਸੀ। ਦਰਬਾਰ ਸਾਹਿਬ ਵਿੱਚ ਅਕਸਰ ਰੌਲਾ ਪੈ ਜਾਂਦਾ ਸੀ ਕਿ ਮੁਸਲਮਾਨ ਹਮਲਾ ਕਰਨ ਆ ਰਹੇ ਹਨ, ਤਾਂ ਸਾਰੇ ਆਪੋ ਆਪਣੇ ਹਥਿਆਰ ਲੈ ਕੇ ਬਾਹਰ ਆ ਜਾਂਦੇ, ਕਿਸੇ ਕੋਲ ਬਾਹੀ ਹੁੰਦੀ ਤੇ ਕਿਸੇ ਕੋਲ ਮੰਜੇ ਦਾ ਸੇਰਵਾ ਹੁੰਦਾ। ਫਿਰ ਇੱਕ ਦਿਨ ਤਕਰੀਬਨ 11 ਵਜੇ ਇੱਕ ਹਜ਼ਾਰ ਤੋਂ ਵੱਧ ਆਦਮੀ ਸਰਾਂ ਦੇ ਸਾਹਮਣੇ ਇਕੱਠੇ ਹੋ ਗਏ, ਉਨ੍ਹਾਂ ਦੀ ਅਗਵਾਈ ਜੱਥੇ. ਊਧਮ ਸਿੰਘ ਨਾਗੋਕੇ ਕਰ ਰਹੇ ਸੀ। ਮੇਰੇ ਬਾਪੂ ਜੀ 12 ਬੋਰ ਬੰਦੂਕ ਨਾਲ ਚਲੇ ਗਏ ਤਾਂ ਜੱਥੇ. ਨਾਗੋਕੇ ਨੇ ਉਨ੍ਹਾਂ ਨੂੰ ਕਿਹਾ ਕਿਹਾ ਸ. ਖੀਵਾ ਸਿੰਘ ਤੇਰੇ ਬੱਚੇ ਛੋਟੇ ਹਨ, ਵਾਪਸ ਜਾਓ ਤੇ ਉਨ੍ਹਾਂ ਦੀ ਬੰਦੂਕ ਆਪ ਰੱਖ ਲਈ, ਫੇਰ ਦੋਹਾਂ ਫਿਰਕਿਆਂ ਦੇ ਵਿਚਕਾਰ ਟਕਰਾ ਹੋਇਆ। ਉਸ ਤੋਂ ਬਾਅਦ ਮੁਸਲਮਾਨ ਅੰਮ੍ਰਿਤਸਰ ਵਿੱਚ ਠੰਢੇ ਹੋ ਗਏ। ਮੈਂ ਦੂਜੇ ਦਿਨ ਦੇਖਿਆ ਕਿ ਮੇਰੇ ਬਾਪੂ ਜੀ ਬੰਦੂਕ ਸਾਫ ਕਰ ਰਹੇ ਸਨ। ਨਫਰਤ ਵਧ ਗਈ ਸੀ, ਭਾਈ ਚਾਰਾ ਤਹਿਸ ਨਹਿਸ ਹੋ ਗਿਆ।

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

ਮਜਬੂਰੀ ਦਾ ਲਾਭ ਪੁਲਿਸ ਲੈਂਦੀ ਹੈ - ਹਰਦੇਵ ਸਿੰਘ ਧਾਲੀਵਾਲ,

ਜੂਨ/ਜੁਲਾਈ 1965 ਵਿੱਚ ਮੈਂ ਫਿਰੋਜਪੁਰ ਦਫਤਰ ਵਿੱਚ ਟਰੇਨਿੰਗ ਅਧੀਨ ਸੀ। ਉਸ ਸਮੇਂ ਪ੍ਰੋਬੇਸ਼ਨਰਾਂ ਨੂੰ ਸਖਤ ਟਰੇਨਿੰਗ ਦਿੱਤੀ ਜਾਂਦੀ ਸੀ, ਜੋ ਅੱਜ ਕੱਲ ਬੰਦ ਹੈ। ਹਰ ਕੋਰਸ ਤੋਂ  ਬਾਅਦ ਸ੍ਰ. ਪੀ.ਐਸ. ਹੁਰਾ ਆਈ.ਪੀ.ਐਸ. ਮੇਰਾ ਇਮਤਿਹਾਨ ਲੈਦੇ ਸੀ, ਫਿਰ ਅਗਲਾ ਕੋਰਸ ਸ਼ੁਰੂ ਹੁੰਦਾ ਸੀ। ਇੱਕ ਦਿਨ ਪੁਲਿਸ ਲਾਈਨ ਵਿੱਚ ਐਨ.ਜੀ.ਓ. ਦੀ ਘਾਟ ਸੀ ਤਾਂ ਮੈਨੂੰ ਸੱਦਿਆ ਗਿਆ ਕਿਉਂਕਿ ਇੱਕ ਮੁਸਲਮਾਨ ਪਾਕਿਸਤਾਨ ਇਸਤਰੀ ਜੋ ਸਾਇਦ ਜਸੂਸੀ ਅਧੀਨ ਫੜੀ ਗਈ ਸੀ, ਅਗਲੇ ਦਿਨ ਫਾਜਲਿਕਾ ਅਦਾਲਤ ਵਿੱਚ ਪੇਸ਼ ਕਰਨੀ ਸੀ ਤੇ ਔਰਤ ਨਾਲ ਐਨ.ਜੀ.ਓ. ਦਾ ਜਾਣਾ ਜਰੂਰੀ ਹੈ। ਮੈਂ ਵਰੰਟ ਲੈ ਕੇ ਫਿਰੋਜਪੁਰ ਜੇਲ੍ਹ ਤੋਂ ਉਸ ਇਸਤਰੀ ਨੂੰ ਲੈ ਕੇ ਰਿਕਸ਼ਾ ਤੇ ਆ ਰਿਹਾ ਸੀ, ਮੇਰੇ ਨਾਲ ਕੋਈ ਸਿਪਾਹੀ ਨਹੀਂ ਸੀ ਤਾਂ ਮੈਨੂੰ ਪਿੱਛੋਂ ਮੇਰੇ ਨਾਂ ਦੀਆਂ ਉੱਚੀ ਉੱਚੀ ਅਵਾਜ਼ਾਂ ਸੁਣੀਆਂ, ਮੈਂ ਮੁੜ ਕੇ ਦੇਖਿਆ, ਤਾਂ ਸ੍ਰ. ਗੁਰਦਿਆਲ ਸਿੰਘ ਮੁੱਖ ਅਫਸਰ ਕੋਟ ਭਾਈ ਮੈਨੂੰ ਅਵਾਜ਼ਾਂ ਮਾਰ ਰਹੇ ਸਨ, ਉਹ ਸਾਡੇ ਰੁਕਣ ਤੇ ਮੇਰੇ ਕੋਲ ਆ ਗਏ।
    ਉਨ੍ਹਾਂ ਨੂੰ ਸ੍ਰ. ਗੁਰਦਿਆਲ ਸਿੰਘ ਡੰਡਾ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਸੀ, ਉਹ ਆਪਣੇ ਕੋਲ ਤਕਰੀਬਨ 4 ਫੁੱਟ ਦਾ ਡੰਡਾ ਰੱਖਦੇ ਸਨ ਅਤੇ ਬਹੁਤ ਸਖਤ ਸਨ, ਪਰ ਪੂਰੇ ਇਮਾਨਦਾਰ ਸਾਫ ਤੇ ਨੇਕ ਪੁਲਿਸ ਅਫਸਰ ਸਨ। ਉਨ੍ਹਾਂ ਦੀ ਇਮਾਨਦਾਰੀ ਸ਼ੱਕੀ ਨਹੀਂ ਸੀ। ਜਬਾਨ ਦੇ ਕਰੜੇ ਜਰੂਰ ਸਨ। ਉਹ ਸਿਆਸੀ ਆਦਮੀਆਂ ਨਾਲ ਪੰਗੇ ਲੈਣ ਵਿੱਚ ਮਸ਼ਹੂਰ ਸਨ। ਸ੍ਰ. ਗੁਰਚਰਨ ਸਿੰਘ ਨਿਹਾਲ ਸਿੰਘ ਵਾਲਾ ਨਾਲ 1976 ਵਿੱਚ ਉਨ੍ਹਾਂ ਦੀ ਲੜਾਈ ਤਾਂ ਸਾਰੀ ਪੁਰਾਣੀ ਪੁਲਿਸ ਜਾਣਦੀ ਹੈ। ਮੈਨੂੰ ਯਾਦ ਹੈ, ਕਿ ਕੁੱਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੀ ਲੜਕੀ ਦੀ ਜੇ.ਬੀ.ਟੀ. ਦੀ ਅਡਮਿਸ਼ਨ ਲਈ ਮੇਰੇ ਤੋਂ ਕੁੱਝ ਪੈਸੇ ਉਧਾਰ ਲਏ ਸਨ ਤੇ ਤਨਖਾਹ ਤੇ ਮੋੜੇ ਸਨ, ਜਦੋਂ ਕਿ ਉਹ ਮੁੱਖ ਅਫਸਰ ਥਾਣਾ ਕੋਟ ਭਾਈ ਲੱਗੇ ਹੋਏ ਸਨ ਤੇ ਥਾਣਾ ਕੋਟ ਭਾਈ ਫਿਰੋਜਪੁਰ ਜਿਲ੍ਹੇ ਦਾ ਸਭ ਤੋਂ ਵੱਡਾ ਅਤੇ ਪੈਸੇ ਵਾਲਾ ਥਾਣਾ ਸੁਣੀਦਾ ਸੀ। ਉਹ ਫਿਲੌਰ ਅੱਪਰ ਕਰਦੇ ਸੀ, ਮੈਂ ਨਵਾਂ ਭਰਤੀ ਹੋ ਕੇ ਏ.ਐਸ.ਆਈ. ਦੀ ਟਰੇਨਿੰਗ ਵਿੱਚ ਸੀ। ਸਾਡੀ ਇੱਕ ਜਿਲ੍ਹੇ ਦੀ ਤਾਇਨਾਤੀ ਕਰਕੇ ਸਾਡੀ ਫਿਲੌਰ ਹੀ ਵਾਕਫੀਅਤ ਹੋ ਗਈ ਸੀ। ਉਹ ਮੁਸਲਮਾਨ ਪਾਕਿਸਤਾਨੀ ਲੜਕੀ ਬਹੁਤ ਹਸ਼ੀਨ ਤੇ ਜਵਾਨ ਸੀ, ਬੋਲਚਾਲ ਸਹਿਦ ਵਰਗੀ ਮਿੱਠੀ ਸੀ। ਜਦੋਂ ਹੱਥ ਖੜ੍ਹਾ ਕਰਕੇ ਕੁੱਝ ਕਹਿਣ ਲੱਗੇ ਤਾਂ ਮੈਂ ਕਿਹਾ ਫਿਕਰ ਨਾ ਕਰੋ, ਮੈਂ ਕੋਈ ਗਲਤ ਹਰਕਤ ਨਹੀਂ ਕਰਾਂਗਾ, ਤਾਂ ਉਹ ਝੱਟ ਬੋਲ ਪਏ, ਓਏ, ਮੈਨੂੰ ਤੇਰੇ ਤੇ ਕੋਈ ਸ਼ੱਕ ਨਈ, ਸਾਰੀ ਗੱਲ ਸੁਣੀ ਤੇ ਇੱਕ ਪਾਸੇ ਕਰਕੇ ਕਹਿਣ ਲੱਗੇ, 'ਰਾਤ ਨੂੰ ਇਸ ਨੂੰ ਫਾਜਲਿਕਾ ਸਿਟੀ ਥਾਣੇ ਬੰਦ ਕਰੇਗਾ ਤਾਂ ਹਵਾਲਾਤ ਦੀ ਚਾਬੀ ਰਪਟ ਲਿਖ ਕੇ ਲੈ ਲੈਣੀ, ਇਸ ਤੋਂਂ ਇਲਾਵਾ ਆਪ ਹਵਾਲਾਤ ਦਾ ਜਿੰਦਾ ਚੰਗੀ ਤਰ੍ਹਾਂ ਚੈਕ ਕਰੀ, ਇਹ ਜਵਾਨ ਤੇ ਹਸੀਨ ਔਰਤ ਹੈ, ਸਾਰੀ ਜਿੰਮੇਵਾਰੀ ਤੇਰੀ ਹੈ ਤੇ ਤੂੰ ਅਜੇ ਕੁਆਰੀ ਕੁੜੀ ਵਾਂਗ ਹੈ ਤੇ ਆਪਣਾ ਮੰਜਾ ਹਵਾਲਾਤ ਦੇ ਸਾਹਮਣੇ ਡਾਹੀਂਂ'।
    ਉਹ ਲੜਕੀ ਬਹੁਤ ਚੁਸਤ ਸੀ, ਉਸ ਨੇ ਸਾਡੀ ਗੱਲ ਸੁਣੀ ਤਾਂ ਨਹੀਂ ਸੀ ਪਰ ਸਮਝ ਸਭ ਕੁੱਝ ਗਈ ਸੀ, ਇਹ ਗੱਲ ਉਸ ਨੇ ਮੈਨੂੰ ਦੂਸਰੇ ਦਿਨ ਦੱਸੀ। ਕੋਈ ਤਕਰੀਬਨ 3 ਵਜੇ ਅਸੀਂਂ ਸਿਟੀ ਫਾਜਲਿਕਾ ਪੁੱਜ ਗਏ। ਮੁੱਖ ਮੁਨਸ਼ੀ ਨੇ ਮੇਰਾ ਬਹੁਤ ਆਦਰ ਮਾਣ ਕੀਤਾ। ਸਾਨੂੰ ਜਾਂਦਿਆਂ ਨੂੰ ਬਹੁਤ ਵਧੀਆ ਦਹੀ ਦੀ ਲੱਸੀ ਮਲਾਈ ਵਾਲੀ ਪਿਲਾਈ ਅਤੇ ਹਰ ਗੱਲ ਮਿੱਠਤ ਨਾਲ ਕੀਤੀ। ਮੈਨੂੰ ਕਹਿਣ ਲੱਗਾ, ਕਿ ਆਪ ਇਸ ਇਲਾਕੇ ਵਿੱਚ ਨਵੇਂ ਹੋ, ਤੁਹਾਨੂੰ ਬਾਰਡਰ ਦਿਖਾਉਣ ਕਿਸੇ ਨਾਲ ਭੇਜ ਦਿੰਦੇ ਹਾਂ, ਮੈਂ ਜੁਆਬ ਦੇ ਦਿੱਤਾ। ਸਾਮ ਨੂੰ ਚਾਹ ਨਾਲ ਪੇੜੇ ਤੇ ਨਮਕੀਨ ਵੀ ਮਿਲਿਆ। ਜੋ ਕੁੱਝ ਮੈਨੂੰ ਮਿਲਦਾ ਸੀ ਉਹ ਉਸ ਨੂੰ ਹਵਾਲਾਤ ਵਿੱਚ ਬੈਠੀ ਨੂੰ ਵੀ ਮਿਲ ਰਿਹਾ ਸੀ, ਮੁਨਸ਼ੀ ਕਹਿਣ ਲੱਗਿਆ, ਵਿਚਾਰੀ ਗਰਮੀ ਵਿੱਚ ਮਰ ਰਹੀ ਹੈ। ਮੈਂ ਕਿਹਾ ਕਿ ਜੇਲ੍ਹ ਵਿੱਚ ਕਿਹੜਾ ਪੱਖੇ ਹਨ (ਉਸ ਸਮੇਂ ਜੇਲ੍ਹਾਂ ਵਿੱਚ ਪੱਖੇ ਨਹੀਂ ਸੀ ਹੁੰਦੇ)। ਉਸ ਪਾਕਿਸਤਾਨੀ ਲੜਕੀ ਦੀ ਗਰਮੀ ਮੁਨਸ਼ੀ ਨੂੰ ਲੱਗ ਰਹੀ ਸੀ। ਰਾਤ ਨੂੰ ਮੁਨਸ਼ੀ ਜੀ ਨੇ ਮੈਨੂੰ ਉਸ ਸਮੇਂ ਦੀ ਮਸ਼ਹੂਰ ਵਿਸ਼ਕੀ ਸੋਲਨ ਨੰ: 1 ਦੀ ਗੱਲ ਕੀਤੀ, ਮੈਂ ਕਿਹਾ ਕਿ ਮੈਂ ਵਿਸਕੀ ਆਦਿ ਨਹੀਂ ਪੀਦਂਾ। ਪਰ ਉਹ ਮੇਰੀ ਸੇਵਾ ਵਿੱਚ ਲੱਗਿਆ ਰਿਹਾ। ਮੈਨੂੰ ਮੀਟ ਨਾਲ ਵਧੀਆ ਖਾਣਾ ਖਵਾਇਆ ਅਤੇ ਹਵਾਲਾਤ ਤੋਂ ਪਾਸੇ ਵੇਹੜੇ ਵਿੱਚ ਛਿੜਕਾ ਕਰਵਾ ਕੇ ਟੇਬਲਫੈਨ ਲਗਾ ਦਿੱਤਾ।
    ਮੈਂ ਮੁਨਸ਼ੀ ਜੀ ਨੂੰ ਹਦਾਇਤ ਕੀਤੀ ਸੀ ਕਿ ਜਨਾਨਾ ਹਵਾਲਾਤ ਦੀ ਚਾਬੀ ਮੇਰੇ ਸਪੁਰਦ ਕਰੇ ਕਿਉਂਕਿ ਹਵਾਲਾਤ ਵਿੱਚ ਮੇਰੀ ਲਿਆਂਦੀ ਹੋਈ ਲੜਕੀ ਹੀ ਸੀ। ਭਾਵੇਂ ਇਸ ਦੀ ਰਪਟ ਦਰਜ ਕਰ ਦਿੱਤੀ ਜਾਵੇ, ਪਰ ਉਹ ਕਹਿਣ ਲੱਗਿਆ, ਜਨਾਬ ਆਪ ਅਫਸਰ ਹੋ, ਤੁਸੀਂ ਡਿਪਟੀ, ਐਸ.ਪੀ. ਬੰਨਣਾ ਹੈ, ਪਤਾ  ਨਹੀਂ ਆਪ ਦੇ ਮੁਤੈਹਤ ਹੀ ਲੱਗਣਾ ਪੈ ਜਾਵੇ ਰਪਟ ਦੀ ਕੀ ਲੋੜ ਹੈ। ਮੈਂ ਹਵਾਲਾਤ ਜਨਾਨਾ ਨੂੰ ਜਿੰਦਰਾ ਮਾਰ ਕੇ ਚਾਬੀ ਆਪ ਦੇ ਸਪੁਰਦ ਕਰ ਦਿੰਦਾ ਹਾਂ। ਕੋਈ ਸਾਢੇ ਨੌ ਵਜੇ ਰਾਤ ਮੈਨੂੰ ਦੁੱਧ ਦਾ ਵੱਡਾ ਗਰਮ ਗਲਾਸ ਮਿਲ ਗਿਆ ਤੇ ਨਾਲ ਹੀ ਮੁਨਸ਼ੀ ਨੇ ਕਿਹਾ, "ਲਓ ਸਰ ਜੀ ਚਾਬੀ" ਕੋਈ ਫਿਕਰ ਨਾ ਕਰੋ ਅਰਾਮ ਨਾਲ ਸੌ ਜਾਵੋ, ਸਵੇਰੇ ਤੁਹਾਨੂੰ ਮੁਲਜਮਾ ਸਮੇਤ ਅਦਾਲਤ ਦੀ ਪੇਸ਼ੀ ਤੋਂਂ ਬਾਅਦ ਬੱਸ ਅੱਡੇ ਪਹੁੰਚਾ ਦਿੱਤਾ ਜਾਏਗਾ। ਮੈਂ ਮੰਜੇ ਤੇ 2-3 ਪਾਸੇ ਮਾਰੇ ਸਨ ਤਾਂ ਮੈਨੂੰ ਸ੍ਰ. ਗੁਰਦਿਆਲ ਸਿੰਘ ਦੀ ਗੱਲ ਯਾਦ ਆ ਗਈ। ਮੈਂ ਉਠ ਕੇ ਹਵਾਲਾਤ ਕੋਲ ਗਿਆ ਤਾਂ ਜਿੰਦਰਾ ਹੇਠਾਂ ਲੱਗਿਆ ਹੋਇਆ ਸੀ ਕੁੰਡਾ ਉੱਪਰ ਸੀ।
    ਮੈਂ ਮੁਨਸ਼ੀ ਜੀ ਨੂੰ ਸੱਦ ਲਿਆ, ਉਸ ਦੀ ਸਰਾਬ ਪੀਤੀ ਹੋਈ ਸੀ ਤੇ ਕਹਿਣ ਲੱਗਾ ਕਿ ਕੁੰਡਾ ਸਹਿਬਨ ਉੱਪਰ ਰਹਿ ਗਿਆ ਹੋਏਗਾ। ਮੈਂ ਸਖਤੀ ਨਾਲ ਗੱਲ ਕੀਤੀ ਤਾਂ ਉਸ ਦੀ ਸਾਰੀ ਉੱਤਰ ਗਈ ਤੇ ਪੈਰਾਂ ਵਿੱਚ ਡਿੱਗੇ, ਮੈਂ ਹਵਾਲਾਤ ਨੂੰ ਜਿੰਦਰਾ ਮਾਰ ਕੇ ਚਾਬੀ ਜੇਬ ਵਿੱਚ ਪਾ ਲਈ। ਇਤਨੇ ਵਿੱਚ ਇੱਕ ਏ.ਐਸ.ਆਈ. ਤੇ 2-3 ਮੁਲਾਜਮ ਆ ਗਏ ਤੇ ਸਾਰੇ ਮੇਰੇ ਦੁਆਲੇ ਹੋ ਗਏ ਕਿ ਮੈਂ ਰਪਟ ਨਾ ਲਿਖਾ। ਉਸ ਸਮੇਂ ਮੈਨੂੰ ਰਪਟ ਲਿਖਣੀ ਆਉਦੀਂ ਵੀ ਨਹੀਂਂ ਸੀ, ਇਸ  ਕਰਕੇ ਮੈਂ ਵੀ ਚੁੱਪ ਕਰਨਾ ਹੀ ਠੀਕ ਸਮਝਿਆ। ਦੂਸਰੇ ਦਿਨ ਉਸ ਨੇ ਰਸਤੇ ਵਿੱਚ ਦੱਸਿਆ ਕਿ ਉਸ ਨੂੰ ਹਵਾਲਾਤ ਵਿੱਚ ਬੰਦ ਨਹੀਂ ਕੀਤਾ ਜਾਂਦਾ, ਸਗੋਂ ਹਰ ਪੇਸ਼ੀ ਤੇ ਉਸ ਨਾਲ ਆਉਣ ਵਾਲਾ ਅਫਸਰ, ਮੁੱਖ ਮੁਨਸ਼ੀ ਅਤੇ ਕਦੇ ਕਦਾਈ ਇੱਕ ਹੋਰ ਹੁੰਦਾ ਹੈ ਸਾਰੀ ਰਾਤ ਮੇਰੇ ਨਾਲ ਕਮਰੇ ਵਿੱਚ ਮਸਤ ਰਹਿੰਦੇ ਹਨ। ਉਸ ਨੇ ਇਹ ਵੀ ਦੱਸਿਆ ਕਿ ਪਹਿਲੀ ਵਾਰ ਤਾਂ ਉਸ ਨੇ ਕੁੱਝ ਭੈੜਾ ਮੰਨਿਆ, ਪਰ ਫੇਰ ਮਨ ਨਾਲ ਸਮਝੌਤਾ ਕਰ ਲਿਆ ਸੀ ਕਿਉਂਕਿ ਭੁੰਜੇ ਹੱਡ ਨਹੀਂਂ ਸਨ ਰਗੜਨੇ ਪੈਦੇਂ ਅਤੇ ਕੁੱਝ ਪੈਸੇ ਤੇ ਕੱਪੜੇ ਵੀ ਸੁਆ ਦਿੰਦੇ ਸਨ ਅਤੇ ਮੈਂ ਇਨ੍ਹਾਂ ਨਾਲ ਰਚਮਿਚ ਗਈ ਸੀ। ਮੈਂ ਕਿਹਾ ਕਿ ਜੇਕਰ ਤੇਰੇ ਬੱਚਾ ਠਹਿਰ ਜਾਂਦਾ ਤਾਂ ਉਹ ਕਹਿਣ ਲੱਗੀ ਇਸ ਦਾ ਮੇਰੇ ਕੋਲ ਸਾਰਾ ਇੰਤਜਾਮ ਹੈ ਤੇ ਟਰੇਨਿੰਗ ਸਮੇਂ ਉਸ ਨੂੰ ਸਮਝਾਇਆ ਗਿਆ ਸੀ ਕਿ ਸੈਕਸ ਸਬੰਧਾਂ ਤੋਂ ਗੁਰੇਜ ਨਹੀਂ ਕਰਨਾ ਅਤੇ ਉਸ ਨੇ ਇਹ ਵੀ ਕਿਹਾ ਕਿ ਜੇ ਮੈਂ ਚਾਹਾਂ ਤਾਂ ਕੁੱਝ ਸਮਾਂ ਮੇਰੇ ਕੋਲ ਵੀ ਗੁਜਾਰ ਸਕਦੀ ਹੈ।
    ਸਤੰਬਰ ਦੇ ਪਹਿਲੇ ਹਫਤੇ ਸੰਤ ਫਤਹਿ ਸਿੰਘ ਦੇ ਮਰਨ ਵਰਤ ਕਾਰਨ ਮੈਨੂੰ ਰਿਜਰਵ ਨਾਲ ਗਿੱਦੜਬਹੇ ਭੇਜਿਆ ਗਿਆ। ਗਿੱਦੜਬਹਾ ਚੌਕੀਂ ਥਾਣਾ ਕੋਟ ਭਾਈ ਵਿੱਚ ਹੀ ਸੀ, ਸ੍ਰ. ਗੁਰਦਿਆਲ ਸਿੰਘ ਸਾਡੀ ਠਹਿਰ ਤੇ ਆਏ। ਮੈਂ ਸਾਰੀ ਗੱਲ ਦੱਸੀ ਤੇ ਠਹਾਕਾ ਮਾਰ ਕੇ ਕਹਿਣ ਲੱਗੇ, ਛੋਟੇ ਭਰਾ ਜੇ ਮੈਂ ਤੈਨੂੰ ਸੁਚੇਤ ਨਾ ਕਰਦਾ ਤਾਂ ਮੁਨਸ਼ੀ ਨੇ ਚਸਤੀ ਵਰਤ ਜਾਣੀ ਸੀ। ਉਸ ਸਮੇਂ ਸਹੀ ਰਾਹ ਦਿਖਾਉਣ ਵਾਲੇ ਬਹੁਤ ਹੁੰਦੇ ਸਨ, ਪਰ ਹੁਣ ਬਹੁਤੀ ਬਰੰਗੀ ਹੀ ਹੋ ਗਈ ਹੈ।


ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

ਸ਼੍ਰੋਮਣੀ ਅਕਾਲੀ ਦਲ ਦਾ ਮੁੱਢ ਤੇ ਲੜਾਈਆਂ - ਹਰਦੇਵ ਸਿੰਘ ਧਾਲੀਵਾਲ

ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਭਾਈਚਾਰੇ ਨੇ 1920 ਵਿੱਚ ਬਣਾਈ ਸੀ। ਮਹੰਤਾਂ ਤੋ ਂਕਬਜਾ ਲੈਣ ਲਈ ਪਾਰਟੀ ਦੀ ਵੀ ਲੋੜ ਸੀ । ਇਸ ਲਈ ਅਕਾਲੀ ਦਲ 15 ਦਸੰਬਰ 1920 ਨੂੰ ਸ਼੍ਰੋਮਣੀ ਕਮੇਟੀ ਦੇ ਮੁਖੀ ਲੀਡਰਾਂ ਨੇ ਸਾਜਿਆ, ਇਹ ਇੱਕ ਧਾਰਮਿਕ ਜਮਾਤ ਸੀ । ਇਸ ਦਾ ਉਸ ਵੇਲੇ ਕੋਈ ਸਿਆਸੀ ਵਜੂਦ ਨਹੀ ਂਸੀ । 'ਅਕਾਲੀ ਲਹਿਰ' ਦੇ ਲੇਖਕ  ਗਿਆਨੀ ਪ੍ਰਤਾਪ ਸਿੰਘ ਸਾਬਕਾ ਜੱਥੇਦਾਰ ਅਕਾਲ ਤਖਤ ਸਾਹਿਬ ਜੋ ਅੱਤਵਾਦ ਦੌਰਾਨ ਅੱਤਵਾਦ ਦੀ ਭੇਟ ਚੜ੍ਹ ਗਏ । ਪੰਥ ਲਈ ਉਨ੍ਹਾਂ ਨੇ ਬਹੁਤ ਕੀਮਤੀ ਕਿਤਾਬਾਂ ਲਿਖੀਆਂ ਸਨ, ਉਹ ਅਕਾਲੀ ਦਲ ਦੇ ਸਿਆਸੀਕਰਨ ਬਾਰੇ ਲਿਖਦੇ ਹਨ ਕਿ '1922 ਵਿੱਚ ਸ੍ਰ. ਅਮਰ ਸਿੰਘ ਝਬਾਲ ਦੀ ਪ੍ਰਧਾਨਗੀ ਹੇਠ ਸੈਟਂਰਲ ਸਿੱਖ ਲੀਗ ਦੇ ਇਜਲਾਸ ਵਿੱਚ ਲਇਲਪੁਰ ਵਿਖੇ, ਕਾਂਗਰਸ ਦੇ ਪ੍ਰੋਗਰਾਮ ਅਨੁਸਾਰ ਅੰਗ੍ਰੇਜੀ ਸਰਕਾਰ ਵਿਰੁੱਧ ਨਾ-ਮਿਲਵਰਤਨ ਦਾ ਮਤਾ ਪਾਸ ਕੀਤਾ ਗਿਆ, ਜਿਸ ਨੂੰ ਪੇਸ਼ ਕਰਨ ਵਾਲੇ ਪ੍ਰਸਿੱਧ ਵਿੱਦਵਾਨ ਗਿਆਨੀ ਸ਼ੇਰ ਸਿੰਘ ਸ਼੍ਰੋਮਣੀ ਕਮੇਟੀ ਦੇ ਅਗਜੈਕਟਿਵ ਮੈਬਂਰ ਅਤੇ ਪ੍ਰਚਾਰ ਇੰਚਾਰਜ਼ ਸਨ । ਵਿਰੋਧਤਾ ਕਰਨ ਵਾਲੇ ਭਾਈ ਜੋਧ ਸਿੰਘ ਤੇ ਸੰਪੂਰਨ ਸਿੰਘ ਬਰਿਸਟਰ ਲਾਇਲਪੁਰ ਸਨ, ਪਰ ਇਹ ਮਤਾ ਭਾਰੀ ਗਿਣਤੀ ਨਾਲ ਪਾਸ ਹੋ ਗਿਆ' ਤੇ ਸ਼੍ਰੋਮਣੀ ਅਕਾਲੀ ਦਲ ਹੌਲੀ ਹੌਲੀ ਮੁੱਖ ਰਾਜਸੀ ਪਾਰਟੀ ਬਣ ਗਿਆ ।
    13 ਅਕਤੂਬਰ 1923 ਨੂੰ ਅੰਗ੍ਰੇਜ਼ੀ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਕਾਨੂੰਨ ਵਿਰੁੱਧ ਜਮਾਤਾਂ ਕਰਾਰ ਦੇ ਦਿੱਤਾ ਤੇ 49 ਆਗੂਆਂ ਨੂੰ ਜੇਲ ਭੇਜ ਦਿੱਤਾ ।  ਇਨ੍ਹਾਂ ਤੇ ਬਾਦਸ਼ਾਹ ਦੇ ਵਿਰੁੱਧ ਬਗਾਵਤ ਦਾ ਕੇਸ ਬਣਾ ਕੇ ਪਹਿਲਾਂ ਅੰਮ੍ਰਿਤਸਰ ਫਿਰ ਲਹੌਰ ਕਿਲੇ ਵਿੱਚ ਤਬਦੀਲ ਕਰ ਦਿੱਤੇ  । ਇਹ ਕੇਸ ਲਹੌਰ ਕਿਲ੍ਹਾ ਕੇਸ ਦੇ ਨਾਂ ਨਾਲ ਪ੍ਰਸਿੱਧ ਹੋਇਆ, ਇਸ ਦੀ ਸਮਾਇਤ ਕਿਲ੍ਹੇ ਵਿੱਚ ਹੀ ਹੁੰਦੀ ਸੀ। ਜਨਵਰੀ 1926 ਵਿੱਚ ਗੁਰਦੁਆਰਾ ਐਕਟ ਪਾਸ ਹੋ ਗਿਆ ਤੇ ਜੇਲ ਵਿੱਚ ਬੈਠੇ 34 ਲੀਡਰਾਂ ਵਿੱਚ ਫੁੱਟ ਪੈ ਗਈ । 19 ਅਕਾਲੀ ਲੀਡਰ ਸ੍ਰ. ਬ. ਮਹਿਤਾਬ ਸਿੰਘ ਤੇ ਗਿਆਨੀ ਸ਼ੇਰ ਸਿੰਘ ਦੇ ਅਗਵਾਈ ਵਿੱਚ ਐਕਟ ਮੰਨਣ ਦਾ ਬਿਆਨ ਦੇ ਕੇ ਬਾਹਰ ਆ ਗਏ ਤੇ 15 ਲੀਡਰ ਸ੍ਰ. ਤੇਜਾ ਸਿੰਘ ਸਮੁੰਦਰੀ ਤੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਅੰਦਰ ਹੀ ਰਹਿ ਗਏ । ਬਾਹਰ ਆ ਕੇ ਸ੍ਰ. ਬ. ਮਹਿਤਾਬ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣ ਗਏ ਤੇ ਦੂਜੇ ਪਾਸੇ ਸ੍ਰ. ਮੰਗਲ ਸਿੰਘ ਪਹਿਲਾਂ ਹੀ ਬਾਹਰ ਸਨ ਉਨ੍ਹਾਂ ਨੇ ਅਕਾਲੀ ਦਲ ਤੇ ਕਬਜਾ ਕਰ ਲਿਆ । ਅਕਾਲੀਆਂ ਦੀ ਲੜਾਈ ਦਾ ਮੁੱਢ ਬੱਝ ਗਿਆ । ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਪਹਿਲਾਂ ਪੰਥਕ ਪਾਰਟੀ ਫੇਰ ਸੈਟਂਰਲ ਅਕਾਲੀ ਦਲ ਬਣਾ ਕੇ ਗਿਆਨੀ ਸ਼ੇਰ ਸਿੰਘ ਨੂੰ ਮੁਖੀ ਥਾਪ ਦਿੱਤਾ ।
    17 ਜੁਲਾਈ ਨੂੰ ਸ੍ਰ. ਤੇਜਾ ਸਿੰਘ ਸਮੁੰਦਰੀ ਜੇਲ ਵਿੱਚ ਚੜ੍ਹਈ ਕਰ ਗਏ ਤੇ ਆਖਰੀ ਸਮੇ ਂ ਉਹ ਆਪਣੇ ਲੀਡਰਾਂ ਨੂੰ ਮਾਸਟਰ ਤਾਰਾ ਸਿੰਘ ਦੀ ਲੀਡਰ ਸਿੱਪ ਮੰਨਣ ਦੀ ਸਲਾਹ ਦੇ ਗਏ । ਸਤੰਬਰ ਵਿੱਚ ਸਰਕਾਰ ਨੇ ਸਰਕਾਰ ਵਿਰੋਧੀ ਪਾਰਟੀਆਂ ਦਾ ਹੁਕਮ ਵਾਪਿਸ ਲੈ ਲਿਆ ਤੇ ਸਾਰੇ ਬਾਹਰ ਆ ਗਏ । 1926 ਦੇ ਅਖੀਰ ਵਿੱਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸ਼੍ਰੋਮਣੀ ਅਕਾਲੀ ਦਲ 69 ਸੀਟਾਂ ਲੈ ਕੇ ਮੀਰੀ ਹੋ ਗਿਆ ਤੇ ਉਨ੍ਹਾਂ ਨੂੰ 55 ਸੀਟਾਂ ਮਿਲੀਆਂ । ਮਗਰੋ ਂਸਰਬ ਸੰਮਤੀ ਨਾਲ ਬਾਬਾ ਖੜ੍ਹਕ ਸਿੰਘ ਨੂੰ ਪ੍ਰਧਾਨ ਚੁਣ ਲਿਆ ਤੇ ਮਾਸਟਰ ਜੀ ਮੀਤ ਪ੍ਰਧਾਨ ਬਣੇ । 1929 ਵਿੱਚ ਸ੍ਰ. ਬ. ਮਹਿਤਾਬ ਸਿੰਘ ਘਰੇਲੂ ਜਿੰਮੇਵਾਰੀਆਂ ਤੇ ਵਕਾਲਤ ਕਰਕੇ ਪਿੱਛੇ ਹਟ ਗਏ ਅਤੇ ਗਿਆਨੀ ਸ਼ੇਰ ਸਿੰਘ ਨੂੰ ਸਾਰੇ ਅਧਿਕਾਰ ਸੌਪ ਦਿੱਤੇ  । ਪੰਥ ਦੀ ਵੱਡੀ ਲੜਾਈ ਸ਼ੁਰੂ ਹੋ ਗਈ । ਗਿਆਨੀ ਕਰਤਾਰ ਸਿੰਘ ਦੇ ਸ਼ਬਦਾਂ ਵਿੱਚ ਪੰਜ  ਗੁਰਦੁਆਰਾ ਚੌਣਾਂ ਗਹਿਗੱਚ ਮੁਕਾਬਲੇ ਵਿੱਚ ਹੋਈਆਂ ਅਤੇ 1940 ਤੱਕ ਦੋਵੇ ਂਨਿਰੰਤਰ ਲੜਦੇ ਰਹੇ । 1941 ਵਿੱਚ ਗਿਆਨੀ ਕਰਤਾਰ ਸਿੰਘ ਨੇ ਦੋਵਾਂ ਦਾ ਸਮਝੋਤਾ ਕਰਾ ਦਿੱਤਾ ਤੇ ਅਕਾਲੀ ਦਲ ਨੇ ਆਜ਼ਾਦ ਪੰਜਾਬ ਦੀ ਮੰਗ ਰੱਖ ਦਿੱਤੀ।
    1947 ਤੋ ਂਬਾਅਦ ਜੱਥੇਦਾਰ ਊਧਮ ਸਿੰਘ ਨਾਗੋਕੇ  ਪੱਕੇ ਤੌਰ ਤੇ ਕਾਂਗਰਸ ਵਿੱਚ ਚਲੇ ਗਏ, ਸ਼੍ਰੋਮਣੀ ਕਮੇਟੀ ਤੇ ਉਨ੍ਹਾਂ ਦਾ ਕਬਜਾ ਸੀ ਇਸ ਲਈ ਉਨ੍ਹਾਂ ਨੇ ਆਪਣਾ ਵੱਖਰਾ ਦਲ ਬਣਾ ਛੱਡਿਆ ਸੀ। ਗਿਆਨੀ ਕਰਤਾਰ ਸਿੰਘ ਵੀ ਸ੍ਰ. ਬਲਦੇਵ ਸਿੰਘ ਦੀ ਰਇ ਅਨੁਸਾਰ ਕਾਂਗਰਸ ਵਿੱਚ ਚਲੇ ਗਏ ਤੇ ਆਪਣਾ ਦਲ ਬਣਾ ਲਿਆ । ਉਸ ਦੇ ਪ੍ਰਧਾਨ ਸ੍ਰ. ਜਸਵੰਤ ਸਿੰਘ ਦਾਨੇਵਾਲੀਆ ਸਨ  । ਮਾਸਟਰ ਜੀ ਮਖੌਲ ਵਿੱਚ ਉਸ ਨੂੰ ਜਪਾਨੀ ਅਕਾਲੀ ਦਲ ਕਹਿੰਦੇ ਸੀ । ਗਿਆਨੀ ਕਰਤਾਰ ਸਿੰਘ ਜਿਆਦਾ ਦੇਰ ਕਾਂਗਰਸ ਵਿੱਚ ਨਾ ਟਿਕ ਸਕੇ ਅਤੇ 1953 ਵਿੱਚ ਅਕਾਲੀ ਦਲ ਵਿੱਚ ਪਰਤ ਆਏ । 1953 ਦੀਆਂ ਗੁਰਦੁਆਰਾ ਚੋਣਾਂ ਵਿੱਚ ਨਾਗੋਕੇ ਗਰੁੱਪ ਦਾ ਸਫਾਇਆ ਹੋ ਗਿਆ ਤੇ ਮਾਸਟਰ ਜੀ ਦਾ ਦਲ ਵੀ ਅਸਲੀ ਅਕਾਲੀ ਦਲ ਰਿਹਾ।
    1956 ਵਿੱਚ ਅਕਾਲੀ ਦਲ ਨੇ ਰਿਜਨਲ ਫਾਰਮੂਲਾ ਲੈ ਕੇ  ਕਾਂਗਰਸ ਨਾਲ ਸਮਝੋਤਾ ਕਰ ਲਿਆ ਤੇ ਅਕਾਲੀ ਦਲ 1920 ਵਾਂਗ ਧਾਰਮਿਕ ਜਮਾਤ ਰਹਿ ਗਈ । ਅਕਾਲੀਆਂ ਨੂੰ ਅਸੈਬਂਲੀ ਵਿੱਚ 26 ਤੇ ਪਾਰਲੀਮੈਟਂ ਦੀਆਂ 3 ਸੀਟਾਂ ਮਿਲੀਆਂ ਸਨ । ਪਰ ਮਾਸਟਰ ਜੀ ਨੇ ਸੁਨਾਮ ਦੀ ਸੀਟ ਤੇ ਕਾਂਗਰਸ ਦੀ ਵਿਰੋਧਤਾ ਕਰ ਦਿੱਤੀ ਤੇ ਰਾਜਾ ਮਹੇਸ਼ਇੰਦਰ ਸਿੰਘ ਨੂੰ ਥਾਪੀ ਦੇ ਦਿੱਤੀ । 1958 ਦੇ ਅਖੀਰ ਵਿੱਚ ਮਾਸਟਰ  ਜੀ ਤੇ ਗਿਆਨੀ ਕਰਤਾਰ ਸਿੰਘ ਵਿੱਚ ਦੂਫੇੜ ਪੈ ਗਿਆ । ਮਾਸਟਰ ਜੀ ਨੇ ਐਮ.ਐਲ.ਏਜ਼ ਨੂੰ ਵਾਪਿਸ ਅਕਾਲੀ ਦਲ ਵਿੱਚ ਆਉਣ ਲਈ ਕਿਹਾ ਤਾਂ ਸਿਰਫ 5 ਐਮ.ਐਲ.ਏ. ਸ੍ਰ. ਆਤਮਾ ਸਿੰਘ ਦੀ ਜੱਥੇਦਾਰੀ ਹੇਠ ਵਾਪਿਸ ਆਏ । ਇਨ੍ਹਾਂ ਵਿੱਚ ਸ੍ਰ. ਪ੍ਰਕਾਸ਼ ਸਿੰਘ ਬਾਦਲ, ਧੰਨਾ ਸਿੰਘ ਗੁਲਸ਼ਨ, ਊਧਮ ਸਿੰਘ ਭਾਰ ਸਿੰਘ ਪੁਰੀ ਤੇ ਹਰਗੁਰਨਾਦ ਸਿੰਘ ਸਨ ਬਾਕੀ ਕਾਂਗਰਸ ਵਿੱਚ ਹੀ ਰਹਿ ਗਏ । ਗਿਆਨ ਕਰਤਾਰ ਸਿੰਘ ਨੇ ਮਾਸਟਰ ਜੀ ਨੂੰ ਸ੍ਰ. ਪ੍ਰੇਮ ਸਿੰਘ ਲਾਲਪੁਰਾ ਰਾਹੀ ਂਸ਼੍ਰੋਮਣੀ ਕਮੇਟੀ ਵਿੱਚ ਹਰਾ ਦਿੱਤਾ, ਗਿਆਨੀ ਜੀ ਨੇ ਪੰਥ ਸੇਵਕ ਦਲ ਬਣਾ ਲਿਆ ਸੀ ਤੇ ਉਸ ਸਮੇ ਂਸ੍ਰ. ਗਿਆਨ ਸਿੰਘ ਰਾੜੇਵਾਲਾ ਮਾਲਵਾ ਅਕਾਲੀ ਦਲ ਦਾ ਕਰਤਾ ਧਰਤਾ ਸੀ। ਇਸ ਵਿੱਚ ਸ੍ਰ. ਕੈਰੋ ਂਵੀ ਪਿੱਛੇ ਨਾ ਰਹੇ ਉਨ੍ਹਾਂ ਨੇ ਧਾਰਮਿਕ ਜਮਾਤ ਦਸਮੇਸ਼ ਪੰਥਕ ਦਲ ਬਣਾ ਲਿਆ । 1960 ਦੀ ਗੁਰਦੁਆਰਾ ਚੌਣਾਂ ਮਾਸਟਰ ਜੀ ਦੇ ਮੁਕਾਬਲੇ ਤਿੰਨਾਂ ਨੇ ਰਲ ਕੇ ਸਾਧ ਸੰਗਤ ਬੋਰਡ ਰਾਹੀ ਂਚੌਣਾਂ ਲੜੀਆਂ ਪਰ ਭਾਰੀ ਅਸਫਲਤਾ ਹੋਈ । ਸਿਰਫ ਸ੍ਰ. ਪ੍ਰੇਮ ਸਿੰਘ ਲਾਲਪੁਰਾ 4-5 ਸਾਥੀਆਂ ਸਮੇਤ ਜਿੱਤੇ ਮਾਸਟਰ ਜੀ ਦੀ ਚੜ੍ਹਤ ਹੋ ਗਈ ਤੇ ਸਿਆਸਤ ਵਿੱਚ ਬੋਲਬਾਲਾ ਵੱਧ ਗਿਆ ।
    1960-61 ਵਿੱਚ  ਪੰਜਾਬੀ ਸੂਬੇ ਦੇ ਮੋਰਚੇ ਕਾਰਨ ਸੰਤ ਫਤਿਹ ਸਿੰਘ ਨੇ ਵਰਤ ਰੱਖਿਆ, ਉਨ੍ਹਾਂ ਵਰਤ ਠੀਕ ਸੀ ਉਸ ਨੇ ਸੰਤ ਫਤਿਹ ਸਿੰਘ ਨੂੰ ਲੀਡਰ ਬਣਾ ਦਿੱਤਾ । ਮਾਸਟਰ ਜੀ ਨੇ ਬਾਅਦ ਵਿੱਚ ਵਰਤ ਰੱਖਿਆ ਪਰ ਉਹ ਲੋਕਾਂ ਦੀ ਨਜ਼ਰ ਵਿੱਚ ਠੀਕ ਨਹੀ ਂਸੀ । ਮਾਸਟਰ ਜੀ ਨੇ ਪਹਿਲੀ ਵਾਰ ਗਲਤੀ ਕੀਤੀ ਕਿ ਉਹ ਅਕਾਲੀ ਦਲ ਦੀ ਡਿਕਟੇਟਰੀ ਜੱਥੇਦਾਰ ਪ੍ਰੀਤਮ ਸਿੰਘ ਗੁੱਜਰਾਂ ਨੂੰ ਦੇਣ ਦੀ ਬਜਾਏ ਸੰਤ ਫਤਿਹ ਸਿੰਘ ਨੂੰ ਦੇ ਗਏ ਸਨ । ਸੰਤ ਫਤਿਹ ਸਿੰਘ ਅਜਿਹੇ ਹਾਵੀ ਹੋਈ ਕਿ ਮਾਸਟਰ ਜੀ ਨੂੰ ਪਿਛਾੜ ਦਿੱਤਾ ਤੇ ਉਨ੍ਹਾਂ ਦਾ ਦਲ  ਅਸਲੀ ਅਕਾਲੀ ਦਲ ਬਣ ਗਿਆ, ਜਦੋ ਂਕਿ ਕਾਨੂੰਨੀ ਤੌਰ ਤੇ ਮਾਸਟਰ ਜੀ ਦਾ ਦਲ ਠੀਕ ਸੀ । ਅਖੀਰ ਨੂੰ ਮਾਸਟਰ ਜੀ ਦਾ ਦਲ ਉਨ੍ਹਾਂ ਦੇ  ਚਲਾਣੇ ਪਿੱਛੋ ਂਸੰਤ ਦਲ ਵਿੱਚ ਹੀ ਰਲ ਗਿਆ । ਸੰਤ ਫਤਿਹ ਸਿੰਘ ਦੇ ਚਲਾਣੇ ਤੋ ਂਬਾਅਦ 1972 ਵਿੱਚ  ਜੱਥੇਦਾਰ ਮੋਹਨ ਸਿੰਘ ਤੁੜ ਪ੍ਰਧਾਨ ਬਣ ਗਏ । ਇਸ ਤੋ ਂਬਾਅਦ 1975 ਵਿੱਚ ਐਮਰਜੈਸੀਂ ਦਾ ਮੋਰਚਾ ਲੱਗ ਗਿਆ  ਪਰ ਤੁੜ ਸਾਹਿਬ ਤੋ ਂਚੱਲ ਨਾ ਸਕਿਆ ਤਾਂ ਉਹ ਮੋਰਚੇ ਦੀ ਬਾਂਗ ਡੋਰ ਸੰਤ ਹਰਚੰਦ ਸਿੰਘ ਨੂੰ ਸੌਪ ਕੇ ਜੇਲ੍ਹ ਵਿੱਚ ਚਲੇ ਗਏ । ਤੇ ਸੰਤ ਹਰਚੰਦ ਸਿੰਘ ਐਮਰਜੈਸੀਂ ਵਿਰੁਧ ਮੋਰਚੇ ਕਾਰਨ ਸਾਰੇ ਭਾਰਤ ਵਿੱਚ ਚਮਕ ਪਏ । 1977 ਦੇ ਸ਼ੁਰੂ ਵਿੱਚ ਜੱਥੇਦਾਰ ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਅਤੇ ਉਨ੍ਹਾਂ ਨੇ ਆਪਣੀ ਪੂਰੀ ਤਾਕਤ ਅਜਮਾਈ ਕੀਤੀ ਤੇ ਆਪਣੀ ਹੀ ਸਰਕਾਰ ਵਿਰੁੱਧ 1979 ਵਿੱਚ ਮੰਮੋਰੰਡਮ ਦੇ ਦਿੱਤਾ, ਫਿਰ ਉਨ੍ਹਾਂ ਦੀ ਹਾਲਤ ਪਤਲੀ ਪੈਣੀ ਸ਼ੁਰੂ ਹੋ ਗਈ ।
    ਸੰਤ ਹਰਚੰਦ ਸਿੰਘ ਪੂਰੇ ਜਲਾਲ ਨਾਲ ਅਕਾਲੀ ਦਲ ਤੇ ਕਾਬਜ ਹੋ ਗਏ ਤੇ ਉਨ੍ਹਾਂ ਦਾ ਅਕਾਲੀ ਦਲ ਅਸਲੀ ਅਕਾਲੀ ਦਲ ਬਣ ਗਿਆ । ਜੱਥੇਦਾਰ ਤਲਵੰਡੀ ਦਾ ਦਿੱਲੀ ਮੋਰਚਾ ਫੇਲ ਹੋ ਗਿਆ ਤੇ ਸੰਤ ਹਰਚੰਦ ਸਿੰਘ ਦੀ ਚੜ੍ਹਾਈ ਹੁੰਦੀ ਗਈ । ਨੀਲਾ ਤਾਰਾ ਅਪ੍ਰੇਸ਼ਨ ਤੋ ਂਬਾਅਦ ਵੀ ਸੰਤ ਲੌਗੋਵਾਲ ਅੱਗੇ ਵਧਦੇ ਗਏ ਉਨ੍ਹਾਂ ਨੇ ਰਜੀਵ ਲੌਗੋਵਂਾਲ ਸਮਝੋਤਾ ਕੀਤਾ । ਉਨ੍ਹਾਂ ਦੀ ਸ਼ਹਾਦਤ ਤੋ ਂਬਾਅਦ ਸ੍ਰ. ਸੁਰਜੀਤ ਸਿੰਘ ਬਰਨਾਲਾ ਪਹਿਲੀ ਵਾਰ ਅਕਾਲੀ ਦਲ ਦੇ ਪ੍ਰਧਾਨ ਤੇ ਮੁੱਖ ਮੰਤਰੀ ਵੀ ਬਣੇ । ਬਰਨਾਲਾ ਸਾਹਿਬ ਨੇ ਨਵੀ ਂਰਿਵਾਇਤ ਤੋਰ ਦਿੱਤੀ, 1985 ਦੀਆਂ ਚੌਣਾਂ ਵਿੱਚ ਬਰਨਾਲਾ ਸਾਹਿਬ ਦੀ ਪਕੜ ਢਿੱਲੀ ਹੀ ਰਹੀ ਤੇ ਜਲਦੀ ਹੀ ਬਾਦਲ ਅਕਾਲੀ ਦਲ ਅਤੇ ਹੋਰ ਅਕਾਲੀ ਦਲ ਜਨਮ ਲੈ ਗਏ । 1989 ਵਿੱਚ ਸ੍ਰ. ਸਿਮਰਨਜੀਤ ਸਿੰਘ ਮਾਨ ਦਾ ਦਲ ਕਾਫੀ ਮਕਬੂਲ ਸਾਬਿਤ ਹੋਇਆ 9 ਸੀਟਾਂ ਪਰਲੀਮੈਟਂ ਦੀਆਂ ਜਿੱਤ ਗਏ ਪਰ ਡਿਸਪਲਨ ਦੀ ਅਣਹੋਦਂ ਵਿੱਚ ਸਭ ਕੁੱਝ ਖੇਰੂ ਖੇਰੂ ਹੋ ਗਿਆ । ਭਾਵੇ ਂਬਾਦਲ ਸਾਹਿਬ ਜੱਥੇਦਾਰ ਟੌਹੜਾ ਇਕੱਠੇ ਸਨ ਪਰ ਸਮੇ ਂਸਮੇ ਂਸਿਰ ਅੱਡ ਵੀ ਹੋ ਜਾਂਦੇ ਸਨ । ਜੱਥੇਦਾਰ ਅਕਾਲ ਤਖਤ ਦੀ ਹਿੰਮਤ ਨਾਲ 1993-94 ਵਿੱਚ ਸਾਰੇ ਇਕੱਠੇ ਹੋ ਗਏ ਪਰ ਸ੍ਰ. ਸਿਮਰਨਜੀਤ ਸਿੰਘ ਮਾਨ ਆਪਣੇ ਅੰਮ੍ਰਿਤਸਰ ਅਕਾਲੀ ਦਲ ਰਾਹੀ ਂਅੱਡ ਹੀ ਰਹੇ । ਸਮੇ ਂਅਨੁਸਾਰ ਕਦੇ ਮਹੰਤ ਸੇਵਾ ਦਾਸ ਦਾ ਅਕਾਲੀ ਦਲ ਵੀ ਸੀ ਅਤੇ ਹੋਰ ਵੀ  ਬੜੇ ਅਕਾਲੀ ਦਲ ਬਣਦੇ ਗਏ । 1997 ਦੀਆਂ ਚੌਣਾਂ ਵਿੱਚ ਅਕਾਲੀ ਦਲ ਮਜਬੂਤੀ ਨਾਲ ਜਿੱਤਿਆ ਕਿਉ ਂਕਿ ਸਾਰੇ ਇਕੱਠੇ ਸਨ ਪਰ ਦੋ ਸਾਲ ਬਾਅਦ ਹੀ ਜੱਥੇਦਾਰ ਟੌਹੜਾ ਅਤੇ ਬਾਦਲ ਸਾਹਿਬ ਵਿੱਚ ਫਰਕ ਆ ਗਿਆ । ਟੌਹੜਾ ਸਾਹਿਬ ਨੇ ਸਰਬਹਿੰਦ ਅਕਾਲੀ ਦਲ ਬਣਾ ਲਿਆ । ਅੱਜ ਵੀ ਬਾਦਲ ਅਕਾਲੀ ਦਲ, ਅੰਮ੍ਰਿਤਸਰ ਅਕਾਲੀ ਦਲ, 1920 ਦਾ ਅਕਾਲੀ ਦਲ ਅਤੇ ਹੋਰ ਵੀ ਕਈ ਦਲ ਹਨ ਦਿੱਲੀ ਵਿੱਚ ਵੀ 2-3 ਅਕਾਲੀ ਦਲ ਹਨ । ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਦੇ ਅਕਾਲੀ ਦਲ ਵਿੱਚ ਰਲਣ ਨਾਲ ਲੌਗੋਵਾਲ ਅਕਾਲੀ ਦਲ ਦਾ ਤਕਰੀਬਨ ਭੋਗ ਹੀ ਪੈ ਗਿਆ ਹੈ ਪਰ ਅਜੇ ਵਜੂਦ ਖਤਮ ਨਹੀ ਹੋਇਆ ।
    ਅਕਾਲੀ ਦਲ ਦੀ ਉਮਰ 100 ਸਾਲ ਦੀ ਹੋ ਗਈ ਹੈ ਪਰ ਸਮੇ ਂਸਮੇ ਂਸਿਰ ਕਈ ਅਕਾਲੀ ਦਲ ਬਣਦੇ ਤੇ ਟੁੱਟਦੇ ਰਹੇ ਹਨ। ਹੁਣ ਇੱਕ ਨਵਾਂ ਟਕਸਾਲੀ ਅਕਾਲੀ ਦਲ ਹੋਂਦ ਵਿੱਚ ਆਇਆ ਹੈ, ਜਿਸ ਦੇ ਮੋਢੀ ਰਣਜੀਤ ਸਿੰਘ ਬ੍ਰਹਮਪੁਰਾ ਹਨ। ਸੇਵਾ ਸਿੰਘ ਸੇਖਵਾਂ ਤੇ ਜੱਥੇ. ਰਤਨ ਸਿੰਘ ਅਜਨਾਲਾ ਵੀ ਉਨ੍ਹਾਂ ਦੇ ਨਾਲ ਹਨ। ਇਨ੍ਹਾਂ ਨੇ ਬਾਦਲ ਅਕਾਲੀ ਦਲ ਛੱਡਿਆ ਹੈ ਕਿਉਂਕਿ ਜਸਟਿਸ ਰਣਜੀਤ ਸਿੰਘ ਦੇ ਕਮਿਸ਼ਨ ਅਨੁਸਾਰ ਉਹ ਸਰਸੇ ਵਾਲੇ ਸਾਧ ਦੇ ਨਜਦੀਕ ਪਾਏ ਗਏ ਸਨ। ਉਸ ਵੇਲੇ ਤਾਂ ਇਹ ਚੁੱਪ ਰਹੇ। ਹੁਣ ਪਾਰਲੀਮੈਂਟ ਦੀ ਚੋਣ ਆਉਣ ਕਰਕੇ ਇਹ ਵੱਖਰੀ ਲੜਾਈ ਲੜਨ ਦੀ ਤਿਆਰੀ ਕਰ ਰਹੇ ਹਨ। ਸਮੇਂ-ਸਮੇਂ ਸਿਰ ਹੋਰ ਵੀ ਅਕਾਲੀ ਦਲ ਬਣਦੇ ਰਹਿਣਗੇ। ਲੜਾਈਆਂ ਅਕਾਲੀ ਦਲਾਂ ਦੀ ਆਮ ਗੱਲ ਹੈ। ਮੰਨਣਾ  ਪਵੇਗਾ ਕਿ ਜਿਹੜਾ ਅਕਾਲੀ ਦਲ ਸ਼੍ਰੋਮਣੀ ਕਮੇਟੀ ਤੇ ਕਾਬਜ ਹੋ ਜਾਂਦਾ ਹੈ ਉਹ ਅਸਲ ਅਕਾਲੀ ਦਲ ਬਣ ਜਾਂਦਾ ਹੈ ।


ਹਰਦੇਵ ਸਿੰਘ ਧਾਲੀਵਾਲ,
 ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

ਔਲਾਦ ਲਈ ਮਾਂ ਕਿੱਥੋਂ ਤੱਕ ਜਾਂਦੀ ਹੈ - ਹਰਦੇਵ ਸਿੰਘ ਧਾਲੀਵਾਲ

1977 ਵਿੱਚ ਮੈਂਂ ਥਾਣੇ ਮਾਨਸਾ ਵਿਖੇ ਮੁੱਖ ਅਫਸਰ ਸੀ । ਅਗਲੇ ਸਾਲ ਦੇ ਸ਼ੁਰੂ ਵਿੱਚ ਮੈਂ ਪ੍ਰਮੋਟ ਹੋ ਗਿਆ ਉੱਥੇ ਹੀ ਡਿਟੈਕਟਿਵ ਇੰਸਪੈਕਟਰ ਲੱਗ ਗਿਆ । ਥਾਣੇ ਮਾਨਸਾ ਦਾ ਸਰਕਲ ਅਫਸਰ ਵੀ ਮੈਂ ਹੀ ਸੀ, ਅਤੇ ਥਾਣੇ ਵਿੱਚ ਹੀ ਮੇਰੀ ਰਿਹਾਇਸ ਸੀ । ਇੱਕ ਦਿਨ ਮੈਂ ਵਿਹੜੇ ਵਿੱਚ ਨਿੰਮ ਦੀ ਛਾਂ ਹੇਠ ਬੈਠਾ ਸੀ, ਤਾਂ ਇੱਕ ਅੱਖ ਤੋਂ ਭੈਗਾਂ ਆਦਮੀ 45 ਕੁ ਸਾਲ ਦਾ ਆਇਆ, ਮੈਨੂੰ ਕਹਿਣ ਲੱਗਿਆ, ਕਿ ਮੈਂ ਕਈ ਦਰਖਾਸਤਾਂ ਦਿੱਤੀਆਂ ਹਨ, ਮੇਰੀ ਜਾਨ ਨੂੰ ਮੇਰੇ ਛੋਟੇ ਭਰਾ ਤੋਂ ਖਤਰਾ ਹੈ । ਉਸ ਦੀ ਘਰਵਾਲੀ ਦੇ ਕਈ ਭਰਾ ਹਨ । ਮੈਨੂੰ ਕਿਸੇ ਸਮੇਂ ਵੀ ਖਤਮ ਕੀਤਾ ਜਾ ਸਕਦਾ ਹੈ । ਮੈਂ ਕਈ ਦਿਨਾਂ ਤੋਂ ਦੁਰਖਾਸਤਾਂ ਦੇ ਰਿਹਾ ਹਾਂ, ਪਰ ਆਪ ਦਾ ਛੋਟਾ ਥਾਣੇਦਾਰ ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਿਹਾ । ਮੈਨੂੰ ਕਦੇ ਵੀ ਖਤਮ ਕੀਤਾ ਜਾ ਸਕਦਾ ਹੈ । ਮੈਂ ਤੁਰੰਤ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੂੰ ਸੱਦਿਆ ਅਤੇ ਕਿਹਾ ਕਿ ਹੁਣ 11 ਵੱਜੇ ਹਨ, ਸਾਮ ਦੇ 3 ਵਜੇ ਤੱਕ ਇਸ ਦੀ ਦੁਰਖਾਸਤ ਤੇ ਕਾਰਵਾਈ ਹੋਣੀ ਚਾਹੀਦੀ ਹੈ। ਉਹ ਤੁਰੰਤ ਉਸ ਦੇ ਪਿੰਡ ਨੂੰ ਚਲਿਆ ਗਿਆ।

    ਉਹ ਤਿੰਨ ਵਜੇ ਤੋਂ ਪਹਿਲਾਂ ਹੀ ਸਬੰਧਤ ਵਿਅਕਤੀਆਂ ਨੂੰ ਲੈ ਆਇਆ । ਕੋਈ ਤਿੰਨ ਕੁ ਵਜੇ ਮੈਂ ਫੇਰ ਉਸੇ ਮੇਜ ਤੇ ਆ ਕੇ ਬੈਠ ਗਿਆ, ਐਤਵਾਰ ਦਾ ਦਿਨ ਸੀ । ਮੇਰੇ ਕੋਲ 2 ਵਿਅਕਤੀ ਹੋਰ ਬੈਠੇ ਸਨ, ਤਾਂ ਇੱਕ ਪੇਂਡੂ ਔਰਤ 35-36 ਸਾਲ ਉਮਰ ਦੀ ਆਈ ਉਹ ਸਾਫ ਤੇ ਸਧਾਰਨ ਕੱਪੜਿਆਂ ਵਿੱਚ ਸੀ । ਪਰ ਬਿਨਾਂ ਕਿਸੇ ਫਰਜੀ ਟਿੱਪ ਟਾਪ ਦੇ ਉਹ ਬਹੁਤ ਆਕਰਸ਼ਕ ਸੀ। ਉਹ ਗੱਲ ਕਰਨਾ ਜਾਣਦੀ ਸੀ । ਉਸ ਨੇ ਕਿਹਾ ਕਿ ਮੈਂ ਆਪ ਨਾਲ ਗੱਲ ਕਰਨੀ ਹੈ ? ਮੈਂ ਕਿਹਾ, ਬੀਬੀ ਤੂੰ ਦੱਸ, ਉਸ ਨੇ ਫੇਰ ਕਿਹਾ ਮੈਂ ਆਪ ਨਾਲ ਇਕੱਲੇ ਹੀ ਗੱਲ ਕਰਨੀ ਹੈ । ਤਾਂ ਮੇਰੇ ਕੋਲ ਬੈਠੇ ਰਾਜ ਕੁਮਾਰ ਆਦਿ ਉੱਠ ਕੇ ਮੁਨਸ਼ੀ ਦੇ ਕਮਰੇ ਵੱਲ ਚਲੇ ਗਏ, ਤਾਂ ਬੈਚ ਤੇ ਬੈਠ ਕੇ ਉਸ ਨੇ ਬੜੀ ਧੀਮੀ ਆਵਾਜ ਵਿੱਚ ਕਿਹਾ, ਕਿ ਮੈਂ ਬਹੁਤ ਪੜ੍ਹੀ ਲਿਖੀ ਨਹੀਂ 4-5 ਜਮਾਤਾਂ ਹੀ ਪੜ੍ਹੀ ਹਾਂ, ਮੇਰੇ ਘਰ ਵਾਲੇ ਦਾ ਇੱਕ ਵੱਡਾ ਭਰਾ ਹੈ, ਜੋ ਕਿ ਵਿਆਹਿਆ ਹੋਇਆ ਨਹੀਂ,ਂ ਮੇਰੇ ਸੱਸ ਸਹੁਰਾ ਚਲਾਣਾ ਕਰ ਚੁੱਕੇ ਹਨ । ਸਾਡੇ ਕੋਲ 18 ਕਿੱਲੇ ਜਮੀਨ ਹੈ, ਅਸੀਂ ਮਿਹਨਤ ਕਰਕੇ 4 ਕਿੱਲੇ ਜਮੀਨ ਹੋਰ ਖਰੀਦੀ ਹੈ, ਜੋ ਕਿ ਮੇਰੇ ਨਾਮ ਹੈ ਤੇ ਮੇਰੇ ਦੋ ਲੜਕੇ ਹਨ ਤੇ ਦੋਵੇਂ ਹੀ ਪੜ੍ਹਦੇ ਹਨ । ਸਚਾਈ ਇਹ ਹੈ, ਕਿ ਮੇਰੇ ਜੇਠ ਨੂੰ ਸਾਡੀ ਇੱਕ ਸਕੀ ਗੁਆਂਢਣ ਨੇ ਵਰਗਲਾ ਲਿਆ ਹੈ । ਉਹ, ਜਮੀਨ ਦਾ ਲਾਲਚ ਕਰ ਰਹੀ ਹੈ, ਇਹ ਕਦੇ ਕਦੇ ਰੋਟੀ ਵੀ ਉਸ ਦੇ ਘਰ ਹੀ ਖਾ ਆਉਂਦਾ ਹੈ । ਉਹਦੀ ਅੱਖ ਮੇਰੇ ਜੇਠ ਦੇ 9 ਕਿੱਲਿਆਂ ਤੇ ਹੈ । ਮੇਰੇ ਜੇਠ ਨੂੰ ਮੇਰੇ ਘਰ ਵਾਲੇ ਜਾਂ ਹੋਰ ਕਿਸੇ ਤੋਂ ਕੋਈ ਖਤਰਾ ਨਹੀਂ । ਮੇਰੇ ਘਰ ਵਾਲਾ ਤਾਂ ਕਹਿੰਦਾ ਸੀ, ਕਿ 9 ਕਿੱਲਿਆਂ ਦਾ ਮਾਲਕ ਹੈ, ਇਸ ਨੂੰ ਵੀ ਖੁਸ਼ ਰੱਖਿਆ ਕਰ । ਪਰ ਮੈਂ ਕਦੇ ਵੀ ਮੱਖੀ ਨਹੀਂ ਬੈਠਣ ਦਿੱਤੀ । ਹੱਥ ਜੋੜ ਕੇ ਕਹਿਣ ਲੱਗੀ, ਕਿ ਤੁਸੀਂ ਜੇ ਅੱਜ ਸੱਤ ਕਵੰਜਾ (107-151) ਦੀ ਕਾਰਵਾਈ ਕਰ ਦਿੱਤੀ ਤਾਂ ਮੇਰੇ ਪੁੱਤਾਂ ਦੀ 9 ਕਿੱਲੇ ਜਮੀਨ ਚਲੀ ਜਾਏਗੀ । ਇਹ ਸਾਡੇ ਤੋਂ ਬਿਲਕੁਲ ਦੂਰ ਹੋ ਜਾਏਗਾ ।
    ਮੈਂ ਸਸੋਪੰਜ ਵਿੱਚ ਪੈ ਗਿਆ । ਮੈਨੂੰ ਦੁਬਿਧਾ ਵਿੱਚ ਪਿਆ ਦੇਖ ਕੇ ਫੇਰ ਬੋਲ ਪਈ, ਕਿ ਬਿਲਕੁਲ ਫਿਕਰ ਨਾ ਕਰੋ । ਮੇਰੇ ਜੇਠ ਨੂੰ ਕੁੱਝ ਨਹੀਂ ਹੋਏਗਾ ਤੇ ਪੂਰੀ ਮਾਲਵੇ ਦੀ ਬੋਲੀ ਵਿੱਚ ਬੋਲੀ, "ਮੈਨੂੰ ਕੁੱਤਿਆਂ ਤੋਂ ਤੁੜਵਾ ਦਿਓ ਜੇਕਰ ਇਸ ਨੂੰ ਕੁੱਝ ਹੋਵੇ" । ਮੈਨੂੰ ਉਹਦੀਆਂ ਗੱਲਾਂ ਤੇ ਚਿਹਰੇ ਦੇ ਹਾਵ-ਪਾਵ ਤੋਂ ਸਚਾਈ ਦਿਸੀ, ਮੈਂ ਉਸ ਦੇ ਜੇਠ ਨੂੰ ਸੱਦ ਲਿਆ ਤੇ ਕਿਹਾ ਕਿ ਅੱਜ ਐਤਵਾਰ ਹੈ, ਤੁਸੀਂ ਦੋਵੇਂ ਧਿਰਾ ਕੱਲ ਨੂੰ 9 ਵਜੇ ਆ ਜਾਇਓ, ਤੁਹਾਡੀਆਂ ਦੋਹਾਂ ਧਿਰਾਂ ਦੀਆਂ ਜਮਾਨਤਾਂ ਕਰਾ ਦਿਆਂ ਗੇ । ਤਾਂ ਉਹ ਕਹਿਣ ਲੱਗਿਆ, ਜੇਕਰ ਰਾਤ ਨੂੰ ਮੈਨੂੰ ਮਾਰ ਦਿੱਤਾ, ਫੇਰ ਜਮਾਨਤਾਂ ਕਿਹਦੀਆਂ ਕਰਏਗਾ । ਮੈਂ ਉਸ ਨੂੰ ਪੁੱਠਾ ਬੋਲਿਆ, ਜਿਵੇਂ ਕਿ ਆਦਮੀ ਆਪਣੀ ਗੱਲ ਮਨਵਾਉਣ ਦੀ ਕੋਸਿਸ ਕਰਦਾ ਹੈ, ਇੱਥੋਂ ਤੱਕ ਕਹਿ ਦਿੱਤਾ ਕਿ ਤੇਰੇ ਕਾਗਜ ਭਰ ਦਿਆਂ ਗੇ । ਮੈਂ ਸ਼ਖਤੀ ਦੇ ਲਹਿਜੇ ਵਿੱਚ ਉਸ ਨੂੰ ਭਜਾ ਦਿੱਤਾ ਤੇ ਸਵੇਰ ਦਾ ਸਮਾਂ ਦੇ ਦਿੱਤਾ ।
    ਉਨ੍ਹਾਂ ਦੇ ਜਾਣ ਪਿੱਛੋਂ ਮੈਂ ਦੁਬਿਧਾ ਵਿੱਚ ਹੀ ਰਿਹਾ, ਕਿ ਕਿਤੇ ਇਸ ਨੂੰ ਰਾਤ ਨੂੰ ਇਹ ਮਾਰ ਹੀ ਨਾ ਦੇਣ, ਤਾਂ ਮੇਰੇ ਲਈ ਮਾੜੀ ਗੱਲ ਹੋਵੇਗੀ । ਕਿ ਕਾਰਵਾਈ ਨਾ ਕਰਨ ਕਰਕੇ ਇੱਕ ਬੰਦਾ ਮਾਰਿਆ ਗਿਆ, ਮੈਂ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕਾਂਗਾ । ਇੱਕ ਵਾਰੀ ਮੇਰੇ ਮਨ ਵਿੱਚ ਆਇਆ ਕਿ ਹੁਣੇ ਇਕਬਾਲ ਸਿੰਘ ਨੂੰ ਭੇਜ ਕੇ ਦੋਹਾਂ ਧਿਰਾਂ ਨੂੰ ਬੁਲਾ ਲਵਾਂ ਤੇ ਬੰਦ ਕਰਵਾ ਦਿਆਂ । ਮੈਂ ਕਦੇ ਵੇਹਲੇ ਸਮੇਂ ਮਨ ਵਿੱਚ ਬਹੁਤਾ ਨਹੀਂ ਸੋਚਿਆ (ਮੇਰੇ ਤੇ ਮੇਰੇ ਐਸ.ਪੀ. ਬਨਣ ਤੋਂ ਬਾਅਦ ਮੇਰੇ ਵਿਰੁੱਧ 311 ਦੀ ਸੀਕਰਿੱਟ ਇਨਕੁਆਰੀ ਹੋ ਰਹੀ ਸੀ, ਪਰ ਮੈਂ ਕਦੇ ਘਰ ਨਹੀਂ ਸੀ ਦੱਸਿਆ ਨਾ ਹੀ ਮੇਰੀ ਨੀਂਦ ਹਰਾਮ ਹੋਈ ਸੀ, ਕਿਉਂ ਕਿ ਮੈਂ ਕਦੇ ਕਿਸੇ ਅੱਤਵਾਦੀ ਦੀ ਮਦਤ ਨਹੀਂ ਸੀ ਕੀਤੀ ਤੇ ਸੱਚਾ ਸੀ) ਮੈਂ ਉਸ ਔਰਤ ਦੇ ਹਾਵਭਾਵ ਜੋ ਦੇਖੇ ਸਨ, ਉਨ੍ਹਾਂ ਤੇ ਤਸੱਲੀ ਕਰਕੇ ਅਰਾਮ ਨਾਲ ਸੋ ਗਿਆ । ਦੂਸਰੇ ਦਿਨ ਸਵੇਰੇ  ਕੋਈ  10 ਕੁ ਵਜੇ ਦਾ ਸਮਾਂ ਸੀ, ਮੈਂ ਦਫਤਰ ਵਿੱਚ ਕੰਮ ਕਾਜ ਵਿੱਚ ਰੁੱਝਿਆ ਹੋਇਆ ਸੀ, ਤਾਂ ਉਹ ਔਰਤ ਆ ਗਈ, ਮੈਨੂੰ ਸਿਪਾਹੀ ਨੇ ਦੱਸਿਆ ਤਾਂ ਮੈਂ ਅੰਦਰ ਬੁਲਵਾ ਲਈ । ਉਸ ਨੇ  ਮੂੰਹ ਤੇ ਆਪਣੀ ਚੁੰਨੀ ਇੱਕ ਹੱਥ ਨਾਲ ਰੱਖੀ ਹੋਈ ਸੀ ਤੇ ਦੂਜੇ ਹੱਥ ਨਾਲ ਉਸ ਨੇ ਰਾਜਨਾਮੇ ਦਾ ਕਾਗਜ ਮੈਨੂੰ ਫੜਾ ਦਿੱਤਾ, ਮੈਂ ਪੜਿਆ ਰਾਜੀਨਾਮਾ ਹੀ ਸੀ, ਤੇ ਉਸ ਦੇ ਜੇਠ ਦਾ ਅੰਗੂਠਾ ਲੱਗਿਆ ਹੋਇਆ । ਉਸ ਦੀਆਂ ਅੱਖਾਂ ਵਿੱਚ ਹਾਸੀ ਸੀ ਜੋ ਦਿਸ ਰਹੀਆਂ ਸਨ । ਮੈਂ ਕਿਹਾ ਕਿ ਹੁਣੇ ਕਿਵੇਂ ਮੰਨ ਗਿਆ, ਤਾਂ ਕਹਿਣ ਲੱਗੀ ਕੀ ਕਰਦੀ, "ਮੈਂ ਭੈਂਗੇ ਦਾ ਮੱਥਾ ਡੰਮ ਤਾਂ" ਮੇਰੇ ਮੁੰਡਿਆਂ ਦੀ 9 ਕਿੱਲੇ ਜਮੀਨ ਜਾਂਦੀ ਸੀ । ਉਸ ਦਾ ਜੇਠ ਪਿੱਛੇ ਦੂਰ ਨਿੰਮ ਹੇਠ ਚੌਤਰੇ ਤੇ ਬੈਠਾ ਸੀ, ਮੈਂ ਉਸ ਨੂੰ ਬੁਲਵਾਇਆ ਤਾਂ ਉਹ ਆਪਣੇ ਜੇਠ ਨੂੰ ਵੀ ਨਾਲ ਲੈ ਆਈ । ਮੈਂ ਭਾਰੂ ਲਹਿਜੇ ਵਿੱਚ ਕਿਹਾ, ਕਿ ਤੈਨੂੰ ਰਾਤ ਨੂੰ ਇਨ੍ਹਾਂ ਨੇ ਕਤਲ ਕਿਉਂ ਨਹੀਂ ਕੀਤਾ, ਤੂੰ ਤਾਂ ਜਿੰਮੇਵਰੀ  ਮੇਰੇ ਤੇ ਪਾਉਂਦਾ ਸੀ । ਤਾਂ ਉਹ ਪੈਰਾ ਨੂੰ ਹੱਥ ਲਾਉਣ ਲੱਗਿਆ ਤਾਂ ਮੈਂ ਰੋਕ ਦਿੱਤਾ ਅਤੇ ਕਹਿਣ ਲੱਗਿਆ । ਜਨਾਬ ਭਾਈ ਹੈ, ਫਿਰ ਵੀ ਛੋਟਾ ਭਾਈ ਹੈ । ਘਰ ਵਿੱਚ ਗੁੱਸੇ ਗਿੱਲੇ ਹੋ ਜਾਂਦੇ ਹਨ, ਪਰ ਨੌਹਾਂ ਨਾਲੋਂ ਮਾਸ ਤਾਂ ਅੱਠ ਨਹੀਂ ਹੁੰਦਾ । ਮੈਂ ਵੀ ਹੱਸ ਪਿਆ ਤੇ ਚਲੇ ਗਏ ।
    1985 ਵਿੱਚ ਮੈਂ ਡੀ.ਐਸ.ਪੀ. ਮਾਨਸਾ ਲੱਗ ਗਿਆ । ਉਸ ਸਮੇਂ ਹੁਣ ਵਾਲਾ ਜਿਲ੍ਹਾ ਸਬ-ਡਵੀਜਨ ਸੀ, ਤਾਂ ਉਹ ਔਰਤ ਖੋਆ ਕੱਢ ਕੇ ਪਿੰਨੀਆਂ ਬਣਾ ਕੇ ਲੈ ਆਈ ਤੇ ਬਿਨ੍ਹਾਂ ਝਿਜਕ ਦੇ ਮੇਰੇ ਘਰ ਵਾਲੀ ਤੱਕ ਪਹੁੰਚ ਗਈ । ਮੈਂ ਕਿਹਾ ਕਿ ਅਸੀਂ ਖੋਆ ਨਹੀਂ ਰੱਖਣਾ, ਉਸ ਨੇ ਬੜੇ ਤਕੜੇ ਲਹਿਜੇ ਵਿੱਚ ਕਿਹਾ, ਮੈਂ ਕੋਈ ਰਿਸ਼ਵਤ ਨਹੀਂ ਦੇ ਰਹੀ, ਮੇਰੇ ਪੁੱਤਾਂ ਦੀ 9 ਕਿੱਲੇ ਜਮੀਨ ਸਰਦਾਰ ਜੀ ਤੇਰੇ ਕਰਕੇ ਬਚ ਗਈ ਹੈ । ਉਸ ਨੇ ਇਹ ਵੀ ਦੱਸਿਆ ਕਿ ਉਸ ਨੇ 6 ਕਿੱਲੇ ਜੇਠ ਦੀ ਜਮੀਨ ਆਪਣੇ ਨਾਂ ਕਰਵਾ ਲਈ ਹੈ, 3 ਕਿੱਲੇ ਮੈਂ ਉਸ ਨੂੰ ਛੱਡ ਦਿੱਤੇ ਹਨ, ਤਾਂ ਕਿ ਕਿਤੇ ਮੇਰੇ ਪਿੱਛੋਂ ਮੇਰੇ ਮੁੰਡੇ ਉਸ ਨੂੰ ਰੋਟੀ ਹੀ ਨਾ ਦੇਣ । ਮੈਂ ਸੋਚ ਰਿਹਾ ਸੀ ਕਿ ਔਰਤ ਨੂੰ ਕਈ ਕੁੱਝ ਕਰਨਾ ਪੈਂਦਾ ਹੈ ਭਾਵੇਂ ਮਨ ਨਾ ਚਾਹੇ, ਇਹਦੇ ਵਿੱਚ ਉਹਦੀ ਮਮਤਾ ਹੀ ਝਲਕਦੀ ਸੀ ।
    ਮਮਤਾ ਦੀ ਮਜਬੂਰੀ ਕੀ ਕੁੱਝ ਕਰਵਾ ਦਿੰਦੀ ਹੈ ।

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

03 Feb. 2019

2019 ਮੋਦੀ ਜੀ ਲਈ ਸੌਖਾ ਨਹੀਂ - ਹਰਦੇਵ ਸਿੰਘ ਧਾਲੀਵਾਲ

ਦਸਵੀਂ ਸਦੀ ਤੱਕ ਭਾਰਤ ਦੀ ਤਕਰੀਬਨ ਸਾਰੀ ਵਸੋਂ ਇਤਿਹਾਸ ਅਨੁਸਾਰ ਹਿੰਦੂ ਹੀ ਸੀ। ਫੇਰ ਮੁਹੰਮਦ ਗੌਰੀ ਤੇ ਗਜਨਵੀਂ ਦੇ ਹਮਲੇ ਹੋਏ ਤਾਂ ਕੁੱਝ ਮੁਸਲਮਾਨ ਵੀ ਆ ਗਏ। ਬਾਬਰ ਦੇ ਹਮਲਿਆਂ ਨਾਲ ਹੋਰ ਕੁੱਝ ਮੁਸਲਮਾਨ ਆਏ। ਬਹੁਤੇ ਇਸ ਕਾਲ ਵਿੱਚ ਹਿੰਦੂਆਂ ਤੋਂ ਮੁਸਲਮਾਨ ਬਣੇ। ਕਈ ਮੁਸਲਮਾਨਾਂ ਦੀਆਂ ਜਾਤਾਂ ਤੇ ਗੋਤ ਹਿੰਦੂਆਂ ਤੇ ਸਿੱਖਾਂ ਵਾਲੇ ਹੀ ਹਨ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਿੱਖ ਧਰਮ ਦੀ ਪ੍ਰਗਤੀ ਹੋਈ ਪਰ ਫਿਰਕੂ ਰੰਗ ਨਹੀਂ ਸੀ। ਕਹਿੰਦੇ ਹਨ ਕਿ ਸਿੱਖ ਰਾਜ ਸਮੇਂ ਬਹੁਤੇ ਡੋਗਰੇ ਸਿੱਖ ਬਣ ਗਏ, ਪਰ ਅੰਗਰੇਜਾਂ ਦੇ ਆਉਣ ਤੇ ਉਹ ਫੇਰ ਮੋਨੇ ਹੋ ਗਏ। ਅੰਗਰੇਜਾਂ ਦੀ ਗੁਲਾਮੀ ਤੋਂ ਪਿੱਛੋਂ ਸਾਰੇ ਭਾਰਤੀ ਦੇਸ਼ ਦੀ ਆਜ਼ਾਦੀ ਲਈ ਲਾਮਬੰਦ ਹੋਏ। ਫਿਰਕੂ ਕੱਟੜਤਾ ਉਸ ਸਮੇਂ ਨਹੀਂ ਸੀ। ਜੱਲ੍ਹਿਆਂ ਵਾਲੇ ਬਾਗ ਦਾ ਸਾਕਾ ਸਾਰਿਆਂ ਦੀ ਇੱਕਜੁਟਤਾ ਸਾਬਤ ਕਰਦਾ ਹੈ। ਨਹਿਰੂ ਰਿਪੋਰਟ ਸਮੇਂ ਸਭ ਆਪਣੇ ਹੱਕ ਮੰਗਣ ਲੱਗ ਗਏ। ਸਿੱਖ ਮਾਨ ਨਾਲ ਕਹਿੰਦੇ ਸਨ ਉਨ੍ਹਾਂ ਨੇ ਦੇਸ਼ ਲਈ 80 ਪ੍ਰਤੀਸ਼ਤ ਕੁਰਬਾਨੀਆਂ ਕੀਤੀਆਂ ਹਨ। ਪਹਿਲਾਂ ਭਾਰਤੀ ਆਜ਼ਾਦੀ ਹੀ ਮੰਗਦੇ ਸਨ, ਪਰ ਅਜ਼ਾਦੀ ਦੀ ਗੱਲ ਧਾਰਮਿਕ ਕੱਟੜਤਾ ਵੱਲ ਵੀ ਲੈ ਆਏ। ਪਾਕਿਸਤਾਨ ਵੱਖਰਾ ਦੇਸ਼ ਬਣ ਗਿਆ। ਬਹੁਤੇ ਮੁਸਲਮਾਨਾਂ ਨੇ ਭਾਰਤ ਨੂੰ ਹੀ ਆਪਣਾ ਦੇਸ਼ ਮੰਨਿਆ। ਕਾਂਗਰਸ ਜਾਂ ਹੋਰ ਪਾਰਟੀਆਂ ਦੇਸ਼ ਦੀ ਆਜ਼ਾਦੀ ਲਈ ਦ੍ਰਿੜ ਸਨ। ਪਰ ਕੱਟੜ ਹਿੰਦੂ ਬਹੁਤਾ ਅੰਗਰੇਜ਼ ਵਿਰੋਧੀ ਨਹੀਂ ਸੀ। ਆਰ.ਐਸ.ਐਸ. 1925 ਵਿੱਚ ਹੋਂਦ ਵਿੱਚ ਆਈ, ਪਰ ਇਸ ਨੇ ਦੇਸ਼ ਦੀ ਅਜ਼ਾਦੀ ਲਈ ਕੁੱਝ ਹਰਕਤ ਨਾ ਕੀਤੀ। ਇਹ ਇੱਕ ਧਾਰਮਿਕ ਕੱਟੜ ਹਿੰਦੂਵਾਦੀ ਸੰਸਥਾ ਹੀ ਬਣ ਗਈ। ਜੋ ਹਿੰਦੀ, ਹਿੰਦੂ ਤੇ ਹਿਦੋਸਤਾਨ ਦੀ ਗੱਲ ਕਰਦੀ ਹੈ।
    ਅਜ਼ਾਦੀ ਤੋਂ ਪਿੱਛੋਂ ਜਨਸੰਘ ਹਿੰਦੂ ਕਾਜ ਦੀ ਗੱਲ ਕਰਦੀ ਰਹੀ। ਨੌਵੇਂ ਦਹਾਕੇ ਵਿੱਚ ਬੀ.ਜੇ.ਪੀ. ਦੇ ਰੂਪ ਵਿੱਚ ਵੱਟ ਗਈ। ਅਸਲ ਵਿੱਚ ਇਹ ਆਰ.ਐਸ.ਐਸ. ਦਾ ਸਿਆਸੀ ਵਿੰਗ ਹੈ, ਹੁਣ ਵੀ ਇਹ ਕੱਟੜ ਹਿੰਦੂਵਾਦ ਦੀ ਗੱਲ ਕਰਦੀ ਹੈ। ਜਦੋਂ ਕਿ ਭਾਰਤ ਬਹੁ-ਧਰਤੀ ਦੇਸ਼ ਗਿਣਿਆ ਗਿਆ। ਇਸ ਵਿੱਚ ਅਜੇ ਵੀ ਹਿੰਦੂਆਂ ਤੋਂ ਬਿਨਾਂ ਮੁਸਲਮਾਨ, ਸਿੱਖ, ਇਸਾਈ, ਬੋਧੀ, ਜੈਨੀ ਤੁਹਾਨੂੰ ਮਿਲ ਜਾਣਗੇ। ਡਾ. ਬੀ.ਆਰ. ਅੰਬੇਦਕਰ ਨੇ ਦੇਸ਼ ਦਾ ਵਿਧਾਨ ਤਿਆਰ ਕੀਤਾ, ਜਿਹੜਾ 26 ਜਨਵਰੀ 1950 ਨੂੰ ਲਾਗੂ ਹੋਇਆ। ਇਹ ਸਭ ਨੂੰ ਬਰਾਬਰ ਦੇ ਅਧਿਕਾਰ ਦਿੰਦਾ ਹੈ। ਕਿਸੇ ਧਰਮ ਲਈ ਖਾਸ ਰਿਆਇਤ ਨਹੀਂ ਦਿੰਦਾ। ਦੇਸ਼ ਵਿੱਚ ਬੀ.ਜੇ.ਪੀ. ਸਰਕਾਰ 1996 ਵਿੱਚ ਸ੍ਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਰਦਗੀ ਹੇਠ ਬਣੀ। ਉਹ ਬਹੁਤੇ ਕੱਟੜਬਾਦੀ ਨਹੀਂ ਸਨ ਤੇ ਘੱਟ ਗਿਣਤੀਆਂ ਨਾਲ ਵੀ ਚੰਗਾ ਵਿਵਹਾਰ ਕਰਦੇ ਰਹੇ। ਉਨ੍ਹਾਂ ਨੇ ਤਾਂ ਸ੍ਰੀ ਨਰਿੰਦਰ ਮੋਦੀ ਦੀ ਮੁੱਖ ਮੰਤਰੀ ਸਮੇਂ ਹੋਈ ਫਿਰਕੂ ਰੰਗਤ ਨੂੰ ਖੁੱਲ ਕੇ ਨਿੰਦਿਆ ਸੀ ਤੇ ਕਿਹਾ ਕਿ ਮੋਦੀ ਨੇ ਰਾਜ ਧਰਮ ਨਹੀਂ ਨਿਭਾਇਆ। ਭਾਵੇਂ ਇਸ ਤੇ ਕੋਈ ਕਾਰਵਾਈ ਨਾ ਕਰ ਸਕੇ।
    2013 ਵਿੱਚ ਆਰ.ਐਸ.ਐਸ. ਨੇ ਸ੍ਰੀ ਨਰਿੰਦਰ ਮੋਦੀ ਨੂੰ ਲੋਕ ਸਭਾ ਲਈ ਬੀ.ਜੇ.ਪੀ. ਦਾ ਪ੍ਰਧਾਨ ਮੰਤਰੀ ਮਿੱਥ ਦਿੱਤਾ ਸੀ। ਵੱਡੇ ਅਮੀਰਾਂ ਤੋਂ ਬੀ.ਜੇ.ਪੀ. ਦੀਆਂ ਰੈਲੀਆਂ ਲਈ ਬਹੁਤ ਪੈਸਾ ਲਿਆ। ਕਿਹਾ ਜਾਂਦਾ ਹੈ ਕਿ ਮੋਦੀ ਜੀ ਨੇ 300 ਤੋਂ ਵੱਧ ਰੈਲੀਆਂ ਕੀਤੀਆਂ ਤੇ ਖੁੱਲ੍ਹ ਕੇ ਪ੍ਰਚਾਰ ਕੀਤਾ। ਉਨ੍ਹਾਂ ਨੇ ਕਿਹਾ ਕਿ ਵਿਦੇਸ਼ਾਂ ਵਿੱਚੋਂ ਕਾਲਾ ਧਨ ਵਾਪਸ ਲਿਆਦਾ ਜਾਏਗਾ, ਫੇਰ ਦੇਸ਼ ਤੇ ਕੋਈ ਟੈਕਸ ਨਹੀਂ ਲੱਗਣਗੇ, ਸਗੋਂ ਦੇਸ਼ ਵਾਸੀਆਂ ਦੇ ਖਾਤੇ ਵਿੱਚ 15-15 ਲੱਖ ਆ ਜਾਣਗੇ। ਕੇਂਦਰ ਸਰਕਾਰ ਹਰ ਸਾਲ 2 ਕਰੋੜ ਨੌਕਰੀਆਂ ਨੌਜਵਾਨਾਂ ਲਈ ਕੱਢੇਗੀ। ਇਸ ਤਰ੍ਹਾਂ 5 ਸਾਲ ਵਿੱਚ 10 ਕਰੋੜ ਨੌਜਵਾਨਾਂ ਨੂੰ ਰੁਜਗਾਰ ਮਿਲੇਗਾ। ਕਿਸਾਨਾਂ ਲਈ ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕੀਤੀਆਂ ਜਾਣਗੀਆਂ। ਫਸਲਾਂ ਦਾ ਡੇਢਾ ਮੁੱਲ ਮਿਲੇਗਾ। ਕਿਸਾਨ ਦੀ ਖੁਸ਼ਹਾਲੀ ਦਸਤਕ ਦੇਵੇਗੀ। ਫਸਲਾਂ ਦੇ ਮੁੱਲ ਵੀ ਕੇਂਦਰ ਠੀਕ ਨਾ ਕਰ ਸਕਿਆ। 2018 ਵਿੱਚ ਝੋਨੇ ਦਾ ਮੁੱਲ 200 ਰੁਪਏ ਵਧਾ ਦਿੱਤਾ, ਪਰ ਜੇਕਰ ਮਾਹਿਰਾਂ ਅਨੁਸਾਰ ਡੇਢਾ ਕੀਤਾ ਹੁੰਦਾ, ਇਹ 2250 ਰੁਪਏ ਬਣਦਾ ਸੀ। ਕਿਸਾਨੀ ਕਰਜਿਆਂ ਵਿੱਚ ਕੋਈ ਰਾਹਤ ਨਾ ਦਿੱਤੀ ਗਈ, ਸਗੋਂ ਸੰਨਅਤਕਾਰਾਂ ਦੇ ਇੱਕ ਲੱਖ ਅੱਸੀ ਹਜ਼ਾਰ ਕੋਰੜ ਮੁਆਫ ਕੀਤੇ ਗਏ। ਮੋਦੀ ਜੀ ਨੇ ਵੱਡੇ ਸੰਨਅਤਕਾਰਾਂ ਅਬਾਨੀ ਤੇ ਅਡਾਨੀ ਦੀ ਡਟ ਕੇ ਮਦਤ ਕੀਤੀ। ਗੁਜਰਾਤ ਤੇ ਯੂ.ਪੀ. ਵਿੱਚ ਗਊ ਹੱਤਿਆ ਦੇ ਅਖੌਤੀ ਕੇਸਾਂ ਵਿੱਚ ਘੱਟ ਗਿਣਤੀਆਂ ਤੇ ਜੁਲਮ ਹੋਏ।
    ਹੁਣ 5 ਪ੍ਰਾਂਤਾਂ ਦੀਆਂ ਚੋਣਾਂ ਹੋਈਆਂ। ਇਸ ਵਿੱਚ ਮੱਧ ਪ੍ਰਦੇਸ਼ ਛੱਤੀਸਗੜ੍ਹ ਤੇ ਰਾਜਸਥਾਨ ਦੀ ਵਧੇਰੇ ਅਹਿਮੀਅਤ ਸੀ। ਕਿਹਾ ਜਾਂਦਾ ਸੀ ਕਿ ਇਨ੍ਹਾਂ ਤਿੰਨਾਂ ਪ੍ਰਾਂਤਾ ਦੀ ਜਿੱਤ 2019 ਦੀ ਲੋਕ ਸਭਾ ਚੋਣ ਦਾ ਟਰੇਲਰ ਹੈ। ਅਥਵਾ ਇਹ ਚੋਣ ਜਿੱਤਣ ਵਾਲਾ 2019 ਦੀ ਲੋਕ ਸਭਾ ਚੋਣ ਜਿੱਤੇਗਾ। ਬੀ.ਜੇ.ਪੀ. ਨੂੰ ਜਿਤਾਉਣ ਲਈ ਸ੍ਰੀ ਮੋਹਨ ਭਗਵਤ ਮੁੱਖੀ ਆਰ.ਐਸ.ਐਸ. ਨੇ ਰਾਮ ਮੰਦਰ ਦਾ ਮੁੱਦਾ ਬਹੁਤ ਉਛਾਲਿਆ। ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ, ਕਿ ਬੀ.ਜੇ.ਪੀ. ਰਾਮ ਮੰਦਰ ਸਬੰਧੀ ਲੋਕ ਸਭਾ ਵਿੱਚ ਬਿਲ ਲੈ ਕੇ ਆਏ ਤੇ ਬੀ.ਜੇ.ਪੀ. ਆਰਡੀਨੈਂਸ ਵੀ ਜਾਰੀ ਕਰ ਸਕਦੀ ਹੈ। ਜਦੋਂ ਕਿ ਸਭ ਨੂੰ ਪਤਾ ਹੈ ਇਹ ਕੇਸ ਸੁਪਰੀਮ ਕੋਰਟ ਦੇਸ਼ ਦੀ ਵੱਡੀ ਅਦਾਲਤ ਦੇ ਵਿਚਾਰ ਅਧੀਨ ਪਿਆ ਹੈ। ਉਸ ਦਾ ਫੈਸਲਾ ਮੁਸਲਮਾਨ ਵੀ ਮੰਨਣਗੇ ਤੇ ਇਸ ਤੇ ਕਿਸੇ ਨੂੰ ਕੋਈ ਇਤਰਾਜ ਨਹੀਂ। ਆਰ.ਐਸ.ਐਸ. ਵੱਲੋਂ ਸ੍ਰੀ ਜੋਸ਼ੀ ਰਾਜ ਸਭਾ ਦੇ ਮੈਂਬਰ ਬੀ.ਜੇ.ਪੀ. ਨੇ ਬਣਾਏ ਹਨ। ਉਹ ਤਾਂ ਟੀ.ਵੀ. ਬਹਿਸਾਂ ਵਿੱਚ ਖੁੱਲ੍ਹ ਕੇ ਕਹਿੰਦੇ ਹਨ ਕਿ ਉਹ ਰਾਮ ਮੰਦਰ ਸੰਬੰਧੀ ਲੋਕ ਸਭਾ ਵਿੱਚ ਬਿਲ ਪੇਸ਼ ਕਰ ਸਕਦੇ ਹਨ। ਇਹ ਸਾਰਾ ਵਾਵੇਲ ਉਕਤ ਚੋਣਾਂ ਜਿੱਤਣ ਲਈ ਹੀ ਕਰਾਇਆ ਗਿਆ ਸੀ। ਅਯੋਧਿਆ ਤੇ ਦਿੱਲੀ ਵਿੱਚ ਵੱਡੀਆਂ ਰੈਲੀਆਂ ਵੀ ਹੋਈਆਂ। ਸੁਪਰੀਮ ਕੋਰਟ ਦੀ ਮਾਨ ਮਰਿਆਦਾ ਨੂੰ ਅਣਗੌਲਿਆਂ ਕੀਤਾ ਗਿਆ, ਪਰ ਹੁਣ ਚੋਣ ਹਾਰਨ ਪਿੱਛੋਂ ਰਾਮ ਮੰਦਰ ਦੀ ਗੱਲ ਸਧਾਰਨ ਹੋ ਗਈ ਹੈ। ਹਰ ਚੋਣ ਨਤੀਜੇ ਬੀ.ਜੇ.ਪੀ. ਤੇ ਆਰ.ਐਸ.ਐਸ. ਦੀ ਇੱਛਾ ਦੇ ਉਲਟ ਆਏ ਹਨ ਤੇ ਤਿੰਨਾਂ ਰਾਜਾਂ ਵਿੱਚ ਕਾਂਗਰਸ ਦੀ ਸਰਕਾਰ ਬਣ ਗਈ।
    ਰਫੇਲ ਜਹਾਜਾਂ ਸਬੰਧੀ ਪੈਸੇ ਦੇਣ ਦੀ ਗੱਲ ਕਾਂਗਰਸ ਨੇ ਪੂਰੇ ਜੋਰ ਨਾਲ ਕੀਤੀ ਤੇ ਲੋਕਾਂ ਵਿੱਚ ਪ੍ਰਚਾਰੀ ਕਿਹਾ ਜਾਂਦਾ ਹੈ ਕਿ ਯੂ.ਪੀ.ਏ. ਦੇ ਸਮੇਂ ਇਸ ਜਹਾਜ ਦੀ ਕੀਮਤ 425 ਕਰੋੜ ਸੀ। ਜਿਹੜਾ ਹੁਣ 1600 ਕਰੋੜ ਤੋਂ ਵੱਧ ਵਿੱਚ ਖਰੀਦਿਆ ਗਿਆ ਹੈ। ਵਿਰੋਧੀ ਧਿਰ ਕਹਿੰਦੀ ਸੀ ਕਿ ਇਸ ਸਬੰਧੀ ਪਾਰਲੀਮੈਂਟਰੀ ਕਮੇਟੀ ਬਣਾਈ ਜਾਵੇ। ਪਰ ਬੀ.ਜੇ.ਪੀ. ਇਹ ਗੱਲ ਸੁੰਨਣ ਨੂੰ ਤਿਆਰ ਨਹੀਂ ਜਦੋਂ ਕਿ ਲੋਕ ਸਭਾ ਵਿੱਚ ਉਹਦੇ ਬਹੁਤੇ ਮੈਂਬਰ ਹਨ। ਕੁੱਝ ਅਜਿਹੇ ਤੱਥ ਆ ਗਏ ਹਨ, ਜਿਹੜੇ ਇਨ੍ਹਾਂ ਜਹਾਜਾਂ ਸਬੰਧੀ ਕੁੱਝ ਗੱਲਾਂ ਲਕਾਉਂਦੇ ਰਹੇ। ਰਾਮ ਮੰਦਰ ਦੇ ਆਮ ਲੋਕ ਵਿਰੁੱਧ ਨਹੀਂ, ਪਰ ਆਰ.ਐਸ.ਐਸ. ਤੇ ਬੀ.ਜੇ.ਪੀ. ਚੋਣ ਲਈ ਵਰਤਦੀ ਹੈ। ਇਹ ਸਭ ਜਾਣਦੇ ਹਨ ਕਿ ਰਾਮ ਮੰਦਰ ਬਨਣਾ ਹੈ, ਪਰ ਇਹ ਸੁਪਰੀਮ ਕੋਰਟ ਦੇ ਫੈਸਲੇ ਨਾਲ ਹੀ ਬਣੇਗਾ। ਕਰੰਸੀ ਦੀ ਬਦਲ ਕਾਰਨ ਕਿਸਾਨੀ ਨੂੰ ਬਹੁਤ ਮੁਸ਼ਕਲਾਂ ਆਈਆਂ। ਆਮ ਤੌਰ ਤੇ ਛੋਟਾ ਵਪਾਰੀ ਇਸ ਨਾਲ ਬਹੁਤ ਤੰਗ ਹੋਇਆ। ਨਵੇਂ ਟੈਕਸ ਦੀਆਂ ਦਰਾਂ ਨਾਲ ਤੇ ਛੋਟੇ ਵਪਾਰੀ ਰਿਟਰਨਾਂ ਭਰਨ ਤੋਂ ਵੀ ਅਸਮਰੱਥ ਹਨ। ਮਹਿੰਗਾਈ ਨੂੰ ਸਰਕਾਰ ਕਾਬੂ ਨਹੀਂ ਕਰ ਸਕੀ। ਗੈਸ ਤੇ ਤੇਲ ਦੀਆਂ ਕੀਮਤਾਂ ਕੁੱਝ ਘਟੀਆਂ ਹਨ। ਹੁਣ ਬੀ.ਜੇ.ਪੀ. 2019 ਦੀਆਂ ਲੋਕ ਸਭਾ ਚੋਣਾਂ ਲਈ ਅਥਾਹ ਖਰਚ ਕਰੇਗੀ। ਭਾਵੇਂ ਦੇਸ਼ ਦੀ ਆਰਥਿਕ ਹਾਲਤ ਚੰਗੀ ਨਹੀਂ। ਦੇਸ਼ ਦੇ ਬਹੁਤੇ ਲੋਕ ਫਿਰਕੂ ਸੋਚ ਨਹੀਂ ਰੱਖਦੇ। ਹਿੰਦੂ ਸਨਾਤਨੀ ਤਾਂ ਇਸ ਤੇ ਪਹਿਰਾ ਹੀ ਨਹੀਂ ਦਿੰਦੇ।
    ਕਿਸਾਨੀ, ਛੋਟਾ ਵਪਾਰੀ, ਘੱਟ ਗਿਣਤੀ ਤੇ ਪੱਛੜੀਆਂ ਸ਼੍ਰੇਣੀਆਂ ਕੇਦਰ ਦੀ ਸਰਕਾਰ ਤੋਂ ਖੁਸ਼ ਨਹੀਂ।

    
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

23 Dec. 2018

ਬਦਚਲਨ ਜ਼ਬਾਨ ਤੇ ਕਿਰਦਾਰ ਦੀ ਪੱਕੀ, ਪੁਲਿਸ ਕੱਚੀ - ਹਰਦੇਵ ਸਿੰਘ ਧਾਲੀਵਾਲ

    1978 ਵਿੱਚ ਮੈਂ ਮੁੱਖ ਅਫਸਰ ਮਾਨਸਾ ਸੀ। ਇੰਸਪੈਕਟਰ ਪ੍ਰਮੋਟ ਹੋ ਗਿਆ। ਮੇਰੀ ਤਾਇਨਾਤੀ ਇੰਸਪੈਕਟਰ ਤਫਤੀਸ਼ ਸੀ, ਪਰ ਮੇਰੇ ਪੁਲਿਸ ਕਪਤਾਨ ਸ. ਗੁਰਸ਼ਰਨ ਸਿੰਘ ਜੇਜੀ ਨੇ ਮੈਨੂੰ ਥਾਣੇ ਮਾਨਸਾ ਦੀ ਨਿਗਰਾਨੀ ਵੀ ਦੇ ਦਿੱਤੀ। ਅਗਸਤ ਦੀ ਗੱਲ ਹੈ ਕਿ ਥਾਣੇ ਮਾਨਸਾ ਵਿੱਚ ਇੱਕ 364 ਆਈ.ਪੀ.ਸੀ. ਦਾ ਮੁਕੱਦਮਾ ਦਰਜ਼ ਹੋਇਆ। ਪੁਲਿਸ ਅਨੁਸਾਰ ਸ. ਸਿੰਘ ਪੰਚ ਨੂੰ ਦੋ ਮੁੰਡੇ ਬ. ਸਿੰਘ ਤੇ ਹ. ਸਿੰਘ ਸਕੂਟਰ ਤੇ ਬਿਠਾ ਕੇ ਲੈ ਗਏ ਪਰ ਦੋ ਦਿਨਾਂ ਤੱਕ ਵੀ ਉਹ ਵਾਪਸ ਨਾ ਆਇਆ। ਇਨ੍ਹਾਂ ਦੇ ਪਹਿਲਾਂ ਸਬੰਧ ਚੰਗੇ ਨਹੀਂ ਸਨ, ਪਰ ਖਾਂਦੇ ਪੀਂਦੇ ਘਰਾਂ ਦੇ ਹੋਣ ਕਰਕੇ ਰਾਜੀਨਾਮਾ ਕਰ ਲਿਆ ਸੀ। ਖਿਚੋਤਾਨ ਮੌਜੂਦ ਸੀ। ਬ. ਸਿੰਘ ਦੀ ਮੋਟਰ ਨਹਿਰ ਦੇ ਨਜਦੀਕ ਹੀ ਸੀ, ਜਿੱਥੋਂ ਸ. ਸਿੰਘ ਪੰਚ ਨੇ ਵਾਪਸ ਆਉਣਾ ਸੀ, ਪਰ ਉਹ ਨਾ ਆਇਆ ਉਹਦੀ ਲਾਸ਼ ਨਹਿਰ ਰਾਹੀਂ ਥਾਣੇ ਰਾਮੇ ਦੀ ਹੱਦ ਵਿੱਚ ਪੁੱਜ ਗਈ। ਸ਼ਨਾਖਤ ਹੋਣ ਤੇ ਕਤਲ ਦਾ ਮੁਕੱਦਮਾ ਬਦਲ ਗਿਆ। ਲੋਕਾਂ 'ਚ ਚਰਚਾ ਸੀ ਕਿ ਪੰਚ ਨੂੰ ਕਤਲ ਕੀਤਾ ਗਿਆ ਹੈ। ਇਸ ਤੇ ਮੇਰੇ ਐਸ.ਐਸ.ਪੀ. ਜੇਜੀ ਸਾਹਿਬ ਦਾ ਹੁਕਮ ਆ ਗਿਆ ਕਿ ਤਫਤੀਸ਼ ਮੈਂ ਕਰਾਂ। ਮੇਰੀ ਆਦਤ ਸੀ ਕਿ ਮੈਂ ਕਤਲ ਜਾਂ ਵੱਡੇ ਕੇਸ ਆਪ ਹੀ ਲਿਖਦਾ ਸੀ।
    ਬ. ਸਿੰਘ ਦਾ ਤਾਇਆ ਜੱਥੇਦਾਰ ਪ. ਸਿੰਘ ਸੀ ਉਹਦੀ ਭਰਵੀਂ ਚਿੱਟੀ ਦਾਹੜੀ ਪੇਂਡੂ ਸਿਆਸਤ ਦਾ ਮਾਹਰ ਜਾਹਰ ਕਰਦੀ ਸੀ। ਉਹ ਪੁਲਿਸ ਨੂੰ ਮੇਰੇ ਤੋਂ ਇਲਾਵਾ ਮੱਦਤ ਦਿੰਦਾ ਸੀ। ਲੈਣ ਦੇਣ ਦੇ ਕੰਮ ਕਰਾਉਣ ਵਿੱਚ ਮਾਹਰ ਸੀ। ਉਸ ਨੇ ਕਾਫੀ ਜਾਇਦਾਤ ਬਣਾਈ। ਜੋੜ ਤੋੜ ਵੀ ਕਰਦਾ ਸੀ, ਪਰ ਅਕਾਲੀ ਨਹੀਂ ਸੀ। ਤਫਤੀਸ਼ ਮੇਰੇ ਕੋਲ ਆਈ ਤਾਂ ਰਾਤ ਦੇ 9 ਵਜੇ ਮੈਂ ਲਿਖਤ ਪੜ੍ਹਤ ਪੂਰੀ ਕਰ ਰਿਹਾ ਸੀ ਕਿਉਂਕਿ ਕੋਈ ਪ੍ਰਗਤੀ ਨਹੀਂ ਸੀ ਹੋਈ। ਮੈਨੂੰ ਮੁਨਸ਼ੀ ਨੇ ਕਿਹਾ ਜੱਥੇਦਾਰ ਪ. ਸਿੰਘ ਤੁਹਾਨੂੰ ਮਿਲਣ ਆਇਆ ਹੈ। ਮੈਂ ਉਸ ਨੂੰ ਥਾਣੇ ਦੇ ਦਫਤਰ ਵਿੱਚ ਹੀ ਸੱਦ ਲਿਆ। ਜੱਥੇਦਾਰ ਬਹੁਤ ਵਧੀਆ ਢੰਗ ਨਾਲ ਕਹਿਣ ਲੱਗਿਆ, "ਤੁਹਾਡੇ ਮੁਕੱਦਮੇ ਦੀ ਐਫ.ਆਈ.ਆਰ. ਅਨੁਸਾਰ ਮੈਂ ਦੋਵੇਂ ਮੁਲਜਮ ਪੇਸ਼ ਕਰ ਦਿੰਦਾ ਹਾਂ। ਤੁਹਾਡਾ ਮੁਕੱਦਮਾ ਪੂਰਾ ਹੋ ਜਾਏਗਾ। ਦੋਹਾਂ ਦਾ ਚਲਾਨ ਕਰ ਦਿਓ। ਹੋਰ ਪੁਛ ਤਾਸ਼ ਨਾ ਕਰਿਓ। ਮੈਂ 50 ਹਜ਼ਾਰ ਰੁਪਏ ਦੇ ਸਕਦਾ ਹਾਂ ਜੋ ਮੇਰੇ ਕੋਲ ਹਨ?" ਮੈਂ ਕਿਹਾ ਮੈਂ ਖੁਸ਼ ਹਾਂ ਕਿ ਤੂੰ ਸਿੱਧਾ ਆਇਆ ਹੈਂ। ਤੈਨੂੰ ਪਤਾ ਹੀ ਹੈ ਕਿ ਮੈਂ ਸੱਚ ਕਰਾਂਗਾ। ਇਹ ਪੈਸੇ ਮੁਕੱਦਮੇ ਤੇ ਖਰਚ ਕਰਿਓ। ਦੋਵੇਂ ਦੋਸ਼ੀ ਜੱਥੇਦਾਰ ਛੱਡ ਗਿਆ ਸੀ ਤੇ ਬਠਿੰਡੇ ਜਾ ਕੇ ਸ. ਨਰਦੇਵ ਸਿੰਘ ਵਕਲ ਕਰ ਲਿਆ। ਉਹ ਫੌਜਦਾਰੀ ਦੇ ਮਸ਼ਹੂਰ ਵਕੀਲ ਸਨ। ਸਾਡਾ ਪਿਛਲਾ ਪਿੰਡ ਇੱਕ ਹੀ ਸੀ। ਜੱਥੇਦਾਰ ਨੇ ਨਰਦੇਵ ਸਿੰਘ ਹੋਰਾਂ ਕੋਲ ਕਿਹਾ, "ਦੇਖ ਨਰਦੇਵ ਸਿੰਹਾਂ, ਜੱਟ ਤੋਂ 50 ਹਜ਼ਾਰ ਰੁਪਏ ਲਏ ਨੀ ਗਏ, ਮੈਂ ਤਾਂ ਐਫ.ਆਈ.ਆਰ. ਵਿਚਲੇ ਮੁੰਡੇ ਚਲਾਨ ਕਰਾਉਣ ਨੂੰ ਤਿਆਰ ਸੀ। ਦੱਸ 50 ਹਜ਼ਾਰ ਥੋੜੇ ਹੁੰਦੇ ਨੇ?" ਇਹ ਗੱਲ ਮੈਨੂੰ ਸ. ਨਰਦੇਵ ਸਿੰਘ ਨੇ ਆਪ ਦੱਸੀ ਤੇ ਮੇਰੇ ਤੇ ਮਾਣ ਮਹਿਸੂਸ ਕੀਤਾ।
    ਦੂਜੇ ਦਿਨ ਮੈਂ ਦੋਹਾਂ ਨੂੰ ਪੁੱਛਗਿੱਛ ਦੇ ਕਮਰੇ ਵਿੱਚ ਸੱਦ ਲਿਆ। ਦੋਵਾਂ ਨੇ ਸੱਚ ਦੱਸਿਆ ਕਿਉਂਕਿ ਜੱਥੇਦਾਰ ਜਾਂਦਾ ਹੋਇਆ ਕਹਿ ਗਿਆ ਸੀ ਕਿ ਹੁਣ ਸੱਚ ਬੋਲਿਓ, ਇਹ ਕੌੜਾ ਹੈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਬਠਿੰਡੇ ਤੋਂ ਮਸ਼ਹੂਰ ਕੁੜੀ ਬੌਬੀ ਮਾਨਸਾ ਅੱਡੇ ਤੇ ਦੇਖੀ ਗਈ। ਉਨ੍ਹਾਂ ਦੇ ਦੱਸਣ ਅਨੁਸਾਰ ਉਹ ਉਸ ਨੂੰ ਘੁੰਮਣ ਕਲਾਂ ਤੋਂ ਬੱਸ ਵਿੱਚੋਂ ਉਤਾਰ ਲਿਆਏ। ਉਨ੍ਹਾਂ ਨਾਲ ਇੱਕ ਗ. ਸਿੰਘ ਰਲ ਗਿਆ। ਉਸ ਨਾਲ 100 ਰੁਪਏ ਵਿੱਚ ਗੱਲ ਕਰ ਲਈ, ਉਸ ਸਮੇੈਂਂ 100 ਰੁਪਏ ਵਾਹਵਾ ਹੁੰਦੇ ਸਨ ਤੇ ਉਹ ਬ. ਸਿੰਘ ਦੀ ਮੋਟਰ ਤੇ ਲੈ ਆਏ। ਗ. ਸਿੰਘ ਪੰਚ ਨਾਲ ਦੋਸਤੀ ਪੈ ਗਈ ਸੀ ਤੇ ਉਹ ਖਰਚੀਲਾ ਸੀ। ਪਿੰਡ ਤੋਂ ਉਹ ਦਾਰੂ ਦੀਆਂ ਦੋ ਬੋਤਲਾਂ ਵੀ ਲੈ ਆਇਆ। ਦੋ ਹੋਰ ਦੋਸਤ ਮਿਲ ਗਏ। ਇੱਕ ਵਕੀਲ ਦਾ ਮੁੰਡਾ ਤੇ ਇੱਕ ਹੋਰ ਦੋਸਤ ਵੀ ਰਲ ਗਿਆ। ਉਹ ਸਾਰੇ ਪੰਜੇ ਜਾਣੇ ਸ਼ਰਾਬ ਪੀਂਦੇ ਰਹੇ। ਸਿਰਫ ਵਕੀਲ ਦੇ ਮੁੰਡੇ ਨੇ ਬਦਚਲਣੀ ਨਹੀਂ ਸੀ ਕੀਤੀ। ਸ਼ਰਾਬੀ ਹੋ ਗਏ ਤਾਂ ਬ. ਸਿੰਘ ਦੇ ਚਾਚੇ ਦੇ ਦੋ ਲੜਕੇ ਉੱਥੇ ਪਹੁੰਚ ਗਏ ਤਾਂ ਉਨ੍ਹਾਂ ਨੇ ਪੰਚ ਨੂੰ ਗਾਲ ਕੱਢੀ ਤੇ ਚਾਰਾਂ ਨੇ ਪੰਚ ਵੱਢ ਦਿੱਤਾ। ਬ. ਸਿੰਘ ਤੇ ਹ. ਸਿੰਘ ਹੁਸ਼ਿਆਰ ਸਨ। ਉਹਨੇ ਦੂਸਰੇ ਤਿੰਨਾਂ ਦੇ ਹੱਥ ਵੀ ਨਾਲ ਲੁਆਏ ਤੇ ਨਹਿਰ ਵਿੱਚ ਸੁੱਟ ਦਿੱਤਾ।
    ਬੌਬੀ ਤੋਂ ਬਿਨਾਂ ਸਾਰਿਆਂ ਦੀ ਪੁੱਛਗਿਛ ਹੋਈ ਤੇ ਇਹ ਕੇਸ ਚਰਚਾ ਦਾ ਵਿਸ਼ਾ ਬਣ ਗਿਆ। ਉਸ ਸਮੇਂ ਅਨੁਸਾਰ ਖ਼ਬਰਾਂ ਵੀ ਲੱਗੀਆਂ। ਬੌਬੀ ਨੂੰ ਲੱਭਣ ਲਈ ਮੈਂ ਬਠਿੰਡੇ ਦੇ ਕੋਤਵਾਲ ਨੂੰ ਕਹਿ ਦਿੱਤਾ ਸੀ, ਉਨ੍ਹਾਂ ਨੇ ਉਹ ਮੇਰੇ ਕੋਲ ਭੇਜ ਦਿੱਤੀ, ਜਦੋਂ ਮੇਰੇ ਸਾਹਮਣੇ ਆਈ, ਮੈਂ ਦੇਖਿਆ ਉਹ ਭਰ ਜਵਾਨ 5 ਫੁੱਟ 3 ਇੰਚ, ਰੰਗ ਕਣਕਵੰਨਾ, ਨਕਸ਼ ਖਿੱਚਵੇਂ ਤੇ ਅੱਖਾਂ ਮਟਕਾ ਕੇ ਉਸ ਨੇ ਮੇਰੇ ਵੱਲ ਨਖਰੇ ਨਾਲ ਦੇਖਿਆ। ਮੈਂ ਅਜਿਹੀ ਸ਼ਖਤੀ ਨਾਲ ਪੇਸ਼ ਹੋਇਆ ਕਿ ਉਸ ਦਾ ਖੜੀ ਦਾ ਸਭ ਕੁੱਝ ਨਿਕਲ ਗਿਆ। ਮਹਿਲਾ ਕਾਂਸਟੇਬਲ ਗੁਸਲਖਾਨੇ ਲੈ ਗਈਆਂ। ਮੈਂ ਉਸ ਨੂੰ ਕਿਹਾ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ, ਤੂੰ ਇੱਕ ਨੌਜਵਾਨ ਮੁੰਡਾ ਕਤਲ ਕਰਵਾ ਦਿੱਤਾ। ਉਹਨੇ ਬੜੀ ਸਫਾਈ ਨਾਲ ਕਿਹਾ, ਸਾਬ ਮੈਂ ਕਤਲ ਕਰਵਾਉਣ ਤਾਂ ਨਹੀਂ ਸੀ ਆਈ। ਇੰਨ੍ਹਾਂ ਦੇ ਰੌਲੇ ਦਾ ਮੈਨੂੰ ਕੀ ਪਤੇ? ਵਕੀਲ ਸਾਹਿਬ ਦੇ ਸਬੰਧ ਕਾਮਰੇਡ ਜੰਗੀਰ ਸਿੰਘ ਜੋਗਾ ਨਾਲ ਚੰਗੇ ਸਨ। ਐਸ.ਐਸ.ਪੀ. ਜੇਜੀ ਸਾਹਿਬ ਦੇਸ਼ ਭਗਤਾਂ ਦੇ ਪਰਿਵਾਰ ਦੇ ਹੋਣ ਕਰਕੇ ਉਨ੍ਹਾਂ ਦਾ ਸਤਿਕਾਰ ਵੀ ਕਰਦੇ ਸਨ। ਕਾਮਰੇਡ ਜੋਗਾ ਨੇ ਸਾਰਾ ਸੱਚ ਦੱਸ ਦਿੱਤਾ। ਉਨ੍ਹਾਂ ਨੇ ਮੈਨੂੰ ਵੀ ਸੱਦਿਆ ਤੇ ਵਕੀਲ ਦੇ ਲੜਕੇ ਨੂੰ ਗਵਾਹ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਕੋਲ ਐਸ.ਪੀ. (ਡੀ.) ਬੈਠੇ ਸਨ। ਉਨ੍ਹਾਂ ਨੇ ਇੱਕ ਹੋਰ ਦੀ ਸਿਫਾਰਸ਼ ਕੀਤੀ। ਮੈਂ ਕਿਹਾ ਇਸ ਤਰ੍ਹਾਂ ਨਾ ਕਰੋ, ਅਸਲ ਵਿੱਚ ਤਾਂ ਇਹ ਚਾਰੇ ਹੀ ਕਾਤਲ ਹਨ। ਦੂਸਰੇ ਤਿੰਨ ਤੇ ਬੌਬੀ ਵੀ ਕਾਤਲ ਤਾਂ ਨਹੀਂ ਤਾਂ ਮੈਨੂੰ ਜੇਜੀ ਸਾਹਿਬ ਨੇ ਕਿਹਾ ਸੱਚ ਦੇ ਆਧਾਰ ਤੇ ਚਲਾਨ ਕਰ ਦੇ। ਮੈਂ ਸਾਰੇ ਗਵਾਹ ਰੱਖ ਲਏ। ਮੁਲਾਜਮ ਬੌਬੀ ਤੋਂ ਡਰਨ ਲੱਗ ਗਏ ਸਨ, ਕੋਈ ਕੁੱਝ ਨਹੀਂ ਸੀ ਕਹਿੰਦਾ। ਜੱਥੇਦਾਰ ਪ. ਸਿੰਘ ਬਹੁਤ ਚਾਤਰ ਤੇ ਪੈਸੇ ਵਾਲਾ ਇਨਸ਼ਾਨ ਸੀ। ਉਹ ਚੰਡੀਗੜ੍ਹ ਤੋਂ ਉੱਚ ਅਫਸਰ ਦੀ ਪੜਤਾਲ ਲੈ ਆਏ। ਜੱਥੇਦਾਰ ਮੈਨੂੰ ਕਹਿਣ ਲੱਗਿਆ। ਸਰਦਾਰਾ ਤੂੰ ਤਾਂ ਸਾਡਾ ਕੰਮ ਨਹੀਂ ਕੀਤਾ, ਹੁਣ ਜਾਂ ਤਾਂ ਸਾਰੇ     ਚਲਾਨ ਹੋਣਗੇ ਜਾਂ ਪਹਿਲੇ ਦੋ। ਪੜਤਾਲੀਆ ਅਫਸਰ ਦੇ ਆਉਣ ਤੇ ਕੋਈ ਸੌ ਸਵਾ ਸੋ ਆਦਮੀ ਇਕੱਠੇ ਹੋ ਗਏ। ਭੈਣੀ ਬਾਘੇ ਰੈਸਟ ਹਾਊਸ ਵਿੱਚ ਬੋਹੜ ਥੱਲੇ ਬੈਠੇ ਸੀ ਤਾਂ ਅਫਸਰ ਦੀ ਮੌਜੂਦੀ ਵਿੱਚ ਮੈਂ ਕਿਹਾ, "ਜੱਥੇਦਾਰਾ ਜਦ ਤੂੰ ਮੇਰੇ ਕੋਲ ਇਹ ਦੋਵੇਂ ਪੇਸ਼ ਕੀਤੇ ਤਾਂ ਤੂੰ ਮੈਨੂੰ 50 ਹਜ਼ਾਰ ਦੇਣ ਦੀ ਗੱਲ ਕੀਤੀ ਸੀ।" ਉਹ ਚੁੱਪ ਰਿਹਾ। ਮੈਂ ਫੇਰ ਕਿਹਾ, "ਦੂਜੇ ਦਿਨ ਸ. ਨਰਦੇਵ ਸਿੰਘ ਨੂੰ ਨਹੀਂ ਕਿਹਾ ਕਿ ਵੇਖ ਨਰਦੇਵ ਸਿੰਹਾਂ ਜੱਟ ਤੋਂ 50 ਹਜ਼ਾਰ ਰੁਪਏ ਲਏ ਨਹੀਂ ਗਏ। ਜੱਥੇਦਾਰ ਦੀ ਚੁੱਪ ਦੇਖ ਕੇ ਅਫਸਰ ਬਹੁਤ ਗਰਮ ਬੋਲੇ। ਉਹ ਦੁਪਹਿਰ ਦਾ ਖਾਣਾ ਖਾਣ ਲਈ ਰੈਸਟ ਹਾਊਸ ਵਿੱਚ ਚਲੇ ਗਏ ਤਾਂ ਜੱਥੇਦਾਰ ਕਹਿਣ ਲੱਗਿਆ ਕਿ ਸਰਦਾਰਾ ਤੂੰ ਮੈਨੂੰ ਗਾਲਾਂ ਪੁਆ ਦਿੱਤੀਆਂ, ਪਰ ਇਹ ਮੇਰਾ ਕੰਮ ਕਰਕੇ ਜਾਊ। ਜੱਥੇਦਾਰ ਦੂਰੋਂ ਮੇਰਾ ਰਿਸ਼ਤੇਦਾਰ ਵੀ ਸੀ। ਬੌਬੀ ਤੋਂ ਬਿਨਾਂ ਸਾਰੇ ਚਲਾਨ ਹੋ ਗਏ।
    ਮੈਂ ਬੌਬੀ ਨੂੰ ਹੋਰ ਤਕੜੀ ਕਰ ਦਿੱਤਾ ਤੇ ਮੁਦਈਆਂ ਤੋਂ ਉਹਦੀ ਮਦਤ ਵੀ ਕਰਾਈ। ਅਗਲੇ ਸਾਲ ਜਨਵਰੀ ਦਾ ਅੱਧ ਸੀ, ਮੈਂ ਬਠਿੰਡੇ ਸ਼ੈਸ਼ਨ ਕੋਰਟ ਵਿੱਚੋਂ ਚੱਲਣ ਲੱਗਿਆ ਤਾਂ ਡਰਾਇਵਰ ਨੇ ਕਿਹਾ ਕਿ ਬੌਬੀ ਭੱਜੀ ਆਉਂਦੀ ਹੈ, ਉਸ ਨੇ ਕਿਹਾ ਕਿ ਉਸ ਨੂੰ ਚੱਕਿਆ ਜਾਏਗਾ ਤੇ ਪੇਸ਼ੀ ਵਿੱਚ 10-15 ਦਿਨ ਸਨ। ਮੈਂ ਮਜਬੂਰੀ ਬਸ ਉਸ ਨੂੰ ਜੀਪ ਦੇ ਪਿੱਛੇ ਬਿਠਾ ਲਿਆ। ਮੈਨੂੰ ਪਤਾ ਸੀ ਕਿ ਪਾਰਟੀ ਪੈਸੇ ਵਾਲੀ ਹੈ। ਹਾਈ ਕੋਰਟ ਦਾ ਰੇਡ ਇਸ ਤੇ ਜ਼ਰੂਰ ਹੋਏਗਾ। ਅਸੀਂ ਉਸ ਨੂੰ ਥਾਣਾ ਬੋਹਾ ਮਾਨਸਾ ਦੇ ਰਤੀਆ ਵਿੱਚ ਥਾਂ ਬਦਲ ਕੇ ਰੱਖਦੇ ਰਹੇ। ਮੁਲਾਜਮਾਂ ਨੂੰ ਹਦਾਇਤ ਕੀਤੀ ਕਿ ਇਸ ਦੀ ਕੋਈ ਸ਼ਿਕਾਇਤ ਨਾ ਆਏ। ਪੇਸ਼ੀ ਤੋਂ ਇੱਕ ਰਾਤ ਪਹਿਲਾਂ ਅਸੀਂ ਉਸ ਨੂੰ ਥਾਣੇ ਵਿੱਚ ਲਿਆਦਾ। ਮੈਂ ਕ. ਸਿੰਘ ਸਹਾਇਕ ਥਾਣੇਦਾਰ ਨੂੰ ਸਵੇਰੇ ਕਿਹਾ ਕਿ ਇੱਕ ਗੱਡੀ ਥਾਣੇ ਵਿੱਚ ਲੈ ਕੇ ਆਏ। ਉਹ ਕਹਿਣ ਲੱਗਿਆ ਕਿ ਮਾੜੀ ਗੱਡੀ ਭੇਜ ਦੇਣਗੇ, ਆਪਾਂ ਅੱਡੇ ਤੋਂ ਹੀ ਗੱਡੀ ਲੈ ਲੈਂਦੇ ਹਾਂ। ਮੇਰੇ ਦੁਬਾਰੇ ਕਹਿਣ ਤੇ ਸਹਾਇਕ ਥਾਣੇਦਾਰ ਨੇ ਫੇਰ ਉਹੀ ਰਾਇ ਦਿੱਤੀ। ਅਸੀਂ 200 ਗਜ ਪੈਦਲ ਆਏ ਹੋਵਾਂਗੇ, ਫੇਰ ਗੱਡੀ ਲੈ ਕੇ ਬਠਿੰਡੇ ਪਹੁੰਚ ਗਏ। ਜਦੋਂ ਮੁਕੱਦਮਾ ਸ਼ੁਰੂ ਹੋਇਆ ਤਾਂ ਸ. ਨਰਦੇਵ ਸਿੰਘ ਨੇ ਗਵਾਹ ਨਾਲ ਸਾਡੀਆਂ ਫੋਟੋ ਪੇਸ਼ ਕਰ ਦਿੱਤੀਆਂ। ਜਿਸ ਵਿੱਚ ਮੈਂ, ਬੌਬੀ ਤੇ ਕ. ਸਿੰਘ ਸਾਫ ਦਿਖਾਈ ਦੇ ਰਹੇ ਸੀ। ਮੇਰਾ ਮੱਥਾ ਠਨਕਿਆ ਕਿ ਸਾਰੀ ਕੀਤੀ ਕਤਾਈ ਮਿਹਨਤ ਤੇ ਪਾਣੀ ਫਿਰ ਗਿਆ ਹੈ। ਪਰ ਇਸ ਦੇ ਬਾਵਜੂਦ ਬੌਬੀ ਨੇ ਡਟ ਕੇ ਗਵਾਹੀ ਦਿੱਤੀ। ਵਕੀਲ ਦੇ ਕਹਿਣ ਤੇ ਕਿ ਪੁਲਿਸ ਵਾਲੇ ਅੱਜ ਤੈਨੂੰ ਨਾਲ ਲਿਆਏ ਹਨ ਇਹ ਤੇਰੀ ਫੋਟੋ ਹੈ, ਤਾਂ ਉਸ ਨੇ ਜਵਾਬ ਦਿੱਤਾ, ਇਹ ਫੋਟੋ ਉਸ ਦਿਨ ਦੀ ਹੈ, ਜਿਸ ਦਿਨ ਮੈਨੂੰ ਫੜ ਕੇ ਲੈ ਗਏ ਸਨ। ਵਕੀਲ ਨੇ ਕਿਹਾ ਸਿਆਲ ਕਾਰਨ ਪੂਰੀਆਂ ਬਾਹਾਂ ਦੇ ਕਮੀਜ ਹਨ ਗਰਮੀ ਵਿੱਚ ਤਾਂ ਅੱਧੀਆਂ ਬਾਹਾਂ ਦੇ ਪੈਂਦੇ ਹਨ। ਉਸ ਨੇ ਜਵਾਬ ਦਿੱਤਾ ਸਰਦਾਰ ਨੇ ਪੁਲਿਸ ਵਾਲਿਆਂ ਨੂੰ ਕਿਹਾ ਸੀ ਕਿ ਮੱਛਰ ਬਹੁਤ ਹੈ ਪੂਰੀਆਂ ਬਾਹਾਂ ਦੇ ਕਮੀਜ ਪਾਓ। ਗਵਾਹੀ ਤੇ ਜੱਜ ਸਾਹਿਬ ਵੀ ਹੈਰਾਨ ਹੋ ਗਏ, ਪਰ ਫੋਟੋ ਗ੍ਰਾਫਰ ਦੀ ਸਹਾਦਤ ਸਾਡੇ ਵਿਰੁੱਧ ਸੀ, ਮੈਨੂੰ ਨਹੀਂ ਸੀ ਪਤਾ ਕਿ ਕ. ਸਿੰਘ ਦੋਸ਼ੀ ਪਾਰਟੀ ਨਾਲ ਰਲ ਗਿਆ ਹੈ। ਪੈਸੇ ਦੇ ਜੋਰ ਨੇ ਇੱਕ ਪੁਲਿਸ ਅਫਸਰ ਦਾ ਕਿਰਦਾਰ ਨੰਗਾ ਕੀਤਾ।
    ਪਰ ਇੱਕ ਬਦਚਲਣ ਔਰਤ ਆਪਣੇ ਕੀਤੀ ਹੋਈ ਜਬਾਨ ਤੇ ਪੂਰੀ ਉਤਰੀ।
    
ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

09 Dec. 2018

ਮੁੱਢ ਦਾ ਅਤੇ ਅੱਜ ਦਾ ਅਕਾਲੀ - ਹਰਦੇਵ ਸਿੰਘ ਧਾਲੀਵਾਲ

 ਸ਼੍ਰੋਮਣੀ ਅਕਾਲੀ ਦਲ ਬਾਰੇ ਹਰ ਸੂਝਵਾਨ ਵਿਅਕਤੀ ਜਾਣਦਾ ਹੈ ਕਿ ਇਸ ਸੂਰਬੀਰ ਜਮਾਤ ਦਾ ਮੁੱਢ 14 ਦਸੰਬਰ 1920 ਨੂੰ ਰੱਖਿਆ ਗਿਆ ਕਿਉਂਕਿ ਭਾਈਚਾਰਕ ਸ਼੍ਰੋਮਣੀ ਕਮੇਟੀ ਬਣ ਚੁੱਕੀ ਸੀ। ਗੁਰਦੁਆਰਾ ਸਾਹਿਬਾਨ ਦੀ ਅਜ਼ਾਦੀ ਦੇ ਘੋਲ ਵਾਸਤੇ ਇੱਕ ਸੰਸਥਾ ਦੀ ਲੋੜ ਸੀ। ਇਸ ਸੂਰਬੀਰ ਜਮਾਤ ਨੇ ਮਰਜੀਵੜੇ ਪੈਦਾ ਕੀਤੇ ਅਤੇ ਇਹ ਕੁਰਬਾਨੀਆਂ ਖਾਲਸਾ ਪੰਥ ਲਈ ਕਰਦੇ ਸਨ। ਇਸ ਜਮਾਤ ਨੇ 1921 ਤੋਂ 25 ਤੱਕ 30 ਹਜ਼ਾਰ ਸਿੱਖ ਜੇਲ੍ਹੀ ਭੇਜੇ, 400 ਦੀਆਂ ਜਾਨਾਂ ਗਈਆਂ ਅਥਵਾ ਸ਼ਹੀਦ ਹੋਏ, 2000 ਜਖਮੀ ਹੋਏ, 700 ਪੇਂਡੂ ਕਰਮਚਾਰੀ ਨੌਕਰੀਓ ਕੱਢੇ ਗਏ ਅਤੇ ਉਸ ਸਮੇਂ 15 ਲੱਖ ਜੁਰਮਾਨਾ ਵੀ ਭਰਿਆ ਗਿਆ। ਇਸ ਦੀ ਆਸ਼ਾ ਸੀ ਕੁਰਬਾਨੀ ਕਰੋ ਆਪ ਮਰੋ, ਪਰ ਖਾਲਸਾ ਪੰਥ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖੋ। ਗੁਰਦੁਆਰਾ ਐਕਟ ਪਾਸ ਹੋਣ ਤੇ ਅਕਾਲੀ ਦਲ ਦੋਫਾੜ ਹੋ ਗਿਆ। ਦਫਤਰ ਤੇ ਸ. ਮੰਗਲ ਸਿੰਘ ਕਾਬਜ ਸਨ, ਇਸ ਲਈ ਮਾਸਟਰ ਜੀ ਦਾ ਕਬਜਾ ਹੋ ਗਿਆ। ਕਈਆਂ ਨੇ ਰਇ ਦਿੱਤੀ ਕਿ ਕਾਰਜ ਹੱਲ ਹੋ ਗਿਆ ਹੈ, ਜਮਾਤ ਭੰਗ ਕਰ ਦਿਓ, ਪਰ ਦਫਤਰ ਤੇ ਕਬਜੇ ਵਾਲੇ ਇਸ ਗੱਲ ਤੇ ਨਾ ਮੰਨੇ। ਅਕਾਲੀ ਦਲ ਦੀ ਆਸ਼ਾ ਸਿੱਖਾਂ ਦੀ ਪ੍ਰਗਤੀ ਤੇ ਹਰ ਪੱਖ ਤੋਂ ਤਰੱਕੀ ਕਰਨਾ ਸੀ। ਅਕਾਲੀ ਦਲ ਭਾਵੇਂ ਦੋ ਬਣ ਗਏ, ਪਰ ਅਕਾਲੀ ਦਲ ਦਾ ਮਕਸਦ ਸਿੱਖਾਂ ਦੀ ਪ੍ਰਗਤੀ ਤੇ ਸਿੱਖ ਹੱਕਾਂ ਦੀ ਰਾਖੀ ਹੀ ਰਿਹਾ। 1926 ਤੋਂ ਪਿੱਛੋਂ ਨਹਿਰੂ ਰਿਪੋਰਟ ਆਈ। ਸਿੱਖਾਂ ਨੇ ਵਿਰੋਧਤਾ ਕੀਤੀ। ਅਕਾਲੀ ਦਲ ਤੇ ਕੇਂਦਰੀ ਅਕਾਲੀ ਦਲ ਵਿਰੋਧਤਾ ਕਰਦੇ ਰਹੇ, ਪਰ ਇੱਕ ਜੁੱਟ ਨਾ ਹੋਏ। ਸ.ਬ. ਮਹਿਤਾਬ ਸਿੰਘ ਮਾ. ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ ਰਲ ਕੇ ਤੇ ਇਸ ਮਸਲੇ ਦੀ ਵਿਰੋਧਤਾ ਜੋਰ ਨਾਲ ਕੀਤੀ। ਸਿੱਖਾਂ ਦਾ ਵਿਰੋਧ ਸੀ ਕਿ ਯੂ.ਪੀ. ਵਿੱਚ ਜਿਹੜੀਆਂ ਸਹੂਲਤਾਂ ਮੁਸਲਮਾਨਾਂ ਨੂੰ ਦਿੱਤੀਆਂ ਹਨ, ਉਹ ਪੰਜਾਬ ਵਿੱਚ ਸਿੱਖਾਂ ਨੂੰ ਦਿੱਤੀਆਂ ਜਾਣ। ਉਹ 13 ਪ੍ਰਤੀਸ਼ਤ ਅਬਾਦੀ ਦੇ ਅਧਾਰ ਤੇ 20 ਪ੍ਰਤੀਸ਼ਤ ਹੱਕ ਮੰਗਦੇ ਸਨ। ਪਰ ਅਖੀਰ ਵਿੱਚ ਇਹ ਵਿਰੋਧ ਕਾਰਨ ਲੁੱਟ ਗਈ।
    ਅਕਾਲੀ ਦਲ ਦਾ ਮੈਂਬਰ ਕਾਂਗਰਸ ਦਾ ਮੈਂਬਰ ਵੀ ਹੁੰਦਾ ਸੀ। ਇਹ ਕੰਮ 1947 ਤੱਕ ਚੱਲਿਆ। ਪਰ ਗਿਆਨੀ ਸ਼ੇਰ ਸਿੰਘ ਤੇ ਸ. ਗੋਪਾਲ ਸਿੰਘ ਸਾਗਰੀ ਆਦਿ 1930 ਵਿੱਚ ਕਾਂਗਰਸ ਤੋਂ ਅਸਤੀਫੇ ਦੇ ਗਏ, ਕਿਉਂਕਿ ਮਹਾਤਮਾ ਗਾਂਧੀ ਜੀ ਨੇ ਦਸਵੇਂ ਪਾਤਸ਼ਾਹ ਨੂੰ ਭੁੱਲੜ ਦੇਸ਼ ਭਗਤ ਕਹਿ ਦਿੱਤਾ ਸੀ। ਇਹ ਸਾਰੇ ਕੇਂਦਰੀ ਅਕਾਲੀ ਦਲ ਨਾਲ ਸਬੰਧਤ ਸਨ। 1926 ਤੋਂ 39 ਤੱਕ ਪੰਜ ਗੁਰਦੁਆਰਾ ਚੋਣਾਂ ਗਹਿਗੱਚ ਮੁਕਾਬਲੇ ਵਿੱਚ ਹੋਈਆਂ। ਸਿਆਸੀ ਤੌਰ ਤੇ ਦੋਵਾਂ ਦਾ ਵਿਰੋਧ ਸੀ। ਪਰ ਪੰਥਕ ਕਾਜ ਲਈ ਇਕੱਠੇ ਹੋ ਜਾਂਦੇ ਸਨ। ਸ. ਅਮੋਲਕ ਸਿੰਘ ਲਿਖਦੇ ਹਨ ਕਿ ਵਿਰੋਧੀ ਧੜੇ ਕਦੇ ਇੱਕ ਸਟੇਜ ਤੇ ਇਕੱਠੇ ਕੀਤੇ ਜਾਂਦੇ ਸਨ। ਕੁੱਝ ਵਿਅਕਤੀਆਂ ਨੇ ਮਾਸਟਰ ਜੀ ਦੇ ਗਿਆਨੀ ਸ਼ੇਰ ਸਿੰਘ ਨੂੰ ਇੱਕ ਸਟੇਜ ਤੇ ਜੱਲਿਆਂ ਵਾਲੇ ਬਾਗ ਵਿੱਚ ਬੋਲਣ ਲਈ ਮਨਾ ਲਿਆ। ਦੋਵੇਂ ਆਪਣੇ ਪ੍ਰੋਗਰਾਮ ਤੋਂ ਇਲਾਵਾ ਇੱਕ ਦੂਜੇ ਵਿਰੁੱਧ ਬੋਲਣ ਤੇ ਝਗੜਾ ਹੋ ਗਿਆ। ਮਾਸਟਰ ਜੀ ਦੇ ਸਮਰਥਕ ਕਹਿੰਦੇ ਸਨ ਕਿ ਗਿਆਨੀ ਸ਼ੇਰ ਸਿੰਘ ਸਾਰਾ ਮਾਲਵਾ ਲੈ ਆਏ ਹਨ। ਗਿਆਨੀ ਸ਼ੇਰ ਸਿੰਘ ਦੇ ਸਮਰਥਕ ਕਹਿੰਦੇ ਸਨ ਕਿ ਮਾਸਟਰ ਜੀ ਨੇ ਪਹਿਲਾਂ ਹੀ ਮਝੈਲ ਇਕੱਠੇ ਕੀਤੇ ਹੋਏ ਸਨ। ਉਸ ਥਾਂ ਤੇ ਡਾਂਗ ਸੋਟਾ ਵੀ ਚੱਲਿਆ। ਪਿੱਛੋਂ ਇਹ ਗੱਲ ਮਨਾ ਲਈ ਕਿ ਦੋਵੇਂ ਵਿਰੋਧੀ ਇੱਕ ਸਟੇਜ ਤੇ ਨਾ ਬੋਲਣ। ਉਸੇ ਸਮੇਂ ਦੌਰਾਨ ਕੰਮਿਊਨਲ ਅਵਾਰਡ ਦੀ ਵਿਰੋਧਤਾ ਵੀ ਆ ਗਈ, ਪਰ ਦੋਵੇਂ ਇਸ ਤੇ ਇਕੱਠੇ ਹੋ ਗਏ ਤੇ ਵਿਰੋਧਤਾ ਭੁਲਾ ਦਿੱਤੀ। ਅਕਾਲੀ ਦਲ ਲਈ ਸਿੱਖਾਂ ਦੀ ਬੇਹਤਰੀ ਫੌਜ ਵਿੱਚ ਸਿੱਖਾਂ ਦੀ ਭਰਤੀ ਹੋਣਾ ਸੀ। ਗਿਆਨੀ ਸ਼ੇਰ ਸਿੰਘ ਗਰੁੱਪ ਫੌਜ ਦੀ ਭਰਤੀ ਦੀ ਮਦਦ ਕਰ ਰਿਹਾ ਸੀ। 1940 ਵਿੱਚ ਮਾਸਟਰ ਜੀ ਤੇ ਗਿਆਨੀ ਕਰਤਾਰ ਸਿੰਘ ਨੇ ਫੌਜ ਦੀ ਭਰਤੀ ਦੇ ਅਧਾਰ ਤੇ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ। ਅੱਜ ਦਾ ਅਕਾਲੀ ਦਲ ਪੱਕੇ ਤੌਰ ਤੇ ਬੀ.ਜੇ.ਪੀ. ਨਾਲ ਬੱਝਿਆ ਹੋਇਆ ਹੈ। ਉਸ ਸਮੇਂ ਦਾ ਅਕਾਲੀ ਦਲ ਸਿੱਖਾਂ ਦੀ ਬੇਹਤਰੀ ਦੇਖਦਾ ਸੀ। ਅਕਾਲੀ ਦਲ ਸਿੱਖਾਂ ਦੀ ਜਮਾਤ ਸੀ ਤੇ ਉਹ ਗੁਰਧਾਮਾਂ ਦੀ ਪਵਿੱਤਰਤਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨੂੰ ਮੁੱਖ ਰੱਖਦਾ ਸੀ।
    1947 ਵਿੱਚ ਜੱਥੇਦਾਰ ਊਧਮ ਸਿੰਘ ਨਾਗੋਕਾ ਦਾ ਧੜਾ ਅਕਾਲੀ ਦਲ ਛੱਡ ਕੇ ਪੱਕੇ ਤੌਰ ਤੇ ਕਾਂਗਰਸ ਵਿੱਚ ਚਲਿਆ ਗਿਆ ਅਤੇ 1955 ਤੱਕ ਸ਼੍ਰੋਮਣੀ ਕਮੇਟੀ ਤੇ ਕਾਬਜ ਰਿਹਾ। ਮਾਸਟਰ ਜੀ ਪੰਥਕ ਪ੍ਰੰਪਰਾਵਾਂ ਤੇ ਪਹਿਰਾਂ ਦਿੰਦੇ ਰਹੇ। ਉਹ ਅਕਾਲੀ ਦਲ ਨੂੰ ਆਪਣੀ ਜਾਇਦਾਤ ਨਹੀਂ ਸੀ ਮੰਨਦੇ ਤੇ ਨਾ ਹੀ ਉਨ੍ਹਾਂ ਨੇ ਕਮੇਟੀ ਤੋਂ ਕੋਈ ਲਾਭ ਉਠਾਏ। 1947 ਵਿੱਚ ਅਕਾਲੀ ਦਲ ਨਹੀਂ ਸੀ ਚਾਹੁੰਦਾ ਕਿ ਪਾਕਿਸਤਾਨ ਬਣੇ, ਪਰ ਦੇਸ਼ ਕਾਗਜਾਂ ਵਿੱਚ ਵੰਡਿਆ ਜਾ ਚੁੱਕਿਆ ਸੀ। ਕਈ ਸੱਜਣ ਲਿਖਦੇ ਹਨ ਕਿ ਲਹੌਰ ਅਸੈੈਂਬਲੀ ਦੇ ਬਾਹਰ ਮੁਸਲਮਾਨ ਤੇ ਸਿੱਖਾਂ ਦੇ ਵੱਖੋ-ਵੱਖਰੇ ਇਕੱਠ ਖੜੇ ਸਨ। ਅਕਾਲੀਆਂ ਦਾ ਵੀ ਇਕੱਠ ਵੱਡਾ ਸੀ, ਪਰ ਮੁਸਲਮਾਨਾਂ ਦੀ ਗਿਣਤੀ ਉਸ ਤੋਂ 3 ਗੁਣਾਂ ਤੋਂ ਵੀ ਵੱਧ ਸੀ। ਪਰ ਉਹ ਜਾਬਤੇ ਵਿੱਚ ਰਹੇ ਤੇ ਉਨ੍ਹਾਂ ਨੇ ਕੋਈ ਭੜਕਾਹਟ ਵਾਲੇ ਵੀ ਨਾਅਰੇ ਨਾ ਲਾਏ। ਕਈ ਕਹਿੰਦੇ ਹਨ ਕਿ ਮਾਸਟਰ ਜੀ ਨੇ ਮੁਸਲਮਲੀਗ ਦਾ ਝੱਡਾ ਵੱਢ ਦਿੱਤਾ ਸੀ, ਕਈ ਸਹਿਮਤ ਨਹੀਂ ਹਨ। ਮਾਸਟਰ ਜੀ ਇਕੱਲੇ ਪਾਕਿਸਤਾਨ ਦੇ ਵਿਰੁੱਧ ਪਹਿਲਾਂ ਨਾਅਰੇ ਲਾਉਂਦੇ ਰਹੇ, ਫੇਰ ਹਰੇਕ ਐਮ.ਐਲ.ਏ. ਨੂੰ 5-5 ਮਿੰਟ ਵਿਰੋਧੀ ਨਾਅਰੇ ਲਾਉਣ ਲਈ ਕਿਹਾ।
    1986 ਤੱਕ ਅਕਾਲੀ ਦਲ ਪੰਥਕ ਤੇ ਸਿੱਖ ਸਪਿਰਟ ਨੂੰ ਬਚਾਉਦਾ ਰਿਹਾ, ਭਵੇਂ ਕਈ ਲੜਾਈਆਂ ਲੜੀਆਂ। ਕਈ ਵਾਰ ਦੋਫਾੜ ਹੁੰਦਾ ਰਿਹਾ। 1986 ਤੋਂ ਬਾਅਦ ਸਿੱਖਾਂ ਤੇ ਕਾਫੀ ਜੁਲਮ ਹੋਏ। ਜਨਰਲ ਜੇ.ਐਫ. ਰਿਬੈਰੋ ਤੱਕ ਬਹੁਤ ਘੱਟ ਗਲਤ ਕੰਮ ਹੋਏ। ਫੇਰ ਗਿੱਲ ਸਾਹਿਬ ਪੰਜਾਬ ਦੇ ਮੁੱਖੀ ਬਣ ਗਏ। ਉਨ੍ਹਾਂ ਕੰਟਰੋਲ ਤਾਂ ਕੀਤਾ ਕਈ ਅਣਮਨੁੱਖੀ ਘਟਨਾਵਾਂ ਵੀ ਹੋਈਆਂ ਅਕਾਲੀ ਦਲ ਦਾ ਫਰਜ਼ ਬਣਦਾ ਸੀ, ਪਰ ਬਹੁਤ ਘੱਟ ਵਿਰੋਧਤਾ ਹੋਈ। ਬਾਦਲ ਪਰਿਵਾਰ ਅਕਾਲੀ ਦਲ ਤੇ ਕਾਬਜ ਹੋ ਚੁੱਕਿਆ ਸੀ। 1991 ਵਿੱਚ ਮੁੰਡਿਆਂ ਨੇ ਜੋਰ ਦੇ ਕੇ ਬਾਦਲ ਸਾਹਿਬ ਤੋਂ ਇਲੈਕਸ਼ਨ ਲਈ ਨਾਹ ਕਰਵਾ ਦਿੱਤੀ ਤੇ ਉਨ੍ਹਾਂ ਨੇ ਕਿਹਾ ਕਿ ਬਾਦਲ ਸਾਹਿਬ ਆਪਣਾ ਪੁੱਤਰ ਬਚਾਉਣ ਫੇਰ ਉਹ ਅਮਰੀਕਾ ਭੇਜੇ ਗਏ। ਇਹ 1997 ਤੋਂ ਬਾਅਦ ਹੀ ਦੇਖੇ ਗਏ। ਇਨ੍ਹਾਂ ਨੇ ਧਾਰਮਿਕ ਪ੍ਰੰਪਰਾਵਾਂ ਰੋਲ ਦਿੱਤੀਆਂ। ਅਕਾਲੀ ਦਲ ਦੇ ਪ੍ਰਧਾਨ ਦੀ ਉੱਚੀ ਥਾਂ ਹੁੰਦੀ ਸੀ, ਪਰ ਚੋਣ ਜਿੱਤਣ ਲਈ ਇਹ ਸਭ ਕੁੱਝ ਭੁੱਲ ਕੇ ਗੁਰੂ ਡੰਮ ਵਾਲੇ ਦੀ ਸ਼ਰਨ ਜਾ ਲਈ। ਸਰਸੇ ਵਾਲੇ ਸਾਧ ਦਾ ਛਿਪਦੇ ਤੇ ਦੱਖਣੀ ਮਾਲਵੇ ਵਿੱਚ ਅਸਰ ਹੈ। ਇਨ੍ਹਾਂ ਨੇ ਉਸ ਦਾ ਲਾਭ ਉਠਾਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸੰਪੂਰਨ ਗ੍ਰੰਥ ਹੈ ਅਤੇ ਗੁਰੂ ਦੀ ਪਦਵੀ ਵੀ ਹਸਾਲ ਹੈ।
    2015 ਵਿੱਚ ਇਹ ਬਰਗਾੜੀ ਤੋਂ ਇਹ ਗੱਲਾਂ ਆਈਆਂ ਕਿ ਆਲੇ ਦੁਆਲੇ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਹੈ। 90 ਦਿਨ ਇਸ ਦੀ ਪੜਤਾਲ ਹੁੰਦੀ ਰਹੀ, ਪਰ ਕੁੱਝ ਨਾ ਲੱਭਿਆ, ਬਰਗਾੜੀ ਦੇ ਲੋਕ ਆਮ ਕਹਿੰਦੇ ਸਨ ਕਿ 3 ਮਹੀਨੇ ਕਾਂਗਜਾਂ ਤੇ ਹੱਥ ਲਿਖਤ ਇਸਤਿਹਾਰ ਲੱਗਦੇ ਰਹੇ ਹਨ ਕਿ ਤੁਹਾਡਾ ਗੁਰੂ ਸਾਡੇ ਕੋਲ ਹੈ, ਅਸੀਂ ਤੁਹਾਡਾ ਗੁਰੂ ਕੈਦ ਕੀਤਾ ਹੋਇਆ ਹੈ, ਲੈ ਜਾ ਸਕਦੇ ਹੋ ਤਾਂ ਲੈ ਜਾਓ। ਇਸ ਪ੍ਰਤੀ ਚਰਨਜੀਤ ਸਿੰਘ ਐਸ.ਐਸ.ਪੀ. 90 ਦਿਨਾਂ ਵਿੱਚ ਕੁੱਝ ਨਾ ਕਰ ਸਕਿਆ। ਇਸ ਨੂੰ ਇੱਕ ਤਰ੍ਹਾਂ ਦੀ ਸਰਕਾਰ ਦੀ ਸਾਹਿ ਹੀ ਸੀ। 2015 ਵਿੱਚ ਜੱਥੇਦਾਰ ਗੁਰਮੁਖ ਸਿੰਘ ਤੇ ਉਸਦੇ ਭਰਾ ਨੇ ਦਲੇਰੀ ਦਿਖਾਈ, ਜਿਸ ਤੋਂ ਸਿੱਧ ਹੋ ਗਿਆ ਕਿ ਅਕਾਲੀ ਦਲ ਤੇ ਬਾਦਲ ਪਰਿਵਾਰ ਕਰਕੇ ਸਭ ਕੁੱਝ ਹੋਇਆ। ਬਾਦਲ ਸਾਹਿਬ ਨੇ ਜੱਥੇਦਾਰ ਅਕਾਲ ਤਖਤ ਸਾਹਿਬ ਤੇ ਜੱਥੇਦਾਰ ਕੇਸਗੜ੍ਹ ਸਾਹਿਬ ਅਤੇ ਗਿਆਨੀ ਗੁਰਮੁਖ ਸਿੰਘ ਆਪਣੇ ਘਰ ਸੱਦੇ, ਫੇਰ ਇਨ੍ਹਾਂ ਲਿਖਤੀ ਮੁਆਫੀਨਾਮਾ ਦਿੱਤਾ ਗਿਆ। ਇਸ ਦੀ ਤਾਇਦ ਗੁਰਮੁਖ ਸਿੰਘ ਦੇ ਭਰਾ ਨੇ ਵੀ ਕੀਤੀ। ਇਸੇ ਕਰਕੇ ਹੀ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬੀੜ ਨੂੰ ਗੰਦੀਆਂ ਥਾਵਾਂ ਤੇ ਰੋਲਿਆ ਗਿਆ। ਅਕਾਲੀ ਦਲ ਤਾਂ ਗੁਰੂ ਦੀ ਸੁਰੱਖਿਆ ਲਈ ਸੀ, ਪਰ ਇਹ ਵਿਰੋਧੀਆਂ ਕੋਲ ਚਲਾ ਗਿਆ। ਗੁਰੂ ਦੀ ਬੇਪਤੀ ਕਰਨ ਵਾਲੇ ਕਦੇ ਪੰਥ ਤੋਂ ਬਖਸ਼ੇ ਨਹੀਂ ਜਾ ਸਕਦੇ। ਜੱਥੇਦਾਰ ਅਕਸਰ ਬਾਦਲ ਸਾਹਿਬ ਦੇ ਪਿਛਲੱਗ ਹੀ ਰਹੇ। ਉਨ੍ਹਾਂ ਨੇ ਆਪਣੀਆਂ ਜੜ੍ਹਾ ਆਪ ਪੁੱਟੀਆਂ ਹਨ। ਕਾਰਾਂ, ਕੁਰਸੀਆਂ ਤੇ ਸਰਕਾਰ ਇਸ ਸਾਹਮਣੇ ਕੁੱਝ ਨਹੀਂ। ਇਨ੍ਹਾਂ ਨੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਰਗੇ ਮਰਜੀਵੜਿਆਂ ਦੀਆਂ ਕੁਰਬਾਨੀਆਂ ਦੀ ਵੀ ਕਦਰ ਨਹੀਂ ਕੀਤੀ।
    ਲੋੜ ਹੈ, ਸਾਰਾ ਪੰਥ ਇਕੱਠਾ ਹੋ ਕੇ ਇਸ ਭ੍ਰਿਸ਼ਟ ਹੋ ਚੁੱਕੇ ਪ੍ਰਬੰਧ ਨੂੰ ਗਲੋ ਲਾਹੇ। ਸਾਫ ਸੁੱਚੇ ਲੋਕ ਅੱਗੇ ਲਿਆਂਦੇ ਜਾਣ।
 


 ਹਰਦੇਵ ਸਿੰਘ ਧਾਲੀਵਾਲ,
 ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

26 NOV. 2018

ਪੋਲ ਕਿਸ ਦੀ ਖੁੱਲੀ - ਹਰਦੇਵ ਸਿੰਘ ਧਾਲੀਵਾਲ

ਸ਼੍ਰੋਮਣੀ ਅਕਾਲੀ ਦਲ ਦੇ ਘਮਸਾਣ ਬਾਰੇ ਅਤੇ ਪੋਲ ਖੋਲ ਰੈਲੀਆਂ ਦੀ ਅਸਲੀਅਤ ਨੂੰ ਦੱਸਣ ਲਈ ਮੈਂ ਅਕਾਲੀ ਦਲ ਦੀ ਮੁੱਢ ਤੋਂ ਗੱਲ ਕਰਦਾ ਹਾਂ। 14 ਦਸਬੰਰ 1920 ਨੂੰ ਅਕਾਲੀ ਦਲ ਦੀ ਨੀਂਂਹ ਰੱਖੀ ਗਈ। ਕਿਉਂਕਿ ਭਾਈਚਾਰਕ ਸ਼੍ਰੋਮਣੀ ਕਮੇਟੀ ਬਣ ਗਈ ਸੀ ਅਤੇ ਗੁਰਦੁਆਰਿਆਂ ਦੇ ਘੋਲ ਲਈ ਇੱਕ ਜਮਾਤ ਦੀ ਲੋੜ ਸੀ। ਕਈ ਸੱਜਣ ਸ਼੍ਰੋਮਣੀ ਅਕਾਲੀ ਦਲ ਦਾ ਪਹਿਲਾ ਪ੍ਰਧਾਨ ਜ. ਕਰਤਾਰ ਸਿੰਘ ਝੱਬਰ ਨੂੰ ਕਹਿੰਦੇ ਹਨ, ਪਰ ਪਹਿਲੇ ਪ੍ਰਧਾਨ ਸ. ਸਰਮੁਖ ਸਿੰਘ ਝਬਾਲ ਹੀ ਸਨ। ਇਸ ਲਹਿਰ ਵਿੱਚ ਸਭ ਤੋਂ ਵੱਧ ਪ੍ਰਸਿੱਧੀ ਕੁਰਬਾਨੀ ਸਵਾਲੇ ਸ. ਖੜਕ ਸਿੰਘ ਜੀ ਨੂੰ ਮਿਲੀ। ਭਾਵੇਂ ਸ.ਬ. ਮਹਿਤਾਬ ਸਿੰਘ, ਜ. ਤੇਜਾ ਸਿੰਘ ਸਮੁੰਦਰੀ, ਮਾ. ਤਾਰਾ ਸਿੰਘ, ਗਿਆਨੀ ਸ਼ੇਰ ਸਿੰਘ, ਭਗਤ ਜਸਵੰਤ ਸਿੰਘ, ਬਾਵਾ ਹਰਕ੍ਰਿਸ਼ਨ ਸਿੰਘ, ਪ੍ਰੋ. ਤੇਜਾ ਸਿੰਘ, ਤਿੰਨੇ ਝਬਾਲੀਏ ਵੀਰ, ਕਪਤਾਨ ਰਾਮ ਸਿੰਘ ਤੇ ਜੱ. ਗੋਪਾਲ ਸਿੰਘ ਸਾਗਰੀ ਆਦਿ ਸਿੱਖ ਜਗਤ ਵਿੱਚ ਚਮਕਾ ਦਿੱਤੇ। ਸਤੰਬਰ 1923 ਤੋਂ 25 ਤੱਕ ਲਹੌਰ ਕਿਲੇ ਦੀ ਕੈਦ ਕੱਟਦੇ ਰਹੇ। ਲਹੌਰ ਕਿਲੇ ਦੀ ਕੈਦ ਵਾਲਿਆਂ ਵਿਰੁੱਧ ਬਗਾਬਤ ਦਾ ਮੁਕੱਦਮਾ ਸੀ। ਪਰ ਕਾਰਨ ਇਹ ਸੀ ਕਿ ਮਹਾਰਾਜਾ ਨਾਭਾ ਨੂੰ ਜਲਾਵਤਨ ਕੀਤਾ ਗਿਆ ਤਾਂ ਸ਼੍ਰੋਮਣੀ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਰਬਸੰਮਤੀ ਨਾਲ ਮਤੇ ਪਾਸ ਕਰ ਦਿੱਤੇ ਕਿ ਮਹਾਰਾਜਾ ਬਹਾਲ ਕੀਤਾ ਜਾਏ। ਸਰਕਾਰ ਇਹ ਬਰਦਾਸਤ ਨਾ ਕਰ ਸਕੀ। ਇਹ ਲਹਿਰ 1920 ਤੋਂ 25 ਤੱਕ ਚੱਲੀ। ਇਸ ਵਿੱਚ ਕੌਮ ਨੇ ਅੱਗੇ ਵੱਧ ਕੇ ਬੇਅੰਤ ਕੁਰਬਾਨੀਆਂ ਕੀਤੀਆਂ। ਨਨਕਾਣਾ ਸਾਹਿਬ ਦੇ ਸਾਕੇ ਵਿਖੇ ਸ. ਲਛਮਣ ਸਿੰਘ ਜੰਡ ਨਾਲ ਬੰਨ੍ਹ ਕੇ ਸਾੜ ਦਿੱਤਾ ਗਿਆ। ਤਕਰੀਬਨ ਸਾਰਾ ਜੱਥਾ ਹੀ ਸ਼ਹੀਦ ਹੋਇਆ। ਇਸ ਤੇ ਅੰਗਰੇਜ ਸਰਕਾਰ ਹਿੱਲ ਗਈ, ਤੁਰਤ ਪ੍ਰਬੰਧ ਦਿੱਤਾ ਗਿਆ। ਇਸ ਤੋਂ ਬਾਅਦ ਗੁਰਦੁਆਰਾ ਐਕਟ ਹੋਂਦ ਵਿੱਚ ਆਇਆ। ਅਕਾਲੀ ਦਲ ਰਾਹੀਂ ਗੁਰਦੁਆਰਿਆਂ ਨੇ ਇਹ ਸੰਘਰਸ਼ ਜਿੱਤ ਲਿਆ ਤੇ ਅਕਾਲੀ ਸਿਰਲੱਥ ਕੁਰਬਾਨੀ ਵਾਲੇ ਮੰਨੇ ਗਏ। ਅਵਾਜ ਉਠੀ ਕਿ ਅਕਾਲੀ ਦਲ ਖਤਮ ਕਰ ਦਿਓ, ਪਰ ਕਾਬਜ ਧੜੇ ਦੇ ਸ. ਮੰਗਲ ਸਿੰਘ ਨੇ ਨਾਹ ਕਰ ਦਿੱਤੀ। ਉਹ ਮਾਸਟਰ ਜੀ ਦੇ ਸਮਰਥਕ ਸਨ।
    ਵਿਰੋਧੀ ਧੜੇ ਦੇ ਮੁੱਖੀ ਸ. ਬਹਾਦਰ ਮਹਿਤਾਬ ਸਿੰਘ ਸਨ। ਪਰ 1926 ਦੀ ਸ਼੍ਰੋਮਣੀ ਕਮੇਟੀ ਦੀ ਚੋਣ ਵਿੱਚ ਉਹ 53 ਸੀਟਾਂ ਜਿੱਤ ਸਕੇ। ਉਨ੍ਹਾਂ ਨੇ ਕੇਂਦਰੀ ਅਕਾਲੀ ਦਲ ਸਾਥੀਆਂ ਦੀ ਰਾਇ ਨਾਲ ਬਣਾ ਲਿਆ ਸੀ। ਸ. ਮਹਿਤਾਬ ਸਿੰਘ ਘਰੇਲੂ ਕਾਰਨਾਂ ਤੇ ਵਕਾਲਤ ਕਰਕੇ ਪਿੱਛੇ ਹਟ ਗਏ। ਅਕਾਲੀ ਦਲ ਸ਼੍ਰੋਮਣੀ ਕਮੇਟੀ ਦੀਆਂ 69 ਸੀਟਾਂ ਜਿੱਤ ਗਿਆ। ਤੇਜਾ ਸਿੰਘ ਸਮੁੰਦਰੀ ਦੇ ਚਲਾਣੇ ਦਾ ਉਨ੍ਹਾਂ ਨੂੰ ਲਾਭ ਹੋਇਆ। ਪਰ ਪਾਰਟੀਬਾਜੀ ਦੇ ਬਾਵਜੂਦ ਵੀ ਅਸਲ ਮਸਲੇ ਤੇ ਇਕੱਠੇ ਹੋ ਜਾਂਦੇ ਸਨ। 1941 ਵਿੱਚ ਗਿਆਨ ਕਰਤਾਰ ਸਿੰਘ ਨੇ ਮਾਸਟਰ ਜੀ ਤੇ ਗਿਆਨੀ ਸ਼ੇਰ ਸਿੰਘ ਦਾ ਸਮਝੌਤਾ ਕਰਵਾ ਦਿੱਤਾ। ਅਕਾਲੀ ਦਲ ਵਿੱਚ ਉਸ ਸਮੇਂ ਵੀ ਦੋ ਧੜੇ ਸਨ। ਊਧਮ ਸਿੰਘ ਨਾਗੋਕੇ ਦਾ ਧੜਾ ਕਾਂਗਰਸ ਨਾਲ ਚੱਲਦਾ ਸੀ, ਜਦੋਂ ਕਿ ਗਿਆਨੀਆਂ ਦਾ ਧੜਾ ਅਜ਼ਾਦ ਪੰਜਾਬ ਤੇ ਸਿੱਖ ਸਟੇਟ ਦੀ ਗੱਲ ਵੀ ਕਰਦਾ ਸੀ। 1940 ਵਿੱਚ ਗਿਆਨੀਆਂ ਦੇ ਧੜੇ ਦੇ ਜੱ. ਪ੍ਰੀਤਮ ਸਿੰਘ ਗੁੱਜਰਾਂ ਅਕਾਲੀ ਦਲ ਦੇ ਪ੍ਰਧਾਨ ਬਣੇ। ਉਨ੍ਹਾਂ ਨੇ 1944 ਵਿੱਚ ਗਿਆਨੀ ਸ਼ੇਰ ਸਿੰਘ ਦੇ ਚਲਾਣੇ ਪਿੱਛੋਂ ਲਹੌਰ ਕਾਨਫਰੰਸ ਤੇ ਖਾਲਿਸਤਾਨ ਦਾ ਮਤਾ ਰੱਖ ਦਿੱਤਾ, ਪਰ ਨਾਗੋਕੇ ਗਰੁੱਪ ਨੇ ਮਾਸਟਰ ਜੀ ਨੂੰ ਮਜਬੂਰ ਕਰਕੇ ਇਹ ਮਤਾ ਵਾਪਸ ਕਰਵਾਇਆ। 1948 ਤੱਕ ਗਿਆਨੀ ਕਰਤਾਰ ਸਿੰਘ ਅਕਾਲੀ ਦਲ ਦੇ ਪ੍ਰਧਾਨ ਸਨ। ਅਜ਼ਾਦੀ ਪਿੱਛੋਂ ਨਾਗੋਕਾ ਧੜਾ ਕਾਂਗਰਸ ਵਿੱਚ ਪੱਕੇ ਤੌਰ ਤੇ ਸ਼ਾਮਲ ਹੋ ਗਿਆ। 1951 ਵਿੱਚ ਮਾਸਟਰ ਜੀ ਦੀ ਰਾਇ ਤੇ ਗਿਆਨੀ ਕਰਤਾਰ ਸਿੰਘ ਨੇ ਪੰਜਾਬੀ ਸੂਬੇ ਦੀ ਮੰਗ ਰੱਖੀ। ਕਾਂਗਰਸ ਇਸ ਨੂੰ ਸਿੱਖ ਸੂਬਾ ਕਹਿ ਕੇ ਵਿਰੋਧਤਾ ਕਰਦੀ ਸੀ।
    1960 ਤੱਕ ਤਾ ਮਾਸਟਰ ਜੀ ਸਰਵੋ ਸਰਬਾ ਰਹੇ। ਪਰ 1961 ਦੇ ਮੋਰਚੇ ਪਿਛੋਂ ਸੰਤ ਭਰਾ ਹਾਵੀ ਹੋ ਗਏ ਤੇ ਬਗਾਵਤ ਕਰ ਦਿੱਤੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੰਤ ਚੰਨਣ ਸਿੰਘ ਬਣ ਗਏ। ਸ਼੍ਰੋਮਣੀ ਅਕਾਲੀ ਦਲ ਸੰਤ ਦਲ ਬਣ ਗਿਆ। ਮਾਸਟਰ ਜੀ ਦੇ ਚਲਾਣੇ ਪਿੱਛੋਂ ਸੰਤ ਦਲ ਵਿੱਚ ਹੀ ਮਾਸਟਰ ਜੀ ਦਾ ਦਲ ਸ਼ਾਮਲ ਹੋ ਗਿਆ। 1972 ਵਿੱਚ ਦੋਵੇਂ ਸੰਤ ਚਲਾਣਾ ਕਰ ਗਏ ਤਾਂ ਅਕਾਲੀ ਦਲ ਦੇ ਪ੍ਰਧਾਨ ਮੋਹਨ ਸਿੰਘ ਤੁੜ ਬਣ ਗਏ। ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜ. ਟੋਹੜਾ ਕੋਲ ਆ ਗਈ। ਫੇਰ ਜ. ਜਗਦੇਵ ਸਿੰਘ ਤਲਵੰਡੀ ਅਕਾਲੀ ਦਲ ਦੇ ਪ੍ਰਧਾਨ ਬਣੇ। 1980 ਵਿੱਚ ਫਰਕ ਆ ਗਿਆ ਤਾਂ ਸੰਤ ਹਰਚੰਦ ਸਿੰਘ ਲੌਗੋਵਾਲ ਪ੍ਰਧਾਨ ਬਣ ਗਏ। ਉਨ੍ਹਾਂ ਦੀ ਸ਼ਹਾਦਤ ਤੋਂ ਪਿੱਛੋਂ ਸ. ਸੁਰਜੀਤ ਸਿੰਘ ਬਰਨਾਲਾ ਪ੍ਰਧਾਨ ਬਣੇ, ਉਹ ਪਹਿਲੀ ਵਾਰੀ ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਦਾ ਅਹੁਦਾ ਲੈ ਬੈਠੇ, ਜਿਹੜਾ ਕਿ ਬਿਲਕੁਲ ਗਲਤ ਸੀ। 1986 ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਵੱਖ ਹੋ ਗਏ ਤੇ ਬਾਦਲ ਦਲ ਦੇ ਪ੍ਰਧਾਨ ਬਣ ਗਏ। ਕੁੱਝ ਸਮਾਂ ਪਾ ਕੇ ਇਹ ਪ੍ਰਧਾਨਗੀ ਆਪਣੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਸੌਂਪ ਦਿੱਤੀ ਤੇ ਆਪ ਸਰਪ੍ਰਸਤ ਦੀ ਨਵੀਂ ਨਿਯੁਕਤੀ ਕੱਢ ਲਈ। ਸ. ਸੁਖਬੀਰ ਸਿੰਘ ਪਹਿਲੇ ਦਾਹੜੀ ਚਾਹੜੀ ਵਾਲੇ ਪ੍ਰਧਾਨ ਹਨ, ਉਨ੍ਹਾਂ ਨੇ ਅੰਮ੍ਰਿਤ ਵੀ ਸ਼ਾਇਦ ਤੁਰਤ ਹੀ ਛਕਿਆ। ਉਨ੍ਹਾਂ ਦੇ ਕਦੇ ਗਾਤਰੇ ਵਾਲੀ ਕਿਰਪਾਨ ਨਹੀਂ ਦੇਖੀ। ਅਕਾਲੀ ਦਲ, ਅਕਾਲੀ ਦਲ ਨਾਲੋਂ ਪੰਜਾਬ ਪਾਰਟੀ ਵੱਧ ਬਣ ਗਿਆ।
    2007 ਵਿੱਚ ਸਰਸੇ ਵਾਲੇ ਸਾਧ ਨੇ ਸਲਾਬਤਪੁਰੇ ਵੱਡਾ ਇਕੱਠ ਕੀਤਾ ਦਸਵੇਂ ਪਾਤਸ਼ਾਹ ਵਰਗੀ ਪੁਸ਼ਾਕ ਧਾਰਨ ਕੀਤੀ ਤੇ ਅੰਮ੍ਰਿਤ ਦੀ ਨਕਲ ਕਰਕੇ ਜਾਮ ਏ ਹਿੰਸਾ ਲੋਕਾਂ ਨੂੰ ਵਰਤਾਇਆ। ਇਸ ਤੇ ਤਲਵੰਡੀ ਸਾਬੋ ਵੱਡਾ ਇਕੱਠ ਹੋਇਆ ਤੇ ਆਮ ਲੋਕ ਸਲਾਬਤਪੁਰੇ ਨੂੰ ਗੁੱਸੇ ਨਾਲ ਚੱਲ ਪਏ। ਮਿਥੀ ਹੋਈ ਗੱਲ ਅਨੁਸਾਰ ਸਾਰਿਆਂ ਨੂੰ ਭਾਈ ਰੂਪੇ ਹੀ ਰੋਕ ਲਿਆ। ਕਿਹਾ ਜਾਂਦਾ ਸੀ ਕਿ ਸਾਧ ਦੀ ਪੁਸ਼ਾਕ ਸ. ਸੁਖਬੀਰ ਸਿੰਘ ਦੀ ਹਦਾਇਤ ਤੇ ਮੋਹਾਲੀ ਤੋਂ ਤਿਆਰ ਹੋਈ ਸੀ। ਸਰਸੇ ਵਾਲੇ ਸਾਧ ਨੇ 2012 ਦੀ ਚੋਣ ਵਿੱਚ ਖੁੱਲ ਕੇ ਅਕਾਲੀ ਦਲ ਦੀ ਮਦਤ ਕੀਤੀ। 2015 ਵਿੱਚ ਉਸ ਨੇ ਆਪਣੀ ਫਿਲਮ ਬਣਾਈ, ਪਰ ਧਾਰਮਿਕ ਅੱਕਦੇ ਕਾਰਨ ਇਹ ਪੰਜਾਬ ਵਿੱਚ ਚੱਲ ਨਾ ਸਕੀ। ਉਹ ਚਾਹੁੰਦਾ ਸੀ ਕਿ ਉਸ ਦੀ ਫਿਲਮ ਹਰ ਹਾਲਤ ਵਿੱਚ ਚੱਲੇ। ਬਾਦਲ ਪਰਿਵਾਰ ਨੇ ਸਾਧ ਨੂੰ ਮੁਆਫੀ ਜੱਥੇਦਾਰ ਅਕਾਲ ਤਖਤ ਤੇ ਜੋਰ ਪੁਆ ਕੇ ਦੁਆਈ। ਜ. ਗੁਰਮੁੱਖ ਸਿੰਘ ਨੇ ਕਿਹਾ ਸੀ ਕਿ ਉਹ ਜ. ਗਿਆਨੀ ਗੁਰਬਚਨ ਸਿੰਘ ਤੇ ਅਨੰਦਪੁਰ ਸਾਹਿਬ ਦੇ ਜੱਥੇਦਾਰ ਨਾਲ ਬਾਦਲ ਸਾਹਿਬ ਦੀ ਕੋਠੀ ਚੰਡੀਗੜ੍ਹ ਗਏ, ਉੱਥੇ ਹੀ ਲਿਖਿਆ ਮੁਆਫੀਨਾਮਾ ਮਿਲਿਆ। ਉਸ ਸਮੇਂ ਗੁਰਮੁੱਖ ਸਿੰਘ ਨੇ ਦਲੇਰੀ ਦਿਖਾਈ। ਇਸ ਤੇ ਸਾਰੇ ਪੰਥ ਵਿੱਚ ਰੌਲਾ ਪੈਣ ਤੇ ਮੁਆਫੀਨਾਮਾ ਜੱਥੇਦਾਰ ਸਾਹਿਬ ਨੇ ਰੱਦ ਕਰ ਦਿੱਤਾ। ਬਾਦਲ ਪਰਿਵਾਰ ਦੇ ਵਿਰੁੱਧ ਪੰਜਾਬ ਦੇ ਲੋਕਾਂ ਵਿੱਚ ਵਿਦਰੋਹ ਹੈ। ਸ. ਸੁਖਦੇਵ ਸਿੰਘ ਢੀਂਡਸਾ ਨੇ ਪਹਿਲਾਂ ਜ. ਗੁਰਬਚਨ ਸਿੰਘ ਨੂੰ ਹਟਾਉਣ ਦਾ ਸੁਝਾਅ ਦਿੱਤਾ ਸੀ ਪਰ ਬਾਦਲ ਪਰਿਵਾਰ ਦੀਆਂ ਨਜਦੀਕੀਆਂ ਕਾਰਨ ਢੀਂਡਸੇ ਦੀ ਗੱਲ ਨਾ ਮੰਨੀ। ਬਹੁਤ ਚੰਗਾ ਕੀਤਾ ਉਨ੍ਹਾਂ ਨੇ ਜਨਰਲ ਸਕੱਤਰੀ ਤੇ ਅਕਾਲੀ ਦਲ ਦੀ ਕੋਰ ਕਮੇਟੀ ਤੋਂ ਅਸਤੀਫੇ ਦੇ ਦਿੱਤੇ, ਭਾਵੇਂ ਅਕਾਲੀ ਦਲ ਦੇ ਮੈਂਬਰ ਹਨ।
    ਅਸਲ ਵਿੱਚ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਦੇ 2015 ਦੇ ਬਿਆਨ ਤੇ ਜਸਟਿਸ ਦੀ ਇਨਕੁਆਰੀ ਨੇ ਇਹ ਗੱਲ ਸਾਫ ਕਰ ਦਿੱਤੀ ਹੈ ਕਿ ਇਹ ਮਾੜਾ ਕਾਰਨਾਮਾ ਬਾਦਲ ਪਰਿਵਾਰ ਨੇ ਸਾਧ ਨੂੰ ਖੁਸ਼ ਕਰਨ ਲਈ ਉਨ੍ਹਾਂ ਨੂੰ ਇਜਾਜਤ ਦਿੱਤੀ, ਭਾਵੇਂ ਹੁਣ ਗੁਰਮੁੱਖ ਸਿੰਘ ਆਦਿ ਮੁਕਰ ਗਏ ਹਨ, ਪਰ ਪਹਿਲੇ ਬਿਆਨ ਸੱਚੇ ਸਨ। ਅਸਲ ਵਿੱਚ ਬਾਦਲ ਪਰਿਵਾਰ ਦੀ ਪੋਲ ਖੁੱਲ ਹੀ ਗਈ ਹੈ। ਇਹ ਗੱਲ ਨੰਗੀ ਹੋ ਗਈ ਹੈ। ਸ. ਸੁਖਬੀਰ ਸਿੰਘ ਬਾਦਲ ਪੋਲ ਖੋਲ ਰੈਲੀਆਂ ਕਰ ਗਏ ਹਨ, ਜਦੋਂ ਕਿ ਪੋਲ ਉਨ੍ਹਾਂ ਦੀ ਖੁੱਲੀ ਹੈ। ਸ. ਰਣਜੀਤ ਸਿੰਘ ਬਰਮਪੁਰਾ, ਸ. ਸੇਵਾ ਸਿੰਘ ਸੇਖਵਾਂ ਤੇ ਜ. ਰਤਨ ਸਿੰਘ ਅਜਨਾਲਾ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਨਫਰੰਸ ਕੀਤੀ। ਕਹਿੰਦੇ ਹਨ ਕਿ ਉਹ ਵੀ ਅਸਤੀਫਾ ਦੇਣਾ ਚਾਹੁੰਦੇ ਸਨ, ਪਰ ਕੋਸ਼ਿਸ਼ ਕਰਕੇ ਅਸਤੀਫਾ ਰੋਕ ਲਿਆ। ਪਰ ਉਨ੍ਹਾਂ ਨੇ ਆਪਣੀ ਨਰਾਜਗੀ ਪ੍ਰਗਟ ਕਰ ਦਿੱਤੀ। ਪੰਜਾਬ ਦੇ ਲੋਕ ਸਮਝ ਗਏ ਹਨ। ਕਈ ਨਲਾਇਕ ਅਜੇ ਵੀ ਬਾਦਲ ਪਰਿਵਾਰ ਦੀ ਗੁਲਾਮੀ ਕਰ ਰਹੇ ਹਨ। ਹੁਣ ਰੁੱਸਿਆ ਨੂੰ ਮਨਾਉਣ ਦੀ ਮੁਹਿੰਮ ਚੱਲੀ ਹੈ। ਪਰ ਪੰਜਾਬ ਦਾ ਹਰ ਵਿਅਕਤੀ ਜੋ ਥੋੜੀ ਜਿਹੀ ਵੀ ਸਮਝ ਰੱਖਦਾ ਹੈ, ਉਹ ਜਾਣ ਗਿਆ ਹੈ ਕਿ ਪੋਲ ਖੁੱਲ ਗਈ ਹੈ। ਮੇਰੀ ਸਮਝ ਵਿੱਚ ਪੰਜਾਬੀ ਮੁਆਫ ਨਹੀਂ ਕਰਨਗੇ।
 

ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

07 Oct. 2018

ਅਕਾਲ ਤਖਤ ਸਾਹਿਬ ਦੀ ਹਸਤੀ ਬਚਾਓ - ਹਰਦੇਵ ਸਿੰਘ ਧਾਲੀਵਾਲ

ਅਕਾਲ ਤਖਤ ਸਾਹਿਬ ਦੀ ਸਿਰਜਣਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤੀ ਸੀ। ਕਿਹਾ ਜਾਂਦਾ ਹੈ, ਕਿ ਦਰਸ਼ਨੀ ਡਿਊਢੀ ਦੇ ਸਾਹਮਣੇ ਇੱਕ ਥੜਾ ਸੀ, ਛੇਵੇਂ ਪਾਤਸ਼ਾਹ ਨੇ ਇਸ ਨੂੰ ਸੰਵਾਰ ਕੇ ਅਕਾਲ ਤਖਤ ਸਾਹਿਬ ਦੀ ਰਚਨਾ ਕੀਤੀ। ਇਸ ਦਾ ਭਾਵ ਵਾਹਿਗੁਰੂ ਦਾ ਤਖਤ ਹੈ। ਜਿੱਥੇ ਉਸ ਸਮੇਂ ਹੱਕ ਤੇ ਸੱਚ ਤੇ ਨਬੇੜੇ ਹੁੰਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਚਾਹੁੰਦੇ ਸਨ ਕਿ ਸਿੱਖ ਆਪਣੇ ਝਗੜੇ ਆਪ ਨਬੇੜੇ ਲੈਣ ਤੇ ਮੁਗਲਾਂ ਦੀ ਅਦਾਲਤਾਂ ਵਿੱਚ ਨਾ ਭਟਕਣ। ਇੱਥੇ ਬੈਠ ਕੇ ਉਹ ਸਰੀਰ ਦੀ ਕਰਤੱਵ ਦੇਖਦੇ ਸਨ, ਘੋਲ ਕਰਾਉਂਦੇ ਦੇ ਢਾਡੀਆਂ ਤੋਂ ਵਾਰਾਂ ਵੀ ਸੁਣਦੇ ਸਨ। ਬਾਜ ਨੂੰ ਸ਼ਰਨ ਦੇਣ ਤੇ ਲਹੌਰ ਨਾਲ ਸਬੰਧ ਬਿਗੜ ਗਏ। ਫੇਰ ਕਰਤਾਰਪੁਰ ਤੇ ਮਾਲਵੇ ਵਿੱਚ ਲੜਾਈਆਂ ਹੋਈਆਂ ਅਖੀਰ ਨੂੰ ਕੀਰਤਪੁਰ ਸਾਹਿਬ ਅਬਾਦ ਕਰ ਦਿੱਤਾ। 1717 ਤੋਂ ਪਿੱਛੋਂ ਸਿੱਖ ਜੱਥੇ ਦਿਵਾਲੀ ਤੇ ਵਿਸਾਖੀ ਨੂੰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅਕਸਰ ਆਉਂਦੇ ਸਨ ਅਤੇ ਅਕਾਲ ਤਖਤ ਸਾਹਿਬ ਦੇ ਬੈਠ ਕੇ ਭਾਈਚਾਰਕ ਤੌਰ ਤੇ ਆਪਣੇ ਝਗੜੇ ਨਿਪਟਾਉਂਦੇ ਤੇ ਅਗਲਾ ਪ੍ਰੋਗਰਾਮ ਲੈ ਕੇ ਜਾਂਦੇ ਸਨ। ਅਕਾਲ ਤਖਤ ਦੇ ਜੱਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਸ਼ੇਰ ਦਿਲ ਇਨਸ਼ਾਨ ਹੋਏ, ਜਿਨ੍ਹਾਂ ਮਹਾਰਾਜਾ ਰਣਜੀਤ ਸਿੰਘ ਨੂੰ ਥਮਲੇ ਨਾਲ ਬੰਨ੍ਹ ਕੇ ਸਜਾ ਸੁਣਾਈ ਸੀ। ਅਕਾਲ ਤਖਤ ਦੇ ਜੱਥੇਦਾਰ ਤੇਜਾ ਸਿੰਘ ਭੁੱਚਰ, ਊਧਮ ਸਿੰਘ ਨਾਗੋਕੇ, ਗਿਆਨੀ ਗੁਰਮੁਖ ਸਿੰਘ ਮੁਸਾਫਰ, ਜੱਥੇਦਾਰ ਮੋਹਨ ਸਿੰਘ ਨਾਗੋਕੇ ਤੇ ਸਾਧੂ ਸਿੰਘ ਭੌਰਾ ਵਰਗੇ ਸਿਰੜੀ ਮਨੁੱਖ ਰਹੇ, ਜਿਨ੍ਹਾਂ ਨੇ ਅਕਾਲ ਤਖਤ ਸਹਿਬ ਦੀ ਪ੍ਰਤਿਭਾ ਉੱਚੀ ਬਹਾਲ ਰੱਖੀ।
    ਮੇਰੇ ਕੋਲ ਅਖ਼ਬਾਰ ਪੰਜਾਬ ਦੀਆਂ ਬਾਰਾਂ ਫਾਈਲਾਂ ਪਈਆਂ ਸਨ, ਇਹ ਪੇਪਰ ਕੌਮੀ ਦਰਦ, ਅਸਲੀ ਕੌਮੀ ਦਰਦ, ਸਿੱਖ ਸੇਵਕ, ਖਾਲਸਾ ਸੇਵਕ ਤੋਂ ਪਿੱਛੋਂ ਅਖ਼ਬਾਰ ਪੰਜਾਬ ਗਿਆਨੀ ਸ਼ੇਰ ਸਿੰਘ ਜੀ ਕੱਢਦੇ ਰਹੇ ਤੇ 1926 ਤੋਂ 1944 ਤੱਕ ਉਨ੍ਹਾਂ ਦੀ ਅਵਾਜ ਸੀ। ਪੰਜਾਬ ਹਫਤੇਵਾਰ ਮੇਰੇ ਪਿਤਾ ਮਾਰਚ 1947 ਤੱਕ ਕੱਢਦੇ ਰਹੇ। ਸਿੱਖ ਸਿਆਸਤ ਦੀਆਂ ਯਾਦਾਂ ਲਿਖਣ ਲਈ 1970 ਵਿੱਚ ਮੇਰੇ ਕੋਲੋਂ ਸਵ: ਗਿਆਨੀ ਕਰਤਾਰ ਸਿੰਘ 8 ਫਾਈਲਾਂ ਲੈ ਗਏ, ਫੇਰ ਉਹ ਮੈਨੂੰ ਨਾ ਮਿਲੀਆਂ, ਕਿਉਂਕਿ ਉਹ ਬੀਮਾਰ ਹੀ ਰਹੇ ਤੇ ਅਖੀਰ ਉਹ ਸਵਰਗਵਾਸ ਹੋ ਗਏ। ਸਿੱਖ ਸਿਆਸਤ ਵਿੱਚ ਮਾਸਟਰ ਤਾਰਾ ਸਿੰਘ ਤੇ ਗਿਆਨੀ ਸ਼ੇਰ ਸਿੰਘ 1940 ਤੱਕ ਲੜੇ। ਇਸ ਲੜਾਈ ਦਾ ਗਿਆਨੀ ਕਰਤਾਰ ਸਿੰਘ ਨੇ ਸੁਲਝੇ ਢੰਗ ਨਾਲ ਆਪਣੀ ਯਾਦ ਵਿੱਚ ਜਿਕਰ ਕੀਤਾ ਹੈ। 1939 ਨੂੰ ਸਿੱਖ ਫੌਜੀਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਇੱਕ ਪੁੱਛ ਆਈ, ਉਸ ਵਿੱਚ ਕਿਹਾ ਸੀ ਕਿ ਸਿੱਖ ਫੌਜੀਆਂ ਨੂੰ ਜੰਗ ਦੇ ਮੈਦਾਨ ਵਿੱਚ ਸਿਰ ਤੇ ਸੁਰੱਖਿਆ ਲਈ ਲੋਹ ਟੋਪ ਪਹਿਨਣਾ ਪੈਂਦਾ ਹੈ, ਤਾਂ ਅਕਾਲ ਤਖਤ ਸਾਹਿਬ ਨੇ ਵਿਰੋਧੀ ਧਿਰ ਦੇ ਲੀਡਰ ਤੇ ਹੋਰ ਚਿੰਤਕ ਸੱਦ ਕੇ ਰਾਇ ਕੀਤੀ ਤਾਂ ਸਾਰਿਆਂ ਨੇ ਕਿਹਾ ਕਿ ਸੁਰੱਖਿਆ ਲਈ ਜੇਕਰ ਲੋਹ ਟੋਪ ਛੋਟੀ ਪੱਗ ਤੇ ਪਾਇਆ ਜਾ ਸਕਦਾ ਹੈ ਤਾਂ ਪਾ ਲਵੋ, ਦੂਜਾ ਸਵਾਲ ਸੀ ਕਿ ਫੌਜੀਆਂ ਨੂੰ ਕਈ ਥਾਂ ਗਊ ਦੇ ਮਾਸ ਵਾਲੀ ਖੁਰਾਕ ਖਾਣੀ ਪੈਂਦੀ ਹੈ। ਉਸ ਸਬੰਧ ਵਿੱਚ ਲਿਖਿਆ ਸੀ ਕਿ ਅਸੀਂ ਗਊ ਦਾ ਮਾਸ ਨਹੀਂ ਖਾਂਦੇ ਕਿਉਂਕਿ ਅਸੀਂ ਹਿੰਦੂਆਂ ਨੂੰ ਚਿੜਾਉਣਾ ਨਹੀਂਂ ਚਾਹੁੰਦੇ। ਗਊ ਤੋਂ ਸਾਨੂੰ ਦੁੱਧ ਮਿਲਦਾ ਹੈ ਤੇ ਇਹਦੇ ਬੱਛੜੇ ਵੱਡੇ ਹੋ ਕੇ ਹਲਾਂ ਵਿੱਚ ਜੁੜਦੇ ਹਨ। ਪਰ ਸਮੇਂ ਅਨੁਸਾਰ ਵਰਤ ਲਓ। ਇਹ ਪੇਪਰ ਹੁਣ ਮੇਰੇ ਕੋਲ ਨਹੀਂ। ਮੇਰਾ ਭਾਵ ਅਕਾਲ ਤਖਤ ਦੇ ਜੱਥੇਦਾਰ ਕੋਈ ਗੱਲ ਕਹਿਣ ਤੋਂ ਪਹਿਲਾਂ ਸਿੱਖ ਵਿਦਵਾਨਾਂ ਨਾਲ ਰਾਇ ਕਰਨੀ ਜ਼ਰੂਰੀ ਸਮਝਦੇ ਸਨ।
    ਜੱਥੇਦਾਰ ਖਾਸ ਕਰਕੇ ਅਕਾਲ ਤਖਤ ਸਾਹਿਬ ਨੂੰ ਸਿਆਸਤ ਵਿੱਚ ਨਹੀਂ ਪੈਣਾ ਚਾਹੀਦਾ। 1989-90 ਦੀ ਲੋਕ ਸਭਾ ਚੋਣ ਸਮੇਂ ਕਾਮਰੇਡ ਹਰਕ੍ਰਿਸ਼ਨ ਸਿੰਘ ਸੁਰਜੀਤ ਅਕਸ਼ਰ ਕਹਿੰਦਾ ਰਿਹਾ ਸੀ ਕਿ ਅਕਾਲ ਤਖਤ ਗਿਆਨੀ ਸ਼ੇਰ ਸਿੰਘ ਤੇ ਮਾ. ਤਾਰਾ ਸਿੰਘ ਦੀ ਲੜਾਈ ਸਮੇਂ ਦਖਲ ਨਹੀਂ ਸੀ ਦਿੰਦਾ ਹੁਣ ਕਿਉਂ ਦਿੰਦਾ ਹੈ? ਇਸ ਦਾ ਭਾਵ ਇਹੋ ਹੀ ਹੈ ਕਿ ਜੱਥੇਦਾਰ ਸਿਆਸੀ ਝਮੇਲਿਆਂ ਵਿੱਚ ਨਾ ਪਵੇ। ਅਕਾਲ ਤਖਤ ਸਹਿਬ ਨੂੰ ਮਾਸਟਰ ਜੀ ਤੇ ਸੰਤ ਫਤਿਹ ਸਿੰਘ ਹੋਰਾਂ ਨੇ ਵੀ ਵਰਤਿਆ, ਪਰ ਅਖੀਰ ਨੂੰ ਸਜਾ ਭੁਗਤਣੀ ਪਈ। ਇਹ ਚੰਗੀ ਰਿਵਾਇਤ ਸੀ। ਅਕਾਲ ਤਖਤ ਜੱਥੇਦਾਰ ਸ਼੍ਰੋਮਣੀ ਕਮੇਟੀ ਦੀ ਅਗਜੈਕਟਿਵ ਲਾਉਂਦੀ ਹੈ ਤੇ ਉਹੀ ਹਟਾ ਸਕਦੀ ਹੈ। ਮੈਂ ਕਈ ਵਾਰ ਲਿਖ ਚੁੱਕਿਆ ਹਾਂ ਕਿ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਸ਼੍ਰੋਮਣੀ ਕਮੇਟੀ ਦਾ ਜਨਰਲ ਹਾਊਸ 2/3 ਦੇ ਅਨੁਸਾਰ ਲਾਏ ਤੇ ਜੇ ਹਟਾਉਣਾ ਹੋਵੇ ਤਾਂ ਵੀ ਜਨਰਲ ਹਾਊਸ ਹੀ ਉਸ ਨੂੰ ਹਟਾ ਸਕੇ। ਇਸ ਨਾਲ ਜੱਥੇਦਾਰ ਦੀ ਗਲਤ ਵਰਤੋਂ ਨਹੀਂ ਹੋਏਗੀ।
    ਸ. ਸੁਰਜੀਤ ਸਿੰਘ ਬਰਨਾਲਾ ਸੁਲਝੇ ਸ਼ਰੀਫ ਇਨਸ਼ਾਨ ਸਨ, ਪਰ ਸੰਤ ਲੌਗੋਵਾਲ ਤੋਂ ਮਰਗੋਂ ਉਹ ਇੱਕ ਵੱਡੀ ਗਲਤੀ ਕਰ ਗਏ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਨਾਲ ਮੁੱਖ ਮੰਤਰੀ ਵੀ ਬਣ ਗਏ। ਇਹ ਗੱਲ ਗਲਤ ਸੀ, ਇਸ ਪ੍ਰੰਪਰਾ ਦਾ ਲਾਭ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨੇ ਪੂਰਾ ਉਠਾਇਆ। ਅਕਾਲ ਤਖਤ ਸਾਹਿਬ ਤੇ ਕਬਜਾ ਕਰਨ ਲਈ 1996 ਵਿੱਚ ਟੌਹੜਾ ਸਾਹਿਬ ਦੇ ਮੈਂਬਰਾਂ ਦੀ ਗਿਣਤੀ ਸ਼੍ਰੋਮਣੀ ਕਮੇਟੀ ਵਿੱਚੋਂ ਘਟਾ ਦਿੱਤੀ ਤੇ ਟੌਹੜਾ ਸਾਹਿਬ ਦੇ ਇੱਕ ਸਧਾਰਨ ਬਿਆਨ ਤੇ ਭਾਈ ਰਣਜੀਤ ਸਿੰਘ ਨੂੰ ਪਾਸੇ ਕਰ ਦਿੱਤਾ। ਉਨ੍ਹਾਂ ਨੇ ਤਾਂ ਸਿਰਫ ਇਹੋ ਹੀ ਕਿਹਾ ਸੀ ਕਿ ਖਾਲਸੇ ਦਾ 300 ਸਾਲਾ ਜਨਮ ਦਿਨ ਇਕੱਠੇ ਮਨਾ ਲਓ, ਫਿਰ ਲੜ ਲੈਣਾ। ਉਸ ਤੋਂ ਪਿੱਛੋਂ ਗਿਆਨੀ ਪੂਰਨ ਸਿੰਘ ਤੇ ਵਿਦਾਂਤੀ ਜੀ ਵੀ ਵਰਤੇ ਗਏ। ਪਰ ਬਾਦਲ ਸਾਹਿਬ ਜੱਥੇਦਾਰ ਨੂੰ ਮਰਜੀ ਨਾਲ ਬੋਲਣ ਨਹੀਂ ਸੀ ਦਿੰਦੇ। ਸੱਚ ਤਾਂ ਉਹ ਚਾਹੁੰਦੇ ਹੀ ਨਹੀਂ ਸੀ।
    28 ਅਗਸਤ ਨੂੰ ਭਾਈ ਹਰਮਿੰਦਰ ਸਿੰਘ ਨੇ ਅਸੈਂਬਲੀ ਵਿੱਚ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਸਮੇਂ ਬਿਆਨ ਦਿੱਤਾ ਸੀ ਉਨ੍ਹਾਂ ਨੇ ਗਿਆਨੀ ਗੁਰਬਚਨ ਸਿੰਘ ਦੀ ਜਾਇਦਾਤ ਬਾਰੇ ਵਿਸਥਾਰਪੂਰਵਕ ਗੱਲ ਕੀਤੀ। ਪਿੰਡ ਦੀ ਅਸਲੀ ਜਮੀਨ 4 ਕਿੱਲੇ ਦੱਸੀ ਸੀ, ਮੁਕਤਸਰ, ਅੰਮ੍ਰਿਤਸਰ ਤੇ ਚੰਡੀਗੜ੍ਹ ਦੀ ਜਾਇਦਾਤ ਦੀ ਗੱਲ ਖੁੱਲ ਕੇ ਕੀਤੀ। ਪਰ ਜੱਥੇਦਾਰ ਨੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਵੱਲੋਂ ਉਹ ਵੇਰਵੇ ਝੁਠਲਾਏ ਨਹੀਂ ਗਏ। ਨਾ ਹੀ ਉਨ੍ਹਾਂ ਦੇ ਸਰਬਰਾ ਬਾਦਲ ਸਾਹਿਬ ਵੱਲੋਂ ਕੋਈ ਤਰਦੀਦ ਕੀਤੀ ਗਈ। ਭਾਈ ਗੁਰਮੁਖ ਸਿੰਘ ਦੇ 2015 ਦੇ ਬਿਆਨ ਵਿੱਚ ਸਪੱਸ਼ਟ ਹੋ ਗਿਆ ਸੀ ਕਿ ਉਸ ਦੇ ਭਾਈ ਹਿੰਮਤ ਸਿੰਘ ਨੇ ਵੀ 6 ਸਫੇ ਦਾ ਬਿਆਨ ਆਪ ਲਿਖ ਕੇ ਰਣਜੀਤ ਸਿੰਘ ਨੂੰ ਕਮਿਸ਼ਨ ਦਿੱਤਾ ਸੀ, ਪਰ ਹੁਣ ਦੋਵੇਂ ਮੁਕਰ ਗਏ ਹਨ, ਪਰ ਲੋਕਾਂ ਦੀ ਕਚਹਿਰੀ ਵਿੱਚ 2015 ਦੇ ਤੱਥਾਂ ਨੂੰ ਲਕੋਇਆ ਨਹੀਂ ਜਾ ਸਕਦਾ। ਹੈਰਾਨੀ ਹੁੰਦੀ ਹੈ ਕਥਿਤ ਆਕਲੀ ਦਲ ਦੀ ਸੀਨੀਅਰ ਲੀਡਰਸਿੱਪ ਜੋ ਸਭ ਕੁੱਝ ਜਾਣਦੀ ਹੈ, "ਪੋਲ ਖੋਲ ਰੈਲੀਆਂ" ਕਰ ਰਹੀ ਹੈ ਪੋਲ ਤਾਂ ਹੁਣ ਬਿਲਕੁਲ ਸਾਫ ਹੋ ਚੁੱਕੀ ਹੈ। ਚੰਗਾ ਕੀਤਾ ਸ. ਸੁਖਦੇਵ ਸਿੰਘ ਢੀਂਡਸਾ ਜਨਰਲ ਸਕੱਤਰ ਅਕਾਲੀ ਦਲ ਨੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਅਸਤੀਫਾ ਦੇਣ ਲਈ ਕਹਿ ਦਿੱਤਾ ਜੇਕਰ ਜੱਥੇਦਾਰ ਇੱਜਤ ਰੱਖਦੇ ਹੁੰਦੇ ਤਾਂ ਉਸ ਬਿਆਂਨ ਤੋਂ ਪਿੱਛੋਂ ਤੁਰਤ ਅਸਤੀਫਾ ਆਪ ਹੀ ਪੇਸ਼ ਕਰ ਦਿੰਦੇ।
    ਸ. ਪ੍ਰਕਾਸ਼ ਸਿੰਘ ਬਾਦਲ 100 ਸਾਲ ਨੂੰ ਢੁੱਕੇ ਹਨ, ਪਰ ਭਾਵੇਂ ਅਜੇ ਮੰਨਦੇ ਨਹੀਂ। ਤਾਕਤਵਰ ਦਵਾਈਆਂ ਹੋਰ ਵਾਧੂ ਉਮਰ ਨਹੀਂ ਵਧਾ ਸਕਣਗੀਆਂ। ਚੰਗਾ ਹੁੰਦਾ ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਦਰਬਾਰ ਸਾਹਿਬ ਵਿੱਚ ਇਸ਼ਨਾਨ ਕਰਕੇ ਅਕਾਲ ਤਖਤ ਤੇ ਪੇਸ਼ ਹੋ ਜਾਂਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਬੇਪਤੀ ਦੀ ਜਿੰਮੇਵਾਰੀ ਲੈਦੇ। ਜੱਥੇਦਾਰ ਭਾਵੇਂ ਕੋਈ ਵੀ ਹੁੰਦਾ ਉਹ ਵਾਹਿਗੁਰੂ ਦੀ ਕਚਹਿਰੀ ਵਿੱਚ ਸੁਰਖਰੂ ਹੋ ਜਾਣੇ ਸਨ। ਗਿਆਨੀ ਗੁਰਮੁਖ ਸਿੰਘ ਦੀ ਮੁੱਕਰੀ ਗਵਾਹੀ ਤੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਨੇ ਇਹ ਤੱਥ ਹਰ ਸਧਾਰਨ ਆਦਮੀ ਸਾਹਮਣੇ ਰੱਖ ਦਿੱਤੇ ਹਨ। ਚੰਗਾ ਹੋਵੇ ਕਿ ਇਸ ਕੁਕਰਮ ਨੂੰ ਰੈਲੀਆਂ ਕਰਕੇ ਨਾ ਉਛਾਲਣ, ਗਲਤੀ ਮੰਨ ਲੈਣ।


ਹਰਦੇਵ ਸਿੰਘ ਧਾਲੀਵਾਲ,
ਰਿਟ: ਐਸ.ਐਸ.ਪੀ.,
ਪੀਰਾਂ ਵਾਲਾ ਗੇਟ, ਸੁਨਾਮ
ਮੋਬ: 98150-37279

23 Sep. 2018