Mohinder Singh Mann

ਟੱਪੇ - ਮਹਿੰਦਰ ਸਿੰਘ ਮਾਨ

ਨਸ਼ੇ ਗੱਭਰੂ ਕਰੀ ਜਾਂਦੇ ਨੇ,
ਮਾਪੇ ਰੋਂਦੇ ਰਹਿ ਜਾਂਦੇ ਨੇ
ਪੁੱਤ ਜਵਾਨੀ 'ਚ ਮਰੀ ਜਾਂਦੇ ਨੇ।
ਜਾਤਾਂ-ਪਾਤਾਂ 'ਚ ਕੁਝ ਨਹੀਂ ਰੱਖਿਆ,
ਆਪਸ 'ਚ ਲੜ ਕੇ ਮਰ ਜਾਓਗੇ
ਜੇ ਨਾ ਇਨ੍ਹਾਂ ਦਾ ਖਹਿੜਾ ਛੱਡਿਆ।
ਮਾਂ ਬੋਲੀ ਨੂੰ ਵਿਸਾਰੀ ਜਾਂਦੇ ਨੇ,
ਸ਼ਹਿਦ ਵਰਗੀ ਮਿੱਠੀ ਪੰਜਾਬੀ ਛੱਡ ਕੇ
ਗੱਲਾਂ ਅੰਗਰੇਜ਼ੀ 'ਚ ਮਾਰੀ ਜਾਂਦੇ ਨੇ।
ਧੀਆਂ ਕੁੱਖਾਂ 'ਚ ਮਾਰੀ ਜਾਂਦੇ ਨੇ,
ਧੀਆਂ ਤੋਂ ਸੱਖਣੇ ਘਰ ਕਰਕੇ
ਨੂੰਹਾਂ ਸੋਹਣੀਆਂ ਭਾਲੀ ਜਾਂਦੇ ਨੇ।
ਪੀਜ਼ੇ, ਬਰਗਰ ਖੁਸ਼ ਹੋ ਕੇ ਖਾ ਲਏ ਨੇ,
ਜਦ ਬਣਿਆ ਤੇਜ਼ਾਬ ਢਿੱਡਾਂ 'ਚ
ਡਾਕਟਰਾਂ ਕੋਲ ਜਾ ਡੇਰੇ ਲਾ ਲਏ ਨੇ।
ਸਰਦੀ ਪਿੱਛੋਂ ਗਰਮੀ ਆ ਗਈ ਏ,
ਪਾਣੀ ਮਿਲੇ ਚਾਹੇ ਨਾ ਮਿਲੇ
ਬੋਤਲ ਜੂਸ ਦੀ ਮੂੰਹ ਨੂੰ ਲਾ ਲਈ ਏ।
ਹਰ ਰੁੱਤ ਦਾ ਆਪਣਾ ਰੰਗ ਹੁੰਦਾ ਏ,
ਹੋਰਾਂ ਤੋਂ ਵੱਖਰਾ ਸੋਚਣ ਵਾਲਿਆਂ ਦਾ
ਜਿਉਣ ਦਾ ਵੱਖਰਾ ਢੰਗ ਹੁੰਦਾ ਏ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ  -9915803554

ਲੋਹੇ ਦਾ ਕਿੱਲ ਮਿੱਤਰੋ  - ਮਹਿੰਦਰ ਸਿੰਘ ਮਾਨ

ਲੋਹੇ ਦਾ ਕਿੱਲ ਮਿੱਤਰੋ,
ਬੱਚੇ ਰੱਖੀਏ ਚੰਡ ਕੇ ਸਦਾ
ਬਹੁਤੀ ਦਈਏ ਨਾ ਢਿੱਲ ਮਿੱਤਰੋ।
ਕੋਠੇ ਤੇ ਚਿੜੀਆਂ ਨੇ,
ਇਹ ਰਹਿਣ ਸਲਾਮਤ ਸਦਾ
ਕਾਫੀ ਚਿਰ ਪਿੱਛੋਂ ਦਿੱਸੀਆਂ ਨੇ।
ਅੰਬਰ ਤੇ ਫਿਰ ਘਟਾ ਛਾਈ ਏ,
ਰੱਬ ਕਰਕੇ ਮੀਂਹ ਨਾ ਪਵੇ
ਪਹਿਲਾਂ ਹੀ ਹੋਈ ਬਹੁਤ ਤਬਾਹੀ ਏ।
ਬੱਸ ਅੱਡੇ ਤੋਂ ਤੁਰ ਪਈ ਏ,
ਖੜੀਆਂ ਸਵਾਰੀਆਂ ਨੇ ਔਖੀਆਂ
ਇਹ ਪੂਰੀ ਭਰੀ ਹੋਈ ਏ।
ਪੱਥਰ ਸੜਕ ਵਿਚਕਾਰ ਪਿਆ,
ਏਨੀ ਮਹਿੰਗਾਈ ਦੇ ਵਿੱਚ
ਜਿਉਣ ਦਾ ਕੋਈ ਮਜ਼ਾ ਨਾ ਰਿਹਾ।
ਕੁਰੱਪਸ਼ਨ ਵਿਰੁੱਧ ਮੁਹਿੰਮ ਚੱਲ ਰਹੀ,
ਲੋਕਾਂ ਦੇ ਜਾਇਜ਼ ਕੰਮ ਵੀ
ਕਰਨੋਂ ਹੱਟ ਗਏ ਅਫਸਰ ਕਈ।
ਬਦਲਾਅ ਹੋਇਆ ਲੱਗਦਾ ਏ,
ਲੋਕਾਂ ਨੂੰ ਘਰ ਬਣਾਉਣ ਲਈ
ਰੇਤਾ ਬੜਾ ਔਖਾ ਮਿਲਦਾ ਏ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554 

ਟੱਪੇ - ਮਹਿੰਦਰ ਸਿੰਘ ਮਾਨ

 ਨਲਕਾ ਦਿਸੇ ਨਾ ਚਲਦਾ ਕੋਈ,
ਅੱਜ ਦੇ ਮਨੁੱਖ ਦੇ ਕੰਮਾਂ ਨਾਲ
ਪਾਣੀ ਦੀ ਇਹ ਹਾਲਤ ਹੋਈ।
ਕਾਮਾ ਰੱਜ ਕੇ ਮਿਹਨਤ ਕਰੇ,
ਫੇਰ ਵੀ ਦੋ ਵੇਲੇ ਦੀ ਰੋਟੀ
ਨਾ ਪੱਕਦੀ ਉਸ ਦੇ ਘਰੇ।
ਕਾਰਾਂ ਸੌ ਦੀ ਸਪੀਡ ਤੇ ਚਲਾਣ ਲੋਕੀਂ,
ਜਦ ਵੱਜ ਜਾਵੇ ਆਸੇ,ਪਾਸੇ
ਫੇਰ ਡਾਢਾ ਪਛਤਾਣ ਲੋਕੀਂ।
ਮੇਜ਼ ਤੇ ਅਖਬਾਰ ਪਈ ਅੱਜ ਦੀ,     
ਮਾਰ-ਧਾੜ ਦੀਆਂ ਖਬਰਾਂ ਤੋਂ ਬਿਨਾਂ
ਹੋਰ ਕੋਈ ਖਬਰ ਦਿਸੇ ਨਾ ਚੱਜਦੀ।
ਬੱਸਾਂ ਰੋਡਵੇਜ਼ ਦੀਆਂ ਚਲਦੀਆਂ ਨੇ,
ਫਰੀ ਸਫਰ ਦੀ ਸਹੂਲਤ ਕਰਕੇ
ਇਹ ਔਰਤਾਂ ਨਾਲ ਭਰੀਆਂ ਲਗਦੀਆਂ ਨੇ।
  ਸਰਕਾਰੀ ਸਕੂਲ, ਕਾਲਜ ਬਥੇਰੇ ਨੇ,

ਪੋਸਟਾਂ ਭਰੀਆਂ ਨਾ ਹੋਣ ਕਰਕੇ 
ਇਨ੍ਹਾਂ ਵਿੱਚ ਘੁੱਪ ਹਨੇਰੇ ਨੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਟੱਪੇ - ਮਹਿੰਦਰ ਸਿੰਘ ਮਾਨ

ਨਹਿਰ 'ਚ ਪਾਣੀ ਹੁਣੇ ਹੁਣੇ ਆਇਆ ਏ,
ਟੂਣੇ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ
ਆਪਣੇ ਨਾਲ ਰੋੜ੍ਹ ਲਿਆਇਆ ਏ।
ਪੰਮਾ ਗਲੀਆਂ 'ਚ ਫਿਰੇ ਸ਼ਰਾਬੀ ਹੋ ਕੇ,
ਕੋਈ ਪੈਸਾ ਕਮਾ ਕੇ ਲਿਆਵੇ ਨਾ ਘਰ ਨੂੰ
ਪਤਨੀ ਨੇ ਬੁਰਾ ਹਾਲ ਕੀਤਾ ਏ ਰੋ ਰੋ ਕੇ।
ਬਾਲਟੀ ਪਾਣੀ ਨਾਲ ਭਰੀ ਹੋਈ ਏ,
ਉਸ ਨੇ ਰਿਸ਼ਵਤ ਲੈਣੋਂ ਨਹੀਂ ਹੱਟਣਾ
ਜਿਸ ਦੀ ਜ਼ਮੀਰ ਮਰੀ ਹੋਈ ਏ।
ਪਾਂਡਾ ਦਰਵਾਜ਼ੇ ਤੇ ਖੜ੍ਹ ਗਿਆ ਆ ਕੇ,
ਉਸ ਨੇ ਚੁੱਪ ਕਰਕੇ ਨਹੀਂ ਜਾਣਾ
ਉਹ ਜਾਊ ਘਰ ਵਿੱਚ ਅੱਗ ਲਾ ਕੇ।
ਲਿਫਾਫੇ ਤੇ ਕੂੜਾ ਪਿਆ ਏ ਚਾਰੇ ਪਾਸੇ,
ਜਿੱਥੇ ਏਨਾ ਗੰਦ ਪਿਆ ਹੋਵੇ
ਉੱਥੇ ਰਹਿੰਦੇ ਲੋਕਾਂ ਨੂੰ ਕੀ ਆਣੇ ਹਾਸੇ?
ਬੰਦਾ ਕੁਦਰਤ ਨਾਲ ਖਿਲਵਾੜ ਕਰੀ ਜਾਵੇ,
ਕਿਤੇ ਉਹ ਪਹਾੜਾਂ ਨੂੰ ਤੋੜੀ ਜਾਵੇ
ਕਿਤੇ ਜੰਗਲਾਂ ਨੂੰ ਅੰਨ੍ਹੇ ਵਾਹ ਕੱਟੀ ਜਾਵੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਟੱਪੇ - ਮਹਿੰਦਰ ਸਿੰਘ ਮਾਨ

ਦਰਿਆ ਵਿੱਚ ਪਾਣੀ ਨਹੀਂ,
ਕਾਹਤੋਂ ਮਾਇਆ ਕੱਠੀ ਕਰਦਾ ਤੂੰ
ਇਹ ਤੇਰੇ ਨਾਲ ਤਾਂ ਜਾਣੀ ਨਹੀਂ।
ਦਾਣੇ ਭੱਠੀ ਵਾਲੀ ਭੁੰਨ ਰਹੀ,
ਉਸ ਨੂੰ ਛੇਤੀ ਭੁੱਲਦੀ ਨਹੀਂ
ਮਾੜੀ ਗੱਲ ਕਿਸੇ ਨੂੰ ਕਹੀ।
ਕੋਈ ਰਾਹ 'ਚ ਟੂਣਾ ਕਰ ਗਿਆ,
ਬੰਦੇ 'ਚ ਗੁਣ ਹੋਣੇ ਚਾਹੀਦੇ
ਰੰਗਾਂ 'ਚ ਕੁੱਝ ਨਹੀਂ ਪਿਆ।
ਟੱਬ ਵਿੱਚ ਪਾਣੀ ਏ,
ਕੋਈ ਕਿਸੇ ਦੀ ਗੱਲ ਨਾ ਸੁਣੇ
ਹਰ ਘਰ ਦੀ ਇਹੋ ਕਹਾਣੀ ਏ।
ਨਵੇਂ ਪੱਤੇ ਲੱਗ ਗਏ ਰੁੱਖਾਂ ਨੂੰ,
ਕਦੇ ਸਮਝੇ ਨਾ ਦੁੱਖ ਆਪਣੇ
ਅਮੀਰ ,ਗਰੀਬ ਦੇ ਦੁੱਖਾਂ ਨੂੰ।
ਸਾਧੂ ਗੇਟ ਦੇ ਬਾਹਰ ਖੜ੍ਹਾ,
ਹਾਕਮ ਬੜਾ ਖੁਸ਼ ਹੋਵੇ
ਲੋਕਾਂ ਨੂੰ ਆਪਸ 'ਚ ਲੜਾ।
ਸਾਧੂ ਦੇ ਗਲ਼ 'ਚ ਮਾਲਾ ਏ,
ਸੰਭਲ ਜਾ ਹੁਣ ਵੀ ਬੰਦਿਆ
ਧਰਤੀ ਹੇਠਲਾ ਪਾਣੀ ਮੁੱਕਣ ਵਾਲਾ ਏ।
ਸਾਡੇ ਖੇਤਾਂ ਵਿੱਚ ਡੇਕਾਂ ਨੇ,
ਇੱਕ, ਦੋ ਬੱਚਿਆਂ ਪਿੱਛੋਂ
ਪੰਜਾਬੀਆਂ ਨੇ ਲਾਈਆਂ ਬਰੇਕਾਂ ਨੇ।

ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਮੇਰੇ ਵੀਰੋ - ਮਹਿੰਦਰ ਸਿੰਘ ਮਾਨ 


ਮੇਰੇ ਵੀਰੋ,
ਮੇਰੇ ਦੇਸ਼ ਦੇ ਕਿਸਾਨੋ,
ਕਿਉਂ ਤੁਸੀਂ 
ਫਾਹੇ ਲੈ ਕੇ ਮਰ ਰਹੇ 
ਕਿਉਂ ਤੁਸੀਂ 
ਆਪਣੇ ਪਰਿਵਾਰਾਂ ਨੂੰ 
ਮੁਸ਼ਕਿਲਾਂ 'ਚ ਪਾ ਰਹੇ।
ਤੁਹਾਡੇ ਏਦਾਂ ਮਰਨ ਨਾਲ 
ਨਾ ਹੀ ਤੁਹਾਨੂੰ 
ਬੀਜ, ਖਾਦ ਤੇ ਕੀਟ ਨਾਸ਼ਕ
ਸਸਤੇ ਮਿਲਣੇ,
ਨਾ ਹੀ ਤੁਹਾਨੂੰ 
ਆਪਣੀਆਂ ਫਸਲਾਂ ਦੇ 
ਸਹੀ ਮੁੱਲ ਮਿਲਣੇ,
ਨਾ ਹੀ ਤੁਹਾਡੇ ਸਿਰ ਚੜ੍ਹੇ
ਲੱਖਾਂ ਰੁਪਏ ਦੇ ਕਰਜ਼ੇ ਉਤਰਨੇ,
ਨਾ ਹੀ ਤੁਹਾਡੇ ਅਸਲੀ ਵੈਰੀ ਦਾ
ਕੁਝ ਵਿਗੜਨਾ।
ਲੋੜ ਹੈ 
ਤੁਹਾਨੂੰ ਆਪਣਾ ਅਸਲੀ ਵੈਰੀ 
ਲੱਭਣ ਦੁੀ
ਤੇ ਕੱਠੇ ਹੋ ਕੇ
ਉਸ ਦੀ ਸੰਘੀ ਘੁੱਟਣ ਦੀ।

ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ  9915803554

ਗ਼ਜ਼ਲ - ਮਹਿੰਦਰ ਸਿੰਘ ਮਾਨ 


ਲੋਕ ਸਮੇਂ ਦੇ ਹਾਕਮ ਤੋਂ ਅੱਕੇ,
ਸੜਕਾਂ ਤੇ ਆ ਗਏ ਹੋ ਕੇ ਕੱਠੇ।
ਰਾਹ ਵਿੱਚ ਕੰਡੇ, ਨਾਲੇ ਘੁੱਪ ਨ੍ਹੇਰਾ,
ਦਿਲ ਵਾਲੇ ਹੀ ਤੁਰ ਸਕਦੇ ਅੱਗੇ।
ਉਹ ਹਰਾ ਭਰਾ ਫੇਰ ਦਿਸੇਗਾ ਛੇਤੀ ,
ਝੜ ਚੁੱਕੇ ਨੇ ਜਿਸ ਰੁੱਖ ਦੇ ਪੱਤੇ।
ਜਾਂ ਫਿਰ ਫਾਡੀ ਨੂੰ ਕੁਝ ਨ੍ਹੀ ਮਿਲਦਾ,
ਜਾਂ ਫਿਰ ਫਾਡੀ ਨੂੰ ਮਿਲਦੇ ਗੱਫੇ।
ਕਹਿੰਦੇ ਦਿਲ ਦੇ ਵਿੱਚ ਰੱਬ ਹੈ ਵਸਦਾ,
ਸਾਨੂੰ ਦਿਲ ਆਪਣਾ ਮੰਦਰ ਲੱਗੇ।
ਨੀਂਦ ਜ਼ਰੂਰੀ ਤਾਂ ਹੈ ਸਿਹਤ ਲਈ,
ਪਰ ਬਹੁਤਾ ਸੌਣਾ ਮਾੜਾ ਲੱਗੇ।
ਕਿੰਝ ਤਰੱਕੀ ਸਾਡਾ ਦੇਸ਼ ਕਰੇ,
ਜਦ ਮੰਗਣ ਬੰਦੇ ਹੱਟੇ, ਕੱਟੇ।

ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ   -9915803554

ਗ਼ਜ਼ਲ - ਮਹਿੰਦਰ ਸਿੰਘ ਮਾਨ

ਜਿਨ੍ਹਾਂ ਨੇ ਲਾ ਲਿਆ ਹੈ ਰੱਟਾ ਬਾਣੀ ਨੂੰ,
ਉਹ ਮੂਰਖ ਸਮਝਦੇ ਨੇ ਹਰ ਪ੍ਰਾਣੀ ਨੂੰ।
ਉਨ੍ਹਾਂ ਨੇ ਅਮਲ ਕਰਨਾ ਕੀ ਇਦ੍ਹੇ ਉੱਤੇ,
ਜੋ ਸਮਝਣ ਆਮਦਨ ਦਾ ਜ਼ਰੀਆ ਬਾਣੀ ਨੂੰ।
ਵਿਖਾਈ ਵੈਰੀਆਂ ਨਾ' ਲੜਨ ਦੀ ਹਿੰਮਤ,
ਕਿਵੇਂ ਭੁੱਲੀਏ ਅਸੀਂ ਝਾਂਸੀ ਦੀ ਰਾਣੀ ਨੂੰ?
ਕਿਤੇ ਇਹ ਸੁੱਟਿਆ ਹੈ ਜਾ ਰਿਹਾ ਐਵੇਂ,
ਕਿਤੇ ਤਰਸੇ ਕੋਈ ਇਕ ਬੂੰਦ ਪਾਣੀ ਨੂੰ।
ਬਦਲਣੇ ਨ੍ਹੀ ਉਦੋਂ ਤੱਕ ਭਾਗ ਲੋਕਾਂ ਦੇ,
ਜਦੋਂ ਤੱਕ ਸਹਿਣਗੇ ਉਹ ਵੰਡ ਕਾਣੀ ਨੂੰ।
ਇਦ੍ਹੇ ਵਿੱਚ ਹੋਣ ਨਾ ਨਸ਼ਈ ਕਿਤੇ 'ਮਾਨਾ',
ਪਰਖ ਲੈ ਆਪਣੀ ਤੂੰ ਯਾਰਾਂ ਦੀ ਢਾਣੀ ਨੂੰ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)
ਪਿੰਨ   144526
ਫੋਨ 9915803554

ਰਾਵਣ - ਮਹਿੰਦਰ ਸਿੰਘ ਮਾਨ 

ਰਾਵਣ ਲੰਕਾ ਦਾ ਸ਼ਕਤੀਸ਼ਾਲੀ ਰਾਜਾ ਸੀ।
ਉਹ ਬੁੱਧੀਮਾਨ ਤੇ ਚਾਰ ਵੇਦਾਂ ਦਾ ਗਿਆਤਾ ਸੀ।
ਉਸ ਦੀ ਭੈਣ ਦਾ ਨੱਕ ਲਛਮਣ ਨੇ ਵੱਢ ਦਿੱਤਾ ਸੀ।
ਇਸੇ ਕਰਕੇ ਉਸ ਨੇ ਸੀਤਾ ਨੂੰ ਅਗਵਾ ਕੀਤਾ ਸੀ।
ਉਸ ਨੇ ਦਸ ਮਹੀਨੇ ਸੀਤਾ ਨੂੰ ਆਪਣੀ ਕੈਦ 'ਚ ਰੱਖਿਆ ਸੀ।
ਪਰ ਉਸ ਦੀ ਇੱਜ਼ਤ ਵੱਲ ਅੱਖ ਚੁੱਕ ਕੇ ਨਹੀਂ ਤੱਕਿਆ ਸੀ।
ਉਸ ਨੇ ਬੜੀ ਬਹਾਦਰੀ ਨਾਲ ਰਾਮ ਨਾਲ ਯੁੱਧ ਕੀਤਾ ਸੀ।
ਯੁੱਧ ਵਿੱਚ ਸਾਰਿਆਂ ਨੇ ਉਸ ਦਾ ਸਾਥ ਦਿੱਤਾ ਸੀ।
ਉਸ ਦੇ ਇਕ ਭਾਈ ਭਵੀਸ਼ਣ ਨੇ ਉਸ ਦਾ ਸਾਥ ਛੱਡਿਆ ਸੀ।
ਉਸ ਦੇ ਰਾਹੀਂ ਹੀ ਰਾਮ ਨੇ ਉਸ ਨੂੰ ਜਾਨੋਂ ਮਾਰਿਆ ਸੀ।
ਕਿੰਨੇ ਸਾਲਾਂ ਤੋਂ ਲੋਕ ਉਸ ਦਾ ਪੁਤਲਾ ਬਣਾ ਰਹੇ ਨੇ।
ਉਸ 'ਚ ਪਟਾਕੇ ਤੇ ਆਤਿਸ਼ਬਾਜ਼ੀਆਂ ਰੱਖ ਅੱਗ ਲਾ ਰਹੇ ਨੇ।
ਜਾਣ ਬੁਝ ਕੇ ਉਹ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਨੇ।
ਬੱਚਿਆਂ, ਬੀਮਾਰਾਂ ਤੇ ਬਜ਼ੁਰਗਾਂ ਦਾ ਜੀਣਾ ਮੁਹਾਲ ਕਰ ਰਹੇ ਨੇ।
ਹਰ ਸਾਲ ਪਿੱਛੋਂ ਉਹ ਮੁੜ ਜਿਉਂਦਾ ਹੋ ਜਾਂਦਾ ਹੈ।
ਤੇ ਪੁਤਲੇ ਸਾੜਨ ਵਾਲਿਆਂ ਨੂੰ ਇਹ ਸੁਨੇਹਾ ਦੇ ਜਾਂਦਾ ਹੈ :
ਜੇ ਕਰ ਤੁਸੀਂ ਜਿਉਂਦੇ ਹੈ ਰਹਿਣਾ ਸੰਸਾਰ ਅੰਦਰ,
ਸਾਹ ਲਈ ਛੱਡ ਦਿਓ ਸ਼ੁੱਧ ਹਵਾ ਸੰਸਾਰ ਅੰਦਰ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ  9915803554

ਗ਼ਜ਼ਲ - ਮਹਿੰਦਰ ਸਿੰਘ ਮਾਨ


ਜਦ ਸਭ ਕੁਝ ਹੀ ਹੈ ਅੱਲਾ ਦੇ ਵੱਸ,
ਤਾਂ ਫਿਰ ਤੂੰ ਕਿਉਂ ਰੋਏਂ, ਮੈਨੂੰ ਦੱਸ।
ਮਿਹਨਤ ਕਰਕੇ ਤੂੰ ਕੁਝ ਬਣ ਕੇ ਦੱਸ,
ਤਾਂ ਹੀ ਮਿਲਣਾ ਤੈਨੂੰ ਜੱਗ ਤੇ ਜੱਸ।
ਹਿੰਮਤ ਹੋਵੇ ਜੇ ਕਰ ਬੰਦੇ ਕੋਲ,
ਦੁੱਖਾਂ ਦੇ ਰਾਖਸ਼ ਫਿਰ ਜਾਂਦੇ ਨੱਸ।
ਕੋਈ ਨੂੰਹ ਨਾ ਮਰੇਗੀ ਲਾ ਕੇ ਅੱਗ,
ਜੇ ਕਰ ਮਾਂ ਬਣ ਜਾਏ ਹਰ ਇਕ ਸੱਸ।
ਉਹ ਐਵੇਂ ਲੜਦਾ ਫਿਰੇ ਲੋਕਾਂ ਨਾਲ,
ਜਿਸ ਨੂੰ ਗ਼ਮ ਦਾ ਨਾਗ ਹੈ ਜਾਂਦਾ ਡੱਸ।
ਮੱਥੇ ਸਦਾ ਤੂੰ ਪਾਈ ਰੱਖਦੈਂ ਵੱਟ।
ਸਾਡੇ ਨਾਲ ਕਦੇ ਤਾਂ ਲਿਆ ਕਰ ਹੱਸ।
ਹਾਕਮ ਨੇ ਨਵਾਂ ਕੀ ਦੇਣਾ ਸੀ ਹੋਰ,
ਸਾਥੋਂ ਪਹਿਲਾ ਵੀ ਉਸ ਲਿਆ ਹੈ ਖੱਸ।

ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)
ਪਿੰਨ   144526
ਫੋਨ 9915803554