ਧੀਆਂ ਦੀ ਲੋਹੜੀ - ਰਾਜਵਿੰਦਰ ਰੌਂਤਾ
ਘਰ ਆਈ ਲੱਛਮੀ ਤੋਂ ਪਾਈਆਂ ਕਾਹਤੋਂ ਤਿਉੜੀਆਂ।
ਬੰਨ੍ਹੋ ਬੂਹੇ ਵਿੱਚ ਨਿੰਮ ਵੰਡੋ ਧੀਆਂ ਦੀਆਂ ਲੋਹੜੀਆਂ।
ਮੁੰਡੇ ਕੁੜੀ ਦੇ ਫਰਕ ਵਾਲਾ ਰਿਹਾ ਨੀ ਜਮਾਨਾ
ਯੁੱਗ ਕੁੜੀਆਂ ਦਾ ਆਇਆ ਗੱਲ ਸੁਣ ਉਏ ਜਵਾਨਾਂ
ਪੁੱਤਰ ਤੇ ਧੀਅ ਨਾਲ ਬਣਦੀਆਂ ਜੋੜੀਆਂ,
ਬੰਨ੍ਹੋ ਬੂਹੇ ਚ ਸਰੀਂਹ,,,,,,।
ਧੀਅ ਮਾਪਿਆਂ ਦਾ ਜੱਗ ਉੱਤੇ ਨਾਉਂ ਚਮਕਾਉਂਦੀ।
ਦੇਵੇ ਪਿਆਰ ਸਤਕਾਰ ਦਾਹੜੀ ਹੱਥ ਵੀ ਨੀ ਪਾਉਂਦੀ।
ਮਾਣ ਕਰ ਬਾਪੂ ਚਾੜ੍ਹ ਮੁੱਛ ਨੂੰ ਮਰੋੜੀਆਂ,
ਬੰਨ੍ਹੋ ਬੂਹੇ ਚ ਸ਼ਰੀਂਹ।
ਉਹ ਕਿਹੜਾ ਕੰਮ ਜਿਹੜਾ ਕੁੜੀਆਂ ਨਹੀਂ ਕੀਤਾ
ਪੁੱਤਾਂ ਵਾਂਗੂ ਮਾਪਿਆਂ ਦਾ ਲਹੂ ਵੀ ਨੀ ਪੀਤਾ
ਅੱਧ ਰਿੜਕਿਆ ਦਿੱਤਾ ਨਾਹੀਂ ਮਿਲੀਆਂ ਘਰੋੜੀਆਂ,,
ਬੰਨ੍ਹੋ ਬੂਹੇ ਵਿਚ ਨਿੰਮ।
ਬਾਬੇ ਨਾਨਕ ਨੇ ਔਰਤ ਨੂੰ ਦਿੱਤਾ ਸਨਮਾਨ
ਕੁੜੀਆਂ ਦੇ ਨਾਲ ਰੌਂਤੇਵੱਸਣਾ ਜਹਾਨ,
ਆਂਡ ਗੁਆਂਢ ਵੰਡੋ ਮੂੰਗਫ਼ਲੀ ਗੁੜ ਰਿਓੜੀਆਂ।
ਬੰਨ੍ਹੋ ਬੂਹੇ ਵਿੱਚ ਨਿੰਮ ਵੰਡੋ ਧੀਆਂ ਦੀਆਂ ਲੋਹੜੀਆਂ।।
ਰਾਜਵਿੰਦਰ ਰੌਂਤਾ,9876486187
ਅਦਾਰਾ ਮੀਡੀਆ ਪੰਜਾਬ ਸਮੂਹ ਸਟਾਫ ਸਭ ਨੂੰ ਲੋਹੜੀ ਮੁਬਾਰਕ ਜੀ।
ਨਵੇ ਪੋਜ਼ ਦੀ ਅਗਾਂਹਵਧੂ ਸ਼ਾਇਰਾ - ਬਰਾੜ ਜੈਸੀ
'ਮੈਂ ਸਾਉ ਕੁੜੀ ਨਹੀਂ ਹਾਂ ' ਪੁਸਤਕ ਨਾਲ ਹੋਈ ਚਰਚਿਤ
_ ਰਾਜਵਿੰਦਰ ਰੌਂਤਾ
ਕਿਸੇ ਕਵਿਤਰੀ ਦੀ ਪਲੇਠੀ ਪੁਸਤਕ ਪੰਜਵੀਂ ਵਾਰ ਛਪੇ ਇਸ ਤੋਂ ਵੱਡੀ ਮਾਣ ਵਾਲੀ ਗੱਲ ਭਲਾ ਕੀ ਹੋ ਸਕਦੀ ਹੈ। ਓਹ ਪੁਸਤਕ ਹੈ 'ਮੈ ਸਾਊ ਕੁੜੀ ਨਹੀਂ ਹਾਂ,'। ਬਰਾੜ ਜੈਸੀ ਨਵੇਂ ਪੋਜ਼ ਦੀ ਸ਼ਾਇਰਾ ਹੈ। ਬਰਾੜ ਜੈਸੀ ਦੀ ਪੁਸਤਕ ਚੋਂ ਸ਼ਾਇਰੀ ਸੋਸ਼ਲ ਮੀਡੀਆ ਤੇ ਨੌਜਵਾਨ ਕੁੜੀਆਂ ਦੀ ਪਸੰਦ ਬਣੀ ਹੋਈ ਹੈ। ਬੁੱਕ ਸਟਾਲਾਂ ਤੇ ਵੱਡੇ ਲੇਖਕਾਂ ਦੀਆਂ ਪੁਸਤਕਾਂ ਵਾਂਗ ਪਾਠਕ' ਮੈਂ ਸਾਊ ਕੁੜੀ ਨਹੀਂ ਹਾਂ 'ਮੰਗ ਦੇ ਹਨ ।ਇਹ ਉਸਦਾ ਹਾਸਲ ਹੈ।
ਜੈਸੀ ਨੂੰ ਇਸ ਪੁਸਤਕ ਰਾਹੀਂ ਬਹੁਤ ਮਾਣ ਸਨਮਾਨ ਤੇ ਖਾਸਕਰ ਨੌਜਵਾਨ ਪਾਠਕ ਵਰਗ ਮਿਲਿਆ ਹੈ। ਉਹ ਕਿਸੇ ਬੇਗਾਨੇ ਫੰਗਾਂ ਆਦਿ ਰਾਹੀਂ ਨਹੀਂ ਹਿੱਕ ਦੇ ਜ਼ੋਰ ਤੇ ਕਲਮ ਦੀ ਤਾਕਤ ਨਾਲ ਚਮਕੀ ਹੈ। ਆਪਣੇ ਆਪ ਨੂੰ ਮੈ ਸਾਊ ਕੁੜੀ ਨਹੀਂ ਆਖਣਾ, ਕਿੱਡੀ ਦਲੇਰੀ ਹੈ । ਇਕ ਮੁੰਡਾ ਵੀ ਕਹੇ ਕਿ, ਮੈ ਸਾਊ ਨਹੀਂ ਤਾਂ ਉਸ ਨੂੰ ਵੀ ਲੋਕ ਕੈਰੀ ਅੱਖ ਨਾਲ ਵੇਖਣਗੇ।
ਅਸਲ ਚ ਬਰਾੜ ਜੈਸੀ ਰਾਮ ਗਊ ਨਹੀਂ ਬਣੀ। ਨਾ ਉਸ ਨੇ ਅੱਖਾਂ ਤੇ ਜੀ ਜੀ ਵਾਲੇ ਖੋਪੇ ਲਾਏ ਹਨ ,ਨਾ ਜ਼ੁਬਾਨ ਨੂੰ ਤਾਲਾ। ਉਸ ਨੇ ਕਵਿਤਾਵਾਂ ਰਾਹੀਂ ਔਰਤ ਦੀ ਇੱਛਾ ਖ਼ਿਲਾਫ਼ ਹੁੰਦੇ ਸਰੀਰਕ, ਮਾਨਸਿਕ ਜ਼ਬਰ ਦੀ ਅਵਾਜ਼ ਉਠਾਈ ਹੈ। ਜਿੱਥੇ ਉਸ ਨੇ ਆਪਣੀ ਮਾਂ ਦੀ ਮਮਤਾ ਮਾਂ ਦਾ ਪਿਆਰ ਬਾਰੇ ਲਿਖ ਕੇ ਮਾਵਾਂ ਨੂੰ ਯਾਦ ਕਰਵਾਇਆ ਹੈ। ਉਥੇ ਔਰਤ ਦੀ ਬੇਬਸੀ ਤੇ ਚੁੱਪ ਤੋਂ ਜਿੰਦ੍ਰਾ ਤੋੜਦਿਆਂ ਔਰਤ ਅੰਦਰਲੀ ਔਰਤ ਨੂੰ ਹਲੂਣਿਆ ਹੈ। ਬੋਲਣਾ ਸਿਖਾਇਆ ਹੈ। ਮੁਹੱਬਤ ਦੇ ਅਰਥ ਰੂਪਮਾਨ ਕਰਦਿਆਂ ਆਮ ਲੋਕਾਂ ਦੇ ਮਨਾਂ ਬੈਠੇ ਮੁਹੱਬਤ ਦੇ ਗੰਧਲੇ ਅਰਥਾਂ ਨੂੰ ਸ਼ਪੱਸ਼ਟ ਕੀਤਾ ਹੈ। ਮੁਹੱਬਤ ਬਾਰੇ ਉਸ ਦੀਆਂ ਬਹੁਤ ਖੂਬਸੂਰਤ ਲਘੂ ਕਵਿਤਾਵਾਂ ਹਨ।
ਉਸ ਨੇ ਕੌਮਾਂਤਰੀ ਪੱਧਰ ਤੇ ਨਾਰੀ ਦਾ ਸੰਕਲਪ ਲੈਕੇ ਵਿਦੇਸ਼ੀ ਕੁੜੀਆ ,ਵਿਦੇਸ਼ੀ ਗੀਤ ਸੰਗੀਤ ਲਿਖਤਾਂ ਤੇ ਅਖੌਤੀ ਕਿੰਤੂ ਪ੍ਰੰਤੂ ਲੋਕ ਲੱਜ ਨੂੰ ਵੀ ਕਲਮ ਦਾ ਸਫ਼ਰ ਕਰਵਾਇਆ ਹੈ।ਵਾਹ ਵਾਹ ਖੱਟੀ ਹੈ।
ਸਾਡੇ ਸਮਾਜ ਵਿਚ ਪੀੜ੍ਹੀ ਦਰ ਪੀੜ੍ਹੀ ਕੁੜੀਆਂ ਨੂੰ ਦਿੱਤੀ ਜਾਂਦੀ ਸਾਊ ਬਣਨ ਦੀ ਸਿੱਖਿਆ ਨੂੰ ਬਦਲਣ ਦਾ ਸਾਰਥਿਕ ਯਤਨ ਕੀਤਾ ਹੈ। ਕਹਿਣੀ ਤੇ ਕਰਨੀ ਦੇ ਸ਼ਬਦਾਂ ਦੇ ਅਰਥ ਦਿੱਤੇ ਹਨ।
ਨਾਮ ਤੋ ਲਗਦੀ ਕਿਤਾਬ ਤੋ ਹਟ ਕੇ ਜੈਸੀ ਨੇ ਅਸਲ ਸਾਊ ਕੁੜੀ ਦੀ ਕਹਾਣੀ ਹੀ ਪੇਸ਼ ਕੀਤੀ ਹੈ ਜਿਸ ਨੂੰ ਅਸੀਂ ਕਲਪਦੇ ਹਾਂ । ਪਰ ਹੀਰ ਤੇ ਭਗਤ ਸਿੰਘ ਵਾਂਗ ਆਪਣੇ ਘਰ ਬਰਦਾਸ਼ਤ ਨਹੀਂ ਕਰਦੇ।
ਬਰਾੜ ਜੈਸੀ ਅੰਮ੍ਰਿਤਾ ਪ੍ਰੀਤਮ ਨੂੰ ਲਿਖਤਾਂ ਚ ਆਪਣਾ ਰੋਲ ਮਾਡਲ ਮੰਨਦੀ ਹੈ। ਪਿੰਡ ਦੇ ਧਰਾਤਲ ਨਾਲ ਵੀ ਜੁੜੀ ਹੈ ਤੇ ਦੁਨੀਆਂ ਪੱਧਰ ਦੀ ਨਾਰੀ ਦਾ ,ਅਜ਼ਾਦ ਔਰਤ ਦਾ ਸੁਪਨਾ ਵੀ ਸਕਾਰ ਕਰਨ ਲਈ ਕਲਮ ਵਾਹ ਰਹੀ ਹੈ। ਮੱਲਕੇ ਦੀ ਜੰਮਪਲ ਤੇ ਪੀ ਐਚ ਡੀ ਕਰ ਰਹੀ ਬਰਾੜ
ਜੈਸੀ ਦੀ ਕਾਵਿ ਕਲਾ ਬਹੁਤ ਖੂਬ ਹੈ। ਪਾਣੀ ਵਾਂਗ ਵਹਿੰਦੀ ਹੈ ਕਵਿਤਾ ਧੁਰ ਅੰਦਰੋਂ ਉੱਤਰਦੀ ਮਹਿਸੂਸ ਹੁੰਦੀ ਹੈ। ਕਵਿਤਾ ਕਦੇ ਅਕਾਊ ਨਹੀਂ ਹੁੰਦੀ। ਓਸ ਦੀ ਕਵਿਤਾ ਪਾਠਕ ਦੇ ਧੁਰ ਅੰਦਰ ਤੱਕ ਲਹਿਣ ਵਾਲੀ ਹੈ। ਪਾਠਕ ਨੂੰ ਆਪਣੇ ਨਾਲ ਨਾਲ ਤੋਰਦੀ , ਦ੍ਰਿਸ਼ ਰੂਪਮਾਨ ਕਰਦੀ ।ਆਪਣੇ ਨਾਲ ਨਾਲ ਸਵਾਲ ਜਵਾਬ ਵੀ ਕਰਨ ਲਾਉਂਦੀ ਹੈ। ਮਰਦ ਪਾਠਕ ਨੂੰ ਆਪਣੇ ਅੰਦਰਲੇ ਮਰਦ ਦਾ ਅਹਿਸਾਸ ਵੀ ਕਰਵਾਉਂਦੀ ਹੈ। ਇਹ ਪੁਸਤਕ ਪਾਠਕ ਤੋਂ ਇੱਕੋ ਬੈਠਕ ਚ ਮੁਕੰਮਲ ਕਰਨ ਦਾ ਜ਼ਜਬਾ ਰੱਖਦੀ ਹੈ। ਇਹ ਜੈਸੀ ਦਾ ਹਾਸਲ ਹੈ ਕਿ ਕਵਿਤਾ ਆਦਿ ਤੋਂ ਅੰਤ ਤੱਕ ਇੱਕ ਸੁਰ ਚ ਰਹਿ ਕੇ ਅਖੀਰ ਚ ਇਕਦਮ ਚੋਟ ਨਗਾਰੇ ਲਗਾ ਦਿੰਦੀ ਹੈ।ਲਘੂ ਕਵਿਤਾ ਵੀ ਕਮਾਲ ਹੈ ਵੱਡੀ ਕਵਿਤਾ ਵੀ ਬਹੁਤ ਖੂਬ ।
ਜੈਸੀ ਨੇ ,'ਮੈ ਸਾਊ ਕੁੜੀ ਨਹੀਂ ਹਾਂ ‘ਰਚ ਕੇ ਬਹੁਤ ਵਧੀਆ ਹੰਭਲਾ ਮਾਰਿਆ ਹੈ। ਅਨੇਕਾਂ ਪਾਠਕ ਕੁੜੀਆ ਨੂੰ ਨਵੀਂ ਜ਼ਿੰਦਗੀ ਦੀ ਲੀਹ ਦਿੱਤੀ ਹੈ। ਗੰਧਲੇ ਮਰਦ ਮਨਾ ਨੂੰ ਵੀ ਝੰਜੋੜਿਆ ਹੈ। ਨਿਰਾਸ਼ ਕੁੜੀਆ ਨੂੰ ਆਸ ਤੇ ਹੌਂਸਲਾ ਦਿੱਤਾ ਹੈ। ਅੰਮ੍ਰਿਤਾ ਪ੍ਰੀਤਮ ਦੇ ਪ੍ਰਸੰਸਕਾਂ ਵਾਂਗ ਪਾਠਕ ਖਾਸਕਰ ਕੁੜੀਆਂ ਉਸ ਨੂੰ ਬਹੁਤ ਪਿਆਰ ਦਿੰਦਿਆਂ ਹਨ।
ਲੋਕਾਂ ਵੱਲੋਂ ਮਿਲੇ ਸੋਨ ਤਮਗੇ ਹਾਰੀ ਸਾਰੀ ਦੇ ਹਿੱਸੇ ਨਹੀਂ ਆਉਂਦੇ। ਘਰਦਿਆਂ ਵੱਲੋਂ ਵਲੀਆਂ ਵਲਗਣਾਂ ਪਾਰ ਕਰਨ ਵਾਲੀ ਕੁੜੀ ਨੂੰ ਹੌਂਸਲਾ ਦੇਣਾ ਮਾਪਿਆਂ ਨੂੰ ਸਜਦਾ ਹੈ। ਇਹ ਕੁੜੀਆਂ ਲਈ ਬਰਾਬਰਤਾ ਵਾਲੇ ਸਮਾਜ ਦਾ ਅੰਗ ਬਣੇਗੀ ਰਾਹ ਦਿਸੇਰਾ ਵੀ,ਰੋਲ ਮਾਡਲ ਵੀ। ਇਵੇਂ ਹੋਰ ਕਵਿਤਾ ਰਚਦੀ ਰਹੇਗੀ ਯੁੱਗ ਪਲਟਾਉਣ ਵਾਲੀਆਂ। ਬਰਾੜ ਜੈਸੀ ਹੋਰ ਬੁਲੰਦੀਆਂ ਛੋਹੇ ।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ। 9876486187
ਪੰਜਾਬੀ ਸਾਹਿਤ ਦੀ ਪੂਰਨਮਾਸ਼ੀ ਸੀ ਮਹਿਕਦਾ ਕੰਵਲ ਢੁੱਡਕਿਆਂ ਨੂੰ ਜਗਤ ਪ੍ਰਸਿੱਧੀ ਦਿਵਾਈ ਕੰਵਲ ਨੇ - ਰਾਜਵਿੰਦਰ ਰੌਂਤਾ
ਜਸਵੰਤ ਸਿੰਘ ਕੰਵਲ ਪੰਜਾਬੀ ਦੇ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਤੇ ਅਜੋਕੇ ਸਾਹਿਤਕਾਰਾਂ , ਨਾਵਲਕਾਰਾਂ ਵਿੱਚੋਂ ਸਭ ਤੋਂ ਵਡੇਰੀ ਉਮਰ ਦੇ ਮਹਾਨ ਸਖਸ਼ੀਅਤ ਸਨ। ਜੂਨ ਮਹੀਨੇ ਜਸਵੰਤ ਸਿੰਘ ਕੰਵਲ ਦਾ 101ਵਾਂ ਜਨਮ ਦਿਨ ਉਹਨਾਂ ਦੇ ਪਿੰਡ ਢੁੱਡੀਕੇ (ਮੋਗਾ) ਵਿਖੇ ਸਾਹਿਤਕਾਰਾਂ ,ਸਾਹਿਤ ਪ੍ਰੇਮੀਆਂ ਤੇ ਸੰਸਥਾਵਾਂ ਵੱਲੋਂ ਮਨਾਇਆ ਗਿਆ ਸੀ। ਉਹ ਉਸ ਦਿਨ ਵੀ ਧੁਰ ਦਰਰਗਾਹੋਂ ਹੀ ਜਾਂਦੇ ਜਾਂਦੇ ਮੁੜੇ ਸਨ। ਪਰ ਮੌਤ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਪੂਰਾ ਸੌ ਸਾਲ ਜਿੰਦਗੀ ਭੋਗਣਾ ਵੀ ਕੋਈ ਛੋਟੀ ਗੱਲ ਨਹੀਂ।
ਢੁੱਡੀਕੇ ਦੇ ਸਰਕਾਰੀ ਕਾਲਜ ਵਿਖੇ ਪੂਰਨਮਾਸ਼ੀ ਪੰਜਾਬੀ ਜੋੜ ਮੇਲਾ ਦੇ ਨਾਮ ਹੇਠ ਸ਼ਤਾਬਦੀ ਸਮਾਗਮ ਮਨਾਇਆ ਗਿਆ ਸੀ ਬੇਸ਼ੱਕ ਕੰਵਲ ਸਾਹਿਬ ਸਿਹਤ ਨਾਸਾਜ਼ ਹੋਣ ਕਰਕੇ ਪੁੱਜ ਨਹੀਂ ਸਕੇ ਪਰ ਉਹ ਜੀਂਦੇ ਜੀਅ ਸ਼ਰਧਾਂਜਲੀ ਸਮਾਗਮ ਵਾਂਗ ਸਮਾਗਮ ਸੀ। ਜਿਸ ਵਿੱਚ ਪੰਜਾਬੀ ਸਾਹਿਤ ਦੇ ਵੱਡੇ ਵਿਦਵਾਨਾਂ ਨੇ ਜਸਵੰਤ ਸਿੰਘ ਕੰਵਲ ਨੂੰ ਸ਼ੁੱਭ ਕਾਮਨਾਵਾਂ ਭੇਂਟ ਕਰਕੇ ਉਹਨਾਂ ਦੀਆਂ ਲਿਖਤਾਂ ਤੇ ਸਾਹਿਤਕ ਦੇਣਬਾਰੇ ਚਰਚਾ ਵੀ ਕੀਤੀ ਸੀ।
ਕੰਵਲ ਨੇ ਚੜ੍ਹਦੀ ਜਵਾਨੀ ਵਿੱਚ ਕਵਿਤਾਵਾਂ ਤੋਂ ਮੋੜਾ ਕੱਟ ਕੇ ਨਾਵਲ ਲਿਖਣੇ ਸ਼ੁਰੂ ਕੀਤੇ ਸਨ। ਉਹਨਾਂ ਸ਼੍ਰੋਮਣੀ ਕਮੇਟੀ ਵਿੱਚ ਕੁੱਝ ਚਿਰ ਨੌਕਰੀ ਵੀ ਕੀਤੀ ਅਤੇ ਵਿਦੇਸ਼ ਵੀ ਗਏ ਸਨ। ਕੰਵਲ ਜੀ ਪੁਸਤਕਾਂ ਲੈਣ ਲਈ ਲਹੌਰ ਜਾਂਦੇ । ਉਦੋਂ ਮੋਗਾ ਤੋਂ ਸਿੱਧੀ ਮਾਲਵਾ ਬੱਸ ਜਾਂਦੀ ਹੁੰਦੀ ਸੀ ।ਉਹਨਾਂ 47 ਵੇਲੇ ਮੂਹਰੇ ਹੋਕੇ ਵੱਢਾ ਟੁੱਕੀ ਹੀ ਨਹੀਂ ਹੋਣ ਦਿੱਤੀ ਸਗੋਂ ਸੁਰੱਖਿਅਤ ਪਾਹੁੰਚਾਉਣ ਵਿੱਚ ਮੱਦਦ ਕੀਤੀ ਸੀ। ਉਹਨਾਂ ਪੰਜਾਬ ਵਿੱਚ ਚੱਲੀਆਂ ਵੱਖ ਵੱਖ ਜੁਝਾਰੂ ਲਹਿਰਾਂ ਵੇਲੇ ਨਾਵਲ ,ਲੇਖ ਆਦਿ ਰਚਨਾਵਾਂ ਲਿਖੀਆਂ। ਉਹ ਪੰਜਾਬ ਦੇ ਦਰਦਮੰਦ ਸਾਹਿਤਕਾਰ ਸਨ। ਕੋਈ ਨਾਮੀ ਗਰਾਮੀ ਲੇਖਕ ਸਰਪੰਚ ਬਣਿਆ ਹੋਵੇ ਇਹ ਜਸਵੰਤ ਸਿੰਘ ਕੰਵਲ ਦੇ ਹੀ ਹਿੱਸੇ ਆਇਆ ਦੋ ਵਾਰ ਸਰਪੰਚ ਬਣਨਾ। ਉਹਨਾਂ ਦਾ ਪਾਠਕ ਵਰਗ ਕਾਲਜ਼,ਯੂਨੀਵਰਸਿਟੀਆਂ ਦੇ ਵਿਦਿਆਰਥੀ ਜਾਂ ਪੜ੍ਹਿਆ ਲਿਖਿਆ ਵਰਗ ਹੀ ਨਹੀਂ ਸਗੋਂ ਠੇਠ ਪੰਜਾਬੀ ਪੇਂਡੂ ਲੋਕ ਸਨ ਜਿਨ੍ਹਾ ਦੇ ਜ਼ਿਹਨ ਪਾਤਰ ਤੇ ਉਹਨਾਂ ਦੇ ਡਾਇਲਾਗ ਅਤੇ ਬ੍ਰਿਤਾਂਤ ਫ਼ਿਲਮ ਵਾਂਗ ਲਹੇ ਹੋਏ ਸਨ।
ਕੰਵਲ ਦੇ ਬਹੁ ਚਰਚਿੱਤ ਨਾਵਲਾਂ ਵਿੱਚ ਲਹੂ ਦੀ ਲੋਅ, ਪੂਰਨਮਾਸ਼ੀ, ਰਾਤ ਬਾਕੀ ਹੈ, ਐਨਿਆ ਚੋ ਉੱਠੋ ਸੂਰਮਾਂ,ਭਵਾਨੀ , ਮਿੱਤਰ ਪਿਆਰੇ ਨੂੰ ,ਚੌਥੀ ਕੂੰਟ ਆਦਿ ਅੱਜ ਵੀ ਬੜੀ ਸ਼ਿੱਦਤ ਨਾਲ ਪੜ੍ਹੇ ਜਾਂਦੇ ਹਨ। ਕੰਵਲ ਸਾਹਿਬ ਦੇ ਨਾਵਲਾਂ ਦੇ ਐਡੀਸ਼ਨ ਅੱਜ ਵੀ ਆ ਰਹੇ ਹਨ। ਕੰਵਲ ਜੀ ਵਰਗੇ ਪੰਜਾਬੀ ਦੇ ਕੁੱਝ ਕ ਸਾਹਿਤਕਾਰ ਨਾਵਲਕਾਰ ਹਨ ਜਿਨ੍ਹਾਂ ਨੂੰ ਪ੍ਰਕਾਸ਼ਨ ਆਪ ਛਾਪਕੇ ਰਾਇਲਟੀ ਦਿੰਦੇ ਹਨ ਅਤੇ ਆਮ ਲੋਕ ਪੜ੍ਹਦੇ ਹਨ। ਕੰਵਲ ਹੁਰਾਂ ਨੇ 2017 ਵਿੱਚ ਸਵੈ-ਜੀਵਨੀ ਧੁਰ ਦਰਗਾਹ ਪੰਜਾਬੀਆਂ ਦੀ ਝੋਲੀ ਪਾਈ।
ਕੰਵਲ ਡੁੱਬ ਰਹੇ ਪੰਜਾਬ ਤੋਂ ਬੇਹੱਦ ਚਿੰਤੁਤ ਹਨ। ਉਹਨਾਂ ਆਪਣੇ ਨਾਵਲਾਂ ਲੇਖ ਸੰਗ੍ਰਿਹਾਂ ਵਿੱਚ ਪੰਜਾਬ ਦੀ ਤ੍ਰਾਸਦੀ ਬਿਆਨ ਕੀਤੀ। ਸਾਹਿਤਕ , ਸੱਭਿਆਚਾਰਕ, ਸਮਾਜਕ ਸਮਾਗਮਾਂ ਵਿੱਚ ਵੀ ਉਹ ਆਪਣੇ ਭਾਸ਼ਨਾਂ ਵਿੱਚ ਪੰਜਾਬ ਬਚਾਉ ਦੇ ਹੋਕਰੇ ਦਿੰਦੇ ਸਨ। ਕਿ ਪੰਜਾਬ ਦੀ ਜਵਾਨੀ ਨਸ਼ੇ ਵਿੱਚ ਗ੍ਰਸਤ ਹੋ ਰਹੀ ਹੈ ਅਤੇ ਬਾਕੀ ਰਹਿੰਦੀ ਜਵਾਨੀ ,ਸੁਹੱਪਣ ਤੇ ਵਿਵੇਕਤਾ ਵਿਦੇਸ਼ਾਂ ਵੱਲ ਜਾ ਰਹੀ ਹੈ। ਪੰਜਾਬ ਦਾ ਪਾਣੀ ਦੂਸ਼ਿਤ ਹੋ ਰਿਹਾ , ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਪੰਜਾਬ ਦੀ ਧਰਤੀ ਬੰਜਰ ਹੋ ਰਹੀ ਹੈ। ਕੰਮ ਖੁੱਸ ਰਹੇ ਹਨ ,ਸਿਆਸਤ ਕੋਲ ਪੰਜਾਬੀਆਂ ਲਈ ਸਮਾਂ ਨਹੀਂ ਫ਼ਿਕਰ ਨਹੀਂ। ਪੰਜਾਬ ਲਾਵਾਰਿਸ ਹੈ ਕੋਈ ਬਾਲੀ ਵਾਰਸ ਨਹੀਂ ਹੈ।
ਪੰਜਾਬ ਦੇ ਕਾਲੇ ਦਿਨਾਂ ਦੌਰਾਨ 'ਤੇ ਸਮੇਂ ਨਾਲ ਸਬੰਧਤ ਜਿੱਤਨਾਮਾ, ਜੱਦੋ ਜਹਿਦ ਜਾਰੀ ਰਹੇ, ਕੰਵਲ ਕਹਿੰਦਾ ਰਿਹਾ, ਪੰਜਾਬ ਦਾ ਸੱਚ , ਸਚੁ ਕੀ ਬੇਲਾ, ਪੰਜਾਬੀਓ ਜੀਣਾ ਕਿ ਮਰਨਾ ,ਆਦਿ ਲੇਖਾਂ ਰਾਹੀਂ ਉਹਨਾਂ ਪੰਜਾਬੀਆਂ ਨੂੰ ਹਲੂਣਾ ਦੇਣ ਦਾ ਇਤਿਹਾਸਕ ਕੋਸਿਸ਼ ਕੀਤੀ ਹੈ।
ਮੌਕੇ ਦੇ ਹਾਲਾਤਾਂ ਅਨੁਸਾਰ ਲਿਖਣਾਂ ਕੰਵਲ ਦੀ ਜੁਗਤ ਸੀ । ਉਹ ਸਿਆਸੀ ਲੀਡਰਾਂ ਅਖੌਤੀ ਵਾਰਿਸਾਂ ਨੂੰ ਵਰਜਦੇ ,ਵਾਜਾਂ ਵੀ ਮਾਰਦੇ ਰਹੇ। ਪੰਜਾਬ ਦੇ ਲਾਡਲੇ ਸਪੂਤ ਹੋਣ ਕਰਕੇ ਅੱਜ ਵੀ ਉਹਨਾਂ ਦੇ ਪਾਠਕ ਤੇ ਚਾਹੁਣ ਵਾਲੇ ਹਜ਼ਾਰਾਂ ਲੱਖਾਂ ਵਿੱਚ ਨੇ ।
ਕੰਵਲ ਦੀ ਲਿਖਤ ਦੀ ਝੰਡੀ ਸਦਾ ਚੜ੍ਹੀ ਰਹੀ ਅੱਜ ਵੀ ਕੰਵਲ ਪੰਜਾਬੀ ਨਾਵਲ ਦਾ ਕਪਤਾਨ ਹੈ। ਉਸ ਦੀ ਕੋਈ ਗੋਡੀ ਨਹੀਂ ਲਵਾ ਸਕਿਆ। ਡਿਕਟੋਰੇਟ ਦੀ ਡਿਗਰੀ ਨਾਲ ਡਾਕਟਰ ਬਣੇ ਕੰਵਲ ਪਿੰਡ ਦੇ ਦੋ ਵਾਰ ਸਰਪੰਚ ਰਹੇ ਉਹਨਾਂ ਪਿੰਡ ਵਿੱਚ ਸਾਹਿਤਕ ਸੱਭਿਆਚਰਕ ਸਮਾਗਮ ਤੇ ਖੇਡ ਮੇਲੇ ਵੀ ਕਰਵਾਏ। ਪਿੰਡ ਲਈ ਬੜਾ ਕੁੱਝ ਲਿਆਂਦਾ। ਕਬੱਡੀ ਮੈਚਾਂ ਦੀ ਰੈਫ਼ਰੀ ਕਰਦਾ ਰਿਹਾ ਕੰਵਲ ਮੁੰਡਿਆਂ ਨਾ ਮੁੰਡਾ ਤੇ ਹਾਣੀਆਂ ਨਾਲ ਤਾਸ਼ ਦੀ ਬਾਜ਼ੀ ਲਾਉਂਦਾ ਹੁੰਦਾ ਸੀ। ਅਣਜਾਣ ਨੂੰ ਵੀ ਮੋਹ ,ਕਲਾਵੇ ਨਾਲ ਮਿਲਣਾ ਉਹਨਾਂ ਦੀ ਖਾਸੀਅਤ ਸੀ। ਸਭ ਨੂੰ ਆਪਣਾ ਲਗਦਾ ਸੀ ਕੰਵਲ।
ਪੁੰਨਿਆਂ ਦੇ ਚਾਨਣ ਵਿੱਚ ਬਲਰਾਜ ਸਾਹਨੀ ਵਰਗੇ ਮਿੱਤਰਾਂ ਨਾਲ ਮਹਿਫ਼ਿਲ ਸਜਾਉਂਦਾ ਤੇ ਆਪਣੀਆਂ ਲਿਖਤਾਂ ਵਿੱਚ ਖੁਦ ਬੋਲਦਾ ਕੰਵਲ ਲੋਕ ਮਨਾਂ ਦਾ ਨਾਇਕ ਸੀ । ਸ਼ਿਵ ,ਪਾਸ਼ ਵਰਗੇ 2 ਕੰਵਲ ਦੇ ਪੈਰੋਕਾਰ ਸਨ। ਕੰਵਲ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਮਾਂ ਬੋਲੀ ,ਪੰਜਾਬ ਤੇ ਪੰਜਾਬੀਅਤ ਦੀ ਸੇਵਾ ਵਿੱਚ ਲਗਾ ਦਿੱਤੀ। ਜਸਵੰਤ ਸਿੰਘ ਕੰਵਲ ਦੀ ਕਲਮ ਚੋਂ ਨਿਕਲੀਆਂ ਪੁਸਤਕਾਂ ਉਹਨਾਂ ਦੇ ਵਿਛੋੜੇ ਉਪਰੰਤ ਹੋਰ ਵੀ ਚਰਚਿਤ ਹੋਣਗੀਆਂ ਅਤੇ ਕੰਵਲ ਜੀ ਨੂੰ ਜ਼ਿੰਦਾ ਰੱਖਣਗੀਆਂ।
ਰਾਜਵਿੰਦਰ ਰੌਂਤਾ। ਰੌਂਤਾ ਮੋਗਾ। 98764 86187
ਪੁਨਿੰਆਂ ਦਾ ਚਾਨਣ
ਜਸਵੰਤ ਸਿੰਘ ਕੰਵਲ ਨੂੰ ਸਮਰਪਿਤ
ਰਾਜਵਿੰਦਰ ਰੌਂਤਾ
ਅੱਜ ਪੁੰਨਿਆਂ ਦੀ ਰਾਤ
ਵੱਡੇ ਤੜਕੇ
ਘੜਾ ਤਿੜਕਿਆ
ਚੰਨ ਗੋਡੀ ਮਾਰ ਗਿਆ
ਪਰ ਹਨੇਰ ਨਹੀਂ ਹੋਇਆ
ਸਗੋਂ ਪੂਰਨਮਾਸ਼ੀ ਹੋ ਗਈ
ਚਾਨਣ ਹੀ ਚਾਨਣ
ਚੰਨ ਚਾਨਣੀ
ਤਾਰਿਆਂ ਦੀ ਲੋਅ
ਵੰਨ ਸੁਵੰਨੇ
ਫ਼ੁੱਲ ਖਿੜੇ
ਰੰਗ ਬਿਰੰਗੀਆਂ
ਵੰਨ ਸੁਵੰਨੀਆਂ ਮਹਿਕਾਂ
ਮਹਿਕ ਗਏ ਪੰਜ ਆਬ
ਵਿਦਰੋਹੀ ਸੁਰ
ਮੁੜ ਉਭਰੀ
ਮੁੱਕੇ ਤਣੇ
ਮੋਢੇ ਬੰਦੂਕਾਂ
ਡੱਬ 'ਚ ਪਿਸਟਲ
ਹਨੇਰੀਆਂ ਰਾਤਾਂ ਨੂੰ
ਮੁੜ ਰੁਸ਼ਨਾਉਣ ਲਈ
ਕਾਹਲੇ ਹੋਏ ਕਦਮ ਰੁਕੇ
ਪਿੱਛੇ ਮੁੜ ਕੇ ਵੇਖਿਆ
ਕਲਮਾਂ ਦੇ ਕਾਫ਼ਿਲੇ
ਅਲਵਿਦਾ ਕਹਿ ਕੇ
ਅੱਖੋਂ ਉਹਲੇ ਹੋ ਗਿਆ
ਪੰਜਾਬ ਦਾ ਸੂਰਜ ॥।
ਰਾਜਵਿੰਦਰ ਰੌਂਤਾ,ਰੌਂਤਾ (ਮੋਗਾ)
ਅੱਤਵਾਦ - ਰਾਜਵਿੰਦਰ ਰੌਂਤਾ
ਅੱਤਵਾਦ
ਕਿਸੇ ਵੀ
ਰੰਗ ਦਾ ਹੋਵੇ
ਹਮੇਸ਼ਾਂ ਬੁਰਾ ਹੁੰਦਾ
ਔਰਤਾਂ ਕੁੜੀਆਂ
ਬੇਪੱਤ ਹੁੰਦੀਆਂ
ਬਜ਼ੁਰਗਾਂ ਦੀ ਪੱਗ ਰੁਲਦੀ
ਦਾਹੜੀ ਪੁੱਟੀ ਦੀ
ਗੰਦੀਆਂ ਗਾਲ਼ਾਂ
ਬੇਸ਼ਰਮੀ ਦੀ ਇੰਤਹਾ
ਬੱਚੇ ਪਾੜ੍ਹੇ ਜਵਾਨ
ਤਸ਼ੱਦਦ ਦਾ ਸ਼ਿਕਾਰ
ਰੋਂਦੀ ਪਿੱਟਦੀ ਹੈ
ਮਨੁੱਖਤਾ
ਮਰਦੇ ਨੇ ਆਪਣੇ
ਪੂੰਝ ਹੁੰਦੇ ਨੇ
ਸੰਧੂਰ
ਟੁੱਟਦੀਆਂ ਨੇ
ਬਾਹਵਾਂ
ਰੱਖੜੀਆਂ ਤੇ ਡੰਗੋਰੀਆਂ
ਇੱਕੋ ਜਿਹਾ
ਦੁੱਖ ਮਾਤਮ
ਸੋਗ
ਮਰ ਜਾਂਦੇ ਨੇ
ਜਿਨ੍ਹਾਂ ਦੇ
ਹੋ ਜਾਂਦੇ
ਉਹਨਾਂ ਦੇ
ਘਰ ਬਾਰ
ਰਾਹ ਰਸਤੇ
ਰਿਸ਼ਤੇ ਭਵਿੱਖ
ਸੁੰਨੇ
ਬੇ ਰਸ
ਉਹ ਮੌਤ ਮੰਗਦੇ
ਪੀੜਾਂ
ਚੀਸਾਂ
ਹੰਝੂ ਛੁਪਾ ਕੇ
ਯਾਦਾਂ ਦਰਦਾਂ
ਗ਼ਮਾਂ ਸਹਾਰੇ
ਪਰ ਸੌੜੀ ਸਿਆਸਤ
ਰੋਟੀਆਂ ਸੇਕ ਦੀ
ਮੁੱਲ ਵੱਟ ਦੀ
ਮੁੱਲ ਪਾਉਂਦੀ
ਮਗਰ ਮੱਛ
ਹੰਝੂ ਵਹਾਉਂਦੀ
ਕਦੋਂ
ਖਤਮ
ਹੋਵੇਗਾ
ਠੂਹ ਠਾਹ ਦਾ ਦੌਰ
ਸਰਹੱਦਾਂ ਤੇ
ਖਿੜਨ ਗੇ
ਸੂਹੇ ਗੁਲਾਬ
ਕੰਡਿਆਲੀ ਤਾਰ ਤੇ
ਸੰਗੀਨਾਂ ਦੀ ਥਾਂ ਤੇ।
ਰਾਜਵਿੰਦਰ ਰੌਂਤਾ
9876486187
ਰੌਂਤਾ ਮੋਗਾ
ਗਣਤੰਤਰ ਦਿਵਸ - ਰਾਜਵਿੰਦਰ ਰੌਂਤਾ
ਹਾਂ ਜੀ ਹਾਂ ਜੀ
ਮਨਾਂਵਾਗੇ
ਗਣਤੰਤਰ ਦਿਵਸ
ਧੂਮਧਾਮ ਨਾਲ
ਸਮਾਰਟ ਫੋਨ ਮਿਲਣ
ਕਰਜਿ਼ਆਂ ਤੇ ਲੀਕ
ਵੱਜਣ
ਘਰ ਘਰ ਨੌਕਰੀ
ਨਸ਼ਿਆਂ ਦੇ ਤਸਕਰਾਂ ਨੂੰ ਜੇਲ੍ਹੀਂ ਡੱਕਣ
ਰਮਸਾ ਐੱਸ ਐੱਸ ਏ ਤੇ ਹੋਰ ਅਧਿਆਪਕਾਂ ਮੁਲਾਜ਼ਮਾਂ ਨੂੰ ਪੂਰੀ ਤਨਖਾਹ ਤੇ ਪੱਕਿਆਂ ਕਰਨ
ਦੀ ਖੁਸ਼ੀ ਚ
ਹਾਂ ਜੀ ਹਾਂ ਜੀ
ਅਸੀਂ
ਮਨਾਵਾਂਗੇ
ਗਣਤੰਤਰ ਦਿਵਸ
ਕਿਉਂਕਿ
ਸਾਥੋਂ ਖੋਹਿਆ ਜਾ ਰਿਹਾ ਮੁਫ਼ਤ ਤੇ ਮਿਆਰੀ ਸਿੱਖਿਆ ਸਿਹਤ ਦਾ ਅਧਿਕਾਰ ਸਰਕਾਰੀ ਬੱਸਾਂ ਤੇ ਹੋਰ
ਅਦਾਰਿਆਂ ਦਾ ਹੋ ਰਿਹਾ ਹੈ ਨਿੱਜੀਕਰਨ
ਕਿਉਂਕਿ ਬਥੇਰੇ ਪੈਸੇ ਨੇ
ਸਾਡੇ ਲੋਕਾਂ ਕੋਲ
ਭਲਾ ਕਿਤੇ ਥੋਹੜੇ ਹੁੰਦੇ ਨੇ
ਤਿੰਨ ਸੌ ਚਾਰ ਸੌ ਪੰਜ ਸੌ ਛੇ ਸੌ ਰੁਪੈ ਰੋਜ਼ਾਨਾਂ
ਪੂਰਾ ਪਰਿਵਾਰ ਪਾਲਣ ਲਈ
ਹਾਂ ਜੀ ਹਾਂ ਜੀ
ਅਸੀਂ ਮਨਾਵਾਂਗੇ ਗਣਤੰਤਰ ਦਿਵਸ
ਉਜੜੇ ਘਰਾਂ
ਕਤਲ ਕੀਤੇ ਦਰਖਤਾਂ ਪਿੰਡਾਂ ਦੀਆਂ ਯਾਦਾਂ ਤੇ ਨਿਸ਼ਾਨੀਆਂ ਦੀ ਹਿੱਕ ਤੇ ਪੈਰ ਧਰਕੇ
ਚੌਂਹ ਮਾਰਗੀ ਸੜਕਾਂ ਫਲਾਇਓਵਰਾਂ ਤੋਂ ਦੀ ਵਿਕਸਤ ਦੇਸ਼ ਦਾ ਨਜਾਰਾ ਜਰੂਰ ਦੇਖਦਿਆਂ
ਹਾਂ ਜੀ ਹਾਂ ਜੀ
ਉੱਥੇ ਜਾ ਕੇ ਬੋਲਾਂਗੇ
ਮਹਾਰਾਜਾ ਪਟਿਆਲਾ ਕੀ ਜੈ
ਖੁਸ਼ੀ ਖੁਸ਼ੀ
ਦੇਸ਼ ਦਾ ਤਿਰੰਗਾ ਫ਼ੜ੍ਹ ਕੇ।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ
9876486187
ਬੇਅਣਖੇ ਹਾਂ ਅਸੀਂ - ਰਾਜਵਿੰਦਰ ਰੌਂਤਾ
ਗੁਰੂ ਨਾਨਕ ਦੇ ਨਾਮ - ਰਾਜਵਿੰਦਰ ਰੌਂਤਾ
* ਉਹ *
ਮੈ ਕਿਹਾ
ਮੇਰਾ ਹੈ
ਓਹ ਕਹਿੰਦੇ ਸਾਡਾ ਹੈ
ਤੇ ਉਹ ਕਹਿੰਦਾ
ਨਾਂ ਮੈ ਤੇਰਾ
ਨਾਂ ਮੈ ਓਹਨਾਂ
ਦੰਭੀਆਂ
ਪਾਖੰਡੀਆਂ ਦਾ
ਨਾਂ ਮੈਂ
ਗੈਬੀ ਸ਼ਕਤੀ
ਮੈ ਹਾਂ
ਹੱਕ ਦਾ
ਸੱਚ ਦਾ
ਲਾਲੋਆਂ ਦਾ
ਤੇ ਸਿਰਫ ਓਹਨਾ ਦਾ
ਜੋ ਅਮਲ ਕਰਦੇ ਨੇ ਬਾਣੀ 'ਤੇ।
ਰਾਜਵਿੰਦਰ ਰੌਂਤਾ,ਰੌਂਤਾ ਮੋਗਾ
9876486187
ਹੀਰਿਆਂ ਦੀ ਖਾਣ -ਸ਼ਾਇਰ ਸ਼ੀਰਾ ਲੁਹਾਰ - ਰਾਜਵਿੰਦਰ ਰੌਂਤਾ
ਲਖਵਿੰਦਰ ਵਡਾਲੀ ਦੇ ਹਿੱਟ ਗੀਤ ,'ਰੰਗੀ ਗਈ ' ਦਾ ਸਿਰਜਕ -ਸ਼ੀਰਾ ਲੁਹਾਰ
ਸ਼ੀਰਾ ਲੁਹਾਰ ਦਾ ਸੂਫ਼ੀ ਸ਼ਾਇਰੀ ਵਿੱਚ ਚੰਗਾ ਨਾਮ ਹੈ ਉਸ ਦੇ ਗੀਤਾਂ 'ਚੋਂ ਸੂਫ਼ੀਆਨਾ ਰੰਗ ਡੁੱਲ ਡੁੱਲ ਪੈਂਦਾ ਹੈ। ਸ਼ੀਰਾ ਲੁਹਾਰ ਦਾ ਸੂਫ਼ੀਆਨਾ ਗੀਤ ਜੋ ਲਖਵਿੰਦਰ ਵਡਾਲੀ ਦੀ ਅਵਾਜ਼ ਚਰਚਿਤ ਗੀਤ,' ਰੰਗੀ ਗਈ'ਵਿੱਚੋਂ ਸ਼ੀਰਾ ਲੁਹਾਰ ਦੀ ਤਸਵੀਰ ਉਜਾਗਰ ਹੁੰਦੀ ਹੈ।
ਚੂਰੀ ਲੈਕੇ ਤੇਰੀ ਹੀਰ ,ਤੈਨੂੰ ਲੱਭਦੀ ਅਖੀਰ ਕਦੇ ਤਖਤ ਹਜ਼ਾਰੇ ਕਦੇ ਝੰਗੀ ਗਈ ਆ,ਇਸ਼ਕ ਤੇਰੇ ਵਿੱਚ ਰੰਗੀ ਗਈ ਆ।
ਸ਼ੀਰਾ ਲੁਹਾਰ ਦੇ ਚਰਚਿੱਤ ਗੀਤਾਂ ਦੀ ਗੱਲ ਕਰੀਏ ਤਾਂ ਗੁਲਾਮ ਜੁਗਨੀ ਦੀ ਅਵਾਜ਼ ਵਿੱਚ 'ਯਾਰ ਦਾ ਦੀਦਾਰ ','ਮਸਤ ਮਲੰਗ' ,ਲਵਦੀਪ (ਕੱਚੇ ਕੋਠੇ ਮਿੱਤਰਾਂ ਦੇ ਫ਼ੇਮ) ਦੀ ਅਵਾਜ਼ ਵਿੱਚ,'ਹੀਰ' ਅਤੇ ਤਨਵੀਰ ਗੋਗੀ ਨੇ ਜਾਨ ਜਾਨ ਕਹਿ ਕੇ,ਜਤਿੰਦਰ ਗਿੱਲ ਨੇ ਧਾਰਮਿਕ ਗੀਤ ,'ਤੇਰੀ ਕੁਰਬਾਨੀ' ਅਤੇ ਅਮਰ ਇਕਬਾਲ ਤੇ ਜੈਸਮੀਨ ਅਖਤਰ ਦਾ ਦੁਗਾਣਾ ,'ਧੀਅ ਜੰਮੀ ' ਪੰਜਾਬੀ ਗਾਇਕੀ ਦੇ ਸਰੋਤਿਆਂ ਦੇ ਉੰਗਲਾਂ ਦੀਆਂ ਪੋਟਿਆਂ 'ਤੇ ਹਨ। ਪਿੰਡ ਧੂੜਕੋਟ ਰਣਸੀਂਹ ਦੇ ਮੇਜਰ ਸਿੰਘ ਤੇ ਗੁਰਜੀਤ ਕੌਰ ਦਾ ਫ਼ਰਜ਼ੰਦ ਅਤੇ ਸੁਖਜੀਤ ਦਾ ਚੰਦ ਸ਼ੀਰਾ ਲੁਹਾਰ ਰੋਡਿਆਂ ਵਾਲੇ ਕਾਲਜ ਦਾ ਗ੍ਰੈਜੁਏਟ ਹੈ। ਨਾਮੀ ਕਮੇਡੀਅਨ ਮਿੰਟੂ ਜੱਟ ਨਾਲ ਸਕਿੱਟਾਂ ਤੇ ਲਘੂ ਫ਼ਿਲਮਾਂ ਵੀ ਕੀਤੀਆਂ ਹਨ। ਸ਼ੀਰਾ ਲੁਹਾਰ ਦਾ ਕਹਿਣਾ ਹੈ ਕਿ ਉਸ ਨੇ ਚੰਗਾ ਤੇ ਮਿਆਰੀ ਲਿਖਣ ਦੀ ਸੋਚ ਨੀ ਛੱਡੀ ਇੱਕ ਪ੍ਰੋਡਿਊਸਰ ਦਾ ਭਰਿਆ ਚੈੱਕ ਵਾਪਿਸ ਮੋੜ ਦਿੱਤਾ ਸੀ। ਸ਼ੀਰਾ ਦੇ ਗੀਤ ਭਵਿੱਖ ਵਿੱਚ ਫ਼ਿਲਮਾਂ ਅਤੇ ਸਾਜੀਆ ਜੱਜ,ਆਲਮ ਜਸਦੀਪ ,ਅਨੁਜੋਤ,ਰਾਜਾ ਬਰਾੜ ,ਹਰਿੰਦਰ ਸੰਧੂ,ਗਰਬਖਸ਼ ਸ਼ੌਂਕੀ ਆਦਿ ਪ੍ਰਸਿੱਧ ਗਾਇਕਾਂ ਦੀ ਅਵਾਜ਼ ਵਿੱਚ ਸੁਣਨ ਨੂੰ ਮਿਲੇਣਗੇ । ਸ਼ੀਰਾ ਲੁਹਾਰ ਜਿੱਥੇ ਵਧੀਆਂ ਕਲਾਕਾਰ ਹੈ ਉੱਥੇ ਲੇਖਕ ਵੀ ਹੈ ।ਉਸ ਨੇ ਆਪਣੇ ਪਿੰਡ ਬਾਰੇ ਪੁਸਤਕ ਲਿਖੀ ਹੈ,ਹੀਰਿਆਂ ਦੀ ਖਾਣ -ਧੂੜਕੋਟ ਰਣਸੀਂਹ ਜੋ ਕਿ ਪਿੰਡ ਦਾ ਇਤਿਹਾਸ ਅਤੇ ਮਸ਼ਹੂਰ ਲੋਕਾਂ ਸਖਸ਼ੀਅਤਾਂ ਬਾਰੇ ਜੀਵਨੀ ਹੈ। ਉਸ ਨੂੰ ਕਈ ਥਾਂਵਾ ਤੇ ਚੰਗੀ ਕਲਮ ਕਾਰਨ ਸਨਮਾਨਤ ਵੀ ਕੀਤਾ ਜਾ ਚੁੱਕਾ ਹੈ। ਇਸ ਪੁਸਤਕ ਜਰੀਏ ਸ਼ੀਰਾ ਲੁਹਾਰ ਨੇ ਨਿੱਗਰ ਪੈਰ ਧਰਿਆ ਹੈ ਉਮੀਦ ਹੈ ਕਿ ਗੀਤਕਾਰੀ ਸ਼ਾਇਰੀ ਦੇ ਨਾਲ ਨਾਲ ਇੱਕ ਲੇਖਕ ਵਜੋਂ ਵੀ ਚੰਗਾ ਨਾਮਣਾ ਖੱਟੇਗਾ।
ਗਿੱਦੜਵਾਹਾ ਤੋਂ ਪੰਜਾਬੀ ਫ਼ਿਲਮਾਂ ਦੀ ਚਰਚਿਤ ਗਾਇਕਾ ਬਣੀ ਰਮਨ ਰੋਮਾਣਾ - ਰਾਜਵਿੰਦਰ ਰੌਂਤਾ
ਰਮਨ ਦਾ 'ਗਿੱਧਾ' ਪਾਵੇਗਾ ਭੜਥੂ
ਗਿੱਦੜਵਾਹਾ ਗਾਇਕਾਂ ਦੀ ਭੂਮੀ ਹੈ ਗਇਕ ਗੁਰਦਾਸ ਮਾਨ,ਹਾਕਮ ਸੂਫ਼ੀ,ਅਸ਼ੋਕ ਮਸਤੀ,ਦੀਪਕ ਢਿੱਲੋਂ ਤੇ ਕਮੇਡੀਅਨ ਮਿਹਰ ਮਿੱਤਲ ਇਸ ਸ਼ਹਿਰ ਨਾਲ ਸਬੰਧਤ ਹਨ । ਤੇ ਹੁਣ ਬੁਲੰਦ ਤੇ ਸੁਰੀਲੀ ਅਵਾਜ਼ ਦੀ ਮਾਲਕ ਅਤੇ ਸਾਗਾ ਸਟਾਰ ਰਮਨ ਰੋਮਾਣਾ ਸੰਗੀਤ ਪ੍ਰੇਮੀਆਂ ਦੀ ਚਰਚਾ ਵਿੱਚ ਹੈ ਉਸ ਦਾ ਸਿੰਗਲ ਟਰੈਕ 'ਗਿੱਧਾ' ਵਰਲਡ ਵਾਈਡ 'ਤੇ ਧੂੰਮਾਂ ਪਾ ਰਿਹਾ ਹੈ।
ਥੋੜੇ ਸਮੇਂ ਵਿੱਚ ਸੰਗੀਤ ਦੇ ਤਿਲਕਣੇ ਪਿੜ ਵਿੱਚ ਪੱਕੇ ਪੈਰ ਜਮਾਉਣ ਵਾਲੀ ਰਮਨ ਰੋਮਾਣਾ ਮਾਲਵੇ ਦੇ ਗਿਦੜਵਾਹਾ ਸ਼ਹਿਰ 'ਚ ਜੰਮੀ ਪਲੀ ਤੇ ਪੜ੍ਹੀ ਹੈ। ਸਾਇੰਸ ਵਿੱਚ ਫ਼ਜਿਕਸ ਦੀ ਮਾਸਟਰ ਡਿਗਰੀ ਪਾਸ ਰਮਨ ਰੋਮਾਣਾ ਸੁਰੀਲੇ ਗਲੇ ਦੀ ਮਾਲਿਕ , ਖੂਬਸੂਰਤ ਦਿੱਖ ਵਾਲੀ,ਉੱਚੀ ਲੰਮੀ ਅਤੇ ਸਾਹਿਤਕ ਮੱਸ ਰੱਖਣ ਵਾਲੀ ਮੁਟਿਆਰ ਹੈ। ਬਚਪਨ ਤੋਂ ਹੀ ਸਟੇਜਾਂ ਤੇ ਗਾਉਣ ਵਾਲੀ ਰਮਨ ਦਾ ਪਿਤਾ ਸਾਧੂ ਰੋਮਾਣਾ ਪ੍ਰਸਿੱਧ ਗਾਇਕ ਹੈ ਅਤੇ ਰਮਨ ਦੇ ਮਾਤਾ ਇੰਦਰਜੀਤ ਕੌਰ ਤੇ ਪਿਤਾ ਸਾਧੂ ਰੋਮਾਣਾ ਅਧਿਆਪਕ ਹਨ। ਰਮਨ ਤਿੰਨ ਭੈਣਾਂ ਪ੍ਰਭਜੋਤ ਤੇ ਨਵਜੋਤ ਦੀ ਲਾਡਲੀ ਛੋਟੀ ਭੈਣ ਹੈ।
ਰਮਨ ਨੂੰ ਸੰਗੀਤਕ ਮਹੌਲ ਅਤੇ ਪਿਤਾ ਪੁਰਖੀ ਗਾਇਕੀ ਦੀ ਸਮਝ ਕਰਕੇ ਉਹ ਥੋੜੇ ਸਮੇਂ ਵਿੱਚ ਹੀ ਉਗਲੀਆਂ ਤੇ ਗਿਣਨ ਵਾਲੀਆਂ ਗਾਇਕਾਵਾਂ ਵਿੱਚ ਸ਼ੁਮਾਰ ਹੋ ਗਈ ਹੈ। ਬਾਸਕਟਬਾਲ ਦੀ ਪੰਜਾਬ ਪੱਧਰ ਦੀ ਖਿਡਾਰਨ ਰਮਨ ਨੇ ਪੜ੍ਹਾਈ ਦੌਰਾਨ ਬੜੇ ਮਾਣ ਸਨਮਾਨ ਹਾਸਲ ਕੀਤੇ। ਵੱਖ ਵੱਖ ਮੁਕਾਬਲਿਆਂ ਵਿੱਚ ਆਪਣੀ ਗਾਇਕੀ ,ਗਿੱਧਾ,ਭੰਗੜਾ ਤੇ ਖੂਬਸੂਰਤੀ ਦੀ ਛਾਪ ਛੱਡੀ।
ਅੱਜ ਕੱਲ੍ਹ ਸਾਗਾ ਮਿਉਜਿਕ ਕੰਪਨੀ ਵੱਲੋਂ ਸੁਮੀਤ ਸਿੰਘ ਦੀ ਪ੍ਰੋਡਕਸ਼ਨ ਹੇਠ ਰਮਨ ਰੋਮਾਣਾ ਦਾ ਸਿੰਗਲ ਟਰੈਕ ਗੀਤ'ਗਿੱਧਾ' ਕਮੇਡੀਅਨ ਤੇ ਪ੍ਰਸਿੱਧ ਗਾਇਕ ਕਰਮਜੀਤ ਅਨਮੋਲ ਨਾਲ ਚਰਚਾ ਵਿੱਚ ਹੈ। ਦੋਗਾਣਾ 'ਗਿੱਧਾ' ਵਿੱਚ ਜੈਸਨ ਥਿੰਦ ਦਾ ਸੰਗੀਤ ਹੈ ਤੇ ਗੀਤ ਦੀਪ ਕੰਡਿਆਰਾ ਦਾ ਲਿਖਿਆ ਹੈ। ਗਾਇਕਾ ਤੇ ਟੀਮ ਨੂੰ ਆਸ ਹੈ ਕਿ ਸੱਖੀ ਰੰਧਾਵਾ ਦਾ ਨਿਰਦੇਸ਼ ਕੀਤਾ ਗੀਤ 'ਗਿੱਧਾ' ਪੰਜਾਬੀ ਸੱਭਿਆਚਾਰ ਤੇ ਵਿਰਸੇ ਦੀ ਤਰਜਮਾਨੀ ਕਰੇਗਾ।
ਗਾਇਕਾ ਰਮਨ ਰੋਮਾਣਾ ਦੇ ਸਿਲਫ਼ਿਸ਼ ਮਾਹੀਆ,ਜਿੱਦ ਆਦਿ ਗੀਤ ਸਰੋਤਿਆਂ ,ਦਰਸ਼ਕਾਂ 'ਚ ਕਾਫ਼ੀ ਮਕਬੂਲ ਹੋਏ ਹਨ। ਵਧਾਈਆਂ ਜੀ ਵਧਾਈਆਂ ਫ਼ਿਲਮ ਵਿੱਚ ਐਮੀ ਵਿਰਕ ਨਾਲ ਅੱਖ ਸੁਰਮੇਂ ਦੀ ,ਫ਼ਿਲਮ ਸੂਬੇਦਾਰ ਜੁਗਿੰਦਰ ਸਿੰਘ ਵਿੱਚ ਇਸ਼ਕ ਦਾ ਤਾਰਾ ਜੋ ਗਿੱਪੀ ਗਰੇਵਾਲ ਨਾਲ ਗਾਇਆ ਹੈ। ਇਹ ਮਕਬੂਲ ਗੀਤ ਤੇ ਸੁਰ ਤਾਲ ਦੀ ਪਕੜ ਅੰਦਾਜ਼ ਤੇ ਅਵਾਜ਼ ਰਮਨ ਨੂੰ ਹਾਲੀਵੁੱਡ ,ਪਾਲੀ ਵੁੱਡ ਤੱਕ ਲੈ ਗਏ। ਚੰਡੀਗੜ੍ਹ,ਮੁੰਬਈ ਤੱਕ ਸ਼ਾਨਦਾਰ ਪੈੜਾਂ ਪਾਉਣ ਵਾਲੀ ਰਮਨ ਦੀ ਸੁਰੀਲੀ ਤੇ ਨਖਰੀਲੀ ਅਵਾਜ਼ ਹੋਰ ਵੀ ਫ਼ਿਲਮਾਂ ,ਗੀਤਾਂ ਰਾਹੀਂ ਕੰਨਾਂ ਵਿੱਚ ਰਸ ਘੋਲੇਗੀ। ਜਿਵੇਂ ਅੱਜ ਕੱਲ੍ਹ ਜਿਆਦਾਤਰ ਗਾਇਕ ਫ਼ਿਲਮਾਂ ਵਿੱਚ ਆ ਰਹੇ ਹਨ ,ਕੀ ਰਮਨ ਵੀ ਫ਼ਿਲਮੀ ਜਗਤ ਵਿੱਚ ਹੁਸਨ,ਕਲਾ ਤੇ ਅਵਾਜ਼ ਦਾ ਜ਼ਲਵਾ ਦਿਖਾਵੇਗੀ ਤਾਂ ਰਮਨ ਨੇ ਕਿਹਾ ਕਿ ,ਜੇ ਚੰਗੀ ਫ਼ਿਲਮ ਆਈ ਤਾਂ ਜਰੂਰ ਕਰੇਗੀ। ਆਉਣ ਵਾਲੀਆਂ ਕਈ ਫ਼ਿਲਮਾਂ 'ਚ ਤੇ ਸਿੰਗਲ ਟਰੈਕ ਗੀਤਾਂ ਵਿੱਚ ਵੀ ਗਾਇਕਾ ਰਮਨ ਪੰਜਾਬੀ ਸੱਭਿਆਚਾਰ ਦੇ ਸਰੋਤਿਆਂ ਦੀ ਕਚਿਹਰੀ ਵਿੱਚ ਪੇਸ਼ ਹੋਵੇਗੀ। ਰਮਨ ਰੋਮਾਣਾ ਨੇ ਕਿਹਾ ਕਿ ਉਹ ਹਮੇਸ਼ਾਂ ਪਰਿਵਾਰਕ ਤੇ ਸੱਭਿਆਚਾਰਕ ਦਾਇਰੇ ਵਿੱਚ ਰਹਿਕੇ ਗਾਵੇ ਗੀ ਫ਼ੋਕੀ ਸ਼ੋਹਰਤ ਤੇ ਸਮਝੌਤੇ ਨਾਲ ਸ਼ਾਰਟ ਕੱਟ ਨਹੀਂ ਅਪਣਾਏਗੀ।
ਰਾਜਵਿੰਦਰ ਰੌਂਤਾ,ਰੌਂਤਾ(ਮੋਗਾ)9876486187
ਉਹ ਦਿਲ - ਰਾਜਵਿੰਦਰ ਰੌਂਤਾ