Shiv Nath Dardi

 ਕਹਾਣੀ ( ਲੀਡਰੀ ਲੂਡਰੀ ) - ਸ਼ਿਵਨਾਥ ਦਰਦੀ


     ਵਜ਼ੀਰ ਸਿੰਘ 'ਸਤਿ ਸ੍ਰੀ ਆਕਾਲ' ਸੰਧੂ ਸਾਹਿਬ । 'ਸੰਧੂ ਸਾਹਿਬ' ਜ਼ਿੰਦਗੀ ਤਾਂ ਤੁਹਾਡੀ , ਸਾਰਾ ਪਿੰਡ , "ਤੁਹਾਡਾ ਸਤਿਕਾਰ ਕਰਦਾ, ਸਲਾਮ ਠੋਕਦਾ" । ਜਦੋਂ ਕੋਈ ਪਾਰਟੀ ਦਾ ਵੱਡਾ ਮੰਤਰੀ ਆਉਂਦਾ , ਤਹਾਨੂੰ ਨਾਲ ਬਿਠਾਇਆ ਜਾਂਦਾ । ਸਰਕਾਰੇ ਦਰਬਾਰੇ, ਤੁਹਾਡੀ ਪੂਰੀ ਸੁਣੀ ਜਾਂਦੀ । ਵੱਡੇ ਵੱਡੇ ਪੁਲਿਸ ਵਾਲੇ ਵੀ , ਤੁਹਾਨੂੰ ਸਲਾਮਾਂ ਠੋਕਦੇ ।
     ਮੈਂ ਰੱਬ ਕਹਿਣਾ , ਕਿਤੇ ਰੱਬ , ਮੈਨੂੰ ਵੀ ਲੀਡਰ ਬਣਾਂਦੇ , ਮੈਂ ਵੀ ਨਜ਼ਾਰੇ ਲਵਾਂ । ਜਿਵੇਂ ਚਾਰੇ ਪਾਸੇ 'ਸੰਧੂ ਸਾਹਿਬ', 'ਸੰਧੂ ਸਾਹਿਬ' ਹੁੰਦੀ , ਇਵੇਂ ਕਿਤੇ , ਮੇਰੀ ਵੀ ਕਿਤੇ , "ਜੈ ਜੈ ਕਾਰ ਹੋਜੇ" , "ਰੱਬ ਦੀ ਸੌਂਹ ਨਜ਼ਾਰ ਆ ਜੇ'' ।
      ਓ ਵਜ਼ੀਰ ਸਿਹਾਂ , "ਸਾਡੀ ਜ਼ਿੰਦਗੀ ਤਾਂ , ਇੱਕ ਖਿੱਦੋ ਵਰਗੀ " ! ਉਤੋਂ ਸੋਹਣੀ , ਅੰਦਰੋਂ ਲੀਰਾਂ ? ਇਹ ਸਲਾਮਾਂ ਤਾਂ ਮਤਲਬ ਦੀਆਂ । ਮੇਰਾ ਸਾਰਾ ਸਾਰਾ ਦਿਨ ਲੋਕਾਂ ਦੇ ਫੈਸਲਿਆਂ ਵਿਚ ਲੰਘ ਜਾਂਦਾ । ਕਈ ਵਾਰ ਤਾਂ , "ਰੋਟੀ ਵੀ ਨਸੀਬ ਨਹੀਂ ਹੁੰਦੀ" । ਅਫਸਰਾਂ ਨੂੰ ਸਿਫਾਰਸ਼ਾਂ ਕਰਾਂ , ਕੰਮ ਕਰਾਉਣੇ ਪੈਂਦੇ । ਪਰ , ਜਦੋਂ ਵੋਟਾਂ ਦਾ ਟਾਈਮ ਆਉਂਦਾ । ਸਾਰੇ ਲੀਡਰ ਬਣ ਜਾਂਦੇ , ਪੂਰੀਆਂ ਮਿੰਨਤਾਂ ਕਰਾਉਂਦੇ । ਸਾਰੇ ਕੀਤੇ ਕੰਮ ਭੁੱਲ ਜਾਂਦੇ । ਜਦੋਂ ਲੜਾਈ ਝਗੜਾ ਹੁੰਦਾ , ਓਦੋਂ ਰਾਤ ਦੇ ਬਾਰਾਂ ਬਾਰਾਂ ਵਜੇ ਤੱਕ ਨਹੀਂ ਸੌਣ ਨਹੀਂ ਦਿੰਦੇ । ਜੇ ਇੱਕ ਪਿਛੇ ਚਲੇ ਜਾਈਏ , ਦੂਜਾ ਗੁਸੇ ਹੋ ਜਾਂਦਾ । ਪਿੰਡ ਦੇ ਕਈ ਲੋਕ ਤਾਂ , ਪਿੱਠ ਪਿੱਛੇ ਚੁਗਲੀਆਂ ਕਰਦੇ , ਗਾਲਾਂ ਕੱਢਦੇ ।
       ਪੰਜ ਪੜੇ ਨਹੀਂ ਹੁੰਦੇ , ਹਰੇਕ ਆ ਕੇ ਕਹਿੰਦਾ , "ਮੈਨੂੰ ਸਰਕਾਰੀ ਨੌਕਰੀ ਲਵਾਦੇ" । ਸਰਕਾਰ ਕੋਲੇ , ਓਨਾਂ ਲਈ ਨੌਕਰੀਆਂ ਨਹੀਂ , ਜਿਹੜੇ ਡਿਗਰੀਆਂ ਡਿਪਲੋਮੇ ਕਰੀ ਫਿਰਦੇ । ਓਹ ਵਿਚਾਰੇ ਨੌਕਰੀ ਖਾਤਿਰ , ਟੈਂਕੀਆਂ ਤੇ ਚੜ੍ਹਦੇ , ਠੰਢਾ ਚ ਧਰਨੇ ਲਾਉਂਦੇ । ਇਹ ਪੰਜ ਦਸ ਪੜਿਆ ਨੂੰ , ਕਿਥੇ ਨੌਕਰੀ ਲਵਾਂ ਦੇਈਏ ।
        ਭਰਾਵਾਂ , ਮੇਰੇ ਘਰਵਾਲ਼ੀ ਸਾਰਾ ਦਿਨ ਚਾਹ ਪਾਣੀ ਬਣਾਉਂਦੀ , ਖਪ ਜਾਂਦੀ । ਸਾਡੀ ਕਾਹਦੀ ਲੀਡਰੀ । ਲੋਕ ਨਹੀਂ ,ਖੁਸ਼ ਹੁੰਦੇ । ਆਹ ਲੀਡਰੀ ਲੂਡਰੀ ਨਾਂ ਦੀ ਹੈ ।
                             ਸ਼ਿਵਨਾਥ ਦਰਦੀ
                      ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਨੈਣ ਨੈਣਾਂ ਨਾਲ - ਸ਼ਿਵਨਾਥ ਦਰਦੀ

ਨੈਣ ਨੈਣਾਂ ਨਾਲ ਮਿਲਾ ,
ਸਭ ਜਾਣ ਜਾਏਗਾ ,
ਕੌਣ ਆਪਣੇ ਬੇਗਾਨੇ ,
ਸਭ ਪਹਿਚਾਣ ਜਾਏਗਾ ।
ਜਦੋਂ ਮਿਲਦੇ ਨੇ ਨੈਣ ,
ਨਾ ਪੈਂਦਾ ,ਦਿਲ ਨੂੰ ਚੈਨ
ਉਦੋਂ ਬਣਦਾ ਕਿਵੇਂ ,
ਇਸ਼ਕ ਮਹਾਨ ਜਾਏਗਾ ।
ਨੈਣ ਨੈਣਾਂ ਨਾਲ ______
ਕੀ , ਏਨਾਂ ਦੀ ਪਰਿਭਾਸ਼ਾ
ਜਗਾਉਦੇ , ਦਿਲ ਵਿਚ ਆਸਾ
ਬਣਦੇ ਪਿਆਰ ਵਾਲੇ , ਕਿਵੇਂ
ਸਭ ਮਕਾਨ ਜਾਏਗਾ ।
ਨੈਣ ਨੈਣਾਂ ਨਾਲ ________
ਰੋਂਦੇ ਸਾਰੀ ਸਾਰੀ ਰਾਤ ,
ਪਾਉਂਦੇ ਤਾਰਿਆਂ ਨਾਲ ਬਾਤ ,
ਚੜ੍ਹਦੀ ਬਿਰਹੋਂ ਦੀ 'ਦਰਦੀ',
ਰੂਹ ਨੂੰ ਪਾਣ ਜਾਏਗਾ ।
ਨੈਣ ਨੈਣਾਂ ਨਾਲ _________
ਨਾ ਰੰਗ ਰੂਪ , ਇਹ ਦੇਖਣ
ਬਸ ,ਇਸ਼ਕ ਦੀ ਅੱਗ ਸੇਕਣ
ਲੱਗ , ਏਨਾਂ ਪਿਛੇ 'ਸ਼ਿਵ'
ਕਫ਼ਨ ਤੂੰ ਤਾਣ ਜਾਏਗਾ ।
ਨੈਣ ਨੈਣਾਂ ਨਾਲ __________
              ਸ਼ਿਵਨਾਥ ਦਰਦੀ
       ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਦੋ ਹਜ਼ਾਰ ਬਾਈ - ਸ਼ਿਵਨਾਥ ਦਰਦੀ

ਦੋ ਹਜ਼ਾਰ ਇੱਕੀ ਚੱਲਿਆ ਯਾਰਾਂ ,
ਤੇ ਆ ਰਿਹਾ , ਦੋ ਹਜ਼ਾਰ ਬਾਈ ,
ਹਰ ਇਕ ਨੂੰ ਖੁਸ਼ੀ ਦੇਵੀ ਰੱਬਾ ,
ਨਾ ਰੂਹ ਕਿਸੇ ਦੀ ਵੀ ਸਤਾਈਂ ।
ਬਣੇ ਰਹਿਣ , ਸਭ ਰਿਸ਼ਤੇ ਨਾਤੇ ,
ਗਲ ਮਿਲਦੇ ਰਹਿਣ , ਸਭ ਚਾਵਾਂ
ਜੀਵਣ ,  ਭੈਣਾਂ ਦੇ  ਭਾਈ ਸਾਰੇ ,
ਜਿਉਂਦੀਆਂ ਰਹਿਣ , ਸਭ ਮਾਵਾਂ ,
ਬਣੀ ਰਹੇ , ਹਰ ਇਕ ਦੀ ਜੋੜੀ ,
ਨਾ ਪਿਉ ਕਿਸੇ ਦਾ ਮਾਰ ਮਿਟਾਈਂ ।
ਹਰ ਇਕ ________________
ਪਿਆਰ ਮੁਹੱਬਤ ਵੰਡਣ ਸਾਰੇ ,
ਮਿਟ ਜਾਵਣ  ,  ਝਗੜੇ  ਝੇੜੇ ,
ਜਸ਼ਨ ਮਨਾਉਣ , ਰਲ ਮਿਲ ਕੇ ,
ਇੱਕ   ਦੂਜੇ   ਦੇ   ਵਿਹੜੇ ,
ਜਾਤ ਪਾਤ ,ਊਚ ਨੀਚ ਤੇ ਵੰਡ ਵੰਡਾਈ ਦਾ ,
ਨਾ ਕਲੇਸ਼ , ਕਿਸੇ ਘਰ ਪਾਈ ।
ਹਰ ਇਕ _______________
ਮਰੇ ਨਾ , ਜਵਾਨ ਕੋਈ ਸਰਹੱਦ ਤੇ ,
ਰੌਲਾ ਸਭ ਮੁਕਾ ਦੇ ,
ਸਮਝੇ , ਹਰ ਬੰਦਾ  ਬੰਦੇ  ਨੂੰ
ਕੋਈ , ਐਸਾ ਜਾਮ ਪਿਆ ਦੇ
ਵੈਰ ਵਿਰੋਧ ,ਮਿਟ ਜਾਵਣ ਸਭ
ਕੋਈ ਕਵਿਤਾ 'ਦਰਦੀ' ਤੋਂ ਲਿਖਾਈ ।
ਹਰ ਇਕ ________________
                     ਸ਼ਿਵਨਾਥ ਦਰਦੀ
              ਸੰਪਰਕ :- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਅਰਥਭਰਪੂਰ ਫ਼ਿਲਮ ਨਾਲ ਪੰਜਾਬੀ ਸਿਨੇਮਾਂ ਵਿਹੜ੍ਹੇ ਕਰਨਗੇ ਸ਼ਾਨਦਾਰ ਵਾਪਸੀ :- ਡੀ.ਪੀ ਸਿੰਘ ਅਰਸ਼ੀ 

ਪੰਜਾਬੀ ਸਿਨੇਮਾਂ ’ਚ ਫ਼ਾਰਮੂਲਾ ਬੇਸ਼ਡ ਫ਼ਿਲਮਜ਼ ਦੇ ਹਾਲੀਆਂ ਰੁਝਾਨ ਨੂੰ ਠੱਲ ਪਾਉਣ, ਨਵੀਆ ਕੰਟੈਂਟ ਆਸ਼ਾਵਾਂ ਜਗਾਉਣ ਲਈ ਇਸ ਖਿੱਤੇ ‘ਚ ਫ਼ਿਰ ਸਰਗਰਮ ਹੋਣ ਜਾ ਰਹੇ ਹਨ, ਦਿਗਜ਼ ਨਿਰਮਾਤਾ ਡੀ.ਪੀ ਸਿੰਘ ਅਰਸ਼ੀ, ਜੋ ਆਪਣੀ ਨਵੀਂ ਨਿਰਮਾਣ ਅਧੀਨ ਫ਼ਿਲਮ ‘ਨਿਸ਼ਾਨਾ’ ਦੁਆਰਾ ਇਕ ਵਾਰ ਫ਼ਿਰ ਇਸ ਸਿਨੇਮਾਂ ਖੇਤਰ ‘ਚ ਸ਼ਾਨਦਾਰ ਵਾਪਸੀ ਕਰਨ ਜਾ ਰਹੇ ਹਨ।  ਪੰਜਾਬੀ ਸਿਨੇਮਾਂ ਦੀ ਝੋਲੀ ‘ਤਬਾਹੀ’ ਜਿਹੀ ਸੁਪਰਡੁਪਰ ਹਿੱਟ ਫ਼ਿਲਮਾਂ ਪਾ ਚੁੱਕੇ , 'ਸ੍ਰੀ ਅਰਸ਼ੀ' ਨੇ ਦੱਸਿਆ ਕਿ, ਉਨਾਂ ਦੀ ਨਵੀਂ ਫ਼ਿਲਮ ਨਾਲ 'ਗੋਪੀ ਭੱਲਾ' ਅਤੇ 'ਰਾਜੀਵ ਮਹਿਰਾ' ਜਿਹੇ , ਪੰਜਾਬੀ ਮੂਲ ਸਬੰਧਤ ਨਾਮਵਰ ਬਾਲੀਵੁੱਡ ਕਾਮੇਡੀ ਅਦਾਕਾਰ ਨੂੰ , ਪੰਜਾਬੀ ਸਿਨੇਮਾਂ ਖਿੱਤੇ ’ਚ ਵਿਸ਼ੇਸ਼ ਜਗ੍ਹਾ ਵੱਲ ਅੱਗੇ ਵਧਾਇਆ ਜਾ ਰਿਹਾ ਹੈ , ਤਾਂ ਕਿ ਇਸ ਸਿਨੇਮਾਂ ਨੂੰ ਨਵੀਂ ਤਾਜ਼ਗੀ ਨਾਲ ਲਬਰੇਜ਼ ਕੀਤਾ ਜਾ ਸਕੇ। ਉਨਾਂ ਆਪਣੀ ਨਵੀਂ ਫ਼ਿਲਮ ਦੇ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ , 'ਡੀ.ਪੀ ਅਰਸ਼ੀ ਪ੍ਰੋਡੋਕਸ਼ਨ ਹਾਊਸਜ਼' ਅਧੀਨ ਬਣ ਰਹੀ , ਉਨਾਂ ਦੀ ਨਵੀਂ ਫ਼ਿਲਮ 'ਨਿਸ਼ਾਨਾ' ਇਕ ਬਹੁਤ ਹੀ ਭਾਵਨਾਤਮਕ ਕਹਾਣੀ ਦੁਆਲੇ ਬੁਣੀ ਗਈ ਹੈ। ਜਿਸ ਵਿਚ ਮਿਆਰੀ ਕਾਮੇਡੀ, ਪਰਿਵਾਰਿਕ ਡਰਾਮਾ  ਅਤੇ  ਰੋਮਾਸ ਦੇ ਪਿਆਰ, ਸਨੇਹ ਭਰੇ ਪੁੱਟ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ। ਉਨਾਂ ਦੱਸਿਆ ਕਿ , ਕੁਲਵਿੰਦਰ ਬਿੱਲਾ, ਭਾਵਨਾ ਸ਼ਰਮਾ , ਤਨਰੋਜ਼ ਸਿੰਘ , ਸਾਨਵੀਂ ਧੀਮਾਨ ਦੀਆਂ, ਖੂਬਸੂਰਤ ਜੋੜਿਆਂ ਆਧਾਰਿਤ ਇਸ ਫ਼ਿਲਮ ਦਾ ਨਿਰਦੇਸ਼ਨ ‘ਬਲੈਕੀਆ’ ਜਿਹੀਆਂ ਸੁਪਰਹਿੱਟ ਫ਼ਿਲਮ ਦੇ ਚੁੱਕੇ 'ਸੁਖ਼ਮਿੰਦਰ ਧੰਜ਼ਲ' ਕਰ ਰਹੇ ਹਨ , ਜਿੰਨ੍ਹਾਂ ਵੱਲੋਂ , ਬਹੁਤ ਹੀ ਪ੍ਰਭਾਵੀ ਕਹਾਣੀ, ਸਕਰੀਨ ਪਲੇ ਅਤੇ ਵਿਸ਼ਾਲ ਸੈੱਟਅੱਪ ਅਧੀਨ , ਇਸ ਫ਼ਿਲਮ ਦਾ ਵਜ਼ੂਦ ਤਰਾਸ਼ਿਆ ਜਾ ਰਿਹਾ ਹੈ।
             ਉਨਾਂ ਦੱਸਿਆ ਕਿ , ਪੰਜਾਬ ਦੇ ਮਲਵਈ ਸ਼ਹਿਰਾਂ ਬਠਿੰਡਾ, ਤਲਵੰਡੀ ਸਾਬੋ ਦੇ ਲਾਗਲੇ ਪਿੰਡਾਂ ’ਚ ਫ਼ਿਲਮਾਈ ਜਾ ਰਹੀ , ਇਸ ਫ਼ਿਲਮ  ਵਿਚ ਗੁੱਗੂ ਗਿੱਲ, ਰਾਣਾ ਜੰਗ ਬਹਾਦਰ, ਵਿਜੇ ਟੰਡਨ, ਜਤਿੰਦਰ ਕੌਰ, ਅਨੀਤਾ ਮੀਤ, ਏਕਤਾ ਬੀ.ਪੀ ਸਿੰਘ, ਵਿਕਰਮਜੀਤ ਵਿਰਕ, ਅਰਸ਼ ਹੁੰਦਲ, ਗੁਰਮੀਤ ਸਾਜ਼ਨ, ਰਵਿੰਦਰ ਮੰਡ, ਨਗਿੰਦਰ ਗੱਖੜ੍ਹ, ਰਾਮ ਅੋਜ਼ਲਾ, ਸ਼ਵਿੰਦਰ ਵਿੱਕੀ ਆਦਿ ਜਿਹੇ , ਮੰਝੇ ਹੋਏ ਕਲਾਕਾਰ ਵੀ ਮਹੱਤਵਪੂਰਨ ਭੂਮਿਕਾਵਾਂ ’ਚ ਨਜ਼ਰ ਆਉਣਗੇ।  
       ਪੰਜਾਬ ਅਤੇ ਪੰਜਾਬੀਅਤ ਨਾਲ ਡਾਢਾ ਪਿਆਰ, ਸਨੇਹ ਰੱਖਦੇ 'ਸ੍ਰੀ ਅਰਸ਼ੀ' ਨੇ , ਆਪਣੇ ਹੁਣ ਤੱਕ ਦੇ  ਸਫ਼ਰ ਵੱਲ ਝਾਤ ਪਾਉਂਦਿਆਂ ਦੱਸਿਆ ਕਿ , ਮੂਲ ਰੂਪ ‘ਚ 'ਢੁੱਡੀਕੇ' ਜ਼ਿਲ੍ਹਾ 'ਮੋਗਾ' ਨਾਲ ਸਬੰਧਤ ਹਨ , ਜਿੰਨ੍ਹਾਂ ਦੀ ਪਰਿਵਾਰਿਕ ਤੰਦਾਂ ਫ਼ਿਲਮੀ ਖਿੱਤੇ ਨਾਲ ਹੀ ਜੁੜੀਆਂ ਹੋਈਆਂ ਹਨ। ਜਿਸ ਦੇ ਚੱਲਦਿਆਂ ਹੀ , ਉਨਾਂ ਦਾ ਸ਼ੁਰੂਆਤੀ ਸਾਥ  ਬੂਟਾ ਸਿੰਘ ਸ਼ਾਦ, ਬਲਦੇਵ ਗਿੱਲ ਜਿਹੀਆਂ , ਜ਼ਹੀਨ ਫ਼ਿਲਮੀ ਸਖਸ਼ੀਅਤਾਂ ਨਾਲ ਬਣਦਾ ਗਿਆ , ਅਤੇ ਹੋਲੀ ਹੋਲੀ ਬਚਪਣ ਸਮੇਂ ਤੋ ਮਨ ਪਨਪਿਆ , ਫ਼ਿਲਮੀ ਸ਼ੋਕ , ਉਨਾਂ ਨੂੰ ਇਕ ਦਿਨ ਪੰਜਾਬੀ ਸਿਨੇਮਾਂ ਖੇਤਰ ਵੱਲ ਲੈ ਆਇਆ । ਉਨਾਂ ਦੱਸਿਆ ਕਿ , ਸ਼ੁਰੂਆਤ ਬਤੌਰ ਲਾਇਨ ਪ੍ਰੋਡਿਊਸਰ ਵਜੋਂ ਕੀਤੀ ਅਤੇ ਇਸ ਸਿਨੇਮਾਂ ਦੀਆਂ ਕਈਆਂ ਵੱਡੀਆਂ ਫ਼ਿਲਮਾਂ ਨੂੰ ਸ਼ਾਨਦਾਰ ਮੁਹਾਦਰਾਂ ਦੇਣ ‘ਚ ਅਹਿਮ ਭੂਮਿਕਾ ਨਿਭਾਈ। ਉਪਰੰਤ ਪੜਾਅ ਦਰ ਪੜਾਅ ਬਤੌਰ ਪ੍ਰੋਡਿਊਸਰ , ਇਸ ਖਿੱਤੇ ‘ਚ ਆਗਮਣ ਕੀਤਾ ਅਤੇ ਪ੍ਰਮਾਤਮਾਂ ਦੀ ਨਵਾਜਿਸ਼ ਰਹੀ ਕਿ , ਘਰੇਲੂ ਪ੍ਰੋਡੋਕਸ਼ਨ ਅਧੀਨ ਬਣਾਈਆਂ ਉਕਤ ਫ਼ਿਲਮਾਂ ਨੂੰ ਦਰਸ਼ਕਾਂ ਅਤੇ ਬਾਕਸ ਆਫ਼ਿਸ ਦਾ ਭਰਪੂਰ ਹੁੰਗਾਰਾਂ ਮਿਲਿਆ।   ਉਨਾਂ ਦੱਸਿਆ ਕਿ  ਪੰਜਾਬੀ ਸਿਨੇਮਾਂ ‘ਚ ਆਪਣੇ ਜਮਾਨੇ ਦੀਆਂ  ਮਲਟੀ ਸਟਾਰ ਫ਼ਿਲਮਾਂ ਦਰਸ਼ਕਾਂ ਸਨਮੁੱਖ ਕਰਨ ਦਾ ਮਾਣ ਵੀ , ਉਨਾਂ ਦੇ ਹਿੱਸੇ ਆਇਆ ਹੈ, ਜਿਸ ਦੇ ਮੱਦੇਨਜ਼ਰ ਹੀ ਗੱਗੂ ਗਿੱਲ, ਯੋਗਰਾਜ਼, ਗੁਰਦਾਸ ਮਾਨ , ਵਿਸ਼ਾਲ ਸਿੰਘ, ਰਵਿੰਦਰ ਮਾਨ , ਗੁਰਕੀਰਤਨ ਜਿਹੇ , ਉਚਕੋਟੀ ਕਲਾਕਾਰ , ਉਨਾਂ ਦੀਆਂ ਨਿਰਮਾਣ ਫ਼ਿਲਮਾਂ ਦਾ ਮੁੱਖ ਹਿੱਸਾ ਰਹੇ ਹਨ। ਪੰਜਾਬੀਅਤ ਤਰਜ਼ਮਾਨੀ ਕਰਦੀਆਂ ਅਤੇ ਕਦਰਾਂ, ਕੀਮਤਾਂ ਨਾਲ ਵਰਸੋਈਆਂ ਫਿਲ਼ਮਾਂ ਬਣਾਉਣ ਲਈ ਮੋਹਰੀ ਯੋਗਦਾਨ ਪਾਉਣ ਜਾ ਰਹੇ , ਸ੍ਰੀ 'ਅਰਸ਼ੀ' ਨੇ ਅੱਗੇ ਦੱਸਿਆ ਕਿ , ਲੰਮੇਰ੍ਹੇ ਸਮੇਂ ਦੀਆਂ ਘਰੇਲੂ ਜਿੰਮੇਵਾਰੀਆਂ ਅਤੇ ਕੈਨੇਡਾ ਰੈਣ ਬਸੇਰਾ ਕਾਰਨ , ਉਹ ਕੁਝ ਸਮੇਂ ਲਈ ਇਸ ਖਿੱਤੇ ਤੋਂ ਦੂਰ ਰਹੇ, ਪਰ ਹੁਣ ਦੁਬਾਰਾ ਆਪਣੇ ਮਾਂ ਬੋਲੀ ਸਿਨੇਮਾਂ ਲਈ ਉਨਾਂ ਦਾ ਯਤਨਸ਼ੀਲ ਹੋਣਾ, ਇਸ ਸਿਨੇਮਾਂ ਨੂੰ ਆਉਂਦੇ ਦਿਨ੍ਹੀ , ਨਵੀਆਂ ਸੰਭਾਵਨਾਵਾਂ ਦੇਣ ‘ਚ ਵੀ ਅਹਿਮ ਭੂਮਿਕਾ ਨਿਭਾਵੇਗਾ।  
           ਉਨਾਂ ਦੱਸਿਆ ਕਿ , ਉਨਾਂ ਦੀ ਨਵੀਂ ਅਤੇ ਨਿਰਮਾਣ ਅਧੀਨ ਫਿਲਮ 'ਨਿਸ਼ਾਨਾ' ਦਾ ਹਰ ਪੱਖ ਬੇਹਤਰੀਨ ਰੰਗਾਂ ‘ਚ ਰੰਗਿਆ ਜਾ ਰਿਹਾ ਹੈ। ਜਿਸ ਦਾ ਖਾਸ ਆਕਰਸ਼ਨ ਜਿੱਥੇ ਨਿਵੇਕਲੀ ਕਹਾਣੀ ਅਤੇ ਨਿਰਦੇਸ਼ਨ ਹੋਵੇਗਾ, ਉਥੇ ਇਸ ਦਾ ਗੀਤ , ਸੰਗੀਤ, ਸਿਨੇਮਾਟੋਗ੍ਰਾਫੀ, ਕੋਰਿਓਗ੍ਰਾਫੀ , ਮਾਰਧਾੜ ਪੱਖ ਵੀ, ਇਸ ਫ਼ਿਲਮ ਨੂੰ ਚਾਰ ਚੰਨ ਲਾਉਣ ’ਚ ਉਲੇਖ਼ਯੋਗ ਭੂਮਿਕਾ ਨਿਭਾਵੇਗਾ। ਉਨਾਂ ਦੱਸਿਆ ਕਿ , ਪੁਰਾਤਨ ਪੰਜਾਬ ਦੇ ਰੰਗਾਂ ਨੂੰ ਜੀਵੰਤ ਕਰਨ ਜਾ ਰਹੀ , ਇਹ ਫ਼ਿਲਮ ਇਕ ਵਾਰ ਫ਼ਿਰ ਰੰਗਲੇ ਪੰਜਾਬ ਦੀਆਂ ਬਾਤਾ ਪਾਵੇਗੀ। ਜਿਸ ਦੁਆਰਾ ਅਤੀਤ ਦੀਆਂ ਗਹਿਰਾਈਆ ਵਿਚ ਸਮਾਏ , ਪੰਜਾਬ ਤੇ ਅਸਲ ਰੰਗ , ਇਕ ਵਾਰ ਫ਼ਿਰ ਹਰ ਪੰਜਾਬੀ ਦੇ ਮਨ੍ਹਾਂ  ਨੂੰ ਟੰੰਬਣਗੇ।  ਉਨਾਂ ਦੱਸਿਆ ਕਿ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ 'ਸ਼ਿਵ ਸ਼ਕਤੀ' ਹਨ, ਜਦਕਿ ਆਰਟ ਪੱਖ 'ਤੀਰਥ ਸਿੰਘ ਗਿੱਲ' ਵੇਖ ਰਹੇ ਹਨ।
                                ਸ਼ਿਵਨਾਥ ਦਰਦੀ
                        ਸੰਪਰਕ:- 9855155392

ਸੋਨੂੰ ਸੂਦ ਨੂੰ , ਭਾਰਤ ਮਾਂ ਦਾ ਪੁੱਤ ਕਹਿਣਾ , ਕੋਈ ਅਤਿਕਥਨੀ ਨਹੀਂ । - ਸ਼ਿਵਨਾਥ ਦਰਦੀ

  'ਪੰਜਾਬ ਦਾ ਪੁੱਤ' , 'ਗਰੀਬਾਂ ਦਾ ਮਸੀਹਾ' , 'ਮੁਕਤੀਦਾਤਾ , 'ਅਸਲ ਹੀਰੋ', ਹੋਰ ਅਜਿਹੇ ਕਈ ਨਾਵਾਂ ਨਾਲ ਜਾਣਿਆ ਜਾਂਦਾ ਹੈ , ਬਾਲੀਵੁੱਡ ਅਭਿਨੇਤਾ , 'ਸੋਨੂੰ ਸੂਦ' ਨੂੰ  । ਪੰਜਾਬ ਦੇ , ਬਹੁਤ ਸਾਰੇ ਅਭਿਨੇਤਾ ਨੇ , ਬਾਲੀਵੁੱਡ ਅਭਿਨੈ ਕਰ ਵਾਹ ਵਾਹ ਖੱਟੀ ਹੋਵੇਗੀ । ਪਰ 'ਸੋਨੂੰ ਸੂਦ' ਨੇ , ਅਸਲ ਲੋਕਾਂ ਦਾ ਹੀਰੋ ਬਣ ਦਿਖਾਇਆ । ਜਿਥੇ ਕਿਤੇ ਵੀ , ਸੋਨੂੰ ਸੂਦ ਦੀ ਜ਼ਰੂਰਤ ਹੁੰਦੀ ਹੈ , ਮਸੀਹਾ ਬਣ ਖੜ੍ਹਾ ਹੋ ਜਾਂਦਾ ਹੈ । ਦੇਸ਼ ਦਾ 'ਆਂਧਰਾ ਪ੍ਰਦੇਸ਼' ਹੋਵੇ , ਜਾਂ ਫਿਰ 'ਤਾਮਿਲਨਾਡੂ' , ਜਿਥੇ ਕਿਤੇ ਵੀ ਲੋੜਵੰਦ ਦੀ ਆਵਾਜ਼ , 'ਸੋਨੂੰ ਸੂਦ' ਦੇ ਕੰਨਾਂ ਚ , ਪੈਂਦੀ , 'ਸੋਨੂੰ ਸੂਦ' ,ਆਪ ਜਾਂ 'ਸੂਦ ਚੈਰੀਟੇਬਲ ਟੀਮ' ਪਹੁੰਚ ਜਾਂਦੀ ।
      'ਕਰੋਨਾ ਕਾਲ' ਸਮੇਂ , ਜਦੋਂ ਲੋਕ ਘਰਾਂ ਵਿਚ ਬੰਦ ਸਨ । ਉਸ 'ਸੋਨੂੰ ਸੂਦ' ਆਪ ਤੇ ਏਨਾਂ ਦੀ 'ਚੈਰੀਟੇਬਲ ਟੀਮ' ਨੇ , ਭੁੱਖੇ ਪਿਆਸੇ , ਲੋਕਾਂ ਦੀ ਸਾਰ ਲਈ । ਲੋਕਾਂ ਨੂੰ ਘਰਾਂ ਤੱਕ ਪਹੁਚਾਉਣ ਦਾ , ਮਰੀਜ਼ਾਂ ਨੂੰ ਦਵਾਈਆਂ , ਆਕਸੀਜਨ , ਐਂਬੂਲੈਂਸਾਂ , ਆਈ ਸੀ ਯੂ ਬੈੱਡ ,ਵੈਟੀਲੇਟਰ , ਇਥੋਂ ਤੱਕ ਕਿ ਓਨਾਂ ਸੰਸਕਾਰ ਦਾ ਪ੍ਰਬੰਧ ਕੀਤਾ । ਜੋ ਕੰਮ ਸਰਕਾਰ ਦੇ , ਓਹ ਬਹੁਤ , ਸਾਰੇ ਕੰਮ 'ਸੋਨੂੰ ਸੂਦ' ਦੀ 'ਚੈਰੀਟੇਬਲ ਟੀਮ' ਨੇ ਕੀਤੇ । ਓਨਾਂ 'ਅਸਲ ਹੀਰੋ' ਦਾ ਅਭਿਨੈ ਕੀਤਾ । ਵਿਦੇਸ਼ਾਂ ਚ ਫਸੇ ਲੋਕਾਂ ਨੂੰ ਵੀ 'ਸੋਨੂੰ ਸੂਦ' ਦੇਸ਼ ਪਹੁੰਚਾਇਆ । ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਜੰਮਪਲ ਬਾਲੀਵੁੱਡ ਸਟਾਰ 'ਸੋਨੂੰ ਸੂਦ' ਲਈ , ਨਾ ਤਾਂ 'ਕੇਂਦਰ ਸਰਕਾਰ' ਨੇ , ਨਾ ਹੀ 'ਪੰਜਾਬ ਸਰਕਾਰ' ਨੇ ਸਨਮਾਨ ਰੱਖਿਆ । ਅੱਜ ਦੀ ਨੌਜਵਾਨ ਪੀੜ੍ਹੀ ਲਈ , 'ਸੋਨੂੰ ਸੂਦ' ਰਾਹ ਦਸੇਰਾ ਹਨ ।
     30 ਜੁਲਾਈ 1973 ਨੂੰ ਪੰਜਾਬ ਦੇ ਜ਼ਿਲ੍ਹਾ 'ਮੋਗਾ' ਦੇ , 'ਸ੍ਰੀ ਸ਼ਕਤੀ ਸੂਦ' ਦੇ ਘਰ , ਮਾਤਾ ਪ੍ਰਫੈਸਰ 'ਸਰੋਜ ਸੂਦ' ਜੀ ਕੁੱਖੋਂ ਜਨਮ ਲਿਆ । ਜਨਮ ਤੋਂ ਬਾਅਦ , ਓਨਾਂ ਪੜਾਈ ਨਾਗਪੁਰ ਵਿਚ ਪੂਰੀ ਕੀਤੀ । ਆਪਣੀ 'ਇੰਜਨੀਅਰ ਦੀ ਪੜ੍ਹਾਈ ਖ਼ਤਮ ਕਰਨ ਬਾਅਦ , ਓਨਾਂ 'ਮਾਡਲਿੰਗ' ਵੱਲ ਪੈਰ ਧਰਿਆ । ਸੋਨੂੰ ਸੂਦ , 'ਮਿਸਟਰ ਇੰਡੀਆ' ਵਿੱਚ 'ਮੁਕਾਬਲੇਬਾਜ਼' ਰਹੇ ।
      ਸੋਨੂੰ ਸੂਦ ਨੇ , ਅਭਿਨੈ ਦੀ ਸ਼ੁਰੂਆਤ 1999 ਦੀ ਤਾਮਿਲ ਫਿਲਮ 'ਕਲਾਝਾਗਰ' ਨਾਲ ਕੀਤੀ । 'ਸਾਊਥ' ਦੀਆਂ ਫਿਲਮਾਂ ਕਰਦੇ , 'ਸੋਨੂੰ ਸੂਦ' ਨੇ ਆਪਣੀ ਪਹਿਲੀ ਹਿੰਦੀ ਫਿਲਮ 2002 'ਸ਼ਹੀਦੇ ਏ ਆਜ਼ਮ' ਚ , 'ਸ਼ਹੀਦ ਭਗਤ ਸਿੰਘ' ਦਾ ਅਭਿਨੈ ਕਰ , ਦਰਸ਼ਕਾਂ ਦੇ ਦਿਲ ਤੇ ਛਾਪ ਛੱਡੀ । ਇਸ ਤੋਂ ਬਹੁਤ ਸਾਰੀਆਂ ਫਿਲਮਾਂ ਕਰ , ਨਾਮਣਾ ਖੱਟਿਆ , ਆਪਣੀ ਵੱਖਰੀ ਛਾਪ ਛੱਡੀ । ਹਰ ਕਿਰਦਾਰ ਨੂੰ , ਦਿਲੋਂ ਨਿਭਾ ਦਰਸ਼ਕਾਂ ਦਾ , "ਮਣਾਂ ਮੂੰਹੀਂ ਪਿਆਰ ਲਿਆਂ" । '2010' ਵਿਚ ਰੀਲੀਜ਼ ਹੋਈ , ਫਿਲਮ 'ਦਬੰਗ' ਚ, ਨੈਗੇਟਿਵ ਕਿਰਦਾਰ ਅਦਾ ਕਰ , 'ਆਈਫਾ ਅਵਾਰਡ' ਹਾਸਲ ਕੀਤਾ । ਸੋਨੂੰ ਸੂਦ , ਬਾਲੀਵੁੱਡ , ਟਾਲੀਵੁੱਡ ,ਕਾਲੀਵੁੱਡ ਤਿੰਨਾਂ ਚ ਕੰਮ ਕਰ ਚੁੱਕੇ ਹਨ । 'ਸੋਨੂੰ ਸੂਦ' ਨੇ , ਆਪਣੇ ਕੈਰੀਅਰ ਦੌਰਾਨ , ਤਾਮਿਲ , ਤੇਗਲੂ , ਕੰਨੜ, ਹਿੰਦੀ ਤੇ ਪੰਜਾਬੀ ਆਦਿ ਭਾਸ਼ਾਵਾਂ ਚ , ਫਿਲਮਾਂ ਕੀਤੀਆਂ ।
    ਬਾਲੀਵੁੱਡ ਸਟਾਰ 'ਸੋਨੂੰ ਸੂਦ' ਦਾ ਵਿਆਹ 1996 ਵਿਚ 'ਸੋਨਾਲੀ' ਨਾਲ ਹੋਇਆ । 'ਸੋਨੂੰ ਸੂਦ' ਦੀ ਪਤਨੀ 'ਸੋਨਾਲੀ' 'ਲਾਈਮਲਾਈਟ' ਤੋਂ ਦੂਰ ਰਹਿੰਦੀ ਹੈ । ਪਰ ਕਈ ਵਾਰ ਉਹ 'ਸੋਨੂੰ ਸੂਦ' ਨਾਲ ਈਵੈਂਟ ਚ , ਨਜ਼ਰ ਆ ਚੁੱਕੀ ਹੈ । 'ਸੋਨੂੰ ਸੂਦ' ਤੇ ਸੋਨਾਲੀ ਦੇ ਦੋ ਬੇਟੇ 'ਇਸ਼ਾਂਤ' ਤੇ 'ਅਯਾਨ ਸੂਦ'  ਹਨ । ਜੋ ਅੱਜਕਲ੍ਹ ਮੁੰਬਈ ਵਿਚ ਰਹਿ ਰਹੇ ਹਨ । ਸੋਨੂੰ ਸੂਦ ਦੀ ਵੱਡੀ ਭੈਣ 'ਮੋਨਿਕਾ ਸ਼ਰਮਾ' 'ਅਮਰੀਕਾ' ਤੇ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਵਿੱਚ ਰਹਿੰਦੇ ਹਨ ।
   2022 ਦੀਆਂ , ਵਿਧਾਨ ਸਭਾ ਚੋਣਾਂ ਵਿੱਚ , 'ਸੋਨੂੰ ਸੂਦ' ਦੀ ਛੋਟੀ ਭੈਣ 'ਮਾਲਵਿਕਾ ਸੱਚਰ' ਮੋਗਾ ਜ਼ਿਲ੍ਹੇ ਤੋਂ ਚੋਣ ਲੜਨਗੇ । ਇੱਕ ਪ੍ਰੈਸ ਕਾਨਫਰੰਸ ਦੌਰਾਨ 'ਸੋਨੂੰ ਸੂਦ' ਤੇ ਓਨਾਂ ਦੀ ਛੋਟੀ ਭੈਣ 'ਮਾਲਵਿਕਾ' ਨੇ ਦੱਸਿਆ, ਇਹ ਚੋਣਾਂ , "ਲੋਕਾਂ ਦੀ ਸੇਵਾ ਲੜ ਰਹੇ ਹਾਂ" । ਪੱਤਰਕਾਰਾਂ ਨੇ 'ਸੋਨੂੰ ਸੂਦ' ਨੂੰ ਸਵਾਲ ਕੀਤਾ । ਤੁਸੀਂ ਕਿਉਂ ਨਹੀਂ ,ਚੋਣ ਲੜ ਰਹੇ ? ਓਨਾਂ ਕਿਹਾ , ਹਾਲੇ ਮੇਰਾ ਫ਼ਿਲਮਾਂ ਵਿੱਚ ਬਹੁਤ ਕੁਝ ਕਰਨਾ ਬਾਕੀ ਹੈ । ਅਸੀਂ ਕਿਸੇ ਦੇ ਵਿਰੋਧੀ ਨਹੀਂ , ਮੇਰੀ ਛੋਟੀ ਭੈਣ 'ਮਾਲਵਿਕਾ' ਰਾਜਨੀਤੀ ਆ ਕੇ , ਲੋਕ ਸੇਵਾ ਕਰਨਾ ਚਾਹੁੰਦੀ ਹੈ ।
   ਪਰ ਲੋਕ 'ਸੋਨੂੰ ਸੂਦ' 'ਪ੍ਰਧਾਨ ਮੰਤਰੀ' ਦੇ ਰੂਪ ਚ ਦੇਖਣਾ ਚਾਹੁੰਦੇ ਹਨ । ਬਹੁਤ ਸਾਰੇ 'ਐਪਸ' ਤੇ ਇਹੋ ਅਵਾਜ਼ ਹੈ । ਪੂਰੇ ਦੇਸ਼ ਦੀਆਂ ਦੁਆਵਾਂ 'ਸੋਨੂੰ ਸੂਦ' ਨਾਲ ਹੈ । 'ਸੋਨੂੰ ਸੂਦ' 'ਲੋਕਾਂ ਦਾ ਮਸੀਹਾ' ਬਣ ਨਾਲ-ਨਾਲ ਚਲਦਾ ਰਹੇ ।
                                           ਸ਼ਿਵਨਾਥ ਦਰਦੀ
                                  ਸੰਪਰਕ :- 9855155392

ਹੰਝੂ  ਹੌਂਕੇ - ਸ਼ਿਵਨਾਥ ਦਰਦੀ

ਅੰਬਰ ਜਿਨ੍ਹਾਂ ਦਰਦ ਛੁਪਾ ਕੇ ,
ਅੱਖ ਵਿੱਚ , ਹੰਝੂ  ਭਰਦੇ ਨਾ ,
ਹੰਝੂ  ਹੌਂਕੇ , ਹਾਣੀ  ਬਣ   ਕੇ ,
ਇਤਰਾਜ਼ ,ਏਨਾ ਤੇ ਕਰਦੇ ਨਾ ।
ਮੇਰੀ ਰੂਹ ਤਾਂ , ਲੀਰਾਂ ਹੋ ਗਈ ,
ਸਭ ਕੁਝ ਛੱਡ , ਫ਼ਕੀਰਾਂ ਹੋ ਗਈ ,
ਦੌਲਤ ਸ਼ੋਹਰਤ , ਮਿੱਟੀ ਸਭ ਨੇ ,
ਰੰਗਲੇ ਸੁਪਨੇ , ਅੱਖ ਚ' ਭਰਦੇ ਨਾ ।
ਹੰਝੂ ਹੌਂਕੇ __________________
ਪਿਆਰ ਦੇ ਨਾਲ , ਤਕਰਾਰ ਹੁੰਦਾ ,
ਇਹ  ਜ਼ਿੰਦਗੀ  ਦਾ , ਭਾਰ  ਹੁੰਦਾ ,
ਭੁੱਲ ਜਾਂਦੇ , ਸਭ  ਆਪਣਿਆਂ  ਨੂੰ ,
ਹੀਰਾਂ ਰਾਂਝੇ , ਸਰਦੀ ਚ' ਠਰਦੇ ਨਾ ।
ਹੰਝੂ ਹੌਂਕੇ __________________
ਰਾਤਾਂ ਬਣ ਗਈਆਂ , ਪਹਾੜਾਂ ਵਰਗੀਆਂ ,
ਬੀਆਬਾਨ ,  ਓਹ  ਉਜਾੜਾਂ  ਵਰਗੀਆਂ ,
ਜਿੰਦ  ਆਪਣੀ ,  'ਦਰਦੀ'  ਨਿੱਤ  ਨਿੱਤ ,
ਸੱਪ  ਦੀ  ਜੀਭੇ  ,  ਕਦੇ  ਧਰਦੇ  ਨਾ ।
ਹੰਝੂ ਹੌਂਕੇ ___________________
                         ਸ਼ਿਵਨਾਥ ਦਰਦੀ
                ਸੰਪਰਕ :-9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਸਾਹਿਤ ਜਗਤ ਦਾ ਧਰੂ ਤਾਰਾ :- ਹੀਰਾ ਸਿੰਘ ਤੂਤ - ਸ਼ਿਵਨਾਥ ਦਰਦੀ

ਪੰਜਾਬੀ ਸਾਹਿਤ ਜਗਤ ਚ ਅਨੇਕਾਂ, ਸਾਹਿਤਕਾਰਾਂ ਨੇ ਕਦਮ ਰੱਖਿਆ । ਜਿਨ੍ਹਾਂ ਪੰਜਾਬੀ ਮਾਂ-ਬੋਲੀ ਦੀ ਗੋਦ ਦਾ ਨਿੱਘ ਮਾਣ , ਆਪਣੀ ਵੱਖਰੀ ਪਹਿਚਾਣ ਬਣਾ ਲਈ । ਪਾਠਕਾਂ ਦੇ ਜ਼ਿਹਨ ਚ ਘਰ ਕਰ ਲੈਣਾ , ਟਾਂਵੇ ਟਾਂਵੇ ਸਾਹਿਤਕਾਰ ਦੇ ਹਿੱਸੇ ਆਉਂਦਾ ਹੈ ।
           ਪਰ ਹੀਰਾ ਸਿੰਘ ਤੂਤ ਵਰਗੇ ਸਾਹਿਤਕਾਰ ਦੇ , ਇਹ ਸਭ ਕੁਝ ਹਿੱਸੇ ਆਇਆ । ਕਿਸੇ ਨੂੰ ਆਪਣੇ ਰੰਗ ਵਿਚ ਰੰਗਣਾ , ਹਰ ਕਿਸੇ ਦੇ ਵੱਸ ਦਾ ਨਹੀ । ਪਰ ਹੀਰਾ ਸਿੰਘ ਤੂਤ ਕੋਲ , ਸ਼ਬਦਾਂ ਦੀ ਅਜਿਹੀ ਬੀਨ ਹੈ, ਜੋ ਪਾਠਕਾਂ ਦੇ ਮਨ ਨੂੰ ਕੀਲ ਪਟਾਰੀ ਚ ਪਾਉਂਦੀ ਹੈ । ਏਨਾ ਦੇ ਫਿੱਕੇ ਰੰਗ ਵੀ , ਪਾਠਕਾਂ ਨੂੰ ਮਨ ਭਾਉਂਦੇ ।
         ਹੀਰਾ ਸਿੰਘ ਤੂਤ , ਆਪਣਾ ਪਹਿਲਾ ਕਾਵਿ ਸੰਗ੍ਰਹਿ 'ਫਿੱਕੇ ਰੰਗ' 2017 ਵਿਚ ਲੈ , ਪੰਜਾਬੀ ਸਾਹਿਤ ਜਗਤ ਵਿਚ ਕਦਮ ਰਖਿਆ। ਪਾਠਕਾਂ ਨੇ , ਇਸਨੂੰ ਮਣਾਂ ਮੂੰਹੀ ਪਿਆਰ ਦਿੱਤਾ । ਹੀਰਾ ਸਿੰਘ ਤੂਤ ਦੇ ਹੌਸਲੇ ਬੁਲੰਦ ਹੋਏ । ਓਨਾਂ ਮੁੜ ਫਿਰ ਪਿੱਛੇ ਨਾ ਦੇਖਿਆ , 2017 ਵਿਚ ਕਹਾਣੀ ਸੰਗ੍ਰਹਿ 'ਪਗਡੰਡੀਆਂ' ਨਾਵਲ 'ਬੱਸ ਏਦਾਂ ਹੀ' , ਉਸ ਤੋਂ ਬਾਅਦ 2018 ਚ' 'ਕੁਝ ਰੰਗ' ਤੇ 'ਬੇਰੰਗ' , 2019 ਚ' ਮਿੰਨੀ ਕਹਾਣੀ ਸੰਗ੍ਰਹਿ 'ਸ਼ਕਤੀ ਪ੍ਰਦਰਸ਼ਨ' ਤੇ ਕਾਵਿ ਸੰਗ੍ਰਹਿ 'ਮੇਰੇ ਹਿੱਸੇ ਦੀ ਲੋਅ' ਸਾਂਝਾ ਲੇਖ ਸੰਗ੍ਰਹਿ 'ਜਿਉਣ ਦਾ ਹੁਨਰ' ਬਾਲ ਕਾਵਿ ਸੰਗ੍ਰਹਿ 'ਤਾਰੇ ਅੰਬਰ ਦੇ' , 2020 ਚ' ਕਾਵਿ ਸੰਗ੍ਰਹਿ 'ਖਿਸਕਦੇ ਪਲ' ਤੇ ਸਾਂਝਾ ਕਾਵਿ ਸੰਗ੍ਰਹਿ 'ਹੱਕਾਂ ਦੀ ਜੰਗ' , 2021 ਵਿਚ ਮਿੰਨੀ ਕਹਾਣੀ ਸੰਗ੍ਰਹਿ 'ਇੱਕ ਮੁੱਠ ਚੀਰਨੀ ਦੀ' , ਕਾਵਿ ਸੰਗ੍ਰਹਿ 'ਫਿਜ਼ਾਵਾਂ ਦੇ ਰੰਗ' ਤੇ ਬਾਲ ਕਾਵਿ ਸੰਗ੍ਰਹਿ 'ਆਓ ਸਕੂਲ ਚੱਲੀਏ', ਬਾਲ ਪਾਠਕਾਂ ਦੇ ਮਨ ਤੇ ਡੂੰਘੀ ਛਾਪ ਛੱਡਦਾ ਹੈ । ਹੀਰਾ ਸਿੰਘ ਤੂਤ ਦੀ ਕਲਮ ਨੇ ਹਰ ਵਿਸ਼ਾ ਛੂਹਿਆ ਅਤੇ ਹੱਲ ਵੱਲ ਤੋਰਿਆ ।
       ਹੀਰਾ ਸਿੰਘ ਤੂਤ ਨੇ ਗੱਲਬਾਤ ਦੌਰਾਨ ਦੱਸਿਆ , 2022 ਚ' , ਇੱਕ ਸਾਂਝਾ ਕਾਵਿ ਸੰਗ੍ਰਹਿ 'ਕਲਮਾਂ ਦੇ ਰੰਗ' ਲੈ ਪਾਠਕਾਂ ਦੀ ਕਚਹਿਰੀ ਵਿੱਚ ਹਾਜ਼ਰ ਹੋਣਗੇ ।
         ਸਾਹਿਤ ਸਿਰਜਣ ਦੀ ਚੇਟਕ ਹੀਰਾ ਸਿੰਘ ਤੂਤ ਨੂੰ ,ਕਾਲਜ ਦੇ ਦਿਨਾਂ ਤੋਂ ਲੱਗੀ । ਓਨਾਂ ਦੀਆਂ ਰਚਨਾਵਾਂ , ਕਾਲਜ ਦੀ ਕੰਧ 'ਕੰਧ ਦਰਪਣ' ਦਾ ਸ਼ਿੰਗਾਰ ਬਣ ਦੀਆਂ । ਹੀਰਾ ਸਿੰਘ ਤੂਤ ਦਾ ਬਹੁਤਾ ਸਮਾਂ , ਕਾਲਜ ਦੀ ਲਾਇਬ੍ਰੇਰੀ ਵਿਚ ਬਤੀਤ ਹੁੰਦਾ । ਪੰਜਾਬੀ ਸਾਹਿਤ ਨਾਲ , ਅਜਿਹਾ ਗੂੜ੍ਹਾ ਪਿਆਰ ਪਿਆ । ਓਨਾਂ ਪ੍ਰਸਿੱਧ ਲੇਖਕਾਂ ਨੂੰ ਪੜਿਆ , ਜਿਵੇਂ :- ਬਲਵੰਤ ਗਾਰਗੀ , ਨਾਵਲਕਾਰ ਦਲੀਪ ਕੌਰ ਟਿਵਾਣਾ , ਸ਼ਿਵ ਕੁਮਾਰ ਬਟਾਲਵੀ , ਵੀਨਾ ਵਰਮਾ , ਬੂਟਾ ਸਿੰਘ ਸ਼ਾਦ , ਨਰਿੰਦਰ ਕਪੂਰ ਤੇ ਅਜੋਕੇ ਸਮੇਂ ਦੇ ਸਾਹਿਤਕਾਰ ਸਸੀਪਾਲ ਸਮੁੰਦਰਾ , ਨਿੰਦਰ ਘੁਗਿਆਣਵੀ, ਨਾਵਲਕਾਰ ਜੀਤ ਸਿੰਘ ਸੰਧੂ ਆਦਿ ਨੂੰ । ਜਿਨ੍ਹਾਂ ਦੀ ਲੇਖਣੀ ਨੇ , ਹੀਰਾ ਸਿੰਘ ਤੂਤ ਦੇ ਜ਼ਿਹਨ ਚ' , ਵੱਖਰੀ ਛਾਪ ਛੱਡੀ ।
       ਹੀਰਾ ਸਿੰਘ ਤੂਤ ਨਾਲ ਗੱਲਬਾਤ ਕੀਤੀ , ਓਨਾਂ ਕਿਹਾ 'ਹਾਲੇ ਤਾਂ , ਮੈਂ ਸੇਰ ਚ' ਪੂਣੀ ਨਹੀਂ ਕੱਤੀ । ਕਈ ਲੋਕ ਮੈਨੂੰ ਪੁੱਛਦੇ ਨੇ , ਹੀਰਾ ਸਿੰਘ ਤੂਤ , ਤੈਨੂੰ ਕਾਹਦੀ ਕਾਹਲੀ? ਐਨੀਆਂ ਕਿਤਾਬਾਂ ਲਿਖ ਛੱਡੀਆਂ , ਤਾਂ ਮੈਂ ਓਨਾ ਨੂੰ ਹੱਸ ਕੇ ਜਵਾਬ ਦਿੰਦਾ ਹਾਂ । ਜ਼ਿੰਦਗੀ ਦੀ ਕੀ ਗਰੰਟੀ ਹੈ ? ਜੋ ਵੀ ਸਾਹਿਤ ਦੀ ਆਮਦ , ਜ਼ਿਹਨ ਚ ਹੁੰਦੀ , ਮੈਂ ਲਿਖ ਛਪਵਾ ਲੈਂਦਾ ਹਾਂ । ਪਾਠਕਾਂ ਤੇ ਸਰੋਤਿਆਂ ਪਿਆਰ ਸਤਿਕਾਰ ਸਦਕਾ , ਓਨਾ ਦੀ ਕ਼ਲਮ ਬੁਲੰਦੀਆਂ ਛੂਹ ਰਹੀ । ਹੀਰਾ ਸਿੰਘ ਤੂਤ ਜਲੰਧਰ ਦੂਰਦਰਸ਼ਨ ਦੇ ਚਰਚਿੱਤ ਪ੍ਰੋਗਰਾਮ 'ਗੱਲਾਂ ਤੇ ਗੀਤ' ਚ', ਵੀ ਚਾਰ ਅਕਤੂਬਰ 2021 ਨੂੰ ਸ਼ਿਰਕਤ ਕਰ ਚੁੱਕੇ ਹਨ ।
         ਜੇਕਰ ਹੀਰਾ ਸਿੰਘ ਤੂਤ ਦੇ ਸਨਮਾਨਾਂ ਦੀ ਗੱਲ ਕਰੀਏ , ਹੁਣ ਤੱਕ ਏਨਾਂ ਨੂੰ , ਪੰਜਾਬੀ ਸਾਹਿਤ ਸਭਾ (ਸ੍ਰੀ ਮੁਕਤਸਰ ਸਾਹਿਬ) , ਸਰਕਾਰੀ ਕਾਲਜ ਜ਼ੀਰਾ (ਫਿਰੋਜ਼ਪੁਰ) , ਸ਼ਬਦ ਸਾਂਝ ਕੋਟਕਪੂਰਾ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੱਲ ਖੁਰਦ (ਫਿਰੋਜ਼ਪੁਰ) , ਪੰਜਾਬੀ ਸਾਹਿਤ ਸਭਾ (ਮੰਡੀ ਬਰੀਵਾਲਾ), ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਉਪਰ ਡੀ.ਸੀ (ਫਿਰੋਜ਼ਪੁਰ) ਵੱਲੋਂ , ਸੁੰਦਰ ਲਿਖਾਈ ਅਤੇ ਅਧਿਆਪਕ ਦਿਵਸ , ਜ਼ਿਲ੍ਹਾ ਤੇ ਬਲਾਕ ਪੱਧਰ ਤੇ  ਕਈ ਵਾਰ ਸਨਮਾਨਿਤ ਕੀਤਾ ਗਿਆ ।
            ਜੇਕਰ ਹੀਰਾ ਸਿੰਘ ਤੂਤ ਦੀ ਮੁੱਢਲੀ ਸਿੱਖਿਆ ਬਾਰੇ ਗੱਲ ਕਰੀਏ ਤਾਂ ਏਨਾ ਪਿੰਡ ਪੱਧਰ ਅਤੇ ਸੀਨੀਅਰ ਸੈਕੰਡਰੀ ਤੱਕ ਦੀ ਸਿੱਖਿਆ (ਫਿਰੋਜ਼ਪੁਰ ਛਾਉਣੀ) ਤੋਂ ਪ੍ਰਾਪਤ ਕਰ , ਸਰਕਾਰੀ ਬਰਜਿੰਦਰਾ ਕਾਲਜ (ਫ਼ਰੀਦਕੋਟ) ਤੋਂ ਐਮ.ਏ (ਪੰਜਾਬੀ/ਹਿਸਟਰੀ) ਅਤੇ ਬੀ.ਐਡ ਤੇ ਯੂ.ਜੀ.ਸੀ.ਨੈੱਟ (ਪੰਜਾਬੀ) ਆਦਿ , ਵਿੱਦਿਅਕ ਯੋਗਤਾ ਪ੍ਰਾਪਤ ਕੀਤੀਆਂ ।
           ਸਾਹਿਤ ਦੇ , ਇਸ ਹੀਰੇ ਦਾ ਜਨਮ ਅੱਠ ਦਸੰਬਰ 1980 ਨੂੰ ਪਿੰਡ ਤੂਤ (ਜ਼ਿਲ੍ਹਾ ਫਿਰੋਜ਼ਪੁਰ) ਚ', ਪਿਤਾ ਸੋਹਣ ਸਿੰਘ ਤੇ ਮਾਤਾ ਗੁਰਬਖਸ਼ ਕੌਰ ਦੇ ਨਿਵਾਸ ਹੋਇਆ । ਮਿਲਣਸਾਰ, ਮਿੱਠ ਬੋਲੜੇ ਅਤੇ ਸਿੱਧ ਪੱਧਰੇ , ਸੁਭਾਅ ਦੇ ਮਾਲਕ ਹੀਰਾ ਸਿੰਘ ਤੂਤ , ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ੍ਰੀਮਤੀ ਸਰਬਜੀਤ ਕੌਰ (ਪ੍ਰਾਈਵੇਟ ਅਧਿਆਪਕ) ਤੇ ਬੇਟੇ ਮਨਮੀਤ ਨਾਲ , ਖੁਸ਼ੀ ਖੁਸ਼ੀ ਪਿੰਡ ਤੂਤ ਚ', ਜੀਵਨ ਬਤੀਤ ਕਰ ਰਹੇ ਹਨ । ਹੀਰਾ ਸਿੰਘ ਤੂਤ ਦੇ ਪੀਰਾਂ ਫ਼ਕੀਰਾਂ ਵਰਗੇ ਸ਼ਬਦ, ਏਨਾਂ ਦੇ ਜੀਵਨ ਦਾ ਰਾਹ ਪੱਧਰਾ ਕਰ , ਬੁਲੰਦੀਆਂ ਤੱਕ ਪਹੁਚਾਉਣ । ਹੀਰਾ ਸਿੰਘ ਤੂਤ , ਇਕਾਗਰ ਚਿੱਤ ਹੋ , ਪੰਜਾਬੀ ਸਾਹਿਤ ਦੀ ਸੇਵਾ ਕਰਦੇ ਰਹਿਣ । ਦੁਆਵਾਂ

ਸ਼ਿਵਨਾਥ ਦਰਦੀ
ਸੰਪਰਕ:- 9855155392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਪੰਜਾਬੀ ਮਾਂ-ਬੋਲੀ ਦਾ ਪਿਆਰਾ ਹਸਤਾਖਰ :- ਪ੍ਰੋ.ਬੀਰ ਇੰਦਰ ਸਰਾਂ

  ਫ਼ਰੀਦਕੋਟ ਦੀ ਧਰਤੀ ਸ਼ਾਇਰਾਂ, ਕਵੀਆਂ ਤੇ  ਫ਼ਨਕਾਰਾਂ ਦੀ ਧਰਤੀ ਹੈ । ਜਿੱਥੇ ਅਨੇਕਾਂ ਹੀ ਪ੍ਰਸਿੱਧ ਗਾਇਕਾਂ, ਗੀਤਕਾਰਾਂ ਅਤੇ ਸਾਹਿਤਕਾਰਾਂ ਨੇ ਜਨਮ ਲਿਆ । ਜਿਨ੍ਹਾਂ ਨੇ ਦੇਸ਼ਾਂ-ਵਿਦੇਸ਼ਾਂ ਵਿਚ ਖੂਬ ਨਾਮਣਾ ਖੱਟਿਆ । ਬਾਬਾ ਫ਼ਰੀਦ ਜੀ ਦੀ ਚਰਨ ਛੋਹ ਧਰਤੀ, ਫ਼ਰੀਦਕੋਟ ਵਾਸੀਆਂ ਲਈ ਵਰਦਾਨ ਹੈ । ਜੋ ਵੀ ਇਸ ਧਰਤੀ ਦੀ ਗੋਦ ‘ਚ ਆਉਂਦਾ, ਓਹ ਕਿਸੇ ਨਾ ਕਿਸੇ ਖੇਤਰ ‘ਚ ਪ੍ਰਸਿੱਧੀ ਹਾਸਲ ਕਰਦਾ ਹੈ ।
         ਪ੍ਰੋ.ਬੀਰ ਇੰਦਰ ਸਰਾਂ ਜੀ ਅੱਜਕਲ੍ਹ ਦੇ ਉੱਘੇ ਸਾਹਿਤਕਾਰਾਂ ਵਿਚੋਂ ਇੱਕ ਹਨ । ਜੋ ਦਿਨ-ਰਾਤ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਪ੍ਰਫੁੱਲਤਾ ਲਈ ਯਤਨਸ਼ੀਲ ਹਨ । ਜਿੱਥੇ ਉਹ ਇੱਕ ਸਾਹਿਤਕਾਰ ਵਜੋਂ ਆਪਣੀ ਪਹਿਚਾਣ ਬਣਾ ਚੁੱਕੇ ਹਨ, ਉੱਥੇ ਉਹਨਾਂ ਦਾ ਨਾਮ ਕਾਲਜ ਅਧਿਆਪਨ ਦੇ ਖੇਤਰ ਵਿੱਚ ਵੀ ਆਪਣੀ ਵਿਲੱਖਣ ਪਹਿਚਾਣ ਰੱਖਦਾ ਹੈ । ਉਹ ਪਿਛਲੇ ਇੱਕ ਦਹਾਕੇ ਤੋਂ ਸਰਕਾਰੀ ਕਾਲਜ ਆਫ਼ ਐਜੂਕੇਸ਼ਨ, ਫ਼ਰੀਦਕੋਟ ਵਿਖੇ ਬਤੌਰ ਅਸਿਸਟੈਂਟ ਪ੍ਰੋਫ਼ੈਸਰ ਸੇਵਾ ਨਿਭਾਅ ਰਹੇ ਹਨ । ਉਹਨਾਂ ਦੇ ਪੜ੍ਹਾਏ ਹੋਏ ਵਿਦਿਆਰਥੀ, ਅਧਿਆਪਨ ਖੇਤਰ ਦੇ ਨਾਲ ਨਾਲ ਉੱਚ ਅਹੁਦਿਆਂ ਉੱਤੇ ਬਿਰਾਜਮਾਨ ਹਨ । ਉਹ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਸਮੇਂ ਸਮੇਂ ‘ਤੇ ਆਪਣਾ ਯੋਗਦਾਨ ਪਾਉਂਦੇ ਰਹਿੰਦੇ ਹਨ ।
         ਪ੍ਰੋ.ਬੀਰ ਇੰਦਰ ਸਰਾਂ ਜੀ ਦਾ ਜਨਮ 10 ਅਕਤੂਬਰ 1979 ਨੂੰ ਪੰਜਾਬ ਦੇ ਮਲੋਟ ਸ਼ਹਿਰ ਵਿਖੇ ਮਾਤਾ ਗੁਰਵਿੰਦਰ ਕੌਰ ਜੀ ਦੀ ਕੁੱਖੋਂ ਹੋਇਆ ਅਤੇ ਇਹਨਾਂ ਦੇ ਪਿਤਾ ਸ੍ਰ. ਸੁਰਜੀਤ ਸਿੰਘ ਜੀ ਜੋ ਕਿ ਪੰਜਾਬ ਸਿੱਖਿਆ ਵਿਭਾਗ ਵਿੱਚੋਂ ਬਤੌਰ ਸੁਪਰਡੈਂਟ ਸੇਵਾ-ਮੁਕਤ ਹੋਏ ਹਨ । ਜੇਕਰ ਪ੍ਰੋ. ਸਰਾਂ ਜੀ ਦੀ ਪੜ੍ਹਾਈ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਨੇ ਮੁੱਢਲੀ ਪੜ੍ਹਾਈ ਫ਼ਰੀਦਕੋਟ ਦੇ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਅਤੇ ਨਿਊ ਮਾਡਲ ਸੀਨੀਅਰ ਸੈਕੰਡਰੀ ਸਕੂਲ ਤੋਂ ਪ੍ਰਾਪਤ ਕੀਤੀ । ਸਰਕਾਰੀ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਬੀ.ਏ. ਦੀ ਡਿਗਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਏ (ਰਾਜਨੀਤੀ ਸ਼ਾਸਤਰ ਤੇ ਪੰਜਾਬੀ), ਸ਼ਹੀਦ ਊਧਮ ਸਿੰਘ ਕਾਲਜ ਆਫ਼ ਐਜੂਕੇਸ਼ਨ,ਸੁਨਾਮ ਤੋਂ ਬੀ.ਐਡ., ਰਿਆਤ ਬਾਹਰਾ ਕਾਲਜ ਆਫ਼ ਐਜੂਕੇਸ਼ਨ, ਖਰੜ (ਮੋਹਾਲੀ) ਤੋਂ ਐਮ.ਐਡ. ਅਤੇ ਯੂ.ਜੀ.ਸੀ. ਨੈੱਟ (ਐਜੂਕੇਸ਼ਨ) ਵਿੱਚ ਪਾਸ ਕੀਤਾ ਹੋਇਆ ਹੈ । ਇਸ ਤੋਂ ਇਲਾਵਾ ਪੀ.ਜੀ.ਡੀ.ਸੀ.ਏ., ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ ਅਤੇ ਹੋਰ ਕਈ ਕੰਪਿਊਟਰ ਕੋਰਸ ਵੀ ਪਾਸ ਕੀਤੇ ਹੋਏ ਹਨ ।
       ਪ੍ਰੋਫ਼ੈਸਰ ਸਾਹਿਬ ਅਕਸਰ ਹੀ ਰਾਸ਼ਟਰੀ, ਅੰਤਰਰਾਸ਼ਟਰੀ ਕਾਨਫ਼ਰੰਸਾਂ ਅਤੇ ਸੈਮੀਨਾਰਾਂ ਵਿੱਚ ਪੇਪਰ ਪੜ੍ਹਦੇ ਅਤੇ ਭਾਗ ਲੈਂਦੇ ਰਹਿੰਦੇ ਹਨ । ਉਹ ਅਧਿਆਪਨ ਖੇਤਰਾਂ, ਸਾਹਿਤ ਤੇ ਸੱਭਿਆਚਾਰਕ ਖੇਤਰਾਂ ਵਿੱਚ ਜੱਜਮੈਂਟ ਕਰਦੇ ਰਹਿੰਦੇ ਹਨ । ਆਪਣੀ ਅਣਥੱਕ ਮਿਹਨਤ ਨਾਲ ਆਪਣੇ ਕਾਲਜ, ਸਮਾਜ ਅਤੇ ਆਪਣੇ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ‘ਚ ਅਨੇਕਾਂ ਹੀ ਸਨਮਾਨ ਦਿਵਾਉਂਦੇ ਰਹਿਣ ਦੇ ਨਾਲ ਨਾਲ ਹੌਂਸਲਾ ਅਫ਼ਜ਼ਾਈ ਕਰ ਅੱਗੇ ਵਧਾਉਂਦੇ ਰਹਿੰਦੇ ਹਨ।
       ਪ੍ਰੋ. ਬੀਰ ਇੰਦਰ ਸਰਾਂ ਜੀ  ਨੇ ਆਪਣੀ ਲੇਖਣੀ ਰਾਹੀਂ  ਦੇਸ਼ਾਂ ਵਿਦੇਸ਼ਾਂ ‘ਚ ਖ਼ੂਬ ਨਾਮਣਾ ਖੱਟਿਆ ਹੈ । ਰਾਜ-ਪੱਧਰੀ, ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਅਨੇਕਾਂ ਹੀ ਕਵੀ-ਦਰਬਾਰਾਂ, ਅਖ਼ਬਾਰਾਂ ਅਤੇ ਮੈਗਜ਼ੀਨਾਂ ਵਿਚ ਹਾਜ਼ਰੀ ਲਵਾ, ਪੰਜਾਬੀ ਮਾਂ-ਬੋਲੀ ਦਾ ਮਾਣ ਨਾਲ ਸਿਰ ਉੱਚਾ ਕੀਤਾ । ਕਈ ਸਾਰੇ ਕਾਵਿ-ਮੁਕਾਬਲਿਆਂ ਵਿੱਚ ਮੋਹਰੀ ਪੁਜੀਸ਼ਨਾਂ ਅਤੇ ਸਨਮਾਨ ਵੀ ਹਾਸਲ ਕੀਤੇ ਹਨ । ਸਾਂਝੇ ਕਾਵਿ-ਸੰਗ੍ਰਹਿ ‘ਬੋਲਦੇ ਅਲਫ਼ਾਜ਼’ ਦੇ ਪੰਨਿਆਂ ਚ ਏਨਾਂ ਦੇ ਬਾ-ਕਮਾਲ ਸ਼ਬਦ ,ਰਹਿਬਰ ਬਣ ਪਾਠਕਾਂ ਦੀ ਰਹਿਨੁਮਾਈ ਕਰਦੇ ਹਨ ।  ਇਸਦੇ ਨਾਲ ਹੀ ‘ਇਸ਼ਕ ਮਿਜ਼ਾਜੀ ਤੋਂ ਇਸ਼ਕ ਹਕੀਕੀ ਵੱਲ’ ਕਾਵਿ-ਸੰਗ੍ਰਹਿ ਦੁਆਰਾ ਸੰਪਾਦਕੀ ਦੇ ਖੇਤਰ ਵਿੱਚ ਵੀ ਪ੍ਰਵੇਸ਼ ਕਰ ਚੁੱਕੇ ਹਨ । ਜਲਦ ਹੀ ਆਉਣ ਵਾਲੇ ਚਾਰ-ਪੰਜ ਕਾਵਿ-ਸੰਗ੍ਰਹਿ, ਜੋ ਪਾਠਕਾਂ ਦੀ ਕਚਹਿਰੀ ਹਾਜ਼ਰ ਹੋਣ ਵਾਲੇ ਹਨ, ਉਹਨਾਂ ‘ਚ ਪ੍ਰੋਫ਼ੈਸਰ ਸਾਹਿਬ ਦੇ ਜਾਦੂਮਈ ਸ਼ਬਦ, ਰੂਹਾਂ ਦੀ ਪਿਆਸ ਬੁਝਾਉਣਗੇ ।
ਪ੍ਰੋਫ਼ੈਸਰ ਸਾਹਿਬ ਜ਼ਿੰਦਗੀ ਨੂੰ ਇਹਨਾਂ ਖੂਬਸੂਰਤ ਸ਼ਬਦਾਂ ਵਿੱਚ ਬਿਆਨ ਕਰਦੇ ਹਨ :-
ਸਾਰੀ ਜਿੰਦਗੀ
ਜਿੰਦਗੀ ਨੂੰ
ਜ਼ਿੰਦਗੀ ਵਿੱਚ
ਲੱਭਦਾ ਰਿਹਾ ਮੈਂ
ਬਸ ਇਹੀ ਤਾਂ......
ਮੇਰੀ ਜਿੰਦਗੀ ਹੈ
       'ਗੁਰਮੁਖੀ ਦੇ ਵਾਰਿਸ' ਪੰਜਾਬੀ ਸਾਹਿਤ ਸਭਾ ਤੇ ਵੈਲਫ਼ੇਅਰ ਸੁਸਾਇਟੀ (ਰਜਿ) ਪੰਜਾਬ ਦੇ ਪ੍ਰੈਸ ਸਕੱਤਰ ਅਤੇ ਮੀਡੀਆ ਇੰਚਾਰਜ ਹਨ ਅਤੇ ਫ਼ਰੀਦਕੋਟ ਦੇ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਲ ਨਾਲ ਉਹ ਹਫ਼ਤਾਵਾਰੀ ਪੰਜਾਬੀ ਮੈਗਜ਼ੀਨ ‘ਗੁਰਮੁਖੀ ਦੇ ਵਾਰਿਸ’ ਦੇ ਸੰਪਾਦਕ ਵੀ ਹਨ । ਇਸ ਤੋਂ ਇਲਾਵਾ ਮਾਤਾ ਵਿੱਦਿਆ ਦੇਵੀ ਲਿਖਾਰੀ ਸਭਾ ਫ਼ਰੀਦਕੋਟ ਦੇ ਪ੍ਰੈੱਸ ਸਕੱਤਰ ਵਜੋਂ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰ ਰਹੇ ਹਨ । ਇਸ ਦੇ ਨਾਲ ਨਾਲ ਵੱਖ-ਵੱਖ ਰਾਸ਼ਟਰੀ ਤੇ ਅੰਤਰਰਾਸ਼ਟਰੀ, ਸਾਹਿਤ ਸਭਾਵਾਂ ਦੇ ਮੈਂਬਰ ਬਣ ਪੰਜਾਬੀ ਸਾਹਿਤ ਵਿਚ ਯੋਗਦਾਨ ਪਾ ਰਹੇ ਹਨ । ਉਹ ਆਪਣੇ ਡਿਜ਼ਾਇਨ ਕੀਤੇ ਪੋਸਟਰਾਂ ਅਤੇ ਸਰਟੀਫ਼ਿਕੇਟਾਂ ਦੁਆਰਾ ਪੰਜਾਬੀ ਸਾਹਿਤਕਾਰਾਂ ਨੂੰ ਸਨਮਾਨਿਤ ਕਰਨ ਦੀ ਸੇਵਾ ਵੀ ਨਿਭਾਉਂਦੇ ਹਨ ।
         ਜੇ ਸਮਾਜ ਸੇਵਾ ਦੀ ਗੱਲ ਕਰੀਏ ਤਾਂ ਪ੍ਰੋ. ਬੀਰ ਇੰਦਰ ਸਰਾਂ ਜੀ ਵੱਖ-ਵੱਖ ਸੰਸਥਾਵਾਂ ਦੇ ਮੈਂਬਰ ਬਣ ਸਮਾਜਿਕ ਜਾਗਰੂਕਤਾ ਅਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਵੀ ਤਨ,ਮਨ,ਧਨ ਨਾਲ ਸੇਵਾ ਨਿਭਾਉਂਦੇ ਹਨ । ਹੁਣ ਤੱਕ 11 ਵਾਰ ਖੂਨਦਾਨ ਕਰਕੇ ਆਪਣੇ ਚਾਹੁਣ ਵਾਲਿਆਂ ਲਈ ਪ੍ਰੇਰਨਾ ਸਰੋਤ ਬਣੇ ਹਨ । ਹਰ ਸਾਲ ਵੱਖ ਵੱਖ ਸੰਸਥਾਵਾਂ ਨਾਲ ਮਿਲ ਕੇ ਅਨੇਕਾਂ ਰੁੱਖ ਲਗਾਉਂਦੇ ਅਤੇ ਆਪਣੇ ਵਿਦਿਆਰਥੀਆਂ ਤੇ ਸਮਾਜ ਨੂੰ ਵੀ ਜਾਗਰੂਕ ਕਰਦੇ ਹਨ ।
         ਮਿਲਾਪੜੇ ਜਿਹੇ ਸੁਭਾਅ ਦੇ ਮਾਲਕ ਹੋਣ ਦੇ ਨਾਲ ਉਹ ਸਾਦਗੀ ਪਸੰਦ ਕਰਦੇ ਹਨ । ਆਪਣੀ ਜ਼ਿੰਦਗੀ ਵਿੱਚ ਪ੍ਰੇਰਣਾ-ਸ੍ਰੋਤ ਆਪਣੇ ਮਾਤਾ-ਪਿਤਾ ਤੇ ਪਰਿਵਾਰ ਨੂੰ ਮੰਨਦੇ ਹਨ । ਇਸ ਤੋਂ ਇਲਾਵਾ ਸਾਹਿਤ ਖੇਤਰ ਵੱਲ ਆਉਣ ਦੇ ਰੁਝਾਨ ਲਈ ਸ਼ਿਵ ਕੁਮਾਰ ਬਟਾਲਵੀ, ਨਰਿੰਦਰ ਸਿੰਘ ਕਪੂਰ, ਸੁਰਜੀਤ ਪਾਤਰ, ਸਤਿੰਦਰ ਸਰਤਾਜ ਅਤੇ ਚੰਗੀ ਲੇਖਣੀ ਵਾਲਿਆਂ ਨੂੰ ਮੰਨਦੇ ਹਨ । ਜਿਨ੍ਹਾਂ ਦੀਆਂ ਅਮਿੱਟ ਲਿਖਤਾਂ ਉਹਨਾਂ ਦੇ ਦਿਲ ‘ਤੇ ਆਪਣੀ ਗਹਿਰੀ ਛਾਪ ਛੱਡ ਗਈਆਂ ।
       ਅੱਜਕਲ੍ਹ ਪ੍ਰੋ. ਸਰਾਂ ਸਾਹਿਬ ਜੀ ਆਪਣੀ ਪਰਿਵਾਰਕ ਫੁਲਵਾੜੀ ‘ਚ ਆਪਣੇ ਮਾਤਾ-ਪਿਤਾ ਤੋਂ ਇਲਾਵਾ ਆਪਣੀ ਧਰਮ ਪਤਨੀ ਸ਼੍ਰੀਮਤੀ ਰਣਦੀਪ ਕੌਰ ਜੋ ਕਿ ਸਰਕਾਰੀ ਸਕੂਲ ਅਧਿਆਪਕਾ ਹਨ ਅਤੇ ਦੋ ਬੇਟਿਆਂ ਰਣਬੀਰ ਸਰਾਂ ਤੇ ਹਰਸ਼ਬੀਰ ਸਰਾਂ ਨਾਲ ਮਾਈ ਗੋਦੜੀ ਸਾਹਿਬ ਕਾਲੋਨੀ ਫ਼ਰੀਦਕੋਟ ਵਿਖੇ  ਨਿਵਾਸ ਕਰ ਰਹੇ ਹਨ ।
             ਜੇਕਰ ਪ੍ਰੋ.ਬੀਰ ਇੰਦਰ ਸਰਾਂ ਜੀ ਦੀਆਂ ਰਚਨਾਵਾਂ ਦੀ ਗੱਲ ਨਾ ਕਰੀਏ, ਤਾਂ ਇਹ ਲੇਖ ਅਧੂਰਾ ਜਾਪੇਗਾ । ਉਹਨਾਂ ਦੀ ਲਿਖਣ ਸ਼ੈਲੀ ਬਹੁਤ ਸਾਰਥਕ, ਮਨਮੋਹਕ ਅਤੇ ਆਪਣੇ ਪਾਠਕਾਂ ਉੱਪਰ ਡੂੰਘਾ ਪ੍ਰਭਾਵ ਛੱਡਦੀ ਹੈ । ਉਹ ਆਪਣੇ ਡੂੰਘੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਲਿਖਦੇ ਹਨ :-  ਡੂੰਘੇ ਜਜ਼ਬਾਤ...

ਦਿਲ ਦੇ ਡੂੰਘੇ ਜਜ਼ਬਾਤ ਜੋ ਮੈਂ
ਇਨ੍ਹਾਂ ਕਾਗਜ਼ਾਂ ਉੱਤੇ ਉਕੇਰੇ ਨੇ
ਜੋ ਸ਼ਬਦ ਬਣ ਬਣ ਉੱਭਰੇ ਨੇ
ਕੁਝ ਤੇਰੇ ਨੇ ਤੇ ਕੁਝ ਮੇਰੇ ਨੇ
    ਪੰਜਾਬੀ ਮਾਂ-ਬੋਲੀ ਦੇ ਇਸ ਸਾਹਿਤਕਾਰ ਪ੍ਰੋ. ਬੀਰ ਇੰਦਰ ਸਰਾਂ ਨੂੰ, ਉਹਨਾਂ ਦੀ ਅਣਥੱਕ ਮਿਹਨਤ, ਨਵੇਕਲੀ ਸੋਚ ਲਈ ਢੇਰ ਸਾਰੀਆਂ, ਮੋਹ ਭਿੱਜੀਆਂ ਸ਼ੁਭਕਾਮਨਾਵਾਂ।  
  ਆਮੀਨ !
         ਸ਼ਿਵਨਾਥ ਦਰਦੀ                                           
     ਸੰਪਰਕ:- 98551-55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼
ਫ਼ਰੀਦਕੋਟ

ਕਵਿਤਾ - ਸ਼ਿਵਨਾਥ ਦਰਦੀ

ਨਾ ਹੀ ਧਰਤੀ ਮਹਿਕੇ ਸੱਜਣਾ ,
ਨਾ ਹੀ ਅੰਬਰੀਂ ਤਾਰੇ ਚਮਕਣ ,
ਰੱਖ ਬਨੇਰੇ , ਮੈਂ ਦੀਪ ਜਲਾਏ ,
ਓਹ ਵਿਚ ਹਵਾ ਦੇ ਲਮਕਣ ।
ਨਾ ਹੀ ..........................
ਚਾਰ ਚੁਫੇਰੇ ਘੁੱਪ ਹਨੇਰਾ ,
ਅੰਬਰ  ਪਏ  ਨੇ  ਖਾਲੀ ,
ਬੂਹੇ ਦੇ ਵਿਚ ਖੜੀ ਉਡੀਕਾਂ ,
ਕਦੋਂ ਆਉਣਗੇ ਵਾਲੀ ,
ਪਰਜਾ ਦੇ ਰਾਵਣ ਸੱਜਣਾ ,
ਰੂਹ ਮੇਰੀ ਨੂੰ ਪਏ ਡੱਸਣ ।
ਨਾ ਹੀ .....................
ਤੇਰੇ ਬਿਨਾ ਹਰ ਕੋਈ ਅਧੂਰਾ ,
ਤੇਰੇ   ਵੀਰ  ਤੇ   ਬੁਢੇ   ਮਾਪੇ ,
ਕੀ  ਸੀਤਾ  ਨੂੰ  ਦਿੱਤੀ  ਸਜ਼ਾ ,
ਓਹ ਬੈਠੀ ਤੜਫੇ ਇਕਲਾਪੇ ,
ਮਾਹੀ ਮਾਹੀ ਕਿਨੂੰ ਬੁਲਾਵਾ ,
ਦੇਖ ਰੋਮ ਰੋਮ ਮੇਰੇ ਹੱਸਣ ।
ਨਾ ਹੀ ........................
ਚਾਵਾਂ ਦੀ ਮੇਰੀ ਟੁੱਟਗੀ ਚਰਖੀ ,
ਨਾਲੇ ਟੁੱਟ ਗਿਆ ਤੰਦ ,
ਉੱਡ ਗਿਆ , ਵਿਚ ਅਸਮਾਨ ਦੇ ਪੰਛੀ ,
ਖਾਲੀ ਰਹਿ ਗਿਆ ਬੰਦ ,
'ਦਰਦੀ' ਇਕੱਠੇ ਹੋ ਕੇ ਦਰਦ ਵੰਡਾਲੋ ,
ਰੋਜ਼ ਜ਼ਖ਼ਮ ਮੇਰੇ ਪਏ ਦੱਸਣ ।
ਨਾ ਹੀ ..........................
              ਸ਼ਿਵਨਾਥ ਦਰਦੀ
       ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫ਼ਰੀਦਕੋਟ ।

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ - ਸ਼ਿਵਨਾਥ ਦਰਦੀ

ਕਾਵਿ ਸੰਗ੍ਰਹਿ :- ਸਹਿਮੇ ਸਹਿਮੇ ਲੋਕ
ਲੇਖਕ :- ਜਸਬੀਰ ਮੀਰਾਂਪੁਰ
ਸੰਪਰਕ :- 81988/21530
ਪ੍ਰਕਾਸ਼ਨ :- ਕੈਲੀਬਰ ਪਬਲੀਕੇਸ਼ਨਜ਼ ਪਟਿਆਲਾ
 
       'ਸਹਿਮੇ ਸਹਿਮੇ ਲੋਕ' ਕਾਵਿ ਸੰਗ੍ਰਹਿ , ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਦੂਜੀ ਹੱਥ ਲਿਖਤ ਕਾਵਿ ਸੰਗ੍ਰਹਿ ਹੈ । ਕਾਵਿ ਸੰਗ੍ਰਹਿ ਦਾ ਟਾਈਟਲ ਪੜ੍ਹ , ਪਤਾ ਲੱਗ ਜਾਂਦਾ ਹੈ ਕਿ ਲੋਕਾਂ ਦੇ ਸਹਿਮੇ / ਡਰੇ ਹੋਣ ਦਾ । ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ , ਲੇਖਕ ਨੇ , ਆਪਣੇ ਸ਼ਬਦਾਂ ਰਾਹੀਂ ਪੇਸ਼ ਕੀਤਾ । ਲੇਖਕ ਲੋਕਾਂ ਸਹਿਮੇ / ਡਰੇ ਹੋਣ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ । ਲੇਖਕ ' ਜਸਬੀਰ ਮੀਰਾਂਪੁਰ' ਨੇ ਬੜੇ ਸੁਚੱਜੇ ਢੰਗ ਨਾਲ, ਆਪਣੀਆਂ ਕਵਿਤਾਵਾਂ, ਗ਼ਜ਼ਲਾਂ ਤੇ ਨਜ਼ਮਾਂ ਰਾਹੀਂ , ਲੋਕਾਂ ਦੇ ਸਹਿਮੇ / ਡਰੇ ਹੋਣ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਹੈ । ਲੇਖਕ ਚੰਗੀ ਤਰ੍ਹਾਂ ਲੋਕਤੰਤਰ ਦੇ ਤਾਣੇ-ਬਾਣੇ ਨੂੰ ਜਾਣਦਾ ਹੈ, ਤੇ ਸਵਾਲ ਕਰਦਾ ਹੈ  :-
                                ਜੰਤਰ ਹੈ ਜਾਂ ਮੰਤਰ ਹੈ ,
                               ਕੀ ਇਹ ਲੋਕਤੰਤਰ ਹੈ ?
                               ਭੁੱਖੇ ਮਰਨ ਕਿਰਤੀ ਏਥੇ ,
                              ਇਹ ਕਿਹੜੀ ਤੰਤਰ ਹੈ ?
ਲੇਖਕ ਕਾਲੇ ਕਾਨੂੰਨਾਂ ਦੇ ਵਿਰੁੱਧ ਕਿਸਾਨ , ਕਿਰਤੀ ਹੱਕੀ ਮੰਗਾਂ ਲਈ , ਹਾਕਮਾਂ ਨੂੰ ਵਾਸਤਾ ਪਾਉਦੀਆਂ , ਕਵਿਤਾਵਾਂ ਲਿਖ , ਕਿਸਾਨਾਂ , ਕਿਰਤੀਆਂ ਦਾ ਹੌਸਲਾ ਅਫ਼ਜ਼ਾਈ ਕਰਦਾ ਹੈ ਤੇ ਹਾਕਮਾਂ ਨੂੰ ਕਹਿੰਦਾ ਹੈ ਕਿ ,
        ਤੇਰੇ ਵੱਲੋਂ ਹਾਕਮਾਂ , ਜੋ ਦੁਰਕਾਰੇ ਬੰਦੇ ਉਠੇ ਨੇ,
       ਲੇਖਾਂ , ਮੌਸਮਾਂ ਤੇ ਸਰਕਾਰਾਂ ਦੇ ਮਾਰੇ ਬੰਦੇ ਉਠੇ ਨੇ ।
ਲੇਖਕ ਬਦਲ ਰਹੇ , ਭਾਰਤ ਤੇ ਕਾਬਜ਼ ਚੋਰ ਨੂੰ ਚੰਗੀ ਤਰ੍ਹਾਂ ਜਾਣਦਾ ਹੈ , ਤੇ ਲਿਖਦਾ ਹੈ :-
                ਪਹਿਲਾਂ ਹੋਰ , ਹੁਣ ਹੋ ਗਿਆ ਹੋਰ ਭਾਰਤ ,
                ਕਰੀਂ ਬੈਠਾ ਕਬਜ਼ਾ, ਤੇਰੇ ਤੇ ਚੋਰ ਭਾਰਤ ।
ਅੱਜ ਹਰ ਮਨੁੱਖ ਦੀ ਜ਼ਰੂਰਤ ਰੁਜ਼ਗਾਰ ਹੈ । ਜਦੋਂ ਤੱਕ ਮਨੁੱਖ ਕੋਈ ਰੁਜ਼ਗਾਰ ਨਾ ਮਿਲੇ , ਉਸਦਾ ਮਨ ਅਸ਼ਾਂਤ ਰਹਿੰਦਾ । ਰੁਜ਼ਗਾਰ ਖਾਤਿਰ ਮਨੁੱਖ ਦੇਸੋਂ ਪਰਦੇਸ ਹੋ ਰਿਹਾ। ਲੋਕ ਸੜਕਾਂ ਤੇ ਉਤਰ ਧਰਨੇ ਲਾ , ਰਹੇ ਹਨ । ਲੇਖਕ ਨੇ ਸਰਕਾਰਾਂ ਨੂੰ ਗੁਹਾਰ ਲਾ ਲਿਖਦਾ ਹੈ :-
          ਨਾ ਮੁਫ਼ਤ ਬਿਜਲੀ , ਨਾ ਮੁਫ਼ਤ ਅਨਾਜ ਚਾਹੀਦੈ ,
          ਸਾਡੇ ਵਿਹਲੇ ਲੋਕ ਨੇ ਹਾਕਮਾਂ , ਕੰਮਕਾਜ ਚਾਹੀਦੈ ।
ਲੇਖਕ ਲੋਕਾਂ ਦੇ ਸਹਿਮ ਤੇ ਡਰ ਪੇਸ਼ ਕਰਦੀ , ਕਵਿਤਾ ਜੋ ਕਾਵਿ ਸੰਗ੍ਰਹਿ ਦਾ ਟਾਈਟਲ ਬਣੀ ਹੈ । ਉਸ ਵਿਚ ਲਿਖਦਾ :-
      ਲੋਕ ਨੇ ਸਹਿਮੇ ਸਹਿਮੇ ਤੇ ਹਵਾ ਚ' ਹੈ ਵਿਰਲਾਪ,
   ਰੁੱਸੀਆਂ ਹੋਈਆਂ ਬਹਾਰਾਂ ,ਏਥੇ ਚਾਵਾਂ ਚੜਿਆ ਤਾਪ ।
ਏਨਾਂ ਤੋਂ ਇਲਾਵਾ ਕਾਵਿ ਸੰਗ੍ਰਹਿ 'ਸਹਿਮੇ ਸਹਿਮੇ ਲੋਕ' , ਹੋਰ ਸੁੰਦਰ ਰਚਨਾਵਾਂ ਹਨ , ਜਿਵੇਂ 'ਮਾਂ ਰੁੱਲਦੀ ਵੇਖੀ', ਵੰਡ ਵੰਡਾਰਾਂ ,ਲਾਕਡਾਊਨ , ਮੇਕ ਇਨ ਇੰਡੀਆ, ਹਿੰਦ -ਪਾਕਿ ,ਸ਼ਹੀਦ ਤੇ ਵਾਕਫੀਅਤ ਆਦਿ , ਬਾ ਕਮਾਲ ਰਚਨਾਵਾਂ ਹਨ । ਜੋ ਪਾਠਕਾਂ ਦੇ ਮਨ ਤੇ ਰਾਜ ਕਰਨਗੀਆਂ । ਬਹੁਤ ਸੁੰਦਰ ਭਾਵਪੂਰਨ ਪੇਸ਼ਕਾਰੀ । ਸ਼ਬਦਾਂ ਦੀ ,ਹਰ ਥਾਂ ਠੀਕ ਵਰਤੋਂ ।
    ਲੇਖਕ 'ਜਸਬੀਰ ਮੀਰਾਂਪੁਰ' ਜੀ ਦੀ ਕ਼ਲਮ ਨੂੰ ਪਰਮਾਤਮਾ ਤਾਕਤ ਬਖਸ਼ੇ । ਮੇਰੀਆਂ ਦੁਆਵਾਂ , ਏਨਾਂ ਦੀ ਕ਼ਲਮ ਬੁਲੰਦੀਆਂ ਸਰ ਕਰੇ । ਆਮੀਨ
                                 ਸ਼ਿਵਨਾਥ ਦਰਦੀ
                           ਸੰਪਰਕ :- 98551/55392
ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ।