Surinderjit-Kaur-Canada

ਹੱਥ - ਸੁਰਿੰਦਰਜੀਤ ਕੌਰ

ਕੁਝ  ਹੱਥਾਂ  ਉਸਾਰਿਆ  ਹਰਿਮੰਦਰ
ਕੁਝ  ਹੱਥਾਂ  ਰੱਖੀ ਨੀਂਹ
ਹਰਿਮੰਦਰ  ਅੰਦਰੋ ਬਰਸਿਆ
ਅੰਮ੍ਰਿਤ  ਦਾ ਮੀਂਹ ।

ਕੁਝ  ਹੱਥਾਂ  ਟੁੱਟੀ ਗੰਢ  ਲਈ
ਤੇ  ਦਿੱਤਾ  ਬੇਦਾਵਾ ਪਾੜ
ਇੰਜ ਰੱਖਿਆ  ਕੀਤੀ  ਧਰਮ  ਦੀ
ਜਿਉਂ  ਖੇਤ ਦੁਆਲੇ  ਵਾੜ ।

ਕੁਝ ਇਕੋ ਸਮਝੇ ਨੂਰ ਨੂੰ
ਕੁਝ  ਹੱਥੀ ਪਿਆਵਣ  ਨੀਰ
ਫਿਰ  ਰੱਬ  ਤੇ  ਅੱਲ੍ਹਾ  ਹੋ ਗਏ
ਘਿਉ   ਖੰਡ   ਤੇ  ਖੀਰ  ।

ਕੁਝ ਹੱਥਾਂ ਫਤਵੇ ਲਿਖ ਕੇ
ਫਿਰ  ਲਾਈ ਇਟ ਤੇ ਇੱਟ
ਕੁਝ  ਹੱਥਾਂ  ਇਬਾਰਤ ਲਿਖ ਲਈ
ਪਾ  ਕੇ  ਲਹੂ   ਦੀ  ਛਿੱਟ  ।

ਕੁਝ  ਹੱਥਾਂ  ਕੰਧਾਂ  ਕੱਢੀਆਂ
ਤੇ  ਫ਼ਤਵੇ ਲਏ  ਲਿਖਾਅ
ਦੋ ਜਗਦੇ ਦੀਵੇ ਅਮਨ ਦੇ
ਕੁਝ  ਹੱਥਾਂ  ਦਿੱਤੇ  ਬੁਝਾਅ ।

ਕੁਝ ਹੱਥਾਂ ਅਣਖਾਂ ਪਾਲੀਆਂ
ਕੁਝ  ਹੱਥ   ਬਣੇ ਗ਼ਦਾਰ
ਗ਼ੈਰਤ  ਵਾਲੇ  ਬਣ  ਗਏ
ਸਿਰ  ਦੇ  ਕੇ  ਸਿਰਦਾਰ ।

ਕੁਝ  ਹੱਥਾਂ  ਪਹਿਲਾਂ  ਚੁੰਮਿਆਂ
ਫਿਰ ਗਲ ਵਿਚ ਪਾਇਆ  ਫ਼ੰਦ
ਤੇ  ਸਰਫ਼ਰੋਸ਼ਾਂ ਲਿਖ ਲਏ
ਆਜ਼ਾਦੀ   ਦੇ   ਛੰਦ    ।

ਕੁਝ ਹੱਥਾਂ ਚਿੜੀਆਂ ਝੰਬੀਆਂ
ਕੁਝ  ਹੱਥਾਂ  ਤੁੜਾਏ  ਬਾਜ਼
ਫਿਰ ਇੱਕ ਪ੍ਰਬੰਧ ਦਾ ਖ਼ਾਤਮਾ
ਤੇ  ਦੂਜੇ   ਦਾ  ਆਗ਼ਾਜ਼  ।

ਬੋਲੀਆਂ - ਕਿਸਾਨ ਮੋਰਚਾ - ਸੁਰਿੰਦਰਜੀਤ ਕੌਰ 

ਨੰਗੇ  ਪੈਰ ਚਿੱਕੜ  ਤੇ  ਖੋਭਾ
ਮੋਰਚੇ  'ਚ ਬਾਪੂ  ਡਟਿਆ।

ਬੇਬੇ ਝੰਡਾ ਕਿਸਾਨੀ ਦਾ ਚੁੱਕਿਆ
ਰਾਹ ਵਿਚ  ਵੰਡੇ  ਪਿੰਨੀਆਂ।

ਅਸੀਂ  ਮਾਂਈਆਂ ਰੱਬ  ਰਜਾਈਆਂ
ਪੁੱਤਾਂ  ਦੇ ਨਾਲ  ਮੋਰਚੇ  ਤੇ।

ਨੀ ਮੈ ਮੋਢੇ  ਨਾਲ  ਲਾ ਕੇ ਨਿਆਣਾ
ਮਾਹੀਏ ਨਾਲ  ਚੱਲੀ  ਮੋਰਚੇ।

ਨੀ ਮੈਂ  ਮੋਰਚੇ  'ਚ ਮਨ ਸਮਝਾਇਆ
ਗੱਜ ਵੱਜ ਮੀਂਹ  ਵਰਿ੍ਆ ।

ਏਦਾਂ ਝੱਖੜ  ਹਨੇਰੀ  ਆਇਆ  ਚੜ੍ਹ  ਕੇ
ਤੰਬੂ ਮੇਰਾ  ਉੱਡ ਨੀ ਗਿਆ ।

ਜਿੱਤ  ਪੈਰ ਚੁੰਮੇਗੀ ਬਾਪੂ  ਤੇਰੇ
ਮਿਹਨਤਾਂ ਨੂੰ  ਬੂਰ ਪਊਗਾ।

ਬਾਪੂ  ਮੋਰਚੇ  'ਚ ਪਾ ਗਿਆ  ਸ਼ਹੀਦੀ
ਹੁਣ  ਵਾਰੀ  ਤੇਰੀ  ਵੀਰਨਾ।

ਟੋਰਾਂਟੋ, ਕੈਨੇਡਾ

ਇਬਾਰਤ ਕਿਸਾਨ ਦੀ - ਸੁਰਿੰਦਰਜੀਤ ਕੌਰ

ਜੰਗ  ਦੀ ਭੱਠੀ  ਵਿਚ  ਤਪਿਆ
ਧਰਤੀ  ਲਈ  ਜੂਝਦਾ ਸੂਰਾ ਜਵਾਨ  ਹਾਂ
ਖੇਤਾਂ  ਦੇ  ਸਿਆੜਾਂ 'ਚੋਂ ਉੱਘਿਆ ਕਿਸਾਨ ਹਾਂ
ਜੇਠ ਹਾੜ੍ਹ  ਦੀਆਂ  ਵਗਦੀਆਂ ਲੂਆਂ ਦਾ ਭਖਿਆ, ਜਹਾਨ ਹਾਂ  
ਪੋਹ ਦੀਆਂ ਕਕਰੀਲੀਆਂ ਰਾਤਾਂ 'ਚੋਂ ਜੰਮਿਆਂ, ਧੁੰਦ ਦਾ ਗਿਆਨ ਹਾਂ
ਜੋ ਸਕੂਲੇ ਨਹੀਂ  ਪੜ੍ਹਿਆ,  ਓਸ  ਬਾਬੇ ਨਾਨਕ  ਦੀ ਸੰਤਾਨ ਹਾਂ
ਤਲੀ ਉੱਤੇ  ਚੋਗ ਚੁਗਦੇ
ਓਕਾਬ ਦੀ ਸ਼ਾਨ ਹਾਂ
ਓਕਾਬ ਦੀ ਅੱਖ ਵਿਚ  ਫੈਲਿਆ  ਅਸਮਾਨ ਹਾਂ
ਖੰਭਾਂ  ਵਿਚ  ਤੈਰਦੇ ਮੁਕਾਮ ਦੀ ਉਡਾਨ ਹਾਂ
ਬਚਨ  ਦਾ ਬਲੀ, ਈਮਾਨ  ਤੋਂ  ਕੁਰਬਾਨ ਹਾਂ
ਗੋਬਿੰਦ  ਦੇ  ਮੱਥੇ 'ਚ ਮਘਦੇ
ਏਕੇ ਦੇ  ਸੂਰਜ  ਦੀ ਚਮਕਾਰ ਹਾਂ
ਸਾਡੀ  ਅਣਖ ਨੂੰ  ਜੇ ਵੰਗਾਰੇ ਕੋਈ
ਤਾਂ  ਜਾਗਦੀ ਜਿਉਂਦੀ ਲਲਕਾਰ ਹਾਂ
ਜ਼ੁਲਮ  ਵਿਰੁੱਧ  ਜੋ ਚਮਕਦੀ
ਓਸ ਲਿਸ਼ਕਦੀ ਤਲਵਾਰ  ਦੀ ਧਾਰ ਹਾਂ
ਜਾਂ ਸਹਿੰਦੀ ਜਾਂ ਫਿਰ  ਕਰਦੀ  ਵਾਰ ਹਾਂ  ।

ਟੋਰਾਂਟੋ, ਕੈਨੇਡਾ

ਅਰਮਾਨ -  ਸੁਰਿੰਦਰਜੀਤ ਕੌਰ

( ਕਿਸਾਨਾਂ  ਦੇ ਸੰਘਰਸ਼  ਨੂੰ  ਸਮਰਪਤ )

ਦੀਵਿਆਂ ਨੇ  ਜ਼ੁਲਮ  ਹੁਣ  ਸਹਿਣਾ ਨਹੀਂ ।
ਇਹ   ਹਨੇਰਾ  ਦੇਰ  ਤੱਕ  ਰਹਿਣਾ  ਨਹੀਂ ।

ਅਣਕਹੇ  ਨੇ   ਬੋਲ  ਤੇ   ਅਰਮਾਨ   ਵੀ,
ਚੁੱਪ  ਸਾਡੀ  ਨੇ  ਵੀ  ਚੁੱਪ ਰਹਿਣਾ  ਨਹੀਂ ।

ਖੇਤਾਂ   ਦੇ   ਪੁੱਤਾਂ  ਦੇ   ਕਾਤਿਲ  ਕਾਫ਼ਰਾ,
ਪਹਿਨਿਆਂ  ਕੁਫ਼ਰ  ਹੈ   ਗਹਿਣਾ  ਨਹੀਂ ।

ਕਰ ਲੈ  ਤੋਬਾ ਜ਼ਾਲਿਮਾਂ  ਨੂੰ  ਜ਼ੁਲਮ  ਤੋਂ ,
ਜ਼ੁਲਮ  ਹੁਣ  ਮਜ਼ਲੂਮ ਨੇ ਸਹਿਣਾ ਨਹੀਂ ।

ਭੂਏ  ਹੁੰਦੀ   ਭੁੱਖ   ਦੇ   ਅਰਮਾਨ  ਦੇਖ,
ਭੁੱਖ  ਨੇ  ਭੁੱਖੀ   ਸਦਾ  ਰਹਿਣਾ   ਨਹੀਂ ।

ਪਾ ਖਿਆਲਾਂ  ਨੂੰ  ਨਾ ਪਿੰਜਰੇ ਵਿਚ  ਕਦੇ,
ਵਿਚ   ਕਲਾਵੇ ਪੌਣ ਨੇ  ਰਹਿਣਾ  ਨਹੀਂ ।

ਟੋਰਾਂਟੋ, ਕੈਨੇਡਾ
ਸੰਪਰਕ / +1 365-778-1819

ਕਰੋਨਾ ਵਾਇਰਸ - ਸੁਰਿੰਦਰਜੀਤ ਕੌਰ

ਵਕਤ ਨੇ ਬਦਲੀ  ਕੁਝ  ਐਸੇ ਅਦਾ ।
ਅਣਦਿਸਦਾ  ਫਿਰ ਗਿਆ,  ਇਕ ਕਿਰਮ ਜਿਹਾ ।

ਆਦਮ ਦੀ ਜ਼ਾਤ ਨੂੰ ਮਿਲ ਗਈ ਸਜ਼ਾ ।
ਪੰਖੀਆਂ ਨੂੰ  ਮਿਲ ਗਈ  ਖ਼ੁੱਲੀ ਫ਼ਿਜ਼ਾ ।

ਮੁੱਠੀ  ਖੋਲੀ  ਸੱਚ ਨੇ  ਤਾਂ  ਦਿੱਤਾ  ਦਿਖਾ,
ਸੁਣ ਲੈ ਹੁਣ ਜੋ ਅਜੇ ਵੀ ਹੈ ਅਣਕਿਹਾ ।

ਰੋਗ  ਸ਼ੁਹਦਾ  ਉਂਜ  ਹੀ  ਬਦਨਾਮ ਹੈ ,
ਉੱਕਦਾ   ਹੈ  ਆਦਮੀ  ਕਰਨੋਂ   ਵਫ਼ਾ।

ਚਸਕੇ ਖ਼ਾਤਿਰ ਬਣਦਾ ਜਾਵੇਂ ਅ- ਮਨੁਸ਼ ,
ਆਦਮ ਹੈਂ ਰੱਖ ਜੀਵਾਂ ਦੇ  ਨਾਲ ਰਾਬਤਾ।

ਕੇਹੀ  ਬਦਲੀ  ਰੁੱਤ ਕਿ  ਵਣ ਕੰਬਿਆ,
ਵਿਸਫੋਟਕ  ਜਾਪਦੀ  ਹੈ   ਇਹ  ਹਵਾ।

ਚੁੱਪ  ਤੇਰੀ  ਵੀ  ਤਾਂ  ਇਕ  ਰਾਜ਼  ਸੀ ,
ਚੁੱਪ ਤੂੰ  ਤੋੜੀ  ਤਾਂ ਕਹਿਰ  ਵਰਤਿਆ।

ਤੇਰੇ ਸਨਮੁਖ ਬਣ ਗਏ ਅਰਦਾਸ ਹਾਂ ,
ਬਖ਼ਸ਼  ਲੈ ਤੂੰ  ਦਾਤਿਆ  ਸਾਡੀ  ਖ਼ਤਾ।

ਟੋਰਾਂਟੋ, ਕੈਨੇਡਾ
ਸੰਪਰਕ / +1 365-778-1819