Vijay Bambeli


ਮੀਂਹ ਦੇ ਪਾਣੀ ਦੀ ਬੂੰਦ-ਬੂੰਦ ਸਾਂਭਣ ਦਾ ਵੇਲਾ - ਵਿਜੈ ਬੰਬੇਲੀ

ਧਰਤੀ ਦੇ ਕੁੱਲ ਜਲ ’ਚੋਂ 97 ਫ਼ੀਸਦੀ ਨਮਕੀਨ ਸਮੁੰਦਰੀ ਪਾਣੀ ਹੈ ਜੋ ਮਨੁੱਖ ਜਾਂ ਸਿੰਚਾਈ ਲਈ ਵਰਤੋਂ ’ਚ ਨਹੀਂ ਆਉਂਦਾ। ਨਮਕ ਰਹਿਤ ਢਾਈ ਫ਼ੀਸਦੀ ਪਾਣੀ ’ਚੋਂ 70 ਫ਼ੀਸਦੀ ਗਹਿਰੀ ਜੰਮੀ ਅਵਸਥਾ ਵਿੱਚ ਹੈ, ਅੱਧਾ ਫ਼ੀਸਦੀ ਹਰ ਵਕਤ ਖਲਾਅ ’ਚ ਵਿਚਰਦਾ ਹੈ। ਪਹਿਲਾਂ ਬਿਆਨੇ ਢਾਈ ਫ਼ੀਸਦੀ ’ਚੋਂ 70 ਫ਼ੀਸਦੀ ਕੱਢ ਕੇ ਬਾਕੀ ਬਚਿਆ ਪਾਣੀ ਵਗਦਾ, ਖੜ੍ਹੋਤਾ ਜਾਂ ਧਰਤੀ ਹੇਠ ਹੈ। ਸਿਰਫ਼ ਇਹ ਪਾਣੀ ਹੀ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਕਰਦਾ ਹੈ ਜਿਸ ਨੂੰ ਅਸੀਂ ਬੇਹੱਦ ਲਾਪਰਵਾਹੀ ਨਾਲ ਵਰਤੋਂ ਕਰਦਿਆਂ ਮੁੱਕਣ ਦੀ ਕਗਾਰ ’ਤੇ ਲਿਆਂਦਾ ਹੈ। ਸਿੱਟੇ ਵਜੋਂ ਅਸੀਂ ਬੇਹੱਦ ਡਰਾਉਣੇ ਜਲ ਸੰਕਟ ਵੱਲ ਵਧ ਮਾਰੇ ਜਾਵਾਂਗੇ।
       ਗੰਭੀਰ ਜਲ ਸੰਕਟ ਦੀ ਸੰਭਾਵੀ ਤਸਵੀਰ ਪੇਸ਼ ਕਰਨ ਦਾ ਮਕਸਦ ਤੁਹਾਨੂੰ ਡਰਾਉਣਾ ਹਰਗਿਜ਼ ਨਹੀਂ ਸਗੋਂ ਚੌਕਸ ਕਰਨਾ ਹੈ। ਗੱਲ ਇਹ ਹੈ ਕਿ ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤਾਂ ਵੇਲਾ ਹੱਥੋਂ ਨਿਕਲ ਜਾਵੇਗਾ। ਜੇ ਡਗਰ ਇਹੀ ਰਹੀ, ਪੁਖਤਾ ਹੱਲ ਨਾ ਲੱਭੇ ਤਾਂ ਜਿਹੜੇ 33 ਮੁਲਕ ਗੰਭੀਰ ਜਲ ਸੰਕਟ ਦੇ ਸ਼ਿਕਾਰ ਹੋ ਜਾਣਗੇ, ਭਾਰਤ ਉਨ੍ਹਾਂ ਵਿੱਚੋਂ ਇੱਕ ਹੈ। ਭਾਰਤ ਦੇ 13 ਸੂਬਿਆਂ ’ਚ ਗੰਭੀਰ ਜਲ ਸੰਕਟ ਪਨਪ ਰਿਹਾ ਹੈ ਅਤੇ ਪੰਜਾਬ ਇਨ੍ਹਾਂ ਸੂਬਿਆਂ ਵਿੱਚੋਂ ਇੱਕ ਹੈ। ਮੁਲਕ ਦੇ 256 ਜ਼ਿਲ੍ਹਿਆਂ ਨੂੰ ਗੰਭੀਰ ਜਲ ਸੰਕਟ ਦਰਪੇਸ਼ ਹੋਣ ਜਾ ਰਿਹਾ ਹੈ। ਪੰਜਾਬ ਦੇ 17 ਜ਼ਿਲ੍ਹੇ ਉਨ੍ਹਾਂ ਵਿੱਚ ਸ਼ੁਮਾਰ ਹਨ। ਜਲ ਸੰਕਟ ਦਾ ਹੱਲ ਸੰਭਵ ਹੈ। ਕਾਰਗਰ ਉਪਾਅ ਹੈ, ਪਾਣੀ ਦੀ ਸੰਜਮੀ ਵਰਤੋਂ ਅਤੇ ਢੁੱਕਵਾਂ ਹੱਲ ਹੈ ਵਰਖਾ ਦੀ ਹਰ ਤਿੱਪ ਸਾਂਭਣੀ।
ਪਾਣੀ ਸਾਡੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ਕਤੀ ਹੈ। ਕੁਦਰਤ ਦਾ ਅਦਭੁੱਤ ਕ੍ਰਿਸ਼ਮਾ, ਜ਼ਿੰਦਗੀ ਦੀ ਧਰੋਹਰ । ਕਦੇ ਅਸੀਂ ਜਲ ਨਾਲ ਸਰਸ਼ਾਰ ਸਾਂ। ਦੁਨੀਆਂ ਦੀ ਕੁੱਲ ਵਸੋਂ ਦੇ 17 ਫ਼ੀਸਦੀ ਲੋਕ ਸਾਡੇ ਦੇਸ਼ ’ਚ ਵਸਦੇ ਹਨ, ਪਰ ਧਰਤੀ ਦੇ ਕੁੱਲ ਜਲ ਸਰੋਤਾਂ ’ਚੋਂ ਸਾਡੇ ਕੋਲ ਮਸਾਂ 4 ਫ਼ੀਸਦੀ ਹਨ। ਵਰਖਾ ਪਾਣੀ ਦਾ ਮੁੱਢਲਾ ਸੋਮਾ ਹੈ। ਇਸ ਦੇ ਪੱਖ ਤੋਂ ਕੁਦਰਤ ਸਾਡੇ ’ਤੇ ਬੜੀ ਦਿਆਲ ਹੈ, ਪਰ ਅਸੀਂ ਇਸ ਦੀ ਕਦਰ ਨਹੀਂ ਪਾਈ। ਜਲ ਮਾਹਿਰਾਂ ਅਨੁਸਾਰ ਸਾਡੇ ਦੇਸ਼ ਵਿੱਚ ਹਰ ਸਾਲ ਤਕਰੀਬਨ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ/ਹੈ। ਭੂਗੋਲਿਕ ਅਤੇ ਬਨਸਪਤਨ ਸਥਿਤੀਆਂ ਅਨੁਸਾਰ ਕਿਤੇ ਬਹੁਤਾ, ਕਿਤੇ ਮੂਲੋਂ ਘੱਟ। ਇਸ ਵਿੱਚੋਂ ਅਸੀਂ ਸਿਰਫ਼ 8 ਫ਼ੀਸਦੀ (320 ਅਰਬ ਘਣ ਮੀਟਰ) ਹੀ ਸਾਂਭਦੇ ਹਾਂ।
       ਬੀਤੀ ਸਦੀ ਦੇ ਸ਼ੁਰੂ ’ਚ ਪ੍ਰਤੀ ਵਿਅਕਤੀ ਜਲ-ਉਪਲੱਬਧਤਾ 8192 ਘਣ ਮੀਟਰ ਪ੍ਰਤੀ ਸਾਲ ਸੀ। ਆਜ਼ਾਦੀ ਤੋਂ ਮਹਿਜ਼ ਅੱਧੀ ਸਦੀ ਬਾਅਦ ਹੀ ਇਹ 5694 ਘਣ ਮੀਟਰ ਰਹਿ ਗਈ ਸੀ। ਇਸ ਦੇ ਮੁੱਖ ਕਾਰਨ ਆਬਾਦੀ ਵਿੱਚ ਵਾਧਾ ਅਤੇ ਪਾਣੀ ਦਾ ਮਾੜਾ ਪ੍ਰਬੰਧ/ਦੁਰਵਰਤੋਂ ਹਨ। ਇਸ ਦੇ ਨਾਲ ਹੀ ਖ਼ੁਦਗਰਜ਼ ‘ਤਰੱਕੀ’, ਜਲ ਸੋਮਿਆਂ ਅਤੇ ਕੁਦਰਤ ਪ੍ਰਤੀ ਅਵੇਸਲਾਪਣ ਵੀ ਇਸ ਦੇ ਕਾਰਨ ਹਨ। ਅੰਦਾਜ਼ੇ ਮੁਤਾਬਿਕ ਇਸ ਸਦੀ ਦੇ ਅੱਧ ਤੀਕ ਇਹ 158 ਕਰੋੜ ਹੋ ਜਾਵੇਗੀ। ਇੰਜ ਪ੍ਰਤੀ ਸਾਲ ਹਰ ਵਿਅਕਤੀ ਦੇ ਹਿੱਸੇ ਔਸਤਨ 1235 ਘਣ ਮੀਟਰ ਪਾਣੀ ਹੀ ਰਹਿ ਜਾਵੇਗਾ ਜਿਹੜਾ ਹਰ ਕਿਸਮ ਦੀਆਂ ਲੋੜਾਂ ਦੀ ਪੂਰਤੀ ਲਈ 2050 ’ਚ ਲੋੜੀਂਦੀ ਵਿਅਕਤੀਗਤ ਲੋੜ (2500 ਘਣ ਮੀਟਰ) ਦਾ ਅੱਧ ਹੈ।
      ਸਾਲ 2050 ’ਚ ਡੇਢ ਅਰਬ ਢਿੱਡ ਭਰਨ ਲਈ ਭਾਰਤੀ ਧਰਤੀ (ਜਲ, ਜੰਗਲ, ਜ਼ਮੀਨ ਅਤੇ ਸਮੁੰਦਰ ਤੇ ਪਹਾੜਾਂ) ’ਤੇ ਬੇਹਤਾਸ਼ਾ ਬੋਝ ਵਧੇਗਾ। ਸਿੱਟੇ ਵਜੋਂ, ਵਾਤਾਵਰਣ ਹੋਰ ਦੂਸ਼ਿਤ ਹੋਵੇਗਾ, ਵਰਖਾ ’ਚ ਗੜਬੜ ਹੋਵੇਗੀ, ਹੜ੍ਹ, ਸੋਕੇ, ਸਮੁੰਦਰੀ ਹਲਚਲਾਂ ਸਮੇਤ ਕਈ ਕਿਸਮ ਦੀਆਂ ਦੁਸ਼ਵਾਰੀਆਂ (ਜ਼ਮੀਨੀ ਖਿਸਕਾਅ ਅਤੇ ਮਹਾਂਮਾਰੀਆਂ) ਵੀ ਦਰਪੇਸ਼ ਆਉਣਗੀਆਂ। ਸਿਰਫ਼ ਖੇਤੀ ਸਿੰਚਾਈ ਲਈ ਹੀ ਲੋੜੀਂਦੇ 807 ਅਰਬ ਘਣ ਮੀਟਰ ਪਾਣੀ ਹਿੱਤ ਵਗਦੇ ਜਾਂ ਖੜ੍ਹੇ ਜਲ ਸੋਮਿਆਂ (ਜਿਹੜੇ ਬੇਹੱਦ/ਤੇਜ਼ੀ ਨਾਲ ਘਟਦੇ ਜਾ ਰਹੇ ਹਨ) ਦੀ ਬੇਕਿਰਕ ਵਰਤੋਂ ਤੋਂ ਬਿਨਾਂ ਭਾਰਤੀ ਧਰਤੀ ਵਿੱਚੋਂ ਤਕਰੀਬਨ 344 ਅਰਬ ਘਣ ਮੀਟਰ, ਜਾਣੀ ਖ਼ਤਰਨਾਕ ਹੱਦ ਤੋਂ ਕਿਤੇ ਜ਼ਿਆਦਾ, ਪਾਣੀ ਖਿੱਚਿਆ ਜਾਵੇਗਾ। ਸਿੱਟੇ ਵਜੋਂ ਜਲ ਸੋਮੇ ਅਤੇ ਜਲ ਤੱਗੀ ਤਹਿਸ-ਨਹਿਸ ਹੋ ਜਾਵੇਗੀ। ਪੱਲੇ ਪੈ ਜਾਵੇਗਾ ਰੇਗਿਸਤਾਨ, ਬਿਨ ਪਾਣੀ ਸਭ ਸੂਨ।
        ਮੌਜੂਦਾ ਕਾਰਖਾਨਿਆਂ ਜਾਂ ਯੋਜਨਾਵਾਂ ਅਨੁਸਾਰ ਸਾਲ 2025 ’ਚ 282 ਅਰਬ ਘਣ ਮੀਟਰ ਪਾਣੀ ਦੀ ਲੋੜ ਹੋਵੇਗੀ ਜੋ ਵਧਦੀ ਆਬਾਦੀ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਸਿੱਟੇ ਵਜੋਂ 2050 ਵਿੱਚ ਵਧ ਕੇ 428 ਅਰਬ ਘਣ ਮੀਟਰ ਹੋ ਜਾਵੇਗੀ। ਕੌਮੀ ਜਲ ਸਰੋਤ ਵਿਕਾਸ ਅਯੋਗ (1999) ਨੇ ਖੇਤੀ ਲਈ ਪਾਣੀ ਤੋਂ ਇਲਾਵਾ ਸ਼ਹਿਰੀ ਅਤੇ ਪੇਂਡੂ ਖੇਤਰ ਲਈ ਪ੍ਰਤੀ ਵਿਅਕਤੀ ਕ੍ਰਮਵਾਰ 220 ਅਤੇ 150 ਲਿਟਰ ਪਾਣੀ ਹਰ ਦਿਨ ਦਾ ਪੈਮਾਨਾ ਨਿਰਧਾਰਤ ਕੀਤਾ ਸੀ। ਇਸ ਅਨੁਸਾਰ 2025 ਅਤੇ 2050 ਤੱਕ ਘਰੇਲੂ ਅਤੇ ਮਿਉਂਸਿਪਲ ਖਪਤ ਲਈ ਦੇਸ਼ ਨੂੰ ਕ੍ਰਮਵਾਰ 62 ਅਤੇ 111 ਅਰਬ ਘਣ ਮੀਟਰ (ਕੁੱਲ 173 ਅਰਬ ਘਣ ਮੀਟਰ) ਪਾਣੀ ਦੀ ਲੋੜ ਹੋਵੇਗੀ ਜਿਸ ਲਈ 72 ਅਰਬ ਘਣ ਮੀਟਰ (26+46 ਅ.ਘ.ਮੀ.) ਜ਼ਮੀਨ ਉਤਲਾ ਪਾਣੀ ਅਤੇ ਬਾਕੀ (39 ਅ.ਘ.ਮੀ.) ਜ਼ਮੀਨ ਹੇਠੋਂ ਕੱਢਿਆ ਜਾਵੇਗਾ। ਘਰੇਲੂ ਅਤੇ ਸਿੰਚਾਈ ਲਈ ਵਰਤੇ ਜਾਂਦੇ ਪਾਣੀ ਤੋਂ ਬਿਨਾਂ ਉਦਯੋਗਾਂ (ਵਸਤਾਂ ਦੇ ਨਿਰਮਾਣ, ਬਿਜਲੀ, ਖਾਦਾਂ-ਦਵਾਈਆਂ ਆਦਿ) ਤੇ ਹੋਰ ਜ਼ਰੂਰੀ (ਅਤੇ ਗ਼ੈਰ-ਜ਼ਰੂਰੀ) ਕਾਰਜਾਂ/ਵਸਤਾਂ ਲਈ ਵੀ ਅਰਬਾਂ ਘਣ ਮੀਟਰ ਪਾਣੀ ਦੀ ਲੋੜ ਬਰਕਰਾਰ ਰਹਿੰਦੀ ਹੈ।
        ਕੁਝ ਮਿਸਾਲਾਂ ਦੇਣਾ ਕੁਥਾਂ ਨਹੀਂ ਹੋਵੇਗਾ। ਇੱਕ ਲਿਟਰ ਪੈਟਰੋਲ ਸੋਧਣ ਲਈ 100 ਲਿਟਰ ਪਾਣੀ, ਇੱਕ ਕਿਲੋ ਕਾਗਜ਼ ਲਈ 150 ਲਿਟਰ ਪਾਣੀ, ਕਿਲੋ ਮਾਸ ਜਾਂ ਆਲੂ ਪੈਦਾ ਕਰਨ ਹਿੱਤ 500 ਲਿਟਰ, ਇੱਕ ਕਿੱਲੋ ਕਣਕ ਲਈ 1000 ਲਿਟਰ, ਸੇਰ ਪੱਕੇ ਦੁੱਧ ਲਈ 1500 ਲਿਟਰ (ਸੰਦਰਭ : ਚਾਰਾ, ਖੁਰਾਕ, ਪੀਣ ਅਤੇ ਨੁਹਾਉਣ ਆਦਿ), ਕਿੱਲੋ ਚੀਨੀ ਹਿੱਤ 2000 ਲਿਟਰ, ਇੱਕ ਕਿੱਲੋ ਚੋਲਾਂ ਲਈ ਔਸਤਨ 3000 ਲਿਟਰ, ਇੱਕ ਟਨ ਸੀਮਿੰਟ ਬਣਾਉਣ ਲਈ 8000 ਲਿਟਰ ਅਤੇ ਇੱਕ ਟਨ ਲੋਹਾ ਨਿਰਮਾਣ ਲਈ ਤਕਰੀਬਨ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਹੋਰ ਵਸਤਾਂ/ਪੈਦਾਵਾਰਾਂ ਲਈ ਜਲ ਦੀ ਹੁੰਦੀ ਖਪਤ ਦੀ ਗੱਲ ਕਿਤੇ ਫੇਰ ਸਹੀ।
       ਇਨ੍ਹਾਂ ਵਸਤਾਂ, ਕੁਝ ਇੱਕ ਨੂੰ ਛੱਡ ਕੇ, ਜੀਵਨ ਨਿਰਬਾਹ ਸੰਭਵ ਨਹੀਂ ਪਰ ਸੰਜਮੀ ਵਰਤੋਂ ਤਾਂ ਕੀਤੀ ਜਾ ਸਕਦੀ ਹੈ। ਲਿਟਰ ਕੁ ਸਾਫਟ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੌਰਾਨ 80 ਲਿਟਰ ਪਾਣੀ ਦੀ ਖਪਤ ਅਤੇ ਮਹਿਜ਼ ਇੱਕ ਗਲਾਸ ਬੀਅਰ ਜਾਂ ਵਾਈਨ ਬਦਲੇ 250 ਲੀਟਰ ਪਾਣੀ ਨੂੰ ਗੰਧਲਾਉਣਾ ਅਰਥਾਤ ਉਸ ਨੂੰ ਅਜਾਈਂ ਗੁਆਉਣਾ ਨਿਰਾ ਉਜੱਡਪੁਣਾ ਹੈ। ਪਲਾਸਟਿਕ, ਟੌਹਰੀ ਕੱਪੜੇ-ਲੱਤੇ, ਹਾਰ-ਸ਼ਿੰਗਾਰ ਅਤੇ ਹੋਰ ਬੇਲੋੜੀਆਂ ਭੌਤਿਕ ਸਹੂਲਤਾਂ ਬਣਾਉਣ/ਵਰਤਣ ਲਈ ਵਰਤੇ ਜਾਂਦੇ (ਅਸਲ ਵਿੱਚ ਡੋਲ੍ਹੇ ਜਾਂ ਗੰਧਲਾਏ ਜਾਂਦੇ) ਲਖੂਖਾ-ਲਖੂਖਾ ਘਣ ਲੀਟਰ ਪਾਣੀ ਦੀ ਗੱਲ ਵੀ ਕਿਤੇ ਫੇਰ ਸਹੀ। ਸਾਂਵੀ ਜੀਵਨ ਜਾਚ ਲਈ ਬਹੁਤ ਪਾਣੀ ਦੀ ਲੋੜ ਹੈ। ਇੰਨਾ ਪਾਣੀ ਕਿੱਥੋਂ ਆਵੇਗਾ?
       ਇਸ ਸਮੱਸਿਆ ਦਾ ਇੱਕੋ-ਇੱਕ ਹੱਲ ਮੀਂਹ ਦੇ ਪਾਣੀ ਨੂੰ ਸੰਭਾਲਣਾ ਹੈ ਜੋ ਅਸੀਂ ਕਰ ਨਹੀਂ ਰਹੇ। ਜਲ-ਤੱਗੀਆਂ ਦੀ ਮੁੜ-ਭਰਪਾਈ (ਰੀ-ਚਾਰਜਿੰਗ) ’ਤੇ ਵੀ ਸਵਾਲੀਆ ਨਿਸ਼ਾਨ ਲੱਗ ਚੁੱਕਾ ਹੈ। ਇਸ ਦਾ ਕਾਰਨ ਜੰਗਲਾਂ ਦੀ ਕਟਾਈ ਅਤੇ ਕੰਕਰੀਟ ਕਲਚਰ। ਮੀਂਹ ਦੇ ਪਾਣੀ ਦਾ ਧਰਤੀ ’ਚ ਰਿਸਾਅ ਸਾਲ 2000 ਵਿੱਚ ਤਕਰੀਬਨ 300 ਅਰਬ ਘਣ ਮੀਟਰ ਸੀ। ਹਾਲਾਤ ਇਉਂ ਹੀ ਰਹੇ ਤਾਂ ਸਾਲ 2050 ਤੱਕ ਇਹ ਘਟ ਕੇ 200 ਅਰਬ ਘਣ ਮੀਟਰ ਹੀ ਰਹਿ ਜਾਵੇਗਾ ਜਿਹੜਾ ਅਸਲ ਲੋੜ (1600 ਅਰਬ ਘਣ ਮੀਟਰ) ਤੋਂ ਕਿਤੇ ਘੱਟ ਹੋਵੇਗਾ। ਪਹਿਲਾਂ ਹੀ ਦੇਸ਼ ਦੇ ਤਬਦੀਲੀ ਜਾਂ ਨਵਿਆਉਣਯੋਗ ਅੰਦਰੂਨੀ ਜਲ-ਸੋਮਿਆਂ ਦੀ ਜਲ ਮਿਕਦਾਰ ਪ੍ਰਤੀ ਸਾਲ ਕਰੀਬ 1953 ਅਰਬ ਘਣ ਮੀਟਰ ਸੀ। ਮੌਜੂਦਾ ਅੰਕੜਿਆਂ ਅਨੁਸਾਰ ਇਹ ਘਟ ਕੇ 1086 ਅਰਬ ਘਣ ਮੀਟਰ ਰਹਿ ਗਈ ਹੈ ਜਿਸ 690 ਅਰਬ ਘਣ ਮੀਟਰ ਸਤਹੀ/ਜ਼ਮੀਨ ਉੱਪਰਲਾ ਅਤੇ 396 ਅਰਬ ਘਣ ਮੀਟਰ ਜ਼ਮੀਨ ਹੇਠਲਾ ਪਾਣੀ ਹੈ। ਘਟ ਰਹੀ ਰੀ-ਚਾਰਜਿੰਗ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦੇਵੇਗੀ ਜਿਸ ਵਿੱਚ ਜ਼ਮੀਨ ਦਾ ਗਰਕਣਾ, ਸਮੁੰਦਰੀ/ਲੂਣੇ ਪਾਣੀਆਂ ਦਾ ਖਾਲੀ ਹੋਈਆਂ ਜਲ-ਤੱਗੀਆਂ ਵੱਲ ਵਹਾਅ ਉਪਰੰਤ ਉਸ ਦੀ ਉੱਪਰ ਨੂੰ ਖਿਚਾਈ ਕੱਲਰ ਜਿਹੀਆਂ ਅਲਾਮਤਾਂ ਲਿਆਵੇਗੀ। ਧਰਤੀ ਹੇਠਲੇ ਜਲ ਖਲਾਅ ਧਰਤੀ ਹੇਠਲੀਆਂ ਟੈਕਟੋਨਿਕ ਪਲੇਟਾਂ ਦੇ ਗਰਕਣ ਅਤੇ ਭੂਚਾਲਾਂ ਦਾ ਕਾਰਨ ਬਣਨਗੇ।
      ਸਾਡੇ ਦੇਸ਼ ਵਿੱਚ ਮੀਹਾਂ ਤੇ ਸਾਰਾ ਸਾਲ ਵਗਣ ਵਾਲੀਆਂ ਨਦੀਆਂ ਰਾਹੀਂ ਤਕਰੀਬਨ 4000 ਘਣ ਕਿਲੋਮੀਟਰ ਪਾਣੀ ਆਉਂਦਾ ਹੈ। ਉਪਯੋਗ ਸਿਰਫ਼ 1250 ਘਣ ਕਿਲੋਮੀਟਰ ਹੁੰਦਾ ਹੈ। ਲੋੜਾਂ ਦੀ ਪੂਰਤੀ ਲਈ ਬਾਕੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਅੰਦਾਜ਼ਨ ਤਕਰੀਬਨ 65 ਫ਼ੀਸਦੀ ਪਾਣੀ ਖੇਤੀ ਅਤੇ ਥੋੜ੍ਹੇ-ਬਹੁਤੇ ਫ਼ਰਕ ਨਾਲ 20 ਫ਼ੀਸਦੀ ਉਦਯੋਗਾਂ ਤੇ 15 ਫ਼ੀਸਦੀ ਘਰੇਲੂ ਵਰਤੋਂ ਵਿੱਚ ਆ ਰਿਹਾ ਹੈ। ਬੇਸ਼ੱਕ, ਉਦਯੋਗ ਹੀ ਪਾਣੀ ਨੂੰ ਵੱਧ ਗੰਧਲਾ ਕਰਦੇ ਅਤੇ ਇਸ ਨੂੰ ਅਜਾਈਂ ਗੁਆਉਂਦੇ ਹਨ, ਪਰ ਤਿੰਨ-ਚਾਰ ਪਰਤੀ ਹਾਈਬ੍ਰਿਡ ਘਣੀ-ਖੇਤੀ ਤੇ ਗੈਰ-ਸਿਆਣਪੀ ਸਿੰਚਾਈ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਸੋ ਕਾਰੋਬਾਰੀ ਧਨ ਕੁਬੇਰਾਂ, ਜਿਹੜੇ ਦਿਨ-ਰਾਤ ਪਤਾਲ ’ਚੋਂ ਮਣਾਂ-ਮੂੰਹੀ ਪਾਣੀ ਖਿੱਚ ਰਹੇ ਹਨ, ਦੀ ਨਕੇਲ ਕਸਣ ਸਮੇਤ ਭੂਗੋਲਿਕ ਅਤੇ ਜਲ-ਸਥਿਤੀ ਤੇ ਕੁਦਰਤ ਪੱਖੀ ਬਹੁ-ਪਰਤੀ ਫ਼ਸਲਾਂ ਦੇ ਨਾਲ ਨਾਲ ਨਹਿਰੀ ਅਤੇ ਮਿਣਵੀਂ ਸਿੰਚਾਈ ਪ੍ਰਣਾਲੀ ਅਪਣਾਉਣੀ ਪਵੇਗੀ।
       ਭਾਰਤ ਵਿੱਚ ਔਸਤਨ ਸਾਲਾਨਾ ਵਰਖਾ 1200 ਮਿਲੀਮੀਟਰ ਪੈਂਦੀ ਸੀ/ ਹੈ, ਖਿੱਤਾ ਵਿਸ਼ੇਸ਼ 200 ਤੋਂ 11000 ਮਿਲੀਮੀਟਰ। ਪਰ ਇਸ ਦਾ 70 ਫ਼ੀਸਦੀ ਹਿੱਸਾ ਬਰਸਾਤਾਂ ਦੇ ਮਹਿਜ਼ 100 ਕੁ ਦਿਨਾਂ ਵਿੱਚ ਹੀ ਵਰ੍ਹ ਜਾਂਦਾ ਹੈ। ਇਸ ਦਾ ਅੱਧਾ ਮਹਿਜ਼ 50-100 ਘੜੀਆਂ ਵਿੱਚ ਹੀ ਜਿਸ ਨੂੰ ਮੋਹਲੇਧਾਰ ਮੀਂਹ ਕਿਹਾ ਜਾਂਦਾ ਹੈ। ਸਾਡੀਆਂ ਨਾਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜ੍ਹਦਾ, ਖੋਰ੍ਹਦਾ ਅਤੇ ਨੁਕਸਾਨ ਕਰਦਾ ਹੈ। ਹੁਣ ਖੇਤੀ ਤੇ ਹੋਰ ਬਹੁਤ ਸਾਰੀਆਂ ਲੋੜਾਂ ਦੀ ਪੂਰਤੀ ਲਈ ਮੀਂਹ ਦੇ ਪਾਣੀ ਦੀ ਸੰਭਾਲ, ਵਰਤੋਂ ਅਤੇ ਇਸ ਨੂੰ ਧਰਤੀ ’ਚ ਭੇਜਣਾ ਅਣਸਰਦੀ ਲੋੜ ਹੈ। ਸਾਂਵੀ ਵਰਖਾ ਲਈ ਵੀ ਸਾਨੂੰ ਉਹ ਕਾਰਕ ਵੀ ਮੁੜ ਸਿਰਜਣੇ ਪੈਣੇ ਹਨ ਜਿਹੜੇ ਵਰਖਾ ਲਿਆਉਣ ’ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤੱਜਣੇ ਪੈਣੇ ਹਨ ਜਿਨ੍ਹਾਂ ਕਾਰਨ ਜਲ ਚੱਕਰ ’ਚ ਗੜਬੜ ਹੁੰਦੀ ਅਤੇ ਮਿੱਟੀ ਰੁੜ੍ਹ-ਖੁਰ ਜਾਂਦੀ ਹੈ। ਇਸ ਕਾਰਜ ਵਿੱਚ ਜੰਗਲ ਕੁੰਜੀਵਤ ਹਿੱਸਾ ਪਾ ਸਕਦੇ ਹਨ। ਅਸੀਂ ਰਵਾਇਤੀ ਰੁੱਖਾਂ-ਜੰਗਲਾਂ ਮਗਰ ਹੱਥ ਧੋ ਕੇ ਪਏ ਹੋਏ ਹਾਂ ਜਿਸ ਦੇ ਗੰਭੀਰ ਸਿੱਟੇ ਭੁਗਤਣੇ ਪੈ ਸਕਦੇ ਹਨ।
        ਹਕੀਕਤ ਇਹ ਹੈ ਕਿ ਮੀਂਹ ਹੀ ਪਾਣੀ ਦਾ ਮੁੱਢਲਾ ਸੋਮਾ ਹੈ, ਬਾਕੀ ਸਭ ਵਗਦਾ, ਖੜ੍ਹੋਤਾ (ਨਦੀਆਂ, ਝੀਲਾਂ) ਅਤੇ ਜ਼ਮੀਨ ਹੇਠਲਾ ਪਾਣੀ ਸਾਰੇ ਹੀ ਦੋਇਮ-ਦਰਜੇ ਦੇ ਸੋਮੇ ਹਨ। ਜਲ ਸੰਕਟ ਦਾ ਪੁਖਤਾ ਹੱਲ ਮੀਂਹ ਦੇ ਪਾਣੀ ਦੀ ਬਿਹਤਰੀਨ ਸਾਂਭ-ਸੰਭਾਲ, ਵਗਦਾ ਰਹਿਣ ਅਤੇ ਰੀ-ਚਾਰਜਿੰਗ ਰਾਹੀਂ ਹੀ ਸੰਭਵ ਹੈ। ਸ਼ੁਕਰ ਹੈ ਕੁਦਰਤੀ ਜਲ-ਚੱਕਰ ਦੀ ਬਦੌਲਤ ਭਾਰਤੀ ਸਤਹਿ ਉੱਤੇ ਅਜੇ ਵੀ 40000 ਘਣ ਕਿਲੋਮੀਟਰ ਪਾਣੀ ਵਰ੍ਹਦਾ ਹੈ। ਅਵੇਸਲੇਪਣ ਕਾਰਨ ਇਸ ਦਾ ਦੋ-ਤਿਹਾਈ ਹਿੱਸਾ ਵਗ ਜਾਂਦਾ ਹੈ। ਪਹਿਲਕਦਮੀ ਤੁਰੰਤ ਕਰਨ ਦੀ ਲੋੜ ਹੈ। ਨਿੱਜੀ ਤਜਰਬੇ ਦੇ ਆਧਾਰ ’ਤੇ ਕੰਢੀ ਖਿੱਤੇ ਦੇ ਸੰਦਰਭ ਵਿੱਚ ਇੱਕ ਉਦਾਹਰਣ ਤੁਹਾਡੇ ਨਾਲ ਸਾਂਝੀ ਕਰਾਂਗਾ :
‘‘ਪੰਜਾਬ ਦਾ ਕੰਢੀ ਖਿੱਤਾ ਬਰਸਾਤੀ ਪਾਣੀ ਰੋਕਣ-ਖੜ੍ਹਾਉਣ ਅਤੇ ਧਰਤੀ ’ਚ ਜੀਰਨ ਹਿੱਤ ਬੜਾ ਢੁੱਕਵਾਂ ਹੈ। ਪੰਜਾਬ ਦਾ ਕੁੱਲ ਰਕਬਾ 54 ਲੱਖ ਹੈਕਟੇਅਰ ਹੈ ਜਿਸ ਦਾ 10 ਫ਼ੀਸਦੀ ਭਾਵ 5.4 ਲੱਖ ਹੈਕਟੇਅਰ ਕੰਢੀ ਖੇਤਰ ’ਚ ਪੈਂਦਾ ਹੈ। ਭਾਰਤ ਦੀ ਔਸਤ ਸਾਲਾਨਾ ਵਰਖਾ 1200 ਐਮ.ਐਮ. ਹੈ। ਮੌਜੂਦਾ ਹਾਲਾਤ ਤਹਿਤ ਪੰਜਾਬ ਦੀ 800 ਐਮ.ਐਮ. ਮੰਨ ਲਵੋ। ਹਾਲ ਦੀ ਘੜੀ ਤੁਸੀਂ ਕੰਢੀ ਦਾ ਚੌਥਾ ਹਿੱਸਾ (25 ਫ਼ੀਸਦੀ), ਜਾਣੀ 1.35 ਲੱਖ ਹੈਕਟੇਅਰ, ਹੀ ਲਵੋ ਅਤੇ ਰੋੜ੍ਹਵੀਂ ਵਰਖਾ ਵੀ 50 ਫ਼ੀਸਦੀ ਭਾਵ 400 ਐਮ.ਐਮ., ਹੀ ਮੰਨ ਕੇ ਚੱਲੋ। ਜੇ ਅਸੀਂ ਕੰਢੀ ਦੇ ਚੌਥੇ ਹਿੱਸੇ ਵਿੱਚ ਹੀ ਵਰਖਾ ਦਾ ਮਹਿਜ਼ ਅੱਧ ਰੋਕ-ਖੜ੍ਹਾ ਕੇ ਵਰਤ ਤੇ ਜੀਰ ਲਈਏ ਤਾਂ ਵੀ ਬਰਸਾਤ ’ਚ ਕਮਾਏ ਪਾਣੀ ਦੀ ਮਿਕਦਾਰ 54 ਹਜ਼ਾਰ ਹੈਕਟੇਅਰ ਲਿਟਰ ਬਣ ਜਾਵੇਗੀ। ਇਹ ਐਨਾ ਹੈ ਕਿ ਪੰਜਾਬ ਵਿੱਚ, ਜੇ ਇਹ ਬਿਲਕੁਲ ਸਾਵਾ-ਪੱਧਰਾ ਹੋਵੇ, ਇੱਕ-ਇੱਕ ਗਿੱਠ (10 ਸੈਂਟੀਮੀਟਰ) ਪਾਣੀ ਖੜ੍ਹਾਇਆ ਜਾ ਸਕਦਾ ਹੈ।’’
ਮੁੱਕਦੀ ਗੱਲ ਇਹ ਹੈ ਕਿ ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ। ਪਾਣੀ ਸਭ ਦੀ ਸਾਂਝੀ ਕੁਦਰਤੀ ਨਿਆਮਤ ਹੈ। ਇਹ ਬਣਾਇਆ ਨਹੀਂ ਜਾ ਸਕਦਾ। ਇਸ ਦੀ ਸੰਜਮੀ ਅਤੇ ਸੁਯੋਗ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸ਼ੁੱਧ ਰੱਖਿਆ, ਬਚਾਇਆ ਜਾ ਸਕਦਾ ਹੈ। ਵਰ੍ਹਾਇਆ ਅਤੇ ਧਰਤੀ ’ਚ ਭੇਜਿਆ ਜਾ ਸਕਦਾ ਹੈ।
ਸੰਪਰਕ : 94634-39075

ਜਰਨੈਲ ਮੂਲਾ ਸਿੰਘ ਅਤੇ ਹੋਲਾ-ਮਹੱਲਾ - ਵਿਜੈ ਬੰਬੇਲੀ

ਤਿੰਨ ਏਕੜ ਭੌਇੰ, ਪੌਣਾ ਕਿੱਲਾ ਖੂਹ ’ਤੇ ਚਾਹੀ ਅਤੇ ਦੋ ਏਕੜ ਚੋਅ (ਮੌਸਮੀ ਖੱਡ) ਨਾਲ ਲਾਗਵੀਂ ਬਰਾਨੀ ਜ਼ਮੀਨ ਦਾ ਮਾਲਕ ਮੱਸ ਫੁੱਟ ਮੂਲਾ ਸਿੰਘ ਵੀਹਵਿਆਂ ਵਿਚ ਚੀਨਿਆਂ ਦੀ ਸ਼ਿੰਘਾਈ ਵਿਚਲੀ ਫੈਕਟਰੀ ਵਿਚ ਚੌਕੀਦਾਰ ਲੱਗਾ ਹੋਇਆ ਸੀ। ਉਹਨਾਂ ਦੀ ਫੁੱਟਬਾਲ ਟੀਮ ਦੇ ਇਸ ਦਮਦਾਰ ਖਿਡਾਰੀ ਨੇ ਇਹ ਪਤਾ ਲੱਗਣ ’ਤੇ ਕਿ ਚਾਚਾ ਭਾਈ ਵੀਰ ਸਿੰਘ ਗ਼ਦਰੀ ਨੂੰ ਅੰਗਰੇਜ਼ਾਂ ਨੇ ਫਾਹੇ ਲਾ ਦਿੱਤਾ ਹੈ, 1916 ਵਿਚ ਕੈਨੇਡਾ ਜਾਣ ਦੀ ਬਜਾਇ ਵਤਨ ਦੀ ਬੰਦ-ਖਲਾਸੀ ਹਿੱਤ ਭਾਰਤ ਨੂੰ ਰਵਾਨਗੀ ਪਾ ਦਿੱਤੀ ਹਾਲਾਂਕਿ ਗੁਰਬੱਤ ਭੰਨੇ ਇਸ ਜਿਊੜੇ ਨੇ ਬਿਹਤਰ ਜ਼ਿੰਦਗੀ ਲਈ ਕੈਨੇਡਾ ਜਾਣ ਲਈ ਪਾਈ ਪਾਈ ਜੋੜ ਹਾਂਗਕਾਂਗ ਤੋਂ ਜਹਾਜ਼ ਦੀ ਟਿਕਟ ਕਟਾਈ ਹੋਈ ਸੀ।
ਫਿਰ ਚੱਲ ਸੋ ਚੱਲ, ਗ਼ਦਰ ਪਾਰਟੀ ਤੋਂ ਲੈ ਕੇ ਬਰਾਸਤਾ ਗੁਰਦੁਆਰਾ ਸੁਧਾਰ ਤੇ ਬੱਬਰ ਅਕਾਲੀ ਲਹਿਰ, ਕਿਰਤੀ ਪਾਰਟੀ ਤੋਂ ਸੋਸ਼ਲਿਸਟ ਕਾਂਗਰਸੀ। ਮਗਰੋਂ ਲਾਲ ਪਾਰਟੀ ਦੇ ਹਮਜੋਲੀ ਤੋਂ ਨਕਸਲਵਾੜੀ ਲਹਿਰ ਦੇ ਪਹੁ-ਫੁਟਾਲੇ ਤੱਕ ਇਹ ਯੋਧਾ ਵਤਨ ਅਤੇ ਕਿਰਤੀ-ਕਿਸਾਨਾਂ ਲਈ ਸਰਗਰਮ ਰਿਹਾ। ਆਮ ਲੋਕਾਈ ਲਈ ਢੱਡ-ਸਰੰਗੇ ’ਤੇ ਗਾਇਆ ਵੀ ਅਤੇ ਅੱਡ ਅੱਡ ਸਮੇਂ ਅੱਠ ਵਰ੍ਹੇ ਤੋਂ ਕਿਤੇ ਵੱਧ ਹਾਕਮਾਂ ਦੀਆਂ ਕੈਦਾਂ ਵੀ ਕੱਟੀਆ। ਜਥੇਦਾਰ ਮੂਲਾ ਸਿੰਘ ਬਾਹੋਵਾਲ ਨੂੰ ਜਰਨੈਲੀ ਦਾ ਖਿਤਾਬ ਉਦੋਂ ਮਿਲਿਆ ਜਦੋਂ ਸੰਨ 1922 ਵਿਚ ਆਨੰਦਪੁਰ ਵਿਚ ਮਰਿਆਦਾ ਨਾਲ ਤਿਉਹਾਰ ਹੋਲਾ-ਮਹੱਲਾ ਮਨਾਉਣ ਲਈ ਕੀਤੇ ਜਾਣ ਵਾਲੇ ਤਰੱਦਦਾਂ ਤਹਿਤ ਉਸ ਨੂੰ ਆਪਣਿਆਂ ਵੱਲੋਂ ਮੇਲਾ ਅਨੁਸ਼ਾਸਨੀ ਕਮੇਟੀ ਦਾ ਜਰਨੈਲ ਥਾਪਿਆ ਗਿਆ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਜਨਵਰੀ 1922 ਵਿਚ ਆਨੰਦਪੁਰ ਦੇ ਗੁਰਧਾਮਾਂ ਦੀ ਬੰਦ-ਖਲਾਸੀ ਕਰਵਾਉਣ ਵਾਲੇ ਦੁਆਬੇ, ਖਾਸਕਰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਦੇ ਸਿਰਲੱਥ ਕਾਰਕੁਨਾਂ ਵਿਚ ਮੂਲਾ ਸਿੰਘ ਬਾਹੋਵਾਲ (ਮਾਹਿਲਪੁਰ) ਨੇ ਹੈਰਤ-ਅੰਗੇਜ਼ ਪਹਿਲਕਦਮੀਆਂ ਕੀਤੀਆਂ ਸਨ।
ਸੰਨ ਬਾਈ ਤੋਂ ਪਹਿਲਾਂ ਆਨੰਦਪੁਰ ਸਾਹਿਬ ਦਾ ਹੋਲਾ-ਮਹੱਲਾ ਅੱਜ ਵਾਂਗ ਨਹੀਂ ਸੀ ਲੱਗਦਾ, ਇਸ ਦੀ ਨੁਹਾਰ ਹੋਰ ਮੇਲਿਆਂ ਵਰਗੀ ਹੁੰਦੀ ਸੀ। ਪੁਜਾਰੀਆਂ-ਸੋਢੀਆਂ ਨੂੰ ਸਿਰਫ ਚੜ੍ਹਾਵੇ ਨਾਲ ਮਤਲਬ ਹੁੰਦਾ। ਨਿਹੰਗ ਸਿੰਘਾਂ ਅਤੇ ਡੇਰੇਦਾਰਾਂ ਦੇ ਧਾਰਮਿਕ ਦੀਵਾਨ ਵੀ ਸਜਦੇ ਪਰ ਬਹੁਤਾ ਮੇਲਾ ਐਵੇਂ ਹੁਲੜਬਾਜ਼ੀ ਅਤੇ ਮਸਤ-ਮੇਲੇ ਦਾ ਰੂਪ ਹੁੰਦਾ। ਸ਼ਰਧਾਵਾਨਾਂ ਨੂੰ ਬੜੀ ਠੇਸ ਲੱਗਦੀ।
ਹੁਣ ਵਰਗੇ ਅਨੁਸ਼ਾਸਤ ਮੇਲੇ ਦੀ ਪਿਰਤ ਦੇਸ਼ਭਗਤ ਮੂਲਾ ਸਿੰਘ ਵਰਗਿਆ ਨੇ ਹੀ ਤੋਰੀ ਸੀ। ਇਹ ਨਹੀਂ ਕਿ ਪਹਿਲਾਂ ਕੁਝ ਸੁਹਿਰਦਾਂ ਵਲੋਂ ਸੁਧਾਰ ਦੀਆਂ ਕੋਸ਼ਿਸ਼ਾਂ ਨਹੀਂ ਹੋਈਆਂ, ਹੋਈਆਂ ਸਨ ਪਰ ‘ਸੰਤਾਂ ਮਹੰਤਾਂ’ ਨੂੰ ਤਾਂ ਧੱਕੜਾਂ ਅਤੇ ਸਰਕਾਰ ਜੀ ਦੀ ਜ਼ਾਹਰਾ ਜਾਂ ਲੁਕਵੀਂ ਹਮਾਇਤ ਪ੍ਰਾਪਤ ਸੀ। ਜਦ ਗੁਰਧਾਮ ਸਹੀ ਅਗਵਾਈ ਦੇ ਹੱਥ ਆ ਗਏ ਤਾਂ ਹੋਰ ਕਾਰਜਾਂ ਅਤੇ ਕਾਰਨਾਂ ਤੋਂ ਬਿਨਾ ਮੇਲੇ ਵਿਚ ਵਿਗੜਿਆਂ-ਤਿਗੜਿਆਂ ਨੂੰ ਸਿਧਾਉਣ ਅਤੇ ਮੇਲੇ ਵਿਚ ਅਧਿਆਤਮਵਾਦੀ ਰਵਾਨ ਪੈਦਾ ਕਰਨ ਲਈ ਜਥੇਦਾਰ ਮੂਲਾ ਸਿੰਘ ਜਿਸ ਨੂੰ ਮਗਰੋਂ ਕਈ ਮਾਣਮੱਤੀਆਂ ਸਰਗਰਮੀਆਂ ਕਾਰਨ ਕਾਮਰੇਡ ਆਖਿਆ ਜਾਣ ਲੱਗ ਪਿਆ ਸੀ, ਨੂੰ ਪ੍ਰਬੰਧਕੀ ਕਮੇਟੀ ਅਤੇ ਗੁਰਧਾਮ ਜਥੇਦਾਰਾਂ ਵਲੋਂ ‘ਜਰਨੈਲ’ ਥਾਪਿਆ ਗਿਆ।
ਪਹਿਲੀ ਦਫਾ ਹੀ ਸਰਕਾਰੀ ਫੋਰਸਾਂ ਨੂੰ ਪਾਸੇ ਧਰ, ਇਹਨਾਂ ਅਮਨ-ਕਾਨੂੰਨ ਦੀ ਮੁਕੰਮਲ ਜਿ਼ੰਮੇਵਾਰੀ ਓਟੀ। ਵਿਗੜਿਆਂ-ਤਿਗੜਿਆਂ ਦਾ ਡੰਡਾ-ਪੀਰ ਅਤੇ ਚਾਂਭਲਿਆਂ-ਚਮਲਾਇਆਂ ਨੂੰ ਸਿਧਾਉਣ ਹਿੱਤ ਵਿਸ਼ੇਸ਼ ਇੰਤਜ਼ਾਮ ਕੀਤੇ। ਪਹਿਲੇ ਦਿਨ ਹੀ ਦਿਨ ਛੁਪਦੇ ਤੱਕ ਸਿਫਤੀ ਨਤੀਜੇ ਸਾਹਮਣੇ ਆਏ। ਅਗਲੇ ਦਿਨੀਂ ਹੱਲਾ-ਗੁੱਲਾ ਤਾਂ ਕੀ ਹੋਣਾ ਸੀ, ਵਿਗੜੇ-ਤਿਗੜੇ ਕੰਨ ਪਾਏ ਨਾ ਰੜਕੇ। ਉਦੋਂ ਤੋਂ ਹੀ ਵੱਡੇ ਮੇਲਿਆਂ ਵਿਚ ਸਿਆਸੀ ਕਾਨਫਰੰਸਾਂ ਦੀ ਪਿਰਤ ਪਈ। ਉਨ੍ਹਾਂ ਕਾਨਫਰੰਸਾਂ ਵਿਚ ਅੱਜ ਵਾਂਗ ਇੱਕ-ਦੂਜੇ ਨੂੰ ਛੁਟਿਆਇਆ ਨਹੀਂ ਸੀ ਜਾਂਦਾ ਸਗੋਂ ਰਹਿਬਰਾਂ ਅਤੇ ਦੇਸ਼ ਭਗਤ ਸਰਗਰਮੀ ‘ਤੇ ਕਾਰਜ ਵਿਉਂਤ ਉਲੀਕੀ ਜਾਂਦੀ।
ਠੁੱਕਦਾਰ ਅਗਵਾਈ ਕਾਰਨ ਇਥੋਂ ਹੀ ‘ਜਰਨੈਲ’ ਤਖੱਲਸ ਪੱਕੇ ਤੌਰ ’ਤੇ ਮੂਲਾ ਸਿੰਘ ਨਾਲ ਜੁੜ ਗਿਆ ਜਿਹੜਾ ਤੋੜ ਹਯਾਤੀ ਉਸ ਦੇ ਨਾਂ ਨਾਲ ਜੁੜਿਆਂ ਰਿਹਾ- ਜਰਨੈਲ ਮੂਲਾ ਸਿੰਘ ਬਾਹੋਵਾਲ। ਉਸ ਦੇ ਆਪਣੇ ਪਿੰਡ, ਬਾਹੋਵਾਲ (ਹੁਸ਼ਿਆਰਪੁਰ) ਉਸ ਦੇ ਨਾਂ ਉੱਤੇ ਉਸ ਦੇ ਕਾਰਜਾਂ ਨੂੰ ਪ੍ਰਨਾਇਆ ਇਲਾਕੇ ਦਾ ਨਾਮਣੇ ਵਾਲਾ ਅਗਾਂਹਵਧੂ ਕਲੱਬ ਹੈ। ਇਹੀ ਨਹੀਂ, ਜ਼ਿਲ੍ਹਾ ਹੁਸ਼ਿਆਰਪੁਰ ਦਾ ਖੇਡ ਸਹੂਲਤਾਂ ਨਾਲ ਲੈਸ ਨਾਮਣੇ ਵਾਲਾ ਪੇਂਡੂ ਖੇਡ ਮੈਦਾਨ ਜਰਨੈਲ ਮੂਲਾ ਸਿੰਘ ਸਟੇਡੀਅਮ ਵੀ ਉਸੇ ਨੂੰ ਸਮਰਪਿਤ ਹੈ।
ਗ਼ਦਰੀ ਸ਼ਹੀਦ ਭਾਈ ਵੀਰ ਸਿੰਘ ਬਾਹੋਵਾਲ ਦੇ ਇਸ ਭਤੀਜੇ ਦੀਆਂ ਤਿੰਨੇ ਧੀਆਂ ਦੇਸ਼ਭਗਤ ਪਰਿਵਾਰਾਂ ਵਿਚ ਵਿਆਹੀਆਂ ਗਈਆਂ ਸਨ ਅਤੇ ਨੂੰਹ ਗਦਰੀ ਤੇ ਨਕਸਲੀ ਸ਼ਹੀਦ ਬੂਝਾ ਸਿੰਘ ਦੀ ਭਤੀਜੀ ਹੈ। ਇਹੀ ਨਹੀਂ, ਉਸ ਦਾ ਇੱਕ ਦੋਹਤਰਾ ਉਜਲ ਦੁਸਾਂਝ ਬ੍ਰਿਟਿਸ਼ ਕੋਲੰਬੀਆਂ (ਕੈਨੇਡਾ) ਦਾ ਪਹਿਲਾ ਪੰਜਾਬੀ ਪ੍ਰੀਮੀਅਰ (ਮੁੱਖ ਮੰਤਰੀ) ਬਣਿਆ ਅਤੇ ਦੂਜਾ ਦੋਹਤਰਾ ਪੰਜਾਬੀ ਕਹਾਣੀਕਾਰ ਤੇ ਫਿਲਮਸਾਜ਼ ਅਮਨਪਾਲ ਸਾਰਾ ਜਿਹੜਾ ਬੀਤੇ ਦਿਨੀਂ ਫੌਤ ਹੋ ਗਿਆ ਸੀ, ਮੇਰੇ ਪਿੰਡ ਬੰਬੇਲੀ ਦਾ ਜੰਮਪਲ, ਲੋਕ-ਪੱਖੀ ਲਿਖਾਰੀ ਅਤੇ ਕੈਨੇਡਾ ਵਿਚ ਪੰਜਾਬੀ ਲਈ ਤਰੱਦਦ ਕਰਨ ਵਾਲਿਆਂ ਵਿਚੋਂ ਇੱਕ ਸੀ। ਇਹ ਦੋਵੇਂ ਜਣੇ ਮੂਲਾ ਸਿੰਘ ਨੂੰ ਆਪਣਾ ਆਦਰਸ਼ ਮੰਨਦੇ ਸਨ। ਪਹਿਲ-ਪਲੱਕੜੀਂ ਹੋਲੇ-ਮਹੱਲੇ ਅਤੇ ‘ਜਰਨੈਲੀ’ ਖਿਤਾਬ ਵਾਲੀ ਗੱਲ ਮੈਂ ਉਹਨਾਂ ਦੇ ਮੂੰਹੋਂ ਹੀ ਸੁਣੀ ਸੀ ਅਤੇ ਮਗਰੋਂ ਪ੍ਰੌੜਤਾ ਇਤਿਹਾਸ-ਲਿਖਤਾਂ ਨੇ ਕਰ ਦਿੱਤੀ। ਅਜਿਹੇ ਦਸਤਾਵੇਜ਼ਾਂ ਦੀ ਖੋਜ ਵਿਚੋਂ ਹੀ ਮੇਰੀ ਬਹੁ-ਪਰਤੀ ਪੁਸਤਕ ‘ਧਰਤੀ ਪੁੱਤਰ : ਜੀਵਨੀ ਜਰਨੈਲ ਮੂਲਾ ਸਿੰਘ ਬਾਹੋਵਾਲ’ ਨਿੱਕਲੀ ਜਿਹੜੀ ਤੁਰੰਤ ਦੇਸ਼ਭਗਤ ਯਾਦਗਰ ਹਾਲ, ਜਲੰਧਰ ਦੀ ਪੂੰਜੀ ਹੋ ਨਿੱਬੜੀ।
ਸੰਪਰਕ : 94634-39075

ਤਾਂ ਕਿ ਸਨਦ ਰਹੇ ... - ਵਿਜੈ ਬੰਬੇਲੀ

ਮੁੱਦੇ ਵੱਲ ਆਉਣ ਤੋਂ ਪਹਿਲਾਂ ਇੱਕ ਕਥਾ ਸੁਣਾਵਾਂਗਾ: ਜਾਪਾਨ ਦੀ ਮਿਨਾਮਾਤਾ ਖਾੜੀ ਨੇੜੇ ਮਛੇਰਿਆਂ ਦੀ ਨਿੱਕੀ ਜਿਹੀ ਬਸਤੀ ਸੀ। ਮਛੇਰਿਆਂ ਨੇ ਰੋਜ਼ ਵਾਂਗ ਇਸ ਖਾੜੀ ਵਿਚੋਂ ਮੱਛੀਆਂ ਫੜੀਆਂ ਅਤੇ ਮੰਡੀ ਵਿਚ ਵੇਚ ਦਿੱਤੀਆਂ। ਮੱਛੀ ਖਾਂਦੇ ਸਾਰ ਹੀ ਸੈਂਕੜੇ ਜਾਪਾਨੀ ਮਰਨ ਕਿਨਾਰੇ ਹੋ ਗਏ। ਜਦੋਂ ਬਾਕੀ ਮੱਛੀਆਂ ਦੇ ਢਿੱਡ ਪਾੜੇ ਗਏ ਤਾਂ ਲੋਕ ਭੈ-ਭੀਤ ਹੋ ਗਏ। ਮੱਛੀਆਂ ਵਿਚ ਉਹ ਜ਼ਹਿਰੀਲਾ ਪਾਰਾ ਸੀ ਜਿਹੜਾ ਮਿਨਾਮਾਤਾ ਕੰਢੇ ਲੱਗੇ ਕਾਰਖਾਨਿਆਂ ਨੇ ਸਾਗਰ ਵਿਚ ਗੰਦਗੀ ਵਜੋਂ ਕਦੇ ਡੋਲ੍ਹਿਆ ਸੀ। ਚੌਗਿਰਦਾ ਮਾਹਿਰ ਡਾ. ਡੇਵਿਡ ਸੁਜ਼ੂਕੀ ਦਿਲਚਸਪ ਵਰਨਣ ਕਰਦੇ ਹਨ : 40ਵਿਆਂ ਵਿਚ ਜਦੋਂ ਅਜੇ ਉਹ ਜਵਾਨੀ ਵਿਚ ਪੈਰ ਧਰ ਰਹੇ ਸਨ ਤਾਂ ਓਨਤੇਰੀਓ ਦੀ ਝੀਲ ਤੇ ਕੱਪ ਲੈ ਕੇ ਚਲੇ ਜਾਂਦੇ ਤੇ ਸਾਫ ਪਾਣੀ ਪੀ ਲੈਂਦੇ ਸਨ। ਇਹ ਝੀਲ ਆਸਟਰੇਲੀਆ ਵਿਚ ਹੈ। ਮੈਂ ਅਤੇ ਮੇਰੇ ਹਾਣੀ ਹੁਣ ਚੌਗਿਰਦਾ ਬਿਲਕੁਲ ਹੀ ਬਦਲਿਆ ਹੋਇਆ ਦੇਖ ਰਹੇ ਹਾਂ। ਹੁਣ ਇਸ ਝੀਲ ਦੇ ਕੰਢੇ ਚਿਤਾਵਨੀਆਂ ਵਾਲੇ ਬੋਰਡ ਲਿਖ ਕੇ ਲਾਏ ਹੋਏ ਹਨ। ਦਰਅਸਲ, ਸਮੁੰਦਰ ਵਿਚੋਂ ਭੋਜਨ ਲਈ ਫੜੀ ਇੱਕ ਟਨ ਮੱਛੀ ਬਦਲੇ ਉਸ ਵਿਚ ਤਿੰਨ ਟਨ ਕੂੜਾ ਕਰਕਟ ਸੁੱਟ ਦਿੱਤਾ ਜਾਂਦਾ ਹੈ ਅਤੇ ਸ਼ੁਧ ਪਾਣੀ ਵਿਚ ਲਖੂਖਾ ਲਿਟਰ ਵਿਹੁਲੇ ਪਦਾਰਥ।
ਸ਼ਰਾਬ ਦੇ ਕਾਰਖਾਨਿਆਂ ਵਿਚੋਂ ਨਿਕਲੀ ਤਰਲ ਗੰਦਗੀ ਤੇ ਰੋੜ੍ਹ ਨੂੰ ਲਾਹਣ ਦਾ ਨਾਂ ਦਿੱਤਾ ਗਿਆ ਹੈ। ਇਹ ਵਿਹੁਲਾ ਬਦਬੂਦਾਰ ਪਦਾਰਥ ਹੈ। ਇਸ ਗੰਦਗੀ ਨੂੰ ਬਾਹਰ ਸੁੱਟਣ ਤੋਂ ਪਹਿਲਾਂ ਸੋਧਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਕਿੰਨੇ ਕੁ ਕਾਰਖਾਨੇ ਇਨ੍ਹਾਂ ਨੇਮਾਂ ਦੀ ਪਾਲਣਾ ਕਰ ਰਹੇ ਹਨ? ਇਹ ਕਾਰਜ ਬਹੁਤ ਜ਼ਿਆਦਾ ਮਿਕਦਾਰ ਵਿਚ ਪਾਣੀ ਦੀ ਖ਼ਪਤ ਮੰਗਦਾ ਹੈ। ਇਸੇ ਲਈ ਹੁਣ ਜੀਵੀ-ਸੋਧਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਪਰ ਅਮਲ ਮਨਫ਼ੀ ਹੈ। ਸਾਧਾਰਨ ਜਿਹੀ ਡਿਸਟਿਲਰੀ ਜਿਹੜੀ ਪ੍ਰਤੀ ਦਿਨ 40,000 ਲਿਟਰ ਸ਼ਰਾਬ ਬਣਾਉਂਦੀ ਹੈ, ਇਸ ਵਿਹੁਲੇ ਲਾਹਣ ਦੀ 4 ਤੋਂ 6 ਲੱਖ ਲਿਟਰ ਮਾਤਰਾ ਪੈਦਾ ਕਰ ਦਿੰਦੀ ਹੈ। ਇਹੀ ਹਾਲ ਕਾਗਜ਼ ਮਿੱਲਾਂ ਅਤੇ ਰਸਾਇਣ ਵਾਲੇ ਹੋਰ ਕਾਰਖਾਨਿਆਂ ਦਾ ਹੈ।
ਵਾਤਾਵਰਨ ਸੁਰੱਖਿਆ ਅਧਿਨਿਯਮ (ਜੀਵੀ ਆਕਸੀਜਨ ਮੰਗ) ਇਸ ਰੋੜ੍ਹ ਨੂੰ ਪਾਣੀ ਵਿਚ ਰੋੜ੍ਹਨ ਲਈ 30 ਮਿਲੀਗ੍ਰਾਮ ਪ੍ਰਤੀ ਲਿਟਰ ਅਤੇ ਜ਼ਮੀਨੀ ਰੋੜ੍ਹ ਲਈ 100 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਆਗਿਆ ਦਿੰਦੀ ਹੈ ਪਰ ਸਾਡੇ ਕਾਰਖਾਨੇ ਇਹ ਮਾਤਰਾ 50,000 ਮਿਲੀਗ੍ਰਾਮ ਪ੍ਰਤੀ ਲਿਟਰ ਦੀ ਭਿਆਨਕ ਦਰ ਨਾਲ ਜਲ-ਵਹਿਣਾਂ ਵਿਚ ਡੋਲ੍ਹ ਜਾਂ ਧਰਤੀ ਅੰਦਰ ਭੇਜ ਰਹੇ ਹਨ। ਇਸੇ ਤਰ੍ਹਾਂ ‘ਰਸਾਇਣੀ ਆਕਸੀਜਨ ਮੰਗ’ ਦੀ ਆਗਿਆ 250 ਮਿਲੀਗ੍ਰਾਮ ਪ੍ਰਤੀ ਲਿਟਰ ਹੈ ਪਰ ਇਹ 85,000 ਮਿਲੀਗ੍ਰਾਮ ਪ੍ਰਤੀ ਲਿਟਰ ਹੈ। ਇਹ ਕਾਰਖਾਨੇ ਫਿਰ ਵੀ ਚਲ ਰਹੇ ਹਨ, ਕੋਈ ਕਾਨੂੰਨ ਨਹੀਂ, ਕੋਈ ਸਜ਼ਾ ਨਹੀਂ। ਇੱਕ ਵਾਤਾਵਰਨ ਮਾਹਿਰ ਨੇ ਕਿਹਾ ਸੀ, “ਇਨ੍ਹਾਂ ਕਾਰਖਾਨੇਦਾਰਾਂ ਨੂੰ ਵਸਤਾਂ ਬਣਾਉਣ ਦੇ ਲਾਇਸੈਂਸ ਤਾਂ ਉਨ੍ਹਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਦਿੱਤੇ ਹੋਏ ਹਨ ਪਰ ਇਨ੍ਹਾਂ ਨੂੰ ਜੀਵਨ ਨਸ਼ਟ ਕਰਨ ਦੇ ਲਾਇਸੈਂਸ ਕਿਸ ਨੇ ਦਿੱਤੇ ਹਨ?”
ਦੂਜੀ ਗਾਥਾ ਸਾਡੀ ਆਪਣੀ ਹੈ :
ਹਰ ਭਾਰਤੀ ਪਰਿਵਾਰ ਹਰ ਰੋਜ਼ ਔਸਤ ਰੂਪ ਵਿਚ ਅੱਧੀ ਟੋਕਰੀ ਗੰਦਗੀ ਪੈਦਾ ਕਰਦਾ ਹੈ। ਇਸ ਵਿਚ ਮਲ-ਮੂਤਰ ਤੋਂ ਇਲਾਵਾ, ਰਹਿੰਦ-ਖੂੰਹਦ, ਘਰਾਂ ਦੀ ਗੰਦਗੀ ਆਦਿ ਸ਼ਾਮਲ ਹਨ। ਕਰੀਬ 20 ਕਰੋੜ ਪਰਿਵਾਰ ਹਰ ਰੋਜ਼ 10 ਕਰੋੜ ਟੋਕਰੀਆਂ ਗੰਦਗੀ ਦੀਆਂ ਪੈਦਾ ਕਰ ਰਹੇ ਹਨ। ਇੱਕ ਸਾਲ ਵਿਚ ਗੰਦਗੀ ਦੇ 40 ਅਰਥ ਟੋਕਰੇ ਢੇਰਾਂ ਉੱਪਰ ਪੁੱਜ ਜਾਂਦੇ ਹਨ। ਇਹ ਕਚਰਾ ਜਿੱਥੇ ਜੀਅ ਥਾਏਂ ਖਲਾਰ ਦਿੱਤਾ ਜਾਂਦਾ ਹੈ। ਬਹੁਤ ਵਾਰੀ ਇਹ ਜਲ ਸੋਮਿਆਂ ਦਾ ਹਿੱਸਾ ਬਣ ਜਾਂਦਾ ਹੈ। ਇਸ ਗੰਦਗੀ ਕਾਰਨ ਹੀ ਗੰਗਾ ਮਲੀਨ ਹੋ ਚੁੱਕੀ ਹੈ ਅਤੇ ਮੂਸੀ ਨਦੀ (ਹੈਦਰਾਬਾਦ) ਆਖਿ਼ਰੀ ਸੁਆਸ ਲੈ ਰਹੀ ਹੈ। ਸ੍ਰੀਨਗਰ ਦੀ ਆਰਥਿਕ ਸਾਹਰਗ ਡੱਲ ਝੀਲ ਵੀ ਮਰਨ ਕਿਨਾਰੇ ਹੈ। ਮਨੀਪੁਰ ਦੀ ਲੋਕਤਾਰ ਝੀਲ ਦਾ ਵੀ ਇਹੋ ਹਸ਼ਰ ਹੋ ਰਿਹਾ ਹੈ। ਉੜੀਸਾ ਦੀ ਝਿਲਕਾ ਝੀਲ ਨੂੰ ਵੀ ਖ਼ਤਰਾ ਹੈ। ਇਹੀ ਹਾਲ ਕੂਮ ਨਦੀ ਅਤੇ ਹੈਦਰਾਬਾਦ ਤੇ ਸਿੰਕਦਰਾਬਾਦ ਨੂੰ ਵੰਡਦੇ ਹੁਸੈਨ ਸਾਗਰ ਦਾ ਹੈ। ਭਾਰਤ ਦੇ ਪਵਿੱਤਰ ਮੰਨੇ ਜਾਂਦੇ ਗੰਗਾ, ਜਮਨਾ, ਕਾਵੇਰੀ ਤੇ ਗੋਦਾਵਰੀ ਦਰਿਆਵਾਂ ਦਾ ਜਲ ਵੀ ਬੇਹੱਦ ਪ੍ਰਦੂਸ਼ਿਤ ਹੋ ਚੁੱਕਿਆ ਹੈ। ਗੰਗਾ ਕੰਢੇ 98 ਸ਼ਹਿਰ ਅਤੇ ਕਸਬੇ ਹਨ। ਇਸ ਦੀ 2,525 ਕਿਲੋਮੀਟਰ ਲੰਬਾਈ ਵਿਚ ਲਗਭਗ 29 ਅਰਬ ਘਣ ਮੀਟਰ ਗੰਦਾ ਪਾਣੀ ਹਰ ਰੋਜ਼ ਡਿਗਦਾ ਹੈ। ਕੇਵਲ 16 ਸ਼ਹਿਰ ਅਜਿਹੇ ਹਨ ਜਿਨ੍ਹਾਂ ਕੋਲ ਸੀਵਰ ਵਰਗੀ ਵਿਵਸਥਾ ਹੈ; ਬਾਕੀ 82 ਸ਼ਹਿਰਾਂ ਤੇ ਨਗਰਾਂ ਦਾ ਮਲ-ਮੂਤਰ ਤੇ ਕਚਰਾ ਸਿੱਧਾ ਹੀ ਨਦੀ ਵਿਚ ਸੁੱਟਿਆ ਜਾ ਰਿਹਾ ਹੈ।
ਬਿਨਾ ਸ਼ੱਕ ਇਹ ਭਾਈਚਾਰਕ ਸਮੱਸਿਆ ਹੈ, ਪੂਰਾ ਭਾਈਚਾਰਾ ਮਿਲ ਕੇ ਹੀ ਹੱਲ ਕਰ ਸਕਦਾ ਹੈ ਪਰ ਮੁੱਖ ਫਰਜ਼ ਰਾਜ-ਪ੍ਰਬੰਧਕਾਂ ਦਾ ਹੈ। ਪੰਜਾਬ ਦੇ ਸਮੁੱਚੇ ਜਲ-ਵਹਿਣਾਂ ਅਤੇ ਧਰਤੀ ਹੇਠਲੇ ਪਾਣੀ ਦੀ ਹੋਣੀ, ਕਿਤੇ ਫੇਰ ਸਹੀ। ਅਜੇ, ਜ਼ੀਰਾ ਸੰਘਰਸ਼ ’ਤੇ ਹੀ ਧਿਆਨ ਇਕਾਗਰ ਕਰੀਏ, ਅੱਜ ਇਹੀ ਕਰਨਾ ਬਣਦਾ ਹੈ।
ਬਹੁਤਾ ਕਸੂਰ ਧੜਵੈਲ ਮੁਲਕਾਂ ਅਤੇ ਸਥਾਨਕ ਰਾਜ-ਪ੍ਰਬੰਧਾਂ ਦਾ ਹੈ। ਮਾਨਵਵਾਦੀ ਲਾਪਤੇਵ ਅਨੁਸਾਰ- “ਨਫ਼ੇ ਲਈ, ਦੌਲਤ ਲਈ ਅਤੇ ਹੋਰ ਦੌਲਤ ਹਥਿਆਉਣ ਲਈ ਫਿਰ ਦੂਜਿਆਂ ਉੱਪਰ ਇਸੇ ਦੌਲਤ ਨਾਲ ਸੱਤਾ ਕਾਇਮ ਰੱਖਣ ਦੀ ਭੁੱਖ ਅਕਸਰ ਕੁਦਰਤੀ-ਨਿਆਂ ਦੀਆਂ ਸੰਸਾਰਵਿਆਪੀ ਸਪੱਸ਼ਟ ਧਾਰਨਾਵਾਂ ਨੂੰ ਵੀ ਧੁੰਦਲਾ ਕਰ ਦਿੰਦੀ ਹੈ।”
ਧਨ ਕੁਬੇਰਾਂ ਦੇ ਪ੍ਰਿਤਪਾਲਕ ਸਾਡੇ ਹਾਕਮ ਇਸੇ ਡਗਰ ’ਤੇ ਹੀ ਤਾਂ ਤੁਰੇ ਹੋਏ ਹਨ।
ਸੰਪਰਕ : 94634-39075

ਮੱਤੇਵਾੜਾ : ਰਾਜਸਥਾਨ ਦੀ ਹੋਣੀ ਨੂੰ ਭੁੱਲੇ ਅਸੀਂ - ਵਿਜੈ ਬੰਬੇਲੀ

ਅਸੀਂ ਭਾਰਤੀ ਲੋਕ ਇਤਿਹਾਸ ਤੋਂ ਸਬਕ ਨਹੀਂ ਸਿਖਦੇ। ਦਰਅਸਲ ਅਸੀਂ ਇਤਿਹਾਸ ਨੂੰ ਸੁਣਦੇ ਹਾਂ, ਪਰ ਇਸ ਤੋਂ ਮਿਲੀਆਂ ਸਿੱਖਿਆਵਾਂ ’ਤੇ ਅਮਲ ਨਹੀਂ ਕਰਦੇ। ਇਤਿਹਾਸ ਯਾਦ ਕਰਦੇ ਹਾਂ, ਮਹਿਜ਼ ਡਿਗਰੀਆਂ-ਰੁਤਬੇ ਅਤੇ ਰੋਜ਼ੀ-ਰੋਟੀ ਲਈ। ਕੁਦਰਤ ਨਾਲ ਸਬੰਧਿਤ ਤਾਂ ਕੀ, ਅਸੀਂ ਤਾਂ ਸਮਾਜਿਕ ਤੇ ਸਿਆਸੀ ਇਤਿਹਾਸ ਦੀ ਵੀ ਪੁਣਛਾਣ ਨਹੀਂ ਕਰਦੇ। ਹੇ ਜੰਗਲ! ਤੂੰ ਐਵੇਂ ਨਾ ਝੂਰ, ਬੜੇ ਅਕ੍ਰਿਤਘਣ ਹਾਂ ਅਸੀਂ!
      ਜਾਪਦਾ ਹੈ ਕਿ ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਨੂੰ ਭੁੱਲ ਗਏ ਹਾਂ। ਕਿਸੇ ਸਮੇਂ ਸਾਰੇ ਸਥਾਨਾਂ ’ਚੋਂ ਰਾਜ (ਸਿਰਮੌਰ) ਸਥਾਨ ਰੱਖਦਾ ਸਰਸਬਜ਼ ਇਹ ਖਿੱਤਾ ਕੁਝ ਹੀ ਦਹਿ-ਸਦੀਆਂ ਵਿਚ ਉਦੋਂ ਧੂੜ ’ਚ ਬਦਲ ਗਿਆ ਜਦ ਜੰਗਲ ਰੁੱਸ ਗਏ। ਤਵਾਰੀਖ਼ ਗਵਾਹ ਹੈ ਕਿ ਜ਼ਰੂਰੀ ਵਰਤੋਂ ਉਪਰੰਤ ਕੁਦਰਤੀ ਸੋਮਿਆਂ ਦੀ ਮੁੜ-ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ਸਲਤਨਤ ਅੰਤ ਮਾਰੂਥਲ ਵਿਚ ਬਦਲ ਗਈ। ਮੌਜੂਦਾ ਮਾਰੂਥਲੀ ਖਿੱਤੇ ਮੋਰੋਕੋ, ਅਲਜ਼ੀਰੀਆ ਅਤੇ ਟਿਊਨੀਸ਼ੀਆ ਕਿਸੇ ਵਕਤ ਰੋਮਨ ਸਾਮਰਾਜ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੌਂ-ਖੋਰ ਹੈ। ਮੈਸੋਪੋਟੇਮੀਆ, ਫ਼ਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ, ਸੁਮੇਰੀ ਸਭਿਅਤਾ ਦਾ ਸ਼ਹਿਰ ਉਰ, ਬੇਬੀਲੋਨੀਆ ਅਤੇ ਅਸੀਰੀਆ ਕਈ ਮਹਾਨ ਬਾਦਸ਼ਾਹਤਾਂ ਦੇ ਮਾਣਮੱਤੇ ਕੇਂਦਰ ਸਨ। ਕਿਸੇ ਸਮੇਂ ਉਪਜਾਊ ਰਿਹਾ ਫ਼ਾਰਸ ਅੱਜ ਮਾਰੂਥਲ ਹੈ। ਸਿਕੰਦਰ ਦਾ ਹਰਿਆ ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਰਨ ਝੂਰ ਰਿਹਾ ਹੈ। ਕਿਉਂ? ਇਨ੍ਹਾਂ ਜੰਗਲਾਂ ਦਾ ਉਜਾੜਾ ਜੋ ਕਰ ਦਿੱਤਾ ਸੀ। ਸਾਡੇ ਆਪਣੇ ਮੋਹੰਜੋਦੜੋ ਤੇ ਹੜੱਪਾ ਵਰਗੇ ਸੱਭਿਅਕ ਖਿੱਤਿਆਂ ਦਾ ਕੀ ਬਣਿਆ? ਐਵੇਂ ਹਾਕਮ ਜਮਾਤਾਂ ਤੋਂ ਸਵਾਲ ਨਾ ਪੁੱਛ ਬੈਠਣਾ।
        ਬਰਤਾਨਵੀ, ਫਰਾਂਸੀਸੀ ਅਤੇ ਡੱਚ ਰਾਜਸ਼ਾਹੀਆਂ ਨੇ ਆਪਣੇ ਖਿੱਤਿਆਂ ਵਿਚ ਤਾਂ ਰੇਗਿਸਤਾਨ ਨਹੀਂ ਸਨ ਬਣਨ ਦਿੱਤੇ ਪਰ ਇਨ੍ਹਾਂ ਨੇ ਏਸ਼ੀਆ, ਅਫ਼ਰੀਕਾ, ਆਸਟਰੇਲੀਆ, ਨਿਊਜ਼ੀਲੈਂਡ ਅਤੇ ਉੱਤਰੀ ਅਮਰੀਕਾ ਦੀਆਂ ਨੌ-ਆਬਾਦੀਆਂ ਵਿਚ ਕੁਦਰਤੀ ਸੋਮਿਆਂ ਦੀ ਅੰਨ੍ਹੀ ਲੁੱਟ ਕੀਤੀ। ਕੀਨੀਆ, ਯੂਗਾਂਡਾ ਅਤੇ ਇਥੋਪੀਆ ਵਿਚ ਰੁੱਖਾਂ ਅਤੇ ਕੁਦਰਤੀ ਘਾਹ ਦੀ ਏਨੀ ਬੇਰਹਿਮੀ ਨਾਲ ਵੱਢ-ਟੁੱਕ ਕੀਤੀ ਗਈ ਕਿ ਨੀਲ ਨਦੀ ਦੇ ਸਹਿਜ ਵਹਿਣ ਨੂੰ ਵੀ ਖ਼ਤਰਾ ਪੈਦਾ ਹੋ ਗਿਆ। ਕਦੇ ਦਜਲਾ ਅਤੇ ਫਰਾਤ ਜਿਹੀਆਂ ਨਦੀਆਂ ਨਾਲ ਸਿੰਜੇ ਜਾਣ ਵਾਲੇ ਇਰਾਕ ਅਤੇ ਅਸੀਰੀਆ ਮੈਸੋਪੋਟੇਮੀਆ ਦੇ ਸਭ ਤੋਂ ਹਰੇ-ਭਰੇ ਰਾਜ ਸਨ ਜੋ ਜੰਗਲਾਂ ਤੇ ਪਾਣੀ ਦੇ ਉਜਾੜੇ ਕਾਰਨ ਮਾਰੂਥਲ ਬਣੇ ਹੋਏ ਹਨ।
        ਇਉਂ ਹੀ ਬੇਸਮਝੀ ਕਾਰਨ ਰਾਜਪੂਤੀ ਰਾਜਸ਼ਾਹੀਆਂ ਥਾਰ ਮਾਰੂਥਲ ਵਿਚ ਬਦਲ ਗਈਆਂ। ਅੱਜ ਰਾਜਸਥਾਨ ਨੂੰ ਦੁਨੀਆਂ ਦਾ ਅਤਿ ਧੂੜ ਵਾਲਾ ਇਲਾਕਾ ਮੰਨਿਆ ਜਾਂਦਾ ਹੈ। ਪਿਛਲੇ ਦੋ ਦਹਾਕਿਆਂ ਵਿਚ ਹੀ ਇਹ ਮਾਰੂਥਲ ਅੱਠ ਫ਼ੀਸਦੀ ਵੱਧ ਗਿਆ ਹੈ। ਰਾਜਸ਼ਾਹੀਆਂ ਨੇ ਅੱਜ ਕਾਰਪੋਰੇਟਸ (ਨਵ-ਸਾਮਰਾਜਵਾਦ) ਦਾ ਰੂਪ ਧਾਰਨ ਕਰ ਲਿਆ ਹੈ। ਇਹ ਹਾਕਮ ਜਮਾਤਾਂ ਦੇ ਕੰਧਾੜੇ ਚੜ੍ਹ ਸਾਡੇ ਬਰੂਹੀਂ ਆ ਬੈਠਾ ਹੈ। ਸਿੱਟੇ ਵਜੋਂ ਕਈ ਸੂਬਿਆਂ ਅਤੇ ਕਬਾਇਲੀ ਖਿੱਤਿਆਂ ਸਮੇਤ ਇਹੀ ਸਥਿਤੀ ਹੁਣ ਪੰਜਾਬ ’ਚ ਵੀ ਪੈਦਾ ਹੋ ਰਹੀ ਹੈ। ਅਜਿਹਾ ਕਿਉਂ ਵਾਪਰ ਰਿਹਾ ਹੈ? ਕਿਉਂਕਿ ਅਗਿਆਨਤਾ ਅਤੇ ਮੁਨਾਫ਼ੇ ਦੀ ਲਾਲਸਾ ਹੇਠ ਸਾਵੇਂ ਕੁਦਰਤੀ ਪ੍ਰਬੰਧ ’ਚ ਬੇਕਿਰਕ ਦਖ਼ਲਅੰਦਾਜ਼ੀ ਹੋ ਰਹੀ ਹੈ। ਜੰਗਲਾਂ ਦੀ ਸੁਰੱਖਿਆ ਛਤਰੀ ਨੂੰ ਤੋੜ ਕੇ ਰੱਖ ਦਿੱਤਾ ਗਿਆ ਹੈ। ਇਸ ਕਾਰਨ ਰੁੱਤਾਂ ਅਤੇ ਵਰਖਾ ’ਚ ਵਿਗਾੜ ਆ ਗਏ, ਪਾਣੀ ਪਤਾਲੀ ਜਾ ਵੜਿਆ ਹੈ। ਮਿੱਤਰ ਪੰਛੀ ਸਦੀਵੀ ਉਡਾਰੀ ਮਾਰ ਗਏ ਹਨ ਤੇ ਮਿੱਤਰ ਜੀਵ ਡੂੰਘੀ ਚੁੱਭੀ। ਤਾਪਮਾਨ ਲਗਾਤਾਰ ਵਧ ਰਿਹਾ ਹੈ। ਹਵਾ ਪਲੀਤ ਹੋ ਗਈ ਹੈ। ਨਤੀਜਾ,ਮਨੁੱਖ ਹੁਣ ਖ਼ੁਦ ਮਧੋਲਿਆ ਜਾ ਰਿਹਾ ਹੈ।
      ਸਾਨੂੰ ਸ਼ਾਇਦ ਪਤਾ ਨਹੀਂ ਕਿ ਮਾਰੂਥਲਾਂ ਦੀ ਨਿੱਕੀ ਨਿੱਕੀ ਘਾਹ ਜਾਂ ਕੰਡਿਆਲੀ ਬਨਸਪਤੀ ਵੀ 179 ਤੋਂ 543 ਮਿਲੀਗ੍ਰਾਮ ਨਮੀ ਇਕ ਦਿਨ ਵਿਚ ਛੱਡਦੀ ਹੈ ਜੋ ਥਾਰ ਦੀ ਖੁਸ਼ਕ ਫਿਜ਼ਾ ਨੂੰ ਸਿੱਲ੍ਹਾ ਕਰਨ ’ਚ ਸਿਫ਼ਤੀ ਹਿੱਸਾ ਪਾਉਂਦੀ ਹੈ। ਇਕ ਵਰਗ ਕਿਲੋਮੀਟਰ ਸੰਘਣਾ ਜੰਗਲ ਸਾਲਾਨਾ ਪੰਜਾਹ ਹਜ਼ਾਰ ਘਣਮੀਟਰ ਪਾਣੀ ਧਰਤੀ ’ਚ ਭੇਜਦਾ ਹੈ। ਇਹ ਊਰਜਾ ਦੇ ਸ੍ਰੋਤ ਹਨ। ਇਨ੍ਹਾਂ ਕੋਲੋਂ ਅਥਾਹ ਭੋਜਨ ਮਿਲਦਾ ਹੈ। ਇਹ ਚਕਿਤਸਕ ਬੂਟੀਆਂ ਦੇ ਘਰ ਹਨ ਤੇ ਕੰਦ-ਮੂਲਾਂ ਦੇ ਵੀ। ਸਾਡੀ ਪ੍ਰਿਥਵੀ ਉਤਲੇ ਸਾਰੇ ਪੌਦੇ ਹਰ ਵਰ੍ਹੇ 144 ਅਰਬ ਮੀਟਰਿਕ ਟਨ ਜੀਵੀ-ਪਦਾਰਥ ਪੈਦਾ ਕਰਦੇ ਹਨ। ਇਹ ਨਮੀ ਅਤੇ ਮਲੜ੍ਹ (ਪੱਤਿਆਂ ਦੀ ਖਾਦ) ਬਖ਼ਸ਼ ਕੇ ਧਰਤੀ ਨੂੰ ਠੰਢੀ-ਪੋਲੀ-ਨਮ ਅਤੇ ਮਿੱਤਰ ਕੀਟਾਂ ਯੁਕਤ ਅਰਥਾਤ ਜ਼ਰਖ਼ੇਜ਼ ਬਣਾਉਂਦੇ ਹਨ, ਜ਼ਹਿਰਾਂ ਚੂਸਦੇ ਹਨ। ਧਰਾਤਲ ਤੇ ਖਲਾਅ ਨੂੰ ਨਮੀ ਤੇ ਠੰਢਕ ਬਖ਼ਸ਼ਦੇ ਹਨ।
         ਸ਼ਾਇਦ ਆਪਾਂ ਇਹ ਵੀ ਨਹੀਂ ਜਾਣਦੇ ਕਿ ਇਕ ਆਮ ਦਰੱਖਤ ਵੀ ਆਪਣੀ ਨਿੱਕੜੀ ਜਿਹੀ ਜ਼ਿੰਦਗੀ ’ਚ ਲੱਖਾਂ ਰੁਪਏ ਦੀ ਆਕਸੀਜਨ ਛੱਡਦਾ ਹੈ। ਇਕ ਵਰਗ ਕਿਲੋਮੀਟਰ ਵਿਚ ਫੈਲਿਆ ਹਰ ਜੰਗਲ ਹਰ ਰੋਜ਼ 3.7 ਮੀਟਰਿਕ ਟਨ ਕਾਰਬਨ ਡਾਇਆਕਸਾਈਡ ਵਾਤਾਵਰਣ ਵਿਚੋਂ ਲੈ ਕੇ ਆਕਸੀਜਨ ਛੱਡਦਾ ਹੈ। ਇਕ ਮਨੁੱਖ ਨੂੰ 16 ਰੁੱਖਾਂ ਜਿੰਨੀ ਆਕਸੀਜਨ ਲੋੜੀਂਦੀ ਹੈ। ਆਕਸੀਜਨ ਸਾਡੀ ਮੁੱਢਲੀ ਲੋੜ ਹੈ। ਰੁੱਖ ਸਿਰ ’ਤੇ ਧੁੱਪ ਸਹਿ ਕੇ ਸਾਨੂੰ ਛਾਂ ਦਿੰਦੇ ਹਨ ਅਤੇ ਪੱਥਰ ਮਾਰਿਆਂ ਫਲ। ਅਸੀਂ ਤਾਂ ਇਹ ਵੀ ਨਹੀਂ ਜਾਣਦੇ ਕਿ ਇਕ ਦਰੱਖਤ ਸਾਲਾਨਾ 20 ਕਿਲੋਗਰਾਮ ਜ਼ਹਿਰੀਲੀ ਧੂੜ ਅਤੇ 80 ਕਿਲੋ ਪਾਰਾ-ਸਿੱਕਾ-ਲਿਥੀਅਮ ਨੂੰ ਹਜ਼ਮ ਕਰ ਸਕਦਾ ਹੈ ਤੇ ਮੋੜਵੇਂ ਰੂਪ ਵਿਚ 700 ਕਿਲੋਗਰਾਮ ਆਕਸੀਜਨ ਦਿੰਦਾ ਹੈ।
      ਕਰੋਨਾ ਕਾਲ ਨੇ ਬੜੇ ਦੁੱਖ ਦਿੱਤੇ, ਪਰ ਆਕਸੀਜਨ ਦੀ ਮਹੱਤਤਾ ਦਾ ਸਬਕ ਵੀ ਸਿਖਾਇਆ। ਲੱਗਦਾ ਨਹੀਂ ਕਿ ਆਪਾਂ ਗ੍ਰਹਿਣ ਕੀਤਾ ਹੋਵੇਗਾ, ਹਾਕਮਾਂ ਤਾਂ ਬਿਲਕੁਲ ਹੀ ਨਹੀਂ। ਇਕ ਸਿਲੰਡਰ ਵਿਚ ਨੌਂ ਕਿਲੋਗਰਾਮ ਆਕਸੀਜਨ ਹੁੰਦੀ ਹੈ। ਮਨੁੱਖੀ ਸਰੀਰ ਨੂੰ ਰੋਜ਼ਾਨਾ ਤਿੰਨ ਸਿਲੰਡਰਾਂ ਜਿੰਨੀ ਆਕਸੀਜਨ ਦੀ ਲੋੜ ਪੈਂਦੀ ਹੈ। ਇਕ ਸਿਲੰਡਰ ਆਕਸੀਜਨ ਦੀ ਕੀਮਤ 700 ਰੁਪਏ ਹੈ, ਜੋੜ ਬਣਿਆ 2100 ਰੁਪਏ ਰੋਜ਼ ਦਾ। ਭਲਾ, 65 ਸਾਲ ਦੀ ਮਨੁੱਖੀ ਔਸਤਨ ਉਮਰ ਤੱਕ ਲੋੜੀਂਦੀ ਆਕਸੀਜਨ ਦਾ ਕਿੰਨਾ ਮੁੱਲ ਬਣਿਆ? ਗੁਣਾ-ਜੋੜ ਕਰ ਕੇ ਦੇਖ ਲਓ। ਲੁਟੇਰੇ ਪ੍ਰਬੰਧ ਨੇ ਇਹ ਗੱਲ ਸੁਣਨੀ ਹੈ ਭਲਾ!
        ਮੱਤੇਵਾੜਾ! ਤੇਰੀ ਇਸ ਗੱਲ ਵੱਲ ਕੰਨ ਕੌਣ ਧਰੇਗਾ ਕਿ ਮਿੱਟੀ ਦੀਆਂ ਉਪਜਾਊ ਪਰਤਾਂ ਨੂੰ ਸਿਰਜਣ ਤੇ ਫਿਰ ਸੰਭਾਲਣ ਵਿਚ ਪੌਦਿਆਂ ਦਾ ਬੜਾ ਵੱਡਾ ਯੋਗਦਾਨ ਹੈ। ਇਹੋ ਮਿੱਟੀ ਸਾਡੀ ਖੇਤੀ ਦਾ ਆਧਾਰ ਹੈ। ਵੀਰਾਨ ਤੇ ਰੁੱਖ ਵਿਹੂਣੀ ਇਕ ਏਕੜ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਮੌਨਸੂਨੀ ਹੜ੍ਹਾਂ ਕਾਰਨ ਭੌਂ-ਖੋਰ ਹੋਰ ਵੀ ਵਧ ਜਾਂਦੀ ਹੈ ਅਤੇ ਮਿੱਟੀ ਦੇ ਉਪਜਾਊ ਤੱਤ ਘੁਲ ਕੇ ਰੋੜ੍ਹ ਦਾ ਹਿੱਸਾ ਬਣ ਜਾਂਦੇ ਹਨ। ਸਿਰਫ਼ ਬਨਸਪਤੀ ਦੀਆਂ ਜੜ੍ਹਾਂ ਹੀ ਜਾਲ ਬਣ ਕੇ ਸਾਡੀ ਮਿੱਟੀ ਨੂੰ ਖੁਰਨੋਂ ਅਤੇ ਪਹਾੜਾਂ ਨੂੰ ਢਹਿ-ਢੇਰੀ ਹੋਣ ਤੋਂ ਬਚਾ ਸਕਦੀਆਂ ਹਨ। ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਮਾਰੂਥਲ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਨ ਮਨੁੱਖ ਦੇ ਕੁਦਰਤ ਪ੍ਰਤੀ ਗ਼ਲਤ ਵਰਤੋਂ ਵਿਹਾਰ ਦੀ ਵਿਥਿਆ ਹੈ।
       ਮਾਹਿਰਾਂ ਅਨੁਸਾਰ ਦਰੱਖਤਾਂ ਹੇਠ ਰਕਬਾ ਘਟਣਾ ਵਾਤਾਵਰਣ ਲਈ ਬੜਾ ਘਾਤਕ ਹੈ। ਇਸ ਨਾਲ ਆਲਮੀ ਤਪਸ਼ ਹੋਰ ਵਧੇਗੀ, ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਉਪਰੰਤ ਨਦੀਆਂ ਵਿਚ ਪਹਿਲਾਂ ਭਾਰੀ ਹੜ੍ਹ ਆਉਣਗੇ, ਬਾਅਦ ਵਿਚ ਇਹ ਸੁੱਕਣ ਲੱਗਣਗੀਆਂ। ਜੰਗਲਾਂ ’ਚੋਂ ਨਿਕਲਦੀਆਂ ਨਦੀਆਂ ਵੀ ਸਦਾਬਹਾਰ ਨਹੀਂ ਰਹਿਣਗੀਆਂ। ਦਰੱਖਤਾਂ ਦੀ ਬੇਹੱਦ ਘਾਟ ਨਾਲ ਮਨੁੱਖੀ ਸਰੀਰ ਦੀ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਵੀ ਪ੍ਰਭਾਵਿਤ ਹੋਵੇਗੀ ਅਤੇ ਮਨੁੱਖ ਦਾ ਸਰੀਰਕ ਆਕਾਰ ਵੀ ਛੋਟਾ ਹੋਣ ਲੱਗੇਗਾ। ਜੇਕਰ ਘਰ ਦੇ ਆਲੇ-ਦੁਆਲੇ ਦਸ ਦਰੱਖਤ ਲੱਗੇ ਹੋਣ ਤਾਂ ਮਨੁੱਖ ਦੀ ਉਮਰ ਸੱਤ ਸਾਲ ਵਧ ਜਾਂਦੀ ਹੈ, ਸੁਹੱਪਣ ਅੱਡ।
        ਚੋਣ ਸਾਡੇ ਸਾਹਮਣੇ ਹੈ : ਵਣਾਂ ਵਿਹੂਣੀ ਭੂਮੀ ਜਾਂ ਹਰਿਆਵਲੀ ਧਰਤੀ। ਬਿਰਖਾਂ ਸੰਗ ਸੰਵਾਦ ਜਾਂ ਉਨ੍ਹਾਂ ਵੱਲ ਬੇਰੁਖ਼ੀ। ਗੁਟਕਦੇ ਪੰਛੀ ਜਾਂ ਵੀਰਾਨਗੀ। ਉਪਜਾਊ ਮਿੱਟੀ ਦੀਆਂ ਬਰਕਤਾਂ ਜਾਂ ਮਾਰੂਥਲ। ਕੁਦਰਤ ਦੀਆਂ ਬਖਸ਼ਿਸ਼ਾਂ ਨਾਲ ਭਰੇ ਦਾਮਨ ਜਾਂ ਖਾਲੀ ਝੋਲੀਆਂ। ਜਲ-ਕੁੰਡ ਜਾਂ ਕੰਕਰੀਟ ਦੇ ਜੰਗਲ। ਨਮੀ ਯੁਕਤ ਰੁਮਕਦੀਆਂ ਪੌਣਾਂ ਜਾਂ ਪਿੰਡਾ ਲੂੰਹਦਾ ਤਾਪਮਾਨ। ਸਾਫ਼ ਸੁਥਰੇ ਸਾਹ ਜਾਂ ਪਲੀਤ ਹਵਾਵਾਂ। ਗਰਭ ਤੋਂ ਲੈ ਕੇ ਸਿਵਿਆਂ ਤੱਕ ਦਾ ਸਾਥ ਜਾਂ... ਜਾਂ? ਇਸ ਸਭ ਦਾ ਨਿਤਾਰਾ ਸਾਨੂੰ ਅੱਜ ਹੀ ਕਰਨਾ ਪਵੇ। ਪਹਿਲਾਂ ਹੀ ਬੜੀ ਦੇਰ ਹੋ ਚੁੱਕੀ ਹੈ। ਕੁਦਰਤ ਦਾ ਇਹ ਅੰਗ ਨਾ ਰਿਹਾ ਤਾਂ ਮਨੁੱਖ ਵੀ ਨਹੀਂ ਰਹਿਣਗੇ। ਪਹਿਲਾਂ ਹੀ ਘਟਦੇ ਰੁੱਖਾਂ ਕਾਰਨ ਜੀਵ ਜੰਤੂਆਂ ਦੀਆਂ 66,000 ਜਾਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
        ਅੱਜ ਅਸੀਂ ਅਫ਼ਰੀਕੀ ਸਹਿਰਾ ਬਾਰੇ ਪੜ੍ਹਦੇ ਹਾਂ: ...ਇਕ ਬਹੁਤ ਵੱਡਾ ਵੀਰਾਨ ਮਾਰੂਥਲ ਹੈ... ਬਨਸਪਤੀ ਵਿਹੂਣੀ ਤਪਦੀ ਭੂਮੀ ...ਮ੍ਰਿਗ ਤ੍ਰਿਸ਼ਨਾ...। ਜੇਕਰ ਹਾਲਾਤ ਹੁਣ ਵਰਗੇ ਹੀ ਰਹੇ, ਜੇ ਅਸੀਂ ਨਾ ਸੰਭਲੇ ਤਾਂ ਅੱਜ ਤੋਂ ਇਕ ਅੱਧ ਸਦੀ ਬਾਅਦ ਵਿਦਿਆਰਥੀ ਭਾਰਤ ਦੇ ਸੰਦਰਭ ’ਚ ਕੁਝ ਅਜਿਹਾ ਪੜ੍ਹਿਆ ਕਰਨਗੇ : ਇੱਕੀਵੀਂ ਸਦੀ ਦੇ ਅੱਧ ਤਕ ਭਾਰਤ ਹਰਿਆ ਭਰਿਆ ਤੇ ਸੰਘਣੀ ਆਬਾਦੀ ਵਾਲ ਖਿੱਤਾ ਹੁੰਦਾ ਸੀ। ਇਹ ਦੁਨੀਆਂ ਦੇ ਵਿਕਾਸਸ਼ੀਲ ਅਤੇ ਸੰਘਣੀ ਤੇ ਉੱਨਤ ਖੇਤੀ ਵਾਲੇ ਮੁਲਕਾਂ ਵਿਚ ਸ਼ੁਮਾਰ ਸੀ ਪਰ ਵਸੋਂ ਦੇ ਬੇਮੁਹਾਰ ਵਾਧੇ ਅਤੇ ਧਨ ਕੁਬੇਰਾਂ ਨੇ ਜੰਗਲਾਂ ਨੂੰ ਨਿਗਲ ਲਿਆ। ਰੁੱਖਾਂ ਦੀ ਤਬਾਹੀ ਏਨੀ ਬੇਕਿਰਕੀ ਨਾਲ ਕੀਤੀ ਗਈ ਕਿ ਮੀਂਹ ਗਾਇਬ ਹੋ ਗਏ। ਭੌਂ-ਖੋਰ ਤੇ ਜਲ ਸੰਕਟ ਵਧਿਆ। ਅੰਤ ਭੂਮੀ ਬੰਜਰ ਬਣ ਕੇ ਥਾਰ ਬਣ ਗਈ। ਕਰੋੜਾਂ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਗਏ। ਅੱਜ ਇਹ ਉਪ-ਮਹਾਂਦੀਪ ਮੱਧ ਏਸ਼ੀਆਈ ਮਾਰੂਥਲ ਨਾਲ ਮੇਲ ਖਾਂਦਾ ਹੈ। ਕਿਧਰੇ-ਕਿਧਰੇ ਘੁੱਮਕੜ ਲੋਕ ਪਾਣੀ ਅਤੇ ਖੁਰਾਕ ਦੀ ਭਾਲ ਵਿਚ ਭਟਕਦੇ ਦਿਖਾਈ ਦਿੰਦੇ ਹਨ। ਟਾਵੇਂ-ਟਾਵੇਂ ਨਖਲਿਸਤਾਨਾਂ ਵਿਚ ਸੀਮਤ ਜਿਹੀ ਖੇਤੀ ਵੀ ਕੀਤੀ ਜਾਂਦੀ ਹੈ ਤੇ ਭੇਡਾਂ-ਬੱਕਰੀਆਂ ਪਾਲਣ ਦਾ ਕਿੱਤਾ ਚਲਾਇਆ ਜਾਂਦਾ ਹੈ। ਇੱਥੋਂ ਦਾ ਮੁੱਖ ਵਾਹਕ ਊਠ ਹੈ ਅਤੇ ਮਨੁੱਖ ਦੀ ਜੂਨ ...।
       ਤਵਾਰੀਖ਼ੀ ਸਬਕ ਇਹ ਹੈ ਕਿ ਸਾਡੇ ਬਹੁਤੇ ਪੁਰਖੇ ਵੀ ਮੱਧ ਏਸ਼ੀਆ ’ਚੋਂ ਆਏ ਸਨ। ਜਦੋਂ ਉਨ੍ਹਾਂ ਦੇ ਵੱਗਾਂ ਨੇ ਉੱਥੋਂ ਦੀ ਬਨਸਪਤੀ, ਰੁੱਖ ਰੁੰਡ-ਮਰੁੰਡ ਕਰ ਦਿੱਤੇ ਤਾਂ ਚਰਾਂਦਾਂ ਵੀ ਖ਼ਤਮ ਹੋ ਗਈਆਂ ਅਤੇ ਜਲ-ਕੁੰਡ ਵੀ। ਫਿਰ ਉਹ ਆਪਣੇ ਪਾਲੀਆਂ ਸਮੇਤ ਪਹਿਲਾਂ-ਪਹਿਲ ਬਰਾਸਤਾ ਸਿੰਧ, ਰਾਜਸਥਾਨ ਵਿਚ ਆ ਟਿਕੇ ਅਤੇ ਮਗਰੋਂ ਪੰਜਾਬ ਨੂੰ ਧਾਹ ਗਏ। ਉਦੋਂ ਇਹ ਖਿੱਤਾ ਸਪਤਸਿੰਧੂ ਅਖਵਾਉਂਦਾ ਸੀ। ਕੀ ਇਤਿਹਾਸ ਫਿਰ ਦੁਹਰਾਇਆ ਜਾਵੇਗਾ। ਫਿਰ ਅਸੀਂ ਕਿਧਰ ਜਾਵਾਂਗੇ? ਖ਼ੈਰ! ਪੁਰਖੇ ਤਾਂ ਸ਼ਾਇਦ ‘ਬੇਸਮਝ’ ਸਨ, ਪਰ ਸਬਕ ਤਾਂ ਅਸੀਂ ਵੀ ਨਹੀਂ ਸਿੱਖਿਆ। ਮੁੱਕਦੀ ਗੱਲ ਇਹ ਹੈ ਕਿ ਸਾਡੀ ਸੱਭਿਆਚਾਰਕ ਵਿਰਾਸਤ ਵਿਚ ਰੁੱਖਾਂ ਨੂੰ ਦੇਵਤਿਆਂ ਦਾ ਦਰਜਾ ਪ੍ਰਾਪਤ ਹੈ ਅਤੇ ਜੰਗਲਾਂ ਨੂੰ ਤੀਰਥਾਂ ਦਾ। ਰੁੱਖ ਬੂਟੇ ਉਗਾਉਣਾ ਸਾਡੀ ਰਹਿਤਲ ਵਿਚ ਹੀ ਪਿਆ ਹੋਇਆ ਹੈ। ਅਸੀਂ ਹੀ ਇਸ ਨੂੰ ਭੁੱਲ ਚੁੱਕੇ ਹਾਂ।

ਸੰਪਰਕ : 94634-39075

ਮਨੁੱਖੀ ਹੋਂਦ ਦੀ ਜ਼ਾਮਨ ਜੈਵਿਕ ਵੰਨ-ਸਵੰਨਤਾ - ਵਿਜੈ ਬੰਬੇਲੀ

ਜੈਵਿਕ ਵੰਨ-ਸਵੰਨਤਾ ਧਰਤੀ ਉੱਤੇ ਜੀਵਨ ਦੇ ਆਧਾਰ ਦਾ ਵਿਗਿਆਨਕ ਸਰੋਤ ਹੈ। ਵੰਨ-ਸਵੰਨੇ ਪੌਦੇ ਅਤੇ ਜੀਵ ਸਾਨੂੰ ਬਹੁਪਰਤੀ ਜ਼ਰੂਰੀ ਸੇਵਾਵਾਂ ਅਤੇ ਸਾਵਾਂ ਜੀਵਨ ਮੁਹੱਈਆ ਕਰਦੇ ਹਨ। ਪੌਦਿਆਂ, ਜੀਵਾਂ, ਵਾਤਾਵਰਨ, ਕੁਦਰਤੀ ਸੋਮਿਆਂ ਅਤੇ ਮਨੁੱਖੀ ਗਤੀਵਿਧੀਆਂ ਦਾ ਪਰਸਪਰ ਸਬੰਧ ਹੈ। ਇਹੀ ਉਹ ਕੜੀ ਹੈ ਜਿਹੜੀ ਅਸੀਂ ਬੁੱਝ ਨਹੀਂ ਰਹੇ। ਸਿੱਟੇ ਵਜੋਂ ਪੌਦਿਆਂ ਅਤੇ ਜੀਵਾਂ ਦੀਆਂ ਅਨੇਕਾਂ ਕਿਸਮਾਂ ਲੁਪਤ ਹੋ ਗਈਆਂ ਹਨ ਜਾਂ ਹੋ ਰਹੀਆਂ ਹਨ। ਇਹ ਮਨੁੱਖ ਲਈ ਖ਼ਤਰੇ ਦੀ ਘੰਟੀ ਹੈ।
       ਕੁਲ ਮਿਲਾ ਕੇ ਧਰਤੀ ’ਤੇ 15,36,663 ਕਿਸਮਾਂ ਦੇ ਪੌਦੇ ਅਤੇ ਜੀਵ ਹਨ : 2,87,655 ਕਿਸਮਾਂ ਦੇ ਪੌਦੇ ਅਤੇ 12,49,008 ਤਰ੍ਹਾਂ ਦੇ ਜੀਵ। ਇਨ੍ਹਾਂ ਵਿਚ ਮਨੁੱਖੀ ਨਸਲ ਵੀ ਸ਼ਾਮਿਲ ਹੈ। ਕੁਝ ਕੁ ਮਾਰੂਥਲੀ ਭਾਗਾਂ, ਬੰਜਰ ਚਟਾਨਾਂ ਜਾਂ ਫਿਰ ਉੱਚਤਮ ਪਰਬਤੀ ਸਿਖਰਾਂ ਛੱਡ ਕੇ ਬਾਕੀ ਸਭ ਥਾਂ ਇਹ ਕੁਦਰਤੀ ਭੰਡਾਰ ਮੌਜੂਦ ਹਨ। ਧਰਾਤਲੀ ਬਣਤਰ, ਜਲਵਾਯੂ, ਬਨਸਪਤੀ ਦੀ ਕਿਸਮ ਤੇ ਘਣਤਾ, ਜਲ ਸੋਮਿਆਂ ਦੀ ਮਿਕਦਾਰ ਤੇ ਡੂੰਘਾਈ ਅਤੇ ਮਿੱਟੀ ਦੀ ਕਿਸਮ ਤੇ ਕਿਸੇ ਖਿੱਤੇ ਦੀ ਕੁਦਰਤੀ ਬਨਸਪਤੀ ਵੀ ਜੀਵੀ ਮੰਡਲ ਉੱਪਰ ਪ੍ਰਭਾਵ ਪਾਉਂਦੇ ਹਨ। ਹਵਾ, ਨਮੀ, ਧੁੱਪ, ਮਿੱਟੀ ਅਤੇ ਪਾਣੀ ਤਕ ਸਾਰਾ ਤਾਣਾਬਾਣਾ ਪੌਦਿਆਂ-ਪ੍ਰਾਣੀਆਂ ਦੀਆਂ ਨਸਲਾਂ ਅਤੇ ਉਨ੍ਹਾਂ ਦੇ ਇਕ ਦੂਜੇ ਨਾਲ ਗੂੜ੍ਹੇ ਸਬੰਧਾਂ ਨਾਲ ਆਦਰਸ਼ਕ ਸੰਤੁਲਨ ਵਜੋਂ ਜੁੜਿਆ ਹੋਇਆ ਹੈ। ਮਨੁੱਖ ਨੇ ਇਹ ਸੰਤੁਲਨ ਵਿਗਾੜ ਦਿਤਾ ਹੈ। ਹੁਣ ਧਰਤੀ ਤੋਂ ਕੁੱਲ ਪੌਦ ਅਤੇ ਜੀਵ ਨਸਲਾਂ ਦੀ ਗਿਣਤੀ ਨੇ ਪਿਛਲਮੋੜਾ ਲੈ ਲਿਆ ਹੈ। ਮਨੁੱਖ ਦੀਆਂ ਅਚੇਤ-ਸੁਚੇਤ ਗਤੀਵਿਧੀਆਂ ਕਾਰਨ ਬਹੁਤ ਸਾਰੀਆਂ ਕਿਸਮਾਂ ਨਸ਼ਟ ਹੋ ਗਈਆਂ ਹਨ ਜਾਂ ਨਸ਼ਟ ਹੋਣ ਕੰਢੇ ਹਨ। ਇਸ ਵਿਚ ਭਾਵੇਂ ਵਾਤਾਵਰਨ ਹਾਲਾਤ ਅਤੇ ਕੁਦਰਤੀ ਘਟਨਾਕ੍ਰਮ ਵੀ ਅਹਿਮ ਰੋਲ ਨਿਭਾਉਂਦੇ ਹਨ ਪਰ ਮਨੁੱਖੀ ਆਪ-ਹੁਦਰੀਆਂ ਦੀ ਭੂਮਿਕਾ ਦਾ ਰੋਲ ਸਿਫ਼ਤੀ ਹੈ।
        ਕੁਦਰਤੀ ਤੌਰ ’ਤੇ ਵਾਤਾਵਰਨ ਹਾਲਾਤ ਬਦਲਦੇ ਰਹਿੰਦੇ ਹਨ। ਕਦੀ ਇਹ ਤਬਦੀਲੀ ਸਹਿਜ ਚਾਲ ਆਉਂਦੀ ਹੈ ਅਤੇ ਜੀਵ-ਜੰਤੂ ਉਸੇ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੇ ਹਨ। ਕਦੇ-ਕਦੰਤ ਇਹ ਤਬਦੀਲੀ ਬੜੀ ਤਿੱਖੀ ਤੇ ਚਾਣਚੱਕ ਹੁੰਦੀ ਹੈ ਜਿਹੜੀ ਜੀਵ ਜਗਤ ਲਈ ਬੜੀ ਹਾਨੀਕਾਰਕ ਸਿੱਧ ਹੁੰਦੀ ਹੈ। ਜਿਹੜੇ ਪੌਦੇ ਜਾਂ ਪ੍ਰਾਣੀ ਤਬਦੀਲੀਆਂ ਅਨੁਸਾਰ ਆਪਣੇ ਆਪ ਨੂੰ ਢਾਲ ਲੈਂਦੇ ਹਨ, ਉਹ ਤਾਂ ਬਚ ਜਾਂਦੇ ਹਨ, ਬਾਕੀ ਮਾਰੇ ਜਾਂਦੇ ਹਨ। ਉਂਜ ਮਨੁੱਖ ਨੇ ਜੈਵਿਕ ਵੰਨ-ਸਵੰਨਤਾ ਖਤਮ ਕਰਨ ਵਿਚ ਬੜਾ ਕੁਢਰ ਰੋਲ ਨਿਭਾਇਆ ਹੈ, ਸਿੱਧਾ ਅਤੇ ਅਸਿੱਧਾ, ਸਿੱਧੇ ਵਿਚ ਵਧਦੀ ਆਬਾਦੀ, ਜੰਗਲਾਂ ਦਾ ਉਜਾੜਾ, ‘ਅਧੁਨਿਕ’ ਖੇਤੀ, ਪਦਾਰਥਕ ‘ਸਹੂਲਤਾਂ’, ਧਨ-ਕੁਬੇਰੀ ਰੁਝਾਨ ਆਦਿ ਸ਼ਾਮਿਲ ਹਨ। ਅਸਿੱਧੇ ਵਿਚ ਪ੍ਰਦੂਸ਼ਤ ਵਾਤਾਵਰਨ, ਰੌਲਾ-ਰੱਪਾ, ਰਸਾਇਣਾਂ ਦੀ ਬੇਕਿਰਕ ਵਰਤੋਂ, ਕੁਦਰਤੀ ਸੋਮਿਆਂ ਦਾ ਅਚੇਤ-ਸੁਚੇਤ ਘਾਣ ਅਤੇ ‘ਹਰ ਵਸਤ ਮਨੁੱਖ ਲਈ’ ਵਾਲੀ ਧਾਰਨਾ।
ਇਵੇਂ ਹੀ ਜੈਵਿਕ ਵੰਨ-ਸਵੰਨਤਾ ਦੇ ਲਾਭਾਂ ਨੂੰ ਵੀ ਦੋ ਵਰਗਾਂ ਵਿਚ ਵੰਡਿਆ ਜਾ ਸਕਦਾ ਹੈ। ਸਿੱਧੇ ਲਾਭ, ਭਾਵ, ਖਾਧ ਪਦਾਰਥ ਤੇ ਉਤਪਾਦਨੀ ਵਰਤੋਂ ਵਾਲੇ ਲਾਭ। ਅਸਿੱਧੇ ਲਾਭ, ਭਾਵ, ਖਾਧ ਪਦਾਰਥਾਂ ਵਜੋਂ ਤਾਂ ਅਯੋਗ ਪਰ ਭਵਿੱਖ ਲਈ ਲਾਹੇਵੰਦ। ਬਨਸਪਤੀ ਅਤੇ ਜੀਵਾਂ ਤੋਂ ਮਨੁੱਖੀ ਜੀਵਨ ਨੂੰ ਪ੍ਰਾਪਤ ਹੋਣ ਵਾਲੇ ਸਿੱਧੇ ਲਾਭਾਂ ਤੋਂ ਤਕਰੀਬਨ ਅਸੀਂ ਸਾਰੇ ਜਾਣੂ ਹਾਂ। ਬੋਹੜ ਦਾ ਰੁੱਖ ਇਕ ਦਿਨ ਵਿਚ 400 ਲਿਟਰ ਪਾਣੀ ਹਵਾ ਵਿਚ ਰਲਾ ਦਿੰਦਾ ਹੈ। ਜੰਗਲ ਦਾ ਇਕ ਵਰਗ ਕਿਲੋਮੀਟਰ ਰਕਬਾ 50,000 ਲਿਟਰ ਪਾਣੀ ਆਪਣੀਆਂ ਜੜ੍ਹਾਂ ਰਾਹੀਂ ਸਾਡੇ ਲਈ ਸੰਭਾਲ ਦਿੰਦਾ ਹੈ ਅਤੇ ਮਹਿਜ਼ ਇਕ ਹੈਕਟੇਅਰ ਰਕਬਾ ਵਾਯੂਮੰਡਲ ਦੀ 30 ਟਨ ਧੂੜ ਅਤੇ 3.7 ਮੀਟਰ ਟਨ ਕਾਰਬਨ ਡਾਇਆਕਸਾਈਡ ਸਮੇਟ ਸਕਦਾ ਹੈ, ਮੋੜਵੇ ਰੂਪ ਮਣਾਂ-ਮੂੰਹੀਂ ਆਕਸੀਜਨ ਦਿੰਦਾ ਹੈ। ਇਹੀ ਨਹੀਂ, 50 ਮੀਟਰ ਹਰੀ ਪੱਟੀ 20 ਤੋਂ 30 ਡੈਸੀਮਲ ਸ਼ੋਰ ਘਟਾ ਸਕਦੀ ਹੈ।
       ਅਸਿੱਧੇ ਲਾਭਾਂ ਹਿੱਤ ਖੂਬਸੂਰਤ ਮਿਸਾਲ ਪਰਾਗਦਾਨੀਆਂ ਦੀ ਹੈ। ਪੌਦਿਆਂ ਦਾ ਜੀਵਨ-ਚੱਕਰ ਬਣੇ ਰਹਿਣ ਵਿਚ ਕੀਟਾਂ, ਤਿਤਲੀਆਂ, ਸ਼ਹਿਦ ਦੀਆਂ ਮੱਖੀਆਂ ਅਤੇ ਪੰਛੀਆਂ ਦਾ ਵੱਡਾ ਯੋਗਦਾਨ ਹੁੰਦਾ ਹੈ। ਧਰਤੀ ਉੱਤੇ ਲੱਗਭੱਗ 2,50,000 ਕਿਸਮ ਦੇ ਫੁੱਲਾਂ ਵਾਲੇ ਪੌਦੇ ਮੌਜੂਦ ਹਨ। ਇਨ੍ਹਾਂ ਵਿਚੋਂ 60 ਫੀਸਦੀ ਪੌਦੇ, ਪਰਾਗਦਾਨੀ ਜੀਵਾਂ ਦੀ ਮਦਦ ਨਾਲ ਫਲ ਅਤੇ ਬੀਜ ਪੈਦਾ ਕਰਦੇ ਹਨ। ਪਰਾਗਦਾਨੀਆਂ ਦੀ ਮਦਦ ਤੋਂ ਬਿਨਾਂ ਪੌਦਿਆਂ ਅੰਦਰ ਨਰ ਅਤੇ ਮਾਦਾ ਵੰਨਗੀਆਂ ਦਾ ਆਪਸੀ ਸੰਸੇਚਨ ਸੰਭਵ ਨਹੀਂ ਹੁੰਦਾ। ਕੌਮਾਂਤਰੀ ਕੁਦਰਤੀ ਸੁਰੱਖਿਆ ਸੰਸਥਾ ਮੁਤਾਬਿਕ, ਜੇ ਹੁਣ ਵਾਲੀ ਚਾਲ ਹੀ ਰਹੀ ਤਾਂ ਕੁਝ ਕੁ ਦਹਾਕਿਆਂ ’ਚ ਪਰਾਗਦਾਨੀਆਂ ਦੇ ਨਿਘਾਰ ਕਾਰਨ ਫੁੱਲਾਂ ਵਾਲੇ ਪੌਦਿਆਂ ਦੀਆਂ 20,000 ਵੰਨਗੀਆਂ ਖਤਮ ਹੋ ਜਾਣਗੀਆਂ।
       ਜੀਵ ਵੰਨ-ਸਵੰਨਤਾ ਕ੍ਰਿਆਸ਼ੀਲ ਪ੍ਰਣਾਲੀ ਹੈ ਜਿਸ ਵਿਚ ਸਦਾ ਤਬਦੀਲੀ ਆਉਂਦੀ ਰਹਿੰਦੀ ਹੈ। ਲੱਖਾਂ ਸਾਲਾਂ ਦੀ ਉਥਲ-ਪੁਥਲ ਅਤੇ ਵਿਕਾਸ ਮਗਰੋਂ ਕੁਦਰਤ ਨੇ ਜੀਵਤ ਅਤੇ ਅਜੀਵਤ ਵਾਤਾਵਰਨ/ਹਾਲਾਤ ਵਿਚਕਾਰ ਹਾਂ-ਪੱਖੀ ਸੰਤੁਲਨ ਕਾਇਮ ਕੀਤਾ ਹੈ। ਇਸ ਸੰਤੁਲਨ ਵਿਚ ਆਈ ਰਤਾ ਜਿੰਨੀ ਤਬਦੀਲੀ ਵੀ ਕਿਸੇ ਨਸਲ ਲਈ ਖ਼ਤਰਾ ਬਣ ਜਾਂਦੀ ਹੈ। ਮਾਹਿਰਾਂ ਅਨੁਸਾਰ, ਹਰ ਵੰਨਗੀ ਇਕ ਖਾਸ ਅਰਸੇ ਤਕ ਧਰਤੀ ਉੱਤੇ ਜਿਊਂਦੀ ਹੈ, ਫਿਰ ਸਮਾਂ ਪਾ ਕੇ ਖ਼ਤਮ ਹੋ ਜਾਂਦੀ ਹੈ ਤੇ ਨਵੀਂ ਪੈਦਾ ਹੋ ਜਾਂਦੀ ਹੈ। ਅਤੀਤ ਵਿਚ ਇਹ ਸਭ ਲੁਪਤ ਹੋਣ ਦੀ ਦਰ ਬੜੀ ਧੀਮੀ ਸੀ, ਹੁਣ ਜਿਸ ਤੇਜ਼ੀ ਨਾਲ ਜੀਵ ਤੇ ਪੌਦ ਵੰਨਗੀਆਂ ਸਦਾ ਲਈ ਲੁਪਤ ਹੋ ਰਹੀਆਂ ਹਨ, ਚਿੰਤਾ ਦਾ ਵਿਸ਼ਾ ਹੈ।
      ਪ੍ਰਾਚੀਨ ਸਮਿਆਂ ਵਿਚ ਕੁਦਰਤੀ ਵਿਕਾਸ ਦੌਰਾਨ ਜੀਵ ਵੰਨਗੀਆਂ ਦੇ ਖ਼ਤਮ ਹੋਣ ਦੀ ਦਰ 60-70 ਸਾਲਾਂ ਦੌਰਾਨ ਸਿਰਫ ਇਕ ਵੰਨਗੀ ਦਾ ਖ਼ਾਤਮਾ ਹੀ ਸੀ। ਦੁਧਾਰੂ ਜੀਵਾਂ ਦੀ ਇਕ ਵੰਨਗੀ ਤਾਂ ਕਰੀਬ 400 ਸਾਲਾਂ ਦੇ ਅਰਸੇ ਬਾਅਦ ਹੀ ਖ਼ਤਮ ਹੁੰਦੀ ਨੋਟ ਹੋਈ ਅਤੇ ਪੰਛੀਆਂ ਦੀ 200 ਸਾਲਾਂ ਪਿਛੋਂ। ਮਨੁੱਖੀ ਆਪ-ਹੁਦਰੀਆਂ ਕਾਰਨ ਹੁਣ ਹਾਲਾਤ ਚਿੰਤਾਜਨਕ ਹਨ। ਸੰਨ 1600 ਤੋਂ 1900 ਦੌਰਾਨ ਹਰ ਚਾਰ ਸਾਲਾਂ ਵਿਚ ਇਕ ਜੀਵ ਵੰਨਗੀ ਨਸ਼ਟ ਹੋਣ ਲੱਗੀ ਅਤੇ 1900 ਮਗਰੋਂ ਤਾਂ ਹਰ ਸਾਲ ਇਕ। ਹੁਣ ਰੋਜ਼ਾਨਾ ਇਕ ਜੀਵ ਜਾਂ ਪੌਦ ਨਸਲ ਖ਼ਤਮ ਹੋਣ ਦਾ ਅਨੁਮਾਨ ਹੈ। ਜੇ ਇਹੀ ਦਰ ਰਹੀ ਤਾਂ 2050 ਤੱਕ ਪ੍ਰਤੀ ਦਿਨ 100 ਵੰਨਗੀਆਂ ਦੇ ਜੀਵ ਜਾਂ ਪੌਦੇ ਸਦਾ ਲਈ ਲੁਪਤ ਹੋ ਰਹੇ ਹੋਣਗੇ।
      ਕੁੱਲੀ, ਗੁੱਲੀ ਅਤੇ ਜੁਲੀ ਮੁਹੱਈਆ ਕਰਵਾਉਣ ਤੋਂ ਬਿਨਾਂ ਪੌਦੇ ਅਤੇ ਜੀਵ ਸਾਨੂੰ ਰੁਜ਼ਗਾਰ, ਸੁੱਖ-ਸਹੂਲਤਾਂ ਅਤੇ ਸ਼ਾਂਤੀ ਵੀ ਬਖਸ਼ਦੇ ਹਨ। ਧਰਤੀ ਦੀ ਖੂਬਸੂਰਤੀ ਵਧਾਉਣ ਦੇ ਨਾਲ ਨਾਲ ਇਹ ਵਾਤਾਵਰਨ ਨੂੰ ਸੁਖਾਵਾਂ ਬਣਾਉਣ ਵਿਚ ਖਾਸ ਯੋਗਦਾਨ ਪਾਉਂਦੇ ਹਨ। ਜਿਨ੍ਹਾਂ ਕਾਰਨਾਂ ਤੇ ਕਾਰਕਾਂ ਕਰਕੇ ਜੈਵਿਕ ਵੰਨ-ਸਵੰਨਤਾ ਖ਼ਤਰੇ ਵਿਚ ਹੈ, ਉਨ੍ਹਾਂ ਵਿਚੋਂ ਬਹੁਤੇਰੇ ਉਹ ਹਨ ਜਿਹੜੇ ਮਨੁੱਖ ਨੇ ਖੁਦ ਸਿਰਜੇ ਹਨ। ਇਸ ਲਈ ਹੁਣ ਸਾਨੂੰ ਕੁਦਰਤ ਪ੍ਰੇਮੀ ਅਤੇ ਸਰਬੱਤ ਦੇ ਭਲੇ ਵਾਲੇ ਨਿਜ਼ਾਮ ਦੀ ਲੋੜ ਹੈ। ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚੋਂ ਮਨੁੱਖ ਜਾਤੀ ਲੰਘ ਰਹੀ ਹੈ, ਉਸ ਵਿਚ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜਿਕ ਆਰਥਿਕ ਚਿੰਤਾਵਾਂ ਵਿਚ ਜਿਹੜਾ ਵਾਧਾ ਹੋ ਰਿਹਾ ਹੈ, ਉਸ ਦਾ ਮੂਲ ਆਧਾਰ ਕੁਦਰਤ ਦਾ ਉਜਾੜਾ ਵੀ ਹੈ। ਸ਼ਾਇਦ ਸਾਨੂੰ ਨਹੀਂ ਪਤਾ ਕਿ ਇਕ ਵੰਨਗੀ ਦੇ ਪੌਦ ਜਾਂ ਜੀਵ ਖ਼ਤਮ ਹੋਣ ’ਤੇ ਉਸ ਉੱਤੇ ਨਿਰਭਰ 10 ਤੋਂ 20 ਵੰਨਗੀਆਂ ਦੇ ਜੀਵਾਂ ਦਾ ਜੀਵਨ ਖ਼ਤਰੇ ਵਿਚ ਪੈ ਜਾਂਦਾ ਹੈ। ਮਨੁੱਖੀ ਹੋਛਾਪਣ ਇਹੀ ਰਿਹਾ ਤਾਂ ਬੰਦੇ ਦੀ ਸਲਾਮਤੀ ਦੀ ਵੀ ਕੀ ਗਰੰਟੀ ਹੈ ?
ਸੰਪਰਕ : 94634-39075

ਧਰਤੀ ਦੀ ਵੇਦਨਾ ਸਮਝੀਏ ... - ਵਿਜੈ ਬੰਬੇਲੀ

ਧਰਤੀ ਦਾ ਜਨਮ ਚਾਰ ਅਰਬ ਸਾਲ ਪਹਿਲਾਂ ਹੋਇਆ। ਅਗਲੇ ਢਾਈ ਅਰਬ ਸਾਲ ਇਸ ਉੱਤੇ ਅਨੇਕਾਂ ਝੱਖੜ ਝੁੱਲੇ, ਭੂਚਾਲ ਆਉਂਦੇ ਰਹੇ, ਜਵਾਲਾਮੁਖੀ ਫਟਦੇ ਰਹੇ। ਕਈ ਵਾਰ ਹਜ਼ਾਰਾਂ ਸਾਲ ਲਗਾਤਾਰ ਬਾਰਸ਼ ਹੁੰਦੀ ਰਹੀ ਤੇ ਕਈ ਵਾਰ ਦਹਾਕੇ ਔੜ ਵਿਚ ਹੀ ਗੁਜ਼ਰ ਗਏ। ਧਰਤੀ ਦੇ ਗਰਭ ਵਿਚ ਉੱਠਦੇ ਤੂਫਾਨਾਂ ਅਤੇ ਉਥਲ-ਪੁਥਲ ਨੇ ਇਸ ਦੀ ਸਤਹਿ ਉੱਤੇ ਪਹਾੜਾਂ, ਘਾਟੀਆਂ, ਸਮੁੰਦਰਾਂ ਅਤੇ ਮੈਦਾਨਾਂ ਨੂੰ ਜਨਮ ਦਿੱਤਾ। ਧਰਤੀ ਦੇ ਵਾਯੂਮੰਡਲ ਵਿਚ ਪਾਣੀ ਦੇ ਵਾਸ਼ਪਾਂ ਅਤੇ ਕਈ ਕਿਸਮ ਦੀਆਂ ਗੈਸਾਂ ਦਾ ਬੋਲਬਾਲਾ ਹੋਇਆ ਪਰ ਇਹ ਆਕਸੀਜਨ ਤੋਂ ਕਾਫੀ ਸੱਖਣੀ ਸੀ। ਫਿਰ ਡੇਢ ਕੁ ਅਰਬ ਸਾਲ ਪਹਿਲਾਂ ਧਰਤੀ ਦੀ ਸਤਹਿ ਉੱਤੇ ਜ਼ਿੰਦਗੀ ਧੜਕੀ। ਪਹਿਲਾਂ-ਪਹਿਲ ਸੂਖਮ ਪੌਦੇ, ਬੈਕਟੀਰੀਆਂ ਤੇ ਪ੍ਰੋਟੋਜ਼ੋਆਂ ਆਦਿ ਮਗਰੋਂ ਲੰਮੀ ਕੁਦਰਤੀ ਕਿਰਿਆ-ਪ੍ਰਕਿਰਿਆ ਤਹਿਤ ਜੀਵ-ਜੰਤੂ, ਤੇ ਫਿਰ ਮਨੁੱਖ ਪੈਦਾ ਹੋ ਗਏ।
        ਮਨੁੱਖ ਕੁਦਰਤ ਦੇ ਵਿਕਾਸ ਦਾ ਕ੍ਰਿਸ਼ਮਾ ਹੈ। ਧਰਤੀ ਉੱਤੇ ਇਸ ਦੇ ਜਨਮ ਨੂੰ ਦਸ ਕੁ ਲੱਖ ਸਾਲ ਹੋ ਗਏ ਹਨ। ਸ਼ੁਰੂ ਸ਼ੁਰੂ ਵਿਚ ਮਨੁੱਖ ਕੁਦਰਤੀ ਪ੍ਰਣਾਲੀ ਦੀ ਸਾਧਾਰਨ ਵੰਨਗੀ ਸੀ। ਕੁਦਰਤੀ ਕਿਰਿਆਵਾਂ-ਪ੍ਰਕਿਰਿਆਵਾਂ ਉਸ ਦੇ ਵਿਹਾਰ ਅਤੇ ਜਨਸੰਖਿਆ ਉੱਤੇ ਡਾਢਾ ਕੰਟਰੋਲ ਰੱਖਦੀਆਂ ਸਨ। ਇਸੇ ਕਾਰਨ ਧਰਤੀ ਉੱਤੇ ਮਨੁੱਖੀ ਵਸੋਂ ਨੂੰ ਇੱਕ ਅਰਬ ਹੋਣ ਤੱਕ ਲਗਭਗ ਦਹਿ-ਲੱਖ ਵਰ੍ਹੇ ਲੱਗੇ। ਫਿਰ ਮਨੁੱਖ ਕੁਦਰਤ ਨੂੰ ਖੁਦ ਕੰਟਰੋਲ ਕਰਨ ਵੱਲ ਤੁਰ ਪਿਆ। ਸਿੱਟਾ, ਮਨੁੱਖ ਦੀ ਗਿਣਤੀ ਇੱਕ ਤੋਂ ਦੋ ਅਰਬ ਅਗਲੇ 100 ਸਾਲਾਂ ਅੰਦਰ ਹੀ ਹੋ ਗਈ ਅਤੇ ਭੌਤਿਕ ਤੇ ਵਿਗਿਆਨਕ ਤਰੱਕੀ ਕਾਰਨ ਚਾਰ ਅਰਬ ਹੋਣ ਵਿਚ ਅੱਧੀ ਸਦੀ ਤੋਂ ਵੀ ਘੱਟ ਸਮਾਂ ਲੱਗਾ।
       ਮਨੁੱਖੀ ਇਤਿਹਾਸ ਜੰਗਾਂ, ਜਿੱਤਾ ਅਤੇ ਵੰਸ਼ਾਂ ਦਾ ਇਤਿਹਾਸ ਹੀ ਨਹੀਂ ਬਲਕਿ ਮਨੁੱਖ ਦੀ ਕੁਦਰਤੀ ਰਹੱਸਾਂ ਨੂੰ ਸਮਝਣ ਦੀ ਪ੍ਰਚੰਡ ਤਾਂਘ ਦਾ ਇਤਿਹਾਸ ਵੀ ਹੈ। ਮਨੁੱਖ ਨੇ ਇਹ ਸਫ਼ਰ ਲੰਮੇ ਸਮੇਂ ਵਿਚ ਤੈਅ ਕੀਤਾ। ਅੱਜ ਮਨੁੱਖ ਕੁਦਰਤੀ ਸਰੋਤਾਂ ਨੂੰ ਆਪਣੀਆਂ ਪ੍ਰਾਪਤੀਆਂ ਦੇ ਮੂਲ ਵਜੋਂ ਵਰਤਣਯੋਗ ਹੋ ਚੁੱਕਾ ਹੈ। ਹੁਣ ਇਸ ਨੇ ਆਪਣੀ ਜਨਮਦਾਤੀ ਧਰਤੀ ਦੇ ਕੁਦਰਤੀ ਸਮਤੋਲ ਵਿਚ ‘ਵਿਕਾਸਮਈ’ ਲਾਲਸਾ ਕਾਰਨ ਡਾਢਾ ਅਸਾਵਾਂਪਨ ਪੈਦਾ ਕਰਕੇ ਸਮੁੱਚੇ ਜੀਵ ਸੰਸਾਰ ਨੂੰ ਖ਼ਤਰਾ ਪੈਦਾ ਕਰ ਦਿੱਤਾ ਹੈ। ਸਮਾਜਿਕ ਤੇ ਆਰਥਿਕ ਖੁਸ਼ਹਾਲੀ ਲਈ ਵਿਕਾਸ ਕਾਰਜਾਂ ਦਾ ਸਥਾਨ ਅਹਿਮ ਤਾਂ ਹੈ ਪਰ ਇਨ੍ਹਾਂ ਕਾਰਜਾਂ ਕਾਰਨ ਲੰਮੇ ਅਰਸੇ ਦੇ ਭੈੜੇ ਪ੍ਰਭਾਵਾਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਸੀਮਤ ਹੋ ਰਹੇ ਵਿਕਾਸ ਕਾਰਜਾਂ ਲਈ ਅਸੀਂ ਕੁਦਰਤੀ ਸਰੋਤ ਹੂੰਝ-ਵਰਤ ਤਾਂ ਰਹੇ ਹਾਂ ਪਰ ਇਨ੍ਹਾਂ ਦੀ ਭਰਪਾਈ ਕਰਨ ਵਲ ਅਵੇਸਲੇ ਹਾਂ। ਇਸ ਨਿਘਾਰ ਵਿਚ ਆਮ ਮਨੁੱਖ ਦੀ ਬਜਾਇ ਸਿਸਟਮ ਦਾ ਦੋਸ਼ ਜ਼ਿਆਦਾ ਹੈ।
      ਇਸ ਸਮੇਂ ਕੁਦਰਤ ਦੇ ਨਿਘਾਰ ਦੀਆਂ ਸਮੱਸਿਆਵਾਂ ਮੋਟੇ ਤੌਰ ’ਤੇ ਦੋ ਤਰ੍ਹਾਂ ਦੀਆਂ ਹਨ। ਇੱਕ, ਕੁਦਰਤੀ ਸਾਧਨਾਂ ਦੇ ਆਧਾਰ ’ਤੇ ਬੁਰੀ ਤਰ੍ਹਾਂ ਖੋਰਾ ਲੱਗ ਰਿਹਾ ਹੈ। ਦੂਜੀ, ਮਾਰੂ ਰਹਿੰਦ-ਖੂੰਹਦ ਨੂੰ ਵਿਲੇ ਲਾਉਣ ਲਈ ਕਾਰਗਰ ਵਸੀਲਿਆਂ ਦੀ ਘਾਟ। ਸਮੱਸਿਆ ਦਾ ਪਹਿਲਾ ਜੁੱਟ ਪ੍ਰਿਥਵੀ ਦੇ ਜਲ, ਥਲ, ਖਾਣਾਂ ਅਤੇ ਜੰਗਲਾਂ ਦੇ ਨਿਘਾਰ ਦੀ ਕਥਾ ਬਿਆਨਦਾ ਹੈ। ਦੂਸਰਾ, ਹਰ ਸਾਲ ਪ੍ਰਿਥਵੀ ’ਤੇ 10 ਅਰਬ ਟਨ ਕੱਚੇ ਪਦਾਰਥ ਮੁੱਛ ਕੇ ਉਸ ਦਾ 97 ਫੀਸਦੀ ਹਿੱਸਾ ਮੁੜ ਗੰਦਗੀ ਦੇ ਰੂਪ ਵਿਚ ਧਰਤੀ ਨੂੰ ਮੋੜ ਦਿੱਤਾ ਜਾਂਦਾ ਹੈ ਜਿਸ ਨੇ ਭੂਗੋਲਿਕ ਮੁਹਾਂਦਰਾ ਹੀ ਨਹੀਂ ਵਿਗਾੜਿਆ ਸਗੋਂ ਮਨੁੱਖ ਇਸ ਦੇ ਮਾਰੂ ਸਿੱਟੇ ਖ਼ੁਦ ਵੀ ਭੁਗਤਣ ਲੱਗ ਪਿਆ ਹੈ ਪਰ ਧਨ ਕੁਬੇਰ ਪੱਖੀ ਸਿਆਸਤਦਾਨ ਮੀਸਣੇ ਬਣੀ ਬੈਠੇ ਹਨ।
       ਕੁਦਰਤਵਾਦੀ ਡਾ. ਸੋਕੋਲੇਪ ਨੇ ਬਹੁਤ ਪਹਿਲਾਂ ਕਿਹਾ ਸੀ, “ਲੋਕਾਂ ਨੂੰ ਇਹ ਜਾਨਣ ਦਾ ਹੱਕ ਹੈ ਕਿ ਉਹ ਕਿਹੋ ਜਿਹਾ ਪਾਣੀ ਪੀਂਦੇ ਹਨ ਅਤੇ ਕਿਹੋ ਜਿਹੀ ਹਵਾ ਵਿਚ ਸਾਹ ਲੈਂਦੇ ਹਨ। ਚੌਗਿਗਦਾ (ਇਕਾਲੌਜੀ) ਸੰਕਟਾਂ ਨੂੰ ਸਮਝੇ ਬਿਨਾਂ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ।” ਚੌਗਿਰਦਾ ਸ਼ਾਸਤਰੀ ਲਿਓਪੋਲਡ ਨੇ ਤਾਂ ਚੌਗਿਰਦੇ ਨੂੰ ਫਿਲਾਸਫੀ ਅਤੇ ਸਾਹਿਤ ਦੇ ਬਰਾਬਰ ਰੱਖਿਆ ਹੈ, “ਇਕਾਲੌਜੀ ਦੀ ਮੁੱਢਲੀ ਧਾਰਨਾ ਇਹ ਹੈ ਕਿ ਧਰਤੀ ਭਾਈਚਾਰਾ ਹੈ। ਇਸ ਨੂੰ ਪਿਆਰ ਤੇ ਸਤਿਕਾਰ ਕਰਨ ਵਾਲੀ ਗੱਲ ਹੀ ਸਦਾਚਾਰ ਹੈ।”
        ਵਿਗਿਆਨੀ ਦਹਾਕਿਆਂ ਤੋਂ ਚਿਤਾਵਨੀ ਦੇ ਰਹੇ ਹਨ- “ਦੁਨੀਆ ਦੇ ਜਲਵਾਯੂ ’ਚ ਤਬਦੀਲੀਆਂ ਸ਼ੁਰੂ ਹੋ ਚੁੱਕੀਆਂ ਹਨ, ਸਿੱਟੇ ਤਬਹਾਕੁਨ ਹੋਣਗੇ।” ਉਨ੍ਹਾਂ ਅਨੁਸਾਰ, “ਕੁਦਰਤ ਬੜੀ ਦਿਆਲੂ ਹੈ ਪਰ ਬੰਦਾ ਸ਼ੁਕਰਗੁਜ਼ਾਰ ਨਹੀਂ।” ਡਾ. ਰਸ਼ਮੀ ਮੁਤਾਬਿਕ- “ਜਿਹੜੇ ਅਜੇ ਵੀ ਇਹ ਸੋਚਦੇ ਹਨ ਹਨ ਕਿ ਓਜ਼ੋਨ ਪਰਤ ਛਿੱਜਣਾ ਮਹਿਜ਼ ਭਰਮ ਹੈ... ਜਿਹੜੇ ਇਹ ਚਿਤਵਦੇ ਹਨ ਕਿ ਸ਼ੇਰਾਂ-ਚੀਤਿਆਂ, ਡੱਡੀਆ-ਮੱਛੀਆਂ, ਚਿੜੀਆਂ-ਜਨੌਰਾਂ ਜਾਂ ਪਿੱਪਲਾਂ-ਥੋਹਰਾਂ ਨੂੰ ਹੁਣ ਲੋਪ ਹੋ ਜਾਣਾ ਚਾਹੀਦਾ ਹੈ ਕਿਉਂਕਿ ਮਨੁੱਖ ਲਈ ਅਤੇ ਉਸ ਦੀਆਂ ਸਹੂਲਤਾਂ ਲਈ ਹੋਰ ਤੇ ਹੋਰ ਧਰਤੀ ਦੀ ਲੋੜ ਹੈ, ਉਹ ਪ੍ਰਿਥਵੀ ਲਈ ਵਫਾਦਾਰ ਨਹੀਂ। ਉਨ੍ਹਾਂ ਦੀ ਬੇਵਫਾਈ ਸਾਰਿਆਂ ਨੂੰ ਲੈ ਬੈਠੇਗੀ।” ਸਮੱਸਿਆ ਇਹ ਹੈ ਕਿ ਜਿਹੜੇ ਲੋਕ ਫਿਕਰਮੰਦ ਹਨ, ਉਹ ਸੱਤਾ ਵਿਚ ਨਹੀਂ ਹਨ। ਹਾਲਾਤ ਬਦਤਰ ਹੋ ਰਹੇ ਹਨ।
       ਚਿੰਤਕ ਜੂਲੀਅਨ ਹਕਸਲੇ ਮੁਤਾਬਿਕ, “ਧਰਤੀ ਜੀਵੰਤ ਪ੍ਰਣਾਲੀ ਹੈ। ਜਲ, ਭੂਮੀ, ਪੌਣ, ਬਨਸਪਤੀ ਅਤੇ ਪ੍ਰਾਣੀ ਸਭ ਇੱਕ ਦੂਜੇ ਉੱਪਰ ਆਧਾਰਤ ਹਨ, ਇੱਕੋ ਤਾਣੇ-ਬਾਣੇ ਵਿਚ ਜੁੜੇ ਹੋਏ। ਜੇ ਇਕ ਵੀ ਹਿਲ ਗਿਆ ਤਾਂ ਸਮੁੱਚੀ ਤਾਣੀ ਉਲਝ ਜਾਵੇਗੀ। ਇਸ ਤਾਣੀ ਨੂੰ ਬੇਰੋਕ ਵਸੋਂ ਵੀ ਉਲਝਾ ਰਹੀ ਹੈ। ਜਲਵਾਯੂ ਬਦਲ ਗਿਆ ਹੈ, ਭੋਜਨ ਉਪਜਾਉਣ ਵਾਲੀ ਮਿੱਟੀ ਦੀਆਂ ਜ਼ਰਖੇਜ਼ ਪਰਤਾਂ ਰੁੜ੍ਹ ਰਹੀਆਂ ਹਨ। ਬੀਤੀ ਸਦੀ ਵਿਚ ਮਨੁੱਖ ਮੂਲ ਸਾਧਨਾਂ- ਕੋਲਾ, ਤੇਲ ਅਤੇ ਹੋਰ ਖਣਿਜਾਂ ਉੱਪਰ ਹੀ ਨਿਰਭਰ ਰਿਹਾ ਹੈ। ਇਨ੍ਹਾਂ ਵਸਤਾਂ ਦੀ ਸਿਰਜਣਾ ਵਿਚ ਕੁਦਰਤ ਨੂੰ ਕਰੋੜਾਂ ਸਾਲ ਲੱਗ ਗਏ ਸਨ ਪਰ ਮਨੁੱਖ ਉਨ੍ਹਾਂ ਨੂੰ ਕੁਝ ਕੁ ਪੀੜ੍ਹੀਆਂ ਵਿਚ ਹੀ ਮੁਕਾ ਚਲਿਆ ਹੈ।” ਧੜਵੈਲ ਮੁਲਕਾਂ ਨੇ ‘ਵਿਕਾਸ’ ਦੇ ਨਾਂ ’ਤੇ ਬੜਾ ਕੁਝ ਹੂੰਝਿਆਂ ਅਤੇ ਲੁੱਟਿਆ ਹੈ। ਇਹ ਅਖੌਤੀ ਵਿਕਾਸ ਧਨ ਕੁਬੇਰਾਂ ਲਈ ‘ਵਰਦਾਨ’ ਪਰ ਆਮ ਬੰਦੇ ਲਈ ‘ਸਰਾਪ’ ਹੈ। ਕਿਸੇ ਵੀ ਕੀਮਤ ’ਤੇ ਵਿਕਾਸ ਵਾਲੀ ਧਾਰਨਾ ਗਲਤ ਹੈ।
      ਅਸੀਂ ਆਪਣੀ ਸਾਹ ਰਗ ਨਦੀਆਂ ਤੇ ਜਲ ਕੁੰਡਾਂ ਤੋਂ ਸੀਵਰੇਜ ਅਤੇ ਡੰਪ ਦਾ ਕੰਮ ਲੈ ਰਹੇ ਹਾਂ। ਸੰਸਾਰ ਦੀ ਸਮਾਜਿਕ, ਆਰਥਿਕ ਅਤੇ ਸਿਆਸੀ ਖੇਤਰ ਦੀ ਸ਼ਕਤੀ ਪਾਣੀ ਨੂੰ, ਮਨੁੱਖ ਹੁਣ ਪਤਾਲਾਂ ਵਿਚੋਂ ਵੀ ਖਿੱਚ ਲਿਆਉਣ ਲਈ ਚਾਂਭਲਿਆ ਫਿਰਦਾ ਹੈ। ਥਾਂ ਥਾਂ ਧਰਤ ਦਾ ਸੀਨਾ ਪਾੜ ਰਹੇ ਬੰਦੇ ਨੂੰ ਸ਼ਾਇਦ ਮਾਰੂ ਸਿੱਟਿਆਂ ਦਾ ਨਹੀਂ ਪਤਾ। ਪਾਣੀ ਅਤੇ ਖਣਿਜਾਂ ਦੀ ਧਰਤੀ ਹੇਠੋਂ ਅੰਧਾਧੁੰਦ ਖਿਚਾਈ-ਪੁਟਾਈ ਨਾਲ ਨਾ ਸਿਰਫ਼ ਜਲ ਸੰਕਟ ਹੀ ਉਪਜਿਆ ਸਗੋਂ ਜੇ ਮੁੜ ਭਰਪਾਈ ਨਾ ਹੋਈ ਤਾਂ ਧਰਤੀ ਹੇਠ ਪੈਦਾ ਹੋਣ ਵਾਲੇ ਖਲਾਅ ਨਾਲ ਨੇੜ-ਭਵਿੱਖ ਵਿਚ ਧਰਤੀ ਵੀ ਗਰਕਣੀ ਸ਼ੁਰੂ ਹੋ ਸਕਦੀ ਹੈ। ਜ਼ਮੀਨੀ ਵਿਰਲਾਂ ਵਿਚਲਾ ਪਾਣੀ ਜੈਕ ਦੀ ਭੂਮਿਕਾ ਨਿਭਾਉਂਦਾ ਹੈ।
     ਮਨੁੱਖੀ ਸਭਿਅਤਾ ਦੇ ਜਿਸ ਵਰਤਮਾਨ ਪੜਾਅ ਵਿਚ ਮਨੁੱਖ ਜਾਤੀ ਲੰਘ ਰਹੀ ਹੈ, ਉਸ ਦੇ ਮੱਦੇਨਜ਼ਰ ਕੁਦਰਤ ਨਾਲ ਮਨੁੱਖੀ ਰਿਸ਼ਤੇ ਦੇ ਮੁੜ ਮੁਲਾਂਕਣ ਦੀ ਲੋੜ ਹੈ। ਸਾਡੀਆਂ ਸਮਾਜੀ ਤੇ ਆਰਥਿਕ ਚਿੰਤਾਵਾਂ ਵਿਚ ਜਿੰਨਾ ਵਾਧਾ ਹੋਇਆ ਹੈ ਜਾਂ ਹੋ ਰਿਹਾ ਹੈ, ਉਸ ਦਾ ਮੂਲ ਆਧਾਰ ਮਨੁੱਖੀ ਲਾਲਚ, ਮੌਜੂਦਾ ਸਿਸਟਮ ਅਤੇ ਕੁਦਰਤ ਦਾ ਉਜਾੜਾ ਹੈ, ਅਰਥਾਤ ਜੇ ਅਸੀਂ ਚਲੰਤ ਰਾਜ ਪ੍ਰਬੰਧਾਂ ਦਾ ਸੰਤਾਪ ਅਤੇ ਕੁਦਰਤ ਦੀ ਵੇਦਨਾ ਸਮਝ-ਸੁਣ ਲਈਏ ਤਾਂ ਅਸੀਂ ਭਵਿੱਖ ਦੀਆਂ ਦੁਸ਼ਵਾਰੀਆਂ ਦਾ ਹੱਲ ਕਰ ਲਵਾਂਗੇ। ਸਮੁੱਚੇ ਸੰਸਾਰ ਨੂੰ ਹੀ ਜਾਗਣ ਦੀ ਲੋੜ ਹੈ ਅਤੇ ਸਾਨੂੰ ਸਭ ਨੂੰ ਵੀ। ਭਾਰਤੀ ਦਰਸ਼ਨ ਤਾਂ ਕੁਦਰਤ ਦੀ ਰਾਖੀ ਅਤੇ ਇਸ ਦਾ ਸਤਿਕਾਰ ਕਰਨ ਦੀ ਵੀ ਪ੍ਰੇਰਨਾ ਦਿੰਦਾ ਹੈ। ਸਾਡੇ ਮੇਲੇ-ਮੁਸਾਹਬੇ ਜਲ ਕੁੰਡਾਂ, ਨਦੀਆਂ ਕੰਢੇ ਜੁੜਦੇ ਹਨ। ਸਾਡਾ ਸੱਭਿਆਚਾਰ ਭੌਣਾਂ-ਜਨੌਰਾਂ ਨੂੰ ਚੋਗਾ ਪਾਉਂਦਾ ਹੈ। ਰੁੱਖਾਂ ਨੂੰ ਮੌਲੀਆਂ ਬੰਨ੍ਹਦਾ ਸੀ। ਨਦੀਆਂ ਟੋਭਿਆਂ ’ਤੇ ਦੀਵੇ ਜਗਾਉਂਦਾ ਹੈ। ਸਾਡੇ ਪੁਰਖੇ ਤਾਂ ‘ਸੁੱਤੀ ਧਰਤੀ’ ਵਿਚ ਹਲ ਵੀ ਨਹੀਂ ਸੀ ਜੋਤਦੇ। ਅਸੀਂ ਹੀ ਇਨ੍ਹਾਂ ਦੇ ਅਸਲ ਭਾਵਾਂ ਨੂੰ ਭੁੱਲ ਗਏ ਹਾਂ।
       ਝੀਲਾਂ, ਦਰਿਆ, ਜੰਗਲ ਬੇਲੇ ਅਤੇ ਪਹਾੜ ਮਨੁੱਖ ਜਿੰਨੇ ਹੀ ਮਹੱਤਵਪੂਰਨ ਹਨ ਸਗੋਂ ਮਨੁੱਖੀ ਹੋਂਦ ਲਈ ਮਨੁੱਖ ਤੋਂ ਵੀ ਜ਼ਿਆਦਾ ਅਹਿਮ ਹਨ। ਹੁਣ ਮਨੁੱਖਵਾਦ ਦੇ ਸੰਕਲਪ ਨੂੰ ਜ਼ਿੰਦਗੀਵਾਦ ਦੇ ਸੰਕਲਪ ਵਿਚ ਬਦਲਣ ਦੀ ਲੋੜ ਹੈ। ਇਹ ਸੰਕਲਪ ਸਾਡੀ ਰਹਿਤਲ ਵਿਚ ਪਹਿਲਾਂ ਵੀ ਪਿਆ ਸੀ, ਅਸੀਂ ਹੀ ਇਸ ਨੂੰ ਪੜ੍ਹਨ, ਸੁਣਨ, ਬੁੱਝਣ ਅਤੇ ਅਮਲ ਕਰਨ ਤੋਂ ਇਨਕਾਰੀ ਹੋ ਗਏ ਹਾਂ। ਸਿੱਟਾ ਇਹ ਨਿੱਕਲਿਆ ਹੈ ਕਿ ਹੁਣ ਧਰਤੀ (ਕੁਦਰਤ) ਸਾਡੇ ’ਤੇ ਮੋੜਵਾਂ ਵਾਰ ਕਰਨ ਲੱਗ ਪਈ ਹੈ। ਆਓ! ਹੁਣ ਬਿਰਖਾਂ ਦੀ ਗੱਲ ਕਰੀਏ। ਪਹਾੜਾਂ ਦੀ ਕਦਰ ਕਰੀਏ। ਦਰਿਆਵਾਂ ਦੀ ਬਾਂਹ ਫੜੀਏ। ਧਰਤੀ ਦਾ ਅਦਬ ਕਰੀਏ।
ਸੰਪਰਕ : 94634-39075

ਪਹਾੜਾਂ ਦਾ ਢਹਿ-ਢੇਰੀ ਹੋਣਾ ਅਚਾਨਕ ਵਰਤਾਰਾ ਨਹੀਂ - ਵਿਜੈ ਬੰਬੇਲੀ

ਮਨੁੱਖ ਕੁਦਰਤ ਦੀ ਬਿਹਤਰੀਨ ਪੈਦਾਵਾਰ ਹੈ। ਲੰਮੀ ਕੁਦਰਤੀ ਕਿਰਿਆ-ਪ੍ਰਕਿਰਿਆ ਪਿੱਛੋਂ ਮਨੁੱਖ ਦੀ ਉਤਪਤੀ ਹੋਈ। ਪਹਿਲਾਂ ਪਾਣੀ, ਮਿੱਟੀ, ਬਨਸਪਤੀ ਦੀ ਅਨੰਤ ਗਾਥਾ ਹੈ; ਫਿਰ ਸੂਖਮ ਜੀਵ ਤੋਂ ਬਰਾਸਤਾ ਜਾਨਵਰ-ਦਰ-ਜਾਨਵਰ, ਮਨੁੱਖ ਬਣਨ ਦਾ ਲੰਮਾ ਸਫਰ ਹੈ। ਜੰਗਲਾਂ, ਕੰਦਰਾਂ, ਗੁਫਾਵਾਂ, ਕੁੱਲੀਆਂ-ਢਾਰਿਆਂ ਤੋਂ ਸੁੱਖਾਂ ਲੱਧੀਆਂ ਧੜਵੈਲ ਇਮਾਰਤਾਂ ਤੱਕ। ਗੇਲੀ, ਪਹੀਏ ਤੋਂ ਲੈ ਕੇ ਰਾਕਟ ਤੱਕ ਅਤੇ ਕੁਦਰਤੀ ਆਫ਼ਾਤਾਂ, ਮਹਾਮਾਰੀਆਂ ਦੇ ਦੌਰਾਂ ਤੋਂ ਵਿਗਿਆਨਕ ਸਹੂਲਤਾਂ ਤੱਕ। ਆਧੁਨਿਕ ਮਨੁੱਖ ਮਗਰ ਲਖੂਖਾ ਸਾਲ ਦੀ ਘਾਲਣਾ ਹੈ। ਇਹ ‘ਰੱਬੀ’ ਦੇਣ ਨਹੀਂ, ਕੁਦਰਤ ਦੀ ਸਿਫ਼ਤੀ ਦੇਣ ਹੈ ਪਰ ਇਸੇ ਮਨੁੱਖ ਨੇ ਆਪਣੀ ਜਨਮ ਦਾਤੀ, ਕੁਦਰਤ ਵਿਚ ਖਲਲ ਪਾਉਣਾ ਸ਼ੁਰੂ ਕੀਤਾ ਹੋਇਆ ਹੈ। ਮੋੜਵੇਂ ਰੂਪ ਵਿਚ ਇਸ ਦੇ ਭੈੜੇ ਸਿੱਟੇ ਨਿਕਲ ਰਹੇ ਹਨ।
      ਮਨੁੱਖ ਕੁਦਰਤ ਦੇ ਸਿਰਮੌਰ ਅੰਗ ਮਿੱਟੀ, ਪਾਣੀ, ਹਵਾ, ਸੂਰਜ (ਅਗਨੀ), ਆਕਾਸ਼ (ਟਾਇਮ) ਦੇ ਜਮਾਂ-ਮਨਫੀ ਦੀ ਸਿਰਜਣਾ ਹੈ। ਇਸੇ ਕਰਕੇ ਸਾਡੇ ਪੁਰਖਿਆਂ ਨੇ ਇਸ ਨੂੰ ਪੰਜ ਤੱਤਾਂ ਦਾ ਪੁਤਲਾ ਕਿਹਾ, ਭਾਵੇਂ ਹੁਣ ਤੱਕ ਦੀਆਂ ਖੋਜਾਂ ਅਨੁਸਾਰ ਇਨ੍ਹਾਂ ਤੱਤਾਂ ਦੀ ਗਿਣਤੀ ਅੱਧਾ ਸੈਂਕੜਾ ਤੋਂ ਵੀ ਉੱਪਰ ਹੈ। ਬੰਦੇ ਨੇ ਹੁਣ ਇਨ੍ਹਾਂ ਨੂੰ ਖ਼ਤਮ ਕਰਨਾ ਜਾਂ ਗੰਧਲਾਉਣਾ ਸ਼ੁਰੂ ਕਰ ਦਿੱਤਾ ਹੋਇਆ ਹੈ। ਆਬੋ-ਹਵਾ ਦੂਸ਼ਿਤ, ਜਲ ਸੰਕਟ, ਮਿੱਟੀ ਜ਼ਹਿਰੀਲੀ। ਖੇਤਾਂ ਵਿਚ ਹੁਣ ਭੋਜਨ ਹੀ ਨਹੀਂ, ਮੌਤ ਵੀ ਉੱਗਣ ਲੱਗ ਪਈ ਹੈ। ਕਸੂਰ ਧਨ ਕੁਬੇਰਾਂ ਪੱਖੀ ਨਿਜ਼ਾਮ ਦਾ ਹੈ ਜਿਸ ਨੇ ਹੁਣ ਜੰਗਲਾਂ, ਪਹਾੜਾਂ ਨੂੰ ਵੀ ਨਿਗਲਣਾ ਸ਼ੁਰੂ ਕਰ ਦਿੱਤਾ ਹੈ।
       ਅੱਜਕੱਲ੍ਹ ਪਹਾੜਾਂ ਦਾ ਖਿਸਕਣਾ ਜਾਂ ਢਹਿ-ਢੇਰੀ ਹੋਣਾ, ਜਲ ਸੈਲਾਬ ਦੀ ਬੜੀ ਚਰਚਾ ਹੈ। ਬੀਤੇ ਸਮਿਆਂ ਦੌਰਾਨ ਨੇਪਾਲ, ਉੱਤਰਾਖੰਡ ਤੇ ਹੁਣ ਮਹਾਰਾਸ਼ਟਰ ਤੇ ਹਿਮਾਚਲ ਵਿਚ ਕਹਿਰ ਵਾਪਰੇ ਹਨ। ਉਂਜ, ਇਹ ਅਚਨਚੇਤ ਵਾਪਰਨ ਵਾਲਾ ਕੁਦਰਤੀ ਵਰਤਾਰਾ ਨਹੀਂ, ਜਿਵੇਂ ਬਹੁਤੇ ਸਮਝਦੇ ਹਨ, ਤੇ ਨਾ ਹੀ ਇਹ ਕਿਸੇ ਕੁਲ-ਦੇਵਤੇ ਦੀ ਕਰੋਪੀ ਹੈ, ਜਿਵੇਂ ਸਰਲ-ਬਿਰਤੀ ਆਦਿ-ਕਬੀਲੇ ਸੋਚਦੇ ਹਨ। ਅਸਲ ਦੋਸ਼ੀ ਸਿਸਟਮ ਹੈ, ਭਾਵ ਬੰਦਾ। ਪਹਾੜ ਮਹਿਜ਼ ਮਿੱਟੀ ਦੇ ਢੇਰ ਨਹੀਂ ਹੁੰਦੇ। ਇਨ੍ਹਾਂ ਦਾ ਆਪਣਾ ਜੀਵੰਤ ਸੰਸਾਰ ਹੈ। ਜ਼ਰਖੇਜ਼ ਮਿੱਟੀ ਦੀਆਂ ਪਰਤਾਂ, ਬੇਸ਼ਕੀਮਤੀ ਖਣਿਜ, ਵਿਲੱਖਣ ਜੀਵ-ਜੰਤੂ ਅਤੇ ਮਨਭਾਉਂਦੇ ਜੰਗਲ-ਬੇਲੇ। ਕਿਤੇ ਗਲੇਸ਼ੀਅਰ ਅਤੇ ਕਿਤੇ ਨਿਰੇ ਪਠਾਰ। ਇਹ ਰਲ-ਮਿਲ ਪੌਣ-ਪਾਣੀ, ਮਨੁੱਖੀ ਜ਼ਿੰਦਗੀ ਅਤੇ ਸੰਸਾਰ ਤਰੱਕੀ ਵਿਚ ਅਹਿਮ ਰੋਲ ਨਿਭਾਉਂਦੇ ਹਨ। ਪਹਾੜਾਂ ਨੂੰ ਅਸੀਂ ਮਹਿਜ਼ ਆਮਦਨ ਦੇ ਸਾਧਨ ਜਾਂ ਸੈਰ-ਸਪਾਟੇ ਜਾਂ ਫਿਰ ਅਖੌਤੀ ਮਨੋਰੰਜਨ ਦੇ ਸਾਧਨ ਮਾਤਰ ਸਮਝ ਲਿਆ ਹੈ। ਇਹੀ ਸਾਡੀ ਬੱਜਰ ਗਲਤੀ ਹੈ। ਹਾਕਮ ਜਮਾਤਾਂ ਦੇ ਚਹੇਤੇ ਧਨ ਕੁਬੇਰਾਂ ਨੇ ਖਣਿਜ ਪਦਾਰਥਾਂ ਅਤੇ ਉਸਾਰੀਆਂ ਹਿੱਤ ਜਿਵੇਂ ਪਹਾੜਾਂ ਨੂੰ ਖੋਖਲਾ ਕਰਨਾ ਸ਼ੁਰੂ ਕੀਤਾ ਹੋਇਆ ਹੈ। ਇਸੇ ਦਾ ਮਾਰੂ ਸਿੱਟਾ ਪਹਾੜਾਂ ਦਾ ਢਹਿ-ਢੇਰੀ ਹੋਣਾ ਹੈ।
       ਮਿੱਟੀ ਸਿਰਜਣ ਅਤੇ ਪਹਾੜਾਂ ਨੂੰ ਜਕੜ-ਬੰਦ ਰੱਖਣ ਵਿਚ ਲਖੂਖਾਂ ਸਾਲਾਂ ਦੀ ਕੁਦਰਤੀ ਕਿਰਿਆ-ਪ੍ਰਕਿਰਿਆ ਅਤੇ ਬਨਸਪਤੀ ਦਾ ਵੱਡਾ ਯੋਗਦਾਨ ਹੈ। ਮਿੱਟੀ ਦੀ ਇਕ ਇੰਚ ਪਰਤ ਤਿਆਰ ਹੋਣ ਵਿਚ ਇਕ ਹਜ਼ਾਰ ਵਰ੍ਹਾ ਲੱਗ ਜਾਂਦਾ ਹੈ ਅਤੇ ਕੁਦਰਤੀ ਜ਼ਰਖੇਜ਼ ਹੋਣ ਵਿਚ ਤਿੰਨ ਸਦੀਆਂ। ਪਹਾੜ ਵੀ ਅੰਬਰੋਂ ਨਹੀਂ ਸੀ ਡਿੱਗੇ, ਇਨ੍ਹਾਂ ਦੇ ਉਗਮਣ ਦੀ ਲੰਮੀ ਦਾਸਤਾਂ ਹੈ।
        ਮਨੁੱਖ ਵੱਲੋਂ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਕਾਰਨ ਧਰਤੀ ਦਾ ਖੁਰਚਿਆ ਜਾਣਾ ਭੋਂ-ਖੋਰ ਜਾਂ ਪਹਾੜਾਂ ਦਾ ਖਿਸਕਾਅ ਕਹਾਉਂਦਾ ਹੈ। ਭੂਮੀ ਦੇ ਕਣਾਂ ਦਾ ਪਾਣੀ, ਹਵਾ, ਗਤੀ ਜਾਂ ਜੀਵਕ ਗਤੀਵਿਧੀਆਂ ਦੁਆਰਾ ਮੂਲ ਥਾਂ ਤੋਂ ਦੂਜੀ ਥਾਂ ਜਾਣ ਨੂੰ ਭੋਂ-ਖੋਰ ਆਖਦੇ ਹਨ। ਸੀਮਤ ਤੇ ਸਾਧਾਰਨ ਭੋਂ-ਖੋਰ ਕੁਦਰਤ ਦੀ ਆਮ ਪ੍ਰਕਿਰਿਆ ਹੈ, ਇਹ ਨੁਕਸਾਨਦਾਇਕ ਵੀ ਨਹੀਂ। ਕੁਦਰਤੀ ਸਮਤੋਲ ਜਾਂ ਭੋਂ-ਖੋਰ ਰੋਕੂ ਕਾਰਜਾਂ ਤਹਿਤ ਇਹ ਸੀਮਤ ਅਤੇ ਕਹਿਣੇ ਵਿਚ ਹੁੰਦੀ ਸੀ ਪਰ ਹੁਣ ਅਜਿਹਾ ਨਹੀਂ। ਭੂਮੀ ਖੋਰ ਦੋ ਕਿਸਮ ਦਾ ਹੁੰਦਾ ਹੈ- ਸਹਿਜ (ਕੁਦਰਤੀ) ਅਤੇ ਵਧਿਆ ਹੋਇਆ (ਮਨੁੱਖੀ ਆਪ-ਹੁਦਰੀਆਂ ਕਾਰਨ)। ਜਦੋਂ ਭੂਮੀ ਖੋਰ ਦੀ ਦਰ ਭੂਮੀ ਬਣਤਰ ਦੀ ਦਰ ਤੋਂ ਘੱਟ ਜਾਂ ਬਰਾਬਰ ਹੋਵੇ ਤਾਂ ਇਸ ਨੂੰ ਕੁਦਰਤੀ ਜਾਂ ਸਹਿਜ ਕਿਹਾ ਜਾਂਦਾ ਹੈ ਪਰ ਇਹ ਉਸੇ ਹਾਲਤ ਵਿਚ ਹੁੰਦਾ ਹੈ ਜਦ ਭੂਮੀ ਬਨਸਪਤੀ ਨਾਲ ਪੂਰੀ ਤਰ੍ਹਾਂ ਢਕੀ ਹੋਵੇ। ਮਨੁੱਖੀ ਹਿਰਸ ਕਾਰਨ ਭੂਮੀ ਨੰਗ-ਧੜੰਗੀ ਅਤੇ ਖੋਖਲੀ ਕਰ ਦਿੱਤੀ ਗਈ ਹੈ।
         ਪਹਿਲੀ ਸਟੇਜ ਵਿਚ ਜਦ ਮੀਂਹ ਦੀਆਂ ਬੂੰਦਾਂ ਨੰਗੀ ਧਰਤੀ ’ਤੇ ਪੈਂਦੀਆਂ ਹਨ ਤਾਂ ਇਹ ਭੂਮੀ ਕਣਾਂ ਨੂੰ ਨਿਖੇੜ ਕੇ 2 ਤੋਂ 5 ਫੁੱਟ ਦੀ ਦੂਰੀ ’ਤੇ ਲਿਜਾ ਕੇ ਸੁੱਟ ਦਿੰਦੀਆਂ ਹਨ। ਦੂਜੀ ਸਟੇਜ ’ਤੇ ਇਹ ਕਣ ਵਹਿ ਕੇ ਜਾਂ ਧਰਤੀ ਉਪਰਲੀ ਮਹੀਨ ਪਰਤ ਧੋ ਹੋ ਕੇ ਵਹਿ ਤੁਰਦੀ ਹੈ। ਇਸ ਬਾਰੀਕ ਪਰਤ ਦੀ ਖੁਰਚਾਈ ਦਿਸਦੀ ਨਹੀਂ ਪਰ ਇੱਕ-ਅੱਧੇ ਦਹਾਕੇ ਬਾਅਦ ਇਸ ਦੀ ਘਾਟ ਰੜਕਣ ਲੱਗ ਪੈਂਦੀ ਹੈ। ਇਸ ਤੋਂ ਅਗਲਾ ਕਦਮ ਧਾਰਾਵੀ ਖੋਰ (Rill Erosion) ਹੁੰਦੀ ਹੈ, ਜਦ ਧਰਤੀ ਉੱਤੇ ਪੰਜਿਆਂ ਵਰਗੀਆਂ ਧਾਰਾਵਾਂ ਬਣ ਜਾਂਦੀਆਂ ਹਨ। ਇਸ ਨਾਲ ਉਪਜਾਊ ਪਰਤਾਂ ਰੁੜ੍ਹ ਜਾਂਦੀਆਂ ਹਨ। ਤੀਜੀ ਧਾਰਾ ਚੋਈਆਂ ਦੀ ਉਸਾਰ ਹੁੰਦੀ ਹੈ। ਪਾਣੀ ਦੀ ਤੇਜ਼ ਗਤੀ ਦੋ ਕੁ ਸਾਲਾਂ ਵਿਚ ਹੀ ਚੋਈਆਂ (ਨਾਲੀਆਂ) ਦੀ ਉਸਾਰੀ ਕਰ ਦਿੰਦੀ ਹੈ। ਇਸ ਤੋਂ ਅਗਾਂਹ ਖੁਰ ਕੇ ਚੌੜੀਆਂ ਤੇ ਡੂੰਘੀਆਂ ਖੱਡਾਂ-ਖਾਈਆਂ ਬਣ ਜਾਂਦੀਆਂ ਹਨ। ਬਰਫਾਨੀ, ਹਵਾਈ ਤੇ ਢਿੱਗਾਂ ਡਿੱਗਣ ਵਾਲੀਆਂ ਹੋਰ ਵੀ ਕਈ ਕਿਸਮਾਂ ਭੂਮੀ ਖੋਰ ਦੀਆਂ ਸ਼ਕਲਾਂ ਹਨ ਪਰ ਡੂੰਘੀਆਂ ਖਾਈਆਂ ਇਸ ਦਾ ਵਿਰਾਟ ਰੂਪ ਹਨ ਜਿਹੜਾ ਪਰਬਤਾਂ ਨੂੰ ਵੀ ਲੈ ਬਹਿੰਦਾ ਹੈ।
        ਵੀਰਾਨ, ਨੰਗ-ਧੜੰਗੀ ਤੇ ਰੁੱਖ ਵਿਹੂਣੀ ਇਕ ਹੈਕਟੇਅਰ ਭੂਮੀ ਹਰ ਵਰ੍ਹੇ 30 ਟਨ ਮਿੱਟੀ ਗੁਆ ਬਹਿੰਦੀ ਹੈ। ਬਨਸਪਤੀ ਦੀਆਂ ਜੜ੍ਹਾਂ ਤੇ ਰੋਕਾਂ ਹੀ ਮਿੱਟੀ ਨੂੰ ਰੁੜ੍ਹਨੋਂ-ਉੜਨੋਂ ਬਚਾਉਂਦੀਆਂ ਹਨ। ਜੇ ਇਕ ਹੈਕਟੇਅਰ ’ਚੋਂ ਹਰ ਵਰ੍ਹੇ ਇਕ ਘਣਮੀਟਰ ਮਿੱਟੀ ਰੁੜ੍ਹਦੀ ਰਹੇ ਤੇ ਇਹ ਕਿਰਿਆ ਇਕ ਪੀੜ੍ਹੀ (25 ਵਰ੍ਹੇ) ਜਾਰੀ ਰਹੇ ਤਾਂ ਇਕ ਫੁੱਟ ਉਤਲੀ ਪਰਤ ਰੁੜ੍ਹ-ਖੁਰ ਕੇ ਸਮੁੰਦਰਾਂ ਪੇਟੇ ਜਾ ਪਵੇਗੀ। ਪਹਾੜਾਂ ’ਚ 60 ਹਿੱਸੇ ਦੇ ਹਿਸਾਬ ਨਾਲ ਰੁੱਖ ਨਾ ਹੋਣ ਤਾਂ ਮੀਂਹ ਪਹਾੜਾਂ ਤੇ ਮੈਦਾਨਾਂ ਦੀ ਮਿੱਟੀ ਨੂੰ ਖੋਰਦਾ ਹੈ। ਜਦੋਂ ਪਾਣੀ ਢਲਾਨ ਉਤਰਦਾ ਹੈ, ਉਥੇ ਜੇ ਧਰਤੀ ਨੰਗੀ ਹੋਵੇ ਜਾਂ ਮੂਹਰੇ ਅੜਿੱਕੇ ਨਾ ਹੋਣ ਅਤੇ ਜੇ ਇਸ ਦੀ ਗਤੀ ਦੁੱਗਣੀ ਹੋ ਜਾਵੇ ਤਾਂ ਭੂਮੀ ਦੀ ਕੱਟ-ਵੱਢ 4 ਗੁਣਾ ਹੋ ਜਾਂਦੀ ਹੈ। ਇਸ ਗਤੀ ਉੱਤੇ ਮਾਦਾ ਚੁੱਕ ਲਿਜਾਣ ਦੀ ਸਮਰੱਥਾ 32 ਗੁਣਾ ਅਤੇ ਰੋੜ੍ਹ ਸਮਰੱਥਾ 64 ਗੁਣਾ ਹੋ ਜਾਂਦੀ ਹੈ। ਜੇ ਕਿਤੇ ਜਲ ਗਤੀ ਤਿੰਨ ਗੁਣਾ ਹੋਵੇ ਤਾਂ ਰੋੜ੍ਹ ਸਮਰੱਥਾ 729 ਗੁਣਾ ਹੋ ਜਾਂਦੀ ਹੈ। ਵਧੇਰੇ ਤਿੱਖੀ ਗਤੀ ਹਜ਼ਾਰਾ ਟਨ ਮਲਬਾ ਵੀ ਲੈ ਤੁਰਦੀ ਹੈ ਜਿਹੜਾ ਸਾਨੂੰ ਮਿੱਧਦਾ, ਦਰੜਦਾ ਅਤੇ ਮਾਰਦਾ ਹੈ। ਪਹਾੜ ਖਿਸਕਦੇ ਅਤੇ ਵਹਿ ਤੁਰਦੇ ਹਨ। ਭੋਂ-ਖੋਰ ਨਾਲ ਧਰਤੀ ਦੀ ਉਪਜਾਊ ਪਰਤ ਗੁਆਚ ਜਾਂਦੀ ਹੈ, ਮੈਦਾਨੀ ਜਲ ਵਹਿਣਾਂ ਦੇ ਪਾਟ ਭਰਨ ਨਾਲ ਹੜ੍ਹਾਂ ਦਾ ਖਤਰਾ, ਜਲ ਕੁੰਡ ਮਿੱਟੀ ਨਾਲ ਪੂਰ ਹੋਣ ਨਾਲ ਜਲ ਗ੍ਰਹਿਣ ਸਮਰੱਥਾ ਵਿਚ ਘਾਟਾ, ਜ਼ਮੀਨ ਦਾ ਟੋਇਆਂ-ਟੋਟਿਆਂ ਵਿਚ ਵੰਡੇ ਜਾਣਾ, ਜਲ ਤਲ ਦਾ ਨੀਵੇਂ ਤੋਂ ਨੀਵਾਂ ਹੁੰਦੇ ਜਾਣਾ, ਸਮੁੰਦਰ ਦਾ ਤਲ ਉੱਚਾ ਹੁੰਦੇ ਜਾਣਾ, ਮੀਂਹ ਦਾ ਚੱਕਰ ਗੜਬੜਾ ਜਾਣ ਤੋਂ ਬਿਨਾ ਭੋਜਨ ਪਦਾਰਥਾਂ ਦੀ ਪੈਦਾਵਾਰ ਦਾ ਘਟਣਾ, ਸੰਪਤੀਆਂ ਸਮੇਤ ਜਾਨਾਂ ਦਾ ਖੋਹ ਆਦਿ ਇਸ ਦੀਆਂ ਭੈੜੀਆਂ ਅਲਾਮਤਾਂ ਹਨ।
       ਭਾਰਤ ਅਤੇ ਪਾਕਿਸਤਾਨ ਵਿਚਲੇ ਥਾਰ ਦੀ ਦੋ ਹਜ਼ਾਰ ਵਰ੍ਹੇ ਪੁਰਾਣੀ ਦਾਸਤਾਂ ਅਤੇ ਪਹਾੜਾਂ ਦੇ ਮੌਜੂਦਾ ਜਲ ਸੈਲਾਬ ਅਸਲ ਵਿਚ ਮਨੁੱਖ ਦੇ ਕੁਦਰਤ ਵੱਲ ਗਲਤ ਵਿਹਾਰ ਦੀ ਹੀ ਵਿੱਥਿਆ ਹੈ। ਲੱਗਦਾ, ਅਸੀਂ ਹੱਥੀਂ ਉਜਾੜੇ ਰਾਜਸਥਾਨ ਦੀ ਹੋਣੀ ਭੁੱਲ ਗਏ ਹਾਂ। ਕਿਸੇ ਸਮੇਂ ਇਹ ਸਰ-ਸਬਜ਼ ਖਿੱਤਾ ਕੁਝ ਦਹਿ-ਸਦੀਆਂ ’ਚ ਧੂੜ ਤੇ ਟੋਇਆਂ-ਟਿੱਬਿਆਂ ਵਿਚ ਬਦਲ ਗਿਆ ਜਦ ਜੰਗਲ ਤੇ ਪਹਾੜ ਰੁੱਸ ਗਏ। ਤਵਾਰੀਖ ਗਵਾਹ ਹੈ ਕਿ ਜ਼ਰੂਰੀ ਵਰਤੋਂ ਤੋਂ ਬਾਅਦ ਕੁਦਰਤੀ ਸੋਮਿਆਂ ਦੀ ਮੁੜ ਭਰਪਾਈ ਨਾ ਕਰਨ ਵਾਲੀ ਤਕਰੀਬਨ ਹਰ ‘ਸਲਤਨਤ’ ਦਾ ਅੰਤ ਦਰਾੜਾਂ ਅਤੇ ਮਾਰੂਥਲ ਦੇ ਜਨਮ ਨਾਲ ਹੋਇਆ ਹੈ। ਕਿਥੇ ਗਈਆਂ ਸਾਡੀਆਂ ਹੜੱਪਾ ਅਤੇ ਮਹਿੰਜੋਦੜੋ ਦੀਆਂ ਸੱਭਿਆਤਾਵਾਂ? ਮੌਜੂਦਾ ਮਾਰੂਥਲ ਮੋਰਾਕੋ, ਅਲਜ਼ੀਰੀਆ ਅਤੇ ਟਿਊਨੇਸ਼ੀਆ ਕਿਸੇ ਵਕਤ ਰੋਮਨ ਸ਼ਹਿਨਸ਼ਾਹੀ ਦੇ ਪ੍ਰਸਿੱਧ ਅਨਾਜ ਖੇਤਰ ਸਨ। ਇਸੇ ਦੀ ਉਪਜ ਇਟਲੀ ਅਤੇ ਸਿਸਲੀ ਦਾ ਭੋਂ-ਖੋਰ ਹੈ। ਮੈਸੋਪਟਾਮੀਆ, ਫ਼ਲਸਤੀਨ, ਸੀਰੀਆ ਅਤੇ ਅਰਬ ਦੇ ਕੁਝ ਭਾਗ, ਉਰ, ਸੁਮੇਰੀਆ, ਬੇਬੀਲੋਨ ਅਤੇ ਅਸੀਰੀਆ ਕਦੇ ਮਹਾਨ ਬਾਦਸ਼ਾਹੀਆਂ ਦੇ ਮਾਣ-ਮੱਤੇ ਤਖ਼ਤ ਸਨ। ਕੱਲ੍ਹ ਦਾ ਉਪਜਾਊ ਪਰਸ਼ੀਆ ਅੱਜ ਦਾ ਮਾਰੂਥਲ ਹੈ। ਸਿਕੰਦਰ ਦਾ ਹਰਿਆ-ਭਰਿਆ ਯੂਨਾਨ ਅੱਜ ਆਪਣੀ ਬੰਜਰ ਭੂਮੀ ਕਾਰਨ ਝੂਰ ਰਿਹਾ ਹੈ।
       ਕਿਉਂ? ਕਿਉਂਕਿ ਕੁਦਰਤ ਦੀ ਅਸਮਤ ਜੋ ਲੀਰੋ-ਲੀਰ ਕਰ ਦਿੱਤੀ ਸੀ। ਕੀ ਅਸੀਂ ਬਚੇ ਰਹਾਂਗੇ? ਇਹ ਉਹ ਸਵਾਲ ਹੈ ਜਿਹੜਾ ਹਾਕਮਾਂ ਅਤੇ ਸਾਡੇ-ਤੁਹਾਡੇ ਪੱਲੇ ਨਹੀਂ ਪੈਂਦਾ।
ਸੰਪਰਕ : 94634 39075

ਖ਼ਤਰਨਾਕ ਬਣਦਾ ਜਾ ਰਿਹਾ ਜਲ-ਸੰਕਟ - ਵਿਜੈ ਬੰਬੇਲੀ


ਪਾਣੀ, ਸੰਸਾਰ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸ਼ਕਤੀ ਹੈ। ਕੁਦਰਤ ਦਾ ਅਦਭੁੱਤ ਕ੍ਰਿਸ਼ਮਾ, ਜ਼ਿੰਦਗੀ ਦੀ ਧਰੋਹਰ। ਕਦੇ ਅਸੀਂ ਜਲ ਨਾਲ ਸ਼ਰਸਾਰ ਸਾਂ। ਹੁਣ, ਦੁਨੀਆਂ ਦੀ ਕੁੱਲ ਵਸੋਂ ਦਾ 17% ਸਾਡੇ ਦੇਸ਼ ‘ਚ ਵਸਦਾ ਹੈ ਪਰ ਧਰਤੀ ਦੇ ਕੁੱਲ ਜਲ-ਸਰੋਤਾਂ ‘ਚੋਂ ਸਾਡੇ ਕੋਲ ਮਸਾਂ 4% ਹਨ। ਵਰਖਾ, ਜੋ ਪਾਣੀ ਦਾ ਮੁੱਢਲਾ ਸੋਮਾ ਹੈ, ਵਜੋਂ ਕੁਦਰਤ ਸਾਡੇ ‘ਤੇ ਬੜੀ ਦਿਆਲ ਸੀ/ਹੈ ਪਰ ਅਸੀਂ ਇਸ ਦੀ ਕਦਰ ਨਹੀਂ ਕਰਦੇ। ਜਲ ਮਾਹਿਰਾਂ ਅਨੁਸਾਰ, ਸਾਡੇ ਦੇਸ਼ ਵਿੱਚ ਹਰ ਸਾਲ ਕਰੀਬ 4000 ਅਰਬ ਘਣ ਮੀਟਰ ਮੀਂਹ ਪੈਂਦਾ ਸੀ/ਹੈ। ਭੂਗੋਲਿਕ ਅਤੇ ਬਨਸਪਤਨ ਸਥਿਤੀਆ ਅਨੁਸਾਰ ਕਿਤੇ ਬਹੁਤਾ, ਕਿਤੇ ਮੂਲੋਂ ਘੱਟ। ਪਰ ਅਸੀਂ ਸਿਰਫ 8% (320 ਅ.ਘ.ਮੀ.) ਹੀ ਸਾਂਭਦੇ-ਸਲ਼ੂਟਦੇ ਹਾਂ।
       ਬੀਤੀ ਸਦੀ ਦੀ ਸ਼ੁਰੂਆਤ ‘ਚ ਪ੍ਰਤੀ ਵਿਅਕਤੀ ਜਲ ਉਪਲੱਬਧੀ 8192 ਘਣ ਮੀਟਰ ਸਾਲਾਨਾ ਸੀ, ਜਿਹੜੀ ਆਜ਼ਾਦੀ ਤੋਂ ਮਹਿਜ਼ ਅੱਧੀ ਸਦੀ ਬਾਅਦ ਹੀ ਘਟ ਕੇ 5694 ਘਣ ਮੀਟਰ ਰਹਿ ਗਈ। ਕਾਰਨ, ਆਬਾਦੀ ਵਾਧਾ ਅਤੇ ਪਾਣੀ ਦਾ ਦੁਰ-ਪ੍ਰਬੰਧ/ਦੁਰ-ਵਰਤੋਂ। ਖੁਦਗਰਜ਼ “ਤਰੱਕੀ”, ਜਲ ਸੋਮਿਆਂ ਅਤੇ ਕੁਦਰਤ ਪ੍ਰਤੀ ਅਵੇਸਲਾਪਨ। ਡਗਰ ਇਹੀ ਰਹੀ ਜਾਂ ਕੋਈ ਅਣਹੋਣੀ ਨਾ ਵਾਪਰੀ ਤਦ 2050 ਤਾਈਂ ਸਾਡੀ ਆਬਾਦੀ 158 ਕਰੋੜ ਹੋ ਜਾਵੇਗੀ। ਇੰਜ ਪ੍ਰਤੀ ਸਾਲ ਹਰ ਵਿਅਕਤੀ ਦੇ ਹਿੱਸੇ ਔਸਤਨ 1235 ਘਣ ਮੀਟਰ ਪਾਣੀ ਹੀ ਰਹਿ ਜਾਵੇਗਾ, ਜਿਹੜਾ ਤਾ-ਕਿਸਮ ਦੀਆਂ ਲੋੜਾਂ ਦੀ ਪੂਰਤੀ ਲਈ ਸੰਨ 2050 ‘ਚ ਲੋੜੀਂਦੀ ਵਿਅਕਤੀਗਤ ਲੋੜ (2500 ਘਣ ਮੀਟਰ) ਦਾ ਅੱਧ ਹੈ। ਪਹਿਲਾਂ ਹੀ ਦੇਸ਼ ਦੇ ਤਬਦੀਲੀ ਜਾਂ ਨਵਿਆਉਣਯੋਗ ਅੰਦਰੂਨੀ ਜਲ-ਸੋਮਿਆਂ ਦੀ ਜਲ-ਮਿਕਦਾਰ ਪ੍ਰਤੀ ਸਾਲ ਕਰੀਬ 1953 ਅਰਬ ਘਣ ਮੀਟਰ ਹੈ। ਜਦਕਿ ਦਿਨੋ-ਦਿਨ ਘੱਟ ਰਹੇ ਵਰਤਣਯੋਗ ਸੋਮਿਆਂ ਦੀ ਜਲ-ਮਾਤਰਾ 1086 ਅਰਬ ਘਣ ਮੀਟਰ ਹੀ ਹੈ, 690 ਅਰਬ ਘਣ ਮੀਟਰ ਸਤਿਹ/ਜ਼ਮੀਨ ਉੱਪਰਲਾਂ ਅਤੇ 396 ਅ.ਘ.ਮੀ. ਜ਼ਮੀਨਦੋਜ਼।
        ਸੰਨ 50 ‘ਚ ਡੇਢ ਅਰਬ ਢਿੱਡ ਭਰਨ ਲਈ ਭਾਰਤੀ ਧਰਤੀ (ਜਲ-ਜੰਗਲ-ਜ਼ਮੀਨ ਅਤੇ ਸਮੁੰਦਰ ਤੇ ਪਹਾੜਾਂ) ‘ਤੇ ਬੇਹਤਾਸ਼ਾ ਬੋਝ ਵਧੇਗਾ। ਸਿੱਟੇ ਵਜੋਂ ਵਾਤਾਵਰਣ ਹੋਰ ਦੂਸ਼ਿਤ ਹੋਵੇਗਾ, ਵਰਖਾ ਗੜਬੜਾਏਗੀ, ਹੜ੍ਹ-ਸੋਕਾ-ਸਮੁੰਦਰੀ ਹਲਚਲਾਂ ਸਮੇਤ ਕਈ ਕਿਸਮ ਦੀਆਂ ਦੁਸ਼ਵਾਰੀਆਂ (ਜ਼ਮੀਨੀ ਖਿਸਕਾਅ ਅਤੇ ਮਹਾਂਮਾਰੀਆਂ) ਵੀ ਦਰਪੇਸ਼ ਹੋਣਗੀਆਂ। ਸਿਰਫ ਖੇਤੀ-ਸਿੰਜਾਈ ਲਈ ਹੀ ਲੋੜੀਂਦੇ 807 ਅਰਬ ਘਣ ਮੀਟਰ ਪਾਣੀ ਹਿੱਤ ਵਗਦੇ ਜਾਂ ਖੜ੍ਹੇ ਜਲ-ਸੋਮਿਆਂ (ਜਿਹੜੇ ਬੇਹੱਦ/ਤੇਜ਼ੀ ਨਾਲ ਘਟਦੇ ਜਾ ਰਹੇ ਹਨ) ਦੀ ਬੇਕਿਰਕ/ਸੰਭਾਵਿਤ ਵਰਤੋਂ ਤੋਂ ਬਿਨਾਂ ਭਾਰਤੀ ਧਰਤੀ ਵਿੱਚੋਂ ਕਰੀਬ 344 ਅਰਬ ਘਣ ਮੀਟਰ ਜਾਣੀ ਖ਼ਤਰਨਾਕ ਹੱਦ ਤੋਂ ਕਿਤੇ ਜ਼ਿਆਦਾ ਪਾਣੀ ਖਿੱਚਿਆਂ ਜਾਵੇਗਾ। ਅਰਥਾਤ ਜਲ-ਸੋਮੇ ਅਤੇ ਜਲ-ਤੱਗੀ ਤਹਿਸ਼-ਨਹਿਸ਼ ਹੋ ਜਾਵੇਗੀ। ਪੱਲੇ ਪੈ ਜਾਵੇਗਾ ਰੇਗਿਸਤਾਨ, ‘ਬਿਨ ਪਾਣੀ ਸੱਭ ਸੂਨ’। ਰਾਸ਼ਟਰੀ ਜਲ-ਸੰਸਾਧਨ ਵਿਕਾਸ ਕਮਿਸ਼ਨ (1999) ਨੇ ਖੇਤੀ-ਪਾਣੀ ਤੋਂ ਬਿਨਾਂ ਸ਼ਹਿਰੀ ਅਤੇ ਪੇਂਡੂ ਖੇਤਰ ਲਈ ਪ੍ਰਤੀ ਵਿਅਕਤੀ ਕ੍ਰਮਵਾਰ 220 ਅਤੇ 150 ਲਿਟਰ ਪਾਣੀ ਹਰ-ਦਿਨ ਦਾ ਪੈਮਾਨਾ ਨਿਰਧਾਰਤ ਕੀਤਾ ਸੀ। ਇਸ ਅਨੁਸਾਰ 2025 ਅਤੇ 2050 ਤੱਕ ਘਰੇਲੂ ਅਤੇ ਮਿਊਂਸਿਪਲ ਖਪਤ ਹਿੱਤ ਦੇਸ਼ ਦੀ ਜ਼ਰੂਰਤ ਕ੍ਰਮਵਾਰ 62 ਅਤੇ 111 ਅਰਬ ਘਣ ਮੀਟਰ (ਕੁੱਲ 173 ਅ.ਘ.ਮੀ.) ਹੋਵੇਗੀ ਜਿਸ ਹਿੱਤ 72 ਅਰਬ ਘਣ ਮੀਟਰ (26+46 ਅ.ਘ.ਮੀ.) ਜ਼ਮੀਨ ਉੱਤਲਾ ਪਾਣੀ ਅਤੇ ਬਾਕੀ ਜ਼ਮੀਨ ਹੇਠੋਂ ਕੱਢਿਆ ਜਾਵੇਗਾ। ਘੇਰਲੂ ਅਤੇ ਸਿੰਜਾਈ ਦੇ ਪਾਣੀ ਤੋਂ ਬਿਨਾਂ ਉਦਯੋਗਾਂ (ਵਸਤ-ਨਿਰਮਾਣ, ਬਿਜਲੀ, ਖਾਦਾਂ-ਦਵਾਈਆਂ ਆਦਿ) ਤੇ ਹੋਰ ਜ਼ਰੂਰੀ (ਅਤੇ ਗੈਰ-ਜ਼ਰੂਰੀ) ਕਾਰਜਾਂ/ਵਸਤਾਂ ਲਈ ਵੀ ਅਰਬਾਂ ਘਣ ਮੀਟਰ ਪਾਣੀ ਦੀ ਲੋੜ ਬਰਕਰਾਰ ਰਹਿੰਦੀ ਹੈ।
        ਮੌਜੂਦਾ ਕਲ-ਕਾਰਖਾਨੇ ਜਾਂ ਯੋਜਨਾਵਾਂ ਅਨੁਸਾਰ ਜਲ ਲੋੜ ਸਾਲ 2025 ‘ਚ 282 ਅਰਬ ਘਣ ਮੀਟਰ ਹੋਵੇਗੀ, ਜੋ ਵਧਦੀ ਆਬਾਦੀ ਅਤੇ ਅਖੌਤੀ ਭੌਤਿਕ ਸਹੂਲਤਾਂ ਦੇ ਸਿੱਟੇ ਵਜੋਂ ਸੰਨ 2050 ਵਿੱਚ 428 ਅਰਬ ਘਣ ਮੀਟਰ ਹੋ ਜਾਵੇਗੀ। ਦੱਸਣਾ ਕੁਥਾਂ ਨਹੀਂ ਹੋਵੇਗਾ ਕਿ ਕਰੀਬ-ਕਰੀਬ, ਇੱਕ ਲਿਟਰ ਪੈਟਰੋਲ ਸੋਧਣ ਲਈ 100 ਲਿਟਰ ਪਾਣੀ, ਇੱਕ ਕਿਲੋ ਕਾਗਜ਼ ਲਈ 150 ਲਿਟਰ ਪਾਣੀ, ਕਿਲੋ ਮਾਸ ਜਾਂ ਆਲੂ ਪੈਦਾ ਕਰਨ ਹਿੱਤ 500 ਲਿਟਰ, ਇੱਕ ਕਿੱਲੋ ਕਣਕ ਲਈ 1000 ਲਿਟਰ, ਸੇਰ ਪੱਕੇ ਦੁੱਧ ਲਈ 1500 ਲਿਟਰ (ਸਦੰਰਭ: ਪਸ਼ੂਆਂ ਦਾ ਚਾਰਾ, ਖੁਰਾਕ, ਪੀਣ ਅਤੇ ਨੁਹਾਉਣ ਆਦਿ), ਕਿੱਲੋ ਚੀਨੀ ਹਿੱਤ 2000 ਲਿਟਰ, ਇੱਕ ਕਿੱਲੋ ਚੌਲਾਂ ਲਈ ਔਸਤਨ 3000 ਲਿਟਰ, ਇੱਕ ਟਨ ਸਮਿੰਟ ਬਣਾਉਣ ਲਈ 8000 ਲਿਟਰ ਅਤੇ ਟਨ ਲੋਹਾ ਨਿਰਮਾਣ ਲਈ ਤਕਰੀਬਨ 20000 ਲਿਟਰ ਪਾਣੀ ਦੀ ਲੋੜ ਪੈਂਦੀ ਹੈ। ਹਾਂ, ਇਨ੍ਹਾਂ ਵਸਤਾਂ, ਕੁੱਝ-ਇਕ ਤੋਂ ਬਿਨਾਂ, ਜੀਵਨ ਨਿਰਬਾਹ ਸੰਭਵ ਨਹੀਂ ਪਰ ਸੰਜਮੀ ਵਰਤੋਂ ਤਾਂ ਕੀਤੀ ਜਾ ਸਕਦੀ ਹੈ। ਪਰ ਲਿਟਰ ਕੁ ਸਾਫਟ ਡਰਿੰਕ ਬਣਾਉਣ ਦੀ ਪ੍ਰਕਿਰਿਆ ਦੌਰਾਨ 80 ਲਿਟਰ ਜਲ-ਖਪਤ ਅਤੇ ਮਹਿਜ਼ ਇੱਕ ਗਲਾਸੀ ਬੀਅਰ ਜਾਂ ਵਾਈਨ ਬਦਲੇ 250 ਲਿਟਰ ਪਾਣੀ ਦੀ ਬਰਬਾਦੀ ਕਰਨੀ ਤਾਂ ਨਿਰਾ ਉੱਜਡਪੁਣਾ ਹੈ। ਪਲਾਸਟਿਕ, ਟੋਹਰੀ ਕੱਪੜੇ-ਲੱਤੇ, ਹਾਰ-ਸ਼ਿੰਗਾਰ ਅਤੇ ਸ਼ਰਾਬ ਬਣਾਉਣ ਲਈ ਵਰਤੇ ਜਾਂਦੇ (ਅਸਲ ਵਿੱਚ ਡੋਲ੍ਹੇ ਜਾਂ ਗੰਧਲਾਏ ਜਾਂਦੇ) ਲੱਖਾਂ ਘਣ ਲਿਟਰ ਪਾਣੀ ਦੀ ਗੱਲ ਕਿਤੇ ਫੇਰ ਸਹੀ। ਕਿਥੋਂ ਆਵੇਗਾ ਐਨਾ ਪਾਣੀ? ਇੱਕੋ-ਇੱਕ ਹੱਲ ਮੀਂਹ ਦੇ ਪਾਣੀ ਨੂੰ ਵੀ ਅਸੀਂ ਸਾਂਭ-ਸਲੂਟ ਨਹੀਂ ਰਹੇ। ਜਲ-ਤੱਗੀਆਂ ਦੀ ਮੁੜ-ਭਰਪਾਈ (ਰੀ-ਚਾਰਜਿੰਗ) ‘ਤੇ ਵੀ ਸਵਾਲੀਆਂ ਨਿਸ਼ਾਨ ਲੱਗ ਚੁੱਕਾ ਹੈ। ਕਾਰਨ, ਜੰਗਲ ਕਟਾਈ ਅਤੇ ਕੰਕਰੀਟ ਕਲਚਰ। ਮੀਂਹ ਦੇ ਪਾਣੀ ਦਾ ਧਰਤੀ ‘ਚ ਰਿਸਾਅ ਜਿਹੜਾ ਸੰਨ 2000 ਵਿੱਚ ਕਰੀਬ 300 ਅਰਬ ਘਣ ਮੀਟਰ ਸੀ, ਜੋ ਮੌਜੂਦਾ ਰੁਝਾਨਾਂ ਦੇ ਜਾਰੀ ਰਹਿਣ ਨਾਲ 2050 ਤੱਕ ਕਰੀਬ 200 ਅ.ਘ.ਮੀ. ਹੀ ਰਹਿ ਜਾਵੇਗਾ, ਜਿਹੜਾ ਅਸਲ ਲੋੜ 40% (1600 ਅ.ਘ.ਮੀ) ਤੋਂ ਕਿਤੇ ਘੱਟ ਹੋਵੇਗਾ। ਘਟ ਰਹੀ ਰੀ-ਚਾਰਜਿੰਗ ਕਈ ਹੋਰ ਅਲਾਮਤਾਂ ਨੂੰ ਵੀ ਜਨਮ ਦੇਵੇਗੀ ਅਤੇ ਇਸ ਤਰ੍ਹਾਂ ਜ਼ਮੀਨ ਦਾ ਗਰਕਣਾ, ਸਮੁੰਦਰੀ/ ਲੂਣੇ ਪਾਣੀਆਂ ਦਾ ਖਾਲੀ ਹੋਈਆਂ ਜਲ-ਤੱਗੀਆਂ ਵੱਲ ਵਹਾਅ, ਉਪਰੰਤ ਉਸਦੀ ਉੱਪਰ ਨੂੰ ਖਿਚਾਈ ਕੱਲਰ ਅਲਾਮਤਾਂ ਸਮੇਤ ਹੇਠਲੇ ਜਲ-ਖਲਾਅ ਧਰਤੀ ਹੇਠਲੀਆਂ ਪਲੇਟਾਂ ਦੇ ਗਰਕਣ ਅਤੇ ਭੁਚਾਲਾਂ ਦਾ ਕਾਰਨ ਬਣੇਗੀ।
         ਸਾਡੇ ਦੇਸ਼ ਵਿੱਚ ਮੀਹਾਂ ਤੇ ਬਾਰਾਂਮਾਹੀ ਨਦੀਆਂ ਰਾਹੀਂ ਕਰੀਬ 4000 ਘਣ ਕਿਲੋਮੀਟਰ ਪਾਣੀ ਆਉਂਦਾ ਹੈ, ਉਪਯੋਗ ਸਿਰਫ 1250 ਹੁੰਦਾ ਹੈ, ਲੋੜ ਹਿੱਤ ਬਾਕੀ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਅੰਦਾਜ਼ਨ, ਕਰੀਬ 65% ਪਾਣੀ ਖੇਤੀ ਲਈ ਅਤੇ ਥੋੜ੍ਹੇ-ਬਹੁਤੇ ਫਰਕ ਨਾਲ 20% ਉਦਯੋਗਾਂ ਤੇ 15% ਘਰੇਲੂ ਵਰਤੋਂ ਲਈ ਹੋ ਰਿਹਾ ਹੈ। ਬੇਸ਼ੱਕ ਵੱਧ ਬਰਬਾਦੀ ਤੇ ਗੰਧਲਾਪਣ ਉਦਯੋਗ ਕਰਦੇ ਹਨ ਪਰ ਦੋ-ਤਿੰਨ ਪਰਤੀ ਹਾਈਬਰੈਡਡ ਘਣੀ-ਖੇਤੀ ਤੇ ਸਮਝਦਾਰੀ-ਰਹਿਤ ਸਿੰਜਾਈ ਨੂੰ ਦਰ-ਕਿਨਾਰ ਨਹੀਂ ਕੀਤਾ ਜਾ ਸਕਦਾ। ਸੋ ਉਦਯੋਗੀ ਧੰਨ-ਕੁਬੇਰਾਂ, ਜਿਹੜੇ ਦਿਨ-ਰਾਤ ਪਤਾਲ ‘ਚੋਂ ਮਣਾਂ-ਮੂੰਹੀ ਪਾਣੀ ਖਿੱਚ ਰਹੇ ਹਨ, ਨੂੰ ਨੱਥ ਮਾਰਨ ਸਮੇਤ ਬਹੁ-ਪਰਤੀ ਫਸਲਾਂ ਅਤੇ ਵਿਗਿਆਨਕ ਤੇ ਮਿਣਵੀਂ ਸਿੰਜਾਈ ਪ੍ਰਣਾਲੀ ਵੱਲ ਤੁਰੰਤ ਮੁੜਨਾ ਪਵੇਗਾ। ਭਾਰਤ ਵਿੱਚ ਔਸਤਨ ਸਾਲਾਨਾ ਵਰਖਾ 1200 ਮਿ.ਮੀ. ਪੈਂਦੀ ਸੀ/ਹੈ, ਖਿੱਤਾ ਵਿਸ਼ੇਸ 200 ਤੋਂ 11000 ਮੀ.ਮੀ.। ਪਰ ਇਸਦਾ 70% ਹਿੱਸਾ ਬਰਸਾਤਾਂ ਦੇ ਮਾਤਰ 100 ਕੁ ਦਿਨਾਂ ਵਿੱਚ ਹੀ ਵਰ੍ਹ ਜਾਂਦਾ ਹੈ। ਇਸਦਾ ਅੱਧਾ ਮਹਿਜ਼ 25-50 ਘੜੀਆਂ ਵਿੱਚ ਹੀ, ਜਿਸਨੂੰ ਮੋਹਲੇਧਾਰ ਮੀਂਹ ਕਿਹਾ ਜਾਂਦਾ ਹੈ। ਸਾਡੀਆਂ ਅਸਮਰੱਥਾਵਾਂ/ਨਾਲਾਇਕੀਆਂ ਕਾਰਨ ਇਹੀ ਪਾਣੀ ਸਾਨੂੰ ਰੋੜ੍ਹਦਾ, ਖੋਰਦਾ ਅਤੇ ਨੁਕਸਾਨਦਾ ਹੈ। ਹੁਣ ਖੇਤੀ ਤੇ ਹੋਰ ਸੰਭਾਵਿਤ ਲੋੜਾਂ ਲਈ ਮੀਂਹ ਦੇ ਪਾਣੀ ਦੀ ਸੰਭਾਲ ਅਤੇ ਵਰਤੋਂ ਤੇ ਇਸਨੂੰ ਧਰਤੀ ‘ਚ ਭੇਜਣਾ ਅਣ-ਸਰਦੀ ਲੋੜ ਹੈ। ਸਾਵੀਂ ਵਰਖਾ ਲਈ ਸਾਨੂੰ ਉਹ ਕਾਰਕ ਵੀ ਮੁੜ-ਸਿਰਜਣੇ ਪੈਣੇ ਹਨ, ਜਿਹੜੇ ਵਰਖਾ ਵਰ੍ਹਾਉਣ ‘ਚ ਸਹਾਈ ਹੁੰਦੇ ਹਨ ਅਤੇ ਉਹ ਕਾਰਨ ਤੱਜਣੇ ਪੈਣੇ ਹਨ ਜਿਨ੍ਹਾਂ ਕਾਰਨ ਵਰਖਾ ਗੜਬੜਾ ਜਾਂਦੀ ਹੈ।
         ਦਰ-ਹਕੀਕਤ, ਵਰਖਾ ਹੀ ਪਾਣੀ ਦਾ ਮੁੱਢਲਾ ਸੋਮਾ ਹੈ, ਬਾਕੀ ਸੱਭ ਵਗਦਾ, ਖੜੋਤਾ (ਨਦੀਆਂ, ਝੀਲਾਂ), ਜ਼ਮੀਨ ਹੇਠਲਾਂ ਪਾਣੀ ਸਾਰੇ ਹੀ ਦੋਇਮ-ਦਰਜੇ ਦੇ ਸੋਮੇ ਹਨ। ਸਮੁੱਚੀ ਧਰਤੀ ਉੱਤੇ 1358 ਲੱਖ ਘਣ ਕਿਲੋ ਮੀਟਰ ਪਾਣੀ ਹੈ। ਜੇ ਇਸਨੂੰ ਸਾਰੀ ਧਰਤੀ ‘ਤੇ ਫੈਲਾ ਦੇਈਏ ਤਦ ਔਸਤਨ 2.7 ਕਿ.ਮੀ. ਦੀ ਜਲ ਉੱਚਾਈ ਹੇਠ ਸਾਰੀ ਧਰਤੀ ਡੁੱਬ ਜਾਵੇਗੀ। ਪਰ, ਕੁੱਲ ਪਾਣੀ ਦਾ 96% (1317 ਲੱਖ ਘਣ ਕਿਲੋ ਮੀਟਰ) ਸਮੁੰਦਰਾਂ ਵਿੱਚ, ਧਰਤ ਉੱਤੇ ਅਤੇ ਧਰਤ ਹੇਠ 3% (37 ਲ.ਘ.ਕ.ਮ), ਖਲਾਅ (ਹਵਾ, ਗੈਸ, ਅਸਮਾਨ) ‘ਚ 1% (4 ਲ.ਘ.ਕ.ਮ) ਹੈ। ਸਤਿਹ ਉੱਤਲਾ ਤੇ ਜ਼ਮੀਨਦੋਜ਼ ਅਤੇ ਖਲਾਅ ਜਲ (ਕੁੱਲ 3%+1%, ਜਾਣੀ 37+4 ਲੱਖ ਘਣ ਕਿਲੋਮੀਟਰ) ਦੀ ਕੁਦਰਤਰਨ ਵੰਡ ਇਵੇਂ ਆਂਕੀ ਗਈ ਹੈ : ਠੋਸ (ਧਰੁਵ/ਗਲੇਸ਼ੀਅਰ/ਬਰਫ/ਪਹਾੜ), ਇਸ 3% ਦਾ ਅੱਧਾ (ਜਾਣੀ 1.5%) 29 ਲ.ਘ.ਕ.ਮ, ਖਲਾਅ=0.05% ਅਰਥਾਤ 4 ਲ.ਘ.ਕ.ਮ, ਥਲ ਉੁੱਤੇ ਅਤੇ ਜ਼ਮੀਨ ਹੇਠ (ਨਦੀਆਂ, ਝਰਨੇ, ਜਲ-ਕੁੰਡ, ਜਲ-ਤੱਗੀ) 1% ਅਰਥਾਤ 8 ਲੱਖ ਘਣ ਕਿਲੋ ਮੀਟਰ ਹੈ। ਇਹੀ 1% (8 ਲ.ਘ.ਕ.ਮ) ਪਾਣੀ ਸਾਡੀ ਰੋਜ਼ਮਰ੍ਹਾ (ਪੀਣ, ਘਰੇਲੂ, ਪਸ਼ੂ ਧਨ, ਸਿੰਜਾਈ ਤੇ ਉਦਯੋਗ ਆਦਿ) ਵਰਤੋਂ ਹੇਠ ਜਾਂ ਵਰਤਿਆ ਜਾ ਸਕਦਾ ਹੈ। ਸ਼ੁੱਧ ਪਾਣੀ ਦੇ ਇਹ ਜਲ-ਸੋਮੇ ਮਨੁੱਖੀ ਆਪ-ਹੁਦਰੀਆਂ ਕਾਰਨ ਮਰ-ਮੁੱਕ ਰਹੇ ਹਨ। ਇਸ ਸਮੇਂ, ਦੁਨੀਆਂ ਦਾ ਹਰ ਦਸਵਾਂ ਪਿਆਸਾ ਵਿਅਕਤੀ ਅਤੇ ਚੌਥਾਈ ਜਲ-ਸੰਕਟ ਗ੍ਰਸਤ ਖੇਤਰ ਭਾਰਤ ਦਾ ਹੈ। ਭਾਰਤ ਦੀ ਮੌਜੂਦਾ ਜਲ ਖਪਤ ਜਿਹੜੀ 750 ਅਰਬ ਘਣ ਮੀਟਰ ਹੈ, 2050 ਤੱਕ ਕਰੀਬ 1300 ਅ.ਘ.ਮੀ. ਹੋ ਜਾਵੇਗੀ। ਪੁਖਤਾ ਹੱਲ ਮੀਂਹ ਵਾਲੇ ਪਾਣੀ ਦੀ ਸਾਂਭ-ਸਲੂਟ ਤੇ ਰੀ-ਚਾਰਜਿੰਗ ਰਾਹੀਂ ਸੰਭਵ ਹੈ।
        ਸ਼ੁਕਰ ਹੈ, ਕੁਦਰਤੀ ਜਲ-ਚੱਕਰ ਬਦੌਲਤ ਭਾਰਤੀ ਸਤਿਹ ਉੱਤੇ 40000 ਘਣ ਕਿ.ਮੀ. ਪਾਣੀ ਵਰਸਦਾ ਹੈ। ਅਵੇਸਲੇਪਨ ਨਾਲ ਇਸਦਾ ਦੋ-ਤਿਹਾਈ ਹਿੱਸਾ ਵਗ ਜਾਂਦਾ ਹੈ। ਹਾਲੇ ਵੀ ਕੁਦਰਤੀ ਜਲ-ਕੁੰਡਾਂ ਅਤੇ ਜ਼ਮੀਨੀ ਰਿਸਾਅ ਨਾਲ ਖੁਦ-ਬਖੁਦ 14000 ਘਣ ਕਿ.ਮੀ. ਸੰਭਾਲ ਹੋ ਜਾਂਦਾ ਹੈ। ਪਰ ਕੀ ਭਵਿੱਖ ‘ਚ ਵੀ ਐਨਾ ਕੁ ਹੁੰਦਾ ਰਹੇਗਾ, ਮੌਜੂਦਾ ਸਥਿਤਿਆਂ/ਪ੍ਰਸਥਿਤੀਆਂ ਮੁਤਾਬਿਕ ਤਾਂ ਅਸੰਭਵ ਜਾਪਦਾ ਹੈ। ਕੀ ਵਰਖਾ ਦੀ ਮੌਜੂਦਾ ਦਰ ਵੀ ਜਾਰੀ ਰਹੇਗੀ? ਇਹ ਵੀ ਅਸੰਭਵ ਜਾਪਦੀ ਹੈ। ਮਨੁੱਖ ਵਲੋਂ ਖੁਦ-ਸਿਰਜੀ ਆਲਮੀ ਤਪਸ਼ ਨੇ ਮੌਸਮ ਗੜਬੜਾ ਦਿੱਤੇ ਹਨ। ਧਰਤੀ ਦਾ ਤਾਪਮਾਨ ਡੇਢ ਡਿਗਰੀ ਵੀ ਵਧ ਜਾਵੇ, ਤਦ ਮੀਂਹ ਪੈਣ ਦੀ ਸੰਭਾਵਨਾ 10% ਘਟ ਜਾਂਦੀ ਹੈ ਅਤੇ ਜਲ-ਵਹਿਣਾਂ ਦੇ ਵਹਾਅ ਵਿੱਚ 60% ਦੀ ਕਮੀ ਆ ਜਾਂਦੀ ਹੈ। ਠੀਕ ਹੈ, ਸਾਵੇਂ ਮੀਹਾਂ ਲਈ ਸਾਵੇਂ ਵਾਤਾਵਰਣ ਅਤੇ ਭਰਪੂਰ ਜੰਗਲਾਂ ਦੀ ਲੋੜ ਹੈ ਪਰ ਜਲ-ਸੰਕਟ ਦਾ ਹਕੀਕੀ-ਹੱਲ ਲੋਕ-ਪੱਖੀ ਨਿਜ਼ਾਮ ਅਤੇ ਸਾਦੀ ਜੀਵਨ-ਜਾਚ ਨਾਲ ਵੀ ਬੱਝਾ ਹੋਇਆ ਹੈ, ਇਹੀ ਉਹ ਗੱਲ ਹੈ ਜਿਹੜੀ ਬਹੁਤਿਆਂ ਦੇ ਪੱਲੇ ਨਹੀਂ ਪੈਂਦੀ।
        ਮੁਕਦੀ ਗੱਲ : ਕੁਦਰਤ, ਇੱਕ ਜਲ-ਚੱਕਰ ਦੇ ਰੂਪ ਵਿੱਚ ਸਾਨੂੰ ਪਾਣੀ ਦਿੰਦੀ ਹੈ। ਅਸੀਂ ਉਸ ਚੱਕਰ ਦਾ ਮਹੱਤਵਪੂਰਨ ਹਿੱਸਾ ਹਾਂ। ਇਸ ਚੱਕਰ ਨੂੰ ਚੱਲਦਾ ਰੱਖਣਾ ਸਾਡੀ ਜ਼ਿਮੇਵਾਰੀ ਹੈ। ਇਸ ਚੱਕਰ ਦਾ ਰੁਕ ਜਾਣਾ ਜੀਵਨ ਦਾ ਅੰਤ ਹੈ। ਪਾਣੀ 100 ਫੀਸਦੀ ਕੁਦਰਤੀ ਨਿਆਮਤ ਹੈ। ਇਹ ਬਣਾਇਆ ਨਹੀਂ ਜਾ ਸਕਦਾ। ਇਸਦੀ ਸੰਜਮੀ ਵਰਤੋਂ ਕੀਤੀ ਜਾ ਸਕਦੀ ਹੈ। ਇਹ ਸ਼ੁੱਧ ਰੱਖਿਆ ਜਾ ਸਕਦਾ ਹੈ, ਬਚਾਇਆ ਜਾ ਸਕਦਾ ਹੈ ਅਤੇ ਰੀ-ਚਾਰਜ ਕੀਤਾ ਜਾ ਸਕਦਾ ਹੈ।
ਸੰਪਰਕ : 94634-39075


ਜੰਗਲਾਂ ਦੇ ਪ੍ਰਸੰਗ ’ਚ ਪੰਜਾਬ ਦੀ ਹਾਲਤ ਤਰਸ ਵਾਲੀ - ਵਿਜੈ ਬੰਬੇਲੀ

ਫਰੀਦਕੋਟ ਖੰਡ ਮਿੱਲ ਦੇ ਬਹਾਨੇ ਹੀ ਸਹੀ, ਜੰਗਲ ਦੀ ਗੱਲ ਤਾਂ ਤੁਰੀ। ਜੰਗਲ ਸਾਡੀ ਵਿਰਾਸਤ ਹਨ। ਇਹ ਸਾਡੀ ਸਾਹਰਗ ਹੀ ਨਹੀਂ, ਇਹ ਮਿੱਟੀ, ਮੀਂਹ ਅਤੇ ਸਾਵੇਂ ਵਾਤਾਵਰਨ ਦੇ ਵੀ ਪੂਰਕ ਹਨ। ਪੌਦ ਅਤੇ ਜੀਵ ਵੰਨ-ਸਵੰਨਤਾ ਜਿਹੜੀ ਸਾਵੀਂ ਜਿ਼ੰਦਗੀ ਮਾਣਨ ਲਈ ਬੇਹੱਦ ਜ਼ਰੂਰੀ ਹੈ, ਜੰਗਲਾਂ ਬਿਨਾ ਚਿਤਵੀ ਨਹੀਂ ਜਾ ਸਕਦੀ। ਭਾਰਤ ਦੇ ਆਲ੍ਹਾ ਜੰਗਲਾਤ ਅਫਸਰ ਜਨਰਲ ਨਰੈਣ ਬਚਖੇਤੀ ਨੇ ਅੱਧੀ ਸਦੀ ਪਹਿਲਾ ਹੀ ਚਿਤਾਵਨੀ ਦੇ ਦਿਤੀ ਸੀ, “ਮਨੁੱਖੀ ਵਿਕਾਸ ਵਿਚ ਸਿਆਣਿਆਂ ਨੇ ਤਿੰਨ ਪੜਾਅ ਮੰਨੇ ਹਨ। ਜੰਗਲ ਪ੍ਰਧਾਨ ਸੱਭਿਅਤਾਵਾਂ ਦਾ ਦੌਰ, ਜੰਗਲ ਉੱਪਰ ਕਾਬੂ ਪਾ ਰਹੀਆਂ ਸੱਭਿਆਤਾਵਾਂ ਦਾ ਦੌਰ ਅਤੇ ਉਹ ਸੱਭਿਆਤਾਵਾਂ ਜਿਹੜੀਆਂ ਜੰਗਲਾਂ ਉੱਤੇ ਪੂਰੀ ਤਰ੍ਹਾਂ ਹਾਵੀ ਹੋ ਚੁੱਕੀਆਂ ਹਨ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡਾ ਦੇਸ਼ ਤੀਜੇ ਪੜਾਅ ਵਿਚੋਂ ਲੰਘ ਰਿਹਾ ਹੈ। ਮਾਰੇ ਜਾਵਾਗੇਂ ਅਸੀਂ।”
      ਮੌਜੂਦਾ ਸਰਾਪੇ ਸਮਿਆਂ ਵਿਚ ਕਰੋਨਾ ਸਮੇਤ ਜਿਨ੍ਹਾਂ ਹੋਰ ਕਈ ਤ੍ਰਾਸਦੀਆਂ ਦੀ ਗੱਲ ਤੁਰਦੀ ਹੈ, ਆਕਸੀਜਨ ਉਨ੍ਹਾਂ ਵਿਚੋਂ ਇੱਕ ਹੈ। ਸ਼ੁਧ ਹਵਾ/ਆਕਸੀਜਨ ਦਾ ਇੱਕੋ-ਇੱਕ ਭਰੋਸੇਮੰਦ ਸ੍ਰੋਤ ਰੁੱਖ ਹਨ। ਬਨਸਪਤ ਵਿਗਿਆਨੀਆਂ ਅਨੁਸਾਰ ਰਵਾਇਤੀ ਦਰੱਖਤ ਦੀ ਉਮਰ 65 ਵਰ੍ਹੇ ਹੈ, ਕਰੀਬ ਬੰਦੇ ਦੀ ਔਸਤ ਉਮਰ ਜਿੰਨੀ। ਜੇ ਮਨੁੱਖ ਦੇ ਵਿਚਰਨ ਸਥਾਨ ਦੁਆਲੇ 10 ਦਰੱਖਤ ਲੱਗੇ ਹੋਣ, ਤਦ ਉਸ ਦੀ ਉਮਰ 7 ਵਰ੍ਹੇ ਹੋਰ ਵਧ ਜਾਂਦੀ ਹੈ। ਇਹੀ ਨਹੀਂ, ਇੱਕ ਦਰੱਖਤ ਸਾਲਾਨਾ 20 ਟਨ ਜ਼ਹਿਰੀਲੀਆਂ ਗੈਸਾਂ ਹਜ਼ਮ ਕਰ ਲੈਂਦਾ ਹੈ, ਹੋਰ ਲਾਭ ਵੱਖਰੇ। ਸਾਡੇ ਵਿਚੋਂ ਬਹੁਤਿਆਂ ਨੂੰ ਨਹੀਂ ਪਤਾ ਕਿ ਇੱਕ ਰੁੱਖ ਸਾਲਾਨਾ 700 ਕਿਲੋ ਆਕਸੀਜਨ (ਇੱਕ ਸਿਲੰਡਰ ਵਿਚ 9 ਕਿਲੋ/50.7 ਪੌਂਡ ਗੈਸ ਹੁੰਦੀ ਹੈ) ਦਿੰਦਾ ਹੈ, ਉਹ ਵੀ ਮੁਫਤੋ-ਮੁਫਤ। ਕਿਸੇ ਵਿਰਲੇ ਨੂੰ ਹੀ ਪਤਾ ਹੋਵੇਗਾ ਕਿ ਮਨੁੱਖ ਨੂੰ ਤਾਉਮਰ 16 ਭਰਪੂਰ ਰੁੱਖਾਂ ਵੱਲੋਂ ਛੱਡੀ ਆਕਸੀਜਨ ਜਿੰਨੀ ਲੋੜ ਪੈਂਦੀ ਹੈ; ਭਾਵ ਤਿੰਨ ਸਿਲੰਡਰ ਰੋਜ਼ਾਨਾ। ਮੌਜੂਦਾ ਸਮੇਂ ਸਿਲੰਡਰ ਗੈਸ ਦੀ ਔਸਤਨ ਕੀਮਤ 650 ਰੁਪਏ ਹੈ, ਲਾਓ ਹਿਸਾਬ!
      135 ਏਕੜ ਰਕਬੇ ਵਾਲੀ ਬੰਦ ਪਈ ਫਰੀਦਕੋਟ ਖੰਡ ਮਿੱਲ ਜਿਸ ਦੀ ਮਸ਼ੀਨਰੀ ਅਤੇ ਹੋਰ ਅਸਾਸੇ ਨਕਾਰਾ ਹੋਣ ਤੋਂ ਕਿਤੇ ਪਹਿਲਾਂ ਹੀ ਸੰਨ 2006 ਵਿਚ ਸ਼ਿਫਟ ਜਾਂ ਵੇਚ-ਵੱਟ ਲਏ ਸਨ, ਵਿਚ ਕੁਦਰਤੀ ਪ੍ਰਫੁਲਤ ਹੋਏ ਕਰੀਬ ਦਹਿ-ਹਜ਼ਾਰ ਰੁੱਖਾਂ ਦਾ ਮਹਿਜ਼ 67 ਲੱਖ ਮੁੱਲ ਵੱਟ ਕੇ ‘ਖਜ਼ਾਨਾ ਭਰਪੂਰ ਕਰਨ ਦਾ ਕ੍ਰਿਸ਼ਮਾ’ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਉਥੇ ਛੋਟੇ-ਵੱਡੇ 40 ਹਜ਼ਾਰ ਦੇ ਕਰੀਬ ਦਰੱਖਤ ਹਨ, ਇਸ ਹਿਸਾਬ ਨਾਲ ਇਕ ਰੁੱਖ ਦੀ ਕੀਮਤ 167 ਰੁਪਏ ਰੁਪਏ ਬਣਦੀ ਹੈ। ਇਹੀ ਨਹੀਂ, ਜੇ ਉਥੇ ਵਿਚਰਦੇ ਬਹੁ-ਭਾਂਤੀ ਅਤੇ ਦੁਰਲੱਭ ਮਿੱਤਰ ਪੰਛੀ-ਜਨੌਰਾਂ ਦੇ ਬੇਅੰਤ ਲਾਭਾਂ ਦੀ ਗੱਲ ਨਾ ਵੀ ਛੇੜੀਏ, ਤਦ ਵੀ ਇੱਕ ਰਵਾਇਤੀ ਰੁੱਖ 50 ਸਾਲਾਂ ਵਿਚ 25 ਲੱਖ ਦੀ ਆਕਸੀਜਨ ਦੇ ਦਿੰਦਾ ਹੈ। ਭਲਾ ਕਿੰਨੇ ਕੁ ਵੱਟੇ ਅਸੀਂ ਦਰੱਖਤਾਂ ਦੇ? ਜੰਗਲਾਂ ਵੱਲੋਂ ਤਾਂ ਸਾਡਾ ਹੱਥ ਪਹਿਲਾਂ ਹੀ ਬੜਾ ਤੰਗ ਹੈ, ਕਿਵੇਂ, ਲਓ ਸੁਣੋ :
      ਵਾਤਾਵਰਨ ਮਾਹਿਰਾਂ ਅਨੁਸਾਰ ਸਾਵੀਂ ਪੱਧਰੀ ਜ਼ਿੰਦਗੀ ਲਈ ਕਰੀਬ 33% ਭੂਮੀ ਜੰਗਲਾਂ ਹੇਠ ਹੋਣੀ ਚਾਹੀਦੀ ਹੈ। ਕੇਂਦਰੀ ਵਣ ਲਗਾਊ ਕਮਿਸ਼ਨ, ਨੈਸ਼ਨਲ ਰੀਮੋਟ ਸੈਸਿੰਗ ਏਜੰਸੀ ਅਤੇ ਭਾਰਤ ਸਰਕਾਰ ਦੇ ਇੱਕ ਵਣ-ਸਰਵੇਖਣ ਮੁਤਾਬਿਕ ਇਹ ਅੱਧਾ (16.7%) ਹੈ ਪਰ ਕੁਝ ਗੈਰ-ਸਰਕਾਰੀ ਸੰਸਥਾਵਾਂ ਇਸ ਅੰਕੜੇ ਨੂੰ ਵੀ ਚੁਣੋਤੀ ਦਿੰਦੀਆਂ ਹਨ। ਇਸ ਪ੍ਰਸੰਗ ਵਿਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ ਹੈ। ਜਿੱਥੇ ‘ਜੰਗਲ’ ਦੀ ਪਰਿਭਾਸ਼ਾ ਅਨੁਸਾਰ ਤਾਂ ਕਰੀਬ ਕਰੀਬ ਜੰਗਲ ਰਹੇ ਹੀ ਨਹੀਂ, ਭਾਵੇਂ ਜੰਗਲਾਂ ਦੇ ਪ੍ਰਸੰਗ ਵਿਚ ਸਮੁੱਚੇ ਭਾਰਤ ਦੀ ਹਾਲਤ ਵੀ ਤਸੱਲੀ ਬਖ਼ਸ਼ ਨਹੀਂ ਕਹੀ ਜਾ ਸਕਦੀ ਪਰ ਪੰਜਾਬ ਦੀ ਹਾਲਤ ਮਾੜਾ ਹੀ ਹੈ। ਬਹੁਤੇ ਸੰਘਣੇ ਜੰਗਲਾਂ ਵਿਚ ਅਜਿਹੇ ਵਣ ਆਉਂਦੇ ਹਨ ਜਿੱਥੇ ਬਿਰਖਾਂ ਦਾ ਸੰਘਣਾਪਨ 70% ਤੋਂ ਵੱਧ ਹੈ। ਇਸ ਤੋਂ ਬਾਅਦ ਦਰਮਿਆਨੇ ਸੰਘਣੇ ਜੰਗਲ ਆਉਂਦੇ ਹਨ ਜਿਨ੍ਹਾਂ ਵਿਚ ਬਿਰਖਾਂ ਦਾ ਸੰਘਣਾਪਨ 40 ਤੋਂ 70% ਹੁੰਦਾ ਹੈ। ਖੁੱਲ੍ਹੇ ਜੰਗਲਾਂ ਦਾ ਸੰਘਣਾਪਨ 10-40% ਹੁੰਦਾ ਹੈ। ਝਾੜੀਆਂ ਵਿਚ ਅਜਿਹੇ ਵਣ ਖੇਤਰ ਆਉਂਦੇ ਹਨ ਜਿੱਥੇ ਵਣਭੂਮੀ ਵਿਚ ਰੁੱਖਾਂ ਦੀ ਪੈਦਾਵਾਰ ਬਹੁਤ ਕਮਜ਼ੋਰ ਹੁੰਦੀ ਹੈ ਅਤੇ ਸੰਘਣਾਪਨ ਸਿਰਫ 10 ਫ਼ੀਸਦੀ ਤੱਕ ਹੀ ਹੁੰਦਾ ਹੈ। ਜੰਗਲ ਦਾ ਅਰਥ ਘਾਹ ਤੋਂ ਲੈ ਕੇ ਵਿਸ਼ਾਲ ਬ੍ਰਿਛ ਸਮੇਤ ਵੰਨ-ਸਵੰਨੇ ਜੀਵ-ਜੰਤੂ ਹੁੰਦਾ ਹੈ। ਪੰਜਾਬ ਦੇ ਕੁੱਲ 50362 ਵਰਗ ਕਿਲੋਮੀਟਰ ਖੇਤਰਫਲ ਵਿਚੋਂ ਸਿਰਫ਼ 2868 ਵਰਗ ਕਿਲੋਮੀਟਰ ਰਕਬਾ ਹੀ ‘ਜੰਗਲਾਂ’ ਹੇਠ ਹੈ। ਇਹ ਜੰਗਲੀ ਖੇਤਰ ਵੀ ਕਰੀਬ ਝਾੜੀ-ਨੁਮਾ ਹੈ।
     ਪੰਜਾਬ ਅਜਿਹੇ ਝਾੜੀ-ਬਿਰਖਾਂ ਵਾਲੇ ਸੋਮਿਆ (10% ਸੰਘਣਤਾ) ਨੂੰ ਹੀ ਜੰਗਲ ਮੰਨੀ ਬੈਠਾ ਹੈ। ਉਂਜ, ਪੰਜਾਬ ਵਣ ਕੈਟਾਗਰੀ ਅਨੁਸਾਰ 4336 ਹੈਕਟੇਅਰ ਰਿਜ਼ਰਵ ਫੌਰੈਸਟ ਅਧੀਨ, 41680 ਹੈਕਟੇਅਰ ਪਰੋਟੈਕਟਿਡ, 73612 ਹੈਕਟੇਅਰ ਸਟਰਿਪ ਅਤੇ 18222 ਹੈਕਟੇਅਰ ਅਨਕਲਾਸ ਫੌਰੈਸਟ ਰਕਬਾ ‘ਦਰਸਾਇਆ’ ਗਿਆ ਹੈ। ਪੰਜਾਬ ਲੈਂਡ ਪਰੀਜਰਵੇਸ਼ਨ ਐਕਟ 1900, ਸੈਕਸ਼ਨ 38 ਇੰਡੀਅਨ ਫੌਰੈਸਟ ਐਕਟ 1927 ਆਦਿ ਵਿਚ 1,67,320 ਹੈਕਟੇਅਰ ਰਕਬਾ ਸਰਕਾਰੀ ਕਾਗਜ਼ਾਂ ਵਿਚ ‘ਘਿਰਿਆ’ ਹੋਇਆ ਹੈ। ਅਜਿਹਾ ਕਿਉਂ? ਉੱਤਰ ਭਾਵੇਂ ਜੰਗਲਾਤ ਵਿਭਾਗ/ਸਰਕਾਰ ਕੋਲ ਹੈ ਪਰ ਜਵਾਬ ਦੇਣ ਤੋਂ ਪਹਿਲਾਂ ਤਿੱਖੇ ਮੁਲੰਕਣ ਦੀ ਲੋੜ ਹੈ। ਪੰਜਾਬ ਵਿਚ ਸਿਰਫ 5.7% ਹਿੱਸਾ ਹੀ ਜੰਗਲਾਂ ਹੇਠ ਹੈ ਜਿਹੜਾ ਜ਼ਰੂਰੀ 33% ਦਾ ਛੇਵਾਂ ਹਿੱਸਾ ਬਣਦਾ ਹੈ। ਭਾਰਤ ਦੀ ਵਣ ਹਾਲਤ ਰਿਪੋਰਟ ਅਨੁਸਾਰ ਦੇਸ਼ ਵਿਚ 67.71% ਕਰੋੜ ਹੈਕਟੇਅਰ ਵਣ ਖੇਤਰ ਹੈ ਜਿਹੜਾ ਦੇਸ਼ ਦੇ ਕੁੱਲ ਭੂਗੋਲਿਕ ਖੇਤਰ ਦਾ 20.60% ਹੈ। ਇਸ ਵਿਚ 5.46 ਕਰੋੜ ਹੈਕਟੇਅਰ (1.66%) ਖੇਤਰ ਵਿਚ ਸੰਘਣੇ ਜੰਗਲ, 33.26 ਕਰੋੜ ਹੈਕਟੇਅਰ ਖੇਤਰ (10.12%) ਵਿਚ ਦਰਿਮਿਆਨੇ ਸੰਘਣੇ ਜੰਗਲ ਅਤੇ ਬਾਕੀ 28.99 ਕਰੋੜ ਹੈਕਟੇਅਰ (8.82%) ਵਿਚ ਹੋਰ ਵਣ ਸ਼ਾਮਿਲ ਹਨ। ਇਨ੍ਹਾਂ ਵਿਚ 0.44 ਕਰੋੜ ਹੈਕਟੇਅਰ ਮਨੁੱਖ ਦੁਆਰਾ ਉਗਾਏ ਜੰਗਲ ਵੀ ਸ਼ਾਮਿਲ ਹਨ ਪਰ ਪੰਜਾਬ ਕਿਧਰੇ ਨਹੀਂ ਰੜਕਦਾ।
        1966 ਵਿਚ ਰਾਜਾਂ ਦੇ ਪੁਨਰਗਠਨ ਸਦਕਾ ਪੰਜਾਬ ਕੋਲੋਂ ਬਹੁਤ ਸਾਰੇ ਜੰਗਲ ਖੁੱਸ ਗਏ। ਆਲਮੀ ਵਣ ਨੀਤੀ ਅਨੁਸਾਰ ਕੁੱਲ ਰਕਬੇ ਦਾ ਤੀਜਾ ਹਿੱਸਾ ਜੰਗਲਾਂ ਹੇਠਾਂ ਹੋਣਾ ਚਾਹੀਦਾ ਹੈ। ਪੰਜਾਬ ਵਿਚ ਇਹ ਸਿਰਫ 20ਵਾਂ ਹੈ। ਜੀਅ ਪ੍ਰਤੀ ਆਧਾਰ ਤੇ ਭਾਰਤ ਵਿਚ 0.15 ਹੈਕਟੇਅਰ ਜੰਗਲ ਹਨ, ਪੰਜਾਬ ਵਿਚ ਇਹ ਹਿੰਦਸਾ ਸਿਰਫ 0.01 ਹੈਕਟੇਅਰ ਹੈ। ਬਿਨਾਂ ਸ਼ੱਕ, ਅਸੀਂ ਖੇਤੀਬਾੜੀ ਵਿਚ ਬੜੀ ‘ਤਰੱਕੀ’ ਕੀਤੀ ਹੈ, ਪੰਜਾਬ ਸਮੁੱਚੇ ਖੇਤਰਫਲ ਦਾ 1.54% ਹੈ, ਫਿਰ ਵੀ ਇਸ ਨੇ ਦੇਸ਼ ਨੂੰ ਕਰੀਬ 60 ਫ਼ੀਸਦੀ ਅਨਾਜ ਦੇ ਕੇ ਸ਼ਕਤੀਸ਼ਾਲੀ ਖੇਤੀ ਜੁਗਾੜ ਦਾ ਸਬੂਤ ਦਿੱਤਾ ਹੈ ਪਰ ਇਸ ਵਿਕਾਸ ਨੇ ਸਾਡੇ ਸਮੁੱਚੇ ਵਾਤਾਵਰਨ ਵਿਚ ਉਲਾਰ ਹਾਲਤ ਪੈਦਾ ਕਰ ਦਿੱਤੀ ਹੈ। ਨਿੱਤ ਨਵੀਆਂ ਸਮੱਸਿਆਵਾਂ ਸਾਡੀ ਖੇਤੀ ਨੂੰ ਘੇਰ ਰਹੀਆਂ ਹਨ। ਭੌਂ ਵਿਗਾੜ, ਅਸਾਵੀਂ ਵਰਖਾ, ਜਲ ਸੰਕਟ, ਦੂਸ਼ਿਤ ਵਾਤਾਵਰਨ ਆਦਿ ਬਿਪਤਾਵਾਂ ਨੇ ਸਾਡੇ ਕੁਦਰਤੀ ਸਮਤੋਲ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਹੈ। ਕਾਰਨ ? ਪੰਜਾਬ ਵਿਚ ਦਰੱਖਤ ਤੇਜ਼ੀ ਨਾਲ ਘਟ ਰਹੇ ਹਨ, ਖਾਸ ਕਰ ਕੇ ਰਵਾਇਤੀ ਦਰੱਖਤ।
         ਪੰਜਾਬ ਦੇ ਪ੍ਰਸੰਗ ਵਿਚ ਜੰਗਲਾਤ ਨੀਤੀ ਦਰੁਸਤ ਕਰਨ ਦੀ ਲੋੜ ਹੈ। ਸਿਰਫ਼ ਰੁੱਖ ਲਾ ਦੇਣਾ ਹੱਲ ਨਹੀਂ, ਜੰਗਲਾਂ ਦੀ ਮੂਲ ਮਾਂ, ਭੂਮੀ ਤੇ ਜਲ ਸੰਭਾਲ ਵੱਲ ਵੀ ਤਵੱਜੋ ਦੇਣੀ ਪਵੇਗੀ। ‘ਪਹਿਲਾਂ ਮਿੱਟੀ ਤੇ ਪਾਣੀ, ਫਿਰ ਹੀ ਬਨਸਪਤੀ ਉਪਰੰਤ ਜੀਵਕਾ’। 1985-86 ਵਿਚ 2,82,296 ਹੈਕਟੇਅਰ ਭੂਮੀ ਜੰਗਲਾਂ ਹੇਠ ਸੀ, 1988-89 ਵਿਚ ਇਹ ਘਟ ਕੇ 2,64,237 ਹੈਕਟੇਅਰ ਰਹਿ ਗਈ। ਪੰਜਾਬ ਦੀ ਵਿਸ਼ੇਸ਼ ਭੂਗੋਲਿਕ ਹਾਲਤ ਅਤੇ ਖੇਤੀਬਾੜੀ ਪ੍ਰਮੁੱਖਤਾ ਕਾਰਨ ਇੱਥੇ ਭਾਵੇਂ ਉਸ ਰੂਪ ਵਿਚ ਜੰਗਲ ਨਹੀਂ ਚਿਤਵੇ ਜਾ ਸਕਦੇ ਜਿਵੇਂ ਹੋਣੇ ਚਾਹੀਦੇ ਹਨ ਪਰ ਮਹਿਜ਼ ਇਸੇ ਆੜ ਹੇਠ ਕੁਦਰਤੀ ਸਮਤੋਲ ਅਤੇ ਮਨੁੱਖ ਪ੍ਰਤੀ ਜ਼ਿੰਮੇਵਾਰੀ ਤੋਂ ਭੱਜਿਆ ਨਹੀਂ ਜਾ ਸਕਦਾ। ਪੰਜਾਬ ਵਿਚ ਸਿਰਫ ਜੰਗਲਾਤ ਵਿਭਾਗ ਉਪਰ ਹੀ ਨਿਰਭਰ ਹੋ ਕੇ ਵੀ ਨਹੀਂ ਸਰਨਾ, ਭਰਾਤਰੀ ਮਹਿਕਮੇ ਬਾਗਬਾਨੀ, ਖੇਤੀਬਾੜੀ, ਵਿਸ਼ੇਸ਼ ਕਰ ਕੇ ਭੂਮੀ ਤੇ ਜਲ ਸੰਭਾਲ ਸਮੇਤ ਲੋਕਾਂ ਦੀ ਸ਼ਮੂਲੀਅਤ ਅਤੇ ਭਰੋਸਾ ਜਿੱਤ ਕੇ ਤੁਰਨਾ ਪਵੇਗਾ, ਤਦ ਹੀ ਢੁਕਵੇਂ ਸਿੱਟੇ ਕੱਢੇ ਜਾ ਸਕਦੇ ਹਨ। ਲੋਅਰ ਸ਼ਿਵਾਲਕ ਅਤੇ ਕੰਢੀ ਖੇਤਰ ਵਿਚ ਉੱਥੋਂ ਦੇ ਬਾਸ਼ਿੰਦਿਆਂ ਅਤੇ ਕੁਦਰਤੀ ਸੋਮਿਆਂ ਨਾਲ ਸਬੰਧਿਤ ਭਰਾਤਰੀ ਮਹਿਕਮਿਆਂ ਨੂੰ ਨਾਲ ਲੈ ਕੇ ਨਾ ਚੱਲਣ ਦੀ ਜੰਗਲਾਤ ਵਿਭਾਗ ਦੀ ਅਚੇਤ-ਸੁਚੇਤ ਨੀਤੀ ਕਾਰਨ ਵੀ ਅਜਿਹੀ ਦੁਰਦਸ਼ਾ ਹੋਈ ਹੈ। ਜੰਗਲਾਤ ਨਿਯਮਾਂ ਨੂੰ ‘ਥਾਣੇਦਾਰੀ ਤਰਜ਼’ ਨਾਲ ਨਹੀਂ ਸਗੋਂ ਉਸ ਦੀ ਮੂਲ ਭਾਵਨਾ ਅਨੁਸਾਰ ਲਾਗੂ ਕਰਨ ਦੀ ਲੋੜ ਹੈ। ਭੂਮੀ ਅਤੇ ਜਲ ਸੰਭਾਲ ਵਰਗੇ ਕੁਦਰਤੀ ਸਰੋਤਾਂ ਨਾਲ ਜੁੜੇ ਹੋਏ ਮਹਿਕਮਿਆਂ ਦੇ ਕਾਰਜ ਪਹਾੜੀ ਖਿੱਤਿਆਂ ਵਿਚ ਖਾਸ ਰੋਲ ਅਦਾ ਕਰ ਸਕਦੇ ਹਨ।
         ਪੰਜਾਬ ਜਿਸ ਦਾ ਮੈਦਾਨੀ ਇਲਾਕਾ ਸੰਘਣੀ ਖੇਤੀ ਹੇਠ ਹੈ, ਦੇ ਪਹਾੜੀ ਖਿੱਤੇ ਉੱਤੇ ਧਿਆਨ ਇਕਾਗਰ ਕਰਨਾ ਹੋਰ ਵੀ ਜ਼ਰੂਰੀ ਹੈ। ਰਾਸ਼ਟਰੀ ਵਣ ਨੀਤੀ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਦੇਸ਼ ਦੇ ਪਹਾੜੀ ਖੇਤਰਾਂ ਵਿਚ ਦੋ ਤਿਹਾਈ ਭੂਗੋਲਿਕ ਖੇਤਰ ਜੰਗਲਾਂ ਹੇਠ ਹੋਣ। ਪੰਜਾਬ ਦੇ ਪਹਾੜੀ ਖਿੱਤਿਆਂ ਦੀ ਭੈੜੀ ਹਾਲਤ ਨੂੰ ਛੱਡ ਕੇ ਦੇਸ਼ ਦੇ ਬਾਕੀ ਪਹਾੜੀ ਅਤੇ ਜੰਗਲੀ ਖੇਤਰਾਂ ਵਿਚ ਹਾਲਤ ਕੁਝ ਤਸੱਲੀ ਬਖ਼ਸ਼ ਹੈ। ਦਰਅਸਲ ਪਹਾੜਾਂ ਰਾਹੀ ਅਸੀਂ ਕੁਲ ਰਕਬੇ ਵਿਚ ਤੀਜਾ ਹਿੱਸਾ ਜੰਗਲ ਜ਼ਰੂਰ ਹੋਣ ਦਾ ਨਿਸ਼ਾਨਾ ਪੂਰਾ ਕਰ ਸਕਦੇ ਹਾਂ। ਪਹਾੜੀ ਖੇਤਰਾਂ ਵਿਚ ਵਣਾਂ ਦਾ ਹੋਣਾ ਵਾਤਾਵਰਨ ਸੰਤੁਲਨ (ਇਕੋਲੋਜੀਕਲ ਬੈਲੈਂਸ) ਅਤੇ ਵਾਤਾਵਰਨ ਸਥਿਰਤਾ ਦੀ ਦ੍ਰਿਸ਼ਟੀ ਤੋਂ ਵੀ ਲਾਹੇਵੰਦ ਹੈ। ਇਸ ਨਾਲ ਭੌਂ-ਖੋਰ, ਜਲ ਸੰਕਟ ਅਤੇ ਜ਼ਮੀਨ ਦੀ ਗੁਣ-ਗਿਰਾਵਟ ਰੋਕਣ ਅਤੇ ਜਲ ਸੋਮੇ ਤੇ ਜਲ-ਤਲ ਦੀ ਸਥਿਰਤਾ ਰਹਿੰਦੀ ਹੈ ਅਤੇ ਇਹ ਜਨੌਰਾਂ, ਵਰਖਾ ਅਤੇ ਆਲਮੀ ਤਪਸ਼ ਦੇ ਮਾਮਲੇ ਵਿਚ ਬੇਹੱਦ ਲਾਹੇਵੰਦ ਹੈ। ਜੇ ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਮੁੜ-ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ, ਸ਼ੁਧ ਹਵਾ ਅਤੇ ਸਾਵੇਂ ਵਾਤਾਵਰਨ ਦਾ ਸਸਤਾ ਅਤੇ ਢੁੱਕਵਾਂ ਹੱਲ ਇਹੀ ਹੈ।
     ਮੁੱਕਦੀ ਗੱਲ : ਸਿਰ ਜੋੜ ਕੇ ਬੈਠਣ ਅਤੇ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਹੱਲ ਸੰਭਵ ਹੈ। ਪਹਾੜਾਂ ਵੱਲ ਧਿਆਨ ਦਿਓ ਪਰ ਮੈਦਾਨੀ ਜੰਗਲ ਬਿਲਕੁਲ ਨਾ ਉਜਾੜੋ, ਇਸੇ ਵਿਚ ਹੀ ਸਾਡਾ ਸਭ ਦਾ ਭਲਾ ਲੁਕਿਆ ਹੋਇਆ ਹੈ। ਫਰੀਦਕੋਟ ਨਿਵਾਸੀਆਂ ਨੂੰ ਸਲਾਮ, ਜਿਨ੍ਹਾਂ ਦੀ ਬਦੌਲਤ ਜੰਗਲਾਂ ਦੀ ਗੱਲ ਤੁਰੀ। ਇਹ ਕਿਤੇ ਪਹਿਲਾਂ ਤੁਰਨੀ ਚਾਹੀਦੀ ਸੀ, ਕਰੋਨਾ ਦੌਰ ਤੋਂ ਤਾਂ ਕਿਤੇ ਪਹਿਲਾਂ, ਬੜੀ ਦੇਰ ਕਰ ਦਿੱਤੀ ਅਸਾਂ।
ਸੰਪਰਕ : 94634-39075

ਨੰਦੀਗ੍ਰਾਮ ਦੇ ਸਮਾਜ ਦਾ ਸਵਰਾਜ - ਵਿਜੈ ਬੰਬੇਲੀ

ਕਿਸਾਨ ਅੰਦੋਲਨ ਕਾਰਨ ਨੰਦੀਗ੍ਰਾਮ ਅੱਜਕੱਲ੍ਹ ਬੜੀ ਚਰਚਾ ਵਿਚ ਹੈ। 2007 ਵਿਚ ਵੀ ਇਹ ਚਰਚਾ ’ਚ ਸੀ। ਨੰਦੀਗ੍ਰਾਮ ਦੇ ਕਿਸਾਨਾਂ ਨੇ 1857 ਵਿਚ ਈਸਟ ਇੰਡੀਆ ਕੰਪਨੀ ਖਿਲਾਫ਼ ਕੁਝ ਇਸੇ ਤਰ੍ਹਾਂ ਦੀ ਲੜਾਈ ਲੜੀ ਸੀ। ਦੇਖਿਆ ਜਾਏ ਤਾਂ 2007 ਦੇ ਅੰਦੋਲਨ ਰਾਹੀਂ ਪਹਿਲੇ ਆਜ਼ਾਦੀ ਸੰਗਰਾਮ ਦੀ 150ਵੀਂ ਵਰ੍ਹੇਗੰਢ ਸਹੀ ਅਰਥਾਂ ਵਿਚ ਨੰਦੀਗ੍ਰਾਮ ਦੇ ਕਿਸਾਨਾਂ ਨੇ ਹੀ ਮਨਾਈ ਸੀ। ਬੰਗਾਲ ਵਿਚ ਪਏ ਇਤਿਹਾਸਕ ਕਾਲ ਤੋਂ ਬਾਅਦ ਉੱਥੇ ਜ਼ਮੀਨੀ ਹੱਕ ਲਈ ਸ਼ੁਰੂ ਹੋਏ ‘ਤੇਭਾਗਾ’ ਅੰਦੋਲਨ ਦਾ ਵੀ ਕੇਂਦਰ ਨੰਦੀਗ੍ਰਾਮ ਹੀ ਰਿਹਾ ਹੈ।
      ਪੱਛਮੀ ਬੰਗਾਲ ਦੇ ਇਕ ਖੂੰਜੇ ਵਿਚ ਗੰਗਾ ਦੇ ਮੁਹਾਣੇ ਉੱਤੇ ਵਸਿਆ ਨੰਦੀਗ੍ਰਾਮ ਛੋਟਾ ਜਿਹਾ ਪਿੰਡ ਪਿਛਲੇਰੇ ਵਰ੍ਹੇ ਦੇ ਸ਼ੁਰੂ ਵਿਚ ਦੇਸ਼ ਦੀ ਚਿੰਤਾ ਹੀ ਨਹੀਂ, ਦੇਸ਼ ਦੇ ਚਿੰਤਨ ਦਾ ਵੀ ਇਕ ਵੱਡਾ ਹਿੱਸਾ ਬਣ ਗਿਆ। ਹੋਇਆ ਇਹ ਕਿ ਨੰਦੀਗ੍ਰਾਮ ਦੀ ਆਲ੍ਹਾ ਉਪਜਾਊ ਜ਼ਮੀਨ ਦੀ ‘ਸੇਜ਼’ ਲਈ ਨਿਸ਼ਾਨਦੇਹੀ ਕੀਤੀ ਗਈ ਸੀ। ‘ਸੇਜ਼’ ਯਾਨੀ ਸਪੈਸ਼ਲ ਇਕਨਾਮਿਕ ਜ਼ੋਨ (ਐਸਈਜ਼ੈੱਡ) ਯਾਨੀ ਖਾਸ ਆਰਥਿਕ ਖੇਤਰ। ਇਸ ਖਾਸ ਆਰਥਿਕ ਖੇਤਰ ਦਾ ਜਨਮ 2006 ਵਿਚ ਸੇਜ਼ ਕਾਨੂੰਨ 2005 ਹੇਠ ਹੋਇਆ ਸੀ। ਇਹ ਕਾਨੂੰਨ ਸਰਕਾਰ ਨੂੰ ਇਸ ਗੱਲ ਦੀ ਛੋਟ ਦਿੰਦਾ ਹੈ ਕਿ ਉਹ ਕਿਸਾਨਾਂ ਦੀ ਜ਼ਮੀਨ ਹਾਸਲ ਕਰਕੇ ਸਨਅਤਾਂ ਨੂੰ ਦੇ ਸਕੇ। ਇਹ ਖੇਤਰ ਪੂਰੀ ਤਰ੍ਹਾਂ ਟੈਕਸ ਮੁਕਤ ਹੋਵੇਗਾ। ਇਹ ਮੁਕਤੀ ਕਿਸ ਤੋਂ? ਇਹੋ ਕਿ ਇੱਥੇ ਕੋਈ ਵੀ ਸਰਕਾਰੀ ਕਾਨੂੰਨ ਲਾਗੂ ਨਹੀਂ ਹੋਵੇਗਾ। ਨਾ ਭੂਮੀ ਕਾਨੂੰਨ, ਨਾ ਆਲਾ-ਦੁਆਲਾ ਕਾਨੂੰਨ, ਨਾ ਮਜ਼ਦੂਰੀ ਕਾਨੂੰਨ ਅਤੇ ਨਾ ਪੰਚਾਇਤੀ ਰਾਜ ਜਿਹਾ ਕਾਨੂੰਨ ਹੀ। ਯਾਨੀ ਇਹ ਖੇਤਰ ਸਾਡੇ ਦੇਸ਼ ਵਿਚ ਹੁੰਦਿਆਂ ਵੀ ਸਾਡੇ ਪ੍ਰਬੰਧ ਤੋਂ ਬਾਹਰ ਹੋਵੇਗਾ।
      ਨੰਦੀਗ੍ਰਾਮ ਵਿਚ ਕਿਸਾਨਾਂ ਦੀ ਉਪਜਾਊ ਜ਼ਮੀਨ ’ਤੇ ਧੜਵੈਲ ਕਾਰਖਾਨੇ ਖੜ੍ਹੇ ਕਰਨ ਦੀ ਕੋਸ਼ਿਸ਼ ਸ਼ੁਰੂ ਹੋਈ। ਪਰ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਜਥੇਬੰਦ ਸੰਘਰਸ਼ ਦੀ ਵਜ੍ਹਾ ਨਾਲ ਧਨ ਕੁਬੇਰਾਂ ਅਤੇ ਸਰਕਾਰ ਦੀਆਂ ਸਾਂਝੀਆਂ ਕੋਸ਼ਿਸ਼ਾਂ ਉੱਤੇ ਪਾਣੀ ਫਿਰ ਗਿਆ। ਕਿਸਾਨਾਂ ਨੇ ਕਮੇਟੀ ਬਣਾਈ ਅਤੇ ਭੂਮੀ ਹਥਿਆਉਣ ਖਿਲਾਫ਼ ਸੰਘਰਸ਼ ਸ਼ੁਰੂ ਕਰ ਦਿੱਤਾ। ਅੰਦੋਲਨ ਕੁਚਲਣ ਲਈ ਦਮਨ ਕੀਤਾ ਗਿਆ। ਸ਼ੰਘਰਸ਼ ਵਿਚ 17 ਕਿਸਾਨ ਮਾਰੇ ਗਏ ਅਤੇ ਫਿਰ 5 ਹੋਰ। ਬਾਅਦ ’ਚ ਤਾਂ ਹੋਰ ਵੀ ਬਥੇਰਾ ਕੁਝ ਮਾੜਾ ਹੋਇਆ, ਵਾਪਰਿਆ, ਪਰ ਕਿਸਾਨ ਡਟੇ ਰਹੇ, ਸਫਲ ਵੀ ਹੋਏ।
     ਅਜਿਹੇ ਸਮੇਂ ਵਿਚ ਜਦੋਂ ਦੁਨੀਆਂ ਵਿਚ ਵਿਸ਼ਵੀਕਰਨ ਦੀ ਹਨੇਰੀ ਝੁੱਲ ਰਹੀ ਹੋਵੇ, ਦੇਸੀ ਪੂੰਜੀ ਦੇ ਤੰਬੂ ਹੀ ਉੱਖੜ ਰਹੇ ਹੋਣ, ਉੱਥੇ ਨੰਦੀਗ੍ਰਾਮ ਦੇ ਮੁੱਠੀ ਭਰ ਕਿਸਾਨਾਂ ਦਾ ਇਹ ਕਰਤੱਬ ਹੈਰਾਨ ਕਰਨ ਵਾਲਾ ਹੈ। ਅਖੀਰ ਅਜਿਹੀ ਕਿਹੜੀ ਪ੍ਰੇਰਕ ਸ਼ਕਤੀ ਸੀ ਜਿਸ ਨੇ ਉਨ੍ਹਾਂ ਨੂੰ ਅਜਿਹਾ ਕਰ ਸਕਣ ਦੀ ਹਿੰਮਤ ਬਖ਼ਸ਼ੀ। ਗੱਲ ਇਹ ਹੈ ਕਿ ਨੰਦੀਗ੍ਰਾਮ ਪਾਣੀ, ਜ਼ਮੀਨ, ਜੈਵ ਵੰਨ-ਸੁਵੰਨਤਾ ਵੱਲੋਂ ਬੜਾ ਖੁਸ਼ਹਾਲ ਹੈ। ਇੱਥੋਂ ਦਾ ਸਮਾਜਿਕ ਤਾਣਾ-ਬਾਣਾ ਵੀ ਓਨਾ ਹੀ ਖੁਸ਼ਹਾਲ ਹੈ। ਜਿਸ ਨੂੰ ਸੱਚਮੁੱਚ ਸਮਾਜ ਕਿਹਾ ਜਾ ਸਕਦੈ, ਨੰਦੀਗ੍ਰਾਮ ਨੂੰ ਅਜਿਹੇ ਸਮਾਜਾਂ ਦੀ ਰਾਜਧਾਨੀ ਕਿਹਾ ਜਾਏ ਤਾਂ ਗ਼ਲਤ ਨਹੀਂ ਹੋਵੇਗਾ। ਹਰ ਪਿੰਡ ਦੇ ਨੇੜੇ ਪਾਣੀ ਲਈ ਇਕ ਤੋਂ ਵੱਧ ਤਲਾਅ ਹਨ। ਹਰ ਖੇਤ ਹੀ ਬਹੁਰੰਗੀ ਫ਼ਸਲਾਂ ਦੀ ਪੈਦਾਵਾਰ ਦੀ ਇਕਾਈ ਹੈ। ਇਨ੍ਹਾਂ ਖੇਤਾਂ ਵਿਚ ਪਾਨ, ਨਾਰੀਅਲ, ਝੋਨਾ, ਕੇਲਾ, ਪਪੀਤਾ, ਸਹਿਜਨੀਆਂ ਤੇ ਕਈ ਕਿਸਮ ਦੀਆਂ ਸਬਜ਼ੀਆਂ ਪੈਦਾ ਹੁੰਦੀਆਂ ਹਨ। ਇਹ ਸਾਰੀਆਂ ਵਸਤਾਂ ਇੱਥੇ ਦੀ ਹੀ ਕਿਸਾਨ ਮੰਡੀ ਵਿਚ ਵੇਚੀਆਂ ਜਾਂਦੀਆਂ ਹਨ। ਇੱਥੇ ਚਾਰ ਕਿਸਮ ਦੇ ਆਲੂ, ਅੱਠ ਤਰ੍ਹਾਂ ਦੇ ਕੇਲੇ ਤੋਂ ਇਲਾਵਾ ਖਜ਼ੂਰ ਤੇ ਤਾੜ ਦਾ ਬਣਿਆ ਗੁੜ ਵੀ ਵਿਕ ਰਿਹਾ ਸੀ। ਇਸ ਬਾਜ਼ਾਰ ਵਿਚ ਵਾਲਮਾਰਟ (ਵਿਦੇਸ਼ੀ ਕੰਪਨੀ), ਰਿਲਾਇੰਸ ਜਾਂ ਕਿਸੇ ਵਿਚੋਲੇ ਲਈ ਕੋਈ ਥਾਂ ਨਹੀਂ ਦਿਸੀ। ਇਹ ਬਾਜ਼ਾਰ ਤਾਂ ਪੈਟਰੋਲ-ਡੀਜ਼ਲ ਤੋਂ ਵੀ ਪੂਰੀ ਤਰ੍ਹਾਂ ਆਜ਼ਾਦ ਸੀ। ਇੱਥੇ ਤਾਂ ਪੈਦਾਵਾਰ ਕਰਨ ਵਾਲੇ ਕਿਸਾਨ ਹੀ ਵਪਾਰੀ ਹਨ, ਓਹੀ ਵੇਚਣ ਵਾਲੇ ਹਨ ਅਤੇ ਓਹੀ ਖ਼ਰੀਦਣ ਵਾਲੇ। ਇਹ ਬਾਜ਼ਾਰ ਵੀ ਇੱਥੋਂ ਦੇ ਸਮਾਜ ਵੱਲੋਂ ਆਪ ਹੀ ਲਾਇਆ ਜਾਂਦਾ ਹੈ। ਇਸ ਲਈ ਨਾ ਕਿਸੇ ਲਾਇਸੈਂਸ ਦੀ ਲੋੜ ਹੈ ਤੇ ਨਾ ਇਸ ਉੱਤੇ ਕਿਸੇ ਰਾਜ ਦਾ ਕੰਟਰੋਲ ਹੈ। ਅਸਲੀ ਅਰਥਾਂ ਵਿਚ ਤਾਂ ਇਹੋ ਹੈ ‘ਆਜ਼ਾਦ ਬਾਜ਼ਾਰ’। ਸੱਚਾ ਆਰਥਕ ਲੋਕਤੰਤਰ ਵੀ ਇਹੋ ਹੈ।
       ਗੰਗਾ ਦੀ ਗੋਦੀ ਵਿਚ ਫੈਲੇ ਇਸ ਖੇਤਰ ਦੇ ਉਪਜਾਊ ਹੋਣ ਦੀ ਵਜ੍ਹਾ ਹੈ ਇਥੋਂ ਦੇ ਜੀਵਾਂ-ਬਨਸਪਤੀਆਂ ਦੀ ਖੁਸ਼ਹਾਲ ਵੰਨ-ਸੁਵੰਨਤਾ। ਅੱਜ ਆਧੁਨਿਕ ਵਿਗਿਆਨਕ ਖੇਤੀ ਨੂੰ ਵੱਧ ਉਪਜਾਊ ਦੱਸਿਆ ਜਾਂਦਾ ਹੈ, ਪਰ ਉਸ ਤੋਂ ਹੋਣ ਵਾਲੇ ਨੁਕਾਸਨ ਦਾ ਹਿਸਾਬ ਕਿਤਾਬ ਨਹੀਂ ਲਾਇਆ ਜਾਂਦਾ। ਸਾਰੇ ਜਾਣਦੇ ਹਨ ਕਿ ਅਜਿਹੀ ਕੈਮੀਕਲ ਖਾਦ ਨਾਲ ਤੇ ਕੀਟਨਾਸ਼ਕਾਂ ਵਾਲੀ ਖੇਤੀ ਨਾਲ ਜੰਗਲ, ਜ਼ਮੀਨ, ਆਲਾ-ਦੁਆਲਾ ਤੇ ਉਸ ਸਾਰੇ ਖੇਤਰ ਦੀਆਂ ਜਿਊਂਦੀਆਂ ਚੀਜ਼ਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ। ਪਰ ਪੈਦਾਵਾਰ ਦੇ ਮਾਮਲੇ ਵਿਚ ਨੰਦੀਗ੍ਰਾਮ ਦੇ ਇਸ ਸੰਘਣੀ ਜੈਵ ਵੰਨ-ਸੁਵੰਨਤਾ ਵਾਲੇ ਛੋਟੇ-ਛੋਟੇ ਖੇਤ ਵੀ ਕੈਮੀਕਲ ਅਤੇ ਮਸ਼ੀਨੀ ਖੇਤੀ ਉੱਤੋਂ ਬਾਜ਼ੀ ਲੈ ਜਾਣਗੇ।
       ਇੱਥੋਂ ਦੇ ਖੇਤਾਂ ਵਿਚ ਪੈਦਾ ਹੋਣ ਵਾਲੀ ਸਾਗ-ਸਬਜ਼ੀ ਤੇ ਅਨਾਜ ਦਾ ਸੁਆਦ ਵੀ ਅਨੋਖਾ ਹੈ। ਕੋਲਕਾਤਾ ਤੋਂ ਲੈ ਕੇ ਨੰਦੀਗ੍ਰਮ ਦੇ ਰਸਤੇ ਵਿਚ ਚੰਗੇ ਢਾਬਿਆਂ, ਹੋਟਲਾਂ ਵਿਚ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹਨ। ਖਾਣਾ ਮਹਿੰਗਾ ਹੈ, ਪਰ ਸੁਆਦ ਵਿਚ ਉਹ ਸਾਡੇ ਨੰਦੀਗ੍ਰਾਮ ਦੇ ਅੱਗੇ ਕਿਤੇ ਟਿਕਦੇ ਨਹੀਂ ਸਨ। ਖਾਣ-ਪੀਣ ਦੇ ਮਾਮਲੇ ਵਿਚ ਜੋ ਖੁਸ਼ਹਾਲੀ ਨੰਦੀਗ੍ਰਾਮ ਵਿਚ ਹੈ, ਉਹ ਸਾਡੇ ਵੱਡੇ-ਵੱਡੇ ਸ਼ਹਿਰਾਂ ਵਿਚ ਵੀ ਨਹੀਂ ਹੈ। ਇਹੋ ਖੁਸ਼ਹਾਲੀ ਨੰਦੀਗ੍ਰਾਮ ਦਾ ਸਿਰ ਉੱਚਾ ਕਰਦੀ ਹੈ। ਇਸੇ ਨਾਲ ਇੱਥੋਂ ਦੇ ਲੋਕਾਂ ਦਾ ਆਪਣੇ ਵਿਚ ਵਿਸ਼ਵਾਸ ਵਧਿਆ ਹੈ।
      ਦੁਨੀਆਂ ਵਿਚ ਤੇਲ, ਪੈਟਰੋਲ ਲਈ ਭਾਵੇਂ ਯੁੱਧ ਲੜਿਆ ਜਾ ਰਿਹਾ ਹੋਵੇ, ਪਰ ਨੰਦੀਗ੍ਰਾਮ ਤਾਂ ਤੇਲ ਦੀ ਨੀਂਹ ਵਾਲੀ ਓਸ ਨਕਲੀ ਅਰਥ ਵਿਵਸਥਾ ਤੋਂ ਅੱਜ ਦੇ ਇਸ ਜ਼ਮਾਨੇ ਵਿਚ ਵੀ ਆਪਣੇ ਆਪ ਨੂੰ ਪੂਰੀ ਤਰ੍ਹਾਂ ਅੱਡ ਰੱਖੀ ਬੈਠਾ ਹੈ। ਇੱਥੇ ਉਹ ਤਰੱਕੀ ਅਜੇ ਪਹੁੰਚੀ ਹੀ ਨਹੀਂ। ਇੱਥੇ ਆਵਾਜਾਈ ਲਈ ਸਾਈਕਲ ਅਤੇ ਸਾਈਕਲ-ਰਿਕਸ਼ਾ ਮੁੱਖ ਸਾਧਨ ਹਨ। ਜਦੋਂ ਸਰਕਾਰ ਨੇ ਨੰਦੀਗ੍ਰਾਮ ਵਿਚ ਕਾਰਵਾਈ ਦੀ ਯੋਜਨਾ ਬਣਾਈ ਤਾਂ ਕਿਸਾਨਾਂ ਨੇ ਪਿੰਡ ਵੱਲ ਆਉਂਦੇ ਸਾਰੇ ਰਾਹ ਪੁੱਟ ਦਿੱਤੇ, ਸਿੱਟੇ ਵਜੋਂ ਪੁਲੀਸ ਤੇ ਸਰਕਾਰ ਦੀ ਕੋਈ ਗੱਡੀ ਵੀ ਉੱਥੇ ਨਾ ਵੜ ਸਕੀ। ਯਾਨੀ ਇਕ ਤਰ੍ਹਾਂ ਵੇਖਿਆ ਜਾਏ ਤਾਂ ਤੇਲ, ਪੈਟਰੋਲ ਤੋਂ ਉਨ੍ਹਾਂ ਦੀ ਆਜ਼ਾਦੀ ਨੇ ਉਨ੍ਹਾਂ ਦੀ ਜ਼ਮੀਨ ਨੂੰ ਵੀ ਆਜ਼ਾਦ ਰੱਖਣ ਵਿਚ ਸਹਿਯੋਗ ਦਿੱਤਾ ਹੈ। ਉਨ੍ਹਾਂ ਦੀ ਜਿਹੜੀ ਖੁਸ਼ਹਾਲ ਸਮਾਜ ਦੀ ਵਿਵਸਥਾ ਹੈ, ਉਸ ਨੇ ਉਨ੍ਹਾਂ ਦਰਮਿਆਨ ਲੋਕਤੰਤਰ ਨੂੰ ਵੀ ਬਣਾਈ ਰੱਖਿਆ ਹੈ। ਇਹੀ ਲੋਕਤੰਤਰ ਉਨ੍ਹਾਂ ਵਿਚ ਅਨਿਆਂ ਖਿਲਾਫ਼ ਖੜ੍ਹਨ ਦੀ ਚੇਤਨਾ ਵੀ ਪੈਦਾ ਕਰਦਾ ਹੈ। ਉਂਜ ਇੱਥੋਂ ਦੇ ਬਹੁਤੇ ਕਿਸਾਨ ਵੱਖੋ-ਵੱਖ ਕਮਿਊਨਿਸਟ ਦਲਾਂ ਦੇ ਸਮਰਥਕ ਹਨ। ਪਰ ਸੇਜ਼ ਖਿਲਾਫ਼ ਸੰਘਰਸ਼ ਦੇ ਮਾਮਲੇ ਵਿਚ ਇਨ੍ਹਾਂ ਸਾਰਿਆਂ ਨੇ ਆਪੋ ਆਪਣੀਆਂ ਪਾਰਟੀਆਂ ਦੇ ਸਿਧਾਂਤਾਂ ਨੂੰ ਇਕ ਬੰਨੇ ਹੀ ਰੱਖਿਆ। ਭਾਵੇਂ ਇਨਕਲਾਬੀ ਧਿਰਾਂ ਦਾ ਇਸ ਵਿਚ ਸਾਂਝਾ ਦਖ਼ਲ ਸੀ, ਪਰ ਇਹ ਅੰਦੋਲਨ ਕਰੀਬ-ਕਰੀਬ ਆਪ-ਮੁਹਾਰਾ ਸੀ, ਇਸ ਲਈ ਜਦੋਂ ਇਸ ਨੂੰ ਕਿਸੇ ਖਾਸ ਪਾਰਟੀ ਦਾ ਬਣਾਉਣ ਦੀ ਕੋਸ਼ਿਸ਼ ਹੋਈ ਤਾਂ ਸਫਲਤਾ ਨਾ ਮਿਲੀ। ਪੂਰਾ ਮਾਮਲਾ ਇੱਥੇ ਵਿਸ਼ਵੀ ਪੂੰਜੀ ਤੇ ਕਿਸਾਨਾਂ ਦਰਮਿਆਨ ਹੀ ਅੜਿਆ ਰਿਹਾ ਤੇ ਕਿਸਾਨ ਵੀ ਇਸੇ ਵਜ੍ਹਾ ਕਰਕੇ ਏਨੇ ਜਥੇਬੰਦ ਹੋ ਸਕੇ। ਉਂਜ ਇਸ ਤਰ੍ਹਾਂ ਦਾ ਭੂਮੀ ਅੰਦੋਲਨ ਉਨ੍ਹਾਂ ਲਈ ਕੋਈ ਨਵਾਂ ਨਹੀਂ। ਕਰੀਬ ਡੇਢ ਸਦੀ ਪਹਿਲਾਂ ਵੀ ਨੰਦੀਗ੍ਰਾਮ ਦੇ ਕਿਸਾਨਾਂ ਨੇ 1857 ਵਿਚ ਈਸਟ ਇੰਡੀਆ ਕੰਪਨੀ ਖਿਲਾਫ਼ ਕੁਝ ਇਸੇ ਤਰ੍ਹਾਂ ਦੀ ਲੜਾਈ ਲੜੀ ਸੀ। ਇਸ ਤਰ੍ਹਾਂ ਦੇਖਿਆ ਜਾਏ ਤਾਂ 2007 ਦੇ ਅੰਦੋਲਨ ਰਾਹੀਂ ਪਹਿਲੇ ਆਜ਼ਾਦੀ ਸੰਗਰਾਮ ਦੀ 150ਵੀਂ ਵਰ੍ਹੇਗੰਢ ਸਹੀ ਅਰਥਾਂ ਵਿਚ ਨੰਦੀਗ੍ਰਾਮ ਦੇ ਕਿਸਾਨਾਂ ਹੀ ਮਨਾਈ ਸੀ। ਬੰਗਾਲ ਵਿਚ ਪਏ ਇਤਿਹਾਸਿਕ ਕਾਲ ਤੋਂ ਬਾਅਦ ਉੱਥੇ ਜ਼ਮੀਨੀ ਹੱਕ ਲਈ ਸ਼ੁਰੂ ਹੋਏ ‘ਤੇਭਾਗਾ’ ਅੰਦੋਲਨ ਦਾ ਵੀ ਕੇਂਦਰ ਨੰਦੀਗ੍ਰਾਮ ਹੀ ਰਿਹਾ ਹੈ। ਇਉਂ ਭੂਮੀ ਸੰਘਰਸ਼ ਦਾ ਸੁਆਲ ਇਸ ਪਿੰਡ ਦੀ ਨੀਂਹ ਵਿਚ ਹੀ ਰਿਹਾ ਹੈ। ਮੌਜੂਦਾ ਕਿਸਾਨ ਅੰਦੋਲਨ ਅਤੇ ਚੋਣਾਂ ਕਾਰਨ ਇਹ ਫਿਰ ਕੇਂਦਰ ਵਿਚ ਹੈ, ਪਰ ਇਸ ਦੇ ਕੁਝ ਆਪਣੇ ਸਮਾਜਿਕ ਸਰੋਕਾਰ ਹਨ ਜਿਹੜੇ ਹਾਕਮ ਜਮਾਤਾਂ ਨੂੰ ਬੜਾ ਚੁੱਭਦੇ ਹਨ।
       ਨੰਦੀਗ੍ਰਾਮ ਦੇ ਸਮਾਜ ਨੇ ਕੁਝ ਅਜਿਹੇ ਨੇਮ ਬਣਾਏ ਹਨ ਕਿ ਕੋਈ ਵਿਅਕਤੀ ਸਿਰਫ਼ ਮਹਿਮਾਨ ਦੇ ਰੂਪ ਵਿਚ ਹੀ ਉੱਥੇ ਦਾਖਲ ਹੋ ਸਕਦਾ ਹੈ, ਉਹ ਵੀ ਉੱਥੋਂ ਦੇ ਸਮਾਜ ਦੀ ਇਜਾਜ਼ਤ ਤੋਂ ਬਾਅਦ ਹੀ। ਉਥੋਂ ਦੀਆਂ ਔਰਤਾਂ, ਬੱਚੇ, ਬੁੱਢੇ ਤੇ ਨੌਜਵਾਨਾਂ ਦੀ ਉੱਚੀ ਪੱਧਰ ਦੀ ਇਹ ਆਪਾ-ਜਥੇਬੰਦੀ ਬੇਲੋੜੇ ਬਾਹਰਲੇ ਲੋਕਾਂ ਉੱਤੇ ਸਖ਼ਤ ਨਜ਼ਰ ਰੱਖਦੀ ਹੈ। ਇਹੀ ਹੈ ਨੰਦੀਗ੍ਰਾਮ ਤੇ ਉੱਥੋਂ ਦੀ ਸਮਾਜਿਕ ਜਥੇਬੰਦੀ ਦੀ ਅਸਲੀ ਤਾਕਤ।
       ਨੰਦੀਗ੍ਰਾਮ ਦਾ ਖੁਸ਼ਹਾਲ ਸੱਭਿਆਚਾਰ, ਪੇਂਡੂ ਸੱਭਿਆਚਾਰ, ਜ਼ਮੀਨੀ ਸੱਭਿਆਚਾਰ ਉੱਥੋਂ ਦੇ ਸਮਾਜ ਨੂੰ ਮਜ਼ਬੂਤੀ ਦਿੰਦਾ ਹੈ। ਇਹ ਸੱਭਿਆਚਾਰ ਹਿੰਦੂ ਮੁਸਲਮਾਨ ਵਿਚ ਇਕੋ ਜਿਹਾ ਦਿਸਦਾ ਹੈ। ਫਿਰਕੂ ਤਾਕਤਾਂ ਇੱਥੋਂ ਦੇ ਸਮਾਜ ਨੂੰ ਵੰਡ ਨਹੀਂ ਸਕੀਆਂ। ਹਿੰਦੂ ਮੁਸਲਮਾਨ ਆਪੋ-ਆਪਣੀਆਂ ਅੱਡ-ਅੱਡ ਧਾਰਮਿਕ ਮਾਨਤਾਵਾਂ ਨੂੰ ਮੰਨਦੇ ਹਨ, ਪਰ ਸਾਰੇ ਇਕੋ ਹੀ ਸਮਾਜ ਦਾ ਹਿੱਸਾ ਹਨ। ਸੇਜ਼ ਖਿਲਾਫ਼ ਲੜਾਈ ਵਿਚ ਉਹ ਸਾਰੇ ਇਕ ਸਨ। ਉਨ੍ਹਾਂ ਦੀ ਪਛਾਣ ਜ਼ਮੀਨ ਨਾਲ ਜੁੜੀ ਹੋਈ ਹੈ। ਇਹੋ ਪਛਾਣ ਉਨ੍ਹਾਂ ਨੂੰ ਇਕ ਸੂਤਰ ਵਿਚ ਬੰਨ੍ਹਦੀ ਹੈ।

ਸੰਪਰਕ : 94634-39075