ਛੇ ਜੂਨ ਦਾ ਦਿਨ ਸਿੱਖਾਂ ਲਈ ਮਾਣ ਕਰਨ ਵਾਲਾ ਵੀ ਤੇ ਅਫਸੋਸਨਾਕ ਵੀ - ਬਘੇਲ ਸਿੰਘ ਧਾਲੀਵਾਲ
ਮੇਰੇ ਜਿਉਦੇ ਜੀਅ ਫੌਜ ਦਰਬਾਰ ਸਾਹਿਬ ਦਾਖਲ ਅੰਦਰ ਨਹੀ ਹੋ ਸਕਦੀ- ਸੱਚਮੁੱਚ ਹੀ ਸੰਤ ਭਿੰਡਰਾਂਵਾਲਿਆਂ ਦੀ ਸ਼ਹਾਦਤ ਤੋ ਬਾਅਦ ਹੀ ਅੰਦਰ ਦਾਖਲ ਹੋ ਸਕੀ ਫੌਜ
ਜੂਨ 1984 ਵਿੱਚ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ਼੍ਰੀ ਅਮ੍ਰਿਤਸਰ ਸਾਹਿਬ ਸਮੇਤ ਪੰਜਾਬ ਦੇ ਤਿੰਨ ਦਰਜਨ ਤੋ ਵੱਧ ਹੋਰ ਗੁਰਦੁਆਰਾ ਸਹਿਬਾਨਾਂ ਤੇ ਤਤਕਾਲੀ ਪ੍ਰਧਾਨ ਮੰਤਰੀ ਬੀਬੀ ਇੰਦਰਾ ਗਾਂਧੀ ਦੀ ਸਰਕਾਰ ਵੱਲੋਂ ਹਿੰਦੂ ਕੱਟੜਵਾਦ ਦੀ ਸਹਿ ਤੇ ਕੀਤੇ ਗਏ ਫੌਜੀ ਹਮਲੇ ਨੇ ਸਿੱਖ ਮਨਾਂ ਵਿੱਚ ਅਜਿਹਾ ਰੋਸ ਪੈਦਾ ਕਰ ਦਿੱਤਾ ਜਿਹੜਾ ਘਟਣ ਦੀ ਵਜਾਏ ਦਿਨੋ ਦਿਨ ਹੋਰ ਵੱਧਦਾ ਜਾ ਰਿਹਾ ਹੈ। ਸਭ ਤੋ ਪਹਿਲਾਂ ਛੇ ਜੂਨ ਦੇ ਫੌਜੀ ਹਮਲੇ ਦੀ ਯਾਦ ਮਨਾਏ ਜਾਣ ਸਬੰਧੀ ਗੱਲ ਕੀਤੀ ਜਾਣੀ ਬਣਦੀ ਹੈ,ਜਦੋ ਸਵਾ ਕੁ ਸੌ ਸਿੱਖ ਜੁਝਾਰੂਆਂ ਦੇ ਨਾਲ ਬਾਬਾ ਏ ਕੌਂਮ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਖਤਮ ਕਰਨ ਕਈ ਭਾਰਤੀ ਫੌਜਾਂ ਨੇ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਦਹਿ ਹਜਾਰਾਂ ਸਿੱਖ ਸੰਗਤ ਤੇ ਹਮਲਾ ਕਰਕੇ ਕਤਲੇਆਮ ਕੀਤਾ ਸੀ ਅਤੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਸੀ।ਛੇ ਜੂਨ ਨੂੰ ਸੰਤ ਜਰਨੈਲ ਸਿੰਘ,ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀ ਸ਼ਹਾਦਤ ਹੋ ਜਾਣ ਤੋ ਬਾਅਦ ਫੌਜ ਦਰਬਾਰ ਸਾਹਿਬ ਵਿੱਚ ਕਾਬਜ ਹੋ ਗਈ ਸੀ।ਸੰਤਾਂ ਦਾ ਕਥਨ ਸੀ ਕਿ “ਮੇਰੇ ਜਿਉਂਦੇ ਜੀਅ ਫੌਜ ਦਰਬਾਰ ਸਾਹਿਬ ਵਿੱਚ ਦਾਖਲ ਨਹੀ ਹੋ ਸਕਦੀ”, ਸੋ ਉਹਨਾਂ ਨੇ ਅਪਣੇ ਬਚਨਾਂ ਤੇ ਪਹਿਰਾ ਦਿੱਤਾ,ਫੌਜ ਉਹਨਾਂ ਦੇ ਜਿਉਂਦੇ ਜੀਅ ਦਰਬਾਰ ਸਾਹਿਵ ਅੰਦਰ ਦਾਖਲ ਨਹੀ ਹੋ ਸਕੀ।ਇਸ ਕਰਕੇ ਛੇ ਜੂਨ ਦਾ ਦਿਨ ਸੰਗਤਾਂ ਉਹਨਾਂ ਮਹਾਂਨ ਸ਼ਹੀਦਾਂ ਦੀ ਯਾਦ ਨੂੰ ਤਾਜਾ ਕਰਨ ਲਈ ਮਨਾਉਂਦੀਆਂ ਹਨ,ਇਹ ਦੇ ਵਿੱਚ ਕੁੱਝ ਵੀ ਗਲਤ ਨਹੀ ਹੈ,ਕਿਉਕਿ ਜਾਗਦੀ ਜਮੀਰ ਵਾਲੀਆਂ ਕੌਮਾਂ ਕਦੇ ਵੀ ਅਪਣੇ ਵਿਰਸੇ,ਅਪਣੇ ਇਤਿਹਾਸ ਅਤੇ ਅਪਣੇ ਸ਼ਹੀਦਾਂ ਨੂੰ ਭੁੱਲ ਕੇ ਬਹੁਤਾ ਸਮਾ ਦੁਨੀਆਂ ਦੇ ਨਕਸ਼ੇ ਤੇ ਅਪਣਾ ਵਜੂਦ ਅਤੇ ਅਪਣੀ ਪਛਾਣ ਕਾਇਮ ਨਹੀ ਰੱਖ ਸਕਦੀਆਂ।ਗੈਰਤਮੰਦ ਕੌਂਮਾਂ ਹਮੇਸਾਂ ਅਪਣੇ ਪੁਰਖਿਆਂ ਦੇ ਪਾਏ ਪੂਰਨਿਆਂ ਨੂੰ ਅਪਣਾ ਰਾਹ ਦਿਸੇਰਾ ਸਮਝਦੀਆਂ ਹੋਈਆਂ ਭਵਿੱਖ ਦੀ ਹੋਣੀ ਤਹਿ ਕਰਦੀਆਂ ਹਨ।ਉਹਨਾਂ ਗੈਰਤਮੰਦ ਕੌਮਾਂ ਦੀ ਪਹਿਲੀ ਕਤਾਰ ਦੇ ਪਹਲੇ ਨੰਬਰ ਤੇ ਗਿਣੀ ਜਾਣ ਵਾਲੀ ਸਿੱਖ ਕੌਂਮ ਹੈ ਜਿਹੜੀ ਉਮਰ ਵਿੱਚ ਭਾਵੇਂ ਤਕਰੀਬਨ ਸਾਰੀਆਂ ਹੀ ਕੌਮਾਂ ਤੋ ਬਹੁਤ ਛੋਟੀ ਹੈ,ਪਰੰਤੂ ਇਸ ਦਾ ਸ਼ਾਨਾਮੱਤਾ ਲਾਲ ਸੁਰਖ ਇਤਿਹਾਸ ਇਹਨੂੰ ਗੈਰਤਮੰਦ ਕੌਮਾਂ ਚੋ ਸਭ ਤੋ ਮੋਹਰੀ ਬਣਾ ਦਿੰਦਾ ਹੈ।ਸਾਢੇ ਪੰਜ ਸੌ ਸਾਲ ਦੇ ਸਿੱਖ ਇਤਿਹਾਸ ਦਾ ਜਿਸਤਰਾਂ ਮਿਥਿਹਾਸਿਕ ਮੁਹਾਂਦਰਾ ਬਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ,ਉਹ ਵੀ ਸੰਭਵ ਨਹੀ ਹੈ,ਕਿਉਕਿ ਇਤਿਹਾਸ ਬਹੁਤਾ ਪੁਰਾਣਾ ਨਹੀ ਹੈ।ਸਿੱਖ ਕੌਂਮ ਦੀ ਵਿਲੱਖਣਤਾ ਇਹ ਹੈ ਕਿ ਇਹ ਦੇ ਪੁਰਖਿਆਂ ਨੇ ਪਖੰਡਵਾਦ ਅਤੇ ਸਮਾਜਿਕ ਨਾਬਰਾਬਰੀ ਦੇ ਖਿਲਾਫ ਸਿਰਫ ਅਵਾਜ ਹੀ ਬੁਲੰਦ ਹੀ ਨਹੀ ਕੀਤੀ,ਬਲਕਿ ਪਖੰਡਵਾਦ ਨੂੰ ਖਤਮ ਕਰਕੇ ਸਮਾਜਿਕ ਬਰਾਬਰਤਾ ਵਾਲੇ ਅਜਿਹੇ ਸਮਾਜ ਦੀ ਸਿਰਜਣਾ ਕੀਤੀ,ਜਿਸ ਨੂੰ ਦੁਨੀਆਂ ਅੱਜ ਸਿੱਖ ਸਮਾਜ ਦਾ ਨਾਮ ਤੋ ਜਾਨਣ ਲੱਗੀ ਹੈ।ਇਸ ਤੋ ਵੀ ਅੱਗੇ ਜਾ ਕੇ ਇਹਨਾਂ ਦੇ ਪੁਰਖਿਆਂ ਨੇ ਸਿੱਖਾਂ ਸਮੇਤ ਪੂਰੀ ਲੁਕਾਈ ਨੂੰ ਗੁਰਬਾਣੀ ਦੇ ਰੂਪ ਵਿੱਚ ਅਜਿਹਾ ਫਲਸਫਾ ਦਿੱਤਾ,ਜਿਹੜਾ ਹਰ ਆਉਖੀ ਘੜੀ ਵਿੱਚ ਦੇਸ਼ ਦੁਨੀਆਂ ਦਾ ਰਾਹ ਦਿਸੇਰਾ ਹੈ ਅਤੇ ਹਮੇਸਾਂ ਰਹੇਗਾ,ਇਹੋ ਕਾਰਨ ਹੈ ਕਿ ਹੁਣ ਅਮਰੀਕਨ,ਚੀਨੀ,ਜਪਾਨੀ ਲੋਕਾਂ ਤੋ ਇਲਾਵਾ ਹੋਰ ਬਹੁਤ ਸਾਰੇ ਮੁਲਕਾਂ ਦੇ ਲੋਕ ਸਿੱਖ ਧਰਮ ਦੀ ਸਿੱਖਿਆ ਲੈਣ ਨੂੰ ਤਰਜੀਹ ਦੇਣ ਲੱਗੇ ਹਨ।ਇਹ ਬੜੇ ਦੁੱਖ ਨਾਲ ਲਿਖਣਾ ਪਵੇਗਾ ਕਿ ਸਿੱਖ ਕੌਂਮ ਦੇ ਪੁਰਖਿਆਂ ਨੇ ਜਿਹੜੀ ਧਰਾਤਲ ਤੇ ਇਸ ਕੌਂਮ ਦੀ ਸਿਰਜਣਾ ਕੀਤੀ ਅਤੇ ਜਿੰਨਾਂ ਲੋਕਾਂ ਦੀ ਧਾਰਮਿਕ ਹੋਂਦ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਦਿਆਂ ਅਪਣੇ ਬਲੀਦਾਨ ਦਿੱਤੇ,ਉਹ ਧਰਾਤਲ ਅੱਜ ਦੇ ਸੰਦਰਭ ਵਿੱਚ ਸਿੱਖ ਅਤੇ ਸਿੱਖੀ ਲਈ ਖਤਰਾ ਬਣਦੀ ਜਾ ਰਹੀ ਹੈ।ਭਾਰਤ ਭਾਂਵੇ ਸਿੱਖਾਂ ਲਈ ਅਪਣਾ ਦੇਸ਼ ਹੈ ਕਿਉਕਿ ਗੁਰੂ ਨਾਨਕ ਸਾਹਿਬ ਤੋ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਇਸ ਦੇਸ਼ ਦੇ ਤਖਤ ਤੇ ਬੈਠ ਕੇ ਰਾਜ ਕਰਨ ਵਾਲਿਆਂ ਦੇ ਖਿਲਾਫ ਸਿੱਖ ਗੁਰੂ ਸਹਿਬਾਨਾਂ ਨੇ ਅਵਾਜ ਬੁਲੰਦ ਕੀਤੀ ਅਤੇ ਅਪਣੀ ਕਹਿਣੀ ਤੇ ਕਰਨੀ ਨੂੰ ਇੱਕ ਰੂਪ ਦੇਣ ਲਈ ਅਪਣੇ ਅਕੀਦੇ ਤੇ ਦ੍ਰਿੜ ਰਹਿਕੇ ਭਾਰੀ ਤਸ਼ੱਦਦ ਝੱਲੇ ਅਤੇ ਸ਼ਹਾਦਤਾਂ ਦਾ ਅਮ੍ਰਿਤ ਪੀਤਾ,ਪਰੰਤੂ ਛੇਵੇਂ ਪਾਤਸਾਹ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਮੇ ਦੀ ਹਕੂਮਤ ਦੇ ਖਿਲਾਫ ਜੰਗ ਦਾ ਐਲਾਨ ਹੀ ਨਹੀ ਕੀਤਾ,ਸਗੋਂ ਇੱਕ ਬਰਾਬਰ ਦੀ ਤਾਕਤ ਹੋਣ ਦਾ ਸਪੱਸਟ ਐਲਾਨ ਕੀਤਾ।ਇਹ ਸਾਰਾ ਕੁੱਝ ਲੁਕ ਛਿਪ ਕੇ ਨਹੀ ਸਗੋਂ ਨਗਾਰੇ ਦੀ ਚੋਟ ਤੇ ਕੀਤਾ ਗਿਆ।ਸੋ ਇਸਤਰਾਂ ਗੁਰੂਕਾਲ ਤੱਕ ਸਿੱਖਾਂ ਦੀ ਸਮਾਨਅੰਤਰ ਸਰਕਾਰ ਕਾਇਮ ਰਹੀ,ਜਿਸਨੇ ਬਾਅਦ ਵਿੱਚ ਸਿੱਖਾਂ ਨੂੰ ਦੁਨਿਆਵੀ ਰਾਜਭਾਗ ਦੀ ਪਰਾਪਤੀ ਦੇ ਰਾਹ ਤੋਰਿਆ ਤੇ ਸਿੱਖਾਂ ਨੇ ਦੁਨੀਆਂ ਨੂੰ ਅਜਿਹਾ ਮਿਸ਼ਾਲੀ ਰਾਜ ਪ੍ਰਬੰਧ (ਖਾਲਸਾ ਰਾਜ) ਦਿੱਤਾ,ਜਿਸਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਇੱਥੇ ਇਤਿਹਾਸਿਕ ਤੱਥ ਲਿਖਣ ਤੋ ਭਾਵ ਇਹ ਹੈ ਕਿ ਸਿੱਖ ਕਦੇ ਵੀ ਭਾਰਤ ਦੇ ਗੁਲਾਮ ਨਹੀ ਰਹੇ,ਪਰੰਤੂ ਇਸ ਦੇ ਬਿਲਕੁਲ ਉਲਟ ਅਜਾਦ ਭਾਰਤ ਵਿੱਚ ਸਿੱਖਾਂ ਨੂੰ ਕਦੇ ਵੀ ਅਜਾਦ ਜਿੰਦਗੀ ਜਿਉਣ ਦੇ ਅਧਿਕਾਰ ਨਹੀ ਦਿੱਤੇ ਗਏ,ਬਲਕਿ ਸਿੱਖਾਂ ਦੀ ਪਛਾਣ ਖਤਮ ਕਰਕੇ ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਦੱਸਣ ਲਈ ਬਹੁਤ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ।ਜਿਹੜੀ ਕੌਂਮ ਮਾਰਿਆਂ ਨਹੀ ਮੁੱਕਣੀ ਸੀ,ਉਹਦੇ ਇਤਿਹਾਸ ਅਤੇ ਸਿਧਾਂਤ ਨੂੰ ਬਿਗਾੜ ਕੇ ਉਹਨੂੰ ਮੁੜ ਹਿੰਦੂ ਧਰਮ ਵਿੱਚ ਜਜ਼ਬ ਕਰਨ ਦੀਆਂ ਸਾਜਿਸ਼ਾਂ ਅੰਜਾਮ ਦੇ ਨੇੜੇ ਪਹੁੰਚ ਚੁੱਕੀਆਂ ਹਨ।ਕੁੱਝ ਅਜਿਹੀਆਂ ਸਾਜਿਸ਼ਾਂ ਦੀ ਤਰਜਮਾਨੀ ਕਰਦਾ ਹੈ ਜੂਨ 1984 ਦਾ ਫੌਜੀ ਹਮਲਾ,ਜਿਸਨੇ ਸਿੱਖ ਕੌਮ ਦੀ ਇੱਕ ਪੀਹੜੀ ਦਾ ਮੁਕੰਮਲ ਖਾਤਮਾ ਸਿਰਫ ਇਸ ਕਰਕੇ ਕਰ ਦਿੱਤਾ,ਤਾਂ ਕਿ ਸਿੱਖਾਂ ਅੰਦਰੋ ਅਪਣੇ ਪੁਰਖਿਆਂ ਨੂੰ ਯਾਦ ਰੱਖਣ ਦੀ ਭਾਵਨਾ ਨੂੰ ਡਰ ਅਤੇ ਦਹਿਸਤ ਨਾਲ ਮਾਰਿਆ ਜਾ ਸਕੇ,ਪਰੰਤੂ ਉਪਰ ਲਿਖਿਆ ਜਾ ਚੁੱਕਾ ਹੈ ਕਿ ਗੈਰਤਮੰਦ ਕੌਮਾਂ ਕਦੇ ਵੀ ਅਪਣੇ ਇਤਿਹਾਸ ਅਤੇ ਪੁਰਖਿਆਂ ਨੂੰ ਭੁੱਲ ਕੇ ਜਿੰਦਾ ਨਹੀ ਰਹਿ ਸਕਦੀਆਂ।ਜੂਨ 1984 ਦੇ ਫੌਜੀ ਹਮਲੇ ਤੋ ਬਾਅਦ ਜਿਸਤਰਾਂ ਸਿੱਖਾਂ ਦੀ ਚੁਣ ਚੁਣ ਕੇ ਨਸਲਕੁਸ਼ੀ ਕੀਤੀ ਗਈ,ਉਹਦਾ ਦਰਦ ਜਖਮੀ ਹੋਈ ਸਿੱਖ ਮਾਨਸਿਕਤਾ ਨੇ ਅਪਣੇ ਅੰਦਰੋ ਮਰਨ ਨਹੀ ਦਿੱਤਾ।ਉਸ ਦਰਦ ਦੀ ਚੀਸ ਉਹਨਾਂ ਦੇ ਕਾਲਜੇ ਵਿੱਚ ਹਰ ਸਾਲ ਜੂਨ ਦੇ ਮਹੀਨੇ ਦੀ ਪਹਿਲੀ ਤਰੀਕ ਨੂੰ ਅਜਿਹੀ ਪੈਂਦੀ ਹੈ ਕਿ ਜਖਮ ਤਾਜਾ ਹੋ ਜਾਂਦੇ ਹਨ। ਛੇ ਜੂਨ ਦੇ ਸਵੇਰੇ ਦਸ ਕੁ ਵਜੇ ਤੱਕ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੀਰੀ ਪੀਰੀ ਨਿਸਾਨ ਸਾਹਿਬ ਕੋਲ ਪਹੁੰਚ ਕੇ ਸ਼ਹਾਦਤ ਦੇ ਦਿੱਤੀ ਸੀ,ਉਹਨਾਂ ਦੇ ਨਾਲ ਭਾਈ ਅਮਰੀਕ ਸਿੰਘ ਅਤੇ ਕੁੱਝ ਹੋਰ ਸਿੰਘਾਂ ਨੇ ਵੀ ਸ਼ਹਾਦਤ ਦਿੱਤੀ,ਜਦੋਕਿ ਜਰਨਲ ਸੁਬੇਗ ਸਿੰਘ ਨੇ ਪਿਛਲੀ ਰਾਤ ਨੂੰ ਜਖਮੀ ਹੋਣ ਤੋ ਬਾਅਦ ਸੰਤਾਂ ਦੇ ਨਾਲ ਗੱਲਬਾਤ ਕਰਦਿਆਂ ਹੀ ਸ਼ਹਾਦਤ ਦਾ ਅਮ੍ਰਿਤ ਪੀ ਲਿਆ ਸੀ।ਸੋ ਇਹ ਕਹਿਣਾ ਕੋਈ ਗਲਤ ਨਹੀ ਕਿ ਸੰਤਾਂ ਨੇ ਅਪਣੇ ਮਿਉਂਦੇ ਜੀਅ ਫੌਜ ਨੂੰ ਸ੍ਰੀ ਦਰਬਾਰ ਸਾਹਿਬ ਤੇ ਕਾਬਜ ਨਹੀ ਸੀ ਹੋਣ ਦਿੱਤਾ, ਛੇ ਜੂਨ ਨੂੰ ਸੰਤਾਂ ਦੀ ਸ਼ਹਾਦਤ ਤੋ ਬਾਅਦ ਹੀ
ਫੌਜ ਸ੍ਰੀ ਦਰਬਾਰ ਸਾਹਿਬ ਤੇ ਕਾਬਜ ਹੋ ਸਕੀ ਸੀ,ਇਸ ਲਈ ਸਿੱਖ ਸੰਗਤਾਂ ਛੇ ਜੂਨ ਦੇ ਦਿਹਾੜੇ ਨੂੰ ਤੀਜੇ ਘੱਲੂਘਾਰੇ ਦੀ ਅਰਦਾਸ ਦਿਹਾੜੇ ਵਜੋਂ ਮਨਾਉਂਦੀ ਹੈ,ਜਦੋ ਉਹ ਅਪਣੀ ਕੌਂਮ ਦੇ ਉਹਨਾਂ ਜਾਂਬਾਜਾਂ ਨੂੰ ਯਾਦ ਕਰਦੀ ਹੋਈ ਉਹਨਾਂ ਦੇ ਰਾਹਾਂ ਤੇ ਚੱਲਣ ਦੇ ਅਹਿਦ ਕਰਦੀ ਹੈ,ਜਿੰਨਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਕਰਦਿਆਂ ਅਜਾਦ ਭਾਰਤ ਦੀਆਂ ਫੌਜਾਂ ਨਾਲ ਲੋਹਾ ਲਿਆ। ਇਹ ਵੀ ਕਿਸੇ ਤੋ ਹੁਣ ਲੁਕੀ ਛਿਪੀ ਬੁਝਾਰਤ ਨਹੀ ਰਹੀ ਕਿ ਉਹ ਫੌਜੀ ਹਮਲਾ ਕੁੱਝ ਅਪਣਿਆਂ ਦੀ ਸਹਿ ਨਾਲ ਹੀ ਹੋਇਆ ਸੀ।ਉਸ ਮੌਕੇ ਬਹੁਤ ਸਾਰਿਆਂ ਨੇ ਪਾਰਟੀਆਂ ਤੋ ਅਸਤੀਫੇ ਦਿੱਤੇ,ਅਹੁਦਿਆਂ ਤੋ ਅਸਤੀਫੇ ਦਿੱਤੇ,ਸਰਕਾਰੀ ਸਨਮਾਨ ਵਾਪਸ ਕੀਤੇ।ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਮੈਬਰ ਪਾਰਲੀਮੈਟ ਅਤੇ ਕਾਂਗਰਸ ਪਾਰਟੀ ਦੀ ਮੁਢਲੀ ਮੈਂਬਰਸ਼ਿੱਪ ਤੋ ਅਸਤੀਫਾ ਦਿੱਤਾ ਗਿਆ ਸੀ,ਪਰੰਤੂ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ ਕਦੇ ਵੀ ਛੇ ਜੂਨ ਤੇ ਨਾ ਹੀ ਕਿਸੇ ਨੇ ਇਸ ਮੰਦਭਾਗੀ ਘਟਨਾ ਤੇ ਅਫਸੋਸ ਜਾਹਰ ਕੀਤਾ ਹੈ ਅਤੇ ਨਾ ਹੀ ਕਿਸੇ ਨੇ ਸ੍ਰੀ ਦਰਬਾਰ ਸਾਹਿਬ ਆਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਸਰੋਮਣੀ ਅਕਾਲੀ ਦਲ ਜਿਹੜੀ ਪੰਥ ਦੀ ਨੁਮਾਇੰਦਾ ਪਾਰਟੀ ਹੈ,ਉਹਨੇ ਵੀ ਸਿਰਫ ਤੇ ਸਿਰਫ ਸਿਆਸਤ ਕਰਕੇ ਸਿਆਸੀ ਰੋਟੀਆਂ ਹੀ ਛੇਕੀਆ ਹਨ,ਤੇ ਸ੍ਰ ਪਰਕਾਸ਼ ਸਿੰਘ ਬਾਦਲ ਪੰਜ ਵਾਰ ਸੂਬੇ ਦੀ ਸੱਤਾ ਦਾ ਅਨੰਦ ਸਿਰਫ ਸਿੱਖ ਮਸਲਿਆਂ ਤੇ ਸਿਆਸਤ ਕਰਕੇ ਲੈ ਚੁੱਕੇ ਹਨ। ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਜਿਹੜੀ ਸਿੱਖ ਨੁਮਾਇੰਦਾ ਘੱਟ ਅਤੇ ਦਿੱਲੀ ਦੀ ਪਹਿਰੇਦਾਰ ਜਿਆਦਾ ਜਾਪਦੀ ਹੈ,ਹਮੇਸਾਂ ਸਿੱਖ ਨੌਜੁਆਨਾਂ ਦੀਆਂ ਭਾਵਨਾਵਾਂ ਦਵਾਉਣ ਵਿੱਚ ਹੀ ਅਪਣੀ ਸਿੱਖੀ ਸੇਵਕੀ ਸਮਝ ਬੈਠੀ ਹੈ।ਹਰ ਵਾਰ ਉੱਥੇ ਹੁੱਲੜਵਾਜੀ ਹੋਣ ਦਾ ਵੀ ਇਹੋ ਕਾਰਨ ਹੈ ਕਿ ਸਰੋਮਣੀ ਕਮੇਟੀ ਜਜ਼ਬਾਤੀ ਹੋਏ ਨੌਜਵਾਨਾਂ ਦੀ ਜੁਬਾਨ ਚੋ ਖਾਲਿਸਤਾਨ ਦਾ ਨਾਮ ਨਹੀ ਸੁਨਣਾ ਚਾਹੁੰਦੀ,ਇਸ ਨਾਲ ਉਹਨਾਂ ਨੂੰ ਦਿੱਲੀ ਦਰਬਾਰ ਅਤੇ ਨਾਗਪੁਰੀ ਸੰਸਥਾ ਦੀ ਨਰਾਜਗੀ ਝੱਲਣੀ ਪੈਂਦੀ ਹੈ।ਸਿੱਖ ਕੌਂਮ ਪਵੇ ਢੱਠੇ ਖੂਹ ਵਿੱਚ,ਇਸ ਦੀ ਕੋਈ ਪਰਵਾਹ ਨਹੀ ਹੈ। ਪਿਛਲੇ ਕੁੱਝ ਸਾਲਾਂ ਤੋ ਕੁੱਝ ਹੁਣਲੜਵਾਜਾਂ ਵੱਲੋਂ ਛੇ ਜੂਨ ਨੂੰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਪੁਤਲੇ ਫੂਕਣ ਅਤੇ ਫੌਜੀ ਹਮਲੇ ਦੇ ਹੱਕ ਵਿੱਚ ਪ੍ਰਦਰਸ਼ਣ ਕਰਨ ਦੀ ਕਿਰਿਆ ਨੂੰ ਇੱਕ ਰਵਾਇਤ ਵਜੋਂ ਪਰਫੁੱਲਿਤ ਕੀਤਾ ਜਾ ਰਿਹਾ ਹੈ,ਜਿਸਨੂੰ ਸਿੱਖ ਸਮਾਜ ਬਰਦਾਸ਼ਤ ਨਹੀ ਕਰਦਾ,ਖਾਸ ਕਰਕੇ ਸਿੱਖ ਨੌਜੁਆਨ ਕਿਸੇ ਵੀ ਕੀਮਤ ਤੇ ਅਪਣੇ ਕੌਮੀ ਸ਼ਹੀਦਾਂ ਦਾ ਅਪਮਾਨ ਹੋਇਆ ਬਰਦਾਸਤ ਨਹੀ ਕਰ ਸਕਦੇ।ਇਹ ਵਰਤਾਰਾ ਜੂਨ ਦੇ ਪਹਿਲੇ ਹਫਤੇ ਲਗਾਤਾਰ ਵਾਪਰਦਾ ਆ ਰਿਹਾ ਹੈ।ਬੀਤੇ ਦਿਨੀ ਰਾਜਪੁਰਾ ਵਿੱਚ ਵੀ ਇਸਤਰਾਂ ਦੇ ਵੱਡੇ ਫਲੈਕਸ ਬੋਰਡ ਲਾਏ ਗਏ ਸਨ,ਜਿੰਨਾਂ ਦਾ ਸਿੱਖ ਨੌਜਵਾਨਾਂ ਨੇ ਗੰਭੀਰ ਨੋਟਿਸ ਲਿਆ ਹੈ। ਇਸਤਰਾਂ ਦੀਆਂ ਹਰਕਤਾਂ ਨਾਲ ਪੰਜਾਬ ਦੇ ਮਹੌਲ ਵਿੱਚ ਤਣਾਅ ਪੈਦਾ ਹੁੰਦਾ ਹੈ,ਜਿਹੜਾ ਪੰਜਾਬ,ਪੰਜਾਬੀ ਅਤੇ ਪੰਜਾਬੀਅਤ ਲਈ ਖਤਰੇ ਦੀ ਘੰਟੀ ਹੈ।ਇਹ ਸਾਰਾ ਕੁੱਝ ਸਹਿਰਾਂ ਵਿੱਚ ਹੀ ਹੋ ਰਿਹਾ ਹੈ,ਪੰਜਾਬ ਦੀ ਸਾਂਤੀ ਨੂੰ ਲਾਂਬੂ ਲਾਉਣ ਦੀਆਂ ਇਹ ਸਾਜਿਸ਼ਾਂ ਨੂੰ ਸਮਝਣ ਦੀ ਲੋੜ ਹੈ।।ਅਜੇ ਤੱਕ ਪੰਜਾਬ ਦੇ ਪਿੰਡਾਂ ਵਿੱਚ ਅਜਿਹਾ ਕੁੱਝ ਵੀ ਨਹੀ ਹੈ।ਲੋਕਾਂ ਵਿੱਚ ਭਾਈਚਾਰਕ ਸਾਂਝਾਂ ਕਾਇਮ ਹਨ। ਹਿੰਦੂ, ਸਿੱਖ ਮੁਸਲਮਾਨ ਅਤੇ ਇਸਾਈ ਸਾਰੇ ਹੀ ਪਿੰਡਾਂ ਵਿੱਚ ਅਮਨ ਅਮਾਨ ਨਾਲ ਰਹਿਣਾ ਪਸੰਦ ਕਰਦੇ ਹਨ,ਪਰੰਤੂ ਜਦੋ ਬਾਰ ਬਾਰ ਅਜਿਹਾ ਮਹੌਲ ਸਿਰਜਿਆ ਜਾਵੇਗਾ ਤਾਂ ਇਹਨਾਂ ਸਾਂਝਾਂ ਦਾ ਤਿੜਕਣਾ ਸੁਭਾਵਿਕ ਹੈ, ਇੱਕ ਨਾ ਇੱਕ ਦਿਨ ਇਹ ਫਿਰਕੂ ਨਫਰਤ ਦਾ ਸੇਕ ਪਿੰਡਾਂ ਤੱਕ ਵੀ ਜਰੂਰ ਪੁੱਜ ਜਾਵੇਗਾ।ਇੱਕ ਹੋਰ ਵੀ ਗੱਲ ਸੋਚਣ ਸਮਝਣ ਵਾਲੀ ਹੈ ਕਿ ਪੰਜਾਬ ਵਿੱਚ ਸਰਕਾਰ ਭਾਵੇਂ ਅਕਾਲੀਆਂ ਦੀ ਹੋਵੇ ਜਾਂ ਕਾਂਗਰਸ ਦੀ,ਇਹਨਾਂ ਹੁੱਲੜਵਾਜਾਂ ਨੂੰ ਹਮੇਸਾਂ ਪੂਰੀ ਖੁੱਲ ਦਿੱਤੀ ਜਾਂਦੀ ਹੈ,ਜਿਸ ਤੋ ਇਹ ਅੰਦਾਜਾ ਲਾਉਣਾ ਕੋਈ ਮੁਸਕਲ ਨਹੀ ਕਿ ਇਹ ਸਾਜਿਸ਼ਾਂ ਪਿੱਛੇ ਉਹ ਤਾਕਤਾਂ ਕੰਮ ਕਰਦੀਆਂ ਹਨ,ਜਿਹੜੀਆਂ ਭਾਰਤ ਨੂੰ ਹਿੰਦੂ ਰਾਸ਼ਟਰ ਦੇ ਨਾਮ ਤੇ ਬਹੁ ਕੌਮੀਅਤ ਖਤਮ ਕਰਕੇ ਸਿਰਫ ਮਜਹਬੀ ਰਾਜ ਸਥਾਪਤ ਕਰਨਾ ਚਾਹੁੰਦੀਆਂ ਹਨ। ਜਿਸ ਗੁਰੂ ਦੇ ਸੱਚੇ ਸਿੱਖ ਨੇ ਲੱਖਾਂ ਦੀ ਗਿਣਤੀ ਵਿੱਚ ਚੜ੍ਹਕੇ ਆਈ ਫੌਜ ਨਾਲ ਲਗਾਤਾਰ 72 ਘੰਟੇ ਘਮਸ਼ਾਣ ਦਾ ਯੁੱਧ ਲੜਿਆ ਅਤੇ ਫੌਜ ਨੂੰ ਅਪਣੇ ਜਿਉਂਦੇ ਜੀਅ ਸ੍ਰੀ ਦਰਬਾ੍ਰ ਸਾਹਿਬ ਦੀ ਹਦੂਦ ਅੰਦਰ ਪੈ੍ਰ ਤੱਕ ਨਹੀ ਸੀ ਪਾਉਣ ਦਿੱਤਾ,ਅੱਜ ਉਹਨਾਂ ਦੀ ਯਾਦ ਵਿੱਚ ਮਨਾਏ ਜਾਂਦੇ ਦਿਹਾੜੇ ਮੌਕੇ ਕੱਟੜਵਾਦੀ ਤਾਕਤਾਂ ਵੱਲੋਂ ਮੁੜ ਤੋ ਸਿੱਖਾਂ ਦੇ ਜਖਮਾਂ ਨੂੰ ਕੁਦੇੜਨ ਦੇ ਯਤਨ ਹੋ ਰਹੇ ਹਨ, ਜਦੋਂਕਿ ਚਾਹੀਦਾ ਤਾਂ ਇਹ ਸੀ ਕਿ ਭਾਰਤ ਸਰਕਾਰ ਸ੍ਰੀ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਤੇ ਅਫਸੋਸ ਜਾਹਰ ਕਰਕੇ ਸਿੱਖਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੀ,ਪਰ ਅਜਿਹਾ ਨਹੀ ਹੋ ਸਕੇਗਾ,ਕਿਉਂਕਿ ਦਰਬਾਰ ਸਾਹਿਬ ਤੇ ਹਮਲਾ ਮਹਿਜ ਇੰਦਰਾ ਗਾਂਧੀ ਦੀ ਸਰਕਾਰ ਦਾ ਹੀ ਫੈਸਲਾ ਨਹੀ ਸੀ,ਇਹ ਫੈਸਲਾ ਸਮੁੱਚੀਆਂ ਕੱਟੜਵਾਦੀ ਤਾਕਤਾਂ ਦਾ ਸਾਝਾ ਫੈਸਲਾ ਸੀ। ਸੋ ਅੱਜ ਦੇ ਦਿਨ ਤੇ ਜਿੱਥੇ ਸਿੱਖ ਕੌਂਮ ਉਹਨਾਂ ਮਹਾਂਨ ਕੌਂਮੀ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਮਾਣ ਮਹਿਸੂਸ ਕਰਦੀ ਹੈ,ਓਥੇ ਅਪਣੇ ਹੀ ਮੁਲਕ ਵਿੱਚ ਅਪਣੇ ਹੀ ਦੇਸ਼ ਦੀਆਂ ਫੌਜਾਂ ਵੱਲੋਂ ਸਿੱਖਾਂ ਨਾਲ ਕੀਤੇ ਦੁਸ਼ਮਣ ਵਾਲੇ ਵਰਤਾਰੇ ਤੇ ਅਫਸੋਸ ਵੀ ਪ੍ਰਗਟ ਕਰਦੀ ਹੈ।
ਬਘੇਲ ਸਿੰਘ ਧਾਲੀਵਾਲ
99142-58142
ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ‘ਤੇ ਭਾਰਤੀ ਫੌਜਾਂ ਦਾ ਹਮਲਾ,ਜਿਸਨੇ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕੀਤਾ - ਬਘੇਲ ਸਿੰਘ ਧਾਲੀਵਾਲ
ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਕੀਤਾ ਗਿਆ ਫੌਜੀ ਹਮਲਾ ਸਿੱਖਾਂ ਤੇ ਹੋਏ ਪਹਿਲੇ ਦੋ ਵੱਡੇ ਹਮਲਿਆਂ ਤੋ ਵੀ ਵੱਡਾ ਹਮਲਾ ਹੈ,ਜਿੰਨਾਂ ਨੂੰ ਸਿੱਖ ਇਤਿਹਾਸ ਵਿੱਚ ਵੱਡੇ ਛੋਟੇ ਘੱਲੂਘਾਰੇ ਦਾ ਨਾਮ ਦਿੱਤਾ ਗਿਆ ਹੈ।ਤੀਜੇ ਘੱਲੂਘਾਰੇ ਵਿੱਚ ਜੋ ਸਿੱਖ ਮਹਿਲਾਵਾਂ ਦਾ ਜਿਣਸੀ ਸ਼ੋਸ਼ਣ ਕੀਤਾ ਗਿਆ,ਉਸ ਨੇ ਜਿੱਥੇ ਭਾਰਤ ਦੇ ਅਖੌਤੀ ਲੋਕਤੰਤਰ ਦਾ ਪਰਦਾਫਾਸ ਕੀਤਾ ਹੈ,ਓਥੇ ਭਾਰਤੀ ਫੌਜ ਦੇ ਇਸ ਘਿਨਾਉਣੇ ਜੁਲਮਾਂ ਨੇ ਮੁਗਲਾਂ ਦੇ ਜੁਲਮਾਂ ਨੂੰ ਬਹੁਤ ਛੋਟਾ ਕਰ ਦਿੱਤਾ ਹੈ।ਪਹਿਲਾ ਘੱਲੂਘਾਰਾ ਸਿੱਖਾਂ ਅਤੇ ਮੁਗਲਾਂ ਦਰਮਿਆਨ ਮਈ 1746 ਈ: ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਕਾਹਨੂੰਵਾਨ ਛੰਭ 'ਚ ਵਾਪਰਿਆ।ਜਿੱਥੇ ਦਿਵਾਨ ਲਖਪਤ ਰਾਏ ਨੇ ਅਪਣੇ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਲਹੌਰ ਦੇ ਸ਼ਾਹੀ ਲਗਵਰਨਰ ਯਾਹੀਆ ਖਾਨ ਤੋ ਵੱਡੀ ਸ਼ਾਹੀ ਫੌਜ ਇਕੱਤਰ ਕੀਤੀ ਸੀ। ਇਸ ਗਹਿਗੱਚ ਲੜਾਈ ਦੌਰਾਨ 11,000 ਤੋਂ ਵੱਧ ਸਿੰਘ-ਸਿੰਘਣੀਆਂ ਨੇ ਸ਼ਹੀਦੀ ਪ੍ਰਾਪਤ ਕੀਤੀ ਤੇ 2000 ਦੇ ਕਰੀਬ ਸਿੰਘ ਜੰਗਲ ਵਿੱਚ ਲੱਗੀ ਅੱਗ ਤੇ ਬਿਆਸ ਦਰਿਆ ਨੂੰ ਪਾਰ ਕਰਦਿਆਂ ਸ਼ਹੀਦੀਆਂ ਪ੍ਰਾਪਤ ਕਰ ਗਏ ਸਨ। ਸੈਂਕੜੇ ਸਿੰਘਾਂ ਨੂੰ ਲਖਪਤ ਰਾਏ ਬੰਦੀ ਬਣਾ ਕੇ ਲਹੌਰ ਲੈ ਗਿਆ, ਜਿਥੇ ਉਨ੍ਹਾਂ ਨੂੰ ਬੇਰਹਿਮੀ ਨਾਲ ਸ਼ਹੀਦ ਕੀਤਾ ਗਿਆ। ਸਿੱਖ ਇਤਿਹਾਸ ਵਿੱਚ ਇਹ ਸਾਕਾ ਛੋਟੇ ਘੱਲੂਘਾਰੇ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਵੱਡਾ ਘੱਲੂਘਾਰਾ ਫਰਵਰੀ, 1762 ਈ: ਨੂੰ ਅਹਿਮਦ ਸ਼ਾਹ ਅਬਦਾਲੀ ਦੇ ਛੇਵੇਂ ਹਮਲੇ ਦੌਰਾਨ ਵਾਪਰਿਆ ਸੀ। ਇਸ ਘਲੂਘਾਰੇ ਵਿਚ ਸਿੱਖਾਂ ਦੀ ਫੌਜ 50,000 ਤੇ ਅਬਦਾਲੀ ਦੀ 2 ਲੱਖ ਤੋ ਵੱਧ ਸੀ। ਸਿੱਖਾਂ ਦੇ 16-18 ਹਜ਼ਾਰ ਬਾਲ ਬੱਚੇ ਤੇ ਔਰਤਾਂ ਤੇ 10-12 ਹਜ਼ਾਰ ਸਿੱਖ ਫੌਜ ਸਮੇਤ ਕੁੱਲ ਕਰੀਬ 30-35 ਹਜ਼ਾਰ ਸਿੱਖ ਸ਼ਹੀਦ ਹੋਏ ਸਨ।ਪ੍ਰੰਤੂ ਵੀਹਵੀਂ ਸਦੀ ਵਿੱਚ ਭਾਰਤੀ ਫੌਜਾਂ ਵੱਲੋਂ ਕੀਤੇ ਹਮਲੇ ਨੇ ਇਤਿਹਾਸ ਦੇ ਵਰਕਿਆਂ ਵਿੱਚ ਦਰਜ ਮੁਗਲਾਂ ਦੇ ਜੁਲਮਾਂ ਨੂੰ ਬੌਨਾ ਕਰ ਦਿੱਤਾ ਹੈ। ਵੀਹਵੀਂ ਸਦੀ ਦੇ ਅੱਠਵੇਂ ਦਹਾਕੇ ਚ ਹੋਏ ਇਸ ਹਮਲੇ ਦੌਰਾਨ ਭਾਰਤੀ ਫੌਜ ਵੱਲੋਂ ਸਿੱਖ ਸ਼ਰਧਾਲੂ ਬੱਚੇ,ਬੱਚੀਆਂ,ਬੁੱਢੇ, ਬੁੱਢੀਆਂ,ਨੌਜੁਆਨ,ਮੁੰਡੇ ਕੁੜੀਆਂ ਮਹਿਲਾਵਾਂ ਸਮੇਤ ਵੱਡੀ ਗਿਣਤੀ ਵਿੱਚ ਬੇਰਹਿਮੀ ਨਾਲ ਸਰੀਰਕ,ਮਾਨਸਿਕ ਅਤੇ ਜਿਣਸੀ ਕਸਟ ਦੇਣ ਤੋ ਬਾਅਦ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ, ਅਤੇ ਬਾਕੀਆਂ ਨੂੰ ਗਿਰਫਤਾਰ ਕਰਕੇ ਅੰਨਾ ਜੁਲਮ ਕਰਨ ਤੋਂ ਬਾਅਦ ਜੇਲਾਂ ਵਿੱਚ ਸੁੱਟ ਦਿੱਤਾ ਗਿਆ ਸੀ।ਜੂਨ 84 ਦੇ ਇਸ ਹਮਲੇ ਦਾ ਅਤੇ ਮੁਗਲਾਂ ਦੇ ਹਮਲਿਆਂ ਵਿੱਚ ਇਹ ਅੰਤਰ ਸੀ ਕਿ ਉਸ ਮੌਕੇ ਹੋਏ ਜੁਲਮਾਂ ਵਿੱਚ ਸਿੱਖ ਬੀਬੀਆਂ ਕਦੇ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਨਹੀ ਸਨ ਹੋਈਆਂ,ਪਰ ਜੂਨ 1984 ਦੇ ਹਮਲੇ ਦੌਰਾਨ ਮਹਿਲਾਵਾਂ ਨੂੰ ਜਾਣਬੁੱਝ ਕੇ ਨਿਸਾਨਾ ਬਣਾਇਆ ਗਿਆ।ਸਿੱਖ ਜੂਨ ਦੇ ਇਸ ਹਫਤੇ ਨੂੰ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੇ ਹਨ। 1 ਜੂਨ 1984 ਦਾ ਪਹਿਲਾ ਦਿਨ ਪੰਜਾਬ ਲਈ ਤੇ ਖਾਸ ਕਰਕੇ ਸਿੱਖਾਂ ਲਈ ਉਹ ਮਨਹੂਸ ਦਿਨ ਸੀ, ਜਿਸ ਦਿਨ ਭਾਰਤੀ ਫੌਜਾਂ ਨੇ ਆਪਣੇ ਹੀ ਮੁਲਕ ਦੇ ਇੱਕ ਅਜਿਹੇ ਫਿਰਕੇ ਨੂੰ ਸਬਕ ਸਿਖਾਉਣ ਲਈ ਚੜ੍ਹਾਈ ਕੀਤੀ ਸੀ, ਜਿਸ ਨੇ ਭਾਰਤ ਦੇ ਗਲੋਂ ਵਿਦੇਸ਼ੀ ਗੁਲਾਮੀ ਦਾ ਜੂਲਾ ਲਾਹੁਣ ਲਈ ਮਹੱਤਵਪੂਰਨ ਯੋਗਦਾਨ ਹੀ ਨਹੀਂ ਪਾਇਆ ਬਲਕਿ ਇਹ ਕਿਹਾ ਜਾ ਸਕਦਾ ਹੈ ਕਿ ਭਾਰਤ ਨੂੰ ਅੰਗੇਰਜ ਸਾਮਰਾਜ ਦੀ ਦੋ ਸਦੀਆਂ ਪੁਰਾਣੀ ਗੁਲਾਮੀ ਤੋਂ ਮੁਕੰਮਲ ਅਜਾਦੀ ਦਿਵਾਈ ਸੀ। ਜੂਨ 1984 ਦਾ ਸ੍ਰੀ ਹਰਮੰਦਿਰ ਸਾਹਿਬ ਤੇ ਫੌਜੀ ਹਮਾਲ ਭਾਰਤ ਦੇ ਹਿੰਦੂ ਕੱਟੜਵਾਦ ਵੱਲੋਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਕੀਤੇ ਜਵਰ ਜੁਲਮ ਦਾ ਸਿਖਰ ਕਿਹਾ ਜਾ ਸਕਦਾ ਹੈ। ਇਸ ਹਮਲੇ ਦੌਰਾਨ ਫੋਜ ਦੀ ਹਾਈਕਮਾਂਡ ਵੱਲੋਂ ਫੌਜੀਆਂ ਨੂੰ ਸ੍ਰੀ ਹਰਮੰਦਰ ਸਾਹਿਬ ਵਿਖੇ ਜੁੜੀਆਂ ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਨੂੰ ਸਬਕ ਸਿਖਾਉਣ ਲਈ ਜੋ ਹਦਾਇਤਾਂ ਦਿੱਤੀਆਂ ਗਈਆਂ, ਉਹ ਬਹੁਤ ਹੀ ਦਿਲ ਕੰਬਾਊ ਸਨ। ਫੌਜ ਦੀ ਹਾਈਕਮਾਂਡ ਵੱਲੋਂ ਭਾਰਤੀ ਫੌਜ ਦੇ ਜਵਾਨਾਂ ਨੂੰ ਦਰਵਾਰ ਸਾਹਿਬ ਕੰਪਲੈਕਸ ਵਿੱਚ ਘਿਰ ਚੁੱਕੀਆਂ ਸਿੱਖ ਬੀਬੀਆਂ ਨਾਲ ਬਲਾਤਕਾਰ ਤੱਕ ਕਰਨ ਦੀ ਖੁੱਲ ਦਿੱਤੀ ਗਈ ਤੇ ਫੌਜੀ ਹਮਲੇ ਦੀ ਕਮਾਂਡ ਸਾਂਭ ਰਹੇ ਜਰਨੈਲਾਂ ਨੂੰ ਇਹ ਗੱਲ ਯਕੀਨੀ ਬਣਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਕਿ ਜੇਕਰ ਕੋਈ ਫੌਜੀ ਜਵਾਨ ਸਿੱਖ ਔਰਤ ਨਾਲ ਬਲਾਤਕਾਰ ਕਰਦਾ ਹੈ ਤਾਂ ਉਸ ਨੂੰ ਕੋਈ ਵੀ ਸਜਾ ਨਾ ਦਿੱਤੀ ਜਾਵੇ ਭਾਵ ਕਿਸੇ ਵੀ ਜੁਰਮ ਬਦਲੇ ਕਿਸੇ ਵੀ ਫੋਜੀ ਜਵਾਨ ਦਾ ਕੋਰਟ ਮਾਰਸ਼ਲ ਨਾ ਕੀਤਾ ਜਾਵੇ। ਭਾਰਤੀ ਫੌਜ ਦੇ ਇਹ ਰਾਜ ਦਰਵਾਰ ਸਾਹਿਬ ਤੇ ਫੌਜੀ ਹਮਲੇ ਦੇ ਕਮਾਂਡਰ ਰਹੇ ਜਰਨੈਲ ਕੁਲਦੀਪ ਬਰਾੜ ਨੇ ਆਪਣੀ ਕਿਤਾਬ ਵਿੱਚ ਉਜਾਗਰ ਕੀਤੇ ਹਨ। ਫੌਜੀ ਜਰਨੈਲ ਅਨੁਸਾਰ ਸ੍ਰੀ ਹਰਮੰਦਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਵਿੱਚ ਭਾਰਤੀ ਫੌਜ ਨੂੰ ਚੀਨ ਅਤੇ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਤੋਂ ਵੱਧ ਸ਼ਕਤੀ ਦਾ ਇਸਤੇਮਾਲ ਕਰਨਾ ਪਿਆ। ਉਪਰੋਕਤ ਤੱਥਾਂ ਤੋਂ ਇਹ ਸਿੱਧ ਹੁੰਦਾ ਹੈ ਕਿ ਭਾਰਤ ਸਰਕਾਰ ਦੀ ਸਿੱਖਾਂ ਪ੍ਰਤੀ ਸੋਚ ਆਪਣਿਆਂ ਵਾਲੀ ਨਹੀਂ ਬਲਕਿ ਦੁਸ਼ਮਣਾਂ ਵਾਲੀ ਰਹੀ।ਇਹੋ ਗੱਲ ਮਿਉਂਦੇ ਜੀਅ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਕਹਿੰਦੇ ਰਹੇ ਹਨ ਕਿ ਸਾਡੀ ਅਲੱਗ ਹੋਣ ਦੀ ਕੋਈ ਮੰਗ ਨਹੀ,ਪਰ ਰਹਿਣਾ ਅਸੀ ਇੱਕ ਨੰਬਰ ਦੇ ਸਹਿਰੀ ਬਣ ਕੇ ਹੈ,ਦੂਜੇ ਦਰਜੇ ਦੇ ਸਹਿਰੀ ਬਣ ਕੇ ਰਹਿਣਾ ਮਨਜੂਰ ਨਹੀ। ਇਹ ਸਮਝ ਵੀ ਪੈਂਦੀ ਹੈ ਕਿ ਭਾਰਤ ਸਰਕਾਰ ਵੱਲੋਂ ਇਹ ਫੌਜੀ ਹਮਲਾ ਮਹਿਜ ਦੇਸ਼ ਦੇ ਅਮਨ ਕਾਨੂੰਨ ਨੂੰ ਬਣਾਈ ਰੱਖਣ ਲਈ ਨਹੀ ਬਲਕਿ ਸਿੱਖ ਕੌਮ ਨੂੰ ਸਬਕ ਸਿਖਾਉਣ ਲਈ ਦੁਸ਼ਮਣ ਸਮਝਕੇ ਦੂਸਰੇ ਮੁਲਕ ਤੇ ਕੀਤੇ ਜਾਣ ਵਾਲੇ ਹਮਲੇ ਦੀ ਤਰਜ ਤੇ ਬਕਾਇਦਾ ਓਪਰੇਸ਼ਨ ਬਲਿਊ ਸਟਾਰ ਦਾ ਨਾਮ ਦੇ ਕੇ ਕੀਤਾ ਗਿਆ ਸੀ। ਸਿੱਖ ਕੌਮ ਦੀ ਆਣ ਸ਼ਾਨ ਦੇ ਪ੍ਰਤੀਕ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕੇਂਦਰ ਦੀ ਇਸ ਬਦਨੀਤੀ ਤੋਂ ਚੰਗੀ ਤਰਾਂ ਵਾਕਫ ਸਨ ਇਸੇ ਲਈ ਉਨਾਂ ਨੂੰ ਭਾਰਤ ਸਰਕਾਰ ਵੱਲੋਂ ਕੀਤੇ ਜਾਣ ਵਾਲੇ ਫੌਜੀ ਹਮਲੇ ਦੇ ਪ੍ਰਤੀਕਰਮ ਵਜੋਂ ਇਹ ਐਲਾਨ ਕੀਤੀ ਗਿਆ ਸੀ ਕਿ ਜੇਕਰ ਭਾਰਤ ਸਰਕਾਰ ਸ੍ਰੀ ਹਰਮੰਦਰ ਸਾਹਿਬ ਤੇ ਫੌਜੀ ਹਮਲਾ ਕਰਦੀ ਹੈ ਤਾਂ ਉਸ ਦਿਨ ਖਾਲਿਸਤਾਨ ਦੀ ਨੀਂਹ ਟਿੱਕ ਜਾਵੇਗੀ। ਇਹ ਕਿਹਾ ਜਾਣਾ ਕਿ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਇਹ ਆਸ ਨਹੀਂ ਸੀ ਕਿ ਕੇਦਰ ਸਰਕਾਰ ਐਨਾ ਵੱਡਾ ਹਮਲਾ ਦਰਬਾਰ ਸਾਹਿਬ ਤੇ ਕਰ ਸਕਦੀ ਹੈ, ਉਸ ਦੂਰਅੰਦੇਸ਼ ਸੰਤ ਸਿਪਾਹੀ ਦੀ ਤੌਹੀਨ ਕਰਨ ਦੇ ਸਮਾਨ ਹੈ।, ਜਿਹੜਾ ਚਲਾਕ ਦੁਸ਼ਮਣ ਦੇ ਅੰਦਰਲੀ ਹਰੇਕ ਮੰਦ ਭਾਵਨਾ ਨੂੰ ਚੰਗੀ ਤਰਾਂ ਸਮਝਦਾ ਤੇ ਜਾਣਦਾ ਸੀ। ਜਰਨਲ ਸੁਬੇਗ ਸਿੰਘ ਵੱਲੋਂ ਦਰਬਾਰ ਸਾਹਿਬ ਵਿੱਚ ਕੀਤੀ ਮੋਰਚਾਬੰਦੀ ਅਤੇ ਸੰਤਾਂ ਵੱਲੋਂ ਫੌਜੀ ਹਮਲੇ ਦੇ ਡਟਵੇਂ ਮੁਕਾਬਲੇ ਲਈ ਪਹਿਲਾਂ ਹੀ ਕੀਤਾ ਗਿਆ ਅਸਲਾ ਅਤੇ ਗੋਲੀ ਸਿੱਕੇ ਦਾ ਪ੍ਰਬੰਧ ਕਿਸੇ ਵੀ ਅਜਿਹੀ ਦੰਦਕਥਾ ਦੀ ਗੁੰਜਾਇਸ਼ ਨਹੀਂ ਛੱਡਦਾ ਜਿਸ ਤੋ ਇਹ ਅੰਦਾਜਾ ਲਾਇਆ ਜਾ ਸਕੇ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹਮਲੇ ਤੋਂ ਅਣਜਾਣ ਸਨ। ਅਜਿਹਾ ਕਹਿ ਕੇ ਉਨਾਂ ਦੀ ਸਿੱਖ ਇਤਿਹਾਸ ਵਿੱਚ ਦਰਜ ਵੱਡੀ ਸੂਰਮਗਤੀ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਚਾਈ ਤਾਂ ਇਹ ਹੈ ਕਿ ਕੇਂਦਰ ਦੀ ਬਦਨੀਤੀ ਤੇ ਬੇਗਾਨੇਪਣ ਵਾਲੀ ਮੰਦ ਭਾਵਨਾਂ ਤੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਹੀ ਸਿੱਖ ਕੌਮ ਨੂੰ ਸੁਚੇਤ ਕਰ ਰਹੇ ਸਨ। ਜਿਸ ਤੋਂ ਕੇਂਦਰ ਸਰਕਾਰ ਅਤੇ ਸਿੱਖ ਵਿਰੋਧੀ ਸ਼ਕਤੀਆਂ ਖੌਫਜਦਾ ਸਨ, ਕਿਉਕਿ ਕੇਂਦਰ ਵੱਲੋਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਪੰਜਾਬ ਦੇ ਰਾਜ ਭਾਗ ਸਮੇਤ ਹਰ ਤਰਾਂ ਦੇ ਲਾਲਚ ਦੇਣ ਦੇ ਬਾਵਜੂਦ ਵੀ ਨਿਸ਼ਾਨੇ ਤੋਂ ਭਟਕਾਇਆ ਨਹੀਂ ਸੀ ਜਾ ਸਕਿਆ। ਅਖੀਰ ਕੇਂਦਰ ਨੇ ਇਸ ਫੌਜੀ ਹਮਲੇ ਨਾਲ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣ ਦਾ ਮਨ ਬਣਾ ਲਿਆ, ਇੱਕ ਤਾਂ ਸਿੱਖ ਮੰਗਾਂ ਮਨਵਾਉਣ ਲਈ ਕੇਂਦਰ ਨਾਲ ਟੱਕਰ ਲੈ ਕੇ ਪੂਰੀ ਦੂਨੀਆਂ ਦਾ ਧਿਆਨ ਖਿੱਚਣ ਵਾਲੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਖਤਮ ਕਰਨਾ ਅਤੇ ਦੂਜਾ ਫੌਜੀ ਹਮਲੇ ਅਤੇ ਪੁਲਿਸ ਸਮੇਤ ਨੀਮ ਫੋਰਸਾਂ ਦੀ ਮੱਦਦ ਨਾਲ ਕੇਂਦਰ ਲਈ ਖਤਰੇ ਪੈਦਾ ਕਰਨ ਵਾਲੀ ਨੌਜਵਾਨ ਸਿੱਖ ਪੀਹੜੀ ਦਾ ਖਾਤਮਾ ਕਰਕੇ ਅਜਿਹੀ ਦਹਿਸ਼ਤ ਪੈਦਾ ਕਰਨੀ ਤਾਂ ਕਿ ਭਵਿੱਖ ਵਿੱਚ ਸਰਕਾਰ ਨਾਲ ਟੱਕਰ ਲੈਣ ਤੋਂ ਪਹਿਲਾਂ ਸਿੱਖ ਸੌ ਵਾਰ ਸੋਚਣ। ਇਹ ਵੀ ਕੌੜਾ ਸੱਚ ਕਿਸੇ ਤੋਂ ਲੁਕਿਆ ਨਹੀਂ ਰਿਹਾ ਕਿ ਦਰਵਾਰ ਸਾਹਿਬ ਤੇ ਕੀਤੇ ਗਏ ਫੌਜੀ ਹਮੇਲ ਲਈ ਸਿੱਖ ਵਿਰੋਧੀ ਭਾਜਪਾ,ਕੌਮਨਿਸਟਾਂ ਸਮੇਤ ਰਵਾਇਤੀ ਅਕਾਲੀ ਲੀਡਰਸ਼ਿੱਪ ਪੂਰੀ ਤਰਾਂ ਕੇਂਦਰ ਦੇ ਨਾਲ ਸੀ, ਜਿਸ ਨਾਲ ਕੇਂਦਰ ਨੂੰ ਸਿੱਖ ਨਸਲਕੁਸ਼ੀ ਕਰਨ ਲਈ ਹੌਂਸਲਾ ਮਿਲਿਆ ਤੇ ਉਨਾਂ ਨੇ ਬੇ-ਫਿਕਰ ਤੇ ਬੇ-ਕਿਰਕ ਹੋ ਕੇ ਸਿੱਖ ਕੌਮ ਦਾ ਰੱਜ ਕੇ ਘਾਣ ਕੀਤਾ। ਰਹਿੰਦੀ ਦੁਨੀਆਂ ਤੱਕ ਹਰ ਸਾਲ ਜੂਨ ਮਹੀਨੇ ਦੇ ਪਹਿਲੇ ਹਫਤੇ ਸਿੱਖਾਂ ਦੇ ਹਿਰਦਿਆਂ ਵਿਚਲੇ ਜਖਮ ਤਾਜਾ ਹੁੰਦੇ ਰਹਿਣਗੇ। ਜੂਨ ਮਹੀਨੇ ਦਾ ਇਹ ਪਹਿਲਾ ਹਫਤਾ ਜਿੱਥੇ ਸਾਡੀਆਂ ਆਉਣ ਵਾਲੀਆਂ ਪੁਸ਼ਤਾਂ ਲਈ ਆਪਣੇ ਪੁਰਖਿਆਂ ਦੀਆਂ ਲਾਮਿਸ਼ਾਲ ਕੁਰਬਾਨੀਆਂ ਕਰਕੇ ਪ੍ਰੇ੍ਰਰਨਾ ਸਰੋਤ ਹੋਵੇਗਾ, ਉਥੇ ਸਿੱਖ ਕੌਂਮੀ ਜਜ਼ਬੇ ਨੂੰ ਖਤਮ ਕਰਨ ਲਈ ਕੇਂਦਰੀ ਤਾਕਤਾਂ ਦੇ ਮਦਦਗਾਰ ਬਣੇ ਅਕਾਲੀ ਆਗੂਆਂ ਦੇ ਦੋਗਲੇ ਕਿਰਦਾਰ ਨੂੰ ਨੰਗਾ ਕਰਦਾ ਰਹੇਗਾ,ਜਿਸ ਨਾਲ ਉਹਨਾਂ ਦੀਆਂ ਨਸਲਾਂ ਸ਼ਰਮਸਾਰ ਹੁੰਦੀਆਂ ਰਹਿਣਗੀਆਂ।
ਬਘੇਲ ਸਿੰਘ ਧਾਲੀਵਾਲ
99142-58142
ਜੂਨ 1984 ਦਾ ਤੀਜਾ ਘੱਲੂਘਾਰਾ - ਬਘੇਲ ਸਿੰਘ ਧਾਲੀਵਾਲ
ਜੂਨ 84 ਤੋ ਪਹਿਲਾਂ ਸਿੱਖਾਂ ਖਿਲਾਫ ਸਿਰਜੇ ਗਏ ਵਿਰਤਾਂਤ
ਜੂਨ ਦੇ ਪਹਿਲੇ ਹਫਤੇ ਨੂੰ ਸਿੱਖ ਕੌਂਮ ਤੀਜੇ ਘੱਲੂਘਾਰੇ ਵਜੋਂ ਯਾਦ ਕਰਦੀ ਹੈ।ਹਰ ਸਾਲ ਹੀ ਜੂਨ ਦੇ ਪਹਿਲੇ ਹਫਤੇ 1984 ਦਾ ਉਹ ਮੰਜਰ ਸਿੱਖ ਚੇਤਿਆਂ ਵਿੱਚ ਰਿਸਦੇ ਨਸੂਰ ਦੀ ਤਰਾਂ ਤਾਜਾ ਹੋ ਜਾਂਦਾ ਹੈ,ਜਦੋ ਭਾਰਤੀ ਫੌਜਾਂ ਵੱਲੋਂ ਪਵਿੱਤਰ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੋ ਵੱਧ ਗੁਰਦੁਆਰਾ ਸਹਿਬਾਨਾਂ ਤੇ ਇੱਕੋ ਸਮੇ ਹਮਲਾ ਕਰਕੇ ਜਿੱਥੇ ਹਜਾਰਾਂ ਨਿਰਦੋਸ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਅਤੇ ਬਹੁਤ ਸਾਰੇ ਸ਼ਰਧਾਲੂਆਂ ਨੂੰ ਬੰਦੀ ਬਣਾ ਕੇ ਫੌਜੀ ਕੈਂਪਾਂ ਵਿੱਚ ਕੈਦ ਕਰ ਲਿਆ, ਓਥੇ ਪਵਿੱਤਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੀ ਧਹਿ ਢੇਰੀ ਕਰ ਦਿੱਤਾ ਗਿਆ ਅਤੇ ਸਿੱਖ ਮਰਿਯਾਦਾ ਨੂੰ ਵੀ ਬੁਰੀ ਤਰਾਂ ਤਹਿਸ ਨਹਿਸ ਕੀਤਾ ਗਿਆ। ਸਿੱਖ ਮਨਾਂ ਚ ਤੀਜੇ ਘੱਲੂਘਾਰੇ ਵਜੋਂ ਡੂੰਘੇ ਉੱਤਰੇ ਅਤੇ ਨਾ ਭਰਨਯੋਗ ਜਖਮ ਦੇਣ ਵਾਲੇ ਜੂਨ ਮਹੀਨੇ ਦੇ ਪਹਿਲੇ ਹਫਤੇ ਨੂੰ ਚੇਤੇ ਕਰਨ ਤੋ ਪਹਿਲਾਂ ਇਸ ਦੇ ਸੰਖੇਪ ਇਤਿਹਾਸ ਤੇ ਜਰੂਰ ਨਜਰਸਾਨੀ ਕਰਨੀ ਬਣਦੀ ਹੈ। ਸਿੱਖਾਂ ਦੀ ਕੇਂਦਰ ਨਾਲ ਲੜਾਈ ਦਾ ਮੁੱਢ ਤਾਂ ਭਾਂਵੇ ਅਜਾਦੀ ਤੋ ਬਾਅਦ ਉਸ ਸਮੇ ਹੀ ਬੱਝ ਗਿਆ ਸੀ,ਜਦੋ ਗਾਂਧੀ,ਨਹਿਰੂ ਅਤੇ ਪਟੇਲ ਦੀ ਤਿੱਕੜੀ ਸਿੱਖਾਂ ਦੀਆਂ 93 ਫੀਸਦੀ ਕੁਰਬਾਨੀਆਂ ਮਿੱਟੀ ਘੱਟੇ ਚ ਰੋਲ ਕੇ ਉਹਨਾਂ ਨੂੰ ਅਜਾਦੀ ਦਾ ਨਿੱਘ ਮਾਨਣ ਲਈ ਅਜਾਦ ਖਿੱਤਾ ਦੇਣ ਦੇ ਵਾਅਦੇ ਤੋ ਅਸਲੋਂ ਹੀ ਮੁਨਕਰ ਹੋ ਗਈ। ਏਥੇ ਹੀ ਬੱਸ ਨਹੀ,ਸਗੋਂ ਪੰਜਾਬ ਅੰਦਰ ਡੇਰਾਵਾਦ ਦਾ ਪਾਸਾਰ ਵੀ ਸਿੱਖੀ ਦੀਆਂ ਜੜਾਂ ਖੋਖਲੀਆਂ ਕਰਨ ਦੀ ਨੀਅਤ ਨਾਲ ਕੀਤਾ ਗਿਆ।ਨਿਰੰਕਾਰੀਆਂ ਦੇ ਸਿੱਖੀ ਤੇ ਵਾਰ ਵਾਰ ਹਮਲੇ ਵੀ ਕੇਂਦਰ ਦੀ ਕਾਂਗਰਸ ਜਮਾਤ ਅਤੇ ਜਨਸੰਘ ਦੀ ਮਿਲੀਭੁਗਤ ਦਾ ਨਤੀਜਾ ਸਨ।ਇਹਨਾਂ ਹਮਲਿਆਂ ਦੀ ਸਿਖਰ 13 ਅਪ੍ਰੈਲ 1978 ਦੀ ਵਿਸਾਖੀ ਮੌਕੇ ਦੇਖੀ ਗਈ,ਜਦੋਂ ਤਤਕਾਲੀ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸ੍ਰੀ ਅਮ੍ਰਿਤਸਰ ਵਿੱਚ ਮਾਨਵ ਏਕਤਾ ਦੇ ਨਾਮ ਹੇਠ ਨਿਰੰਕਾਰੀ ਸਮਾਗਮ ਕਰਨ ਲਈ ਪਹੁੰਚ ਗਿਆ।ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਵੱਲੋਂ ਨਿਰੰਕਾਰੀਆਂ ਦੇ ਇਸ ਕੁਫਰ ਦੇ ਸਮਾਗਮ ਨੂੰ ਰੋਕਣ ਲਈ ਅਖੰਡ ਕੀਰਤਨੀ ਜਥੇ ਦੇ ਭਾਈ ਫੌਜਾ ਸਿੰਘ ਦੀ ਅਗਵਾਈ ਵਿੱਚ ਪੰਜ ਪੰਜ ਸਿੰਘਾਂ ਦੇ ਪੰਜ ਜਥੇ ਭੇਜੇ ਗਏ,ਪ੍ਰੰਤੂ ਨਿਰੰਕਾਰੀ ਮੁਖੀ ਵੱਲੋਂ ਬਣਾਏ ਗਏ ਹਥਿਆਰਬੰਦ ਸੰਗਠਨ ‘ਨਿਰੰਕਾਰੀ ਸੇਵਾ ਦਲ’ਦੇ ਕਾਰਕੁਨਾਂ ਅਤੇ ਪੁਲਿਸ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਇਸ ਹਮਲੇ ਵਿੱਚ 13 ਸਿੰਘ ਸ਼ਹੀਦ ਹੋ ਗਏ ਤੇ ਬਾਕੀ ਸਿੰਘ ਗੰਭੀਰ ਜਖਮੀ ਹੋ ਗਏ ਸਨ।ਇਹ 13 ਸਿੰਘ ਇਸ ਦੌਰ ਦੇ ਪਹਿਲੇ ਸਿੱਖ ਸ਼ਹੀਦ ਮੰਨੇ ਜਾਂਦੇ ਹਨ,ਜਿਸਤੋਂ ਬਾਅਦ ਹਕੂਮਤ ਅਤੇ ਭਾਰਤੀ ਮੀਡੀਏ ਦੀ ਬਦੌਲਤ ਸਿੱਖਾਂ ਨੂੰ ਮੱਲੋ ਮੱਲੀ ਟਕਰਾਅ ਵਾਲੇ ਰਾਹ ਤੋਰਨ ਦੇ ਲਗਾਤਾਰ ਵਿਰਤਾਂਤ ਸਿਰਜੇ ਜਾਣ ਲੱਗੇ। ਹਿੰਦੂ ਸਿੱਖਾਂ ਵਿੱਚ ਪਾੜਾ ਵਧਾਉਣ ਲਈ ਜਲੰਧਰ ਦੀ ਪ੍ਰੈਸ ਮੁੱਖ ਤੌਰ ਤੇ ਜਿੰਮੇਵਾਰ ਮੰਨੀ ਜਾਂਦੀ ਹੈ।ਇਹ ਭਾਂਵੇਂ ਸਿੱਖਾਂ ਦਾ ਧਾਰਮਿਕ ਮਸਲਾ ਸੀ,ਪਰ ਜਲੰਧਰ ਦੀ ਪ੍ਰੈਸ ਨੇ ਇਸ ਨੂੰ ਹਿੰਦੂ ਸਿੱਖਾਂ ਦਾ ਮਸਲਾ ਬਣਾ ਕੇ ਪੇਸ ਕੀਤਾ।1981 ਵਿੱਚ ਕੀਤਾ ਗਿਆ ਲਾਲਾ ਜਗਤ ਨਰਾਇਣ ਦਾ ਕਤਲ ਵੀ ਇਸੇ ਸਦੰਰਭ ਵਿੱਚ ਦੇਖਿਆ ਜਾਂਦਾ ਹੈ।ਇਹ ਸਿਲਸਿਲਾ ਅੱਗੇ ਵੱਧਦਾ ਗਿਆ।ਇਸ ਦੌਰਾਨ ਹੀ ਸਿੱਖ ਸਟੂਡੈਂਟਸ ਫੈਡਰੇਸਨ ਦੇ ਪ੍ਰਧਾਨ ਅਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਸਭ ਤੋ ਕਰੀਬੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਦੀ ਹੋਈ ਗਿਰਫਤਾਰੀ ਦੇ ਵਿਰੋਧ ਵਿੱਚ ਅਤੇ ਉਹਨਾ ਦੀ ਬਿਨਾ ਸ਼ਰਤ ਰਿਹਾਈ ਲਈ 19 ਜੁਲਾਈ 1982 ਨੂੰ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਮੋਰਚਾ ਅਰੰਭ ਦਿੱਤਾ।ਉਹਨਾਂ ਵੱਲੋਂ ਹਰ ਰੋਜ 51 ਸਿੱਖਾਂ ਦਾ ਜਥਾ ਗਿਰਫਤਾਰੀ ਦੇਣ ਲਈ ਭੇਜਿਆ ਜਾਂਦਾ ਸੀ।ਬਾਅਦ ਵਿੱਚ ਇਸ ਮੋਰਚੇ ਨੂੰ ਸਰੋਮਣੀ ਅਕਾਲੀ ਦਲ ਨੇ ਅਪਣਾਅ ਲਿਆ।ਸ਼ਰੋਮਣੀ ਅਕਾਲੀ ਦਲ ਵੱਲੋ ਇਹ ਮੋਰਚਾ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿੱਚ ਲਾਇਆ ਗਿਆ। ਸ੍ਰੀ ਅਕਾਲ ਤਖਤ ਸਾਹਿਬ ਤੋ ਅਰਦਾਸ ਕਰਕੇ ਧਰਮਯੁੱਧ ਮੋਰਚੇ ਦੇ ਨਾਮ ਹੇਠ ਪੰਜਾਬ ਦੇ ਹਿਤਾਂ ਦੀ ਰਾਖੀ ਲਈ ਅਰੰਭਿਆ ਗਿਆ ਇਹ ਧਰਮਯੁੱਧ ਮੋਰਚਾ ਕੇਂਦਰ ਸਰਕਾ੍ਰ ਤੋ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਵਾਉਣ ਲਈ ਲਾਇਆ ਗਿਆ ਸੀ।ਮੋਰਚੇ ਦੀ ਅਰੰਭਤਾ ਸਮੇ,ਜਿਸ ਦਿਨ ਅਰਦਾਸ ਕਰਕੇ ਸਰੋਮਣੀ ਅਕਾਲੀ ਦਲ ਵੱਲੋਂ ਮੋਰਚਾ ਸੁਰੂ ਗਿਆ ਸੀ,ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਤਾਂ ਉਸ ਦਿਨ ਤੋ ਹੀ ਇਸ ਗੱਲ ਤੇ ਦ੍ਰਿੜ ਹੋ ਗਏ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ, ਪ੍ਰੰਤੂ ਸੰਤ ਹਰਚੰਦ ਸਿੰਘ ਲੌਂਗੋਵਾਲ ਹੋਰਾਂ ਵੱਲੋਂ ਇਹਨਾਂ ਬਚਨਾਂ ਤੇ ਪਹਿਰਾ ਨਹੀ ਦਿੱਤਾ ਜਾ ਸਕਿਆ। ਉਸ ਮੌਕੇ ਉਹਨਾਂ ਵੱਲੋ ਵੀ ਇਹ ਗੱਲਾਂ ਬੜੀ ਸ਼ਿੱਦਤ ਨਾਲ ਕਹੀਆਂ ਤੇ ਪਰਚਾਰੀਆਂ ਜਾਂਦੀਆਂ ਰਹੀਆਂ ਸਨ ਕਿ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਤੋ ਘੱਟ ਕੁੱਝ ਵੀ ਪਰਵਾਨ ਨਹੀ ਹੋਵੇਗਾ। ਅਕਾਲੀ ਦਲ ਨੇ ਇਸ ਮੋਰਚੇ ਨੂੰ ‘ਜੰਗ ਹਿੰਦ ਪੰਜਾਬ’ ਦਾ ਨਾਂਅ ਦਿੱਤਾ ਸੀ ਅਤੇ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਬਾਰ-ਬਾਰ ਸਟੇਜ ਤੋਂ ਸਿੱਖ ਕੌਮ ਨੂੰ ਯਕੀਨ ਦੁਆਇਆ ਸੀ ਕਿ ਇਹ ਮੋਰਚਾ ਅਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ।ਉਹਨਾਂ ਇਹ ਵੀ ਬੜੀ ਦ੍ਰਿੜਤਾ ਨਾਲ ਕਿਹਾ ਸੀ ਕਿ ਸਰਕਾਰ ਨਾਲ ਸਮਝੌਤੇ ਲਈ ਗੱਲਬਾਤ ਦਿੱਲੀ ਨਹੀਂ ਅੰਮ੍ਰਿਤਸਰ ਵਿੱਚ ਹੋਵੇਗੀ ਅਤੇ ਸਭ ਤੋ ਵੱਡੀ ਗੱਲ ਕਿ ਸਮਝੌਤਾ ਸਿੱਖ ਕੌਮ ਦੀ ਪ੍ਰਵਾਨਗੀ ਤੋਂ ਬਿਨਾਂ ਪ੍ਰਵਾਨ ਨਹੀਂ ਕੀਤਾ ਜਾਵੇਗਾ। ਇਸ ਮੋਰਚੇ ਦੌਰਾਨ ਸਰੋਮਣੀ ਅਕਾਲੀ ਦਲ ਨੇ ਸਿੱਖਾਂ ਨੂੰ ਭਾਵਨਾਤਮਕ ਤੌਰ ਤੇ ਵੱਡੀ ਪੱਧਰ ਤੇ ਜਜਬਾਤੀ ਕਰ ਦਿੱਤਾ ਸੀ। 1983 ਦੀ ਵਿਸਾਖੀ ਦੇ ਦਿਹਾੜੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਮਰਜੀਵੜਿਆਂ ਤੋਂ ਪ੍ਰਣ ਪੱਤਰ ਭਰਾ ਕੇ ਪ੍ਰਣ ਵੀ ਕਰਵਾਏ ਗਏ ਸਨ। ਨਤੀਜੇ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਪ੍ਰਣ ਪੱਤਰ ਭਰਨ ਵਾਲੇ ਮਰਜੀਵੜਿਆਂ ਦੀ ਗਿਣਤੀ ਲੱਖਾਂ ਵਿੱਚ ਪੁੱਜ ਗਈ। ਇਸ ਦੌਰਾਨ ਕੋਈ ਢਾਈ ਲੱਖ ਦੇ ਕਰੀਬ ਸਿੰਘਾਂ ਨੇ ਗ੍ਰਿਫ਼ਤਾਰੀਆਂ ਦਿੱਤੀਆਂ ਸਨ। ਸੈਕੜੇ ਸਿੰਘ ਜੇਲ੍ਹਾਂ ਦੇ ਘਟੀਆ ਪ੍ਰਬੰਧ ਕਾਰਨ ਤੇ ਪੁਲਿਸ ਤਸ਼ੱਦਦ ਕਾਰਨ ਸ਼ਹੀਦ ਹੋਏ ਸਨ । ਤਰਨਤਾਰਨ ਰੇਲਵੇ ਫਾਟਕ ‘ਤੇ ਬੱਸ ਨਾਲ ਰੇਲ ਦੀ ਹੋਈ ਟੱਕਰ ਵਿੱਚ 34 ਸਿੰਘ ਅਪਣੀਆਂ ਜਾਨਾਂ ਤੋ ਹੱਥ ਧੋ ਬੈਠੇ ਸਨ ਅਤੇ ਦਿੱਲੀ ਵਿਖੇ ਇਹਨਾਂ ਸਿੰਘਾਂ ਦੀਆਂ ਅਸਥੀਆਂ ਦੇ ਮਾਰਚ ਉਪਰ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਚਾਰ ਸਿੰਘ ਹੋਰ ਸ਼ਹੀਦ ਹੋ ਗਏ ਸਨ।ਅਜਿਹੀਆਂ ਦਰਦਨਾਕ ਮੌਤਾਂ ਅਤੇ ਸਰਕਾਰੀ ਜਬਰ ਦੇ ਕਿੱਸੇ ਸਿੱਖਾਂ ਦੇ ਹੌਸਲਿਆਂ ਨੂੰ ਹੋਰ ਬੁਲੰਦ ਅਤੇ ਰੋਹ ਨੂੰ ਹੋਰ ਪਰਚੰਡ ਕਰ ਰਹੇ ਸਨ। ਇਹ ਉਹ ਸਮਾ ਸੀ ਜਦੋ ਮੋਰਚਾ ਅਪਣੇ ਪੂਰੇ ਜੋਬਨ ਤੇ ਪਹੁੰਚ ਚੁੱਕਾ ਸੀ।ਕੋਈ ਵੀ ਧਿਰ ਮੋਰਚੇ ਤੋ ਬਾਹਰ ਨਹੀ ਸੀ ਰਹੀ।ਸੁਮੱਚੀਆਂ ਪੰਥਕ ਜਥੇਬੰਦੀਆਂ ਇਸ ਵਿੱਚ ਸ਼ਾਮਲ ਹੋ ਗਈਆਂ ਸਨ। ਦਿਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਅਕਸਰ ਹੀ ਅਪਣੀਆਂ ਤਕਰੀਰਾਂ ਵਿੱਚ ਕਿਹਾ ਕਰਦੇ ਸਨ ਕਿ ਇਸ ਵਾਰ ਜਾਂ ਤਾ ਮੋਰਚਾ ਫਤਿਹ ਹੋਵੇਗਾ ਜਾਂ ਫਿਰ ਸ਼ਹੀਦੀਆਂ ਹੋਣਗੀਆਂ,ਵਿੱਚ ਵਿਚਾਲੇ ਕੁੱਝ ਨਹੀ ਹੋ ਸਕੇਗਾ।ਪਿੰਡਾਂ,ਸਹਿਰਾਂ,ਕਸਬਿਆਂ ਤੋ ਸਿੱਖਾਂ ਦੇ ਵੱਡੇ-ਵੱਡੇ ਜਥੇ ਗ੍ਰਿਫ਼ਤਾਰੀਆਂ ਦੇਣ ਲਈ ਵਹੀਰਾਂ ਘੱਤ ਕੇ ਪਹੁੰਚ ਰਹੇ ਸਨ।ਧਰਮਯੁੱਧ ਮੋਰਚੇ ਦੀ ਧਾਂਕ ਪੂਰੇ ਭਾਰਤ ਵਿੱਚ ਹੀ ਨਹੀ,ਬਲਕਿ ਪੂਰੀ ਦੁਨੀਆਂ ਵਿੱਚ ਪੈ ਰਹੀ ਸੀ । ਦੂਜੇ ਪਾਸੇ ਮੀਡੀਏ ਦੀ ਭੂਮਿਕਾ ਧਰਮਯੁੱਧ ਮੋਰਚੇ ਦੌਰਾਨ ਸਿੱਖਾਂ ਪ੍ਰਤੀ ਹਾਂਅ ਪੱਖੀ ਨਹੀ ਬਲਕਿ ਭੇਦਭਾਵ ਵਾਲੀ ਹੀ ਰਹੀ ਹੈ। ਇੱਕ ਪਾਸੇ ਸਰਕਾਰ ਦੇ ਡੰਡਾਤੰਤਰ ਦੀ ਦਹਿਸਤ ਅਤੇ ਦੂਜੇ ਪਾਸੇ ਰਾਸ਼ਟਰਵਾਦ ਦਾ ਭੂਤ ਅਮ੍ਰਿਤਸਰ ਦੇ ਬਹੁ ਗਿਣਤੀ ਪੱਤਰਕਾਰਾਂ ਨੂੰ ਸੱਚ ਲਿਖਣ ਤੋ ਸਖਤੀ ਨਾਲ ਵਰਜ ਰਿਹਾ ਸੀ। ਦੂਰ ਦੁਰਾਡੇ ਤੋ ਅਮ੍ਰਿਤਸਰ ਵਿੱਚ ਡੇਰੇ ਜਮਾ ਕੇ ਬੈਠਣ ਵਾਲੇ ਗੈਰ ਸਿੱਖ ਪੱਤਰਕਾਰਾਂ ਦੀ ਮਾਨਸਿਕਤਾ ਵਿੱਚ ਪਹਿਲਾਂ ਹੀ ਸਿੱਖਾਂ ਪ੍ਰਤੀ ਕੋਈ ਬਹੁਤੀ ਸਕਾਰਾਤਮਕ ਸੋਚ ਨਹੀ ਸੀ,ਜਿਸ ਕਰਕੇ ਉਹ ਸ੍ਰੀ ਦਰਬਾਰ ਸਾਹਿਬ ਤੋ ਚੱਲ ਰਹੀਆਂ ਗਤੀਵਿਧੀਆਂ ਨੂੰ ਅਲੱਗਵਾਦ ਦੇ ਨਜਰੀਏ ਤੋ ਹੀ ਦੇਖਦੇ,ਸੋਚਦੇ ਅਤੇ ਲਿਖਦੇ ਰਹੇ ਹਨ,ਮੀਡੀਏ ਦੀ ਸਰਕਾਰ ਪੱਖੀ ਅਤੇ ਰਾਸ਼ਟਰਵਾਦੀ ਸੋਚ ਕਾਰਨ ਪੂਰੇ ਭਾਰਤ ਵਿੱਚ ਸਿੱਖਾਂ ਪ੍ਰਤੀ ਦੇਸ ਦੇ ਲੋਕਾਂ ਦੀ ਸੋਚ ਸਕਾਰਾਤਮਕ ਨਹੀ ਰਹੀ ਸੀ।ਇਹ ਸਾਰਾ ਵਿਰਤਾਂਤ ਬਾਕਾਇਦਾ ਸਿਰਜਿਆ ਗਿਆ,ਜਿਸ ਲਈ ਭਾਰਤੀ ਖੂਫੀਆ ਏਜੰਸੀਆਂ ਪੂਰੀ ਤਰਾਂ ਚੌਕਸ ਰਹਿ ਕੇ ਕੰਮ ਕਰਦੀਆਂ ਰਹੀਆਂ,ਏਜੰਸੀਆਂ ਲਈ ਸ੍ਰੀ ਦਰਬਾਰ ਸਾਹਿਬ ਦੀਆਂ ਖੁਫੀਆਂ ਰਿਪੋਰਟਾਂ ਲੈਣ ਲਈ ਬਹੁਤ ਸਾਰੇ ਪੱਤਰਕਾਰ ਉਹਨਾਂ ਲਈ ਭੁਗਤਾਨ ਵਰਕਰ ਦੇ ਤੌਰ ਤੇ ਕੰਮ ਕਰਦੇ ਸਨ,ਜਿਹੜੇ ਅਖਬਾਰਾਂ ਅਤੇ ਨਿਊਜ ਏਜੰਸੀਅਸ਼ ਲਈ ਰਿਪੋਰਟਿੰਗ ਕਰਨ ਦੀ ਘੱਟ ਅਤੇ ਖੁਫੀਆ ਏਜੰਸੀਆਂ ਲਈ ਜਿਆਦਾ ਜੁੰਮੇਵਾਰ ਵਜੋਂ ਕੰਮ ਕਰਦੇ ਸਨ। ਏਜੰਸੀਆਂ ਵੱਲੋਂ ਇਸ ਕੰਮ ਲਈ ਪੈਸਾ ਪਾਣੀ ਵਾਂਗੂੰ ਵਹਾਇਆ ਗਿਆ। ਬਹੁਤ ਸਾਰੇ ਨਾਮਵਰ ਪੱਤਰਕਾਰਾਂ ਦੀ ਭੂਮਿਕਾ ਸ਼ੱਕ ਦੇ ਘੇਰੇ ਚ ਰਹੀ।ਬਹੁਤ ਸਾਰਿਆਂ ਨੇ ਸਰੋਮਣੀ ਅਕਾਲੀ ਦਲ ਅਤੇ ਸੰਤ ਹਰਚੰਦ ਸਿੰਘ ਨਾਲ ਨੇੜਤਾ ਬਣਾ ਲਈ ਅਤੇ ਕੁੱਝ ਗਿਣੇ ਚੁਣੇ ਪੱਤਰਕਾਰ ਸੰਤ ਭਿੰਡਰਾਂ ਵਾਲਿਆਂ ਦੇ ਖੇਮੇ ਚ ਰਹਿ ਗਏ। (ਇਹ ਕੌੜਾ ਸੱਚ ਸ੍ਰ ਜਸਪਾਲ ਸਿੰਘ ਸਿੱਧੂ ਨੇ ਅਪਣੀ ਪੁਸਤਕ ‘ਸੰਤ ਭਿਡਰਾਂ ਵਾਲੇ ਦੇ ਰੂ-ਬ-ਰੂ ਜੂਨ 84 ਦੀ ਪੱਤਰਕਾਰੀ’ ਵਿੱਚ ਬੜੀ ਬੇਬਾਕੀ ਨਾਲ ਦਰਜ ਕੀਤਾ ਹੈ)ਇਸ ਸਮੇ ਦੌਰਾਨ ਭਾਰਤੀ ਫੋਰਸਾਂ ਅਤੇ ਏਜੰਸੀਆਂ ਨੇ,ਜਿੰਨਾਂ ਵਿੱਚ ਆਈ ਬੀ ਅਤੇ ਰਾਅ ਸਮੇਤ ਅੱਧੀ ਦਰਜਨ ਏਜੰਸੀਆਂ ਨੇ ਪੰਜਾਬ ਤੇ ਤਿੱਖੀ ਨਜਰ ਰੱਖੀ ਅਤੇ ਹਾਲਾਤਾਂ ਨੂੰ ਭਾਪ ਲਿਆ। ਫੌਜੀ ਹਮਲਾ ਇੱਕ ਸੋਚੀ ਸਮਝੀ ਸਕੀਮ ਤਹਿਤ ਕੀਤਾ ਗਿਆ ਸੀ,ਇਸ ਕਰਕੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਸਮੇਤ ਕੋਈ ਤਿੰਨ ਦਰਜਨ ਤੌ ਵੱਧ ਗੁਦੁਆਰਾ ਸਾਹਿਬਾਨ ਫੌਜੀ ਕਹਿਰ ਦਾ ਸ਼ਿਕਾਰ ਹੋਏ ਸਨ। ਇਸ ਸਮੇ ਦੌਰਾਨ ਪੱਤਰਕਾਰੀ ਦੇ ਖੇਤਰ ਚ ਕੰਮ ਕਰਦੇ ਬਹੁਤ ਸਾਰੇ ਵਿਅਕਤੀਆਂ ਨੇ ਅਪਣੀਆਂ ਕਲਮਾਂ ਨੂੰ ਖੁੰਡਾ ਕਰ ਲਿਆ ਸੀ ਤੇ ਗੈਰਤ ਚੰਦ ਛਿਲੜਾਂ ਬਦਲੇ ਗਿਰਵੀ ਕਰ ਦਿੱਤੀ ਸੀ।ਇਹ ਸਰਕਾਰੀ ਦਹਿਸਤ ਅਤੇ ਰਾਸ਼ਟਰਵਾਦ ਦੇ ਸਾਂਝੇ ਪਰਭਾਵ ਦਾ ਕਮਾਲ਼ ਸੀ ਕਿ ਪੱਤਰਕਾਰਾਂ ਦੀਆਂ ਖਬਰਾਂ ਪੰਜਾਬ ਦਾ ਅਸਲ ਸੱਚ ਦਿਖਾਉਣ ਦੀ ਬਜਾਏ ਭਾਰਤੀ ਸਿਸਟਮ ਅਨੁਸਾਰ ਲਿਖ ਕੇ ਅਜਿਹਾ ਮਹੌਲ ਸਿਰਜਣ ਵਿੱਚ ਅਪਣਾ ਯੋਗਦਾਨ ਪਾ ਰਹੀਆਂ ਸਨ,ਜਿਹੜਾ ਕੁੱਝ ਦਿਨਾਂ ਬਾਅਦ ਸੱਚਖੰਡ ਸ੍ਰੀ ਦਰਬਾਰ ਸਾਹਿਬ ਤੇ ਹੋਣ ਵਾਲੀ ਫੌਜੀ ਕਾਰਵਾਈ ਲਈ ਸਾਜਗਾਰ ਸਿੱਧ ਹੋਇਆ।
ਬਘੇਲ ਸਿੰਘ ਧਾਲੀਵਾਲ
99142-58142
ਸ੍ਰ ਪ੍ਰਕਾਸ਼ ਸਿੰਘ ਬਾਦਲ ਬਨਾਮ ਪਰਿਵਾਰਵਾਦ,ਗ੍ਰੰਥ,ਪੰਥ ਅਤੇ ਪੰਜਾਬ - ਬਘੇਲ ਸਿੰਘ ਧਾਲੀਵਾਲ
ਸ੍ਰ ਪ੍ਰਕਾਸ਼ ਸਿੰਘ ਬਾਦਲ 95 ਸਾਲ ਤੋ ਵੱਧ ਉਮਰ ਭੋਗ ਕੇ ਬੀਤੇ ਦਿਨੀ 25 ਅਪ੍ਰੈਲ ਦਿਨ ਮੰਗਲਵਾਰ ਨੂੰ ਅਕਾਲ ਚਲਾਣਾ ਕਰ ਗਏ ਹਨ।ਉਹਨਾਂ ਦੀ ਸ਼ਖਸ਼ੀਅਤ ਬਾਰੇ ਆਂਮ ਤੌਰ ਤੇ ਕਿਹਾ ਜਾਂਦਾ ਹੈ ਕਿ ਉਹ ਕਦੇ ਵੀ ਤਲ਼ਖੀ ਵਿੱਚ ਨਹੀ ਦੇਖੇ ਗਏ।ਇਹ ਉਹਨਾਂ ਦੀ ਸਿਆਸਤ ਦੇ ਦਾਅ ਪੇਚ ਹੀ ਸਨ ਕਿ ਉਹਨਾਂ ਦਾ ਰਵੱਈਆ ਵਿਰੋਧੀਆਂ ਨਾਲ ਵੀ ਦੋਸਤਾਨਾ ਹੀ ਰਿਹਾ ਹੈ।ਉਹ ਲੱਗਭੱਗ 40 ਸਾਲ ਤੋ ਵੱਧ ਸਮਾ ਸਿੱਖ ਸਿਆਸਤ ਤੇ ਭਾਰੂ ਰਹੇ ਹਨ।ਜਿਸਤਰਾਂ ਦਾ ਉਹਨਾਂ ਦਾ ਰਾਜਨੀਤਕ ਜੀਵਨ ਰਿਹਾ ਹੈ,ਉਹਦੇ ਤੇ ਝਾਤ ਮਾਰਦਿਆਂ ਇਹ ਕਹਣ ਲਈ ਮਜਬੂਰ ਹੋਣਾ ਪੈ ਜਾਂਦਾ ਹੈ ਸਾਇਦ ਸ੍ਰ ਬਾਦਲ ਨੇ ਪਿਛਲੇ ਜਨਮ ਚ ਹੀ ਕੋਈ ਮੋਤੀ ਪੁੰਨ ਕੀਤੇ ਹੋਏ ਸਨ,ਜਿਸਦਾ ਫਲ ਉਹਨਾਂ ਨੂੰ ਇਸ ਜੀਵਨ ਵਿੱਚ ਮਿਲਿਆ ਹੈ।ਜਿਹੜਾ ਜੀਵਨ ਉਹ ਹੁਣ ਭੋਗ ਕੇ ਗਏ ਹਨ,ਇਹਦੇ ਵਿੱਚ ਉਹ ਕੀ ਬੀਜ ਕੇ ਗਏ ਹਨ, ਇਹ ਸਾਰਾ ਲੇਖਾ ਜੋਖਾ ਹੁਣ ਰਾਜਨੀਤਕ,ਧਾਰਮਿਕ ਅਤੇ ਸਮਾਜਿਕ ਨਜਰੀਏ ਤੋ ਮਾਹਰ ਵਿਸ਼ਲੇਸ਼ਕਾਂ ਵੱਲੋਂ ਕੀਤਾ ਜਾਵੇਗਾ। ਸ੍ਰ ਬਾਦਲ ਸਬੰਧੀ ਬਰੀਕੀ ਨਾਲ ਛਾਣਬੀਣ ਕਰਨੀ ਇੱਥੇ ਮਨਾਸਿਬ ਨਹੀ,ਪ੍ਰੰਤੂ ਮੋਟੇ ਤੌਰ ਤੇ ਪੰਜਾਬ ਦੇ ਸੰਦਰਭ ਵਿੱਚ ਉਹਨਾਂ ਦੇ ਚੰਗੇ ਅਤੇ ਮਾੜੇ ਪੱਖਾਂ ਤੇ ਚਰਚਾ ਕਰਨੀ ਬਣਦੀ ਹੈ।ਪਿੰਡ ਦੀ ਸਰਪੰਚੀ ਤੋ ਸ਼ੁਰੂ ਕਰਕੇ ਕੇਂਦਰੀ ਕੈਬਨਿਟ ਮੰਤਰੀ ਅਤੇ ਪੰਜ ਵਾਰ ਪੰਜਾਬ ਦੇ ਮੁੱਖ ਮੰਤਰੀ ਬਨਣ ਦਾ ਰਿਕਾਰਡ ਆਪਣੇ ਨਾਮ ਕਰਕੇ ਜਾਣ ਵਾਲੇ ਸ੍ਰ ਪਰਕਾਸ ਸਿੰਘ ਬਾਦਲ ਭਾਂਵੇਂ ਇਸ ਜੀਵਨ ਵਿੱਚ ਬਹੁਤ ਵਧੀਆ ਜੀਵਨ ਭੋਗ ਕੇ ਗਏ ਹਨ,ਸਾਇਦ ਇਹ ਉਹਨਾਂ ਦੇ ਪਿਛਲੇ ਚੰਗੇ ਕਰਮਾਂ ਦਾ ਫਲ ਹੀ ਸਮਝਿਆ ਜਾ ਰਿਹਾ ਹੈ,ਪਰੰਤੂ ਇਸ ਜੀਵਨ ਵਿੱਚ ਉਹਨਾਂ ‘ਤੇ ਚੰਗੇ ਨਾਲੋਂ ਮਾੜੇ ਕਰਮ ਕਰਨ ਦੇ ਦੋਸ਼ ਜਿਆਦਾ ਲੱਗਦੇ ਰਹੇ ਹਨ,ਬਲਕਿ ਇਹ ਕਿਹਾ ਜਾਂਦਾ ਹੈ ਕਿ ਪੰਜਾਬ ਅਤੇ ਪੰਥ ਦਾ ਨੁਕਸਾਨ ਕਰਨ ਦੇ ਕਾਰਜ ਸਭ ਤੋ ਵੱਧ ਉਹਨਾਂ ਦੇ ਹਿੱਸੇ ਹੀ ਆਏ ਹਨ। ਜੇਕਰ ਇਹਨਾਂ ਦੇ ਸੱਤਾ ਦੇ ਕਾਰਜਕਾਲ ਦੀ ਗੱਲ ਕੀਤੀ ਜਾਵੇ,ਤਾਂ ਪ੍ਰਕਾਸ ਸਿੰਘ ਬਾਦਲ ਹੀ ਸਨ,ਜਿੰਨਾਂ ਨੇ ਕਿਸਾਨਾਂ ਨੂੰ ਮੁਫਤ ਬਿਜਲੀ ਦੀ ਸਹੂਲਤ ਦਿੱਤੀ।ਕਿਸਾਨਾਂ ਨੂੰ ਵੱਡੀ ਪੱਧਰ ਤੇ ਟਿਉਬਵੈਲ ਕੁਨੈਕਸਨ ਵੀ ਉਹਨਾਂ ਦੀਆਂ ਸਰਕਾਰਾਂ ਸਮੇ ਦਿੱਤੇ ਗਏ,ਇਹੋ ਕਾਰਨ ਸੀ ਕਿਸਾਨੀ ਦਾ ਵੱਡਾ ਹਿੱਸਾ ਉਹਨਾਂ ਦੀ ਪਾਰਟੀ ਨਾਲ ਜੁੜਿਆ ਰਿਹਾ ਹੈ।ਗਰੀਬਾਂ ਨੂੰ ਆਟਾ ਦਾਲ ਸਕੀਮਾਂ ਅਤੇ ਟੁੱਟੇ ਛਿੱਤਰਾਂ,ਚੱਪਲਾਂ ਬਦਲੇ ਚੀਨੀ, ਇਸ ਦੇ ਇਵਜ ਵਿੱਚ ਖੂਬ ਚਰਚਾ ਬਦਲੇ ਲੋਕ ਹਮਦਰਦੀ ਖੱਟਣ ਵਾਲੀ ਸਰਕਾਰ ਵੀ ਸ੍ਰ ਬਾਦਲ ਦੀ ਹੀ ਸੀ।ਉਹਨਾਂ ਨੇ ਕਦੇ ਵੀ ਅਫਸਰਸ਼ਾਹੀ ਨੂੰ ਆਪਣੀ ਸਰਕਾਰ ਤੇ ਭਾਰੀ ਨਹੀ ਪੈਣ ਦਿੱਤਾ,ਬਲਕਿ ਉਹਨਾਂ ਦੇ ਜਿਲਾ ਪੱਧਰੀ ਆਗੂਆਂ ਤੇ ਵਰਕਰਾਂ ਦਾ ਪੁਲਿਸ ਅਤੇ ਸਿਵਲ ਪ੍ਰਸ਼ਾਸ਼ਨ ਤੇ ਦਬਦਬਾ ਚਰਚਾ ਦਾ ਵਿਸ਼ਾ ਬਣਦਾ ਰਿਹਾ ਹੈ। ਜੇਕਰ ਉਹਨਾਂ ਦੇ ਕਾਰਜਕਾਲ ਦੇ ਨਾਕਾਰਾਤਮਿਕ ਪੱਖ ਦੀ ਗੱਲ ਕੀਤੀ ਜਾਵੇ,ਤਾਂ ਸਬਸਿਡੀਆਂ ਦੇ ਦੇ ਕੇ ਟਿਉਬਵੈਲ ਕੁਨੈਕਸਨ ਦੇ ਕੇ ਸ੍ਰ ਬਾਦਲ ਨੇ ਪੰਜਾਬੀ ਕਿਸਾਨਾਂ ਦੇ ਅੰਦਰੋਂ ਨਹਿਰੀ ਪਾਣੀ ਦੀ ਲੋੜ ਦਾ ਅਹਿਸਾਸ ਮਾਰ ਦੇਣ ਦਾ ਦੋਸ਼ ਵੀ ਉਹਨਾਂ ਤੇ ਲੱਗਦਾ ਹੈ। ਉਹਨਾਂ ਵੱਲੋਂ ਉਪਰੋਕਤ ਨਿਗੂਣੀਆਂ ਸਹੂਲਤਾਂ ਦੇਕੇ ਭਾਖੜਾ ਡੈਮ ਦਾ ਪਰਬੰਧ ਅਤੇ ਖੋਹੇ ਗਏ ਨਹਿਰੀ ਪਾਣੀ ਵਰਗੇ ਬੇਹੱਦ ਗੰਭੀਰ ਮੁੱਦਿਆਂ ਪ੍ਰਤੀ ਪੰਜਾਬ ਦੇ ਲੋਕਾਂ ਨੂੰ ਸੁਹਿਰਦਤਾ ਨਾਲ ਸੋਚਣ ਦਾ ਮੌਕਾ ਹੀ ਨਹੀ ਦਿੱਤਾ ਗਿਆ।ਹਜਾਰਾਂ ਨੌਜਵਾਨਾਂ ਦਾ ਘਾਣ ਕਰਵਾਉਣ ਤੋ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਨੂੰ ਤਿਲਾਂਜਲੀ ਦੇ ਕੇ ਸਿੱਖ ਹਿਤਾਂ ਤੋ ਮੂਲ਼ੋਂ ਹੀ ਪਾਸਾ ਵੱਟਣ ਦਾ ਵੱਡਾ ਦੋਸ਼ ਵੀ ਸ੍ਰ ਬਾਦਲ ਤੇ ਲੱਗਦਾ ਹੈ।ਇਹ ਧਾਰਨਾ ਆਮ ਪ੍ਰਚੱਲਿਤ ਹੈ ਕਿ ਸ੍ਰ ਬਾਦਲ ਦੇ ਕਾਰਜਕਾਲ ਦੌਰਾਨ ਪੰਜਾਬ ਅਤੇ ਪੰਥ ਲੁੱਟਿਆ ਪੁੱਟਿਆ ਗਿਆ,ਪਰ ਬਾਦਲ ਪਰਿਵਾਰ ਦੇ ਕਾਰੋਵਾਰ ਲਗਾਤਾਰ ਤੇਜੀ ਨਾਲ ਵੱਧਦੇ ਰਹੇ।ਪਹਿਲੀ ਵਾਰ ਮੁੱਖ ਮੰਤਰੀ ਬਣਦਿਆਂ ਪੰਜਾਬ ਚ ਚੱਲ ਰਹੀ ਉਸ ਮੌਕੇ ਦੀ ਨਕਸਲਵਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਮੁਕਾਬਲਿਆਂ ਦੀ ਪਿਰਤ ਵੀ 1971 ਵਿੱਚ ਉਹਨਾਂ ਵੱਲੋਂ ਪਾਈ ਗਈ ਸੀ,ਜਦੋ ਪੁਲਿਸ ਵੱਲੋਂ ਝੂਠੇ ਮੁਕਾਬਲੇ ਬਨਾਉਣ ਦਾ ਸਫਲ ਤੁਜੱਰਬਾ 82 ਸਾਲਾ ਨਕਸਲਵਾੜੀਏ ਬਾਬਾ ਬੂਝਾ ਸਿੰਘ ਤੇ ਕੀਤਾ ਗਿਆ ਸੀ,ਉਸ ਤੋਂ ਬਾਅਦ ਇਹ ਪਿਰਤ ਲਗਾਤਾਰ ਚੱਲਦੀ ਰਹੀ ਅਤੇ ਸੈਕੜੇ ਦੇ ਕਰੀਬ ਨਕਸਲਵਾੜੀ ਲਹਿਰ ਨਾਲ ਸਬੰਧਤ ਨੌਜਵਾਨਾਂ ਦਾ ਅਕਿਹ ਅਤੇ ਅਸਿਹ ਤਸੀਹੇ ਦੇ ਕੇ ਕਤਲ ਕੀਤਾ ਗਿਆ। ਉਸ ਮੌਕੇ ਇੱਕ ਗੀਤ ਵੀ ਪਰਚੱਲਿਤ ਹੋਇਆ ਸੀ,ਜਿਸ ਵਿੱਚ ਮੌਤ ਕਿਸੇ ਸਿਰੜੀ ਨੌਜਵਾਨ ਨਾਲ ਗੱਲਾਂ ਕਰਦੀ ਚਿਤਵੀ ਹੈ,ਜਿਸ ਦੇ ਬੋਲ ਸਨ:-
‘ਚੁੱਕ ਤੱਤੇ ਸਰੀਏ ਨੂੰ ਲਾਲ ਸੂਹੀ ਹੋਕੇ ਮੌਤ ਕਹਿੰਦੀ ਇੰਜ ਆਉਂਦਾ ਨਹੀ ਤੂੰ ਲੋਟ ਵੇ,
ਕਿੱਥੇ ਤੇਰੀ ਜਨਤਾ ਤੂੰ ਕੀਹਦੇ ਗੁਣ ਗਾਈ ਜਾਵੇਂ ਕਿੱਥੇ ਨੇ ਉਹ ਅੱਜ ਤੇਰੇ ਲੋਕ ਵੇ”
‘ਪਿੰਡ ਮੇਰੇ ਸਾਰੇ ਪਿੰਡ, ਲੋਕ ਮੇਰੇ ਸਾਰੇ ਲੋਕ,ਘਰ ਮੇਰਾ ਜਨਤਾ ਦੀ ਝੋਲ’
‘ਨਹਿਰ ਕਿਨਾਰੇ ਮੌਤ ਜਿੰਦਗੀ ਵਿਚਾਲੇ ਸਾਰੀ ਰਾਤ ਇੰਜ ਹੁੰਦਾ ਰਿਹਾ ਘੋਲ’….
ਸੋ ਉਪਰੋਕਤ ਗੀਤ ਦੀਆਂ ਸਤਰਾਂ ਸਪੱਸਟ ਕਰਦੀਆਂ ਹਨ,ਕਿ ਉਸ ਮੌਕੇ ਦੇ ਨੌਜਵਾਨਾਂ ਨਾਲ ਕਿਸਤਰਾਂ ਦਾ ਵਿਹਾਰ ਕੀਤਾ ਜਾਂਦਾ ਰਿਹਾ,ਤੇ ਕਿਸਤਰਾਂ ਅੱਗ ਵਿੱਚ ਲਾਲ ਕੀਤੇ ਹੋਏ ਸਰੀਏ ਨੌਜਵਾਨਾਂ ਦੇ ਸਰੀਰ ਵਿੱਚਦੀ ਕੱਢੇ ਜਾਂਦੇ ਸਨ। ਸ੍ਰ ਬਾਦਲ ਵੱਲੋਂ ਪਾਈ ਇਸ ਪਿਰਤ ਨੇ ਉਸ ਤੋ ਬਾਅਦ 1984 ਤੋ 1994 ਦੇ ਦਹਾਕੇ ਦੌਰਾਨ ਤਾਂ ਸਾਰੇ ਪੁਰਾਣੇ ਰਿਕਾਰਡ ਹੀ ਮਾਤ ਪਾ ਦਿੱਤੇ ਸਨ। ਹੁਣ ਜਦੋ ਸ੍ਰ ਬਾਦਲ ਇਸ ਫਾਨੀ ਸੰਸਾਰ ਤੋ ਕੂਚ ਕਰ ਗਏ ਹਨ,ਤਾਂ ਇਸ ਪੜਾ ਤੇ ਆਕੇ ਉਹਨਾਂ ਦੀ ਜਿੰਦਗੀ ਦਾ ਸਾਰਾ ਚਿੱਠਾ ਨੰਗਾ ਹੋਣਾ ਸੁਭਾਵਿਕ ਹੈ।ਸ੍ਰ ਬਾਦਲ ਜਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਹਨਾਂ ਦੀ ਪਾਰੀ ਸਿੱਖ ਕੌਂਮ ਲਈ ਸ਼ੁਭ ਨਹੀ ਰਹੀ। ਦੂਜੀ ਵਾਰ ਮੁੱਖ ਮੰਤਰੀ ਰਹੇ 1977-1980, ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਐਸ ਵਾਈ ਐਲ ਨਹਿਰ ਕੱਢਣ ਦਾ ਨੋਟੀਫਿਕੇਸਨ ਵੀ 1978 ਵਿੱਚ ਸ੍ਰ ਬਾਦਲ ਦੀ ਸਰਕਾ੍ਰ ਸਮੇ ਜਾਰੀ ਕੀਤਾ ਗਿਆ। ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿੱਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿੱਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿੱਚ ਮਦਦ ਕਰਨ ਅਤੇ ਆਰ ਐਸ ਐਸ ਦੀ ਫਰਬਰੀ 1994 ਵਿੱਚ ਪੱਕੀ ਮੈਂਬਰਸ਼ਿੱਪ ਲੈਣ ਦੇ ਇਨਾਮ ਵਿੱਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋ ਸੈਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ,ਚੌਥੀ ਵਾਰ 2007-2012 ਵਿੱਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿੱਚ ਵੀ ਸੈਕੜੇ ਝੂਠੇ ਕੇਸ ਸਿੱਖਾਂ ਤੇ ਪਾਏ,ਤਸੱਦਦ ਢਾਹਿਆ,ਸਿੱਖ ਨੌਜਆਨ ਸ਼ਹੀਦ ਕੀਤੇ ਅਤੇ ਡੇਰੇਦਾਰ ਨੂੰ ਸੁਰਖਿਆ ਦਿੱਤੀ, ਪੰਜਵੀਂ ਤੇ ਆਖਰੀ ਵਾਰ 2012 -2017 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋ ਜੂਨ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ ਬੁਛਾੜਾਂ ਛੱਡੀਆਂ, ਅੱਥਰੂ ਗੈਸ ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਕੜੇ ਸਿੱਖ ਗੰਭੀਰ ਰੂਪ ਵਿੱਚ ਜਖਮੀ ਕੀਤੇ,ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ। ਸ੍ਰ ਬਾਦਲ ਨੇ ਭਾਂਵੇ ਆਪਣੇ ਪਰਿਵਾਰ ਲਈ ਬਹੁਤ ਵੱਡੇ ਕਾਰੋਬਾਰ ਖੜੇ ਕਰ ਦਿੱਤੇ ਹੋਣ,ਆਪਣੇ ਇਕਲੌਤੇ ਪੁੱਤਰ ਨੂੰ ਉੱਪ ਮੁੱਖ ਮੰਤਰੀ ਅਤੇ ਸਰੋਮਣੀ ਅਕਾਲੀ ਦਲ ਦਾ ਪ੍ਰਧਾਨ ਵੀ ਬਣਾ ਦਿੱਤਾ,ਪਰੰਤੂ ਇਹ ਕੌੜਾ ਸੱਚ ਹੈ ਕਿ ਸ੍ਰ ਬਾਦਲ ਨੇ ਕੋਈ ਵੀ ਸਿੱਖ ਸੰਸਥਾ ਇੱਕ ਜੁੱਟ ਨਹੀ ਰਹਿਣ ਦਿੱਤੀ,ਅਕਾਲੀ ਦਲ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਸਿੱਖ ਵਿਰੋਧੀ ਜਮਾਤ ਦੀ ਘੁਸਪੈਹਠ ਕਰਵਾ ਕੇ ਜੋ ਪੰਥ,ਪੰਜਾਬ ਅਤੇ ਸਿੱਖੀ ਸਿਧਾਂਤਾਂ ਦਾ ਨੁਕਸਾਨ ਕੀਤਾ ਹੈ,ਉਹਦੇ ਲਈ ਸਿੱਖ ਹਮੇਸਾਂ ਸ੍ਰ ਬਾਦਲ ਨੂੰ ਕੋਸਦੇ ਰਹਿਣਗੇ। ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਸਭ ਤੋ ਵੱਧ ਢਾਹ ਵੀ ਇਸ ਸਮੇ ਦੌਰਾਨ ਹੀ ਲੱਗੀ। ਸ੍ਰ ਪ੍ਰਕਾਸ਼ ਸਿੰਘ ਬਾਦਲ ਦਾ ਪੰਜ ਵਾਰੀ ਮੁੱਖ ਮੰਤਰੀ ਬਨਣਾ ਕਈ ਮਹਾਨਤਾ ਜਾਂ ਮਹੱਤਵਪੂਰਨ ਨਹੀ,ਬਲਕਿ ਮਹੱਤਵਪੂਰਨ ਤਾਂ ਇਹ ਹੈ ਕਿ ਉਹ ਪੰਜ ਵਾਰ ਮੁੱਖ ਮੰਤਰੀ ਬਣਕੇ ਆਪਣੇ ਲੋਕਾਂ ਲਈ ਕਿਹੜੇ ਵੱਡੇ ਕਾਰਜ ਕਰਕੇ ਗਏ। ਇਹ ਵੀ ਅਕਾਲ ਪੁਰਖ ਦਾ ਕੋਈ ਕੌਤਿਕ ਹੀ ਸਮਝਿਆ ਜਾਣਾ ਬਣਦਾ ਹੈ ਕਿ ਉਮਰ ਭਰ ਰਾਜਨੀਤੀ ਵਿੱਚ ਵਿਰੋਧੀਆਂ ਨੂ ਚਿੱਤ ਕਰਨ ਵਿੱਚ ਸਫਲ ਰਹਿਣ ਵਾਲਾ ਸ੍ਰ ਬਾਦਲ ਜਿੱਥੇ ਆਪਣੇ ਪਰਿਵਾਰ ਨੂੰ ਲੋਕਾਂ ਚ ਬਿਲਕੁਲ ਕੱਖੋਂ ਹੌਲਾ ਹੋਇਆ ਆਪਣੀਆਂ ਅੱਖਾਂ ਨਾਲ ਜਿਉਂਦੇ ਜੀਅ ਦੇਖ ਕੇ ਗਿਆ ਹੈ,ਓਥੇ ਹਮੇਸਾਂ ਜੇਤੂ ਰਹਿਣ ਵਾਲਾ ਸ੍ਰ ਬਾਦਲ ਜਿੰਦਗੀ ਦੀ ਆਖਰੀ ਚੋਣ ਹਾਰ ਕੇ ਦੁਨੀਆਂ ਤੋ ਗਿਆ ਹੈ।ਗ੍ਰੰਥ,ਪੰਥ ਦਾ ਮਿਹਣਾ ਬਾਦਲ ਪਰਿਵਾਰ ਦੀਆਂ ਪੁਸਤਾਂ ਦੇ ਨਾਮ ਜੁੜ ਗਿਆ ਹੈ,ਕਿਉਂਕਿ ਸ੍ਰ ਬਾਦਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇ-ਅਦਬੀਆਂ ਦੇ ਦੋਸ਼ੀ ਹੋਣ ਦਾ ਕਲੰਕ ਵੀ ਨਾਲ ਲੈ ਕੇ ਹੀ ਸੰਸਾਰ ਤੋਂ ਕੂਚ ਕਰ ਗਿਆ ਹੈ। ਸੋ ਮਰਨ ਉਪਰੰਤ ਕੋਈ ਵਿਅਕਤੀ ਕਿੰਨੀਆਂ ਦੁਆਵਾਂ ਜਾਂ ਬਦ-ਦੁਆਵਾਂ ਲੈ ਕੇ ਜਾਂਦਾ ਹੈ,ਇਹ ਉਹਦੇ ਜਿੰਦਗੀ ਵਿੱਚ ਕੀਤੇ ਕਰਮਾਂ ਤੇ ਨਿਰਭਰ ਕਰਦਾ ਹੈ। ਇਸੇਤਰਾਂ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਜਿੰਦਗੀ ਚ ਕੀ ਖੱਟਿਆ ਅਤੇ ਕੀ ਗਵਾਇਆ,ਇਹ ਪਾਠਕ ਖੁਦ ਉਹਨਾਂ ਵੱਲੋਂ ਸਰੀਰਕ ਰੂਪ ਚ ਵਿਚਰਦਿਆਂ ਕੀਤੇ ਗਏ ਉਹਨਾਂ ਦੇ ਕਰਮਾਂ ਤੋਂ ਅੰਦਾਜਾ ਖੁਦ ਲਾ ਲੈਣਗੇ।
ਬਘੇਲ ਸਿੰਘ ਧਾਲੀਵਾਲ
99142-58142
ਅਕਾਲ ਤਖਤ ਸਾਹਿਬ ਦੀ ਮਾਣ ਮਰਯਾਦਾ,ਪੰਥ ਦਾ ਭਰੋਸਾ,ਜਥੇਦਾਰ ਦੇ ਫਰਜ਼ - ਬਘੇਲ ਸਿੰਘ ਧਾਲੀਵਾਲ
ਖਾਲਸਾ ਪੰਥ ਅੰਦਰ ਜਥੇਦਾਰ ਦਾ ਰੁਤਬਾ ਬੇਹੱਦ ਮਹੱਤਵਪੂਰਨ ਹੈ।ਅਸਲ ਅਰਥਾਂ ਵਿੱਚ ਜਥੇਦਾਰ ਉਹ ਸਰਬ ਪਰਮਾਣਿਤ ਆਗੂ ਹੁੰਦਾ ਹੈ,ਜਿਹੜਾ ਖਾਲਸਾ ਪੰਥ ਨੂੰ ਅਗਵਾਈ ਦੇਣ ਦੇ ਸਮਰੱਥ ਹੋਵੇ। ਪੰਥ ਲਈ ਆਪਾ ਕੁਰਬਾਨ ਕਰਨ ਦਾ ਜਜ਼ਬਾ ਰੱਖਣ ਵਾਲਾ ਸੰਤ ਸਿਪਾਹੀ ਹੀ ਕੌਂਮ ਦਾ ਜਥੇਦਾਰ ਹੁੰਦਾ ਹੈ।ਸ੍ਰੀ ਅਕਾਲ ਤਖਤ ਸਾਹਿਬ ਦਾ ਇਤਿਹਾਸ ਰਿਹਾ ਹੈ, ਇੱਥੋਂ ਦਾ ਜਥੇਦਾਰ 94 ਸਾਲ ਦੀ ਵਡੇਰੀ ਉਮਰ ਵਿੱਚ ਵੀ ਕੌਂਮ ਲਈ ਬੰਦ ਬੰਦ ਕਟਵਾਉਣ ਤੋ ਪਿੱਛੇ ਨਹੀ ਹੱਟਦਾ, ਇਸ ਰੁਹਾਨੀ ਤਖਤ ਦਾ ਜਥੇਦਾਰ ਇਹੋ ਜਿਹੀਆਂ ਰੁਹਾਨੀ ਬਖਸ਼ਿਸ਼ਾਂ ਦਾ ਮਾਲਕ ਹੁੰਦਾ ਹੈ,ਜਿਹੜਾ ਦਿੱਲੀ ਦੇ ਤਖਤ ਤੇ ਬੈਠਣ ਨੂੰ ਆਪਣੇ ਰੁਤਬੇ ਦੀ ਤੌਹੀਨ ਸਮਝਦਾ ਹੈ ਅਤੇ ਉਸ ਦੁਨਿਆਵੀ ਤਖਤ ਨੂੰ ਘਸੀਟ ਕੇ ਅਕਾਲ ਤਖਤ ਸਾਹਿਬ ਦੇ ਚਰਨਾਂ ਚ ਲਿਆ ਧਰਨ ਦੀ ਹਿੰਮਤ ਰੱਖਦਾ ਹੈ। ਇੱਥੋ ਦੇ ਜਥੇਦਾਰ ‘ਤੇ ਛੇਵੇਂ ਪਾਤਸ਼ਾਹ ਸ੍ਰੀ ਹਰਿਗੋਬਿੰਦ ਸਾਹਿਬ ਜੀ ਦੀ ਐਨੀ ਕੁ ਬਖਸ਼ਿਸ਼ ਹੁੰਦੀ ਹੈ ਕਿ ਇੱਕ 90 ਸਾਲ ਦਾ ਬੁੱਢਾ ਜਥੇਦਾਰ ਖਾਲਸਾ ਰਾਜ ਖੁੱਸ ਜਾਣ ਤੋ ਬਾਅਦ ਵੀ ਮਰਦੇ ਦਮ ਤੱਕ ਤੋਪਾ ਦਾ ਮੁਕਾਬਲਾ ਤਲਵਾਰਾਂ,ਕੁਹਾੜੀਆਂ ਨਾਲ ਕਰਦਾ ਕਰਦਾ ਸ਼ਹਾਦਤ ਦਾ ਅਮ੍ਰਿਤ ਪੀ ਜਾਂਦਾ ਹੈ। ਸੋ ਕਹਿਣ ਤੋ ਭਾਵ ਇਹ ਹੈ ਕਿ ਆਪਣੀ ਕੌਂਮ ਦੀ ਚੜ੍ਹਦੀ ਕਲਾ ਲਈ ਅੰਜਾਮ ਦੀ ਪ੍ਰਵਾਹ ਕੀਤੇ ਵਗੈਰ ਅਡੋਲਤਾ,ਨਿਡਰਤਾ ਅਤੇ ਦ੍ਰਿੜਤਾ ਨਾਲ ਕਾਰਜ ਕਰਦੇ ਜਾਣਾ ਹੀ ਜਥੇਦਾਰ ਦੇ ਫਰਜਾਂ ਦਾ ਮੁਢਲਾ ਸਬਕ ਹੈ।ਰਾਸ਼ਟਰੀ ਮੀਡੀਏ ਵੱਲੋਂ ਪੰਜਾਬ ਖਿਲਾਫ ਝੂਠੇ ਵਿਰਤਾਂਤ ਸਿਰਜਕੇ ਜਿਸਤਰਾਂ ਸਿੱਖਾਂ ਨੂੰ ਦੇਸ਼ ਦੁਨੀਆਂ ਵਿੱਚ ਬਦਨਾਮ ਕੀਤੇ ਜਾਣ ਦੀ ਕਬਾਇਦ ਚਲਾਈ ਗਈ ਹੈ,ਉਹਨਾਂ ਝੂਠੇ ਵਿਰਤਾਂਤਾਂ ਦਾ ਸਾਰਥਿਕ ਤੋੜ ਲੱਭਣ ਲਈ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਸਿੱਖ ਪੱਤਰਕਾਰਾਂ ਦਾ ਇਕੱਠ ਬੁਲਾਇਆ ਗਿਆ। ਇਸ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਵੱਖ ਵੱਖ ਅਦਾਰਿਆਂ ਚ ਕੰਮ ਕਰਦੇ ਅਖਬਾਰਾਂ,ਟੀਵੀ ਚੈਨਲਾਂ ਦੇ ਪੱਤਰਕਾਰ ਅਤੇ ਆਪੋ ਆਪਣੇ ਯੂ ਟਿਊਬ ਚੈਨਲ ਚਲਾ ਕੇ ਪੰਜਾਬ ਦੀ ਤਰਫਦਾਰੀ ਕਰਨ ਵਾਲੇ ਪੰਜਾਬ ਪ੍ਰਸਤ ਪੱਤਰਕਾਰਾਂ ਸਮੇਤ ਬਹੁਤ ਸਾਰੇ ਸੀਨੀਅਰ ਪੱਤਰਕਾਰ ਵੀ ਸ਼ਾਮਲ ਹੋਏ।ਇਸ ਇਕੱਠ ਦੀ ਵਿਸ਼ੇਸ਼ਤਾ ਇਹ ਰਹੀ ਕਿ ਪਹਿਲੀ ਵਾਰ ਵੱਖੋ ਵੱਖਰੀ ਸੋਚ ਰੱਖਣ ਵਾਲੇ ਸਿੱਖ ਪੱਤਰਕਾਰ ਇੱਕੋ ਮੰਚ ਤੇ ਇਕੱਠੇ ਹੋਏ।।ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਸਿੱਖ ਪੱਤਰਕਾਰਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ‘ਤੇ ਤਸੱਲੀ ਪ੍ਰਗਟ ਕੀਤੀ ਅਤੇ ਭਵਿੱਖ ਵਿੱਚ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨ ਦਾ ਬਚਨ ਦਿੱਤਾ ਹੈ।ਇਹ ਇਕੱਠ ਇਸ ਕਰਕੇ ਹੋਰ ਵੀ ਮਹੱਤਵਪੂਰਨ ਰਿਹਾ,ਕਿਉਂਕਿ ਜਿਸਤਰਾਂ ਸਮੁੱਚੇ ਦੇਸ਼ ਅਤੇ ਸੂਬੇ ਦੇ ਹਾਲਾਤ ਬਣੇ ਹੋਏ ਹਨ,ਉਹਨਾਂ ਦੇ ਮੱਦੇਨਜਰ ਆਪਣੇ ਆਪ ਨੂੰ ਲਾਵਾਰਸ ਮਹਿਸੂਸ ਕਰਦੀ ਪੰਜਾਬ ਦੀ ਪੱਤਰਕਾਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਰਗੀ ਸਿੱਖਾਂ ਦੀ ਸਰਮੌਰ ਸੰਸਥਾ ਵੱਲੋਂ ਉਹਨਾਂ ਦੇ ਹੱਕ ਚ ਡਟਣ ਦੀ ਪਹਿਲ ਕਦਮੀ ਨਾਲ ਕਾਫੀ ਰਾਹਤ ਮਿਲੀ ਹੈ।ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਰਾਸ਼ਟਰੀ ਚੈਨਲਾਂ ਦੁਆਰਾ ਪੰਜਾਬ ਖਿਲਾਫ ਕੀਤੇ ਜਾਂਦੇ ਕੂੜ ਪਰਚਾਰ ਦਾ ਜਵਾਬ ਦੇਣ ਲਈ ਭਵਿੱਖ ਚ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਪੰਜਾਬ ਦੇ ਸੀਨੀਅਰ ਸਿੱਖ ਪੱਤਰਕਾਰਾਂ ਦੀ ਇੱਕ ਕਮੇਟੀ ਬਨਾਉਣ ਬਾਰੇ ਵੀ ਕਿਹਾ ਗਿਆ ਹੈ।ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਵਿੱਚ ਬਨਣ ਵਾਲੀ ਇਹ ਕਮੇਟੀ ਆਪਣੇ ਆਪ ਵਿੱਚ ਮਹੱਤਵਪੂਰਨ ਇਸ ਕਰਕੇ ਹੋਵੇਗੀ,ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੁਨੀਆਂ ਭਰ ਵਿੱਚ ਵਸਦੇ ਸਮੁੱਚੇ ਨਾਨਕ ਨਾਮਲੇਵਾ ਲਈ ਸਰਬ-ਉੱਚ ਹੈ।ਭਾਂਵੇ ਸਿੰਘ ਸਾਹਿਬ ਵੱਲੋਂ ਕੋਈ ਠੋਸ ਨੀਤੀ ਦਾ ਐਲਾਨ ਇਸ ਇਕੱਠ ਵਿੱਚ ਨਹੀ ਕੀਤਾ ਗਿਆ,ਇਸ ਦੇ ਬਾਵਜੂਦ ਵੀ ਪੱਤਰਕਾਰ ਭਾਈਚਾਰੇ ਅੰਦਰ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ।ਇਸ ਦਾ ਕਾਰਨ ਸਪੱਸਟ ਹੈ ਕਿ ਸਿੱਖ ਪੱਤਰਕਾਰਾਂ ਨੇ ਮਹਿਸੂਸ ਕੀਤਾ ਹੈ ਕਿ ਉਹਨਾਂ ਦੇ ਹੱਕ ਚ ਸ੍ਰੀ ਅਕਾਲ ਤਖਤ ਸਾਹਿਬ ਦਾ ਖੜ ਜਾਣਾ ਹੀ ਬਹੁਤ ਅਹਿਮ ਹੈ।ਦੂਜੇ ਪਾਸੇ ਸਰਕਾਰ ਵਲੋਂ ਜਿਸਤਰਾਂ ਚੱਪੇ ਚੱਪੇ ਤੇ ਪੰਜਾਬ ਪੁਲਿਸ ਅਤੇ ਨੀਮ ਫੌਜੀ ਬਲਾਂ ਨੂੰ ਤਾਇਨਾਤ ਕਰਕੇ ਪੱਤਰਕਾਰਾਂ ਦੇ ਇਸ ਇਕੱਠ ਨੂੰ ਹਊਆ ਬਨਾਉਣ ਦਾ ਯਤਨ ਕੀਤਾ ਗਿਆ,ਉਹ ਬੇਹੱਦ ਮੰਦਭਾਗਾ ਹੈ,ਜਿਸ ਦਾ ਗੰਭੀਰ ਨੋਟਿਸ ਲਿਆ ਜਾਣਾ ਬਣਦਾ ਹੈ। ਜਿਸਤਰਾਂ ਪਿਛਲੇ ਲੰਮੇ ਅਰਸੇ ਤੋ ਇੱਕ ਧਿਰ ਵੱਲੋਂ ਸਿਆਸੀ ਮੁਫਾਦਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਆਪਣੇ ਹਿੱਤ ਚ ਵਰਤਿਆ ਜਾਂਦਾ ਰਿਹਾ ਹੈ,ਇਸ ਸਰਬ ਉੱਚ ਸੰਸਥਾ ਦੇ ਅਜਾਦ ਪ੍ਰਭੂਸੱਤਾ ਦੇ ਸੰਕਲਪ ਨੂੰ ਭਾਰੀ ਢਾਹ ਲਾਉਣ ਵਿੱਚ ਕੋਈ ਕਸਰ ਨਹੀ ਛੱਡੀ ਗਈ, ਅਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਤਹਿਸ ਨਹਿਸ ਕਰਨ ਦੇ ਯਤਨ ਮੌਜੂਦਾ ਸਮੇ ਤੱਕ ਵੀ ਲਗਾਤਾਰ ਹੁੰਦੇ ਆ ਰਹੇ ਹਨ,ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭਰੋਸੇਯੋਗਤਾ ‘ਤੇ ਸਵਾਲੀਆ ਨਿਸ਼ਾਨ ਲਾ ਦਿੱਤੇ ਹਨ ਅਤੇ ਸਿੱਖ ਇਸ ਅਜਾਦ ਪ੍ਰਭੂਸੱਤਾ ਦੀ ਪਰਤੀਕ ਸਰਬ ਉੱਚ ਸੰਸਥਾ ਨੂੰ ਕਮਜੋਰ ਕਰਨ ਲਈ ਸਿੱਖਾਂ ਦੀ ਆਪਸੀ ਪਾਟੋਧਾੜ ਵੀ ਜੁੰਮੇਵਾਰ ਹੈ, ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸੂਬੇ ਦੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂ ਅਤੇ ਸਮੇ ਦੀਆਂ ਸਰਕਾਰਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਟਿੱਚ ਸਮਝਣ ਲੱਗੀਆਂ ਹਨ। ਪੱਤਰਕਾਰਾਂ ਦੇ ਇਕੱਠ ਮੌਕੇ ਸੂਬਾ ਸਰਕਾਰ ਅਤੇ ਕੇਂਦਰ ਵੱਲੋਂ ਮਿਲਕੇ ਜੋ ਸਿੱਖ ਕੌਂਮ ਖਿਲਾਫ ਵਿਰਤਾਂਤ ਸਿਰਜੇ ਜਾ ਰਹੇ ਹਨ,ਉਹਨਾਂ ਨੂੰ ਵੀ ਸਮਝਣਾ ਪਵੇਗਾ,ਕਿਉਂਕਿ ਖਾਲਸਾ ਸਾਜਨਾ ਦਿਵਸ ਮੌਕੇ ਵਿਸਾਖੀ ਤੇ ਹੋਣ ਵਾਲੇ ਸਿੱਖਾਂ ਦੇ ਇਕੱਠ ਨੂੰ ਪ੍ਰਭਾਵਤ ਕਰਨ ਦੀ ਗਹਿਰੀ ਸਾਜਿਸ਼ ਹੈ,ਤਾਂ ਕਿ ਸਿੱਖ ਡਰਦੇ ਮਾਰੇ ਦਮਦਮਾ ਸਾਹਿਬ ਵਿਸਾਖੀ ਦੇ ਤਿਉਹਾਰ ਤੇ ਨਾਂ ਜਾ ਸਕਣ। ਪੰਜਾਬ ਸਰਕਾਰ ਦੇ ਇਸ ਦਹਿਸਤੀ ਵਰਤਾਰੇ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਇਕੱਤਰ ਹੋਏ ਪੱਤਰਕਾਰ ਭਾਈਚਾਰੇ ਨੇ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਹੈ। ਵਿਸਾਖੀ ਦੇ ਇਕੱਠ ਨੂੰ ਰੋਕਣ ਦਾ ਮਤਲਬ ਹੈ ਕਿ ਸਿੱਖਾਂ ਨੂੰ ਡਰਾ ਕੇ ਸ੍ਰੀ ਅਕਾਲ ਤਖਤ ਸਾਹਿਬ ਤੋ ਦੂਰ ਕਰਨਾ,ਕਿਉਂਕਿ ਜਥੇਦਾਰ ਸ੍ਰੀ ਅਕਾਲ ਤਖਤ ਨੇ ਸਿੱਖ ਸੰਗਤ ਨੂੰ ਵੱਡੀ ਗਿਣਤੀ ਵਿੱਚ ਖਾਲਸਾ ਸਾਜਨਾ ਦਿਵਸ ਮੌਕੇ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਆਉਣ ਦੇ ਅਦੇਸ਼ ਦਿੱਤੇ ਹੋਏ ਹਨ।ਹੁਣ ਦੇਖਣਾ ਹੋਵੇਗਾ ਕਿ ਖਾਲਸਾ ਪੰਥ ਜਥੇਦਾਰ ਸਾਹਿਬ ਦੇ ਦਮਦਮਾ ਸਾਹਿਬ ਵਿਖੇ ਇਕੱਠ ਦੇ ਸੱਦੇ ਨੂੰ ਕਿੰਨਾਂ ਕੁ ਹੁੰਗਾਰਾ ਦਿੰਦਾ ਹੈ। ਦੇਖਣਾ ਇਹ ਵੀ ਹੋਵੇਗਾ ਕਿ ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਹਿਬ ਦੀ ਮਾਣ ਮਰਯਾਦਾ ਨੂੰ ਬਹਾਲ ਕਰਨ ਵਿੱਚ ਕਿੰਨਾ ਕੁ ਸਫਲ ਹੁੰਦੇ ਹਨ। ਕੀ ਸਿੰਘ ਸਾਹਿਬ ਜੇਕਰ ਲੋੜ ਪਈ,ਆਪਣੇ ਰੁਤਬੇ ਨੂੰ ਕੌਂਮ ਦੇ ਵਡੇਰੇ ਹਿਤਾਂ ਤੋ ਕੁਰਬਾਨ ਕਰਨ ਦਾ ਹੌਸਲਾ ਕਰਕੇ ਆਪਣੇ ਆਪ ਨੂੰ ਸਮੁੱਚੀ ਕੌਂਮ ਦਾ ਜਥੇਦਾਰ ਤਸਲੀਮ ਕਰਵਾ ਸਕਣ ਵਿੱਚ ਕਾਮਯਾਬ ਹੋ ਸਕਣਗੇ ਜਾਂ ਫਿਰ ਇਸ ਤੋ ਪਹਿਲਾਂ ਹੀ ਵਿਰੋਧੀ ਤਾਕਤਾਂ ਜਥੇਦਾਰ ਸਾਹਿਬ ਨੂੰ ਆਹੁਦੇ ਤੋ ਲਾਂਭੇ ਕਰਵਾ ਦੇਣ ਵਿੱਚ ਸਫਲ ਹੋ ਸਕਣਗੀਆਂ।ਇਹੋ ਜਿਹੇ ਕੌਂਮੀ ਫਿਕਰਮੰਦੀ ਦੇ ਤੌਖਲੇ ਅਤੇ ਸਵਾਲਸਮੇ ਦੇ ਗਰਭ ਵਿੱਚ ਹਨ,ਜਿੰਨਾਂ ਬਾਰੇ ਸਮੇ ਤੋ ਪਹਿਲਾਂ ਕੁੱਝ ਵੀ ਕਹਿਣਾ ਬਾਜਵ ਨਹੀ ਹੋਵੇਗਾ।
>>> ਬਘੇਲ ਸਿੰਘ ਧਾਲੀਵਾਲ
>>> 99142-58142
ਸਿੱਖ ਸਰੋਕਾਰ ਅਤੇ ਸਿੱਖ ਪੱਤਰਕਾਰੀ ਦੇ ਸੰਦਰਭ ਚ ਸ੍ਰੀ ਅਕਾਲ ਤਖਤ ਸਾਹਿਬ ਦੀ ਭੂਮਿਕਾ - ਬਘੇਲ ਸਿੰਘ ਧਾਲੀਵਾਲ
ਸਿੱਖ ਸਰੋਕਾਰਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਆਪਸੀ ਗਹਿਰਾ ਰਿਸ਼ਤਾ ਹੈ,ਭਾਵ ਦੋਵਾਂ ਨੂੰ ਇੱਕ ਦੂਜੇ ਤੋ ਨਿਖੇੜ ਕੇ ਨਹੀ ਦੇਖਿਆ ਜਾ ਸਕਦਾ।ਸਿੱਖ ਸਮੱਸਿਆਵਾਂ ਦੇ ਸੰਦਰਭ ਵਿੱਚ ਭਾਰਤ ਪੱਧਰ ਤੇ ਹਾਲਾਤ ਸੰਵੇਦਨਸ਼ੀਲ ਬਣੇ ਹੋਏ ਹਨ।ਇਸ ਦਾ ਕਾਰਨ ਪੱਤਰਕਾਰੀ ਵਿੱਚ ਆਏ ਨਿਘਾਰ ਨੂੰ ਮੰਨਣਾ ਪਵੇਗਾ।।ਕੋਈ ਪਿਛਲੇ ਤਕਰੀਬਨ ਦੋ ਕੁ ਦਹਾਕਿਆਂ ਤੋ ਭਾਰਤੀ ਪੱਤਰਕਾਰੀ ਨੇ ਆਪਣੇ ਫਰਜਾਂ ਤੋਂ ਮੂਲ਼ੋਂ ਹੀ ਪਾਸਾ ਬੱਟ ਲਿਆ ਹੋਇਆ ਹੈ। ਲੰਘੇ ਇੱਕ ਦਹਾਕੇ ਦੌਰਾਨ ਭਾਰਤੀ ਮੀਡੀਆ ਲੋਕਾਂ ਵਿੱਚੋਂ ਆਪਣੀ ਭਰੋਸੇਯੋਗਤਾ ਲੱਗਭੱਗ ਗੁਆ ਬੈਠਾ ਹੈ।ਇਸ ਦਾ ਕਾਰਨ ਸਾਫ ਤੇ ਸਪੱਸਟ ਹੈ ਕਿ ਮੀਡੀਆ ਕੁੱਝ ਕੁ ਵੱਡੇ ਘਰਾਣਿਆਂ ਦੀ ਨਿੱਜੀ ਜਾਇਦਾਦ ਦਾ ਹਿੱਸਾ ਬਣ ਕੇ ਰਹਿ ਗਿਆ ਹੈ।ਜਿਸ ਦਾ ਭਾਵ ਹੈ ਕਿ ਸਰਮਾਏਦਾਰੀ ਸਿਸਟਮ ਨੇ ਲੋਕਤੰਤਰ ਦੇ ਚੌਥੇ ਥੰਮ ਦੀਆਂ ਜੜਾਂ ਖੋਖਲੀਆਂ ਕਰ ਦਿੱਤੀਆਂ ਹਨ।ਸਚਾਈ ਇਹ ਹੈ ਕਿ ਭਾਰਤ ਅੰਦਰ ਪੱਤਰਕਾਰੀ ਦਾ ਕੋਈ ਬਜੂਦ ਬਚਿਆ ਹੀ ਨਹੀ ਹੈ। ਵੱਡੇ ਘਰਾਣਿਆਂ ਤੋ ਮਿਲੇ ਦਿਸ਼ਾ ਨਿਰਦੇਸ਼ ਮੁਤਾਬਿਕ ਹੀ ਮੀਡੀਆ ਹਾਉਸ ਪਰੋਗਰਾਮ ਪ੍ਰਸਾਰਿਤ ਕਰਦੇ ਹਨ।ਇਹੋ ਕਾਰਨ ਹੈ ਕਿ ਟੀ ਵੀ ਚੈਨਲਾਂ ਤੇ ਇੱਕ ਤਰਫਾ ਪਰਚਾਰ ਸੁਨਣ ਨੂੰ ਮਿਲਦਾ ਹੈ।ਲੋਕਾਂ ਦੀ ਅਵਾਜ਼ ਚੁੱਕਣ ਵਾਲਾ ਮੀਡੀਆ ਲੱਗਭੱਗ ਦਮ ਤੋੜ ਚੁੱਕਾ ਹੈ,ਜਾਂ ਕਿਹਾ ਜਾ ਸਕਦਾ ਹੈ ਕਿ ਨਿਰਪੱਖ ਪੱਤਰਕਾਰੀ ਆਖਰੀ ਸਾਹਾਂ ‘ਤੇ ਹੈ। ਦੇਸ ਦੇ ਅਖਬਾਰਾਂ/ਚੈਨਲਾਂ ਰਾਹੀ ਲੋਕਾਂ ਨੂੰ ਜੋ ਫਿਰਕੂ ਨਫਰਤ ਪਰੋਸ ਕੇ ਦਿੱਤੀ ਜਾ ਰਹੀ ਹੈ,ਬਹੁ ਗਿਣਤੀ ਵਿੱਚ ਭੋਲ਼ੇ ਭਾਲ਼ੇ ਲੋਕ ਉਹਨੂੰ ਸੱਚ ਸਮਝ ਕੇ ਪ੍ਰਤੀਕਰਮ ਦਿੰਦੇ ਹਨ। ਨਤੀਜੇ ਵਜੋਂ ਭਾਰੀਚਾਰਕ ਸਾਝਾਂ ਖਤਰੇ ਵਿੱਚ ਪੈ ਰਹੀਆਂ ਹਨ। ਘੱਟ ਗਿਣਤੀਆਂ ਦੀ ਹੋਂਦ ‘ਤੇ ਖਤਰੇ ਮੰਡਰਾਉਣ ਲੱਗੇ ਹਨ।ਸਪੱਸਟ ਸਬਦਾਂ ਵਿੱਚ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਮੌਜੂਦਾ ਸਮੇ ਦੌਰਾਨ ਭਾਰਤੀ ਮੀਡੀਆ ਸਿਸਟਮ ਦੇ ਹੱਕ ਚ ਵਰਤਿਆ ਜਾਣ ਵਾਲਾ ਲੋਕ ਵਿਰੋਧੀ ਸੰਦ ਬਣ ਕੇ ਰਹਿ ਗਿਆ ਹੈ। ਅਜਿਹੇ ਅਤਿ ਨਾਜੁਕ ਸਮੇ ਦੌਰਾਨ ਖੇਤਰੀ ਪੱਤਰਕਾਰੀ ਉਦੋਂ ਹੋਰ ਵੀ ਖਤਰੇ ਵਿੱਚ ਪੈ ਜਾਂਦੀ ਹੈ,ਜਦੋਂ ਉਹਦੇ ਹਿਤ ਘੱਟ ਗਿਣਤੀ ਨਾਲ ਜੁੜੇ ਹੋਏ ਹੋਣ।ਜਿਸ ਤਰਾਂ ਪਿਛਲੇ ਕੁੱਝ ਕੁ ਸਮੇ ਤੋ ਭਾਰਤੀ ਮੀਡੀਏ ਵੱਲੋਂ ਪੰਜਾਬ ਨੂੰ ਖਾਸ ਕਰਕੇ ਸਿੱਖ ਕੌਂਮ ਨੂੰ ਨਿਸਾਨੇ ਤੇ ਲੈ ਕੇ ਪੂਰੇ ਦੇਸ ਵਿੱਚ ਹੀ ਨਹੀ ਬਲਕਿ ਪੂਰੀ ਦੁਨੀਆਂ ਵਿੱਚ ਬਦਨਾਮ ਕਰਨ ਦੀ ਕਵਾਇਦ ਚਲਾਈ ਗਈ,ਇਹ ਨਾ ਹੀ ਸੂਬੇ ਦੇ ਹਿਤ ਵਿੱਚ ਹੈ ਅਤੇ ਨਾ ਹੀ ਅਜਿਹੀਆਂ ਹਰਕਤਾਂ ਨੂੰ ਦੇਸ਼ ਹਿਤ ਵਿੱਚ ਸਮਝਿਆ ਜਾ ਸਕਦਾ ਹੈ। ਅਜਿਹੇ ਕੂੜ ਪਰਚਾਰ ਦਾ ਜਵਾਬ ਦੇਣ ਲਈ ਜੇਕਰ ਸਿੱਖ ਪੱਤਰਕਾਰੀ ਆਪਣਾ ਫਰਜ ਨਿਭਾਉਣ ਲਈ ਸਾਹਮਣੇ ਆਉਂਦੀ ਹੈ,ਤਾਂ ਹਕੂਮਤੀ ਦਹਿਸਤ ਦਾ ਅਜਿਹਾ ਮਹੌਲ ਸਿਰਜਿਆ ਜਾਂਦਾ ਹੈ, ਜਿਸ ਨਾਲ ਚਾਰ ਚੁਫੇਰੇ ਮੌਤ ਵਰਗੀ ਚੁੱਪ ਪਸਰ ਜਾਂਦੀ ਹੈ,ਪਰ ਗੁਰਬਾਣੀ ਦਾ ਫੁਰਮਾਨ ਹੈ ਕਿ “ਦਾਵਾ ਅਗਨਿ ਬਹੁਤੁ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹਿਓ ਰੀ” ਇਸ ਜੁਲਮ ਦੀ ਅੱਗ ਨੇ ਭਾਵੇਂ ਜੰਗਲ ਰੂਪੀ ਸੱਚ ਨੂੰ ਸਾੜ ਸੁੱਟਿਆ ਹੈ,ਪਰ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਹਰਿਆਲੀ ਦਾ ਬਚੇ ਰਹਿਣਾ ਸਿੱਧ ਕਰਦਾ ਹੈ ਕਿ ਚਾਰ ਚੁਫੇਰੇ ਫੈਲੇ ਝੂਠ ਦੇ ਪਾਸਾਰੇ ਨੂੰ ਠੱਲ੍ਹ ਪਾਉਣ ਲਈ ਕੌਂਮ ਅੰਦਰ ਅਜੇ ਵੀ ਮਨੁੱਖਾ ਜਮੀਰ ਜਿਉਂਦੇ ਹੋਣ ਦੇ ਬਹੁਤ ਸਾਰੇ ਸਬੂਤ ਮਿਲਦੇ ਹਨ,ਇਸ ਲਈ ਅਜੇ ਵੀ ਸੰਭਲਿਆ ਜਾ ਸਕਦਾ ਹੈ, ਬਾ ਸ਼ਰਤੇ ਕਿ ਕੋਈ ਏਕਤਾ ਦੀ ਲੜੀ ਚ ਪਰੋ ਕੇ ਸਹੀ ਸੇਧ ਦੇਣ ਵਾਲਾ ਆਗੂ ਹੋਵੇ। ਅਜਿਹੇ ਮੌਕੇ ‘ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ 7 ਅਪ੍ਰੈਲ 2023, ਦਿਨ ਸ਼ੁੱਕਰਵਾਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਇਤਿਹਾਸਿਕ ਅਤੇ ਪਵਿੱਤਰ ਧਰਤੀ ਤੇ ਧਰਮ ਪਰਚਾਰ ਅਤੇ ਕੌਮੀ ਹੱਕਾਂ ਦੀ ਪਹਿਰੇਦਾਰੀ ਹਿਤ ਸਿੱਖ ਮੀਡੀਆ ਦਾ ਯੋਗਦਾਨ,ਵਿਚਾਰਾਂ ਦੇ ਪ੍ਰਗਟਾਵੇ ਦੀ ਅਜ਼ਾਦੀ,ਸਿੱਖ ਮੀਡੀਏ ਨੂੰ ਚਣੌਤੀਆਂ ਅਤੇ ਭਵਿੱਖ ਦੀ ਰਣਨੀਤੀ ਦੇ ਵਿਸ਼ੇ ਤੇ ਇੱਕ ਵਿਸ਼ੇਸ਼ ਇਕੱਤਰਤਾ ਰੱਖੀ ਗਈ ਹੈ,ਜਿਸ ਵਿੱਚ ਪੰਜਾਬ ਅੰਦਰ ਸਿੱਖ ਸਰੋਕਾਰਾਂ ਦੀ ਗੱਲ ਕਰਨ ਵਾਲੇ ਪੱਤਰਕਾਰਾਂ ਦੀ ਸ਼ਮੂਲੀਅਤ ਬੇਹੱਦ ਜਰੂਰੀ ਬਣਦੀ ਹੈ।ਅਜਿਹੇ ਸਮੇ ਤੇ ਧੜੇਵੰਦੀਆਂ ਦਾ ਰਾਮਰੌਲਾ ਪਾ ਕੇ ਕੌਂਮੀ ਹਿਤਾਂ ਨੂੰ ਨੁਕਸਾਨ ਪਹੁੰਚਾਉਣ ਤੋ ਗੁਰੇਜ਼ ਕਰਨ ਦੀ ਜਰੂਰਤ ਹੈ।ਇਸ ਸਚਾਈ ਦਾ ਇਤਿਹਾਸ ਗਵਾਹ ਹੈ ਕਿ ਬੇਹੱਦ ਔਖੇ ਸਮਿਆਂ ਵਿੱਚ ਬਿਖੜੇ ਪੈਂਡਿਆਂ ਤੇ ਚੱਲ ਕੇ ਮੰਜਲਾਂ ਤਲਾਸ਼ ਰਹੀ ਸਿੱਖ ਕੌਂਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਅਗਵਾਈ ਮਿਲਦੀ ਰਹੀ ਹੈ। ਪੁਰਾਤਨ ਸਿੱਖ ਭਾਵੇਂ ਆਪਸੀ ਧੜੇਵੰਦੀਆਂ ਅਤੇ ਦੁਸ਼ਮਣੀਆਂ ਕਾਰਨ ਆਪਸ ਵਿੱਚ ਤਲਵਾਰਾਂ ਖਿੱਚ ਕੇ ਆਹਮੋ ਸਾਹਮਣੇ ਵੀ ਹੁੰਦੇ ਰਹੇ,ਪਰ ਉਹਨਾਂ ਨੇ ਕਦੇ ਵੀ ਆਪਣੇ ਗੁਰੂ ਅਤੇ ਗੁਰੂ ਦੇ ਸਿਧਾਂਤ ਤੋ ਬੇਮੁੱਖ ਹੋਣ ਦੀ ਗੁਸਤਾਖੀ ਨਹੀ ਸੀ ਕੀਤੀ। ਇਹ ਵੀ ਸੱਚ ਹੈ ਕਿ ਮਿਸ਼ਲਾਂ ਤੋ ਪਹਿਲਾਂ ਵੀ ਅਤੇ ਮਿਸ਼ਲਾਂ ਸਮੇ ਦੌਰਾਨ ਵੀ ਵੱਖ ਵੱਖ ਧੜਿਆਂ ਵਿੱਚ ਵੰਡੀ ਸਿੱਖ ਕੌਂਮ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅਲਾਹੀ ਹੁਕਮ ਸਮਝਦੀ ਹੋਈ ਕੌਂਮੀ ਹਿਤਾਂ ਖਾਤਰ ਆਪਣੀਆਂ ਧੜੇਵੰਦੀਆਂ,ਦੁਸ਼ਮਣੀਆਂ ਨੂੰ ਭੁੱਲ ਕੇ ਇੱਕ ਨਿਸ਼ਾਨ ਸਾਹਿਬ ਹੇਠ ਇਕੱਠੀ ਹੁੰਦੀ ਰਹੀ ਹੈ,ਪ੍ਰੰਤੂ ਇਹ ਵੀ ਕੌੜਾ ਸੱਚ ਹੈ,1849 ਤੋਂ ਬਾਅਦ ਕਦੇ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆਪਣੇ ਫਰਜਾਂ ਪ੍ਰਤੀ ਸੁਚੇਤ ਤੇ ਦ੍ਰਿੜ ਨਹੀ ਰਹੇ ਹਨ। ਮੌਜੂਦਾ ਸਮੇ ਤੱਕ ਆਉਂਦਿਆਂ ਆਉਂਦਿਆਂ ਹਾਲਾਤ ਬਦ ਤੋ ਬਦਤਰ ਹੋ ਗਏ। ਸਰੋਮਣੀ ਅਕਾਲੀ ਦਲ ਨੇ ਪੰਥ ਦੀ ਨੁਮਾਇੰਦਾ ਜਮਾਤ ਹੋਣ ਦਾ ਮਾਣ ਅਸਲੋਂ ਹੀ ਗੁਆ ਲਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥਕ ਰਹੁਰੀਤਾਂ ਦੀ ਪਹਿਰੇਦਾਰੀ ਕਰਨ ਤੋ ਬੁਰੀ ਤਰਾਂ ਪਛੜ ਕੇ ਰਹਿ ਗਈ।ਸਰਬਤ ਖਾਲਸਾ ਦੀ ਮਹਾਂਨ ਪਰੰਪਰਾ ਨੂੰ ਦਰਕਿਨਾਰ ਕਰਕੇ ਬਗੈਰ ਕਿਸੇ ਵਿਧੀ ਵਿਧਾਨ ਦੇ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਕੀਤੀ ਜਾਂਦੀ ਨਿਯੁਕਤੀ ਨੇ ਜਥੇਦਾਰ ਦੇ ਉੱਚੇ ਸੁੱਚੇ ਰੁਤਬੇ,ਅਜਾਦ ਹਸਤੀ ਅਤੇ ਭਰੋਸੇਯੋਗਤਾ ਨੂੰ ਢਾਹ ਲਾਈ ਹੈ।ਪ੍ਰੰਤੂ ਮੌਜੂਦਾ ਸਮੇ ਦੌਰਾਨ ਜਦੋ ਸਰੋਮਣੀ ਅਕਾਲੀ ਦਲ ਸਿੱਖ ਪੰਥ ਚੋ ਆਪਣਾ ਅਧਾਰ ਗੁਆ ਬੈਠਾ ਹੈ,ਪੰਥਕ ਧਿਰਾਂ ਵੱਖ ਵੱਖ ਧੜੇਬੰਦੀਆਂ ਚ ਵੰਡੀਆਂ ਹੋਣ ਕਰਕੇ ਕੌਂਮੀ ਹਿਤਾਂ ਦੀ ਪਹਿਰੇਦਾਰੀ ਕਰਨ ਤੋ ਅਸਮਰੱਥ ਹਨ। ਲਿਹਾਜ਼ਾ ਕੌਂਮ ਕੋਲ ਕੋਈ ਵੀ ਸਰਬ ਪ੍ਰਮਾਣਿਤ ਆਗੂ ਨਹੀ ਹੈ। ਜਿਸ ਦਾ ਨਤੀਜਾ ਇਹ ਹੈ ਕਿ ਕੌਮੀ ਹਿਤਾਂ ਦੀ ਗੱਲ ਕਰਨ ਵਾਲੇ ਬੁੱਧੀਜੀਵੀਆਂ,ਪੱਤਰਕਾਰਾਂ ਨੂੰ ਹਕੂਮਤੀ ਧੱਕੇਸ਼ਾਹੀਆਂ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਅਜਿਹੇ ਨਾਜ਼ਕ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਭੂਮਿਕਾ ਬਹੁਤ ਮਹੱਤਵ ਰੱਖਦੀ ਹੈ। ਸ੍ਰੀ ਅਕਾਲ ਤਖਤ ਸਾਹਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀ ਸਾਰਥਿਕ ਪਹੁੰਚ ਦੀ ਨੁਕਤਾਚੀਨੀ ਕਰਨ ਦੀ ਬਜਾਏ ਸਾਥ ਦੇਣ ਦੀ ਜਰੂਰਤ ਹੈ। ਆਪਸੀ ਝਗੜੇ ਬਾਅਦ ਵਿੱਚ ਵੀ ਨਜਿੱਠੇ ਜਾ ਸਕਦੇ ਹਨ,ਪਰ ਪਹਿਲਾਂ ਦੁਸ਼ਮਣ ਤਾਕਤਾਂ ਦੇ ਹਮਲਿਆਂ ਨੂੰ ਬੇਅਸਰ ਕਰਨ ਦੀ ਜਰੂਰਤ ਹੈ। ਉੱਧਰ ਜਥੇਦਾਰ ਸਾਹਿਬ ਨੂੰ ਵੀ ਇਹ ਯਕੀਨੀ ਬਨਾਉਣਾ ਪਵੇਗਾ ਕਿ ਉਹਨਾਂ ਦੇ ਫੈਸਲੇ ਨਿੱਜੀ ਲੋਭ ਲਾਲਸਾ ਤੋ ਉੱਪਰ ਉੱਠ ਕੇ ਸਮੁੱਚੇ ਪੰਥ ਦੇ ਭਲੇ ਲਈ ਹੋਣ।ਲੋਕ ਅਧਾਰ ਗੁਆ ਚੁੱਕੇ ਕਿਸੇ ਇੱਕ ਧੜੇ ਨੂੰ ਸਿਆਸੀ ਲਾਹਾ ਦਿਵਾਉਣ ਦੀ ਮਣਸਾ,ਪਹਿਲਾਂ ਹੀ ਦਾਅ ਤੇ ਲੱਗੀ ਸ੍ਰੀ ਅਕਾਲ ਤਖਤ ਸਾਹਿਬ ਦੀ ਭਰੋਸੇਯੋਗਤਾ ਨੂੰ ਹੋਰ ਸੱਟ ਮਾਰੇਗੀ।
>> ਬਘੇਲ ਸਿੰਘ ਧਾਲੀਵਾਲ
>> 99142-58142
>
ਮਾਖਿਓਂ ਮਿੱਠੀ ਹੈ ਮਾਂ ਬੋਲੀ ਪੰਜਾਬੀ - ਬਘੇਲ ਸਿੰਘ ਧਾਲੀਵਾਲ
ਪੰਜਾਬੀ ਸਾਹਿਤ ਰਚਨਾ ਦਾ ਮੁੱਢ ਅੱਠਵੀਂ ਨੌਵੀਂ ਸਦੀ ਚ ਹੋਇਆ ਮੰਨਿਆ ਜਾਂਦਾ ਹੈ,ਤਾਂ ਜਾਹਰ ਹੈ ਕਿ ਪੰਜਾਬੀ ਬੋਲੀ ਦੀ ਉਮਰ ਵੀ 1200 ਵਰ੍ਹੇ ਤੋ ਲੰਮੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂਆਂ,ਪੀਰਾਂ,ਭਗਤਾਂ,ਸੂਫੀਆਂ,ਦੀ ਬਾਣੀ ਨੇ ਪੰਜਾਬੀ ਬੋਲੀ ਨੂੰ ਹੋਰ ਅਲੌਕਿਕ ਸੰਗੀਤਮਈ ਤੇ ਮਿਠਾਸ ਭਰਪੂਰ ਕੀਤਾ ਹੈ। ਭੰਗੜਾ ਸੰਗੀਤ ਦੀ ਮਾਂ ਬੋਲੀ ਪੰਜਾਬੀ ਹੋਣ ਕਰਕੇ ਇਹ ਕਿਸੇ ਇੱਕ ਫਿਰਕੇ,ਮਜਹਬ ਜਾਂ ਇਲਾਕੇ ਤੱਕ ਸੀਮਤ ਬੋਲੀ ਨਹੀ ਰਹੀ,ਬਲਕਿ ਇਹ ਦੋਵਾਂ ਪੰਜਾਬਾਂ ਤੋ ਬਾਹਰ ਨਿਕਲ ਕੇ ਦੁਨੀਆਂ ਪੱਧਰ ਤੱਕ ਪੈਰ ਪਸਾਰਨ ਵਾਲੀ ਬੋਲੀ ਹੋ ਨਿਬੜੀ ਹੈ। ਐਥਨੋਲੋਗ" 2005 (ਬੋਲੀਆਂ ਨਾਲ਼ ਸਬੰਧਿਤ ਇੱਕ ਵਿਸ਼ਵ ਗਿਆਨ ਕੋਸ਼) ਮੁਤਾਬਕ ਪੰਜਾਬੀ ਸਮੁੱਚੀ ਦੁਨੀਆ ਵਿੱਚ ਸਭ ਤੋਂ ਵੱਧ ਬੋਲੀ ਜਾਣ ਵਾਲੀ 'ਦਸਵੀਂ ਬੋਲੀ'ਹੈ। ਇਸਦੇ ਬਾਵਜੂਦ ਵੀ ਪੰਜਾਬੀ ਤੇ ਖਤਰੇ ਮੰਡਰਾਉਂਦੇ ਰਹੇ ਹਨ। ਪੰਜਾਬੀ ਭਾਸ਼ਾ ਨੂੰ ਦਬਾਉਣ ਲਈ ਅੰਗਰੇਜ ਸਾਮਰਾਜ ਦੀ ਵੀ ਵੱਡੀ ਭੂਮਿਕਾ ਰਹੀ ਹੈ,ਪ੍ਰੰਤੂ ਅਜਾਦੀ ਤੋ ਬਾਅਦ ਦਾ ਵਰਤਾਰਾ ਵੀ ਪੰਜਾਬੀ ਲਈ ਚਿੰਤਾਜਨਕ ਹੀ ਰਿਹਾ ਹੈ।ਜੰਮੂ ਕਸ਼ਮੀਰ ਤੋ ਬਾਅਦ ਪੰਜਾਬ ਹੀ ਇੱਕੋ ਇੱਕ ਅਜਿਹਾ ਸੂਬਾ ਹੋਵੇਗਾ,ਜਿਸ ਦੀ ਮਾਤ ਭਾਸ਼ਾ ਨੂੰ ਦੇਸ਼ ਨਿਕਾਲਾ ਦੇ ਕੇ ਹਿੰਦੀ ਭਾਸ਼ਾ ਨੂੰ ਪਟਰਾਣੀ ਬਨਾਉਣ ਦੀਆਂ ਸਾਜਿਸ਼ਾਂ ਅੰਜਾਮ ਅਧੀਨ ਹਨ।ਪੰਜਾਬੀ ਭਾਸ਼ਾ ਦੀ ਲੜਾਈ ਲੇਖਕਾਂ,ਬੁੱਧੀਜੀਵੀਆਂ ਸਮੇਤ ਬਹੁਤ ਸਾਰੀਆਂ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੀਆਂ ਸੰਸਥਾਵਾਂ ਵੱਲੋਂ ਪਿਛਲੇ ਲੰਮੇ ਸਮੇ ਤੋ ਲੜੀ ਜਾ ਰਹੀ ਹੈ। ਸੂਬਾ ਸਰਕਾਰਾਂ ਦੀ ਪੰਜਾਬੀ ਪ੍ਰਤੀ ਪਹੁੰਚ ਨੂੰ ਜਾਨਣ ਲਈ ਸਰਕਾਰਾਂ ਦੀ ਕਾਰਗੁਜਾਰੀ ਤੇ ਝਾਤ ਮਾਰਨੀ ਵੀ ਜਰੂਰੀ ਹੈ। ਪਹਿਲੇ ਪੰਜਾਬ ਰਾਜ ਭਾਸ਼ਾ ਐਕਟ’ 1960 ਦੀ ਧਾਰਾ 3 ਰਾਹੀਂ ਪੰਜਾਬੀ ਖੇਤਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਹੋਣ ਵਾਲੇ ‘ਸਾਰੇ ਦਫ਼ਤਰੀ ਕੰਮਕਾਜ’ 2 ਅਕਤੂਬਰ 1960 ਤੋਂ ਪੰਜਾਬੀ ਵਿੱਚ ਕੀਤੇ ਜਾਣ ਦੀ ਵਿਵਸਥਾ ਕੀਤੀ ਗਈ। ਇਸ ਵਿਵਸਥਾ ਦੀ ਖ਼ੂਬਸੂਰਤੀ ਇਹ ਸੀ ਕਿ ਕਿਸੇ ਵੀ ਕੰਮ ਨੂੰ ਕਿਸੇ ਮਜਬੂਰੀ ਬੱਸ ਵੀ ਕਿਸੇ ਹੋਰ ਭਾਸ਼ਾ ਵਿੱਚ ਕਰਨ ਦੀ ਵਿਵਸਥਾ ਨਹੀ ਸੀ।ਭਾਵ ਇਹ ਕਿ 2 ਅਕਤੂਬਰ 1960 ਤੋਂ ਜ਼ਿਲ੍ਹਾ ਪੱਧਰ ਦੇ ਸਾਰੇ ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਹੋਣਾ ਸ਼ੁਰੂ ਹੋਇਆ। ਬਾਅਦ ਵਿੱਚ ਕਿਸੇ ਕੰਮ ਨੂੰ ਪੰਜਾਬੀ ’ਚ ਕਰਨ ਤੋਂ ਛੋਟ ਦੇਣ ਵਾਲਾ ਕੋਈ ਦਸਤਾਵੇਜ਼ ਉਪਲੱਬਧ ਨਹੀਂ ਹੈ। ਇਸੇ ਧਾਰਾ ਰਾਹੀਂ ਇਹ ਵਿਵਸਥਾ ਵੀ ਕੀਤੀ ਗਈ ਕਿ 2 ਅਕਤੂਬਰ 1962 ਤੋਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵੱਲੋਂ ਰਾਜ ਸਰਕਾਰ ਜਾਂ ਮੁੱਖ ਦਫ਼ਤਰਾਂ ਨਾਲ ਕੀਤੇ ਜਾਣ ਵਾਲੇ ਚਿੱਠੀ ਪੱਤਰ ਦੀ ਭਾਸ਼ਾ ਵੀ ਪੰਜਾਬੀ ਹੋਵੇਗੀ। ਇੱਥੇ ਇਹ ਦਸੱਣਾ ਵੀ ਜਰੂਰੀ ਹੈ ਕਿ ਜਦੋ ਇਹ ਕਨੂੰਨ ਬਣਿਆ ਉਦੋਂ ਪੰਜਾਬੀ ਸੂਬਾ ਨਹੀ ਸੀ ਬਣਿਆ,ਬਲਕਿ ਇਹ ਕਨੂੰਨ ਸਾਂਝੇ ਪੰਜਾਬ (ਪੰਜਾਬ,ਹਰਿਆਣਾ,ਹਿਮਾਚਲ ਪ੍ਰਦੇਸ) ਸਮੇ ਲਾਗੂ ਹੋਇਆ ਸੀ,ਜਿਸ ਵਿੱਚ ਕਿਧਰੇ ਵੀ ਪੰਜਾਬੀ ਭਾਸ਼ਾ ਤੋਂ ਬਗੈਰ ਹੋਰ ਕਿਸੇ ਭਾਸ਼ਾ ਵਿੱਚ ਕੰਮ ਕਰਨ ਦੀ ਗੁੰਜਾਇਸ਼ ਨਹੀ ਸੀ ਛੱਡੀ ਗਈ। ਪੰਜਾਬੀ ਸੂਬਾ ਬਣਨ ਮਗਰੋਂ 29 ਦਸੰਬਰ 1967 ਨੂੰ 1960 ਦਾ ਕਾਨੂੰਨ ਰੱਦ ਕਰਕੇ ਨਵਾਂ ਰਾਜ ਭਾਸ਼ਾ ਐਕਟ 1967 ਬਣਾਇਆ ਗਿਆ। ਇਸ ਕਾਨੂੰਨ ਦੀ ਉਦੇਸ਼ਕਾ ਵਿੱਚ ਇਹ ਐਕਟ ਬਣਾਉਣ ਦਾ ਉਦੇਸ਼ ‘ਪੰਜਾਬ ਰਾਜ ਦੇ ਸਾਰੇ ਜਾਂ ਕੁਝ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕੀਤੇ ਜਾਣਾ’ ਨਿਸ਼ਚਿਤ ਕੀਤਾ ਗਿਆ।ਇਸ ਕਨੂੰਨ ਤੋ ਅੰਦਾਜ ਲਾਉਣਾ ਕਿੰਨਾ ਸੌਖਾ ਹੈ ਕਿ ਪੰਜਾਬੀ ਬੋਲੀ ਨਾਲ ਵਿਤਕਰਾ ਪੰਜਾਬੀ ਸੂਬਾ ਬਨਣ ਤੋ ਬਾਅਦ ਜਿਆਦਾ ਖੁੱਲ੍ਹੇ ਰੂਪ ਵਿੱਚ ਸਾਹਮਣੇ ਆਇਆ। 1960 ਦੇ ਰਾਜ ਭਾਸ਼ਾ ਐਕਟ ਦੇ ਮੁਕਾਬਲੇ 1967 ਵਾਲਾ ਕਨੂੰਨ ਪੰਜਾਬੀ ਦੀ ਪਕੜ ਕਮਜੋਰ ਕਰਨ ਲਈ ਕਿੰਨਾ ਲਚਕਦਾਰ ਰੱਖਿਆ ਗਿਆ। 1967 ਦੇ ਐਕਟ ਦੀ ਧਾਰਾ 4 ਰਾਹੀਂ ਮਿਲੇ ਅਧਿਕਾਰ ਦੀ ਵਰਤੋਂ ਕਰਦਿਆਂ ਪੰਜਾਬ ਸਰਕਾਰ ਵੱਲੋਂ ਦਫ਼ਤਰੀ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਲਈ ਤੁਰੰਤ ਦੋ ਨੋਟੀਫਿਕੇਸ਼ਨ ਜਾਰੀ ਕੀਤੇ ਗਏ।ਪਹਿਲਾ ਨੋਟੀਫਿਕੇਸ਼ਨ 30 ਦਸੰਬਰ 1967 ਨੂੰ ਜਾਰੀ ਹੋਇਆ। ਇਸ ਰਾਹੀਂ ਜ਼ਿਲ੍ਹਾ ਪੱਧਰੀ ਦਫ਼ਤਰਾਂ ਵਿੱਚ ਹੁੰਦੇ ਦਫ਼ਤਰੀ ਕੰਮਕਾਜ ਨੂੰ 1 ਜਨਵਰੀ 1968 ਤੋਂ ਪੰਜਾਬੀ ਭਾਸ਼ਾ ਵਿੱਚ ਕਰਨ ਦੇ ਹੁਕਮ ਦਿੱਤੇ ਗਏ ਸਨ। 9 ਫਰਵਰੀ 1968 ਨੂੰ ਜਾਰੀ ਹੋਏ ਦੂਜੇ ਨੋਟੀਫਿਕੇਸਨ ਰਾਹੀਂ ‘ਰਾਜ ਪੱਧਰ’ ਦੇ ਸਾਰੇ ਦਫ਼ਤਰਾਂ ਵਿੱਚ ਹੁੰਦੇ ਕੰਮਕਾਜ ਪੰਜਾਬੀ ਵਿੱਚ ਕਰਨ ਦਾ ਹੁਕਮ ਹੋਇਆ। ਇਹ ਹੁਕਮ 13 ਅਪਰੈਲ 1968 ਤੋਂ ਲਾਗੂ ਹੋਇਆ। ਇਸ ਤੋ ਬਾਅਦ ਆਉਂਦਾ ਹੈ ਉਹ ਸਮਾ ਜਦੋਂ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬੀ ਭਾਸ਼ਾ (ਸੋਧ) ਐਕਟ 2008 ਪਾਸ ਕੀਤਾ, ਜਿਸ ਨੇ ਸੂਬੇ ਚ ਭੱਲ ਬਨਾਉਣ ਲਈ ਪਰਚਾਰ ਤਾਂ ਵੱਡੀ ਪੱਧਰ ਤੇ ਕੀਤਾ ਕਿ ਅਕਾਲੀ ਸਰਕਾਰ ਪੰਜਾਬੀ ਬੋਲੀ ਪ੍ਰਤੀ ਕਿੰਨੀ ਸੁਹਿਰਦ ਤੇ ਸੰਜੀਦਾ ਹੈ,ਜਿਸ ਨੇ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਅੰਦਰ ਹੀ ਪੰਜਾਬੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਬਨਾਉਣ ਲਈ ਵੱਡਾ ਮਾਅਰਕਾ ਮਾਰਿਆ ਹੈ,ਪਰ ਜਦੋ ਸਚਾਈ ਸਾਹਮਣੇ ਆਉਂਦੀ ਹੈ ਤਾਂ ਵਿੱਚੋਂ ਕੁੱਝ ਹੋਰ ਨਿਕਲਦਾ ਹੈ। ਅਕਾਲੀ ਭਾਜਪਾ ਸਰਕਾਰ ਵੱਲੋਂ ਪੰਜਾਬ ਰਾਜ ਭਾਸ਼ਾ (ਸੋਧ) ਐਕਟ, 2008 ਰਾਹੀਂ 1967 ਦੇ ਕਾਨੂੰਨ ਵਿੱਚ ਵੱਡੀਆਂ ਸੋਧਾਂ ਕੀਤੀਆਂ ਗਈਆਂ। ਪ੍ਰਸ਼ਾਸਨਿਕ ਦਫ਼ਤਰਾਂ ਦੇ ਕੰਮਕਾਜ ਪੰਜਾਬੀ ਵਿੱਚ ਕਰਨ ਦੀ ਵਿਵਸਥਾ ਕਰਨ ਲਈ ਮੂਲ ਕਾਨੂੰਨ ਵਿੱਚ ਧਾਰਾ 3-ਏ ਜੋੜੀ ਗਈ। ਇਸ ਨਵੀਂ ਧਾਰਾ ਨੇ ਸਥਿਤੀ ਸਪਸ਼ਟ ਕਰਨ ਦੀ ਥਾਂ ਹੋਰ ਭੰਬਲਭੂਸੇ ਪੈਦਾ ਕਰ ਦਿੱਤੇ।ਇਸ ਸੋਧ ਕਾਨੂੰਨ ਦੇ ਅੰਗਰੇਜ਼ੀ ਅਤੇ ਪੰਜਾਬੀ, ਦੋਵੇਂ ਪਾਠ ਇੱਕੋ ਸਮੇਂ ਸਰਕਾਰੀ ਗਜ਼ਟ ਵਿੱਚ ਛਪੇ,ਪਰ ਹੈਰਾਨੀ ਉਦੋਂ ਹੁੰਦੀ ਹੈ,ਜਦੋਂ ਅੰਗਰੇਜ਼ੀ ਪਾਠ ਵਿੱਚ ‘ਸਾਰੇ ਦਫ਼ਤਰੀ ਚਿੱਠੀ ਪੱਤਰ’ ਪੰਜਾਬੀ ਵਿੱਚ ਕੀਤੇ ਜਾਣ ਦਾ ਜ਼ਿਕਰ ਹੈ। ਇਸ ਦੇ ਉਲਟ ਪੰਜਾਬੀ ਪਾਠ ਵਿੱਚ (‘ਦਫ਼ਤਰੀ ਚਿੱਠੀ ਪੱਤਰ’ ਦੀ ਥਾਂ) ‘ਦਫ਼ਤਰਾਂ ਵਿੱਚ ਸਾਰਾ ਕੰਮਕਾਜ ਪੰਜਾਬੀ ਵਿੱਚ ਕੀਤਾ ਜਾਵੇਗਾ’ ਦਰਜ ਹੈ। ਦੋਵਾਂ ਦੇ ਅਰਥਾਂ ਵਿੱਚ ਜ਼ਮੀਨ ਆਸਮਾਨ ਦਾ ਫ਼ਰਕ ਹੈ। ਅੰਗਰੇਜ਼ੀ ਪਾਠ ਮੁਤਾਬਿਕ ਸਿਰਫ਼ ‘ਦਫ਼ਤਰੀ ਚਿੱਠੀ ਪੱਤਰ’ ਹੀ ਪੰਜਾਬੀ ਵਿੱਚ ਕਰਨਾ ਜ਼ਰੂਰੀ ਹੈ। ਬਾਕੀ ਕੰਮ ਹੋਰ ਭਾਸ਼ਾ (ਅੰਗਰੇਜ਼ੀ,ਹਿੰਦੀ) ਵਿੱਚ ਵੀ ਹੋ ਸਕਦੇ ਹਨ। ਪੰਜਾਬੀ ਪਾਠ ਅਨੁਸਾਰ ਪ੍ਰਸ਼ਾਸਨਿਕ ਦਫ਼ਤਰਾਂ ਵਿੱਚ ਹੁੰਦਾ ਸਾਰਾ ਕੰਮਕਾਜ ਪੰਜਾਬੀ ਭਾਸ਼ਾ ਵਿੱਚ ਕਰਨਾ ਜ਼ਰੂਰੀ ਹੈ।ਸੋ ਇਹ ਸਪੱਸਟ ਹੋ ਜਾਂਦਾ ਹੈ ਕਿ ਪੰਜਾਬੀ ਬੋਲੀ ਦੇ ਖਾਤਮੇ ਲਈ ਘੜੀਆਂ ਜਾ ਰਹੀਆਂ ਸਾਜਿਸ਼ਾਂ ਵਿੱਚ ਸੂਬਾ ਸਰਕਾਰਾਂ ਵੀ ਭਾਈਵਾਲ ਰਹੀਆਂ ਹਨ।ਪਹਿਲਾਂ ਪਟਿਆਲਾ ਵਿੱਚ ਸਥਿੱਤ ਪੰਜਾਬੀ ਯੂਨੀਵਰਸਿਟੀ ਦਾ ਆਰਥਿਕ ਪੱਖੋਂ ਦਿਵਾਲਾ ਕੱਢਿਆ ਗਿਆ,ਜਿਸ ਲਈ ਸਿੱਧੇ ਰੂਪ ਚ ਸੂਬਾ ਸਰਕਾਰ ਜ਼ੁੰਮੇਵਾਰ ਹੈ,ਇਸ ਤੋ ਉਪਰੰਤ ਹੁਣ ਪੰਜਾਬ ਯੂਨੀਵਰਸਿਟੀ ਨੂੰ ਕੇਂਦਰੀ ਯੂਨੀਵਰਸਿਟੀ ਬਨਾਉਣ ਲਈ ਵੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ,ਜਿਸ ਦੀ ਮਿਸਾਲ ਯੂਨੀਵਰਸਿਟੀ ਦਾ ਪਹਿਲਾਂ ਗੈਰ ਪੰਜਾਬੀ ਉੱਪ ਕੁਲਪਤੀ ਲਾਉਣ ਤੋ ਮਿਲਦੀ ਹੈ।ਇਸ ਤੋ ਵੀ ਅੱਗੇ ਕਦਮ ਪੁੱਟਦਿਆਂ ਕੇਂਦਰ ਨੇ ਸੈਨੇਟ ਤੇ ਸਿੰਡੀਕੇਟ ਨੂੰ ਨਜਰਅੰਦਾਜ ਕਰਕੇ ਗੈਰ ਪੰਜਾਬੀ 11 ਮੈਂਬਰੀ ਸਰਕਾਰੀ ਕਮੇਟੀ ਬਣਾ ਦਿੱਤੀ ਹੈ,ਜਿਸ ਵਿੱਚ ਵਾਇਸ ਚਾਂਸਲਰ ਅਤੇ ਰਜਿਸਟਰਾਰ ਤੋ ਇਲਾਵਾ ਸਿੰਡੀਕੇਟ ਦਾ ਕੋਈ ਵੀ ਮੈਂਬਰ ਸ਼ਾਮਲ ਨਹੀ ਕੀਤਾ ਗਿਆ।ਹੁਣ ਇਹ ਯੂਨੀਵਰਸਿਟੀ ਦੀ ਹੋਣੀ ਦੇ ਭਵਿੱਖੀ ਫੈਸਲੇ ਇਹ ਬੇਨਿਯਮੀ ਕਮੇਟੀ ਕਰੇਗੀ।ਸੋ ਇਹ ਸਾਰਾ ਕੁੱਝ ਪੰਜਾਬੀ ਨੂੰ ਖਤਮ ਕਰਨ ਦੀ ਮਣਸ਼ਾ ਨਾਲ ਕੀਤਾ ਜਾ ਰਿਹਾ ਹੈ।ਇਹੋ ਹਾਲ ਪੰਜਾਬ ਦੀ ਸਰ ਜਮੀਨ ਤੇ ਉਸਰੇ ਵੱਡੇ ਵੱਡੇ ਨਿੱਜੀ ਸਕੂਲਾਂ ਦਾ ਵੀ ਹੈ,ਜਿੱਥੇ ਪੰਜਾਬੀ ਬੋਲਣ ਤੇ ਜੁਰਮਾਨਾ ਤੱਕ ਕੀਤਾ ਜਾਂਦਾ ਹੈ।ਇਹਨਾਂ ਨਿੱਜੀ ਸਕੂਲਾਂ ਵਿੱਚ ਹਿੰਦੀ ਤੇ ਅੰਗਰੇਜੀ ਵਿੱਚ ਹੀ ਗੱਲਬਾਤ ਕੀਤੀ ਜਾ ਸਕਦੀ ਹੈ,ਪੰਜਾਬੀ ਵਿੱਚ ਗੱਲ ਕਰਨ ਦੀ ਸਖਤ ਮਨਾਹੀ ਹੈ।ਇਹ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਪੰਜਾਬੀ ਬੋਲੀ ਨੂੰ ਮਾਰਨ ਦੀਆਂ ਸਾਜਿਸ਼ਾਂ ਵਿੱਚ ਸੂਬੇ ਦੀਆਂ ਸਰਕਾਰਾਂ ਦੀ ਓਨੀ ਹੀ ਭਾਈਵਾਲੀ ਹੈ,ਜਿੰਨੀ ਕੇਂਦਰੀ ਤਾਕਤਾਂ ਦੀ,ਬਲਕਿ ਸੂਬਾ ਸਰਕਾਰਾਂ ਉਹਨਾਂ ਤੋ ਵੱਧ ਦੋਸ਼ੀ ਹਨ,ਜਿਹੜੀਆਂ ਅਪਣੀ ਮਾਤ ਭਾਸ਼ਾ,ਅਪਣੇ ਸਭਿੱਆਚਾਰ ਅਤੇ ਅਪਣੇ ਲੋਕਾਂ ਦੇ ਮੁਢਲੇ ਹਕੂਕਾਂ ਦੀ ਰਾਖੀ ਕਰਨ ਦੀ ਬਜਾਏ ਚੁੱਪੀ ਹੀ ਧਾਰਨ ਨਹੀ ਕਰਦੀਆਂ,ਸਗੋਂ ਖੁਦ ਪੰਜਾਬੀ ਦੀਆਂ ਜੜਾਂ ਵੱਢਣ ਵਾਲੇ ਕੁਹਾੜੇ ਦਾ ਦਸਤਾ ਬਣ ਕੇ ਅਪਣੇ ਲੋਕਾਂ ਨਾਲ ਧਰੋ ਕਮਾਉਂਦੀਆਂ ਹਨ।
>> ਪੰਜਾਬੀ ਭਾਸ਼ਾ ਨੂੰ ਦਰਪੇਸ ਮੁਸਕਲਾਂ ਦੇ ਸੰਦਰਭ ਵਿੱਚ ਭਾਸ਼ਾ ਵਿਗਿਆਨੀ ਡਾ ਜੋਗਾ ਸਿੰਘ ਅਪਣੇ ਇੱਕ ਲੇਖ ਵਿੱਚ ਲਿਖਦੇ ਹਨ ਕਿ “ਪੰਜਾਬੀ ਜਿਹੀ ਵੱਡੀ ਭਾਸ਼ਾ ਦੇ ਵਾਰਸਾਂ ਨੂੰ ਤਾਂ ਇਸ ਸਵਾਲ ‘ਤੇ ਚਰਚਾ ਕਰਨ ਦੀ ਲੋੜ ਪੈ ਜਾਣ ‘ਤੇ ਵੀ ਉਦਾਸੀ ਹੋਣੀ ਚਾਹੀਦੀ ਹੈ। ਪੰਜਾਬੀ ਭਾਸ਼ਾਈਆਂ ਲਈ ਤਾਂ ਲੋੜ ਇਸ ਸਵਾਲ ‘ਤੇ ਚਰਚਾ ਕਰਨ ਦੀ ਹੋਣੀ ਚਾਹੀਦੀ ਹੈ ਕਿ ਪੰਜਾਬੀ ਨੂੰ ਅੰਗਰੇਜ਼ੀ ਫਰਾਂਸੀਸੀ, ਜਰਮਨ, ਚੀਨੀ, ਅਰਬੀ, ਸਪੇਨੀ ਜਿਹੀਆਂ ਵਧੇਰੇ ਚਰਚਿਤ ਭਾਸ਼ਾਵਾਂ ਦੇ ਹਾਣ ਦਾ ਵਰਤਮਾਨ ਵਿਚ ਕਿਵੇਂ ਬਣਾਇਆ ਜਾਵੇ। ਇਹ ਬੜੇ ਥੋੜੇ ਸਾਂਝੇ ਜਤਨਾਂ ਨਾਲ ਸੰਭਵ ਹੈ”। ਉਹ ਅੱਗੇ ਲਿਖਦੇ ਹਨ ਬਾਈਬਲ ਦੀ ਭਾਸ਼ਾ ਹਿਬਰਿਊ ਬੋਲ-ਚਾਲ ਚੋਂ ਲੋਪ ਹੋ ਚੁੱਕੀ ਭਾਸ਼ਾ ਸੀ। ਪਰ ਯਹੂਦੀ ਸਮੂਹ ਨੇ ਸਕੂਲਾਂ ਵਿੱਚ ਆਪਣੇ ਸਧਾਰਣ ਜਿਹੇ ਜਤਨਾਂ ਨਾਲ ਇਸ ਨੂੰ ਜਿਉਂਦੀ ਜਾਗਦੀ ਭਾਸ਼ਾ ਬਣਾ ਦਿੱਤਾ ਹੈ। ਇਵੇਂ ਹੀ ਯੂਨੈਸਕੋ ਨੇ ਆਪਣੇ ਜਤਨਾਂ ਨਾਲ ਕਈ ਹੋਰ ਭਾਸ਼ਾਵਾਂ ਨੂੰ ਲੋਪ ਹੋਣ ਤੋਂ ਬਚਾਕੇ ਵਿਕਾਸ ਦੇ ਰਾਹ ਪਾ ਦਿੱਤਾ ਹੈ। ਮੇਘਾਲਿਆ ਦੀ ਇੱਕ ਭਾਸ਼ਾ ਖਾਸੀ ਜੋ ਇੱਕ ਵੇਲੇ ਯੂਨੈਸਕੋ ਦੀ ‘ਖਤਰੇ ਹੇਠਲੀਆਂ ਭਾਸ਼ਾਵਾਂ ਦੀ ਸੂਚੀ’ ਵਿੱਚ ਸ਼ਾਮਲ ਸੀ ਹੁਣ ਉਸ ਸੂਚੀ ਚੋਂ ਕੱਢ ਲਈ ਗਈ ਹੈ। ਇਸ ਦਾ ਵੱਡਾ ਕਾਰਣ ਮੇਘਾਲਿਆ ਸਰਕਾਰ ਵੱਲੋਂ ਖਾਸੀ ਨੂੰ ਸਰਕਾਰੀ ਕੰਮ ਕਾਜ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਕਰਨ ਕਰਕੇ ਹੋਇਆ ਹੈ। ਇਸ ਦੇ ਨਤੀਜੇ ਵੱਜੋਂ ਖਾਸੀ ਦੀ ਵਰਤੋਂ ਭਿੰਨ-ਭਿੰਨ ਖੇਤਰਾਂ (ਜਿਵੇਂ ਸਕੂਲੀ ਸਿੱਖਿਆ, ਰੇਡੀਓ, ਟੈਲੀਵਿਜ਼ਨ ਆਦਿ) ਵਿੱਚ ਹੋਣ ਲੱਗੀ ਹੈ ਅਤੇ ਇਹ ਜੀਵੰਤ ਭਾਸ਼ਾ ਬਣ ਗਈ ਹੈ।ਡਾ ਜੋਗਾ ਸਿੰਘ ਇਸ ਚਿੰਤਾ ਨਾਲ ਸਹਿਮਤ ਹਨ ਕਿ ਪੰਜਾਬੀ ਭਾਸ਼ਾ ਨੂੰ ਖਤਮ ਕਰਨ ਦੀਆਂ ਸਾਜਿਸ਼ਾਂ ਵੱਡੇ ਪੱਧਰ ਤੇ ਹੋ ਰਹੀਆਂ ਹਨ।ਉਹ ਇਸ ਚਿੰਤਾ ਤੇ ਸਪੱਸਟ ਪ੍ਰਤੀਕਰਮ ਦਿੰਦੇ ਲਿਖਦੇ ਹਨ ,”ਇਹਨਾਂ ਬਦਲੀਆਂ ਹਾਲਤਾਂ ਕਾਰਣ ਹੀ ਹੈ ਕਿ ਭਾਰਤੀ ਉਪਮਹਾਂਦੀਪ ਦੀਆਂ ਵਰਤਮਾਨ ਮਾਤ ਭਾਸ਼ਾਵਾਂ ਪਹਿਲਾਂ ਤਾਂ ਸਦੀਆਂ ਤੋਂ ਜਿਉਂਦੀਆਂ ਅਤੇ ਵਿਗਸਦੀਆਂ ਆ ਰਹੀਆਂ ਹਨ, ਪਰ ਹੁਣ ਉਹਨਾਂ ਨੂੰ ਅੰਗਰੇਜ਼ੀ ਅਤੇ ਹਿੰਦੀ ਗੈਸ ਚੈਂਬਰਾਂ ਵਿਚ ਪਾ ਦਿੱਤਾ ਗਿਆ ਹੈ ਅਤੇ ਇਹਨਾਂ ਦੇ ਲੋਪ ਹੋ ਜਾਣ ਦਾ ਖਤਰਾ ਹਕੀਕਤ ਬਣ ਗਿਆ ਹੈ”। ਇੱਕ ਹੋਰ ਭਾਸ਼ਾ ਵਿਗਿਆਨੀ ਡਾ ਸੁਮਨ ਪ੍ਰੀਤ ਲਿਖਦੇ ਹਨ ਕਿ “ਜੇ ਅਸੀਂ ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਉੱਤੇ ਧਿਆਨ ਮਾਰੀਏ ਤਾਂ ਸਿਰਤੋੜ ਕੋਸ਼ਿਸ਼ ਉਪਰੰਤ ਪੰਜਾਬੀ ਭਾਸ਼ਾ ਨੂੰ ਯੂ.ਐਨ ਦੀ ਪਰਿਭਾਸ਼ਾ ਅਨੁਸਾਰ ਪੂਰਨ ਸੁਰੱਖਿਅਤ ਭਾਸ਼ਾ ਨਹੀਂ ਗਰਦਾਨਿਆ ਜਾ ਸਕਦਾ। ਕਾਰਨ ਸਾਡੇ ਸਾਹਵੇਂ ਚੁਣੌਤੀਆਂ ਦੇ ਰੂਪ ਵਿੱਚ ਮੂੰਹ ਅੱਡੀ ਖੜੇ ਹਨ। ਜੇ ਯੂ. ਐੱਨ. ਦੇ ਭਾਸ਼ਾ ਸੰਕਟ ਪ੍ਰਤੀਮਾਨਾਂ ਦੀ ਵਿਆਖਿਆ ਉਤੇ ਗੌਰ ਕਰੀਏ ਤਾਂ ‘ਲੁਪਤ’ ਦਰਜੇ ਨੂੰ ਛੱਡ ਪੰਜਾਬੀ ਭਾਸ਼ਾ ਮੌਜੂਦਾ ਕਾਲ ਵਿੱਚ ਵੱਖੋ-ਵੱਖਰੀਆਂ ਸਮਾਜਿਕ ਪ੍ਰਸਥਿਤੀਆਂ ਅਧੀਨ ‘ਅਸੁਰੱਖਿਅਤ’, ‘ਨਿਸ਼ਚਿਤ ਰੂਪ ਵਿੱਚ ਅਸੁਰੱਖਿਅਤ’, ‘ਗੰਭੀਰ ਰੂਪ ਵਿੱਚ ਅਸੁਰੱਖਿਅਤ’, ‘ਖਤਰਨਾਕ ਰੂਪ ਵਿੱਚ ਅਸੁਰੱਖਿਅਤ’ ਪ੍ਰਤੀਮਾਨਾਂ ਅਧੀਨ ਅੰਸ਼ਿਕ ਤੌਰ ’ਤੇ ਵਿਚਰਦੀ ਹੈ”।ਸੋ ਵੱਡੀ ਪੱਧਰ ਤੇ ਬੋਲੀ ਜਾਣ ਵਾਲੀ ਪੰਜਾਬੀ ਨੂੰ ਜੇਕਰ ਇਹ ਸਮੱਸਿਆਵਾਂ ਦਰਪੇਸ ਹਨ,ਤਾਂ ਇਹ ਜਰੂਰ ਸੋਚਣਾ ਬਣਦਾ ਹੈ ਕਿ ਇਹਦੇ ਲਈ ਜੁੰਮੇਵਾਰ ਕਿਤੇ ਨਾ ਕਿਤੇ ਖੁਦ ਪੰਜਾਬੀ ਹੀ ਹਨ,ਜਿੰਨਾਂ ਨੇ ਅਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਤਾਂ ਹਮੇਸਾਂ ਮਾਣ ਸਮਝਿਆ,ਪਰ ਬੋਲਣ ਵਿੱਚ ਹੇਠੀ ਹੀ ਸਮਝਦੇ ਰਹੇ।ਮਾਣ ਕਰਨ ਪਿੱਛੇ ਤਾਂ ਪੰਜਾਬ ਦੇ ਪੁਰਖਿਆਂ ਦੀਆਂ ਮਾਣਮੱਤੀਆਂ ਪਰਾਪਤੀਆਂ ਹਨ,ਜਦੋ ਕਿ ਪੰਜਾਬੀ ਨੂੰ ਅਨਪੜ ਗਬਾਰਾਂ ਦੀ ਭਾਸ਼ਾ ਬਣਾ ਕੇ ਪੇਸ ਕਰਨ ਵਾਲਿਆਂ ਵਿੱਚ ਉਹਨਾਂ ਲੋਕਾਂ ਦਾ ਜਿਆਦਾ ਯੋਗਦਾਨ ਹੈ,ਜਿਹੜੇ ਪੰਜਾਬੀ ਹੋਣ ਦੇ ਬਾਵਜੂਦ ਵੀ ਮਰਦਮ ਸੁਮਾਰੀਆਂ ਮੌਕੇ ਅਪਣੀ ਮਾਤ ਭਾਸ਼ਾ ਹਿੰਦੀ ਲਿਖਵਾਉਂਦੇ ਰਹੇ ਹਨ।ਜਿੰਨਾਂ ਦੇ ਮਾਰੂ ਪਰਚਾਰ ਨੇ ਪੰਜਾਬੀਆਂ ਅੰਦਰ ਅਜਿਹੀ ਹੀਣ ਭਾਵਨਾ ਪੈਦਾ ਕਰ ਦਿੱਤੀ ਜਿਸ ਨੇ ਪੰਜਾਬੀ ਬੋਲੀ ਦਾ ਬੇਹੱਦ ਨੁਕਸਾਨ ਕੀਤਾ,ਜਦੋਂਕਿ ਗੁਰੂ ਸਹਿਬਾਨਾਂ ਤੋਂ ਇਲਾਵਾ ਨਾਥਾਂ, ਜੋਗੀਆਂ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਸ਼ਾਹ ਹੁਸੈਨ, ਕਾਦਰਯਾਰ, ਸ਼ਾਹ ਮੁਹੰਮਦ, ਦਮੋਦਰ ਆਦਿ ਕਵੀਆਂ ਨੇ ਆਪਣੀ ਕਵਿਤਾ ਦਾ ਮਾਧਿਅਮ ਪੰਜਾਬੀ ਨੂੰ ਬਣਾਇਆ ਅਤੇ ਭਾਈ ਵੀਰ ਸਿੰਘ, ਨਾਨਕ ਸਿੰਘ, ਜਸਵੰਤ ਸਿੰਘ ਕੰਵਲ,ਸੰਤ ਸਿੰਘ ਸੇਖੋਂ, ਅਜੀਤ ਕੌਰ, ਦਲੀਪ ਕੌਰ ਟਿਵਾਣਾ, ਪ੍ਰੋ ਮੋਹਨ ਸਿੰਘ,ਪ੍ਰੋ ਪੂਰਨ ਸਿੰਘ,ਸ਼ਿਵ ਕੁਮਾਰ ਬਟਾਲਵੀ ਆਦਿ ਕਵੀਆਂ, ਲੇਖਕਾਂ ਨੇ ਇਸੇ ਭਾਸ਼ਾ ਸਦਕਾ ਕੌਮਾਂਤਰੀ ਪੱਧਰ ਤੇ ਨਾਮਣਾ ਖੱਟਿਆ।। ਸੋ ਚੜ੍ਹਦੇ ਲਹਿੰਦੇ ਪੰਜਾਬਾਂ ਤੋ ਇਲਾਵਾ ਵੱਡੀ ਗਿਣਤੀ ਵਿੱਚ ਦੁਨੀਆਂ ਦੇ ਕੋਨੇ ਕੋਨੇ ਵਿੱਚ ਪੰਜਾਬੀ ਫੈਲੇ ਹੋਣ ਦੇ ਬਾਵਜੂਦ ਵੀ ਜੇ ਪੰਜਾਬੀ ਦਾ ਭਵਿੱਖ ਖਤਰੇ ਵਿੱਚ ਹੈ,ਤਾਂ ਇਹ ਗੰਭੀਰਤਾ ਨਾਲ ਸੋਚਣਾ ਤੇ ਅਮਲ ਵਿੱਚ ਲੈ ਕੇ ਆਉਣਾ ਪਵੇਗਾ ਕਿ ਅਪਣੇ ਬੱਚਿਆਂ ਨੂੰ ਅੰਗਰੇਜੀ,ਹਿੰਦੀ ਜਾਂ ਹੋਰ ਭਾਸ਼ਾਵਾਂ ਦੇ ਗਿਆਨ ਦੇ ਨਾਲ ਨਾਲ ਮਾਂ ਬੋਲੀ ਪੰਜਾਬੀ ਪ੍ਰਤੀ ਬਚਨਵੱਧ ਕਿਵੇਂ ਬਨਾਉਣਾ ਹੈ। ਸਿਆਣੇ ਕਹਿੰਦੇ ਹਨ ਕਿ ਮਾਂ ਬੋਲੀ ਬੱਚਾ ਅਪਣੀ ਮਾਤਾ ਦੇ ਗਰਭ ਵਿੱਚ ਹੀ ਸਿੱਖ ਲੈਂਦਾ ਹੈ,ਇਸ ਲਈ ਬੱਚਿਆਂ ਨੂੰ ਮਾਤ ਭਾਸ਼ਾ ਨਾਲ ਜੋੜੀ ਰੱਖਣ ਲਈ ਕੁਦਰਤ ਦੇ ਨਿਯਮਾਂ ਦਾ ਵੀ ਖਿਆਲ ਰੱਖਣਾ ਬਣਦਾ ਹੈ।ਮਾਤ ਭਾਸ਼ਾ ਦਾ ਗਿਆਨ ਸਾਡੀਆਂ ਨਸਲਾਂ ਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮਹਾਂਨ ਇਲਾਹੀ ਅਤੇ ਸਰਬ ਸ਼ਰੇਸਟ ਵਿਚਾਰਧਾਰਾ ਨਾਲ ਜੋੜ ਕੇ ਰੱਖੇਗਾ,ਜਿਸ ਨਾਲ ਇਸ ਮਾਖਿਓਂ ਮਿੱਠੀ ਮਾਂ ਬੋਲੀ ਪੰਜਾਬੀ ਦੀ ਉਮਰ ਲੰਮੇਰੀ ਹੋਵੇਗੀ।
ਬਘੇਲ ਸਿੰਘ ਧਾਲੀਵਾਲ
99142-58142
ਸ਼ਹੀਦੀ ਹਫਤੇ ਦਾ ਅਨੋਖਾ, ਭਿਆਨਕ ਤੇ ਗੌਰਵਮਈ ਇਤਿਹਾਸ - ਬਘੇਲ ਸਿੰਘ ਧਾਲੀਵਾਲ
ਸੱਚ ਅਤੇ ਝੂਠ,ਨੇਕੀ ਅਤੇ ਬਦੀ ਦੀ ਲੜਾਈ ਤਾਂ ਉਸ ਮੌਕੇ ਹੀ ਸ਼ੁਰੂ ਹੋ ਗਈ ਸੀ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਨੇ ਨੌ ਸਾਲ ਦੀ ਉਮਰ ਵਿੱਚ ਪੰਡਤ ਨੂੰ “ਦਇਆ ਕਪਾਹੁ ਸੰਤੋਖ ਸੂਤ ਜਤੁ ਗੰਢੀ ਸਤੁ ਵਟੁ। ਏਹੁ ਜਨੇਊ ਜੀਅ ਕਾ ਹਈ ਤਾ ਪਾਡੇ ਘਤੁ” ਕਹਿ ਕੇ ਬ੍ਰਾਂਹਮਣਵਾਦੀ ਫੋਕਟ ਕਰਮਕਾਂਡਾਂ ਨੂੰ ਚੈਲੰਜ ਕੀਤਾ ਸੀ ਅਤੇ ਫਿਰ ਜਦੋਂ ਸਮੇ ਦੇ ਹਾਕਮ ਨੂੰ “ਪਾਪ ਕੀ ਜੰਝੁ ਲੈ ਕਾਬਲੋ ਧਾਇਆ” ਕਹਿ ਕੇ ਹਕੂਮਤੀ ਜਬਰ ਜੁਲਮ ਵਿਰੁਧ ਉੱਚੀ ਅਵਾਜ ਚ ਹੋਕਾ ਦਿੱਤਾ ਸੀ ।ਇਹ ਬਦੀ,ਨੇਕੀ ਨੂੰ ਖਤਮ ਕਰਨ ਲਈ ਹਮੇਸਾਂ ਸਮੇ ਦੇ ਨਾਲ ਨਾਲ ਹੀ ਚੱਲਦੀ ਰਹੀ, ਕਦੇ ਪਰਤੱਖ ਰੂਪ ਵਿੱਚ ਅਤੇ ਕਦੇ ਲੁਕਵੇਂ ਤੇ ਚਲਾਕੀਆਂ ਭਰੇ ਕਰੂਪ ਵਿੱਚ। ਬਦੀ ਨੇ ਕਦੇ ਨੇਕੀ ਨੂੰ ਤੱਤੀਆਂ ਤਬੀਆਂ ਤੇ ਬੈਠਾ ਕੇ ਉਪਰੋ ਤੱਤੀ ਰੇਤ ਸਿਰ ਵਿੱਚ ਪਾਈ ਤੇ ਕਦੇ ਉਬਲਦੀਆਂ ਦੇਗਾਂ ਚ ਉਬਾਲਿਆ,ਕਦੇ ਰੂੰਅ ਚ ਲਪੇਟ ਕੇ ਤੂੰਬਾ ਤੂੰਬਾ ਕੀਤਾ,ਕਦੇ ਆਰਿਆਂ ਨਾਲ ਚੀਰਿਆ,ਜੇਕਰ ਫਿਰ ਵੀ ਨੇਕੀ ਨੇ ਅਪਣਾ ਰਾਸਤਾ ਨਾ ਬਦਲਿਆ ਤਾਂ ਸਿਰ ਹੀ ਕਲਮ ਕਰ ਦਿੱਤਾ।ਸਾਦਿਦ 1699 ਦੀ ਇਤਿਹਾਸਿਕ ਕਰੰਤੀ ਵੀ ਬਦੀ ਦੇ ਦਿਨੋ ਦਿਨ ਵੱਧ ਰਹੇ ਜੁਲਮ ਦੀ ਪ੍ਰਤੀਕਿਰਿਆ ਵਜੋਂ ਹੀ ਹੋਈ ਹੋਵੇਗੀ,ਜਿਸ ਨੇ ਹਿੰਦੂ ਅਤੇ ਮੁਗਲ,ਦੋਨਾਂ ਨੂੰ ਹੀ ਪਰੇਸਾਨ ਨਹੀ ਕੀਤਾ ਹੋਵੇਗਾ,ਬਲਕਿ ਦੋਨਾਂ ਦੇ ਛੋਟੇ ਵੱਡੇ ਤਖਤਾਂ ਨੂੰ ਵਖਤ ਪਾ ਦਿੱਤੇ। ਨੀਚ ਲੋਕਾਂ ਨੂੰ ਸਿਰਦਾਰ ਬਣਿਆ ਦੇਖ ਸਕਣਾ ਨਾ ਹੀ ਪਹਾੜੀ ਹਿੰਦੂ ਰਾਜਿਆਂ ਨੂੰ ਬਰਦਾਸਿਤ ਹੋ ਸਕਦਾ ਸੀ ਅਤੇ ਨਾਂ ਹੀ ਵੱਡੀ ਤਾਕਤ ਰੱਖਣ ਵਾਲੇ ਮੁਗਲ ਹਾਕਮਾਂ ਨੂੰ,ਜਿਹੜੇ ਇਸਲਾਮ ਧਰਮ ਕਬੂਲ,ਕਰਵਾਉਣ ਲਈ ਵੀ ਉੱਚ ਜਾਤੀਏ ਹਿੰਦੂਆਂ ਭਾਵ ਪੰਡਤਾਂ ਨੂੰ ਨਿਸਾਨਾ ਬਣਾ ਰਹੇ ਸਨ।ਇਸ ਲਈ ਅਪਣੇ ਤਖਤਾਂ ਨੂੰ ਗੁਰੂ ਅਤੇ ਗੁਰੂ ਦੇ ਸਿੰਘਾਂ ਤੋ ਖਤਰਾ ਭਾਂਪਦਿਆਂ ਹੀ ਮੁਗਲ ਅਤੇ ਪਹਾੜੀ ਹਿੰਦੂ ਰਾਜਿਆਂ ਨੇ ਸਾਂਝੀ ਰਣਨੀਤੀ ਨਾਲ ਲੋਕਤੰਤਰ ਦੇ ਸੰਸਥਾਪਕ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਕਿਲੇ ਚੋ ਕੱਢਣ ਲਈ ਪਹਿਲਾਂ ਘੇਰਾਬੰਦੀ ਕੀਤੀ ਅਤੇ ਫਿਰ ਝੂਠੀਆਂ ਕਸਮਾਂ ਦਾ ਸਹਾਰਾ ਲੈ ਕੇ ਕਿਲਾ ਛੱਡਣ ਲਈ ਮਜਬੂਰ ਕੀਤਾ। ਅਖੀਰ 20 ਦਸੰਬਰ (6 ਪੋਹ) ਦਾ ਉਹ ਸੁਰਖ ਸਵੇਰਾ ਆਇਆ ਜਦੋ ਗੁਰੂ ਸਾਹਿਬ ਅਪਣੇ ਸਿੰਘਾਂ ਦੇ ਕਹਿਣ ਤੇ ਅਪਣੇ ਪਰਿਵਾਰ ਅਤੇ ਸਿੰਘਾਂ ਸਮੇਤ ਕਿਲਾ ਖਾਲੀ ਕਰ ਕੇ ਬਿਖੜੇ ਪੈਡਿਆ ਤੇ ਨਿਕਲ ਤੁਰੇ ਸਨ।ਸ਼ਾਹੀ ਫੌਜਾਂ ਵੱਲੋਂ ਕਸਮਾਂ ਤੋੜ ਕੇ ਗੁਰੂ ਸਾਹਿਬ ਦਾ ਪਿਛਾ ਕਰਕੇ ਸਰਸਾ ਨਦੀ ਪਾਰ ਕਰਨ ਸਮੇ ਕੀਤੇ ਹਮਲੇ ਵਿੱਚ ਜਿੱਥੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਹਿੱਸਿਆਂ ਵਿਛ ਵੰਡਿਆ ਗਿਆ,ਓਥੇ ਗੁਰੂ ਕੇ ਬਹੁਤ ਸਾਰੇ ਸਿੱਖ ਜਾਂ ਤਾਂ ਲੜਾਈ ਵਿੱਚ ਸ਼ਹੀਦੀਆਂ ਪਾ ਗਏ ਜਾਂ ਸਰਸਾ ਦੇ ਤੇਜ ਵਹਾਉ ਵਿੱਚ ਹੜ ਗਏ।ਇਸ ਅਸਥਾਨ ਤੋ 21 ਦਸੰਬਰ (7 ਪੋਹ) ਵਾਲੇ ਦਿਨ ਮਾਤਾ ਗੁਜਰੀ ਜੀ ਛੋਟੇ ਸਾਹਿਬਜਾਦਿਆਂ ਨੂੰ ਲੈ ਕੇ ਗੰਗੂ ਰਸੋਈਏ ਨਾਲ ਉਹਦੇ ਪਿੰਡ ਖੇੜੀ ਚਲੇ ਗਏ,ਗੁਰੂ ਸਾਹਿਬ ਦੇ ਮਹਿਲ ਦਿੱਲੀ ਵੱਲ ਅਤੇ ਗੁਰੂ ਸਾਹਿਬ ਸਰਸਾ ਨਦੀ ਤੇ ਹੋਏ ਯੁੱਧ ਦੌਰਾਨ ਜਖਮੀ ਹੋਏ ਭਾਈ ਬਚਿੱਤਰ ਸਿੰਘ ਨੂੰ ਕੋਟਲਾ ਨਿਹੰਗ (ਰੋਪੜ) ਨਿਹੰਗ ਖਾਂ ਕੋਲ ਇਲਾਜ ਲਈ ਛੱਡ ਕੇ ਅਗਲੇ ਦਿਨ ਭਾਵ 21 ਦਸੰਬਰ( 7 ਪੋਹ) ਨੂੰ ਆਪ ਵੱਡੇ ਸਾਹਬਜ਼ਾਦਿਆਂ,ਪੰਜ ਪਿਆਰਿਆਂ ਅਤੇ ਭਾਈ ਜੀਵਨ ਸਿੰਘ (ਭਾਈ ਜੈਤਾ) ਤੇ ਉਹਨਾਂ ਦੇ ਦੋ ਪੁੱਤਰਾਂ ਸਮੇਤ ਕੋਈ 40,42 ਸਿੰਘਾਂ ਦੇ ਨਿੱਕੇ ਜਿਹੇ ਜਥੇ ਨਾਲ ਚਮਕੌਰ ਵੱਲ ਚਲੇ ਗਏ ਜਿੱਥੇ ਜਾ ਕੇ ਉਹਨਾਂ ਚਮਕੌਰ ਦੀ ਕੱਚੀ ਗੜੀ ਨੂੰ ਭਾਗ ਲਾਏ।ਸ਼ਾਹੀ ਫੌਜਾਂ ਨੇ ਅਜੇ ਵੀ ਗੁਰੂ ਸਾਹਿਬ ਦਾ ਖਹਿੜਾ ਨਹੀ ਸੀ ਛੱਡਿਆ,ਉਹ ਪਿੱਛਾ ਕਰਦੇ ਚਮਕੌਰ ਦੀ ਗੜੀ ਤੱਕ ਵੀ ਪੁੱਜ ਗਏ,ਫਿਰ ਇੱਥੇ ਹੀ ਦੁਨੀਆਂ ਦੀ ਉਹ ਵੱਡੀ ਤੇ ਅਸਾਵੀਂ ਜੰਗ ਹੋਈ,ਜਿਸ ਵਿੱਚ ਚਾਲੀ ਕੁ ਸਿਰਲੱਥ ਸਿੰਘ ਮੁਗਲ ਅਤੇ ਹਿੰਦੂ ਰਾਜਿਆਂ ਦੀਆਂ ਦਸ ਲੱਖ ਫੌਜਾਂ ਨਾਲ ਲੜ ਕੇ ਵੀ ਇਤਿਹਾਸ ਵਿੱਚ ਜਿੱਤ ਅਪਣੇ ਨਾਮ ਦਰਜ ਕਰਵਾੁੳਣ ਵਿੱਚ ਸਫਲ ਹੋਏ ਸਨ।22 ਦਸੰਬਰ (8 ਪੋਹ)ਦਾ ਦਿਨ ਸਿੱਖ ਇਤਿਹਾਸ ਵਿੱਚ ਉਹ ਗਮਗੀਨ ਦਿਨ ਵਜੋਂ ਦਰਜ ਹੈ, ਜਿਸ ਦਿਨ ਗੁਰੂ ਸਾਹਿਬ ਦੇ ਵੱਡੇ ਦੋਨੋ ਸਾਹਿਬਜ਼ਾਦੇ ਡੇਢ ਕੁ ਦਰਜਨ ਸਿੰਘਾਂ ਸਮੇਤ ਲੜਦਿਆਂ ਸ਼ਹੀਦ ਹੋਏ ਸਨ ਅਤੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਸਮੇਤ ਮੋਰਿੰਡੇ ਦੇ ਚੌਧਰੀ ਗਨੀ ਖਾਂ ਤੇ ਮਨੀ ਖਾਂ ਪਾਸ ਗੰਗੂ ਨੇ ਖੁਦ ਮੁਖਬਰੀ ਕਰਕੇ ਅਪਣੇ ਘਰੋਂ ਗਿਰਫਤਾਰ ਕਰਵਾ ਕੇ ਅਪਣੀਆਂ ਕੁਲਾਂ ਕਲੰਕਤ ਕੀਤੀਆਂ ਸਨ,,ਪਰ ਗੰਗੂ ਲਾਲਚੀ ਕੀ ਜਾਣੇ ਕਿ ਜਿਹੜੀ ਬੁੱਢੀ ਮਾਈ ਅਤੇ ਨਿੱਕੇ ਨਿੱਕੇ ਬੱਚੇ ਉਹਨੇ ਇਨਾਮ ਅਤੇ ਸਰਕਾਰ ਦੀ ਸ਼ਾਬਾਸੀ ਲੈਣ ਲਈ ਗਿਰਫਤਾਰ ਕਰਵਾਏ ਹਨ,ਉਹ ਤਾਂ ਇੱਕ ਅਲੋਕਿਕ ਇਤਿਹਾਸ ਰਚਣ ਲਈ ਸ਼ਹਾਦਤਾਂ ਦੇ ਕਰੀਬ ਜਾ ਰਹੇ ਹਨ,ਜਿੰਨਾਂ ਦੇ ਸਿਰਜੇ ਇਿਤਹਾਸ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਰਹੇਗਾ।।ਇਸ ਗਮਗੀਨ ਦਿਨ ਦੇ ਗੁਜ਼ਰਨ ਤੋ ਬਾਅਦ 22 ਦਸੰਬਰ ਦੀ ਰਾਤ ਨੂੰ ਹੀ ਗੁਰੂ ਸਾਹਿਬ ਨੂੰ ਗੜੀ ਵਿੱਚ ਬਾਕੀ ਬਚਦੇ ਸਿੰਘਾਂ ਨੇ ਬੇਨਤੀ ਕੀਤੀ ਕਿ ਤੁਸੀ ਗੜੀ ਚੋ ਨਿਕਲ ਜਾਓ,ਪਰ ਗੁਰੂ ਸਾਹਿਬ ਵੱਲੋਂ ਕੋਰਾ ਜਵਾਬ ਦੇਣ ਤੋ ਬਾਅਦ ਪੰਜ ਸਿੰਘਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਗੁਰੂ ਸਾਹਿਬ ਨੂੰ ਇਹ ਹੁਕਮ ਸੁਣਾਇਆ ਕਿ ਉਹ ਹੁਣੇ ਕੱਚੀ ਗੜੀ ਚੋ ਨਿਕਲ ਜਾਣ ਤੇ ਜਾਕੇ ਮੁੱੜ ਤੋਂ ਕੌਂਮ ਨੂੰ ਜਥੇਬੰਦ ਕਰਨ,ਸੋ ਪੰਜ ਪਿਆਰਿਆਂ ਦੇ ਹੁਕਮਾਂ ਅੱਗੇ ਸਿਰ ਝੁਕਾਉਦਿਆਂ ਪੰਚ ਪ੍ਰਧਾਨੀ ਪ੍ਰਥਾ ਦੇ ਬਾਨੀ ਨੇ ਜੰਗ ਦੇ ਮੈਦਾਨ ਵਿੱਚ ਸ਼ਹੀਦ ਹੋਏ ਅਪਣੇ ਦੋ ਜਿਗਰ ਦੇ ਟੋਟਿਆਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਦਾ ਮੂੰਹ ਤੱਕੇ ਬਗੈਰ ਕੱਚੀ ਗੜੀ ਚੋ ਨਿਕਲ ਜਾਣਾ ਪਰਵਾਨ ਕਰ ਲਿਆ।,ਬਾਜਾਂ ਵਾਲੇ ਗੁਰੂ ਨੇ ਦੁਸ਼ਮਣ ਫੌਜਾਂ ਨੂੰ ਲਲਕਾਰ ਕੇ ਜੈਕਾਰੇ ਗੁੰਜਾਉਂਦਿਆਂ ਅਣਦਿਸਦੇ ਅਤਿ ਬਿਖੜੇ ਪੈਡਿਆਂ ਨੂੰ ਸਰ ਕਰਨ ਦੇ ਦ੍ਰਿੜ ਇਰਾਦੇ ਨਾਲ ਚਾਲੇ ਪਾ ਦਿੱਤੇ,ਜਿੰਨਾਂ ਨੂੰ ਸਰ ਕਰਕੇ ਖਾਲਸੇ ਦੇ ਇਸ ਬੇਹੱਦ ਹੀ ਅਨੋਖੇ,ਨਿਆਰੇ ਸੰਤ ਸਿਪਾਹੀ ਪਿਤਾ ਨੇ ਅਪਣੇ ਰਹਿੰਦੇ ਕੌਮੀ ਫਰਜ ਅਦਾ ਕਰਨੇ ਸਨ।ਉਧਰ ਮਾਤਾ ਗੁਜਰੀ ਜੀ ਨੂੰ ਵੀ ਬੱਚਿਆਂ ਸਮੇਤ 23 ਦਸੰਬਰ (9 ਪੋਹ) ਨੂੰ ਮੋਰਿੰਡੇ ਤੋ ਸਰਹਿੰਦ ਲੈ ਜਾ ਕੇ ਤਸੀਹੇ ਦੇਣ ਖਾਤਰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ,ਜਿੱਥੇ ਉਹ ਵੱਡੇ ਹਿਰਦੇ ਵਾਲੀ ਦਾਦੀ ਅਪਣੇ ਛੋਟੇ ਪੋਤਿਆਂ ਸਾਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਬਾਬਾ ਫਤਿਹ ਸਿੰਘ ਨੂੰ ਠੰਡੇ ਬੁਰਜ ਦੀ ਕੈਦ ਵਿੱਚ ਕਾਲਜੇ ਨਾਲ ਲਾ ਕੇ ਅੰਤਾਂ ਦੀ ਪੈਂਦੀ ਠੰਡ ਤੋ ਬਚਾਉਣ ਦਾ ਯਤਨ ਕਰਦੀ ਹੈ ਤੇ ਉਹਨਾਂ ਨੂੰ ਅਪਣੇ ਧਰਮ ਚ ਪਰਪੱਕਤਾ ਦਾ ਪਾਠ ਪੜਾਉਂਦੀ ਹੋਈ ਅਪਣੇ ਦਾਦੇ ਦੀ ਕੁਰਬਾਨੀ ਨੂੰ ਚੇਤੇ ਰੱਖਣ ਦੀ ਨਸੀਹਤ ਵੀ ਦਿੰਦੀ ਹੈ,ਤਾਂ ਕਿ ਅਗਲੇ ਦਿਨ ਬਜੀਰ ਖਾਨ ਦੀ ਕਚਿਹਰੀ ਵਿੱਚ ਜਾ ਕੇ ਸਿਦਕ ਤੇ ਖਰੇ ਉਤਰ ਸਕਣ।ਸਰਹਿੰਦ ਦੇ ਸੂਬੇਦਾਰ ਬਜੀਰ ਖਾਨ ਵੱਲੋਂ ਗੁਰੂ ਕੇ ਲਾਲਾਂ ਨੂੰ ਦੋ ਦਿਨ ਲਗਾਤਾਰ 24 ਤੇ 25 ਦਸੰਬਰ (10,11 ਪੋਹ) ਨੂੰ ਧਰਮ ਬਦਲੀ ਕਰਨ ਲਈ ਡਰਾਇਆ ਧਮਕਾਇਆ ਤੇ ਲਲਚਾਇਆ ਜਾਂਦਾ ਰਿਹਾ,ਪਰੰਤੂ ਜਿੰਨਾਂ ਬੱਚਿਆਂ ਨੂੰ ਹੱਕ ਸੱਚ ਅਤੇ ਧਰਮ ਦੀ ਰਾਖੀ ਲਈ ਸ਼ਹਾਦਤਾਂ ਦਾ ਪਾਠ ਜਨਮ ਸਮੇ ਤੋ ਪੜਾਇਆ ਜਾਂਦਾ ਰਿਹਾ ਹੋਵੇ,ਉਹਨਾਂ ਦੇ ਹੌਸਲੇ ਅਪਣੇ ਧਾਰਮਿਕ ਅਸੂਲਾਂ ਤੋ ਡਿੱਗਿਆ ਹੋਇਆ ਬਜੀਰ ਖਾਨ ਵਰਗਾ ਈਰਖਾਲੂ ਹਾਕਮ ਕਿਵੇਂ ਪਸਤ ਕਰ ਸਕਦਾ ਹੈ।ਸੋ ਅਖੀਰ 26 ਦਸੰਬਰ(12 ਪੋਹ) ਨੂੰ ਸਾਹਿਬਜਾਦਾ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਧਰਮ ਤੇ ਕਾਇਮ ਰਹਿੰਦੇ ਹੋਏ ਨੀਹਾਂ ਚ ਚਿਣੇ ਜਾਣਾ ਸਵੀਕਾਰ ਕਰ ਕੇ ਸਿੱਖੀ ਦੀਆਂ ਨੀਹਾਂ ਨੂੰ ਬੇਹੱਦ ਮਜਬੂਤ ਕਰ ਗਏ ਅਤੇ ਓਧਰ ਮਾਤਾ ਗੁਜਰੀ ਜੀ ਬੱਚਿਆਂ ਵੱਲੋਂ ਧਰਮ ਨਿਭਾ ਜਾਣ ਤੇ ਸੁਰਖਰੂ ਹੋ ਕੇ ਦੁਨੀਆਂ ਤੋ ਰੁਖਸ਼ਤ ਹੋ ਗਏ।
ਬਘੇਲ ਸਿੰਘ ਧਾਲੀਵਾਲ
99142-58142
ਆਖਰ ਕਦੋ ਬਣੇਗਾ ਸ੍ਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ - ਬਘੇਲ ਸਿੰਘ ਧਾਲੀਵਾਲ
ਕੋਈ ਸਮਾ ਸੀ ਜਦੋ ਸਰੋਮਣੀ ਅਕਾਲੀ ਦਲ ਪੰਥ ਦੀ ਸਿਰਮੌਰ ਜਥੇਬੰਦੀ ਸੀ। ਉਹ ਵੀ ਸਮਾ ਪੰਥ ਲਈ ਖੁਸ਼ੀ ਵਾਲਾ ਹੋਵੇਗਾ ਜਦੋ 1920 ਵਿੱਚ ਸਰੋਮਣੀ ਅਕਾਲੀ ਦਲ ਪੰਥਕ ਹਿਤਾਂ ਦੀ ਪਹਿਰੇਦਾਰੀ ਕਰਨ ਲਈ ਹੋਂਦ ਵਿੱਚ ਆਇਆ ਹੋਵੇਗਾ।ਫਿਰ ਉਹ ਵੀ ਸਮਾ ਆਇਆ ਜਦੋ ਸਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਪੰਡਤ ਜਵਾਹਰ ਲਾਲਾ ਨਹਿਰੂ ਅਤੇ ਮਹਾਤਮਾ ਗਾਂਧੀ ਦੇ ਹੱਥਾਂ ਤੇ ਚੜ ਕੇ 1947 ਵਿੱਚ ਦੇਸ਼ ਵੰਡ ਵੇਲੇ ਭਾਰਤ ਨਾਲ ਰਹਿਣਾ ਸਵੀਕਾਰ ਕਰ ਲਿਆ।ਉਸ ਮਨਹੂਸ ਦਿਨ ਤੋ ਬਾਅਦ ਕਦੇ ਵੀ ਸਿੱਖਾਂ ਵਾਸਤੇ ਸਮਾ ਚੰਗਾ ਨਹੀ ਰਿਹਾ ਅਤੇ ਸਰੋਮਣੀ ਅਕਾਲੀ ਦਲ ਦੇ ਤਤਕਾਲੀ ਆਗੂ ਅਪਣੀ ਇਸ ਬਜ਼ਰ ਗਲਤੀ ਲਈ ਮਰਨ ਤੱਕ ਪਛਤਾਉਂਦੇ ਰਹੇ ਸਨ।ਉਸ ਤੋ ਬਾਅਦ ਸਮਾ ਸਰੋਮਣੀ ਅਕਾਲੀ ਦਲ ਦੇ ਰਾਜ ਭਾਗ ਦਾ ਵੀ ਆਇਆ, ਖਾਸ ਕਰਕੇ ਸ੍ਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਭਾਗ ਵਾਲੇ ਕਾਰਜਕਾਲ ਦੀ ਗੱਲ ਕਰੀਏ, ਕਿਉਂਕਿ ਸ੍ਰ ਬਾਦਲ ਸਿੱਖ ਰਾਜਨੀਤੀ ਵਿੱਚ ਇੱਕ ਅਜਿਹਾ ਕਿਰਦਾਰ ਹੈ, ਜਿਸਨੇ ਪਰਦੇ ਪਿੱਛੇ ਰਹਿਕੇ ਕੌਂਮ ਦੀ ਨਸਲਕੁਸ਼ੀ ਕਰਨ ਵਾਲਿਆਂ ਦਾ ਸਾਥ ਵੀ ਦਿੱਤਾ ਅਤੇ ਉਂਜ ਕੌਂਮ ਦਾ ਆਗੂ ਵੀ ਬਣਿਆ ਰਿਹਾ। ਇਹ ਕਿੰਨਾ ਹੈਰਾਨੀਜਨਕ ਸੱਚ ਹੈ ਕਿ ਬਹੁਤ ਲੰਮਾ ਸਮਾ ਸਿੱਖ ਕੌਂਮ ਬਾਦਲ ਦਾ ਅਸਲੀ ਚੇਹਰਾ ਪਛਾਨਣ ਵਿੱਚ ਅਸਫਲ ਰਹੀ ਤੇ ਉਹ ਸਮਾ ਹੀ ਸਿੱਖਾਂ ਲਈ ਜਿਆਦਾ ਘਾਤਕ ਰਿਹਾ। ਜਦੋ ਪੰਜਾਬ ਚ ਨਕਸਲਬਾੜੀ ਲਹਿਰ ਜੋਰਾਂ ਤੇ ਸੀ ਤੇ ਪੰਜਾਬ ਵਿੱਚ ਸ੍ਰ ਬਾਦਲ ਦੀ ਸਰਕਾਰ ਸੀ, ਉਸ ਸਮੇ ਹੀ ਇਸ ਪਰਿਵਾਰ ਦੀ ਬਦਨੀਤੀ ਨੂੰ ਪੜ ਲੈਣਾ ਚਾਹੀਦਾ ਸੀ,ਪਰ ਅਫਸੋਸ ਕਿ ਰਾਜਨੀਤੀ ਦੀ ਡੂੰਘੀ ਸਮਝ ਰੱਖਣ ਦਾ ਦਮ ਭਰਨ ਵਾਲੇ ਕਾਮਰੇਡ ਵੀ ਸ੍ਰ ਬਾਦਲ ਦਾ ਅਸਲੀ ਚਿਹਰਾ ਸਾਹਮਣੇ ਲੈ ਕੇ ਆਉਣ ਵਿੱਚ ਅਸਫਲ ਰਹੇ।ਉਸ ਮੌਕੇ ਚਾਹੀਦਾ ਤਾ ਇਹ ਸੀ ਜਿੱਥੇ ਲੋਕਾਂ ਨੂੰ ਬਾਦਲ ਵੱਲੋਂ ਝੂਠੇ ਮੁਕਾਬਲਿਆਂ ਦੀ ਪਾਈ ਪਿਰਤ ਦੇ ਨਾਲ ਨਾਲ ਇਹ ਵੀ ਦੱਸਣਾ ਬਣਦਾ ਸੀ ਕਿ ਅਕਸਰ ਸ੍ਰ ਬਾਦਲ ਇਹ ਸਾਰਾ ਕੁੱਝ ਕਰ ਕਿਉਂ ਰਿਹਾ ਹੈ, ਇਹਦੇ ਪਿੱਛੇ ਕਿਹੜੀਆਂ ਸਕਤੀਆਂ ਕੰੰਮ ਕਰਦੀਆਂ ਹਨ ਜਿਹੜੀਆਂ ਇਹਨੂੰ ਪੰਜਾਬ ਦੀ ਨਸਲਕੁਸ਼ੀ ਲਈ ਤੇਜੇ,ਪਹਾੜੇ ਦੇ ਬਦਲ ਵਜੋਂ ਤਿਆਰ ਕਰ ਰਹੀਆਂ ਹਨ।। ਜਦੋ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਵੱਲੋਂ 1982 ਵਿੱਚ ਧਰਮਯੁੱਧ ਮੋਰਚਾ ਅਰੰਭਿਆ ਗਿਆ, ਤਾਂ ਮੋਰਚੇ ਨੂੰ ਪੂਰੇ ਜੋਬਨ ਤੇ ਪਹੁੰਚਾਉਣ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਹਿਮ ਭੂਮਿਕਾ ਰਹੀ, ਪਰ ਸੰਤ ਭਿੰਡਰਾਂ ਵਾਲਿਆਂ ਦੀ ਦਿਨੋਂ ਦਿਨ ਵਧ ਰਹੀ ਲੋਕਪ੍ਰਿਯਤਾ ਅਕਾਲੀ ਦਲ ਦੇ ਆਗੂਆਂ ਤੋ ਬਰਦਾਸਤ ਨਹੀ ਸੀ ਕੀਤੀ ਜਾ ਰਹੀ, ਉਹਨਾਂ ਨੇ ਫਰੇਵ ਨਾਲ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਨੂੰ ਬਣਾ ਦਿੱਤਾ। ਭਾਂਵੇਂ ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਗੋਵਾਲ ਸੀ,ਪਰ ਲੋਕ ਮਨਾਂ ਵਿੱਚ ਸੰਤ ਭਿੰਡਰਾਂ ਵਾਲਿਆਂ ਦੀ ਸ਼ਖਸੀਅਤ ਦਿਨੋ ਦਿਨ ਹੋਰ ਨਿਖਰਵੇਂ ਰੂਪ ਵਿੱਚ ਸਤਿਕਾਰੀ ਜਾਣ ਲੱਗੀ। ਇਹ ਸ੍ਰ ਪ੍ਰਕਾਸ ਸਿੰਘ ਬਾਦਲ ਸਮੇਤ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪਰਵਾਂਨ ਨਹੀ ਸੀ। ਉਹਨਾਂ ਨੇ ਅਪਣੇ ਹੱਥੋ ਗੇਂਦ ਨਿਕਲਦੀ ਦੇਖ ਕੇਂਦਰ ਦੀ ਕਾਂਗਰਸ ਸਰਕਾਰ ਕੋਲ ਜਾ ਫਰਿਆਦ ਕੀਤੀ ਕਿ ਜਿੰਨਾਂ ਜਲਦੀ ਹੋ ਸਕੇ, ਸ੍ਰੀ ਦਰਵਾਰ ਸਾਹਿਬ ਤੇ ਫੌਜੀ ਹਮਲਾ ਕੀਤਾ ਜਾਵੇ, ਤੇ ਸੰਤ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਸਾਥੀਆਂ ਨੂੰ ਖਤਮ ਕਰਕੇ ਹਮੇਸਾਂ ਹਮੇਸਾਂ ਲਈ ਸਾਡਾ ਰਸਤਾ ਸਾਫ ਕੀਤਾ ਜਾਵੇ। ਇੱਕ ਕਹਾਵਤ ਹੈ ਕਿ ਅੰਨ੍ਹਾ ਕੀ ਭਾਲੇ, ਦੋ ਅੱਖਾਂ,ਸੋ ਕੇਂਦਰ ਨੂੰ ਅਕਾਲੀਆਂ ਦੀ ਸ਼ਹਿ ਮਿਲਣ ਨਾਲ ਹੋਰ ਵੀ ਕੰਮ ਸੁਖਾਲਾ ਹੋ ਗਿਆ। ਜਿਹੜਾ ਅਕਾਲੀ ਦਲ ਐਮਰਜੈਂਸੀ ਦੌਰਾਨ ਕੇਂਦਰ ਵੱਲੋਂ ਪੰਜਾਬ ਦੇ ਸਾਰੇ ਹੱਕ ਦਿੱਤੇ ਜਾਣ ਦੇ ਵਾਅਦੇ ਨੂੰ ਠੁਕਰਾ ਕੇ ਸਰਕਾਰ ਖ਼ਿਲਾਫ਼ ਮੋਰਚਾ ਖੋਲ ਕੇ ਬੈਠ ਗਿਆ ਸੀ ਹੁਣ ਉਹ ਹੀ ਅਕਾਲੀ ਦਲ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਰਸਤੇ ਵਿਚੋਂ ਹਟਾਉਣ ਲਈ ਆਪਣੇ ਸਭ ਤੋਂ ਉੱਚੇ ਅਤੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਵਾਉਣ ਲਈ ਕੇਂਦਰ ਨਾਲ ਦੋਨੋਂ ਹੱਥ ਮਿਲਾਉਣ ਲਈ ਕਾਹਲਾ ਪੈ ਰਿਹਾ ਸੀ। ਉਸ ਤੋ ਬਾਅਦ ਜੋ ਕੁੱਝ ਵਾਪਰਿਆ ਉਹ ਹੁਣ ਬੱਚਾ ਬੱਚਾ ਜਾਣ ਚੁੱਕਾ ਹੈ, ਉਹਦੇ ਦੁਹਰਾਓ ਦੀ ਜਰੂਰਤ ਨਹੀ, ਪ੍ਰੰਤੂ ਇੱਕ ਗੱਲ ਜਰੂਰ ਗੌਰ ਕਰਨ ਵਾਲੀ ਹੈ ਕਿ ਜਿਸ ਅਕਾਲੀ ਦਲ ਨੂੰ ਕਦੇ ਪੰਥ ਦੀ ਸਿਰਮੌਰ ਜਥੇਬੰਦੀ ਦਾ ਦਰਜਾ ਮਿਲਿਆ ਹੋਇਆ ਸੀ, ਉਹ 1984 ਤੱਕ ਪਹੰਚਦਿਆਂ ਪਹੁੰਚਦਿਆਂ ਕਿੰਨੇ ਨਿਘਾਰ ਚ ਜਾ ਚੁੱਕੀ ਸੀ।ਉਸ ਤੋ ਬਾਅਦ ਕਦੇ ਵੀ ਅਕਾਲੀ ਦਲ ਦੀ ਪਹੁੰਚ ਲੋਕ ਪੱਖੀ ਜਾਂ ਪੰਥ ਪ੍ਰਸਤੀ ਵਾਲੀ ਨਹੀ ਰਹੀ। ਜਿਹੜੇ ਪੰਥ ਪ੍ਰਸਤ ਆਗੂ ਸਰੋਮਣੀ ਅਕਾਲੀ ਦਲ ਵਿੱਚ ਮੌਜੂਦ ਸਨ ਉਹਨਾਂ ਦਾ ਜਿਸਮਾਨੀ ਜਾਂ ਸਿਆਸੀ ਕਤਲ ਕਰਨ ਵਿੱਚ ਸ੍ਰ ਪਰਕਾਸ਼ ਸਿੰਘ ਬਾਦਲ ਐਨੇ ਮਾਹਰ ਹੋ ਚੁੱਕੇ ਸਨ ਕਿ ਉਹਨਾਂ ਨੇ ਕਿਸੇ ਨੂੰ ਪਾਰਟੀ ਵਿੱਚ ਸਿਰ ਨਹੀ ਚੁੱਕਣ ਦਿੱਤਾ,ਜਿਸਨੇ ਵੀ ਸਿਰ ਚੁੱਕਿਆ ਉਹ ਫੇਹਿਆ ਗਿਆ।। ਇਹ ਪਰਮਾਤਮਾ ਦਾ ਕ੍ਰਿਸ਼ਮਾ ਹੀ ਕਿਹਾ ਜਾ ਸਕਦਾ ਹੈ ਕਿ ਉਹਨਾਂ ਦੀ ਉਮਰ ਦੇ ਆਖਰੀ ਪੜਾਅ ਤੇ ਆਕੇ ਉਹਦੀ ਜਿੰਦਗੀ ਦਾ ਸਾਰਾ ਚਿੱਠਾ ਨੰਗਾ ਕਰ ਦਿੱਤਾ। ਸ੍ਰ ਬਾਦਲ ਜਿੰਦਗੀ ਚ ਪੰਜ ਵਾਰੀ ਮੁੱਖ ਮੰਤਰੀ ਬਣੇ, ਇੱਕ ਵਾਰੀ ਵੀ ਉਹਨਾਂ ਦੀ ਪਾਰੀ ਸਿੱਖ ਕੌਂਮ ਲਈ ਸ਼ੁਭ ਨਹੀ ਰਹੀ।ਪਹਿਲੀ ਵਾਰ 1970,1971 ਵਿੱਚ ਨਕਸਲਬਾੜੀ ਲਹਿਰ ਨੂੰ ਕੁਚਲਣ ਲਈ ਝੂਠੇ ਪੁਲਿਸ ਮੁਕਾਬਲਿਆਂ ਦੀ ਪਿਰਤ ਪਾਕੇ ਅਪਣੇ ਰਾਜ ਭਾਗ ਦੀ ਸੁਰੂਆਤ ਕੀਤੀ,ਫਿਰ ਦੂਜੀ ਵਾਰ ਮੁੱਖ ਮੰਤਰੀ ਰਹੇ 1977 1980 ਉਸ ਮੌਕੇ ਨਿਰੰਕਾਰੀ ਕਾਂਡ ਕਰਵਾਇਆ, 13 ਸਿੰਘ ਸ਼ਹੀਦ ਕਰਵਾਏ, ਤੀਜੀ ਵਾਰ 1997-2002 ਤੱਕ ਮੁੱਖ ਮੰਤਰੀ ਬਣਾਇਆ ਹੀ ਪੰਜਾਬ ਵਿੱਚ ਚੱਲੇ ਇੱਕ ਦਹਾਕੇ ਤੱਕ ਸਿੱਖ ਨਸਲਕੁਸ਼ੀ ਵਾਲੇ ਦੌਰ ਵਿੱਚ ਤਤਕਾਲੀ ਪੁਲਿਸ ਮੁਖੀ ਕੇ ਪੀ ਐਸ ਗਿੱਲ ਦੀ ਸਿੱਖ ਮੁੰਡੇ ਮਾਰਨ ਵਿੱਚ ਮਦਦ ਕਰਨ ਅਤੇ ਆਰ ਐਸ ਐਸ ਦੀ 1994 ਵਿੱਚ ਪੱਕੀ ਮੈਂਬਰਸ਼ਿੱਪ ਲੈਣ ਦੇ ਇਨਾਮ ਵਿੱਚ ਸੀ, ਅਤੇ ਉਸ ਮੌਕੇ ਭਨਿਆਰੇ ਵਾਲੇ ਸਾਧ ਦਾ ਕਾਂਡ ਵਾਪਰਿਆ, ਜਦੋ ਸੈਕੜੇ ਸਿੱਖ ਨੌਜਵਾਨਾਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਗਿਆ,ਚੌਥੀ ਵਾਰ 2007 2012 ਵਿੱਚ ਨੂਰ ਮਹਿਲੀਏ ਅਤੇ ਸਿਰਸੇ ਵਾਲੇ ਦਾ ਬਹੁ ਚਰਚਿਤ ਸਵਾਂਗ ਵਾਲਾ ਕਾਂਡ ਹੋਇਆ, ਇਹਦੇ ਵਿੱਚ ਵੀ ਸੈਕੜੇ ਝੂਠੇ ਕੇਸ ਸਿੱਖਾਂ ਤੇ ਪਾਏ ਸਿੱਖ ਨੌਜਆਨ ਸ਼ਹੀਦ ਕੀਤੇ ਅਤੇ ਡੇਰੇਦਾਰਾਂ ਨੂੰ ਸੁਰਖਿਆ ਦਿੱਤੀ, ਪੰਜਵੀਂ ਅਤੇ ਆਖਰੀ ਵਾਰ 2012 -2017 ਵਿੱਚ ਤਾਂ ਹੱਦ ਹੀ ਮੁਕਾ ਦਿੱਤੀ, ਜਦੋ ਜੂਨ 2015 ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰੂਪਾਂ ਦੀ ਚੋਰੀ ਨਾਲ ਬੇਅਦਬੀਆਂ ਦਾ ਦੌਰ ਸੁਰੂ ਹੋਇਆ ਤੇ ਸੰਘਰਸ਼ ਕਰਦੇ ਸਿੱਖਾਂ ਤੇ ਪੁਲਿਸ ਨੇ ਗੋਲੀਆਂ ਚਲਾਈਆਂ, ਪਾਣੀ ਦੀਆਂ ਬੁਛਾੜਾ ਛੱਡੀਆਂ, ਅੱਥਰੂ ਗੈਸ ਅਤੇ ਅੰਨ੍ਹੇਵਾਹ ਲਾਠੀਚਾਰਜ ਨਾਲ ਜਿੱਥੇ ਸੈਕੜੇ ਸਿੱਖ ਗੰਭੀਰ ਰੂਪ ਵਿੱਚ ਜਖਮੀ ਕੀਤੇ ਓਥੇ ਦੋ ਸਿੱਖ ਸ਼ਹੀਦ ਕਰਨ ਦਾ ਕਲੰਕ ਆਪਣੇ ਨਾਮ ਕੀਤਾ।ਸੋ ਹੁਣ ਜੇਕਰ ਗੱਲ ਉਹਨਾਂ ਦੇ ਪੱੁਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਕੀਤੀ ਜਾਵੇ ਤਾਂ ਕਹਿ ਸਕਦੇ ਹਾਂ ਕਿ ਪੁੱਤਰ ਵੀ ਪਿਉ ਦੇ ਨਕਸੇ ਕਦਮਾਂ ਤੇ ਹੀ ਚੱਲ ਰਿਹਾ ਹੈ। ਉਹਨਾਂ ਨੇ ਵੀ ਅਕਾਲੀ ਦਲ ਦੀ 1984 ਵਿੱਚ ਪਾਈ ਪਿਰਤ ਨੂੰ ਅੱਗੇ ਤੋਰਦਿਆਂ ਪੰਜਾਬ ਭਾਜਪਾ ਨਾਲ ਗਠਜੋੜ ਦੌਰਾਨ ਭਾਜਪਾ ਦੇ ਪ੍ਰਧਾਨ ਨੂੰ ਨਾਲ ਲੈ ਕੇ ਪੰਜਾਬ ਦੇ ਰਾਜਪਾਲ ਨੂੰ ਬੇਅਦਬੀ ਦਾ ਇਨਸਾਫ ਲੈਣ ਲਈ ਬਰਗਾੜੀ ਵਿੱਚ ਲੱਗੇ ਸਾਂਤਮਈ ਇਨਸਾਫ ਮੋਰਚੇ ਤੇ ਜਲਦੀ ਤੋ ਜਲਦੀ ਕਾਰਵਾਈ ਕਰਨ ਲਈ ਮੰਗ ਪੱਤਰ ਸੌਂਪਿਆ ਸੀ। ਉਹਨਾਂ ਨੇ ਇਹ ਵੀ ਕਿਹਾ ਸੀ ਕਿ ਗਰਮ ਖਿਆਲੀ ਸਿੱਖ ਪੰਜਾਬ ਦਾ ਮਹੌਲ ਖਰਾਬ ਕਰਨਾ ਚਾਹੁੰਦੇ ਹਨ, ਜਿੰਨਾ ਜਲਦੀ ਹੋ ਸਕੇ ,ਉਹਨਾਂ ਤੇ ਕਾ੍ਰਵਾਈ ਕੀਤੀ ਜਾਵੇ। ਇਹ ਵੀ ਕੇਹਾ ਇਤਫਾਕ ਹੈ ਕਿ ਕਦੇ 1984 ਵਿੱਚ ਵੀ ਸ੍ਰ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ ਨੇ ਵੀ ਕੇਂਦਰ ਨੂੰ ਪੱਤਰ ਲਿਖ ਕੇ ਜਲਦੀ ਤੋ ਜਲਦੀ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਲਈ ਕਿਹਾ ਸੀ।ਹੁਣ ਸਿੱਖ ਪੰਥ ਨੂੰ ਸੋਚਣਾ ਪਵੇਗਾ ਕਿ ਆਖਰ ਸਰੋਮਣੀ ਅਕਾਲੀ ਦਲ ਕਦੋ ਤੱਕ ਕੇਂਦਰ ਅਤੇ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੀ ਕਠਪੁਤਲੀ ਬਣਕੇ ਕੇਂਦਰ ਲਈ ਕੰਮ ਕਰਦਾ ਰਹੇਗਾ ਤੇ ਕਦੋਂ ਮੁੜ ਤੋ ਪੰਥ ਦੀ ਸਿਰਮੌਰ ਜਥੇਬੰਦੀ ਬਣੇਗਾ।
ਬਘੇਲ ਸਿੰਘ ਧਾਲੀਵਾਲ
99142-58142
“ਸਰਬਤ ਦੇ ਭਲੇ” ਵਾਲੀ ਹਲੇਮੀ ਬਾਦਸ਼ਾਹਤ ਦੀ ਤਾਂਘ ਦਾ ਸੈਦਾਈ ਅਤੇ ਸਿੱਖ ਜਜ਼ਬਿਆਂ ਨਾਲ ਲਬਰੇਜ਼ ਭਾਈ ਅਮ੍ਰਿਤਪਾਲ ਸਿੰਘ - ਬਘੇਲ ਸਿੰਘ ਧਾਲੀਵਾਲ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਂਨ ਸਿੱਖ ਸ਼ਹੀਦ ਦਾ ਰੁਤਬਾ ਪਾਉਣ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋ ਬਾਅਦ ਭਾਂਵੇ ਦਹਾਕਾ ਭਰ ਸਿੱਖ ਖਾੜਕੂ ਨੌਜਵਾਨਾਂ ਨੇ ਦਿੱਲੀ ਤਖਤ ਨਾਲ ਜਾਨ ਹੂਲਵਾਂ ਸੰਘਰਸ਼ ਲੜਿਆ,ਪ੍ਰੰਤੂ ਖਾੜਕੂ ਸਿੱਖ ਸੰਘਰਸ਼ ਖਤਮ ਹੋ ਜਾਣ ਤੋ ਬਾਅਦ ਲੰਮਾ ਅਰਸ਼ਾ ਸਿੱਖ ਕੌਂਮ, ਖਾਸ ਕਰਕੇ ਸਿੱਖ ਨੌਜੁਆਨੀ ਨੂੰ ਕੋਈ ਆਦਰਸ਼ ਆਗੂ ਨਹੀ ਮਿਲਿਆ,ਜਿਸ ਦੀ ਬਦੌਲਤ ਸਿੱਖ ਨੌਜਵਾਨੀ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਲੱਚਰਤਾ ਅਤੇ ਨਸ਼ਿਆਂ ਦੇ ਰਾਹ ਪੈ ਗਈ,ਲਿਹਾਜਾ ਪੰਜਾਬ ਦੇ ਘਰ ਘਰ ਚ ਸੱਥਰ ਵਿਸਣੇ ਆਮ ਵਰਤਾਰਾ ਬਣ ਗਿਆ। ਦਹਾਕਿਆਂ ਵੱਧੀ ਪੰਜਾਬ ਦੀ ਜੁਆਨੀ ਧਰਮ ਕਰਮ ਨੂੰ ਅਸਲੋਂ ਹੀ ਵਿਸਾਰਕੇ ਸਿਵਿਆਂ ਦੇ ਰਾਹ ਤੁਰਦੀ ਰਹੀ। ਨਸ਼ਿਆਂ ਅਤੇ ਲੱਚਰਤਾ ਦੇ ਮਾਰੂ ਅਸਰ ਤੋ ਦੂਰ ਰਹਿਣ ਵਾਲੇ ਪੜ੍ਹਾਕੂ ਕਿਸਮ ਦੇ ਨੌਜਵਾਨਾਂ ਨੇ ਪੰਜਾਬ ਨੂੰ ਛੱਡ ਜਾਣ ਦਾ ਮਨ ਬਣਾ ਲਿਆ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਪਾੜ੍ਹੇ ਉੱਚ ਵਿਦਿਆ ਦਾ ਮੋਹ ਤਿਆਗ ਕੇ ਵਾਰਾਂ ਜਮਾਤਾਂ ਪਾਸ ਕਰਨ ਤੋ ਬਾਅਦ ਆਈਲੈਟਸ ਦਾ ਟੈਸਟ ਪਾਸ ਕਰਕੇ ਬਾਹਰਲੇ ਮੁਲਕਾਂ ਵੱਲ ਨੂੰ ਨਿਕਲ ਤੁਰੇ।ਦੇਖਦੇ ਹੀ ਦੇਖਦੇ ਪੰਜਾਬ ਖਾਲੀ ਹੁੰਦਾ ਪਰਤੀਤ ਹੋਣ ਲੱਗਾ।ਇਹ ਸਾਰਾ ਕੁੱਝ ਕੁਦਰਤੀ ਨਹੀ ਵਾਪਰਿਆ, ਬਲਕਿ ਇਹ ਪੰਜਾਬ ਦੁਸ਼ਮਣ ਤਾਕਤਾਂ ਦਾ ਪੰਜਾਬ ਦੀ ਹੋਂਦ ਨੂੰ ਮਿਟਾਉਣ ਵਾਲਾ ਬਹੁਤ ਹੀ ਸਾਜਿਸ਼ੀ ਵਰਤਾਰਾ ਹੈ,ਜਿਸ ਵਿੱਚ ਪੰਜਾਬ ਦੀ ਸਿਆਸੀ ਜਮਾਤ ਬਰਾਬਰ ਦੀ ਜਿੰਮਵਾਰ ਹੈ। ਇਸ ਵਰਤਾਰੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਪੰਜਾਬ ਦੀ ਜਨਤਾ ਨੇ ਕਦੇ ਵੀ ਪੰਜਾਬ ਦੀ ਜੁਆਨੀ ਦੀ ਨਸਲਕੁਸ਼ੀ ਅਤੇ ਬਰਬਾਦੀ ਲਈ ਮੁਹਰੇ ਬਣੇ ਇੱਥੋ ਦੇ ਸਿਆਸੀ ਲੋਕਾਂ ਦੀ ਭੂਮਿਕਾ ਨੂੰ ਗੰਭੀਰਤਾ ਨਾਲ ਨਹੀ ਲਿਆ,ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਭੋਲ਼ੇ ਭਾਲ਼ੇ ਲੋਕ ਵਾਰ ਵਾਰ ਸਿਆਸਤ ਦੇ ਚੰਗੇਰੇ ਭਵਿੱਖ ਦੇ ਝਾਂਸੇ ਵਿੱਚ ਫਸਦੇ ਰਹੇ ਅਤੇ ਵਾਰ ਵਾਰ ਧੋਖਾ ਖਾਂਦੇ ਰਹੇ। ਪੰਜਾਬ ਦੀ ਕੁਰਾਹੇ ਪਈ ਜੁਆਨੀ ਨੂੰ ਪਹਿਲੀ ਵਾਰ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਮੋਰਚੇ ਤੋ ਕਿਸੇ ਨੌਜਵਾਨ ਤੋ ਅਗਵਾਈ ਦੀ ਉਮੀਦ ਜਾਗੀ।ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਦੇ ਗੈਰਤ ਨੂੰ ਹਲੂਣਾ ਦੇਣ ਵਾਲੇ ਜੱਟਕੇ ਪਰਚਾਰ ਦੀ ਬਦੌਲਤ ਨੌਜਵਾਨੀ ਇਸ ਕਦਰ ਮੁਰੀਦ ਬਣ ਗਈ,ਕਿ ਉਹਨਾਂ ਦੀ ਬੇਬਕਤੀ ਮੌਤ ਤੇ ਪੰਜਾਬ ਦੀ ਜੁਆਨੀ ਭੁੱਬਾਂ ਮਾਰ ਮਾਰ ਕੇ ਰੋਂਦੀ ਦੇਖੀ ਗਈ। ਮਰਹੂਮ ਦੀਪ ਸਿੱਧੂ ਦੀ ਬਣਾਈ ਜਥੇਬੰਦੀ “ਵਾਰਿਸ ਪੰਜਾਬ ਦੇ” ਨੌਜਵਾਨਾਂ ਲਈ ਇੱਕੋ ਇੱਕ ਆਸ ਦੀ ਕਿਰਨ ਬਣ ਗਈ।ਇਸ ਜਥੇਬੰਦੀ ਨਾਲ ਜੁੜੇ ਮੁਢਲੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਦੁਬਈ ਰਹਿੰਦੇ ਨੌਜਵਾਨ ਭਾਈ ਅਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਮੰਨ ਲਿਆ।ਇਹ ਵੀ ਗੁ੍ਰੂ ਦੀ ਕਲਾ ਵਰਤਣ ਵਰਗਾ ਵਰਤਾਰਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੇ ਪੰਜਾਬ ਆ ਕੇ ਖੁਦ ਹੀ ਗੁਰੂ ਦੇ ਲੜ ਨਹੀ ਲੱਗਿਆ,ਬਲਕਿ ਉਹਨੇ ਗੁਰੂ ਤੋ ਬੇਮੁੱਖ ਹੋ ਕੇ ਕੁਰਾਹੇ ਪਈ ਜੁਆਨੀ ਨੂੰ ਮੁੜ ਗੁਰੂ ਨਾਲ ਜੋੜਨ ਦਾ ਪਵਿੱਤਰ ਕਾਰਜ ਐਸਾ ਅਰੰਭਿਆ ਕਿ ਹਜਾਰਾਂ ਨੌਜਵਾਨ ਨਸ਼ਿਆਂ ਨੂੰ ਤੋਬਾ ਕਹਿ ਕੇ ਗੁਰੂ ਵਾਲੇ ਬਣ ਕੌਂਮੀ ਕਾਫਲੇ ਚ ਸ਼ਾਮਲ ਹੋ ਤੁਰੇ। ਜੇਕਰ ਗੱਲ ਭਾਰੀ ਅਮ੍ਰਿਤਪਾਲ ਸਿੰਘ ਦੀ ਸ਼ਖਸੀਅਤ ਦੀ ਕਰਨੀ ਹੋਵੇ,ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਇਹ ਨੌਜਵਾਨ ਕੋਈ ਆਮ ਨਹੀ ਹੈ,ਇਹਦੇ (ਅਮ੍ਰਿਤਪਾਲ ਸਿੰਘ) ਦੇ ਚਿਹਰੇ ਵੱਲ ਝਾਤੀ ਮਾਰੋ, ਚਿਹਰੇ ਨੂੰ ਪੜਨ ਦਾ ਯਤਨ ਕਰੋ,ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਹ ਨੌਜਵਾਨ ਆਮ ਨਹੀ ਹੈ,। ਥੋੜ੍ਹਾ ਹੋਰ ਸੰਜੀਦਗੀ ਨਾਲ ਚਿਹਰੇ ਰਾਹੀਂ ਅੰਦਰ ਉਤਰਨ ਦਾ ਯਤਨ ਕਰੋਗੇ ਤਾਂ ਕੌਮੀ ਜਜ਼ਬਿਆਂ ਨਾਲ ਲਬਰੇਜ਼ ਉੱਚੀ ਸੁੱਚੀ ਸੋਚ ਦਾ ਠਾਠਾਂ ਮਾਰਦਾ ਸਮੁੰਦਰ ਹੜ੍ਹਿਆ ਜਾਪੇਗਾ।ਦੁਨਿਆਵੀ ਵਿਦਿਆ ਘੱਟ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਦੇ ਅੰਦਰ,ਦੁਨੀਆਂ ਭਰ ਦੇ ਗਿਆਨ ਦਾ ਅਥਾਹ ਭੰਡਾਰ ਹੈ। ਇਹ ਨੌਜਵਾਨ ਜਬਰ ਜੁਲਮ,ਵਿਤਕਰੇਵਾਜੀ ਅਤੇ ਭ੍ਰਿਸ਼ਟਾਚਾਰ ਦੀ ਬੁਨਿਆਦ ਤੇ ਖੜ੍ਹੇ ਸਿਸਟਮ ਨੂੰ ਵੰਗਾਰਦੀ ਸਿੱਖ ਸੋਚ ਦਾ ਪਰਤੀਕ ਹੋ ਨਿੱਬੜਿਆ ਹੈ। ਗੁਰੂ ਦੇ ਮੁਢਲੇ ਸਿਧਾਂਤ ਸਰਬਤ ਦੇ ਭਲੇ ਵਾਲੀ ਹਲੇਮੀ ਬਾਦਸ਼ਾਹਤ ਦੀ ਤਾਂਘ ਨੇ ਇਸ ਨੌਜਵਾਨ ਨੂੰ ਨਿੱਜਤਾ ਚੋਂ ਬਾਹਰ ਕੱਢ ਲਿਆ ਹੈ। ਉਹ ਨਿੱਜੀ ਵਿਕਾਰਾਂ ਦੇ ਮੋਹ ਜਾਲ ਤੋ ਬਾਹਰ ਹੋਇਆ ਜਾਪਦਾ ਹੈ।ਉਹਦੇ ਅੰਦਰ "ਖੇਤੁ ਜੁ ਮਾਡਿਉ ਸੂਰਮਾ ਅਬ ਜੂਝਣ ਕੋ ਦਾਉ"॥ ਦੇ ਸੰਕਲਪ ਦਾ ਅਨਹਤ ਨਾਦ ਚੱਲਦਾ ਮਹਿਸੂਸ ਹੁੰਦਾ ਹੈ,ਜੋ ਕੰਨਾਂ ਨਾਲ ਨਹੀ,ਬਲਕਿ ਮਨ ਦੀ ਉਹ ਅਵਸਥਾ ਹੀ ਸੁਣ ਸਕਦੀ ਹੈ,ਜਿਸ ਦੇ ਅੰਦਰ "ਲਰੈ ਦੀਨ ਕੇ ਹੇਤੁ" ਦੀ ਭਾਵਨਾ ਪਰਵਲ ਹੋ ਰਹੀ ਹੋਵੇ ਅਤੇ ਕਦਮ "ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ"॥ ਦੀ ਪਵਿੱਤਰ ਭਾਵਨਾ ਵੱਲ ਵਧ ਰਹੇ ਹੋਣ।ਇਹ ਅਵਸਥਾ ਹੀ 80 ਸਾਲਾ ਬਾਬੇ ਨੂੰ 18 ਸੇਰ ਦਾ ਖੰਡਾ ਫੜ ਮਾਲਵੇ ਦੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਦੀ ਧਰਤੀ ਤੋ ਸ੍ਰੀ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੀ ਅਜਮਤ ਲਈ ਸ਼ੀਸ਼ ਤਲੀ ਤੇ ਧਰ ਕੇ ਲੜਨ ਦੇ ਯੋਗ ਬਣਾ ਦਿੰਦੀ ਹੈ,ਇਹ ਹੀ ਪਵਿੱਤਰ ਭਾਵਨਾ ਅਕਾਲੀ ਫੂਲਾ ਸਿੰਘ ਵਰਗੇ ਬੁੱਢੇ ਸ਼ੇਰ ਨੂੰ ਹਲੇਮੀ ਰਾਜ ਦੀ ਰਾਖੀ ਲਈ ਕੁਰਬਾਨ ਕਰ ਦਿੰਦੀ ਹੈ ਅਤੇ ਇਹ ਹੀ ਭਾਵਨਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਬਾਬਾ ਏ ਕੌਮ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਦੀ ਉਪਾਧੀ ਤੱਕ ਪਹੁੰਚਾ ਦਿੰਦੀ ਹੈ।ਇਹ ਹੀ ਭਾਵਨਾ ਸੁੱਖੇ ਜਿੰਦੇ ਬਣ ਫਾਂਸੀ ਚੜ੍ਹਦੀ ਹੈ ਅਤੇ ਇਹ ਹੀ ਭਾਵਨਾ ਕੇਹਰ ਸਿੰਘ,ਬੇਅੰਤ ਸਿੰਘ,ਸਤਵੰਤ ਸਿੱਘ ਨੂੰ ਦਿੱਲੀ ਦਰਬਾਰ ਦੇ ਰਾਖਿਆਂ ਤੋ ਬਾਗੀ ਬਣਾ ਕੇ ਕੌਮੀ ਸ਼ਹੀਦ ਦਾ ਰੁਤਬਾ ਦਿਵਾ ਦਿੰਦੀ ਹੈ। ਭਾਵ ਕਿ ਇਹ ਅਵਸਥਾ ਜੀਵਨ ਅਤੇ ਮੌਤ ਨੂੰ ਇੱਕ ਸਮਾਨ ਕਰ ਸ਼ਹਾਦਤ ਦੇ ਪੁਜਾਰੀ ਬਣਾ ਦਿੰਦੀ ਹੈ। ਇਸ ਅਵਸਥਾ ਵਿੱਚ ਪਹੁੰਚਿਆ ਵਿਅਕਤੀ ਕੌਮੀ ਲੜਾਈ ਅੰਦਰ ਸ਼ਹਾਦਤ ਦੇ ਬਹਾਨੇ ਲੱਭਣ ਲੱਗਦਾ ਹੈ। ਭਾਵੇਂ ਇਹ ਵੀ ਸੱਚ ਹੈ ਕਿ ਨਾਂ ਤਾਂ ਇਸ ਅਵਸਥਾ ਤੱਕ ਹਰ ਕੋਈ ਸੌਖਿਆਂ ਪਹੁੰਚ ਸਕਦਾ ਹੈ ਅਤੇ ਨਾ ਹੀ ਇਸ ਅਵਸਥਾ ਤੇ ਟਿਕੇ ਰਹਿ ਸਕਦਾ ਹੈ,ਇਹ ਵੀ ਕਿਸੇ ਵਿਰਲੇ ਦੇ ਨਸੀਬ ਵਿੱਚ ਹੀ ਹੁੰਦਾ ਹੈ,ਪਰ ਇਹ ਵੀ ਜਾਹਰਾ ਸੱਚ ਹੈ ਕਿ ਸਿੱਖੀ ਵਿੱਚ ਅਜਿਹੀ ਭਾਵਨਾ ਬਹੁਤਾਤ ਵਿੱਚ ਦੇਖੀ ਪਰਖੀ ਗਈ ਹੈ।ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਅਤੇ ਉਸ ਤੋ ਬਾਅਦ ਉੱਠੀ ਹਥਿਆਰਬੰਦ ਸਿੱਖ ਲਹਿਰ ਦੇ ਅਦੁੱਤੀ ਕਾਰਨਾਮੇ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰੇ ਬਣ ਚੁੱਕੇ ਹਨ। ਮੌਜੂਦਾ ਦੌਰ ਚ ਅਮ੍ਰਿਤਪਾਲ ਸਿੰਘ ਦੀ ਆਮਦ ਨੂੰ ਸਿੱਖ ਜੁਆਨੀ ਨੇ ਜੀਉ ਆਇਆਂ ਕਿਹਾ ਹੈ,ਕਿਉਂਕਿ ਉਹਨਾਂ ਨੂੰ ਜਾਪਦਾ ਹੈ ਕਿ ਅਮ੍ਰਿਤਪਾਲ ਸਿੰਘ ਸਿੱਖ ਜਜ਼ਬਿਆਂ ਦੀ ਤਰਜਮਾਨੀ ਕਰਦਾ ਹੈ।ਸਿੱਖ ਕੌਂਮ ਦੀ ਤਰਾਸਦੀ ਹੈ ਕਿ ਅਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਚੋ ਕੱਢ ਕੇ ਗੁਰੂ ਨਾਲ ਜੋੜਨ ਦੇ ਪਵਿੱਤਰ ਕਾਰਜ ਦਾ ਵਿਰੋਧ ਕੋਈ ਹੋਰ ਨਹੀ ਬਲਕਿ ਸਿੱਖਾਂ ਦੇ ਉਸ ਵੱਡੇ ਹਿੱਸੇ ਵੱਲੋਂ ਕੀਤਾ ਜਾ ਰਿਹਾ ਹੈ,ਜਿਹੜੇ ਨਿੱਜੀ ਲੋਭ ਲਾਲਸਾ ਅਧੀਨ ਦਿੱਲੀ ਦਰਬਾਰ ਦੇ ਜੀਅ ਹਜੂਰੀਏ ਬਣੇ ਹੋਏ ਹਨ।ਮਨੁੱਖੀ ਕਦਰਾਂ ਕੀਮਤਾਂ ਤੋ ਮਨਫੀ ਹੋ ਚੁੱਕੀ ਸੋਚ ਵਾਲੀ ਸਿੱਖ ਜੁਆਨੀ ਨੂੰ ਭਾਈ ਅਮ੍ਰਿਤਪਾਲ ਸਿੰਘ ਦੀ ਆਮਦ ਨੇ ਮੁੜ ਸਿੱਖ ਵਿਚਾਰਧਾਰਾ ਦੀ ਪਾਣ ਦੇ ਕੇ ਜਿਉਂਦਾ ਕੀਤਾ ਹੈ। ਸੋ ਆਸ ਅਤੇ ਅਰਦਾਸ ਕਰਨੀ ਬਣਦੀ ਹੈ ਕਿ ਅਕਾਲ ਪੁਰਖ ਸਿੱਖ ਜੁਆਨੀ ਦੇ ਜਜ਼ਬਿਆਂ ਨੂੰ ਪਵਿੱਤਰਤਾ ਬਖਸ਼ੇ।
ਬਘੇਲ ਸਿੰਘ ਧਾਲੀਵਾਲ
99142-58142