Bagel Singh Dhaliwal

ਮਨੁੱਖੀ ਅਧਿਕਾਰ ਦਿਵਸ ਅਤੇ ਸਿੱਖ ਵਿਚਾਰਧਾਰਾ - ਬਘੇਲ ਸਿੰਘ ਧਾਲੀਵਾਲ

ਇੱਕੋ ਢੰਗ ਨਾਲ ਜਨਮੀ ਸਾਰੀ ਮਨੁੱਖਾ ਜਾਤੀ ਅੰਦਰ ਬਰਾਬਰਤਾ,ਮਾਣ ਸ਼ਨਮਾਨ ਅਤੇ ਇੱਕੋ ਜਿਹੇ ਅਧਿਕਾਰਾਂ ਦਾ ਹੋਣਾ ਹੀ ਸਹੀ ਅਰਥਾਂ ਵਿੱਚ ਮਾਨਵਤਾ ਦੀ ਇੱਕਸੁਰਤਾ ਅਤੇ ਅਜਾਦੀ ਕਹੀ ਜਾ ਸਕਦੀ ਹੈ,ਰੰਗਾਂ ਨਸਲਾਂ ਦੇ ਅਧਾਰ ਤੇ ਕੀਤੀ ਫਿਰਕੂ ਵੰਡ ਮਾਨਵੀ ਅਧਿਕਾਰਾਂ ਦੇ ਘਾਣ ਦੀ ਸਾਜਿਸ਼ ਸਮਝੀ ਜਾਣੀ ਚਾਹੀਦੀ ਹੈ। ਸੱਤ ਕੁ ਦਹਾਕੇ ਪਹਿਲਾਂ ਯੂ ਐਨ ਓ ਵੱਲੋਂ ਦੁਨੀਆਂ ਪੱਧਰ ਤੇ ਹੁੰਦੇ ਮਨੁੱਖੀ ਅਧਿਕਾਰਾਂ ਦੇ ਹਨਣ ਨੂੰ ਰੋਕਣ ਲਈ 10 ਦਸੰਬਰ ਦੇ ਦਿਨ ਨੂੰ ਸੰਸਾਰ ਪੱਧਰੀ ਮਨੁੱਖੀ ਅਧਿਕਾਰ ਦਿਵਸ ਵਜੋਂ ਮੁਕੱਰਰ ਕੀਤਾ ਗਿਆ ਹੈ।ਇਸ ਦਿਨ ਨਵੀ ਦੁਨੀਆਂ ਦੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਮਨੁੱਖੀ ਬਰਾਬਰਤਾ ਲਈ ਕੋਈ ਵਿਸ਼ੇਸ਼ ਦਿਨ ਮੁਕੱਰਰ ਕਰਨਾ ਬੇਹੱਦ ਜਰੂਰੀ ਹੈ,ਜਿਸ ਦਿਨ ਸੰਸਾਰ ਪੱਧਰ ਤੇ ਵਸਦੇ ਲੋਕ ਅਪਣੇ ਅਧਿਕਾਰਾਂ ਦਾ ਲੇਖਾ ਜੋਖਾ ਕਰ ਸਕਣ,ਆਪੋ ਅਪਣੇ ਖਿੱਤੇ ਵਿੱਚ ਹੋਈਆਂ ਸਰਕਾਰੀ ਅਤੇ ਗੈਰ ਸਰਕਾਰੀ ਵਧੀਕੀਆਂ ਤੇ ਚਰਚਾ ਕਰ ਸਕਣ ਅਤੇ ਉਸ ਦੇ ਹੱਲ ਲਈ ਭਵਿੱਖੀ ਫੈਸਲੇ ਲੈ ਸਕਣ,ਪਰੰਤੂ ਮਨੁੱਖੀ ਅਧਿਕਾਰਾਂ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਸਿੱਖ ਵਿਚਾਰਧਾਰਾ ਦੀ ਨਜਰਸ਼ਾਨੀ ਨਹੀ ਕੀਤੀ ਜਾਂਦੀ,ਤਾਂ ਇਸ ਦਿਹਾੜੇ ਦੀ ਸਾਰਥਕਤਾ ਅਧੂਰੀ ਸਮਝੀ ਜਾਵੇਗੀ। ਸਿੱਖ ਵਿਚਾਰਧਾਰਾ ਜਾਤ ਪਾਤ,ਊਚ ਨੀਚ ਨੂੰ ਮੂਲ਼ੋਂ ਹੀ ਰੱਦ ਕਰਕੇ ਸਭਨਾਂ ਨੂੰ ਬਰਾਬਰਤਾ ਵਾਲੀ ਜੀਵਨ ਜਾਚ ਦੇਣ ਦੀ ਹਾਮੀ ਹੈ।ਇਹ ਵਿਚਾਰਧਾਰਾ ਤਕਰੀਵਨ ਸਾਢੇ ਪੰਜ ਸੌ ਸਾਲ ਪਹਿਲਾਂ ਉਦੋ ਹੋਂਦ ਵਿੱਚ ਆਈ ਜਦੋਂ ਗੁਰੂ ਨਾਨਕ ਸਾਹਿਬ ਇਸ ਧਰਤੀ ਤੇ ਆਏ।ਗੁਰੂ ਨਾਨਕਕ ਸਾਹਿਬ ਦੀ ਵਿਚਾਰਧਾਰਾ ਕੁਲ ਲੁਕਾਈ ਦੇ ਸਦੀਵੀ ਭਲੇ ਦੀ ਗੱਲ ਕਰਦੀ ਹੈ।ਗੁਰੂ ਨਾਨਕ ਸਾਹਿਬ ਪਹਿਲੇ ਸਮਾਜ ਸੁਧਾਰਰਕ ਅਤੇ ਕਰਾਂਤੀਕਾਰੀ ਯੁੱਗ ਪੁਰਸ਼ ਹੋਏ ਹਨ,ਜਿੰਨਾਂ ਨੇ ਸਮੇ ਦੀ ਹਕੂਮਤ ਦੇ ਜਬਰ ਖਿਲਾਫ ਅਵਾਜ ਬੁਲੰਦ ਕੀਤੀ,ਜਿਸ ਦੇ ਇਵਜ ਵਿੱਚ ਉਹਨਾਂ ਨੂੰ ਜੇਲ੍ਹ ਦੀਆਂ ਚੱਕੀਆਂ ਵੀ ਪੀਸਣੀਆਂ ਪਈਆਂ।ਗੁਰੂ ਨਾਨਕ ਸਾਹਿਬ ਦੀ ਸੋਚ ਅਤੇ ਵਿਚਾਰਧਾਰਾ ਨੂੰ ਅਗਲੇ ਨੌਂ ਗੁਰੂ ਸਾਹਿਬਾਨਾਂ ਨੇ ਅੱਗੇ ਤੋਰਿਆ ਤੇ ਫਿਰ ਉਹ ਸਮਾ ਵੀ ਆਇਆ ਜਦੋਂ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੂੰ ਦੁਨਿਆਵੀ ਹਕੂਮਤਾਂ ਵੱਲੋਂ ਕੀਤੇ ਜਾਂਦੇ ਮਾਨਵਤਾ ਦੇ ਘਾਣ ਦੇ ਖਿਲਾਫ ਅਪਣੀ ਸ਼ਹਾਦਤ ਦੇਣੀ ਪਈ।ਇਹ ਪਹਿਲੀ ਸ਼ਹਾਦਤ ਸੀ ਜਿਹੜੀ ਨਿਰੋਲ ਮਨੁੱਖੀ ਅਧਿਕਾਰਾਂ ਦੀ ਰਾਖੀ ਖਾਤਰ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਨੇ ਅਪਣੇ ਤਿੰਨ ਸਿੱਖਾਂ ਸਮੇਤ ਦਿੱਲੀ ਦੇ ਚਾਦਨੀ ਚੌਂਕ ਵਿੱਚ ਦਿੱਤੀ।ਇਸ ਲਈ ਉਹਨਾਂ ਦੇ ਸ਼ਹੀਦੀ ਦਿਨ ਤੋ ਵੱਡਾ ਅਤੇ ਮਹੱਤਵਪੂਰਨ ਦਿਨ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਏ ਜਾਣ ਵਾਲਾ ਹੋਰ ਕੋਈ ਨਹੀ ਹੋ ਸਕਦਾ ਅਤੇ ਸਿੱਖ ਕੌਂਮ ਦੁਨੀਆਂ ਦੀ ਇੱਕੋ ਇੱਕ ਅਜਿਹੀ ਕੌਂਮ ਹੈ ਜੋ ਦੂਜਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਸੀਸ ਕਟਵਾਉਣ ਤੋ ਵੀ ਸੰਕੋਚ ਨਹੀ ਕਰਦੀ। ਜੇਕਰ ਗੱਲ ਮੌਜੂਦਾ ਸਮੇ ਦੀ ਕੀਤੀ ਜਾਵੇ,ਤਾਂ ਦੇਖਿਆ ਜਾ ਸਕਦਾ ਹੈ ਕਿ ਜਦੋ ਕਸ਼ਮੀਰੀ ਲੋਕਾਂ ਨੂੰ ਸਾਰੇ ਅਧਿਕਾਰਾਂ ਤੋਂ ਵਾਂਝੇ ਕਰਕੇ ਘਰਾਂ ਅੰਦਰ ਬੰਦ ਕੀਤਾ ਹੋਇਆ ਹੈ ਤੇ ਅਣਐਲਾਨੀ ਨਜਰਬੰਦੀ ਕਾਰਨ ਕਸ਼ਮੀਰ ਦੇ ਹਾਲਾਤ ਬਦ ਤੋ ਬਦਤਰ ਹੁੰਦੇ ਜਾ ਰਹੇ ਹਨ,ਉਸ ਮੌਕੇ ਕਿਸੇ ਵੀ ਮਨੁੱਖੀ ਅਧਿਕਾਰ ਜਥੇਬੰਦੀ ਨੇ ਕਸ਼ਮੀਰੀ ਲੋਕਾਂ ਦੇ ਹੱਕ ਵਿੱਚ ਅਵਾਜ ਨਹੀ ਉਠਾਈ,ਜੇਕਰ ਕਿਸੇ ਨੇ ਭਾਰਤ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਮਨੁੱਖੀ ਅਧਿਕਾਰਾਂ ਦੇ ਹਨਣ ਦੇ ਖਿਲਾਫ ਕਿਸੇ ਨੇ ਨਿੱਡਰਤਾ ਨਾਲ ਅਵਾਜ ਉਠਾਈ ਹੈ ਤਾਂ ਉਹ ਸਿੱਖ ਕੌਂਮ ਹੀ ਹੈ ਜਿਸ ਨੇ ਕਸ਼ਮੀਰੀਆਂ ਦੇ ਹੱਕਾਂ ਖਾਤਰ ਭਾਰਤ ਸਰਕਾਰ ਦੇ ਖਿਲਾਫ ਦੁਨੀਆਂ ਪੱਧਰ ਤੇ ਜੋਰਦਾਰ ਅਵਾਜ ਬੁਲੰਦ ਕੀਤੀ ਹੈ ਅਤੇ ਲਗਾਤਾਰ ਕਰ ਰਹੇ ਹਨ। ਭਾਰਤ ਦੀਆ ਮਨੁੱਖੀ ਅਧਿਕਾਰ ਜਥੇਬੰਦੀਆਂ ਵੱਲੋਂ ਕਸ਼ਮੀਰੀ ਜਾਂ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਨਾ ਕਰਨਾ ਜਾਂ ਦੱਬਵੇਂ ਰੂਪ ਚ ਕਰਨ ਦਾ ਸਿੱਧਾ ਤੇ ਸਪਸਟ ਮਤਲਬ ਇਹ ਹੈ ਕਿ ਬਹੁ ਗਿਣਤੀ ਵਿੱਚ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਭਾਰਤੀ ਲੋਕ ਵੀ ਭਾਰਤੀ ਜਨਤਾ ਪਾਰਟੀ ਦੇ ਫਿਰਕਾਪ੍ਰਸਤੀ ਨਾਲ ਲਬਰੇਜ ਰਾਸ਼ਟਰਵਾਦ ਦੇ ਬਹਿਕਾਵੇ ਵਿੱਚ ਆ ਚੁੱਕੇ ਹਨ,ਜਿਸ ਕਰਕੇ ਉਹਨਾਂ ਨੂੰ ਅਪਣੇ ਤੋ ਸਿਵਾਏ ਭਾਰਤ ਦੀਆਂ ਹੋਰ ਦੂਸਰੀਆਂ ਕੌਂਮਾਂ,ਫਿਰਕਿਆਂ ਦੇ ਹੱਕਾਂ ਹਕੂਕਾਂ ਨਾਲ ਕੋਈ ਸਰੋਕਾਰ ਨਹੀ ਰਿਹਾ ਹੈ।ਜੇਕਰ ਗੱਲ ਸਿੱਖ ਹਕੂਕਾਂ ਦੀ ਕੀਤੀ ਜਾਵੇ ਤਾਂ ਏਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਹੜੀ ਕੌਂਮ ਦੂਸਰਿਆਂ ਦੇ ਅਧਿਕਾਰਾਂ ਖਾਤਰ ਲੜਨ ਮਰਨ ਤੋ ਵੀ ਸੰਕੋਚ ਨਹੀ ਕਰਦੀ,ਅੱਜ ਉਹ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਲੈਣ ਵਿੱਚ ਨਾਕਾਮ ਕਿਉਂ ਹੈ,ਕਿਉ ਸਿੱਖ ਹਿਤਾਂ ਲਈ ਲੜਨ ਵਾਲੇ ਸਿੱਖ ਨੌਜਵਾਨ ਅਪਣੀਆਂ ਸਜ਼ਾਵਾਂ ਕੱਟਣ ਤੋ ਬਾਅਦ ਜੇਲਾਂ ਵਿੱਚ ਹੀ ਬਿਰਧ ਹੋ ਗਏ ਹਨ, ਇਹ ਸੁਆਲ ਦਾ ਸਾਦਾ ਤੇ ਸਰਲ ਜਵਾਬ ਕੱਟੜਵਾਦੀ ਫਿਰਕੂ ਸੋਚ ਦਾ ਕੇਂਦਰ ਦੀ ਸੱਤਾ ਤੇ ਭਾਰੂ ਪੈ ਜਾਣਾ ਹੀ ਹੈ।ਜਿਸਤਰਾਂ ਭਾਰਤੀ ਮੀਡੀਏ ਵੱਲੋਂ ਦੇਸ਼ ਦੀਆਂ ਘੱਟ ਗਿਣਤੀਆਂ ਨਾਲ ਹਕੂਮਤ ਵੱਲੋਂ ਕੀਤੀ ਜਾਂਦੀ ਵਿਤਕਰੇਵਾਜੀ ਅਤੇ ਧੱਕੇਸ਼ਾਹੀਆਂ ਸਬੰਧੀ ਖਬਰਾਂ ਦੇਣ ਦੀ ਵਜਾਏ ਗੈਰ ਹਿਦੂਆਂ ਪ੍ਰਤੀ ਅੱਗ ਉਗਲਦੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕਾਂ,ਪਾਰਲੀਮੈਂਟ ਮੈਬਰਾਂ ਅਤੇ ਰਾਸ਼ਟਰੀ ਨੇਤਾਵਾਂ ਦੇ ਬਿਆਨਾਂ ਨੂੰ ਪਰਮੁੱਖਤਾ ਦੇਣ ਵਿੱਚ ਹੀ ਸੱਚੀ ਰਾਸ਼ਟਰ ਭਗਤੀ ਮੰਨੀ ਜਾ ਰਹੀ ਹੈ,ਇਹ ਵਰਤਾਰਾ ਵੀ ਮਾਨਵਤਾ ਲਈ ਬੇਹੱਦ ਘਾਤਕ ਸਿੱਧ ਹੋ ਰਿਹਾ ਹੈ।ਇਹ ਇਸ ਅਖੌਤੀ ਰਾਂਸਟਰ ਭਗਤੀ ਦਾ ਹੀ ਨਤੀਜਾ ਹੈ ਕਿ ਜਦੋ ਅੰਨਾ ਹਜਾਰੇ ਨੇ ਕੇਂਦਰ ਕਾਂਗਰਸ ਸਰਕਾਰ ਦੇ ਖਿਲਾਫ ਮੋਰਚਾ ਖੋਲਿਆ ਤਾਂ ਭਾਰਤੀ ਮੀਡੀਆ ਪੱਬਾਂ ਭਾਰ ਹੋ ਕੇ ਅੰਨਾ ਦੇ ਅੰਦੋਲਨ ਦੀ ਕਬਰੇਜ ਕਰਦਾ ਰਿਹਾ,ਪ੍ਰੰਤੂ ਜਦੋ 2014 ਵਿੱਚ ਬੰਦੀ ਸਿੱਖਾਂ ਦੀ ਰਿਹਾਈ ਲਈ ਗੁਰਬਖਸ ਸਿੰਘ ਨੇ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋ ਭੁੱਖ ਹੜਤਾਲ ਰੱਖ ਕੇ ਮੋਰਚਾ ਅਰੰਭ ਕੀਤਾ ਤਾਂ ਕਿਸੇ ਵੀ ਰਾਸ਼ਟਰੀ ਚੈਨਲ ਨੇ ਇਸ ਸਮਘਰਸ਼ ਦੀ ਕਬਰੇਜ ਇਸ ਕਰਕੇ ਨਹੀ ਕੀਤੀ,ਕਿਉਕਿ ਇਹ ਸੰਘਰਸ਼ ਸਿੱਖ ਹਿਤਾਂ ਦੀ ਗੱਲ ਕਰਦਾ ਸੀ।ਏਸੇ ਤਰਾਂ ਹੋਰ ਵੀ ਜਿੰਨੇ ਸਿੱਖ ਸੰਘਰਸ਼ ਪੰਜਾਬ ਤੋ ਹੋਏ ਜਾਂ ਮੌਜੂਦਾ ਸਮੇ ਵੀ ਹੋ ਰਹੇ ਹਨ,ਉਹਨਾਂ ਦੀ ਰਾਸ਼ਟਰੀ ਮੀਡੀਏ ਵਿੱਚ ਇੱਕ ਵੀ ਖਬਰ ਨਹੀ ਮਿਲੇਗੀ,ਜਦੋ ਕਿ ਮੋਦੀ ਵੱਲੋਂ ਕਸ਼ਮੀਰੀਆਂ ਦੇ ਮੁਢਲੇ ਅਧਿਕਾਰਾਂ ਦੇ ਕੀਤੇ ਘਾਣ ਨੂੰ ਵੀ ਭਾਰਤੀ ਮੀਡੀਆ ਬਹੁਤ ਵੱਡੀ ਪਰਾਪਤੀ ਵਜੋਂ ਪੇਸ ਕਰਦਾ ਆ ਰਿਹਾ ਹੈ।ਹੁਣ ਜਦੋ ਕਸ਼ਮੀਰੀ ਪਿਛਲੇ 123 ਦਿਨਾਂ ਤੋਂ ਲਗਾਤਾਰ ਘਰਾਂ ਵਿੱਚ ਤਾੜੇ ਹੋਏ ਹਨ ਤੇ ਅਣਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਹਨ,ਤਾਂ ਉਸ ਦੀ ਇੱਕ ਨਿੱਕੀ ਜਿਹੀ ਖਬਰ ਦੇਣੀ ਵੀ ਭਾਰਤੀ ਮੀਡੀਆ ਮੁਨਾਸਿਬ ਨਹੀ ਸਮਝਦਾ।ਏਸੇ ਤਰਾਂ ਦਾ ਰੋਲ ਭਾਰਤੀ ਮੀਡੀਏ ਦਾ ਸਿੱਖਾਂ ਅਤੇ ਦਲਿਤਾਂ ਪ੍ਰਤੀ ਵੀ ਹੁੰਦਾ ਹੈ। ਸੋ ਜਿੱਥੇ ਮਨੁੱਖੀ ਅਧਿਕਾਰਾਂ ਨੂੰ ਧਰਮਾਂ ਦੀ ਬਲਗਣ ਵਿੱਚ ਕੈਦ ਕਰਕੇ ਰੱਖਣ ਦੀ ਪਰੰਪਰਾ ਬਣ ਗਈ ਹੋਵੇ,ਓਥੇ ਅਜਿਹੇ ਦਿਨਾਂ ਦੇ ਮਨਾਏ ਜਾਣ ਦੀ ਸਾਰਥਿਕਤਾ ਤਰਕਹੀਣ ਹੋ ਜਾਂਦੀ ਹੈ,ਪ੍ਰੰਤੂ ਇਸ ਦੇ ਬਾਵਜੂਦ ਵੀ ਇਸ ਵਿਸ਼ਵ ਪੱਧਰੀ ਅਧਿਕਾਰ ਦਿਵਸ ਮੌਕੇ ਜਦੋ ਸੰਸਾਰ ਦੇ ਲੋਕ ਅਪਣੇ ਅਧਿਕਾਰਾਂ ਦੀ ਰਾਖੀ,ਖੁੱਸੇ ਅਧਿਕਾਰਾਂ ਦੀ ਬਹਾਲੀ ਦਾ ਲੇਖਾ ਜੋਖਾ ਕਰਦੇ ਹੋਏ ਭਵਿੱਖ ਦੀਆਂ ਯੋਜਨਾਵਾਂ ਲਈ ਪਰੋਗਰਾਮ ਉਲੀਕਦੇ ਹਨ,ਤਾਂ ਸਿੱਖਾਂ ਨੂੰ ਵੀ ਇਸ ਦਿਨ ਅਪਣੇ ਖੁੱਸੇ ਅਧਿਕਾਰਾਂ ਦੀ ਬਹਾਲੀ ਲਈ ਅਹਿਦ ਕਰਨ ਦੇ ਨਾਲ ਸਾਹਿਬ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਦੇ ਸ਼ਹੀਦੀ ਦਿਨ ਨੂੰ ਵਿਸ਼ਵ ਮਨੁੱਖੀ ਅਧਿਕਾਰ ਦਿਵਸ ਵਜੋਂ ਮਾਨਤਾ ਦਿਵਾਉਣ ਦੇ ਯਤਨ ਕਰਨੇ ਚਾਹੀਦੇ ਹਨ।

ਬਘੇਲ ਸਿੰਘ ਧਾਲੀਵਾਲ
99142-58142

ਜਾਤ ਪਾਤ ਤੇ ਨਸਲੀ ਭਿੰਨ ਭੇਦ ਨੂੰ ਸਿੱਖ ਫਲਸਫਾ ਮੂਲੋਂ ਹੀ ਰੱਦ ਕਰਦਾ ਹੈ - ਬਘੇਲ ਸਿੰਘ ਧਾਲੀਵਾਲ

 ਅਜੋਕਾ ਵਰਤਾਰਾ ਸਰਮਾਏਦਾਰ ਜਮਾਤ ਦੇ ਸਿੱਖ ਸੰਸਥਾਵਾਂ ਤੇ ਕਾਬਜ ਹੋਣ ਦਾ ਨਤੀਜਾ
ਸਿੱਖ ਧਰਮ ਦੀ ਬੁਨਿਆਦ ਬਰਾਬਰਤਾ ਦੇ ਸਿਧਾਂਤ ਤੇ ਟਿਕੀ ਹੋਈ ਹੈ, ਸਰਬ ਸਾਂਝੀਵਾਲਤਾ ਤੇ ਟਿਕੀ ਹੋਈ ਹੈ, ਜਿਸ ਵਿੱਚ ਸਮੁੱਚੀ ਮਾਨਵਤਾ ਦੀ ਗੱਲ ਹੈ ਤੇ ਊਚ ਨੀਚ ਨੂੰ ਕੋਈ ਥਾਂ ਨਹੀ ਹੈ।ਪੰਦਰਵੀਂ ਸਦੀ ਵਿੱਚ ਗੁਰੂ ਨਾਨਕ ਸਾਹਿਬ ਨੇ ਜਦੋ ਅਪਣੇ ਆਲੇ ਦੁਆਲੇ ਫੈਲੇ ਊਚ ਨੀਚ, ਵਿਪਰਵਾਦ, ਜਾਤੀਵਾਦ, ਪਖੰਡਵਾਦ, ਕਰਮਕਾਂਡ ਦੇ ਧੁੰਦੂਕਾਰੇ ਨੂੰ ਮਹਿਸੂਸ ਕੀਤਾ, ਅਤੇ ਹਕੂਮਤੀ ਜਬਰ ਜੁਲਮ, ਅੱਤਿਆਚਾਰ ਦਾ ਨੰਗਾ ਨਾਚ ਦੇਖਿਆ, ਤਾਂ ਉਹਨਾਂ ਊਚ ਨੀਚ ਰਹਿਤ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ।ਉਹਨਾਂ ਨੇ ਇਸ ਪਖੰਡਵਾਦੀ ਸਿਸਟਮ ਦੇ ਖਿਲਾਫ ਬਗਾਬਤ ਵਾਲਾ ਪਹਿਲਾ ਕਦਮ ਅਪਣੇ ਘਰ, ਤੋ ਉਦੋਂ ਚੁੱਕਿਆ, ਜਦੋ ਉਹਨਾਂ ਨੇ ਪੰਡਤ ਨੂੰ ਜਨਿਊ ਧਾਰਨ ਕਰਨ ਤੋਂ ਕੋਰਾ ਅਤੇ ਬਾਦਲੀਲ ਜਵਾਬ ਦੇ ਦਿੱਤਾ। ਗੁਰੂ ਨਾਨਕ ਸਾਹਿਬ ਨੇ ਜਿੱਥੇ ਸਮਾਜਿਕ ਪੱਧਰ ਤੇ ਫੈਲੇ ਨਾਬਰਾਬਰੀ ਦੇ ਕੋਹੜ ਨੂੰ ਦੂਰ ਕਰਨ ਦਾ ਹੋਕਾ ਦਿੱਤਾ, ਤੇ ਹਰ ਤਰਾਂ ਦੀ ਨਾਬਰਾਬਰੀ, ਊਚ ਨੀਚ, ਜਿਸ ਵਿੱਚ ਜਾਤੀਵਾਦੀ ਪ੍ਰਥਾ ਅਤੇ ਔਰਤ ਜਾਤੀ ਦੀ ਦੁਰਦਸ਼ਾ ਸ਼ਾਮਿਲ ਹੈ, ਦੇ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਦੀ ਜੁੰਮੇਵਾਰੀ ਅਪਣੇ ਸਿਰ ਲੈ ਲਈ, ਓਥੇ ਸਮੇ ਦੀਆਂ ਹਕੂਮਤਾਂ ਦੇ ਜਬਰ ਜੁਲਮ ਖਿਲਾਫ ਵੀ ਓਨੀ ਉੱਚੀ ਤੇ ਗਰਜ਼ਵੀਂ ਸੁਰ ਵਿੱਚ ਬਾਬਰ ਨੂੰ ਜਾਬਰ ਕਹਿਕੇ ਬੇਖ਼ੌਫ ਅਵਾਜ ਬੁਲੰਦ ਕੀਤੀ।।ਉਹਨਾਂ ਨੇ ਅਪਣੇ ਇਸ ਲੋਕ ਹਿਤੂ ਕਾਰਜ ਵਿੱਚ ਜਾਤਾਂ ਧਰਮਾਂ ਦੀਆਂ ਹੱਦਾਂ, ਬਲਗਣਾਂ ਪਾਰ ਕਰਦਿਆਂ ਮਰਦਾਨੇ ਨਾਮ ਦੇ ਇੱਕ ਨੀਵੀਂ ਜਾਤ ਦੇ ਮੁਸਲਮਾਨ ਨੂੰ ਅਪਣਾ ਸਾਥੀ ਬਣਾ ਕੇ ਬਿਗੜ ਚੁੱਕੇ ਸਮਾਜ ਅਤੇ ਸਿਸਟਮ ਨੂੰ ਬਰਾਬਰਤਾ ਦੀ ਲੜਾਈ ਦਾ ਸਪੱਸਟ ਸੁਨੇਹਾ ਦਿੱਤਾ, ਤਾਂ ਕਿ ਕਿਸੇ ਨੂੰ ਗੁਰੂ ਨਾਨਕ ਦੇ ਮਿਸ਼ਨ ਪ੍ਰਤੀ ਕੋਈ ਭਰਮ ਭੁਲੇਖਾ ਨਾ ਰਹੇ।ਜਿੰਨੀ ਦੇਰ ਮਰਦਾਨਾ ਜੀਵਿਆ, ਉਹ ਗੁਰੂ ਨਾਨਕ ਸਾਹਿਬ ਦੇ ਸੰਗ ਰਿਹਾ ਤੇ ਜਦੋ ਉਹਨਾਂ ਨੇ ਸ਼ਰੀਰ ਤਿਆਗ ਦਿੱਤਾ ਤਾਂ ਗੁਰੂ ਨਾਨਕ ਸਾਹਿਬ ਨੇ ਵੀ ਅਪਣਾ ਦੁਨੀਆਂ ਭਰਮਣ ਦਾ ਕਾਰਜ ਸਮੇਟ ਕੇ ਸ੍ਰੀ ਕਰਤਾਰਪੁਰ ਸਾਹਿਬ ਆ ਡੇਰੇ ਲਾ ਲਏ, ਜਿੱਥੇ ਉਹਨਾਂ ਜਿੰਦਗੀ ਦੇ ਅਖੀਰਲੇ 18 ਸਾਲ ਗੁਜਾਰੇ ਤੇ ਹੱਥੀਂ ਖੇਤੀ ਕਰਕੇ ਕਿਰਤ ਦੇ ਸਿਧਾਂਤ ਨੂੰ ਪਕੇਰਾ ਕੀਤਾ।ਬਾਬੇ ਨਾਨਕ ਸਾਹਿਬ ਦੇ “ਨੀਚਾਂ ਅੰਦਰ ਨੀਚ ਜਾਂਤਿ”, ਅਤੇ “ਨਾ ਹਮ ਹਿੰਦੂ ਨਾ ਮੁਸਲਮਾਨ” ਵਰਗੇ ਗਰਜਵੇਂ ਹੋਕੇ ਅਤੇ ਇੱਕ ਨੀਵੀਂ ਜਾਤ ਦੇ ਮੁਸਲਮਾਨ ਮਰਦਾਨੇ ਦੀ ਸਾਂਝ ਵਾਲੀ ਉੱਚੀ ਸੁੱਚੀ ਸੋਚ ਨੂੰ ਉਹਨਾਂ ਤੋ ਪਿਛਲੇ ਨੌਂ ਗੁਰੂਆਂ ਨੇ ਚੇਤਿਆਂ ਚ ਵਸਾ ਕੇ ਰੱਖਿਆ।ਇਹ ਗੁਰੂ ਨਾਨਕ  ਸਾਹਿਬ ਦੀ ਪਾਈ ਸਾਂਝ ਦਾ ਹੀ ਕੌਤਕ ਸੀ ਕਿ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਸਾਹਿਬ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਇੱਕ ਮੁਸਲਮਾਨ ਫਕੀਰ ਤੋਂ ਰਖਵਾ ਕੇ ਗੁਰੂ ਨਾਨਕ ਸਾਹਿਬ ਦੇ ਬਰਾਬਰਤਾ ਦੇ ਸੰਕਲਪ ਨੂੰ ਹੋਰ ਪ੍ਰਪੱਕ ਤੇ ਦ੍ਰਿੜ ਕੀਤਾ।ਇਸ ਮਾਨਵਤਾਵਾਦੀ ਪੰਥ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਨੇ ਉਦੋਂ ਹੋਰ ਮਜਬੂਤ ਤੇ ਅਜਿੱਤ ਕੌਂਮ ਵਜੋਂ ਸੰਪੂਰਨ ਕਰ ਦਿੱਤਾ , ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਉੱਚ ਜਾਤੀਏ ਸਮਾਜ ਦੀਆਂ ਨਜਰਾਂ ਵਿੱਚ ਨਪੀੜੇ, ਲਿਤਾੜੇ, ਨਿਤਾਣੇ ਤੇ ਨੀਚ ਸਮਝੇ ਜਾਂਦੇ ਲੋਕਾਂ ਨੂੰ ਸਿਰਦਾਰੀਆਂ  ਬਖ਼ਸ ਦਿੱਤੀਆਂ। ਸੰਪੂਰਨ ਹੋਈ ਇਸ ਨਵੇਕਲੀ ਤੇ ਨਿਆਰੀ ਕੌਂਮ ਨੇ ਗੁਰੂ ਦੇ ਮਾਰਗ ਤੇ ਚੱਲ ਕੇ ਸਫਲਤਾ ਦੇ ਅਜਿਹੇ ਝੰਡੇ ਗੱਡੇ ਕਿ ਹਰ ਪਾਸੇ ਖਾਲਸੇ ਦੇ ਬੋਲ ਬਾਲੇ ਹੋ ਗਏ।ਜਾਤਾਂ ਪਾਤਾਂ ਨੂੰ ਛੱਡ ਕੇ ਸਿਰਦਾਰ ਬਣੇ ਸਿੱਖ ਯੋਧੇ ਜਰਨੈਲਾਂ ਨੇ ਵੱਡੇ ਵੱਡੇ ਤਖਤਾਂ ਨੂੰ ਕਦਮਾਂ ਚ ਸੁੱਟ ਲਿਆ, ਲਿਹਾਜਾ ਦਿੱਲੀ ਦਰਬਾਰ ਖਾਲਸੇ ਦਾ ਮੁਥਾਜ ਹੋ ਕੇ ਰਹਿ ਗਿਆ।ਸ਼ੇਰ ਏ ਪੰਜਾਬ ਮਹਾਰਾਜ ਰਣਜੀਤ ਸਿੰਘ ਦੇ ਵਿਸ਼ਾਲ ਖਾਲਸਾ ਰਾਜ ਦੀ ਸਥਾਪਤੀ ਦਾ ਰਾਜ ਵੀ ਇਹ ਜਾਤ ਪਾਤ ਰਹਿਤ ਖਾਲਸਾ ਫੌਜ ਦੀ ਸਿਦਕ ਦਿਲੀ ਨੂੰ ਹੀ ਸਮਝਣਾ ਹੋਵੇਗਾ, ਜਿਹੜੀ ਗੁਰੂ ਦੀ ਸਿੱਖੀ ਨੂੰ ਗੁਰੂ ਦੀ ਅਮਾਨਤ ਸਮਝ, ਸ੍ਰੀ ਗੁਰੂ ਗਰੰਥ ਸਾਹਿਬ ਜੀ ਤੋ ਓਟ ਆਸਰਾ ਲੈ ਕੇ ਅਪਣੇ ਹਲੇਮੀ ਰਾਜ ਦੀ ਵਿਸ਼ਾਲਤਾ ਲਈ ਜੂਝਦੀ ਰਹੀ, ਪਰੰਤੂ ਜਦੋ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋ ਬਾਅਦ ਡੋਗਰਿਆਂ ਨਾਲ ਮਿਲ ਕੇ ਅੰਗਰੇਜਾਂ ਨੇ ਖਾਲਸਾ ਰਾਜ ਤੇ ਕਬਜਾ ਕੀਤਾ, ਤਾਂ ਸਭ ਤੋ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਦੋਫਾੜ ਕੀਤਾ।ਗੁਰਦੁਆਰਾ ਪਰਬੰਧ ਤੇ ਮਹੰਤ ਕਾਬਜ ਕਰਵਾਏ, ਜਿੰਨਾਂ ਨੇ ਗੁਰਦੁਆਰਿਆਂ ਅੰਦਰ ਸਿੱਖ ਮਰਿਯਾਦਾ ਚ ਬ੍ਰਾਂਹਮਣੀ ਕਰਮਕਾਂਡ ਰਲਗੱਡ ਕਰਕੇ ਸਿਧਾਂਤ ਨੂੰ ਵੱਡਾ ਖੋਰਾ ਲਾਇਆ।ਇਹ ਉਹ ਸਮਾ ਸੀ, ਜਦੋਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਝੁਕਾਅ ਗੁ੍ਰੂ ਦੀ ਵਿਚਾਰਧਾਰਾ ਤੋਂ ਹੱਟ ਕੇ ਮੁੜ ਬ੍ਰਾਂਹਮਣੀ ਕਰਮਕਾਂਡਾਂ ਵੱਲ ਹੋ ਗਿਆ।ਸਿੱਖਾਂ ਅੰਦਰ ਮੁੜ ਜਾਤ ਪਾਤ ਦਾ ਬੋਲ ਬਾਲਾ ਹੋ ਗਿਆ।ਸਚਾਈ ਇਹ ਹੈ ਕਿ ਅਜੋਕੇ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਸਮਾਜਿਕ ਹਾਲਾਤ ਮੁੜ ਪੰਦਰਵੀਂ ਸਦੀ ਵਾਲੇ ਬਣ ਗਏ।ਸਿੱਖੀ ਸਿਧਾਂਤਾਂ ਨੂੰ ਜਾਤ ਪਾਤ, ਕਰਮਕਾਂਡ, ਵਿਪਰਵਾਦ ਅਤੇ ਭਿੰਨ ਭੇਦ ਵਿੱਚ ਰਲਗੱਡ ਕਰ ਦਿੱਤਾ ਗਿਆ ਹੈ, ਜਿਸ ਦੇ ਫਲਸਰੂਪ ਅੱਜ ਪੰਜਾਬ ਅੰਦਰ ਵੀ ਜਾਤ ਪਾਤ ਤੇ ਅਧਾਰਤ ਲੜਾਈਆਂ ਸਾਹਮਣੇ ਆ ਰਹੀਆਂ ਹਨ, ਬੀਤੇ ਦਿਨੀ ਸੰਗਰੂਰ ਜਿਲ੍ਹੇ ਦੇ ਇੱਕ ਪਿੰਡ ਚੰਗਾਲੀਵਾਲਾ ਵਿੱਚ ਵਾਪਰੀ ਹਿਰਦੇਵੇਧਿਕ ਮੰਦਭਾਗੀ ਘਟਨਾ ਨੇ ਜਿੱਥੇ ਹਰ ਇਨਸਾਨੀ ਰੂਹ ਨੂੰ ਝੰਜੋੜਿਆ ਹੈ, ਓਥੇ, ਸਿੱਖ ਪੰਥ ਅਤੇ ਕੌਂਮ ਅੰਦਰ ਆ ਰਹੇ ਸਿਧਾਂਤਕ ਨਿਘਾਰ ਪ੍ਰਤੀ ਸੰਜੀਦਾ ਹੋਣ ਲਈ ਸੁਚੇਤ ਵੀ ਕੀਤਾ ਹੈ।ਦੇਸ਼ ਦੇ ਮੌਜੂਦਾ ਹਾਲਾਤ ਤਾਂ ਇਹ ਮੰਗ ਕਰਦੇ ਹਨ ਕਿ ਸਮੁੱਚੀਆਂ ਘੱਟ ਗਿਣਤੀਆਂ, ਸਿੱਖ ਅਤੇ ਦੇਸ਼ ਦੇ ਸਮੁੱਚੇ ਦਲਿਤ ਸਮਾਜ ਨੂੰ ਇਕੱਠੇ ਹੋ ਕੇ ਚੱਲਣਾ ਹੋਵੇਗਾ, ਫਿਰ ਹੀ ਫਿਰਕਾਪ੍ਰਸਤ ਤਾਕਤਾਂ ਦਾ ਟਾਕਰਾ ਕੀਤਾ ਜਾ ਸਕੇਗਾ, ਪ੍ਰੰਤ ਸਿੱਖ ਦੂਜੀਆਂ ਕੌਂਮਾਂ ਨੂੰ ਨਾਲ ਲੈ ਕੇ ਚੱਲਣ ਦੀ ਬਜਾਏ ਆਪਸ ਵਿੱਚ ਵੀ ਨਫਰਤ ਦੇ ਬੀਜ ਬੀਜਣ ਲੱਗ ਪਏ ਹਨ, ਜਿਸ ਨਾਲ ਉਹਨਾਂ ਤਾਕਤਾਂ ਨੂੰ ਬਲ ਮਿਲਦਾ ਹੈ, ਜਿਹੜੀਆਂ ਦਲਿਤਾਂ, ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਬੋਧੀਆਂ ਨੂੰ ਖਤਮ ਕਰਨ ਲਈ ਦ੍ਰਿੜ ਸੰਕਲਪ ਹਨ।ਜੇਕਰ ਘੁਰਬਾਣੀ ਦੇ ਫਲਸਫੇ ਨੂੰ ਸਮਝਣ ਦੇ ਯਤਨ ਕੀਤੇ ਜਾਣ, ਜੇਕਰ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਾਲਸਾ ਸਾਜਨਾ ਦੀ ਦੂਰਅੰਦੇਸੀ ਸੋਚ ਨੂੰ ਸਮਝਿਆ ਜਾਵੇ, ਵਿਚਾਰਿਆ ਜਾਵੇ ਤਾਂ ਦਲਿਤ ਸਮਾਜ ਅਤੇ ਸਿੱਖਾਂ ਨੂੰ ਵੱਖ ਕਰਕੇ ਦੇਖਿਆ ਹੀ ਨਹੀ ਜਾ ਸਕੇਗਾ।ਜਿਸ ਕੌਂਮ ਦੀ ਬੁਨਿਆਦ ਨੀਚਾਂ ਅੰਦਰ ਨੀਚ ਜਾਤਿ ਦੇ ਫਲਸਫੇ ਤੇ ਟਿਕੀ ਹੋਵੇ, ਤੇ ਨੀਵੇਂ ਸਮਝੇ ਜਾਂਦੇ ਲੋਕਾਂ ਨੇ ਅਪਣੇ ਗੁਰੂ ਤੋਂ ਮੁਫਤ ਵਿੱਚ ਨਹੀ, ਬਲਕਿ ਸਿਰ ਦੇ ਕੇ ਸਰਦਾਰੀਆਂ ਹਾਸਲ ਕੀਤੀਆਂ ਹੋਣ, ਜੇਕਰ ਅੱਜ ਉਹ ਕੌਂਮ ਦੀ ਹੋਣੀ ਦੇ ਮਾਲਕ ਉਹ ਧਨਾਡ ਸਿੱਖ ਬਣ ਜਾਣ ਜਿੰਨਾਂ ਦਾ ਸਿੱਖੀ ਸਿਧਾਤਾਂ ਨਾਲ ਦੂਰ ਦਾ ਵੀ ਵਾਸਤਾ ਨਾ ਹੋਵੇ ਤੇ ਉਹ ਕੌਂਮ ਨੂੰ ਮੁੜ ਨਾਗਪੁਰ ਦੇ ਝਾਂਸੇ ਵਿੱਚ ਫਸਾ ਕੇ ਮੰਨੂਵਾਦ ਦੇ ਜਾਤੀਵਾਦੀ ਕੋਹੜ ਦੀ ਮਰੀਜ ਬਨਾਉਣ ਚ ਸਫਲ ਹੋ ਰਿਹਾ ਹੋਵੇ , ਤਾਂ ਉਸ ਸਰਬੰਸਦਾਨੀ ਦੀ ਰੂਹ ਜਰੂਰ ਕੁਰਲਾਉਂਦੀ ਹੋਵੇਗੀ ਦਸਵੇਂ ਪਾਤਸ਼ਾਹ ਦਾ ਸਰਬੰਸ ਵਾਰ ਕੇ ਅਜਿਹੇ ਪੰਥ ਨੂੰ ਜਿਉਂਦਾ ਰੱਖਣ ਦਾ ਕੀ ਫਾਇਦਾ, ਜਿਹੜਾ ਦਿਖਾਵਾ ਤਾਂ ਗੁਰੂ ਦੀ ਸਿੱਖੀ ਦਾ ਕਰਦਾ ਹੈ ਤੇ ਆਖੇ ਨਾਗਪੁਰ ਦੇ ਲੱਗਦਾ ਹੈ।ਕੈਸਾ ਇਤਫਾਕ ਹੈ ਕਿ ਕਦੇ ਦੂਜਿਆਂ ਦੇ ਧਰਮ ਅਤੇ ਇੱਜਤਾਂ ਦੀ ਰਾਖੀ ਕਰਨ ਵਾਲੀ ਕੌਂਮ ਨੂੰ ਅੱਜ ਅਪਣੇ ਸਿਧਾਂਤ ਅਤੇ ਅਪਣੀ ਪਛਾਣ, ਅਪਣੀ ਨਿਆਰੀ ਨਿਰਾਲੀ ਹੋਂਦ ਸਲਾਮਤੀ ਦੀ ਲੜਾਈ ਲੜਨੀ ਪੈ ਰਹੀ ਹੈ।ਸੋ ਇਸ ਨਫਰਤ ਭਰੇ ਵਰਤਾਰੇ ਵਾਲੇ ਨਾਜੁਕ ਸਮੇ ਦਾ ਮੁਕਾਬਲਾ ਕਰਨ ਅਤੇ ਮੰਨੂਵਾਦੀ ਤਾਕਤਾਂ ਦੇ ਭੈੜੇ ਮਨਸੂਬਿਆਂ ਨੂੰ ਨਾਕਾਮ ਕਰਨ  ਲਈ ਇਹ ਜਰੂਰੀ ਹੈ ਕਿ ਗੁਰੂ ਦੇ ਸਿਧਾਂਤ ਤੇ ਪਹਿਰਾ  ਦੇ ਕੇ ਸਮੁੱਚੀ ਮਾਨਵਤਾ ਨੂੰ ਕਲਾਵੇ ਚ ਲੈਣ ਦੇ ਸਮਰੱਥ ਸਿੱਖ ਫਲਸਫੇ ਨੂੰ ਇਮਾਨਦਾਰੀ ਨਾਲ ਪਰਚਾਰਿਆ, ਵਿਚਾਰਿਆ ਤੇ ਸਤਿਕਾਰਿਆ ਜਾਵੇ, ਇਹਦੇ ਵਿੱਚ ਹੀ ਸਿੱਖੀ ਸਮੇਤ ਸਮੁੱਚੀ ਮਾਨਵਤਾ ਦੀ ਭਲਾਈ ਹੈ।

   ਬਘੇਲ ਸਿੰਘ ਧਾਲੀਵਾਲ
   99142-58142

ਮਾਮਲਾ ਕਨੇਡਾ ਦੇ ਜਗਮੀਤ ਸਿੰਘ ਪ੍ਰਤੀ ਭਾਰਤੀ ਏਜੰਸੀਆਂ ਦੇ ਵਰਤਾਰੇ ਦਾ - ਬਘੇਲ ਸਿੰਘ ਧਾਲੀਵਾਲ

ਜੇਕਰ 800 ਸਾਲ ਗੁਲਾਮ ਰਹਿਣ ਤੱਕ ਰਾਜ ਭਾਗ ਪਰਾਪਤੀ ਦੀ ਤਾਂਘ ਮਨ ਚ ਜਿਉਂਦੀ ਰਹਿ ਸਕਦੀ ਹੈ, ਤਾਂ ਮਹਿਜ 170 ਸਾਲ ਗੁਲਾਮੀ ਅਜਾਦੀ ਦਾ ਸੁਪਨਾ ਕਿਵੇਂ ਤੋੜ ਸਕਦੀ ਹੈ
ਜਦੋ ਤੋ ਸਿੱਖ ਭਾਈਚਾਰੇ ਨੇ ਬਾਹਰਲੇ ਮੁਲਕਾਂ ਅੰਦਰ ਅਪਣੀ ਸੂਝ ਸਿਆਣਪ ਅਤੇ ਮਿਹਨਤ ਦੇ ਬਲਬੂਤੇ ਤੇ ਸਿੱਖੀ ਦੀ ਚੜਦੀ ਕਲਾ ਦੇ ਝੰਡੇ ਬੁਲੰਦ ਕੀਤੇ ਹੋਏ ਹਨ,ਉਸ ਮੌਕੇ ਤੋ ਹੀ ਭਾਰਤ ਦੀਆਂ ਖੂਫੀਆਂ ਏਜੰਸੀਆਂ ਨੂੰ ਸਿੱਖਾਂ ਤੇ ਗਹਿਰੀ ਨਜਰ ਰੱਖਣ ਦੀਆਂ ਹਦਾਇਤਾਂ ਹਨ,ਜਿਹੜੀਆਂ ਸਿੱਖਾਂ ਦੀ ਹਰ ਹਰਕਤ ਨੂੰ ਨਸਲੀ ਨਜਰੀਏ ਤੋ ਵਾਚਦੀਆਂ ਰਹਿੰਦੀਆਂ ਹਨ।ਸਿੱਖ ਭਾਂਵੇਂ ਸਮਾਜ ਭਲਾਈ ਦੇ ਕੰਮ ਹੀ ਕਿਉਂ ਨਾ ਕਰਦੇ ਹੋਣ,ਉਹਨਾਂ ਦੇ ਕੰਮਾਂ ਨੂੰ ਵੀ ਇੱਕੋ ਨਜਰੀਏ ਨਾਲ ਦੇਖਣਾ ਜਿਵੇਂ ਖੂਫੀਆਂ ਏਜੰਸੀਆਂ ਦੀ ਆਦਤ ਬਣ ਗਈ ਹੈ।ਸੰਸਾਰ ਪੱਧਰ ਤੇ ਮਾਨਵਤਾ ਦੀ ਭਲਾਈ ਲਈ ਪ੍ਰਸਿੱਧੀ ਖੱਟ ਚੁੱਕੀ ਸਿੱਖ ਸੰਸਥਾ ਖਾਲਸਾ ਏਡ ਕਿਸੇ ਜਾਣ ਪਛਾਣ ਦੀ ਮੁਥਾਜ ਨਹੀ।ਉਹਨਾਂ ਦੇ ਕੰਮਾਂ ਦੀ ਦੁਨੀਆਂ ਪੱਧਰ ਤੇ ਹੋ ਰਹੀ ਸ਼ਲਾਘਾ ਕਾਰਨ ਭਾਰਤ ਸਰਕਾਰ ਨੂੰ ਵੀ ਖਾਲਸਾ ਏਡ ਦੇ ਮੁੱਖ ਸੇਵਾਦਾਰ ਭਾਈ ਰਵੀ ਸਿੰਘ ਖਾਲਸਾ ਨੂੰ ਪੁਰਸ਼ਕਾਰ ਦੇਣ ਦੀ ਪੇਸ਼ਕਸ ਕਰਨੀ ਪਈ,ਪ੍ਰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਭਾਈ ਰਵੀ ਸਿੰਘ ਖਾਲਸਾ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।ਸੋ ਰਵੀ ਸਿੰਘ ਖਾਲਸਾ ਵੱਲੋਂ ਦਿੱਤਾ ਗਿਆ ਇਹ ਜਵਾਬ ਅਪਣੇ ਅੰਦਰ ਬਹੁਤ ਵੱਡਾ ਦਰਦ ਤੇ ਰੋਸ ਸਮੋਈ ਬੈਠਾ ਹੈ, ਜਿਸਨੂੰ ਹਮਦਰਦੀ ਨਾਲ ਸਮਝਣ ਦੀ ਲੋੜ ਸੀ ਪ੍ਰੰਤੂ ਇੱਥੇ ਅਜਿਹੀ ਰਵਾਇਤ ਨਹੀ ਹੈ,ਇਸ ਲਈ ਰਵੀ ਸਿੰਘ ਖਾਲਸਾ ਇਸ ਜਵਾਬ ਬਦਲੇ ਭਾਰਤੀ ਏਜੰਸੀਆਂ ਲਈ ਦੇਸ਼ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਿਲ ਵਿਅਕਤੀ ਬਣ ਜਾਂਦਾ ਹੈ।ਬੇਸ਼ੱਕ ਭਾਰਤ ਦੇ ਵੱਖ ਵੱਖ ਸੂਬਿਆਂ ਅੰਦਰ ਵੀ ਕੁਦਰਤੀ ਕਰੋਪੀ ਦੌਰਾਨ ਖਾਲਸਾ ਏਡ ਦਾ ਕੰਮ ਜਿਕਰਯੋਗ ਰਿਹਾ ਹੈ। ਉਹ ਵੱਖਰੀ ਗੱਲ ਹੈ ਕਿ ਖਾਲਸਾ ਏਡ ਦੀ ਉਹਨਾਂ ਦੇ ਬਗੈਰ ਕਿਸੇ ਨਸਲੀ ਭਿੰਨ ਭੇਦ ਅਤੇ ਵਿਤਕਰੇ ਤੋ ਕੀਤੇ ਜਾ ਰਹੇ ਸਮਾਜ ਭਲਾਈ ਦੇ ਕੰਮਾਂ ਕਰਕੇ ਦੁਨੀਆਂ ਪੱਧਰ ਤੇ ਲੋਕ ਪ੍ਰਿਅਤਾ ਹੀ ਐਨੀ ਵਧ ਗਈ ਹੈ,ਜਿਸ ਕਰਕੇ ਕੇਂਦਰ  ਭਾਈ ਰਵੀ ਸਿੰਘ ਖਾਲਸਾ ਦੇ ਖਿਲਾਫ ਕੋਈ ਵੀ ਕਾਰਵਾਈ ਕਰਨ ਤੋਂ ਝਿਜਕਦਾ ਹੈ,ਜਿਸ ਦਿਨ ਵੀ ਉਹਨਾਂ ਨੂੰ ਅਜਿਹੇ ਖਤਰੇ ਤੋ ਕੁੱਝ ਰਾਹਤ ਮਹਿਸੂਸ ਹੋਵੇਗੀ, ਉਸ ਦਿਨ ਹੀ ਖਾਲਸਾ ਏਡ ਦੇ ਕੀਤੇ ਕੰਮ ਸਾਰੇ ਖੂਹ ਖਾਤੇ ਵਿੱਚ ਪੈ ਜਾਣਗੇ,ਕਿਉਕਿ  ਭਾਰਤ ਤੇ ਰਾਜ ਕਰਦੀ ਧਿਰ ਫਿਰਕੂ ਵਿਚਾਰਧਾਰਾ ਵਾਲੀ ਕੱਟੜ ਸੰਸਥਾ ਆਰ ਐਸ ਐਸ ਦਾ ਹੀ ਰਾਜਸੀ ਵਿੰਗ ਹੈ,ਜਿਹੜੀ ਕਿਸੇ ਵੀ ਗੈਰ ਹਿੰਦੂ ਨੂੰ ਨਾਂ ਹੀ ਮੁਲਕ ਵਿੱਚ ਬਰਦਾਸ਼ਤ ਕਰਦੀ ਹੈ,ਨਾਂ ਹੀ ਉਹਨਾਂ ਨੂੰ ਬਾਹਰ ਜਾਕੇ ਤਰੱਕੀ ਕਰਦਿਆਂ ਨੂੰ ਬਰਦਾਸਤ ਕਰ ਸਕਦੀ ਹੈ ਅਤੇ ਨਾਂ ਹੀ ਉਹਨਾਂ ਦਾ ਸਤਿਕਾਰ ਹੀ ਬਰਦਾਸਤ ਹੋ ਸਕਦਾ ਹੈ।ਇੱਥੇ ਇਹ ਦੱਸਣਾ ਜਰੂਰੀ ਬਣ ਜਾਂਦਾ ਹੈ ਕਿ ਭਾਰਤੀ ਖੁਫੀਆਂ ਏਜੰਸੀਆਂ ਵੀ ਆਰ ਐਸ ਐਸ ਦੇ ਨਿਯੰਤਰਣ ਹੇਠ ਕੰਮ ਕਰਦੀਆਂ ਹਨ,ਇਸ ਲਈ ਕੇਂਦਰ ਵਿੱਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ,ਨਿਯੰਤਰਣ ਹਮੇਸਾਂ ਨਾਗਪੁਰ ਕੋਲ ਹੀ ਰਹਿੰਦਾ ਹੈ।ਬੀਤੇ ਦਿਨੀ ਕਨੇਡਾ ਅੰਦਰ ਹੋਈਆਂ ਆਮ ਚੋਣਾਂ ਨੇ ਵੀ ਭਾਰਤੀ ਏਜੰਸੀਆਂ ਸਮੇਤ ਸਮੁੱਚੇ ਤੰਤਰ ਦੀ ਨੀਂਦ ਹਰਾਮ ਕੀਤੀ ਹੋਈ ਹੈ,ਉਸ ਦੀ ਵਜਾਹ,ਕਨੇਡਾ ਦੀ ਸਰਕਾਰ ਬਨਾਉਣ ਵਿੱਚ ਮੁੱਖ ਭੂਮਿਕਾ ਨਿਭਾਉਣ ਦੀ ਚਰਚਾ ਵਿੱਚ ਆਇਆ ਸਿੱਖ ਚਿਹਰਾ ਜਗਮੀਤ ਸਿੰਘ ਹੈ,ਜਿਹੜਾ ਨਿਊ ਡੈਮੋਕਰੈਟਿਕ ਪਾਰਟੀ ਦਾ ਮੁੱਖੀ ਵੀ ਹੈ।ਬੀਤੇ ਕੁੱਝ ਕੁ ਸਮੇ ਤੋ ਜਗਮੀਤ ਸਿੰਘ ਕਨੇਡਾ ਦੇ ਪ੍ਰਧਾਨ ਮੰਤਰੀ ਪਦ ਦੇ ਦਾਵੇਦਾਰ ਵਜੋਂ ਵੀ ਚਰਚਾ ਵਿੱਚ ਰਿਹਾ ਹੈ,ਜਿਸ ਕਰਕੇ ਇਹ ਸਿੱਖ ਚਿਹਰਾ ਭਾਰਤੀ ਤੰਤਰ ਨੂੰ ਬੇਹੱਦ ਦਰਦ ਦੇ ਰਿਹਾ ਹੈ।ਉਸ ਮੌਕੇ ਤੋ ਹੀ ਉਹਦੇ ਖਿਲਾਫ ਗੋਂਦਾਂ ਗੁੰਦਣੀਆਂ ਸ਼ੁਰੂ ਕੀਤੀਆਂ ਹੋਈਆਂ ਹਨ। ਭਾਰਤੀ ਮੀਡੀਏ ਵੱਲੋਂ ਜਗਮੀਤ ਸਿੰਘ ਦੀ ਜਿੱਤ ਤੋ ਬਾਅਦ ਭਾਰਤੀ ਖੁਫੀਆ ਏਜੰਸੀ ਰੀਸਰਚ ਐਂਡ ਅਨੈਲੇਸਿਸ ਵਿੰਗ (ਰਾਅ) ਦੇ ਹਵਾਲੇ ਨਾਲ ਪ੍ਰਕਾਸ਼ਾਿਤ ਕੀਤੀਆਂ ਖਬਰਾਂ ਤੋਂ ਇਹ ਸਪਸਟ ਸਮਝਿਆ ਜਾ ਸਕਦਾ ਹੈ ਕਿ ਭਾਰਤ ਸਰਕਾਰ ਨੂੰ ਜਗਮੀਤ ਸਿੰਘ ਦੀ ਸਫਲਤਾ ਕਿੰਨੀ ਤਕਲੀਫ ਪਹੁੰਚਾ ਰਹੀ ਹੈ,ਜਦੋਂ ਕਿ ਹੋਣਾ ਇਹ ਚਾਹੀਦਾ ਸੀ ਕਿ ਪੂਰੇ ਮੁਲਕ ਵਿੱਚ ਜਗਮੀਤ ਦੀ ਜਿੱਤ ਦੀ ਖੁਸ਼ੀ ਮਨਾਈ ਜਾਂਦੀ,ਕਿਉਂਕਿ ਇੱਕ ਭਾਰਤੀ ਕਿਸੇ ਦੂਜੇ ਵੱਡੇ ਦੇਸ਼ ਦਾ ਮੁਖੀ ਬਨਣ ਦਾ ਦਾਵੇਦਾਰ ਬਣਿਆ ਹੈ,ਪਰ ਇਸ ਦੇ ਉਲਟ ਕੇਂਦਰੀ ਹਕੂਮਤ ਨੇ ਉਸ ਸਿੱਖ ਚਿਹਰੇ ਨੂੰ ਬਹੁਤ ਵੱਡਾ ਅੱਤਵਾਦੀ ਗਰਦਾਨਣ ਵਿੱਚ ਹੀ ਸਾਰੀ ਸਕਤੀ ਝੋਕੀ ਹੋਈ ਹੈ।ਉਹਦੇ ਉੱਪਰ ਦੋਸ਼ ਲਾਏ ਜਾ ਰਹੇ ਹਨ ਕਿ ਜਗਮੀਤ ਸਿੰਘ ਨੇ 2013 ਵਿੱਚ ਕਨੇਡਾ ਦੇ ਅੰਟਾਰੀਓ ਸੂਬੇ ਚ ਖਾਲਿਸਤਾਨ ਸਮੱਰਥਕਾਂ ਦਾ ਇੱਕ ਸੰਮੇਲਨ ਅਯੋਜਿਤ ਕੀਤਾ,2015 ਵਿੱਚ ਅਮਰੀਕਾ ਦੇ ਸਾਨ ਫਰਾਂਸਿਸਕੋ  ਵਿੱਚ ਇੱਕ ਖਾਲਿਸਤਾਨੀ ਰੈਲੀ ਵਿੱਚ ਦਿਖਾਈ ਦਿੱਤਾ ਸੀ, ਅਤੇ 2016 ਵਿੱਚ ਭਾਰਤ ਤੋ ਬਾਹਰ ਅਜਾਦ ਸਿੱਖ ਦੇਸ਼ ਬਨਾਉਣ ਲਈ ਹਿੰਸਾ ਦਾ ਸਮੱਰਥਨ ਕੀਤਾ ਸੀ,ਖੂਫੀਆ ਏਜੰਸੀ ਰਿਸਰਚ ਐਂਡ ਅਨਾਲਿਸਿਸ ਵਿੰਗ(ਰਾਅ) ਦੀ ਇੱਕ ਵਿਸ਼ੇਸ ਰਿਪਰਟ ਦੇ ਅਧਾਰ ਤੇ 2013 ਵਿੱਚ ਜਗਮੀਤ ਸਿੰਘ ਨੂੰ ਉਹਦੇ ਭਾਰਤ ਵਿਰੋਧੀ ਰੁਖ ਦੇ ਕਾਰਨ ਵੀਜਾ ਦੇਣ ਤੋ ਇਨਕਾਰ ਕਰ ਦਿੱਤਾ ਗਿਆ ਸੀ। ਅਜਿਹੇ ਵਰਤਾਰੇ ਕਾਰਨ ਹੀ ਪੰਜਾਬੀਆਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਕਿ ਉਹ ਭਾਰਤੀ ਨਹੀ ਪੰਜਾਬੀ ਹਨ।ਜੇਕਰ ਇਹ ਖੁਫੀਆ ਏਜੰਸੀ ਵੱਲੋਂ ਜਗਮੀਤ ਸਿੰਘ ਤੇ ਲਾਏ ਦੋਸ਼ ਮੰਨ ਵੀ ਲਏ ਜਾਣ,ਤਾਂ ਫਿਰ ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਜਿਸ ਕੌਂਮ ਦਾ ਅਪਣਾ ਵਿਸ਼ਾਲ ਰਾਜ ਭਾਗ ਰਿਹਾ ਹੋਵੇ,ਕੀ ਉਹਨਾਂ ਨੂੰ ਅਪਣੇ ਖੁੱਸੇ ਹੋਏ ਰਾਜ ਭਾਗ ਦੀ ਗੱਲ ਕਰਨ ਦਾ ਵੀ ਅਧਿਕਾਰ ਨਹੀ ਹੈ ? ਜੇਕਰ 800 ਸਾਲ ਗੁਲਾਮ ਰਹਿਣ ਵਾਲੀ ਕੌਂਮ ਅਪਣੇ ਰਾਜ ਭਾਗ ਪਰਾਪਤੀ ਦੀ ਤਾਂਘ ਮਨ ਚ ਵਸਾ ਕੇ ਰੱਖ ਸਕਦੀ ਹੈ,ਤੇ ਰਾਜ ਭਾਗ ਪਰਾਪਤ ਕਰ ਸਕਦੀ ਹੈ , ਤਾਂ ਮਹਿਜ 170 ਸਾਲ ਗੁਲਾਮ ਰਹਿਣ ਵਾਲੀ ਕੌਂਮ ਕਿਵੇਂ ਅਪਣੇ ਮਿਸ਼ਾਲੀ ਖਾਲਸਾ ਰਾਜ ਨੂੰ ਭੁੱਲ ਸਕਦੀ ਹੈ ? ਜਿਸ ਕੌਂਮ ਦੀ ਸਥਾਪਨਾ,ਸਿਰਜਣਾ ਹੀ ਅਜਾਦੀ ਦੇ ਸਿਧਾਂਤ ਚੋ ਹੋਈ ਹੋਵੇ,ਉਹ ਕੌਂਮ ਭਲਾ ਗੁਲਾਮ ਰਹਿਣਾ ਕਿਵੇਂ ਪਸੰਦ ਕਰ ਸਕਦੀ ਹੈ ? ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਕਰਕੇ ਸਮੇ ਦੀ ਹਕੂਮਤ ਨੂੰ ਇਹ ਸਪੱਸਟ ਸੁਨੇਹਾ ਉਸ ਮੌਕੇ ਹੀ ਦੇ ਦਿੱਤਾ ਸੀ ਕਿ ਅੱਜ ਤੋਂ ਬਾਅਦ ਸਿੱਖਾਂ ਨੂੰ ਕੋਈ ਦੁਨਿਆਵੀ ਹਕੂਮਤ ਅਪਣੇ ਜਬਰ ਜੁਲਮ ਨਾਲ ਗੁਲਾਮ ਬਣਾ ਕੇ ਨਹੀ ਰੱਖ ਸਕਦੀ।ਛੇਵੇਂ ਪਾਤਸ਼ਾਹ ਦੇ ਇਸ ਮੀਰੀ ਅਤੇ ਪੀਰੀ ਦੇ ਸਿਧਾਂਤ ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਦੋ ਹੋਰ ਪਰਪੱਕ ਕਰਵਾ ਦਿੱਤਾ ਜਦੋਂ ਉਹਨਾਂ ਨੇ ਗੁਰੂ ਨਾਨਕ ਸਾਹਿਬ ਵੱਲੋਂ ਸਾਜੀ ਸਿੱਖ ਕੌਂਮ ਨੂੰ ਸੰਪੂਰਨਤਾ ਬਖਸ਼ਦਿਆਂ “ਚੂੰ ਕਾਰ ਅਜਾ ਹਮ ਹੀਲਤੇ ਦਰ ਗੁਜ਼ਸਤ,ਹਲਾਲ ਅਸਤ ਬੁਰਦਨ ਬ ਸ਼ਮਸੀਰ ਦਸਤ” ਦੇ ਇੱਕ ਹੋਰ ਜਬਰਦਸਤ ਸਿਧਾਂਤ ਦੀ ਬਖਸ਼ਿਸ਼ ਕੀਤੀ।ਸੋ ਸਿੱਖ ਕੌਂਮ ਤਾਂ ਜਨਮ ਜਾਤ ਹੀ ਅਜਾਦ ਹੈ,ਫਿਰ ਉਹਨਾਂ ਦੀ ਕੋਈ ਅਜਾਦੀ ਖੋਹੇ ਅਤੇ ਖੋਹ ਕੇ ਅਜਾਦੀ ਦੀ ਗੱਲ ਕਰਨ ਤੇ ਵੀ ਪਬੰਦੀ ਲਾਉਣੀ ਚਾਹਵੇ,ਇਹ ਸਿੱਖ ਕੌਂਮ ਨੂੰ ਕਦੇ ਵੀ ਮਨਜੂਰ ਨਹੀ ਹੋਵੇਗਾ।ਸੋ ਹਾਲਾਤਾਂ ਦੇ ਮੱਦੇਨਜਰ ਕਿਹਾ ਜਾ ਸਕਦਾ ਹੈ ਕਿ ਹੁਣ ਲੜਾਈ ਹਥਿਆਰਾਂ ਨਾਲ ਨਹੀ ਬਲਕਿ ਵਿਚਾਰਾਂ ਨਾਲ ਲੜੀ ਜਾਣੀ ਚਾਹੀਦੀ ਹੈ,ਜਿਸ ਨੂੰ ਸਿੱਖ ਕੌਂਮ ਦਾ ਵੱਡਾ ਹਿੱਸਾ ਸਮੇਤ ਖਾਲਿਸਤਾਨੀ ਧਿਰਾਂ ਦੇ ਪਰਵਾਨ ਵੀ ਕਰਦਾ ਹੈ,ਪ੍ਰੰਤੂ ਭਾਰਤੀ ਹਕੂਮਤ ਵੱਲੋਂ ਜਿਸਤਰਾਂ ਘੱਟ ਗਿਣਤੀਆਂ ਦੇ ਮੁਢਲੇ ਹੱਕ ਖੋਹੇ ਜਾ ਰਹੇ ਹਨ,ਉਹਦੇ ਤੋਂ ਸਾਫ ਝਲਕਦਾ ਹੈ ਕਿ ਭਾਰਤ ਦੀ ਮੁਤੱਸਬੀ ਸੋਚ ਨੂੰ ਪ੍ਰਨਾਈ ਹਕੂਮਤ ਘੱਟ ਗਿਣਤੀਆਂ ਭਾਵ ਗੈਰ ਹਿੰਦੂਆਂ ਨੂੰ ਨਾ ਹੀ ਭਾਰਤ ਅੰਦਰ ਪਹਿਲੇ ਦਰਜੇ ਦੇ ਸਹਿਰੀ ਵਜੋਂ ਪ੍ਰਵਾਂਨ ਕਰਦੀ ਹੈ ਅਤੇ ਨਾ ਹੀ ਭਾਰਤ ਤੋ ਬਾਹਰ ਬੈਠੇ ਸਿੱਖਾਂ ਦੀ ਅਪਣੀ ਸੂਝ ਬੂਝ ਅਤੇ ਮਿਹਨਤ ਨਾਲ ਕੀਤੀ ਤਰੱਕੀ ਹੀ ਉਹਦੇ ਰਾਸ ਆਉਂਦੀ ਹੈ ਅਤੇ ਨਾਂ ਹੀ ਉਹਨਾਂ ਵੱਲੋਂ ਕੀਤੀ ਜਾਂਦੀ ਅਜਾਦੀ ਦੀ ਗੱਲ ਨੂੰ ਬਰਦਾਸਤ ਕਰਨ ਨੂੰ ਤਿਆਰ ਹੈ।ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿੱਚ ਹਾਜਰ ਹੋ ਕੇ ਦੁਨੀਆਂ ਨੂੰ ਸਿੱਖ ਹਿਤੈਸੀ ਹੋਣ ਦਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਦੂਜੇ ਪਾਸੇ ਬਾਹਰਲੇ ਮੁਲਕਾਂ ਵਿੱਚ ਚੜਦੀ ਕਲਾ ਦੇ ਝੰਡੇ ਬੁਲੰਦ ਕਰ ਰਹੇ ਸਿੱਖਾਂ ਨੂੰ ਭਾਰਤ ਵਿਰੋਧੀ ਗਰਦਾਨਕੇ ਉਹਨਾਂ ਤੇ ਮੁਲਕ ਵਿੱਚ ਆਉਣ ਤੇ ਪਬੰਦੀਆਂ ਲਾਈਆਂ ਜਾ ਰਹੀਆਂ ਹਨ।ਸੋ ਜੇਕਰ ਸੱਚਮੁੱਚ ਹੀ ਕੇਂਦਰ ਸਰਕਾਰ ਸ੍ਰੀ ਗੁਰੂ ਨਾਨਕ ਸਾਹਿਬ ਦੀ ਸੋਚ ਨੂੰ ਸਿਜਦਾ ਕਰਦੀ ਹੈ,ਤਾਂ ਉਹਨਾਂ ਨੂੰ ਇਹ ਦੋਗਲਾ ਵਰਤਾਰਾ ਬੰਦ ਕਰਕੇ ਸਿੱਖ ਸਮੱਸਿਆਵਾਂ ਦੇ ਹੱਲ ਲਈ ਸੁਹਿਰਦਤਾ ਨਾਲ ਸੋਚਣਾ ਪਵੇਗਾ ਅਤੇ ਸਿੱਖ ਮਨਾਂ ਵਿੱਚ ਆਈ ਬੇਗਾਨਗੀ ਦੀ ਭਾਵਨਾ ਨੂੰ ਇਮਾਨਦਾਰੀ ਨਾਲ ਦੂਰ ਕਰਨਾ ਪਵੇਗਾ। ਸਮੁੱਚੀਆਂ ਘੱਟ ਗਿਣਤੀਆਂ,ਦਲਿਤਾਂ ਦੇ ਦਿਲਾਂ ਚ ਬੈਠ ਚੁੱਕੇ ਡਰ ਨੂੰ ਦੂਰ ਕਰਨ ਦੇ ਯਤਨ ਕਰਨੇ ਪੈਣਗੇ,ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਾਢੇ ਪੰਜ ਸੌ ਸਾਲਾ ਸਮਾਗਮਾਂ ਚ ਨਤਮਸਤਕ ਹੋਣਾ ਸਫਲ ਸਮਝਿਆ ਜਾ ਸਕੇਗਾ।

ਬਘੇਲ ਸਿੰਘ ਧਾਲੀਵਾਲ
99142-58142

ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਸਬੰਧ ਚ ਵੀਹ ਡਾਲਰਾਂ ਦਾ ਵਿਖੇੜਾ ਖੜਾ ਕਰਨਾ ਗਹਿਰੀ ਸਾਜਿਸ਼,ਬਾਦਲਕੇ ਬਣ ਰਹੇ ਨੇ ਮੋਹਰੇ - ਬਘੇਲ ਸਿੰਘ ਧਾਲੀਵਾਲ

ਸਰੋਮਣੀ ਕਮੇਟੀ ਕੇਂਦਰ ਦੀ ਪਿਛਲੱਗ ਬਨਣ ਦੀ ਬਜਾਏ ਕੇਜਰੀਵਾਲ ਸਰਕਾਰ ਦੀ ਤਰਜ ਤੇ ਸਿੱਖ ਸੰਗਤਾਂ ਦਾ ਫੀਸ ਖਰਚਾ ਖੁਦ ਭਰੇ
ਜਦੋ ਤੋ ਪਾਕਿਸਤਾਨ ਦੀ ਇਮਰਾਨ ਖਾਨ ਸਰਕਾਰ ਨੇ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਸਾਢੇ ਪੰਜ ਸੌ ਸਾਲਾ ਪ੍ਰਕਾਸ਼ ਪੁਰਬ ਤੇ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਦੀ ਗੱਲ ਕਹੀ ਹੈ,ਉਸ ਸਮੇ ਤੋ ਹੀ ਭਾਰਤ ਦੀ ਕੇਂਦਰ ਸਰਕਾਰ ਅਤੇ ਫਿਰਕਾਪ੍ਰਸਤ ਤਾਕਤਾਂ ਨੇ ਹੋ ਹੱਲਾ ਮਚਾਉਣਾ ਸ਼ੁਰੂ ਕੀਤਾ ਹੋਇਆ ਹੈ।ਭਾਰਤ ਅਤੇ ਪਾਿਕਸਤਾਨ ਦੇ ਮਾੜੇ ਕਰਮਾਂ ਨੂੰ ਪਾਕਸਤਾਨ ਅੰਦਰ ਇਮਰਾਨ ਖਾਨ ਦੀ ਸਰਕਾਰ ਉਸ ਮੌਕੇ ਬਣੀ ਜਦੋਂ ਭਾਰਤ ਅੰਦਰ ਆਰ ਐਸ ਐਸ ਦੀ ਫਿਰਕੂ ਸੋਚ ਨੂੰ ਪ੍ਰਣਾਈ  ਭਾਰਤੀ ਜਨਤਾ ਪਾਰਟੀ ਵੱਡੇ ਬਹੁਮੱਤ ਨਾਲ ਕੇਂਦਰ ਤੇ ਕਾਬਜ ਹੈ।ਉਸ ਤੋ ਵੀ ਮਾੜੇ ਭਾਗ ਇਸ ਲਈ ਵੀ ਹਨ ਕਿ ਇਹ ਮੌਕਾ ਉਦੋਂ ਆਇਆ ਹੈ ਜਦੋ ਭਾਰਤੀ ਜਨਤਾ ਪਾਰਟੀ ਆਰ ਐਸ ਐਸ ਦੇ ਮਿਸ਼ਨ ਹਿੰਦੂ ਰਾਸ਼ਟਰ ਦਾ ਸੁਪਨਾ ਪੂਰਾ ਕਰਨ ਦਾ ਮਨ ਬਣਾਈ ਬੈਠੀ ਹੈ ਅਤੇ ਇਸ ਦੀ ਪੂਰਤੀ ਲਈ ਘੱਟ ਗਿਣਤੀਆਂ ਨੂੰ ਭਾਰਤ ਚੋ ਖਤਮ ਕਰਨ ਜਾਂ ਜਬਰ ਜੁਲਮ ਅਤੇ ਧੱਕੇਸ਼ਾਹੀ ਨਾਲ ਅਪਣੇ ਅੰਦਰ ਜਜ਼ਬ ਕਰਨ ਦੀਆਂ ਗੋਦਾਂ ਹੀ ਨਹੀ ਗੁੰਦ ਰਹੀ,ਬਲਕਿ ਇਸ ਤੇ ਬਾਕਾਇਦਾ ਅਮਲ ਵੀ ਸ਼ੁਰੂ ਕਰ ਦਿੱਤਾ ਹੋਇਆ ਹੈ।ਦੇਸ਼ ਅੰਦਰ ਦਲਿਤਾਂ,ਮੁਸਲਮਾਨਾਂ, ਅਤੇ ਸਿੱਖਾਂ ਤੇ ਹੋ ਰਹੇ ਜੁਲਮ ਇਸ ਕਬਾਇਦ ਦਾ ਹੀ ਹਿੱਸਾ ਹਨ।ਭਾਂਵੇ ਇਹ ਮਿਸ਼ਨ ਦੀ ਯੋਜਨਾ ਆਰ ਐਸ ਐਸ ਦੇ ਹੈਡਕੁਆਰਟਰ ਨਾਗਪੁਰ ਵੱਲੋਂ ਬਹੁਤ ਚਿਰ ਪਹਿਲਾਂ ਦੀ ਉਲੀਕੀ ਗਈ ਹੈ,ਜਿਸ ਦੇ ਤਹਿਤ ਪਹਿਲਾਂ ਸ੍ਰੀ ਦਰਬਾਰ ਸਾਹਿਬ ਸਮੇਤ ਸਾਢੇ ਤਿੰਨ ਦਰਜਨ ਗੁਰਦੁਆਰਿਆਂ ਤੇ ਫੌਜੀ ਹਮਲਾ ਕੀਤਾ ਗਿਆ,(ਇਹ ਦੇ ਸਬੰਧ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਸ ਮੌਕੇ ਦੇ ਬੇਹੱਦ ਕੱਟੜਪੰਥੀ ਮੰਨੇ ਜਾਂਦੇ ਨੇਤਾ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਨੇ ਬੇਝਿਜਕ ਅਪਣੀ ਪੁਸਤਕ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਮਜਬੂਰ ਕਰਨ ਬਾਰੇ ਸਾਫ ਲਿਖਿਆ ਹੈ,ਜਿਸ ਤੋਂ ਇਹ ਸਿੱਧ ਹੁੰਦਾ ਹੈ ਕਿ ਹਿੰਦੂ ਰਾਂਸ਼ਟਰ ਵਾਲੀ ਇਹ ਯੋਜਨਾ ਬਹੁਤ ਸਮਾ ਪਹਿਲਾਂ ਦੀ ਉਲੀਕੀ ਜਾ ਚੁੱਕੀ ਸੀ)ਉੇਸ ਤੋ ਬਾਅਦ ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਬਾਵਰੀ ਮਸਜਿਦ ਢਾਹੀ ਗਈ ਅਤੇ ਪੂਰੇ ਮੁਲਕ ਅੰਦਰ ਉਸ ਮੌਕੇ ਤੋ ਹੀ ਸਿੱਖਾਂ ਮੁਸਲਮਾਨਾਂ ਅਤੇ ਦਲਿਤਾਂ ਵਿਰੁੱਧ ਨਫਰਤ ਫੈਲਾ ਕੇ ਨਸਲੀ ਹਮਲੇ ਕਰਵਾਏ ਜਾ ਰਹੇ ਹਨ। ਹੀ ਸਮਝਦਾਰੀ ਅਤੇ ਦੂਰਅੰਦੇਸੀ ਨਾਲ ਚੱਲਣ ਵਾਲੀ ਦੁਨੀਆਂ ਦੀਆਂ ਤਿੰਨ ਸਭ ਤੋ ਸ਼ਕਤੀਸ਼ਾਲੀ ਏਜੰਸੀਆਂ ਚੋ ਇੱਕ ਗਿਣੀ ਜਾਣ ਵਾਲੀ ਏਜੰਸੀ/ਸੰਸਥਾ ਆਰ ਐਸ ਐਸ ਅਪਣੇ ਮਿਸ਼ਨ ਨੂੰ ਪੂਰਾ ਕਰਨ ਹਿੱਤ ਭਾਰਤੀ ਜਨਤਾ ਪਾਰਟੀ ਨੂੰ ਰਾਜਭਾਗ ਤੇ ਕਾਬਜ ਕਰਵਾਉਣ ਲਈ ਲੰਮੇ ਸਮੇ ਤੋਂ ਜਮੀਨ ਤਿਆਰ ਕਰਦੀ ਰਹੀ। ਏਸੇ ਮਿਸ਼ਨ ਤਹਿਤ ਹੀ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਅੰਦਰ ਆਰ ਐਸ ਐਸ ਦੀਆਂ ਹਦਾਇਤਾਂ ਤੇ ਦੇਸ਼ ਦੀ ਸਰਮਾਏਦਾਰ ਜਮਾਤ ਵੱਲੋਂ ਭਾਰਤੀ ਮੀਡੀਏ ਨੂੰ ਖਰੀਦਿਆ ਗਿਆ ਅਤੇ ਫਿਰ ਨਿਰੇਂਦਰ ਮੋਦੀ ਨੂੰ ਅਗਲਾ ਪ੍ਰਧਾਨ ਮੰਤਰੀ ਐਲਾਨ ਕਰਕੇ ਦੇਸ਼ ਅੰਦਰ ਫਿਰਕੂ ਨਫਰਤ ਵਾਲੀ ਮੋਦੀ ਲਹਿਰ ਚਲਾਈ ਗਈ,ਜਿਸ ਦੇ ਫਲਸਰੂਪ ਦੇਸ਼ ਦੀ ਰਾਜਸੱਤਾ ਤੇ ਪੂਰਨ ਬਹੁਮੱਤ ਨਾਲ ਕਬਜਾ ਕੀਤਾ ਗਿਆ।ਯਾਦ ਹੋਵੇਗਾ ਕਿ ਕੇਂਦਰ ਵਿੱਚ ਸਰਕਾਰ ਬਣਦਿਆਂ ਹੀ ਸਭ ਤੋ ਪਹਿਲਾਂ ਆਰ ਐਸ ਐਸ ਦੇ ਨੇਤਾਵਾਂ ਦਾ ਬਿਆਨ ਆਇਆ ਸੀ ਕਿ ਦੇਸ਼ ਅੰਦਰ 800 ਸਾਲ ਬਾਅਦ ਹਿੰਦੂ ਸਰਕਾਰ ਹੋਂਦ ਵਿੱਚ ਆਈ ਹੈ।ਆਰ ਐਸ ਐਸ ਦੇ ਇਸ ਬਿਆਨ ਤੇ ਦੇਸ਼ ਦੇ ਸੂਝਵਾਨ ਲੋਕਾਂ ਵੱਲੋਂ ਚਿੰਤਾ ਵੀ ਜਾਹਰ ਕੀਤੀ ਗਈ,ਪਰੰਤੂ ਇਸ ਦੇ ਬਾਵਜੂਦ ਵੀ ਗਾਹੇ ਬਗਾਹੇ ਕੱਟੜਵਾਦੀ ਨੇਤਾਵਾਂ ਦੇ ਫੁੱਟਪਾਉੂ ਤੇ ਨਫਰਤ ਚ ਲਿੱਬੜੇ ਬਿਆਨ ਲਗਾਤਾਰ ਆਉਂਦੇ ਰਹੇ।ਕਦਮ ਦਰ ਕਦਮ ਚੱਲਦੀ ਭਾਜਪਾ ਸਰਕਾਰ ਦਲਿਤਾਂ,ਮੁਸਲਮਾਨਾਂ ਅਤੇ ਸਿੱਖਾਂ ਤੇ ਹਮਲਿਆਂ ਤੋਂ ਬਾਅਦ ਕਸ਼ਮੀਰ ਅੰਦਰ ਜਾ ਦਖਲ ਹੋਈ,ਜਿੱਥੋਂ ਕਸ਼ਮੀਰੀਆਂ ਦੀ ਅਜਾਦੀ ਦੇ ਹੱਕ ਖੋਹੇ ਗਏ ਅਤੇ ਕਸ਼ਮੀਰੀ ਲੋਕਾਂ ਨੂੰ ਉਸ ਸਮੇ ਤੋ ਲੈ ਕੇ ਹੁਣ ਤੱਕ ਘਰਾਂ ਵਿੱਚ ਨਜਰਬੰਦ ਕਰਕੇ ਗੈਰ ਮਨੁੱਖੀ ਜਿੰਦਗੀ ਜਿਉਣ ਲਈ ਮਜਬੂਰ ਕਰਕੇ ਰੱਖਿਆ ਹੋਇਆ ਹੈ।ਸੋ ਇਹ ਸਾਰਾ ਕੁੱਝ ਭਾਰਤੀ ਜਨਤਾ ਪਾਰਟੀ ਵੱਲੋਂ ਅਪਣੀ ਨਾਗਪੁਰੀ ਸੋਚ ਤੇ ਪਹਿਰਾ ਦਿੰਦਿਆਂ ਨਿਸਾਨੇ ਨੂੰ ਸਰ ਕਰਨ ਲਈ ਨਹੀ,ਬਲਕਿ ਨਿਸਾਨੇ ਦੇ ਬਿਲਕੁਲ ਕਰੀਬ ਮਹਿਸੂਸ ਕਰਕੇ ਕੀਤਾ ਜਾ ਰਿਹਾ ਹੈ।ਭਾਰਤ ਸਰਕਾਰ ਵੱਲੋਂ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰ ਖੋਹਣ ਦਾ ਜੇ ਕਿਸੇ ਨੇ ਵਿਰੋਧ ਕੀਤਾ ਤਾਂ ਉਹ ਪੰਜਾਬ ਦੇ ਲੋਕ ਹੀ ਹਨ,ਜਿਹੜੇ ਕਸ਼ਮੀਰੀਆਂ ਨਾਲ ਡਟ ਕੇ ਖੜੇ ਹਨ,ਇਹ ਕੇਂਦਰੀ ਹਕੂਮਤ ਨੂੰ ਕਦਾਚਿਤ ਵੀ ਬਰਦਾਸਤ ਨਹੀ ਹੈ,ਖਾਸ ਕਰਕੇ ਉਸ ਸਮੇ ਤਾਂ ਬਿਲਕੁਲ ਵੀ ਨਹੀ ਜਦੋਂ ਉਹ ਅਪਣੇ ਮਿਸ਼ਨ ਨੂੰ ਪੂਰਾ ਕਰਨ ਦਾ ਢੁਕਵਾਂ ਸਮਾ ਬਲਕੁਲ ਕਰੀਬ ਦੇਖ ਰਹੇ ਹੋਣ।ਉਧਰ ਜਦੋਂ ਪਾਕਿਸਤਾਨ ਅੰਦਰ ਇਮਰਾਨ ਖਾਨ ਦੀ ਸਰਕਾਰ ਬਣੀ ਤਾਂ ਨਵਜੋਤ ਸਿੱਧੂ ਨੇ ਉਹਨਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਸੀ,ਇਸੇ ਹੀ ਸਮਾਗਮ ਅੰਦਰ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਗੱਲ ਦੀ ਹਾਂਮੀ ਭਰੀ ਗਈ ਸੀ,ਉਦੋਂ ਤੋ ਲੈ ਕੇ ਹੀ ਕੇਂਦਰ ਸਰਕਾਰ ਅਪਣੇ ਆਪ ਨੂੰ ਕੁੜਿੱਕੀ ਵਿੱਚ ਫਸੀ ਮਹਿਸੂਸ ਕਰਦੀ ਹੈ ਤੇ ਕਿਸੇ ਨਾ ਕਿਸੇ ਬਹਾਨੇ ਲਾਂਘਾ ਨਾ ਖੋਲਣ ਦੇ ਰਾਹ ਵੀ ਲੱਭਦੀ ਰਹੀ,ਪਰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਕੇਂਦਰ ਕਿਸੇ ਅਜਿਹੀ ਸਾਜਿਸ਼ ਵਿੱਚ ਸਫਲ ਨਾ ਹੋ ਸਕਿਆ,ਅਖੀਰ ਪਾਕਿਸਤਾਨ ਸਰਕਾਰ ਵੱਲੋਂ ਰੱਖੀ ਗਈ ਵੀਹ ਡਾਲਰ ਫੀਸ ਨੂੰ ਹੀ ਮੁੱਦਾ ਬਣਾਇਆ ਜਾ ਰਿਹਾ ਹੈ,ਤਾਂ ਕਿ ਸਿੱਖਾਂ ਅੰਦਰ ਪਾਕਸਤਾਨ ਪ੍ਰਤੀ ਨਫਰਤ ਭਰੀ ਜਾ ਸਕੇ।ਉਹਨਾਂ ਦੀ ਇਸ ਬੇਹੱਦ ਹੀ ਨੀਵੇਂ ਪੱਧਰ ਦੀ ਸਾਜਿਸ਼ ਵਿੱਚ ਬਾਦਲ ਦਲ ਮੋਹਰੇ ਦੀ ਭੂਮਿਕਾ ਅਦਾ ਕਰ ਰਿਹਾ ਹੈ।ਇਹ ਬੇਹੱਦ ਹੀ ਖਤਰਨਾਕ ਤੇ ਚਿੰਤਾਜਨਕ ਵਰਤਾਰਾ ਹੈ ਕਿਉਂਕਿ ਬਾਦਲ ਪਰਿਵਾਰ ਨਾਗਪੁਰ ਭਗਤੀ ਵਿੱਚ ਐਨਾ ਵਫਾਦਾਰੀ ਨਾਲ ਲੀਨ ਹੋ ਚੁੱਕਾ ਹੈ ਕਿ ਉਹਨਾਂ ਨੂੰ ਅਪਣੀ ਕੌਂਮ ਦੇ ਭਲੇ ਬੁਰੇ ਦੀ ਰੱਤੀ ਮਾਤਰ ਵੀ ਚਿੰਤਾ ਨਹੀ,ਬਲਕਿ ਭਾਜਪਾ ਵੱਲੋਂ ਜੁੱਤੀਆਂ ਮਾਰੇ ਜਾਣ ਦੇ ਬਾਵਜੂਦ ਵੀ ਉਹ ਅਪਣੀ ਆਰ ਐਸ ਐਸ ਨਾਲ ਵਫਾਦਾਰੀ ਨੂੰ ਕੌਂਮ ਦਾ ਨੁਕਸਾਨ ਕਰਕੇ ਵੀ ਨਿਭਾਉਣਾ ਚਾਹੁੰਦੇ ਹਨ।ਬੀਤੇ ਦਿਨੀ ਜਦੋਂ ਹਰਿਆਣਾ ਦੀਆਂ ਚੋਣਾਂ ਨੂੰ ਲੈ ਕੇ ਭਾਜਪਾ ਅਤੇ ਅਕਾਲੀ ਦਲ ਵਿੱਚ ਵਿੱਚ ਚੱਲੀ ਤਕਰਾਰਾਵਾਜੀ ਤੋ ਬਾਅਦ ਤਿੜਕਦੇ ਰਿਸਤਿਆਂ ਦੀ ਚਰਚਾ ਛਿੜੀ ਸੀ,ਤਾਂ ਉਸਤੋ ਬੇਹੱਦ ਉਦਾਸ ਹੋਏ ਸ੍ਰ ਪ੍ਰਕਾਸ ਸਿੰਘ ਬਾਦਲ ਵੱਲੋਂ ਅਪਣੇ ਪੁੱਤਰ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੂੰ ਇਹ ਤਰਲਾ ਕਰਨਾ ਕਿ ਮੇਰੇ ਜਿਉਂਦੇ ਜੀਅ ਭਾਜਪਾ ਨਾਲ ਸਾਂਝ ਨਾ ਤੋੜੀ ਜਾਵੇ,ਉਹਨਾਂ ਦੀ ਨਾਗਪੁਰ ਭਗਤੀ ਦਾ ਮੂੰਹ ਬੋਲਿਆ ਸਬੂਤ ਹੈ।ਹੁਣ ਜਦੋ ਭਾਰਤ ਸਰਕਾਰ ਪਾਕਿਸਤਾਨ ਤੋ ਇਹ ਵੀਹ ਡਾਲਰਾਂ ਵਾਲੀ ਸਰਤ ਨੂੰ ਰੱਦ ਕਰਵਾਉਣ ਦੀ ਜਾਣਬੁੱਝ ਕੇ ਜਿੱਦ ਕਰ ਰਹੀ ਹੈ,ਤਾਂ ਘੱਟੋ ਘੱਟ ਉਸ ਤੋ ਪਹਿਲਾਂ ਅਪਣੀ ਪੀਹੜੀ ਹੇਠ ਵੀ ਸੋਟਾ ਜਰੂਰ ਫੇਰਨਾ ਬਣਦਾ ਹੈ।ਪਾਕਸਤਾਨ ਤੋ ਇਹ ਸ਼ਰਤ ਹਟਾਉਣ ਦੀ ਮੰਗ ਕਰਨ ਤੋ ਪਹਿਲਾਂ ਕੀ ਸਾਢੇ ਪੰਜ ਸੌ ਸਾਲਾ ਸਮਾਗਮਾਂ ਵਿੱਚ ਸੁਲਤਾਨਪੁਰ ਲੋਧੀ ਅਤੇ ਸ੍ਰੀ ਕਰਤਾਰਪੁਰ ਸਾਹਿਬ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਲਈ ਕੇਂਦਰ ਸਰਕਾਰ ਟੋਲ ਪਲਾਜੇ ਮੁਆਫ ਕਰੇਗੀ ? ਜੇ ਕੇਂਦਰ ਆਪ ਟੋਲ ਪਲਾਜਿਆਂ ਦੀ ਫੀਸ ਮੁਆਫ ਨਹੀ ਕਰ ਸਕਦਾ,ਫਿਰ ਉਹਨਾਂ ਨੂੰ ਪਾਕਸਤਾਨ ਵੱਲੋਂ ਮਹਿਜ ਟੋਲ ਪਲਾਜਿਆਂ ਦੇ ਖਰਚ ਦੇ ਬਰਾਬਰ ਦੀ ਰੱਖੀ ਫੀਸ ਤੇ ਇਹ ਬਗੈਰ ਮਤਲਬ ਦਾ ਬਿਖੇੜਾ ਖੜਾ ਕਰਨ ਤੋਂ ਪਹਿਲਾਂ ਜਰੂਰ ਸੋਚਣਾ ਬਣਦਾ ਹੈ।ਓਧਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਹ ਸਲਾਹ ਤੇ ਗੌਰ ਕਰਨੀ ਬਣਦੀ ਹੈ ਕਿ ਉਹ ਅਕਾਲੀ ਦਲ ਬਾਦਲ ਦੀ ਪਿਛਲੱਗ ਬਣਕੇ ਕੇਂਦਰ ਦੇ ਹੱਕ ਵਿੱਚ ਭੁਗਤਣ ਦੀ ਬਜਾਏ ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰਜ ਤੇ ਸਿੱਖ ਸੰਗਤਾਂ ਦੀ ਇਹ ਫੀਸ ਦਾ ਪਰਬੰਧ ਕਰਕੇ ਕੌਂਮ ਦੀ ਨੁਮਾਂਇੰਦਾ ਸੰਸ਼ਥਾ ਹੋਣ ਦਾ ਫਰਜ ਅਦਾ ਕਰੇ।

ਬਘੇਲ ਸਿੰਘ ਧਾਲੀਵਾਲ
99142-58142

ਕਿੱਧਰ ਨੂੰ ਜਾ ਰਹੀ ਹੈ ਸਿੱਖ ਰਾਜਨੀਤੀ - ਬਘੇਲ ਸਿੰਘ ਧਾਲੀਵਾਲ

ਦੇਸ਼ ਦੀ ਅਜਾਦੀ ਦੇ ਸਮੇ ਤੋ ਹੀ ਸਿੱਖ ਰਾਜਨੀਤੀ ਕੇਂਦਰ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੁੰਦੀ ਆ ਰਹੀ ਹੈ।ਕਦੇ ਕਾਂਗਰਸ,ਕਦੇ ਜਨਸੰਘ ਤੇ ਕਦੇ ਭਾਰਤੀ ਜਨਤਾ ਪਾਰਟੀ ਦੀ ਸੋਚ ਅਕਾਲੀ ਦਲ ਦੀ ਲੀਡਰਸ਼ਿੱਪ ਨੂੰ ਪ੍ਰਭਾਵਿਤ ਕਰਦੀ ਰਹੀ ਹੈ। ਜਵਾਹਰ ਲਾਲ ਨਹਿਰੂ ਤੋ ਲੈ ਕੇ ਨਰੇਂਦਰ ਮੋਦੀ ਤੱਕ ਅਤੇ ਮਹਾਤਮਾ ਗਾਂਧੀ ਤੋਂ ਲੈ ਕੇ ਮੋਹਨ ਭਾਗਵਤ ਤੱਕ ਸਿੱਖ ਆਗੂਆਂ ਨੂੰ ਅਪਣੇ ਛਲਾਵੇ ਦਾ ਸ਼ਿਕਾਰ ਬਣਾਉਦੇ ਆ ਰਹੇ ਹਨ।ਸਿੱਖ ਆਗੂਆਂ ਦੀ ਗੁਲਾਮ ਮਾਨਸਿਕਤਾ ਦਾ ਕਾਰਨ ਉਹਨਾਂ ਦੇ ਵੱਡੇ ਕਾਰੋਬਾਰ ਸਨ,ਜਿੰਨਾਂ ਦੇ ਪਾਸਾਰੇ ਖਾਤਰ ਉਹ ਕੌਂਮੀ ਹਿਤਾਂ ਨੂੰ ਅਣਗੌਲਿਆ ਕਰਦੇ ਰਹੇ ਹਨ।ਇਹਦੇ ਵਿੱਚ ਕੋਈ ਸ਼ੱਕ ਨਹੀ ਕਿ ਕੇਂਦਰ ਵਿੱਚ ਰਾਜ ਕਰਨ ਵਾਲੇ ਜਾਂ ਰਾਜ ਭਾਗ ਦੀ ਇੱਛਾ ਰੱਖਣ ਵਾਲੇ ਲੋਕਾਂ ਦਾ ਪੰਜਾਬ ਪ੍ਰਤੀ ਨਜਰੀਆ ਹਮੇਸਾਂ ਮੰਦਭਾਵਨਾ ਵਾਲਾ ਹੀ ਰਿਹਾ ਹੈ,ਜਿਸ ਕਰਕੇ ਪੰਜਾਬ ਇੱਕ ਤੋ ਬਾਅਦ ਇੱਕ ਹੋਰ ਵਧੀਕੀਆਂ ਦਾ ਸਿਕਾਰ ਹੁੰਦਾ ਗਿਆ।ਜੇ ਦੇਸ਼ ਵੰਡ ਵੇਲੇ ਦੀ ਗੱਲ ਕਰੀਏ ਤਾਂ ਸਭ ਤੋ ਵੱਡਾ ਨੁਕਸਾਨ ਪੰਜਾਬ ਨੇ ਹੀ ਝੱਲਿਆ,ਜਿਸ ਨੇ ਜਿੱਥੇ ਅਪਣੇ ਦੋ ਟੋਟੇ ਕਰਵਾਏ,ਓਥੇ ਦਸ ਲੱਖ ਤੋ ਵੱਧ ਲੋਕ ਸਿਆਸੀ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਦੰਗਿਆਂ ਵਿੱਚ ਮਾਰੇ ਗਏ,ਘਰ ਘਾਟ ਤਬਾਹ ਹੋ ਗਏ।ਵੱਡੀਆਂ ਵੱਡੀਆਂ ਜਾਇਦਾਦਾਂ ਦੇ ਮਾਲਕ ਇੱਕੋ ਰਾਤ ਵਿੱਚ ਬੇਘਰ ਅਤੇ ਨਥਾਵੇਂ ਹੋ ਗਏ।ਉਸ ਉਜਾੜੇ ਨੇ ਪੰਜਾਬ ਦੀ ਆਤਮਾ ਬੁਰੀ ਤਰਾਂ ਬਲੂੰਧਰ ਕੇ ਰੱਖ ਦਿੱਤੀ।ਫਿਰ ਦੇਸ਼ ਵੰਡ ਤੋ ਬਾਅਦ ਜੋ ਕੁੱਝ ਪੰਜਾਬ ਨਾਲ ਹੋਇਆ,ਉਸ ਨੇ ਪਹਿਲਾਂ ਤੋ ਵੀ ਜਿਆਦਾ ਦਰਦ ਅਤੇ ਗਹਿਰੇ ਜਖਮ ਦਿੱਤੇ ਹਨ।ਸਭ ਤੋ ਪਹਿਲਾਂ ਪੰਜਾਬੀ ਸੂਬੇ ਦੇ ਨਾਮ ਤੋ ਪੰਜਾਬ ਦੇ ਪੰਜਾਬੀ ਬੋਲਦੇ ਇਲਾਕੇ  ਪੰਜਾਬ ਤੋ ਜਾਣਬੁੱਝ ਕੇ ਬਾਹਰ ਰੱਖੇ ਗਏ,ਤਾਂ ਕਿ ਪਹਿਲਾਂ ਹੀ ਲੰਗੜੇ ਹੋ ਚੁੱਕੇ ਪੰਜਾਬ ਨੂੰ ਬਿਲਕੁਲ ਹੀ ਸਾਹ ਸਤਹੀਣ ਕੀਤਾ ਜਾ ਸਕੇ।ਪੰਜਾਬ ਦੇ ਪਾਣੀਆਂ ਦੀ ਧੱਕੇਸ਼ਾਹੀ ਨਾਲ ਕੀਤੀ ਕਾਣੀਵੰਡ,ਪੰਜਾਬ ਦੇ ਪਾਣੀਆਂ ਤੋ ਮੁਫਤ ਵਿੱਚ ਤਿਆਰ ਹੁੰਦੀ ਬਿਜਲੀ ਦੀ ਲੁੱਟ ਕਰਕੇ,ਪੰਜਾਬ ਵਿੱਚ ਕੋਇਲੇ ਨਾਲ ਚੱਲਣ ਵਾਲੇ ਥਰਮਲ ਲਾਉਣਾ,ਲੁੱਟੇ ਪੁੱਟੇ ਪੰਜਾਬ ਨੂੰ ਹੋਰ ਆਰਥਿਕ ਕੰਗਾਲੀ ਵੱਲ ਧੱਕਣ ਦੀਆਂ ਸਾਜਿਸ਼ਾਂ ਇਕੱਲੇ ਕੇਂਦਰ ਨੇ ਨਹੀ ਬਣਾਈਆਂ,ਸਗੋਂ ਪੰਜਾਬ ਦੇ ਸਿਆਸੀ ਆਗੂ ਅਪਣੇ ਸੌੜੇ ਸਿਆਸੀ ਹਿਤਾਂ ਖਾਤਰ ਪੰਜਾਬ ਦੀ ਬਰਬਾਦੀ ਤੇ ਖੁਦ ਦਸਤਖਤ ਕਰਕੇ ਬਦਲੇ ਵਿੱਚ ਕੇਂਦਰ ਤੋਂ ਨਿੱਜੀ ਲਾਭ ਲੈਂਦੇ ਰਹੇ ਹਨ,ਉਹ ਭਾਵੇਂ ਰਾਜਭਾਗ ਦੇ ਰੂਪ ਵਿੱਚ ਹੋਣ ਜਾਂ ਫਿਰ ਜਾਇਦਾਦ ਜਾਂ ਕਿਸੇ ਹੋਰ ਰੂਪ ਵਿੱਚ ਹੋਣ।ਪੰਜਾਬ ਦਾ ਦੁਖਾਂਤ ਹੈ ਕਿ ਇੱਥੋ ਦੀ ਕੋਈ ਵੀ ਸਿਆਸੀ ਧਿਰ ਅਪਣੇ ਲੋਕਾਂ ਦੀ ਹੋਕੇ ਨਹੀ ਚੱਲ ਸਕੀ।ਕਾਮਰੇਡ,ਕਾਂਗਰਸੀ ਜਾਂ ਹੋਰ ਪਾਰਟੀਆਂ ਤੋ ਤਾਂ ਆਸ ਹੀ ਕੀ ਕੀਤੀ ਜਾ ਸਕਦੀ ਹੈ,ਜਦੋ ਪੰਜਾਬ ਦੀ ਖਾਸ ਕਰਕੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਕਾਲੀ ਦਲ ਹੀ ਕੇਂਦਰ ਕੋਲ ਵਿਕੀ ਹੋਈ ਹੈ।ਅਕਾਲੀ ਦਲ ਦੇ ਕਿਸੇ ਇੱਕ ਲੀਡਰ ਦੀ ਗੱਲ ਨਹੀ,ਬਲਕਿ ਅਜਿਹੇ ਬਹੁਤ ਸਾਰੇ ਅਕਾਲੀ ਆਗੂ ਹਨ,ਜਿਹੜੇ ਕੇਂਦਰ ਨਾਲ ਕਿਤੇ ਨਾ ਕਿਤੇ ਜੱਫੀਆਂ ਪਾ ਹੀ ਚੁੱਕੇ ਹਨ,ਪ੍ਰੰਤੂ  ਸਹੀ ਸਮੇ ਦੀ ਉਡੀਕ ਵਿੱਚ ਹਨ।ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝ ਬਾਦਲ ਪਰਿਵਾਰ ਦੀ ਸਿਆਸੀ ਹਾਲਤ ਪਤਲੀ ਪੈ ਜਾਣ ਕਰਕੇ ਕਾਫੀ ਕਮਜੋਰ ਹੁੰਦੀ ਦਿਖਾਈ ਦੇ ਰਹੀ ਹੈ।ਭਾਰਤੀ ਜਨਤਾ ਪਾਰਟੀ,ਜਿਹੜੀ ਅਕਾਲੀ ਦਲ ਦੀ ਪੌੜੀ ਵਰਤਕੇ ਹੁਣ ਅਪਣੇ ਆਪ ਨੂੰ ਬਿਲਕੁਲ ਉਪਰ ਵਾਲੇ ਡੰਡੇ ਤੇ ਸਮਝ ਰਹੀ ਹੈ,ਨੇ ਪੰਜਾਬ ਅੰਦਰ ਅਪਣਾ ਮਜਬੂਤ ਅਧਾਰ ਬਨਾਉਣ ਲਈ ਸਰਗਰਮੀਆਂ ਤੇਜ ਕਰ ਦਿੱਤੀਆਂ ਹੋਈਆਂ ਹਨ,ਇਹਦੇ ਲਈ ਉਹਨਾਂ ਨੂੰ ਅਜਿਹੇ ਸਿੱਖ ਚਿਹਰੇ ਦੀ ਜਰੂਰਤ ਹੈ,ਜਿਹੜਾ ਬਾਦਲ ਦਾ ਬਦਲ ਬਨਣ ਦੇ ਸਮਰੱਥ ਹੋਵੇ।ਬੀਤੇ ਕੱਲ ਸਰੋਮਣੀ ਅਕਾਲੀ ਦਲ ਦੇ ਸੀਨੀਅਰ ਤੇ ਸਿਰਕੱਢ ਆਗੂ ਸ੍ਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਪਾਰਟੀ ਅਤੇ ਰਾਜ ਸ਼ਭਾ ਚ ਪਾਰਟੀ ਨੇਤਾ ਦੇ ਆਹੁਦੇ ਤੋ ਦਿੱਤੇ ਗਏ ਅਸਤੀਫੇ ਨੂੰ ਕੁੱਝ ਅਜਿਹੇ ਨਜਰੀਏ ਤੋ ਹੀ ਦੇਖਿਆ ਜਾ ਰਹਾ ਹੈ। ਸ੍ਰ ਢੀਡਸਾ ਦੀ ਭਾਜਪਾ ਨਾਲ ਸਾਂਝ ਵੀ ਕੋਈ ਨਵੀਂ ਨਹੀ ਹੈ,ਬਲਕਿ ਜਦੋ 1996 ਵਿੱਚ ਬਾਕਾਇਦਾ ਤੌਰ ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਨੇ ਸ੍ਰੀ ਅਟੱਲ ਬਾਜਪਾਈ ਦੀ ਅਗਵਾਈ ਵਿੱਚ ਭਾਜਪਾ ਨਾਲ ਪੱਕਾ ਸਮਝੌਤਾ ਕੀਤਾ ਸੀ ਤਾਂ ਉਸ ਤੋ ਪਹਿਲਾਂ ਵੀ ਜੇ ਕਿਸੇ ਅਕਾਲੀ ਆਗੂ ਦੀ ਕੇਂਦਰ ਵਿੱਚ ਸਾਂਝ ਰੱਖੀ ਹੋਈ ਸੀ,ਉਹ ਸ੍ਰ ਸੁਖਦੇਵ ਸਿੰਘ ਢੀਂਡਸਾ ਹੀ ਸਨ,ਇਹ ਉਹਨਾਂ ਦੀ ਚਿਰੋਕਣੀ ਸਾਂਝ ਹੀ ਸੀ ਕਿ 1997 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਸ੍ਰੀ ਅਟੱਲ ਬਿਹਾਰੀ ਬਾਜਪਾਈ ਵਿਸ਼ੇਸ਼ ਤੌਰ ਤੇ ਸ੍ਰ ਸੁਖਦੇਵ ਸਿੰਘ ਢੀਂਡਸਾ ਦੀ ਚੋਣ ਰੈਲੀ ਨੂੰ ਸੰਬੋਧਨ ਕਰਨ ਲਈ ਸੁਨਾਮ ਪਹੁੰਚੇ ਸਨ।ਇਹ ਵੱਖਰੀ ਗੱਲ ਹੈ ਕਿ ਸ੍ਰ ਬਾਦਲ,ਸ੍ਰ ਢੀਂਡਸਾ ਤੋਂ ਅੱਗੇ ਨਿਕਲ ਗਏ।ਸ੍ਰ ਢੀਡਸਾ ਨੂੰ ਕੇਂਦਰ ਸਰਕਾਰ ਵੱਲੋਂ ਦਿੱਤਾ ਗਿਆ ਪਦਮ ਭੂਸ਼ਣ ਪੁਰਸ਼ਕਾਰ ਵੀ ਪੁਰਾਣੀ ਸਾਂਝ ਦਾ ਹੀ ਫਲ ਮਿਲਿਆ ਕਿਹਾ ਜਾ ਸਕਦਾ ਹੈ। ਲੋਕ ਸਭਾ ਚੋਣਾਂ ਤੋ ਪਹਿਲਾਂ ਵੀ ਸ੍ਰ ਸੁਖਦੇਵ ਸਿੰਘ ਢੀਡਸਾ,ਮਨਜਿੰਦਰ ਸਿੰਘ ਸਿਰਸਾ ਅਤੇ ਤਰਲੋਚਨ ਸਿੰਘ ਦੀ ਤਿਕੜੀ ਭਾਜਪਾ ਹਾਈਕਮਾਂਡ ਦੇ ਲਗਾਤਾਰ ਸੰਪਰਕ ਵਿੱਚ ਰਹੀ,ਪ੍ਰੰਤੂ ਸਪੁੱਤਰ ਸ੍ਰ ਪਰਮਿੰਦਰ ਸਿੰਘ ਢੀਂਡਸਾ ਵੱਲੋਂ ਅਕਾਲੀ ਦਲ ਦੀ ਟਿਕਟ ਮਨਜੂਰ ਕਰ ਲੈਣ ਤੋ ਬਾਅਦ ਸ੍ਰ ਸੁਖਦੇਵ ਸਿੰਘ ਢੀਡਸਾ ਨੂੰ ਪੁੱਤਰ ਦੇ ਸਾਹਮਣੇ ਆਤਮ ਸਮੱਰਪਣ ਕਰਨਾ ਪਿਆ ਸੀ।ਏਸੇ ਤਰਾਂ ਬਲਵੰਤ ਸਿੰਘ ਰਾਮੂਵਾਲੀਆ ਵੀ ਅਕਾਲੀ ਦਲ ਦੀ ਪੌੜੀ ਤੋ ਦੀ ਹੁੰਦਾ ਹੋਇਆ ਕੇਂਦਰ ਦੇ ਕੋਠੇ ਤੱਕ ਪੁੱਜ ਗਿਆ।ਸੋ ਅਜਿਹੇ ਹੋਰ ਵੀ ਬਹੁਤ ਸਾਰੇ ਸਿੱਖ ਨੇਤਾ ਹਨ ਜਿਹੜੇ ਕੇਂਦਰ ਨਾਲ ਸਾਂਝ ਬਣਾ ਕੇ ਰੱਖਣ ਖਾਤਰ ਪੰਜਾਬ ਦੇ ਹਿਤਾਂ ਨੂੰ ਤਿਲਾਂਜਲੀ ਦਿੰਦੇ ਰਹੇ ਹਨ।ਏਸੇ ਤਰਾਂ ਹੁਣ ਜੇ ਗੱਲ ਪੰਥਕ ਧਿਰਾਂ ਦੀ ਕੀਤੀ ਜਾਵੇ,ਤਾਂ ਉਹਨਾਂ ਵਿੱਚ ਵੀ ਸਭ ਅੱਛਾ ਨਹੀ ਹੈ। ਪੰਥਕ ਧਿਰਾਂ ਦੀ ਅਪਣੀਆਂ ਹਮਖਿਆਲ ਧਿਰਾਂ ਨਾਲ ਵੀ ਏਕਤਾ ਨਹੀ ਹੁੰਦੀ ਹੈ,ਜਿਸ ਕਰਕੇ ਉਹ ਇੱਕ ਦੂਸਰੇ ਦੀਆਂ ਲੱਤਾਂ ਖਿੱਚਣ ਤੋ ਅੱਗੇ ਵਧਣ ਵਿੱਚ ਸਫਲ ਨਹੀ ਹੋ ਸਕੇ। ਇਹ ਵੀ ਸੱਚ ਹੈ ਕਿ ਪੰਥਕ ਆਗੂ ਇੱਕ ਦੂਸਰੇ ਤੇ ਦਿੱਲੀ ਦੇ ਹੱਕ ਵਿੱਚ ਭੁਗਤਣ ਦੇ ਦੋਸ਼ ਵੀ ਲਾਉਂਦੇ ਰਹਿੰਦੇ ਹਨ।ਇਹੋ ਕਾਰਨ ਹੈ ਕਿ ਪੰਥਕ ਧਿਰਾਂ ਦੇ ਬਹੁਤ ਸਾਰੇ ਆਗੂਆਂ ਤੇ ਵੀ ਨਿੱਜੀ ਲਾਭ ਲੈਣ ਖਾਤਰ ਦਿੱਲੀ ਨਾਲ ਨੇੜਤਾ ਰੱਖਣ ਦੇ ਦੋਸ਼ ਲੱਗ ਰਹੇ ਹਨ।ਪਿਛਲੇ ਸਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਲੈਣ ਲਈ ਲੱਗਿਆ ਬਰਗਾੜੀ ਮੋਰਚਾ ਵੀ ਕੁੱਝ ਅਜਿਹੇ ਸੰਕੇਤ ਦੇਕੇ ਹੀ ਸਮਾਪਤ ਹੋਇਆ ਸੀ।ਸੋ ਇਹ ਕਹਿਣਾ ਗਲਤ ਨਹੀ ਹੋਵੇਗਾ ਕਿ ਸਿੱਖ ਰਾਜਨੀਤੀ ਕਦੇ ਵੀ ਅਪਣੇ ਲੋਕਾਂ ਦੀ ਅਵਾਜ ਬਣਕੇ ਨੁਮਾਇੰਦਗੀ ਨਹੀ ਕਰ ਸਕੀ,ਇਸ ਲਈ ਪੰਜਾਬ,ਪੰਜਾਬੀਅਤ ਅਤੇ ਪੰਥਪ੍ਰਸਤ ਲੋਕਾਂ ਦੀ ਇਹ ਚਿੰਤਾ,ਕਿ ਸਿੱਖ ਰਾਜਨੀਤੀ ਕਿੱਧਰ ਨੂੰ ਜਾ ਰਹੀ ਹੈ,ਤੇ ਵੀ ਚਿੰਤਾ ਤੇ ਚਿੰਤਨ ਕਰਨ ਦੀ ਲੋੜ ਹੈ।

ਬਘੇਲ ਸਿੰਘ ਧਾਲੀਵਾਲ
99142-58142

550 ਸਾਲਾ ਅਰਧ ਸਤਾਬਦੀ ਪ੍ਰਕਾਸ਼ ਪੁਰਬ,ਬਾਬੇ ਕੇ ਤੇ ਬਾਬਰ ਕੇ - ਬਘੇਲ ਸਿੰਘ ਧਾਲੀਵਾਲ

ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਆ ਰਹੇ ਪੰਜ ਸੌ ਪੰਜਾਹ ਸਾਲਾ ਅਰਧ ਸਤਾਬਦੀ ਸਮਾਗਮਾਂ ਨੂੰ ਜੇਕਰ ਪਿਛਲੀਆਂ ਸਤਾਬਦੀਆਂ ਨਾਲ ਮੇਲ਼ ਕੇ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਪਹਿਲਾਂ ਦੇ ਮੁਕਾਬਲੇ ਇਸ ਵਾਰ ਸਿੱਖ ਸੰਗਤਾਂ ਵਿੱਚ ਕਿਤੇ ਜਿਆਦਾ ਜਾਗਰੂਕਤਾ ਆਈ ਹੈ।ਗੁਰੂ ਦੇ ਦਿਹਾੜੇ ਮਨਾਉਣ ਲਈ ਉਤਸਾਹ ਤਾਂ ਸਿੱਖ ਸੰਗਤਾਂ ਵਿੱਚ ਹਮੇਸਾਂ ਹੀ ਰਿਹਾ ਹੈ,ਪਰ ਜਾਗਰੂਕਤਾ ਤੋ ਬਿਨਾ ਪਹਿਲੀਆਂ ਸਤਾਬਦੀਆਂ ਮੌਕੇ ਸਿੱਖ ਕੋਈ ਖਾਸ ਪਰਾਪਤੀਆਂ ਨਹੀ ਕਰ ਸਕੇ,ਇਸ ਦਾ ਕਾਰਨ ਜਿੱਥੇ ਸਿੱਖਾਂ ਵਿੱਚ ਜਾਗਰੂਕਤਾ ਦੀ ਘਾਟ ਸਮਝੀ ਜਾਂਦੀ ਹੈ,ਓਥੇ ਕੌਂਮ ਦੇ ਆਗੂਆਂ ਦਾ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡਣਾ ਵੀ ਮੁੱਖ ਕਾਰਨ ਰਿਹਾ ਹੈ। ਗੁਰੂ ਨਾਨਕ ਸਾਹਿਬ ਦੀ 550 ਸਾਲਾ ਅਰਧ ਸਤਾਬਦੀ ਨੂੰ ਮਨਾਉਣ ਲਈ ਇਸ ਵਾਰ ਤਿੰਨ ਪਰਮੁੱਖ ਧਿਰਾਂ ਵੱਖ ਵੱਖ ਤੌਰ ਤੇ ਯਤਨਸ਼ੀਲ ਹਨ।ਪਹਿਲੀ ਧਿਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ,ਜਿਸ ਦੀ ਜੁੰਮੇਵਾਰੀ ਗੁਰਦੁਆਰਾ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ,ਸਿੱਖੀ ਸਿਧਾਂਤਾਂ ਦੀ ਰਾਖੀ ਕਰਨ ਅਤੇ ਸਿੱਖੀ ਦੇ ਪਰਚਾਰ ਪਾਸਾਰ ਦੀ ਬਣਦੀ ਹੈ,ਪਰੰਤੂ ਸਿੱਖ ਕੌਂਮ ਦੀ ਇਹ ਸਿਰਮੌਰ ਸੰਸਥਾ ਤੇ ਲੰਮੇ ਸਮੇ ਤੋਂ ਉਹ ਹੀ ਲੋਕ ਕਾਬਜ ਹਨ,ਜਿਹੜੇ ਉੱਪਰ ਲਿਖਿਆ ਜਾ ਚੁੱਕਾ ਹੈ ਕਿ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਦੇ ਖਿਲਾਉਣੇ ਬਣਕੇ ਸਿੱਖ,ਸਿੱਖੀ ਅਤੇ ਸਿੱਖੀ ਸਿਧਾਤਾਂ ਨੂੰ ਤਹਿਸ ਨਹਿਸ ਕਰਨ ਲੱਗੇ ਹੋਏ ਹਨ।ਇਹ ਬੜੇ ਅਫਸੋਸ ਨਾਲ ਲਿਖਣਾ ਪੈਂਦਾ ਹੈ ਕਿ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਿਰਫ ਨਾਮ ਦੀ ਸਿਰਮੌਰ ਸੰਸਥਾ ਰਹਿ ਗਈ ਹੈ,ਉਹਦੀ ਸਭ ਤੋ ਵੱਡੀ ਜੁੰਮੇਵਾਰੀ ਸਿੱਖੀ ਸਿਧਾਤਾਂ ਨੂੰ ਸਾਂਭਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਦੇ ਸਿਧਾਂਤ ਅਤੇ ਮਰਿਯਾਦਾ ਨੂੰ ਲਾਗੂ ਕਰਨ ਦੀ ਬਣਦੀ ਸੀ,ਉਹ ਸੰਸਥਾ ਤੇ ਕਾਬਜ ਲੋਕਾਂ ਨੇ ਖੁਦ ਮਰਿਯਾਦਾ ਅਤੇ ਸਿਧਾਂਤਾਂ ਦਾ ਸਭ ਤੋ ਵੱਧ ਨੁਕਸਾਨ ਕੀਤਾ ਹੈ।ਇਹ ਗੱਲ ਪਹਿਲਾਂ ਵੀ ਬਹੁਤ ਵਾਰ ਲਿਖੀ ਜਾ ਚੁੱਕੀ ਹੈ ਕਿ ਕਿਸੇ ਵੀ ਇਤਹਾਸਿਕ ਗੁਰਦੁਆਰਾ ਸਾਹਿਬ ਅੰਦਰ ਕਿਧਰੇ ਵੀ ਗੁਰੂ ਦੀ ਸਿੱਖਿਆ ਤੇ ਪਹਿਰਾ ਨਹੀ ਦਿੱਤਾ ਜਾ ਰਿਹਾ,ਬਲਕਿ ਜਿਆਦਾਤਰ ਗੁਰਦੁਆਰਿਆਂ ਅੰਦਰ ਮਨਮੱਤਾਂ ਦਾ ਬੋਲਬਾਲਾ ਹੈ,ਕਰਮਕਾਂਡ ਹੋ ਰਹੇ ਹਨ,ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਇਹ ਅਵੱਗਿਆਵਾਂ ਕਰਵਾਉਣ ਵਿੱਚ ਮੋਹਰੀ ਭੂਮਿਕਾ ਅਦਾ ਕਰਦੀ ਹੈ।ਤਖਤ ਸਹਿਬਾਨਾਂ ਦੇ ਜਥੇਦਾਰ ਅਪਣੇ ਆਕਾਵਾਂ ਨੂੰ ਖੁਸ਼ ਕਰਨ ਲਈ ਹਰ ਗਲਤ ਕਾਰਵਾਈ ਤੇ ਸਹੀ ਪਾ ਪਾ ਕੇ ਅਪਣੇ ਰੁਤਬਿਆਂ ਨੂੰ ਵੱਡੀ ਢਾਹ ਲਾ ਚੁੱਕੇ ਹਨ,ਜਿਸ ਦਾ ਨਤੀਜਾ ਇਹ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਵੀ ਹੁਕਮ ਮੰਨਣ ਤੋ ਕੌਮ ਇਨਕਾਰੀ ਹੋ ਚੁੱਕੀ ਹੈ।ਅਜਿਹੇ ਹਾਲਾਤਾਂ ਦੇ ਮੱਦੇਨਜਰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਤਾਬਦੀ ਸਮਾਗਮਾਂ ਨੂੰ ਮਨਾਉਣਾ ਕਿੰਨਾ ਕੁ ਸਾਰਥਿਕ ਨਤੀਜੇ ਦੇ ਸਕਦਾ ਹੈ,ਇਹ ਉਹਨਾਂ ਵੱਲੋਂ ਅਕਾਲੀ ਦਲ ਬਾਦਲ ਦੇ ਇਸਾਰਿਆਂ ਤੇ ਸਮਾਗਮਾਂ ਨੂੰ ਸਿੱਖ ਵਿਰੋਧੀ ਤਾਕਤਾਂ ਮੁਤਾਬਿਕ ਢਾਲਣ ਅਤੇ ਕੇਂਦਰੀ ਹਾਕਮਾਂ ਦੀ ਸਮਾਗਮਾਂ ਚ ਸਿਰਕਤ ਨੂੰ ਯਕੀਨੀ ਬਨਾਉਣ ਦੇ ਕੀਤੇ ਜਾ ਰਹੇ ਯਤਨਾਂ ਤੋ ਦੇਖਿਆ ਜਾ ਸਕਦਾ ਹੈ।ਇਸ ਮੌਕੇ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ, ਸਿੱਖੀ ਨੂੰ ਪਰਫੁੱਲਤ ਕਰਨ ਅਤੇ ਕੌਂਮ ਨੂੰ ਇੱਕ ਮੰਚ ਤੇ ਇਕੱਤਰ ਕਰਨ ਦੇ ਯਤਨ ਕਰਨ ਦੀ ਵਜਾਏ,ਪੂਰੀ ਤਨਦੇਹੀ ਨਾਲ ਇਹ ਯਤਨ ਕਰ ਰਹੀ ਹੈ ਕਿ ਇਹਨਾਂ ਸਮਾਗਮਾਂ ਤੋ ਅਕਾਲੀ ਦਲ ਬਾਦਲ ਨੂੰ ਸਿਆਸੀ ਲਾਭ ਕਿਵੇਂ ਦਿਵਾਇਆ ਜਾ ਸਕਦਾ ਹੈ।ਪੰਜਾਬ ਸਰਕਾਰ ਇਹ ਸਤਾਬਦੀ ਨੂੰ ਸਰੋਮਣੀ ਕਮੇਟੀ ਨਾਲ ਮਿਲਕੇ ਮਨਾਉਣਾ ਚਾਹੁੰਦੀ ਸੀ,ਪਰ ਦੋਹਾਂ ਧਿਰਾਂ ਦੀ ਸਿਆਸੀ ਲਾਹਾ ਲੈਣ ਦੀ ਖਿੱਚੋਤਾਣ ਕਾਰਨ ਇਹ ਸਮਾਗਮਾਂ ਨੂੰ ਇਕੱਠੇ ਮਨਾਉਣ ਦਾ ਪਰੋਗਰਾਮ ਸਿਰੇ ਨਾ ਚੜ ਸਕਿਆ।ਪਿਛਲੇ ਦਿਨੀ ਸਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨੂੰ ਇਹਨਾਂ ਸਮਾਗਮਾਂ ਤੋਂ ਲਾਂਭੇ ਕਰ ਦਿੱਤਾ ਹੈ।ਇੱਥੇ ਹੀ ਬੱਸ ਨਹੀ ਸਰੋਮਣੀ ਕਮੇਟੀ ਨੇ ਜਿਹੜੇ ਗੁਰੂ ਸਾਹਿਬ ਦਾ ਸਤਾਬਦੀ ਪ੍ਰਕਾਸ਼ ਪੁਰਬ ਮਨਾਉਣ ਲਈ ਪੱਬਾਂ ਭਾਰ ਹਈ ਫਿਰਦੀ ਹੈ,ਉਹਨਾਂ ਨੇ ਉਹ ਹੀ ਗਰੂ ਨਾਨਕ ਸਾਹਿਬ ਦੀ ਅਣਸ ਬੰਸ ਦੀ ਸਤਾਰਵੀ  ਪੀਹੜੀ ਚੋਂ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਸੱਦਾ ਪੱਤਰ ਦੇਣਾ ਵੀ ਮਨਾਸਿਬ ਨਹੀ ਸਮਝਿਆ,ਜਦੋ ਕਿ ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਸੱਦਾ ਦਿੱਤਾ ਗਿਆ ਹੈ।ਇਹਨਾਂ ਕੇਂਦਰੀ ਆਗੂਆਂ ਨੂੰ ਖੁਸ਼ ਕਰਨ ਖਾਤਰ ਹੀ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿਰਫ ਸਮਾਗਮਾਂ ਦੀ ਤਿਆਰੀ ਵਾਸਤੇ ਹੀ ਦਿੱਤੇ ਗਏ ਟੈਂਡਰ ਤੇ ਗੁਰੂ ਕੀ ਗੋਲਕ ਦੇ 10 ਕਰੋੜ ਰੁਪਏ ਖਰਚ ਕਰ ਦਿੱਤੇ ਹਨ,ਜਦੋਕਿ ਹੋਣਾ ਇਹ ਚਾਹੀਦਾ ਸੀ ਕਿ ਇਸ ਵਾਰ ਕੌਂਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਅਤੇ ਆਰਥਕ ਮੰਦਹਾਲੀ ਦੇ ਚੱਲਦਿਆਂ ਸਮੁੱਚੀਆਂ ਨਾਨਕ ਨਾਮਲੇਵਾ ਸਿਖ ਸੰਗਤਾਂ ਨੂੰ ਨਾਲ ਲੈਕੇ ਸਮਾਗਮ ਸਾਦੇ ਰੂਪ ਚ ਮਨਾ ਕੇ ਗੁਰੂ ਵੱਲੋਂ ਦਿੱਤੀ ਮੱਤ ਤੇ ਅਮਲ ਕੀਤਾ ਜਾਂਦਾ।ਗੁਰੂ ਕੀ ਗੋਲਕ ਗਰੀਬ ਦਾ ਮੂੰਹ ਵਾਲੇ ਗੁਰੂ ਦੇ ਕਥਨ ਤੇ ਪਹਿਰਾ ਦਿੰਦੇ ਹੋਏ ਇਹ ਪੈਸਾ ਕੌਂਮ ਦੀ ਭਲਾਈ,ਸਿੱਖਿਆ ਅਤੇ ਸਿਹਤ ਸਹੂਲਤਾਂ ਤੇ ਖਰਚ ਕੀਤਾ ਜਾਂਦਾ,ਪ੍ਰੰਤੂ ਅਜਿਹਾ ਨਹੀ ਕੀਤਾ ਜਾਵੇਗਾ,ਕਿਉਕਿ ਜਿਹੜੀਆਂ ਤਾਕਤਾਂ ਦੇ ਹੱਥਾਂ ਵਿੱਚ ਸਰੋਮਣੀ ਕਮੇਟੀ ਦਾ ਨਿਯੰਤਰਣ ਹੈ ਉਹ ਅਜਿਹਾ ਹਰਗਿਜ ਵੀ ਪਸੰਦ ਨਹੀ ਕਰਦੀਆਂ।ਅਜਿਹੇ ਹਾਲਾਤਾਂ ਵਿੱਚ ਸਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ ਵੱਲੋਂ ਮਨਾਏ ਜਾ ਰਹੇ ਸਤਾਬਦੀ ਸਮਾਗਮ ਕਿਵੇਂ ਸਾਰਥਕ ਨਤੀਜੇ ਦੇ ਸਕਦੇ ਹਨ।ਦੂਜੀ ਧਿਰ ਪੰਜਾਬ ਸਰਕਾਰ ਹੈ,ਜਿਸਨੇ ਗੁਰੂ ਸਾਹਿਬ ਦੇ ਸਤਾਬਦੀ ਸਮਾਗਮ ਸਰੋਮਣੀ ਕਮੇਟੀ ਨਾਲ ਮਿਲ ਕੇ ਵੱਡੇ ਪੱਧਰ ਤੇ ਮਨਾਉਣ ਦਾ ਟੀਚਾ ਮਿਥਿਆ ਸੀ,ਪਰ ਐਨ ਮੌਕੇ ਤੇ ਸਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਸਤਾਬਦੀ ਸਮਾਗਮ ਮਨਾਉਣ ਤੋ ਕੋਰਾ ਜਵਾਬ ਦੇ ਦਿੱਤਾ ਹੈ।ਤੀਜੀ ਪਰਮੁੱਖ ਧਿਰ ਬਾਬਾ ਸਰਬਜੋਤ ਸਿੰਘ ਬੇਦੀ ਦੀ ਅਗਵਾਈ ਵਾਲੀ ਗੁਰਮਤਿ ਪ੍ਰਚਾਰਕ ਸੰਤ ਸਭਾ ਹੈ,ਜਿਸ ਨੇ ਡੇਰਾ ਬਾਬਾ ਨਾਨਕ ਵਿਖੇ ਸ੍ਰੀ ਕਰਤਾਰਪੁਰ ਸਾਹਿਬ ਕੋਰੀਡੋਰ ਦੇ ਨਜਦੀਕ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਸਮਾਗਮ ਮਨਾਉਣ ਦਾ ਫੈਸਲਾ ਕੀਤਾ ਹੈ,ਜਿਹੜੇ ਅੱਠ ਨਵੰਬਰ ਤੋਂ 12 ਨਵੰਬਰ ਤੱਕ ਚੱਲਣਗੇ। ਗੁਰਮਤਿ ਪ੍ਰਚਾਰਕ ਸੰਤ ਸਭਾ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਵਾਸਤੇ ਰੋਜਾਨਾ ਆਉਣ ਵਾਲੀਆਂ ਸੰਗਤਾਂ ਲਈ ਪੰਜ ਨਵੰਬਰ ਤੋ ਗੁਰੂ ਕੇ ਲੰਗਰ ਵੀ ਲਾਏ ਜਾ ਰਹੇ ਹਨ। ਪਰ ਸੋਚਣ ਵਾਲੀ ਗੱਲ ਇਹ ਹੈ ਕਿ ਸਤਾਬਦੀ ਸਮਾਗਮਾਂ ਚੋ ਕੌਂਮ ਖੱਟਣ ਕੀ ਜਾ ਰਹੀ ਹੈ।ਜਿਵੇਂ ਉੱਪਰ ਲਿਖਿਆ ਵੀ ਜਾ ਚੁੱਕਾ ਹੈ ਕਿ ਹੁਣ ਕੌਂਮ ਅੰਦਰ ਜਾਗਰੂਕਤਾ ਦੀ ਕੋਈ ਕਮੀ ਨਹੀ ਹੈ,ਹਰ ਮਾਮਲੇ ਤੇ ਲੋਕ ਹੁਣ ਆਗੂਆਂ ਤੋ ਜਵਾਬ ਮੰਗਣ ਦੀ ਹਿੰਮਤ ਰੱਖਦੇ ਹਨ।ਇਸ ਵਾਰ ਸਤਾਬਦੀ ਸਮਾਗਮਾਂ ਨੂੰ ਸਿਆਸੀ ਲਾਹਾ ਲੈਣ ਲਈ ਵਰਤਣ ਵਾਲਿਆਂ ਨੂੰ ਇਸ ਗੱਲ ਦਾ ਧਿਆਨ ਜਰੂਰ ਰੱਖਣਾ ਪਵੇਗਾ ਕਿ ਜੇਕਰ ਇਹ ਸਤਾਬਦੀ ਵੀ ਪਿਛਲੀਆਂ ਸਤਾਬਦੀਆਂ ਦੀ ਤਰਾਂ ਸਿਆਸਤ ਦੀ ਭੇਟ ਚੜ੍ਹ ਗਈ,ਤਾਂ ਕੌਂਮ ਜਵਾਬ ਜਰੂਰ ਮੰਗੇਗੀ। ਗੁਰਮਤਿ ਪ੍ਰਚਾਰਕ ਸੰਤ ਸਭਾ ਨੂੰ ਵੀ ਇਹ ਧਿਆਨ ਰੱਖਣਾ ਪਵੇਗਾ ਕਿ ਇਹ ਸੰਤ ਸਭਾ ਮਹਿਜ ਸੰਤ ਬਾਬਿਆਂ ਅਤੇ ਬੁੱਧੀਜੀਵੀਆਂ ਦੀ ਪ੍ਰਤੀਨਿਧਤਾ ਕਰਨ ਵਾਲੀ ਜਥੇਬੰਦੀ ਹੀ ਨਹੀ,ਬਲਕਿ ਇਹ ਦੀ ਅਗਵਾਈ ਗੁਰੂ ਨਾਨਕ ਸਾਹਿਬ ਸਾਹਿਬ ਦੀ ਕੁਲ ਦੇ ਵਾਰਸ ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਕੀਤੀ ਜਾ ਰਹੀ ਹੈ,ਜਿਸ ਦਾ ਪਹਿਲਾ ਉਦੇਸ਼ ਸ੍ਰੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਿੱਖ ਸੰਗਤਾਂ ਤੱਕ ਪਹੁੰਚਾਉਣਾ ਹੋਣਾ ਚਾਹੀਦਾ ਹੈ। ਉਹਨਾਂ ਨੂੰ ਸਿਆਸਤ ਦੀਆਂ ਧੜੇਬੰਦੀਆਂ ਤੋਂ ਉੱਪਰ ਉੱਠ ਕੇ ਕੌਂਮ ਨੂੰ ਦਰਪੇਸ ਸਮੱਸਿਆਵਾਂ ਜਿਵੇਂ ਗੁਰਦੁਆਰਾ ਪ੍ਰਬੰਧ ਵਿੱਚ ਆਏ ਨਿਘਾਰ ਦਾ ਨਿਵਾਰਣ ਕਰਨ ਲਈ ਪ੍ਰਬੰਧ ਸੱਚੇ ਸੁੱਚੇ ਗੁਰਸਿਖਾਂ ਦੇ ਹੱਥ ਦੇਣ ਦੇ ਸੁਹਿਰਦਤਾ ਨਾਲ ਯਤਨ ਕਰਨੇ,ਗੁਰਬਾਣੀ ਦਾ ਸੰਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਣ ਦੇ ਯੋਗ ਪ੍ਰਬੰਧ ਕਰਨੇ ਪੈਣਗੇ ਤਾਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਮਲੀ ਰੂਪ ਵਿੱਚ ਜਗਤ ਗੁਰੂ ਵਜੋਂ ਪਰਵਾਨ ਹੋਣ,ਸੋ ਅਜਿਹੇ ਕੌਂਮੀ ਕਾਰਜਾਂ ਲਈ ਜੇਕਰ ਠੋਸ ਪਰੋਗਰਾਮ ਉਲੀਕੇ ਜਾਣਗੇ,ਫਿਰ ਹੀ ਗੁਰੂ ਨਾਨਕ ਸਾਹਿਬ ਦੇ ਸਤਾਬਦੀ ਪ੍ਰਕਾਸ਼ ਪੁਰਬ ਨੂੰ ਸਾਰਥਿਕ ਮੰਨਿਆ ਜਾਵੇਗਾ। ਉਪਰੋਕਤ ਦੇ ਮੱਦੇਨਜਰ ਇਹ ਸਪੱਸਟ ਹੈ ਕਿ ਇਹਨਾਂ ਇਤਿਹਾਸਿਕ ਦਿਹਾੜਿਆਂ ਨੂੰ ਮਨਾਉਣ ਲਈ ਦੋ ਧਿਰਾਂ ਪਰਮੁੱਖ ਰੂਪ ਚ ਸਾਹਮਣੇ ਹਨ,ਇੱਕ ਉਹ ਧਿਰ ਹੈ,ਜਿਹੜੀ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਨੂੰ ਮਲੀਆਮੇਟ ਕਰਨ ਵਾਲਿਆਂ ਨਾਲ ਸਾਂਝ ਰੱਖਦੀ ਹੈ ਅਤੇ ਦੂਜੀ ਧਿਰ ਉਹ ਹੈ,ਜਿਸ ਨੂੰ ਗੁ੍ਰੂ ਸਾਹਿਬ ਦੀ ਕੁਲ ਦੇ ਵਾਰਸ ਹੋਣ ਦਾ ਮਾਣ ਹਾਸਲ ਹੈ।ਇੱਕ ਪਾਸੇ ਬਾਬੇ ਕੇ ਹਨ ਤੇ ਦੂਜੇ ਪਾਸੇ ਬਾਬਰ ਕੇ ਧਰਮ ਦਾ ਮਖੌਟਾ ਪਾਕੇ ਸੰਗਤਾਂ ਨੂੰ ਗੁਮਰਾਹ ਕਰ ਰਹੇ ਹਨ,ਹੁਣ ਦੇਖਣਾ ਇਹ ਵੀ ਹੋਵੇਗਾ ਕਿ ਕੈਪਟਨ ਸਰਕਾਰ ਸਿੱਖ ਵਿਰੋਧੀ ਤਾਕਤਾਂ ਨਾਲ ਰਲਕੇ ਸਮਾਗਮ ਕਰਵਾਉਣ ਵਾਲਿਆਂ ਨਾਲ ਹੱਥ ਮਿਲਾ ਕੇ ਇੱਕ ਹੋਰ ਗੁਨਾਹ ਦਾ ਭਾਰ ਅਪਣੇ ਸਿਰ ਲਵੇਗੀ ਜਾਂ ਗੁਰੂ ਦੇ ਵਾਰਸਾਂ ਦਾ ਸਾਥ ਦੇ ਕੇ ਸੱਚੇ ਤੇ ਨਿਮਾਣੇ ਸਿੱਖ ਹੋਣ ਦਾ ਸਬੂਤ ਦੇਵੇਗੀ।ਚੰਗਾ ਹੋਵੇ ਜੇ ਕੈਪਟਨ ਸਰਕਾਰ ਸਮੁੱਚੇ ਰੂਪ ਚ ਸਿਆਸੀ ਲਾਭ ਲੈਣ ਦੀ ਲਾਲਸਾ ਦਾ ਤਿਆਗ ਕਰਕੇ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਸਤਾਬਦੀ ਸਮਾਗਮਾਂ ਵਿੱਚ ਸਹਿਯੋਗ ਦੇਵੇ।

ਬਘੇਲ ਸਿੰਘ ਧਾਲੀਵਾਲ
99142-58142

ਲੋਕ ਸਮੱਸਿਆ ਤੋ ਲਾਪ੍ਰਵਾਹ, ਹੈਂਕੜਵਾਜ ਉਦਯੋਗ ਪ੍ਰਬੰਧਕ ਦਾ ਪ੍ਰਤੀਕਰਮ ਚਿੰਤਾਜਨਕ, ਟਰਾਈਡੈਂਟ ਉਦਯੋਗ ਨੂੰ ਨਹੀ ਕੋਈ ਪ੍ਰਵਾਹ ਅਖਬਾਰੀ ਖਬਰਾਂ ਦੀ

ਗੰਧਲੇ ਸਿਸਟਮ ਵਿੱਚ ਸੱਚਮੁੱਚ ਹੀ ਖਬਰਾਂ ਬੇਅਸਰ, ਲੋਕਾਂ ਦੀ ਲਾਮਬੰਦੀ ਹੀ ਮਸਲੇ ਦਾ ਸਹੀ ਹੱਲ

ਬਰਨਾਲਾ ਤੋਂ ਬਘੇਲ ਸਿੰਘ ਧਾਲੀਵਾਲ
99142-58142

ਪਿਛਲੇ ਦਿਨਾਂ ਚ ਟਰਾਈਡੈਂਟ ਉਦਯੋਗ ਵੱਲੋਂ ਬਰਨਾਲੇ ਦੀ ਸੈਕੜੇ ਏਕੜ ਜਰਖੇਜ਼ ਜਮੀਨ ਹਥਿਆ ਕੇ ਵੀ ਰੋਜਗਾਰ ਵਿੱਚ ਇਲਾਕੇ ਨੂੰ ਸਿਵਾਏ ਮਜਦੂਰੀ ਵਾਲੇ ਕੰਮਾਂ ਤੋ ਹੋਰ ਅਹਿਮ ਨੌਕਰੀਆਂ ਵਿੱਚ ਨਜ਼ਰਅੰਦਾਜ਼ ਕਰਕੇ ਗੈਰ ਇਲਾਕਾਈ ਲੋਕਾਂ ਅਤੇ ਗੈਰ ਪੰਜਾਬੀਆਂ ਨੂੰ ਪਹਿਲ ਦੇਣ ਸਬੰਧੀ, ਸਰਕਾਰ ਦੀ ਮਦਦ ਨਾਲ ਖੰਡ ਮਿੱਲ ਲਾਉਣ ਦਾ ਲਾਰਾ ਲਾਕੇ ਧੋਖੇ ਨਾਲ ਕਿਸਾਨਾਂ ਦੀ ਸੈਕੜੇ ਏਕੜ ਜਮੀਨ ਹੜੱਪਣ ਸਬੰਧੀ, ਉਦਯੋਗਪਤੀ ਵੱਲੋਂ ਅਪਣੀ ਕੇਂਦਰ ਤੱਕ ਪਹੁੰਚ ਦਾ ਪ੍ਰਭਾਵ ਵਰਤ ਕੇ ਨਿਯਮਾਂ ਦੀ ਉਲੰਘਣਾ ਕਰਕੇ ਸੂਬੇ ਦੇ ਯੋਜਨਾਬੋਰਡ  ਦੀ ਉੱਪ ਚੇਅਰਮੈਨੀ ਲੈਣ ਸਬੰਧੀ, ਟਰਾਈਡੈਂਟ ਉਦਯੋਗ ਦੀਆਂ ਅਪਣੇ ਨਿੱਜੀ ਲਾਭ ਲਈ ਸ਼ੁਰੂ ਕੀਤੀਆਂ ਲੋਕ ਮਾਰੂ ਗਤੀਵਿਧੀਆਂ ਅਤੇ ਬਰਨਾਲਾ ਤੇ ਧੌਲਾ ਉਦਯੋਗ ਦੇ ਨਾਲ ਲੱਗਦੇ ਸਰਕਾਰੀ ਥਾਂ ਤੇ ਕੀਤੇ ਨਜਾਇਜ ਕਬਜਿਆਂ ਸਬੰਧੀ ਸੱਚੀਆਂ ਖਬਰਾਂ ਪਰਮੁੱਖਤਾ ਨਾਲ ਲਗਾਤਾਰ ਛਪਦੀਆਂ ਰਹੀਆਂ ਹਨ,ਪਰ ਸਰਕਾਰ ਜਾਂ ਪ੍ਰਸ਼ਾਸ਼ਨ ਨੇ ਫਿਰ ਵੀ ਇਸ ਪਾਸੇ ਉੱਕਾ ਹੀ ਧਿਆਨ ਨਹੀ ਦਿੱਤਾ।ਇਸ ਤੋ ਸਿੱਧ ਹੁੰਦਾ ਹੈ ਕਿ ਹਕੂਮਤਾਂ ਕਦੇ ਵੀ ਆਮ ਲੋਕਾਂ ਦੀ ਜਾਨ ਮਾਲ਼ ਦੀ ਪ੍ਰਵਾਹ ਨਹੀ ਕਰਦੀਆਂ,ਜਦੋ ਕਿ ਸਾਰਾ ਧਿਆਨ ਸਰਮਾਏਦਾਰ ਜਮਾਤ ਦੇ ਹਿਤਾਂ ਦੀ ਰਾਖੀ ਤੇ ਕੇਂਦਰਿਤ ਰੱਖਦੀਆਂ ਹਨ, ਬੇਸ਼ੱਕ ਉਹਨਾਂ ਨੂੰ ਰਾਜਸੱਤਾ ਤੱਕ ਪਹੁੰਚਾਉਣ ਚ ਮੁੱਖ ਭੂਮਿਕਾ ਆਮ ਜਨਤਾ ਦੀ ਹੀ ਹੁੰਦੀ ਹੈ।ਨਾ ਹੀ ਟਰਾਈਡੈਂਟ ਦੇ ਨਜਾਇਜ ਕਬਜੇ ਹਟਾਏ ਗਏ ਹਨ ਅਤੇ ਨਾ ਹੀ ਜਹਿਰੀਲੇ ਪਾਣੀ ਦੀ ਰੋਕ ਥਾਮ ਹੀ ਕੀਤੀ ਗਈ, ਨਾਂ ਹੀ ਧੌਲਾ ਵਿਖੇ ਲੱਗਣ ਵਾਲੀ ਖੰਡ ਮਿੱਲ ਬਾਰੇ ਕੋਈ ਸਪੱਸਟੀਕਰਨ ਦਿੱਤਾ ਗਿਆ ਤੇ ਖੰਡ ਮਿੱਲ ਨਾ ਲੱਗਣ ਦੀ ਸੂਰਤ ਵਿੱਚ ਜਿਹੜੇ ਕਿਸਾਨਾਂ ਦੀ ਜਮੀਨ ਤੇ ਟਰਾਈਡੈਟ ਮਾਲਕ ਨੇ ਸਰਕਾਰ ਦੀ ਮਦਦ ਨਾਲ ਕਬਜੇ ਕੀਤੇ ਸਨ ਉਹਨਾਂ ਸਬੰਧਤ ਕਿਸਾਨਾਂ ਨੂੰ ਜਮੀਨ ਵਾਪਸ ਕਿਉਂ ਨਹੀ ਕੀਤੀ ? ਨਾ ਹੀ ਇਹਦੇ ਬਾਰੇ ਕੋਈ ਜਾਣਕਾਰੀ ਦਿੱਤੀ ਗਈ, ਬਲਕਿ ਬੀਤੇ ਦਿਨੀ ਇਹ ਜਰੂਰ ਸੁਨਣ ਵਿੱਚ ਆਇਆ ਹੈ ਕਿ ਟਰਾਈਡੈਂਟ ਦਾ ਇੱਕ ਜੁੰਮੇਵਾਰ ਅਧਿਕਾਰੀ ਪਹਿਰੇਦਾਰ ਅਖਬਾਰ ਵੱਲੋਂ ਚੁੱਕੇ ਗਏ ਇਹਨਾਂ ਲੋਕ ਪੱਖੀ ਕਦਮਾਂ ਤੋ ਜਿੱਥੇ ਬਹੁਤ ਖਫਾ ਹੈ, ਓਥੇ ਉਹ ਇਹ ਕਹਿੰਦਾ ਵੀ ਸੁਣਿਆ ਗਿਆ ਕਿ ਅਜਿਹੀਆਂ ਖਬਰਾਂ ਲੱਗਦੀਆਂ ਹੀ ਰਹਿੰਦੀਆਂ ਹਨ, ਇਹ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ।ਉਕਤ ਅਧਿਕਾਰੀ ਵੱਲੋਂ ਅਜਿਹਾ ਲਾਪਰਵਾਹ ਤੇ ਹੈਂਕੜ ਭਰਿਆ ਪ੍ਰਤੀਕਰਮ ਸੁਣਕੇ ਇਹ ਸ਼ੱਕ ਯਕੀਨ ਵਿੱਚ ਬਦਲਣਾ ਸੁਭਾਵਿਕ ਹੈ ਕਿ ਸੱਚਮੁੱਚ ਹੀ ਅਜਿਹੀਆਂ ਖਬਰਾਂ ਇਹਨਾਂ ਲੋਕਾਂ ਦਾ ਓਨੀ ਦੇਰ ਕੁੱਝ ਵੀ ਨਹੀ ਬਿਗਾੜ ਸਕਣਗੀਆਂ, ਜਿੰਨੀ ਦੇਰ ਇਲਾਕੇ ਦੇ ਕਿਸਾਨ, ਮਜਦੂਰ ਅਤੇ ਉਹ ਸਮੁੱਚੇ ਲੋਕ ਇਕੱਠੇ ਹੋ ਕੇ ਇਸ ਉਦਯੋਗ ਦੀਆਂ ਮਨਮਾਨੀਆਂ ਦੇ ਖਿਲਾਫ ਕੋਈ ਫੈਸਲਾਕੁਨ ਸੰਘਰਸ਼ ਲੜਨ ਦਾ ਮਨ ਨਹੀ ਬਣਾਉਂਦੇ, ਜਿਹੜੇ ਇਸ ਉਦਯੋਗ ਤੋ ਕਿਸੇ ਨਾ ਕਸੇ ਰੂਪ ਵਿੱਚ ਪੀੜਤ ਹਨ।ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਜਿਹੜੇ ਉਦਯੋਗਪਤੀ ਅਤੇ ਟਰਾਈਡੈਂਟ ਦਾ ਪ੍ਰਬੰਧ ਦੇਖ ਰਹੇ ਜੁੰਮੇਵਾਰ ਅਧਿਕਾਰੀ  ਖਬਰਾਂ ਦੀ ਪ੍ਰਵਾਹ ਨਾਂ ਕਰਨ ਦੀ ਗੱਲ ਕਰਦੇ ਹਨ,ਉਹਨਾਂ ਨੂੰ ਲੋਕ ਸੰਘਰਸ਼ ਗੋਡੇ ਟੇਕਣ ਲਈ ਮਜਬੂਰ ਕਰ ਦੇਵੇਗਾ।ਇਹ ਗੱਲ ਵੀ ਪੂਰੇ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਜਿਹੜੀਆਂ ਖਬਰਾਂ ਦੀ ਪ੍ਰਵਾਹ ਨਾ ਕਰਨ ਦੀ ਗੱਲ ਟਰਾਈਡੈਂਟ ਵੱਲੋਂ ਕਹੀ ਜਾ ਰਹੀ ਹੈ, ਉਹ ਹੀ ਖਬਰਾਂ ਲੋਕ ਲਾਮਬੰਦੀ ਦਾ ਅਜਿਹਾ ਰਾਸਤਾ ਅਖਿਤਾਰ ਕਰ ਸਕਦੀਆਂ ਹਨ, ਜਿੰਨਾਂ ਦਾ ਅਹਿਸਾਸ ਸਾਇਦ ਟਰਾਈਡੈਂਟ ਮੈਨੇਜਮੈਟ ਨੂੰ ਨਹੀ ਹੈ।ਉਪਰੋਕਤ ਮਸਲੇ ਜਨਤਕ ਹੋ ਜਾਣ ਦੇ ਬਾਵਜੂਦ ਵੀ ਟਰਾਈਡੈਂਟ ਉਦਯੋਗ ਧੋਲਾ ਵੱਲੋ ਧਰਤੀ ਹੇਠ ਅਤੇ ਡਰੇਨ ਸਮੇਤ ਛੋਟੇ ਰਜਵਾਹਿਆਂ ਵਿੱਚ ਵੀ ਤੇਜਾਬੀ ਪਾਣੀ ਪਾ ਕੇ ਮਾਲਵੇ ਨੂੰ ਕੈਂਸਰ ਅਤੇ ਕਾਲੇ ਪੀਲੀਏ ਦਾ ਘਰ ਬਣਾਇਆ ਜਾ ਰਿਹਾ ਹੈ। ਡਰੇਨ ਅਤੇ ਧੋਲਾ ਫੈਕਟਰੀ ਦੇ ਆਲੇ ਦੁਆਲੇ ਦੇ 50 ਕਿਲੋਮੀਟਰ ਦੇ ਘੇਰੇ ਵਿਚਲੇ ਲੋਕਾਂ ਦੇ ਘਰ, ਘਰ ਭਿਆਨਕ ਬਿਮਾਰੀਆਂ ਨੇ ਆਣ ਦਸਤਕ ਦਿੱਤੀ ਹੈ। ਇਹ ਲੋਕ ਬਿਮਾਰੀਆਂ ਦੇ ਸ਼ਿਕਾਰ ਹੀ ਨਹੀ ਹੋਏ ਬਲਕਿ ਬਹੁਤ ਸਾਰੇ ਅਭਾਗੇ ਲੋਕ ਇਹਨਾਂ ਬਿਮਾਰੀਆਂ ਤੋ ਅਪਣੀ ਆਰਥਿਕਤਾ ਲੁਟਾ ਕੇ ਜਹਾਨ ਤੋ ਕੂਚ ਵੀ ਕਰ ਗਏ ਹਨ। ਕੁੱਝ ਸਮਾ ਪਹਿਲਾਂ ਇਸ ਗੰਭੀਰ ਮਾਮਲੇ ਸਬੰਧੀ ਇੱਕ ਸਮਾਜ ਸੇਵੀ ਸੰਸਥਾ  ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨਵੀ ਦਿੱਲੀ ਦੇ ਚੇਅਰਮੈਨ ਨੂੰ ਇਕ ਖੁੱਲਾ ਪੱਤਰ ਲਿਖ ਕੇ ਉਦਯੋਗ ਦੀ ਸ਼ਿਕਾਇਤ ਵੀ ਭੇਜੀ ਸੀ ਕਿ ਟਰਾਈਡੈਂਟ ਉਦਯੋਗ ਧੋਲਾ ਜੋ ਅਪਣਾ ਲੱਖਾਂ ਲੀਟਰ ਤੇਜਾਬੀ ਪਾਣੀ ਡਰੇਨ ਵਿਚ ਪਾ ਕੇ ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਹੈ, ਉਸ ਖਿਲਾਫ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜਿਕਰਯੋਗ ਹੈ ਕਿ  ਉਦਯੋਗ ਦਾ ਇੱਕ ਪਾਸੇ ਤੋ ਇੱਕ ਕਿਲੋਮੀਟਰ ਤੋ ਵੱਧ ਦਾ ਏਰੀਆ ਡਰੇਨ ਦੀ ਪਟੜੀ ਨਾਲ ਲਗਦਾ ਹੈ। ਜਿਸ ਕਰਕੇ ਉਦਯੋਗ ਦਾ ਤੇਜਾਬੀ ਅਤੇ ਗੰਧਲਾ ਪਾਣੀ ਡਰੇਨ ਵਿਚ ਸੁੱਟਣ ਲਈ ਕੋਈ ਮੁਸੱਕਤ ਵੀ ਨਹੀ ਕਰਨੀ ਪੈਂਦੀ, ਜਦੋਕਿ ਦੂਜੇ ਪਾਸੇ ਉਦਯੋਗ ਦਾ ਜਹਿਰੀਲਾ ਪਾਣੀ ਬਿਨਾਂ ਸੋਧੇ ਹੀ ਧਰਤੀ ਹੇਠ ਪਾਇਆ ਜਾ ਰਿਹਾ ਹੈ, ਜੋ ਆਲੇ ਦੁਆਲੇ ਦੀਆ ਫਸਲਾਂ ਅਤੇ ਲੋਕਾਂ ਲਈ ਕਹਿਰ ਬਣਿਆ ਹੋਇਆ ਹੈ। ਜਿਸ ਕਾਰਨ ਲੋਕ ਅਪਣੀ ਨਰਕ ਭਰੀ ਜਿੰਦਗੀ ਤੋ ਛੁਟਕਾਰਾ ਪਾਉਣ ਲਈ ਕਈ ਵਾਰ ਸਰਕਾਰੇ, ਦਰਬਾਰੇ ਅਰਜ ਕਰਦੇ ਹਨ ਪਰ ਉਦਯੋਗ ਦੇ ਸਿਰ ਉਪਰ ਸਰਕਾਰੀ ਹੱਥ ਹੋਣ ਕਰਕੇ ਲੋਕਾਂ ਦੀ ਕਿਸੇ ਪਾਸੇ ਵੀ ਸੁਣਵਾਈ ਨਹੀ ਹੈ। ਡਰੇਨ ਵਿਚ ਤੇਜਾਬੀ ਪਾਣੀ ਛੱਡਣ ਦਾ ਪ੍ਰਭਾਵ ਮਨੁੱਖੀ ਸ਼ਰੀਰ ਉਪਰ ਹੀ ਨਹੀ ਬਲਕਿ ਬੇਜੁਬਾਨ ਜਾਨਵਰਾਂ ਉਪਰ ਵੀ ਪੈ ਰਿਹਾ ਹੈ, ਜਿਸ ਕਰਕੇ ਇਲਾਕੇ ਦੇ ਪਸ਼ੂ ਪਾਲਕਾਂ ਦੇ ਕੀਮਤੀ ਪਾਲਤੂ ਪਸ਼ੂ ਅਣਆਈ ਮੌਤ ਮਰ ਰਹੇ ਹਨ।ਜਿਕਰਯੋਗ ਇਹ ਵੀ ਹੈ ਕਿ ਉਦਯੋਗ ਦੇ ਮਾਲਿਕ ਵੱਲੋ ਕੇਂਦਰ ਵਿੱਚ ਬੈਠੇ ਅਪਣੇ ਆਕਾਵਾਂ ਦੇ ਪ੍ਰਭਾਵ ਦੀ ਵਰਤੋਂ ਕਰਕੇ ਸੂਬਾ ਸਰਕਾਰ ਅੰਦਰ ਯੋਜਨਾ ਬੋਰਡ ਦੀ ਉੱਪ ਚੇਅਰਮੈਨੀ ਦਾ ਅਹਿਮ ਬਕਾਰੀ ਆਹੁਦਾ ਹਥਿਆ ਲੈਣ ਤੋ ਬਾਅਦ ਕਿਸੇ ਪ੍ਰਦੂਸਨ ਕੰਟਰੋਲ ਬੋਰਡ ਜਾਂ ਟ੍ਰਿਬਿਊਨਲ ਦੀ ਹਿੰਮਤ ਹੀ ਨਹੀ ਪਈ ਕਿ ਉਹ ਉਦਯੋਗ ਖਿਲਾਫ ਕੋਈ ਕਾਰਵਾਈ ਕਰ ਸਕੇ।ਸੋ ਜਦੋ ਟਰਾਈਡੈਂਟ ਦਾ ਪ੍ਰਬੰਧਕ ਠੋਕ ਬਜਾ ਕੇ ਇਹ ਕਹਿ ਰਿਹਾ ਹੈ ਕਿ ਅਖਬਾਰਾਂ ਦੀਆਂ ਖਬਰਾਂ ਸਾਡਾ ਕੁੱਝ ਨਹੀ ਬਿਗਾੜ ਸਕਦੀਆਂ ਤਾਂ ਇਲਾਕੇ ਦੇ ਲੋਕਾਂ ਨੂੰ ਲਾਮਬੰਦ ਹੋਕੇ ਸੰਘਰਸ਼ ਵਿੱਢਣਾ ਹੋਵੇਗਾ,ਤਾਂਕਿ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਉਦਯੋਗ ਦੀਆਂ ਮਨਮਾਨੀਆਂ ਅਤੇ ਬੇਨਿਯਮੀਆਂ ਦੀ ਨਿਰਪੱਖਤਾ ਨਾਲ ਜਾਂਚ ਕਰਕੇ ਬਣਦੀ ਕਾਰਵਾਈ ਅਮਲ ਵਿੱਚ ਲਿਆਉਣ ਲਈ ਮਜਬੂਰ ਕੀਤਾ ਜਾ ਸਕੇ। 

ਮਾਨਵਤਾ ਪੱਖੀ ਸਿੱਖੀ ਸੋਚ ਦਾ ਨਾਮ ਹੈ ਖਾਲਸਾ ਏਡ - ਬਘੇਲ ਸਿੰਘ ਧਾਲੀਵਾਲ

ਨਹੀ ਭਾਉਂਦਾ ਵਿਰੋਧੀ ਤਾਕਤਾਂ ਨੂੰ ਗੁਰੂ ਆਸ਼ੇ ਵਾਲੀ ਇਸ ਸੋਚ ਦਾ ਪਸਾਰਾ

ਖਾਲਸਾ ਏਡ ਦੁਨੀਆਂ ਪੱਧਰ ਤੇ ਇੱਕ ਅਜਿਹਾ ਨਾਮ ਬਣ ਗਿਆ ਹੈ ਜਿਸ ਨੇ ਸਿੱਖ ਸਿੱਖੀ ਅਤੇ ਸਿੱਖੀ ਸਿਧਾਤਾਂ ਦੀ ਪਛਾਣ ਦੁਨੀਆਂ ਪੱਧਰ ਤੇ ਬੜੇ ਸਤਿਕਾਰ ਸਹਿਤ ਬਣਾ ਦਿੱਤੀ ਹੈ। ਦੁਨੀਆਂ ਦੇ ਕਿਸੇ ਵੀ ਕੋਨੇ ਚ ਜੇ ਕੋਈ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਆਉਂਦੀ ਹੈ,ਤਾਂ ਖਾਲਸਾ ਏਡ ਉਥੋਂ ਦੇ ਲੋਕਾਂ ਨੂੰ ਸਹਾਰਾ ਦੇਣ ਲਈ ਸਭ ਤੋ ਪਹਿਲਾਂ ਪਹੁੰਚ ਜਾਂਦੀ ਹੈ।ਭਾਂਵੇਂ ਵਰ੍ਹਦੀਆਂ ਗੋਲੀਆਂ ਹੋਣ ਜਾਂ ਹੜਾਂ ਦੀ ਮਾਰ ਹੋਵੇ ਖਾਲਸਾ ਏਡ ਨੇ ਬਗੈਰ ਕਿਸੇ ਡਰ ਭੈਅ ਤੋ ਅਤੇ ਬਗੈਰ ਕਿਸੇ ਨਸਲੀ ਭਿੰਨ ਭੇਦ ਤੋਂ ਉਥੇ ਪਹੁੰਚ ਕੇ ਬਿਪਤਾ ਦੀ ਮਾਰ ਝੱਲ ਰਹੀ ਲੋਕਾਈ ਨੂੰ ਸਾਂਭਿਆ ਹੈ।ਭਾਂਵੇਂ ਸੀਰੀਆ ਹੋਵੇ,ਜਾਂ ਬੰਗਲਾਦੇਸ, ਜਾਂ ਫਿਰ ਭਾਰਤ ਦੀ ਮਹਾਂ ਨਗਰੀ ਮੁੰਬਈ,ਜਾਂ ਕੇਰਲਾ ਹੋਵੇ,ਜਾਂ ਫਿਰ ਹਕੂਮਤੀ ਦਹਿਸਤਗਰਦੀ ਦਾ ਜਬਰ ਝੱਲ ਰਿਹਾ ਕਸ਼ਮੀਰ ਹੋਵੇ,ਇਹ ਸੰਸਥਾ ਰੱਬ ਬਣਕੇ ਆ ਬਹੁੜਦੀ ਹੈ।ਜਿੱਥੇ ਵੀ ਮਾਨਵਤਾ ਤੇ ਕੋਈ ਭੀੜ ਪਈ,ਇਸ ਸੰਸਥਾ ਨੇ ਅਪਣੇ ਫਰਜਾਂ ਤੇ ਡਟ ਕੇ ਪਹਿਰਾ ਦਿੱਤਾ ਹੈ,ਪਰੰਤੂ ਹੁਣ ਜਦੋ ਪੰਜਾਬ ਵਿੱਚ ਇਸ ਸੰਸਥਾ ਨੇ ਅਪਣੇ ਲੋਕਾਂ ਦੀ ਬਾਂਹ ਆਣ ਫੜੀ ਹੈ ਤਾਂ ਭਾਰਤ ਦੀਆਂ ਪੰਜਾਬ ਵਿਰੋਧੀ ਤਾਕਤਾਂ ਨੇ ਡਾਹਢੀ ਪੀੜ ਮਹਿਸੂਸ ਕੀਤੀ ਹੈ।ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਹ ਉਹ ਹੀ ਖਾਲਸਾ ਏਡ ਵਾਲਾ ਰਵੀ ਸਿੰਘ ਹੈ,ਜਿਸ ਨੂੰ ਉਹਨਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਦੇਖਦਿਆਂ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਰਵੀ ਸਿੰਘ ਨੂੰ ਭਾਰਤ ਦੇ ਬਹੁਤ ਵੱਡੇ ਪੁਰਸ਼ਕਾਰ ਨਾਲ ਸਨਮਾਨਿਤ ਕਰਨ ਦੀ ਪੇਸ਼ਕਸ਼ ਵੀ ਕੀਤੀ ਗਈ ਸੀ,ਪ੍ਰੰਤੂ ਕੇਂਦਰ ਵੱਲੋਂ ਪੰਜਾਬ ਅਤੇ ਸਿੱਖ ਕੌਂਮ ਨਾਲ ਕੀਤੀਆਂ ਵਧੀਕੀਆਂ ਦੇ ਰੋਸ ਵਜੋਂ ਰਵੀ ਸਿੰਘ ਨੇ ਉਹ ਪੁਰਸ਼ਕਾਰ ਲੈਣ ਤੋ ਸ਼ਰਤਾਂ ਦੇ ਅਧਾਰ ਤੇ ਇਨਕਾਰ ਕਰ ਦਿੱਤਾ ਸੀ।ਉਸ ਮੌਕੇ ਰਵੀ ਸਿੰਘ ਨੇ ਕੇਂਦਰ ਦੀ ਸਰਕਾਰ ਨੂੰ ਇਹ ਵੀ ਸਪੱਸਟ ਤੌਰ ਤੇ ਦੱਸ ਦਿੱਤਾ ਸੀ ਕਿ ਉਹ ਪੰਜਾਬੀ ਹੈ,ਪਰ ਭਾਰਤੀ ਨਹੀ ਹੈ,ਇਸ ਲਈ ਮੇਰੇ ਨਾਮ ਨਾਲ ਭਾਰਤੀ ਨਾ ਲਾਇਆ ਜਾਵੇ।ਸੋ ਅਜਿਹੀਆਂ ਹੋਰ ਵੀ ਕੁੱਝ ਘਟਨਾਵਾਂ ਹਨ,ਜਦੋ ਰਵੀ ਸਿੰਘ ਨੂੰ ਇਹ ਦੱਸਣਾ ਪਿਆ ਹੈ ਕਿ ਉਹ ਭਾਰਤੀ ਨਹੀ ਹੈ।ਸੋ ਰਵੀ ਸਿੰਘ ਵੱਲੋਂ ਪੁਰਸ਼ਕਾਰ ਨਾ ਲੈਣ  ਲਈ ਦਿਖਾਈ ਗਈ ਦ੍ਰਿੜਤਾ ਨੇ ਜਿੱਥੇ ਸਿੱਖ ਹਲਕਿਆਂ ਵਿੱਚ ਉਹਨਾਂ ਦਾ ਸਤਿਕਾਰ ਅਤੇ ਕੱਦ ਬਹੁਤ ਉੱਚਾ ਕਰ ਦਿੱਤਾ ਸੀ,ਓਥੇ ਉਹ ਕੇਂਦਰੀ ਹਕੂਮਤ ਦੀਆਂ ਅੱਖਾਂ ਵਿੱਚ ਜਰੂਰ ਰੜਕਣ ਲੱਗ ਪਿਆ ਹੈ,ਪਰੰਤੂ ਉਹਦੇ ਵਿਸ਼ਵ ਪੱਧਰੀ ਉੱਚੇ ਕੱਦ ਅੱਗੇ ਅਜੇ ਤੱਕ ਕੇਂਦਰੀ ਹਕੂਮਤ ਬੇਬੱਸ ਜਾਪਦੀ ਹੈ।ਸਰਬੱਤ ਦੇ ਭਲੇ ਦੇ ਸਿੱਖੀ ਸਿਧਾਂਤ ਤੇ ਦ੍ਰਿੜਤਾ ਨਾਲ ਪਹਿਰਾ ਦੇਣ ਵਾਲੀ ਖਾਲਸਾ ਏਡ ਨੇ ਕਦੇ ਵੀ ਨਸਲ ਦੇਖ ਕੇ ਕਿਸੇ ਦੀ ਮਦਦ ਨਹੀ ਕੀਤੀ,ਸਗੋਂ ਪੂਰੇ ਗੁਰੂ ਆਸ਼ੇ ਤੇ ਪਹਿਰਾ ਦਿੰਦਿਆਂ ਸਿਰਫ ਮਾਨਵਤਾ ਦੀ ਭਲਾਈ ਹੀ ਲੋਚੀ ਹੈ।ਇਹ ਵੀ ਕੇਹਾ ਇਤਫਾਕ ਹੈ ਕਿ ਕਸ਼ਮੀਰ ਅਤੇ ਪੰਜਾਬ ਦੇ ਹੜਾਂ ਦੀ ਸਮੱਸਿਆ ਤੋ ਪਹਿਲਾਂ ਜਿਹੜੀ ਖਾਲਸਾ ਏਡ ਵਰਗੀ ਵਿਸ਼ਵ ਪੱਧਰੀ ਸੰਸਥਾ ਦੇ ਸਾਰੇ ਪੰਜਾਬੀ ਅਤੇ ਭਾਰਤੀ ਸਿਫਤਾਂ ਕਰਦੇ ਨਹੀ ਸਨ ਥੱਕਦੇ,ਉਹਨਾਂ ਨੇ ਹੁਣ ਖਾਲਸਾ ਏਡ ਤੇ ਉਂਗਲਾਂ ਚੁੱਕਣੀਅਆ ਸੁਰੂ ਕਰ ਦਿੱਤੀਆਂ ਹਨ।ਇਹ ਸਾਰਾ ਕੁੱਝ ਕਸ਼ਮੀਰ ਅਤੇ ਪੰਜਾਬ ਵਿੱਚ ਖਾਲਸਾ ਏਡ ਦੇ ਜਿਕਰਯੋਗ ਕਾਰਜਾਂ ਤੋ ਬਾਅਦ ਸ਼ੁਰੂ ਹੋਇਆ ਹੈ।ਮਾਨਵ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਪੰਜਾਬ ਅਤੇ ਕਸ਼ਮੀਰ ਦੀ ਕੋਈ ਮਦਦ ਕਰਨ ਲਈ ਅੱਗੇ ਆਵੇ।ਜਦੋਂ ਤੋ ਪੰਜਾਬ ਅੰਦਰ ਹੜਾਂ ਮਾਰੇ ਇਲਾਕੇ ਦੇ ਲੋਕਾਂ ਦੀ ਭਲਾਈ ਲਈ ਖਾਲਸਾ ਏਡ ਨੇ ਜੁੰਮੇਵਾਰੀ ਨਾਲ ਉਹਨਾਂ ਪੀੜਤ ਲੋਕਾਂ ਦੇ ਮੁੜ ਵਸੇਵੇ ਦੀ ਜੁੰਮੇਵਾਰੀ ਅਪਣੇ ਮੋਢਿਆਂ ਤੇ ਲੈ ਲਈ ਹੈ,ਤਾਂ ਬਹੁਤ ਲੋਕਾਂ ਦੇ ਢਿੱਡੀ ਪੀੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ।ਇਹਨਾਂ ਗੱਲਾਂ ਨੂੰ ਸਰਸਰੀ ਨਹੀ,ਬਲਕਿ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ,ਕਿਉਕਿ ਬਿਨਾ ਸ਼ੱਕ ਖਾਲਸਾ ਏਡ ਦਾ ਕੱਦ ਬੁੱਤ ਸਿੱਖਾਂ ਦੀਆਂ ਹੋਰ ਸੰਸਥਾਵਾਂ ਦੇ ਮੁਕਾਬਲੇ ਬਹੁਤ ਉੱਚਾ ਹੋ ਗਿਆ ਹੈ।ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,ਜਿਹੜੀ ਕਦੇ ਸਿੱੱਖਾਂ ਦੀ ਸਿਰਮੌਰ ਸੰਸਥਾ ਵਜੋਂ ਜਾਣੀ ਜਾਂਦੀ ਸੀ ,ਪਰੰਤੂ ਖਾਲਸਾ ਏਡ ਦੇ ਕਾਰਜਾਂ ਸਾਹਮਣੇ ਬੌਨੀ ਹੋਕੇ ਰਹਿ ਗਈ ਹੈ।ਇਸ ਸਮੇ ਬੱਚੇ ਬੱਚੇ ਦੀ ਜੁਬਾਨ ਤੇ ਖਾਲਸਾ ਏਡ ਦਾ ਨਾਮ ਹੈ।ਸਿੱਖ ਹਲਕਿਆਂ ਵਿੱਚ ਰਵੀ ਸਿੰਘ ਨੂੰ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਬਨਾਉਣ ਦੀ ਮੰਗ ਵੀ ਉੱਠਣ ਲਗੀ ਹੈ।ਵਿਦੇਸਾਂ ਵਿੱਚ ਬੈਠੇ ਸਿੱਖ ਉਹਨਾਂ ਦੀ ਦਿਲ ਖੋਲ ਕੇ ਮਦਦ ਕਰ ਰਹੇ ਹਨ।ਸੋ ਇਹਨਾਂ ਗੱਲਾਂ ਨੇ ਕੇਂਦਰੀ ਤਾਕਤਾਂ ਅਤੇ ਪੰਜਾਬ ਵਿੱਚ ਉਹਨਾਂ ਦੇ ਵਫਾਦਰਾਂ ਨੂੰ ਚਿੰਤਤ ਕੀਤਾ ਹੈ,ਜਿਸ ਕਰਕੇ ਪੰਜਾਬ ਅੰਦਰ ਅਪਣੇ  ਵਫਾਦਾਰਾਂ ਰਾਹੀ ਖਾਲਸਾ ਏਡ ਨੂੰ ਬਦਨਾਮ ਕਰਕੇ ਉਹਨਾਂ ਦੀ ਲੋਕ ਪ੍ਰਿਅਤਾ ਨੂੰ ਢਾਹ ਲਾਉਣ ਦੀਆਂ ਸਾਜਿਸ਼ਾਂ ਤੇਜ ਹੋ ਗਈਆਂ ਹਨ।ਖਾਲਸਾ ਏਡ ਪ੍ਰਤੀ ਆਮ ਸਿੱਖਾਂ ਵਿੱਚ ਭੰਬਲਭੂਸਾ ਪੈਦਾ ਕਰਨ ਲਈ ਚੰਡੀਗੜ ਤੋ ਛਪਦੇ ਪੰਜਾਬੀ ਦੇ ਅਖਬਾਰ ਨੇ ਇੱਕ ਵਾਰ ਫਿਰ ਸਿੱਖਾਂ ਦੀ ਇਸ ਹਰਮਨ ਪਿਆਰੀ ਸੰਸਥਾ ਨੂੰ ਢਾਹ ਲਾਉਣ ਦੀ ਪੂਰੀ ਵਾਹ ਲਾ ਦਿੱਤੀ ਹੈ।ਪਹਿਲਾਂ ਵੀ ਇਹ ਅਦਾਰਾ ਭਾਰਤੀ ਸਿਸਟਮ ਨੂੰ ਖੁਸ਼ ਕਰਨ ਲਈ ਸਮੇ ਸਮੇ ਸਿੱਖ ਵਿਰੋਧੀ ਰਿਪੋਰਟਾਂ ਛਾਪ ਕੇ ਅਪਣੀ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦਾ ਰਿਹਾ ਹੈ।ਖਾਲਸਾ ਏਡ ਸਬੰਧੀ ਛਾਪੀ ਰਿਪੋਰਟ ਵਿੱਚ ਉਕਤ ਅਖਬਾਰ ਨੇ ਇਸ ਸੰਸਥਾ ਦੀ ਹਰਮਨ ਪਿਆਰਤਾ ਨੂੰ ਢਾਹ ਲਾਉਣ ਦੀ ਪੂਰੀ ਜੀਅ ਜਾਨ ਨਾਲ ਕੋਸ਼ਿਸ਼ ਕੀਤੀ ਹੈ,ਜਿਸ ਦੀ ਵਿਸ਼ਵ ਪੱਧਰ ਤੇ ਸਿੱਖਾਂ ਨੇ ਕਰੜੇ ਸਬਦਾਂ ਵਿੱਚ ਨਿੰਦਾ ਕੀਤੀ ਹੈ।ਜਦੋ ਖਾਲਸਾ ਏਡ ਨੂੰ ਬਦਨਾਮ ਕਰਨ ਲਈ ਵੱਡੀ ਪੱਧਰ ਤੇ ਜਤਨ ਹੋ ਰਹੇ ਹਨ ਤਾਂ ਆਮ ਸਿੱਖਾਂ ਅਤੇ ਉਹਨਾਂ ਸਿੱਖ ਸੰਸਥਾਵਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਪਵੇਗਾ,ਜਿਹੜੀਆਂ ਅਪਣੇ ਤੌਰ ਤੇ ਲੋਕ ਸੇਵਾ ਦੇ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ।ਸਿੱਖ ਦੁਸ਼ਮਣ ਤਾਕਤਾਂ ਨੂੰ ਮੂੰਹ ਤੋੜ ਜਵਾਬ ਦੇਣ ਲਈ ਸਾਰੀਆਂ ਹੀ ਸਮਾਜ ਸੇਵੀ ਸਿੱਖ ਸੰਸਥਾਵਾਂ ਨੂੰ ਖਾਲਸਾ ਏਡ ਨਾਲ ਅਪਣੀ ਸਹਿਮਤੀ ਬਣਾ ਲੈਣੀ ਚਾਹੀਦੀ ਹੈ।ਭਾਂਵੇਂ ਉਹ ਸੰਸਥਾਵਾਂ ਅਪਣੇ ਪੱਧਰ ਤੇ ਵੀ ਕੰਮ ਕਰਦੀਆਂ ਰਹਿਣ ਪਰ ਸਿੱਖ ਕੌਂਮ ਦੀ ਇਸ ਸਿਰਮੌਰ ਸੰਸਥਾ ਨੂੰ ਹੋਰ ਤਕੜਾ ਕਰਨ ਦੀ ਲੋੜ ਹੈ। ਇਸ ਖੇਤਰ ਦੀਆਂ ਸਮੁੱਚੀਆਂ ਲੋਕ ਸੇਵਕ ਸੰਸਥਾਵਾਂ ਨੂੰ ਰਵੀ ਸਿੰਘ ਦੇ ਨਾਲ ਸਾਂਝ ਬਣਾ ਲੈਣੀ ਚਾਹੀਦੀ ਹੈ,ਤਾਂ ਕਿ ਉਹਨਾਂ ਤਾਕਤਾਂ ਨੂੰ ਮੂੰਹ ਤੋੜ ਜਵਾਬ ਦਿੱਤਾ ਜਾ ਸਕੇ,ਜਿਹੜੀਆਂ ਹਰ ਸਮੇ ਸਿੱਖਾਂ ਵਿੱਚ ਪਾਟਕ ਪਾਕੇ ਉਹਨਾਂ ਦੀ ਤਾਕਤ ਕਮਜੋਰ ਕਰਨ ਵਿੱਚ ਜਤਨਸ਼ੀਲ ਰਹਿੰਦੀਆਂ ਹਨ।ਜਿਸਤਰਾਂ ਆਰ ਐਸ ਐਸ ਹਿੰਦੂ ਸਮਾਜ ਦੀ ਸਰਬ ਉੱਚ ਤੇ ਸਰਬ ਪਰਵਾਨਿਤ ਸੰਸਥਾ ਬਣ ਚੁੱਕੀ ਹੈ, ਖਾਲਸਾ ਏਡ ਵਰਗੀ ਸੰਸਥਾ ਨੂੰ ਵੀ ਉਸੇ ਤਰਜ ਤੇ ਮਜਬੂਤ ਕਰਨ ਦੀ ਲੋੜ ਹੈ।ਕਈ ਵਾਰ ਵਿਰੋਧੀਆਂ ਵੱਲੋਂ ਚੁੱਕੇ ਹੋਏ ਨੁਕਸਾਨ ਵਾਲੇ ਕਦਮ ਵੀ ਰਾਸ ਆ ਜਾਂਦੇ ਹਨ,ਹੁਣ ਜਦੋ ਇਹ ਸਭ ਨੂੰ ਚਾਨਣ ਹੋ ਚੁੱਕਾ ਹੈ ਕਿ ਵਿਰੋਧੀ ਤਾਕਤਾਂ ਨਹੀ ਚਾਹੁੰਦੀਆਂ ਕਿ ਸਿੱਖਾਂ ਦਾ ਮਾਣ ਸਤਿਕਾਰ ਦੁਨੀਆਂ ਪੱਧਰ ਤੇ ਵਧੇ,ਬਲਕਿ ਉਹ ਹਮੇਸਾਂ ਸਿੱਖਾਂ ਨੂੰ ਦੁਨੀਆਂ ਸਾਹਮਣੇ ਮਾੜਾ ਬਣਾ ਕੇ ਪੇਸ ਕਰਨ ਵਿੱਚ ਹੀ ਸਾਰੀ ਤਾਕਤ ਝੋਕਦੀਆਂ ਆ ਰਹੀਆਂ ਹਨ,ਜਦੋ ਕਿ ਹੋ ਹਮੇਸਾਂ ਹੀ ਉਹਨਾਂ ਦੀ ਸੋਚ ਦੇ ਉਲਟ ਰਿਹਾ ਹੈ।ਖਾਲਸਾ ਏਡ ਗੁਰੂ ਆਸ਼ੇ ਅਨੁਸਾਰ ਚੱਲ ਕੇ ਸਰਬੱਤ ਦੇ ਭਲੇ ਦੇ ਸੰਕਲਪ ਤੇ ਕੰਮ ਕਰਦੀ ਹੋਈ ਅੱਗੇ ਵਧ ਰਹੀ ਹੈ,ਜਿਸ ਦੀ ਹਰ ਪਾਸੇ ਤੋ ਸਰਾਹਣਾ ਹੋਣੀ ਸੁਭਾਵਿਕ ਹੈ।ਸੋਚਣਾ ਇਹ ਵੀ ਜਰੂਰੀ ਬਣਦਾ ਹੈ ਕਿ ਇਸ ਸਿੱਖ ਸੰਸਥਾ ਨੂੰ ਵਿਸ਼ਵ ਪੱਧਰ ਤੇ ਸਿੱਖਾਂ ਵੱਲੋਂ ਮਦਦ ਕੀਤੀ ਜਾ ਰਹੀ ਹੈ,ਜਦੋ ਕਿ ਹਿਸਾਬ ਉਹ ਲੋਕ ਪੁੱਛ ਰਹੇ ਹਨ,ਜਿੰਨਾਂ ਦਾ ਸਿੱਖ ਸਰੋਕਾਰਾਂ ਨਾਲ ਦੂਰ ਦਾ ਵੀ ਵਾਸਤਾ ਨਹੀ ਹੈ,ਉਹ ਵੱਖਰੀ ਗੱਲ ਹੈ ਕਿ ਇਹਨਾਂ ਲੋਕਾਂ ਵਿੱਚ ਕੁੱਝ ਉਹ ਲੋਕ ਵੀ ਸ਼ਾਮਿਲ ਹਨ,ਜਿੰਨਾਂ ਦਾ ਚਿਹਰਾ ਮੋਹਰਾ ਵੀ ਸਿੱਖਾਂ ਵਾਲਾ ਹੀ ਹੈ,ਪਰ ਗੁਰੂ ਦੀ ਮੱਤ ਤੋ ਦੂਰ ਹੋ ਕੇ ਲੋਭ ਲਾਲਸਾ ਬੱਸ ਵਿਰੋਧੀਆਂ ਦੇ ਇਸਾਰੇ ਤੇ ਚੱਲ ਕੇ ਅਪਣੀ ਕੌਂਮ,ਅਪਣੇ ਲੋਕਾਂ ਅਤੇ ਅਪਣੀ ਸਰ ਜਮੀਨ ਨਾਲ ਧਰੋਹ ਕਮਾ ਰਹੇ ਹਨ।ਸੋ ਉਪਰੋਕਤ ਸਾਰੀਆਂ  ਵਿਰੋਧੀ ਸਾਜਿਸ਼ਾਂ ਦਾ ਮੂੰਹ ਤੋੜ ਜਵਾਬ ਦੇਣ ਲਈ ਜਿੱਥੇ ਸਿੱਖ ਨੁਮਾਇੰਦਾ ਬਣ ਚੁੱਕੀ ਖਾਲਸਾ ਏਡ ਵਰਗੀ ਸੰਸਥਾ ਨੂੰ ਹੋਰ ਮਜਬੂਤ ਕਰਨ ਦੀ ਲੋੜ ਹੈ,ਓਥੇ ਅਜਿਹੇ ਪੰਜਾਬ,ਪੰਜਾਬੀਅਤ ਅਤੇ ਮਾਨਵਤਾ ਵਿਰੋਧੀ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਗੰਭੀਰਤਾ ਨਾਲ ਸਿਰ ਜੋੜ ਕੇ ਵਿਚਾਰ ਕਰਨ ਦੀ ਵੀ ਫੌਰੀ ਲੋੜ ਹੈ,ਤਾਂ ਕਿ ਸੰਸਾਰ ਪੱਧਰ ਤੇ ਮਜਬੂਤੀ ਨਾਲ ਪੈੜਾਂ ਛੱਡ ਰਹੀ ਮਾਨਵਤਾ ਪੱਖੀ ਸਿੱਖ ਸੋਚ ਦਾ ਪਸਾਰਾ ਦੁਨੀਆਂ ਦੇ ਹਰ ਕੋਨੇ ਤੱਕ ਹੋ ਸਕੇ।
ਬਘੇਲ ਸਿੰਘ ਧਾਲੀਵਾਲ
99142-58142

ਜਦੋਂ ਕੋਈ ਕੰਨਨ ਗੋਪੀ ਨਾਥਨ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਹਕੂਮਤਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ.... - ਬਘੇਲ ਸਿੰਘ ਧਾਲੀਵਾਲ

ਕੇਰਲ ਕੇਡਰ ਦੇ 2012 ਬੈਚ ਦੇ ਆਈ ਏ ਐਸ ਅਧਿਕਾਰੀ ਕੰਨਨ ਗੋਪੀਨਾਥਨ ਦਾ ਅਸਤੀਫਾ ਜਿਉਂਦੀ ਜਮੀਰ ਦੇ ਲੋਕਾਂ ਦੀ ਅਜਿਹੀ ਮਿਸ਼ਾਲ ਪੇਸ਼ ਕਰਦਾ ਹੈ,ਜਿਹੜਾ ਹਰ ਫਿਰਕੂ ਹੋਈ ਸੋਚ ਤੇ ਮੁਰਦਾ ਹੋਈ ਇਨਸਾਨੀਅਤ ਨੂੰ ਝੰਜੋੜ ਦੇਣ ਵਾਲਾ ਹੈ।ਅਪਣੇ ਲਈ,ਅਪਣੇ ਧਰਮ ਲਈ ਅਤੇ ਅਪਣੀ ਕੌਮ ਲਈ ਵੱਡੇ ਵੱਡੇ ਰੁਤਬਿਆਂ ਨੂੰ ਠੁਕਰਾ ਦੇਣ ਦੀਆਂ ਬਹੁਤ ਸਾਰੀਆ ਮਿਸ਼ਾਲਾਂ ਮਿਲਦੀਆਂ ਹਨ। ਅਪਣੇ ਧਰਮ ਦੀ ਆਣ ਸ਼ਾਨ ਖਾਤਰ ਨੌਕਰੀਆਂ ਹੀ ਨਹੀ ਲੋਕ ਮਰਨ ਤੋ ਵੀ ਪਿੱਛੇ ਨਹੀ ਹੱਟਦੇ,ਪ੍ਰੰਤੂ ਭਾਰਤ ਦੇ ਜੋ ਮੌਜੂਦਾ ਹਾਲਾਤ ਬਣੇ ਹੋਏ ਹਨ,ਜਿਸ ਤਰਾਂ ਫਿਰਕਾਪ੍ਰਸਤੀ ਨੂੰ ਹਵਾ ਦਿੱਤੀ ਜਾ ਰਹੀ ਹੈ,ਬਹੁ ਗਿਣਤੀ ਭਾਰਤੀ ਜਨਤਾ ਨੂੰ ਫਿਰਕੂ ਰਾਜਨੀਤਕ ਲੋਕਾਂ ਨੇ ਅਪਣੇ ਨਸਲੀ ਭਿੰਨਤਾ ਵਾਲੇ ਰੰਗ ਵਿੱਚ ਰੰਗ ਲੈਣ ਵਿੱਚ ਕਾਮਯਾਬੀ ਹਾਸਿਲ ਕਰ ਲਈ ਹੈ।ਹਰ ਪਾਸੇ ਮਾਰੋ ਮਾਰੋ ਹੋ ਰਹੀ ਹੈ।ਹਰ ਪਾਸੇ ਤੋ ਸਰਕਾਰੀ ਅਤੇ ਸਰਕਾਰੀ ਸਹਿ ਪਰਾਪਤ ਗੈਰ ਸਰਕਾਰੀ ਜਬਰ ਕਾਰਨ ਘੱਟ ਗਿਣਤੀ ਬੇ ਸਹਾਰੇ ਲੋਕਾਂ ਦੀਆਂ ਚੀਕਾਂ ਪੂਰੀ ਦੁਨੀਆਂ ਦਾ ਧਿਆਨ ਅਪਣੇ ਵੱਲ ਖਿੱਚ ਰਹੀਆਂ ਹਨ।ਜੰਮੂ ਕਸ਼ਮੀਰ ਦੇ ਲੋਕਾਂ ਦੇ ਮੁਢਲੇ ਅਧਿਕਾਰਾਂ ਦਾ ਕਤਲ ਕਰਕੇ ਉਥੋ ਦੇ ਲੋਕਾਂ ਦੀ ਅਜਾਦੀ ਹੀ ਨਹੀ ਖੋਹੀ ਗਈ,ਬਲਕਿ ਭਾਰਤੀ ਨਿਜਾਮ ਉਹਨਾਂ ਲੋਕਾਂ ਦੇ ਜਿਉਣ ਦੇ ਹੱਕ ਵੀ ਖੋਹ ਚੁੱਕਾ ਹੈ।ਲਗਾਤਾਰ ਤਿੰਨ ਹਫਤਿਆਂ ਤੋ ਵੱਧ ਸਮੇ ਤੋ ਲੋਕਾਂ ਨੂੰ ਘਰਾਂ ਵਿੱਚ ਨਜਰਬੰਦ ਕੀਤਾ ਹੋਇਆ ਹੈ।ਭਾਰਤੀ ਫੋਰਸਾਂ ਨੂੰ ਕਸ਼ਮੀਰੀਆਂ ਤੇ ਜੁਲਮ ਕਰਨ ਦੀ ਖੁੱਲ ਦਿੱਤੀ ਹੋਈ ਹੈ।ਇਸ ਨੰਗੇ ਚਿੱਟੇ ਜੁਲਮੀ ਵਰਤਾਰੇ ਦੇ ਖਿਲਾਫ ਬੋਲਣ ਵਾਲਿਆਂ ਦੀ ਜ਼ੁਬਾਨ ਬੰਦ ਕਰਨ ਦੇ ਹਰ ਸੰਭਵ ਯਤਨ ਹੋ ਰਹੇ ਹਨ।ਜਦੋ ਭਾਰਤੀ ਜਨਤਾ ਪਾਰਟੀ ਦੇ ਵੱਡੇ ਵੱਡੇ ਨੇਤਾ ਕਸ਼ਮੀਰੀ ਬਹੂ ਬੇਟੀਆਂ ਦੀ ਇੱਜਤ ਤਾਰ ਤਾਰ ਕਰਨ ਲਈ ਦੇਸ਼ ਦੀ ਜਨਤਾ ਨੂੰ ਉਕਸਾ ਰਹੇ ਸਨ,ਦੇਸ਼ ਦੇ ਬਹੁਤ ਵੱਡੀ ਗਿਣਤੀ ਵਿੱਚ ਵੱਖ ਵੱਖ ਸੂਬਿਆਂ ਦੇ ਭਾਰਤੀ ਜਨਤਾ ਪਾਰਟੀ ਦੇ ਪਿਛਲੱਗ ਲੋਕ ਕਸ਼ਮੀਰੀ ਬੱਚੀਆਂ ਪ੍ਰਤੀ ਬਲਾਤਕਾਰੀ ਸੋਚ ਦੀ ਕਲਪਨਾ ਵਿੱਚ ਗੁਆਚੇ ਭੰਗੜੇ ਪਾਉਣ ਵਿੱਚ ਮਸਤ ਸਨ,ਤਾਂ ਉਸ ਸਮੇ ਸਮੁੱਚੇ ਪੰਜਾਬ ਦੇ ਇਨਸਾਫ ਪਸੰਦ ਲੋਕਾਂ ਸਮੇਤ ਜਿੱਥੇ ਵੀ ਸਿੱਖ ਭਾਈਚਾਰੇ ਦੇ ਲੋਕ ਵਸਦੇ ਹਨ,ਉਹਨਾਂ ਨੇ ਮਜਲੂਮ ਕਸ਼ਮੀਰੀ ਬੱਚੀਆਂ ਦੀ ਰਾਖੀ ਦਾ ਐਲਾਨ ਹੀ ਨਹੀ ਕੀਤਾ,ਸਗੋਂ ਸੁਰਖਿਅਤ ਉਹਨਾਂ ਨੂੰ ਉਹਨਾਂ ਦੇ ਘਰੋ ਘਰੀ ਪਹੁੰਚਾ ਕੇ ਆਪਣਾ ਸੱਚੇ ਸਿੱਖ ਹੋਣ ਦਾ ਫਰਜ ਪੂਰਾ ਕੀਤਾ,ਜਿਸ ਦੇ ਇਬਜ ਵਿੱਚ ਪੰਜਾਬ ਨੂੰ ਹੜਾਂ ਦੀ ਮਾਰ ਝੱਲਣ ਲਈ ਮਜਬੂਰ ਕੀਤਾ ਗਿਆ।ਪੰਜਾਬ ਦੇ ਸੈਕੜੇ ਪਿੰਡ ਇਸ ਵੇਲੇ ਹੜਾਂ ਦੀ ਬੁਰੀ ਤਰਾਂ ਮਾਰ ਹੇਠ ਆ ਚੁੱਕੇ ਹਨ,ਜਿੱਥੇ ਆਉਣ ਵਾਲੇ ਸਮੇ ਚ ਭਿਆਨਕ ਬਿਮਾਰੀਆਂ ਫੈਲਣ ਦਾ ਖਦਸਾ ਵੀ ਬਣਿਆ ਹੋਇਆ,ਇਸ ਲਈ ਇੱਥੇ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਅੱਜ ਪੰਜਾਬ ਨੂੰ ਕਸ਼ਮੀਰ ਦੇ ਹੱਕ ਚ ਖੜਨ ਦਾ ਸਬਕ ਹੜਾਂ ਦੇ ਰੂਪ ਚ ਸਿਖਾਇਆ ਜਾ ਰਿਹਾ ਹੈ,ਪ੍ਰੰਤੂ ਸਿੱਖ ਸਮਾਜ ਨੇ ਜਿੱਥੇ ਕਸ਼ਮੀਰੀਆਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਕੇ ਅਪਣੇ ਸਿੱਖੀ ਅਸੂਲਾਂ ਤੇ ਪਹਿਰਾ ਦਿੱਤਾ ਹੈ ਓਥੇ ਇਤਿਹਾਸ ਵਿੱਚ ਵੀ ਆਪਣਾ ਨਾਮ ਜਾਬਰ ਦੇ ਖਿਲਾਫ ਖੜਨ ਵਾਲਿਆਂ ਦੀ ਕਤਾਰ ਵਿੱਚ ਲਿਖ ਦਿੱਤਾ ਹੈ ਅਤੇ ਹੜਾਂ ਦੀ ਭਿਆਨਕ ਮਾਰ ਸਮੇ ਵੀ ਸਿੱਖਾਂ ਨੇ ਅਪਣੈ ਗੁਰੂ ਵੱਲੋਂ ਬਖਸ਼ੇ ਹੋਏ ਮਾਨਵੀ ਅਧਿਕਾਰਾਂ ਦੀ ਵਰਤੋਂ ਕਰਦਿਆਂ ਅਪਣੇ ਭਾਈਚਾਰੇ ਦੀ ਮਦਦ ਦਾ ਜੋ ਕਾਰਜ ਅਰੰਭਿਆ ਹੈ,ਉਹਨੇ ਵੀ ਭਾਰਤੀ ਸਟੇਟ ਦੀ ਪੰਜਾਬ ਨੂੰ ਬਰਬਾਦ ਕਰਨ ਦੀ ਸਾਜਿਸ਼ ਨੂੰ ਨਾਕਾਮ ਹੀ ਨਹੀ ਕੀਤਾ ,ਸਗੋਂ ਇਹ ਸੁਨੇਹਾ ਦੇਣ ਵਿੱਚ ਵੀ ਸਫਲਤਾ ਹਾਸਲ ਕੀਤੀ ਹੈ,ਕਿ ਜਾਬਰੋ ਇਹ ਗੁਰਾਂ ਦੇ ਨਾਮ ਤੇ ਵਸਦੇ ਪੰਜਾਬ ਨੂੰ ਉਜਾੜਨ ਦੀਆਂ ਤੁਹਾਡੀਆਂ ਸਾਜਿਸ਼ਾਂ ਕਦੇ ਵੀ ਸਫਲ ਨਹੀ ਹੋਣਗੀਆਂ। ਗਾਹੇ ਬ ਗਾਹੇ ਕਸ਼ਮੀਰ ਤੋ ਨਸਰ ਹੋ ਰਹੀਆਂ ਵੀਡੀਓ ਭਾਰਤੀ ਤੰਤਰ ਦੇ ਜੁਲਮਾਂ ਦੀ ਕਹਾਣੀ ਕਹਿ ਜਾਂਦੀਆਂ ਹਨ,ਇਸ ਦੇ ਬਾਵਜੂਦ ਕਿਸੇ ਨੂੰ ਵੀ ਕਸ਼ਮੀਰੀ ਲੋਕਾਂ ਦੀ ਅਸਿਹ ਪੀੜਾ ਦਾ ਰੰਚਕ ਮਾਤਰ ਵੀ ਅਹਿਸਾਸ ਨਹੀ ਹੋ ਰਿਹਾ।ਅਜਿਹੇ ਵਿੱਚ ਜੇ ਕੋਈ ਉੱਚ ਆਹੁਦੇ ਤੇ ਬੈਠਾ ਅਫਸਰ ਮਜਲੂਮ ਲੋਕਾਂ ਲਈ ਅਪਣੇ ਅਧਿਕਾਰਾਂ ਦੀ ਵਰਤੋ ਨਾ ਕਰ ਸਕਣ ਕਰਕੇ ਅਪਣੇ ਉੱਚੇ ਸਰਕਾਰੀ ਰੁਤਵੇ ਨੂੰ ਠੇਡਾ ਮਾਰ ਕੇ ਆਮ ਲੋਕਾਂ ਵਿੱਚ ਆਣ ਖੜਾ ਹੋ ਜਾਂਦਾ ਹੈ,ਤਾਂ ਕਿਹਾ ਜਾਣਾ ਬਣਦਾ ਹੇ ਕਿ ਭਾਰਤੀ ਲੋਕਾਂ ਵਿੱਚ ਅਜੇ ਇਨਸਾਨੀਅਤ ਜਿਉਂਦੀ ਹੈ।ਅਜੇ ਇਹ ਆਸ ਕੀਤੀ ਜਾ ਸਕਦੀ ਹੈ,ਕਿ ਭਾਰਤ ਦੀਆਂ ਫਾਸੀਵਾਦੀ ਤਾਕਤਾਂ ਲੱਖ ਯਤਨ ਕਰਨ ਦੇ ਬਾਵਜੂਦ ਵੀ ਭੈੜੇ ਮਨਸੂਬਿਆਂ ਵਿੱਚ ਕਾਮਯਾਬ ਨਹੀ ਹੋ ਸਕਣਗੀਆਂ।ਜਿੰਨੀ ਦੇਰ ਕੰਨਨ ਗੋਪੀ ਨਾਥਨ ਵਰਗੇ ਜਾਗਦੀ ਜਮੀਰ ਵਾਲੇ ਲੋਕ ਭਾਰਤੀ ਕੱਟੜਵਾਦੀ ਸਿਸਟਮ ਨੂੰ ਹਲੂਣਾ ਦੇ ਕੇ ਇਹ ਸਪਸਟ ਸੁਨੇਹਾ ਦਿੰਦੇ ਰਹਿਣ ਦੀ ਹਿੰਮਤ ਕਰਦੇ ਰਹਿਣਗੇ,ਓਨੀ ਦੇਰ ਭਗਵੇ ਰੰਗ ਵਿੱਚ ਰੰਗੇ ਦੇਸ਼ ਦੇ ਫਿਰਕਾਪ੍ਰਸਤ ਹਾਕਮਾਂ ਅਤੇ ਉਹਨਾਂ ਦੀ ਪੁਸਤਪਨਾਹੀ ਕਰਨ ਵਾਲੇ ਨਸਲੀ ਭੇਦਭਾਵ ਚ ਅੰਨੇ ਹੋਏ ਕਮਜੋਰ ਦਿਲ ਸੰਗਠਨਾਂ ਦੀ ਹਿੰਮਤ ਨਹੀ ਪਵੇਗੀ ਕਿ ਉਹ ਅਪਣੇ ਦਿਲ ਵਿੱਚ ਧਾਰੀਆਂ ਫਿਰਕੂ ਹੱਦਬੰਦੀਆਂ ਨੂੰ ਨਕਸੇ ਤੇ ਲੈ ਕੇ ਆਉਣ ਵਿੱਚ ਸਫਲ ਹੋ ਸਕਣ।ਇਸ ਤਰਾਂ ਦੇ ਅਸਤੀਫੇ ਜਿੱਥੇ ਉਹਨਾਂ ਮਜਲੂਮ ਲੋਕਾਂ ਨੂੰ ਢਾਰਸ ਦਿੰਦੇ ਹਨ,ਜਿਹੜੇ ਕੱਟੜਵਾਦ ਦੀ ਮਾਰ ਝੱਲ ਰਹੇ ਹਨ,ਓਥੇ ਭਾਰਤੀ ਸਿਸਟਮ ਦੇ ਮੂੰਹ ਤੇ ਉਹ ਕਰਾਰੀ ਚਪੇੜ ਵੀ ਹੈ,ਜਿਸ ਦਾ ਦਰਦ ਉਹਨਾਂ ਨੂੰ ਧੁਰ ਅੰਦਰ ਤੱਕ ਹਲੂਣਾ ਦੇ ਕੇ ਇਹ ਚੇਤਾ ਕਰਵਾ ਜਾਂਦਾ ਹੈ ਕਿ ਹਿੰਦੂ ਫਾਸੀਵਾਦੀ ਸਿਸਟਮ ਲਾਗੂ ਕਰਨਾ ਐਨਾ ਸੁਖਾਲਾ ਨਹੀ ਹੈ,ਜਿੰਨਾ ਉਹ ਸਮਝੀ ਬੈਠੇ ਹਨ। ਗੋਪੀ ਨਾਥਨ ਦਾ ਅਸਤੀਫਾ ਓਨਾ ਮਹੱਤਵਪੂਰਨ ਨਹੀ,ਜਿੰਨਾ ਮਹੱਤਵਪੂਰਨ ਅਸਤੀਫੇ ਤੋ ਬਾਅਦ ਦਿੱਤਾ ਗਿਆ ਉਹਨਾਂ ਦਾ ਬਿਆਨ ਹੈ।ਗੋਪੀਨਾਥਨ ਦੇ ਇਸ ਬਿਆਨ ਨੇ ਕੱਟੜਵਾਦੀ ਹਕੂਮਤ ਨੂੰ ਧੁਰ ਅੰਦਰ ਤੱਕ ਕੰਬਣੀ ਛੇੜ ਦਿੱਤੀ ਹੈ,ਉਹ ਵੱਖਰੀ ਗੱਲ ਹੈ ਕਿ ਹਕੂਮਤਾਂ ਅਪਣੀ ਕਮਜੋਰੀ ਨੂੰ ਹਮੇਸਾਂ ਛੁਪਾ ਕੇ ਰੱਖਦੀਆਂ ਹਨ।ਅਪਣੇ ਅੰਦਰਲੇ ਡਰ ਨੂੰ ਉਜਾਗਰ ਕਰਨ ਦੀ ਬਜਾਏ ਅਪਣੇ ਆਪ ਨੂੰ ਵੱਧ ਮਜਬੂਤ ਅਤੇ ਕਠੋਰ ਸਾਬਤ ਕਰਨ ਲਈ ਜੁਲਮਾਂ ਦੀ ਦਰ ਵਿੱਚ ਵਾਧਾ ਕਰ ਦਿੰਦੀਆਂ ਹਨ।ਇੱਕ ਪਾਸੇ ਕਸ਼ਮੀਰ ਦੇ ਲੋਕਾਂ ਦੀ ਗੈਰਤ ਜਦੋਂ ਜਵਾਲਾਮੁਖੀ ਬਣ ਫਟਣ ਦੀ ਕਗਾਰ ਤੇ ਹੋਵੇ,ਦੇਸ਼ ਦਾ 30 ਕਰੋੜ ਰਵਿਦਾਸੀਆ ਸਮਾਜ ਜਿਸ ਵਿੱਚ ਵੱਡੀ ਗਿਣਤੀ ਸਿੱਖ ਭਾਈਚਾਰਾ ਵੀ ਹੈ ਕਿਉਕਿ ਇਹ ਸਮਾਜ ਸਿੱਖ ਧਰਮ ਦਾ ਅਨਿਖੜਵਾਂ ਅੰਗ ਹੈ,ਇਹ ਸਮਾਜ ਵੀ ਦਿੱਲੀ ਦੀ ਹਿੱਕ ਤੇ ਖੜਾ ਵੰਗਾਰ ਰਿਹਾ ਹੋਵੇ,ਤਾਂ ਅਜਿਹੇ ਮੌਕੇ ਭਾਰਤੀ ਸਿਵਲ ਸੇਵਾ ਦੇ ਅਹਿਮ ਪਦ ਤੇ ਬਿਰਾਜਮਾਨ ਕੋਈ ਕੰਨਨ ਗੋਪੀ ਨਾਥਨ ਵਰਗਾ ਅਫਸਰ ਅਪਣੀ ਅਫਸਰੀ ਨੂੰ ਲੱਤ ਮਾਰ ਕੇ ਸਰਕਾਰਾਂ ਨੂੰ ਬਗਾਵਤ ਦਾ ਸੁਨੇਹਾ ਦੇ ਦਿੰਦਾ ਹੈ ਤਾਂ ਉਦੋਂ ਹਾਕਮਾਂ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਤਖਤ ਡਾਂਵਾਡੋਲ ਹੋਣ ਲੱਗਿਆਂ ਦੇਰ ਨਹੀ ਲੱਗਦੀ, ਅਤੇ ਫਿਰ ਡਾਂਵਾਡੋਲ ਹੋਏ ਤਖਤਾਂ ਤੋ ਫਾਸੀਵਾਦੀ ਹਾਕਮਾਂ ਦੇ ਧੜੰਮ ਕਰਕੇ ਹੇਠਾਂ ਡਿੱਗਣ ਦੇ ਕਿੱਸੇ ਇਤਿਹਾਸ ਬਣੇ ਹੋਏ ਹਨ।ਸਿਆਣੇ ਕਹਿੰਦੇ ਹਨ ਕਿ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਤੇ ਵਿਚਾਰ ਵੀ ਲੈਣਾ ਚਾਹੀਦਾ ਹੈ।

ਬਘੇਲ ਸਿੰਘ ਧਾਲੀਵਾਲ
99142-58142

ਸਮੇ ਦੀ ਮੰਗ : ਮੌਜੂਦਾ ਸੰਕਟ ਦੇ ਦੌਰ ਅੰਦਰ ਸਿੱਖ ਵਿਦਵਾਨ ਭਵਿੱਖ ਦੀ ਰਣਨੀਤੀ ਤਹਿ ਕਰਨ ਲਈ ਇੱਕ ਮੰਚ ਤੇ ਆਉਣ - ਬਘੇਲ ਸਿੰਘ ਧਾਲੀਵਾਲ

ਕੌਮੀ ਹਿਤਾਂ ਲਈ ਸਿੱਖ ਬੁੱਧੀਜੀਵੀ ਵਰਗ ਜਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ।

ਸਿੱਖਾਂ ਅੰਦਰ ਰਾਜ ਕਰਨ ਦੀ ਭਾਵਨਾ ਤਾਂ ਉਸ ਸਮੇ ਹੀ ਪੈਦਾ ਹੋ ਗਈ ਸੀ,ਜਦੋ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀਆਂ ਤਬੀਆਂ ਤੇ ਬੈਠਾਂ ਕੇ,ਉਪਰੋਂ ਤੱਤੀ ਰੇਤ ਪਾ ਕੇ ਅਤੇ ਫਿਰ ਉਬਲਦੀ ਦੇਗ ਵਿੱਚ ਉਬਾਲ ਕੇ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਸੀ।ਪੰਜਵੇਂ ਗੁਰੂ ਸਾਹਿਬ ਦੀ ਇਸ ਸ਼ਹੀਦੀ ਦੇ ਪ੍ਰਤੀਕਰਮ ਚੋ ਹੀ ਅਜਾਦ  ਪ੍ਰਭੂਸੱਤਾ ਨੇ ਅੰਗੜਾਈ ਭਰੀ,ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਿਗੋਬਿਂਦ ਸਾਹਿਬ ਜੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੀ ਸਥਾਪਨਾ ਸਮੇ ਦੀ ਹਕੂਮਤ ਦੇ ਬਰਾਬਰ ਸਿੱਖ ਪ੍ਰਭੂਸੱਤਾ ਦੇ ਪਰਤੀਕ ਵਜੋ ਕੀਤੀ ਗਈ। ਏਥੇ ਹੀ ਬੱਸ ਨਹੀ ,ਸਗੋ ਸ਼ਸ਼ਤਰ,ਘੋੜੇ ਰਣਜੀਤ ਨਗਾਰਾ,ਬਾਜ ਅਤੇ ਸ਼ਿਕਾਰ ਖੇਡਣਾ ਜਿੱਥੇ ਗੁਰੂ ਸਾਹਿਬ ਵੱਲੋਂ ਦੁਨਿਆਵੀ ਬਾਦਸ਼ਾਹ ਨੂੰ ਅਪਣੀ ਅਜਾਦ ਪ੍ਰਭੂਸੱਤਾ ਦਾ ਸੁਨੇਹਾ ਸੀ,ਓਥੇ ਨਗਾਰੇ ਦੀ ਚੋਟ ਨਾਲ ਸਮੇ ਦੀ ਹਕੂਮਤ ਨੂੰ ਲਲਕਾਰਿਆ ਵੀ ਗਿਆ,ਕਿ ਕਿਤੇ ਕੋਈ ਹਾਕਮ ਇਹ ਭੁਲੇਖਾ ਨਾ ਪਾਲ ਬੈਠੇ ਕਿ ਸਾਇਦ ਇਹ ਗੁਰੂ ਸਾਹਿਬ ਦੇ ਸਿਰਫ ਸ਼ੌਂਕ ਮਾਤਰ ਹੀ ਹੋ ਸਕਦੇ ਹਨ। ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸਿਧਾਂਤ ਤੇ ਹੋਰ ਦ੍ਰਿੜਤਾ ਨਾਲ ਪਹਿਰਾ ਦਿੰਦਿਆਂ ਖਾਲਸੇ ਦੀ ਸਾਜਨਾ ਕਰਕੇ ਸਿੱਖਾਂ ਨੂੰ ਇੱਕ ਵੱਖਰੀ ਕੌਂਮ ਵਜੋ ਪ੍ਰਵਾਂਨ ਚਾੜ੍ਹਿਆ। ਦੁਨਿਆਵੀ ਹਕੂਮਤਾਂ ਦੀ ਗੁਲਾਮੀ ਤੋ ਦੂਰ,ਅਜਾਦ ਪ੍ਰਭੂਸੱਤਾ ਦੇ ਆਸ਼ੇ ਚੋ ਪੈਦਾ ਹੋਈ ਇਸ ਕੌਂਮ ਨੇ ਜਿੰਨੀ ਦੇਰ ਗੁਰੂ ਨੂੰ ਹਾਜਰ ਨਾਜਰ ਜਾਣਿਆ,ਓਨੀ ਦੇਰ ਸਫਲਤਾ ਖਾਲਸੇ ਦੇ ਪੈਰਾਂ ਵਿੱਚ ਦਾਸੀ ਬਣਕੇ ਬੈਠੀ ਰਹੀ ਹੈ,ਪ੍ਰੰਤੂ ਜਦੋ ਤੋਂ ਸਿੱਖਾਂ ਨੇ ਗੁਰੂ ਨਾਲੋਂ ਦੁਨਿਆਵੀ ਹਾਕਮਾਂ ਨੂੰ ਨੇੜੇ ਸਮਝਣਾ ਸ਼ੁਰੂ ਕਰ ਦਿੱਤਾ,ਉਸ ਵੇਲੇ ਤੋਂ ਹੀ ਸਿੱਖ ਕੌਂਮ ਨਿਘਾਰ ਵੱਲ ਜਾ ਰਹੀ ਹੈ। ਮੌਜੂਦਾ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਹਾਲਾਤ ਇਹ ਬਣ ਗਏ ਹਨ ਕਿ ਸਿੱਖਾਂ ਨੇ ਅਜਾਦ ਹਸਤੀ ਵਜੋਂ ਅਪਣੇ ਆਪ ਦੀ ਪਛਾਣ ਖਤਮ ਕਰ ਲਈ।ਸਿੱਖ ਲੀਡਰਾਂ ਨੇ ਕੌਂਮ ਅਤੇ ਕੌਂਮੀ ਖਿੱਤੇ ਦੇ ਸਾਰੇ ਮੁਢਲੇ ਹੱਕ ਹਕੂਕ ਭਾਰਤੀ ਹਕੂਮਤ ਪਾਸ ਵੇਚ ਦਿੱਤੇ ਜਾਂ ਸਹਿਮਤੀ ਨਾਲ ਅਪਣੀ ਹੋਣੀ ਦੇ ਸਾਰੇ ਅਧਿਕਾਰ ਕੇਂਦਰ ਨੂੰ ਸੌਂਪ ਦਿੱਤੇ ਅਤੇ ਬਦਲੇ ਵਿੱਚ ਸੂਬੇ ਦੀ ਚੌਧਰ ਕਬੂਲ ਕਰ ਲਈ।ਸਿੱਖ ਕੌਂਮ ਦੀ ਨੁਮਾਇੰਦਗੀ ਦੇ ਨਾਮ ਤੇ ਸੂਬੇ ਦੀ ਰਾਜਸੱਤਾ ਤੇ ਲੰਮਾ ਸਮਾ ਕਾਬਜ ਰਹੇ ਸਿੱਖ ਆਗੂਆਂ ਨੇ ਕੇਂਦਰੀ ਤਾਕਤਾਂ ਨਾਲ ਅਜਿਹੀ ਗੂੜ੍ਹੀ ਸਾਂਝ ਪਾ ਲਈ,ਜਿਹੜੀ ਉਹਨਾਂ ਦੀ ਆਪਣੀ ਕੌਂਮ ਲਈ ਬੇਹੱਦ ਘਾਟੇਬੰਦ ਸਾਬਤ ਹੋਈ।ਨਤੀਜੇ ਵਜੋਂ ਘੱਟ ਗਿਣਤੀਆਂ ਦੀ ਕੱਟੜ ਦੁਸ਼ਮਣ ਜਮਾਤ ਆਰ ਐਸ ਐਸ ਸਿੱਖ ਆਗੂਆਂ ਦੀ ਬਦੌਲਤ ਸਿੱਖਾਂ ਦੀ ਸਿਰਮੌਰ ਧਾਰਮਿਕ ਸੰਸਥਾ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਦਰ ਘੁਸਪੈਹਠ ਕਰਨ ਵਿੱਚ ਸਫਲ ਹੋ ਗਈ।ਇਹੋ ਕਾਰਨ ਹੈ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਯਾਦਾ ਦਾ ਬ੍ਰਾਹਮਣੀਕਰਨ ਹੋ ਚੁੱਕਾ ਹੈ,ਹਰ ਪਾਸੇ ਜਾਤ ਪਾਤ,ਪਖੰਡਵਾਦ,ਕਰਮਕਾਂਡ ਅਤੇ ਵਿਪਰਵਾਦ ਦਾ ਬੋਲਬਾਲਾ ਹੈ।ਹਰ ਇੱਕ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਕੋਲ ਮੰਦਰ ਸਥਾਪਿਤ ਹੋ ਚੁੱਕੇ ਹਨ।ਇਤਿਹਾਸਿਕ ਗੁਰਦੁਆਰਿਆਂ ਵਿੱਚੋਂ ਬਾਬੇ ਨਾਨਕ ਸਾਹਿਬ ਦੀਆਂ ਸਿਖਿਆਵਾਂ ਨੂੰ ਬ੍ਰਾਹਮਣਵਾਦ ਦੀ ਪਾਣ ਦਿੱਤੀ ਜਾ ਰਹੀ ਹੈ।ਅਮ੍ਰਿਤ ਦੀ ਦਾਤ ਪਰਾਪਤ ਕਰਨ ਵੇਲੇ ਅੱਜ ਵੀ ਜਨਮ ਅਸਥਾਨ ਅਨੰਦਪੁਰ ਸਾਹਿਬ,ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ,ਮਾਤਾ ਸਾਹਿਬ ਕੌਰ ਕਹਿਣ ਵਾਲਾ ਖਾਲਸਾ ਮਜ੍ਹਬੀ ਸਿੱਖ,ਜੱਟ ਸਿੱਖ,ਰਾਮਦਾਸੀਆ ਸਿੱਖ,ਨਾਈ ਸਿੱਖ,ਮਹਿਰਾ ਸਿੱਖ,ਛੀਂਬਾ ਸਿੱਖ ਆਦਿ ਪਤਾ ਨਹੀ ਕਿੰਨੀਆਂ ਕੁ ਜਾਤਾਂ,ਕੁਜਾਤਾਂ ਵਿੱਚ ਉਲਝ ਕੇ ਸਿਰਫ ਨਾਮ ਦਾ ਹੀ ਸਿੱਖ ਰਹਿ ਗਿਆ ਹੈ।ਓਧਰ ਦੂਜੇ ਪਾਸੇ ਸਿੱਖ ਦੁਸ਼ਮਣ ਤਾਕਤਾਂ ਨੇ ਸਿੱਖਾਂ ਨੂੰ ਜਾਤਾਂ ਪਾਤਾਂ ਵਿੱਚ ਉਲਝਾ ਕੇ ਅਤੇ ਧੜੇਬੰਦੀਆਂ ਵਿੱਚ ਵੰਡ ਕੇ ਪਹਿਲਾਂ ਤਾਕਤ ਪੱਖੋਂ ਕਮਜੋਰ ਕੀਤਾ ਗਿਆ ਹੈ,ਫਿਰ ਸਿਧਾਂਤਾਂ ਤੇ ਹਮਲੇ ਸ਼ੁਰੂ ਕੀਤੇ।੧ਓ ਦਾ ਧਾਰਨੀ ਸਿੱਖ ਅੱਜ ਪਤਾ ਨਹੀ ਕਿੱਥੇ ਕਿੱਥੇ ਨੱਕ ਰਗੜਦਾ ਫਿਰਦਾ ਹੈ।ਪੰਜਾਬ ਅੰਦਰ ਡੇਰਾਵਾਦ ਦਾ ਬੋਲਬਾਲਾ ਵੀ ਸਿੱਖੀ ਸਿਧਾਂਤਾਂ ਦੇ ਘਾਣ ਦੀ ਇੱਕ ਕੜੀ ਹੈ,ਜਿਸ ਨੂੰ ਸਮਝਣ ਦੀ ਬਜਾਏ ਸਿੱਖ ਖੁਦ ਹੀ ਗੁਰੂ ਨਾਲੋਂ ਟੁੱਟ ਕੇ ਡੇਰਿਆਂ ਦੇ ਪਰੇਮੀ,ਰਾਧਾ ਸੁਆਮੀ,ਗਰੀਬਦਾਸੀਏ ਅਤੇ ਹੋਰ ਪਤਾ ਨਹੀ ਕੀ ਕੀ ਤਖੱਲਸ ਲਵਾ ਕੇ ਡੇਰਾਵਾਦ ਦੀ ਕਾਇਮੀ ਅਤੇ ਕਾਮਯਾਬੀ ਲਈ ਸਰਗਰਮ ਹੋ ਗਏ।ਇਸ ਸਾਰੇ ਵਰਤਾਰੇ ਤੋ ਬਾਅਦ ਬੜੀ ਚਲਾਕੀ ਨਾਲ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਵਾਈਆਂ ਗਈਆਂ,ਜਿਸ ਵਿੱਚ ਜਿੱਥੇ ਸੂਬੇ ਦੀ ਤਤਕਾਲੀ ਅਕਾਲੀ ਦਲ ਦੀ ਸਰਕਾਰ ਬੇਅਦਬੀਆਂ ਵਿੱਚ ਦੋਸ਼ੀਆਂ ਨਾਲ ਰਲੀ ਹੋਣ ਦੀ ਦੋਸ਼ੀ ਬਣੀ,ਓਥੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਦੇਖਣ ਪਿੱਛੇ ਦਾ ਵੀ ਇਹ ਹੀ ਕਾਰਨ ਹੈ ਕਿ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਗੁਰਸਿੱਖਾਂ ਦੇ ਹੱਥਾਂ ਚੋ ਬਹੁਤ ਦੇਰ ਪਹਿਲਾਂ ਦੀ ਨਿਕਲ ਕੇ ਸਿੱਖ ਵਿਰੋਧੀਆਂ ਦੇ ਹੱਥਾਂ ਵਿੱਚ ਜਾ ਚੁੱਕੀ ਹੈ,ਜਿਸ ਨੂੰ ਨਾਗਪੁਰ ਦਾ ਇਸਾਰਾ ਗੁਰੂ ਦੇ ਇਲਾਹੀ ਹੁਕਮ ਤੋ ਸ਼੍ਰੇਸਟ ਅਤੇ ਨੇੜੇ ਜਾਪਦਾ ਹੈ।ਭਾਰਤੀ ਹਕੂਮਤ ਨੇ ਸਿੱਖਾਂ ਦੇ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਰਿਹਾਅ ਹੀ ਨਹੀ ਕਰਵਾਇਆ ਬਲਕਿ ਸੀ ਬੀ ਆਈ ਵੱਲੋਂ ਅਦਾਲਤ ਵਿੱਚ ਇਸ ਕੇਸ ਨੂੰ ਬੰਦ ਕਰਨ ਦੀ ਸਿਫਾਰਿਸ ਕਰ ਦਿੱਤੀ ਹੈ,ਜਿਸ ਦੇ ਖਿਲਾਫ ਨਾ ਹੀ ਸਿੱਖਾਂ ਦੀ ਮੁੱਖ ਨੁਮਾਇਂਦਾ ਪਾਰਟੀ ਕਹੀ ਜਾਣ ਵਾਲੀ ਅਕਾਲੀ ਦਲ ਦੇ ਆਗੂਆਂ ਨੇ ਜ਼ੁਬਾਨ ਖੋਲੀ ਹੈ ਅਤੇ ਨਾ ਹੀ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਨੇ ਕੋਈ ਪੁਖਤਾ ਪ੍ਰਤੀਕਰਮ ਦਿੱਤਾ ਹੈ,ਅਜਿਹੇ ਸਮੇ ਇਨਸਾਫ ਲੈਣ ਲਈ ਉਹ ਰਵਾਇਤੀ ਪੰਥਕ ਧਿਰਾਂ ਵੀ ਅੱਗੇ ਨਹੀ ਆਈਆਂ,ਜਿੰਨਾਂ ਨੇ ਬੇਅਦਬੀ ਦਾ ਇਨਸਾਫ ਲੈਣ ਲਈ ਮੋਰਚੇ ਵੀ ਲਾਏ ਸਨ,ਪ੍ਰੰਤੂ ਨਿਰੋਲ ਸਿੱਖ ਜਥੇਬੰਦੀਆਂ,ਪੰਥ ਦਰਦੀ ਅਤੇ ਸਿੱਖ ਜੁਆਨੀ ਬੇਅਦਬੀਆਂ ਦਾ ਇਨਸਾਫ ਲੈਣ ਲਈ ਦੁਵਾਰਾ ਫਿਰ ਸੜਕਾਂ ਤੇ ਜਰੂਰ ਆ ਗਈ।ਪਿਛਲੇ ਦਿਨੀ ਸੀ ਬੀ ਆਈ ਦੇ ਸਿੱਖ ਵਿਰੋਧੀ ਫੈਸਲੇ ਦੇ ਖਿਲਾਫ ਰੋਸ ਪਰਗਟ ਕਰਨ ਲਈ ਚੰਡੀਗੜ ਪਹੁੰਚੇ ਪੰਥ ਦਰਦੀ,ਸਿੱਖ ਸੰਸਥਾਵਾਂ ਦੇ ਆਗੂ ਵਰਕਰ ਅਤੇ ਸਿੱਖ ਨੌਜਵਾਨਾਂ ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਤੇਜ ਬੁਛਾੜਾਂ ਸੁੱਟ ਕੇ ਜਿੱਥੇ ਦਸਤਾਰਾਂ ਪੈਰਾਂ ਵਿੱਚ ਰੋਲੀਆਂ ਗਈਆਂ ਓਥੇ ਸਾਂਤਮਈ ਸਿੱਖਾਂ ਨੂੰ ਬੁਛਾੜਾਂ ਨਾਲ ਜਖਮੀ ਕਰਕੇ ਉਹਨਾਂ ਦੀ ਅਣਖ ਨੂੰ ਜਾਣਬੁੱਝ ਕੇ ਹਲੂਣਿਆ ਗਿਆ,ਤਾਂ ਕਿ ਸਿੱਖ ਉਲਟਾ ਪ੍ਰਤੀਕਰਮ ਕਰਨ ਤਾਂ ਕਿ ਸਿੱਖਾਂ ਨੂੰ ਮੁੜ ਤੋ 1984 ਦੀ ਯਾਦ ਤਾਜਾ ਕਰਵਾ ਕੇ ਨਸਲਕੁਸ਼ੀ ਕੀਤੀ ਜਾ ਸਕੇ।ਹੁਣ ੳਪਰੋਕਤ ਵਰਤਾਰੇ ਦੇ ਮੱਦੇਨਜਰ ਇਹ ਸਮਝਣ ਦੀ ਜਰੂਰਤ ਹੈ,ਕਿ ਸਿੱਖਾਂ ਨੂੰ ਅਪਣੇ ਗੁਰੂ ਦੀ ਬੇਅਦਬੀ ਦਾ ਇਨਸਾਫ ਸੀ ਬੀ ਆਈ ਦੇ ਦਫਤਰ ਦਾ ਘਿਰਾਓ ਕਰਕੇ ਮਿਲਣਾ ਮੁਸ਼ਕਲ ਹੈ,ਸੋ ਇਸ ਸਿੱਖ ਵਿਰੋਧੀ ਵਰਤਾਰੇ ਦੀ ਜੜ ਨੂੰ ਫੜਨ ਦੀ ਜਰੂਰਤ ਹੈ,ਉਹ ਜੜ ਹੈ ਸਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ,ਜਿਸ ਦਾ ਪਰਬੰਧ ਸਹੀ ਹੱਥਾਂ ਵਿੱਚ ਆ ਜਾਣ ਨਾਲ ਇਸ ਸਾਰੇ ਵਰਤਾਰੇ ਨੂੰ ਸੌਖਿਆਂ ਹੀ ਠੱਲ ਪਾਈ ਜਾ ਸਕਦੀ ਹੈ।ਜੇਕਰ ਸ੍ਰੀ ਅਕਾਲ ਤਖਤ ਸਾਹਿਬ ਤੇ ਸੱਚੇ ਸੁੱਚੇ ਗੁਰਸਿੱਖ ਬੈਠੇ ਹੋਣਗੇ,ਫਿਰ ਹੀ ਅਜਾਦ ਪ੍ਰਭੂਸੱਤਾ ਬਾਰੇ ਸੋਚਿਆ ਜਾ ਸਕਦਾ ਹੈ।ਜਿੰਨੇ ਸਿੱਖ ਬੁੱਧੀਜੀਵੀ ਹਨ,ਜਿੰਨੇ ਪੰਥਕ ਵਿਦਵਾਨ ਅਤੇ ਸੰਤ ਸਮਾਜ ਦੇ ਉਹ ਲੋਕ ਜਿਹੜੇ ਸੱਚਮੁੱਚ ਕੌਮੀ ਦਰਦ ਰੱਖਦੇ ਹਨ,ਉਹਨਾਂ ਸਭਨਾਂ ਨੂੰ ਕੌਂਮੀ ਲਾਮਵਾਦੀ ਲਈ ਇੱਕ ਸਾਂਝਾ ਪਰੋਗਰਾਮ ਉਲੀਕਣਾ ਪਵੇਗਾ।।ਰਾਜਂਨੀਤਕ ਸਿੱਖ ਜਥੇਬੰਦੀਆਂ ਦੇ ਆਗੂ ਕਦੇ ਵੀ ਅਪਣੀ ਹਾਉਮੈਂ ਨਹੀ ਛੱਡਣਗੇ,।ਜੇਕਰ ਸਿੱਖ ਇਸ ਲਾਮਬੰਦੀ ਤੋ ਇਹ ਕਹਿ ਕੇ ਪੱਲਾ ਝਾੜਦੇ ਰਹਿਣਗੇ,ਕਿ ਸਰੋਮਣੀ ਗੁਰਦੁਅਰਾ ਪਰਬੰਧਕ ਕਮੇਟੀ ਦੀਆਂ ਚੋਣਾਂ ਦਾ ਕੋਈ ਪਤਾ ਨਹੀ ਕਿ ਕਦੋ ਹੋਣੀਆਂ ਹਨ,ਫਿਰ ਕਾਮਯਾਬੀ ਮਿਲਣੀ ਮੁਸ਼ਕਲ ਹੈ।ਸਾਡੀ ਤਿਆਰੀ ਪਹਿਲਾਂ ਹੀ ਹੋਣੀ ਚਾਹੀਦੀ ਹੈ,ਕਿਉਕਿ ਖੱਖੜੀਆਂ ਕਰੇਲੇ ਹੋਈ ਕੌਂਮ ਨੂੰ ਮੌਕੇ ਤੇ ਇਕੱਠੀ ਕਰਨਾ ਕੋਈ ਸੌਖਾ ਕੰਮ ਨਹੀ ਹੈ,ਜਦੋ ਕਿ ਦੂਜੇ ਪਾਸੇ ਦੁਸ਼ਮਣ ਸਮੁੱਚੀਆਂ ਘੱਟ ਗਿਣਤੀਆਂ ਨੂੰ ਖਤਮ ਕਰਨ ਲਈ ਇੱਕਮੱਤ ਅਤੇ ਬੇਹੱਦ ਤਾਕਤਬਰ ਹੈ,ਇਸ ਲਈ ਸਮਾ ਮੰਗ ਕਰਦਾ ਹੈ ਕਿ ਕੌਮੀ ਵਿਦਵਾਨ ਅਪਣੇ ਫਰਜਾਂ ਤੇ ਪਹਿਰਾ ਦਿੰਦੇ ਹੋਏ ਅਪਣੀ ਕਲਮ,ਤੇ ਬੁੱਧੀਮਾਨਤਾ ਨੂੰ ਕੌਮ ਦੇ ਸੁਨਹਿਰੀ ਭਵਿੱਖ ਲਈ ਇਸਤੇਮਾਲ ਕਰਨ,ਤਾਂ ਕਿ ਸਿੱਖੀ ਸਿਧਾਤਾਂ ਦੀ ਰਾਖੀ ,ਗੁਰਦੁਆਰਾ ਪਰਬੰਧ ਨੂੰ ਸਿੱਖ ਦੁਸ਼ਮਣ ਤਾਕਤਾਂ ਤੋ ਮੁਕਤ ਕਰਵਾਉਣ ਅਤੇ ਪੰਜਾਬ,ਪੰਜਾਬੀਅਤ ਤੇ ਪੰਥ ਦੀ ਅਜਾਦ ਹਸਤੀ ਬਰਕਰਾਰ ਰੱਖਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਸ਼ੇ ਅਨੁਸਾਰ ਅਜਾਦ ਪ੍ਰਭੂਸੱਤਾ ਦੀ ਪਰਾਪਤੀ ਲਈ  ਖਿੰਡੀ ਪੁੰਡੀ ਸਿੱਖ ਸਕਤੀ ਦਾ ਇੱਕ ਲੜੀ ਵਿੱਚ ਪਰੋ ਕੇ ਕੌਮੀ ਕਾਰਜ ਲਈ ਸਦ ਉਪਯੋਗ ਕੀਤਾ ਜਾ ਸਕੇ। ਇਹ ਸੱਚ ਹੈ ਕਿ ਮੌਜੂਦਾ ਸੰਕਟ ਦੇ ਦੌਰ ਅੰਦਰ ਕੌਮੀ ਹਿਤਾਂ ਲਈ ਬੁੱਧੀਜੀਵੀ ਵਰਗ ਹੀ ਜਿਕਰਯੋਗ ਭੂਮਿਕਾ ਅਦਾ ਕਰ ਸਕਦਾ ਹੈ।

ਬਘੇਲ ਸਿੰਘ ਧਾਲੀਵਾਲ
99142-58142