Budh Singh Neellon

ਮਸਲਾ- ਉਧਾਲੇ ਗੀਤਾਂ ਦਾ !  :  ਉਧਾਲੇ ਗੀਤਾਂ ਦੇ ਨਜਾਇਜ਼ ਪਿਓ ! - ਬੁੱਧ ਸਿੰਘ ਨੀਲੋਂ

ਪੰਜਾਬੀ ਗੀਤਕਾਰੀ ਦੇ ਵਿਚ ਉਧਾਲੇ ਗੀਤਾਂ ਦੇ ਨਜਾਇਜ਼ ਬਾਪਾਂ ਬਾਰੇ ਬਹੁਤ ਦੇਰ ਪਹਿਲਾਂ ਮਸਲਾ ਚੁੱਕਿਆ ਸੀ ਪਰ ਉਸ ਵੇਲੇ ਉਸ ਮਸਲੇ 'ਤੇ ਜਿਸ ਤਰਾਂ ਦੀ ਚਰਚਾ ਹੋਣੀ ਚਾਹੀਦੀ ਸੀ ਉਹ ਨਾ ਹੋ ਸਕੀ, ਪਤਾ ਨਹੀਂ ਕਿਉਂ ਕੱਛਾਂ ਵਿਚ ਹੱਥ ਦੇ ਕੇ ਤਮਾਸ਼ਾ ਦੇਖਣ ਵਾਲਿਆਂ ਭੀੜ ਵਿਚ ਸੁਚੇਤ ਲੋਕ ਸ਼ਾਮਿਲ ਹੋ ਗਏ। ਪੰਜਾਬੀ ਗੀਤਕਾਰੀ ਦੇ ਖੇਤਰ ਦੇ ਵਿਚ ਜਿਹੜੇ ਗੀਤਕਾਰਾਂ ਨੇ ਹੋਰਨਾਂ ਦੇ ਗੀਤ ਉਧਾਲੇ ਹਨ ਤੇ ਉਹ ਉਨ੍ਹਾਂ ਦੇ ਨਜਾਇਜ਼ ਬਾਪ ਬਣ ਕੇ ਬਹਿ ਗਏ ਹਨ ਤੇ ਮੋਟੀਆਂ ਰਕਮਾਂ ਵਸੂਲ ਗਏ ਹਨ ਪਰ ਉਹ ਅਸੂਲ ਭੁੱਲ ਗਏ।
       ਅਕਸਰ ਨਵਾਂ ਗੀਤਕਾਰ ਇਨਾਂ ਨਜਾਇਜ਼ 'ਬਾਪਾਂ' ਦੇ ਸ਼ਿਕਾਰ ਹੁੰਦੇ ਹਨ। ਉਹ ਕਿਸੇ ਵੱਡੇ ਗੀਤਕਾਰ ਦੇ ਕੋਲ ਇਸ ਕਰਕੇ ਜਾਂਦੇ ਹਨ ਕਿ ਉਹ ਉਨ੍ਹਾਂ ਦੀ ਬਾਂਹ ਫੜੇਗਾ ਤੇ ਕਿਸੇ ਨਾਮਵਰ ਗਾਇਕ ਤੋਂ ਉਸ ਦਾ ਗੀਤ ਰਿਕਾਰਡ ਕਰਵਾ ਦੇਵੇਗਾ। ਪਰ ਪਤਾ ਉਸਨੂੰ ਉਸ ਵੇਲੇ ਹੀ ਲੱਗਦਾ ਹੈ ਜਦੋਂ ਉਸ ਦਾ ਗੀਤ ਉਸ ਗੀਤਕਾਰ ਦੇ ਨਾਂ ਹੇਠ ਸਪੀਕਰਾਂ ਵਿਚ ਵੱਜਦਾ ਹੈ। ਫੇਰ ਸਿਖਾਂਦਰੂ ਕੰਧਾਂ ਵਿਚ ਟੱਕਰਾਂ ਮਾਰਦਾ ਹੈ। ਸੰਗੀਤ ਦੀ ਜਦੋਂ ਮੰਡੀ ਬਣੀ ਹੈ ਉਸ ਵੇਲੇ ਤੋਂ ਇਸ ਕਾਰੋਬਾਰ ਦੇ ਵਿਚ ਕਈ ਉਹ ਨਾਂ ਸ਼ਮਿਲ ਹਨ ਜਿਨ੍ਹਾਂ ਦਾ ਪੰਜਾਬੀ ਸਾਹਿਤ ਜਗਤ ਵਿਚ ਨਾਂ ਸਤਿਕਾਰ ਲਿਆ ਜਾਂਦਾ ਹੈ।
        ਸੰਗੀਤ ਦੀ ਮੰਡੀ ਵਿਚ ਸੰਗੀਤਕਾਰ ਵੀ ਕਿਸੇ ਦੇ ਨਾਲੋਂ ਘੱਟ ਨਹੀਂ । ਉਹ ਵੀ ਪਹਿਲੀਆਂ ਗਾਈਆਂ ਤਰਜ਼ਾਂ ਨੂੰ ਭੰਨ ਤੋੜ ਕੇ ਜਾ ਫਿਰ ਉਵੇਂ ਹੀ ਵਰਤ ਲੈਂਦੇ ਹਨ, ਜਿਵੇਂ ਗੀਤਕਾਰ ਕਰਦੇ ਹਨ। ਮੁਨਾਫੇ ਦੀ ਮੰਡੀ 'ਚ ਇਸ ਤਰਾਂ ਬਹੁਤ ਕੁੱਝ ਹੁੰਦਾ ਹੈ, ਜਿਸ ਦਾ ਨੱਕੋ-ਨੱਕੀਂ ਪਤਾ ਨਹੀਂ ਲੱਗਦਾ।
       ਇੱਕ ਵਾਰ ਮੇਰਾ ਮਿੱਤਰ ਪ੍ਰੀਤ ਸੰਦਲ ਨੇ ਆਖਿਆ 'ਕਿ ਆ ਜਿਹੜਾ ਗੀਤ ਸਰਦੂਲ ਸਿਕੰਦਰ ਤੇ ਅਮਰ ਨੂਰੀ ਦੀ ਆਵਾਜ਼ ਦੇ ਆਇਆ ਹੈ, ਪਾਲ ਕੇ ਨਿਆਣੇ ਭਾਬੀ ਨੇ. . ਵਾਲਾ ਮੇਰਾ ਗੀਤ ਹੈ ਜਿਹੜਾ ਰਾਜੀ ਸਲਾਣੇ ਵਾਲੇ ਨੇ ਆਪਣੇ ਨਾਂ ਹੇਠ ਰਿਕਾਰਡ ਕਰਵਾ ਦਿੱਤਾ ਏ। ਹੁਣ ਦੱਸੋ ਮੈਂ ਕੀ ਕਰਾਂ? ਤੁਸੀਂ ਪੀਐਚ. ਡੀ ਵਾਲਿਆਂ ਦਾ ਪਰਦਾ ਢੱਕਿਆ ਏ ਇਸ ਦਾ ਵੀ ਕਦੇ ਨੰਗ ਢੱਕ ਦਿਓ।'
     ਗੀਤਕਾਰ ਤੇ ਕਲਾਸੀਕਲ ਗਾਇਕ ਪਵਨਦੀਪ ਬੋਲਿਆ ' ਆ ਸੁਰਜੀਤ ਬਿੰਦਰੱਖੀਏ ਦੀ ਆਵਾਜ਼ ਦੇ ਵਿਚ ਜਿਹੜਾ ਗੀਤ ਵੱਜਦਾ  "ਵਿਚ ਦਰਵਾਜ਼ੇ ਦੇ ਇੱਕ ਫ਼ੁੱਲ ਕੱਢਦਾ ਫੁਲਕਾਰੀ" ਤਾਂ ਮੇਰਾ ਗੀਤ ਏ ਪਰ ਇਸ ਦਾ ਗੀਤਕਾਰ ਸਮਸ਼ੇਰ ਸੰਧੂ ਕਿਵੇਂ ਬਣ ਗਿਆ ?'
       ਅੰਤਰ-ਰਾਸ਼ਟਰੀ ਪੱਧਰ ਤੱਕ ਆਪਣੀ ਆਵਾਜ਼ ਦਾ ਜਾਦੂ ਵਿਖੇਰਨ ਵਾਲਾ ਕਮਲਜੀਤ ਨੀਲੋਂ ਆਖਣ ਲੱਗਾ ' ਆ ਬਿੱਟੀ ਦੀ ਆਵਾਜ਼ ਵਾਲਾ ਗੀਤ ਤਾਂ ਮੇਰਾ, ਦਿਲ ਦੀ ਕਿਤਾਬ ਉੱਤੇ ਸੱਜਣਾ ਦਾ ਨਾਂ ਆਪੇ ਅੰਮੀਏ ਨੀਂ ਲਿਖਿਆ ਗਿਆ। ਤੇ ਹੋਰ ਕਈ ਗੀਤ ਨੇ ਇਹ ਕੀ ਹੋ ਰਿਹਾ ਏ ?'
     ਪਰ ਜਦੋਂ ਸਤਿੰਦਰ ਸਰਤਾਜ ਸੰਗੀਤ ਦੀ ਮੰਡੀ 'ਚ ਆਇਆ ਤਾਂ ਉਹ ਉਸ ਗੀਤਕਾਰ ਦੀ ਛੱਤਰੀ 'ਤੇ ਜਦ ਬੈਠਿਆ ਨਾ ਤਾਂ ਉਸ ਗੀਤਾਂ ਦੇ ਖਿਲਾਫ਼ ਲੇਖ ਲਿਖ ਦਿੱਤਾ ਕਿ 'ਇਸ ਦੇ ਗੀਤ ਪਾਕਿਸਤਾਨੀ ਗੀਤਕਾਰਾਂ ਦੇ ਹਨ। ਤੇ ਨਾਲ ਹੀ ਇਹ ਆਖ 'ਤਾ ਕਿ ਦੇਵ ਥਰੀਕੇ ਵਾਲਾ ਤੇ ਬਾਬੂ ਸਿੰਘ ਮਾਨ ਵੀ ਚੋਰ ਗੀਤਕਾਰ ਹਨ।'
      ਤਾਂ ਦੇਵ ਥਰੀਕੇ ਵਾਲਾ ਕਹਿੰਦਾ 'ਪਰ ਇਸ ਗੀਤਕਾਰ ਨੇ ਆਪਣੇ ਬਾਰੇ ਚੁੱਪ ਹੀ ਧਾਰ ਲਈ ਕਿ ਉਸ ਨੇ ਕਿੱਥੇ ਕਿੱਥੇ ਡਾਕਾ ਮਾਰਿਆ? ਕਿੰਨੇ ਹੀ ਗੀਤ ਤਾਂ ਮੇਰੇ ਹੀ ਤੇ ਪਾਕਿਸਤਾਨੀ ਹਨ। ਪਰ ਕੀ ਕਰੀਏ ?'
      ਤਾਂ ਕੋਲ ਬੈਠਾ ਉਸਦਾ ਚੇਲਾ ਬੋਲਿਆ ' ਉਸਤਾਦ ਜੀ ਤੁਸੀਂ ਇਸ ਦਾ ਨੰਗ ਢੱਕ ਦਿਓ ਥੋਡੋ ਕੋਲ ਕਿੰਨੇ ਕੱਪੜੇ ਪਏ ਆ ਪਾ ਦਿਓ ਬਿਚਾਰੇ ਦੇ।'
       ਤਾਂ ਮੈਨੂੰ ਸਆਦਤ ਹਸਨ ਮੰਟੋ ਦੀ ਜੀਵਨ ਕਥਾ ਚੇਤੇ ਆ ਗਈ। ਉਹ ਲਿਖਦਾ ਹੈ 'ਜਿਸ ਸਮਾਜ ਦੇ ਪਹਿਲਾਂ ਹੀ ਕੱਪੜੇ ਉਤਰੇ ਨੇ ਉਹ ਤਾਂ ਸਮਾਜ ਦਾ ਨੰਗ ਢੱਕਦਾ ਹੈ ਪਰ ਲੋਕ ਆਖਦੇ ਨੇ ਕਿ ਮੰਟੋ ਅਸ਼ਲੀਲ ਲਿਖਦਾ ਹੈ?'
     ਸਮਾਜ ਦੇ ਵਿਚ ਕਿੰਨੇ ਉਧਾਲੇ ਗੀਤਾਂ ਦੇ 'ਨਜਾਇਜ਼ ਬਾਪ' ਹਨ ਤੇ ਉਨ੍ਹਾਂ ਨੇ ਆਪੇ ਹੀ ਆਪਣੇ ਨਾਂ ਪਹਿਲਾਂ ਗਿਰਦਾਰੀਆਂ ਕਰਵਾਈਆਂ ਤੇ ਪਟਵਾਰੀ ਤੇ ਤਹਿਸੀਲਦਾਰ ਨਾਲ ਮਿਲ ਕਿ ਆਪਣੇ ਗੀਤਾਂ ਦੇ ਇੰਤਕਾਲ ਕਰਵਾ ਲਏ ਤੇ ਹੁਣ ਕੌਣ ਕੋਰਟ ਕਚਹਿਰੀਆਂ ਦੇ ਚੱਕਰਾਂ 'ਚ ਪਵੇ, ਨਾਲੇ ਇੱਥੇ ਤਕੜੇ ਦਾ ਸੱਤੀਂ ਵੀਹੀਂ ਸੌ ਹੁੰਦਾ ਹੈ।
     ਅੰਮ੍ਰਿਤਾ ਪ੍ਰੀਤਮ ਕਹਿੰਦੀ ' ਆ ਤਿੜਕੇ ਘੜੇ ਦਾ ਪਾਣੀ ਵਾਲਾ ਗੀਤ ਤਾਂ ਮੇਰਾ ਏ ! ਦੱਸ ਇਸ ਨੂੰ ਕੀ ਕਹਾਂ? ਚੰਗਾ ਭਲਾ ਕਹਾਣੀ ਲਿਖਦਾ ਸੀ , ਆ ਕਿਹੜੇ ਕੰਮਾਂ ਵਿੱਚ ਪੈ ਗਿਆ ?'
ਖੈਰ ਮੈਂ ਵੀ ਇਸ ਚੱਕਰ ਤੋਂ ਬਚਣ ਦਾ ਰਸਤਾ ਦੇਖ ਹੀ ਰਿਹਾ ਸੀ ਕਿ ਜਦ ਨੂੰ ਬੁੱਧ ਨਾਥ ਆ ਗਿਆ।
ਆਖਣ 'ਲੱਗਾ ਕਿੱਥੇ ਜਾਏਗਾ ਬੂਥਨਿਆਂ ਸਾਧਾਂ ਛੇੜ ਕਿ ਭਰਿੰਡ ਰੰਗੀਆਂ।'
      ਪੰਜਾਬੀ ਸਾਹਿਤ ਦੇ ਵਿਚ ਕੀ ਕੀ ਹੋ ਰਿਹਾ ਹੈ? ਕਿਵੇਂ ਵੱਡੇ-ਵੱਡੇ ਕਵੀ ਆਪਣੇ ਪੁਰਖਿਆਂ ਤੇ ਸਮਕਾਲੀਆਂ ਦੀ ਗ਼ਜ਼ਲਾਂ ਥੋੜੀ ਹੇਰ ਫੇਰ ਕਰਕੇ ਕਿਤਾਬਾਂ ਛਾਪੀ ਜਾ ਰਹੇ ਹਨ। ਇਨ੍ਹਾਂ ਦਾ ਨੰਗ ਕੌਣ ਢਕੇਗਾ ?
     ਕਈ ਚਿੱਟੀਆਂ ਦਾਹੜੀਆਂ ਵਾਲਿਆਂ ਨੇ ਆਪਣੀਆਂ ਰਚਨਾਵਾਂ ਨੂੰ ਉਹਨਾਂ 'ਪਰੀਆਂ' ਦੇ ਨਾਂ ਹੀ ਨਹੀਂ ਕਰਵਾਇਆ ਸਗੋਂ ਜੁਗਾੜਬੰਦੀ ਕਰਕੇ ਸੰਸਥਾਵਾਂ ਤੋਂ ' ਮਹਾਨ ਕਵਿਤਰੀ, ਕਹਾਣੀਕਾਰ ਤੇ ਆਲੋਚਕ ਦਾ ਪੁਰਸਕਾਰ ਵੀ ਦਿਵਾ ਦਿੱਤਾ ਹੈ।
" ਅੱਜ ਕੱਲ ਇਹਨਾਂ ਅਨੈਤਿਕ ਕਦਰਾਂ ਕੀਮਤਾਂ ਦੀ ਪੈਰਵਾਈ ਕਈ ' ਬੀਬੇ ਰਾਣੇ ' ਕਰ ਰਹੇ ਹਨ ।'
    ਜਦੋਂ ਇਸ ਤਰਾਂ ਲੇਖਕ ਆਪ ਹੀ ਨੈਤਿਕ ਕਦਰਾਂ ਕੀਮਤਾਂ ਦੀਆਂ ਧੱਜੀਆਂ ਉਡਾਣ ਲੱਗ ਪੈਣ ਤਾਂ ਹੋਰਨਾਂ ਤੋਂ ਤੀ ਆਸ ਰੱਖੀ ਜਾ ਸਕਦੀ ਹੈ ? ਸਮਾਜ ਲੇਖਕਾਂ ਦੀਆਂ ਲਿਖਤਾਂ ਤੋਂ ਸੇਧ ਲੈਂਦਾ ਹੈ ਪਰ ਲੇਖਕਾਂ ਨੂੰ ਕੌਣ ਸੇਧ ਦੇਵੇ?
ਸਮਾਜ ਵਿਚ ਉਧਾਲੀਆਂ ਧੀਆਂ ਤੇ ਪੁੱਤਰਾਂ ਦੇ ਨਜਾਇਜ਼ ਬਣੇ ਬਾਪਾਂ ਦੀ ਗਿਣਤੀ ਵੱਧ ਰਹੀ ਹੈ। ਜਿਹੜੇ ਆਪ ਸਖ਼ਤ ਮਿਹਨਤ ਕਰਕੇ ਲਿਖਦੇ ਤੇ ਲਿਖਦੀਆਂ ਹਨ, ਉਨ੍ਹਾਂ ਨੂੰ ਕੋਈ ਬੇਰਾਂ ਵੱਟੇ ਨੀ ਪੁੱਛਦਾ। ਉਨ੍ਹਾਂ ਨੂੰ ਕਿਉਂ ਨੀ ਕੋਈ ਪੁੱਛਦਾ ਕਿਸੇ ਨੂੰ ਕਿਸੇ ਅੰਦਰਲੀ ਗੱਲ ਦਾ ਪਤਾ ਹੋਵੇ ਤਾਂ ਜਰੂਰ ਦੱਸਣਾ ਜੀ।
ਪਰ ਮੈਨੂੰ ਤਾਂ ਪਤਾ ਨਹੀਂ ਕਿ ਪਰਦੇ ਪਿੱਛੇ ਕੀ ਕੀ ਹੋ ਰਿਹਾ ਹੈ ਤੇ ਕਦੋਂ ਤੱਕ ਹੁੰਦਾ ਰਹੇਗਾ?
" ਅਖੇ ਇੱਕ ਨੂੰ ਕੀ ਰੋਨੀ ਏਂ ਇਥੇ ਤਾਂ ਆਵਾ ਹੀ ਊਤਿਆ ਪਿਆ ਐ ।"
ਬੁੱਧ ਸਿੰਘ ਨੀਲੋਂ

ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀ ਏ ਤੇਰਾ  - ਬੁੱਧ ਸਿੰਘ ਨੀਲੋਂ

ਪੰਜਾਬ ਦੀ ਧਰਤੀ 'ਤੇ ਇਸ ਸਮੇਂ ਨਕਲੀ ਸਾਹਿਤ ਦੇ ਡਾਕਟਰ, ਇੰਜੀਨੀਅਰ, ਲੇਖਕ, ਕਵੀਆਂ ਦੀ ਭਰਮਾਰ ਹੈ ਇਸੇ ਹੀ ਤਰਾਂ ਦੁੱਧ, ਪਨੀਰ, ਦਹੀ, ਘਿਓ, ਮਿਠਾਈਆਂ, ਫ਼ਲ, ਸਬਜ਼ੀਆਂ, ਮਸਾਲੇ, ਦਾਲਾਂ, ਆਟਾ, ਚੀਨੀ, ਪੱਤੀ ਤੇ ਹੋਰ ਪਤਾ ਨੀ, ਕੀ ਸਵਾ-ਖੇਹ, ਜ਼ਹਿਰ ਦੇ ਵਪਾਰੀ ਬਣਾ ਕਿ ਲੋਕਾਂ ਨੂੰ ਸ਼ਰੇਆਮ ਖਵਾਈ ਜਾ ਰਹੇ ਹਨ। ਅਸੀਂ ਸਵਾਦਾਂ ਦੇ ਪੱਟੇ ਅੱਖਾਂ ਮੀਟ ਕੇ ਛਕੀ ਜਾ ਰਹੇ ਹਾਂ।
       'ਅੰਨੀ ਪੀਹਦੀ ਐ ਤੇ ਕੁੱਤੇ ਚੱਟਦੇ ਆ' ਵਾਲੀ ਕਹਾਵਤ ਸਿੱਧ ਹੋ ਰਹੀ ਹੈ। ਇਹ ਸਭ ਕੁੱਝ ਸਰਕਾਰ ਦੇ ਨੱਕ ਹੇਠ ਹੋ ਰਿਹਾ ਹੈ। ਖਾਣ-ਪੀਣ ਵਾਲੀਆਂ ਵਸਤੂਆਂ 'ਚ ਮਿਲਾਵਟ ਤੇ ਨਕਲੀ ਚੀਜ਼ਾਂ ਬਜ਼ਾਰਾਂ ਦੇ ਵਿੱਚ ਸਜਾ ਕੇ ਹਾਕਾਂ ਮਾਰ ਮਾਰ ਕੇ ਵੇਚੀਆਂ ਜਾ ਰਹੀਆਂ ਹਨ।
      ਕੋਈ ਪੁੱਛਣ ਵਾਲਾ ਨਹੀਂ ਕਿਉਕਿ ਸਭਦੇ ਮੂੰਹ ਕਾਲੇ ਕੀਤੇ ਹੋਏ ਹਨ। 'ਚੋਰ ਤੇ ਕੁੱਤੀ ਰਲ ਗਏ ਹਨ', ਚਾਰੇ ਪਾਸੇ ਇਉਂ ਲਗਦਾ ਹੈ ਜਿਵੇਂ ਘੋੜੇ ਵਾਲਾ ਫ਼ਿਰ ਗਿਆ ਹੋਵੇ। ਇਸ ਧਰਤੀ 'ਤੇ ਕੀ ਨਹੀਂ ਨਕਲੀ ਬਣਦਾ? ਨਕਲੀ ਅਸਲੀ ਨਾਲੋਂ ਸਸਤਾ ਤੇ ਭਰੋਸੇਯੋਗ ਹੁੰਦਾ ਹੈ ਪਰ ਸਿਹਤ ਦੇ ਲਈ ਹਾਨੀਕਾਰਕ ਹੁੰਦਾ ਹੈ।
       ਇਸੇ ਕਰਕੇ ਅੱਜਕੱਲ ਲੋਕ ਜਾਨਲੇਵਾ ਬੀਮਾਰੀਆਂ ਦੇ ਸ਼ਿਕਾਰ ਹੋ ਕੇ ਨਿੱਜੀ ਹਸਪਤਾਲਾਂ ਦੇ ਘਰ ਭਰਦੇ ਹਾਂ ਤੇ ਆਪਣਿਆਂ ਦਾ ਵਿਛੋੜਾ ਝੱਲਦੇ ਹਾਂ। ਇਸੇ ਹੀ ਤਰਾਂ ਨਕਲੀ ਸਾਹਿਤ ਡਾਕਟਰ ਬਣ ਰਹੇ ਹਨ, ਜਿਹਨਾਂ ਸਾਹਿਤ ਦੇ ਚੰਗੇ ਮਾੜੇ ਲਈ ਫਤਬੇ ਦੇਣ ਦਾ ਅਧਿਕਾਰ ਮਿਲਿਆ ਹੁੰਦਾ ਹੈ। ਪਰ ਇਹ ਜਿਹਨਾਂ ਨੇ ਕੋਈ ਸਾਹਿਤ ਦੀ ਡਿਗਰੀ ਕੀਤੀ ਉਹ ਬਹੁਤ ਸਾਰੇ ਡਾਕਟਰ ਸਾਹਿਤ 'ਚ ਹਨ। ਹੁਣ ਨਾਂ ਕਿਸ ਕਿਸ ਦਾ ਲਈਏ ?
        ਕਈ ਆਖਦੇ ਨਾਂ ਲਿਖੋ ਪਰ ਤੁਸੀਂ ਵੀ ਆਲ਼ੇ ਦੁਆਲੇ ਦੇਖੋ ਕਿ ਕੌਣ ਕੌਣ ਸਾਹਿਤ ਦਾ ਡਾਕਟਰ ਹੈ? ਕੋਈ ਧਰਮ ਦੀਆਂ ਕਿਤਾਬਾਂ ਲਿਖਕੇ ਤੇ ਕੋਈ ਨੋਟਾਂ ਦੀ ਪੌੜੀ ਲਾ ਕੇ ਡਾਕਟਰ ਬਣੇ ਹੋਏ ਆ। ਖੈਰ ਇਹ ਮਸਲਾ ਟੇਢਾ ਹੈ , ਜਿਵੇਂ ਟੇਢੀ ਖੀਰ ਹੁੰਦੀ ਹੈ।
     ਜਿਹੜੇ ਸਰਕਾਰੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਮਿਲਾਵਟ ਦੇ ਕਾਰੋਬਾਰ ਨੂੰ ਰੋਕਣਾ ਹੈ, ਉਹ ਕੁੰਭਕਰਨੀ ਨੀਂਦ ਸੁੱਤੇ ਪਏ ਆ। ਜ਼ਹਿਰ ਦੇ ਵਪਾਰੀਆਂ ਦੇ ਮੂੰਹ ਨੂੰ ਖ਼ੂਨ ਲੱਗ ਗਿਆ ਤੇ ਉਹਨਾਂ ਨੇ ਸਾਰੇ ਹੀ ਲਬੇੜ ਦਿੱਤੇ ਹਨ। ਪੁਲਸ, ਸਿਹਤ ਵਿਭਾਗ, ਅਦਾਲਤਾਂ ਤੇ ਜੇਲਾਂ ਸਭ ਭ੍ਰਿਸ਼ਟਾਚਰ ਦੀ ਦਲਦਲ 'ਚ ਗਰਕ ਗਈਆਂ ਹਨ।
       ਸਭ ਦੇ ਮੂੰਹ ਲਹੂ ਦੇ ਨਾਲ ਲਿਬੜੇ ਹੋਏ ਨੇ। ਕਿਤੇ ਕਿਤੇ ਕੋਈ ਆਸ ਦੀ ਕਿਰਨ ਦਿਖਦੀ ਹੈ ਪਰ ਉਸਨੂੰ ਵੀ ਸਰਕਾਰ ਕਿਤੇ ਟਿੱਕ ਕੇ ਕੰਮ ਕਰਨ ਨਹੀਂ ਦੇਂਦੀ। ਜਿਹੜਾ ਵੀ ਕੋਈ ਇਮਾਨਦਾਰ ਅਧਿਕਾਰੀ ਇਹਨਾਂ ਜ਼ਹਿਰ ਦੇ ਵਪਾਰੀਆਂ ਨੂੰ ਹੱਥ ਪਾਉਂਦਾ ਜਾਂ ਅੱਖਾਂ ਦਿਖਾਉਂਦਾ ਹੈ, ਉਸ ਦੀ ਵਿਭਾਗ ਦੇ ਵਿੱਚੋਂ ਜਾਂ ਧਰਤੀ ਤੋਂ ਹੀ ਛੁੱਟੀ ਕਰਵਾ ਦਿੱਤੀ ਜਾਂਦੀ ਹੈ।
    ਇਸ ਹਮਾਮ ਦੇ ਵਿੱਚ ਵਪਾਰੀ, ਅਧਿਕਾਰੀ ਤੇ ਲਿਖਾਰੀ ਸਭ ਰਲੇ ਹੋਏ ਹਨ। ਕਿਤੋਂ ਹਫਤਾ, ਕਿਤੋਂ ਮਹੀਨਾ ਤੇ ਕਿਤੋਂ ਰੋਜ਼ ਦੀ ਰੋਜ਼ ਵਸੂਲੀ ਕੀਤੀ ਜਾਂਦੀ ਹੈ। ਇਹ ਵਸੂਲੀ ਥੱਲੇ ਇਕੱਠੀ ਹੁੰਦੀ ਤੇ ਉਪਰ 'ਰੱਬ' ਤੱਕ ਜਾਂਦੀ ਹੈ।
      ਇੱਥੇ ਇਮਾਨਦਾਰੀ ਦੇ ਨਾਲ ਹਿੱਸਾ ਪੱਤੀ ਘਰ ਜਾਂ ਦਫ਼ਤਰ ਪੁਜ ਜਾਂਦਾ ਹੈ। ਕਿਤੇ ਕੋਈ ਵੀ ਹੇਰਾਫੇਰੀ ਹੋਈ ਤਾਂ ਉਦੋਂ ਹੀ ਮੁਖਬਰ ਦੀ ਮਿਹਰਬਾਨੀ ਹੋ ਜਾਂਦੀ ਹੈ। ਉਂਝ ਹਰ ਤਰਾਂ 'ਧੰਦਾ' ਉਪਰ ਤੋਂ ਥੱਲੇ ਤੱਕ ਰਲ ਮਿਲ ਕੇ ਹੀ ਚਲਦਾ ਹੈ।
       ਕਿਉਂਕਿ ਸਭ ਦੇ ਢਿੱਡ ਲੱਗੇ ਹੋਏ ਹਨ। ਢਿੱਡ ਤਾਂ ਰੋਜ਼ ਖਾਣ ਨੂੰ ਮੰਗਦਾ ਹੈ। ਇਹ ਚਾਹ-ਪਾਣੀ ਦੀ ਸੇਵਾ ਤੋਂ ਬਿਨਾਂ ਪੱਤਾ ਨੀ ਹਿਲ ਸਕਦਾ। ਨਕਲੀ ਖਾਣ-ਪੀਣ ਵਾਲੀਆਂ ਚੀਜ਼ਾਂ , ਨਸ਼ੇ ਦਾ ਸਮਾਨ ਸ਼ਰਾਬ, ਚਿੱਟਾ, ਭੁੱਕੀ, ਡੋਡੇ, ਅਫੀਮ ਤੇ ਹੋਰ ਬੜਾ ਕੁੱਝ ਆ ਜਿਹੜਾ ਬਜ਼ਾਰ ਦੇ ਵਿੱਚ ਦਿਨ ਦਿਹਾੜੇ ਵਿੱਕਦਾ ਹੈ। ਜਿਹੜਾ ਪਾੜ 'ਤੇ ਫੜਿਆ ਗਿਆ ਉਹ ਚੋਰ ਤੇ ਬਾਕੀ ਸਾਧ।
    ਸਾਧਾਂ ਦਾ ਕੰਮ ਤਾਂ ਲੋਕਾਂ ਨੂੰ ਸੰਸਾਰ ਦੇ ਭਵਜਲ ਦੇ ਵਿਚੋਂ ਕੱਢਣਾ ਸੀ ਪਰ ਹੁਣ ਤਾਂ ਸਾਧ ਵੀ ਆਪਣੀਆਂ ਕਰਤੂਤਾਂ ਦੇ ਕਾਰਨ ਭਵਜਲ 'ਚ ਫਸ ਰਹੇ ਹਨ। ਪਰ ਕਈ ਸਾਧ ਆਪਣਾ ਕਾਰੋਬਾਰ ਰਲ ਮਿਲ ਕੇ ਚਲਾਈ ਜਾ ਰਹੇ ਹਨ।
      ਸਮੇਂ ਸਮੇਂ ਦੀਆਂ ਸਰਕਾਰਾਂ ਦੇ ਮੰਤਰੀ ਤੇ ਅਧਿਕਾਰੀ ਜਦੋਂ ਵੀ ਕੁਰਸੀ ਬਦਲ ਕੇ ਬੈਠਦੇ ਹਨ, ਤਾਂ ਜਿੰਨੀ ਵੱਡੀ ਬੜਕ ਮਾਰਦਾ ਹੈ ਤੇ ਓਨਾ ਈ ਵੱਡਾ ਕਮਿਸ਼ਨ ਲੈਂਦਾ ਹੈ। 'ਕਾਲੇ ਕਾਰੋਬਾਰ' ਦਾ ਹਿੱਸਾ ਅੱਜਕੱਲ ਅਖ਼ਬਾਰਾਂ, ਟੀਵੀ ਚੈਨਲਾਂ ਦੇ ਦਫ਼ਤਰਾਂ ਤੇ ਘਰਾਂ ਤੱਕ ਵੀ ਜਾਣ ਲੱਗ ਪਿਆ ਹੈ। ਇਸੇ ਕਰਕੇ ਅਸਲੀ ਸੱਚ ਕਿਧਰੇ ਵੀ ਨਜ਼ਰ ਨਹੀਂ ਆਉਣਾ। ਹੁਣ ਤਾਂ ਖ਼ਬਰ ਲਗਵਾਉਂਣ ਤੇ ਰੋਕਣ ਦੀ ਵੀ ਬੋਲੀ ਲੱਗਦੀ ਹੈ।
     ਅੱਜਕੱਲ ਜ਼ਹਿਰ ਦੇ ਵਪਾਰੀ ਤੇ ਅਧਿਕਾਰੀ ਵਿਜੀਲੈਂਸ ਤੇ ਪੁਲਸ ਤੋਂ ਨਹੀਂ ਡਰਦੇ ਜਿੰਨਾਂ ਮੀਡੀਏ ਤੋਂ ਡਰਦੇ ਆ। ਅੱਜਕਲ ਤਾਂ ਨੈੱਟ ਤੇ ਚੈਨਲ ਚਲਾਉਣ ਵਾਲੇ ਪੱਤਰਕਾਰਾਂ ਦਾ ਹੜ ਆਇਆ ਪਿਆ ਹੈ।
      ਇਹ ਸਭ ਕੁੱਝ ਉਸ ਧਰਤੀ ਹੋ ਰਿਹਾ ਜਿਸ ਪੰਜਾਬ ਨੂੰ ਗੁਰੂਆਂ, ਪੀਰਾਂ, ਭਗਤਾਂ, ਫ਼ਕੀਰਾਂ, ਸੂਫ਼ੀ ਸੰਤਾਂ, ਦੇਸ਼ ਭਗਤਾਂ, ਯੋਧਿਆਂ ਦਾ ਦੇਸ਼ ਆਖਦੇ ਸੀ। ਪਰ ਮੁਰਾਰੀ ਲਾਲ ਆਖਦਾ ਹੈ ਕਿ ' ਇੱਥੇ ਗਦਾਰਾਂ ਦੀ ਵੀ ਵੱਡੀ ਲਾਈਨ ਹੈ, ਐਵੇਂ ਨਾ ਇਸ ਦੀ ਸਿਫ਼ਤਾਂ ਕਰੀ ਚੱਲ।'
     ਇਸ ਧਰਤੀ 'ਤੇ ਚਾਰ ਵੇਦ, ਮਹਾਂਭਾਰਤ, ਰਾਮਾਇਣ, ਗੀਤਾ, ਭਗਵਤ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਸੂਫ਼ੀ, ਕਿੱਸਾ, ਬੋਲੀਆਂ, ਗੀਤ, ਕਥਾ ਕਹਾਣੀਆਂ, ਨਾਵਲ ਤੇ ਸਾਹਿਤ ਦੀ ਹਰ ਵਿਧਾ ਦੀਆਂ ਲਿਖਤਾਂ ਲਿਖੀਆਂ ਗਈਆਂ ਹਨ। ਪਰ ਹੁਣ ਪੰਜਾਬੀ ਸਾਹਿਤ ਦੇ ਵਿੱਚ ਨਕਲੀ ਲੇਖਕਾਂ ਦੀ ਗਿਣਤੀ ਰੂੜੀ ਦੇ ਢੇਰ ਵਾਂਗ ਵਧੀ ਜਾ ਰਹੀ ਹੈ।
      ਇੱਕ ਵਾਰ ਕਵੀ ਦੇ ਘਰ ਡਾਕਾ ਪੈ ਗਿਆ ਸੀ, ਉਸ ਨੇ ਜਿਹੜੀਆਂ ਗ਼ਜ਼ਲਾਂ ਮਾਝੇ ਦੀ ਕਬੂਤਰੀ ਨੂੰ ਦਿੱਤੀਆਂ ਸਨ, ਉਹੀ ਇੱਕ ਮਲਵੈਣ ਕਬੂਤਰੀ ਡਾਇਰੀ ਦੇ ਵਿੱਚੋਂ ਪਾੜ ਕੇ ਲੈ ਗਈ। ਇਸ ਡਾਕੇ ਦਾ ਜਦੋਂ ਕਵੀ ਨੂੰ ਪਤਾ ਲੱਗਾ ਤਾਂ ਉਹ ਸਾਹਿਤ ਦੇ ਇੱਕ ਚੌਧਰੀ ਦੇ ਘਰ ਗਿਆ। ਡਾਕੇ ਦੀ ਸਾਰੀ ਖ਼ਬਰ ਲਿਖਾਈ। ਚੌਧਰੀ ਕੀ ਕਰਦਾ ਉਹ ਵੀ ਸੋਚੀਂ ਪੈ ਗਿਆ। ਫੋਨ ਖੜਕਾਇਆ ਤੇ ਤਾੜਨਾ ਕੀਤੀ ਨਾਲੇ ਅਸਲੀ ਗੱਲ ਦੱਸੀ ਕਿ ਇਹੋ ਹੀ ਗ਼ਜ਼ਲਾਂ ਤਾਂ ਤੇਰੇ ਜਾਣ ਤੋਂ ਬਾਅਦ ਆ . .  ਲੈ ਗਈ ਜੇ ਦੋਹਾਂ ਨੇ ਛਾਪ ਲਈਆਂ ਤਾਂ ਕੀ ਬਣੂੰ ਅਸਲੀ ਕਵਿਤਰੀ ਦਾ? ਤਾਂ ਕਿਤੇ ਪਹਿਲੀ ਕਬਤੂਰੀ ਦੇ ਨਾਂ ਹੇਠ ਉਹ ਗ਼ਜ਼ਲਾਂ ਛਪੀਆਂ ਤੇ ਦੂਜੀ ਨੂੰ ਹੋਰ ਲਿਖ ਕੇ ਦਿੱਤੀਆਂ। ਕਈ ਕਬੂਤਰੀਆਂ ਦੇ ਇਸ ਪਾਲਕ ਦਾ ਧੰਦਾ ਚੱਲ ਰਿਹਾ ਹੈ ਤੇ ਉਹ ਕਬੂਤਰਾਂ ਤੇ ਕਬੂਤਰੀਆਂ ਨੂੰ ਪਾਲ ਕੇ ਸਾਹਿਤ ਦੇ ਅਸਮਾਨ ਵਿੱਚ ਉਡਾ ਰਿਹਾ ਹੈ, ਇਹੋ ਜਿਹਾ ਕਾਰੋਬਾਰ ਹੋਰ ਵੀ ਕਈ ਕਹਾਣੀਕਾਰਾਂ ਨੇ ਸ਼ੁਰੂ ਕਰ ਲਿਆ ਹੈ । ਇਹ ਆਪਣੀ ਧੋਲੀ ਦਾੜੀ ਦਾ ਵੀ ਖਿਆਲ ਨਹੀਂ ਰੱਖਦੇ। ਇਸ਼ਕ ਦੇ ਅੰਨੇ ਆਸ਼ਕ ਵਾਂਗ ਬੇਸ਼ਰਮੀ ਦੀਆਂ ਸਾਰੀਆਂ ਹੀ ਹੱਦਾਂ ਟੱਪੀ ਜਾ ਰਹੇ ਹਨ।
    ਸਭ ਨੂੰ ਪਤਾ ਹੈ ਕਿ ਕਿਸ ਦੇ ਪਿੱਛੇ ਕੌਣ ਹੈ? ਕਈ ਤਾਂ ਪਾਕਿਸਤਾਨੀ ਸ਼ਾਇਰੀ ਨੂੰ ਪੰਜਾਬੀ ਦੇ ਵਿਚ ਲਿੰਪੀਅੰਤਰ ਕਰ ਕਰ ਕੇ ਆਪਣੇ ਜਾਂ ਹੋਰਨਾਂ ਦੇ ਨਾ ਹੇਠ ਛਾਪ ਰਹੇ ਹਨ। ਪੰਜਾਬੀ ਦੇ ਇਕ ਸ਼ਾਇਰ ਨੇ ਤਾਂ ਪੂਰੀ ਕਿਤਾਬ ਹੀ ਅਪਣੇ ਨਾਂ ਹੇਠ ਛਾਪ ਲਈ। ਇੱਕ ਵਾਰ ਮੋਗੇ ਵੱਲ ਦੇ ਨੇ ਗੁਰਚਰਨ ਚਾਹਲ ਭੀਖੀ ਦੀਆਂ ਕਹਾਣੀਆਂ ਤੇ ਪਾਤਰਾਂ ਦੇ ਨਾਂ ਬਦਲ ਕੇ ਕਿਤਾਬ ਛਾਪ ਲਈ ਤੇ ਰੀਵਿਊ ਦੇ ਲਈ ਅਖਬਾਰਾਂ ਨੂੰ ਭੇਜ ਦਿੱਤੀ । ਉਹ ਕਿਤਾਬ ਪੁਜ ਗਈ ਨਰਿੰਜਨ ਬੋਹੇ ਕੋਲ ਫੇਰ ਕੀ ਉਸਨੇ ਭਾਂਡਾ ਭੰਨ ਤਾਂ, ਉਹ ਲੇਖਕ ਕੌਣ ਸੀ ਬੋਹਾ ਸਾਹਿਬ ਤੋਂ ਪਤਾ ਕਰ ਲਿਓ ਜੀ ।
       ਵੱਡੇ ਵੱਡੇ ਕਵੀ ਤੇ ਲੇਖਕ ਇਹ ਧੰਦਾ ਕਰ ਰਹੇ ਹਨ। ਆਪੇ ਹੀ ਵੱਡੇ-ਵੱਡੇ ਕੌਮਾਂਤਰੀ ਪੱਧਰ ਦੀ ਅੰਗਰੇਜ਼ੀ ਸ਼ਬਦਾਂ ਦੇ ਨਾਲ ਗੁੰਦ ਕੇ ਲੇਖ ਛਪਵਾਏ ਹਾ ਰਹੇ ਹਨ। ਪੰਜਾਬੀ ਤੇ ਅੰਗਰੇਜ਼ੀ ਦੇ ਇਹ ਜਾਣੂੰ ਗ਼ਜ਼ਲਾਂ, ਕਹਾਣੀਆਂ ਤੇ ਸ਼ਖ਼ਸੀਅਤ ਸਬੰਧੀ ਲੇਖ ਹੀ ਨਹੀਂ ਲਿਖ ਕੇ ਦੇ ਰਹੇ ਉਹਨਾਂ ਨੂੰ ਛਪਵਾਉਣ ਤੋਂ ਲੈ ਕੇ ਕਿਸੇ ਸੰਸਥਾ ਦੇ ਵਿਚੋਂ ਪੁਰਸਕਾਰ ਦਿਵਾਉਣ ਦੇ ਲਈ ਪੂੰਛ ਤੁੜਾਉਣ ਤੱਕ ਜਾਂਦੇ ਹਨ। ਆਪਣੀ ਗੱਡੀ ਤੇ ਆਪਣੀ ਜੇਬ ਤੇ ਨਾਂ ਜਿਵੇਂ ਕਹਿੰਦੇ ਹੁੰਦੇ ਆ ' ਲੋਟਨ ਮਿੱਤਰਾਂ ਦਾ, ਨਾਂ ਬੋਲਦਾ ਗੁਬਿੰਦੀਏ ਤੇਰਾ'। ' ਦਿਉਰਾ ਵੇ ਮੈਨੂੰ ਕਹਿਣ ਕੁੜੀਆਂ ਤੇਰੇ ਮੁੰਡੇ ਦਾ ਤਾਂ ਜੇਠ 'ਤੇ ਮੁੜੰਗਾ।'
       ਪੰਜਾਬੀ ਕਈਆਂ ਦੀਆਂ ਕਿਤਾਬਾਂ ਦੇ ਵਿੱਚ ' ਇੱਕ ਉਸਤਾਦ ਸ਼ਾਇਰ ਦਾ ਮੁੜੰਗਾ ਦੇਖਿਆ ਜਾ ਸਕਦਾ ਹੈ, ਇਹ ਉਸਤਾਦ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਗ਼ਜ਼ਲਾਂ ਬਣਾ ਕੇ ਵੇਚਦਾ ਹੈ। ਅੱਜਕੱਲ ਇੱਕ ਕਹਾਣੀਕਾਰ ਵੀ ਇਸੇ ਤਰਾਂ ਇੱਕ ' ਗੋਲੇ ਕਬੂਤਰ ' ਨੂੰ ਕਹਾਣੀਕਾਰ ਬਣਾਉਣ ਦੇ ਲਈ ਪੱਬਾਂ ਭਾਰ ਹੋਇਆ ਪਿਆ ਹੈ।
       ਤੁਸੀਂ ਇਹਨਾਂ ਦੀਆਂ ਕਿਤਾਬਾਂ ਪੜਕੇ ਵੇਖ ਲਿਓ ਤਾਂ ਤੁਹਾਨੂੰ ਪੁਰਾਣੇ ਹਿੰਦੀ ਫਿਲਮਾਂ ਦੇ ਗੀਤਾਂ ਦੀਆਂ ਮਹਿਕਾਂ, ਕਿਰਨਾਂ ਤੇ ਖੁਸ਼ਬੋ ਆਵੇਗੀ। ਹੋਰ ਤਾਂ ਹੋਰ ਇਹਨਾਂ ਨੂੰ ਕਾਲਜਾਂ ਵਿਚ ਨੌਕਰੀਆਂ ਤੇ ਸਾਹਿਤਕ ਸਮਾਗਮਾਂ ਦੇ ਵਿਚ ਵਿਸ਼ੇਸ ਤੌਰ 'ਤੇ ਸੱਦਣ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਕਈਆਂ ਨੇ ਤਾਂ ਅਪਣੀਆਂ ਨੌਕਰਾਣੀਆਂ ਬਣਾ ਕਿ ਰੱਖਿਆ ਹੋਇਆ ਸੀ। ਯੂਨੀਵਰਸਿਟੀ ਦੇ ਵਿਚ ਜਦੋਂ ਕਿਸੇ ਨੂੰ ਰਜਿਸਟਰ ਕੀਤਾ ਜਾਂਦਾ ਸੀ ਤਾਂ ਇਹ ਸ਼ਰਤ ਉਸ 'ਤੇ ਲਾਈ ਜਾਂਦੀ ਸੀ ਕਿ 'ਬੀਬਾ ਤੈਂ ਹੁਣ ਵਿਆਹ ਨੀਂ ਕਰਵਾਉਣਾ।' ਕਈਆਂ ਨੇ ਤਾਂ ਵਿਆਹ ਹੋਣ ਵੀ ਨੀ ਦਿੱਤੇ। ਉਹ ਹੁਣ ਭਟਕਦੀਆਂ ਫਿਰਦੀਆਂ ਹਨ।
        ਇਤਿਹਾਸ ਕਹਿੰਦਾ ਹੈ ਕਿ ਸਾਹਿਤ ਸਮਾਜ ਦਾ ਸ਼ੀਸ਼ਾ ਹੁੰਦਾ ਹੈ ਜਿਸ ਦੇ ਵਿਚੋਂ ਪੰਜਾਬ ਨੂੰ ਦੇਖਿਆ ਜਾਂਦਾ ਹੈ। ਇਹ ਸਾਹਿਤ ਦਾ ਲੇਖਕ ਆਪਣੀ ਲਿਖਤ ਦਾ ਜਵਾਬਦੇਹ ਹੁੰਦਾ ਹੈ। ਪਰ ਜਿਸ ਤਰਾਂ ਸਾਹਿਤ 'ਚ ਨਕਲੀ ਤੇ ਜੁਗਾੜੂ ਸਾਹਿਤਕਾਰਾਂ, ਲੇਖਕਾਂ ਕਵੀਆਂ ਤੇ ਕਵਿਤਰੀਆਂ ਦਾ ਦੇਸ਼ ਵਿਦੇਸ਼ 'ਚ ਵਾਧਾ ਹੋ ਰਿਹਾ ਹੈ, ਇਹ ਸਾਹਿਤ ਤੇ ਸਮਾਜ ਦੇ ਲਈ ਬਹੁਤ ਹੀ ਖਤਰਨਾਕ ਹੈ।
       ਨੈਤਿਕ ਕਦਰਾਂ ਕੀਮਤਾਂ ਦਾ ਢੋਲ ਪਿੱਟਣ ਵਾਲੇ ਕੌਣ ਕੌਣ ਹਨ? ਇਹ ਤੁਸੀਂ ਸਭ ਜਾਣਦੇ ਹੋ? ਖੈਰ ਆਪਾਂ ਕੀ ਲੈਣਾ ਹੈ ਇਸ ਵਰਤਾਰੇ ਤੋਂ ? ਆਪਾਂ ਤਾਂ ਖਾਣ-ਪੀਣ ਵਾਲੀਆਂ ਵਸਤੂਆਂ ਦੀ ਗੱਲ ਕਰਦੇ ਸੀ ਪਰ ਹੁਣ ਇਹਨਾਂ ਤੇ ਵੀ ਸਰਕਾਰ ਦੀ ਅੱਖ ਹੈ। ਅੱਖ ਕਿਸ ਦੀ ਕਿਸ 'ਤੇ ਹੈ ? ਇਹ ਕਦੇ ਫੇਰ ਸਹੀ ਅਜੇ ਤੁਸੀਂ ਨਕਲੀ ਦੁੱਧ, ਪਨੀਰ, ਮਿਠਾਈਆਂ ਤੇ ਸਬਜ਼ੀਆਂ ਖਰੀਦੋ। ਨਕਲੀ ਤੇਲ ਤੇ ਮਸਾਲਿਆਂ ਦੇ ਨਾਲ ਬਣੀਆਂ ਦਾਲਾਂ, ਸਬਜ਼ੀਆਂ ਤੇ ਹੋਰ ਜੰਕ-ਫੂਡ ਦਾ ਸੁਆਦ ਲਵੋ। ਤੁਸੀਂ ਗੁਰਦਾਸ ਮਾਨ ਦਾ ਗੀਤ ਸੁਣੋ- ਬਈ ਕੀ ਬਣੂੰ ਦੁਨੀਆ ਦਾ, ਸੱਚੇ ਪਾਤਸ਼ਾਹ ਵਾਹਿਗੁਰੂ ਜਾਣੇ, ਕੀ ਬਣੂੰ ਦੁਨੀਆ ਦਾ ?

ਸ਼ਬਦ-ਸਮੁੰਦਰ ਵਿੱਚ ਉਤਰਦਿਆਂ .....!  - ਬੁੱਧ ਸਿੰਘ ਨੀਲੋਂ

ਵਿਦਵਾਨ ਉਹ ਹੁੰਦਾ ਹੈ, ਜਿਸ ਅੰਦਰ ਵਿਦਵਤਾ ਹੋਵੇ। ਵਿਦਵਤਾ ਤਾਂ ਪੈਦਾ ਹੁੰਦੀ ਹੈ ਜੇ ਉਸ ਅੰਦਰ ਊਰਜਾ ਹੋਵੇ। ਊਰਜਾ ਪੈਦਾ ਕਰਨ ਲਈ ਸਾਧਨ ਈਜ਼ਾਦ ਕਰਨੇ ਪੈਂਦੇ ਹਨ। ਸਾਧਨ ਉਹ ਹੀ ਪੈਦਾ ਕਰ ਸਕਦਾ ਹੈ, ਜਿਸ ਅੰਦਰ ਕੁੱਝ ਕਰਨ ਦੀ ਲਲਕ ਹੋਵੇ, ਉਤਸ਼ਾਹ ਹੋਵੇ ਤੇ ਕੋਈ ਸੁਪਨਾ ਹੋਵੇ।
      ਸੁਪਨੇ ਦੇਖਣੇ ਤੇ ਸਾਕਾਰ ਕਰਨ ਵਿੱਚ ਫ਼ਰਕ ਹੁੰਦਾ ਹੈ। ਸੁਪਨੇ ਹਰ ਕੋਈ ਵੇਖਦਾ ਹੈ, ਪਰ ਸਾਕਾਰ ਕਿਸੇ ਦੇ ਹੀ ਹੁੰਦੇ ਹਨ। ਸੁਪਨੇ ਦੇਖਣ ਲਈ ਤੁਹਾਡੇ ਅੰਦਰ ਕਲਪਨਾ ਸ਼ਕਤੀ ਦੀ ਲੋੜ ਹੁੰਦੀ ਹੈ।
      ਇਹ ਸ਼ਕਤੀ ਸ਼ਬਦ ਸਮੁੰਦਰ ਵਿੱਚ ਉਤਰਿਆਂ ਹੀ ਪੈਦਾ ਹੁੰਦੀ ਹੈ, ਜਦੋਂ ਤੀਕ ਅਸੀਂ ਸ਼ਬਦਾਂ ਦੇ ਸਮੁੰਦਰ ਅੰਦਰ ਨਹੀਂ ਉਤਰਦੇ, ਉਦੋਂ ਤੀਕ ਸਾਡੇ ਅੰਦਰ ਚੇਤਨਾ ਨਹੀਂ ਆਉਂਦੀ ਤੇ ਚਿੰਤਨ ਨਹੀਂ ਪੈਦਾ ਹੁੰਦੀ । ਚਿੰਤਨ ਨੇ ਗਿਆਨ ਦੇ ਰਸਤੇ ਖੋਲ੍ਹਣੇ ਹਨ। ਰਸਤਿਆਂ 'ਤੇ ਤੁਰਦਿਆਂ ਹੀ ਮੰਜ਼ਿਲ ਲੱਭਦੀ ਹੈ! ... ਅਸੀਂ ਗਿਆਨਹੀਣ ਅਗਿਆਨੀ ਪਰ ਵਿਖਾਵਾ ਗਿਆਨ ਤੇ ਵਿਦਵਾਨ ਹੋਣ ਦਾ ਕਰਦੇ ਹਾਂ ।
     ਕੁੱਝ ਪਾਉਣ ਲਈ ਕੁੱਝ ਗਵਾਉਣਾ ਪੈਂਦਾ ਹੈ। ਦੀਵਾ ਬਾਲਣ ਨਾਲ ਹੀ ਰੌਸ਼ਨੀ ਹੁੰਦੀ ਹੈ। ਚਾਨਣ ਦਾ ਛਿੱਟਾ ਉਹ ਹੀ ਦੇ ਸਕਦਾ ਹੈ, ਜਿਸਦੇ ਮਸਤਕ ਦੀ ਝੋਲੀ ਅੰਦਰ ਰੌਸ਼ਨੀ ਦਾ ਖ਼ਜ਼ਾਨਾ ਹੋਵੇ। ਇਹ ਖ਼ਜ਼ਾਨਾ ਭਰਨ ਲਈ ਦਿਨ ਰਾਤ ਸ਼ਬਦਾਂ ਨਾਲ ਜੰਗ ਲੜਨੀ ਪੈਂਦੀ ਹੈ।
     ਸ਼ਬਦਾਂ ਨਾਲ ਜੰਗ ਉਹੀ ਲੜ ਸਕਦਾ ਹੈ, ਜਿਸ ਨੂੰ ਸ਼ਬਦਾਂ ਦੀ ਸਮਝ ਹੋਵੇ। ਸ਼ਬਦਾਂ ਨਾਲ ਮੋਹ ਹੋਵੇ, ਸ਼ਬਦਾਂ ਨਾਲ ਮੋਹ ਉਹ ਹੀ ਪਾਉਂਦਾ ਹੈ, ਜਿਸ ਨੂੰ ਸੀਸ ਤਲੀ ਉੱਤੇ ਰੱਖਣਾ ਆਉਂਦਾ ਹੈ। ਸੀਸ ਤਲੀ 'ਤੇ ਰੱਖਣ ਵਾਲੀ ਸ਼ਕਤੀ ਇੱਕ ਦਿਨ ਵਿੱਚ ਪੈਦਾ ਨਹੀਂ ਹੁੰਦੀ।
      ਇਹ ਕਈ ਸਦੀਆਂ ਬਾਅਦ ਪੈਦਾ ਹੁੰਦੀ ਹੈ। ਸ਼ਬਦਾਂ ਨਾਲ ਲੜਨ ਵਾਲੇ ਨੂੰ ਸਦਾ ਜ਼ਹਿਰ ਦਾ ਪਿਆਲਾ ਨਸੀਬ ਹੁੰਦਾ ਹੈ। ਜ਼ਹਿਰ ਦਾ ਪਿਆਲਾ ਕਿਸੇ ਕਿਸੇ ਨੂੰ ਹੀ ਮਿਲਦਾ ਹੈ। ਬਹੁਤੇ ਅਸੀਂ ਅੰਮ੍ਰਿਤ ਦੇ ਨਾਲ ਹੀ ਮਰ ਜਾਂਦੇ ਹਾਂ। ਸਾਨੂੰ ਜ਼ਹਿਰ ਤੇ ਅੰਮ੍ਰਿਤ ਦੀ ਸਮਝ ਨਹੀਂ ਹੁੰਦੀ।
     ਅਸੀਂ ਜਦੋਂ ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਸਮਝਣ ਲੱਗਦੇ ਹਾਂ ਤਾਂ ਸਾਡੀ ਸੋਚ ਰੁਕ ਜਾਂਦੀ ਹੈ। ਅਸੀਂ ਸੜਕ ਉੱਤੇ ਲੱਗੇ ਮੀਲ-ਪੱਥਰ ਬਣ ਜਾਂਦੇ ਹਾਂ। ਮੀਲ-ਪੱਥਰ ਮੰਜ਼ਿਲ ਨਹੀਂ ਹੁੰਦੇ। ਇਹ ਤਾਂ ਮੰਜ਼ਿਲ ਵੱਲ ਜਾਣ ਦੇ ਸੂਚਕ ਹਨ।
      ਕਈ ਇਨਾਂ ਮੀਲ-ਪੱਥਰਾਂ ਨੂੰ ਹੀ ਆਪਣੀ ਮੰਜ਼ਿਲ ਸਮਝ ਕੇ ਰੁਕ ਜਾਂਦੇ ਹਨ। ਰੁਕੇ ਹੋਏ ਪਾਣੀ ਗੰਦਲੇ ਹੋ ਜਾਂਦੇ ਹਨ। ਗਤੀਸ਼ੀਲ ਮਨੁੱਖ ਹੀ ਮੰਜ਼ਿਲ ਤੱਕ ਪੁੱਜਦਾ ਹੈ।
     ਮੰਜ਼ਿਲ ਉੱਤੇ ਪੁੱਜਣ ਲਈ ਬੜਾ ਕੁੱਝ ਗਵਾਉਣਾ ਪੈਂਦਾ ਹੈ। ਅਸੀਂ ਗਵਾਉਣ ਦੀ ਬਜਾਏ, ਪਾਉਣ ਦੀ ਲਾਲਸਾ ਵਿੱਚ ਭਟਕ ਜਾਂਦੇ ਹਾਂ।
    ਇਹ ਭਟਕਣਾ ਹੀ ਹੈ ਜਿਹੜੀ ਸਾਨੂੰ ਸਦਾ ਚੈਨ ਨਾਲ ਬੈਠਣ ਨਹੀਂ ਦਿੰਦੀ। ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਫਿਲਾਸਫ਼ਰ ਸਮਝਣ ਦੀ ਗ਼ਲਤੀ ਵਿੱਚ ਉਲਝ ਜਾਂਦੇ ਹਾਂ।
     ਅਸੀਂ ਮੋਮਬੱਤੀ ਵਾਂਗ ਜਲਣਾ ਨਹੀਂ ਚਾਹੁੰਦੇ। ਅਸੀਂ ਤਾਂ ਬਿਜਲੀ ਦੇ ਬੱਲਬ ਦੀ ਰੌਸ਼ਨੀ ਵਿੱਚ ਆਪਣੇ ਆਪ ਨੂੰ ਉਸਾਰਨਾ ਚਾਹੁੰਦੇ ਹਾਂ। ਅਸੀਂ ਭੁਲੇਖਿਆਂ ਦੇ ਸ਼ਿਕਾਰ ਹੋ ਕੇ ਆਪਣੇ ਆਪ ਤੋਂ ਦੂਰ ਹੋ ਜਾਂਦੇ ਹਾਂ। ਅਸੀਂ ਨਕਲ ਵਿੱਚ ਯਕੀਨ ਰੱਖਦੇ ਹਾਂ।
      ਅਸੀਂ ਖ਼ੁਦ ਸਿਰਜਣਾ ਕਰਨ ਤੋਂ ਸਦਾ ਕੰਨੀਂ ਕਤਰਾਉਂਦੇ ਹਾਂ। ਸਾਡਾ ਮਕਸਦ ਰੋਜ਼ੀ-ਰੋਟੀ ਤੱਕ ਹੀ ਸੀਮਤ ਹੈ। ਅਸੀਂ ਸਿਰਜਣਾ ਨਹੀਂ ਕਰਦੇ। ਉਂਝ ਅਸੀਂ ਆਪਣੇ ਆਪ ਨੂੰ ਸਿਰਜਕ ਹੋਣ ਦਾ ਭਰਮ ਪਾਲੀ ਰੱਖਦੇ ਹਾਂ।
      ਸਾਡਾ ਕੰਮ ਕਿਸੇ ਲਈ ਰਾਹ ਦਸੇਰਾ ਨਹੀਂ ਬਣਦਾ, ਸਗੋਂ ਰੋਜ਼ੀ-ਰੋਟੀ ਤੱਕ ਦਾ ਸਫ਼ਰ ਬਣਦਾ ਹੈ। ਅਸੀਂ ਸਿਰਜਕ ਪੈਦਾ ਨਹੀਂ ਕਰਦੇ, ਸਗੋਂ ਨਕਲਚੀ ਪੈਦਾ ਕਰਦੇ ਹਾਂ।
      ਸਿਰਜਕ ਉਹੀ ਹੁੰਦਾ ਹੈ, ਜਿਸ ਅੰਦਰ ਰੇਸ਼ਮ ਦੇ ਕੀੜੇ ਵਰਗੇ ਰੇਸ਼ੇ ਹੋਣ, ਜਿਸ ਤੋਂ ਕੱਪੜਾ ਬਣਦਾ ਹੈ। ਕੱਪੜਾ ਕਿਸੇ ਦੇ ਕੰਮ ਆਉਂਦਾ ਹੈ। ਕਾਗਜ਼ ਕਾਲੇ ਕਰਨੇ ਔਖੇ ਨਹੀਂ ਹੁੰਦੇ। ਇਹ ਤਾਂ ਬੜਾ ਔਖਾ ਮਾਰਗ ਹੈ। ਸ਼ਬਦਾਂ ਦੇ ਸਮੁੰਦਰ ਵਿੱਚ ਗੋਤਾ ਉਹੀ ਲਾ ਸਕਦਾ ਹੈ, ਜਿਸਨੂੰ ਮਰਨ ਦਾ ਡਰ ਨਾ ਹੋਵੇ।
      ਦਰਿਆ ਅੰਦਰ ਉਹੀ ਠਿੱਲ ਸਕਦਾ ਹੈ, ਜਿਸ ਅੰਦਰ ਤਰਨ ਦੀ ਸ਼ਕਤੀ ਹੋਵੇ। ਸ਼ਬਦਾਂ ਦੀ ਤੈਰਾਕੀ ਲਾਉਣੀ, ਸ਼ਬਦਾਂ ਵਿੱਚ ਹੰਸ ਪੈਦਾ ਕਰਨੇ, ਮੋਤੀ ਬਣਾਉਣੇ ਕਿਸੇ-ਕਿਸੇ ਦੇ ਹਿੱਸੇ ਆਉਂਦੇ ਹਨ। ਸ਼ਬਦਾਂ ਦੇ ਸਮੁੰਦਰ ਅੰਦਰ ਉਤਰਦਿਆਂ ਹੀ ਮੰਜ਼ਿਲ ਦਾ ਮਾਰਗ ਨਜ਼ਰ ਆਉਂਦਾ ਹੈ।
      ਕੰਢੇ ਬੈਠ ਕੇ ਸੁਪਨੇ ਤਾਂ ਦੇਖੇ ਜਾ ਸਕਦੇ ਹਨ, ਪਰ ਸਮੁੰਦਰ ਅੰਦਰ ਛੁਪੇ ਰਹੱਸਾਂ ਦਾ ਨਜ਼ਾਰਾ ਨਹੀਂ ਦੇਖਿਆ ਜਾ ਸਕਦਾ।
      ਵਿਦਵਾਨ, ਉਹੀ ਬਣਦਾ ਹੈ, ਜਿਸਨੂੰ ਸਮੁੰਦਰ ਵਿੱਚ ਉਤਰਨ ਦਾ ਬਲ ਆਉਂਦਾ ਹੈ। ਇਹ ਬਲ ਪੈਦਾ ਕਰਨ ਦੀ ਸ਼ਬਦਾਂ ਨੂੰ ਸੋਚ ਮਧਾਣੀ ਨਾਲ ਰਿੜਕਣਾ ਪੈਂਦਾ ਹੈ। ਸ਼ਬਦਾਂ ਨੂੰ ਰਿੜਕਣਾ ਹਰ ਕਿਸੇ ਨੂੰ ਨਹੀਂ ਆਉਂਦਾ। ਵਿਦਵਾਨ ਹੀ ਸ਼ਬਦਾਂ ਨੂੰ ਰਿੜਕਣਾ ਜਾਣਦਾ ਹੈ।
      ਸ਼ਬਦਾਂ ਦਾ ਖਿਡਾਰੀ ਨਵੇਂ ਸੂਰਜ ਸਿਰਜਦਾ ਹੈ। ਉਹ ਸੂਰਜ, ਚੰਨ ਤੇ ਸਿਤਾਰੇ ਜਿਹੜੇ ਜਿੱਥੇ ਵੀ ਹਨੇਰ ਹੁੰਦਾ ਹੈ, ਉੱਥੇ ਰੌਸ਼ਨੀ ਵੰਡਦੇ ਹਨ। ਵਿਦਵਾਨ ਰੌਸ਼ਨੀ ਵੰਡਦੇ ਹਨ। ਗਿਆਨ ਵੰਡਿਆ ਵਧਦਾ ਹੈ! ਪਰ ਗਿਆਨੀ ,ਧਿਆਨੀ ਤੇ ਸ਼ੈਤਾਨ ਗਿਆਨ ਵੰਡ ਦੇ ਸਗੋਂ ਵੇਚਦੇ ਹਨ .... ਪਰ ਬਾਬੇ ਨਾਨਕ ਨੇ ਵੰਡਿਆ ਵੀ ਤੇ ਦੂਰ ਪਿਆ ਸੰਭਾਲਿਆ ਵੀ, ਤੇ ਪੋਥੀਆਂ ਤੋਂ ਗੁਰੂ ਅਰਜਨ ਦੇਵ ਜੀ ਸੰਪਾਦਨ ਕਰ ਕੇ ਉਸ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਉਪਾਧੀ ਦਿੱਤੀ। ਗੁਰੂ ਨੇ ਸ਼ਬਦ ਤੇ ਸੰਗੀਤ ਹੀ ਨਹੀਂ ਸੰਭਾਲਿਆ ਤੇ ਜ਼ੁਲਮ ਤੇ ਖਿਲਾਫ਼ ਤਲਵਾਰ ਵੀ । ਸੀਸ ਦਿੱਤੇ ਵੀ ਸੀਸ ਲਏ ਵੀ … ਪਰ ਅਸੀਂ ਸਭ ਭੁੱਲ ਗਏ ਹਾਂ ! ਚਾਰੇ ਪਾਸੇ ਹਨੇਰ ਵੱਧ ਰਿਹਾ ਹੈ! ਅਗਿਆਨ ਦੀ ਆਂਧੀ ਆਈ ਹੋਈ ...
    ਹੁਣ ਸਾਡੇ ਕੋਲ ਕਿੰਨੇ ਕੁ ਸੂਰਜ ਹਨ? ਜਿਹੜੇ ਹਨੇਰ ਦੇ ਖ਼ਿਲਾਫ਼ ਜੰਗ ਲੜਦੇ ਹਨ? ਸਾਡੇ ਵਿੱਚੋਂ ਬਹੁਤੇ ਤਾਂ ਹਨੇਰ ਦੇ ਨਾਲ ਰਲ ਗਏ ਹਨ ਜਾਂ ਹਨੇਰ ਨੇ ਉਨਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਉਹ ਹੁਣ ਸੂਰਜ ਹੋਣ ਦਾ ਭਰਮ ਪਾਲ ਰਹੇ ਹਨ।
ਅਸਲ ਵਿੱਚ ਉਹ ਹਨੇਰ ਦੇ ਵਾਰਸ ਬਣ ਗਏ ਹਨ। ਉਹ ਅੱਗੇ ਦੀ ਅੱਗੇ ਇਹ ਹਨੇਰ ਵੰਡ ਰਹੇ ਹਨ। ਉਨਾਂ ਨੂੰ ਇਹ ਹਨੇਰ ਵੰਡਣ ਦਾ ਮੁੱਲ ਮਿਲਦਾ ਹੈ। ਮੁੱਲ ਉਸਦਾ ਹੀ ਪੈਂਦਾ ਹੈ, ਜੋ ਵਸਤੂ ਹੋਵੇ। ਵਸਤੂਆਂ ਕੋਈ ਸਿਰਜਣਾ ਨੀ ਕਰਦੀਆਂ, ਉਹ ਤਾਂ ਅੱਗੇ ਦੀ ਅੱਗੇ ਇੱਕ ਥਾਂ ਤੋਂ ਦੂਜੀ ਥਾਂ ਵਿਕਦੀਆਂ ਹਨ ਕੁਦੇਸਣਾਂ ਵਾਂਗ।
ਸਾਡੇ ਅੰਦਰੋਂ ਚਾਨਣ ਦੇ ਵਣਜਾਰੇ ਪੈਦਾ ਕਰਨ ਤੇ ਸੰਭਾਲਣ ਦੀ ਸ਼ਕਤੀ ਨਹੀਂ ਰਹੀ। ਅਸੀਂ ਮਨੁੱਖ ਤੋਂ ਵਸਤੂਆਂ ਵਿੱਚ ਤਬਦੀਲ ਹੋ ਗਏ ਹਾਂ।
     ਇੱਕ ਦੂਜੇ ਨੂੰ ਲਿਤਾੜਦੇ ਹੋਏ, ਭੱਜੇ ਜਾ ਰਹੇ ਹਨੇਰ ਵੱਲ। ਇਹ ਹਨੇਰ ਇੱਕ ਦਿਨ ਸਾਡੀ ਹੋਂਦ ਖ਼ਤਮ ਕਰ ਦੇਵੇਗਾ। ਅਸੀਂ ਕੁਦਰਤੀ ਸੋਮੇ ਖਤਮ ਕਰਕੇ ਮਾਇਆ ਦੇ ਪੁਜਾਰੀ ਹੋ ਗਏ ਹਾਂ । ਪੁਜਾਰੀ, ਵਪਾਰੀ ਅਧਿਕਾਰੀ ਤੇ ਸ਼ਿਕਾਰੀ ਨਹੀਂ ਚਾਹੁੰਦੇ ਕਿ ਅਸੀਂ ਸੁਕਰਾਤ ਬਣੀਏ? ਅਸੀਂ ਤੇ ਰੱਬ ਦੀ ਤਲਾਸ਼ ਵਿੱਚ ਭਟਕ ਰਹੇ ਹਾਂ। ਅਸੀਂ ਵਿਗਿਆਨੀਆਂ ਦੇ ਦੌਰ ਵਿੱਚ ਰੱਬ ਦਾ ਫਰਾੜ ਨਹੀਂ ਸਮਝ ਸਕੇ? ਇਹ ਸੱਤਾ ਅਤੇ ਸ਼ੈਤਾਨ ਦਾ ਪੈਂਦਾ ਕੀਤਾ ਭਰਮ ਹੈ ! ਭਰਮ ਦਾ ਕੋਈ ਵੀ ਇਲਾਜ ਨਹੀਂ ! ਇਸ ਕਰਕੇ ਅਸੀਂ ਸਵਰਗ ਦੀ ਤਲਾਸ਼ ਵਿੱਚ ਖੁਦ ਮੁਕਤ ਹੋ ਜਾਂਦੇ ਹਨ!         ਅਸੀਂ ਕਤਲੇਆਮ ਨੂੰ ਰੱਬ ਦਾ ਭਾਣਾ ਮੰਨਦੇ ਹਾਂ ! ਜਦ ਕਿ ਰੱਬ ਦਾ ਕੋਈ ਰੂਪ ਨਹੀਂ ! ਅਸੀਂ ਪਦਾਰਥਾਂ ਦੇ ਪੁਜਾਰੀ ਤੇ ਮਾਇਆਧਾਰੀ ਬਣਕੇ ਕੋਹਲੂ ਦੇ ਬਲਦ ਵਾਂਗ ਇੱਕ ਥਾਂ ਉੱਤੇ ਹੀ ਗੇੜੇ ਦੇ ਰਹੇ ਹਾਂ। ਸਾਡੀ ਇਹ ਦੌੜ ਕਦੋਂ ਖ਼ਤਮ ਹੋਵੇਗੀ?
     ਹਾਂ! ਇਹ ਭਟਕਣਾਂ ਤੇ ਦੌੜ ਖਤਮ ਹੋਵੇਗੀ ਜਦੋਂ ਅਸੀਂ "ਸ਼ਬਦ ਨਾਲ ਜੁੜਾਂਗੇ .. ਤੇ ਆਪਣੇ ਲਈ ਨਹੀਂ ਮਨੁੱਖਤਾ ਦੇ ਭਲੇ ਲਈ ਜ਼ਬਰ ਤੇ ਜ਼ੁਲਮ ਦੇ ਖਿਲਾਫ਼ ਲੜ੍ਹਾਈ ਕਰਾਂਗੇ । ਸਾਨੂੰ ਚਿੰਤਨਸ਼ੀਲ ਹੋਣ ਲਈ ਸ਼ਬਦ ਦੇ ਸਮੁੰਦਰ ਵਿੱਚ ਛਾਲ ਮਾਰਨੀ ਪਵੇਗੀ! ਗਿਆਨ, ਸਮਝ ਚੇਤਨਾ ਪੁਸਤਕਾਂ ਨੇ ਦੇਣੀ ਹੈ! ਪਰ ਲੋੜ ਇਹ ਵੀ ਪੁਸਤਕ ਕਿਹੜੀ ਪੜ੍ਹਨੀ ਹੈ । ਇਸ ਸਮੇਂ ਬਹੁਤ ਗੰਭੀਰ ਮਸਲਾ ਹੈ ਪਰ ਇਸ ਮਸਲੇ ਦਾ ਹਲ ਵੀ ਸ਼ਬਦ ਸਮੁੰਦਰ ਦੇ ਅੰਦਰ ਹੀ ਹੈ! ਆਓ ! ਸ਼ਬਦ ਸਮੁੰਦਰ ਵਿੱਚ ਉਤਰੀਏ ਅਤੇ ਗਿਆਨ ਦੇ ਮੋਤੀ-ਹੀਰੇ ਲੱਭੀਏ!
ਬੁੱਧ ਸਿੰਘ ਨੀਲੋਂ
ਸੰਪਰਕ : 94643-70823

ਮਿੱਤਰ ਨਾਲੋਂ ਦੁਸ਼ਮਣ ਬੇਹਤਰ ! - ਬੁੱਧ ਸਿੰਘ ਨੀਲੋਂ


ਮਿੱਤਰੋਂ ! ਜਦੋਂ ਦੇ ਚੌਂਕੀਦਾਰ ਬਣੇ ਆ, ਹੁਣ ਮਿੱਤਰਾਂ ਦੇ ਬੋਲ ਪਿਆਰੇ ਹੀ ਨਹੀਂ ਲੱਗਦੇ, ਸਗੋਂ ਸ਼ਰਬਤ ਦਾ ਪਾਣੀ ਬਣ ਗਏ ਹਨ। ਉਸ ਵੇਲੇ ਤੋਂ ਅਸੀਂ ਪੁਲਿਸ ਵਾਂਗ 'ਨੋਟਾਂ ਤੇ ਮਾਲ' ਦੀ ਬਰਾਮਦਗੀ ਤਾਂ ਨੀ ਕੀਤੀ । ਦੁਸ਼ਮਣ ਕਮਾਏ ਹਨ … ਦੋਸਤ ਗਵਾਏ ਹਨ … ਇਹ ਹੈ ਸੱਚ ਬੋਲਣ ਦੀ ਕਮਾਈ !
ਪਰ ਆਲੇ ਦੁਆਲੇ 'ਵੱਟਿਆਂ' ਦਾ 'ਬੋਹਲ' ਜਰੂਰ ਬਣਾ ਲਿਆ। ਚਾਰੇ ਪਾਸੇ ਮਿੱਤਰਾਂ ਦੀ ਨੀ ਦੁਸ਼ਮਣਾਂ ਦੀ ਭੀੜ ਕੱਠੀ ਕਰ ਲਈ ਐ ਇਹ ਉਹ ਹਨ ਜੋ ਡੰਗ ਵੀ ਮਾਰਦੇ ਤੇ ਮਾਲ ਵੀ ਚਾਰਦੇ ਆ ….
ਹੁਣ ਹਰ ਵੇਲੇ ਇਹ ਡਰ ਬਣਿਆ ਰਹਿੰਦਾ ਹੈ ਕਿ ਜਦੋਂ 'ਪੁਰੇ ਦੀ ਵਾਅ' ਚੱਲੀ ਤਾਂ ਹੱਡਾਂ 'ਚ ਪੀੜ ਹੀ ਸ਼ੁਰੂ ਨਾ ਹੋ ਜਾਵੇ। ਲੇਖਕ ਭਾਈਚਾਰੇ ਨੂੰ ਇਹ ਝੋਰਾ ਵੱਢ-ਵੱਢ ਖਾਈ ਜਾਂਦਾ ਹੈ ਕਿ ਇਹ 'ਬੁੱਕਲ' 'ਚ ਬੈਠ ਕੇ ਮੁੱਛਾਂ ਮੁੰਨੀ ਜਾਂਦਾ ਹੈ। ਦਰਦ ਵਧੀ ਜਾਂਦਾ …..
ਤਕੜੇ ਦਾ ਸੱਤੀ ਵੀਹੀਂ ਸੌ ਹੁੰਦਾ।
ਮਾੜੇ ਦੀ ਜਨਾਨੀ ਭਾਬੀ ਸਭ ਦੀ ਹੁੰਦੀ ਐ।
ਨਾਲ ਕੌਣ ਆਖੇ ਰਾਣੀਏ ਅੱਗਾ ਢਕ।
ਜੇ ਕ੍ਰਿਸ਼ਨ ਇਸ਼ਕ ਕਰੇ ਤਾਂ ਰਾਸ ਲੀਲਾ, ਜੇ ਕੋਈ ਮਾਤੜ ਕਰੇ ਤਾਂ ਛੇੜਛਾੜ ਦਾ ਮਾਮਲਾ। ਪਰਚਾ ਬਲਾਤਕਾਰ ਦਾ. ਕੀ ਨਹੀਂ ਹੁੰਦਾ … ਬਲਦੇਵ ਸਿੰਘ ਦੇ ਨਾਵਲ "ਇਕਵੀਂ ਸਦੀ" ਤੇ "ਗੰਦਲੇ ਪਾਣੀ" .. ਪੜ੍ਹਨ ਦੀ ਲੋੜ ਹੈ … ਪਤਾ ਲੱਗ ਜੂ ਪੰਜਾਬ ਕਿਧਰ ਤੁਰ ਰਿਹਾ ਹੈ … ਨਹੀਂ ਫੇਰ ਕਰਨਲ ਜਸਬੀਰ ਭੁੱਲਰ ਦਾ ਨਵਾਂ ਨਾਵਲ " ਖਿੱਦੋ" ਪੜ੍ਹਨ ਦੀ ਜਰੂਰਤ ਹੈ। ਜਦੋਂ ਅੰਨ੍ਹੇ ਪੀਹਣ ਤੇ ਕੁੱਤੇ ਚੱਟਦੇ ਹੁੰਦੇ ਆ … ਸਭ ਗੋਲਮਾਲ ਹੈ .. ਗੋਲਮਾਲ ..
ਜਦੋ ਮੀਆਂ ਬੀਵੀ ਰਾਜ਼ੀ ਤਾਂ ਕੀ ਕਰੂਗਾ ਕਾਜ਼ੀ। ਜਦੋਂ ਤਕ ਮਿਲਦੀਆਂ ਰੋਟੀਆਂ ਸਭੇ ਗੱਲਾਂ ਖੋਟੀਆ.। ਹੁਣ ਪਰਦੇ ਖੁੱਲ੍ਹਦੇ ਹਨ … ਪਰ ਇਨ੍ਹਾਂ ਨਾ ਸ਼ਰਮ ਹੈ ਤੇ ਨਾ ਹਿਯਾ ਹੈ .... ਪੂਰੇ ਕੰਜਰ ਬਣ ਗਏ ਹਨ … ਰੱਜੇ ਨੂੰ ਰਜਾਓ ਜੀ ..
ਮੇਰਾ ਰੋਣ ਨੂੰ ਜੀ ਕਰਦਾ ਹੈ … ਹੁਣ ਕਲੇਰਾਂ ਵਾਲਿਆਂ ਦਾ ਇਨਾਮ ਮੈਨੂੰ ਕਿਵੇਂ ਮਿਲੇ … ਹੁਣ ਦੁਬਾਰਾ ਜੁਗਾੜਬੰਦੀ ਸ਼ੁਰੂ ਕੀਤੀ ਹੈ .... ਢਿੱਡ ਭਰ ਗਿਆ ਨੀਤ ਨਹੀਂ ਭਰੀ...!
ਪਰ ਮਿੱਤਰੋਂ ! ਕਰੀਏ ਕੀ ?
ਅਖੇ ਛੱਜ ਤਾਂ ਬੋਲੇ, ਛਾਣਨੀ ਕਿਉਂ ਬੋਲੇ।
ਖੱਟੀ ਖੱਟਗੇ ਮੁਰੱਬਿਆਂ ਵਾਲੇ ਤੇ
ਅਸੀਂ ਰਹਿ ਗੇ ਭਾਅ ਪੁੱਛਦੇ। ….... ਖ਼ੈਰ !
ਜਦੋਂ ਆਪਣੇ ਹੀ ਪਰਾਏ ਹੋ ਜਾਣ ਤਾਂ ਫਿਰ ਭੁੱਖਾ ਮਰਦਾ ਬੰਦਾ ਕੀ ਨੀ ਕਰਦਾ ? ਉਹ ਜਿਉਂਦੇ ਰਹਿਣ ਲਈ ਪਾਪੜ ਤਾਂ ਵੇਲਦਾ? ਪਰ ਥੁੱਕ ਨਾਲ ਬੜੇ ਪਕਾਉਣੇ ਤਾਂ ਨਹੀਂ ਆਉਂਦੇ । ਇਸ ਕੋਰੋਨਾ ਦੀ ਆਡ ਵਿੱਚ ਸਰਕਾਰ ਨੇ ਆਪਣਾ ਅਸਲੀ ਰੂਪ ਦਿਖਾ ਦਿੱਤਾ । ਦੇਸ਼ ਦੇ ਲੋਕਾਂ ਨੇ ਅਜੇ ਵੀ ਨਹੀਂ ਸਮਝਣਾ .
ਅਸੀਂ ਤਾਂ 'ਨੰਗੇ ਧੜ' ਲੜ ਰਹੇ ਹਾਂ, ਤੇ ਨਿੱਤ 'ਨੰਗ-ਭੁੱਖ' ਨਾਲ ਮਰ ਰਹੇ ਹਾਂ। ਹੁਣ ਤੁਸੀਂ ਆਖੋਗੇ ਕਿ ਇਹ 'ਘੁਣਤਰਾਂ' ਕੀ ਪਾਈ ਜਾਂਦਾ ਐ? ਵਿਚਲੀ ਗੱਲ ਦੱਸ ਜਿਵੇਂ ਮਰਾਸੀ ਦੱਸਦੈ ਹੁੰਦੇ ਬੰਦੇ ਦਾ ਕੁਰਸੀਨਾਮਾ !
ਕਹਿੰਦਾ ਈਸਬਗੋਲ ਕੁੱਝ ਨਾ ਫੋਲ
ਮਿੱਤਰੋਂ ! ਅਸਲ ਗੱਲ ਇਹ ਹੈ ਕਿ ਆਪਾਂ ਮੁਰਗੀ ਵਾਂਗ ਨਿੱਤ ਆਂਡਾ ਨਹੀਂ ਦੇਂਦੇ ਨਾ ਹੀ ਕਦੇ ਆਪਣੀ 'ਜਿੱਤ ਦੇ ਝੰਡੇ ਗੱਡੇ' ਹਨ। ਪਰ ਜਦੋਂ ਆਲੇ-ਦੁਆਲੇ ਸ਼ਬਦਾਂ ਦੀਆਂ ਉਲਟੀਆਂ ਦਾ ਮੁਸ਼ਕ ਸਿਰ ਨੂੰ ਚੜਦਾ ਹੈ ਤਾਂ ਸੰਭਾਲ ਕੇ ਰੱਖੇ ਹਥਿਆਰ ਚੁੱਕਣੇ ਪੈਂਦੇ ਹਨ।
ਪਰ ਦੁੱਖ ਇਸ ਗੱਲ ਦਾ ਐ ਕਿ ਮੂਹਰੇ ਕੋਈ ਦੁਸ਼ਮਣ ਨਹੀਂ ਸਗੋਂ ਉਹ ਭਰਾ ਹਨ। ਜਿਹਨਾਂ ਦੇ ਖਿਲਾਫ ਜੰਗ ਲੜਨੀ ਪੈ ਗੀ। ਹੁਣ ਹਾਲਤ ਤਾਂ ਮਹਾਂਭਾਰਤ ਦੀ ਜੰਗ ਵਾਂਗ ਹੋ ਗਈ ਆ। ਸਾਡੇ ਕੋਲ ਤਾਂ ਕੋਈ ਕ੍ਰਿਸ਼ਨ ਵੀ ਨਹੀਂ ਜਿਹੜਾ ਆਪਣਿਆਂ ਨੂੰ ਮਾਰਨ ਲਈ 'ਗੀਤਾ ਦਾ ਉਪਦੇਸ਼' ਦਿੰਦਾ ਹੋਵੇ। ਹੁਣ ਤੇ ਭਵੀਸ਼ਣ ਨੀ ਕੋਈ ਰਾਜ਼ ਦੱਸਦੈ ਕਿ ਨਿੱਤ ਰੋਟੀ ਮੰਗਦੇ ਢਿੱਡ ਦਾ ਗਲਾ ਕਿਵੇਂ ਵੱਢੀਏ ?
ਹੁਣ ਹਾਲਤ ਹੀ ਇਹ ਮੇਰੇ ਕੱਲੇ ਦੇ ਨਹੀਂ ਸਭ ਦੇ ਬਣ ਗਏ ਕਿ ਹੁਣ ਇੱਥੇ ਤਾਂ ਲੜਾਈ ਵਿਰੋਧੀਆਂ ਨਾਲ ਲੜਨ ਦੀ ਵਜਾਏ ਬੰਦਾ ਆਪਣੇ ਆਪ ਨਾਲ ਹੀ ਲੜੀ ਜਾ ਰਿਹਾ ਹੈ।
ਇਸ ਲੜਾਈ ਵਿੱਚ ਕੋਈ ਹੋਰ 'ਮਰੇ ਜਾਂ ਨਾ ਮਰੇ' ਪਰ ਬੰਦਾ ਆਪਣੇ ਆਪ ਨੂੰ ਜਰੂਰ ਮਾਰਦਾ ਹੈ। ਨਿੱਤ ਮਰ ਰਿਹਾ, ਕਿਸੇ ਨੂੰ ਕੋਈ ਫਰਕ ਨੀ ਪਿਆ। ਬੰਦਾ ਕਿਵੇਂ ਮਰਦੈ ਹੈ ,ਇਸ ਦੀ ਕਿਧਰੇ ਭਿਣਕ ਵੀ ਨੀ ਪੈਂਦੀ ਤੇ ਨਾ ਹੀ ਕੰਨੋਂ-ਕੰਨੀਂ ਖ਼ਬਰ  ਹੁੰਦੀ ਹੈ।
ਕਿਧਰੇ ਸ਼ੋਕ ਮਤੇ ਵੀ ਨੀ ਪੈਂਦੇ, ਅਖ਼ਬਾਰਾਂ ਨੂੰ ਬਿਆਨ ਵੀ ਜਾਰੀ ਨਹੀਂ ਹੁੰਦੇ। ਇੱਥੇ ਕਈ ਸਮਾਜ ਦੇ ਚੌਧਰੀ ਸਵੇਰੇ ਉਠ ਕੇ ਇਹ ਦੇਖਦੇ ਨੇ ਕਿਹੜਾ ਬਿਆਨ ਜਾਰੀ ਕਰਨਾ ਹੈ।
ਇਹ ਕੰਮ ਸਿਆਸੀ ਆਗੂ ਕਰੇ ਤਾਂ ਕਰੇ, ਉਸ ਦੀ ਆਪਣੀ 'ਭੁੱਖ' ਹੋ ਸਕਦੀ ਹੈ, ਪਰ ਜਦੋਂ ਕੋਈ 'ਸਾਹਿਤ ਤੇ ਸਮਾਜ ਸੇਵੀ ਸੰਸਥਾ' ਇਹ ਸੋਚਣ ਲੱਗ ਪਏ ਕਿ 'ਘਬਰਾ ਨਾ ਤੇਰੀ ਮੌਤ' ਤੇ ਵੀ ਅਸੀਂ ਮਤਾ ਪਾ ਦਿਆਂਗੇ ਤੇ ਅਖ਼ਬਾਰ ਨੂੰ ਬਿਆਨ ਜਾਰੀ ਕਰ ਦਿਆਂਗੇ।
ਜਿਵੇਂ ਆਪ ਮਰਨਾ ਹੀ ਨੀ ਹੁੰਦਾ । ਬੰਦਾ ਸਰੀਰਕ ਮੌਤ ਤਾਂ ਇੱਕ ਦਿਨ ਮਰਦਾ ਪਰ ਮਾਨਸਿਕ ਤੌਰ ਤੇ ਪਲ ਪਲ ਮਰਦਾ। ਘਟਨਾ ਕੋਈ ਵੀ ਹੋਵੇ ,ਅੱਜ ਕੱਲ ਇਹੀ ਕੁੱਝ ਹੀ ਹੁੰਦਾ ਹੈ ਸਿਰਫ਼ ਬਿਆਨ ਹੀ ਜਾਰੀ ਹੁੰਦੇ ਹਨ। ਸਥਿਤੀ ਕਾਬੂ ਹੇਠ ਹੈ...ਜਾਂਚ ਕਮਿਸ਼ਨ ਬਣਾ ਦਿੱਤਾ ।
ਹਕੀਕਤ ਵਿੱਚ ਕੁੱਝ ਨਹੀਂ ਹੁੰਦਾ। ਕਦੋ ਤੋਂ ਕਮਿਸ਼ਨ ਬਣ ਰਹੇ ਹਨ. ਸਰਕਾਰ ਦੇ ਸਿੱਟ ਆਈ ਹੈ ਬਹੁਤ ਫਿਟ … ਪਰ ਲੋਕ ਰਹੇ ਪਿੱਟ … ਕੀ ਹੈ ਇਹ ਵੀਹ ਬਾਰ ਬਣੀ ਆ ਸਿੱਟ ?
ਜਦੋਂ ਸਾਰੇ ਹੀ ਮੂੰਹ ਮੀਚ ਕੇ ਬਹਿ ਜਾਣ … ਸਰਾਣੇ ਬਾਂਹ ਰੱਖ ਕੇ ਪੈ ਜਾਣ ਤਾਂ ਕਿਸੇ ਨੂੰ ਤਾਂ ਬੋਲਣਾ ਪਵੇਗਾ ਤੇ ਫੇਰ ਕਿਸੇ ਨੂੰ ਤਾਂ ਲਿਖਣਾ ਪਊ?
ਕਈਆਂ ਨੂੰ ਇਹ ਭਰਮ ਹੈ ਕਿ ਅਸੀਂ 'ਚੌਧਰੀ' ਹਾਂ ਤੇ ਸਾਡੀ ਚੌਧਰ ਦਾ ਵਧੇਰੇ ਬੋਲਬਾਲਾ ਹੈ, ਉਹ ਹਰ ਥਾਂ ਚੌਧਰ ਘੋਟਦੇ ਹਨ ਤੇ ਆਪਣੇ ਪ੍ਰਵਚਨ ਸੁਣਾਉਂਦੇ ਹਨ। ਕੁਰਸੀ ਦੁਆਲੇ ਪੂਛ ਮਾਰਦੇ ਹਨ …. ਕੁਰਸੀ ਤੇ ਜੀਭ ਫੇਰ ਕੇ ਸਾਫ ਕਰਦੇ ਹਨ ਤੇ ਝੋਲੀ ਭਰਦੇ ਹਨ।
ਕਈ ਵਾਰ ਭਰਮ ਵਿੱਚ ਜਾ ਸ਼ਰਮ ਵਿੱਚ ਮੀਸਣਾ ਹਾਸ ਹਸਦੇ ਹਨ ।ਉਹਨਾਂ ਦੀਆਂ ਝੱਲ ਵਲੱਲੀਆਂ ਦਾ ਪਤਾ ਨੀ ਲੱਗਦੈ ਕਿ ਹੋ ਕੀ ਰਿਹਾ..?
ਉਹ ਆਪਣਿਆਂ ਨੂੰ ਹੀ ਨਹੀਂ ਸਗੋਂ ਬੇਗਾਨਿਆਂ ਨੂੰ ਅਜਿਹੇ ਹੁਕਮ ਕਰਨ ਲੱਗਦੇ ਹਨ ਕਿ ਸੁਨਣ ਵਾਲੇ ਨੂੰ ਸਮਝ ਨੀ ਪੈਂਦੀ ਇਹ 'ਸੱਜਣ ਪੁਰਸ਼' ਕੀ ਕਹਿ ਰਹੇ ਹਨ ? ਬਹੁਤਿਆਂ ਨੇ ਲਿਖਣਾ ਸ਼ੁਗਲ ਬਣਾ ਲਿਆ ਹੈ। ਉਹਨਾਂ ਸ਼ੌਕ ਪਾਲ ਲਿਆ ਜਿਵੇਂ ਕਬੂਤਰ ਪਾਲੀ ਦੇ ਹਨ ।
ਹੁਣ ਉਹ ਸ਼ਰਾਬੀ ਵਾਂਗ ਕਿਤਾਬਾਂ ਦੀਆਂ 'ਉਲਟੀਆਂ' ਕਰੀ ਜਾ ਰਹੇ ਹਨ। ਉਨਾਂ ਦੀਆਂ ਕਿਤਾਬਾਂ ਕਿਸ ਦੀ 'ਜੇਬ' ਭਾਰੀ ਕਰਦੀਆਂ ਹਨ? ਇਹ ਤਾਂ ਉਹ ਜਾਣਦੇ ਹਨ, ਜਿਹੜੇ ਛਾਪਦੇ ਹਨ। ਜਿਸ ਤਰਾਂ ਹੁਣ ਸਮਾਜ ਵਿੱਚ ਇਨਾਂ 'ਉਲਟੀਧਾਰੀਆਂ' ਦਾ ਵਾਧਾ ਹੋਇਆ ਹੈ, ਇਸ ਨਾਲ ਆਲੇ-ਦੁਆਲੇ ਪ੍ਰਦੂਸ਼ਣ ਹੋਇਆ ਹੈ।
ਵਜਦੋਂ ਇਹੋ ਜਿਹੀਆਂ 'ਉਲਟੀਆਂ' ਨੂੰ ਲਿਪ ਪੋਚ ਕੇ ਲੋਕਾਂ ਨੂੰ 'ਵੱਡੇ' ਪੇਸ਼ ਕਰਨ ਤਾਂ ਸਮਝ ਨਹੀਂ ਆਉਂਦੀ ਕਿ ਅਸੀਂ ਕਿਹੜੇ ਸਮਿਆਂ 'ਚ ਕਿਹੜੇ ਕਵੀਆਂ ਦੇ ਘੇਰੇ ਵਿੱਚ ਫਸੇ ਬੈਠੇ ਹਾਂ। ਸ਼ਬਦਾਂ ਦੀਆਂ ਜੁਗਾਲੀਆਂ ਕਰਦਿਆਂ ਤੇ ਸੁਣਦਿਆਂ ਹੁਣ ਡਰ ਜਿਹਾ ਲੱਗਣ ਲੱਗ ਪਿਆ ਹੈ ਕਿ ਅਸੀਂ ਕਿਸ ਨੂੰ ਆਖੀਏ ਕਿ 'ਰਾਣੀਏ ਅੱਗਾ ਢੱਕ'।
ਹੁਣ ਤਾਂ ਚਿੱਟੀਆਂ ਮੁੱਛਾਂ ਵਾਲੇ 'ਰਾਣੀਆਂ' ਨੂੰ 'ਰਾਣੀਹਾਰ' ਪਾਉਣ ਦੇ ਲਈ ਪੱਬਾਂ ਭਾਰ ਹੋਏ ਆਪਣੇ ਕਾਰੋਬਾਰ ਹੀ ਬੰਦ ਕਰੀ ਜਾ ਰਹੇ ਹਨ। ਇਨਾਂ ਬੇਗ਼ਮਾਂ ਨੂੰ ਥਾਂ ਥਾਂ ਹੁੰਦੇ ਸ਼ਬਦਾਂ ਦੇ ਮੁਜਰਿਆਂ ਦੇ ਵਿੱਚ 'ਖਾਸ ਬੇਗ਼ਮ' ਦਾ ਖਿਤਾਬ ਦਿਵਾਉਣ ਲਈ ਜੁਗਾੜਬੰਦੀ ਕਰਦੇ ਹਨ ਜੇ ਅਗਾਂਹ ਦਾਲ ਨਾ ਗਲੇ ਤਾਂ ਪੱਲਿਓ ਮਾਇਆ ਵੀ ਭੇਟ ਕਰੀ ਜਾ ਰਹੇ ਹਨ।
ਇਨਾਂ 'ਚਿੱਟੀਆਂ ਮੁੱਛਾਂ' ਵਾਲਿਆਂ ਨੇ ਸਾਹਿਤ ਦੀ ਬੜੀ ਸੇਵਾ ਕੀਤੀ ਹੈ। ਇਹ ਹਰ ਵੇਲੇ ਅਸਮਾਨ ਚੜ੍ਹੀ ਇੱਲ ਵਾਂਗ 'ਕੱਚੇ ਮਾਸ' 'ਤੇ ਨਿਗਾ ਰੱਖਦੇ ਹਨ। ਜਦੋਂ ਕਦੇ ਅਸੀਂ ਇਨਾਂ 'ਚਿੱਟੀਆਂ' ਦਾਹੜੀਆਂ ਦੇ ਕੁਰਸੀਨਾਮੇ ਵੇਖਦੇ ਹਾਂ ਤਾਂ ਸਮਝ ਆਉਂਦੀ ਹੈ ਕਿ 'ਜਿਹੇ ਕੁੱਜੇ ਤੇਹੇ ਆਲੇ' ਹਨ।
ਉਹ ਆਪਣੇ ਆਲੇ ਦੁਆਲੇ ਜਿਹੜੇ 'ਗੜਵਈਆਂ' ਦੀ ਭੀੜ ਲਾਈ ਬੈਠੇ ਹਨ, ਜਦੋਂ ਉਹ ਪ੍ਰਵਚਨ ਕਰਦੇ ਹਨ ਕਿ ਸਾਡੇ ਆਲੇ ਦੁਆਲੇ ਸਮਾਜ ਵਿੱਚ ਏਨਾ ਪ੍ਰਦੂਸ਼ਣ ਵਧਾਉਣ ਵਾਲੀਆਂ ਸ਼ਕਤੀਆਂ ਪੈਦਾ ਹੋ ਗਈਆਂ ਹਨ, ਜਿਹੜੀਆਂ ਸਮਾਜ ਨੂੰ ਗਧਿਆਂ ਵਾਂਗ ਚਰੀ ਜਾ ਰਹੀਆਂ ਹਨ ਤਾਂ ਹਾਸਾ ਆਉਂਦਾ ਹੈ।
ਇਹ ਹਾਸਾ ਰੋਣੇ ਵਰਗਾ ਹੁੰਦਾ ਹੈ ਪਰ ਇਸ ਰੋਣੇ ਨੂੰ ਕੋਈ ਸੁਣਦਾ ਨਹੀਂ । ਸਗੋਂ ਹਰ ਕੋਈ 'ਟਿੰਡ ਵਿੱਚ ਕਾਨਾ' ਪਾਈ ਬੈਠਾ ਆਪਣਾ-ਆਪਣਾ ਰਾਗ ਅਲਾਪ ਰਿਹਾ ਹੈ। ਇਹ ਰਾਗ ਕਿਹੜਾ ਹੈ?
ਇਸ ਦੀ ਨਾ ਤਾਂ ਉਨਾਂ ਨੂੰ ਸਮਝ ਹੈ ਤਾਂ ਨਾ ਹੀ ਸੁਨਣ ਵਾਲਿਆਂ ਨੂੰ ਸਮਝ ਆਉਂਦੀ ਹੈ।
ਸਮਾਜ ਵਿੱਚ ਵੱਧ ਰਹੇ ਸ਼ੋਰ ਕਰਕੇ 'ਮੁਰਾਰੀ ਲਾਲ' ਆਪਣੀ ਚੁੱਪ ਦੀ ਗੁਫ਼ਾ ਵਿੱਚ ਬੈਠਾ ਆਖੀ ਜਾ ਰਿਹਾ ਹੈ। 'ਭਾਊ ਤੈੰ ਕੀ ਲੈਣਾ ਐ' ! ਢਕੀ ਰਿੱਝਣ ਦੇ।
ਪਰ ਚੌਕੀਦਾਰ ਕੀ ਕਹੇ ? ਜਾਗਦੇ ਰਹੋ ਜਾਗਦੇ ਕਿ .... ਚੋਰੋ ਆ ਜਾਓ ਤੇ ਘਰਾਂ ਵਾਲਿਓ ਸੌ ਜਾਓ ? ... ਜਦੋਂ ਅੰਨ੍ਹੀ ਪੀਹਵੇ ਤੇ ਕੁੱਤਾ ਚੱਟੇ .. ਫਿਰ ਤਾਂ ਏਹੀ ਕਹਿਣ ਦੀ ਲੋੜ ਹੈ।
ਚੌਕੀਦਾਰਾ ਲੈ ਮਿੱਤਰਾ ... ਤੇਰੇ ਲੱਗਦੇ ਨੇ ਬੋਲ ਪਿਆਰੇ। ਪਿਆਰ, ਜੰਗ ਤੇ ਸਿਆਸਤ ਵਿੱਚ ਸਭ ਜਾਇਜ਼ ਨਹੀਂ ਹੁੰਦਾ ਸਭ ਕੁਝ ਨਜਾਇਜ਼ ਹੁੰਦਾ ਐ। ਪਰ ਸਾਹਿਤ ਤੇ ਇਤਿਹਾਸ ਦੇ ਦਰਬਾਰੀ ਲੇਖਕਾਂ ਨੇ ਸਭ ਕੁੱਝ ਸੱਤਾ ਦੇ ਇਸ਼ਾਰੇ ਝੂਠ ਨੂੰ ਸੱਚ ਬਣਾ ਦਿੱਤਾ ਐ। ਪਰ ਸਮੇਂ ਦੇ ਨਾਲ ਤਾਂ ਹੜ੍ਹ ਦਾ ਪਾਣੀ ਵੀ ਨਿੱਤਰ ਜਾਂਦਾ ਐ।
ਪਰ ਹੁਣ ਤੇ ਮੀਡੀਆ ਕਰੋਨਾ ਵਾਇਰਸ ਦੀ ਪਰਲੋ ਲਿਆਉਣ ਉਤੇ ਲੱਗਿਆ ਐ । ਸਰਕਾਰ ਦਾ ਨੰਗ ਢਕੀ ਜਾ ਰਿਹਾ। ਮੂੰਹ ਉਤੇ ਲੱਗੀ ਕਾਲਖ ਧੋਣ ਲੱਗਿਆ ਪਿਆ ਐ। ਪਰ ਖੂਨ ਦੇ ਧੱਬੇ ਕਦੋਂ ਮਿੱਟਦੇ ਹਨ। ਖੈਰ ਬਾਕੀ ਤੁਸੀਂ ਆਪ ਸਿਆਣੇ ਓ। ਸਮਾਂ ਬੜਾ ਬਲਵਾਨ ਐ।
ਭਲਾ ਮੇਰਾ ਰੋਣ ਨੂੰ ਚਿੱਤ ਕਿਉਂ ਕਰਦਾ ਹੈ … ਮੇਰੀ ਅੱਖ ਹੁਣ ਪੱਚੀ ਲੱਖੀ ਪੁਰਸਕਾਰ ਢੁਕਣ ਦੀ .. ਹੁਣ … ਮੇਰੇ ਰੋਣ ਤੇ ਚੁਪ ਕਰਵਾਉਣ ਵਾਲਿਆਂ ਨੇ ਵੈਨਕੂਵਰ ਤੋਂ ਚੰਡੀਗੜ੍ਹ ਤੱਕ ਮੋਰਚਾ ਸੰਭਾਲ ਲਿਆ ਹੈ।
ਚਾਰੇ ਪਾਸੇ ਚਰਚਾ ਤੇ ਖਰਚਾ .... ਹੋ ਰਿਹਾ ਹੈ। ਬਾਕੀ ਸਮਾਂ ਦੱਸੂ … ਵਰਿਆਮਾਂ ਸਿਉ ਕੀ ਕਰਦਾ ਹੈ … ਕਲੇਰਾਂ ਵਾਲਿਆਂ ਦੇ ਨਾਲ … ! ਜੁਗਤੀ ਨੇ ਜੁਗਤ ਲਾਈ ਹੈ...!
ਬੁੱਧ ਸਿੰਘ ਨੀਲੋਂ
ਸੰਪਰਕ : 94643-70823


ਤੈਨੂੰ ਯਾਦ ਤਾਂ ਕਰਾਂ, ਜੇ ਭੁੱਲਿਆ ਹੋਵਾਂ!  - ਬੁੱਧ ਸਿੰਘ ਨੀਲੋਂ

ਜਿਉਂ ਜਿਉਂ ਜ਼ਿੰਦਗੀ ਜੁਆਨੀ ਤੋਂ ਬੁਢਾਪੇ ਵੱਲ ਵੱਧਦੀ ਹੈ, ਤਾਂ ਯਾਦਾਂ ਦੀ ਪੰਡ ਭਾਰੀ ਹੁੰਦੀ ਜਾਂਦੀ ਹੈ। ਇਹ ਪੰਡ ਵਿੱਚ ਚੰਗੀਆਂ-ਮਾੜੀਆਂ ਯਾਦਾਂ ਆਪਣੀ ਪਟਾਰੀ ਖੋਲ੍ਹ ਕੇ ਆਪ ਮੁਹਾਰੇ ਬਹਿ ਜਾਂਦੀਆਂ ਹਨ। ਇਹ ਯਾਦਾਂ ਤਾਂ ਆਪਣੀ ਪੋਟਲੀ ਖੋਲ੍ਹ ਲੈਂਦੀਆਂ ਪਰ ਮਨੁੱਖ ਕੋਲ ਇਨਾਂ ਯਾਦਾਂ ਦੇ ਨੇੜੇ ਢੁੱਕ ਕੇ ਬੈਠਣ ਦੀ ਵਿਹਲ ਨਹੀਂ ਹੁੰਦੀ। ਉਹ ਇੰਨ੍ਹਾਂ ਕੋਲੋਂ ਦੌੜਦਾ ਹੈ - ਪਰ ਦੌੜਦਾ ਦੌੜਦਾ ਇੱਕ ਦਿਨ ਅਜਿਹੀ ਦੌੜ ਵਿੱਚ ਸ਼ਾਮਿਲ ਹੋ ਜਾਂਦਾ ਹੈ। ਜਿੱਥੇ ਸਿਰਫ਼ ਰਾਮ ਨਾਮ ਸੱਤ ਸੁਣਾਈ ਦੇਂਦੇ ਹਨ। ਇਹ ਬੋਲ ਉਸ ਨੂੰ ਨਹੀਂ ਸਗੋਂ ਉਸ ਦੇ ਮਗਰ ਤੁਰੇ ਆਉਂਦਿਆਂ ਨੂੰ ਉਚਾਰੇ ਜਾਂਦੇ ਹਨ। ਇਹ ਬੋਲ ਅੰਤਿਮ ਸੰਸਕਾਰ ਤੱਕ ਹੀ ਬੋਲੇ ਸੁਣੇ ਜਾਂਦੇ ਹਨ, ਫ਼ਿਰ ਉਹੀ ਗੱਲਾਂ ਕਾਰ ਵਿਹਾਰ, ਝੰਜਟਾਂ, ਝਮੇਲਿਆਂ, ਦੁਸ਼ਵਾਰੀਆਂ ਤੇ ਦੁੱਖਾਂ ਦਰਦਾਂ ਤੇ ਆਪਣੇ ਕਾਰੋਬਾਰ ਦੀਆਂ ਕਥਾ ਕਹਾਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਨਾਂ ਕਥਾ ਕਹਾਣੀਆਂ ਵਿੱਚ ਰਸ ਨਹੀਂ ਹੁੰਦਾ। ਕੋਈ ਕਿਸੇ ਨੂੰ ਦਿਲਚਸਪੀ ਨਹੀਂ ਹੁੰਦੀ। ਬਸ ਹਾਂ-ਹਾਂ ਦੀ ਅਵਾਜ਼ ਤੱਕ ਹੀ ਸੀਮਤ ਰਹਿੰਦੀਆਂ ਹਨ।
       ਅੱਜ ਕੱਲ੍ਹ ਜ਼ਿੰਦਗੀ ਸੀਮਤ ਨਹੀਂ ਰਹੀ ਬਹੁਤ ਵਿਸ਼ਾਲ ਹੋ ਗਈ ਹੈ। ਸੰਚਾਰ ਸਾਧਨਾਂ ਨੇ ਸਾਰੀ ਧਰਤੀ ਇੱਕ ਥਾਂ, ਇੱਕ ਨਿੱਕੇ ਜਿਹੇ ਯੰਤਰ ਵਿੱਚ ਇਕੱਠੀ ਕਰ ਦਿੱਤੀ ਹੈ। ਇਸ ਯੰਤਰ ਨੇ ਜ਼ਿੰਦਗੀ ਨੂੰ ਚਿੱਟੇ ਦਿਨ ਝੂਠ ਦਾ ਵਪਾਰੀ ਬਣਾ ਦਿੱਤਾ ਹੈ। ਉਹ ਇਸ ਝੂਠ ਦੇ ਵਪਾਰ ਵਿੱਚ ਕਾਲੇ ਬਲਦ ਵਾਂਗ ਸਿਰ ਸੁੱਟੀ ਜਾ ਰਿਹਾ ਹੈ। ਉਸ ਅੰਦਰ ਇੱਕ ਲਾਲਸਾ ਤੇ ਲਲਕ ਏਨੀ ਵੱਧ ਗਈ ਹੈ ਕਿ ਉਹ ਸਭ ਕੁੱਝ ਭੁੱਲਦਾ ਜਾ ਰਿਹਾ ਹੈ। ਉਹ ਕੀ ਕੀ ਭੁੱਲਦਾ ਜਾ ਰਿਹਾ ਹੈ, ਇਸਦੀ ਉਸਨੂੰ ਵੀ ਸਮਝ ਨਹੀਂ। ਇਸ ਲਾਲਸਾ ਨੇ ਮਨੁੱਖ ਦੇ ਅੰਦਰੋਂ ਸਮਝ ਕੱਢ ਲਈ ਹੈ। ਉਸ ਦੀ ਥਾਂ ਉਸਨੂੰ ਨਿਸ਼ਾਨਾਂ ਦੇ ਦਿੱਤਾ ਹੈ। ਇਹ ਨਿਸ਼ਾਨਾ ਪੂਰਾ ਕਰਨ ਲਈ ਉਹ ਤਾਅ ਉਮਰ ਦੌੜਦਾ ਰਹਿੰਦਾ ਹੈ। ਪਰ ਉਸਦਾ ਇਹ ਟੀਚਾ ਪੂਰਾ ਨਹੀਂ ਹੁੰਦਾ। ਇਹ ਉਹ ਨਿਸ਼ਾਨਾ ਨਹੀਂ ਜਿਸਦੇ ਉੱਤੇ ਨਿਸ਼ਾਨੇਬਾਜ਼ ਨਿਸ਼ਾਨਾ ਲਗਾਉਂਦੇ ਹਨ, ਸਗੋਂ ਅਜਿਹਾ ਹੈ, ਜਿਸਨੇ ਉਸ ਅੰਦਰੋਂ ਜ਼ਿੰਦਗੀ ਜਿਉਣ ਦੀ ਸ਼ਾਂਤੀ ਭੰਗ ਕਰ ਦਿੱਤੀ ਹੈ। ਉੇਸਦੇ ਅੰਦਰ ਤੇ ਬਾਹਰ ਇੱਕ ਸ਼ੋਰ ਹੈ। ਉਹ ਸ਼ੋਰ ਜਿਹੜਾ ਸੁਣਾਈ ਨਹੀਂ ਦੇਂਦਾ।
       ਸਗੋਂ ਅਜਿਹੀਆਂ ਅਲਾਮਤਾਂ ਦੇਂਦਾ ਹੈ ਕਿ ਮਨੁੱਖ ਡੇਰਿਆਂ, ਸਾਧਾਂ ਸੰਤਾਂ ਵੱਲ ਦੌੜਦਾ ਹੈ। ਰਮਣੀਕ ਵਾਦੀਆਂ, ਸਿਨੇਮੇ, ਘਰਾਂ, ਕੈਫਿਆਂ, ਮੁਜ਼ਰਿਆਂ ਵੱਲ ਜਾਂਦਾ ਹੈ। ਪਰ ਉਸਨੂੰ ਕਿਧਰੇ ਵੀ ਪਲ ਭਰ ਦਾ ਸਕੂਨ ਨਹੀਂ ਮਿਲਦਾ। ਉਹ ਉਥੋਂ ਦੌੜ ਕੇ ਬਜ਼ਾਰ ਵੱਲ ਦੌੜਦਾ ਹੈ। ਬਜ਼ਾਰ ਉਸਨੂੰ ਖਰੀਦਦਾ ਹੈ। ਉਸਨੂੰ ਸਮਝ ਨਹੀਂ ਲੱਗਦੀ ਉਸਨੇ ਕੁੱਝ ਖਰੀਦਿਆ ਹੈ ਜਾਂ ਵੇਚਿਆ ਹੈ। ਉਸਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹ ਘਰ ਆ ਕੇ ਵੇਖਦਾ ਹੈ ਕਿ ਉਸਦੇ ਹੱਥ ਨਹੀਂ, ਕੰਨ ਨਹੀਂ, ਜੀਭ ਨਹੀਂ, ਉਹ ਛੇਤੀ ਛੇਤੀ ਪੈਰਾਂ ਵੱਲ ਝਾਤੀ ਮਾਰਦਾ ਹੈ। ਤੇ ਖੁਸ਼ ਹੁੰਦਾ ਹੈ ਕਿ ਉਸਦੇ ਪੈਰ ਤਾਂ ਹਨ।
        ਇਹ ਪੈਰ ਉਸਨੂੰ ਤੁਰਦਾ ਰੱਖਦੇ ਹਨ। ਉਸਦੀਆਂ ਅੱਖਾਂ, ਦਿਮਾਗ, ਸੋਚ, ਸਮਝ, ਹੱਥ, ਕੰਨ, ਤੇ ਜੀਭ ਤਾਂ ਗਹਿਣੇ ਧਰੀ ਗਈ ਹੁੰਦੀ ਹੈ। ਗਹਿਣੇ ਪਈ ਕੋਈ ਚੀਜ਼ ਕਦੇ ਵੀ ਵਾਪਸ ਨਹੀਂ ਪਰਤਦੀ। ਗਹਿਣੇ ਪਈ ਜ਼ਿੰਦਗੀ ਤਾਂ ਕਿੱਥੋਂ ਵਾਪਸ ਪਰਤਦੀ ਹੈ। ਇਸੇ ਕਰਕੇ ਬਜ਼ਾਰ ਸਾਨੂੰ ਗਹਿਣੇ ਰੱਖਦਾ ਹੈ। ਉਹ ਗਹਿਣਿਆਂ (ਗਿਰਵੀ) ਬਦਲੇ ਸਾਨੂੰ ਥੋੜ੍ਹੀ ਜਿਹੀ ਜ਼ਿੰਦਗੀ ਦੇਂਦਾ ਹੈ। ਥੋੜ੍ਹਾ ਜਿਹਾ ਹਾਸਾ ਦੇਂਦਾ ਹੈ। ਥੋੜ੍ਹਾ ਜਿਹਾ ਸਕੂਨ ਖੁਸ਼ੀ ਦੇਂਦਾ ਹੈ।
        ਹੁਣ ਸਾਨੂੰ ਬਜ਼ਾਰ ਹੀ ਦੱਸਦਾ ਹੈ, ਅਸੀਂ ਕਦੋਂ, ਕਿੱਥੇ, ਕਿੰਨਾਂ ਤੇ ਕਿਵੇਂ ਹੱਸਣਾ ਤੇ ਰੋਣਾ ਹੈ। ਹੁਣ ਅਸੀਂ ਖੁੱਲ੍ਹ ਕੇ ਨਾ ਹੱਸ ਸਕਦੇ ਹਾਂ ਤੇ ਨਾ ਹੀ ਰੋ ਸਕਦੇ ਹਾਂ। ਉਂਝ ਅਸੀਂ ਢੌਂਗ ਜ਼ਰੂਰ ਕਰਦੇ ਹਾਂ। ਜਿੰਦਗੀ ਨੇ ਸਾਨੂੰ ਬਾਣੀਏ ਬਣਾ ਦਿੱਤਾ ਹੈ। ਇਸੇ ਲਈ ਅਸੀਂ ਹਰ ਪਲ ਹਰ ਥਾਂ ਉੱਤੇ ਵਣਜ ਕਰਦੇ ਹਾਂ। ਇਸ ਵਣਜ ਵਿੱਚ ਅਸੀਂ ਸਭ ਕੁਝ ਹੀ ਦਾਅ ਉੱਤੇ ਲਾਉਂਦੇ ਹਾਂ। ਜਾਂ ਫਿਰ ਇਹ ਕਹਿ ਲਓ ਕਿ ਸਾਨੂੰ ਸਭ ਕੁੱਝ ਹੀ ਦਾਅ ਉੱਤੇ ਲਾਉਣ ਲਈ ਪ੍ਰੇਰਿਆ ਜਾਂਦਾ ਹੈ, ਉਕਸਾਇਆ ਜਾਂਦਾ ਹੈ, ਜਾਂ ਫ਼ਿਰ ਡਰਾਇਆ ਜਾਂਦਾ ਹੈ। ਇਹ ਡਰ ਸਾਡੇ ਅੰਦਰ ਕੁੱਟ ਕੁੱਟ ਕੇ ਭਰ ਦਿੱਤਾ ਹੈ। ਅਸੀਂ ਡਰ ਦੇ ਮਾਰੇ ਹੀ ਬਸ ਦੌੜ ਰਹੇ ਹਾਂ।
         ਹੁਣ ਬਜ਼ਾਰ ਹੀ ਸਾਨੂੰ ਦੱਸਦਾ ਹੈ ਕਿ ਅਸੀਂ ਕੀ ਪਾਉਣਾ, ਕਿਹੋ ਜਿਹਾ ਪਾਉਣਾ ਹੈ, ਕਿੱਥੇ ਕਿੱਥੇ ਕੀ ਕੀ ਨਹੀਂ ਪਾਉਣਾ। ਇਸੇ ਲਈ ਅਸੀਂ ਅਕਸਰ ਹੀ ਚੰਗੇ ਹੋਣ ਦਾ ਢੋਂਗ ਕਰਦੇ ਹਾਂ। ਅਸੀਂ ਕਰਨ ਲਈ ਕੁੱਝ ਨਹੀਂ ਕਰਦੇ। ਸਗੋਂ ਬਜ਼ਾਰ ਦੇ ਲਈ ਅਸੀਂ ਉਹ ਕੁੱਝ ਕਰਦੇ ਹਾਂ ਜਿਹੜੀ ਕਦੇ-ਕਦੇ ਸਾਡੀ ਬਚੀ ਖੁਚੀ ਜ਼ਮੀਰ ਕਦੇ ਕਦਾਈਂ ਸਾਨੂੰ ਰੋਕਦੀ ਹੈ ਟੋਕਦੀ ਹੈ। ਅਸੀਂ ਬੋਲੇ ਵਾਂਗ ਚੁੱਪ ਵੱਟਦੇ ਹਾਂ। ਸਾਡੀ ਇਹੀ ਚੁੱਪ ਸਾਡੇ ਅੰਦਰਲੇ ਸ਼ੋਰ ਨੂੰ ਸ਼ਾਂਤ ਕਰਦੀ ਹੈ।
ਅਸੀਂ ਇਸ ਕਰਕੇ ਨਹੀਂ ਬੋਲਦੇ, ਕਿ ਅਸੀਂ ਕੀ ਲੈਣਾ ਹੈ। ਅਸੀਂ ਤਾਂ ਮਸਤ ਹਾਥੀ ਦੇ ਵਾਂਗ ਤੁਰੇ ਜਾ ਰਹੇ ਹਾਂ। ਸਾਡੀਆਂ ਅੱਖਾਂ ਉੱਤੇ ਟੋਪੇ ਹਨ, ਇਸੇ ਕਰਕੇ ਸਾਨੂੰ ਬਾਜ਼ਾਰ ਤੋਂ ਬਿਨਾਂ ਕੁੱਝ ਦਿਖਾਈ ਨਹੀਂ ਦਿੰਦਾ। ਅਸੀਂ ਤਾਂ ਉਹ ਕੁੱਝ ਦੇਖਦੇ ਹਾਂ, ਜਿਸ ਵਿੱਚ ਮੁਨਾਫ਼ਾ ਮਿਲੇ। ਉਂਝ ਅਸੀਂ ਮੁਨਾਫਾ ਖੋਰ ਨਾ ਬਨਣ ਲਈ ਚਿਹਰੇ ਉੱਤੇ ਮਖੌਟੇ ਲਾਉਂਦੇ ਹਾਂ। ਅਸੀਂ ਹਰ ਥਾਂ ਆਪਣੀ ਮਰਜ਼ੀ ਦਾ ਨਹੀਂ ਸਗੋਂ ਅਗਲੇ ਦੀ ਮਰਜ਼ੀ ਦਾ ਮਖੌਟਾ ਲਾਉਂਦੇ ਹਾਂ। ਇਸੇ ਕਰਕੇ ਸਾਡੇ ਚਿਹਰੇ ਨਹੀਂ ਪੜ੍ਹੇ ਜਾਂਦੇ। ਚਿਹਰਿਆਂ ਉੱਤੇ ਲੱਗੇ ਮਖੌਟੇ ਜਦੋਂ ਤੱਕ ਸਾਨੂੰ ਪੜ੍ਹਨ ਦੀ ਜਾਂਚ ਆਉਂਦੀ ਹੈ। ਸਮਾਂ ਹੱਥੋਂ ਕਿਰ ਜਾਂਦਾ ਹੈ। ਸਮਾਂ ਹੱਥੋ ਕਿਰਦਾ ਹੀ ਨਹੀਂ ਸਗੋਂ ਸਾਡੇ ਹੱਥ ਦੇ ਤੋਤੇ ਉਡਾ ਦਿੰਦਾ ਹੈ।
       ਉੱਡ ਗਏ ਤੋਤੇ ਕਦੇ ਵਾਪਸ ਨਹੀਂ ਪਰਤਦੇ। ਤੋਤਿਆਂ ਨੂੰ ਬਾਗ਼ ਬਥੇਰੇ ਹੁੰਦੇ ਹਨ। ਅਸੀਂ ਲੁੱਟੇ ਜੁਆਰੀਏ ਵਾਂਗ ਹੱਥ ਮਲਦੇ ਰਹਿ ਜਾਂਦੇ ਹਾਂ। ਉਦੋਂ ਸਾਡੇ ਕੋਲ ਕੋਈ ਮੋਢਾ ਵੀ ਨਹੀਂ ਹੁੰਦਾ। ਜਿਸ ਦੇ ਉੱਪਰ ਸਿਰ ਰੱਖ ਕੇ ਘੜੀ-ਪਲ ਰੋ ਸਕੀਏ। ਕਿਉਂ ਕਿ ਰੋਣਾ ਤਾਂ ਸਾਨੂੰ ਭੁੱਲ ਹੀ ਗਿਆ ਹੈ। ਹੱਸਣਾ ਅਸੀਂ ਜਾਣਦੇ ਨਹੀਂ। ਜੇ ਅਸੀਂ ਹੱਸਾਂਗੇ ਤਾਂ ਸਵਾਲ ਖੜ੍ਹੇ ਹੋਣਗੇ। ਸਵਾਲਾਂ ਦੇ ਉੱਤਰ ਦੇਣ ਲਈ ਮਖੌਟਿਆਂ ਦਾ ਸਹਾਰਾ ਲੈਣਾ ਪਵੇਗਾ।
        ਮਖੌਟੇਧਾਰੀਆਂ ਦੀ ਆਪਣੀ ਸੋਚ ਬਜ਼ਾਰ ਵਰਗੀ ਹੁੰਦੀ ਹੈ। ਬਜ਼ਾਰ ਦਾ ਕਾਰੋਬਾਰ ਹੈ, ਵੰਡਣਾ, ਖਰੀਦਣਾ ਅਤੇ ਵੇਚਣਾ। ਮੁਨਾਫ਼ਾ ਹਾਸਿਲ ਕਰਨਾ। ਕਦੇ ਇਹ ਮਖੌਟੇ ਧਰਮ, ਨਸਲ, ਜਾਤ, ਰੰਗ-ਭੇਦ ਦਾ ਪਾਉਂਦੇ ਹਨ। ਸਾਨੂੰ ਇੰਨ੍ਹਾਂ ਦੇ ਅਰਥ ਸਮਝਾਉਂਦੇ ਹਨ।
        ਇਸ ਵਾਰ ਮਖੌਟਾਧਾਰੀਆਂ ਨੂੰ ਅਜਿਹਾ ਹੀ ਮਖੌਟਾ ਪਾ ਕੇ ਸਾਨੂੰ ਭੇਡਾਂ ਵਾਂਗ ਮਗਰ ਲਾਇਆ। ਭੇਡਾਂ ਦੀ ਕੋਈ ਸੋਚ ਸਮਝ ਨਹੀਂ ਹੁੰਦੀ। ਉਨ੍ਹਾਂ ਦੀ ਇੱਕੋ ਇੱਕ ਮੰਜਿਲ ਹੁੰਦੀ ਹੈ, ਕਿ ਉਨ੍ਹਾਂ ਕਦੋਂ ਕਿਸੇ ਡਾਈਨਿੰਗ ਟੇਬਲ ਤੇ ਪੁੱਜਣਾ ਹੈ। ਜਾਂ ਫ਼ਿਰ ਕਿਸੇ ਧਾਰਾ ਅਧੀਨ ਕਿਸੇ ਕਾਲ ਕੋਠੜੀ ਵਿੱਚ ਕਿੰਨੇ ਦਿਨ ਗੁਜਾਰਨੇ ਹਨ ਤੇ ਕਦੋਂ ਕਾਲ ਕੋਠੜੀ ਤੋਂ ਫ਼ਾਂਸੀ ਦੇ ਤਖਤ ਤੱਕ ਪੁੱਜਣਾ ਹੈ। ਇਹ ਉਹ ਫ਼ਾਂਸੀ ਦਾ ਤਖਤਾ ਨਹੀਂ, ਜਿਹੜਾ ਹਕੂਮਤਾਂ ਦੀਆਂ ਜੜ੍ਹਾਂ ਹਿਲਾਉਂਦਾ ਹੈ। ਸਗੋਂ ਇਹ ਤਖਤਾ ਹੈ ਜਿਹੜਾ ਤਖਤ ਵਾਲਿਆਂ ਨੂੰ ਮਖੌਟੇਧਾਰੀ ਬਣੇ ਰਹਿਣ ਦਾ ਸਮਾਂ ਦਿੰਦਾ ਹੈ। ਅਸੀਂ ਖਾਣਾ ਕੀ ਹੈ ? ਪੀਣਾ ਕੀ ਹੈ ? ਤੇ ਕਿਵੇਂ ਮਰਨਾ ਹੈ ? ਅੱਜ ਕੱਲ੍ਹ ਸਾਨੂੰ ਬਜ਼ਾਰ ਹੀ ਤਾਂ ਦੱਸਦਾ ਹੈ। ਅਸੀਂ ਜਿਊਂਦੇ ਤਾਂ ਹੈ ਨਹੀਂ ਸਿਰਫ਼ ਸਾਹ ਲੈਂਦੇ ਹਾਂ। ਉਸ ਹਵਾ ਵਿੱਚੋਂ ਜਿਸ ਵਿੱਚ ਇਨ੍ਹਾਂ ਮਖੌਟੇਧਾਰੀਆਂ ਨੇ ਜ਼ਹਿਰ ਰਲਾ ਦਿੱਤੀ ਹੈ। ਸਾਨੂੰ ਸਵਰਗ ਦੇ ਸੁਪਨਿਆਂ ਦੇ ਲੜ ਲਾ ਦਿੱਤਾ ਹੈ। ਅਸੀਂ ਸੁਪਨਿਆਂ ਵਿੱਚ ਜਿਉਂਦੇ ਹਾਂ ਤੇ ਹਕੀਕਤ ਵਿੱਚ ਮਰਦੇ ਹਾਂ। ਇਸੇ ਕਰਕੇ ਅੱਜ ਕੱਲ੍ਹ ਮਾਰ ਦਿੱਤੇ ਗਿਆਂ ਤੇ ਮਰ ਗਿਆਂ ਨੂੰ ਕੋਈ ਯਾਦ ਨਹੀਂ ਕਰਦਾ। ਕਿਉਂ ਕਿ ਉਨ੍ਹਾਂ ਨੂੰ ਤਾਂ ਕੋਈ ਤਾਂ ਯਾਦ ਕਰੇਗਾ, ਜੇ ਕੋਈ ਭੁੱਲਿਆ ਹੋਵੇਗਾ। ਇਸ ਲਈ ਹੱਸਣ ਨਾਲੋਂ ਰੋਣਾ ਚੰਗਾ ਹੈ। ਰੋਂਦਿਆਂ ਨੂੰ ਵੇਖ ਜੇ ਕੋਈ ਖੜ੍ਹ ਹੀ ਜਾਵੇ ਤਾਂ ਸਾਡੇ ਹੰਝੂ ਪੂੰਝ ਦੇਵੇ। ਇਸ ਲਈ ਰਾਸ਼ਟਰਵਾਦ ਦੇ ਨਾਂ ਉੱਤੇ ਜਿੰਨਾਂ ਤੁਸੀਂ ਰੋਵੋਂਗੇ,ਓਨਾਂ ਹੀ ਤੁਹਾਡਾ ਕਥਾਰਥ ਹੋਵੇਗਾ। ਤੁਹਾਨੂੰ ਮੁਕਤੀ ਮਿਲ ਸਕਦੀ ਹੈ। ਮੁਕਤੀ ਲੈਣ ਲਈ ਰੋਣਾ ਬਹੁਤ ਜ਼ਰੂਰੀ ਹੈ। ਮੁਕਤੀ ਦਾ ਮਾਰਗ ਸੰਘਰਸ਼ ਕਰਨ ਨਾਲ ਨਹੀਂ ਮਿਲਦੀ, ਸਗੋਂ ਭੇਡਾਂ ਬਣਨ ਨਾਲ ਮਿਲਦੀ ਹੈ। ਉਹ ਭੇਡਾਂ ਜਿਹੜੀਆਂ ਸਿਰ ਸੁੱਟ ਕੇ ਸਿਰ ਇੱਕ ਦੂਜੀ ਪਿੱਛੇ ਛਾਲਾਂ ਮਾਰਦੀਆਂ ਹਨ। ਇੱਕ ਦੂਜੇ ਦਾ ਢਿੱਡ ਤੇ ਸਿਰ ਪਾੜਦੀਆਂ ਹਨ। ਪਰ ਉਹਨਾਂ ਨੂੰ ਤੁਹਾਡੇ ਭੇਡਾਂ ਬਣੇ ਰਹਿਣ ਵਿੱਚ ਹੀ ਕਾਮਯਾਬੀ ਹੈ।
      ਖੈਰ ਗੱਲ ਤਾਂ ਯਾਦਾਂ ਦੀ ਪੰਡ ਦੀ ਸੀ। ਯਾਦਾਂ ਤਾਂ ਹੁਣ ਬਹੁਤ ਬਣ ਗਈਆਂ ਹਨ। ਅਜੇ ਤਾਂ ਅਗਲਾ ਸਮਾਂ ਯਾਦਗਾਰ ਬਣਾਉਣ ਤੱਕ ਪੁੱਜਣ ਵਾਲਾ ਹੈ। ਇਸ ਲਈ ਬਹੁਤੇ ਉਦਾਸ ਨਾ ਹੋਵੋ। ਉਦਾਸੀ ਕਿਸੇ ਮਸਲੇ ਦਾ ਹੱਲ ਨਹੀਂ ਮਸਲਿਆਂ ਦੇ ਹੱਲ ਲਈ ਤੁਹਾਨੂੰ ਵੀ ਮਖੌਟੇਧਾਰੀ ਬਨਣਾ ਪਵੇਗਾ। ਉਨਾਂ ਨੂੰ ਆਪਣੀ ਹੋਂਦ ਦਾ ਅਹਿਸਾਸ ਕਰਵਾਉਣਾ ਪਵੇਗਾ। ਡਰਿਆਂ, ਮਰਿਆਂ ਮੁਕਤੀ ਨਹੀਂ ਮਿਲਣੀ। ਮੁਕਤੀ ਲਈ ਤਾਂ ਲੜਨਾ ਪੈਣਾ ਹੈ। ਇਸੇ ਲਈ ਤਾਂ ਅਸੀਂ ਉਨਾਂ ਦੇਸ਼ ਭਗਤਾਂ, ਸ਼ਹੀਦਾਂ ਅਤੇ ਯੋਧਿਆਂ ਨੂੰ ਕਦੇ ਭੁੱਲੇ ਨਹੀਂ, ਜਿੰਨਾਂ ਨੇ ਸਾਨੂੰ ਅਣਖ ਦੇ ਨਾਲ ਜਿਊਣ ਦਾ ਸੁਪਨਾ ਦਿੱਤਾ ਸੀ ਤੇ ਖੁਦ ਸ਼ਹੀਦ ਹੋ ਗਏ ਸਨ। ਪਰ ਅਸੀਂ ਕੀ ਕਰਦੇ ਹਾਂ। ਕਿਹੜੀ ਜੰਗ ਲੜ ਰਹੇ ਹਾਂ? ਸਾਡੀ ਜੰਗ ਕਦੇ ਉਨ੍ਹਾਂ ਮਖੌਟੇਧਾਰੀਆਂ ਦੀਆਂ ਕਰਤੂਤਾਂ, ਨੀਤੀਆਂ, ਬਦਨੀਤੀਆਂ ਦੇ ਵਿਰੁੱਧ ਵੀ ਹੋਵੇਗੀ ? ਜੇ ਹੋਵੇਗੀ ਤਾਂ ਹੁਣ ਫ਼ੈਸਲਾਕੁੰਨ ਹੀ ਹੋਵੇ, ਨਹੀਂ ਤਾਂ ਮਰਜਾ ਚਿੜੀਏ, ਜੀ ਪੈ ਚਿੜੀਏ ਵਰਗੀਆਂ ਬਹੁਤ ਜੰਗਾਂ ਹੋ ਗਈਆਂ। ਹੁਣ ਤੇ ਆਰ-ਪਾਰ ਦੀ ਜੰਗ ਦੀ ਲੋੜ ਹੈ। ਲੋੜ ਕਾਢ ਦੀ ਮਾਂ... ਪਰ ਸਾਨੂੰ ਗਊ ਨੂੰ ਮਾਂ ਆਖਣ ਲਾ ਦਿੱਤਾ ।
ਹੁਣ ਸਿਆਣੇ ਬਜ਼ੁਰਗਾਂ ਦੀ ਸੰਗਤ ਕਰਨ ਦੀ ਲੋੜ ਹੈ .. ਜਿਹਨਾਂ ਨੂੰ ਅਸੀਂ ਭੁੱਲ ਗਏ ਹਾਂ ....!
ਅਖੈ .. ਤੈਨੂੰ ਯਾਦ ਤਾਂ ਕਰਾਂ ਜੇ ਮੈਂ ਭੁੱਲਿਆ ਹੋਵਾਂ ... ਕਦੇ ਗੁਰਪਾਲ ਸਿੰਘ ਲਿੱਟ ਦੀਆਂ ਕਹਾਣੀਆਂ ਵਿੱਚੋਂ .. ਜਬਾੜੇ …  ਕਹਾਣੀ ਪੜ੍ਹ ਲਿਓ..!
ਸੰਪਰਕ : 94643 70823

ਜਦੋਂ ਸਿਸਟਮ ਟੁੱਟਦਾ ਹੈ ! - ਬੁੱਧ ਸਿੰਘ ਨੀਲੋਂ

ਤਾਲਾਬੰਦੀ ਵਿੱਚ ਟੁੱਟ ਗਿਆ ਦੇਸ਼ ਦਾ ਸਿਸਟਮ, ਲੋਕਾਂ ਨੇ ਜਿਉਣ ਦੇ ਬਦਲੇ ਨੇ ਅਰਥ, ਸਰਕਾਰ ਕਰ ਰਹੀ ਹੈ, ਅਨਰਥ। ਦਰਦ ਦੀ ਚੀਕ ਵੀ ਸੁਣੀ। ਲੋਕਾਂ ਨੇ ਨਵੀਂ ਬਣਤੀ ਬੁਣੀ। ਲੋਕ ਸਿਰ ਉਤੇ ਪੈਰ ਤੇ ਘਰ ਰੱਖ ਕੇ ਧਰਤੀ ਲਹੂ ਨਾਲ ਰੰਗਦੇ ਰਹੇ।
 ਹੁਣ ਇੰਝ ਲੱਗਦਾ ਹੈ ... ਸਭ ਕੁੱਝ  ਰਾਮ ਭਰੋਸੇ ਚੱਲਦਾ ਹੈ!  ਲਾਸ਼ਾਂ ਚੀਕਦੀਆਂ .. ਮੁਰਦੇ ਘਰਾਂ ਵਿੱਚ  ਨਹੀਂ  ਕਬਰਾਂ  ਵਿੱਚ  ਕੈਦ ਹਨ।  ਤਮਾਸ਼ਾ  ਜਾਰੀ ਹੈ।
        ਜਦੋਂ ਸਿਸਟਮ  ਟੁੱਟਦਾ ਹੈ ਤਾਂ ਧਰਤੀ ਨਹੀਂ ਕੰਬਦੀ, ਆਸਮਾਨ ਨਹੀਂ ਪਾਟਦਾ, ਧਰਤੀ ਉਤੇ ਭੂਚਾਲ ਨਹੀਂ ਆਉਂਦਾ। ਅੰਬਰ ਦੇ ਤਾਰੇ ਨਹੀਂ ਟੁੱਟਦੇ, ਘਰਾਂ ਦੇ ਚੁੱਲੇ ਨਹੀਂ ਬੁਝਦੇ। ਸੜ੍ਹਕਾਂ ਉੱਤੇ ਭੀੜ ਦਨਦਨਾਉਂਦੀ ਨਹੀਂ ਫਿਰਦੀ। ਪੁਲਿਸ ਦੀ ਲਾਠੀ ਨਹੀਂ ਚਲਦੀ, ਕਬਰਾਂ ਤੇ ਸਮਸ਼ਾਨਾਂ ਵਿੱਚ ਰੋਣਕਾਂ ਨਹੀਂ ਲੱਗਦੀਆਂ।
       ਹੱਸਦੇ ਘਰਾਂ ਵਿੱਚ ਵਸਦੇ ਲੋਕ, ਆਪਣੇ ਹੀ ਘਰਾਂ ਵਿੱਚ ਕੈਦ ਨਹੀਂ ਹੁੰਦੇ। ਘਰਾਂ ਦੇ ਬੂਹਿਆਂ ਤੇ ਤਾਲੇ ਨਹੀਂ ਲੱਗਦੇ। ਪੈਰਾਂ ਦੀਆਂ ਬਿਆਈਆਂ ਨਹੀਂ ਪਾਟਦੀਆਂ, ਛਾਲੇ ਨਹੀਂ ਪੈਂਦੇ। ਕੋਈ ਅੱਖਾਂ ਦੀਆਂ ਕਿਆਰੀਆਂ ਵਿੱਚੋਂ ਹੰਝੂ ਨਹੀਂ ਪੂੰਝਦਾ। ਜਦੋਂ ਸਿਸਟਮ ਡਿੱਗਦਾ ਹੈ।
        ਸਿਸਟਮ ਦਾ ਮੁੱਢ ਕੁਦੀਮੋਂ ਹੀ ਆਪਣਾ ਕਾਨੂੰਨ ਹੈ। ਆਪਣਾ ਬੀ ਇੱਕ ਜਨੂੰਨ ਹੈ। ਇਹ ਜਨੂੰਨ ਲੁੱਟਣ ਵਾਲਿਆਂ ਦਾ ਆਪਣਾ ਹੈ। ਇਸੇ ਕਰਕੇ ਉਹ ਜਦੋਂ ਵੀ ਚਾਹੁੰਦੇ ਹਨ ਤਾਂ ਕਾਨੂੰਨ ਦਾ ਨੱਕ ਮਰੋੜਦੇ ਹਨ, ਲੁੱਟੇ ਜਾਣ ਵਾਲਿਆਂ ਨੂੰ ਨੱਚੋੜਦੇ ਹਨ।
     ਨੁਚੜੇ ਬੰਦੇ ਫਿਰ ਸੜਕਾਂ ਤੇ ਨਹੀਂ ਕਬਰਾਂ ਦੀ ਉਡੀਕ ਕਰਦੇ ਹਨ। ਨਿੱਤ ਦਿਨ ਉਹ ਸੋਚ ਕੇ ਮਰਦੇ ਹਨ, ਕਿ ਸ਼ਾਇਦ ਭਵਿੱਖ ਉਨ੍ਹਾਂ ਲਈ ਗੁਲਦਾਉਦੀ ਦੇ ਫੁੱਲਾਂ ਦੀ ਮਹਿਕ, ਚੁੱਲੇ ਲਈ ਬਾਲਣ, ਪੀਪੇ ਲਈ ਆਟਾ, ਤਨ ਲਈ ਕੱਪੜਾ ਤੇ ਸਿਰ ਲਈ ਛੱਤ ਲੈ ਕੇ ਆਵੇਗਾ। ਉਹ ਆਸ ਦੇ ਸਹਾਰੇ ਜਿਉਂਦੇ ਨਹੀਂ ਆਸ ਦੀ ਉਡੀਕ ’ਚ ਪਲ ਪਲ, ਹਰ ਸਾਹ ਮਰਦੇ ਹਨ। ਪਰ ਫਿਰ ਵੀ ਉਹ ਜਿਉਦੇ ਰਹਿੰਦੇ ਹਨ। ਉਹ ਜਿਉਂਦੇ ਇਸ ਕਰਕੇ ਨਹੀਂ ਰਹਿੰਦੇ, ਕਿ ਉਨ੍ਹਾਂ ਦੇ ਹਿੱਸੇ ਦਾ ਅੰਬਰ ਕੋਈ ਉਨ੍ਹਾਂ ਨੂੰ ਮੋੜ ਦੇਵੇਗਾ, ਉਹ ਤਾਂ ਲੁੱਟਣ ਵਾਲਿਆਂ  ਲਈ ਹੋਰ ਲੁੱਟ ਦਾ ਸਾਧਨ ਬਣਦੇ ਹਨ।
      ਉਹ ਆਪਣੇ ਲਈ ਸਾਧਨ ਤਲਾਸ਼ਦੇ ਹੋਏ, ਸੜਕਾਂ, ਫੈਕਟਰੀਆਂ, ਦਫਤਰਾਂ, ਖੇਤਾਂ ਤੇ ਘਰਾਂ ਵਿੱਚ ਮਰਦੇ ਹਨ, ਪਰ ਉਹ ਫਿਰ ਵੀ ਜਿਉਂਦੇ ਰਹਿੰਦੇ ਹਨ, ਕਿਉਕਿ ਉਨ੍ਹਾਂ ਦੇ ਜਿਉਂਦੇ ਰਹਿਣ ਦੀ ਸਿਸਟਮ ਨੂੰ ਲੋੜ ਹੈ। ਉਹ ਇਸ ਲੋੜ ਨੂੰ ਜਿਉਦਾ ਰੱਖਣ ਲਈ ਯੋਜਨਾਵਾਂ ਉਲੀਕਦਾ ਹੈ, ਉਨ੍ਹਾਂ ਦੇ ਲਈ ਸੁਪਨਿਆਂ ਦਾ ਸੰਸਾਰ ਸਿਰਜਣ ਦੇ ਸੁਪਨੇ ਵਿਖਾਉਂਦਾ ਹੈ, ਤੇ ਉਨ੍ਹਾਂ ਨੂੰ ਡਰਾਉਦਾ ਵੀ ਹੈ ਤੇ ਤਰਸਾਉਂਦਾ ਵੀ, ਡਰਦਿਆਂ, ਤਰਸਦਿਆਂ, ਮਰਦਿਆਂ ਉਹ ਫੇਰ ਜਿਉਦੇ ਰਹਿੰਦੇ ਹਨ, ਕਿਉਕਿ ਸਿਸਟਮ ਨੂੰ ਜਿਉਦਾ ਰੱਖਣ ਲਈ ਸਿਸਟਮ ਕਦੇ ਵੀ ਉਨ੍ਹਾਂ ਨੂੰ ਮਰਨ ਨਹੀਂ ਦਿੰਦਾ।  
      ਸਿਸਟਮ ਦਾ ਤੇ ਧਰਮ ਦਾ ਆਪਣਾ ਇੱਕ ਜੋੜ ਹੈ, ਉਹ ਧਰਮ ਦੇ ਨਾਂ ਉੱਤੇ ਦੰਗੇ ਨਹੀਂ ਕਰਵਾਉਦਾ, ਕਤਲ ਨਹੀਂ ਕਰਵਾਉਦਾ, ਗਲਾਂ ਵਿੱਚ ਟਾਇਰ ਨਹੀਂ ਪਾਉਦਾ, ਪੁਲਾਂ, ਕੱਸੀਆਂ ਨਾਲਿਆਂ ਤੇ, ਟਾਹਲੀਆਂ, ਕਿੱਕਰਾਂ ਦੇ ਥੱਲੇ ਮੁਕਾਬਲੇ ਨਹੀਂ ਕਰਦਾ, ਉਹ ਮਨੁੱਖਤਾ ਦਾ ਸ਼ਿਕਾਰ ਨਹੀਂ ਖੇਡਦਾ, ਉਹ ਜੁਆਨੀ ਨੂੰ ਨੌਕਰੀਆਂ ਦਿੰਦਾ ਹੈ, ਲਾਡੀਆਂ ਦਿੰਦਾ, ਬੰਦੂਕਾਂ, ਗੋਲੀਆਂ ਤੇ ਏ.ਕੇ. ਸੰਤਾਲੀ ਦਿੰਦਾ ਹੈ ਤਾਂ ਕਿ ਉਹ ਆਪਣਾ ਸ਼ਿਕਾਰ ਖੁਦ ਕਰ ਸਕਣ।
     ਜਦੋਂ ਜੁਆਨੀ ਆਪਣਾ ਸ਼ਿਕਾਰ ਖੁੱਦ ਕਰਦੀ ਹੈ ਤਾਂ ਉਸ ਨੂੰ ਪਤਾ ਨਹੀਂ ਤਾਰਨ ਤੇ ਮਾਰਨ ਵਾਲੇ ਦੇ ਹੱਥਾਂ ਤੇ ਦਸਤਾਨੇ ਕਿਸ ਦੇ ਹਨ। ਬੰਦੂਕ ਦਾ ਟਰਾਈਗਰ ਉਹ ਨਹੀਂ ਕੌਣ ਦੱਬਦਾ ਹੈ। ਉਸ ਦੇ ਬੰਦੂਕ ’ਚੋਂ ਨਿਕਲੀ ਗੋਲੀ ਨਾਲ ਖੂਨ ਸਾਹਮਣੇ ਵਾਲੇ ਦਾ ਨਹੀਂ, ਸਗੋਂ ਉਸ ਦੀ ਪਿੱਠ ਵਿੱਚੋਂ ਨਿਕਲਦਾ ਹੈ।
         ਉਹ ਲਾਵਾਰਿਸ ਲਾਸ਼ਾਂ ਨਹੀਂ ਬਣਦਾ, ਉਹ ਦਰਿਆਵਾਂ ਤੇ ਨਹਿਰਾਂ ਵਿੱਚ ਮੱਛੀਆਂ ਦਾ ਭੋਜਨ ਨਹੀਂ ਬਣਦਾ। ਉਹ ਤਾਂ ਸਗੋਂ ਆਪਣੇ ਗਉਮੈ ਦੇ ਘੋੜੇ ਤੇ ਸਵਾਰ ਹੋ ਕੇ ਸਿਸਟਮ ਦੀ ਰਾਖੀ ਕਰਦਾ ਹੈ। ਰਾਖੀ ਕਰਦਾ ਕੋਈ ਮਰਦਾ ਨਹੀਂ ਹੁੰਦਾ, ਸਗੋਂ ਸ਼ਹੀਦ ਹੁੰਦਾ ਹੈ। ਸ਼ਹੀਦ ਹੋਣਾ ਸਿਸਟਮ ਲਈ ਜਰੂਰੀ ਹੈ। ਉਸ ਦੀ ਲਾਸ਼ ਨੂੰ ਤਾਬੂਤ ਨਹੀਂ ਖਾਂਦਾ। ਸਗੋਂ ਉਸ ਦਾ ਆਪਣਾ ਹੀ ਸਾਇਆ ਖਾ ਜਾਂਦਾ ਹੈ।
        ਇਸੇ ਕਰਕੇ ਸਿਸਟਮ ਤਾਬੂਤਾਂ ਦਾ ਵਪਾਰ ਕਰਦਾ ਹੈ, ਇਹ ਤਾਬੂਤ ਅਸਮਾਨ ਵਿੱਚ ਉਡਦੇ ਹਨ, ਸਰਹੱਦ ਦੀ ਰਾਖੀ ਕਰਦੇ ਹਨ। ਰਾਖੀ ਕਰਦਿਆਂ ਮੌਤ ਨੂੰ ਝਕਾਨੀ ਦੇ ਕੇ ਮੁੜ ਆਉਣਾ ਸੂਰਮਗਤੀ ਨਹੀਂ ਹੁੰਦਾ, ਸਗੋਂ ਸਿਸਟਮ ਨਾਲ ਕੀਤੀ ਗਦਾਰੀ ਅਖਵਾਉਂਦੀ ਹੈ। ਗਦਾਰਾਂ ਤੇ ਸਰਦਾਰਾਂ ਵਿੱਚ ਉਦੋਂ ਅੰਤਰ ਮਿਟ ਜਾਂਦਾ ਹੈ, ਜਦੋਂ ਸਿਸਟਮ ਆਪਣਾ ਵਪਾਰ ਵਧਾਉਣ ਲਈ ਦਿੰਦਾ ਹੈ ਖਿਤਾਬ ਸਰ, ਬਹਾਦਰ, ਜੈਲਦਾਰ ਤੇ ਨੰਬਰਦਾਰ ਦੇ, ਉਦੋਂ ਸਿਸਟਮ ਬੜਾ ਚੰਗਾ ਹੁੰਦਾ ਹੈ ਤੇ ਖਿਤਾਬ ਲੈਣ ਵਾਲਾ ਆਪਣੇ ਕਬੀਲੇ ਵਿੱਚ ਨੰਗਾ ਹੁੰਦਾ ਹੈ, ਨੰਗਾ ਬੰਦਾ ਉਦੋਂ ਹੀ ਹੁੰਦਾ ਹੈ ਜਦੋਂ ਮਰਦਾ ਹੈ। ਉਦੋਂ ਤਨ ਨਹੀਂ, ਮਨ ਮਰਦਾ ਹੈ, ਅਣਖ ਮਰਦੀ ਹੈ, ਸਿਸਟਮ ਦੀ ਕਿਸ਼ਤੀ ਉਦੋਂ ਟਿੱਬਿਆਂ ਵਿੱਚ ਵੀ ਚਲਦੀ ਹੈ। ਟਿੱਬਿਆਂ ਵਿੱਚ ਚਲਦੀ ਕਿਸ਼ਤੀ ਦੇ ਮਲਾਹ ਸਿਸਟਮ ਨਹੀਂ ਹੁੰਦਾ। ਸਿਸਟਮ ਹੀ ਮਲਾਹ ਤੇ ਕਿਸ਼ਤੀ ਹੁੰਦਾ ਹੈ।
 ਜਦੋਂ ਸਿਸਟਮ ਡਿੱਗਦਾ ਹੈ, ਤਾਂ ਦਿਨੇ ਰਾਤ ਨਹੀਂ ਪੈਂਦੀ, ਸਗੋਂ ਰਾਤ ਵੀ ਦਿਨ ਬਣ ਜਾਂਦੀ ਹੈ। ਉਦੋਂ ਦਿਨ ਤੇ ਰਾਤ ਦਾ ਅੰਤਰ ਮਿਟ ਜਾਂਦਾ ਹੈ, ਇਹ ਮਿਟਿਆ ਅੰਤਰ ਇੱਕ ਵਾਰ ਨਹੀਂ ਕਈ ਵਾਰ ਅੱਖੀ ਦੇਖਿਆ ਹੈ ਤੇ ਸਿਵਿਆਂ ਨੇ ਇਸ ਦਾ ਨਿੱਘ ਸੇਕਿਆ ਹੈ।
         ਸਿਸਟਮ ਜਦੋਂ ਚਲਦਾ ਹੈ, ਤਾਂ ਲੋਕ ਸੌਂਦੇ ਹਨ, ਸੁੱਤੇ ਹੋਏ ਲੋਕਾਂ ਉੱਤੇ ਸਿਸਟਮ ਆਪਣੀ ਹਕੂਮਤ ਨਹੀਂ ਚਲਾਉਂਦਾ ਸਗੋਂ ਉਨ੍ਹਾਂ ਨੂੰ ਸੁੱਤੇ ਰਹਿਣ ਦੇ ਢੰਗ ਤਰੀਕੇ ਸਿਖਾਉਂਦਾ, ਚੈਨਲਾਂ ਤੇ ਬਾਬਿਆਂ ਨੂੰ ਬੈਠਾਉਂਦਾ ਹੈ, ਉਨ੍ਹਾਂ ਦੇ ਪ੍ਰਵਚਨ ਸੁਣਾਉਦਾ ਹੈ, ਪ੍ਰਵਚਨ ਸਪਣਦਾ ਬੰਦਾ ਆਪਣਾ ਵਰਤਮਾਨ ਭੁੱਲਦਾ ਹੈ, ਅਗਲੇ ਜਨਮ ਦੇ ਵਿੱਚ ਸੁੱਖ ਮਿਲਣ ਦੀ ਆਸਾ ਵਿੱਚ ਬੱਝਦਾ ਹੈ। ਸਿਸਟਮ ਜਦੋਂ ਧਰਮ ਦਾ ਪਿਆਰ ਵੰਡਦਾ ਹੈ ਤਾਂ ਥਾਂ ਥਾਂ ਉੱਤੇ ਡੇਰਿਆਂ, ਮੰਦਿਰਾਂ, ਗੁਰਦੁਆਰਿਆਂ, ਮਸਜਿਦਾਂ ਤੇ ਚਰਚਾ ਦਾ ਹੜ੍ਹ ਆਉਦਾ ਹੈ, ਇਹ ਹੜ੍ਹ ਹੀ ਸਿਸਟਮ ਨੂੰ ਚਲਾਉਂਦਾ ਹੈ। ਧਰਮ ਰਾਜ ਨਹੀਂ ਸਗੋਂ ਰਾਜਨੀਤੀ ਕਰਦਾ ਹੈ। ਉਹ ਫਤਵੇ ਜਾਰੀ ਕਰਦਾ ਹੈ। ਸਜਾਵਾਂ ਦਿੰਦਾ ਹੈ। ਪਰ ਉਹ ਉਨ੍ਹਾਂ ਦੀਆਂ ਜੇਬਾਂ ਨਹੀਂ ਕੱਟਦਾ ਸਗੋਂ ਉਨ੍ਹਾਂ ਦੇ ਪਿਛਲੇ ਜਨਮ ਦੇ ਪਾਪ ਕੱਟਦਾ ਹੈ। ਪਾਪ ਕੱਟਿਆ ਹੀ ਮੁਕਤੀ ਮਿਲਦੀ ਹੈ। ਜਦੋਂ ਮੁਕਤੀ ਮਿਲਦੀ ਹੈ ਤਾਂ ਸਿਸਟਮ ਹੱਸਦਾ ਨਹੀਂ, ਸਗੋਂ ਸੋਗ ਮਨਾਉਂਦਾ ਹੈ, ਸ਼ਰਧਾਂਜਲੀ ਸਮਾਗਮ ਰਚਾਉਂਦਾ ਹੈ। ਮਰ ਗਿਆ ਲਈ ਐਲਾਨ ਕਰਦਾ ਹੈ, ਵਿਧਵਾਵਾਂ ਲਈ ਸਿਲਾਈ ਮਸ਼ੀਨਾਂ ਵੰਡਦਾ ਹੈ। ਉਨ੍ਹਾਂ ਦੀ ਯਾਦ ਵਿੱਚ ਹੰਝੂ ਵਗਾਉਂਦਾ ਹੈ, ਨੋਕਰੀ ਦੇਣ ਦਾ ਭਰੋਸਾ ਦਿੰਦਾ ਹੈ। ਇਹ ਭਰੋਸਾ ਉਨ੍ਹਾਂ ਲਈ ਖੰਜਰ ਉੱਤੇ ਪਈ ਰੋਟੀ ਬਣਦਾ ਹੈ, ਉਨ੍ਹਾਂ ਦਾ ਜੀਵਨ ਇਸੇ ਆਸ ਨਾਲ ਚਲਦਾ ਹੈ।
      ਸਿਸਟਮ ਆਮ ਤੋਂ ਖਾਸ ਤੇ ਖਾਸ ਤੋਂ ਆਮ ਤੱਕ ਲਈ ਯੋਜਨਾ ਉਲੀਕਦਾ ਹੈ, ਸੰਸਥਾਵਾਂ ਬਣਾਉਦਾ ਹੈ, ਆਪਣੀ ਖੇਡ ਜਾਰੀ ਰੱਖਣ ਲਈ ਜੱਥੇ ਬੰਦੀਆਂ ਬਣਾਉਂਦਾ ਹੈ। ਇਹ ਜੱਥੇਬੰਦੀਆਂ ਸਿਸਟਮ ਦਾ ਪਿੱਟ ਸਿਆਪਾ, ਗੇਟ ਰੈਲੀਆਂ, ਚੌਂਕ ਰੈਲੀਆਂ, ਜਿਲ੍ਹਾ ਮੁਕਾਮਾਂ ਤੇ ਧਰਨੇ ਕਰਵਾਉਂਦਾ ਹੈ ਤਾਂ ਸਿਸਟਮ ਚਲਦਾ ਹੈ।
       ਸਿਸਟਮ ਦਾ ਤੇ ਸਾਹਿਤ ਦਾ ਆਪਸ ਵਿੱਚ ਇਕ ਸੰਬੰਧ ਹੁੰਦਾ ਹੈ। ਇਹ ਸੰਬੰਧ ਬਗਾਵਤ ਨਹੀਂ ਬਣਦਾ ਸਗੋਂ ਸਿਸਟਮ ਦੀ ਪ੍ਰਕਰਮਾ ਕਰਦਾ ਹੈ। ਉਸ ਦੀ ਆਰਤੀ ਕਰਦਾ ਹੈ, ਉਸ ਦੀ ਅਰਾਧਨਾ ਕਰਦਾ ਹੈ। ਇਸੇ ਕਰਕੇ ਸਾਹਿਤ ਤੇ ਸਿਸਟਮ ਦਾ ਅੰਤਰ ਮਿੱਟ ਗਿਆ। ਹੁਣ ਸਾਹਿਤ ‘ਰਾਜੇ ਸੀਂਹ ਮੁਕੱਦਮ ਕੁੱਤੇ ਨਹੀਂ ਆਖਦਾ ਸਗੋਂ ਹੁਣ ਸਿਸਟਮ ਜੋ ਚਾਹੁੰਦਾ ਹੈ, ਉਹੀ ਸਾਹਿਤ ਸਿਰਜਿਆ ਜਾਂਦਾ ਹੈ, ਸਿਰਜਣ ਵਾਲਿਆਂ ਨੂੰ ਤੁਰਲਿਆ , ਸ਼ਮਲਿਆਂ ਨਾਲ ਨਿਵਾਜਿਆ ਜਾਂਦਾ ਹੈ।
      ਸਿਸਟਮ ਹੁਣ ਨਾਂ ਗਲਦਾ ਹੈ ਤੇ ਨਾਂ ਹੀ ਸੜਦਾ ਹੈ। ਗਲਦਾ ਤੇ ਸੜਦਾ ਤਾਂ ਗੋਦਾਮਾਂ ਵਿੱਚ ਅਨਾਜ ਹੈ। ਅਨਾਜ ਉਗਾਉਣ ਵਾਲੇ ਘਰਾਂ, ਖੇਤਾਂ, ਹਸਪਤਾਲਾਂ ਵਿੱਚ ਸੜਦੇ ਹਨ। ਸਿਸਟਮ ਤਾਂ ਪਲਦਾ ਹੈ, ਉਸਰਦਾ ਹੈ। ਮਹਿਲਾ ਵਿੱਚ ਮੁਕਾਰਿਆਂ ਵਿੱਚ। ਸਿਸਟਮ ਕਦੇ ਸਹਾਰਾ ਨਹੀਂ ਕਿਨਾਰਾ ਬਣਦਾ ਹੈ। ਕਿਨਾਰਿਆਂ ਦਾ ਆਪਸ ਵਿੱਚ ਮੇਲ ਨਹੀਂ ਹੁੰਦਾ। ਜਿਨ੍ਹਾਂ ਦਾ ਮੇਲ ਹੁੰਦਾ ਹੈ, ਉਨ੍ਹਾਂ ਦੀ ਰੇਲ ਚਲਦੀ ਹੈ। ਜੁਬਾਨ ਚਲਦੀ ਹੈ। ਉਹ ਜੁਬਾਨ ਤੇ ਰੇਲ ਸਿਸਟਮ ਦਾ ਨਹੀਂ ਲੋਕਾਂ ਦਾ ਕਤਲ ਕਰਦੀ ਹੈ। ਪਰ ਕਾਤਲ ਨਹੀਂ ਅਖਵਾਉਂਦੀ। ਜਿਹੜੇ ਕਤਲ ਨਹੀਂ ਕਰਦੇ, ਉਹ ਕਾਤਲ ਬਣ ਜਾਂਦੇ ਹਨ। ਉਹ ਕਾਤਲ ਬਣਕੇ ਖਲਨਾਇਕ ਤੋਂ ਨਾਇਕ ਬਣਦੇ ਹਨ।
      ਉਹ ਸਿਸਟਮ ਦੇ ਪਿਆਦੇ ਬਣ ਕੇ, ਉਹੀ ਬੋਲੀ ਬੋਲਦੇ ਹਨ, ਜਿਹੜਾ ਸਿਸਟਮ ਬੁਲਾਉਂਦਾ ਹੈ, ਉਹ ਹਸਦੇ, ਰੋਂਦੇ ਆਪਣੇ ਲਈ ਨਹੀਂ ਸਗੋਂ ਸਿਸਟਮ ਲਈ ਚੀਕਾਂ ਮਾਰਦੇ, ਕੂਕਾਂ ਮਾਰਦੇ ਹਨ।
       ਸਿਸਟਮ ਤੇ ਮੀਡੀਏ ਦਾ ਆਪਸ ਵਿੱਚ ਇੱਟ ਕੁੱਤੇ ਦਾ ਵੈਰ ਨਹੀਂ ਹੁੰਦਾ, ਸਗੋਂ ਨੂਰਾ ਕੁਸ਼ਤੀ ਹੁੰਦੀ ਹੈ। ਜਿਹੜੀ ਸੂਖਮ ਅੱਖਾਂ ਦੇ ਨਾਲ ਦੇਖਿਆ, ਵੇਖੀ ਨਹੀਂ ਜਾਂਦੀ, ਜਿਸ ਨੇ ਵੀ ਇਸ ਨੂੰ ਦੇਖਣ ਦਾ ਯਤਨ ਕੀਤਾ। ਉਹ ਅੱਖ ਨਹੀਂ ਬਚਦੀ। ਇਸੇ ਕਰਕੇ ਮੀਡੀਏ ਵਿੱਚ ਦੁੱਖ ਤੇ ਭੁੱਖ ਦੀਆਂ ਨਹੀਂ, ਸਗੋਂ ਸਨਸਨੀਖੇਜ਼ ਖਬਰਾਂ ਦੀ ਭਰਮਾਰ ਹੈ, ਇਹ ਲੋਕਾਂ ਦਾ ਨਹੀਂ ਸਗੋਂ ਸਿਸਟਮ ਦਾ ਅਸਿੱਧ ਤੌਰ ਤੇ ਪ੍ਰਚਾਰ ਹੈ। ਪਰ ਮੀਡੀਆ ਆਪਣੇ ਆਪਨੂੰ ਕਦੇ ਵੀ ਪ੍ਰਚਾਰਕ ਨਹੀਂ ਦੱਸਦਾ। ਉਹ ਤਾਂ ਸਗੋਂ ਹਰ ਵੇਲੇ ਹੱਸਦਾ ਹੈ। ਹੱਸਦਾ ਉਹ ਹੈ, ਜਿਸ ਦੀ ਕੋਠੀ ਦਾਣੇ ਹੋਣ। ਜਿਸਦੇ ਕੋਠੀ ਦਾਣੇ ਹੁੰਦੇ ਹਨ, ਉਨ੍ਹਾਂ ਦੇ ਕਮਲੇ ਵੀ ਸਿਆਣੇ ਹੁੰਦੇ ਹਨ। ਇਸ ਕਰਕੇ ਅੱਜ ਸਿਸਟਮ ਅੰਦਰ ਸਿਆਣੇ ਨਹੀਂ ਸਗੋਂ ਕਮਲਿਆਂ ਦੀ ਬਹੁਤਾਤ ਹੈ, ਇਸ ਕਰਕੇ ਸਿਸਟਮ ਉਦਾਸ ਹੈ।
        ਸਿਸਟਮ ਇਸ ਲਈ ਉਦਾਸ ਹੈ ਕਿ ਉਸ ਦੀ ਲੁੱਟ ਬੇਨਕਾਬ ਹੈ। ਜਿਸ ਦਾ ਨਾ ਕੋਈ ਖਾਤਾ ਤੇ ਨਾ ਹੀ ਹਿਸਾਬ ਹੈ। ਸਿਸਟਮ ਜਦੋਂ ਡਿਗਦਾ ਹੈ, ਤਾਂ ਮਸ਼ੀਨਾਂ ਮਰਦੀਆਂ ਹਨ। ਮਸ਼ੀਨਾਂ ਦਾ ਮਲਬਾ ਜਦੋਂ ਬੰਦੇ ਚੁੱਕਦੇ ਹਨ ਤਾਂ ਮਸ਼ੀਨਰੀ ਨੂੰ ਬਨਾਉਣ ਤੇ ਚਲਾਉਣ ਵਾਲਿਆਂ ਤੇ ਉਂਗਲਾਂ ਨਹੀਂ ਹੁੰਦੀਆਂ। ਉਹ ਤਾਂ ਸਗੋਂ ਟੁੱਟੀਆਂ ਬਾਹਾਂ ਦੇ ਨਾਲ ਫਿਰ ਤੋਂ ਨੱਕ ਉੱਤੇ ਬੰਨ ਕੇ ਮੈਡੀਕਲ ਪੱਟੀ, ਉਨ੍ਹਾਂ ਮਸ਼ੀਨਾਂ ਦੀਆਂ ਲਾਸ਼ਾਂ ਚੱਕਦੇ ਦੇ ਲਗਾਉਦੇ, ਮਸ਼ੀਨਾਂ ਲੁਕਾਉਦੇ ਹਨ, ਮਸ਼ੀਨਾਂ ਦੀ ਮੌਤ ਤੇ ਲੋਕ ਮਾਤਮ ਨਹੀਂ ਕਰਦੇ, ਸੋਗ ਨਹੀਂ ਮਨਾਉਦੇ, ਨਾਅਰੇ ਨਹੀਂ ਲਗਾਉਦੇ, ਧਰਨੇ ਨਹੀਂ ਦਿੰਦੇ। ਮਸ਼ੀਨਾਂ ਦੀ ਮੌਤ ਉਨ੍ਹਾਂ ਲਈ ਰੋਟੀਆਂ ਨਹੀਂ ਬਣਦੀ।
       ਇਸ ਕਰਕੇ ਉਹ ਮੁਰਦਾ ਸ਼ਾਂਤੀ ਵਿੱਚ ਬੈਠ ਭਜਨ, ਕੀਰਤਨ ਤੇ ਬੰਦਗੀ ਕਰਦੇ ਹਨ। ਬੰਦਗੀ ਕਰਦਿਆਂ ਨੂੰ ਹੱਕਾਂ ਦੀ ਨਹੀਂ, ਸਗੋਂ ਛਿੱਤਰਾਂ ਦੀ ਲੋੜ ਹੁੰਦੀ ਹੈ, ਲੋੜ ਕਾਢ ਦੀ ਮਾਂ ਹੁੰਦੀ ਹੈ। ਇਸ ਕਰਕੇ ਆਖਦੇ ਹਨ, ਚੋਰ ਨਾ ਸਗੋਂ ਚੋਰ ਦੀ ਮਾਂ ਨੂੰ ਮਾਰੋ। ਸਿਸਟਮ ਜਦੋਂ ਡਿੱਗਦਾ, ਤਾਂ ਧਰਤੀ ਕੰਬਦੀ ਨਹੀਂ ਸਗੋਂ ਇਮਾਰਤ ਹੱਸਦੀ ਹੈ ਤੇ ਤਿਜਾਰਤ ਕਰਦੀ ਹੈ। ਅਸੀਂ ਸਿਸਟਮ ਨੂੰ ਨਹੀਂ ਆਪਣੇ ਆਪ ਨੂੰ ਡੇਗਦੇ ਹਾਂ ਇਸੇ ਕਰਕੇ ਅਸੀਂ ਸਦਾ ਬੈਠੇ ਰਹਿੰਦੇ ਹਾਂ, ਰੀਂਗਦੇ, ਸੜਦੇ, ਮਰਦੇ ਰਹਿੰਦੇ ਹਾਂ, ਪਰ ਸਿਸਟਮ ਕਦੋਂ ਡਿੱਗਦਾਾ ਹੈ? ਸਗੋਂ ਇਹ ਤਾਂ ਸਦਾ ਹੀ ਆਮ ਲੋਕਾਂ ਨੂੰ ਲੁੱਟਦਾ ਤੇ ਕੁੱਟਦਾ ਹੈ, ਅਸੀਂ ਕਦੋਂ ਤੀਕ ਲੁੱਟੇ ਅਤੇ ਕੁੱਟ ਖਾਂਦੇ ਰਹਾਂਗੇ?

ਸਾਹਿਤ ਦੇ ਸਮੁੰਦਰ ’ਚੋਂ - ਬੁੱਧ ਸਿੰਘ ਨੀਲੋਂ

ਸਾਹਿਤ ਤੇ ਮਨੁੱਖ ਦਾ ਰਿਸ਼ਤਾ ਬੜਾ ਪੁਰਾਣਾ ਹੈ। ਸਾਹਿਤ ਮਨੁੱਖ ਦੇ ਰੂਹ ਦੀ ਖੁਰਾਕ ਹੁੰਦੀ ਹੈ, ਇਸੇ ਕਰਕੇ ਸਾਹਿਤ ਰਸੀਆ ਹਰ ਪਲ ਨਵੇਂ ਤੋਂ ਨਵੇਂ ਸਾਹਿਤ ਦੀ ਤਲਾਸ਼ ਵਿੱਚ ਰਹਿੰਦਾ ਹੈ। ਸਾਹਿਤ ਕੇਵਲ ਸਾਨੂੰ ਕੇਵਲ ਗਿਆਨ ਹੀ ਨਹੀਂ ਦੇਂਦਾ, ਸਗੋਂ ਸਾਡੇ ਜੀਵਨ ਨਾਲ ਜੁੜੇ ਹਰ ਤਰ੍ਹਾਂ ਦੇ ਮਸਲਿਆਂ ਨੂੰ ਹੱਲ ਕਰਨ ਦਾ ਰਾਹ ਵੀ ਦੱਸਦਾ ਹੈ।
ਇਸੇ ਕਰਕੇ ਅਕਸਰ ਆਖਿਆ ਜਾਂਦਾ ਹੈ ਕਿ ਸਾਹਿਤ ਮਨੁੱਖ ਦਾ ਸਭ ਤੋਂ ਕਰੀਬੀ ਤੇ ਹਿਤੈਸ਼ੀ ਹੈ। ਜਿਵੇਂ ਜ਼ਿੰਦਗੀ ਵਿੱਚ ਦੁਨਿਆਵੀਂ ਰਿਸ਼ਤੇ ਵਕਤ ਪੈਣ ਉੱਤੇ ਮੁੱਖ ਮੋੜ ਜਾਂਦੇ ਹਨ, ਪਰ ਸਾਹਿਤ ਸਦਾ ਹੀ ਮਨੁੱਖ ਦਾ ਮਿੱਤਰ ਬਣਿਆ ਰਹਿੰਦਾ ਹੈ।
       ਅਸੀਂ ਜਿਸ ਧਰਤੀ ਦੇ ਵਾਸੀ ਹਾਂ, ਇਸ ਧਰਤੀ ਦੇ ਉਤੇ ਵੇਦ, ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋਰ ਬਹੁਤ ਸਾਰਾ ਅਜਿਹਾ ਸਾਹਿਤ ਰਚਿਆ ਗਿਆ ਹੈ ਜਿਹੜਾ ਸਾਡੇ ਲਈ ਹਰ ਪਲ ਰਾਹ ਦਿਖਾਉਣ ਦਾ ਯਤਨ ਕਰਦਾ ਹੈ। ਸਾਡਾ ਸ਼ਬਦ ਗੁਰੂ ਹੈ। ਇਸੇ ਕਰਕੇ ਅਸੀਂ ਮਨੁੱਖ ਦੇ ਨਾਲੋਂ ਸ਼ਬਦ ਨੂੰ ਪਹਿਲ ਦਿੰਦੇ ਹਾਂ। ਸ਼ਬਦ ਗੁਰੂ ਸਦਾ ਹੀ ਸਾਨੂੰ ਨਵੇਂ ਦਿਸਹੱਦਿਆਂ ਵੱਲ ਤੋਰਦਾ ਹੈ।
       ਪਰ ਜਦੋਂ ਦੀ ਅਸੀਂ ਸ਼ਬਦ ਗੁਰੂ ਵੱਲ ਪਿੱਠ ਮੋੜੀ ਹੈ, ਅਸੀਂ ਦੁੱਖਾਂ, ਕਲੇਸ਼ਾਂ ਵਿੱਚ ਉਲਝਦੇ ਜਾ ਰਹੇ ਹਾਂ। ਕਿਉਂਕਿ ਅਸੀਂ ਸ਼ਬਦ ਗੁਰੂ ਦੇ ਨਾਲੋਂ ਕੁੱਝ ਅਜਿਹੀਆਂ ਵਸਤੂਆਂ ਨੂੰ ਆਪਣਾ ਗੁਰੂ ਬਣਾ ਲਿਆ ਹੈ, ਜਿਹੜੀਆਂ ਸਾਨੂੰ ਸੁੱਖ ਸਹੂਲਤਾਂ ਦੇਣ ਦੀ ਥਾਂ ਅਜਿਹੇ ਝਮੇਲਿਆਂ ਵਿੱਚ ਫਸਾ ਰਹੀਆਂ ਹਨ ਕਿ ਅਸੀਂ ਜ਼ਿੰਦਗੀ ਦੇ ਨਾਲ ਜੁੜੀਆਂ ਕਦਰਾਂ ਕੀਮਤਾਂ ਵੱਲ ਪਿੱਠ ਕਰਕੇ ਖੜ੍ਹ ਗਏ ਹਾਂ। ਇਸੇ ਕਰਕੇ ਅਸੀਂ ਕਈ ਅਜਿਹੀਆਂ ਅਲਾਮਤਾਂ ਆਪਣੇ ਗਲ ਪਾ ਲਈਆਂ ਹਨ, ਜਿਨ੍ਹਾਂ ਦਾ ਕਿਧਰੇ ਵੀ ਕੋਈ ਹਲ ਨਜ਼ਰ ਨਹੀਂ ਆਉਂਦਾ।
         ਇਸ ਸਮੇਂ ਅਸੀਂ ਸਾਇੰਸ ਤੇ ਤਕਨਾਲੋਜੀ ਦੇ ਦੌਰ ਵਿੱਚੋਂ ਦੀ ਗੁਜ਼ਰ ਰਹੇ ਹਾਂ। ਸਾਇੰਸ ਤੇ ਤਕਨਾਲੋਜੀ ਨੇ ਸਾਰੇ ਹੀ ਸੰਸਾਰ ਨੂੰ ਇੱਕ ਪਿੰਡ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਸੰਸਾਰਕ ਪਿੰਡ ਵਿੱਚ ਅਸਲ ਤੇ ਬੁਨਿਆਦੀ ਪਿੰਡ ਖਤਮ ਹੋ ਗਿਆ ਹੈ। ਪਿੰਡਾਂ ਨੂੰ ਖਤਮ ਕਰਕੇ, ਇੱਕ ਅਜਿਹੇ ਸੰਸਾਰਿਕ ਪਿੰਡ ਨੂੰ ਹੋਂਦ ਵਿੱਚ ਲਿਆਂਦਾ ਜਾ ਰਿਹਾ ਹੈ, ਜਿਹੜਾ ਸੰਸਾਰਿਕ ਪਿੰਡ ਆਮ ਮਨੁੱਖ ਦੀਆਂ ਬੁਨਿਆਦੀ ਲੋੜਾਂ ਨੂੰ ਨਾ ਤਾਂ ਪੂਰਾ ਹੀ ਕਰ ਰਿਹਾ ਤੇ ਨਾ ਹੀ ਉਨ੍ਹਾਂ ਨੂੰ ਪੇਸ਼ ਕਰ ਰਿਹਾ ਹੈ।
      ਸਾਹਿਤ ਦੀ ਵਗਦੀ ਇੱਕ ਕੂਲ ਜਦੋਂ ਦੀ ਸਮੁੰਦਰ ਬਣੀ ਹੈ, ਉਦੋਂ ਤੋਂ ਮਨੁੱਖ ਦੀ ਹਾਲਤ ਅਜਿਹੀ ਬਣ ਗਈ ਹੈ ਕਿ ਉਹ ਸਮੁੰਦਰ ਵਿੱਚ ਫਿਰਦਾ ਹੈ, ਪਰ ਉਸ ਨੂੰ ਆਪਣੀ ਪਿਆਸ ਬੁਝਾਉਣ ਦੇ ਲਈ ਇੱਕ ਘੁੱਟ ਦੀ ਤਲਾਸ਼ ਲਈ ਥਾਂ-ਥਾਂ ਭਟਕਣਾ ਪੈ ਰਿਹਾ ਹੈ।
        ਸਾਹਿਤ ਦੇ ਇਸ ਸਮੁੰਦਰ ਵਿੱਚ ਵੱਖ ਵੱਖ ਵੰਨਗੀਆਂ ਦੀਆਂ ਨਹਿਰਾਂ, ਦਰਿਆ ਆ ਕੇ ਜਜ਼ਬ ਹੋ ਰਹੇ ਹਨ। ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਸਾਹਿਤ ਦੀਆਂ ਪੁਸਤਕਾਂ, ਛਪ ਰਹੀਆਂ ਹਨ। ਇਹ ਪੁਸਤਕਾਂ ਆਪਣੇ ਕੋਲੋਂ ਪੈਸੇ ਦੇ ਕੇ ਜਾਂ ਫਿਰ ਵੱਡੇ ਵੱਡੇ ਪਬਲਿਸ਼ਰਜ਼ ਕੋਲੋਂ ਪੈਸੇ ਦੇ ਕੇ ਛਪਵਾ ਰਹੇ ਹਨ। ਇਸ ਛਪ ਰਹੇ ਸਾਹਿਤ ਵਿੱਚ ਮਨੁੱਖ ਦੇ ਨਾਲ, ਖਾਸ ਕਰਕੇ ਆਮ ਮਨੁੱਖ ਦੇ ਨਾਲ ਜੁੜੀਆਂ ਤਕਲੀਫਾਂ ਨੂੰ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਵਿੱਚ ਜ਼ਿੰਦਗੀ ਦੇ ਨਾਲ ਦੋ ਚਾਰ ਹੋ ਰਹੇ ਮਨੁੱਖ ਦੇ ਦੁੱਖਾਂ ਦੀ ਗਾਥਾ ਸਾਹਿਤ ਵਿੱਚੋਂ ਮਨਫ਼ੀ ਹੁੰਦੀ ਜਾ ਰਹੀ ਹੈ। ਸਾਹਿਤ ਅੰਦਰ ਧੜਾ-ਧੜਾ ਕਵਿਤਾ, ਕਹਾਣੀ, ਨਾਵਲ, ਵਾਰਤਕ ਤੇ ਹਰ ਸਾਹਿਤਕ ਵੰਨਗੀਆਂ ਦੀਆਂ ਕਿਤਾਬਾਂ ਛਪ ਰਹੀਆਂ ਹਨ, ਇਨ੍ਹਾਂ ਵਿੱਚ ਪਿਆਰ, ਸੈਕਸ, ਗਲੋਬਲ ਜਾਂ ਫਿਰ ਕੁੱਝ ਅਜਿਹੇ ਮਸਲਿਆਂ ਨੂੰ ਲੈ ਕੇ ਲਿਖਿਆ ਹੁੰਦਾ ਹੈ, ਜਿਹੜੇ ਮਨੁੱਖ ਨੂੰ ਸੇਧ ਦੇਣ ਦੀ ਵਜਾਏ, ਅਜਿਹੇ ਭੰਬਲਭੂਸੇ ਖ੍ਹੜੇ ਕਰ ਰਹੀਆਂ ਹਨ, ਕਿ ਆਮ ਮਨੁੱਖ ਦੀ ਹਾਲਤ ਚੁਰਾਹੇ ਵਿੱਚ ਖੜ੍ਹੇ ਉਸ ਮਨੁੱਖ ਦੀ ਹੋ ਜਾਂਦੀ ਹੈ, ਜਿੱਥੇ ਮਨੁੱਖ ਤਾਂ ਹਜ਼ਾਰਾਂ ਹਨ, ਪਰ ਉਸ ਦੇ ਦੁੱਖਾਂ ਦੀ ਗੱਲ ਸੁਨਣ ਵਾਲਾ ਕੋਈ ਨਹੀਂ। ਉਹ ਚੁਰਾਹੇ ਵਿੱਚ ਪਿਆ ਤੜਫ਼ ਰਿਹਾ ਹੈ। ਉਸ ਕੋਲ ਦੀ ਵੱਡੀਆਂ ਵੱਡੀਆਂ ਮੋਟਰ ਕਾਰਾਂ ਵਿੱਚ ਲੋਕ ਲੰਘੀ ਜਾ ਰਹੇ ਹਨ।
          ਸਾਹਿਤ ਦੇ ਅੰਦਰ ਏਨੀ ਭੀੜ ਵਧ ਗਈ ਹੈ, ਕਿ ਹਰ ਕੋਈ ਆਪਣੇ ਆਪ ਨੂੰ ਮਹਾਨ ਤੇ ਦੁਨੀਆਂ ਦਾ ਸਭ ਤੋਂ ਵੱਡਾ ਸਾਹਿਤਕਾਰ ਹੋਣ ਦਾ ਮਾਣ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ। ਆਪਣੇ ਪੱਲਿਓਂ ਪੈਸੇ ਦੇ ਕੇ ਕਿਤਾਬਾਂ ਲਿਖਵਾਉਣ, ਛਪਵਾਉਣ ਤੇ ਰੀਲੀਜ਼ ਕਰਨ ਵਾਲਿਆਂ ਦੀ ਏਨੀ ਵੱਡੀ ਕਤਾਰ ਪੈਦਾ ਹੋ ਗਈ ਹੈ, ਕਈ ਵਾਰ ਤਾਂ ਇੰਝ ਲਗਦੈ ਹੈ, ਜਿਵੇਂ ਮਨੁੱਖ ਨੇ ਹੋਰ ਸਾਰੇ ਕਿਤੇ ਛੱਡ ਕੇ ਸਾਹਿਤਕ ਕਿੱਤਾ ਹੀ ਆਪਣਾ ਲਿਆ ਹੋਵੇ।
       ਸਾਹਿਤ ਦੇ ਸਿਰਜਕ ਆਪਣੇ ਅਹੁਦਿਆਂ, ਮਾਨ ਸਨਮਾਨ ਜਾਂ ਫਿਰ ਸਾਹਿਤਕ ਸੰਸਥਾਵਾਂ ਉਪਰ ਕਾਬਜ਼ ਹੋਣ ਲਈ, ਸਿਰਜਕਾਂ ਦੀ ਟੋਲੀ ਬਣਾ ਰਹੇ ਹਨ। ਧੜਾ ਧੜਾ ਕਿਤਾਬਾਂ ਛਪ ਰਹੀਆਂ, ਰੀਲੀਜ਼ ਹੋ ਰਹੀਆਂ ਹਨ, ਉਨ੍ਹਾਂ ਨੂੰ ਇਨਾਮ, ਸਨਮਾਨ, ਪੁਰਸਕਾਰ ਮਿਲ ਰਹੇ ਹਨ, ਪਰ ਜਦੋਂ ਉਨ੍ਹਾਂ ਕਿਤਾਬਾਂ ਨੂੰ ਕੋਈ ਸਾਹਿਤਕ ਪਾਠਕ ਪੜ੍ਹਦਾ ਹੈ ਤਾਂ ਉਹ ਮੱਥੇ ਉੱਤੇ ਹੱਥ ਮਾਰਦਾ ਹੈ ਕਿ ਉਹ ਕੀ ਪੜ੍ਹ ਰਿਹਾ ਹੈ। ਕਿਉਂਕਿ ਲੇਖਕਾਂ ਨੇ ਲੋਕ ਪੱਖੀ ਸਾਹਿਤ ਲਿਖਣਾ ਹੀ ਛੱਡ ਦਿੱਤਾ ਹੈ, ਜ਼ਿੰਦਗੀ ਦੇ ਨਾਲ ਖਹਿਕੇ, ਲੰਘਣ ਵਾਲਾ ਸਾਹਿਤ ਗੁਆਚ ਗਿਆ ਹੈ। ਹੁਣ ਬਹੁਤ ਸਾਹਿਤ ਸੈਕਸ ਦੇ ਮਸਲਿਆਂ ਨਾਲ ਜਾਂ ਫੇਰ ਅਨੈਤਿਕ ਰਿਸ਼ਤਿਆਂ ਦੇ ਨਾਲ ਜੁੜਿਆ ਹੋਇਆ ਹੀ ਸਿਰਜਿਆ ਜਾ ਰਿਹਾ ਹੈ। ਇਸੇ ਕਰਕੇ ਸਾਹਿਤ ਦੇ ਖੇਤਰ ਵਿੱਚ ਕੋਈ ਵੀ ਅਜਿਹੀ ਲਹਿਰ ਨਹੀਂ ਬਣ ਰਹੀ ਜਿਹੜੀ ਲੋਕ ਮਸਲਿਆਂ ਦੀ ਗੱਲ ਕਰਦੀ ਹੋਵੇ, ਲੋਕ ਦੁੱਖਾਂ, ਦਰਦਾਂ, ਬਿਮਾਰੀਆਂ ਤੇ ਅਦਾਲਤੀ ਚੱਕਰਾਂ ਵਿੱਚ ਉਲਝੇ ਪਏ ਹਨ। ਆਮ ਮਨੁੱਖ ਦੇ ਹੱਥੋਂ ਰੋਟੀ ਤੱਕ ਖੋਹ ਲਈ ਹੈ। ਇਸਦੇ ਸਿਰ ਦੀ ਛੱਤ ਗੁਆਚ ਰਹੀ ਹੈ। ਮਾਲਵਾ ਪੱਟੀ ਕਈ ਨਾ ਮੁਰਾਦ ਬੀਮਾਰੀਆਂ ਦਾ ਸ਼ਿਕਾਰ ਹੋਈ ਪਈ ਹੈ। ਉਥੋਂ ਦੇ ਲੋਕ ਕਿਵੇਂ ਜ਼ਿੰਦਗੀ ਜੀਅ ਰਹੇ ਹਨ, ਕਿਵੇਂ ਜ਼ਿੰਦਗੀ ਦੇ ਨਾਲ ਦੋ-ਚਾਰ ਹੋ ਰਹੇ ਹਨ, ਉਨ੍ਹਾਂ ਸਬੰਧੀ ਅਖਬਾਰੀ ਰਿਪੋਰਟਾਂ ਤੋਂ ਇਲਾਵਾ ਕਿਧਰੇ ਕੋਈ ਵੀ ਅਜਿਹਾ ਸਾਹਿਤ ਨਹੀਂ ਮਿਲਦਾ, ਜਿਹੜਾ ਉਥੋਂ ਦੇ ਲੋਕਾਂ ਦੀ ਗੱਲ ਕਰਦਾ ਹੋਵੇ।
      ਸਾਹਿਤ ਦੇ ਇਸ ਸਮੁੰਦਰ ਵਿੱਚ ਆਮ ਮਨੁੱਖ ਪੀਣਯੋਗ ਪਾਣੀ ਦੀ ਤਲਾਸ਼ ਵਿੱਚ ਥਾਂ ਥਾਂ ਭਟਕ ਰਿਹਾ ਹੈ। ਉਸ ਦੀ ਇਹ ਭਟਕਣਾ ਕਦੋਂ ਤੇ ਕਿੱਥੇ ਖਤਮ ਹੋਵੇਗੀ?

ਕੋਹ ਨਾ ਚੱਲੀ – ਬਾਬਾ ਤਿਹਾਈ! - ਬੁੱਧ ਸਿੰਘ ਨੀਲੋਂ

ਤੁਰਦੀ ਜ਼ਿੰਦਗੀ ਤੇ ਵਗਦੇ ਪਾਣੀ ਧੜਕਦੀ ਜ਼ਿੰਦਗੀ ਦੇ ਚਿੰਨ੍ਹ ਹੁੰਦੇ ਹਨ। ਜਦੋਂ ਪਾਣੀ ਰੁਕ ਜਾਂਦਾ ਹੈ ਤਾਂ ਉਹ ਝੀਲ ਦਾ ਰੂਪ ਧਾਰ ਲੈਂਦਾ ਹੈ। ਰੁਕਿਆ ਹੋਇਆ ਪਾਣੀ ਗੰਦਲਾ ਹੋ ਜਾਂਦਾ ਹੈ। ਇਸ ਗੰਦਲੇ ਪਾਣੀ ਵਿਚੋਂ ਫਿਰ ਬੋਅ ਆਉਂਣ ਲੱਗ  ਪੈਂਦੀ ਹੈ।
           ਇਹੋ ਹਾਲ ਜ਼ਿੰਦਗੀ ਦਾ ਹੁੰਦਾ ਹੈ। ਸਾਹ ਲੈਂਦੀ, ਤੁਰਦੀ-ਫਿਰਦੀ ਜ਼ਿੰਦਗੀ ਹੀ ਚੰਗੀ ਲੱਗਦੀ ਹੈ। ਜਦੋਂ ਵੀ ਕਿਸੇ ਮੋੜ ਉੱਤੇ ਜ਼ਿੰਦਗੀ ਆ ਕੇ ਰੁਕ ਜਾਂਦੀ ਹੈ ਤਾਂ ਉਹ ਤੁਰਦੀ-ਫਿਰਦੀ ਇੱਕ ਲਾਸ਼ ਬਣ ਜਾਂਦੀ ਹੈ। ਇਹ ਲਾਸ਼ ਅਸੀਂ ਮੋਢਿਆਂ 'ਤੇ ਚੁੱਕੀ ਫਿਰਦੇ ਰਹਿੰਦੇ ਹਾਂ। ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਆਪਣੀ ਲਾਸ਼ ਦੀ ਸਵਾਰੀ ਬਣੇ ਹੋਏ ਹਾਂ। ਪਰ ਫੇਰ ਵੀ ਅਸੀਂ ਜਿਉਂਦੇ ਹੋਣ ਦਾ ਭਰਮ ਪਾਲੀ ਰੱਖਦੇ ਹਾਂ।
           ਤੁਰਦੇ ਬੰਦੇ ਹੀ ਮੰਜ਼ਿਲ ਉੱਤੇ ਪੁੱਜਦੇ ਹਨ। ਜਿਹੜੇ ਕਿਸੇ ਚੁਰਾਹੇ ਉੱਤੇ ਰੁਕ ਜਾਂਦੇ ਹਨ, ਸੜਕਾਂ ਦੇ ਮੀਲ ਪੱਥਰ ਬਣ ਜਾਂਦੇ ਹਨ, ਜਿਹੜੇ ਮੰਜ਼ਿਲ ਦਾ ਸੂਚਕ ਤਾਂ ਹੁੰਦੇ ਪਰ ਮੰਜਿਲ ਨਹੀਂ। ਰੁਕੀ ਜ਼ਿੰਦਗੀ ਤੇ ਟੁੱਟੇ ਪੱਤੇ ਦੀ ਚੱਕਰ 'ਚ ਫਸ ਜਾਂਦੀ ਹੈ।
      ਉਨ੍ਹਾਂ ਦੀ ਹਾਲਤ ਉਸ ਪੱਤੇ ਵਰਗੀ ਹੁੰਦੀ ਹੈ। ਜਿਹੜਾ ਰੁੱਖ ਨਾਲੋਂ ਟੁੱਟ ਗਿਆ ਹੁੰਦਾ। ਉਹ ਹਵਾ ਸਹਾਰੇ ਇੱਧਰ-ਉੱਧਰ ਉੱਡਦਾ ਰਹਿੰਦਾ ਹੈ। ਆਖਰ ਕਿਸੇ ਕੋਨੇ ਵਿੱਚ ਰੁਕ ਜਾਂਦਾ ਹੈ। ਕੋਨੇ ਵਿਚ ਰੁਕਿਆ ਪੱਤਾ  ਹਨੇਰੇ ਵਿੱਚ ਹੀ ਗਵਾਚ ਜਾਂਦਾ ਹੈ।
       ਜਦੋਂ ਚੀਜ਼ ਤੁਹਾਡੇ ਕੋਲੋਂ ਗਵਾਚ ਜਾਂਦਾ ਹੈ ਤਾਂ ਉਸ ਚੀਜ਼ ਦੇ ਮੁੱਲ ਦਾ ਸਾਨੂੰ ਪਤਾ ਲੱਗਦਾ ਹੈ। ਅਸੀਂ ਉਦੋਂ ਤੱਕ ਬੇਫਿਕਰ ਹੋਏ ਰਹਿੰਦੇ ਹਾਂ ਜਦੋਂ ਤੱਕ ਚੀਜ਼ ਸਾਡੇ ਕੋਲ ਹੁੰਦੀ ਹੈ। ਜਦੋਂ ਚੀਜ਼ ਹੱਥੋਂ ਕਿਰ ਜਾਂਦੀ ਹੈ ਜਾਂ ਵਿਛੜ ਜਾਂਦੀ ਹੈ। ਤਾਂ ਫੇਰ ਚੀਜ਼ ਦੇ ਮੁੱਲ ਦਾ ਪਤਾ ਲੱਗਦਾ  ਹੈ। ਫਿਰ ਅਸੀਂ ਅਤੀਤ ਦੇ ਵਰਕਿਆਂ ਨੂੰ ਫਰੋਲਣ ਲੱਗਦੇ ਹਾਂ।
"ਮਿੱਟੀ ਨਾ ਫਰੋਲ ਜੰਗੀਆ, ਨਹੀਂ ਲੱਭਣੇ ਲਾਲ ਗਵਾਚੇ।''
      ਫੇਰ ਅਸੀਂ ਮਿੱਟੀ ਫਰੋਲਣ ਲੱਗਦੇ ਹਾਂ। ਪਰ ਸਾਨੂੰ ਹੰਝੂਆਂ ਤੋਂ ਬਿਨਾਂ ਕੁੱਝ ਵੀ ਨਹੀਂ ਲੱਭਦਾ। ਉਂਝ ਅਸੀਂ ਲਾਲ ਲੱਭਣ ਦੀ ਕੋਸ਼ਿਸ਼ ਵਿੱਚ ਰਹਿੰਦੇ ਹਾਂ। ਪਾਣੀ ਇਕੋ ਵਾਰੀ ਪੁੱਲਾਂ ਦੇ ਹੇਠ ਦੀ ਲੰਘਦਾ ਹੇ। ਲੰਘਿਆ ਪਾਣੀ ਤੇ ਲੰਘ ਗਈ ਜ਼ਿੰਦਗੀ ਵਾਪਸ ਨਹੀਂ ਪਰਤਦੀ।
      ਅਸੀਂ ਉਸ ਜ਼ਿੰਦਗੀ ਨੂੰ ਵਾਪਸ ਲਿਆਉਣ ਦੇ ਸੁਪਨੇ ਸਿਰਜਦੇ ਹਾਂ। ਅਸੀਂ ਸੁਪਨਿਆਂ ਨੂੰ ਸਾਕਾਰ ਕਰਨ ਦੀ ਤਾਂਘ ਵਿੱਚ ਸਦਾ ਰਹਿੰਦੇ ਹਾਂ, ਪਰ ਸਾਨੂੰ ਹੈ ਕਿ ਸੁਪਨੇ ਕਦੇ ਸਾਕਾਰ ਨਹੀਂ ਹੁੰਦੇ ਪਰ ਸੁਪਨਿਆਂ ਵਿੱਚ ਰਹਿੰਦੀਆਂ ਅਸੀਂ ਵੱਖਰੀ ਦੁਨੀਆਂ ਦੇ ਵਾਸੀ ਬਣ ਜਾਂਦੇ ਹਾਂ। ਅਸੀਂ ਰਹਿੰਦੇ ਤਾਂ ਧਰਤੀ ਉੱਤੇ ਹੀ ਹਾਂ ਪਰ ਸੁਪਨਿਆਂ ਵਿਚ ਅਸੀਂ ਬੜੀ ਦੂਰ ਚਲੇ ਜਾਂਦੇ ਹਾਂ।
     ਧਰਤੀ ਨਾਲੋਂ ਜਿਉਂ-ਜਿਉਂ ਅਸੀਂ ਉੱਤੇ ਉੱਠ ਰਹੇ ਹਾਂ, ਤਾਂ ਸਾਡੇ ਮਨਾਂ ਅੰਦਰ ਓਨੀ ਹੀ ਬੇਚੈਨੀ, ਗੁੱਸਾ, ਨਫਰਤ ਤੇ ਹੰਕਾਰ ਵਧੀ ਜਾ ਰਿਹਾ ਹੈ। ਅਸੀਂ ਆਪੋ-ਆਪਣੀ ਮੈਂ ਵਿੱਚ ਫਸਦੇ ਜਾ ਰਹੇ ਹਾਂ।
       ਜਦੋਂ ਅਸੀਂ ਆਪਣੀ 'ਮੈਂ' ਵਿੱਚੋਂ ਬਾਹਰ ਆਉਂਦੇ ਹਾਂ, ਉਦੋਂ ਤੱਕ ਸਮਾਂ ਬਹੁਤ ਅੱਗੇ ਲੰਘ ਜਾਂਦਾ ਹੈ। ਅਸੀਂ ਬਹੁਤ ਪਿੱਛੇ ਰਹਿ ਜਾਂਦੇ ਹਾਂ। ਪਿੱਛੇ ਰਹਿ ਗਿਆਂ ਨੂੰ ਆਪਣੇ ਨਾਲ ਰਲਾਉਣ ਲਈ ਕੋਈ ਰੁਕਦਾ ਨਹੀਂ। ਕੋਈ ਪਿੱਛੇ ਪਰਤ ਕੇ ਨਹੀਂ ਵੇਖਦਾ।
         ਅਸੀਂ ਉਸ ਹਾਲਤ ਵਿੱਚ ਪੁੱਜ ਜਾਂਦੇ ਹਾਂ ਕਿ ਸਾਡੇ ਕੋਲ ਲੱਤਾਂ ਹੋਣ ਦੇ ਬਾਵਜੂਦ ਅਸੀਂ ਨਹੀਂ ਤੁਰ ਸਕਦੇ। ਸਾਡੇ ਕੋਲ ਜੀਭ ਹੋਣ 'ਤੇ ਵੀ ਅਸੀਂ ਬੋਲ ਨਹੀਂ ਸਕਦੇ। ਅਸੀਂ ਬੋਲਣ ਦਾ ਯਤਨ ਤਾਂ ਕਰਦੇ ਹਾਂ ਪਰ ਸਾਡੀ ਕੋਈ ਆਵਾਜ਼ ਨਹੀਂ ਸੁਣਦਾ।
          ਵਾਜਾਂ ਮਾਰੀਆਂ ਬੁਲਾਇਆ ਕਈ ਵਾਰ ਵੇ,
          ਕਿਸੇ ਨੇ ਮੇਰੀ ਗੱਲ ਨਾ ਸੁਣੀ।
      ਸਾਡੀ ਗੱਲ ਸੁਨਣ ਦਾ ਕਿਸੇ ਕੋਲ ਸਮਾਂ ਨਹੀਂ। ਅਸੀਂ ਤਾਂ ਦੌੜੀ ਜਾ ਰਹੇ ਹਾਂ-ਪਦਾਰਥਾਂ ਪਿੱਛੇ। ਅਸੀਂ ਵਸਤੂਆਂ ਨਾਲ ਆਪਣੇ ਘਰ ਭਰ ਲਏ ਹਨ। ਘਰਾਂ ਅੰਦਰ ਵਸਤੂਆਂ ਦੀ ਗਿਣਤੀ ਵੱਧ ਗਈ ਹੈ। ਘਰਾਂ ਵਿੱਚੋਂ ਜ਼ਿੰਦਗੀ ਦੂਰ ਚਲੇ ਗਈ ਹੈ। ਘਰ ਅਸੀਂ ਸਟੋਰ ਬਣਾ ਦਿੱਤੇ ਹਨ। ਇਨ੍ਹਾਂ ਸਟੋਰਾਂ ਵਿਚ ਜ਼ਿੰਦਗੀ ਨਹੀਂ ਧੜਕਦੀ। ਵਸਤੂਆਂ ਦੇ ਬਿੱਲ ਆਉਂਦੇ ਹਨ। ਅਸੀਂ ਬਿੱਲ ਉਤਾਰਦੇ ਖੁਦ ਵਸਤੂ ਬਣ ਗਏ ਹਾਂ।
       ਸਾਡੇ ਅੰਦਰ ਸੁਹਜ ਸੰਵੇਦਨਾ ਮਰ ਗਈ ਹੈ। ਅਸੀਂ ਪੱਥਰ ਬਣ ਗਏ ਹਾਂ। ਤੁਰਦੀਆਂ-ਫਿਰਦੀਆਂ ਮੂਰਤੀਆਂ ਵਾਲੇ ਜਿਸਮ ਲਈ ਅਸੀਂ ਇੱਕ ਦੂਜੇ ਨੂੰ ਲਤਾੜਦੇ ਦੌੜ ਰਹੇ ਹਾਂ। ਇਹ ਅੰਨ੍ਹੀ ਦੌੜ ਕਦੋਂ ਤੇ ਕਿੱਥੇ ਖਤਮ ਹੋਵੇਗੀ? ਇਸ ਦੌੜ ਦਾ ਅੰਤ ਕੀ ਹੋਵੇਗਾ? ਇਸ ਦੌੜ ਨੇ ਸਾਡੇ ਕੋਲੋਂ ਬੜਾ ਕੁੱਝ ਖੋਹ ਲਿਆ ਹੈ।
      ਸਾਡਾ ਅੰਦਰ ਮੁਰਦਾ ਸ਼ਾਂਤੀ ਨਾਲ ਭਰ ਗਿਆ ਸਾਡੇ ਹੱਥਾਂ ਵਿੱਚੋਂ ਕਿਰਤ ਖੁਸ ਗਈ ਹੈ। ਸਾਡੇ ਹੱਥਾਂ ਦੇ ਵਿਚ ਠੂਠੇ ਫੜਾ ਦਿੱਤੇ ਹਨ। ਅਸੀਂ ਨੀਲੇ, ਪੀਲੇ ਤੇ ਲਾਲ ਕਾਰਡ ਬਨਾਉਣ ਦੇ ਲਈ ਪੱਬਾਂ ਭਾਰ ਹੋਏ ਪਏ ਹਾਂ।
     ਅਸੀਂ ਕਦੇ ਇਹਨਾਂ ਸਿਆਸੀ ਆਗੂਆਂ ਨੂੰ ਇਹ ਨਹੀਂ ਪੁੱਛਦੇ ਕਿ ਤੁਹਾਡੀ ਆਮਦਨ ਕਿਉਂ ਹਰ ਸਾਲ ਵੱਧਦੀ ਹੈ ਤੇ ਲੋਕ ਕਿਉਂ ਖੁਦਕੁਸ਼ੀਆਂ ਤੱਕ ਪੁਜ ਗਏ? ਕਿਉਂਕਿ ਇਹ ਸਿਆਸੀ ਆਗੂ ਸਾਨੂੰ ' ਮੁਫਤ' ਦੀਆਂ ਸਹੂਲਤਾਂ ਦਿੰਦੇ ਹਨ।
      ਅਸੀਂ ਆਪੋ ਆਪਣੇ ਖੋਲ ਅੰਦਰ ਗਵਾਚ ਗਏ ਹਾਂ। ਅਸੀਂ ਤੜਫ ਰਹੇ ਹਾਂ। ਅਸੀਂ ਚੀਕ ਰਹੇ ਹਾਂ। ਅਸੀਂ ਮਰ ਰਹੇ ਹਾਂ, ਜਾਂ ਫਿਰ ਸਾਨੂੰ ਮਾਰਿਆ ਜਾ ਰਿਹਾ ਹੈ। ਵਿਕਾਸ ਦੇ ਨਾਂਅ ਹੇਠ ਸਾਡੇ ਕੋਲੋਂ ਰੋਟੀ ਖੋਹੀ ਜਾ ਰਹੀ ਹੈ।। ਰੋਟੀ ਬਦਲੇ ਸਾਨੂੰ ਮਿਲਦੀ ਸਾਨੂੰ ਪੁਲਿਸ ਦੀ ਕੁੱਟ ਜਾਂ ਫਿਰ ਗੋਲੀ ਮਿਲਦੀ ਹੈ।
       ਬੰਦੂਕਾਂ ਦੇ ਢਿੱਡ ਨਹੀਂ ਹੁੰਦੇ। ਜਿਨ੍ਹਾਂ ਦਾ ਇਹ ਦੇਸ਼ ਹੈ, ਉਨ੍ਹਾਂ ਲਈ ਇਸ ਦੇਸ਼ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਨੂੰ ਨਿੱਤ ਲੁੱਟਿਆ ਤੇ ਕੁੱਟਿਆ ਜਾ ਰਿਹਾ ਹੈ। ਇਹ ਕੁੱਟ ਕਦੇ ਪੰਜਾਬ ਦੀ ਧਰਤੀ 'ਤੇ ਪੈਂਦੀ ਹੈ, ਕਦੇ ਜੰਮੂ ਕਸ਼ਮੀਰ, ਛੱਤੀਸ਼ਗੜ੍ਹ, ਝਾਰਖੰਡ, ਕਦੇ ਦਿੱਲੀ, ਗੁਜਰਾਤ, ਯੂਪੀ, ਅਸਾਮ ਵਿੱਚ ਤੇ ਅੱਜ ਤਾਂ ਦੇਸ਼ ਦਾ ਹਰ ਥਾਂ ਕਤਲਗਾਹ ਬਣਾ ਦਿੱਤਾ ਗਿਆ ਹੈ। ਕਿਤੇ।ਵੀ ਕਦੇ ਵੀ ਹੋ ਸਕਦਾ ਐ, ਕੁੱਝ ਵੀ। ਦਿੱਲੀ ਹੁਣ ਰਣ ਭੂਮੀ ਬਣਗੀ ਹੈ।
      ਅਜੇ ਤਾਂ ਦੇਸ਼ ਨੂੰ ਆਜ਼ਾਦ ਹੋਇਆਂ ਹੀ ਬਹੱਤਰ ਵਰ੍ਹੇ ਬੀਤੇ ਹਨ। ਇਨਾਂ ਵਰ੍ਹਿਆਂ ਵਿਚ ਅਸੀਂ ਦੇਸ਼ ਨੂੰ ਕਿਸ ਮੋੜ 'ਤੇ ਲਿਆ ਕਿ ਖੜਾ ਕਰ ਦਿੱਤਾ ਹੈ।
       ਅਸੀਂ ਮਹਾਂ ਗੁਰੂ, ਮਹਾਂ ਸ਼ਕਤੀ ਬਣਦ ਬਣਦੇ, ਜ਼ੀਰੋ ਬਣ ਗਏ ਹਨ। ਜ਼ੀਰੋ ਦਾ ਕੋਈ ਮੁੱਲ ਨਹੀਂ ਹੁੰਦਾ, ਸਾਡਾ ਕੀ ਹੋਣਾ, ਬਸ ਏਹੀ ਹੈ ਰੋਣਾ ਧੋਣਾ। ਸਦੀਆਂ ਲੰਘ ਗਈਆਂ। ਵਹਿ ਗਏ ਪਾਣੀ। ਰੁਕ ਗਈ ਜ਼ਿੰਦਗੀ, ਊਠ ਮਗਰ ਤੁਰੇ ਕੁੱਤੇ ਵਾਂਗ, ਦੌੜ ਰਹੇ ਹਾਂ।
 
    ਖੜਾ ਪਾਣੀ ਤੇ ਮਨੁੱਖ ਮੁਸ਼ਕ ਜਾਂਦਾ ਹੈ। ਅਸੀਂ ਮੁੱਸ਼ਕ ਰਹੇ ਹਾਂ। ਰੁੱਖਾਂ ਵਾਂਗ ਸੁੱਕ ਰਹੇ ਹਾਂ। ਸਾਨੂੰ ਪਾਣੀ ਦੇਣ ਵਾਲੇ ਹੱਥ ਵੱਢ ਦਿੱਤੇ ਹਨ।
       ਸਾਡੇ ਕੋਲੋਂ ਪੌਣ-ਪਾਣੀ ਤੇ ਧਰਤੀ ਖੋਹੀ ਜਾ ਰਹੀ ਹੈ। ਕਿਸੇ ਕੋਲੋਂ ਰੁਜਗਾਰ ਖੋਹ ਲੈਣ। ਅਸਲ ਵਿੱਚ ਉਸਦੀ ਜਿੰਦਗੀ ਖੋਹ ਲੈਣਾ ਹੁੰਦਾ ਹੈ। ਸਾਡੇ ਕੋਲੋਂ ਜ਼ਿੰਦਗੀ ਖੋਹੀ ਜਾ ਰਹੇ ਹਾਂ। ਅਸੀਂ ਪਿਆਸੇ ਤੜਫ ਰਹੇ ਹਾਂ।
ਕਦ ਤੱਕ ?  ਸੁੱਤੇ ਰਹਾਂਗੇ। ਹੁਣ ਤਾਂ ਜਾਗ ਪਵੋ,
      ਦੁਸ਼ਮਣ ਤੇ ਮਨੁੱਖਤਾ ਦੇ ਕਾਤਲਾਂ ਦੇ ਗਲ ਪਵੋ। ਹੁਣ ਬਿਨ ਜਾਗਰੂਕ ਤੇ ਇੱਕਠੇ ਹੋਇਆਂ ਸਰਨਾ ਨਹੀਂ ਜਾਂ ਤੁਸੀਂ ਕਦੇ ਮਰਨਾ ਨਹੀਂ? ਕੁੱਝ ਕਰ ਮਰੋ, ਐਵੇਂ ਨਾ ਡਰੋ।
      ਖੜਾ ਪਾਣੀ, ਵਹਿ ਰਿਹਾ ਪਾਣੀ, ਰੁਕੀ ਤੇ ਤੁਰਦੀ ਜ਼ਿੰਦਗੀ ਨੇ ਕੀ ਖੱਟਿਆ ਐ ?  ਮਿਰਗ ਤ੍ਰਿਸਨਾ ਵਿੱਚ ਸਿਰ ਉਤੇ ਰੱਖ ਕੇ ਪੈਰ ਦੌੜਦੇ ਰਹੇ। ਇੱਕ ਥਾਂ ਤੋਂ ਦੂਜੀ ਥਾਂ। ਭਰਿਆ ਢਿੱਡ , ਨੀਤ ਨਹੀਂ ਭਰੀ। ਕੋਹ ਨਹੀਂ ਤੁਰੇ। ਬਾਬਾ ਪੱਚੀ ਵਰ੍ਹੇ ਤੁਰਿਆ। ਸ਼ਬਦ ਰਬਾਬ ਨਾਲ ਚਾਨਣ ਵੰਡਿਆ। ਜ਼ਿੰਦਗੀ ਦੇ ਅਰਥ ਦੱਸੇ। ਬੰਦੇ ਨੂੰ ਮੈਂ ਤੋਂ ਮੁਕਤ ਹੋਣ ਦਾ ਸਬਕ ਪੜਾਇਆ, ਕਿਰਤ ਦੀ ਰਾਖੀ ਕਿਵੇਂ ਕਰਨੀ, ਹੱਕ ਸੱਚ ਤੇ ਜ਼ਬਰ, ਜ਼ੁਲਮ ਦੇ ਵਿਰੁੱਧ ਕਿਰਪਾਨ ਨੂੰ ਤਲਵਾਰ ਬਣਾਇਆ। ਸੁੱਤੀ ਕੌਮ ਜਗਾਇਆ।
    ਅਸੀਂ ਤੇ ਕੋਹ ਦਾ ਪੈਂਡਾ ਵੀ ਨਹੀਂ ਮੁਕਾਇਆ। ਅਖੇ ਬਾਬਾ ! ਕੋਹ ਨਾ ਚੱਲੀ, ਬਾਬਾ ਮੈਂ ਤ੍ਰਿਹਾਈ। ਭਲਾ ਮਨ ਦੇ ਭੁੱਖੇ ਦੀ ਕਿਸ ਨੇ ਪਿਆਸ ਬੁਝਾਈ ?
      ਹੁਣ ਜੰਗ  ਬਾਬੇ ਕਿਆਂ ਤੇ ਬਾਬਰ ਕਿਆਂ ਦੇ ਵਿਚਕਾਰ  ਲੱਗੀ ਹੋਈ ਹੈ। ਬਾਬੇ ਕਿਆਂ ਦੇ ਕੋਲ ਕੁਦਰਤ ਤੇ ਅੰਦਰੂਨੀ ਬਲ ਹੇ ਤੇ ਬਾਬਰ ਕਿਆਂ ਦੇ ਸਰਕਾਰੀ ਮਸ਼ੀਨਰੀ ਹੈ ਜੋ ਹਰ ਪੱਧਰ  ਤੇ ਵਰਤਦੇ ਹਨ.
ਹੁਣ ਜਬਰ ਦੇ ਖਿਲਾਫ਼  ਸਬਰ ਦੀ ਨਵੀਂ  ਲੜ੍ਹਾਈ  ਹੋ ਰਹੀ ਹੈ ਸਮਾਂ  ਤੇ ਕਿਰਦਾਰ  ਬਦਲੇ ਹਨ ਪਰ ਬਾਕੀ ਸਭ ਓਹੀ ਹੋ ਰਿਹਾ ਜੋ ਯੁੱਗਾਂ ਤੋਂ  ਹੋ ਰਿਹਾ  ਹੈ।  ਹੁਣ ਆਪੇ ਖੂਹ ਪੁੱਟ ਕੇ ਪਾਣੀ ਪੀਣ ਵਾਲੇ ਦੌਰ ਵਿੱਚ  ਪੁੱਜ ਗਏ ਹਾਂ ।
ਰਬਾਬ ਤੇ ਬਾਣੀ ਦੇ ਬੋਲ ਬਾਬਰ ਕਿਆ ਦੀ ਨੀਂਦ  ਹਰਾਮ ਕਰ ਰਹੇ ਹਨ, ਤਾਂ  ਹੀ ਜ਼ਖਮੀ ਸੱਪ ਵਾਂਗੂੰ  ਵਾਰ

ਕਿਸਾਨ ਮਜ਼ਦੂਰ  ਅੰਦੋਲਨ ਦੇ ਨਾਂ : ਬੁੱਕਲ ਦੇ ਸੱਪ   - ਬੁੱਧ ਸਿੰਘ ਨੀਲੋਂ

ਇਸ ਸਮੇਂ  ਕਿਸਾਨ ਮਜ਼ਦੂਰ ਅੰਦੋਲਨ  ਸਿਖਰ ਉਤੇ ਹਨ। ਇਥੇ ਤੱਕ ਦੀ ਜਿੱਤ ਨੂੰ ਬਰਕਰਾਰ ਰੱਖਣ ਲਈ ਬਹੁਤ ਹੀ ਜ਼ਾਬਤੇ ਦੀ ਲੋੜ ਹੈ। ਸੱਤਧਾਰੀਆਂ ਵਲੋਂ ਇਸ ਅੰਦੋਲਨ ਨੂੰ  ਲੀਹੋਂ ਲਾਉਣ ਦੇ ਹਰ ਤਰੀਕਾ  ਵਰਤਿਆ ਜਾ ਰਿਹਾ ਹੈ .. ਤੇ ਹੋਰ ਕਮਜ਼ੋਰ ਕੜੀਆਂ ਲੱਭਣ ਲਈ ਉਹ ਪੂਰੀ ਤਰ੍ਹਾਂ ਨਿਸ਼ਾਨਦੇਹੀ ਕਰ ਰਹੇ ਹਨ ...
       ਜੰਗ ਦੇ ਮੈਦਾਨ ਵਿੱਚ ਦੁਸ਼ਮਣ ਦੇ ਨਾਲੋਂ  ਆਪਣਿਆਂ ਤੋਂ  ਵਧੇਰੇ ਡਰ ਬਣਿਆ  ਰਹਿੰਦਾ  ਹੈ .. ਇਹ ਹੁਣ ਤੱਕ ਹੁੰਦਾ  ਆਇਆ  ਹੈ .. ਭਵਿੱਖ ਵਿੱਚ ਨਾ ਹੋ ਜਾਵੇ .. ਇਸ  ਬਾਰੇ ਲੋਕ ਚਿੰਤੁਤ ਹਨ ..
ਇਹ  ਚਿੰਤਾ ਹੋਣੀ ਸੁਭਾਵਕ ਹੈ … ਪਰ ਸਾਡੇ ਆਪਣੇ ਹੀ ਬੱਖੀ 'ਚ ਛੁਰੇ ਖੋਬ ਰਹੇ ਹਨ।
ਕੋਈ  ਆਪਣਾ ਸਭ ਕੁੱਝ ਲੁੱਟਦਾ ਰਿਹਾ ਤੇ ਕੋਈ  ਸਭ ਕੁੱਝ  ਲੁੱਟਣ ਦੀ ਭਾਲ ਵਿੱਚ  ਹੈ .. ਸਭ ਦੀ ਆਪੋ ਆਪਣੀ ਸਮਝ ਤੇ ਸੋਚ ਹੈ .. ਸਭ ਦੇ ਆਪੋ ਆਪਣੇ ਨਾਇਕ ਤੇ ਖਲਨਾਇਕ ਹਨ ..
ਇਤਿਹਾਸਕ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ .. ਸੱਚ ਤੇ ਸੱਚ ਹੈ .. ਪਰ ਕੌਣ ਸਮਝਦਾ ਹੈ ?
  ਪਿੱਠ ਤੇ ਛੁਰਾ ਮਾਰਨਾ ਮਨੁੱਖ  ਦੀ ਫਿਤਰਤ ਹੈ ਪਰ ਸਭ ਮਨੁੱਖ  ਇੱਕੋ ਜਿਹੇ ਨਹੀਂ ਹੁੰਦੇ ਕੁਝ  ਲੋਕ ਪੂਰੇ ਸਮਾਜ  ਜਾਂ ਮਨੁੱਖਤਾ ਨੁੰ  ਬਦਨਾਮ ਕਰ ਦੇਦੇ ਹਨ !
         ਜ਼ਿੰਦਗੀ ਦੇ ਵਿਚ ਜਦੋਂ ਵੀ ਕੋਈ ਅਰਸ਼ ਤੋਂ ਫ਼ਰਸ਼ 'ਤੇ ਡਿੱਗਦਾ ਹੈ ਤਾਂ ਉਸ ਦਾ ਆਪਣਾ ਏਨਾਂ ਆਪਣਾ ਕਸੂਰ ਨਹੀਂ ਹੁੰਦਾ, ਜਿੰਨਾਂ  ਉਹਨਾਂ ਦੇ ਸਲਾਹਕਾਰਾਂ ਦਾ ਹੁੰਦਾ ਹੈ, ਜਿਹੜੇ 'ਸੱਚ' ਨੂੰ ਝੂਠ ਤੇ 'ਝੂਠ' ਨੂੰ ਸੱਚ ਬਣਾ ਕੇ ਦੱਸਦੇ ਰਹਿੰਦੇ ਹਨ।
          ਅਸੀਂ ਅਕਸਰ ਹੀ ਆਪਣੇ ਦੁਸ਼ਮਣ ਦੀਆਂ ਚਾਲਾਂ 'ਤੇ ਨਜ਼ਰ ਰੱਖਦੇ ਹਾਂ ਕਿ ਉਹ ਕੀ ਕਰਦਾ ਹੈ? ਅਸੀਂ  ਉਸ ਦੇ ਖਿਲਾਫ਼ ਕੀ ਕਰਨਾ ਹੈ, ਇਸ ਦੀਆਂ ਸਕੀਮਾਂ ਬਣਾਉਂਦੇ ਰਹਿੰਦੇ ਹਾਂ ਪਰ ਸਾਨੂੰ ਉਸ ਵੇਲੇ ਹੀ ਪਤਾ ਲੱਗਦਾ ਜਦੋਂ  'ਧੋਬੀ ਪਟੜਾ' ਮਾਰ ਕੇ  ਬੁੱਕਲ ਦੇ ਸੱਪ ਲਾਂਭੇ ਹੁੰਦੇ ਹਨ।
       ਅਸੀਂ ਬਾਅਦ 'ਚ 'ਹੱਥ ਮਲਦੇ' ਹੀ ਰਹਿ ਜਾਂਦੇ ਹਾਂ। ਇਸ ਤਰਾਂ ਦਾ ਸਿਲਸਿਲਾ ਘਰ, ਪਰਿਵਾਰ, ਪਿੰਡ, ਰਾਜ ਤੇ ਦੇਸ਼ ਤੱਕ ਚਲਦਾ ਹੈ। ਦੇਸ਼ ਦਾ ਖੁਫੀਆ ਤੰਤਰ ਉਹ ਬੁੱਕਲ ਦੇ ਸੱਪ ਹੀ ਤਾਂ ਹਨ, ਜਿਹੜੇ 'ਅੰਨ-ਪਾਣੀ' ਮਾਲਕ ਦਾ ਛੱਕਦੇ ਹਨ ਪਰ ਖ਼ਬਰਾਂ ਹੋਰਾਂ ਨੂੰ ਦੇਂਦੇ ਹਨ।
       ਤੁਸੀਂ ਸੱਪ ਨੂੰ ਜਿੰਨਾਂ ਮਰਜ਼ੀ ਦੁੱਧ ਪਿਆ ਲਵੋ ਪਰ ਉਸ ਨੇ ਇੱਕ ਨਾ ਇੱਕ ਦਿਨ ਤੁਹਾਨੂੰ ਹੀ  ਡੱਸਣਾ ਹੁੰਦਾ ਹੈ। ਇਤਿਹਾਸ ਦੇ ਵਿਚ ਇਹਨਾਂ ਬੁੱਕਲ ਦੇ ਸੱਪਾਂ ਦੀ ਲੰਮੀ ਲਿਸਟ ਹੈ।
        ਜਿਹਨਾਂ ਨੇ ਅਜਿਹੇ ਡੰਗ ਮਾਰੇ ਕਿ ਇਤਿਹਾਸ ਹੀ ਬਦਲ ਕੇ ਰੱਖ ਦਿੱਤਾ। ਪਰ ਬੁੱਕਲ ਦੇ ਸੱਪਾਂ ਦਾ  ਕਦੇ ਵੀ ਪਤਾ ਨਹੀਂ ਲੱਗਦਾ ਕਿ ਇਹ ਕਿਹੜੇ ਬਣਦੇ ਹਨ? ਤਾਂ ਹੀ ਕਿਹਾ ਜਾਂਦਾ ਹੈ ਕਿ 'ਘਰ ਦਾ ਭੇਤੀ ਲੰਕਾ ਢਾਹੇ'।
ਇਸ ਸਮੇਂ ਸਮਾਜ, ਧਰਮ ਤੇ ਰਾਜਨੀਤੀ ਦੇ ਵਿਚ ਜਿਹੜਾ ਖਲਾਰਾ ਪਿਆ ਹੋਇਆ ਹੈ, ਇਹ ਦੇ ਵਿਚ ਉਹਨਾਂ 'ਬੁੱਕਲ ਦੇ ਸੱਪਾਂ' ਦੀ ਮਿਹਰਬਾਨੀ ਹੈ, ਜਿਹੜੇ ਆਪਣੀ ਕਾਰਵਾਈ ਪਾ ਕੇ ਤਿੱਤਰ ਹੋ ਜਾਂਦੇ ਹਨ।
ਸਿੱਖ ਇਤਿਹਾਸ ਦੇ ਅਜਿਹੇ ਸੱਪਾਂ ਦੀ ਗਿਣਤੀ ਬਹੁਤ ਹੈ ਪਰ ਅਸੀਂ ਨਾ ਤਾਂ ਇਤਿਹਾਸ ਪੜਦੇ ਹਾਂ ਤੇ ਨਾ ਹੀ ਸਾਹਿਤ ਪੜਦੇ ਹਾਂ। ਸ਼੍ਰੀ ਗੁਰੂ ਗਰੰਥ ਸਾਹਿਬ ਜੀ  ਨੂੰ ਅਸੀਂ ਸਿਰਫ਼ ਤੇ ਸਿਰਫ਼ ਮੱਥਾ ਟੇਕਦੇ ਹਾਂ।
         ਉਸ ਦੇ ਸ਼ਬਦਾਂ ਨੂੰ ਨਹੀਂ ਪੜਦੇ, ਇਸੇ ਕਰਕੇ ਸਾਨੂੰ ਪਤਾ ਨਹੀਂ ਲੱਗਦਾ ਕਿ ਜੀਵਨ ਦਾ ਅਸਲੀ ਸੱਚ ਕੀ ਹੈ ਤੇ ਅਸੀਂ ਤੀ ਕਰੀ ਜਾ ਰਹੇ ਹਾਂ? 'ਚੰਦੂ ਤੇ ਗੰਗੂ' ਅਜਿਹੇ ਬੁੱਕਲ ਦੇ ਸੱਪ ਹਨ, ਜਿਹਨਾਂ  ਦੇ ਵਿੱਚੋਂ ਇੱਕ ਨੇ ਪੰਜਵੇਂ ਪਾਤਸ਼ਾਹ ਨੂੰ 'ਤੱਤੀ ਤਵੀ' ਤੇ ਦੂਜੇ ਨੇ ਛੋਟੇ ਸਾਹਿਬਜਾਦਿਆਂ ਨੂੰ ਨੀਂਹਾਂ ਦੇ ਵਿਚ ਚਿਣਵਾਇਆ। ਇਸੇ ਹੀ ਤਰਾਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਦੀ ਧਰਤੀ 'ਤੇ ਮੁਗਲਾਂ ਦਾ ਕੈਦੀ ਬਣਾਉਣ ਦੇ ਵਿਚ ਜਿਹੜੀ ਭੂਮਿਕਾ ਬਾਬਾ ਵਿਨੋਦ ਸਿੰਘ ਤੇ ਬਾਬਾ ਕਾਹਨ ਸਿੰਘ ਨੇ ਨਿਭਾਈ ਇਸ ਤੋਂ ਕੌਮ ਜਾਣੂ ਹੈ, ਕਿ ਉਹ  ਹਕੂਮਤ ਦੇ ਨਾਲ ਰਲਿਆ ਤੇ ਬੰਦਾ ਸਿੰਘ ਨੂੰ ਕਮਜ਼ੋਰ ਕਰਕੇ ਗ੍ਰਿਫਤਾਰ ਕਰਵਾਇਆ ।
      ਇਸੇ ਹੀ ਤਰਾਂ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਭੂਮਿਕਾ ਡੋਗਰਿਆਂ ਨੇ ਨਿਭਾਈ ਜਿਸ ਦੇ ਵਿਚ ਕਈ ਸਿੱਖ ਰਾਜੇ ਵੀ ਸ਼ਾਮਿਲ ਸਨ।
      ਇਹੋ ਹੀ ਹਾਲ ਅੰਗਰੇਜ਼ ਹਕੂਮਤ ਦੇ ਖਿਲਾਫ਼ ਪਹਿਲੇ ਵਿਦਰੋਹ ਵੇਲੇ ਹੋਂਇਆ ਸੀ, ਜਦੋਂ ਘਰ ਦੇ ਭੇਤੀਆਂ ਨੇ ਇਸ ਵਿਦਰੋਹ ਦੀ  ਕਹਾਣੀ ਅੰਗਰੇਜ਼ਾਂ ਨੂੰ ਜਾ ਦੱਸੀ ਸੀ, ਉਸ ਵੇਲੇ ਇਹ ਸਾਰੀ ਸਕੀਮ ਧਰੀ ਦੀ ਧਰਾਈ ਰਹਿ ਰਹਿ ਗਈ ਸੀ।
ਗਦਰ ਲਹਿਰ ਤੇ  ਭਾਰਤ ਨੌਜਵਾਨ ਸਭਾ ਦੇ ਆਗੂਆਂ ਨੂੰ ਫੜਾਉਣ ਦੇ ਲਈ ਕਦੇ ਸਫੈਦਪੋਸ਼ਾਂ ਤੇ ਕਦੇ ਆਪਣਿਆਂ ਨੇ ਭੇਤ ਦੱਸ ਕੇ ਜੁਝਾਰੂ ਸ਼ਹੀਦ ਕਰਵਾਏ। 1857 ਦਾ ਵਿਦਰੋਹ ਇਹਨਾਂ ਘਰ ਦੇ ਭੇਤੀਆਂ ਦੇ ਕਾਰਨ ਪੂਰਾ 100 ਸਾਲ ਪਿੱਛੇ ਪਿਆ। ਹੁਣ ਦੀ ਤਾਜਾ ਖੋਜ ਇਹ ਦੱਸਦੀ  ਹੈ ਕਿ ਚੰਦਰ ਸ਼ੇਖਰ ਆਜ਼ਾਦ ਆਖ਼ਿਰੀ ਸਮੇਂ ਪੰਡਿਤ ਜਵਾਹਰ ਨਹਿਰੂ ਨੂੰ ਮਿਲ ਕੇ ਗਿਆ ਸੀ,  ਜਦੋਂ ਉਸ ਨੂੰ ਅੰਗਰੇਜ਼ ਸਿਪਾਹੀਆਂ ਨੇ ਬਾਗ਼ ਦੇ ਵਿਚ ਘੇਰਾ ਪਾਇਆ ਸੀ। ਚੰਦਰ ਸ਼ੇਖਰ ਉਸ ਵੇਲੇ ਭਗਤ ਸਿੰਘ ਦੀ ਰਿਹਾਈ ਦੇ ਮਾਮਲੇ ਨੂੰ ਲੈ ਕੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਮਿਲਿਆ ਸੀ, ਜਿਸ ਨੇ ਭਗਤ ਸਿੰਘ ਨੂੰ ਰਿਹਾ ਕਰਵਾਉਣ ਤੋਂ ਕੋਰੀ ਨਾ ਕਰ ਦਿੱਤੀ ਸੀ। ਸਿਆਸਤ ਦੇ ਵਿਚ ਬੁੱਕਲ ਦੇ ਸੱਪਾਂ ਨੇ ਕਿਸ ਕਿਸ ਨੂੰ ਡੰਗਿਆ ਹੈ? ਇਸ ਦੀ ਲੰਮੀ ਕਥਾ ਹੈ।
       ਬਾਦਲਾਂ ਦੇ ਰਾਜ ਵੇਲੇ ਕੁੱਝ ਅਕਾਲੀ ਐਮ. ਐਲਜ਼ ਨੇ ਕਾਂਗਰਸ ਦੇ ਨਾਲ ਰਲ ਕੇ ਸਰਕਾਰ ਬਣਾਉਣ ਦੀ ਸਕੀਮ ਘੜੀ ਤਾਂ ਕਾਂਗਰਸ ਦੇ ਹੀ ਇੱਕ ਭੇਤੀ ਨੇ ਇਸ ਦੀ ਖ਼ਬਰ ਬਾਦਲ ਦੇ ਕੋਲ ਪੁੱਜਦੀ ਕਰ ਦਿੱਤੀ, ਜਿਸ ਦਾ ਖਮਿਆਜਾ ਕੈਪਟਨ ਕੰਵਲਜੀਤ ਸਿੰਘ ਨੂੰ ਭੁਗਤਣਾ ਪਿਆ ਸੀ।
       ਹੁਣ ਬਰਗਾੜੀ ਦੇ ਲੱਗੇ ਇਨਸਾਫ਼ ਮੋਰਚੇ ਨੂੰ ਕਿਸੇ ਤਣ ਪੱਤਣ ਲੱਗਣ ਦੇ ਲਈ ਜਦੋਂ ਵੀ ਕੋਈ ਰਾਇ ਬਣਦੀ ਹੈ ਤਾਂ ਬੁਕਲ ਦੇ ਸੱਪ ਆਪਣੀ ਕਾਰਵਾਈ ਪਾ ਕੇ ਇਸ ਮਸਲੇ ਨੂੰ ਉਲਟਾਅ ਦੇਂਦਾ ਹਨ। ਆਖਿਰ ਬਗੈਰ  ਇਨਸਾਫ ਦੇ ਮੋਰਚਾ ਖੁਰਦ-ਬੁਰਦ। ਦੋਸ਼ ਸਿਲਸਿਲੇ  ਸ਼ੁਰੂ ਨੇ ਕੀ ਖੱਟਿਆ ਤੇ ਕੀ ਗਵਾਇਆ ਇਸ ਦਾ ਹਿਸਾਬ  ਕੌਣ ਦੇਵੇਗਾ? ਕੌਣ ਸੀ ਇਹਨਾਂ  'ਚ ਬੁੱਕਲ ਦੇ ਸੱਪ
       ਇਸੇ ਕਰਕੇ ਸਿਆਣੇ ਆਖਦੇ ਹਨ ਕਿ ਘਰ ਦੇ ਭੇਤੀਆਂ 'ਤੇ  ਨਜ਼ਰ ਰੱਖੋ। ਪਰ ਇਹ ਭੇਤੀ ਹਰ ਥਾਂ ਮੌਜੂਦ ਹੁੰਦੇ ਹਨ। ਜਿਹੜੇ ਮੌਕੇ ਦੀ ਤਲਾਸ਼ ਵਿਚ ਰਹਿੰਦੇ ਹਨ।
 ਮਾਮਲਾ ਸਮਾਜ, ਧਰਮ ਤੇ ਸਿਆਸਤ ਦਾ ਹੋਵੇ ਜਾਂ ਕਿਸੇ ਘਰ ਦਾ ਹੋਵੇ, ਬੁੱਕਲ ਦੇ ਸੱਪਾਂ ਤੋਂ ਬਚਣਾ ਬਹੁਤ ਹੀ ਔਖਾ ਹੁੰਦਾ ਹੈ। ਪਰ ਇਹ ਮੂੰਹ ਦੇ ਮਿੱਠੇ ਤੇ ਕੁੱਤੇ ਵਾਂਗ ਪੂਛ ਮਾਰਦੇ ਰਹਿੰਦੇ ਹਨ। ਇਹਨਾਂ ਦੋਮੂੰਹਿਆਂ ਤੋਂ ਬਚਣ ਦੀ ਲੋੜ ਹੈ, ਹੁਣ ਸਿੱਖ ਕੌਮ ਬੁੱਕਲ ਦੇ ਸੱਪਾਂ ਦੇ ਕਬਜ਼ੇ ਵਿਚ ਹੈ, ਜਿਹੜੇ ਖਾਂਦੇ ਤਾਂ ਗੁਰੂ ਘਰ 'ਚੋਂ ਹਨ ਪਰ ਕੰਮ ਹੋਰਾਂ ਲਈ ਕਰਦੇ ਹਨ। ਆਓ! ਇਹਨਾਂ ਬੁੱਕਲ ਦੇ ਸੱਪਾਂ ਦੀ ਪਹਿਚਾਣ ਕਰੀਏ।
ਘਰ ਦਾ ਭੇਤੀ ਲੰਕਾ  ਢਾਹੇ
ਬੁੱਕਲ ਦੇ ਸੱਪਾਂ ਤੋ ਕਿੰਝ ਬਚੀਏ?
ਇੋਕ ਦੂਜੇ  ਦੇ ਡੰਗ ਮਾਰਨ ਦੀ ਵਜਾਏ
ਇੱਕ ਦੂਜੇ  ਨੂੰ  ਗਲੇ ਲਾਈਏ
ਲੋੜ ਹੈ ਸੋਚ ਬਦਲਣ ਦੀ
      ਪਰ ਹੁਣ ਬੁੱਕਲ ਦੇ ਸੱਪ ਪਛਾਣੇ  ਜਾ ਰਹੇ ਹਨ।  ਉਹਨਾਂ  ਉਤੇ  ਹੋਵੇਗੀ ਕਾਨੂੰਨੀ ਕਾਰਵਾਈ, ਪਰ ਬਚੋ ਬੁੱਕਲ ਦੇ ਸੱਪਾਂ ਤੋਂ !
       ਹੁਣ ਹਰ ਬੋਲ ਤੇ ਚਾਲ ਸੋਚ ਸਮਝ ਕੇ ਚੱਲਣ ਦੀ ਹੈ … ਇਕ ਹੀ ਗਲਤੀ ਇਸ ਜਨ ਅੰਦੋਲਨ ਨੂੰ  ਖਤਮ ਕਰ ਦੇਵੇਗੀ … !
      ਸੰਭਲ ਕੇ ਬੋਲਣ ਤੇ ਤੁਰਨ ਦੀ ਲੋੜ ਹੈ , ਇਹ ਜਨ ਅੰਦੋਲਨ ਕਿਸੇ ਇਕ ਦਾ ਨੀ .. ਸਭ ਦਾ ਹੈ ਤੇ ਜਿੱਤ ਹਾਰ ਸਭ ਦੀ ਹੋਵੇਗੀ .. ਜੇ ਹਾਰਨਾ ਨਹੀਂ ਤਾਂ  ਬੁੱਕਲ ਦੇ ਯਾਰਾਂ ਤੋਂ ਕੌਮ ਦੇ ਗਦਾਰਾਂ ਤੋਂ ਬਚਣਾ ਬਹੁਤ ਜਰੂਰੀ ਹੈ .. ਏਕਤਾ ਨੂੰ ਬਰਕਰਾਰ ਰੱਖਣਾ ਉਸ ਤੋਂ  ਜਰੂਰੀ ਹੈ … ਇਹ ਬਣੀ ਹੈ / ਬਣੀ ਰਹੇ ਤਾਂ  ਜਿੱਤ ਪੱਕੀ ਹੈ।

budhsinghneelon@ gmail.com

ਖੂਬਸੂਰਤ ਪਲ - ਬੁੱਧ  ਸਿੰਘ  ਨੀਲੋੰ

ਮਨ ਦੇ ਬੋਲ  ...
ਤਨ ਦਾ  ਵਾਸਾ
ਅੰਦਰ  ਰੋਹ
ਮੁਖ ਤੇ ਹਾਸਾ
ਮਨੁੱਖਤਾ  ਦਾ ਵਾਸਾ
ਨਾਨਕ, ਕਬੀਰ, ਫਰੀਦ ...
ਸੈਣ...ਰਵਿਦਾਸ ਰਲ ਮਿਲ ਬਹਿਣ ...
ਗੱਲਾਂ ਕਰਦੇ ….

ਵਾਹ ਤੇਰੇ ਮੌਲਾ
ਤੇਰੇ ਰੰਗ ...
ਹੁਣ ਟੁੱਟਣੀਆਂ
ਜਾਤ ਪਾਤ ਦੀ ਜ਼ੰਜੀਰਾਂ ....
ਮਾਨਸ ਕੀ ਏਕ ਜਾਤ
ਦਾ ਪ੍ਰਤੱਖ ਵਾਸਾ,

ਏਨੀ ਠੰਡ  ਤੇ ਚਿਹਰੇ  'ਤੇ ਹਾਸਾ
ਕੋਈ  ਨਾ ਦਿਸੇ ਬਾਹਰਾ ਜੀਉ

ਸਬਰ ਸੰਤੋਖ ਤੇ ਸਾਦਗੀ
ਦਾ ਸਿਖਰ .... ਕੁਰਸੀ  ਨੂੰ
ਪਿਆ ਹੈ ਫਿਕਰ ...
ਡਾ. ਜਗਤਾਰ ਆਖੇ
ਚੁੱਪ ਦੀ ਆਵਾਜ਼  ਸੁਣੋ ...
ਚੁੱਪ ਦੀ ਅੱਖ ਤੱਕੋ ...

ਕੋਈ ਤੇ ਉਠਿਆ ਮਰਦ
ਵਾਹ ਦਿੱਲੀਏ
ਜਗਾ ਦਿੱਤੀ  ਸੁੱਤੀ  ਅਣਖ
ਦੇ ਕਿਵੇ ... ਬੋਲ ਰਹੇ ਛਣਕ
.... ਵਾਹ ਜੀ ...
ਰੱਬ  ਗਿਆ  ਥੱਲੇ  ਆ
ਤੱਕ ਲੋ, ਕਰ ਲੋ, ਦਰਸ਼ਨ ...