Jaswant Singh Ajit

ਇਹ ਨੇ ਦੇਸ਼ ਦੇ ਕਾਨੂੰਨ ਘਾੜੇ : 43 ਪ੍ਰਤੀਸ਼ਤ ਵਿਰੁਧ ਅਪ੍ਰਾਧਕ ਮਾਮਲੇ - ਜਸਵੰਤ ਸਿੰਘ 'ਅਜੀਤ'

ਐਸੋਸੀਏਸ਼ਨ ਆਫ ਡੈਮੋਕਰੇਟਿਕ ਰਿਫਾਰਮਜ਼ (ਏਡੀਆਰ) ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਇਸ ਵਾਰ ਲੋਕਸਭਾ ਲਈ ਚੁਣੇ ਗਏ ਸਾਂਸਦ ਵਿਚੋਂ 43 ਪ੍ਰਤੀਸ਼ਤ ਅਜਿਹੇ ਹਨ, ਜਿਨ੍ਹਾਂ ਵਿਰੁਧ ਕਈ-ਕਈ ਅਪ੍ਰਾਧਕ ਮਾਮਲੇ ਦਰਜ ਹਨ। ਰਿਪੋਰਟ ਵਿੱਚ ਇਹ ਦਾਅਵਾ ਵੀ ਕੀਤਾ ਗਿਆ ਹੈ ਕਿ ਇਹ ਗਿਣਤੀ 2014 ਵਿੱਚ ਚੁਣੇ ਗਏ ਅਜਿਹੇ ਸਾਂਸਦਾਂ ਨਾਲੋਂ 26 ਪ੍ਰਤੀਸ਼ਤ ਵੱਧ ਹੈ। ਮਤਲਬ ਇਹ ਕਿ ਦੇਸ਼ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ, ਭਾਵੇਂ ਉਸਦਾ ਖੇਤ੍ਰ ਕੋਈ ਵੀ ਹੋਵੇ। ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਇਸ ਵਾਰ ਲੋਕਸਭਾ ਚੋਣਾਂ ਜਿਤਣ ਵਾਲੇ 539 ਲੋਕਸਭਾ ਮੈਂਬਰਾਂ ਵਿਚੋਂ ਜਿਨ੍ਹਾਂ 233 ਮੈਂਬਰਾਂ ਵਿਰੁਧ ਅਪ੍ਰਾਧਕ ਮਾਮਲੇ ਦਰਜ ਹਨ, ਉਨ੍ਹਾਂ ਵਿਚੋਂ ਸਭ ਤੋਂ  ਵਧ ਸਾਂਸਦ ਭਾਜਪਾ ਦੇ ਹਨ, ਜਿਨ੍ਹਾਂ ਦੀ ਗਿਣਤੀ 116 ਹੈ। ਇਸਤੋਂ ਬਾਅਦ ਕਾਂਗ੍ਰਸ ਦੇ ਅਜਿਹੇ ਸਾਂਸਦਾਂ ਦੀ ਗਿਣਤੀ 29, ਜਨਤਾ ਦਲ ਯੂਨਾਇਟਿਡ ਦੇ ਸਾਂਸਦਾਂ ਦੀ ਗਿਣਤੀ 13, ਡੀਐਮਕੇ ਦੇ ਸਾਂਸਦਾਂ ਦੀ ਗਿਣਤੀ 10 ਅਤੇ ਤ੍ਰਿਣਮੂਲ ਕਾਂਗ੍ਰਸ ਦੇ ਸਾਂਸਦਾਂ ਦੀ ਗਿਣਤੀ 9 ਹੈ। 

ਸਭ ਤੋਂ ਵੱਧ ਯੂਪੀ ਦੇ ਸਾਂਸਦ : ਇਸੇ ਸੰਸਥਾ, ਏਡੀਆਰ ਵਲੋਂ ਜਾਰੀ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਦੇਸ਼ ਦੀ ਸੰਸਦ ਵਿੱਚ ਸਭ ਤੋਂ ਵੱਧ ਭਾਈਵਾਲੀ ਰਖਣ ਵਾਲੇ ਰਾਜ, ਉਤਰ-ਪ੍ਰਦੇਸ਼ ਨੇ ਇਸ ਵਾਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਵੀ ਕਿਤੇ ਵੱਧ ਅਪ੍ਰਾਧਕ ਪ੍ਰਵਿਰਤੀ ਵਾਲੇ ਉਮੀਦਵਾਰਾਂ ਨੂੰ ਸੰਸਦ ਵਿੱਚ ਪਹੁੰਚਾਇਆ ਹੈ। ਉਤਰ-ਪ੍ਰਦੇਸ ਵਿਚੋਂ ਜਿੱਤ ਕੇ ਸੰਸਦ ਵਿੱਚ ਪੁਜੇ ਉਮੀਦਵਾਰਾਂ ਵਿਚੋਂ 56 ਪ੍ਰਤੀਸ਼ਤ ਅਜਿਹੇ ਸਾਂਸਦ ਹਨ, ਜਿਨ੍ਹਾਂ ਵਿਰੁਧ ਅਪ੍ਰਾਧਕ ਹੀ ਨਹੀਂ, ਸਗੋਂ ਗੰਭੀਰ ਅਪ੍ਰਾਧਕ ਮਾਮਲੇ ਦਰਜ ਹਨ। ਰਿਪੋਰਟ ਅਨੁਸਾਰ ਪਿਛਲੀ ਵਾਰ ਦੇ ਮੁਕਾਬਲੇ ਅਪ੍ਰਾਧਕ ਪ੍ਰਵਿਰਤੀ ਦੇ ਸਾਂਸਦ ਇਸ ਵਾਰ ਕਿਤੇ ਵੱਧ ਗਿਣਤੀ ਵਿੱਚ ਸੰਸਦ ਵਿੱਚ ਪੁਜੇ ਹਨ। ਰਿਪੋਰਟ ਅਨੁਸਾਰ 44 (56 ਪ੍ਰਤੀਸ਼ਤ) ਸਾਂਸਦਾਂ ਵਲੋਂ ਆਪਣੇ ਪੁਰ ਅਪ੍ਰਾਧਕ ਮਾਮਲੇ ਦਰਜ ਹੋਣ ਦੀ ਗਲ ਸਵੀਕਾਰੀ ਹੈ। ਇਤਨਾ ਹੀ ਨਹੀਂ ਗੰਭੀਰ ਅਪ੍ਰਾਧਕ ਮਾਮਲਿਆਂ ਵਿੱਚ ਲਿਪਤ ਸਾਂਸਦਾਂ ਦੀ ਗਿਣਤੀ ਵਿਚ ਵੀ ਵਾਧਾ ਹੋਇਆ ਹੈ। ਅਰਥਾਤ 37 (47 ਪ੍ਰਤੀਸ਼ਤ) ਸਾਂਸਦਾਂ ਨੇ ਆਪਣੇ ਪੁਰ ਗੰਭੀਰ ਅਪ੍ਰਾਧਕ ਮਾਮਲਿਆਂ ਦਾ ਦਰਜ ਹੋਣਾ ਸਵੀਕਾਰਿਆ ਹੈ। ਜਦਕਿ ਪਿਛਲੀ ਵਾਰ (2014 ਵਿੱਚ) ਇਹ ਗਿਣਤੀ ਕੇਵਲ 22 (ਅਰਥਾਤ 28 ਪ੍ਰਤੀਸ਼ਤ) ਹੀ ਸੀ।


ਕਰੋੜਪਤੀ ਵੀ ਘਟ ਨਹੀਂ: ਇਸੇ ਹੀ ਸੰਸਥਾ ਏਡੀਆਰ, ਦੀ ਰਿਪੋਰਟ ਅਨੁਸਾਰ ਨਵੀਂ ਲੋਕਸਭਾ ਵਿੱਚ 475 ਸਾਂਸਦ ਕਰੋੜਪਤੀ ਹਨ। ਇਨ੍ਹਾਂ ਵਿਚੋਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਦੇ ਪੁਤਰ ਨਕੁਲਨਾਥ ਦਾ ਨਾਂ ਸਭ ਤੋਂ ਉਪਰ ਆਉਂਦਾ ਹੈ। ਜਿਨ੍ਹਾਂ ਨੇ ਆਪਣੀ ਜਾਇਦਾਦ 660 ਕਰੋੜ ਰੁਪਏ ਦੀ ਹੋਣਾ ਸਵੀਕਾਰਿਆ ਹੈ। ਰਿਪੋਰਟ ਅਨੁਸਾਰ ਭਾਜਪਾ ਦੇ 301 ਸਾਂਸਦਾਂ ਵਿਚੋਂ 265 (88 ਪ੍ਰਤੀਸ਼ਤ) ਸਾਂਸਦ ਕਰੋੜਪਤੀ ਹਨ। ਰਾਜਗ ਵਿੱਚ ਭਾਜਪਾ ਦੀ ਸਹਿਯੋਗੀ ਸ਼ਿਵਸੇਨਾ ਦੇ ਸਾਰੇ ਹੀ 18 ਸਾਂਸਦਾਂ ਦੀ ਜਾਇਦਾਦ ਇੱਕ ਕਰੋੜ ਤੋਂ ਵੱਧ ਹੈ। ਕਾਂਗ੍ਰਸ ਦੇ 51 ਸਾਂਸਦਾਂ, ਜਿਨ੍ਹਾਂ ਦੇ ਹਲਫਨਾਮਿਆਂ ਦਾ ਅਧਿਅਨ ਕੀਤਾ ਜਾ ਸਕਿਆ, ਉਨ੍ਹਾਂ ਵਿਚੋਂ 43 ਸਾਂਸਦ (ਅਰਥਾਤ 96 ਪ੍ਰਤੀਸ਼ਤ) ਕਰੋੜਪਤੀ ਹਨ। ਇਸੇਤਰ੍ਹਾਂ ਡੀਐਮਕੇ 23 ਸਾਂਸਦਾਂ ਵਿਚੋਂ 22 ਸਾਂਸਦ, ਤ੍ਰਿਣਮੂਲ ਕਾਂਗ੍ਰਸ ਦੇ 22 ਸਾਂਸਦਾਂ ਵਿਚੋਂ 20, ਅਤੇ ਵਾਈਐਸਅਰ ਕਾਂਗ੍ਰਸ ਦੇ 22 ਸਾਂਸਦਾਂ ਵਿਚੋਂ 19 ਸਾਂਸਦ ਕਰੋਪਤੀ ਹਨ। 
  
ਦਿੱਲੀ ਦੀਆਂ ਇਹ ਬਚੀਆਂ ਕਿਥੇ ਨੇ? : ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਜਾਰੀ ਇੱਕ ਰਿਪੋਰਟ ਅਨੁਸਾਰ ਦਿੱਲੀ ਵਿੱਚ ਲਾਪਤਾ ਹੋਣ ਵਾਲੇ ਬਚਿਆਂ ਦਾ ਪ੍ਰਤੀਸ਼ਤ ਸਾਲ-ਦਰ-ਸਾਲ ਲਗਾਤਾਰ ਵਧਦਾ ਹੀ ਚਲਿਆ ਜਾ ਰਿਹਾ ਹੈ। ਇਨ੍ਹਾਂ ਲਾਪਤਾ ਹੋਣ ਵਾਲੇ ਬਚਿਆਂ ਵਿੱਚ ਲੜਕੀਆਂ ਦੀ ਗਿਣਤੀ ਵਧੇਰੇ ਹੈ। ਸਾਲ 2014 ਤੋਂ 2017 ਤਕ 16504 ਲੜਕੀਆਂ ਦਿੱਲੀ ਤੋਂ ਲਾਪਤਾ ਹੋਈਆਂ, ਇਨ੍ਹਾਂ ਵਿਚੋਂ 3730 ਲੜਕੀਆਂ ਦਾ ਅਜੇ ਤਕ ਕੁਝ ਥਹੁ-ਪਤਾ ਨਹੀਂ ਚਲ ਸਕਿਆ। ਲਾਪਤਾ ਬਚਿਆਂ ਨੂੰ ਲੈ ਕੇ ਇਹ ਰਿਪੋਰਟ 17 ਜੁਲਾਈ ਨੂੰ ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸ਼ਨ ਵਲੋਂ ਦਿੱਲੀ ਸਕਤਰੇਤ ਵਿੱਚ ਪੇਸ਼ ਕੀਤੀ ਗਈ। ਰਿਪੋਰਟ ਵਿੱਚ ਸਾਲ 2008 ਤੋਂ 2017 ਤਕ ਲਾਪਤਾ ਅਤੇ ਬਰਾਮਦ ਹੋਏ ਬਚਿਆਂ ਦਾ ਵੇਰਵਾ ਦਿੱਤਾ ਗਿਆ ਹੋਇਆ ਹੈ। ਇਸ ਰਿਪੋਰਟ ਅਨੁਸਾਰ ਸਾਲ 2014 ਤੋਂ 2017 ਤਕ ਦਿੱਲੀ ਤੋਂ ਸਭ ਤੋਂ ਵੱਧ ਲੜਕੀਆਂ ਲਾਪਤਾ ਹੋਈਆਂ, ਜਿਨ੍ਹਾਂ ਨੂੰ ਲਭਣ ਦਾ ਪ੍ਰਤੀਸ਼ਤ ਬਹੁਤ ਹੀ ਘਟ ਹੈ। ਦਿੱਲੀ ਵਿੱਚ ਇਨ੍ਹਾਂ ਚਾਰ ਸਾਲਾਂ ਵਿੱਚ 16504 ਲੜਕੀਆਂ ਲਾਪਤਾ ਹੋਈਆਂ, ਜਦਕਿ ਲਾਪਤਾ ਹੋਣ ਵਾਲੇ ਲੜਕਿਆਂ ਦੀ ਗਿਣਤੀ 12918 ਹੈ। ਇਨ੍ਹਾਂ ਵਿਚੋਂ 10849 ਲੜਕਿਆਂ ਅਤੇ 12774 ਲੜਕੀਆਂ ਨੂੰ ਲਭ ਲਿਆ ਗਿਆ। 2069 ਲੜਕੇ ਅਤੇ 3730 ਲੜਕੀਆਂ ਅਜੇ ਤਕ ਲਾਪਤਾ ਹਨ। ਇਸ ਰਿਪੋਰਟ ਵਿੱਚ ਇਹ ਵੀ ਦਸਿਆ ਗਿਆ ਹੈ ਕਿ ਸਾਲ 2015 ਤੋਂ 2017 ਦੇ ਵਿੱਚਕਾਰ ਲਾਪਤਾ ਹੋਣ ਵਾਲੇ ਬਚਿਆਂ ਦੀ ਗਿਣਤੀ ਵਿੱਚ ਗਿਰਾਵਟ ਆਈ ਹੈ। ਇਹ ਵੀ ਦਸਿਆ ਗਿਆ ਹੈ ਕਿ ਲਾਪਤਾ ਹੋਣ ਵਾਲੇ ਬਹੁਤੇ ਬੱਚੇ ਉਨ੍ਹਾਂ ਪ੍ਰਵਾਸੀਆਂ ਦੇ ਹਨ, ਜੋ ਦਿਹਾੜੀਦਾਰ ਮਜ਼ਦੂਰਾਂ ਦੇ ਰੂਪ ਵਿੱਚ ਬਾਹਰੋਂ ਕੰਮ ਕਰਨ ਲਈ ਆਉਂਦੇ ਹਨ।
ਦਿੱਲੀ ਦੇ ਮੁਖ ਸਕਤੱਰ ਵਿਜੈ ਕੁਮਾਰ ਦੇਵ ਦਾ ਕਹਿਣਾ ਹੈ ਕਿ ਲਾਪਤਾ ਹੋਏ ਬਚਿਆਂ ਨੂੰ ਲਭਣ ਦਾ ਕੰਮ ਸਰਕਾਰੀ ਅਤੇ ਗੈਰ-ਸਰਕਾਰੀ ਸਾਰੇ ਵਿਭਾਗਾਂ ਨੂੰ ਮਿਲ ਕੇ ਕਰਨਾ ਚਾਹੀਦਾ ਹੈ। ਇਸ ਨਾਲ ਸਫਲਤਾ ਦੀ ਦਰ ਵਧੇਗੀ। ਉਨ੍ਹਾਂ ਅਨੁਸਾਰ ਇਸ ਵਿੱਚ ਪੁਲਿਸ ਦੀ ਭੂਮਿਕਾ ਸਭ ਤੋਂ ਅਹਿਮ (ਖਾਸ) ਹੁੰਦੀ ਹੈ। ਇਸਦੇ ਨਾਲ ਹੀ ਦਿੱਲੀ ਬਾਲ ਅਧਿਕਾਰ ਸੁਰਖਿਆ ਕਮਿਸਨ ਦੇ ਮੁਖੀ, ਰਮੇਸ਼ ਨੇਗੀ ਦਾ ਮਤ ਹੈ ਕਿ ਬਚਿਆਂ ਦਾ ਬਹੁਤਾ ਸਮਾਂ ਸਕੂਲ ਵਿੱਚ ਬੀਤਦਾ ਹੈ। ਇਸਲਈ ਸਕੂਲ ਤੋਂ ਹੀ ਬਚਿਆਂ ਦੀ ਸੁਰਖਿਆ ਅਰੰਭ ਹੁੰਦੀ ਹੈ। ਇਸਦੇ ਲਈ ਪੁਲਿਸ ਹੀ ਨਹੀਂ ਸਮਾਜ ਦੇ ਹਰ ਵਰਗ ਨੂੰ ਸਹਿਯੋਗ ਲਈ ਅਗੇ ਆਉਣਾ ਹੋਵੇਗਾ।

ਬੋਲੋ 'ਜੈ ਸ਼੍ਰੀ ਰਾਮ' ਵਰਨਾ... : ਉਨਾਵ ਜ਼ਿਲੇ ਦੇ ਇੱਕ ਮਦਰਸੇ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਇਕ ਗੁਟ ਨੂੰ ਕਥਤ ਰੂਪ ਵਿੱਚ 'ਜੈ ਸ਼੍ਰੀ ਰਾਮ' ਨਾ ਬੋਲਣ ਤੇ ਮਾਰਿਆ ਕੁਟਿਆ ਗਿਆ। ਮਿਲੀ ਜਾਣਕਾਰੀ ਅਨੁਸਾਰ ਨਾਬਾਲਗ ਪੀੜਤ ਬਚਿਆਂ ਦੇ ਕਪੜੇ ਫਾੜ ਦਿੱਤੇ ਗਏ ਅਤੇ ਉਨ੍ਹਾਂ ਦੀਆਂ ਸਾਈਕਲਾਂ ਵੀ ਤੋੜ ਦਿੱਤੀਆਂ ਗਈਆਂ। ਬੱਚੇ ਦੁਪਹਿਰ ਦੀ ਨਮਾਜ਼ ਤੋਂ ਬਾਅਦ ਕ੍ਰਿਕਟ ਖੇਡਣ ਲਈ ਮੈਦਾਨ ਵਿੱਚ ਗਏ ਸਨ। ਦਸਿਆ ਗਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦੋਂ ਚਾਰ ਬੰਦਿਆਂ ਦਾ ਇੱਕ ਗੁਟ ਮੈਦਾਨ ਵਿੱਚ ਆਇਆ ਅਤੇ ਬਚਿਆਂ ਨਾਲ ਕ੍ਰਿਕਟ ਖੇਡਣ ਪੁਰ ਬਹਿਸ ਕਰਨ ਮਗਰੋਂ, ਕਥਤ ਰੂਪ ਵਿੱਚ ਬਚਿਆਂ ਨੂੰ ਮਾਰਨਾ ਕੁਟਣਾ ਸ਼ੁਰੂ ਕਰ ਦਿੱਤਾ। ਇਥੋਂ ਤਕ ਕਿ ਉਨ੍ਹਾਂ ਬਚਿਆਂ ਨੂੰ 'ਜੈ ਸ਼੍ਰੀ ਰਾਮ' ਬੋਲਣ ਤੇ ਵੀ ਮਜਬੂਰ ਕੀਤਾ ਗਿਆ। ਇਸ ਘਟਨਾ ਤੋਂ ਬਾਅਦ ਬੱਚੇ ਜਦੋਂ ਮਦਰਸੇ ਵਾਪਸ ਪੁਜੇ ਤਾਂ ਉਨ੍ਹਾਂ ਨੇ ਇਸ ਘਟਨਾ ਬਾਰੇ ਪ੍ਰਬੰਧਕਾਂ ਨੂੰ ਦਸਿਆ। ਇਸ ਘਟਨਾ ਦਾ ਪਤਾ ਲਗਣ ਤੇ ਪੁਲਿਸ ਉਥੇ ਆ ਗਈ ਤੇ ਉਸਨੇ ਮਾਮਲਾ ਦਰਜ ਕਰ ਲਿਆ।

ਪੇਂਡੂ ਨੌਜਵਾਨਾਂ ਵਿੱਚ ਵੱਧੀ ਬੇਰੁਜ਼ਗਾਰੀ : ਕੇਂਦਰ ਸਰਕਾਰ ਵਲੋਂ ਜਾਰੀ ਇੱਕ ਰਿਪੋਰਟ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਬੀਤੇ ਛੇ ਸਾਲਾਂ ਵਿੱਚ ਪੇਂਡੂ ਖੇਤ੍ਰ ਦੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਦੀ ਦਰ ਵਿੱਚ ਤਿੰਨ ਗੁਣਾ ਵਾਧਾ ਹੋਇਆ ਹੈ। ਜੇ ਇਸਦੀ ਤੁਲਨਾ 2004-2005 ਦੇ ਵਰ੍ਹੇ ਨਾਲ ਕੀਤੀ ਜਾਏ ਤਾਂ ਇਹ ਵਾਧਾ ਚਾਰ ਗੁਣਾ ਹੈ। ਜਾਣਕਾਰਾਂ ਅਨੁਸਾਰ ਪੇਂਡੂ ਖੇਤ੍ਰਾਂ ਵਿੱਚ ਬੇਰੁਜ਼ਗਾਰੀ ਦੇ ਤੇਜ਼ੀ ਨਾਲ ਵਧਣ ਦੇ ਦੋ ਮੁੱਖ ਕਾਰਣ ਹਨ। ਇੱਕ ਤਾਂ ਇਹ ਕਿ ਸਿਖਿਆ ਦਾ ਪੱਧਰ ਉੱਚਾ ਹੋਣ ਕਾਰਣ ਖੇਤੀ ਕੰਮਾਂ ਵਿੱਚ ਨੌਜਵਾਨਾਂ ਦੀ ਹਿਸੇਦਾਰੀ ਘਟ ਰਹੀ ਹੈ ਅਤੇ ਦੂਸਰਾ, ਇਹ ਹੈ ਕਿ ਖੇਤੀ ਨਾਲ ਜੁੜੇ ਚਲੇ ਆ ਰਹੇ ਛੋਟੇ-ਮੋਟੇ ਕੰਮ ਧੰਦੇ ਬੰਦ ਹੁੰਦੇ ਜਾ ਰਹੇ ਹਨ।

...ਅਤੇ ਅੰਤ ਵਿੱਚ : ਕੇਂਦਰ ਸਰਕਾਰ ਦੀ ਬੇਰੁਜ਼ਗਾਰੀ ਸੰਬੰਧੀ ਰਿਪੋਰਟ ਅਨੁਸਾਰ ਹੀ ਬੀਤੇ ਛੇ ਵਰ੍ਹਿਆਂ ਵਿੱਚ 15 ਤੋਂ 29 ਵਰ੍ਹਿਆਂ ਦੀਆਂ ਸ਼ਹਿਰੀ ਮੁਟਿਆਰਾਂ ਵਿੱਚ ਬੇਰੁਜ਼ਗਾਰੀ ਦੀ ਦਰ ਤੇਜ਼ੀ ਨਾਲ ਵੱਧੀ ਹੈ। 2011-2012 ਦੀ 13.1 ਪ੍ਰਤੀਸ਼ਤ ਦੀ ਦਰ ਵੱਧ ਕੇ ਹੁਣ 27.2 ਪ੍ਰਤੀਸ਼ਤ, ਅਰਥਾਤ ਸਭ ਤੋਂ ਉਚੀ ਦਰ ਤੇ ਆ ਪੁਜੀ ਹੈ। ਇਸੇ ਸਮੇਂ ਦੌਰਾਨ ਪੇਂਡੂ ਮੁਟਿਆਰਾਂ ਵਿੱਚ ਵੀ ਬੇਰੁਜ਼ਗਾਰੀ ਦੀ ਦਰ 4.8 ਪ੍ਰਤੀਸ਼ਤ ਤੋਂ ਵੱਧ ਕੇ 13.6 ਪ੍ਰਤੀਸ਼ਤ ਤਕ ਜਾ ਪੁਜੀ ਹੈ।

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਡੇਢ-ਕੁ ਵਰ੍ਹੇ ਬਾਅਦ ਅਕਾਲੀ ਦਲ ਸੌ ਵਰ੍ਹਿਆਂ ਦਾ ਹੋਣ ਜਾ ਰਿਹੈ!  - ਜਸਵੰਤ ਸਿੰਘ 'ਅਜੀਤ'

ਲਗਭਗ ਡੇਢ ਵਰ੍ਹੇ ਬਾਅਦ, ਅਰਥਾਤ 24 ਜਨਵਰੀ 2021 ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਹੋਇਆਂ ਸੌ (100) ਵਰ੍ਹੇ ਪੂਰੇ ਹੋਣ ਜਾ ਰਹੇ ਹਨ। ਅਜਿਹੇ ਸਮੇਂ ਅਕਾਲੀ ਦਲ ਦੀ ਸਥਾਪਨਾ ਨੂੰ ਲੈ ਕੇ, ਉਸਦੇ ਬੀਤੇ ਇਤਿਹਾਸ ਪੁਰ ਇੱਕ ਉਚਟਦੀ ਨਜ਼ਰ ਮਾਰ ਲੈਣਾ ਗਲਤ ਨਹੀਂ ਹੋਵੇਗਾ। ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਤ ਇਤਿਹਾਸ ਦੇ ਅਨੁਸਾਰ ਜਦੋਂ ਵੀਹਵੀਂ ਸਦੀ ਦੇ ਤੀਜੇ ਦਹਾਕੇ ਦੇ ਅਰੰਭ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਕੀਤੀ ਗਈ ਤਾਂ ਉਸ ਸਮੇਂ ਉਸਦਾ ਜੋ ਸੰਵਿਧਾਨ ਤਿਆਰ ਕੀਤਾ ਗਿਆ, ਤਾਂ ਉਸ ਸਮੇਂ ਉਸ ਵਿਚ ਇਕ ਤਾਂ ਇਹ ਗਲ ਨਿਸ਼ਚਿਤ ਕੀਤੀ ਗਈ ਕਿ ਇਹ ਜਥੇਬੰਦੀ ਗੁਰਧਾਮਾਂ ਵਿਚ ਧਾਰਮਕ ਮਰਿਆਦਾਵਾਂ, ਪਰੰਪਰਾਵਾਂ ਅਤੇ ਮਾਨਤਾਵਾਂ ਦੇ ਪਾਲਣ ਵਿਚ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹਿਯੋਗ ਦੇਵੇਗੀ ਅਤੇ ਦੂਸਰੀ ਗਲ ਇਹ ਕਿ ਇਸ ਦਾ ਸੰਗਠਨ ਪੂਰਣ-ਰੂਪ ਵਿਚ ਲੋਕਤਾਂਤ੍ਰਿਕ ਮਾਨਤਾਵਾਂ ਦੇ ਆਧਾਰ ਤੇ ਹੀ ਕੀਤਾ ਜਾਇਗਾ। ਸੰਵਿਧਾਨ ਵਿੱਚ ਇਸਨੂੰ ਹੋਂਦ ਵਿੱਚ ਲਿਆਉਣ ਦਾ ਮੁਖ ਮੰਤਵ, 'ਗੁਰਮਤਿ ਤੇ ਰਹਿਤ ਮਰਿਆਦਾ ਦਾ ਪ੍ਰਚਾਰ ਕਰਨ ਦੇ ਨਾਲ ਹੀ ਨਾਸਤਕਤਾ ਦੇ ਨਾਸ਼ ਅਤੇ ਗੁਰਦੁਆਰਿਆਂ ਦੇ ਪ੍ਰਬੰਧ ਦੇ ਸੁਧਾਰ ਅਤੇ ਸੇਵਾ-ਸੰਭਾਲ ਲਈ ਉਦਮ ਕਰਨਾ', ਮਿਥਿਆ ਗਿਆ।

ਸ਼੍ਰੋਮਣੀ ਅਕਾਲੀ ਦਲ ਦਾ ਸੰਗਠਨ : ਇਸਦੇ ਸੰਗਠਨ ਦੇ ਗਠਨ / ਪੁਨਰਗਠਨ ਦੇ ਲਈ, ਸਭ ਤੋਂ ਪਹਿਲਾਂ ਭਰਤੀ ਕੀਤੀ ਜਾਂਦੀ, ਫਿਰ ਭਰਤੀ ਰਾਹੀਂ ਬਣੇ ਮੈਂਬਰਾਂ ਵਲੋਂ ਆਪੋ-ਆਪਣੇ ਇਲਾਕੇ ਦੇ ਜਥਿਆਂ ਦਾ ਗਠਨ ਕੀਤਾ ਜਾਂਦਾ। ਇਲਾਕਿਆਂ ਦੇ ਜਥਿਆਂ ਦੇ ਪ੍ਰਤੀਨਿਧੀ ਮਿਲ-ਬੈਠ ਕੇ ਸ਼ਹਿਰੀ ਜਥੇ ਬਣਾਉਂਦੇ ਅਤੇ ਸ਼ਹਿਰੀ ਜਥਿਆਂ ਦੇ ਪ੍ਰਤੀਨਿਧੀ ਜ਼ਿਲਾ ਜਥੇ ਕਾਇਮ ਕਰਦੇ। ਉਨ੍ਹਾਂ ਜ਼ਿਲਾ ਜਥਿਆਂ ਦੇ ਪ੍ਰਤੀਨਿਧੀ ਪ੍ਰਾਂਤਕ ਜਥਿਆਂ ਦੇ ਗਠਨ ਦਾ ਆਧਾਰ ਬਣਦੇ ਸਨ। ਇਲਾਕਾਈ ਜਥਿਆਂ ਦੇ ਗਠਨ ਤੋਂ ਲੈ ਕੇ ਕੇਂਦਰੀ ਸੰਗਠਨ ਦੇ ਪ੍ਰਧਾਨ ਤੇ ਦੂਜੇ ਅਹੁਦੇਦਾਰਾਂ ਅਤੇ ਵਰਕਿੰਗ ਕਮੇਟੀ ਦੇ ਮੈਂਬਰਾਂ ਤਕ ਦੀ ਚੋਣ ਦੀ ਸਾਰੀ ਪ੍ਰਕ੍ਰਿਆ ਲੋਕਤਾਂਤ੍ਰਿਕ ਮਾਨਤਾਵਾਂ ਦਾ ਪਾਲਣ ਕਰਦਿਆਂ ਪੂਰੀ ਕੀਤੀ ਜਾਂਦੀ ਸੀ। ਕਿਸੇ ਵੀ ਪੱਧਰ ਤੇ ਨਾਮਜ਼ਦਗੀ ਨਹੀਂ ਸੀ ਕੀਤੀ ਜਾਂਦੀ। ਇਸਤਰ੍ਹਾਂ ਬਣਿਆ ਸੰਗਠਨ ਦਾ ਸਰੂਪ, ਸਮੁਚੇ ਪੰਥ ਨੂੰ ਪ੍ਰਵਾਨ ਹੁੰਦਾ ਸੀ। ਉਸ ਸਮੇਂ ਦਲ ਦੇ ਕੌਮੀ ਪ੍ਰਧਾਨ ਤੋਂ ਲੈ ਕੇ ਇਲਾਕਾਈ ਜਥੇ ਦੇ ਪ੍ਰਧਾਨ ਤਕ, ਕਿਸੇ ਵਿਅਕਤੀ-ਵਿਸ਼ੇਸ਼ ਦੇ ਨਹੀਂ, ਸਗੋਂ ਸਮੁਚੇ ਪੰਥ ਦੇ ਪ੍ਰਤੀ ਜਵਾਬ-ਦੇਹ ਹੁੰਦੇ ਸਨ। ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਹਰ ਮੁਖੀ ਪੰਥ ਸਾਹਮਣੇ ਜਵਾਬ-ਦੇਹ ਹੁੰਦਾ ਸੀ, ਜਿਸ ਕਾਰਣ ਉਹ ਪੰਥ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹੁੰਦਾ ਸੀ।
ਜਦੋਂ ਸ਼੍ਰੌਮਣੀ ਅਕਾਲੀ ਦਲ ਨੇ ਆਮ ਸਿੱਖਾਂ ਦਾ ਵਿਸ਼ਵਾਸ ਜਿੱਤ ਪੰਥਕ ਹਿੱਤ ਵਿੱਚ ਮੋਰਚੇ ਲਾਏ ਅਤੇ ਇਨ੍ਹਾਂ ਮੋਰਚਿਆਂ ਵਿੱਚ ਸਿੱਖਾਂ ਨੇ ਬਿਨਾਂ ਕਿਸੇ ਲੋਭ ਲਾਲਚ ਦੇ ਸ਼ਾਮਲ ਹੋ ਉਸਦੀ ਸ਼ਕਤੀ ਵਿੱਚ ਹੋ ਰਹੇ ਵਾਧੇ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ ਤਾਂ ਇਸ ਸ਼ਕਤੀ ਦੀ ਵਰਤੋਂ ਆਪਣੇ ਹਿੱਤ ਵਿੱਚ ਕਰਨ ਦੇ ਸੁਆਰਥ ਦੀ ਭਾਵਨਾ ਨੇ ਅਖੌਤੀ ਪੰਥਕ ਆਗੂਆਂ ਵਿਚ ਜ਼ੋਰ ਪਕੜਨਾ ਸ਼ੁਰੂ ਕੀਤਾ ਤੇ ਇਸ ਲੋਕ ਸ਼ਕਤੀ ਦੇ ਸਹਾਰੇ ਉਨ੍ਹਾਂ ਦੇ ਦਿਲ ਵਿਚ ਸੱਤਾ ਲਾਲਸਾ ਨੇ ਆਪਣੀ ਥਾਂ ਬਣਾਉਣੀ ਸ਼ੁਰੂ ਕਰ ਦਿੱਤੀ। ਫਲਸਰੂਪ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਨਿਜੀ ਜਗੀਰ ਸਮਝਣ ਲਗ ਪਏ। ਨਤੀਜਾ ਇਹ ਹੋਇਆ ਕਿ ਆਹਿਸਤਾ-ਆਹਿਸਤਾ ਸ਼੍ਰੋਮਣੀ ਅਕਾਲੀ ਦਲ ਵਿਚ ਲੋਕਤਾਂਤ੍ਰਿਕ ਪ੍ਰਕ੍ਰਿਆ ਪੁਰ ਅਮਲ ਕੀਤਾ ਜਾਣਾ ਬੰਦ ਹੋਣਾ ਸ਼ੁਰੂ ਹੋ ਗਿਆ। ਇਸਤਰ੍ਹਾਂ ਜਦੋਂ ਦਲ ਪੁਰ ਵਿਅਕਤੀ-ਵਿਸ਼ੇਸ਼ ਦੀ ਸੱਤਾ ਕਾਇਮ ਹੋਣ ਲਗੀ, ਤਾਂ ਫਿਰ ਸ਼੍ਰੋਮਣੀ ਅਕਾਲੀ ਦਲ ਵਿਚ ਟੁਟ-ਭਜ ਵੀ ਹੋਣ ਲਗ ਪਈ। ਅਕਾਲੀ ਦਲਾਂ ਦੇ ਨਾਂ ਦੇ ਨਾਲ ਸੰਤ, ਮਾਸਟਰ, ਸੰਤ, ਲੌਂਗੋਵਾਲ, ਬਰਨਾਲਾ, ਮਾਨ ਅਤੇ ਬਾਦਲ ਆਦਿ ਦੇ ਨਾਂ ਜੁੜਨ ਲਗ ਪਏ। ਨਤੀਜੇ ਵਜੋਂ ਇਕ ਤੋਂ ਬਾਅਦ ਇਕ ਕਰ ਨਵੇਂ ਤੋਂ ਨਵੇਂ ਅਕਾਲੀ ਦਲ ਹੋਂਦ ਵਿੱਚ ਆਉਂਦੇ ਗਏ। ਜਿਸਤਰ੍ਹਾਂ ਇਨ੍ਹਾਂ ਅਕਾਲੀ ਦਲਾਂ ਦੇ ਨਾਂ ਨਾਲ ਨਿਜੀ ਵਿਅਕਤੀਆਂ ਦੇ ਨਾਂ ਜੁੜਨ ਲਗੇ, ਉਸ ਨਾਲ ਇਹ ਅਕਾਲੀ ਦਲ ਸਮੁਚੇ ਪੰਥ ਦੇ ਪ੍ਰਤੀਨਿਧ ਨਾ ਰਹਿ ਕੇ 'ਪ੍ਰਾਈਵੇਟ ਲਿ. ਕੰਪਨੀਆਂ' ਬਣਨ ਲਗ ਪਏ। ਜੋ ਜਿਸ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਾਂ ਦੂਜੇ ਸਬਦਾਂ ਵਿਚ ਪ੍ਰਾਈਵੇਟ ਲਿ. ਕੰਪਨੀ ਦਾ ਚੇਅਰਮੈਨ ਹੁੰਦਾ, ਉਹ ਨਾ ਕੇਵਲ ਆਪਣੀ ਵਰਕਿੰਗ ਕਮੇਟੀ (ਬੋਰਡ ਆਫ ਡਾਇਰੈਕਟਰਸ) ਦਾ ਆਪ ਹੀ ਗਠਨ ਕਰਦਾ, ਸਗੋਂ ਉਪਰ ਤੋਂ ਹੇਠਾਂ ਤਕ ਦੀਆਂ ਨਿਯੁਕਤੀਆਂ ਵੀ ਉਹ ਆਪਣੀ ਇੱਛਾ-ਅਨੁਸਾਰ ਤੇ ਵਫਾਦਾਰੀ ਦੇ ਆਧਾਰ ਤੇ ਹੀ ਕਰਦਾ।
ਅਜ ਸਿੱਖਾਂ ਦੀਆਂ ਵਡੀਆਂ ਧਾਰਮਕ ਸੰਸਥਾਵਾਂ ਪੁਰ ਅਕਾਲੀ ਦਲਾਂ ਦੀ ਹੀ ਸੱਤਾ ਕਾਇਮ ਹੈ। ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧਕੀ ਢਾਂਚਾ ਜਿਸਤਰ੍ਹਾਂ ਦਾ ਕੰਮ ਕਰ ਰਿਹਾ ਹੈ, ਉਸਦੀ ਘੋਖ ਕੀਤਿਆਂ ਇਸ ਗਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਇਨ੍ਹਾਂ ਵਡੀਆਂ ਧਾਰਮਕ ਸਮਸਥਾਵਾਂ ਵਿਚ ਭਰਿਸ਼ਟਾਚਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਜ਼ਾਬਤਾ ਦੰਮ ਤੋੜਦਾ ਵਿਖਾਈ ਦੇ ਰਿਹਾ ਹੈ।
ਸ਼੍ਰੋਮਣੀ ਅਕਾਲੀ ਦਲਾਂ ਦੇ ਮੁਖੀਆਂ ਨੇ ਧਾਰਮਕ ਮਰਿਆਦਾਵਾਂ ਦੇ ਪਾਲਣ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਦਿ ਧਾਰਮਕ ਜਥੇਬੰਦੀਆਂ ਨੂੰ ਸਹਿਯੋਗ ਦੇਣ ਪ੍ਰਤੀ ਜ਼ਿਮੇਂਦਾਰੀ ਨਿਭਾਉਣ ਦੀ ਬਜਾਏ, ਇਨ੍ਹਾਂ ਸੰਸਥਾਵਾਂ ਨੂੰ ਰਾਜਨੀਤੀ ਵਿਚ ਸਥਾਪਤ ਹੋਣ ਲਈ ਪੌੜੀ ਵਜੋਂ ਇਸਤੇਮਾਲ ਕਰਨ ਦੇ ਉਦੇਸ਼ ਨਾਲ ਹੀ, ਇਨ੍ਹਾਂ ਦੀ ਸੱਤਾ ਪੁਰ ਆਪਣਾ ਕਬਜ਼ਾ ਕਾਇਮ ਕਰਨ ਅਤੇ ਕਾਇਮ ਰਖਣ ਲਈ ਹਰ ਤਰ੍ਹਾਂ ਦੇ ਜਾਇਜ਼-ਨਾਜਾਇਜ਼ ਹਥਕੰਡੇ ਅਪਨਾਉਣੇ ਸ਼ੁਰੂ ਕਰ ਦਿਤੇ ਹਨ। ਮੈਂਬਰਾਂ ਦਾ ਸਹਿਯੋਗ ਅਤੇ ਸਮਰਥਨ ਪ੍ਰਾਪਤ ਕਰੀ ਰਖਣ ਲਈ, ਉਨ੍ਹਾਂ ਦੇ ਸਾਹਮਣੇ ਗੋਡੇ ਟੇਕੇ ਜਾਣ ਲਗੇ ਹਨ। ਮੈਂਬਰ ਇਸ ਸਥਿਤੀ ਦਾ ਪੂਰਾ-ਪੂਰਾ ਲਾਭ ਉਠਾਣ ਲਈ ਤਤਪਰ ਹੋ ਗਏ ਹੋਏ ਹਨ। ਉਹ ਆਪਣਾ ਸਹਿਯੋਗ ਤੇ ਸਮਰਥਨ ਦੇਣ ਦਾ ਪੂਰਾ-ਪੂਰਾ ਮੁਲ ਵਸੂਲ ਕਰਨ ਲਗੇ ਹਨ।
ਇਸ ਸਥਿਤੀ ਦੇ ਸੰਬੰਧ ਵਿਚ ਜਦੋਂ ਕੁਝ ਬਜ਼ੁਰਗ ਤੇ ਟਕਸਾਲੀ ਆਗੂਆਂ ਨਾਲ ਗਲ ਕੀਤੀ ਤਾਂ ਉਨ੍ਹਾਂ ਬੜੇ ਹੀ ਦੁਖ ਭਰੇ ਲਹਿਜੇ ਵਿੱਚ ਕਿਹਾ ਕਿ ਅਸਾਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਲਗੇ ਮੋਰਚਿਆਂ ਵਿਚ ਸ਼ਾਮਲ ਹੋ ਕੁਰਬਾਨੀਆਂ ਇਸ ਕਰਕੇ ਨਹੀਂ ਸੀ ਦਿਤੀਆਂ, ਕਿ ਇਹ ਪੰਥਕ-ਜਥੇਬੰਦੀ ਗ਼ੈਰ-ਪੰਥਕਾਂ ਦੇ ਹਵਾਲੇ ਕਰ ਦਿਤੀ ਜਾਏ, ਇਸ ਪੁਰ ਉਹ ਵਿਅਕਤੀ ਕਾਬਜ਼ ਹੋ ਜਾਣ, ਜਿਨ੍ਹਾਂ ਦੇ ਦਿਲ ਵਿਚ ਪੰਥ ਦੀ ਸੇਵਾ ਕਰਨ, ਗੁਰਧਾਮਾਂ ਦੀ ਪਵਿਤ੍ਰਤਾ ਕਾਇਮ ਰਖਣ ਅਤੇ ਧਾਰਮਕ ਮਰਿਆਦਾਵਾਂ ਤੇ ਪਰੰਪਰਾਵਾਂ ਦਾ ਪਾਲਣ ਕਰਨ ਪ੍ਰਤੀ ਰਤੀ ਭਰ ਵੀ ਭਾਵਨਾ ਨਾ ਹੋਵੇ। ਉਹ ਕੇਵਲ ਆਪਣੀ ਰਾਜਸੀ ਲਾਲਸਾ ਨੂੰ ਹੀ ਪੂਰਿਆਂ ਕਰਨ ਲਈ ਇਸ ਜਥੇਬੰਦੀ ਦੇ ਨਾਂ ਦੀ ਵਰਤੋਂ ਕਰ ਲਗ ਪੈਣ।

...ਅਤੇ ਅੰਤ ਵਿਚ : ਗਲਬਾਤ ਵਿੱਚ ਇਕ ਹੋਰ ਸਜਣ ਨੇ ਤਾਂ ਇਹ ਕਹਿਣੋਂ ਵੀ ਸੰਕੋਚ ਨਹੀਂ ਕੀਤਾ ਕਿ ਅਜ ਕੋਈ ਵੀ ਅਜਿਹਾ ਅਕਾਲੀ ਦਲ ਨਹੀਂ, ਜੋ ਪੁਰਾਤਨ ਅਕਾਲੀ ਦਲ ਦੀਆਂ ਕੁਰਬਾਨੀਆਂ ਅਤੇ ਪਰੰਪਰਾਵਾਂ ਦਾ ਵਾਰਿਸ ਹੋਣ ਦਾ ਦਾਅਵਾ ਕਰ ਸਕੇ। ਸਾਰੇ ਦੇ ਸਾਰੇ ਅਕਾਲੀ ਦਲ ਹੀ ਨਿਜੀ ਦੁਕਾਨਾਂ ਤੇ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਕੇ ਰਹਿ ਗਏ ਹੋਏ ਹਨ। ਉਸਨੇ ਅੱਖਾਂ ਵਿਚ ਹੰਝੂ ਭਰ ਕਿਹਾ ਕਿ ਇਨ੍ਹਾਂ ਦੁਕਾਨਾਂ ਤੇ ਪ੍ਰਾਈਵੇਟ ਕੰਪਨੀਆਂ ਦੇ ਦਰਵਾਜ਼ਿਆਂ ਤੇ 'ਸ਼੍ਰੋਮਣੀ ਅਕਾਲੀ ਦਲ' ਦੇ ਨਾਂ ਨਾਲ ਇਨ੍ਹਾਂ ਦੇ 'ਮਾਲਕਾਂ' ਦੇ ਨਾਂ ਲਿਖੇ ਵੇਖ, ਉਨ੍ਹਾਂ ਸ਼ਹੀਦਾਂ ਦੀਆਂ ਆਤਮਾਵਾਂ ਜ਼ਰੂਰ ਹੀ ਕੁਰਲਾਂਦੀਆਂ ਹੋਣਗੀਆਂ, ਜਿਨ੍ਹਾਂ ਸ਼੍ਰੌਮਣੀ ਅਕਾਲੀ ਦਲ ਦੇ ਪੰਥਕ ਸੰਵਿਧਾਨ ਦਾ ਸਨਮਾਨ ਕਰਦਿਆਂ, ਇਸਦੇ ਝੰਡੇ ਹੇਠ ਲਾਏ ਗਏ ਮੋਰਚਿਆਂ ਵਿਚ ਵਧ-ਚੜ੍ਹ ਕੇ ਹਿਸਾ ਲਿਆ ਸੀ ਤੇ ਕੁਰਬਾਨੀਆਂ ਕੀਤੀਆਂ ਸਨ ਅਤੇ ਜਿਨ੍ਹਾਂ ਨੂੰ ਵਿਸ਼ਵਾਸ ਸੀ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਪੰਥਕ ਸ਼ਕਤੀ ਮਜ਼ਬੂਤ ਹੋਵੇਗੀ ਅਤੇ ਸਿੱਖੀ ਤੇ ਸਿੱਖਾਂ ਦਾ ਮਾਣ-ਸਤਿਕਾਰ ਵਧਾਣ ਵਿਚ ਇਸਦੀ ਮੁਖ ਭੁਮਿਕਾ ਹੋਵੇਗੀ। ਜਿਨ੍ਹਾਂ ਨੂੰ ਇਹ ਵਿਸ਼ਵਾਸ ਵੀ ਸੀ ਕਿ ਸ਼੍ਰੌਮਣੀ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਗੁਰਧਾਮਾਂ ਦੀ ਮਰਿਆਦਾ, ਪਰੰਪਰਾ ਅਤੇ ਪਵਿਤ੍ਰਤਾ ਕਾਇਮ ਰਹੇਗੀ। ਉਨ੍ਹਾਂ ਕਿਹਾ ਕਿ ਕੁਰਬਾਨੀਆਂ ਕਰਨ ਵਾਲਿਆਂ ਨੂੰ ਕਦੀ ਸੁਪਨੇ ਵਿਚ ਵੀ ਇਹ ਖਿਆਲ ਨਹੀਂ ਆਇਆ ਹੋਵੇਗਾ ਕਿ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁਲ ਵਟ, ਅਖੌਤੀ ਅਕਾਲੀ ਆਗੂਆਂ ਵਲੋਂ ਆਪਣੀ ਰਾਜਸੀ ਸੱਤਾ ਦੀ ਲਾਲਸਾ ਪੂਰੀ ਕੀਤੀ ਜਾਣ ਲਗ ਪਿਆ ਕਰੇਗੀ ਤੇ ਸ਼੍ਰੌਮਣੀ ਅਕਾਲੀ ਦਲ ਦੇ ਉਨ੍ਹਾਂ ਮੰਤਵਾਂ ਅਤੇ ਆਦਰਸ਼ਾਂ ਵਲੋਂ ਮੂੰਹ ਮੋੜ ਲਿਆ ਜਾਇਗਾ, ਜਿਨ੍ਹਾਂ ਨੂੰ ਮੁਖ ਰਖ ਕੇ ਇਸਦੀ ਸਥਾਪਨਾ ਅਤੇ ਜਿਨ੍ਹਾਂ ਨਾਲ ਨਿਭਣ ਦੀ ਸਤਿਗੁਰਾਂ ਦੇ ਚਰਨਾਂ ਵਿਚ ਅਰਦਾਸ ਕੀਤੀ ਗਈ ਸੀ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

...ਹੁਣ ਦਿੱਲੀ ਗੁਰਦੁਆਰਾ ਕਮੇਟੀ ਅਮਰੀਕਾ ਵਿੱਚ ਧਰਮ ਪ੍ਰਚਾਰ ਕਰੇਗੀ? - ਜਸਵੰਤ ਸਿੰਘ 'ਅਜੀਤ'

ਇਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੇ ਮੈਂਬਰਾਂ ਦੇ ਨਾਂ ਇੱਕ ਗਸ਼ਤੀ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਉਨ੍ਹਾਂ ਨੂੰ ਦਸਿਆ ਗਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550-ਸਾਲਾ ਪ੍ਰਕਾਸ਼ ਪੁਰਬ ਪ੍ਰਤੀ ਸਮਰਪਿਤ ਇੱਕ ਤਿੰਨ-ਦਿਨਾਂ (12-14 ਜੁਲਾਈ) ਵਿਸ਼ੇਸ਼-ਸਮਾਗਮ ਦਾ ਆਯੋਜਨ ਨਿਊਯਾਰਕ (ਅਮਰੀਕਾ) ਵਿੱਚ ਕਰਨ ਜਾ ਰਹੀ ਹੈ, ਜੇ ਉਹ ਆਪ ਜਾਂ ਕੋਈ ਹੋਰ ਸੱਜਣ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਥੇ ਜਾਣਾ ਚਾਹੁੰਦਾ ਹੋਵੇ, ਉਹ ਆਪਣਾ ਪਾਸਪੋਰਟ ਅਤੇ ਹੋਰ ਸੰਬੰਧਤ ਦਸਤਾਵੇਜ਼ ਗੁਰਦੁਆਰਾ ਕਮੇਟੀ ਦੇ ਮੈਂਬਰ ਸ. ਜਸਮੇਨ ਸਿੰਘ ਨੋਨੀ ਦੇ ਪਾਸ ਜਮਾ ਕਰਵਾ ਸਕਦਾ ਹੈ। ਇਸਦੇ ਨਾਲ ਹੀ ਉਨ੍ਹਾਂ ਨੂੰ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ 'ਕੇਵਲ' ਰਿਹਾਇਸ਼ ਅਤੇ ਲੰਗਰ ਆਦਿ ਦਾ ਪ੍ਰਬੰਧ 'ਹੀ' ਉਥੋਂ ਦੀ ਸੰਗਤ ਵਲੋਂ ਕੀਤਾ ਜਾਇਗਾ, ਬਾਕੀ ਸਾਰੇ ਖਰਚ (ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਉਥੇ ਆਉਣ-ਜਾਣ ਦੇ ਖਰਚ ਪਹਿਲਾਂ ਵਾਂਗ ਜਿਵੇਂ ਕਿ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੂੰ ਅਮਰੀਕਾ-ਇੰਗਲੈਂਡ ਦੀ ਸੈਰ ਕਰਵਾਉਣ ਪੁਰ ਗੁਰਦੁਆਰਾ ਕਮੇਟੀ ਵਲੋਂ ਕੀਤਾ ਗਿਆ ਸੀ, ਉਸੇ ਤਰ੍ਹਾਂ ਇਸ ਵਾਰ ਵੀ ਗੁਰਦੁਆਰਾ ਕਮੇਟੀ ਵਲੋਂ ਕੀਤਾ ਜਾਇਗਾ ਜਾਂ...) ਆਪ ਹੀ ਸਹਿਣ ਕਰਨੇ ਹੋਣਗੇ। ਇਸ ਪਤ੍ਰ ਨੂੰ ਪੜ੍ਹ ਕੇ ਇਉਂ ਜਾਪਦਾ ਹੈ ਕਿ ਜਿਵੇਂ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੇ ਇਹ ਮੰਨ ਲਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਆਪਣੇ ਅਧਿਕਾਰ-ਖੇਤ੍ਰ, ਦਿੱਲੀ ਵਿੱਚ ਧਰਮ ਪ੍ਰਚਾਰ ਕਰਨ ਸੰਬੰਧੀ ਉਸਦੀਆਂ ਜ਼ਿਮੇਂਦਾਰੀਆਂ ਪੂਰੀਆਂ ਹੋ ਗਈਆਂ ਹੋਈਆਂ ਹਨ, ਇਸਲਈ ਉਸਨੂੰ ਹੁਣ ਦੇਸ਼-ਵਿਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੀਆਂ ਕਰਨ ਦੀਆਂ ਜ਼ਿਮੇਂਦਾਰੀਆਂ ਸੰਭਾਲ ਲੈਣੀਆਂ ਚਾਹੀਦੀਆਂ ਹਨ।


ਦੀਵੇ ਥਲੇ ਅਨ੍ਹੇਰਾ : ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਜਾਪਦਾ ਹੈ ਕਿ ਜਿਵੇਂ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਨੂੰ ਇਸ ਗਲ ਦੀ ਕੋਈ ਜਾਣਕਾਰੀ ਨਹੀਂ ਕਿ ਜੋ ਸਿੱਖ ਬੱਚੇ, ਸਕੂਲਾਂ-ਕਾਲਜਾਂ ਵਿੱਚ ਸੁਰਖਿਅਤ 'ਸਿੱਖ ਘਟਗਿਣਤੀ ਕੋਟੇ' ਅਧੀਨ ਦਾਖਲਾ ਲੈਣ ਲਈ, ਆਪਣੇ 'ਸਿੱਖ' ਹੋਣ ਦਾ ਸਰਟੀਫਿਕੇਟ ਲੈਣ ਲਈ ਉਨ੍ਹਾਂ ਦੇ ਦਫਤਰ ਆਉਂਦੇ ਹਨ, ਉਨ੍ਹਾਂ ਨਾਲ ਜਦੋਂ ਸਿੱਖ ਧਰਮ ਜਾਂ ਇਤਿਹਾਸ ਨਲ ਸੰਬੰਧਤ ਸੁਆਲ-ਜੁਆਬ ਕੀਤੇ ਜਾਂਦੇ ਹਨ ਤਾਂ ਉਨ੍ਹਾਂ ਵਿਚੋਂ ਬਹੁਤੇ ਬੱਚੇ ਦਸ ਗੁਰੂ ਸਾਹਿਬਾਨ ਦੇ ਨਾਂ ਤਕ ਵੀ ਨਹੀਂ ਦਸ ਸਕਦੇ, ਕਈ ਬੱਚੇ ਤਾਂ ਇਹ ਵੀ ਨਹੀਂ ਦਸ ਸਕਦੇ ਕਿ ਉਹ ਆਪਣੇ ਮਾਤਾ-ਪਿਤਾ ਨਾਲ ਜਿਸ ਇਤਿਹਾਸਕ ਗੁਰਦੁਆਰਾ ਦੇ ਦਰਸ਼ਨਾਂ ਲਈ ਨਿਰੰਤਰ ਜਾਂਦੇ ਰਹਿੰਦੇ ਹਨ, ਉਸਦੀ ਇਤਿਹਾਸਕਤਾ ਦਾ ਸੰਬੰਧ ਕਿਹੜੇ ਗੁਰੂ ਸਾਹਿਬ ਨਾਲ ਹੈ? ਉਸ ਸਮੇਂ ਤਾਂ ਹੋਰ ਵੀ ਹੈਰਾਨੀ ਵੱਧ ਜਾਂਦੀ ਹੈ, ਜਦੋਂ ਉਨ੍ਹਾਂ ਬਚਿਆਂ ਦੇ ਨਾਲ ਆਉਣ ਵਾਲੇ ਉਨ੍ਹਾਂ ਦੇ ਮਾਤਾ-ਪਿਤਾ ਵਿਚੋਂ ਵੀ ਕਈ ਇਨ੍ਹਾਂ ਸੁਆਲਾਂ ਦਾ ਜੁਆਬ ਨਹੀਂ ਦੇ ਪਾਂਦੇ।


ਘਰ ਵੀ ਅਨ੍ਹੇਰੇ ਤੋਂ ਨਹੀਂ ਬਚਿਆ : ਇਸੇ ਦੌਰਾਨ ਕੁਝ-ਇੱਕ ਸੱਜਣਾਂ ਨੇ ਦਸਿਆ ਕਿ ਬੀਤੇ ਦਿਨੀਂ ਸੋਸ਼ਲ ਮੀਡੀਆ ਪੁਰ ਗੁਰਦੁਆਰਾ ਕਮੇਟੀ ਦੇ ਇੱਕ ਜ਼ਿਮੇਂਦਾਰ ਮੁੱਖੀ ਨਾਲ ਸੰਬੰਧਤ ਇੱਕ ਵੀਡੀਓ ਕਲਿਪ ਵਾਇਰਲ ਹੋਈ ਸੀ, ਜਿਸ ਵਿੱਚ ਉਸ ਮੁੱਖੀ ਵਲੋਂ ਕਸ਼ਮੀਰ ਦੇ ਪੰਡਤਾਂ ਦੀ ਪੁਕਾਰ 'ਤੇ ਉਨ੍ਹਾਂ ਦੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਆਪਣੀ ਸ਼ਹਾਦਤ ਦਿੱਤੇ ਜਾਣ ਦਾ ਜ਼ਿਕਰ ਕੀਤਾ ਗਿਆ ਹੋਇਆ ਸੀ। ਜਦੋਂ ਉਸਨੂੰ ਇਹ ਦਸਿਆਂ ਗਿਆ ਕਿ ਇਹ (ਕਸ਼ਮੀਰ ਦੇ ਪੰਡਤਾਂ ਦੀ ਪੁਕਾਰ 'ਤੇ ਉਨ੍ਹਾਂ ਦੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ) ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਦਿੱਤੀ ਸੀ, ਨਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ, ਤਾਂ ਜਾ ਕੇ ਉਸਨੇ ਆਪਣੇ ਕਥਨ ਵਿੱਚ ਸੋਧ ਕੀਤੀਾ। ਇਸ ਗਲ ਦੇ ਚਲਦਿਆਂ ਸੁਆਲ ਉਠਾਇਆ ਜਾ ਰਿਹਾ ਹੈ ਕਿ ਜਿਸ ਧਾਰਮਕ ਸੰਸਥਾ ਦੇ ਇੱਕ ਜ਼ਿਮੇਂਦਾਰ ਮੁੱਖੀ ਦਾ ਸਿੱਖ ਧਰਮ ਤੇ ਉਸਦੇ ਇਤਿਹਾਸ ਨਾਲ ਸੰਬੰਧਤ ਗਿਆਨ ਅੱਧਾ-ਅਧੂਰਾ ਹੋਵੇ, ਉਸ ਸੰਸਥਾ ਲਈ ਕੀ ਇਹ ਜ਼ਰੂਰੀ ਨਹੀਂ ਕਿ ਉਹ ਸਭ ਤੋਂ ਪਹਿਲਾਂ ਆਪਣਾ ਘਰ ਸੰਭਾਲੇ 'ਤੇ ਆਪਣੇ ਮੁੱਖੀਆਂ, ਮੈਂਬਰਾਂ ਤੇ ਸਟਾਫ-ਮੈਂਬਰਾਂ ਨੂੰ ਸਿੱਖ ਧਰਮ ਅਤੇ ਇਤਿਹਾਸ ਦੀ ਜਾਣਕਾਰੀ ਦੇ ਨਾਲ ਨਿਪੁੰਨ ਕਰੇ, ਉਸਤੋਂ ਬਾਅਦ ਆਪਣੇ ਅਧਿਕਾਰ-ਖੇਤ੍ਰ ਦਿੱਲੀ ਵਿੱਚ ਰਹਿ ਰਹੇ ਸਿੱਖ ਪਰਿਵਾਰਾਂ ਨੂੰ ਸਿੱਖ ਇਤਿਹਾਸ ਅਤੇ ਧਰਮ ਨਾਲ ਜੋੜਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਏ। ਜਦੋਂ ਉਸਦੀਆਂ ਇਹ ਜ਼ਿਮੇਂਦਾਰੀਆਂ ਪੂਰੀਆਂ ਹੋ ਜਾਣ ਤਾਂ ਹੀ ਉਹ ਸੰਸਾਰ ਦੇ ਹੋਰ ਹਿਸਿਆਂ ਵਲ ਝਾਂਕੇ।

 ਅੰਤ੍ਰਰਾਸ਼ਟਰੀ ਸਿੱਖ ਸੰਸਥਾ : ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਪ੍ਰਤੀ ਸਮਰਪਿਤ ਨਵ-ਗਠਿਤ ਸੰਸਥਾ ਇੰਟਰਨੈਸ਼ਨਲ ਸਿੱਖ ਕੌਂਸਿਲ ਦੇ ਗਠਨ ਤੋਂ ਬਾਅਦ ਉਸਦੀ ਦੂਸਰੀ ਬੈਠਕ ਬੀਤੇ ਦਿਨੀਂ ਇਥੇ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੰਸਥਾ ਦੇ ਕੰਮ-ਕਾਜ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਸਦਾ ਵਿਧਾਨ ਤਿਆਰ ਕੀਤਾ ਜਾਏ, ਤਾਂ ਜੋ ਉਸਦੇ ਸਾਰੇ ਕੰਮ ਨਿਯਮਾਂ ਅਨੁਸਾਰ ਅਤੇ ਯੋਜਨਾਬੱਧ ਢੰਗ ਨਾਲ ਅੱਗੇ ਵਧਦੇ ਰਹਿ ਸਕਣ। ਇਸਦੇ ਨਾਲ ਹੀ ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਸੰਸਥਾ ਦਾ ਮੁੱਖ ਏਜੰਡਾ ਰਾਜਨੀਤੀ ਤੋਂ ਮੁਕਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਤੇ ਉਸਦੇ ਸਰਬ-ਸਾਂਝੇ ਸੰਦੇਸ਼ ਨੂੰ ਪ੍ਰਚਾਰਤ ਕੀਤਾ ਜਾਣਾ ਹੀ ਹੋਵੇ। ਇਸਦੇ ਨਾਲ ਹੀ ਸੰਸਥਾ ਦੇ ਮੈਂਬਰ ਪੰਥਕ ਏਕਤਾ ਲਈ ਵੀ ਕੰਮ ਕਰਦੇ ਰਹਿ ਸਕਦੇ ਹਨ। ਦਸਿਆ ਗਿਆ ਹੈ ਕਿ ਇਸ ਬੈਠਕ ਵਿੱਚ ਸ. ਕੁਲਬੀਰ ਸਿੰਘ, ਡਾ. ਹਰਮੀਤ ਸਿੰਘ, ਸ. ਜਤਿੰਦਰ ਸਿੰਘ ਸਾਹਨੀ, ਸ. ਤਰਸੇਮ ਸਿੰਘ ਸਹਿਤ ਕਈ ਪ੍ਰਮੁਖ ਸਿੱਖ ਸ਼ਖਸੀਅਤਾਂ ਨੇ ਹਿਸਾ ਲਿਆ।


ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਤੀ ਸਮਰਪਿਤ: ਬੀਤੇ ਲਗਭਗ ਤਿੰਨ ਦਹਾਕਿਆਂ ਤੋਂ ਪੰਜਾਬੀ ਭਾਸ਼ਾ ਅਤੇ ਉਸਦੇ ਵਿਰਸੇ ਦੇ ਪ੍ਰਚਾਰ-ਪਸਾਰ ਪ੍ਰਤੀ ਸਮਰਪਿਤ ਚਲੀ ਆ ਰਹੀ ਸੰਸਥਾ, ਪੰਜਾਬੀ ਪ੍ਰੋਮੋਸ਼ਨ ਫੋਰਮ ਵਲੋਂ ਇਸ ਵਰ੍ਹੇ ਗਰਮੀਆਂ ਦੀਆਂ ਛੁਟੀਆਂ ਵਿੱਚ ਲਗਭਗ ਡੇਢ ਮਹੀਨੇ ਤਕ ਬੱਚਿਆਂ ਨੂੰ ਪੰਜਾਬੀ ਭਾਸ਼ਾ ਦੀ ਮੁਫਤ ਸਿਖਿਆ ਦੇਨੇ ਅਤੇ ਉਨ੍ਹਾਂ ਨੂੰ ਪੰਜਾਬੀ ਵਿਰਸੇ ਨਾਲ ਜੋੜਨੇ ਲਈ ਦਿੱਲੀ ਦੇ ਵੱਖ-ਵੱਖ ਹਿਸਿਆਂ ਵਿੱਚ ਕਲਾਸਾਂ ਲਾਏ ਜਾਣ ਦਾ ਆਯੋਜਨ ਕੀਤਾ ਗਿਆ। ਇਸ ਆਯੋਜਨ ਦੀ ਸਮਾਪਤੀ ਪੁਰ, ਪ੍ਰਤਿਭਾਸ਼ਾਲੀ ਵਿਦਿਆਰਥੀਆਂ ਅਤੇ ਇਸ ਕੰਮ ਵਿੱਚ ਸੇਵਾ ਭਾਵਨਾ ਨਾਲ ਸਹਿਯੋਗ ਕਰਨ ਵਾਲੇ ਅਧਿਆਪਕਾਂ / ਅਧਿਆਪਕਾਵਾਂ ਅਤੇ ਹੋਰ ਸੱਜਣਾਂ ਦਾ ਸਨਮਾਨ-ਸਤਿਕਾਰ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ 'ਤੇ ਫੋਰਮ ਦੇ ਮੁੱਖੀ ਬੀ. ਵਰਿੰਦਰਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਸੰਸਥਾ ਵਲੋਂ ਬੀਤੇ ਤਿੰਨ ਦਹਾਕਿਆਂ ਵਿੱਚ ਪੰਜਾਬੀ ਭਾਸ਼ਾ ਦੇ ਖੇਤ੍ਰ ਵਿੱਚ ਕੀਤੇ ਗਏ ਅਤੇ ਕੀਤੇ ਜਾ ਰਹੇ ਕੰਮਾਂ ਦੇ ਸੰਬੰਧ ਵਿੱਚ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾਂ ਦਸਿਆਂ ਕਿ ਫੋਰਮ ਵਲੋਂ ਪੰਜਾਬੀ ਦੀ ਸਿਖਿਆ ਲਈ ਲਾਈਆਂ ਜਾਂਦੀਆਂ ਚਲੀਆਂ ਆ ਰਹੀ ਕਲਾਸਾਂ ਵਿੱਚ ਸਿੱਖ ਬਚਿਆਂ ਦੇ ਨਾਲ ਗੈਰ-ਸਿੱਖ, ਹਿੰਦੂ, ਮੁਸਲਮਾਨ, ਇਸਾਈ ਆਦਿ ਫਿਰਕਿਆਂ ਨਾਲ ਸੰਬੰਧਤ ਬੱਚੇ ਵੀ ਵਡੀ ਗਿਣਤੀ ਵਿਚ ਬੜੇ ਉਤਸਾਹ ਅਤੇ ਲਗਨ ਨਾਲ ਪੰਜਾਬੀ ਭਾਸ਼ਾ ਦਾ ਗਿਆਨ ਹਾਸਲ ਕਰਦੇ ਹਨ। ਇਸ ਮੌਕੇ 'ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ, ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ, ਮਨਮਿੰਦਰ ਸਿੰਘ ਅਯੂਰ, ਦਿੱਲੀ ਗੁਰਦੁਆਰਾ ਕਮੇਟੀ ਦੇ ਹੋਰ ਮੁੱਖੀ, ਬੀਬੀ ਰਣਜੀਤ ਕੌਰ (ਸੀਨੀਅਰ ਮੀਤ ਪ੍ਰਧਾਨ), ਸ. ਹਰਮੀਤ ਸਿੰਘ ਕਾਲਕਾ (ਜਨਰਲ ਸਕਤੱਰ) ਆਦਿ ਨੇ ਵੀ ਆਪਣੀ ਹਾਜ਼ਰੀ ਦਰਜ ਕਰਵਾ, ਪ੍ਰਤਿਭਾਸ਼ਾਲੀ ਬਚਿਆਂ ਅਤੇ ਸੰਸਥਾ ਦੇ ਹੋਰ ਸਹਿਯੋਗੀਆਂ ਨੂੰ ਸਨਮਾਨਤ ਕੀਤਾ। 


...ਅਤੇ ਅੰਤ ਵਿੱਚ : ਹੁਣ ਜਦਕਿ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇਦਾਰ ਸਾਰੇ ਹੀ ਅਕਾਲੀ ਦਲ ਮਹਤੱਤਾ-ਹੀਨ ਹੋ ਚੁਕੇ ਹਨ ਤਾਂ ਇਹ ਸਮਝ ਪਾਣਾ ਮੁਸ਼ਕਿਲ ਨਹੀਂ ਕਿ ਜਿਸ ਰਾਜਨੀਤਕ ਸਵਾਰਥ ਲਈ ਉਨ੍ਹਾਂ ਦੇ ਮੁਖੀਆਂ ਨੇ ਆਪਣੀ ਧਾਰਮਕ ਜ਼ਿਮੇਂਦਾਰੀ ਨਿਭਾਉਣ ਵਲੋਂ ਕਿਨਾਰਾ ਕਰ ਲਿਆ ਸੀ, ਉਥੇ ਵੀ ਉਹ ਆਪਣੀ ਸੁਤੰਤਰ ਹੋਂਦ ਬਣਾਈ ਰੱਖ ਨਹੀਂ ਸਕੇ। ਇਤਿਹਾਸ ਗਵਾਹ ਹੈ ਕਿ 'ਰਾਜ ਬਿਨਾ ਨਹਿ ਧਰਮ ਚਲੈ ਹੈਂ' ਦਾ ਭਰਮ ਪੈਦਾ ਕਰ ਜਦੋਂ ਵੀ ਅਕਾਲੀ ਦਲ ਨੇ ਸਿੱਖਾਂ ਦੇ ਸਹਿਯੋਗ ਨਾਲ ਪੰਜਾਬ ਦੀ ਰਾਜਸੱਤਾ ਹਾਸਲ ਕੀਤੀ, ਤਾਂ ਹੀ ਉਨ੍ਹਾਂ ਨੇ ਸਿੱਖ ਵਿਚਾਰਧਾਰਾ ਦੇ ਵਿਰੋਧੀਆਂ ਨੂੰ ਆਪਣਾ ਭਾਈਵਾਲ ਬਣਾ, ਉਨ੍ਹਾਂ ਦੇ ਸਾਹਮਣੇ ਪੂਰੀ ਤਰ੍ਹਾਂ ਆਤਮ ਸਮਰਪਣ ਕਰ ਦਿਤਾ। ਜਿਸਦੇ ਚਲਦਿਆਂ ਅੱਜ ਹਾਲਤ ਇਹ ਬਣ ਗਈ ਹੋਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਮੁਖੀਆਂ ਨੇ, ਜਿਸ ਰਾਜ-ਸੱਤਾ ਦੀ ਲਾਲਸਾ ਦਾ ਸ਼ਿਕਾਰ ਹੋ, ਆਪਣੀਆਂ ਧਾਰਮਕ ਸੰਤਥਾਵਾਂ ਤੇ ਉਨ੍ਹਾਂ ਦੀਆਂ ਮਾਨਤਾਵਾਂ ਦੀ ਰਖਿਆ ਕਰਨ ਪ੍ਰਤੀ ਆਪਣੀ ਜ਼ਿਮੇਂਦਾਰੀ ਨਿਭਾਉਣ ਵਲੋਂ ਕਿਨਾਰਾ ਕਰ ਲਿਆ ਸੀ, ਉਹ ਵੀ ਉਨ੍ਹਾਂ ਦੀ ਨਾ ਰਹਿ ਵਿਰੋਧੀਆਂ ਦੀ ਹੋ ਕੇ ਰਹਿ ਗਈ ਅਤੇ ਉਹ ਆਪ ਉਨ੍ਹਾਂ ਦੇ ਹੱਥਾਂ ਵਿੱਚ ਕਠਪੁਤਲੀ ਬਣ ਨਚਦੇ ਰਹਿ ਗਏ। ਉਹ ਨਾ ਆਪਣੇ ਧਮ (ਸਿੱਖੀ) ਦੀ ਰਖਿਆ ਕਰਨੇ ਅਤੇ ਉਸਦੇ ਆਦਰਸ਼ਾਂ ਦਾ ਪਾਲਣ ਕਰਨ ਪ੍ਰਤੀ ਈਮਾਨਦਾਰ ਰਹਿ ਸਕੇ ਤੇ ਨਾ ਹੀ ਰਾਜਨੀਤੀ ਵਿੱਚ ਹੀ ਆਪਣੀ ਹੋਂਦ ਕਾਇਮ ਰਖ ਪਾਣ ਵਿੱਚ ਸਫਲ ਹੋ ਸਕੇ।

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਦੇਸ਼ ਭਰ ਦੇ ਡਾਕਟਰਾਂ ਦੀ ਹੜਤਾਲ : ਪੰਜਾਬ ਵਿਖਾਈ ਰੋਸ਼ਨੀ - ਜਸਵੰਤ ਸਿੰਘ 'ਅਜੀਤ'

ਪੰਜਾਬ ਵਿਖਾਈ ਰੋਸ਼ਨੀ : ਪਛਮੀ ਬੰਗਾਲ ਵਿੱਚ ਇੱਕ ਡਾਕਟਰ ਨਾਲ ਹੋਈ ਮਾਰ-ਕੁਟ ਦੇ ਵਿਰੁਧ ਬੰਗਾਲ ਵਿੱਚ ਡਾਕਟਰਾਂ ਦੀ ਚਲੀ ਲੰਮੀ ਹੜਤਾਲ ਅਤੇ ਉਨ੍ਹਾਂ ਦੇ ਸਮਰਥਨ ਵਿੱਚ ਡਾਕਟਰਾਂ ਵਲੋਂ ਸਾਰੇ ਦੇਸ਼ ਵਿੱਚ ਕੀਤੀ ਗਈ ਹੜਤਾਲ ਦੇ ਚਲਦਿਆਂ ਭਿੰਨ-ਭਿੰਨ ਬੀਮਾਰੀਆਂ ਨਾਲ ਪੀੜਤ ਮਰੀਗ਼ਾਂ ਵਿੱਚ ਜੋ ਤ੍ਰਾਹਿ-ਤ੍ਰਾਹਿ ਮੱਚੀ ਹੋਈ ਸੀ ਅਤੇ ਕਈ ਮਰੀਜ਼ ਸਮੇਂ 'ਤੇ ਜ਼ਰੂਰੀ ਡਾਕਟਰੀ ਸਹੂਲਤ ਨਾ ਮਿਲ ਪਾਣ ਕਾਰਣ ਦੰਮ ਤੋੜਦੇ ਚਲੇ ਜਾ ਰਹੇ ਸਨ, ਤਾਂ ਰਹਿ-ਰਹਿ ਕੇ ਦਿਲ ਵਿੱਚ ਇਹ ਸਵਾਲ ਪੈਦਾ ਹੋ ਰਿਹਾ ਸੀ ਕਿ ਕੀ ਇੱਕ ਡਾਕਟਰ ਨਾਲ ਹੋਏ ਮਾੜੇ ਵਿਹਾਰ ਦੀ ਘਟਨਾ ਸਮੁਚੇ ਰੂਪ ਵਿੱਚ ਡਾਕਟਰਾਂ ਦੇ ਲਈ ਇਤਨੀ ਮਹਤੱਤਾਪੂਰਣ ਅਤੇ ਵਕਾਰ ਦਾ ਸਵਾਲ ਬਣ ਗਈ ਹੈ, ਜਿਸਦੇ ਮੁਕਾਬਲੇ ਉਨ੍ਹਾਂ ਲਈ ਇਨਸਾਨੀ ਜੀਵਨ ਮਹਤੱਵਹੀਣ ਹੋ ਕੇ ਰਹਿ ਗਿਆ ਹੈ। ਉਨ੍ਹਾਂ ਦੀਆਂ ਨਜ਼ਰਾਂ ਵਿੱਚ ਮਨੁਖੀ ਮੁਲਾਂ ਦੀ ਕੋਈ ਮਹਤੱਤਾ ਹੀ ਨਹੀਂ ਰਹੀ 'ਤੇ ਉਨ੍ਹਾਂ ਵਲੋਂ ਆਪਣੇ ਫਰਜ਼ ਦੀ ਪਾਲਣ ਕਰਨ ਪ੍ਰਤੀ ਨਿਸ਼ਠਾਵਾਨ ਬਣੇ ਰਹਿਣ ਦੀ ਚੁਕੀ ਗਈ ਸਹੁੰ ਵੀ ਉਨ੍ਹਾਂ ਲਈ ਅਰਥਹੀਣ ਹੋ ਕੇ ਰਹਿ ਗਈ ਹੈ, ਜਿਸ ਨਾਲ ਮਰੀਜ਼ਾਂ ਦੀ ਤੜਪ, ਉਨ੍ਹਾਂ ਦੀਆਂ ਚੀਖਾਂ ਅਤੇ ਉਨ੍ਹਾਂ ਦੀਆਂ ਹੋ ਰਹੀਆਂ ਮੌਤਾਂ ਦਾ ਉਨ੍ਹਾਂ ਦੇ ਦਿਲ ਪੁਰ ਕੋਈ ਅਸਰ ਹੀ ਨਹੀਂ ਹੋ ਰਿਹਾ। ਅਜਿਹੇ ਸਮੇਂ ਵਿੱਚ ਪੰਜਾਬ ਤੋਂ ਇੱਕ ਖਬਰ ਆਈ, ਜਿਸਨੇ ਆਸ ਅਤੇ ਵਿਸ਼ਵਾਸ ਦੀ ਕਿਰਣ ਨੂੰ ਬੁਝਣ ਨਹੀਂ ਦਿੱਤਾ। ਉਸ ਖਬਰ ਦੇ ਅਨੁਸਾਰ ਪੰਜਾਬ ਦੇ ਡਾਕਟਰਾਂ ਨੇ ਇੱਕ ਪਾਸੇ ਤਾਂ ਬੰਗਾਲ ਦੇ ਡਾਕਟਰਾਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਦਿਆਂ ਕਾਲੀਆਂ ਪਟੀਆਂ ਬੰਨ੍ਹੀਆਂ ਅਤੇ ਦੂਜੇ ਪਾਸੇ ਆਪਣੇ ਫਰਜ਼ ਪ੍ਰਤੀ ਨਿਸ਼ਠਾਵਾਨ ਰਹਿੰਦਿਆਂ ਐਮਰਜੈਂਸੀ ਸੇਵਾਵਾਂ ਜਾਰੀ ਰਖੀਆਂ, ਤਾਂ ਜੋ ਲੋੜਵੰਦ ਮਰੀਜ਼ਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਉਸ ਦਿਨ ਪੰਜਾਬ ਵਿੱਚ ਸਰਕਾਰੀ ਛੁੱਟੀ ਹੋਣ ਕਾਰਣ ਡਿਸਪੇਂਸਰੀਆਂ ਭਾਵੇਂ ਬੰਦ ਸਨ, ਫਿਰ ਵੀ ਡਾਕਟਰਾਂ ਨੇ ਆਪਣੇ ਭਾਈਚਾਰੇ ਪੁਰ, ਪਛਮੀ ਬੰਗਾਲ ਸਹਿਤ ਹੋਰ ਰਾਜਾਂ ਵਿੱਚ ਹੋਏ ਹਮਲਿਆਂ ਵਿਰੁਧ ਰੋਸ ਦਾ ਪ੍ਰਦਰਸ਼ਨ ਕਰਦਿਆਂ, ਐਮਰਜੈਂਸੀ ਵਾਰਡਾਂ ਵਿੱਚ ਆਪਣੀਆਂ ਸੇਵਾਵਾਂ ਜਾਰੀ ਰਖ ਕੇ, ਆਪਣੇ ਫਰਜ਼ ਦਾ ਪਾਲਨ ਵੀ ਪੂਰੀ ਨਿਸ਼ਠਾ ਨਾਲ ਕੀਤਾ।


ਬਾਦਲ ਅਕਾਲੀ ਦਲ ਦਾ ਦੋਹਰਾ ਵਿਧਾਨ : ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਵਲੋਂ ਜਾਰੀ ਇੱਕ ਨੋਟੀਫਿਕੇਸ਼ਨ ਦੇ ਅਨੁਸਾਰ ਉਹ ਸਿੱਖ ਜੱਥੇਬੰਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਨਹੀਂ ਲੈ ਸਕਦੀਆਂ, ਜੋ ਰਾਜਨੀਤੀ ਵਿੱਚ ਸਰਗਰਮ ਭੂਮਿਕਾ ਨਿਭਾਉਂਦਿਆਂ ਰਾਜਸੀ ਸੰਸਥਾਵਾਂ, ਲੋਕਸਭਾ, ਵਿਧਾਨ ਸਭਾ, ਨਗਰ ਨਿਗਮ ਆਦਿ ਦੀਆਂ ਚੋਣਾਂ ਵਿੱਚ ਹਿੱਸਾ ਲੈਂਦੀਆਂ ਚਲੀਆਂ ਆ ਰਹੀਆਂ ਹਨ। ਜਿਸਤੋਂ ਇਹ ਗਲ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦੀ ਹੈ ਕਿ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਕੇਵਲ ਉਹੀ ਸਿੱਖ ਜੱਥੇਬੰਦੀਆਂ ਹਿੱਸਾ ਲੈ ਸਕਦੀਆਂ ਹਨ, ਜੋ ਸਮੁਚੇ ਰੂਪ ਵਿੱਚ ਧਰਮ ਅਤੇ ਧਾਰਮਕ ਮਾਨਤਾਵਾਂ ਪ੍ਰਤੀ ਸਮਰਪਿਤ ਹੋਣ 'ਤੇ ਰਾਜਨੀਤੀ ਨਾਲ ਉਨ੍ਹਾਂ ਦਾ ਕੋਈ ਲੈਣਾ-ਦੇਣਾ ਨਾ ਹੋਵੇ। ਇਸੇ ਨਿਯਮ ਦੇ ਅਧਾਰ 'ਤੇ ਸ਼ਪਥ-ਪਤ੍ਰ ਦਾਖਲ ਕਰ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਹੋਰ ਸਿੱਖ ਜੱਥੇਬੰਦੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਹਿੱਸਾ ਲੈਂਦੀਆਂ ਚਲੀਆਂ ਆ ਰਹੀਆਂ ਹਨ। ਇਸੇ ਸਥਿਤੀ ਦੇ ਚਲਦਿਆਂ ਇਨ੍ਹਾਂ ਹੀ ਦਿਨਾਂ ਵਿੱਚ ਇਹ ਗਲ ਉਭਰ ਕੇ ਸਾਹਮਣੇ ਆਈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਹਿੱਸਾ ਲੈਣ ਲਈ ਆਪਣੀਆਂ ਰਾਜਨੀਤੀ ਵਿੱਚਲੀਆਂ ਸਰਗਰਮੀਆਂ ਨੂੰ ਪੁਰੀ ਤਰ੍ਹਾਂ ਛੁਪਾਈ ਰਖ, ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਪਾਸ ਇੱਕ ਅਸਪਸ਼ਟ ਜਿਹਾ ਸ਼ਪਥ-ਪਤ੍ਰ ਦਾਖਲ ਕੀਤਾ ਅਤੇ ਉਸੇ ਦੇ ਅਧਾਰ 'ਤੇ ਮਾਨਤਾ ਪ੍ਰਾਪਤ ਕਰ, ਦਿੱਲੀ ਗੁਰਦੁਆਰਾ ਚੋਣਾਂ ਹਿੱਸਾ ਲੈਣ ਵਿੱਚ ਸਫਲਤਾ ਪ੍ਰਾਪਤ ਕਰ ਲਈ। ਜਦਕਿ ਇਹ ਗਲ ਜਗ-ਜਾਹਿਰ ਚਲੀ ਆ ਰਹੀ ਹੈ ਕਿ ਕੌਮੀ ਰਾਜਸੀ ਪਾਰਟੀ ਭਾਜਪਾ ਨਾਲ ਗਠਜੋੜ ਕਰ, ਉਸ (ਬਾਦਲ ਅਕਾਲੀ ਦਲ) ਦੇ ਕਈ ਮੁਖੀ  ਲੋਕਸਭਾ, ਵਿਧਾਨਸਭਾ, ਨਗਰ ਨਿਗਮ ਆਦਿ ਰਾਜਨੀਤਕ ਸੰਸਥਾਵਾਂ ਦੀਆਂ ਚੋਣਾਂ ਲੜਦੇ, ਜਿਤਦੇ-ਹਾਰਦੇ ਚਲੇ ਆ ਰਹੇ ਹਨ। ਇਤਨਾ ਹੀ ਨਹੀਂ ਇਸ ਸਮੇਂ ਵੀ ਗਠਜੋੜ ਦੇ ਟਿਕਟ ਪੁਰ ਜਿਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਈ ਅਹੁਦੇਦਾਰ ਅਤੇ ਮੈਂਬਰ ਵਿਧਾਇਕ ਅਤੇ ਪਾਰਸ਼ਦ ਹੋਣ ਦੇ ਨਾਲ ਹੀ ਭਾਜਪਾ ਵਿੱਚ ਅਹੁਦੇਦਾਰ ਵੀ ਬਣੇ ਚਲੇ ਆ ਰਹੇ ਹਨ। ਦਸਿਆ ਗਿਆ ਹੈ ਕਿ ਇਸੇ ਗਲ ਨੂੰ ਲੈ ਕੇ ਕਈ ਵਾਰ ਦਿੱਲੀ ਗੁਰਦੁਆਰਾ ਚੋਣ ਡਾਇਰੈਕਟੋਰੇਟ ਤਕ ਪਹੁੰਚ ਕੀਤੀ ਗਈ। ਪ੍ਰੰਤੂ ਸਾਰੇ ਸਬੂਤ ਸਪਸ਼ਟ ਰੂਪ ਵਿੱਚ ਸਾਹਮਣੇ ਹੁੰਦਿਆਂ ਹੋਇਆਂ ਵੀ ਇਸ ਮੁੱਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਖਬਰਾਂ ਅਨੁਸਾਰ ਹੁਣ ਪੰਥਕ ਸੇਵਾ ਦਲ ਨਾਂ ਦੀ ਇੱਕ ਜੱਥੇਬੰਦੀ ਦੇ ਮੁੱਖੀਆਂ ਨੇ ਇਸ ਮੁੱਦੇ ਨੂੰ ਜਨਤਕ ਮੰਚ ਪੁਰ ਉਠਾਂਦਿਆਂ ਹੋਇਆਂ ਜ਼ੋਰ ਦੇ ਕੇ ਕਿਹਾ ਹੈ ਕਿ ਜੇ ਸਮਾਂ ਰਹਿੰਦਿਆ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰ ਵਲੋਂ ਇਸ ਸੰਬੰਧ ਵਿੱ ਕੋਈ ਕਦਮ ਨਾ ਚੁਕਿਆ ਗਿਆ ਤਾਂ ਉਹ ਆਪ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦੋਹਰੇ ਵਿਧਾਨ ਦੇ ਮੁੱਦੇ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖਟਖਟਾਣਗੇ।


ਲੰਗਰ ਬਨਾਮ ਜੀਐਸਟੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਨੇ ਇੱਕ ਵਾਰ ਫਿਰ ਇਹ ਦਾਅਵਾ ਕੀਤਾ ਹੈ ਕਿ ਭਾਰਤ ਸਰਕਾਰ ਨੇ 'ਗੁਰੂ ਕੇ ਲੰਗਰ' ਨੂੰ ਜੀਐਸਟੀ ਤੋਂ ਮੁਕਤ ਕਰ ਦਿੱਤਾ ਹੋਇਆ ਹੈ। ਆਪਣੇ ਇਸ ਦਾਅਵੇ ਦੀ ਪੁਸ਼ਟੀ ਕਰਦਿਆਂ ਉਹ ਦਸਦੇ ਹਨ ਕਿ ਬੀਤੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ 'ਗੁਰੂ ਕੇ ਲੰਗਰ' ਲਈ ਖਰੀਦੀ ਗਈ ਸਮਿਗਰੀ ਪੁਰ ਜੋ ਜੀਐਸਟੀ ਅਦਾ ਕੀਤਾ ਗਿਆ ਸੀ, ਸਰਕਾਰ ਵਲੋਂ ਉਸਦੀ ਇੱਕ ਕਿਸ਼ਤ ਗੁਰਦੁਆਰਾ ਕਮੇਟੀ ਨੂੰ ਵਾਪਸ ਕਰ, ਸਾਬਤ ਕਰ ਦਿੱਤਾ ਗਿਆ ਹੈ ਕਿ 'ਗੁਰੂ ਕਾ ਲੰਗਰ' ਜੀਐਸਟੀ ਤੋਂ ਮੁਕਤ ਹੈ। ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਵਲੋਂ ਕੀਤੇ ਗਏ ਇਸ ਦਾਅਵੇ ਨੂੰ ਚੁਨੌਤੀ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ ਸਕਤੱਰ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਸਰਕਾਰ ਨੇ 'ਗੁਰੂ ਕੇ ਲੰਗਰ' ਨੂੰ ਜੀਐਸਟੀ ਤੋਂ ਮੁਕਤ ਨਹੀਂ ਕੀਤਾ। ਲੰਗਰ ਦੀ ਸਮਿਗਰੀ ਖਰੀਦ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜੀਐਸਟੀ ਅਦਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਲੰਗਰ ਦੀ ਸਮਿਗਰੀ ਪੁਰ ਜੀਐਸਟੀ ਅਦਾ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ 'ਗੁਰੂ ਕੇ ਲੰਗਰ' ਨੂੰ 'ਸੇਵਾ ਭੋਜ ਯੋਜਨਾ' ਦੇ ਤਹਿਤ 'ਸੇਵਾ ਭੋਜ' ਪ੍ਰੀਭਾਸ਼ਤ ਕਰ ਅਦਾ ਕੀਤੇ ਗਏ ਜੀਐਸਟੀ ਦੀ ਵਾਪਸੀ ਦੀ ਮੰਗ ਕਰਦੀ ਚਲੀ ਆ ਰਹੀ ਹੈ ਅਤੇ ਇਸੇ ਮੰਗ ਦੇ ਅਧਾਰ 'ਤੇ ਹੀ ਸਰਕਾਰ ਨੇ ਸ਼ੋਮਣੀ ਕਮੇਟੀ ਨੂੰ 'ਦਾਨ' ਦੇ ਰੂਪ ਵਿੱਚ 'ਸੇਵਾ ਭੋਜ ਯੋਜਨਾ' ਤਹਿਤ ਨਿਸ਼ਚਿਤ ਨਿਯਮਾਂ ਅਧੀਨ ਇੱਕ ਨਿਸ਼ਚਿਤ ਰਕਮ ਪਹਿਲੀ ਕਿਸ਼ਤ ਦੇ ਰੂਪ ਵਿੱਚ ਦਿੱਤੀ ਹੈ। ਪੀਰ ਮੁਹੰਮਦ ਨੇ ਸ਼੍ਰੋਮਣੀ ਕਮੇਟੀ ਪੁਰ ਦੋਸ਼ ਲਾਇਆ ਕਿ ਉਹ 'ਗੁਰੂ ਕੇ ਲੰਗਰ' ਨੂੰ 'ਸੇਵਾ ਭੋਜ' ਵਜੋਂ ਪ੍ਰੀਭਾਸ਼ਤ ਕਰ 'ਗੁਰੂ ਕੇ ਲੰਗਰ' ਦੀ ਮਰਿਆਦਾ ਦਾ ਅਪਮਾਨ ਕਰ ਰਹੀ ਹੈ ਅਤੇ ਇਸਦੇ ਲਈ 'ਸੇਵਾ ਭੋਜ ਯੋਜਨਾ' ਦੇ ਅਧੀਨ 'ਦਾਨ' ਦੀ ਮੰਗ ਕਰ ਅਤੇ ਉਸਨੂੰ ਸਵੀਕਾਰ ਕਰ, ਸਿੱਖਾਂ ਅਤੇ ਸਿੱਖੀ ਦੇ ਆਤਮ-ਸਨਮਾਨ ਪੁਰ ਸੱਟ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ 'ਗੁਰੂ ਕਾ ਲੰਗਰ' ਕਾਨੂੰਨੀ ਪਬੰਦੀਆਂ ਅਤੇ ਨਿਯਮਾਂ ਦੇ ਬੰਧਨਾਂ ਤੋਂ ਮੁਕਤ ਇੱਕ ਪਵਿਤ੍ਰ ਮਰਿਆਦਾ ਹੈ, ਜਦਕਿ 'ਸੇਵਾ ਭੋਜ ਯੋਜਨਾ' ਸਰਕਾਰੀ ਨਿਯਮਾਂ ਵਿੱਚ ਜਕੜੀ ਹੋਈ ਯੋਜਨਾ ਹੈ। ਪੀਰ ਮੁਹੰਮਦ ਨੇ ਸਿੱਖ ਇਤਿਹਾਸ ਦਾ ਹਵਾਲਾ ਦਿੰਦਿਆਂ ਦਸਿਆ ਕਿ ਸ੍ਰੀ ਗੁਰੂ ਅਮਰ ਦਾਸ ਜੀ ਨੇ 'ਗੁਰੂ ਕੇ ਲੰਗਰ' ਨੂੰ ਨਿਰੰਤਰ ਜਾਰੀ ਰਖਦਿਆਂ ਰਹਿਣ ਲਈ ਅਕਬਰ ਬਾਦਸ਼ਾਹ ਵਲੋਂ ਜਗੀਰ ਦਿੱਤੇ ਜਾਣ ਦੀ ਜੋ ਪੇਸ਼ਕਸ਼ ਕੀਤੀ ਗਈ ਸੀ. ਉਸਨੂੰ ਇਹ ਆਖਦਿਆਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਕਿ ਗੁਰੂ ਦੇ ਸਿੱਖਾਂ ਵਿੱਚ ਇਤਨੀ ਸਮਰਥਾ ਹੈ ਕਿ ਉਹ ਆਪਣੇ ਦਸਾਂ ਨਹੁੰਆਂ ਦੀ ਕਿਰਤ-ਕਮਾਈ ਵਿਚਲੇ ਦਸਵੰਧ ਨਾਲ ਇਸਨੂੰ ਬਿਨਾ ਕਿਸੇ ਸਰਕਾਰੀ ਸਹਾਇਤਾ ਦੇ ਨਿਰਤੰਰ ਜਾਰੀ ਰਖ ਸਕਣ। ਉਨ੍ਹਾਂ ਪੁਛਿਆ ਕਿ ਗੁਰੂ ਸਾਹਿਬ ਵਲੋਂ ਸਥਾਪਤ ਆਦਰਸ਼ਾਂ ਨੂੰ ਨਜ਼ਰ-ਅੰਦਾਜ਼ ਕਿਵੇਂ ਕੀਤਾ ਜਾ ਸਕਦਾ ਹੈ? ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ 'ਗੁਰੂ ਕੇ ਲੰਗਰ' ਨੂੰ 'ਸੇਵਾ ਭੋਜ' ਵਜੋਂ ਪ੍ਰੀਭਾਸ਼ਤ ਕਰ ਕਾਨੂੰਨੀ ਪਾਬੰਦੀਆਂ ਵਿੱਚ ਜਕੜਿਆਂ ਜਾਣਾ ਸਿੱਖ ਜਗਤ ਵਲੋਂ ਕਿਸੇ ਵੀ ਰੂਪ ਵਿੱਚ ਸਹਿਣ ਨਹੀਂ ਕੀਤਾ ਜਾਇਗਾ। ਉਨ੍ਹਾਂ ਦਾਅਵਾ ਕੀਤਾ ਕਿ 'ਗੁਰੂ ਕਾ ਲੰਗਰ' ਸਿੱਖ ਧਰਮ ਦੀ ਇੱਕ ਪਵਿਤ੍ਰ ਅਤੇ ਸਥਾਪਤ ਮਰਿਆਦਾ ਹੈ, ਜਿਸਨੂੰ ਸਿੱਖ ਕਿਸੇ ਵੀ ਸਰਕਾਰੀ 'ਦਾਨ' ਤੋਂ ਬਿਨਾਂ ਨਿਰਵਿਘਨ ਰੂਪ ਵਿੱਚ ਜਾਰੀ ਰਖਣ ਦੀ ਸਮਰੱਥਾ ਰਖਦੇ ਹਨ।

...ਅਤੇ ਅੰਤ ਵਿੱਚ : ਸਮੇਂ-ਸਮੇਂ ਸਿੱਖ ਬੁਧੀਜੀਵੀਆਂ ਵਲੋਂ ਇਹ ਸਵਾਲ ਪੁਛਿਆ ਜਾਂਦਾ ਚਲਿਆ ਆ ਰਿਹਾ ਹੈ ਕਿ ਜਿਸਤਰ੍ਹਾਂ ਸਿੱਖਾਂ ਵਿੱਚ ਧਾਰਮਕ ਅਸਥਾਨਾਂ ਦੇ ਪ੍ਰਬੰਧ ਨੂੰ ਲੈ ਕੇ ਝਗੜੇ ਹੁੰਦੇ ਰਹਿੰਦੇ ਹਨ, ਕੀ ਅਜਿਹਾ ਕਦੀ ਮੁਸਲਮਾਣਾਂ ਜਾਂ ਈਸਾਈਆਂ ਵਿੱਚ ਹੁੰਦਾ ਵੇਖਿਆ-ਸੁਣਿਆ ਗਿਆ ਹੈ? ਇਸ ਵਿੱਚ ਕੋਈ ਸ਼ਕ ਨਹੀਂ ਕਿ ਉਨ੍ਹਾਂ ਵਿੱਚ ਅਜਿਹਾ ਕਦੀ ਨਹੀਂ ਹੂੰਦਾ। ਪ੍ਰੰਤੂ ਇਹ ਸਵਾਲ ਪੁਛਣ ਵਾਲਿਆਂ ਕਦੀ ਇਸ ਪਾਸੇ ਵੀ ਧਿਆਨ ਦਿੱਤਾ ਹੈ ਕਿ ਇਸਦਾ ਮੁੱਖ ਕਾਰਣ ਸਿੱਖੀ ਵਿੱਚ ਧਰਮ ਦੇ ਨਾਲ ਰਾਜਨੀਤੀ ਨੂੰ ਰਲਗਡ ਕਰ ਦਿੱਤਾ ਜਾਣਾ ਹੈ, ਜਿਸ ਕਾਰਣ ਰਾਜਸੱਤਾ ਲਈ ਸਾਰੀਆਂ ਧਾਰਮਕ ਮਾਨਤਾਵਾਂ ਦਅ ਪੁਰ ਲਾ ਦਿੱਤੀਆਂ ਜਾਂਦੀਆਂ ਹਨ।
Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਕੀ ਕੋਈ ਦਸੇਗਾ : ਕੌਮ ਦਾ ਬਹੁਮੁਲਾ ਖਜ਼ਾਨਾ ਵਾਪਸ ਆਉਣ ਤੋਂ ਬਾਅਦ ਕਿਥੇ ਗਿਐ? - ਜਸਵੰਤ ਸਿੰਘ 'ਅਜੀਤ'

ਬੀਤੀ 4 ਜੂਨ ਨੂੰ ਮੀਡੀਆ ਵਿੱਚ ਇੱਕ ਖਬਰ ਆਈ ਸੀ, ਜਿਸ ਵਿੱਚ ਦਸਿਆ ਗਿਆ ਸੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕੇਂਦ੍ਰੀ ਗ੍ਰਹਿ ਮੰਤ੍ਰੀ ਸ਼੍ਰੀ ਅਮਿਤ ਸ਼ਾਹ ਦੇ ਨਾਲ ਮੁਲਾਕਾਤ ਕਰ, ਉਨ੍ਹਾਂ ਪਾਸੋਂ ਮੰਗ ਕੀਤੀ ਹੈ ਕਿ ਜੂਨ-1984 ਦੇ ਅਰੰਭ ਵਿੱਚ ਜਦੋਂ ਭਾਰਤੀ ਸੈਨਾ ਨੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਪੁਰ ਹਮਲਾ ਕੀਤਾ ਸੀ, ਉਸ ਦੌਰਾਨ ਉਹ (ਭਾਰਤੀ ਸੈਨਾ) ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਬਹੁਮੁਲਾਦਸਤਾਵੇਜ਼ੀ ਖਜ਼ਾਨਾ ਟਰੱਕਾਂ ਵਿੱਚ ਭਰ ਕੇ ਲੈ ਗਈ ਸੀ। ਉਹ ਬਹੁਮੁਲਾ ਖਜ਼ਾਨਾ ਹੁਣ ਸਿੱਖ ਜਗਤ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਇਸਦੇ ਨਾਲ ਹੀ ਇੱਕ ਇਹ ਖਬਰ ਵੀ ਪੜ੍ਹਨ ਨੂੰ ਮਿਲੀ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸੇ ਦਿਨ ਪ੍ਰਦਰਸ਼ਨ ਕਰ, ਕੇਂਦ੍ਰੀ ਗ੍ਰਹਿ ਮੰਤ੍ਰੀ ਸ਼੍ਰੀ ਅਮਿਤ ਸ਼ਾਹ ਪਾਸੋਂ ਉਪਰੋਕਤ, ਅਰਥਾਤ ਸਿੱਖ ਰੇਫਰੇਂਸ ਲਾਇਬ੍ਰੇਰੀ ਦੇ ਬਹੁਮੁਲੇਖਜ਼ਾਨੇ ਦੀ ਵਾਪਸੀ ਦੀ, ਮੰਗ ਕੀਤੀ ਹੈ। ਇਸੇ ਦੌਰਾਨ ਆਈਆਂ ਖਬਰਾਂ ਦੇ ਅਨੁਸਾਰ ਹੀ ਸ਼੍ਰੋਮਣੀ ਗਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਵੀ ਇਸੇ ਊਦੇਸ਼ ਨੂੰ ਲੈ ਕੇ ਸ਼੍ਰੀ ਅਮਿਤ ਸ਼ਾਹ ਨੂੰ ਚਿੱਠੀ ਲਿਖੀ ਹੈ।
ਅਜੇ ਇਨ੍ਹਾਂ ਖਬਰਾਂ ਦੀ ਸਿਆਹੀ ਸੁੱਕੀ ਵੀ ਨਹੀਂ ਸੀ ਕਿ ਇਹ ਖਬਰ ਆ ਗਈ ਕਿ ਭਾਰਤੀ ਸੈਨਾ ਨੇ ਸਿੱਖ ਰੇਫਰੇਂਸ ਲਾਇਬ੍ਰੇਰੀ ਦਾ ਸਮੁਚਾ ਦਸਤਾਵਜ਼ੀ ਖਜ਼ਾਨਾ, ਜੋ ਉਹ ਨੀਲਾਤਾਰਾਂ ਸਾਕੇ ਦੌਰਾਨ ਲੈ ਗਈ ਸੀ, 29 ਸਤੰਬਰ 1984 ਤੋਂ ਲੈ ਕੇ 28 ਦਸੰਬਰ 1990, ਦੇ ਸਮੇਂ ਦੌਰਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਤ ਕਿਸ਼ਤਾਂ ਵਿੱਚ ਵਾਪਸ ਕਰ ਦਿੱਤਾ ਹੈ, ਜਿਸਦੀਆਂ ਰਸੀਦਾਂ ਉਸ ਕੋਲ ਸੁਰਖਿਅਤ ਹਨ। ਇਤਨਾ ਹੀ ਨਹੀਂ, ਇਸਦੇ ਨਾਲ ਹੀ ਇਹ ਖਬਰ ਵੀ ਪੜ੍ਹਨ ਨੂੰ ਮਿਲੀ ਕਿ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ, ਜਿਸ ਪੁਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤ ਹਨ, ਵਿਦੇਸ਼ ਵਿੱਚ ਹੀ ਕਿਸੇ ਦੇ ਹੱਥ 12 ਕਰੋੜ ਰੁਪਿਆਂ ਵਿੱਚ ਵੇਚ ਦਿੱਤੀ ਗਈ ਹੈ।
ਹੈਰਾਨੀ ਤਾਂ ਇਸ ਗਲ ਦੀ ਹੈ ਕਿ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚ ਸੁਰਖਿਅਤ ਰਹੇ, ਸਿੱਖ ਧਰਮ, ਇਤਿਹਾਸ ਅਤੇ ਸਭਿਆਚਾਰ ਆਦਿ ਨਾਲ ਸੰਬੰਧਤ ਖਜ਼ਾਨੇ, ਜੋ ਨੀਲਾਤਾਰਾ ਸਾਕੇ ਦੌਰਾਨ ਸੈਨਾ ਲੈ ਗਈ ਸੀ, ਦੀ ਵਾਪਸੀ ਸ਼ੁਰੂ ਹੋ ਜਾਣ ਅਤੇ ਉਸਦੇ ਸਮੁਚੇ ਰੂਪ ਵਿੱਚ ਵਾਪਸ ਮਿਲ ਜਾਣ ਦੇ ਬਾਅਦ ਵੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਸਦੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਦੇ ਮੁੱਖੀਆਂ ਵਲੋਂ ਲਗਾਤਾਰ ਇਹ ਪ੍ਰਚਾਰ ਕੀਤਾ ਜਾਂਦਾ ਚਲਿਆ ਆ ਰਿਹਾ ਹੈ ਕਿ ਉਹ ਇਸ ਖਜ਼ਾਨੇ ਦੀ ਵਾਪਸੀ ਲਈ ਸਰਕਾਰ ਪੁਰ ਦਬਾਉ ਬਣਾਂਦੇ ਚਲੇ ਆ ਰਹੇ ਹਨ। ਸ਼ਾਇਦ ਅਜਿਹਾ ਪ੍ਰਚਾਰ ਕਰਦਿਆਂ ਰਹਿਣ ਪਿਛੇ ਉਨ੍ਹਾਂ ਦਾ ਉਦੇਸ਼ ਲੋਕਾਂ ਵਿੱਚ ਇਹ ਪ੍ਰਭਾਵ ਬਣਾਈ ਰਖਣਾ ਸੀ ਕਿ ਵਾਪਸ ਆ ਗਏ ਖਜ਼ਾਨੇ ਨੂੰ ਖੁਰਦ-ਬੁਰਦ ਕੀਤੇ ਜਾਣ ਦੀਆਂ ਜੋ ਕੌਸ਼ਿਸ਼ਾਂ ਉਨ੍ਹਾਂ ਵਲੋਂ ਕੀਤੀਆਂ ਗਈਆਂ ਹਨ, ਉਨ੍ਹਾਂ ਵਲ ਲੋਕਾਂ ਦਾ ਧਿਆਨ ਨਾ ਜਾ ਸਕੇ ਅਤੇ ਉਹ ਇਹੀ ਸਮਝਦੇ ਰਹਿਣ ਕਿ ਅੱਜੇ ਤਕ ਸੰਬੰਧਤ ਖਜ਼ਾਨਾ ਸਰਕਾਰ ਪਾਸ ਹੀ ਹੈ ਤੇ ਉਹ ਵਾਪਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਹੀਂ ਮਿਲਿਆ। ਉਹ ਉਸਦੀ ਵਾਪਸੀ ਲਈ ਬਹੁਤ ਹੀ ਗੰਭੀਰ ਅਤੇ ਇਮਾਨਦਾਰ ਹਨ। ਇਸੇ ਸਮੇਂ ਦੇ ਦੌਰਾਨ ਇਹ ਸਮਾਚਾਰ ਵੀ ਪ੍ਰਸਾਰਤ ਕੀਤਾ ਜਾਂਦਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜ. ਗੁਰਚਰਨ ਸਿੰਘ ਟੋਹੜਾ ਅਤੇ ਸ. ਅਵਤਾਰ ਸਿੰਘ ਮਕੱੜ ਦੇ ਪ੍ਰਧਾਨਗੀ-ਕਾਲ ਦੌਰਾਨ ਸੁਪ੍ਰੀਮ ਕੋਰਟ ਵਿੱਚ ਇੱਕ ਮੁਕਦਮਾ ਦਾਇਰ ਕਰ ਸਰਕਾਰ ਪਾਸੋਂ ਮੰਗ ਕੀਤੀ ਗਈ ਹੈ ਕਿ ਨੀਲਾਤਾਰਾ ਸਾਕੇ ਦੌਰਾਨ ਸਿੱਖ ਰੇਫਰੇਂਸ ਲਾਇਬ੍ਰੇਰੀ ਵਿੱਚਲਾ ਸੁਰਖਿਅਤ, ਜੋ ਦਸਤਾਵੇਜ਼ੀ ਖਜ਼ਾਨਾ ਭਾਰਤੀ ਸੈਨਾ ਟਰਕਾਂ ਵਿੱਚ ਭਰ ਕੇ ਲੈ ਗਈ ਸੀ, ਉਸਨੂੰ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਾ ਕਰ, ਖੁਰਦ-ਬੁਰਦ ਕਰ ਦਿੱਤੇ ਜਾਣ ਕਾਰਣ, ਸਰਕਾਰ ਉਸਦੀ ਭਰਪਾਈ ਕਰਨ ਦੇ ਲਈ ਇੱਕ ਹਜ਼ਾਰ ਕਰੋੜ ਰੁਪਿਆ ਮੁਆਵਜ਼ੇ ਵਜੋਂ ਅਦਾ ਕਰੇ। ਇਸਦੇ ਨਾਲ ਹੀ ਇਹ ਵੀ ਦਸਿਆ ਜਾਂਦਾ ਰਿਹਾ ਕਿ ਅਦਾਲਤ ਨੇ ਕਿਹਾ ਹੈ ਕਿ ਉਹ ਇਸ ਮਾਮਲੇ ਪੁਰ ਸੁਣਵਾਈ ਤਾਂ ਹੀ ਕਰ ਸਕਦੀ ਹੈ, ਜੇ ਅਦਾਲਤੀ ਨਿਯਮਾਂ ਦੇ ਅਨੁਸਾਰ ਇਸਦੀ ਸੁਣਵਾਈ ਦੇ ਲਈ ਅਦਾਲਤੀ ਫੀਸ ਵਜੋਂ ਦਸ ਕਰੋੜ ਰੁਪਏ ਜਮਾ ਕਰਵਾਏ ਜਾਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਅਨੁਸਾਰ ਉਹ ਇਹ ਰਕਮ ਜਮ੍ਹਾ ਨਹੀਂ ਕਰਵਾ ਸਕੇ। ਇਸਦਾ ਕਾਰਣ ਉਨ੍ਹਾਂ ਇਹ ਦਸਿਆ ਕਿ ਸ਼੍ਰੋਮਣੀ ਕਮੇਟੀ ਇਤਨੀ ਵੱਡੀ ਰਕਮ ਜਮ੍ਹਾ ਕਰਵਾਏ ਜਾਣ ਦੇ ਸਮਰਥ ਨਹੀਂ। ਇਸਲਈ ਉਹ ਇਸ ਮਾਮਲੇ ਦੀ ਪੈਰਵੀ ਨਹੀਂ ਕਰ ਸਕਦੀ। ਦਸਿਆ ਗਿਆ ਹੈ ਕਿ ਜਦੋਂ ਸ਼੍ਰੋਮਣੀ ਕਮੇਟੀ ਦੇ ਮੁੱਖੀਆਂ ਨੇ ਇਤਨੀ ਵੱਡੀ ਰਕਮ ਜਮ੍ਹਾ ਕਰਵਾਏ ਜਾਣ ਦੇ ਮਾਮਲੇ ਵਿੱਚ ਆਪਣੇ ਹੱਥ ਖੜੇ ਕਰ ਦਿੱਤੇ ਸਨ, ਤਾਂ ਉਸ ਸਮੇਂ ਦਿੱਲੀ ਅਤੇ ਵਿਦੇਸ਼ਾਂ ਵਿਚਲੇ ਕਈ ਪਤਵੰਤੇ ਸਿੱਖਾਂ ਨੇ ਪੇਸ਼ਕਸ਼ ਕਰ ਦਿੱਤੀ ਕਿ ਜੇ ਅਕਾਲ ਤਖਤ ਤੋਂ ਆਦੇਸ਼ ਮਿਲੇ ਤਾਂ ਉਹ ਇਹ ਰਕਮ ਜਮ੍ਹਾ ਕਰਵਾ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲਣ ਦੇ ਲਈ ਤਿਆਰ ਹਨ। ਪ੍ਰੰਤੂ ਨਾ ਤਾਂ ਅਕਾਲ ਤਖਤ ਦੇ ਜੱਥੇਦਾਰ ਨੇ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਕਿਸੇ ਮੁਖੀ ਨੇ ਉਨ੍ਹਾਂ ਸਿੱਖਾਂ ਵਲੋਂ ਕੀਤੀ ਗਈ ਪੇਸ਼ਕਸ਼ ਦਾ ਕੋਈ ਜਵਾਬ ਦਿੱਤਾ। ਸ਼ਾਇਦ ਇਸਦਾ ਕਾਰਣ ਇਹ ਹੀ ਸੀ ਕਿ ਜੇ ਪਤਵੰਤੇ ਸਿਖਾਂ ਨੇ ਇਸ ਮਾਮਲੇ ਦੀ ਪੈਰਵੀ ਕਰਨ ਦੀ ਜ਼ਿਮੇਂਦਾਰੀ ਸੰਭਾਲ ਲਈ ਤਾਂ ਸਾਰਾ ਭੇਦ ਖੁਲ੍ਹ ਜਾਇਗਾ ਤੇ ਉਹ ਕਿਸੇ ਨੂੰ ਮੂੰਹ ਵਿਖਾਣ ਜੋਗੇ ਵੀ ਨਹੀਂ ਰਹਿਣਗੇ। ਹੁਣ ਜਦਕਿ ਇਹ ਖੁਲਾਸਾ ਹੋ ਗਿਆ ਹੈ ਕਿ ਭਾਰਤੀ ਸੈਨਾ ਨੇ ਤਾਂ ਸਿੱਖ ਰੇਫਰੇਂਸ ਲਾਇਬ੍ਰੇਰੀ ਦਾ ਸਾਰਾ ਹੀ ਬਹੁਮੁਲਾ ਖਜ਼ਾਨਾ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਸੀ, ਜਿਸਦੀਆਂ ਰਸੀਦਾਂ ਉਸ ਪਾਸ ਹਨ, ਤਾਂ ਇਹ ਸਵਾਲ ਉਠਣਾ ਸੁਭਾਵਕ ਹੈ ਕਿ ਆਖਿਰ ਉਹ ਖਜ਼ਾਨਾ ਗਿਆ ਕਿਥੇ? ਕਿਧਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖਤਾਂ ਵਾਲੀ ਹੱਥ-ਲਿਖਤ ਬੀੜ ਵਾਂਗ ਬਾਕੀ ਦਾ ਖਜ਼ਾਨਾ ਵੀ ਤਾਂ ਵੇਚ ਨਹੀਂ ਦਿੱਤਾ ਗਿਆ? ਜੇ ਨਹੀਂ ਵੇਚਿਆ ਗਿਆ ਤਾਂ ਕਿਥੇ ਹੈ ਉਹ ਖਜ਼ਾਨਾ? ਇਸ ਸਵਾਲ ਦਾ ਜਵਾਬ ਸ਼੍ਰੋਮਣੀ ਕਮੇਟੀ ਤੇ ਬਾਦਲ ਅਕਾਲੀ ਦਲ ਦੇ ਮੁੱਖੀਆਂ ਨੂੰ ਜਨਤਾ ਦੀ ਅਦਾਲਤ ਵਿੱਚ ਦੇਣਾ ਹੀ ਹੋਵੇਗਾ! ਅੱਜ ਦੇਣ ਜਾਂ ਕਲ੍ਹ? ਇਧਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਨੇ ਐਲਾਨ ਕੀਤਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੱਥ-ਲਿਖਤ ਬੀੜ ਵੇਚੇ ਜਾਣ ਅਤੇ ਬਾਕੀ ਦਾ ਬਹੁਮੁਲਾ ਖਜ਼ਾਨਾ ਕਿਥੇ ਹੈ? ਇਸਦਾ ਪਤਾ ਲਾਏ ਜਾਣ ਦੀ ਮੰਗ ਨੂੰ ਲੈ ਕੇ ਅਦਾਲਤ ਦਾ ਦਰਵਾਜ਼ਾ ਖਟਖਟਾਣ ਜਾ ਰਹੇ ਹਨ। ਇਧਰ ਜਦੋਂ ਤੋਂ ਬਹੁਮੁਲੇ ਦਸਤਾਵੇਜ਼ੀ ਖਜ਼ਾਨਾ ਵਾਪਸ ਕਰ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ, ਸਿੱਖ ਜਗਤ ਵਿੱਚ ਇਹ ਚਰਚਾ ਜ਼ੋਰ ਪਕੜਦੀ ਚਲੀ ਜਾ ਰਹੀ ਹੈ ਕਿ ਆਖਰ ਉਹ ਕੌਣ ਲੋਕ ਹਨ, ਜਿਨ੍ਹਾਂ ਨੇ ਸਿੱਖ ਪੰਥ ਦੇ ਨਾਲ ਇਤਨਾ ਵੱਡਾ ਵਿਸ਼ਵਾਸਘਾਤ ਕਰਨ ਦੀ ਦਲੇਰੀ ਕੀਤੀ ਹੈ?
...ਅਤੇ ਅੰਤ ਵਿੱਚ : ਬੀਤੇ ਦਿਨੀਂ ਇੱਕ ਪੁਰਾਣੇ ਪਤ੍ਰਕਾਰ ਮਿਤੱਰ ਨਾਲ ਅਚਾਨਕ ਮੁਲਾਕਾਤ ਹੋ ਗਈ ਤਾਂ ਉਸਨੇ ਅੱਗੇ-ਪਿੱਛੇ ਦੀਆਂ ਗਲਾਂ ਕਰਦਿਆਂ ਦਸਿਆ ਕਿ ਕਾਫੀ ਸਮਾਂ ਹੋਇਆ ਹੈ ਕਿ ਉਸਦੀ ਮੁਲਾਕਾਤ ਨਵੇਂ-ਨਵੇਂ ਬਣੇ ਇੱਕ ਅਕਾਲੀ ਮੁਖੀ ਨਾਲ ਪੰਜ-ਤਾਰਾ ਹੋਟਲ ਵਿੱਚ ਹੋ ਗਈ। ਇਧਰ-ਉਧਰ ਦੀਆਂ ਗਲਾਂ ਕਰਦਿਆਂ ਅਚਾਨਕ ਹੀ ਉਸਨੇ ਪੁਛ ਲਿਆ ਕਿ ਅਕਾਲੀ ਦਲ ਵਿੱਚ ਆਪਣੇ ਪੈਰ ਮਜ਼ਬੂਤੀ ਨਾਲ ਕਿਵੇਂ ਟਿਕਾਈ ਰਖੇ ਜਾ ਸਕਦੇ ਹਨ? ਇਹ ਪੁਛੇ ਜਾਣ 'ਤੇ ਉਹ ਉਸਨੂੰ ਇਹ ਕਹੇ ਬਿਨਾ ਨਾ ਰਹਿ ਸਕਿਆ ਕਿ ਜਦੋਂ ਤਕ 'ਉਪਰ' ਲਿਫਾਫਾ ਪਹੁੰਚਾਂਦੇ ਰਹੋਗੇ, 'ਉਪਰ' ਵਾਲਿਆਂ ਦੀਆਂ ਨਜ਼ਰਾਂ ਦਾ ਤਾਰਾ ਬਣੇ ਰਹੋਗੇ, ਜਦੋਂ ਲਿਫਾਫਾ ਪਹੁੰਚਾਣਾ ਬੰਦ ਕੀਤਾ, ਉਸੇ ਦਿਨ ਨਜ਼ਰਾਂ ਵਿਚੋਂ ਡਿਗ ਪੈਰਾਂ ਵਿੱਚ ਆ ਜਾਉਗੇ। ਇਹ ਗਲ ਤਾਂ ਉਸਨੇ ਗੰਢ ਬੰਨ੍ਹ ਲਈ, ਪਰ ਉਸਨੇ ਇਹ ਜਾਨਣ ਦੀ ਕੋਸ਼ਸ਼ ਨਹੀਂ ਕੀਤੀ ਕਿ 'ਉਪਰ' ਤਾਂ ਇਸਤਰ੍ਹਾਂ ਗਲ ਬਣੀ ਰਹੇਗੀ, ਪਰ ਆਮ ਲੋਕਾਂ ਵਿੱਚ ਕਿਵੇਂ ਪੈਰ ਟਿੱਕੇ ਰਹਿ ਸਕਣਗੇ? ਇਸਲਈ ਉਹ 'ਉਪਰਲਿਆਂ' ਦੀ ਨਜ਼ਰ ਵਿੱਚ ਤਾਂ ਟਿਕਿਆ ਚਲਿਆ ਆ ਰਿਹਾ ਹੈ। ਪਰ ਇਹ ਵੇਖਣਾ ਹੋਵੇਗਾ ਕਿ ਜਦੋਂ ਉਸਦਾ ਸਾਹਮਣਾ ਆਮ ਲੋਕਾਂ ਨਾਲ ਹੋਵੇਗਾ ਤਾਂ ਉਥੇ ਉਹ ਕਿਵੇਂ ਟਿਕਿਆ ਰਹਿ ਸਕੇਗਾ?

Mobile : +91 95 82 71 98 90
E-Mail : jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਇੱਕ ਯਾਦ ਅਤੇ ਕੁਝ ਦਿਲਚਸਪ ਖਬਰਾਂ  - ਜਸਵੰਤ ਸਿੰਘ 'ਅਜੀਤ'

ਭਗਤ ਸਿੰਘ, ਜਿਨਹਾ ਅਤੇ ਇਮਤਿਆਜ਼ ਕੁਰੈਸ਼ੀ : ਭਾਰਤ ਦੀ ਅਜ਼ਾਦੀ ਦੇ ਇਤਿਹਾਸ ਦੇ ਪੰਨੇ, ਜੋ ਆਸ਼ੂਤੋਸ਼ ਕੁਮਾਰ ਨੇ ਆਪਣੀ ਫੇਸਬੁਕ ਤੇ ਖੋਲ੍ਹੇ ਹਨ, ਇਸ ਗਲ ਦੇ ਗੁਆਹ ਹਨ ਕਿ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 'ਬਹਿਰਿਆਂ (ਡੋਰਿਆਂ) ਦੇ ਕੰਨ ਖੋਲ੍ਹ ਉਨ੍ਹਾਂ ਨੂੰ ਸੁਨਾਣ ਲਈ' ਜਿਸ ਸੈਂਟਰਲ ਅਸੰਬਲੀ ਵਿੱਚ ਬੰਬ ਸੁਟਿਆ ਸੀ, ਉਸ ਵਿੱਚ ਮੁਹੰਮਦ ਅਲੀ ਜਿਨਹਾ ਵੀ ਮੌਜੂਦ ਸੀ। ਉਹ ਬੰਬ ਬਹਿਰਿਆਂ (ਡੋਰਿਆਂ) ਦੇ ਕੰਨ ਖੋਲ੍ਹਣ ਵਿੱਚ ਸਫਲ ਨਾ ਹੋ ਸਕਿਆ। ਪਰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਫੜ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ। ਦਸਿਆ ਗਿਆ ਹੈ ਕਿ ਜੇਲ੍ਹ ਵਿੱਚ ਆਪਣੇ ਨਾਲ ਹੋ ਰਹੀ ਬੇਇਨਸਾਫੀ ਵਿਰੁਧ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਭੁਖ ਹੜਤਾਲ ਕਰ ਦਿੱਤੀ। ਹੜਤਾਲ ਕਰ ਰਹੇ ਕ੍ਰਾਂਤੀਕਾਰੀਆਂ ਦੀ ਸੇਹਤ ਇਤਨੀ ਵਿਗੜ ਗਈ ਕਿ ਉਹ ਅਦਾਲਤ ਵਿੱਚ ਪੇਸ਼ ਕਰਨ ਲਾਇਕ ਵੀ ਨਾ ਰਹੇ। ਉਸ ਸਮੇਂ ਦੀਆਂ ਕਾਨੂੰਨੀ ਮਾਨਤਾਵਾਂ ਅਨੁਸਾਰ, ਅਦਾਲਤ ਵਿੱਚ ਉਨ੍ਹਾਂ ਦੀ ਹਾਜ਼ਰੀ ਤੋਂ ਬਿਨਾ, ਉਨ੍ਹਾਂ ਵਿਰੁਧ ਮੁਕਦਮਾ ਨਹੀਂ ਸੀ ਚਲ ਸਕਦਾ। ਇਸ ਰੁਕਾਵਟ ਨੂੰ ਦੂਰ ਕਰਨ ਲਈ ਸਰਕਾਰ ਵਲੋਂ ਸੈਂਟਰਲ ਅਸੰਬਲੀ ਵਿੱਚ ਇੱਕ ਸੋਧ ਬਿਲ ਪੇਸ਼ ਕੀਤਾ ਗਿਆ, ਤਾਂ ਜੋ ਉਸਨੂੰ ਕੈਦੀਆਂ ਦੀ ਗੈਰ-ਹਾਜ਼ਰੀ ਵਿੱਚ, ਉਨ੍ਹਾਂ ਵਿਰੁਧ ਮੁਕਦਮਾ ਚਲਾਣ ਦਾ ਅਧਿਕਾਰ ਮਿਲ ਜਾਏ। ਉਸ ਬਿਲ ਤੇ ਹੋ ਰਹੀ ਚਰਚਾ ਵਿੱਚ ਹਿਸਾ ਲੈਂਦਿਆਂ ਮੁਹੰਮਦ ਅਲੀ ਜਿਨਹਾ ਨੇ ਆਪਣੇ ਤਿੱਖੇ ਅਤੇ ਤੇਜ਼ ਭਾਸ਼ਣ ਰਾਹੀਂ ਇਸ ਸੋਧ ਬਿਲ ਦੀਆਂ ਧਜੀਆਂ ਉੱਡਾ ਦਿੱਤੀਆਂ। ਉਸਦਾ ਭਾਸ਼ਣ ਦਲੀਲਾਂ ਅਤੇ ਸਬੂਤਾਂ ਤੋਂ ਬਿਨਾ ਵਿਅੰਗ ਬਾਣਾ ਨਾਲ ਓਤ-ਪੋਤ ਸੀ। ਉਸਨੇ ਆਪਣੇ ਦਲੀਲਾਂ ਭਰੇ ਭਾਸ਼ਣ ਨਾਲ ਸਦਨ ਅਤੇ ਸਰਕਾਰ ਨੂੰ ਮਜਬੂਰ ਕਰ ਦਿੱਤਾ ਕਿ ਉਹ ਵੇਖਣ ਕਿ ਭਗਤ ਸਿੰਘ ਕੋਈ ਸਾਧਾਰਣ ਅਪਰਾਧੀ ਨਹੀਂ, ਸਗੋਂ ਦਬੇ-ਕੁਚਲੇ ਜਾ ਰਹੇ ਕਰੋੜਾਂ ਹਿੰਦੁਸਤਾਨੀਆਂ ਦੀ ਬਗਾਵਤ ਦੀ ਆਵਾਜ਼ ਹੈ। ਉਸਦੇ ਇਸ ਭਾਸ਼ਣ ਕਾਰਣ ਸਰਕਾਰੀ ਪ੍ਰਸਤਾਵ ਪਾਸ ਨਾ ਹੋ ਸਕਿਆ। ਜਿਸ ਤੇ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕਰ, ਇੱਕ ਟ੍ਰਿਬਿਊਨਲ ਗਠਤ ਕਰ ਦਿੱਤਾ। ਇਸ ਟ੍ਰਿਬਿਊਨਲ ਦੀ ਮਿਆਦ ਚਾਰ ਮਹੀਨੇ ਸੀ। ਇਸ ਮਿਆਦ ਦੇ ਖਤਮ ਹੋਣ ਤੋਂ ਕੇਵਲ ਛੇ ਦਿਨ ਹੀ ਪਹਿਲਾਂ ਟ੍ਰਿਬਿਊਨਲ ਨੇ ਸੁਣਵਾਈ ਸ਼ੁਰੂ ਕਰ, ਫੈਸਲਾ ਸੁਣਾ ਦਿੱਤਾ, ਜਿਸਤੋਂ ਸਪਸ਼ਟ ਹੈ ਕਿ ਉਸ ਟ੍ਰਿਬਿਊਨਲ ਨੇ ਕ੍ਰਾਂਤੀਕਾਰੀਆਂ ਨੂੰ ਫਾਂਸੀ ਦੇਣ ਦੀ ਜੋ ਸਜ਼ਾ ਸੁਣਵਾਈ, ਉਹ ਨੈਤਿਕ ਅਤੇ ਵਿਧਾਨਕ, ਦੋਹਾਂ ਦੇ ਅਧਾਰ ਤੇ ਖੋਖਲੀ ਸੀ। ਪਿਛਲੇ ਵਰ੍ਹੇ ਇਮਤਿਆਜ਼ ਕੁਰੈਸ਼ੀ ਨਾਂ ਦੇ ਇੱਕ ਪਾਕਿਸਤਾਨੀ ਨੇ ਲਾਹੌਰ ਹਾਈਕੋਰਟ ਵਿੱਚ ਇਕ ਮੁਕਦਮਾ ਦਾਇਰ ਕੀਤਾ, ਜਿਸ ਵਿੱਚ ਉਸਨੇ ਮੰਗ ਕੀਤੀ ਕਿ ਭਗਤ ਸਿੰਘ ਅਤੇ ਉਸਦੇ ਸਾਥੀਆਂ ਨੂੰ ਸੁਣਾਈ ਗਈ ਸਜ਼ਾ ਨੂੰ ਗੈਰ-ਕਾਨੂੰਨੀ ਕਰਾਰ ਦੇ, ਰੱਦ ਕੀਤਾ ਜਾਏ ਅਤੇ ਉਨ੍ਹਾਂ ਨੂੰ ਬੇਗੁਨਾਹ ਕਰਾਰ ਦਿੱਤਾ ਜਾਏ।  


ਤਲਾਕ ਦੇ ਕੁਝ ਦਿਲਚਸਪ ਮਾਮਲੇ : ਦਸਿਆ ਗਿਆ ਹੈ ਕਿ ਕੁਝ ਹੀ ਸਮਾਂ ਪਹਿਲਾਂ ਗੱਠਤ 'ਅਗੈਂਸਟ ਵੁਮਨ ਸੈੱਲ' ਦੇ ਸਾਹਮਣੇ ਤਲਾਕ ਦਾ ਇੱਕ ਮਾਮਲਾ ਅਜਿਹਾ ਆਇਆ, ਜਿਸ ਵਿੱਚ ਇੱਕ 32 ਵਰ੍ਹਿਆਂ ਦੀ ਸਰਕਾਰੀ ਨੌਕਰੀ ਕਰ ਰਹੀ ਔਰਤ ਨੇ ਆਪਣੇ ਪਤੀ ਵਿਰੁਧ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਅਤੇ ਤਨਾਉ ਵਿੱਚ ਹੈ, ਕਿਉਂਕਿ ਉਸਦਾ ਪਤੀ ਨਹਾਣ ਤੋਂ ਬਾਅਦ ਕਦੀ ਵੀ ਆਪਣਾ ਤੋਲੀਆ ਸੁਕਣੇ ਨਹੀਂ ਪਾਂਦਾ, ਜਿੱਥੇ ਹੁੰਦਾ ਹੈ, ਸੁੱਟ ਦਿੰਦਾ ਹੈ। ਕਾਫੀ ਲੜਾਈ-ਝਗੜਾ ਕਰਨ ਦੇ ਬਾਅਦ ਵੀ ਉਹ ਇਸਤੇਮਾਲ ਕਰਨ ਤੋਂ ਬਾਅਦ ਫਲਸ਼ ਨਹੀਂ ਚਲਾਂਦਾ। ਦਫਤਰੋਂ ਆਣ ਤੋਂ ਬਾਅਦ ਜੁਤੀਆਂ ਲਾਹ, ਇੱਧਰ-ਉੱਧਰ ਸੁਟ ਦਿੰਦਾ ਹੈ। ਉਸਨੇ ਕਿਹਾ ਕਿ ਜਦੋਂ ਕਾਫੀ ਸਮਝਾਣ-ਬੁਝਾਣ ਦੇ ਬਾਅਦ ਵੀ ਪਤੀ ਦੇ ਵਿਹਾਰ ਵਿੱਚ ਕੋਈ ਬਦਲਾਉ ਨਹੀਂ ਆਇਆ, ਤਾਂ ਉਸਨੂੰ ਮਜਬੂਰਨ ਸ਼ਿਕਾਇਤ ਕਰਨੀ ਪਈ। 
ਇਸੇ ਤਰ੍ਹਾਂ ਇਸੇ ਸੈੱਲ ਵਿੱਚ ਆਈ ਇੱਕ ਹੋਰ ਸ਼ਿਕਾਇਤ ਵਿੱਚ ਦਸਿਆ ਗਿਆ ਕਿ ਪਤਨੀ ਨੇ ਆਪਣੇ ਪਤੀ ਪੁਰ ਦੋਸ਼ ਲਾਇਆ ਹੈ ਕਿ ਉਹ ਉਸਨੂੰ ਕਦੀ ਵੀ ਬਾਹਰ ਘੁਮਾਣ ਲਈ ਨਹੀਂ ਲੈ ਕੇ ਜਾਂਦਾ। ਜਿਸ ਕਾਰਣ ਉਹ ਨਿਰਾਸ਼ਾ ਦੇ ਤਨਾਉ ਵਿੱਚ ਘਿਰਦੀ ਜਾ ਰਹੀ ਹੈ। ਘਰ ਵਿੱਚ ਬੰਦ ਰਹਿਣ ਕਾਰਣ ਉਸਦੀ ਸਿਹਤ ਪੁਰ ਵੀ ਮਾੜਾ ਅਸਰ ਪੈ ਰਿਹਾ ਹੈ। ਉਸਨੇ ਇਹ ਵੀ ਦਸਿਆ ਕਿ ਉਸਨੂੰ ਕਈ ਵਰ੍ਹਿਆਂ ਤੋਂ ਸ਼ਾਪਿੰਗ ਵੀ ਨਹੀਂ ਕਰਵਾਈ ਗਈ। ਘਰੇਲੂ ਕੰਮ ਦਾ ਭਾਰ ਬਹੁਤਾ ਹੋਣ ਅਤੇ ਪਤੀ ਵਲੋਂ ਕੋਈ ਵੀ ਸੁਣਾਈ ਨਾ ਕੀਤੇ ਜਾਣ ਦੇ ਕਾਰਣ ਉਹ ਪਤੀ ਨਾਲੋਂ ਅਲਗ ਹੋਣਾ ਚਾਹੁੰਦੀ ਹੈ।


ਮਹਿੰਗਾਈ ਬਨਾਮ ਬਚਤ : ਹਾਲਾਂਕਿ ਭਾਰਤੀ ਆਰਥਕ, ਰਾਜਨੈਤਿਕ ਅਤੇ ਸਮਾਜਕ ਹਾਲਾਤ ਨੂੰ ਵੇਖਦਿਆਂ ਸੇਵਾ-ਮੁਕਤੀ, ਅਰਥਾਤ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸੁਰਖਿਆ ਲਈ ਬਚਤ ਕੀਤੇ ਜਾਣ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੰਤੂ ਇਸਦੇ ਵਿਰੁਧ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਦੇਸ਼ ਵਿੱਚਲੇ ਲਗਭਗ 47 ਪ੍ਰਤੀਸ਼ਤ ਕੰਮ-ਕਾਜੀ ਲੋਕੀ ਅਜਿਹੇ ਹਨ, ਜੋ ਰਿਟਾਇਰਮੈਂਟ ਤੋਂ ਬਾਅਦ ਬੁਢਾਪੇ ਲਈ ਕੋਈ ਬਚਤ ਨਹੀਂ ਕਰ ਪਾ ਰਹੇ। ਇਹ ਖੁਲਾਸਾ ਇਪਸੋਸ ਮੋਰੀ ਵਲੋਂ ਆਨ-ਲਾਇਨ ਕਰਵਾਏ ਗਏ ਸਰਵੇ ਵਿੱਚ ਹੋਇਆ ਹੈ। ਇਸ ਸਰਵੇ ਆਨੁਸਾਰ ਭਾਰਤ ਵਿੱਚ ਕੰਮ-ਕਾਰ ਵਿੱਚ ਲਗੇ ਲੋਕਾਂ ਵਿਚੋਂ 47 ਪ੍ਰਤੀਸ਼ਤ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਲਈ ਬਚਤ ਸ਼ੁਰੂ ਕੀਤੀ ਹੀ ਨਹੀਂ ਜਾਂ ਫਿਰ ਸ਼ੁਰੂ ਕੀਤਾ ਗਿਆ ਹੋਇਆ ਬਚਤ ਦਾ ਸਿਲਸਿਲਾ ਬੰਦ ਕਰ ਦਿਤਾ ਹੈ। ਇਨ੍ਹਾਂ ਵਿਚੋਂ ਕਈਆਂ ਨੇ ਕਿਹਾ ਹੈ ਕਿ ਬਚਤ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਲਈ ਤਾਂ ਘਰ ਚਲਾਣਾ ਤਕ ਦੂਬਰ ਹੋਇਆ ਪਿਆ ਹੈ। ਅਜਿਹੇ ਲੋਕਾਂ ਦਾ ਔਸਤ ਪ੍ਰਤੀਸ਼ਤ 46 ਤੋਂ ਇੱਕ ਪ੍ਰਤੀਸ਼ਤ ਵੱਧ ਹੈ। ਇਸ ਸਰਵੇ ਅਨੁਸਾਰ 44 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਬੁਢਾਪੇ ਲਈ ਪੂੰਜੀ ਜੁਟਾਣ ਦੀ ਸ਼ੁ੍ਰਰੂਆਤ ਤਾਂ ਕੀਤੀ ਸੀ, ਪ੍ਰੰਤੂ ਮਹਿੰਗਾਈ ਦੇ ਲਗਾਤਾਰ ਵੱਧਦਿਆਂ ਜਾਣ ਕਾਰਣ ਵਰਤਮਾਨ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਕਾਰਣ ਉਨ੍ਹਾਂ ਨੂੰ ਇਹ ਸਿਲਸਿਲਾ ਬੰਦ ਕਰ ਦੇਣ ਤੇ ਮਜਬੂਰ ਹੋਣਾ ਪਿਆ। ਇਸਤੋਂ ਇਲਾਵਾ 21 ਪ੍ਰਤੀਸ਼ਤ ਕੰਮਕਾਜੀ ਲੋਕਾਂ ਨੇ ਦਸਿਆ ਕਿ ਉਨ੍ਹਾਂ ਤਾਂ ਬਚਤ ਕਰਨੀ ਸੁਰੂ ਹੀ ਨਹੀਂ ਕੀਤੀ। ਦਸਿਆ ਜਾਂਦਾ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਸਥਿਤੀ ਇਹ ਹੈ ਕਿ 60 ਵਰ੍ਹਿਆਂ ਦੀ ਉਮਰ ਦੇ 22 ਪ੍ਰਤੀਸ਼ਤ ਅਤੇ 50 ਵਰ੍ਹਿਆਂ ਦੀ ਉਮਰ ਦੇ 14 ਪ੍ਰਥੀਸ਼ਤ ਲੋਕਾਂ ਨੇ ਬੁਢਾਪੇ ਲਈ ਕਿਸੇ ਵੀ ਤਰ੍ਹਾਂ ਦੀ ਬਚਤ ਸ਼ੁਰੂ ਨਹੀਂ ਕੀਤੀ ਹੋਈ। ਇਸਦਾ ਕਾਰਣ ਸ਼ਾਇਦ ਇਹੀ ਹੈ ਕਿ ਲਗਾਤਾਰ ਵਧਦੀ ਚਲ਼ੀ ਆ ਰਹੀ ਮਹਿੰਗਾਈ ਹੀ ਉਨ੍ਹਾਂ ਦੇ ਬਚਤ ਕਰ ਸਕਣ ਦੀ ਸਮਰਥਾ ਵਿੱਚ ਰੁਕਾਵਟ ਬਣੀ ਚਲੀ ਆ ਰਹੀ ਹੈ।


ਗਣ + ਤੰਤਰ : ਇੱਕ ਭਾਰਤੀ ਵਿਚਾਰਕ ਦੀਆਂ ਨਜ਼ਰਾਂ ਵਿੱਚ ਦੇਸ਼ ਦੇ ਆਮ ਆਦਮੀ ਦੇ 'ਗਣ' ਅਤੇ ਦੇਸ਼ ਦੀ ਅਫਰਸ਼ਾਹੀ ਦੇ 'ਤੰਤਰ' ਦੇ ਤੁਲਨਾਤਮਕ ਮਹੱਤਵ ਨੂੰ ਲੈ ਕੇ ਵਿਦਵਾਨਾਂ ਵਿੱਚ ਆਪਾ-ਵਿਰੋਧੀ ਮੱਤ ਹਨ। ਕੁਝ-ਇੱਕ ਦਾ ਵਿਚਾਰ ਹੈ ਕਿ 'ਗਣ' ਦੀ ਮਹਤੱਤਾ ਵਕਤੀ ਹੈ ਅਰਥਾਤ ਚੋਣਾਂ ਦੇ ਸਮੇਂ ਹੀ 'ਗਣ' ਦੀ ਵੁਕਤ ਨਜ਼ਰ ਆਉਂਦੀ ਹੈ, ਨਹੀਂ ਤਾਂ ਰਾਜ ਨੇਤਾ ਬਹੁਤਿਆਂ ਨੂੰ ਉਲੂ ਅਤੇ ਬਾਕੀਆਂ ਨੂੰ ਉਲੂ ਦਾ ਪੱਠਾ ਸਮਝਦੇ ਹਨ। ਚੋਣਾਂ ਤੋਂ ਬਾਅਦ ਜਨਤਾ ਦੀ ਉਹੀ ਦਸ਼ਾ ਹੁੰਦੀ ਹੈ, ਜੋ ਬਿਨਾਂ ਵਾਈ-ਫਾਈ ਦੇ ਇੰਟਰਨੈੱਟ ਦੀ। ਉਧਰ ਤੰਤਰ ਦਾ ਅਹੁਦਾ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਤਕ ਬਰਕਰਾਰ ਰਹਿੰਦਾ ਹੈ। ਕਿਉਂਕਿ ਸਰਕਾਰ ਦੀ 'ਕਾਰ' ਦੇ ਬਾਹਰਲੇ ਢਾਂਚੇ ਵਿੱਚ ਭਾਵੇਂ ਰਾਜਸੀ ਮਾਲਕ ਦਾ ਬਦਲਿਆ ਮੁਖੌਟਾ, ਆਸਪਾਸ ਪ੍ਰੋਗਰਾਮ ਦੇ ਪੋਸਟਰਾਂ ਅਤੇ ਲਾਉਡ ਸਪੀਕਰਾਂ ਰਾਹੀ 'ਗਣ' ਦਾ ਗੁਣ-ਗਾਨ ਕਰ ਰਿਹਾ ਹੋਵੇ, ਪਰ 'ਤੰਤਰ' ਦੇ ਇੰਜਣ ਬਿਨਾ ਉਸਦਾ ਤਿਲ ਭਰ ਵੀ ਇਧਰ-ਉਧਰ ਖਿਸਕਣਾ ਮੁਸ਼ਕਲ ਹੈ। ਕੁਝ ਹੋਰ ਵਿਚਾਰਕਾਂ ਦਾ ਮਤ ਹੈ ਕਿ ਗਣ ਨੂੰ ਲਗਾਤਾਰ ਝਾਂਸਾ ਦਿੱਤਾ ਜਾਂਦਾ ਹੈ ਕਿ ਉਹ ਲੋਕੀ ਜੋ ਵਿਸ਼ਾਲ ਇਮਾਰਤਾਂ ਵਿੱਚ ਬਿਰਾਜਮਾਨ ਹਨ, ਉਹ ਸਾਰੇ ਹੀ ਉਸਦੇ ਸੇਵਕ ਹਨ। 'ਗਣ' ਸੱਚਾਈ ਜਾਣਦਾ ਹੈ। ਹਰ ਨਿਸ਼ਚਿਤ ਸਮੇਂ ਬਾਅਦ 'ਤੰਤਰ' ਦੀ ਤਨਖਾਹ ਵਧਦੀ ਹੈ, ਨਾਲ ਹੀ ਮਹਿੰਗਾਈ ਵੀ। 'ਗਣ' ਦਾ ਉਹੀ ਹਾਲ ਰਹਿੰਦਾ ਹੈ। ਮਹਿੰਗਾਈ ਦੇ ਵਧਦਿਆਂ ਜਾਣ ਨਾਲ ਉਸਦੀ ਦਾਲ ਪਤਲੀ ਹੁੰਦਿਆਂ-ਹੁੰਦਿਆਂ ਉਸਦੀ ਥਾਲੀ ਵਿਚੋਂ ਗਾਇਬ ਹੋ ਜਾਂਦੀ ਹੈ। ਉਸਦੀ ਕਿਸਮਤ ਸਰਦੀਆਂ ਵਿੱਚ ਠਿਠੁਰਦਿਆਂ ਰਹਿਣ ਅਤੇ ਗਰਮੀਆਂ ਵਿੱਚ ਲੂ ਦੀ ਤਪਸ਼ ਸਹਿਣਾ ਹੈ। ਜਦਕਿ 'ਤੰਤਰ' ਮਹਿੰਗਾਈ ਦਾ ਪ੍ਰਬੰਧ ਕਰਨਾ ਜਾਣਦਾ ਹੈ। ਉਸਨੇ ਨਿਜੀ ਸੁਆਰਥ ਦੇ 'ਸੇਵਾ ਕੇਂਦਰ' ਬਣਾ ਰਖੇ ਹਨ। ਉਹ ਇਸਦੇ ਉਲੂ ਸਿੱਧੇ ਕਰਦੇ ਹਨ ਅਤੇ ਬਦਲੇ ਵਿੱਚ ਕਦੀ 'ਨਕਦੀ', ਅਤੇ ਕਦੀ 'ਸਮਿਗਰੀ' ਦੀ ਸੇਵਾ ਪਾ ਨਿਹਾਲ ਹੁੰਦੇ ਰਹਿੰਦੇ ਹਨ। ਲੈਣ-ਦੇਣ ਦੀ ਇਸ ਸਾਧਾਰਣ ਪ੍ਰਕ੍ਰਿਆ ਨੂੰ ਭ੍ਰਿਸ਼ਟਾਚਾਰ ਦਾ ਨਾਂ ਦੇਣਾ ਹਾਸੋ-ਹੀਣਾ ਹੈ। ਮਨੋਕਾਮਨਾ ਦੀ ਪੂਰਤੀ ਲਈ ਮੰਦਿਰ ਵਿੱਚ ਨਕਦ ਜਾਂ ਪ੍ਰਸ਼ਾਦ ਚੜ੍ਹਾਉਣਾ ਕੀ ਭ੍ਰਿਸ਼ਟਾਚਾਰ ਹੈ? ਅਜਿਹੇ 'ਸਿੱਧ' ਅਵਤਾਰ ਅਜਕਲ ਹਰ ਸਰਕਾਰੀ ਦਫਤਰ ਦਾ ਸ਼ਿੰਗਾਰ ਹਨ।

...ਅਤੇ ਅੰਤ ਵਿੱਚ : ਦਾਅਵਾ ਕੀਤਾ ਜਾਂਦਾ ਹੈ ਕਿ ਸਮਾਂ ਆ ਗਿਆ ਹੈ ਕਿ 'ਤੰਤਰ' ਹੁਣ ਆਪ ਹੀ ਪਹਿਲ ਕਰ ਭ੍ਰਿਸ਼ਟਾਚਾਰ ਦੀ ਪ੍ਰੀਭਾਸ਼ਾ ਬਦਲ ਦੇਵੇ। ਇਹ ਗਲ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਕਿ ਸਮਝਦਾਰ ਰਾਜਨੈਤਿਕ ਆਕਾ ਇਸ ਜ਼ਰੂਰੀ ਪ੍ਰੀਵਰਤਨ ਵਿੱਚ ਉਸਦਾ ਸਹਿਯੋਗ ਕਰਨਗੇ। ਉਨ੍ਹਾਂ ਨੂੰ ਆਪਣੀ ਸਾਖ ਤੇ ਵੱਟਾ ਲਗਵਾ ਜੇਲ੍ਹ ਜਾਣ ਤੇ ਕੋਈ ਇਤਰਾਜ਼ ਨਹੀਂ ਹੈ, ਬਸ 'ਗਣ' ਵਲੋਂ ਭੁਲਾ ਦੇਣ ਦਾ ਹੀ ਉਸਨੂੰ ਡਰ ਹੈ। ਉਂਝ ਮੰਨਿਆ ਜਾਂਦਾ ਹੈ ਕਿ 'ਤੰਤਰ' ਬਹੁਤ ਚਾਲਾਕ ਹੈ। ਆਪਣੀਆਂ ਕਾਰਗੁਜ਼ਾਰੀਆਂ ਲਈ ਅਸਾਨੀ ਨਾਲ ਪਕੜ ਵਿੱਚ ਨਹੀਂ ਆਉਂਦਾ। ਉਸਨੇ ਤਾਂ ਬਸ ਇਹੀ ਫੈਸਲਾ ਕਰਨਾ ਹੈ ਕਿ ਦੇਸ਼ 'ਗਣਤੰਤਰ' ਹੈ ਜਾਂ 'ਤੰਤਰ' ਦਾ 'ਗੜ੍ਹ'? ਨਹੀਂ ਤਾਂ ਜਦੋਂ ਕਦੀ ਵੀ ਅੰਗ੍ਰੇਜ਼ੀ ਸ਼ਾਸਨ ਦੇ ਅਤੀਤ ਵਿੱਚ ਡੁਬਿਆ 'ਗਣ' ਚੇਤਿਆ, ਤਾਂ ਫਿਰ 'ਤੰਤਰ' ਦਾ ਭਵਿਖ ਕੋਈ ਖਾਸ ਉਜਲਾ ਨਹੀਂ ਰਹਿ ਪਾਇਗਾ। 

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਕਦੋਂ ਤਕ ਕੁਰੇਦੇ ਜਾਂਦੇ ਰਹਿਣਗੇ ਚੁਰਾਸੀ ਦੇ ਜ਼ਖਮ? - ਜਸਵੰਤ ਸਿੰਘ 'ਅਜੀਤ'

ਬੀਤੇ ਪੈਂਤੀ ਵਰ੍ਹਿਆਂ ਤੋਂ ਜਦੋਂ ਕਦੀ ਵੀ ਚੋਣਾਂ, ਭਾਵੇਂ ਲੋਕਸਭਾ ਦੀਆਂ ਹੋਣ ਜਾਂ ਵਿਧਾਨਸਭਾ ਜਾਂ ਨਗਰਨਿਗਮ ਦੀਆਂ, ਦਾ ਸਮਾਂ ਆਉਂਦਾ ਹੈ, ਪੰਜਾਬ, ਦਿੱਲੀ ਅਤੇ ਉਨ੍ਹਾਂ ਦੇ ਆਸ-ਪਾਸ ਦੇ ਰਾਜਾਂ ਵਿੱਚ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦਾ ਮੁੱਦਾ ਤੁਰਪ ਦਾ ਪੱਤਾ ਬਣ ਉਭਰ ਆਉਂਦਾ ਹੈ। ਇਸਨੂੰ ਉਛਾਲ, ਸਿੱਖਾਂ ਦੀਆਂ ਆਹਤ ਭਾਵਨਾਵਾਂ ਦਾ ਸ਼ੋਸ਼ਣ ਅਤੇ ਉਨ੍ਹਾਂ ਦੇ ਨਾਲ ਖਿਲਵਾੜ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਂਦੀ। ਕਦੀ ਵੀ ਇਹ ਨਹੀਂ ਸੋਚਿਆ ਜਾਂਦਾ ਕਿ ਰਾਜਨੀਤਕ ਸਵਾਰਥ ਦੀਆਂ ਰੋਟੀਆਂ ਸੇਕਣ ਲਈ, ਇਸ ਮੁੱਦੇ ਨੂੰ ਉਛਾਲੇ ਜਾਣ ਨਾਲ ਚੁਰਾਸੀ ਦੇ ਉਨ੍ਹਾਂ ਪੀੜਤਾਂ ਦੇ ਭਰੇ ਜਾ ਰਹੇ ਜ਼ਖਮ ਕੁਰੇਦੇ ਜਾਂਦੇ ਹਨ, ਜਿਨ੍ਹਾਂ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਰਿਵਾਰ ਦੇ ਜੀਆਂ ਨੂੰ ਗਲ ਵਿੱਚ ਟਾਇਰ ਪਾ, ਜਵਲਣਸ਼ੀਲ (ਪਟਰੋਲ ਆਦਿ) ਪਦਾਰਥ ਛਿੜਕ, ਅੱਗ ਲਾ ਸਾੜਿਆਂ ਜਾਂਦਾ ਅਤੇ ਉਨ੍ਹਾਂ ਨੂੰ ਸੜਦਿਆਂ-ਤੜਪਦਿਆਂ ਚੀਖਦਿਆਂ ਮੌਤ ਦਾ ਸ਼ਿਕਾਰ ਹੁੰਦਿਆਂ ਵੇਖਿਆ ਹੁੰਦਾ ਹੈ, ਪ੍ਰੰਤੂ ਇਸ ਸਭ ਕੁਝ ਨੂੰ ਵਾਪਰਦਿਆਂ ਆਪਣੀਆਂ ਅੱਖਾਂ ਨਾਲ ਵੇਖਦਿਆਂ ਹੋਇਆ ਵੀ ਆਪਣੇ ਜਾਨਾਂ ਤੋਂ ਵੀ ਵੱਧ ਪਿਆਰਿਆਂ ਨੂੰ ਬਚਾਣ ਲਈ ਕੁਝ ਵੀ ਨਹੀਂ ਕਰ ਸਕੇ ਹੁੰਦੇ। ਇਸੇ ਕਸਕ ਨੂੰ ਦਿਲ ਵਿੱਚ ਪਾਲੀ ਜੀਅ ਰਹੇ ਨਵੰਬਰ-84 ਦੇ ਇੱਕ ਪੀੜਤ ਦੇ ਸ਼ਬਦਾਂ ਵਿੱਚ 'ਦੁਸ਼ਮਣਾਂ ਨੇ ਤਾਂ ਇੱਕ ਵਾਰ ਸਾਡੇ ਸੀਨਿਆਂ ਵਿੱਚ ਨਸ਼ਤਰ ਖੋਭਿਆ ਸੀ, ਪ੍ਰੰਤੂ ਤੁਹਾਡੇ ਵਰਗੇ ਰਾਜਨੀਤਕ ਹਮਦਰਦਾਂ ਨੇ ਤਾਂ ਇਨ੍ਹਾਂ ਵਰ੍ਹਿਆਂ ਵਿੱਚ ਸੈਂਕੜੇ ਵਾਰ ਨਸ਼ਤਰ ਲੈ ਸਾਡੇ ਭਰੇ ਜਾ ਰਹੇ ਜ਼ਖਮਾਂ ਨੂੰ ਆ ਕੁਰੇਦਿਆ ਹੈ। ਤੁਸੀਂ ਲੋਕੀ ਨਾ ਤਾਂ ਸਾਡੇ ਜ਼ਖਮ ਭਰਨ ਦਿੰਦੇ ਹੋ ਤੇ ਨਾ ਹੀ ਕੁਰੇਦੇ ਗਏ ਜ਼ਖਮਾਂ ਦੇ ਦਰਦ ਨਾਲ ਉਠਣ ਵਾਲੀਆਂ ਚੀਸਾਂ ਕਾਰਣ, ਵਹਿੰਦੇ ਅਥਰੂਆਂ ਨੂੰ ਸੁਕਣ ਹੀ ਦਿੰਦੇ ਹੋ। ਤੁਹਾਨੂੰ ਕੀ ਪਤੈ ਕਿ ਹਰ ਸਾਲ (ਨਵੰਬਰ ਦੇ ਮਹੀਨੇ) ਅਤੇ ਪੰਜ ਸਾਲ ਬਾਅਦ (ਚੋਣਾਂ ਦੇ ਸਮੇਂ) ਇੱਕ ਵਾਰ ਆ, ਤੁਸੀਂ ਜੋ ਜ਼ਖਮ ਕੁਰੇਦ ਜਾਂਦੇ ਹੋ, ਉਨ੍ਹਾਂ ਦੇ ਦਰਦ ਨਾਲ ਉਠਣ ਵਾਲੀਆਂ ਚੀਸਾਂ ਨੂੰ ਸਹਿੰਦਿਆਂ ਅਸੀਂ ਕਦੋਂ ਤਕ ਅਥਰੂ ਵਹਾਂਦੇ ਰਹਿੰਦੇ ਹਾਂ?'
ਇਸਦੇ ਨਾਲ ਇਹ ਸੁਆਲ ਵੀ ਉਠਦਾ ਹੈ ਕਿ ਜੋ ਰਾਜਸੀ ਪਾਰਟੀਆਂ ਅਤੇ ਉਨ੍ਹਾਂ ਦੇ ਮੁਖੀ ਹਰ ਸਾਲ ਨਵੰਬਰ ਵਿੱਚ ਅਤੇ ਹਰ ਚੋਣ ਦੇ ਸਮੇਂ ਇਸ ਮੁੱਦੇ ਨੂੰ ਉਛਾਲ ਆਪਣੇ ਰਾਜਨੀਤਕ ਸਵਾਰਥ ਦੀਆਂ ਰੋਟੀਆਂ ਸੇਕਦੇ ਚਲੇ ਆ ਰਹੇ ਹਨ, ਉਨ੍ਹਾਂ ਵਿੱਚੋਂ ਕਿਸੇ ਨੇ ਕਦੀ ਵੀ ਇਨ੍ਹਾਂ ਪੈਂਤੀ ਵਰ੍ਹਿਆਂ ਦੇ ਸਮੇਂ ਵਿੱਚ ਜਾ ਕੇ ਵੇਖਿਆ ਹੈ ਕਿ ਹਰ ਸਾਲ ਨਵੰਬਰ ਵਿੱਚ ਅਤੇ ਚੋਣਾਂ ਦੇ ਸਮੇਂ ਜਿਨ੍ਹਾਂ ਦੀਆਂ ਆਹਤ ਭਾਵਨਾਵਾਂ ਦਾ ਉਹ ਸ਼ੋਸ਼ਣ ਕਰਦੇ ਚਲੇ ਆ ਰਹੇ ਹਨ, ਉਹ ਕਿਹੋ ਜਿਹਾ ਨਰਕੀ ਜੀਵਨ ਜੀਉਣ ਲਈ ਮਜਬੂਰ ਹੋ ਰਹੇ ਹਨ? ਉਨ੍ਹਾਂ ਕਦੀ ਵੀ ਉਨ੍ਹਾਂ ਦਾ ਜੀਵਨ ਸੰਵਾਰਨ ਜਾਂ ਉਨ੍ਹਾਂ ਨੂੰ ਸਨਮਾਨ-ਜਨਕ ਜੀਵਨ ਜੀਣ ਦੇ ਸਮਰਥ ਬਨਾਣ ਲਈ ਕੁਝ ਕੀਤਾ ਹੈ? ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵੀ ਉਨ੍ਹਾਂ ਨੂੰ ਸਨਮਾਨ-ਜਨਕ ਜੀਵਨ ਉਪਲਬੱਧ ਕਰਵਾਣ ਲਈ ਕੁਝ ਕਰਨ ਦੀ ਬਜਾਏ, ਉਨ੍ਹਾਂ ਦੀ ਆਪਣੇ ਪੁਰ ਨਿਰਭਰਤਾ ਬਣਾਈ ਰਖਣ ਲਈ ਕੁਝ ਪੀੜਤਾਂ ਨੂੰ ਮਾਸਕ ਪੈਨਸ਼ਨ ਦੇ ਨਾਂ 'ਤੇ ਨਕਦ ਆਰਥਕ ਅਤੇ ਰਾਸ਼ਨ ਦੇ ਰੂਪ ਵਿੱਚ ਸਹਾਇਤਾ ਦਿੱਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸਦੇ ਬਦਲੇ ਉਸਦੇ ਮੁੱਖੀ ਗੁਰਦੁਆਰਾ ਚੋਣਾਂ ਦੇ ਸਮੇਂ ਆਪਣੇ ਗੁਟ ਦੇ ਉਮੀਦਵਾਰਾਂ ਦੇ ਹਕ ਵਿੱਚ ਉਨ੍ਹਾਂ ਦਾ ਸਮਰਥਨ ਹਾਸਲ ਕਰਨਾ ਚਾਹੁੰਦੇ ਹਨ। ਇਸਦੇ ਨਾਲ ਹੀ ਇਹ ਵੀ ਚਰਚਾ ਹੈ ਕਿ ਉਨ੍ਹਾਂ ਵਲੋਂ ਇਨ੍ਹਾਂ ਨੂੰ ਪ੍ਰਦਰਸ਼ਨਾਂ (ਮੁਜ਼ਾਹਰਿਆਂ) ਵਿੱਚ ਵੀ ਵਰਤਿਆ ਜਾਂਦਾ ਹੈ ਅਤੇ ਲੋਕਸਭਾ ਫ਼ ਵਿਧਾਨਸਭਾ ਆਦਿ ਦੀਆਂ ਚੋਣਾਂ ਵਿੱਚ ਪਾਰਟੀ ਵਿਸ਼ੇਸ਼ ਦੇ ਹਕ ਵਿੱਚ ਭੁਗਤਾ, ਆਪਣੇ ਰਾਜਸੀ ਸਵਾਰਥ ਨੂੰ ਵੀ ਪੂਰਿਆਂ ਕੀਤਾ ਜਾਂਦਾ ਹੈ।


ਇਤਿਹਾਸ ਅਤੇ ਵਰਤਮਾਨ : ਸਿੱਖ ੲਤਿਹਾਸ ਅਨੁਸਾਰ ਕਿਸੇ ਸਮੇਂ, ਜਦੋਂ ਸਿੱਖ ਗਰੀਬ-ਮਜ਼ਲੂਮ ਅਤੇ ਆਤਮ ਸਨਮਾਨ ਦੀ ਰਖਿਆ ਲਈ, ਜਬਰ-ਜ਼ੁਲਮ ਅਤੇ ਅਨਿਅਇ ਦੇ ਵਿਰੁਧ ਜੂਝਦਿਆਂ, ਜੰਗਲਾਂ-ਬੇਲਿਆਂ ਵਿੱਚ ਛੁਪ ਜੀਵਨ ਬਿਤਾਣ ਲਈ ਮਜਬੂਰ ਹੋ ਰਹੇ ਸਨ, ਉਸ ਸਮੇਂ ਕਈ ਮਰਾਸੀ (ਨਕਲਚੀ) ਦੁਸ਼ਮਣ ਹਾਕਮਾਂ ਦੇ ਕਹਿਣ 'ਤੇ ਉਨ੍ਹਾਂ ਦੇ ਦਰਬਾਰ ਵਿੱਚ ਜਾ ਸਿੱਖਾਂ ਦੇ ਸੰਕਟ ਭਰੇ ਜੀਵਨ ਦੀ ਝਲਕ ਵਿਖਾਣ ਲਈ ਸਿੱਖੀ ਸਰੂਪ ਧਾਰ ਸਿੱਖਾਂ ਦੀ ਨਕਲ ਉਤਾਰਿਆ ਕਰਦੇ ਸਨ। ਅਜਿਹਾ ਕਰਦਿਆਂ ਜਦੋਂ ਇਨਾਮ ਲੈਣ ਲਈ ਉਹ ਉਨ੍ਹਾਂ ਹਾਕਮਾਂ ਸਾਹਮਣੇ ਸਿਰ ਝੁਕਾਂਦੇ ਸਨ, ਤਾਂ ਸਿੱਖੀ ਸਰੂਪ ਵਿੱਚ ਸਿਰ ਤੇ ਬੰਨ੍ਹੀ ਪਗੜੀ, ਉਤਾਰ ਕੱਛ ਵਿੱਚ ਦਬਾ ਲਿਆ ਕਰਦੇ। ਜਦੋਂ ਹਾਕਮ ਵਲੋਂ ਉਨ੍ਹਾਂ ਪਾਸੋਂ ਇਸਦਾ ਕਾਰਣ ਪੁਛਿਆ ਜਾਂਦਾ ਤਾਂ ਉਹ ਆਖਦੇ ਕਿ ਇਹ ਪਗੜੀ ਉਨ੍ਹਾਂ ਸਿੱਖਾਂ ਦੀ ਹੈ, ਜਿਨ੍ਹਾਂ ਦਾ ਸਿਰ ਅਕਾਲ ਪੁਰਖ (ਪ੍ਰਮਾਤਮਾ) ਤੋਂ ਬਿਨਾਂ ਕਿਸੀ ਹੋਰ ਦੇ ਸਾਹਮਣੇ ਨਹੀਂ ਝੁਕਦਾ। ਪ੍ਰੰਤੂ ਅੱਜ ਕੀ ਹੋ ਰਿਹਾ ਹੈ? ਸਿੱਖਾਂ ਦੀਆਂ ਸਰਵੁੱਚ ਮੰਨੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਦੇ ਮੈਂਬਰ ਤਾਂ ਮੈਂਬਰ ਮੁੱਖੀ ਤਕ, ਲੋਕਸਭਾ, ਵਿਧਾਨਸਭਾ, ਨਗਰਨਿਗਮ ਆਦਿ ਦੀਆਂ ਚੋਣਾਂ ਵਿੱਚ ਨਿਜ-ਸਵਾਰਥ ਦੇ ਚਲਦਿਆਂ ਪਾਰਟੀ ਵਿਸ਼ੇਸ਼ ਦੇ ਉਮੀਦਵਾਰਾਂ ਦੇ ਸਮਰਥਕਾਂ ਦੀ ਭੀੜ ਦਾ ਹਿਸਾ ਬਣ, ਉਨ੍ਹਾਂ ਦੀਆਂ ਗਡੀਆਂ ਪਿਛੇ ਲਟਕ, ਸੜਕਾਂ, ਗਲੀਆਂ, ਮਹਲਿਆਂ, ਬਜ਼ਾਰਾਂ ਵਿੱਚ ਬਾਹਵਾਂ ਉਲਾਰ ਉਸਦੇ ਹਕ ਵਿੱਚ ਨਾਹਰੇ ਮਾਰਦੇ, ਸ਼ਰਮ ਮਹਿਸੂਸ ਨਹੀਂ ਕਰਦੇ। ਅਜਿਹਾ ਕਰਦਿਆਂ ਉਨ੍ਹਾਂ ਨੂੰ ਨਾ ਤਾਂ ਆਪਣੇ ਅਤੇ ਨਾ ਹੀ ਆਪਣੇ ਧਾਰਮਕ ਅਹੁਦੇ ਦੇ ਮਾਣ-ਸਨਮਾਨ ਤੇ ਸਤਿਕਾਰ ਦਾ ਖਿਆਲ ਰਹਿੰਦਾ ਹੈ। ਉਨ੍ਹਾਂ ਨੂੰ ਇਸ ਗਲ ਦੀ ਸਮਝ ਹੀ ਨਹੀਂ ਕਿ ਉਹ ਧਾਰਮਕ ਸਿੱਖ ਸੰਸਥਾ ਦੇ ਜਿਸ ਅਹੁਦੇ ਪੁਰ 'ਬਿਰਾਜਮਾਨ' ਹਨ, ਉਹ ਪਾਰਸ਼ਦਾਂ, ਵਿਧਾਇਕਾਂ ਅਤੇ ਸਾਂਸਦਾਂ ਦੇ ਅਹੁਦੇ ਨਾਲੋਂ ਕਿਤੇ ਬਹੁਤ ਹੀ ਉੱਚਾ ਅਤੇ ਸਨਮਾਨ-ਜਨਕ ਅਹੁਦਾ ਹੈ। ਜਿਸਦੀ ਮਾਣ-ਮਰਿਆਦਾ ਨੂੰ ਬਣਾਈ ਰਖਣਾ ਉਨ੍ਹਾਂ ਦਾ ਫਰਜ਼ ਹੀ ਨਹੀਂ, ਸਗੋਂ ਜ਼ਿਮੇਂਦਾਰੀ ਵੀ ਹੈ। ਉਹ ਇਹ ਵੀ ਨਹੀਂ ਸੋਚਦੇ-ਸਮਝਦੇ ਕਿ ਧਾਰਮਕ ਸਿੱਖ ਸੰਸਥਾ ਦੇ ਅਹੁਦੇਦਾਰ ਅਤੇ ਮੈਂਬਰ, ਮੂਲ ਰੂਪ ਵਿੱਚ ਭਾਵੇਂ ਕਿਸੇ ਵੀ ਰਾਜਸੀ ਜਾਂ ਗੈਰ-ਰਾਜਸੀ ਪਾਰਟੀੱ ਨਾਲ ਸੰਬੰਧਤ ਰਹੇ ਹੋਣ, ਜਦੋਂ ਉਹ ਕਿਸੇ ਧਾਰਮਕ ਸਿੱਖ ਸੰਸਥਾ ਜਾਂ ਜਥੇਬੰਦੀ ਦੀਆਂ ਪ੍ਰਬੰਧਕੀ ਜ਼ਿਮੇਂਦਾਰੀਆਂ ਸੰਭਾਲਦੇ ਹਨ, ਤਾਂ ਉਹ ਕਿਸੇ ਵੀ ਪਾਰਟੀ ਵਿਸ਼ੇਸ਼ ਦੇ ਪ੍ਰਤੀਨਿਧੀ ਨਾ ਰਹਿ, ਸਮੁਚੇ ਸਿੱਖ ਪੰਥ ਦੇ ਪ੍ਰਤੀਨਿਧ ਬਣ ਜਾਂਦੇ ਹਨ ਤੇ ਸੰਬੰਧਤ ਧਾਰਮਕ ਸਿੱਖ ਸੰਸਥਾ ਦੀਆਂ ਸਰਬ-ਸਾਂਝੀਵਾਲਤਾ ਪੁਰ ਅਧਾਰਤ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦਾ ਪਾਲਣ ਉਨ੍ਹਾਂ ਦੀ ਪਹਿਲੀ ਜ਼ਿਮੇਦਾਰੀ ਬਣ ਜਾਂਦਾ ਹੈ।


ਦਿੱਲੀ ਗੁਰਦੁਆਰਾ ਕਮੇਟੀ ਦੇ ਸਕੂਲਾਂ ਦੇ ਨਤੀਜੇ : ਬੋਰਡ ਦੇ ਇਮਤਿਹਾਨਾਂ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ-ਅਧੀਨ ਚਲ ਰਹੇ ਕਈ ਸਕੂਲਾਂ ਨਤੀਜੇ ਬਹੁਤ ਚੰਗੇ ਆਉਣ 'ਤੇ ਗੁਰਦੁਆਰਾ ਕਮੇਟੀ ਦੇ ਮੁੱਖੀਆਂ ਵਲੋਂ ਬਗਲਾਂ ਵਜਾਈਆਂ ਗਈਆਂ ਅਤੇ ਇਸ ਸਫਲਤਾ ਦਾ ਸੇਹਰਾ ਆਪਣੇ ਸਿਰ ਬੰਨ੍ਹਣ ਲਈ ਜ਼ਮੀਨ-ਅਸਮਾਨ ਇੱਕ ਕਰ ਦਿੱਤਾ ਗਿਆ, ਜਦਕਿ ਸੱਚਾਈ ਇਹ ਹੈ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਦਾ ਸਿਹਰਾ ਪ੍ਰਬੰਧਕਾਂ ਦੇ ਸਿਰ ਨਹੀਂ, ਸਗੋਂ ਸਕੂਲਾਂ ਦੇ ਉਨ੍ਹਾਂ ਅਧਿਆਪਕਾਂਫ਼ਅਧਿਆਪਕਾਵਾਂ ਦੇ ਸਿਰ ਬਝਦਾ ਹੈ, ਜਿਨ੍ਹਾਂ ਨੇ ਪ੍ਰਬੰਧਕਾਂ ਵਲੋਂ ਦੋ-ਦੋ, ਤਿੰਨ-ਤਿੰਨ ਮਹੀਨੇ ਤਨਖਾਹ ਨਾ ਦੇ, ਆਪਣੇ ਨੂੰ ਤੰਗ-ਪ੍ਰੇਸ਼ਾਨ ਕੀਤੇ ਜਾਣ ਦੇ ਬਾਵਜੂਦ ਆਪਣੀਆਂ ਪ੍ਰੇਸ਼ਾਨੀਆਂ ਨੂੰ ਵਿਦਿਆਰਥੀਆਂ ਪ੍ਰਤੀ ਆਪਣੇ ਫਰਜ਼ ਨੂੰ ਨਜ਼ਰ-ਅੰਦਾਜ਼ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਨਿਆਇ ਵਿਰੁਧ ਆਪਣੇ ਸੰਘਰਸ਼ ਨੂੰ ਵੀ ਲਗਾਤਾਰ ਜਾਰੀ ਰਖਿਆ। ਸਲਾਮ ਹੈ! ਉਨ੍ਹਾਂ ਅਧਿਆਪਕਾਂਫ਼ਅਧਿਆਪਕਾਵਾਂ ਨੂੰ, ਜਿਨ੍ਹਾਂ ਨੇ ਆਪਣੇ ਨਾਲ ਹੋ ਰਹੇ ਅਨਿਆਇ ਨੂੰ ਵਿਦਿਆਰਥੀਆਂ ਦੇ ਭਵਿੱਖ ਪ੍ਰਤੀ ਆਪਣੀ ਜ਼ਿਮੇਂਦਾਰੀ ਨੂੰ ਪ੍ਰਭਾਵਤ ਨਹੀਂ ਹੋਣ ਦਿੱਤਾ।  


...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਪੰਜਾਬੀ ਦੇ ਇੱਕ ਪ੍ਰਮੁਖ ਮੀਡੀਆ ਗਰੁਪ ਦੇ ਚੰਡੀਗੜ੍ਹ ਸਥਿਤ ਮੁਖੀ ਹਰਕਵਲਜੀਤ ਸਿੰਘ ਨੇ ਇੱਕ ਮੁਲਾਕਾਤ ਦੌਰਾਨ ਖੁਲਾਸਾ ਕੀਤਾ ਕਿ ਪੰਜਾਬ ਵਿੱਚਲੀਆਂ ਲੋਕਸਭਾ ਚੋਣਾਂ ਵਿੱਚ ਕੈਪਟਨ ਅਤੇ ਬਾਦਲ ਵਿੱਚ ਹੋਏ ਅਖੌਤੀ ਗਠਜੋੜ ਦੀ ਚਲ ਰਹੀ ਚਰਚਾ ਕਾਂਗ੍ਰਸ ਨੂੰ ਬਹੁਤ ਮਹਿੰਗੀ ਪੈ ਰਹੀ ਹੈ। ਉਨ੍ਹਾਂ ਅਨੁਸਾਰ ਕਈ ਕਾਂਗ੍ਰਸੀ ਉਮੀਦਵਾਰਾਂ ਨੇ ਹਾਈਕਮਾਨ ਕੋਲ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਨੂੰ ਪਾਰਟੀ ਕੇਡਰ ਦਾ ਪੂਰਾ ਸਹਿਯੋਗ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਦਸਿਆ ਕਿ ਪੰਜਾਬ ਦਾ ਸ਼ਹਿਰੀ ਮਤਦਾਤਾ ਅਤੇ ਵਰਕਰ, ਜੋ ਪਿਛਲੀਆਂ ਲੋਕਸਭਾ ਅਤੇ ਵਿਧਾਨਸਭਾ ਚੋਣਾਂ ਵਿੱਚ ਭਾਜਪਾ ਨਾਲੋਂ ਟੁੱਟ ਕਾਂਗ੍ਰਸ ਨਾਲ ਚਲਾ ਗਿਆ ਸੀ, ਉਹ ਫਿਰ ਤੋਂ ਅਕਾਲੀ-ਭਾਜਪਾ ਗਠਜੋੜ ਵਲ ਵਾਪਸ ਮੁੜ ਗਿਐ। ਉਨ੍ਹਾਂ ਕਿਹਾ ਕਿ ਬਦਲੀ ਸਥਿਤੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰਤਾ ਨਾਲ ਲਿਆ ਅਤੇ ਉਸਨੂੰ ਫਿਰ ਤੋਂ ਕਾਂਗ੍ਰਸ ਵਲ ਮੋੜਨ ਲਈ ਆਪਣੀ ਪੂਰੀ ਸ਼ਕਤੀ ਝੌਂਕ ਦਿੱਤੀ। ਇਸ ਵਿੱਚ ਉਨ੍ਹਾਂ ਨੂੰ ਕਿਤਨਾ ਲਾਭ ਹੋਇਆ ਇਹ ਤਾਂ ਚੋਣ ਨਤੀਜੇ ਹੀ ਸਪਸ਼ਟ ਕਰ ਸਕਣਗੇ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਭਾਰਤੀ ਸਮਾਜ ਵਿੱਚ ਸਹਿ-ਜੀਵਨ ਬਨਾਮ ਨੈਤਿਕਤਾ ਅਤੇ ਕਾਨੂੰਨ - ਜਸਵੰਤ ਸਿੰਘ 'ਅਜੀਤ'

ਕੁਝ ਹੀ ਸਮਾਂ ਹੋਇਐ ਕਿ ਸੁਪ੍ਰੀਮ ਕੋਰਟ ਨੇ ਆਪਣੇ ਇੱਕ ਫੈਸਲੇ ਵਿੱਚ 'ਸਹਿ-ਜੀਵਨ' (ਲਿਵ-ਇਨ-ਰਿਲੇਸ਼ਨ) ਨੂੰ ਭਾਰਤੀ ਦੰਡ ਸਹਿੰਤਾ (ਆਈਪੀਸੀ) ਤਹਿਤ ਮਾੜੇ ਵਿਹਾਰ (ਬਲਾਤਕਾਰ) ਦੇ ਦਾਇਰੇ ਵਿਚੋਂ ਬਾਹਰ ਰਖਣ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਅਜਿਹਾ ਕਰਨ ਦਾ ਕਾਰਣ ਇਹ ਦਸਿਆ ਕਿ ਇਸਨੂੰ ਆਈਪੀਸੀ ਦੀ ਧਾਰਾ 376 ਦੇ ਦਾਇਰੇ ਤੋਂ ਬਾਹਰ ਰਖਣ ਦਾ ਮਤਲਬ 'ਸਹਿ-ਜੀਵਨ' (ਲਿਵ-ਇਨ-ਰਿਲੇਸ਼ਨ), ਨੂੰ 'ਸ਼ਾਦੀ' ਦਾ ਦਰਜਾ ਪ੍ਰਦਾਨ ਕਰਨਾ ਹੋਵੇਗਾ, ਜਦਕਿ ਵਿਧਾਇਕਾ (ਕਾਨੂੰਨ ਘਾੜਨੀ) ਨੇ ਅਜਿਹਾ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਇਸਤੋਂ ਪਹਿਲਾਂ, ਅਰਥਾਤ ਸੰਨ-2008 ਵਿੱਚ ਸੁਪ੍ਰੀਮ ਕੋਰਟ ਵਲੋਂ ਹੀ 'ਸਹਿ-ਜੀਵਨ' (ਲਿਵ-ਇਨ-ਰਿਲੇਸ਼ਨ) ਸੰਸਥਾ ਨੂੰ ਕਾਨੂੰਨੀ ਪ੍ਰਵਾਨਗੀ ਦੇ ਦਿੱਤੀ ਗਈ ਸੀ, ਪ੍ਰੰਤੂ ਭਾਰਤੀ ਸਮਾਜ ਦੀ ਪਰੰਪਰਾ ਦੇ ਤਾਣੇ-ਬਾਣੇ ਵਿੱਚ ਇਸ ਰਿਸ਼ਤੇ ਨੂੰ ਅਜੇ ਤਕ ਆਧਾਰ ਨਹੀਂ ਮਿਲ ਪਾਇਆ। ਕਾਨੂੰਨਦਾਨਾਂ ਅਨੁਸਾਰ ਸੁਪ੍ਰੀਮ ਕੋਰਟ ਦੇ ਇਸ ਫੈਸਲੇ ਤੋਂ ਪਹਿਲਾਂ ਸੰਨ-2005 ਵਿੱਚ ਲਾਗੂ ਕੀਤਾ ਗਿਆ 'ਘਰੇਲੂ ਹਿੰਸਾ ਕਾਨੂੰਨ' ਸ਼ਾਇਦ ਪਹਿਲਾ ਅਜਿਹਾ ਕਾਨੂੰਨ ਸੀ, ਜੋ 'ਸਹਿ-ਜੀਵਨ' ਦੇ ਰਿਸ਼ਤਿਆਂ ਨੂੰ ਸਵੀਕਾਰ ਕਰ, ਉਨ੍ਹਾਂ ਨੂੰ ਕਾਨੂੰਨੀ ਦਾਇਰੇ ਵਿੱਚ ਲਿਆਉਂਦਾ ਹੈ। ਕੜਵਾਹਟ ਭਰੇ ਦੌਰ ਵਿਚੋਂ ਗੁਜ਼ਰ ਰਹੇ ਸਾਡੇ ਸਮਾਜ ਵਿਚਲੇ 'ਇਨਸਾਨੀ (ਮਾਨਵੀ) ਸੰਬੰਧ' ਬਹੁਤ ਹੀ ਪ੍ਰਭਾਵਤ ਹੋ ਰਹੇ ਹਨ। ਮੈਟਰੋਪਾਲਿਨ ਸੰਸਕ੍ਰਿਤੀ ਨੇ 'ਸਹਿ-ਜੀਵਨ' ਅਰਥਾਤ 'ਲਿਵ-ਇਨ-ਰਿਲੇਸ਼ਨ' ਨੂੰ ਸਵੀਕਾਰਿਆ ਤਾਂ ਹੈ, ਪਰ ਬਦਲਦੇ ਹਾਲਾਤ ਵਿੱਚ ਇਹ ਰਿਸ਼ਤਾ ਇੱਕ ਸਵਾਲ ਬਣ ਕੇ ਖੜਾ ਹੋ ਰਿਹਾ ਹੈ।
ਵਿਚਾਰਨ ਵਾਲੀ ਗਲ ਇਹ ਹੈ ਕਿ 'ਸਹਿ-ਜੀਵਨ' ਦਾ ਰਿਸ਼ਤਾ ਸਿਰਫ ਕਾਨੂੰਨੀ ਮਾਮਲਾ ਹੈ ਜਾਂ ਨੈਤਿਕਤਾ, ਸਮਾਜਕਤਾ ਦਾ ਵੀ? ਇਸ ਵਿੱਚ ਕੋਈ ਸ਼ਕ ਨਹੀਂ ਕਿ ਤੀਵੀਂ ਅਤੇ ਮਰਦ ਇੱਕ-ਦੂਸਰੇ ਦੇ ਪੂਰਕ ਹਨ। ਇਸ ਪੂਰਨਤਾ ਨੂੰ ਅਧਾਰ ਅਤੇ ਸਹਾਰਾ ਦੇਣ ਲਈ ਹੀ 'ਵਿਆਹ' ਸੰਸਥਾ ਨੂੰ ਹੋਂਦ ਵਿੱਚ ਲਿਆਂਦਾ ਗਿਆ। ਵਿਆਹ ਦਾ ਭਾਵ ਦੋ ਵਿਰੋਧੀ ਲਿੰਗੀਆਂ ਦਾ ਸਮਾਜਕ ਅਤੇ ਕਾਨੂੰਨੀ ਮਾਨਤਾਵਾਂ ਦਾ ਪਾਲਣ ਕਰਦਿਆਂ ਇਕਠਿਆਂ ਰਹਿਣਾ ਹੀ ਨਹੀਂ, ਸਗੋਂ ਇਸ ਵਿੱਚਲੀਆਂ ਜ਼ਿਮੇਂਦਾਰੀਆਂ ਦਾ ਪਾਲਣ ਕਰਨਾ ਵੀ ਹੈ, ਜਿਸ ਵਿੱਚ ਤਿਆਗ, ਸਮਝੌਤੇ ਅਤੇ ਪਿਆਰ ਦੇ ਨਾਲ ਸਮਰਪਣ ਵੀ ਹੈ। ਪ੍ਰੰਤੂ ਅੱਜ ਹਾਲਤ ਇਹ ਹੋ ਗਈ ਹੈ ਕਿ ਭੌਤਿਕਤਾਵਾਦੀ ਦ੍ਰਿਸ਼ਟੀਕੋਣ, ਅੰਤਹੀਨ ਇਛਾਵਾਂ ਨੇ ਵਿਆਹ ਸੰਸਥਾ ਵਿੱਚ ਸੰਨ੍ਹ ਲਾ ਦਿੱਤੀ ਹੈ।
ਮੰਨਿਆ ਜਾਂਦਾ ਹੈ ਕਿ 'ਸਹਿ-ਜੀਵਨ' ਵਿੱਚ ਇੱਕ ਆਪਾ-ਵਿਰੋਧੀ ਗਲ ਇਹ ਹੈ ਕਿ ਪਰੰਪਰਾਗਤ ਸੋਚ ਅਤੇ ਨਿਯਮਾਂ ਨੂੰ ਅਣਗੋਲਿਆਂ ਕਰ, ਇਸ ਵਿੱਚ ਤੀਵੀਂ ਅਤੇ ਮਰਦ ਬਿਨਾਂ ਵਿਆਹ ਕੀਤੇ ਇਕਠਿਆਂ ਰਹਿਣ ਦਾ ਕਦਮ ਚੁਕਦੇ ਹਨ, ਪ੍ਰੰਤੂ ਵੱਖ ਹੋਣ ਸਮੇਂ ਗੁਜ਼ਾਰੇ-ਭੱਤੇ ਦੀ ਮੰਗ ਉਨ੍ਹਾਂ ਨੂੰ ਉਸੇ ਪਰੰਪਰਿਕ ਸ਼੍ਰੇਣੀ ਵਿੱਚ ਲਿਆ ਖੜਿਆਂ ਕਰਦੀ ਹੈ, ਜਿਸਨੂੰ ਛੱਡ ਉਨ੍ਹਾਂ  ਨੇ 'ਸਹਿ-ਜੀਵਨ' ਦੀ ਰਾਹ ਨੂੰ ਅਪਨਾਇਆ ਕੀਤਾ ਸੀ।


ਇੱਕ ਹੋਰ ਫੈਸਲਾ : ਦਸਿਆ ਗਿਆ ਹੈ ਕਿ ਸੁਪ੍ਰੀਮ ਕੋਰਟ ਵਲੋਂ 'ਲਿਵ-ਇਨ-ਰਿਲੇਸ਼ਨ' ਪੁਰ ਕੁਝ ਹੀ ਸਮਾਂ ਪਹਿਲਾਂ ਇੱਕ ਹੋਰ ਫੈਸਲਾ ਦਿੰਦਿਆਂ ਕਿਹਾ ਗਿਆ ਕਿ ਜੇ ਕੋਈ ਜੋੜਾ (ਤੀਵੀਂ-ਮਰਦ) ਵਿਆਹ ਕੀਤੇ ਬਿਨਾ ਇੱਕਠੇ ਪੱਤੀ-ਪਤਨੀ ਵਾਂਗ ਰਹਿ ਰਹੇ ਹਨ, ਤਾਂ ਦੋਵੇਂ ਕਾਨੂੰਨੀ ਰੂਪ ਵਿੱਚ ਸ਼ਾਦੀਸ਼ੁਦਾ ਮੰਨੇ ਜਾਣਗੇ। ਇਹ ਫੈਸਲਾ ਦਿੰਦਿਆਂ ਅਦਾਲਤ ਨੇ ਸਪਸ਼ਟ ਕੀਤਾ ਕਿ ਇਸ ਦੌਰਾਨ ਜੇ ਮਰਦ ਸਾਥੀ ਦੀ ਮੌਤ ਹੋ ਜਾਂਦੀ ਹੈ, ਤਾਂ ਉਸਦੀ ਤੀਵੀਂ ਸਾਥੀ ਦਾ ਉਸਦੀ ਜਾਇਦਾਦ ਪੁਰ ਕਾਨੂੰਨੀ ਅਧਿਕਾਰ ਹੋਵੇਗਾ ਤੇ ਉਹ ਉਸਦੀ ਵਾਰਿਸ ਮੰਨੀ ਜਾਇਗੀ। ਅਦਾਲਤ ਨੇ ਇਹ ਫੈਸਲਾ ਜਾਇਦਾਦ ਨਾਲ ਜੁੜੇ ਇੱਕ ਮਾਮਲੇ ਪੁਰ ਸੁਣਵਾਈ ਕਰਦਿਆਂ ਦਿੱਤਾ। ਇਹ ਵੀ ਦਸਿਆ ਗਿਆ ਕਿ ਅਦਾਲਤ ਨੇ ਇਹ ਫੈਸਲਾ ਦਿੰਦਿਆਂ ਇਹ ਵੀ ਕਿਹਾ ਕਿ ਕਾਨੂੰਨ ਬਿਨਾ ਵਿਆਹ ਦੇ 'ਸਹਿ ਜੀਵਨ' ਅਰਥਾਤ 'ਲਿਵ-ਇਨ-ਰਿਲੇਸ਼ਨ' ਵਿਚ ਰਹਿਣ ਦੇ ਵਿਰੁਧ ਹੈ। ਇਸ ਫੈਸਲੇ ਨਾਲ ਦੋ ਤੱਥ ਸਪਸ਼ਟ ਹੁੰਦੇ ਹਨ। ਇੱਕ ਤਾਂ ਇਹ ਕਿ ਤੀਵੀਂ ਦਾ ਅਧਿਕਾਰ ਜੀਵਨ-ਸਾਥੀ ਨਾਲ ਕਾਨੂੰਨੀ ਵਿਆਹ ਨਾ ਕਰਨ ਦੀ ਸਥਿਤੀ ਵਿੱਚ ਘਟ ਨਹੀਂ ਹੋ ਜਾਂਦਾ। ਦੂਸਰਾ, ਇਹ ਕਿ ਕਾਨੂੰਨ 'ਸਹਿ-ਜੀਵਨ' (ਲਿਵ-ਇਨ-ਰਿਲੇਸ਼ਨ) ਨੂੰ ਸਵੀਕਾਰਦਾ ਤਾਂ ਹੈ, ਪ੍ਰੰਤੂ ਉਸਨੂੰ ਜਾਇਜ਼ ਨਹੀਂ ਮੰਨਦਾ। ਇਸ ਫੈਸਲੇ ਤੋਂ ਇਹ ਵੀ ਸੰਕੇਤ ਮਿਲਦਾ ਹੈ ਕਿ ਇੱਕ ਪਾਸੇ ਤਾਂ ਦੇਸ਼ ਵਿੱਚ ਅੱਜ ਵੀ ਵਿਆਹ ਸੰਸਥਾ ਮਜ਼ਬੂਤ ਹੈ ਅਤੇ ਦੂਸਰੇ ਪਾਸੇ 'ਸਹਿ-ਜੀਵਨ' ਨੂੰ ਲੈ ਕੇ ਸਮਾਜ ਵਿੱਚ ਇਹ ਬਹਿਸ ਛਿੜੀ ਹੋਈ ਹੈ, ਕਿ ਇਹ ਰਿਸ਼ਤਾ ਕੇਵਲ ਕਾਨੂੰਨ ਦਾ ਮਾਮਲਾ ਹੈ ਜਾਂ ਨੇੈਤਿਕਤਾ ਜਾਂ ਸਮਾਜਿਕਤਾ ਦਾ ਜਾਂ ਫਿਰ ਇਸਤੋਂ ਵੀ ਕਿਤੇ ਵੱਧ ਕੁਝ ਹੋਰ? ਵੇਖਿਆ ਜਾਏ ਤਾਂ ਇਉਂ ਜਾਪਦਾ ਹੈ ਜਿਵੇਂ ਮੈਟਰੋਪਾਲਿਟਨ ਸੰਸਕ੍ਰਿਤੀ ਅਹਿਸਤਾ-ਆਹਿਸਤਾ 'ਸਹਿ-ਜੀਵਨ' ਨੂੰ ਪ੍ਰਵਾਨਦੀ ਚਲੀ ਜਾ ਰਹੀ ਹੈ, ਪ੍ਰੰਤੂ ਸੁਆਲ ਇਹ ਵੀ ਹੈ ਕਿ ਅਜਿਹੇ ਕਿਹੜੇ ਕਾਰਣ ਹਨ, ਜਿਨ੍ਹਾਂ ਦੇ ਚਲਦਿਆਂ ਯੁਵਾ ਵਰਗ 'ਵਿਆਹ' ਸੰਸਥਾ ਨੂੰ ਤਿਲਾਂਜਲੀ ਦੇ, 'ਸਹਿ-ਜੀਵਨ' ਅਪਨਾਣ ਵਲ ਵਧੱਦਾ ਜਾ ਰਿਹਾ ਹੈ?
ਮਾਨਵੀ ਮਾਨਸਿਕਤਾ ਤੋਂ ਜਾਣੂ ਮਾਹਿਰਾਂ ਅਨੁਸਾਰ ਯੁਵਾ ਪੀੜੀ ਆਰਥਕ ਸੁਤੰਤਰਤਾ ਦੇ ਨਾਲ ਹੀ ਵਿਚਾਰਕ ਅਜ਼ਾਦੀ 'ਤੇ ਬੰਧਨ-ਹੀਨ ਜੀਵਨ ਨੂੰ ਪਹਿਲ ਦੇਣ ਲਗ ਪਈ ਹੈ, ਕਿਉਂਕਿ ਉਸਦੀਆਂ ਨਜ਼ਰਾਂ ਵਿੱਚ ਪਰੰਪਰਕ ਵਿਆਹੁਤਾ ਜੀਵਨ ਦੀਆਂ ਬੰਦਸ਼ਾਂ ਬਹੁਤ ਜ਼ਿਆਦਾ ਹਨ। 'ਸਹਿ-ਜੀਵਨ' ਦੀ ਅਰੰਭਤਾ ਉਹੀ ਯੁਵਾ ਕਰਦੇ ਹਨ, ਜੋ 'ਪ੍ਰੇਮ' ਸੰਬੰਧਾਂ ਵਿੱਚ ਹਨ। ਪ੍ਰੰਤੂ ਇਹ ਇੱਕ ਸਰਬ-ਪ੍ਰਵਾਨਤ ਮਾਨਤਾ ਹੈ ਕਿ ਦੋ ਵਿਅਕਤੀਆਂ ਦਾ ਇੱਕ ਛੱਤ ਹੇਠ ਰਹਿਣਾ ਜ਼ਿਮੇਂਦਾਰੀਆਂ ਦੀ ਅਰੰਭਤਾ ਹੈ। ਫਿਰ 'ਸਹਿ-ਜੀਵਨ' ਨੂੰ ਕਿਵੇਂ ਜ਼ਿਮੇਂਦਾਰੀਆਂ ਤੋਂ ਮੁਕਤ ਹੋਣ ਦਾ ਰਸਤਾ ਸਵੀਕਾਰਿਆ ਜਾ ਸਕਦਾ ਹੈ? ਇਨ੍ਹਾਂ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਮਾਮਲੇ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਭਾਵੇਂ ਅਸੀਂ 'ਸਹਿ-ਜੀਵਨ' ਨੂੰ ਨੈਤਿਕਤਾ ਦੀ ਕਸੌਟੀ ਤੇ ਪਰਖਦਿਆਂ ਕਟਹਿਰੇ ਵਿੱਚ ਖੜਿਆਂ ਕਰਦੇ ਰਹੀਏ, ਪ੍ਰੰਤੂ ਇਸ ਨਾਲ ਇਸ ਸੱਚਾਈ ਨੂੰ ਨਹੀਂ ਬਦਲਿਆ ਜਾ ਸਕਦਾ ਕਿ 'ਸਹਿ-ਜੀਵਨ' ਸਾਡੀ ਸਮਾਜਕ ਵਿਵਸਥਾ ਵਿੱਚ ਘੁਸਪੈਠ ਕਰ ਚੁਕਾ ਹੈ।


'ਸਹਿ-ਜੀਵਨ' ਬਨਾਮ ਛੇੜਖਾਨੀ : ਮਿਲੀ ਜਾਣਕਾਰੀ ਅਨੁਸਾਰ ਇੱਕ ਔਰਤ ਨੇ ਦਿੱਲੀ ਦੇ ਇੱਕ ਥਾਣੇ ਵਿੱਚ ਇੱਕ ਯੁਵਕ ਵਿਰੁਧ ਐਫਆਈਆਰ ਦਰਜ ਕਰਵਾਈ। ਜਿਸ ਵਿੱਚ ਉਸਨੇ ਇੱਕ ਪਾਸੇ ਤਾਂ ਇਹ ਸਵੀਕਾਰ ਕੀਤਾ ਕਿ ਉਹ ਉਸ ਯੁਵਕ (24 ਵਰ੍ਹੇ) ਦੇ ਨਾਲ ਬੀਤੇ ਦੋ ਵਰ੍ਹਿਆਂ ਤੋਂ 'ਲਿਵ-ਇਨ ਰਿਲੇਸ਼ਨ' ਵਿੱਚ ਰਹਿ ਰਹੀ ਹੈ ਅਤੇ ਦੂਸਰੇ ਪਾਸੇ ਉਸਨੇ ਉਸ ਪੁਰ ਆਪਣੇ ਨਾਲ ਸ਼ਰੀਰਕ ਛੇੜਖਾਨੀ ਕਰਨ ਦਾ ਦੋਸ਼ ਲਾਇਆ ਅਤੇ ਨਾਲ ਹੀ ਇਹ ਵੀ ਕਿਹਾ ਕਿ ਉਸਨੇ ਉਸ ਨਾਲ ਬਲਾਤਕਾਰ ਕਰਨ ਦੀ ਕੌਸ਼ਿਸ਼ ਵੀ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੇ ਤਾਂ ਯੁਵਕ ਵਿਰੁੱਧ ਮੁਕਦਮਾ ਦਰਜ ਕਰ ਲਿਆ, ਪ੍ਰੰਤੂ ਜਦੋਂ ਮਾਮਲਾ ਅਦਾਲਤ ਵਿੱਚ ਪੁਜਾ ਤਾਂ ਸ਼ਿਕਾਇਤ ਵਿੱਚ ਦਰਜ, ਕਿ ਉਹ ਦੋ ਵਰ੍ਹਿਆਂ ਤੋਂ ਯੁਵਕ ਨਾਲ 'ਲਿਵ-ਇਨ-ਰਿਲੇਸ਼ਨ' ਵਿੱਚ ਰਹਿ ਰਹੀ ਹੈ, ਨੇ ਮੁਕਦਮੇ ਦਾ ਪਾਸਾ ਪਲਟ ਦਿੱਤਾ ਤੇ ਅਦਾਲਤ ਨੇ ਇਹ ਆਖਦਿਆਂ ਯੁਵਕ ਨੂੰ ਅਗੇਤੀ ਜ਼ਮਾਨਤ ਦੇ ਦਿੱਤੀ ਕਿ 'ਲਿਵ-ਇਨ-ਰਿਲੇਸ਼ਨ' ਵਿੱਚ ਰਹਿੰਦਿਆਂ ਛੇੜਖਾਨੀ ਦਾ ਦੋਸ਼ ਲਾਣਾ ਜਾਇਜ਼ ਨਹੀਂ। ਸ਼ਿਕਾਇਤ-ਕਰਤਾ ਅਤੇ ਯੁਵਕ ਦੋਵੇਂ ਬਾਲਗ ਹਨ ਅਤੇ ਇਸਤਰ੍ਹਾਂ ਦੇ ਸੰਬੰਧਾਂ ਦੇ ਨਤੀਜਿਆਂ ਤੋਂ ਉਹ ਪਹਿਲਾਂ ਤੋਂ ਹੀ ਜ਼ਰੂਰ ਚੰਗੀ ਤਰ੍ਹਾਂ ਜਾਣੂ ਹੋਣਗੇ। ਅਜਿਹੀ ਹਾਲਤ ਵਿੱਚ ਪਹਿਲੀ ਨਜ਼ਰ ਵਿੱਚ ਯੁਵਕ ਵਿਰੁੱਧ ਲਾਏ ਗਏ ਛੇੜਖਾਨੀ ਦੇ ਦੋਸ਼ ਬਿਲਕੁਲ ਬੇਬੁਨਿਆਦ ਨਜ਼ਰ ਆ ਰਹੇ ਹਨ।


...ਅਤੇ ਅੰਤ ਵਿੱਚ : ਦਸਿਆ ਗਿਆ ਹੈ ਕਿ ਗੁਜ਼ਾਰੇ ਭੱਤੇ ਦੇ ਇੱਕ ਮਾਮਲੇ ਵਿੱਚ ਸੁਪ੍ਰੀਮ ਕੋਰਟ ਨੇ ਮੁੰਬਈ ਹਾਈਕੋਰਟ ਦੇ ਉਸ ਫੈਸਲੇ 'ਤੇ ਮੋਹਰ ਲਾ ਦਿੱਤੀ ਹੈ। ਜਿਸ ਵਿੱਚ ਇੱਕ ਸ਼ਾਦੀਸ਼ੁਦਾ ਯੁਵਕ ਨੂੰ ਆਪਣੇ ਨਾਲ 'ਸਹਿ-ਜੀਵਨ' ਵਿੱਚ ਰਹਿ ਰਹੀ ਮਹਿਲਾ ਨੂੰ ਗੁਜ਼ਾਰਾ ਭੱਤਾ ਦੇਣ ਦਾ ਆਦੇਸ਼ ਦਿੱਤਾ ਗਿਆ ਸੀ। ਅਦਾਲਤ ਨੇ ਉਸ ਯੁਵਕ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਮੁੰਬਈ ਹਾਈਕੋਰਟ ਵਲੋਂ 'ਸਹਿ-ਜੀਵਨ' ਵਿੱਚ ਉਸ ਨਾਲ ਰਹਿ ਰਹੀ ਮਹਿਲਾ ਨੂੰ ਗੁਜ਼ਾਰਾ ਭੱਤਾ ਦੇਣ ਦਾ ਜੋ ਆਦੇਸ਼ ਦਿੱਤਾ ਗਿਆ ਹੈ, ਉਹ ਗਲਤ ਹੈ। ਉਸਦੀ ਪਹਿਲੀ ਸ਼ਾਦੀ ਕਾਨੂੰਨੀ ਹੈ ਤੇ ਅਜੇ ਵੀ ਬਰਕਰਾਰ ਹੈ। ਇਸ ਹਾਲਤ ਵਿੱਚ ਦੂਸਰੀ ਔਰਤ ਨੂੰ ਗੁਜ਼ਾਰਾ ਭੱਤਾ ਦੇਣ ਦਾ ਦਿੱਤਾ ਗਿਆ ਆਦੇਸ਼ ਅਨੁਚਿਤ ਹੈ। ਪਰ ਅਦਾਲਤ ਨੇ ਇਹ ਆਖ ਕਿ ਮੁੰਬਈ ਹਾਈਕੋਰਟ ਦਾ ਫੈਸਲਾ ਸਹੀ ਹੈ, ਉਸਦੀ ਪਟੀਸ਼ਨ ਖਾਰਜ ਕਰ ਦਿੱਤੀ। ਮਾਮਲੇ ਅਨੁਸਾਰ ਮਹਿਲਾ ਵਿਆਹੇ ਯੁਵਕ ਨਾਲ ਕਈ ਵਰ੍ਹਿਆਂ ਤੋਂ ਰਹਿ ਰਹੀ ਸੀ। ਉਸਨੇ ਯੁਵਕ ਪਾਸੋਂ ਗੁਜ਼ਾਰਾ ਭੱਤਾ ਲੈਣ ਲਈ ਫੈਮਿਲੀ ਕੋਰਟ ਤਕ ਪਹੁੰਚ ਕੀਤੀ। ਪ੍ਰੰਤੂ ਕੋਰਟ ਨੇ 'ਸਹਿ-ਜੀਵਨ' ਵਿੱਚ ਰਹਿਣ ਵਾਲੀ ਮਹਿਲਾ ਨੂੰ ਗੁਜ਼ਾਰਾ ਭੱਤਾ ਦੁਆਉਣ ਤੋਂ ਇਨਕਾਰ ਕਰ ਦਿੱਤਾ। ਇਸਤੋਂ ਬਾਅਦ ਉਹ ਹਾਈਕੋਰਟ ਜਾ ਪਹੁੰਚੀ। ਹਾਈਕੋਰਟ ਨੇ ਉਸਨੂੰ ਗੁਜ਼ਾਰਾ ਭੱਤਾ ਦੇਣ ਦਾ ਆਦੇਸ਼ ਦੇ ਦਿੱਤਾ। ਯੁਵਕ ਨੇ ਹਾਈਕੋਰਟ ਦੇ ਇਸ ਆਦੇਸ਼ ਨੂੰ ਸੁਪ੍ਰੀਮ ਕੋਰਟ ਵਿੱਚ ਚੁਨੌਤੀ ਦੇ ਦਿੱਤੀ। ਜਿਸ ਪੁਰ ਸੁਣਵਾਈ ਕਰਨ ਉਪਰੰਤ ਵਿਦਵਾਨ ਜੱਜ ਸਾਹਿਬਾਨ ਨੇ ਹਾਈਕੋਰਟ ਦੇ ਫੈਸਲੇ ਪੁਰ ਮੋਹਰ ਲਾਂਦਿਆਂ ਉਸਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਦਿੱਲੀ ਗੁਰਦੁਆਰਾ ਐਕਟ ਦੀਆਂ ਉੱਡ ਰਹੀਆਂ ਨੇ ਧੱਜੀਆਂ? - ਜਸਵੰਤ ਸਿੰਘ 'ਅਜੀਤ'

ਦਿੱਲੀ ਗੁਰਦੁਆਰਾ ਐਕਟ (1971) ਦੇ ਪਾਰਟ 4 ਵਿਚਲੀ ਧਾਰਾ 26 ਵਿੱਚ ਇਹ ਗਲ ਸਪਸ਼ਟ ਸ਼ਬਦਾਂ ਵਿੱਚ ਬਿਆਨ ਕੀਤੀ ਗਈ ਹੋਈ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਅਤੇ ਉਸਦੇ ਸਾਧਨਾਂ ਦੀ ਵਰਤੋਂ ਕਿਸੇ ਵੀ ਰਾਜਸੀ ਪਾਰਟੀ, ਜਥੇਬੰਦੀ ਜਾਂ ਵਿਅਕਤੀ ਦੇ ਹਿਤ ਵਿੱਚ ਜਾਂ ਕਿਸੇ ਰਾਜਸੀ ਉਦੇਸ਼ ਲਈ ਨਹੀਂ ਕੀਤੀ ਜਾ ਸਕਦੀ। ਪੰਤੂ ਬੀਤੇ ਕਈ ਵਰ੍ਹਿਆਂ ਤੋਂ ਲਗਾਤਾਰ ਇਹ ਵੇਖਣ ਵਿੱਚ ਆ ਰਿਹਾ ਹੈ, ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀਆਂ, ਭਾਵੇਂ ਉਹ ਕਿਸੇ ਵੀ ਪਾਰਟੀ ਜਾਂ ਦਲ ਨਾਲ ਸੰਬੰਧਤ ਰਹੇ ਹੋਣ, ਵਲੋਂ ਦਿੱਲੀ ਗੁਰਦੁਆਰਾ ਐਕਟ ਦੀ ਇਸ ਧਾਰਾ ਦੀਆਂ ਖੁਲ੍ਹੇ ਆਮ ਧੱਜੀਆਂ ਉਡਾਈਆਂ ਚਲੀਆਂ ਆ ਰਹੀਆਂ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਮੁੱਖੀ ਨਾ ਕੇਵਲ ਆਪ ਆਪਣੇ ਰਾਜਸੀ ਸੁਆਰਥ ਅਤੇ ਹਿਤਾਂ ਦੀ ਪੂਰਤੀ ਲਈ ਕਿਸੇ ਨਾ ਕਿਸੇ ਵਿਸ਼ੇਸ਼ ਰਾਜਸੀ ਪਾਰਟੀ ਅਤੇ ਰਾਜਸੀ ਵਿਅਕਤੀਆਂ ਦੇ ਹਕ ਵਿੱਚ ਸਰਗਰਮ ਭੂਮਿਕਾ ਨਿਭਾਉਂਦੇ ਚਲੇ ਆਉਂਦੇ ਹਨ, ਸਗੋਂ ਉਨ੍ਹਾਂ ਲਈ ਗੁਰਦੁਆਰਾ ਕਮੇਟੀ ਦੇ ਉਪਲੱਬਧ ਸਾਰੇ ਸਾਧਨਾਂ ਦੀ ਵਰਤੋਂ ਵੀ ਕਰਦੇ ਰਹਿੰਦੇ ਹਨ। ਇਨ੍ਹਾਂ ਹੀ ਦਿਨਾਂ ਵਿੱਚ ਪੰਜਾਬ ਤੋਂ ਅਜਿਹੀਆਂ ਖਬਰਾਂ ਲਗਾਤਾਰ ਆ ਰਹੀਆਂ ਹਨ, ਜਿਨ੍ਹਾਂ ਅਨੁਸਾਰ ਉਥੇ ਲੋਕਸਭਾ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਬਾਦਲ ਸਹਿਤ ਦਲ ਦੇ ਕਈ ਦੂਜੇ ਉਮੀਦਵਾਰਾਂ ਦੇ ਹਕ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਗੱਡੀਆਂ ਅਤੇ ਸਟਾਫ ਮੈਂਬਰਾਂ ਨੂੰ ਸਰਗਰਮ ਭੂਮਿਕਾ ਨਿਬਾਹੁੰਦਿਆਂ ਵੇਖਿਆ ਜਾ ਰਿਹਾ ਹੈ। ਇਹ ਵੀ ਦਸਿਆ ਜਾ ਰਿਹਾ ਹੈ ਕਿ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋ ਰਿਹਾ, ਸਗੋਂ ਬੀਤੇ ਕਈ ਵਰ੍ਹਿਆਂ ਤੋਂ ਅਜਿਹਾ ਹੁੰਦਾ ਵੇਖਣ ਨੂੰ ਮਿਲ ਰਿਹਾ ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਕਈ ਵਰ੍ਹਿਆਂ ਤੋਂ ਇਸ ਤਰ੍ਹਾਂ ਦਿੱਲੀ ਗੁਰਦੁਆਰਾ ਐਕਟ (1971) ਦੀਆਂ ਧੱਜੀਆਂ ਉਡਾਈਆਂ ਚਲੀਆਂ ਆ ਰਹੀਆਂ ਹਨ, ਪ੍ਰੰਤੂ ਨਾ ਤਾਂ ਗੁਰਦੁਆਰਾ ਕਮੇਟੀ ਦਾ ਤਾਂ ਕੋਈ ਮੈਂਬਰ ਅਤੇ ਨਾ ਹੀ ਦਿੱਲੀ ਵਿੱਚ ਸਰਗਰਮ ਸਿਖ ਜਥੇਬੰਦੀਆਂ ਦਾ ਕੋਈ ਮੁੱਖੀ, ਇਸ ਕਾਰਗੁਜ਼ਾਰੀ ਵਿਰੁੱਧ ਕਾਨੂੰਨੀ ਚਾਰਾਜੋਈ ਕਰਨਾ ਤਾਂ ਦੂਰ ਰਿਹਾ, ਇਸ ਵਿਰੁਧ ਅਵਾਜ਼ ਉਠਾਣ ਤਕ ਲਈ ਵੀ ਅਗੇ ਨਹੀਂ ਆ ਰਿਹਾ। ਹੋਰ ਤਾਂ ਹੋਰ ਦਿੱਲੀ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਦੇ ਇੰਚਾਰਜ ਹੋਣ ਦੇ ਦਾਅਵੇਦਾਰ ਦਿੱਲੀ ਗੁਰਦੁਆਰਾ ਡਾਇਰੈਕਟੋਰੇਟ ਦੇ ਮੁੱਖੀ ਵੀ ਅੱਖਾਂ-ਮੂੰਹ ਬੰਦ ਕੀਤੀ ਬੈਠੇ ਹਨ, ਜਦਕਿ ਇਹ ਸਭ ਉਨ੍ਹਾਂ ਦੀ ਨੱਕ ਦੇ ਹੇਠ ਹੋ ਰਿਹਾ ਹੈ।


ਗਲ ਪ੍ਰਵਾਸੀਆਂ ਕੀ ਕਾਲੀ ਸੂਚੀ ਦੀ : ਇਨ੍ਹਾਂ ਦਿਨਾਂ ਵਿੱਚ ਹੀ ਆਈਆਂ ਖਬਰਾਂ ਅਨੁਸਾਰ ਭਾਰਤ ਸਰਕਾਰ ਨੇ ਆਪਣੇ ਸਾਰੇ ਦੂਤਾਵਾਸਾਂ ਨੂੰ ਅਦੇਸ਼ ਦਿੱਤਾ ਹੈ ਕਿ ਉਹ ਆਪਣੇ ਕਾਰਜ-ਖੇਤ੍ਰ ਨਾਲ ਸੰਬੰਧਤ ਦੇਸ਼ਾਂ ਵਿੱਚ ਰਹਿ ਰਹੇ ਭਾਰਤੀਆਂ ਨਾਲ ਜੁੜੀ ਚਲੀ ਆ ਰਹੀ ਕਾਲੀ ਸੂਚੀ ਨੂੰ ਖਤਮ ਕਰ ਦੇਣ। ਜਿਸ ਨਾਲ ਮੁੱਖ ਰੂਪ ਵਿੱਚ ਖਾਲਿਸਤਾਨੀ ਵਿਚਾਰਧਾਰਾ ਆਦਿ ਨਾਲ ਜੁੜੇ ਜਿਨ੍ਹਾਂ ਸਿੱਖਾਂ ਦੇ ਭਾਰਤ ਦਾਖਲੇ ਪੁਰ ਰੋਕ ਲਗੀ ਹੋਈ ਹੈ, ਉਹ ਖਤਮ ਹੋ ਜਾਇਗੀ ਅਤੇ ਉਨ੍ਹਾਂ ਨੂੰ ਭਾਰਤੀ ਦੂਤਾਵਾਸਾਂ ਤੋਂ ਵੀਜ਼ੇ, ਪਾਸਪੋਰਟ ਅਤੇ ਓਐਸਆਈ ਸੇਵਾਵਾਂ ਪ੍ਰਾਪਤ ਕਰਨ ਵਿੱਚ ਸਹੂਲਤ ਮਿਲ ਸਕੇਗੀ। ਜੇ ਇਹ ਗਲ ਠੀਕ ਹੈ ਤਾਂ ਭਾਰਤ ਸਰਕਾਰ ਦਾ ਇਹ ਕਦਮ ਪ੍ਰਸ਼ੰਸਾ ਅਤੇ ਸੁਆਗਤਯੋਗ ਹੋਣ ਦੇ ਨਾਲ ਹੀ ਦੇਸ਼ ਹਿਤ ਵਿੱਚ ਵੀ ਮੰਨਿਆ ਜਾਇਗਾ। ਇਸ ਕਾਲਮ ਦੇ ਲੇਖਕ ਨੂੰ ਲਗਭਗ ਡੇਢ-ਦੋ ਵਰ੍ਹੇ ਪਹਿਲਾਂ ਕਨਾਡਾ ਦੇ ਟੋਰਾਂਟੋ ਵਿੱਚ ਰਹਿ ਰਹੇ ਆਪਣੇ ਬਚਿਆਂ ਦੇ ਨਾਲ ਕੁਝ ਸਮਾਂ ਬਤੀਤਾ ਕਰਨ ਦਾ ਮੌਕਾ ਮਿਲਿਆ ਸੀ, ਤਾਂ ਉਨ੍ਹਾਂ ਦਿਨਾਂ ਵਿੱਚ ਉਸਨੂੰ ਉਥੇ ਰਹਿ ਰਹੇ ਭਾਰਤੀਆਂ, ਵਿਸ਼ੇਸ਼ ਰੂਪ ਵਿੱਚ ਸਿੱਖ ਤੇ ਹੋਰ ਪੰਜਾਬੀ ਪ੍ਰਵਾਸੀਆਂ ਅਤੇ ਉਨ੍ਹਾਂ ਦੀਆਂ ਸੰਸਥਾਵਾਂ ਦੇ ਮੁੱਖੀਆਂ ਨਾਲ ਖੁਲ੍ਹ ਕੇ ਗਲਬਾਤ ਕਰਨ ਅਤੇ ਉਥੇ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਸਰਗਰਮ ਲੋਕਾਂ ਦੇ ਸੰਬੰਧ ਵਿੱਚ ਜਾਣਕਾਰੀ ਹਾਸਲ ਕਰਨ ਦਾ ਮੌਕਾ ਮਿਲਿਆ। ਮਿਲੀ ਜਾਣਕਾਰੀ ਅਨੁਸਾਰ ਖਾਲਿਸਤਾਨੀ ਵਿਚਾਰਧਾਰਾ ਨਾਲ ਜੁੜੇ ਚਲੇ ਆ ਰਹੇ ਮੁੱਖ ਰੂਪ ਵਿੱਚ ਉਹ ਸਿੱਖ ਹਨ, ਜਿਨ੍ਹਾਂ ਨੇ ਪੰਜਾਬ ਦੇ ਸੰਤਾਪ ਦੇ ਦਿਨਾਂ ਵਿੱਚ ਆਪਣੀਆਂ ਜਾਨਾਂ ਬਚਾਣ ਲਈ, ਪੰਜਾਬ ਤੋਂ ਪਲਾਇਨ ਕਰ ਵਿਦੇਸ਼ਾਂ ਵਿੱਚ ਜਾ ਸ਼ਰਨ ਲਈ ਹੈ ਅਤੇ ਉਸ ਪੀੜ੍ਹੀ ਦੇ ਜਵਾਨ ਹਨ, ਜਿਨ੍ਹਾਂ ਦਾ ਜਨਮ ਨਵੰਬਰ-1984 ਦੇ ਸਿੱਖ ਕਤਲ-ਏ-ਆਮ ਦੇ ਬਾਅਦ ਉਥੇ ਹੋਇਆ ਹੈ। ਇਸਦਾ ਕਾਰਣ ਇਹ ਦਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਦਿਲੋ-ਦਿਮਾਗ ਪੁਰ ਪੰਜਾਬ ਦੇ ਸੰਤਾਪ ਅਤੇ ਨਵੰਬਰ-84 ਦੇ ਸਿੱਖ ਕਤਲ-ਏ-ਆਮ ਨਾਲ ਸੰਬੰਧਤ ਪੜ੍ਹੀਆਂ-ਸੁਣੀਆਂ ਪ੍ਰਚਲਤ ਚਰਚਾਵਾਂ ਨੇ ਅਜਿਹੀ ਛਾਪ ਛੱਡੀ ਹੋਈ ਹੈ, ਜਿਸਤੋਂ ਉਹ ਮੁਕਤ ਨਹੀਂ ਹੋ ਪਾ ਰਹੇ। ਜੇ ਭਾਰਤ ਸਰਕਾਰ ਨੇ ਆਪਣੇ ਦੂਤਾਵਾਸਾਂ ਨੂੰ ਉਪ੍ਰੋਕਤ ਆਦੇਸ਼ ਜਾਰੀ ਕੀਤੇ ਹਨ, ਤਾਂ ਮੰਨਿਆ ਜਾ ਸਕਦਾ ਹੈ ਕਿ ਇਸ ਬਦਲਾਉ ਦੇ ਫਲਸਰੂਪ ਨਵੀਂ ਪੀੜ੍ਹੀ ਦੇ ਨੌਜਵਾਨ ਭਾਰਤ ਆ, ਪੰਜਾਬ ਦੇ ਸ਼ਾਂਤ ਅਤੇ ਸਦਭਾਵਨਾ-ਪੂਰਣ ਵਾਤਾਵਰਣ ਨੂੰ ਆਪਣੀਆਂ ਅੱਖਾਂ ਨਾਲ ਵੇਖ-ਸੁਣ ਸੱਚ ਨੂੰ ਜਾਣ ਆਪਣੀ ਸੋਚ ਬਦਲਣ ਲਈ ਪ੍ਰੇਰਿਤ ਹੋਣਗੇ, ਫਲਸਰੂਪ ਸੁਭਾਵਕ ਹੀ ਹੈ, ਇਹ ਸਥਿਤੀ ਵਿਦੇਸ਼ਾਂ ਵਿੱਚ ਬੈਠ, ਆਪਣੇ ਸੁਆਰਥ ਲਈ ਖਾਲਿਸਤਾਨੀ ਸਰਗਰਮੀਆਂ ਨੂੰ ਹਵਾ ਦੇ ਨੌਜਵਾਨਾਂ ਨੂੰ ਗੁਮਰਾਹ ਕਰ ਰਹੇ ਵਰਗ ਨੂੰ ਕਮਜ਼ੋਰ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।


ਅਦੁੱਤੀ ਸ਼ਹਾਦਤਾਂ ਨੂੰ ਛੁਟਿਆਣ ਦੀ ਸਾਜ਼ਿਸ਼ : ਬੀਤੇ ਕੁਝ ਸਮੇਂ ਤੋਂ ਕੁਝ ਰਾਜਸੀ ਵਿਅਕਤੀਆਂ, ਜਿਨ੍ਹਾਂ ਵਿੱਚ ਕਈ ਸਿੱਖ ਵੀਰ ਵੀ ਜਾਣੇ-ਅਨਜਾਣੇ ਸ਼ਾਮਲ ਹੋ ਗਏ ਹਨ, ਵਲੋਂ ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਵਜੋਂ ਐਲਾਨੇ ਜਾਣ ਦੀ ਮੰਗ ਨੂੰ ਲੈ, ਇੱਕ ਅਖੌਤੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸਤੋਂ ਇਉਂ ਜਾਪਦਾ ਹੈ, ਜਿਵੇਂ ਇਨ੍ਹਾਂ ਨੂੰ ਨਾ ਤਾਂ ਸਿੱਖ ਧਰਮ ਦੀਆਂ ਸਥਾਪਤ ਮਾਨਤਾਵਾਂ ਦੀ ਸੋਝੀ ਹੈ ਅਤੇ ਨਾ ਹੀ ਇਸ ਮੁਹਿੰਮ ਦੇ ਪਿਛੇ ਉਨ੍ਹਾਂ ਦੀ ਈਮਾਨਦਾਰਾਨਾ ਸੋਚ ਕੰਮ ਕਰ ਰਹੀ ਹੈ। ਉਨ੍ਹਾਂ ਦੀ ਇਸ ਮੁਹਿੰਮ ਦੇ ਪਿਛੇ ਗੁਰੂ ਤੇਗ ਬਹਾਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਰਾਜਸੀ ਸਵਾਰਥ ਦੀ ਪੂਰਤੀ ਲਈ ਮੋਹਰੇ ਵਜੋਂ ਵਰਤਣ ਦੀ ਸੋਚ ਕੰਮ ਕਰ ਰਹੀ ਹੈ।
ਜਿਥੋਂ ਤਕ ਇਨ੍ਹਾਂ ਸ਼ਹਾਦਤਾਂ ਦਾ ਸੰਬੰਧ ਹੈ, ਇਨ੍ਹਾਂ ਪਿੱਛੇ ਸਮੁਚੀ ਮਾਨਵਤਾ ਦੇ ਧਾਰਮਕ ਵਿਸ਼ਵਾਸ ਅਤੇ ਹਿਤਾਂ ਦੀ ਰਖਿਆ ਪੁਰ ਅਧਾਰਤ ਸੋਚ ਕੰਮ ਕਰ ਰਹੀ ਸੀ। ਜਿਸ ਕਾਰਣ ਇਨ੍ਹਾਂ ਸ਼ਹਾਦਤਾਂ ਨੂੰ ਵਿਸ਼ਵ-ਪੱਧਰੀ ਮਹਤੱਤਾ ਪ੍ਰਾਪਤ ਹੋ ਗਈ ਹੋਈ ਹੈ। ਜਿਵੇਂ ਗੁਰੂ ਤੇਗ ਬਹਾਦਰ ਜੀ ਵਲੋਂ ਆਪਣੀ ਸ਼ਹਾਦਤ, ਜੋ ਕਿ ਸਮੇਂ ਦੇ ਹਾਲਾਤ ਦੀ ਮੰਗ ਦੇ ਅਧਾਰ 'ਤੇ ਹਿੰਦੂ ਧਰਮ ਅਤੇ ਉਸਦੇ ਵਿਸ਼ਵਾਸ ਦੀ ਅਜ਼ਾਦੀ ਦੀ ਰਖਿਆ ਲਈ ਦਿੱਤੀ ਗਈ ਸੀ, ਪ੍ਰੰਤੂ ਅਸਲ ਵਿੱਚ ਇਸਦੇ ਪਿਛੇ ਇਹ ਧਾਰਣਾ ਕੰਮ ਕਰ ਰਹੀ ਸੀ ਕਿ ਸੰਸਾਰ ਭਰ ਵਿੱਚ ਪ੍ਰਚਲਤ ਸਾਰੇ ਧਰਮਾਂ, ਜਿਨ੍ਹਾਂ ਵਿੱਚ ਹਿੰਦੂ ਧਾਰਮ ਵੀ ਸ਼ਾਮਲ ਹੈ, ਦੇ ਪੈਰੋਕਾਰਾਂ ਨੂੰ ਆਪੋ-ਆਪਣੇ ਧਰਮ ਪ੍ਰਤੀ ਵਿਸ਼ਵਾਸ ਅਤੇ ਉਸ ਦੀਆਂ ਮਾਨਤਾਵਾਂ ਦੇ ਪਾਲਣ ਦੀ ਅਜ਼ਾਦੀ ਹੋਣੀ ਚਾਹੀਦੀ ਹੈ, ਤਾਂ ਜੋ ਉਹ ਬਿਨਾਂ ਕਿਸੇ ਡਰ-ਭਉ ਦੇ ਉਨ੍ਹਾਂ ਦਾ ਪਾਲਣ ਆਪਣੀ ਸ਼ਰਧਾ ਤੇ ਸਥਾਪਤ ਪਰੰਪਰਾ ਅਨੁਸਾਰ ਕਰਦੇ ਰਹਿ ਸਕਣ। ਕਿਸੇ ਨੂੰ ਵੀ ਇਹ ਅਧਿਕਾਰ ਨਹੀਂ ਦਿੱਤਾ ਜਾ ਸਕਦਾ ਕਿ ਉਹ ਉਨ੍ਹਾਂ ਦੇ ਆਪਣੇ ਧਰਮ ਪ੍ਰਤੀ ਵਿਸ਼ਵਾਸ ਨੂੰ ਬਦਲਣ ਲਈ, ਉਨ੍ਹਾਂ ਪੁਰ ਅਥਾਹ ਅਤੇ ਅਕਹਿ ਜ਼ੁਲਮ ਢਾਹੇ।
ਇਸੇ ਤਰ੍ਹਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਵੀ ਆਤਮ-ਸਨਮਾਨ ਅਤੇ ਧਾਰਮਕ ਵਿਸ਼ਵਾਸ ਦੀ ਰਖਿਆ ਲਈ ਦਿੱਤੀ ਗਈ ਸ਼ਹਾਦਤ ਸੀ। ਦੋ ਛੋਟੇ ਸਾਹਿਬਜ਼ਾਦਿਆਂ ਨੇ ਮਾਤ੍ਰ ਛੋਟੀ-ਜਿਹੀ (5 ਅਤੇ 10 ਵਰ੍ਹੇ) ਉਮਰ ਹੋਣ ਦੇ ਬਾਵਜੂਦ ਜ਼ੋਰ-ਜਬਰ ਅਤੇ ਅਨਿਆਇ ਸਾਹਮਣੇ ਸਿਰ ਝੁਕਾ, ਆਪਣੇ ਧਾਰਮਕ ਵਿਸ਼ਵਾਸ ਨੂੰ ਬਦਲ ਲੈਣ ਨਾਲੋਂ ਦੀਵਾਰਾਂ ਦੀਆਂ ਨੀਂਹਾਂ ਵਿੱਚ 'ਚਿਣਿਆਂ' ਜਾਣ ਨੂੰ ਤਰਜੀਹ ਦਿੱਤੀ। ਇਨ੍ਹਾਂ ਸ਼ਹਾਦਤਾਂ ਦਾ ਉਦੇਸ਼ ਵਿਸ਼ਵ-ਵਿਆਪੀ ਹੋਣ ਦੇ ਨਾਲ ਹੀ ਸਮੁਚੀ ਮਨੁਖਤਾ ਲਈ ਇੱਕ ਸਾਰਥਕ ਸੰਦੇਸ਼ ਵੀ ਸੀ, ਜਿਸਦੇ ਚਲਦਿਆਂ, ਨਾ ਤਾਂ ਇਨ੍ਹਾਂ ਨੂੰ ਕਿਸੀ ਵਿਸ਼ੇਸ਼ ਵਰਗ ਤਕ ਸੀਮਤ ਰਖਿਆ ਜਾ ਸਕਦਾ ਹੈ ਅਤੇ ਨਾ ਹੀ ਅਜਿਹਾ ਕਰਨ ਦੀ ਇਜਾਜ਼ਤ ਹੀ ਕਿਸੇ ਨੂੰ ਦਿੱਤੀ ਜਾ ਸਕਦੀ ਹੈ।
ਇੱਕ ਗਲ ਹੋਰ ਜਿਸਨੂੰ ਸਪਸ਼ਟ ਰੂਪ ਵਿੱਚ ਸਮਝ ਲਿਆ ਜਾਣਾ ਬਹੁਤ ਜ਼ਰੂਰੀ ਹੈ, ਉਹ ਇਹ ਕਿ ਸਿੱਖ ਧਰਮ 'ਖੋਹ ਲੈਣ' ਵਿੱਚ ਵਿਸ਼ਵਾਸ ਨਹੀਂ ਰਖਦਾ, ਇਸਦੇ ਵਿਰੁਧ ਉਸਦਾ ਵਿਸ਼ਵਾਸ ਵੰਡਦਿਆਂ ਰਹਿਣ ਵਿੱਚ ਹੈ। ਇਸਲਈ ਉਨ੍ਹਾਂ ਦੀ ਗੁਰੂ ਤੇਗ ਬਹਾਦਰ ਜੀ ਅਤੇ ਸ਼ਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਲਈ ਮਹਾਤਮਾ ਗਾਂਧੀ ਤੋਂ ਉਨ੍ਹਾਂ ਦੇ 'ਰਾਸ਼ਟਰ ਪਿਤਾ' ਦੇ ਖਿਤਾਬ ਅਤੇ ਪੰਡਤ ਨਹਿਰੂ ਪਾਸੋ ਉਨ੍ਹਾਂ ਦੇ 'ਬਾਲ ਦਿਵਸ' ਨੂੰ ਖੋਹ, ਗੁਰੂ ਤੇਗ ਬਹਦਰ ਜੀ ਅਤੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨਾਲ ਜੋੜ, ਉਨ੍ਹਾਂ ਦੀ ਮਹਤੱਤਾ ਨੂੰ ਘਟਾ ਦਿੱਤੇ ਜਾਣ ਵਿੱਚ ਕਿਸੇ ਦੀ ਦਿਲਚਸਪੀ ਨਹੀਂ ਹੋ ਸਕਦੀ।


...ਅਤੇ ਅੰਤ ਵਿੱਚ : ਹਾਲਾਤ ਦੀ ਗੰਭੀਰਤਾ ਨੂੰ ਸਮਝਦਿਆਂ ਸਿੱਖੀ ਸੰਭਾਲ ਪ੍ਰਤੀ ਸਮਰਪਤ ਹੋਣ ਦੀਆਂ ਦਾਅਵੇਦਾਰ ਸਿੱਖ ਸੰਸਥਾਵਾਂ, ਵਿਸ਼ੇਸ਼ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀਆਂ ਨੂੰ ਚਾਹੀਦਾ ਹੈ ਕਿ ਉਹ ਚੇਤੰਨ ਹੋ, ਸਮਾਂ ਰਹਿੰਦਿਆਂ ਆਪਣੀ ਜ਼ਿਮੇਂਦਾਰੀ ਸਮਝਣ ਤੇ ਉਸਨੂੰ ਸੰਭਾਲਣ। ਗੁਰੂ ਤੇਗ ਬਹਾਦਰ ਜੀ ਨੂੰ 'ਰਾਸ਼ਟਰ ਪਿਤਾ' ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਨੂੰ 'ਬਾਲ ਦਿਵਸ' ਐਲਾਨੇ ਜਾਣ ਦੀ ਮੰਗ ਨੂੰ ਲੈ ਕੇ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਰੋਕਣ ਲਈ ਅੱਗੇ ਆਉਣ ਅਤੇ ਜ਼ੋਰਦਾਰ ਸ਼ਬਦਾਂ ਵਿੱਚ ਸਪਸ਼ਟ ਕਰ ਦੇਣ ਕਿ ਉਹ ਕਿਸੇ ਵੀ ਕੀਮਤ 'ਤੇ ਕਿਸੇ ਨੂੰ ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਨੂੰ ਰਾਜਸੀ ਸਵਾਰਥ ਲਈ ਮੋਹਰੇ ਵਜੋਂ ਵਰਤਣ ਦਾ ਅਧਿਕਾਰ ਨਹੀਂ ਦੇ ਸਕਦੇ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਪੰਜਾਬ ਵਿੱਚਲੀਆਂ ਲੋਕਸਭਾ ਸੀਟਾਂ ਪੁਰ - ਜਸਵੰਤ ਸਿੰਘ 'ਅਜੀਤ'

ਬਾਦਲ=ਕੈਪਟਨ ਗਠਜੋੜ ਹੋਣ ਦੀ ਚਰਚਾ?

ਕਾਫੀ ਲੰਮੇ ਇੰਤਜ਼ਾਰ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਫਿਰੋਜ਼ਪੁਰ ਅਤੇ ਬਠਿੰਡਾ ਲੋਕਸਭਾ ਹਲਕਿਆਂ ਤੋਂ, ਤਰਤੀਬਵਾਰ ਦਲ ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਨੂੰ ਆਪਣੇ ਉਮੀਦਵਾਰਾਂ ਵਜੋਂ ਪੇਸ਼ ਕੀਤੇ ਜਾਣ ਦਾ ਐਲਾਨ ਕੀਤਾ ਗਿਆ। ਉਨ੍ਹਾਂ ਦੇ ਨਾਵਾਂ ਅਤੇ ਹਲਕਿਆਂ ਦਾ ਇਤਨੀ ਦੇਰ ਨਾਲ ਐਲਾਨ ਕੀਤੇ ਜਾਣ ਪੁਰ ਹੈਰਾਨੀ ਪ੍ਰਗਟ ਕਰਦਿਆਂ ਪੰਜਾਬ ਦੇ ਰਾਜਸੀ ਹਲਕਿਆਂ ਨੇ ਕਿਹਾ ਕਿ ਆਮ ਤੋਰ ਤੇ ਹਰ ਪਾਰਟੀ ਵਲੋਂ ਆਪਣੇ ਮੁਖ ਉਮੀਦਵਾਰਾਂ ਦੇ ਨਾਵਾਂ ਅਤੇ ਉਨ੍ਹਾਂ ਦੇ ਚੋਣ ਹਲਕਿਆਂ ਦਾ ਐਲਾਨ ਅਰੰਭ ਵਿੱਚ ਹੀ ਕਰ ਦਿੱਤਾ ਜਾਂਦਾ ਹੈ, ਤਾਂ ਜੋ ਉਨ੍ਹਾਂ ਨੂੰ ਲੈਕੇ ਪਾਰਟੀ ਵਿੱਚ ਜਾਂ ਪਾਰਟੀ ਤੋਂ ਬਾਹਰ ਕੋਈ ਗਲਤ ਧਾਰਨਾਂ ਪੈਦਾ ਨਾ ਹੋ ਸਕੇ। ਪ੍ਰੰਤੂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਇਸ ਪਰੰਪਰਾ ਨੂੰ ਤੋੜ, ਆਖਰੀ ਸਮੇਂ 'ਤੇ ਐਲਾਨ ਕੀਤਾ ਜਾਣਾ, ਕਈ ਤਰ੍ਹਾਂ ਦੇ ਸੁਆਲ ਖੜੇ ਕਰਦਾ ਹੈ। ਕਈ ਰਾਜਨੀਤਿਕਾਂ ਦਾ ਕਹਿਣਾ ਹੈ ਕਿ ਬਾਦਲ ਪਰਿਵਾਰ ਵਿੱਚ ਸ਼ਾਇਦ ਇਹ ਡਰ ਬਣਿਆ ਹੋਇਆ ਚਲਿਆ ਆ ਰਿਹਾ ਸੀ ਕਿ ਉਨ੍ਹਾਂ ਦੇ ਪਾਰਟੀ ਉਮੀਦਵਾਰਾਂ ਨੂੰ ਆਪਣੇ ਚੋਣ ਪ੍ਰਚਾਰ ਦੌਰਾਨ ਜਿਸਤਰ੍ਹਾਂ ਦੇ ਜਨ-ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜੇ ਉਹੀ ਸਥਿਤੀ ਉਨ੍ਹਾਂ ਸਾਹਮਣੇ ਵੀ ਪੈਦਾ ਹੋ ਜਾਂਦੀ ਹੈ ਤਾਂ ਉਨ੍ਹਾਂ ਦਾ ਵਕਾਰ ਤਾਂ ਮਿੱਟੀ ਵਿੱਚ ਰੁਲੇਗਾ ਹੀ, ਨਾਲ ਹੀ ਦਲ ਦੀ ਰਹਿੰਦੀ ਖੂੰਹਦੀ ਸਾਖ ਵੀ ਖਤਮ ਹੋ ਕੇ ਰਹਿ ਜਾਇਗੀ। ਉਨ੍ਹਾਂ ਅਨੁਸਾਰ, ਜਾਪਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦੇ ਤਾਰਣਹਾਰ ਬਣ, ਸਾਹਮਣੇ ਆਏ। ਕਿਹਾ ਜਾਂਦਾ ਹੈ ਕਿ ਕੈਪਟਨ ਨੇ ਉਨ੍ਹਾਂ ਨੂੰ ਭਰੋਸਾ ਦੁਆਇਆ ਹੈ ਕਿ ਉਹ ਬੇਫਿਕਰ ਹੋ ਮੈਦਾਨ ਵਿੱਚ ਨਿਤਰਨ, ਉਹ ਉਨ੍ਹਾਂ ਨੂੰ ਕਿਸੇ ਵੀ ਕੀਮਤ ਤੇ ਹਾਰਨ ਨਹੀਂ ਦੇਣਗੇ। ਕਿਹਾ ਜਾਂਦਾ ਹੈ ਕਿ ਕੈਪਟਨ ਵਲੋਂ ਦਿੱਤੀ ਗਈ ਗਰੰਟੀ ਨੇ ਮੀਆਂ-ਬੀਵੀ ਦਾ ਹੌਂਸਲਾ ਵਧਾਇਆ ਤੇ ਉਹ ਚੋਣ ਮੈਦਾਨ ਵਿੱਚ ਨਿਤਰਨ ਲਈ ਤਿਆਰ ਹੋ ਗਏ। ਇਹ ਵੀ ਚਰਚਾ ਹੈ ਕਿ ਬਦਲੇ ਵਿੱਚ ਸ. ਸੁਖਬੀਰ ਸਿੰਘ ਬਾਦਲ ਨੇ ਕੈਪਟਨ ਨੂੰ ਭਰੋਸਾ ਦੁਆਇਆ ਹੈ ਕਿ ਉਹ ਪਟਿਆਲਾ ਵਿਖੇ ਮਹਾਰਾਣੀ ਪ੍ਰਨੀਤ ਕੌਰ ਵਿਰੁਧ ਡੰਮੀ ਉਮੀਦਵਾਰ ਉਤਾਰਨਗੇ ਤਾਂ ਜੋ ਉਨ੍ਹਾਂ ਦੀ ਜਿੱਤ ਵੀ ਨਿਸ਼ਚਤ ਬਣੀ ਰਹਿ ਸਕੇ। 

ਕੈਪਟਨ ਬਨਾਮ ਬਾਦਲ : ਨੂਰਾ ਕੁਸ਼ਤੀ : ਪੰਜਾਬ ਦੇ ਰਾਜਸੀ ਹਲਕਿਆਂ ਵਿੱਚ ਇਹ ਵੀ ਚਰਚਾ ਹੈ ਕਿ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੈਪਟਨ ਨੇ ਸ. ਪ੍ਰਕਾਾਸ਼ ਸਿੰਘ ਬਾਦਲ ਦੀ ਜਿੱਤ ਪੱਕੀ ਕਰਨ ਵਿੱਚ ਮੁਖ ਭੁਮਿਕਾ ਨਿਭਾਈ ਸੀ। ਮੰਨਿਆ ਜਾਂਦਾ ਹੈ ਕਿ ਜਦੋਂ ਕੈਪਟਨ ਨੇ ਵੇਖਿਆ ਕਿ ਆਮ ਆਦਮੀ ਪਾਰਟੀ ਦੇ ਧਾਕੜ ਉਮੀਦਵਾਰ ਜਰਨੈਲ ਸਿੰਘ ਨਾਲ ਸਿਧੇ ਮੁਕਾਬਲੇ ਵਿੱਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਹਾਰ ਪੱਕੀ ਹੈ ਤਾਂ ਉਹ ਬਾਦਲ-ਵਿਰੋਧੀ ਵੋਟਾਂ ਵੰਡਾ ਕੇ ਸ. ਬਾਦਲ ਦੀ ਜਿੱਤ ਪੱਕੀ ਕਰਨ ਲਈ ਦੋਹਾਂ ਵਿੱਚ ਆ ਮੈਦਾਨ ਵਿੱਚ ਨਿਤਰੇ ਸਨ। ਨਤੀਜਾ ਸਭ ਦੇ ਸਾਹਮਣੇ ਹੈ ਕਿ ਬਾਦਲ ਵਿਰੋਧੀ ਵੋਟਾਂ ਦੇ ਕੈਪਟਨ ਅਤੇ ਜਰਨੈਲ ਸਿੰਘ ਵਿੱਚ ਵੰਡੇ ਜਾਣ ਦੇ ਫਲਸਰੂਪ ਹੀ ਸ. ਬਾਦਲ ਆਪਣੇ ਜੀਵਨ ਦੀ ਆਖਰੀ ਚੋਣ ਵਿੱਚ ਹਾਰ ਦਾ ਮੂੰਹ ਵੇਖਣ ਤੋਂ ਬਚ ਗਏ।

ਜਗਮੀਤ ਸਿੰਘ ਬਰਾੜ ਦੀ ਰਾਜਨੈਤਿਕ ਆਤਮ-ਹਤਿਆ : ਕਿਸੇ ਸਮੇਂ ਕਾਂਗ੍ਰਸ ਪਾਰਟੀ ਦੇ ਚੋਣਵੇਂ ਮੁੱਖੀ ਕੌਮੀ ਆਗੂਆਂ ਵਿੱਚ ਗਿਣੇ ਜਾਂਦੇ ਰਹੇ ਸ. ਜਗਮੀਤ ਸਿੰਘ ਬਰਾੜ, ਜੋ ਨਿਜੀ ਉਚ ਖਾਹਿਸ਼ਾਂ ਦਾ ਸ਼ਿਕਾਰ ਹੋ ਆਪਣੇ ਸਮੁਚੇ ਰਾਜਸੀ ਜੀਵਨ ਵਿੱਚ ਕਿਸੇ ਨਾਲ ਵੀ ਬਣਾ ਕੇ ਨਾ ਰਖ ਸਕੇ, ਨੇ ਆਖਿਰ ਆਪਣੇ ਹਥੀਂ ਆਪਣੀ ਰਾਜਨੈਤਿਕ ਆਤਮ-ਹਤਿਆ ਕਰ ਲਈ ਅਤੇ ਸਾਬਤ ਕਰ ਦਿੱਤਾ ਕਿ ਵਿਚਲਤ (ਬੇਚੈਨ) ਮਨ ਦੇ ਮਾਲਕ ਸ. ਬਰਾੜ ਆਖਿਰ ਆਪਣੇ ਆਪਦੇ ਵੀ ਬਣ ਕੇ ਨਾ ਰਹਿ ਸਕੇ। ਇਤਿਹਾਸ ਗੁਆਹ ਹੈ ਕਿ ਲਗਭਗ 42 ਵਰ੍ਹੇ ਪਹਿਲਾਂ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੂੰ, ਆਪਣੇ ਪਿਤਾ ਸ. ਗੁਰਮੀਤ ਸਿੰਘ ਬਰਾੜ ਦਾ ਕਾਤਲ ਗਰਦਾਨਦਿਆਂ, ਉਨ੍ਹਾਂ ਦੀ ਅਗਵਾਈ (ਪ੍ਰਧਾਨਗੀ) ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲੋਂ ਸਦੀਵੀ ਕਿਨਾਰਾ ਕਰ ਲਿਆ ਸੀ। ਹੁਣ ਜਦਕਿ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ, ਸਾਹਮਣੇ ਆਤਮ-ਸਮਰਪਣ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚਲੇ ਸੀਨੀਅਰ ਮੀਤ ਪ੍ਰਧਾਨਾਂ ਦੀ ਲਾਈਨ ਵਿੱਚ ਖੜਿਆਂ ਹੋਣ ਦਾ 'ਮਾਣ' ਪ੍ਰਾਪਤ ਕਰ ਲਿਆ ਅਤੇ ਇਸ 'ਅਦੁਤੀ ਪ੍ਰਾਪਤੀ' ਪੁਰ ਉਨ੍ਹਾਂ ਨੇ ਜਿਸ ਤਰ੍ਹਾਂ ਬਗਲਾਂ ਵਜਾਣੀਆਂ ਸ਼ੁਰੂ ਕੀਤੀਆਂ ਹਨ, ਉਸ ਪੁਰ ਹੈਰਾਨੀ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰਾਜਨੀਤੀ ਦੇ ਜਾਣਕਾਰ ਇਹ ਕਹੇ ਬਿਨਾਂ ਨਹੀਂ ਰਹਿ ਪਾ ਰਹੇ ਕਿ ਆਖਿਰ ਸ. ਜਗਮੀਤ ਸਿੰਘ ਬਰਾੜ ਨੇ ਆਪ ਹੀ ਆਪਣੀ ਰਾਜਸੀ ਆਤਮਹਤਿਆ ਕਰ ਲਈ ਹੈ। ਉਹ ਤਾਂ ਇਥੋਂ ਤਕ ਵੀ ਕਹਿੰਦੇ ਹਨ ਕਿ ਸ. ਜਗਮੀਤ ਸਿੰਘ ਬਰਾੜ ਨੇ ਅਜਿਹਾ ਕਰਦਿਆਂ ਆਪਣੇ ਪਿਤਾ ਦੀ ਮੌਤ ਨੂੰ ਵੀ 'ਵਿਸਾਰ' ਦਿੱਤਾ। ਉਹ ਮੰਨਦੇ ਹਨ ਕਿ ਸ. ਜਗਮੀਤ ਸਿੰਘ ਬਰਾੜ (ਸਾਬਕਾ ਕਾਂਗ੍ਰਸੀ ਸਾਂਸਦ) ਹੁਣ ਅਕਾਲੀ ਬਣ ਗਏ ਹਨ। ਇਸਦੇ ਨਾਲ ਹੀ ਉਹ ਇਹ ਵੀ ਦਸਦੇ ਹਨ ਕਿ ਲਗਭਗ 42 ਵਰ੍ਹੇ ਤੋਂ ਬਾਦਲ ਪਰਿਵਾਰ ਵਿਰੁਧ ਮੋਰਚਾ ਸੰਭਾਲੀ ਚਲੇ ਆ ਰਹੇ, ਸ. ਜਗਮੀਤ ਸਿੰਘ ਬਰਾੜ ਨੇ ਬਾਦਲ ਪਰਿਵਾਰ ਵਿਰੁਧ ਦੋ ਵਿਧਾਨ ਸਭਾ ਅਤੇ ਤਿੰਨ ਲੋਕਸਭਾ ਚੋਣਾਂ ਲੜੀਆਂ। ਸੰਨ-1999 ਵਿੱਚ ਹੋਈਆਂ ਲੋਕਸਭਾ ਚੋਣਾਂ ਵਿੱਚ ਤਾਂ ਉਨ੍ਹਾਂ ਨੇ ਸ. ਸੁਖਬੀਰ ਸਿੰਘ ਬਾਦਲ ਨੂੰ ਹਰਾ, ਲੋਕਸਭਾ ਵਿੱਚ ਪਹੁੰਚਣ ਵਿੱਚ ਸਫਲਤਾ ਵੀ ਪ੍ਰਾਪਤ ਕਰ ਲਈ ਸੀ। ਇਹੀ ਰਾਜਸੀ ਮਾਹਿਰ ਦਸਦੇ ਹਨ ਕਿ ਸ. ਜਗਮੀਤ ਸਿੰਘ ਬਰਾੜ ਦੇ ਪਿਤਾ ਸ. ਗੁਰਮੀਤ ਸਿੰਘ ਬਰਾੜ ਸਾਬਕਾ ਮੁੱਖ ਮੰਤ੍ਰੀ ਪੰਜਾਬ ਅਤੇ ਸਾਬਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਸ. ਪ੍ਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਨੇੜਲੇ ਸਾਥੀਆਂ ਵਿੱਚ ਮੰਨੇ ਜਾਂਦੇ ਸਨ। ਉਹ ਤਿੰਨ ਵਾਰ ਚੋਣਾਂ ਜਿੱਤ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਬਣੇ। 1977 ਵਿੱਚ, ਜਦੋਂ ਸ. ਪ੍ਰਕਾਸ਼ ਸਿੰਘ ਬਾਦਲ ਲੋਕਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ, ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤ੍ਰੀ ਬਣੇ, ਤਾਂ ਉਸ ਸਮੇਂ ਸ. ਗੁਰਮੀਤ ਸਿੰਘ ਬਰਾੜ ਉਨ੍ਹਾਂ ਵਲੋਂ ਖਾਲੀ ਕੀਤੀ ਗਈ ਲੋਕਸਭਾ ਦੀ ਸੀਟ ਪੁਰ ਹੋਣ ਵਾਲੀ ਉਪ-ਚੋਣ ਲੜਨਾ ਚਾਹੁੰਦੇ ਸਨ। ਸ. ਬਾਦਲ ਦੀ ਨੇੜਤਾ ਪ੍ਰਾਪਤ ਹੋਣ ਕਾਰਣ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਸੀ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਨਿਰਾਸ਼ ਨਹੀਂ ਕਰਨਗੇ, ਪਰ ਸ. ਬਾਦਲ ਉਨ੍ਹਾਂ ਨਾਲ ਵਾਇਦਾ ਕਰਕੇ ਵੀ ਆਖਰੀ ਪਲਾਂ ਵਿੱਚ, ਉਨ੍ਹਾਂ ਨੂੰ ਟਿਕਟ ਦੇਣ ਤੋਂ ਮੁਨਕਰ ਹੋ ਗਏ। ਜਿਸਦਾ ਉਨ੍ਹਾਂ (ਸ. ਗੁਰਮੀਤ ਸਿੰਘ ਬਰਾੜ) ਨੂੰ ਅਜਿਹਾ ਗਹਿਰਾ ਧੱਕਾ ਲਗਾ, ਜੋ ਉਨ੍ਹਾਂ ਲਈ ਜਾਨਲੇਵਾ ਸਾਬਤ ਹੋ ਨਿਬੜਿਆ। ਉਸ ਸਮੇਂ ਤੋਂ ਹੀ ਸ. ਜਗਮੀਤ ਸਿੰਘ ਬਰਾੜ, ਸ. ਪ੍ਰਕਾਸ਼ ਸਿੰਘ ਬਾਦਲ ਨੂੰ ਆਪਣੇ ਪਿਤਾ ਦਾ ਕਾਤਲ ਗਰਦਾਨਦਿਆਂ ਉਨ੍ਹਾਂ ਵਿਰੁਧ ਮੋਰਚਾ ਸੰਭਾਲੀ ਚਲੇ ਆ ਰਹੇ ਸਨ।
ਲੰਮੇਂ ਸਮੇਂ ਤੋਂ ਅਕਾਲੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਦੀ ਮਾਨਤਾ ਹੈ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਹ ਰਾਜਸੀ ਨੇਤਾ ਹਨ, ਜਿਨ੍ਹਾਂ ਆਪਣੇ ਪੂਰੇ ਰਾਜਸੀ ਜੀਵਨ ਵਿੱਚ ਕਿਸੇ ਵੀ ਸਮੇਂ ਰਹੇ ਆਪਣੇ ਵਿਰੋਧੀ ਨੂੰ ਕਦੀ ਬਖਸ਼ਿਆ ਨਹੀਂ। ਇਤਿਹਾਸ ਗੁਆਹ ਹੈ ਕਿ ਉਨ੍ਹਾਂ ਸਮਾਂ ਆਉਣ ਤੇ ਉਨ੍ਹਾਂ ਨੇ ਆਪਣੇ ਹਰ ਵਿਰੋਧੀ ਨੂੰ ਵਿਸ਼ਵਾਸ ਦੀ 'ਗਲਵਕੜੀ' ਦਾ ਨਿਘ ਦੇ, ਅਜਿਹੀ ਜਗ੍ਹਾ ਲਿਜਾ ਮਾਰਿਆ, ਜਿਥੇ ਉਹ ਪਾਣੀ ਤਕ ਨਹੀਂ ਮੰਗ ਸਕਿਆ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਵੇਖਦੇ ਹਾਂ, ਸ. ਜਗਮੀਤ ਸਿੰਘ ਬਰਾੜ ਕਦੋਂ ਤਕ ਸ. ਬਾਦਲ ਦੀ 'ਗਲਵਕੜੀ' ਦਾ ਨਿਘ ਮਾਣਦੇ ਰਹਿ ਸਕਦੇ ਹਨ।


...ਅਤੇ ਅੰਤ ਵਿੱਚ : ਪੰਜਾਬ ਕਾਂਗ੍ਰਸ ਦੇ ਕਈ ਪੁਰਾਣੇ ਆਗੂ ਦਸਦੇ ਹਨ ਕਿ ਆਲ ਇੰਡੀਆ ਕਾਂਗ੍ਰਸ ਦੇ ਇਤਿਹਾਸ ਵਿੱਚ ਇੱਕ ਸਮਾਂ ਅਜਿਹਾ ਵੀ ਆਇਆ ਸੀ ਜਦੋਂ ਉਸਦੇ ਅਰਜਨ ਸਿੰਘ, (ਐਨਡੀ) ਤਿਵਾੜੀ ਆਦਿ ਵਰਗੇ ਉਚੇ ਕਦ ਦੇ ਕਈ ਚੋਟੀ ਦੇ ਆਗੂਆਂ ਨੇ ਮੂਲ ਕਾਂਗ੍ਰਸ ਨਾਲੋਂ ਨਾਤਾ ਤੋੜ, ਅਲਗ ਆਲ ਇੰਡੀਆ ਕਾਂਗ੍ਰਸ (ਤਿਵਾੜੀ) ਦਾ ਗਠਨ ਕਰ ਲਿਆ ਸੀ। ਅਰਜਨ ਸਿੰਘ ਨਾਲ ਨੇੜਤਾ ਹੋਣ ਕਾਰਣ ਸ. ਜਗਮੀਤ ਸਿੰਘ ਬਰਾੜ ਅਤੇ ਸ. ਬੀਰਦਵਿੰਦਰ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਮੂਲ ਕਾਂਗ੍ਰਸ ਨਾਲੋਂ ਨਾਤਾ ਤੋੜ ਤਿਵਾੜੀ ਕਾਂਗ੍ਰਸ ਵਿੱਚ ਸ਼ਮੂਲੀਅਤ ਕਰ ਲਈ। ਤਿਵਾੜੀ ਕਾਂਗ੍ਰਸ ਦੇ ਮੁਖੀਆਂ ਨੇ ਪਾਰਟੀ ਵਲੋਂ ਪੰਜਾਬ ਲਈ ਦੋ ਅਹੁਦੇ ਰਾਖਵੇਂ ਕੀਤੇ। ਇੱਕ ਕੌਮੀ ਜਨਰਲ ਸਕਤੱਰ ਦਾ ਅਤੇ ਦੂਜਾ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਦਾ। ਇਨ੍ਹਾਂ ਕਾਂਗ੍ਰਸੀਆਂ ਅਨੁਸਾਰ ਚਾਹੀਦਾ ਤਾਂ ਇਹ ਸੀ ਕਿ ਸ. ਜਗਮੀਤ ਸਿੰਘ ਬਰਾੜ ਇਨ੍ਹਾਂ ਦੋਹਾਂ ਅਹੁਦਿਆਂ ਵਿਚੋਂ ਇਕ ਆਪ ਲੈ ਲੈਂਦੇ ਅਤੇ ਦੂਸਰਾ ਆਪਣੇ ਨਾਲ ਆਏ ਬੀਰਦਵਿੰਦਰ ਸਿੰਘ ਨੂੰ ਦੇ, ਆਪਸੀ ਸਾਂਝ ਨੂੰ ਪਕੇ ਰੂਪ ਵਿੱਚ ਕਾਇਮ ਕਰ ਲੈਂਦੇ। ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ ਤੇ ਦੋਵੇਂ ਅਹੁਦੇ ਆਪਣੇ ਪਾਸ ਹੀ ਰਖ ਲਏ। ਜਿਸਦਾ ਨਤੀਜਾ ਇਹ ਹੋਇਆ ਕਿ ਦੋਹਾਂ, ਸ. ਜਗਮੀਤ ਸਿੰਘ ਬਰਾੜ ਅਤੇ ਸ. ਬੀਰਦਵਿੰਦਰ ਸਿੰਘ ਵਿੱਚ ਅਜਿਹੀ ਦੂਰੀ ਬਣੀ, ਜੋ ਅੱਜ ਤਕ ਮਿਟ ਨਹੀਂ ਸਕੀ। ਇਸੇ ਘਟਨਾ ਦਾ ਹਵਾਲਾ ਦਿੰਦਿਆਂ ਇਹ ਪੁਰਾਣੇ ਅਕਾਲੀ ਜ਼ੋਰ ਦੇ ਕੇ ਆਖਦੇ ਹਨ ਕਿ ਉਨ੍ਹਾਂ ਨੂੰ ਵਿਸ਼ਵਾਸ ਨਹੀਂ ਕਿ ਸ. ਜਗਮੀਤ ਸਿੰਘ ਬਰਾੜ ਬਹੁਤਾ ਸਮਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਮੀਤ ਪ੍ਰਧਾਨਾਂ ਲੰਮੀ ਲਾਈਨ ਵਿੱਚ ਆਪਣੇ ਆਪ ਨੂੰ ਬਹੁਤਾ ਸਮਾਂ ਖੜਿਆਂ ਰਖ ਸਕਣ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085