Jaswant Singh Ajit

ਦਿੱਲੀ ਗੁਰਦੁਆਾਰਾ ਕਮੇਟੀ ਪੁਰ ਭਾਜਪਾ ਦਾ ਪ੍ਰਛਾਵਾਂ - ਜਸਵੰਤ ਸਿੰਘ 'ਅਜੀਤ'

ਮੰਨਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਅਹੁਦੇਦਾਰਾਂ ਅਤੇ ਅੰਤ੍ਰਿੰਗ ਬੋਰਡ ਦੇ ਮੈਂਬਰਾਂ ਦੀ ਚੋਣ ਸਮੇਂ ਪਾਰਟੀ ਵਲੋਂ ਪ੍ਰਧਾਨਗੀ ਪਦ ਲਈ ਮਨਜਿੰਦਰ ਸਿੰਘ ਸਿਰਸਾ ਸਹਿਤ ਹੋਰ ਅਹੁਦੇਦਾਰਾਂ ਅਤੇ ਮੈਂਬਰਾਂ ਦੇ ਨਾਵਾਂ ਦਾ ਫੈਸਲਾ ਕਰਦਿਆਂ, ਇਸ ਸੋਚ ਨੂੰ ਮੁੱਖ ਰਖਿਆ, ਕਿ ਉਹ ਜਿਸ ਟੀਮ ਨੂੰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਦੀਆਂ ਜ਼ਿਮੇਂਦਾਰੀਆਂ ਸੌਂਪਣ ਜਾ ਰਹੇ ਹਨ, ਉਹ ਅਗਲੇ ਦੋ ਵਰ੍ਹਿਆਂ ਵਿੱਚ ਦਿੱਲੀ ਦੇ ਸਿੱਖਾਂ ਵਿੱਚ ਦਲ ਪ੍ਰਤੀ ਇਸ ਵਿਸ਼ਵਾਸ ਨੂੰ ਦ੍ਰਿੜ੍ਹ ਕਰਨ ਵਿੱਚ ਸਫਲ ਹੋਵੇਗੀ, ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੁਰ ਬਾਦਲ ਅਕਾਲੀ ਦਲ ਦਾ ਸੱਤਾ ਹੀ ਸਿੱਖੀ ਦੀਆਂ ਧਾਰਮਕ ਮਾਨਤਾਵਾਂ ਸੁਰਖਿਅਤ ਰਹਿ ਸਕਦੀਆਂ ਹਨ, ਜਿਸਦੇ ਫਲਸਰੂਪ ਉਹ ਸੰਨ-2021 ਵਿੱਚ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਵਿੱਚ ਗੁਰਦੁਆਰਾ ਪ੍ਰਬੰਧ ਪੁਰ ਦਲ ਦੀ ਵਾਪਸੀ ਨਿਸ਼ਚਿਤ ਕਰਨ ਵਿੱਚ ਕਿਸੇ ਵੀ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣਗੇ। ਉਨ੍ਹਾਂ ਦੇ ਇਸ ਵਿਸ਼ਵਾਸ ਪੁਰ ਅਧਾਰਤ, ਸੁਖਬੀਰ ਸਿੰਘ ਬਾਦਲ ਦਾ ਜੋ ਫੈਸਲਾ ਸਾਹਮਣੇ ਆਇਆ, ਉਸੇ ਸਮੇਂ ਉਸ ਪੁਰ ਟਿਪੱਣੀ ਕਰਦਿਆਂ, ਦਿੱਲੀ ਦੇ ਸਿੱਖ ਰਾਜਸੀ ਮਾਹਿਰਾਂ ਨੇ ਇਹ ਭਵਿਖਬਾਣੀ ਕਰ ਦਿੱਤੀ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਬੰਧ ਪੁਰ ਭਾਜਪਾ ਦਾ ਪਰਛਾਵਾਂ ਪੱਕਾ ਹੋ ਗਿਆ ਹੈ, ਆਪਣੀ ਇਸ ਭਵਿਖਬਾਣੀ ਦੇ ਪੱਖ ਵਿੱਚ ਉਨ੍ਹਾਂ ਦਸਿਆ ਕਿ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਭਾਜਪਾ ਦਾ ਵਿਧਾਇਕ, ਜੂਨੀਅਰ ਮੀਤ ਪ੍ਰਧਾਨ ਪ੍ਰਦੇਸ਼ ਭਾਜਪਾ ਦਾ ਪਦਾਧਿਕਾਰੀ ਤੇ ਭਾਜਪਾ ਪਾਰਸ਼ਦ ਦਾ ਪਤੀ ਹੈ, ਜਨਰਲ ਸਕਤੱਰ ਭਾਜਪਾ ਦਾ ਸਾਬਕਾ ਵਿਧਾਇਕ ਤੇ ਪਾਰਸ਼ਦ ਦਾ ਪਤੀ ਹੈ। ਇਸਤੋਂ ਇਲਾਵਾ ਕਾਰਜ-ਕਾਰਿਣੀ ਵਿੱਚ ਵੀ ਭਾਜਪਾ ਪਾਰਸ਼ਦ ਤੇ ਭਾਜਪਾ ਨਾਲ ਨੇੜਤਾ ਰਖਣ ਵਾਲੇ ਮੈਂਬਰ ਹਨ, ਜਿਸ ਕਾਰਣ ਦੋ ਵਰ੍ਹੇ ਬਾਅਦ ਹੋਣ ਵਾਲੀਆਂ ਕਮੇਟੀ ਦੀਆਂ ਚੋਣਾ ਵਿੱਚ ਦਲ ਦੀ ਵਾਪਸੀ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਖੜੀਆਂ ਹੋ ਸਕਦੀਆਂ ਹਨ। ਇਸਦੇ ਵਿਰੁਧ ਮਨਜਿੰਦਰ ਸਿੰਘ ਸਿਰਸਾ ਅਤੇ ਉਨ੍ਹਾਂ ਦੀ ਟੀਮ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਉਹ ਆਪਣੇ ਸਿੱਖ ਪੰਥ ਪ੍ਰਤੀ ਸਮਰਪਿਤ ਕੰਮਾਂ ਸਦਕਾ ਆਉਣ ਵਾਲੇ ਦੋ ਵਰ੍ਹਿਆਂ ਵਿੱਚ ਆਮ ਸਿੱਖਾਂ ਦਾ ਦਲ ਪ੍ਰਤੀ ਭਰੋਸਾ ਜਿਤਣ ਵਿੱਚ ਸਫਲ ਹੋ ਜਾਣਗੇ।
ਪ੍ਰੰਤੂ ਅਜੇ ਸ਼ਾਇਦ ਇੱਕ ਮਹੀਨਾ ਹੀ ਬੀਤਿਆ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਗੁਜਰਾਤ ਜਾ ਲੋਕਸਭਾ ਲਈ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਸਹਿਤ ਗੁਜਰਾਤ ਵਿਚਲੇ ਭਾਜਪਾ ਦੇ ਹੋਰ ਉਮੀਦਵਾਰਾਂ ਦੇ ਹਕ ਵਿੱਚ ਚੋਣ ਪ੍ਰਚਾਰ ਕਰ ਅਤੇ ਗੁਜਰਾਤ ਵਿੱਚ ਵਸਦੇ ਪੰਜਾਬੀਆਂ ਨੂੰ ਉਨ੍ਹਾਂ ਦੇ ਹਕ ਵਿੱਚ ਭੁਗਤਣ ਦੀ ਪ੍ਰੇਰਨਾ ਕਰ, ਸਾਬਤ ਕਰ ਦਿੱਤਾ ਕਿ ਉਨ੍ਹਾਂ ਲਈ ਸਿੱਖਾਂ ਦੇ ਹਿਤਾਂ ਅਧਿਕਾਰਾਂ ਦੀ ਰਖਿਆ ਪ੍ਰਤੀ ਸਮਰਪਿਤ ਬਣੇ ਰਹਿਣ ਨਾਲੋਂ ਭਾਜਪਾ ਦੇ ਹਿਤਾਂ ਪ੍ਰਤੀ ਸਮਰਪਿਤ ਹੋਣਾ ਜ਼ਿਆਦਾ ਜ਼ਰੂਰੀ ਹੈ। ਇਸ ਗਲ ਦਾ ਸੰਕੇਤ ਇਸ ਗਲ ਤੋਂ ਵੀ ਮਿਲਿਆ, ਜਦੋਂ ਉਹ (ਸ. ਸਿਰਸਾ) ਭਾਜਪਾ ਦੇ ਹਕ ਵਿੱਚ ਚੋਣ ਪ੍ਰਚਾਰ ਕਰਨ ਅਹਿਮਦਾਬਾਦ ਗਏ ਤਾਂ ਉਨ੍ਹਾਂ ਨੇ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਵਾਂਗ ਹੀ ਗੁਜਰਾਤ ਦੇ ਉਨ੍ਹਾਂ ਪੰਜਾਬੀ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਹੈ, ਨੂੰ ਮਿਲ ਉਨ੍ਹਾਂ ਦਾ ਦੁਖ-ਦਰਦ ਜਾਣਨ ਤੇ ਸਮਝਣ ਦੀ ਲੋੜ ਨਹੀ ਸਮਝੀ, ਜਿਨ੍ਹਾਂ ਦੇ ਸਿਰ ਤੇ ਗੁਜਰਾਤ ਦੀ ਭਾਜਪਾ ਸਰਕਾਰ ਵਲੋਂ ਉਜਾੜੇ ਦੀ ਤਲਵਾਰ ਲਟਕਾਈ ਗਈ ਹੋਈ ਹੈ। ਇਸਤਰ੍ਹਾਂ ਉਨ੍ਹਾਂ ਸੰਕੇਤ ਦੇ ਦਿੱਤਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨੀਤੀ ਸਪਸ਼ਟ ਹੈ ਕਿ ਪੰਜਾਬ ਤੋਂ ਬਾਹਰ ਵਸਦੇ ਸਿੱਖ ਅਤੇ ਹੋਰ ਪੰਜਾਬੀ ਉਨ੍ਹਾਂ ਤੋਂ ਕਦੀ ਇਹ ਆਸ ਨਾ ਰਖਣ ਕਿ ਉਹ, ਉਨ੍ਹਾਂ ਨਾਲ ਹੋਣ ਵਾਲੇ ਅਨਿਆਇ ਦੇ ਵਿਰੁਧ ਆਵਾਜ਼ ਉਠਾ, ਇਨਸਾਫ ਦੁਆਉਣ ਵਿੱਚ ਉਨ੍ਹਾਂ ਦੀ ਕੋਈ ਮਦਦ ਕਰਨਗੇ। ਉਨ੍ਹਾਂ ਨੇ ਕੇਵਲ ਆਪਣੇ ਹੀ ਹਿਤ ਸਾਧਣੇ ਹਨ ਤੇ ਉਹ ਵੀ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਕੀਮਤ ਤੇ।

     
ਜੀਕੇ ਬ੍ਰਤਾਨੀਆ ਦੇ ਹਾਊਸ ਆਫ ਲਾਰਡਜ਼ ਵਿੱਚ : ਸ਼ਾਇਦ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਕੌਮੀ ਲੀਡਰਸ਼ਿਪ ਨੇ ਇਸ ਗਲ ਦੀ ਕਦੀ ਕਲਪਨਾ ਵੀ ਨਹੀਂ ਸੀ ਕੀਤੀ ਕਿ ਜਿਸ ਮਨਜੀਤ ਸਿੰਘ ਜੀਕੇ ਨੂੰ ਉਹ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਤ ਅਕਾਲੀ ਰਾਜਨੀਤੀ ਵਿੱਚ ਹਾਸ਼ੀਏ ਪੁਰ ਧਕ ਰਹੇ ਹਨ ਅਤੇ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਪਦ ਪੁਰ ਉਨ੍ਹਾਂ ਦੇ ਦਾਅਵੇ ਤੋਂ ਵੰਚਤ ਕਰ ਰਹੇ ਹਨ, ਉਹ ਮਨਜੀਤ ਸਿੰਘ ਜੀਕੇ, ਨੇੜ ਭਵਿੱਖ ਵਿੱਚ ਹੀ ਅੰਤਰ-ਰਾਸ਼ਟਰੀ ਪਧਰ 'ਤੇ ਭਾਰਤ ਦੀ ਪ੍ਰਤੀਨਿਧਤਾ ਕਰਦਿਆਂ ਬ੍ਰਤਾਨੀਆ ਦੇ ਉੱਚ ਸਦਨ, ਹਾਊਸ ਆਫ ਲਾਰਡਜ਼ ਵਿੱਚ ਸਮੁਚੇ ਰੂਪ ਵਿੱਚ ਭਾਰਤੀਆਂ ਦੀ ਅਵਾਜ਼ ਬੁਲੰਦ ਕਰਨ ਦਾ ਸਨਮਾਨ ਪ੍ਰਾਪਤ ਕਰਨ ਵਿੱਚ ਸਫਲ ਹੋ ਜਾਣਗੇ। ਦਸਿਆ ਗਿਆ ਹੈ ਕਿ ਬੀਤੇ ਦਿਨੀਂ ਬ੍ਰਤਾਨੀਆ ਦੇ ਹਾਊਸ ਆਫ ਲਾਰਡਜ਼ ਵਿੱਚ, ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਦੇ ਮੌਕੇ 'ਤੇ ਜਲਿਆਂਵਾਲੇ ਬਾਗ ਵਿੱਚ ਹੋਏ ਸ਼ਹੀਦਾਂ ਦੀ ਯਾਦ ਵਿੱਚ ਇੱਕ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਦੇਸ਼ਵਾਸੀਆਂ ਦੀ ਪ੍ਰਤੀਨਿਧਤਾ ਕਰਦਿਆਂ, ਉਨ੍ਹਾਂ ਦੀ ਅਵਾਜ਼ ਬੁਲੰਦ ਕੀਤੀ। ਸ਼ਹੀਦਾਂ ਪ੍ਰਤੀ ਆਪਣੀ ਸ਼ਰਧਾਂਜਲੀ ਪੇਸ਼ ਕਰਦਿਆਂ ਉਨ੍ਹਾਂ ਕਿਹਾ ਕਿ ਜਲਿਆਂਵਾਲਾ ਬਾਗ ਦੇ ਕਤਲੇਆਮ ਦਾ ਉਦੇਸ਼ ਨਾ ਕੇਵਲ ਭਾਰਤੀਆਂ ਦੀ ਅਜ਼ਾਦੀ ਦੀ ਪ੍ਰਾਪਤੀ ਲਈ ਉਠ ਰਹੀ ਅਵਾਜ਼ ਦੀ ਨੂੰ ਕਤਲ ਕਰਨਾ ਸੀ, ਸਗੋਂ ਸਮੁਚੀ ਮਨੁਖਤਾ ਦੀ ਉਸ ਆਵਾਜ਼ ਨੂੰ ਵੀ ਹਮੇਸ਼ਾਂ ਲਈ ਕੁਚਲ ਦੇਣਾ ਸੀ, ਜੋ ਅਜ਼ਾਦ ਜੀਵਨ ਜੀ, ਆਪਣੇ ਭਵਿੱਖ ਦੀ ਸਿਰਜਨਾ ਆਪ ਕਰਨਾ ਚਾਹੁੰਦੀ ਸੀ। ਇਸਲਈ ਬ੍ਰਤਾਨੀਆ ਸਰਕਾਰ ਨੂੰ ਜਲਿਆਂਵਾਲਾ ਬਾਗ ਕਤਲੇਆਮ ਲਈ ਕੇਵਲ 'ਅਫਸੋਸ'ਪ੍ਰਗਟ ਕਰ ਆਪਣੇ-ਆਪਨੂੰ ਆਪਣੀ ਜ਼ਿਮੇਂਦਾਰੀ ਤੋਂ ਮੁਕਤ ਕਰ ਲੈਣ ਦੀ ਕੌਸ਼ਿਸ਼ ਨਹੀਂ ਕਰਨੀ ਚਾਹੀਦੀ, ਸਗੋਂ ਇਸਦੇ ਲਈ ਖੁਲ੍ਹੇ ਦਿਲ ਨਾਲ ਮਾਫੀ ਮੰਗ ਸਮੁਚੀ ਮਨੁਖਤਾ ਨੂੰ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕਿ ਉਹ ਮਨੁਖਤਾ ਦੀਆਂ ਭਾਵਨਾਵਾਂ ਦਾ ਸਨਮਾਨ ਕਰਨ ਦੇ ਪ੍ਰਤੀ ਦ੍ਰਿੜ੍ਹਤਾ ਨਾਲ ਸਮਰਪਿਤ ਹੈ। ਉਨ੍ਹਾਂ ਨੇ ਇਸ ਮੌਕੇ ਕਨਾਡਾ ਸਰਕਾਰ ਵਲੋਂ ਕਾਮਾਘਾਟਾ ਮਾਰੂ ਕਾਂਡ ਦੀ ਸ਼ਤਾਬਦੀ ਦੇ ਮੌਕੇ 'ਤੇ ਆਪਣੇ ਬਜ਼ੁਰਗਾਂ ਵਲੋਂ ਕੀਤੀ ਗਈ ਗਲਤੀ ਨੂੰ ਖੁਲ੍ਹੇ ਦਿਲ ਨਾਲ ਸਵੀਕਾਰ ਕਰ, ਮਾਫੀ ਮੰਗ ਲਏ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹਾ ਕਰਨ ਨਾਲ ਕਨਾਡਾ ਸਰਕਾਰ ਦਾ ਕੱਦ ਛੋਟਾ ਨਹੀਂ ਹੋਇਆ, ਸਗੋਂ ਇਸ ਨਾਲ ਉਸਦਾ ਕੱਦ ਵਧਿਆ ਹੀ ਹੈ। ਇਸਲਈ ਬ੍ਰਤਾਨੀਆ ਸਰਕਾਰ ਨੂੰ ਵੀ ਉਸ ਪਾਸੋਂ ਮਾਰਗ-ਦਰਸ਼ਨ ਲੈਂਦਿਆਂ ਹੋਇਆਂ ਜਲਿਆਂਵਾਲਾ ਬਾਗ ਕਤਲੇਆਮ ਦੇ ਲਈ ਮਾਫੀ ਮੰਗਣ ਵਿੱਚ ਕਿਸੇ ਤਰ੍ਹਾਂ ਦੀ ਹਿਚਕਿਚਾਹਟ ਨਹੀਂ ਵਿਖਾਣੀ ਚਾਹੀਦੀ।  


...ਅਤੇ ਅੰਤ ਵਿੱਚ : ਖਬਰਾਂ ਅਨੁਸਾਰ ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰੂ ਹਰਿਕ੍ਰਿਸ਼ਨ  ਮੈਡੀਕਲ ਫੋਰਮ, ਜਿਸਦੇ ਸੰਬੰਧ ਵਿੱਚ ਚਰਚਾ (ਸੱਚ ਜਾਂ ਝੂਠ) ਹੈ ਕਿ ਇਸ ਫੋਰਮ ਨੂੰ ਬਾਦਲ ਪਰਿਵਾਰ ਦੀ ਸਰਪ੍ਰਸਤੀ ਪ੍ਰਾਪਤ ਹੈ, ਦੇ ਸਹਿਯੋਗ ਨਾਲ ਸਿੱਖ ਮੈਡੀਕਲ ਪ੍ਰੋਫੈਸ਼ਨਲ ਸੰਮੇਲਨ ਦਾ ਆਯੋਜਨ ਕੀਤਾ ਗਿਆ। ਸੰਮੇਲਨ ਦੀ ਕਾਰਵਾਈ ਨੂੰ ਅਰੰਭ ਕਰਦਿਆਂ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਜਨਰਲ ਸਕਤੱਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਗੁਰਦੁਆਰਾ ਕਮੇਟੀ ਬਾਲਾ ਸਾਹਿਬ ਹਸਪਤਾਲ ਨੂੰ ਸਾਰੀਆਂ ਅਧੁਨਿਕ ਸਹੂਲਤਾਂ ਨਾਲ ਲੈਸ ਕਰ, ਚਲਾਣਾ ਚਾਹੁੰਦੀ ਹੈ, ਜਿਸ ਨਾਲ ਇਸ ਹਸਪਤਾਲ ਵਿੱਚ ਉਹ ਸਾਰੀਆਂ ਸਹੂਲਤਾਂ ਉਪਲਬੱਧ ਹੋ ਸਕਣ ਜੋ ਇੱਕ ਮਰੀਜ਼ ਲਈ ਲੋੜੀਂਦੀਆਂ ਹਨ।ਇਸਦੇ ਲਈ ਉਹ ਮੈਡੀਕਲ ਪ੍ਰੋਫੈਸ਼ਨ ਨਾਲ ਸੰਬੰਧਤ ਮਾਹਿਰਾਂ ਵਲੋਂ ਦਿੱਤੇ ਗਏ ਸੁਝਾਵਾਂ ਪੁਰ ਗੰਭੀਰਤਾ ਨਾਲ ਵਿਚਾਰ ਕਰਨ ਪ੍ਰਤੀ ਵਚਨਬੱਧ ਹੋਣਗੇ। ਮੰਨਿਆ ਜਾਂਦਾ ਹੈ ਕਿ ਇਸ ਸੰਮੇਲਨ ਵਿੱਚ ਇਹ ਸੁਝਾਉ ਵੀ ਦਿੱਤਾ ਗਿਆ ਕਿ ਰਾਜਧਾਨੀ ਦਿੱਲੀ ਵਿੱਚ ਪ੍ਰੈਕਟਿਸ ਕਰ ਰਹੇ ਸਾਰੇ ਸਿੱਖ ਡਾਕਟਰਾਂ ਨੂੰ ਅਪੀਲ ਕੀਤੀ ਜਾਏ ਕਿ ਉਹ ਗੁਰੂ ਹਰਿਕ੍ਰਿਸ਼ਨ ਮੈਡੀਕਲ ਫੋਰਮ ਦੇ ਬੈਨਰ ਹੇਠ ਇੱਕ ਜੁਟ ਹੋ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਨੂੰ ਜਨ ਸੇਵਾ ਵਿੱਚ ਸਮਰਪਿਤ ਕਰਨ ਵਿੱਚ ਸਹਿਯੋਗ ਕਰਨ ਤਾਂ ਜੋ ਇਹ ਹਸਪਤਾਲ ਗੁਰੂ ਸਾਹਿਬ ਦੀ ਸੋਚ ਦੇ ਅਧਾਰ 'ਤੇ ਜਨ ਸੇਵਾ ਵਿੱਚ ਸਮਰਪਿਤ ਹੋ ਸਕੇ। ਹਾਲਾਂਕਿ ਮੰਨਿਆ ਜਾਂਦਾ ਹੈ ਕਿ ਦਿੱਲੀ ਗੁਰਦੁਆਰਾ ਕਮੇਟੀ ਸਿੱਖ ਡਾਕਟਰਾਂ ਦੇ ਸਹਿਯੋਗ ਨਾਲ ਹੀ ਇਸ ਹਸਪਤਾਲ ਨੂੰ ਚਲਾਣਾ ਚਾਹੁੰਦੀ ਹੈ। ਸ. ਸਿਰਸਾ ਅਨੁਸਾਰ ਗੁਰਦੁਆਰਾ ਕਮੇਟੀ ਕਿਸੇ ਵੀ ਨਿਜੀ ਹਸਪਤਾਲ ਨੂੰ ਇਸ ਵਿੱਚ ਹਿਸੇਦਾਰ ਦੇ ਰੂਪ ਵਿੱਚ ਸ਼ਾਮਲ ਕਰਨ ਦੇ ਪੱਖ ਵਿੱਚ ਨਹੀਂ ਹੈ। ਪ੍ਰੰਤੂ ਸੁਆਲ ਉਠਦਾ ਹੈ ਕਿ ਜਿਸ ਸੰਕਲਪ ਨੂੰ ਅਧਾਰ ਬਣਾ ਇਸ ਹਸਪਤਾਲ ਦੀ ਸਥਾਪਨਾ ਦਾ ਉਦੇਸ਼ ਸਾਹਮਣੇ ਰਖਿਆ ਗਿਆ, ਕੀ ਉਹ ਉਦੇਸ਼ ਬਿਨਾ ਕਿਸੇ ਪ੍ਰੋਫੈਸ਼ਨਲ ਮੈਡੀਕਲ ਸੰਸਥਾ ਦੇ ਸਹਿਯੋਗ ਨਾਲ ਪੂਰਿਆਂ ਕੀਤਾ ਜਾ ਸਕੇਗਾ?

Mobile : +91 95 82 71 98 90
E-Mail : jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

ਸੰਤ ਸਿਪਾਹੀ ਦੀ ਸਿਰਜਨਾ : ਇੱਕ ਅਨੌਖਾ ਕੌਤਕ  - ਜਸਵੰਤ ਸਿੰਘ 'ਅਜੀਤ'


ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਰੂਪੀ ਸੰਤ ਸਿਪਾਹੀ ਦੀ ਸਿਰਜਨਾ ਨੂੰ ਸੰਪੂਰਨ ਕਰਦਿਆਂ 'ਸੀਸ ਭੇਟ' ਕਰਨ ਦੀ ਮੰਗ ਕਰਦਿਆਂ ਜੋ ਕੌਤਕ ਰਚਾਇਆ, ਉਸਨੂੰ ਵੇਖ-ਸੁਣ ਪੰਡਾਲ ਵਿੱਚ ਸਜੀ ਸੰਗਤ ਵਿੱਚ ਬੈਠੇ ਹਰ ਕਿਸੇ ਦੀਆਂ ਅੱਖਾਂ ਵਿਚ ਇਹੀ ਇਕੋ-ਇੱਕ ਸੁਆਲ ਸੀ, ਕਿ ਗੁਰੂ ਸਾਹਿਬ ਨੇ ਇਹ ਕੀ, ਕਿਵੇਂ ਅਤੇ ਕਿਉਂ ਕੌਤਕ ਵਰਤਾਇਆ ਹੈ? ਪਰ ਕਿਸੇ ਕੋਲ ਵੀ ਇਸ ਸੁਆਲ ਦਾ ਜਵਾਬ ਨਹੀਂ ਸੀ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਸ ਸੁਆਲ ਦਾ ਜੁਆਬ ਉਸ ਸਮੇਂ ਕਿਸੇ ਵਲੋਂ ਵੀ ਨਹੀਂ ਸੀ ਦਿੱਤਾ ਜਾ ਸਕਿਆ, ਉਸੇ ਸੁਆਲ ਦਾ ਜੁਆਬ ਅੱਜ ਦੇ ਵਿਦਵਾਨ ਆਪੋ-ਆਪਣੀ ਕਲਪਨਾ ਦੇ ਸਹਾਰੇ ਦੇ ਰਹੇ ਹਨ। ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ 'ਸਿੱਖ ਇਤਿਹਾਸ' ਵਿਚ ਲਿਖਦੇ ਹਨ : 'ਤੀਜੀ ਵਾਰ ਦੀ ਆਵਾਜ਼ ਤੇ ਲਾਹੌਰ ਦਾ ਇਕ ਖੱਤਰੀ ਦਯਾ ਰਾਮ ਆਪਣੀ ਥਾਂ ਤੋਂ ਉੱਠਿਆ ਅਤੇ ਆਪਣੇ ਆਪਨੂੰ ਕੁਰਬਾਨੀ ਲਈ ਪੇਸ਼ ਕੀਤਾ। ਗੁਰੂ ਜੀ ਉਸਨੂੰ ਨਾਲ ਲੱਗਦੇ ਇਕ ਅਹਾਤੇ ਵਿਚ ਲੈ ਗਏ, ਜਿੱਥੇ ਕੁਝ ਬੱਕਰੇ ਬੰਨ੍ਹੇ ਹੋਏ ਸਨ। ਉਸ ਸਿੱਖ ਨੂੰ ਉੱਥੇ ਬਿਠਾ ਕੇ ਇਕ ਬੱਕਰਾ ਝਟਕਾ ਦਿੱਤਾ ਗਿਆ૴''
ਇਹ 'ਖੋਜ' ਪੂਰਣ ਜਾਣਕਾਰੀ ਪੰਥ ਦੇ ਪ੍ਰਸਿੱਧ ਵਿਦਵਾਨਾਂ ਪ੍ਰਿੰਸੀਪਲ ਤੇਜਾ ਸਿੰਘ ਅਤੇ ਡਾ. ਗੰਡਾ ਸਿੰਘ ਨੇ ਹੀ ਨਹੀਂ, ਸਗੋਂ ਹੋਰ ਵੀ ਬਹੁਤ ਸਾਰੇ ਵਿਦਵਾਨਾਂ ਨੇ ਵੀ ਆਪਣੀਆਂ ''ਖੋਜ ਪੂਰਨ'' ਪੁਸਤਕਾਂ ਵਿਚ ਬਿਆਨ ਕੀਤੀ ਹੈ। ਪਰ ਇਸ ਗੱਲ ਨੂੰ ਕਿਸੇ ਨੇ ਸਪੱਸ਼ਟ ਨਹੀਂ ਕੀਤਾ ਕਿ ਇਹ 'ਬੱਕਰੇ' ਗੁਰੂ ਸਾਹਿਬ ਨੇ ਕਿਸ ਰਾਹੀਂ ਮੰਗਵਾ ਕੇ ਬੰਨ੍ਹੇ ਸਨ, ਜਾਂ ਫਿਰ ਗੁਰੂ ਸਾਹਿਬ ਆਪ ਹੀ ਇਨ੍ਹਾ ਨੂੰ ਕਿਧਰੋਂ ਲਿਆਏ ਸਨ? ਇਥੇ ਇਹ ਸੁਆਲ ਵੀ ਉੱਠਦਾ ਕਿ ਜੇ ਸੱਚਮੁੱਚ ਹੀ ਗੁਰੂ ਸਾਹਿਬ ਨੇ ਸਿੰਘਾਂ ਦੀ ਬਜਾਏ ਝਟਕਾਉਣ ਲਈ ਬੱਕਰੇ ਬੰਨ੍ਹੇ ਹੋਏ ਸਨ ਤਾਂ ਜਦੋਂ ਗੁਰੂ ਸਾਹਿਬ ਨੇ ਇਕ ਤੋਂ ਬਾਅਦ ਇਕ ਕਰਕੇ ਪੰਜ ਬੱਕਰੇ ਝਟਕਾਏ ਤਾਂ ਕੀ ਇਤਨੇ ਲੰਮੇ ਸਮੇਂ ਵਿਚ ਇਨ੍ਹਾਂ ਬੱਕਰਿਆਂ ਵਿਚੋਂ ਕਿਸੇ ਇਕ ਨੇ ਵੀ ਆਵਾਜ਼ ਨਹੀਂ ਸੀ ਕੱਢੀ? ਜਦਕਿ ਦੁਨੀਆਂ ਜਾਣਦੀ ਹੈ ਕਿ ਜੇ ਕਿਧਰੇ ਇਕ ਬੱਕਰਾ ਵੀ ਬੰਨ੍ਹਿਆ ਜਾਂ ਰੱਖਿਆ ਗਿਆ ਹੋਵੇ, ਉਹ ਚੁੱਪ ਕਰਕੇ ਨਹੀਂ ਖਲੋ ਸਕਦਾ, ਫਿਰ ਇਥੇ ਤਾਂ ਘੱਟੋ-ਘੱਟ ਪੰਜ ਬੱਕਰੇ ਬੰਨ੍ਹੇ ਗਏ ਹੋਣਗੇ? ਜੇ ਇਹ ਬੱਕਰੇ ਆਪਣੀ ਆਵਾਜ਼ ਕੱਢਦੇ ਰਹੇ ਤਾਂ ਕੀ ਦੀਵਾਨ ਵਿਚ ਬੈਠੀਆਂ ਸੰਗਤਾਂ ਨੂੰ ਉਨ੍ਹਾਂ ਦੀ ਆਵਾਜ਼ ਸੁਣਾਈ ਨਹੀਂ ਸੀ ਦਿੰਦੀ ਰਹੀ?
ਜੇ ਬੱਕਰਿਆਂ ਦੀ ਅਵਾਜ਼ ਦੀਵਾਨ ਵਿਚ ਜੁੜੀਆਂ ਸੰਗਤਾਂ ਤੱਕ ਪੁੱਜਦੀ ਰਹੀ ਸੀ ਤਾਂ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਡਰ ਕੇ ਦੀਵਾਨ ਵਿਚੋਂ ਉੱਠ ਜਾਣ ਦੀ ਕੀ ਲੋੜ ਸੀ? ਕੀ ਬੱਕਰਿਆਂ ਦੀ ਆਵਾਜ਼ ਸੁਣ, ਗੁਰੂ ਸਾਹਿਬ ਦੀ ਲਲਕਾਰ ਤੇ ਸਾਰੀ ਸੰਗਤ ਹੀ ਸਿਰ ਭੇਂਟ ਕਰਨ ਲਈ ਨਹੀਂ ਸੀ ਉੱਠ ਖੜੀ ਹੋ ਸਕਦੀ?
ਫਿਰ ਜੇ ਗੁਰੂ ਸਾਹਿਬ ਨੇ ਕਿਸੇ ਪਾਸੋਂ ਮੰਗਵਾ ਕੇ ਬੱਕਰੇ ਬੰਨ੍ਹਵਾਏ ਸਨ ਤਾਂ ਭਾਈ ਦਯਾ ਰਾਮ ਜਾਂ ਉਨ੍ਹਾਂ ਤੋਂ ਪਿਛੋਂ ਦੂਜੇ ਅਤੇ ਤੀਜੇ ਸਿੱਖ ਦੇ ਅੰਦਰ ਜਾਣ ਤੋਂ ਬਾਅਦ ਅਤੇ ਗੁਰੂ ਸਾਹਿਬ ਦੀ ਵਾਪਸੀ ਤੇ, ਬੱਕਰੇ ਲਿਆਉਣ ਵਾਲੇ ਨੂੰ ਤਾਂ ਇਹ ਸ਼ੰਕਾ ਜ਼ਰੂਰ ਹੋ ਸਕਦੀ ਸੀ ਕਿ ਗੁਰੂ ਜੀ ਸਿੱਖਾਂ ਨੂੰ ਨਹੀਂ, ਸਗੋਂ ਬੱਕਰਿਆਂ ਨੂੰ ਝਟਕਾ ਰਹੇ ਹਨ। ਤਾਂ ਕੀ ਇਹ ਸ਼ੰਕਾ ਹੋਣ ਤੇ ਉਹ ਵਿਅਕਤੀ ਆਪ ਆਪਣਾ ਸੀਸ ਭੇਂਟ ਕਰਨ ਲਈ ਅੱਗੇ ਨਹੀਂ ਸੀ ਆ ਸਕਦਾ? ਜੇ ਅਜਿਹਾ ਵਿਅਕਤੀ ਅੱਗੇ ਆ ਜਾਂਦਾ ਤਾਂ ਫਿਰ ਗੁਰੂ ਸਾਹਿਬ ਵਲੋਂ ਲਈ ਜਾ ਰਹੀ ਪ੍ਰੀਖਿਆ ਦੀ ਕੀ ਸਾਰਥਕਤਾ ਰਹਿ ਜਾਣੀ ਸੀ?
ਸਿੱਧੀ ਤੇ ਸਪੱਸ਼ਟ ਗੱਲ ਇਹ ਹੈ ਕਿ ਬੱਕਰੇ ਬੰਨ੍ਹੇ ਹੋਣ ਜਾਂ ਝਟਕਾਉਣ ਦੀ ਗੱਲ ਵਿਦਵਾਨ ਵੀਰਾਂ ਦੀ ਕੋਰੀ ਕਲਪਨਾ ਅਤੇ ਉੱਚੀ ਕਲਪਤ ਉਡਾਣ ਦਾ ਸਿੱਟਾ ਹੈ। ਗੁਰੂ ਸਾਹਿਬ ਵਾਰੋ-ਵਾਰੀ ਪੰਜ ਸਿੰਘਾਂ ਨੂੰ ਤੰਬੂ ਅੰਦਰ ਲੈ ਕੇ ਗਏ ਅਤੇ ਹਰ ਵਾਰ ਖੜਾਕ ਦੀ ਅਵਾਜ਼ ਤੋਂ ਬਾਅਦ 'ਲਹੂ-ਲਿਬੜੀ' ਤਲਵਾਰ ਲੈ, ਬਾਹਰ ਆਏ। ਅੰਦਰ ਕੀ ਕੌਤਕ ਵਰਤਿਆ? ਇਸ ਬਾਰੇ ਕੇਵਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਉਹ ਪੰਜ ਸਿੰਘ ਹੀ ਜਾਣਦੇ ਸਨ, ਜੋ ਗੁਰੂ ਸਾਹਿਬ ਦੀ ਮੰਗ ਤੇ ਵਾਰੋ-ਵਾਰ ਆਪਣਾ ਸੀਸ ਭੇਂਟ ਕਰਨ ਲਈ ਉੱਠ, ਅੱਗੇ ਆਏ ਸਨ। ਇਤਿਹਾਸ ਵਿਚ ਕਿਧਰੇ ਵੀ ਜ਼ਿਕਰ ਨਹੀਂ ਆਉਂਦਾ ਕਿ ਇਨ੍ਹਾਂ ਵਿਚੋਂ ਕਿਸੇ ਇਕ ਨੇ ਵੀ ਕਦੇ ਕੁਝ ਦੱਸਿਆ ਹੋਵੇ ਕਿ ਤੰਬੂ ਅੰਦਰ ਕੀ ਕੌਤਕ ਵਾਪਰਿਆ ਸੀ?
ਪ੍ਰਿੰਸੀਪਲ ਸਤਿਬੀਰ ਸਿੰਘ ਨੇ ਵੀ ਲਿਖਿਆ ਹੈ ਕਿ 'ਅੰਦਰ ਤੰਬੂ ਵਿੱਚ ਉਨ੍ਹਾਂ 'ਪੰਜਾਂ' ਨਾਲ ਕੀ ਬੀਤੀ, ਇਸ ਬਾਰੇ ਕੁਝ ਵੀ ਕਹਿਣਾ ਅਸੰਭਵ ਹੈ। ਸਿਰਫ ਇਤਨਾ ਹੀ ਕਹਿਣਾ ਫਬਦਾ ਹੈ ਕਿ ਉਹ ਪ੍ਰੀਖਿਆ ਵਾਲਾ ਦਿਨ ਸੀ ਤੇ ਕੋਈ ਵੀ ਪ੍ਰੀਖਿਆਕਾਰ ਆਪਣਾ ਪਰਚਾ ਨਹੀਂ ਦਸਦਾ। ਜੇ ਪਰਚਾ ਦੱਸ ਦਿੱਤਾ ਗਿਆ ਹੁੰਦਾ ਤਾਂ ਪ੍ਰੀਖਿਆ ਕਾਹਦੀ ਹੋਈ'?
ਇਸਲਈ ਕਲਪਤ ਉਡਾਣਾਂ ਰਾਹੀਂ ਕੋਈ ਕਹਾਣੀ ਘੜ, ਆਪਣੀ ਵਿਦਵਤਾ ਦਾ ਸਿੱਕਾ ਬਿਠਾਣ ਦੀ ਬਜਾਏ ਚੰਗਾ ਇਹੀ ਹੈ ਕਿ ਤੰਬੂ ਅੰਦਰ ਕੀ ਵਾਪਰਿਆ? ਇਸ ਬਾਰੇ ਆਪਣੀ ਅਨਜਾਣਤਾ ਨੂੰ ਸਵੀਕਾਰ ਕਰ ਲਿਆ ਜਾਏ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਗੁਜਰਾਤ ਦੇ ਪੰਜਾਬੀਆਂ ਦਾ ਦਰਦ : ਕੀ ਕੋਈ ਸਾਰ ਲਵੇਗਾ?  - ਜਸਵੰਤ ਸਿੰਘ 'ਅਜੀਤ'

ਦੋ ਦਹਾਕਿਆਂ ਤੋਂ ਵੀ ਕਿਤੇ ਵੱਧ ਸਮੇਂ ਸਿਰ 'ਤੇ ਲਟਕ ਰਹੀ ਉਜਾੜੇ ਦੀ ਤਲਵਾਰ ਤੋਂ ਸਹਿਮੇ ਚਲੇ ਆ ਰਹੇ, ਗੁਜਰਾਤ ਵਿੱਚ ਵਸਦੇ ਪੰਜਾਬੀ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਹੈ, ਦਾ ਦਰਦ ਉਸ ਸਮੇਂ ਫੁਟ ਬਾਹਰ ਆ ਗਿਆ, ਜਦੋਂ ਉਨ੍ਹਾਂ ਵੇਖਿਆ ਕਿ ਸੰਸਾਰ ਭਰ ਵਿੱਚ ਵਸਦੇ ਸਿੱਖਾਂ ਸਹਿਤ ਸਮੁਚੇ ਪੰਜਾਬੀਆਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਦੇ ਦਾਅਵੇਦਾਰ ਚਲੇ ਆ ਰਹੇ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਗੁਜਰਾਤ ਦੌਰੇ ਦੌਰਾਨ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਜਿੱਤ ਦਾ ਅਸ਼ੀਰਵਾਦ ਦੇ, ਰਾਜ ਵਿੱਚ ਵਸਦੇ ਪੰਜਾਬੀਆਂ ਦਾ ਦੁਖ-ਦਰਦ ਵੇਖੇ-ਸੁਣੇ ਬਿਨਾ ਹੀ ਵਾਪਸ ਮੁੜ ਗਏ। ਉਹ ਉਨ੍ਹਾਂ ਦੇ ਦੁਖ-ਦਰਦ ਨੂੰ ਸੁਣਨ ਤੇ ਸਮਝਣ ਲਈ ਪੰਜ-ਕੁ ਮਿੰਟਾਂ ਦਾ ਸਮਾਂ ਵੀ ਨਾ ਕਢ ਸਕੇ।


ਗਲ 1964-65 ਦੀ ਹੈ, ਜਦੋਂ ਗੁਜਰਾਤ ਸਹਿਤ, ਸਮੁਚੀਆਂ ਭਾਰਤੀ ਸੀਮਾਵਾਂ 'ਤੇ ਪਾਕਿਸਤਾਨੀ ਫੌਜ ਦੀਆਂ ਸਰਗਰਮੀਆਂ ਲਗਾਤਾਰ ਵੱਧਦੀਆਂ ਜਾਣ ਲਗ ਪਈਆਂ ਸਨ, ਤਾਂ ਅਜਿਹੇ ਸਮੇਂ 'ਤੇ ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤ੍ਰੀ ਲਾਲ ਬਹਾਦੁਰ ਸ਼ਾਸਤ੍ਰੀ ਨੇ ਗੁਜਾਰਤ ਦੀਆਂ ਸੀਮਾਵਾਂ ਦੀ ਸੁਰਖਿਆ ਨਿਸ਼ਚਿਤ ਕਰਨ ਅਤੇ ਉਸਦੇ 'ਕਛ' ਵਿਚਲੇ ਇਲਾਕੇ ਦੀਆਂ ਬੰਜਰ ਜ਼ਮੀਨਾਂ ਨੂੰ ਅਬਾਦ ਕਰ ਜ਼ਰਖੇਜ਼ ਬਣਾਉਣ ਦੇ ਉਦੇਸ਼ ਨਾਲ ਪੰਜਾਬ ਤੋਂ ਕਿਸਾਨਾਂ, ਜਿਨ੍ਹਾਂ ਵਿੱਚ ਬਹੁਤੀ ਗਿਣਤੀ ਸਿੱਖਾਂ ਦੀ ਸੀ, ਨੂੰ ਲਿਜਾ ਕੇ ਉਥੇ ਵਸਾ ਦਿੱਤਾ। ਜਿਨ੍ਹਾਂ ਨੇ ਦਿਨ-ਰਾਤ ਦੀ ਸਖਤ ਮਿਹਨਤ ਕਰ ਤੇ ਖੂਨ ਪਸੀਨਾ ਵਹਾ, ਨਾ ਕੇਵਲ ਗੁਜਰਾਤ ਦੀਆਂ ਸੀਮਾਵਾਂ ਨੂੰ ਹੀ ਸੁਰਖਿਅਤ ਕੀਤਾ ਸਗੋਂ 'ਕਛ' ਦੇ ਇਲਾਕੇ ਦੀਆਂ ਬੰਜਰ ਜ਼ਮੀਨਾਂ ਨੂੰ ਵੀ ਸੋਨਾ ਉਗਲਣ ਵਾਲੀਆਂ ਜ਼ਮੀਨਾਂ ਵਿਚ ਬਦਲ ਦਿੱਤਾ। ਦਸਿਆ ਜਾਂਦਾ ਹੈ ਕਿ 'ਕਛ' ਦੀਆਂ ਬੰਜਰ ਜ਼ਮੀਨਾਂ ਦੇ ਸੋਨਾ ਉਗਲਣ ਵਾਲੀਆਂ ਜ਼ਮੀਨਾਂ ਵਿੱਚ ਬਦਲ ਜਾਣ ਦੇ ਫਲਸਰੂਪ ਸਥਾਨਕ ਲੋਕਾਂ ਦੀਆਂ ਨਜ਼ਰਾਂ ਬਦਲ ਗਈਆਂ ਤੇ ਉਨ੍ਹਾਂ ਜ਼ਮੀਨਾਂ ਪੁਰ ਕਬਜ਼ਾ ਕਰਨ ਦੇ ਉਦੇਸ਼ ਨਾਲ ਉਨ੍ਹਾਂ ਕਈ ਤਰ੍ਹਾਂ ਦੇ ਹੱਥਕੰਡਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਪ੍ਰੰਤੂ ਰਾਜ ਸਰਕਾਰ ਦਾ ਸਹਿਯੋਗ ਨਾ ਮਿਲ ਪਾਣ ਦੇ ਕਾਰਣ ਉਨ੍ਹਾਂ ਨੂੰ ਆਪਣੇ ਉਦੇਸ਼ ਵਿੱਚ ਸਫਲਤਾ ਨਾ ਮਿਲ ਸਕੀ। ਸਮੇਂ ਦੇ ਨਾਲ ਰਾਜ ਸਰਕਾਰਾਂ ਬਦਲੀਆਂ ਅਤੇ ਉਨ੍ਹਾਂ ਪੁਰ 'ਕਛ' ਦੇ ਸਥਾਨਕ ਲੋਕਾਂ ਦਾ ਪ੍ਰਭਾਵ ਵੀ ਵੱਧਣ ਲਗ ਪਿਆ, ਇਸਦੇ ਨਾਲ ਹੀ ਪੰਜਾਬੀ ਕਿਸਾਨਾਂ ਲਈ ਮੁਸ਼ਕਲਾਂ ਵੀ ਖੜੀਆਂ ਹੋਣੀਆਂ ਸ਼ੁਰੂ ਹੋ ਗਈਆਂ। ਕਿਹਾ ਜਾਂਦਾ ਹੈ ਕਿ ਅਜਿਹੇ ਸਮੇਂ ਵਿੱਚ ਸਥਾਨਕ ਲੋਕਾਂ ਦੇ ਪ੍ਰਭਾਵ ਵਿੱਚ ਆ ਰਾਜ ਸਰਕਾਰ ਵਲੋਂ ਪੰਜਾਬੀ ਕਿਸਾਨਾਂ ਪੁਰ ਗੁਜਰਾਤ ਤੋਂ ਪਲਾਇਨ ਕਰ ਜਾਣ ਦਾ ਦਬਾਉ ਵਧਾਇਆ ਜਾਣ ਲਗ ਪਿਆ। ਕੁਝ ਪੰਜਾਬੀ ਕਿਸਾਨਾਂ ਨੂੰ ਉਨ੍ਹਾਂ ਦੀਆਂ ਖੂਨ ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਤੋਂ ਬੇ-ਦਖਲ ਵੀ ਕਰ ਦਿੱਤਾ ਗਿਆ। ਜਿਸਦੇ ਵਿਰੁਧ ਉਨ੍ਹਾਂ ਹਾਈਕੋਰਟ ਦੀ ਜਾ ਸ਼ਰਨ ਲਈ। ਜਿਥੇ ਲੰਮੀ ਲੜਾਈ ਲੜਨ ਤੋਂ ਬਾਅਦ ਉਨ੍ਹਾਂ ਨੂੰ ਰਾਹਤ ਮਿਲ ਸਕੀ। ਦਸਿਆ ਗਿਆ ਹੈ ਕਿ ਸਥਾਨਕ ਲੋਕਾਂ ਦੇ ਦਬਾਉ ਹੇਠ ਰਾਜ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪ੍ਰੀਮ ਕੋਰਟ ਜਾ ਵਿੱਚ ਚੁਨੌਤੀ ਦਿੱਤੀ। ਜਿਥੇ ਪਿਛਲੇ ਪੰਜ ਸਾਲਾ ਤੋਂ ਉਨ੍ਹਾਂ ਦੀ ਲੜਾਈ ਜਾਰੀ ਹੈ। ਇਉਂ ਜਾਪਦਾ ਹੈ ਕਿ ਜਿਵੇਂ ਰਾਜ ਸਰਕਾਰ ਪੰਜਾਬੀ ਕਿਸਾਨਾਂ ਨੂੰ ਉਥੋਂ ਉਜਾੜਨ ਲਈ ਲਕ ਬੰਨ੍ਹ ਕੇ ਜੁਟ ਗਈ ਹੋਈ ਹੈ।
ਆਪਣੇ ਇਸੇ ਉਦੇਸ਼ ਨੂੰ ਮੁੱਖ ਰਖਕੇ ਉਸਨੇ ਉਨ੍ਹਾਂ ਨੂੰ ਤੰਗ ਤੇ ਪ੍ਰੇਸ਼ਾਨ ਕਰ ਗੁਜਰਾਤ ਤੋਂ ਪਲਾਇਨ ਕਰਜਾਣ ਤੇ ਮਜਬੂਰ ਕਰਨ ਲਈ ਬੈਂਕਾਂ ਤੋਂ ਉਨ੍ਹਾਂ ਨੂੰ ਮਿਲਣ ਵਾਲੇ ਕਰਜ਼ਿਆਂ ਪੁਰ ਰੋਕ ਲਾ ਦਿੱਤੀ ਹੈ। ਇਤਨਾ ਹੀ ਨਹੀਂ ਆਪਣੀਆਂ ਜ਼ਮੀਨਾਂ ਨੂੰ ਵੇਚਣ ਤੇ ਉਨ੍ਹਾਂ ਦੇ ਕਿਸੇ ਹੋਰ ਨਾਂ 'ਤੇ ਬਦਲਣ ਦੇ ਰਸਤੇ ਵਿੱਚ ਵੀ ਰੁਕਾਵਟਾਂ ਖੜੀਆਂ ਕਰ ਦਿੱਤੀਆਂ ਗਈਆਂ ਹਨ। 


ਕਈ ਵਾਰ ਗੁਹਾਰ ਲਾਈ : ਇਹ ਵੀ ਦਸਿਆ ਗਿਆ ਕਿ ਗੁਜਰਾਤ ਦੇ ਪੰਜਾਬੀ ਕਿਸਾਨਾਂ ਦੇ ਪ੍ਰਤਿਨਿਧੀ ਬਾਰ-ਬਾਰ ਪੰਜਾਬ ਜਾ, ਅਕਾਲੀ ਆਗੂਆਂ ਦੇ ਦਰ ਤਕ ਪਹੁੰਚ, ਉਨ੍ਹਾਂ ਦੇ ਦਰਬਾਰ ਵਿੱਚ ਆਪਣਾ ਬਚਾਉ ਕਰਨ ਦੀ ਗੁਹਾਰ ਲਾਂਉਂਦੇ ਰਹੇ। ਉਨ੍ਹਾਂ ਨੇ ਉਨ੍ਹਾਂ ਪਾਸੋਂ ਇਥੋਂ ਤਕ ਮੰਗ ਕੀਤੀ ਕਿ ਉਹ ਆਪਣੀ ਭਾਈਵਾਲ ਪਾਰਟੀ ਪੁਰ ਦਬਾਉ ਬਣਾ, ਉਨ੍ਹਾਂ ਨੂੰ ਇਨਸਾਫ ਦੁਆਉਣ। ਪਰ ਉਨ੍ਹਾਂ ਦੇ ਕੰਨਾਂ ਪੁਰ ਜੂੰ ਤਕ ਨਹੀਂ ਰੈਂਗੀ। ਉਨ੍ਹਾਂ ਅਕਾਲੀ ਆਗੂਆਂ ਨੂੰ ਇਹ ਵੀ ਕਿਹਾ ਕਿ ਉਹ ਪ੍ਰਧਾਨ ਮੰਤ੍ਰੀ ਨੂੰ ਉਨ੍ਹਾਂ ਵਲੋਂ ਲੁਧਿਆਣਾ ਰੈਲੀ ਵਿੱਚ ਕੀਤੇ ਗਏ ਉਸ ਵਾਇਦੇ ਦੀ ਯਾਦ ਕਰਵਾ ਉਨ੍ਹਾਂ ਦੀ ਸੁਰਖਿਆ ਨਿਸਚਿਤ ਕਰਵਾਣ ਜਿਸ ਵਿੱਚ ਉਨ੍ਹਾਂ ਭਰੋਸਾ ਦੁਆਇਆ ਸੀ ਕਿ ਗੁਜਰਾਤ ਵਿਚੋਂ ਕਿਸੇ ਵੀ ਪੰਜਾਬੀ ਨੂੰ ਉਜਾੜਿਆ ਨਹੀਂ ਜਾਇਗਾ।


ਸਿੱਖ ਕਤਲੇਆਮ ਬਨਾਮ ਪੁਲਿਸ : ਨਵੰਬਰ-84 ਕਦ ਸਿੱਖ ਕਤਲੇਆਮ ਨਾਲੇ ਸੰਬੰਧਤ ਅਗਰਵਾਲ-ਜੈਨ ਅਤੇ ਕਪੂਰ-ਮਿੱਤਲ ਜਾਂਚ ਕਮੇਟੀਆਂ ਦੀਆਂ ਜਾਂਚ ਰਿਪੋਰਟਾਂ ਵਿੱਚ ਜਿਨ੍ਹਾਂ 72 ਪੁਲਿਸ ਕਰਮਚਾਰੀਆਂ, ਜਿਨ੍ਹਾਂ ਵਿੱਚ 6 ਆਈਪੀਐਸ ਅਧਿਕਾਰੀ ਵੀ ਸ਼ਾਮਲ ਹਨ, ਨੂੰ ਸਿੱਖ ਕਤਲੇਆਮ ਦੇ ਦੌਰਾਨ ਮੂਕ ਦਰਸ਼ਕ ਬਣੇ ਰਹਿਣ, ਕਾਤਲਾਂ ਅਤੇ ਲੁਟੇਰਿਆਂ ਦੀ ਸਹਾਇਤਾ ਕਰਨ ਕਦ ਦੋਸ਼ੀ ਕਰਾਰ ਦਿੱਤਾ ਗਿਆ ਹੈ, ਉਨ੍ਹਾਂ ਦੇ ਵਿਰੁਧ ਐਫਆੲÃੀਆਰ ਦਰਜ ਕਰ ਕਾਨੂੰਨੀ ਕਾਰਵਾਈ ਅਤੇ ਕਤਲੇਆਮ ਨਾਲ ਸੰਬੰਧਤ ਮਾਮਲਿਆਂ ਪੁਰ ਲਗਤਾਰ ਸੁਣਵਾਈ ਕਰ, ਉਨ੍ਹਾਂ ਦਾ ਜਲਦੀ ਨਿਪਟਾਰਾ ਕੀਤੇ ਜਾਣ ਦੀ ਮੰਗ ਨੂੰ ਲੈ ਕੇ, ਦਿੱਲੀ ਗੁਰਦੁਆਰਾ ਕਮੇਟੀ ਦੇ ਸਾਬਕਾ ਮੈਂਬਰ ਸ. ਗੁਰਲਾਡ ਸਿੰਘ ਕਾਹਲੋਂ ਵਲੋਂ ਸੁਪ੍ਰੀਮ ਕੋਰਟ ਵਿੱਚ ਇੱਕ ਲਜਨਹਿਤ ਯਾਚਕਾ (ਪੀਆਈਐਲ) ਦਾਖਲ ਕੀਤੀ ਗਈ। ਜਿਸਪੁਰ ਅਰੰਭਕ ਸੁਣਵਾਈ ਕਰਨ ਤੋਂ ਬਾਅਦ ਮਾਣਯੋਗ ਅਦਾਲਤ ਨੇ ਉਸਨੂੰ ਸੁਣਵਾਈ ਲਈ ਸਵੀਕਾਰ ਕਰ ਲਿਆ ਤੇ ਇਨ੍ਹਾਂ ਮਾਮਲਿਆਂ ਵਿੱਚ ਆਪਣਾ ਜਵਾਬ ਦਾਖਲ ਕਰਨ ਲਈ ਸਰਕਾਰ ਦੇ ਨਾਂ ਨੋਟਿਸ ਜਾਰੀ ਕਰ ਦਿੱਤਾ। ਇਹ ਜਾਣਕਾਰੀ ਦਿੰਦਿਆਂ ਸ. ਗੁਰਲਾਡ ਸਿੰਘ ਕਾਹਲੋਂ ਨੇ ਦਸਿਆ ਕਿ ਉਨ੍ਹਾਂ ਇਹ ਯਾਚਿਕਾ ਇਸੇ ਸਾਲ ਜਨਵਰੀ ਵਿੱਚ ਦਾਖਲ ਕੀਤੀ ਸੀ।
ਇਥੇ ਇਹ ਗਲ ਵਰਨਣਯੋਗ ਹੈ ਕਿ ਨਵੰਬਰ-84 ਦੇ ਸਿੱਖ ਕਤਲੇਆਮ ਤੋਂ ਬਾਅਦ ਇਸ ਕਾਂਡ ਨਾਲ ਸੰਬੰਧਤ ਸਾਰੇ ਹਾਲਾਤ ਦੀ ਜਾਂਚ ਕਰਨ ਲਈ ਸਰਕਾਰੀ ਅਤੇ ਗੈਰ-ਸਰਕਾਰੀ ਕਈ ਕਮਿਸ਼ਨਾਂ ਅਤੇ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਆਪਣੀਆਂ ਜਾਂਚ ਰਿਪੋਰਟਾਂ ਵਿੱਚ ਕਤਲੇਆਮ ਲਈ ਜ਼ਿਮੇਂਦਾਰ ਦੋਸ਼ੀਆਂ ਦੀ ਪਛਾਣ ਸਥਾਪਤ ਕਰਦਿਆਂ, ਉਨ੍ਹਾਂ ਵਿਰੁੱਧ ਕਾਰਵਾਈ ਕੀਤੇ ਜਾਣ ਦੀ ਸਿਫਾਰਿਸ਼ ਕੀਤੀ ਸੀ। ਇਸੇ ਉਦੇਸ਼ ਲਈ ਗਠਤ ਕਪੂਰ-ਮਿੱਤਲ ਤੇ ਅਗਰਵਾਲ-ਜੈਨ ਜਾਂਚ ਕਮੇਟੀਆਂ ਨੇ ਆਪਣੀਆਂ ਜਾਂਚ ਰਿਪੋਰਟਾਂ ਵਿੱਚ ਸਿੱਖ ਕਤਲੇਆਮ ਦੌਰਾਨ ਦਿੱਲੀ ਪੁਲਿਸ ਵਲੋਂ ਨਿਭਾਈ ਗਈ ਭੂਮਿਕਾ ਦੀ ਜਾਂਚ ਕਰਦਿਆਂ, ਜਿਥੇ ਤਿੰਨ ਦਿਨ ਲਗਾਤਾਰ ਚਲਦੇ ਰਹੇ ਕਤਲੇਆਮ ਦੌਰਾਨ, ਉਸਦੇ ਮੂਕ ਦਰਸ਼ਕ ਬਣੇ ਰਹਿਣ ਅਤੇ ਉਸ ਵਲੋਂ ਕਾਤਲਾਂ-ਲੁਟੇਰਿਆਂ ਦੀ ਮਦਦ ਕੀਤੇ ਜਾਣ ਨੂੰ ਉਸਦਾ ਬਹੁਤ ਹੀ ਗੰਭੀਰ ਅਪਰਾਧ ਮੰਨਿਆ, ਉਥੇ ਹੀ ਅਜਿਹੇ ਅਪਰਾਧ ਲਈ ਦੋਸ਼ੀ 72 ਅਜਿਹੇ ਪੁਲਿਸ ਕਰਮਚਾਰੀਆਂ, ਜਿਨ੍ਹਾਂ ਵਿੱਚ 6 ਆਈਪੀਐਸ ਅਧਿਕਾਰੀ ਵੀ ਸ਼ਾਮਲ ਸਨ, ਦੀ ਪਛਾਣ ਸਥਾਪਤ ਕਰ, ਉਨ੍ਹਾਂ ਵਿਰੁੱਧ ਸਖਤ-ਤੋਂ-ਸਖਤ ਕਾਰਵਾਈ ਕੀਤੇ ਜਾਣ ਦੀ ਸਿਫਾਰਿਸ਼ ਵੀ ਕੀਤੀ ਸੀ। ਮੰਨਿਆ ਜਾਂਦਾ ਹੈ ਕਿ ਉਸ ਸਮੇਂ ਰਾਜਸੀ ਪ੍ਰਭਾਵ ਦੇ ਚਲਦਿਆਂ ਅਜਿਹੀਆਂ ਜਾਂਚ ਰਿਪੋਰਟਾਂ ਪੁਰ ਕੋਈ ਕਾਰਵਾਈ ਨਹੀਂ ਸੀ ਹੋ ਸਕੀ ਅਤੇ ਉਹ ਰਿਪੋਰਟਾਂ ਫਾਈਲਾਂ ਵਿੱਚ ਦਬ ਕੇ ਰਹਿ ਗਈਆਂ। ਸ. ਗੁਰਲਾਡ ਸਿੰਘ ਕਾਹਲੋਂ ਨੇ ਦਸਿਆ ਕਿ ਦਿੱਲੀ ਪੁਲਿਸ ਅਤੇ ਸੀਬੀਆਈ ਵਲੋਂ ਇਸ ਕਤਲੇਆਮ ਨਾਲ ਸੰਬੰਧਤ ਕਈ ਮਾਮਲਿਆਂ ਨੂੰ ਗਵਾਹ ਜਾਂ ਸਬੂਤ ਨਾ ਮਿਲ ਪਾਣ, ਨੂੰ ਅਧਾਰ ਬਣਾ, ਬੰਦ ਕਰ ਦਿੱਤਾ ਗਿਆ ਸੀ। ਜਿਨ੍ਹਾਂ ਨੂੰ ਫਿਰ ਤੋਂ ਖੋਲ੍ਹਣ ਅਤੇ ਉਨ੍ਹਾਂ ਦੀ ਜਾਂਚ ਕਰਵਾਏ ਜਾਣ ਦੀ ਮੰਗ ਦੇ ਵਧਦਿਆਂ ਜਾਣ ਦੇ ਦਬਾਅ ਦੇ ਚਲਦਿਆਂ ਕੇਂਦ੍ਰੀ ਸਰਕਾਰ ਦੇ ਗ੍ਰਹਿ ਵਿਭਾਗ ਵਲੋਂ ਇਨ੍ਹਾਂ ਮਾਮਲਿਆਂ ਨੂੰ ਫਿਰ ਤੋਂ ਖੋਲ੍ਹਣ ਅਤੇ ਉਨ੍ਹਾਂ ਦੀ ਜਾਂਚ ਕਰਨ ਲਈ ਵਿਸ਼ੇਸ਼ ਜਾਂਚ ਦਲ (ਸਿਟ) ਦਾ ਗਠਨ ਕੀਤਾ ਗਿਆ। 


...ਅਤੇ ਅੰਤ ਵਿੱਚ : ਦਿੱਲੀ ਪੁਲਿਸ ਅਤੇ ਸੀਬੀਆਈ ਵਲੋਂ ਸਿੱਖ ਕਤਲੇਆਮ ਨਾਲ ਸੰਬੰਧਤ ਮਾਮਲਿਆਂ ਨੂੰ ਬੰਦ ਕਰਨ ਦੀ ਸ਼ੁਰੂ ਕੀਤੀ ਗਈ ਕਾਰਵਾਈ ਵਿਰੁਧ ਸ. ਗੁਰਲਾਡ ਸਿੰਘ ਕਾਹਲੋਂ ਨੇ 2016 ਵਿੱਚ ਸੁਪ੍ਰੀਮ ਕੋਰਟ ਵਿੱਚ ਇੱਕ ਜਨਹਿਤ ਯਾਚਕਾ ਦਾਖਲ ਕੀਤੀ, ਜਿਸ ਵਿੱਚ ਉਨ੍ਹਾਂ ਇਸ ਕਾਰਵਾਈ ਪੁਰ ਸ਼ੰਕਾ ਪ੍ਰਗਟ ਕਰਦਿਆਂ, ਮੰਗ ਕੀਤੀ ਕਿ ਅਦਾਲਤ ਆਪਣੀ ਨਿਗਰਾਨੀ ਹੇਠ 'ਵਿਸ਼ੇਸ਼ ਜਾਂਚ ਦਲ' ਦਾ ਗਠਨ ਕਰ, ਇਨ੍ਹਾਂ ਮਾਮਅਿਾਂ ਦੀ ਜਾਂਚ ਕਰਵਾਏ। ਉਨ੍ਹਾਂ ਦੀ ਇਸ ਮੰਗ ਨੂੰ ਸਵੀਕਾਰ ਕਰਦਿਆਂ ਅਦਾਲਤ ਨੇ ਜਸਟਿਸ ਐਸਐਨ ਢੀਂਗਰਾ ਦੀ ਅਗਵਾਈ ਵਿੱਚ ਵਿਸ਼ੇਸ਼ ਜਾਂਚ ਦਲ ਦਾ ਗਠਨ ਕਰ ਦਿੱਤਾ। ਸ. ਗੁਰਲਾਡ ਸਿੰਘ ਕਾਹਲੋਂ ਅਨੁਸਾਰ ਇਨ੍ਹਾਂ ਜਤਨਾਂ ਸਦਕਾ ਹੀ ਬੰਦ ਕਰ ਦਿੱਤੇ ਗਏ ਕਈ ਮਾਮਲੇ ਫਿਰ ਤੋਂ ਖੁਲ੍ਹੇ ਅਤੇ ਉਨ੍ਹਾਂ ਪੁਰ ਕਾਰਵਾਈ ਹੋਈ, ਜਿਸਦੇ ਚਲਦਿਆਂ ਕਈ ਮੁੱਖ ਦੋਸ਼ੀਆਂ ਨੂੰ ਸਜ਼ਾ ਮਿਲ ਪਾਣ ਦਾ ਰਸਤਾ ਸਾਫ ਹੋਇਆ ਅਤੇ ਹੇਠਲੀਆਂ ਅਦਾਲਤਾਂ ਵਿੱਚ ਚਲ ਰਹੇ ਮਾਮਲਿਆਂ ਦੀ ਸੁਣਵਾਈ ਵਿੱਚ ਵੀ ਤੇਜ਼ੀ ਆਈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

04 April 2019

ਮਨਜੀਤ ਸਿੰਘ ਜੀਕੇ ਬਨਾਮ ਸ਼੍ਰੋਮਣੀ ਅਕਾਲੀ ਦਲ (ਬਾਦਲ) - ਜਸਵੰਤ ਸਿੰਘ 'ਅਜੀਤ'

ਇਨ੍ਹੀਂ ਦਿਨੀਂ ਮੀਡੀਆ ਵਿੱਚ ਆਈਆਂ ਖਬਰਾਂ ਅਨੁਸਾਰ ਦਿੱਲੀ ਪੁਲਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਿਰੁਧ ਗੁਰਦੁਆਰਾ ਕਮੇਟੀ ਦੇ ਮੈਂਬਰ ਅਤੇ ਸਾਬਕਾ ਜਨਰਲ ਸਕਤੱਰ ਸ. ਗੁਰਮੀਤ ਸਿੰਘ ਸ਼ੰਟੀ ਵਲੋਂ ਲਾਏ ਲਾਏ ਗਏ ਕਥਤ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੇ ਅਧਾਰ 'ਤੇ ਅਦਾਲਤ ਵਿੱਚ ਚਲ ਰਹੇ ਮਾਮਲੇ ਦੇ ਸੰਬੰਧ ਵਿੱਚ ਅਦਾਲਤ ਦੇ ਆਦੇਸ਼ ਅਨੁਸਾਰ ਕੀਤੀ ਗਈ ਜਾਂਚ ਦੀ ਰਿਪੋਰਟ, ਜੋ 300 ਤੋਂ ਵੱਧ ਪੰਨਿਆਂ ਪੁਰ ਅਧਾਰਤ ਦਸੀ ਜਾਂਦੀ ਹੈ, ਕਲੋਜ਼ਰ ਰਿਪੋਰਟ ਦੇ ਰੂਪ ਵਿੱਚ ਦਾਖਲ ਕਰ ਦਿੱਤੀ ਹੈ। ਦਸਿਆ ਗਿਆ ਹੈ ਕਿ ਸ. ਗੁਰਮੀਤ ਸਿੰਘ ਸ਼ੰਟੀ ਨੇ ਪੁਲਿਸ ਵਲੋਂ ਦਾਖਲ ਕੀਤੀ ਗਈ ਰਿਪੋਰਟ ਤੇ ਕਿੰਤੂ ਕਰਦਿਆਂ ਕਿਹਾ ਹੈ ਕਿ ਉਹ ਮਾਮਲੇ ਦੀ ਸੁਣਵਾਈ ਦੀ ਅਗਲੀ ਤਾਰੀਖ 'ਤੇ ਇਸ, ਕਲੋਜ਼ਰ ਰਿਪੋਰਟ, ਦਾ ਵਿਰੋਧ ਕਰਨਗੇ। ਦੂਜੇ ਪਾਸੇ ਬਾਦਲ ਅਕਾਲੀ ਰਾਜਨੀਤੀ ਦੇ ਮੁੱਖੀਆਂ ਦੇ ਇੱਕ ਵਰਗ ਦੀ ਮਾਨਤਾ ਹੈ ਕਿ ਪਾਰਟੀ ਵਿਚਲੇ ਹੀ ਸ. ਮਨਜੀਤ ਸਿੰਘ ਜੀਕੇ ਦੇ ਵਿਰੋਧੀਆਂ ਨੇ ਹੀ ਉਨ੍ਹਾਂ ਨੂੰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ ਦੇ ਮੁਕਬਲੇ ਦੇ ਮੈਦਾਨ ਵਿਚੋਂ ਬਾਹਰ ਕਰਨ ਦੇ ਉਦੇਸ਼ ਨਾਲ ਇੱਕ ਸੋਚੀ-ਸਮਝੀ ਸਾਜ਼ਿਸ਼ ਦਾ ਸ਼ਿਕਾਰ ਬਣਾਇਆ ਹੈ। ਜਿਸਨੂੰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਵੀ ਸਮਝ ਨਹੀਂ ਸਮਝ ਸਕੇ 'ਤੇ ਉਹ ਵੀ ਜਾਣੇ ਅਨਜਾਣੇ ਉਨ੍ਹਾਂ ਦੀ ਸਾਜ਼ਿਸ਼ ਦਾ ਹਿਸਾ ਬਣ ਗਏ। ਉਨ੍ਹਾਂ ਅਨੁਸਾਰ ਸ. ਸੁਖਬੀਰ ਸਿੰਘ ਬਾਦਲ ਇਹ ਵੀ ਭੁਲ ਗਏ ਕਿ ਜਿਸ ਸਮੇਂ ਉਨ੍ਹਾਂ ਦੀ ਅਗਵਾਈ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਵਿੱਚ ਹੋਈ ਸ਼ਰਮਨਾਕ ਹਾਰ ਤੋਂ ਬਾਅਦ ਵਿਧਾਨਸਭਾ ਵਿੱਚ ਤੀਜੇ ਪਾਇਦਾਨ ਪੁਰ ਜਾ ਪੁਜਾ ਸੀ, ਦਲ ਵਿੱਚ ਆਪਣਾ ਭਵਿਖ ਖਤਰੇ ਵਿੱਚ ਮਹਿਸੂਸ ਕਰਦਿਆਂ ਸੀਨੀਅਰ ਅਤੇ ਟਕਸਾਲੀ ਅਕਾਲੀ ਮੁਖੀ ਇੱਕ-ਇੱਕ ਕਰ ਦਲ ਨਾਲੋਂ ਨਾਤਾ ਤੋੜਦੇ ਚਲੇ ਜਾ ਰਹੇ ਸਨ, ਉਨ੍ਹਾਂ ਹੀ ਦਿਨਾਂ ਵਿੱਚ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਵੀ ਦਲ ਦੀ ਹਾਰ ਚਿੱਟੇ ਦਿਨ ਵਾਂਗ ਸਾਫ ਵਿਖਾਈ ਦੇਣ ਲਗ ਪਈ ਸੀ। ਉਸ ਸਮੇਂ ਸ. ਮਨਜੀਤ ਸਿੰਘ ਜੀਕੇ ਨੇ ਹੀ ਅੱਗੇ ਆ ਦਿੱਲੀ ਵਿੱਚ ਦਲ ਦੀ ਸਾਖ ਨੂੰ ਬਚਾਈ ਰਖਣ ਦੇ ਦਾਅਵੇ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦੀ ਅਗਵਾਈ ਦੀ ਜ਼ਿਮੇਂਦਾਰੀ ਸੰਭਾਲ ਲਈ ਸੀ।
ਉਨ੍ਹਾਂ ਦਿੱਲੀ ਗੁਰਦੁਆਰਾ ਚੋਣਾ ਲਈ ਇਕ ਨਿਸ਼ਚਤ ਰਣਨੀਤੀ ਦੇ ਤਹਿਤ, ਆਪਣੇ ਪਿਤਾ ਜ. ਸੰਤੋਖ ਸਿੰਘ ਦੇ ਕੀਤੇ ਕੰਮਾਂ ਦੇ ਅਧਾਰ 'ਤੇ ਆਪਣੀ ਮੇਹਨਤ ਅਤੇ ਲਗਨ ਨਾਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਪ੍ਰਦੇਸ਼ ਦੇ ਨਾਂ ਪੁਰ ਰਿਕਾਰਡ ਜਿੱਤ ਹਾਸਿਲ ਕੀਤੀ ਅਤੇ ਉਸਨੂੰ ਬਿਨਾ ਕਿਸੇ ਸੰਕੋਚ ਸ. ਸੁਖਬੀਰ ਸਿੰਘ ਬਾਦਲ ਦੀ ਝੋਲੀ ਵਿੱਚ ਜਾ ਪਾਈ ਅਤੇ ਉਨ੍ਹਾਂ ਦਾ ਸਨਮਾਨ ਵਧਾਇਆ। ਬਾਦਲ ਅਕਾਲੀ ਦਲ ਦੀ ਰਾਜਨੀਤੀ ਦੇ ਮਾਹਿਰਾਂ ਅਨੁਸਾਰ ਸ. ਮਨਜੀਤ ਸਿੰਘ ਜੀਕੇ ਦੀ ਇਹੀ ਸਫਲਤਾ ਉਨ੍ਹਾਂ ਦੀ ਦੁਸ਼ਮਣ ਜਾ ਸਾਬਤ ਹੋਈ। ਉਹ ਇਹ ਵੀ ਆਖਦੇ ਹਨ ਕਿ ਹੈਰਾਨੀ ਦੀ ਗਲ ਇਹ ਹੈ ਕਿ ਪਾਰਟੀ ਦੀ ਲੀਡਰਸ਼ਿਪ ਨੇ ਬਿਨਾ ਪਾਰਟੀੱ ਹਿਤਾਂ ਨੂੰ ਸੋਚਿਆਂ-ਵਿਚਾਰਿਆਂ ਉਨ੍ਹਾਂ ਨੂੰ ਪਿੱਛੇ ਧੱਕ ਦਿੱਤਾ। ਉਹ ਇਹ ਵੀ ਮੰਨਦੇ ਹਨ ਕਿ ਇਸ ਸਮੇਂ ਦਿੱਲੀ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਾਸ ਕੋਈ ਵੀ ਅਜਿਹਾ ਚੇਹਰਾ ਨਹੀਂ, ਜੋ ਸ. ਮਨਜੀਤ ਸਿੰਘ ਜੀਕੇ ਦੀ ਜਗ੍ਹਾ ਲੈ ਸਕੇ ਅਤੇ ਦੋ ਵਰ੍ਹੇ ਬਾਅਦ ਹੋਣ ਵਾਲੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਆਮ ਚੋਣਾਂ ਵਿੱਚ ਉਸਦੀ ਜਿੱਤ ਨਿਸ਼ਚਿਤ ਕਰਵਾਣ ਦਾ ਦਾਅਵਾ ਕਰ ਸਕੇ।
ਇਸ ਵਿੱਚ ਕੋਈ ਸ਼ਕ ਨਹੀਂ ਕਿ ਜਿਵੇਂ ਦਿੱਲੀ ਗੁਰਦੁਆਰਾ ਕਮੇਟੀ ਦੇ ਨਵੇਂ ਪ੍ਰਧਾਨ ਸ. ਮਨਜਿੰਦਰ ਸਿੰਘ ਸਿਰਸਾ ਆਪਣੀ ਟੀਮ ਦੇ ਨਾਲ ਅਜਿਹਾ ਪ੍ਰਭਾਵ ਕਾਇਮ ਕਰਨ ਦੀ ਕੌਸ਼ਿਸ਼ ਕਰਨਗੇ ਜਿਸਤੋਂ ਪਾਰਟੀ ਲੀਡਰਸ਼ਿਪ ਨੂੰ ਇਹ ਸੁਨੇਹਾ ਜਾ ਸਕੇ ਕਿ ਉਹ ਸ. ਮਨਜੀਤ ਸਿੰਘ ਜੀਕੇ ਦੀ ਖਾਲੀ ਜਗ੍ਹਾ ਭਰਨ ਦੇ ਸਮਰਥ ਹਨ। ਪ੍ਰੰਤੂ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਆਪਣੀ ਟੀਮ ਨਾਲ ਦਿੱਲੀ ਵਿਧਾਨਸਭਾ ਵਿੱਚ ਭਾਜਪਾ ਦੇ ਵਿਧਾਇਕ ਵਜੋਂ ਕੀਤੇ ਜਾਂਦੇ ਰਹੇ ਅਤੇ ਕੀਤੇ ਜਾ ਰਹੇ ਕੰਮਾਂ ਦੇ ਸਹਾਰੇ, ਭਾਜਪਾ ਪ੍ਰਤੀ ਆਪਣੇ ਝੁਕਾਅ ਦਾ ਜੋ ਪ੍ਰਭਾਵ ਸਥਾਪਤ ਕਰ ਚੁਕੇ ਹੋਏ ਹਨ, ਉਸਤੋਂ ਉਹ ਆਪਣਾ ਪਿੱਛਾ ਸ਼ਾਇਦ ਨਾ ਛੁਡਾ ਸਕਣ। ਫਿਰ ਅਗਲੇ ਵਰ੍ਹੇ ਹੋਣ ਵਾਲੀਆਂ ਦਿੱਲੀ ਵਿਧਾਨਸਭਾ ਦੀਆਂ ਆਮ ਚੋਣਾਂ ਵਿੱਚ ਉਨ੍ਹਾਂ ਦਾ ਭਾਜਪਾ ਦੇ ਟਿਕਟ ਪੁਰ ਚੋਣ ਲੜਨਾ ਲਗਭਗ ਨਿਸ਼ਚਿਤ ਹੈ। ਅਜਿਹੀ ਸਥਿਤੀ ਵਿੱਚ ਰਾਜਧਾਨੀ ਵਿੱਚਲਾ ਸਿੱਖਾਂ ਦਾ ਇੱਕ ਵਰਗ, ਜੋ ਭਾਜਪਾ ਦੀਆਂ ਨੀਤੀਆਂ ਦਾ ਸਿੱਖ ਅਤੇ ਸਿੱਖੀ-ਵਿਰੋਧੀ ਨੀਤੀਆਂ ਦੇ ਰੂਪ ਵਿੱਚ ਮੁਲਾਂਕਣ ਕਰਦਾ ਚਲਿਆ ਆ ਰਿਹਾ ਹੈ, ਉਹ ਸ਼ਾਇਦ ਹੀ ਇਸ ਸਥਿਤੀ ਦਾ ਲਾਭ ਉਠਾਣ ਤੋਂ ਕਿਸੇ ਵੀ ਤਰ੍ਹਾਂ ਦੀ ਕੋਤਾਹੀ ਕਰੇ।


ਪੰਜ ਸੌ ਪੰਜਾਹ ਸਾਲਾ ਪ੍ਰਕਾਸ਼ ਪੁਰਬ ਬਨਾਮ ਦਾਅਵੇ :ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਚੁਣੇ ਗਏ ਪ੍ਰਬੰਧਕਾਂ ਨੇ ਆਪਣੀਆਂ ਪ੍ਰਬੰਧਕੀ ਜ਼ਿਮੇਂਦਾਰੀਆਂ ਸੰਭਾਲਦਿਆਂ, ਪਹਿਲੀ ਪਤ੍ਰਕਾਰ ਮਿਲਣੀ ਦੌਰਾਨ ਪਹਿਲ ਦੇ ਅਧਾਰ ਤੇ ਕੀਤੇ ਜਾਣ ਵਾਲੇ ਜਿਨ੍ਹਾਂ ਕੰਮਾਂ ਦੀ ਜਾਣਕਾਰੀ ਦਿੱਤੀ, ਉਨ੍ਹਾਂ ਅਨੁਸਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ, ਜੋ ਇਸੇ ਵਰ੍ਹੇ ਆ ਰਿਹਾ ਹੈ, ਉਸਨੂੰ ਪ੍ਰਭਾਵਸ਼ਾਲੀ ਢੰਗ ਨਾਲ ਮਨਾਇਆ ਜਾਇਗਾ, ਤਾਂ ਜੋ ਗੁਰੂ ਸਾਹਿਬ ਦੀਆਂ ਸਿਖਿਆਵਾਂ ਦਾ ਸੰਦੇਸ਼ ਸੰਸਾਰ-ਭਰ ਵਿੱਚ ਸਦੀਵੀ ਰੂਪ ਵਿੱਚ ਪਹੁੰਚਾਇਆ ਜਾਂਦਾ ਰਹਿ ਸਕੇ। ਇਸਦੇ ਨਾਲ ਹੀ ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਅਗਲੇ 6 ਮਹੀਨਿਆਂ ਵਿੱਚ ਉਹ ਅੱਧੀ ਦਿੱਲੀ ਨੂੰ ਸਿੱਖੀ ਦੇ ਵਿਰਸੇ ਨਾਲ ਜੋੜਨ ਵਿੱਚ ਸਫਲ ਹੋ ਜਾਣਗੇ। ਉਨ੍ਹਾਂ ਦਸਿਆ ਕਿ ਇਸ ਉਦੇਸ਼ ਲਈ ਉਹ ਬਹੁ-ਭਾਸ਼ੀ 23 ਵਿਦਵਾਨ ਪ੍ਰਚਾਰਕਾਂ ਦਾ ਸਹਿਯੋਗ ਪ੍ਰਾਪਤ ਕਰਨਗੇ। ਜਿਨ੍ਹਾਂ ਵਿਚੋਂ ਹਰ-ਇੱਕ ਨੂੰ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਦੋ-ਦੋ ਚੋਣ ਹਲਕਿਆਂ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਦੀ ਜ਼ਿਮੇਂਦਾਰੀ ਸੌਂਪੀ ਜਾਇਗੀ। ਇਸਤਰ੍ਹਾਂ ਦਿੱਲੀ ਕਮੇਟੀ ਦੇ ਸਾਰੇ 46 ਚੋਣ ਹਲਕੇ ਉਨ੍ਹਾਂ ਦੇ ਪ੍ਰਚਾਰ ਦੇ ਘੇਰੇ ਵਿੱਚ ਆ ਜਾਣਗੇ। ਇਸ ਵਿੱਚ ਕੋਈ ਸ਼ਕ ਨਹੀਂ ਕਿ ਦਿੱਲੀ ਗੁਰਦੁਆਰਾ ਕਮੇਟੀ ਦਾ ਇਹ ਫੈਸਲਾ ਉਨ੍ਹਾਂ ਲਈ ਵਿਸ਼ਵਾਸ ਪੈਦਾ ਕਰਨ ਵਾਲਾ ਹੋਵੇਗਾ, ਜੋ ਸਿੱਖ ਨੌਜਵਾਨਾਂ ਦੇ ਸਿੱਖੀ ਵਿਰਸੇ ਨਾਲੋਂ ਟੁੱਟ ਸਿੱਖੀ ਸਰੂਪ ਨੂੰ ਤਿਲਾਂਜਲੀ ਦਿੰਦਿਆਂ ਜਾਣ ਵਲ ਵਧਦਿਆਂ ਜਾਣ ਨੂੰ ਠਲ੍ਹ ਨਾ ਪੈ ਸਕਣ ਕਾਰਣ ਨਿਰਾਸ਼ ਹੋ ਗਏ ਹੋਏ ਹਨ। ਇਸਦੇ ਨਾਲ ਹੀ ਇਸ ਗਲ ਨੂੰ ਵੀ ਸਮਝਣਾ ਹੋਵੇਗਾ ਕਿ ਬੀਤੇ ਸਮੇਂ ਵਿੱਚ ਸ਼ਤਾਬਦੀਆਂ ਮੰਨਾਉਂਦਿਆਂ ਹੋਇਆਂ ਵੀ ਧਾਰਮਕ ਸੰਸਥਾਵਾਂ ਵਲੋਂ ਅਜਿਹੇ ਹੀ ਵੱਡੇ-ਵੱਡੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਜਾਂਦਾ ਰਿਹੈ। ਇਸੇ ਤਰ੍ਹਾਂ ਦਾ ਹੀ ਇੱਕ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਨ-1999 ਵਿੱਚ ਖਾਲਸਾ ਸਿਰਜਨਾ ਦੀ ਤੀਜੀ ਸ਼ਤਾਬਦੀ ਮਨਾਂਦਿਆਂ ਹੋਇਆਂ ਸਾਂਝੇ ਰੂਪ ਵਿੱਚ ਕੀਤਾ ਗਿਆ ਸੀ, ਜਿਸ ਅਨੁਸਾਰ ਉਸ ਵਰ੍ਹੇ ਵਿੱਚ 'ਸਮੁਚੇ ਸਿੱਖ ਜਗਤ ਨੂੰ ਅੰਮ੍ਰਿਤਧਾਰੀ' ਬਣਾਇਆ ਜਾਣਾ ਸੀ। ਪ੍ਰੰਤੂ 1999 ਦਾ ਵਰ੍ਹਾ ਬੀਤ ਜਾਣ ਦੇ ਬਾਅਦ ਵੀ 'ਪਰਨਾਲਾ ਉਥੇ ਦਾ ਉਥੇ' ਹੀ ਰਿਹਾ। ਅਜਿਹਾ ਕੇਵਲ ਇੱਕ ਵਾਰ ਹੀ ਨਹੀਂ ਹੋਇਆ, ਲਗਭਗ ਹਰ ਵਾਰ ਹੀ ਅਜਿਹਾ ਹੁੰਦਾ ਆਇਆ ਹੈ। ਇਸ ਕਾਰਣ ਅਜਿਹੇ ਦਾਅਵੇ ਕਰਦਿਆਂ ਬੀਤੇ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਅਸਫਲਤਾਵਾਂ ਦੀ ਵੀ ਘੋਖ ਕਰਦਿਆਂ ਰਹਿਣਾ ਚਾਹੀਦਾ ਹੈ।


...ਅਤੇ ਅੰਤ ਵਿੱਚ :ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਦੇ ਸੰਬੰਧ ਵਿੱਚ ਐਲਾਨੇ ਗਏ ਪ੍ਰੋਗਰਾਮਾਂ ਨੂੰ, ਸਿੱਖ ਮੁਖੀ ਸ. ਦਰਸ਼ਨ ਸਿੰਘ, ਜੋ ਰਾਜਸੀ ਮੁੱਦਿਆਂ ਪੁਰ ਘਟ ਤੇ ਧਾਰਮਕ ਮੁੱਦਿਆਂ ਪੁਰ ਵਧੇਰੇ ਅਤੇ ਸ. ਕੁਲਬੀਰ ਸਿੰਘ ਦਿੱਲੀ ਜੋ ਰਾਜਨੀਤੀ ਦੇ ਨਾਲ ਧਾਰਮਕ, ਮੁੱਦਿਆਂ ਪੁਰ ਵੀ ਆਪੋ-ਆਪਣੀ ਪ੍ਰਤੀਕ੍ਰਿਆ ਦਿੰਦੇ ਰਹਿੰਦੇ ਹਨ, ਆਪਣੀਆਂ ਹੀ ਨਜ਼ਰਾਂ ਨਾਲ ਵੇਖਦੇ ਹਨ। ਉਨ੍ਹਾਂ ਦੀ ਮਾਨਤਾ ਹੈ ਕਿ ਅੱਜਕਲ ਲੋਕੀ ਭਾਸ਼ਣਾਂ ਤੇ ਐਲਾਨਾਂ ਤੋਂ ਨਹੀਂ, ਮੁੱਖੀਆਂ ਅਤੇ ਪ੍ਰਚਾਰਕਾਂ ਦੇ ਜੀਵਨ ਆਚਰਣ ਤੋਂ ਪ੍ਰਭਾਵਤ ਹੁੰਦੇ ਹਨ। ਇਸਲਈ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਜਿਨ੍ਹਾਂ ਪ੍ਰਚਾਰਕਾਂ ਅਤੇ ਮੁਖੀਆਂ ਨੂੰ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੌਂਪਣ ਜਾ ਰਹੇ ਹਨ, ਉਨ੍ਹਾਂ ਨੂੰ 'ਪ੍ਰਵਾਨਤ ਸਿੱਖ ਰਹਿਤ ਮਰਿਆਦਾ' ਦੀ ਇੱਕ-ਇੱਕ ਕਾਪੀ ਜ਼ਰੂਰ ਉਪਲਬੱਧ ਕਰਵਾਉਣ ਅਤੇ ਉਨ੍ਹਾਂ ਲਈ ਵੀ ਇਹ ਜ਼ਰੂਰੀ ਬਨਾਣ ਕਿ ਉਹ ਉਸਦੀ ਗੰਭੀਰ ਘੋਖ ਕਰ, ਉਸ ਅਨੁਸਾਰ ਆਪਣਾ ਜੀਵਨ ਢਾਲ, ਲੋਕਾਂ ਸਾਹਮਣੇ ਆਪਣੇ-ਆਪਨੂੰ ਮਿਸਾਲ ਦੇ ਰੂਪ ਵਿੱਚ ਪੇਸ਼ ਕਰਨ। ਇਸਤੋਂ ਬਾਅਦ ਹੀ ਧਰਮ ਪ੍ਰਚਾਰ ਦੀ ਜ਼ਿਮੇਂਦਾਰੀ ਸੰਭਾਲਣ।

Mobile : +91 95 82 71 98 90
E-Mail : jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

28 March 2019

ਸੁਰਖੀ-ਹੀਨ ਹੋ ਕੇ ਵੀ ਚਰਚਾ ਵਿੱਚ ਆ ਜਾਂਦੀਆਂ ਨੇ ਖਬਰਾਂ - ਜਸਵੰਤ ਸਿੰਘ 'ਅਜੀਤ'

ਕਈ ਵਾਰ ਮੀਡੀਆ ਵਿੱਚ ਆਈਆਂ ਕੁਝ-ਇੱਕ ਖਬਰਾਂ ਅਜਿਹੀਆਂ ਹੁੰਦੀਆਂ ਹਨਾਂ, ਜੋ ਆਪਣੇ ਛੋਟੇ ਅਕਾਰ ਕਾਰਣ ਭਾਵੇਂ ਨਜ਼ਰ-ਅੰਦਾਜ਼ ਕਰ, ਛੋਟੀਆਂ-ਛੋਟੀਆਂ ਸੁਰਖੀਆਂ ਹੇਠ ਅਣਗੋਲੇ ਕੋਨਿਆਂ ਵਿੱਚ ਦੇ ਦਿੱਤੀਆਂ ਗਈਆਂ ਹੁਂਦੀਆਂ ਹਨ, ਫਿਰ ਵੀ ਉਹ ਆਪਣੇ ਵਲ ਧਿਆਨ ਖਿਚਣ ਵਿੱਚ ਸਫਲ ਹੋ ਜਾਂਦੀਆਂ ਹਨ। ਇਸਦਾ ਕਾਰਣ ਇਹ ਹੁੰਦਾ ਹੈ ਕਿ ਉਹ ਛੋਟੀਆਂ ਹੋ ਕੇ ਵੀ, ਆਪਣੇ-ਆਪ ਵਿੱਚ ਕਈ ਅਜਿਹੇ ਦਿਲਚਸਪ ਤੱਥ ਛੁਪਾਈ ਹੁੰਦੀਆਂ ਹਨ. ਜੇ ਉਨ੍ਹਾਂ ਨੂੰ ਗੰਭੀਰਤ ਨਾਲ ਘੋਖਿਆ ਜਾਏ ਤਾਂ ਉਹ ਅੱਜ ਦੇ ਬਦਲਦੇ ਸਮਾਜ ਦੀ ਇੱਕ ਨਵੀਂ ਹੀ ਤਸਵੀਰ ਉਕਰ ਸਾਹਮਣੇ ਲਿਆਉਣ ਵਿੱਚ ਮਦਦਗਾਰ ਸਾਬਤ ਹੋ ਜਾਂਦੀਆਂ ਹਨ। ਜਿਵੇਂ ਕਿ

ਔਰਤਾਂ ਦਾ ਇਕਲਿਆਂ ਘੁੰਮਣਾ : ਆਮ ਤੋਰ ਤੇ ਸਵੇਰੇ ਉਠ ਜਦੋਂ ਸਾਡੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਉਨ੍ਹਾਂ ਦਾ ਕੋਈ ਵੀ ਅਜਿਹਾ ਪੰਨਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਨਾਲ ਦੋ-ਚਾਰ ਬਲਾਤਕਾਰ ਦੀਆਂ ਖਬਰਾਂ ਨਾ ਛਪੀਆਂ ਹੋਈਆਂ ਹੋਣ। ਅਜਿਹੇ ਹੀ ਸਿਰਜੇ ਗਏ ਹੋਏ ਵਾਤਾਵਰਣ ਵਿੱਚ ਇਨ੍ਹਾਂ ਹੀ ਦਿਨਾਂ ਵਿੱਚ ਨੈਸ਼ਨਲ ਸੈਂਪਲ ਸਰਵੇ ਆਫਿਸ (ਐਨਐਸਐਸਓ) ਵਲੋਂ ਕੀਤਾ ਗਿਆ ਇੱਕ ਸਰਵੇ ਛਪਿਆ ਨਜ਼ਰੀਂ ਪਿਆ, ਜਿਸ ਵਿੱਚ ਦਸਿਆ ਗਿਆ ਹੋਇਆ ਸੀ ਕਿ ਇਸ ਵਲੋਂ ਕੀਤੇ ਗਏ ਇਸ ਸਰਵੇ ਅਨੁਸਾਰ ਦੇਸ਼ ਦੀਆਂ 40 ਪ੍ਰਤੀਸ਼ਤ ਔਰਤਾਂ ਅਜਿਹੀਆਂ ਹਨ, ਜੋ ਸਾਰੀਆਂ ਸ਼ੰਕਾਵਾਂ ਨੂੰ ਨਜ਼ਰ-ਅੰਦਾਜ਼ ਕਰ, ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ। ਇਸ ਸਰਵੇ ਅਨੁਸਾਰ, ਉੱਤਰ ਭਾਰਤ ਦੀ ਤੁਲਨਾ ਵਿੱਚ ਸਭ ਤੋਂ ਵੱਧ ਸੁਰਖਿਅਤ ਮੰਨੇ ਜਾਣ ਵਾਲੇ ਦੱਖਣ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਜ਼ਿਆਦਾ ਸਹਿਜ ਮਹਿਸੂਸ ਕਰਦੀਆਂ ਹਨ। ਇਸੇ ਸਰਵੇ ਦੇ ਅੰਕੜਿਆਂ ਅਨੁਸਾਰ ਜਿਥੇ ਪੰਜਾਬ (66 ਪ੍ਰਤੀਸ਼ਤ), ਤੇਲੰਗਾਨਾਂ (60 ਪ੍ਰਤੀਸ਼ਤ), ਕੇਰਲ (58 ਪ੍ਰਤੀਸ਼ਤ), ਤਮਿਲਨਾਡੂ (55 ਪ੍ਰਤੀਸ਼ਤ) ਅਤੇ ਆਂਧਰ ਪ੍ਰਦੇਸ਼ (53 ਪ੍ਰਤੀਸ਼ਤ) ਰਾਜਾਂ ਵਿੱਚ ਔਰਤਾਂਾਂ ਦੇ ਇਕਲਿਆਂ ਘੁੰਮਣ ਦੀ ਔਸਤ ਦੇਸ਼ ਦੀ ਸਮੁਚੀ ਔਸਤ ਤੋਂ ਕਿਤੇ ਵੱਧ ਹੈ, ਉਥੇ ਹੀ ਦਿੱਲੀ (10 ਪ੍ਰਤੀਸ਼ਤ), ਹਰਿਆਣਾ ਤੇ ਬਿਹਾਰ (13 ਪ੍ਰਤੀਸ਼ਤ), ਸਿਕਿੱਮ (15 ਪ੍ਰਤੀਸ਼ਤ) ਤੇ ਮਣੀਪੁਰ (16 ਪ੍ਰਤੀਸ਼ਤ) ਰਾਜ ਉਨ੍ਹਾਂ ਤੋਂ ਬਹੁਤ ਹੀ ਪਿਛੜੇ ਹੋਏ ਹਨ। ਦਸਿਆ ਗਿਆ ਹੈ ਕਿ ਇਕਲਿਆਂ ਘੁੰਮਣ ਦੇ ਮਾਮਲੇ ਵਿੱਚ ਪੇਂਡੂ ਔਰਤਾਂ ਨੇ ਸ਼ਹਿਰੀ ਔਰਤਾਂ ਨੂੰ ਪਿਛੇ ਛੱਡ ਦਿੱਤਾ ਹੋਇਆ ਹੈ। ਸਰਵੇ ਅਨੁਸਾਰ 41 ਪ੍ਰਤੀਸ਼ਤ ਪੇਂਡੂ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਦੀਆਂ ਹਨ, ਜਦਕਿ ਇਸਦੇ ਮੁਕਾਬਲੇ ਸ਼ਹਿਰੀ ਔਰਤਾਂ ਦਾ ਪ੍ਰਤੀਸਤ 37 ਹੈ। ਇਤਨਾ ਹੀ ਨਹੀਂ ਜੇ ਵੱਖ-ਵੱਖ ਰਾਜਾਂ ਦੇ ਉਪਰ ਦਿੱਤੇ ਅੰਕੜਿਆਂ ਪੁਰ ਨਜ਼ਰ ਮਾਰੀ ਜਾਏ ਤਾਂ ਇਹ ਗਲ ਸਪਸ਼ਟ ਹੋ, ਉਭਰ ਕੇ ਸਾਹਮਣੇ ਆ ਜਾਂਦੀ ਹੈ ਕਿ ਪੰਜਾਬ ਦੀਆਂ ਔਰਤਾਂ ਰਾਤ-ਭਰ ਇਕਲਿਆਂ ਸਫਰ ਕਰਨ ਵਿੱਚ ਸਭ ਤੋਂ ਅੱਗੇ ਹਨ, ਜਦਕਿ ਦੇਸ਼ ਦੀ ਰਾਜਧਾਨੀ ਦਿੱਲੀ ਸਭ ਤੋਂ ਹੇਠਾਂ ਹੈ। ਕਿਉਂਕਿ ਉੱਤਰ ਭਾਰਤ ਦੀ ਤੁਲਨਾ ਵਿੱਚ ਦਖਣ ਭਾਰਤ ਵਿੱਚ ਔਰਤਾਂ ਰਾਤ ਨੂੰ ਇਕਲਿਆਂ ਸਫਰ ਕਰਨ ਵਿੱਚ ਬਹੁਤ ਹੀ ਸਹਿਜ ਮਹਿਸੂਸ ਕਰਦੀਆਂ ਹਨ, ਇਸੇ ਲਈ ਦੱਖਣ ਭਾਰਤ ਵਿੱਚ ਰਾਤ ਨੂੰ ਇਕਲਿਆਂ ਸਫਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ, ਉੱਤਰ ਭਾਰਤ ਵਿੱਚ ਰਾਤ ਨੂੰ ਇਕਲਿਆਂ ਸਫਰ ਕਰਨ ਵਾਲੀਆਂ ਔਰਤਾਂ ਨਾਲੋਂ ਕਿਤੇ ਬਹੁਤ ਵਧੇਰੇ ਹੈ।

ਗਲ ਬਲਾਤਕਾਰ ਦੀ : ਜਿਵੇਂ ਕਿ ਉਪਰ ਜ਼ਿਕਰ ਕੀਤਾ ਗਿਆ ਹੈ ਕਿ ਸਵੇਰੇ, ਜਦੋਂ ਪਹਿਲੀ ਨਜ਼ਰ ਅਖਬਾਰਾਂ ਦੀਆਂ ਸੁਰਖੀਆਂ ਪੁਰ ਜਾਂਦੀ ਹੈ ਤਾਂ ਕਿਸੇ ਵੀ ਦਿਨ ਦੇ ਅਖਬਾਰ ਦਾ ਕੋਈ ਵੀ ਪੰਨਾ ਅਜਿਹਾ ਨਜ਼ਰ ਨਹੀਂ ਆਉਂਦਾ, ਜਿਸ ਵਿੱਚ ਮੋਟੀਆਂ-ਮੋਟੀਆਂ ਸੁਰਖੀਆਂ ਔਰਤਾਂ ਦੇ ਅਗਵਾ, ਬਲਾਤਕਾਰ, ਬਲਾਤਕਾਰ ਤੋਂ ਬਾਅਦ ਉਨ੍ਹਾਂ ਦਾ ਕਤਲ ਕਰ ਦਿੱਤੇ ਜਾਣ ਅਤੇ ਅਜਿਹੀਆਂ ਹੀ ਘਟਨਾਵਾਂ ਨਾਲ ਸੰਬੰਧਤ ਅਦਾਲਤਾਂ ਵਿੱਚ ਚਲਣ ਵਾਲੇ ਮੁਕਦਮਿਆਂ ਦੀਆਂ ਦੋ-ਚਾਰ ਖਬਰਾਂ ਛਪੀਆਂ ਹੋਈਆਂ ਨਾ ਹੋਣ। ਇਨ੍ਹਾਂ ਖਬਰਾਂ ਤੋ ਇਉਂ ਜਾਪਣਾ ਸੁਭਾਵਕ ਹੈ ਕਿ ਬਲਾਤਕਾਰ ਦੇ ਮੁਕਦੰਿਮਆਂ ਵਿੱਚ ਦਿਨ-ਬ-ਦਿਨ ਵਾਧਾ ਹੀ ਹੁੰਦਾ ਜਾ ਰਿਹਾ ਹੈ। ਇਸ ਵਿੱਚ ਕੋਈ ਸ਼ਕ ਦੀ ਵੀ ਕੋਈ ਗੁੰਜਾਇਸ਼ ਨਹੀਂ ਕਿ ਔਰਤਾਂ ਨਾਲ ਹੋਣ ਵਾਲੇ ਯੋਨ-ਉਤਪੀੜਨ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ। ਦਸਿਆ ਗਿਆ ਹੈ ਕਿ ਪਿਛਲੇ ਦਿਨੀਂ ਇਸਦਾ ਇੱਕ ਹੋਰ ਪਹਿਲੂ ਅਦਾਲਤਾਂ ਸਾਹਮਣੇ ਉਭਰ ਕੇ ਆਇਆ ਹੈ। ਉਹ ਇਉਂ ਕਿ ਬੀਤੇ ਛੇ ਮਹੀਨਿਆਂ ਵਿੱਚ 45 ਪ੍ਰਤੀਸ਼ਤ ਅਜਿਹੇ ਮਾਮਲੇ ਅਦਾਲਤਾਂ ਸਾਹਮਣੇ ਆਏ ਹਨ, ਜਿਨ੍ਹਾਂ ਅਨੁਸਾਰ ਸ਼ਿਕਾਇਤ ਕਰਨ ਵਾਲੀਆਂ ਅੋਰਤਾਂ ਅਸਲ ਵਿੱਚ ਪੀੜਤਾ ਸਨ ਹੀ ਨਹੀਂ, ਸਗੋਂ ਛੋਟੀਆਂ-ਮੋਟੀਆਂ ਘਰੇਲੂ ਗਲਾਂ 'ਤੇ ਗੁੱਸੇ ਹੋ ਜਾਂ ਫਿਰ ਨਿਜੀ ਮੰਗਾਂ ਦੇ ਪੂਰੀਆਂ ਨਾ ਹੋਣ ਦੇ ਕਾਰਣ, ਉਨ੍ਹਾਂ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ। ਦਿੱਲੀ ਦੀ ਦਵਾਰਕਾ ਸਥਿਤ ਅਦਾਲਤ ਨੇ ਅਜਿਹੇ ਮਾਮਲਿਆਂ ਪੁਰ ਚਿੰਤਾ ਪ੍ਰਗਟ ਕਰਦਿਆਂ ਪੁਲਿਸ ਨੂੰ ਹਿਦਾਇਤ ਕੀਤੀ ਹੈ ਕਿ ਉਹ ਬਲਾਤਕਾਰ ਦੀਆਂ ਸ਼ਿਕਾਇਤਾਂ ਦੇ ਅਜਿਹੇ ਮਾਮਲਿਆਂ ਦੀ ਨਿਰਪੱਖ ਪੁਣ-ਛਾਣ ਕਰਨ ਤੋਂ ਬਾਅਦ ਹੀ ਮੁਕਦਮਾ ਦਰਜ ਕੀਤਾ ਕਰਿਆ ਕਰੇ।
ਦਸਿਆ ਗਿਆ ਹੈ ਕਿ ਦਿੱਲੀ ਦੀਆਂ ਛੇ ਜ਼ਿਲਾ ਅਦਾਲਤਾਂ ਦੇ ਰਿਕਾਰਡ ਦੀ ਛਾਣਬੀਣ ਕੀਤੇ ਜਾਣ ਤੇ ਮਿਲੇ ਅੰਕੜੇ ਦਸਦੇ ਹਨ ਕਿ ਅਦਾਲਤਾਂ ਵਿੱਚ ਚਲ ਰਹੇ ਬਲਾਤਕਾਰ ਦੇ ਮਾਮਲਿਆਂ ਵਿਚੋਂ 70 ਪ੍ਰਤੀਸ਼ਤ ਮਾਮਲੇ ਤਾਂ ਅਦਾਲਤਾਂ ਵਿੱਚ ਸਾਬਤ ਹੀ ਨਹੀਂ ਹੋ ਪਾਂਦੇ, ਜਦਕਿ 45 ਪ੍ਰਤੀਸਤ ਮਾਮਲੇ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿੱਚ ਮੁਕਮਦਾ ਦਰਜ ਕਰਵਾਣ ਵਾਲੀ ਔਰਤ ਘਟਨਾ ਦੇ ਕੁਝ ਹੀ ਦਿਨਾਂ ਦੇ ਅੰਦਰ ਗੁੱਸਾ ਸ਼ਾਂਤ ਹੋ ਜਾਣ ਤੇ ਦੋਸ਼ੀ ਨੂੰ ਬਚਾਣ ਲਈ ਅਦਾਲਤ ਪਹੁੰਚ ਜਾਂਦੀ ਹੈ। ਇਤਨਾ ਹੀ ਨਹੀਂ ਉਹ ਮੰਨਦੀ ਹੈ ਕਿ ਉਸ ਅਤੇ ਦੋਸ਼ੀ ਵਿੱਚ ਪਿਆਰ ਸੰਬੰਧ ਹਨ। ਉਸਨੂੰ ਪ੍ਰੇਮੀ ਵਲੋਂ ਫੋਨ ਬੰਦ ਰਖਣ ਜਾਂ ਸ਼ਾਦੀ ਦੀ ਤਾਰੀਖ ਅਗੇ ਵਧਾਣ ਜਾਂ ਫਿਰ ਲੜਕੇ ਦੇ ਪਰਿਵਾਰ ਵਲੋਂ ਧਮਕਾਏ ਜਾਣ 'ਤੇ ਗੁੱਸਾ ਆ ਗਿਆ ਸੀ। ਇਸਲਈ ਉਸਨੇ ਬਦਲਾ ਲੈਣ ਦੇ ਮਕਸਦ ਨਾਲ ਮੁਕਦਮਾ ਦਰਜ ਕਰਵਾ ਦਿੱਤਾ ਸੀ। ਹੁਣ ਉਹ ਆਪਣੀ ਗਲਤੀ ਨੂੰ ਸੁਧਾਰਨਾ ਚਾਹੁੰਦੀ ਹੈ। ਦਸਿਆ ਗਿਆ ਹੈ ਕਿ ਅਦਾਲਤਾਂ ਇਸਤਰ੍ਹਾਂ ਦੇ ਵੱਧ ਰਹੇ ਮਾਮਲਿਆਂ ਕਰਾਣ ਬਹੁਤ ਨਾਰਾਜ਼ ਤੇ ਪ੍ਰੇਸ਼ਾਨ ਹਨ।


ਤਲਾਕ ਦੇ ਕੁਝ ਦਿਲਚਸਪ ਮਾਮਲੇ : ਇਸੇ ਤਰ੍ਹਾਂ ਦਸਿਆ ਗਿਆ ਹੈ ਕਿ ਹਾਲ ਵਿੱਚ ਹੀ ਕ੍ਰਾਈਮ ਅਗੈਂਸਟ ਵੁਮਨ ਸੈੱਲ ਦੇ ਸਾਹਮਣੇ ਤਲਾਕ ਦਾ ਇੱਕ ਮਾਮਲਾ ਅਜਿਹਾ ਆਇਆ ਹੈ, ਜਿਸ ਵਿੱਚ ਇੱਕ 32 ਵਰ੍ਹਿਆਂ ਦੀ ਸਰਕਾਰੀ ਨੌਕਰੀ ਕਰ ਰਹੀ ਔਰਤ ਨੇ ਆਪਣੇ ਪਤੀ ਵਿਰੁਧ ਕੀਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਹ ਬੀਤੇ ਕਈ ਵਰ੍ਹਿਆਂ ਤੋਂ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਅਤੇ ਤਨਾਉ ਵਿੱਚ ਹੈ, ਕਿਉਂਕਿ ਉਸਦਾ ਪਤੀ ਨਹਾਣ ਤੋਂ ਬਾਅਦ ਕਦੀ ਵੀ ਆਪਣਾ ਤੋਲੀਆ ਸੁਕਣੇ ਨਹੀਂ ਪਾਂਦਾ, ਜਿੱਥੇ ਹੁੰਦਾ ਹੈ, ਸੁੱਟ ਦਿੰਦਾ ਹੈ। ਕਾਫੀ ਲੜਾਈ-ਝਗੜਾ ਕਰਨ ਦੇ ਬਾਅਦ ਵੀ ਉਹ ਇਸਤੇਮਾਲ ਕਰਨ ਤੋਂ ਬਾਅਦ ਫਲਸ਼ ਨਹੀਂ ਚਲਾਂਦਾ। ਦਫਤਰੋਂ ਆਣ ਤੋਂ ਬਾਅਦ ਜੁਤੀਆਂ ਲਾਹ, ਇੱਧਰ-ਉੱਧਰ ਸੁਟ ਦਿੰਦਾ ਹੈ। ਉਸਨੇ ਕਿਹਾ ਕਿ ਜਦੋਂ ਕਾਫੀ ਸਮਝਾਣ-ਬੁਝਾਣ ਦੇ ਬਾਅਦ ਵੀ ਪਤੀ ਦੇ ਵਿਹਾਰ ਵਿੱਚ ਕੋਈ ਬਦਲਾਉ ਨਹੀਂ ਆਇਆ, ਤਾਂ ਉਸਨੂੰ ਮਜਬੂਰਨ ਸ਼ਿਕਾਇਤ ਕਰਨੀ ਪਈ। 
ਇਸੇ ਸੈੱਲ ਵਿੱਚ ਆਈ ਇੱਕ ਹੋਰ ਸ਼ਿਕਾਇਤ ਵਿੱਚ ਦਸਿਆ ਗਿਆ ਹੈ ਕਿ ਪਤਨੀ ਨੇ ਆਪਣੇ ਪਤੀ ਪੁਰ ਇਹ ਦੋਸ਼ ਲਾਇਆ ਹੈ ਕਿ ਉਹ ਉਸਨੂੰ ਕਦੀ ਵੀ ਬਾਹਰ ਘੁਮਾਣ ਲਈ ਨਹੀਂ ਲੈ ਕੇ ਜਾਂਦਾ। ਜਿਸ ਕਾਰਣ ਉਹ ਨਿਰਾਸ਼ਾ ਦੇ ਤਨਾਉ ਵਿੱਚ ਘਿਰਦੀ ਜਾ ਰਹੀ ਹੈ। ਘਰ ਵਿੱਚ ਬੰਦ ਰਹਿਣ ਕਾਰਣ ਉਸਦੀ ਸਿਹਤ ਪੁਰ ਵੀ ਮਾੜਾ ਅਸਰ ਪੈ ਰਿਹਾ ਹੈ। ਉਸਨੇ ਇਹ ਵੀ ਦਸਿਆ ਕਿ ਉਸਨੂੰ ਕਈ ਵਰ੍ਹਿਆਂ ਤੋਂ ਸ਼ਾਪਿੰਗ ਵੀ ਨਹੀਂ ਕਰਵਾਈ ਗਈ। ਘਰੇਲੂ ਕੰਮ ਦਾ ਭਾਰ ਬਹੁਤਾ ਹੋਣ ਅਤੇ ਪਤੀ ਵਲੋਂ ਕੋਈ ਵੀ ਸੁਣਾਈ ਨਾ ਕੀਤੇ ਜਾਣ ਦੇ ਕਾਰਣ ਉਹ ਪਤੀ ਨਾਲੋਂ ਅਲਗ ਹੋਣਾ ਚਾਹੁੰਦੀ ਹੈ।


ਮਹਿੰਗਾਈ ਬਨਾਮ ਬਚਤ : ਹਾਲਾਂਕਿ ਭਾਰਤੀ ਆਰਥਕ, ਰਾਜਨੈਤਿਕ ਅਤੇ ਸਮਾਜਕ ਹਾਲਾਤ ਨੂੰ ਵੇਖਦਿਆਂ ਸੇਵਾ-ਮੁਕਤੀ, ਅਰਥਾਤ ਰਿਟਾਇਰਮੈਂਟ ਤੋਂ ਬਾਅਦ ਵਿੱਤੀ ਸੁਰਖਿਆ ਲਈ ਬਚਤ ਕੀਤੇ ਜਾਣ ਨੂੰ ਬਹੁਤ ਹੀ ਜ਼ਰੂਰੀ ਸਮਝਿਆ ਜਾਂਦਾ ਹੈ। ਪ੍ਰੰਤੂ ਇਸਦੇ ਵਿਰੁਧ ਵੇਖਣ ਵਿੱਚ ਇਹ ਆ ਰਿਹਾ ਹੈ ਕਿ ਦੇਸ਼ ਵਿੱਚਲੇ ਲਗਭਗ 47 ਪ੍ਰਤੀਸ਼ਤ ਕਾਮਗਾਰ (ਕੰਮ-ਕਾਜੀ) ਲੋਕੀ ਅਜਿਹੇ ਹਨ, ਜੋ ਰਿਟਾਇਰਮੈਂਟ ਤੋਂ ਬਾਅਦ ਬੁਢਾਪੇ ਲਈ ਕੋਈ ਬਚਤ ਨਹੀਂ ਕਰ ਪਾ ਰਹੇ। ਇਹ ਖੁਲਾਸਾ ਇਪਸੋਸ ਮੋਰੀ ਵਲੋਂ ਆਨ-ਲਾਇਨ ਕਰਵਾਏ ਗਏ ਸਰਵੇਖਣ ਵਿੱਚ ਹੋਇਆ ਹੈ। ਬੀਤੇ ਵਰ੍ਹੇ ਸਤੰਬਰ-ਅਕਤੂਬਰ ਦੌਰਾਨ ਕਰਵਾਏ ਗਏ ਇਸ ਸਰਵੇਖਣ ਆਨੁਸਾਰ ਭਾਰਤ ਵਿੱਚ ਕੰਮ-ਕਾਰ ਵਿੱਚ ਲਗੇ ਲੋਕਾਂ ਵਿਚੋਂ 47 ਪ੍ਰਤੀਸ਼ਤ ਲੋਕਾਂ ਨੇ ਆਪਣੀ ਸੇਵਾ-ਮੁਕਤੀ ਤੋਂ ਬਾਅਦ ਲਈ ਬਚਤ ਸ਼ੁਰੂ ਕੀਤੀ ਹੀ ਨਹੀਂ ਜਾਂ ਫਿਰ ਸ਼ੁਰੂ ਕੀਤਾ ਗਿਆ ਹੋਇਆ ਬਚਤ ਦਾ ਸਿਲਸਿਲਾ ਬੰਦ ਕਰ ਦਿਤਾ ਹੈ। ਇਨ੍ਹਾਂ ਵਿਚੋਂ ਕਈਆਂ ਨੇ ਕਿਹਾ ਹੈ ਕਿ ਬਚਤ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਲਈ ਤਾਂ ਘਰ ਚਲਾਣਾ ਤਕ ਦੂਬਰ ਹੋਇਆ ਪਿਆ ਹੈ। ਅਜਿਹੇ ਲੋਕਾਂ ਦਾ ਔਸਤ ਪ੍ਰਤੀਸ਼ਤ 46 ਤੋਂ ਇੱਕ ਪ੍ਰਤੀਸ਼ਤ ਵੱਧ ਹੈ। ਇਸ ਸਰਵੇਖਣ ਅਨੁਸਾਰ 44 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਨ੍ਹਾਂ ਬੁਢਾਪੇ ਲਈ ਪੂੰਜੀ ਜੁਟਾਣ ਦੀ ਸ਼ੁ੍ਰਰੂਆਤ ਤਾਂ ਕੀਤੀ ਸੀ, ਪ੍ਰੰਤੂ ਮਹਿੰਗਾਈ ਦੇ ਲਗਾਤਾਰ ਵੱਧਦਿਆਂ ਜਾਣ ਕਾਰਣ ਵਰਤਮਾਨ ਜ਼ਰੂਰਤਾਂ ਨੂੰ ਪੂਰਿਆਂ ਕਰਨ ਵਿੱਚ ਆ ਰਹੀਆਂ ਪ੍ਰੇਸ਼ਾਨੀਆਂ ਕਾਰਣ ਉਨ੍ਹਾਂ ਨੂੰ ਇਹ ਸਿਲਸਿਲਾ ਬੰਦ ਕਰ ਦੇਣ ਤੇ ਮਜਬੂਰ ਹੋਣਾ ਪਿਆ। ਇਸਤੋਂ ਇਲਾਵਾ 21 ਪ੍ਰਤੀਸ਼ਤ ਕਾਮਗਾਰਾਂ ਨੇ ਦਸਿਆ ਕਿ ਉਨ੍ਹਾਂ ਨੇ ਤਾਂ ਬਚਤ ਕਰਨੀ ਸੁਰੂ ਹੀ ਨਹੀਂ ਕੀਤੀ।

...ਅਤੇ ਅੰਤ ਵਿੱਚ : ਦਸਿਆ ਜਾਂਦਾ ਹੈ ਕਿ ਸਭ ਤੋਂ ਵੱਧ ਚਿੰਤਾਜਨਕ ਸਥਿਤੀ ਇਹ ਹੈ ਕਿ 60 ਵਰ੍ਹਿਆਂ ਦੀ ਉਮਰ ਦੇ 22 ਪ੍ਰਤੀਸ਼ਤ ਅਤੇ 50 ਵਰ੍ਹਿਆਂ ਦੀ ਉਮਰ ਦੇ 14 ਪ੍ਰਤੀਸ਼ਤ ਲੋਕਾਂ ਨੇ ਬੁਢਾਪੇ ਲਈ ਕਿਸੇ ਵੀ ਤਰ੍ਹਾਂ ਦੀ ਬਚਤ ਸ਼ੁਰੂ ਨਹੀਂ ਕੀਤੀ ਹੋਈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Sector – 14, Rohini,
 DELHI-110085

22 March 2019

ਅੱਜ ਦਾ ਭਾਰਤੀ ਮੀਡੀਆ ਸ਼ਕ ਦੇ ਘੇਰੇ ਵਿੱਚ ਕਿਉਂ? - ਜਸਵੰਤ ਸਿੰਘ 'ਅਜੀਤ'

ਦਹਾਕਿਆਂ ਪੁਰਾਣੇ ਪਤ੍ਰਕਾਰ ਦਸਦੇ ਹਨ ਕਿ ਦੇਸ਼ ਦੀ ਅਰੰਭਕ ਪਤ੍ਰਕਾਰਿਤਾ ਪੁਰ ਲੋਕਾਂ ਦਾ ਅੰਧ-ਵਿਸ਼ਾਵਾਸ ਹੋਇਆ ਕਰਦਾ ਸੀ, ਉਹ ਬਿਨਾਂ ਕਿਸੇ ਕਿੰਤੂ-ਪ੍ਰੰਤੂ ਦੇ ਸਵੀਕਾਰ ਲੈਂਦੇ ਸਨ ਕਿ ਜੋ ਕੁਝ ਪ੍ਰਿੰਟ ਮੀਡੀਆ ਵਿੱਚ ਛਪਦਾ ਅਤੇ ਇਲੈਕਟ੍ਰਾਨਿਕ ਮੀਡੀਆ ਪੁਰ ਪ੍ਰਸਾਰਤ ਹੁੰਦਾ ਹੈ, ਉਹ ਸਭ ਸੱਚ ਹੁੰਦਾ ਹੈ। ਇਸਦਾ ਕਾਰਣ ਇੱਕ ਸੀਨੀਅਰ ਪਤ੍ਰਕਾਰ ਨੇ ਨਿਜੀ ਗਲਬਾਤ ਵਿੱਚ ਦਸਿਆ ਕਿ ਜਦੋਂ ਉਨ੍ਹਾਂ ਨੇ ਚਾਰ-ਕੁ ਦਹਾਕੇ ਪਹਿਲਾਂ ਟੀਵੀ ਪਤ੍ਰਕਾਰਤਾ ਵਿੱਚ ਕਦਮ ਰਖਿਆ ਤਾਂ ਉਨ੍ਹਾਂ ਨੇ ਪਹਿਲਾਂ ਹੀ ਧਾਰ ਲਿਆ ਕਿ ਅਸੀਂ ਆਮ ਲੋਕਾਂ ਦਾ ਵਿਸ਼ਵਾਸ ਆਪਣੇ ਪ੍ਰਤੀ ਹੀ ਨਹੀਂ, ਸਗੋਂ ਆਪਣੇ ਕਿੱਤੇ, ਪਤ੍ਰਕਾਰਤਾ ਪ੍ਰਤੀ ਵੀ ਬਣਾਈ ਰਖਾਂਗੇ। ਇਸੇ ਧਾਰਣਾ ਦੇ ਅਧੀਨ ਹੀ ਅਸਾਂ ਫੈਸਲਾ ਲਿਆ ਕਿ ਬਿਨਾਂ ਕਿਸੇ ਸਬੂਤ ਦੇ ਨਾ ਤਾਂ ਕੁਝ ਲਿਖਣਾ ਹੈ, ਨਾ ਬੋਲਣਾ ਹੈ ਅਤੇ ਨਾ ਹੀ ਪ੍ਰਸਾਰਤ ਕਰਨਾ ਹੈ। ਜੇ ਕਿਸੇ ਵਲੋਂ ਆਪਣੇ ਨਿਜੀ ਤਥਾਂ ਦੇ ਅਧਾਰ 'ਤੇ ਕੋਈ ਖਬਰ ਜਾਂ ਜਾਣਕਾਰੀ ਦਿੱਤੀ ਜਾਂਦੀ ਹੈ ਤਾਂ ਉਸਦੇ ਸੰਬੰਧ ਵਿੱਚ ਆਪ ਜਾਂਚੇ-ਪਰਖੇ ਅਤੇ ਤਸਲੀ ਕੀਤੇ ਬਿਨਾਂ ਵਿਸ਼ਵਾਸ ਨਹੀਂ ਕਰਨਾ, ਜੇ ਕੋਈ ਕਿਸੇ ਦੇ ਵਿਰੁਧ ਤੱਥ ਜਾਂ ਬਿਆਨ ਦਿੰਦਾ ਹੈ ਤਾਂ ਉਨ੍ਹਾਂ ਤੱਥਾਂ ਪੁਰ ਦੂਜੇ ਪੱਖ ਦਾ ਜਵਾਬ ਵੀ ਜ਼ਰੂਰ ਲੈਣਾ ਅਤੇ ਇਸਦੇ ਨਾਲ ਹੀ ਦੇਣਾ ਹੈ। ਇਤਨਾ ਹੀ ਨਹੀਂ ਇਹ ਫੈਸਲਾ ਵੀ ਕੀਤਾ ਗਿਆ ਕਿ ਸਾਰੀਆਂ ਰਾਜਸੀ ਪਾਰਟੀਆਂ ਨਾਲ ਇੱਕ-ਸਮਾਨ ਸੰਬੰਧ ਰਖਣੇ ਤੇ ਵਿਹਾਰ ਕਰਨਾ ਹੈ। ਇਸ ਗਲ ਦਾ ਪੂਰਾ ਖਿਆਲ ਰਖਣਾ ਹੈ ਕਿ ਕੋਈ ਨੇਤਾ ਜਾਂ ਪਾਰਟੀ ਆਪਣੇ ਹਿਤਾਂ ਦੇ ਹੱਕ ਵਿੱਚ ਅਤੇ ਦੂਜੇ ਦੇ ਵਿਰੁਧ ਉਨ੍ਹਾਂ ਨੂੰ ਇਸਤੇਮਾਲ ਨਾ ਕਰ ਸਕੇ।
ਉਹ ਦਸਦੇ ਹਨ ਕਿ ਅੱਜ ਦਾ ਮੀਡੀਆ, ਭਾਵੇਂ ਉਹ ਪ੍ਰਿੰਟ ਹੈ ਜਾਂ ਇਲੈਕਟ੍ਰਾਨਿਕ, ਆਪਣੀਆਂ ਜ਼ਿਮੇਂਦਾਰੀ ਨਿਭਾਉਣ ਪੱਖੋਂ ਭਟਕ ਕੇ ਕੁਰਾਹੇ ਪੈ ਗਿਆ ਹੈ। ਉਹ ਇਹ ਭੁਲ ਗਿਆ ਹੈ ਕਿ ਉਸਦੇ ਸਿਰ ਤੇ ਲੋਕਤੰਤਰ ਦਾ ਚੌਥਾ ਅਤੇ ਮਜ਼ਬੂਤ ਸਤੰਭ ਹੋਣ ਦੇ ਵਿਸ਼ਵਾਸ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਹੈ। ਉਹ ਕਹਿੰਦੇ ਹਨ ਕਿ ਇਉਂ ਜਾਪਦਾ ਹੈ ਕਿ ਜਿਵੇਂ ਅੱਜ ਦੇ ਕਈ ਪਤ੍ਰਕਾਰ, ਭਾਵੇਂ ਉਹ ਟੀਵੀ ਐਂਕਰ ਹਨ ਜਾਂ ਸੰਵਾਦਦਾਤਾ (ਰਿਪੋਰਟਰ), ਪਤ੍ਰਕਾਰਤਾ ਦੀਆਂ ਸਾਰੀਆਂ ਮਾਨਤਾਵਾਂ ਨੂੰ ਭੁਲ ਤੇ ਉਸਦੀਆਂ ਸੀਮਾਵਾਂ ਉਲੰਗ, ਇੱਕ ਵਿਸ਼ੇਸ਼ ਰਾਜਸੀ ਪਾਰਟੀ ਦੇ ਜਨ ਸੰਪਰਕ ਅਧਿਕਾਰੀ ਬਣ ਗਏ ਹਨ। ਉਹ ਉਸ ਪਾਰਟੀ ਵਲੋਂ ਦਿੱਤੇ ਗਏ ਤੱਥਾਂ ਦੀ ਨਾ ਤਾਂ ਜਾਂਚ-ਪੜਤਾਲ ਕਰਦੇ ਹਨ ਤੇ ਨਾ ਹੀ ਉਨ੍ਹਾਂ ਦੀ ਸਚਾਈ ਤਲਾਸ਼ਣ ਲਈ, ਕੋਈ ਸੁਆਲ ਹੀ ਕਰਦੇ ਹਨ। ਉਸੇ ਪਾਰਟੀ ਵਲੋਂ ਦੂਜੀ ਪਾਰਟੀ ਪੁਰ ਲਾਏ ਗਏ ਦੋਸ਼ਾਂ ਦੀ ਵੀ ਬਿਨਾਂ ਪੁਣ-ਛਾਣ ਕੀਤੇ ਜਾਂ ਉਸਦੇ ਸੰਬੰਧ ਵਿੱਚ ਬਿਨਾ ਦੂਜੇ ਦਾ ਪੱਖ ਜਾਣੇ, ਅਗੇ ਵਧਾ ਦਿੰਦੇ ਹਨ। ਉਨ੍ਹਾਂ ਅਨੁਸਾਰ ਅੱਜ ਦੇ ਮੀਡੀਆ ਦੀਆਂ ਨਜ਼ਰਾਂ ਵਿੱਚ ਤਾਂ ਜੋ ਲੋਕੀ ਉਸਨੂੰ ਦਾਣਾ ਪਾਣ ਵਾਲੀ ਪਾਰਟੀ ਨਾਲ ਖੜੇ ਹਨ, ਕੇਵਲ ਉਹੀ ਦੇਸ਼ ਭਗਤ ਹਨ, ਬਾਕੀ ਸਭ ਦੇਸ਼ਧ੍ਰੋਹੀ। ਉਹ ਆਖਦੇ ਹਨ ਕਿ ਇਹੀ ਕਾਰਣ ਹੈ ਕਿ ਅੱਜ ਲੋਕੀ ਖੁਲ੍ਹੇ ਆਮ ਮੀਡੀਆ ਅਤੇ ਪਤ੍ਰਕਾਰਾਂ ਦੀ ਤੁਲਨਾ ਵੇਸ਼ਿਆਵਾਂ ਦੇ ਨਾਲ ਕਰਨ ਲਗੇ ਹਨ।


ਝੂਠ-ਸੱਚ ਬਨਾਮ 'ਫੇਕ ਨਿਊਜ਼': ਮੰਨਿਆ ਜਾਂਦਾ ਹੈ ਕਿ ਅੱਜ ਦਾ ਮੀਡੀਆ ਇੱਕ ਨਵੇਂ ਦੌਰ ਵਿੱਚ ਦਾਖਲ ਹੋ ਗਿਆ ਹੋਇਆ ਹੈ। ਇਸ ਦੌਰ ਵਿੱਚ ਉਹ ਇੱਕ ਨਵੇਂ ਤਰੀਕੇ ਨਾਲ ਝੂਠ ਨੂੰ ਸੱਚ ਬਣਾ, ਪੇਸ਼ ਕਰਨ ਲਗਾ ਹੈ। ਇਸ ਝੂਠ ਨੂੰੰ ਅੱਜ ਦੀ ਭਾਸ਼ਾ ਵਿੱਚ 'ਫੇਕ ਨਿਊਜ਼' ਕਿਹਾ ਜਾਂਦਾ ਹੈ। ਮਤਲਬ ਇਹ ਕਿ ਖਬਰ ਹੁੰਦੀ ਤਾਂ 'ਫੇਕ' ਅਰਥਾਤ ਅਧਾਰ-ਹੀਨ ਹੈ, ਪਰ ਮੀਡੀਆ ਉਸਨੂੰ ਲੋਕਾਂ ਸਾਹਮਣੇ ਇਸਤਰ੍ਹਾਂ ਪਰੋਸਦਾ ਹੈ, ਕਿ ਲੋਕੀ ਉਸਦੇ ਸੱਚਿਆਂ ਹੋਣ ਦਾ ਵਿਸ਼ਵਾਸ ਕਰ ਲੈਂਦੇ ਹਨ। ਇਸ ਸੰਬੰਧ ਵਿੱਚ ਮਨੋਵਿਗਿਆਨਕ ਵੀ ਵੰਡੇ ਹੋਏ ਹਨ। ਇੱਕ ਵਰਗ ਦੇ ਮਨੋਵਿਗਿਆਨਕਾਂ ਦਾ ਕਹਿਣਾ ਹੈ ਕਿ ਜੋ ਖਬਰਾਂ ਸਾਡੀ ਪਹਿਲਾਂ ਤੋਂ ਹੀ ਬਣੀ ਹੋਈ ਸੋਚ ਨਾਲ ਮੇਲ ਖਾਂਦੀਆਂ ਹਨ ਜਾਂ ਉਸ ਸੋਚ ਨੂੰ ਪਕਿਆਂ ਕਰਦੀਆਂ ਹਨ, ਉਨ੍ਹਾਂ ਨੂੰ ਅਸੀਂ ਸੱਚ ਮੰਨ ਲੈਂਦੇ ਹਾਂ। ਜਦਕਿ ਦੂਜੇ ਵਰਗ ਦੇ ਮਨੋਵਿਗਿਆਨਕਾਂ ਦਾ ਮੰਨਣਾ ਹੈ ਕਿ ਅਸੀਂ ਝੂਠੀਆਂ ਖਬਰਾਂ ਪੁਰ ਇਸ ਕਰਕੇ ਵਿਸ਼ਵਾਸ ਕਰ ਲੈਂਦੇ ਹਾਂ, ਕਿਉਂਕਿ ਅਸੀਂ ਤੱਥਾਂ ਦੀ ਜਾਂਚ-ਪੜਤਾਲ ਕਰਨ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰਨ ਜਾਂ ਉਨ੍ਹਾਂ ਦੇ ਸੰਬੰਧ ਵਿੱਚ ਆਪਣੀ ਅਕਲ ਦੀ ਵਰਤੋਂ ਕਰਨ ਦੇ ਮੁੱਦੇ 'ਤੇ ਆਲਸ ਕਰ ਜਾਂਦੇ ਹਾਂ। ਕੁਝ ਮਨੋਵਿਗਿਆਕਾਂ ਦੀ ਮਾਨਤਾ ਹੈ ਕਿ 'ਫੇਕ ਨਿਊਜ਼' ਵੱਖ-ਵੱਖ ਢੰਗ ਨਾਲ ਆਪਣੀ ਭੂਮਿਕਾ ਨਿਭਾਉਂਦੀ ਹੈ। ਇਹੀ ਕਾਰਣ ਹੈ ਕਿ 'ਫੇਕ ਨਿਊਜ਼' ਦਾ ਸਭ ਤੋਂ ਵੱਧ ਸ਼ਿਕਾਰ ਉਹੀ ਲੋਕੀ ਹੁੰਦੇ ਹਨ, ਜੋ ਕਿਸੇ ਵਿਚਾਰ ਵਿਸ਼ੇਸ਼ ਦੇ ਕਟੜ ਸਮਰਥਕ ਹੁੰਦੇ ਹਨ। ਉਹੀ ਲੋਕੀ ਅਜਿਹੀਆਂ ਖਬਰਾਂ ਦੇ ਪ੍ਰਚਾਰਕ ਤੇ ਪ੍ਰਸਾਰਕ ਵੀ ਬਣਦੇ ਹਨ। ਇਸਦੇ ਨਾਲ ਹੀ ਕਈ ਸਮਾਜ ਸ਼ਾਸਤ੍ਰੀ ਇਹ ਦਾਅਵਾ ਵੀ ਕਰਦੇ ਹਨ ਕਿ 'ਫੇਕ ਨਿਊਜ਼' ਕੋਈ ਨਵੀਂ ਗਲ ਨਹੀਂ, ਇਹ ਤਾਂ ਕਿਸੇ ਨਾ ਕਿਸੇ ਰੂਪ ਵਿੱਚ ਸਦਾ ਹੀ ਸਾਡੇ ਨਾਲ ਚਲਦੀ ਆ ਰਹੀ ਹੈ। ਜਿਸਨੂੰ ਕਿਸੇ ਸਮੇਂ 'ਅਫਵਾਹ' ਕਿਹਾ ਜਾਂਦਾ ਸੀ, ਉਹ ਵੀ 'ਫੇਕ ਨਿਊਜ਼' ਦਾ ਹੀ ਇੱਕ ਰੂਪ ਹੁੰਦਾ ਸੀ।


ਏਕਤਾ-ਅਖੰਡਤਾ ਦੇ ਪੈਰੋਕਾਰ: ਬੀਤੇ ਦਿਨੀਂ ਪੁਲਵਾਮਾ ਵਿਖੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਕਾਫਲੇ ਪੁਰ ਅੱਤਵਾਦੀ ਆਤਮ-ਘਾਤੀ ਹਮਲਾ ਹੋਇਆ, ਜਿਸ ਵਿੱਚ 40 ਤੋਂ ਵੱਧ ਜਵਾਨ ਮਾਰੇ ਗਏ। ਇਨ੍ਹਾਂ ਜਵਾਨਾਂ ਦੀ ਸ਼ਹਾਦਤ ਨੇ ਸਾਰੇ ਦੇਸ਼ ਨੂੰ ਹਲੂਣ ਕੇ ਰੱਖ ਦਿੱਤਾ। ਇਸਦਾ ਕਾਰਣ ਇਹ ਸੀ ਕਿ ਇਹ ਜਵਾਨ ਕਿਸੇ ਨਿਜੀ ਸਵਾਰਥ ਲਈ ਉਥੇ ਤੈਨਾਤ ਨਹੀਂ ਸਨ, ਸਗੋਂ ਇਨ੍ਹਾਂ ਪੁਰ ਦੇਸ਼ ਦੀ ਏਕਤਾ-ਅਖੰਡਤਾ ਨੂੰ ਕਾਇਮ ਰਖਣ ਦੀ ਜ਼ਿਮੇਂਦਾਰੀ ਸੀ। ਇਸ ਕਰਕੇ ਇਨ੍ਹਾਂ ਦੀ ਸ਼ਹਾਦਤ ਪੁਰ ਸਾਰੇ ਦੇਸ਼ ਦਾ ਹਲੂਣਿਆ ਜਾਣਾ ਕੁਦਰਤੀ ਸੀ। ਇਸ ਵਿੱਚ ਕੋਈ ਸ਼ਕ ਨਹੀਂ ਕਿ ਇਹ ਘਟਨਾ ਬਹੁਤ ਹੀ ਦੁਖਦਾਈ ਸੀ। ਜਿਸ ਕਾਰਣ ਦੇਸ਼ ਵਿੱਚ ਅੱਤਵਾਦੀਆਂ ਦੇ ਵਿਰੁਧ ਗੁੱਸਾ ਪੈਦਾ ਹੋਣਾ ਕੋਈ ਅਨੋਖੀ ਜਾਂ ਵਿਰਵੀ ਗਲ ਨਹੀਂ ਸੀ। ਪ੍ਰੰਤੂ ਦੁਖ ਦੀ ਗਲ ਇਹ ਹੋਈ ਕਿ ਇਸ ਘਟਨਾ ਦੇ ਫਲਸਰੂਪ ਕੁਝ ਲੋਕਾਂ ਦੀ 'ਦੇਸ਼ ਭਗਤੀ' ਕੁਝ ਵਧੇਰੇ ਹੀ ਉਭਰ ਕੇ ਸਾਹਮਣੇ ਆਉਣ ਲਗ ਪਈ। ਉਨ੍ਹਾਂ ਵਲੋਂ ਪਾਕਿਸਤਾਨ ਸਮਰਥਕ (ਸਪਾਂਸਰਡ) ਅੱਤਵਾਦੀਆਂ ਵਲੋਂ ਭਰਪਾਏ ਇਸ ਕਹਿਰ ਵਿਰੁਧ ਸਮੁਚੇ ਰੂਪ ਵਿੱਚ ਕਸ਼ਮੀਰੀਆਂ ਨੂੰ ਦੋਸ਼ੀ ਗਰਦਾਨ, ਦੇਸ਼ ਦੇ ਵੱਖ-ਵੱਖ ਹਿਸਿਆਂ ਵਿੱਚ ਪੜ੍ਹਾਈ ਕਰ ਰਹੇ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰ ਕਰ ਪੇਟ ਪਾਲ ਰਹੇ ਵਪਾਰੀਆਂ ਨੂੰ ਨਿਸ਼ਾਨਾ ਬਣਾ ਆਪਣੀ 'ਅਨ੍ਹੀਂ ਦੇਸ਼ ਭਗਤੀ' ਦਾ ਪ੍ਰਗਟਾਵਾ ਕਰਨਾ ਸ਼ੁਰੂ ਕਰ ਦਿੱਤਾ ਗਿਆ, ਇਸਦਾ ਨਤੀਜਾ ਇਹ ਹੋਇਆ ਕਿ ਕਸ਼ਮੀਰੀ ਵਿਦਿਆਰਥੀਆਂ ਅਤੇ ਵਪਾਰੀਆਂ ਨੇ ਕਸ਼ਮੀਰ ਵਲ ਪਲਾਇਨ ਕਰ ਜਾਣ ਵਿੱਚ ਹੀ ਆਪਣੇ ਜਾਨ-ਮਾਲ ਦੀ ਸੁਰਖਿਆ ਮੰਨ ਕਸ਼ਮੀਰ ਵੱਲ ਪਲਾਇਨ ਕਰਨਾ ਸੁਰੂ ਕਰ ਦਿੱਤਾ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਰਾਜਸੀ ਹਲਕਿਆਂ ਵਲੋਂ ਇਨ੍ਹਾਂ ਘਟਾਨਾਵਾਂ ਪੁਰ ਚਿੰਤਾ ਪ੍ਰਗਟ ਕਰਦਿਆਂ ਕਿਹਾ ਜਾਣ ਲਗਾ ਕਿ ਅੰਨ੍ਹੀ ਦੇਸ਼ ਭਗਤੀ ਦੇ ਜੋਸ਼ ਵਿੱਚ ਆ ਜੋ ਕੁਝ ਕੀਤਾ ਜਾ ਰਿਹਾ ਹੈ, ਉਸ ਨਾਲ ਇੱਕ ਤਾਂ ਪਾਕਿਸਤਾਨ ਦੇ ਇਰਾਦਿਆਂ ਨੂੰ ਪੂਰਿਆਂ ਕੀਤਾ ਜਾਣ ਲਗਾ ਹੈ ਅਤੇ ਦੂਜੇ ਪਾਸੇ ਕਸ਼ਮੀਰ ਵਿੱਚ ਵੱਖਵਾਦ ਨੂੰ ਹਵਾ ਦੇਣ ਵਾਲੇ ਦੇਸ਼-ਦੁਸਮਣਾ ਨੂੰ ਤਾਕਤ ਦੇਣ ਵਿੱਚ ਸਕਾਰਥੀ ਭੂਮਿਕਾ ਨਿਭਾਈ ਜਾਣ ਲਗ ਪਈ ਹੈ। ਇਨ੍ਹਾਂ ਰਾਜਸੀ ਹਲਕਿਆਂ ਦਾ ਕਹਿਣਾ ਹੈ ਕਿ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਅਸੀਂ ਕਿਧਰੇ ਅਪ੍ਰਤੱਖ ਰੂਪ ਵਿੱਚ ਉਹੀ ਕੁਝ ਤਾਂ ਨਹੀਂ ਕਰ ਰਹੇ, ਜੋ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਚਾਹੁੰਦੇ ਹਨ।       

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

08 March 2019

ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਭਵਿੱਖ ਦਾਅ 'ਤੇ - ਜਸਵੰਤ ਸਿੰਘ 'ਅਜੀਤ'

ਸ਼੍ਰੋਮਣੀ ਅਕਾਲੀ ਦਲ, ਜੋ ਕਿਸੇ ਸਮੇਂ ਪੰਥ ਨਾਲ ਜੁੜ ਸਮੁਚੇ ਪੰਥਕ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧ ਹੋ 'ਅਰਸ਼ਾਂ' ਵਿੱਚ ਉੱਚ ਉਡਾਰੀਆਂ ਭਰਿਆ ਕਰਦਾ ਸੀ, ਅੱਜ ਉਹ ਕੇਵਲ ਇੱਕ ਪਰਿਵਾਰ ਪ੍ਰਤੀ ਸਮਰਪਿਤ ਹੋ, ਉਸੇ ਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਤਕ ਸੀਮਤ ਹੋ, ਅਰਸ਼ਾਂ ਤੋਂ ਫਰਸ਼ ਪੁਰ ਆ ਡਿਗਾ ਹੈ। ਕੋਈ ਮੰਨੇ ਜਾਂ ਨਾਂਹ, ਪ੍ਰੰਤੂ ਸੱਚਾਈ ਇਹੀ ਹੈ ਕਿ ਅੱਜ 'ਉਹ' ਆਪਣੇ ਜੀਵਨ ਦੀਆਂ ਆਖਰੀ ਘੜੀਆਂ ਗਿਣਨ ਲਈ ਮਜਬੂਰ ਹੋ ਕੇ ਰਹਿ ਗਿਆ ਹੋਇਆ ਹੈ। ਇਸ ਵਿੱਚ ਕੋਈ ਸ਼ਕ ਨਹੀਂ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਇਸਨੂੰ ਨਵਜੀਵਨ ਦੇਣ ਦੇ ਲਈ ਅੰਤ-ਹੀਨ ਅਹੁਦਿਆਂ ਦੀ ਵੰਡ ਕਰ ਰਹੇ ਹਨ। ਉਨ੍ਹਾਂ ਵਲੋਂ ਅਜਿਹਾ ਕੀਤੇ ਜਾਣ ਦੇ ਬਾਅਦ ਵੀ ਅੱਜ ਜੋ ਹਾਲਾਤ ਬਣੇ ਹੋਏ ਹਨ, ਉਹ ਇਸ ਗਲ ਦੀ ਗੁਆਹੀ ਭਰਨ ਲਈ ਤਿਆਰ ਨਹੀਂ ਜਾਪਦੇ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਵਜੀਵਨ ਪ੍ਰਾਪਤ ਕਰ ਆਪਣਾ ਪੁਰਾਣਾ ਗੌਰਵ ਹਾਸਿਲ ਕਰਨ ਵਿੱਚ ਸਫਲ ਹੋ ਸਕੇਗਾ। ਇਸਦਾ ਕਾਰਣ ਉਹ ਬਜ਼ੁਰਗ ਅਕਾਲੀ ਮੁੱਖੀ, ਜੋ ਬੀਤੇ ਲੰਮੇਂ ਸਮੇਂ ਤੋਂ ਦਲ ਦੀ ਕੌਮੀ ਲੀਡਰਸ਼ਿਪ ਵਲੋਂ ਅਣਗੋਲਿਆਂ ਕੀਤੇ ਜਾਂਦਿਆਂ ਰਹਿਣ ਦੇ ਕਾਰਣ, ਨਿਰਾਸ਼ ਹੋ ਆਪੋ-ਆਪਣੇ ਘਰਾਂ ਦੀ ਚਾਰ-ਦੀਵਾਰੀ ਵਿੱਚ ਬੰਦ ਹੋ ਕੇ ਰਹਿ ਗਏ ਹੋਏ ਹਨ, ਮੰਨਦੇ ਹਨ ਕਿ ਵਰਤਮਾਨ ਅਕਾਲੀ ਦਲ, ਜੋ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੀ ਜੋ ਦਸ਼ਾ ਹੋ ਰਹੀ ਹੈ ਉਸਦਾ ਕਾਰਣ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵਲੋਂ ਆਪਣੀ ਰਾਜਸੀ ਲਾਲਸਾ ਨੂੰ ਪੂਰਿਆਂ ਕਰਨ ਲਈ ਉਸਨੂੰ ਪੰਥ ਨਾਲੋਂ ਤੋੜ ਪੰਥ-ਵਿਰੋਧੀਆਂ ਦੀ ਝੋਲੀ ਵਿੱਚ ਪਾ ਦੇਣਾ ਹੈ। ਇਨ੍ਹਾਂ ਬਜ਼ੁਰਗ ਅਕਾਲੀ ਮੁੱਖੀਆਂ ਦਾ ਇਹ ਵੀ ਕਹਿਣਾ ਹੈ ਬਾਦਲ ਅਕਾਲੀ ਦਲ ਦੇ ਮੁੱਖੀਆਂ ਦਾ ਨਿਸ਼ਾਨਾ ਕੇਵਲ ਰਾਜ-ਸੱਤਾ ਦੀ ਪ੍ਰਾਪਤੀ ਤਕ ਸੀਮਤ ਹੋ ਕੇ ਰਹਿ ਗਿਆ ਹੋਇਆ ਹੈ। ਉਨ੍ਹਾਂ ਅਨੁਸਾਰ ਹੁਣ ਇਸਦਾ ਉਨ੍ਹਾਂ ਸ਼ਹੀਦਾਂ ਦੀ ਵਿਰਾਸਤ ਨਾਲ ਕੋਈ ਲੈਣਾ-ਦੇਣਾ ਨਹੀਂ, ਜਿਨ੍ਹਾਂ ਨੇ ਪੰਥ ਦੀ ਆਨ ਤੇ ਸ਼ਾਨ ਬਹਾਲ ਰਖੀ ਰਖਣ ਅਤੇ ਉਸਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਲਈ ਸ਼ਹਾਦਤਾਂ ਦਿਤੀਆਂ ਹਨ। ਇਸਦੇ ਆਗੂਆਂ ਦੀ ਸੋਚ ਕੇਵਲ ਇਤਿਹਾਸਕ ਗੁਰਧਾਮਾਂ ਦੀ ਸੱਤਾ ਹਥਿਆ, ਆਪਣੀ ਰਾਜਸੀ ਲਾਲਸਾ ਅਤੇ ਸਵਾਰਥ ਨੂੰ ਪੂਰਿਆਂ ਕਰਨ ਲਈ ਉਨ੍ਹਾਂ ਦੇ ਸਾਧਨਾਂ ਦੀ ਵਰਤੋਂ ਕਰਨ ਤਕ ਸੀਮਤ ਹੋ ਕੇ ਰਹਿ ਗਈ ਹੋਈ ਹੈ। ਇਨ੍ਹਾਂ ਬਜ਼ੁਰਗ ਅਕਾਲੀਆਂ ਦੀ ਮਾਨਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਨੂੰ ਵਰਤਮਾਨ ਸੰਕਟ ਪੂਰਣ ਸਥਿਤੀ ਵਿਚੋਂ ਉਭਾਰਨਾ ਹੈ, ਤਾਂ ਇਸਨੂੰ ਪਰਿਵਾਰਕ 'ਜੂਲੇ' ਵਿਚੋਂ ਮੁਕਤ ਕਰਵਾ, ਪੰਥਕ ਏਜੰਡੇ ਪੁਰ ਵਾਪਸ ਲਿਆਉਣਾ ਹੋਵੇਗਾ। ਇਸਦੇ ਨਾਲ ਹੀ ਇਸਦੀਆਂ ਮੁਢਲੀਆਂ ਲੋਕਤਾਂਤ੍ਰਿਕ ਮਾਨਤਾਵਾਂ ਦੀ ਬਹਾਲੀ ਵੀ ਕਰਨੀ ਹੋਵੇਗੀ ਤਾਂ ਜੋ ਇਹ ਮੁੜ ਸਮੁਚੇ ਪੰਥ ਨਾਲ ਜੁੜ ਉਸਦੇ ਹਿਤਾਂ ਅਤੇ ਅਧਿਕਾਰਾਂ ਦੀ ਰਖਿਆ ਕਰਨ ਪ੍ਰਤੀ ਸਮਰਪਿਤ ਹੋ ਸਕੇ। ਇਸਦੇ ਨਾਲ ਹੀ ਉਹ ਮੁੱਖੀ ਚਿਤਾਵਨੀ ਵੀ ਦਿੰਦੇ ਹਨ ਕਿ ਜੇ ਇਸ (ਸ਼੍ਰੋਮਣੀ ਅਕਾਲੀ ਦਲ) ਨੂੰ ਇੱਕ ਪਰਿਵਾਰ ਦੀ 'ਜਕੜ' ਵਿਚੋਂ ਮੁਕਤ ਕਰਵਾ ਇਸਦਾ ਪੁਰਾਣਾ ਲੋਕਤਾਂਤ੍ਰਿਕ ਸਰੂਪ ਬਹਾਲ ਨਾ ਕੀਤਾ ਗਿਆ, ਤਾਂ ਉਹ ਦਿਨ ਦੂਰ ਨਹੀਂ ਹੋਵੇਗਾ, ਜਦੋਂ ਪੰਥ ਪੂਰੀ ਤਰ੍ਹਾਂ ਲੀਡਰ-ਹੀਨ ਹੋ ਕੇ ਰਹਿ ਜਾਇਗਾ ਅਤੇ ਉਸ ਕੋਲ ਕੋਈ ਅਜਿਹੀ ਜੱਥੇਬੰਦੀ ਨਹੀਂ ਰਹਿ ਗਈ ਹੋਵੇਗੀ, ਜੋ ਉਸਦੇ ਹਿਤਾਂ ਅਤੇ ਅਧਿਕਾਰਾਂ ਦੀ ਪੈਰਵੀ ਅਤੇ ਸਮੇਂ-ਸਮੇਂ ਉਸਦਾ ਮਾਰਗ-ਦਰਸ਼ਨ ਕਰ ਸਕੇ।  
 
ਸ. ਕਾਲਕਾ ਅਤੇ ਸ. ਬਾਠ ਦਾ ਸਨਮਾਨ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਪ੍ਰਧਾਨ੿ ਸ. ਸੁਖਬੀਰ ਸਿੰਘ ਬਾਦਲ ਨੇ ਦਲ ਦੇ ਕੌਮੀ ਸੰਗਠਨ ਵਿੱਚ ਦਿੱਲੀ ਨੂੰ ਪ੍ਰਤੀਨਿਧਤਾ ਦੇਣ ਦੇ ਉਦੇਸ਼ ਨਾਲ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟਿੰਗ ਪ੍ਰਧਾਨ ਸ. ਹਰਮੀਤ ਸਿੰਘ ਕਾਲਕਾ ਅਤੇ ਮੁੱਖ ਸਲਾਹਕਾਰ ਸ. ਕੁਲਵੰਤ ਸਿੰਘ ਬਾਠ ਨੂੰ ਕੌਮੀ ਉਪ-ਪ੍ਰਧਾਨ ਵਜੋਂ ਦਲ ਵਿੱਛ ਸ਼ਾਮਲ ਕਰ ਉਨ੍ਹਾਂ ਨੂੰ ਸਨਮਾਨਤ ਕੀਤਾ ਹੈ। ਆਪਣੀ ਇਸ ਨਿਯੁਕਤੀ ਪੁਰ ਪ੍ਰਤੀਕ੍ਰਿਆ ਦਿੰਦਿਆਂ ਸ. ਕਾਲਕਾ ਅਤੇ ਸ. ਬਾਠ ਨੇ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ (ਸ. ਬਾਦਲ) ਨੇ ਉਨ੍ਹਾਂ ਪੁਰ ਭਰੋਸਾ ਕਰ ਜੋ ਜ਼ਿਮੇਂਦਾਰੀ ਉਨ੍ਹਾਂ ਨੂੰ ਸੌਂਪੀ ਹੈ, ਉਸਨੂੰ ਉਹ ਪੂਰੀ ਨਿਸ਼ਠਾ ਨਾਲ ਨਿਬਾਹੁਣਗੇ। ਇਧਰ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਮੁੱਖੀਆਂ ਅਤੇ ਵਰਕਰਾਂ ਨੇ ਵੀ ਇਸ ਨਿਯੁਕਤੀ ਦਾ ਸਵਾਗਤ ਕਰਦਿਆਂ ਜਿਥੇ ਸ. ਕਾਲਕਾ ਅਤੇ ਸ. ਬਾਠ ਨੂੰ ਵਧਾਈ ਦਿੱਤੀ, ਉਥੇ ਹੀ ਉਨ੍ਹਾਂ ਸ. ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਵੀ ਕੀਤਾ।   

ਸ. ਜੀਕੇ ਨੂੰ ਸੰਮਨ: ਖਬਰਾਂ ਅਨੁਸਾਰ ਸਿੱਖ ਜਗਤ ਵਲੋਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਦੇ ਗਰਦਾਨੇ ਚਲੇ ਆ ਰਹੇ, ਮੁਖ ਦੋਸ਼ੀਆਂ ਵਿਚੋਂ ਇੱਕ ਜਗਦੀਸ਼ ਟਾਈਟਲਰ ਦੀ ਸ਼ਿਕਾਇਤ ਪੁਰ ਦਿੱਲੀ ਪੁਲਿਸ ਵਲੋਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਮਨਜੀਤ ਸਿੰਘ ਜੀਕੇ ਵਿਰੁਧ ਸੰਮਨ ਜਾਰੀ ਕੀਤੇ ਗਏ ਹਨ। ਦਸਿਆ ਗਿਆ ਹੈ ਕਿ ਜਗਦੀਸ਼ ਟਾਈਟਲਰ ਵਲੋਂ ਸ. ਮਨਜੀਤ ਸਿੰਘ ਜੀਕੇ ਵਿਰੁਧ ਪੁਲਿਸ ਪਾਸ ਕੀਤੀ ਗਈ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਬੀਤੇ ਦਿਨੀਂ ਕਥਤ ਰੂਪ ਵਿੱਚ ਸੰਪਾਦਿਤ ਕੁਝ ਵੀਡੀਓ ਕਲਿਪ ਜਾਰੀ ਕਰ, ਉਨ੍ਹਾਂ ਦੇ ਅਧਾਰ ਪੁਰ ਨਵੰਬਰ-84 ਦੇ ਸਿੱਖ ਕਤਲ-ਏ-ਆਮ ਵਿੱਚ ਉਨ੍ਹਾਂ ਦੀ ਕਥਤ ਸਵੀਕ੍ਰਿਤੀ ਹੋਣ ਦਾ ਦੋਸ਼ ਲਾਇਆ ਹੈ। ਜਿਸ ਨਾਲ ਉਨ੍ਹਾਂ ਦੀ ਛੱਬੀ ਪ੍ਰਭਾਵਤ ਹੋਈ ਹੈ। ਦਸਿਆ ਗਿਆ ਹੈ ਕਿ ਸ. ਮਨਜੀਤ ਸਿੰਘ ਜੀਕੇ ਨੇ ਦਿੱਲੀ ਪੁਲਿਸ ਦੀ ਇਸ ਕਾਰਵਾਈ (ਉਨ੍ਹਾਂ ਦੇ ਨਾਂ ਸੰਮਨ ਜਾਰੀ ਕੀਤੇ ਜਾਣ) ਦਾ ਸਵਾਗਤ ਕਰਦਿਆਂ, ਦਾਅਵਾ ਕੀਤਾ ਹੈ ਕਿ ਜਗਦੀਸ਼ ਟਾਈਟਲਰ ਨੇ ਆਪ ਹੀ ਉਨ੍ਹਾਂ ਦੇ ਨਾਂ ਇਹ ਸੰਮਨ ਜਾਰੀ ਕਰਵਾ, ਉਨ੍ਹਾਂ ਵਲੋਂ ਆਪਣੇ ਪੁਰ ਲਾਏ ਗਏ ਦੋਸ਼ਾਂ ਨੂੰ ਅਦਾਲਤ ਵਿੱਚ ਸਾਬਤ ਕਰਨ ਦਾ ਮੌਕਾ ਦੇ ਦਿੱਤਾ ਹੈ।
ਇਸ ਦੇ ਨਾਲ ਹੀ ਇਥੇ ਇਹ ਸਵਾਲ ਵੀ ਉਭਰ ਕੇ ਸਾਹਮਣੇ ਆ ਜਾਂਦਾ ਹੈ ਕਿ ਸ. ਮਨਜੀਤ ਸਿੰਘ ਜੀਕੇ ਵਲੋਂ ਕਈ ਮਹੀਨੇ ਪਹਿਲਾਂ ਜਗਦੀਸ਼ ਟਾਈਟਲਰ ਦੇ ਵਿਰੁਧ ਕਾਰਵਾਈ ਕੀਤੇ ਜਾਣ ਦੀ ਮੰਗ ਕਰਦਿਆਂ ਸੰਬੰਧਤ ਵੀਡੀਓ ਕਲਿਪ ਜਾਰੀ ਕੀਤੇ ਗਏ ਸਨ। ਦਸਿਆ ਗਿਆ ਹੈ ਕਿ ਇਸਦੇ ਨਾਲ ਹੀ ਉਨ੍ਹਾਂ (ਸ. ਮਨਜੀਤ ਸਿੰਘ ਜੀਕੇ) ਨੇ ਜਗਦੀਸ਼ ਟਾਈਟਲਰ ਦੇ ਵਿਰੁਧ ਕਾਰਵਾਈ ਕਰਨ ਦੀ ਮੰਗ ਕਰਦਿਆਂ, ਇਨ੍ਹਾਂ ਵੀਡੀਓ ਕਲਿਪਾਂ ਦੀਆਂ ਕਾਪੀਆਂ ਜਿਥੇ ਜਾਂਚ ਅਧਿਕਾਰੀਆਂ ਅਤੇ ਜਾਂਚ ਏਜੰਸੀਆਂ ਨੂੰ ਸੌਂਪੀਆਂ ਸਨ, ਉਥੇ ਹੀ ਉਨ੍ਹਾਂ ਇਨ੍ਹਾਂ ਵੀਡੀਓ ਕਲਿਪਾਂ ਦੀਆਂ ਕਾਪੀਆਂ ਇਸੇ ਮੰਗ ਦੇ ਨਾਲ ਕੁਝ ਕੇਂਦ੍ਰੀ ਮੰਤ੍ਰੀਆਂ ਤਕ ਵੀ ਪਹੁੰਚਾਈਆਂ ਸਨ। ਕਈ ਮਹੀਨੇ ਬੀਤ ਜਾਣ 'ਤੇ ਵੀ ਸ. ਮਨਜੀਤ ਸਿੰਘ ਜੀਕੇ ਵਲੋਂ ਕੀਤੀ ਗਈ ਇਸ ਸ਼ਿਕਾਇਤ ਪੁਰ ਨਾ ਤਾਂ ਜਗਦੀਸ਼ ਟਾਈਟਲਰ ਪੁਰ ਕੋਈ ਕਾਰਵਾਈ ਹੋਣ ਦੀ ਖਬਰ ਆਈ ਅਤੇ ਨਾ ਹੀ ਇਨ੍ਹਾਂ ਸ਼ਿਕਾਇਤਾਂ ਪੁਰ ਕੋਈ ਕਾਰਵਾਾਈ ਨਾ ਕੀਤੇ ਜਾ ਸਕਣ ਦੇ ਕਾਰਣਾਂ ਤੋਂ ਸ. ਮਨਜੀਤ ਸਿੰਘ ਜੀਕੇ ਨੂੰ ਜਾਣੂ ਕਰਵਾਇਆ ਗਿਆ। ਫਿਰ ਅਚਾਨਕ ਹੀ ਇਹ ਖਬਰ ਆ ਗਈ ਕਿ ਜਗਦੀਸ਼ ਟਾੲੱਟਲਰ ਦੀ ਸ਼ਿਕਾਇਤ ਪੁਰ ਮਨਜੀਤ ਸਿੰਘ ਜੀਕੇ ਦੇ ਨਾਂ ਸੰਮਨ ਜਾਰੀ ਕੀਤੇ ਗਏ ਹਨ।

...ਅਤੇ ਅੰਤ ਵਿੱਚ: ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਨਾਏ ਜਾਣ ਲਈ ਪ੍ਰਭਾਵਸ਼ਾਲੀ ਪ੍ਰੋਗਰਾਮਾਂ ਦੀ ਰੂਪ-ਰੇਖਾ ਤਿਆਰ ਕਰਨ ਵਾਸਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਕਾਨਕਲੇਵ ਦਾ ਅਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਹੋਏ ਫੈਸਲਿਆਂ ਪੁਰ ਪ੍ਰਤੀਕ੍ਰਿਆ ਦਿੰਦਿਆਂ ਕੁਝ ਬੁਧੀਜੀਵੀਆਂ ਵਲੋਂ ਕਿਹਾ ਗਿਆ ਕਿ ਜਿਸ ਤਰ੍ਹਾਂ ਦੇ ਵੱਡੇ-ਵੱਡੇ ਪ੍ਰੋਗਰਾਮ ਅਯੋਜਿਤ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ, ਬੀਤੇ ਸਮੇਂ ਵਿੱਚ ਵੀ ਅਜਿਹੇ ਕਈ ਸਮਾਗਮ ਅਤੇ ਪ੍ਰੋਗਰਾਮ ਕੀਤੇ ਜਾਂਦੇ ਰਹੇ ਸਨ, ਪ੍ਰੰਤੂ ਉਨ੍ਹਾਂ ਵਿਚੋਂ ਕੋਈ ਵੀ ਪ੍ਰੋਗਰਾਮ ਸਦੀਵੀ ਪ੍ਰਭਾਵ ਛੱਡਣ ਵਿੱਚ ਸਫਲ ਨਹੀਂ ਸੀ ਹੋ ਸਕਿਆ। ਇਸਲਈ ਵੱਡੇ-ਵੱਡੇ ਪ੍ਰੋਗਰਾਮਾਂ ਆਯੋਜਿਤ ਕੀਤੇ ਜਾਣ ਦੀ ਬਜਾਏ ਅਜਿਹੇ ਛੋਟੇ-ਵੱਡੇ ਪ੍ਰੋਗਰਾਮਾਂ ਦਾ ਅਯੋਜਨ ਕੀਤਾ ਜਾਣਾ ਚਾਹੀਦਾ ਹੈ, ਜਿਨ੍ਹਾਂ ਦਾ ਪ੍ਰਭਾਵ ਜੇ ਸਦੀਵੀ ਨਾ ਹੋਵੇ ਪ੍ਰੰਤੂ ਚਿਰਕਾਲ ਤਕ ਬਣਿਆ ਰਹਿਣ ਵਾਲਾ ਜ਼ਰੂਰ ਹੋਵੇ। ਕਈ ਵਿਦਵਾਨਾਂ ਦੀ ਮਾਨਤਾ ਹੈ ਕਿ ਇਸ ਮੌਕੇ 'ਤੇ ਜੇ ਪਿਛੜੀਆਂ ਬਸਤੀਆਂ ਵਿੱਚ ਗੁਰੁ ਨਾਨਕ ਦੇਵ ਜੀ ਦੇ ਨਾਂ ਤੇ ਨਰਸਰੀ ਜਾਂ ਪ੍ਰਾਇਮਰੀ ਸਕੂਲਾਂ ਤੇ ਡਿਸਪੈਂਸਰੀਆਂ ਦੀ ਸਥਾਪਨਾ ਕੀਤੀ ਜਾਏ ਅਤੇ ਉਨ੍ਹਾਂ ਘਰਾਂ ਵਿਚਲੇ ਚੁਲ੍ਹੇ ਬਾਲੀ ਰਖਣ ਦਾ ਪ੍ਰਬੰਧ ਕਰਵਾਇਆ ਜਿਨ੍ਹਾਂ ਘਰਾਂ ਵਿੱਚ ਜਾਂ ਤਾਂ ਕਈ-ਕਈ ਦਿਨ ਚੁਲ੍ਹੇ ਬਲਦੇ ਨਹੀਂ ਜਾਂ ਜਿਨ੍ਹਾਂ ਦੇ ਪਰਿਵਾਰ ਅੱਧਾ-ਅਧੂਰਾ ਪੇਟ ਭਰ ਹੀ, ਰਾਤ ਸੋਣ ਨੂੰ ਮਜਬੂਰ ਹੋ ਜਾਂਦੇ ਹਨ। 

Mobile : +91 95 82 71 98 90
E-Mail :  jaswantsinghajit@gmail.com

Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

28 Feb. 2019

ਮੁੜ ਵਿਵਾਦਾਂ 'ਚ : ਧਾਰਾ 370 ਬਨਾਮ ਕਸ਼ਮੀਰ ਦਾ ਵਿਸ਼ੇਸ਼ ਦਰਜਾ - ਜਸਵੰਤ ਸਿੰਘ 'ਅਜੀਤ' 

ਬੀਤੇ ਦਿਨੀਂ ਕਸ਼ਮੀਰ ਘਾਟੀ ਵਿੱਚ ਬੀਐਸਐਫ ਦੇ ਇੱਕ ਕਾਫਲੇ ਪੁਰ ਹੋਏ ਅੱਤਵਾਦੀ ਹਮਲੇ, ਜਿਸ ਵਿੱਚ (ਖਬਰਾਂ ਅਨੁਸਾਰ) ਬੀਐਸਐਫ ਦੇ 40 ਤੋਂ ਵੱਧ ਜਵਾਨ ਮਾਰੇ ਗਏ, ਤੋਂ ਬਾਅਦ ਇੱਕ ਵਾਰ ਫਿਰ ਕਸ਼ਮੀਰ ਰਿਆਸਤ ਨੂੰ ਵਿਸ਼ੇਸ਼ ਦਰਜਾ ਦੇਣ ਲਈ ਸੰਵਿਧਾਨ ਵਿੱਚ ਸ਼ਾਮਲ ਕੀਤੀ ਗਈ ਧਾਰਾ 370 ਨੂੰ ਖਤਮ ਕਰ ਦਿੱਤੇ ਜਾਣ ਦੀ ਮੰਗ ਨੇ ਜ਼ੋਰ ਪਕੜ ਲਿਆ ਹੈ। ਦਸਿਆ ਗਿਆ ਹੈ ਕਿ ਇਸ ਉਦੇਸ਼ ਲਈ ਦੇਸ਼ ਦੀ ਸਰਵੁੱਚ ਅਦਾਲਤ, ਸੁਪ੍ਰੀਮ ਕੋਰਟ ਵਿੱਚ ਵੀ ਇੱਕ ਰਿਟ ਪਟੀਸ਼ਨ ਦਾਖਲ ਕੀਤੀ ਗਈ ਹੈ, ਜਿਸ ਪੁਰ ਸੁਣਵਾਈ ਕੀਤਾ ਜਾਣਾ ਅਦਾਲਤ ਵਲੋਂ ਸਵੀਕਾਰ ਕਰ ਲਿਆ ਗਿਆ ਹੈ। ਇਸ ਰਿਟ ਪਟੀਸ਼ਨ ਪੁਰ ਅਦਾਲਤ ਦੇ ਵਿਦਵਾਨ ਜੱਜਾਂ ਵਲੋਂ ਕੀ ਫੈਸਲਾ ਦਿੱਤਾ ਜਾਇਗਾ? ਇਸ ਸੁਆਲ ਦਾ ਜਵਾਬ ਭਵਿਖ ਹੀ ਦੇ ਪਾਵੇਗਾ।
ਇਥੇ ਇਹ ਗਲ ਵਰਨਣਯੋਗ ਹੈ ਕਿ ਬੀਤੇ ਸਮੇਂ ਵਿੱਚ ਵੀ ਸਮੇਂ-ਸਮੇਂ ਇਸ ਧਾਰਾ (370) ਨੂੰ ਖਤਮ ਕਰ ਦਿੱਤੇ ਜਾਣ ਦੀ ਮੰਗ ਕੀਤੀ ਜਾਂਦੀ ਰਹੀ ਹੈ। ਲੋਕਸਭਾ ਦੀਆਂ ਪਿਛਲੀਆਂ ਚੋਣਾਂ ਦੌਰਾਨ ਵੀ ਭਾਜਪਾ ਵਲੋਂ ਜੰਮੂ ਵਿਖੇ ਕਰਵਾਈ ਗਈ 'ਲਲਕਾਰ ਰੈਲੀ' ਨੂੰ ਸੰਬੋਧਨ ਕਰਦਿਆਂ (ਵਰਤਮਾਨ ਪ੍ਰਧਾਨ ਮੰਤਰੀ ਅਤੇ ਉਸ ਸਮੇਂ) ਭਾਜਪਾ ਵਲੋਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਨਰੇਂਦਰ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਖਤਮ ਕਰ ਦੇਣੀ ਚਾਹੀਦੀ ਹੈ, ਕਿਉਂਕਿ ਇਸ ਧਾਰਾ ਨੇ ਸੂਬੇ ਦੇ ਲੋਕਾਂ ਨੂੰ ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਤੋਂ ਇਲਾਵਾ ਕੁਝ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਸੰਵਿਧਾਨ ਦੀ ਧਾਰਾ 370 ਪੁਰ ਮੁੜ ਬਹਿਸ ਕੀਤੀ ਜਾਏ। ਨਰੇਂਦਰ ਮੋਦੀ ਵਲੋਂ ਦਿੱਤੀ ਗਈ ਇਸ 'ਸਲਾਹ' ਨੇ ਇਸ ਮੁੱਦੇ ਨੂੰ ਨਵੇਂ ਸਿਰੇ ਤੋਂ ਭਖਾ ਦਿੱਤਾ। ਇੱਕ ਪਾਸੇ ਕਾਂਗ੍ਰਸ ਅਤੇ ਜੰਮੂ-ਕਸ਼ਮੀਰ ਦੀਆਂ ਇਲਾਕਾਈ ਪਾਰਟੀਆਂ ਨੇ ਉੇਸੇ ਸਮੇਂ ਇਸ ਪ੍ਰਾਵਧਾਨ ਪੁਰ ਵਿਚਾਰ-ਚਰਚਾ ਕੀਤੇ ਜਾਣ ਦੇ ਮੁੱਦੇ ਨੂੰ ਸਿਰੇ ਤੋਂ ਖਾਰਿਜ ਕਰ ਦਿੱਤਾ, ਦੂਜੇ ਪਾਸੇ ਭਾਜਪਾ ਨੇਤਾ ਸ਼ੁਸ਼ਮਾ ਸਵਰਾਜ ਨੇ ਕਿਹਾ ਕਿ ਨਰੇਂਦਰ ਮੋਦੀ ਦੇ ਬਿਆਨ ਨਾਲ ਧਾਰਾ 370 ਬਾਰੇ ਸਾਡੀ ਸੋਚ ਵਿੱਚ ਕੋਈ ਨਰਮੀ ਨਹੀਂ ਆਈ, ਉਹ ਸਗੋਂ ਹੋਰ ਸਖਤ ਹੋ ਗਈ ਹੈ। ਕਾਂਗ੍ਰਸ ਦੇ ਚਰਚਿਤ ਨੇਤਾ ਦਿਗਵਿਜੈ ਸਿੰਘ ਨੇ ਨਰੇਂਦਰ ਮੋਦੀ ਦੇ ਬਿਆਨ ਪੁਰ ਟਿੱਪਣੀ ਕਰਦਿਆਂ ਕਿਹਾ ਕਿ ਇਸ ਮੁੱਦੇ ਤੇ ਸਾਡੀ ਪਾਰਟੀ ਦਾ ਨਜ਼ਰੀਆ ਸਪਸ਼ਟ ਹੈ, ਜੇ ਮੋਦੀ ਬਹਿਸ ਚਾਹੁੰਦੇ ਹਨ ਤਾਂ ਪਹਿਲਾਂ ਭਾਜਪਾ ਅਤੇ ਸੰਘ ਪਰਿਵਾਰ ਵਿੱਚ ਕਰਨ, ਇਸਦੇ ਨਾਲ ਹੀ, ਜੰਮੂ-ਕਸ਼ਮੀਰ ਦੀ ਇਲਾਕਾਈ ਪਾਰਟੀ ਪੀਡੀਪੀ ਦੇ ਨੇਤਾ ਮੁਫਤੀ ਮੁਹੰਮਦ ਸੱਈਅਦ ਨੇ ਕਿਹਾ ਕਿ ਧਾਰਾ 370 ਦੇ ਅਧੀਨ ਜੰਮੂ-ਕਸ਼ਮੀਰ ਨੂੰ ਜੋ ਵਿਸ਼ੇਸ਼ ਦਰਜਾ ਦੇਣ ਦਾ ਪ੍ਰਾਵਧਾਨ ਕੀਤਾ ਗਿਆ ਸੀ, ਉਹ ਰਾਜ ਦੀ ਸੰਵਿਧਾਨ ਸਭਾ ਵਲੋਂ ਮੰਨਜ਼ੂਰੀ ਮਿਲ ਜਾਣ ਤੋਂ ਬਾਅਦ ਸਥਾਈ ਹੋ ਗਿਆ ਹੋਇਆ ਹੈ। ਇਸ ਕਾਰਣ ਇਸਨੂੰ ਹਟਾਇਆ ਜਾਂ ਖਤਮ ਨਹੀਂ ਕੀਤਾ ਜਾ ਸਕਦਾ।
ਇਸਦੇ ਨਾਲ ਹੀ ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁਲਾ ਨੇ ਕਿਹਾ ਕਿ ਮੈਨੂੰ ਹੈਰਾਨੀ ਇਸ ਗਲ ਦੀ ਹੈ ਕਿ ਜੰਮੂ-ਕਸ਼ਮੀਰ ਬਾਰੇ ਉਹ ਲੋਕੀ ਚਰਚਾ ਅਤੇ ਟੀਕਾ-ਟਿੱਪਣੀ ਕਰ ਰਹੇ ਹਨ, ਜੋ ਜੰਮੂ-ਕਸ਼ਮੀਰ ਬਾਰੇ ਕੁਝ ਵੀ ਨਹੀਂ ਜਾਣਦੇ ਅਤੇ ਜਿਨ੍ਹਾਂ ਨੇ ਇਹ ਧਾਰਾ ਪੜ੍ਹੀ ਤਕ ਵੀ ਨਹੀਂ। ਉਨ੍ਹਾਂ ਸਪਸ਼ਟ ਕੀਤਾ ਕਿ ਧਾਰਾ 370 ਉਹ ਵਿਵਸਥਾ ਹੈ, ਜੋ ਜੰਮੂ-ਕਸਮੀਰ ਨੂੰ ਬਾਕੀ ਦੇਸ਼ ਨਾਲ ਜੋੜਦੀ ਹੈ।


ਮੁੜ ਮੁੱਦਾ ਭਖਾਇਆ : ਦੇਸ਼ ਦੀ ਸੱਤਾ ਸੰਭਾਲਣ ਦੇ ਤੁਰੰਤ ਬਾਅਦ ਹੀ ਪ੍ਰਧਾਨ ਮੰਤਰੀ ਦਫਤਰ ਦੇ ਰਾਜ ਮੰਤਰੀ ਜਤਿੰਦਰ ਸਿੰਘ ਨੇ ਇਹ ਆਖ, ਕਿ ਨਵੀਂ ਸਰਕਾਰ ਧਾਰਾ 370, ਜਿਸ ਰਾਹੀਂ ਜੰਮੂ-ਕਸ਼ਮੀਰ ਰਾਜ ਨੂੰ ਵਿਸ਼ੇਸ਼ ਦਰਜਾ ਪ੍ਰਾਪਤ ਹੈ, ਨੂੰ ਖਤਮ ਕਰਨ ਦੀ ਕਾਰਵਾਈ ਕਰ ਸਕਦੀ ਹੈ, ਇੱਕ ਵਾਰ ਫਿਰ ਗੰਭੀਰ ਅਤੇ ਸੰਵੇਦਨਸ਼ੀਲ ਬਹਿਸ ਛੇੜ ਦਿੱਤੀ। ਜੰਮੂ-ਕਸ਼ਮੀਰ ਦੇ ਉਸ ਸਮੇਂ ਦੇ ਮੁਖ ਮੰਤਰੀ ਉਮਰ ਅਬੁਦਲਾ ਨੇ ਤੁਰੰਤ ਹੀ ਜਤਿੰਦਰ ਸਿੰਘ ਦੇ ਇਸ ਬਿਆਨ ਪੁਰ ਪ੍ਰਤੀਕ੍ਰਿਆ ਦਿੰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ਦੀ ਸਹਿਮਤੀ ਤੋਂ ਬਿਨਾਂ ਕੇਂਦਰ ਸਰਕਾਰ ਧਾਰਾ 370 ਖਤਮ ਨਹੀਂ ਕਰ ਸਕਦੀ।
ਇਸ ਬਹਿਸ ਨੂੰ ਮੰਦਭਾਗਾ ਕਰਾਰ ਦਿੰਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਸਦਰ-ਏ-ਰਿਆਸਤ ਡਾ. ਕਰਨ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਨੂੰ ਲੈ ਕੇ ਉਠੇ ਵਿਵਾਦ ਤੋਂ ਉਹ ਬਹੁਤ ਦੁਖੀ ਹਨ ਅਤੇ ਚਾਹੁੰਦੇ ਹਨ ਕਿ ਸਾਰੀਆਂ ਧਿਰਾਂ ਇਸ ਸੰਵੇਦਨਸ਼ੀਲ ਮੁੱਦੇ ਨਾਲ ਠੰਡੇ ਦਿਮਾਗ ਅਤੇ ਰਾਜਨੈਤਿਕ ਸੂਝ-ਬੂਝ ਨਾਲ ਨਿਪਟਣ।


ਧਾਰਾ 370 : ਧਾਰਾ 370 ਬਾਰੇ ਚਲ ਰਹੇ ਵਿਵਾਦ ਨੂੰ ਵੇਖਦਿਆਂ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਧਾਰਾ ਅਤੇ ਇਸ ਅਧੀਨ ਹੋਏ ਸਮਝੌਤੇ ਬਾਰੇ ਲੋਕਾਂ ਨਾਲ ਸਾਂਝ ਪਾਈ ਜਾਏ। ਸੋ ਇਸ ਸਬੰਧੀ ਵਿਸਥਾਰ ਪੇਸ਼ ਹੈ :

ਦਿੱਲੀ ਸਮਝੌਤਾ : ਜੁਲਾਈ 1952 ਵਿੱਚ ਜੰਮੂ-ਕਸ਼ਮੀਰ ਰਿਆਸਤ ਦੇ ਪ੍ਰਤੀਨਿਧੀ ਮੰਡਲ ਅਤੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਮੰਡਲ ਵਿੱਚ ਜੰਮੂ-ਕਸ਼ਮੀਰ ਰਾਜ ਦੇ ਵਿਸ਼ੇ ਤੇ ਸ਼ੁਰੂ ਹੋਈ ਗਲਬਾਤ ਦੌਰਾਨ ਭਾਰਤ ਸਰਕਾਰ ਨੇ ਗਲਬਾਤ ਦਾ ਦਾਇਰਾ ਵਧਾਣ ਦਾ ਸੁਝਾਉ ਦਿੱਤਾ ਸੀ ਤਾਂ ਜੋ ਰਾਜ ਦੇ ਕੇਂਦਰ ਨਾਲ ਸੰਵਿਧਾਨਕ ਸਬੰਧਾਂ ਬਾਰੇ ਵਧੇਰੇ ਸਪਸ਼ਟ ਰੂਪ-ਰੇਖਾ ਉਲੀਕੀ ਜਾ ਸਕੇ। ਦਿੱਲੀ ਸਮਝੋਤੇ ਅਨੁਸਾਰ ਜੋ ਰੂਪ-ਰੇਖਾ ਤਿਆਰ ਹੋਈ ਅਤੇ ਉਸ ਸਬੰਧੀ ਰਾਜ ਵਿਧਾਨ ਸਭਾ ਵਲੋਂ ਜਿਨ੍ਹਾਂ ਨੁਕਤਿਆਂ ਨੂੰ ਪ੍ਰਵਾਨ ਕੀਤਾ ਗਿਆ ਉਹ ਇਉਂ ਸਨ - 1. ਰਾਜ ਵਿਧਾਨ ਸਭਾ ਵਲੋਂ ਸਦਰ-ਏ-ਰਿਆਸਤ ਦੇ ਨਾਂ ਦੀ ਸਿਫਾਰਿਸ਼ ਕੀਤੀ ਜਾਇਗੀ, ਜਿਸਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਪ੍ਰਵਾਨਗੀ ਦਿੱਤੀ ਜਾਇਗੀ। 2. ਸੰਵਿਧਾਨ ਦੀ ਧਾਰਾ 352 ਅਧੀਨ ਭਾਰਤ ਦੇ ਰਾਸ਼ਟਰਪਤੀ ਨੂੰ ਕੇਵਲ ਬਾਹਰੀ ਹਮਲੇ ਦੀ ਸੂਰਤ ਵਿੱਚ ਹੀ ਰਾਜ ਵਿੱਚ ਐਮਰਜੈਂਸੀ ਲਾਗੂ ਕਰਨ ਦਾ ਅਧਿਕਾਰ ਹੋਵੇਗਾ। ਅੰਦਰੂਨੀ ਗੜਬੜ ਦੀ ਸੂਰਤ ਵਿੱਚ ਐਮਰਜੈਂਸੀ ਲਾਗੂ ਕਰਨ ਦੇ ਅਧਿਕਾਰ ਰਾਜ ਸਰਕਾਰ ਪਾਸ ਹੋਣਗੇ। 3. ਕੇਂਦਰੀ ਝੰਡੇ ਨੂੰ ਰਾਜ ਵਿੱਚ ਸਰਵੁਚ ਸਥਾਨ ਹਾਸਲ ਹੋਵੇਗਾ। (ਰਾਜ ਵਲੋਂ ਆਪਣੇ ਝੰਡੇ ਦੀ ਵਰਤੋਂ ਤੋਂ ਇਲਾਵਾ)। 4. ਭਾਰਤੀ ਸੰਵਿਧਾਨ ਦੀ ਧਾਰਾ 131 ਅਧੀਨ ਰਾਜਾਂ ਦੇ ਆਪਸੀ ਝਗੜੇ ਅਤੇ ਰਾਜ ਤੇ ਕੇਂਦਰ ਵਿਚਾਲੇ ਝਗੜੇ ਸੁਪ੍ਰੀਮ ਕੋਰਟ ਦੇ ਘੇਰੇ ਵਿੱਚ ਆਉਣਗੇ। ਇਸਤੋਂ ਇਲਾਵਾ ਮੁਢਲੇ ਅਧਿਕਾਰ, ਜਿਨ੍ਹਾਂ ਬਾਰੇ ਰਾਜ ਸਰਕਾਰ ਵੀ ਸਹਿਮਤ ਹੈ, ਵੀ ਸੁਪ੍ਰੀਮ ਕੋਰਟ ਦੇ ਘੇਰੇ ਵਿੱਚ ਆਉਣਗੇ। 5. ਰਾਜ ਵਿਧਾਨ ਸਭਾ ਇਸ ਗੱਲ ਦਾ ਫੈਸਲਾ ਕਰੇਗੀ ਕਿ ਮੁਢਲੇ ਅਧਿਕਾਰਾਂ ਬਾਰੇ ਅਧਿਆਇ ਨੂੰ ਕਿਨ੍ਹਾਂ ਸੋਧਾਂ ਨਾਲ ਭਾਰਤੀ ਜਾਂ ਸੂਬਾਈ ਸੰਵਿਧਾਨ ਦਾ ਹਿੱਸਾ ਬਣਾਇਆ ਜਾਏ। 6. ਕਿਸੇ ਦੀ ਸਜ਼ਾ ਘਟਾਉਣ, ਮੁਆਫ ਕਰਨ ਜਾਂ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਅਧਿਕਾਰ ਰਾਸ਼ਟਰਪਤੀ ਪਾਸ ਹੋਣਗੇ।
ਇਸਤੋਂ ਬਾਅਦ 13 ਨਵੰਬਰ 1974 ਨੂੰ ਨਵੀਂ ਦਿੱਲੀ ਵਿੱਖੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸ਼ੇਖ ਅਬਦੁਲਾ ਦੇ ਪ੍ਰਤੀਨਿਧਾਂ ਵਜੋਂ ਤਰਤੀਬਵਾਰ ਜੀ. ਪਾਰਥਾਸਾਰਥੀ ਅਤੇ ਮਿਰਜ਼ਾ ਅਫਜ਼ਲ ਬੇਗ ਨੇ ਆਪਣੇ ਦਸਤਖਤਾਂ ਹੇਠ ਇੱਕ ਸਮਝੋਤਾ ਕੀਤਾ, ਜਿਸ ਅਧੀਨ 25 ਫਰਵਰੀ 1975 ਨੂੰ ਸ਼ੇਖ ਅਬਦੁਲਾ ਨੂੰ ਮੁੜ ਸੱਤਾ ਸੌਂਪਣ ਦਾ ਰਾਹ ਪਧਰਾ ਹੋਇਆ। ਇਸ ਸਮਝੌਤੇ ਅਨੁਸਾਰ : 1. ਜੰਮੂ-ਕਸ਼ਮੀਰ, ਜੋ ਭਾਰਤ ਦਾ ਇੱਕ ਅੰਗ ਹੈ, 'ਤੇ ਭਾਰਤੀ ਸੰਵਿਧਾਨ ਦੀ ਧਾਰਾ 370 ਲਾਗੂ ਹੋਵੇਗੀ। 2. ਬਾਕੀ ਦੀਆਂ ਕਾਨੂੰਨ ਘੜਨ ਦੀਆਂ ਸ਼ਕਤੀਆਂ ਸੂਬੇ ਕੋਲ ਹੋਣਗੀਆਂ, ਪਰ ਭਾਰਤ ਦੀ ਇਲਾਕਾਈ ਅਖੰਡਤਾ ਅਤੇ ਪ੍ਰਭੂਸੰਪਨਤਾ ਵਿੱਚ ਵਿਘਨ ਪਾਣ ਜਾਂ ਕੋਈ ਹਿਸਾ ਭਾਰਤੀ ਸੰਘ ਨਾਲੋਂ ਅਲੱਗ ਕਰਨ ਜਾਂ ਭਾਰਤੀ ਕੌਮੀ ਝੰਡੇ, ਕੌਮੀ ਤਰਾਨੇ ਅਤੇ ਸੰਵਿਧਾਨ ਦਾ ਨਿਰਾਦਰ ਕਰਨ ਵਲ ਸੇਧਤ ਸਰਗਰਮੀਆਂ ਨੂੰ ਰੋਕਣ ਲਈ ਭਾਰਤੀ ਪਾਰਲੀਮੈਂਟ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਕਾਇਮ ਰਹੇਗਾ। 3. ਜਿਥੇ ਕਾਨੂੰਨ ਦੀ ਕੋਈ ਵੀ ਧਾਰਾ ਸੋਧਾਂ 'ਤੇ ਤਬਦੀਲੀਆਂ ਨਾਲ ਜੰਮੂ-ਕਸ਼ਮੀਰ ਸੂਬੇ ਉਪਰ ਲਾਗੂ ਕੀਤੀ ਗਈ ਹੈ, ਉਥੇ ਇਹ ਸੋਧਾਂ ਤੇ ਤਬਦੀਲੀਆਂ ਸੰਵਿਧਾਨ ਦੀ ਧਾਰਾ 370 ਦੇ ਤਹਿਤ ਰਾਸ਼ਟਰਪਤੀ ਦੇ ਹੁਕਮਾਂ ਅਨੁਸਾਰ ਬਦਲੀਆਂ ਜਾ ਸਕਦੀਆਂ ਹਨ ਜਾਂ ਵਾਪਸ ਲਈਆਂ ਜਾ ਸਕਦੀਆਂ ਹਨ। ਵਿਅਕਤੀਗਤ ਤਜਵੀਜ਼ਾਂ ਨੂੰ, ਉਨ੍ਹਾਂ ਦੇ ਬਣਦੇ ਹਕ ਅਨੁਸਾਰ ਵਿਚਾਰਿਆ ਜਾਇਗਾ, ਪਰ ਜੰਮੂ-ਕਸ਼ਮੀਰ ਲਈ ਬਿਨਾਂ ਸੋਧਾਂ ਜਾਂ ਤਬਦੀਲੀਆਂ ਤੋਂ ਪਹਿਲਾਂ ਹੀ ਲਾਗੂ ਕੀਤੀਆਂ ਗਈਆਂ ਭਾਰਤੀ ਸੰਵਿਧਾਨ ਧੀਆਂ ਧਾਰਾਵਾਂ ਨੂੰ ਬਦਲਿਆ ਨਹੀਂ ਜਾ ਸਕੇਗਾ। 4. ਜੰਮੂ-ਕਸ਼ਮੀਰ ਲਈ ਭਲਾਈ, ਸਭਿਆਚਾਰਕ ਮਾਮਲੇ, ਸਮਾਜਕ ਸੁਰਖਿਆ, ਨਿਜੀ ਕਾਨੂੰਨ ਅਤੇ ਜ਼ਾਬਤਾ ਕਾਨੂੰਨਾਂ ਦੇ ਖੇਤਰ ਵਿੱਚ ਜੰਮੂ-ਕਸ਼ਮੀਰ ਨੂੰ ਰਾਜ ਦੇ ਢੁਕਵੇਂ ਹਾਲਾਤ ਵਿੱਚ ਆਮ ਕਾਨੂੰਨ ਬਣਾ ਸਕਣ ਦੀ ਆਜ਼ਾਦੀ ਯਕੀਨੀ ਬਣਾਉਣ ਲਈ, ਇਸ ਗਲ ਦੀ ਸਹਿਮਤੀ ਦਿੱਤੀ ਜਾਦੀ ਹੈ ਕਿ ਰਾਜ ਸਰਕਾਰ ਪਾਰਲੀਮੈਂਟ ਵਲੋਂ ਬਣਾਏ ਗਏ ਕਾਨੂੰਨਾਂ ਜਾਂ ਸਮਵਰਤੀ ਸੂਚੀ ਨਾਲ ਸਬੰਧਤ ਮਾਮਲਿਆਂ ਪੁਰ 1953 ਤੋਂ ਬਾਅਦ ਰਾਜ ਲਈ ਲਾਗੂ ਕੀਤੇ ਗਏ ਕਾਨੂੰਨਾਂ ਪੁਰ ਨਜ਼ਰਸਾਨੀ ਕਰ ਸਕਦੀ ਹੈ ਅਤੇ ਆਪਣੀ ਰਾਇ ਮੁਤਾਬਕ ਫੈਸਲਾ ਕਰ ਸਕਦੀ ਹੈ ਕਿ ਕਿਹੜੇ ਕਾਨੂੰਨਾਂ ਵਿੱਚ ਸੋਧ ਕਰਨ ਜਾਂ ਕਿਹੜੇ ਕਾਨੂੰਨਾਂ ਨੂੰ ਵਾਪਸ ਕਰਨ ਦੀ ਲੋੜ ਹੈ। ਇਸਤੋਂ ਪਿਛੋਂ ਭਾਰਤੀ ਸੰਵਿਧਾਨ ਦੀ ਧਾਰਾ 254 ਤਹਿਤ ਲੋੜੀਂਦੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸਤਰ੍ਹਾਂ ਦੇ ਕਾਨੂੰਨ ਨੂੰ ਪ੍ਰਵਾਨਗੀ ਦੇਣ ਲਈ ਰਾਸ਼ਟਰਪਤੀ ਵਲੋਂ ਹਮਦਰਦੀ ਨਾਲ ਵਿਚਾਰਿਆ ਜਾਇਗਾ। ਉਸੇ ਧਾਰਾ ਦੀ ਮਦੱਦ ਦੀ ਵਿਵਸਥਾ ਦੇ ਤਹਿਤ ਭਵਿਖ ਵਿੱਚ ਪਾਰਲੀਮੈਂਟ ਵਲੋਂ ਬਣਾਏ ਜਾਣ ਵਾਲੇ ਕਾਨੂੰਨਾਂ ਲਈ ਵੀ ਉਹੀ ਪਹੁੰਚ ਅਪਣਾਈ ਜਾਇਗੀ। ਅਜਿਹਾ ਕਾਨੂੰਨ ਰਾਜ ਅੰਦਰ ਲਾਗੂ ਕੀਤੇ ਜਾਣ ਸਬੰਧੀ ਰਾਜ ਸਰਕਾਰ ਨਾਲ ਮਸ਼ਵਰਾ ਕੀਤਾ ਜਾਇਗਾ ਤੇ ਰਾਜ ਸਰਕਾਰ ਦੇ ਵਿਚਾਰਾਂ ਨੂੰ ਪੂਰੀ ਤਰ੍ਹਾਂ ਵਿਚਾਰਿਆ ਜਾਇਗਾ। 5. ਸੰਵਿਧਾਨ ਦੀ ਧਾਰਾ 368 ਦੇ ਬਰਾਬਰ ਕੀਤੇ ਗਏ ਪ੍ਰਬੰਧ ਵਜੋਂ ਰਾਜ ਪੁਰ ਲਾਗੂ ਹੁੰਦੀ ਉਸ ਧਾਰਾ ਦੀ ਢੁਕਵੀਂ ਸੋਧ ਰਾਸ਼ਟਰਪਤੀ ਦੇ ਆਦੇਸ਼ਾਂ ਅਨੁਸਾਰ ਇਸ ਪੱਖ ਤੋਂ ਕੀਤੀ ਜਾਣੀ ਚਾਹੀਦੀ ਹੈ ਕਿ ਅਗੇ ਦਿਤੇ ਮਾਮਲਿਆਂ ਤੇ ਜੰਮੂ-ਕਸ਼ਮੀਰ ਦੇ ਸੰਵਿਧਾਨ ਵਿਚਲੀ ਵਿਵਸਥਾ ਨੂੰ ਬਦਲਣ ਵਾਲਾ ਜੰਮੂ-ਕਸ਼ਮੀਰ ਵਿਧਾਨ ਮੰਡਲ ਵਲੋਂ ਪਾਸ ਕੀਤਾ ਗਿਆ ਕਾਨੂੰਨ ਉਤਨੀ ਦੇਰ ਤਕ ਲਾਗੂ ਨਹੀਂ ਹੋਵੇਗਾ, ਜਿਤਨੀ ਦੇਰ ਤਕ ਇਸ ਸਬੰਧੀ ਬਿਲ ਨੂੰ ਰਾਸ਼ਟਰਪਤੀ ਪਾਸੋਂ ਪ੍ਰਵਾਨਗੀ ਨਹੀਂ ਮਿਲ ਜਾਂਦੀ। ਇਹ ਮਾਮਲੇ ਇਸ ਪ੍ਰਕਾਰ ਹਨ : (ੳ) ਗਵਰਨਰ ਦੀ ਨਿਯੁਕਤੀ, ਅਧਿਕਾਰ, ਕੰਮ-ਕਾਜ ਤੇ ਉਸਦੇ ਅਧਿਕਾਰ ਅਤੇ (ਅ) ਚੋਣਾਂ ਨਾਲ ਸਬੰਧਤ ਮਾਮਲੇ, ਜਿਵੇਂ ਕਿ ਭਾਰਤ ਦੇ ਚੋਣ ਕਮਿਸ਼ਨ ਵਲੋਂ ਚੋਣਾਂ ਦੀ ਸਿੱਧੀ ਨਿਗਰਾਨੀ, ਬਿਨਾਂ ਭਿੰਨ-ਭੇਤ ਵੋਟਰ ਸੂਚੀਆਂ ਵਿੱਚ ਨਾਂ ਸ਼ਾਮਲ ਕੀਤੇ ਜਾਣ ਦੀ ਯੋਗਤਾ, ਬਾਲਗ ਵੋਟ ਅਤੇ ਵਿਧਾਨ ਪ੍ਰੀਸ਼ਦ ਦੀ ਬਣਤਰ, ਦੇ ਮਾਮਲੇ ਜੰਮੂ-ਕਸ਼ਮੀਰ ਦੇ ਸੰਵਿਧਾਨ ਦੀਆਂ ਧਾਰਾਵਾਂ 138, 139, 140 ਅਤੇ 50 ਵਿੱਚ ਦਰਜ ਹਨ।

Mobile : +91 95 82 71 98 90
E-Mail :  jaswantsinghajit@gmail.com
Address : Jaswant Singh Ajit, Senior Journalist
51, Sheetal Apartment, Plot no. 12, Sector 14, Rohini DELHI-110085

22 Feb. 2019

ਕੀ ਅਕਾਲੀ-ਭਾਜਪਾ ਸੰਬੰਧ ਪਟੜੀ 'ਤੇ ਆ ਗਏ ਨੇ? - ਜਸਵੰਤ ਸਿੰਘ 'ਅਜੀਤ'

ਤਖਤ ਸੱਚ ਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਆਪਣੀ ਪ੍ਰਤੀਨਿਧਾ ਵਧਾਏ ਜਾਣੇ ਦੇ ਉਦੇਸ਼ ਨਾਲ ਮਹਾਰਾਸ਼ਟਰਾ ਸਰਕਾਰ ਵਲੋਂ ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕੀਤੇ ਜਾਣ ਦੀ ਚਰਚਾ ਦੇ ਚਲਦਿਆਂ ਪੈਦਾ ਹੋਏ ਵਿਵਾਦ ਕਾਰਣ ਅਕਾਲੀ-ਭਾਜਪਾ ਸੰਬੰਧਾਂ ਵਿੱਚ ਕੜਵਾਹਟ ਪੈਦਾ ਹੋਣ ਤੋਂ ਲੈ ਕੇ ਉਨ੍ਹਾਂ ਦੇ ਟੁੱਟ ਜਾਣ ਤਕ ਦੇ ਕਿਨਾਰੇ ਪੁਜ ਜਾਣ ਦੀਆਂ ਚਰਚਾਵਾਂ ਦੇ ਦੌਰਨ ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਦੇ ਕੌਮੀ ਪ੍ਰਧਾਨਾਂ, ਸ. ਸੁਖਬੀਰ ਸਿੰਘ ਬਾਦਲ ਅਤੇ ਸ਼੍ਰੀ ਅਮਿਤ ਸ਼ਾਹ ਵਿੱਚ ਹੋਈ ਲੰਮੀ ਗਲਬਾਤ ਤੋਂ ਬਾਅਦ ਸ. ਸੁਖਬੀਰ ਸਿੰਘ ਬਾਦਲ ਵਲੋਂ ਇਹ ਦਾਅਵਾ ਕੀਤਾ ਗਿਆ ਕਿ ਇਸ ਮੁਲਾਕਾਤ ਵਿੱਚ ਸਾਰੇ ਗਿਲੇ-ਸ਼ਿਕਵੇ ਦੂਰ ਕਰ ਲਏ ਗਏ ਹਨ ਅਤੇ ਹੁਣ ਦੋਹਾਂ ਪਾਰਟੀਆਂ ਵਿਚਲੇ ਆਪਸੀ ਸੰਬੰਧ ਪਹਿਲਾਂ ਵਾਂਗ ਹੀ ਪਟੜੀ ਪੁਰ ਆ ਗਏ ਹਨ। ਇਸਦੇ ਬਾਅਦ ਇੱਕ ਪਾਸੇ ਤਾਂ ਇਹ ਸਵੀਕਾਰ ਕਰ ਲਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਨਹੁੰ-ਮਾਸ ਦੇ ਰੂਪ ਵਿੱਚ ਕਾਇਮ ਕੀਤੇ ਗਏ ਅਕਾਲੀ-ਭਾਜਪਾ ਸੰਬੰਧਾਂ ਵਿੱਚ ਹੁਣ ਕੋਈ ਤਰੇੜ ਨਹੀਂ ਰਹਿ ਗਈ ਅਤੇ ਦੂਜੇ ਪਾਸੇ ਇਹ ਵੀ ਮੰਨਿਆ ਜਾਣ ਲਗਾ ਕਿ ਭਵਿਖ ਵਿੱਚ ਹਰਿਆਣਾ ਦੀ ਵਿਧਾਨਸਭਾ ਅਤੇ ਲੋਕਸਭਾ ਦੀਆਂ ਚੋਣਾਂ ਦੋਵੇਂ (ਅਕਾਲੀ-ਭਾਜਪਾ) ਮਿਲਕੇ ਲੜਨਗੇ। ਇਸਦਾ ਇੱਕ ਕਾਰਣ ਤਾਂ ਇਹ ਮੰਨਿਆ ਗਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਹਰਿਆਣਾ ਵਿਧਾਨਸਭਾ ਦੀਆਂ ਪਿਛਲੀਆਂ ਆਮ ਚੋਣਾਂ ਭਾਜਪਾ ਨਾਲ ਆਪਣੇ ਗਠਜੋੜ ਨੂੰ ਅੰਗੂਠਾ ਵਿਖਾਂਦਿਆਂ ਚੌਟਾਲਾ ਪਰਿਵਾਰ ਦੀ ਜਿਸ ਪਾਰਟੀ (ਇਨੈਲੋ) ਨਾ ਮਿਲ ਕੇ ਲੜੀਆਂ ਸਨ, ਉਹ ਪਰਵਾਰ ਝਗੜਿਆਂ ਦਾ ਸ਼ਿਕਾਰ ਹੋ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰਨ ਤੇ ਮਜਬੂਰ ਹੋ ਗਈ ਹੋਈ ਹੈ। ਦੂਸਰਾ ਕਾਰਣ ਇਹ ਦਸਿਆ ਗਿਆ ਕਿ ਸ. ਸੁਖਬੀਰ ਸਿੰਘ ਬਾਦਲ ਵਲੋਂ ਚੌਟਾਲਾ ਪਰਿਵਾਰ ਦੀ ਪਾਰਟੀ (ਇਨੈਲੋ) ਦੇ ਨਾਲ ਮਿਲ ਕੇ ਅਤੇ ਆਪਣੇ (ਦਲ ਦੇ) ਚੋਣ ਨਿਸ਼ਾਨ 'ਤੇ ਵਿਧਾਨਸਭਾ ਚੋਣਾਂ ਲੜਨ ਦੇ ਕੀਤੇ ਗਏ ਦਾਅਵੇ ਦੀ ਉਸ ਸਮੇਂ ਹਵਾ ਨਿਕਲ ਗਈ, ਜਦੋਂ ਅਖੀਰਲੇ ਸਮੇਂ ਤਕ ਵੀ ਉਸਨੂੰ ਆਪਣੇ ਚੋਣ ਨਿਸ਼ਾਨ ਤੇ ਮੈਦਾਨ ਵਿੱਚ ਉਤਾਰਨ ਲਈ ਇੱਕ ਵੀ ਉਮੀਦਵਾਰ ਨਾ ਮਿਲ ਸਕਿਆ। ਆਖਿਰ ਉਨ੍ਹਾਂ ਨੂੰ ਆਪਣੀ ਗਲ ਰਖਣ ਲਈ ਸਹਿਯੋਗੀ ਪਾਰਟੀ, ਇਨੈਲੋ ਤੋਂ ਇੱਕ ਸਿੱਖ ਉਮੀਦਵਾਰ ਉਧਾਰ ਲੈਣਾ ਪਿਆ। ਇਸ ਸਥਿਤੀ ਨੂੰ ਵੇਖਦਿਆਂ ਹੋਇਆਂ ਹੀ ਇਹ ਮੰਨਿਆ ਜਾ ਰਿਹਾ ਸੀ ਕਿ ਸ. ਸੁਖਬੀਰ ਸਿੰਘ ਬਾਦਲ, ਆਪਣੇ ਪਿਛਲੇ ਤਜਰਬੇ ਦੇ ਚਲਦਿਆਂ ਇਸ ਵਾਰ ਉਹੀ ਗਲਤੀ ਦੁਹਰਾਣ ਤੋਂ ਸੰਕੋਚ ਕਰਨਗੇ'ਤੇ ਭਾਜਪਾ ਦੇ ਨਾਲ ਦਲ ਦੇ ਸੁਧਰੇ ਸੰਬੰਧਾਂ ਦਾ ਸਨਮਾਨ ਕਰਦਿਆਂ ਉਸੇ ਦੇ ਸਾਹਮਣੇ ਦਲ ਲਈ ਸੀਟਾਂ ਦੀ ਮੰਗ ਰਖਣਗੇ।
ਪ੍ਰੰਤੁ ਜਦੋਂ ਇਸਦੇ ਵਿਰੁੱਧ ਸ. ਸੁਖਬੀਰ ਸਿੰਘ ਬਾਦਲ ਨੇ ਹਰਿਆਣਾ ਵਿਧਾਨਸਭਾ ਅਤੇ ਲੋਕਸਭਾ ਚੋਣਾਂ ਲਈ ਰਣਨੀਤੀ ਬਣਾੳਣ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕਰ ਬਾਦਲ ਅਕਾਲੀ ਦਲ ਵਲੋਂ ਆਪਣੇ ਬੂਤੇ ਚੋਣਾਂ ਲੜਨ ਅਤੇ ਪੰਜਾਬੀ ਬਹੁਲ ਇਲਾਕਿਆਂ ਤੋਂ ਦਸ-ਪੰਦ੍ਰਾਂਹ ਸੀਟਾਂ ਜਿੱਤ ਲੈਣ ਦਾ ਦਾਅਵਾ ਕਰ ਦਿੱਤਾ ਤਾਂ ਕਈ ਤਰ੍ਹਾਂ ਦੀਆਂ ਸ਼ੰਕਾਵਾਂ ਨੇ ਜਨਮ ਲੈ ਲਿਆ। ਕਿਸੇ ਨੇ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਨੇ ਪਿਛਲੀਆਂ ਚੋਣਾਂ ਦੇ ਤਜਰਬੇ ਤੋਂ ਮਿਲੇ ਸਬਕ ਨੂੰ ਭੁਲਾ ਦਿੱਤਾ ਹੈ। ਕੋਈ ਇਹ ਕਹਿਣ ਤਕ ਚਲਾ ਗਿਆ ਕਿ ਉਹ (ਸੁਖਬੀਰ) ਭਾਜਪਾ-ਲੀਡਰਸ਼ਿਪ ਨੂੰ ਬਲੈਕਮੇਲ ਕਰ, ਉਸਤੋਂ ਆਪਣੀ ਮਰਜ਼ੀ ਦੀਆਂ ਸੀਟਾਂ ਲੈਣਾ ਚਾਹੁੰਦੇ ਹਨ। ਇੰਨ੍ਹਾਂ ਸ਼ੰਕਾਵਾਂ ਵਿੱਚ ਹੀ ਹਰਿਆਣਾ ਦੇ ਰਾਜਸੀ ਮਾਹਿਰਾਂ ਦਾ ਮੰਨਣਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਇੱਕ ਅਜਿਹੀ ਸ਼ਤਰੰਜੀ ਚਾਲ ਚਲ ਰਹੇ ਹਨ, ਜੋ ਉਨ੍ਹਾਂ ਦੇ ਆਪਣੇ ਪੁਰ ਹੀ ਭਾਰੀ ਪੈ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਤਿਹਾਸ ਗੁਆਹ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਨੀਤੀ ਪੰਜਾਬ ਤੋਂ ਬਾਹਰ ਦੇ ਪੰਜਾਬੀਆਂ, ਵਿਸ਼ੇਸ਼ ਕਰਕੇ ਸਿੱਖਾਂ ਨੂੰ ਪੰਜਾਬ ਵਿੱਚ ਆਪਣੇ ਹਿਤਾਂ ਨੂੰ ਸੁਰਖਿਅਤ ਰਖਣ ਲਈ ਇਸਤੇਮਾਲ ਕਰਨ ਦੀ ਰਹੀ ਹੈ। ਉਸਦੇ ਮੁੱਖੀਆਂ ਨੇ ਸਦਾ ਹੀ ਹਰਿਆਣਾ ਦੇ ਪੰਜਾਬੀਆਂ, ਵਿਸ਼ੇਸ਼ ਰੂਪ ਵਿੱਚ ਸਿੱਖਾਂ ਪੁਰ ਇਹ ਦਬਾਉ ਬਣਾਈ ਰਖਿਆ ਹੈ ਕਿ ਉਹ ਪਾਣੀਆਂ ਦੀ ਵੰਡ, ਚੰਡੀਗੜ੍ਹ, ਪੰਜਾਬੀ ਭਾਸ਼ਾਈ ਇਲਾਕਿਆਂ ਆਦਿ ਦੇ ਮੁਦਿਆਂ 'ਤੇ ਪੰਜਾਬ ਦਾ ਪੱਖ ਲੈਣ। ਇਸਦੇ ਨਾਲ ਹੀ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਦੇ ਸਿੱਖਾਂ ਅਤੇ ਹੋਰ ਪੰਜਾਬੀਆਂ ਦੇ ਨਾਂ ਉਹ ਇੱਹ ਆਦੇਸ਼ ਜਾਰੀ ਕਰਦੇ ਰਹਿੰਦੇ ਹਨ ਕਿ ਉਹ ਪੰਜਾਬ ਵਿਚਲੇ ਉਨ੍ਹਾਂ ਦੇ ਹਿਤਾਂ ਨੂੰ ਮੁੱਖ ਰਖਦਿਆਂ, ਪੰਜਾਬ ਵਿਚਲੀ ਉਨ੍ਹਾਂ ਦੀ ਸਹਿਯੋਗੀ ਪਾਰਟੀ, ਭਾਜਪਾ ਦਾ ਸਾਥ ਦੇਣ। ਇਹ ਗਲ ਵਖਰੀ ਹੈ ਕਿ ਹਰਿਆਣਾ ਅਤੇ ਹੋਰ ਰਾਜਾਂ ਵਿੱਚ ਵਸਦੇ ਆਮ ਪੰਜਾਬੀਆਂ ਨੇ ਹੀ ਨਹੀਂ, ਸਗੋਂ ਆਮ ਕਰਕੇ ਸਿੱਖਾਂ ਨੇ ਵੀ ਬਾਦਲ ਅਕਾਲੀ ਦਲ ਦੇ ਮੁੱਖੀਆਂ ਦੇ ਆਦੇਸ਼ ਦਾ ਪਾਲਣ ਕਰਨ ਨਾਲੋਂ ਆਪਣੇ ਸਥਾਨਕ ਹਿਤਾਂ ਨੂੰ ਮੁਖ ਰਖਦਿਆਂ ਹੀ ਫੈਸਲੇ ਕੀਤੇ ਅਤੇ ਅਪਣੀ ਵਫਾਦਾਰੀ ਹਰਿਆਣਾ ਸਹਿਤ ਆਪੋ-ਆਪਣੇ ਰਾਜਾਂ ਪ੍ਰਤੀ ਕਾਇਮ ਰਖੀ ਤੇ ਸਥਾਨਕ ਹਿਤਾਂ ਅਨੁਸਾਰ ਆਪਣੇ ਫੈਸਲੇ ਆਪ ਹੀ ਕਰਦੇ ਆ ਰਹੇ ਹਨ।


ਸਰਨਾ ਭਰਾ ਆਪਣੀ ਸੋਚ ਬਦਲਣ: ਦਿੱਲੀ ਦੇ ਪ੍ਰਮੁਖ ਸਿੱਖ ਰਾਜਸੀ ਮੁੱਖੀਆਂ ਦੀ ਮਾਨਤਾ ਹੈ ਕਿ ਜੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁੱਖੀਆਂ, ਸਰਨਾ-ਭਰਾਵਾਂ ਨੇ ਸਿੱਖ ਰਾਜਨੀਤੀ ਵਿੱਚ ਸਫਲ ਹੋਣਾ ਹੈ ਤਾਂ ਉਨ੍ਹਾਂ ਨੂੰ ਇੱਕ ਤਾਂ ਆਪਣੀ ਇਸ ਸੋਚ ਨੂੰ ਬਦਲਣਾ ਹੋਵੇਗਾ ਕਿ ਉਹ ਹੀ ਜੋ ਕੁਝ ਸੋਚਦੇ ਹਨ, ਉਹੀ ਠੀਕ ਹੁੰਦਾ ਹੈ। ਦੂਸਰਾ ਉਨ੍ਹਾਂ ਨੂੰ ਇਸ ਗਲ ਨੂੰ ਵੀ ਸਮਝਯਾ ਹੋਵੇਗਾ ਕਿ ਰਾਜਨੀਤੀ, ਖਾਸ ਕਰਕੇ ਸਿੱਖ ਰਾਜਨੀਤੀ ਕਦੀ ਸਮਝ, ਕੇਵਲ ਵੱਡੇ ਸਿੱਖ ਨੇਤਾਵਾਂ ਦੇ ਸੰਪਰਕ ਵਿੱਚ ਰਹਿਣ ਜਾਂ ਉਨ੍ਹਾਂ ਦੀ ਨੇੜਤਾ ਪ੍ਰਾਪਤ ਹੋਣ ਨਾਲ ਹੀ ਨਹੀਂ ਆਉਂਦੀ, ਇਸਦੇ ਲਈ ਆਮ ਵਰਕਰਾਂ ਕਦੇ ਨਾਲ ਸੰਪਰਕ ਬਣਾਈ ਰਖਣ ਦੀ ਲੋੜ ਹੁੰਦੀ ਹੈ। ਕਿਉਂਕਿ ਉਹੀ ਇੱਕ ਅਜਿਹੇ ਸ੍ਰੋਤ ਹੁੰਦੇ ਹਨ, ਜੋ ਆਮ ਲੋਕਾਂ ਵਿੱਚ ਰਹਿੰਦੇ ਹੋਏ, ਉਨ੍ਹਾਂ ਦੀ ਸੋਚ ਨੂੰ ਸਮਝਦੇ ਹਨ। ਇਨ੍ਹਾਂ ਮੁੱਖੀਆਂ ਦੇ ਅਨੁਸਾਰ ਹੀ ਸਰਨਾ-ਭਰਾਵਾਂ ਨੂੰ ਆਪਣੇ ਦਲ ਨੂੰ ਆਪਣੇ ਅਤੇ ਆਪਣੇ ਹੀ ਬਿਆਨਾਂ ਦੀ ਸੀਮਾ ਵਿੱਚ ਬੰਨ੍ਹੀ ਰਖਣ ਦੀ ਬਜਾਏ, ਸੀਮਾ  ਤੋਂ ਬਾਹਰ ਕਰ ਦਲ ਦੇ ਹੋਰ ਮੁੱਖੀਆਂ ਨੂੰ ਵੀ ਅੱਗੇ ਕਰਨਾ ਚਾਹੀਦਾ ਹੈ, ਤਾਂ ਜੋ ਉਹ ਇਹੀ ਨਾ ਸਮਝਣੇ ਲਗਣ ਕਿ ਉਹ ਕੇਵਲ ਦਲ ਦੀਆਂ ਬੈਠਕਾਂ ਅਤੇ ਪ੍ਰੈਸ ਕਾਨਫ੍ਰੰਸਾਂ ਦੇ ਸ਼ਿੰਘਾਰ ਮਾਤ੍ਰ ਹੀ ਹਨ. ਵੈਸੇ ਦਲ ਵਿੱਚ ਉਨ੍ਹਾਂ ਕੋਈ ਹੈਸੀਅਤ ਨਹੀਂ। ਉਨ੍ਹਾਂ ਕੋਲ ਸ. ਇੰਦਰਮੋਹਨ ਸਿੰਘ, ਸ. ਤਰਸੇਮ ਸਿੰਘ, ਸ. ਭਜਨ ਸਿੰਘ ਵਾਲੀਆ, ਸ. ਕੁਲਵਿੰਦਰ ਸਿੰਘ, ਸ. ਮਨਜੀਤ ਸਿੰਘ ਸਰਨਾ, ਸ. ਜਸਮੀਤ ਸਿੰਘ, ਸ. ਭੂਪਿੰਦਰ ਸਿੰਘ ਭੂਪੀ ਆਦਿ ਦੇ ਨਾਲ ਯੂਥ ਅਤੇ ਮਹਿਲਾ ਵਿੰਗ ਦੇ ਮੁੱਖੀਆਂ ਦੀ ਚੰਗੀ ਸਮਰਪਿਤ ਟੀਮ ਹੈ। ਜਿਸ ਨਾਲ ਵਿਚਾਰ-ਵਟਾਂਦਰਾ ਕਰਦਿਆਂ ਉਸਨੂੰ ਸਰਗਰਮ ਰਖ ਪਾਰਟੀ ਲਈ ਮਜ਼ਬੂਤ ਅਧਾਰ ਤਿਆਰ ਕਰ ਸਕਦੇ ਹਨ। ਇਨ੍ਹਾਂ ਰਾਜਸੀ ਮੁੱਖੀਆਂ ਅਨੁਸਾਰ ਸਰਨਾ-ਭਰਾਵਾਂ ਨੂੰ ਇਹ ਗਲ ਵੀ ਸਮਝਣੀ ਹੋਵੇਗੀ ਕਿ ਕਾਰੋਬਾਰੀ ਸੰਸਥਾਵਾਂ ਅਤੇ ਧਾਰਮਕ ਸੰਸਥਾਵਾਂ ਦੇ ਪ੍ਰਬੰਧਕੀ ਢਾਂਚੇ ਅਤੇ ਉਨ੍ਹਾਂ ਦੀ ਸੰਚਾਲਣ ਨੀਤੀ ਇੱਕ ਸਮਾਨ ਨਹੀਂ ਹੁੰਦੀ। ਜੇ ਉਨ੍ਹਾਂ ਨੇ ਆਪਣੇ ਗੁਰਦੁਆਰਾ ਕਮੇਟੀ ਦੇ ਪ੍ਰਬੰਧਕੀ ਕਾਲ ਵਿੱਚ ਇਸ ਗਲ ਨੂੰ ਸੋਚ ਤੇ ਸਮਝ ਕੇ, ਪ੍ਰਬੰਧਕੀ ਨੀਤੀ ਅਪਨਾਈ ਹੁੰਦੀ ਤਾਂ ਲਗਭਗ 160 ਕਰੋੜ ਦੀ ਜੋ ਰਕਮ ਗੁਰਦੁਆਰਾ ਫੰਡ ਵਿੱਚ ਛੱਡ ਜਾਣ ਦਾ ਦਾਅਵਾ ਕਰਦੇ ਚਲੇ ਆ ਰਹੇ ਹਨ, ਜੇ ਉਸਨੂੰ ਬਚਾਣ ਦੀ ਬਜਾਏ, ਉਨ੍ਹਾਂ ਨੇ ਕਮੇਟੀ ਦੇ ਪ੍ਰਬੰਧ ਹੇਠਲੀਆਂ ਵਿਦਿਅਕ ਸੰਸਥਾਵਾਂ ਦੇ ਸਟਾਫ ਨੂੰ ਛੇਵੇਂ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਦੇ ਅਧਾਰ 'ਤੇ ਅਦਾਇਗੀ ਕਰ ਗਏ ਹੁੰਦੇ, ਇੱਕ ਤਾਂ ਸਟਾਫ ਸੰਤੁਸ਼ਟ ਰਹਿੰਦਾ, ਉਸਨੂੰ ਗੁਰਦੁਆਰਾ ਕਮੇਟੀ ਦੀਸ਼ਆਂ ਆਮ ਚੋਣਾਂ ਵਿੱਚ ਉਨ੍ਹਾਂ ਵਿਰੁਧ ਇਸਤੇਮਾਲ ਨਾ ਕੀਤਾ ਜਾ ਸਕਦਾ, ਦੂਸਰਾ ਇਹ ਪੈਸਾ ਘਪਲਿਆਂ (ਭ੍ਰਿਸ਼ਟਾਚਾਰ)  ਦੀ ਭੇਂਟ ਚੜ੍ਹਨ ਦੀ ਬਜਾਏ ਸਕਾਰਥੇ ਵਰਤਿਆ ਜਾਂਦਾ।


...ਅਤੇ ਅੰਤ ਵਿੱਚ : ਜੇ ਸੱਚ ਸੁਣਿਆਂ ਅਤੇ ਸਵੀਕਾਰ ਕੀਤਾ ਜਾ ਸਕੇ ਤਾਂ ਸੱਚਾਈ ਇਹੀ ਹੈ ਕਿ ਕਿ ਇਸ ਪੈਸੇ ਦੇ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ, ਬਰਬਾਦ ਹੋ ਜਾਣ ਵਿੱਚ ਸਰਨਾ ਭਰਾ ਵੀ ਉਤਨੇ ਹੀ ਹਿਸੇਦਾਰ ਤੇ ਜ਼ਿਮੇਂਦਾਰ ਹਨ, ਜਿਤਨੇ ਕਿ ਇਸਨੂੰ ਭ੍ਰਿਸ਼ਾਟਾਚਾਰ ਦੀ ਭੇਂਟ ਚਾੜ੍ਹ, ਬਰਬਾਦ ਕਰ ਦੇਣ ਵਾਲੇ।000

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

ਅਕਾਲੀ-ਭਾਜਪਾ ਗਠਜੋੜ : ਮਜਬੂਰੀ ਦਾ : ਟੁੱਟੇ ਵੀ ਤਾਂ ਕਿਵੇਂ? - ਜਸਵੰਤ ਸਿੰਘ 'ਅਜੀਤ'


ਬੀਤੇ ਦਿਨੀਂ ਮਹਾਰਾਸ਼ਟਰਾ ਸਰਕਾਰ ਵਲੋਂ ਤਖਤ ਸੱਚਖੰਡ ਹਜ਼ੂਰ ਸਾਹਿਬ ਨਾਂਦੇੜ ਦੇ ਪ੍ਰਬੰਧ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕਰ, ਤਖਤ ਸਾਹਿਬ ਦੇ ਪ੍ਰਬੰਧਕੀ ਬੋਰਡ ਵਿੱਚ ਸਰਕਾਰੀ ਪ੍ਰਤੀਨਿਧੀਆਂ ਦੀ ਗਿਣਤੀ 2 ਤੋਂ ਵਧਾ 6 ਕਰ, ਪ੍ਰਬੰਧਕੀ ਬੋਰਡ ਪੁਰ ਆਪਣੀ ਪਕੜ ਮਜ਼ਬੂਤ ਕਰ ਲੈਣ ਦੀ ਕਥਤ ਸਾਜ਼ਿਸ਼ ਦੀ ਜੋ ਚਰਚਾ ਹੋਈ, ਉਸ ਵਿੱਚ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕਤੱਰ ਸ. ਮਨਜਿੰਦਰ ਸਿੰਘ ਸਿਰਸਾ ਵਲੋਂ ਇਸ ਸੋਧ ਦਾ ਤਿੱਖਾ ਵਿਰੋਧ ਕਰਦਿਆਂ, ਭਾਜਪਾ ਨਾਲੋਂ ਅਕਾਲੀ ਦਲ ਦਾ ਦਹਾਕਿਆਂ ਪੁਰਾਣਾ ਗਠਜੋੜ ਤੋੜ ਲਏ ਜਾਣ ਦੀ, ਧਮਕੀ ਦੇ ਦਿੱਤੀ ਗਈ, ਮੀਡਿਯਾ ਵਲੋਂ ਉਸ ਧਮਕੀ ਨੂੰ ਗੰਭੀਰਤਾ ਨਾਲ ਲੈਂਦਿਆਂ, ਬਾਦਲ ਅਕਾਲੀ ਦਲ ਅਤੇ ਭਾਜਪਾ ਵਿੱਚਲੇ ਦੋ ਦਹਾਕਿਆਂ ਤੋਂ ਵੀ ਵੱਧ ਸਮੇਂ ਤੋਂ ਚਲਦੇ ਆ ਰਹੇ ਨਹੁੰ-ਮਾਸ ਵਰਗੇ ਰਿਸ਼ਤੇ ਵਿੱਚ ਤਰੇੜਾਂ ਪੈਦਾ ਹੋ ਜਾਣ ਤੋਂ ਲੈ ਕੇ, ਉਸਦੇ ਟੁੱਟ ਜਾਣ ਦੇ ਕਿਨਾਰੇ ਪੁਜ ਜਾਣ ਦੀਆਂ ਭਵਿਖਬਾਣੀਆਂ ਕੀਤੀਆਂ ਜਾਣ ਲਗੀਆਂ ਪਈਆਂ ਸਨ। ਇਨ੍ਹਾਂ ਭਵਿਖ-ਬਾਣੀਆਂ ਦੇ ਚਲਦਿਆਂ ਹੀ ਅਚਾਨਕ ਹੀ ਖਬਰ ਆ ਗਈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਦੇ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਵਿੱਚਕਾਰ ਹੋਈ ਲੰਮੀ ਗਲਬਾਤ ਵਿੱਚ ਇਸ ਮਸਲੇ ਨੂੰ ਸੁਲਝਾ ਲਿਆ ਗਿਆ ਹੈ। ਇਸਦੇ ਨਾਲ ਹੀ ਸ. ਸੁਖਬੀਰ ਸਿੰਘ ਬਾਦਲ ਦਾ ਬਿਆਨ ਵੀ ਆ ਗਿਆ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਹੋਇਆ ਸੀ ਕਿ ਬੀਤੇ ਕੁਝ ਸਮੇਂ ਤੋਂ ਅਕਾਲੀ-ਭਾਜਪਾ ਗਠਜੋੜ ਦੇ ਟੁੱਟ ਜਾਣ ਦੀਆਂ ਜੋ ਸੰਭਾਵਨਾਵਾਂ ਪ੍ਰਗਟ ਕੀਤੀਆਂ ਜਾ ਰਹੀਆਂ ਸਨ, ਉਹ ਹੁਣ ਮੁਕ-ਮੁਕਾ ਗਈਆਂ ਹਨ। ਉਨ੍ਹਾਂ ਅਨੁਸਾਰ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਨੇ ਭਰੋਸਾ ਦੁਆਇਆ ਹੈ ਕਿ ਸਰਕਾਰ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਕੀ ਬੋਰਡ ਨਾਲ ਸੰਬੰਧਤ ਕਾਨੂੰਨ ਵਿੱਚ ਸੋਧ ਕੀਤੇ ਜਾਣ ਦਾ ਜੋ ਫੈਸਲਾ ਕੀਤਾ ਸੀ, ਉਸਨੂੰ 'ਸਦਾ' ਲਈ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਹੈ।
ਇਸ ਸਥਿਤੀ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਪੰਜਾਬ ਦੀ ਜ਼ਮੀਨੀ ਰਾਜਨੀਤੀ ਨਾਲ ਜੁੜੇ ਚਲੇ ਆ ਰਹੇ ਰਾਜਸੀ ਮਾਹਿਰਾਂ ਦਾ ਕਹਿਣਾ ਹੈ ਕਿ ਬੀਤੇ ਵਰ੍ਹਿਆਂ ਤੋਂ, ਵਿਸ਼ੇਸ਼ ਕਰਕੇ ਸ. ਸੁਖਬੀਰ ਸਿੰਘ ਬਾਦਲ ਵਲੋਂ ਦਲ ਦੇ ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲਣ ਤੋਂ ਬਾਅਦ, ਕਈ ਵਾਰ ਅਕਾਲੀ-ਭਾਜਪਾ ਸੰਬੰਧਾਂ ਵਿੱਚ ਤਰੇੜਾਂ ਪੈਦਾ ਹੋਣ ਅਤੇ ਉਸਦੇ ਟੁੱਟ ਜਾਣ ਦੀਆਂ ਭਵਿਖ-ਬਾਣੀਆਂ ਹੁੰਦੀਆਂ ਚਲੀਆਂ ਆ ਰਹੀਆਂ ਹਨ। ਇਨ੍ਹਾਂ ਰਾਜਸੀ ਮਾਹਿਰਾਂ ਅਨੁਸਾਰ ਇਹ ਭਵਿਖ-ਬਾਣੀਆਂ ਉਨ੍ਹਾਂ ਰਾਜਨੀਤਕਾਂ ਵਲੋਂ ਕੀਤੀਆਂ ਜਾਂਦੀਆਂ ਹਨ, ਜੋ ਪੰਜਾਬ ਦੀ ਜ਼ਮੀਨੀ ਰਾਜਸੀ ਹਾਲਾਤ ਦੀ ਸੱਚਾਈ ਤੋਂ ਬਿਲਕੁਲ ਹੀ ਅਨਜਾਣ ਹਨ। ਉਹ ਦਸਦੇ ਹਨ ਕਿ ਲਗਭਗ ਦੋ-ਕੁ ਵਰ੍ਹੇ ਪਹਿਲਾਂ ਵੀ ਜ਼ੋਰਦਾਰ ਚਰਚਾ ਸੁਣਨ ਨੂੰ ਮਿਲਣ ਲਗ ਪਈ ਸੀ ਕਿ ਲੰਮੇਂ ਸਮੇਂ ਤੋਂ ਅਟੁੱਟ ਮੰਨਿਆ ਜਾਂਦਾ ਚਲਿਆ ਆ ਰਿਹਾ, ਸ਼੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਵਿਚਲਾ ਦਹਾਕਿਆਂ ਪੁਰਾਣਾ 'ਅਟੁੱਟ' ਗਠਜੋੜ ਟੁਟਣ ਕਿਨਾਰੇ ਆ ਪੁਜਾ ਹੈ। ਇਸਦੇ ਨਾਲ ਹੀ ਇਹ ਸੰਭਾਵਨਾ ਵੀ ਪ੍ਰਗਟ ਕੀਤੀ ਜਾਣ ਲਗ ਪਈ ਸੀ ਕਿ ਭਵਿਖ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ, ਭਾਵੇਂ ਲੋਕਸਭਾ ਦੀਆਂ ਹੋਣ ਜਾਂ ਵਿਧਾਨਸਭਾ ਦੀਆਂ ਜਾਂ ਸਥਾਨਕ ਕਾਰਪੋਰੇਸ਼ਨਾਂ ਆਦਿ ਦੀਆਂ, ਭਾਜਪਾ ਆਪਣੇ ਬੂਤੇ ਹੀ ਲੜੇਗੀ। ਇਸਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਜਾਣ ਲਗਾ ਸੀ ਕਿ ਦਿੱਲੀ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਵੀ, ਭਾਵੇਂ ਉਹ ਨਗਰ ਨਿਗਮ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ, ਬਾਦਲ ਅਕਾਲੀ ਦਲ ਨੂੰ ਸੀਟਾਂ ਦੇਣ ਦੀ ਬਜਾਏ, ਭਾਜਪਾ ਆਪਣੀ ਪਾਰਟੀ ਦੇ ਹੀ ਸਿੱਖ ਮੁੱਖੀਆਂ ਨੂੰ, ਮੈਦਾਨ ਵਿਚ ਉਤਾਰੇਗੀ। ਇਸਦਾ ਤੁਰੰਤ ਕਾਰਣ ਇਹ ਦਸਿਆ ਗਿਆ ਕਿ ਭਾਜਪਾ ਦੀ ਸਹਿਯੋਗੀ ਸੰਸਥਾ ਆਰਐਸਐਸ ਦੇ ਸੈੱਲ ਰਾਸ਼ਟਰੀ ਸਿੱਖ ਸੰਗਤ ਵਲੋਂ ਦਿੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਸ ਸਮਾਗਮ ਦਾ ਆਯੋਜਨ ਕੀਤਾ ਗਿਆ, ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਦਿੱਲੀ ਇਕਾਈ ਅਤੇ ਉਸਦੀ ਸੱਤਾ-ਅਧੀਨ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਉਸ ਨਾਲੋਂ ਨਾ ਕੇਵਲ ਆਪ ਦੂਰੀ ਬਣਾਈ, ਸਗੋਂ ਆਮ ਸਿੱਖਾਂ ਨੂੰ ਵੀ ਉਸ ਤੋਂ ਦੂਰੀ ਬਣਾਈ ਰਖਣ ਦਾ ਅਦੇਸ਼ ਜਾਰੀ ਕਰ ਦਿੱਤਾ। ਇਥੋਂ ਤਕ ਕਿ ਕਮੇਟੀ ਦੇ ਉਨ੍ਹਾਂ ਮੈਂਬਰਾਂ ਨੂੰ ਵੀ ਸਮਾਗਮ ਵਿੱਚ ਆਪਣੀ ਸ਼ਮੂਲੀਅਤ ਦਰਜ ਕਰਵਾਣ ਤੋਂ ਰੋਕ ਦਿੱਤਾ ਗਿਆ, ਜੋ ਕਿ ਭਾਜਪਾ ਦੇ ਪ੍ਰਤੀਨਿਧੀ ਵਜੋਂ ਵਿਧਾਇਕ ਅਤੇ ਪਾਰਸ਼ਦ ਚੁਣੇ ਗਏ ਹੋਏ ਹਨ। ਇਸ ਸੰਬੰਧ ਵਿੱਚ ਭਾਜਪਾ ਦੇ ਕੁਝ ਮੁੱਖੀਆਂ, ਵਿਸ਼ੇਸ਼ ਰੂਪ ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਮੁੱਖੀਆਂ ਦੇ ਉਨ੍ਹਾਂ ਬਿਆਨਾਂ ਦਾ ਹਵਾਲਾ ਵੀ ਦਿੱਤਾ ਗਿਆ, ਜਿਨ੍ਹਾਂ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲੋਂ ਰਸ਼ਾਟਰੀ ਸਿੱਖ ਸੰਗਤ ਦੇ ਸਮਾਗਮ ਦਾ ਬਾਈਕਾਟ ਕੀਤੇ ਜਾਣ ਪੁਰ ਨਰਾਜ਼ਗੀ ਪ੍ਰਗਟ ਕਰਦਿਆਂ, ਉਸ ਨਾਲੋਂ ਨਾਤਾ ਤੋੜ ਲੈਣ ਅਤੇ ਭਵਿੱਖ ਵਿੱਚ ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਹੀ ਚੋਣਾਂ ਆਪਣੇ ਹੀ ਬੂਤੇ ਲੜਨ ਦਾ ਦਾਅਵਾ ਕੀਤਾ ਹੋਇਆ ਸੀ।
ਉਸ ਸਮੇਂ ਵੀ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਤ ਚਲੇ ਆ ਰਹੇ ਮਾਹਿਰਾਂ ਨੇ ਦਾਅਵਾ ਕੀਤਾ ਸੀ ਕਿ ਭਾਜਪਾ-ਅਕਾਲੀ ਗਠਜੋੜ ਦੇ ਟੁਟਣ ਦੀਆਂ ਸੰਭਾਵਨਾਵਾਂ ਪ੍ਰਗਟ ਕਰਦਿਆਂ, ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਰੋਸ (ਗੁੱਸੇ) ਵਿੱਚ ਪੈਦਾ ਹੋਏ ਜੋਸ਼ ਦਾ ਹੀ ਨਤੀਜਾ ਹਨ। ਇਨ੍ਹਾਂ ਮਾਹਿਰਾਂ ਅਨੁਸਾਰ ਅਜਿਹੀ ਸੰਭਾਵਨਾ ਉਹੀ ਲੋਕ ਪ੍ਰਗਟ ਕਰ ਰਹੇ ਹਨ, ਜੋ ਪੰਜਾਬ ਦੇ ਜ਼ਮੀਨੀ ਰਾਜਨੈਤਕ ਹਾਲਾਤ ਨੂੰ ਸਮਝ ਪਾਣ ਦੀ ਸਥਿਤੀ ਵਿੱਚ ਨਹੀਂ। ਉਨ੍ਹਾਂ ਦਾ ਕਹਿਣਾ ਹੈ ਕਿ ਬੀਤੇ ਵਿੱਚ ਕਈ ਵਾਰ ਅਜਿਹੇ ਹਾਲਾਤ ਬਣੇ, ਜਿਨ੍ਹਾਂ ਦੇ ਚਲਦਿਆਂ ਇਸ ਗਠਜੋੜ ਦੇ ਟੁੱਟ ਜਾਣ ਦੇ ਦਾਅਵੇ ਕੀਤੇ ਜਾਂਦੇ ਰਹੇ। ਪ੍ਰੰਤੂ ਇਸ ਸਭ ਕੁਝ ਦੇ ਚਲਦਿਆਂ ਅਕਾਲੀ-ਭਾਜਪਾ ਗਠਜੋੜ ਨੇ ਨਾ ਟੁੱਟਣਾ ਸੀ ਅਤੇ ਨਾ ਹੀ ਉਹ ਟੁੱਟਾ। ਉਨ੍ਹਾਂ ਦਾ ਮੰਨਣਾ ਹੈ ਕਿ ਇਹ, ਅਕਾਲੀ-ਭਾਜਪਾ ਗਠਜੋੜ ਕਿਸੇ ਸਿਧਾਂਤ ਜਾਂ ਆਦਰਸ਼ ਦੀਆਂ ਨੀਂਹਾਂ ਪੁਰ ਆਧਾਰਤ ਨਹੀਂ, ਜੋ ਜ਼ਰਾ-ਕੁ ਝਟਕਾ ਲਗਦਿਆਂ ਹੀ ਟੁੱਟ ਜਾਏ। ਉਨ੍ਹਾਂ ਅਨੁਸਾਰ ਇਹ ਗਠਜੋੜ, ਪੰਜਾਬ ਦੇ ਰਾਜਸੀ ਹਾਲਾਤ ਦੇ ਚਲਦਿਆਂ, ਦੋਹਾਂ ਦੀਆਂ ਸਵਾਰਥ-ਅਧਾਰਤ ਮਜਬੂਰੀਆਂ ਦਾ ਨਤੀਜਾ ਹੈ। ਦੋਹਾਂ ਪਾਰਟੀਆਂ ਦੇ ਮੁੱਖੀ ਜਾਣਦੇ ਹਨ ਕਿ ਬਿਨਾ ਆਪਸੀ ਗਠਜੋੜ ਦੇ ਉਹ ਨਾ ਤਾਂ ਰਾਜ (ਪੰਜਾਬ) ਦੀ ਸੱਤਾ ਦੇ ਗਲਿਆਰਿਆਂ ਤਕ ਪਹੁੰਚ ਸਕਦੇ ਹਨ ਅਤੇ ਨਾ ਹੀ ਉਥੇ ਕੋਈ ਮਜ਼ਬੂਤ ਅਧਾਰ ਬਣਾ ਕੇ ਰਖ ਸਕਦੇ ਹਨ। ਉਨ੍ਹਾਂ ਅਨੁਸਾਰ ਭਾਵੇਂ ਦੋਹਾਂ ਪਾਰਟੀਆਂ ਦੇ ਮੁੱਖੀ ਦਾਅਵਾ ਕਰਦੇ ਰਹਿਣ ਕਿ ਉਨ੍ਹਾਂ ਦੀ ਪਾਰਟੀ ਧਰਮ-ਨਿਰਪੇਖ ਅਤੇ ਲੋਕਤਾਂਤ੍ਰਿਕ ਹੈ, ਪ੍ਰੰਤੂ ਸੱਚਾਈ ਇਹੀ ਹੈ ਕਿ ਉਨ੍ਹਾਂ ਦੀ ਰਾਜਨੀਤੀ ਵਿਸ਼ੇਸ਼ ਫਿਰਕਿਆਂ ਦੇ ਸਹਾਰੇ ਹੀ ਫਲਦੀ-ਫੁਲਦੀ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰਾਜਨੀਤੀ ਸਿੱਖਾਂ ਦੀ ਪ੍ਰਤੀਨਿਧਤਾ ਕਰਨ ਦੇ ਦਾਅਵੇ ਨਾਲ, ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਦੇ ਦਾਅਵਿਆਂ ਪੁਰ ਟਿੱਕੀ ਹੋਈ ਹੈ, ਉਥੇ ਹੀ ਭਾਜਪਾ ਦੀ ਰਾਜਨੀਤੀ ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਦੇ ਸਹਾਰੇ ਪਨਪਦੀ ਹੈ।


...ਅਤੇ ਅੰਤ ਵਿੱਚ : ਪੰਜਾਬ ਦੇ ਰਾਜਸੀ ਹਲਕੇ ਸਵੀਕਾਰ ਕਰਦੇ ਹਨ ਕਿ ਚੋਣਾਂ ਦੇ ਸਮੇਂ ਭਾਜਪਾ ਨੂੰ ਸਿੱਖਾਂ ਦੇ ਸਹਿਯੋਗ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹਿੰਦੂਆਂ ਦੇ ਸਮਰਥਨ ਲਈ ਭਾਜਪਾ ਦੇ ਸਹਾਰੇ ਦੀ ਲੋੜ ਹੁੰਦੀ ਹੈ ਅਤੇ ਉਨ੍ਹਾਂ ਦੀ ਇਹ ਸਵਾਰਥ-ਸਿੱਧੀ, ਬਿਨਾਂ ਗੈਰ-ਸਿਧਾਂਤਕ ਗਠਜੋੜ ਤੋਂ ਦੇ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋ ਸਕਦੀ। ਇਹੀ ਕਾਰਣ ਹੈ ਕਿ ਇਹ ਮੰਨ ਲੈਣਾ ਕਿ ਦੋਹਾਂ ਪਾਰਟੀਆਂ ਵਿੱਚ ਕਿਸੇ ਮੁੱਦੇ ਪੁਰ ਮਤਭੇਦ ਪੈਦਾ ਹੋ ਜਾਣ 'ਤੇ, ਇਹ (ਅਕਾਲੀ-ਭਾਜਪਾ) ਗਠਜੋੜ ਟੁੱਟ ਜਾਇਗਾ, ਹਵਾ ਵਿੱਚ ਤੀਰ ਚਲਾਣ ਦੇ ਸਮਾਨ ਹੈ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

07 Feb. 2019