.. ਯੇ ਸੂਰਤ ਬਦਲਨੀ ਚਾਹੀਏ ਸਵਰਾਜਬੀਰ - ਸਵਰਾਜਬੀਰ
"ਸਦਾ ਬਦਲਦੇ ਅਨੰਤ/ਅਲੱਖ ਸੰਸਾਰ ਵਿਚ ਲੋਕ-ਸਮੂਹ ਅਜਿਹੇ ਪੜਾਅ ’ਤੇ ਪਹੁੰਚ ਗਏ ਸਨ ਜਿੱਥੇ ਉਹ ਇਕੋ ਵੇਲੇ ਹਰ ਗੱਲ ’ਤੇ ਯਕੀਨ ਕਰ ਰਹੇ ਸਨ ਅਤੇ ਨਾਲ ਦੀ ਨਾਲ ਕਿਸੇ ਵੀ ਗੱਲ ’ਤੇ ਯਕੀਨ ਨਹੀਂ ਸਨ ਕਰ ਰਹੇ।’’ - ਹਨਾ ਆਰੰਟ (Hannah Ardent) ਦੀ ਕਿਤਾਬ ‘‘ਤਾਨਾਸ਼ਾਹੀ ਦੇ ਸ੍ਰੋਤ’’ ਵਿਚੋਂ। ਇਹ ਵੀਹਵੀਂ ਸਦੀ ਵਿਚ ਜਰਮਨੀ ਅਤੇ ਹੋਰ ਦੇਸ਼ਾਂ ਵਿਚ ਤਾਨਾਸ਼ਾਹੀ ਦੇ ਉੱਭਰਨ ਬਾਰੇ ਹੈ।
ਦਿਨੋਂ-ਦਿਨ ਇਹ ਸਮਝਣਾ ਔਖਾ ਹੋ ਰਿਹਾ ਹੈ ਕਿ ਦੇਸ਼ ਦੀ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ। ਸੰਸਦ ਦੇ ਬਜਟ ਇਜਲਾਸ ਦਾ ਉਦਘਾਟਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਅਤੇ ਦੇਸ਼ ਨੂੰ ਦੱਸਿਆ ਹੈ ਕਿ ਆਜ਼ਾਦੀ ਦਾ ਅੰਮ੍ਰਿਤ ਕਾਲ ਸ਼ੁਰੂ ਹੋ ਚੁੱਕਾ ਹੈ; ਹੁਣ ਦਾ ਸਮਾਂ ਦੇਸ਼ ਨਿਰਮਾਣ ਦਾ ਅਵਸਰ/ਮੌਕਾ ਹੈ। ਰਾਸ਼ਟਰਪਤੀ ਨੇ ਕਿਹਾ ਕਿ 2047 ਤਕ ਅਜਿਹੇ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿਚ ਅਤੀਤ/ਬੀਤੇ ਦੇ ਗੌਰਵ ਨਾਲ ਪੂਰੀ ਤਰ੍ਹਾਂ ਜੁੜੇ ਹੋਣ ਦੇ ਨਾਲ ਨਾਲ ਆਧੁਨਿਕਤਾ ਦੇ ਸਭ ਸੁਨਹਿਰੀ/ਸਵਰਨ ਯੁੱਗ ਵੀ ਹਾਜ਼ਰ ਹੋਣਗੇ ਅਤੇ ਮਨੁੱਖੀ ਅਧਿਕਾਰਾਂ ਦਾ ਪੂਰਾ ਸਨਮਾਨ ਹੋਵੇਗਾ। ਅੰਮ੍ਰਿਤ ਕਾਲ ਦੀ ਪਰਿਭਾਸ਼ਾ ਨੂੰ ਸਪੱਸ਼ਟ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਕੁਝ ਸਮਾਂ ਪਹਿਲਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ, ਜਿਸ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਨਾਂ ਦਿੱਤਾ ਗਿਆ ਸੀ, ਮਨਾਈ ਸੀ ਅਤੇ ਇਸ ਤਰ੍ਹਾਂ ਹੁਣ (ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਤੋਂ ਬਾਅਦ) ਤੋਂ ਲੈ ਕੇ 2047 ਸਾਲ ਤਕ ਦਾ ਸਮਾਂ ਅੰਮ੍ਰਿਤ ਕਾਲ ਦਾ ਸਮਾਂ ਹੈ। ਰਾਸ਼ਟਰਪਤੀ ਨੇ ਇਹ ਵੀ ਦੱਸਿਆ ਹੈ ਕਿ ਕੇਂਦਰ ਸਰਕਾਰ ਗ਼ੁਲਾਮੀ ਦੇ ਹਰ ਨਿਸ਼ਾਨ ਤੇ ਮਾਨਸਿਕਤਾ ਤੋਂ ਮੁਕਤੀ ਦਿਵਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ ਜਿਨ੍ਹਾਂ ਤਹਿਤ ਰਾਜਪਥ ਹੁਣ ਕਰਤੱਵ ਪੱਥ ਅਤੇ ਮੁਗ਼ਲ ਗਾਰਡਨ (ਰਾਸ਼ਟਰਪਤੀ ਭਵਨ ਦੇ ਬਾਗ਼) ਹੁਣ ਅੰਮ੍ਰਿਤ ਉਦਿਆਨ (ਬਾਗ਼) ਬਣ ਚੁੱਕੇ ਹਨ। ਰਾਸ਼ਟਰਪਤੀ ਅਨੁਸਾਰ ਹੁਣ ਭਾਰਤ ਦੀ ਪਛਾਣ ਅਜਿਹੇ ਦੇਸ਼ ਵਜੋਂ ਹੋ ਰਹੀ ਹੈ ਜੋ ਦੂਸਰੇ ਦੇਸ਼ਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ।
ਅੰਮ੍ਰਿਤ ਕਾਲ ਦੀ ਇਸ ਪਿੱਠਭੂਮੀ ਵਿਚ ਪਿਛਲੇ ਕੁਝ ਮਹੀਨਿਆਂ ਅਤੇ ਵਰਤਮਾਨ ਦੇ ਸਮਿਆਂ ਦੇ ਕਈ ਪ੍ਰਤੀਕਮਈ ਦ੍ਰਿਸ਼ ਉੱਭਰਦੇ ਹਨ। ਇਕ ਦ੍ਰਿਸ਼ ਕਾਂਗਰਸ ਦੁਆਰਾ ਕੰਨਿਆਕੁਮਾਰੀ ਤੋਂ ਸ੍ਰੀਨਗਰ ਤਕ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਦਾ ਹੈ ਜਿਸ ਵਿਚ ਰਾਹੁਲ ਗਾਂਧੀ ਸ਼ਾਹਰਾਹਾਂ ਤੇ ਸੜਕਾਂ ’ਤੇ ਤੁਰ ਰਿਹਾ ਨਜ਼ਰ ਆਉਂਦਾ ਹੈ। ਉਹ ਅਜਿਹਾ ਸਿਆਸੀ ਸ਼ਖ਼ਸ ਹੈ ਜੋ ਕੇਂਦਰ ਦੀ ਪੱਧਰ ’ਤੇ ਸੱਤਾ ਦੀ ਲੜਾਈ ਦੋ ਵਾਰ ਹਾਰ ਚੁੱਕਾ ਹੈ। ਉਸ ਕੋਲ ਸਿਆਸਤ ਦੀ ਪਰਿਵਾਰਕ ਵਿਰਾਸਤ ਹੈ ਅਤੇ ਉਹ ਧਰਮ ਨਿਰਪੱਖਤਾ, ਸੰਵਿਧਾਨ, ਕਾਨੂੰਨ ਦੇ ਰਾਜ, ਸੰਵਿਧਾਨ ਦੁਆਰਾ ਕਾਇਮ ਕੀਤੇ ਤਰਕਾਂ ਤੇ ਅਸੂਲਾਂ ਦੀ ਵਿਰਾਸਤ ਦਾ ਵਾਰਸ ਹੋਣ ਦਾ ਦਮ ਵੀ ਭਰਦਾ ਹੈ। ਉਹ ਸਰਕਾਰ ’ਤੇ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ ਲਗਾਉਣ ਦੇ ਨਾਲ ਨਾਲ ਬੇਰੁਜ਼ਗਾਰੀ ਅਤੇ ਵਧ ਰਹੀ ਮਹਿੰਗਾਈ ਜਿਹੇ ਮੁੱਦੇ ਵੀ ਉਠਾਉਂਦਾ ਹੈ। ਕਿਤੇ ਕਿਤੇ ਲੋਕ ਉਸ ਵੱਲ ਆਪਮੁਹਾਰੇ ਖਿੱਚੇ ਚਲੇ ਆਉਂਦੇ ਹਨ; ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਇਕ ਮਹੱਤਵਪੂਰਨ ਸਿਆਸੀ
ਸ਼ਖ਼ਸ ਨੂੰ ਸੜਕ ’ਤੇ ਮਿਲ ਰਹੇ ਹਨ ਪਰ ਉਹ ਇਹ ਸਿੱਟਾ ਨਹੀਂ ਕੱਢ ਪਾਉਂਦੇ ਕਿ ਉਹ ਕੀ ਚਾਹੁੰਦਾ ਹੈ। ਉਸ ਦੀ ਸਿਆਸਤ ਸਮਾਜ ਵਿਚ ਥੋੜ੍ਹੀ-ਬਹੁਤ ਗੂੰਜ ਤਾਂ ਪੈਦਾ ਕਰਦੀ ਹੈ ਪਰ ਉਹ ਸਿਆਸੀ ਹਰਕਤ ਤੇ ਗਰਮਾਇਸ਼ ਪੈਦਾ ਨਹੀਂ ਕਰਦੀ ਜਿਸ ਦੀ ਜ਼ਰੂਰਤ ਹੈ। ਉਸ ਦੇ ਤਰਕ-ਭਰਪੂਰ ਬੋਲ ਲੋਕਾਂ ਦੇ ਦਿਲਾਂ ਨੂੰ ਉਸ ਤਰ੍ਹਾਂ ਨਹੀਂ ਛੂੰਹਦੇ ਜਿਵੇਂ ਭਾਵੁਕ ਭਾਸ਼ਨ ਦੇਣ ਵਾਲੇ ਸਿਆਸਤਦਾਨਾਂ ਦੇ ਛੂੰਹਦੇ ਹਨ। ਉਹ ਦੇਸ਼ ਦੀ ਸਿਆਸਤ ਦੇ ਹੈਮਲਟ ਵਜੋਂ ਉੱਭਰਦਾ ਹੈ (ਸ਼ੇਕਸਪੀਅਰ ਦੇ ਨਾਟਕ ‘ਹੈਮਲਟ’ ਦਾ ਨਾਇਕ ਜਿਹੜਾ ਇਹ ਚੋਣ ਨਹੀਂ ਕਰ ਸਕਦਾ ਕਿ ਉਹ ਫ਼ੈਸਲਾਕੁਨ ਕਦਮ ਕਦੋਂ ਚੁੱਕੇ)।
ਉਸ ਦੇ ਮੁਕਾਬਲੇ 8 ਫਰਵਰੀ 2023 ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਹੋਈ ਬਹਿਸ ਦਾ ਜਵਾਬ ਦੇਣ ਲਈ ਖੜ੍ਹਾ ਹੁੰਦਾ ਹੈ। ਉਸ ਕੋਲ ਲਾਜਵਾਬ ਭਾਸ਼ਾ ਹੈ ਅਤੇ ਅੰਤਾਂ ਦਾ ਆਤਮਵਿਸ਼ਵਾਸ। ਪ੍ਰਧਾਨ ਮੰਤਰੀ ਵਜੋਂ ਪੌਣੇ ਨੌਂ ਸਾਲ ਪੂਰੇ ਕਰ ਚੁੱਕਿਆ ਇਹ ਸ਼ਖ਼ਸ ਇਸ ਸਮੇਂ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਸਿਆਸਤਦਾਨਾਂ ਦੀ ਮੂਹਰਲੀ ਕਤਾਰ ਵਿਚ ਹੈ। ਉਹ ਹਰ ਦੂਸਰੇ-ਤੀਸਰੇ ਵਾਕ ਵਿਚ ਦੇਸ਼, ਰਾਸ਼ਟਰ, ਆਤਮਨਿਰਭਰਤਾ, ਸਾਰੀ ਦੁਨੀਆ ਨੂੰ ਅਗਵਾਈ ਦੇਣ ਦੀ ਸਮਰੱਥਾ, 2014 ਤੋਂ ਬਾਅਦ ਹੋਈ ਦੇਸ਼ ਦੀ ਬੇਮਿਸਾਲ ਤਰੱਕੀ, ਦੇਸ਼ ਦੇ ਗੌਰਵਮਈ ਅਤੀਤ ਅਤੇ ਉਸ (ਪ੍ਰਧਾਨ ਮੰਤਰੀ) ਦੁਆਰਾ ਕੀਤੀ ਜਾ ਰਹੀ ਅਣਥੱਕ ਮਿਹਨਤ ਦਾ ਜ਼ਿਕਰ ਕਰਦਾ ਹੈ। ਉਸ ਦੇ ਭਾਸ਼ਨ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ 1947 ਤੋਂ 2014 ਤਕ ਦੇਸ਼ ਨੇ ਕੋਈ ਖ਼ਾਸ ਤਰੱਕੀ ਨਹੀਂ ਕੀਤੀ। ਪ੍ਰਧਾਨ ਮੰਤਰੀ ਅਨੁਸਾਰ 2004 ਤੋਂ 2014 ਤਕ ਦਾ ਸਮਾਂ (ਜਦੋਂ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ ਸੀ) ਇਕ ਗਵਾਚਿਆ ਹੋਇਆ ਦਹਾਕਾ (Lost Decade) ਹੈ।
ਇਨ੍ਹਾਂ ਦੋਵਾਂ ਸਿਆਸਤਦਾਨਾਂ ਦੇ ਅਕਸ ਲੋਕਾਂ ਦੇ ਮਨਾਂ ਵਿਚ ਵਿਰੋਧੀ/ਵਿਪਰੀਤ ਮਨੋਭਾਵ ਪੈਦਾ ਕਰਦੇ ਹਨ: ਨਰਿੰਦਰ ਮੋਦੀ ਦੇ ਅਕਸ ਵਿਚ ਦੇਸ਼ ਦੇ ਪੁਰਾਤਨ ਹਿੰਦੂ ਗੌਰਵ ਨੂੰ ਬਹਾਲ ਕਰਨ ਦੇ ਕਾਰਜ ’ਚੋਂ ਉੱਭਰਿਆ ਆਤਮਵਿਸ਼ਵਾਸ ਹੈ; ਇਸ ਅਕਸ ਵਿਚ, ਜੋ ਉਸ ਦੇ ਹੱਕ ਵਿਚ ਹੈ (ਰਿਪੋਰਟਾਂ, ਅੰਕੜੇ, ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਆਦਿ) ਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਸਵੀਕਾਰ ਕਰਨ ਅਤੇ ਜੋ ਉਸ ਦੇ ਵਿਰੁੱਧ ਹੈ, ਨੂੰ ਨਕਾਰਨ ਦੀ ਸਮਰੱਥਾ ਪ੍ਰਤੱਖ ਝਲਕਦੀ ਹੈ ਅਤੇ ਝਲਕਦੀ ਹੈ ਸਾਹਮਣੇ ਪੇਸ਼ ਸਮੱਸਿਆਵਾਂ ਨੂੰ ਹੱਲ ਨਾ ਕਰ ਸਕਣ ਨੂੰ ਆਪਣੀ ਸਫ਼ਲਤਾ ਬਣਾ ਕੇ ਪੇਸ਼ ਕਰਨ ਦੀ ਸਮਰੱਥਾ, ਉਦਾਹਰਨ ਦੇ ਤੌਰ ’ਤੇ ਉਹ ਦੇਸ਼ ਨੂੰ ਤਰੱਕੀ ਦੀ ਸਿਖ਼ਰ ’ਤੇ ਲੈ ਕੇ ਜਾਣ ਦਾ ਦਾਅਵਾ ਵੀ ਕਰਦਾ ਹੈ ਪਰ ਨਾਲ ਨਾਲ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ
ਦੇਣ ਦੀ ਸਥਿਤੀ ਨੂੰ ਦੇਸ਼ ਵਿਚਲੀ ਆਰਥਿਕ ਨਾਬਰਾਬਰੀ ਅਤੇ ਕਮਜ਼ੋਰੀ ਦਾ ਸਬੂਤ ਵੀ ਨਹੀਂ ਮੰਨਦਾ। ਉਹ ਇਹ ਪੇਸ਼ਕਾਰੀ ਕਰਨ ਵਿਚ ਸਫ਼ਲ ਹੁੰਦਾ ਹੈ ਕਿ ਉਸ ਦੇ ਹਰ ਕਾਰਜ ਨਾਲ ਦੇਸ਼ ਦਾ ਗੌਰਵ ਵਧ ਰਿਹਾ ਹੈ।
ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਸੰਵਿਧਾਨਕ ਵਿਰਾਸਤ ਬਾਰੇ ਸਪੱਸ਼ਟ ਪੈਂਤੜਾ ਲੈਣ ਤੋਂ ਇਨਕਾਰੀ ਹੈ। ਕੁਝ ਮਹੀਨੇ ਪਹਿਲਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਸ਼ਾਂਤੀਸ਼੍ਰੀ ਪੰਡਿਤ ਨੇ ਕਿਹਾ ਸੀ, ‘‘ਭਾਰਤ ਨੂੰ ਸੰਵਿਧਾਨ ਦੁਆਰਾ ਪਰਿਭਾਸ਼ਿਤ ਨਾਗਰਿਕ (Civic) ਦੇਸ਼ ਵਜੋਂ ਦੇਖਣਾ ਇਸ ਦੇ ਇਤਿਹਾਸ, ਪੁਰਾਤਨ ਵਿਰਾਸਤੀ ਸੱਭਿਆਚਾਰ ਅਤੇ ਸੱਭਿਅਤਾ ਨੂੰ ਨਕਾਰਨਾ ਹੈ।’’ ਇਹ ਸਹੀ ਹੈ ਕਿ ਕਿਸੇ ਵੀ ਭੂਗੋਲਿਕ ਖ਼ਿੱਤੇ ਦੇ ਲੋਕਾਂ ਕੋਲ ਆਪਣੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਦੀਆਂ ਅਨੰਤ ਜਟਿਲ ਪਿਰਤਾਂ ਹੁੰਦੀਆਂ ਹਨ ਪਰ ਮੌਜੂਦਾ ਸਮਿਆਂ ਵਿਚ ਰਿਆਸਤ/ਸਟੇਟ ਸੰਵਿਧਾਨ ਦੀ ਭੂਮੀ ’ਤੇ ਜਨਮਦੀ ਤੇ ਪਨਪਦੀ ਹੈ। ਸੰਵਿਧਾਨ ਦੇਸ਼ਾਂ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਵਿਚ ਸਮੋਅ ਕੇ ਲੋਕ-ਸਹਿਮਤੀ ਵਾਲੇ ਕਾਨੂੰਨੀ ਢਾਂਚੇ ਪੇਸ਼ ਕਰਦੇ ਹਨ ਪਰ ਭਾਜਪਾ ਦੀ ਸਿਆਸਤ ਆਪਣੀ ਵਿਰਾਸਤ ਅਜਿਹੀ ਪੁਰਾਤਨਤਾ ’ਚੋਂ ਖੋਜਦੀ ਹੈ ਜਿਸ ਵਿਚੋਂ ਮਾਨਵਤਾ ਦਾ ਸਾਂਝਾ ਸੱਭਿਆਚਾਰ ਨਹੀਂ ਸਗੋਂ ਇਕੋ-ਇਕ ਧਰਮ ਦੀ ਮਹਾਨਤਾ ਹੀ ਉਜਾਗਰ ਹੁੰਦੀ ਹੈ। ਇਹ ਸਿਆਸਤ ਇਤਿਹਾਸ ਤੇ ਮਿਥਿਹਾਸ ਨੂੰ ਤੋੜ-ਮਰੋੜ ਕੇ ਬਣਾਈ ਗਈ ਉਸ ਬਿਆਨਕਾਰੀ/ਬਿਰਤਾਂਤ ਵਿਚ ਬਦਲ ਜਾਂਦੀ ਹੈ ਜਿਸ ਵਿਚ ਸਿਰਫ਼ ਇਕੋ ਧਰਮ ਦੇ ਝੰਡੇ ਹੀ ਝੁੱਲਦੇ ਹਨ। ਇਤਾਲਵੀ ਕਵੀ ਜਾਰਜੀਓ ਕਪਰੋਨੀ (Giorgio Caproni) ਦਾ ਕਾਵਿ ਕਥਨ ਹੈ, ‘‘ਮੈਂ ਉੱਥੇ ਵਾਪਸ ਆ ਗਿਆ/ ਜਿੱਥੇ ਮੈਂ ਪਹਿਲਾਂ ਕਦੇ ਗਿਆ ਹੀ ਨਹੀਂ ਸਾਂ।’’ ਲੋਕਾਂ ਨੂੰ ਇਹ ਮਹਿਸੂਸ ਕਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਕ ਮਹਾਨ ਅਤੀਤ ਵਾਪਸ ਦਿੱਤਾ ਜਾ ਰਿਹਾ ਹੈ, ਉਨ੍ਹਾਂ ਲਈ ਨਵਾਂ ਸ੍ਵੈ-ਅਕਸ ਅਤੇ ਨਵੀਂ ਸ੍ਵੈ-ਪਛਾਣ ਘੜੀ ਜਾ ਰਹੀ ਜੋ ਉਨ੍ਹਾਂ ਨੇ ਗੁਆ ਲਈ ਸੀ, ਉਹ ਉੱਥੇ ‘ਵਾਪਸ’ ਜਾ ਰਹੇ ਹਨ ਜਿੱਥੇ ਉਹ ਪਹਿਲਾਂ ਕਦੇ ਨਹੀਂ ਸਨ ਗਏ।
ਪੁਰਾਤਨ ਗੌਰਵ ਨੂੰ ਬਹਾਲ ਕਰਨ ਵਾਲੀ ਇਹ ਕਵਾਇਦ ਲਿਸ਼ਕਵੀਂ ਤੇ ਮੋਹ ਲੈਣ ਵਾਲੀ ਹੈ, ਇਸ ਦੇ ਮੋਹ-ਪਾਸ਼ ਵਿਚ ਆਨੰਦਮਈ ਹੋ ਜਾਣ ਦਾ ਅਨੁਭਵ ਬਹੁਤ ਸੁਖਦ ਹੈ। ਜ਼ਰਾ ਸੋਚੋ, ਜੇ ਤੁਹਾਡੇ ਸ਼ਹਿਰ ਦਾ ਨਾਂ ਬਦਲ ਕੇ ਉਸ ਦੇ ਪੁਰਾਤਨ ਨਾਂ ’ਤੇ ਰੱਖ ਦਿੱਤਾ ਜਾਵੇ ਤਾਂ ਕੀ ਤੁਸੀਂ ਖ਼ੁਸ਼ ਨਹੀਂ ਹੋਵੋਗੇ? ਕੀ ਆਪਣੇ ਪੁਰਾਤਨ ਤੇ ਮਹਾਨ ਅਤੀਤ ਨੂੰ ਮੁੜ ਪਾ ਕੇ ਤੁਸੀਂ ਗੌਰਵਮਈ ਨਹੀਂ ਮਹਿਸੂਸ ਕਰੋਗੇ? ਕੀ ਤੁਹਾਡੇ ਅੰਦਰ ਸ਼ਰਧਾ ਨਹੀਂ ਉਮੜੇਗੀ? ਜ਼ਰੂਰ ਉਮੜੇਗੀ, ਤੁਸੀਂ ਆਪਣੇ ਬੀਤੇ ਦੇ ਗੌਰਵ ਵਿਚ ਸਰਸ਼ਾਰ ਹੋ ਜਾਵੋਗੇ। ਕੀ ਹੋਇਆ ਜੇ ਸ਼ਹਿਰ
ਦੇ ਸੀਵਰ ਕੰਮ ਨਹੀਂ ਕਰਦੇ ਜਾਂ ਲੋਕ ਸੜਕਾਂ ’ਤੇ ਸੌਂਦੇ ਜਾਂ ਬੇਰੁਜ਼ਗਾਰੀ ਨਾਲ ਘੁਲਦੇ ਹਨ, ਇਹ ਤਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹਨ।
ਮਹਾਨ ਅਤੀਤ ਦੀ ਮਿੱਠੀ ਚਾਸ਼ਨੀ ਪੇਸ਼ ਕਰਨ ਦੇ ਨਾਲ ਨਾਲ ਦੇਸ਼ ਦੇ ਸਮਰੱਥ ਲੋਕਾਂ ਲਈ ਹਾਈ ਸਪੀਡ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ, ਮਹਾਨ ਆਗੂਆਂ ਦੇ ਗਗਨ-ਚੁੰਬੀ ਬੁੱਤ ਬਣਾਏ ਜਾ ਰਹੇ ਹਨ, ਸੰਸਦ ਲਈ ਮਹਾਨ ਇਮਾਰਤ ਬਣ ਰਹੀ ਹੈ, ਸਭ ਕੁਝ ਲਿਸ਼ਕਦਾ ਹੋਇਆ, ਲਿਸ਼ਕਦੇ ਬਿੰਬਾਂ ਦੇ ਇਸ ਵਰਤਮਾਨ ਵਿਚ ਬੇਰੁਜ਼ਗਾਰੀ, ਭੁੱਖਮਰੀ ਅਤੇ ਵਧ ਰਹੀ ਮਹਿੰਗਾਈ ਜਿਹੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ।
ਇਨ੍ਹਾਂ ਵਿਰੋਧੀ ਬਿੰਬਾਂ (ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ) ਦੇ ਸਮਿਆਂ ਵਿਚ ਇਕ ਨਾਮ ਪ੍ਰੇਤ ਵਾਂਗ ਉੱਭਰਦਾ ਹੈ: ‘ਗੌਤਮ ਅਡਾਨੀ’। ਕੁਝ ਦਿਨ ਪਹਿਲਾਂ ਤਕ ਉਸ ਨੂੰ ਦੇਸ਼ ਵਿਚ ਹੋਈ ਮਹਾਨ ਤਰੱਕੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਸੀ। ਦੇਸ਼ ਦੇ ਇਕ ਫ਼ੀਸਦੀ ਸਿਖ਼ਰਲੇ ਅਮੀਰ ਤਰੱਕੀ ਕਰ ਕੇ ਦੇਸ਼ ਦੀ ਦੌਲਤ ਦੇ 40 ਫ਼ੀਸਦੀ ਹਿੱਸੇ ਦੇ ਮਾਲਕ ਬਣ ਗਏ ਹਨ ਅਤੇ ਇਹ ਤਰਕ ਸਿਰਜਿਆ ਜਾ ਰਿਹਾ ਸੀ ਕਿ ਸਿਖ਼ਰਲੇ ਅਮੀਰਾਂ ਦੀ ਤਰੱਕੀ ਦੇ ਅਰਥ ਹਨ ਦੇਸ਼ ਦੀ ਤਰੱਕੀ। ਅਮਰੀਕਨ ਕੰਪਨੀ ‘ਹਿੰਡਨਬਰਗ ਰਿਸਰਚ’ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ, ਉਸ ਨੂੰ 108 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਉਸ ਦੀਆਂ ਕੰਪਨੀਆਂ ਵਿਚ ਜੀਵਨ ਬੀਮਾ ਨਿਗਮ ਅਤੇ ਦੇਸ਼ ਦੇ ਜਨਤਕ ਬੈਂਕਾਂ ਦਾ ਪੈਸਾ ਵੱਡੇ ਪੱਧਰ ’ਤੇ ਲੱਗਾ ਹੋਇਆ ਹੈ, ਅਜਿਹਾ ਨਿਵੇਸ਼ ਸਿਆਸੀ ਸਰਪ੍ਰਸਤੀ ਕਾਰਨ ਹੀ ਸੰਭਵ ਹੈ। ਉਸ ਦੀ ਪ੍ਰਧਾਨ ਮੰਤਰੀ ਅਤੇ ਭਾਜਪਾ ਨਾਲ ਨਜ਼ਦੀਕੀ ਜੱਗ-ਜ਼ਾਹਿਰ ਹੈ ਪਰ ਲੋਕ ਸਭਾ ਤੇ ਰਾਜ ਸਭਾ ਵਿਚ ਉਸ ਬਾਰੇ ਉਠਾਏ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦੇਸ਼ ਦੀ ਵਿੱਤ ਮੰਤਰੀ ਕਹਿ ਰਹੀ ਹੈ ਕਿ ਇਹ ਸਿਰਫ਼ ਇਕ ਕੰਪਨੀ ਦਾ ਮਾਮਲਾ ਹੈ। ਸੱਤਾਧਾਰੀ ਪਾਰਟੀ ਦੇ ਦ੍ਰਿਸ਼ਟੀਕੋਣ ਤੋਂ ਇਹ ਸਹੀ ਪਹੁੰਚ ਹੈ, ਅੰਮ੍ਰਿਤ ਕਾਲ ਵਿਚ ਵਿਸ਼ (ਜ਼ਹਿਰ) ਦਾ ਜ਼ਿਕਰ ਕਿਉਂ ਹੋਵੇ? ਸਾਡਾ ਮਿਥਿਹਾਸ ਸਾਨੂੰ ਬਹੁਤ ਜਟਿਲ ਤਰੀਕੇ ਨਾਲ ਦੱਸਦਾ ਹੈ ਕਿ ਜਦੋਂ ਸਾਗਰ ਮੰਥਨ ਨਾਲ ਅੰਮ੍ਰਿਤ ਪੈਦਾ ਹੋਇਆ ਤਾਂ ਨਾਲ ਵਿਸ਼ (ਜ਼ਹਿਰ) ਵੀ ਪੈਦਾ ਹੋਇਆ। ਉਹ ਵਿਸ਼ ਸ਼ਿਵ ਜੀ ਨੇ ਪੀਤਾ ਸੀ, ਵਰਤਮਾਨ ਦਾ ਵਿਸ਼ ਕੌਣ ਪੀਵੇਗਾ?
ਇਹ ਪ੍ਰਤੀਕ ਦੇਸ਼ ਵਿਚ ਹੋ ਰਹੇ ਸਿਆਸੀ ਘਮਸਾਨ ਦਾ ਇਕ ਹਿੱਸਾ ਹਨ, ਉਪਰੋਕਤ ਦ੍ਰਿਸ਼ਾਵਲੀ ਵਿਚ ਲੋਕ-ਸੰਘਰਸ਼ਾਂ ਦਾ ਜ਼ਿਕਰ ਨਹੀਂ ਹੈ, ਉਨ੍ਹਾਂ ਦੀ ਕਥਾ ਵੱਖਰੀ ਹੈ। ਸੰਸਦ ਵਿਚ ਭਾਸ਼ਨ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਦੇ ਇਨਕਲਾਬੀ ਸ਼ਾਇਰ ਦੁਸ਼ਯੰਤ ਕੁਮਾਰ ਦਾ ਸ਼ੇਅਰ ਪੜ੍ਹਿਆ, ‘‘ਤੁਮਹਾਰੇ ਪਾਉਂ ਕੇ ਨੀਚੇ ਕੋਈ ਜ਼ਮੀਨ ਨਹੀਂ/ ਕਮਾਲ ਯੇਹ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ।’’ ਇਹ ਤਨਜ਼ ਰਾਹੁਲ ਗਾਂਧੀ ਤੇ ਕਾਂਗਰਸ ’ਤੇ ਕਸੀ ਗਈ ਸੀ। ਅਸੀਂ ਪ੍ਰਧਾਨ ਮੰਤਰੀ ਨੂੰ ਦੱਸ ਸਕਦੇ ਹਾਂ, ਇਸ ਗ਼ਜ਼ਲ ਦਾ ਅਗਲਾ ਸ਼ੇਅਰ ਹੈ, ‘‘ਮੈਂ ਬੇਪਨਾਹ ਅੰਧੇਰੋਂ ਕੋ ਸੁਬਹ ਕੈਸੇ ਕਹੂੰ/ ਮੈਂ ਇਨ ਨਜ਼ਾਰੋਂ ਕਾ ਅੰਧਾ ਤਮਾਸ਼ਬੀਨ ਨਹੀਂ।’’ ਦੇਸ਼ ਵਾਸੀਆਂ ਨੇ ਪ੍ਰਧਾਨ ਮੰਤਰੀ ਦੁਆਰਾ ਬੋਲੇ ਗਏ ਸ਼ੇਅਰ ’ਤੇ ਰੁਕ ਨਹੀਂ ਜਾਣਾ, ਉਨ੍ਹਾਂ ਨੇ ਗ਼ਜ਼ਲ ਦੇ ਅਗਲੇ ਸ਼ੇਅਰ ਵੀ ਪੜ੍ਹਨੇ ਨੇ, ਉਹ ‘ਅੰਧੇ ਤਮਾਸ਼ਬੀਨ’ ਨਹੀਂ ਹਨ। ਦੁਸ਼ਯੰਤ ਕੁਮਾਰ ਦੇ ਕੁਝ ਹੋਰ ਸ਼ੇਅਰ ਏਦਾਂ ਹਨ: ‘‘ਤੇਰਾ ਨਿਜ਼ਾਮ ਹੈ
ਸਿਲ ਦੇ ਜ਼ੁਬਾਨ ਸ਼ਾਇਰ ਕੀ/ ਯੇ ਏਹਤਿਯਾਤ ਜ਼ਰੂਰੀ ਹੈ ਇਸ ਬਹਰ ਕੇ ਲਿਯੇ।’’, ‘‘ਸਿਰਫ਼ ਹੰਗਾਮਾ ਖੜਾ ਕਰਨਾ ਮਿਰਾ ਮਕਸਦ ਨਹੀਂ/ ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ।’’ ਇਹ ਸੂਰਤ ਕਿਵੇਂ ਬਦਲੇਗੀ? ਇਹ ਲੋਕਾਂ ਨੇ ਇਕੱਠੇ ਹੋ ਕੇ ਸੋਚਣਾ ਹੈ। ਦੇਸ਼ ਦਾ ਜੀਵਨ ਕੁਝ ਪ੍ਰਤੀਕਾਂ ਤਕ ਮਹਿਦੂਦ ਨਹੀਂ ਹੋ ਸਕਦਾ।
... ਗੁੰਮ ਅਸਮਾਨ ਦਿਸਿਆ - ਸਵਰਾਜਬੀਰ
ਅੰਤਰਰਾਸ਼ਟਰੀ ਸੰਸਥਾ ਔਕਸਫੈਮ ਦੀ ਕੁਝ ਸਮਾਂ ਪਹਿਲਾਂ ਜਾਰੀ ਕੀਤੀ ਗਈ ਰਿਪੋਰਟ ਵਿਚ ਦੱਸਿਆ ਗਿਆ ਸੀ ਕਿ ਭਾਰਤ ਵਿਚ ਦੇਸ਼ ਦੀ ਦੌਲਤ ਦਾ 40 ਫ਼ੀਸਦੀ ਹਿੱਸਾ ਸਿਖ਼ਰਲੇ ਇਕ ਫ਼ੀਸਦੀ ਅਮੀਰਾਂ ਕੋਲ ਹੈ ਜਦੋਂਕਿ ਹੇਠਲੇ 50 ਫ਼ੀਸਦੀ ਲੋਕਾਂ ਦਾ ਦੇਸ਼ ਦੀ ਦੌਲਤ ਵਿਚ ਹਿੱਸਾ ਸਿਰਫ਼ 3 ਫ਼ੀਸਦੀ ਹੈ। ਔਕਸਫੈਮ ਅਨੁਸਾਰ ਮਾਰਚ 2020 ਦੇ ਮੁਕਾਬਲੇ ਨਵੰਬਰ 2022 ਵਿਚ ਭਾਰਤ ਦੇ ਖਰਬਪਤੀਆਂ ਦੀ ਆਮਦਨ 151 ਫ਼ੀਸਦੀ ਵੱਧ ਸੀ ਭਾਵ ਨਵੰਬਰ ਵਿਚ ਉਨ੍ਹਾਂ ਦੀ ਕਮਾਈ ਮਾਰਚ 2020 ਦੀ ਕਮਾਈ ਤੋਂ 3608 ਕਰੋੜ ਰੁਪਏ ਪ੍ਰਤੀ ਦਿਨ ਵੱਧ ਸੀ।
ਸਾਡੀ ਸੂਝ-ਸਮਝ ਵੀ ਇਸ ਤਰ੍ਹਾਂ ਦੀ ਹੋ ਗਈ ਹੈ ਕਿ ਅਸੀਂ ਸੋਚਦੇ ਹਾਂ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ, ਇਨ੍ਹਾਂ ਕਾਰਨ ਨਾ ਤਾਂ ਹਕੀਕਤ ਬਦਲਣੀ ਹੈ, ਨਾ ਹੀ ਸਰਕਾਰਾਂ ਦੀਆਂ ਨੀਤੀਆਂ ਅਤੇ ਨਾ ਹੀ ਗ਼ਰੀਬੀ ਵਿਚ ਪਿਸਦੀ ਲੋਕਾਈ ਨੂੰ ਗੁੱਸਾ ਆਉਣਾ ਏ। ... ਤੇ ਹੋ ਵੀ ਕੁਝ ਏਦਾਂ ਹੀ ਰਿਹਾ ਹੈ ਪਰ ਪਿਛਲੇ ਦਿਨੀਂ ਅਮਰੀਕੀ ਕੰਪਨੀ ਹਿੰਡਨਬਰਗ ਰਿਸਰਚ ਦੀ ਰਿਪੋਰਟ ਤੋਂ ਬਾਅਦ ਜੋ ਹਾਲ ਅਡਾਨੀ ਗਰੁੱਪ ਦੀਆਂ ਕੰਪਨੀਆਂ ਦਾ ਹੋਇਆ ਹੈ, ਉਸ ਨੇ ਮੱਧ ਵਰਗ ਦੇ ਲੋਕਾਂ ਅਤੇ ਅਰਥ ਸ਼ਾਸਤਰੀਆਂ ਦੇ ਦਿਮਾਗ਼ਾਂ ਨੂੰ ਜ਼ਰੂਰ ਹਲੂਣਿਆ ਹੈ, ਇਉਂ ਲੱਗਦਾ ਹੈ ਜਿਵੇਂ ਉਹ ਕਿਸੇ ਡੂੰਘੀ ਨੀਂਦ ਤੋਂ ਜਾਗ ਪਏ ਹੋਣ। ਉਨ੍ਹਾਂ ਨੂੰ ਦੇਖ ਕੇ ਮੁਨੀਰ ਨਿਆਜ਼ੀ ਦਾ ਸ਼ਿਅਰ ਯਾਦ ਆਉਂਦਾ ਹੈ, ‘‘ਬੱਦਲ ਉੱਡੇ ਤੇ ਗੁੰਮ ਅਸਮਾਨ ਦਿਸਿਆ/ ਪਾਣੀ ਉਤਰੇ ਤੇ ਆਪਣਾ ਮਕਾਨ ਦਿਸਿਆ।’’
ਵੱਖ ਵੱਖ ਅਨੁਮਾਨਾਂ ਅਨੁਸਾਰ ਪਿਛਲੇ ਕੁਝ ਦਿਨਾਂ ਵਿਚ ਅਡਾਨੀ ਗਰੁੱਪ ਦੀਆਂ ਕੰਪਨੀਆਂ ਨੂੰ 120 ਬਿਲੀਅਨ ਡਾਲਰ (12 ਹਜ਼ਾਰ ਕਰੋੜ ਡਾਲਰ ਭਾਵ ਲਗਭਗ 9.84 ਲੱਖ ਕਰੋੜ ਰੁਪਏ) ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਹ ਵੇਖ ਕੇ ਲੋਕਾਂ ਦੇ ਮਨਾਂ ਵਿਚ ਅਚਾਨਕ ਝਟਕਾ ਜਿਹਾ ਲੱਗਿਆ ਹੈ : ਏਨਾ ਨੁਕਸਾਨ? ਕਿੱਥੋਂ ਆਏ ਸਨ ਏਨੇ ਪੈਸੇ? ਉਹ ਕਿਹੋ ਜਿਹੇ ਕਾਰੋਬਾਰ ਹਨ ਜਿਨ੍ਹਾਂ ਵਿਚ ਇਕ ਘਰਾਣੇ ਦੀ ਦੌਲਤ 1612 ਕਰੋੜ ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਵਧਦੀ ਹੈ (ਸਤੰਬਰ 2022 ਦੀ ਆਈਆਈਐੱਫਐੱਲ ਵੈਲਥ ਹੁਰੁਨ ਇੰਡੀਆ ਰਿਚ ਲਿਸਟ ਰਿਪੋਰਟ ਅਨੁਸਾਰ 2021-22 ਵਿਚ) ਅਤੇ ਉਹ ਕਿਹੜੇ ਵਪਾਰ ਤੇ ਧੰਦੇ ਹਨ ਜਿਨ੍ਹਾਂ ਕਾਰਨ ਇਕ ਘਰਾਣਾ ਪੰਜ ਸਾਲਾਂ (2017-22) ਵਿਚ ਆਪਣੀ ਦੌਲਤ 14 ਗੁਣਾ ਵਧਾਉਂਦਾ ਹੈ? ਉਨ੍ਹਾਂ ਸਾਲਾਂ ਵਿਚ ਜਦੋਂ ਮੱਧ ਵਰਗ ਅਤੇ ਨਿਮਨ ਮੱਧ ਵਰਗ ਦੇ ਲੋਕਾਂ ਦੀ ਆਮਦਨ ਲਗਾਤਾਰ ਘਟਦੀ ਹੈ, ਉਨ੍ਹਾਂ ਸਮਿਆਂ ਵਿਚ ਜਦੋਂ ਮਿਹਨਤਕਸ਼ਾਂ ਦੀ ਉਜਰਤ ਲਗਾਤਾਰ ਘਟਦੀ ਹੈ? ਇਸ ਰਿਪੋਰਟ ਨਾਲ ਇਕ ਦੌਲਤਮੰਦ ਦੀ ਦੌਲਤ ਨੂੰ ਢਕਦੇ ਹੋਏ ਬੱਦਲ ਖਿੰਡਦੇ ਹਨ ਅਤੇ ਲੋਕਾਂ ਨੂੰ ਅਸਮਾਨ ਦਿਸਦਾ ਹੈ, ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਅਡਾਨੀ ਦੀਆਂ ਕੰਪਨੀਆਂ ਵਿਚ ਹਜ਼ਾਰਾਂ ਕਰੋੜ ਰੁਪਏ ਜੀਵਨ ਬੀਮਾ ਨਿਗਮ (Life Insurance Corporation- ਐੱਲਆਈਸੀ) ਨੇ ਲਗਾਏ ਹਨ, ਉਹ ਅਦਾਰਾ ਜਿਸ ਬਾਰੇ ਉਨ੍ਹਾਂ ਨੂੰ ਭਰੋਸਾ ਹੈ ਕਿ ਇਹ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਸਮਾਜਿਕ ਸੁਰੱਖਿਆ ਦੇਵੇਗਾ। ਇਨ੍ਹਾਂ ਕੰਪਨੀਆਂ ਵਿਚ ਜਨਤਕ ਬੈਂਕਾਂ ਨੇ ਵੀ ਵੱਡੀ ਪੱਧਰ ’ਤੇ ਪੈਸੇ ਲਗਾਏ ਹਨ।
ਅਚਾਨਕ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ, ਸੋਸ਼ਲ ਮੀਡੀਆ ਤੇ ਵਿਚਾਰਾਂ ਦੇ ਪ੍ਰਗਟਾਵੇ ਦੇ ਹੋਰ ਸਾਧਨਾਂ ਨੂੰ ਜ਼ਬਾਨ ਮਿਲ ਗਈ ਹੈ। ਚੈਨਲਾਂ ਦੇ ਐਂਕਰ, ਅਰਥ ਸ਼ਾਸਤਰੀ ਤੇ ਹਰ ਤਰ੍ਹਾਂ ਦੇ ਮਾਹਿਰ ਚੀਖ ਚੀਖ ਕੇ ਦੱਸ ਰਹੇ ਨੇ ਕਿ ਕਿਵੇਂ ਕੰਪਨੀਆਂ ਸੱਤਾਧਾਰੀਆਂ ਦੀ ਮਦਦ ਨਾਲ ਬੈਂਕਾਂ ਤੇ ਹੋਰ ਸੰਸਥਾਵਾਂ ਤੋਂ ਪੈਸਾ ਲੈ ਕੇ ਆਪਣੇ ਕਾਰੋਬਾਰਾਂ ਵਿਚ ਲਗਵਾਉਂਦੀਆਂ ਹਨ, ਕਿਵੇਂ ਧੋਖਾਧੜੀ ਕਰ ਕੇ ਪੈਸੇ ਮਾਰੀਸ਼ਸ, ਸਾਈਪ੍ਰਸ, ਸੰਯੁਕਤ ਅਰਬ ਅਮੀਰਾਤ, ਕੈਰੇਬੀਅਨ ਟਾਪੂਆਂ ਦੇ ਦੇਸ਼ਾਂ ਆਦਿ ਵਿਚ ਪਹੁੰਚਾਉਂਦੀਆਂ ਤੇ ਫਿਰ ਫ਼ਰਜ਼ੀ ਕੰਪਨੀਆਂ ਦੇ ਜਾਲ ਰਾਹੀਂ ਵਾਪਸ ਲਿਆ ਕੇ ਆਪਣੇ ਸ਼ੇਅਰ ਖ਼ੁਦ ਖ਼ਰੀਦਦੀਆਂ ਤੇ ਉਨ੍ਹਾਂ ਦੀ ਕੀਮਤ ਵਧਾਉਂਦੀਆਂ ਹਨ, ਉਹ ਸ਼ੇਅਰ ਬੈਂਕਾਂ ਕੋਲ ਗਿਰਵੀ ਰੱਖ ਕੇ ਹੋਰ ਪੈਸਾ ਲਿਆ ਜਾਂਦਾ ਹੈ ਅਤੇ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਅਤੇ ਦੌਲਤ ਹੋਰ ਵਧਦੀ ਹੈ। ਮਾਹਿਰ ਦੱਸ ਰਹੇ ਹਨ ਇਹ ਧੋਖਾਧੜੀ ਹੈ, ਇਹ ਦੇਸ਼ ਅਤੇ ਲੋਕਾਂ ਨਾਲ ਧੋਖਾ ਹੈ।
ਕੁਝ ਮਹੀਨੇ ਪਹਿਲਾਂ ਦੇ ਅਖ਼ਬਾਰ ਤੇ ਟੈਲੀਵਿਜ਼ਨ ਚੈਨਲਾਂ ’ਤੇ ਹੋਈਆਂ ਬਹਿਸਾਂ ਦੇਖੋ। ਉਨ੍ਹਾਂ ਵਿਚ ਇਹੀ ਮਾਹਿਰ ਦੱਸ ਰਹੇ ਸਨ ਕਿ ਫਲਾਂ ਦੌਲਤਮੰਦ ਦੁਨੀਆ ਵਿਚ ਏਨੇ ਨੰਬਰ ਦਾ ਦੌਲਤਮੰਦ ਬਣ ਗਿਆ ਹੈ ਤੇ ਫਲਾਂ ਦੌਲਤਮੰਦ ਏਨੇ ਨੰਬਰ ਦਾ, ਇਹ ਤੇਜ਼ੀ ਨਾਲ ਤਰੱਕੀ ਕਰ ਰਹੇ ਦੇਸ਼ ਦੇ ਪ੍ਰਤੀਕ ਹਨ। ਇਸ ਤਰ੍ਹਾਂ ਦਾ ਪ੍ਰਭਾਵ ਦਿੱਤਾ ਜਾ ਰਿਹਾ ਸੀ ਕਿ ਜਦੋਂ ਦੇਸ਼ ਦੇ ਸਿਖ਼ਰਲੇ ਅਮੀਰ ਦੁਨੀਆ ਦੇ ਸਭ ਤੋਂ ਵੱਧ ਅਮੀਰ ਬਣ ਰਹੇ ਹਨ ਤਾਂ ਨਿਸ਼ਚੇ ਹੀ ਇਹ ਵਰਤਾਰਾ ਇਸ ‘ਤੱਥ’ ਦੀ ਨਿਸ਼ਾਨਦੇਹੀ ਹੈ ਕਿ ਦੇਸ਼ ‘ਅਮੀਰ’ ਹੋ ਰਿਹਾ ਹੈ; ਇਹ ਵੱਖਰੀ ਗੱਲ ਹੈ ਕਿ ਸਰਕਾਰ 80 ਕਰੋੜ ਲੋਕਾਂ ਨੂੰ ਮੁਫ਼ਤ ਅਨਾਜ ਦੇ ਕੇ ਅਸਿੱਧੇ ਰੂਪ ਵਿਚ ਸਵੀਕਾਰ ਕਰ ਰਹੀ ਹੈ ਕਿ ਏਨੀ ਵੱਡੀ ਗਿਣਤੀ ਲੋਕਾਂ ਕੋਲ ਆਪਣੇ ਲਈ ਪੂਰਾ ਭੋਜਨ ਖ਼ਰੀਦਣ ਦੀ ਸਮਰੱਥਾ ਨਹੀਂ।
ਸਰਕਾਰਾਂ ਨੇ ਅਜਿਹੀਆਂ ਰਿਪੋਰਟਾਂ ਜਿਹੜੀਆਂ ਦੇਸ਼ ਵਿਚ ਵਧ ਰਹੀ ਨਾਬਰਾਬਰੀ ’ਤੇ ਉਂਗਲ ਰੱਖਦੀਆਂ ਹਨ, ਨੂੰ ਕਦੇ ਵੀ ਨਹੀਂ ਗੌਲਿਆ। ਇਹ ਲੋਕਾਂ ਦੀ ਵੱਡੀ ਗਿਣਤੀ ਨੂੰ ਮਾਣ-ਸਨਮਾਨ ਦੇ ਜੀਵਨ ਤੋਂ ਵਾਂਝਿਆਂ ਕਰਨ ਵਾਲੀ ਨਾਬਰਾਬਰੀ ਹੈ। ਆਤਮ-ਸਨਮਾਨ ਪੈਦਾ ਕਰਨ ਵਾਲਾ ਰੁਜ਼ਗਾਰ ਮੁਹੱਈਆ ਕਰਵਾਉਣ ਤੋਂ ਅਸਮਰੱਥ ਸਰਕਾਰਾਂ ਦੀਆਂ ਨੀਤੀਆਂ ਲੋਕਾਂ ਨੂੰ ਲਗਾਤਾਰ ਨਿਤਾਣੇ ਤੇ ਬੌਣੇ ਬਣਾ ਰਹੀਆਂ ਹਨ। ਅਸੀਂ ਕਦੀ ਵੀ ਅਸਲੀਅਤ ਦੇ ਅਸਮਾਨ ਨੂੰ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਹੁਣ ਟੈਲੀਵਿਜ਼ਨ ਚੈਨਲਾਂ, ਅਖ਼ਬਾਰਾਂ ਤੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਭੂਚਾਲ ਆਇਆ ਹੋਇਆ ਹੈ।
ਇਸ ਭੂਚਾਲ ਵਿਚ ਕਈ ਤਰ੍ਹਾਂ ਦੀਆਂ ਆਵਾਜ਼ਾਂ ਹਨ, ਸਰਕਾਰਾਂ ਅਤੇ ਸਿਸਟਮ ਦੀ ਸਹੀ ਆਲੋਚਨਾ ਹੈ, ਗੁੱਸਾ ਤੇ ਰੋਹ ਹੈ ਪਰ ਕਈ ਆਵਾਜ਼ਾਂ ਭਰਮ ਪੈਦਾ ਕਰਨ ਵਾਲੀਆਂ ਵੀ ਹਨ, ਭਰਮ ਦੇ ਬੱਦਲ ਤੇ ਧੁੰਦ ਪੈਦਾ ਕਰਨ ਵਾਲੀਆਂ, ਉਨ੍ਹਾਂ ਵਿਚ ਇਕ ਆਵਾਜ਼ ਇਸ ਤਰਕ ’ਤੇ ਆਧਾਰਿਤ ਹੈ ਕਿ ਇਹ ਵਰਤਾਰਾ ਕਰੋਨੀ ਪੂੰਜੀਵਾਦ ਦਾ ਵਰਤਾਰਾ ਹੈ। ਇਹ ਤਰਕ ਦੇਣ ਵਾਲੇ ਮਾਹਿਰ ਦੱਸ ਰਹੇ ਹਨ ਕਿ ਉਹ ਤਾਂ ਹਮੇਸ਼ਾਂ ਹੀ ਇਸ ਵਰਤਾਰੇ ਦੇ ਵਿਰੁੱਧ ਸਨ ਅਤੇ ਹੁਣ ਵੀ ਹਨ।
ਕਰੋਨੀ ਪੂੰਜੀਵਾਦ ਕੀ ਹੈ? ਕਰੋਨੀ (Crony) ਸ਼ਬਦ ਦੇ ਅਰਥ ਹਨ, ਲੰਗੋਟੀਆ ਯਾਰ, ਗੂੜ੍ਹਾ ਮਿੱਤਰ, ਜਿਗਰੀ ਦੋਸਤ ਆਦਿ। ਕੈਪੀਟਲਿਜ਼ਮ ਨਾਲ ਜੁੜ ਕੇ ਇਸ ਦੇ ਅਰਥ ‘ਆਪਣੇ ਕਰੀਬੀਆਂ ਨੂੰ ਫ਼ਾਇਦਾ ਪਹੁੰਚਾਉਣ ਵਾਲਾ ਪੂੰਜੀਵਾਦ’ ਬਣਦੇ ਹਨ। ਇਹ ਸ਼ਬਦ 1980-90ਵਿਆਂ ਵਿਚ ਪ੍ਰਚਲਿਤ ਹੋਇਆ ਖ਼ਾਸ ਕਰਕੇ ਫਿਲਪੀਨਜ਼ ਦੇ ਸੰਦਰਭ ਵਿਚ, ਫਰਡੀਨੈਂਡ ਮਾਰਕੋਸ ਦੀ ਤਾਨਾਸ਼ਾਹ ਹਕੂਮਤ ਦੌਰਾਨ। 1972 ਵਿਚ ਮਾਰਸ਼ਲ ਲਾਅ ਲਗਾਉਣ ਤੋਂ ਬਾਅਦ ਉਸ ਨੇ ਕੁਝ ਵੱਡੇ ਵਪਾਰਕ ਘਰਾਣਿਆਂ ਨੂੰ ਵੱਡੇ ਫ਼ਾਇਦੇ ਪਹੁੰਚਾਏ ਜਿਨ੍ਹਾਂ ਕਾਰਨ ਰਾਬਰਟੋ ਬੈਨੇਡਿਕਟੋ ਨੇ ਚੀਨੀ/ਖੰਡ ਦੀ ਸਨਅਤ, ਡਾਂਡਿੰਗ ਕੋਜੂਆਨਕੋ ਨੇ ਨਾਰੀਅਲ ਦੀ ਖੇਤੀ, ਅੰਨਟੋਨਿਓ ਫਲੋਏਰੈਂਡੋ ਨੇ ਕੇਲੇ ਦੀ ਪੈਦਾਵਾਰ ਅਤੇ ਇਸ ਨਾਲ ਜੁੜੀ ਸਨਅਤ ਵਿਚ ਇਜਾਰੇਦਾਰੀਆਂ ਕਾਇਮ ਕਰ ਲਈਆਂ। ਸਾਨੂੰ ਦੱਸਿਆ ਜਾਂਦਾ ਹੈ ਕਿ ਅਜਿਹੇ ਵਰਤਾਰੇ ਦੱਖਣੀ ਕੋਰੀਆ, ਥਾਈਲੈਂਡ, ਰੂਸ ਅਤੇ ਕਈ ਹੋਰ ਦੇਸ਼ਾਂ ਵਿਚ ਵੀ ਵਾਪਰੇ। ਇਸ ਵਰਤਾਰੇ ਤਹਿਤ ਸਰਕਾਰਾਂ ਅਜਿਹੀਆਂ ਨੀਤੀਆਂ ਬਣਾਉਂਦੀਆਂ ਤੇ ਫ਼ੈਸਲੇ ਕਰਦੀਆਂ ਹਨ ਜਿਨ੍ਹਾਂ ਤਹਿਤ ਉਹ ਆਪਣੇ ਨਜ਼ਦੀਕੀ ਵਪਾਰਕ ਘਰਾਣਿਆਂ ਦੇ ਮੁਨਾਫ਼ੇ ਵਧਾਉਂਦੀਆਂ, ਜਨਤਕ ਬੈਂਕਾਂ ਤੇ ਸੰਸਥਾਵਾਂ ਰਾਹੀਂ ਉਨ੍ਹਾਂ (ਕਰੀਬੀ ਵਪਾਰਕ ਅਦਾਰਿਆਂ) ਵਿਚ ਪੈਸਾ ਲਗਾਉਂਦੀਆਂ, ਟੈਕਸ ਛੋਟਾਂ ਦਿੰਦੀਆਂ, ਜ਼ਮੀਨ ਮੁਹੱਈਆ ਕਰਵਾਉਂਦੀਆਂ, ਕਰਜ਼ੇ ਮੁਆਫ਼ ਕਰਦੀਆਂ ਜਾਂ ਪਿੱਛੇ ਪਾਉਂਦੀਆਂ ਤੇ ਹੋਰ ਫ਼ਾਇਦੇ ਪਹੁੰਚਾਉਂਦੀਆਂ ਹਨ। ਇਸ ਤਰ੍ਹਾਂ ਇਹ ਕਾਰੋਬਾਰੀ ਘਰਾਣੇ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰਦੇ ਹਨ, ਉਨ੍ਹਾਂ ਦੇ ਮੁਨਾਫ਼ੇ ਅਸਮਾਨ ਨੂੰ ਛੂੰਹਦੇ ਅਤੇ ਉਨ੍ਹਾਂ ਦੇ ਕਾਰੋਬਾਰਾਂ ਦਾ ਸਾਮਰਾਜ ਲਗਾਤਾਰ ਵਧਦਾ ਹੈ, ਦੂਸਰੇ ਕਾਰੋਬਾਰੀ, ਸਨਅਤਕਾਰ ਤੇ ਵਪਾਰੀ ਪਿੱਛੇ ਰਹਿ ਜਾਂਦੇ ਹਨ, ਮੁਕਾਬਲਾ ਘਟਦਾ ਅਤੇ ਇਜਾਰੇਦਾਰੀਆਂ ਕਾਇਮ ਹੁੰਦੀਆਂ ਹਨ। ਛੋਟੇ ਸਨਅਤਕਾਰਾਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਦੇ ਇਵਜ਼ ਵਿਚ ਫ਼ਾਇਦਾ ਲੈਣ ਵਾਲੇ ਸਨਅਤਕਾਰ ਅਤੇ ਕਾਰੋਬਾਰੀ ਸੱਤਾਧਾਰੀ ਪਾਰਟੀਆਂ ਨੂੰ ਚੋਣਾਂ ਲੜਨ ਲਈ ਸਰਮਾਇਆ ਮੁਹੱਈਆ ਕਰਦੇ ਹਨ, ਸਿਆਸੀ ਪਾਰਟੀਆਂ ਤੇ ਸਰਕਾਰੀ ਅਧਿਕਾਰੀਆਂ ਨੂੰ ਵੱਡੀਆਂ ਰਿਸ਼ਵਤਾਂ ਦਿੱਤੀਆਂ ਜਾਂਦੀਆਂ ਜਾਂ ਅਸਿੱਧੇ ਰੂਪ ਵਿਚ ਮਾਲੀ ਫ਼ਾਇਦੇ ਪਹੁੰਚਾਏ ਜਾਂਦੇ ਹਨ, ਧਨ ਵਿਦੇਸ਼ਾਂ ਦੇ ਬੈਂਕਾਂ ਵਿਚ ਜਮ੍ਹਾਂ ਕਰਾਇਆ ਜਾਂਦਾ ਹੈ।
ਸਾਨੂੰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਅਡਾਨੀ ਗਰੁੱਪ ਦੀ ਤਰੱਕੀ ਕਰੋਨੀ ਪੂੰਜੀਵਾਦ ਦੀ ਮਿਸਾਲ ਹੈ, ਉਸ ਨੇ ਇਹ ਤਰੱਕੀ ਇਸ ਲਈ ਕੀਤੀ ਕਿਉਂਕਿ ਉਹ ਸੱਤਾਧਾਰੀ ਪਾਰਟੀ ਦਾ ਨਜ਼ਦੀਕੀ ਸੀ, ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਇਹ ਸਹੀ ਹੈ ਕਿ ਇਹ ਸਾਰਾ ਵਰਤਾਰਾ ਗ਼ਲਤ ਸੀ, ਇਸ ਦੀ ਪੜਤਾਲ ਹੋਣੀ ਚਾਹੀਦੀ ਹੈ ਜਿਵੇਂ ਵਿਰੋਧੀ ਪਾਰਟੀਆਂ ਮੰਗ ਕਰ ਰਹੀਆਂ ਹਨ, ਸਾਂਝੀ ਸੰਸਦੀ ਕਮੇਟੀ ਜਾਂ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਪਰ ਇਸ ਬਿਰਤਾਂਤ ਰਾਹੀਂ ਸਾਨੂੰ ਇਹ ਦੱਸਣ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਰੋਨੀ ਪੂੰਜੀਵਾਦ, ਭਾਵ ਸਰਕਾਰ ਦੁਆਰਾ ਕੁਝ ਖ਼ਾਸ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣਾ ਗ਼ਲਤ ਹੈ, ਬਾਕੀ ਸਭ ਕੁਝ ਸਹੀ ਹੈ ਭਾਵ ਵਿਕਾਸ ਦਾ ਮੌਜੂਦਾ ਪੂੰਜੀਵਾਦੀ ਮਾਡਲ ਸਹੀ ਹੈ, ਸਰਕਾਰ ਨੂੰ ਨਿਰਪੱਖਤਾ ਨਾਲ ਸਭ ਨੂੰ ਬਰਾਬਰ ਸਹੂਲਤਾਂ ਦੇਣੀਆਂ ਚਾਹੀਦੀਆਂ ਹਨ। ਇੱਥੇ ‘ਸਭ ਨੂੰ’ ਦਾ ਮਤਲਬ ਸਾਰੇ ਲੋਕ ਨਹੀਂ ਸਿਰਫ਼ ਸਾਰੇ ਵੱਡੇ ਸਨਅਤਕਾਰ, ਵਪਾਰਕ ਘਰਾਣੇ ਅਤੇ ਕਾਰੋਬਾਰੀ ਹਨ।
ਮੌਜੂਦਾ ਵਿਕਾਸ ਮਾਡਲ ਵੱਡੀਆਂ ਆਰਥਿਕ ਨਾਬਰਾਬਰੀਆਂ ਖੜ੍ਹੀਆਂ ਕਰ ਰਿਹਾ ਹੈ ਜਿਸ ਕਾਰਨ ਸਮਾਜਿਕ ਕਲੇਸ਼, ਬੇਰੁਜ਼ਗਾਰੀ, ਮਹਿੰਗਾਈ ਤੇ ਭੁੱਖਮਰੀ ਵਧ ਰਹੀ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੀ ਜਾਂਚ ਦੇ ਨਾਲ ਨਾਲ ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਸ ਵਿਕਾਸ ਮਾਡਲ ਨੂੰ ਬਦਲਣ ਲਈ ਏਕਾ ਕਾਇਮ ਕਰਨ ਦੀ ਜ਼ਰੂਰਤ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ’ਤੇ ਆਏ ਸੰਕਟ ਨੇ ਸਾਨੂੰ ਹਕੀਕਤਾਂ ਦਾ ਅਸਮਾਨ ਦੇਖਣ ਦਾ ਮੌਕਾ ਦਿੱਤਾ ਹੈ। ਅਜਿਹੇ ਮੌਕਿਆਂ ਦੇ ਆਧਾਰ ’ਤੇ ਲੋਕ-ਚੇਤਨਾ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਇਹ ਜਾਗਰੂਕਤਾ ਪੈਦਾ ਕੀਤੀ ਜਾਣੀ ਚਾਹੀਦੀ ਹੈ ਕਿ ਕਿਵੇਂ ਮੌਜੂਦਾ ਵਿਕਾਸ ਮਾਡਲ ਅਤੇ ਸਿਆਸਤ ਲੋਕਾਂ ਨੂੰ ਅੰਧ-ਰਾਸ਼ਟਰਵਾਦ ਪਰੋਸ ਕੇ ਆਰਥਿਕ ਨਾਬਰਾਬਰੀ ਵਧਾ ਰਹੇ ਹਨ। ਇਹ ਜਾਗਰੂਕਤਾ ਹੀ ਜਨ-ਅੰਦੋਲਨਾਂ ਲਈ ਕਰਮ-ਭੂਮੀ ਤਿਆਰ ਕਰ ਸਕਦੀ ਹੈ।
ਕੂਕ ਫਰੀਦਾ ਕੂਕ ਤੂੰ - ਸਵਰਾਜਬੀਰ
ਦੇਸ਼ ਦੀ ਆਜ਼ਾਦੀ ਦੇ ਬਾਅਦ ਨਿਆਂਪਾਲਿਕਾ ਨੇ ਆਪਣੇ ਇਤਿਹਾਸ ਵਿਚ ਅਨੇਕ ਵੱਡਮੁੱਲੇ ਫ਼ੈਸਲੇ ਦਿੰਦਿਆਂ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਰੱਖਿਆ ਕੀਤੀ ਹੈ। ਆਜ਼ਾਦੀ ਤੋਂ ਬਾਅਦ ਦੇਸ਼ ਜਮਹੂਰੀਅਤ ਬਣਿਆ ਜਿਸ ਵਿਚ ਲੋਕਾਂ ਦੀ ਰਾਏ ਸਰਬਉੱਚ ਹੁੰਦੀ ਹੈ, ਵਿਰੋਧਾਭਾਸ ਇਹ ਹੈ ਕਿ ਲੋਕਾਂ ਦੇ ਚੁਣੇ ਗਏ ਨੁਮਾਇੰਦਿਆਂ ਦੀ ਬੁਨਿਆਦ ’ਤੇ ਬਣੀਆਂ ਸਰਕਾਰਾਂ ਨੇ ਬਹੁਤ ਵਾਰ ਲੋਕਾਂ ਦੇ ਅਧਿਕਾਰ ਖੋਹਣ ਅਤੇ ਉਨ੍ਹਾਂ ਨੂੰ ਸੀਮਤ ਕਰਨ ਦੀ ਕੋਸ਼ਿਸ਼ ਕੀਤੀ ਜਦੋਂਕਿ ਸੁਪਰੀਮ ਕੋਰਟ ਅਤੇ ਹੋਰ ਅਦਾਲਤਾਂ ਦੇ ਜੱਜਾਂ (ਜੋ ਲੋਕਾਂ ਦੁਆਰਾ ਚੁਣੇ ਗਏ ਨਹੀਂ ਹੁੰਦੇ) ਨੇ ਲੋਕਾਂ ਦੇ ਅਧਿਕਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ। ਇਸ ਦਾ ਕਾਰਨ ਇਹ ਹੈ ਕਿ ਸੰਵਿਧਾਨ ਕਾਰਨ ਹੋਂਦ ਵਿਚ ਆਈ ਨਿਆਂਪਾਲਿਕਾ ਸੱਤਾ ਦੇ ਵਰਤਾਰਿਆਂ ਨਾਲ ਇਸ ਤਰ੍ਹਾਂ ਜੁੜੀ ਹੋਈ ਨਹੀਂ ਹੁੰਦੀ ਜਿਵੇਂ ਕਾਰਜਪਾਲਿਕਾ (ਸਰਕਾਰ) ਜੁੜੀ ਹੁੰਦੀ ਹੈ। ਨਿਆਂਪਾਲਿਕਾ ਦੀ ਸਰਬਉੱਚ ਸੰਸਥਾ ਸੁਪਰੀਮ ਕੋਰਟ ਦੇ ਪ੍ਰਮੁੱਖ ਕਾਰਜ ਇਹ ਹਨ : ਇਹ ਯਕੀਨੀ ਬਣਾਉਣਾ ਕਿ ਸਰਕਾਰਾਂ ਦੇ ਸਾਰੇ ਫ਼ੈਸਲੇ ਅਤੇ ਵਿਧਾਨਪਾਲਿਕਾ ਦੁਆਰਾ ਬਣਾਏ ਗਏ ਕਾਨੂੰਨ ਸੰਵਿਧਾਨ ਦੇ ਅਨੁਸਾਰ ਹੋਣ, ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਸੁਰੱਖਿਅਤ ਰੱਖਣਾ, ਕਾਨੂੰਨ ਦੇ ਰਾਜ (ਕਾਨੂੰਨ ਅਨੁਸਾਰ ਸ਼ਾਸਨ- Rule of Law) ਨੂੰ ਯਕੀਨੀ ਬਣਾਉਣਾ ਆਦਿ।
ਇਸ ਦੇ ਬਾਵਜੂਦ ਅਦਾਲਤਾਂ ਕਈ ਵਾਰ ਅਜਿਹੇ ਫ਼ੈਸਲੇ ਕਰਦੀਆਂ ਹਨ ਜਿਨ੍ਹਾਂ ਕਾਰਨ ਕਈ ਤਰ੍ਹਾਂ ਦੇ ਵਿਵਾਦ ਅਤੇ ਪ੍ਰਸ਼ਨ ਪੈਦਾ ਹੁੰਦੇ ਹਨ। ਕਈ ਫ਼ੈਸਲੇ ਅਜਿਹੇ ਵੀ ਹੁੰਦੇ ਹਨ ਜਿਹੜੇ ਕਾਨੂੰਨੀ ਪੱਖ ਤੋਂ ਬਿਲਕੁਲ ਸਹੀ ਹੋਣ ਦੇ ਬਾਵਜੂਦ ਕੁਝ ਨੈਤਿਕ ਪ੍ਰਸ਼ਨ ਉਠਾਉਂਦੇ ਹਨ। ਹੁਣ ਸੁਪਰੀਮ ਕੋਰਟ ਨੇ ਕੇਂਦਰੀ ਗ੍ਰਹਿ ਮੰਤਰੀ ਅਜੈ ਕੁਮਾਰ ਮਿਸ਼ਰਾ ‘ਟੈਨੀ’ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਸ਼ਰਤਾਂ ਤਹਿਤ ਅੱਠ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ’ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। 2020-21 ਵਿਚ ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਹੋਰ ਸੂਬਿਆਂ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਕੀਤਾ। ਉਸ ਦੌਰਾਨ ਕਿਸਾਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਮੰਤਰੀਆਂ ਦੇ ਸਮਾਗਮਾਂ ਦਾ ਜਨਤਕ ਬਾਈਕਾਟ ਕੀਤਾ ਹੋਇਆ ਸੀ। ਕਿਸਾਨ ਉੱਤਰ ਪ੍ਰਦੇਸ਼ ਦੇ ਸ਼ਹਿਰ ਲਖੀਮਪੁਰ ਖੀਰੀ ਵਿਚ 3 ਅਕਤੂਬਰ 2021 ਨੂੰ ਸੂਬੇ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਦੌਰੇ ਵਿਰੁੱਧ ਰੋਸ ਪ੍ਰਗਟ ਕਰਨ ਲਈ ਇਕੱਠੇ ਹੋਏ ਸਨ ਜਦੋਂ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਨੇ ਚਾਰ ਕਿਸਾਨਾਂ ਤੇ ਇਕ ਪੱਤਰਕਾਰ ਨੂੰ ਤੇਜ਼ ਰਫ਼ਤਾਰ ਗੱਡੀਆਂ/ਵਾਹਨਾਂ ਹੇਠ ਦਰੜ ਦਿੱਤਾ। ਬਾਅਦ ਵਿਚ ਹੋਈ ਹਿੰਸਾ ਵਿਚ ਤਿੰਨ ਹੋਰ ਲੋਕਾਂ (ਇਕ ਡਰਾਈਵਰ ਅਤੇ ਦੋ ਭਾਰਤੀ ਜਨਤਾ ਪਾਰਟੀ ਦੇ ਕਾਰਕੁਨ) ਦੀ ਜਾਨ ਚਲੀ ਗਈ। ਆਸ਼ੀਸ਼ ਨੂੰ ਜ਼ਮਾਨਤ ਦੇਣ ਦੇ ਨਾਲ ਨਾਲ ਸਰਬਉੱਚ ਅਦਾਲਤ ਨੇ ਇਨ੍ਹਾਂ ਤਿੰਨ ਵਿਅਕਤੀਆਂ ਦੀ ਹੱਤਿਆ ਦੇ ਨਾਲ ਜੁੜੇ ਵੱਖਰੇ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮ ਕਿਸਾਨਾਂ ਨੂੰ ਆਪਣੇ ਆਪ (Suo motu) ਅੰਤਰਿਮ ਜ਼ਮਾਨਤ ਦੇ ਦਿੱਤੀ ਭਾਵੇਂ ਉਨ੍ਹਾਂ ਦੀ ਜ਼ਮਾਨਤ ਦੀਆਂ ਅਰਜ਼ੀਆਂ ਅਜੇ ਸੁਪਰੀਮ ਕੋਰਟ ਤਕ ਨਹੀਂ ਪਹੁੰਚੀਆਂ ਸਨ (ਉਹ ਅਜੇ ਅਲਾਹਾਬਾਦ ਹਾਈਕੋਰਟ ਸਾਹਮਣੇ ਸੁਣਵਾਈ ਅਧੀਨ ਹਨ)।
ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਤੇਜ਼ ਰਫ਼ਤਾਰ ਗੱਡੀਆਂ ਥੱਲੇ ਦਰੜਨ ਵਾਲਾ ਇਹ ਕੇਸ ਦੇਸ਼ ਦੀ ਨਿਆਂ ਪ੍ਰਕਿਰਿਆ ਦੇ ਇਤਿਹਾਸ ਵਿਚ ਇਕ ਖ਼ਾਸ ਸਥਾਨ ਜ਼ਰੂਰ ਹਾਸਿਲ ਕਰੇਗਾ। ਇਸ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਸਰਕਾਰ ਅਤੇ ਪੁਲੀਸ ਦਾ ਰਵੱਈਆ ਕਾਫ਼ੀ ਪੱਖਪਾਤੀ ਸੀ। ਸੁਪਰੀਮ ਕੋਰਟ ਦੇ ਦਖ਼ਲ ਦੇਣ ’ਤੇ ਉੱਤਰ ਪ੍ਰਦੇਸ਼ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ (Special Investigation Team- ਸਿੱਟ) ਬਣਾਈ ਪਰ ਅਦਾਲਤ ਨੇ ਉਸ ਨੂੰ ਸਵੀਕਾਰ ਨਾ ਕੀਤਾ। ਸਰਕਾਰ ਦੇ ਰਵੱਈਏ ਨੂੰ ਦੇਖਦਿਆਂ ਅਦਾਲਤ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਰਾਕੇਸ਼ ਕੁਮਾਰ ਜੈਨ ਨੂੰ ਸਿੱਟ ਦਾ ਮੁਖੀ ਬਣਾਇਆ ਅਤੇ ਇਹ ਵੀ ਯਕੀਨੀ ਬਣਾਇਆ ਕਿ ਉਸ ਵਿਚ ਕੁਝ ਅਜਿਹੇ ਅਧਿਕਾਰੀ ਹੋਣ ਜੋ ਉੱਤਰ ਪ੍ਰਦੇਸ਼ ਨਾਲ ਸਬੰਧ ਨਾ ਰੱਖਦੇ ਹੋਣ। ਸਿੱਟ ਦੀ ਰਿਪੋਰਟ ਅਨੁਸਾਰ ਇਹ ਘਟਨਾ ਪਹਿਲਾਂ ਸੋਚ ਸਮਝ ਕੇ ਬਣਾਈ ਗਈ ਸਾਜ਼ਿਸ਼ ਦਾ ਸਿੱਟਾ ਸੀ। ਸੁਪਰੀਮ ਕੋਰਟ ਦੀ ਨਿਗਰਾਨੀ ਅਤੇ ਸਿੱਟ ਦੀ ਕਾਰਵਾਈ ਕਾਰਨ ਹੀ ਉੱਤਰ ਪ੍ਰਦੇਸ਼ ਪੁਲੀਸ ਨੇ ਸਥਾਨਕ ਅਦਾਲਤ ਵਿਚ ਦਾਖ਼ਲ ਕੀਤੇ ਦੋਸ਼ ਪੱਤਰ (ਚਾਰਜਸ਼ੀਟ) ਵਿਚ ਆਸ਼ੀਸ਼ ਮਿਸ਼ਰਾ ਨੂੰ ਕਿਸਾਨਾਂ ਦੀ ਹੱਤਿਆ ਦੇ ਕੇਸ ਵਿਚ ਮੁੱਖ ਮੁਲਜ਼ਮ ਗਰਦਾਨਿਆ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਕੇਸ, ਜਿਨ੍ਹਾਂ ਦੀ ਸੁਣਵਾਈ ਬਹੁਤ ਦੇਰ ਤੱਕ ਚੱਲਣੀ ਹੋਵੇ, ਵਿਚ ਮੁਲਜ਼ਮਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਇਸੇ ਤਰ੍ਹਾਂ ਉਹ ਕੇਸ, ਜਿਨ੍ਹਾਂ ਵਿਚ ਦੋਸ਼-ਪੱਤਰ (ਚਾਰਜਸ਼ੀਟ) ਦਾਖ਼ਲ ਨਹੀਂ ਕੀਤੇ ਜਾਂਦੇ ਜਾਂ ਜਿਨ੍ਹਾਂ ਦੇ ਮੁਕੱਦਮੇ ਚੱਲਣ ਵਿਚ ਅੜਚਣਾਂ ਆਉਂਦੀਆਂ ਹਨ, ਦੇ ਮੁਲਜ਼ਮਾਂ ਨੂੰ ਵੀ ਜ਼ਮਾਨਤ ਮਿਲਣੀ ਚਾਹੀਦੀ ਹੈ। ਪਰ ਇਸ ਕੇਸ ਦੇ ਹਾਲਾਤ ਵੇਖੋ : ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ, ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਦੀਆਂ ਤੇਜ਼ ਰਫ਼ਤਾਰ ਕਾਰਾਂ ਚਾਰ ਕਿਸਾਨਾਂ ਨੂੰ ਦਰੜ ਦਿੰਦੀਆਂ ਹਨ, ਆਸ਼ੀਸ਼ ਕੇਂਦਰ ਸਰਕਾਰ ਵਿਚ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਦਾ ਪੁੱਤਰ ਹੈ, ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਅਜੈ ਮਿਸ਼ਰਾ ਧਮਕੀ ਦੇ ਚੁੱਕਾ ਹੈ ਕਿ ਉਹ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਸਥਾਨਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਦੋ ਮਿੰਟਾਂ ਵਿਚ ਖਦੇੜ ਸਕਦਾ ਹੈ, ਉੱਤਰ ਪ੍ਰਦੇਸ਼ ਸਰਕਾਰ ਤੇ ਪੁਲੀਸ ਆਸ਼ੀਸ਼ ਵਿਰੁੱਧ ਕਾਰਵਾਈ ਕਰਨ ਤੋਂ ਝਿਜਕਦੀਆਂ ਹਨ, ਕਾਰਵਾਈ ਸਰਬਉੱਚ ਅਦਾਲਤ ਦੇ ਦਖ਼ਲ ਕਾਰਨ ਸੰਭਵ ਹੁੰਦੀ ਹੈ, ਪੁੱਤਰ ਦੇ ਚਾਰਜਸ਼ੀਟ ਹੋ ਜਾਣ ਦੇ ਬਾਵਜੂਦ ਉਸ ਦਾ ਪਿਤਾ ਅਜੈ ਮਿਸ਼ਰਾ ਨਾ ਤਾਂ ਕੇਂਦਰੀ ਵਜ਼ਾਰਤ ਤੋਂ ਅਸਤੀਫ਼ਾ ਦਿੰਦਾ ਹੈ ਅਤੇ ਨਾ ਹੀ ਉਸ ਨੂੰ ਬਰਖ਼ਾਸਤ ਕੀਤਾ ਜਾਂਦਾ ਹੈ, ਉਹ ਅਜੇ ਵੀ ਕੇਂਦਰੀ ਵਜ਼ਾਰਤ ਵਿਚ ਮੰਤਰੀ ਹੈ, ਅਜਿਹੇ ਵਿਅਕਤੀ ਦੀ ਤਾਕਤ ਅਤੇ ਗਵਾਹਾਂ ਨੂੰ ਪ੍ਰਭਾਵਿਤ ਕਰਨ ਦੀ ਸਮਰੱਥਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਹੁਣ ਉਸ ਦੇ ਪੁੱਤਰ ਨੂੰ ਕੁਝ ਸ਼ਰਤਾਂ ਸਾਹਿਤ ਜ਼ਮਾਨਤ ਦੇ ਦਿੱਤੀ ਗਈ ਹੈ।
ਅਦਾਲਤ ਦੁਆਰਾ ਤੈਅ ਕੀਤੀਆਂ ਸ਼ਰਤਾਂ ਵਿਚ ਕਿਹਾ ਗਿਆ ਹੈ ਕਿ ਉਹ ਅਦਾਲਤੀ ਕਾਰਵਾਈ ਤੋਂ ਬਿਨਾਂ ਕਿਸੇ ਹੋਰ ਕੰਮ ਲਈ ਉੱਤਰ ਪ੍ਰਦੇਸ਼ ਵਿਚ ਦਾਖ਼ਲ ਨਹੀਂ ਹੋਵੇਗਾ, ਇਹ ਵੀ ਕਿਹਾ ਗਿਆ ਕਿ ਉਸ ਅਤੇ ਉਸ ਦੇ ਪਰਿਵਾਰ ਜਾਂ ਹਮਾਇਤੀਆਂ ਦੁਆਰਾ ਗਵਾਹਾਂ ਨੂੰ ਸਿੱਧੇ ਜਾਂ ਅਸਿੱਧੇ ਰੂਪ ਵਿਚ ਧਮਕਾਉਣ ਜਾਂ ਪ੍ਰਭਾਵਿਤ ਕੀਤੇ ਜਾਣ ਦੀ ਸੂਰਤ ਵਿਚ ਅੰਤਰਿਮ ਜ਼ਮਾਨਤ ਰੱਦ ਕਰ ਦਿੱਤੀ ਜਾਵੇਗੀ। ਇਨ੍ਹਾਂ ਸ਼ਰਤਾਂ ਦੇ ਬਾਵਜੂਦ ਇਹ ਸਵਾਲ ਪੁੱਛੇ ਜਾਣੇ ਲਾਜ਼ਮੀ ਹਨ : ਕੀ ਮੁਲਜ਼ਮ ਦੇ ਪਿਤਾ ਦੇ ਕੇਂਦਰੀ ਵਜ਼ਾਰਤ ਵਿਚ ਬਣੇ ਰਹਿਣ ਅਤੇ ਹੁਣ ਮੁਲਜ਼ਮ ਨੂੰ ਅੰਤਰਿਮ ਜ਼ਮਾਨਤ ਦਿੱਤੇ ਜਾਣ ਨਾਲ ਇਹ ਸਮੂਹਿਕ ਪ੍ਰਭਾਵ ਨਹੀਂ ਪੈਂਦਾ ਕਿ ਇਸ ਮੁਲਜ਼ਮ ਨਾਲ ਵੱਖਰੀ ਤਰ੍ਹਾਂ ਦਾ ਵਰਤਾਅ ਕੀਤਾ ਜਾ ਰਿਹਾ ਹੈ?
ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਤੋਂ ਪੁੱਛਿਆ ਸੀ ਕਿ ਇਸ ਕੇਸ ਦਾ ਫ਼ੈਸਲਾ ਹੋਣ ਲਈ ਕਿੰਨਾ ਸਮਾਂ ਲੱਗੇਗਾ ਤਾਂ ਜਵਾਬ ਮਿਲਿਆ ਸੀ ਘੱਟੋ-ਘੱਟ ਪੰਜ ਸਾਲ। ਇਸ ਜਵਾਬ ਕਾਰਨ ਸੁਪਰੀਮ ਕੋਰਟ ਨੇ ਇਹ ਤਰਕ ਦਿੱਤਾ ਕਿ ਜੇ ਕੇਸ ਨੇ ਏਨਾ ਲੰਮਾ ਸਮਾਂ ਚੱਲਣਾ ਹੈ ਤਾਂ ਮੁਲਜ਼ਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਸੰਦਰਭ ਵਿਚ ਇਹ ਪ੍ਰਸ਼ਨ ਪੁੱਛਿਆ ਜਾਣਾ ਲਾਜ਼ਮੀ ਹੈ ਕਿ ਕੀ ਲੰਮੇ ਸਮੇਂ ਲਈ ਚੱਲਣ ਵਾਲੇ ਕੇਸਾਂ ਦੇ ਸਾਰੇ ਮੁਲਜ਼ਮਾਂ ਨੂੰ ਅਜਿਹੀ ਰਾਹਤ ਦਿੱਤੀ ਜਾਵੇਗੀ? 19 ਜਨਵਰੀ ਨੂੰ ਜ਼ਮਾਨਤ ਦੇ ਮਾਮਲੇ ਵਿਚ ਫ਼ੈਸਲਾ ਰਾਖਵਾਂ ਰੱਖਣ ਸਮੇਂ ਅਦਾਲਤ ਨੇ ਇਹ ਤਰਕ ਦਿੱਤਾ ਕਿ ਜੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਪੁੱਤਰ ਨੂੰ ਕੁਝ ਰਾਹਤ (some relief) ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਇਸ ਦਾ ਅਸਰ ਦੂਸਰੇ ਕੇਸ ਵਿਚ ਨਜ਼ਰਬੰਦ ਕੀਤੇ ਗਏ ਕਿਸਾਨਾਂ ’ਤੇ ਪਵੇਗਾ ਅਤੇ ਉਨ੍ਹਾਂ ਨੂੰ ਆਉਣ ਵਾਲੇ ਸਮੇਂ ਵਿਚ ਕਦੇ ਵੀ ਜ਼ਮਾਨਤ ਨਹੀਂ ਮਿਲੇਗੀ। ਨਿਰੋਲ ਕਾਨੂੰਨੀ ਪੱਖ ਤੋਂ ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਇਕ ਕੇਸ ਵਿਚ ਮੁਲਜ਼ਮ ਨੂੰ ਜ਼ਮਾਨਤ ਦੇਣ ਲਈ ਦੂਸਰੇ ਕੇਸ ’ਤੇ ਵਿਚਾਰ ਕਿਉਂ ਕੀਤਾ ਗਿਆ। ਸੁਪਰੀਮ ਕੋਰਟ ਨੇ ਫ਼ੈਸਲਾ ਦਿੰਦੇ ਹੋਏ ਇਹ ਤੱਥ ਵੀ ਵਿਸਾਰ ਦਿੱਤਾ ਕਿ ਆਸ਼ੀਸ਼ ਮਿਸ਼ਰਾ ਅਤੇ ਉਸ ਦੇ ਸਾਥੀਆਂ ਨੇ ਨਿਹੱਥੇ ਤੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਵਿਰੁੱਧ ਸੋਚੀ ਸਮਝੀ ਸਾਜ਼ਿਸ਼ ਤਹਿਤ ਅਤੇ ਯੋਜਨਾਬੱਧ ਤਰੀਕੇ ਨਾਲ ਹਿੰਸਾ ਕੀਤੀ ਜਦੋਂਕਿ ਕਿਸਾਨਾਂ ਦੁਆਰਾ ਕੀਤੀ ਗਈ ਵਿਰੋਧੀ ਹਿੰਸਾ ਆਪਣੇ ਸਾਥੀਆਂ ਦੇ ਦਰੜੇ ਜਾਣ ਦੇ ਰੋਹ ’ਚੋਂ ਆਪਮੁਹਾਰੇ ਉਪਜੀ।
ਆਸ਼ੀਸ਼ ਮਿਸ਼ਰਾ ਨੂੰ ਅੰਤਰਿਮ ਜ਼ਮਾਨਤ ਮਿਲਣ ਤੋਂ ਇਹ ਪ੍ਰਭਾਵ ਗਿਆ ਹੈ ਕਿ ਸੱਤਾ ਤੇ ਕਾਨੂੰਨ ਦਾ ਪੱਲਾ ਉਸ ਦੇ ਹੱਕ ਵਿਚ ਝੁਕਿਆ ਹੋਇਆ ਹੈ। ਨਿਆਂ ਪ੍ਰਾਪਤ ਕਰਨ ਲਈ ਲੰਮੀਆਂ ਲੜਾਈਆਂ ਲੜਨੀਆਂ ਪੈਂਦੀਆਂ ਹਨ। ਕਿਸਾਨ ਜਥੇਬੰਦੀਆਂ ਨੂੰ ਵੀ ਇਸ ਕੇਸ ਵਿਚ ਨਿਆਂ ਪ੍ਰਾਪਤ ਕਰਨ ਲਈ ਲੰਮਾ ਸੰਘਰਸ਼ ਕਰਨਾ ਪੈਣਾ ਹੈ। ਆਸ਼ੀਸ਼ ਅਤੇ ਉਸ ਦਾ ਪਿਤਾ ਕੇਂਦਰ ਅਤੇ ਸੂਬੇ ਵਿਚ ਸੱਤਾਧਾਰੀ ਪਾਰਟੀ ਨਾਲ ਸਬੰਧਿਤ ਸ਼ਕਤੀਸ਼ਾਲੀ ਸਿਆਸਤਦਾਨ ਹਨ। ਆਸ਼ੀਸ਼ ਨੂੰ ਜ਼ਮਾਨਤ ਮਿਲਣਾ ਉਨ੍ਹਾਂ ਦੀ ਸਮਾਜਿਕ ਤੇ ਸਿਆਸੀ ਸ਼ਕਤੀ ਦਾ ਮੁਜ਼ਾਹਰਾ ਕਰਦਾ ਹੈ। ਉਸ ਭੂਗੋਲਿਕ ਖ਼ਿੱਤੇ ਵਿਚ ਉਨ੍ਹਾਂ ਦੀਆਂ ਕਈ ਗ਼ੈਰ-ਕਾਨੂੰਨੀ ਕਾਰਵਾਈਆਂ ਦੀਆਂ ਯਾਦਾਂ ਲੋਕਾਂ ਦੇ ਮਨਾਂ ਵਿਚ ਤਾਜ਼ਾ ਹਨ। ਅਜਿਹੇ ਹਾਲਾਤ ਵਿਚ ਕਿਸਾਨ ਜਥੇਬੰਦੀਆਂ ਨੂੰ ਨਿਆਂ ਪ੍ਰਾਪਤ ਕਰਨ ਲਈ ਆਪਣੀ ਆਵਾਜ਼ ਹੋਰ ਉੱਚੀ ਕਰਨੀ ਪੈਣੀ ਹੈ। ਸ਼ੇਖ ਫ਼ਰੀਦ ਦਾ ਕਥਨ ਹੈ, ‘‘ਕੂਕ ਫਰੀਦਾ ਕੂਕ ਤੂੰ, ਜਿਓ ਰਾਖਾ ਜਵਾਰ।। ਜਬ ਲਗ ਟਾਂਡਾ ਨਾ ਗਰੇ, ਤਬ ਲਗ ਕੂਕ ਪੁਕਾਰ।।’’ ਕੂਕਣ ਨਾਲ ਹੀ ਹੱਕ-ਸੱਚ ਦੀ ਰਾਖੀ ਤੇ ਸੁਣਵਾਈ ਹੋ ਸਕਦੀ ਹੈ। ਫ਼ਰੀਦ ਸਾਹਿਬ ਦੇ ਸਲੋਕ ਤੋਂ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਮਨੁੱਖ ਦੀ ਇਹ ਕੂਕ ਪੁਕਾਰ ਉਸ ਦੀ ਜ਼ਿੰਦਗੀ ਵਿਚ ਗੁੰਦੀ ਹੋਈ ਹੈ, ਉਸ ਨੂੰ ਸਾਰੀ ਹਯਾਤੀ (ਜਬ ਲਗ ਟਾਂਡਾ ਨਾ ਗਰੇ) ਸੰਘਰਸ਼ ਤੇ ਕੂਕ ਪੁਕਾਰ ਕਰਨੀ ਪੈਂਦੀ ਹੈ। ਪੰਜਾਬ ਵਿਚ ਪਿਛਲੇ ਮਹੀਨਿਆਂ ਵਿਚ ਹੋਏ ਸੰਘਰਸ਼ (ਜ਼ੀਰਾ ਸ਼ਰਾਬ ਫੈਕਟਰੀ, ਲਤੀਫ਼ਪੁਰਾ ਆਦਿ) ਵੀ ਇਸ ਕਥਨ ਦੀ ਸ਼ਾਹਦੀ ਭਰਦੇ ਹਨ। ਦੇਸ਼ ਦੀਆਂ ਜਮਹੂਰੀ ਸ਼ਕਤੀਆਂ ਨੂੰ ਇਸ ਕੇਸ ਵਿਚ ਨਿਆਂ ਪ੍ਰਾਪਤ ਕਰਨ ਲਈ ਆਪਣੀ ਤਾਕਤ ਇਕਮੁੱਠ ਕਰਨ ਦੀ ਜ਼ਰੂਰਤ ਹੈ।
ਸ਼ਬਦ ਸ਼ਬਦ ਇਤਿਹਾਸ – ਸਵਰਾਜਬੀਰ
ਭਾਸ਼ਾ ਮਨੁੱਖ ਦੀਆਂ ਸਭ ਤੋਂ ਮਹਾਨ ਪ੍ਰਾਪਤੀਆਂ ਵਿਚੋਂ ਸਿਰਮੌਰ ਮੰਨੀ ਜਾਂਦੀ ਹੈ। ਕੁਝ ਲੋਕ ਇਹ ਵੀ ਮੰਨਦੇ ਹਨ ਕਿ ਬੁਨਿਆਦੀ ਤੌਰ ’ਤੇ ਮਨੁੱਖ ਜਾਨਵਰਾਂ ਤੋਂ ਇਸ ਲਈ ਵੱਖਰਾ ਹੈ ਕਿ ਉਹ ਬਹੁਤ ਵਿਕਸਿਤ ਭਾਸ਼ਾਵਾਂ ਤੇ ਬੋਲੀਆਂ ਦਾ ਖੋਜੀ ਅਤੇ ਵਰਤਣ ਵਾਲਾ ਹੈ। ਇਕ ਉੱਘੇ ਚਿੰਤਕ ਅਨੁਸਾਰ ‘‘ਮਨੁੱਖਾਂ ਨੂੰ ਚੇਤਨਾ ਜਾਂ ਧਰਮ ਜਾਂ ਹੋਰ ਜੋ ਵੀ ਮਨ ਵਿਚ ਆਏ, ਕਰ ਕੇ ਜਾਨਵਰਾਂ ਤੋਂ ਵੱਖਰਾ ਸਮਝਿਆ ਜਾਂਦਾ ਹੈ ਪਰ ਮਨੁੱਖਾਂ ਨੇ ਆਪਣੇ ਆਪ ਨੂੰ ਤਦ ਵੱਖਰਾ ਸਮਝਣਾ ਸ਼ੁਰੂ ਕੀਤਾ ਜਦ ਉਨ੍ਹਾਂ ਨੇ ਆਪਣੇ ਗੁਜ਼ਾਰੇ ਲਈ ਵਸੀਲਿਆਂ ਦੀ ਪੈਦਾਵਾਰ ਕਰਨੀ ਸ਼ੁਰੂ ਕੀਤੀ।’’
‘ਮਨੁੱਖ ਜਾਨਵਰਾਂ ਤੋਂ ਕਿਵੇਂ ਵੱਖਰਾ ਹੈ’ ਇਹ ਬਹਿਸ ਬਹੁਤ ਲੰਮੀ ਤੇ ਜਟਿਲ ਹੈ, ਜੇ ਸਿਰਫ਼ ਭਾਸ਼ਾ ਦੀ ਗੱਲ ਕਰੀਏ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕਿ ਮਨੁੱਖਾਂ ਦੇ ਮਨਾਂ ਵਿਚ ਪੈਦਾ ਹੋਏ ਸੂਝ-ਸੰਸਾਰ, ਖੋਜਾਂ, ਧਰਮ, ਕਾਨੂੰਨ, ਇਤਿਹਾਸ ਦੇ ਬਿਰਤਾਂਤ, ਸਾਹਿਤ ਤੇ ਹੋਰ ਬਹੁਤ ਸਾਰੇ ਵਰਤਾਰੇ ਮਨੁੱਖੀ ਸੋਚ ਨੂੰ ਮੌਖਿਕ ਤੇ ਲਿਖ਼ਤ ਰੂਪ (ਭਾਸ਼ਿਕ) ਰੂਪ ਦੇਣ ਦੀ ਸਮਰੱਥਾ ’ਤੇ ਆਧਾਰਿਤ ਹਨ। ਬੋਲੀ ਤੇ ਭਾਸ਼ਾ ਰਾਹੀਂ ਹੀ ਮਨੁੱਖ ਨੇ ਮਹਾਨ ਪ੍ਰਾਪਤੀਆਂ ਕੀਤੀਆਂ ਅਤੇ ਮਨੁੱਖਤਾ ਦੇ ਬਹੁਤ ਵੱਡੇ ਨੁਕਸਾਨ ਵੀ ਇਸੇ ਕਾਰਨ ਹੋਏ ਹਨ। ਨਸਲ, ਜਾਤ, ਧਰਮ, ਰੰਗ ਆਦਿ ’ਤੇ ਆਧਾਰਿਤ ਵੰਡਾਂ, ਘਿਰਣਾ ਤੇ ਬਦਲਾ ਲੈਣ ਦੀਆਂ ਭਾਵਨਾਵਾਂ, ਇਨ੍ਹਾਂ ਸਭ ਵਰਤਾਰਿਆਂ ਦੇ ਵੱਡੇ ਹਿੱਸੇ ਭਾਸ਼ਾ ਰਾਹੀਂ ਹੀ ਪ੍ਰਫੁੱਲਿਤ ਹੋਏ। ਭਾਸ਼ਾ ਰਾਹੀਂ ਕਦੇ ਕਿਸੇ ਕੁਦਰਤੀ ਸ਼ਕਤੀ ਨੂੰ ਦੇਵੀ-ਦੇਵਤਾ ਬਣਾ ਦਿੱਤਾ ਗਿਆ, ਕਦੇ ਸਰਬ-ਸ਼ਕਤੀਮਾਨ ਰੱਬ ਦੀ ਕਲਪਨਾ ਕੀਤੀ ਗਈ ਅਤੇ ਭਾਸ਼ਾ ਰਾਹੀਂ ਹੀ ਇਨ੍ਹਾਂ ਸਿਧਾਂਤਾਂ ਦਾ ਵਿਰੋਧ ਕਰ ਕੇ ਨਾਸਤਿਕਤਾ ਦਾ ਸਿਧਾਂਤ ਉਸਾਰਿਆ ਗਿਆ। ਇਸ ਤਰ੍ਹਾਂ ਮਨੁੱਖੀ ਸੰਸਾਰ ਦਾ ਬਹੁਤ ਵੱਡਾ ਹਿੱਸਾ ਭਾਸ਼ਾ ਵਿਚ ਹੀ ਜਿਊਂਦਾ ਹੈ। ਭਾਸ਼ਾ ਮਨੁੱਖਾਂ ਵਿਚ ਪਿਆਰ ਪੈਦਾ ਕਰਦੀ ਹੈ ਤੇ ਉਨ੍ਹਾਂ ਦੇ ਮਨਾਂ ਵਿਚ ਸਾਂਝੀਵਾਲਤਾ, ਭਾਈਚਾਰੇ ਤੇ ਸਹਿਯੋਗ ਦੇ ਬੀਜ ਬੀਜਦੀ ਹੈ ਅਤੇ ਭਾਸ਼ਾ ਹੀ ਨਫ਼ਰਤ ਤੇ ਦੁਸ਼ਮਣੀ ਵਧਾਉਂਦੀ ਹੈ। ਸ਼ਬਦ ਸਾਨੂੰ ਸਕੂਨ ਵੀ ਦਿੰਦੇ ਹਨ, ਸਾਡੇ ’ਤੇ ਕਹਿਰ ਵੀ ਢਾਹੁੰਦੇ ਹਨ।
ਪਿਛਲੇ ਦਿਨੀਂ ਤਾਮਿਲ ਨਾਡੂ ਦੇ ਰਾਜਪਾਲ ਆਰਐੱਨ ਰਵੀ ਨੇ ਕਿਹਾ ਕਿ ਤਾਮਿਲ ਨਾਡੂ ਦਾ ਨਾਮ ਤਾਮਿਲ ਨਾਡੂ ਨਹੀਂ, ਤਾਮਿਜ਼ਗਮ ਹੋਣਾ ਚਾਹੀਦਾ ਹੈ। ਤਾਮਿਲ ਨਾਡੂ ਦਾ ਮਤਲਬ ਹੈ ਤਾਮਿਲਾਂ ਦਾ ਦੇਸ਼ ਜਾਂ ਧਰਤੀ ਤੇ ਤਾਮਿਜ਼ਗਮ ਦੇ ਅਰਥ ਹਨ ਤਾਮਿਲਾਂ ਦਾ ਘਰ। ਕੌਮਾਂ, ਭਾਈਚਾਰਿਆਂ ਤੇ ਸਮਾਜਾਂ ਨੂੰ ਨਾਮ ਦੇਣ ਵਾਲੇ ਸ਼ਬਦ ਇਤਿਹਾਸਕ ਸਥਿਤੀਆਂ ਵਿਚੋਂ ਜੰਮਦੇ ਹਨ, ਇਤਿਹਾਸ ਦੀ ਕੁਠਾਲੀ ਵਿਚੋਂ ਨਿਕਲੇ ਹੋਣ ਕਰਕੇ ਉਨ੍ਹਾਂ ਦਾ ਪ੍ਰਤੀਕਾਤਮਕ ਮਹੱਤਵ ਅਥਾਹ ਹੁੰਦਾ ਹੈ, ਏਨਾ ਅਥਾਹ ਕਿ ਕਿਸੇ ਵੀ ਤਰ੍ਹਾਂ ਦਾ ਤਰਕ ਤੇ ਬਹਿਸ ਉਨ੍ਹਾਂ ਦੇ ਪੂਰੇ ਅਰਥਾਂ ਦੀ ਥਾਹ ਕਦੇ ਨਹੀਂ ਪਾ ਸਕਦੇ। ਉਦਾਹਰਨ ਦੇ ਤੌਰ ’ਤੇ ਅਸੀਂ ਸ਼ਬਦ ‘ਪੰਜਾਬ’ ਬਾਰੇ ਸੋਚ-ਵਿਚਾਰ ਕਰ ਸਕਦੇ ਹਾਂ।
ਇਹ ਬਹਿਸ ਵੱਖਰੀ ਹੈ ਕਿ ਇਹ ਸ਼ਬਦ ਕਿਵੇਂ ਹੋਂਦ ਵਿਚ ਆਇਆ, ਪਹਿਲਾਂ ਪੰਜ-ਨਦ ਸੀ ਜਾਂ ਸਪਤ-ਸਿੰਧੂ, ਮਦਰ ਦੇਸ਼ ਸੀ ਜਾਂ ਕੈਕੈਯ, ਜਾਂ ਕੁਝ ਹੋਰ ਸੀ। ਇਸ ਬਾਰੇ ਵੀ ਵਾਦ-ਵਿਵਾਦ ਹੋ ਸਕਦਾ ਹੈ ਕਿ ਸਭ ਤੋਂ ਪਹਿਲਾਂ ਇਸ ਨੂੰ ਲਿਖ਼ਤ ਰੂਪ ਵਿਚ ਅਮੀਰ ਖੁਸਰੋ ਨੇ ਵਰਤਿਆ ਜਾਂ ਹੋਰ ਕਿਸੇ ਨੇ। ਬਾਅਦ ਵਿਚ ਇਸ ਨੂੰ ਭਾਈ ਗੁਰਦਾਸ, ਹਾਫ਼ਿਜ਼ ਬਰਖੁਰਦਾਰ, ਬੁੱਲ੍ਹੇ ਸ਼ਾਹ, ਵਾਰਿਸ ਸ਼ਾਹ, ਮੱਧਕਾਲੀਨ ਇਤਿਹਾਸਕਾਰਾਂ ਤੇ ਹੋਰਨਾਂ ਨੇ ਵਰਤਿਆ ਪਰ ਕੀ ਆਪਣੇ ਹੁਣ ਵਾਲੇ ਰੂਪ ਵਿਚ ਇਸ ਸ਼ਬਦ (ਪੰਜਾਬ) ਨੂੰ ਪੰਜਾਬੀਆਂ ਦੀ ਹੋਂਦ ਤੇ ਹੋਣੀ ਤੋਂ ਵੱਖਰਾ ਕੀਤਾ ਜਾ ਸਕਦਾ ਹੈ? ਕੀ ਕੋਈ ਵਿਅਕਤੀ ਚੜ੍ਹਦੇ ਜਾਂ ਲਹਿੰਦੇ ਪੰਜਾਬ ਦੇ ਵਾਸੀਆਂ ਨੂੰ ਇਹ ਸੁਝਾਅ ਦੇ ਸਕਦਾ ਹੈ ਕਿ ਉਹ ਆਪਣੇ ਸੂਬੇ ਦਾ ਨਾਂ ਬਦਲ ਕੇ ਕੁਝ ਹੋਰ ਰੱਖ ਲੈਣ? ਲਗਭਗ ਸਾਰੇ ਪੰਜਾਬੀ ਇਹ ਜਵਾਬ ਦੇਣਗੇ ਕਿ ਇਹ ਕਦੇ ਨਹੀਂ ਹੋ ਸਕਦਾ, ਉਨ੍ਹਾਂ ਦੇ ਸੂਬੇ ਦਾ ਨਾਂ (ਪੰਜਾਬ), ਉਨ੍ਹਾਂ ਦੀ ਬੋਲੀ (ਪੰਜਾਬੀ) ਅਤੇ ਉਨ੍ਹਾਂ ਦੇ ਹੋਣ ਦੀ ਪਛਾਣ (ਪੰਜਾਬੀ ਹੋਣਾ) ਨੂੰ ਪਰਿਭਾਸ਼ਿਤ ਕਰਨ ਵਾਲੇ ਇਨ੍ਹਾਂ ਸ਼ਬਦਾਂ (ਪੰਜਾਬ ਤੇ ਪੰਜਾਬੀ) ਨੂੰ ਕਦੇ ਨਹੀਂ ਬਦਲਿਆ ਜਾ ਸਕਦਾ। ਇਹ ਨਹੀਂ ਕਿ ਖੇਤਰਾਂ, ਸ਼ਹਿਰਾਂ, ਸੂਬਿਆਂ, ਦੇਸ਼ਾਂ ਆਦਿ ਦੇ ਨਾਂ ਬਦਲੇ ਨਹੀਂ ਜਾਂਦੇ ਪਰ ਜਦ ਬਦਲੇ ਜਾਂਦੇ ਹਨ ਤਾਂ ਉਨ੍ਹਾਂ ਪਿੱਛੇ ਇਤਿਹਾਸਕ ਕਾਰਨ ਪਏ ਹੁੰਦੇ ਹਨ।
ਸ਼ਬਦ ‘ਤਾਮਿਲ ਨਾਡੂ’ ਤਾਮਿਲ ਲੋਕਾਂ ਦੇ ਇਤਿਹਾਸ ਦੀ ਕੁਠਾਲੀ ਵਿਚੋਂ ਨਿਕਲਿਆ ਹੈ, ਇਹ ਦਰਾਵਿੜ ਲਹਿਰਾਂ ਤੇ ਸਿਆਸਤ ’ਚੋਂ ਜਨਮਿਆ ਹੈ। 1925 ਵਿਚ ਉੱਘੇ ਸੁਧਾਰਕਾਂ ਈਵੀ ਰਾਮਾਸਾਮੀ ‘ਪੇਰੀਆਰ’ ਅਤੇ ਸੀਐੱਨ ਅੰਨਾਦੁਰਾਈ ਨੇ ਤਾਮਿਲ, ਮਲਿਆਲੀ, ਤੇਲਗੂ ਅਤੇ ਕੰਨੜ ਬੋਲਣ ਵਾਲੇ ਲੋਕਾਂ ਲਈ ਆਜ਼ਾਦ ਦੇਸ਼ ‘ਦਰਾਵਿੜ ਨਾਡੂ’ ਬਣਾਉਣ ਦੀ ਤਜਵੀਜ਼ ਰੱਖੀ। ਉਨ੍ਹਾਂ ਨੇ ਦਰਾਵਿੜ ਕੜਗਮ (ਡੀਕੇ) ਨਾਂ ਦੀ ਪਾਰਟੀ ਬਣਾਈ। 1948 ਵਿਚ ਸੀਐੱਨ ਅੰਨਾਦੁਰਾਈ ਨੇ ਨਵੀਂ ਪਾਰਟੀ ਡੀਐੱਮਕੇ ਬਣਾਈ। ਇਨ੍ਹਾਂ ਸਮਿਆਂ ਵਿਚ ਹੀ ਤਾਮਿਲਾਂ ਲਈ ‘ਤਾਮਿਲ ਨਾਡੂ’ ਦੀ ਮੰਗ ਪ੍ਰਚਲਿਤ ਹੋਈ। 1960ਵਿਆਂ ਵਿਚ ਡੀਐੱਮਕੇ ਨੇ ‘ਦਰਾਵਿੜ ਨਾਡੂ’ ਦੀ ਮੰਗ ਕਰਨੀ ਬੰਦ ਕਰ ਦਿੱਤੀ। ਆਜ਼ਾਦੀ ਸਮੇਂ ਮਦਰਾਸ ਪ੍ਰੈਜੀਡੈਂਸੀ ਵਿਚ ਅੱਜ ਦਾ ਤਾਮਿਲ ਨਾਡੂ ਅਤੇ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਕੇਰਲਾ ਦੇ ਕਈ ਹਿੱਸੇ ਸ਼ਾਮਲ ਸਨ। ਮੌਜੂਦਾ ਤਾਮਿਲ ਨਾਡੂ ਸੂਬਾ 1956 ਵਿਚ ਭਾਸ਼ਾਈ ਆਧਾਰ ’ਤੇ ਸੂਬੇ ਬਣਨ ਦੌਰਾਨ ਮਦਰਾਸ ਸੂਬੇ ਵਜੋਂ ਹੋਂਦ ਵਿਚ ਆਇਆ ਅਤੇ 1969 ਵਿਚ ਇਸ ਦਾ ਨਾਂ ਤਾਮਿਲ ਨਾਡੂ ਰੱਖਿਆ ਗਿਆ। ਇਸ ਲਈ ਰਾਜਪਾਲ ਦੁਆਰਾ ਸੂਬੇ ਦਾ ਨਾਮ ਕੁਝ ਹੋਰ ਰੱਖਣ ਦਾ ਸੁਝਾਅ ਦੇਣਾ ਇਸ ਖ਼ਿੱਤੇ ਦੇ ਇਤਿਹਾਸ ਤੋਂ ਮੂੰਹ ਮੋੜਨਾ ਹੈ। ਸ਼ਬਦ ‘ਤਾਮਿਲ ਨਾਡੂ’ ਲੋਕ-ਮਨ ਦੁਆਰਾ ਸਵੀਕਾਰ ਕੀਤਾ ਜਾ ਚੁੱਕਾ ਹੈ। ਹੋ ਸਕਦਾ ਸੀ ਜੇ ਇਤਿਹਾਸਕ ਘਟਨਾਕ੍ਰਮ ਸ਼ਬਦ ਤਾਮਿਜ਼ਗਮ ਘੜਦਾ ਤਾਂ ਲੋਕ-ਮਨ ਇਸ ਨੂੰ ਸਵੀਕਾਰ ਕਰ ਲੈਂਦਾ।
ਰਾਜਪਾਲ ਨੇ ਆਪਣੇ ਭਾਸ਼ਣ ਦੌਰਾਨ ਉਸ ਪੈਰੇ ਨੂੰ ਵੀ ਨਹੀਂ ਪੜ੍ਹਿਆ ਜਿਸ ਵਿਚ ਈਵੀ ਰਾਮਾਸਾਮੀ, ਡਾ. ਬੀਆਰ ਅੰਬੇਡਕਰ ਅਤੇ ਸਾਬਕਾ ਮੁੱਖ ਮੰਤਰੀਆਂ ਕੇ ਕਾਮਰਾਜ ਅਤੇ ਸੀਐੱਨ ਅੰਨਾਦੁਰਾਈ ਦਾ ਜ਼ਿਕਰ ਸੀ। ਇਹ ਤਾਮਿਲ ਨਾਡੂ ਦੀ ਸਿਆਸੀ ਸੋਚ ਦੇ ਵਿਕਾਸ ਦੇ ਇਤਿਹਾਸ ਨੂੰ ਅਣਡਿੱਠ ਕਰਨਾ ਹੈ। ਰਾਜਪਾਲ ਰਾਸ਼ਟਰੀ ਗੀਤ ਦੀ ਧੁਨ ਵਜਾਏ ਜਾਣ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਇਜਲਾਸ ’ਚੋਂ ਵੀ ਚਲੇ (ਵਾਕ-ਆਊਟ ਕਰ) ਗਏ।
ਰਾਜਪਾਲ ਨੇ ਪਹਿਲਾਂ ਕਿਹਾ ਸੀ ਕਿ ਤਾਮਿਲ ਨਾਡੂ ਦੇ ਅਰਥ ਹਨ ਤਾਮਿਲਾਂ ਦਾ ਦੇਸ਼ ਅਤੇ ਇਸ ਨਾਮ ਕਾਰਨ ਇਹ ਅਹਿਸਾਸ ਪੈਦਾ ਹੁੰਦਾ ਹੈ ਕਿ ਤਾਮਿਲਾਂ ਦਾ ਆਪਣਾ ਵੱਖਰਾ ਦੇਸ਼ ਹੈ (ਜਾਂ ਹੋ ਸਕਦਾ ਹੈ), ਇਸ ਲਈ ਭਾਰਤ ਜਿਹੇ ਦੇਸ਼ ਵਿਚ ਉਨ੍ਹਾਂ ਲਈ ਉੱਚਿਤ ਨਾਂ ਤਾਮਿਜ਼ਗਮ ਹੈ ਭਾਵ ਭਾਰਤ ਦੇਸ਼ ਹੈ ਅਤੇ ਉਸ ਵਿਚ ਤਾਮਿਜ਼ਗਮ ਹੈ, ਭਾਵ ਤਾਮਿਲਾਂ ਦਾ ਘਰ ਹੈ।
ਇਨ੍ਹਾਂ ਸ਼ਬਦਾਂ ਦੇਸ, ਦੇਸ਼, ਵਤਨ, ਮੁਲਕ, ਕੌਮ ਆਦਿ ਨੇ ਸਮਾਜਾਂ, ਦੇਸ਼ ਤੇ ਕੌਮਾਂ ਨੂੰ ਸਿਰਜਿਆ-ਸੰਵਾਰਿਆ ਵੀ ਹੈ ਅਤੇ ਉਨ੍ਹਾਂ ’ਤੇ ਕਹਿਰ ਵੀ ਢਾਏ ਹਨ। ਜੇ ਸ਼ਬਦ ਦੇਸ/ਦੇਸ਼/ਵਤਨ/ਮੁਲਕ ਹੀ ਸੀਮਤ ਰਹੀਏ ਤਾਂ ਸਦੀਆਂ ਪਹਿਲਾਂ ਇਸ ਦੇ ਅਰਥ ਉਹ ਨਹੀਂ ਸਨ ਜੋ ਅੱਜ ਹਨ। ਉਦਾਹਰਨ ਦੇ ਤੌਰ ’ਤੇ ਪੰਜਾਬ ਵਿਚ ‘ਵਤਨ’ ਦੇ ਅਰਥ ਸਥਾਨਕ ਇਲਾਕੇ ਤੋਂ ਸਨ। ਹੀਰ ਵਾਰਿਸ ਵਿਚ ਰਾਂਝੇ ਦੇ ਤਖਤ ਹਜ਼ਾਰੇ ਨੂੰ ਛੱਡਣ ’ਤੇ ਇਹ ਕਿਹਾ ਗਿਆ ਹੈ, ‘‘ਨਾ ਉਮੈਦ ਹੋ ਵਤਨ ਛੱਡ ਆਇਆ, ਮੋਤੀ ਟੁਰੇ ਜਿਉਂ ਪੱਟ ਦੀ ਤਾਰ ਉੱਤੇ।’’ ਇੱਥੇ ਵਤਨ ਤਖਤ ਹਜ਼ਾਰਾ ਹੈ, ਝੰਗ ਸਿਆਲ ਪਰਦੇਸ ਹੈ। ਇਸੇ ਤਰ੍ਹਾਂ ਜਦ ਹੀਰ ਦੇ ਵਿਆਹ ਹੋਣ ਤੇ ਉਹ ਝੰਗ ਸਿਆਲ ਛੱਡਣ ਬਾਰੇ ਸੋਚਦਾ ਹੈ ਤਾਂ ਵਾਰਿਸ ਸ਼ਾਹ ਲਿਖਦਾ ਹੈ, ‘‘ਸੋਟਾ ਵੰਝਲੀ ਕੰਬਲੀ ਸੁੱਟ ਘੱਤੇ, ਛੱਡ ਦੇਸ ਪਰਦੇਸ ਨੂੰ ਚੱਲਿਆ ਈ।’’ ਪੰਜਾਬ ਦੇ ਆਜ਼ਾਦ ਮੁਲਕ ਹੋਣ ਦਾ ਸੰਕਲਪ ਸ਼ਾਹ ਮੁਹੰਮਦ ਤੇ ਕਾਦਰ ਯਾਰ ਦੀ ਸ਼ਾਇਰੀ ਵਿਚ ਉੱਭਰਦਾ ਹੈ ਜਦ ਸ਼ਾਹ ਮੁਹੰਮਦ ਲਿਖਦਾ ਹੈ, ‘‘ਜੰਗ ਹਿੰਦ ਪੰਜਾਬ ਦਾ ਹੋਣ ਲੱਗਾ, ਦੋਵੇਂ ਬਾਦਸ਼ਾਹੀ ਫੌਜਾਂ ਭਾਰੀਆਂ ਨੀ।’’ ਅੰਗਰੇਜ਼ਾਂ ਦੇ ਰਾਜ ਦੌਰਾਨ ਪੰਜਾਬੀ ਆਪਣੀ ਹੋਣੀ ਦੂਸਰੇ ਰਾਜਾਂ ਦੇ ਲੋਕਾਂ ਨਾਲ ਜੋੜਦੇ ਹਨ ਪਰ ਉਨ੍ਹਾਂ ਦੇ ਮਨ ਵਿਚ ਦੇਸ ਪੰਜਾਬ ਦਾ ਸੰਕਲਪ ਹਮੇਸ਼ਾਂ ਬਣਿਆ ਰਹਿੰਦਾ ਹੈ। ਹਿੰਦੀ ਨਾਵਲਕਾਰ ਯਸ਼ਪਾਲ ਦੇ ਪੰਜਾਬ ਵੰਡ ਬਾਰੇ ਲਿਖੇ ਨਾਵਲ ‘ਸੱਚਾ ਝੂਠ’ ਵਿਚ ਲਹਿੰਦੇ ਪੰਜਾਬ ਤੋਂ ਉੱਜੜ ਕੇ ਆਏ ਪੰਜਾਬੀ ਆਪਣੇ ਜੱਦੀ ਇਲਾਕੇ ਨੂੰ ਵਤਨ ਕਹਿੰਦੇ ਹਨ (ਅਸੀਂ ਵਤਨ ਛੱਡ ਆਏ ਹਾਂ) ਤੇ ਚੜ੍ਹਦੇ ਪੰਜਾਬ ’ਚ ਪਹੁੰਚਣ ’ਤੇ ਕਹਿੰਦੇ ਹਨ ਕਿ ਅਸੀਂ ਹੁਣ ‘ਆਪਣੇ ਦੇਸ਼’ ਵਿਚ ਪਹੁੰਚ ਗਏ ਹਾਂ। ਪਰਵਾਸੀ ਪੰਜਾਬੀ ਆਪਣੇ ਜੱਦੀ ਇਲਾਕਿਆਂ ਨੂੰ ‘ਦੇਸ’, ‘ਦੇਸਵਾ’ ਆਦਿ ਸ਼ਬਦਾਂ ਨਾਲ ਯਾਦ ਕਰਦੇ ਹਨ। ਸ਼ਬਦ ‘ਦੇਸ/ਦੇਸ਼’ ਵਰਤ ਲੈਣ ਨਾਲ ਕੋਈ ਸੂਬਾ ਜਾਂ ਲੋਕ-ਸਮੂਹ ਦੇਸ਼ ਤੋਂ ਵੱਖਰਾ ਜਾਂ ਦੇਸ਼-ਵਿਰੋਧੀ ਨਹੀਂ ਹੋ ਜਾਂਦਾ। ਇਹ ਵਰਤਾਰੇ ਇਹ ਵੀ ਦੱਸਦੇ ਹਨ ਕਿ ਭਾਵਨਾਤਮਕ ਰੰਗਤ ਵਿਚ ਰੰਗੇ ਹੋਣ ਦੇ ਬਾਵਜੂਦ ਇਨ੍ਹਾਂ ਸ਼ਬਦਾਂ ਦੇ ਅਰਥ ਕਦੇ ਸਥਿਰ ਨਹੀਂ ਹੁੰਦੇ, ਬਦਲਦੇ ਹਾਲਾਤ ਅਨੁਸਾਰ ਬਦਲਦੇ ਰਹਿੰਦੇ ਹਨ। ਸ਼ਬਦਾਂ ਤੇ ਭਾਸ਼ਾ ਨੂੰ ਅਸੰਵੇਦਨਸ਼ੀਲ ਤਰੀਕੇ ਨਾਲ ਵਰਤਣ ਦੇ ਸਿੱਟੇ ਗੰਭੀਰ ਹੋ ਸਕਦੇ ਹਨ।
ਹੁਣ ਤਾਮਿਲ ਨਾਡੂ ਦੀ ਭਾਰਤੀ ਜਨਤਾ ਪਾਰਟੀ ਨੇ ਵੀ ਕਿਹਾ ਹੈ ਕਿ ਰਾਜਪਾਲ ਦਾ ਤਾਮਿਲ ਨਾਡੂ ਦਾ ਨਾਮ ਬਦਲ ਕੇ ਤਾਮਿਜ਼ਗਮ ਰੱਖਣ ਦਾ ਸੁਝਾਅ ਗ਼ੈਰ-ਜ਼ਰੂਰੀ ਸੀ/ਹੈ। ਅਜਿਹੇ ਸੁਝਾਅ ਕੁਲੀਨ ਸੋਚ ਵਿਚੋਂ ਜੰਮਦੇ ਹਨ ਕਿਉਂਕਿ ਕੁਲੀਨ ਵਰਗ ਇਹ ਸਮਝਦੇ ਹਨ ਕਿ ਉਹ, ਲੋਕ ਸੋਚ ਨੂੰ ਜਿਸ ਪਾਸੇ ਚਾਹੁਣ, ਉਸ ਪਾਸੇ ਮੋੜ ਸਕਦੇ ਹਨ। ਰਾਜਪਾਲ ਨੇ ਹੁਣ ਸਪੱਸ਼ਟੀਕਰਨ ਦਿੱਤਾ ਹੈ ਕਿ ਉਨ੍ਹਾਂ ਨੇ ਸੂਬੇ ਦਾ ਨਾਂ ਬਦਲਣ ਦਾ ਸੁਝਾਅ ਨਹੀਂ ਸੀ ਦਿੱਤਾ ਪਰ ਉਨ੍ਹਾਂ ਦਾ ਰਵੱਈਆ ਚੁਣੀ ਹੋਈ ਸਰਕਾਰ ਦਾ ਤ੍ਰਿਸਕਾਰ ਕਰਨ ਵਾਲਾ ਰਿਹਾ ਹੈ। ਜਮਹੂਰੀ ਸ਼ਕਤੀਆਂ ਨੂੰ ਅਜਿਹੇ ਰਵੱਈਏ ਤੇ ਰੁਝਾਨਾਂ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ ਹੈ। ਇਹ ਮੁੱਦਾ ਫੈਡਰਲਿਜ਼ਮ ਦੇ ਸਿਧਾਂਤ ਨਾਲ ਸਬੰਧਿਤ ਹੈ, ਦੇਸ਼ ਦੇ ਸੰਵਿਧਾਨ ਵਿਚ ਕੇਂਦਰ ਨੂੰ ਪ੍ਰਾਥਮਿਕਤਾ ਹਾਸਲ ਹੈ ਪਰ ਇਹ ਵੀ ਸਪੱਸ਼ਟ ਹੈ ਕਿ ਸੂਬਿਆਂ ਦੇ ਅਧਿਕਾਰਾਂ ਨੂੰ ਦਰੜਿਆ ਨਹੀਂ ਜਾ ਸਕਦਾ। ਦੇਸ਼ ਦੀਆਂ ਜਮਹੂਰੀ ਤਾਕਤਾਂ ਨੂੰ ਇਸ ਮੁੱਦੇ ਨੂੰ ਉਠਾਉਣ ਲਈ ਸਾਂਝਾ ਮੰਚ ਤਿਆਰ ਕਰਨਾ ਚਾਹੀਦਾ ਹੈ।
ਲੋਹੜੀ, ਦੁੱਲਾ ਤੇ ਪੰਜਾਬ - ਸਵਰਾਜਬੀਰ
ਲੋਹੜੀ ਪੰਜਾਬ ਦਾ ਪ੍ਰਮੁੱਖ ਤਿਉਹਾਰ ਹੈ। ਬਾਕੀ ਤਿਉਹਾਰਾਂ ਵਾਂਗ ਇਹ ਤਿਉਹਾਰ ਵੀ ਖੇਤੀ, ਮੌਸਮ ਤੇ ਮਨੁੱਖੀ ਨਸਲ ਦੇ ਵਧਣ-ਫੁੱਲਣ ਦੀਆਂ ਤਾਂਘਾਂ ਨਾਲ ਜੁੜਿਆ ਹੋਇਆ ਹੈ। ਇਹ ਸਿਆਲ ਦੀ ਰੁੱਤ ਦੇ ਅੱਧ (ਪੋਹ ਦਾ ਆਖ਼ਰੀ ਦਿਨ) ਦਾ ਜਸ਼ਨ ਮਨਾਉਣ ਦਾ ਪੁਰਬ ਵੀ ਹੈ। ਪੰਜਾਬੀ ਸਦੀਆਂ ਤੋਂ ਪੱਛਮ ਤੋਂ ਆਉਂਦੇ ਹਮਲਾਵਰਾਂ ਵਿਰੁੱਧ ਲੜਦੇ ਰਹੇ। ਇਹ ਲੜਾਈਆਂ ਮਰਦਾਂ ਦੀਆਂ ਲੜਾਈਆਂ ਸਨ। ਖੇਤੀ ਤੇ ਵਪਾਰ ਵਿਚ ਵੀ ਮਰਦਾਂ ਦੀ ਭੂਮਿਕਾ ਵੱਧ ਸੀ। ਪੰਜਾਬੀ ਸਮਾਜ ਮਰਦ-ਪ੍ਰਧਾਨ ਸਮਾਜ ਬਣਿਆ। ਇਸ ਕਾਰਨ ਇਸ ਤਿਉਹਾਰ ਸਮੇਂ ਵਿਆਹਾਂ ਅਤੇ ਪੁੱਤਾਂ ਦੇ ਜੰਮਣ ਦੀ ਖ਼ੁਸ਼ੀ ਮਨਾਈ ਜਾਂਦੀ। ਇਹ ਮਨੁੱਖੀ ਮਨ ਵਿਚ ਪੁਰਾਤਨ ਸਮਿਆਂ ਤੋਂ ਅੱਗ/ਅਗਨੀ ਪ੍ਰਤੀ ਪਨਪੇ ਸਤਿਕਾਰ ਨਾਲ ਵੀ ਸਬੰਧਿਤ ਹੈ।
ਲੋਹੜੀ ਮਨਾਉਣ ਦੇ ਲੋਕ-ਰੂਪ ਅਨੂਠੇ ਸਨ। ਕੁੜੀਆਂ ਤੇ ਮੁੰਡਿਆਂ ਦੀਆਂ ਟੋਲੀਆਂ ਘਰਾਂ ਤੋਂ ਲੋਹੜੀ ਮੰਗਣ ਜਾਂਦੀਆਂ। ਇਹ ਟੋਲੀਆਂ ਸਮਾਜ ਵਿਚ ਪਨਪਦੀ ਸਾਂਝੀਵਾਲਤਾ ਅਤੇ ਭਾਈਚਾਰਕ ਮਿਲਵਰਤਨ ਦਾ ਪ੍ਰਤੀਕ ਸਨ। ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਤੇ ਘਰਾਂ ਤੋਂ ਗੁੜ, ਦਾਣੇ, ਪੈਸੇ ਆਦਿ ਇਕੱਠੇ ਕਰਦੀਆਂ। ਲੋਹੜੀ ਵਾਲੇ ਦਿਨ ਘਰਾਂ ਵਿਚ ਪਾਥੀਆਂ ਤੇ ਲੱਕੜਾਂ ਇਕੱਠੇ ਕਰ ਕੇ ਲੋਹੜੀ ਬਾਲੀ ਜਾਂਦੀ। ਤਿਲ, ਚਿਰਵੜੇ ਤੇ ਮੱਕੀ ਦੇ ਫੁੱਲੇ ਅੱਗ ਵਿਚ ਸੁੱਟੇ ਜਾਂਦੇ ਹਨ। ਗੀਤ ਗਾਏ ਜਾਂਦੇ। ਇਹ ਸੁੱਖ ਆਮ ਮੰਗੀ ਜਾਂਦੀ, ‘‘ਭਰੀ ਆਈਂ ਤੇ ਸੱਖਣੀ ਜਾਈਂ’।’’ ਭਾਵ ਤੂੰ ਨਵੇਂ ਜੀਅ (ਪਹਿਲ ਦੇ ਆਧਾਰ ’ਤੇ ਪੁੱਤ) ਲੈ ਕੇ ਆਈ ਪਰ ਸੱਖਣੀ ਜਾਈਂ ਅਰਥਾਤ ਇਸ ਵਰ੍ਹੇ ਘਰ-ਪਰਿਵਾਰ ਵਿਚ ਕੋਈ ਮੌਤ ਨਾ ਹੋਵੇ। ਜਿਨ੍ਹਾਂ ਘਰਾਂ ’ਚ ਪੁੱਤ ਜੰਮੇ ਜਾਂ ਵਿਆਹ ਹੋਏ ਹੁੰਦੇ, ਉਹ ਗੁੜ ਵੰਡਦੇ ਤੇ ਜਸ਼ਨ ਮਨਾਉਂਦੇ। ਅੱਜ-ਕੱਲ੍ਹ ਆਧੁਨਿਕਤਾ ਦੇ ਪ੍ਰਭਾਵ ਹੇਠ ਘਰ ਘਰ ਜਾ ਕੇ ਲੋਹੜੀ ਮੰਗਣ ਦਾ ਰਿਵਾਜ ਖ਼ਤਮ ਹੋ ਚੁੱਕਾ ਹੈ, ਹੁਣ ਪੁੱਤਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ।
ਹਰ ਤਿਉਹਾਰ ਉਸ ਖੇਤਰ ਦੀ ਕਿਸੇ ਨਾ ਕਿਸੇ ਲੋਕ-ਗਾਥਾ ਨਾਲ ਜੁੜਿਆ ਹੁੰਦਾ ਹੈ। ਲੋਹੜੀ ਦਾ ਤਿਉਹਾਰ ਪੰਜਾਬ ਦੇ ਲੋਕ-ਨਾਇਕ ਦੁੱਲਾ ਭੱਟੀ ਦੀ ਮੁਗ਼ਲ ਬਾਦਸ਼ਾਹ ਅਕਬਰ ਵਿਰੁੱਧ 16ਵੀਂ ਸਦੀ ਵਿਚ ਕੀਤੀ ਬਗ਼ਾਵਤ ਨਾਲ ਜੁੜਿਆ ਹੋਇਆ ਹੈ। ਲੋਹੜੀ ਦਾ ਗੀਤ ‘ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ’ ਇਸ ਪੁਰਬ ਦਾ ਪ੍ਰਮੁੱਖ ਗੀਤ ਹੋ ਨਿੱਬੜਿਆ ਹੈ, ਇਸ ਨੇ ਪੰਜਾਬੀ ਲੋਕ-ਮਨ ਨੂੰ ਦੁੱਲੇ ਭੱਟੀ ਦੀ ਅਕਬਰ ਨਾਲ ਹੋਈ ਸ਼ਾਨ ਭਰੀ ਟੱਕਰ ਨਾਲ ਜੋੜੀ ਰੱਖਿਆ ਹੈ। ਅਜਿਹੀ ਟੱਕਰ ਦੁੱਲੇ ਦੇ ਪਿਉ ਤੇ ਦਾਦੇ ਨੇ ਵੀ ਲਈ ਸੀ ਅਤੇ ਲੋਕ ਗਾਥਾ ਅਨੁਸਾਰ ਬਾਦਸ਼ਾਹ ਨੇ ਉਨ੍ਹਾਂ ਦੀਆਂ ਪੁੱਠੀਆਂ ਖੱਲਾਂ ਲੁਹਾਈਆਂ ਤੇ ਉਨ੍ਹਾਂ ਵਿਚ ਘਾਹ-ਫੂਸ ਭਰ ਕੇ ਲਾਹੌਰ ਦੇ ਦਰਵਾਜ਼ਿਆਂ ਦੇ ਬਾਹਰ ਟੰਗ ਦਿੱਤਾ। ਇੱਥੇ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਵਾਰ ਸਿਰਫ਼ ਦੁੱਲੇ ਦੀ ਕਿਉਂ ਗਾਈ ਜਾਂਦੀ ਹੈ, ਉਸ ਦੇ ਪਿਉ-ਦਾਦੇ ਜਾਂ ਹੋਰ ਬਾਗ਼ੀਆਂ ਦੀ ਕਿਉਂ ਨਹੀਂ? ਇਸ ਪ੍ਰਸ਼ਨ ਦਾ ਉੱਤਰ ਦੇਣਾ ਬਹੁਤ ਮੁਸ਼ਕਲ ਹੈ ਪਰ ਦਲੀਲ ਦਿੱਤੀ ਜਾ ਸਕਦੀ ਹੈ ਕਿ ਦੁੱਲੇ ਦੀ ਬਗ਼ਾਵਤ ਆਪਣੇ ਪਿਉ-ਦਾਦੇ ਤੋਂ ਬਹੁਤ ਵੱਡੀ ਹੋਵੇਗੀ ਅਤੇ ਉਸ ਨੇ ਕੁਝ ਹੋਰ ਅਜਿਹੇ ਕੰਮ ਵੀ ਕੀਤੇ ਹੋਣਗੇ ਜਿਹੜੇ ਲੋਕ-ਮਨ ਵਿਚ ਡੂੰਘੇ ਉੱਕਰੇ ਗਏ ਅਤੇ ਦੁੱਲਾ ਪੰਜਾਬ ਦੀ ਨਾਬਰੀ ਦਾ ਅਜ਼ੀਮ ਪ੍ਰਤੀਕ ਬਣ ਗਿਆ। ਲੋਕ-ਸਿਮਰਤੀ ਅਤੇ ਲੋਕ-ਮਨ ਦੀ ਸਿਰਜਣਾ ਵਿਚ ਇਤਫ਼ਾਕ ਦੀ ਭੂਮਿਕਾ ਵੀ ਬਹੁਤ ਅਹਿਮ ਹੁੰਦੀ ਹੈ।
ਇਹ ਕਹਾਣੀ ਸਦੀਆਂ ਤੋਂ ਪੰਜਾਬੀਆਂ ਦੇ ਮਨਾਂ ਵਿਚ ਵਸੀ ਹੋਈ ਹੈ। ਇਸ ਦੀ ਗਵਾਹੀ ਵਡਾਲਾ ਵੀਰਮ ਪਿੰਡ ਵਿਚ ਜੰਮਿਆ ਸ਼ਾਇਰ ਸ਼ਾਹ ਮੁਹੰਮਦ (1782-1862) ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿਚਕਾਰ ਹੋਈਆਂ ਲੜਾਈਆਂ ਨੂੰ ਆਪਣੇ ਕਿੱਸੇ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਕਲਮਬੰਦ ਕਰਦਾ ਹੋਇਆ ਦਿੰਦਾ ਹੈ, ‘ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ, ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।’ ਦੁੱਲੇ ਭੱਟੀ ਦਾ ਸਭ ਤੋਂ ਮਸ਼ਹੂਰ ਕਿੱਸਾ ਜ਼ਿਲ੍ਹਾ ਲੁਧਿਆਣਾ ਦੇ ਸੁਧਾਰ ਪਿੰਡ ਦੇ ਵਸਨੀਕ ਕਿਸ਼ਨ ਸਿੰਘ ਨੇ ਲਿਖਿਆ ਜਿਹੜਾ 1897 ਵਿਚ ਛਪਿਆ। ਗ਼ਲਤੀ ਨਾਲ ਇਸ ਨੂੰ ਕਈ ਵਾਰ ਅੰਮ੍ਰਿਤਸਰ ਵਾਲੇ ਗੁਲਾਬਦਾਸੀ ਕਵੀ ਕਿਸ਼ਨ ਸਿੰਘ ਆਰਿਫ਼ ਦੀ ਕਿਰਤ ਮੰਨ ਲਿਆ ਜਾਂਦਾ ਹੈ। ਅੰਗਰੇਜ਼ਾਂ ਦੇ ਸਮਿਆਂ ਵਿਚ ਲਿਖਿਆ ਗਿਆ ਇਹ ਕਿੱਸਾ ਉਸ ਸਮੇਂ ਦੀ ਭਾਵਨਾ ਅਨੁਸਾਰ ਪੰਜਾਬ ਵਿਚ ਅੰਗਰੇਜ਼ਾਂ ਵਿਰੁੱਧ ਪਨਪਦੇ ਵਿਰੋਧ ਨੂੰ ਵੀ ਅਚੇਤ ਰੂਪ ਵਿਚ ਸਮੋਈ ਬੈਠਾ ਹੈ।
ਕਿਸ਼ਨ ਸਿੰਘ ਆਪਣੇ ਕਿੱਸੇ ਦੇ ਸ਼ੁਰੂ ਵਿਚ ਇਹ ਵਰਨਣ ਕਰਦਾ ਹੈ ਕਿ ਬਾਦਸ਼ਾਹ ਅਕਬਰ ਦੇ ਹੁਕਮ ਨਾਲ ਦੁੱਲੇ ਦੇ ਪਿਤਾ ਫ਼ਰੀਦ ਅਤੇ ਦਾਦੇ ਸਾਂਦਲ (ਰਵਾਇਤ ਅਨੁਸਾਰ ਸਾਂਦਲ ਬਾਰ ਦਾ ਨਾਂ ਦੁੱਲੇ ਦੇ ਦਾਦੇ ਦੇ ਨਾਂ ’ਤੇ ਹੈ। ਉਨ੍ਹਾਂ ਦੇ ਪਿੰਡ ਦਾ ਨਾਂ ਪਿੰਡੀ ਭੱਟੀਆਂ ਹੈ।) ਦੀਆਂ ਪੁੱਠੀਆਂ ਖੱਲਾਂ ਲੁਹਾ ਕੇ ਮਾਰਿਆ ਗਿਆ। ਕਿਸ਼ਨ ਸਿੰਘ ਲਿਖਦਾ ਹੈ, ‘‘ਦਿੱਤਾ ਤੁਰਤ ਜਲਾਦਾਂ ਨੂੰ ਹੁਕਮ ਉਸ ਨੇ, ਨਹੀਂ ਸਮਝਦੇ ਇਹ ਕੁਚਾਲ ਯਾਰੋ/ਸਿਰ ਕੱਟ ਕੇ ਤਨ ਤੋਂ ਦੂਰ ਕਰ ਕੇ, ਪੁੱਠੀ ਲਾਹੁਨੀ ਇਨ੍ਹਾਂ ਦੀ ਖਾਲ ਯਾਰੋ/ਸਿਰ ਨਾਲ ਦਰਵਾਜੇ ਦੇ ਟੰਗ ਦੇਣੇ, ਨਾਲ ਖੱਲ ਭਰ ਕੇ ਫੂਸ ਨਾਲ ਯਾਰੋ।’’ ਅਸੀਰੀਅਨ, ਯੂਨਾਨੀ, ਯਹੂਦੀ, ਇਸਾਈ, ਇਸਲਾਮੀ ਤੇ ਕਈ ਹੋਰ ਸਭਿਆਚਾਰਾਂ ਵਿਚ ਪੁੱਠੀ ਖੱਲ ਲਾਹ ਕੇ ਸਜ਼ਾ ਦੇਣ ਦੀ ਰਵਾਇਤ ਮਿਲਦੀ ਹੈ। ਸ਼ਾਹ ਸ਼ਮਸ ਨੂੰ ਗਜ਼ਨਾ/ਗਜ਼ਨੀ ਦੇ ਹਾਕਮ ਵੱਲੋਂ ਦਿੱਤੀ ਗਈ ਸਜ਼ਾ ਬਾਰੇ ਬੁੱਲ੍ਹੇ ਸ਼ਾਹ ਲਿਖਦਾ ਹੈ, ‘ਸ਼ਮਸ ਦੀ ਖੱਲ ਉਲਟ ਲਹਾਇਓ।’, ‘ਸ਼ਾਹ ਸ਼ਮਸ ਦੀ ਖੱਲ ਲਹਾਇਓ/ਸੂਲੀ ਚਾ ਮਨਸੂਰ ਚੜਾਇਓ।’, ‘ਓਥੇ ਇਕਨਾਂ ਪੋਸ਼ (ਖੱਲ) ਲੁਹਾਈਦੇ/ਇਕ ਆਰਿਆਂ ਨਾਲ ਚਿਰਾਈਦੇ।’
16ਵੀਂ ਸਦੀ ਦੇ ਅੱਧ ਲਾਗੇ ਜੰਮੇ ਦੁੱਲੇ ਨੇ ਆਪਣੀ ਮਾਂ ਲੱਧੀ ਤੋਂ ਆਪਣੇ ਪਿਉ-ਦਾਦੇ ਦੇ ਫਾਹੇ ਲਗਾਏ ਜਾਣ ਦੀ ਕਹਾਣੀ ਸੁਣੀ। ਉਸ ਨੇ ਉਨ੍ਹਾਂ ਵਾਂਗ ਲਗਾਨ ਦੇਣ ਤੋਂ ਇਨਕਾਰ ਕਰਦਿਆਂ ਸਥਾਨਕ ਹਾਕਮਾਂ ’ਤੇ ਹੱਲੇ ਬੋਲੇ ਤੇ ਉਨ੍ਹਾਂ ਦੇ ਹਥਿਆਰ ਲੁੱਟੇ, ਉਹ ਇਲਾਕੇ ਵਿਚੋਂ ਗੁਜ਼ਰਨ ਵਾਲੇ ਵਪਾਰੀਆਂ ਦੇ ਕਾਫ਼ਲੇ ਲੁੱਟ ਲੈਂਦਾ। ਉਸ ਨੇ ਇਕ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਨੂੰ ਸਥਾਨਕ ਹਾਕਮ ਤੋਂ ਬਚਾਇਆ ਅਤੇ ਉਨ੍ਹਾਂ ਦਾ ਚਾਚਾ ਬਣ ਕੇ ਉਨ੍ਹਾਂ ਦਾ ਵਿਆਹ ਕੀਤਾ, ਜਿਸ ਤੋਂ ਇਹ ਗੀਤ ‘ਸੁੰਦਰ ਮੁੰਦਰੀਏ’ ਬਣਿਆ। ਲੁੱਟਿਆ ਮਾਲ ਗ਼ਰੀਬਾਂ ਵਿਚ ਵੰਡਣ ਸਦਕਾ ਦੁੱਲੇ ਦਾ ਵੱਕਾਰ ਵਧਿਆ। ਇਸ ਕਰਕੇ ਉਸ ਨੂੰ ਬਾਰ ਜਾਂ ਪੰਜਾਬ ਦਾ ਰੌਬਿਨਹੁੱਡ ਵੀ ਕਿਹਾ ਜਾਂਦਾ ਹੈ। ਦੁੱਲੇ ਨੇ ਮੁਗਲਾਂ ਅੱਗੇ ਸਿਰ ਨਿਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਹੌਰ ਵਿਚ ਫਾਹੇ ਲਾ ਦਿੱਤਾ ਗਿਆ।
ਇਤਿਹਾਸਕ ਤੌਰ ’ਤੇ ਪੰਜਾਬ ਇਕ ਅਜਿਹਾ ਖ਼ਿੱਤਾ ਰਿਹਾ ਹੈ ਜਿਸ ’ਤੇ ਕਿਸੇ ਵੀ ਹਾਕਮ ਦੁਆਰਾ ਪੱਕੇ ਤੌਰ ’ਤੇ ਰਾਜ ਕਰਨਾ ਮੁਸ਼ਕਲ ਸੀ। ਕੋਈ ਵੀ ਹਮਲਾਵਰ ਜਦੋਂ ਪੰਜਾਬ ਜਿੱਤ ਕੇ ਦਿੱਲੀ ਪਹੁੰਚਦਾ ਤਾਂ ਪੰਜਾਬ ਵਿਚ ਵਿਦਰੋਹ ਹੋਣ ਲੱਗਦੇ। ਇਸ ਕਾਰਨ ਮੁਗ਼ਲ ਬਾਦਸ਼ਾਹ ਅਕਬਰ ਨੇ 1585 ਤੋਂ 1599 ਤਕ ਆਪਣੀ ਰਾਜਧਾਨੀ ਆਗਰਾ ਤੋਂ ਲਾਹੌਰ ਲੈ ਆਂਦੀ। ਪੰਜਾਬੀਆਂ ਦਾ ਅਕਬਰ ਨਾਲ ਰਿਸ਼ਤਾ ਬਹੁਤ ਵਿਰੋਧਤਾਈਆਂ ਨਾਲ ਭਰਿਆ ਸੀ। ਇਕ ਪਾਸੇ ਉਹ ਅਕਬਰ ਤੋਂ ਆਕੀ ਸਨ ਅਤੇ ਦੂਸਰੇ ਪਾਸੇ ਉਹ ਅਕਬਰ ਦੁਆਰਾ ਕਾਇਮ ਕੀਤੇ ਗਏ ਅਮਨ ਤੇ ਸ਼ਾਂਤੀ ਦੇ ਰਾਜ ਦੇ ਕਾਇਲ ਸਨ। ਇਸ ਵਿਰੋਧਾਭਾਸ ’ਚੋਂ ਨਿਕਲਣ ਲਈ ਪੰਜਾਬੀ ਲੋਕ-ਮਨ ਅਜੀਬ ਜੁਗਤ ਲਗਾਉਂਦਾ ਹੈ। ਪ੍ਰਚਲਿਤ ਕਿੱਸੇ ਅਨੁਸਾਰ ਦੁੱਲੇ ਦੇ ਜਨਮ ਸਮੇਂ ਅਕਬਰ ਘਰ ਵੀ ਪੁੱਤਰ ‘ਸ਼ੇਖੂ’ (ਸ਼ਹਿਜ਼ਾਦਾ ਸਲੀਮ/ਬਾਦਸ਼ਾਹ ਜਹਾਂਗੀਰ) ਜੰਮਦਾ ਹੈ। ਨਜ਼ੂਮੀ ਅਕਬਰ ਨੂੰ ਸਲਾਹ ਦਿੰਦੇ ਹਨ ਕਿ ਸ਼ੇਖੂ ਨੂੰ ਰਾਜਪੂਤ ਮਾਂ ਦਾ ਦੁੱਧ ਚੁੰਘਾਇਆ ਜਾਵੇ। ਅਕਬਰ ਸ਼ੇਖੂ ਨੂੰ ਦੁੱਲੇ ਦੀ ਮਾਂ ਲੱਧੀ (ਜਿਸ ਦੇ ਪਤੀ ਅਤੇ ਸਹੁਰੇ ਨੂੰ ਉਸ ਨੇ ਕਤਲ ਕਰਾਇਆ ਸੀ) ਕੋਲ ਭੇਜ ਦਿੰਦਾ ਹੈ। ਇਸ ਤਰ੍ਹਾਂ ਦੁੱਲਾ ਤੇ ਸ਼ੇਖੂ ਦੁੱਧ-ਭਰਾ ਹਨ। ਅਜਿਹਾ ਕੌਤਕ ਲੋਕ-ਕਹਾਣੀ ਵਿਚ ਹੀ ਸੰਭਵ ਹੈ, ਇਹ ਲੋਕ-ਮਨ ਦੀ ਸਿਰਜਣਾ ਹੈ ਭਾਵੇਂ ਹੁਣ ਇਸ ਦੀ ਵਿਆਖਿਆ ਕਈ ਹੋਰ ਤਰ੍ਹਾਂ ਨਾਲ ਵੀ ਕੀਤੀ ਜਾਣ ਲੱਗ ਪਈ ਹੈ।
ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਦੁੱਲਾ ਭੁੱਟੀ ਲਹਿੰਦੇ ਪੰਜਾਬ ਵਿਚ ਫਿਰ ਨਾਇਕ ਵਜੋਂ ਉੱਭਰਿਆ। ਪਾਕਿਸਤਾਨ ਦੀ ਹਕੂਮਤ ਵਿਰੁੱਧ ਬਗ਼ਾਵਤ ਕਰਨ ਵਾਲੇ ਮੇਜਰ ਇਸਹਾਕ ਮੁਹੰਮਦ ਨੇ ਉਸ ਬਾਰੇ ਨਾਟਕ ‘ਕੁਕੂਨਸ’ ਲਿਖਿਆ। ਉਰਦੂ ਦੇ ਉੱਘੇ ਸ਼ਾਇਰ ਫੈਜ਼ ਅਹਿਮਦ ਫੈਜ਼, ਇਸਹਾਕ ਮੁਹੰਮਦ ਤੇ ਹੋਰਨਾਂ ਨੂੰ ਰਾਵਲਪਿੰਡੀ ਸਾਜ਼ਿਸ਼ ਕੇਸ ਤਹਿਤ ਨਜ਼ਰਬੰਦੀ ਦੀ ਸਜ਼ਾ ਹੋਈ। ਇਸ ਗਾਥਾ ਨੂੰ ਨਵੇਂ ਰੂਪ ਵਿਚ ਨਜ਼ਮ ਹੁਸੈਨ ਸੱਯਦ ਨੇ ‘ਤਖਤ ਲਾਹੌਰ’ ਨਾਂ ਦੇ ਨਾਟਕ ਵਿਚ ਲਿਖਿਆ। ਪੁਰਾਣੇ ਹਵਾਲੇ ਵਰਤ ਕੇ ਨਜ਼ਮ ਹੁਸੈਨ ਸੱਯਦ ਨੇ ਦੱਸਿਆ ਕਿ ਜਦ ਦੁੱਲਾ ਬਾਰ ਵਿਚ ਬਗ਼ਾਵਤ ਕਰ ਰਿਹਾ ਸੀ ਤਾਂ ਉਸ ਸਮੇਂ ਲਾਹੌਰ ਵਿਚ ਪੰਜਾਬੀ ਸ਼ਾਇਰ ਸ਼ਾਹ ਹੁਸੈਨ (ਮਾਧੋ ਲਾਲ ਹੁਸੈਨ) ਲਾਹੌਰ ਦਰਬਾਰ ਵਿਰੁੱਧ ਬੌਧਿਕ ਬਗ਼ਾਵਤ ਦਾ ਝੰਡਾ ਬੁਲੰਦ ਕਰ ਰਿਹਾ ਸੀ, ਦੁੱਲੇ ਨੂੰ ਫਾਂਸੀ ਦੇਣ ਸਮੇਂ ਸ਼ਾਹ ਹੁਸੈਨ ਉੱਥੇ ਮੌਜੂਦ ਸੀ। ਗੁਰਸ਼ਰਨ ਸਿੰਘ ਨੇ ਇਸ ਗਾਥਾ ਨੂੰ ਆਪਣੇ ਨਾਟਕ ‘ਧਮਕ ਨਗਾਰੇ ਦੀ’ ਵਿਚ ਚਿਤਰਿਆ। ਇਹ ਚੜ੍ਹਦੇ ਪੰਜਾਬ ਵਿਚ ਨਾਟਕ ਪੇਸ਼ਕਾਰੀ ਦੇ ਇਤਿਹਾਸ ਵਿਚ ਇਕ ਨਵਾਂ ਆਰੰਭ ਸੀ, ਇਸ ਦੇ ਗੀਤ ਅਮਰਜੀਤ ਚੰਦਨ ਤੇ ਸੰਤੋਖ ਸਿੰਘ ਸ਼ਹਰਯਾਰ ਨੇ ਲਿਖੇ ਅਤੇ ਉੱਘੇ ਨਿਰਦੇਸ਼ਕ ਬੰਸੀ ਕੌਲ ਨੇ ਇਸ ਨੂੰ ਨਿਰਦੇਸ਼ਤ ਕੀਤਾ।
ਲੋਹੜੀ ਵਾਲੇ ਦਿਨ ਪੰਜਾਬੀ ਲੋਹੜੀ ਮਨਾਉਂਦੇ ਤੇ ਦੁੱਲੇ ਭੱਟੀ ਨੂੰ ਯਾਦ ਕਰਦੇ ਹਨ। ‘ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ-ਜੁਗਤ’ ਜਿਹੀ ਯਾਦਗਾਰੀ ਕਿਤਾਬ ਲਿਖਣ ਵਾਲੇ ਗਿਆਨ ਚੰਦ ਅਨੁਸਾਰ, ‘‘ਦੁੱਲਾ ਉਸ ਰਵਾਇਤ ਦਾ ਲਖਾਇਕ ਹੈ ਜਿਹੜੀ ਧੌਂਸ ਅਤੇ ਦਾਬੇ ਤੋਂ ਹਮੇਸ਼ਾ ਆਕੀ ਰਹੀ ਹੈ। … ਦੁੱਲਾ ਅਜਿਹੀ ਕਿਸੇ ਤਾਕਤ ਜਾਂ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦਾ, ਜਿਹੜੀ ਕਿਸੇ ਖ਼ੁੱਦਦਾਰ ਬੰਦੇ ਦੀ ਹੋਣੀ ਨੂੰ ਨੀਵਾਂ ਕਰ ਕੇ ਦਿਖਾਏ, ਉਸ ਦੇ ਅੰਦਰਲੇ ਮਨੁੱਖ ਨੂੰ ਹੁੱਜ ਮਾਰੇ।’’ ਪੰਜਾਬੀਆਂ ਨੇ ਵਾਰ ਵਾਰ ਉਨ੍ਹਾਂ ਤਾਕਤਾਂ ਨਾਲ ਲੋਹਾ ਲਿਆ ਹੈ ਜੋ ਪੰਜਾਬੀਆਂ ਅੰਦਰਲੇ ਮਨੁੱਖ ਨੂੰ ਨੀਵਾਂ ਕਰ ਕੇ ਦਿਖਾਉਣਾ ਚਾਹੁੰਦੀਆਂ ਸਨ। ਖੇਤੀ, ਫ਼ਸਲਾਂ, ਪੁੱਤਰ-ਜਨਮਾਂ ਤੇ ਵਿਆਹਾਂ ਨਾਲ ਜੁੜਿਆ ਲੋਹੜੀ ਦਾ ਤਿਉਹਾਰ ਪੰਜਾਬ ਦੀ ਨਾਬਰੀ ਦੀ ਰਵਾਇਤ ’ਤੇ ਮਾਣ ਕਰਨ ਤੇ ਉਸ ਨੂੰ ਯਾਦ ਕਰਨ ਦਾ ਤਿਉਹਾਰ ਵੀ ਹੈ।
ਪੰਜਾਬ-2023 : ਸੰਕਟ ਤੇ ਸੰਭਾਵਨਾਵਾਂ - ਸਵਰਾਜਬੀਰ
ਅਸੀਂ ਲੰਘੇ ਐਤਵਾਰ ਇਕ-ਦੂਸਰੇ ਨੂੰ ਨਵਾਂ ਸਾਲ ਮੁਬਾਰਕ ਕਿਹਾ ਹੈ, 2023 ਨੂੰ ਖੁਸ਼ਆਮਦੀਦ ਕਹਿੰਦਿਆਂ ਪੰਜਾਬ ਦੇ ਨਿਰਭਉ ਤੇ ਨਿਰਵੈਰ ਭਵਿੱਖ ਦੀ ਕਾਮਨਾ ਕੀਤੀ ਹੈ, ਸਰਬੱਤ ਦੇ ਭਲੇ ਦੀ ਅਰਦਾਸ ਨੂੰ ਮੁੜ ਦੁਹਰਾਇਆ ਹੈ।
2020-21 ਦੇ ਵਰ੍ਹੇ ਕਿਸਾਨ ਅੰਦੋਲਨ ਦੇ ਰੂਪ ਵਿਚ ਸਾਡੇ ਕੋਲ ਉਹ ਲੈ ਕੇ ਆਏ ਸਨ ਜਿਨ੍ਹਾਂ ਲਈ ਪੰਜਾਬ ਕਈ ਦਹਾਕਿਆਂ ਤੋਂ ਸਹਿਕ ਰਿਹਾ ਸੀ : ਆਪਣੇ ਰੋਹ ਨੂੰ ਪ੍ਰਗਟਾਉਣ ਦਾ ਸਲੀਕਾ, ਸਿਰੜ ਤੇ ਸਿਦਕ। ਇਹ ਪੰਜਾਬੀਆਂ ਦੇ ਆਪਣੇ ਆਪ ’ਤੇ ਵਿਸ਼ਵਾਸ ਕਰਨ ਦੇ ਪਲ ਸਨ, ਉਨ੍ਹਾਂ ਦੀ ਹੋਂਦ ਦੀ ਸਿਦਕ ਭਰੀ ਗਵਾਹੀ ਕਿ ਅਸੀਂ ਪੰਜਾਬੀ ਇਕੱਠੇ ਹੋ ਕੇ ਜਬਰ ਦਾ ਸਾਹਮਣਾ ਕਰ ਸਕਦੇ ਹਾਂ।
ਸਾਨੂੰ 2022 ’ਤੇ ਝਾਤੀ ਮਾਰਨੀ ਚਾਹੀਦੀ ਹੈ; 2022 ਵਿਚ ਪੰਜਾਬੀਆਂ ਨੇ ਦਹਾਕਿਆਂ ਤੋਂ ਸੱਤਾ ਨਾਲ ਚਿੰਬੜੇ ਉਨ੍ਹਾਂ ਸੱਤਾਧਾਰੀਆਂ ਨੂੰ ਨਕਾਰਿਆ ਜਿਨ੍ਹਾਂ ਨੇ ਪੰਜਾਬ ਨੂੰ ਵੇਚ ਖਾਣ ਦਾ ਤਹੱਈਆ ਕਰ ਲਿਆ ਸੀ। ਇਸ ਤਰ੍ਹਾਂ ਕਰ ਕੇ ਪੰਜਾਬੀਆਂ ਨੇ ਕੁਝ ਚਿਰ ਇਹ ਸੋਚਿਆ ਕਿ ਅਸੀਂ ਪੰਜਾਬ ਨੂੰ ਬਦਲ ਦਿੱਤਾ ਹੈ, ਪਰ ਅੰਦਰੋਂ-ਅੰਦਰੀਂ ਪੰਜਾਬੀ ਜਾਣਦੇ ਹਨ ਕਿ ਉਹ ਅਜਿਹੀ ਸਥਿਤੀ ਵਿਚ ਹਨ, ਜਿਸ ਨੂੰ ਬਦਲਣਾ ਬਹੁਤ ਮੁਸ਼ਕਲ ਹੈ।
ਉਹ ਸਥਿਤੀ ਪੰਜਾਬੀਆਂ ਨੂੰ ਉਵੇਂ ਹੀ ਉਪਰਾਮ ਕਰਨ ਵਾਲੀ ਹੈ ਜਿਵੇਂ 2020 ਤੋਂ ਪਹਿਲਾਂ ਦੀ ਸੀ। 2022 ਵਿਚ ਉਨ੍ਹਾਂ ਨੇ ਕੀ ਦੇਖਿਆ? ਅੰਮ੍ਰਿਤਸਰ ਨੇੜਲਾ ਇਕ ਪਿੰਡ ਪ੍ਰਤੀਕ ਵਜੋਂ ਉੱਭਰਦਾ ਹੈ ਜਿੱਥੇ ਪਿਛਲੇ ਸਾਲ 25 ਤੋਂ ਜ਼ਿਆਦਾ ਨੌਜਵਾਨਾਂ ਦੀਆਂ ਮੌਤਾਂ ਉਨ੍ਹਾਂ ਕਾਰਨਾਂ ਕਰਕੇ ਹੋਈਆਂ ਜਿਹੜੀਆਂ ਸਿੱਧੇ ਜਾਂ ਅਸਿੱਧੇ ਤੌਰ ’ਤੇ ਨਸ਼ਿਆਂ ਦੇ ਫੈਲਾਅ ਨਾਲ ਜੁੜੀਆਂ ਹੋਈਆਂ ਸਨ : ਨਸ਼ਿਆਂ ਦੀ ਓਵਰਡੋਜ਼, ਨਸ਼ੇ ਨਾੜਾਂ ਵਿਚ ਧੱਕਣ ਲਈ ਕਈ ਵਿਅਕਤੀਆਂ ਦੁਆਰਾ ਇਕੋ ਸਰਿੰਜ ਕਾਰਨ ਫੈਲੇ ਹੈਪੇਟਾਈਟਸ ਤੇ ਹੋਰ ਰੋਗ। ਉਸ ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਪਿੰਡ ਦੇ ਹਰ ਤੀਜੇ ਘਰ ਵਿਚ ਇਕ ਨਸ਼ੇੜੀ ਹੈ। ਦਸੰਬਰ ਮਹੀਨੇ ਵਿਚ ਮੇਰੇ ਇਕ ਦੋਸਤ ਨੇ ਦੱਸਿਆ ਕਿ ਉਹ ਸਰਹਾਲੀ ਲਾਗੇ ਇਕ ਪਿੰਡ ਵਿਚ ਗਿਆ ਸੀ। ਉਸ ਪਿੰਡ ਵਿਚ ਨਸ਼ਿਆਂ ਦੀ ਓਵਰਡੋਜ਼ ਕਾਰਨ ਮਹੀਨੇ ਦੇ ਅੰਦਰ ਅੰਦਰ ਦੋ ਮੌਤਾਂ ਹੋਈਆਂ ਸਨ। ਦੋ, ਵੀਹ, ਤੀਹ, ਇਹ ਸਮਾਜ ਸ਼ਾਸਤਰੀਆਂ, ਪ੍ਰਸ਼ਾਸਕਾਂ, ਪੁਲੀਸ ਅਧਿਕਾਰੀਆਂ, ਪੱਤਰਕਾਰਾਂ ਤੇ ਸਿਆਸਤਦਾਨਾਂ ਲਈ ਅੰਕੜੇ ਹਨ, ਅਸਲ ਵਿਚ ਇਹ ਉਹ ਪਰਿਵਾਰ ਹਨ ਜਿਹੜੇ ਉੱਜੜ ਗਏ ਤੇ ਉੱਜੜ ਰਹੇ ਹਨ, ਜਿਨ੍ਹਾਂ ਨੇ ਭਵਿੱਖ ਵਿਚ ਖ਼ੁਸ਼ੀ ਦਾ ਮੂੰਹ ਨਹੀਂ ਤੱਕਣਾ। ਪੰਜਾਬ ਪੁਲੀਸ ਦੇ ਆਪਣੇ ਅੰਕੜਿਆਂ ਅਨੁਸਾਰ ਉਨ੍ਹਾਂ ਨੇ ਬੀਤੇ ਸਾਲ 729.5 ਕਿੱਲੋ ਹੈਰੋਇਨ ਫੜੀ ਅਤੇ 16,798 ਮੁਲਜ਼ਮਾਂ ਨੂੰ ਨਸ਼ਿਆਂ ਦੀ ਤਸਕਰੀ ਕਰਨ ਜਾਂ ਨਸ਼ੇ ਸਪਲਾਈ ਕਰਨ ਦੇ ਕੇਸਾਂ ਵਿਚ ਗ੍ਰਿਫ਼ਤਾਰ ਕੀਤਾ। ਇਕ ਸਾਲ ਵਿਚ ਇੰਨੀ ਵੱਡੀ ਗਿਣਤੀ ਵਿਚ ਵਿਅਕਤੀਆਂ ਦੀ ਗ੍ਰਿਫ਼ਤਾਰੀ ਦੱਸਦੀ ਹੈ ਕਿ ਨਸ਼ਿਆਂ ਕਾਰਨ ਕਿਸ ਪੱਧਰ ਦਾ ਉਜਾੜਾ ਹੋ ਰਿਹਾ ਹੈ।
ਪੰਜਾਬ ਦੀ ਦੂਸਰੀ ਸਮੱਸਿਆ ਪਰਵਾਸ ਦੀ ਹੈ, ਵੱਡੀ ਪੱਧਰ ’ਤੇ ਹੋ ਰਿਹਾ ਪਰਵਾਸ। ਪ੍ਰਮੁੱਖ ਸਮੱਸਿਆ ਪਰਵਾਸ ਦੀ ਨਹੀਂ ਸਗੋਂ ਇਸ ਤੱਥ ਦੀ ਹੈ ਕਿ ਪੰਜਾਬੀਆਂ ਨੂੰ ਇਹ ਵਿਸ਼ਵਾਸ ਹੁੰਦਾ ਜਾ ਰਿਹਾ ਹੈ ਕਿ ਉਨ੍ਹਾਂ ਦੇ ਬੱਚਿਆਂ ਦਾ ਭਵਿੱਖ ਪੰਜਾਬ ਵਿਚ ਨਹੀਂ, ਕੈਨੇਡਾ ਵਿਚ ਹੈ। ਪਰਵਾਸ ਕਰਨਾ ਮਨੁੱਖੀ ਇਤਿਹਾਸ ਦਾ ਹਿੱਸਾ ਹੈ। ਲੋਕਾਂ ਨੇ ਵੱਖ ਵੱਖ ਖੇਤਰਾਂ ’ਚੋਂ ਵੱਡੀ ਪੱਧਰ ’ਤੇ ਉਦੋਂ ਪਰਵਾਸ ਕੀਤਾ ਜਦੋਂ ਉਨ੍ਹਾਂ ਨੂੰ ਉਨ੍ਹਾਂ ਖੇਤਰਾਂ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਬਹੁਤ ਵਾਰ 1845-1855 ਵਿਚ ਆਇਰਲੈਂਡ ਤੋਂ ਅਮਰੀਕਾ ਨੂੰ ਹੋਏ ਪਰਵਾਸ ਦੀ ਉਦਾਹਰਨ ਦਿੱਤੀ ਜਾਂਦੀ ਹੈ ਜਦੋਂ 15 ਲੱਖ ਲੋਕ ਆਇਰਲੈਂਡ ਛੱਡ ਕੇ ਅਮਰੀਕਾ ਪਹੁੰਚੇ, ਉਹ ਇਸ ਲਈ ਕਿ ਆਇਰਲੈਂਡ ਵਿਚ ਕਾਲ ਪਿਆ ਸੀ, ਲੋਕ ਭੁੱਖੇ ਮਰ ਰਹੇ ਸਨ। ਪੰਜਾਬ ਵਿਚ ਅਜਿਹੀ ਸਮੱਸਿਆ ਨਹੀਂ ਹੈ। ਪੰਜਾਬ ਵਿਚ ਨਾ ਤਾਂ ਕੋਈ ਕਾਲ ਪਿਆ ਹੈ ਅਤੇ ਨਾ ਹੀ ਕੋਈ ਸੋਕਾ, ਕਿਸੇ ਦੁਸ਼ਮਣ ਨੇ ਪੰਜਾਬ ’ਤੇ ਹਮਲਾ ਨਹੀਂ ਕੀਤਾ। ਪੰਜਾਬ ਦੀ ਸਮੱਸਿਆ ਇਹ ਹੈ ਕਿ ਪੰਜਾਬੀ ਆਪਣੇ ਆਪ ਤੋਂ ਡਰ ਕੇ ਇੱਥੋਂ ਭੱਜ ਰਹੇ ਹਨ, ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਬੱਚਿਆਂ ਨੇ ਨਸ਼ਿਆਂ ਦਾ ਸ਼ਿਕਾਰ ਹੋ ਜਾਣਾ ਹੈ, ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਣਾ, ਪੰਜਾਬ ਵਿਚ ਉਨ੍ਹਾਂ ਨੂੰ ਇੱਜ਼ਤ ਭਰੀ ਜ਼ਿੰਦਗੀ ਨਸੀਬ ਨਹੀਂ ਹੋਣੀ। ਬੇਰੁਜ਼ਗਾਰੀ, ਨਸ਼ਿਆਂ ਦਾ ਫੈਲਾਅ ਤੇ ਪਰਵਾਸ ਤਿੰਨੇ ਸਮੱਸਿਆਵਾਂ ਇਕ-ਦੂਸਰੇ ਨਾਲ ਜੁੜੀਆਂ ਹੋਈਆਂ ਹਨ।
ਪੰਜਾਬੀ ਨੌਜਵਾਨਾਂ ਦੇ ਪਰਵਾਸ ਬਾਰੇ ਸਹੀ ਅੰਕੜੇ ਨਹੀਂ ਮਿਲਦੇ। ਸਰਕਾਰਾਂ ਇਹ ਅੰਕੜੇ ਇਕੱਠੇ ਵੀ ਨਹੀਂ ਕਰਨਾ ਚਾਹੁੰਦੀਆਂ। ਪਿਛਲੇ ਸਾਲ ਸੰਸਦ ਵਿਚ ਦੱਸਿਆ ਗਿਆ ਸੀ ਕਿ 2016 ਤੋਂ ਫਰਵਰੀ 2021 ਤਕ 9.84 ਲੱਖ ਲੋਕਾਂ ਨੇ ਪੰਜਾਬ ਤੇ ਚੰਡੀਗੜ੍ਹ ਤੋਂ ਪਰਵਾਸ ਕੀਤਾ, ਉਨ੍ਹਾਂ ਵਿਚੋਂ 3.79 ਲੱਖ ਵਿਦਿਆਰਥੀ ਵੀਜ਼ੇ ’ਤੇ ਗਏ। ਇਸੇ ਤਰ੍ਹਾਂ ਸਰਕਾਰੀ ਅੰਕੜਿਆਂ ਅਨੁਸਾਰ 2016 ਵਿਚ ਲਗਭਗ 36,000 ਵਿਦਿਆਰਥੀ ਪੰਜਾਬ ਤੋਂ ਵਿਦੇਸ਼ਾਂ ਵਿਚ ਗਏ ਸਨ ਅਤੇ 2019 ਵਿਚ 73,000 ਵਿਦਿਆਰਥੀ। 2022 ਵਿਚ ਇਹ ਗਿਣਤੀ ਨਿਸ਼ਚੇ ਹੀ 73,000 ਤੋਂ ਵੱਧ ਹੋਵੇਗੀ। ਜੇ 2022 ਦੀ ਗਿਣਤੀ ਨੂੰ ਲਗਭਗ ਇਕ ਲੱਖ ਮੰਨ ਲਿਆ ਜਾਵੇ ਤਾਂ ਇਸ ਦਾ ਮਤਲਬ ਇਹ ਨਿਕਲੇਗਾ ਕਿ ਪੰਜਾਬ ਦੇ ਹਰ ਛੇਵੇਂ ਪਰਿਵਾਰ (ਪੰਜਾਬ ਵਿਚ ਲਗਭਗ 60 ਲੱਖ ਪਰਿਵਾਰ ਹਨ) ਦਾ ਇਕ ਬੱਚਾ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਨ ਜਾ ਰਿਹਾ ਹੈ।
ਇਸ ਤਰ੍ਹਾਂ ਪੰਜਾਬ ਵਿਚ ਇਕ ਨਵੀਂ ਜੀਵਨ-ਜਾਚ ਹੋਂਦ ਵਿਚ ਆ ਰਹੀ ਹੈ, ਪਰਵਾਸ ਉਸ ਦਾ ਜ਼ਰੂਰੀ ਹਿੱਸਾ ਹੈ। ਉਹ ਪਰਿਵਾਰ, ਜਿਸ ਦਾ ਬੱਚਾ ਵਿਦੇਸ਼ ਚਲਾ ਜਾਂਦਾ ਹੈ, ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹੈ ਜਿਵੇਂ ਕਿਸੇ ਆਫ਼ਤ ਤੋਂ ਬਚ ਗਿਆ ਹੋਵੇ। ਪੰਜਾਬ ਦਾ ਸੰਕਟ ਪੰਜਾਬੀਆਂ ਦੀ ਸੋਚ ਅਤੇ ਅਮਲ ਵਿਚ ਪੈਦਾ ਹੋ ਰਹੀ ਇਸ ਜੀਵਨ-ਜਾਚ ਅਤੇ ਪੰਜਾਬੀਆਂ ਦੁਆਰਾ ਇਸ ਨਵੀਂ ਜੀਵਨ-ਜਾਚ ਦੀ ਸ੍ਰੇਸ਼ਟਤਾ ਨੂੰ ਸਵੀਕਾਰ ਕਰਨ ਦਾ ਹੈ।
ਪਰ ਕੀ ਸਾਰਾ ਕਸੂਰ ਪੰਜਾਬੀਆਂ ਦਾ ਹੈ? ਨਹੀਂ। ਉਹ ਉਸ ਦੁਖਾਂਤ ਦਾ ਸਾਹਮਣਾ ਕਰ ਰਹੇ ਹਨ ਜਿਹੜਾ ਸਾਰੀ ਮਨੁੱਖਤਾ ਦੀ ਹੋਣੀ ਬਣ ਗਿਆ ਹੈ। ਕਾਰਪੋਰੇਟੀ ਵਿਕਾਸ ਮਾਡਲ ਅਤੇ ਸੋਚ ਨੇ ਦੁਨੀਆ ਦੀ ਮਾਨਸਿਕਤਾ ਅਤੇ ਆਰਥਿਕਤਾ ’ਤੇ ਕਬਜ਼ਾ ਕਰ ਲਿਆ ਹੈ। ਪੰਜਾਬ ਤੇ ਪੰਜਾਬੀ ਉਸ ਦੁਨੀਆ ਦਾ ਹਿੱਸਾ ਹਨ ਜਿਸ ਵਿਚ ਸਭ ਕੁਝ ਮੰਡੀ ਜਾਂ ਬਾਜ਼ਾਰ ਦੇ ਹੱਥਾਂ ਵਿਚ ਦੇ ਦਿੱਤਾ ਗਿਆ ਹੈ, ਜਿਸ ਵਿਚ ਗਿਣਤੀ ਦੇ ਕਾਰਪੋਰੇਟ ਅਦਾਰਿਆਂ ਤੇ ਵਪਾਰਕ ਘਰਾਣਿਆਂ ਦੀ ਦੌਲਤ ਵਧਦੀ ਹੈ, ਕੁਝ ਲੱਖ ਲੋਕਾਂ ਨੂੰ ਵਧੀਆ ਨੌਕਰੀਆਂ ਮਿਲਦੀਆਂ ਹਨ ਜਦੋਂਕਿ ਵੱਡੀ ਪੱਧਰ ’ਤੇ ਲੋਕਾਈ ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ’ਤੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ। ਤੀਸਰੀ ਦੁਨੀਆ ਦੇ ਦੇਸ਼ਾਂ, ਜਿਨ੍ਹਾਂ ਵਿਚ ਭਾਰਤ ਵੀ ਸ਼ਾਮਲ ਹੈ, ਵਿਚ ਇਹ ਉਜਰਤ ਬਹੁਤ ਘੱਟ ਹੈ, ਇਹ ਬੰਦੇ ਨੂੰ ਹੀਣਾ ਬਣਾਉਂਦੀ ਹੈ, ਇਸ ਹੀਣ ਭਾਵਨਾ ਤੋਂ ਮੁਕਤ ਹੋਣ ਲਈ ਲੋਕ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ, ਨਿਊਜ਼ੀਲੈਂਡ ਆਦਿ ਵੱਲ ਭੱਜਦੇ ਹਨ, ਇਹ ਉਨ੍ਹਾਂ ਦੀ ਮਜਬੂਰੀ ਹੈ। ਪੰਜਾਬੀ ਵੀ ਇਨ੍ਹਾਂ ਮਜਬੂਰੀਆਂ ਕਾਰਨ ਪਰਵਾਸ ਕਰ ਰਹੇ ਹਨ। ਉੱਥੇ ਵੀ ਪਰਵਾਸੀਆਂ ਨੂੰ ਘੱਟ ਉਜਰਤ ਵਾਲੀਆਂ ਨੌਕਰੀਆਂ ਮਿਲਦੀਆਂ ਹਨ, ਪਰ ਉਹ ਉਜਰਤ ਆਪਣੇ ਦੇਸ਼ ਵਿਚ ਮਿਲਦੀ ਉਜਰਤ ਤੋਂ ਕਿਤੇ ਵੱਧ ਹੁੰਦੀ ਹੈ। ਮੰਡੀ ਦੇ ਨਾਲ ਨਾਲ ਪੰਜਾਬ ਨੂੰ ਸਿਆਸੀ ਜਮਾਤ ਨੇ ਉਜਾੜਿਆ ਹੈ। ਕਈ ਦਹਾਕਿਆਂ ਤੋਂ ਕੁਝ ਚੁਣੀਂਦਾ ਘਰਾਣਿਆਂ ਨੇ ਦੌਲਤ ਦੇ ਅੰਬਾਰ ਇਕੱਠੇ ਕੀਤੇ ਹਨ, ਲੋਕਾਂ ਦਾ ਸਰਕਾਰੀ ਨਿਜ਼ਾਮ ’ਚੋਂ ਵਿਸ਼ਵਾਸ ਖ਼ਤਮ ਕੀਤਾ ਹੈ, ਸੂਬੇ ਦੇ ਵਿੱਦਿਅਕ ਅਤੇ ਸਿਹਤ-ਸੰਭਾਲ ਦੇ ਢਾਂਚਿਆਂ ਨੂੰ ਕਮਜ਼ੋਰ ਤੇ ਜਰਜਰਾ ਬਣਾਇਆ ਹੈ। ਲੋਕ ਇਸ ਧਰੋਹ ਸਾਹਮਣੇ ਬੇਵੱਸ ਹੋ ਗਏ ਲੱਗਦੇ ਹਨ। ਸਿਆਸੀ ਜਮਾਤ ਲੋਕਾਂ ਤੋਂ ਲਗਾਤਾਰ ਦੂਰ ਹੁੰਦੀ ਗਈ ਹੈ।
ਇਕ ਪੱਧਰ ’ਤੇ ਹਰ ਪੰਜਾਬੀ ਪੰਜਾਬ ਵਿਚ ਰਹਿਣਾ ਚਾਹੁੰਦਾ ਹੈ। ਪਰਵਾਸ ਕਰਦਾ ਹੋਇਆ ਪੰਜਾਬੀ ਵੀ ਪੰਜਾਬੀ ਰਹਿਣਾ ਚਾਹੁੰਦਾ ਹੈ। ਉਹ ਹਮੇਸ਼ਾਂ ਆਪਣੇ ਆਪ ਨੂੰ ਪੰਜਾਬੀ ਅਖਵਾਉਂਦਾ ਤੇ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਦਾ ਹੈ ਪਰ ਹਕੀਕੀ ਰੂਪ ਵਿਚ ਇਸ ਸਮੇਂ ਪਰਵਾਸ ਕਰ ਰਹੇ ਪੰਜਾਬੀ ਹੁਣ ਪੰਜਾਬ ਨੂੰ ਹਮੇਸ਼ਾਂ ਲਈ ਛੱਡ ਰਹੇ ਹਨ। ਉਨ੍ਹਾਂ ਦੀ ਸਥਿਤੀ ਕੁਝ ਏਦਾਂ ਦੀ ਹੈ :
ਅਸੀਂ ਹਵਾਈ ਅੱਡਿਆਂ ’ਤੇ ਖੜ੍ਹੇ ਹਾਂ
ਅਸੀਂ ਵਾਪਸ ਨਹੀਂ ਆਉਣਾ
ਇਹ ਨਾੜੂ ਅਸੀਂ ਵੱਢ ਦਿੱਤਾ ਏ
ਅਸੀਂ ਪਰਦੇਸ ਜਾਵਾਂਗੇ
ਪਿੰਡ ਆਪਣਾ, ਉੱਥੇ ਵਸਾਵਾਂਗੇ
ਗੁਰਦੁਆਰਾ ਬਣਾ, ਅਰਦਾਸ ਕਰਾਂਗੇ
ਪਿੰਡ ਪਿਛਲਾ, ਵੱਸਦਾ ਰਹੇ
ਗੁਆਂਢੀਆਂ ਦਾ ਬਾਪੂ ਹੱਸਦਾ ਰਹੇ
ਸਾਡੇ ਨਾਲ ਨਾਰਾਜ਼ ਨਾ ਹੋਣਾ
ਬਿਰਖ ਤੋਂ ਟੁੱਟ ਰਹੇ ਪੱਤੇ ਹਾਂ ਅਸੀਂ
ਭੰਗੜੇ ਪਾ ਪਾ ਕੇ
ਸਭ ਦਾ ਧਿਆਨ ਖਿੱਚਦੇ
ਥਈਆ ਥਈਆ ਨੱਚਦੇ
ਅਸੀਂ ਬਹੁਤ ਕੁਝ ਭੁੱਲਣਾ ਚਾਹੁੰਦੇ ਹਾਂ
ਭੁੱਲਣਾ ਚਾਹੁੰਦੇ ਹਾਂ -
ਗ਼ਦਰੀ ਬਾਬੇ
ਜੱਲ੍ਹਿਆਂਵਾਲਾ ਬਾਗ਼
ਰਬਾਬ ’ਚੋਂ ਉੱਠਦੇ ਰਾਗ
ਕੋਈ ਕਿੰਨਾ ਕੁਝ ਯਾਦ ਰੱਖੇ
ਦੁੱਖ ਕਿੰਨਾ ਕੁ ਵੰਡਾਏ ਕੋਈ?
ਅਸੀਂ ਜਾ ਰਹੇ ਹਾਂ
ਜ਼ਖ਼ਮਾਂ ਦੇ ਗੀਤ ਬਣਾ ਰਹੇ ਹਾਂ
ਕਿਹਾ ਜਾਂਦਾ ਹੈ ‘ਜ਼ਖ਼ਮ ਦਾ ਗੀਤ ਬਣਦਾ ਹੈ/ ਜ਼ੁਲਮ ਦੀ ਦਸਤਾਵੇਜ਼’। ਪੰਜਾਬੀ ਵਿਸ਼ਵ ਮੰਡੀ ਅਤੇ ਆਪਣੇ ਆਗੂਆਂ ਦੇ ਦਿੱਤੇ ਜ਼ਖ਼ਮਾਂ ਨੂੰ ਸਹਿੰਦੇ ਪਰਵਾਸ ਕਰ ਰਹੇ ਹਨ। ਮਜਬੂਰੀ ਵਿਚ ਕੀਤਾ ਜਾ ਰਿਹਾ ਪਰਵਾਸ ਆਪਣੇ ਆਪ ਨਾਲ ਹਿੰਸਾ ਕਰਨ ਦੇ ਬਰਾਬਰ ਹੁੰਦਾ ਹੈ। ਵਿਰੋਧਾਭਾਸ ਇਹ ਹੈ ਕਿ ਇਹ ਹਿੰਸਾ ਬਾਹਰ ਤੋਂ ਬਹੁਤ ਚਮਕ-ਦਮਕ ਵਾਲੀ ਦਿਖਾਈ ਦਿੰਦੀ ਹੈ, ਪੀੜਤਾਂ ਨੂੰ ਇਹ ਅਹਿਸਾਸ ਵੀ ਨਹੀਂ ਹੁੰਦਾ ਕਿ ਉੁਹ ਸੂਖ਼ਮ ਹਿੰਸਾ ਦਾ ਸ਼ਿਕਾਰ ਹੋ ਰਹੇ ਹਨ। ਹਜ਼ਾਰਾਂ ਪਰਿਵਾਰ ਇਸ ਅਦ੍ਰਿਸ਼ ਹਿੰਸਾ ਦੇ ਜ਼ਖ਼ਮਾਂ ਨੂੰ ਸਹਿ ਰਹੇ ਹਨ।
ਇਸ ਸਭ ਕੁਝ ਦੇ ਬਾਵਜੂਦ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਪੰਜਾਬ ਵਿਚ ਹੀ ਰਹਿਣਾ ਹੈ। ਜਾਨ ਮਿਰਡਲ ਨੇ 1960-70ਵਿਆਂ ਵਿਚ ਭਾਰਤ ਵਿਚ ਉਗਮੇ ਨਕਸਲੀ ਵਿਦਰੋਹ ਬਾਰੇ ਕਿਹਾ ਸੀ ਕਿ ਇਸ ਵਿਦਰੋਹ ਵਿਚ ਹਿੱਸਾ ਲੈਣਾ ਭਾਰਤ ਵਿਚ ਰਹਿਣ ਤੋਂ ਉਪਜਦੀ ਪੀੜ ਨੂੰ ਸਵੀਕਾਰ ਕਰਨਾ ਸੀ। ਅੱਜ ਦੇ ਪੰਜਾਬ ਵਿਚ ਰਹਿਣ ਤੇ ਇਸ ਦੇ ਭਵਿੱਖ ਵਿਚ ਵਿਸ਼ਵਾਸ ਰੱਖਣ ਵਾਲੇ ਪੰਜਾਬੀਆਂ ਨੂੰ ਵੀ ਇਸ ਭੋਇੰ ਦੀ ਪੀੜ ਤੇ ਦੁੱਖ ਨੂੰ ਸਵੀਕਾਰ ਕਰਨਾ ਪੈਣਾ ਹੈ। ਪੀੜ ਤੇ ਦੁੱਖ ਨੂੰ ਸਵੀਕਾਰ ਕਰਨ ’ਚੋਂ ਹੀ ਲੜਨ ਦੀ ਹਿੰਮਤ ਪੈਦਾ ਹੁੰਦੀ ਹੈ। ਕਿਸਾਨ ਅੰਦੋਲਨ ਸਰਕਾਰ ਅਤੇ ਕਾਰਪੋਰੇਟ-ਸੰਸਾਰ ਦੁਆਰਾ ਬਣਾਏ ਗਏ ਖੇਤੀ ਕਾਨੂੰਨਾਂ ਦੇ ਸੰਕਟ ਨੂੰ ਸਮਝਣ ਤੇ ਸਵੀਕਾਰ ਕਰਨ ਤੋਂ ਬਾਅਦ ਹੀ ਉੱਭਰਿਆ ਸੀ।
ਸੰਕਟ ਸੰਭਾਵਨਾਵਾਂ ਨੂੰ ਜਨਮ ਦਿੰਦੇ ਹਨ। ਪੰਜਾਬ ਅੱਜ ਵੀ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਇਹ ਸੰਭਾਵਨਾਵਾਂ ਪੰਜਾਬੀਆਂ ਦੇ ਸੰਘਰਸ਼ ਕਰਨ ਦੀ ਸਮਰੱਥਾ ਵਿਚ ਨਿਹਿਤ ਹਨ। ਜ਼ਰੂਰਤ ਹੈ ਕਿ ਇਨ੍ਹਾਂ ਸੰਘਰਸ਼ਾਂ ਨੂੰ ਆਪਣੇ ਟੀਚੇ ਪ੍ਰਾਪਤ ਕਰਨ ਦੇ ਨਾਲ ਨਾਲ ਸਰਕਾਰਾਂ ਤੇ ਪ੍ਰਸ਼ਾਸਨ ਦੀਆਂ ਨੀਤੀਆਂ ’ਤੇ ਪ੍ਰਭਾਵ ਪਾਉਣ ਵਾਲੇ ਔਜ਼ਾਰ ਬਣਾਇਆ ਜਾਵੇ। ਅਜਿਹੇ ਸੰਘਰਸ਼ਾਂ ਲਈ ਵਿਆਪਕ ਲੋਕ-ਏਕੇ ਦੀ ਜ਼ਰੂਰਤ ਹੈ। ਦੁੱਖ ਤੇ ਪੀੜ ਨਾਲ ਦੋ-ਚਾਰ ਹੋ ਰਹੇ ਪੰਜਾਬ ਨੂੰ ਆਪਣੇ ਭਵਿੱਖ ਵਿਚ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਅਜਿਹੇ ਲੋਕ-ਏਕੇ ਵੱਲ ਵਧਣਾ ਹੀ ਪੈਣਾ ਹੈ।
ਨਵਾਂ ਸਾਲ ਮੁਬਾਰਕ - ਸਵਰਾਜਬੀਰ
ਨਵਾਂ ਵਰ੍ਹਾ ਚੜ੍ਹਨ ’ਤੇ ਅਸੀਂ ਆਪਣੇ ਪਰਿਵਾਰ, ਸਬੰਧੀਆਂ, ਰਿਸ਼ਤੇਦਾਰਾਂ, ਮਿੱਤਰਾਂ, ਸਾਥੀਆਂ ਅਤੇ ਸਾਰੀ ਲੋਕਾਈ ਲਈ ਸ਼ੁੱਭ-ਇੱਛਾਵਾਂ ਦੀ ਕਾਮਨਾ ਕਰਦੇ ਹਾਂ। ਹਰ ਨਵਾਂ ਸਾਲ ਨਵੀਆਂ ਖ਼ੁਸ਼ੀਆਂ ਤੇ ਖੇੜੇ ਲੈ ਕੇ ਆਉਂਦਾ ਤੇ ਨਵੀਆਂ ਆਸਾਂ-ਉਮੀਦਾਂ, ਸੁਪਨੇ, ਤਰੰਗਾਂ, ਸੁਹਜ, ਸੁੱਖ, ਸੰਤੋਖ, ਗਿਆਨ ਤੇ ਪ੍ਰਾਪਤੀਆਂ ਲੈ ਕੇ ਬਹੁੜਦਾ ਹੈ, ਜ਼ਿੰਦਗੀ ਦੇ ਮੇਲੇ ਲੱਗਦੇ ਤੇ ਲੋਕਾਈ ਵਿਚ ਮੇਲ-ਮਿਲਾਪ ਵਧਦਾ ਹੈ, ਨਵੀਂਆਂ ਤਾਂਘਾਂ ਅੰਗੜਾਈਆਂ ਲੈਂਦੀਆਂ ਤੇ ਖ਼ੁਆਬਾਂ ਦੇ ਨਵੇਂ ਅੰਬਰ ਸਿਰਜੇ ਜਾਂਦੇ ਹਨ ਜਿਨ੍ਹਾਂ ਵਿਚ ਮਨੁੱਖ ਦੇ ਹੋਣ-ਥੀਣ ਦੇ ਸੂਰਜ ਤੇ ਚੰਦ-ਸਿਤਾਰੇ ਚਮਕਦੇ ਹਨ, ਉਸ ਦਾ ਜ਼ਿੰਦਗੀ ਵਿਚ ਵਿਸ਼ਵਾਸ ਕਾਇਮ ਰਹਿੰਦਾ ਹੈ। ਪੁਰਾਣੇ ਸੰਘਰਸ਼ ਚੱਲਦੇ ਰਹਿੰਦੇ ਨੇ ਤੇ ਨਵੇਂ ਸੰਘਰਸ਼ ਜਨਮ ਲੈਂਦੇ ਹਨ ਅਤੇ ਉਨ੍ਹਾਂ ਵਿਚ ਹਿੱਸਾ ਲੈਂਦੀ ਲੋਕਾਈ ਮਨੁੱਖਤਾ ਵਿਚ ਆਪਣਾ ਵਿਸ਼ਵਾਸ ਦ੍ਰਿੜ੍ਹ ਕਰਦੀ ਰਹਿੰਦੀ ਹੈ।
ਇਸ ਦੇ ਨਾਲ ਨਾਲ ਹਰ ਨਵੇਂ ਵਰ੍ਹੇ ਵਿਚ ਮਨੁੱਖਤਾ ਨੂੰ ਨਵੀਂ ਤਰ੍ਹਾਂ ਦੀਆਂ ਦੁੱਖ-ਦੁਸ਼ਵਾਰੀਆਂ, ਸੰਕਟਾਂ, ਜੰਗਾਂ, ਕਲੇਸ਼ਾਂ, ਕੁਹਜ, ਕੁਟਿਲਤਾ, ਲਾਲਚ, ਓਪਰੇਪਣ, ਅਪਰਾਧਾਂ, ਧੋਖਿਆਂ, ਮੱਕਾਰੀਆਂ ਤੇ ਜ਼ੁਲਮ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕਾਈ ਦੀਆਂ ਪ੍ਰੇਸ਼ਾਨੀਆਂ ਵਧਦੀਆਂ ਅਤੇ ਲੋਕ-ਹੱਕ ਲਿਤਾੜੇ ਜਾਂਦੇ ਹਨ, ਸਮਾਜਿਕ ਕਲੇਸ਼ ਪਨਪਦਾ ਤੇ ਬੇਗ਼ਾਨਗੀ ਪੈਦਾ ਕਰਦਾ ਹੈ, ਲੋਕ ਬੇਘਰ ਤੇ ਬੇਵਤਨੇ ਹੁੰਦੇ ਹਨ, ਬੰਬਾਂ ਤੇ ਗੋਲੀਆਂ ਦੀ ਮਾਰ ਹੇਠ ਮਨੁੱਖਤਾ ਦਾ ਘਾਣ ਹੁੰਦਾ ਹੈ। ਇਹ ਸਭ ਕੁਝ ਦੇਖ ਕੇ ਗੁਰੂ ਅਰਜਨ ਦੇਵ ਜੀ ਦਾ ਮਹਾਂ-ਕਥਨ ਯਾਦ ਆਉਂਦਾ ਹੈ, ‘‘ਫਰੀਦਾ ਭੂਮਿ ਰੰਗਾਵਲੀ ਮੰਝਿ ਵਿਸੂਲਾ ਬਾਗ।।’’ ਭਾਵ ਇਹ ਧਰਤ ਤਾਂ ਸੁਹਾਵਣੀ ਹੈ ਪਰ ਇਸ ਵਿਚ ਵਿਹੁਲਾ (ਵਿਸ/ਜ਼ਹਿਰ ਭਰਿਆ) ਬਾਗ਼ ਲੱਗਿਆ ਹੋਇਆ ਹੈ (ਗੁਰੂ ਸਾਹਿਬ ਨੇ ਇਹ ਸਲੋਕ ਸ਼ੇਖ਼ ਫ਼ਰੀਦ ਜੀ ਦੇ ਇਕ ਸਲੋਕ ਦੀ ਵਿਆਖਿਆ ਕਰਨ ਲਈ ਉਚਾਰਿਆ ਅਤੇ ਇਸ ਵਿਚ ਲਕਬ ‘ਫਰੀਦ’ ਵਰਤਿਆ ਹੈ)।
ਫਰਵਰੀ 2022 ਵਿਚ ਰੂਸ ਦੇ ਯੂਕਰੇਨ ’ਤੇ ਹਮਲੇ ਨੇ ਇਹ ਦਰਸਾਇਆ ਕਿ ਅਸੀਂ ਅਜੇ ਵੀ ਜੰਗਾਂ ਤੇ ਤਾਕਤ ਲਈ ਹੋਣ ਵਾਲੀਆਂ ਲੜਾਈਆਂ ਦੇ ਯੁੱਗ ਵਿਚ ਜਿਊਂ ਰਹੇ ਹਾਂ, ਆਗੂਆਂ ਦੇ ਸ਼ਬਦਾਂ ਵਿਚ ਅਮਨ ਦੀ ਪੁਕਾਰ ਹੁੰਦੀ ਹੈ ਪਰ ਅਮਲ ਵਿਚ ਉਹ ਦੂਸਰੇ ਦੇਸ਼ਾਂ ਅਤੇ ਆਪਣੇ ਵਿਰੋਧੀਆਂ ਨੂੰ ਕੋਹਣ ਤੇ ਕੁਚਲਣ ਦੀ ਰਾਹ ’ਤੇ ਤੁਰਦੇ ਹਨ, ਲੋਕਾਈ ਨੂੰ ਭਟਕਾਇਆ ਅਤੇ ਨਫ਼ਰਤ ਦੀ ਰਾਹ ’ਤੇ ਪਾਇਆ ਜਾਂਦਾ ਹੈ। ਇਸ ਜੰਗ ਕਾਰਨ ਮਿਸਰ ਤੋਂ ਲੈ ਕੇ ਬੰਗਲਾਦੇਸ਼ ਤਕ ਅਨਾਜ ਦਾ ਸੰਕਟ ਪੈਦਾ ਹੋਇਆ ਹੈ, ਯੂਰੋਪ ਵਿਚ ਊਰਜਾ ਸੰਕਟ ਵਧਿਆ ਤੇ ਭਿਆਨਕ ਤਬਾਹੀ ਹੋਈ ਹੈ। ਇਸ ਸਾਲ ਕੌਮਾਂਤਰੀ ਪੱਧਰ ’ਤੇ ਹੋਰ ਅਹਿਮ ਘਟਨਾਵਾਂ ਵਿਚੋਂ ਪਾਕਿਸਤਾਨ ਵਿਚ ਇਮਰਾਨ ਖ਼ਾਨ ਦਾ ਸੱਤਾ ਤੋਂ ਬਾਹਰ ਹੋਣਾ ਅਤੇ ਪੰਜਾਬੀ ਮੂਲ ਦੇ ਰਿਸ਼ੀ ਸੂਨਕ ਦਾ ਇੰਗਲੈਂਡ ਦਾ ਪ੍ਰਧਾਨ ਮੰਤਰੀ ਬਣਨਾ ਸਨ। ਸ੍ਰੀਲੰਕਾ ਵਿਚ ਭਿਆਨਕ ਆਰਥਿਕ ਸੰਕਟ ਨੇ ਦੇਸ਼ ਨੂੰ ਭੁੱਖਮਰੀ, ਬੇਰੁਜ਼ਗਾਰੀ ਅਤੇ ਅਫ਼ਰਾ-ਤਫ਼ਰੀ ਵੱਲ ਧੱਕ ਦਿੱਤਾ ਅਤੇ ਰਾਜਪਕਸੇ ਪਰਿਵਾਰ ਸੱਤਾ ਤੋਂ ਬਾਹਰ ਹੋ ਗਿਆ ਹੈ।
ਬਰਾਜ਼ੀਲ ਵਿਚ ਉਦਾਰਵਾਦੀ ਤੇ ਖੱਬੇ-ਪੱਖੀ ਆਗੂ ਲੂਲਾ ਰਾਸ਼ਟਰਪਤੀ ਦੀ ਚੋਣ ਜਿੱਤਿਆ ਹੈ। ਉਹ ਕੋਈ ਇਨਕਲਾਬੀ ਨਹੀਂ ਪਰ ਉਸ ਦੀ ਜਿੱਤ ਕਾਰਨ ਬੋਲਸੋਨਾਰੋ ਦੀ ਅਗਵਾਈ ਵਿਚ ਕਿਸਾਨਾਂ, ਮਜ਼ਦੂਰਾਂ ਤੇ ਵਣਵਾਸੀਆਂ ਦੇ ਹੱਕਾਂ ’ਤੇ ਹੋ ਰਹੇ ਭਿਆਨਕ ਹਮਲੇ ਨੂੰ ਜ਼ਰੂਰ ਠੱਲ੍ਹ ਪਵੇਗੀ। ਜਿੱਥੇ ਬਰਾਜ਼ੀਲ ਵਿਚ ਜਮਹੂਰੀਅਤ ਦੀ ਜਿੱਤ ਹੋਈ, ਉੱਥੇ ਸਾਲ ਦੇ ਅੰਤ ਵਿਚ ਕਈ ਤਰ੍ਹਾਂ ਦੇ ਹੱਥਕੰਡੇ ਅਪਣਾ ਕੇ ਕੱਟੜਪੰਥੀ ਆਗੂ ਬੈਂਜਾਮਿਨ ਨੇਤਨਯਾਹੂ ਫਿਰ ਇਸਰਾਈਲ ਵਿਚ ਸੱਤਾ ’ਤੇ ਕਾਬਜ਼ ਹੋ ਗਿਆ ਹੈ।
ਭਾਰਤ ਵਿਚ ਇਸ ਸਾਲ ਦੀ ਸਭ ਤੋਂ ਅਹਿਮ ਘਟਨਾ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਸੀ; ਪੰਜਾਬੀਆਂ ਨੇ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੀ ਸੱਤਾ ’ਤੇ 70 ਸਾਲਾਂ ਤੋਂ ਚਲੀ ਆ ਰਹੀ ਇਜਾਰੇਦਾਰੀ ਨੂੰ ਖ਼ਤਮ ਕਰ ਕੇ ਹਕੂਮਤ ਦੀ ਵਾਗਡੋਰ ‘ਆਪ’ ਦੇ ਹੱਥ ਵਿਚ ਦਿੱਤੀ। ਇਸ ਨਾਲ ਪੰਜਾਬੀਆਂ ਨੇ ਰਵਾਇਤੀ ਸਿਆਸੀ ਪਾਰਟੀਆਂ ਨੂੰ ਨਕਾਰਿਆ ਅਤੇ ਉਨ੍ਹਾਂ ਵਿਚ ਫੈਲੇ ਵੱਖ ਵੱਖ ਨਾਂਹ-ਪੱਖੀ ਵਰਤਾਰਿਆਂ ਜਿਵੇਂ ਪਰਿਵਾਰਵਾਦ, ਰਿਸ਼ਵਤਖੋਰੀ, ਸੱਤਾ-ਮੋਹ, ਲੋਕਾਂ ਤੋਂ ਦੂਰੀ, ਦੌਲਤ ਇਕੱਠੀ ਕਰਨ ਦੀ ਦੌੜ ਆਦਿ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ। ਭਗਵੰਤ ਸਿੰਘ ਮਾਨ ਦੇ ਰੂਪ ਵਿਚ ਉਨ੍ਹਾਂ ਨੂੰ ਨੌਜਵਾਨ ਆਗੂ ਮਿਲਿਆ। ‘ਆਪ’ ਨੇ ਸੱਤਾ ਵਿਚ ਆਉਣ ਤੋਂ ਬਾਅਦ ਰਿਸ਼ਵਤਖੋਰੀ ਵਿਰੁੱਧ ਮੁਹਿੰਮ ਵਿੱਢੀ ਹੈ ਪਰ ਬਾਕੀ ਦੇ ਮੁਹਾਜ਼ਾਂ ’ਤੇ ਆਪਣੇ ਕੀਤੇ ਵਾਅਦਿਆਂ ਨੂੰ ਅਜੇ ਪੂਰਾ ਕਰਨਾ ਹੈ। ਨਸ਼ਿਆਂ ਦਾ ਫੈਲਾਅ ਤੇ ਬੇਰੁਜ਼ਗਾਰੀ ਦੀ ਸਮੱਸਿਆ ਪੰਜਾਬ ਦੀ ਹੋਂਦ ਲਈ ਸੰਕਟ ਬਣੇ ਹੋਏ ਹਨ। ਪੰਜਾਬੀਆਂ ਦੇ ਵੱਖ ਵੱਖ ਵਰਗ ਅੱਜ ਵੀ ਸੰਘਰਸ਼ ਕਰ ਰਹੇ ਹਨ, ਪਰਵਾਸ ਸਿਖ਼ਰਾਂ ਛੂਹ ਰਿਹਾ ਹੈ ਅਤੇ ਲੋਕਾਂ ਦੀ ਆਪਣਾ ਭਵਿੱਖ ਪੰਜਾਬ ਵਿਚੋਂ ਹੀ ਤਲਾਸ਼ ਕਰਨ ਦੀ ਰੀਝ ਅਜੇ ਪੂਰੀ ਨਹੀਂ ਹੋਈ।
ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਫਿਰ ਸੱਤਾ ਵਿਚ ਆਈ। 24 ਸਾਲਾਂ (1998) ਤੋਂ ਸੱਤਾ ’ਤੇ ਕਾਬਜ਼ ਭਾਜਪਾ ਲਈ ਇਹ ਜਿੱਤ ਬਹੁਤ ਅਹਿਮ ਸੀ/ਹੈ ਕਿਉਂਕਿ ਇਸ ਤੋਂ ਬਿਨਾਂ ਉਸ ਦੁਆਰਾ 2024 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਜੇਤੂ ਬਿਰਤਾਂਤ ਸਿਰਜਣ ਲਈ ਬਹੁਤ ਮੁਸ਼ਕਲ ਹੋਣੀ ਸੀ। ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਜਿੱਤ ਨੇ ਪਾਰਟੀ ਨੂੰ ਉਸ ਦੀ ਮੌਜੂਦਗੀ/ਹਸਤੀ ਦੀ ਧਰਵਾਸ ਦਿੱਤੀ ਹੈ। ਪਾਰਟੀ ਦੁਆਰਾ ਰਾਹੁਲ ਗਾਂਧੀ ਦੀ ਅਗਵਾਈ ਵਿਚ ਕੀਤੀ ਜਾ ਰਹੀ ‘ਭਾਰਤ ਜੋੜੋ ਯਾਤਰਾ’ ਇਕ ਹੋਰ ਅਹਿਮ ਘਟਨਾ ਹੈ ਕਿਉਂਕਿ ਕਈ ਦਹਾਕਿਆਂ ਬਾਅਦ ਇਹ ਰਵਾਇਤੀ ਚੋਣਾਂ ’ਤੇ ਕੇਂਦਰਿਤ ਸਿਆਸਤ ਤੋਂ ਬਾਹਰ ਵੱਖਰੀ ਤਰ੍ਹਾਂ ਦੀ ਸਿਆਸਤ ਕਰਨ ਦਾ ਯਤਨ ਹੈ। ਦਿੱਲੀ ਨਗਰ ਨਿਗਮ ਵਿਚ ਭਾਜਪਾ ਦੀ ਹਾਰ ਨੇ ਵੀ ਭਾਜਪਾ ਨੂੰ ਝੰਜੋੜਿਆ ਪਰ ਪਾਰਟੀ ਇਸ ਨੂੰ ਆਪਣੇ ਕੌਮੀ ਬਿਰਤਾਂਤ ਵਿਚੋਂ ਮਨਫ਼ੀ ਕਰਨ ਦਾ ਯਤਨ ਕਰ ਰਹੀ ਹੈ। ਇਸ ਸਾਲ ਦਰੋਪਦੀ ਮੁਰਮੂ ਭਾਰਤ ਦੇ ਰਾਸ਼ਟਰਪਤੀ ਬਣੇ; ਉਹ ਆਦਿਵਾਸੀ/ਕਬਾਇਲੀ ਵਰਗ ’ਚੋਂ ਰਾਸ਼ਟਰਪਤੀ ਬਣਨ ਵਾਲੀ ਪਹਿਲੀ ਮਹਿਲਾ ਹੈ।
ਜਿੱਥੇ ‘ਆਪ’ ਦੀ ਜਿੱਤ ਨੇ ਪੰਜਾਬੀਆਂ ਲਈ ਆਸਾਂ-ਉਮੀਦਾਂ ਦਾ ਨਵਾਂ ਸੰਸਾਰ ਬਣਾਉਣ ਦਾ ਵਾਅਦਾ ਕੀਤਾ, ਉੱਥੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਲੋਕਾਂ ਦੇ ਰੋਹ ਨੇ ਸੰਗਰੂਰ ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਸਿਮਰਨਜੀਤ ਸਿੰਘ ਮਾਨ ਨੂੰ ਜਿੱਤ ਦਿਵਾਈ। ਜ਼ੀਰੇ ਵਿਚ ਸ਼ਰਾਬ ਫੈਕਟਰੀ ਵਿਰੁੱਧ ਲੱਗੇ ਮੋਰਚੇ ਨੇ ਇਸ ਅਹਿਮ ਤੱਥ ਦੀ ਨਿਸ਼ਾਨਦੇਹੀ ਕੀਤੀ ਹੈ ਕਿ ਪੰਜਾਬੀਆਂ ਨੇ 2020 ਤੋਂ ਇਕ ਅਜਿਹਾ ਯੁੱਧ ਸ਼ੁਰੂ ਕਰ ਲਿਆ ਹੈ ਜਿਸ ਵਿਚ ਇਕ ਪਾਸੇ ਕਾਰਪੋਰੇਟਾਂ ਦੀ ਅਗਵਾਈ ਵਾਲਾ ਵਿਕਾਸ ਮਾਡਲ ਹੈ ਅਤੇ ਦੂਸਰੇ ਪਾਸੇ ਹੈ ਵਿਕਾਸ ਦੇ ਨਾਲ ਨਾਲ ਵਾਤਾਵਰਨ ਤੇ ਕੁਦਰਤ ਨੂੰ ਬਚਾਉਣ ਦੀ ਲੋਕਾਈ ਦੀ ਚਾਹਤ। 2020-21 ਦੇ ਕਿਸਾਨ ਸੰਘਰਸ਼ ਅਤੇ ਹੁਣ ਜ਼ੀਰੇ ਵਿਚ ਚੱਲ ਰਹੇ ਸੰਘਰਸ਼ ਨੇ ਕਾਰਪੋਰੇਟੀ ਵਿਕਾਸ ਅਤੇ ਲੋਕ-ਹਿੱਤਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਵਿਕਾਸ ਵਿਚਲੇ ਦਵੰਦ ਦੇ ਨਕਸ਼ ਗੂੜ੍ਹੇ ਕੀਤੇ ਹਨ। ਆਖ਼ਰੀ ਮਹੀਨੇ ਵਿਚ ਪੰਜਾਬ ਨੇ ਜਲੰਧਰ ਦੀ ਆਬਾਦੀ ਲਤੀਫ਼ਪੁਰੇ ਵਿਚ ਹੋਇਆ ਪੰਜਾਹ ਪਰਿਵਾਰਾਂ ਦਾ ਦਰਦਨਾਕ ਉਜਾੜਾ ਵੀ ਦੇਖਿਆ। ਇਹ ਲੋਕ 1947 ਦੀ ਵੰਡ ਵੇਲੇ ਸਿਆਲਕੋਟ ਤੋਂ ਉੱਜੜ ਕੇ ਆਏ ਬੇਜ਼ਮੀਨੇ ਲੋਕ ਸਨ/ਹਨ, ਉਹ ਸ਼ਹਿਰੋਂ ਬਾਹਰ ਉਸ ਥਾਂ ’ਤੇ ਵੱਸ ਗਏ ਜਿਸ ਨੂੰ ਮੁਸਲਮਾਨ ਛੱਡ ਕੇ ਗਏ ਸਨ ਪਰ ਇਸ ਦੇਸ਼ ਦੇ ਸੱਤਾਧਾਰੀਆਂ ਨੇ ਨਾ ਉਨ੍ਹਾਂ ਦੇ ਉੱਜੜ ਕੇ ਆਉਣ ਦੀ ਹਕੀਕਤ ਨੂੰ ਗੌਲਿਆ ਅਤੇ ਨਾ ਹੀ ਜ਼ਮੀਨ-ਜਾਇਦਾਦ ਤੋਂ ਵਿਰਵੇ ਲੋਕਾਂ ਦੇ ਆਪਣੇ ਦੇਸ਼ ਦੀ ਥੋੜ੍ਹੀ-ਬਹੁਤ ਥਾਂ ’ਤੇ ਘਰ ਬਣਾਉਣ ਦੇ ਹੱਕ ਨੂੰ ਸਵੀਕਾਰ ਕੀਤਾ।
ਸ਼ੇਖ ਫ਼ਰੀਦ ਜੀ ਦਾ ਕਥਨ ਹੈ, ‘‘ਜਿਮੀ ਪੁਛੈ ਅਸਮਾਨ ਫਰੀਦਾ ਖੇਵਟ ਕਿੰਨਿ ਗਏ।।’’ ਭਾਵ ਜ਼ਮੀਨ ਅਸਮਾਨ ਨੂੰ ਪੁੱਛਦੀ ਹੈ (ਜ਼ਮੀਨ ਤੇ ਅਸਮਾਨ ਗਵਾਹ ਹਨ) ਕਿ ਕਿੰਨੇ ਮਲਾਹ (ਭਾਵ ਆਪਣੇ ਆਪ ਨੂੰ ਵੱਡੇ ਕਹਾਉਣ ਵਾਲੇ) ਇੱਥੋਂ ਚਲੇ ਗਏ ਹਨ? ਇਸ ਦੁਨੀਆ ’ਤੇ ਆਉਣਾ-ਜਾਣਾ ਤੇ ਸਮੇਂ ਦੇ ਗੇੜ ਦਾ ਚੱਲਣਾ ਜ਼ਿੰਦਗੀ ਦਾ ਸੱਚ ਹਨ ਪਰ ਨਾਲ ਨਾਲ ਮਨੁੱਖ ਦਾ ਮਨੁੱਖ ਹੋਣ ਲਈ ਸੰਘਰਸ਼ ਵੀ ਸਦਾ ਚੱਲਦਾ ਰਿਹਾ ਹੈ। ਲੋਕ ਹਰ ਤਰ੍ਹਾਂ ਦੇ ਅਨਿਆਂ ਵਿਰੁੱਧ ਲੜਦੇ ਤੇ ਆਪਣੇ ਮਨੁੱਖ ਹੋਣ ਦੀ ਗਵਾਹੀ ਭਰਦੇ ਆਏ ਹਨ। ਖ਼ੁਦ ਫ਼ਰੀਦ ਜੀ ਦਾ ਕਥਨ ਹੈ, ‘‘ਜਿੰਨਾ੍ ਨੈਣ ਨੀਂਦ੍ਰਾਵਲੇ ਤਿਨਾ੍ ਮਿਲਣੁ ਕੁਆਉ।।’’ ਭਾਵ ਜਿਨ੍ਹਾਂ ਦੇ ਨੈਣ ਨੀਂਦ ਨਾਲ ਘੁੱਟੇ ਹੋਏ ਹੋਣ, ਉਨ੍ਹਾਂ ਦਾ ਪ੍ਰਭੂ ਨਾਲ ਮਿਲਾਪ (ਮਿਲਣੁ) ਕਿਵੇਂ ਹੋ ਸਕਦਾ ਹੈ। ਇਹ ਸਲੋਕ ਅਧਿਆਤਮਕ ਰੰਗਤ ਵਾਲਾ ਹੈ ਪਰ ਜੇ ਇਸ ਨੂੰ ਸਮਾਜਿਕ ਪੱਖ ਤੋਂ ਦੇਖੀਏ ਤਾਂ ਕਹਿ ਸਕਦੇ ਹਾਂ ਕਿ ਜੇ ਲੋਕਾਂ ਨੇ ਆਪਣੇ ਹੱਕਾਂ ਦੀ ਰਾਖੀ ਕਰਨੀ ਹੈ ਤਾਂ ਉਨ੍ਹਾਂ ਨੂੰ ਜਾਗਰੂਕ ਹੋਣਾ ਪੈਣਾ ਹੈ, ਆਪਣੀਆਂ ਅੱਖਾਂ/ਨੈਣ ਖੋਲ੍ਹ ਕੇ ਰੱਖਣੀਆਂ ਪੈਣੀਆਂ ਹਨ। ਲੋਕ-ਸਿਰੜ ਦੇ ਕਾਇਮ ਰਹਿਣ ਵਿਚ ਹੀ ਲੋਕਾਈ ਦਾ ਬਚਾਓ ਹੈ। ਮਨੁੱਖ ਨੇ ਸੰਘਰਸ਼ਾਂ ਵਿਚ ਹੀ ਜਿਊਣਾ ਹੈ, ਅਜਿਹਾ ਜਿਊਣਾ ਹੀ ਮਨੁੱਖ ਦਾ ਹੋਣਾ ਹੁੰਦਾ ਹੈ, ਨਹੀਂ ਤਾਂ ਉਸ ਨੂੰ ਅਣਹੋਇਆਂ ਦੀ ਹੋਣੀ ਭੁਗਤਣੀ ਪੈਂਦੀ ਹੈ। ਸਾਰੇ ਪੰਜਾਬੀਆਂ ਦੀ ਕਾਮਨਾ ਹੈ ਕਿ ਪੰਜਾਬੀਆਂ ਦੀਆਂ ਆਸਾਂ ਨੂੰ ਨਵੇਂ ਵਰ੍ਹੇ ਵਿਚ ਬੂਰ ਪਵੇ ਤੇ ਪੰਜਾਬ ਦੇ ਵਿਹੜੇ ਵਿਚ ਪ੍ਰਾਪਤੀਆਂ ਦੇ ਫੁੱਲ-ਫਲ ਮਹਿਕਣ। ਇਸ ਤਰ੍ਹਾਂ ਹੀ ਸਾਰੀ ਲੋਕਾਈ ਆਪਣੇ ਚੰਗੇ ਭਵਿੱਖ ਦੀ ਉਮੀਦ ਵਿਚ ਪੁਰਾਣੇ ਸਾਲ ਨੂੰ ਅਲਵਿਦਾ ਕਹਿੰਦੇ ਹੋਏ ਨਵੇਂ ਸਾਲ ਦੀ ਤੋਰ ’ਚੋਂ ਆਪਣਾ ਭਵਿੱਖ ਤਲਾਸ਼ ਰਹੀ ਹੈ।
ਹਰ 365/366 ਦਿਨਾਂ ਬਾਅਦ ਨਵਾਂ ਵਰ੍ਹਾ ਚੜ੍ਹਦਾ ਹੈ, ਰੁੱਤਾਂ ਬਦਲਦੀਆਂ ਹਨ, ਇਹ ਸਮੇਂ ਦੇ ਪਹਾੜੇ ਹਨ ਪਰ ਸਮੇਂ ਦੀ ਵਿਸ਼ਾਲ ਕਾਇਆ ਅਤੇ ਵਰ੍ਹਿਆਂ ਤੇ ਰੁੱਤਾਂ ਦੇ ਗੇੜ ਵਿਚ ਜੋ ਧੜਕਦਾ ਹੈ, ਉਹ ਹੈ ਮਨੁੱਖ ਤੇ ਉਸ ਦੀ ਮਨੁੱਖਤਾ। ਪੰਜਾਬੀ ਸ਼ਾਇਰ ਨਜ਼ਮ ਹੁਸੈਨ ਸੱਯਦ ਅਨੁਸਾਰ ‘‘ਰੁੱਤ ਕਰਦੀ ਨਿਤ ਲੇਖਾ/ ਰੁਤ ਪੜ੍ਹਦੀ ਆਪ ਪਹਾੜੇ/... ਰੁੱਤ ਵੇਸ ਪੁਰਾਣੇ ਕਰਦੀ ਢੇਰੀਆਂ/ ਨੰਗੇ ਬੰਦੇ ਕੱਢ ਕੱਢ ਪਾਲ ਖਲਾਰਦੀ (ਖੜ੍ਹੇ ਕਰਦੀ)/ ਨੰਗਿਆਂ ਬੰਦਿਆਂ ਉਪਰੋਂ ਪਾਣੀ ਵਾਰਦੀ/ ਜਾਓ, ਅੱਜ ਜੰਮਿਓਂ/... ਰੰਗ ਤੁਸਾਡਾ, ਰੰਗ ਜਗਤ ਦਾ ਹੋਸੀ/ ਹੱਥ ਤੁਸਾਡੇ/ ਮੁੜਕੇ ਲਿਖਸਨ ਲੇਖ ਬੰਦੇ ਦੇ।’’ ਇਸ ਨਵੇਂ ਵਰ੍ਹੇ ਵਿਚ ਵੀ ਬੰਦਿਆਂ ਦੇ ਕਰਮਾਂ ਅਤੇ ਸੰਘਰਸ਼ਾਂ ਨੇ ਹੀ ਲੋਕਾਈ ਦੇ ਲੇਖ ਲਿਖਣੇ ਹਨ। ਨਵਾਂ ਸਾਲ ਮੁਬਾਰਕ।
ਸਾਂਝ ਬਿਨਾ ਸਭ ਵਾਂਝ, ਮੀਆਂ ਮਰਦਾਨਿਆ ! - ਸਵਰਾਜਬੀਰ
ਹਰ ਮਨੁੱਖ ਨੂੰ ਜ਼ਿੰਦਗੀ ਦੀਆਂ ਲੂੰਹਦੀਆਂ ਰਾਹਾਂ ’ਤੇ ਤੁਰਨਾ ਪੈਂਦਾ ਹੈ। ਲੋਕਾਈ ਦਾ ਵੱਡਾ ਹਿੱਸਾ ਸੱਤਾ ਤੇ ਧਨ ਦੁਆਰਾ ਬਣਾਏ ਗਏ ਅਗਨ-ਸੰਸਾਰ ’ਚੋਂ ਗੁਜ਼ਰਦਾ ਹੈ। ਇਸ ਸਮੇਂ ਦਾ ਸੰਸਾਰ ਕਾਰਪੋਰੇਟੀ ਲੁੱਟ ਦਾ ਸੰਸਾਰ ਹੈ, ਇਹ ਸੱਤਾ ਤੇ ਹਉਮੈ ਦੇ ਸੰਗਮ ’ਚੋਂ ਪੈਦਾ ਹੁੰਦੇ ਗਲ-ਘੁੱਟਵੇਂ ਭੈਅ ਦਾ ਉਹ ਸੰਸਾਰ ਹੈ ਜਿਸ ਵਿਚ ਬੰਦੇ ਨੂੰ ਬਹੁਤਾ ਕਰ ਕੇ ਚੁੱਪ ਰਹਿਣਾ ਪੈਂਦਾ ਹੈ। ਸਮਾਜ ਵਿਚ ਪਸਰੀ ਵਿਆਪਕ ਚੁੱਪ ਇਨ੍ਹਾਂ ਵੇਲਿਆਂ ਦੀ ਪ੍ਰਤੀਕ ਬਣ ਗਈ ਹੈ।
ਇਸ ਚੁੱਪ ਵਿਚ ਬੋਲ ਵੀ ਸੁਣਾਈ ਦਿੰਦੇ ਹਨ : ਲੋਕਾਂ ਦੇ ਅਸਲੀ ਰੋਹ-ਵਿਦਰੋਹ ਅਤੇ ਮਸਨੂਈ ਵਿਰੋਧ ਦੇ ਬੋਲ। ਮਸਨੂਈ ਵਿਰੋਧ ਦੇ ਬੋਲ ਬਹੁਤ ਉੱਚੇ ਤੇ ਘੜੀ-ਘੜਾਈ ਸ਼ਬਦ-ਘਾੜਤ ’ਚੋਂ ਨਿਕਲਦੇ ਹਨ। ਉਨ੍ਹਾਂ ਦੇ ਮੁਕਾਬਲੇ ਲੋਕਾਈ ਦੇ ਵੱਡੇ ਹਿੱਸੇ ਦੇ ਮਨਾਂ ਵਿਚ ਪਲਦਾ ਦਰਦ ਤੇ ਚੁੱਪ ਜ਼ਿਆਦਾ ਰੋਹ ਲੁਕਾਈ ਬੈਠਾ ਹੁੰਦਾ ਹੈ।
ਹੱਕ-ਸੱਚ ਲਈ ਉੱਠਦੀ ਆਵਾਜ਼ ਬੁਲੰਦ ਹੋਣ ਤੋਂ ਪਹਿਲਾਂ ਲੰਮੇ ਸਫ਼ਰ ’ਚੋਂ ਗੁਜ਼ਰਦੀ ਹੈ। ਉਸ ਨੇ ਆਪਣੇ ਪੜਾਅ ਤੈਅ ਕਰਨੇ ਹੁੰਦੇ ਹਨ, ਉਸ ਨੂੰ ਲੋਕ-ਸੁਫ਼ਨਿਆਂ ਤੇ ਲੋਕ-ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਸਾਹਮਣੇ ਉੱਸਰੇ ਸੱਤਾ ਦੇ ਵਰਤਾਰਿਆਂ ਦੀ ਨਿਰਖ-ਪਰਖ ਅਤੇ ਸਭ ਤੋਂ ਜ਼ਿਆਦਾ ਆਪਣੇ ਹੋਣ ਦੀ ਕਲਪਨਾ ਕਰਨੀ ਪੈਂਦੀ ਹੈ ਕਿ ਅਸਲੀਅਤ ਵਿਚ ਉਹ ਹੋ ਵੀ ਸਕਦੀ ਹੈ ਜਾਂ ਨਹੀਂ, ਜੇ ਹੋਵੇਗੀ ਤਾਂ ਕਿਸ ਤਰ੍ਹਾਂ ਦੀ ਹੋਵੇਗੀ। ਸ਼ਾਇਰ ਦਾ ਕਥਨ ਹੈ :
ਕਲਪਨਾ ਕਰੋ
ਕਿ ਆਵਾਜ਼ ਹੋ ਤੁਸੀਂ
ਡਰੀ ਹੋਈ, ਬੋਲਾਂ ਨਾਲ ਲੜੀ ਹੋਈ
ਧੁੰਦਲਾਈਆਂ ਅੱਖਾਂ ’ਚ ਕੰਬਦੇ ਹੰਝੂ ਵਰਗੀ
ਜਿਸ ਵਿਚ ਸਰਘੀ ਮੁਰਝਾ ਗਈ ਹੋਵੇ
ਸੱਤਾ ਜਿਸ ਵਿਚ
ਸੁੰਝ ਦਾ ਫੁੱਲ ਸਜਾ ਗਈ ਹੋਵੇ
ਜਾਂ ਆਵਾਜ਼ ਹੋ ਤੁਸੀਂ
ਬੁਲੰਦ ਆਵਾਜ਼
ਉੱਠਦੀ, ਚੁੱਪ ਦੀਆਂ ਅਗਨ-ਪਹਾੜੀਆਂ ’ਚੋਂ
ਬਲਦੇ ਲਹੂ ’ਚੋਂ, ਧੜਕਦੀਆਂ ਨਾੜੀਆਂ ’ਚੋਂ
ਹੱਕ ਮੰਗਦੇ ਹੱਥਾਂ ’ਚੋਂ
ਜ਼ਿੰਦਗੀ ਲੋਚਦੀਆਂ ਅੱਖਾਂ ’ਚੋਂ
ਸਲਾਮਤੀ ਸੁਖਦੀਆਂ ਰੱਖਾਂ ’ਚੋਂ
ਆਵਾਜ਼ ਹੋ ਤੁਸੀਂ
ਆਵਾਜ਼, ਜੋ ਦੇਵੇ
ਅਲਗੋਜ਼ੇ ਵਜਾਉਂਦੇ ਹੋਠਾਂ ਨੂੰ
ਹੇਕਾਂ ਦੀ ਨਮੀ
ਦੇਵੇ ਗੀਤਾਂ ਨੂੰ ਉਮੰਗ
ਬੋਲਾਂ ਨੂੰ ਰੰਗ
ਜੀਭ ਨੂੰ ਤੇਹ
ਸੰਘ ਨੂੰ ਰੋਹ
ਨ੍ਹੇਰੇ ਨੂੰ ਲੋਅ
ਆਵਾਜ਼ ਹੋ ਤੁਸੀਂ
ਕਲਪਨਾ ਕਰੋ
ਅਜਿਹੀ ਆਵਾਜ਼ ਤਾਂ ਹੀ ਹੋਂਦ ਵਿਚ ਆ ਸਕਦੀ ਹੈ ਜੇ ਲੜਨ ਦੀ ਸੂਝ-ਸਮਝ ਤੇ ਜੇਰਾ, ਦੋਵੇਂ ਹੋਣ। ਅਜਿਹੀ ਆਵਾਜ਼ ਲੋਕਾਂ ਦੀ ਸਾਂਝ ਤੇ ਉਨ੍ਹਾਂ ਨਾਲ ਰਿਸ਼ਤੇ ਬਣਾਉਣ ’ਚੋਂ ਪੈਦਾ ਹੁੰਦੀ ਹੈ, ਸਮੂਹਿਕ ਆਵਾਜ਼ ’ਚੋਂ ਉਗਮਦੀ ਹੈ, ਨਜ਼ਮ ਹੁਸੈਨ ਸੱਯਦ ਦਾ ਕਥਨ ਹੈ, ‘‘ਸਾਂਝ ਬਿਨਾ ਸਭ ਵਾਂਝ, ਮੀਆਂ ਮਰਦਾਨਿਆ, ਸਾਂਝ ਬਿਨਾਂ ਸਭ ਵਾਂਝ।’’ ਸਾਂਝ ਬਿਨਾਂ ਅਸੀਂ ਪ੍ਰੇਮ ਤੇ ਆਸਾਂ ਦੇ ਸੰਸਾਰ ਤੋਂ ਵਾਂਝੇ ਰਹਿ ਜਾਂਦੇ ਹਾਂ, ਇਸ ਤੋਂ ਬਿਨਾਂ ਅਸੀਂ ਉਮੰਗਾਂ, ਭਾਵਨਾਵਾਂ, ਸੰਭਾਵਨਾਵਾਂ, ਪਿਆਰ-ਮੁਹੱਬਤ ਤੇ ਹੱਕ-ਸੱਚ ਦੀ ਦੁਨੀਆ ਵਿਚ ਦਾਖ਼ਲ ਨਹੀਂ ਹੋ ਸਕਦੇ। ਸਾਂਝ ਲੋਕਾਂ ਨੂੰ ਆਪਣੀ ਪੀੜ ਤੇ ਦੁੱਖਾਂ ਨੂੰ ਪ੍ਰਗਟ ਕਰਨ ਦਾ ਹੌਂਸਲਾ ਦਿੰਦੀ ਹੈ। ਲੋਕਾਂ ਨੂੰ ਸੱਤਾ ਤੇ ਉਸ ਦੇ ਵਰਤਾਰਿਆਂ ਵਿਰੁੱਧ ਬੋਲਣਾ ਪੈਂਦਾ ਹੈ ਕਿਉਂਕਿ ਜੇ ਉਹ ਨਾ ਬੋਲਣ ਤਾਂ ਉਨ੍ਹਾਂ ਨਾਲ ਉਹੀ ਹੁੰਦਾ ਹੈ ਜੋ ਵੀਹਵੀਂ ਸਦੀ ਦੀ ਕਾਲੇ ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀ ਅਮਰੀਕੀ ਲੇਖਿਕਾ ਜ਼ੋਰਾ ਨੀਲ ਕਰਸਟਨ ਨੇ ਕਿਹਾ ਸੀ, ‘‘ਜੇ ਤੁਸੀਂ ਆਪਣੇ ਦੁੱਖ ਬਾਰੇ ਚੁੱਪ ਰਹਿੰਦੇ ਹੋ ਤਾਂ ਉਹ ਤੁਹਾਨੂੰ ਮਾਰ ਦੇਣਗੇ ਤੇ ਆਖਣਗੇ ਕਿ ਤੁਹਾਨੂੰ ਮਜ਼ਾ ਆਇਆ (If you are silent about your pain, they will kill you and say you enjoyed it)।’’
ਸਾਂਝ ਦੀ ਲੋੜ ਉਦੋਂ ਸਭ ਤੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਜਦੋਂ ਲੋਕ-ਹੱਕਾਂ ਨੂੰ ਲਤਾੜਿਆ ਜਾਂਦਾ ਹੈ, ਆਵਾਜ਼ ਨੂੰ ਚੁੱਪ ਕਰਾ ਕੇ ਭੈਅ ਦੇ ਮਹਿਲ ਉਸਾਰੇ ਜਾਂਦੇ ਨੇ, ਸਵਾਲ ਕਰਦੀ ਜੀਭ ਨੂੰ ਕੱਟਣ-ਟੁੱਕਣ ਦਾ ਯਤਨ ਕੀਤਾ ਜਾਂਦਾ ਹੈ। ਅਸੀਂ ਅਜਿਹੇ ਵੇਲਿਆਂ ’ਚੋਂ ਹੀ ਗੁਜ਼ਰ ਰਹੇ ਹਾਂ। ਇਸੇ ਲਈ ਇਹ ਸਮਾਂ ਸਾਂਝ ਦੇ ਵਿਆਪਕ ਮੰਚ ਉਸਾਰਨ ਦਾ ਹੈ ਤਾਂ ਕਿ ਹੋਰ ‘ਲਤੀਫ਼ਪੁਰੇ’ ਨਾ ਵਾਪਰਨ, ਇਹ ਸਾਂਝ ਦੇ ਨਵੇਂ ‘ਸਿੰਘੂ’ ਤੇ ‘ਟਿਕਰੀ’ ਸਿਰਜਣ ਦਾ ਵੇਲਾ ਹੈ, ਲੋਕ-ਹੱਕ ਲਈ ਕੱਚੀਆਂ ਗੜ੍ਹੀਆਂ ਉਸਾਰਨ ਦਾ ਸਮਾਂ ਹੈ।
ਇਸ ਮਹੀਨੇ ਅਸੀਂ ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਜੁਝਾਰ ਸਿੰਘ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਹੋਰ ਸਾਥੀਆਂ ਦੀ ਚਮਕੌਰ ਦੀ ਕੱਚੀ ਗੜ੍ਹੀ ਵਿਚ ਹੋਈਆਂ ਸ਼ਹੀਦੀਆਂ ਨੂੰ ਯਾਦ ਕਰਦੇ ਹਾਂ। ਸਾਹਿਬਜ਼ਾਦਾ ਜ਼ੋਰਾਵਰ ਸਿੰਘ ਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਨੀਂਹਾਂ ’ਚ ਚਿਣੇ ਜਾਣ ਦੀਆਂ ਸ਼ਹੀਦੀਆਂ ਸਾਡੇ ਚੇਤਿਆਂ ਵਿਚ ਉੱਭਰਦੀਆਂ ਹਨ, ਠੰਢੇ ਕਹਿਰਵਾਨ ਬੁਰਜ ਵਿਚ ਮਾਤਾ ਗੁਜਰੀ ਦੀ ਸ਼ਹੀਦੀ ਯਾਦ ਆਉਂਦੀ ਹੈ। ਆਨੰਦਪੁਰ ਸਾਹਿਬ, ਮਲਕਪੁਰ ਰੰਘੜਾਂ ਤੇ ਹੋਰ ਲੜਾਈਆਂ ਵਿਚ ਸ਼ਹੀਦ ਹੋਏ ਸਿੱਖਾਂ ਦੀਆਂ ਸ਼ਹੀਦੀਆਂ। ਤਿੰਨ ਸਦੀਆਂ ਤੋਂ ਜ਼ਿਆਦਾ ਸਮਾਂ ਪਹਿਲਾਂ ਭੋਗੇ ਡੂੰਘੇ ਦੁੱਖ ਦਾ ਸੰਸਾਰ ਸਾਡੇ ਸਾਹਮਣੇ ਉੱਭਰਦਾ ਹੈ। ਮਾਛੀਵਾੜੇ ਦੇ ਜੰਗਲਾਂ ’ਚੋਂ ਉੱਠਦੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ‘‘ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।। ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ।। ਸੂਲ ਸੁਰਾਹੀ ਖੰਜਰੁ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ।। ਯਾਰੜੇ ਦਾ ਸਾਨੂੰ ਸਥਰੁ ਚੰਗਾ ਭੱਠ ਖੇੜਿਆਂ ਦਾ ਰਹਿਣਾ।।’’ ਸੁਣਾਈ ਦਿੰਦਾ ਹੈ।
ਇਹ ਸ਼ਬਦ ਸਦੀਆਂ ਤੋਂ ਪੰਜਾਬੀਆਂ ਦੇ ਮਨਾਂ ਵਿਚ ਗੂੰਜਦਾ ਆਇਆ ਹੈ, ਸਾਨੂੰ ਯਾਰੜੇ ਦਾ ਸੱਥਰ ਚੰਗਾ ਹੈ, ਅਸੀਂ ਖੇੜਿਆਂ ਨਾਲ ਰਹਿਣ ਤੋਂ ਇਨਕਾਰੀ ਹਾਂ। ਪੰਜਾਬੀਆਂ ਨੇ ਯਾਰਾਂ, ਦੋਸਤਾਂ, ਸਾਥੀਆਂ ਤੇ ਪਿਆਰੇ ਮਿੱਤਰਾਂ ਨੂੰ ਨਾਲ ਲੈ ਕੇ ਸੱਥਰਾਂ ’ਤੇ ਰਹਿਣ ਨੂੰ ਪਹਿਲ ਦਿੱਤੀ ਹੈ। ਇਹ ਹੈ ਪੰਜਾਬ।
ਦਸੰਬਰ ਮਹੀਨੇ ਵਿਚ ਬਹੁਤ ਸ਼ਹਾਦਤਾਂ ਹੋਈਆਂ ਹਨ : ਗ਼ਦਰੀ ਬਿਸ਼ਨ ਸਿੰਘ ਨੂੰ ਕੀਨੀਆ ਵਿਚ ਫਾਂਸੀ (1915), ਇਨਕਲਾਬੀ ਮੱਖਣ ਲਾਲ ਦੀ ਹਜ਼ਾਰੀ ਬਾਗ਼ ਵਿਚ ਸ਼ਹੀਦੀ (1919), ਬੱਬਰ ਅਕਾਲੀ ਅਮਰ ਸਿੰਘ ਪੰਡੋਰੀ ਨਿੱਝਰਾਂ, ਵਰਿਆਮ ਸਿੰਘ ਕੋਟ ਫਤੂਹੀ ਅਤੇ ਸਾਧਾ ਸਿੰਘ ਦੀ ਸ਼ਹਾਦਤ (1924), ਬੰਗਾਲ ਦੇ ਇਨਕਲਾਬੀ ਜੋਤਿਸ਼ ਚੰਦਰ ਦੀ ਸ਼ਹੀਦੀ (1924), ਨੌਜਵਾਨ ਭਾਰਤ ਸਭਾ ਦੇ ਆਗੂ ਰਾਜਿੰਦਰ ਲਹਿਰੀ ਨੂੰ ਗੋਂਡਾ ਜੇਲ੍ਹ ਵਿਚ ਫਾਂਸੀ (1927), ਕਾਕੋਰੀ ਕੇਸ ਵਿਚ ਅਸ਼ਫਾਕ ਉੱਲਾ, ਰਾਮ ਪ੍ਰਸਾਦ ਬਿਲਮਿਲ ਤੇ ਰੋਸ਼ਨ ਸਿੰਘ ਨੂੰ ਫਾਂਸੀ (1927) ਅਤੇ ਕਈ ਹੋਰ ਸ਼ਹੀਦੀਆਂ, ਜਿਨ੍ਹਾਂ ਵਿਚੋਂ ਕੁਝ ਦਾ ਸਾਨੂੰ ਪਤਾ ਹੈ ਅਤੇ ਬਹੁਤੀਆਂ ਦਾ ਨਹੀਂ।
ਇਤਿਹਾਸ ਵਿਚ ਹਰ ਦਿਨ ਸੰਘਰਸ਼ ਦਾ ਦਿਨ ਹੁੰਦਾ ਹੈ, ਫਿਰ ਵੀ ਕੁਝ ਯਾਦਾਂ ਕੁਝ ਖ਼ਾਸ ਦਿਨਾਂ ਤੇ ਮਹੀਨਿਆਂ ਨਾਲ ਜੁੜ ਜਾਂਦੀਆਂ ਹਨ। 1914 ਵਿਚ ਪੰਜਾਬ ਦੇ ਲੋਕਾਂ ਨੇ ਗ਼ਦਰ ਪਾਰਟੀ ਦੇ ਰੂਪ ਵਿਚ ਅੰਗਰੇਜ਼ਾਂ ਦੀ ਗ਼ੁਲਾਮੀ ਵਿਰੁੱਧ ਜੰਗ ਕਰਨ ਦਾ ਵੱਡਾ ਅਹਿਦ ਕੀਤਾ। 1914 ਵਿਚ ਇਸੇ ਮਹੀਨੇ (ਦਸੰਬਰ) ਵਿਚ ਵਿਸ਼ਨੂੰ ਗਣੇਸ਼ ਪਿੰਗਲੇ, ਭਾਈ ਨਿਧਾਨ ਸਿੰਘ ਚੁੱਘਾ, ਭਾਈ ਕਰਤਾਰ ਸਿੰਘ ਸਰਾਭਾ ਤੇ ਪਰਮਾਨੰਦ ਝਾਂਸੀ ਨੇ ਫ਼ੈਸਲਾ ਕੀਤਾ ਸੀ ਕਿ ਬੰਗਾਲ ਤੋਂ ਰਾਸ ਬਿਹਾਰੀ ਬੋਸ ਨੂੰ ਪੰਜਾਬ ਸੱਦਿਆ ਜਾਵੇ। ਇਹ ਇਨਕਲਾਬੀ ਸਾਂਝ ਦੇ ਸੰਸਾਰ ਨੂੰ ਵਿਆਪਕ ਬਣਾਉਣ ਦਾ ਫ਼ੈਸਲਾ ਸੀ।
ਤਿੰਨ ਸਾਲ ਪਹਿਲਾਂ ਇਸੇ ਮਹੀਨੇ ਵਿਚ ਦਿੱਲੀ ਦੀਆਂ ਔਰਤਾਂ ਨੇ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਸ਼ਾਹੀਨ ਬਾਗ਼ ਵਿਚ ਮੋਰਚਾ ਲਗਾਇਆ ਸੀ। ਇਸ ਮੋਰਚੇ ਵਿਚ ਪੰਜਾਬੀਆਂ ਦੀ ਪਾਈ ਹਿੱਸੇਦਾਰੀ ਨੇ ਜਮਹੂਰੀ ਸਾਂਝ ਨੂੰ ਮਜ਼ਬੂਤ ਕੀਤਾ ਸੀ। 2020 ਵਿਚ ਇਹ ਮਹੀਨਾ ਪੰਜਾਬ, ਹਰਿਆਣੇ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਨੇ ਕੇਂਦਰ ਸਰਕਾਰ ਦੁਆਰਾ ਬਣਾਏ ਖੇਤੀ ਕਾਨੂੰਨਾਂ ਵਿਰੁੱਧ ਸਿੰਘੂ, ਟਿੱਕਰੀ ਤੇ ਗਾਜ਼ੀਪੁਰ ਦੀਆਂ ਹੱਡ-ਚੀਰਵੀਆਂ ਰਾਤਾਂ ਵਿਚ ਖੁੱਲ੍ਹੇ ਅਸਮਾਨ ਹੇਠ ਬਿਤਾਇਆ ਸੀ। ਨਵੰਬਰ 2021 ਵਿਚ ਕੇਂਦਰ ਸਰਕਾਰ ਦੁਆਰਾ ਕਾਨੂੰਨ ਵਾਪਸ ਲੈਣ ਤੋਂ ਬਾਅਦ 11 ਦਸੰਬਰ 2021 ਨੂੰ ਕਿਸਾਨਾਂ ਨੇ ਫਤਿਹ ਦਿਵਸ ਮਨਾਉਂਦਿਆਂ ਵਾਪਸ ਆਪਣੇ ਘਰਾਂ ਨੂੰ ਚਾਲੇ ਪਾਏ ਸਨ।
ਇਸ ਸਾਲ ਇਸ ਮਹੀਨੇ ਵਿਚ ਹੀ ਅਸੀਂ ਲਤੀਫ਼ਪੁਰਾ ਉੱਜੜਦਾ ਵੇਖਿਆ ਹੈ, ਨਾਲ ਹੀ ਜ਼ੀਰੇ ਵਿਚ ਲੱਗੇ ਮੋਰਚੇ ’ਤੇ ਹੋ ਰਿਹਾ ਸੰਘਰਸ਼ ਭਖਿਆ ਹੈ। ਉੱਜੜਨ ਵਾਲਿਆਂ ਤੇ ਸੰਘਰਸ਼ ਕਰਨ ਵਾਲਿਆਂ ਵਿਚ ਸਾਂਝ ਪੈਦਾ ਹੋਈ ਹੈ। ਪੰਜਾਬ ਦੀ ਲੋਕ-ਆਵਾਜ਼ ਹਮੇਸ਼ਾਂ ਸਾਂਝ ਦੇ ਸੰਸਾਰ ’ਚੋਂ ਉੱਠੀ ਹੈ। ਇਕ ਹੋਰ ਪੱਧਰ ’ਤੇ ਪੰਜਾਬ ਪਿਛਲੇ ਤਿੰਨ ਸਾਲਾਂ (2020, 2021, 2022) ਤੋਂ ਮਨੁੱਖਤਾ ਨੂੰ ਦਰਪੇਸ਼ ਸਭ ਤੋਂ ਡੂੰਘੇ ਸੰਕਟ ਕਿ ਕੀ ਕਾਰਪੋਰੇਟੀ ਵਿਕਾਸ ਮਾਡਲ ਕਾਰਨ ਮਨੁੱਖਤਾ ਦਾ ਕੁਦਰਤ, ਖੇਤੀ, ਖੇਤਾਂ ਆਦਿ ਨਾਲ ਆਦਿ-ਜੁਗਾਦ ਦਾ ਬਣਿਆ ਰਿਸ਼ਤਾ ਖ਼ਤਮ ਹੋ ਜਾਵੇਗਾ, ਦਾ ਸਾਹਮਣਾ ਕਰ ਰਿਹਾ ਹੈ। 2020 ਵਿਚ ਇਹ ਸਵਾਲ ਕੇਂਦਰ ਸਰਕਾਰ ਨੇ ਖੇਤੀ ਖੇਤਰ ਵਿਚ ਕਾਰਪੋਰੇਟੀ ਦਖ਼ਲ ਵਧਾਉਣ ਵਾਲੇ ਕਾਨੂੰਨ ਬਣਾ ਕੇ ਖੜ੍ਹਾ ਕੀਤਾ ਸੀ ਪਰ ਜ਼ੀਰੇ ਦੇ ਸੰਘਰਸ਼ ਵਿਚ ਇਹ ਸਵਾਲ ਅਨੋਖੇ ਰੂਪ ਵਿਚ ਉੱਭਰਿਆ ਹੈ, ਇਸ ਦਾ ਹਕੀਕੀ ਰੂਪ ਤੁਹਾਨੂੰ ਅੱਖਾਂ ਸਾਹਮਣੇ ਦਿਖਾਈ ਦਿੰਦਾ ਹੈ। ਕਾਨੂੰਨ, ਸੱਤਾ ਅਤੇ ਵਿਕਾਸ ਬਾਰੇ ਬਣਾਏ ਸਾਡੇ ਮਾਪਦੰਡ ਸ਼ਰਾਬ ਦੀ ਫੈਕਟਰੀ ਦੇ ਹੱਕ ਵਿਚ ਖਲੋਤੇ ਹਨ ਤੇ ਦੂਸਰੇ ਪਾਸੇ ਹਨ, ਪੰਜਾਬ ਦੇ ਲੋਕ ਅਤੇ ਉਨ੍ਹਾਂ ਦੀ ਸਾਂਝ।
ਸੱਤਾ ਨਾ ਤਾਂ ਲੋਕਾਂ ਵਿਚ ਸਾਂਝ ਪੈਦਾ ਹੋਣ ਦੇਣਾ ਚਾਹੁੰਦੀ ਹੈ ਅਤੇ ਨਾ ਹੀ ਉਸ ਸਾਂਝ ’ਚੋਂ ਉੱਠਦੀ ਆਵਾਜ਼ ਸੁਣਨਾ ਚਾਹੁੰਦੀ ਹੈ। ਕੁਝ ਸਮੇਂ ਲਈ ਲੋਕਾਂ ਨੂੰ ‘ਗ਼ਲਤ’ ਦਰਸਾਇਆ ਜਾ ਸਕਦਾ ਹੈ, ਜਿਵੇਂ ਲਤੀਫ਼ਪੁਰੇ ਤੇ ਜ਼ੀਰੇ ਵਿਚ ਸੰਘਰਸ਼ ਕਰਦੇ ਲੋਕਾਂ ਬਾਰੇ ਦੱਸਿਆ ਜਾ ਰਿਹਾ ਹੈ ਪਰ ਇਸ ਨਾਲ ਲੋਕ-ਸੰਘਰਸ਼ਾਂ ਦੇ ਸੱਚ ਨੂੰ ਝੁਠਲਾਇਆ ਨਹੀਂ ਜਾ ਸਕਦਾ। ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਨਾਨਕ ਗਲੀ ਕੂੜੀਈ ਕੂੜੋ ਪਲੈ ਪਾਇ।।’’ ਭਾਵ ਝੂਠੀਆਂ ਗੱਲਾਂ ਤੋਂ ਕੇਵਲ ਝੂਠ ਹੀ ਪ੍ਰਾਪਤ ਹੁੰਦਾ ਹੈ। ਪੰਜਾਬ ਦੇ ਲੋਕ ਕੂੜ ਵਿਰੁੱਧ ਲੜਾਈਆਂ ਲੜਦੇ ਆਏ ਹਨ। ਜਬਰ ਵਿਰੁੱਧ ਲੜਨਾ ਉਨ੍ਹਾਂ ਨੂੰ ਵਿਰਸੇ ਵਿਚ ਮਿਲਿਆ ਹੈ, ਸੰਘਰਸ਼ ਉਨ੍ਹਾਂ ਦੀ ਰੂਹ ਦਾ ਖਮੀਰ ਹੈ, ਇਹ ਉਨ੍ਹਾਂ ਨੂੰ ਰੂਹਾਨੀ ਤੇ ਮਾਨਸਿਕ ਪੱਧਰ ’ਤੇ ਜਿਊਂਦੇ ਰੱਖਦਾ ਹੈ, ਉਨ੍ਹਾਂ ਨੂੰ ਸੱਚ ਦੀ ਰਾਹ ’ਤੇ ਚੱਲਣ ਦੀ ਸੇਧ ਦਿੰਦਾ ਹੈ।
ਨੇਕੀ, ਸੱਚ ਤੇ ਸੱਚੇ ਅਮਲ ਖ਼ਰੀਦੇ ਨਹੀਂ ਜਾ ਸਕਦੇ। ਇਹ ਬੰਦੇ ਨੇ ਆਪ ਕਮਾਉਣੇ ਹੁੰਦੇ ਹਨ। ਸੱਚ ਤੇ ਸੱਚੇ ਅਮਲ ਦੁਨੀਆ ਦੀ ਸਾਧਨ-ਵਿਹੂਣੀ ਲੋਕਾਈ ਨਾਲ ਖਲੋਣ ਅਤੇ ਉਸ ਦੇ ਸੰਘਰਸ਼ਾਂ ਵਿਚ ਸ਼ਾਮਲ ਹੋਣ ਵਿਚ ਪਏ ਹਨ। ਗੁਰੂ-ਵਾਕ ਹੈ, ‘‘ਮੋਲਿੁ ਅਮੋੁਲੁ ਨ ਪਾਈਐ ਵਣਜਿ ਨ ਲੀਜੈ ਹਾਟ।’’ ਭਾਵ ਅਮੋਲਕ ਨੇਕੀਆਂ ਕੋਈ ਵੀ ਮੁੱਲ ਦੇਣ ਨਾਲ ਪ੍ਰਾਪਤ ਨਹੀਂ ਹੁੰਦੀਆਂ, ਨਾ ਹੀ ਉਹ ਦੁਕਾਨ ਤੋਂ ਖ਼ਰੀਦੀਆਂ ਜਾ ਸਕਦੀਆਂ ਹਨ।
ਪੰਜਾਬ ਦੇ ਲੋਕਾਂ ਨੂੰ ਸੰਘਰਸ਼ ਕਰ ਰਹੇ ਲੋਕਾਂ ਦਾ ਸਾਥ ਦੇਣ ਦੀ ਜ਼ਰੂਰਤ ਹੈ ਜਿਵੇਂ ਉਨ੍ਹਾਂ ਨੇ 2020-21 ਦੇ ਕਿਸਾਨ ਅੰਦੋਲਨ ਦੌਰਾਨ ਦਿੱਤਾ ਸੀ। ਸਾਂਝੀਵਾਲਤਾ ਅਤੇ ਨਿਰਭਉ ਤੇ ਨਿਰਵੈਰ ਹੋਣ ਦਾ ਜਲੌਅ ਹੀ ਪੰਜਾਬ ਦਾ ਮਾਣ-ਸ੍ਵੈਮਾਣ ਕਾਇਮ ਰੱਖ ਸਕਦਾ ਹੈ। ਪੰਜਾਬੀਆਂ ਨੇ ਹਮੇਸ਼ਾਂ ਸਾਂਝ/ਸਾਂਝੀਵਾਲਤਾ ਤੇ ਅਨਿਆਂ ਵਿਰੁੱਧ ਲੜਨ ਦੇ ਅਸੂਲਾਂ ’ਤੇ ਪਹਿਰਾ ਦਿੱਤਾ ਹੈ, ਵਿਰਸੇ ਵਿਚ ਮਿਲੀ ਨਾਬਰੀ ਦੀ ਸੋਚ ਨੂੰ ਅਮਲ ਵਿਚ ਢਾਲਿਆ ਹੈ। ਔਖੇ ਵੇਲਿਆਂ ਵਿਚ ਇਹ ਅਮਲ ਹੀ ਉਨ੍ਹਾਂ ਦੀ ਢਾਲ ਬਣੇ ਹਨ ਅਤੇ ਬਣਦੇ ਰਹਿਣਗੇ। ਹਾਲਾਤ ਦੇ ਥਪੇੜੇ ਖਾਣ, ਦੁੱਖ-ਦੁਸ਼ਵਾਰੀਆਂ ਝੱਲਣ ਅਤੇ ਅਨੇਕ ਸੀਮਾਵਾਂ ਦੇ ਬਾਵਜੂਦ ਪੰਜਾਬੀ ਅਜਿਹਾ ਕੁਝ ਕਰਦੇ ਹਨ ਜਿਸ ਕਾਰਨ ਪੰਜਾਬ ਤੇ ਪੰਜਾਬੀਆਂ ਦਾ ਸਿਰ ਉੱਚਾ ਰਹਿੰਦਾ ਹੈ ਅਤੇ ਅਸੀਂ ਇਹ ਕਹਿਣ ਜੋਗੇ ਹੁੰਦੇ ਰਹੇ ਹਾਂ, ‘‘ਇਹ ਹੈ ਸਾਡਾ ਪੰਜਾਬ।’’ ਜਬਰ, ਡਰ ਤੇ ਭੈਅ ਦੇ ਉਸਾਰ ਉੱਸਰਦੇ ਰਹੇ ਹਨ ਅਤੇ ਪੰਜਾਬ ਦੇ ਲੋਕ, ਆਪਣੀ ਸਾਂਝ ਦੀ ਤਾਕਤ ਸਦਕਾ ਬਾਬਾ ਬੁੱਲ੍ਹੇ ਸ਼ਾਹ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕਰਦੇ ਹੋਏ ਸੱਚ ਦਾ ਲੜ ਫੜਦੇ ਰਹੇ ਹਨ, ‘‘ਸੱਚ ਆਖ ਮਨਾ ਕਿਉਂ ਡਰਨਾ ਏ/ ਇਸ ਸੱਚ ਪਿੱਛੇ ਤੂੰ ਤਰਨਾ ਏ/ ਸੱਚ ਸਦਾ ਆਬਾਦੀ ਕਰਨਾ ਏਂ/ ਸੱਚ ਵਸਤ ਅਚੰਭਾ ਆਏ।’’ ਪੰਜਾਬੀਆਂ ਦੀ ਸੱਚ ਵਾਸਤੇ ਲੜਨ ਦੀ ਸਿੱਕ ਨੇ ਪੰਜਾਬ ਨੂੰ ਆਬਾਦ ਰੱਖਣਾ ਹੈ।
(ਧੰਨਵਾਦ : ਅਮੋਲਕ ਸਿੰਘ)
ਮੈਂ ਪੁਲੀਸ ਦੀ ਨੌਕਰੀ ਦੇ ਸਿਲਸਿਲੇ ਵਿਚ 1988 ਵਿਚ ਮੇਘਾਲਿਆ ਦੀ ਰਾਜਧਾਨੀ ਸ਼ਿਲੌਂਗ ਪਹੁੰਚਿਆ। ਸ਼ਿਲੌਂਗ ਵਿਚ ਇਕ ਗੁਰਦੁਆਰਾ ਰਾਜ ਭਵਨ ਦੇ ਨਜ਼ਦੀਕ ਹੈ, ਮੈਂ ਹਰੇਕ ਗੁਰਪੁਰਬ ਵਾਲੇ ਦਿਨ ਉੱਥੇ ਜਾਂਦਾ। ਫਿਰ ਪਤਾ ਲੱਗਾ ਕਿ ਸ਼ਿਲੌਂਗ ਵਿਚ ਹੋਰ ਗੁਰਦੁਆਰੇ ਵੀ ਹਨ। ਇਕ ਗੁਰਦੁਆਰਾ ਸ਼ਿਲੌਂਗ ਦੇ ਵਪਾਰਕ ਕੇਂਦਰ ‘ਬੜਾ ਬਾਜ਼ਾਰ (ਵੱਡਾ ਬਾਜ਼ਾਰ)’ ਦੇ ਨਜ਼ਦੀਕ ਉਸ ਬਸਤੀ ਵਿਚ ਹੈ ਜਿਸ ਨੂੰ ਪੰਜਾਬੀ ਲੇਨ ਕਿਹਾ ਜਾਂਦਾ ਹੈ। ਲਗਭਗ 3 ਏਕੜ ਦੀ ਇਸ ਬਸਤੀ ਵਿਚ 300 ਤੋਂ ਵੱਧ ਪੰਜਾਬੀ ਦਲਿਤ ਪਰਿਵਾਰ ਵੱਸਦੇ ਹਨ ਜਿਨ੍ਹਾਂ ਨੂੰ 1920-30ਵਿਆਂ ਵਿਚ ਸਾਫ਼ ਸਫ਼ਾਈ ਦੇ ਕੰਮ ਜਿਨ੍ਹਾਂ ਵਿਚ ਸੁੱਕੇ ਪਖਾਨਿਆਂ ਦੀ ਵੀ ਸਫ਼ਾਈ ਸ਼ਾਮਿਲ ਸੀ, ਕਰਨ ਲਈ ਇੱਥੇ ਲਿਆ ਕੇ ਵਸਾਇਆ ਗਿਆ ਸੀ। ਇਸ ਬਸਤੀ ਨੂੰ ਸਵੀਪਰਜ਼ (ਸਫ਼ਾਈ ਕਰਨ ਵਾਲਿਆਂ ਦੀ) ਕਲੋਨੀ ਵੀ ਕਿਹਾ ਜਾਂਦਾ ਸੀ। ਕਈ ਬਜ਼ੁਰਗਾਂ ਨੇ ਇਹ ਵੀ ਦੱਸਿਆ ਕਿ ਕੁਝ ਪਰਿਵਾਰ ਤਾਂ ਇੱਥੇ 1895 ਵਿਚ ਹੀ ਆ ਵੱਸੇ ਸਨ।
2007-08 ਵਿਚ ਉੱਘੇ ਇਤਿਹਾਸਕਾਰ ਹਿਮਾਦਰੀ ਬੈਨਰਜੀ ਸ਼ਿਲੌਂਗ ਆਏ। ਹਿਮਾਦਰੀ ਬੈਨਰਜੀ ਨੇ ਉਨ੍ਹੀਵੀਂ ਸਦੀ ਦੇ ਪੰਜਾਬ ’ਤੇ ਖੋਜ ਕਰਨ ਤੋਂ ਬਾਅਦ ਪੰਜਾਬ ਤੋਂ ਬਾਹਰ ਰਹਿੰਦੇ ਸਿੱਖਾਂ ਜਿਨ੍ਹਾਂ ਵਿਚ ਪੱਛਮੀ ਬੰਗਾਲ, ਬਿਹਾਰ, ਅਸਾਮ, ਉੜੀਸਾ ਆਦਿ ਦੇ ਸਿੱਖ ਸ਼ਾਮਿਲ ਹਨ, ’ਤੇ ਖੋਜ ਕਰ ਕੇ ਉਨ੍ਹਾਂ ਦਾ ਸਮਾਜਿਕ ਇਤਿਹਾਸ ਕਲਮਬੰਦ ਕੀਤਾ ਹੈ। ਇਸ ਖੇਤਰ ਵਿਚ ਉਨ੍ਹਾਂ ਦੀ ਕਿਤਾਬ ‘ਦਿ ਅਦਰ ਸਿੱਖਸ (The Other Sikhs)’ ਪ੍ਰਮਾਣਿਕ ਇਤਿਹਾਸਕ ਦਸਤਾਵੇਜ਼ ਹੈ। ਉਨ੍ਹਾਂ ਦੇ ਕਹਿਣ ’ਤੇ ਮੈਂ ਪੰਜਾਬੀ ਲੇਨ ਵਿਚ ਰਹਿੰਦੇ ਵਾਸੀਆਂ ਨੂੰ ਪੁਲੀਸ ਗੈਸਟ ਹਾਊਸ ਵਿਚ ਬੁਲਾਇਆ। ਉਨ੍ਹਾਂ ਦਿਨਾਂ ਵਿਚ ਖਾਸੀ ਕਬੀਲੇ (ਜੋ ਪੂਰਬੀ ਮੇਘਾਲਿਆ ਦਾ ਮੁੱਖ ਕਬੀਲਾ ਹੈ) ਦੀਆਂ ਕੁਝ ਜਥੇਬੰਦੀਆਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਹੋਈ ਸੀ ਕਿ ਇਹ ਦਲਿਤ ਗ਼ੈਰ-ਕਾਨੂੰਨੀ ਤਰੀਕੇ ਨਾਲ ਇੱਥੇ ਵੱਸੇ ਹਨ, ਇਨ੍ਹਾਂ ਨੂੰ ਇੱਥੋਂ ਕੱਢ ਦਿੱਤਾ ਜਾਵੇ। ਇਸ ਮੁਹਿੰਮ ਨੂੰ ਵੱਡੇ ਕਾਰੋਬਾਰੀਆਂ ਤੇ ਸਰਕਾਰ ਵਿਚ ਬੈਠੇ ਕੁਝ ਤੱਤਾਂ ਦੀ ਹਮਾਇਤ ਹਾਸਿਲ ਸੀ। ਸਾਰਿਆਂ ਨੇ ਆਪਣੇ ਹਾਲ ਇਸ ਸੰਦਰਭ ਦੇ ਮੱਦੇਨਜ਼ਰ ਸੁਣਾਏ। ਤਿੰਨ-ਚਾਰ ਬੁਲਾਰਿਆਂ ਦੀਆਂ ਗੱਲਾਂ ਨੇ ਲੋਕਾਂ ਨੂੰ ਰੁਆ ਦਿੱਤਾ। ਉਨ੍ਹਾਂ ਦੇ ਕਹੇ ਦਾ ਸਾਰ ਇਹ ਸੀ- ‘‘ਇਨ੍ਹਾਂ ਲੋਕਾਂ (ਭਾਵ ਹਾਕਮਾਂ) ਨੇ ਸਾਨੂੰ ਉਨ੍ਹਾਂ ਸਮਿਆਂ ਵਿਚ ਇੱਥੇ ਬੁਲਾਇਆ ਜਦੋਂ ਸਾਡੀ ਜ਼ਰੂਰਤ ਸੀ। ਕਈ ਦਹਾਕੇ, ਹਰ ਰੋਜ਼, ਅਸੀਂ ਉਨ੍ਹਾਂ ਦਾ ਮਲ-ਮੂਤਰ ਸਿਰਾਂ ’ਤੇ ਢੋਇਆ ਪਰ ਹੁਣ ਹਾਲਾਤ ਬਦਲ ਗਏ ਨੇ, ਹੁਣ ਸਾਡੀ ਜ਼ਰੂਰਤ ਨਹੀਂ, ਹੁਣ ਸਾਨੂੰ ਇੱਥੋਂ ਨਿਕਲਣ ਲਈ ਕਿਹਾ ਜਾ ਰਿਹਾ ਹੈ, ਅਸੀਂ 80-90 ਸਾਲਾਂ ਤੋਂ ਇੱਥੇ ਰਹਿ ਰਹੇ ਹਾਂ, ਏਹੀ ਸਾਡਾ ਘਰ ਹੈ, ਅਸੀਂ ਕਿੱਥੇ ਜਾਈਏ?’’
2010ਵਿਆਂ ਵਿਚ ਇਨ੍ਹਾਂ ਲੋਕਾਂ ਨੂੰ ਬੇਦਖ਼ਲ ਕਰਨ ਦੀ ਮੁਹਿੰਮ ਜ਼ੋਰ ਫੜ ਗਈ। 2018 ਵਿਚ ਮਾਮੂਲੀ ਗੱਲ ’ਤੇ ਦੰਗੇ ਭੜਕੇ। ਖਾਸੀ ਭਾਈਚਾਰੇ ਦੀਆਂ ਜਥੇਬੰਦੀਆਂ ਨੇ ਪੰਜਾਬੀ ਲੇਨ ਨੂੰ ਘੇਰ ਲਿਆ, ਅੱਗਜ਼ਨੀ ਹੋਈ। ਉਦੋਂ ਮੈਂ ਉੱਥੇ ਡਾਇਰੈਕਟਰ ਜਨਰਲ ਆਫ ਪੁਲੀਸ (ਡੀਜੀਪੀ) ਸਾਂ। ਅਸੀਂ ਸੈਂਕੜਿਆਂ ਦੀ ਗਿਣਤੀ ਵਿਚ ਹਥਿਆਰਾਂ ਤੋਂ ਬਿਨਾ ਪੁਲੀਸ ਕਰਮਚਾਰੀਆਂ ਨੂੰ ਦੋਵਾਂ ਭਾਈਚਾਰਿਆਂ (ਪੰਜਾਬੀ ਤੇ ਖਾਸੀ) ਵਿਚਕਾਰ ਤਾਇਨਾਤ ਕੀਤਾ। ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਣਾਅ ਬਹੁਤ ਵਧ ਗਿਆ। ਕਈ ਦਿਨ ਕਰਫਿਊ ਲੱਗਾ ਰਿਹਾ। ਪੰਜਾਬ ਤੋਂ ਕਾਂਗਰਸ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਪੰਜਾਬੀ ਤੇ ਸਿੱਖ ਜਥੇਬੰਦੀਆਂ ਦੇ ਆਗੂ ਸ਼ਿਲੌਂਗ ਪਹੁੰਚੇ ਤੇ ਪੰਜਾਬੀ ਭਾਈਚਾਰੇ ਦੀ ਬਾਂਹ ਫੜੀ। ਕੇਸ ਅਦਾਲਤ ਵਿਚ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹ ਲੋਕ (ਪੰਜਾਬੀ) ਇਹ ਥਾਂ ਛੱਡ ਦੇਣ, ਅਸੀਂ ਉਨ੍ਹਾਂ ਨੂੰ 500-600 ਵਰਗ ਫੁੱਟ ਦੇ ਫਲੈਟ ਬਣਾ ਕੇ ਦਿਆਂਗੇ। ਜੋ ਸਬੂਤ ਤੇ ਕਾਗਜ਼ਾਤ ਪੰਜਾਬੀ ਵਸਨੀਕ ਪੇਸ਼ ਕਰਦੇ ਹਨ, ਉਹ ਕਾਨੂੰਨੀ ਤੌਰ ’ਤੇ ਸਵੀਕਾਰ ਨਹੀਂ ਕੀਤੇ ਜਾ ਰਹੇ। ਸਭ ਤੋਂ ਵੱਡੇ ਸਬੂਤ, ਕਿ ਉਹ ਇਕ ਸਦੀ ਤੋਂ ਇੱਥੇ ਰਹਿ ਰਹੇ ਹਨ, ਨੂੰ ਵੀ ਮਾਨਤਾ ਨਹੀਂ ਦਿੱਤੀ ਜਾ ਰਹੀ। ਪੰਜਾਬ ਦੀਆਂ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਪੰਜਾਬੀਆਂ ਦੀ ਹਮਾਇਤ ਕਰ ਰਹੀਆਂ ਹਨ। ਪੰਜਾਬੀ ਉੱਥੇ ਵੱਸੇ ਹੋਏ ਹਨ, ਹਾਲੇ ਉੱਜੜੇ ਨਹੀਂ, ਉਜਾੜੇ ਦੇ ਕੰਢੇ ’ਤੇ ਹਨ।
ਪਰ ਇੱਥੇ ਪੰਜਾਬ ਵਿਚ ਕੀ ਹੋ ਰਿਹਾ ਹੈ? ਲਤੀਫ਼ਪੁਰਾ, ਜਲੰਧਰ ਦੀ ਇਕ ਆਬਾਦੀ ਹੈ। 75 ਸਾਲ ਪਹਿਲਾਂ ਇੱਥੇ ਗ਼ਰੀਬ ਮੁਸਲਮਾਨ ਵੱਸਦੇ ਸਨ। ਇਹ ਜ਼ਮੀਨ ਬੂਟਾ ਮੰਡੀ ਪਿੰਡ ਦੇ ਨਾਲ ਲੱਗਦੀ ਹੈ। 1947 ਵਿਚ ਪੰਜਾਬ ਵੰਡਿਆ ਗਿਆ। ਲੱਖਾਂ ਪੰਜਾਬੀ ਮਾਰੇ ਗਏ ਤੇ ਲੱਖਾਂ ਉੱਜੜੇ। ਉੱਜੜਨ ਵਾਲਿਆਂ ਵਿਚ ਸਾਹਿਬ-ਏ-ਜਾਇਦਾਦ (ਜਾਇਦਾਦਾਂ ਦੇ ਮਾਲਕ) ਵੀ ਸਨ ਤੇ ਬੇਜ਼ਮੀਨੇ ਵੀ। ਸਿਆਲਕੋਟ ਤੋਂ 35-40 ਬੇਜ਼ਮੀਨੇ ਪਰਿਵਾਰਾਂ ਨੇ ਆਪਣੇ ਸਿਰਾਂ ’ਤੇ ਚੁੱਕੀਆਂ ਗੰਢਾਂ ਲਤੀਫ਼ਪੁਰੇ ਲਿਆ ਰੱਖੀਆਂ। 1948-50 ਵਿਚ ਉਨ੍ਹਾਂ ਦੇ ਕੁਝ ਹੋਰ ਰਿਸ਼ਤੇਦਾਰ ਵੀ ਇੱਥੇ ਆ ਵੱਸੇ। ਇਹ ਘੱਟ ਸਾਧਨਾਂ ਵਾਲੇ ਬੇਜ਼ਮੀਨੇ ਲੋਕ ਸਨ। ਉਨ੍ਹਾਂ ਨੂੰ ਸਰਕਾਰ ਨੇ ਜ਼ਮੀਨ ਕੀ ਦੇਣੀ ਸੀ, ਉਨ੍ਹਾਂ ਕੋਲ ਦਾਅਵੇ (Claims) ਪੇਸ਼ ਕਰਨ ਲਈ ਕੋਈ ਕਾਗਜ਼ਾਤ ਵੀ ਨਹੀਂ ਸਨ। ਲਤੀਫ਼ਪੁਰੇ ਦੇ ਗ਼ਰੀਬ ਮੁਸਲਮਾਨਾਂ ਦੇ ਘਰਾਂ ਵਿਚ ਵੱਸ ਕੇ ਉਨ੍ਹਾਂ ਨੇ ਆਪਣਾ ਜੀਵਨ ਮੁੜ ਆਰੰਭਿਆ, ਮੱਝਾਂ ਰੱਖੀਆਂ ਤੇ ਰੋਜ਼ੀ-ਰੋਟੀ ਚਲਾਈ। ਸ਼ਹਿਰ ਵਧਦਾ ਵਧਦਾ ਉਨ੍ਹਾਂ ਦੀਆਂ ਬਰੂਹਾਂ ਕੋਲ ਆ ਗਿਆ। ਸਰਕਾਰਾਂ, ਇੰਪਰੂਵਮੈਂਟ ਟਰੱਸਟਾਂ ਤੇ ਹੋਰ ਸੰਸਥਾਵਾਂ ਨੇ ਨਕਸ਼ੇ ਬਣਾਏ। ਉਨ੍ਹਾਂ ਨਕਸ਼ਿਆਂ ਵਿਚ ਇਨ੍ਹਾਂ ਲੋਕਾਂ ਦੀ ਹੋਂਦ ਤੇ ਹਸਤੀ ਦਰਜ ਨਹੀਂ ਕੀਤੀ ਗਈ। ਆਜ਼ਾਦੀ ਦੇ 75ਵੇਂ ਵਰ੍ਹੇ ਵਿਚ ਉਨ੍ਹਾਂ ਨੂੰ ਇੱਥੋਂ ਵੀ ਉਜਾੜ ਦਿੱਤਾ ਗਿਆ ਹੈ। ਕਈ ਪੰਜਾਬੀ 1947 ਨੂੰ ਵੀ ‘ਉਜਾੜੇ’ ਦੇ ਨਾਂ ਨਾਲ ਚੇਤੇ ਕਰਦੇ ਹਨ, ਲਤੀਫ਼ਪੁਰਾ ਦੇ ਵਾਸੀਆਂ ਲਈ ਇਹ ਦੂਸਰਾ ਉਜਾੜਾ ਹੈ। ਪੰਜਾਬ ਦੀਆਂ ਸਰਕਾਰਾਂ ਤੇ ਸੰਸਥਾਵਾਂ ਨੇ ਇਨ੍ਹਾਂ ਲੋਕਾਂ ਨਾਲ ਇਸ ਤਰ੍ਹਾਂ ਦਾ ਸਲੂਕ ਕੀਤਾ ਜਿਵੇਂ ਇਨ੍ਹਾਂ ਦੀ ਹੋਂਦ ਤੇ ਇੱਥੇ ਵੱਸਣ ਦੇ ਕੋਈ ਮਾਇਨੇ ਨਾ ਹੋਣ, ਉਸ ਤਰ੍ਹਾਂ ਦਾ ਸਲੂਕ ਕੀਤਾ ਜਿਸ ਤਰ੍ਹਾਂ ਦਾ ਮੇਘਾਲਿਆ ਵਿਚ ਸਰਕਾਰ ਤੇ ਜਥੇਬੰਦੀਆਂ ਉੱਥੋਂ ਦੇ ਪੰਜਾਬੀਆਂ ਨਾਲ ਕਰਨ ਦੇ ਯਤਨ ਕਰ ਰਹੀਆਂ ਹਨ ਪਰ ਉਹ ਕਾਮਯਾਬ ਨਹੀਂ ਹੋਈਆਂ, ਇੱਥੇ ਸੱਤਾਧਾਰੀਆਂ ਨੂੰ ਕਾਮਯਾਬੀ ਮਿਲੀ ਹੈ, ਪੰਜਾਬੀਆਂ ਨੂੰ ਪੰਜਾਬ ਵਿਚ ਹੀ ਉਜਾੜ ਦਿੱਤਾ ਗਿਆ ਹੈ।
ਤਰਕ ਕੀ ਹੈ
ਤਰਕ ਇਹ ਹੈ ਕਿ ਇਹ ਸੁਪਰੀਮ ਕੋਰਟ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਨ ਲਈ ਕੀਤਾ ਗਿਆ ਹੈ, ਇਹ ਕੇਸ ਕਈ ਵਰ੍ਹਿਆਂ ਤੋਂ ਅਦਾਲਤਾਂ ਵਿਚ ਚੱਲ ਰਿਹਾ ਸੀ। ਦੱਸਿਆ ਜਾ ਰਿਹਾ ਕਿ ਇਹ ਥਾਂ ਟਰੱਸਟ ਨੇ ਕੁਝ ਲੋਕਾਂ ਨੂੰ ਅਲਾਟ ਕੀਤੀ ਸੀ। ਇਹ ਗੱਲ ਕਾਂਗਰਸ ਤੇ ਅਕਾਲੀ ਸਰਕਾਰਾਂ ਸਮੇਂ ਵਾਪਰੀ। ਅਲਾਟੀਆਂ ਨੇ ਕਬਜ਼ੇ ਨਾ ਮਿਲਣ ਕਾਰਨ ਅਦਾਲਤ ਦੇ ਬੂਹੇ ਖੜਕਾਏ। ਪ੍ਰਮੁੱਖ ਸਵਾਲ ਇਹ ਹੈ ਕਿ ਅਜਿਹੇ ਮਾਮਲਿਆਂ ਨੂੰ ਅਦਾਲਤ ਵਿਚ ਪੇਸ਼ ਕਿਵੇਂ ਕੀਤਾ ਜਾਂਦਾ ਹੈ। ਜੇ ਪੰਜਾਬ ਸਰਕਾਰ, ਇੰਪਰੂਵਮੈਂਟ ਟਰੱਸਟ ਤੇ ਹੋਰ ਸਬੰਧਿਤ ਸੰਸਥਾਵਾਂ ਇਨ੍ਹਾਂ ਲੋਕਾਂ ਦੇ 1947 ਵਿਚ ਹੋਏ ਉਜਾੜੇ ਨੂੰ ਸਾਹਮਣੇ ਰੱਖਦਿਆਂ ਜ਼ਮੀਨ ਦੇ ਇਸ ਟੁਕੜੇ ’ਤੇ ਦਹਾਕਿਆਂ ਤੋਂ ਵਸਦੇ ਲੋਕਾਂ ਦੇ ਹੱਕ ਨੂੰ ਸਵੀਕਾਰ ਕਰ ਲੈਂਦੀਆਂ ਤਾਂ ਅਦਾਲਤ ਨੇ ਇਸ ਤਰ੍ਹਾਂ ਦੇ ਹੁਕਮ ਕਦੇ ਨਹੀਂ ਸਨ ਦੇਣੇ। ਅਦਾਲਤ ਨੇ ਅਜਿਹੇ ਹੁਕਮ ਇਸ ਲਈ ਦਿੱਤੇ ਕਿ ਸਰਕਾਰ, ਇੰਪਰੂਵਮੈਂਟ ਟਰੱਸਟ ਆਦਿ ਦਾ ਪੱਖ ਇਹ ਹੈ ਕਿ ਇਨ੍ਹਾਂ ਲੋਕਾਂ ਨੇ ਗ਼ੈਰ-ਕਾਨੂੰਨੀ ਤਰੀਕੇ ਨਾਲ ਇਸ ਜ਼ਮੀਨ ’ਤੇ ਕਬਜ਼ਾ ਕੀਤਾ ਹੈ।
ਕਾਨੂੰਨੀ ਤਰੀਕੇ ਨਾਲ ਕਬਜ਼ੇ ਤਾਂ ਸਿਰਫ਼ ਸਰਕਾਰ ਦੀ ਸਹਿਮਤੀ ਨਾਲ ਹੁੰਦੇ ਹਨ, ਸਰਕਾਰਾਂ ਨਕਸ਼ੇ ਬਣਾਉਂਦੀਆਂ ਤੇ ਜ਼ਮੀਨ ਐਕੁਆਇਰ ਕਰਦੀਆਂ ਹਨ। ਬਾਰਸੂਖ਼ ਬੰਦੇ ਕਬਜ਼ੇ ਕਰਦੇ ਤੇ ਸਰਕਾਰਾਂ ਤੇ ਸੰਸਥਾਵਾਂ ਤੋਂ ਉਨ੍ਹਾਂ ਨੂੰ ਕਾਨੂੰਨੀ ਤੌਰ ’ਤੇ ਸਹੀ ਠਹਿਰਾ (regularise ਕਰਵਾ) ਲੈਂਦੇ ਹਨ; ਰਹਿ ਜਾਂਦੇ ਨੇ ਸਾਧਨ ਵਿਹੂਣੇ ਲੋਕ ਜਿਨ੍ਹਾਂ ਦੇ ਛੋਟੇ ਛੋਟੇ ਘਰ ਬਣਾਉਣ ਦੇ ਹੱਕ ਨੂੰ ਵੀ ਸਵੀਕਾਰ ਨਹੀਂ ਕੀਤਾ ਜਾਂਦਾ। ਇਹ ਹੱਕ ਸਰਕਾਰਾਂ, ਇੰਪਰੂਵਮੈਂਟ ਟਰੱਸਟਾਂ ਤੇ ਹੋਰ ਸੰਸਥਾਵਾਂ ਕੋਲ ਆ ਜਾਂਦਾ ਹੈ ਜਿਨ੍ਹਾਂ ਦੀ ਇਨ੍ਹਾਂ ਜ਼ਮੀਨਾਂ ’ਤੇ ਦਹਾਕਿਆਂ ਬਾਅਦ ਨਜ਼ਰ ਪੈਂਦੀ ਹੈ; ਕੀ ਉਨ੍ਹਾਂ ਕੋਲ ਇਹ ਅਧਿਕਾਰ ਇਸ ਕਾਰਨ ਆਉਂਦੇ ਹਨ ਕਿ ਉਨ੍ਹਾਂ ਕੋਲ ਸੱਤਾ ਹੁੰਦੀ ਹੈ? ਕੀ ਮਨੁੱਖ ਦੇ ਮਨੁੱਖ ਹੋਣ ਵਜੋਂ ਕੋਈ ਕੁਦਰਤੀ ਅਧਿਕਾਰ (natural right) ਨਹੀਂ ਹੁੰਦੇ ਕਿ ਉਸ ਨੂੰ ਵੱਸਣ ਲਈ ਕੁਝ ਗਜ਼ ਜ਼ਮੀਨ ਚਾਹੀਦੀ ਹੈ।