Sawrajbir

ਲੋਕ ਹੱਕਾਂ ਦੀ ਰਾਖੀ - ਸਵਰਾਜਬੀਰ

ਅੱਜ ਤੋਂ 70 ਵਰ੍ਹੇ ਪਹਿਲਾਂ ਭਾਰਤ ਵਿਚ ਉਹ ਸੰਵਿਧਾਨ ਲਾਗੂ ਕੀਤਾ ਗਿਆ ਜਿਸ ਨੂੰ ਦੇਸ਼ ਦੀ ਸੰਵਿਧਾਨ-ਘੜਨੀ ਸਭਾ ਨੇ 26 ਨਵੰਬਰ 1949 ਨੂੰ ਸਵੀਕਾਰ ਕਰਦਿਆਂ ਦੇਸ਼ ਦੇ ਬੁਨਿਆਦੀ ਕਾਨੂੰਨ ਵਜੋਂ ਅਪਣਾਇਆ ਸੀ। ਇਸ ਸਭਾ ਦੀ ਆਖ਼ਰੀ ਮੀਟਿੰਗ 24 ਜਨਵਰੀ 1950 ਨੂੰ ਹੋਈ। ਸੰਵਿਧਾਨ-ਘੜਨੀ ਸਭਾ ਬਸਤੀਵਾਦੀ ਰਾਜ ਦੌਰਾਨ ਹੋਂਦ ਵਿਚ ਆਈ ਸੀ ਪਰ ਇਸ ਨੇ ਆਪਣੀ ਆਜ਼ਾਦ ਹਸਤੀ ਨੂੰ ਦ੍ਰਿੜ੍ਹ ਕਰਦਿਆਂ ਵਿਚਾਰ-ਵਟਾਂਦਰਾ ਕਰਕੇ ਆਪਣੇ ਆਪ ਨੂੰ ਆਮ ਸਹਿਮਤੀ 'ਤੇ ਪਹੁੰਚਣ ਵਾਲੀ ਸਭਾ ਬਣਾ ਲਿਆ।
   ਪਿਛਲੇ ਦਿਨੀਂ ਦੇਸ਼ ਦੀਆਂ ਕੁਝ ਨਾਮੀ ਹਸਤੀਆਂ, ਜਿਨ੍ਹਾਂ ਵਿਚ ਸੁਪਰੀਮ ਕੋਰਟ ਦੇ ਸਾਬਕਾ ਜੱਜ ਜਸਟਿਸ ਜੇ ਚੇਲਾਮੇਸ਼ਵਰ, ਸਾਬਕਾ ਮੁੱਖ ਚੋਣ ਕਮਿਸ਼ਨਰ ਐੱਸ.ਵਾਈ. ਕੁਰੈਸ਼ੀ, ਮਸ਼ਹੂਰ ਫ਼ਿਲਮਕਾਰ ਅਦੂਰ ਗੋਪਾਲਾਕ੍ਰਿਸ਼ਨਨ, ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਸਾਬਕਾ ਚੇਅਰਮੈਨ ਐੱਸ ਥੋਰ੍ਹਾਟ, ਯੋਜਨਾ ਕਮਿਸ਼ਨ ਦੀ ਸਾਬਕਾ ਮੈਂਬਰ ਸਈਦਾ ਹਮੀਦ ਅਤੇ ਹੋਰ ਸ਼ਖ਼ਸੀਅਤਾਂ ਸ਼ਾਮਲ ਹਨ, ਨੇ ਇਹ ਸਵਾਲ ਪੁੱਛਿਆ ਹੈ ਕਿ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਇਸ ਗੱਲ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਕੀ ਸੰਵਿਧਾਨ ਮਹਿਜ਼ ਉਹ ਨਿਯਮਾਂਵਲੀ ਹੈ ਜਿਹੜਾ ਚੁਣੀਆਂ ਹੋਈਆਂ ਹਕੂਮਤਾਂ ਨੂੰ ਸੱਤਾ ਦੀ ਦੁਰਵਰਤੋਂ ਕਰਕੇ ਆਪਣੇ ਆਪ ਨੂੰ ਜਾਇਜ਼ ਤੇ ਉੱਚਿਤ ਇਕਾਈ ਹੋਣ ਦਾ ਮੌਕਾ ਦਿੰਦਾ ਹੈ, ਨਾਗਰਿਕਾਂ ਨੂੰ ਦਿੱਤੀ ਗਈ ਆਜ਼ਾਦੀ ਦੀ ਦੁਰਵਰਤੋਂ ਕਰਦਿਆਂ ਦੂਸਰਿਆਂ ਦੇ ਅਧਿਕਾਰਾਂ ਨੂੰ ਮਧੋਲਣ ਦੀ ਆਗਿਆ ਦਿੰਦਾ ਹੈ, ਜਾਂ ਇਹ ਉਹ ਦਸਤਾਵੇਜ਼ ਹੈ ਜਿਸ ਕਾਰਨ ਜਮਹੂਰੀਅਤ, ਵੋਟ ਦੇਣ ਦੇ ਅਧਿਕਾਰ ਅਤੇ ਹੋਰ ਮਨੁੱਖੀ ਹੱਕਾਂ ਨੂੰ ਸਖ਼ਤ ਮੁਸ਼ਕਲਾਂ ਦੇ ਬਾਵਜੂਦ ਕਾਇਮ ਰੱਖਿਆ ਜਾ ਸਕਿਆ ਹੈ ਅਤੇ ਵਿਚਾਰਾਂ ਵਿਚ ਅਸਹਿਮਤੀ ਰੱਖਣ ਅਤੇ ਵਾਦ-ਵਿਵਾਦ ਕਰਨ ਜਿਹੀਆਂ ਜਮਹੂਰੀ ਕਦਰਾਂ-ਕੀਮਤਾਂ ਵਿਕਸਿਤ ਹੋਈਆਂ ਹਨ।
       ਕਾਰਲ ਮਾਰਕਸ ਅਨੁਸਾਰ ਕੋਈ ਵੀ ਕਾਨੂੰਨ ਜ਼ਮੀਨੀ ਹਾਲਾਤ ਦਾ ਵਿਚਾਰਵਾਦੀ/ਆਦਰਸ਼ਮਈ ਰੂਪ ਹੀ ਹੋ ਸਕਦਾ ਹੈ ਕਿਉਂਕਿ ਹਾਕਮ ਜਮਾਤਾਂ ਹਰ ਕਾਨੂੰਨ ਨੂੰ ਜ਼ਮੀਨੀ ਪੱਧਰ 'ਤੇ ਕਾਰਜਸ਼ੀਲ ਸਜੀਵ ਤਾਕਤਾਂ ਤੋਂ ਆਜ਼ਾਦਾਨਾ ਰੂਪ ਵਿਚ ਵਿਖਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਮਾਰਕਸ ਦੇ ਕਹਿਣ ਦਾ ਮਤਲਬ ਹੈ ਕਿ ਕੋਈ ਵੀ ਕਾਨੂੰਨ ਜ਼ਿੰਦਗੀ ਦੀਆਂ ਜ਼ਮੀਨੀ ਪੱਧਰ ਦੀਆਂ ਸਜੀਵ ਤਾਕਤਾਂ ਦੀ ਪੈਦਾਵਾਰ ਹੁੰਦਾ ਹੈ ਅਤੇ ਕਾਨੂੰਨਦਾਨ ਇਸ ਨੂੰ ਆਦਰਸ਼ਮਈ ਰੂਪ ਵਿਚ ਪੇਸ਼ ਕਰਨਾ ਚਾਹੁੰਦੇ ਹਨ। ਸੰਵਿਧਾਨ ਬਣਾਉਣ ਦੇ ਸਮਿਆਂ ਦੀਆਂ ਜ਼ਮੀਨੀ ਪੱਧਰ 'ਤੇ ਮੁੱਖ ਸਜੀਵ ਤਾਕਤਾਂ ਇਹ ਸਨ : ਕਰੋੜਾਂ ਲੋਕਾਂ ਵੱਲੋਂ ਦਹਾਕਿਆਂ-ਬੱਧੀ ਲੜਿਆ ਗਿਆ ਆਜ਼ਾਦੀ ਦਾ ਸੰਘਰਸ਼ ਤੇ ਉਸ ਸੰਘਰਸ਼ ਵਿਚ ਕੀਤੀਆਂ ਗਈਆਂ ਕੁਰਬਾਨੀਆਂ, ਬਸਤੀਵਾਦੀ ਰਾਜ ਅਤੇ ਦੂਸਰੀ ਆਲਮੀ ਜੰਗ ਕਾਰਨ ਉਸ ਵਿਚ ਹੋ ਰਹੀ ਟੁੱਟ-ਭੱਜ, ਸਾਰੀ ਦੁਨੀਆਂ ਵਿਚ ਹੋ ਰਹੇ ਬਸਤੀਵਾਦ ਵਿਰੋਧੀ ਘੋਲ ਅਤੇ ਨਵੀਂ ਸਮਾਜਵਾਦੀ ਚੇਤਨਾ, ਭਾਰਤ ਦਾ ਜਾਗੀਰਦਾਰੀ, ਨੀਮ-ਜਾਗੀਰਦਾਰੀ ਢਾਂਚਾ ਅਤੇ ਜਾਤੀਵਾਦੀ ਤੇ ਮਰਦ-ਪ੍ਰਧਾਨ ਸਮਾਜ, ਧਰਮ ਦੇ ਆਧਾਰ 'ਤੇ ਹੋ ਰਹੀ ਹਿੰਦੋਸਤਾਨ ਦੀ ਵੰਡ ਤੇ ਉਸ ਵਿਚ ਹੋਈ ਹਿੰਸਾ; ਸੈਂਕੜੇ ਰਜਵਾੜਿਆਂ ਦੀਆਂ ਵੱਡੀਆਂ ਛੋਟੀਆਂ ਰਿਆਸਤਾਂ ਆਦਿ।
       ਇਨ੍ਹਾਂ ਸਜੀਵ ਤਾਕਤਾਂ ਨੇ ਭਾਰਤ ਦੇ ਸੰਵਿਧਾਨ ਵਿਚ ਵੱਖ ਵੱਖ ਤਰ੍ਹਾਂ ਨਾਲ ਆਪਣੀ ਹਾਜ਼ਰੀ ਲੁਆਉਣ ਦੀ ਕੋਸ਼ਿਸ਼ ਕੀਤੀ। ਜਿਵੇਂ ਉੱਪਰ ਕਿਹਾ ਗਿਆ ਹੈ ਕਿ ਕੋਈ ਵੀ ਕਾਨੂੰਨ ਜ਼ਮੀਨੀ ਤਾਕਤਾਂ ਦੀ ਪੈਦਾਵਾਰ ਹੋਣ ਦੇ ਨਾਲ ਨਾਲ ਆਪਣੇ ਆਪ ਨੂੰ ਆਦਰਸ਼ਮਈ ਰੂਪ ਵਿਚ ਪੇਸ਼ ਕਰਨਾ ਚਾਹੁੰਦਾ ਹੈ, ਇਸੇ ਤਰ੍ਹਾਂ ਭਾਰਤੀ ਸੰਵਿਧਾਨ ਵਿਚ ਵੀ ਆਜ਼ਾਦੀ ਦੇ ਸੰਘਰਸ਼ ਦੌਰਾਨ ਸਾਹਮਣੇ ਆਈਆਂ ਤੇ ਪਣਪੀਆਂ ਵੱਖ ਵੱਖ ਤਰ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਸਥਾਨ ਦਿਵਾਉਣ ਲਈ ਸੰਵਿਧਾਨ-ਘੜਨੀ ਸਭਾ ਵਿਚ ਵੱਡੀ ਕਸ਼ਮਕਸ਼ ਹੋਈ। ਜਸਟਿਸ ਚੇਲਾਮੇਸਵਰ ਅਤੇ ਹੋਰਨਾਂ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਭਾਰਤੀ ਸੰਵਿਧਾਨ ਉਹ ਦਸਤਾਵੇਜ਼ ਹੈ ਜਿਸ ਨੂੰ ਆਜ਼ਾਦੀ ਸੰਘਰਸ਼ ਦੇ ਸ਼ਹੀਦਾਂ ਦੀ ਰੱਤ ਨੇ ਸਿੰਜਿਆ। ਇਹ ਭਾਵਨਾ ਸਭ ਤੋਂ ਪ੍ਰਬਲ ਰੂਪ ਵਿਚ ਸੰਵਿਧਾਨ ਦੀ ਪ੍ਰਸਤਾਵਨਾ ਵਿਚ ਪੇਸ਼ ਕੀਤੀ ਗਈ ਜਿਸ ਵਿਚ ਇਹ ਕਿਹਾ ਗਿਆ ਕਿ ਅਸੀਂ 'ਭਾਰਤ ਦੇ ਲੋਕ' ਭਾਰਤ ਨੂੰ ਇਕ 'ਪ੍ਰਭੂਸੱਤਾ-ਸੰਪੰਨ ਅਤੇ ਜਮਹੂਰੀ ਗਣਰਾਜ' ਬਣਾਉਂਦੇ ਹੋਏ ਇਸ ਦੇ ਸਾਰੇ ਨਾਗਰਿਕਾਂ ਲਈ ਨਿਆਂ, ਆਜ਼ਾਦੀ, ਬਰਾਬਰੀ ਤੇ ਸਾਂਝੀਵਾਲਤਾ ਦੇਣ ਦਾ ਅਹਿਦ ਕਰਦੇ ਹਾਂ। ਇਸ ਤਰ੍ਹਾਂ ਸੰਵਿਧਾਨ ਨੇ ਲੋਕਾਂ ਦੀ ਇੱਛਾ ਨੂੰ ਬੁਨਿਆਦੀ ਦੱਸਦਿਆਂ ਸਵੀਕਾਰ ਕੀਤਾ ਕਿ ਲੋਕ ਸਰਬਉੱਚ ਹਨ ਅਤੇ ਆਪਣਾ ਭਵਿੱਖ ਉਹ ਖ਼ੁਦ ਘੜਨਗੇ।
       ਕੋਈ ਵੀ ਕਾਨੂੰਨ ਆਖ਼ਰੀ ਅਤੇ ਸੰਪੂਰਨ ਨਹੀਂ ਹੁੰਦਾ। ਇਹ ਹਮੇਸ਼ਾ ਵਿਕਾਸ ਕਰਦਾ ਰਹਿੰਦਾ ਹੈ। 1950 ਵਿਚ ਲਾਗੂ ਕੀਤੇ ਗਏ ਸੰਵਿਧਾਨ ਦੀ ਕਈ ਪੱਖਾਂ ਤੋਂ ਆਲੋਚਨਾ ਹੋ ਸਕਦੀ ਹੈ ਪਰ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਦੁਆਰਾ ਦੇਸ਼ 'ਤੇ ਰਾਜ ਕਰਨ ਲਈ ਬਣਾਏ ਗਏ ਕੁਝ ਨਿਯਮ ਲੋਕ-ਸ਼ਕਤੀ ਦੀਆਂ ਸਭ ਤੋਂ ਵੱਡੀਆਂ ਪ੍ਰਾਪਤੀਆਂ ਸਨ ਜਿਵੇਂ ਕਾਨੂੰਨ ਦਾ ਰਾਜ, ਸਾਰੇ ਨਾਗਰਿਕਾਂ ਨੂੰ ਵੋਟ ਦਾ ਅਧਿਕਾਰ ਹੋਣਾ (ਬਹੁਤ ਸਾਰੇ ਯੂਰਪੀ ਦੇਸ਼ਾਂ ਵਿਚ ਔਰਤਾਂ ਨੂੰ ਇਹ ਅਧਿਕਾਰ ਬਾਅਦ ਵਿਚ ਮਿਲਿਆ), ਨਾਗਰਿਕਾਂ ਨੂੰ ਮੌਲਿਕ ਅਧਿਕਾਰ ਦੇਣਾ, ਸੰਸਦ/ਵਿਧਾਨ ਸਭਾਵਾਂ, ਸਰਕਾਰ ਅਤੇ ਨਿਆਂਪਾਲਿਕਾ ਦੀਆਂ ਤਾਕਤਾਂ ਦਾ ਵਖਰੇਵਾਂ, ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਦੇ ਅਧਿਕਾਰ ਖੇਤਰ ਵਾਲੇ ਵਿਸ਼ਿਆਂ ਨੂੰ ਅੱਡੋ-ਅੱਡ ਕਰਨਾ, ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਲਈ ਰਾਖਵਾਂਕਰਨ, ਘੱਟਗਿਣਤੀ ਫ਼ਿਰਕਿਆਂ ਦੇ ਵਿੱਦਿਅਕ ਅਤੇ ਸੱਭਿਆਚਾਰਕ ਅਧਿਕਾਰਾਂ ਦੀ ਸੁਰੱਖਿਆ, ਅਨੁਸੂਚਿਤ ਜਨਜਾਤੀਆਂ ਵਾਲੇ ਖੇਤਰਾਂ ਵਿਚ ਅਨੁਸੂਚਿਤ ਜਨਜਾਤੀਆਂ ਦੀਆਂ ਸਲਾਹਕਾਰ ਕਮੇਟੀਆਂ ਨੂੰ ਵਿਸ਼ੇਸ਼ ਅਧਿਕਾਰ ਦੇਣਾ ਆਦਿ।
       ਮਸ਼ਹੂਰ ਸਮਾਜ ਸ਼ਾਸਤਰੀ ਨੰਦਿਨੀ ਸੁੰਦਰ ਅਨੁਸਾਰ ਸੰਵਿਧਾਨ ਉਸ ਤਰ੍ਹਾਂ ਦਾ ਦਸਤਾਵੇਜ਼ ਨਾ ਬਣ ਸਕਿਆ ਜਿਵੇਂ ਦਾ ਬਣਨਾ ਚਾਹੀਦਾ ਸੀ। ਇਸ ਤਰਕ ਨੂੰ ਸਾਬਤ ਕਰਨ ਲਈ ਉਹ ਸੰਵਿਧਾਨ ਦੇ ਪੰਜਵੇਂ ਸ਼ਡਿਊਲ ਦੇ ਮੁੱਢਲੇ ਡਰਾਫਟ, ਜਿਹੜਾ ਮਸ਼ਹੂਰ ਆਦਿਵਾਸੀ ਆਗੂ ਜੈਪਾਲ ਸਿੰਘ ਨੇ ਤਿਆਰ ਕੀਤਾ ਸੀ, ਦੀ ਉਦਾਹਰਨ ਦਿੰਦੀ ਹੈ। ਮੁੱਢਲੇ ਡਰਾਫਟ ਵਿਚ ਆਦਿਵਾਸੀ ਇਲਾਕਿਆਂ ਲਈ ਬਣਾਈਆਂ ਗਈਆਂ ਸਲਾਹਕਾਰ ਕੌਂਸਲਾਂ ਨੂੰ ਕਿਤੇ ਜ਼ਿਆਦਾ ਅਧਿਕਾਰ ਦਿੱਤੇ ਗਏ ਸਨ। ਨੰਦਿਨੀ ਸੁੰਦਰ ਅਨੁਸਾਰ ਸੰਵਿਧਾਨ ਨੂੰ ਬਰਕਰਾਰ ਰੱਖਣ ਅਤੇ ਸਹੀ ਦਿਸ਼ਾ ਵੱਲ ਲੈ ਕੇ ਜਾਣ ਵਿਚ ਲੋਕਾਂ ਦੀ ਭੂਮਿਕਾ ਅਦਾਲਤਾਂ ਅਤੇ ਚੁਣੇ ਗਏ ਨੁਮਾਇੰਦਿਆਂ ਤੋਂ ਕਿਤੇ ਜ਼ਿਆਦਾ ਬੁਨਿਆਦੀ ਹੈ। ਉਹ ਇਸ ਗੱਲ ਵੱਲ ਵੀ ਧਿਆਨ ਦਿਵਾਉਂਦੀ ਹੈ ਕਿ ਸੂਚਨਾ ਦਾ ਅਧਿਕਾਰ (ਆਰਟੀਆਈ), ਸਿੱਖਿਆ ਸਬੰਧੀ ਕਾਨੂੰਨ ਅਤੇ ਹੋਰ ਲੋਕ-ਪੱਖੀ ਕਾਨੂੰਨ ਬਣਾਉਣ ਲਈ ਲੋਕਾਂ ਨੂੰ ਵਰ੍ਹਿਆਂ-ਬੱਧੀ ਸੰਘਰਸ਼ ਕਰਨਾ ਪਿਆ ਹੈ।
       ਹਰ ਕਿਤਾਬ, ਕਾਨੂੰਨ, ਸਮਝੌਤੇ, ਸੰਘਰਸ਼ ਗੱਲ ਕੀ ਹਰ ਮਨੁੱਖੀ ਕਾਰਜ ਦਾ ਸਮਾਜਿਕ, ਸੱਭਿਆਚਾਰਕ ਤੇ ਆਰਥਿਕ ਮਹੱਤਵ ਜਟਿਲ, ਬਹੁ-ਪਰਤੀ ਤੇ ਬਹੁ-ਚਿੰਨ੍ਹਮਈ ਹੁੰਦਾ ਹੈ, ਖ਼ਾਸ ਤੌਰ 'ਤੇ ਇਤਿਹਾਸ ਦੇ ਖ਼ਾਸ ਮੌਕਿਆਂ 'ਤੇ ਬਣੇ ਕਾਨੂੰਨਾਂ ਅਤੇ ਵੱਖ ਵੱਖ ਧਿਰਾਂ ਵਿਚ ਕੀਤੇ ਗਏ ਸਮਝੌਤਿਆਂ ਦਾ। ਉਦਾਹਰਨ ਦੇ ਤੌਰ 'ਤੇ 1215 ਵਿਚ ਕੀਤਾ ਗਿਆ ਇੰਗਲੈਂਡ ਦਾ ਮਸ਼ਹੂਰ ਐਲਾਨਨਾਮਾ 'ਮੈਗਨਾ ਕਾਰਟਾ' ਬਾਦਸ਼ਾਹ ਤੇ ਉਸ ਦੇ ਜਾਗੀਰਦਾਰਾਂ ਵਿਚਕਾਰ ਹੋਇਆ ਸਮਝੌਤਾ ਸੀ ਜਿਸ ਵਿਚ ਬਾਦਸ਼ਾਹ ਦੀ ਤਾਕਤ 'ਤੇ ਕੁਝ ਬੰਦਿਸ਼ਾਂ ਲਾਈਆਂ ਗਈਆਂ, ਪਰ ਬਾਅਦ ਵਿਚ ਇਸ ਨੂੰ ਬਾਦਸ਼ਾਹਾਂ ਦੇ ਰਾਜ ਦੀ ਥਾਂ 'ਤੇ ਭਵਿੱਖ ਦੇ ਆਉਣ ਵਾਲੇ ਕਾਨੂੰਨ ਦੇ ਰਾਜ ਦੇ ਬੀਜ-ਸ੍ਰੋਤ ਵਜੋਂ ਵੀ ਦੇਖਿਆ ਜਾਂਦਾ ਹੈ। ਇਸੇ ਦਸਤਾਵੇਜ਼ ਨੂੰ ਅਮਰੀਕਾ ਦੀ ਆਜ਼ਾਦੀ ਦੀ ਲੜਾਈ ਵਿਚ ਆਜ਼ਾਦੀ ਦੇ ਚਿੰਨ੍ਹ ਤੇ ਪ੍ਰੇਰਨਾ-ਸਰੋਤ ਵਜੋਂ ਵਰਤਿਆ ਗਿਆ ਅਤੇ 1990ਵਿਆਂ ਵਿਚ ਮੈਕਸਿਕੋ ਦੇ ਮੂਲ ਵਾਸੀਆਂ ਦੁਆਰਾ ਸ਼ੁਰੂ ਕੀਤੇ ਜ਼ਪਤੀਸਤਾ (Zapatista) ਵਿਦਰੋਹ ਵਿਚ ਵੀ। ਮੈਗਨਾ ਕਾਰਟਾ ਦੇ ਦੋ ਸਾਲ ਬਾਅਦ ਜਾਰੀ ਕੀਤੇ ਗਏ ਦਸਤਾਵੇਜ਼ 'ਚਾਰਟਰ ਆਫ਼ ਫਾਰੈਸਟਸ' (Charter of Forests) ਵਿਚ ਆਮ ਲੋਕਾਂ ਨੂੰ ਜੰਗਲ, ਚਰਾਗਾਹਾਂ, ਸ਼ਾਮਲਾਟਾਂ ਆਦਿ ਵਰਤਣ ਦੇ ਅਧਿਕਾਰ ਦਿੱਤੇ ਗਏ। ਮੈਕਸਿਕੋ ਦਾ ਵਿਦਰੋਹ ਉੱਥੋਂ ਦੀ ਸਰਕਾਰ ਦੁਆਰਾ ਸੰਵਿਧਾਨ ਵਿਚ ਅਜਿਹੀ ਸੋਧ ਕਰਨ ਕਰਕੇ ਹੋਇਆ ਜਿਸ ਅਨੁਸਾਰ ਮੈਕਸਿਕੋ ਦੇ ਮੂਲ ਵਾਸੀਆਂ ਦੁਆਰਾ ਦੇਸ਼ ਦੇ ਜੰਗਲਾਂ ਤੇ ਸਾਂਝੀਆਂ ਜ਼ਮੀਨਾਂ ਵਿਚ ਦਾਖ਼ਲ ਹੋਣ ਤੇ ਵਰਤਣ ਨੂੰ ਗ਼ੈਰ-ਕਾਨੂੰਨੀ ਕਰਾਰ ਦਿੱਤਾ ਗਿਆ। ਇਹ ਸੋਧ ਅਮਰੀਕਾ ਨਾਲ ਆਜ਼ਾਦ ਵਪਾਰ ਦੇ ਜ਼ੋਨ 'ਨਾਰਥ ਅਮੈਰਿਕਨ ਫਰੀ ਟਰੇਡ ਜ਼ੋਨ' (North American Free Trade Zone – NAFTA) ਵਿਚ ਦਾਖ਼ਲੇ ਲਈ ਰੱਖੀ ਗਈ ਸ਼ਰਤ ਸੀ। ਇਸ ਅੰਦੋਲਨ ਦੇ ਆਗੂਆਂ ਨੇ ਇਕ ਪਾਸੇ ਪੁਰਾਣੇ ਮੈਕਸਿਕਨ ਇਨਕਲਾਬੀ ਐਮੀਲੀਆਨੋ ਜ਼ਪਾਤਾ (Emiliano Zapata) ਅਤੇ ਚੀ ਗੇਵਾਰਾ (Che Guevara) ਦੀਆਂ ਤਸਵੀਰਾਂ ਲਗਾਈਆਂ ਅਤੇ ਨਾਲ ਹੀ 'ਮੈਗਨਾ ਕਾਰਟਾ' ਅਤੇ ਮੈਕਸਿਕੋ ਦੇ 1917 ਵਿਚ ਅਪਣਾਏ ਗਏ ਸੰਵਿਧਾਨ ਨੂੰ ਬਚਾਉਣ ਦੀ ਗੱਲ ਕੀਤੀ। ਇਸ ਤਰ੍ਹਾਂ ਲੋਕ ਅੰਦੋਲਨਾਂ ਵਿਚ ਵੱਖ ਵੱਖ ਤਰ੍ਹਾਂ ਦੇ ਆਗੂ ਅਤੇ ਦਸਤਾਵੇਜ਼ ਵਿਦਰੋਹ ਦੇ ਚਿੰਨ੍ਹ ਬਣ ਸਕਦੇ ਹਨ।
         ਕਿਸੇ ਵੀ ਕਾਨੂੰਨ ਜਾਂ ਸੰਵਿਧਾਨ ਵਿਚ ਲਿਖੇ ਗਏ ਸ਼ਬਦ ਆਪਣੇ ਆਪ ਹਕੀਕਤ ਨਹੀਂ ਬਣ ਜਾਂਦੇ। ਸੰਵਿਧਾਨ ਵਿਚ ਸਮਾਜਿਕ ਬਰਾਬਰੀ, ਧਰਮ-ਨਿਰਪੱਖਤਾ ਅਤੇ ਸਮਾਜਵਾਦ ਦੀ ਗੱਲ ਕੀਤੀ ਗਈ ਹੈ, ਪਰ ਦੇਸ਼ ਨੂੰ ਧਰਮ-ਨਿਰਪੱਖ ਤੇ ਸਮਾਜਵਾਦੀ ਬਣਾਉਣ ਅਤੇ ਸਮਾਜ ਵਿਚ ਸਮਾਜਿਕ ਬਰਾਬਰੀ ਦੇ ਏਜੰਡੇ ਨੂੰ ਅੱਗੇ ਖੜ੍ਹਨਾ ਲੋਕਾਂ ਦਾ ਕੰਮ ਹੈ। ਸੰਵਿਧਾਨ ਅਤੇ ਲੋਕ-ਪੱਖੀ ਸਿਆਸਤ ਇਕੱਠੀਆਂ ਹੋ ਕੇ ਤੁਰਨ ਵਾਲੀਆਂ ਸ਼ਕਤੀਆਂ ਹਨ। ਸੰਵਿਧਾਨ ਨੇ ਸਾਡੇ ਸਮਾਜ ਵਿਚ ਕਾਨੂੰਨ ਦੇ ਸਾਹਮਣੇ ਬਰਾਬਰੀ ਦਾ ਸਿਧਾਂਤ ਪੇਸ਼ ਕਰਕੇ ਸਮਾਜਿਕ ਬਰਾਬਰੀ ਦੇ ਅਹਿਮ ਦਸਤਾਵੇਜ਼ ਤੇ ਕਾਨੂੰਨ ਵਜੋਂ ਵੱਡੀ ਭੂਮਿਕਾ ਨਿਭਾਈ। ਸਰਮਾਏਦਾਰੀ ਜਮਾਤ ਇਸ ਨੂੰ ਆਪਣੇ ਲਈ ਆਜ਼ਾਦ ਵਪਾਰ ਦੇ ਖੇਤਰ 'ਸਪੈਸ਼ਲ ਇਕਨਾਮਿਕ ਜ਼ੋਨ' ਬਣਾਉਣ ਲਈ ਵੀ ਵਰਤ ਸਕਦੀ ਹੈ ਅਤੇ ਦੇਸ਼ ਦੇ ਲੋਕ ਇਸ ਨੂੰ ਆਪਣੇ ਮੌਲਿਕ ਹੱਕਾਂ ਅਤੇ ਜਮਹੂਰੀਅਤ ਦੀ ਰਾਖੀ ਲਈ। ਇਸੇ ਲਈ ਜਦ ਪਿਛਲੇ ਕੁਝ ਸਮੇਂ ਵਿਚ ਭਾਰਤੀ ਜਨਤਾ ਪਾਰਟੀ ਨੇ ਨਾਗਰਿਕਾਂ ਦਾ ਕੌਮੀ ਰਜਿਸਟਰ ਅਤੇ ਨਾਗਰਿਕਤਾ ਸੋਧ ਕਾਨੂੰਨ ਜਿਹੇ ਲੋਕ-ਵਿਰੋਧੀ ਕਾਨੂੰਨਾਂ ਨੂੰ ਅਮਲੀ ਰੂਪ ਦੇਣ ਲਈ ਕਦਮ ਚੁੱਕੇ ਹਨ ਤਾਂ ਲੋਕਾਂ ਨੇ ਸੰਵਿਧਾਨ ਵਿਚਲੇ ਆਦਰਸ਼ਾਂ ਨੂੰ ਦਰਸਾ ਕੇ ਉਨ੍ਹਾਂ ਦਾ ਵਿਰੋਧ ਕੀਤਾ ਹੈ। ਅੱਜ ਸੰਵਿਧਾਨ ਲੋਕਾਂ ਦੇ ਹੱਥ ਵਿਚ ਉਨ੍ਹਾਂ ਦੇ ਬੁਨਿਆਦੀ ਅਧਿਕਾਰਾਂ ਨੂੰ ਬਚਾਉਣ ਵਾਲਾ ਸੰਦ ਬਣ ਕੇ ਉੱਭਰਿਆ ਹੈ। ਦਿੱਲੀ ਦੇ ਸ਼ਾਹੀਨ ਬਾਗ਼ ਦੀਆਂ ਔਰਤਾਂ, ਜਾਮੀਆ ਮਿਲੀਆ ਤੇ ਹੋਰ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ, ਲਖਨਊ, ਪਟਨਾ, ਕੋਲਕਾਤਾ, ਮਾਲੇਰਕੋਟਲਾ, ਲੁਧਿਆਣਾ, ਚੰਡੀਗੜ੍ਹ ਅਤੇ ਦੇਸ਼ ਦੀਆਂ ਹੋਰ ਥਾਵਾਂ 'ਤੇ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ ਨੇ ਸੰਵਿਧਾਨ ਦੀ ਪ੍ਰਸਤਾਵਨਾ ਤੇ ਹੋਰ ਹਿੱਸਿਆਂ ਨੂੰ ਵਿਰੋਧ ਦਾ ਪਰਚਮ ਬਣਾ ਲਿਆ ਹੈ। ਨੰਦਿਨੀ ਸੁੰਦਰ ਅਨੁਸਾਰ ਸੰਵਿਧਾਨ ਇਕ ਸਜੀਵ ਦਸਤਾਵੇਜ਼ ਹੈ। ਲੋਕ ਇਸ ਵਿਚਲੇ ਆਦਰਸ਼ਾਂ ਨੂੰ ਹੋਰ ਜਮਹੂਰੀ ਅਤੇ ਲੋਕ-ਪੱਖੀ ਬਣਾ ਸਕਦੇ ਹਨ।

 ਇਤਿਹਾਸ ਸਿਰਜਣ ਦੀ ਰਾਹ - ਸਵਰਾਜਬੀਰ

ਅਮਰੀਕਨ ਇਤਿਹਾਸਕਾਰ ਲਾਰੈਲ ਥੈਚਰ ਉਲਰਿਚ ਨੇ 1976 ਵਿਚ ਆਪਣਾ ਲੇਖ 'ਸੁਚੱਜੀਆਂ ਔਰਤਾਂ ਕਦੇ ਇਤਿਹਾਸ ਨਹੀਂ ਬਣਾਉਂਦੀਆਂ' (Well Behaved Women Seldom Make History) ਲਿਖਿਆ। ਉਸ ਵੇਲ਼ੇ ਤਾਂ ਇਹ ਲੇਖ ਕੁਝ ਜ਼ਿਆਦਾ ਮਸ਼ਹੂਰ ਨਹੀਂ ਹੋਇਆ ਪਰ ਬਾਅਦ ਵਿਚ ਇਹ ਸ਼ਬਦ ਮੁਹਾਵਰਾ ਬਣ ਗਏ ਅਤੇ ਇਸ ਲਿਖ਼ਤ ਵਾਲੀਆਂ ਟੀ-ਸ਼ਰਟਾਂ, ਪੋਸਟ ਕਾਰਡ ਆਦਿ ਬਹੁਤ ਹਰਮਨਪਿਆਰੇ ਹੋਏ। 2007 ਵਿਚ ਉਲਰਿਚ ਨੇ ਇਸੇ ਨਾਂ ਦੀ ਕਿਤਾਬ ਲਿਖੀ ਜਿਸ ਵਿਚ ਉਸ ਨੇ ਤਿੰਨ ਔਰਤਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਕੰਮ-ਕਾਰ ਬਾਰੇ ਵਿਸਥਾਰ ਵਿਚ ਲਿਖਿਆ। ਉਲਰਿਚ ਨੇ ਦੱਸਿਆ ਕਿ ਕਿਵੇਂ ਸਮਾਜ ਚੰਗੀਆਂ ਅਤੇ ਮਾੜੀਆਂ ਕੁੜੀਆਂ ਬਾਰੇ ਮਾਪਦੰਡ ਬਣਾਉਂਦਾ ਹੈ ਅਤੇ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਔਰਤਾਂ, ਜਿਹੜੀਆਂ ਸੱਚਮੁਚ ਇਤਿਹਾਸ ਸਿਰਜਦੀਆਂ ਹਨ, ਇਨ੍ਹਾਂ ਮਾਪਦੰਡਾਂ ਨੂੰ ਤੋੜਨ ਵਾਲੀਆਂ ਜਟਿਲ ਸ਼ਖ਼ਸੀਅਤਾਂ ਹੁੰਦੀਆਂ ਹਨ। ਉਲਰਿਚ ਨੇ ਮੱਧਕਾਲੀਨ ਸਮਿਆਂ ਦੀ ਫ਼ਰਾਂਸੀਸੀ ਵਿਦਵਾਨ ਕ੍ਰਿਸਟੀਨ ਦ ਪਿਜ਼ੋਂ, 19ਵੀਂ ਸਦੀ ਵਿਚ ਇੰਗਲੈਂਡ ਵਿਚ ਔਰਤਾਂ ਲਈ ਵੋਟਾਂ ਦੇ ਹੱਕਾਂ ਲਈ ਅੰਦੋਲਨ ਕਰਨ ਵਾਲੀ ਐਲਿਜ਼ਬੈੱਥ ਕੈਡੀ ਸਟੈਟਨ ਅਤੇ 20ਵੀਂ ਸਦੀ ਦੀ ਮਸ਼ਹੂਰ ਲਿਖਾਰੀ ਵਰਜੀਨੀਆ ਵੂਲਫ਼ ਦਾ ਜ਼ਿਕਰ ਕੀਤਾ। ਉਲਰਿਚ ਦਾ ਕੇਂਦਰੀ ਨੁਕਤਾ ਇਹ ਹੈ ਕਿ ਕਿਵੇਂ ਇਨ੍ਹਾਂ ਔਰਤਾਂ ਨੇ ਉਸ ਸਮਾਜਿਕ ਵਿਹਾਰ, ਜਿਸ ਨੂੰ ਰਵਾਇਤੀ ਜਾਂ ਮਰਿਆਦਾ-ਪੂਰਨ ਕਿਹਾ ਜਾਂਦਾ ਹੈ, ਨਾਲੋਂ ਤੋੜ-ਵਿਛੋੜਾ ਕਰਕੇ ਸਮਾਜ ਤੇ ਇਤਿਹਾਸ ਵਿਚ ਔਰਤਾਂ ਨੂੰ ਵੱਡਾ ਸਥਾਨ ਦਿਵਾਉਣ ਲਈ ਨਵੀਂ ਜ਼ਮੀਨ ਲੱਭੀ।
       ਔਰਤਾਂ ਸਮਾਜ ਦਾ 50 ਫ਼ੀਸਦੀ ਹਿੱਸਾ ਹਨ। ਉਹ ਮਨੁੱਖੀ ਕਾਰ-ਵਿਹਾਰ ਤੇ ਰੋਜ਼ਾਨਾ ਜ਼ਿੰਦਗੀ ਵਿਚ ਏਨਾ ਅਹਿਮ ਹਿੱਸਾ ਪਾਉਂਦੀਆਂ ਹਨ ਕਿ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਜ਼ਿੰਦਗੀ ਦੇ ਕਿਸੇ ਕਾਰਜ ਬਾਰੇ ਕਲਪਨਾ ਕਰਨੀ ਮੁਸ਼ਕਲ ਹੈ। ਮਾਵਾਂ, ਭੈਣਾਂ, ਧੀਆਂ, ਪਤਨੀਆਂ ਅਤੇ ਹੋਰ ਭੂਮਿਕਾਵਾਂ ਨਿਭਾਉਂਦੀਆਂ ਉਹ ਮਰਦਾਂ ਨਾਲ ਕਦਮ-ਦਰ-ਕਦਮ ਮਿਲਾ ਕੇ ਚਲਦੀਆਂ ਹਨ ਪਰ ਇਸ ਸਭ ਕੁਝ ਦੇ ਬਾਵਜੂਦ ਸਮਾਜ ਵਿਚ ਔਰਤਾਂ ਦਾ ਦਰਜਾ ਗੌਣ ਰਿਹਾ ਹੈ।
       ਇਤਿਹਾਸ ਮਰਦਾਂ ਨੇ ਸਿਰਜਿਆ। ਕਈ ਵਿਦਵਾਨ ਦਲੀਲ ਦਿੰਦੇ ਹਨ ਕਿ ਇਸ ਵਿਚ ਔਰਤਾਂ ਭਾਵੇਂ ਮੋਹਰੀ ਤਾਂ ਨਹੀਂ ਸਨ ਪਰ ਪਿੱਠ-ਭੂਮੀ ਵਿਚ ਰਹਿ ਕੇ ਉਨ੍ਹਾਂ ਨੇ ਫ਼ੈਸਲਾਕੁਨ ਭੂਮਿਕਾ ਨਿਭਾਈ। ਇਹ ਦਲੀਲ ਧਰਵਾਸ ਦੇਣ ਵਾਲੀ ਹੈ। ਸੱਚ ਇਹ ਹੈ ਕਿ ਔਰਤਾਂ ਨੂੰ ਇਤਿਹਾਸ ਸਿਰਜਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ। ਮਰਦਾਂ ਦੁਆਰਾ ਇਤਿਹਾਸ ਸਿਰਜਣ ਕਰਕੇ ਬਹੁਤੇ ਸਮਾਜ ਮਰਦ-ਪ੍ਰਧਾਨ ਸਮਾਜ ਬਣ ਗਏ। ਮਰਦਾਵੀਂ ਧੌਂਸ ਸਮਾਜ ਦੀ ਆਮ ਸੂਝ-ਸਮਝ ਤੇ ਸਿਆਣਪ ਬਣ ਗਈ ਅਤੇ ਮਰਦਾਨਗੀ ਸਾਡੇ ਸਮਾਜਾਂ ਵਿਚਲੀ ਕੇਂਦਰੀ ਕੀਮਤ ਹੋ ਨਿੱਬੜੀ। ਇਸ ਮਰਦਾਨਗੀ ਨੇ ਜੰਗ ਦੇ ਮੈਦਾਨਾਂ ਵਿਚ ਆਪਣੇ ਜੌਹਰ ਵਿਖਾਏ, ਕਰੋੜਾਂ ਲੋਕਾਂ ਦਾ ਕਤਲੇਆਮ ਕੀਤਾ, ਦੇਸ਼ਾਂ, ਕੌਮਾਂ, ਨਿਮਾਣਿਆਂ ਤੇ ਨਿਤਾਣਿਆਂ ਨੂੰ ਲੁੱਟਿਆ ਤੇ ਗ਼ੁਲਾਮ ਬਣਾਇਆ। ਮਰਦਾਂ ਦੀਆਂ ਜਿੱਤਾਂ ਵਿਚ ਔਰਤਾਂ ਹਮੇਸ਼ਾ ਜ਼ੁਲਮ ਦਾ ਸ਼ਿਕਾਰ ਹੁੰਦੀਆਂ ਤੇ ਜੇਤੂ ਮਰਦ ਹਾਰੇ ਹੋਏ ਮਰਦਾਂ ਦੀਆਂ ਧੀਆਂ-ਭੈਣਾਂ ਲੁੱਟ ਕੇ ਆਪਣੇ ਘਰਾਂ ਜਾਂ ਦੇਸ਼ਾਂ ਨੂੰ ਲੈ ਜਾਂਦੇ। ਇਤਿਹਾਸ ਵਿਚੋਂ ਔਰਤ ਲਗਭਗ ਮਨਫ਼ੀ ਹੋ ਗਈ। ਮਸ਼ਹੂਰ ਫ਼ਰਾਂਸੀਸੀ ਚਿੰਤਕ ਸਿਮੋਨ ਦ ਬੂਆ ਲਿਖਦੀ ਹੈ, ''ਔਰਤਾਂ ਦਾ ਨਾ ਆਪਣਾ ਇਤਿਹਾਸ ਹੈ, ਨਾ ਵਰਤਮਾਨ।'' ਔਰਤ ਮਰਦ ਦੇ ਸਿਰਜੇ ਅਤੀਤ, ਵਰਤਮਾਨ ਤੇ ਭਵਿੱਖ ਵਿਚ ਜਿਉਂਦੀ ਹੈ।
       ਸਮਾਜ ਵਿਚ ਔਰਤ ਦੀ ਹਾਜ਼ਰੀ ਏਨੀ ਚੁੱਪ ਵਾਲੀ ਨਹੀਂ। ਉਹ ਲੋਕ-ਗੀਤਾਂ ਰਾਹੀਂ ਹਮੇਸ਼ਾ ਆਪਣੀ ਗੱਲ ਕਹਿਣ ਵਿਚ ਸਫ਼ਲ ਹੁੰਦੀ ਰਹੀ। ਮਰਦ ਨੇ ਉਸ ਨੂੰ ਦੁਜੈਲਾ ਦਰਜਾ ਦਿੱਤਾ ਪਰ ਉਹ ਆਪਣੀ ਅੰਦਰੂਨੀ ਤਾਕਤ ਨਾਲ ਸਮਾਜ ਤੇ ਪਰਿਵਾਰ 'ਤੇ ਆਪਣਾ ਪ੍ਰਭਾਵ ਬਣਾਈ ਰੱਖਣ ਲਈ ਆਪਣੀ ਲੜਾਈ ਕਦੇ ਸਿੱਧੇ ਅਤੇ ਕਦੇ ਅਸਿੱਧੇ ਢੰਗ ਨਾਲ ਲੜਦੀ ਰਹੀ। ਜਦ ਮਰਦ ਨੇ ਉਸ ਨੂੰ ਪਤਨੀ ਦੇ ਰੂਪ ਵਿਚ ਬਰਾਬਰ ਦਾ ਦਰਜਾ ਨਾ ਦਿੱਤਾ ਤਾਂ ਉਸ ਨੇ ਮਾਂ ਦੇ ਰੂਪ ਵਿਚ ਪਰਿਵਾਰ ਵਿਚ ਆਪਣੀ ਮਮਤਾ ਤੇ ਕੁਰਬਾਨੀ ਸਦਕਾ ਵੱਡਾ ਪ੍ਰਭਾਵ ਬਣਾਇਆ। ਉਹ ਧੀਆਂ ਤੇ ਪੁੱਤਰਾਂ ਨੂੰ ਇਕੱਠਿਆਂ ਰੱਖਣ ਵਾਲੀ ਤਾਕਤ ਬਣ ਗਈ ਅਤੇ ਮਰਦ ਨੂੰ ਉਸ ਦੇ ਇਸ ਰੂਪ ਨੂੰ ਸਵੀਕਾਰਨਾ ਤੇ ਦੇਵੀ ਦਾ ਦਰਜਾ ਦੇਣਾ ਪਿਆ। ਧੀਆਂ-ਪੁੱਤਰਾਂ 'ਤੇ ਮਾਂ ਦੀ ਸੋਚ ਦਾ ਪ੍ਰਭਾਵ ਸਾਰੀ ਉਮਰ ਚੇਤਨ ਤੇ ਅਵਚੇਤਨ ਰੂਪ ਵਿਚ ਬਣਿਆ ਰਹਿੰਦਾ ਹੈ।
      ਅਜੋਕੇ ਸਮਿਆਂ ਵਿਚ ਔਰਤਾਂ ਨੇ ਇਹ ਸੰਘਰਸ਼ ਵਿੱਢਿਆ ਕਿ ਉਨ੍ਹਾਂ ਨੂੰ ਸਿਰਫ਼ ਮਾਂ-ਰੂਪ ਨਹੀਂ ਸਗੋਂ ਨਾਰੀ ਵਜੋਂ ਸੰਪੂਰਨ ਰੂਪ ਵਿਚ ਪਛਾਣ ਮਿਲਣੀ ਚਾਹੀਦੀ ਹੈ। ਕਦੀ ਧੀਮੀ ਸੁਰ ਨਾਲ ਅਤੇ ਕਦੀ ਅੰਦੋਲਨਾਂ ਰਾਹੀਂ ਵਿਰੋਧ ਕਰਦਿਆਂ ਔਰਤਾਂ ਦੀ ਆਜ਼ਾਦੀ ਦਾ ਮਸਲਾ ਭਖਿਆ ਅਤੇ ਔਰਤਾਂ ਨੂੰ ਪੜ੍ਹਾਈ-ਲਿਖਾਈ, ਗਿਆਨ-ਵਿਗਿਆਨ, ਗੱਲ ਕੀ ਜ਼ਿੰਦਗੀ ਦੇ ਹਰ ਸ਼ੋਹਬੇ ਵਿਚ ਬਰਾਬਰ ਦੀ ਥਾਂ ਮਿਲਣ ਲੱਗੀ। ਭਾਵੇਂ ਅਜੇ ਵੀ ਔਰਤਾਂ ਦੇ ਵਿਚਾਰਾਂ 'ਤੇ ਕਈ ਤਰ੍ਹਾਂ ਦੀਆਂ ਬੰਦਿਸ਼ਾਂ ਏਦਾਂ ਦੀ ਰਾਏ ''ਚੰਗੀਆਂ ਧੀਆਂ ਏਦਾਂ ਨਹੀਂ ਕਰਦੀਆਂ'' ਰਾਹੀਂ ਲਾਈਆਂ ਜਾਂਦੀਆਂ ਹਨ ਪਰ ਇਤਿਹਾਸ ਦਾ ਵਹਾਅ ਇਹੋ ਜਿਹਾ ਹੈ ਕਿ ਔਰਤਾਂ ਹਰ ਮੈਦਾਨ ਵਿਚ ਆਪਣੇ ਹੱਕ ਲੈਣ ਲਈ ਅੱਗੇ ਆ ਰਹੀਆਂ ਹਨ। ਮਰਦ ਅਜੇ ਵੀ ਉਨ੍ਹਾਂ ਨੂੰ ਆਪਣੀ ਬਣਾਈ ਮਰਿਆਦਾ ਅਨੁਸਾਰ ਵਿਹਾਰ ਕਰਨ ਲਈ ਮਜਬੂਰ ਕਰਦਾ ਹੈ ਜਿਵੇਂ ਪੰਜਾਬ ਵਿਚ ਇਹ ਆਮ ਕਿਹਾ ਜਾਂਦਾ ਹੈ ''ਚੰਗੀਆਂ ਧੀਆਂ ਜਾਇਦਾਦ ਵਿਚੋਂ ਹਿੱਸਾ ਨਹੀਂ ਮੰਗਦੀਆਂ'', ''ਚੰਗੀਆਂ ਧੀਆਂ ਮਾਂ-ਪਿਉ ਦੇ ਕਹੇ ਅਨੁਸਾਰ ਹੀ ਵਿਆਹ ਕਰਦੀਆਂ ਹਨ''।
      ਪਿਛਲੇ ਕੁਝ ਵਰ੍ਹਿਆਂ ਤੋਂ ਦੇਸ਼ ਵਿਚ ਵਿੱਦਿਆ, ਵਿਗਿਆਨ, ਖੋਜ, ਆਜ਼ਾਦੀ, ਤਰੱਕੀ ਆਦਿ ਦੀ ਗੱਲ ਹੋਣ ਦੀ ਥਾਂ 'ਤੇ ਉਨ੍ਹਾਂ ਰੁਝਾਨਾਂ ਨੇ ਲੈ ਲਈ ਹੈ ਜਿਨ੍ਹਾਂ ਵਿਚ ਫ਼ਿਰਕਾਪ੍ਰਸਤੀ, ਮਰਦ-ਪ੍ਰਧਾਨ ਸੋਚ, ਜਾਤੀਵਾਦ ਤੇ ਖੇਤਰਵਾਦ ਦੀਆਂ ਰੁਚੀਆਂ ਭਾਰੂ ਹਨ। ਹਜੂਮੀ ਹਿੰਸਾ ਦੀਆਂ ਕਾਰਵਾਈਆਂ ਰਾਹੀਂ ਦੇਸ਼ ਦੇ ਘੱਟਗਿਣਤੀ ਫ਼ਿਰਕੇ ਦੇ ਲੋਕਾਂ ਅਤੇ ਦਲਿਤਾਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਉਨ੍ਹਾਂ ਨੂੰ ਕੀ ਖਾਣਾ ਤੇ ਕੀ ਨਹੀਂ ਖਾਣਾ ਚਾਹੀਦਾ। ਉਨ੍ਹਾਂ ਦੀ ਦੇਸ਼ ਭਗਤੀ 'ਤੇ ਸ਼ੱਕ ਕਰਦਿਆਂ ਨਾ ਸਿਰਫ਼ ਉਨ੍ਹਾਂ ਨਾਲ ਕੁੱਟ-ਮਾਰ ਕੀਤੀ ਗਈ ਸਗੋਂ ਉਨ੍ਹਾਂ ਨੂੰ ਖ਼ਾਸ ਤਰ੍ਹਾਂ ਦੇ ਨਾਅਰੇ ਲਾਉਣ ਲਈ ਵੀ ਮਜਬੂਰ ਕੀਤਾ ਗਿਆ। ਕੁੜੀਆਂ ਨੂੰ ਖ਼ਾਸ ਤਰ੍ਹਾਂ ਦੇ ਪਹਿਰਾਵੇ ਪਾਉਣ ਦੀ ਹਦਾਇਤ ਕੀਤੀ ਗਈ। ਜਬਰ-ਜਨਾਹ ਤੇ ਮਰਦਾਂ ਦੀ ਹਿੰਸਾ ਦਾ ਸ਼ਿਕਾਰ ਹੁੰਦੀਆਂ ਔਰਤਾਂ ਦੇ ਲਿਬਾਸ, ਘੁੰਮਣ-ਫਿਰਨ ਦੇ ਤੌਰ-ਤਰੀਕਿਆਂ ਅਤੇ ਵਿਹਾਰ ਵਿਚੋਂ ਦੋਸ਼ ਲੱਭੇ ਗਏ ਅਤੇ ਇਹ ਦਰਸਾਉਣ ਦਾ ਯਤਨ ਕੀਤਾ ਗਿਆ ਜਿਵੇਂ ਮਰਦਾਂ ਦੇ ਹਿੰਸਕ ਵਿਹਾਰ ਲਈ ਔਰਤਾਂ ਹੀ ਜ਼ਿੰਮੇਵਾਰ ਹੋਣ। ਮਰਦਾਂ ਦੀਆਂ ਵੱਖ ਵੱਖ ਤਰ੍ਹਾਂ ਦੀਆਂ ਸੰਸਥਾਵਾਂ ਨੇ ਔਰਤਾਂ 'ਤੇ ਇਹ ਬੰਦਿਸ਼ਾਂ ਵੀ ਲਾਈਆਂ ਹਨ ਕਿ ਉਹ ਕਿਹੜੀ ਜਾਤ ਤੇ ਧਰਮ ਦੇ ਮਰਦਾਂ ਨਾਲ ਵਿਆਹ ਕਰਨ। ਇਹ ਕਾਰਜ ਚੇਤਨ ਤੌਰ 'ਤੇ ਸੰਸਥਾਵਾਂ ਰਾਹੀਂ ਹੀ ਸਿਰੇ ਨਹੀਂ ਚੜ੍ਹਦਾ ਸਗੋਂ ਸਾਰਾ ਸਮਾਜ ਚੁੱਪ-ਚੁਪੀਤੇ ਆਪਣੀ ਸਹਿਮਤੀ ਸੰਗ ਇਸ ਵਿਚ ਸ਼ਾਮਲ ਹੁੰਦਾ ਹੈ।
      ਇਸ ਵੇਲ਼ੇ ਸਾਡੇ ਦੇਸ਼ ਦੇ ਸਮਾਜ ਵਿਚ ਕੁਝ ਨਵਾਂ ਵਾਪਰ ਰਿਹਾ ਹੈ। ਦੂਸਰੀ ਵਾਰ ਸੱਤਾ ਵਿਚ ਆਉਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਨਾ ਸ਼ੁਰੂ ਕੀਤਾ। ਧਾਰਾ 370 ਨੂੰ ਮਨਸੂਖ਼ ਕਰਦਿਆਂ ਜੰਮੂ-ਕਸ਼ਮੀਰ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿਚ ਵੰਡਣ ਤੋਂ ਬਾਅਦ ਨਾਗਰਿਕਾਂ ਦੇ ਕੌਮੀ ਰਜਿਸਟਰ ਵਿਚ ਆਪਣੇ ਮਨਚਾਹੇ ਨਤੀਜੇ ਨਾ ਮਿਲਣ ਕਾਰਨ ਕੌਮੀ ਨਾਗਰਿਕਤਾ ਸੋਧ ਕਾਨੂੰਨ ਬਣਾਇਆ ਗਿਆ। ਇਸ ਤੋਂ ਕੋਈ ਇਨਕਾਰ ਨਹੀਂ ਕਰਦਾ ਕਿ ਪਾਕਿਸਤਾਨ, ਅਫ਼ਗ਼ਾਨਿਸਤਾਨ ਅਤੇ ਬੰਗਲਾਦੇਸ਼ ਵਿਚ ਕੁਝ ਫ਼ਿਰਕਿਆਂ ਨਾਲ ਧਾਰਮਿਕ ਆਧਾਰ 'ਤੇ ਵਿਤਕਰਾ ਹੋਇਆ ਹੈ ਪਰ ਜਿਸ ਤੱਥ ਨੇ ਦੇਸ਼ ਦੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਆਤਮਾ ਨੂੰ ਟੁੰਬਿਆ, ਉਹ ਇਸ ਕਾਨੂੰਨ ਦੁਆਰਾ ਨਾਗਰਿਕਤਾ ਦੇਣ ਦਾ ਆਧਾਰ ਧਰਮ ਨੂੰ ਬਣਾਉਣਾ ਸੀ।
      ਵਿਦਿਆਰਥੀ ਅਤੇ ਨੌਜਵਾਨ ਇਸ ਕਾਨੂੰਨ ਵਿਰੁੱਧ ਸੜਕਾਂ 'ਤੇ ਆਏ ਅਤੇ ਉਨ੍ਹਾਂ ਨੂੰ ਸਰਕਾਰ ਦੇ ਜਬਰ ਦਾ ਸਾਹਮਣਾ ਕਰਨਾ ਪਿਆ। ਇਸ ਜਬਰ ਨੇ ਹਿੰਦੋਸਤਾਨ ਦੀਆਂ ਔਰਤਾਂ ਦੇ ਮਨਾਂ ਨੂੰ ਵਲੂੰਧਰਿਆ ਅਤੇ ਉਨ੍ਹਾਂ ਨੇ ਦਿੱਲੀ ਦੇ ਸ਼ਾਹੀਨ ਬਾਗ਼ ਵਿਚ ਮੋਰਚਾ ਲਗਾ ਦਿੱਤਾ। ਇਸ ਕੜਕਦੀ ਠੰਢ ਵਿਚ ਔਰਤਾਂ ਆਪਣੇ ਹੱਕਾਂ ਦੀ ਰਾਖੀ ਲਈ ਅੰਦੋਲਨ ਕਰ ਰਹੀਆਂ ਹਨ ਅਤੇ ਦੇਸ਼ ਦੇ ਕੋਨੇ ਕੋਨੇ ਤੋਂ ਲੋਕ ਉਨ੍ਹਾਂ ਦਾ ਸਾਥ ਦੇਣ ਲਈ ਉੱਥੇ ਪਹੁੰਚ ਰਹੇ ਹਨ।
      ਫ਼ਲਸਤੀਨ ਦੇ ਸੰਘਰਸ਼ ਵਿਚ ਔਰਤਾਂ ਨੇ ਵੱਡਾ ਹਿੱਸਾ ਪਾਇਆ ਹੈ। ਬਹੁਤ ਸਾਰੇ ਮੁਸਲਮਾਨ ਦੇਸ਼ ਬਾਹਰੋਂ ਤਾਂ ਫ਼ਲਸਤੀਨੀ ਲੋਕਾਂ ਦੇ ਹੱਕਾਂ ਦੀ ਹਮਾਇਤ ਕਰਦੇ ਹਨ ਪਰ ਅੰਦਰੂਨੀ ਤੌਰ 'ਤੇ ਉਹ ਫ਼ਲਸਤੀਨੀਆਂ ਤੋਂ ਡਰਦੇ ਹਨ। ਕਿਉਂ? ਉਹ ਇਸ ਲਈ ਕਿ ਫ਼ਲਸਤੀਨੀ ਲੋਕਾਂ ਨੇ ਆਪਣੇ ਸੰਘਰਸ਼ ਵਿਚ ਮੁਸਲਮਾਨ ਸਮਾਜ ਲਈ ਨਵੇਂ ਆਯਾਮ ਪੈਦਾ ਕੀਤੇ ਹਨ, ਔਰਤਾਂ ਮਰਦਾਂ ਦੇ ਬਰਾਬਰ ਅਤੇ ਕਈ ਵਾਰ ਉਨ੍ਹਾਂ ਤੋਂ ਅਗਾਂਹ ਹੋ ਕੇ ਲੜੀਆਂ ਹਨ, ਫ਼ਲਸਤੀਨੀ ਸਮਾਜ ਜਮਹੂਰੀ ਸਮਾਜ ਬਣ ਗਿਆ ਹੈ ਅਤੇ ਇਹ ਦੇਸ਼ ਫ਼ਲਸਤੀਨੀ ਸਮਾਜ ਦੀ ਜਮਹੂਰੀਅਤ ਅਤੇ ਉਸ ਵਿਚਲੀ ਔਰਤਾਂ ਦੀ ਭੂਮਿਕਾ ਤੋਂ ਡਰਦੇ ਹਨ।
      ਭਾਰਤ ਵਿਚਲਾ ਅੰਦੋਲਨ ਸ਼ਾਹੀਨ ਬਾਗ਼ ਤਕ ਹੀ ਸੀਮਤ ਨਹੀਂ। ਪਟਨਾ ਦੇ ਸਬਜ਼ੀ ਬਾਗ਼ ਵਿਚ ਵੀ ਔਰਤਾਂ ਨੇ ਅਜਿਹਾ ਮੋਰਚਾ ਖੋਲ੍ਹਿਆ ਹੋਇਆ ਹੈ। ਉੱਥੋਂ ਦੀਆਂ ਔਰਤਾਂ ਨੇ ਸ਼ਾਹੀਨ ਬਾਗ਼ ਬਾਰੇ ਸੁਣਨ ਤੋਂ ਬਾਅਦ ਇਹ ਫ਼ੈਸਲਾ ਕੀਤਾ ਕਿ ਇਸ ਬਾਗ਼ ਵਿਚ ਵੀ ਸ਼ਾਹੀਨ ਬਾਗ਼ ਜਿਹੇ ਫੁੱਲ ਖਿੜਨੇ ਚਾਹੀਦੇ ਹਨ। ਉੱਥੇ ਭਾਰਤੀ ਜਨਤਾ ਪਾਰਟੀ ਦੇ ਰਜਿਸਟਰਵਾਦੀ ਰਾਸ਼ਟਰਵਾਦ ਵਿਰੁੱਧ ''ਹਮ ਕਾਗਜ਼ ਨਹੀਂ ਦਿਖਾਏਂਗੇ'' ਜਿਹੇ ਨਾਅਰੇ ਬੁਲੰਦ ਹੋ ਰਹੇ ਹਨ। ਕੋਲਕਾਤਾ ਦੀ ਪਾਰਕ ਸਰਕਸ ਵਿਚ ਵੀ ਔਰਤਾਂ ਨਾਗਰਿਕਤਾ ਸੋਧ ਕਾਨੂੰਨ ਅਤੇ ਨਾਗਰਿਕਾਂ ਦੇ ਕੌਮੀ ਰਜਿਸਟਰ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੀਆਂ ਹਨ। ਪੰਜਾਬ ਵਿਚ ਵੀ ਕਈ ਥਾਵਾਂ 'ਤੇ ਹੋਏ ਮੁਜ਼ਾਹਰਿਆਂ ਅਤੇ ਖ਼ਾਸ ਕਰਕੇ ਮਾਲੇਰਕੋਟਲਾ ਵਿਚ ਔਰਤਾਂ ਵੱਡੀ ਗਿਣਤੀ ਵਿਚ ਆਪਣਾ ਰੋਸ ਪ੍ਰਗਟਾਉਣ ਲਈ ਅੱਗੇ ਆਈਆਂ ਹਨ। ਇਹ ਔਰਤਾਂ ਇਤਿਹਾਸ ਸਿਰਜਣ ਦੇ ਨਾਲ ਨਾਲ ਇਸ ਗੱਲ ਦੀ ਨਿਸ਼ਾਨਦੇਹੀ ਵੀ ਕਰ ਰਹੀਆਂ ਹਨ ਕਿ ਹੁਣ ਉਨ੍ਹਾਂ ਨੂੰ ਇਤਿਹਾਸ ਸਿਰਜਣ ਤੋਂ ਕੋਈ ਨਹੀਂ ਰੋਕ ਸਕਦਾ। ਜਬਰ ਵਿਰੁੱਧ ਸੰਘਰਸ਼ ਰਾਹੀਂ ਔਰਤਾਂ ਨਾ ਸਿਰਫ਼ ਜ਼ਾਲਮਾਂ ਵਿਰੁੱਧ ਲੜਦੀਆਂ ਹਨ ਸਗੋਂ ਆਪਣੇ ਹੱਕਾਂ ਦੀ ਜ਼ਮੀਨ ਦੀ ਸਿਰਜਣਾ ਵੀ ਕਰਦੀਆਂ ਹਨ। ਸਾਡੇ ਦੇਸ਼ ਦੀਆਂ ਔਰਤਾਂ ਵੀ ਇਹੀ ਕਰ ਰਹੀਆਂ ਹਨ। ਔਰਤਾਂ ਦੇ ਇਹ ਸੰਘਰਸ਼ ਸਾਡੇ ਸਮਾਜ ਦੀ ਨੁਹਾਰ ਬਦਲਣ ਦੀ ਸਮਰੱਥਾ ਰੱਖਦੇ ਹਨ।

ਇਸ ਵਾਰ ਦੀ ਲੋਹੜੀ ...   - ਸਵਰਾਜਬੀਰ

ਪੰਜਾਬ ਅਤੇ ਇਸ ਦੇ ਨਜ਼ਦੀਕੀ ਇਲਾਕਿਆਂ ਵਿਚ ਲੋਹੜੀ ਦਾ ਤਿਉਹਾਰ ਪੋਹ ਦੀ ਅਖ਼ੀਰਲੀ ਰਾਤ ਨੂੰ ਮਨਾਇਆ ਜਾਂਦਾ ਹੈ। ਬਹੁਤ ਸਾਰੇ ਵਿਆਖਿਆਕਾਰਾਂ ਅਨੁਸਾਰ ਇਹ ਮੌਸਮ ਦੇ ਬਦਲਣ ਦਾ ਤਿਉਹਾਰ ਹੈ ਜਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਕੜਕਦੀ ਠੰਢ ਘਟਣ ਲੱਗਦੀ ਹੈ। ਆਮ ਜ਼ਿੰਦਗੀ ਵਿਚ ਲੋਹੜੀ ਵਾਲੀ ਰਾਤ ਪੁੱਤਰਾਂ ਦੇ ਜਨਮ ਤੇ ਵਿਆਹਾਂ ਦੀਆਂ ਖ਼ੁਸ਼ੀਆਂ ਮਨਾਈਆਂ ਜਾਂਦੀਆਂ ਹਨ। ਲੋਕ ਇਕੱਠੇ ਹੋ ਕੇ ਅੱਗ ਬਾਲਦੇ, ਸੇਕਦੇ ਤੇ ਉਸ ਉੱਤੇ ਤਿਲ਼, ਚਿੜਬਿੜੇ ਤੇ ਫੁੱਲੇ ਸੁੱਟਦੇ ਹਨ। ਕਈ ਲੋਕ ਇਸ ਨੂੰ ਪੁਰਾਣਿਆਂ ਸਮਿਆਂ ਵਿਚ ਹੁੰਦੀ ਅਗਨੀ ਪੂਜਾ ਨਾਲ ਜੋੜ ਕੇ ਵੀ ਵੇਖਦੇ ਹਨ। ਲੋਹੜੀ ਨੂੰ ਜ਼ਿੰਦਗੀ ਤੇ ਲੰਮੇ ਜੀਵਨ ਦੇ ਪੁਰਬ ਵਜੋਂ ਵੀ ਮਾਨਤਾ ਦਿੱਤੀ ਜਾਂਦੀ ਹੈ ਅਤੇ ਇਸ ਸਮੇਂ ਦੁਹਰਾਈ ਜਾਣ ਵਾਲੀ ਹਰਮਨਪਿਆਰੀ ਤੁਕ 'ਭਰੀ ਆਈਂ ਤੇ ਸੱਖਣੀ ਜਾਈਂ' ਇਸ ਦੀ ਗਵਾਹ ਹੈ। ਉਸ ਰਾਤ ਬੋਲੀ ਜਾਂਦੀ ਇਕ ਹੋਰ ਤੁਕ 'ਇੱਸ਼ਰ (ਖੁਸ਼ਹਾਲੀ) ਆਏ ਦਲਿੱਦਰ ਜਾਏ/ ਦਲਿੱਦਰ ਦੀ ਜੜ ਚੁੱਲ੍ਹੇ ਪਾਏ' ਵੀ ਖੁਸ਼ਹਾਲ ਜੀਵਨ ਦੀ ਕਾਮਨਾ ਕਰਦੀ ਹੈ।
       ਲੋਹੜੀ ਮੌਕੇ ਗਾਏ ਜਾਂਦੇ ਗੀਤਾਂ ਵਿਚੋਂ ਸਭ ਤੋਂ ਮਕਬੂਲ ਗੀਤ 'ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਹੋ, ਦੁੱਲਾ ਭੱਟੀ ਵਾਲਾ ਹੋ' ਹੈ ਜੋ ਇਸ ਤਿਉਹਾਰ ਦਾ ਸਬੰਧ ਦੁੱਲੇ ਭੱਟੀ ਨਾਲ ਜੋੜਦਾ ਹੈ। ਪ੍ਰਚਲਿਤ ਗਾਥਾ ਅਨੁਸਾਰ ਦੁੱਲੇ ਦੇ ਪਿਉ ਫਰੀਦ ਨੇ ਅਕਬਰ ਵਿਰੁੱਧ ਬਗ਼ਾਵਤ ਕੀਤੀ ਜਿਸ ਦੇ ਸਿੱਟੇ ਵਜੋਂ ਅਕਬਰ ਨੇ ਫਰੀਦ ਅਤੇ ਉਸ ਦੇ ਪਿਉ ਨੂੰ ਕਤਲ ਕਰਵਾ ਕੇ ਉਨ੍ਹਾਂ ਦੀਆਂ ਲਾਸ਼ਾਂ ਵਿਚ ਤੂੜੀ ਭਰਵਾਈ ਤੇ ਲਾਹੌਰ ਦੇ ਬਾਹਰਲੇ ਦਰਵਾਜ਼ਿਆਂ 'ਤੇ ਟੰਗਣ ਦੇ ਹੁਕਮ ਦਿੱਤੇ। ਦੁੱਲੇ ਦੇ ਬਚਪਨ ਬਾਰੇ ਕਈ ਕਹਾਣੀਆਂ ਮਸ਼ਹੂਰ ਹਨ ਜਿਨ੍ਹਾਂ ਵਿਚ ਇਕ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਦੇ ਨਾਲ ਮਿਲਦੀ-ਜੁਲਦੀ ਹੈ ਜਿਸ ਵਿਚ ਉਹ ਪਿੰਡਾਂ ਦੀਆਂ ਕੁੜੀਆਂ ਦੀਆਂ ਪਾਣੀ ਦੀਆਂ ਮਟਕੀਆਂ ਤੋੜਦਾ ਹੈ। ਦੁੱਲੇ ਨੂੰ ਮੁਗ਼ਲ ਹਕੂਮਤ ਵੱਲੋਂ ਆਪਣੇ ਪਿਉ ਤੇ ਦਾਦੇ ਦੇ ਕਰਵਾਏ ਗਏ ਕਤਲ ਬਾਰੇ ਪਤਾ ਲੱਗਣ ਮਗਰੋਂ ਉਹ ਵੀ ਬਾਗ਼ੀ ਬਣ ਜਾਂਦਾ ਹੈ। ਇਹ ਕਹਾਣੀ ਵੀ ਮਿਲਦੀ ਹੈ ਕਿ ਉਸ ਵੇਲ਼ੇ ਇਲਾਕੇ ਦੇ ਹਾਕਮ ਨੇ ਹਿੰਦੂ ਕੁੜੀ ਸੁੰਦਰੀ (ਕਈ ਥਾਵਾਂ 'ਤੇ ਦੋ ਕੁੜੀਆਂ ਸੁੰਦਰੀ ਤੇ ਮੁੰਦਰੀ) ਨੂੰ ਅਗਵਾ ਕਰ ਲਿਆ। ਦੁੱਲਾ ਸੁੰਦਰੀ ਨੂੰ ਛੁਡਵਾ ਕੇ ਉਸ ਦਾ ਵਿਆਹ ਕਰਵਾਉਂਦਾ ਹੈ। ਵਿਆਹ ਵਾਸਤੇ ਉਹ ਲੋਕਾਂ ਤੋਂ ਸਹਾਇਤਾ ਮੰਗਦਾ ਹੈ। ਹਾਕਮ ਨੇ ਦੁੱਲੇ ਦੀਆਂ ਜ਼ਮੀਨਾਂ ਜ਼ਬਤ ਕਰ ਲਈਆਂ ਹਨ ਤੇ ਉਸ ਦੇ ਘਰ ਤੋਂ ਕੁੜੀ ਦੇ ਵਿਆਹ 'ਤੇ ਦੇਣ ਲਈ ਸਿਰਫ਼ ਸਵਾ ਸੇਰ ਸ਼ੱਕਰ ਆਉਂਦੀ ਹੈ ਜਿਸ ਦਾ ਵਰਨਣ ਇਸ ਗੀਤ ਵਿਚ ਮਿਲਦਾ ਹੈ। ਬਾਅਦ ਵਿਚ ਦੁੱਲਾ ਮੁਗ਼ਲਾਂ ਦੀਆਂ ਫ਼ੌਜਾਂ ਨਾਲ ਲੋਹਾ ਲੈਂਦਿਆਂ ਗ੍ਰਿਫ਼ਤਾਰ ਹੋ ਜਾਂਦਾ ਹੈ ਅਤੇ ਅਕਬਰ ਦੀ ਈਨ ਮੰਨਣ ਤੋਂ ਇਨਕਾਰ ਕਰਨ ਕਰਕੇ ਹਾਕਮ ਉਸ ਨੂੰ ਫਾਹੇ ਲਾ ਦਿੰਦੇ ਹਨ। ਅਜਿਹੀ ਬਹਾਦਰੀ ਕਾਰਨ ਦੁੱਲਾ ਪੰਜਾਬ ਦੀ ਨਾਬਰੀ ਤੇ ਬਗ਼ਾਵਤ ਦਾ ਪ੍ਰਤੀਕ ਬਣ ਕੇ ਉੱਭਰਦਾ ਹੈ। ਸ਼ਾਹ ਮੁਹੰਮਦ ਦੀ ਗਵਾਹੀ ਅਨੁਸਾਰ ਪੰਜਾਬ ਵਿਚ ਦੁੱਲੇ ਭੱਟੀ ਤੇ ਜੈਮਲ ਫੱਤੇ ਦੀਆਂ ਵਾਰਾਂ ਗਾਈਆਂ ਜਾਂਦੀਆਂ ਹਨ। ਬਾਅਦ ਵਿਚ ਕਿਸ਼ਨ ਸਿੰਘ ਨੇ ਦੁੱਲੇ ਭੱਟੀ 'ਤੇ ਕਿੱਸਾ ਲਿਖਿਆ ਜੋ ਬਹੁਤ ਮਸ਼ਹੂਰ ਹੋਇਆ। ਆਧੁਨਿਕ ਸਮਿਆਂ ਵਿਚ ਲਹਿੰਦੇ ਪੰਜਾਬ ਦੇ ਲੇਖਕ ਅਤੇ ਕਿਸਾਨ ਮਜ਼ਦੂਰ ਪਾਰਟੀ ਦੇ ਬਾਨੀ ਇਸਹਾਕ ਮੁਹੰਮਦ ਨੇ ਦੁੱਲੇ ਉੱਤੇ 'ਕੁਕਨੂਸ' ਨਾਮੀ ਨਾਟਕ ਲਿਖਿਆ। ਅਹਿਮਦ ਸਲੀਮ ਨੇ ਫ਼ੌਜੀ ਹਾਕਮਾਂ ਦੇ ਵੇਲ਼ਿਆਂ ਵਿਚ ਲਹਿੰਦੇ ਪੰਜਾਬ ਦੇ ਮਨੁੱਖ ਦੀ ਹੋਣੀ ਨੂੰ ਆਪਣੀ ਰਚਨਾ 'ਦੁੱਲੇ ਦੀ ਵਾਰ' ਰਾਹੀਂ ਪੇਸ਼ ਕੀਤਾ ਅਤੇ ਨਜ਼ਮ ਹੁਸੈਨ ਸਈਅਦ ਨੇ ਆਪਣੇ ਨਾਟਕ 'ਤਖ਼ਤ ਲਾਹੌਰ' ਵਿਚ ਉਸ ਦਾ ਨਾਤਾ ਸ਼ਾਹ ਹੁਸੈਨ ਨਾਲ ਗੰਢਿਆ। ਚੜ੍ਹਦੇ ਪੰਜਾਬ ਵਿਚ ਗੁਰਸ਼ਰਨ ਸਿੰਘ ਨੇ ਦੁੱਲੇ ਦੀ ਲੋਕ-ਗਾਥਾ ਨੂੰ 'ਧਮਕ ਨਗਾਰੇ ਦੀ' ਨਾਟਕ ਰਾਹੀਂ ਪੇਸ਼ ਕੀਤਾ।
       ਹਰ ਤਿਉਹਾਰ ਤੇ ਮਿਥ ਦਾ ਪਿਛੋਕੜ ਬਹੁਤ ਜਟਿਲ ਹੁੰਦਾ ਹੈ। ਇਕ ਪਾਸੇ ਲੋਹੜੀ ਖ਼ੁਸ਼ੀਆਂ ਦਾ ਤਿਉਹਾਰ ਹੈ ਅਤੇ ਦੂਸਰੇ ਪਾਸੇ ਇਹ ਸਾਡੇ ਸਮਾਜ ਵਿਚ ਪਸਰੀ ਹੋਈ ਮਰਦ-ਪ੍ਰਧਾਨ ਸੋਚ ਦਾ ਪ੍ਰਤੀਕ ਹੈ ਜਿਸ ਵਿਚ ਪੁੱਤਰਾਂ ਦੇ ਜਨਮ ਤੇ ਵਿਆਹ ਦੀ ਖ਼ੁਸ਼ੀ ਤਾਂ ਮਨਾਈ ਜਾਂਦੀ ਹੈ ਪਰ ਧੀਆਂ ਦੇ ਜਨਮ ਨੂੰ ਮਾੜਾ ਤੇ ਅਸ਼ੁਭ ਸਮਝਿਆ ਜਾਂਦਾ ਹੈ। ਮਾਵਾਂ ਤੇ ਭੈਣਾਂ ਆਪਣੇ ਪੁੱਤਾਂ ਤੇ ਭਰਾਵਾਂ ਦੇ ਜੰਮਣ ਦੀ ਲੋਹੜੀ ਗਾਉਂਦੀਆਂ ਹਨ ਪਰ ਧੀਆਂ ਦੇ ਜਨਮ ਨੂੰ ਮਨਾਉਂਦਾ ਕੋਈ ਗੀਤ ਨਹੀਂ। ਦੁੱਲੇ ਭੱਟੀ ਨਾਲ ਸਬੰਧਿਤ ਗੀਤ ਦੀ ਪਹਿਲੀ ਸਤਰ (ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ) ਵੀ ਇਸ ਸੋਚ ਦੀ ਗਵਾਹੀ ਭਰਦੀ ਹੈ ਕਿ ਮਰਦ ਨੇ ਹੀ ਔਰਤਾਂ ਦੀ ਪੱਖ-ਪੱਤ ਦੀ ਰਾਖੀ ਕਰਨੀ ਹੈ ਅਤੇ ਧੀਆਂ, ਭੈਣਾਂ ਤੇ ਪਤਨੀਆਂ ਆਪਣੀ ਰਾਖੀ ਕਰਨ ਦੇ ਸਮਰੱਥ ਨਹੀਂ ਹਨ। ਇਸ ਕਾਰਨ ਕਈ ਵਾਰ ਲੋਹੜੀ ਮਨਾਉਣ ਦਾ ਵਿਰੋਧ ਵੀ ਕੀਤਾ ਜਾਂਦਾ ਹੈ।
      ਕਿਸੇ ਵੀ ਤਿਉਹਾਰ ਜਾਂ ਮਿਥ ਪਿੱਛੇ ਪਈ ਮਾਨਸਿਕਤਾ ਨੂੰ ਹੋਂਦ ਵਿਚ ਆਉਂਦਿਆਂ ਸਦੀਆਂ ਲੱਗ ਜਾਂਦੀਆਂ ਹਨ ਅਤੇ ਇਹ ਸਮਾਜ ਵਿਚੋਂ ਜਲਦੀ ਖਾਰਜ ਨਹੀਂ ਹੁੰਦੀ ਪਰ ਇਹ ਨਹੀਂ ਕਿ ਇਸ ਵਿਚ ਬਦਲਾਓ ਨਹੀਂ ਕੀਤਾ ਜਾ ਸਕਦਾ। ਸ਼ਾਇਦ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਲੋਹੜੀ ਮਨਾਉਣ ਵਿਚ ਕਿਸੇ ਨਾ ਕਿਸੇ ਤਰੀਕੇ ਨਾਲ ਪੁਰਾਤਨ ਸਮਿਆਂ ਵਿਚ ਹੁੰਦੀ ਅਗਨੀ ਦੀ ਪੂਜਾ ਦੇ ਚਿੰਨ੍ਹ ਅਸਿੱਧੇ ਰੂਪ ਵਿਚ ਮੌਜੂਦ ਹਨ। ਅਗਨੀ ਵੇਦਾਂ ਦੇ ਪ੍ਰਧਾਨ ਦੇਵਤਿਆਂ ਵਿਚੋਂ ਸੀ ਜਿਨ੍ਹਾਂ ਦੀਆਂ ਰਿਚਾਵਾਂ (ਕਵਿਤਾਵਾਂ) ਦੀ ਬਹੁਗਿਣਤੀ ਇਸੇ ਨੂੰ ਸੰਬੋਧਿਤ ਹੈ। ਵੇਦਾਂ ਵਿਚਲੇ ਤਿੰਨ ਮੁੱਖ ਦੇਵਤੇ - ਅਗਨੀ, ਵਾਯੂ (ਇੰਦਰ) ਅਤੇ ਸੂਰਜ ਕ੍ਰਮਵਾਰ ਪ੍ਰਿਥਵੀ, ਪੁਲਾੜ ਤੇ ਅਕਾਸ਼ ਦੇ ਮਾਲਕ ਮੰਨੇ ਜਾਂਦੇ ਸਨ।
        ਹੋਰ ਦੇਸ਼ਾਂ ਵਿਚ ਵੀ ਅਗਨੀ ਪੂਜਾ ਕਿਸੇ ਨਾ ਕਿਸੇ ਰੂਪ ਵਿਚ ਪ੍ਰਚਲਿਤ ਸੀ, ਖ਼ਾਸ ਕਰਕੇ ਇਰਾਨ ਵਿਚ ਜਿੱਥੋਂ ਦੇ ਪਾਰਸੀ (ਜਿਨ੍ਹਾਂ ਦੀ ਸੰਤਾਨ ਅੱਜਕੱਲ੍ਹ ਹਿੰਦੋਸਤਾਨ ਵਿਚ ਰਹਿੰਦੀ ਹੈ) ਅਗਨੀ-ਪੂਜਕ ਸਨ। ਇਰਾਨ ਵਿਚ ਇਸਲਾਮ ਆਉਣ ਦੇ ਬਾਵਜੂਦ ਉੱਥੇ ਅਜੋਕੇ ਸਮਿਆਂ ਵਿਚ ਵੀ ਚਾਰ-ਛੰਭੇ-ਸੁਰੀ ਤਿਉਹਾਰ, ਜਿਸ ਦਾ ਰੂਪ-ਸਰੂਪ ਲੋਹੜੀ ਨਾਲ ਮਿਲਦਾ-ਜੁਲਦਾ ਹੈ, ਮਨਾਇਆ ਜਾਂਦਾ ਹੈ। ਇਰਾਨੀ ਸਾਲ ਦੇ ਆਖ਼ਰੀ ਮਹੀਨੇ ਦੇ ਆਖ਼ਰੀ ਮੰਗਲਵਾਰ ਦੀ ਰਾਤ (ਨੋਰੋਜ਼ ਤੋਂ ਪਹਿਲਾਂ) ਨੂੰ ਲੋਕ ਘਰਾਂ ਵਿਚ ਅੱਗ ਬਾਲ ਕੇ ਉਸ 'ਤੇ ਤਿਲ਼ ਤੇ ਸੁੱਕੇ ਮੇਵੇ ਸੁੱਟਦੇ ਹੋਏ ਅਜਿਹੇ ਗੀਤ ਗਾਉਂਦੇ ਹਨ ਜਿਨ੍ਹਾਂ ਵਿਚ ਅੱਗ ਪ੍ਰਤੀ ਮਨੁੱਖੀ ਮਨ ਦਾ ਆਦਰ-ਸਤਿਕਾਰ ਸਾਹਮਣੇ ਆਉਂਦਾ ਹੈ। ਅੱਗ ਨੂੰ 'ਆਤਿਸ਼-ਏ-ਮੁਕੱਦਮ' ਭਾਵ ਪਵਿੱਤਰ ਅਗਨੀ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਹੈ।
       ਅਸੀਂ ਤਿਉਹਾਰਾਂ ਤੇ ਮਿਥਾਂ ਨੂੰ ਆਧੁਨਿਕ ਤਰੀਕੇ ਦੀ ਸਤਹੀ ਤਰਕਸ਼ੀਲਤਾ ਨਾਲ ਨਹੀਂ ਸਮਝ ਸਕਦੇ। ਅੱਗ ਦੀ ਖੋਜ ਅਤੇ ਇਸ ਨੂੰ ਆਪਣੇ ਕਾਬੂ ਰੱਖਣ ਦੀ ਯੋਗਤਾ ਮਨੁੱਖ ਦੀਆਂ ਸਭ ਤੋਂ ਵੱਡੀਆਂ ਖੋਜਾਂ ਵਿਚ ਮੰਨੀਆਂ ਜਾਂਦੀਆਂ ਹਨ। ਜਿੱਥੇ ਮਨੁੱਖ ਨੂੰ ਅੱਗ ਦੇ ਮਹੱਤਵ ਦਾ ਪਤਾ ਲੱਗ ਗਿਆ ਸੀ, ਉੱਥੇ ਪੁਰਾਣੇ ਸਮਿਆਂ ਵਿਚ ਮਨੁੱਖ ਜੰਗਲਾਂ ਵਿਚ ਲੱਗਦੀ ਅੱਗ ਅਤੇ ਇਸ ਦੇ ਭਿਆਨਕ ਰੂਪ ਤੋਂ ਡਰਦਾ ਵੀ ਹੋਵੇਗਾ। ਇਸ ਲਈ ਮਨੁੱਖ ਵਿਚ ਅੱਗ ਦੀ ਪੂਜਾ ਦੇ ਭਾਵ ਪੈਦਾ ਹੋਏ ਹੋਣਗੇ। ਇਸ ਦਾ ਮਤਲਬ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਉਹ ਮਨੁੱਖ ਵਿਕਸਿਤ ਜਾਂ ਤਰਕਸ਼ੀਲ ਨਹੀਂ ਸੀ। ਇਸ ਦਾ ਮਤਲਬ ਸਗੋਂ ਇਹ ਹੈ ਕਿ ਉਹ ਆਪਣੇ ਤਰੀਕੇ ਨਾਲ ਆਪਣੇ ਵੇਲ਼ੇ ਦੇ ਸੰਸਾਰ ਨੂੰ ਸਮਝਣ ਅਤੇ ਉਸ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰ ਰਿਹਾ ਸੀ।
        ਯੂਨਾਨੀ ਸੱਭਿਅਤਾ ਵਿਚ ਪ੍ਰੋਮੇਥੀਅਸ (Prometheus) ਨਾਂ ਦਾ ਦੇਵਤਾ ਦੂਸਰੇ ਦੇਵਤਿਆਂ ਕੋਲੋਂ ਅੱਗ ਚੋਰੀ ਕਰਕੇ ਮਨੁੱਖਾਂ ਨੂੰ ਸੌਂਪ ਦਿੰਦਾ ਹੈ। ਇਸ ਉੱਤੇ ਮੁੱਖ ਦੇਵਤਾ ਤੇ ਦੁਨੀਆਂ ਦਾ ਮਾਲਕ ਮੰਨਿਆ ਜਾਣ ਵਾਲਾ ਜੀਊਸ (jupItr) ਨਾਰਾਜ਼ ਹੋ ਕੇ ਪ੍ਰੋਮੇਥੀਅਸ ਨੂੰ ਸਜ਼ਾ ਦਿੰਦਾ ਹੈ। ਉਸ (ਪ੍ਰੋਮੇਥੀਅਸ) ਨੂੰ ਇਕ ਚਟਾਨ ਨਾਲ ਬੰਨ੍ਹ ਦਿੱਤਾ ਜਾਂਦਾ ਹੈ ਅਤੇ ਜੀਊਸ ਦਾ ਬਾਜ਼ ਰੋਜ਼ ਆ ਕੇ ਉਸ ਦਾ ਕਾਲ਼ਜਾ ਖਾਂਦਾ ਹੈ। ਖ਼ੁਦ ਵੀ ਦੇਵਤਾ ਹੋਣ ਕਾਰਨ ਉਹ ਮਰਦਾ ਨਹੀਂ ਤੇ ਉਸ ਦਾ ਕਾਲ਼ਜਾ ਅਗਲੇ ਦਿਨ ਤਕ ਫਿਰ ਵਧ ਜਾਂਦਾ ਹੈ ਤੇ ਬਾਜ਼ ਉਸ ਨੂੰ ਕੋਹਣਾ ਜਾਰੀ ਰੱਖਦਾ ਹੈ। ਪੁਰਾਤਨ ਸਮਿਆਂ ਵਿਚ ਪ੍ਰੋਮੇਥੀਅਸ ਨੂੰ ਲੋਕਾਂ ਦਾ ਮਿੱਤਰ ਮੰਨਿਆ ਗਿਆ ਅਤੇ ਨਾਟਕਕਾਰ ਐਸ਼ੀਲਸ (Aeschylus) ਨੇ ਆਪਣੇ ਨਾਟਕਾਂ ਵਿਚ ਉਸ ਦੀ ਕਹਾਣੀ ਦੱਸੀ ਜਿਸ ਦੇ ਅੰਤ ਵਿਚ ਜੀਊਸ ਤੇ ਪ੍ਰੋਮੇਥੀਅਸ ਦੀ ਸੁਲ੍ਹਾ-ਸਫ਼ਾਈ ਹੋ ਜਾਂਦੀ ਹੈ। ਮੱਧਕਾਲੀਨ ਸਮਿਆਂ ਵਿਚ ਅੰਗਰੇਜ਼ੀ ਕਵੀ ਪੀਬੀ ਸ਼ੈਲੇ ਨੇ ਪ੍ਰੋਮੇਥੀਅਸ ਨੂੰ ਲੋਕ-ਨਾਇਕ ਤੇ ਬਾਗ਼ੀ ਵਜੋਂ ਚਿਤਰਿਆ ਜੋ ਦੇਵਤਿਆਂ ਵਿਰੁੱਧ ਬਗ਼ਾਵਤ ਕਰਦਾ ਹੋਇਆ ਲੋਕਾਂ ਦਾ ਸਾਥ ਦਿੰਦਾ ਹੈ। ਸ਼ੈਲੇ ਦੀ ਮਹਾਨ ਰਚਨਾ 'ਪ੍ਰੋਮੇਥੀਅਸ ਅਨਬਾਊਂਡ' ਵਿਚ ਪ੍ਰੋਮੇਥੀਅਸ ਉਸੇ ਤਰ੍ਹਾਂ ਬਗ਼ਾਵਤ ਦਾ ਚਿੰਨ੍ਹ ਬਣ ਗਿਆ ਜਿਵੇਂ ਦੁੱਲਾ ਭੱਟੀ ਸਾਡੀਆਂ ਗਾਥਾਵਾਂ ਵਿਚ।
       ਇਸ ਤਰ੍ਹਾਂ ਹਰੇਕ ਮਿਥ, ਕਹਾਣੀ, ਲੋਕ-ਗਾਥਾ ਅਤੇ ਲੋਕ-ਤਿਉਹਾਰ ਨਾਲ ਲੋਕਾਂ ਦਾ ਰਿਸ਼ਤਾ ਵਿਕਾਸ ਕਰਦਾ ਤੇ ਬਦਲਦਾ ਰਹਿੰਦਾ ਹੈ। ਇਹ ਰਿਸ਼ਤਾ ਸਿਰਜਣਾਤਮਕ ਵੀ ਹੋ ਸਕਦਾ ਹੈ ਜਿਵੇਂ ਸ਼ੈਲੇ ਦੇ ਹੱਥਾਂ ਵਿਚ ਆ ਕੇ ਪ੍ਰੋਮੇਥੀਅਸ ਦੀ ਕਹਾਣੀ ਦੇ ਅਰਥ ਬਦਲ ਜਾਂਦੇ ਹਨ। ਅਸੀਂ ਵੀ ਆਪਣੀਆਂ ਲੋਕ-ਪਰੰਪਰਾਵਾਂ ਤੇ ਕਹਾਣੀਆਂ ਦੇ ਅਰਥ ਬਦਲ ਸਕਦੇ ਹਾਂ। ਕੁਝ ਲੋਕਾਂ ਨੇ ਹੁਣ ਧੀਆਂ ਦੀਆਂ ਲੋਹੜੀਆਂ ਮਨਾਉਣੀਆਂ ਵੀ ਸ਼ੁਰੂ ਕੀਤੀਆਂ ਹਨ। ਨਵੀਂ ਦਿੱਲੀ ਵਿਚ ਸ਼ਾਹੀਨ ਬਾਗ਼ ਦੀਆਂ ਔਰਤਾਂ ਨੇ ਪਿਛਲੇ ਕਈ ਦਿਨਾਂ ਤੋਂ ਕੌਮੀ ਨਾਗਰਿਕਤਾ ਸੋਧ ਕਾਨੂੰਨ ਅਤੇ ਜਾਮੀਆ ਮਿਲੀਆ ਇਸਲਾਮੀਆ ਵਿਚ ਹੋਈ ਪੁਲੀਸ ਕਾਰਵਾਈ ਦੇ ਵਿਰੁੱਧ ਦਿਨ-ਰਾਤ ਵਿਰੋਧ ਕਰਨ ਦਾ ਨਵਾਂ ਮੋਰਚਾ ਖੋਲ੍ਹਿਆ ਹੋਇਆ ਹੈ। ਕੌਮੀ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਸਿਰਫ਼ ਵਿਦਿਆਰਥੀ, ਨੌਜਵਾਨ ਤੇ ਬੁੱਧੀਜੀਵੀ ਹੀ ਨਹੀਂ ਨਿੱਤਰੇ ਸਗੋਂ ਸਮਾਜ ਦੇ ਹਰ ਵਰਗ ਵਿਚੋਂ ਔਰਤਾਂ ਵੀ ਸਾਹਮਣੇ ਆਈਆਂ ਹਨ। ਥਾਂ ਥਾਂ 'ਤੇ ਵਸਦੇ ਪੰਜਾਬੀ ਇਸ ਵਾਰ ਦੀ ਲੋਹੜੀ ਸ਼ਾਹੀਨ ਬਾਗ਼ ਦੀਆਂ ਔਰਤਾਂ, ਜੋ ਲੋਹੜੀ ਨਾਲ ਜੁੜੇ ਨਾਇਕ ਦੁੱਲੇ ਭੱਟੀ ਦੀ ਬਗ਼ਾਵਤ ਦੀਆਂ ਵਾਰਿਸ ਬਣ ਕੇ ਸਾਹਮਣੇ ਆਈਆਂ ਹਨ, ਦੇ ਨਾਂ ਉੱਤੇ ਮਨਾ ਸਕਦੇ ਹਨ। ਆਪਣੀਆਂ ਧੀਆਂ ਦੇ ਜੰਮਣ ਤੇ ਉਨ੍ਹਾਂ ਦੇ ਵਿਆਹ ਦੀਆਂ ਲੋਹੜੀਆਂ ਮਨਾਉਣ ਦੇ ਨਾਲ ਨਾਲ ਸ਼ਾਹੀਨ ਬਾਗ਼ ਦੀਆਂ ਔਰਤਾਂ ਦੀ ਬਗ਼ਾਵਤ ਦੀ ਰੂਹ ਨੂੰ ਸਲਾਮ ਕਰਕੇ ਅਸੀਂ ਵੀ ਲੋਹੜੀ ਦੇ ਅਰਥਾਂ ਨੂੰ ਬਦਲਣ ਦੀ ਜੁਰਅੱਤ ਕਰ ਸਕਦੇ ਹਾਂ।

ਲੰਬੇ ਚਾਕੂਆਂ ਵਾਲ਼ੀ ਰਾਤ - ਸਵਰਾਜਵੀਰ

ਕਿੱਥੇ ਹੈ ਅੱਜ ਦੀ ਰਾਤ ਦਾ ਚੰਦ
ਜੇ ਐਨ ਯੂ ਅੱਜ ਦੀ ਰਾਤ (05.01.2020
ਆ ਗਈ ਲੰਬੇ ਚਾਕੂਆਂ ਵਾਲੀ ਰਾਤ ਫਿਰ
ਯਾਦ ਆ ਗਈ ਉਹ ਪੁਰਾਣੀ ਬਾਤ ਫਿਰ
ਉਹ ਆ ਗਏ ਨੇ
ਉਹ ਆ ਗਏ ਨੇ
ਕਿਉਂ ਰਾਜੇ ਨੇ ਅਜੇ ਵੀ ਸੀਂਹ
ਕਿਉਂ ਮੁੱਕਦਮ ਅਜੇ ਵੀ ਕੁੱਤੇ
ਕਿੱਥੇ ਨੇ ਮੇਰੇ ਬੱਚੜ੍ਹੇ ਅੱਜ
ਲੋਕ ਮੇਰੇ ਅਜੇ ਵੀ ਕਿਉਂ ਨੇ ਸੁੱਤੇ
ਹਰ ਕੋਈ ਦੁੱਲਾ ਬਣੇ
ਇਸ ਲੋਹੜੀ ਦੀ ਰੁੱਤੇ
ਕਿੱਥੇ ਹੈ ਅੱਜ ਦੀ ਰਾਤ ਦਾ ਚੰਦ
ਸਿਤਾਰੇ ਲੁਕੇ ਨੇ ਕਿੱਥੇ
ਉਹ ਆ ਗਏ ਨੇ
ਉਹ ਆ ਗਏ ਨੇ

ਉਹ ਸ਼ਬਦ ਲੱਭੋ ਉਹ ਖ਼ਬਰ ਲੱਭੋ
ਲੱਭੋ ਹੋਠ ਜੋ ਲਾਲ ਨੇ
ਲੱਭੋ ਉਹ ਜ਼ੁਬਾਨ ਜੋ ਬੋਲੇ
ਲੱਭੋ ਕਿੱਥੇ ਸਾਡੇ ਖਿਆਲ ਨੇ
ਲੱਭੋ ਲੱਭੋ ਲੱਭੋ ਲੱਭੋ ਲੱਭੋ
ਲੱਭੋ ਅੱਜ ਕਿੱਥੇ ਸਾਡੇ ਲਾਲ ਨੇ
ਆ ਗਈ ਹੈ ਲਹੂ ਚ ਭਿੱਜੀ ਸੌਗਾਤ ਫਿਰ
ਆ ਗਈ ਲੰਬੇ ਚਾਕੂਆਂ ਵਾਲੀ ਰਾਤ ਫਿਰ।
- ਪੰਜਾਬੀ ਕਵੀ ਅਤੇ ਨਾਟਕਕਾਰ।
(ਲੰਬੇ ਚਾਕੂਆਂ ਵਾਲੀ ਰਾਤ, ਉਹ ਰਾਤ ਜਦੋਂ ਨਾਜੀਆਂ ਨੇ ਜਰਮਨੀ ਵਿੱਚ ਕਤਲੇਆਮ ਕੀਤਾ)

ਗੈਂਗ ਸਭਿਆਚਾਰ ਤੇ ਪੰਜਾਬ - ਸਵਰਾਜਬੀਰ

ਪਿਛਲੇ ਦਿਨੀਂ ਪੰਜਾਬ ਦੀਆਂ ਦੋ ਮੁੱਖ ਸਿਆਸੀ ਪਾਰਟੀਆਂ ਵੱਲੋਂ ਇਕ-ਦੂਸਰੀ 'ਤੇ ਗੈਂਗਸਟਰਾਂ ਨਾਲ ਸਾਂਝ ਅਤੇ ਪੁਸ਼ਤ-ਪਨਾਹੀ ਦੇ ਦੋਸ਼ ਲਾਏ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤਦਾਨਾਂ ਤੇ ਗੈਂਗਸਟਰਾਂ ਦਰਮਿਆਨ ਗੰਢ-ਤੁੱਪ ਬਾਰੇ ਜਾਂਚ ਕਰਨ ਦੇ ਹੁਕਮ ਵੀ ਦਿੱਤੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਅਖ਼ਬਾਰਾਂ ਵਿਚ ਛਪੀਆਂ ਤਸਵੀਰਾਂ ਅਨੁਸਾਰ ਦੋਸ਼ ਸਹੀ ਸਾਬਤ ਹੋਏ ਤਾਂ ਸਬੰਧਿਤ ਸਿਆਸੀ ਆਗੂਆਂ ਵਿਰੁੱਧ ਉੱਚਿਤ ਕਾਰਵਾਈ ਕੀਤੀ ਜਾਏਗੀ। ਅਕਾਲੀ ਦਲ ਨੇ ਪਲਟਵਾਰ ਕਰਦਿਆਂ ਕਾਂਗਰਸ ਅਤੇ ਉਸ ਦੇ ਆਗੂਆਂ ਉੱਤੇ ਅਜਿਹੇ ਦੋਸ਼ ਲਾਏ ਤੇ ਇਸ ਸਬੰਧੀ ਤਸਵੀਰਾਂ ਵੀ ਜਾਰੀ ਕੀਤੀਆਂ।
       ਗੈਂਗ ਸ਼ਬਦ ਪੰਜਾਬ ਨਾਲ ਲੱਗਾ ਸ਼ੋਭਦਾ ਨਹੀਂ। ਪਰ ਕੌੜੀ ਹਕੀਕਤ ਹੈ ਕਿ ਪਿਛਲੇ ਕੁਝ ਸਾਲਾਂ ਵਿਚ ਗੈਂਗ ਬਣੇ ਅਤੇ ਇਸ ਵਰਤਾਰੇ ਨੇ ਪੰਜਾਬੀ ਸਮਾਜ 'ਤੇ ਕੋਝਾ ਅਸਰ ਪਾਇਆ, ਨੌਜਵਾਨਾਂ ਨੂੰ ਵਰਗਲਾਇਆ, ਉਨ੍ਹਾਂ ਦੀ ਆਤਮਾ ਨੂੰ ਵਲੂੰਧਰਿਆ ਤੇ ਗ਼ਲਤ ਰਾਹ 'ਤੇ ਪਾਇਆ। ਇਹ ਗੈਂਗ ਪੰਜਾਬੀ ਦੀ ਜ਼ਖ਼ਮੀ ਤੇ ਪੱਛੀ ਹੋਈ ਜਵਾਨੀ 'ਚੋਂ ਨਿਕਲੇ ਹਨ।
       ਸਮਾਜ ਸ਼ਾਸਤਰੀ ਇਸ ਵਿਸ਼ੇ ਕਿ ਡਾਕੂ ਅਤੇ ਗੈਂਗ ਬਣਨ/ਬਣਾਉਣ ਦੇ ਵਰਤਾਰੇ ਸਮਾਜ ਵਿਚ ਹੁੰਦੀ ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਬੇਇਨਸਾਫ਼ੀ ਨਾਲ ਜੁੜੇ ਹੋਏ ਹਨ, 'ਤੇ ਹਮੇਸ਼ਾ ਤਰਕ-ਵਿਤਰਕ ਕਰਦੇ ਰਹੇ ਹਨ। ਮੱਧਕਾਲੀਨ ਸਮਿਆਂ ਵਿਚ ਡਾਕੂ ਬਣਨ ਵਾਲੇ ਲੋਕ ਸਮਾਜਿਕ ਤੇ ਆਰਥਿਕ ਤੌਰ 'ਤੇ ਪੀੜਤ ਸਨ ਅਤੇ ਹਾਲਾਤ ਤੋਂ ਬਾਗ਼ੀ ਹੋ ਕੇ ਡਾਕੂ ਬਣੇ। ਉਨ੍ਹਾਂ ਵਿਚੋਂ ਕਈ ਆਪਣੇ ਆਪ ਨੂੰ ਬਾਗ਼ੀ ਕਹਾਉਣਾ ਪਸੰਦ ਕਰਦੇ ਸਨ। ਪੰਜਾਬ ਵਿਚ ਦੁੱਲਾ ਭੱਟੀ, ਜਿਊਣਾ ਮੌੜ, ਨਿਜ਼ਾਮ ਲੁਹਾਰ ਅਤੇ ਹੋਰਨਾਂ ਨੂੰ ਬਾਗ਼ੀਆਂ ਦੇ ਨਾਂ ਨਾਲ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਦੁੱਲਾ ਭੱਟੀ ਮੁਗ਼ਲ ਰਾਜ ਵਿਰੁੱਧ ਵਿਦਰੋਹ ਕਾਰਨ ਪੰਜਾਬ ਦੀ ਨਾਬਰੀ ਦਾ ਪ੍ਰਤੀਕ ਬਣ ਗਿਆ ਜਦੋਂਕਿ ਜੱਗੇ ਦੀ ਹਰਮਨਪਿਆਰਤਾ ਇਸ ਕਰਕੇ ਵਧੀ ਕਿ ਉਸ ਨੇ ਆਪਣੇ ਡਾਕਿਆਂ ਦੌਰਾਨ ਸ਼ਾਹੂਕਾਰਾਂ ਦੇ ਵਹੀ-ਖ਼ਾਤੇ ਸਾੜੇ।
      ਗੈਂਗ ਬਣਨ/ਬਣਾਉਣ ਦਾ ਵਰਤਾਰਾ ਆਧੁਨਿਕ ਸਮਿਆਂ ਵਿਚ ਆਇਆ ਜਦ ਸ਼ਹਿਰੀ ਸੱਭਿਆਚਾਰ ਦੀ ਚੜ੍ਹਤ ਹੋਈ। ਗੈਂਗ 17ਵੀਂ ਸਦੀ ਵਿਚ ਇੰਗਲੈਂਡ ਅਤੇ ਹੋਰ ਦੇਸ਼ਾਂ ਜਿਨ੍ਹਾਂ ਵਿਚ ਸਨਅਤਾਂ ਬੜੀ ਤੇਜ਼ੀ ਨਾਲ ਤਰੱਕੀ ਕਰ ਰਹੀਆਂ ਸਨ, ਵਿਚ ਹੋਂਦ ਵਿਚ ਆਏ। 19ਵੀਂ ਸਦੀ ਵਿਚ ਗੈਂਗ ਅਮਰੀਕਾ ਦੇ ਵੱਡੇ ਸ਼ਹਿਰਾਂ ਵਿਚ ਵੱਖ ਵੱਖ ਮਾਫ਼ੀਆ ਦੇ ਰੂਪ ਵਿਚ ਉੱਭਰੇ। ਅੱਜ ਦੁਨੀਆਂ ਦੇ ਬਹੁਤ ਘੱਟ ਦੇਸ਼ ਇਸ ਵਰਤਾਰੇ ਤੋਂ ਮੁਕਤ ਹਨ। ਸਟੂਅਰਟ ਹਾਲ ਅਤੇ ਕਈ ਹੋਰ ਚਿੰਤਕ ਗੈਂਗ ਬਣਾਉਣ ਦੀ ਪ੍ਰਕਿਰਿਆ ਨੂੰ ਸਮਾਜ ਵਿਚ ਪਸਰੀ ਹੋਈ ਆਰਥਿਕ ਅਸਮਾਨਤਾ ਅਤੇ ਸਮਾਜਿਕ ਦਾਬੇ ਵਾਲੀ ਸੋਚ ਦੇ ਵਿਰੁੱਧ ਵਿਦਰੋਹ ਵਜੋਂ ਦੇਖਦੇ ਹਨ। ਕੁਝ ਹੋਰ ਚਿੰਤਕਾਂ ਅਨੁਸਾਰ ਇਹ ਧਾਰਨਾ ਸਹੀ ਨਹੀਂ ਕਿਉਂਕਿ ਉਨ੍ਹਾਂ ਅਨੁਸਾਰ ਗੈਂਗ ਸਰਮਾਏਦਾਰੀ ਸੱਭਿਆਚਾਰ ਦੀ ਪੈਦਾਵਾਰ ਹਨ। ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਗੈਂਗ ਬਣਾਉਣ ਵਾਲੇ ਨੌਜਵਾਨਾਂ ਵਿਚ ਇਕ ਖ਼ਾਸ ਤਰ੍ਹਾਂ ਦੀ ਊਰਜਾ, ਉਤਸ਼ਾਹ ਅਤੇ ਲੋਕਾਂ ਨੂੰ ਜਥੇਬੰਦ ਕਰਨ ਦੀ ਤਾਕਤ ਹੁੰਦੀ ਹੈ ਭਾਵੇਂ ਕਿ ਉਸ ਦਾ ਰੁਖ਼ ਬਹੁਤੀ ਵਾਰੀ ਸਮਾਜ-ਵਿਰੋਧੀ ਅਤੇ ਆਪਾ-ਮਾਰੂ ਹੁੰਦਾ ਹੈ।
       ਗੈਂਗ ਸਮਾਜ ਦੀ ਪੈਦਾਵਾਰ ਹਨ। ਸਮਾਜ ਵਿਚ ਵਧਦੀ ਹੋਈ ਆਰਥਿਕ ਅਸਮਾਨਤਾ ਅਤੇ ਸਮਾਜਿਕ ਵਿਤਕਰਿਆਂ ਕਾਰਨ ਹੁੰਦੀ ਟੁੱਟ-ਭੱਜ ਗੈਂਗ ਬਣਨ ਦੀ ਪ੍ਰਕਿਰਿਆ ਵਿਚ ਪ੍ਰਗਟ ਹੁੰਦੀ ਹੈ। ਕਈ ਵਾਰ ਮੀਡੀਆ ਅਤੇ ਸਿਨਮਾ ਵਿਚ ਚੱਲ ਰਹੇ ਕਾਨੂੰਨ ਨੂੰ ਆਪਣੇ ਹੱਥ ਵਿਚ ਲੈਣ ਦੇ ਰੁਝਾਨਾਂ ਅਤੇ ਹਥਿਆਰਾਂ ਦਾ ਗੁਣ-ਗਾਣ ਵੀ ਇਸ ਪ੍ਰਕਿਰਿਆ ਨੂੰ ਪ੍ਰਭਾਵਿਤ ਕਰਦੇ ਹਨ। ਗੈਂਗਾਂ ਦਾ ਕਈ ਤਰੀਕੇ ਨਾਲ ਵਰਗੀਕਰਨ ਕੀਤਾ ਜਾ ਸਕਦਾ ਹੈ। ਕੁਝ ਗੈਂਗ ਸਮਾਜ ਦੇ ਦਬੇ-ਕੁਚਲੇ ਵਰਗ ਦੇ ਨੌਜਵਾਨਾਂ ਦੁਆਰਾ ਬਣਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਸਮਾਜਿਕ ਕੜਵੱਲਾਂ ਤੇ ਵਿਦਰੋਹ ਦੇ ਅਸਿੱਧੇ ਪ੍ਰਤੀਕ ਕਿਹਾ ਜਾ ਸਕਦਾ ਹੈ। ਕੁਝ ਗੈਂਗ ਅਮੀਰ ਘਰਾਂ ਅਤੇ ਗ਼ਾਲਬ ਜਾਤਾਂ ਤੇ ਜਮਾਤਾਂ ਦੇ ਨੌਜਵਾਨ ਬਣਾਉਂਦੇ ਹਨ ਜਿਸ ਵਿਚ ਆਪਣਾ ਜਾਤੀ ਤੇ ਸਮਾਜਿਕ ਗ਼ਲਬਾ ਬਣਾਉਣ ਦੀ ਖ਼ਾਹਿਸ਼ ਹਾਵੀ ਹੁੰਦੀ ਹੈ। ਵੱਖ ਵੱਖ ਰਾਜਸੀ ਆਗੂ ਸਿਆਸੀ ਲਾਹਾ ਲੈਣ ਲਈ ਇਸ ਤਰ੍ਹਾਂ ਦੇ ਨੌਜਵਾਨਾਂ ਦੀ ਪੁਸ਼ਤ-ਪਨਾਹੀ ਕਰਦੇ ਹਨ। ਪੰਜਾਬ ਵਿਚ ਕਈ ਖਿਡਾਰੀ ਗ਼ਲਤ ਰਾਹ 'ਤੇ ਪੈ ਕੇ ਗੈਂਗਸਟਰ ਬਣੇ ਅਤੇ ਕਈ ਸਿਆਸੀ ਆਗੂਆਂ ਅਤੇ ਪੁਲੀਸ ਅਫ਼ਸਰਾਂ ਨੇ ਉਨ੍ਹਾਂ ਦਾ ਨਾਜਾਇਜ਼ ਫ਼ਾਇਦਾ ਉਠਾਇਆ। ਕਈ ਵਾਰ ਗੈਂਗਾਂ ਦਾ ਆਰੰਭ ਸ਼ਹਿਰਾਂ ਦੇ ਗਲੀ-ਮੁਹੱਲਿਆਂ ਤੇ ਪਿੰਡਾਂ ਵਿਚ ਸਮਾਜਿਕ ਦਬਾਓ ਨੂੰ ਜਾਰੀ ਰੱਖਣ ਵਾਲੀਆਂ ਲੜਾਈਆਂ ਵਿਚੋਂ ਹੋਇਆ। ਇਸ ਵਰਤਾਰੇ ਵਿਚ ਫਸੇ ਕਈ ਨੌਜਵਾਨ ਆਪਸੀ ਦੁਸ਼ਮਣੀ ਅਤੇ ਕਈ ਪੁਲੀਸ ਦੀਆਂ ਗੋਲੀਆਂ ਦਾ ਸ਼ਿਕਾਰ ਬਣੇ।
      ਕਈ ਗੈਂਗਾਂ ਵਿਚ ਹਥਿਆਰ ਵਿਖਾ ਕੇ ਆਪਣੇ ਆਪ ਨੂੰ ਉੱਚਾ ਤੇ ਤਾਕਤਵਰ ਵਿਖਾਉਣ ਦਾ ਰੁਝਾਨ ਰਿਹਾ ਅਤੇ ਕਈਆਂ ਵਿਚ ਆਪਣੇ ਆਪ ਨੂੰ ਗ਼ਰੀਬਾਂ ਦਾ ਮਸੀਹਾ ਦੱਸਣ ਦਾ। ਕਈ ਗੈਂਗ ਸਮਾਜਿਕ ਕਦਰਾਂ-ਕੀਮਤਾਂ ਦੀ ਖਿੱਲੀ ਉਡਾਉਂਦੇ ਅਤੇ ਕਈ ਆਪਣੇ ਆਪ ਨੂੰ ਧੀਆਂ-ਭੈਣਾਂ ਦੀ ਇੱਜ਼ਤ ਦੇ ਰਖਵਾਲੇ ਦੱਸਦੇ ਹਨ। ਪੰਜਾਬ ਦੇ ਗੈਂਗਾਂ ਵਿਚ ਆਪਣੇ ਆਪ ਨੂੰ ਜ਼ਿਆਦਾ ਮਰਦ ਅਤੇ ਜ਼ਿਆਦਾ 'ਜੱਟ' ਦੱਸਣ ਦੀ ਭਾਵਨਾ ਵੀ ਭਾਰੂ ਹੈ। ਇਸ ਤਰ੍ਹਾਂ ਇਹ ਗੈਂਗ ਆਪਣੇ ਵਿਚਾਰਾਂ ਤੇ ਵਿਵਹਾਰ ਦਾ ਸੰਸਾਰ ਸਮਾਜ ਵਿਚ ਪਸਰੀ ਮਰਦ-ਪ੍ਰਧਾਨ ਸੋਚ ਅਤੇ ਅਖੌਤੀ ਮਰਦਾਨਗੀ ਦੀਆਂ ਭਾਵਨਾਵਾਂ 'ਤੇ ਹੀ ਉਸਾਰਦੇ ਹਨ।
      ਇਸ ਸਭ ਕੁਝ ਦੇ ਬਾਵਜੂਦ ਗੈਂਗ ਮੈਂਬਰ ਆਪਣੇ ਆਪ ਨੂੰ ਸਮਾਜ ਨਾਲੋਂ ਵੱਖਰੇ ਦੱਸਣਾ ਚਾਹੁੰਦੇ ਹਨ। ਉਹ ਸਮਾਜ ਤੋਂ ਦੂਰ ਰਹਿੰਦੇ ਹਨ, ਸਮਾਜ ਤੋਂ ਆਪ ਸਹੇੜਿਆ ਬਣਵਾਸ ਭੋਗਦੇ ਹੋਏ।
      ਗੈਂਗਾਂ ਵਿਚ ਪਣਪਦਾ ਸੱਭਿਆਚਾਰ ਸਰਮਾਏਦਾਰੀ ਨਿਜ਼ਾਮ ਦੇ ਗ਼ਾਲਬ ਸੱਭਿਆਚਾਰ ਤੋਂ ਪ੍ਰਭਾਵਿਤ ਹੁੰਦਾ ਹੈ, ਇਹ ਨੌਜਵਾਨ ਵੱਡੀਆਂ ਕਾਰਾਂ, ਹਥਿਆਰ ਤੇ ਤਾਕਤ ਚਾਹੁੰਦੇ ਹਨ, ਇੱਕੜ-ਦੁੱਕੜ ਕੇਸਾਂ ਵਿਚ ਦਬੇ-ਕੁਚਲੇ ਲੋਕਾਂ ਦਾ ਸਾਥ ਦੇ ਕੇ ਤੁਰੰਤ ਸਮਾਜਿਕ ਨਿਆਂ ਦਿਵਾਉਣ ਤੋਂ ਬਿਨਾਂ ਉਹ ਬਹੁਤਾ ਕਰਕੇ ਤਾਕਤਵਰਾਂ ਤੇ ਜ਼ੋਰਾਵਰਾਂ ਦੇ ਹੱਕ ਵਿਚ ਭੁਗਤਦੇ ਹਨ। ਸਿਆਸੀ ਜਮਾਤ, ਗੈਂਗ ਸ਼ਕਤੀ ਤੇ ਪੁਲੀਸ ਦਾ ਗੱਠਜੋੜ ਕਈ ਵਾਰ ਉਹ ਜ਼ਹਿਰੀਲੀ ਕਾਕਟੇਲ ਬਣਦਾ ਹੈ ਜਿਸ ਕਾਰਨ ਕਤਲਾਂ, ਜ਼ਮੀਨਾਂ ਤੇ ਇਮਾਰਤਾਂ 'ਤੇ ਕਬਜ਼ੇ ਅਤੇ ਕੁੱਟ-ਮਾਰ ਦਾ ਲੰਮਾ ਵਰਤਾਰਾ ਸ਼ੁਰੂ ਹੋ ਜਾਂਦਾ ਹੈ। ਬਹੁਤ ਘੱਟ ਨੌਜਵਾਨ ਇਸ ਵਰਤਾਰੇ ਵਿਚੋਂ ਵਾਪਸ ਆਏ ਅਤੇ ਸਾਧਾਰਨ ਸਮਾਜਿਕ ਜ਼ਿੰਦਗੀ ਦਾ ਹਿੱਸਾ ਬਣੇ।
      ਜਿੱਥੇ ਪੁਲੀਸ ਇਨ੍ਹਾਂ ਗੈਂਗਾਂ ਦੀਆਂ ਗ਼ੈਰ-ਕਾਨੂੰਨੀ ਕਾਰਵਾਈਆਂ ਨਾਲ ਸਿੱਝਦੀ ਹੈ, ਉੱਥੇ ਇਸ ਵਰਤਾਰੇ ਨੂੰ ਠੱਲ੍ਹਣ ਦੀ ਜ਼ਿੰਮੇਵਾਰੀ ਸਮਾਜ ਤੇ ਸਿਆਸੀ ਆਗੂਆਂ 'ਤੇ ਆਉਂਦੀ ਹੈ। ਇਹ ਵੀ ਕਿਹਾ ਜਾਂਦਾ ਹੈ ਕਿ ਜਨਤਕ ਲਹਿਰਾਂ ਦੇ ਨਿਵਾਣ ਵੱਲ ਜਾਣ ਕਾਰਨ ਨੌਜਵਾਨ ਇਸ ਵਰਤਾਰੇ ਵੱਲ ਖਿੱਚੇ ਜਾਂਦੇ ਹਨ। ਪੰਜਾਬ ਦੀਆਂ ਜਨਤਕ ਲਹਿਰਾਂ ਨੂੰ 1980ਵਿਆਂ ਵਿਚ ਵੱਡੀ ਮਾਰ ਪਈ। ਨੌਜਵਾਨਾਂ ਨੇ ਉਨ੍ਹਾਂ ਸਮਿਆਂ ਵਿਚ ਵੱਡਾ ਤਸ਼ੱਦਦ ਝੱਲਿਆ ਅਤੇ 1990 ਵਿਚਲੀਆਂ ਵਿਦਿਆਰਥੀ ਅਤੇ ਨੌਜਵਾਨ ਲਹਿਰਾਂ ਆਪਣਾ ਪਹਿਲਾਂ ਵਾਲਾ ਊਰਜਾਵਾਨ ਸਰੂਪ ਨਾ ਹਾਸਲ ਕਰ ਸਕੀਆਂ। ਇਹ ਵਰਤਾਰਾ ਇੱਕੀਵੀਂ ਸਦੀ ਵਿਚ ਵੀ ਜਾਰੀ ਰਿਹਾ ਅਤੇ ਸਿੱਟੇ ਵਜੋਂ ਵੱਡੀ ਗਿਣਤੀ ਵਿਚ ਵਿਦਿਆਰਥੀ ਤੇ ਨੌਜਵਾਨ ਸਿਆਸੀ ਪੱਖੋਂ ਉਹ ਸਿਆਸੀ ਗਿਆਨ ਹਾਸਲ ਨਾ ਕਰ ਸਕੇ ਜੋ ਕਦੇ ਪੰਜਾਬ ਦਾ ਬੌਧਿਕ ਸਰਮਾਇਆ ਹੁੰਦਾ ਸੀ। ਖੱਬੀਆਂ ਪਾਰਟੀਆਂ ਵਿਚਾਰਧਾਰਕ ਪੱਖ ਤੋਂ ਕਮਜ਼ੋਰ ਹੁੰਦੀਆਂ ਗਈਆਂ, ਉਨ੍ਹਾਂ ਦੇ ਆਗੂਆਂ ਕੋਲ ਨਾ ਤਾਂ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਵੱਲ ਖਿੱਚਣ ਦੀ ਬੌਧਿਕ ਸਮਰੱਥਾ ਹੈ ਅਤੇ ਨਾ ਪੁਰਾਣੇ ਆਗੂਆਂ ਵਾਲੀ ਕੁਰਬਾਨੀਆਂ ਵਾਲੀ ਵਿਰਾਸਤ, ਉਹ ਪੁਰਾਣੇ ਖੱਬੇ-ਪੱਖੀ ਨਾਅਰਿਆਂ ਨੂੰ ਉਸ ਭਾਸ਼ਾ ਵਿਚ ਦੁਹਰਾ ਰਹੇ ਹਨ ਜਿਹੜੀ ਪੇਤਲੀ ਤੇ ਆਪਣੀ ਰਹਿਤਲ ਤੋਂ ਟੁੱਟੀ ਹੋਈ ਹੈ। ਸਿੱਟੇ ਵਜੋਂ ਵਿਦਿਆਰਥੀ ਤੇ ਨੌਜਵਾਨ ਜਨਤਕ ਲਹਿਰਾਂ ਤੋਂ ਦੂਰ ਹੁੰਦੇ ਗਏ। ਸਮਾਜਿਕ ਸੰਘਰਸ਼ਾਂ ਵਿਚ ਉਨ੍ਹਾਂ ਦਾ ਯੋਗਦਾਨ ਘਟਿਆ। ਉਹ ਨਸ਼ਿਆਂ ਵੱਲ ਖਿੱਚੇ ਗਏ ਅਤੇ ਵੱਖ ਵੱਖ ਗੈਂਗਾਂ ਦੇ ਮੈਂਬਰ ਬਣ ਕੇ ਕੁਝ ਦੇਰ ਤਕ ਚੰਗੀ ਜ਼ਿੰਦਗੀ ਜਿਊਣ ਦੇ ਸੁਪਨੇ ਵੇਖਣ ਲੱਗੇ। ਬੇਰੁਜ਼ਗਾਰੀ ਨੇ ਉਨ੍ਹਾਂ ਨੂੰ ਪਰਵਾਸ ਵੱਲ ਧੱਕਿਆ। ਜਿਹੜੇ ਵੀ ਮੁੰਡੇ ਗੈਂਗਾਂ ਦੇ ਮੈਂਬਰ ਬਣੇ, ਉਨ੍ਹਾਂ ਨੂੰ ਸਿਆਸੀ ਲੋਕਾਂ ਨੇ ਆਪਣੀ ਤਾਕਤ ਮਜ਼ਬੂਤ ਕਰਨ ਲਈ ਵਰਤਿਆ ਜਾਂ ਵੱਖ ਵੱਖ ਭੋਇੰ ਮਾਫ਼ੀਆ ਨੇ ਜ਼ਮੀਨਾਂ ਤੇ ਇਮਾਰਤਾਂ 'ਤੇ ਕਬਜ਼ਾ ਕਰਨ ਲਈ। ਵਿਚ ਵਿਚ ਕਈ ਗੈਂਗ ਸਮਾਜਿਕ ਮਾਮਲਿਆਂ ਵਿਚ ਦਖ਼ਲ ਦੇ ਕੇ ਤੁਰੰਤ ਸਮਾਜਿਕ ਨਿਆਂ ਕਰਾਉਣ ਦੇ ਰਸਤੇ 'ਤੇ ਤੁਰੇ, ਪਰ ਬਾਅਦ ਵਿਚ ਉਨ੍ਹਾਂ ਨੇ ਵੀ ਜ਼ੁਰਮ ਦੀ ਦੁਨੀਆਂ ਵਿਚ ਨਾਮ ਕਮਾਉਣ ਨੂੰ ਹੀ ਆਪਣੀ ਜ਼ਿੰਦਗੀ ਦਾ ਟੀਚਾ ਬਣਾਇਆ।
      ਪਰਵਾਸ ਜਾਣ ਲਈ ਰੁਲ ਰਹੇ ਮੁੰਡੇ, ਬੇਰੁਜ਼ਗਾਰ, ਊਬਰ ਤੇ ਓਲਾ ਟੈਕਸੀਆਂ ਚਲਾਉਂਦੇ ਡਰਾਈਵਰ ਅਤੇ ਹੋਰ ਨੌਜਵਾਨ ਪੰਜਾਬੀ ਗਾਣਿਆਂ ਵਿਚੋਂ ਵਿਖਾਈ ਜਾ ਰਹੀ ਗੈਂਗ ਮੈਂਬਰਾਂ ਦੀ ਮਰਦਾਨਗੀ ਵੇਖ ਕੇ ਅਤੇ ਕੁਝ ਸਮੇਂ ਲਈ ਆਪਣੇ ਆਪ ਨੂੰ ਉਨ੍ਹਾਂ ਗੈਂਗਾਂ ਦੇ ਮੈਂਬਰਾਂ ਵਜੋਂ ਤਸੱਵਰ ਕਰਕੇ ਵਕਤੀ ਧਰਵਾਸ ਲੱਭਦੇ ਹਨ। ਇਨ੍ਹਾਂ ਗਾਣਿਆਂ ਵਿਚ ਗੈਂਗਾਂ ਦੀ ਤਸਵੀਰਕਸ਼ੀ ਨੌਜਵਾਨਾਂ ਨੂੰ ਭਰਮਾਉਣ ਵਾਲੀ ਹੈ। ਅਸਲ ਵਿਚ ਗੈਂਗਾਂ ਦੇ ਮੈਂਬਰ ਗਾਣਿਆਂ ਵਿਚਲੇ ਗਲੈਮਰ ਤੋਂ ਦੂਰ ਹੁੰਦੇ ਹਨ, ਉਹ ਕੁਝ ਦੇਰ ਲਈ ਤਾਂ ਭਾਵੇਂ ਤਾਕਤਵਰ ਬਣ ਜਾਣ ਪਰ ਉਨ੍ਹਾਂ ਦੀ ਸਮੁੱਚੀ ਜ਼ਿੰਦਗੀ ਸਮਾਜ ਤੋਂ ਪਰਾਏ ਹੋ ਜਾਣ ਦੀ ਕਹਾਣੀ ਹੈ।
       ਗੈਂਗ ਮੈਂਬਰ ਤੇ ਗੈਂਗਾਂ ਦੇ ਆਗੂ ਆਪਣੇ ਆਪ ਨੂੰ ਕਿੰਨਾ ਵੀ ਬਹਾਦਰ ਜਾਂ ਬਾਗ਼ੀ ਕਿਉਂ ਨਾ ਕਹਾਉਣ, ਉਹ ਸਮਾਜ ਨੂੰ ਕੁਝ ਵੀ ਹਾਂ-ਪੱਖੀ ਨਹੀਂ ਦੇ ਸਕਦੇ। ਉਹ ਨੌਜਵਾਨਾਂ ਨੂੰ ਤਾਕਤਵਰ ਹੋਣ ਦਾ ਵਕਤੀ ਭਰਮ ਤਾਂ ਦੇ ਸਕਦੇ ਹਨ ਪਰ ਹਕੀਕਤ ਵਿਚ ਨੌਜਵਾਨਾਂ ਨੂੰ ਤਾਕਤਵਰ ਤੇ ਊਰਜਾਵਾਨ ਨਹੀਂ ਬਣਾ ਸਕਦੇ। ਉਹ ਇਰਾਦੇ ਦੇ ਪੱਖੋਂ ਤਾਂ ਸ਼ਕਤੀਸ਼ਾਲੀ ਹੋ ਸਕਦੇ ਹਨ, ਪਰ ਉਨ੍ਹਾਂ ਦੇ ਇਰਾਦੇ ਤੇ ਆਪਣੀ ਜ਼ਿੰਦਗੀ ਲਈ ਚੁਣੇ ਹੋਏ ਰਾਹ ਦੋਵੇਂ ਗ਼ਲਤ ਹਨ। ਅਜਿਹੇ ਰਾਹਾਂ 'ਤੇ ਤੁਰ ਕੇ ਨਾ ਸਮਾਜ ਦਾ ਫ਼ਾਇਦਾ ਹੈ, ਨਾ ਹੀ ਉਹ ਉਸ ਤਰ੍ਹਾਂ ਦੇ ਨਾਇਕ ਬਣ ਸਕਦੇ ਹਨ ਜਿਸ ਤਰ੍ਹਾਂ ਦੇ ਉਹ ਬਣਨਾ ਲੋਚਦੇ ਹਨ। ਵਕਤੀ ਤੌਰ 'ਤੇ ਜ਼ੋਰ-ਜਬਰ ਨਾਲ ਹਾਸਲ ਕੀਤੀ ਗਈ ਤਾਕਤ ਨਾ ਤਾਂ ਸਮਾਜ ਨੂੰ ਬਦਲ ਸਕਦੀ ਹੈ ਅਤੇ ਨਾ ਹੀ ਨਿੱਜੀ ਜ਼ਿੰਦਗੀ ਨੂੰ। ਇਸ ਦਾ ਖ਼ਾਸਾ ਤਬਾਹਕੁਨ ਹੁੰਦਾ ਹੈ। ਨੌਜਵਾਨਾਂ ਨੂੰ ਗੈਂਗ ਸੱਭਿਆਚਾਰ ਤੋਂ ਬਚਣ ਤੇ ਆਪਣਾ ਧਿਆਨ ਪੰਜਾਬ ਦੀਆਂ ਹਕੀਕਤਾਂ ਵੱਲ ਮੋੜਨ ਦੀ ਜ਼ਰੂਰਤ ਹੈ।

ਯਾਦ ਕਰੀਏ ਉਸ ਫ਼ਕੀਰ ਨੂੰ ... - ਸਵਰਾਜਬੀਰ

ਪੰਜਾਬ ਦੀ ਧਰਤੀ ਸਦੀਆਂ ਤੋਂ ਜਬਰ-ਜ਼ੁਲਮ ਖ਼ਿਲਾਫ਼ ਲੜਨ ਵਾਲੇ ਯੋਧੇ ਪੈਦਾ ਕਰਦੀ ਆਈ ਹੈ। ਵੀਹਵੀਂ ਸਦੀ ਵਿਚ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਵਿਚ ਬਣੀ ਗ਼ਦਰ ਪਾਰਟੀ ਨੇ ਪੰਜਾਬ ਦੇ ਇਤਿਹਾਸ ਵਿਚ ਇਕ ਨਵਾਂ ਦੌਰ ਸ਼ੁਰੂ ਕੀਤਾ। ਗ਼ਦਰੀਆਂ ਦੀਆਂ ਕੁਰਬਾਨੀਆਂ ਨੇ ਪੰਜਾਬ ਦੇ ਲੋਕਾਂ ਦੀ ਆਤਮਾ ਨੂੰ ਝੰਜੋੜਿਆ ਜਿਸ ਦੇ ਸਿੱਟੇ ਵਜੋਂ ਪੰਜਾਬ ਵਿਚ ਆਜ਼ਾਦੀ ਦੇ ਸੰਘਰਸ਼ ਦੀ ਨੁਹਾਰ ਪੂਰੀ ਤਰ੍ਹਾਂ ਬਦਲ ਗਈ। ਚਾਰ ਜਨਵਰੀ 2020 ਨੂੰ ਪੰਜਾਬ ਵੀਹਵੀਂ ਸਦੀ ਦੇ ਆਪਣੇ ਇਸ ਮਹਾਂਨਾਇਕ ਦਾ 150ਵਾਂ ਜਨਮ ਦਿਹਾੜਾ ਮਨਾਏਗਾ।
          ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਵਿਚ ਕਾਇਮ ਹੋਏ ਪੰਜਾਬੀ ਰਾਜ ਦੀ ਉਮਰ ਜ਼ਿਆਦਾ ਲੰਮੀ ਨਹੀਂ ਸੀ। ਉਹ ਰਾਜ ਰਣਜੀਤ ਸਿੰਘ ਦੀ ਮੌਤ ਦੇ ਇਕ ਦਹਾਕੇ ਦੇ ਅੰਦਰ ਅੰਦਰ ਭਰਾ ਮਾਰੂ ਜੰਗ ਅਤੇ ਵਜ਼ੀਰਾਂ ਅਤੇ ਅਹਿਲਕਾਰਾਂ ਦੀ ਗ਼ੱਦਾਰੀ ਕਾਰਨ ਖ਼ਤਮ ਹੋ ਗਿਆ। ਦੂਸਰੀਆਂ ਸਿੱਖ ਰਿਆਸਤਾਂ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਵਿਚ ਹੀ ਬਿਨਾਂ ਯੁੱਧ ਕੀਤਿਆਂ ਅੰਗਰੇਜ਼ਾਂ ਦੀ ਸ਼ਰਨ ਵਿਚ ਜਾ ਚੁੱਕੀਆਂ ਸਨ। ਜਲਦੀ ਹੀ ਲੋਕਾਂ ਵਿਚ ਬਾਗ਼ੀ ਸੁਰ ਪਨਪਣ ਲੱਗੇ ਅਤੇ 1857 ਵਿਚ ਸਾਰੇ ਦੇਸ਼ ਵਿਚ ਵੱਖ ਵੱਖ ਰਾਜਾਂ ਤੇ ਰਜਵਾੜਿਆਂ ਨੇ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਆਪਣਾ ਆਗੂ ਮੰਨ ਕੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕੀਤਾ। ਇਸ ਵਿਦਰੋਹ ਵਿਚ ਵੱਡੇ ਪੱਧਰ 'ਤੇ ਆਮ ਲੋਕ ਸ਼ਾਮਿਲ ਹੋਏ। ਅੰਗਰੇਜ਼ਾਂ ਨੇ ਇਸ ਨੂੰ ਸਿਪਾਹੀਆਂ ਦੀ ਬਗ਼ਾਵਤ (Sepoy Mutiny) ਕਹਿ ਕੇ ਛੁਟਿਆਉਣ ਦਾ ਯਤਨ ਕੀਤਾ। ਇਸ ਵਿਦਰੋਹ ਨੂੰ ਗ਼ਦਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।
      ਪੰਜਾਬ ਵਿਚ ਸਭ ਤੋਂ ਵੱਡੀ ਬਗ਼ਾਵਤੀ ਸੁਰ ਨਾਮਧਾਰੀ ਲਹਿਰ ਦੇ ਰੂਪ ਵਿਚ ਉੱਭਰੀ ਜਿਸ ਵਿਚ ਅੰਗਰੇਜ਼ਾਂ ਨਾਲ ਨਾ ਮਿਲਵਰਤਣ ਦਾ ਝੰਡਾ ਬੁਲੰਦ ਕੀਤਾ ਗਿਆ। ਮਾਲੇਰਕੋਟਲਾ ਵਾਲੀ ਘਟਨਾ ਤੋਂ ਬਾਅਦ ਅੰਗਰੇਜ਼ਾਂ ਨੇ ਨਾਮਧਾਰੀਆਂ 'ਤੇ ਵੱਡੇ ਕਹਿਰ ਢਾਹੇ ਅਤੇ ਕੂਕਿਆਂ ਨੂੰ ਤੋਪਾਂ ਦੇ ਮੂੰਹ ਸਾਹਮਣੇ ਬੰਨ੍ਹ ਕੇ ਉਡਾਇਆ। 1907 ਵਿਚ 'ਪੱਗੜੀ ਸੰਭਾਲ ਜੱਟਾ' ਦੀ ਲਹਿਰ ਉੱਭਰੀ। ਪੰਜਾਬ ਵਿਚ ਆਜ਼ਾਦੀ ਦੀ ਸਭ ਤੋਂ ਵੱਡੀ ਲਹਿਰ ਗ਼ਦਰ ਪਾਰਟੀ ਦੇ ਰੂਪ ਵਿਚ ਉੱਭਰੀ ਜਿਸ ਦੇ ਪਹਿਲੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਸਨ। ਗ਼ਦਰ ਲਹਿਰ ਦਾ ਮੁੱਖ ਖਾਸਾ ਇਸ ਦਾ ਲੋਕ-ਪੱਖੀ, ਇਨਕਲਾਬੀ, ਧਰਮ-ਨਿਰਪੱਖ ਤੇ ਸਾਮਰਾਜ ਵਿਰੋਧੀ ਕਿਰਦਾਰ ਸੀ। ਗ਼ਦਰ ਪਾਰਟੀ ਤੋਂ ਪਹਿਲਾਂ ਦੇਸ਼ ਵਿਚ ਛੋਟੇ ਛੋਟੇ ਇਨਕਲਾਬੀ ਟੋਲੇ/ਗਰੁੱਪ ਸਨ ਜਿਹੜੇ ਅੰਗਰੇਜ਼ਾਂ ਨਾਲ ਸਿੱਧੀ ਟੱਕਰ ਲੈਣਾ ਚਾਹੁੰਦੇ ਸਨ ਪਰ ਐਨੀ ਵੱਡੀ ਪੱਧਰ 'ਤੇ ਹੋਂਦ ਵਿਚ ਆਉਣ ਵਾਲੀ ਪਹਿਲੀ ਪਾਰਟੀ ਗ਼ਦਰ ਪਾਰਟੀ ਹੀ ਸੀ।
      ਬਾਬਾ ਸੋਹਣ ਸਿੰਘ ਭਕਨਾ ਦਾ ਜਨਮ 4 ਜਨਵਰੀ 1870 ਨੂੰ ਅੰਮ੍ਰਿਤਸਰ ਦੇ ਪਿੰਡ ਖੁਤਰਾ ਖੁਰਦ (ਨਾਨਕੇ ਘਰ) ਹੋਇਆ। ਉਨ੍ਹਾਂ ਦੇ ਪਿਤਾ ਦਾ ਨਾਂ ਕਰਮ ਸਿੰਘ ਅਤੇ ਮਾਤਾ ਦਾ ਨਾਂ ਰਾਮ ਕੌਰ ਸੀ। ਉਨ੍ਹਾਂ ਦੀ ਉਮਰ ਮਸਾਂ ਵਰ੍ਹੇ ਕੁ ਦੀ ਸੀ, ਜਦੋਂ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ। ਉਨ੍ਹਾਂ ਨੇ ਪਿੰਡ ਦੀ ਧਰਮਸ਼ਾਲਾ ਵਿਚੋਂ ਗੁਰਮੁਖੀ ਤੇ ਮਦਰੱਸੇ 'ਚੋਂ ਉਰਦੂ ਸਿੱਖੀ। ਜਵਾਨੀ ਵੇਲੇ ਉਨ੍ਹਾਂ 'ਤੇ ਨਾਮਧਾਰੀ ਬਾਬਾ ਕੇਸਰ ਦਾ ਵੱਡਾ ਪ੍ਰਭਾਵ ਪਿਆ। ਸੋਹਣ ਸਿੰਘ ਭਕਨਾ ਬਾਬਾ ਕੇਸਰ ਦੇ ਵਚਨਾਂ ਨੂੰ ਇਉਂ ਯਾਦ ਕਰਦੇ ਹਨ : ''ਹੁਣ ਸੰਸਾਰ ਤੋਂ ਰਾਜਾ ਪਰਜਾ ਦੀ ਮਰਯਾਦਾ ਉੱਠ ਜਾਵੇਗੀ। ਸਾਰੇ ਮਨੁੱਖ ਆਜ਼ਾਦ ਤੇ ਬਰਾਬਰ ਹੋਣਗੇ। ਪਹਿਲਾਂ ਹਰ ਇਕ ਦੇਸ਼ ਵਿਚ ਵੱਖੋ ਵੱਖ ਸੁਤੰਤਰ ਰਾਜ (ਸਵਰਾਜ) ਕਾਇਮ ਹੋਵੇਗਾ ਫੇਰ ਸਾਰੀ ਦੁਨੀਆਂ ਦੀ ਇਕ ਕੇਂਦਰੀ ਪੰਚਾਇਤ ਬਣ ਜਾਵੇਗੀ। ਤੇ ਸੰਸਾਰ ਭਰ ਦੇ ਲੋਕ ਇਕ ਦੂਜੇ ਨੂੰ ਭਾਈ ਭਰਾ ਸਮਝਣ ਲੱਗ ਪੈਣਗੇ। ਕੋਈ ਲੜਾਈ ਝਗੜਾ ਨਹੀਂ ਰਹੇਗਾ। ਹੁਣ ਬਹੁਤ ਛੇਤੀ ਪਰਲੋ (ਕਿਆਮਤ) ਆਉਣ ਵਾਲੀ ਹੈ। ਪਰ ਇਹ ਪਰਲੋ (ਇਨਕਲਾਬ) ਖਿਆਲਾਂ (ਸੁਭਾਵਾਂ) ਦੀ ਪਰਲੋ ਹੋਵੇਗੀ।''
        ਬਾਬਾ ਜੀ ਨੇ ਆਪਣੀ ਜੀਵਨੀ 'ਮੇਰੀ ਆਪ ਬੀਤੀ' ਵਿਚ ਲਿਖਿਆ ਹੈ ਕਿ ਮਾਲੀ ਮੁਸ਼ਕਿਲਾਂ ਕਰਕੇ ਉਨ੍ਹਾਂ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ। ਉਸ ਵੇਲੇ ਅਮਰੀਕਾ ਤੇ ਕੈਨੇਡਾ ਵਿਚ ਪਰਵਾਸੀ ਨਾਲ ਵੱਡਾ ਵਿਤਕਰਾ ਕੀਤਾ ਜਾਂਦਾ ਸੀ। ਬ੍ਰਿਟਿਸ਼ ਕੋਲੰਬੀਆ ਵਿਚ 1907 ਵਿਚ ਏਸ਼ੀਅਨ ਲੋਕਾਂ ਖ਼ਿਲਾਫ਼ ਦੰਗੇ ਹੋਏ ਹਨ। ਬੈਲਿੰਗਮ ਤੇ ਵਾਸ਼ਿੰਗਟਨ ਦੇ ਜੰਗਲੀ ਲੱਕੜੀ ਕੱਟਣ ਵਾਲੇ ਕੈਂਪਾਂ ਵਿਚ ਜਿੱਥੇ ਪੰਜਾਬੀ ਵੱਡੀ ਗਿਣਤੀ ਵਿਚ ਸਨ, ਓਥੇ ਹਮਲੇ ਹੁੰਦੇ ਹਨ। ਆਰੋਨੋ ਤੇ ਕੈਲਾਫੋਰਨੀਆ ਵਿਚ ਨਸਲੀ ਜ਼ਹਿਰ ਫੈਲਿਆ ਹੈ। ਐਕਸਕਲੂਜ਼ਨ (ਬਾਹਰਲਿਆਂ ਨੂੰ ਬਾਹਰ ਕੱਢਣ ਦੀ) ਮੂਵਮੈਂਟ ਚੱਲੀ। ਇਸ ਸਾਰੇ ਵਰਤਾਰੇ ਨੇ ਪੰਜਾਬੀ ਪਰਵਾਸੀਆਂ ਨੂੰ ਇਹ ਸੋਚਣ ਲਈ ਮਜ਼ਬੂਰ ਕੀਤਾ ਕਿ ਜੇ ਉਹ ਕਿਸੇ ਆਜ਼ਾਦ ਤੇ ਮਜ਼ਬੂਤ ਦੇਸ਼ ਦੇ ਰਹਿਣ ਵਾਲੇ ਹੁੰਦੇ ਤਾਂ ਉਨ੍ਹਾਂ ਨਾਲ ਏਦਾਂ ਦਾ ਵਰਤਾਅ ਨਹੀਂ ਸੀ ਹੋ ਸਕਦਾ। ਬਾਅਦ ਵਿਚ ਇਕ ਗ਼ਦਰੀ ਕਵੀ ਨੇ ਇਸ ਅਨੁਭਵ ਨੂੰ ਇਉਂ ਦਰਜ ਕੀਤਾ : ''ਕਾਲਾ ਡਰਟੀ ਕਹਿਣ ਸਾਨੂੰ, ਗਏ ਹਿੰਦ ਦੇ ਉਹ ਅਦਬੋ ਸ਼ਾਨ ਕਿੱਥੇ''। 1914 ਜੂਨ ਵਿਚ ਵਿਕਟੋਰੀਆ (ਕੈਨੇਡਾ) ਵਿਚ ਰਹਿਣ ਵਾਲੇ ਕਵੀ ਨੇ ਲਿਖਿਆ : ''ਏਸ ਸੂਬੇ ਦੇ ਗੋਰਿਆਂ ਅੱਤ ਚੁੱਕੀ, ਹਿੰਦੀ ਤਕ ਕੇ ਜੀਅੜਾ ਸਾੜਦੇ ਨੇ।''
      ਪੰਜਾਬੀ ਕਿਸਾਨ ਦਾ ਅਮਰੀਕਾ ਤੇ ਕੈਨੇਡਾ ਵਿਚ ਜਾ ਕੇ ਮਜ਼ਦੂਰ ਬਣਨਾ ਬਿਲਕੁਲ ਵੱਖਰੀ ਤਰ੍ਹਾਂ ਦਾ ਵਰਤਾਰਾ ਸੀ। ਇਹ ਪ੍ਰਕਿਰਿਆ ਉਸ ਵਰਤਾਰੇ ਤੋਂ ਵੱਖਰੀ ਸੀ ਜਿਸ ਤਹਿਤ ਪੰਜਾਬੀ ਕਿਸਾਨ ਤੇ ਦਲਿਤ ਬਸਤੀਵਾਦੀ ਫ਼ੌਜ ਦਾ ਸੈਨਿਕ ਬਣਿਆ। ਉਸ ਰੂਪ ਵਿਚ ਉਹ ਸਰਕਾਰ ਦਾ ਸਿਪਾਹੀ ਸੀ, ਅੰਗਰੇਜ਼ ਹਕੂਮਤ ਜਲੌਅ ਦੀ ਛੋਟੀ ਮੋਟੀ ਕਣੀ ਉਸ ਨੂੰ, ਨਾ ਸਿਰਫ਼ ਵਰਦੀ ਦੇ ਰੂਪ ਵਿਚ ਮਿਲੀ, ਸਗੋਂ ਉਸ ਦੀ ਪਹਿਚਾਣ ਵੀ ਬਣੀ। ਉਹ ਸਿਪਾਹੀ, ਲਾਂਸ-ਨਾਇਕ, ਨਾਇਕ, ਹਵਾਲਦਾਰ, ਜਮਾਂਦਾਰ, ਰਿਸਾਲਦਾਰ ਆਦਿ ਬਣ ਗਿਆ। ਅਮਰੀਕਾ ਤੇ ਕੈਨੇਡਾ ਦੇ ਮਜ਼ਦੂਰ ਨੂੰ ਬਰਤਾਨਵੀ ਸਾਮਰਾਜ ਦੀ ਇਹ 'ਮਿਹਰ' ਹਾਸਿਲ ਨਹੀਂ ਸੀ। ਉਸਨੇ ਰੇਲ ਪਟੜੀਆਂ ਵਿਛਾਈਆਂ, ਆਰਾ ਮਿੱਲਾਂ, ਖੇਤਾਂ ਤੇ ਕਾਰਖਾਨਿਆਂ ਵਿਚ ਕੰਮ ਕੀਤਾ। ਇਸ ਅਨੁਭਵ ਦੀ ਚਿੱਤਰਕਾਰੀ ਇਕ ਗ਼ਦਰੀ ਕਵੀ ਨੇ ਏਦਾਂ ਕੀਤੀ : ''ਗ੍ਰੇਪ ਤੋੜਦਿਆਂ, ਸੇਲਰੀ ਲਾਉਂਦਿਆਂ ਦੇ, ਸੀਡ ਗੱਡਦਿਆਂ ਦੇ ਗੋਡੇ ਲਾਲ ਹੋ ਗਏ। ਨਾਲ ਫੱਟਿਆਂ ਪਾਟ ਗਏ ਹੱਥ ਸਾਡੇ, ਦਿਨ ਕੱਟਣੇ ਬੜੇ ਮੁਹਾਲ ਹੋ ਗਏ।''
       ਇਨ੍ਹਾਂ ਅਨੁਭਵਾਂ ਨੇ ਅਮਰੀਕਾ ਤੇ ਕੈਨੇਡਾ ਵਿਚ ਰਹਿ ਰਹੇ ਪੰਜਾਬੀਆਂ ਵਿਚ ਨਵੀਂ ਰਾਜਸੀ ਚੇਤਨਾ ਪੈਦਾ ਕੀਤੀ ਜਿਸ ਸਦਕਾ ਉਨ੍ਹਾਂ ਨੇ ਕਈ ਜਥੇਬੰਦੀਆਂ ਬਣਾਈਆਂ ਤੇ ਬਾਅਦ ਵਿਚ ਹਿੰਦੀ ਐਸੋਸੀਏਸ਼ਨ ਦੀ ਬੁਨਿਆਦ ਰੱਖੀ ਗਈ। ਇਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ, ਜਨਰਲ ਸਕੱਤਰ ਲਾਲਾ ਹਰਦਿਆਲ, ਮੀਤ ਪ੍ਰਧਾਨ ਭਾਈ ਕੇਸਰ ਸਿੰਘ ਠੱਠਗੜ੍ਹ, ਖਜ਼ਾਨਚੀ ਪੰਡਤ ਕਾਂਸ਼ੀ ਰਾਮ, ਨਾਇਬ ਖ਼ਜ਼ਾਨਚੀ ਹਰਨਾਮ ਸਿੰਘ ਟੁੰਡੀਲਾਟ, ਆਰਗੇਨਾਈਜ਼ਰ ਸਕੱਤਰ ਕਰੀਮ ਬਖਸ਼ ਤੇ ਜੁਆਇੰਟ ਸਕੱਤਰ ਮੁਣਸ਼ੀ ਰਾਮ ਸਨ। ਪਾਰਟੀ ਦੇ ਮੁੱਢਲੇ ਮਤੇ ਵਿਚ ਇਹ ਦੱਸਿਆ ਗਿਆ : ''ਇਹਦਾ ਮਕਸਦ ਹਥਿਆਰਬੰਦ ਇਕਨਲਾਬ ਰਾਹੀਂ ਬ੍ਰਿਟਿਸ਼ ਗੌਰਮਿੰਟ ਦੀ ਗੁਲਾਮੀ ਤੋਂ ਹਿੰਦੋਸਤਾਨ ਨੂੰ ਆਜ਼ਾਦ ਕਰਾਉਣਾ ਅਤੇ ਆਜ਼ਾਦੀ ਤੇ ਬਰਾਬਰੀ ਦੀਆਂ ਨੀਹਾਂ 'ਤੇ ਕੌਮੀ ਜਮਹੂਰੀਅਤ ਕਾਇਮ ਕਰਨਾ ਹੋਵੇਗਾ।'' ਇਕ ਹੋਰ ਮਤੇ ਵਿਚ ਕਿਹਾ ਗਿਆ, ''ਪਾਰਟੀ ਵਿਚ ਮਜ਼ਹਬੀ ਬਹਿਸ-ਮੁਬਾਹਸੇ ਦਾ ਕੋਈ ਦਖ਼ਲ ਨਹੀਂ ਹੋਵੇਗਾ। ਮਜ਼ਹਬ ਦੀ ਹੈਸੀਅਤ ਨਿੱਜੀ ਹੋਵੇਗੀ।'' ਇਸ ਤਰ੍ਹਾਂ ਬਾਬਾ ਭਕਨਾ ਉਸ ਸਿਆਸੀ ਪਾਰਟੀ ਦੇ ਪਹਿਲੇ ਪ੍ਰਧਾਨ ਸਨ ਜਿਸ ਨੂੰ ਬਣਾਉਣ ਵਾਲੇ ਕੁਲੀਨ ਵਰਗਾਂ ਨਾਲ ਸਬੰਧ ਰੱਖਣ ਵਾਲੇ ਪੜ੍ਹੇ ਲਿਖੇ ਇਲੀਟ ਨਹੀਂ ਸਗੋਂ ਪੰਜਾਬ ਦੇ ਕਿਸਾਨ ਸਨ ਜਿਹੜੇ ਪਰਦੇਸਾਂ ਵਿਚ ਜਾ ਕੇ ਮਜ਼ਦੂਰ ਬਣੇ। ਇਸ ਤਰ੍ਹਾਂ ਇਹ ਪਾਰਟੀ ਹਿੰਦੋਸਤਾਨ ਦੇ ਮਜ਼ਦੂਰਾਂ ਤੇ ਕਿਸਾਨਾਂ ਦੀ ਹਥਿਆਰਬੰਦ ਇਨਕਲਾਬ ਲਈ ਪ੍ਰਤੀਬੱਧ ਪਹਿਲੀ ਪਾਰਟੀ ਸੀ। ਇਸ ਨੂੰ ਬਣਾਉਣ ਵਾਲੇ ਲੋਕ ਨਸਲੀ ਵਿਤਕਰੇ, ਸਰਮਾਏਦਾਰੀ ਸ਼ੋਸ਼ਣ, ਗੁਲਾਮੀ ਅਤੇ ਬਸਤੀਵਾਦੀ ਜ਼ੁਲਮ ਦੇ ਸਤਾਏ ਹੋਏ ਲੋਕ ਸਨ।
      1857 ਦੇ ਗ਼ਦਰ ਨੂੰ ਯਾਦ ਕਰਦਿਆਂ ਇਸ ਪਾਰਟੀ ਨੇ ਗ਼ਦਰ ਨਾਂ ਦਾ ਅਖ਼ਬਾਰ ਚਲਾਇਆ ਜੋ ਬਾਅਦ ਵਿਚ ਪਾਰਟੀ ਦਾ ਨਾਂ ਬਣ ਗਿਆ ਤੇ ਪਾਰਟੀ ਦੇ ਮੈਂਬਰ ਗ਼ਦਰੀ ਕਹਿ ਕੇ ਬੁਲਾਏ ਜਾਣ ਲੱਗੇ। 1914 ਵਿਚ ਇਨ੍ਹਾਂ ਗ਼ਦਰੀਆਂ ਨੇ ਹਿੰਦੋਸਤਾਨ ਵੱਲ ਚਾਲੇ ਪਾ ਦਿੱਤੇ ਅਤੇ ਵੱਖ ਵੱਖ ਫ਼ੌਜੀ ਰਸਾਲਿਆਂ ਦੀ ਮਦਦ ਨਾਲ ਬਗ਼ਾਵਤ ਕਰਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਸਫ਼ਲ ਨਾ ਹੋ ਸਕੀ। ਸੈਂਕੜੇ ਗ਼ਦਰੀ ਗ੍ਰਿਫ਼ਤਾਰ ਕਰ ਲਏ ਗਏ ਅਤੇ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਜਗਤ ਸਿੰਘ ਸਮੇਤ ਸੱਤ ਗ਼ਦਰੀਆਂ ਨੂੰ ਫਾਂਸੀ ਹੋਈ। 17 ਹੋਰ ਗ਼ਦਰੀ ਜਿਨ੍ਹਾਂ ਵਿਚ ਬਾਬਾ ਸੋਹਣ ਸਿੰਘ ਭਕਨਾ ਵੀ ਸ਼ਾਮਿਲ ਸਨ, ਨੂੰ ਫਾਂਸੀ ਦੀ ਸਜ਼ਾ ਹੋਈ ਜੋ ਬਦਲ ਕੇ ਕਾਲੇ ਪਾਣੀ ਦੀ ਉਮਰ ਕੈਦ ਵਿਚ ਬਦਲ ਦਿੱਤੀ ਗਈ। ਭਾਈ ਜਵਾਲਾ ਸਿੰਘ, ਭਾਈ ਵਿਸਾਖਾ ਸਿੰਘ ਤੇ 24 ਹੋਰ ਗ਼ਦਰੀਆਂ ਨੂੰ ਉਮਰ ਕੈਦ ਤੇ ਜਾਇਦਾਦ ਜ਼ਬਤੀ ਦੀਆਂ ਸਜ਼ਾਵਾਂ ਹੋਈਆਂ। ਹੋਰ ਗ਼ਦਰੀਆਂ ਨੂੰ ਵੀ ਵੱਖ ਵੱਖ ਵਰ੍ਹਿਆਂ ਲਈ ਕੈਦ ਦੀ ਸਜ਼ਾ ਦਿੱਤੀ ਗਈ। ਬਾਬਾ ਸੋਹਣ ਸਿੰਘ ਭਕਨਾ ਨੇ 1915 ਤੋਂ 1921 ਅੰਡੇਮਾਨ ਕਾਲੇਪਾਣੀ ਵਿਚ ਅਤੇ 1921 ਤੋਂ 1930 ਤਕ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਵਿਚ ਕੈਦ ਕੱਟੀ। ਉਹ ਸਰਬਹਿੰਦ ਕਿਸਾਨ ਸਭਾ ਦੇ ਪ੍ਰਧਾਨ ਬਣੇ ਅਤੇ ਕਿਸਾਨ ਮੋਰਚਿਆਂ ਵਿਚ ਵੀ ਕੈਦ ਕੱਟੀ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਉਨ੍ਹਾਂ ਨੂੰ 1948 ਵਿਚ ਫਿਰ ਕੈਦ ਕਰ ਲਿਆ ਗਿਆ ਅਤੇ ਯੋਲ ਕੈਂਪ (ਕਾਂਗੜੇ ਦੇ ਨਜ਼ਦੀਕ) ਵਿਚ ਰੱਖਿਆ ਗਿਆ। ਉਹ ਕਮਿਊਨਿਸਟ ਪਾਰਟੀ ਵਿਚ ਸ਼ਾਮਿਲ ਹੋ ਗਏ ਅਤੇ ਸਾਰੀ ਉਮਰ ਲੋਕਾਂ ਦੇ ਹੱਕਾਂ ਲਈ ਲੜਦੇ ਰਹੇ।
       ਬਾਬਾ ਜੀ ਨੇ ਆਪਣੇ ਜੀਵਨ ਦੀ ਕਹਾਣੀ 'ਜੀਵਨ ਸੰਗਰਾਮ', 'ਮੇਰੀ ਰਾਮ ਕਹਾਣੀ' ਅਤੇ 'ਮੇਰੀ ਆਪ ਬੀਤੀ' ਵਿਚ ਦਰਜ ਕੀਤੀ ਹੈ। ਇਨ੍ਹਾਂ ਆਤਮ ਕਥਾਵਾਂ ਨੂੰ ਪੜ੍ਹ ਕੇ ਬਾਬਾ ਜੀ ਦੀ ਨਿਰਮਾਣਤਾ ਤੇ ਮਹਾਨਤਾ ਦਾ ਪਤਾ ਲੱਗਦਾ ਹੈ। ਇਨ੍ਹਾਂ ਆਤਮ ਕਥਾਵਾਂ ਵਿਚ ਉਨ੍ਹਾਂ ਨੇ ਆਪਣੇ ਜਵਾਨੀ ਵੇਲੇ ਦੀਆਂ ਭੁੱਲਾਂ-ਚੁੱਕਾਂ ਬਾਰੇ ਤਾਂ ਖੁੱਲ੍ਹ ਕੇ ਲਿਖਿਆ ਹੈ, ਪਰ ਆਪਣੀ ਕੁਰਬਾਨੀ ਅਤੇ ਝੱਲੀਆਂ ਦੁਸ਼ਵਾਰੀਆਂ ਬਾਰੇ ਕੋਈ ਜ਼ਿਕਰ ਨਹੀਂ ਕੀਤਾ। 26 ਸਾਲਾਂ ਦੀ ਜੇਲ੍ਹ ਯਾਤਰਾ ਵਿਚ ਉਨ੍ਹਾਂ ਨੇ 9 ਵਾਰ ਭੁੱਖ ਹੜਤਾਲ ਕੀਤੀ। ਅੰਡੇਮਾਨ ਵਿਚ ਅਸਹਿ ਕਸ਼ਟ ਝੱਲੇ ਅਤੇ 2 ਵਾਰ ਭੁੱਖ ਹੜਤਾਲ ਕੀਤੀ। ਯਰਵਦਾ ਜੇਲ੍ਹ ਵਿਚ ਦਸਤਾਰਾਂ ਤੇ ਕਛਹਿਰਿਆਂ ਲਈ, ਲਾਹੌਰ ਜੇਲ੍ਹ ਵਿਚ ਦਲਿਤਾਂ ਦੀ ਬਰਾਬਰੀ ਲਈ ਅਤੇ ਭਗਤ ਸਿੰਘ ਦੀ ਹਮਾਇਤ ਵਿਚ ਭੁੱਖ ਹੜਤਾਲ ਕੀਤੀ। ਯੋਲ ਕੈਂਪ ਵਿਚ ਕੀਤੀ 9ਵੀਂ ਭੁੱਖ ਹੜਤਾਲ ਨੇ ਉਨ੍ਹਾਂ ਦਾ ਸਰੀਰ ਕੁੱਬਾ ਕਰ ਦਿੱਤਾ। 1931 ਵਿਚ ਉਨ੍ਹਾਂ ਨੇ ਕਰਾਚੀ ਵਿਚ ਹੋਈ ਆਲ ਇੰਡੀਆ ਵਰਕਰ ਐਂਡ ਪੀਜੈਂਟਸ ਤੇ ਤੀਸਰੀ ਕਾਨਫਰੰਸ ਦੀ ਪ੍ਰਧਾਨਗੀ ਕੀਤੀ। 1939 ਵਿਚ ਉਹ ਕੁਲ ਹਿੰਦ ਕਿਸਾਨ ਸਭਾ ਦੇ ਪ੍ਰਧਾਨ ਦੀ ਹੈਸੀਅਤ ਵਿਚ ਗਯਾ, ਬਿਹਾਰ ਵਿਚ ਗ੍ਰਿਫ਼ਤਾਰ ਹੋਏ ਤੇ ਉਨ੍ਹਾਂ ਨੂੰ ਦਿਓਲੀ ਕੈਂਪ ਵਿਚ ਨਜ਼ਰਬੰਦ ਕੀਤਾ ਗਿਆ। ਇਕ ਅਪਰੈਲ 1943 ਨੂੰ ਰਿਹਾਅ ਹੋ ਕੇ ਉਹ ਆਪਣੇ ਪਿੰਡ ਭਕਨੇ ਕੁਲ ਹਿੰਦ ਕਾਨਫਰੰਸ ਦੇ ਇਜਲਾਸ ਦੀ ਪ੍ਰਧਾਨਗੀ ਕਰਨ ਪਹੁੰਚੇ। ਆਪਣੀਆਂ ਆਤਮ ਜੀਵਨੀਆਂ ਵਿਚ ਬਾਬਾ ਜੀ ਇਨ੍ਹਾਂ ਘਟਨਾਵਾਂ ਦਾ ਜ਼ਿਕਰ ਇਉਂ ਕਰਦੇ ਹਨ ਜਿਵੇਂ ਸਭ ਕੁਝ ਬੜੇ ਸਹਿਜ ਸੁਭਾਅ ਨਾਲ ਹੋ ਰਿਹਾ ਹੋਵੇ। ਉਹ ਦੂਸਰੇ ਗ਼ਦਰੀ ਭਾਈਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਬਹੁਤ ਸ਼ਰਧਾ ਨਾਲ ਕਰਦੇ ਹਨ। ਉਦਾਹਰਣ ਦੇ ਤੌਰ 'ਤੇ ਬਾਬਾ ਜਵਾਲਾ ਸਿੰਘ ਬਾਰੇ ਲਿਖਦੇ ਹਨ : ''ਭਾਈ ਜਵਾਲਾ ਸਿੰਘ ਜੀ ਦੀ ਇਹ ਉੱਚੀ ਕੌਮੀ ਸੇਵਾ ਅੱਜ ਤਕ ਕਿਸੇ ਰਾਜੇ ਮਹਾਰਾਜੇ ਤੇ ਸੇਠ ਸ਼ਾਹੂਕਾਰ ਨੂੰ ਵੀ ਨਸੀਬ ਨਹੀਂ ਹੋਈ।'' ਇਸੇ ਤਰ੍ਹਾਂ ਕਰਤਾਰ ਸਿੰਘ ਸਰਾਭਾ, ਕੇਸਰ ਸਿੰਘ, ਲਾਲਾ ਹਰਦਿਆਲ, ਭਾਈ ਬੰਤਾ ਸਿੰਘ ਅਤੇ ਹੋਰਨਾਂ ਗ਼ਦਰੀ ਆਗੂਆਂ ਦੀ ਦੇਣ ਦਾ ਜ਼ਿਕਰ ਕਰਦੇ ਤੁਰੇ ਜਾਂਦੇ ਹਨ। ਇਨ੍ਹਾਂ ਆਤਮ ਜੀਵਨੀਆਂ ਵਿਚੋਂ ਲੋਕਾਂ ਲਈ ਸਭ ਕੁਝ ਕੁਰਬਾਨ ਕਰ ਦੇਣ ਵਾਲੀ ਤਿਆਗੀ ਆਤਮਾ ਦੇ ਦੀਦਾਰ ਹੁੰਦੇ ਹਨ। ਕੇਸਰ ਸਿੰਘ ਕੇਸਰ ਨੇ ਬਾਬਾ ਜੀ ਅਤੇ ਹੋਰਨਾਂ ਗ਼ਦਰੀਆਂ ਨੂੰ 'ਦਾਰਸ਼ਨਿਕ ਸੋਚ, ਦੀਦਾ-ਦਲੇਰੀ, ਪਰ ਸੁਆਰਥ, ਭਾਈਚਾਰਕ ਸਾਂਝ, ਤਿਆਗ, ਸੱਚੇ-ਸੁੱਚੇ ਚਰਿੱਤਰ ਤੇ ਕੁਰਬਾਨੀ ਦੇ ਪੁਤਲੇ' ਕਿਹਾ ਹੈ।
       ਹਰੀਸ਼ ਪੁਰੀ ਨੇ ਲਿਖਿਆ ਹੈ: ''ਗ਼ਦਰ ਲਹਿਰ ਵਿਚ ਉਨ੍ਹਾਂ ਨਾਲ ਮੁੱਢ ਤੋਂ ਨਾਲ ਰਹੇ ਪ੍ਰਿਥਵੀ ਸਿੰਘ ਆਜ਼ਾਦ ਨੇ ਮੇਰੇ ਕੋਲ ਦਰਜ ਕਰਵਾਏ ਇੰਟਰਵਿਊ ਵਿਚ ਬਾਬਾ ਜੀ ਬਾਰੇ ਤੇ ਭਾਈ ਵਸਾਖਾ ਸਿੰਘ, ਭਾਈ ਜਵਾਲਾ ਸਿੰਘ ਤੇ ਭਾਈ ਸੰਤੋਖ ਸਿੰਘ ਹੁਰਾਂ ਦੀ ਗੱਲ ਕਰਦਿਆਂ ਸਿਰ ਨਿਵਾਂ ਕੇ ਹੌਲੀ ਜਿਹੀ ਆਖਿਆ ਸੀ: 'ਉਹ ਤਪੀਸ਼ਰ ਸਨ। ਇਨਸਾਨੀਅਤ ਦੇ ਲੇਖੇ ਲੱਗੀਆਂ ਨੇਕ ਰੂਹਾਂ'।'' ਸੋਹਨ ਸਿੰਘ ਭਕਨਾ ਅਤੇ ਹੋਰ ਗ਼ਦਰੀ ਸੱਚਮੁੱਚ ਤਪੀਸ਼ਰ ਸਨ, ਫ਼ਕੀਰ ਆਦਮੀ। ਭਾਈ ਨਿਧਾਨ ਸਿੰਘ ਨੇ ਆਪਣੀ ਕਵਿਤਾ ਵਿਚ ਉਨ੍ਹਾਂ ਨੂੰ 'ਜ਼ਿੰਦਾ ਸ਼ਹੀਦ' ਕਹਿੰਦਿਆਂ ਬਿਲਕੁਲ ਠੀਕ ਕਿਹਾ ਸੀ, ''ਵੈਰੀ ਕੰਬਦੇ ਗ਼ਦਰ ਦਾ ਨਾਮ ਸੁਣ ਕੇ, ਸੇਵਾ ਤੁਧ ਦੀ ਬੇਨਜੀਰ ਬਾਬਾ/ ਵਧਣ ਹੌਸਲੇ ਦੇਖ ਕੇ ਗ਼ਦਰੀਆਂ ਦੇ ਪ੍ਰੇਮ ਏਕਤਾ ਦੀ ਤਸਵੀਰ ਬਾਬਾ/ ਆਓ, ਆਓ, ਗ਼ਰੀਬਾਂ ਦੇ ਬਾਦਸ਼ਾਹ ਜੀ, ਕਰੀਏ ਬਿਸਤਰਾ ਗੋਲ ਬਰਤਾਨੀਆਂ ਦਾ/ ਪਹਿਲਾਂ ਵਾਂਗ ਮਨਸੂਰ ਕੁਰਬਾਨ ਹੋਵੇ, ਫੇਰ ਮੁੱਲ ਪੈਂਦਾ ਕੁਰਬਾਨੀਆਂ ਦਾ।'' ਹਾਂ, ਉਹ ਗ਼ਰੀਬਾਂ ਦੇ ਬਾਦਸ਼ਾਹ ਸਨ, ਉਨ੍ਹਾਂ ਦੀ ਕੀਤੀ ਸੇਵਾ ਬੇਨਜ਼ੀਰ ਹੈ। ਹਜਾਰਾ ਸਿੰਘ 'ਹਮਦਮ' ਨੇ ਬਾਬਾ ਜੀ ਦੀ ਤੁਲਨਾ ਭਗਤ ਪ੍ਰਲਾਹਦ ਨਾਲ ਕਰਦਿਆਂ ਕਿਹਾ, ''ਅਰਸ਼ ਫਰਸ਼ ਕੰਬੇ ਤੇਰੇ ਦੁੱਖ ਸੁਣਕੇ/ ਯਾਦ ਆਵੰਦਾ ਭਗਤ ਪ੍ਰਲਾਦ ਬਾਬਾ/ ਹਮਦਮ ਤੇਰੀਆਂ ਉੱਚ ਕੁਰਬਾਨੀਆਂ ਨੇ, ਕਰਨਾ ਦੇਸ਼ ਨੂੰ ਝੱਟ ਆਜ਼ਾਦ ਬਾਬਾ।''
ਮਸ਼ਹੂਰ ਕਵੀ ਰਿਲਕੇ ਨੇ ਆਪਣੀ ਇਕ ਕਵਿਤਾ ਵਿਚ ਆਪਣੇ ਮੋਏ ਮਿੱਤਰ ਨੂੰ ਏਦਾਂ ਯਾਦ ਕੀਤਾ ਹੈ :

ਮੇਰੇ ਆਪਣੇ ਜਿਹੜੇ ਮਰ ਚੁੱਕੇ ਨੇ, ਮੇਰੇ ਕੋਲ ਹਨ
ਮੈਂ ਉਨ੍ਹਾਂ ਨੂੰ ਜਾਣ ਦਿੱਤਾ
ਤੇ ਹੈਰਾਨ ਰਹਿ ਗਿਆ
ਉਹ ਮਰ ਕੇ ਕਿੰਨੇ ਸ਼ਾਂਤ ਹੋ ਗਏ
ਕਿੰਨੇ ਖੁਸ਼,
ਉਨ੍ਹਾਂ ਦੀ ਫਿਤਰਤ ਏਦਾਂ ਦੀ ਤੇ ਨਹੀਂ ਸੀ।
ਸਿਰਫ਼ ਤੂੰ,
ਤੂੰ ਵਾਪਸ ਆਉਂਦਾ ਏਂ
ਮੈਨੂੰ ਛੁਹ ਕੇ ਲੰਘਦਾ ਏਂ
ਏਧਰ ਉਧਰ ਘੁੰਮਦਾ
ਚੀਜ਼ਾਂ ਤੇ ਦਸਤਕ ਦਿੰਦਾ
ਆਵਾਜ਼ ਨਾਲ ਤੇਰੇ ਹੋਣ ਦਾ ਪਤਾ ਲੱਗਦਾ ਏ।

4 ਜਨਵਰੀ 2020 ਨੂੰ ਇਸ ਮਹਾਂਪੁਰਖ ਦਾ 150ਵਾਂ ਜਨਮ ਦਿਨ ਹੈ। ਵੱਖ ਵੱਖ ਪਾਰਟੀਆਂ ਉਨ੍ਹਾਂ ਦੇ ਜਨਮ ਦਿਹਾੜੇ ਨੂੰ ਆਪੋ ਆਪਣੇ ਤਰੀਕਿਆਂ ਨਾਲ ਮਨਾਉਣ ਦਾ ਯਤਨ ਕਰ ਰਹੀਆਂ ਹਨ। ਸੋਹਨ ਸਿੰਘ ਭਕਨਾ ਪੰਜਾਬ ਦਾ ਮਹਾਂ-ਨਾਇਕ ਸੀ। ਉਹ ਸਾਰੇ ਪੰਜਾਬੀਆਂ ਦਾ ਸੀ। ਉਹਦਾ ਨਾਂ ਲੈ ਕੇ ਹਰ ਪੰਜਾਬੀ ਦਾ ਸਿਰ ਉੱਚਾ ਹੁੰਦਾ ਹੈ। ਉੱਚ ਕੁਰਬਾਨੀਆਂ ਵਾਲੇ ਇਸ ਫ਼ਕੀਰ ਦੀ ਯਾਦ ਪੰਜਾਬ ਦੀਆਂ ਬਰੂਹਾਂ 'ਤੇ ਦਸਤਕ ਦੇ ਰਹੀ ਹੈ। ਕੀ ਪੰਜਾਬੀ ਇਸ ਫ਼ਕੀਰ ਨੂੰ ਯਾਦ ਕਰ ਰਹੇ ਹਨ?

ਸ਼੍ਰੋਮਣੀ ਰਹਿਣ ਦਾ ਫ਼ਿਕਰ - ਸਵਰਾਜਬੀਰ

ਵੀਹਵੀਂ ਸਦੀ ਅਤੇ ਉਸ ਤੋਂ ਬਾਅਦ ਦੇ ਪੰਜਾਬ ਦੇ ਇਤਿਹਾਸ ਵਿਚ ਵੱਡੀ ਭੂਮਿਕਾ ਨਿਭਾਉਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ 14 ਦਸੰਬਰ 1920 ਨੂੰ ਉਸ ਵੇਲ਼ੇ ਹੋਂਦ ਵਿਚ ਆਈ ਜਦ ਪੰਜਾਬ ਵਿਚ ਗ਼ਦਰ ਪਾਰਟੀ ਦੁਆਰਾ ਫ਼ੌਜਾਂ ਵਿਚ ਬਗ਼ਾਵਤ ਕਰਾਉਣ ਦੇ ਯਤਨ ਦੀਆਂ ਗੂੰਜਾਂ ਹਰ ਸ਼ਹਿਰ ਅਤੇ ਪਿੰਡ ਪਿੰਡ ਸੁਣਾਈ ਦੇ ਰਹੀਆਂ ਸਨ ਅਤੇ ਪੰਜਾਬ ਜੱਲ੍ਹਿਆਂਵਾਲਾ ਬਾਗ਼ ਦੇ ਦੁਖਾਂਤ ਅਤੇ ਹੋਰ ਸ਼ਹਿਰਾਂ ਵਿਚ ਅੰਗਰੇਜ਼ਾਂ ਦੁਆਰਾ ਕੀਤੇ ਗਏ ਜ਼ੁਲਮ ਨੂੰ ਸਹਿੰਦਾ ਹੋਇਆ ਦੇਸ਼ ਦੀ ਸਿਆਸਤ ਵਿਚ ਉੱਘਾ ਰੋਲ ਅਦਾ ਕਰ ਰਿਹਾ ਸੀ। ਅੰਗਰੇਜ਼ ਹਕੂਮਤ ਦੀ 'ਪਾੜੋ ਤੇ ਰਾਜ ਕਰੋ' ਦੀ ਨੀਤੀ ਕਈ ਤਰੀਕਿਆਂ ਨਾਲ ਕੰਮ ਕਰ ਰਹੀ ਸੀ। ਇਕ ਪਾਸੇ ਉਸ ਨੇ ਪੰਜਾਬ ਵਿਚ ਆਪਣੇ ਪਿੱਠੂਆਂ ਦੀ ਜਮਾਤ ਖੜ੍ਹੀ ਕਰਕੇ ਪੰਜਾਬੀਆਂ ਨੂੰ ਵੱਡੀ ਗਿਣਤੀ ਵਿਚ ਫ਼ੌਜ ਵਿਚ ਭਰਤੀ ਹੋਣ ਲਈ ਪ੍ਰੇਰਿਆ ਸੀ ਅਤੇ ਦੂਸਰੇ ਪਾਸੇ ਆਜ਼ਾਦੀ ਦਾ ਸੰਘਰਸ਼ ਕਰਨ ਵਾਲਿਆਂ ਦਾ ਦਮਨ ਕੀਤਾ ਸੀ।
ਪੰਜਾਬ ਦੇ ਗੁਰਦੁਆਰੇ ਉਸ ਵੇਲ਼ੇ ਪੁਜਾਰੀਆਂ ਦੇ ਹੱਥਾਂ ਵਿਚ ਸਨ ਅਤੇ ਅੰਗਰੇਜ਼ ਸਰਕਾਰ ਉਨ੍ਹਾਂ ਦੀ ਪਿੱਠ 'ਤੇ ਖਲੋਤੀ ਸੀ। 1920 ਵਿਚ ਅਕਾਲੀ ਦਲ ਦੇ ਹੋਂਦ ਵਿਚ ਆਉਣ ਤੋਂ ਪਹਿਲਾਂ ਹੀ ਅਕਾਲੀ ਸੰਘਰਸ਼ ਸ਼ੁਰੂ ਹੋ ਚੁੱਕਾ ਸੀ ਅਤੇ ਵੱਖ ਵੱਖ ਅਕਾਲੀ ਜਥਿਆਂ ਨੇ ਗੁਰਦੁਆਰਿਆਂ ਦੇ ਸੁਧਾਰ ਲਈ ਸ਼ਾਂਤਮਈ ਢੰਗ ਨਾਲ ਯਤਨ ਕਰਨੇ ਸ਼ੁਰੂ ਕਰ ਦਿੱਤੇ ਸਨ। ਦਰਬਾਰ ਸਾਹਿਬ ਤਰਨ ਤਾਰਨ ਨੂੰ ਮਹੰਤ ਤੋਂ ਆਜ਼ਾਦ ਕਰਾਉਣ ਲਈ ਵਿੱਢੇ ਗਏ ਸੰਘਰਸ਼ ਵਿਚ ਭਾਈ ਹੁਕਮ ਸਿੰਘ ਅਤੇ ਭਾਈ ਹਜ਼ਾਰਾ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋਣ ਤੋਂ ਬਾਅਦ ਅਕਾਲ ਚਲਾਣਾ ਕਰ ਗਏ ਅਤੇ ਲਹਿਰ ਦੇ ਪਹਿਲੇ ਸ਼ਹੀਦ ਬਣੇ। 20 ਫਰਵਰੀ 1921 ਨੂੰ ਭਾਈ ਲਛਮਣ ਸਿੰਘ ਦੀ ਅਗਵਾਈ ਵਾਲਾ ਜਥਾ ਨਨਕਾਣਾ ਸਾਹਿਬ ਪਹੁੰਚਿਆ ਜਿਸ ਉੱਤੇ ਮਹੰਤ ਨਰਾਇਣ ਦਾਸ ਦੇ ਭਾੜੇ 'ਤੇ ਲਏ ਹਮਾਇਤੀਆਂ ਨੇ ਗੋਲੀ ਚਲਾਈ ਜਿਸ ਵਿਚ 100 ਤੋਂ ਜ਼ਿਆਦਾ ਅਕਾਲੀ ਸ਼ਹੀਦ ਹੋਏ। ਇਸ ਤਰ੍ਹਾਂ ਇਸ ਪਾਰਟੀ ਦਾ ਇਤਿਹਾਸ ਕੁਰਬਾਨੀਆਂ ਨਾਲ ਸ਼ੁਰੂ ਹੋਇਆ ਅਤੇ ਇਹ ਸਿਲਸਿਲਾ ਗੁਰੂ ਕਾ ਬਾਗ, ਜੈਤੋ ਦਾ ਮੋਰਚਾ ਅਤੇ ਹੋਰ ਮੋਰਚਿਆਂ ਦੇ ਰੂਪ ਵਿਚ ਚੱਲਦਾ ਰਿਹਾ। ਅਕਾਲੀਆਂ ਦੀ ਕਾਲੀ ਪੱਗ ਬਗ਼ਾਵਤ ਦਾ ਪ੍ਰਤੀਕ ਬਣ ਗਈ।
       ਅਕਾਲੀ ਦਲ ਦਾ ਸਭ ਤੋਂ ਵੱਡਾ ਰਾਜਸੀ ਐਕਸ਼ਨ ਸਾਈਮਨ ਕਮਿਸ਼ਨ ਦਾ ਬਾਈਕਾਟ ਸੀ। 3 ਫਰਵਰੀ 1928 ਨੂੰ ਕਾਂਗਰਸੀਆਂ ਤੇ ਅਕਾਲੀਆਂ ਨੇ ਸਾਈਮਨ ਕਮਿਸ਼ਨ ਵਿਰੁੱਧ ਸਾਂਝੇ ਮੁਜ਼ਾਹਰੇ ਕੀਤੇ। ਜਦ 1929 ਵਿਚ ਲਾਹੌਰ ਵਿਚ ਰਾਵੀ ਕੰਢੇ ਹੋਏ ਇਜਲਾਸ ਵਿਚ ਕਾਂਗਰਸ ਨੇ ਪੂਰਨ ਆਜ਼ਾਦੀ ਦਾ ਮਤਾ ਪਾਸ ਕੀਤਾ ਤਾਂ ਅਕਾਲੀਆਂ ਨੇ ਇਸ ਦੀ ਹਮਾਇਤ ਕੀਤੀ ਅਤੇ 26 ਜਨਵਰੀ 1930 ਨੂੰ ਮਨਾਏ 'ਸੁਤੰਤਰਤਾ ਦਿਵਸ' ਵਿਚ ਸਿੱਖ ਵੱਡੀ ਗਿਣਤੀ ਵਿਚ ਸ਼ਾਮਲ ਹੋਏ। 1930 ਵਿਚ ਅਕਾਲੀ ਦਲ ਕਾਂਗਰਸ ਦੀ ਅਗਵਾਈ ਵਾਲੀ 'ਸਿਵਲ ਨਾਫ਼ਰਮਾਨੀ ਲਹਿਰ' ਵਿਚ ਸ਼ਾਮਲ ਹੋਇਆ ਅਤੇ ਕਾਂਗਰਸੀ ਆਗੂ ਲਾਲਾ ਦੁਨੀ ਚੰਦ ਅਨੁਸਾਰ ਵਸੋਂ ਦੇ ਅਨੁਪਾਤ ਦੇ ਪੱਖ ਤੋਂ ਸਿੱਖਾਂ ਨੇ ਜੇਲ੍ਹ ਵਿਚ ਸਭ ਤੋਂ ਵੱਧ ਵਾਲੰਟੀਅਰ ਭੇਜੇ। 1930ਵਿਆਂ ਵਿਚ ਅਕਾਲੀਆਂ ਨੇ 'ਸਿਵਲ ਨਾਫ਼ਰਮਾਨੀ ਲਹਿਰ' ਦੇ ਸਭ ਪੜਾਵਾਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ।
      1937 ਤੇ 1945-46 ਦੀਆਂ ਚੋਣਾਂ ਵਿਚ ਅਕਾਲੀ ਪੰਜਾਬ ਦੀ ਮਹੱਤਵਪੂਰਨ ਰਾਜਸੀ ਧਿਰ ਵਜੋਂ ਉੱਭਰੇ ਜਿਸ ਦਾ ਖ਼ਾਸਾ ਪੰਜਾਬੀ ਸੀ ਕਿਉਂਕਿ ਉਹ ਪੰਜਾਬ ਦੀ ਕਾਂਗਰਸ ਜਾਂ ਮੁਸਲਿਮ ਲੀਗ ਵਾਂਗ ਕਿਸੇ ਰਾਸ਼ਟਰੀ ਪੱਧਰ ਦੀ ਪਾਰਟੀ ਦੇ ਅਧੀਨ ਨਹੀਂ ਸਨ। ਇਹ ਸਮਾਂ ਅਕਾਲੀ ਪਾਰਟੀ ਲਈ ਵੱਡੀ ਕਸ਼ਮਕਸ਼ ਵਾਲਾ ਸੀ ਕਿਉਂਕਿ ਮੁਸਲਿਮ ਲੀਗ ਦੇਸ਼ ਨੂੰ ਧਰਮ ਦੇ ਆਧਾਰ 'ਤੇ ਵੰਡਣ ਲਈ ਜ਼ੋਰ ਲਗਾ ਰਹੀ ਸੀ। ਅੰਤ ਵਿਚ ਅਕਾਲੀਆਂ ਨੇ ਕਾਂਗਰਸ ਦੀ ਹਮਾਇਤ ਕਰਨ ਅਤੇ ਭਾਰਤ ਵਿਚ ਰਹਿਣ ਦਾ ਫ਼ੈਸਲਾ ਕੀਤਾ।
      1947 ਵਿਚ ਪੰਜਾਬ ਨੇ ਵੰਡ ਦਾ ਵੱਡਾ ਦੁਖ਼ਾਂਤ ਝੱਲਿਆ ਜਿਸ ਵਿਚ ਲੱਖਾਂ ਪੰਜਾਬੀ ਮਾਰੇ ਗਏ ਅਤੇ ਲੱਖਾਂ ਨੂੰ ਆਪਣੇ ਘਰ-ਘਾਟ ਛੱਡਣੇ ਪਏ। ਆਜ਼ਾਦੀ ਤੋਂ ਬਾਅਦ ਦੇਸ਼ ਦੀਆਂ ਧਾਰਮਿਕ ਤੇ ਭਾਸ਼ਾਈ ਘੱਟਗਿਣਤੀਆਂ ਨੂੰ ਹੋਰ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ। ਚੜ੍ਹਦੇ ਪੰਜਾਬ ਵਿਚ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੇ ਪੰਜਾਬੀ ਨੂੰ ਗੁਰਮੁਖੀ ਜਾਂ ਦੇਵਨਾਗਰੀ ਲਿਪੀ ਵਿਚ ਸਿੱਖਿਆ ਦਾ ਮਾਧਿਅਮ ਮੰਨਣ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਸੱਚਰ ਫਾਰਮੂਲਾ ਬਣਾਇਆ ਗਿਆ ਜਿਸ ਅਨੁਸਾਰ ਪੰਜਾਬੀ ਤੇ ਹਿੰਦੀ ਦੋਹਾਂ ਨੂੰ ਵੱਖ ਵੱਖ ਇਲਾਕਿਆਂ ਵਿਚ ਵੱਖ ਵੱਖ ਜਮਾਤਾਂ ਤੋਂ ਪੜ੍ਹਾਉਣ ਦੀ ਸਹੂਲਤ ਦਿੱਤੀ ਗਈ। ਅਕਾਲੀ ਦਲ ਨੇ ਇਸ ਦੀ ਹਮਾਇਤ ਕੀਤੀ ਜਦੋਂਕਿ ਜਨਸੰਘ ਅਤੇ ਹਿੰਦੂ ਮਹਾਂਸਭਾ ਨੇ ਇਸ ਦਾ ਵਿਰੋਧ ਕੀਤਾ। ਉਸ ਵੇਲ਼ੇ ਅਕਾਲੀ ਦਲ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਸੀ ਕਿ ਉਸ ਨੇ ਮਈ 1950 ਵਿਚ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਦੇ ਆਧਾਰ 'ਤੇ ਪੰਜਾਬੀ ਸੂਬਾ ਬਣਾਉਣ ਦੀ ਮੰਗ ਉਠਾਈ ਜਿਹੜੀ ਕਈ ਸੰਘਰਸ਼ਾਂ ਬਾਅਦ 1966 ਵਿਚ ਪੰਜਾਬੀ ਸੂਬਾ ਬਣਨ 'ਤੇ ਸਵੀਕਾਰ ਕੀਤੀ ਗਈ। 1967 ਵਿਚ ਅਕਾਲੀ ਦਲ ਨੂੰ ਸਾਂਝੇ ਮੋਰਚੇ ਦੇ ਆਗੂ ਵਜੋਂ ਪਹਿਲੀ ਵਾਰ ਸੱਤਾ ਮਿਲੀ ਜਿਸ ਵਿਚ ਜਸਟਿਸ ਗੁਰਨਾਮ ਸਿੰਘ ਮੁੱਖ ਮੰਤਰੀ ਬਣੇ।
      30 ਸਤੰਬਰ 1968 ਨੂੰ ਬਟਾਲੇ ਵਿਚ ਹੋਈ ਅਕਾਲੀ ਕਾਨਫਰੰਸ ਨੇ ਰਾਜਾਂ ਨੂੰ ਫ਼ੈਡਰਲ ਆਧਾਰ 'ਤੇ ਵਧੇਰੇ ਖ਼ੁਦਮੁਖ਼ਤਾਰੀ ਦੇਣ ਦੀ ਮੰਗ ਕੀਤੀ। ਇਸ ਮੰਗ ਨੂੰ 13 ਅਪਰੈਲ 1973 ਨੂੰ 'ਆਨੰਦਪੁਰ ਸਾਹਿਬ ਦੇ ਮਤੇ' ਵਿਚ ਵਿਸਥਾਰ ਦਿੱਤਾ ਗਿਆ। 1975 ਵਿਚ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਵਿਚ ਐਮਰਜੈਂਸੀ ਲਾ ਦਿੱਤੀ। ਜੂਨ 1975 ਦੇ ਅੰਤ ਵਿਚ ਅਕਾਲੀ ਦਲ ਦੀ ਕਾਰਜਕਾਰਨੀ ਨੇ ਕਾਂਗਰਸ ਦੀ 'ਫਾਸ਼ੀਵਾਦੀ ਰੁਚੀ' ਦੇ ਖ਼ਿਲਾਫ਼ ਲੜਾਈ ਕਰਨ ਦਾ ਮਤਾ ਪਾਸ ਕੀਤਾ ਅਤੇ ਜੁਲਾਈ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਮਹੂਰੀਅਤ ਨੂੰ ਬਚਾਉਣ ਲਈ ਮੋਰਚਾ ਆਰੰਭਿਆ। ਇਸ ਸੰਘਰਸ਼ ਸਦਕਾ ਦਲ ਦਾ ਆਧਾਰ ਹੋਰ ਵਿਸ਼ਾਲ ਹੋਇਆ ਅਤੇ 1977 ਵਿਚ ਪਾਰਟੀ ਫਿਰ ਸੱਤਾ ਵਿਚ ਆਈ। 1966 ਵਿਚ ਭਾਸ਼ਾ ਦੇ ਆਧਾਰ 'ਤੇ ਸੂਬਾ ਬਣਨ ਤੋਂ ਬਾਅਦ ਅਕਾਲੀ ਦਲ ਸਭ ਤੋਂ ਜ਼ਿਆਦਾ ਦੇਰ ਸੱਤਾ ਵਿਚ ਰਹਿਣ ਵਾਲੀ ਪਾਰਟੀ ਹੈ।
      ਸਵਾਲ ਇਹ ਹੈ ਕਿ ਏਨੇ ਵੱਡੇ ਇਤਿਹਾਸਕ ਪਿਛੋਕੜ ਵਾਲੀ ਇਸ ਪਾਰਟੀ ਦਾ ਵਰਤਮਾਨ ਸਰੂਪ ਕਿਹੋ ਜਿਹਾ ਹੈ? 1975 ਵਿਚ ਪਾਰਟੀ ਨੇ ਕਾਂਗਰਸ ਦੀ 'ਫਾਸ਼ੀਵਾਦੀ ਰੁਚੀ' ਵਿਰੁੱਧ ਲੜਨ ਦਾ ਅਹਿਦ ਕੀਤਾ ਸੀ। ਫਾਸ਼ੀਵਾਦੀ ਰੁਚੀਆਂ ਵਿਰੁੱਧ ਲੜਨ ਵਾਲਾ ਉਹ ਅਕਾਲੀ ਦਲ ਹੁਣ ਕਿਤੇ ਦਿਖਾਈ ਨਹੀਂ ਦਿੰਦਾ। ਪਿਛਲੇ ਕੁਝ ਵਰ੍ਹਿਆਂ ਦੌਰਾਨ ਉਸ ਨੇ ਦੇਸ਼ ਦੀ ਵੱਡੀ ਘੱਟਗਿਣਤੀ ਫ਼ਿਰਕੇ ਦੇ ਵਿਰੁੱਧ ਹੋਈ ਹਜੂਮੀ ਹਿੰਸਾ, ਧਾਰਾ 370 ਦੇ ਮਨਸੂਖ਼ ਕਰਨ, ਨਾਗਰਿਕਤਾ ਸੋਧ ਬਿਲ ਪਾਸ ਕਰਨ ਆਦਿ ਵਿਚ ਦੇਸ਼ ਦੇ ਸੰਘੀ ਢਾਂਚੇ ਦੀ ਰਾਖੀ ਕਰਨ ਅਤੇ ਘੱਟਗਿਣਤੀਆਂ ਦੇ ਹੱਕ ਵਿਚ ਆਵਾਜ਼ ਉਠਾਉਣ ਦੇ ਅਸੂਲਾਂ ਨੂੰ ਪਿੱਠ ਵਿਖਾਈ ਹੈ। ਅਕਾਲੀ ਦਲ ਕਿਸੇ ਵੀ ਕੀਮਤ 'ਤੇ ਭਾਰਤੀ ਜਨਤਾ ਪਾਰਟੀ, ਜਿਸ ਦਾ ਵਿਚਾਰਧਾਰਕ ਖ਼ਾਸਾ ਕੇਂਦਰਵਾਦੀ ਅਤੇ ਪੰਜਾਬੀ-ਵਿਰੋਧੀ ਰਿਹਾ ਹੈ, ਨਾਲ ਸੱਤਾ ਦਾ ਭਾਈਵਾਲ ਬਣਿਆ ਰਹਿਣਾ ਚਾਹੁੰਦਾ ਹੈ।
      ਕਈ ਵਾਰ ਦੂਸਰੀਆਂ ਪਾਰਟੀਆਂ ਨਾਲ ਭਾਈਵਾਲੀ ਵੇਲ਼ੇ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। 1928-29 ਵਿਚ ਨਹਿਰੂ ਰਿਪੋਰਟ (ਮੋਤੀ ਲਾਲ ਨਹਿਰੂ ਰਿਪੋਰਟ), ਜਿਸ ਵਿਚ ਵੱਖ ਵੱਖ ਘੱਟਗਿਣਤੀਆਂ ਨੂੰ ਪ੍ਰਤੀਨਿਧਤਾ ਦੇਣ 'ਤੇ ਅਕਾਲੀ ਦਲ ਦੀ ਆਪਣੀ ਸਹਿਯੋਗੀ ਪਾਰਟੀ ਕਾਂਗਰਸ ਨਾਲ ਕਈ ਮੁੱਦਿਆਂ 'ਤੇ ਵੱਡੀ ਅਸਹਿਮਤੀ ਸੀ। ਉਸ ਵੇਲ਼ੇ ਮਾਸਟਰ ਤਾਰਾ ਸਿੰਘ ਨੇ ਕਿਹਾ ਸੀ, ''ਮੈਨੂੰ ਕੋਈ ਗਿਲਾ ਨਹੀਂ ਹੋਵੇਗਾ ਜੇ ਤੁਸੀਂ ਕਾਂਗਰਸ ਨਾਲ ਖਲੋਣ ਦੀ ਬਜਾਏ ਇਸ ਦਾ ਬਾਈਕਾਟ ਕਰੋ ਅਤੇ ਆਜ਼ਾਦੀ ਦੀ ਲੜਾਈ ਵਿਚ ਇਸ ਤੋਂ ਅੱਗੇ ਹੋ ਕੇ ਲੜੋ। ਪਰ ਜੇ ਤੁਸੀਂ ਕਾਂਗਰਸ ਦਾ ਬਾਈਕਾਟ ਕੀਤਾ ਅਤੇ ਪਿਛਲੀਆਂ ਪਾਲ਼ਾਂ ਵਿਚ ਖਲੋ ਗਏ ਤਾਂ ਇਹ ਪੰਥ ਲਈ ਸ਼ਰਮ ਵਾਲੀ ਗੱਲ ਹੋਵੇਗੀ।'' ਭਾਵ ਕੁਝ ਅਸੂਲਾਂ 'ਤੇ ਪਹਿਰਾ ਦੇਣਾ ਲਾਜ਼ਮੀ ਹੁੰਦਾ ਹੈ ਪਰ ਵਰਤਮਾਨ ਅਕਾਲੀ ਦਲ ਆਪਣੇ ਬੁਨਿਆਦੀ ਅਸੂਲਾਂ 'ਤੇ ਪਹਿਰਾ ਕਿਉਂ ਨਹੀਂ ਦੇ ਰਿਹਾ।
      ਅਕਾਲੀ ਦਲ ਇਕ ਖੇਤਰੀ ਪਾਰਟੀ ਵਜੋਂ ਨਿੱਖਰ ਸਕਦਾ ਸੀ। ਇਸ ਕੋਲ ਘੱਟਗਿਣਤੀ ਫ਼ਿਰਕਿਆਂ ਦੇ ਹੱਕਾਂ ਦਾ ਅਲੰਬਰਦਾਰ ਬਣਨ ਦੀ ਸਮਰੱਥਾ ਸੀ। ਜੇ ਇਹ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਦਾ ਤਾਂ ਮੰਡੀ ਦੇ ਰਿਸ਼ਤਿਆਂ ਵਿਚ ਪਿਸ ਰਹੀ ਪੰਜਾਬ ਦੀ ਕਿਸਾਨੀ ਦੀ ਆਵਾਜ਼ ਬਣ ਕੇ ਉੱਭਰਦਾ, ਦਬੇ-ਕੁਚਲੇ ਲੋਕਾਂ, ਦਲਿਤਾਂ ਅਤੇ ਦਮਿਤਾਂ ਨੂੰ ਨਾਲ ਲੈ ਕੇ ਚੱਲਣ ਵਾਲੇ ਨਾਨਕ ਨਾਮਲੇਵਾ ਲੋਕਾਂ ਦਾ ਦਲ ਬਣਦਾ, ਪੰਜਾਬ ਦੀ ਲੋਕਾਈ ਦੀ ਹੂਕ ਬਣਦਾ, ਪਰ ਦਲ ਨੇ ਆਪਣੇ ਸ਼ਾਨਦਾਰ ਇਤਿਹਾਸਕ ਪਿਛੋਕੜ ਵੱਲੋਂ ਮੂੰਹ ਮੋੜ ਕੇ ਪਰਿਵਾਰਵਾਦ ਦਾ ਪੱਲਾ ਫੜ ਲਿਆ। ਇਸ ਦੇ ਨਾਲ ਹੀ ਉਹ ਸਿਆਸੀ ਤਵਾਜ਼ਨ, ਜੋ ਦਲ ਦੇ ਜ਼ਮੀਨੀ ਪੱਧਰ ਦੇ ਕਾਰਕੁਨਾਂ ਨੂੰ ਮਿਲਦੇ ਮਹੱਤਵ ਅਤੇ ਸ਼੍ਰੋਮਣੀ ਕਮੇਟੀ, ਅਕਾਲੀ ਦਲ ਤੇ ਸਰਕਾਰ ਦੀ ਵਾਗਡੋਰ ਵੱਖ ਵੱਖ ਸ਼ਖ਼ਸੀਅਤਾਂ ਦੇ ਹੱਥ ਵਿਚ ਹੋਣ ਨਾਲ ਬਣਿਆ ਸੀ, ਵਿਗੜਨਾ ਸ਼ੁਰੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਵਿਚ ਪਰਿਵਾਰ ਸ਼੍ਰੋਮਣੀ ਹੋ ਗਿਆ, ਉਸ ਨੂੰ ਖ਼ੁਦ ਨੂੰ ਸ਼੍ਰੋਮਣੀ ਬਣਾਈ ਰੱਖਣ ਦੀ ਵੱਡੀ ਚਿੰਤਾ ਹੈ।
     ਇਸ ਵਰਤਾਰੇ ਕਾਰਨ ਅਕਾਲੀ ਦਲ ਦਾ ਭੋਇੰ-ਮੁਖੀ ਕਿਰਦਾਰ 'ਲੋਪ ਹੋ ਗਿਆ ਹੈ। ਇਸ ਦੇ ਆਗੂਆਂ ਦੀ ਦਿੱਖ ਹੁਣ ਨਵੇਂ ਬਣੇ ਲਾਲਚੀ ਸਰਮਾਏਦਾਰਾਂ ਵਾਲੀ ਹੈ। ਇਸ ਕੋਲ ਪੰਜਾਬ ਲਈ ਕੋਈ ਏਜੰਡਾ ਨਹੀਂ। ਇਸ ਦੇ ਰਾਜ ਵਿਚ ਪੰਜਾਬ ਨਸ਼ਿਆਂ ਦੇ ਥਾਹਹੀਣੇ ਸੁਮੰਦਰ ਵਿਚ ਡੁੱਬ ਗਿਆ। ਰਿਸ਼ਵਤਖੋਰੀ ਸਿਖ਼ਰਾਂ 'ਤੇ ਪਹੁੰਚੀ। ਕਿਸਾਨ ਤੇ ਮਜ਼ਦੂਰ ਖ਼ੁਦਕੁਸ਼ੀਆਂ ਕਰਦੇ ਰਹੇ ਪਰ ਆਪਣੇ ਆਪ ਨੂੰ ਕਿਸਾਨੀ ਦੀ ਪੱਤ ਰੱਖਣ ਵਾਲੀ ਪਾਰਟੀ ਕਹਾਉਣ ਵਾਲੇ ਇਸ ਦਲ ਦੇ ਆਗੂ ਜਾਤੀ ਲਾਲਚ ਦੀਆਂ ਹੱਦਾਂ ਵਿਚ ਘਿਰ ਕੇ ਰਹਿ ਗਏ, ਉਨ੍ਹਾਂ ਨੂੰ ਗ਼ਰੀਬ-ਗੁਰਬਿਆਂ ਦੀ ਆਵਾਜ਼ ਸੁਣਨੀ ਬੰਦ ਹੋ ਗਈ, ਉਹ ਆਗੂ, ਜਿਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਜਥੇਦਾਰ ਕਹਿ ਕੇ ਪਿਆਰਿਆ ਸੀ, ਵੱਡੀਆਂ ਵੱਡੀਆਂ ਕਾਰਾਂ, ਕੋਠੀਆਂ ਤੇ ਕਾਰੋਬਾਰਾਂ ਦੇ ਕੈਦੀ ਬਣ ਗਏ।
     ਚੜ੍ਹਦੇ ਪੰਜਾਬ ਦਾ ਇਤਿਹਾਸ ਇਸ ਪਾਰਟੀ ਨਾਲ ਬੜੀ ਡੂੰਘੀ ਤਰ੍ਹਾਂ ਨਾਲ ਜੁੜਿਆ ਹੋਇਆ ਹੈ। ਇਸ ਪਾਰਟੀ ਦਾ ਪਤਨ ਪੰਜਾਬ ਦਾ ਪਤਨ ਹੈ। ਇਸ ਵੇਲ਼ੇ ਦੇ ਪੰਜਾਬ ਦਾ ਬੌਧਿਕ ਅਤੇ ਸੱਭਿਆਚਾਰਕ ਉਜਾੜਾ ਸਾਰੀਆਂ ਰਾਜਸੀ ਪਾਰਟੀਆਂ ਦੇ ਸਿਆਸੀ ਸੱਭਿਆਚਾਰ ਵਿਚ ਪ੍ਰਤੱਖ ਦਿਖਾਈ ਦੇ ਰਿਹਾ ਹੈ, ਅਕਾਲੀ ਪਾਰਟੀ ਦੇ ਸਿਆਸੀ ਸੱਭਿਆਚਾਰ ਵਿਚ ਵੀ।

ਨਿਕਲਣ ਕਿੱਸਿਆਂ 'ਚੋਂ ਬਾਹਰ ਹੀਰਾ - ਸਵਰਾਜਬੀਰ

ਉਹ ਹੈਦਰਾਬਾਦ ਤੋਂ ਬਾਹਰ ਰੰਗਾਰੈਡੀ ਜ਼ਿਲ੍ਹੇ ਦੇ ਪਿੰਡ ਕਲੂਰ ਵਿਚ ਪਸ਼ੂਆਂ ਦੀ ਸਿਹਤ ਸੰਭਾਲ ਕਰਨ ਵਾਲੀ ਡਾਕਟਰ ਸੀ। ਉਹ ਜਵਾਨ ਸੀ। ਉਸ ਕੋਲ ਸੁਪਨੇ ਸਨ। ਆਪਣਾ ਸੰਸਾਰ ਸੀ। ਉਹਦੇ ਕੋਲ ਗੀਤ ਸਨ। ਉਹ ਰੋਜ਼ ਕਲੂਰ ਤੋਂ ਬਸ ਫੜਦੀ ਤੇ ਟੋਂਡੂਪਲੀ ਨਾਂ ਦੀ ਜਗ੍ਹਾ ਟੋਲ ਪਲਾਜ਼ਾ ਪਹੁੰਚਦੀ, ਜਿੱਥੇ ਉਹਨੇ ਆਪਣਾ ਸਕੂਟਰ ਰੱਖਿਆ ਹੁੰਦਾ ਸੀ। ਸਕੂਟਰ 'ਤੇ ਘਰ ਜਾਂਦੀ। ਹੁਣ ਉਹ ਕਦੇ ਘਰ ਨਹੀਂ ਆਏਗੀ। ਉਹ ਸੀ। ਉਹ ਹੁਣ ਨਹੀਂ ਹੈ। ਡੇਢ ਹਫ਼ਤਾ ਪਹਿਲਾਂ ਚਾਰ ਜਰਵਾਣਿਆਂ ਨੇ ਉਹਦੇ ਨਾਲ ਜਬਰ ਜਨਾਹ ਕਰਕੇ ਉਹਨੂੰ ਕਤਲ ਕਰ ਦਿੱਤਾ। ਉਹਦਾ ਸਰੀਰ ਸਾੜ ਦਿੱਤਾ ਗਿਆ। ਉਹਨੂੰ ਕਤਲ ਕਰਨਾ ਤੇ ਸਾੜਨਾ ਕਿਉਂ ਜ਼ਰੂਰੀ ਸੀ? ਜ਼ਰੂਰੀ ਸੀ ਮਰਦਾਵੀਂ ਧੌਂਸ ਤੇ ਹਉਮੈ ਨੂੰ ਜਿਉਂਦੇ ਰੱਖਣ ਲਈ, ਮਰਦਾਨਗੀ ਦਾ ਝੰਡਾ ਬੁਲੰਦ ਕਰਨ ਲਈ, ਮਰਦ-ਪ੍ਰਧਾਨ ਸੋਚ ਦੀ ਜੈ ਜੈ ਕਾਰ ਲਈ। ਉਹਦੇ ਨਾਲ ਜਬਰ ਜਨਾਹ ਕਰਨ ਵਾਲੇ ਕਾਤਲ ਕੌਣ ਸਨ? ਉਹ ਸਕੂਲਾਂ ਤੋਂ ਹਟੇ ਮੁੰਡੇ ਸਨ, ਆਪਣੀ ਮਰਦਾਨਗੀ 'ਤੇ ਮਾਣ ਕਰਨ ਵਾਲੇ, ਉਸ ਮਰਦਾਨਗੀ ਦਾ ਸਬੂਤ ਲੱਭਣਾ ਤੇ ਪੇਸ਼ ਕਰਨਾ ਉਨ੍ਹਾਂ ਲਈ ਬਹੁਤ ਜ਼ਰੂਰੀ ਸੀ। ਪਰ ਇਸ ਫਰੇਬ ਵਿਚ ਨਾ ਆ ਜਾਣਾ ਕਿ ਇਹੋ ਜਿਹੇ ਜ਼ੁਲਮ ਸਕੂਲਾਂ ਤੋਂ ਭੱਜੇ ਹੋਏ ਮੁੰਡੇ ਹੀ ਕਰਦੇ ਹਨ। ਪੜ੍ਹੇ ਲਿਖੇ, ਆਪਣੇ ਆਪ ਨੂੰ ਬੁੱਧੀਜੀਵੀ ਤੇ ਮਾਣ-ਸਨਮਾਨ ਵਾਲੇ ਕਹਾਉਣ ਵਾਲੇ ਮਰਦ ਵੀ ਇਸ ਕੰਮ ਵਿਚ ਪਿੱਛੇ ਨਹੀਂ ਰਹਿੰਦੇ। ਮਰਦ ਪਿੱਛੇ ਰਹਿਣਾ ਜਾਣਦੇ ਹੀ ਨਹੀਂ, ਆਖ਼ਰ ਉਹ ਮਰਦ ਹਨ, ਉਨ੍ਹਾਂ ਨੂੰ ਹੱਕ ਹੈ ਕਿ ਔਰਤਾਂ ਨਾਲ ਜਿਵੇਂ ਚਾਹੇ ਸਲੂਕ ਕਰਨ, ਔਰਤਾਂ ਉਨ੍ਹਾਂ ਦੀ ਜਾਇਦਾਦ ਹਨ, ਹੇਠਲੀ ਸ਼੍ਰੇਣੀ ਦੇ ਜੀਵ।
         ਕੋਈ ਦੋ ਮਹੀਨੇ ਪੰਜਾਬ ਦੇ ਇਕ ਸ਼ਹਿਰ ਵਿਚ ਇਕ ਵਿਅਕਤੀ ਨੇ ਆਪਣੀ ਨਾਬਾਲਗ ਧੀ ਨਾਲ ਜਬਰ ਜਨਾਹ ਕੀਤਾ ਤੇ ਮਈ ਮਹੀਨੇ ਵਿਚ ਇਕ ਬਾਪ ਨੇ ਆਪਣੀ ਦਸ ਸਾਲਾ ਧੀ ਨਾਲ। ਸੰਗਰੂਰ ਜ਼ਿਲ੍ਹੇ ਦੇ ਇਕ ਪਿੰਡ ਵਿਚ 65 ਸਾਲਾ ਔਰਤ ਨਾਲ ਜਬਰ ਜਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ। ਹੈਦਰਾਬਾਦ ਵਾਲੀ ਘਟਨਾ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਉਨਾਓ ਵਿਚ ਜਬਰ ਜਨਾਹ ਕਰਨ ਤੋਂ ਬਾਅਦ ਪੀੜਤ ਕੁੜੀ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਉਹ ਵੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਹੈ। ਧੂਰੀ, ਲੁਧਿਆਣਾ, ਸੰਗਰੂਰ... ਪੰਜਾਬ। ਦੁਨੀਆਂ ਵਿਚ ਕਿਹੜੀ ਥਾਂ ਹੈ ਜਿੱਥੇ ਇਹ ਭਿਅੰਕਰ ਅਪਰਾਧ ਤੇ ਜ਼ੁਲਮ ਨਹੀਂ ਹੋ ਰਹੇ?
       ਢਾਈ ਹਫ਼ਤਿਆਂ ਤੋਂ ਲਾਤੀਨੀ (ਦੱਖਣੀ) ਅਮਰੀਕਾ ਦੇ ਦੇਸ਼ਾਂ ਵਿਚ ਚਿੱਲੀ ਦੀਆਂ ਔਰਤਾਂ ਦਾ ਗਾਇਆ ਹੋਇਆ ਇਹ ਗੀਤ 'ਬਲਾਤਕਾਰੀ ਰਸਤੇ ਵਿਚ ਹੈ/ਬਲਾਤਕਾਰੀ ਆ ਰਿਹਾ ਹੈ' ਗੂੰਜ ਰਿਹਾ ਹੈ। ਗੀਤ ਦੇ ਬੋਲ ਹਨ :

ਜਬਰ ਜਨਾਹ ਕਰਨ ਵਾਲਾ ਤੂੰ ਏਂ।
ਕਾਤਲ ਤੂੰ ਏਂ!
ਤੂੰ ਏਂ!... ਤੂੰ ਏਂ !... ਤੂੰ ਏਂ !...
ਜਬਰ ਜਨਾਹ ਕਰਨ ਵਾਲਾ ਤੂੰ ਏਂ
ਹਾਂ ਤੂੰ... ਤੂੰ ਏਂ ਜਬਰ ਜਨਾਹ ਕਰਨ ਵਾਲਾ
ਹਾਂ, ਹਾਂ, ਜਬਰ ਜਨਾਹ ਕਰਨ ਵਾਲਾ ਏਂ ਤੂੰ...
ਜਬਰ ਜਨਾਹ ਕਰਨ ਵਾਲਾ ਕੌਣ ਏ?
ਇਹ ਪੁਲੀਸ ਏ
ਇਹ ਜੱਜ ਨੇ
ਇਹ ਦੇਸ਼ ਦਾ ਸਦਰ ਏ
ਪਿਤਰੀ ਸੱਤਾ (ਮਰਦ ਪ੍ਰਧਾਨ) ਵਾਲੀ ਸੋਚ ਜੱਜ ਬਣੀ ਬੈਠੀ ਏ
ਤੇ ਉਹ ਨਿਆਂ ਕਰਦੀ ਏ
ਕਿ ਅਸੀਂ ਜੰਮੀਆਂ ਕਿਉਂ ਹਾਂ
ਤੇ ਸਾਡੀ ਸਜ਼ਾ ਹੈ-
ਲਗਾਤਾਰ ਜਾਰੀ ਰਹਿੰਦੀ ਹਿੰਸਾ ਜਿਹੜੀ ਤੁਹਾਨੂੰ ਦਿਸਦੀ ਨਹੀਂ
ਸਾਡੀ ਸਜ਼ਾ ਏ ਔਰਤਾਂ ਦਾ ਮਰਨਾ
ਕਾਤਲਾਂ ਨੂੰ ਸਜ਼ਾ ਨਾ ਹੋਣਾ
ਔਰਤਾਂ ਦਾ ਗਾਇਬ ਹੋ ਜਾਣਾ
ਹਾਂ ਇਹ ਸਭ ਸਾਡੀ ਸਜ਼ਾ ਹੈ
ਸਾਡੀ ਸਜ਼ਾ ਹੈ-
ਜਬਰ ਜਨਾਹ
ਤੇ ਉੱਤੋਂ ਮਰਦ ਕਹਿੰਦਾ ਏ
ਮੇਰਾ ਕੋਈ ਕਸੂਰ ਨਹੀਂ
ਕਸੂਰ ਇਸ ਔਰਤ ਦਾ
ਇਸ ਨੂੰ ਪੁੱਛੋ ਇਹ ਉਸ ਵੇਲੇ ਓਥੇ ਕਿਉਂ ਸੀ
ਇਸ ਨੇ ਕਿੱਦਾਂ ਦੇ ਕੱਪੜੇ ਪਾਏ ਹੋਏ ਸਨ
ਮੇਰਾ ਕੋਈ ਦੋਸ਼ ਨਹੀਂ
ਤੇ ਨਾ ਹੀ ਮੇਰੇ ਕੱਪੜਿਆਂ ਦਾ
ਤੇ ਨਾ ਹੀ ਮੇਰੇ ਉਸ ਥਾਂ 'ਤੇ ਮੌਜੂਦ ਹੋਣ ਦਾ
ਕਸੂਰ ਹੈ
ਦਮਨਕਾਰੀ ਮਰਦਾਨਗੀ ਵਿਚ ਗੜੁੱਚੀ ਸਰਕਾਰ/ ਰਿਆਸਤ/ ਸਟੇਟ
ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ...
ਤੂੰ ਏਂ ਹਮਲਾ ਕਰਨ ਵਾਲਾ...
ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ...
ਹਾਂ ਤੂੰ ਏਂ ਜਬਰ ਜਨਾਹ ਕਰਨ ਵਾਲਾ...
ਹਾਂ...

      ਚਿੱਲੀ ਦੀਆਂ ਔਰਤਾਂ ਕਹਿ ਰਹੀਆਂ ਹਨ ''ਇਸ ਵਾਰ ਇਨਕਲਾਬ ਤਾਂ ਹੀ ਹੋਵੇਗਾ ਜੇ ਇਹ ਔਰਤਾਂ ਦਾ (ਨਾਰੀਵਾਦੀ) ਇਨਕਲਾਬ ਹੈ। ਜੇ ਇਹ (ਔਰਤਾਂ ਦਾ ਇਨਕਲਾਬ) ਨਹੀਂ ਹੁੰਦਾ ਤਾਂ ਇਨਕਲਾਬ ਨਹੀਂ ਹੋਵੇਗਾ।''
     ਇਹ ਗੀਤ ਪਹਿਲੀ ਵਾਰ 20 ਨਵੰਬਰ ਨੂੰ ਨਾਰੀਵਾਦੀ ਜਥੇਬੰਦੀ ਲਾਸਟੈਸਿਸ (Lastesis) ਦੀਆਂ ਔਰਤਾਂ ਨੇ ਵਾਲਪਰੈਜ਼ੋ (Valparaiso) ਸ਼ਹਿਰ ਵਿਚ ਗਾਇਆ। ਔਰਤਾਂ ਇਕੱਠੀਆਂ ਹੋ ਗਈਆਂ ਤੇ ਉਨ੍ਹਾਂ ਦਾ ਦੁੱਖ ਤੇ ਰੋਹ ਗੂੰਜਦਾ ਹੋਇਆ ਗੀਤ ਬਣ ਗਿਆ। ਇਹ ਗੀਤ ਹੈ, ਚੀਖ਼ ਤੇ ਰੋਹ ਤੇ ਦਰਦ ਦੀ ਆਵਾਜ਼ ਹੈ, ਸਿਸਕਦੀ, ਕਰਲਾਉਂਦੀ ਤੇ ਨਾਲ ਹੀ ਲਲਕਾਰਦੀ ਹੋਈ, ਮਰਦ-ਪ੍ਰਧਾਨ ਸੋਚ ਦੀਆਂ ਜੜ੍ਹਾਂ ਨੂੰ ਪੁੱਟਦੀ ਹੋਈ। 26 ਨਵੰਬਰ, ਜਿਹੜਾ ਔਰਤਾਂ ਵਿਰੁੱਧ ਹਿੰਸਾ ਬੰਦ ਕਰਵਾਉਣ ਦੇ ਅੰਤਰਰਾਸ਼ਟਰੀ ਦਿਨ ਵਜੋਂ ਮਨਾਇਆ ਜਾਂਦਾ ਹੈ, ਨੂੰ ਲਾਸਟੈਸਿਸ ਦੀ ਅਗਵਾਈ ਵਿਚ ਸੈਂਕੜੇ ਔਰਤਾਂ ਨੇ ਇਹ ਗੀਤ ਚਿੱਲੀ ਦੀ ਰਾਜਧਾਨੀ ਸਾਨਤਿਆਗੋ ਵਿਚ ਕੇਂਦਰ ਸਰਕਾਰ ਦੇ ਔਰਤਾਂ ਦੇ ਅਧਿਕਾਰਾਂ ਤੇ ਔਰਤਾਂ ਦੀ ਬਰਾਬਰੀ ਵਾਲੇ ਵਿਭਾਗ ਦੇ ਦਫ਼ਤਰ ਸਾਹਮਣੇ ਗਾਇਆ। ਚਿੱਲੀ ਦੀ ਸੁਪਰੀਮ ਕੋਰਟ ਸਾਹਮਣੇ ਗਾਇਆ ਗਿਆ।
      ਚਿੱਲੀ ਦੀਆਂ ਔਰਤਾਂ ਦਾ ਗੀਤ ਲਿਖਣ, ਬਣਾਉਣ ਤੇ ਗਾਉਣ ਪਿੱਛੇ ਬ੍ਰਾਜ਼ੀਲ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੀ ਰੀਤਾ ਲਾਰਾ ਸੀਗੈਤੋ ਅਤੇ ਅਜਿਹੀਆਂ ਹੋਰ ਚਿੰਤਕਾਂ ਦੀ ਸੋਚ ਕੰਮ ਕਰ ਰਹੀ ਹੈ। ਲਾਰਾ ਸੀਗੈਤੋ ਨੇ ਔਰਤਾਂ 'ਤੇ ਹੁੰਦੀ ਹਿੰਸਾ ਤੇ ਜ਼ੁਲਮ ਦੀ ਕਹਾਣੀ ਆਪਣੇ ਲੇਖ ''ਇਲਾਕਾ, ਪ੍ਰਭੂਸੱਤਾ ਅਤੇ ਦੂਸਰੀ ਰਿਆਸਤ/ਸਟੇਟ ਦੇ ਅਪਰਾਧ : ਕਤਲ ਕੀਤੀਆਂ ਗਈਆਂ ਔਰਤਾਂ ਦੇ ਸਰੀਰਾਂ 'ਤੇ ਕੀਤੀ ਗਈ ਲਿਖਤ (Territory, Sevoreighty and Crimes of the Second State : The writing on the Body of Murdered Women)'' ਵਿਚ ਲਿਖੀ।
      29 ਨਵੰਬਰ ਨੂੰ ਇਹ ਗੀਤ ਮੈਕਸੀਕੋ ਦੇ ਚੌਕ ਵਿਚ ਔਰਤਾਂ ਦੀ ਇਕ ਟੋਲੀ ਨੇ ਗਾਇਆ ਜਿਨ੍ਹਾਂ ਨੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ। ਅੱਖਾਂ 'ਤੇ ਪੱਟੀਆਂ ਬੰਨ੍ਹਣਾ ਇਹ ਦੱਸਦਾ ਹੈ ਕਿ ਔਰਤਾਂ ਨੇ ਅੱਖਾਂ 'ਤੇ ਪੱਟੀਆਂ ਨਹੀਂ ਬੰਨ੍ਹੀਆਂ, ਰਿਆਸਤ/ਸਟੇਟ/ਸਰਕਾਰ ਤੇ ਸਮਾਜ ਨੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ, ਇਹ ਹਾਕਮ, ਜੱਜ ਤੇ ਪੁਲੀਸ ਹਨ ਜਿਨ੍ਹਾਂ ਨੇ ਅੱਖਾਂ 'ਤੇ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਜਿਨ੍ਹਾਂ ਨੂੰ ਔਰਤਾਂ 'ਤੇ ਹੁੰਦੀ ਹਿੰਸਾ ਦਿਸਦੀ ਤੇ ਮਹਿਸੂਸ ਨਹੀਂ ਹੁੰਦੀ।
      ਜਿੱਥੇ ਇਸ ਸਬੰਧ ਵਿਚ ਸਖ਼ਤ ਕਾਨੂੰਨ ਬਣਾਉਣ, ਜਬਰ ਜਨਾਹ ਕਰਨ ਵਾਲਿਆਂ ਨੂੰ ਸਖ਼ਤ ਅਤੇ ਸੀਮਾਬੱਧ ਤਰੀਕੇ ਨਾਲ ਸਜ਼ਾਵਾਂ ਦੇਣ ਦੀ ਜ਼ਰੂਰਤ ਹੈ, ਉੱਥੇ ਇਸ ਜ਼ੁਲਮ ਨੂੰ ਜਨਮ ਦੇਣ ਵਾਲੀ ਸੋਚ ਵਿਰੁੱਧ ਲੜਨਾ ਵੀ ਜ਼ਰੂਰੀ ਹੈ। ਜਬਰ ਜਨਾਹ ਦਾ ਸ਼ਿਕਾਰ ਹੋਣ ਜਾ ਰਹੀਆਂ ਔਰਤਾਂ ਇਸ ਤੋਂ ਤਾਂ ਹੀ ਬਚ ਸਕਦੀਆਂ ਹਨ ਜੇ ਉਹ ਤਹੱਈਆ ਕਰ ਲੈਣ ਕਿ ਇਹ ਦੁਸ਼ਕਰਮ/ਕੁਕਰਮ ਹੋਣ ਵੇਲੇ ਉਹ ਪੀੜਤ ਅਬਲਾ ਦਾ ਕਿਰਦਾਰ ਨਹੀਂ ਨਿਭਾਉਣਗੀਆਂ, ਉਹ ਲੜਨਗੀਆਂ, ਜਬਰ ਜਨਾਹ ਹੋਣ ਵੇਲੇ ਹੀ ਨਹੀਂ ਸਗੋਂ ਉਸ ਵੇਲੇ ਤੋਂ ਹੀ ਜਦੋਂ ਉਨ੍ਹਾਂ ਨੂੰ ਸ਼ੱਕ ਪੈਂਦਾ ਹੈ ਕਿ ਕੋਈ ਉਨ੍ਹਾਂ ਨਾਲ ਅਜਿਹਾ ਕੁਕਰਮ ਕਰਨ ਜਾ ਰਿਹਾ ਹੈ ਜਾਂ ਅਜਿਹੇ ਸਥਾਨ ਵੱਲ ਲਿਜਾ ਰਿਹਾ ਹੈ ਜਿੱਥੇ ਅਜਿਹਾ ਕਰਨਾ ਸੰਭਵ ਹੈ।
       ਇਸ ਦੇ ਨਾਲ ਨਾਲ ਸਮਾਜ ਵਿਚ ਪਸਰੀ ਮਰਦ-ਪ੍ਰਧਾਨ ਸੋਚ ਵਿਰੁੱਧ ਵੱਡੀ ਲੜਾਈ ਲੜਨੀ ਪੈਣੀ ਹੈ; ਉਹ ਸੋਚ ਜਿਸ ਵਿਚ ਘਰਾਂ ਵਿਚ ਪੁੱਤਰ ਨੂੰ ਧੀ ਨਾਲੋਂ ਤਰਜੀਹ ਦਿੱਤੀ ਜਾਂਦੀ ਹੈ, ਧੀਆਂ ਨੂੰ ਗਰਭ ਵਿਚ ਹੀ ਕਤਲ ਕਰ ਦਿੱਤਾ ਜਾਂਦਾ ਹੈ, ਪੁੱਤਰ ਨੂੰ ਵੰਸ਼ ਚਲਾਉਣ ਵਾਲਾ ਤੇ ਧੀਆਂ ਨੂੰ ਬੋਝ ਮੰਨਿਆ ਜਾਂਦਾ ਹੈ, ਧੀਆਂ ਨੂੰ ਜਾਇਦਾਦ ਵਿਚ ਹਿੱਸਾ ਨਹੀਂ ਮਿਲਦਾ, ਕੁਝ ਕੰਮ (ਰਸੋਈ, ਭਾਂਡੇ ਮਾਂਜਣਾ, ਸਫ਼ਾਈ ਕਰਨਾ) ਔਰਤਾਂ ਦੇ ਕਰਨ ਵਾਲੇ ਸਮਝੇ ਜਾਂਦੇ ਹਨ। ਪੁੱਤਰਾਂ ਦੀ ਖੁਰਾਕ ਤੇ ਸਾਂਭ ਸੰਭਾਲ ਜ਼ਿਆਦਾ ਕੀਤੀ ਜਾਂਦੀ ਹੈ ਅਤੇ ਧੀਆਂ ਵੱਲ ਅਣਗਹਿਲੀ ਵਰਤੀ ਜਾਂਦੀ ਹੈ। ਕੁਝ ਪੇਸ਼ੇ (ਜਿਵੇਂ ਰਿਸੈਪਸ਼ਨਿਸਟ) ਔਰਤਾਂ ਲਈ ਇਸ ਲਈ ਰਾਖਵੇਂ ਕੀਤੇ ਜਾਂਦੇ ਹਨ ਕਿ ਉਹ ਮਰਦ-ਲੁਭਾਊ ਮੁਸਕਰਾਹਟਾਂ ਨਾਲ ਗਾਹਕਾਂ ਨੂੰ ਰਿਝਾਉਣ। ਇਸ਼ਤਿਹਾਰਾਂ ਵਿਚ ਔਰਤ ਦੇ ਅਰਧ ਨਗਨ ਸਰੀਰ ਨੂੰ ਕਾਰਾਂ ਤੇ ਵਿਕਰੀ ਦੀਆਂ ਹੋਰ ਵਸਤਾਂ ਦੇ ਨਾਲ ਜੋੜ ਕੇ ਇਸ਼ਤਿਹਾਰੀ ਵਸਤ ਬਣਾਇਆ ਜਾਂਦਾ ਹੈ।
       ਔਰਤਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਔਰਤਾਂ ਨੂੰ ਘਰ, ਪਰਿਵਾਰ ਤੇ ਸਮਾਜ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ। ਕਿਹੜੀ ਰਜ਼ਾ? ਜਿਹੜੀ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਹੋਵੇ। ਉਸ ਨੂੰ ਆਪਣੇ ਬਦਨ ਅਤੇ ਬੋਲੀ ਵਿਚ ਤਮੀਜ਼ ਪੈਦਾ ਕਰਨੀ ਚਾਹੀਦੀ ਹੈ। ਕਿਸ ਤਰ੍ਹਾਂ ਦੀ ਤਮੀਜ਼? ਜਿਸ ਤਰ੍ਹਾਂ ਦੀ ਮਰਦ ਚਾਹੁੰਦੇ ਹਨ। ਮਰਦ-ਪ੍ਰਧਾਨ ਸੋਚ ਦਾ ਅਸਰ ਸਾਡੇ ਸਮਾਜ ਵਿਚ ਹੀ ਨਹੀਂ ਸਗੋਂ ਸਭ ਸਮਾਜਾਂ ਵਿਚ ਹੈ, ਦੁਨੀਆਂ ਭਰ ਵਿਚ ਹੈ, ਇਸ ਲਈ ਮਸ਼ਹੂਰ ਸਮਾਜ ਸ਼ਾਸਤਰੀ ਐਰਵਿੰਗ ਹੌਫਮੈਨ ਨੇ 1970ਵਿਆਂ ਵਿਚ ਕਿਹਾ ਸੀ ''ਧਰਮ ਨਹੀਂ, ਲਿੰਗ ਵਖਰੇਵੇਂ 'ਤੇ ਆਧਾਰਿਤ ਸੋਚ ਲੋਕਾਂ ਦੀ ਅਫ਼ੀਮ ਹੈ। (Gender, not religion, is the opiate of the masses.)"
        ਮਰਦ-ਪ੍ਰਧਾਨ ਸੋਚ ਦਾ ਵਰਤਾਰਾ ਇਹ ਧਾਰਨਾ ਕਿ ਔਰਤਾਂ ਕਮਜ਼ੋਰ ਹਨ, ਉਨ੍ਹਾਂ ਨੂੰ ਰੱਖਿਆ ਦੀ ਲੋੜ ਹੈ ਅਤੇ ਮਰਦ ਉਨ੍ਹਾਂ ਤੋਂ ਸ਼ਕਤੀਸ਼ਾਲੀ ਹਨ, ਨੂੰ ਔਰਤਾਂ ਦੇ ਮਨਾਂ ਵਿਚ ਠੋਸਦਾ ਹੈ। ਔਰਤਾਂ ਬਹੁਤ ਵਾਰ ਇਸ ਸੋਚ ਸਮਝ ਨੂੰ ਸਵੀਕਾਰ ਅਤੇ ਆਤਮਸਾਤ ਕਰ ਲੈਂਦੀਆਂ ਹਨ ਜਿਵੇਂ ਇਸ ਤਰ੍ਹਾਂ ਦੀ ਸਮਝ ਕੋਈ ਅਟੱਲ ਸਮਾਜਿਕ ਵਰਤਾਰਾ ਜਾਂ ਕੁਦਰਤੀ ਨਿਯਮ ਤੇ ਜਿਊਣ ਦਾ ਸਹੀ ਤਰੀਕਾ ਹੋਵੇ।
       ਮੱਧਕਾਲੀਨ ਸਮਿਆਂ ਵਿਚ ਪੰਜਾਬੀ ਸ਼ਾਇਰਾਂ ਦਮੋਦਰ, ਵਾਰਿਸ ਸ਼ਾਹ ਅਤੇ ਹੋਰਨਾਂ ਨੇ ਹੀਰ ਦੇ ਰੂਪ ਵਿਚ ਨਾਬਰੀ ਵਾਲਾ ਕਿਰਦਾਰ ਸਿਰਜਿਆ। ਵਾਰਿਸ ਸ਼ਾਹ ਦੇ ਕਿੱਸੇ ਵਿਚ ਜਦ ਹੀਰ ਨੂੰ ਇਸ਼ਕ ਕਰਨ ਤੋਂ ਹਟਕਿਆ ਜਾਂਦਾ ਹੈ ਤਾਂ ਉਸ ਦੇ ਮਨ ਵਿਚ ਭਿਣਕ ਪੈ ਜਾਂਦੀ ਹੈ ਕਿ ਉਸ ਨੂੰ ਮਾਰਿਆ ਜਾਵੇਗਾ। ਆਪਣੇ ਵੇਲੇ ਦੀ ਮਰਦ-ਔਰਤ ਸਿਆਸਤ ਨੂੰ ਪਛਾਣਦੀ ਹੋਈ ਹੀਰ ਮੂੰਹੋਂ ਵਾਰਿਸ ਸ਼ਾਹ ਇਹ ਕਹਾਉਂਦਾ ਹੈ, ''ਜਿਨ੍ਹਾਂ ਬੇਟੀਆਂ ਮਾਰੀਆਂ, ਰੋਜ਼ ਕਿਆਮਤ, ਸਿਰੀਂ ਤਿਨਾਂ ਦੇ ਵੱਡਾ ਗੁਨਾਹ ਮੀਆਂ''
ਹੀਰ ਇਸ਼ਕ ਪੁਗਾਉਣ ਲਈ ਮਾਂ, ਪਿਉ, ਭਰਾਵਾਂ, ਚਾਚਿਆਂ, ਸਮਾਜ ਤੇ ਕਾਜ਼ੀ ਨਾਲ ਮੱਥਾ ਲਾਉਂਦੀ ਹੈ। ਭਰਾਵਾਂ ਨੂੰ ਕਹਿੰਦੀ ਹੈ, ''ਅੱਖੀਂ ਲੱਗੀਆਂ, ਮੁੜਨ ਨਾ ਵੀਰ ਮੇਰੇ, ਹੀਰ ਵਾਰ ਘੱਤੀ ਬਲਿਹਾਰੀਆਂ ਵੇ। ਇਹ ਨਸੀਹਤਾਂ ਤੇਰੀਆਂ ਇਉਂ ਦਿਸਣ, ਜਿਉਂ ਰੇਤ ਦੀਆਂ ਕੰਧਾਂ ਸਾਰੀਆਂ ਵੇ... ਵਾਰਿਸ ਸ਼ਾਹ ਮੀਆਂ ਭਾਈ ਵਰਜਦੇ ਨੀ, ਵੇਖ ਇਸ਼ਕ ਬਣਾਈਆਂ ਖਵਾਰੀਆਂ ਵੇ।'' ਤੇ ਮਾਂ ਨੂੰ ਦੱਸਦੀ ਹੈ ''ਵਾਰਿਸ ਸ਼ਾਹ ਨਾ ਮੁੜਾ ਕਲੰਦੜੇ ਤੋਂ, ਭਾਵੇਂ ਬਾਪ ਦੇ ਬਾਪ ਦਾ ਬਾਪ ਆਵੇ।'' ਸਹੇਲੀਆਂ ਨਾਲ ਮਿਲ ਕੇ ਚਾਚੇ ਕੈਦੋ ਨੂੰ ਕੁੱਟਦੀ ਹੈ : ''ਝੰਜੋੜ ਸਿਰ ਤੋੜ ਕੇ ਘਤ ਮੂਧਾ, ਲਾਂਗੜ ਪਾੜ ਕੇ ਧੜਾ ਧੜ ਕੁਟਿਉ ਨੇ।'' ਤੇ ਧਰਮ ਨਾਲ ਆਢਾ ਲਾਉਂਦੀ ਹੋਈ ਕਾਜ਼ੀ ਨੂੰ ਕਹਿੰਦੀ ਹੈ, ''ਜਿਹੜੇ ਰਿਸ਼ਵਤਾਂ ਖਾਇ ਕੇ ਹੱਕ ਰੋੜਨ, ਉਹ ਚੋਰ ਉਚਕੜੇ ਰਾਹ ਦੇ ਨੀ।'' ਵਾਰਿਸ ਸ਼ਾਹ ਹੀਰ ਦਾ ਕਿਰਦਾਰ ਸਿਰਜ ਕੇ ਉਸ ਦੀ ਜ਼ੁਬਾਨ 'ਤੇ ਤਾਂ ਇਹ ਬੋਲ ਧਰਦਾ ਹੀ ਹੈ ਪਰ ਨਾਲ ਸਮਾਜ, ਧਰਮ ਤੇ ਸਭਿਆਚਾਰ ਦੀ ਬੇਇਨਸਾਫ਼ੀ 'ਤੇ ਖ਼ੁਦ ਕਰਾਰੀ ਚੋਟ ਕਰਦਾ ਹੈ : ਕਹਿੰਦਾ ਹੈ, ''ਪੈਂਚਾਂ ਪਿੰਡ ਦਿਆਂ ਸੱਚ ਥੀਂ ਤਰਕ ਕੀਤਾ, ਕਾਜ਼ੀ ਰਿਸ਼ਵਤਾਂ ਮਾਰ ਕੇ ਕੋਰ ਕੀਤੇ॥'' ਅਤੇ ''ਦਾੜੀ ਸ਼ੇਖਾਂ ਦੀ, ਛੁਰਾ ਕਸਾਈਆਂ ਦਾ, ਬਹਿ ਪਰੇ ਵਿਚ ਪੈਂਚ ਸਦਾਵਦੇ ਨੇ।'' ਪੰਜਾਬੀ ਸਮਾਜ ਦਾ ਦੁਖਾਂਤ ਇਹ ਹੈ ਕਿ ਹੀਰ ਕਿੱਸਿਆਂ ਤੇ ਲੋਕ ਗੀਤਾਂ ਵਿਚ ਤਾਂ ਬੋਲਦੀ ਹੈ ਪਰ ਪੰਜਾਬ ਦੇ ਹਕੀਕੀ ਸਮਾਜਿਕ ਜੀਵਨ ਵਿਚ ਨਹੀਂ। ਪੰਜਾਬ ਦੀ ਮਰਦ-ਪ੍ਰਧਾਨ ਸੋਚ ਕਹਿੰਦੀ ਹੈ ਕਿ ਹੀਰ ਸਾਡੇ ਘਰ ਨਹੀਂ, ਗਵਾਂਢੀ ਦੇ ਘਰ ਜੰਮੇ।
       ਕੁਝ ਹੋਰ ਕੌੜੀਆਂ ਸਚਿਆਈਆਂ ਦਾ ਸਾਹਮਣਾ ਵੀ ਕਰਨਾ ਚਾਹੀਦਾ ਹੈ। ਪਰਿਵਾਰ ਅਤੇ ਸਮਾਜ ਦੇ ਨਾਲ ਨਾਲ ਧਰਮ ਵੀ ਲਿੰਗ ਆਧਾਰਿਤ ਮਰਦ-ਪ੍ਰਧਾਨ ਸੋਚ ਨੂੰ ਪ੍ਰਵਾਨ ਕਰਾਉਣ ਵਿਚ ਵੱਡੀ ਭੂਮਿਕਾ ਨਿਭਾਉਂਦਾ ਹੈ। ਲਗਭਗ ਸਾਰੇ ਧਰਮਾਂ ਵਿਚ ਧਾਰਮਿਕ ਰੀਤੀ ਰਿਵਾਜ਼ਾਂ ਨੂੰ ਨਿਭਾਉਣ ਦੇ ਹੱਕ ਜ਼ਿਆਦਾਤਰ ਮਰਦਾਂ ਨੂੰ ਦਿੱਤੇ ਗਏ ਹਨ। ਧਾਰਮਿਕ ਅਸਥਾਨਾਂ ਦੀ ਨਿਗਰਾਨੀ, ਸਾਂਭ-ਸੰਭਾਲ ਤੇ ਉੱਥੋਂ ਤਕ ਔਰਤਾਂ ਦੀ ਪਹੁੰਚ ਨੂੰ ਨਿਯਮਬੱਧ ਕਰਨ ਦੇ ਅਧਿਕਾਰ ਵੀ ਮਰਦਾਂ ਕੋਲ ਹਨ। ਪੁਰਾਤਨ ਧਰਮਾਂ ਜਿਨ੍ਹਾਂ ਵਿਚ ਦੇਵੀ ਦੇਵਤੇ ਦੁਨਿਆਵੀ ਮਰਦ-ਔਰਤ ਰਿਸ਼ਤਿਆਂ ਦਾ ਜਟਿਲ ਪਰਤੌਅ ਸਨ, ਨੂੰ ਛੱਡ ਕੇ ਨਵੇਂ ਧਰਮਾਂ ਵਿਚ ਦੁਨੀਆਂ ਬਣਾਉਣ ਵਾਲੀ ਅਲੌਕਿਕ ਸ਼ਕਤੀ ਦੀ ਕਲਪਨਾ ਵੀ ਬਹੁਤੀ ਵਾਰੀ ਮਰਦ ਰੂਪ ਵਿਚ ਕੀਤੀ ਗਈ ਹੈ। ਬਹੁਤ ਸਾਰੇ ਧਰਮਾਂ ਵਿਚ ਔਰਤਾਂ ਨੇ ਧਾਰਮਿਕ ਰੀਤੀ ਰਿਵਾਜ ਤੇ ਰਸਮਾਂ ਨਿਭਾਉਣ ਦੇ ਹੱਕ ਪਾਉਣ ਲਈ ਜੱਦੋਜਹਿਦ ਕੀਤੀ ਹੈ ਪਰ ਉਨ੍ਹਾਂ ਦੀ ਸਫ਼ਲਤਾ ਬਹੁਤ ਸੀਮਤ ਰਹੀ ਹੈ (ਇੰਗਲੈਂਡ ਦੇ ਐਂਗਲੀਕਨ ਚਰਚ ਵਿਚ ਔਰਤਾਂ ਨੂੰ ਪਾਦਰੀ ਬਣਾਇਆ ਜਾ ਰਿਹਾ ਹੈ)। ਬਹੁਤੀ ਵਾਰ ਔਰਤਾਂ ਦੇ ਹੱਕਾਂ ਨੂੰ ਇਸ ਲਈ ਮਾਨਤਾ ਨਹੀਂ ਦਿੱਤੀ ਜਾਂਦੀ ਕਿ ਰਵਾਇਤਾਂ ਅਤੇ ਮਰਿਆਦਾ ਇਸ ਦੀ ਇਜਾਜ਼ਤ ਨਹੀਂ ਦਿੰਦੀਆਂ।
      ਮੇਰੀ ਪੰਜਾਬੀਆਂ ਅੱਗੇ ਬੇਨਤੀ ਹੈ ਕਿ ਉਹ ਯੂ ਟਿਊਬ 'ਤੇ ਪਿਆ ਚਿੱਲੀ ਦੀਆਂ ਔਰਤਾਂ ਦਾ ਗੀਤ ਜ਼ਰੂਰ ਸੁਣਨ ਤੇ ਦੇਖਣ, ਮੈਂ ਆਪਣੀਆਂ ਧੀਆਂ ਭੈਣਾਂ ਨੂੰ ਕਹਿੰਦਾ ਹਾਂ ਇਹ ਗੀਤ ਸੁਣ ਕੇ ਉਹ ਆਪਣਾ ਗੀਤ ਬਣਾਉਣ, ਗਲੀਆਂ ਬਜ਼ਾਰਾਂ ਵਿਚ ਨਿਕਲਣ, ਮਰਦ ਦੀ ਤਾਕਤ ਨੂੰ ਦੁਰਕਾਰਦੇ ਤੇ ਲਲਕਾਰਦੇ ਗੀਤ ਗਾਉਣ। ਇਹ ਗੀਤ ਚਿੱਲੀ ਦੀਆਂ ਹੀਰਾਂ ਨੇ ਗਾਇਆ ਹੈ, ਪੰਜਾਬ ਅਤੇ ਬਾਕੀ ਦੁਨੀਆਂ ਦੀਆਂ ਹੀਰਾਂ ਨੂੰ ਵੀ ਆਪੋ ਆਪਣੇ ਗੀਤ ਗਾਉਣ ਲਈ ਅੱਗੇ ਆਉਣਾ ਪੈਣਾ ਹੈ। ਮਰਦ-ਪ੍ਰਧਾਨ ਸੋਚ ਨਾਲ ਲੜਨ ਦਾ ਇਹੀ ਇਕੋ ਇਕ ਤਰੀਕਾ ਹੈ। ਦੁਨੀਆਂ ਭਰ ਦੀਆਂ ਹੀਰਾਂ ਨੂੰ ਬਰਾਬਰੀ ਲਈ ਸੰਘਰਸ਼ ਕਰਨਾ ਪੈਣਾ ਹੈ। ਅਜੇ ਤੀਕ ਉਹ ਆਪਣੇ ਆਪਣੇ ਕਿੱਸਿਆਂ ਵਿਚ ਕੈਦ ਹਨ।

ਨਿਆਂ-ਅਨਿਆਂ - ਸਵਰਾਜਬੀਰ

ਕੁਝ ਦਿਨ ਪਹਿਲਾਂ ਹੈਦਰਾਬਾਦ ਵਿਚ ਵੈਟਰਨਰੀ ਡਾਕਟਰ ਨਾਲ ਜਬਰ-ਜਨਾਹ ਕਰਕੇ ਕਤਲ ਕਰਨ ਪਿੱਛੋਂ ਜਲਾ ਦੇਣ ਦਾ ਗ਼ੈਰ-ਮਨੁੱਖੀ ਕਾਰਾ ਵਾਪਰਿਆ। ਇਸ ਭਿਅੰਕਰ ਅਪਰਾਧ ਵਿਰੁੱਧ ਸਾਰੇ ਦੇਸ਼ ਵਿਚ ਗੁੱਸੇ ਦੀ ਲਹਿਰ ਉੱਠ ਖੜ੍ਹੀ ਹੋਈ ਅਤੇ ਸੰਸਦ ਵਿਚ ਚਰਚਾ ਦੌਰਾਨ ਮੈਂਬਰਾਂ ਨੇ ਇਕ-ਦੂਸਰੇ ਤੋਂ ਅਗਾਂਹ ਵਧ ਕੇ ਦੋਸ਼ੀਆਂ ਨੂੰ ਸਜ਼ਾ ਦੇਣ, ਇੱਥੋਂ ਤਕ ਕਿ ਉਨ੍ਹਾਂ ਨੂੰ ਜਨਤਕ ਤੌਰ ਉੱਤੇ ਕਤਲ ਕਰਨ ਦੀ ਮੰਗ ਕੀਤੀ। ਇਸ ਸਬੰਧ ਵਿਚ ਪੁਲੀਸ ਦੀ ਵੇਲ਼ੇ ਸਿਰ ਕਾਰਵਾਈ ਨਾ ਕਰਨ ਵਾਲੀ ਭੂਮਿਕਾ ਅਤੇ ਬਾਅਦ ਵਿਚ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੱਲੋਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਉਣ ਲਈ ਪਰਿਵਾਰ ਕੋਲ ਪਹੁੰਚ ਨਾ ਕਰਨ ਦੀ ਵੀ ਵੱਡੇ ਪੱਧਰ 'ਤੇ ਆਲੋਚਨਾ ਹੋਈ। ਬਾਅਦ ਵਿਚ ਪੁਲੀਸ ਨੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਸ਼ੁੱਕਰਵਾਰ ਸਵੇਰੇ 3 ਵਜੇ ਉਨ੍ਹਾਂ ਨੂੰ ਉਸ ਥਾਂ 'ਤੇ ਖੜ੍ਹਿਆ ਗਿਆ ਜਿੱਥੇ ਜਬਰ-ਜਨਾਹ ਕੀਤਾ ਗਿਆ ਸੀ। ਪੁਲੀਸ ਮੁਲਜ਼ਮਾਂ ਤੋਂ ਇਹ ਪੁੱਛਗਿੱਛ ਕਰਨੀ ਚਾਹੁੰਦੀ ਸੀ ਕਿ ਘਟਨਾ ਵਾਲੀ ਥਾਂ 'ਤੇ ਉਨ੍ਹਾਂ ਨੇ ਇਹ ਅਪਰਾਧ ਕਿਵੇਂ ਕੀਤਾ। ਪੁਲੀਸ ਅਨੁਸਾਰ ਇਨ੍ਹਾਂ ਮੁਲਜ਼ਮਾਂ ਨੇ ਪੁਲੀਸ ਉੱਤੇ ਹਮਲਾ ਕਰਦਿਆਂ ਉੱਥੋਂ ਭੱਜਣ ਦਾ ਯਤਨ ਕੀਤਾ ਜਿਸ ਕਾਰਨ ਪੁਲੀਸ ਨੂੰ ਗੋਲੀ ਚਲਾਉਣੀ ਪਈ ਜਿਸ ਵਿਚ ਇਹ ਚਾਰੇ ਮੁਲਜ਼ਮ ਮਾਰੇ ਗਏ।
     ਬਹੁਤ ਸਾਰੇ ਲੋਕਾਂ ਅਤੇ ਜਨਤਕ ਆਗੂਆਂ ਨੇ ਪੁਲੀਸ ਵੱਲੋਂ ਕੀਤੀ ਇਸ ਕਾਰਵਾਈ ਦੀ ਜੈ-ਜੈਕਾਰ ਕੀਤੀ ਹੈ ਜਿਨ੍ਹਾਂ ਵਿਚ ਕੇਂਦਰੀ ਰਾਜ ਮੰਤਰੀ ਰਾਜਵਰਧਨ ਸਿੰਘ ਰਾਠੌਰ, ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ, ਭਾਜਪਾ ਦੀ ੳੱਪ ਪ੍ਰਧਾਨ ਉਮਾ ਭਾਰਤੀ, ਟੈਨਿਸ ਖਿਡਾਰੀ ਸਾਇਨਾ ਨੇਹਵਾਲ, ਮਹਿਲਾ ਪਹਿਲਵਾਨ ਬਬੀਤਾ ਫੋਗਾਟ, ਬੀਐੱਸਪੀ ਦੀ ਮੁਖੀ ਮਾਇਆਵਤੀ ਸ਼ਾਮਲ ਹਨ ਪਰ ਬਹੁਤ ਸਾਰੇ ਰਾਜਸੀ ਮਾਹਿਰਾਂ ਤੇ ਸਿਆਸੀ ਆਗੂਆਂ ਨੇ ਪੁਲੀਸ ਦੀ ਇਸ ਕਾਰਵਾਈ 'ਤੇ ਕਿੰਤੂ ਕੀਤਾ ਹੈ ਅਤੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਸ ਸਬੰਧੀ ਪੜਤਾਲ ਕਰਾਉਣ ਦਾ ਐਲਾਨ ਕੀਤਾ ਹੈ।
     ਬਹੁਤ ਸਾਰੇ ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਲੋਕਾਂ ਅਤੇ ਸਿਆਸੀ ਆਗੂਆਂ ਵੱਲੋਂ ਅਪਰਾਧੀਆਂ ਨੂੰ ਪੁਲੀਸ ਵੱਲੋਂ ਮਾਰਨ ਦੀ ਇਸ ਲਈ ਹਮਾਇਤ ਕੀਤੀ ਜਾ ਰਹੀ ਹੈ ਕਿਉਂਕਿ ਲੋਕਾਂ ਦਾ ਦੇਸ਼ ਦੀ ਨਿਆਂ-ਪ੍ਰਣਾਲੀ ਵਿਚੋਂ ਵਿਸ਼ਵਾਸ ਘਟ ਗਿਆ ਹੈ। ਉਨ੍ਹਾਂ ਅਨੁਸਾਰ ਜਬਰ-ਜਨਾਹ ਅਤੇ ਅਜਿਹੇ ਹੋਰ ਭਿਅੰਕਰ ਅਪਰਾਧਾਂ ਬਾਰੇ ਮਸਲੇ ਅਦਾਲਤਾਂ ਵਿਚ ਵਰ੍ਹਿਆਂਬੱਧੀ ਚੱਲਦੇ ਰਹਿੰਦੇ ਹਨ ਅਤੇ ਬਾਅਦ ਵਿਚ ਅਪਰਾਧੀ ਗਵਾਹਾਂ ਨੂੰ ਡਰਾ-ਧਮਕਾ ਕੇ ਜਾਂ ਪੈਸੇ ਦਾ ਲੋਭ ਦੇ ਕੇ ਜਾਂ ਹੋਰ ਕਾਨੂੰਨੀ ਨੁਕਤਿਆਂ ਜਾਂ ਸਬੂਤਾਂ ਦੀ ਘਾਟ ਕਾਰਨ ਛੁੱਟ ਜਾਂਦੇ ਹਨ। ਬਹੁਤ ਵਾਰ ਪੁਲੀਸ ਵੱਲੋਂ ਕੀਤੀ ਗਈ ਕਮੀਆਂ-ਪੇਸ਼ੀਆਂ ਨਾਲ ਭਰਪੂਰ ਤਫ਼ਤੀਸ਼ ਵੀ ਇਸ ਲਈ ਜ਼ਿੰਮੇਵਾਰ ਹੁੰਦੀ ਹੈ।
     ਕਈ ਹੋਰ ਕਾਨੂੰਨੀ ਮਾਹਿਰਾਂ ਅਨੁਸਾਰ ਲੋਕਾਂ ਅਤੇ ਸਿਆਸੀ ਆਗੂਆਂ ਵੱਲੋਂ ਪੁਲੀਸ ਕਾਰਵਾਈ ਦੀ ਵੱਡੀ ਪੱਧਰ 'ਤੇ ਕੀਤੀ ਜਾ ਰਹੀ ਹਮਾਇਤ ਦੇਸ਼ ਨੂੰ ਗ਼ਲਤ ਰਸਤੇ 'ਤੇ ਲਿਜਾ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਸੀਂ ਪੁਲੀਸ ਦੀ ਇਸ ਮਾਮਲੇ ਵਿਚ ਕੀਤੀ ਗਈ ਕਾਰਵਾਈ ਦੀ ਅੱਖਾਂ ਮੀਟ ਕੇ ਹਮਾਇਤ ਕਰਦੇ ਹਾਂ ਤਾਂ ਕੀ ਅਸੀਂ ਮੰਨ ਰਹੇ ਹੋਵਾਂਗੇ ਕਿ ਹਰ ਮਾਮਲੇ ਵਿਚ ਇਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਹੈ। ਨਿਆਂ-ਪ੍ਰਬੰਧ ਵਿਚ ਕਮਜ਼ੋਰੀਆਂ ਹੋ ਸਕਦੀਆਂ ਹਨ ਪਰ ਪੁਲੀਸ ਨੂੰ ਖ਼ੁਦ ਨਿਆਂ ਕਰਨ ਦਾ ਅਧਿਕਾਰ ਨਹੀਂ ਦਿੱਤਾ ਜਾ ਸਕਦਾ। ਇਕ ਕਾਨੂੰਨੀ ਮਾਹਿਰ ਅਨੁਸਾਰ ਪੁਲੀਸ ਨੇ ਅਪਰਾਧੀਆਂ ਨੂੰ ਨਹੀਂ, ਨਿਆਂ-ਪ੍ਰਬੰਧ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
     ਔਰਤਾਂ ਤੇ ਜਮਹੂਰੀ ਹੱਕਾਂ ਲਈ ਲੜਨ ਵਾਲੇ ਵਕੀਲ ਵ੍ਰੰਦਾ ਗਰੋਵਰ ਨੇ ਕਿਹਾ ਕਿ ਪੁਲੀਸ ਦੁਆਰਾ ਇਨ੍ਹਾਂ ਅਪਰਾਧੀਆਂ ਦੀ ਹੱਤਿਆ ਉਹ ਨਿਆਂ ਨਹੀਂ ਹੈ ਜਿਸ ਦੀ ਦੇਸ਼ ਦੀਆਂ ਔਰਤਾਂ ਮੰਗ ਕਰ ਰਹੀਆਂ ਸਨ। 'ਆਲ ਇੰਡੀਆ ਪ੍ਰੋਗਰੈਸਿਵ ਐਸੋਸੀਏਸ਼ਨ' ਦੀ ਜਨਰਲ ਸਕੱਤਰ ਕਵਿਤਾ ਕ੍ਰਿਸ਼ਨਨ ਅਨੁਸਾਰ ਸਾਡੇ ਹੱਕਾਂ ਦੀ ਰਾਖੀ ਦੇ ਨਾਂ 'ਤੇ ਹਿਰਾਸਤੀ ਕਤਲ ਕਰਕੇ ਨਿਆਂ ਕਰਨ ਦਾ ਢੌਂਗ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਅਤੇ ਪੁਲੀਸ ਦੀ ਭੂਮਿਕਾ ਹਜੂਮੀ ਹਿੰਸਾ ਵਿਚ ਅਗਵਾਈ ਕਰਨ ਵਾਲਿਆਂ ਵਰਗੀ ਹੈ। ਸਾਬਕਾ ਮੰਤਰੀ ਮੇਨਕਾ ਗਾਂਧੀ ਨੇ ਕਿਹਾ ਹੈ ਕਿ ਪੁਲੀਸ ਦੁਆਰਾ ਕੀਤੀ ਗਈ ਕਾਰਵਾਈ ਬਹੁਤ ਭਿਆਨਕ ਹੈ ਅਤੇ ਕਿਸੇ ਨੂੰ ਇਸ ਲਈ ਨਹੀਂ ਮਾਰਿਆ ਜਾ ਸਕਦਾ ਕਿ ਅਸੀਂ ਉਸ ਨੂੰ ਮਾਰਨਾ ਚਾਹੁੰਦੇ ਹਾਂ, ਇਹੋ ਜਿਹੀ ਸਜ਼ਾ ਦੇਣ ਦਾ ਕੰਮ ਸਿਰਫ਼ ਅਦਾਲਤਾਂ ਦਾ ਹੈ। ਹੋਰ ਕਈ ਆਗੂਆਂ ਨੇ ਵੀ ਪੁਲੀਸ ਦੀ ਇਸ ਕਾਰਵਾਈ ਨੂੰ ਠੀਕ ਨਹੀਂ ਠਹਿਰਾਇਆ। ਇਹ ਦਲੀਲ ਵੀ ਦਿੱਤੀ ਜਾ ਰਹੀ ਹੈ ਕਿ ਇਸ ਕਾਰਵਾਈ ਨਾਲ ਇਹੋ ਜਿਹੇ ਹੋਰ ਕੇਸਾਂ ਵਿਚ ਨਾ ਸਿਰਫ਼ ਏਦਾਂ ਦੀ ਹੀ ਕਾਰਵਾਈ ਕਰਨ ਦੀ ਮੰਗ ਕੀਤੀ ਜਾਏਗੀ ਸਗੋਂ ਹਜੂਮੀ ਹਿੰਸਾ ਭੜਕਣ ਦੇ ਰੁਝਾਨ ਹੋਰ ਵਧ ਸਕਦੇ ਹਨ।
      ਕੁਝ ਮਹੀਨੇ ਪਹਿਲਾਂ ਗੁਰੂਗ੍ਰਾਮ ਦੇ ਰੇਆਨ ਇੰਟਰਨੈਸ਼ਨਲ ਸਕੂਲ ਵਿਚ ਹੋਏ ਇਕ ਭਿਅੰਕਰ ਅਪਰਾਧ ਵਿਚ ਇਕ ਛੋਟੇ ਦਰਜੇ ਦੇ ਕਰਮਚਾਰੀ ਉੱਤੇ ਇਲਜ਼ਾਮ ਲੱਗੇ। ਉਦੋਂ ਵੀ ਇਹ ਮੰਗ ਉੱਠੀ ਕਿ ਇਸ ਕਰਮਚਾਰੀ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਬਾਅਦ ਵਿਚ ਉਹ ਕਰਮਚਾਰੀ ਬੇਗੁਨਾਹ ਪਾਇਆ ਗਿਆ। ਇਸੇ ਤਰ੍ਹਾਂ ਕੁਝ ਵਰ੍ਹੇ ਪਹਿਲਾਂ ਦਿੱਲੀ ਵਿਚ ਤਿਲਕ ਨਗਰ ਵਿਚ ਹੋਏ ਇਕ ਕੇਸ ਵਿਚ ਇਕ ਨੌਜਵਾਨ ਨੂੰ ਕਈ ਵਰ੍ਹੇ ਜੇਲ੍ਹ ਕੱਟਣੀ ਪਈ ਭਾਵੇਂ ਉਸ ਨੇ ਕੋਈ ਅਪਰਾਧ ਨਹੀਂ ਸੀ ਕੀਤਾ।
       ਅੱਜ ਦੇ ਲੋਕ ਭਾਵੁਕਤਾ ਦੇ ਵਹਿਣ ਵਿਚ ਵਹਿ ਕੇ ਪੁਲੀਸ ਦੀ ਕਾਰਵਾਈ ਦੀ ਹਮਾਇਤ ਕਰਦਿਆਂ ਤਿਲੰਗਾਨਾ ਪੁਲੀਸ ਨੂੰ ਸ਼ਾਬਾਸ਼ ਦੇ ਰਹੇ ਹਨ ਪਰ ਉਨ੍ਹਾਂ ਨੂੰ ਭਾਵੁਕਤਾ ਦੇ ਦਾਇਰੇ ਤੋਂ ਬਾਹਰ ਆ ਕੇ ਇਹ ਸੋਚਣਾ ਚਾਹੀਦਾ ਹੈ ਕਿ ਜੇ ਪੁਲੀਸ ਨੇ ਹਰ ਮਾਮਲੇ ਵਿਚ ਏਦਾਂ ਹੀ ਨਿਆਂ ਕਰਨਾ ਸ਼ੁਰੂ ਕਰ ਦਿੱਤਾ ਤਾਂ ਮਾਮਲਾ ਕਿੱਥੇ ਪਹੁੰਚੇਗਾ। ਪੰਜਾਬ ਨੇ 1970ਵਿਆਂ, 1980ਵਿਆਂ ਅਤੇ ਬਾਅਦ ਵਿਚ ਵੀ ਪੁਲੀਸ ਵੱਲੋਂ ਏਦਾਂ ਦਾ 'ਨਿਆਂ' ਕਰਨ ਵਾਲੇ ਬਹੁਤ ਮਾਮਲੇ ਦੇਖੇ ਹਨ। ਸਥਿਤੀ ਦਾ ਵਿਰੋਧਾਭਾਸ ਇਹ ਹੈ ਕਿ ਜਿਹੜੀਆਂ ਜਮਹੂਰੀ ਤਾਕਤਾਂ ਜਬਰ-ਜਨਾਹ ਦੇ ਮਾਮਲਿਆਂ ਵਿਚ ਨਿਆਂ ਦੀ ਮੰਗ ਕਰ ਰਹੀਆਂ ਸਨ, ਉਨ੍ਹਾਂ ਨੂੰ ਹੀ ਪੁਲੀਸ ਦੇ ਇਸ 'ਨਿਆਂ' ਦਾ ਵਿਰੋਧ ਕਰਨਾ ਪੈਣਾ ਹੈ। ਭੀੜ ਜਾਂ ਪੁਲੀਸ ਦੁਆਰਾ ਕੀਤਾ ਗਿਆ ਨਿਆਂ ਦੇਸ਼ ਨੂੰ ਸਮਾਜਿਕ ਹਿੰਸਾ ਦੇ ਰਸਤੇ ਉੱਤੇ ਤੋਰ ਸਕਦਾ ਹੈ। ਔਰਤਾਂ ਵਿਰੁੱਧ ਹੁੰਦੇ ਅਪਰਾਧਾਂ ਨੂੰ ਰੋਕਣ ਅਤੇ ਉਨ੍ਹਾਂ ਦਾ ਵਿਰੋਧ ਕਰਨ ਦੇ ਨਾਲ ਨਾਲ ਪੁਲੀਸ ਅਤੇ ਹਜੂਮ ਦੁਆਰਾ ਕੀਤੀਆਂ ਜਾਣ ਵਾਲੀਆਂ ਇਹੋ ਜਿਹੀਆਂ ਕਾਰਵਾਈਆਂ ਨੂੰ ਵੀ ਰੋਕਣਾ ਜਮਹੂਰੀਅਤ ਲਈ ਬਹੁਤ ਜ਼ਰੂਰੀ ਹੈ।
     ਪੁਲੀਸ ਨਿਆਂ-ਪ੍ਰਣਾਲੀ ਦੀ ਬੁਨਿਆਦ ਹੈ। ਪੁਲੀਸ ਕੋਲ ਵੱਡੀਆਂ ਜ਼ਿੰਮੇਵਾਰੀਆਂ ਹਨ ਅਤੇ ਉਸ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੇ ਅਪਰਾਧ ਨਾ ਹੋਣ ਅਤੇ ਅਪਰਾਧੀਆਂ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਸਹੀ ਤਫ਼ਤੀਸ਼ ਰਾਹੀਂ ਉਨ੍ਹਾਂ ਨੂੰ ਸਜ਼ਾ ਦਿਵਾਈ ਜਾਏ। ਸਮਾਜ ਵਿਚ ਇਹ ਪ੍ਰਭਾਵ ਬਣਨਾ ਚਾਹੀਦਾ ਹੈ ਕਿ ਜੇ ਕਿਸੇ ਨੇ ਇਸ ਤਰ੍ਹਾਂ ਦਾ ਅਪਰਾਧ ਕੀਤਾ ਤਾਂ ਉਹ ਕਾਨੂੰਨ ਤੋਂ ਨਹੀਂ ਬਚ ਸਕਦਾ। ਪੁਲੀਸ ਨੂੰ ਆਪਣਾ ਕੰਮ ਨਿਰਪੱਖਤਾ ਅਤੇ ਕਾਨੂੰਨ ਦੀਆਂ ਹੱਦਾਂ ਵਿਚ ਰਹਿੰਦੇ ਹੋਏ ਕਰਨਾ ਚਾਹੀਦਾ ਹੈ। ਜਬਰ-ਜਨਾਹ ਅਤੇ ਅਜਿਹੇ ਹੋਰ ਭਿਅੰਕਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰਦਿਆਂ ਹੋਇਆਂ ਕਾਨੂੰਨ ਤੇ ਜਮਹੂਰੀ ਪ੍ਰਕਿਰਿਆ ਦੀ ਪਾਲਣਾ ਜ਼ਰੂਰੀ ਹੈ। ਜਿਸ ਸਮਾਜ ਵਿਚ ਪੁਲੀਸ ਨੂੰ ਨਿਆਂ ਦੇਣ ਵਾਲੀ ਆਖ਼ਰੀ ਸੰਸਥਾ ਮੰਨ ਲਿਆ ਜਾਏ, ਉਹ ਸਮਾਜ ਜਮਹੂਰੀ ਸਮਾਜ ਨਹੀਂ ਹੋ ਸਕਦਾ। ਪੁਲੀਸ ਦੁਆਰਾ ਕੀਤਾ ਗਿਆ ਇਸ ਤਰ੍ਹਾਂ ਦਾ 'ਨਿਆਂ' ਭਾਵੁਕ ਮਨਾਂ ਨੂੰ ਵਕਤੀ ਧਰਵਾਸ ਤਾਂ ਦੇ ਸਕਦਾ ਹੈ ਪਰ ਇਹ ਨਿਆਂ ਨਹੀਂ, ਅਨਿਆਂ ਹੈ। ਇਹੋ ਜਿਹੀਆਂ ਕਾਰਵਾਈਆਂ ਨਾਲ ਨਿਆਂ ਨਹੀਂ, ਨਿਆਂ ਦਾ ਕਤਲ ਹੁੰਦਾ ਹੈ।

ਪੰਜਾਬ ਵਿਚ ਭਾਈਚਾਰਕ ਸਾਂਝ ਦੀਆਂ ਟੁੱਟਦੀਆਂ ਤੰਦਾਂ - ਸਵਰਾਜਬੀਰ

ਕੋਈ ਫੜੇ ਨਾ ਸਾਡੀ ਬਾਂਹ, ਬਾਬਾ ਨਾਨਕਾ !
'ਪੰਜਾਬੀ ਟ੍ਰਿਬਿਊਨ' ਨੇ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਨਾਲ ਮਨਾਇਆ। ਬਾਬਾ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਅਖ਼ਬਾਰ ਵਿਚ ਕੰਮ ਕਰਦੇ ਸਾਥੀਆਂ ਵਿਚ ਇਹ ਸੋਚ ਪਣਪ ਰਹੀ ਸੀ ਕਿ ਸਾਨੂੰ ਬਾਬਾ ਜੀ ਦੇ ਵਿਚਾਰਾਂ ਦੀ ਲੋਅ ਵਿਚ ਪੰਜਾਬ ਦੇ ਕਿਰਤੀਆਂ ਦੇ ਅਜੋਕੇ ਹਾਲਾਤ ਨੂੰ ਘੋਖਣਾ ਤੇ ਵਿਚਾਰਨਾ ਚਾਹੀਦਾ ਹੈ। ਗੁਰੂ ਸਾਹਿਬ ਨੇ ਸਾਨੂੰ 'ਕਿਰਤ ਕਰੋ, ਨਾਮ ਜਪੋ, ਵੰਡ ਛਕੋ' ਦਾ ਮਹਾਨ ਸਿਧਾਂਤ ਦਿੱਤਾ। 'ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥' ਅਤੇ ਹੋਰ ਅਜਿਹੇ ਮਹਾਂਵਾਕਾਂ ਰਾਹੀਂ ਸਾਨੂੰ ਗੁਰੂ ਨਾਨਕ ਦੇਵ ਜੀ ਦੇ ਕਿਰਤ ਕਰਨ ਤੇ ਭਾਈਚਾਰਕ ਸਾਂਝ ਦੇ ਸਿਧਾਂਤਾਂ ਦੀ ਪਛਾਣ ਹੁੰਦੀ ਹੈ। ਪੰਜਾਬ ਨੂੰ ਇਸ ਵੇਲੇ ਕਈ ਸੰਕਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਵੱਡਾ ਸੰਕਟ ਇਹ ਹੈ ਕਿ ਪੰਜਾਬੀ ਕਿਸਾਨ ਤੇ ਮਜ਼ਦੂਰ ਜਿਨ੍ਹਾਂ ਨੇ ਕਈ ਸਦੀਆਂ ਜਾਬਰਾਂ-ਜਰਵਾਣਿਆਂ ਤੇ ਹਮਲਾਵਰਾਂ ਦਾ ਸਾਹਮਣਾ ਕੀਤਾ, ਅੱਜ ਖ਼ੁਦਕਸ਼ੀ ਦੇ ਰਾਹ ਪਏ ਹੋਏ ਹਨ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਪੰਜਾਬੀ ਯੂਨੀਵਰਸਿਟੀ ਤੋਂ ਇਕ ਅਧਿਐਨ ਕਰਵਾਇਆ ਜਿਸ ਅਨੁਸਾਰ 2000 ਤੋਂ ਲੈ ਕੇ 2015 ਤਕ 16606 ਮਜ਼ਦੂਰਾਂ ਤੇ ਕਿਸਾਨਾਂ ਨੇ ਖ਼ੁਦਕਸ਼ੀ ਕੀਤੀ ਜਿਨ੍ਹਾਂ ਵਿਚੋਂ 7234 ਬੇਜ਼ਮੀਨੇ ਖੇਤ ਮਜ਼ਦੂਰ ਸਨ ਅਤੇ 9007 ਕਿਸਾਨ। ਇਕ ਕਿਸਾਨ ਜਥੇਬੰਦੀ ਦੁਆਰਾ ਅਖ਼ਬਾਰਾਂ ਵਿਚੋਂ ਇਕੱਠੇ ਕੀਤੇ ਅੰਕੜਿਆਂ ਅਨੁਸਾਰ 1 ਅਪਰੈਲ 2017 ਤੋਂ 31 ਜਨਵਰੀ 2019 ਦੇ ਵਿਚਕਾਰ 919 ਮਜ਼ਦੂਰਾਂ ਤੇ ਕਿਸਾਨਾਂ ਨੇ ਖ਼ੁਦਕਸ਼ੀ ਕੀਤੀ। ਜ਼ਿਆਦਾ ਖ਼ੁਦਕੁਸ਼ੀਆਂ ਸੰਗਰੂਰ, ਮਾਨਸਾ, ਬਠਿੰਡਾ, ਬਰਨਾਲਾ ਤੇ ਮੋਗਾ ਵਿਚ ਹੋਈਆਂ। ਪਟਿਆਲਾ, ਫਤਹਿਗੜ੍ਹ ਸਾਹਿਬ, ਰੋਪੜ, ਹੁਸ਼ਿਆਰਪੁਰ, ਮੁਹਾਲੀ, ਮੁਕਤਸਰ ਸਾਹਿਬ, ਫਰੀਦਕੋਟ, ਤਰਨ ਤਾਰਨ ਜ਼ਿਲ੍ਹੇ ਵੀ ਪ੍ਰਭਾਵਿਤ ਹੋਏ। ਖੇਤੀ ਨਾਲ ਸਬੰਧਿਤ ਮਾਹਿਰਾਂ ਅਤੇ ਖੋਜਕਾਰਾਂ ਨੇ ਇਸ ਸਬੰਧੀ ਕਈ ਅਧਿਐਨ ਕੀਤੇ ਅਤੇ ਕਈ ਕਿਤਾਬਾਂ ਲਿਖੀਆਂ ਜਿਨ੍ਹਾਂ ਵਿਚ ਖ਼ੁਦਕਸ਼ੀਆਂ ਦੇ ਕਾਰਨ ਅਤੇ ਇਸ ਸੰਕਟ ਵਿਚੋਂ ਨਿਕਲਣ ਦੇ ਹੱਲ ਦੱਸੇ ਗਏ ਹਨ। ਸਭ ਤੋਂ ਵੱਡੇ ਕਾਰਨ ਵਧ ਰਿਹਾ ਕਰਜ਼ਾ, ਫ਼ਸਲਾਂ ਦਾ ਮਾਰੇ ਜਾਣਾ, ਨਸ਼ਿਆਂ ਦਾ ਫੈਲਾਓ, ਆਰਥਿਕ ਤੇ ਨਿੱਜੀ ਜ਼ਿੰਦਗੀ ਵਿਚਲੀ ਅਸਫ਼ਲਤਾ ਆਦਿ ਦੱਸੇ ਗਏ ਹਨ। 'ਪੰਜਾਬੀ ਟ੍ਰਿਬਿਊਨ' ਦੇ ਨਿਊਜ਼ ਕੁਆਰਡੀਨੇਟਰ ਹਮੀਰ ਸਿੰਘ ਨੇ 'ਕੋਈ ਫੜੇ ਨਾ ਸਾਡੀ ਬਾਂਹ' ਦੇ ਨਾਂ ਹੇਠਲੀ ਖ਼ਬਰ ਲੜੀ ਆਰੰਭੀ ਹੈ ਜਿਸ ਵਿਚ ਉਨ੍ਹਾਂ ਪਰਿਵਾਰਾਂ ਦੀ ਕਹਾਣੀ ਦੱਸੀ ਗਈ ਹੈ ਜਿਨ੍ਹਾਂ ਦੇ ਕਮਾਊ ਜੀਆਂ ਨੇ ਖ਼ੁਦਕੁਸ਼ੀ ਕਰ ਲਈ। ਹੋਰ ਪੱਤਰਕਾਰ ਇਸ ਲੜੀ ਨੂੰ ਜਾਰੀ ਰੱਖ ਰਹੇ ਹਨ।
      ਇਸ ਖ਼ਬਰ ਲੜੀ ਵਿਚ ਦੱਸੇ ਗਏ ਬਿਆਨ ਦਿਲ ਦਹਿਲਾਉਣ ਵਾਲੇ ਹਨ। ਉਦਾਹਰਣ ਦੇ ਤੌਰ 'ਤੇ ਸੁਨਾਮ ਤਹਿਸੀਲ ਵਿਚ ਇਕ ਕਿਸਾਨ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਖ਼ੁਦਕਸ਼ੀ ਕਰ ਗਿਆ। ਉਸ ਵੇਲੇ ਉਸ ਦੇ ਦੋ ਬੱਚੇ ਸਨ ਅਤੇ ਪਤਨੀ ਦੀ ਉਮਰ 25 ਸਾਲ ਸੀ। ਕੁਝ ਦੇਰ ਤਕ ਤਾਂ ਇਹ ਕੁੜੀ ਸਹੁਰੇ ਘਰ ਰਹੀ ਪਰ ਬਾਅਦ ਵਿਚ ਆਪਣੇ ਪੇਕੇ ਆ ਗਈ। ਸਹੁਰੇ ਤੇ ਪੇਕਿਆਂ ਵਿਚਕਾਰ ਖਿੱਚੋਤਾਣ ਵਧੀ ਕਿਉਂਕਿ ਪਤਨੀ ਪਤੀ ਦੇ ਹਿੱਸੇ ਦੀ ਜ਼ਮੀਨ ਆਪਣੇ ਬੱਚਿਆਂ ਦੇ ਨਾਂ ਲਵਾਉਣਾ ਚਾਹੁੰਦੀ ਸੀ। ਹੁਣ ਬੱਚੇ ਸਹੁਰੇ ਪਰਿਵਾਰ ਕੋਲ ਹਨ। ਇਸ ਤਰ੍ਹਾਂ ਪਤਨੀ, ਬੱਚੇ ਅਤੇ ਦੋਵਾਂ ਪਰਿਵਾਰਾਂ ਦੇ ਜੀਅ ਅਣਮੁੱਕਵਾਂ ਦੁੱਖ ਝੱਲ ਰਹੇ ਹਨ। ਇਸੇ ਹੀ ਖ਼ਬਰ ਲੜੀ ਦੀ ਇਕ ਹੋਰ ਖ਼ਬਰ ਅਨੁਸਾਰ ਸੰਗਰੂਰ ਜ਼ਿਲ੍ਹੇ ਦਾ ਇਕ ਬੇਜ਼ਮੀਨਾ ਖੇਤ ਮਜ਼ਦੂਰ 27 ਸਾਲ ਦੀ ਉਮਰ ਵਿਚ ਜ਼ਿੰਦਗੀ ਨੂੰ ਸਪਰੇਅ ਪੀ ਕੇ ਅਲਵਿਦਾ ਕਹਿ ਗਿਆ ਕਿਉਂਕਿ ਪਰਿਵਾਰ ਦੇ ਸਿਰ 'ਤੇ ਡੇਢ ਲੱਖ ਰੁਪਏ ਦਾ ਕਰਜ਼ਾ ਸੀ। ਉਹ ਪਿੱਛੇ ਜਵਾਨ ਪਤਨੀ ਤੇ 2 ਬੱਚੇ ਛੱਡ ਗਿਆ ਹੈ ਜਿਨ੍ਹਾਂ ਕੋਲ ਨਾ ਤਾਂ ਕੋਈ ਜਾਇਦਾਦ ਹੈ ਅਤੇ ਨਾ ਹੀ ਕਮਾਈ ਦਾ ਕੋਈ ਹੋਰ ਸਾਧਨ। ਇਕ ਹੋਰ ਖ਼ਬਰ ਅਨੁਸਾਰ ਵਿਧਵਾ ਖ਼ੁਦ ਪੋਲੀਓ ਤੋਂ ਪੀੜਤ ਹੈ। ਬਠਿੰਡੇ ਜ਼ਿਲ੍ਹੇ ਦੀ ਇਕ ਹੋਰ ਪੀੜਤਾ ਬਿਲਕੁਲ ਬੇਸਹਾਰਾ ਹੈ ਕਿਉਂਕਿ ਪਿਤਾ ਨੇ ਖ਼ੁਦਕਸ਼ੀ ਕਰ ਲਈ ਅਤੇ ਮਾਂ ਦੀ ਮੌਤ ਹੋ ਗਈ ਹੈ।


ਸਿਆਸੀ ਜਮਾਤ ਤੇ ਸਰਕਾਰੀ ਤੰਤਰ ਦੀ ਉਦਾਸੀਨਤਾ (Indifference)
    ਇਸੇ ਤਰ੍ਹਾਂ ਹੋਰ ਕਹਾਣੀਆਂ ਵੀ ਕਿਸਾਨ ਤੇ ਮਜ਼ਦੂਰ ਪਰਿਵਾਰਾਂ ਦੇ ਦੁੱਖ ਦਰਦ ਬਿਆਨ ਕਰਦੀਆਂ ਹਨ ਜਿਨ੍ਹਾਂ ਦੀ ਸਰਕਾਰ ਨੇ ਬਾਂਹ ਨਹੀਂ ਫੜੀ। ਸਰਕਾਰੀ ਨੀਤੀ ਅਨੁਸਾਰ ਪੀੜਤ ਪਰਿਵਾਰ ਨੂੰ ਪੰਜ ਲੱਖ ਰੁਪਏ ਮਿਲਦੇ ਹਨ, ਵਿਧਵਾ ਪੈਨਸ਼ਨ ਅਤੇ ਬੱਚਿਆਂ ਨੂੰ ਵੀ ਸਹਾਇਤਾ ਮਿਲਣੀ ਹੈ। ਇਨ੍ਹਾਂ ਕੇਸਾਂ ਵਿਚ ਥਾਣੇ ਤੋਂ ਐਫ਼ਆਈਆਰ ਦੀ ਕਾਪੀ, ਪੋਸਟ ਮਾਰਟਮ ਦੀ ਕਾਪੀ ਅਤੇ ਹੋਰ ਕਾਗਜ਼ਾਤ ਦੀ ਜ਼ਰੂਰਤ ਪੈਂਦੀ ਹੈ। ਇਹ ਕੇਸ ਤਿੰਨ ਮਹੀਨੇ ਦੇ ਅੰਦਰ ਅੰਦਰ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਬਣੀ ਹੋਈ ਕਮੇਟੀ ਨੂੰ ਭੇਜਣਾ ਹੁੰਦਾ ਹੈ। 23 ਜੁਲਾਈ 2015 ਦੀ ਨੀਤੀ ਅਨੁਸਾਰ ਪੀੜਤ ਪਰਿਵਾਰਾਂ ਦੀ ਸਹਾਇਤਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੈ ਅਤੇ ਮਾਲ ਤੇ ਖੇਤੀ ਵਿਭਾਗ ਦੇ ਕਰਮਚਾਰੀਆਂ ਨੇ ਇਸ ਸਬੰਧੀ ਕਾਰਵਾਈ ਕਰਨੀ ਹੁੰਦੀ ਹੈ। ਸਰਕਾਰੀ ਕਰਮਚਾਰੀਆਂ ਦੁਆਰਾ ਦਿਖਾਈ ਗਈ ਉਦਾਸੀਨਤਾ ਅਤੇ ਬੇਰਹਿਮੀ ਦਾ ਆਲਮ ਇਹ ਹੈ ਕਿ ਜਿੰਨੇ ਪਰਿਵਾਰਾਂ ਬਾਰੇ 'ਪੰਜਾਬੀ ਟ੍ਰਿਬਿਊਨ' ਨੇ ਇਸ ਲੜੀ ਤਹਿਤ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਹਨ, ਉਨ੍ਹਾਂ ਵਿਚ ਪੀੜਤ ਪਰਿਵਾਰਾਂ ਨੂੰ ਕੋਈ ਸਹਾਇਤਾ ਨਹੀਂ ਮਿਲੀ। ਕਈ ਕੇਸਾਂ ਵਿਚ ਪੰਚਾਇਤਾਂ ਦੁਆਰਾ ਤਸਦੀਕ ਕੀਤੇ ਜਾਣ 'ਤੇ ਵੀ ਰਾਹਤ ਕੇਸ ਰੱਦ ਕਰ ਦਿੱਤੇ ਜਾਂਦੇ ਹਨ। ਨੀਤੀਗਤ ਪੱਧਰ 'ਤੇ ਸੂਬਾ ਸਰਕਾਰ ਏਨਾ ਤਾਂ ਕਰ ਹੀ ਸਕਦੀ ਸੀ ਕਿ ਆਪਣੇ ਕਰਵਾਏ ਸਰਵੇਖਣ ਵਿਚ ਆਏ ਪਰਿਵਾਰਾਂ ਨੂੰ ਰਾਹਤ ਯਕੀਨੀ ਬਣਾ ਦਿੰਦੀ ਪਰ ਸਰਕਾਰਾਂ ਸਰਕਾਰਾਂ ਹਨ, ਉਨ੍ਹਾਂ ਕੋਲ ਨਿਯਮ ਹਨ, ਦਿਲ ਨਹੀਂ।
      ਬਹੁਤ ਸਾਰੇ ਕੇਸਾਂ ਵਿਚ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਪਰਿਵਾਰਾਂ ਦੀ ਸਾਰ ਨਹੀਂ ਲਈ। ਕੋਈ ਧਾਰਮਿਕ ਜਥੇਬੰਦੀਆਂ ਜਾਂ ਐਨਜੀਓ ਵੀ ਇਨ੍ਹਾਂ ਪਰਿਵਾਰਾਂ ਤੱਕ ਨਹੀਂ ਪਹੁੰਚੀਆਂ। ਏਹੀ ਨਹੀਂ ਇਹ ਖ਼ਬਰਾਂ ਪੜ੍ਹ ਕੇ ਕੁਝ ਸਰਕਾਰੀ ਕਰਮਚਾਰੀ ਵਿਧਵਾਵਾਂ ਨੂੰ ਅਫ਼ਸਰੀ ਲਹਿਜੇ ਵਿਚ ਫ਼ੋਨ ਕਰ ਰਹੇ ਹਨ ਕਿ ਕਾਗਜ਼ਾਤ ਪੂਰੇ ਕਰਨ। ਸਿਆਸੀ ਜਮਾਤ ਅਤੇ ਅਫ਼ਸਰਸ਼ਾਹੀ/ਬਾਬੂਸ਼ਾਹੀ ਦੀ ਕਠੋਰਤਾ ਵੇਖ ਸੁਣ ਕੇ ਬਾਬਾ ਜੀ ਦਾ ਸਲੋਕ ਚੇਤਾ ਆਉਂਦਾ ਹੈ, ''ਜੋ ਰਤੁ ਪੀਵਹਿ ਮਾਣਸਾ ਤਿਨ ਕਿਉ ਨਿਰਮਲੁ ਚੀਤੁ॥''ਭਾਈਚਾਰਕ ਸਾਂਝ ਦਾ ਟੁੱਟਣਾ
     ਪੀੜਤ ਪਰਿਵਾਰ ਨਾਲ ਕੁਝ ਦਿਨਾਂ ਵਾਸਤੇ ਹਮਦਰਦੀ ਪ੍ਰਗਟਾਉਣ ਤੋਂ ਬਾਅਦ ਪਿੰਡ ਦੇ ਵਾਸੀ ਵੀ ਪਰਿਵਾਰ ਵੱਲੋਂ ਮੂੰਹ ਮੋੜ ਲੈਂਦੇ ਹਨ। ਬਹੁਤ ਸਾਰੇ ਕੇਸਾਂ ਵਿਚ ਪਰਿਵਾਰ ਦਾ ਸਾਰਾ ਭਾਰ ਜਵਾਨ ਵਿਧਵਾ 'ਤੇ ਪੈਂਦਾ ਹੈ ਜਿਹਦੇ ਸਾਹਮਣੇ ਇਕ ਪਾਸੇ ਆਪਣੇ ਬੱਚਿਆਂ ਨੂੰ ਸੰਭਾਲਣ, ਰੋਟੀ ਖਵਾਉਣ ਤੇ ਪੜ੍ਹਾਉਣ ਦੇ ਮਸਲੇ ਹੁੰਦੇ ਹਨ ਅਤੇ ਦੂਸਰੇ ਪਾਸੇ ਸਹੁਰੇ ਪਰਿਵਾਰ ਨਾਲ ਹੁੰਦੀ ਖਿੱਚੋਤਾਣ। ਅਜਿਹੀਆਂ ਔਰਤਾਂ ਨੂੰ ਅਜਿਹੇ ਮਾਨਸਿਕ ਦੁੱਖ ਤੇ ਕਲੇਸ਼ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਨੂੰ ਲਿਖਣਾ ਸੰਭਵ ਨਹੀਂ : ਇਕ ਪਾਸੇ ਜਵਾਨ ਪਤੀ ਦੇ ਤੁਰ ਜਾਣ ਦਾ ਦੁੱਖ ਤੇ ਦੂਜੇ ਪਾਸੇ ਸਾਹਮਣੇ ਪਈ ਪਹਾੜ ਵਰਗੀ ਜ਼ਿੰਦਗੀ। ਸਹੁਰੇ ਘਰਾਂ ਵਿਚ ਨੂੰਹ ਨਾਲ ਰਿਸ਼ਤੇ ਪਹਿਲਾਂ ਹੀ ਕਲੇਸ਼ਮਈ ਹੁੰਦੇ ਹਨ ਪਰ ਪਤੀ ਦੀ ਖ਼ੁਦਕਸ਼ੀ ਤੋਂ ਬਾਅਦ ਅਜਿਹੇ ਕਲੇਸ਼ ਸਿਖਰਾਂ 'ਤੇ ਪਹੁੰਚਦੇ ਹਨ। ਮਾਂ ਇਕ ਪਾਸੇ ਆਪਣੇ ਬੱਚਿਆਂ ਲਈ ਤੜਫਦੀ ਹੈ ਅਤੇ ਉਨ੍ਹਾਂ ਦਾ ਭਵਿੱਖ ਸੰਵਾਰਨਾ ਚਾਹੁੰਦੀ ਹੈ ਅਤੇ ਦੂਸਰੇ ਪਾਸੇ ਉਸ ਨੂੰ ਮੋਏ ਪਤੀ ਦੇ ਮਾਤਾ-ਪਿਤਾ ਤੇ ਭੈਣ ਭਰਾਵਾਂ ਦੇ ਤਾਅਨੇ ਮਿਹਣਿਆਂ ਅਤੇ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ ਹੈ। ਮੋਏ ਬੰਦੇ ਦੇ ਮਾਪੇ ਤੇ ਭੈਣ ਭਰਾ ਵੀ ਵੱਡਾ ਦੁੱਖ ਸਹਾਰਦੇ ਹਨ। ਆਪਸੀ ਲੜਾਈ ਦੁੱਖ ਹੋਰ ਵਧਾਉਂਦੀ ਹੈ। ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਧੀ ਭੈਣ ਪਿੰਡ ਦੀ ਸਾਂਝੀ ਹੁੰਦੀ ਹੈ ਅਤੇ ਲੋਕ ਦੁਖਿਆਰਿਆਂ ਤੇ ਦੁਖਿਆਰੀਆਂ ਦੀ ਮਦਦ ਕਰਨ ਲਈ ਅੱਗੇ ਆਉਂਦੇ ਹਨ ਪਰ ਇਹ ਵਰਤਾਰਾ ਲੋਪ ਹੋ ਗਿਆ ਲੱਗਦਾ ਹੈ। ਇਨ੍ਹਾਂ ਖ਼ਬਰਾਂ ਵਿਚ ਦੱਸੀਆਂ ਗਈਆਂ ਕਹਾਣੀਆਂ 'ਪਿੰਡਾਂ ਵਿਚੋਂ ਲੋਪ ਹੋ ਰਹੇ ਪਿੰਡਾਂ' ਦੀਆਂ ਕਹਾਣੀਆਂ ਹਨ, ਪਿੰਡਾਂ ਵਿਚਲੀ ਭਾਈਚਾਰਕ ਸਾਂਝ ਦੀ ਮੌਤ ਦੇ ਬਿਆਨ ਹਨ।
       ਕੁਝ ਹੋਰ ਚਿੰਤਕਾਂ ਦਾ ਕਹਿਣਾ ਹੈ ਕਿ ਪਿੰਡਾਂ ਵਿਚਲੀ ਭਾਈਚਾਰਕ ਸਾਂਝ ਦੇ ਖ਼ਤਮ ਹੋਣ ਬਾਰੇ ਗੱਲ ਕਰਨਾ ਭਾਵੁਕਤਾ ਹੈ। ਕੁਝ ਚਿੰਤਕ ਇਸ ਵਰਤਾਰੇ ਨੂੰ 1947 ਦੀ ਵੰਡ, ਹਰੇ ਇਨਕਲਾਬ ਵਿਚ ਪਈ ਅੰਦਰੂਨੀ ਹਿੰਸਾ ਅਤੇ 1980ਵਿਆਂ ਦੇ ਸੰਤਾਪ ਨਾਲ ਜੋੜ ਕੇ ਵੇਖਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਭਾਈਚਾਰਕ ਸਾਂਝ ਪਿੰਡਾਂ ਵਿਚ ਜਾਗੀਰਦਾਰੀ ਰਿਸ਼ਤਿਆਂ ਜਿਨ੍ਹਾਂ ਦਾ ਜੁੱਸਾ ਦਮਨਕਾਰੀ, ਮਰਦ-ਪ੍ਰਧਾਨ ਅਤੇ ਜਾਤੀਵਾਦੀ ਹੈ, ਦਾ ਬਾਹਰਲਾ ਖੋਲ ਹੈ, ਉਨ੍ਹਾਂ ਰਿਸ਼ਤਿਆਂ ਦੀ ਖੁਸ਼ਬੋ ਜਿਨ੍ਹਾਂ ਦਾ ਅਸਲਾ ਬਦਬੂ ਮਾਰਦਾ ਹੈ। ਉਹ ਉਦਾਹਰਣ ਦਿੰਦੇ ਹਨ- ਕੁਝ ਦਹਾਕੇ ਪਹਿਲਾਂ ਸ਼ਾਹੂਕਾਰ ਜੱਟ ਦੀ ਧੀ ਨੂੰ ਪਿੰਡ ਦੀ ਧੀ ਕਹਿ ਕੇ ਕਰਜ਼ਾ ਦਿੰਦਾ ਸੀ ਪਰ ਅਸਲ ਵਿਚ ਉਹ ਜੱਟ ਨੂੰ ਕਰਜ਼ੇ ਦੀਆਂ ਬੇੜੀਆਂ ਵਿਚ ਜਕੜ ਰਿਹਾ ਹੁੰਦਾ ਸੀ। ਇਨ੍ਹਾਂ ਚਿੰਤਕਾਂ ਅਨੁਸਾਰ ਬੈਂਕਾਂ, ਖੇਤੀ ਦੇ ਮਸ਼ੀਨੀਕਰਨ, ਹਰੇ ਇਨਕਲਾਬ ਆਦਿ ਨਾਲ ਪਿੰਡਾਂ ਅਤੇ ਖੇਤੀ ਦੇ ਖੇਤਰ ਵਿਚ ਸਰਮਾਏਦਾਰੀ ਯੁੱਗ ਨੇ ਪ੍ਰਵੇਸ਼ ਕੀਤਾ ਹੈ। ਉਨ੍ਹਾਂ ਅਨੁਸਾਰ (ਮਾਰਕਸ ਅਤੇ ਏਂਜਲਸ ਦੀ ਭਾਸ਼ਾ ਵਿਚ) ਸਰਮਾਏਦਾਰੀ ਦੁਆਰਾ ਨਿਸ਼ਚਤ ਕੀਤੇ ਜਾਣ ਵਾਲੇ ਸਮਾਜਿਕ ਰਿਸ਼ਤਿਆਂ ਨੇ 'ਸਾਰੇ ਜਾਗੀਰਦਾਰੀ, ਮਰਦ-ਪ੍ਰਧਾਨ ਅਤੇ ਪੇਂਡੂ-ਆਦਰਸ਼ਵਾਦੀ (Idyllic) ਰਿਸ਼ਤਿਆਂ' ਨੂੰ ਖ਼ਤਮ ਕਰ ਦੇਣਾ ਹੈ, ਨਵੇਂ ਰਿਸ਼ਤਿਆਂ ਵਿਚ ''ਮਨੁੱਖ ਦਾ ਮਨੁੱਖ ਨਾਲ ਕੋਈ ਰਿਸ਼ਤਾ ਨਹੀਂ ਰਹੇਗਾ, ਸਿਵਾਇ ਨੰਗੇ ਸਵਾਰਥ ਅਤੇ ਪੈਸੇ ਦੇ ਨਕਦ ਲੈਣ ਦੇਣ ਦੀ ਕਠੋਰਤਾ ਦੇ ૴ ਪਰਿਵਾਰਕ ਸਾਂਝ ਦਾ ਭਾਵੁਕ ਪਰਦਾ ਤਾਰ ਤਾਰ ਹੋ ਜਾਏਗਾ'' ਅਤੇ ''ਪਰਿਵਾਰਕ ਰਿਸ਼ਤੇ ਪੈਸਿਆਂ ਦੇ ਲੈਣ ਦੇਣ ਦੇ ਰਿਸ਼ਤੇ'' ਬਣ ਜਾਣਗੇ।
     ਮਾਰਕਸ ਸਰਮਾਏਦਾਰੀ ਆਉਣ ਦੇ ਨਾਲ ਹੋਣ ਵਾਲੇ ਬਦਲਾਉ ਨੂੰ ਬਿਆਨ ਕਰਦਾ ਹੋਇਆ ਇਸ ਨਿਜ਼ਾਮ ਦੁਆਰਾ ਪੈਦਾ ਕੀਤੇ ਜ਼ਾਲਮਾਨਾ ਰਿਸ਼ਤਿਆਂ ਤੋਂ ਮੁਕਤੀ ਵੀ ਚਾਹੁੰਦਾ ਸੀ। ਉਹ ਅਸਲੀ ਮਨੁੱਖੀ ਆਜ਼ਾਦੀ, ਨਵੀਂ ਮਨੁੱਖਤਾ ਤੇ ਸਾਂਝੀਵਾਲਤਾ ਦੀ ਤਲਾਸ਼ ਕਰ ਰਿਹਾ ਸੀ। ਉਸ ਦੀ ਆਪਣੇ ਸਮਿਆਂ ਦੇ ਸਮਾਜਿਕ ਰਿਸ਼ਤਿਆਂ ਦੀ ਆਲੋਚਨਾ ਇਹ ਦੱਸਦੀ ਹੈ ਕਿ ਸਰਮਾਏਦਾਰੀ ਨਿਜ਼ਾਮ ਕਿੰਨੀ ਬੇਕਿਰਕੀ ਅਤੇ ਬੇਰਹਿਮੀ ਨਾਲ ਮਨੁੱਖੀ ਰਿਸ਼ਤਿਆਂ ਵਿਚਲੀ ਮਨੁੱਖਤਾ ਨੂੰ ਮਲੀਆਮੇਟ ਕਰਕੇ ਉਨ੍ਹਾਂ ਨੂੰ ਆਰਥਿਕ ਰਿਸ਼ਤਿਆਂ ਤਕ ਸੀਮਤ ਕਰ ਦਿੰਦਾ ਹੈ। ਅਸਲੀ ਤੇ ਹਕੀਕੀ ਸਵਾਲ ਇਹ ਹੈ ਕਿ ਜੇ ਸਰਮਾਏਦਾਰੀ ਪੰਜਾਬ ਦੇ ਪਿੰਡਾਂ ਦੀ ਭਾਈਚਾਰਕ ਸਾਂਝ ਨੂੰ ਤੋੜ ਰਹੀ ਹੈ ਤਾਂ ਕੀ ਇਸ ਨੂੰ ਭਾਵੀ ਜਾਂ ਅਮੋੜ ਇਤਿਹਾਸਕ ਅਮਲ ਸਮਝ ਕੇ ਇਸ ਟੁੱਟ ਫੁੱਟ ਵਿਚ ਪਿਸ ਰਹੇ ਇਨਸਾਨਾਂ ਨੂੰ ਇਸ ਬੇਰਹਿਮ ਚੱਕੀ ਵਿਚ ਪਿਸਣ ਦੇਣਾ ਚਾਹੀਦਾ ਹੈ ਜਾਂ ਉਨ੍ਹਾਂ ਦੀ ਬਾਂਹ ਫੜਨੀ ਚਾਹੀਦੀ ਹੈ।
       ਆਰਥਿਕ ਤੇ ਸਮਾਜਿਕ ਰਿਸ਼ਤਿਆਂ ਨੇ ਬਦਲਣਾ ਹੈ। ਭਾਵੁਕਤਾ ਇਸ ਬਦਲਾਉ ਨੂੰ ਰੋਕ ਨਹੀਂ ਸਕਦੀ। ਜਾਗੀਰਦਾਰੀ ਪ੍ਰਬੰਧ ਵਿਚ ਸਥਾਪਿਤ ਰਿਸ਼ਤਿਆਂ ਦੀ ਥਾਂ ਸਰਮਾਏਦਾਰੀ ਪ੍ਰਬੰਧ ਦੇ ਰਿਸ਼ਤਿਆਂ ਨੇ ਲੈਣੀ ਹੈ ਪਰ ਇੱਥੇ ਗੱਲ ਉਸ ਬਦਲਾਉ ਨੂੰ ਰੋਕਣ ਦੀ ਨਹੀਂ ਸਗੋਂ ਜ਼ਿੰਦਗੀਆਂ ਨੂੰ ਬਚਾਉਣ ਦੀ ਹੈ ਜਿਹੜੀਆਂ ਉਸ ਬਦਲਾਉ ਦਾ ਕਹਿਰ ਝੱਲ ਰਹੀਆਂ ਹਨ। ਇਤਿਹਾਸ ਹਮੇਸ਼ਾਂ ਮਨੁੱਖਾਂ ਦੇ ਸਰੀਰਾਂ 'ਤੇ ਲਿਖਿਆ ਜਾਂਦਾ ਹੈ। ਪੰਜਾਬ ਦੇ ਸਮਕਾਲੀਨ ਇਤਿਹਾਸ ਵਿਚ ਮੰਡੀ ਦੇ ਥਪੇੜਿਆਂ ਦੀ ਮਾਰ ਖਾਂਦੇ ਸਰੀਰ ਆਪਣੇ ਹੱਥੀਂ ਸਲਫ਼ਾਸ ਪੀ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਨ, ਉਨ੍ਹਾਂ ਦੇ ਪਿੱਛੇ ਰਹਿ ਜਾਂਦੇ ਹਨ, ਉਨ੍ਹਾਂ ਦੀਆਂ ਭੈਣਾਂ, ਪਤਨੀਆਂ, ਮਾਵਾਂ, ਬੱਚਿਆਂ ਤੇ ਭੈਣ ਭਰਾਵਾਂ ਦੇ ਸਰੀਰ। ਉਨ੍ਹਾਂ ਸਰੀਰਾਂ ਤੇ ਗ਼ਰੀਬੀ, ਲੁੱਟ, ਸਮਾਜਿਕ ਅਤੇ ਸਰਕਾਰੀ ਉਦਾਸੀਨਤਾ ਦਾ ਕਹਿਰ ਟੁੱਟਦਾ ਹੈ, ਚੁਣੌਤੀ ਉਨ੍ਹਾਂ ਸਰੀਰਾਂ ਨੂੰ ਸੰਭਾਲਣ ਦੀ ਹੈ, ਉਨ੍ਹਾਂ ਸਰੀਰਾਂ ਦੀ ਮਨੁੱਖਤਾ ਤੇ ਆਤਮਾ ਨੂੰ ਬਚਾਉਣ ਦੀ ਹੈ, ਪੰਜਾਬ ਦੀ ਆਤਮਾ ਨੂੰ ਬਚਾਉਣ ਦੀ ਹੈ।
(ਆਸ ਦੀ ਕਿਰਨ ਇਹ ਹੈ ਕਿ ਇਨ੍ਹਾਂ ਖ਼ਬਰਾਂ ਨੂੰ ਪੜ੍ਹ ਕੇ ਕਈ ਲੋਕਾਂ ਨੇ ਪੀੜਤ ਪਰਿਵਾਰਾਂ ਦੀ ਸਹਾਇਤਾ ਕੀਤੀ ਹੈ।) 'ਪੰਜਾਬੀ ਟ੍ਰਿਬਿਊਨ' 'ਚੋਂ ਧੰਨਵਾਦ ਸਹਿਤ।