ਨਤੀਜੇ ਦਾ ਡਰ - ਚਮਨਦੀਪ ਸ਼ਰਮਾ
ਸਲਾਨਾ ਨਤੀਜੇ ਦਾ ਆਇਆ ਦਿਨ,
ਜ਼ੋਰ ਨਾਲ ਧੜਕ ਰਿਹਾ ਮੇਰਾ ਦਿਲ।
ਮੇਰੇ ਨਾਲ ਕਿਤੇ ਹੋ ਨਾ ਜਾਏ ਧੋਖਾ,
ਸਾਇੰਸ ਮੈਥ ਦਾ ਪਰਚਾ ਸੀ ਔਖਾ।
ਘਰ ਮੰਮੀ ਪਾਪਾ ਨੂੰ ਕਿੰਝ ਮੈਂ ਦੱਸੂ?
ਜਣਾ ਖਣਾ ਹੀ ਨਤੀਜੇ ਮੇਰੇ ਤੋਂ ਹੱਸੂ।
ਹੁਸ਼ਿਆਰ ਬੱਚੇ ਉਤਸੁਕ ਨੇ ਬਾਹਲੇ,
ਸੁਣਾਓ ਨਤੀਜਾ ਦਿਸਦੇ ਅੱਜ ਕਾਹਲੇ।
ਮੈਨੂੰ ਆਈ ਜਾਵਣ ਲਗਾਤਾਰ ਪਸੀਨੇ,
ਬਿਨ੍ਹਾਂ ਪੜ੍ਹਾਈ ਤੋਂ ਕੱਢੇ ਕਈ ਮਹੀਨੇ।
ਮੋਬਾਇਲ ਤੇ ਕੀਤਾ ਜੋ ਸਮਾਂ ਬਰਬਾਦ,
ਮੈਨੂੰ ਅੱਜ ਆ ਰਿਹਾ ਸਭ ਕੁੱਝ ਯਾਦ।
ਮੰਮੀ ਪਾਪਾ ਨੇ ਰੋਜ਼ ਤੜਕੇ ਉਠਾਉਣਾ,
ਮੈਂ ਬਿਨ੍ਹਾਂ ਪੜ੍ਹੇ ਵਕਤ ਸੀ ਲੰਘਾਉਣਾ।
ਸਲਾਨਾ ਨਤੀਜਾ ਸੁਣ ਰੁੱਕ ਗਏ ਸਾਹ,
ਫੇਲ ਹੋਏ ਕੁੱਲ ਵਿਦਿਆਰਥੀ ਪੰਜ਼ਾਹ।
ਮੈਂ ਵੀ ਪੁਆਇੰਟਾਂ ਤੇ ਹੋਇਆ ਪਾਸ,
ਕਹਿਣ ਨੂੰ ਬਸ ਬਦਲ ਗਈ ਕਲਾਸ।
ਮਿਲਣ ਨਾ ਕਦੀ ਮੁਫ਼ਤ ਵਿੱਚ ਨੰਬਰ,
ਵਸਾਉਣਾ ਪੈਂਦਾ ਕਿਤਾਬਾਂ ਨੂੰ ਅੰਦਰ।
ਝੂਠ ਆਖਦੇ ਜੋ ਕਹਿੰਦੇ ਹੋਇਆ ਛਲ,
ਬੱਚਿਓ ਮਿਹਨਤ ਨਾਲ ਮਿਲਦਾ ਫਲ।
'ਚਮਨਦੀਪ' ਜੇ ਪੂਰਾ ਸਾਲ ਹੀ ਪੜ੍ਹੀਏ,
ਫਿਰ ਨਾ ਸਲਾਨਾ ਨਤੀਜੇ ਤੋਂ ਡਰੀਏ।
ਪਤਾ- ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ- 95010 33005
ਨਕਲ - ਚਮਨਦੀਪ ਸ਼ਰਮਾ
ਬੱਚਿਓ ਨਕਲ ਨੂੰ ਦਿਲੋਂ ਮਿਟਾਈਏ,
ਪੇਪਰ 'ਚ ਵਿਸ਼ਵਾਸ ਨਾਲ ਜਾਈਏ।
ਨਕਲ ਨੂੰ ਜਿਹੜੇ ਬੱਚੇ ਅਪਣਾਉਂਦੇ,
ਕੰਪੀਟੀਸ਼ਨ ਵਿੱਚ ਓਹ ਘਬਰਾਉੱਦੇ।
ਈਮਾਨਦਾਰੀ ਦਾ ਰਾਹ ਅਪਣਾਈਏ,
ਬੱਚਿਓ ਨਕਲ ਨੂੰ
ਝੂਠ ਬੋਲਣ ਦੀ ਆਦਤ ਹੈ ਪਾਉਂਦੀ,
ਫੜ੍ਹੇ ਜਾਣ ਤੇ ਬਦਨਾਮੀ ਕਰਾਉਂਦੀ।
ਮਿਹਨਤ ਨਾਲ ਹੀ ਮੰਜ਼ਿਲਾਂ ਪਾਈਏ।
ਬੱਚਿਓ ਨਕਲ ਨੂੰ
ਸ਼ਖਸ਼ੀਅਤ 'ਚ ਨਿਘਾਰ ਲਿਆੳਂੁਦੀ,
ਸਮਾਜ 'ਚ ਸਤਿਕਾਰ ਹੈ ਘਟਾਉਂਦੀ,
ਗਲਤ ਰਸਤੇ ਨੂੰ ਫੌਰਨ ਛੱਡ ਜਾਈਏ।
ਬੱਚਿਓ ਨਕਲ ਨੂੰ
ਮਾਤਾ-ਪਿਤਾ ਦੀ ਚਿੰਤਾ ਹੈ ਵਧਾਉਂਦੀ,
ਸੁਸਾਇਟੀ ਉਨ੍ਹਾਂ ਦਾ ਮਖੌਲ ਉਡਾਉਦੀ,
ਉਨ੍ਹਾਂ ਦੀ ਪੱਗ ਨੂੰ ਦਾਗ ਨਾ ਲਵਾਈਏ,
ਬੱਚਿਓ ਨਕਲ ਨੂੰ ਦਿਲੋਂ ਮਿਟਾਈਏ,
ਪੇਪਰ ਵਿੱਚ ਵਿਸਵਾਸ਼ ਨਾਲ ਜਾਈਏ।
ਪਤਾ- 298, ਚਮਨਦੀਪ ਸ਼ਰਮਾ
ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ-95010 33005
ਪਾਰਕ ਨੂੰ ਚੱਲੀਏ - ਚਮਨਦੀਪ ਸ਼ਰਮਾ
ਆਜੋ ਵੀਰ ਜੀ ਪਾਰਕ ਨੂੰ ਚੱਲੀਏ,
ਆਪਣਾ ਮਨ ਪਸੰਦ ਝੂਲਾ ਮੱਲੀਏ।
ਦਿਨ ਐਤਵਾਰ ਦੀ ਛੁੱਟੀ ਹੈ ਅੱਜ,
ਜਲਦੀ ਪਹੁੰਚੀਏ ਥੋੜ੍ਹਾ ਵੀਰੇ ਭੱਜ।
ਚੁਸਤ ਦੋਨੋਂ ਨੇ ਈਸਟਾ, ਏਕਵੀਰਾ,
ਵੇਖਕੇ ਹੋਵੇਗਾ ਤੂੰ ਫੇਰ ਦੂਰ੍ਹਾ ਤੀਰਾ।
ਝੂਲਾ ਰੋਕ ਲੈਣਾ ਮੈਂ ਪੀਂਘ ਵਾਲਾ,
ਰੋਜ਼ ਬੈਠਦੀ ਹੈ ਜਿਸ ਉੱਤੇ ਮਾਲਾ।
ਮੋਹੀ ਕਹਿੰਦਾ ਭੈਣੇ ਸੁਣ ਮੇਰੀ ਗੱਲ,
ਮੈਂ ਤਾਂ ਜਾਊਂਗਾ ਸਿੱਧਾ ਰੱਸੇ ਵੱਲ।
ਜਿੰਨਾਂ ਚਿਰ ਮੇਰਾ ਕੱਦ ਨੀਂ ਵੱਧਦਾ,
ਮੈਂ ਰੱਸੇ ਦਾ ਖਹਿੜਾ ਨਹੀਂ ਛੱਡਦਾ।
ਪਹਿਲਾਂ ਪੁੱਜ ਗਏ ਦੋਨੋਂ ਭੈਣ-ਭਰਾ,
ਯਾਰ ਪਿੱਛੇ ਛੱਡ ਕੇ ਦਿੱਤੇ ਨੇ ਹਰਾਂ।
ਰੱਜ ਕੇ ਝੂਟੇ ਲਏ ਬੜੀ ਹੀ ਵਾਰੀ।
ਛੁੱਟੀ ਲੰਘੀ ਗਈ ਖੁਸ਼ੀ 'ਚ ਸਾਰੀ।
'ਚਮਨ' ਪਾਰਕ ਨੂੰ ਹਰ ਰੋਜ਼ ਜਾਓ,
ਸਰੀਰ ਨੂੰ ਬਿਮਾਰੀਆਂ ਤੋਂ ਬਚਾਓ।
ਪਤਾ - ਚਮਨਦੀਪ ਸ਼ਰਮਾ,298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ,
ਮੋ- 95010 33005
ਠੰਡ ਤੋਂ ਬਚ ਕੇ - ਚਮਨਦੀਪ ਸ਼ਰਮਾ
ਬੱਚਿਓ, ਠੰਡ ਤੋਂ ਰਹਿਣਾ ਬਚ ਕੇ,
ਬੂਟ-ਜ਼ੁਰਾਬਾਂ ਨੂੰ ਰੱਖਿਓ ਕਸ ਕੇ।
ਠੰਡ ਨੇ ਦੇਖੋ ਫੜ੍ਹ ਲਈ ਰਫਤਾਰ,
ਬਚੂੰਗਾ ਓਹੀ ਜੋ ਹੋਊ ਸਮਝਦਾਰ।
ਸਿਰ ਉੱਤੇ ਪਹਿਣ ਕੇ ਰੱਖੋ ਟੋਪੀ,
ਉਤਾਰਨੀ ਨੀਂ ਸਾਰਾ ਦਿਨ ਕੋਟੀ।
ਬਹੁਤ ਘੱਟ ਹੋ ਗਿਆ ਹੈ ਪਾਰਾ,
ਰਜ਼ਾਈ ਦੇ ਵਿੱਚ ਬੈਠ ਜਾ ਯਾਰਾ।
ਡਾਕਟਰ ਦੀ ਜੇ ਲੱਗ ਗਈ ਸੂਈ,
ਕਰਦੇ ਫਿਰੋਗੇ ਫਿਰ ਊਈ-ਊਈ।
ਵਰਜ਼ਿਸ ਕਰਨੀ ਨਾ ਜਾਇਓ ਭੁੱਲ,
ਸਰੀਰ ਇਸ ਨਾਲ ਜਾਂਦਾ ਹੈ ਖੁੱਲ।
ਮੂੰਗਫਲੀ, ਅਖਰੋਟ ਰਹੋ ਚਬਾੳਂੁਦੇ,
ਸਾਨੂੰ ਸਰਦੀ ਕੋਲੋਂ ਇਹ ਬਚਾਉਂਦੇ।
ਏਕਵੀਰਾ ਨੂੰ ਨਹੀਂ ਲੱਗਦੀ ਸਰਦੀ,
ਹੋਰਾਂ ਵਾਂਗ ਓਹ ਫੈਸ਼ਨ ਨੀਂ ਕਰਦੀ।
ਸਾਰੀ ਸਰਦੀ ਮੋਟੇ ਕੱਪਣੇ ਹੀ ਪਾਵੇ,
ਤਾਂਹਿਓ ਠੰਡ ਓਹਦੇ ਨੇੜੇ ਨਾ ਆਵੇ।
ਬਜ਼ੁਰਗਾਂ ਕੋਲੋਂ ਸੁਣਿਆ ਕਰੋ ਬਾਤਾਂ,
ਦੇਖਿਓ ਨਿੱਘੀਆਂ ਹੋਣਗੀਆਂ ਰਾਤਾਂ।
ਗਲੀਆਂ 'ਚ ਨਾ ਕੱਢਦੇ ਫਿਰੋ ਗੇੜੇ,
ਸਲਾਨਾ ਪ੍ਰੀਖਿਆ ਆ ਗਈ ਨੇੜੇ।
'ਚਮਨ' ਠੰਡ ਦਾ ਜੇ ਲੈਣਾ ਆਨੰਦ,
ਕੁੱਝ ਨਿਯਮਾਂ ਦੇ ਬਸ ਰਹੋ ਪਾਬੰਦ।
ਚੂਹਾ - ਚਮਨਦੀਪ ਸ਼ਰਮਾ
ਸਾਡੇ ਘਰ ਵੜ ਆਇਆ ਚੂਹਾ,
ਖੁੱਲਾ ਰਹਿ ਗਿਆ ਜਦ ਬੂਹਾ।
ਸ਼ਕਲ ਤੋਂ ਲੱਗੇ ਬਹੁਤ ਉਦਾਸ,
ਸੰਗੀ ਸਾਥੀ ਕੋਈ ਨਹੀਂ ਸਾਥ।
ਸ਼ੋਰ ਮਚਾਉਣ ਲੱਗਾ ਦਿਨ ਰਾਤ,
ਕੁਤਰ ਦਿੱਤੇ ਜਰੂਰੀ ਕਾਗਜ਼ਾਤ।
ਕੱਢਣ ਲਈ ਬੜਾ ਲਾਇਆ ਜ਼ੋਰ,
ਭੱਜ ਕੇ ਲੁਕ ਜਾਏ ਕਿਧਰੇ ਹੋਰ।
ਮਿਆਊ -2 ਕਰ ਲਿਆ ਵੇਖ,
ਭੋਰਾ ਉਸਨੂੰ ਨਾ ਲੱਗਿਆ ਸੇਕ।
ਆ ਜਾਂਦਾ ਜਦ ਵਿੱਚ ਰਸੋਈ,
ਮੰਮੀ ਡਰ ਨਾਲ ਜਾਵੇ ਰੋਈ।
ਦੁੱਖੀ ਹੋ ਪਿੰਜਰਾ ਲਗਾਇਆ,
ਪਾ ਬੁਰਕੀ ਉਸਨੂੰ ਫਸਾਇਆ।
'ਮੋਹੀ' ਛੱਡ ਆਇਆ ਖੁੱਲੇ ਰਾਹ,
ਸਭ ਨੂੰ ਆਇਆ ਚੈਨ ਦਾ ਸਾਹ।
ਪਤਾ- ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ - 95010 33005
ਰੁੱਖ ਲਗਾਓ - ਚਮਨਦੀਪ ਸ਼ਰਮਾ
ਗਰਮੀ ਨੇ ਕੱਢ ਰੱਖੇ ਵੱਟ,
ਬੱਦਲਾਂ ਨੂੰ ਸਭ ਰਹੇ ਤੱਕ।
ਬਿਨ ਕੰਮ ਤੋਂ ਆਏ ਪਸੀਨਾ,
ਕਿਵੇਂ ਲੰਘੂ ਜੁਲਾਈ ਮਹੀਨਾ?
ਤਾਪਮਾਨ ਹੋ ਚੁੱਕਿਐ ਪੰਜ਼ਾਹ,
ਬਚਣ ਲਈ ਨਾ ਲੱਭੇ ਰਾਹ।
ਕੂਲਰ, ਪੱਖੇ ਹੋ ਗਏ ਫੇਲ,
ਘਰ ਵੀ ਜਾਪਦਾ ਵਾਂਗੂ ਜੇਲ।
ਚਿੰਤਾ ਵਿੱਚ ਡੁੱਬੇ ਕਿਸਾਨ,
ਫਸਲਾਂ ਦੀ ਜੋ ਨਿਕਲੇ ਜਾਨ।
ਗਰਮੀ ਤੋਂ ਔਖੇ ਹੋਏ ਡੰਗਰ,
ਮੀਂਹ ਲਈ ਚੱਲ ਪਏ ਲੰਗਰ।
ਖਾਣਾ ਪੀਣਾ ਨਾ ਲੱਗੇ ਚੰਗਾ,
ਪਹੁੰਚਿਆ ਛੱਤ ਉੱਤੇ ਮੰਜਾ।
ਆਊਂ ਭਲਾ ਕਿੱਥੋਂ ਹਵਾ ਠੰਡੀ ?
ਰੁੱਖਾਂ ਦੀ ਤਾਂ ਲਾ ਦਿੱਤੀ ਮੰਡੀ।
'ਚਮਨ' ਸਮੇਂ ਦਾ ਕਰੋ ਵਿਚਾਰ,
ਰੁੱਖਾਂ ਬਿਨ੍ਹਾਂ ਅਸੰਭਵ ਸੰਸਾਰ।
ਪਤਾ- ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ- 95010 33005
ਸਾਈਕਲ - ਚਮਨਦੀਪ ਸ਼ਰਮਾ
ਪਾਪਾ ਜੀ ਨਵਾਂ ਸਾਈਕਲ ਲਿਆਓ,
ਕੀਤਾ ਹੋਇਆ ਵਾਅਦਾ ਨਿਭਾਓ।
ਚੰਗੇ ਨੰਬਰਾਂ ਨਾਲ ਹੋਇਆ ਪਾਸ,
ਪੂਰੀ ਕਰ ਦਿੱਤੀ ਤੁਹਾਡੀ ਆਸ।
ਦੱਬਕੇ ਕੀਤੀ ਪੂਰਾ ਸਾਲ ਪੜ੍ਹਾਈ,
ਤਾਂਹਿਓ ਪੰਜਵੀਂ ਪੁਜ਼ੀਸਨ ਆਈ।
ਮੋਬਾਈਲ ਦੇਖਣਾ ਕਰ ਚੁੱਕਾ ਬੰਦ,
ਸਾਈਕਲ ਲਈ ਨਾ ਕਰਨਾ ਤੰਗ।
ਈਸਟਾ, ਏਕਵੀਰਾ ਚੁੱਕੀ ਫਿਰਨ,
ਨਾਲੇਂ ਮੇਰੇ ਨਾਲੋਂ ਘੱਟ ਪੜਨ।
ਸਭ ਟੀਚਰਾਂ ਮੈਨੂੰ ਦਿੱਤੀ ਵਧਾਈ,
ਕਹਿੰਦੇ ਅੱਗੇ ਨੂੰ ਫਸਟ ਤੂੰ ਆਈ।
ਸਾਈਕਲ ਲੈਣਾ ਹੈ ਗੇਅਰਾਂ ਵਾਲਾ,
ਰੰਗ ਮਨ ਨੂੰ ਭਾਉਂਦਾ ਲਾਲ ਕਾਲਾ।
ਸਾਈਕਲ ਦੀ ਕਰੂੰ ਚੰਗੀ ਸੰਭਾਲ,
ਲਿਸ਼ਕਾ ਕੇ ਰੱਖੂ ਸਫ਼ਾਈ ਨਾਲ।
ਅੰਤ ਪਾਪਾ ਨੋਟ ਕੱਢੇ ਦਸ ਹਜ਼ਾਰ,
ਮੋਹਕ ਨੂੰ ਲੈ ਤੁਰ ਪਏ ਨੇ ਬਜ਼ਾਰ।
ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ
ਸੰਪਰਕ ਨੰਬਰ- 95010 33005
ਹੋਲੀ ਆਈ - ਚਮਨਦੀਪ ਸ਼ਰਮਾ
ਹੋਲੀ ਦਾ ਆਇਆ ਤਿਉਹਾਰ,
ਖੇਡਣ ਨੂੰ ਸਭ ਹੋਏ ਤਿਆਰ।
ਰੌਣਕ ਨੇ ਭਰ ਕੇ ਪਿਚਕਾਰੀ,
ਰੋਮਾਂਚਕ ਦੇ ਟਿਕਾ ਕੇ ਮਾਰੀ।
ਵਾਰੀ ਵਾਰੀ ਵਜਾ ਕੇ ਘੰਟੀ,
ਮਸਾਂ ਕੱਢਿਆ ਬਾਹਰ ਬੰਟੀ।
ਰੰਗਾਂ ਨਾਲ ਭਰੇ ਹੋਏ ਗੁਬਾਰੇ,
ਸਭ ਨੇ ਇੱਕ ਦੂਜੇ ਦੇ ਮਾਰੇ।
ਸ਼ਾਮ ਤੱਕ ਪੈਂਦਾ ਰਿਹਾ ਸ਼ੋਰ,
ਈਸਟਾ ਕਹੇ ਮੈਂ ਖੇਡੂੰ ਹੋਰ।
ਚਾਰ ਚੁਫੇਰੇ ਖੁਸ਼ੀਆਂ ਦੇ ਰੰਗ,
ਮਹਿਸੂਸ ਨਾ ਹੁੰਦੀ ਭੋਰਾ ਠੰਡ।
ਮਾੜੇ ਰੰਗਾਂ ਤੋਂ ਕਰਨਾ ਗੁਰੇਜ਼,
ਚਮੜੀ ਨੂੰ ਪਹੁੰਚਾਉਦੇ ਨੇ ਠੇਸ।
ਪਤਾ- ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ, ਪਟਿਆਲਾ
ਸੰਪਰਕ- 95010 33005
ਸ਼ਕਰਕੰਦੀ - ਚਮਨਦੀਪ ਸ਼ਰਮਾ
ਬੜੀ ਗੁਣਕਾਰੀ ਸ਼ਕਰਕੰਦੀ,
ਸਿਹਤ ਲਈ ਬੜੀ ਹੀ ਚੰਗੀ।
ਲਾਲ, ਸੰਤਰੀ ਹੁੰਦੀ ਏ ਭੂਰੀ,
ਵਿਟਾਮਿਨ ਦੀ ਘਾਟ ਕਰੇ ਪੂਰੀ।
ਫਾਈਵਰ ਦੀ ਮਾਤਰਾ ਭਰਪੂਰ,
ਕਬਜ਼ ਨੂੰ ਕਰ ਦਿੰਦੀ ਹੈ ਦੂਰ।
ਬੀਪੀ ਠੀਕ ਕਰਨ 'ਚ ਸਹਾਈ,
ਸੂਗਰ ਲਈ ਵੀ ਚੰਗੀ ਦਵਾਈ।
ਮਿਲ ਜਾਂਦੀ ਬੜੇ ਸਸਤੇ ਰੇਟ,
ਵਧੇ ਵਜ਼ਨ ਨੂੰ ਕਰ ਦੇਵੇ ਹੇਠ।
ਬੱਚਿਓ ਸ਼ਕਰਕੰਦੀ ਜਰੂਰ ਖਾਓ,
ਇਮਿਊਨ ਸ਼ਕਤੀ ਨੂੰ ਵਧਾਓ।
ਸ਼ਕਰਕੰਦੀ ਵਿੱਚ ਗੁਣ ਨੇ ਅਨੇਕ,
ਸਵੀਟ ਪੋਟੈਂਟੋ ਖਾਓ ਲਾ ਕੇ ਸੇਕ।
ਪਤਾ- ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ, ਨਾਭਾ ਰੋਡ
ਪਟਿਆਲਾ, ਸੰਪਰਕ ਨੰਬਰ 95010 33005
ਪੰਛੀ - ਚਮਨਦੀਪ ਸ਼ਰਮਾ
ਕੁਦਰਤ ਨੂੰ ਚਾਰ ਚੰਨ ਲਾਵਣ,
ਸੁਰੀਲੀ ਆਵਾਜ਼ ਨਾਲ ਪੰਛੀ।
ਮਨ ਨੂੰ ਬੜਾ ਹੀ ਭਾਉੇਂਦੇ ਨੇ,
ਜਦ ਡਾਰ ਬਣਾ ਉੱਡਣ ਪੰਛੀ।
ਕਲਾਕਾਰੀ ਦੀ ਕੌਣ ਰੀਸ ਕਰੂੰ,
ਆਲ੍ਹਣੇ ਖੁਦ ਬਣਾਉਂਦੇ ਪੰਛੀ।
ਨਫ਼ਰਤ ਤੋਂ ਕੋਸਾਂ ਦੂਰ ਰਹਿਣ,
ਭਾਸ਼ਾ ਪ੍ਰੇਮ ਦੀ ਜਾਨਣ ਪੰਛੀ।
ਮੂਰਖ ਲੋਕ ਬਣਾਉਂਣ ਨਿਸ਼ਾਨਾ,
ਚਲਾ ਹਥਿਆਰ ਉੱਪਰ ਪੰਛੀ।
ਰੱਖਿਆ ਲਈ ਕਾਨੂੰਨ ਬਥੇਰੇ,
ਫਿਰ ਵੀ ਘੱਟ ਰਹੇ ਨੇ ਪੰਛੀ।
ਰੁੱਖ ਕੱਟੇ ਨਿੱਜੀ ਹਿੱਤਾਂ ਲਈ,
ਤਾਂਹੀ ਗਾਇਬ ਹੋਏ ਹੁਣ ਪੰਛੀ।
'ਚਮਨ' ਕਹੇ ਸ਼ਰਮ ਕਰੋ ਲੋਕੋ !
ਕੀ ਖੋਹਦੇ ਤੁਹਾਡੇ ਤੋਂ ਪੰਛੀ ?
ਚਮਨਦੀਪ ਸ਼ਰਮਾ, 298 ਮਹਾਰਾਜਾ ਯਾਦਵਿੰਦਰਾ ਇਨਕਲੇਵ,
ਨਾਭਾ ਰੋਡ, ਪਟਿਆਲਾ, ਸੰਪਰਕ- 95010 33005
31 Jan. 2019