Dr Jaswinder Singh

8 ਨਵੰਬਰ 2019 ਨੂੰ ਭਗਤ ਨਾਮਦੇਵ ਜੀ ਦੇ ਪ੍ਰਕਾਸ਼ ਦਿਵਸ ਤੇ ਵਿਸ਼ੇਸ਼ : ਭਗਤ ਨਾਮਦੇਵ ਜੀ ਦੀ ਬਾਣੀ ਵਿਚ ' ਨੈਤਿਕ ਕਦਰਾਂ-ਕੀਮਤਾਂ' - ਡਾ. ਜਸਵਿੰਦਰ ਸਿੰਘ

ਹਰ ਧਰਮ ਵਿੱਚ ਸਾਂਝੇ ਸਦਾਚਾਰਕ ਆਦਰਸ਼ ਭਾਵ ਨੈਤਿਕ ਕਦਰਾਂ-ਕੀਮਤਾਂ, ਕੰਮ ਕਰਦੇ ਨਜ਼ਰ ਆਉਂਦੇ ਹਨ। ਭਗਤਾਂ ਨੇ ਨੈਤਿਕ ਸ਼ੁੱਧੀ ਦੁਆਰਾ ਮਨ ਰੂਪੀ ਭਾਂਡੇ ਨੂੰ ਸਾਫ਼ ਕਰਨ ਉਤੇ ਜ਼ੋਰ ਦਿੱਤਾ ਹੈ ਤਾਂ ਜੋ ਰੱਬ ਦੀ ਮਿਹਰ ਦਾ ਪਾਤਰ ਬਣਿਆ ਜਾ ਸਕੇ । ਭਗਤ ਨਾਮਦੇਵ ਜੀ ਦਾ ਜਨਮ ਸੰਨ 1270 ਈ. (1327 ਬਿ:) ਵਿੱਚ ਹੋਇਆ ਅਤੇ ਲੱਗਭੱਗ 80 ਵਰ੍ਹਿਆਂ ਦਾ ਜੀਵਨ ਬਿਤਾ ਕੇ ਸੰਨ 1350 ਈ. (1407 ਬਿ:) ਵਿੱਚ ਦੇਹਾਂਤ ਹੋਇਆ। ਆਪ ਜੀ ਦੇ ਪਿਤਾ ਦਾ ਨਾਂ ਦਮਸੰਤੀ ਅਤੇ ਮਾਤਾ ਦਾ ਨਾਂ ਗੋਨਾਬਾਈ ਸੀ।ਨਾਮਦੇਵ ਜੀ ਨੇ ਆਪਣਾ ਗ੍ਰਹਿਸਤ ਜੀਵਨ ਬੀਬੀ ਰਾਜਾ ਬਾਈ ਨਾਲ ਜੀਵਿਆ।ਆਪ ਦੇ 61 ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹਨ। ਆਪ ਦੀ ਬਾਣੀ ਨੈਤਿਕ ਗੁਣਾਂ ਨਾਲ ਭਰਪੂਰ ਹੈ। ਪੰਜਾਬੀ ਵਿੱਚ ਨੈਤਿਕਤਾ ਲਈ ਸਦਾਚਾਰ ਸ਼ਬਦ ਪ੍ਰਚਲਿਤ ਹੈ, ਜਿਸ ਦੇ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼ ਅਨੁਸਾਰ ਅਰਥ ''ਸ਼ੁਭ'' ਜਾਂ ''ਚੰਗਾ ਆਚਾਰ'' ਹਨ। ਸਦਾਚਾਰ ਦਾ ਮਾਰਗ ਸੁਚੇਤ ਕਰਮ ਅਤੇ ਸਵੈ-ਭਰੋਸੇ ਦਾ ਮਾਰਗ ਹੈ, ਇਹ ਮਨੁੱਖੀ ਜੀਵਨ ਨੂੰ ਸੁਆਰਥੀ ਹਿੱਤਾਂ ਤਂੋ ਉਪਰ ਉੱਠ ਕੇ ਮਨੁੱਖ ਦੇ ਸਰਬ-ਸਾਂਝੇ ਲਾਭ ਹਿੱਤ ਯਤਨਸ਼ੀਲ ਹੋਣ ਲਈ ਪ੍ਰੇਰਣਾ ਦਿੰਦਾ ਹੈ।
ਭਗਤ ਨਾਮਦੇਵ ਜੀ ਨੇ ਚੰਗੇ ਸਮਾਜ ਦੀ ਉਸਾਰੀ ਲਈ ਸੁਚੇਤ ਕੀਤਾ ਹੈ।ਆਪ ਅਨੁਸਾਰ ਔਗੁਣਾਂ ਨੂੰ ਤਿਆਗ ਕੇ ਸੱਚਾ ਨੈਤਿਕ ਜੀਵਨ ਬਿਤਾਉਣਾ ਚਾਹੀਦਾ ਹੈ ਤਾਂ ਹੀ ਮਨੁੱਖ ਨੂੰ ਆਪਣੇ ਮੂਲ ਮਨੋਰਥ ਦੀ ਪ੍ਰਾਪਤੀ ਹੋ ਸਕਦੀ ਹੈ।ਸਮਾਜ ਤੋਂ ਭੱਜ ਕੇ ਜੰਗਲਾਂ ਵਿੱਚ ਜਾ ਕੇ ਨਹੀਂ, ਸਗੋਂ ਹੱਥਾਂ-ਪੈਰਾਂ ਨਾਲ ਕੰਮ ਕਰਦਿਆਂ ਹੋਇਆਂ ਆਪਣਾ ਚਿਤ ਉਸ ਨਿਰੰਜਨ ਨਾਲ ਜੋੜੀ ਰੱਖਣਾ ਚਾਹੀਦਾ ਹੈ:
ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮਾਲਿ।।
ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ।।
ਆਚਰਣ ਦੀ ਸੁੱਚਮਤਾ ਤੋਂ ਭਾਵ ਹੈ 'ਸਦਾਚਾਰੀ' ਹੋਣਾ। ਭਗਤ ਨਾਮਦੇਵ ਨੇ ਮਨੁੱਖ ਨੂੰ ਸਦਾਚਾਰੀ ਰਹਿਣ ਦਾ ਉਪਦੇਸ਼ ਦਿੱਤਾ ਹੈ। ਜੇਕਰ ਹਰ ਮਨੁੱਖ ਸਦਾਚਾਰ ਦੀ ਪਾਲਣਾ ਕਰੇਗਾ ਤਾਂ ਇਕ ਸੁਖਮਈ ਸਮਾਜ ਦੀ ਸਿਰਜਨਾ ਹੋ ਸਕੇਗੀ। ਪਰਾਈ ਇਸਤਰੀ ਜਾਂ ਪੁਰਸ਼ ਦੇ ਨਾਜ਼ਾਇਜ ਸੰਬੰਧਾਂ ਨੂੰ ਬੁਰਾ ਮੰਨਿਆ ਗਿਆ ਹੈ ਅਤੇ ਕਾਮ-ਵਾਸ਼ਨਾ ਨੂੰ ਤਿਆਗਣ 'ਤੇੇ ਬਲ ਦਿੱਤਾ ਗਿਆ ਹੈ। ਇਥੇ ਭਗਤ ਨਾਮਦੇਵ ਜੀ ਨੇ ਮਿਸਾਲ ਦੇ ਕੇ ਸਾਨੂੰ ਸੰਸਾਰੀ ਜੀਵਾਂ ਨੂੰ ਵੀ ਇਹ ਸਿੱਖਿਆ ਦਿਤੀ ਹੈ ਕਿ ਪਰਾਈ ਇਸਤਰੀ ਨਾਲ ਸੰਬੰਧ ਰੱਖਣੇ ਠੀਕ ਨਹੀਂ ਹਨ।
ਜੈਸੇ ਬਿਖੈ ਹੇਤ ਪਰ ਨਾਰੀ
ਐਸੇ ਨਾਮੇ ਪ੍ਰੀਤਿ ਮੁਰਾਰੀ।।
ਉਨ੍ਹਾਂ ਨੇ ਆਪਣੀ ਬਾਣੀ ਵਿੱਚ ਦੱਸਿਆ ਹੈ ਕਿ ਨਾਰੀ ਦਾ ਪੂਰਾ ਸਤਿਕਾਰ ਕਰਨਾ ਚਾਹੀਦਾ ਹੈ ਕਿੳਂਕਿ ਨਾਰੀ ਮਨੁੱਖ ਦੀ ਜਨਨੀ ਹੈ। ਇਹ ਧੀ, ਭੈਣ, ਵਹੁਟੀ, ਮਾਂ ਅਤੇ ਦਾਦੀ ਜਾਂ ਨਾਨੀ ਦੇ ਰੂਪ ਵਿੱਚ ਮਨੁੱਖ ਦੀ ਹਰ ਦੁੱਖ-ਸੁੱਖ ਦੇ ਸਮੇਂ ਸੰਭਾਲ ਕਰਦੀ ਹੈ। ਆਪ ਅਨੁਸਾਰ ਅੰਨ੍ਹਾ (ਅਗਿਆਨੀ, ਪਾਪੀ) ਵਿਅਕਤੀ ਆਪਣੀ ਪਤਨੀ ਨੂੰ ਛੱਡ ਕੇ ਪਰਾਈ ਇਸਤਰੀ ਨਾਲ ਨਜ਼ਾਇਜ ਸੰਬੰਧ ਰੱਖਦਾ ਹੈ; ਪਰਾਈ ਔਰਤ ਨੂੰ ਵੇਖ ਕੇ ਉਹ ਇਉ ਹੀ ਖੁਸ਼ ਹੁੰਦਾ ਹੈ ਜਿਵੇਂ ਤੋਤਾ ਸਿੰਬਲ ਰੁੱਖ ਨੂੰ ਵੇਖ ਕੇ ਖੁਸ਼ ਹੁੰਦਾ ਹੈ। ਆਪ ਨੇ ਉਪਦੇਸ਼ ਦਿੱਤਾ ਹੈ ਕਿ ਆਪਣੇ ਘਰ ਪਰਿਵਾਰ ਵਿੱਚ ਇਸਤਰੀ ਅਤੇ ਪੁਰਸ਼ ਨੂੰ ਗ੍ਰਹਿਸਥ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਸੁਖਮਈ ਬਣਾਉਣਾ ਚਾਹੀਦਾ ਹੈ:
ਘਰ ਦੀ ਨਾਰਿ ਤਿਆਗੈ ਅੰਧਾ।।
ਪਰ ਨਾਰੀ ਸਿਉ ਘਾਲੈ ਧੰਧਾ।।
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ।।
ਅੰਤ ਕੀ ਬਾਰਿ ਮੂਆ ਲਪਟਾਨਾ।।
ਮਨੁੱਖ ਨੂੰ ਦਸਾਂ ਨਹੁੰਆਂ ਦੀ ਭਾਵ ਹੱਕ-ਹਲਾਲ ਦੀ ਕਮਾਈ ਕਰਨ ਦਾ ਵੀ ਉਪਦੇਸ਼ ਦਿੱਤਾ ਹੈ। ਹੱਕ-ਹਲਾਲ ਦੀ ਕਮਾਈ ਕਰਨ ਤਂੋ ਭਾਵ ਹੈ, ਖ਼ੁਦ ਆਪਣੇ ਹੱਥਾਂ ਨਾਲ ਕੰਮ ਕਰਕੇ ਧਨ ਦੀ ਪ੍ਰਾਪਤੀ ਕਰਨਾ। ਜੋ ਮਨੁੱਖ ਪਰਾਏ ਧਨ ਅਤੇ ਪਰਾਈ ਇਸਤਰੀ ਦਾ ਤਿਆਗ ਕਰਦਾ ਹੈ, ਪਰਮਾਤਮਾ ਉਸਦੇ ਅੰਗ-ਸੰਗ ਵਸਦਾ ਹੈ:
ਪਰ ਧਨ ਪਰ ਦਾਰਾ ਪਰਹਰੀ।।
ਤਾ ਕੈ ਨਿਕਟਿ ਬਸੈ ਨਰਹਰੀ।।
ਕਿਸੇ ਵੀ ਮਨੁੱਖ ਨਾਲ ਜਾਤ, ਰੰਗ, ਨਸਲ, ਧਰਮ ਜਾਂ ਅਮੀਰੀ-ਗਰੀਬੀ ਦੇ ਅਧਾਰ ਤੇ ਭੇਦ-ਭਾਵ ਨਹੀਂ ਰੱਖਣਾ ਚਾਹੀਦਾ। ਜੋ ਮਨੁੱਖ ਈਸ਼ਵਰ ਪ੍ਰਤੀ ਸੱਚੀ ਸ਼ਰਧਾ ਰੱਖਦੇ ਹਨ ਅਤੇ ਅਰਾਧਨਾ ਕਰਦੇ ਹਨ, ਉਹ ਬਿਨ੍ਹਾਂ ਕਿਸੇ ਭੇਦ-ਭਾਵ ਸੱਚਖੰਡ ਦੇ ਭਾਗੀ ਹੋ ਜਾਂਦੇ ਹਨ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿਚ ਕਿਸੇ ਵੀ ਕਿਸਮ ਦੇ ਭੇਦ-ਭਾਵ ਦੀ ਸਖ਼ਤ ਨਿਖੇਧੀ ਕੀਤੀ ਹੈ:
ਦੇਵਾ ਪਾਹਨ ਤਾਰੀਅਲੇ ।। ਰਾਮ ਕਹਤ ਜਨ ਕਸ ਨ ਤਰੇ।। ਰਹਾਉ।।
ਤਾਰੀਲੇ ਗਨਿਕਾ ਬਿਨੁ ਰੂਪ ਕੁਬਿਜਾ।। ਬਿਆਧਿ ਅਜਾਮਲੁ ਤਾਰੀਅਲੇ।।
ਕਿਸੇ ਖ਼ਾਸ ਪਹਿਰਾਵੇ ਨੂੰ ਪਹਿਨ ਕੇ ਪਰਮਾਤਮਾ ਦੇ ਮਿਲ ਜਾਣ ਦਾ ਦਾਅਵਾ ਕਰਨਾ ਭੇਖ ਹੈ, ਭੇਖ ਤੋਂ ਭਾਵ ਪਾਖੰਡ ਹੈ, ਕੋਈ ਅਜਿਹਾ ਰੂਪ ਧਾਰਨਾ ਜਿਸ ਨਾਲ ਪਰਮਾਤਮਾ ਦੇ ਜਲਦੀ ਮਿਲਣ ਦਾ ਦਾਅਵਾ ਕਰਨਾ। ਭੇਖ ਵਿੱਚ ਪਹਿਰਾਵਾ ਪਹਿਨਿਆਂ ਜਾਂਦਾ ਹੈ ਅਤੇ ਪਾਖੰਡ ਵਿੱਚ ਕਈ ਤਰ੍ਹਾਂ ਦੇ ਰੂਪ ਬਣਾਏ ਜਾਂਦੇ ਹਨ; ਜਿਵੇਂ ਜਟਾਂ ਵਧਾਉਣੀਆਂ, ਸਰੀਰ ਨੂੰ ਸੁਆਹ ਮਲਣੀ, ਨੰਗੇ ਪੈਰੀਂ ਜੰਗਲਾਂ ਵਿੱਚ ਘੁੰਮਣਾ, ਕੰਨ ਪੜਵਾਉਣੇ, ਚਮੜਾ ਪਹਿਨਣਾ, ਕਈ ਕਿਸਮ ਦੇ ਹਥਿਆਰ ਹੱਥ ਵਿੱਚ ਰੱਖਣੇ ਆਦਿ। ਇਨ੍ਹਾਂ ਭੇਖਾਂ ਅਤੇ ਪਾਖੰਡਾਂ ਦੀ ਭਗਤ ਜੀ ਨੇ ਨਿੰਦਿਆ ਕੀਤੀ ਹੈ। ਇਸ ਨੂੰ ਪ੍ਰਭੂ ਭਗਤੀ ਦਾ ਮਾਰਗ ਨਹੀਂ ਦੱਸਿਆ ਸਗੋਂ ਸੱਚਾ ਸੁੱਚਾ ਨੈਤਿਕ ਜੀਵਨ ਬਤੀਤ ਕਰਨਾ ਅਤੇ ਪਰਮਾਤਮਾ ਦੀ ਭਗਤੀ ਦੁਆਰਾ ਉਸ ਨਾਲ ਪਿਆਰ ਕਰਨਾ ਹੀ ਸੱਚਾ ਮਾਰਗ ਹੈ:
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ।। ਸਾਧਸੰਗਤਿ ਕਬਹੂ ਨਹੀ ਕਰੈ।।
ਕਹਤ ਨਾਮਦੇਉ ਤਾ ਚੀ ਆਣਿ।। ਨਿਰਭੈ ਹੋਇ ਭਜੀਐ ਭਗਵਾਨ।।
ਨਿਸ਼ਕਰਸ਼ ਵਜੋਂ ਕਿਹਾ ਜਾ ਸਕਦਾ ਹੈ ਕਿ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਮਨੁੱਖੀ ਆਚਰਣ ਨੂੰ ਉਚਾ ਕਰਨ ਲਈ ਨੈਤਿਕ ਸੇਧਾਂ ਦਿੱਤੀਆਂ ਗਈਆਂ ਹਨ। ਭਗਤ ਜੀ ਦੀ ਬਾਣੀ ਉਚਤਮ ਗੁਣਾਂ ਦਾ ਭਰਪੂਰ ਖਜ਼ਾਨਾ ਹੈ। ਆਪ ਜੀ ਨੇ ਮਨੁੱਖ ਨੂੰ ਔਗੁਣਾਂ ਦਾ ਤਿਆਗ ਕਰਕੇ ਸਦਗੁਣਾਂ ਨੂੰ ਧਾਰਨ ਕਰਨ ਦਾ ਉਪਦੇਸ਼ ਦਿਤਾ ਹੈ। ਜਿਸ ਮਨੁੱਖ ਦਾ ਜੀਵਨ ਨੈਤਿਕਤਾ ਨਾਲ ਭਰਪੂਰ ਹੋਵੇਗਾ, ਉਸ ਦਾ ਲੋਕ ਅਤੇ ਪਰਲੋਕ ਵਿਚ ਆਦਰ ਸਤਿਕਾਰ ਹੋਵੇਗਾ ਕਿੳਂੁਕਿ ਉਚੇ ਤੇ ਸੁੱਚੇ ਜੀਵਨ ਦਾ ਧਾਰਨੀ ਮਨੁੱਖ ਹੀ ਪਰਮਾਤਮਾ ਨਾਲ ਪਿਆਰ ਪਾ ਸਕਦਾ ਹੈ। ਇਹ ਉਹ ਕਸਵੱਟੀ ਹੈ, ਜੋ ਮਨੁੱਖ ਨੂੰ ਪਰਮ ਮਨੋਰਥ ਦੀ ਪ੍ਰਾਪਤੀ ਵਿਚ ਸਹਾਇਤਾ ਕਰਦੀ ਹੈ।

ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ, ਸਿੰਘਾਪੁਰ
ਮੋਬਾਇਲ ਨੰ. +65 98951996 

ਪ੍ਰੋ: ਮਨਵਿੰਦਰ ਸਿੰਘ ਦੀ ਸਿੱਖ ਸਾਹਿਤ ਨੂੰ ਦੇਣ - ਡਾ. ਜਸਵਿੰਦਰ ਸਿੰਘ

ਪ੍ਰੋ:ਮਨਵਿੰਦਰ ਸਿੰਘ ਦੀ ਦੇਣ ਵਿਸ਼ੇਸ਼ ਕਰਕੇ ਧਰਮ ਅਧਿਐਨ ਖੇਤਰ ਅਤੇ ਸਿੱਖ ਸੱਭਿਆਚਾਰ ਦੇ ਵੱਖ-ਵੱਖ ਖੇਤਰਾਂ ਵਿੱਚ ਇਤਨੀ ਵਡਮੁੱਲੀ ਤੇ ਵਿਸ਼ਾਲ ਹੈ ਕਿ ਇੱਕ ਪਰਚੇ ਦੀ ਹੱਦਬੰਦੀ ਵਿੱਚ ਸਾਂਭਣੀ ਸੰਭਵ ਨਹੀਂ। ਪ੍ਰੋ. ਸਾਹਿਬ ਨੇ ਜਿਸ ਖੇਤਰ ਵਿੱਚ ਵੀ ਪ੍ਰਵੇਸ਼ ਕੀਤਾ ਉਸਨੂੰ ਚੰਗੀ ਤਰ੍ਹਾਂ ਵਾਚਿਆ ।ਪ੍ਰੋ. ਸਾਹਿਬ ਦਾ ਜਨਮ ਸ੍ਰ. ਅਮਰ ਸਿੰਘ ਦੇ ਘਰ ਮਾਤਾ ਨਿਰਮਲ ਕੌਰ ਦੀ ਕੁੱਖੋਂ 7 ਜੂਨ ਫਰਵਰੀ, 1963 ਈ. ਵਿੱਚ ਅੰਮ੍ਰਿਤਸਰ ਵਿਖੇ ਹੋਇਆ।
ਸਿੱਖ ਜਗਤ ਵਿੱਚ ਗੁਰੂ ਅਰਜਨ ਦੇਵ ਜੀ  ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੀ ਪਿਰਤ ਤੋਰੀ ਹੈ। ਉਸਨੂੰ ਘੋਖਣ ਅਤੇ ਸਮਝਣ ਦਾ ਯਤਨ ਡਾ. ਮਨਵਿੰਦਰ ਸਿੰਘ ਨੇ ਜਿਥੇ ਕੀਤਾ ਹੈ ਉਥੇ ਆਪਣੀ ਸੁਚੱਜੀ ਸੰਪਾਦਨਾ ਰਾਹੀਂ ਸਿੱਖ ਸਾਹਿਤ ਨੂੰ ਇੱਕ ਪੱਧਰ ਦਿੱਤੀ ਹੈ, ਇੱਕ ਨੁਹਾਰ ਦਿੱਤੀ ਹੈ।ਉਹ ਤਕਰੀਬਨ ਪਿਛਲੇ 25 ਸਾਲਾਂ ਤੋਂ ਅਧਿਐਨ, ਅਧਿਆਪਨ ਅਤੇ ਖੋਜ ਕਾਰਜਾਂ ਨਾਲ ਜੁੜੇ ਹੋਏ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਮਿਤੀ 24 ਨਵੰਬਰ ਸਾਲ 1992 ਨੂੰ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਦੇ ਮੋਕੇ ਉੱਪਰ ਡਾ. ਮਨਵਿੰਦਰ ਸਿੰਘ ਨੂੰ ਪੰਜਾਬੀ ਲੇਖਕ ਦੇ ਤੌਰ ਉੱਤੇ ਸ. ਉਧਮ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ। ਹੁਣ ਤਕ ਉਨ੍ਹਾਂ ਦੀਆਂ ਤਿੰਨ ਕਿਤਾਬਾਂ ਛਪ ਚੁੱਕੀਆਂ ਹਨ ਜਿਨ੍ਹਾਂ ਵਿਚੋਂ ਗੁਰਬਿਲਾਸ ਪਾਤਿਸਾਹੀ ਦਸਮੀ (ਕ੍ਰਿਤ ਭਾਈ ਸੁਖਾ ਸਿੰਘ ), ਪ੍ਰੋ. ਸਾਹਿਬ ਸਿੰਘ ਸੰਦਰਭ ਕੋਸ਼, ਗੁਰਰਤਨਾਵਲੀ (ਕ੍ਰਿਤ ਤੋਲਾ ਸਿੰਘ ਭੱਲਾ) । ਉਹ ਹੁਣ ਤਕ 70 ਦੇ ਕਰੀਬ ਖੋਜ ਪੱਤਰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਸੈਮੀਨਾਰਾਂ ਵਿੱਚ ਪ੍ਰਸਤੁਤ ਕਰ ਚੁੱਕੇ ਹਨ।
ਪ੍ਰੋ. ਸਾਹਿਬ ਨੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਦੇ ਸਿਧਾਂਤ ਦੀ ਸਤਿਕਾਰਣ ਯੋਗ ਸੇਵਾ ਕਰ ਰਹੇ ਹਨ। ਉਨ੍ਹਾਂ ਦੇ ਸਿੱਖ ਸਾਹਿਤ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਬਹੁਤ ਸਾਰੇ ਲੇਖ ਲਿਖੇ ਅਤੇ ਯੂ.ਜੀ.ਸੀ ਵੱਲੋਂ ਸਾਰਥਿਕ ਪ੍ਰੋਜੈਕਟ ਵੀ ਕੀਤੇ। ਉਨ੍ਹਾਂ ਨੂੰ ਸਿੱਖ ਸਾਹਿਤਕਾਰੀ ਦੀ ਸੇਵਾ ਕਰਦਿਆਂ ਬਹੁਤ ਸਾਰੀਆਂ ਸਿੱਖ ਸੰਸਥਾਵਾਂ ਵਲੋਂ ਸਨਮਾਨਿਤ ਵੀ ਕੀਤਾ ਗਿਆ ਹੈ। ਡਾ. ਮਨਵਿੰਦਰ ਸਿੰਘ ਦੇ ਜੀਵਨ ਦਾ ਵੱਡਾ ਹਿੱਸਾ ਅਧਿਆਪਕ ਦੇ ਰੂਪ ਵਿੱਚ ਹੀ ਗੁਜਰਿਆ ਹੈ। ਇੱਕ ਅਧਿਆਪਕ ਦੀ ਲੋਕ ਪ੍ਰਿਯਤਾ ਦਾ ਪਤਾ ਉਸ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਵਿੱਚ ਮੌਲਣ ਵਾਲੀ ਸਫਲਤਾ ਅਤੇ ਸਾਰਥਕਤਾ ਤੋਂ ਲਗਦਾ ਹੈ।
ਡਾ. ਮਨਵਿੰਦਰ ਸਿੰਘ ਨੇ ਆਪਣੇ ਵਿਭਾਗ ਵਿੱਚ ਆਪਣੀ ਨਿਗਰਾਨੀ ਹੇਠ 5 ਵਿਦਿਆਰਥੀ ਨੂੰ ਪੀਐੱਚ. ਡੀ. ਅਤੇ 25 ਵਿਦਿਆਰਥੀ ਐਮ ਫਿੱਲ ਦੀ ਡਿਗਰੀ ਪ੍ਰਾਪਤ ਕਰ ਚੁੱਕੇ ਹਨ।ਉਨ੍ਹਾਂ ਦਾ ਵਿਚਾਰ ਹੈ ਕਿ ਕੰਮ ਹੀ ਉਹ ਜਾਦੂ ਹੈ ਜੋ ਸਿਰ ਤੇ ਬੋਲਦਾ ਹੈ। ਉਨ੍ਹਾਂ ਨੇ ਕੰਮ ਦਾ ਅਨੰਦ ਮਾਣਿਆ ਤੇ ਪਰਿਣਾਮ ਦੀ ਪ੍ਰਵਾਹ ਨਹੀਂ ਕੀਤੀ। ਪ੍ਰੋ. ਸਾਹਿਬ ਕੈਨੇਡਾ ਵਿੱਚ ਸਿੱਖ ਧਰਮ ਅਧਿਐਨ ਦੇ ਵੱਖੋ-ਵੱਖਰੇ ਵਿਸ਼ਿਆ ਉਪਰ ਖੋਜ ਪੱਤਰ ਵੀ ਪ੍ਰਸਤੁਤ ਕਰ ਚੁੱਕੇ ਹਨ।ਇਸ ਤੋਂ ਇਲਾਵਾ, ਗੁਰੂ ਨਾਨਕ ਦੇਵ ਜੀ: ਜੀਵਨ ਦਰਸ਼ਨ, ਸਿੱਖ ਫਲਸਫੇ, ਗੁਰਬਾਣੀ ਵਿਆਖਿਆ ਅਤੇ ਗੁਰਬਾਣੀ ਸ਼ਾਸ਼ਤਰ ਆਦਿ ਬਾਰੇ ਇਹਨਾਂ ਨੇ ਗੁਰੂ ਨਾਨਕ ਅਧਿਐਨ ਵਿਭਾਗ ਵਿੱਚ ਸੈਮੀਨਾਰ ਕਰਵਾਏ ਹਨ।
ਡਾ. ਮਨਵਿੰਦਰ ਸਿੰਘ ਦੇ ਮੂੰਹ ਵਿੱਚੋਂ ਨਿਕਲਦੀ ਇੱਕ-ਇੱਕ ਗੱਲ ਸਿੱਖ ਸਾਹਿਤ ਜਗਿਆਸੂਆਂ ਲਈ ਭਰਪੂਰ ਖਜਾਨਾ ਹੈ।ਡਾ. ਸਾਹਿਬ ਸ਼ੁਰੂ ਤੋਂ ਹੀ ਸਿੱਖ ਧਰਮ ਪ੍ਰਤੀ ਜਾਗਰੂਕ ਅਤੇ ਲਗਨ ਰੱਖਣ ਵਾਲੇ ਕਾਮਯਾਬ ਵਿਦਵਾਨ ਹਨ।ਉਨ੍ਹਾ ਨੇ ਬਹੁਤ ਹੀ ਮਿਹਨਤ ਨਾਲ ਸਿੱਖ ਧਰਮ ਅਧਿਐਨ ਕੀਤਾ ਅਤੇ ਬਹੁਤ ਸਾਰੀਆਂ ਅਕਾਦਮਿਕ ਸਮੱਸਿਅਵਾਂ ਨੂੰ ਹੱਲ ਵੀ ਕਰ ਰਹੇ ਹਨ। ਅੱਜ ਕੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਪੁਰਾਤਨ ਸਮਝੀਆਂ ਜਾਣ ਵਾਲੀਆ ਪੋਥੀਆਂ ਦੀ ਪ੍ਰਮਾਣਿਕਤਾ ਦੇ ਵਿਸ਼ਲੇਸ਼ਣ ਅਤੇ ਧਰਮ ਦੀਆਂ ਸੰਸਥਾਵਾਂ ਦੀ ਖੋਜ ਵਿਚ ਵਿਅਸਤ ਹਨ।

ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ, ਸਿੰਘਾਪੁਰ
ਮੋਬਾਇਲ ਨੰ. +65 98951996

15 ਅਕਤੂਬਰ 2019 ਨੂੰ ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰ-ਪੁਰਬ ਤੇ ਵਿਸ਼ੇਸ਼ : ਅਨਾਥਾਂ ਦੇ ਨਾਥ ਗੁਰੂ ਰਾਮਦਾਸ - ਡਾ. ਜਸਵਿੰਦਰ ਸਿੰਘ

ਆਪ ਦਾ ਜਨਮ 1534 ਈ. ਨੂੰ ਸੋਢੀ ਹਰਿਦਾਸ ਜੀ ਦੇ ਘਰ ਲਾਹੌਰ ਨਗਰ ਦੀ ਚੂਨਾ-ਮੰਡੀ ਬਸਤੀ ਵਿਚ ਹੋਇਆ । ਆਪ ਜੀ ਦਾ ਨਾਂ ' ਰਾਮਦਾਸ' ਸੀ , ਪਰ ਘਰ ਵਿਚ ਸਭ ਤੋਂ ਵੱਡਾ ਪੁੱਤਰ ਹੋਣ ਕਾਰਣ ਆਪ ਨੂੰ ' ਜੇਠਾ ' ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਸੀ। ਆਪ ਕੇਵਲ ਸੱਤਾਂ ਸਾਲਾਂ ਦੇ ਸਨ ਕਿ ਆਪ ਦੀ ਪਹਿਲਾਂ ਮਾਤਾ ਅਤੇ ਫਿਰ ਪਿਤਾ ਦਾ ਦੇਹਾਂਤ ਹੋ ਗਿਆ । ਇਸ ਤਰ੍ਹਾਂ ਯਤੀਮ ਹੋਏ ਬੱਚੇ ਨੂੰ ਨਾਨੀ ਲਾਹੌਰ ਤੋਂ ਆਪਣੇ ਪਿੰਡ ਬਾਸਰਕੇ ਲੈ ਆਈ । ਉਥੇ ਪਰਿਵਾਰਿਕ ਜ਼ਿੰਮੇਵਾਰੀਆਂ ਵਿਚ ਆਪਣਾ ਯੋਗਦਾਨ ਪਾਉਣ ਲਈ ਆਪ ਨੇ ਘੁੰਙਣੀਆਂ ਵੇਚਣ ਦਾ ਕੰਮ ਸ਼ੁਰੂ ਕੀਤਾ । ਜਦੋਂ ਆਪ ਦੀ ਉਮਰ 12 ਵਰ੍ਹਿਆਂ ਦੀ ਹੋਈ ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ ਲਈ ਬਾਸਰਕੇ ਦੀ ਸੰਗਤ ਨਾਲ ਆਪ ਗੋਇੰਦਵਾਲ ਆਏ ਅਤੇ ਅਜਿਹੇ ਪ੍ਰਭਾਵਿਤ ਹੋਏ ਕਿ ਬਾਸਰਕੇ ਪਰਤਣ ਦਾ ਵਿਚਾਰ ਤਿਆਗ ਕੇ ਸਦਾ ਲਈ ਉਥੇ ਗੁਰੂ-ਸੇਵਾ ਵਿਚ ਮਗਨ ਰਹਿਣ ਲਗ ਗਏ । ਗੁਰੂ-ਸੇਵਾ ਆਪ ਦੇ ਜੀਵਨ ਦਾ ਮੁੱਖ ਮਨੋਰਥ ਬਣ ਗਈ ।ਆਪ ਦੀ ਅਦੁੱਤੀ ਸੇਵਾ , ਧਾਰਮਿਕ ਸਾਧਨਾ ਅਤੇ ਹਲੀਮ ਸ਼ਖ਼ਸੀਅਤ ਤੋਂ ਗੁਰੂ ਅਮਰਦਾਸ ਜੀ ਇਤਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਪਣੀ ਸੁਪੁੱਤਰੀ ਬੀਬੀ ਭਾਨੀ ਨਾਲ ਸੰਨ 1553 ਈ. ਵਿਚ ਵਿਆਹ ਕਰ ਦਿੱਤਾ ।ਲਤੀਫ ਦੇ ਕਹਿਣ ਅਨੁਸਾਰ ਉਨ੍ਹਾ ਦਾ ਨਾਂ ਮੋਹਨੀ ਸੀ ਪਰ ਸਦਾ ਭਾਣੇ ਵਿਚ ਰਹਿਣ ਕਾਰਨ ਭਾਨੀ ਪੈ ਗਿਆ ।
ਕਬ ਪਹਰ ਰਾਤ ਰਹੈ ਅੰਮ੍ਰਿਤ ਵੇਲਾ ।
ਗੁਰ ਕਰੈ ਇਸ਼ਨਾਨ ਭਗਤ ਸੁਖ ਕੇਲਾ ।
ਤਿਸੀ ਸਮੇਂ ਬੀਬੀ ਜੀ ਦਰਸ਼ਨ ਕਰੈ ।
ਗੁਰ ਕੀ ਭਗਤ ਸਦ ਹਿਰਦੈ ਧਰੈ । (ਮਹਿਮਾ ਪ੍ਰਕਾਸ਼)
ਆਪ ਨੇ ਇਕ ਸਫਲ ਗ੍ਰਿਹਸਥੀ ਦੇ ਨਾਲ ਨਾਲ ਅਧਿਆਤਮਿਕ ਸਾਧਨਾ ਵੀ ਪੂਰੀ ਸ਼ਿਦਤ ਅਤੇ ਨਿਸ਼ਠਾ ਨਾਲ ਨਿਭਾਈ।ਆਪ ਜੀ ਦੇ ਘਰ ਤਿੰਨ ਪੁੱਤਰਾਂ ਪ੍ਰਿਥੀਚੰਦ , ਮਹਾਂਦੇਵ ਅਤੇ ਅਰਜਨ ਦੇਵ ਨੇ ਜਨਮ ਲਿਆ । ਪ੍ਰਿਥੀਚੰਦ ਸ਼ੁਰੂ ਤੋਂ ਹੀ ਪਿਤਾ-ਗੁਰੂ ਦੇ ਆਦੇਸ਼ਾਂ ਦੀ ਪਾਲਨਾ ਕਰਨ ਅਤੇ ਅਧਿਆਤਮੀ ਰੁਚੀ ਵਾਲਾ ਜੀਵਨ ਬਤੀਤ ਕਰਨ ਦੀ ਥਾਂ ਪ੍ਰਭੁਤਾ ਦਾ ਪ੍ਰਦਰਸ਼ਨ ਕਰਦਾ ਸੀ ਅਤੇ ਗੁਰੂ ਜੀ ਲਈ ਕਈ ਪ੍ਰਕਾਰ ਦੇ ਕਲੇਸ਼ਾਂ ਦਾ ਕਾਰਣ ਬਣਦਾ ਸੀ । ਕਈ ਵਾਰ ਪਰਿਵਾਰਿਕ ਅਤੇ ਸੰਪੱਤੀ ਸੰਬੰਧੀ ਮਾਮਲਿਆਂ ਨੂੰ ਲੈ ਕੇ ਗੁਰੂ ਜੀ ਨਾਲ ਤਕਰਾਰ ਵੀ ਕਰਦਾ ਸੀ । ਇਸ ਸੰਬੰਧੀ ਆਪ ਦੀ ਬਾਣੀ ਵਿਚ ਸੰਕੇਤ ਮਿਲ ਜਾਂਦੇ ਹਨ-
ਕਾਹੈ ਪੂਤ ਝਗਰਤ ਹਉ ਸੰਗਿ ਬਾਪ ।
ਜਿਨ ਕੇ ਬਣੇ ਬਡੀਰੇ ਤੁਮ ਹਉ ਤਿਨ ਸਿਉ ਝਗਰਤ ਪਾਪ ।ਅੰਗ 1200
ਦੂਜਾ ਪੁੱਤਰ , ਮਹਾਂਦੇਵ ਬੇਲਾਗ ਬਿਰਤੀ ਵਾਲਾ ਸੀ । ਤੀਜੇ ਸੁਪੁੱਤਰ ਅਰਜਨ ਦੇਵ ਨੂੰ ਨਾਨਾ ਗੁਰੂ ਅਮਰਦਾਸ ਜੀ ਦਾ ' ਦੋਹਿਤਾ-ਬਾਣੀ ਕਾ ਬੋਹਿਥਾ' ਹੋਣ ਦਾ ਵਰਦਾਨ ਪ੍ਰਾਪਤ ਸੀ ।ਗੁਰੂ ਰਾਮਦਾਸ ਜੀ ਦਾ ਵਿਅਕਤਿਤਵ ਇਕ ਸਚੇ ਸਾਧਕ ਦਾ ਬਿੰਬ ਪ੍ਰਸਤੁਤ ਕਰਦਾ ਹੈ । ਜਦੋਂ ਆਪ ਜੀ ਗੁਰੂ ਅਮਰਦਾਸ ਜੀ ਦੀ ਸ਼ਰਣ ਵਿਚ ਆਏ ਅਤੇ ਮਕਬੂਲ ਚੜ੍ਹੇ ਤਾਂ ਸ਼ੁਕਰਾਨੇ ਵਜੋਂ ਜੋ ਭਾਵ ਪ੍ਰਗਟਾਏ ,ਉਹ ਸਚਮੁਚ ਨਿਮਰਤਾ ਦਾ ਮਰਮ-ਸਪਰਸ਼ੀ ਚਿਤ੍ਰਣ ਹੈ-
ਹਮ ਜੈਸੇ ਅਪਰਾਧੀ ਅਵਰੁ ਕੋਈ ਰਾਖੈ ਜੈਸੇ ਹਮ ਸਤਿਗੁਰਿ ਰਾਖਿ ਲੀਏ ਛਡਾਇ ।
ਤੂੰ ਗੁਰ ਪਿਤਾ ਤੂੰ ਹੈ ਗੁਰੁ ਮਾਤਾ ਤੂੰ ਗੁਰੁ ਬੰਧਪੁ ਮੇਰਾ ਸਖਾ ਸਖਾਇ ।
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ ਸਾ ਬਿਧਿ ਤੁਮ ਹਰਿ ਜਾਣਹੁ ਆਪੇ ।
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ । ਅੰਗ 167
ਜਦੋਂ ਅਸੀਂ ਨਿਮਰਤਾ ਦੀ ਗੱਲ ਕਰਦੇ ਹਾਂ ਤਾਂ ਬਾਬਾ ਸ੍ਰੀ ਚੰਦ ਜੀ ਅਤੇ ਗੁਰੂ ਰਾਮਦਾਸ ਜੀ ਦਾ ਮਿਲਾਪ ਯਾਦ ਆ ਜਾਂਦਾ ਹੈ ।ਸ੍ਰੀ ਚੰਦ ਜੀ ਨੇ ਗੁਰੂੁ ਜੀ ਜੀ ਦਾ ਦਾੜ੍ਹਾ ਵੇਖ ਕੇ ਕਿਹਾ ਸੀ ਕਿ ਇਹ ਕਿਸ ਲਈ ਵਧਾਇਆ ਹੈ?
ਸਿਰੀਚੰਦ ਬੋਲੇ ਤਤਕਾਲੂ ।ਕਰਤਿ ਪਰਖਣਾ ਪਰੇਮ ਦਿਆਲੂ ।
ਇਤਨਾ ਦਾੜ੍ਹਾ ਕੈਸ ਬਧਾਯੋ? ਸੁਨਿਕੇ ਸਤਿਗੁਰ ਭੇ ਨਿੰਮਾਯੋ ।
ਤਾਂ ਗੁਰੁੂ ਜੀ ਨੇ ਉਤਰ ਦਿਤਾ ਕਿ ਆਪ ਦੇ ਚਰਨਾਂ ਨੂੰ ਪ੍ਰੇਮ ਨਾਲ ਪੂੰਝਣ ਵਾਸਤੇ ਵਧਾਇਆ ਹੈ । ਭਾਈ ਸੰਤੋਖ ਜੀ ਆਪਣੀ ਰਚਨਾ ਵਿੱਚ ਲਿਖਦੇ ਹਨ:
ਚਰਨ ਗਹੇ ਕਰਿ ਪ੍ਰੇਮ ਸੋਂ ਪੋਂਛਹਿ ਬਾਰੰਬਾਰ ।
ਇਸ ਹੀ ਹੇਤੁ ਵਧਾਤਿ ਭੇ,ਸੁਨੀਏ ਗੁਰ ਸੁਤ ਦਯਾਰ।
ਗੁਰੂ ਦੀ ਆਗਿਆ ਦਾ ਪਾਲਨ ਕਰਨ ਵਿਚ ਆਪ ਦਾ ਕੋਈ ਮੁਕਾਬਲਾ ਨਹੀਂ ਸੀ । ਇਸੇ ਆਗਿਆ- ਪਾਲਨ ਦੀ ਰੁਚੀ ਕਾਰਣ ਆਪ ਇਕ ਯਤੀਮ ਬੱਚੇ ਤੋਂ ਅਧਿਆਤਮਿਕ ਤੌਰ ' ਤੇ ਯਤੀਮਾਂ ਦੇ ਸਰਪ੍ਰਸਤ ਬਣ ਸਕੇ । ਰਾਏ ਬਲਵੰਡ ਅਤੇ ਸਤੈ ਡੂਮ ਅਨੁਸਾਰ ਆਪ ਦਾ ਗੁਰੂ-ਪਦ ਪ੍ਰਾਪਤ ਕਰਨਾ ਇਕ ਕਰਾਮਾਤ ਸੀ । ਅਸਲ ਵਿਚ ਪ੍ਰਭੂ ਜਿਸ ਨੂੰ ਪੈਦਾ ਕਰਦਾ ਹੈ , ਉਸ ਨੂੰ ਸੰਵਾਰਦਾ ਵੀ ਹੈ-
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ।
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ । ਅੰਗ 968
ਗੁਰੂ ਰਾਮਦਾਸ ਜੀ ਇਕ ਚੰਗੇ ਵਿਵਸਥਾਪਕ ਅਤੇ ਨਿਰਮਾਤਾ ਵੀ ਸਨ । ਗੋਇੰਦਵਾਲ ਵਿਚ ਬਾਉਲੀ ਅਤੇ ਗੁਮਟਾਲਾ, ਸੁਲਤਾਨਵਿੰਡ ਆਦਿ ਪਿੰਡਾਂ ਦੀ ਜ਼ਮੀਨ ਖ਼ਰੀਦ ਕੇ ' ਗੁਰ ਕਾ ਚਕ ' ਨਗਰ ਅਤੇ ਸਰੋਵਰ ਦਾ ਨਿਰਮਾਣ ਆਪ ਦੀ ਲਗਨ ਦਾ ਫਲ ਹੈ, ਜਿਵੇਂ ਕਿ ਭਾਈ ਗੁਰਦਾਸ ਜੀ ਲਿਖਦੇ ਹਨ;
ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ ।
ਪੂਰਨ ਤਾਲ ਖਟਾਇਆ ਅੰਮ੍ਰਿਤਸਰ ਵਿਚਿ ਜੋਤਿ ਜਗਾਵੈ । ਵਾਰ 1 ਪਉੜੀ 47
ਗੁਰੂ ਜੀ ਨੇ ਸਿੱਖ ਦੇ ਦਿਨ ਦਾ ਵਿਵਰਣ ਦੇ ਕੇ ਨਵੇਂ ਸਿੱਖ ਸਭਿਆਚਾਰ ਦਾ ਬਿੰਬ ਪ੍ਰਸਤੁਤ ਵੀ ਕੀਤਾ।
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ।
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ।ਅੰਗ 305-6
' ਸਵਈਏ ਮਹਲੇ ਚਉਥੇ ਕੇ' ਵਿਚ ਭੱਟ ਕਵੀਆਂ ਨੇ ਗੁਰੂ ਜੀ ਵਿਚ ਪਰਮਾਤਮਾ ਦੀਆਂ ਸਾਰੀਆਂ ਸ਼ਕਤੀਆਂ ਅਤੇ ਸਮਰਥਤਾਵਾਂ ਦਾ ਆਰੋਪ ਕਰਕੇ ਬੜੇ ਸੁੰਦਰ ਢੰਗ ਨਾਲ ਚਿਤ੍ਰਣ ਕੀਤਾ ਹੈ ਅਤੇ ਜਿਗਿਆਸੂਆਂ ਨੂੰ ਦਸਿਆ ਹੈ ਕਿ ਗੁਰੂ ਰਾਮਦਾਸ ਜੀ ਕਲਿਯੁਗ ਅੰਦਰ ਭਵਸਾਗਰ ਤੋਂ ਤਾਰਨ ਵਿਚ ਸਮਰਥ ਅਜਿਹੀ ਸ਼ਖ਼ਸੀਅਤ ਹਨ, ਜਿਸ ਦੇ ਸ਼ਬਦ ਸੁਣਦਿਆਂ ਹੀ ਸਮਾਧੀ ਲਗ ਜਾਂਦੀ ਹੈ । ਉਸ ਦੁਖ-ਨਾਸ਼ਕ ਅਤੇ ਸੁਖਦਾਇਕ ਸ਼ਕਤੀ ਦਾ ਕੇਵਲ ਧਿਆਨ ਧਰਨ ਨਾਲ ਹੀ ਉਹ ਨੇੜੇ ਪ੍ਰਤੀਤ ਹੋਣ ਲਗਦੀ ਹੈ-
ਤਾਰਣ ਤਰਣ ਸਮ੍ਰਥੁ ਕਲਿਜੁਗਿ ਸੁਨਤ ਸਮਾਧਿ ਸਬਦ ਜਿਸੁ ਕੇਰੇ ।
ਫੁਨਿ ਦੁਖਨਿ ਨਾਸੁ ਸੁਖਦਾਯਕੁ ਸੂਰਉ ਜੋ ਧਰਤ ਧਿਆਨੁ ਬਸਤ ਤਿਹ ਨੇਰੇ । ਅੰਗ 1400
ਗੁਰੂ ਰਾਮਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਵਿਚ ਆਏ 31 ਰਾਗਾਂ ਵਿਚੋਂ 30 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ ਹੈ ।ਗੁਰੂ ਰਾਮਦਾਸ ਜੀ ਨੇ ਜੋ ਅਧਿਆਤਮਿਕ ਵਿਚਾਰ ਆਪਣੀ ਬਾਣੀ ਰਾਹੀਂ ਪੇਸ਼ ਕੀਤੇ , ਉਨ੍ਹਾਂ ਦਾ ਮੂਲ ਆਧਾਰ ਗੁਰੂ-ਪਰੰਪਰਾ ਤੋਂ ਪ੍ਰਾਪਤ ਜੀਵਨ- ਦਰਸ਼ਨ ਹੈ ।ਅਧਿਆਤਮਿਕ ਸਾਧਨਾ ਵਿਚ ਬ੍ਰਹਮ ਦੇ ਮੁੱਖ ਤੌਰ' ਤੇ ਦੋ ਰੂਪਾਂ ਦੀ ਕਲਪਨਾ ਹੋਈ ਹੈ- ਨਿਰਗੁਣ ਅਤੇ ਸਗੁਣ । ਗੁਰੂ ਰਾਮਦਾਸ ਜੀ ਨੇ ਗੁਰੂ-ਪਰੰਪਰਾ ਅਨੁਸਾਰ ਨਿਰਗੁਣ ਨਿਰਾਕਾਰ ਬ੍ਰਹਮ ਪ੍ਰਤਿ ਆਪਣੀ ਆਸਥਾ ਪ੍ਰਗਟ ਕੀਤੀ ਹੈ । ਉਨ੍ਹਾਂ ਅਨੁਸਾਰ ਪਰਮਾਤਮਾ ਆਦਿ ਪੁਰਖ , ਅਪਰ- ਅਪਾਰ , ਸ੍ਰਿਸ਼ਟੀ-ਕਰਤਾ , ਅਦੁੱਤੀ , ਯੁਗਾਂ-ਯੁਗਾਂਤਰਾਂ ਤਕ ਇਕੋ ਇਕ , ਸਦੀਵੀ ਅਤੇ ਸਥਿਰ ਹੈ-
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ।
ਤੂੰ ਜੁਗੁ ਏਕੋ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ । ਅੰਗ 348
ਗੁਰੂ ਜੀ ਨੇ ਆਪਣੀ ਧਰਮ ਸਾਧਨਾ , ਸੰਪੰਨ ਕਰਨ ਲਈ ਗੁਰੂ , ਸਾਧ ਸੰਗਤ , ਨਾਮ ਸਿਮਰਨ, ਸਦ-ਵ੍ਰਿੱਤੀਆਂ ਨੂੰ ਅਪਣਾਉਣ ਅਤੇ ਦੁਰ-ਵ੍ਰਿੱਤੀਆਂ ਨੂੰ ਤਿਆਗਣ ਲਈ ਥਾਂ ਥਾਂ' ਤੇ ਬਲ ਦਿੱਤਾ ਹੈ । ਇਸ ਪ੍ਰਕਾਰ ਦੀ ਧਰਮ-ਵਿਧੀ ਨੂੰ ਅਪਣਾਉਣ ਤੋਂ ਇਲਾਵਾ ਗੁਰੂ ਰਾਮਦਾਸ ਜੀ ਨੇ ਸਮਾਜਿਕ ਤੌਰ' ਤੇ ਵੀ ਮਨੁੱਖ ਨੂੰ ਸਚੇਤ ਕੀਤਾ ਹੈ। ਵਰਣਾ ਨੂੰ ਕਿਸੇ ਪ੍ਰਕਾਰ ਦਾ ਕੋਈ ਮਹੱਤਵ ਨ ਦਿੰਦੇ ਹੋਇਆਂ ਆਪਣੇ ਆਪ ਨੂੰ ਜਾਤਿ-ਪਾਤਿ ਦੀਆਂ ਸੀਮਾਵਾਂ ਤੋਂ ਪਰੇ ਮੰਨਿਆ ਹੈ:
ਹਮਰੀ ਜਾਤਿ ਪਾਤਿ ਗੁਰ ਸਤਿਗੁਰੁ ਹਮ ਵੇਚਿਓ ਸਿਰੁ ਗੁਰ ਕੇ ।ਅੰਗ 731
ਅਸਲ ਵਿਚ , ਚੌਹਾਂ ਜਾਤਾਂ ਵਿਚੋਂ ਉਹੀ ਪ੍ਰਧਾਨ ਹੈ ਜੋ ਹਰਿ- ਭਗਤੀ ਵਿਚ ਰੁਚੀ ਰਖੇ । ਸਤਿਸੰਗਤ ਵਿਚ ਜਾਣ ਨਾਲ ਪਤਿਤ ਵੀ ਪ੍ਰਵਾਨ ਚੜ੍ਹ ਜਾਂਦੇ ਹਨ । ਜਿਸ ਦੇ ਹਿਰਦੇ ਵਿਚ ਪਰਮਾਤਮਾ ਵਸਦਾ ਹੈ , ਉਹੀ ਉੱਚਾ ਅਤੇ ਸੁੱਚਾ ਹੈ । ਨੀਚ ਜਾਤਿ ਵਾਲਾ ਸੇਵਕ ਤਾਂ ਸਭ ਤੋਂ ਜ਼ਿਆਦਾ ਸ੍ਰੇਸ਼ਠ ਹੈ । ਇਸ ਤਰ੍ਹਾਂ ਹਰਿ-ਭਗਤੀ ਦੇ ਖੇਤਰ ਵਿਚ ਜਾਤਿ-ਭੇਦ- ਭਾਵ ਨੂੰ ਗੁਰੂ ਜੀ ਨੇ ਵਿਅਰਥ ਦਸ ਕੇ ਤਥਾ-ਕਥਿਤ ਨੀਚ ਜਾਤਾਂ ਵਾਲੇ ਸਾਧਕਾਂ ਨੂੰ ਜ਼ਿਆਦਾ ਗੌਰਵਸ਼ਾਲੀ ਦਸਿਆ ਹੈ-
ਓਹੁ ਸਭ ਤੇ ਊਚਾ ਸਭ ਤੇ ਸੂਚਾ ਜਾ ਕੇ ਹਿਰਦੈ ਵਸਿਆ ਭਗਵਾਨੁ ।
ਜਨ ਨਾਨਕੁ ਤਿਸ ਕੇ ਚਰਨ ਪਖਾਲੈ ਜੋ ਹਰਿ ਜਨੁ ਨੀਚੁ ਜਾਤਿ ਸੇਵਕਾਣੁ । ਅੰਗ 861
ਗੁਰੂ ਰਾਮਦਾਸ ਜੀ ਨੇ ਸਮਾਜਿਕ ਵਿਕਾਸ ਵਿਚ ਸੇਵਾ ਦੀ ਵਿਸ਼ੇਸ਼ ਦੇਣ ਮੰਨੀ ਹੈ ।ਹਉਮੈ ਵਿਚ ਆਪਣੇ ਆਪ ਲਈ ਜੀਵਿਆ ਜਾਂਦਾ ਹੈ, ਪਰ ਸੇਵਾ ਦੀ ਬਿਰਤੀ ਦੇ ਵਿਕਾਸ ਨਾਲ ਦੂਜਿਆਂ ਲਈ ਜੀਵਿਆ ਜਾਂਦਾ ਹੈ । ਅਸਲ ਸੇਵਾ ਉਹ ਹੈ ਜਿਸ ਨੂੰ ਪਰਮਾਤਮਾ ਵਲੋਂ ਪੂਰੀ ਸਵੀਕ੍ਰਿਤੀ ਪ੍ਰਾਪਤ ਹੋਵੇ-
ਵਿਚਿ ਹਉਮੈ ਸੇਵਾ ਥਾਇ ਨ ਪਾਏ । ਜਨਮਿ ਮਰੈ ਫਿਰਿ ਆਵੈ ਜਾਏ ।
ਸੋ ਤਪ ਪੂਰਾ ਸਾਈ ਸੇਵਾ ਜੋ ਹਰਿ ਮੇਰੇ ਮਨਿ ਭਾਣੀ ਹੇ । ਅੰਗ 1070-71
ਇਸ ਦੇ ਨਾਲ ਗੁਰੁ ਜੀ ਨੇ ਅਨੰਦ ਵਿਆਹ ਦੀ ਰਸਮ ਨੂੰ ਹੋਰ ਪੱਕਿਆਂ ਕਰਨ ਲਈ ਸੂਹੀ ਰਾਗ ਵਿਚ ਚਾਰ ਲਾਵਾਂ ਉਚਾਰੀਆਂ, ਜਿਨ੍ਹਾਂ ਰਾਹੀਂ ਜੀਵਨ ਸਫਰ ਵਿੱਚ ਦੰਪਤੀ ਨੂੰ ਕਾਮਯਾਬੀ ਦਾ ਰਸਤਾ ਮਿਲਦਾ ਹੈ।ਗੁਰੁ ਜੀ ਨੇ ਸੰਸਾਰ ਵਿੱਚ ਚੰਗੀ ਤਰ੍ਹਾਂ ਰਹਿਣ ਦੀ ਜਾਚ ਵੀ ਦੱਸੀ। ਜੋੜੇ ਨੂੰ ਯਾਦ,ਨਿਰਮਲ ਭਉ,ਵਿਛੋੜੇ,ਬਿਰਹਾ ਤੇ ਸਹਿਜ ਅਵਸਥਾ ਵਿੱਚ ਵਿਚਰਨ ਦੀ ਜਾਚ ਇਨ੍ਹਾਂ ਚਾਰ ਲਾਵਾਂ ਰਾਹੀ ਦਰਸਾਈ ਗਈ ਹੈ।
ਹਰਿ ਪਹਿਲੜੀ ਲਾਵ ਪਰਵਿਰਤੀ ਕਰਮ ਦ੍ਰਿੜਾਇਆ ਬਲਿ ਰਾਮ ਜੀਉ॥
ਬਾਣੀ ਬ੍ਰਹਮਾ ਵੇਦੁ ਧਰਮੁ ਦ੍ਰਿੜਹੁ ਪਾਪ ਤਜਾਇਆ ਬਲਿ ਰਾਮ ਜੀਉ॥ ਅੰਗ 773
ਗੁਰੂ ਰਾਮਦਾਸ ਜੀ ਦੀ ਬਾਣੀ , ਵਿਚਾਰਧਾਰਿਕ ਦ੍ਰਿਸ਼ਟੀ ਤੋਂ ਗੁਰੂ ਨਾਨਕ ਬਾਣੀ ਦੀ ਵਿਚਾਰਧਾਰਾ ਦਾ ਹੀ ਵਿਕਾਸ ਕਰਦੀ ਹੈ । ਕਈ ਪ੍ਰਸੰਗਾਂ ਵਿਚ ਤਾਂ ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਕਿਸੇ ਪੂਰਵ- ਵਰਤੀ ਗੁਰੂ ਦੇ ਸ਼ਬਦ ਅਥਵਾ ਸਲੋਕ ਦੀ ਆਪਣੇ ਢੰਗ ਨਾਲ ਵਿਆਖਿਆ ਕਰ ਰਹੇ ਹਨ । ਅਸਲ ਵਿਚ , ਗੁਰਬਾਣੀ ਵਿਚ ਅਨੇਕ ਅਧਿਆਤਮਿਕ ਤੱਥ ਬਾਰ ਦੋਹਰਾਏ ਗਏ ਹਨ ਤਾਂ ਜੋ ਜਿਗਿਆਸੂ ਦੀ ਮਾਨਸਿਕਤਾ ਨੂੰ ਬਦਲਿਆ ਜਾ ਸਕੇ । ਇਸ ਤਰ੍ਹਾਂ ਸਾਰੀ ਬਾਣੀ ਦੇ ਉਪਦੇਸ਼ਾਂ ਅਤੇ ਸੰਦੇਸ਼ਾਂ ਵਿਚ ਇਕ ਖ਼ਾਸ ਕਿਸਮ ਦੀ ਸਾਂਝ ਹੈ , ਪਰ ਹਰ ਗੁਰੂ ਅਥਵਾ ਭਗਤ ਦੇ ਕਹਿਣ ਦਾ ਆਪਣਾ ਅੰਦਾਜ਼ ਹੈ ਅਤੇ ਇਹ ਅੰਦਾਜ਼ ਸ਼ੈਲੀ , ਬਿੰਬ , ਪ੍ਰਤੀਕ , ਭਾਸ਼ਾ ਆਦਿ ਕਾਵਿ-ਸੋਹਜ ਦੇ ਸਾਧਨਾਂ ਉਤੇ ਨਿਰਭਰ ਕਰਦਾ ਹੈ ।ਗੁਰੂ ਜੀ ਨੇ ਸਪੱਸ਼ਟ ਸਵੀਕਾਰ ਕੀਤਾ ਹੈ ਕਿ ਉਹ ਜੋ ਕੁਝ ਬੋਲ ਅਥਵਾ ਲਿਖ ਰਹੇ ਹਨ , ਉਸ ਪਿਛੇ ਬ੍ਰਹਮੀ ਪ੍ਰੇਰਣਾ ਹੈ-
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ । ਅੰਗ 606

ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ,ਸਿੰਘਾਪੁਰ
ਮੋਬਾਇਲ ਨੰ. +65 98951996

19 ਸਤੰਬਰ 2019 ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਗੁਰੂਤਾ-ਗੱਦੀ ਦਿਵਸ ਤੇ ਵਿਸ਼ੇਸ਼ - ਡਾ. ਜਸਵਿੰਦਰ ਸਿੰਘ

ਭਾਈ ਲਹਿਣਾ ਤੋਂ ਗੁਰੂ ਅੰਗਦ ਦੇਵ ਜੀ ਦਾ ਸਫਰ

ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਕੀਤੀ ਅਤੇ ਇਸ ਧਰਮ ਨੂੰ ਸਥਿਰਤਾ ਦੇਣ ਤੇ ਸਿੱਖੀ ਮਹਿਲ ਨੂੰ ਅੱਗੇ ਤੋਰਨ ਲਈ ਗੁਰੂ ਅੰਗਦ ਦੇਵ ਜੀ ਨੇ ਅਹਿਮ ਭੂਮਿਕਾ ਨਿਭਾਈ। ਗੁਰੂ ਅੰਗਦ ਦੇਵ ਜੀ ਦਾ ਜਨਮ ਬਾਬਾ ਫੇਰੂਮਲ ਜੀ ਦੇ ਘਰ ਮੱਤੇ ਦੀ ਸਰਾਂ (ਜ਼ਿਲਾ ਮੁਕਤਸਰ) ਵਿਖੇ 31 ਮਾਰਚ, 1504 ਈ: ਨੂੰ ਹੋਇਆ। ਆਪ ਜੀ ਦਾ ਬਚਪਨ ਦਾ ਨਾਂ 'ਲਹਿਣਾ' ਸੀ।ਸਿੱਖ ਧਰਮ ਦੀ ਸਦੀਵੀ ਹੋਂਦ ਬਰਕਰਾਰ ਰੱਖਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਰ-ਦ੍ਰਿਸਟੀ ਤੇ ਦਾਨਸ਼ਮੰਦੀ ਨਾਲ ਗੁਰੂ-ਚੇਲੇ ਦੀ ਰੀਤ ਚਲਾ ਕੇ ਭਾਈ ਲਹਿਣੇ ਨੂੰ ਦੂਜੇ ਗੁਰੂ ਅੰਗਦ ਦੇਵ ਜੀ ਦੇ ਰੂਪ ਵਿਚ ਸਥਾਪਤ ਕੀਤਾ।ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ 62 ਸਲੋਕਾਂ ਦੇ ਰੂਪ ਵਿੱਚ ਮਿਲਦੀ ਹੈ। ਅੰਗਦ ਦਾ ਸ਼ਾਬਦਿਕ ਅਰਥ ਹੈ: ਅੰਗ ਨੂੰ ਸ਼ੋਭਾ ਦੇਣ ਵਾਲਾ ਭੂਸ਼ਣ, ਭੁਜਬੰਦ, ਬਾਜੂਬੰਦ ਆਦਿ। ਟਰੰਪ ਦੇ ਸ਼ਬਦਾਂ ਵਿਚ ਸਭ ਕੁਝ ਖਿਲਰ-ਪੁਲਰ ਤੇ ਉੱਡ-ਪੁਡ ਜਾਂਦਾ ਜੇ ਗੁਰੂ ਨਾਨਕ ਸਾਹਿਬ ਆਪਣੀ ਥਾਂ ਗੁਰੂ ਅੰਗਦ ਨੂੰ ਨਾ ਬਿਠਾਲਦੇ। ਗੋਕਲ ਚੰਦ ਨਾਰੰਗ ਦਾ ਕਹਿਣਾ ਹੈ ਕਿ ਜੇਕਰ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ ਨੂੰ ਗੁਰੂਤਾ-ਗੱਦੀ ਦੀ ਬਖਸ਼ਿਸ਼ ਨਾ ਕਰਦੇ ਤਾਂ ਅੱਜ ਸਿੱਖ ਧਰਮ ਦਾ ਨਾਮੋ-ਨਿਸ਼ਾਨ ਵੀ ਨਾ ਹੁੰਦਾ।
    ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ ਨੂੰ ਪੂਰੀ ਤਰ੍ਹਾਂ ਯੋਗ ਜਾਣ ਕੇ ਗੁਰੂ ਅੰਗਦ ਨਾਮ ਦੇ ਕੇ ਸਤੰਬਰ 1539 ਈ: ਵਿਚ ਪ੍ਰਮੁੱਖ ਸਿੱਖਾਂ ਦੀ ਮੌਜੂਦਗੀ ਵਿਚ ਆਪਣੀ ਥਾਂ ਤੇ ਪ੍ਰਚਾਰ ਕਰਨ ਦੇ ਲਈ ਗੁਰਿਆਈ ਦੀ ਮਹਾਨ ਜ਼ਿੰਮੇਵਾਰੀ ਸੌਂਪੀ। ਗੁਰਗੱਦੀ ਦਾ ਸ਼ਾਬਦਿਕ ਅਰਥ ਹੈ ਗੁਰੂ ਦਾ ਤਖਤ। ਗੁਰੂ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਮੱਥਾ ਟੇਕਿਆ ਤੇ ਬਾਕੀ ਸੰਗਤਾਂ ਨੂੰ ਮੱਥਾ ਟੇਕਣ ਲਈ ਕਿਹਾ। ਗੁਰੂ ਨਾਨਕ ਦੇਵ ਜੀ ਨੇ ਗੁਰੂ ਅੰਗਦ ਦੇਵ ਜੀ ਨੂੰ ਤਖਤ ਤੇ ਬਿਠਾ ਕੇ ਸਭ ਸੰਗਤਾਂ ਦੇ ਸਾਹਮਣੇ ਬਾਣੀ ਦੀ ਪੋਥੀ ਸੌਂਪ ਕੇ ਐਲਾਨ ਕੀਤਾ ''ਮੇਰੀ ਜਗ੍ਹਾ ਹੁਣ ਗੁਰੂ ਅੰਗਦ ਦੇਵ ਜੀ ਨੂੰ ਸਮਝਣਾ। ਇਹਨਾਂ ਦਾ ਦਰਸ਼ਨ ਮੇਰਾ ਦਰਸ਼ਨ, ਇਹਨਾਂ ਦਾ ਬਚਨ ਹੀ ਮੇਰਾ ਬਚਨ ਹੋਵੇਗਾ। ਗੁਰੂ ਨਾਨਕ ਦੇਵ ਜੀ ਨੇ ਮਾਰੂ ਸੋਲਹੇ ਵਿਚ ਕਿਹਾ ਹੈ ਕਿ ਉਸ ਤਖਤ ਤੇ ਉਹੀ ਬੈਠਦਾ ਹੈ ਜੋ ਉਸ ਦੇ ਲਾਇਕ ਹੁੰਦਾ ਹੈ। ਜਿਸ ਨੇ ਕਾਮ, ਕਰੋਧ, ਲੋਭ, ਮੋਹ ਅਤੇ ਹੰਕਾਰ ਆਦਿ ਵਿਕਾਰਾਂ ਨੂੰ ਮੁਕਾ ਲਿਆ ਹੋਵੇ, ਉਸ ਨੂੰ ਹੀ ਤਖਤ ਦੀ ਪ੍ਰਾਪਤੀ ਹੁੰਦੀ ਹੈ।

 
ਤਖਤਿ ਬਹੈ ਤਖਤੈ ਕੀ ਲਾਇਕ॥
                             ਸ੍ਰੀ ਗੁਰੂ ਗੰਥ ਸਾਹਿਬ, ਅੰਗ 1039

ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਸਿੱਖ ਭਾਈ ਲਹਿਣੇ ਨੂੰ ਆਪਣੇ ਹੱਥੀਂ ਗੱਦੀ ਨਸ਼ੀਨ ਕੀਤਾ। ਪਰਚੀਆਂ ਭਾਈ ਸੇਵਾ ਦਾਸ ਦੇ ਅਨੁਸਾਰ ''ਆਪ ਹੋਤੇ ਗੁਰਾਈ ਕੈ ਤਖਤ ਉਪਰ ਬੈਠਾਇਆ।'' ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਵਿਚ ਗੁਰ-ਗੱਦੀ ਦੀ ਪਰੰਪਰਾ ਨੂੰ ਇਵੇਂ ਦਰਸਾਉਂਦੇ ਹਨ:


        ਥਾਪਿਆ ਲਹਿਣਾ ਜੀਵਦੇ ਗੁਰਿਆਈ ਸਿਰਿ ਛਤ੍ਰ ਫਿਰਾਇਆ।
ਜੋਤੀ ਜੋਤਿ ਮਿਲਾਇਕੈ ਸਤਿਗੁਰ ਨਾਨਕ ਰੂਪ ਵਟਾਇਆ।
ਲਖਿ ਨ ਕੋਈ ਸਕਈ ਆਚਰਜੇ ਆਚਰਜ ਦਿਖਾਇਆ।
ਕਾਇਆ ਪਲਟਿ ਸਰੂਪ ਬਣਾਇਆ॥      
                                ਵਾਰਾਂ ਭਾਈ ਗੁਰਦਾਸ ਜੀ,ਵਾਰ 1 ਪਉੜੀ 45
    
ਗੁਰਗੱਦੀ ਉਪਰੰਤ ਗੁਰੂ ਅੰਗਦ ਦੇਵ ਜੀ ਦਾ ਜੱਸ ਸੱਤਾਂ ਦੀਪਾਂ ਵਿੱਚ ਫੈਲ ਗਿਆ। ਭਾਈ ਲਹਿਣਾ ਜੀ ਗੁਰੂ ਨਾਨਕ ਪਾਤਸ਼ਾਹ ਦੇ ਚਰਨ ਪਰਸ ਕੇ 'ਜਗਤ ਗੁਰੂ' ਬਣ ਗਏ। ਭੱਟ 'ਕਲਸਹਾਰ' ਦਾ ਫੁਰਮਾਨ ਹੈ:


ਕਹੁ ਕੀਰਤਿ ਕਲ ਸਹਾਰ ਸਪਤ ਦੀਪ ਮਝਾਰ ਲਹਣਾ ਜਗਤ੍ਰ ਗੁਰੁ ਪਰਸਿ ਮੁਰਾਰਿ॥
                                                     ਸ੍ਰੀ ਗੁਰੂ ਗੰਥ ਸਾਹਿਬ, ਅੰਗ 1391

ਜਨਮਸਾਖੀ ਮਿਹਰਬਾਨ ਵਿਚ ਬਹੁਤ ਸਪਸ਼ਟ ਅੰਕਿਤ ਹੈ ''ਤਬ ਗੁਰੂ ਅੰਗਦ ਕਉ ਸ਼ਬਦ ਦੀ ਥਾਪਨਾ ਦੇ ਕੇ ਸੰਮਤ 1596, ਅੱਸੂ ਵਦੀ ਦਸਮੀ ਕਉ ਆਪ ਸਚਖੰਡ ਸਿਧਾਰੇ॥ਸਭ ਸੰਗਤਾਂ ਅਤੇ ਗੁਰੂ ਅੰਗਦ ਦੇਵ ਜੀ ਦੇ ਕਰਤਾਰਪੁਰ ਵਿਖੇ ਗੁਰੂ ਪੁੱਤਰਾਂ ਦੇ ਸਖਤ ਵਿਰੋਧ ਕਾਰਨ ਖਡੂਰ ਸਾਹਿਬ ਨੂੰ ਆਪਣਾ ਟਿਕਾਣਾ ਬਣਾਇਆ:


ਫੇਰਿ ਵਸਾਇਆ ਫੇਰੁਆਣਿ ਸਤਿਗੁਰਿ ਖਾਡੂਰੁ ॥
ਸ੍ਰੀ ਗੁਰੂ ਗੰਥ ਸਾਹਿਬ, ਅੰਗ 967
ਸਿੱਖ ਮੱਤ ਨੂੰ ਆਪ ਜੀ ਨੇ ਸ੍ਰੀ ਚੰਦ ਦੁਆਰਾ ਚਲਾਏ ਉਦਾਸੀ ਮੱਤ ਦੇ ਪ੍ਰਭਾਵ ਤੋਂ ਬਚਾਇਆ। ਪਹਿਲੇ ਪਾਤਸ਼ਾਹ ਦੇ ਬਖਸ਼ੇ ਗੁਰਮਤਿ ਮਾਰਗ ਦਾ ਬਹੁਤ ਸੁਚੱਜੇ ਢੰਗ ਨਾਲ ਪਾਸਾਰ ਕੀਤਾ। ਗੁਰੂ ਅੰਗਦ ਦੇਵ ਜੀ ਨੇ ਦੀਨ-ਦੁਖੀਆਂ ਦੀ ਸੇਵਾ, ਲੰਗਰ ਦੀ ਮਰਿਆਦਾ ਅਤੇ ਗੁਰਮੁਖੀ ਲਿਪੀ ਦਾ ਪ੍ਰਚਾਰ ਅਤੇ ਬਾਲ-ਬੋਧ ਤਿਆਰ ਕਰ ਕੇ ਬੱਚਿਆਂ ਵਿਚ ਵੰਡਿਆ। ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ''ਗੁਰਮੁਖੀ ਲਿਪੀ ਤੋਂ ਭਾਵ ਜੋ ਵਾਕ ਗੁਰਮੁਖਾਂ ਨੇ ਲਿਖੇ, ਜਿਸ ਕਾਰਨ ਇਸ ਦਾ ਨਾਉਂ 'ਗੁਰਮੁਖੀ' ਪ੍ਰਸਿੱਧ ਹੋਇਆ। ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪ੍ਰਸੰਗ ਨੂੰ ਸੰਭਾਲਣ ਲਈ ਜਨਮਸਾਖੀ ਪਰੰਪਰਾ ਪ੍ਰਚੱਲਿਤ ਹੋਈ। ਗੁਰਬਾਣੀ ਕੀਰਤਨ, ਸੰਗਤ, ਲੰਗਰ-ਪੰਗਤ ਦੀ ਜੁਗਤ ਦਾ ਪ੍ਰਚਾਰ ਕਰਕੇ ਮਾਨਵਵਾਦੀ ਫ਼ਲਸਫੇ ਨੂੰ ਉਤਸ਼ਾਹਿਤ ਕੀਤਾ ਅਤੇ ਊਚ-ਨੀਚ ਦੇ ਭੇਦ-ਭਾਵ ਨੂੰ ਸਮਾਜ ਵਿਚੋਂ ਖਤਮ ਕਰਨ ਲਈ ਯਤਨਸ਼ੀਲ ਹੋਏ। ਗੁਰਬਾਣੀ ਇਸ ਗੱਲ ਦੀ ਗਵਾਹ ਹੈ ਕਿ ਗੁਰੂ ਅੰਗਦ ਦੇਵ ਜੀ ਆਪ ਗੁਰ ਸ਼ਬਦ ਦੇ ਲੰਗਰ  ਨੂੰ ਵਰਤਾਇਆ ਕਰਦੇ ਸਨ।ਜਿਸ ਦੇ ਸਬੰਧ ਵਿੱਚ ਭਾਈ ਸੱਤਾ ਤੇ ਬਲਵੰਡ ਰਾਮਕਲੀ ਕੀ ਵਾਰ ਵਿੱਚ ਜਿਕਰ ਕਰਦੇ ਹਨ:

ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਨ ਆਵੀ ਖਟੀਐ ॥
 ਸ੍ਰੀ ਗੁਰੂ ਗੰਥ ਸਾਹਿਬ, ਅੰਗ 967
ਗੁਰੂ ਨਾਨਕ ਦੇਵ ਜੀ ਨੇ 20 ਰੁਪੈ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਲੰਗਰ ਦੀ ਪ੍ਰਥਾ ਨੂੰ ਆਰੰਭ ਕਰ ਦਿੱਤਾ ਸੀ। ਗੁਰੂ ਅੰਗਦ ਦੇਵ ਜੀ ਨੇ ਖਡੂਰ ਸਾਹਿਬ ਪਹੁੰਚ ਕਰਕੇ ਲੰਗਰ ਦੀ ਪ੍ਰਥਾ ਦਾ ਵਿਕਾਸ ਕੀਤਾ। ਜਿਸ ਵਿੱਚ ਗੁਰੂ ਜੀ ਦੇ ਮਹਿਲ ਮਾਤਾ ਖੀਵੀ ਜੀ ਨੇ ਵਡਮੁੱਲਾ ਯੋਗਦਾਨ ਪਾਇਆ। ਲੰਗਰ ਦੀ ਇਹ ਪ੍ਰਥਾ ਅੱਜ ਵੀ ਉਸੇ ਰੂਪ ਵਿੱਚ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ।
 ਸਮਾਜ ਨੂੰ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ ਕਰਨ ਲਈ ਖੇਡਾਂ ਅਤੇ ਮੱਲਾਂ ਦੇ ਅਖਾੜਿਆਂ ਦਾ ਵਿਕਾਸ ਕੀਤਾ। ਗੁਰੂ ਜੀ ਦੁਆਰਾ ਪੈਦਾ ਕੀਤੀ ਗਈ ਨਰੋਈ ਦੇਹ ਵਿੱਚੋਂ ਹੀ ਇੱਕ ਵਿਲੱਖਣ ਸੱਭਿਆਚਾਰ ਪੈਦਾ ਹੋਇਆ ਜੋ ਖਾਲਸਾ ਫੌਜ ਦੇ ਵਿਲੱਖਣ ਕਾਰਨਾਮਿਆਂ ਦਾ ਅਧਾਰ ਬਣਿਆ।
ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥
                                                       ਸ੍ਰੀ ਗੁਰੂ ਗੰਥ ਸਾਹਿਬ, ਅੰਗ 1280
ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਗੁਰਿਆਈ ਦੀ ਜ਼ਿੰਮੇਵਾਰੀ ਇਕ ਬਹੁਤ ਵੱਡੀ ਜ਼ਿੰਮੇਵਾਰੀ ਸੀ। ਇਸ ਜ਼ਿੰਮੇਵਾਰੀ ਦਾ ਮੰਤਵ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਨਿਖਾਰਨਾ, ਪ੍ਰਚਾਰਨਾ, ਮਨੁੱਖੀ ਭਾਈਚਾਰੇ ਵਿਚ ਪ੍ਰਭਾਵਸ਼ਾਲੀ ਢੰਗ ਦੇ ਨਾਲ ਜਾਰੀ ਕਰਨਾ, ਇਸੇ ਹੀ ਵਿਚਾਰਧਾਰਾ ਨੂੰ ਮਿਲਗੋਭਾ ਹੋਣ ਤੋਂ ਬਚਾਉਣਾ ਆਦਿ ਸੀ। ਗੁਰੂ ਅੰਗਦ ਦੇਵ ਜੀ ਨੇ ਆਪਣੇ ਜੀਵਨ ਦੇ ਲਗਭਗ ਤੇਰਾਂ ਸਾਲ (ਸਤੰਬਰ 1539-1552) ਦੇ ਗੁਰਿਆਈ ਕਾਲ ਸਮੇਂ ਹਰੇਕ ਉਪਦੇਸ਼ ਅਤੇ ਹਰੇਕ ਕਾਰਜ ਵਿਚ ਇਹਨਾਂ ਗੱਲਾਂ ਨੂੰ ਸਾਹਮਣੇ ਰੱਖਿਆ।

ਡਾ. ਜਸਵਿੰਦਰ ਸਿੰਘ
ਸਿੱਖ ਸੈਂਟਰ, ਸਿੰਘਾਪੁਰ
ਮੋਬਾਇਲ ਨੰ. +65 98951996