Rewail Singh Italy

(ਰਿਸ਼ਤਿਆਂ ਦੀ ਮਹਿਕ) ਮੇਰੀ ਵੱਡੀ ਭੈਣ - ਰਵੇਲ ਸਿੰਘ

ਦੇਸ਼ ਦੀ ਵੰਡ ਵੇਲੇ ਮੈਂ ਮਸਾਂ ਨੌਂ ਦਸ ਵਰ੍ਹਿਆਂ ਦਾ ਹੋਵਾਂਗਾ,ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ।ਪਲੇਠੀ ਦੀ ਮੇਰੀ ਵੱਡੀ ਭੈਣ ਰਵੇਲੋ  ਮੈਥੋਂ ਦੋ ਵਰ੍ਹੇ ਵੱਡੀ ਸੀ, ਉਦੋਂ ਧੀਆਂ ਨੂੰ ਪੜ੍ਹਾਏ ਜਾਣ ਦਾ ਸਮਾਂ ਨਹੀਂ ਸੀ।। ਦਾਦੀ ਬਾਪੂ, ਬੇਬੇ , ਤੇ ਦੋ ਭੈਣ ਭਰਾ ਅਸੀਂ ਓਦੋਂ ਪ੍ਰਿਵਾਰ ਦੇ ਪੰਜ ਜੀਅ ਹੀ ਸਾਂ। ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਾਂ।
ਦਾਦੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ।ਮੇਰੇ ਦਾਦਾ ਜੀ 1914 ਦੀ ਵਿਸ਼ਵ ਜੰਗ ਵਿੱਚ ਸ਼ਹੀਦ ਹੋ ਜਾਣ ਕਰਕੇ ਦਾਦੀ ਨੂੰ ਪੈਨਸ਼ਨ ਦੇ ਇਲਾਵਾ ਜੰਗੀ ਇਨਾਮ ਵੀ ਮਿਲਿਆ ਹੋਇਆ ਸੀ।
ਬਾਪੂ  ਵੀ ਦੂਜੇ  ਵਿਸ਼ਵ ਯੁੱਧ ਵਿੱਚ ਫੌਜ ਵਿੱਚ ਸੀ, ਦੋ ਸਾਲ ਫੌਜ ਦੀ ਨੌਕਰੀ ਕਰਕੇ ਅੱਖਾਂ ਦੇ ਬੋਰਡ ਕਰਕੇ ਪੈਨਸ਼ਨ ਲੈ ਕੇ ਘਰ ਆ ਗਿਆ ।
ਫਿਰ ਦੂਜੀ ਵਾਰ ਲਾਹੌਰ (ਹਰਬੰਸ ਪੁਰਾ) ਆਰਡੀਨੈਂਸ ਡਿਪੂ ਵਿੱਚ ਬਤੌਰ ਡਰਾਈਵਰ ਨੌਕਰੀ ਕਰਨ ਲਗ ਪਿਆ। ਸਾਰਾ ਪ੍ਰਿਵਾਰ ਸੁੱਖੀਂ ਸਾਂਦੀ ਵੱਸ ਰਿਹਾ ਸੀ।
ਭਾਂਵੇਂ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ,ਪਰ ਭੈਣ ਤਾਂ ਮੇਰੇ ਸਾਹੀਂ ਜੀਂਉਂਦੀ ਸੀ।
ਜਦੋਂ ਕਦੇ ਕਿਸੇ  ਮਾੜੀ ਮੋਟੀ ਗੱਲੇ ਬੇਬੇ ਮੈਨੂੰ ਝਿੜਕਦੀ ਤਾਂ ਦਾਦੀ ਤਾਂ ਕਿਤੇ ਰਹੀ, ਭੈਣ ਹੀ ਮੈਨੂੰ ਬਚਾਉਂਦੀ, ਏਨਾ ਹੀ ਨਹੀਂ ਸਗੋਂ ਇਕ ਵੇਰਾਂ ਕੀ ਹੋਇਆ, ਗਲੀ ਵਿੱਚ ਕਿਸੇ ਛੋਟੀ ਮੋਟੀ ਗੱਲੇ ਮੇਰੀ ਲੜਾਈ ਇਕ ਅੱਥਰੇ ਮੁੰਡੇ ਨਾਲ ਹੋ ਗਈ।ਉਹ ਮੈਥੋਂ ਤਗੜਾ ਸੀ ਇਹ ਵੇਖ ਕੇ ਭੈਣ ਗਲੀ ਵਿੱਚ ਆਈ ਤੇ ਕੜਕ ਕੇ ਬੋਲੀ, ,ਖਬਰਦਾਰ ਜੇ ਮੇਰੇ ਭਰਾ ਨੂੰ ਹੱਥ ਲਾਇਆ ਤਾਂ,  ਹੱਥ ਵੱਢ ਦਿਆਂਗੀ, ਉਹ ਵੀ ਅੱਗੋਂ ਕਿਹੜਾ ਘੱਟ ਸੀ ਜਦੋਂ ਉਸ ਨੇ ਮੈਨੂੰ ਮਾਰਣ ਲਈ ਹੱਥ ਚੁਕਿਆ ਤਾਂ ਭੈਣ ਕੋਲ ਕੋਈ ਹੋਰ ਹੱਥਿਆਰ ਤਾਂ ਨਹੀਂ ਸੀ, ਉਸ ਨੇ ਉਸ ਦਾ ਹੱਥ ਮਰੋੜ ਕੇ ਮੂੰਹ ਤੇ ਐਸਾ ਜੋਰ ਦਾ ਥੱਪੜ ਜੜਿਆ ਕਿ ਉਸ ਨੂੰ ਭੱਜਦੇ ਹੋਏ ਨੂੰ ਰਾਹ ਨਾ ਲੱਭਿਆ।
ਮੈਂ ਖੜਾ ਭੈਣ ਦੀ ਦਲੇਰੀ ਅਤੇ ਉਸ ਨੂੰ ਜਾਨ ਛੁਡਾ ਕੇ ਦੌੜੇ ਜਾਂਦੇ ਵੱਲ ਘੂਰ ਘੂਰ ਕੇ ਦੇਖੀ ਜਾ ਰਿਹਾ ਸਾਂ।
 ਮੇਰੀ ਇਹ ਵੱਡੀ ਭੈਣ ਜਿੰਦਗੀ ਭਰ ਹਰ ਔਖੇ ਸੌਖੀ ਘੜੀ ਵਿੱਚ ਹਰ ਸਮੇਂ ਮੇਰਾ ਸਾਥ ਦੇਂਦੀ ਰਹੀ।
1947 ਦੀ ਦੇਸ਼ ਦੇ ਉਜਾੜੇ ਵਾਲੀ  ਵੰਡ ਦੀ ਤ੍ਰਾਸਦੀ ਜਿਨ੍ਹਾਂ ਨੇ ਵੇਖੀ ਸੁਣੀ  ਜਾਂ ਸਿਰ ਤੇ ਝੱਲੀ , ਇਹ ਉਹ ਹੀ ਜਾਣਦੇ ਸਮਝਦੇ ਹਨ।
ਮੈਂ ਤੇ ਮੇਰਾ ਪ੍ਰਿਵਾਰ ਇਹ ਸੱਭ ਕੁਝ ਹੰਡਾਉਣ ਵਾਲਾ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਬਾਪੂ ਦੇਸ਼ ਦੇ ਹਾਲਾਤ ਵੇਖ ਕੇ ਨੌਕਰੀ ਛੱਡ ਕੇ ਘਰ ਆ ਗਿਆ ਸੀ।
ਡੱਬੀ ਵਾਂਗ ਭਰਿਆ ਭਰਾਇਆ ਘਰ ਛੱਡ ਕੇ ਜਦੋਂ ਅੱਧੀ ਰਾਤ ਨੂੰ ਤਾਰਿਆਂ ਦੀ ਛਾਂਵੇਂ, ਆਪਣੇ ਪਿੰਡ ਦੇ ਲੋਕਾਂ ਦੇ ਕਾਫਿਲੇ ਨਾਲ ਦੋਵੇਂ ਭੈਣ ਭਰਾ ਨੰਗੇ ਪੈਰੀਂ ਜਦੋਂ ਸਹਿਮੇ ਹੋਏ ਦਾਦੀ,ਬੇਬੇ ਦੀ ਉੰਗਲ ਫੜੀ     ਅਣ ਕਿਆਸੀਆਂ ਰਾਹਾਂ ਤੇ ਦੇਸ਼ ਦੀ ਨਵੀਂ ਬਣੀ ਹੱਦ ਪਾਰ ਕਰਨ ਲਈ ਤੁਰੇ ਜਾ ਰਹੇ ਸਾਂ ਤਾਂ ਮੇਰੀ ਵੱਡੀ ਭੈਣ ਮੇਰੇ ਨੰਗੇ ਤੇ ਸੁੱਜੇ ਹੇਏ ਪੈਰਾਂ ਤੇ ਸਹਿਮੇ ਹੋਏ  ਮਾਸੂਮ ਚੇਹਰੇ ਵੱਲ  ਵਾਰ ਵਾਰ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀ ਜਾ ਰਹੀ  ਸੀ,ਉਸ ਨੂੰ ਆਪਣੇ ਨਾਲੋਂ  ਮੇਰਾ ਖਿਆਲ ਬਹੁਤਾ ਆ ਰਿਹਾ ਸੀ,ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ।
ਸਾਨੂੰ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਹਨੇਰੀ , ਅਣਜਾਣ ਦੁਨੀਆ ਵੱਲ ਜਾ ਰਹੇ ਹੋਈਏ।
ਦੇਸ਼ ਦੀ ਨਵੀਂ ਬਣੀ ਹੱਦ ਤੀਕ ਪੁੱਜਣ ਤੱਕ ਦੇ ਭਿਆਨਕ ,ਕੋਝੇ , ਦਰਦ ਨਾਕ ਦਿਲ ਕੰਬਾਊ  ਦ੍ਰਿਸ਼ ਜਦੋਂ ਆਪਣਿਆਂ ਦਾ ਲਹੂ ਚਿੱਟਾ ਹੋ ਗਿਆ ਬਹੁਤ ਕੁਝ, ਜੋ ਵੇਖਿਆ, ਇਸ ਬਾਰੇ  ਪਹਿਲਾਂ ਵੀ ਮੈਂ ਆੱਪਣੇ ਲੇਖਾਂ ਵਿੱਚ ਲਿਖ ਚੁਕਾ ਹਾਂ ਏਥੇ ਮੈਂ ਆਪਣੀ ਵੱਡੀ ਭੈਣ ਬਾਰੇ ਹੀ ਲਿਖਣ ਦਾ ਯਤਨ ਕਰਾਂਗਾ।
ਬਸ ਏਥੋਂ ਹੀ ਸ਼ੁਰੂ ਹੁੰਦਾ ਹੈ ਲਗ ਪਗ ਇਕ ਦਹਾਕੇ ਦਾ ਸਮਾਂ ਟੱਪਰੀ ਵਾਸਾਂ ਵਾਂਗ, ਗੁਰਬਤ, ਮੰਦਹਾਲੀ, ਤੇ ਮੁਸੀਬਤਾਂ, ਵੇਖਣ ਦਾ, ਇਕ ਹੋਰ ਕਿ ਇਸ ਦੇ ਨਾਲ ਸਾਡਾ ਪ੍ਰਿਵਾਰ ਹੁਣ ਪੰਜਾਂ ਜੀਆਂ ਤੋਂ ਵਧ ਕੇ ਦੱਸਾਂ ਜੀਆਂ ਦਾ ਛੇ ਭੈਣਾਂ , ਤਿੰਨ ਭਰਾਂਵਾਂ ਦੇ ਹੋ ਚੁਕਾ ਸੀ। ਪਹਿਲੇ ਲੋਕ ਬਹੁਤੇ ਬੱਚੇ ਹੋਣਾ ਨਿਰਾ ਰੱਬ ਦੀ ਦਾਤ  ਹੀ ਸਮਝਦੇ ਸਨ। ਹੁਣ ਦੇ ਜ਼ਮਾਨੇ ਵਿੱਚ ਪ੍ਰਿਵਾਰ ਨਿਯੋਜਨ ਦੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਵਧ ਰਹੀ ਹੈ। ਇਸੇ ਤਰ੍ਹਾਂ ਹੀ ਪੁੱਤਾਂ ਵਾਂਗ ਧੀਆਂ ਨੂੰ ਬ੍ਰਾਬਰ ਸਮਝ ਕੇ ਪੜ੍ਹਾਉਣ ਦੇ ਉਪਰਾਲੇ ਹੋ ਰਹੇ ਹਨ ।
ਖੈਰ ਕੁਝ ਥਾਂਵਾ ਤੇ ਫਿਰਦੇ  ਫਿਰਾਂਦੇ ਅਸਾਂ ਜਿਲਾ ਹੁਸ਼ਿਆਰ ਪੁਰ ਦੇ ਇੱਕ ਛੋਟੇ ਜਿਹੇ ਪਿੰਡ ਜੋ ਸਾਲਮ ਹੀ ਮੁਸਲਿਮ ਭਰਾਂਵਾਂ ਦਾ ਸੀ, ਜੋ ਇੱਥੋਂ ਹਿਜਰਤ ਕਰ  ਕੇ ਨਵੇਂ ਬਣੇ ਪਾਕਸਤਾਨ ਵਿੱਚ ਚਲੇ  ਜਾਣ ਕਰਕੇ ਉੱਜੜ ਕੇ ਬੇਆਬਾਦ ਖਾਲੀ ਪਿਆ ਸੀ ਜਾ ਡੇਰੇ ਲਾਏ।
ਕੱਚੇ ਕੋਠੇ ਢਾਰੇ, ਲਿੱਪ ਪੋਚ ਕੇ ਸਿਰ ਕੇ ਸਿਰ ਢੱਕਣ ਜੋਗੇ ਕਰ ਲਏ,ਕਮਾਦ,ਝੋਨੇ ਦੀ ਫਸਲ ਦੇ ਖੇਤ ਪਿੰਡ ਨੇ ਕਮੇਟੀ ਬਣਾ ਕੇ ਵੰਡ ਲਏ,ਆਵਾਰਾ ਫਿਰਦੇ ਪਸ਼ੂ ਬੈਲ, ਗਾਂਵਾਂ, ਮੱਝਾਂ, ਬੱਕਰੀਆਂ, ਕਾਬੂ ਕਰਕੇ ਲੋੜ ਅਨੁਸਾਰ ਆਪੋ ਆਪਣੇ ਘਰਾਂ ਵਿੱਚ ਰੱਖ ਲਏ।
ਕੁੱਝ ਦਿਨ ਮੈਂ ਵੀ ਮਾਲ ਡੰਗਰ ਚਾਰੇ, ਇਕ ਦਿਨ ਇਹ ਮੇਰੀ ਵੱਡੀ ਭੈਣ ਕਹਿਣ ਲੱਗੀ, ਡੰਗਰ ਚਾਰਣ ਦਾ ਕੰਮ ਮੈਂ  ਕਰਿਆ ਕਰਾਂਗੀ, ਤੁਸੀਂ ਮੇਰੇ ਵੀਰ ਨੂੰ ਪੜ੍ਹਨੇ ਪਾ ਦਿਓ।
 ਨੇੜੇ ਕੋਈ ਸਕੂਲ ਨਾ ਹੋਣ ਕਰਕੇ ਮੈਨੂੰ ਨਾਨਕੇ ਪਿੰਡ ਪੜ੍ਹਨ ਲਈ ਭੇਜ ਦਿਤਾ ਗਿਆ।ਜਿਥੇ ਰਹਿਕੇ ਮੈਂ ਪੜ੍ਹਾਈ ਕਰਨ ਉਪ੍ਰੰਤ ਪਟਵਾਰੀ ਦਾ ਕੋਰਸ ਕਰਕੇ ਪਟਵਾਰੀ ਦੀ ਨੌਕਰੀ ਤੇ  ਲੱਗ ਗਿਆ।
ਉਹ ਮੈਨੂੰ ਹਾਸੇ ਨਾਲ ਕਿਹਾ ਕਰਦੀ ਸੀ, ਵੇਖੀਂ ਭਰਾ ਮੁੱਠੀ ਗਰਮ ਕਰਾਉਣ  ਤੋਂ ਬਚੀਂ, ਬਰਕਤ ਸਦਾ ਨੇਕ ਕਮਾਈ ਵਿੱਚ ਹੀ ਹੁੰਦੀ ਹੈ।
ਉਸ ਦਾ ਵਿਆਹ ਵੀ  ਅਨੋਖਾ ਵਿਆਹ ਸੀ, ਜਿਸਦਾ ਜਿਕਰ ਫਿਰ ਕਿਤੇ ਕਰਨ ਦਾ ਯਤਨ ਕਰਾਂਗਾ। ਲੰਮੀ ਉਮਰ ਭੋਗ ਕੇ ਆਪਣੇ , ਮਿਹਣਤੀ , ਮਿਲਣ ਸਾਰ, ਸੁਭਾਅ ਕਰਕੇ ਇਕ ਸਫਲ ਤੇ ਚੰਗੇ ਪੜ੍ਹੇ ਲਿਖੇ ਬਾਗ ਪ੍ਰਿਵਾਰ ਵਾਲੀ ਹੋ ਕੇ ਭਾਂਵੇ ਹੁਣ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਤਾਂ ਕਹਿ ਗਈ ਹੈ ਪਰ ਯਾਦਾਂ ਦੇ ਝਰੋਖੇ ਚੋਂ ਜਦ ਕਦੀ ਮੇਰੀ ਇਸ ਵੱਡੀ ਭੈਣ ਦੀ ਯਾਦ ਆਉਂਦੀ ਹੈ ਤਾਂ ਮੇਰੀ ਇਸ ਵੱਡੀ ਭੈਣ, ਦੇ ਮੋਹ ਭਿੱਜੇ ਭੈਣ ਭਰਾ ਦੇ ਇਸ ਪਵਿੱਤ੍ਰ ਰਿਸ਼ਤੇ ਦੀ ਮਹਿਕ ਵਿੱਚ ਗੁਆਚਾ ਆਪਾ ਭੁਲਾ ਬੈਠਦਾ ਹਾਂ।   
ਰਵੇਲ ਸਿੰਘ  

ਕਾਦਰ ਯਾਰ -----ਬਨਾਮ  ---- ਕਿੱਸਾ ਪੂਰਨ ਭਗਤ - ਰਵੇਲ ਸਿੰਘ ਇਟਲੀ

 ਪੜ੍ਹਿਆ ਕਿੱਸਾ ਲਿਖਿਆ, ਪੂਰਨ ਭਗਤ ਦਾ,
ਸੁਹਣੇ ਸ਼ਾਇਰ, ਮੀਆਂ,
 ਕਾਦਰ ਯਾਰ ਦਾ।
ਅੰਧ ਵਿਸ਼ਵਾਸ਼ੀ ਦਾ ਵੀ ਵੇਖੋ ਕਿੰਨਾ ਜੋਰ ਸੀ,
ਭੋਰੇ ਦੇ ਵਿੱਚ ਪਾਇਆ,ਪੁੱਤਰ ਜੰਮਦਿਆਂ,
ਕਿੰਨਾ ਪੱਥਰ ਦਿਲ ਸੀ,
ਪਿਉ ਸਲਵਾਨ ਦਾ।
ਆਖੇ  ਲੱਗ ਕੇ ਪਿੱਛੇ, ਵਹਿਮੀਂ ਪੰਡਤਾਂ,
ਪੁੱਤਰ ਪਾਇਆ ਅੰਦਰ ਘੋਰ ਮੁਸੀਬਤਾਂ,
ਰਾਣੀ ਇੱਛਰਾਂ ਜਾਇਆ,
ਪਹਿਲੀ ਵਾਰ ਦਾ।
ਮੋਹ ਮਮਤਾ ਦੀ ਮੂਰਤ,ਰਾਣੀ ਇੱਛਰਾਂ,
ਰੋ ਰੋ ਨੀਰ ਸੁਕਾਇਆ,ਅੱਖਾਂ,ਅੰਨ੍ਹੀਆਂ,
ਪੁੱਤਰ ਦਾ ਇਹ ਦੁੱਖ,
ਨਾ ਜਾਵੇ ਝੱਲਿਆ।
ਬਾਰ੍ਹਾਂ ਵਰ੍ਹੇ ਬਿਤਾ ਕੇ ਅੰਦਰ ਭੋਰਿਆਂ,
ਮਾਂ ਸੀ ਝੱਲੀ ਹੋਈ ਝੁਰਦੇ ਝੋਰਿਆਂ.
ਲੂਣਾਂ ਦਾ ਕਿਰਦਾਰ,
ਤੂੰ ਸੀ ਚਿੱਤਰਿਆ।
ਕਿੱਦਾਂ ਦੱਸੀ ਪੂਰਨ ਦੀ ਤੂੰ ਸਾਬਤੀ,
ਜੋ ਸੀ ਕੂੜ ਕਹਾਣੀ,ਸੱਚੀ ਆਖਦੀ,
ਦਿੱਤੀਆਂ ਸਖਤ ਸਜਾਵਾਂ,
ਪੁੱਠਾ ਲਟਕਿਆ।
ਲੈ ਗਿਆ ਯੋਗੀ ਨਾਲ ਖੂਹੋਂ ਕੱਢ ਕੇ,
ਪਰਖਾਂ ਅੰਦਰ ਪਾਇਆ ਸਭ ਕੁੱਝ ਛੱਡ ਕੇ,
ਖਾਕੋਂ ਨੂਰ ਬਣਾਇਆ,
ਪੁਤਲਾ ਖਾਕ ਦਾ।
ਮੋਹ ਨਾ ਸੱਕੀ ਉਸ ਨੂੰ,ਰਾਣੀ ਸੁੰਦਰਾਂ,
ਸਾਧੂ ਆਪ ਬਣਾਇਆ,ਪਾ ਕੇ ਮੁੰਦਰਾਂ,
ਚੇਲਾ ਸੀ ਜਦ ਬਣਿਆ,
ਜੋਗੀ ਨਾਥ ਦਾ।
ਰੰਗ ਬਰੰਗਾ ਗੁੰਦਿਆ ਸੁਹਣਾ ਹਾਰ ਤੂੰ,
ਮਾਂ ਬੋਲੀ ਗਲ਼ ਪਾਇਆ ਖੂਬ ਸ਼ਿੰਗਾਰ ਤੂੰ,
ਤੂੰ ਪੰਜਾਬੀ ਮਾਂ ਦੀ,
ਕਦਰ  ਪਛਾਣਦਾ।
ਸਜਦੇ ਕਰਾਂ ਹਜਾਰ ਤੇਰੀ ਕਲਮ ਨੂੰ,
ਕਿੱਸੇ ਦੇ ਫਨਕਾਰ ਮੈਂ,ਤੇਰੇ ਹੁਨਰ ਨੂੰ,
ਤੂੰ ਸਾਹਿਤ ਦਾ ਹੀਰਾ,
ਅਜਬ ਕਮਾਲ ਦਾ।
ਪੜ੍ਹਿਆ ਕਿੱਸਾ ਲਿਖਿਆ,
ਪੂਰਨ ਭਗਤ ਦਾ,
ਸੁਹਣੇ ਸ਼ਾਇਰ ਮੀਆਂ,
ਕਾਦਰ ਯਾਰ ਦਾ।
))))))))))))))))))
ਰਵੇਲ ਸਿੰਘ ਇਟਲੀ

ਠੀਕਰੀਆਂ - ਰਵੇਲ ਸਿੰਘ ਇਟਲੀ 

 ਅੱਜ ਜਦੋਂ ਗਮਲਿਆਂ ਵਿੱਚ ਕੁੱਝ ਫੁੱਲ  ਬੂਟੇ ਲਾ ਰਿਹਾ ਸਾਂ ਤਾਂ  ਗਮਲਿਆਂ ਵਿੱਚੋਂ ਪਾਣੀ ਦੇ ਨਿਕਾਸ ਲਈ ਇਨ੍ਹਾਂ ਹੇਠ  ਕੀਤੇ ਗਏ ਛੇਦਾਂ ਉੱਤੇ ਰੱਖਣ ਲਈ ਕੁਝ ਠੀਕਰੀਆਂ ਭਾਲ ਰਿਹਾ ਸਾਂ।ਪਰ ਠੀਕਰੀਆਂ ਦੀ ਥਾਂ ਪੱਥਰ ਦੀਆਂ ਟਾਇਲਾਂ ਦੇ ਛੋਟੇ ਮੋਟੇ ਟੁੱਕੜੇ, ਰੋੜੇ ਸੀਮੈਂਟ ਜਾਂ ਇੱਟਾਂ ਦੇ ਰੋੜੇ ਹੀ ਮਿਲ ਰਹੇ ਸਨ। ਕਦੇ ਸਮੇਂ ਸਨ ਜਦੋਂ, ਆਮ ਵਰਤੋਂ ਲਈ ਮਿੱਟੀ ਦੇ ਭਾਂਡੇ,ਕੁਨਾਲੀਆਂ(ਮਿੱਟੀ ਦੀਆਂ ਪਰਾਤਾਂ)ਪਿਆਲੇ, ਕਾੜ੍ਹਨੀਆਂ, ਛਕਾਲੇ ,ਹਾਂਡੀਆਂ,ਤੌੜੀਆਂ,ਚਾਟੀਆਂ, ਮੱਟ, ਮੱਟੀਆਂ, ਘੜੇ, ਗਾਗਰਾਂ, ਝੱਜਰੀਆਂ, ਸੁਰਾਹੀਆਂ, ਦੇਗਾਂ, ਚੱਪਨੀਆਂ, ਕੂੰਡੇ, ਝਾਂਵੇਂ,ਦੀਵੇ, ਬੁਘਣੀਆਂ, ਖਿਡਾਉਣੇ,ਤੇ ਹੋਰ ਵੀ ਕਈ ਚੀਜਾਂ ਵਸਤੂਆਂ ਜੋ ਚੀਕਣੀ ਮਿੱਟੀ ਤੋਂ ਬੜੀ ਕਰੜੀ ਮਿਹਣਤ ਨਾਲ ਤਿਆਰ ਕੀਤੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਤਿਆਰ ਕਰਦੇ ਕਿਸੇ ਕਾਰੀਗਰ ਦੇ ਦੋਵੇਂ ਪੈਰਾਂ ਦੇ  ਤਾਲ ਮੇਲ ਨਾਲ ਘੁਮਾਏ ਜਾਂਦੇ ਚੱਕ ਅਤੇ ਹੱਥਾਂ ਦੇ ਹੁਨਰ ਦਾ ਕਮਾਲ ਹੀ ਕਿਹਾ ਜਾ ਸਕਦਾ ਹੈ।
ਫਿਰ ਇਨ੍ਹਾਂ ਨੂੰ ਬੜੇ ਤਰੀਕੇ ਨਾਲ ਲੱਕੜ ,ਲੱਕੜੀ ਜਾਂ ਕੋਈ ਸਾਧਣਾਂ ਅੱਗ ਦੇ ਸੇਕ ਨਾਲ ਪਕਾਇਆ ਜਾਂਦਾ ਸੀ। ਇਸ ਪਕਾਏ ਜਾਣ ਵਾਲੇ ਥਾਂ ਨੂੰ ਆਵੀ ਕਿਹਾ ਜਾਂਦਾ ਸੀ।ਇਹ ਕੰਮ ਆਮ ਤੌਰ ਤੇ ਘੁਮਿਆਰ ਲੋਕ ਕਰਿਆ ਕਰਦੇ ਸਨ।
ਉਨ੍ਹਾਂ ਸਮਿਆਂ ਵਿੱਚ ਇਨ੍ਹਾਂ ਮਿੱਟੀ ਦੇ ਭਾਂਡਿਆਂ ਦੀ ਭੰਨ ਤੋੜ ਹੋ ਜਾਣ ਕਰਕੇ ਠੀਕਰੀਆਂ ਆਮ ਹੀ ਮਿਲ ਜਾਂਦੀਆਂ ਸਨ।
ਠੀਕਰੀ,ਠੀਕਰ,ਠੀਕਰਾ,ਬੱਬਰ, ਜਾਂ ਬੱਬਰੀ, ਸਭਨਾਂ ਨੂੰ ਕਿਸੇ ਮਿੱਟੀ ਦੇ ਕਿਸੇ ਭਾਂਡੇ ਦੇ ਟੁੱਟੇ ਨਿੱਕੇ ਵੱਡੇ ਟੁਕੜੇ ਨੂੰ ਹੀ ਕਿਹਾ ਜਾਂਦਾ ਹੈ।
ਠੀਕਰੀਆਂ ਬਾਰੇ ਇੱਕ ਬੜੀ ਰੌਚਕ ਗੱਲ  ਜੋ ਮੈਂ ਪਾਠਕਾਂ ਨਾਲ ਸਾਂਝੀ ਕਰ ਰਿਹਾ ਹਾਂ ਉਹ ਇਹ ਕਿ ਗੁਰੂ ਕੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ  ਦੇ ਬੋਲ ਬਾਲੇ ਬੜੇ ਅਜੀਬ ਤੇ ਹਸਾਉਣੇ ਤੇ ਚੁਟਕਲਿਆਂ ਵਰਗੇ ਵੀ ਹੁੰਦੇ ਹਨ, ਇਹ ਰੁੱਪਈਆਂ ਨੂੰ ਠੀਕਰੀਆਂ ਹੀ ਕਹਿੰਦੇ ਹਨ।
ਮੱਸਾ ਰੰਘੜ ਜਦੋਂ ਸਰਬ ਸਾਂਝੀ ਵਾਲਤਾ ਦੇ ਪ੍ਰਤੀਕ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੈਠ ਕੇ ਬੇਅਦਬੀ ਦਾ ਕੁਕਰਮ ਕਰ ਰਿਹਾ ਸੀ ਤਾਂ ਉਸ ਨੂੰ ਸੋਧਣ ਲਈ, ਭਾਈ ਸੁੱਖਾ ਸਿੰਘ,ਮਹਿਤਾਬ ਸਿੰਘ ਨਾਂ ਦੇ ਦੋ ਸਿੰਘ ਮੁਗਲਈ ਭੇਸ ਜਦੋਂ
ਮਾਮਲਾ ਤਾਰਣ ਦੇ ਬਹਾਨੇ  ਉਸ ਕੋਲ ਗਏ ਤਾਂ ਉਨ੍ਹਾਂ ਬੋਰੀਆਂ ਵਿੱਚ ਮਾਇਆ ਦੀ ਥਾਂ ਠੀਕਰੀਆਂ ਹੀ ਭਰੀਆਂ ਹੋਈਆਂ ਸਨ।
ਠੀਕਰੀਆਂ ਬਾਰੇ ਸਿੱਖ ਇਤਹਾਸ ਵਿੱਚ ਇੱਕ ਹੋਰ ਕਥਾ ਵੀ,ਸੁਣਨ ਵਿੱਚ ਆਉਂਦੀ ਹੈ, ਜਦੋਂ ਛੇਵੇਂ ਪਾਤਸ਼ਾਹ ਗੁਰੂ ਹਰਿ ਗੋਬਿੰਦ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਕਾਬਲ ਘੋੜੇ ਖ੍ਰੀਦਣ ਲਈ ਭੇਜਿਆ ਸੀ, ਉਸ ਵੇਲੇ ਦੀ ਘਟਨਾ ਵਿੱਚ ਵੀ ਠੀਕਰੀਆਂ ਦਾ ਜਿਕਰ ਆਉਂਦਾ ਹੈ।  
ਹੋ ਸਕਦਾ ਹੈ , ਕਿ ਸਮਿਆਂ ਦੇ ਗੇੜ ਨਾਲ ਕਿਸੇ ਕਾਰਣ ਖਵਰੇ  ਉਸ ਧਰਤੀ ਤੇ ਬਹੁਤੀਆਂ  ਠੀਕਰੀਆਂ ਹੋਣ ਕਰਕੇ ਹੀ ਕਈ ਪਿੰਡਾਂ ਦੇ ਨਾਂ ਵੀ ਠੀਕਰੀ ਵਾਲ ਜਾਂ ਠੀਕਰੀ ਵਾਲਾ ਹੀ ਰੱਖੇ ਗਏ ਹੋਣ।
ਇਸੇ ਤਰ੍ਹਾਂ ਹੀ ਪਿੰਡਾਂ ਥਾਂਵਾਂ ਰਾਤ ਵੇਲੇ ਦੇ ਪਹਿਰੇ ਦਾ ਨਾਂ ਵੀ ਠੀਕਰੀ ਪਹਿਰਾ ਕਰਕੇ ਲਿਆ ਜਾਂਦਾ ਹੈ।
ਜਦੋਂ ਪਿੰਡ ਦੀ ਰਾਖੀ ਲਈ ਜਦੋਂ ਇਕ ਥਾਂ ਇਕੱਠੇ ਹੁੰਦੇ ਸਨ ਤਾਂ ਪਹਿਲਾ ਬੰਦੇ ਨੂੰ ਹੱਥ ਵਿੱਚ ਠੀਕਰੀ ਲੈ ਕੇ ਪਿੰਡ ਦੇ ਦੁਆਲੇ ਫੇਰਾ ਮਾਰ ਕੇ ਹੱਥਲੀ ਠੀਕਰੀ  ਦੂਜੇ ਵਾਰੀ ਵਾਲੇ ਬੰਦੇ ਦੇ ਹੱਥ ਫੜਾ ਦਿੰਦਾ ਸੀ।ਇਸ ਤਰ੍ਹਾਂ ਇਸ ਪਹਿਰੇ ਦਾ ਨਾਂ ਠੀਕਰੀ ਪਹਿਰਾ ਹੀ ਪੈ ਗਿਆ ਜਾਪਦਾ ਹੈ ,ਜੋ ਹੁਣ ਤੀਕ ਚਲਿਆ ਆ ਰਿਹਾ ਹੈ।
ਸਮੇਂ ਦਾ ਪ੍ਰਿਵਰਤਣ ਹਮੇਸ਼ਾਂ ਆਪਣੇ ਰੰਗ ਵਿਖਾਂਦਾ ਆਇਆ ਹੈ ਤੇ ਵਿਖਾਂਦਾ ਰਹੇਗਾ। ਘਰ ਦੀ ਵਰਤੋਂ ਵਿੱਚ ਆਉਣ ਵਾਲੇ ਭਾਂਡੇ ਹੁਣ ਮਿੱਟੀ ਦੇ ਬਣੇ ਭਾਂਡਿਆਂ ਦੀ ਥਾਂ ਪਿੱਤਲ.ਤਾਂਬੇ,ਕੈਂਹ (ਕਾਂਸੀ) ਐਲੋਮੀਨੀਅਮ ਤੋਂ  ਹੁੰਦੀ ਹੋਈ ਹੁਣ ਸਟੀਲ,ਪਲਾਸਟਿਕ ਕੱਚ ਆਦਿ ਵਿੱਚ ਪਹੁੰਚ ਗਈ ਹੈ।
ਲੋਕ ਧੜਾ ਧੜ ਪਿੱਤਲ ਦੇ ਭਾਂਡੇ ਬਾਜਾਰ ਸਸਤੇ ਭਾਅ ਦੇ ਕੇ ਹੁਣ ਸਟੀਲ ਆਦਿ ਬਣੇ ਬਰਤਨ ਵਰਤਣਾ ਪਸੰਦ ਕਰਨ ਲੱਗ ਪਏ ਹਨ। ਪਰ ਨਾਲੋ ਨਾਲ ਹਰ ਘਰ ਵਿੱਚ ਫਰਿਜ ਹੁੰਦੇ ਹੋਏ ਵੀ ਮਿੱਟੀ ਦੇ ਘੜੇ ਸੁਰਾਹੀਆਂ,ਝਜਰੀਆਂ ਦੇ ਠੰਡੇ ਪਾਣੀ ਲੂੰ ਤਰਜੀਹ ਦੇਣ ਲੱਗ ਪਏ ਹਨ।
ਨਵੀਆਂ ਨਵੀਆਂ ਕਿਸਮਾਂ ਬੜੀ ਸੁੰਦਰ ਦਿੱਖ ਵਾਲੇ ਇਹ  ਮਿੱਟੀ ਦੇ ਭਾਂਡੇ ਸੜਕਾਂ ਦੇ ਕੰਢੇ ਜਾਂ ਦੁਕਾਨਾਂ ਵਿੱਚ ਖਾਸ ਕਰ ਗਰਮੀਆਂ ਦੇ ਮੌਸਮ ਵਿੱਚ ਆਮ ਵੇਖਣ ਨੂੰ ਮਿਲਦੇ ਹਨ।
ਘਰਾਂ ਵਿੱਚ ਲਿਆਉਣ ਤੇ ਵਰਤੋਂ ਕਰਦਿਆਂ ਇਨ੍ਹਾਂ ਦੀ ਟੁੱਟ ਭੱਜ ਵੀ ਨਾਲੋ ਨਾਲ ਹੁੰਦੀ ਹੀ ਰਹਿਣੀ ਹੈ ਤੇ ਹੁਣ ਠੀਕਰੀਆਂ ਵੀ ਕਿਤੇ ਨਾ ਕਿਤੇ ਮਿਲ ਹੀ ਜਾਇਆ ਕਰਨਗੀਆਂ।
ਵੈਸੇ  ਠੀਕਰੀ ਵੇਖਣ ਨੂੰ  ਤਾਂ  ਭਾਂਵੇਂ ਨਿਗੂਣੀ ਜਿਹੀ ਸ਼ੈਅ ਲਗਦੀ ਹੈ,ਪਰ ਲੋੜ ਪੈਣ ਤਾਂ ਜਿਵੇਂ  ਸਿਆਣੇ ਕਹਿੰਦੇ ਨੇ ਕਿ ਕੱਖ ਦੀ ਵੀ ਕੀਮਤ ਵੀ ਹੁੰਦੀ ਹੈ, ਇਹ ਤਾਂ ਫਿਰ ਹੋਈ ਠੀਕਰੀ ਜਾਂ ਠੀਕਰੀਆਂ,ਜੋ ਕਿਸੇ ਭਾਂਡੇ ਦੀ ਉਮਰ ਬੀਤ ਜਾਣ ਤੇ ਵੀ ਛੋਟੇ ਮੋਟੇ ਟੁਕੜਿਆਂ ਵਿੱਚ ਠੀਕਰੀ ਜਾਂ ਠੀਕਰੀਆਂ ਹੋ ਕੇ  ਵੀ ਮਨੁੱਖ ਦੇ ਕੰਮ ਆਉਂਦੀਆਂ  ਹਨ।
ਰਵੇਲ ਸਿੰਘ ਇਟਲੀ 

ਟੌਫੀਆਂ ਵਾਲਾ ਭਾਪਾ - ਰਵੇਲ ਸਿੰਘ ਇਟਲੀ

 ਚੌਦਾਂ ਸਾਲ ਦੇ ਲੰਮੇ ਸਮੇਂ ਪਿੱਛੇਂ ਵਿਦੇਸ਼ ਵਿੱਚ ਆਪਣਿਆਂ ਬੱਚਿਆਂ ਕੋਲ ਰਹਿਕੇ ਜਦੋਂ ਉਹ ਆਪਣੇ ਪਿੰਡ ਪਰਤਿਆ ਤਾਂ ਉਸ ਦੇ ਸਾਦ ਮੁਰਾਦੇ ਪਿੰਡ ਤੇ ਹਰ ਪੱਖੋਂ ਬਹੁਤ  ਨਿਖਾਰ ਆਇਆ ਹੈ।
ਕੱਚਿਆਂ ਕੋਠਿਆਂ ਤੇ ਢਾਰਿਆਂ ਦੀ ਥਾਂ ਹੁਣ ਉੱਚੀਆਂ ਉੱਚੀਆਂ ਦੋ ਦੋ ਤਿੰਨ ਮੰਜ਼ਲਾਂ ਵਾਲੀਆਂ ਕੋਠੀਆਂ ਨੇ ਲੈ ਲਈ ਹੈ। ਵੇਖਾ ਵੇਖੀ ਹੋਰ ਵੀ ਧੜਾ ਧੜ ਨਵੇਂ ਨਵੇਂ ਨਮੂਨਿਆਂ ਦੇ ਘਰ  ਬਣਾਏ ਜਾ ਰਹੇ ਹਨ।
 ਜਿੱਥੇ ਕਦੇ ਪਿੰਡ ਦੇ ਗੜ੍ਹੇ ਹੁੰਦੇ ਸਨ, ਉੱਥੇ ਹਰ ਕਿਸਮ ਦੀਆਂ ਦੁਕਾਨਾਂ ਬਣ ਗਈਆਂ ਹਨ,ਜੋ ਹੁਣ ਮਾੜੇ ਮੋਟੇ ਬਾਜਾਰ ਵਰਗੀਆਂ ਲਗਦੀਆਂ ਹਨ। ਪਿੰਡ ਵਿੱਚ ਬੜੇ ਆਲੀ ਸ਼ਾਨ ਬਣੇ ਗੁਰਦੁਵਾਰੇ ਤੇ ਅਰਸ਼ਾਂ ਨੂੰ  ਛੁਹੰਦਾ ਝੂਲਦਾ ਨਿਸ਼ਾਨ ਸਾਹਿਬ, ਇਸ ਦੇ ਇਲਾਵਾ ਮੰਦਰ,ਧਰਮ ਸ਼ਾਲਾ, ਤੇ ਈਸਾਈ ਧਰਮ ਦਾ ਗਿਰਜਾ ਵੀ ਬਣ ਗਿਆ ਹੈ।  
ਜਦੋਂ ਉਹ ਵਿਦੇਸ਼ ਗਿਆ ਸੀ ਓਦੋਂ ਪਿੰਡ ਦਾ ਕੋਈ ਟਾਂਵਾਂ ਟਾਂਵਾਂ ਬੰਦਾ ਹੀ ਵਿਦੇਸ਼ ਗਿਆ ਸੀ ,ਪਰ ਹੁਣ ਤਾਂ ਤਕਰੀਬਨ ਹਰ ਘਰ ਵਿੱਚੋਂ ਕੋਈ ਨਾ ਕੋਈ ਜੀਅ ਵਿਦੇਸ਼ ਚਲਾ ਗਿਆ  ਹੈ।
ਜਿਸ ਕਰਕੇ ਉਸ ਦਾ ਪਿੰਡ ਹੁਣ ਹਰ ਪੱਖੋਂ ਚੜ੍ਹਦੀਆਂ ਕਲਾਂ ਵਿੱਚ ਜਾ ਹੈ।
ਦੇਸ਼ ਦੀ ਵੰਡ ਵੇਲੇ ਮੁਸਲਮਾਨ ਭਰਾ ਪਾਕਿਸਤਾਨ ਹਿਜਰਤ ਕਰ ਤੇ ਚਲੇ ਗਏ ਪਰ ਉਨ੍ਹਾਂ ਦੇ ਕਿਸੇ ਵੇਲੇ ਦੇ ਇੱਸ ਪਿੰਡ ਦੇ ਚੜ੍ਹਦੇ ਉੱਤਰ ਵੱਲ ਇਕ ਵੱਡਾ ਕਬਰਸਤਾਨ  ਸੀ ਜੋ ਹੁਣ ਵੀ ਹੈ। ਚੱਕ ਬੰਦੀ ਵੇਲੇ  ਈਸਾਈ ਬਿਰਾਦਰੀ ਲਈ ਇਸ ਦੇ ਨਾਲ ਦਾ ਕੁਝ ਹਿੱਸਾ ਵੱਖਰਾ ਕਰ ਦਿੱਤਾ ਗਿਆ।ਬਾਕੀ ਦਾ ਵਕਫ ਬੋਰਡ ਦੇ ਕੰਟਰੋਲ ਹੇਠ ਆ ਜਾਣ ਕਰਕੇ ਲੋੜ ਵੰਦ ਲੋਕਾਂ ਨੂੰ ਲੀਜ਼ ਤੇ ਦੇ ਦਿੱਤਾ ਗਿਆ।
ਪਰ ਪਿੰਡ ਦੇ ਨਾਲ ਲਗਦੀਆਂ  ਫਕੀਰਾਂ ਦੇ ਦੋ ਮਜਾਰ ਹਨ ਜੇ ਪਿੰਡ ਲੋਕਾਂ ਦੀ ਆਸਥਾ ਕਰ ਕੇ ਜਿਉਂ ਦੇ ਤਿਉਂ  ਬਣੇ ਆ ਰਹੇ ਹਨ।ਜਿਨਾਂ ਤੇ ਹਰ ਵੀਰ ਵਾਰ ਨੂੰ ਲੋਕ ਆਪੋ ਆਪਣੀਆਂ ਮੰਨਤਾਂ ਮੰਨਦੇ ਹਨ, ਚਰਾਗ ਬਾਲਦੇ ਨਿਆਜ਼ ਚੜ੍ਹਾਉਂਦੇ ਹਨ।
ਇਨ੍ਹਾਂ ਵਿੱਚ ਕੁਝ ਐਸੇ ਨੌਜੁਆਨ ਵੀ ਹਨ ਜੋ ਹੁਣ  ਇਥੇ ਮੰਨਤਾਂ ਮੰਨ ਕੇ ਹੁਣ ਅਮੀਰ ਦੇਸ਼ਾਂ ਵਿੱਚ ਚਲੇ ਗਏ ਹਨ,  ਜਿਨ੍ਹਾਂ ਦੀ  ਆਸਥਾ ਇਨ੍ਹਾਂ ਮਜਾਰਾਂ ਨਾਲ ਜੁੜੀ ਹੋਈ  ਹੈ,ਜੋ ਇਨ੍ਹਾਂ ਦੀ ਸੁਹਣੀ ਦਿੱਖ ਬਣਾਉਣ  ਵਾਸਤੇ ਅਤੇ ਹੋਰ ਰੌਣਕਾਂ ਵਧਾਉਣ ਵਾਸਤੇ ਬਾਹਰੋਂ ਇਨ੍ਹਾਂ ਨਮਿੱਤ  ਪੈਸੇ ਭੇਜਦੇ ਰਹਿੰਦੇ ਹਨ ਤੇ ਆਪ ਵੀ ਇਨਾਂ ਰੌਣਕਾਂ ਭਰੇ ਮਾਹੌਲ ਦੇ ਨਜਾਰੇ ਵੇਖਣ ਲਈ ਆਉਂਦੇ ਜਾਂਦੇ ਰਹਿੰਦੇ ਹਨ।
ਉਨ੍ਹਾਂ ਨੇ ਰਲ਼ ਮਿਲ ਕੇ ਕੁਝ ਨੌ ਜਵਾਨਾਂ ਦੀ ਕਮੇਟੀ ਵੀ ਬਣਾਈ ਹੋਈ ਹੈ।ਜੋ ਇਨ੍ਹਾਂ  ਦੇ ਭੇਜੇ ਹੋਏ ਪੈਸਿਆਂ ਨਾਲ ਤੇ ਹੋਰ ਸ਼ਰਧਾਲੂਆਂ ਦੇ ਦਿੱਤੇ ਦਾਨ ਨਾਲ ਇਨ੍ਹਾਂ ਦੋ ਮਜਾਰਾਂ ਦੇ ਨਾਲ ਖੁਲ੍ਹੇ ਕਮਰੇ ਅਤੇ ਕਿਸੇ ਮੁਸਲਮਾਨ ਪੀਰ ਫਕੀਰ ਦੀ ਦਰਗਾਹ ਵਰਗਾ ਉੱਚਾ ਹਰੇ ਰੰਗ ਦਾ ਗੁੰਬਦ ਵੀ ਬਣਵਾਇਆ ਹੋਇਆ ਹੈ,ਜਿੱਥੇ ਹਰ ਸਾਲ ਭੰਡਾਰਾ ਲਗਦਾ ਹੈ,ਦੂਰੋਂ ਦੂਰੋਂ ਕੱਵਾਲ ਆਉਂਦੇ ਹਨ। ਮੇਲੇ ਵਰਗਾ ਰੌਣਕਾਂ ਦਾ ਮਾਹੌਲ ਬਣ ਜਾਂਦਾ ਹੈ।
ਇਸ ਦੇ ਨਾਲ ਇਸ ਦੇ ਨਾਲ ਹੀ ਇੱਕ ਐਨ.ਆਰ ਆਈ, ਦੀ ਲਗ ਪਗ ਏਕੜ ਕੁ ਭੂਮੀ ਹੈ ਜੋ ਲਗ ਪਗ ਸਾਰਾ ਸਾਲ ਹੀ ਖਾਲੀ ਪਈ ਰਹਿੰਦੀ ਹੈ  ਉਸ ਵਿੱਚ ਕਬੱਡੀ , ਤੇ ਕੁਸ਼ਤੀਆਂ  ਹੁੰਦੀਆਂ ਹਨ।ਦੂਰ ਦੁਰਾਡਿਉਂ ਨਾਮੀ ਕਬੱਡੀ ਖਿਡਾਰੀ , ਤੇ ਪਹਿਲਵਾਨ ਆ ਕੇ ਆਪੋ ਆਪਣੀਆਂ ਕਬੱਡੀ ਤੇ ਕੁਸ਼ਤੀਆਂ ਦੇ ਕਰਤਬ ਵਿਖਾਉਂਦੇ ਹਨ।
ਇਸ ਮੇਲੇ ਦੇ ਖਾਤਮੇ ਤੇ ਕਬੱਡੀ ,ਕੁਸ਼ਤੀਆਂ ਵਾਲੀ ਅਖਾੜੇ ਵਾਲੀ ਜ਼ਮੀਨ ਪਹਿਲਾਂ ਵਾਂਗ ਫਿਰ ਖਾਲੀ ਹੋ ਜਾਂਦੀ ਹੈ,ਜਿਸ ਵਿੱਚ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਪੈ ਜਾਣ ਕਰਕੇ ਛੋਟੇ ਛੋਟੇ ਬੱਚੇ ਜਿਨ੍ਹਾਂ ਵਿੱਚ ਲਗ ਪਗ ਹਰ ਜਾਤ ਧਰਮ  ਦੇ ਬੱਚੇ ਨੱਚਦੇ ਟੱਪਦੇ ਖੇਡ ਗਰਾਉਂਡ ਬਣਾ ਕੇ ਖੇਡਦੇ ਹਨ।
ਹੋਰ ਤਾਂ ਹੋਰ ਇਸ ਦੇ ਨਾਲ ਲਗਦੇ ਗੁੱਜਰ ਬਿਰਾਦਰੀ ਦੇ ਡੇਰਿਆਂ ਦੇ ਬੱਚੇ ਵੀ ਸ਼ਾਮਿਲ ਹੁੰਦੇ ਹਨ,  ਵਿਦੇਸ਼ੋਂ ਆਏ ਇੱਕ ਵਡੇਰੀ ਉਮਰ ਦੇ ਸ਼ਖਸ ਦੇ ਖੇਤ ਵੀ ਇਸ ਜਗ੍ਹਾ ਦੇ ਨਾਲ ਹੀ ਲਗਦੇ ਹਨ, ਉਹ  ਜਦੋਂ ਦਾ ਕੁਝ ਸਮੇਂ ਤੋਂ ਆਪਣੇ ਪਿੰਡ ਆਇਆ ਹੋਇਆ ਤੇ ਜਦੋਂ ਆਪਣੇ ਖੇਤਾਂ ਵੱਲ ਫੇਰਾ ਮਾਰਣ ਜਾਂਦਾ ਹੈ ਤਾਂ ਉਹ  ਉਨ੍ਹਾਂ ਨੂੰ ਖੇਡਦੇ ਵੇਖਣ ਲਈ ਉਥੇ ਕਿੰਨਾ ਕਿੰਨਾ ਚਿਰ ਖਲੋ ਕੇ ਵੇਖਦਾ ਰਹਿੰਦਾ ਹੈ।ਉਹ ਬੱਚਿਆਂ ਨੂੰ  ਬਹੁਤ ਪਿਆਰ ਕਰਦਾ ਹੈ।ਕਿਉਂਜੋ ਵਿਦੇਸ਼ ਰਹਿੰਦਿਆਂ ਓਥੇ ਉਸ ਨੇ ਬੱਚਿਆਂ ਨੂੰ ਖੁਸ਼ ਰੱਖਣ ਵਾਲੇ ਕਈ ਤਿਓਹਾਰ ਵੇਖੇ ਹਨ।
ਜਦੋਂ ਉਹ ਜਾਂਦਾ ਹੈ ਤਾਂ ਬੱਚੇ  ਬੜੇ ਪਿਆਰ ਨਾਲ, ਜਦੋਂ ਭਾਪਾ ਪੈਰੀਂ ਪਏ ਕਹਿੰਦੇ ਹੋਏ ਜਦੋਂ ਉਸ ਨੂੰ ਵਾਰੀ ਵਾਰੀ ਆ ਕੇ ਮੱਥੇ ਟੇਕਦੇ ਹਨ ਤਾਂ ਉਹ ਵੀ ਅਸ਼ੀਰ ਵਾਦਾਂ ਦੀ ਝੜੀ ਤਾਂ ਲਾ ਹੀ ਦੇਂਦਾ ਹੈ, ਪਰ ਜਦੋਂ ਜੇਠ ਹਾੜ ਦੀਆਂ ਧੁੱਪਾਂ ਦੀਆਂ ਸ਼ਾਮਾਂ ਨੂੰ ਮਿੱਟੀ ਘੱਟੇ ਨਾਲ ਲਿੱਬੜੇ,ਮੁੜ੍ਹਕੇ ਦੀ ਪਰਵਾਹ ਨਾ ਕਰਦੇ ਹੋਏ ਉਨ੍ਹਾਂ ਨੂੰ ਖੇਡਦੇ ਵੇਖ ਕੇ  ਸੋਚਦਾ ਕਿ ਇਨ੍ਹਾਂ ਵਿੱਚੋਂ ਵੀ ਇਕ ਨਾ ਇਕ ਦਿਨ ਕੋਈ ਨਾ ਕੋਈ ਜ਼ਰੂਰ ਕੋਈ ਵਧੀਆ ਖਿਲਾੜੀ ਬਣ ਕੇ ਉੱਭਰੇ ਗਾ।
ਇਕ ਦਿਨ ਰੋਜ਼ ਵਾਂਗ ਇਹ ਦਸ ਯਾਰਾਂ ਬੱਚਿਆਂ ਦੀ ਟੋਲੀ ਜਦੋਂ ਸਾਉਣ ਮਹੀਨੇ  ਵਰਖਾ ਹੋ ਰਹੀ ਸੀ  ਤੇ ਸਾਰੇ ਜਲ ਥਲ ਹੋ ਗਿਆ ਸੀ,ਗਲੀਆਂ ਵਿੱਚ ਵਗਦੇ ਬਰਸਾਤ ਦੇ ਪਾਣੀ ਵਿੱਚ ਨੱਚਦੇ ਟੱਪਦੇ, ਕਲੋਲਾਂ ਕਰਦੇ ਉਸ ਦੇ ਗੇਟ ਅੱਗਿਉਂ ਲੰਘ ਰਹੇ ਸਨ ਤਾਂ ਉਹ ਉਨ੍ਹਾਂ ਦੀ ਰੌਲੀ ਸੁਣ ਕੇ ਆਪਣਾ ਗੇਟ ਖੋਲ੍ਹ ਕੇ ਉਨ੍ਹਾਂ ਵੱਲ ਵੇਖ ਰਿਹਾ ਸੀ ਤਾਂ ਉਨ੍ਹਾਂ ਝੱਟ ਉਸ ਨੂੰ ਪਛਾਣ  ਲਿਆ ਕੇ ਅੱਗੇ ਵਾਂਗ ਉਸ ਨੂੰ ਵਾਰੀ ਵਾਰੀ ਮੱਥਾ ਟੇਕ ਕੇ ਜਾਣ ਲੱਗੇ ਤਾਂ ਉਹ ਉਨ੍ਹਾਂ ਨੂੰ ਕਹਿਣ ਲੱਗਾ ਕਿ ਇਥੇ ਹੀ ਠਹਿਰੋ ਜ਼ਰਾ ਮੈਂ ਤੁਹਾਡੇ ਖਾਣ  ਨੂੰ ਹੁਣੇ ਲੈ ਕੇ ਆਇਆਂ, ਉਹ ਅੰਦਰ ਗਿਆ ਤੇ ਬਾਹਰੋਂ  ਲਿਆਂਦੀਆਂ ਟਾਫੀਆਂ  ਦਾ ਪੈਕਟ ਫੜੀ ਬਾਹਰ ਆਇਆ ਤੇ ਸਾਰਿਆਂ ਨੂੰ ਦੋ ਦੋ ਟਾਫੀਆਂ ਖਾਣ ਲਈ ਦਿੱਤੀਆਂ, ਬੱਚੇ ਖੁਸ਼ ਹੋ ਕੇ ਟਾਫੀਆਂ ਖਾਂਦੇ ਨੱਚਦੇ ਟੱਪਦੇ ਕਦਾੜੀਆਂ ਮਾਰਦੇ ਇਕ ਦੂਜੇ ਦੇ ਅੱਗੇ ਪਿੱਛੇ ਦੌੜਦੇ ਅਗਲੀ ਗਲੀ ਮੁੜ ਗਏ।
ਹੁਣ ਉਹ ਜਦੋਂ ਉਸ ਗਲੀ ਵਿੱਚੋਂ ਮੌਜਾਂ ਮਸਤੀਆਂ ਕਰਦੇ ਲੰਘਦੇ ਹਨ ਤਾਂ ਬਾਹਰੋਂ ਹੀ ਉਸ ਦੇ ਘਰ ਦੀ ਬੈੱਲ ਵਜਾ ਕੇ ਭਾਪਾ ਪੈਰ ਪਏ ਕਹਿੰਦੇ ਬੂਹੇ ਅੱਗੇ ਰੁਕ ਜਾਂਦੇ ਹਨ,ਭਾਪਾ ਉਨ੍ਹਾਂ ਦਾ ਮਤਲਬ ਸਮਝ ਜਾਂਦਾ ਹੈ ਤੇ ਅੰਦਰੋਂ ਟਾਫੀਆਂ ਲੈ ਕੇ ਹਾਜ਼ਰ ਹੋ ਜਾਂਦਾ ਹੈ ਤੇ ਉਨ੍ਹਾਂ ਨੂੰ ਵੰਡਣ ਲੱਗ ਜਾਂਦਾ ਹੈ।ਇਸੇ ਤਰ੍ਹਾਂ ਜਦੋਂ ਵੀ ਬੱਚੇ ਉਸ ਦੀ ਗਲੀ ਵਿੱਚੋਂ ਜਦੋਂ ਵੀ ਲੰਘਣ,ਉਹ ਉਨ੍ਹਾਂ ਨੂੰ ਟਾਫੀਆਂ ਵੰਡਣੋਂ ਨਹੀਂ ਖੁੰਝਦਾ,ਇਸ ਤਰ੍ਹਾਂ ਹੁਣ ਉਹ ਇਨ੍ਹਾਂ ਬੱਚਿਆਂ ਵਿੱਚ ,ਟੌਫੀਆਂ ਵਾਲਾ ਭਾਪਾ, ਕਰਕੇ ਜਾਣਿਆ ਜਾਂਦਾ ਹੈ।
ਹੁਣ ਜਦੋਂ ਵੀ ਉਹ ਆਪਣੇ ਖੇਤਾਂ ਵੱਲ  ਫੇਰਾ ਮਾਰਣ ਜਾਂਦਾ ਹੈ ਤਾਂ ਗਰਾਉਂਡ ਵਿੱਚ ਸਾਰੇ ਬੱਚੇ  ਵਾਰੀ ਵਾਰੀ ਆ ਕੇ ਉਸ ਨੂੰ ਜਦੋਂ ਮੱਥੇ ਟੇਕਦੇ ਹਨ ਤਾਂ ਉਹ ਬੜੇ ਲਾਡ ਪਿਆਰ ਨਾਲ ਉਨਾਂ ਦੇ ਮਿੱਟੀ ਘੱਟੇ ਤੇ ਮੁੜ੍ਹਕੇ ਨਾਲ ਲਿਬੜੇ ਮੂੰਹ ਮੱਥੇ ਚੁੰਮਦਾ ਤੇ ਅਸੀਸਾਂ ਦੇਂਦਾ ਆਪਣੇ ਖੇਤਾਂ ਵੱਲੋਂ ਫੇਰਾ ਮਾਰ ਕੇ ਜਦੋਂ ਘਰ ਆ ਕੇ ਆਰਾਮ ਕਰਦਾ ਹੈ ਤਾਂ ਸ਼ਾਮਾਂ ਨੂੰ ਉਨ੍ਹਾਂ ਦੇ ਆ ਕੇ ਗੇਟ ਦੀ ਬੈੱਲ ਖੜਕਾਉਣ ਦੀ ਬਿੜਕ ਵੀ ਰੱਖਦਾ ਹੈ ਕਿ ਬੱਚੇ ਕਦੋਂ ਆਉਣ ਅਤੇ ਕਦੋਂ ਉਹ ਉਨ੍ਹਾਂ ਨੂੰ ਟਾਫੀਆਂ ਵੰਡੇ।  
ਭਾਂਵੇਂ ਸਾਰਾ ਪਿੰਡ  ਉਸ ਦਾ ਸਤਿਕਾਰ ਕਰਦਾ ਹੈ ਪਰ ਬੱਚਿਆਂ ਦਾ ਪਿਆਰ ਟਾਫੀਆਂ ਵਾਲੇ ਭਾਪੇ ਲਈ ਉਸ ਦੇ ਪਿੰਡ ਆਉਣ ਤੇ ਉਸ ਨੂੰ ਬਹੁਤ ਅਰਥ ਭਰਪੂਰ ਤੇ ਬਹੁ ਮੁੱਲਾ ਜਾਪਦਾ ਹੈ।
ਇਹ ਸੋਚ ਕੇ ਉਸ ਦਾ ਮਨ ਮੁੜ ਵਿਦੇਸ਼ ਜਾਣ ਨਹੀਂ ਕਰਦਾ,ਪਰ ਸਮੇਂ ਦੀ ਚਾਲ ਦਾ ਕੀ ਪਤਾ ਉਹ ਟਾਫੀਆਂ ਵਾਲੇ ਭਾਪੇ ਨੂੰ ਕਿੱਧਰ ਨੂੰ ਲੈ ਤੁਰੇ ਪਰ ਹਾਲ ਦੀ ਘੜੀ ਉਹ ਆਪਣੇ ਪਿੰਡ ਦੇ ਲੋਕਾਂ ਨਾਲ  ਖਾਸ ਕਰ ਕੇ ਇਨ੍ਹਾਂ ਫੁੱਲਾਂ ਵਰਗੇ ਹਾਸੇ ਖੇੜੇ,
ਅੱਠਖੇਲੀਆਂ , ਬਚਪਨ ਦੀਆਂ ਮਹਿਕਾਂ ,ਸੁਗੰਧੀਆਂ ਵੰਡਦੇ, ਪਿਆਰੇ ਪਿਆਰੇ ਬੱਚਿਆਂ ਵਿੱਚ ਰਹਿ ਕੇ ਬਹੁਤ ਖੁਸ਼ ਹੈ।

ਵਾਰਿਸ ਸ਼ਾਹ ਨੂੰ ਯਾਦ ਕਰਦਿਆਂ - ਰਵੇਲ ਸਿੰਘ ਇਟਲੀ

 ਕਿੱਸੇ ਹੀਰ  ਦੇ  ਲਿਖੇ ਨੇ ਹੋਰ ਕਈਆਂ,
ਵਾਰਿਸ ਸ਼ਾਹ ਦੇ ਲਿਖੇ ਦੀ ਰੀਸ ਕੋਈ ਨਾ।
ਕਿੱਸੇ ਪਿਆਰ ਦੇ ਲਿਖੇ ਨੇ ਬਹੁਤ ਸ਼ਾਇਰਾਂ,
ਵਾਰਿਸ ਸ਼ਾਹ ਦੇ ਵਿਸ਼ੇ ਦੀ ਰੀਸ ਕੋਈ ਨਾ।
ਜਿਵੇਂ ਹਿਜਰ ਦੇ ਗੰਮਾਂ  ਦੀ ਬਾਤ ਪਾਈ,
ਵਾਰਸ ਸ਼ਾਹ ਦੇ ਹਿੱਸੇ ਦੀ ਰੀਸ ਕੋਈ ਨਾ।
ਹੂਕ ਵੰਝਲੀ ਦੀ, ਕੂਕੀ ਬੇਲਿਆਂ ਵਿੱਚ,
ਜ਼ਖਮ ਹਿਜਰ ਦੇ ਰਿਸੇ ਦੀ ਰੀਸ ਕੇਈ ਨਾ।
ਮੰਗੂ ਚਾਰਨੇ, ਇਸ਼ਕ ਦੀ ਕੈਦ ਅੰਦਰ,
ਸਮੇ ਕੈਦ ਦੇ ਮਿਥੇ ਦੀ ਰੀਸ ਕੋਈ ਨਾ।
ਕਿਵੇਂ ਕੈਦੋ ,ਕਲਹਿਣੇ, ਦੀ ਗੱਲ ਕੀਤੀ,
ਕੰਡੇ ਰਾਹਾਂ,ਚ ਵਿਛੇ ਦੀ ਰੀਸ ਕੋਈ ਨਾ।
ਕੋਝੀ ਵੰਡ ਭਰਾਂਵਾ ਸੀ,  ਕਿਵੇਂ ਕੀਤੀ,
ਬੰਜਰ ਖੇਤ ਦੇ ਕਿੱਤੇ ਦੀ ਰੀਸ ਕੋਈ ਨਾ।
ਕਿਵੇਂ ਹੀਰ ਤੇ ਰਾਂਝੇ ਦੀ, ਕਥਾ ਛੇੜੀ,
 ਇਸ਼ਕ,ਰੋਗ,ਵਿੱਚ ਹਿਸੇ ਦੀ ਰੀਸ ਕੋਈ ਨਾ।
ਪੱਟ ਚੀਰ ਕੇ ,ਹੀਰ ਲਈ ਮਾਸ ਭੁੰਨੇ,
ਚੱਕੀ ਪਿਆਰ ਦੀ ਪਿਸੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਵੀ ਆਪ ਸੀ ਪਿਆਰ ਰੇਗੀ,
,ਭਾਗ ਭਰੀ, ਦੇ ਪਿੱਛੇ ਦੀ ਰੀਸ ਕੋਈ ਨਾ।
ਹੀਰ ਅਮਰ ਹੋ ਗਈ  ਵਾਰਿਸ ਸ਼ਾਹ ਕਰਕੇ,
ਰਾਂਝੇ ਇਸ਼ਕ ਵਿੱਚ, ਵਿਛੇ ਦੀ ਰੀਸ ਕੋਈ ਨਾ।
ਉਸ ਨੇ ਰੂਹ, ਕਲਬੂਤ,  ਦੀ ਕਥਾ ਛੇੜੀ,
ਰੱਬੀ ਰੰਗ ਵਿੱਚ, ਲਿਖੇ ਦੀ ਰੀਸ ਕੋਈ ਨਾ।
ਉਸ ਨੇ ਦਰਦ ਫਿਰਾਕ ਦੀ ਜੰਗ ਵਿਢੀ,
ਅਜਬ ਬਾਨ੍ਹਣੂੰ ਕਿਲੇ ਦੀ ਰੀਸ ਕੋਈ ਨਾ।
ਵਾਰਿਸ ਸ਼ਾਹ ਦੀ ਕਲਮ ਦਾ ਹੁਨਰ ਡਾਢਾ,
ਉਸਦੀ ਸੁਰਤ,ਵਿੱਚ ਟਿਕੇ ਦੀ ਰੀਸ ਕੋਈ ਨਾ।
ਮਿਲਦਾ ਮਾਨ ਸਨਮਾਨ ਹੈ ਸ਼ਾਇਰਾਂ ਨੂੰ,
ਵਾਰਿਸ ਸ਼ਾਹ ਨੂੰ ਮਿਲੇ ਦੀ ਰੀਸ ਕੋਈ ਨਾ।

ਨਗਮਾ ਸਦਾ ਅਧੂਰਾ ਹੁੰਦਾ - ਰਵੇਲ ਸਿੰਘ  

 ਨਗਮਾ ਸਦਾ ਅਧੂਰਾ ਹੁੰਦਾ, ਰਬਾਬ ਬਿਣ।
ਚਲਦੇ ਨਾ ਕਾਰੋਬਾਰ, ਕੀਤੇ ਹਿਸਾਬ ਬਿਣ।
ਮੋਸਮ ਨਹੀਂ ਸਜਦੇ, ਮਹਿਕਾਂ ਸ਼ਬਾਬ ਬਿਣ ।
ਕਿਸ ਕੰਮ  ਦੇ  ਨੇ ਦੇਸ਼ ਰਾਵੀ ਚਨਾਬ ਬਿਣ।
ਬਣਦੀ ਨਹੀਂ ਸੈਨਾ, ਹਾਕਮ ਨਵਾਬ ਬਿਣ।
ਸਜਦੇ ਨਹੀਂ ਨੇ ਸੂਰਮੇ, ਦਿਤੇ ਖਿਤਾਬ ਬਿਣ।
ਸੁਹੰਦੀ ਨਹੀਂ ਮਹਿਫਲ  ਸ਼ਾਇਰ ਆਦਾਬ ਬਿਣ।
ਕਲਮਾਂ ਦਾ ਮੁੱਲ ਕਾਹਦਾ, ਹੁੰਦਾ ਕਤਾਬ ਬਿਣ।
ਬਣਦਾ ਨਹੀਂ ਖਿਆਲ,  ਸੁੰਦਰ ਖਵਾਬ ਬਿਣ ।
ਕਿਸ ਕੰਮ ਹੈ ਇਹ ਭਾਰਤ,ਰੰਗਲੇ ਪੰਜਾਬ ਬਿਣ।
ਖੋਹਵੋ ਨਾ ਇਸਦਾ ਪਾਣੀ ਬੰਜਰ ਹੈ ਆਬ ਬਿਣ।

Pl ਇੱਕ ਮਾਈ ਰੱਬ ਰਜਾਈ - ਰਵੇਲ ਸਿੰਘ

 ਕੁਝ ਦਿਨ ਹੋਏ ਇਕ ਨੇੜਲੇ ਸੰਬੰਧੀ ਦੇ ਅਕਾਲ ਚਲਾਣੇ ਤੇ ਉਸ ਦੀ ਮਾਤਮ ਪੁਰਸੀ ਤੇ ਸਸਕਾਰ ਲਈ ਜਾਣ ਦਾ ਮੌਕਾ ਮਿਲਿਆ। ਸਸਕਾਰ ਕਰਨ ਤੋਂ ਬਾਅਦ ਹੋਰ ਤਾਂ ਉਸ ਦੀ ਅੰਤਮ ਅਰਦਾਸ ਲਈ ਗੁਰਦੁਆਰੇ ਚਲੇ ਗਏ, ਪਰ ਆਪਣੀ ਉਮਰ ਅਤੇ ਜ਼ਿਆਦਾ ਦੇਰ ਬੈਠਣ ਜਾਂ ਖਲੋਣ ਦੀ ਮਜਬੂਰੀ ਕਾਰਣ ਮਾਰਗ ਵਾਲੇ ਘਰ ਹੀ ਆਉਣਾ ਠੀਕ ਸਮਝਿਆ।ਉੱਥੇ ਘਰ ਵਿੱਚ ਹੋਰ ਵੀ ਕਈ ਲੋਕ ਬੈਠੇ ਕੁਝ ਗੱਲਾਂ ਬਾਤਾਂ ਕਰ ਰਹੇ ਸਨ।ਇਨ੍ਹਾਂ ਵਿੱਚ ਇੱਕ  ਬਿਰਧ ਮਾਈ ਜੋ ਬਹੁਤ ਹੀ ਧਾਰਮਕ ਵਿਚਾਰਾਂ ਵਾਲੀ ਵੀ ਕੁਰਸੀ ਤੇ ਬੈਠੀ ਹੋਈ ਗੱਲਾਂ ਬਾਤਾਂ ਕਰ ਰਹੀ ਸੀ, ਜੋ ਮੇਰੀ ਖਿੱਚ ਦਾ ਕਾਰਣ ਬਣੀ ਹੋਈ ਸੀ।
ਪਚਾਸੀ ਕੁ ਸਾਲ ਦੀ ਉਮਰ ਦੀ ਅਮ੍ਰਿਤ ਧਾਰੀ ਇੱਕ ਮਾਈ ਕਨਕ ਵੰਨਾ ਰੰਗ,ਅੱਖਾਂ ਵਿੱਚ ਇਕ ਖਾਸ ਚਮਕ,ਸਿਰ ਦੇ ਕੇਸਰੀ ਦੁਪੱਟਾ,ਗੱਲ ਗੱਲ ਤੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ, ਅਤੇ ਇਸ ਮਾਈ ਦਾ ਗੱਲੇ ਗੱਲੇ ਇਹ ਕਹਿਣਾ ਕਿ ਬਾਜਾਂ ਵਾਲੇ ਨੇ ਮੈਨੂੰ ਹੱਥ ਦੇ ਕੇ ਬਚਾ ਲਿਆ ਕਹਿਣ ਦਾ ਉਸ ਦਾ ਮਨ ਮੋਹਣਾ ਅੰਦਾਜ਼ ਵੇਖ ਕੇ ਉੱਸ ਦੇ ਬੋਲ ਜਿਵੇਂ ਮਨ ਨੂੰ  ਟੁੰਬ ਗਏ। ਇੱਥੇ ਬੈਠੇ  ਮੇਰਾ ਉਸ ਨਾਲ ਕੁਝ ਗੱਲ ਬਾਤ ਕਰਨ ਦਾ ਜੀਅ ਕਰਦਾ ਸੀ।
ਮੈਂ ਉਸ ਨੂੰ ਕਿਹਾ ਕਿ ਮਾਤਾ ਜੀ ਮੇਰੇ ਤੁਹਾਡੀਆਂ ਗੱਲਾਂ ਸੁਣਨ ਲਈ ਮਨ ਕਰਦਾ ਹੈ, ਉਹ ਬੋਲੀ ਜੀਅ ਸਦਕੇ ਵੀਰ ਜੀ, ਤੇ ਮੈਂ ਆਪਣੀ ਕੁਰਸੀ ਉਸ ਦੇ ਕੋਲ ਸਰਕਾ ਕੇ ਉਸ ਦੀਆਂ ਜੀਵਣ ਦੀਆਂ ਕਈ ਆਪ ਬੀਤੀਆਂ ਸੁਣਨ  ਲਈ ਬੈਠ ਗਿਆ। ਵਡੇਰੀ ਉਮਰ ਦੇ ਨਾਲ ਉਸ ਨੂੰ ਕੋਈ ਗੱਲ ਕਰਨ ਤੋਂ ਪਹਿਲਾਂ ਕੁੱਝ ਠਹਿਰਾ ਤਾਂ ਆਉਂਦਾ ਸੀ ਪਰ ਫਿਰ ਵੀ ਉਸ ਦੇ ਬੋਲਾਂ ਵਿੱਚ ਮਿੱਠਾਸ  ਤੇ ਬੜਾ ਅਨੋਖਾ ਧਰਵਾਸ ਸੀ। ਅਕਾਲ ਪੁਰਖ ਦੇ ਵਿਸ਼ਵਾਸ ਵਿੱਚ, ਅਤੇ ਪੂਰੀ ਤਰ੍ਹਾਂ ਧਾਰਮਕ ਰੰਗ ਵਿੱਚ ਰੰਗਿਆ ਹੋਣਾ ਉਸ ਪਾਸ ਬੈਠਣ ਤੇ ਹੋਰ ਸੁਣਨ ਨੂੰ ਮਨ ਕਰਦਾ ਹੈ।ਉਸ ਦਾ ਗੁਰਬਾਣੀ ਅਤੇ ਦੱਸਾਂ ਗੁਰੂ ਸਾਹਿਬਾਨ ਤੇ ਅਥਾਹ ਵਿਸ਼ਵਾਸ਼ ਹੈ।
ਇਸ ਦਾ ਪਛੋਕੜ ਪਿੰਡ ਜਲਾਲਾ ਬਾਦ ਹੈ।ਹਾਲਾਤ ਨੇ ਉਸ ਨੂੰ 84 ਦੇ ਸਿਖ ਨਸਲ ਕੁਸ਼ੀ ਦੇ ਦੁਖਾਂਤ ਵਿੱਚੋ ਬਚ ਨਿਕਲਣ ਦਾ ਮੌਕਾ ਬਖਸ਼ਿਆ ਉਹ ਇਨ੍ਹਾਂ ਕਾਲੇ ਦਿਨਾਂ ਦੀ ਯਾਦ ਨੂੰ ਗਰੂ ਸਦਕਾ ਬਚ ਨਿਕਲਣ ਲਈ ਕਹਿੰਦੀ ਹੈ ਜ਼ਾਲਮਾਂ ਨੇ ਘੱਟ ਨਹੀਂ ਕੀਤੀ ਪਰ ਦਸਮ ਪਾਤਸ਼ਾਹ ਬਾਜਾਂ ਵਾਲੇ ਨੁੰ ਹਰ ਥਾਂ ਹੱਥ ਦੇ ਕੇ ਬਚਾ ਲਿਆ। ਉਹ ਪੰਝੀ ਸਾਲ ਤੋਂ ਅਡੋਲ ਵਿਧਵਾ ਜੀਵਣ ਬਤੀਤ ਕਰ ਰਹੀ ਹੈ, ਦੋ ਪੁਤਰ ਹਨ, ਇਕ ਕੈਨੇਡਾ ਵਿੱਚ ਹੈ।ਦੂਸਰਾ ਜੋ ਇੰਲੈਂਡ ਚਲਿਆ ਗਿਆ ਸੀ ਜੋ ਹੁਣ ਇਸੇ ਸ਼ਹਿਰ ਆ ਵੱਸਿਆ ਹੈ ਅਤੇ ਹੁਣ ਉਹ ਉਸ ਕੋਲ ਰਹਿ ਰਹੀ ਹੈ।  
ਉਸ ਨੇ ਦੱਸਿਆ ਕਿ ਇਕ ਵੇਰਾਂ ਉਸ ਦੀ ਨੂੰਹ ਬੀਮਾਰ ਹੋ ਗਈ। ਬਾਕੀ ਪ੍ਰਿਵਾਰ ਤਾਂ ਉਸ ਦੇ ਦੁਵਾ ਦਾਰੂ ਦੇ ਇਲਾਜ ਲਈ ਜੁੱਟ ਗਿਆ,ਪਰ ਉਹ ਆਪਣੇ ਕਮਰੇ ਵਿੱਚ ਬੈਠ ਕੇ ਉਸ ਦੀ ਸਲਾਮਤੀ ਲਈ ਬਾਣੀ ਦਾ ਪਾਠ ਅਤੇ ਬਾਜਾਂ ਵਾਲੇ ਪਿਤਾ ਪਾਸ ਅਰਦਾਸਾਂ ਕਰਦੀ ਰਹੀ ਉਸ ਨੇ ਮਿਹਰ ਕੀਤੀ ਉਸ ਨੂੰ ਬਚਾ ਲਿਆ।
ਉਹ ਕੁਝ ਸਮਾਂ ਆਪਣੇ ਪੁੱਤਰ ਕੋਲ ਕੈਨੇਡਾ (ਸਰੀ) ਵਿੱਚ ਵੀ ਰਹਿ ਆਈ ਹੈ।ਉਸ ਨੇ ਦੱਸਿਆ ਕਿ ਓਥੇ  ਨੇੜਲੇ ਗੁਰਦੁਆਰੇ ਵਿੱਚ ਉਹ ਨੇਮ ਨਾਲ ਚਲੀ ਜਾਂਦੀ ਤੇ ਲਗਾਤਾਰ ਸੱਤ ਸੱਤ ਘੰਟੇ ਲੰਗਰ ਵਿਚ ਸੰਗਤ ਦੇ ਜੂਠੇ ਬਰਤਣ ਮਾਂਜਣ ਦੀ ਸੇਵਾ ਕਰਦੀ।ਇਕ ਦਿਨ ਗੁਰਦੁਆਰੇ ਦੀ ਕਮੇਟੀ ਦੇ ਪ੍ਰਬੰਧਕ ਉਸ ਨੂੰ ਸੇਵਾ ਕਰਦੀ ਨੂੰ ਵੇਖ ਕੇ ਕਹਿਣ ਲੱਗੇ ਮਾਤਾ ਤੂੰ ਸੇਵਾ ਬੜੇ  ਪ੍ਰੇਮ ਨਾਲ ਕਰਦੀ  ਤੂੰ ਦੱਸ ਤੈਨੂੰ ਕਿੰਨੀ ਤਨ ਖਾਹ,ਦਈਏ ਮੈਂ ਉਨ੍ਹਾਂ ਨੂੰ ਕਿਹਾ ਇਹ ਸੇਵਾ ਮੈਂ ਨਹੀ ਕਰਦੀ ਸਗੋਂ ਮੈਥੋਂ ਬਾਜਾਂ ਵਾਲਾ ਦਸ਼ਮੇਸ਼ ਪਿਤਾ ਮੇਰੇ ਸਿਰ ਤੇ ਆਪਣਾ ਹੱਥ ਆਪ ਧਰ ਕੇ ਲੈ ਰਿਹਾ ਹੈ। ਉਸ ਦੀ ਇਹ ਬਖਸ਼ਸ਼ ਹੀ ਮੇਰੇ ਲਈ ਵੱਡਾ ਸੇਵਾ ਫਲ਼ ਹੈ।ਮੈਨੂੰ ਹੋਰ ਕੀ ਚਾਹੀਦਾ ਹੈ। ਉਹ ਮੇਰੀ ਇਹ ਗੱਲ ਸੁਣ ਕੇ ਨਿਰਉੱਤਰ ਜਿਹੇ ਹੋ ਗਏ।  
ਉਹ ਕੋਈ ਧਰਮ ਪ੍ਰਚਾਰਕ ਜਾਂ ਕਿਸੇ ਧਾਰਮਕ  ਡੇਰੇ ਨਾਲ  ਵੀ ਸੰਬਧਿਤ ਨਹੀਂ ਸੀ। ਉਸ ਨੇ ਮੈਨੂੰ ਇਹ ਦੱਸ ਕੈ ਹੈਰਾਨ ਨਹੀਂ ਸਗੋਂ ਪ੍ਰਭਾਵਤ ਵੀ ਕਰ ਦਿੱਤਾ ਕਿ ਹੁਣ ਤੀਕ ਉਹ ਨੌਂ ਵਾਰ ਅਤੇ ਲਗ ਪਗ ਦੱਸ ਵਾਰ ਹੇਮ ਕੁੰਡ ਸਾਹਿਬ ਅਤੇ ਸ੍ਰੀ ਹਜ਼ੂਰ ਸਾਹਿਬ ਦੀ ਪੈਦਲ ਯਾਤ੍ਰਾ ਕਰ ਚੁਕੀ ਹੈ ਅਤੇ ਹਰ ਦੁੱਖ ਸੁੱਖ ਵੇਲੇ ਗੁਰਬਾਣੀ ਤੇ ਵਿਸ਼ਵਾਸ਼ ਕਰਦੀ ਆਪਣੇ ਕੰਮ ਕਾਜ ਵਿੱਚ ਰੁੱਝੀ ਰਹਿੰਦੀ ਹੈ।
ਉਹ ਕਹਿੰਦੀ ਹੈ  ਮੈਥੋਂ ਕਿੰਨੀ ਵੱਡੀ ਭੁੱਲ ਹੋਈ ਮੈਂ ਇਨੀਆਂ ਯਾਤ੍ਰਾ ਕੀਤੀਆਂ ਪਰ ਗੁਰੂ ਰਾਮ ਦਾਸ ਦੇ ਸੱਚ ਖੰਡ ਦੇ ਦਰਸ਼ਨ ਕਰਨ ਤੋਂ ਹੁਣ ਤੱਕ ਵਾਂਝੀ ਰਹਿ ਗਈ ਇਸ ਕਾਰਜ ਲਈ ਮੈਂ ਹਰ ਵੇਲੇ ਗੁਰੂ ਰਾਮਦਸ ਦੇ ਚਰਨ ਕਮਲਾਂ ਵਿੱਚ ਜੋਦੜੀ ਕੀਤੀ ਤੇ ਉਨ੍ਹਾਂ ਮੇਰੀ ਸੁਣ ਲਈ,ਅਤੇ ਮੈਂ ਇਹ ਪੈਦਲ ਯਾਤ੍ਰਾ ਵੀ ਕਰ ਲਈ।ਉਹ ਕਹਿਣ ਲੱਗੀ ਕਿ ਅਰਦਾਸ ਜੇ ਤਨੋਂ ਮਨੋਂ ਕੀਤੀ ਜਾਵੇ ਤੇ ਗੁਰੂ ਪਾਤਸ਼ਾਹ ਬਿਰਥੀ ਨਹੀਂ ਜਾਣ ਦਿੰਦੇ,ਉਹ ਜ਼ਰੂਰ ਪੂਰੀ ਹੁੰਦੀ ਹੈ
 
ਗੱਲਾਂ ਕਰਦਿਆਂ ਕਾਫੀ ਸਮਾ ਹੋ ਚੁਕਿਆ ਸੀ ,ਘਰ ਵਾਪਸ ਆਉਣਾ ਵੀ ਜ਼ਰੂਰੀ ਸੀ। ਉਸ ਮਾਈ ਰੱਬ ਰਜਾਈ ਦਾ ਗੁਰੂ ਸਾਹਿਬਾਂ ਤੇ ਅਥਾਹ ਵਿਸ਼ਵਾਸ਼ ਵੇਖ ਕੇ ਆਦਰ ਤੇ ਸਤਿਕਾਰ ਨਾਲ ਮੇਰਾ ਮਸਤਕ  ਆਪ ਮੁਹਾਰਾ ਝੁੱਕ ਗਿਆ ਤੇ ਪਤਾ ਹੀ ਨਾ ਲੱਗਾ ਕਦੋਂ ਮੇਰੇ ਦੋਵੇਂ ਹੱਥ ਜੁੜੇ ਉਸ ਦੇ ਪਵਿਤਰ ਪੈਰਾਂ ਦੀ ਛੋਹ ਪ੍ਰਾਪਤ ਕਰ ਗਏ, ਉਹ ਬੜੇ ਅਦਬ ਸਤਿਕਾਰ ਨਾ ਬੋਲੀ ,ਔਖੀ ਸੌਖੀ ਵੇਲੇ  ਉਸ ਅੱਗੇ ਅਰਦਾਸ ਅਤੇ ਉਸਦਾ ਸ਼ੁਕਰਾਨਾ ਕਰਿਆ ਕਰੋ।ਉਸ ਅੱਗੇ ਫੈਲਾਈ ਝੋਲੀ ਉਹ ਕਦੇ ਖਾਲੀ ਨਹੀਂ ਮੋੜਦਾ।
ਸੁਣਦੇ ਸਾਂ ਮਾਈਆਂ ਰੱਬ ਰਜਾਈਆਂ ਹੁੰਦੀਆਂ ਹਨ ਪਰ ਇਸ ਮਾਈ ਰੱਬ ਰਜਾਈ ਨੂੰ ਵੇਖ ਕੇ ਮੇਰਾ ਵਿਸ਼ਵਾਸ ਇਸ ਬਾਰੇ ਹੋਰ ਪੱਕਾ ਹੋ ਗਿਆ।  

ਜੇ ਤੁਸੀਂ ਕਹਿੰਦੇ ਓ ਤਾਂ - ਰਵੇਲ ਸਿੰਘ

 ਇੱਕ ਦਿਨ ਮੈਨੂੰ ਬੇਟੇ ਦਾ ਬਾਹਰੋਂ ਫੋਨ ਆਇਆ ਕਿ ਅਸਾਂ ਦੋਹਾਂ ਜੀਆਂ ਨੇ ਪੁਲਸ ਰੀਪੋਰਟ ਐਪਲਾਈ ਕੀਤੀ ਹੋਈ ਹੈ, ਖਿਆਲ ਰੱਖਣਾ,ਅਤੇ ਵੇਲੇ ਸਿਰ ਰੀਪੋਰਟ ਕਰਵਾ ਦੇਣੀ।
ਇੱਕ ਦਿਨ ਠਾਣਿਉਂ ਫੋਨ ਆਇਆ ਕਿ ਤੁਹਾਡੀ ਨੂੰਹ ਦੇ ਕਾਗਜ਼ਾਤ ਪੁਲਿਸ ਦੀ ਵੈਰੀਫੀਕੇਸ਼ਨ ਬਾਰੇ ਆਏ ਹੋਏ ਹਨ ਮੈਂ ਲੈ ਕੇ ਜ਼ਰੂਰੀ ਕਾਰਵਾਈ ਕਰਨ ਲਈ ਆ ਰਿਹਾ ਹਾਂ , ਤੁਸੀਂ ਘਰ ਹੀ ਰਹਿਣਾ,ਮੈਂ ਆਪਣੇ ਭਰਾ ਨਾਲ ਗੱਲ ਕੀਤੀ ਉਹ ਕਹਿਣ ਲੱਗਾ ਕਿ ਦੋਹਾਂ ਦੀ ਇਕੱਠੀ ਆ ਜਾਣ ਦੇਣੀ ਸੀ , ਇਨ੍ਹਾਂ ਨੇ ਇੱਕ ਲਈ ਵੀ 500 ਰੁਪੈ ਲੈਣੇ ਹਨ ਤੇ ਦੋਹਵਾਂ ਲਈ ਵੀ ਓਨੇ ਹੀ ਲੈਣੇ ਹਨ।ਮੈਂ ਫੋਨ ਤੇ ਫੋਨ ਕਰਨ ਵਾਲੇ  ਨੂੰ ਦੁਬਾਰਾ ਪੁੱਛਿਆ ਤਾਂ ਉਹ ਕਹਿਣ ਲੱਗਾ ਕੇ ਮੇਰੇ ਪਾਸ ਤਾਂ ਅਜੇ ਸਿੱਰਫ ਇੱਕੋ ਦੀ ਆਈ ਹੈ।
ਉਹ ਥੋੜ੍ਹੀ ਦੇਰ ਬਾਅਦ ਉਹ ਮੇਰੇ ਘਰ ਆ ਗਿਆ।ਜੋ ਮੇਰੇ ਨਾਲ ਦੇ ਪਿੰਡ ਦਾ ਹੀ ਰਹਿਣ ਵਾਲਾ ਸੀ। ਲੋੜੀਂਦੇ ਸਬੂਤ ਲੈਣ ਤੋਂ ਬਾਅਦ ਜਦੋਂ ਮੈਂ ਉਸ ਨੂੰ 500 ਦਾ ਨੋਟ ਦੇਣ ਲੱਗਾ ਤਾਂ ਉਹ ਹੱਸਦਾ ਹੋਇਆ ਮੇਰੇ ਭਰਾ ਵੱਲ ਝਾਕਦਾ ਹੋਇਆ ਕਹਿਣ ਲੱਗਾ ਕਿ ਰਹਿਣ ਦਿਓ ਇਹ ਸਾਡੇ ਆਪਣੇ ਹੀ ਬੇੰਦੇ ਹਨ। ਮੈਂ ਨੋਟ ਟੇਬਲ ਤੇ ਹੀ ਪਿਆ ਰਹਿਣ ਦਿੱਤਾ।ਪੁਲਸ ਵਾਲਾ ਕਦੇ ਸਾਡੇ ਵੱਲ ਤੇ ਕਦੇ 500 ਦੇ ਨੋਟ ਵੱਲ ਵੇਖੀ ਜਾ ਰਿਹਾ ਸੀ ਮੈਂ ਉਸ ਦੀ ਨੀਯਤ ਨੂੰ ਭਾਂਪਦੇ ਹੋਏ ਕਿਹਾ ਕਿ ਲਓ ਰੱਖ ਲਓ ਤਾਂ ਉਸ ਨੇ ਇਹ ਕਹਿੰਦੇ ਹੋਏ ਨੋਟ ਫੜ ਕੇ ਜੇਬ ਵਿੱਚ ਪਾਉੰਦੇ ਕਿਹਾ ” ਚੰਗਾ ਜੇ ਤੁਸੀਂ ਕਹਿੰਦੇ ਓ ਤਾਂ ਲੈ ਹੀ ਲੈਂਦੇ ਹਾਂ”।
ਮੈਂ ਕਦੇ ਆਪਣੀ ਮੂਰਖਤਾ ਵੱਲ ਅਤੇ ਕਦੇ ਉਸ ਦੀ ਚੁਸਤੀ ਬਾਰੇ ਸੋਚ ਰਿਹਾ ਸਾਂ।

ਚਰਾਗ ਮੋਚੀ - ਰਵੇਲ ਸਿੰਘ

 ਮੇਰੇ ਪਾਕਿਸਤਾਨ ਦੇ ਪਿੰਡ ਵਿੱਚ ਲਗ ਪਗ ਸਾਰੀਆਂ ਜ਼ਾਤਾਂ ਦੇ ਲੋਕ ਰਹਿੰਦੇ  ਜਿਨ੍ਹਾਂ ਵਿੱਚ ਲਲਾਰੀ,ਪੇਂਜੇ,ਮੁਸੱਲੀ,ਤੇਲੀ ਜੁਲਾਹੇ,ਕਸਾਈ , ਗੁੱਜਰ, ਮੁਸਲਮਾਨ ਸਨ ਤੇ ਇਨ੍ਹਾਂ ਦੇ ਮੁਹੱਲੇ ਵੀ ਵੱਖੋ ਵੱਖ ਸਨ। ਹਿੰਦੂ ਖਤਰੀ,ਬ੍ਰਹਮਣ,ਅਤੇ ਸਿੱਖਾਂ ਦੀ ਗਿਣਤੀ ਬਹਤੀ ਸੀ।ਖੱਤ੍ਰੀ ਬ੍ਰ੍ਹਾਹਮਣ ਆਮ ਤੌਰ ਦੁਕਾਨਦਾਰੀ ਕਰਦੇ ਸਨ, ਸਿੱਖ ਬ੍ਰਾਦਰੀ ਵਿੱਚੋਂ ਬਹੁਤੀ ਗਿਣਤੀ ਫੌਜੀ ਨੌਕਰੀ ਪੇਸ਼ਾ ਕਰਨ ਵਾਲਿਆਂ ਦੀ ਸੀ।ਗੁਜਰ ਮੁਸਲਮਾਨ ਬਹੁਤੀਆਂ ਜ਼ਮੀਨਾਂ ਦੇ ਮਾਲਕ ਸਨ ਜੋ  ਵਾਹੀ ਜੋਤੀ ਦਾ ਕੰਮ ਕਰਦੇ ਸਨ, ਇਧਰ ਦੇ ਗੁੱਜਰਾਂ ਵਾਂਗ ਖਾਨਾ ਬਦੋਸ਼ ਨਹੀਂ ਸਨ। ਸ਼ਾਇਦ ਇਸੇ ਕਰਕੇ ਹੀ ਗੁੱਜਰਾਂ ਦੀ ਬਹੁਤੀ ਗਿਣਤੀ ਹੋਣ ਕਰਕੇ ਮੇਰੇ ਪਿਛਲੇ ਪਿੰਡ ਵਾਲੇ ਜ਼ਿਲੇ ਦਾ ਨਾਂ ਵੀ ਗੁਜਰਾਤ ਹੀ ਪੈ ਗਿਆ ਹੋਵੇ।
ਮੋਚੀਆਂ ਦਾ ਮੁਹੱਲਾ ਮੇਰੇ ਮੁਹੱਲੇ ਦੇ ਨਾਲ ਹੀ ਲਗਦਾ ਸੀ। ਇਨ੍ਹਾਂ ਵਿੱਚ ਇਕ ਚਰਾਗ ਮੋਚੀ ਵੀ ਸੀ ਜੋ ਹੁਣ ਵੀ ਜਦੋਂ ਮੇਰੀਆਂ ਅੱਖਾਂ ਅੱਗੇ ਆਉਂਦਾ ਹੈ ਤਾਂ ਸਰਹੰਦ ਦੀ ਕੰਧ ਵਿੱਚ ਦਸਮ ਪਿਤਾ ਦੇ ਦੋ ਨਿੱਕੇ ਪਰ ਬਹਾਦਰ ਸਾਹਿਬਜ਼ਾਦਿਆਂ ਦਾ ਦਰਦ ਨਾਕ ਪਰ ਇਤਹਾਸ ਦਾ ਨਾ ਭੁਲਣ ਵਾਲਾ ਸਾਕਾ ਅੱਖਾਂ ਅੱਗੇ ਆਏ ਬਿਨਾਂ ਨਹੀਂ ਰਹਿੰਦਾ।
ਕਿਉਂ ਜੋ ਚਰਾਗ ਮੋਚੀ ਦੀ ਸ਼ਕਲ ਕੁਝ ਉਨ੍ਹਾਂ ਜੱਲਾਦਾਂ ਨਾਲ ਮਿਲਦੀ ਜੁਲਦੀ ਸੀ।ਉਸ ਦੀਆ ਮੋਟੀਆਂ ਡਰਾਉਣੀਆਂ ਲਾਲ ਸੂਹੀਆਂ ਅੱਖਾਂ,ਗੰਜਾ ਸਿਰ, ਕਲਮਾਂ ਕੀਤੀ ਦਾੜ੍ਹੀ, ਹੇਠਾ ਵੱਲ ਨੂੰ ਲਟਕਦੀਆਂ ਮੁੱਛਾਂ, ਅੱਗੇ ਰੱਖੇ ਹੋਏ ਵੱਡੇ ਸਾਰੇ ਪੱਥਰ ਤੇ ਪੂਰੇ ਜ਼ੋਰ ਨਾਲ ਜਦੋਂ  ਜੁੱਤੀਆਂ ਬਣਾਉਣ ਵਾਲੇ ਚਮੜੇ ਨੂੰ ਰੰਬੀ ਨਾਲ ਤ੍ਰਾਸ਼ਦਾ ਤਾਂ ਹੋਰ ਵੀ ਬੜਾ ਡਰਾਵਣਾ ਲੱਗਦਾ, ਉਦੋਂ ਮੈਂ ਬਹੁਤ ਛੋਟਾ ਸਾਂ ਮੈਂ ਨੰਗੇ ਪੈਰੀਂ ਹੀ ਰਹਿੰਦਾ ਸਾਂ। ਮੈਨੂੰ ਪਤਾ ਹੀ ਨਹੀਂ ਸੀ ਕਿ ਜੁੱਤੀ ਕਿਵੇਂ ਬਣਦੀ ਹੈ।
ਦਾਦੀ ਦੇਸੀ ਜੁੱਤੀ ਪਾਇਆ ਕਰਦੀ ਸੀ ਉਹ ਸਾਈ ਦੀਆਂ ਜੁੱਤੀਆਂ  ਇਸੇ ਚਰਾਗ ਮੋਚੀ ਤੋਂ ਹੀ ਬਣਵਾਇਆ ਕਰਦਾ ਸੀ। ਇਕ ਦਿਨ ਦਾਦੀ ਲਈ ਜੁੱਤੀ ਬਣਾ ਕੇ ਹੱਥ ਵਿੱਚ ਫੜੀ ਸਾਡੇ ਘਰ ਮੂਹਰੇ ਆ ਕੇ ਉਸ ਨੇ ਬੂਹਾ ਖੜਕਾਇਆ। ਮੈਂ ਉਸ ਨੂੰ ਝੀਥਾਂ ਥਾਣੀਂ ਵੇਖ ਕੇ ਡਰਦਾ ਸਹਮਿਆ ਹੋਇਆ ਅੰਦਰਲੇ ਬੂਹੇ ਉਹਲੇ ਲੁਕ ਕੇ ਉਸ ਦੀ ਡਰਾਉਣੀ ਸ਼ਕਲ ਵੱਲ  ਝਾਕਣ ਲਗ ਪਿਆ। ਅੰਦਰੋਂ ਦਾਦੀ ਆਈ ਤੇ ਜੁੱਤੀ ਪੈਰੀ ਪਾਕੇ ਕਹਿਣ ਲੱਗੀ ਚਰਾਗ ਜੁੱਤੀ ਸੁਹਣੀ ਬਣਾਈ ਕਿੰਨੇ ਪੈਸੇ ਦਿਆਂ ਮੋਚੀ ਬੋਲਿਆ ਮਾਈ ਤੇਰੀ ਮਰਜ਼ੀ ਹੈ ਜੋ ਦੇ ਦੇਹ ਪਰ ਉਸ ਆਪਣੇ ਨਿੱਕੇ ਸੁਹਣੇ ਜਿਹੇ ਪੋਤੇ ਨੂੰ ਕਹਿ ਦਈਂ ਕਿ ਉਹ ਮੈਥੋਂ ਡਰਿਆ ਨਾ ਕਰੇ।ਉਹ ਜਦੋਂ ਵੀ ਮੇਰੇ ਕੋਲ ਆਉਂਦਾ ਹੈ ਪਤਾ ਨਹੀ ਕਿਉਂ ਮੇਰੇ ਵੱਲ ਵੇਖ ਕੇ ਜਿਵੇਂ ਡਰ  ਜਾਂਦਾ ਹੈ।ਦਾਦੀ ਚਿਰਾਗ ਮੋਚੀ ਦੀ ਇਹ ਗੱਲ ਸੁਣ ਕੇ ਮੈਨੂੰ ਅੰਦਰ ਲੁਕੇ ਹੋਏ ਨੂੰ ਬਾਹੋਂ ਫੜ ਕੇ ਉਸ ਦੇ ਸਾਮ੍ਹਣੇ ਕਰਦੀ ਹੋਈ ਬੋਲੀ ਬੇਟਾ ਇਹ ਚਿਰਾਗ ਮੋਚੀ ਸਾਡੇ ਘਰ ਦਾ ਬੰਦਾ ਹੈ ਇਸ ਤੋਂ ਡਰਿਆ ਨਾ ਕਰ।
ਜਦੋਂ ਚਿਰਾਗ ਮੋਚੀ ਦਾਦੀ ਨੂੰ ਜੁੱਤੀ ਦੇ ਕੇ ਵਾਪਸ ਮੁੜ ਗਿਆ ਤਾਂ ਮੈਂ ਦਾਦੀ ਨੂੰ ਪੁੱਛਿਆ ਕਿ ਦਾਦੀ ਤੂੰ ਕਹਿੰਦੀ ਸੀ ਕਿ ਚਿਰਾਗ ਆਪਣੇ ਘਰ ਦਾ ਬੰਦਾ ਹੈ ਪਰ ਇਹ ਦੱਸ ਉਹ ਗੰਗੂ ਬਾਮਣ ਜਿਸ ਨੇ ਗੂਰੂ ਘਰ  ਦਾ ਬਾਰ੍ਹਾਂ ਸਾਲ ਨਿਮਕ ਖਾ ਕੇ ਹਰਾਮ ਕੀਤਾ, ਦਸਮ ਪਿਤਾ ਦੀ ਬਿਰਧ ਮਾਤਾ ਅਤੇ ਦੋ ਨਿੱਕੇ ਸਾਹਿਬਜ਼ਾਦੇ ਮੁਗ਼ਲ ਜ਼ਾਲਮਾਂ ਹੱਥ ਫੜਵਾ ਕੇ ਇਹ ਖੂਨੀ ਸਾਕਾ ਕਰਵਾਉਣ ਵਿੱਚ ਕਹਿਰ ਕਮਾਇਆ ਉਹ ਵੀ ਤਾਂ ਉਨ੍ਹਾਂ ਦੇ ਘਰ ਦਾ ਬੰਦਾ ਹੀ ਸੀ।
ਦਾਦੀ ਮੇਰੀ ਗੱਲ ਸੁਣ ਕੇ ਕਦੇ ਮੇਰੇ ਵੱਲ ਤੇ ਕਦੇ ਚਿਰਾਗ ਦੀਨ ਦੀ ਬਣੀ ਜੁੱਤੀ ਅਤੇ ਕਦੇ ਸਰਹੰਦ ਦੀ ਖੂਨੀ ਕੰਧ ਵਿੱਚ ਚਿਣਨ ਵਾਲੇ ਜਲਾਦਾਂ ਦੇ ਡਰਾਉਣੇ ਚਿਹਰਿਆਂ ਨਾਲ  ਚਰਾਗ ਮੋਚੀ ਦੇ ਚੇਹਰੇ ਦਾ ਮੁਕਾਬਲਾ ਕਰਦੀ ਕਹਿ ਰਹੀ ਸੀ ਬੇਟਾ ਸਾਰੇ ਬੰਦੇ ਇੱਕੋ ਜਿਹੇ ਜਿਹੇ ਨਹੀਂ ਹੁੰਦੇ ਤਾਂ ਕੀ ਹੋਇਆ ਚਿਰਾਗ ਮੋਚੀ ਨੂੰ ਰੱਬ ਨੇ ਜਲਾਦਾਂ ਵਰਗੀ ਸ਼ਕਲ ਤਾਂ ਦਿੱਤੀ ਹੈ ਪਰ ਉਹ ਬਹੁਤ ਨੇਕ ਸੁਭਾ ਦਾ ਬੰਦਾ ਹੈ।
ਹੁਣ ਜਦੋਂ ਵੀ ਮੈਂ ਕਿਤੇ ਚਿਰਾਗ ਮੋਚੀ ਕੋਲ ਜਾਂਦਾ ਤਾਂ ਮੈਨੂੰ ਉਸ ਕੋਲੋਂ ਪਹਿਲਾਂ ਵਾਂਗ ਡਰ ਨਹੀਂ ਲੱਗਦਾ ਸੀ।

ਤੁਰ ਗਿਆ ਯੋਗੀ ਪਿਆਰਾ ਤੁਰ ਗਿਆ - ਰਵੇਲ ਸਿੰਘ ਇਟਲੀ

(ਗੁਰਦਾਸਪੁਰ ਦੀ ਵਿਲੱਖਣ ਤੇ ਹਰਮਨ ਪਿਆਰੀ ਸ਼ਖਸੀਅਤ ਪ੍ਰੋਫੈਸਰ ਕਿਰਪਾਲ ਸਿੰਘ ਯੋਗੀ ਜੋ ਇਸ ਵਰ੍ਹੇ ਦੀ ਆਮਦ ਤੋਂ ਪਹਿਲਾਂ ਹੀ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਉਨਾਂ ਨੂੰ ਸ਼੍ਰਧਾਂਜਲੀ ਵਜੋਂ ਕੁਝ ਸ਼ਬਦ) 

 ਤੁਰ ਗਿਆ ਯੋਗੀ ਪਿਆਰਾ ਤੁਰ ਗਿਆ।
ਆਦਮੀ ਵੱਖਰਾ, ਨਿਆਰਾ ਤੁਰ ਗਿਆ।,
ਵਿਦਵਤਾ ਦਾ ਕੁੰਡ,ਤੇ ਬੋਲ ਸੀ ਮਿੱਠਤ ਭਰੇ,
ਚਮਕਦਾ ਅਰਸ਼ਾਂ ਦਾ ਤਾਰਾ ਤੁਰ ਗਿਆ।
ਜ਼ਿੰਦਗੀ ਨੂੰ ਜੀ ਗਿਆ ਉਹ  ਇਸਤਰ੍ਹਾਂ,
ਮਨ ਨਹੀਂ ਕੀਤਾ ਤੇ ਭਾਰਾ ਤੁਰ ਗਿਆ।
ਫਿਜ਼ਾ ਦੇ ਵਿੱਚ ਘੁਲ਼ ਗਿਆ ਉਹ ਇਸਤਰ੍ਹਾਂ,
ਸਾਗਰਾਂ ਵਿੱਚ ਨਮਕ ਖਾਰਾ ਤੁਰ ਗਿਆ।
ਸ਼ੋਕ ਵਿਚ ਹੰਝੂ ਵਗੇ, ਕੁਝ ਇਸਤਰ੍ਹਾਂ ,
ਲਹਿਰ ਦੇ ਸੰਗ ਜਿਉਂ ਕਿਨਾਰਾ ਤੁਰ ਗਿਆ।
ਹੋਰ ਵੀ ਉੱਠੀਆਂ ਨੇ ਬੇੱਸ਼ਕ  ਅਰਥੀਆਂ,
ਵੇਖਿਆ ਵੱਖਰਾ ਨਜ਼ਾਰਾ ਤੁਰ ਗਿਆ।
ਨਾ ਕੋਈ ਤਕਰਾਰ ਸੀ, ਬਸ ਸਹਿਜ ਸੀ,
ਮੋਹ ਦਾ ਭਰਿਆ ਪਟਾਰਾ ਤੁਰ ਗਿਆ।
ਕਾਸ਼ ਸੱਭ ਨੂੰ ਇਸਤਰ੍ਹਾਂ ਜਾਣਾ ਮਿਲੇ,
ਜਿਸ ਤਰ੍ਹਾਂ ਯੋਗੀ ਪਿਆਰਾ ਤੁਰ ਗਿਆ।
ਰਵੇਲ ਸਿੰਘ