Satnam Singh Mattu

ਰਮਾਇਣ ਦੇ ਰਚੇਤਾ,ਕਾਵਿ ਦੇ ਮੋਢੀ ਅਤੇ ਬਾਲਮੀਕੀ ਭਾਈਚਾਰੇ ਦੇ ਗੁਰੂ-ਮਹਾਰਿਸ਼ੀ ਬਾਲਮੀਕ ਜੀ - ਇੰਜੀ. ਸਤਨਾਮ ਸਿੰਘ ਮੱਟੂ

(13 ਅਕਤੂਬਰ ਪ੍ਰਕਾਸ਼ ਦਿਵਸ ਤੇ ਵਿਸ਼ੇਸ਼)

ਭਾਰਤ ਦੀ ਧਰਤੀ ਨੂੰ ਵੀ ਇਹ ਸ਼ੁਭ ਮਾਣ ਪ੍ਰਾਪਤ ਹੈ ਕਿ ਇਸ ਧਰਤੀ ਤੇ ਚਾਰ ਵੇਦਾਂ ਸਮੇਤ ਰਮਾਇਣ, ਮਹਾਂ ਭਾਰਤ ਅਤੇ ਭਗਵਦ ਗੀਤਾ ਦੀ ਸਿਰਜਣਾ ਹੋਈ ਹੈ।ਇਹਨਾਂ ਚੋਂ ਮਹਾਨ ਰਮਾਇਣ ਦਾ ਸਿਰਜਣਹਾਰ ਮਹਾਂਰਿਸ਼ੀ ਬਾਲਮੀਕ ਜੀ ਹਨ ਅਤੇ ਮਹਾਂ ਭਾਰਤ ਦੀ ਰਚਨਾ ਵੇਦ ਵਿਆਸ ਜੀ ਨੇ ਇਸੇ ਨੂੰ ਆਧਾਰ ਬਣਾਕੇ ਕੀਤੀ ਸੀ।ਮਹਾਂ ਰਿਸ਼ੀ ਬਾਲਮੀਕ ਜੀ ਨੇ ਰਮਾਇਣ ਦੀ ਰਚਨਾ ਕਰਦਿਆਂ ਸੰਸਕ੍ਰਿਤ ਭਾਸ਼ਾ ਨੂੰ ਕਾਵਿ ਰੂਪ ਪੇਸ਼ ਕੀਤਾ ਸੀ,ਇਸੇ ਕਰਕੇ ਸੰਸਕ੍ਰਿਤ ਸਾਹਿਤ ਵਿੱਚ ਉਚਾਰੀ ਰਮਾਇਣ ਇੱਕ ਮਹਾਨ "ਆਦਿ ਕਾਵਿ" ਹੈ।ਰਮਾਇਣ ਦੀ ਰਚਨਾ ਸੰਸਕ੍ਰਿਤ ਭਾਸ਼ਾ ਚ ਹੋਈ ਹੋਣ ਕਾਰਣ ਮਹਾਂਰਿਸ਼ੀ ਬਾਲਮੀਕ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਜਨਮ ਦਾਤਾ ਮੰਨਿਆ ਜਾਂਦਾ ਹੈ।
ਮਹਾਂਰਿਸ਼ੀ ਬਾਲਮੀਕ ਜੀ ਦਾ ਪੁਰਾਣਾਂ ਮੁਤਾਬਿਕ ਪੂਰਾ ਨਾਮ "ਰਤਨਾਕਰ ਪ੍ਰਚੇਤਾ ਵਾਲਮੀਕੀ" ਸੀ।ਭਾਵੇਂ ਉਹਨਾਂ ਦੇ ਜਨਮ ਸੰਬੰਧੀ ਇਤਿਹਾਸਕਾਰਾਂ ਚ ਮੱਤਭੇਦ ਹਨ, ਉਂਝ ਉਹਨਾਂ ਦਾ ਜਨਮ ਅੱਸੂ ਮਹੀਨੇ ਸਰਦ ਪੂਰਨਮਾਸ਼ੀ ਨੂੰ ਹੋਇਆ ਮੰਨਿਆ ਜਾਂਦਾ ਹੈ।ਇਸ ਤਰ੍ਹਾ ਹਰ ਸਾਲ ਮਹਾਨ ਤਵੱਸਵੀ,ਵਿਦਵਾਨ, ਧਰਮ ਦੇ ਗਿਆਤਾ, ਸੰਸਕ੍ਰਿਤ ਦੇ ਮੋਢੀ,ਮਹਾਂਕਵੀ,ਰਮਾਇਣ ਦੇ ਸਿਰਜਕ ਮਹਾਂਰਿਸ਼ੀ ਬਾਲਮੀਕ ਦਾ ਜਨਮ ਅੱਸੂ ਦੀ ਪੂਰਨਮਾਸ਼ੀ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਰਮਾਇਣ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਗ੍ਰੰਥ ਦੀ ਰਚਨਾ ਸੰਸਕ੍ਰਿਤ ਅਤੇ ਕਾਵਿ ਰੂਪ 'ਚ ਹੋਈ ਹੋਵੇ।ਇਸ ਬਾਲਮੀਕੀ ਭਾਈਚਾਰੇ ਦੇ ਗੁਰੂ,ਸਰਬ ਗਿਆਤਾ,ਤੇਜਸਵੀ ਦੇ ਜਨਮ ਸਥਾਨ ਬਾਰੇ ਇਤਿਹਾਸਕ ਪੁਸ਼ਟੀ ਨਹੀਂ ਮਿਲਦੀ,ਪਰ ਉਹਨਾਂ ਬੁਦੇਲਖੰਡ ਦੀਆਂ ਚਿਤ੍ਰਕੂਟ ਪਹਾੜੀਆਂ ਚ ਭਗਤੀ ਸਥਾਨ ਮੰਨਿਆ ਜਾਂਦਾ ਹੈ।ਮਹਾਂਰਿਸ਼ੀ ਬਾਲਮੀਕ ਚ ਤ੍ਰੇਤੇ ਯੁੱਗ ਦੇ ਸਰਵਸ਼੍ਰੇਸ਼ਟ ਅਤੇ ਭਗਵਾਨੀ ਦਿੱਬ ਦ੍ਰਿਸ਼ਟੀ ਵਾਲੇ ਮਹਾਨ ਰਿਸ਼ੀ ਹੋਏ ਹਨ।
ਉਹਨਾਂ ਦੇ ਜੀਵਣ ਸੰਬੰਧੀ ਜਾਣਕਾਰੀ ਉਹਨਾਂ ਦੁਆਰਾ ਰਚਿਤ ਗ੍ਰੰਥ "ਰਮਾਇਣ" ਚੋਂ ਮਿਲਦੀ ਹੈ।ਰਮਾਇਣ ਦੇ ਉੱਤਰ ਕਾਂਡ ਸਲੋਕ 24 ਅਧਿਆਇ 19 ਮੁਤਾਬਿਕ ਮਹਾਂਰਿਸ਼ੀ ਬਾਲਮੀਕ ਜੀ ਨੇ ਫੁਰਮਾਇਆ ਹੈ:-
"ਪ੍ਰਚੇਤੇ ਸੋਹੰ ਦਸਮ ਪੁਤਰ ਰਾਘਵ ਨੰਦਨ।
ਨਾ ਸਿੰਗਰਾਮ ਯੰਤ੍ਰ ਵਾਕ ਮਮੋਤੇ ਤਵ ਪੁਤਰੋ।।
ਇਸ ਸਲੋਕ ਮੁਤਾਬਿਕ ਉਹ ਪ੍ਰਚੇਤਾ ਜੀ ਦੇ ਦਸਵੇਂ ਪੁੱਤਰ ਅਤੇ ਮਾਤਾ ਦਾ ਨਾਮ ਚਰਸ਼ਨੀ ਜੀ ਹੈ।ਕੁੱਝ ਵਿਦਵਾਨ ਇਹ ਸੁਝਾਅ ਦਿੰਦੇ ਹਨ ਕਿ ਪ੍ਰਚੇਤਾ ਜੀ ਰਤਨਾਪੁਰੀ (ਮੁਲਤਾਨ) ਦੇ ਰਾਜਾ ਸਨ।
ਮਹਾਰਿਸ਼ੀ ਵੇਦ ਵਿਆਸ ਨੇ 'ਸਕੰਦ ਪੁਰਾਣ' ਮਹਾਰਿਸ਼ੀ ਬਾਲਮੀਕ ਦੀ ਜੀਵਨੀ ਦਾ ਵਰਣਨ ਕਰਦਿਆਂ ਉਹਨਾਂ ਨੂੰ ਪੁਰਾਣੇ ਗੁਰੂ ਅਤੇ ਇਸ ਜੀਵ ਬ੍ਰਹਿਮੰਡ ਦੇ ਗੁਰੂ ਮੰਨਿਆ ਹੈ।ਉਹ ਭਗਤੀ ਵਿੱਚ ਇਤਨੇ ਲੀਨ ਹੋਏ ਕਿ ਉਹਨਾਂ ਪ੍ਰਮਾਤਮਾ ਨਾਲ ਲਿਵ ਲੱਗ ਗਈ ਸੀ। ਉੱਥੋਂ ਜੰਗਲ ਚੋਂ ਗੁਜਰਦੇ ਸਾਧੂਆਂ ਦੀ ਟੋਲੀ ਨੇ ਉਹਨਾਂ ਨੂੰ ਵਰਮੀ ਚੋਂ ਕੱਢ ਕੇ ਉਜਾਗਰ ਕੀਤਾ ਸੀ।ਉਹਨਾਂ ਉਸ ਵੇਲੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ, ਜਦੋਂ ਹਿੰਦੂਵਾਦੀ ਤਾਕਤਾਂ ਦੇ ਜ਼ੋਰ ਗਰੀਬਾਂ ,ਸੂਦਰਾਂ ਮਰਜੀਵੜਿਆਂ ਤੇ ਧਰਮ ਦੇ ਨਾਂ ਜ਼ੁਲਮ ਅਤੇ ਵਿਤਕਰੇ ਭਰਿਆ ਵਿਵਹਾਰ ਕੀਤਾ ਜਾਂਦਾ ਸੀ।ਹਰ ਪਾਸੇ ਕੂੜ ਪ੍ਰਧਾਨ ਅਤੇ ਅੱਤਿਆਚਾਰ ਦਾ ਬੋਲਬਾਲਾ ਸੀ।ਉਹਨਾਂ ਰਮਾਇਣ ਦੀ ਸਿਰਜਣਾ ਕਰਕੇ ਇੱਕ ਨਵੇਂ ਅਧਿਆਏ ਦੀ ਸ਼ੂਰੁਆਤ ਕੀਤੀ।

"ਰਘੁਕੁਲ ਰੀਤ ਸਦਾ ਚਲੀ ਆਈ,
ਪ੍ਰਾਣ ਜਾਇ ਪਰ ਬਚਨ ਨਾ ਜਾਈ।" ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਇੱਕ ਆਮ ਵਿਆਕਤੀ ਦੇ ਮਿਹਣਾ ਮਾਰਣ ਤੇ ਰਾਮ ਵੱਲੋਂ ਸੀਤਾ ਨੂੰ ਘਰੋਂ ਕੱਢ ਦੇਣ ਤੇ ਉਸਨੂੰ ਆਪਣੀ ਗਰੀਬ ਅਤੇ ਭਗਤੀ ਵਾਲੀ ਕੁਟੀਆ ਚ ਨਿਵਾਸ ਦੇ ਕੇ ਇਸਤਰੀ ਜਾਤੀ ਦੀ ਇੱਜ਼ਤ ਆਬਰੂ ਨੂੰ ਬਰਕਰਾਰੀ ਦਾ ਸੰਦੇਸ਼ ਦਿੱਤਾ।
ਉਹਨਾਂ ਦੁਆਰਾ ਰਚਿਤ ਰਮਾਇਣ ਦੇ ਅਧਿਐਨ ਨਾਲ ਧਰਮ, ਕਰਮ, ਸੰਸਕ੍ਰਿਤੀ, ਪਿਆਰ, ਸੰਯੋਗ,ਵਿਯੋਗ,ਯੋਗ,ਪਤੀ-ਪਤਨੀ, ਮਾਤਾ-ਪਿਤਾ,ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ, ਧਾਰਮਿਕ ਅਤੇ ਰਾਜਨੀਤਕ ਰਣਨੀਤੀਆਂ ਦੀ ਸੂਝ ਬੂਝ ਲਈ ਜਾ ਸਕਦੀ ਹੈ।ਇਸ ਦੇ ਡੂੰਘਾਈ ਨਾਲ ਕੀਤੇ ਅਧਿਐਨ ਨਾਲ ਮਾਨਵਤਾਵਾਦੀ,ਗੁਰੂ-ਚੇਲਾ, ਸੇਵਾ ਭਾਵਨਾ, ਤਿਆਗ ਦੀ ਭਾਵਨਾ ਅਤੇ ਮਿੱਤਰਤਾ ਦੀ ਆਧਾਰਸ਼ਿਲਾ ਨੂੰ ਪ੍ਰਫੁਲਿਤ ਕਰਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ।ਜਗਤ ਗੁਰੂ, ਮਹਾਂਪੁਰਖ ਗਿਆਨੀ ਮਹਾਂਰਿਸ਼ੀ ਬਾਲਮੀਕ ਮਨੁੱਖੀ ਜੀਵਣ ਦਾ ਕਲਿਆਣ ਕਰਨ,ਦੀਨ ਦੁਖੀਆਂ ਦੇ ਦੁੱਖ ਹਰਣ, ਸੱਤਿਅਮ ਸ਼ਿਵਮ ਸੁੰਦਰਮ ਆਦਿ ਦਾ ਸੰਦੇਸ਼ ਦੇਣ ਇਸ ਧਰਤੀ ਤੇ ਆਏ ਸਨ।ਉਹਨਾਂ ਦੀ ਕਰੜੀ ਅਤੇ ਘੋਰ ਤਪੱਸਿਆ ਕਾਰਨ ਹੀ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਅਤੇ ਪ੍ਰਮਾਤਮਾ ਦਾ ਗਿਆਨ ਹੋਇਆ ਸੀ।ਬਾਲਮੀਕ ਜੀ ਨੂੰ ਹਿੰਦੁਸਤਾਨ ਦੇ ਪਹਿਲੇ ਮਹਾਂਰਿਸ਼ੀ ਹੋਣ ਦਾ ਮਾਣ ਪ੍ਰਾਪਤ ਹੈ।
ਇੱਕ ਦਿਨ ਉਹ ਤਮਸਾ ਨਦੀ ਵੱਲ ਸੰਘਣੇ ਚੋਂ ਗੁਜਰ ਰਹੇ ਸਨ।ਸ਼ਿਕਾਰੀ ਦੇ ਤੀਰ ਨਾਲ ਨਰ ਪੰਛੀ ਦੇ ਮੁਰਛਤ ਹੋਣ ਤੇ ਮਾਦਾ ਪੰਛੀ ਦੀ ਦਰਦਨਾਕ ਆਵਾਜ਼ ਨੇ ਉਹਨਾਂ ਦੇ ਦਿਲ ਨੂੰ ਵਲੂੰਧਰ ਦਿੱਤਾ।ਉਹਨਾਂ ਆਪਣੇ ਕੋਮਲ ਵਲੂੰਧਰੇ ਮਨ ਦੇ ਸ਼ਬਦਾਂ ਨਾਲ ਸ਼ਿਕਾਰੀ ਨੂੰ ਜੋ ਸਰਾਪ ਦਿੱਤਾ, ਉਹ ਸ਼ਬਦ ਸੰਸਕ੍ਰਿਤ ਦਾ ਪਹਿਲਾ ਸਲੋਕ ਬਣੇ ਸਨ।ਮਿੱਥ ਮੁਤਾਬਿਕ ਬ੍ਰਹਮਾ ਦੇਵਤਾ ਦੀ ਪ੍ਰੇਰਨਾ ਸਦਕਾ ਨਾਰਦ ਮੁਨੀ ਦੇ ਕਹਿਣ ਤੇ ਉਹਨਾਂ ਅਯੁੱਧਿਆ ਦੇ ਰਾਜਾ ਰਾਮ ਚੰਦਰ ਦਾ ਜੀਵਨ ਬਿਰਤਾਂਤ ਲਿਖਿਆ ,ਜਿਸਨੂੰ "ਰਮਾਇਣ " ਦਾ ਨਾਮ ਦਿੱਤਾ ਗਿਆ।ਤ੍ਰੈਕਾਲ ਦਰਸ਼ੀ ਮਹਾਰਿਸ਼ੀ ਨੇ ਆਪਣੀ ਦੂਰਦ੍ਰਿਸ਼ਟੀ ਨਾਲ ਸਾਰੀਆਂ ਘਟਨਾਵਾਂ ਨੂੰ ਵਾਚ ਕੇ ਹੂਬਹੂ ਪੇਸ਼ ਕੀਤਾ ਹੈ।
ਮਹਾਂਰਿਸ਼ੀ ਬਾਲਮੀਕ ਵਿੱਚ ਭਗਵਾਨ ਵਾਲੀਆਂ ਸਾਰੀਆਂ ਖੂਬੀਆਂ ਸਨ।ਇਸੇ ਕਰਕੇ ਉਹਨਾਂ ਨੂੰ ਭਗਵਾਨ ਬਾਲਮੀਕ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ।ਭਗਵਾਨ ਬਾਲਮੀਕੀ ਰਮਾਇਣ ਤੋਂ ਸਾਰੇ ਵਿਸ਼ਵ ਨੂੰ ਸਮਾਜਿਕ, ਰਾਜਨੀਤਕ, ਵਿਗਿਆਨਕ, ਧਾਰਮਿਕ ਦ੍ਰਿਸ਼ਟੀਕੋਣ ਤੋਂ ਵਡਮੁੱਲੀ ਸੇਧ ਮਿਲਦੀ ਹੈ। 13 ਅਕਤੂਬਰ ਨੂੰ ਉਹਨਾਂ ਦਾ ਜਨਮ ਦਿਵਸ ਬਾਲਮੀਕੀ ਭਾਈਚਾਰੇ ਵੱਲੋਂ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਆਓ ਉਹਨਾਂ ਦੀ ਸਿੱਖਿਆਵਾਂ ਨੂੰ ਜੀਵਨ ਚ ਧਾਰਨ ਕਰਕੇ ਸੁਚੱਜਾ, ਸਵੱਛ ,ਸਮਾਜਿਕ ਕਦਰਾਂ ਕੀਮਤਾਂ ਭਰਪੂਰ ਇਨਸਾਨੀਅਤ ਭਰਿਆ ਜੀਵਣ ਜਿਉਣ ਦਾ ਪ੍ਰਣ ਕਰੀਏ।

ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

ਮਾਰੂਥਲ ਦੇ ਸਫ਼ਰ ਦਾ ਮੁਸਾਫਿਰ-ਜਸਵਿੰਦਰ ਦੂਹੜਾ

(8 ਸਤੰਬਰ ਨੂੰ ਸਨਮਾਨ ਸਮਾਰੋਹ ਤੇ ਵਿਸ਼ੇਸ਼)

ਜਸਵਿੰਦਰ ਦੂਹੜਾ ਪੰਜਾਬੀ ਸਾਹਿਤਕ ਹਲਕਿਆਂ ਚ ਨਰੋਈ,ਵਿਗਿਆਨਕ, ਗੁਣਾਤਮਕ ਅਤੇ ਸਿਰਜਣਾਤਮਕ ਰੁਚੀਆਂਂ ਵਾਲਾ ਇੱਕ ਚਰਚਿਤ ਸਾਹਿਤਕਾਰ ਹੈ।ਪੰਜਾਬੀ ਮਾਂ ਬੋਲੀ ਦੇ ਇਸ ਲਾਡਲੇ ਚ ਸਾਹਿਤਕ ਵਿਧਾਵਾਂ ਕਹਾਣੀਆਂ,ਗਜ਼ਲਾਂ ਅਤੇ ਕਾਵਿਤਾਵਾਂ ਚ ਪੂਰਨ ਪਰਪੱਕਤਾ ਸਹਿਤ ਵਿਸ਼ਿਆਂ ਨਾਲ ਪੂੂਰਾ ਇਨਸਾਫ ਕਰਨ ਅਤੇ ਘੱਟ ਸ਼ਬਦਾਂ ਚ ਵੱਡੀ ਗੱਲ ਕਹਿਣ ਦੀ ਚੰਗੀ ਮੁਹਾਰਤ ਹੈ।ਉਸਦੀਆਂ ਰਚਨਾਵਾਂ ਦੇ ਕਾਲਪਨਿਕ ਵਿਸ਼ੇ ਵੀ ਆਮ ਲੋਕਾਂ ਦੀ ਜ਼ਿੰਦਗੀ ਦੀ ਅਸਲੀਅਤ ਦੀ ਤਰਜਮਾਨੀ ਕਰਦੇ ਹਨ।
ਉਹ ਜਿਲ੍ਹਾ ਜਲੰਧਰ  ਨੇੜਲੇ  ਦੂਹੜੇ ਪਿੰਡ ਦਾ ਜੰਮਪਲ ਹੈ ਅਤੇ ਸੰਧੂ ਗਜ਼ਲ ਸਕੂਲ ਦਕੋਹਾ ਵਾਲੇ ਅਮਰਜੀਤ ਸਿੰਘ ਸੰਧੂ ਦਾ ਲਾਡਲਾ ਸ਼ਗਿਰਦ ਹੈ।ਆਪਣੀ ਜ਼ਿੰਦਗੀ ਦੀਆਂ 46 ਕੁ ਹੁਸੀਨ ਬਹਾਰਾਂ ਅਤੇ ਪੱਤਝੜਾਂਂ ਦਾ ਆਨੰਦ ਮਾਣ ਚੁੱਕੇ ਇਸ ਮਾਂ ਬੋਲੀ ਪੰਜਾਬੀ ਦੇ ਲਾਡਲੇ ਜਸਵਿੰਦਰ ਨੇ ਪਿਤਾ ਸ੍ਰ.ਸੁੱਚਾ ਰਾਮ ਦੇ ਵਿਹੜੇ ਅਤੇ ਮਾਤਾ ਸ੍ਰੀਮਤੀ  ਜੋਗਿੰਦਰ ਕੌਰ ਦੀ ਗੋਦੀ ਨੂੰ ਪੂਰਨ ਖਿੜੇ ਫੁੱਲ ਵਰਗੀਆਂ ਖੁਸ਼ੀਆਂ ਤੇ ਖੇੜਿਆਂ ਨਾਲ ਭਰਿਆ।ਉਹਨਾਂ ਗੁਰੂ ਨਾਨਕ ਖਾਲਸਾ ਕਾਲਜ ਡਰੌਲੀ ਕਲਾਂ ਤੋਂਂ ਐਮ.ਏ. ਪੰਜਾਬੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਜਰਨਲਇਜ਼ਮ ਦੀ ਤਾਲੀਮ ਹਾਸਲ ਕੀਤੀ ਹੋਈ ਹੈ।

ਸਾਫ ਦਿਲ ਅਤੇ ਮਸੂਮੀਅਤ ਜਿਹੇ ਚਿਹਰੇ ਦੇ ਮਾਲਕ ਜਸਵਿੰਦਰ ਦੂਹੜਾ ਸ਼ਾਇਰ ਚ ਪਹਿਲੀ ਮਿਲਣੀ ਚ ਆਪਣਾ ਬਣਾ ਲੈਣ ਦੀ ਖੂਬਸੂਰਤ ਯੋਗਤਾ ਹੈ।ਜਲੰਧਰ ਸਥਿਤ ਅਖਬਾਰ ਸਮੂਹ ਚ ਬਤੌਰ ਉੱਪ ਸੰਪਾਦਕ ਦੀ ਰੁਝੇਵਿਆਂ ਭਰੀ ਜਿੰਦਗੀ ਚੋਂ ਕੁੱਝ ਪਲ ਸਾਹਿਤ ਸਿਰਜਣਾ ਦੀ ਯਤਨਸ਼ੀਲਤਾ ਨੂੰ ਸਮਰਪਿਤ ਹੈ।ਜਦੋਂ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲਿਆ ਤਾਂ ਨਿਮਰਤਾ, ਪਿਆਰ, ਸਹਿਜਤਾ,ਮਿਲਵਰਤਨ, ਸਲੀਕਾ ਆਦਿ ਜਿਹੇ ਗੁਣਾਂ ਨਾਲ ਭਰਪੂਰ ਜਸਵਿੰਦਰ ਦੂਹੜਾ ਨਾਲ ਪੱਕੀ ਦਿਲੀ ਸਾਂਝ ਪੈ ਗਈ।ਉਹਨਾਂ ਆਪਣਾ ਗਜ਼ਲ ਸੰਗ੍ਰਹਿ "ਮਾਰੂਥਲ ਦਾ ਸਫਰ " ਪਿਆਰ ਸਹਿਤ ਭੇਂਟ ਕੀਤਾ।ਉਸਦੀਆਂ ਕਵਿਤਾਵਾਂ ਦੇ ਵਿਸ਼ੇ ਪਿਆਰ ਦੀ ਤਾਂਘ, ਵਿਛੋੜੇ ਦਾ ਦਰਦ,ਸਮਾਜਿਕ ਮਜਬੂਰੀਆਂ,ਬੇਵਫਾਈਆਂ, ਬੇਦਰਦੀ ਆਦਿ ਦਿਲ ਦੀਆਂ ਗਹਿਰਾਈਆਂ ਨੂੰ ਟੋਹਦੇ ਹਨ ਅਤੇ ਸਮਾਜਿਕ ਅਤੇ ਪਰਿਵਾਰਕ ਕੁਰੀਤੀਆਂ ਨੂੰ ਕਰਾਰੀ ਸੱਟ ਵੀ ਮਾਰਦੇ ਹਨ।ਉਸਨੇ ਆਪਣੀਆਂ ਕਵਿਤਾਵਾਂ ਰਾਹੀਂ ਬੇ-ਕਾਨੂੰਨੀ, ਬੇ-ਅਸੂਲੀ,ਲਾਪਰਵਾਹੀ, ਧੱਕੇਸ਼ਾਹੀ ਦੇ ਆਲਮ ਚ ਮਨੁੱਖ ਦੀ ਮਜਬੂਰੀ ਨੂੰ ਵੀ ਪ੍ਰਮੁੱਖਤਾ ਨਾਲ ਉਭਾਰਿਆ ਹੈ।ਉਸਨੇ ਆਪਣੇ ਮਨ ਦੇ ਵਲਵਲਿਆਂ ਅਤੇ ਵਿਚਾਰਾਂ ਦੇ ਤੂਫਾਨ ਨੂੰ ਕੋਰੇ ਕਾਗਜਾਂ ਦੀ ਹਿੱਕ ਤੇ ਝਰੀਟ ਕੇ ਸਾਹਿਤਕ ਰਚਨਾਵਾਂ ਦੀ ਉਤਪਤੀ ਨਾਲ ਸਾਹਿਤ ਹਲਕਿਆਂ ਚ ਚੋਖੀ ਪੈਂਠ ਬਣਾਈ ਹੈ।ਉਸਨਾਂ "ਕਿਰਨਾਂ" ਮਿੰਨੀ ਕਹਾਣੀ ਸੰਗ੍ਰਹਿ, "ਇੱਕ ਵਾਰ ਫਿਰ" ਕਾਵਿ ਸੰਗ੍ਰਹਿ,"ਹਾਲ ਮੁਰੀਦਾਂ ਦਾ " ਕਾਵਿ ਸੰਗ੍ਰਹਿ,"ਹਉਂਕਿਆਂ ਦਾ ਸਮੁੰਦਰ" ਕਾਵਿ ਸੰਗ੍ਰਹਿ, "ਹਾਸੇ ਦੀਆਂ ਛੁਰਲੀਆਂ" ਹਾਸਰਸ ਕਾਵਿ ਸੰਗ੍ਰਹਿ,"ਤੈਨੂੰ ਆਪਣਾ ਬਣਾਇਆ" ਗੀਤ ਸੰਗ੍ਰਹਿ ਆਦਿ ਸਮੇਤ ਕਈ ਪੁਸਤਕਾਂ ਸੰਪਾਦਿਤ ਕੀਤੀਆਂ ਹਨ ।
ਉਹ ਕਈ ਮੈਗਜੀਨ ਵਾਰਿਸ, ਵਾਰਿਸ ਪੰਜਾਬ ਦਾ,ਉੱਭਰਦੀਆਂ ਪੈੜਾਂ,ਵਿੱਦਿਅਕ ਦਰਬਾਰ ਆਦਿ ਸੰਪਾਦਕ ਰਹੇ ਹਨ।ਵੇਦਨਾ ਨਿਊਜ਼ ਮੈਗਜੀਨ ਅਤੇ ਵੇਦਨਾ ਟੀਵੀ ਦੇ ਮੌਜੂਦਾ ਸੰਪਾਦਕ  ਹਨ।
 "ਮਾਰੂਥਲ ਦਾ ਸਫਰ " ਗਜ਼ਲ ਸੰਗ੍ਰਹਿ ਅਤੇ "ਪੱਤਝੜ" ਕਾਵਿ ਸੰਗ੍ਰਹਿ ਉਸਦੀ ਸੁੱਘੜ,ਗੰਭੀਰ ਅਤੇ ਫੱਕਰਾਨਾਂ ਸੋਚ ਦੀ ਉਤਪਤੀ ਹਨ।ਉਹਨਾਂ ਦੀ ਕਵਿਤਾ ਦਾ ਸ਼ੇਅਰ
 "ਪੱਥਰ ਦੇ ਲੋਕਾਂ ਨੂੰ,
ਸ਼ੀਸ਼ੇ ਦਾ ਦਿਲ ਵੇਚਣ ਤੁਰਿਆ ਹਾਂ।
ਪਾਗਲ ਹਾਂ ਮੈਂ,
ਆਪਣੀ ਜ਼ਿੰਦਗੀ ਦਾ ਹਸ਼ਰ ਦੇਖਣ ਤੁਰਿਆ ਹਾਂ।"
ਆਪਣੇ ਪਿਆਰੇ ਨੂੰ ਪਿਆਰ ਦੇ ਇਜ਼ਹਾਰ ਚ ਅਤਿਅੰਤ ਖੂਬਸੂਰਤ ਸ਼ੇਅਰ
"ਅੱਖ ਨੂੰ ਅੱਥਰੂ, ਦਿਲ ਨੂੰ ਇੱਕ ਹਾਦਸਾ,
ਪੈਰਾਂ ਨੂੰ ਮਾਰੂਥਲ ਦਾ ਸਫ਼ਰ ਦੇ ਗਿਆ।
ਦਿਲ ਤੇ ਲਾਕੇ, ਮੈਂ ਰੱਖਿਐ ਅਜੇ ਤੀਕ ਵੀ,
ਜਿਹੜਾ ਸਦਮਾ ਤੂੰ ਦਿਲ ਨੂੰ ਅ-ਜਰ ਦੇ ਗਿਆ।"ਉਸਦੀ ਸੋਚ ਦੀ ਡੂੰਘਾਈ ਅਤੇ ਗੰਭੀਰਤਾ ਦੀ ਸ਼ਾਹਦੀ ਭਰਦੇ ਹਨ।
ਇੱਕ ਹੋਰ ਸ਼ੇਅਰ
ਨਾ ਭਟਕਣ ਤੋਂ ਡਰੀਂ ਤੂੰ,ਇਹ ਖੁਦਾ ਦੀ ਦੇਣ ਹੈ ਸਾਨੂੰ,
ਕਲਾਕਾਰ ਦੇ ਸੀਨੇ ਵਿਚ ਤਾਂ ਭਟਕਣ ਜਰੂਰੀ ਹੈ।" ਸਾਹਿਤਕਾਰਾਂ ਦੇ ਮਨੋ-ਪ੍ਰਵਿਰਤੀ ਨੂੰ ਬਾਖੂਬੀ ਬਿਆਨਦਾ ਹੈ।
ਉਹਨਾਂ ਦੀਆਂ ਰਚਨਾਵਾਂ ਪੜ੍ਹਦਿਆਂ ਸਿਆਲ ਦੀ ਕੋਸੀ ਕੋਸੀ ਧੁੱਪ ਦੇ ਨਿੱਘ,ਸਾਉਣ ਦੇ ਮਹੀਨੇ ਬੱਦਲਾਂ ਚੋਂ ਡਿੱਗੀ ਕਣੀ ਨਾਲ ਬਣੇ ਬੁਲਬਲੇ ਨੂੰ ਦੇਖ ਉੱਮੜੀ ਖੁਸ਼ੀ ਅਤੇ ਜੇਠ ਹਾੜ੍ਹ ਦੀ ਤਿੱਖੜ ਦੁਪਹਿਰ ਦੇ ਤਪਦੇ ਮਾਰੂਥਲੀ ਰੇਤ ਤੇ ਡਿੱੱਗੀ ਕਣੀ ਦੀ ਠੰਡਕ ਵਰਗਾ ਅਹਿਸਾਸ ਹੁੰਦਾ ਹੈ।
ਉਹਨਾਂ ਆਪਣੀਆਂ ਰਚਨਾਵਾਂ ਚ ਵਿਸ਼ੇ ਦੇ ਵਜਨ,ਬਹਿਰ,ਸਾਰਥਿਕਤਾ ਆਦਿ ਨੂੰ ਮਜ਼ਬੂਤੀ ਨੂੰ ਬਰਕਰਾਰ ਰੱਖਦਿਆਂ ਕਿਤੇ ਵੀ ਡੋਲਣ ਨਹੀਂ ਦਿੱਤਾ।
ਉਹਨਾਂ ਦੇ ਸਾਹਿਤ ਦੇ ਖੇਤਰ ਚ ਨਰੋਏ ਅਤੇ ਸਿਰਜਣਾਤਮਕ ਸਾਹਿਤ ਦੇ ਵਡਮੁੱਲੇ ਯੋਗਦਾਨ ਨੂੰ ਦੇਖਦਿਆਂ ਹੋਰ ਲੇਖਕਾਂ ਦੇ ਨਾਲ ਜਸਵਿੰਦਰ ਦੂਹੜਾ ਨੂੰ ਵੀ ਜਿਲ੍ਹਾ ਲਿਖਾਰੀ ਸਭਾ ਫਤਹਿਗੜ੍ਹ ਦੇ 8 ਸਤੰਬਰ ਐਤਵਾਰ ਨੂੰ ਹੋਣ ਵਾਲੇ ਵਿਸ਼ੇਸ਼ ਸਨਮਾਨ ਸਮਾਰੋਹ ਚ "ਰੇਡੀਓ ਸੱਚ ਦੀ ਗੂੰਜ" ਅਤੇ "ਪੰਜਾਬੀ ਇਨ ਹਾਲੈਂਡ" ਅਖ਼ਬਾਰ ਸਮੂਹ ਦੇ ਮਾਲਕ ਹਰਜੋਤ ਸਿੰਘ ਸੰਧੂ ਅਤੇ ਸਮੂਹ ਪਰਿਵਾਰ ਵੱਲੋਂ ਪ੍ਰਦਾਨ ਕੀਤੇ ਜਾਣ ਵਾਲੇ ਪਹਿਲੇ "ਮਾਤਾ ਸਤਮਿੰਦਰ ਕੌਰ ਯਾਦਗਾਰੀ ਪੁਰਸਕਾਰ " ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ।ਸਮੂਹ ਅਦਾਰਾ ਵੀ ਉਹਨਾਂ ਸਨਮਾਨਿਤ ਹੋਣ ਤੇ ਮੁਬਾਰਕਬਾਦ ਦਿੰਦਾ ਹੈ।
ਇੰਜੀ.ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

ਸਾਹਿਤਕ ਮਹਿਫਲਾਂ ਦਾ ਸ਼ਿੰਗਾਰ-ਗੀਤਕਾਰ ਦੀਦਾਰ ਖਾਨ ਧਬਲਾਨ - ਇੰਜ.ਸਤਨਾਮ ਸਿੰਘ ਮੱਟੂ

ਅਜਿਹੇ ਸੰਜੀਦਾ ਲੇਖਕ ਤੇ ਗੀਤਕਾਰ ਬਹੁਤ ਵਿਰਲੇ ਹੁੰਦੇ ਹਨ ਜੋ ਚੰਦ ਛਿੱਲੜਾਂ ਦੇ ਮੋਹ ਤੋਂ ਮੁਕਤ ਸੱਭਿਆਚਾਰਕ, ਸਮਾਜਿਕ, ਪਰਿਵਾਰਕ ,ਧਾਰਮਿਕ ਵਿਸ਼ਿਆਂ ਨੂੰ ਛੂੰਹਦੇ ਮਰਿਆਦਾ ਪਰਸ਼ੋਤਮ ਸਾਹਿਤਕ ਗੀਤਾਂ,ਕਵਿਤਾਵਾਂ ਦੀ ਰਚਨਾ ਨੂੰ ਪਹਿਲ ਦਿੰਦੇ ਹਨ।ਅਜਿਹੀਆਂ ਹੀ ਸਾਹਿਤਕ ਸ਼ਖਸ਼ੀਅਤਾਂ ਚੋਂ ਗੀਤਕਾਰ ਦੀਦਾਰ ਖਾਨ ਧਬਲਾਨ ਦਾ ਨਾਮ ਉੱਭਰ ਕੇ ਸਾਹਮਣੇ ਆਉਂਦਾ ਹੈ।
ਆਪਣੀ ਜਿੰਦਗੀ ਦੀਆਂ 60 ਕੁ ਹੁਸੀਨ ਬਹਾਰਾਂ ਅਤੇ ਪੱਤਝੜਾ ਦਾ ਆਨੰਦ ਮਾਣ ਚੁੱਕੇ ਦੀਦਾਰ ਖਾਨ ਨੇ ਸ਼ਾਹੀ ਸਹਿਰ ਪਟਿਆਲਾ ਦੇ ਪਿੰਡ ਧਬਲਾਨ ਵਿਖੇ ਪਿਤਾ ਜਨਾਬ ਲਤੀਫ ਖਾਨ ਭੱਟੀ ਅਤੇ ਮਾਤਾ ਬੇਗਮ ਹਸਨੀ ਦੇ ਘਰ 12 ਮਈ 1959 ਨੂੰ ਜਨਮ ਲਿਆ।ਪੜਾਈ ਪੱਖੋਂ ਉਸਦਾ ਹੱਥ ਥੋੜਾ ਤੰਗ ਰਿਹਾ, ਬੱਸ ਪ੍ਰਾਇਮਰੀ ਹੀ ਪਾਸ ਕਰ ਸਕਿਆ ਅਤੇ ਪੜ੍ਹਾਈ ਛੱਡ ਪਿਤਾ ਨਾਲ ਕਬੀਲਦਾਰੀ ਦੇ ਮੋਢੇ ਨਾਲ ਮੋਢਾ ਜੋੜ ਲਿਆ।ਬੇਸ਼ੱਕ ਉਸਦੇ ਪਰਿਵਾਰ ਦਾ ਗੀਤ ਸੰਗੀਤ ਨਾਲ ਕੋਈ ਵਾਸਤਾ ਨਹੀਂ ਸੀ,ਪਰ ਫਿਰ ਵੀ ਨਾਨਕਿਆਂ ਚੋਂ ਉਸਦੇ ਕਵੀਸ਼ਰ ਮਾਮਾ ਰਮਜ਼ਾਨ ਖਾਨ ਦਾ ਉਸਦੇ ਮਨ ਤੇ ਡੂੰਘਾ ਪ੍ਰਭਾਵ ਪਿਆ ਤੇ ਉਸਦੇ ਮਨ ਅੰਦਰ ਵਿਚਾਰਾਂ ਦਾ ਤੂਫਾਨ ਉਬਾਲੇ ਮਾਰਨ ਲੱਗਾ।ਉਸ ਵੇਲੇ ਦੇ ਗੀਤਕਾਰ ਚਰਨ ਸਿੰਘ ਸਫਰੀ,ਗੁਰਦੇਵ ਮਾਨ,ਬਾਬੂ ਸਿੰਘ ਮਾਨ ਆਦਿ ਦਾ ਗੀਤਾਂ ਚ ਵੱਜਦਾ ਨਾਮ ਸੁਣ ਉਸ ਉੱਪਰ ਗੀਤਕਾਰੀ ਦਾ ਭੂਤ ਸਵਾਰ ਹੋ ਗਿਆ।ਖੇਤਾਂ ਚ ਡੰਗਰਾਂ ਪਿੱਛੇ ਘੁੰਮਦਿਆਂ ਕਾਫੀਏ ਮਿਲਾਉਣੇ ਸ਼ੁਰੂ ਕਰ ਦਿੱਤੇ ਅਤੇ ਸਭ ਤੋਂ ਪਹਿਲਾ ਗੀਤ " ਕੁੰਤੀ ਦਾ ਬਾਪੂ ਕਰਦਾ ਰਹੇ ਸ਼ਿਕਾਰ" ਲਿਖਿਆ।ਬੱਸ ਫਿਰ ਚੱਲ ਸੋ ਚੱਲ।ਹੁਣ ਤੱਕ ਬੇਰੋਕ ਕਰੀਬ 600 ਗੀਤਾਂ ਦੀ ਰਚਨਾ ਕਰ ਦਿੱਤੀ ਹੈ।ਉਸਦਾ ਕਹਿਣਾ ਹੈ ਕਿ ਗੀਤਾਂ ਦੀ ਰਚਨਾ ਉਸਨੂੰ ਕੁਦਰਤੀ ਬਖਸ਼ਿਸ਼ ਹੈ।ਭਾਵੇਂ ਉਸਨੇ ਇਸ ਖੇਤਰ ਚ ਕਿਸੇ ਨੂੰ ਗੁਰੂ ਨਹੀਂ ਧਾਰਨ ਕੀਤਾ ,ਪਰ ਗਾਇਕੀ ਦੀਆਂ ਬਾਰੀਕੀਆਂ ਉਸਨੇ ਬਾਬੂ ਦੀਦਾਰ ਜਾਫਰ ਤੋਂ ਸਿੱਖੀਆਂ ਹਨ।
ਦੀਦਾਰ ਖਾਨ ਦਾ ਪਹਿਲਾਂ ਗੀਤ 'ਉੱਡਦੇ ਪੰਛੀ ਨੂੰ ਸੀਟੀ ਮਾਰ ਬੁਲਾਵੇਂਂ' 1978 ਚ ਗਾਇਕ ਸੁਖਦੇਵ ਸਫਰੀ ਅਤੇ ਸੁਤਿੰਦਰ ਬੀਬਾ ਦੀ ਆਵਾਜ਼ ਚ ਰਿਕਾਰਡ ਹੋਇਆ ਸੀ,ਜੋ ਕਾਫੀ ਮਕਬੂਲ ਹੋਇਆ।ਇਸਤੋਂ ਬਾਅਦ ਸੁਖਦੇਵ ਸਫਰੀ, ਆਗਿਆ ਸਿੰਘ ਹੀਰਾ, ਮੰਗਤ ਖਾਨ, ਮਨਜੀਤ ਬੁਟਾਰੀ, ਤੀਰਥ ਚੰਦਨ, ਭਾਗ ਸਿੰਘ ਸੰਦਲ, ਬਲਜੀਤ ਸਹੋਤਾ, ਆਸਾ ਚੌਹਾਨ, ਕਰਨੈਲ ਹੀਰਾ ਨਾਭਾ,ਗੁਰਪ੍ਰੀਤ ਢਿੱਲੋਂ, ਪ੍ਰੀਤ ਸੰਦਲ,ਮਨੂੰ ਸਿਮਰਨ ਆਦਿ ਗਾਇਕਾਂ ਨੇ ਉਸਦੇ ਗੀਤਾਂ ਨੂੰ ਆਪਣੀ ਸੁਰੀਲੀ ਆਵਾਜ ਚ ਗਾਇਆ ਹੈ।
ਉਸਦੇ ਰਿਕਾਰਡ ਗੀਤਾਂ ਚੋਂ
ਮਾਂ ਦਾ ਖਤ,
ਤੱਤੀ ਤਵੀ,
ਤੇਰੇ ਨਾਲ ਸਿੰਘਾਂ ਦੀ ਲੜਾਈ ਦਿੱਲੀਏ, ਸਾਡੀ ਯਾਦ,
ਵਾਹਗੇ ਦੀ ਦੀਵਾਰ,
 ਪ੍ਰਦੇਸ਼ ਦੀ ਚਿੱਠੀ ਗੀਤ ਜ਼ਿਕਰਯੋਗ ਹਨ।ਉਸਦੇ ਲਿਖੇ ਗੀਤ ਕਈ ਸਾਂਝੇ ਕਾਵਿ ਸੰਗ੍ਰਹਿਆਂ ਚ ਛਪੇ ਹਨ,ਜਿੰਨ੍ਹਾਂ ਚੋਂ ਜੀਵਨੀ ਕਵੀਸ਼ਰ ਨਸੀਬ ਚੰਦ ਪਾਤੜਾਂ, ਕਲਮ ਕਾਫਲਾ, ਕਲਮ ਸ਼ਕਤੀ, ਸ਼ਿਰਾਜਾ(ਜੰਮੂ-ਕਸ਼ਮੀਰ ਤੋਂ), ਕਲਮ ਦਾ ਸਫਰ ਪ੍ਰਮੁੱਖ ਹਨ।
ਪੰਜਾਬੀ ਬਾਲ ਸਾਹਿਤ ਪੁਰਸਕਾਰ ਜੇਤੂ ਡਾ. ਦਰਸ਼ਨ ਸਿੰਘ ਆਸ਼ਟ ਦੇ ਸਹਿਯੋਗ ਸਦਕਾ ਦੀਦਾਰ ਖਾਨ ਨੇ ਆਪਣੇ ਲਿਖੇ ਗੀਤਾਂ ਦੀਆਂ ਚਾਰ ਪੁਸਤਕਾਂ- ਪੌਣਾਂ ਚ ਘੁਲੇ ਗੀਤ, ਕਾਗਜਾਂ ਦੇ ਫੁੱਲ,
ਅੱਲ੍ਹੇ ਜਖ਼ਮ ਅਤੇ
ਜਨਮ ਤੁਮਹਾਰੇ ਲੇਖੇ(ਧਾਰਮਿਕ)
 ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ।ਇਸ ਤੋਂ ਇਲਾਵਾ ਉਸਦੇ ਲਿਖੇ ਸਾਹਿਤਕ ਗੀਤ ਪੰਜਾਬੀ ਦੇ ਪੰਜਾਬ ਅਤੇ ਵਿਦੇਸ਼ਾਂ ਤੋਂ ਛਪਦੇ ਅਖਬਾਰਾਂ ਅਤੇ ਮੈਗਜ਼ੀਨ ਸਮੁੰਦਰੋਂ ਪਾਰ, ਗੁਸੱਈਆਂ,ਚੜ੍ਹਦੀ ਕਲਾ, ਅਦਬ ਆਦਿ ਚ ਛਪਦੇ ਰਹਿੰਦੇ ਹਨ। ਉਹ ਆਪਣੇ ਗੀਤਾਂ ਨਾਲ ਆਕਾਸ਼ਵਾਣੀ ਪਟਿਆਲਾ, ਟਾਈਮ ਟੀਵੀ, ਲਕਸ਼ਮੀ ਚੈਨਲ ਕਲਕੱਤਾ ਰਾਹੀਂ ਵੀ ਸਰੋਤਿਆਂ ਨਾਲ ਰੂਬਰੂ ਹੋ ਚੁੱਕਾ ਹੈ।
ਉਸਦਾ ਕਹਿਣਾ ਹੈ ਕਿ ਉਸਨੇ ਹਮੇਸ਼ਾ ਸਾਹਿਤਕ ਅਤੇ ਪਰਿਵਾਰਕ ਗੀਤ ਲਿਖਣ ਨੂੰ ਤਰਜੀਹ ਦਿੱਤੀ ਹੈ।ਉਸਦੇ ਗੀਤਾਂ ਦੇ ਵਿਸ਼ੇ ਪਿਆਰ, ਮੁਹੱਬਤ, ਵਿਛੋੜੇ ਦਾ ਦਰਦ,ਸਮਾਜਿਕ ਕੁਰੀਤੀਆਂ, ਪਰਿਵਾਰਕ ਨੋਕਝੋਕ ਆਧਾਰਿਤ ਹਨ।ਦੇਸ਼ ਦੀ ਵੰਡ ਦਾ ਉਸਨੂੰ ਗਹਿਰਾ ਦੁੱਖ ਹੈ।
ਆਪਣੀ ਇਸ ਕਲਾ ਦੇ ਬਲਬੂਤੇ ਉਹਨਾਂ ਸਾਊਦੀ ਅਰਬ,ਪਾਕਿਸਤਾਨ, ਨੇਪਾਲ ਅਤੇ ਭਾਰਤ ਚ ਜੰਮੂ ਕਸ਼ਮੀਰ, ਮੇਘਾਲਿਆ, ਦਾਰਜੀਲਿੰਗ, ਕਲਕੱਤਾ,ਜੈਪੁਰ, ਪ੍ਰਤਾਪਗੜ੍ਹ, ਸ਼ਿਲਾਂਗ ਵਿਖੇ ਕਵੀ ਦਰਬਾਰਾਂ ਚ ਭਰਵੀਂ ਹਾਜਰੀ ਲਵਾਈ ਹੈ।
ਅੱਜਕਲ੍ਹ ਆਪਣੇ ਪਰਿਵਾਰ ਨਾਲ ਪਿੰਡ ਚ ਜਿੰਦਗੀ ਬਸਰ ਕਰ ਰਹੇ ਦੀਦਾਰ ਖਾਨ ਨੂੰ ਪਟਿਆਲਾ ਦੀਆਂ ਸਾਹਿਤਕ ਮਹਿਫਲਾਂ ਚ ਹਾਜਰੀ ਲਗਵਾ ਕੇ ਸਕੂਨ ਮਿਲਦਾ ਹੈ।ਉਸਦੇ ਲਿਖੇ ਗੀਤ ਚ ਨਸੀਹਤ
"ਇੱਟਾਂ ਸੀਮਿੰਟ ਸਰੀਏ ਦੇ ਨਾਲ ਬੰਗਲਾ ਬਣ ਜਾਦੈ,
ਜਿੱਥੇ ਬਹੀਏ ਜੁੜਕੇ ਤਾਂ ਉਹ ਘਰ ਅਖਵਾਉਂਦਾ ਹੈ।
ਹੋਵੇ ਕਲਾ ਕਲੇਸ਼ ਤਾਂ ਬੰਦਾ ਭੱਜਦੈ ਬਾਹਰ ਨੂੰ,
ਜੇ ਹੋਵੇ ਸਤਿਕਾਰ ਤਾਂ ਬੰਦਾ ਘਰ ਨੂੰ ਆਉਂਦਾ ਹੈ।"
ਅਤੇ
"ਵੱਢਦੇ ਕਸਾਈਆਂ ਕੋਲੋਂ ਭੱਜ ਜੇ ਛੁਡਾ ਕੇ ਪਸ਼ੂ
ਕਿਹੜੇ ਪਾਸੇ ਗਿਆ ਇਹ ਦੱਸਣਾ ਨਹੀਂ ਚਾਹੀਦਾ।
ਹੁੰਦਾ ਹੋਵੇ ਝਗੜਾ ਤਾਂ ਵੱਟ ਲਈਏ ਪਾਸਾ,
ਐਵੇਂ ਜੱਟਾਂ ਦੀ ਲੜਾਈ ਵਿੱਚ ਫਸਣਾ ਨਹੀਂ ਚਾਹੀਦਾ।"
ਮਾਣ ਸਨਮਾਨ ਬਾਬਤ ਗੱਲ ਕਰਦਿਆਂ ਉਸਦਾ ਕਹਿਣਾ ਹੈ ਕਿ ਸਰੋਤਿਆਂ ਅਤੇ ਪਾਠਕਾਂ ਦਾ ਪਿਆਰ ਸਭ ਤੋੱ ਵੱਡਾ ਸਨਮਾਨ ਹੈ।ਪ੍ਰਮਾਤਮਾ ਕਰੇ ਗੀਤਕਾਰ ਦੀਦਾਰ ਖਾਨ ਦੀ ਕਲਮ ਇਸੇ ਤਰ੍ਹਾਂ ਨਿਰੰਤਰ ਕੋਰੇ ਕਾਗਜ ਦੀ ਹਿੱਕ ਰੰਗਦੀ ਰਹੇ।

ਆਮੀਨ !!
ਇੰਜ.ਸਤਨਾਮ ਸਿੰਘ ਮੱਟੂ
ਬੀਂਂਬੜ੍ਹ, ਸੰਗਰੂਰ।
9779708257
ਫੋਟੋਆਂ. 1. ਦੀਦਾਰ ਖਾਨ

ਕਲਮਾਂ ਦੇ ਸਿਰਨਾਵੇਂ ਵਾਲੀ - ਰਣਜੀਤ ਕੌਰ ਸਵੀ - ਸਤਨਾਮ ਸਿੰਘ ਮੱਟੂ

ਹੋਰ ਖੇਤਰਾਂ ਦੀ ਤਰ੍ਹਾਂ ਸਾਹਿਤ ਦੇ ਖੇਤਰ ਚ ਵੀ ਇਸਤਰੀ ਵਰਗ ਦਾ ਯੋਗਦਾਨ ਕਿਸੇ ਪੱਖੋਂ ਘੱਟ ਨਹੀਂ।ਅੰਮ੍ਰਿਤਾ ਪ੍ਰੀਤਮ, ਦਲੀਪ ਕੌਰ ਟਿਵਾਣਾ,ਡਾ.ਹਰਸ਼ਿੰਦਰ ਕੌਰ,ਡਾ.ਅਰਵਿੰਦਰ ਕੌਰ ਕਾਕੜਾ ਡਾ.ਸੁਲਤਾਨਾ ਬੇਗਮ,ਡਾ.ਇੰਦਰਪਾਲ ਕੌਰ ਆਦਿ ਦੀ ਰੌਸ਼ਨੀ ਚ ਕਵਿਤਰੀ ਰਣਜੀਤ ਕੌਰ ਸਵੀ ਦਾ ਨਾਮ ਵੀ ਮੂਹਰਲੀ ਕਤਾਰ ਚ ਆਉਂਦਾ ਹੈ।ਪਿਤਾ ਸ੍ਰ.ਗੁਰਮੇਲ ਸਿੰਘ ਅਤੇ ਮਾਤਾ ਸ੍ਰੀਮਤੀ ਰਜਿੰਦਰ ਕੌਰ ਦੀ ਲਾਡਲੀ ਰਣਜੀਤ ਕੌਰ ਦਾ ਜਨਮ ਸ਼ਾਹੀ ਸ਼ਹਿਰ ਪਟਿਆਲਾ ਚ 15.6.1981 ਚ ਹੋਇਆ।


ਬੀਏ ਤੱਕ ਦੀ ਪੜ੍ਹਾਈ ਕਰਦਿਆਂ ਪੰਜਾਬੀ ਚ ਚੋਣਵੇਂ ਵਿਸ਼ੇ ਵਜੋਂ ਕਵਿਤਾਵਾਂ ਅਤੇ ਸਾਹਤਿਕ ਲੇਖ ਪੜ੍ਹਦਿਆਂ ਲਿਖਣ ਦੀ ਚੇਟਕ ਲੱਗ ਗਈ।ਅਧਿਆਪਕਾਂ ਅਤੇ ਸਹਿਪਾਠੀਆਂ ਦੀ ਹੱਲਾਸ਼ੇਰੀ ਨੇ ਉਤਸ਼ਾਹਿਤ ਕੀਤਾ।ਸਮੇਂ ਦੇ ਹਾਲਾਤਾਂ ਨੂੰ ਵਾਚਿਆ ਤੇ ਸ਼ਾਬਦਿਕ ਤਰਤੀਬਵਾਰ ਕਵਿਤਾ ਦੇ ਰੂਪ ਚ ਉਲੇਖ ਕਰ ਦਿੱਤਾ।
"ਸੋਚਦੀ ਸੀ ਹਰ ਪਲ ਕਦੇ ਤਾਂ ਮੁੱਕਣਗੇ ਦੁੱਖ, ਉਲਝਣਾਂ ਦੇ ਵਿੱਚ ਭੁਰਦੀ ਜਾ ਰਹੀ ਸੀ ਜਿੰਦਗੀ।"
ਉਹਨਾਂ ਦੀਆਂ ਕਵਿਤਾਵਾਂ ਸਾਂਝੇ ਕਾਵਿ ਸੰਗ੍ਰਹਿ:ਪੀਂਘ ਸਤਰੰਗੀ, ਕਲਮਾਂ ਦੇ ਸਿਰਨਾਵੇਂ, ਲੜੀਏਂ ਪਰੋਏ ਮੋਤੀ, ਕਲਮਾਂ ਦਾ ਸਫਰ, ਸਾਂਝਾ ਪਿਆਰ ਦੀਆਂ, ਕਲਮ ਸ਼ਕਤੀ, ਕਾਵਿ ਸੁਨੇਹਾ, ਚੰਨ ਸਿਤਾਰੇ ਜੁਗਨੂੰ ਆਦਿ ਚ ਛਪ ਚੁੱਕੀਆਂ ਹਨ।ਉਹਨਾਂ ਦੀਆਂ ਲਿਖੀਆਂ ਕਹਾਣੀਆਂ ਕਹਾਣੀ ਸੰਗ੍ਰਹਿ "ਜੋੜੀਆਂ ਜੱਗ ਥੋੜੀਆਂ" ਚ ਛਪ ਚੁੱਕੀਆਂ ਹਨ।ਇਸ ਤੋਂ ਇਲਾਵਾ ਉਹ ਦੂਰਦਰਸ਼ਨ ਦੇ ਪ੍ਰੋਗਰਾਮ "ਨਵੀਆਂ ਕਲਮਾਂ", ਜਲੰਧਰ ਰੇਡੀਓ ਦੇ "ਕਵੀ ਦਰਬਾਰ", ਐਫ ਐਮ ਪਟਿਆਲਾ ਦੇ "ਕਵੀ ਦਰਬਾਰ", ਆਕਾਸ਼ਵਾਣੀ ਬਠਿੰਡਾ ਅਤੇ ਹਰਮਨ ਰੇਡੀਓ ਦੇ ਕਵੀ ਦਰਬਾਰ ਚ ਆਪਣੀਆਂ ਰਚਨਾਵਾਂ ਨਾਲ ਹਾਜਰੀ ਲਵਾਂ ਚੁੱਕੀ ਹੈ।ਉਸਦੀਆਂ ਕਵਿਤਾਵਾਂ ਅਜੋਕੇ ਸਮਾਜ ਦੇ ਦੁਖਾਂਤ ਅਤੇ ਘਟਨਾਵਾਂ,ਵਿਛੋੜੇ ਦਾ ਦਰਦ,ਪਿਆਰ ਦੀ ਤਾਂਘ,ਨਸੀਹਤਾਂ ਦੇ ਵਿਸ਼ੇ ਅਧਾਰਿਤ ਹਨ।ਉਸਦੇ ਲਿਖੇ ਸ਼ਬਦਾਂ ਦੇ ਅਰਥ ਡੋਲਦੇ,ਬਲਕਿ ਮਜਬੂਤ ਸਾਹਿਤਕ ਪਕੜ ਦਾ ਇਜ਼ਹਾਰ ਕਰਦੇ ਹਨ।ਉਹਨਾਂ ਦੀਆਂ ਕਵਿਤਾਵਾਂ ਦੇ ਸ਼ਬਦ ਜੇਠ ਹਾੜ੍ਹ ਚ ਤਪਦੀ ਦੁਪਹਿਰ ਦੇ ਮਾਰੂਥਲ ਦੇ ਰੇਤ ਡਿੱਗੀ ਕਣੀ ਜਿਹੀ ਠੰਡਕ ਅਤੇ ਪੋਹ ਮਾਘ ਦੇ ਮਹੀਨੇ ਕੋਸੀ ਕੋਸੀ ਧੁੱਪ ਦੇ ਆਨੰਦ  ਭਰਿਆ ਸਕੂਨ ਦਿੰਦੇ ਹਨ ।
ਪੰਜਾਬੀ ਦਾ ਮਾਣ ਇਸ ਕਵਿੱਤਰੀ ਨੂੰ ਸ੍ਰੋਮਣੀ ਪੰਜਾਬੀ ਲਿਖਾਰੀ ਸਭਾ,ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਭਾਈ ਕਾਨ੍ਹ ਸਿੰਘ ਨਾਭਾ, ਰਚਨਾ ਵਿਚਾਰ ਮੰਚ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਵੱਲੋਂ ਪੰਜਾਬੀ ਸਾਹਿਤਕ ਖੇਤਰ ਚ ਯੋਗਦਾਨ ਬਦਲੇ ਸਨਮਾਨਿਤ ਕੀਤਾ ਗਿਆ ਹੈ।ਸਾਡੀਆਂ ਉਹਨਾਂ ਲਈ ਦਿਲੋਂ ਦੁਆਵਾਂ ਹਨ।
-----/////------//////-----/////---ਸਤਨਾਮ ਸਿੰਘ ਮੱਟੂ
ਬੀਂਂਬੜ੍ਹ, ਸੰਗਰੂਰ।
9779708257

ਰੱਖੜੀ ਤੇ ਆਜੀਂ ਸੋਹਣੇ ਵੀਰਨਾ - ਸਤਨਾਮ ਸਿੰਘ ਮੱਟੂ

##1.
ਗਿਆ ਸੀ ਤੂੰ ਛੱਡ ਸਾਨੂੰ ਪ੍ਰਦੇਸ਼ ਵੇ,
ਮੈਂ ਤੇ ਛੋਟਾ ਵੀਰਾਂ ਲੈਕੇ ਰੋਏ ਖੇਸ ਵੇ,
ਬੇਬੇ ਸੀ ਵਿਰਾਉਂਦੀ ਸਾਨੂੰ ਅੱਖਾਂ ਪੂੰਝ ਕੇ
ਪਿਆਰ ਨਾਲ ਮੈਨੂੰ ਆਖ ਕੇ ਸੂਦੈਣ ਵੇ
ਰੱਖੜੀ ਤੇ ਆਜੀ ਸੋਹਣੇ ਵੀਰਨਾ
ਕਰਦੀ ਉਡੀਕਾਂ ਤੇਰੀ ਛੋਟੀ ਭੈਣ ਵੇ
## 2.
ਬੇਬੇ ਤੋਂ ਮੰਗਾਈ ਮੈਂ ਗੁਲਾਬੀ ਲੋਗੜੀ
ਕਾਲਾ ਧਾਗਾ ਲਾਇਆ ਨਾਲ ਬੰਨਣੇ ਨੂੰ,
ਰੀਝਾਂ ਲਾਈਆਂ ਇਹਦੇ ਉੱਤੇ ਮੈਂ ਪੂਰੀਆਂ
ਤੈਨੂੰ ਭੈਣ ਦੇ ਪਿਆਰ ਵਿੱਚ ਰੰਗਣੇ ਨੂੰ,
ਭੈਣਾਂ ਨੂੰ ਪਿਆਰੇ ਜਾਨੋਂ ਹੁੰਦੇ ਵੀਰ ਨੇ
ਸਾਰੀਆਂ ਹੀ ਭੈਣਾਂ ਇਹੋ ਗੱਲ ਕਹਿਣ ਵੇ
ਰੱਖੜੀ ਤੇ ਆਜੀ ......
## 3.
ਯਾਦ ਆਉਣ ਦਿਨ ਆਪਾਂ 'ਕੱਠੇ ਖੇਡਦੇ
ਤੂੰ ਦਿੰਦਾ ਸੀ ਪਿਆਰ ਨਾਲ ਗੁੱਤਾਂ ਪੱਟ ਵੇ,
ਬੁੱਕਲ ਚ ਲੈਕੇ ਨਹੀ ਸੀ ਰੋਣ ਦਿੰਦਾ ਮੈਂਨੂੰ 
ਬੇਬੇ ਝਿੜਕੇ ਤਾਂ ਰੋਕਦਾ ਸੀ ਝੱਟ ਵੇ,
ਹੁੰਦੀ ਸੀ ਸਕੂਲੋਂ ਕਦੇ ਮੈਂਨੂੰ ਦੇਰ ਜੇ
ਸਾਇਕਲ ਤੇ ਆਉਂਦਾ ਸੀ ਮੈਨੂੰ ਲੈਣ ਵੇ
ਰੱਖੜੀ ਤੇ ਆਜੀਂਂ....
## 4.
ਬੀਂਬੜ੍ਹ ਚ ਮੈਂਨੂੰ ਸੁੰਨ ਛਾਈ ਲੱਗਦੀ

ਬਾਪੂ ਵੀ ਰੋ ਪੈਂਦਾ ਹੁਣ ਹੰਝੂ ਸੁੱਟ ਕੇ,
ਛੋਟਾ ਤੈਨੂੰ ਦਿਨੇ ਰਾਤੀ ਯਾਦ ਕਰਦੈ
ਆਖੇ ਵੀਰਾ ਕਦੋਂ ਲਾਊ ਸੀਨੇ ਨਾਲ ਘੁੱਟਕੇ,
ਬੇਬੇ ਦਿਆਂ ਨੈਣਾਂ ਵਿਚੋਂ ਨੀਰ ਸੁੱਕਿਆ
ਵੀਰਾ ਸੁਭ੍ਹਾ ਸ਼ਾਮ ਤੇਰੇ ਹੀ ਭੁਲੇਖੇ ਪੈਣ ਵੇ,
ਰੱਖੜੀ ਤੇ ਆਜੀਂ ਸੋਹਣੇ ਵੀਰਨਾ
ਕਰਦੀ ਉਡੀਕਾਂ ਤੇਰੀ ਛੋਟੀ ਭੈਣ ਵੇ
###////###////###////###
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

ਕਾਵਿ-ਸੰਗ੍ਰਹਿ

"ਇਹ ਮੋਤੀ ਬਿਖਰਨ ਨਾ ਦਿਓ"
ਕੀਮਤ 150 ਰੁਪਏ
ਲੇਖਕ:-ਡਾ.ਇੰਦਰਪਾਲ ਕੌਰ
ਪ੍ਰਕਾਸ਼ਕ:-ਸੱਤਿਆ ਕੈਲਾਸ਼ ਪਬਲੀਕੇਸ਼ਨ


"ਇਹ ਮੋਤੀ ਬਿਖਰਨ ਨਾ ਦਿਓ" ਦਿਲੀ ਵੇਦਨਾ ਦਾ ਸਬੂਤ
ਡਾ.ਇੰੰਦਰਪਾਲ ਕੌਰ ਪੰਜਾਬੀ ਕਵਿਤਾ ਦੇ ਖੇਤਰ ਚ ਜਾਣਿਆ ਪਹਿਚਾਣਿਆ ਨਾਮ ਹੈ।ਉਸ ਦੁਆਰਾ ਰਚਿਤ ਕਵਿਤਾਵਾਂ ਅਤੇ ਕਹਾਣੀਆਂ ਆਲੇ ਦੁਆਲੇ ਵਾਪਰ ਰਹੀਆਂ ਸਮਾਜਿਕ ਅਤੇ ਪਰਿਵਾਰਕ ਘਟਨਾਵਾਂ ਦਾ ਸੁਮੇਲ ਹੈ।ਇਸ ਪਹਿਲਾਂ ਲੇਖਿਕਾ ਕਾਵਿ ਸੰਗ੍ਰਹਿ "ਧਰਤੀ, ਔਰਤ ਤੇ ਫੁੱਲ" ਅਤੇ ਕਹਾਣੀ ਸੰਗ੍ਰਹਿ "ਇਹ ਰੰਗ ਜੀਵਨ ਦੇ " ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਵਡਮੁੱਲਾ ਯੋਗਦਾਨ ਪਾਇਆ ਹੈ ਅਤੇ ਮਾਂ ਬੋਲੀ ਪੰਜਾਬੀ ਨੂੰ ਜਿਉਂਦਾ ਰੱਖਣ ਦਾ ਯਤਨ ਅਤੇ ਉੱਦਮ ਕੀਤਾ ਹੈ।ਹੱਥਲਾ ਕਾਵਿ ਸੰਗ੍ਰਹਿ "ਇਹ ਮੋਤੀ ਬਿਖਰਨ ਨਾ ਦਿਓ" ਨਾਲ ਡਾ.ਇੰਦਰਪਾਲ ਨੇ ਪੰਜਾਬੀ ਸਾਹਿਤ ਅਤੇ ਮਾਂ ਬੋਲੀ ਪ੍ਰਤੀ ਆਪਣੀ ਸੁਹਿਰਦਤਾ, ਦ੍ਰਿੜਤਾ,ਹੇਜ ਅਤੇ ਉਦਾਰਵਾਦੀ ਸੋਚ ਦਾ ਪ੍ਰਗਟਾਵਾ ਕੀਤਾ ਹੈ।ਉਸਦੀਆਂ ਕਵਿਤਾਵਾਂ ਪੜ੍ਹ ਕੇ ਅਨੁਭਵ ਹੁੰਦਾ ਹੈ ਕਿ ਇਹ ਵੰਨ ਸੁਵੰਨੀ ਸੋਚ ਅਤੇ ਵਿਸ਼ਿਆਂ ਦਾ ਸੁਮੇਲ ਹੈ ਅਤੇ ਮਨੁੱਖੀ ਮਾਨਸਿਕਤਾ ਦਾ ਦਰਪਣ ਹਨ।ਮਨੁੱਖਤਾ ਦੀ ਸੌੜੀ ਸੋਚ ਅਤੇ ਗੈਰ ਜਿੰਮੇਵਾਰਾਨਾ ਰਵੱਈਆ ਨੂੰ ਵਿਆਕਤ ਉਸਦੀ ਕਵਿਤਾ 'ਗੈਰ ਜਿੰਮੇਵਾਰ' ਉਹ ਲਿਖਦੀ ਹੈ:-
ਆਪਣੀ ਜਿੰਮੇਵਾਰੀ ਦੂਜੇ ਨੂੰ ਸੌਂਪ ਕੇ
ਦੂਜੇ ਦੇ ਮੋਢੇ ਤੇ ਬੰਦੂਕ ਰੱਖਕੇ
ਗੋਲੀ ਚਲਾਉਣ ਦਾ ਆਦੀ ਹੋ
ਆਪਣੇ ਹੀ ਹਉਂ  ਵਿੱਚ ਤੁਰਦਾ
ਹਉਂ ਵਿੱਚ ਖਤਮ ਹੋ ਰਿਹੈ ਇਨਸਾਨ।
ਉਹ ਆਪਣਿਆਂ ਵਿਚੋਂ ਖਤਮ ਹੋ ਰਹੀ ਇਨਸਾਨੀਅਤ, ਪਿਆਰ ਦੀ ਭਾਵਨਾ ਅਤੇ ਦਗੇਬਾਜੀ,ਫਰੇਬਪੁਣਾ ਦੀ ਪ੍ਰਫੁਲਿਤਾ ਦੀ ਉਦਾਹਰਣ ਪੇਸ਼ ਕਰਦਿਆਂ ਆਪਣੀ ਕਵਿਤਾ 'ਆਵਾਜ਼' ਵਿੱਚ ਦਰਦ ਬਿਆਨਦਿਆਂ ਲਿਖਦੀ ਹੈ:-
ਓ ਹੋ
ਕੀ ਹੋਇਆ?
ਦਿਲ ਟੁੱਟਿਆ
ਕਿਵੇਂ?
ਤਾਅਨਾ ਮਾਰਿਆ
ਕਿਸਨੇ?
ਆਪਣਿਆਂ ਨੇ
ਕਿਉਂ?
ਪਤਾ ਨਹੀਂ
ਆਵਾਜ਼ ਆਈ,ਬਿਲਕੁਲ ਵੀ ਨਹੀਂ।
ਉਸਦੀਆਂ ਕਵਿਤਾਵਾਂ ਵਿਚ ਜੀਵਣ ਜਾਚ ਦੀ ਸੇਧ ਹੈ, ਸਿੱਖਿਆ ਹੈ, ਉਲਾਂਭਾ ਹੈ, ਕੁਦਰਤ ਨਾਲ ਖਿਲਵਾੜ ਪ੍ਰਤੀ ਸੁਚੇਤ ਹੋਣ ਦਾ ਸੁਨੇਹਾ ਹੈ।ਆਪਸੀ ਭਾਈਚਰਕ ਸਾਂਝ ਬਣਾਉਣ ਲਈ ਉੱਦਮ ਦੀ ਪ੍ਰੋੜ੍ਹਤਾ ਹੈ।ਮਨੁੱਖੀ ਪਿਆਰ ਪ੍ਰਤੀ ਸੋਚ ਦਾ ਪ੍ਰਗਟਾਵਾ ਹੈ; ਜਿਵੇਂ,
ਬਚਪਨ, ਜੁਆਨੀ ਕਦੇ ਪਰਤ ਕੇ ਨਹੀਂ ਆਂਂਦੇ
ਬੁਢਾਪਾ ਆਕੇ ਫਿਰ ਵਾਪਿਸ ਕਦੋਂ ਜਾਂਦਾ ਏ।ਮਾਂ ਬਾਪ ਦੀ ਛਾਂ ਸੰਘਣੇ ਬੋਹੜ੍ਹ ਵਾਂਂਗ ਹੁੰਦੀ ਏ
ਇਸ ਵਰਗੀ ਛਾਂ ਹੋਰ ਕਦੋਂ ਕੋਈ ਦੇ ਜਾਂਦਾ ਏ।
ਔਰਤ ਮਨ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀ ਉਸਦੀ ਕਵਿਤਾ ਨਾਰੀ ਦੀ ਦ੍ਰਿੜਤਾ ਵਿੱਚ ਉਹ ਔਰਤ ਦੀ ਹੋਂਦ ਨੂੰ ਵੰਗਾਰਨ ਵਾਲਿਆਂ ਨੂੰ ਲਲਕਾਰਦੀ ਲਿਖਦੀ ਹੈ:-
ਨਾਰੀ ਅਬਲਾ ਨਹੀਂ ਹੈ
ਪਰ ਇਸਨੂੰ ਅਬਲਾ ਕਹਿਣਾ
ਇਸਦੀ ਹੋਂਦ ਨੂੰ ਵੰਗਾਰਣਾ ਹੈ।
ਉਹ ਅਜੋਕੇ ਦੌਰ ਚ ਸਮਾਜਿਕ ਵਰਤਾਰੇ ਪ੍ਰਤੀ ਆਪਣੀ ਸੋਚ ਦੀ ਉਡਾਰੀ ਲਾਉਂਦੀ ਅਤੇ ਲਾਲਚ ਵਿੱਚ ਆਕੇ ਚਰਿੱਤਰ ਨਾਲ ਸਮਝੌਤਾ ਕਰਨ ਵਾਲੀਆਂ ਗੈਰ ਜਿੰਮੇਵਾਰਾਨਾ ਅਤੇ ਇਨਸਾਨੀਅਤ ਨੂੰ ਤਾਰ ਤਾਰ ਕਰਨ ਵਾਲੀਆਂ ਔਰਤਾਂ ਪ੍ਰਤੀ ਉਸਦੀ ਕਲਮ ਲਿਖਦੀ ਹੈ:-
ਕਦੇ ਪੈਸੇ ਦੇ ਲਾਲਚ ਵਿੱਚ ਆਕੇ
ਆਪਣੀ ਪੱਤ ਦਾ ਸੌਦਾ ਕਰ ਜਾਂਦੀ
ਮੂੰਹ ਉੱਚਾ ਨਾ ਚੱਕ ਸਕਦੀ ਕਦੇ ਤੇ
ਚਿੱਕੜ ਵਿੱਚ ਸਦਾ ਲਈ ਧਸ ਜਾਂਦੀ।
ਕਵਿੱਤਰੀ ਆਪਣੀਆਂ ਕਵਿਤਾਵਾਂ ਵਿੱਚ ਸੱਚਾਈਆਂ ਨੂੰ ਤਸਬੀਹ ਦਿੰਦਿਆਂ ਜੀਵਨ ਦੀਆਂ ਸਿਆਣਪਾ ਨੂੰ ਸਹਿਜੇ ਹੀ ਬਿਆਨ ਕਰ ਜਾਂਦੀ ਹੈ।
ਦੂਜਿਆਂ ਦੇ ਦਰਦ ਨੂੰ ਆਪਣੇ ਦਿਲ ਚ ਮਹਿਸੂਸ ਕਰਕੇ ਕਲਮ ਨਾਲ ਕੋਰੇ ਕਾਗਜ ਦੀ ਹਿੱਕ ਤੇ ਕਵਿਤਾ ਰੂਪ ਚ ਝਰੀਟਣ ਦੀ ਡਾ.ਇੰਦਰਪਾਲ ਕੌਰ ਨੂੰ ਖੂਬ ਜਾਚ ਹੈ।
ਕਾਵਿ ਸੰਗ੍ਰਹਿ ਦੀਆਂ ਕਵਿਤਾਵਾਂ ਪੜਦਿਆਂ ਬਹੁਤੀਆਂ ਕਵਿਤਾਵਾਂ ਆਪਣੇ ਹੀ ਜੀਵਣ ਨਾਲ ਸੰਬੰਧਿਤ ਜਾਪਦੀਆਂ ਹਨ।ਪੰਜਾਬੀ ਯੂਨੀਵਰਸਿਟੀ ਪਟਿਆਲਾ ਚ ਬਤੌਰ ਡਿਪਟੀ ਡਾਇਰੈਕਟਰ ਸੇਵਾਵਾਂ ਨਿਭਾਅ ਰਹੀ ਡਾ. ਇੰਦਰਪਾਲ ਕੌਰ ਦੀ ਕਲਮ ਤੋਂ ਭਵਿੱਖ ਚ ਵੀ ਸਮਾਜਿਕ ਰੋਸ਼ਨੀ ਦੀ ਕਿਰਨ ਦੀ ਉਮੀਦ ਹੈ।
ਆਮੀਨ!

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

23 Jan. 2019

ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦਾ ਸਮਾਗਮ ਯਾਦਗਾਰੀ ਹੋ ਨਿੱਬੜਿਆ

ਤ੍ਰਿਵੈਣੀ ਸਾਹਿਤ ਪ੍ਰੀਸ਼ਦ ਦਾ ਸਾਹਿਤਕ ਸਮਾਗਮ ਸਾਹਿਤਕਾਰ ਹਰੀ ਸਿੰਘ ਚਮਕ ਦੀ ਪ੍ਰਧਾਨਗੀ ਹੇਠ ਹੋਇਆ।ਪ੍ਰਧਾਨਗੀ ਮੰਡਲ ਚ ਸ਼ਾਮਿਲ ਸ਼ਖਸ਼ੀਅਤਾਂ ਪ੍ਰੋਫੈਸਰ ਜੇ ਕੇ ਮਿਗਲਾਨੀ, ਡਾ. ਜੀ ਐਸ ਆਨੰਦ, ਦੀਦਾਰ ਖਾਨ ਧਬਲਾਨ ਅਤੇ ਸਰਦੂਲ ਸਿੰਘ ਦੀ ਰਹਿਨੁਮਾਈ ਹੇਠ ਸਾਹਿਤ ਦੀਆਂ ਵੱਖ ਵੱਖ ਵੰਨਗੀਆਂ ਦਾ ਗੁਣਗਾਨ ਹੋਇਆ।ਸਮਾਗਮ ਦੀ ਸ਼ੁਰੂਆਤ ਸ਼ਾਮ ਸਿੰਘ ਨੇ ਇੱਕ ਧਾਰਮਿਕ ਗੀਤ ਨਾਲ ਹੋਈ।ਗੀਤਕਾਰ ਅਤੇ ਲੇਖਕ ਸਤਨਾਮ ਸਿੰਘ ਮੱਟੂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਗੀਤ" ਬੱਚਿਆਂ ਦੇ ਸਿਰ ਸੋਹਣੀ ਕਲਗੀ ਸਜਾ ਕੇ,

ਦਾਦੀ ਮਾਂ ਨੇ ਕਿਹਾ ਪਿਆਰ ਨਾਲ ਗਲ ਲਾਕੇ,
ਡਰਨਾ ਨਹੀਂ ਮੌਤ ਖੜੀ ਦੇਖ ਸਾਹਮਣੇ
ਸੂਬੇ ਅੱਗੇ ਜਾਕੇ ਸ਼ੇਰਾਂ ਵਾਗੂੰ ਗੱਜਣਾ
ਝੁਕ ਸਕਦੈ ਪਹਾੜ ਕਹਿਣੇ ਉਹਨਾਂ ਦੇ
ਤੁਸੀਂ ਨਹੀਂ ਹਕੂਮਤਾਂ ਦੇ ਅੱਗੇ ਝੁਕਣਾ
ਪਾ ਜਿਉ ਸ਼ਹੀਦੀ ਹੱਸ ਹੱਸ ਬੱਚਿਓ

ਸ਼ਹਾਦਤਾਂ ਦਾ ਚਾਹੀਦਾ ਨਹੀਂ ਪੰਧ ਮੁੱਕਣਾ" ਨਾਲ ਆਪਣੀ ਭਰਵੀਂ ਹਾਜਰੀ ਲਵਾਈ।ਸੁਰੀਲੇ ਗਾਇਕ ਮੰਗਤ ਖਾਨ ਨੇ "ਅੱਜ ਕੋਈ ਐਸਾ ਦੀਵਾ ਬਾਲੋ ਨੀ,ਕਿਸੇ ਬੇਮੱਤੇ ਨੂੰ ਮੱਤ ਮਿਲੇ..." ਗੀਤ ਨਾਲ ਮਾਹੌਲ ਨੂੰ ਸੰਗੀਤਕ ਰੰਗ ਨਾਲ ਭਰ ਦਿੱਤਾ।ਅੰਮ੍ਰਿਤਪਾਲ ਸਿੰਘ ਸੈਦਾ ਨੇ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ " ਮੈਂ ਜੰਗਲ ਸੰਸਿਆਂ ਦਾ ਪਾਰ ਕਰ ਜਾਵਾਂ ਬਹੁਤ ਸੰਭਾਵਨਾ ਹੈ।
ਹਕੀਕਤ ਨਾਲ ਅੱਖੀਆਂ ਚਾਰ ਕਰ ਜਾਵਾਂ ਬਹੁਤ ਸੰਭਾਵਨਾ ਹੈ।" ਆਦਿ ਸਮੇਤ ਸ਼ੇਅਰਾਂ ਨਾਲ ਮਹਿਫਲ ਚ ਚੰਗਾ ਰੰਗ ਬੰਨਿਆ।ਸ੍ਰੀਮਤੀ ਨਿਰਮਲਾ ਗਰਗ ਕਵੀਤਰੀ ਨੇ ਅੰਮ੍ਰਿਤਸਰ ਵਿੱਚ ਦੁਸਿਹਰੇ ਸਮੇਂ ਵਾਪਰੇ ਦਰਦਨਾਕ ਹਾਦਸੇ ਪ੍ਰਤੀ ਕਵਿਤਾ "ਰਾਵਣ ਦੇਖਣ ਆਏ ਨਿਰਦੋਸ਼..." ਨਾਲ ਮਾਹੌਲ ਨੂੰ ਗੰਭੀਰ ਕਰ ਦਿੱਤਾ।ਤੇਜਿੰਦਰ ਸਿੰਘ ਅਨਜਾਣਾ  "ਸੁਲਗਦੇ ਸ਼ਬਦਾਂ ਨੂੰ ਫੁੱਲਾਂ ਜਿਹੇ ਜ਼ਜ਼ਬਾਤਾਂ ਤੇ ਧਰਨਾ ਨਹੀਂ ਚੰਗਾ,ਸੁਬ੍ਹਾ ਦੇ ਕਤਲ ਦਾ ਇਲਜ਼ਾਮ ਰਾਤਾਂ ਤੇ ਧਰਨਾ ਨਹੀਂ ਚੰਗਾ.."  ਨਾਲ ਚੰਗਾ ਸਾਹਿਤਿਕ ਰੰਗ ਵਿਖੇਰ ਗਿਆ।ਗੁਰਦਰਸ਼ਨ ਸਿੰਘ ਗੁਸੀਲ ਆਪਣੀ ਕਵਿਤਾ"ਇਹ ਮਾਨਸ ਜਨਮ ਦੁਰਲੱਭ ਹੈ.." , ਕੈਪਟਨ ਚਮਕੌਰ ਸਿੰਘ ਨੇ " ਦੇਸ਼ ਵਾਸੀਓ ਸੁੱਤੇ ਰਹੋ ਚੰਗੇ ਦਿਨਾਂ ਦੀ ਆਸ ਤੇ ..", ਡਾ.ਜੀ ਐਸ ਆਨੰਦ ਨੇ "ਮੌਕੇ ਦਾ ਉਠਾ ਲੋ ਫਾਇਦਾ, ਧਰਮ ਦੀ ਵਿੱਕਰੀ ਜਾਰੀ ਹੈ.."ਉੱਤਮ ਸਿੰਘ ਆਤਿਸ਼ ਨੇ ਪਿਤਾ ਦੀ ਉਸਤਤਿ ਕਰਦੀ ਕਵਿਤਾ "ਹੁੰਦਾ ਪਿਓ ਵੀ ਰੱਬ ਦਾ ਰੂਪ ਯਾਰੋ,ਜਿਹਦੇ ਕਰਕੇ ਘਰ ਆਬਾਦ ਹੁੰਦਾ..", ਨਵੀਨ ਕੁਮਾਰ ਭਾਰਤੀ ਨੇ" ਹਮਾਰੀ ਭੂਖ ਹਿੰਦੂ ਔਰ ਮੁਸਲਿਮ ਹੋ ਨਹੀਂ ਸਕਤੀ..", ਸਰਦੂਲ ਸਿੰਘ ਭੱਲਾ ਨੇ"ਉਜਾੜ ਲਿਆ ਮੈਂ ਆਪਣੇ ਹੱਥੀਂ, ਆਪਣਾ ਲਾਇਆ ਬਾਗ ਮੈਂ..", ਨਾਲ ਆਪਣੀ ਸਾਹਤਿਕ ਪਕੜ ਦਾ ਪ੍ਰਦਰਸ਼ਨ ਕੀਤਾ।ਜੋਗਾ ਸਿੰਘ ਧਨੌਲਾ ਨੇ "ਬਚਾਓ ਵਿੱਚ ਹੀ ਬਚਾਅ ਹੈ" ਨਾਲ ਚੰਗਾ ਸੁਨੇਹਾ ਦਿੱਤਾ।ਗੀਤਕਾਰ ਦੀਦਾਰ ਖਾਨ ਧਬਲਾਨ ਨੇ ਆਪਣੇ ਗੀਤ " ਮੰਦਰ ਮਸਜਿਦ ਦੋਨੋਂ ਢਾਹ ਦੇ
ਉੱਥੇ ਰੜਾ ਮੈਦਾਨ ਬਣਾ ਦੇ
ਉੱਥੇ ਇੱਕ ਸਕੂਲ ਬਣਾਦੇ.." ਨਾਲ ਮੰਦਰ ਮਸਜਿਦ ਦੇ ਝਗੜੇ ਨੂੰ ਖਤਮ ਕਰਨ ਦਾ ਸੁਝਾਅ ਦਿੱਤਾ।ਹੋਰਨਾਂ ਤੋਂ ਇਲਾਵਾ ਬਲਵੀਰ ਜਲਾਲਾਬਾਦੀ,ਮੈਡਮ ਸਜਨੀ, ਹਰਦੀਪ ਕੌਰ ਜੱਸੋਵਾਲ, ਲਵਪ੍ਰੀਤ ਸਿੰਘ,ਸ਼ਾਮ ਸਿੰਘ, ਕ੍ਰਿਸ਼ਨ ਧੀਮਾਨ,ਪ੍ਰੋਫੈਸਰ ਜੇ ਕੇ ਮਿਗਲਾਨੀ,ਗੁਰਪ੍ਰੀਤ ਢਿੱਲੋਂ,ਜਗਦੀਸ਼ ਜੱਗੀ, ਰਵਿੰਦਰ ਰਵੀ ਨੇ ਸਾਹਿਤਕ ਰਚਨਾਵਾਂ ਨਾਲ ਮਹਿਫਲ ਦੀ ਸ਼ੋਭਾ ਵਧਾਈ।ਪ੍ਰੋਫੈਸਰ ਜੇ ਕੇ ਮਿਗਲਾਨੀ ਨੇ ਇਸ ਸਾਹਤਿਕ ਸਮਾਗਮ ਪ੍ਰਤੀ ਆਪਣੇ ਵਿਚਾਰ ਪ੍ਰਗਟਾਉਂਦਿਆਂ ਵਿਗਿਆਨਕ, ਸਾਹਿਤਕ, ਪਰਿਵਾਰਕ, ਸੱਭਿਆਚਾਰਕ, ਧਾਰਮਿਕ ਆਦਿ ਰਚਨਾਵਾਂ ਸੁਣਕੇ ਖੁਸ਼ੀ ਅਤੇ ਤਸੱਲੀ ਜ਼ਾਹਰ ਕੀਤੀ।ਉਹਨਾਂ ਕਿਹਾ ਕਿ ਇਹ ਸਾਹਿਤ ਪ੍ਰੀਸ਼ਦ ਦੇ ਸਥਾਪਤੀ ਵੱਲ ਵਧਦੇ ਕਦਮਾਂ ਦੀ ਨਿਸ਼ਾਨੀ ਹੈ।ਅੰਤ ਵਿੱਚ ਅੰਮ੍ਰਿਤਸਰ ਵਿਖੇ ਹੋਏ ਰੇਲ ਹਾਦਸੇ ਚ ਗਈਆਂ ਨਿਰਦੋਸ਼ ਜਾਨਾਂ ਅਤੇ ਸਾਹਿਤਕਾਰ ਜਸਵੰਤ ਸਿੰਘ ਡਡਹੇਡ਼ੀ ਦੀਆਂ ਵਿੱਛੜੀਆਂ ਰੂਹਾਂ ਲਈ 2 ਮਿੰਟ ਦਾ ਮੌਨ ਧਾਰਕੇ ਸਰਧਾਂਜਲੀ ਦਿੱਤੀ ਗਈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

ਸੰਸਕ੍ਰਿਤ ਭਾਸ਼ਾ ਦੇ ਗਿਆਤਾ ਪਹਿਲੇ ਕਵੀ-ਮਹਾਰਿਸ਼ੀ ਬਾਲਮੀਕ ਜੀ - ਇੰਜੀ. ਸਤਨਾਮ ਸਿੰਘ ਮੱਟੂ

(24 ਅਕਤੂਬਰ ਪ੍ਰਕਾਸ਼ ਦਿਵਸ ਤੇ ਵਿਸ਼ੇਸ਼)

ਹਿੰਦੁਸਤਾਨ ਦੀ ਧਰਤੀ ਨੂੰ ਇਹ ਸ਼ੁਭ ਮਾਣ ਪ੍ਰਾਪਤ ਹੈ ਕਿ ਇਸ ਧਰਤੀ ਤੇ ਚਾਰ ਵੇਦਾਂ ਦੀ ਸਿਰਜਣਾ ਹੋਈ ਹੈ।ਮਹਾਨ ਰਮਾਇਣ ਦਾ ਸਿਰਜਣਹਾਰ ਮਹਾਂਰਿਸ਼ੀ ਬਾਲਮੀਕ ਜੀ ਨੂੰ ਮੰਨਿਆ ਜਾਂਦਾ ਹੈ ਅਤੇ ਮਹਾਂਂਭਾਰਤ ਦੀ ਰਚਨਾ ਵੇਦ ਵਿਆਸ ਜੀ ਨੇ ਇਸੇ ਨੂੰ ਆਧਾਰ ਬਣਾਕੇ ਕੀਤੀ ਸੀ।ਮਹਾਂਂਰਿਸ਼ੀ ਬਾਲਮੀਕ ਜੀ ਨੇ ਰਮਾਇਣ ਦੀ ਰਚਨਾ ਕਰਦਿਆਂ ਸੰਸਕ੍ਰਿਤ ਭਾਸ਼ਾ ਨੂੰ ਕਾਵਿ ਰੂਪ ਪੇਸ਼ ਕੀਤਾ ਸੀ,ਇਸੇ ਕਰਕੇ ਸੰਸਕ੍ਰਿਤ ਸਾਹਿਤ ਵਿੱਚ ਉਚਾਰੀ ਰਮਾਇਣ ਇੱਕ ਮਹਾਨ "ਆਦਿ ਕਾਵਿ" ਹੈ।ਰਮਾਇਣ ਦੀ ਰਚਨਾ ਸੰਸਕ੍ਰਿਤ ਭਾਸ਼ਾ ਚ ਹੋਈ ਹੋਣ ਕਾਰਣ ਮਹਾਂਰਿਸ਼ੀ ਬਾਲਮੀਕ ਜੀ ਨੂੰ ਸੰਸਕ੍ਰਿਤ ਭਾਸ਼ਾ ਦੇ ਜਨਮ ਦਾਤਾ ਮੰਨਿਆ ਜਾਂਦਾ ਹੈ।
ਮਹਾਂਰਿਸ਼ੀ ਬਾਲਮੀਕ ਜੀ ਦਾ ਪੁਰਾਣਾਂ ਮੁਤਾਬਿਕ ਪੂਰਾ ਨਾਮ "ਰਤਨਾਕਰ ਪ੍ਰਚੇਤਾ ਵਾਲਮੀਕੀ" ਸੀ।ਭਾਵੇਂ ਉਹਨਾਂ ਦੇ ਜਨਮ ਸੰਬੰਧੀ ਇਤਿਹਾਸਕਾਰਾਂ ਚ ਮੱਤਭੇਦ ਹਨ, ਉਂਝ ਉਹਨਾਂ ਦਾ ਜਨਮ ਸਰਦ ਪੂਰਨਮਾਸ਼ੀ ਨੂੰ ਹੋਇਆ ਮੰਨਿਆ ਜਾਂਦਾ ਹੈ।ਇਸ ਤਰ੍ਹਾ ਹਰ ਸਾਲ ਮਹਾਨ ਤਵੱਸਵੀ,ਵਿਦਵਾਨ, ਧਰਮ ਦੇ ਗਿਆਤਾ, ਸੰਸਕ੍ਰਿਤ ਦੇ ਮੋਢੀ,ਮਹਾਂਕਵੀ,ਰਮਾਇਣ ਦੇ ਸਿਰਜਕ ਮਹਾਂਰਿਸ਼ੀ ਬਾਲਮੀਕ ਦਾ ਜਨਮ ਕੱਤਕ ਦੀ ਪੂਰਨਮਾਸ਼ੀ ਨੂੰ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ।ਰਮਾਇਣ ਤੋਂ ਪਹਿਲਾਂ ਸ਼ਾਇਦ ਹੀ ਕਿਸੇ ਗ੍ਰੰਥ ਦੀ ਰਚਨਾ ਸੰਸਕ੍ਰਿਤ ਅਤੇ ਕਾਵਿ ਰੂਪ 'ਚ ਹੋਈ ਹੋਵੇ।ਇਸ ਬਾਲਮੀਕੀ ਭਾਈਚਾਰੇ ਦੇ ਗੁਰੂ,ਸਰਬ ਗਿਆਤਾ,ਤੇਜਸਵੀ ਦੇ ਜਨਮ ਸਥਾਨ ਬਾਰੇ ਇਤਿਹਾਸਕ ਪੁਸ਼ਟੀ ਨਹੀਂ ਮਿਲਦੀ,ਪਰ ਉਹਨਾਂ ਬੁਦੇਲਖੰਡ ਦੀਆਂ ਚਿਤ੍ਰਕੂਟ ਪਹਾੜੀਆਂ ਚ ਭਗਤੀ ਸਥਾਨ ਮੰਨਿਆ ਜਾਂਦਾ ਹੈ।ਮਹਾਂਰਿਸ਼ੀ ਬਾਲਮੀਕ ਚ ਤ੍ਰੇਤੇ ਯੁੱਗ ਦੇ ਸਰਵਸ਼੍ਰੇਸ਼ਟ ਅਤੇ ਭਗਵਾਨੀ ਦਿੱਬ ਦ੍ਰਿਸ਼ਟੀ ਵਾਲੇ ਮਹਾਨ ਰਿਸ਼ੀ ਹੋਏ ਹਨ।
ਉਹਨਾਂ ਦੇ ਜੀਵਣ ਸੰਬੰਧੀ ਜਾਣਕਾਰੀ ਉਹਨਾਂ ਦੁਆਰਾ ਰਚਿਤ ਗ੍ਰੰਥ "ਰਮਾਇਣ" ਚੋਂ ਮਿਲਦੀ ਹੈ।ਰਮਾਇਣ ਦੇ ਉੱਤਰ ਕਾਂਡ ਸਲੋਕ 24 ਅਧਿਆਇ 19 ਮੁਤਾਬਿਕ ਮਹਾਂਰਿਸ਼ੀ ਬਾਲਮੀਕ ਜੀ ਨੇ ਫੁਰਮਾਇਆ ਹੈ:-

"ਪ੍ਰਚੇਤੇ ਸੋਹੰ ਦਸਮ ਪੁਤਰ ਰਾਘਵ ਨੰਦਨ।
ਨਾ ਸਿੰਗਰਾਮ ਯੰਤ੍ਰ ਵਾਕ ਮਮੋਤੇ ਤਵ ਪੁਤਰੋ।।

ਇਸ ਸਲੋਕ ਮੁਤਾਬਿਕ ਉਹ ਪ੍ਰਚੇਤਾ ਜੀ ਦੇ ਦਸਵੇਂ ਪੁੱਤਰ ਅਤੇ ਮਾਤਾ ਦਾ ਨਾਮ ਚਰਸ਼ਨੀ ਜੀ ਹੈ।ਕੁੱਝ ਵਿਦਵਾਨ ਇਹ ਸੁਝਾਅ ਦਿੰਦੇ ਹਨ ਕਿ ਪ੍ਰਚੇਤਾ ਜੀ ਰਤਨਾਪੁਰੀ (ਮੁਲਤਾਨ) ਦੇ ਰਾਜਾ ਸਨ।
ਮਹਾਰਿਸ਼ੀ ਵੇਦ ਵਿਆਸ ਨੇ 'ਸਕੰਦ ਪੁਰਾਣ' ਮਹਾਰਿਸ਼ੀ ਬਾਲਮੀਕ ਦੀ ਜੀਵਨੀ ਦਾ ਵਰਣਨ ਕਰਦਿਆਂ ਉਹਨਾਂ ਨੂੰ ਪੁਰਾਣੇ ਗੁਰੂ ਅਤੇ ਇਸ ਜੀਵ ਬ੍ਰਹਿਮੰਡ ਦੇ ਗੁਰੂ ਮੰਨਿਆ ਹੈ।ਉਹ ਭਗਤੀ ਵਿੱਚ ਇਤਨੇ ਲੀਨ ਹੋਏ ਕਿ ਉਹਨਾਂ ਪ੍ਰਮਾਤਮਾ ਨਾਲ ਲਿਵ ਲੱਗ ਗਈ ਸੀ। ਉੱਥੋਂ ਜੰਗਲ ਚੋਂ ਗੁਜਰਦੇ ਸਾਧੂਆਂ ਦੀ ਟੋਲੀ ਨੇ ਉਹਨਾਂ ਨੂੰ ਵਰਮੀ ਚੋਂ ਕੱਢ ਕੇ ਉਜਾਗਰ ਕੀਤਾ ਸੀ।ਉਹਨਾਂ ਉਸ ਵੇਲੇ ਇਸ ਧਰਤੀ ਤੇ ਪ੍ਰਕਾਸ਼ ਧਾਰਿਆ, ਜਦੋਂ ਹਿੰਦੂਵਾਦੀ ਤਾਕਤਾਂ ਦੇ ਜ਼ੋਰ ਗਰੀਬਾਂ ,ਸੂਦਰਾਂ ਮਰਜੀਵੜਿਆਂ ਤੇ ਧਰਮ ਦੇ ਨਾਂ ਜ਼ੁਲਮ ਅਤੇ ਵਿਤਕਰੇ ਭਰਿਆ ਵਿਵਹਾਰ ਕੀਤਾ ਜਾਂਦਾ ਸੀ।ਹਰ ਪਾਸੇ ਕੂੜ ਪ੍ਰਧਾਨ ਅਤੇ ਅੱਤਿਆਚਾਰ ਦਾ ਬੋਲਬਾਲਾ ਸੀ।ਉਹਨਾਂ ਰਮਾਇਣ ਦੀ ਸਿਰਜਣਾ ਕਰਕੇ ਇੱਕ ਨਵੇਂ ਅਧਿਆਏ ਦੀ ਸ਼ੂਰੁਆਤ ਕੀਤੀ।

"ਰਘੁਕੁਲ ਰੀਤ ਸਦਾ ਚਲੀ ਆਈ,
ਪ੍ਰਾਣ ਜਾਇ ਪਰ ਬਚਨ ਨਾ ਜਾਈ।" ਨੂੰ ਆਧਾਰ ਬਣਾ ਕੇ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕੀਤਾ। ਇੱਕ ਆਮ ਵਿਆਕਤੀ ਦੇ ਮਿਹਣਾ ਮਾਰਣ ਤੇ ਰਾਮ ਵੱਲੋਂ ਸੀਤਾ ਨੂੰ ਘਰੋਂ ਕੱਢ ਦੇਣ ਤੇ ਉਸਨੂੰ ਆਪਣੀ ਗਰੀਬ ਅਤੇ ਭਗਤੀ ਵਾਲੀ ਕੁਟੀਆ ਚ ਨਿਵਾਸ ਦੇ ਕੇ ਇਸਤਰੀ ਜਾਤੀ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਦਾ ਸੰਦੇਸ਼ ਦਿੱਤਾ।
ਉਹਨਾਂ ਦੁਆਰਾ ਰਚਿਤ ਰਮਾਇਣ ਦੇ ਅਧਿਐਨ ਨਾਲ ਧਰਮ, ਕਰਮ, ਸੰਸਕ੍ਰਿਤੀ, ਪਿਆਰ, ਸੰਯੋਗ,ਵਿਯੋਗ,ਯੋਗ,ਪਤੀ-ਪਤਨੀ, ਮਾਤਾ-ਪਿਤਾ,ਪਰਿਵਾਰਕ ਅਤੇ ਸਮਾਜਿਕ ਰਿਸ਼ਤਿਆਂ, ਧਾਰਮਿਕ ਅਤੇ ਰਾਜਨੀਤਕ ਰਣਨੀਤੀਆਂ ਦੀ ਸੂਝ ਬੂਝ ਲਈ ਜਾ ਸਕਦੀ ਹੈ।ਇਸ ਦੇ ਡੂੰਘਾਈ ਨਾਲ ਕੀਤੇ ਅਧਿਐਨ ਨਾਲ ਮਾਨਵਤਾਵਾਦੀ,ਗੁਰੂ-ਚੇਲਾ, ਸੇਵਾ ਭਾਵਨਾ, ਤਿਆਗ ਦੀ ਭਾਵਨਾ ਅਤੇ ਮਿੱਤਰਤਾ ਦੀ ਆਧਾਰਸ਼ਿਲਾ ਨੂੰ ਪ੍ਰਫੁਲਿਤ ਕਰਨ ਦੀ ਸ਼ਕਤੀ ਪ੍ਰਦਾਨ ਹੁੰਦੀ ਹੈ।ਜਗਤ ਗੁਰੂ, ਮਹਾਂਪੁਰਖ ਗਿਆਨੀ ਮਹਾਂਰਿਸ਼ੀ ਬਾਲਮੀਕ ਮਨੁੱਖੀ ਜੀਵਣ ਦਾ ਕਲਿਆਣ ਕਰਨ,ਦੀਨ ਦੁਖੀਆਂ ਦੇ ਦੁੱਖ ਹਰਣ, ਸੱਤਿਅਮ ਸ਼ਿਵਮ ਸੁੰਦਰਮ ਆਦਿ ਦਾ ਸੰਦੇਸ਼ ਦੇਣ ਇਸ ਧਰਤੀ ਤੇ ਆਏ ਸਨ।ਉਹਨਾਂ ਦੀ ਕਰੜੀ ਅਤੇ ਘੋਰ ਤਪੱਸਿਆ ਕਾਰਨ ਹੀ ਉਹਨਾਂ ਨੂੰ ਰਿੱਧੀਆਂ ਸਿੱਧੀਆਂ ਅਤੇ ਪ੍ਰਮਾਤਮਾ ਦਾ ਗਿਆਨ ਹੋਇਆ ਸੀ।ਬਾਲਮੀਕ ਜੀ ਨੂੰ ਹਿੰਦੁਸਤਾਨ ਦੇ ਪਹਿਲੇ ਮਹਾਂਰਿਸ਼ੀ ਹੋਣ ਦਾ ਮਾਣ ਪ੍ਰਾਪਤ ਹੈ।
ਇੱਕ ਦਿਨ ਉਹ ਤਮਸਾ ਨਦੀ ਵੱਲ ਸੰਘਣੇ ਚੋਂ ਗੁਜਰ ਰਹੇ ਸਨ।ਸ਼ਿਕਾਰੀ ਦੇ ਤੀਰ ਨਾਲ ਨਰ ਪੰਛੀ ਦੇ ਮੁਰਛਤ ਹੋਣ ਤੇ ਮਾਦਾ ਪੰਛੀ ਦੀ ਦਰਦਨਾਕ ਆਵਾਜ਼ ਨੇ ਉਹਨਾਂ ਦੇ ਦਿਲ ਨੂੰ ਵਲੂੰਧਰ ਦਿੱਤਾ।ਉਹਨਾਂ ਆਪਣੇ ਕੋਮਲ ਵਲੂੰਧਰੇ ਮਨ ਨਾਲ ਜੋ ਸ਼ਿਕਾਰੀ ਨੂੰ ਸਰਾਪ ਦਿੱਤਾ, ਉਹ ਸ਼ਬਦ ਸੰਸਕ੍ਰਿਤ ਦਾ ਪਹਿਲਾ ਸਲੋਕ ਬਣੇ ਸਨ।ਮਿੱਥ ਮੁਤਾਬਿਕ ਬ੍ਰਹਮਾ ਦੇਵਤਾ ਦੀ ਪ੍ਰੇਰਨਾ ਸਦਕਾ ਨਾਰਦ ਮੁਨੀ ਦੇ ਕਹਿਣ ਤੇ ਉਹਨਾਂ ਅਯੁੱਧਿਆ ਦੇ ਰਾਜਾ ਰਾਮ ਚੰਦਰ ਦਾ ਜੀਵਨ ਬਿਰਤਾਂਤ ਲਿਖਿਆ ,ਜਿਸਨੂੰ "ਰਮਾਇਣ " ਦਾ ਨਾਮ ਦਿੱਤਾ ਗਿਆ।ਤ੍ਰੈਕਾਲ ਦਰਸ਼ੀ ਮਹਾਰਿਸ਼ੀ ਆਪਣੀ ਦੂਰਦ੍ਰਿਸ਼ਟੀ ਨਾਲ ਸਾਰੀਆਂ ਘਟਨਾਵਾਂ ਨੂੰ ਵਾਚ ਕੇ ਹੂਬਹੂ ਪੇਸ਼ ਕੀਤਾ ਹੈ।
ਮਹਾਂਰਿਸ਼ੀ ਬਾਲਮੀਕ ਵਿੱਚ ਭਗਵਾਨ ਵਾਲੀਆਂ ਸਾਰੀਆਂ ਖੂਬੀਆਂ ਸਨ।ਇਸੇ ਕਰਕੇ ਉਹਨਾਂ ਨੂੰ ਭਗਵਾਨ ਬਾਲਮੀਕ ਦੀ ਸੰਗਿਆ ਵੀ ਦਿੱਤੀ ਜਾਂਦੀ ਹੈ।ਭਗਵਾਨ ਬਾਲਮੀਕੀ ਰਮਾਇਣ ਤੋਂ ਸਾਰੇ ਵਿਸ਼ਵ ਨੂੰ ਸਮਾਜਿਕ, ਰਾਜਨੀਤਕ,ਵਿਗਿਆਨਕ, ਧਾਰਮਿਕ ਦ੍ਰਿਸ਼ਟੀਕੋਣ ਤੋਂ ਵਡਮੁੱਲੀ ਸੇਧ ਮਿਲਦੀ ਹੈ।ਆਓ ਅੱਜ ਉਹਨਾਂ ਦੇ ਪ੍ਰਕਾਸ਼ ਦਿਵਸ ਤੇ ਉਹਨਾਂ ਦੀ ਸਿੱਖਿਆਵਾਂ ਨੂੰ ਜੀਵਨ ਚ ਧਾਰਨ ਕਰਕੇ ਸੁਚੱਜਾ ਅਤੇ ਇਨਸਾਨੀਅਤ ਭਰਿਆ ਜੀਵਣ ਜਿਉਣ ਦਾ ਪ੍ਰਣ ਕਰੀਏ।

ਇੰਜੀ. ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257

23 Oct. 2018

'ਆਟੇ ਦੀ ਚਿੜੀ' ਮਨੋਰੰਜਨ ਭਰਪੂਰ ਫਿਲਮ - ਸਤਨਾਮ ਸਿੰਘ ਮੱਟੂ

19 ਅਕਤੂਬਰ (ਦੁਸਹਿਰਾ) ਤੇ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਅੱਜ ਬੁਲੰਦੀਆਂ ਦੀਆਂ ਬਰੂਹਾਂ ਤੇ ਹੈ।ਹਰ ਮਹੀਨੇ ਹਰ ਹਫਤੇ ਨਵੀਆਂ ਨਵੀਆਂ ਫਿਲਮਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਜਾ ਰਹੀਆਂ ਹਨ। ਅੱਜਕਲ੍ਹ ਲੱਚਰਤਾ ਤੋਂ ਹੱਟ ਕੇ ਦਰਸ਼ਕਾਂ ਨੂੰ ਪੰਜਾਬੀ ਅਮੀਰ ਵਿਰਸੇ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਪੰਜਾਬੀ ਸਿਨੇਮਾ ਅਤੇ ਕਲਾਕਾਰ ਯਤਨਸ਼ੀਲ ਹਨ।ਪੰਜਾਬੀ ਵਿਦੇਸ਼ ਚ ਬੈਠ ਕੇ ਵੀ ਪੰਜਾਬੀ ਮਾਂ ਬੋਲੀ ਦੇ ਹੇਜ ਨੂੰ ਨਹੀਂ ਭੁੱਲ ਸਕਦੇ ,ਇਸੇ ਗੱਲ ਨੂੰ ਦਰਸਾਉਂਦੀ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਅਤੇ ਤੇਗਵੀਰ ਸਿੰਘ ਵਾਲੀਆ ਦੇ ਤੇਗ ਪ੍ਰੋਡਕਸ਼ਨ ਦੀ ਪੰਜਾਬੀ ਫਿਲਮ "ਆਟੇ ਦੀ ਚਿੜੀ" 19 ਅਕਤੂਬਰ ਨੂੰ ਦੁਸਹਿਰੇ ਦੇ ਸ਼ੁਭ ਅਵਸਰ ਤੇ ਰਿਲੀਜ਼ ਹੋ ਰਹੀ ਹੈ।ਇਹ ਪ੍ਰੋਡਕਸ਼ਨ ਪਹਿਲਾਂ ਵੀ "ਠੱਗ ਲਾਈਫ" ਪੰਜਾਬੀ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੀ ਹੈ।
ਟਰੇਲਰ ਦੇਖਣ ਤੇ ਪਤਾ ਚੱਲਦਾ ਹੈ ਕਿ ਫਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ, ਪੰਜਾਬੀ ਸਮਾਜ, ਪੰਜਾਬੀ ਮਾਂ ਬੋਲੀ ਅਤੇ ਪਰਿਵਾਰਕ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਦੀ ਹੈ।ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਅੰਮ੍ਰਿਤ ਮਾਨ ਅਤੇ ਪੰਜਾਬੀ ਸਿਨੇਮਾ ਦੀ ਸੁਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਸ ਫਿਲਮ ਦੇ ਮੁੱਖ ਕਲਾਕਾਰ ਹਨ।ਫਿਲਮ ਦੀ ਕਹਾਣੀ ਪੰਜਾਬੀ ਫਿਲਮਾਂ ਦੀ ਜਿੰਦ ਜਾਨ,ਪੰਜਾਬੀ ਸਰਦਾਰ ,ਪੰਜਾਬੀਆਂ ਦਾ ਦਿਲਦਾਰ ਹੀਰੋ ਸਰਦਾਰ  ਸੋਹੀ, ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੁਆਲੇ ਘੁੰਮਦੀ ਹੈ।ਇਸ ਫਿਲਮ ਨੂੰ ਪੰਜਾਬੀਆਂ ਦੇ ਪਸੰਦੀਦਾ ਕਲਾਕਾਰ ਅਤੇ ਮਾਲਵੇ ਦੀ ਸ਼ਾਨ ਅਦਾਕਾਰ, ਗਾਇਕ ਅਤੇ ਕਮੇਡੀਅਨ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ,   ਬੀ ਐਨ ਸ਼ਰਮਾ, ਪਵਨ ਧੀਮਾਨ, ਹਰਬੀ ਸੰਘਾ,ਨਿਸ਼ਾ ਬਾਨੋ,ਨਿਰਮਲ ਰਿਸ਼ੀ,ਗੁਰਪ੍ਰੀਤ ਕੌਰ ਭੰਗੂ,ਪ੍ਰੀਤੋ ਸਾਹਨੀ, ਪ੍ਰਕਾਸ਼ ਗਾਧੂ,ਅਨਮੋਲ ਵਰਮਾ,ਅੰਸ਼ੂ ਸਾਹਨੀ ਆਦਿ ਅਦਾਕਾਰਾਂ ਦੇ ਟੋਟਕਿਆਂ ਨੇ ਦਿਲਚਸਪੀ ਬਣਾਇਆ ਹੈ ਅਤੇ ਹਾਸਿਆਂ ਦੇ ਖੂਬ ਠਹਾਕੇ ਮਾਰੇ ਹਨ।ਸਾਰੇ ਪ੍ਰੋੜ੍ਹ ਅਤੇ ਪ੍ਰਸਿੱਧ ਅਦਾਕਾਰਾਂ ਦੀ ਅਦਾਕਾਰੀ ਦੇ ਫਿਲਮ ਚ ਖੂਬ ਜਲਵੇ ਦੇਖਣ ਨੂੰ ਮਿਲਣਗੇ।
ਇਸ ਫਿਲਮ ਦੀ ਕਹਾਣੀ ਲੇਖਕ ਰਾਜੂ ਵਰਮਾ ਨੇ ਲਿਖੀ ਹੈ ਅਤੇ ਫਿਲਮ ਨੂੰ ਹੈਰੀ ਭੱਟ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਸ਼ੂਟਿੰਗ ਪੰਜਾਬ ,ਚੰਡੀਗੜ੍ਹ ਅਤੇ ਕੇਨੇਡਾ ਚ ਖੂਬਸੂਰਤ ਲੋਕਸ਼ਨਾਂ ਤੇ ਕੀਤੀ ਗਈ ਹੈ। ਫਿਲਮ ਨੂੰ ਕੰਨਾਂ ਚ ਰਸ ਘੋਲਣ ਵਾਲਾ ਸੰਗੀਤ ਜੈਦੇਵ ਕੁਮਾਰ, ਡੀਜੇ ਫਲੋਅ,ਦੀਪ ਜੰਡੂ, ਇਨਟੈਨਸ,ਦ ਬੌਸ ਅਤੇ ਰਾਜਿੰਦਰ ਸਿੰਘ ਨੇ ਦਿੱਤਾ ਹੈ।ਇਸਦੇ ਕੋ-ਪ੍ਰੋਡਿਊਸਰ ਜੀ ਆਰ ਐਸ ਛੀਨਾ ਕੈਲਗਰੀ ਕੇਨੇਡਾ ਹਨ।
ਦਰਸ਼ਕਾਂ ਨੂੰ "ਆਟੇ ਦੀ ਚਿੜੀ" ਚ ਸਭ ਕੁੱਝ ਨਵਾਂ ਦੇਖਣ ਨੂੰ ਮਿਲੇਗਾ ਅਤੇ ਫਿਲਮ ਦਰਸ਼ਕਾਂ ਦੇ ਮਨ ਦੀ ਕਸਵੱਟੀ ਤੇ ਪੂਰੀ ਉੱਤਰੇਗੀ ਅਤੇ ਭਰਪੂਰ ਮਨੋਰੰਜਨ ਕਰੇਗੀ।ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਅੰਮ੍ਰਿਤ ਮਾਨ ,ਬਹੁਪੱਖੀ ਕਲਾਕਾਰ ਕਰਮਜੀਤ ਅਨਮੋਲ ,ਗੁਰਲੇਜ਼ ਅਖਤਰ,ਸਰਦੂਲ ਸਿਕੰਦਰ ਨੇ ਦਿੱਤੀ ਹੈ।ਗੀਤਾਂ ਨੂੰ ਅੰਮ੍ਰਿਤ ਮਾਨ ਅਤੇ ਕੁਲਦੀਪ ਕੰਡਿਆਰਾ ਨੇ ਆਪਣੀ ਕਲਮ ਨਾਲ ਸ਼ਾਬਦਿਕ ਰੂਪ ਦਿੱਤਾ ਹੈ।
ਇਸ ਫਿਲਮ ਦੀ ਪ੍ਰਮੋਸ਼ਨ ਲਈ ਪੂਰੀ ਟੀਮ ਪੱਬਾਂ ਭਾਰ ਹੈ।ਸਾਰੀ ਟੀਮ ਚ ਇਸ ਪ੍ਰਤੀ ਆਥਾਹ ਖੁਸ਼ੀ ਪਾਈ ਜਾ ਰਹੀ ਹੈ ਕਿ ਫਿਲਮ ਦੇ ਟਰੇਲਰ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ
9779708257

12 Oct. 2018

ਅਧਿਆਪਕਾਂ ਦਾ ਸੰਘਰਸ਼ ਅਤੇ ਸਰਕਾਰੀ ਨਾਦਰਸ਼ਾਹੀ ਹੁਕਮ - ਸਤਨਾਮ ਸਿੰਘ ਮੱਟੂ

ਪੰਜਾਬ ਸਰਕਾਰ ਨੇ ਸਰਕਾਰੀ ਅਧਿਆਪਕਾਂ ਨੂੰ ਪੱਕੇ ਕਰਨ ਦੀ ਆੜ ਹੇਠ ਮੁੜ ਤੋਂ ਕੱਚੇ ਕਰਕੇ,ਤਨਖਾਹ ਵੀ ਚੌਥਾ ਹਿੱਸਾ ਕਰਕੇ ਤਿੰਨ ਸਾਲ ਬਾਅਦ ਪੱਕੇ ਕਰਨ ਦੀ ਸ਼ਰਤ ਲਗਾ ਕੇ ਅਧਿਆਪਕ ਵਰਗ ਨਾਲ ਕੋਝਾ ਮਜਾਕ ਹੀ ਨਹੀਂ ਕੀਤਾ ਹੈ ਅਬਲਕਿ ਉਹਨਾਂ ਦੇ ਜਮਹੂਰੀ ਹੱਕਾਂ ਉੱਤੇ ਡਾਕਾ ਮਾਰਿਆ ਹੈ।ਸਮਾਜ ਪੜ੍ਹਾਕੇ ਨੂੰ ਸੁਧਾਰਨ ਲਈ ਯਤਨਸ਼ੀਲ ਸੂਝਵਾਨ ਵਰਗ ਮਜਬੂਰੀਵੱਸ ਆਪਣੀਆਂ ਜਾਇਜ਼ ਅਤੇ ਹੱਕੀ ਮੰਗਾਂ ਲਈ ਸੜਕਾਂ ਤੇ ਉੱਤਰ ਆਇਆ ਹੈ।ਕਮਾਲ ਦੀ ਗੱਲ ਦੇਖੋ ਆਪਣੇ ਹੱਕ ਲਈ ਲੜ੍ਹ ਰਹੇ ਅਧਿਆਪਕਾਂ ਦੇ ਹੱਕੀ ਸੰਘਰਸ਼ ਨੂੰ ਦੇਖਦੇ ਹੋਏ ਸਰਕਾਰ ਗੱਲਬਾਤ ਰਾਹੀਂ ਹੱਲ ਲੱਭਣ ਦੀ ਬਜਾਇ ਉਲਟਾ ਤਾਰਪੀਡੋ ਕਰਨ ਲਈ ਸਾਜਿਸ਼ ਤਹਿਤ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।ਸਰਕਾਰ ਜਾਂ ਕਿਸੇ ਵੀ ਪਾਰਟੀ ਦੇ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਦੇ ਹੱਕ ਹਾਅ ਦਾ ਨਾਅਰਾ ਨਹੀਂ ਮਾਰਿਆ।ਲੰਘੀ ਸਰਕਾਰ ਵੇਲੇ ਵੀ ਅਧਿਆਪਕ ਵਰਗ ਧੱਕੇਸ਼ਾਹੀ ਦਾ ਸ਼ਿਕਾਰ ਹੋਇਆ ਸੀ।
ਹੁਣ ਅਧਿਆਪਕ ਵਰਗ ਹੀ ਆਪਣੀ ਅੰਦਰੂਨੀ ਆਵਾਜ਼ ਦੇ ਝੰਜੋੜਿਆਂਂ ਉਹਨਾਂ ਦੀ ਹਮਾਇਤ ਨਿੱਤਰਨਾ ਸ਼ੁਰੂ ਹੋ ਗਿਆ ਹੈ।ਰੋਸ ਵਜੋਂ ਅਧਿਆਪਕਾਂ ਨੇ ਸਰਕਾਰੀ ਸਨਮਾਨ ਵਾਪਿਸ ਕਰਨੇ ਸ਼ੁਰੂ ਕਰ ਦਿੱਤਾ ਹੈ।ਇਸ ਲਈ ਬਠਿੰਡਾ ਤੋਂ ਅਧਿਆਪਕ ਵੱਲੋਂ ਸਨਮਾਨ ਵਾਪਿਸ ਕਰਨਾ ਸਰਕਾਰ ਲਈ ਬਹੁਤ ਹੀ ਮੰਦਭਾਗਾ ਹੈ।
ਸਕੂਲਾਂ ਚ ਬੱਚਿਆਂ ਦੀ ਪੜ੍ਹਾਈ ਦਾ ਅਲੱਗ ਤੋਂ ਨੁਕਸਾਨ ਹੋ ਰਿਹਾ ਹੈ।ਸਰਕਾਰ ਅਤੇ ਮਹਿਕਮਾ ਇਸ ਸਭ ਬੇਫਿਕਰ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ।ਕਿਸੇ ਨੂੰ ਉਹਨਾਂ ਦੇ ਦਿਲਾਂ ਦੀ ਹੂਕ ਸੁਣਾਈ ਨਹੀਂ ਦੇ ਰਹੀ।ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਜਾਂ ਮੰਤਰੀਆਂ ਨੂੰ ਅਜਿਹੀ ਸਲਾਹ ਦੇਣ ਵਾਲੇ ਦੀ ਅੰਤਰ ਆਤਮਾ ਨੇ ਇੱਕ ਵਾਰ ਵੀ ਨਹੀਂ ਸੋਚਿਆ।ਅਜਿਹੇ ਸਲਾਹਕਾਰਾਂ ਤੋਂ ਸਮਾਜ ਭਲਾਈ ਲਈ ਭਵਿੱਖ ਚ ਕੀ ਉਮੀਦ ਕੀਤੀ ਜਾ ਸਕਦੀ ਹੈ। ਜੇਕਰ ਸਰਕਾਰ ਵਿੱਤੀ ਸੰਕਟ ਚ ਹੈ ਤਾਂ ਮੰਤਰੀਆਂ ਅਤੇ ਬਿਊਰੋਕਰੇਸੀ ਦੀਆਂ ਸਹੂਲਤਾਂ ਚ ਕਿਉਂ ਕਮੀ ਨਹੀਂ ਕੀਤੀ ਜਾ ਸਕਦੀ? ਬਹੁਤ ਅਫਸੋਸ ਹੈ ਕਿ ਸਰਕਾਰਾਂ ਸਕੂਲੀ ਸਿਸਟਮ ਚ ਸੁਧਾਰ ਦੀ ਬਜਾਇ ਅਜਿਹੇ ਨਾਦਰਸ਼ਾਹੀ ਫੁਰਮਾਨ ਜਾਰੀ ਕਰਕੇ ਸਰਕਾਰੀ ਸਕੂਲਾਂ ਅਧਿਆਪਕਾਂ ਅਤੇ ਸਕੂਲਾਂ ਚ ਪੜ੍ਹਦੇ ਗਰੀਬ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ।
ਸਰਕਾਰ ਨੂੰ ਉਹਨਾਂ ਦੀ ਹੱਕੀ ਆਵਾਜ਼ ਦਬਾਉਣ ਦੀ ਬਜਾਇ ਗੱਲਬਾਤ ਨਾਲ ਹੱਲ ਕਰਨ ਲਈ ਪਹਿਲਕਦਮੀ ਕਰਨੀ ਚਾਹੀਦੀ ਹੈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।
9779708257