Sham Singh Angsang

ਨਿੱਕੀਆਂ ਜਿੰਦਾਂ - ਸ਼ਾਮ ਸਿੰਘ, ਅੰਗ ਸੰਗ

ਨਿੱਕੀਆਂ ਨਿੱਕੀਆਂ ਜਿੰਦਾਂ ਵੀਰੋ
ਵੱਡੇ   ਸਾਕੇ   ਕਰ   ਗਈਆਂ,
ਧਰਮ ਦੀਆਂ ਤਲ਼ੀਆਂ ਦੇ ਉੱਤੇ
ਜੱਗਦੀਆਂ ਰੂਹਾਂ ਧਰ ਗਈਆਂ।

ਰਿਹਾ ਸ਼ੂਕਦਾ ਜ਼ੁਲਮ ਦਾ ਜੰਗਲ਼
ਉਂਗਲਾਂ  ਮੂੰਹ  ਵਿਚ  ਲੋਕਾਂ ਦੇ,
ਨੀਹਾਂ  ਨੂੰ  ਗੱਲਾਂ ਵਿਚ  ਲਾ ਕੇ
ਆਪ  ਉਡਾਰੀ  ਭਰ  ਗਈਆਂ।

ਬਹੁਤ ਦੁਖੀ ਸਨ ਦਿਲ ਲੋਕਾਂ ਦੇ
ਹੌਸਲੇ  ਸਭ   ਦੇ  ਪਸਤ  ਹੋਏ,
ਸਾਹਿਲ ’ਤੇ  ਖਲੋਤੇ  ਡੁੱਬ ਗਏ
ਪਰ ਉਹ ਸਮੁੰਦਰ ਤਰ ਗਈਆਂ।

ਅੰਬਰ  ਉੱਚੀ  ਆਵਾਜਾਂ  ਮਾਰੇ
ਘਬਰਾਇਉ,  ਘਬਰਾਇਉ ਨਾ,
ਧਰਤੀ ਨੂੰ  ਗਲਵੱਕੜੀ ਪਾ ਕੇ
ਜਿੰਦਾਂ ਆਪਣੇ  ਘਰ  ਗਈਆਂ।

ਰਾਹ  ਸ਼ਹੀਦੀ  ਵਾਲਾ  ਫੜਨਾ
ਕਿਸੇ ਉਮਰ  ਲਈ ਸੌਖਾ ਨਹੀਂ,
ਨਿੱਕੀ  ਉਮਰੇ  ਤਾਰ  ਬਿਆਨੇ

ਇਹ ਕੇਹੇ ਦਿਨ ਆਏ - ਸ਼ਾਮ ਸਿੰਘ, ਅੰਗ ਸੰਗ

ਇਹ ਭਲਾਂ ਕੇਹੇ ਦਿਨ ਆਏ ,ਹਰ ਪਲ ਕਰਦਾ ਹਾਏ ਹਾਏ।
ਰਾਹਾਂ  ਉੱਤੇ ਸੱਥਰ ਵਿਛਦੇ, ਰੂਹਾਂ ਨੂੰ ਵੀ  ਧੁਰ ਤਕ ਕੰਬਾਏ।

ਬੁੱਢਿਆਂ ਸਾਹਵੇਂ ਗੱਭਰੂ ਮਰਦੇ, ਗੱਭਰੂਆਂ ਅੱਗੇ ਚਾਚੇ ਤਾਏ,
ਮੌਤ ਨਾ  ਹੁਣ ਸਿਰਨਾਵੇਂ ਲੱਭੇ,  ਚਾਣਚੱਕ ਸੜਕ ਤੇ ਆਏ।

ਹੁਣ ਟਾਇਰ ਦੇਹਾਂ ਤੇ ਚਾੜੇ, ਕਦੇ ਜੋ ਸਨ ਗਲ਼ਾਂ ਵਿੱਚ ਪਾਏ।
ਮਰ ਗਈਆਂ ਦਿਨ ਦੀਵੇ ਕਦਰਾਂ, ਕਾਰੇ ਬਣ ਗਏ ਕਾਲੇ ਸਾਏ।

ਜ਼ਾਲਮਾਂ ਨੇ ਜੋ ਕਰੀ ਤਬਾਹੀ, ਨਫਰਤ ਦੇ ਵਿਚ ਪਾਪ ਕਮਾਏ।
ਚਿੱਟੇ ਦਿਨ  ਕਾਰਾਂ ਦਾ ਕਾਰਾ, ਪਰ ਕੋਈ  ਨਾ ਸਾਹਵੇਂ ਆਏ।

ਮੁਕਰ ਗਈ  ਲੋਕਾਈ ਸਾਰੀ, ਚੈਨਲਾਂ  ਐਸੇ ਰੰਗ  ਦਿਖਾਏ।
ਸਦਾਚਾਰ ਤਾਂ ਹਓਕੇ ਭਰਦਾ, ਤੁਰਿਆ ਜਾਂਦਾ ਸਚ ਮਰ ਜਾਏ।

ਜ਼ੋਰਾਵਰ ਦਾ ਜ਼ੋਰ ਹੈ ਚੱਲਦਾ, ਕੋਈ ਓਸ ਨੂੰ ਹੱਥ ਨਾ ਪਾਏ।
ਕਿਧਰੇ ਨਾ  ਸੁਣਵਾਈ ਕੋਈ, ਸਿਆਸਤ ਐਸੇ ਰੰਗ ਵਟਾਏ ।  

ਅਪਰਾਧੀਆਂ ਦੇ ਸਿਰ 'ਤੇ ਸਾਈਂ, ਰਹਿ ਜਾਣਗੇ ਬਚੇ ਬਚਾਏ,
ਮਨ ਵੀ ਪੁੱਛੇ ਦਿਲ ਵੀ ਪੁੱਛੇ, ਕਾਤਲਾਂ ਨੂੰ ਇਹ ਨਿੱਤ ਬਚਾਏ।  

ਬਾਕੀ  ਸਾਰੇ  ਬੇਬਸ  ਜਾਪਣ  ਇਕੋ  ਬੰਦਾ  ਰਾਜ  ਚਲਾਏ,
ਲੋਕਤੰਤਰ ਦੇ  ਦਾਅਵੇਦਾਰੋ, ਇਹ ਭਲਾਂ ਕੇਹੇ  ਦਿਨ ਆਏ।

ਇਹ ਕੇਹੇ ਦਿਨ ਆਏ -  ਸ਼ਾਮ ਸਿੰਘ, ਅੰਗ ਸੰਗ


ਇਹ ਭਲਾਂ ਕੇਹੇ ਦਿਨ ਆਏ ,ਹਰ ਪਲ ਕਰਦਾ ਹਾਏ ਹਾਏ।
ਰਾਹਾਂ  ਉੱਤੇ ਸੱਥਰ ਵਿਛਦੇ, ਰੂਹਾਂ ਨੂੰ ਵੀ  ਧੁਰ ਤਕ ਕੰਬਾਏ।

ਬੁੱਢਿਆਂ ਸਾਹਵੇਂ ਗੱਭਰੂ ਮਰਦੇ, ਗੱਭਰੂਆਂ ਅੱਗੇ ਚਾਚੇ ਤਾਏ,
ਮੌਤ ਨਾ  ਹੁਣ ਸਿਰਨਾਵੇਂ ਲੱਭੇ,  ਚਾਣਚੱਕ ਸੜਕ ਤੇ ਆਏ।

ਹੁਣ ਟਾਇਰ ਦੇਹਾਂ ਤੇ ਚਾੜੇ, ਕਦੇ ਜੋ ਸਨ ਗਲ਼ਾਂ ਵਿੱਚ ਪਾਏ।
ਮਰ ਗਈਆਂ ਦਿਨ ਦੀਵੇ ਕਦਰਾਂ, ਕਾਰੇ ਬਣ ਗਏ ਕਾਲੇ ਸਾਏ।

ਜ਼ਾਲਮਾਂ ਨੇ ਜੋ ਕਰੀ ਤਬਾਹੀ, ਨਫਰਤ ਦੇ ਵਿਚ ਪਾਪ ਕਮਾਏ।
ਚਿੱਟੇ ਦਿਨ  ਕਾਰਾਂ ਦਾ ਕਾਰਾ, ਪਰ ਕੋਈ  ਨਾ ਸਾਹਵੇਂ ਆਏ।

ਮੁਕਰ ਗਈ  ਲੋਕਾਈ ਸਾਰੀ, ਚੈਨਲਾਂ  ਐਸੇ ਰੰਗ  ਦਿਖਾਏ।
ਸਦਾਚਾਰ ਤਾਂ ਹਓਕੇ ਭਰਦਾ, ਤੁਰਿਆ ਜਾਂਦਾ ਸਚ ਮਰ ਜਾਏ।

ਜ਼ੋਰਾਵਰ ਦਾ ਜ਼ੋਰ ਹੈ ਚੱਲਦਾ, ਕੋਈ ਓਸ ਨੂੰ ਹੱਥ ਨਾ ਪਾਏ।
ਕਿਧਰੇ ਨਾ  ਸੁਣਵਾਈ ਕੋਈ, ਸਿਆਸਤ ਐਸੇ ਰੰਗ ਵਟਾਏ ।  

ਅਪਰਾਧੀਆਂ ਦੇ ਸਿਰ 'ਤੇ ਸਾਈਂ, ਰਹਿ ਜਾਣਗੇ ਬਚੇ ਬਚਾਏ,
ਮਨ ਵੀ ਪੁੱਛੇ ਦਿਲ ਵੀ ਪੁੱਛੇ, ਕਾਤਲਾਂ ਨੂੰ ਇਹ ਨਿੱਤ ਬਚਾਏ।  

ਬਾਕੀ  ਸਾਰੇ  ਬੇਬਸ  ਜਾਪਣ  ਇਕੋ  ਬੰਦਾ  ਰਾਜ  ਚਲਾਏ,
ਲੋਕਤੰਤਰ ਦੇ  ਦਾਅਵੇਦਾਰੋ, ਇਹ ਭਲਾਂ ਕੇਹੇ  ਦਿਨ ਆਏ।

ਕਿਸਾਨ  ਅੰਦੋਲਨ - ਸ਼ਾਮ ਸਿੰਘ, ਅੰਗ-ਸੰਗ

ਸਿੰਘੂ ਟਿੱਕਰੀ  ਅੰਦੋਲਨ  ਹੈ
ਪਰ ਨਾ ਸਿਰਫ ਕਿਸਾਨਾਂ ਦਾ
ਹੋ ਨਿਬੱੜਿਆ ਹੁਣ ਤਾਂ ਪੂਰਾ
ਹਰ ਥਾਵੇਂ  ਹਿੰਦੁਸਤਾਨਾਂ ਦਾ।

ਜੋਸ਼   ਭਰੇਂਦੇ    ਹੋਸ਼ਾਂ   ਵਿੰਨੇ
ਰੋਹ ਭਰੇ ਲੋਕਾਂ ਦੀ ਰੰਗਤ ਹੈ
ਝਲਕੇ ਜਿਨ੍ਹਾਂ ਚਿਹਰਿਆਂ ਉੱਤੇ
ਅਣਖ  ਨੂਰ  ਦੀ  ਰੰਗਤ ਹੈ।

ਜੋ ਵੀ ਆਪਣੇ ਘਰ ਤੋਂ ਤੁਰਿਆ
ਆਮ ਜਿਹਾ ਕੋਈ ਚੋਲਾ ਨਹੀਂ
ਹੱਕਾਂ ਤੇ  ਸੰਘਰਸ਼ ਦੀ ਖਾਤਰ
ਸਿਰਫ ਮੰਗਾਂ ਦਾ  ਟੋਲਾ ਨਹੀਂ।

ਖਾਲੀ  ਹੱਥ ਨਹੀਂ  ਇਹ  ਬੈਠੇ
ਉੱਚਾ ਵਿਰਸਾ ਇਨ੍ਹਾਂ  ਦੇ ਪਾਸ
ਆਖਰ ਤੱਕ ਲੜਨਗੇ ਇਹ ਤਾਂ
ਹਰ ਇਕ ਨੂੰ ਇਹੀ ਵਿਸ਼ਵਾਸ।

ਮੈਦਾਨ 'ਚ ਕੁੱਦਣ ਦਾ ਹੈ ਵੇਲਾ
ਹੁਣ  ਚਿੰਤਨ ਦਾ  ਵੇਲਾ  ਨਹੀਂ
ਸਮਾਂ ਆ ਗਿਆ  ਹੋਏ ਫੈਸਲਾ                       
ਯੁੱਧ ਹੈ ਇਹ ਕੋਈ ਮੇਲਾ ਨਹੀਂ।

ਬੈਠ  ਬਰੂਹੀਂ  ਸਰਦੀ  ਝੱਲਦੇ
ਫੇਰ ਵੀ  ਕਲਾ  ਰਹੇ  ਚੜ੍ਹਦੀ
ਤੁਰੇ   ਕਾਫਲੇ   ਰਾਹਾਂ   ਉੱਤੇ
ਲਾ ਕੇ ਬਾਜ਼ੀ  ਸਿਰ  ਧੜ ਦੀ।

ਕੀ ਹਾਕਮ  ਤੇ ਕੀ  ਸਰਕਾਰਾਂ
ਸਭ  ਨੂੰ   ਝੁਕਣਾ  ਪੈ  ਜਾਣਾ
ਅੱਜ ਨਹੀਂ ਤਾਂ ਕੱਲ੍ਹ  ਕਲੋਤਰ
ਮਜਬੂਰਨ ਘਰ ਬਹਿ ਜਾਣਾ।

ਫਾਇਦਾ ਕੋਈ ਨਹੀਂ ਜੇ ਦਿਸਦਾ
ਕੀ ਕਰਨਾ ਫਿਰ ਜੀਅ ਕੇ  ਵੀ
ਜੇ ਨਾ ਪਿਆਸ  ਬੁਝਾਵੇ ਖਾਰਾ
ਕੀ  ਕਰਨਾ ਪਾਣੀ ਪੀ ਕੇ ਵੀ।

ਆਪਣੇ ਖੋਲ 'ਚੋਂ ਬਾਹਰ ਆ ਕੇ
ਸੁਣ  ਅਜੇ ਖੁੰਝਿਆ ਵੇਲਾ ਨਹੀਂ      
ਅੱਤ ਦਾ  ਵੈਰ  ਹੈ  ਮਾੜਾ  ਹੁੰਦਾ
ਜੰਗ ਹੈ ਇਹ ਕੋਈ ਮੇਲਾ ਨਹੀਂ।

ਸ਼ੇਰ    ਨੇ   ਬਾਂਕੇ   ਉੱਠ  ਖੜੋਏ
ਪਾਣਗੇ   ਪੈੜਾਂ   ਖਾਸਮ   ਖਾਸ
ਫੇਰ ਕੇਰਾਂ ਬੇੜਾ ਪਾਰ ਲਾਉਣਗੇ
          ਲਿਖਣਗੇ ਕੋਈ ਨਵਾਂ ਇਤਿਹਾਸ।
         ਸੰਪਰਕ- +91 98 14113338

ਚੁੱਪ ਦੀ ਬੁੱਕਲ - ਸ਼ਾਮ ਸਿੰਘ ਅੰਗ ਸੰਗ

ਜਨਵਰੀ ਵੀਹ ਸੌ ਵੀਹ ਵਿਚ ਮੈਂ ਚੁੱਪ ਦੀ ਬੁੱਕਲ ਮਾਰ ਲਈ। ਸੋਚ ਵਿਚ ਦਮ ਲਾ ਰਿਹਾ, ਸ਼ਬਦ ਸਾਥ ਛੱਡ ਗਏ। ਫਰਵਰੀ-ਮਾਰਚ ਵਿਚ ਮਾੜੀਆਂ ਖ਼ਬਰਾਂ ਆਉਣ ਲੱਗ ਪਈਆਂ। ਜਦ ਕੋਰੋਨਾ ਵਾਇਰਸ ਦਾ ਲੰਮਾ ਅਲਾਪ ਹੋਣ ਲੱਗ ਪਿਆ ਤਾਂ 22 ਮਾਰਚ ਨੂੰ ਜਨਤਾ ਕਰਫਿਊ ਲਾਉਣਾ ਪੈ ਗਿਆ। ਫੇਰ ਲੌਕ ਡਾਉਨ ਤੇ ਕਰਫਿਊ। ੀਜਉਂ ਜਿਉਂ ਕੇਸ ਵਧਦੇ ਗਏ ਲੋਕ ਧੁਰ ਤੱਕ ਘਬਰਾਉਣ ਲੱਗ ਪਏ। ਸ਼ਹਿਰ ਸੁੰਨਸਾਨ ਹੋ ਕੇ ਸੰਨਾਟੇ ਦੀ ਲਪੇਟ ਵਿਚ ਆ ਗਿਆ। ਬੱਸਾਂ , ਕਾਰਾਂ  ਥਾਉਂ ਥਾਈਂ ਖੜ੍ਹੀਆਂ ਰਹਿ ਗਈਆਂ। ਸਭ ਚਹਿਲ-ਪਹਿਲ ਬੰਦ ਹੋ ਗਈ। ਸ਼ਾਮ ਦੀਆਂ ਮਹਿਫਲਾਂ ਉੱਜੜ ਗਈਆਂ। ਮਿੱਤਰਾਂ ਨੂੰ ਮਿਲਣਾ ਮੁਹਾਲ ਹੋ ਗਿਆ। ਮੋਬਾਈਲਾਂ 'ਤੇ ਹੀ ਗੱਲਬਾਤ ਹੋਣ ਲੱਗੀ ਅਤੇ ਖਲਬਰਸਾਰ ਦਾ ਪਤਾ ਲਗਦਾ। ਜੇਕਰ ਮੋਬਾਈਲ ਵੀ ਨਾ ਹੁੰਦੇ ਤਾਂ ਸੋਚੋ ਕੀ ਬਣਦਾ? ਭੋਲਾਂ ਵਿਚ ਪਹਿਲਾਂ ਵਰਗੀ ਨਾ ਹੀ ਹਲਚਲ ਰਹੀ ਅਤੇ ਨਾ ਹੀ ਗਰਮੀ। ਸਭ ਦੇ ਸਿਰਾਂ 'ਤੇ ਜਿਵੇਂ ਡਰ ਦਾ ਤੰਬੂ ਤਣ ਗਿਆ। ਸੜਕਾਂ ਦੇ ਸਭ ਸਫੇ ਖਾਲੀ ਹੋ ਕੇ ਰਹਿ ਗਏ। ਲੋਕਾਂ ਨੂੰ ਘਰਾਂ ਅੰਦਰ ਬੰਦ ਹੋ ਕੇ ਰਹਿਣਾ ਪੈ ਗਿਆ। ਆਪਣਾ ਹੀ ਘਰ ਜਿਵੇਂ ਖਾਣ ਨੂੰ ਪੈਂਦਾ ਹੋਵੇ। ਹਰ ਕਮਰਾ ਚੁੱਪ ਦੀ ਜੂਨ ਹੰਢਾਉਣ ਲੱਗ ਪਿਆ।
     ਚੌਤਰਫੀ ਦਹਿਸ਼ਤ ਦੀ ਮਾਰ। ਜਿਵੇਂ ਦਹਿਸ਼ਤ ਦੀ ਸਿਆਸਤ ਘਰਾਂ ਵਿਚ ਦਾਖਲ ਕਰ ਦਿੱਤੀ ਹੋਵੇ, ਆਜ਼ਾਦ ਫ਼ਿਜ਼ਾ ਦਾਬੇ ਹੇਠ ਆ ਕੇ ਰਹਿ ਗਈ। ਪੁਲੀਸ ਦੀ ਸਖਤੀ ਦਾ ਆਲਮ ਬਿਨਾਂ ਰੋਕ-ਟੋਕ ਛਾ ਗਿਆ। ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਨੂੰ ਡੰਡ ਬੈਠਕਾਂ ਕਡਾਈਆਂ ਗਈਆਂ ਤੇ ਮੁਰਗੇ ਬਣਾਇਆ ਗਿਆ ਤੇ ਡੰਡਿਆਂ ਨਾਲ 'ਸੇਵਾ' ਵੀ ਕੀਤੀ ਗਈ।(ਉਂਜ ਇਹ ਕੰਮ ਪਿਆਰ ਨਾਲ ਸਮਝਾ ਕੇ ਵੀ ਕੀਤਾ ਜਾ ਸਕਦਾ ਸੀ, ਵਾਰਨਿੰਗ ਦਿੱਤੀ ਜਾ ਸਕਦੀ ਸੀ) ਇਹੋ ਜਹੀ ਦਹਿਸ਼ਤ ਵਿਚ ਘਰਾਂ ਅੰਦਰ ਡੱਕੇ ਰਹਿਣ ਨੂੰ ਤਰਜੀਹ ਦੇਣੀ ਠੀਕ ਰਹੀ। ਜਿਨ੍ਹਾਂ ਸੜਕਾਂ ਨੂੰ ਮੋਟਰ ਗੱਡੀਆਂ ਤੋਂ ਸਾਹ ਨਹੀਂ ਸੀ ਮਿਲਦਾ ਉਨ੍ਹਾ ਦੇ ਸਫਿਆਂ ਦੇ ਸਫੇ ਖਾਲੀ ਹੋ ਕੇ ਰਹਿ ਗਏ। ਸੜਕਾਂ ਤੇ ਵੀ ਵੀਰਾਨਗੀ ਅਤੇ ਸੰਨਾਟਾ ਛਾ ਗਿਆ ਅਤੇ ਤੇਜ ਰਫਤਾਰ ਵਕਤ ਜਿਉਂ ਰੁਕ ਗਿਆ ਹੋਵੇ। ਟੈਲੀਵੀਜ਼ਨ 'ਤੇ ਦੁਨੀਆਂ ਭਰ ਦੇ ਦੇਸ਼ਾਂ ਦੀਆਂ ਖ਼ਬਰਾਂ, ਕਿੱਥੇ ਬਣ ਗਈਆਂ ਕਿੰਨੀਆਂ ਕਬਰਾਂ।
     ਹਰ ਸੂਬੇ ਦੇ ਕੋਰੋਨਾ ਦੇ ਪੀੜਤਾਂ ਦੀ ਗਿਣਤੀ ਪਤਾ ਲਗਦੀ ਤਾਂ ਦਿਲ ਕੰਬਦਾ। ਧੁਨੀਆਂ ਭਰ ਦੇ ਮੁਲਕਾਂ 'ਚ ਜਾਨਾਂ ਦੀ ਤਬਾਹੀ ਇਉਂ ਲੱਗੇ ਜਿਵੇਂ ਹਰੇਕ ਮਨੁੱਖ ਬਣ ਗਿਆ ਭਿਆਨਕ ਮੌਤ ਦਾ ਰਾਹੀ। ਼ਗਦਾ ਸੀ ਕਿ ਅਪਰੈਲ ਦੇ ਅਖੀਰ ਤੱਕ ਕਰਫਿਊ ਅਤੇ ਲਾਕਡਾਊਨ ਖਤਮ ਹੋ ਜਾਣਗੇ  ਪਰ ਅਜਿਹਾ ਨਹੀਂ ਹੋਇਆ। ਹਾਕਮਾਂ ਨੇ ਓਹੀ ਕੁੱਝ ਕੀਤਾ ਜਿਸ ਨਾਲ ਜਾਨਾਂ ਦਾ ਬਚਾਅ ਹੋ ਸਕੇ। ਅਮਰੀਕਾ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ ਜਿੱਥੇ ਯਮਰਾਜ ਮਨਆਈਆਂ ਕਰੀ ਜਾ ਰਿਹਾ॥ ਫਰਾਂਸ ਸਪੇਨ ਅਤੇ ਇੰਘਲੈਂਡ ਦੇ ਅੰਖੜੇ ਵੀ  ਵੀਹ ਹਜ਼ਾਰ ਤੋਂ ਉੱਪਰ ਹੋ ਗਏ ਹਨ।
       ਕੀ ਕੀਤਾ ਜਾਵੇ, ਭਾਰਤ ਅੰਦਰ ਮਹਾਂਰਾਸ਼ਟਰ ਮੌਤਾਂ ਦੀ ਗਿਣਤੀ ਪੱਖੋਂ ਸਭ ਰਾਜਾਂ ਤੋਂ ਉੱਤੇ। ਧਹਿਸ਼ਤ ਦੀ ਸਿਆਸਤ ਆਪਣੀ ਥਾਂ। ਰੱਬ ਖੈਰ ਈ ਕਰੇ।
       ਕੁੱਝ ਲੋਕ ਇਸ ਗੱਲ ਤੋਂ ਖੁਸ਼ ਹਨ ਕਿ ਦਰਿਆਵਾਂ ਦਾ ਪਾਣੀ ਸਾਫ ਹੋ ਗਿਆ, ਧੂੜ ਨਹੀਂ ਉਡਦੀ, ਹਵਾ ਜ਼ਹਿਰੀਲੀ ਨਹੀਨ ਰਹੀ। ਅਸਮਾਨ ਅਤੇ ਪਹਾੜ ਸਾਫ-ਸੁਥਰੇ ਵਿਖਾਈ ਦਿੰਦੇ ਹਨ ਅਤੇ ਹੈਨ ਵੀ। ਇਹ ਗੱਲਾਂ ਤਾਂ ਸਹੀ ਹਨ ਪਰ ਜੇ ਮਨੁੱਖ ਹੀ ਨਾ ਰਹੇ ਤਾਂ ਹਵਾ ਤੇ ਪਾਣੀ ਦੇ ਸ਼ੁੱਧ, ਸਾਫ ਹੋਣ ਦਾ ਕੀ ਫਾਇਦਾ ਹੋਵੇਗਾ। ਮਨੁੱਖ ਹੀ ਹੁਣ ਤੱਕ ਹਵਾ ਤੇ ਪਾਣੀ ਨੂੰ ਗੰਧਲੇ ਕਰਦਾ ਰਿਹਾ ਹੈ ਅਤੇ ਕਰਦਾ ਰਵ੍ਹਗਾ ਪਰ ਉਸ ਦੀ ਮਨਮਰਜ਼ੀ ਉਦੋਂ ਤੱਕ ਹੀ ਚੱਲ ਸਕਦੀ ਹੈ ਜਦੋਂ ਤੱਕ ਕੁਦਰਤ ਕਹਿਰਵਾਨ ਨਹੀਨ ਹੁੰਦੀ। ਹੁਣ ਕੁਦਰਤ ਦੀ ਮਨਮਰਜ਼ੀ ਚੱਲਣ ਲੱਗ ਪਈ ਤਾਂ ਹਰੇਕ ਦਿਸ਼ਾ ਵਿਚ ਹਾਹਾਕਾਰ ਮਚ ਗਈ। ਮਹਾਂਸ਼ਕਤੀਆਂ ਵੀ ਪੱਬਾਂ ਭਾਰ ਹੋ ਕੇ ਰਹਿ ਗਈਆਂ।
      ਕਿਹਾ ਜਾ ਰਿਹਾ ਹੈ ਕਿ ਕਰੋਨਾ ਚੀਨ ਦੀ ਸ਼ਰਾਰਤ ਹੈ ਪਰ ਉਸ ਦੇਸ਼ ਦੇ ਵਾਸੀ ਖੁਦ ਵੀ ਤਾਂ ਭੁਗਤ ਰਹੇ ਹਨ। ਨਾਲ ਹੀ  ਦੁਨੀਆਂ ਭਰ ਦੇ ਲੋਕਾਂ ਨੂੰ ਵਖਤ ਪਾਉਣ ਦੀ ਕੋਈ ਤੁਕ ਵੀ ਸਮਝ ਨਹੀਂ ਆ ਰਹੀ। ਜੇ ਕੁਦਰਤੀ ਆਫਤ ਹੈ ਤਾਂ ਇਸ ਲਈ ਕੋਈ ਜੁੰਮੇਵਾਰ ਨਹੀਂ। ਮਨੁੱਖ ਕੁਦਰਤ ਨੂੰ ਸਜ਼ਾ ਦੇਣ ਦੇ ਸਮਰੱਥ ਨਹੀਂ। ਪਰ ਜਿਸ  ਵੀ ਮੁਲਕ ਨੇ ਚੀਨ ਹੋਵੇ ਜਾਂ ਕੋਈ ਹੋਰ ਇਹ ਵਾਇਰਸ ਛੱਡਿਆ ਹੋਵੇ ਤਾਂ ਬਾਕੀ  ਮੁਲਕ ਇਕੱਠੇ ਹੋ ਕੇ ਉਹਨੂੰ ਸਬਕ ਸਿਖਾਉਣ ਦੇ ਰਾਹੇ ਪੈਣ। ਆਖਰ ਮਨੁੱਖੀ ਹੋਂਦ ਦਾ ਸਵਾਲ ਹੈ ਇਸ ਦੀ ਹਰ ਹੀਲੇ ਰਾਖੀ ਹੋਣੀ ਚਾਹੀਦੀ ਹੈ। ਦੁਨੀਆਂ 'ਤੇ ਆਪਣੀ ਤਾਨਾਸ਼ਾਹੀ ਕਾਇਮ ਕਰਨ ਲਈ ਮਨੁੱਖੀ ਘਾਣ ਕਰਨਾ ਮਹਾਂ ਅਪਰਾਧ ਹੈ, ਜਿਸ ਨੂੰ ਕਿਸੇ ਸੂਰਤ ਵਿਚ ਵੀ ਮੁਆਫ ਨਹੀਂ ਕੀਤਾ ਜਾਣਾ ਚਾਹੀਦਾ।
      ਨੋਟਬੰਦੀ ਸਹਿਣ ਵਾਸਤੇ ਮਜਬੂਰ ਕੀਤਾ ਗਿਆ, ਬਿਨਾਂ ਸੋਚੇ ਤੋਂ ਆਏ ਹੁਕਮ ਕਰਕੇ ਘਰਬੰਦੀ ਵੀ ਸਹਿਣੀ ਪਈ, ਹਸਪਤਾਲ ਬੰਦੀ ਬਾਅਦ ਕਿੰਨਿਆਂ ਦੀ ਸਾਹ ਬੰਦੀ? ਇਸ ਦਾ ਅਸਲ ਜਾਣਦਾ ਕੋਈ ਨਹੀਂ। ਇਹ ਕੇਹਾ ਮੌਸਮ ਹੈ ਕਿ ਸਹਿਮ ਹਰ ਇਕ 'ਤੇ ਸਵਾਰ ਹੋ ਗਿਆ।  ਇਸ ਸਬੰਧੀ ਪ੍ਰਚਾਰ ਤੰਤਰ/ ਮੀਡੀਆ ਲੋਕਾਂ ਨੂੰ ਸਾਵਧਾਨੀਆਂ ਬਾਰੇ ਗੱਟ ਸੁਚੇਤ ਕਰ ਰਿਹਾ ਹੈ  ਡਰ-ਭੈਅ ਬਹੁਤਾ ਪੈਦਾ ਕਰ ਰਿਹਾ ਹੈ। ਪਲ ਪਲ ਹੀ ਮੌਤ ਨੇੜੇ-ਤੇੜੇ ਫਿਰਦੀ ਮਹਿਸੂਸ ਹੁੰਦੀ ਹੈ, ਕਿਉਂਕਿ ਇਸ ਲਾਗ ਦੇ ਵਾਇਰਸ ਤੋਂ ਕੁੱਝ ਲੋਕ ਨਹੀਂ ਡਰਦੇ, ਉਹ ਫੇਰ ਸਥਿਤੀ ਨੂੰ ਵਿਗਾੜਨ ਦੇ ਜੁੰਮੇਵਾਰ ਬਣਦੇ ਹਨ। ਮਿੱਤਰੋ ਹੁਣ ਸਾਰੇ ਹੀ ਘਰਾਂ ਵਿਚ ਬੰਦ ਰਹਿ ਕੇ ਸਵੈ-ਇੱਛਾ ਨਾਲ ਨਜ਼ਰਬੰਦ ਰਹੋ। ੳਜਿਹਾ ਕਰਕੇ ਆਪਣੇ ਆਪ ਨੂਮ ਵੀ ਬਚਾਉ ਅਤੇ ਦੂਜਿਆਂ ਨੂੰ ਬਚਾਉਣ ਵਾਸਤੇ ਵੀ ਸਹਿਯੋਗ ਦੇਵੋ।

ਸੁਖਦੇਵ ਮਾਦਪੁਰੀ / ਇਰਫਾਨ ਖਾਨ / ਰਿਸ਼ੀ ਕਪੂਰ - ਸਦੀਵੀ ਵਿਛੋੜਾ ਦੇ ਗਏ

ਲੋਕਧਾਰਾ ਅਤੇ ਬਾਲਧਾਰਾ ਵਿਚ ਆਪਣੀਆਂ ਲਿਖਤਾਂ ਰਾਹੀ ਸਾਰੀ ਉਮਰ ਹੀ ਭਰਪੂਰ ਹਿੱਸਾ ਪਾਉਣ ਵਾਲਾ ਸੁਖਦੇਵ ਮਾਦਪੁਰੀ 84 ਸਾਲ ਦੀ ਉਮਰ ਵਿਚ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਸਾਦਾ ਜਿਹਾ ਜੀਵਨ ਜੀਊਣ ਵਾਲੇ ਮਾਦਪੁਰੀ ਨੇ ਵਿਦਵਤਾ ਦੇ ਖੇਤਰ ਵਿਚ ਯਥਾਯੋਗ ਹਿੱਸਾ ਪਾ ਕੇ ਆਉਣ ਵਾਲੀਆਂ ਪੀੜੀਆਂ ਲਈ ਸਾਫ-ਸੁਥਰੀ ਬੌਧਿਕਤਾ ਦੇ ਰਾਹ ਪੈਣ ਲਈ ਪੈੜਾਂ ਉਲੀਕ ਦਿੱਤੀਆਂ। ਮਾਦਪੁਰੀ ਨੇ ਲੋਕ ਗੀਤਾਂ, ਲੋਕ ਕਹਾਣੀਆਂ, ਲੋਕ ਬੁਝਾਰਤਾਂ, ਲੋਕ ਸਿਆਣਪਾਂ ਅਤੇ ਪੰਜਾਬ ਦੀਆਂ ਲੋਕ ਖੇਡਾਂ ਬਾਰੇ ਸਾਹਿਤ ਲਿਖਿਆ। ਤਿੰਨ ਦਰਜਣ ਤੋਂ ਵੱਧ ਲਿਖੀਆਂ ਕਿਤਾਬਾਂ ਵਿਚੋਂ 8 ਪੁਸਤਕਾਂ ਬਾਲ ਸਾਹਿਤ ਬਾਰੇ ਲਿਖੀਆਂ। ਪੰਜਾਬੀ ਸੱਭਿਆਚਾਰ ਬਾਰੇ ਸੁਖਦੇਵ ਮਾਦਪੁਰੀ ਦੀਆਂ ਲਿਖੀਆਂ ਪੁਸਤਕਾਂ ਨੇ ਬੌਧਿਕ ਹਲਕਿਆਂ ਵਿਚ ਮਾਨਤਾ ਪ੍ਰਾਪਤ ਕੀਤੀ। ਹਮੇਸ਼ਾ ਹੀ ਨਿਮਰਤਾ ਵਿਚ ਵਿਚਰਨ ਵਾਲੇ ਸੁਖਦੇਵ ਮਾਦਪੁਰੀ ਦੇ ਜਾਣ ਦਾ ਘਾਟਾ ਪੂਰਿਆ ਜਾਣ ਵਾਲਾ ਨਹੀਂ। ਸਾਹਿਤਕ, ਬੌਧਿਕ ਖੇਤਰ ਅੰਦਰ ਕੀਤੇ ਉਸਦੇ ਕਾਰਜਾਂ ਅੱਗੇ ਨਤਮਸਤਕ ਹੀ ਹੋਇਆ ਜਾ ਸਕਦਾ ਹੈ।
- ਇਸਦੇ ਨਾਲ ਹੀ  ਹੋਰ ਆਈਆਂ ਸੋਗੀ ਖਬਰਾਂ ਕਿ ਫਿਲਮੀ ਜਗਤ ਦੇ ਪ੍ਰਸਿੱਧ ਕਲਾਕਾਰ ਇਰਫਾਨ ਖਾਨ ਅਤੇ ਰਿਸ਼ੀ ਕਪੂਰ ਵੀ ਇਸ ਸੰਸਾਰ ਨੂੰ ਕੁਵੇਲੇ ਅਲਵਿਦਾ ਆਖ ਗਏ ਹਨ। ਉਨ੍ਹਾਂ ਦਾ ਇਸ ਸਮੇਂ ਚਲਾ ਜਾਣਾ ਕਲਾ ਜਗਤ ਵਾਸਤੇ ਵੱਡਾ ਘਾਟਾ ਕਿਹਾ ਜਾ ਸਕਦਾ ਹੈ। ਇਨ੍ਹਾਂ ਦੋਹਾਂ ਕਲਾਕਾਰਾਂ ਨੇ ਸਮਾਜਿਕ ਪਹਿਲੂਆਂ ਬਾਰੇ ਬਣੀਆਂ ਫਿਲਮਾਂ ਵਿਚ ਵਧੀਆਂ ਕਿਰਦਾਰ ਨਿਭਾਏ, ਜੋ ਸਦਾ ਯਾਦ ਕੀਤੇ ਜਾਂਦੇ ਰਹਿਣਗੇ।

ਭਾਈ ਮਰਦਾਨਿਆਂ - ਸ਼ਾਮ ਸਿੰਘ, ਅੰਗ-ਸੰਗ

ਭਾਈ ਮਰਦਾਨੇ ਗਾ ਤੂੰ
ਰੂਹਾਨੀ ਜਹੇ ਰਾਗ ਨੂੰ
ਖ਼ਤਰੇ ਤੋਂ ਬਚਾ ਯਾਰਾ
ਮਾਨਵਤਾ ਦੇ ਬਾਗ ਨੂੰ।

ਸਾਰੀ ਦੁਨੀਆਂ ਨੂੰ ਹੈ
ਸਹਾਰਾ ਸੱਚੀ ਬਾਣੀ ਦਾ
ਤੇਰੀਆਂ ਤਰੰਗਾਂ ਸੁਣ
ਰੱਬ ਨੂੰ ਹੈ ਜਾਣੀਂ ਦਾ
ਸਾਡੀ ਘੂਕ ਨੀਂਦ ਵਿਚ
ਪੁਆ ਦੇ ਫੇਰਾ ਜਾਗ ਨੂੰ।

ਗੁਰੂ ਨਾਨਕ ਦੀ ਬਾਣੀ
ਕਿਧਰੇ ਵੀ ਤੂੰ ਗਾਵੇਂਗਾ
ਸਾਰੇ ਹੀ ਮਾਹੌਲ ਵਿਚ
ਤਰੰਗਾਂ ਬਿਖਰਾਵੇਂਗਾ
ਜਿਹੜਾ ਵੀ ਸੁਣੇਗਾ ਕੰਨੀਂ
ਕਹੇਗਾ ਧੰਨ ਭਾਗ ਨੂੰ।

ਤੁਰ ਪਊ ਸੁਰਾਂ ਪਿੱਛੇ
ਰੂਹ ਹੈ ਜੋ ਉਡੀਕਦੀ
ਖ਼ਿਆਲਾਂ ਵਿਚ ਉਡ ਕੇ
ਰਾਹ ਹੈ ਸੋ ਉਲੀਕਦੀ
ਕੋਇਲ ਬਣਾ ਲਵੇਗੀ
ਮਨ ਕਾਲੇ ਕਾਗ ਨੂੰ।

ਭਾੲੀ ਮਰਦਾਨਾ ਸਾਡਾ
ਜਦ ਵੀ ਸੁਰਾਂ ਖੋਲਦਾ
ਕੱਲੀ ਕੱਲੀ ਸੁਰ ਵਿੱਚੋਂ
ਫਿਰ ਰੱਬ ਆਪ ਬੋਲਦਾ
ਹਰ ਕੋਈ ਵਸਾਏ ਰੂਹ ' ਚ
ਸੁਹਣੇ ਮਿੱਠੇ ਰਾਗ ਨੂੰ।

ਸੁਣ ਕੇ ਰਬਾਬ ਤੇਰੀ
ਹੋਣ ਰੂਹਾਂ ਰੱਬ ਰੱਤੀਆਂ
ਜਗ ਪੈਣਾ ੳੁਨ੍ਹਾਂ ਵਿਚ
ਨੂਰ ਦੀਆਂ ਬੱਤੀਆਂ
ਸ਼ਾਮ ਜੇ ਅਮਲ ਚੰਗੇ
ਉਹ ਧੋ ਦੇਣ ਦਾਗ਼ ਨੂੰ।

ਭਾਈ ਮਰਦਾਨੇ ਗਾ ਤੂੰ
ਰੂਹਾਨੀ ਜਹੇ ਰਾਗ ਨੂੰ
ਖ਼ਤਰੇ ਤੋਂ ਬਚਾ ਯਾਰਾ
ਮਾਨਵਤਾ ਦੇ ਬਾਗ ਨੂੰ।

ਅੰਗ ਸੰਗ : ਵੱਡੇ ਅਹੁਦੇ ਛੋਟੀਆਂ ਗੱਲਾਂ  - ਸ਼ਾਮ ਸਿੰਘ ਅੰਗ ਸੰਗ

ਉੱਚੀਆਂ ਥਾਵਾਂ 'ਤੇ ਪਹੁੰਚ ਕੇ ਨੀਵੀਂਆਂ ਗੱਲਾਂ ਕਰਨੀਆਂ ਠੀਕ ਨਹੀਂ। ਵੱਡਿਆਂ ਅਹੁਦਿਆਂ 'ਤੇ ਪਹੁੰਚਣ ਵਾਲੇ ਛੋਟੀਆਂ ਗੱਲਾਂ ਕਰਨ ਤਾਂ ਉਨ੍ਹਾ ਦੇ ਅੰਦਰਲਾ ਛੋਟਾਪਨ ਛੁਪਿਆ ਨਹੀਂ ਰਹਿੰਦਾ। ਜਦੋਂ ਇਹੋ ਜਹੇ ਵਰਤਾਰੇ ਦਾ ਸਾਹਮਣਾ ਹੁੰਦਾ ਹੈ ਤਾਂ ਉਸਨੂੰ ਪੜ੍ਹਨ ਦੀ ਇੱਛਾ ਵੀ ਜਾਗਦੀ ਹੈ ਅਤੇ ਬਾਰੀਕੀ ਨਾਲ ਜਾਨਣ ਦੀ ਵੀ। ਅਜਿਹਾ ਹੋਣ ਨਾਲ ਹੀ ਉੱਚੀਆਂ ਹਸਤੀਆਂ ਵਲੋਂ ਨੀਵਾਣਾਂ ਵੱਲ ਰੁੜਨ ਤੋਂ ਬਚਿਆ ਜਾ ਸਕਦਾ ਅਤੇ ਜ਼ਿੰਦਗੀ ਦੇ ਰਾਹਾਂ ਉੱਤੇ ਤੁਰਨ ਦਾ ਉੱਚ ਸਲੀਕਾ ਵੀ ਸਿੱਖਿਆ ਜਾ ਸਕਦਾ ਹੈ ਅਤੇ ਅੱਗੇ ਵਧਣ ਦਾ ਵੀ।
    ਇਤਿਹਾਸ ਭਰਿਆ ਪਿਆ ਹੈ ਜਿਸ ਵਿਚ ਉਚੇਰੇ ਅਹੁਦਿਆਂ 'ਤੇ ਬੈਠਣ ਵਾਲਿਆਂ ਦੇ ਹੁਕਮਾਂ ਨਾਲ ਮਨੁੱਖਤਾ 'ਤੇ ਕਿੰਨੇ ਜ਼ੁਲਮ ਹੋਏ ਅਤੇ ਕਿੰਨੀ ਹਾਨੀ ਹੋਈ। ਵੱਡੇ ਅਹੁਦੇ ਵਾਲੇ ਛੋਟੇ ਕੰਮ ਕਰਨ ਤਾਂ ਕਿਸੇ ਤਰ੍ਹਾਂ ਵੀ ਹਜ਼ਮ ਨਹੀਂ ਹੁੰਦੇ। ਕੋਈ ਕੇਵਲ ਆਪਣਾ ਧਰਮ ਚਲਾਉਣ ਅਤੇ ਵਧਾਉਣ ਲਈ ਦੂਜਿਆਂ ਦੇ ਧਰਮ ਸਥਾਨ ਢਾਵ੍ਹੇ ਜਾਂ ਕੋਈ ਜਬਰੀ ਧਰਮ ਬਦਲੇ ਤਾਂ ਇਸ ਨੂੰ ਕੋਈ ਵੀ ਨਿਰਪੱਖ ਅੱਖ ਦੇਖ ਨਹੀਂ ਸਕਦੀ ਅਤੇ ਸੰਤੁਲਤ ਮਨ ਸਹਿ ਨਹੀਂ ਸਕਦਾ। ਦੂਰ ਨਾ ਵੀ ਜਾਈਏ ਤਾਂ ਔਰੰਗਜ਼ੇਬ ਦੇ ਜੁਲਮਾਂ ਦੀ ਕਹਾਣੀ ਹੀ ਬਹੁਤ ਦੁਖਦਾਈ ਹੈ ਅਤੇ ਘੱਟ ਅੰਗਰੇਜ਼ਾ ਦੀ ਵੀ ਨਹੀਂ।
      ਦੇਸ਼ਾਂ 'ਚੋਂ ਤਾਕਤਵਰ ਦੇਸ਼ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉੱਚ ਅਹੁਦੇ 'ਤੇ ਪਹੁੰਚ ਕੇ ਵੀ ਉਹ ਜ਼ਾਬਤਾ ਨਹੀਂ ਅਪਣਾਇਆ ਜਿਹੜਾ ਉਸ ਲਈ ਲੋੜੀਂਦਾ ਵੀ ਹੈ ਅਤੇ ਲਾਜ਼ਮੀ ਵੀ। ਉਸ ਦੇ ਬੋਲੇ ਹਰ ਸ਼ਬਦ ਨੂੰ ਲੈ ਕੇ ਦੁਨੀਆਂ ਨੋਟਿਸ ਲੈਂਦੀ ਹੈ ਕਿ ਉਹ ਮਨ ਦੀ ਕਿਸ ਨੁੱਕਰ 'ਚੋਂ ਬੋਲ ਕੇ ਕੀ ਅਤੇ ਕਿਉਂ ਕਹਿ ਰਿਹਾ। ਪਿਛਲੇ ਦਿਨੀਂ ਉਸ ਨੇ ਅਜਿਹਾ ਬਿਆਨ ਦਾਗ ਦਿੱਤਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਨੂੰ ਇਹ ਕਹਿ ਦਿੱਤਾ ਕਿ ਕਸ਼ਮੀਰ ਮਸਲੇ ਬਾਰੇ ਵਿਚੋਲਗੀ ਕਰੇ। ਇਹ ਪਤਾ ਨਹੀਂ ਕਿ ਉਸਨੂੰ ਇਹ ਕਹਿਣ ਦੀ ਲੋੜ ਕਿਉਂ ਪੈ ਗਈ, ਪਰ ਛੇਤੀ ਹੀ ਭਾਰਤ ਨੇ ਇਸ ਬਿਆਨ ਨੂੰ ਝੁਠਲਾ ਦਿੱਤਾ। ਹੋ ਗਈ ਨਾ ਉੱਚੇ ਅਹੁਦੇ ਦੀ ਕਿਰਕਿਰੀ।
      ਭਾਰਤ ਦੇ ਹਾਕਮ ਤੇ ਨੇਤਾ ਵੀ ਕਈ ਵਾਰ ਏਨਾ ਗਲਤ ਬੋਲਦੇ ਹਨ ਕਿ ਉਨ੍ਹਾਂ ਦੀ ਕਹੀ ਗੱਲ ਮੰਨੀ ਹੀ ਨਹੀਂ ਜਾ ਸਕਦੀ। ਕੋਈ ਤਾਂ ਸੈਕੜੇ ਸਾਲਾਂ ਦੇ ਫਰਕ ਨਾਲ ਇਸ ਧਰਤੀ 'ਤੇ ਵਿਚਰੇ  ਮਹਾਂਪੁਰਸ਼ਾਂ ਦੀ ਮੁਲਾਕਾਤ ਕਰਵਾਉਣ ਵਿਚ ਕੋਈ ਝਿਜਕ ਮਹਿਸੂਸ ਨਹੀਂ ਕਰਦਾ ਜਿਸ ਨੂੰ ਤੱਥ ਤੇ ਸਬੂਤ ਪ੍ਰਵਾਨ ਕਰਨ ਵਾਸਤੇ ਤਿਆਰ ਨਹੀਂ। ਅਜਿਹੀ ਮੁਲਾਕਾਤ ਇਤਿਹਾਸ ਬਾਰੇ ਇਤਿਹਾਸਕ ਗਲਤੀ ਹੈ ਜਿਹੜੀ ਕਿਸੇ ਤਰ੍ਹਾਂ ਵੀ ਮੁਆਫ ਨਹੀਂ ਕੀਤੀ ਜਾ ਸਕਦੀ। ਇਤਿਹਾਸ ਤਾਂ ਇਤਿਹਾਸ ਹੈ ਜਿਸ ਨੂੰ ਬਦਲਿਆ ਨਹੀਂ ਜਾ ਸਕਦਾ। ਇਤਿਹਾਸ ਦਾ ਅੰਤ ਕਹਿਣ ਵਾਲੇ ਦਾ ਅੰਤ ਤਾਂ ਹੋਣਾ ਹੀ ਹੋਣਾ ਹੈ ਪਰ ਇਤਿਹਾਸ ਦਾ ਅੰਤ ਨਹੀਂ ਹੋ ਸਕਦਾ।
      ਦੁਨੀਆਂ ਦੇ ਵੱਡੇ ਲੋਕਤੰਤਰ ਭਾਰਤ ਵਿਚ ਲੋਕਾਂ ਵਲੋਂ ਚੁਣੇ ਜਾਂਦੇ ਪ੍ਰਤੀਨਿਧ ਕਈ ਵਾਰ ਉਹ ਸਦਾਚਾਰ ਨਹੀਂ ਮੰਨਦੇ ਜਿਹੜਾ ਦੇਸ਼ ਦਾ ਇਤਿਹਾਸ ਵੀ ਅਤੇ ਅਮੀਰ ਸਰਮਾਇਆ ਵੀ। ਜਿਹੜੀ ਸਿਆਸੀ ਪਾਰਟੀ ਦੇ ਵਿਰੋਧ ਵਿਚ ਲੜ ਕੇ ਚੋਣਾਂ ਜਿੱਤੇ ਹੁੰਦੇ ਹਨ ਮੌਕਾ ਦੇਖ ਕੇ ਉਸੇ ਹੀ ਵਿਰੋਧੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ ਜੋ ਕਿ ਹਲਕੇ ਦੇ ਲੋਕਾਂ ਨਾਲ ਬੇਈਮਾਨੀ ਵਰਗਾ ਧਰੋਹ ਹੁੰਦਾ ਹੈ ਅਤੇ ਉੱਚੇ ਸਦਾਚਾਰ ਨਾਲ ਵੀ ਖਿਲਵਾੜ ਕੀਤਾ ਜਾਂਦਾ ਹੈ। ਇਹੋ ਜਹੇ ਗੈਰ-ਸਦਾਚਾਰੀਆਂ ਨੂੰ ਜਿਤਾਉਣ ਤੋਂ ਬਾਅਦ ਲੋਕ ਨਕਾਰਾ ਹੋ ਜਾਂਦੇ ਹਨ ਕਿਉਂਕਿ ਅਜਿਹੇ ਦਲਬਦਲੂਆਂ ਨੂੰ ਵਾਪਸ ਬੁਲਾਉਣ ਦਾ ਉਨ੍ਹਾਂ ਕੋਲ ਅਧਿਕਾਰ ਹੀ ਨਹੀਂ ਹੁੰਦਾ। ਸਦਾਚਾਰ ਨੂੰ ਵੀ ਪਈ ਵੱਡੀ ਮਾਰ ਦਾ ਵੀ ਕੋਈ ਕੁੱਝ ਨਹੀਂ ਕਰ ਸਕਦਾ। ਇਸ ਬਾਰੇ ਜਾਗਦੇ ਸਿਰਾਂ ਨੂੰ ਗੰਭੀਰਤਾ ਨਾਲ ਸੋਚਣ ਦੀ ਬੇਹੱਦ ਜਰੂਰਤ ਹੈ ਅਤੇ ਕੁੱਝ ਕਰਨ ਦੀ ਵੀ।
      ਦੇਸ਼ ਦੇ ਕਾਨੂੰਨ ਘਾੜਿਆਂ ਨੂੰ ਦਲਬਦਲੂਆਂ ਬਾਰੇ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਤਾਂ ਜੋ ਸਦਾਚਾਰਕ ਕਦਰਾਂ-ਕੀਮਤਾਂ ਨੂੰ ਹਾਨੀ ਪਹੁੰਚਾ ਰਹੀ ਇਸ ਕਿਰਿਆ ਨੂੰ ਰੋਕਿਆ ਜਾ ਸਕੇ। ਜਨਤਾਂ ਵੀ ਜਾਗੇ ਅਤੇ ਦਲਬਦਲੂਆਂ ਨੂੰ ਅਗਲੀਆਂ ਚੋਣਾਂ ਵਿਚ ਅਜਿਹਾ ਸਬਕ ਸਿਖਾਵੇ ਕਿ ਉਸ ਦੀਆਂ ਦਸ ਪੁਸ਼ਤਾ ਵਿਚੋਂ ਕੋਈ ਚੋਣ ਨਾ ਜਿੱਤ ਸਕੇ। ਮੰਤਰੀ ਪਦ ਦੇ ਲਾਲਚ ਲਈ ਪਾਰਟੀ ਬਦਲੇ ਜਾਂ ਫੇਰ ਪੈਸੇ ਲੈ ਕੇ ਬਦਲੇ ਅਜਿਹੇ ਨੇਤਾਵਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਤਾਂ ਕਿ ਸਭ ਨੇਤਾ ਡਰ ਕੇ ਅਜਿਹਾ ਕਰਨ ਬਾਰੇ ਸੋਚਣ ਵੀ ਨਾ।
     ਕਿਸੇ ਵੀ ਉੱਚੇ ਅਹੁਦੇ 'ਤੇ ਬੈਠੇ ਦੀ ਜੁੰਮੇਵਾਰੀ ਹੁੰਦੀ ਹੈ ਕਿ ਉਹ ਮਿਲੇ ਕੰਮਾਂ ਨੂੰ ਇਮਾਨਦਾਰੀ ਨਾਲ ਨਿਭਾਵੇ ਅਤੇ ਕੋਈ ਅਜਿਹਾ ਕੰਮ ਨਾ ਕਰੇ ਕਿ ਉਸ ਉੱਤੇ ਉਂਗਲਾਂ ਉੱਠਣ। ਵੱਡੇ ਅਹੁਦੇ 'ਤੇ ਬੈਠਿਆਂ ਵੱਡੀਆਂ ਗੱਲਾਂ ਕਰਨੀਆਂ ਹੀ ਸੋਭਦੀਆਂ ਹਨ ਤਾਂ ਕਿ ਅਹੁਦੇ ਦੀ ਮਾਣ-ਮਰਿਯਾਦਾ ਅਤੇ ਵਡਿਆਈ ਬਣੀ ਰਹੇ। ਅਜਿਹੇ ਅਹੁਦੇ 'ਤੇ ਬੈਠ ਕੇ ਛੋਟੀਆਂ ਗੱਲਾਂ ਕਰਨ ਨਾਲ ਅਹੁਦੇ ਦੀ ਮਾਣ-ਮਰਿਯਾਦਾ ਤਾਂ ਜਾਂਦੀ ਹੀ ਰਹਿੰਦੀ ਹੈ ਅਤੇ ਵੱਡੇ ਬੰਦੇ ਦੀ ਹਸਤੀ ਵੀ ਕਿਧਰੇ ਨਹੀਂ ਲੱਭਦੀ। ਕਲਿੰਟਨ-ਲਵਿੰਸਕੀ ਵਾਲੇ ਕਾਂਡ ਨੂੰ ਚੇਤੇ ਕਰ ਲਿਆ ਜਾਵੇ ਤਾਂ ਇਹ ਗੱਲ ਸਾਕਾਰ ਰੂਪ ਵਿਚ ਸਾਹਮਣੇ ਆ ਜਾਵੇਗੀ।
     ਜਿਹੜੇ ਅਹੁਦੇ 'ਤੇ ਕੋਈ ਬੈਠਾ ਹੈ ਉਸ ਨੂੰ ਹੀ ਵੱਡਾ ਸਮਝ ਕੇ ਛੋਟੀਆਂ ਗੱਲਾਂ ਕਰਨ ਬਾਰੇ ਸੋਚਿਆ ਤੱਕ ਨਾ ਜਾਵੇ। ਅਜਿਹਾ ਹੋਣ ਨਾਲ ਕੀਤੇ ਜਾਂਦੇ ਕੰਮਾਂ ਵਿਚ ਨਿਖਾਰ ਆਵੇਗਾ ਅਤੇ ਉੱਚਾ ਸੋਚਣ ਵੱਲ ਵਧਣ ਵਿਚ ਸਹਾਇਤਾ ਮਿਲੇਗੀ। ਮੁੱਕਦੀ ਗੱਲ ਤਾਂ ਇਹੀ ਹੈ ਕਿ ਵੱਡੇ ਅਹੁਦਿਆਂ 'ਤੇ ਬੈਠੇ ਲੋਕ ਛੋਟੀਆਂ ਗੱਲਾਂ ਨਾ ਕਰਨ ਸਗੋਂ ਬਰਾਬਰ ਜਾਂ ਨਾਲ ਬੈਠਿਆਂ ਦੀਆਂ ਵੀ ਸਵੀਕਾਰ ਨਾ ਕਰਨ ਅਤੇ ਨਾ ਹੀ ਹੇਠਲਿਆਂ ਨੂੰ ਛੋਟੀਆਂ ਗੱਲਾਂ ਕਰਨ ਦੀ ਆਗਿਆ ਦੇਣ। ਚੰਗਾ ਹੋਵੇ ਜੇ ਵੱਡੇ ਅਹੁਦਿਆਂ ਵਾਲੇ ਛੋਟੀਆਂ ਗੱਲਾਂ ਤੋਂ ਗੁਰੇਜ਼ ਹੀ ਕਰਨ।

ਜੇ ਪੰਛੀਆਂ ਦੇ ਧਰਮ ਹੁੰਦੇ

ਜੇ ਕਿਤੇ ਧਰਤੀ 'ਤੇ ਵਸਦੇ ਮਨੁੱਖਾਂ ਦੇ ਅਧਾਰ 'ਤੇ ਪੰਛੀਆਂ ਦੇ ਵੀ ਧਰਮ ਹੁੰਦੇ ਤਾਂ ਅੰਬਰ ਵੀ ਲੜਾਈ-ਝਗੜਿਆਂ ਦਾ ਮੈਦਾਨ ਬਣ ਜਾਂਦਾ। ਹਰ ਰੋਜ਼ ਕਿੰਨੇ ਪੰਛੀ ਲਹੂ ਨਾਲ ਭਿੱਜੇ ਧਰਤੀ ਉੱਤੇ ਡਿਗਦੇ ਜਿਨ੍ਹਾਂ ਨੂੰ ਕੋਈ ਵੀ ਸੰਭਾਲਣ ਵਾਲਾ ਨਾ ਹੁੰਦਾ। ਚੰਗਾ ਹੈ ਕਿ ਜਾਨਵਰਾਂ ਅਤੇ ਪੰਛੀਆਂ ਦਾ ਕੋਈ ਧਰਮ ਨਹੀਂ ਜਿਸ ਕਰਕੇ ਉਨ੍ਹਾਂ ਵਿਚਕਾਰ ਧਾਰਮਿਕ ਝਗੜੇ ਨਹੀਂ ਹੁੰਦੇ। ਜੇ ਹੋਰ ਗੱਲਾਂ ਕਰਕੇ ਹੋਣ ਵੀ ਤਾਂ ਕੋਈ ਹੈਰਾਨੀ ਵਾਲੀ ਗੱਲ ਨਹੀਂ। ਥੋੜ੍ਹੇ ਬਹੁਤੇ ਝਗੜੇ-ਝੇੜੇ ਤਾਂ ਹਰ ਕਿਸਮ ਦੇ ਜੀਵਾਂ ਵਿਚ ਹੁੰਦੇ ਹਨ ਜਿਨ੍ਹਾਂ ਨੂੰ ਰੋਕਣਾ ਆਸਾਨ ਨਹੀਂ।
    ਮਨੁੱਖ ਉਨ੍ਹਾਂ ਨੂੰ ਪਿਆਰ ਕਰਨ ਲਈ ਉਨ੍ਹਾਂ ਨੂੰ ਪਿੰਜਰੇ ਵਿਚ ਬੰਦ ਕਰਦਾ ਹੈ, ਜਿਸ ਨੂੰ ਉਹ ਉੱਕਾ ਹੀ ਪਸੰਦ ਨਹੀਂ ਕਰਦੇ।
ਉਹ ਤਾਂ ਕਹਿ ਉੱਠਦੇ ਹਨ  ਕਿ :
ਅਸੀਂ ਉਡਦੇ ਪਰਿੰਦੇ
ਸਾਡੀ ਗੱਲ  ਨਾ ਕਰੋ
ਰੱਖੋ ਪਿੰਜਰੇ ਨੂੰ ਦੂਰ
ਸਾਡੇ  ਵੱਲ  ਨਾ ਕਰੋ
ਅਸੀਂ ਪੌਣਾਂ ਦੇ ਪ੍ਰਾਹੁਣੇ
ਸਾਡੀ ਮਹਿਕਾਂ ਨੂੰ ਸਲਾਮ
ਥਾਂ ਥਾਂ 'ਤੇ ਉਡਣੇ ਦਾ
ਕਿਉਂ ਧਰੋ  ਇਲਜ਼ਾਮ
ਅਸੀਂ ਹਵਾ 'ਤੇ ਸਵਾਰ
ਥਲ  ਥਲ  ਨਾ  ਕਰੋ।
ਪੰਛੀ ਚੰਗੇ ਹਨ ਜਿਹੜੇ ਆਜ਼ਾਦ ਹਨ, ਧਰਮਾਂ ਦੀਆਂ ਵਲਗਣਾਂ ਵਿਚ ਨਹੀਂ। ਜਿਹੜੇ ਉੱਡ ਉੱਡ ਕੇ ਦੇਸਾਂ ਦੀਆਂ ਸਰਹੱਦਾਂ ਤੋਂ ਪਾਰ ਵੀ ਚਲੇ ਜਾਂਦੇ ਹਨ ਅਤੇ ਕਿਸੇ ਦੀ ਪਰਵਾਹ ਵੀ ਨਹੀਂ ਕਰਦੇ। ਜਿੱਥੋਂ ਚਾਹੁੰਦੇ ਹਨ ਉਡਾਣ ਭਰਦੇ ਹਨ ਅਤੇ ਜਿੱਥੇ ਉਤਰਨ ਦੇ ਇੱਛਕ ਹੋਣ ਉੱਥੇ ਹੀ ਡੇਰੇ ਲਾ ਕੇ ਆਨੰਦ ਪ੍ਰਾਪਤ ਕਰਦੇ ਹਨ। ਦੂਰ ਦੁਰਡੇ ਤੋਂ ਪਰਤਦੇ ਸਮੇਂ ਆਪਣੇ ਬੋਟਾਂ ਲਈ ਚੋਗ ਵੀ ਲੈ ਆਉਂਦੇ। ਚੰਗਾ ਹੈ ਹਵਾ 'ਤੇ ਸਵਾਰ ਰਹਿਣ ਵਾਲੇ ਪੰਛੀਉ ਤੁਹਾਡੀ ਆਜ਼ਾਦੀ ਲਈ ਦੁਆ ਵੀ ਹੈ ਇੱਛਾ ਵੀ।

ਲਤੀਫੇ ਦਾ ਚਿਹਰਾ-ਮੋਹਰਾ

ਪੂਜਾ-ਪਾਠ ਖਤਮ ਹੋਏ ਤਾਂ ਪੁਜਾਰੀ ਨੇ ਕਿਹਾ ਕਿ ਜਿਹੜੇ ਸਵਰਗ ਵਿਚ ਜਾਣਾ ਚਾਹੁੰਦੇ ਹਨ ਉਹ ਹੱਥ ਖੜ੍ਹੇ ਕਰੋ। ਸੱਸ, ਸਹੁਰੇ, ਜੇਠ, ਨਣਦ ਨੇ ਹੱਥ ਖੜ੍ਹੇ ਕਰ ਦਿੱਤੇ, ਤਾਂ ਦਫਤਰ ਗਏ ਪਤੀ ਦੀ ਪਤਨੀ ਨੂੰ ਪੁਜਾਰੀ ਨੇ ਪੁੱਛਿਆ ਕਿ ''ਤੂੰ ਸਵਰਗ ਨਹੀਂ ਜਾਣਾ ਚਾਹੁੰਦੀ?'' ਤਾਂ ਉਸ ਦਾ ਉੱਤਰ ਸੀ , ''ਜਦ ਸੱਸ, ਸਹੁਰੇ, ਜੇਠ ਤੇ ਨਣਦ ਨੇ ਸਵਰਗ ਚਲੇ ਜਾਣਾ ਹੈ ਤਾਂ ਮੇਰੇ ਵਾਸਤੇ ਤਾਂ ਆਪਣੇ ਆਪ ਏਥੇ ਹੀ ਸਵਰਗ ਬਣ ਜਾਣਾ ਹੈ''।

ਲੋਕਤੰਤਰੀ ਰਾਜ ਵਿੱਚ ਵੀ ਕਿਉਂ ਨਫ਼ਰਤ ਦਾ ਜ਼ੋਰ - ਸ਼ਾਮ ਸਿੰਘ ਅੰਗ ਸੰਗ

ਲੋਕਤੰਤਰ ਲੋਕਾਂ ਦਾ ਲੋਕਾਂ ਦੁਆਰਾ, ਲੋਕਾਂ ਲਈ ਰਾਜ ਹੈ, ਜਿਸ ਵਿੱਚ ਸਭ ਦੀ ਸ਼ਮੂਲੀਅਤ ਹੁੰਦੀ ਹੈ ਅਤੇ ਸਭ ਦਾ ਯੋਗਦਾਨ। ਯਾਨੀ ਸਾਰਿਆਂ ਦੀ ਮਰਜ਼ੀ ਦਾ ਰਾਜ ਹਰ ਇੱਕ ਦੀ ਸਹੂਲਤ ਵਾਸਤੇ। ਆਜ਼ਾਦ ਫਿਜ਼ਾ ਅੰਦਰ ਜਿੱਧਰ ਮਰਜ਼ੀ ਤੁਰਿਆ ਫਿਰੇ। ਨਾਲ ਹੀ ਬੋਲਣ ਅਤੇ ਲਿਖਣ ਦੀ ਆਜ਼ਾਦੀ। ਇਹ ਕੁਝ ਲਿਖਤੀ ਇਬਾਰਤ ਵਿੱਚ ਗਵਾਹੀ ਹੈ, ਜੋ ਕਿਸੇ ਤਰ੍ਹਾਂ ਵੀ ਮਿਟਾਈ ਨਹੀਂ ਜਾ ਸਕਦੀ। ਯਾਨੀ ਸੰਵਿਧਾਨ ਦੀ ਗਰੰਟੀ ਇੱਕ ਤਰ੍ਹਾਂ ਨਾਲ ਲੰਡਨ ਦਾ ਹਾਈਡ ਪਾਰਕ ਜਿੱਥੇ ਖੜ੍ਹ ਕੇ ਦਿਲ ਦਾ ਗੁਬਾਰ ਕੱਢਣ ਲਈ ਆਜ਼ਾਦੀ ਨਾਲ ਬੋਲਿਆ ਜਾ ਸਕਦੈ। ਅਜਿਹੀ ਆਜ਼ਾਦੀ ਜ਼ਰੂਰੀ ਵੀ ਹੈ ਅਤੇ ਮਨੁੱਖ ਲਈ ਲਾਹੇਵੰਦੀ ਵੀ।
       ਜਦ ਜੰਗਲੀ ਅਵਸਥਾ 'ਚੋਂ ਸਿੱਖ-ਸਿਖਾ ਕੇ ਮਨੁੱਖ ਸਭਿਅਕ ਸਮਾਜ ਵੱਲ ਤੁਰਿਆ ਤਾਂ ਭਾਈਚਾਰੇ ਦੀ ਵਿਵਸਥਾ ਕਾਇਮ ਕਰ ਲਈ ਗਈ, ਜਿਸ ਦਾ ਵੱਡਾ ਮਨੋਰਥ ਮੋਹ-ਮੁਹੱਬਤ ਸੀ ਅਤੇ ਨਿੱਘਾ ਮੇਲ-ਜੋਲ। ਇਹ ਹੋਇਆ ਵੀ ਲੋਕ ਪ੍ਰੇਮ ਦੀਆਂ ਨਿੱਘੀਆਂ ਗਲੀਆਂ ਵਿੱਚ ਖੁਸ਼ੀਆਂ ਹਾਸਲ ਕਰਦੇ ਰਹੇ ਅਤੇ ਖੁਸ਼ਹਾਲੀ ਵੀ। ਇਹ ਜੋੜਾ ਵੀ ਕਮਾਲ ਹੈ ਕਿ ਖੁਸ਼ੀ ਬਿਨਾਂ ਖੁਸ਼ਹਾਲੀ ਨਹੀਂ ਅਤੇ ਖੁਸ਼ਹਾਲੀ ਬਿਨਾਂ ਖੁਸ਼ੀ ਨਹੀਂ। ਜੇਕਰ ਦੋਵੇਂ ਸਮਾਜ ਨੂੰ ਪ੍ਰਾਪਤ ਹੋਣ ਤਾਂ ਸਮੁੱਚੇ ਦਾ ਸਮੁੱਚਾ ਸਮਾਜ ਸਿਹਤਮੰਦ ਰਹੇਗਾ ਅਤੇ ਠੀਕ ਦਿਸ਼ਾ ਵੱਲ ਵਿਕਾਸ ਦੇ ਰਸਤੇ ਉਤੇ ਵੀ ਪੈ ਜਾਵੇਗਾ।
     ਭਾਰਤ ਲੋਕਤੰਤਰੀ ਦੇਸ਼ ਹੈ, ਜਿੱਥੇ ਹੱਥ-ਘੁਟਣੀਆਂ ਅਤੇ ਗਲਵੱਕੜੀਆਂ ਦਾ ਘਾਟਾ ਨਹੀਂ ਹੋਣਾ ਚਾਹੀਦਾ, ਪਰ ਇੱਥੇ ਬਜਾਏ ਪ੍ਰੇਮ ਵਧਣ ਦੇ ਮੋਹ-ਮੁਹੱਬਤਾਂ ਘਟਣ ਲੱਗ ਪਈਆਂ। ਆਪਸੀ ਰਿਸ਼ਤਿਆਂ ਵਿੱਚ ਤ੍ਰੇੜਾਂ ਪੈ ਗਈਆਂ ਅਤੇ ਟੁੱਟ-ਭੱਜ ਸ਼ੁਰੂ ਹੋ ਗਈ। ਸਮਾਜ ਵਿੱਚ ਕਈ ਤਰ੍ਹਾਂ ਦੀਆਂ ਪੈਦਾ ਹੋਈਆਂ ਵੰਡੀਆਂ ਕਾਰਨ ਬਣੇ ਫਿਰਕਿਆਂ ਵਿੱਚ ਪਤਾ ਨਹੀਂ ਨਫ਼ਰਤ ਕਿੱਥੋਂ ਆ ਕੇ ਦਾਖ਼ਲ ਹੋ ਗਈ। ਮਨੁੱਖਾਂ ਮਨੁੱਖਾਂ ਵਿਚਕਾਰ ਨਫ਼ਰਤ ਏਨੀ ਵਧ ਗਈ ਕਿ ਇੱਕ ਫ਼ਿਰਕਾ ਦੂਜੇ ਦੀ ਕਿਸੇ ਵੀ ਹਰਕਤ ਨੂੰ ਝੱਲਣ ਲਈ ਤਿਆਰ ਨਹੀਂ। ਕਿਤੇ ਵਿਆਹ ਕਰਵਾਉਣ ਵਾਸਤੇ ਘੋੜੀ 'ਤੇ ਸਵਾਰ ਲਾੜੇ ਨੂੰ ਉਤਾਰ ਕੇ ਉਸ ਦੀ ਮਾਰਕੁੱਟ ਕਰਨੀ ਕਿਸੇ ਤਰ੍ਹਾਂ ਵੀ ਮਾਫ਼ੀਯੋਗ ਨਹੀਂ।
      ਜਾਤਾਂ ਅਤੇ ਧਰਮਾਂ ਦੇ ਆਧਾਰ 'ਤੇ ਬਣੇ ਹੋਏ ਫਿਰਕਿਆਂ ਵਿਚਕਾਰ ਪ੍ਰੇਮ ਦੀ ਥਾਂ ਨਫ਼ਰਤ ਦੇ ਜ਼ੋਰ ਨੇ ਲੈ ਲਈ, ਜਿਸ ਕਾਰਨ ਮਾਨਵੀ ਭਾਈਚਾਰੇ ਦਾ ਤਾਣਾ-ਬਾਣਾ ਉਲਝ ਵੀ ਗਿਆ ਅਤੇ ਤਹਿਸ-ਨਹਿਸ ਵੀ ਹੋ ਕੇ ਰਹਿ ਗਿਆ। ਇਸ ਵਰਤਾਰੇ ਲਈ ਦੋਸ਼ੀ ਰਹਿਬਰ ਹਨ, ਪਰ ਉਹ ਸਾਰੇ ਲੋਕ ਵੀ ਹਨ, ਜੋ ਅੱਖਾਂ ਬੰਦ ਕਰ ਕੇ ਰਹਿਬਰਾਂ ਦੇ ਪਿਛਲੱਗ ਬਣ ਕੇ ਤੁਰ ਪਏ। ਪੜ੍ਹਨ-ਲਿਖਣ ਨਾਲ ਹੁਣ ਸਮਾਜ ਵਿੱਚ ਰੋਸ਼ਨੀ ਹੋਣ ਲੱਗ ਪਈ ਹੈ ਜਿਸ ਕਾਰਨ ਲੋਕ ਜਾਗ ਕੇ ਜਗਣ ਅਤੇ ਆਪਣੀ ਮਰਜ਼ੀ ਦਾ ਨਵਾਂ ਰਾਹ ਅਖਤਿਆਰ ਕਰਨ।
      ਲੋਕਤੰਤਰੀ ਤਰਜ਼ ਵਾਲੀਆਂ ਹਕੂਮਤਾਂ ਦਾ ਫ਼ਰਜ਼ ਹੈ ਕਿ ਉਹ ਭਾਈਚਾਰਿਆਂ ਦੀ ਸਾਂਝ ਕਾਇਮ ਰੱਖਣ ਅਤੇ ਵਧਾਉਣ ਲਈ ਕਦਮ ਉਠਾਉਂਦੀਆਂ ਰਹਿਣ ਤਾਂ ਕਿ ਉਨ੍ਹਾਂ ਵਿੱਚ ਨੇੜਤਾ ਅਤੇ ਪ੍ਰੇਮ ਬਣਿਆ ਰਹੇ। ਜਿੱਥੇ ਕਿਤੇ ਨਫ਼ਰਤ ਹੁੰਦੀ ਦਿਸੇ, ਉਥੇ ਤੁਰਤ ਸੂਝ-ਬੂਝ ਦੇ ਦੀਵਾਨ ਲਗਾਉਣ ਦਾ ਪ੍ਰਬੰਧ ਕਰੇ ਅਤੇ ਮਿਲਵਰਤਨ ਦੀ ਚਾਸ਼ਨੀ ਦਾ ਪ੍ਰਸ਼ਾਦ ਵੰਡੇ ਤਾਂ ਜੋ ਜਨਤਾ ਦਾ ਜੀਵਨ ਖੁਸ਼ ਹੋ ਕੇ ਸਫ਼ਲਾ ਹੋਵੇ। ਨਫ਼ਰਤ ਦੇ ਬੀਜ ਬੀਜਣ ਵਾਲਿਆਂ ਨੂੰ ਕੇਵਲ ਨਿਰਉਤਸ਼ਾਹ ਹੀ ਨਾ ਕੀਤਾ ਜਾਵੇ ਸਗੋਂ ਉਨ੍ਹਾਂ ਦਾ ਖੁਰਾ-ਖੋਜ ਹੀ ਮਿਟਾਉਣ ਦਾ ਕਾਰਜ ਕੀਤਾ ਜਾਵੇ ਤਾਂ ਕਿ ਨਫ਼ਰਤ ਦੇ ਜ਼ੋਰ ਨੂੰ ਸਖ਼ਤੀ ਨਾਲ ਦਬਾ ਦਿੱਤਾ ਜਾਵੇ।
      ਕੁਝ ਦੇਰ ਤੋਂ ਸਮਾਜ ਵਿੱਚ ਬੇਚੈਨੀ ਹੈ, ਜਿਸ ਨੇ ਸੁੱਤੀਆਂ ਕਲਾਂ ਮੁੜ ਜਗਾ ਦਿੱਤੀਆਂ। ਜਿਹੜੀਆਂ ਬੁਰਾਈਆਂ ਹਾਸ਼ੀਏ ਤੋਂ ਬਾਹਰ ਹੋ ਗਈਆਂ ਸਨ, ਉਹ ਮੁੜ ਸਮਾਜ ਦੇ ਸਿਰ 'ਤੇ ਸਵਾਰ ਹੋ ਗਈਆਂ, ਜਿਸ ਕਰਕੇ ਮਨੁੱਖਾਂ ਵਿਚਕਾਰ ਡੂੰਘੀਆਂ ਖੱਡਾਂ ਪੁੱਟੀਆਂ ਗਈਆਂ। ਅਜਿਹਾ ਹੋਣ ਨਾਲ ਲੋਕ ਇੱਕ-ਦੂਜੇ ਤੋਂ ਦੂਰ ਹੋਣ ਲੱਗ ਪਏ। ਕੁਝ ਇੱਕ ਤਾਂ ਹੈਂਕੜ ਨਾਲ ਆਫ਼ਰੇ ਕਮਜ਼ੋਰ ਵਰਗਾਂ ਨੂੰ ਡਰਾਉਣ ਅਤੇ ਦਬਾਉਣ ਲੱਗ ਪਏ। ਕਮਜ਼ੋਰ ਵਰਗ ਸਹਿਮ ਕੇ ਕੁਝ ਵੀ ਕਰਨ ਜੋਗੇ ਨਾ ਰਹੇ।
       ਭਾਰਤ ਦੀ ਕੇਂਦਰ ਸਰਕਾਰ ਅਤੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਨੂੰ ਵਕਤ ਗੁਆਏ ਬਗੈਰ ਨਫ਼ਰਤ ਉੱਤੇ ਠੱਲ੍ਹ ਪਾਉਣ ਲਈ ਸਰਗਰਮੀ ਨਾਲ ਹਰਕਤ ਵਿੱਚ ਆਉਣਾ ਚਾਹੀਦਾ ਹੈ ਤਾਂ ਕਿ ਵੰਡ ਹੁੰਦੇ ਜਾ ਰਹੇ ਸਮਾਜ ਨੂੰ ਟੁੱਟਣ ਦੀ ਥਾਂ ਜੋੜਿਆ ਜਾ ਸਕੇ। ਇਹ ਕੰਮ ਵਿਦਿਅਕ ਅਦਾਰਿਆਂ ਵਿੱਚ ਅਧਿਆਪਕ, ਧਾਰਮਿਕ ਪ੍ਰਚਾਰਕ ਅਤੇ ਸਿਆਸਤਦਾਨ ਤਰਜੀਹੀ ਆਧਾਰ 'ਤੇ ਕਰਨ, ਤਾਂ ਕਿ ਵੇਲਾ ਬੀਤਣ ਤੋਂ ਬਾਅਦ ਮੁਲਕ ਪਛਤਾਉਣ ਜੋਗਾ ਨਾ ਰਹਿ ਜਾਵੇ। ਆਜ਼ਾਦੀ ਦੇ ਏਨੇ ਵਰ੍ਹਿਆਂ ਬਾਅਦ ਵੀ ਜੇ ਮੌਕੇ ਨੂੰ ਸੰਭਾਲਿਆ ਨਾ ਗਿਆ ਤਾਂ ਮਾੜੀ-ਮੋਟੀ ਵਿਰੋਧੀ ਆਵਾਜ਼ ਨੂੰ ਵੀ ਦੇਸ਼ ਧਰੋਹੀ ਗਰਦਾਨਣ ਨਾਲ ਨਹੀਂ ਸਰਨਾ।
      ਲੋਕਤੰਤਰ ਵਿੱਚ ਤਾਂ ਹਕੂਮਤ ਸਾਰੇ ਨਾਗਰਿਕਾਂ ਦੀ ਖੁਸ਼ੀ ਅਤੇ ਖੁਸ਼ਹਾਲੀ ਦਾ ਫਿਕਰ ਹੀ ਨਹੀਂ, ਸਗੋਂ ਪ੍ਰਬੰਧ ਕਰੇ। ਜਿਹੜੀਆਂ ਹੁਣ ਤੱਕ ਪੈਦਾ ਹੋ ਚੁੱਕੀਆਂ ਹਨ, ਉਹ ਸਹੂਲਤਾਂ ਦੇਵੇ। ਅਜਿਹਾ ਪ੍ਰਬੰਧ ਕਰੇ, ਅਜਿਹਾ ਪ੍ਰਸ਼ਾਸਨ ਅਤੇ ਸ਼ਾਸਨ ਦੇਵੇ ਕਿ ਲੋਕ ਸੰਤੁਸ਼ਟ ਹੋ ਕੇ ਆਰਾਮ ਅਤੇ ਸ਼ਾਂਤੀ ਨਾਲ ਰਹਿ ਸਕਣ। ਉਨ੍ਹਾਂ ਨੂੰ ਪਹਾੜਾਂ ਦੀਆਂ ਕੁੰਦਰਾਂ ਅਤੇ ਦਰਿਆਵਾਂ ਦੇ ਕਿਨਾਰਿਆਂ ਉੱਤੇ ਸ਼ਾਂਤੀ ਦੀ ਭਾਲ ਕਰਨ ਵਾਸਤੇ ਨਾ ਜਾਣਾ ਪਵੇ। ਸਹੂਲਤਾਂ ਦਿੰਦਿਆਂ ਸਰਕਾਰ ਫਰਜ਼ ਦੀ ਪੂਰਤੀ ਹੀ ਕਰੇ, ਲਾਭ ਲੈਣ ਦੀ ਦੁਕਾਨਦਾਰੀ ਬਿਰਤੀ ਤਿਆਗ ਦੇਵੇ।
       ਹਕੂਮਤਾਂ ਯਤਨ ਕਰਨ ਕਿ ਸਮਾਜ ਵਿੱਚੋਂ ਜਿੰਨੇ ਕੁ ਪਾੜੇ ਖ਼ਤਮ ਹੋ ਸਕਣ, ਖ਼ਤਮ ਕਰੇ। ਹਰ ਪੰਜ ਸਾਲਾਂ ਬਾਅਦ ਜਿਹੜੀ ਵੀ ਸਰਕਾਰ ਆਵੇ, ਏਹੀ ਕੰਮ ਕਰਦੀ ਰਵੇ ਤਾਂ ਪਾੜੇ ਵਧਣ ਦੀ ਜਗ੍ਹਾ ਖ਼ਤਮ ਹੁੰਦੇ ਰਹਿਣਗੇ ਅਤੇ ਲੋਕ ਇੱਕ-ਦੂਜੇ ਦੇ ਨੇੜੇ ਆ ਕੇ ਇੱਕ-ਦੂਜੇ ਦੇ ਕੰਮ ਆਉਣਗੇ ਜਿਨ੍ਹਾਂ ਦੇ ਮਿਲਵੇਂ ਯਤਨਾਂ ਨਾਲ ਸਮਾਜ ਤਰੱਕੀ ਕਰੇਗਾ। ਨਫ਼ਰਤਾਂ ਨੂੰ ਥਾਂ ਹੀ ਨਹੀਂ ਮਿਲੇਗੀ। ਮੁਲਕ ਅਤੇ ਸਮਾਜ ਨਫ਼ਰਤ-ਮੁਕਤ ਹੋ ਜਾਣਗੇ। ਜਿਹੜੀਆਂ ਸਿਆਸੀ ਪਾਰਟੀਆਂ ਇੱਕ-ਦੂਜੀ ਤੋਂ ਮੁਕਤ ਹੋਣ ਦੇ ਸੁਫ਼ਨੇ ਲੈ ਰਹੀਆਂ ਹਨ, ਉਹ ਮੁਲਕ ਦੀ ਜਨਤਾ ਨੂੰ ਨਫ਼ਰਤ-ਮੁਕਤ ਕਰ ਦੇਣ ਤਾਂ ਵੱਡਾ ਕੰਮ ਹੋਵੇਗਾ।
      ਨਫ਼ਰਤ-ਮੁਕਤ ਹੋਣਾ ਸਮੇਂ ਦੀ ਲੋੜ ਹੈ, ਕਿਉਂਕਿ ਜਿਹੜੀਆਂ ਬੁਸੀਆਂ ਗੱਲਾਂ ਵਿੱਚ ਅਸੀਂ ਵਕਤ ਗੁਆ ਰਹੇ ਹਾਂ, ਉਹ ਬਹੁਤ ਪਿੱਛੇ ਰਹਿ ਗਈਆਂ। ਮੁਲਕ ਦੇ ਲੋਕੋ ਜਾਗੋ ਅਤੇ ਸੰਭਲੋ ਆਪਣੀ ਧਰਤੀ ਮਾਂ ਨੂੰ ਪ੍ਰੇਮ ਕਰੋ, ਆਪਣੀ ਮਾਂ-ਬੋਲੀ ਨੂੰ ਕਿਸੇ ਕੀਮਤ 'ਤੇ ਨਾ ਛੱਡੋ ਅਤੇ ਆਪਣੀ ਹਰ ਮਾਂ ਦੀਆਂ ਲੋਰੀਆਂ ਨੂੰ ਯਾਦ ਰੱਖੋ ਤਾਂ ਕਿ ਮੋਹ-ਮੁਹੱਬਤ ਦੇ ਗੀਤ ਗਾਉਂਦਿਆਂ ਅਸੀਂ ਨਫ਼ਰਤ ਮੁਕਾਈਏ ਅਤੇ ਭਾਈਚਾਰੇ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀ ਭਰਵੀਂ ਕੋਸ਼ਿਸ਼ ਕਰੀਏ।
       ਕਲਮਕਾਰਾਂ ਕੋਲ ਬੜੀ ਵੱਡੀ ਤਾਕਤ ਹੁੰਦੀ ਹੈ, ਜਿਸ ਨਾਲ ਉਹ ਸਮਾਜ ਵਿੱਚ ਏਕਾ ਪੈਦਾ ਕਰਨ ਲਈ ਅਹਿਮ ਪ੍ਰਭਾਵ ਵੀ ਪਾ ਸਕਦੇ ਹਨ, ਯੋਗਦਾਨ ਵੀੇ। ਜੇ ਉਹ ਸਮਾਜ ਪ੍ਰਤੀ ਸੰਜੀਦਾ ਹੋ ਕੇ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਤਾਂ ਲੋਕ ਡੇਰਿਆਂ ਵੱਲ ਨਹੀਂ ਭੱਜਣਗੇ, ਜੇਲ੍ਹਾਂ ਵਿੱਚ ਡੱਕੇ ਆਪੇ ਬਣੇ ਭਗਵਾਨਾਂ ਨੂੰ ਨਹੀਂ ਧਿਆਉਣਗੇ, ਸਗੋਂ ਅਕਲ ਦਾ ਇਸਤੇਮਾਲ ਕਰਦਿਆਂ ਆਪਣੇ-ਆਪ ਨੂੰ ਸਮਝਣਗੇ ਅਤੇ ਸਮਾਜ ਦੀ ਭੂਮਿਕਾ ਸਮਝਦਿਆਂ ਉਹ ਕੁਝ ਕਰਨਗੇ, ਜਿਸ ਨਾਲ ਜੀਵਨ ਸਫ਼ਲਾ ਹੋਵੇ।
       ਜਿਹੜੇ ਧਰਮ ਦੂਜੇ ਧਰਮੀਆਂ ਨਾਲ ਸਿੱਝਣ, ਟਕਰਾਉਣ ਦੀ ਕਿਰਿਆ ਕਰਨ ਜਾਂ ਸਿਖਾਉਣ, ਲੋਕਾਂ ਨੂੰ ਉਨ੍ਹਾਂ ਦੇ ਰਾਹ ਨਹੀਂ ਪੈਣਾ ਚਾਹੀਦਾ। ਇਹ ਨਫ਼ਰਤ ਦਾ ਰਾਹ ਹੈ ਜਿਸ 'ਤੇ ਤੁਰਨ ਨਾਲ ਘਾਟਾ ਹੀ ਘਾਟਾ ਹੈ, ਮੁਨਾਫ਼ਾ ਨਹੀਂ। ਉਸ ਰਾਹ ਉੱਤੇ ਤੁਰਨਾ ਹੀ ਸਫ਼ਲ ਹੋ ਸਕਦਾ ਹੈ, ਜਿਸ 'ਤੇ ਨਫ਼ਰਤ ਦਾ ਜ਼ੋਰ ਨਾ ਹੋਵੇ, ਸਗੋਂ ਮੋਹ-ਮੁਹੱਬਤ ਦੀਆਂ ਮਹਿਕਾਂ ਹੋਣ ਅਤੇ ਭਾਈਚਾਰਕ ਤੰਦਾਂ ਮਜ਼ਬੂਤ ਹੋਣ। ਆਓ ਲੋਕਤੰਤਰੀ ਰਾਜ 'ਚ ਨਫ਼ਰਤ ਦਾ ਜ਼ੋਰ ਖ਼ਤਮ ਕਰੀਏ ਅਤੇ ਨਜ਼ਦੀਕੀਆਂ ਵਧਾ ਕੇ ਜੀਵਨ ਸਫ਼ਲਾ ਕਰੀਏ।


ਭਾਸ਼ਾਵਾਂ ਦਾ ਆਦਰ
ਭਾਰਤ ਸਰਕਾਰ, ਸੁਪਰੀਮ ਕੋਰਟ ਤੇ ਹੋਰ ਅਦਾਲਤਾਂ ਅਤੇ ਰਾਜ ਸਰਕਾਰਾਂ ਨੂੰ ਉਹ ਕੰਮ ਕਰਨੇ ਚਾਹੀਦੇ ਹਨ, ਜਿਨ੍ਹਾਂ ਨਾਲ ਲੋਕ ਸੰਤੁਸ਼ਟ ਅਤੇ ਖੁਸ਼ ਹੁੰਦੇ ਹੋਣ। ਸੁਪਰੀਮ ਕੋਰਟ ਦੇ ਫ਼ੈਸਲੇ ਭਾਰਤੀ ਭਾਸ਼ਾਵਾਂ ਵਿੱਚ ਦੱਸੇ ਜਾਣ ਤਾਂ ਠੀਕ ਰਹੇਗਾ। ਜੇ ਸੁਪਰੀਮ ਕੋਰਟ ਨੇ ਅਜਿਹਾ ਕਰਨਾ ਮੰਨ ਲਿਆ ਹੈ ਤਾਂ ਇਹ ਚੰਗੀ ਗੱਲ ਹੈ ਅਤੇ ਭਾਸ਼ਾਵਾਂ ਦਾ ਬਣਦਾ ਆਦਰ। ਪਹਿਲਾਂ ਚਾਰ ਭਾਸ਼ਾਵਾਂ ਨੂੰ ਤਸਲੀਮ ਕੀਤਾ ਗਿਆ ਸੀ, ਪਰ ਮੰਗ ਉਠਾਏ ਜਾਣ 'ਤੇ ਹੋਰ ਭਾਸ਼ਾਵਾਂ ਨੂੰ ਵੀ ਆਦਰ ਦੇ ਦਿੱਤਾ ਗਿਆ ਤਾਂ ਕਿ ਜਨਤਾ ਵਿੱਚ ਵਿਤਕਰੇ ਦੀ ਭਾਵਨਾ ਉਜਾਗਰ ਨਾ ਹੋਵੇ।
      ਚੰਗਾ ਹੋਵੇ ਜੇ ਪੰਜਾਬ ਦੇ ਪਾਰਲੀਮੈਂਟ ਮੈਂਬਰ ਵੀ ਤਾਮਿਲਨਾਡੂ ਦੇ ਐਮ ਪੀ ਸਟਾਲਨ ਵਾਂਗਰ ਜਾਗਦੇ ਰਹਿਣ ਅਤੇ ਆਪਣੀ ਮਾਂ-ਬੋਲੀ ਅਤੇ ਹੋਰ ਮਸਲਿਆਂ ਬਾਰੇ ਜ਼ੋਰਦਾਰ ਆਵਾਜ਼ ਉਠਾਉਣ। ਪੰਜਾਬ ਵਿੱਚ ਕਈ ਜਥੇਬੰਦੀਆਂ ਪੰਜਾਬੀ ਦੇ ਪ੍ਰਚਾਰ-ਪ੍ਰਸਾਰ ਵਿੱਚ ਲੱਗੀਆਂ ਹੋਈਆਂ ਸਰਗਰਮ ਹਨ, ਜਿਨ੍ਹਾਂ 'ਚੋਂ ਕੇਂਦਰੀ ਪੰਜਾਬੀ ਲੇਖਕ ਸਭਾ ਤਾਂ ਹਰ ਦਮ ਹੋਕਾ ਦਿੰਦੀ ਰਹਿੰਦੀ ਹੈ, ਪਰ ਪੰਜਾਬੀ ਭਾਸ਼ਾ ਪ੍ਰਸਾਰ ਭਾਈਚਾਰਾ ਥੋੜ੍ਹੇ ਸਮੇਂ 'ਚ ਵੱਡੇ ਕੰਮ ਕਰ ਗਿਆ। ਮਿਲਵੇਂ ਯਤਨ ਹੁੰਦੇ ਰਹਿਣ ਤਾਂ ਹੀ ਜ਼ਿੰਦਾਬਾਦ।


ਲਤੀਫ਼ੇ ਦਾ ਚਿਹਰਾ-ਮੋਹਰਾ
?  ਚੰਦਰਯਾਨ ਦੀ ਯਾਤਰਾ ਦੀ ਬੜੀ ਚਰਚਾ ਹੋ ਰਹੀ ਹੈ। ਭਲਾ ਇਹ ਕੀ ਬਲਾਅ ਹੈ।
-  ਇਹ ਬਲਾਅ ਨਹੀਂ, ਵਿਗਿਆਨਕ ਪ੍ਰਾਪਤੀ ਹੋ ਰਹੀ ਹੈ।
?  ਕੀ ਹੋ ਜਾਊ ਇਸ ਨਾਲ ਦੇਸ਼ ਦਾ।
-  ਹੋਰ ਕੁਝ ਹੋਵੇ ਨਾ ਹੋਵੇ, ਉਸ ਮਾਮੇ 'ਤੇ ਤਿਰੰਗਾ ਝੁੱਲੇਗਾ, ਜੋ ਬੱਚਿਆਂ ਦਾ ਮਾਮਾ ਹੀ ਰਹੇਗਾ।
?  ਪਤੇ ਦੀ ਕੋਈ ਗੱਲ ਦੱਸ ਜੇ ਕੋਈ ਹੈ ਤਾਂ?
-  ਹਾਂ ਫੇਰ ਅਡਾਨੀ ਅੰਬਾਨੀ ਦਾ ਪੈਸਾ ਝੁੱਲੇਗਾ।
-0-
ਲੜਕੀ - ਮੇਰੇ ਪਾਪਾ ਨੇ ਕਿਹਾ ਕਿ ਜੇ ਇਸ ਵਾਰ ਵੀ ਫੇਲ੍ਹ ਹੋ ਗਈ ਤਾਂ ਆਟੋ ਵਾਲੇ ਨਾਲ ਵਿਆਹ ਦੇਊਂ।
ਲੜਕਾ - ਇਹ ਤਾਂ ਕਮਾਲ ਹੈ। ਮੇਰੇ ਪਾਪਾ ਨੇ ਕਿਹਾ ਕਿ ਪਾਸ ਹੋਵੇ ਜਾਂ ਫੇਲ੍ਹ ਆਟੋ ਲੈ ਦੇਣਾ, ਚਲਾਈ ਜਾਈਂ - ਵਾਹ ਕਿਆ
          ਕਮਾਲ ਆਪਣੀ ਜੋੜੀ ਬਣੀ ਲਓ।
ਸੰਪਰਕ : 98141-13338

2019-07-21

ਤੰਦਾਂ ਨੂੰ ਜੋੜਨ ਦੀ ਜ਼ਰੂਰਤ - ਸ਼ਾਮ ਸਿੰਘ ਅੰਗ-ਸੰਗ

ਦੇਰ ਪਹਿਲਾਂ ਮਨੁੱਖਾਂ ਨੇ ਸਿਰ ਜੋੜ ਕੇ ਸਮਾਜ ਬਣਾਇਆ ਤਾਂ ਜੋ ਮਿਲ-ਜੁਲ ਕੇ ਰਿਹਾ ਜਾ ਸਕੇ, ਸੱਭਿਅਕ ਰਾਹ ਅਪਣਾ ਕੇ ਵਿਕਾਸ ਵੱਲ ਕਦਮ ਪੁੱਟੇ ਜਾ ਸਕਣ। ਸਮਾਜ ਵਿੱਚ ਜਿੰਨੀ ਤਰੱਕੀ ਹੁਣ ਤੱਕ ਹੋਈ ਹੈ, ਉਹ ਸਾਂਝੇ ਹੱਥਾਂ ਦਾ ਸਿੱਟਾ ਵੀ ਹੈ ਅਤੇ ਭਰਵੇਂ ਯਤਨਾਂ ਦਾ ਵੀ। ਬੜੇ ਹੀ ਯਤਨਾਂ ਨਾਲ ਮਨੁੱਖਾਂ ਵਿੱਚੋਂ ਦੂਰੀ ਖ਼ਤਮ ਹੋਈ ਅਤੇ ਵਕਤਾਂ ਨੇ ਗਲਵੱਕੜੀ ਪੁਆ ਦਿੱਤੀ। ਅਜਿਹਾ ਪ੍ਰੇਮ ਅਤੇ ਸਿਆਣਪ ਨਾਲ ਹੀ ਹੋ ਸਕਿਆ, ਜਿਨ੍ਹਾਂ ਕਰਕੇ ਲੋਕਾਂ ਵਿੱਚ ਖੁਸ਼ਹਾਲੀ ਵੀ ਆਈ, ਖੁਸ਼ੀ ਵੀ। ਅਜਿਹਾ ਕੁਝ ਇਕਦਮ ਨਹੀਂ ਹੋਇਆ, ਸਗੋਂ ਸੈਂਕੜੇ ਵਰ੍ਹੇ ਲੱਗ ਗਏ ਤਾਂ ਹੀ ਸਮਾਜਿਕ ਤੰਦਾਂ ਜੁੜੀਆਂ।
     ਅਮਨ-ਅਮਾਨ ਅਤੇ ਸਹਿਜ ਨਾਲ ਜ਼ਿੰਦਗੀ ਜੀਊਣ ਲਈ ਮਨੁੱਖੀ ਤੰਦਾਂ ਜੋੜਨ ਦੀ ਜ਼ਰੂਰਤ ਹੈ ਤਾਂ ਕਿ ਨਜ਼ਦੀਕੀਆਂ ਵਧ ਸਕਣ, ਜਿਨ੍ਹਾਂ ਨਾਲ ਮਿਲਵੇਂ ਯਤਨਾਂ ਵੱਲ ਵਧਿਆ ਜਾ ਸਕੇ। ਮਿਲਵੇਂ ਯਤਨਾਂ ਅਤੇ ਇੱਕ-ਦੂਜੇ ਦੀ ਹੱਲਾਸ਼ੇਰੀ ਬਗੈਰ ਅੱਗੇ ਨਹੀਂ ਵਧਿਆ ਜਾ ਸਕਦਾ, ਉੱਚੇ ਸੁਫ਼ਨੇ ਨਹੀਂ ਲਏ ਜਾ ਸਕਦੇ ਅਤੇ ਨਾ ਹੀ ਛੋਹੀਆਂ ਜਾ ਸਕਦੀਆਂ ਹਨ ਸਿਖਰਾਂ। ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਬਿਨਾਂ ਤਰੱਕੀ ਦੇ ਐਲਾਨ ਫੋਕੇ ਅਤੇ ਫਿੱਕੇ ਹਨ, ਜੋ ਕਿਸੇ ਤਰ੍ਹਾਂ ਵੀ ਨਹੀਂ ਹੋਣੇ ਚਾਹੀਦੇ।
      ਸਦੀਆਂ ਤੋਂ ਮਨੁੱਖੀ ਯਤਨਾਂ ਦੀ ਮਿਹਨਤ ਅਤੇ ਕਮਾਈ ਨਾਲ ਪੈਦਾ ਕੀਤੇ ਭਾਈਚਾਰੇ ਵਿੱਚ ਹੋਰ ਪ੍ਰੇਮ-ਭਾਵ ਅਤੇ ਨੇੜਤਾ ਪੈਦਾ ਕਰਨ ਦੀ ਜ਼ਰੂਰਤ ਹੈ, ਜਿਸ ਵਿੱਚ ਤਰੇੜਾਂ ਪੈਦਾ ਕਰਨ ਦੀਆਂ ਚਾਲਾਂ ਕਿਸੇ ਤਰ੍ਹਾਂ ਵੀ ਠੀਕ ਨਹੀਂ। ਕੁਝ ਸਮੇਂ ਤੋਂ ਮਨੁੱਖੀ ਭਾਈਚਾਰੇ ਵਿੱਚ ਨਫ਼ਰਤ ਫੈਲਾਈ ਜਾ ਰਹੀ ਹੈ, ਹਵਾ ਵਿੱਚ ਜ਼ਹਿਰ ਘੋਲੀ ਜਾ ਰਹੀ ਹੈ, ਜਿਹੜੀਆਂ ਘਾਤਕ ਨਤੀਜੇ ਪੈਦਾ ਕਰਨਗੀਆਂ। ਮਨੁੱਖ ਆਪਣੇ ਆਪ ਤੋਂ ਟੁੱਟ ਕੇ ਨਾਲ ਦੇ ਮਨੁੱਖ ਨਾਲੋਂ ਟੁੱਟੇਗਾ, ਜਿਸ ਕਾਰਨ ਸਾਂਝੀ ਵਿਰਾਸਤ ਭੁਰ ਅਤੇ ਖੁਰ ਜਾਵੇਗੀ। ਅਜਿਹੇ ਕੁਝ ਨੂੰ ਰੋਕਣਾ ਹਕੂਮਤ ਦਾ ਕੰਮ ਹੈ, ਰਹਿਬਰਾਂ ਦਾ ਵੀ।
      ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਨੇਤਾਵਾਂ ਨੂੰ ਜਾਗ ਕੇ ਸਮਾਜਿਕ ਵਿਵਸਥਾ ਦਾ ਅਧਿਐਨ ਕਰਦੇ ਰਹਿਣਾ ਚਾਹੀਦਾ ਹੈ ਤਾਂ ਕਿ ਜਿੱਥੇ ਜ਼ਰੂਰਤ ਹੋਵੇ, ਸ਼ੁਰੂ ਵਿੱਚ ਹੀ ਪੈਦਾ ਹੋ ਰਹੀਆਂ ਤਰੇੜਾਂ ਨੂੰ ਪੂਰਿਆਂ ਕਰਨ ਵੱਲ ਵਧਿਆ, ਤੁਰਿਆ ਜਾ ਸਕੇ। ਇੱਕ-ਦੂਜੇ ਤੋਂ ਅੱਗੇ ਲੰਘਣ ਲਈ ਇੱਕ-ਦੂਜੇ ਨੂੰ ਮਧੋਲ ਕੇ ਨਹੀਂ, ਸਗੋਂ ਪ੍ਰੇਮ ਨਾਲ ਅੱਗੇ ਵਧਿਆ ਜਾਵੇ ਤਾਂ ਕਿ ਕਿਸੇ ਦਾ ਨੁਕਸਾਨ ਨਾ ਹੋਵੇ। ਇਹ ਭਾਵਨਾ ਭਾਰਤੀ ਵਿਰਾਸਤ ਦਾ ਅਹਿਮ ਹਿੱਸਾ ਹੈ, ਜਿਸ ਨੂੰ ਹਰ ਕੀਮਤ ਉੱਤੇ ਕਾਇਮ ਰੱਖਿਆ ਜਾਵੇ।
       ਉਨ੍ਹਾਂ ਲੋਕਾਂ ਤੋਂ ਦੂਰ ਰਹਿਣ ਦੀ ਲੋੜ ਹੈ, ਜਿਹੜੇ ਵੰਡੀਆਂ ਪਾਉਣ ਦੇ ਆਹਰ ਵਿੱਚ ਲੱਗੇ ਹੋਏ ਹੋਣ। ਵਿਰਾਸਤ 'ਤੇ ਲੀਕ ਫੇਰਨਾ ਆਸਾਨ ਨਹੀਂ, ਪਰ ਬਹੁਤ ਸਾਰੇ ਸਵਾਲ ਖੜ੍ਹੇ ਕਰਨ ਵਿੱਚ ਲੱਗੇ ਹੋਏ ਹਨ ਕਿ ਅੱਜ ਤੱਕ ਕੀ ਹੋਇਆ? ਅੱਖਾਂ ਖੋਲ੍ਹ ਕੇ ਦੇਖਣ ਵਾਲੇ ਅਜਿਹੇ ਸਵਾਲ ਨਹੀਂ ਕਰਦੇ, ਕੇਵਲ ਓਹੀ ਕਰਦੇ ਹਨ ਜਿਹੜੇ ਆਪਣੀ ਹਉਮੈ ਦੇ ਉਡਣ-ਖਟੋਲੇ ਤੋਂ ਹੇਠਾਂ ਨਹੀਂ ਉੱਤਰਦੇ। ਏਸੇ ਤਰ੍ਹਾਂ ਦੂਜੇ ਨੂੰ ਨੀਵਾਂ ਦਿਖਾਉਣ ਲਈ ਵੀ ਯਤਨ ਕੀਤੇ ਜਾਂਦੇ ਹਨ, ਜੋ ਠੀਕ ਨਹੀਂ। ਆਪਣੇ-ਆਪ ਨੂੰ ਵੱਡੀ ਲਕੀਰ ਵਾਹ ਕੇ ਹੀ ਉੱਚਾ ਕਰੀਏ।
       ਸਰਦਾਰ ਪਟੇਲ ਦੀ ਉਚਾਈ ਦੱਸਣ ਲਈ ਕਿਸੇ ਹੋਰ ਨੇਤਾ ਨੂੰ ਨਿੰਦਣ ਦੀ ਜ਼ਰੂਰਤ ਨਹੀਂ। ਹਰ ਨੇਤਾ ਦੀ ਆਪੋ-ਆਪਣੇ ਸਮੇਂ ਵਿੱਚ ਅਹਿਮ ਭੂਮਿਕਾ ਹੈ, ਜਿਸ ਨੂੰ ਸਹੀ ਤਰ੍ਹਾਂ ਦੇਖਣ ਲਈ ਸਾਫ਼ ਨਜ਼ਰ ਦੀ ਲੋੜ ਵੀ ਹੈ, ਨਿਰਪੱਖ ਨਜ਼ਰ ਦੀ ਵੀ। ਕਿਸੇ ਵੀ ਨੇਤਾ ਦਾ ਉੱਚਾ ਬੁੱਤ ਬਣਾ ਕੇ ਉਸ ਦੇ ਕੱਦ ਨੂੰ ਵਧਾਇਆ ਨਹੀਂ ਜਾ ਸਕਦਾ। ਚੰਗੇ ਕੀਤੇ ਕੰਮਾਂ ਕਰਕੇ ਜਿਹੜੇ ਜਿਹੜੇ ਨੇਤਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ, ਉਨ੍ਹਾਂ ਨੂੰ ਉੱਥੋਂ ਕੱਢਿਆ ਨਹੀਂ ਜਾ ਸਕਦਾ, ਨਾ ਕੱਢੀਏ ਤਾਂ ਹੀ ਚੰਗਾ।
       ਸਰਦਾਰ ਪਟੇਲ ਦਾ ਜ਼ਿਕਰ ਇਸ ਕਰਕੇ ਅਹਿਮ ਹੈ ਕਿ ਉਸ ਨੇ ਜੋ ਭਾਰਤੀ ਏਕਤਾ ਲਈ ਕਾਰਜ ਕੀਤਾ ਉਸ ਦੀ ਹੋਰ ਕੋਈ ਮਿਸਾਲ ਨਹੀਂ। ਉਸ ਨੇ ਕੇਵਲ ਦੋ ਮਹੀਨੇ ਵਿੱਚ ਭਾਰਤ ਦੀਆਂ 562 ਰਿਆਸਤਾਂ ਦੇ ਰਾਜਿਆਂ ਨੂੰ ਭਾਰਤ ਵਿੱਚ ਮਿਲਣ ਲਈ ਮਨਾ ਲਿਆ। ਇਹ ਬਹੁਤ ਵੱਡਾ ਕੰਮ ਹੈ, ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਅੰਕਤ ਹੈ, ਜਿਸ ਕਰਕੇ ਸਰਦਾਰ ਪਟੇਲ ਦਾ ਕੱਦ ਅੱਜ ਦੇ ਬੁੱਤ ਨਾਲੋਂ ਕਿਤੇ ਉਚੇਰਾ ਵੀ ਹੈ ਅਤੇ ਕਿਤੇ ਅਹਿਮ ਵੀ। ਉਸ ਨੇ ਜਿਹੜਾ ਲੋਕਾਂ ਨੂੰ ਜੋੜਨ ਦਾ ਕੰਮ ਕੀਤਾ ਅੱਜ ਦੇ ਰਹਿਬਰ ਉਸ ਨੂੰ ਅੱਗੇ ਤੋਰਨ ਤਾਂ ਜੋ ਭਾਰਤ ਦੀ ਏਕਤਾ ਦੁਨੀਆ 'ਚ ਮਿਸਾਲ ਬਣ ਸਕੇ।
     ਭਾਰਤ ਨੂੰ ਧਰਮ ਵੰਡ ਰਹੇ ਹਨ, ਜਾਤ-ਪਾਤ ਵੰਡ ਰਹੀ ਹੈ ਅਤੇ ਸਿਆਸਤ ਵੀ ਲੋਕਾਂ ਵਿੱਚ ਫੁੱਟ ਪੈਦਾ ਕਰਨ ਤੋਂ ਪਿੱਛੇ ਨਹੀਂ, ਇਸ ਲਈ ਜ਼ਰੂਰੀ ਹੈ ਕਿ ਭਾਰਤ ਦੇ ਭਾਈਚਾਰਕ ਸਮਾਜ ਨੂੰ ਜੋੜਨ ਦਾ ਕਾਰਜ ਮਜ਼ਬੂਤੀ ਨਾਲ ਅੱਗੇ ਵਧਾਇਆ ਜਾਵੇ ਤਾਂ ਕਿ ਅੱਜ ਫੈਲਾਈ ਜਾ ਰਹੀ ਨਫ਼ਰਤ ਨੂੰ ਮਾਤ ਦਿੱਤੀ ਜਾ ਸਕੇ। ਸਮਾਜ ਵਿੱਚ ਜਿੰਨਾ ਏਕਾ ਹੋਵੇਗਾ, ਤਰੱਕੀ ਓਨੀ ਹੀ ਵੱਧ ਹੋ ਸਕੇਗੀ। ਇਸ ਲਈ ਵੰਡ-ਪਾਊ ਤਾਕਤਾਂ ਨੂੰ ਮੂੰਹ ਨਾ ਲਾਇਆ ਜਾਵੇ। ਬਸ ਤੰਦਾਂ ਨੂੰ ਜੋੜਨ ਦੀ ਜ਼ਰੂਰਤ ਹੈ, ਤੋੜਨ ਦੀ ਨਹੀਂ।
ਹਾਕਮਾਂ ਅਤੇ ਵੱਖ-ਵੱਖ ਖੇਤਰਾਂ ਦੇ ਰਹਿਬਰਾਂ ਦੀ ਇੱਜ਼ਤ ਅਤੇ ਜੈ ਜੈ ਕਾਰ ਤਾਂ ਹੀ ਹੋਵੇਗੀ ਜੇ ਉਹ ਸਮਾਜ ਨੂੰ ਅੱਗੇ ਲਿਜਾਣ ਲਈ ਹਾਂ-ਵਾਚਕ ਭੂਮਿਕਾ ਅਦਾ ਕਰਨਗੇ ਕਿਉਂਕਿ ਨਾਂਹ-ਵਾਚਕ ਕਾਰਜ ਕਦੇ ਵੀ ਕਿਸੇ ਦਾ ਕੁਝ ਨਹੀਂ ਸੰਵਾਰ ਸਕਦੇ। ਜਿਵੇਂ ਵੀ ਹੋਵੇ ਸੋਚ ਵਿਚਾਰ ਨਾਲ ਸਮਾਜ ਵਿਚਲੇ ਟੋਏ-ਟਿੱਬੇ ਬਰਾਬਰ ਕਰਨ ਲਈ ਯਤਨ ਕੀਤੇ ਜਾਣ ਤਾਂ ਕਿ ਪਾੜੇ/ ਦੂਰੀਆਂ ਮਿਟ ਸਕਣ। ਹਰ ਕੋਈ ਬਰਾਬਰੀ ਦਾ ਅਹਿਸਾਸ ਮਾਣ ਸਕੇ ਅਤੇ ਮੁਲਕ ਉੱਤੇ ਮਾਣ ਕਰ ਸਕੇ ਕਿ ਇਸ ਵਰਗੀ ਵਿਰਾਸਤ ਦਾ ਹੋਰ ਕੋਈ ਵੀ ਮੁਲਕ ਮਾਲਕ ਨਹੀਂ। ਜੇ ਅਜਿਹਾ ਹੋਵੇ ਤਾਂ ਦੇਸ਼ ਭਗਤੀ ਆਪੇ ਪੈਦਾ ਹੋਵੇਗੀ।
      ਧੱਕੇ ਨਾਲ ਨਾਅਰੇ ਲੁਆਉਣੇ ਠੀਕ ਨਹੀਂ, ਕਿਉਂਕਿ ਜਬਰ ਨੂੰ ਕੋਈ ਵੀ ਨਹੀਂ ਸਹਾਰਦਾ। ਦੂਜਾ ਬੰਦਿਆਂ ਨਾਲ ਪਸ਼ੂਆਂ ਵਰਗਾ ਵਿਵਹਾਰ ਕਰਨਾ ਕਿਸੇ ਵੀ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਪਸ਼ੂਆਂ ਦੇ ਸਵਾਲ 'ਤੇ ਬੰਦਿਆਂ ਦੀ ਹੱਤਿਆ ਕਿੱਧਰਲਾ ਵਰਤਾਰਾ ਹੈ ਅਤੇ ਕਿੱਧਰਲਾ ਕਾਨੂੰਨ? ਇੱਕੀਵੀਂ ਸਦੀ ਚੱਲ ਰਹੀ ਹੈ, ਜਿਸ ਵਿੱਚ ਹਰ ਬੰਦੇ ਨੂੰ ਇਸ ਦੀ ਅਕਲ ਦੇ ਹਾਣ ਦਾ ਹੋਣਾ ਚਾਹੀਦਾ ਹੈ ਤਾਂ ਜੋ ਜੁੜ ਕੇ ਦੂਜੇ ਦੇਸਾਂ ਤੋਂ ਅੱਗੇ ਲੰਘ ਸਕੀਏ।

ਭ੍ਰਿਸ਼ਟਾਚਾਰ ਤੋਂ ਮੁਕਤੀ

ਅੱਜ ਤੱਕ ਨਹੀਂ ਹੋ ਸਕੀ ਭ੍ਰਿਸ਼ਟਾਚਾਰ ਤੋਂ ਮੁਕਤੀ। ਕਮਾਲ ਉਦੋਂ ਹੁੰਦੀ ਹੈ ਅਤੇ ਹੈਰਾਨੀ ਵੀ, ਜਦ ਡੇਢ ਦੋ ਲੱਖ ਮਹੀਨੇ ਦੀ ਤਨਖ਼ਾਹ ਹਾਸਲ ਕਰਨ ਵਾਲੇ ਅਧਿਕਾਰੀ ਰਿਸ਼ਵਤ ਲੈਂਦੇ ਫੜੇ ਗਏ। ਅਜਿਹੇ ਲੋਕਾਂ ਦੀ ਭੁੱਖ ਦੀ ਤ੍ਰਿਪਤੀ ਕਦ ਹੋਵੇਗੀ, ਇਸ ਬਾਰੇ ਪਤਾ ਕਰਨ ਲਈ ਨਾ ਕੋਈ ਥਰਮਾਮੀਟਰ ਬਣਿਆ ਹੈ ਨਾ ਹੀ ਕੋਈ ਬੈਰੋਮੀਟਰ। ਹਕੂਮਤ ਭ੍ਰਿਸ਼ਟਾਚਾਰ-ਮੁਕਤੀ ਦਾ ਵਾਅਦਾ ਕਰਕੇ ਸੱਤਾ ਹਾਸਲ ਕਰਦੀ ਹੈ, ਪਰ ਭ੍ਰਿਸ਼ਟਾਚਾਰ ਖ਼ਤਮ ਨਹੀਂ ਹੁੰਦਾ, ਭ੍ਰਿਸ਼ਟਾਚਾਰੀ ਵੀ ਨਹੀਂ ਮੁੱਕਦੇ। ਜ਼ਰੂਰੀ ਹੈ ਕਿ ਸਰਕਾਰ ਭ੍ਰਿਸ਼ਟਾਚਾਰੀਆਂ ਨੂੰ ਨੌਕਰੀਉਂ ਕੱਢੇ, ਸਖ਼ਤ ਤੋਂ ਸਖ਼ਤ ਸਜ਼ਾ ਵੀ ਦੇਵੇ ਤਾਂ ਕਿ ਦੂਜੇ ਅਧਿਕਾਰੀ ਡਰ ਦੇ ਮਾਰੇ ਸੋਚ ਤਕ ਨਾ ਸਕਣ ਰਿਸ਼ਵਤ ਲੈਣ ਬਾਰੇ ਅਜਿਹਾ ਡਰ ਜੇ ਪੈਦਾ ਕਰ ਦਿੱਤਾ ਜਾਵੇ ਤਾਂ ਭ੍ਰਿਸ਼ਟਾਚਾਰ ਤੋਂ ਖ਼ਤਮ ਹੋ ਸਕਦਾ ਹੈ ਕਿਉਂਕਿ ਭ੍ਰਿਸ਼ਟਾਚਾਰੀ ਰਿਸ਼ਵਤ ਲੈਣ ਤੋਂ ਹਰ ਸੂਰਤ ਤੌਬਾ ਕਰ ਲੈਣਗੇ। ਭ੍ਰਿਸ਼ਟਾਚਾਰੀਆਂ ਨੂੰ ਬੇਨਤੀ ਹੈ ਕਿ ਜੇ ਉਹ ਤਨਖ਼ਾਹ ਨਾਲ ਨਹੀਂ ਰੱਜਦੇ ਤਾਂ ਰਿਸ਼ਵਤ ਨਾਲ ਵੀ ਨਹੀਂ ਰੱਜਣਗੇ।


ਲਤੀਫ਼ੇ ਦਾ ਚਿਹਰਾ-ਮੋਹਰਾ

ਸ਼ਾਮੂ -ਇਹ ਦੱਸੋ ਕਿ ਆਦਮੀ ਦੇ ਬੱਚੇ ਅਤੇ ਜਾਨਵਰ ਦੇ ਬੱਚੇ ਵਿੱਚ ਕੀ ਫ਼ਰਕ ਹੈ।
ਰਾਮੂ- ਸਿੱਧੀ ਜਿਹੀ ਗੱਲ ਹੈ ਬਾਂਦਰ ਦਾ ਬੱਚਾ ਬਾਂਦਰ, ਉੱਲੂ ਦਾ ਬੱਚਾ ਉੱਲੂ ਅਤੇ ਗਧੇ ਦਾ ਬੱਚਾ ਗਧਾ ਹੀ ਰਹਿੰਦੇ ਹਨ, ਪਰ
        ਆਦਮੀ ਦਾ ਬੱਚਾ ਬਾਂਦਰ, ਉੱਲੂ ਅਤੇ ਗਧਾ ਵੀ ਬਣ ਸਕਦਾ ਹੈ।
-0-
ਲੱਲੂ  - ਪਾਪਾ ਮੇਰੀ ਮੈਡਮ ਰੋਜ਼ ਮਾਰਕੁੱਟ ਕਰਦੀ ਹੈ।
ਪਾਪਾ - ਤੂੰ ਡਰ ਮਤ ਪੁੱਤਰ, ਐਵੇਂ ਨਹੀਂ ਤੂੰ ਸ਼ੇਰ ਪੁੱਤ ਹੈਂ।
ਲੱਲੂ  - ਹਾਂ ਪਾਪਾ ਤਾਂ ਹੀ ਮੈਡਮ ਰੋਜ਼ ਨਾਲ ਇਹ ਵੀ ਆਖਦੀ ਹੈ ਕਿ ਪਤਾ ਨਹੀਂ ਕਿਸ ਜਾਨਵਰ ਦਾ ਬੱਚਾ ਹੈ, ਕੁਝ ਸਮਝਦਾ
         ਹੀ ਨਹੀਂ।

ਸੰਪਰਕ : 98141-13338

ਪਾਣੀ ਖ਼ਤਮ ਤਾਂ ਜੀਵਨ ਪਿਆਸਾ - ਸ਼ਾਮ ਸਿੰਘ ਅੰਗ-ਸੰਗ

ਸੁਣਨ ਵਿੱਚ ਤਾਂ ਇਹ ਵੀ ਆਉਂਦਾ ਹੈ ਕਿ ਧਰਤੀ 'ਤੇ ਲੋੜੀਂਦੀਆਂ ਵਸਤਾਂ ਇੱਕੋ ਵਾਰ ਪੈਦਾ ਕਰ ਦਿੱਤੀਆਂ ਗਈਆਂ, ਜਿਨ੍ਹਾਂ ਨਾਲ ਧਰਤੀ ਉੱਤੇ ਵਸਦੇ ਜੀਵਨ ਦੀ ਜ਼ਰੂਰੀ ਪੂਰਤੀ ਹੁੰਦੀ ਰਹੇਗੀ। ਦਿਸਦੇ ਸਮੁੰਦਰ, ਦਰਿਆ, ਨਦੀ-ਨਾਲਿਆਂ ਤੋਂ ਬਿਨਾਂ ਧਰਤੀ ਹੇਠ ਵੀ ਏਨਾ ਪਾਣੀ ਭਰ ਦਿੱਤਾ ਗਿਆ ਕਿ ਲੱਗਦਾ ਹੀ ਨਹੀਂ ਸੀ ਕਿ ਇਹ ਮੁੱਕ ਜਾਵੇਗਾ। ਸਦੀਆਂ ਤੋਂ ਬੰਦਾ ਇਹ ਪਾਣੀ ਕੱਢੀ ਜਾ ਰਿਹਾ, ਜੋ ਮਨੁੱਖ ਦੇ ਨਾਲ-ਨਾਲ ਪਸ਼ੂ-ਪੰਛੀਆਂ ਅਤੇ ਬਨਸਪਤੀ ਦੇ ਕੰਮ ਆਉਂਦਾ ਰਿਹਾ। ਫ਼ਸਲਾਂ ਪਾਣੀ ਬਗ਼ੈਰ ਨੇਪਰੇ ਨਹੀਂ ਚੜ੍ਹ ਸਕਦੀਆਂ।
      ਨਾ ਮੰਨਣ ਵਾਲੇ ਇਹ ਕਹਿੰਦੇ ਹਨ ਕਿ ਧੁੱਪ, ਹਵਾ, ਪਾਣੀ ਅਤੇ ਗੈਸਾਂ ਕਦੇ ਖ਼ਤਮ ਨਹੀਂ ਹੋ ਸਕਦੀਆਂ, ਕਿਉਂਕਿ ਇਹ ਆਪਸੀ ਰੂਪ ਵੀ ਵਟਾਉਂਦੀਆਂ ਰਹਿੰਦੀਆਂ ਅਤੇ ਇੱਕ-ਦੂਜੇ 'ਚੋਂ ਨਿਕਲ ਕੇ ਨਵਾਂ ਰੂਪ ਹੀ ਬਦਲ ਲੈਂਦੀਆਂ। ਇਹ ਵਰਤਾਰਾ ਅੱਜ ਦਾ ਨਹੀਂ, ਸਗੋਂ ਸਦੀਆਂ ਤੋਂ ਚੱਲਦਾ ਆ ਰਿਹਾ ਅਤੇ ਸਦੀਆਂ ਤੱਕ ਚੱਲਦਾ ਰਹੇਗਾ। ਇਸ ਲਈ ਧਰਤੀ ਹੇਠਲਾ ਪਾਣੀ ਵੀ ਨਹੀਂ ਮੁੱਕੇਗਾ, ਕਿਉਂਕਿ ਉਹ ਅਥਾਹ ਹੈ, ਅਮੁੱਕ ਵੀ। ਇਹ ਤਾਂ ਹਰ ਜੀਵ ਨੂੰ ਭਲੀ ਭਾਂਤ ਪਤਾ ਹੈ ਕਿ ਪਾਣੀ ਖ਼ਤਮ ਤਾਂ ਜੀਵਨ ਪਿਆਸਾ ਰਹਿ ਜਾਵੇਗਾ। ਪਾਣੀ ਬਿਨਾਂ ਮੁਰਝਾਏ ਪੌਦਿਆਂ ਨੂੰ ਦੇਖਿਆ ਜਾ ਸਕਦਾ ਹੈ ਅਤੇ ਸੁੱਕਦੇ ਬੁੱਲ੍ਹਾਂ ਨੂੰ, ਜਿਨ੍ਹਾਂ ਦਾ ਪਾਣੀ ਬਿਨਾਂ ਸਰ ਹੀ ਨਹੀਂ ਸਕਦਾ। ਪਾਣੀ ਤਾਂ ਅਜਿਹੀ ਜ਼ਰੂਰੀ ਵਸਤੂ ਹੈ, ਜੋ ਜੀਵਨ ਦਾ ਲਾਜ਼ਮੀ ਆਸਰਾ ਹੈ, ਜਿਸ ਬਿਨਾਂ ਜੀਵਨ ਕਾਇਮ ਨਹੀਂ ਰਹਿ ਸਕਦਾ। ਜੇ ਵਨਸਪਤੀ ਪਿਆਸੀ ਤਾਂ ਹਰ ਪਾਸੇ ਉਦਾਸੀ। ਏਹੀ ਹਾਲ ਮਨੁੱਖਾਂ ਦਾ ਹੈ, ਜਿਸ ਨੂੰ ਪਲ-ਪਲ ਹਵਾ ਦੀ ਲੋੜ ਤੇ ਨਾਲ ਦੀ ਨਾਲ ਪਾਣੀ ਦੀ ਜ਼ਰੂਰਤ, ਜਿਸ ਦੇ ਬਗ਼ੈਰ ਇੱਛਾ ਦੇ ਬੁੱਲ੍ਹ ਤੜਫ਼ਦੇ ਰਹਿੰਦੇ ਹਨ, ਅਸਲੀ ਬੁੱਲ੍ਹ ਸੁੱਕੇ।
ਅਸੀਂ ਪਾਣੀ ਦੀ ਵਰਤੋਂ ਵੇਲੇ ਕਿਸੇ ਲਾਟ ਦੀ ਪਰਵਾਹ ਨਹੀਂ ਕਰਦੇ। ਬੇਤਹਾਸ਼ਾ ਰੋੜ੍ਹੀ ਵੀ ਜਾਂਦੇ ਹਾਂ, ਗੁਆਈ ਵੀ, ਕਿਉਂਕਿ ਮੁਫ਼ਤ ਮਿਲਦਾ ਹੈ ਜਾਂ ਫਿਰ ਸਸਤਾ। ਪਾਣੀ ਵਰਤਣ ਵੇਲੇ ਆਪਣੇ ਬਾਰੇ ਹੀ ਸੋਚਦੇ ਹਾਂ, ਦੂਜਿਆਂ ਬਾਰੇ ਤਾਂ ਨਹੀਂ। ਇਸ ਬਾਰੇ ਤਾਂ ਸੋਚਣ ਲਈ ਵਿਹਲ ਹੀ ਨਹੀਂ ਕਿ ਪਾਣੀ ਮੁੱਕ ਚੱਲਿਆ, ਜਿਸ ਲਈ ਬੰਦੇ ਦਾ ਹੀ ਕਸੂਰ ਹੈ, ਧਰਤੀ ਦਾ ਨਹੀਂ। ਆਦਮੀ ਦੀ ਲਾਪ੍ਰਵਾਹੀ ਹੀ ਦੋਸ਼ੀ ਹੈ, ਜਾਨਵਰਾਂ ਦੀ ਨਹੀਂ। ਜਦ ਪਿਆਸ ਹੀ ਭਾਰੂ ਹੋ ਜਾਵੇਗੀ ਤਾਂ ਪੂਰਾਂ ਦੇ ਪੂਰ ਖ਼ਤਮ ਹੋ ਜਾਣਗੇ, ਕਿਧਰੇ ਨੂਰ ਨਹੀਂ ਦਿਸੇਗਾ।
        ਕਵੀ ਨੇ ਤਾਂ ਆਪਣਾ ਫ਼ਰਜ਼ ਨਿਭਾਅ ਕੇ ਕੇਵਲ ਦੱਸਣਾ ਹੀ ਹੁੰਦਾ। ਉਹ ਲੋਕਾਂ ਦੇ ਹੱਥ ਫੜ ਕੇ ਪਾਣੀ ਰੋੜ੍ਹਨ ਤੋਂ ਜਬਰੀ ਰੋਕ ਤਾਂ ਨਹੀਂ ਸਕਦਾ। ਕਵੀ ਤਾਂ ਇੰਜ ਬੋਲ ਰਿਹਾ :

ਮੁੱਕ ਚੱਲਿਆ ਹੇਠਲਾ ਪਾਣੀ
ਜ਼ਮੀਨ ਦਾ ਕਸੂਰ ਕੋਈ ਨਾ
ਰਹਿ ਜਾਣਗੇ ਪਿਆਸੇ ਜਦ ਸਾਰੇ
ਬਚੂ ਇਥੇ ਪੂਰ ਕੋਈ ਨਾ।
ਭਲਕੇ ਨੂੰ ਭੁੱਲ ਕੇ ਅਸੂਲ ਤੋੜੀ ਜਾਂਦੇ
ਬੇਅਕਲੀ ਦੀ ਏਸ ਗੱਲ 'ਤੇ
ਹੋਣਾ ਕਿਸੇ ਨੂੰ ਗਰੂਰ ਕੋਈ ਨਾ।
ਜਿੰਨੇ ਵੀ ਸੁਣਦੇ ਹੋ ਸਾਰੇ
ਸਮਝੋ ਵਕਤਾਂ ਦੇ ਮਾਰੇ
ਤੁਪਕਾ ਤੁਪਕਾ ਬਚਾ ਲਓ ਪਾਣੀ
ਨਹੀਂ ਤਾਂ ਲੱਭੂ ਨੂਰ ਕੋਈ ਨਾ।

ਹੁਣ ਤਾਂ ਥਾਂ-ਥਾਂ ਲਿਖਿਆ ਤੁਰਿਆ ਫਿਰਦਾ ਕਿ ਪਾਣੀ ਦੀ ਨਾਜਾਇਜ਼ ਵਰਤੋਂ ਰੋਕੋ, ਨਹੀਂ ਤਾਂ ਮਾਰੇ ਜਾਓਗੇ। ਨਾ ਪਿਆਸ ਕੱਟੀ ਜਾ ਸਕਦੀ ਹੈ ਅਤੇ ਨਾ ਹੀ ਭੁੱਖ। ਪਿਆਸ ਤੇ ਭੁੱਖ ਨਿਰੇ ਹੀ ਦੁੱਖ। ਫੇਰ ਕਿਉਂ ਨਾ ਸੰਭਲੀਏ। ਪਾਣੀ ਜ਼ਰੂਰੀ ਲੋੜ ਲਈ ਹੀ ਵਰਤਿਆ ਜਾਵੇ, ਬੇਲੋੜਾ ਉੱਕਾ ਹੀ ਨਹੀਂ।
       ਪੁਰਾਣੇ ਵਕਤਾਂ 'ਚ ਜਦ ਬਜ਼ੁਰਗ ਖੂਹ 'ਚੋਂ ਡੋਲ ਪਾਣੀ ਦਾ ਕੱਢ ਪਿੰਡੇ 'ਤੇ ਪਾਉਂਦੇ ਸਨ ਤਾਂ ਉਨ੍ਹਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲਦਾ ਸੀ-ਜਲ ਮਿਲਿਆ ਪ੍ਰਮੇਸ਼ਰ ਮਿਲਿਆ। ਬੜੀ ਕਦਰ ਸੀ ਪਾਣੀ ਦੀ ਅਤੇ ਲੋਕ ਪਾਣੀ ਦਾ ਆਦਰ ਕਰਦੇ ਹੋਏ ਇਸ ਦੀ ਵਰਤੋਂ ਕਰਦੇ ਰਹੇ। ਲਓ ਫੇਰ ਧੁੱਪ, ਹਵਾ, ਪਾਣੀ ਬਾਰੇ ਕਵੀ ਨੂੰ ਸੁਣੀਏ -


ਜਲ ਮਿਲਿਆ ਪ੍ਰਮੇਸ਼ਰ ਮਿਲਿਆ, ਗੱਲ ਇਹ ਬੜੀ ਪੁਰਾਣੀ
ਪਾਣੀ ਬਿਨਾਂ ਕਦੇ ਨਾ ਸਰਦਾ, ਇਹ ਜੀਵਨ ਦੀ ਤੰਦ-ਤਾਣੀ।
ਪੌਣ ਵਗਦੀ ਸਦਾ ਨਿਰੰਤਰ, ਖੁਲ੍ਹਦਿਲੀ ਮਨ ਦੀ ਰਾਣੀ
ਹਰਦਮ ਮੁਫ਼ਤੋ ਮੁਫ਼ਤੀ ਮਿਲਦੀ, ਏਸੇ ਤਰ੍ਹਾਂ ਹੀ ਪਾਣੀ।
ਧਰਤੀ ਪੁੱਤਰ ਮੁਫ਼ਤ ਪਾਲਦੀ, ਪੌਣ ਜੋ ਵਗਦੀ ਰਹਿੰਦੀ
ਬੱਦਲਾਂ ਦੇ ਵਿੱਚ ਛੁਪਿਆ ਪਾਣੀ, ਹਵਾ ਹੀ ਸਿਰ 'ਤੇ ਸਹਿੰਦੀ।
ਧਰਤੀ ਹੇਠਲਾ ਮੁੱਕਦਾ ਜਾਂਦਾ, ਸਦੀਆਂ ਤੋਂ ਵਗਦਾ ਪਾਣੀ
ਫੇਰ ਵੀ ਬੰਦਾ ਹੁੰਦਾ ਨਾਈਂ, ਅਕਲਾਂ ਦਾ ਖ਼ੁਦ ਹਾਣੀ।
ਧਰਤੀ ਮਾਂ ਨੇ ਸਾਂਭੇ ਬੰਦੇ, ਹਵਾ ਤਾਂ ਸਦਾ ਸੁਹਾਣੀ
ਸਾਹ ਦੇ ਕੇ ਗੁਰੂ ਬਣ ਜਾਂਦੀ, ਪਿਤਾ ਸਮਾਨ ਹੈ ਪਾਣੀ।
ਲੋੜ ਮੁਤਾਬਕ ਕੇਵਲ ਵਰਤੋ, ਪਿਤਾ ਵਾਂਗ ਜੋ ਪਾਣੀ
ਮੁੱਕ ਗਿਆ ਤਾਂ ਹੋ ਜਾਓਗੇ, ਸ਼ਰਮ 'ਚ ਪਾਣੀ ਪਾਣੀ
ਪਾਣੀ ਬਿਨਾਂ ਨਾ ਲਗਰ ਝੂਲਦੀ, ਹਵਾ ਬਗੈਰ ਨਾ ਟਾਹਣੀ
ਐਵੇਂ ਨਾ ਮੁੱਕ ਜਾਏ ਕਿਧਰੇ, ਜਿੰਦ ਦੀ ਰਾਮ ਕਹਾਣੀ
ਹੁਣੇ ਸੋਚੀਏ ਹੁਣ ਸਮਝੀਏ, ਫੇਰ ਇਹ ਘੜੀ ਨਾ ਆਣੀ
ਤੁਪਕਾ ਤੁਪਕਾ ਸਾਂਭ ਰੱਖੀਏ, ਇਹ ਬਹੁਮੁੱਲਾ ਪਾਣੀ।

ਪਾਣੀ ਦੇ ਮਾਹਿਰ ਚੇਤਾਵਨੀ ਦੇ ਰਹੇ ਹਨ ਕਿ ਧਰਤੀ ਹੇਠਲਾ ਪਾਣੀ ਖ਼ਤਮ ਹੋ ਰਿਹਾ, ਜਿਸ ਕਾਰਨ ਇਸ ਦੀ ਵਰਤੋਂ ਵੇਲੇ ਸਾਵਧਾਨ ਹੋਣ ਦੀ ਲੋੜ ਵੀ ਹੈ ਅਤੇ ਸੰਜੀਦਾ ਵੀ। ਇੱਕ ਸੁਨੇਹੇ ਵਿੱਚ ਦੱਸਿਆ ਗਿਆ ਹੈ ਕਿ ਪਟਿਆਲਾ, ਲੁਧਿਆਣਾ, ਜਲੰਧਰ, ਅੰਮ੍ਰਿਤਸਰ ਅਤੇ ਮੁਹਾਲੀ ਜ਼ਿਲ੍ਹਿਆਂ ਵਿੱਚ 2020 ਤੱਕ ਧਰਤੀ ਹੇਠ ਪਾਣੀ ਨਹੀਂ ਰਹੇਗਾ। ਸੋਚਣ ਵਾਲੀ ਗੱਲ ਹੈ ਕਿ ਇਹ ਦੂਜਿਆਂ ਜ਼ਿਲ੍ਹਿਆਂ ਤੱਕ ਪਹੁੰਚ ਕਰਕੇ ਧਰਤੀ ਹੇਠ ਨਹਿਰਾਂ ਵੀ ਨਹੀਂ ਬਣਾ ਸਕਦੇ। ਇਸ ਲਈ ਇਨ੍ਹਾਂ ਜ਼ਿਲ੍ਹਿਆਂ ਦੇ ਵਸਨੀਕਾਂ ਨੂੰ ਸੁਚੇਤ ਹੋਣ ਦੀ ਜ਼ਰੂਰਤ ਵੀ ਹੈ ਅਤੇ ਸਾਵਧਾਨ ਵੀ। ਪਾਣੀ ਗਿਆ ਤਾਂ ਜੀਵਨ ਪਿਆਸਾ, ਰਹਿ ਜਾਣਗੇ ਹੰਝੂ ਈ ਹੰਝੂ, ਲੱਭਣਾ ਨਹੀਂ ਲੱਭਿਆਂ ਵੀ ਹਾਸਾ।
       ਜ਼ਰੂਰੀ ਹੈ ਕਿ ਹਰ ਖੇਤਰ ਦੇ ਆਗੂ ਜਾਗਣ ਅਤੇ ਲੋਕਾਂ ਨੂੰ ਜਗਾਉਣ। ਹਵਾ ਨੂੰ ਦੂਸ਼ਿਤ ਨਾ ਕਰਨ, ਪਾਣੀ ਨੂੰ ਅਜਾਈਂ ਨਾ ਰੁੜ੍ਹਾਉਣ। ਪਾਣੀ ਕੁਦਰਤ ਦੀ ਨੇਹਮਤ ਹੈ, ਜੋ ਜੀਵਨ ਦੀ ਪਿਆਸ ਮਿਟਾਣ ਲਈ ਅਤੀ ਜ਼ਰੂਰੀ ਹੈ, ਜਿਸ ਨੂੰ ਆਜ਼ਾਦ ਹੀ ਰਹਿਣ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਪਾਣੀ ਪ੍ਰਾਪਤ ਕਰਨ ਲਈ ਮੁਸ਼ਕਲ ਨਾ ਆਵੇ। ਬੋਤਲਾਂ ਵਾਲੇ ਪਾਣੀ ਨੂੰ ਬੋਤਲਾਂ 'ਚ ਬੰਦ ਕਰਨਾ ਛੱਡ ਕੇ ਕੋਈ ਹੋਰ ਕਾਰੋਬਾਰ ਕਰਨ ਤਾਂ ਚੰਗਾ ਰਹੇਗਾ।
        ਚੰਗਾ ਹੋਵੇਗਾ ਜੇ ਬਰਸਾਤੀ ਪਾਣੀ ਜਮ੍ਹਾਂ ਕਰ ਕੇ ਸਾਫ਼ ਕੀਤਾ ਜਾਵੇ ਅਤੇ ਵਰਤੋਂ ਵਿੱਚ ਲਿਆ ਕੇ ਪਾਣੀ ਦੀ ਘਾਟ ਨੂੰ ਪੂਰਾ ਕੀਤਾ ਜਾਵੇ। ਪਾਣੀ ਨੂੰ ਦੂਸ਼ਿਤ ਕਰਨ ਵਾਲੇ ਵੀ ਹੁਣ ਜਾਗ ਪੈਣ, ਕਿਉਂਕਿ ਕੁਦਰਤ ਦੀ ਇਸ ਪਵਿੱਤਰ ਦੇਣ ਦਾ ਜਿੰਨਾ ਵੀ ਸਤਿਕਾਰ ਕੀਤਾ ਜਾਵੇ, ਉਹ ਥੋੜ੍ਹਾ ਹੀ ਰਹੇਗਾ। ਬਹੁਤੀ ਦੂਰ ਜਾਣ ਦੀ ਲੋੜ ਨਹੀਂ, ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਵਿੱਚ ਵਗਦੀਆਂ ਕੂਲ੍ਹਾਂ ਅੱਗੇ ਬਰਤਨਾਂ ਦੀਆਂ ਲੰਮੀਆਂ  ਕਤਾਰਾਂ ਦੇਖੀਆਂ ਜਾ ਸਕਦੀਆਂ ਹਨ ਜੋ ਪਾਣੀ ਦੀ ਉਡੀਕ ਕਰਦੀਆਂ ਕਦੇ ਵੀ ਨਹੀਂ ਥੱਕਦੀਆਂ। ਕੁਦਰਤੀ ਨਿਆਮਤਾਂ ਦਾ ਸਦਾ ਸਵਾਗਤ ਅਤੇ ਆਦਰ ਕਰਨਾ ਸਿੱਖੀਏ ਤਾਂ ਕਿ ਇਹ ਹੋਰ ਮਿਲਦੀਆਂ ਰਹਿਣ। ਇਨ੍ਹਾਂ ਦੀ ਕਦੇ ਤੋਟ ਨਾ ਆਵੇ, ਲੋਕਾਂ ਦੀ ਪਿਆਸ ਬੁਝਦੀ ਰਹੇ।
ਜੇ ਕੁਦਰਤ ਦੇ ਇਸ ਵਰਤਾਰੇ ਵਿੱਚ ਰੌਚਿਕਤਾ ਨਾ ਰਹੀ ਤਾਂ ਜੀਣ ਦੀ ਦਿਲਚਸਪੀ ਜਾਂਦੀ ਰਹੇਗੀ।

ਜੀਣ 'ਚ ਦਿਲਚਸਪੀ ਨਾ ਰਹੂ
ਜੇ ਮਿਲਿਆ ਨਾ ਕੋਈ ਹਾਣੀ
ਪਾਣੀ ਪਾਣੀ ਹੋ ਜਾਵਾਂਗੇ
ਜਦ ਮਿਲਿਆ ਨਾ ਕਿਧਰੇ ਪਾਣੀ।
ਬੰਜਰ ਫਿਰ ਹੋ ਜਾਊ ਜੀਵਨ
ਰੁਕ ਜਾਊ ਜਿੰਦ ਦੀ ਕਹਾਣੀ
ਓਹੀ ਬਚ ਰਹਿਣਗੇ ਸਾਈਆਂ
ਕਦਰ ਪਾਣੀ ਦੀ ਜਿਨ੍ਹਾਂ ਨੇ ਜਾਣੀ।

ਸ਼ਾਇਦ ਅਜਿਹਾ ਕੋਈ ਵੀ ਨਹੀਂ, ਜਿਸ ਨੂੰ ਪਾਣੀ ਦੀ ਅਹਿਮੀਅਤ ਦਾ ਪਤਾ ਨਾ ਹੋਵੇ। ਫੇਰ ਵੀ ਪਾਣੀ ਨੂੰ ਅਜਾਈਂ ਗੁਆਉਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ, ਜਿਨ੍ਹਾਂ ਕਾਰਨ ਹੀ ਫਿਕਰਮੰਦੀ ਦਾ ਆਲਮ ਸ਼ੁਰੂ ਹੁੰਦਾ ਹੈ, ਜਿਸ 'ਤੇ ਕਾਬੂ ਪਾਉਣ ਦੇ ਜਤਨ ਵੀ ਸ਼ੁਰੂ ਹੁੰਦੇ ਹਨ ਅਤੇ ਕਦਮ ਵੀ ਭਰੇ ਜਾਂਦੇ ਹਨ ਤਾਂ ਜੋ ਪਾਣੀ ਦੇ ਬਚਾਅ ਲਈ ਢੂਕਵੀਆਂ ਥਾਵਾਂ 'ਤੇ ਹੋਕਾ ਦਿੱਤਾ ਜਾ ਸਕੇ। ਪਿਆਸ ਦਾ ਇਲਾਜ ਪਾਣੀ ਹੈ, ਜਿਸ ਬਿਨਾਂ ਪਿਆਸ ਨਹੀਂ ਮਿਟਦੀ। ਪਿਆਸ ਮਿਟਾਏ ਬਗੈਰ ਜੀਵਨ ਬਚਾਉਣਾ ਆਸਾਨ ਨਹੀਂ। ਆਓ ਸਾਰੇ ਮਿਲ ਕੇ ਪਾਣੀ ਬਚਾਈਏ ਤਾਂ ਕਿ ਕੱਲ੍ਹ ਅੱਗੇ ਸ਼ਰਮਿੰਦਾ ਨਾ ਹੋਈਏ, ਆਉਣ ਵਾਲਿਆਂ ਅੱਗੇ ਝੰਡਾ ਉੱਚਾ ਰਹੇ।


ਲਤੀਫ਼ੇ ਦਾ ਚਿਹਰਾ-ਮੋਹਰਾ

ਮੌਸਮ ਵਿਭਾਗ ਵਾਲਿਆਂ ਦੱਸਿਆ ਕਿ ਆਉਣ ਵਾਲੇ ਦੋ-ਤਿੰਨ ਦਿਨ ਭਾਰੀ ਬਾਰਸ਼ ਪਏਗੀ ਤੇ ਤੂਫ਼ਾਨ ਆਵੇਗਾ। ਪਤੀ ਨੇ ਪਤਨੀ ਨੂੰ ਕਿਹਾ, ''ਤੂਫ਼ਾਨ ਦਾ ਮੁਕਾਬਲਾ ਮੈਂ ਤਾਂ ਕਰ ਨੀ ਸਕਦਾ।''
ਪਤਨੀ - ''ਸਿੱਧਾ ਕਹੋ ਕਿ ਮਤਲਬ ਕਿਆ ਹੈ ?''
ਪਤੀ - 'ਤੂਫ਼ਾਨ ਦਾ ਮੁਕਾਬਲਾ ਤੂੰ ਹੀ ਕਰ ਸਕਦੀ ਹੈਂ -''ਜਾਣੀ ਤੂਫਾਨ ਦਾ ਮੁਕਾਬਲਾ ਤੂਫਾਨ।''

ਸੰਪਰਕ : 98141-13338