Sham Singh Angsang

ਚੋਣ ਨਤੀਜਾ ਉਹੀ ਚੰਗਾ ਜੋ ਲੋਕ ਹਿੱਤ ਵਿੱਚ ਹੋਵੇ - ਸ਼ਾਮ ਸਿੰਘ ਅੰਗ-ਸੰਗ

ਭਾਰਤ ਅੱਜ-ਕੱਲ੍ਹ ਚੋਣਾਂ ਦੀ ਲਪੇਟ ਵਿੱਚ ਹੈ, ਜਿਸ ਕਰਕੇ ਹਰ ਸੂਬੇ ਦੇ ਲੋਕਾਂ ਦੀ ਆਪਣੀ ਸੋਚ ਹੈ ਅਤੇ ਹਰ ਸਿਆਸੀ ਪਾਰਟੀ ਦੀ ਆਪਣੀ ਵੋਟਾਂ ਮੰਗਣ ਦਾ ਸ਼ੋਰ ਮਚਿਆ ਹੋਇਆ ਹੈ, ਜਿਸ ਵਿੱਚ ਇੱਕ-ਦੂਜੇ 'ਤੇ ਦੋਸ਼ ਲਾਏ ਜਾ ਰਹੇ ਹਨ, ਪਰ ਮੁੱਦੇ ਨਹੀਂ ਉਠਾਏ ਜਾ ਰਹੇ, ਜਿਸ ਕਾਰਨ ਜਨਤਾ ਦਾ ਮਨੋਰੰਜਨ ਤਾਂ ਹੋ ਰਿਹਾ ਹੈ, ਪਰ ਸਾਫ਼ ਦਿਸ਼ਾ ਕੋਈ ਵੀ ਨਹੀਂ ਦਿਸ ਰਹੀ।
       ਅਜੇ ਤਾਂ ਵੋਟਾਂ ਵੋਟਿੰਗ ਮਸ਼ੀਨਾਂ ਵਿੱਚ ਜਾ ਰਹੀਆਂ ਹਨ, ਪਰ ਨਿਕਲਣ ਵਾਲੇ ਨਤੀਜੇ ਦੀ ਲੰਮਾ ਸਮਾਂ ਉਡੀਕ ਕਰਨੀ ਪਵੇਗੀ। ਨਤੀਜਾ ਉਹੀ ਚੰਗਾ ਮੰਨਿਆ ਜਾ ਸਕਦਾ ਹੈ, ਜੋ ਲੋਕਾਂ ਦੇ ਹਿੱਤ ਵਿੱਚ ਹੋਵੇ। ਮਤਲਬ ਕਿ ਉਹ ਪਾਰਟੀਆਂ ਜਿੱਤਣ, ਜਿਹੜੀਆਂ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀਆਂ ਹੋਣ, ਜਨਤਾ ਲਈ ਖੁਸ਼ੀ ਪੈਦਾ ਕਰਨ ਵਾਲੀਆਂ ਹੋਣ ਅਤੇ ਪੂਰੇ ਮੁਲਕ ਵਿੱਚ ਖੁਸ਼ਹਾਲੀ ਹੋਵੇ।
      ਹਰ ਖੇਤਰ ਵਿੱਚ ਏਨਾ ਵਿਕਾਸ ਕੀਤਾ ਜਾਵੇ ਕਿ ਦੇਸ਼ ਦੇ ਲੋਕ ਆਪ-ਮੁਹਾਰੇ ਪ੍ਰਸੰਸਾ ਕਰਨ ਲੱਗ ਪੈਣ ਅਤੇ ਦੂਜੇ ਦੇਸ਼ਾਂ ਨਾਲ ਬਰਾਬਰੀ ਕਰਨ ਦਾ ਦਾਅਵਾ ਕੀਤਾ ਜਾ ਸਕੇ। ਚੋਣਾਂ ਸਮੇਂ ਜਨਤਾ ਨਾਲ ਕੀਤੇ ਗਏ ਵਾਅਦੇ ਪੂਰੀ ਗੰਭੀਰਤਾ ਨਾਲ ਪੂਰੇ ਕੀਤੇ ਜਾਣ ਅਤੇ ਦਫ਼ਤਰਾਂ ਵਿੱਚ ਇਮਾਨਦਾਰੀ ਦਾ ਮਾਹੌਲ ਕਾਇਮ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਕੰਮ ਆਸਾਨੀ ਨਾਲ ਹੋ ਸਕਣ।
       ਵੋਟਾਂ ਪਾਉਣ ਲਈ ਬਟਨ ਦਬਾਉਂਦਿਆਂ ਵੋਟਰ ਪਿਛਲੇ ਪੰਜ ਸਾਲਾਂ ਦੌਰਾਨ ਹਰ ਪਾਰਟੀ ਦੀ ਕਾਰਗੁਜ਼ਾਰੀ ਵੱਲ ਜ਼ਰੂਰ ਨਿਗਾਹ ਮਾਰਨਗੇ ਕਿ ਕੀ ਕੀਤਾ ਅਤੇ ਕੀ ਨਹੀਂ ਕੀਤਾ। ਖਾਸ ਕਰ ਹਕੂਮਤ ਕਰਨ ਵਾਲੀ ਪਾਰਟੀ ਦਾ ਕੰਮਕਾਜ ਤਾਂ ਜ਼ਰੂਰ ਦੇਖਣਗੇ। ਉਹ ਇਸ ਗੱਲ 'ਤੇ ਵਿਚਾਰ ਕਰਨਗੇ ਕਿ ਕੀ ਖੱਟਿਆ, ਕੀ ਗਵਾਇਆ? ਫੇਰ ਹੀ ਕੋਈ ਨਿਰਣਾ ਲੈਣ ਦੇ ਯੋਗ ਹੋਣਗੇ।
       ਜਿਸ ਸਿਆਸੀ ਪਾਰਟੀ ਨੇ ਹਕੂਮਤ ਵਿੱਚ ਹੁੰਦਿਆਂ ਵਾਅਦੇ ਨਾ ਨਿਭਾਏ ਹੋਣ ਅਤੇ ਲੋਕਾਂ ਨੂੰ ਲਾਰਿਆਂ 'ਤੇ ਟੰਗੀ ਰੱਖਿਆ ਹੋਵੇ, ਉਸ ਨੂੰ ਧੋਖੇਬਾਜ਼ ਗਰਦਾਨਦਿਆਂ ਉਸ ਤੋਂ ਹਰ ਸੂਰਤ ਦੂਰੀ ਬਣਾਈ ਰੱਖਣਗੇ। ਲੋਕਾਂ ਨੂੰ ਉਹ ਸਾਰਾ ਕੁਝ ਚੇਤੇ ਆਵੇਗਾ, ਜਿਹੜਾ ਪੂਰਾ ਨਹੀਂ ਕੀਤਾ ਗਿਆ। ਜਦ ਬੀਤਿਆ ਸਮਾਂ ਧੋਖੇ ਵਿੱਚ ਲੰਘਿਆ ਹੋਵੇ ਤਾਂ ਭਵਿੱਖ 'ਤੇ ਵੀ ਵਿਸ਼ਵਾਸ ਨਹੀਂ ਹੋ ਸਕਦਾ।
      ਲੋਕਾਂ ਦੀਆਂ ਮੰਡਲੀਆਂ ਵਿੱਚ ਨਿੱਤ ਹੁੰਦੀ ਵਿਚਾਰ-ਚਰਚਾ ਵਿੱਚ ਉਸ ਕੁਝ ਨੂੰ ਚੇਤੇ ਕੀਤਾ ਜਾਂਦਾ ਹੈ, ਜੋ ਪੂਰਾ ਨਹੀਂ ਹੋਇਆ। ਹਰ ਸਾਲ ਦੋ ਕਰੋੜ ਬੇਰੁਜ਼ਗਾਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਹਰ ਭਾਰਤ ਵਾਸੀ ਦੇ ਖਾਤੇ ਵਿੱਚ ਪੰਦਰਾਂ ਲੱਖ ਨਹੀਂ ਆਇਆ, ਕਾਲਾ ਧਨ ਬਾਹਰ ਦਾ ਬਾਹਰ ਹੀ ਰਹਿ ਗਿਆ। ਜੀ ਐੱਸ ਟੀ ਨੇ ਵਪਾਰੀ ਦੇ ਨਾਲ-ਨਾਲ ਆਮ ਲੋਕ ਵੀ ਮਾਰ ਲਏ।
       ਭਾਰਤ ਨੂੰ ਹੁਣ ਉਸ ਸਿਆਸੀ ਪਾਰਟੀ ਦੀ ਜ਼ਰੂਰਤ ਨਹੀਂ, ਜੋ ਲੋਕਾਂ ਨਾਲ ਵਾਅਦੇ ਕਰਕੇ ਲੋਕਾਂ ਨਾਲ ਜੁਮਲਿਆਂ ਦਾ ਮਜ਼ਾਕ ਕਰੇ ਅਤੇ ਪੂਰੀ ਤਰ੍ਹਾਂ ਹੱਥ ਝਾੜ ਕੇ ਫੇਰ ਚੋਣਾਂ ਦੇ ਮੈਦਾਨ ਵਿੱਚ ਆ ਕੇ ਫੋਕੇ ਦਮਗਜੇ ਮਾਰੇ। ਲੋਕ ਇਹੋ ਜਿਹੀ ਸਿਆਸੀ ਪਾਰਟੀ 'ਤੇ ਕਿਸੇ ਕੀਮਤ 'ਤੇ ਮੁੜ ਯਕੀਨ ਨਹੀਂ ਕਰਨਗੇ, ਜਿਸ ਨੇ ਨੋਟਬੰਦੀ 'ਚ ਦੇਸ਼ ਨੂੰ ਭਰੋਸੇ 'ਚ ਨਾ ਲਿਆ ਹੋਵੇ, ਸਗੋਂ ਲੋਕਾਂ ਦੀਆਂ ਜਾਨਾਂ ਲੈ ਲਈਆਂ ਹੋਣ।
        ਭੈਅ, ਨਫ਼ਰਤ, ਫਿਰਕਾਪ੍ਰਸਤੀ ਦਾ ਮਾਹੌਲ ਪੈਦਾ ਕਰਕੇ ਲੋਕਾਂ ਦੇ ਭਾਈਚਾਰੇ ਨੂੰ ਵੰਡ ਕੇ ਰੱਖ ਦਿੱਤਾ ਹੋਵੇ। ਜਾਤ-ਪਾਤ ਨੂੰ ਹਵਾ ਦੇ ਕੇ ਵਰਗ ਵੰਡ ਨੂੰ ਹੋਰ ਜਰ੍ਹਬ ਦਿੱਤੀ ਹੋਵੇ। ਸਰਕਾਰ ਨੇ ਦੇਸ਼ ਭਗਤੀ ਅਤੇ ਦੇਸ਼ ਧਰੋਹੀ ਦੇ ਸਰਟੀਫਿਕੇਟ ਦੇਣ ਦਾ ਕੰਮ ਖਾਹਮਖਾਹ ਆਪਣੇ ਹੱਥ ਲੈ ਲਿਆ ਹੋਵੇ। ਸਭ ਠੀਕ ਨਹੀਂ। ਇੱਥੋਂ ਤੱਕ ਦੇਸ਼ ਦੀ ਪ੍ਰੈੱਸ ਡਰ ਕੇ ਰਹਿ ਗਈ ਹੋਵੇ।
      ਹਰ ਸਿਆਸੀ ਪਾਰਟੀ ਜਿੱਤ ਹੋਣ ਦੇ ਦਾਅਵੇ ਕਰ ਰਹੀ ਹੈ ਤਾਂ ਜੋ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ, ਪਰ ਇਹ ਸਭ ਜਾਣਦੇ ਹਨ ਕਿ ਲੋਕ ਸਭਾ ਦੇ ਹਰ ਹਲਕੇ ਵਿੱਚ ਜੇਤੂ ਇੱਕ ਨੇ ਰਹਿਣਾ ਹੈ, ਦੋ ਨੇ ਨਹੀਂ। ਇਸ ਲਈ ਦਾਅਵੇ ਜਿੰਨੇ ਮਰਜ਼ੀ ਕੀਤੇ ਜਾਂਦੇ ਰਹਿਣ, ਪਰ ਨਤੀਜੇ ਓਹੀ ਨਿਕਲਣਗੇ, ਜੋ ਵੋਟਾਂ ਨਾਲ ਲੋਕ ਚਾਹੁੰਣਗੇ। ਲੋਕ ਜੋ ਕਰਨਗੇ, ਚੰਗਾ ਹੀ ਕਰਨਗੇ।
       ਹੁਣ ਲੋਕ ਪਹਿਲਾਂ ਨਾਲੋਂ ਵੱਧ ਜਾਗੇ ਹੋਏ ਹਨ ਅਤੇ ਹਕੂਮਤਾਂ ਦੇ ਕਾਰਜਾਂ ਦੀ ਪਰਖ ਪੜਚੋਲ ਕਰਕੇ, ਕਾਰਗੁਜ਼ਾਰੀ ਬਾਰੇ ਵਿਚਾਰ ਚਰਚਾ ਕਰਕੇ ਹੀ ਅੱਗੇ ਕਦਮ ਪੁੱਟਣਗੇ। ਲੱਗਦਾ ਹੈ ਇਸ ਵਾਰ ਦੇ ਨਤੀਜੇ ਚੰਗੇ ਲੋਕਾਂ ਨੂੰ ਮੁਲਕ ਦੀ ਹਕੂਮਤ ਦਾ ਚਾਰਜ ਸੰਭਾਲਣਗੇ, ਕਿਉਂਕਿ ਉਹ ਪੰਜ ਸਾਲ ਦੀ ਖੁਆਰੀ ਨਹੀਂ ਭੁੱਲਣਗੇ।
       ਦੇਸ਼ ਦੀ ਪ੍ਰੈੱਸ ਦਾ ਫ਼ਰਜ਼ ਹੈ ਕਿ ਉਹ ਆਪ ਵੀ ਨਿੱਡਰ ਹੋਵੇ ਅਤੇ ਲੋਕਾਂ ਨੂੰ ਵੀ ਭੈਅ ਤੋਂ ਮੁਕਤ ਕਰਨ ਵਾਸਤੇ ਯਤਨ ਕਰੇ ਤਾਂ ਕਿ ਦੇਸ਼ ਵਿੱਚ ਪੈ ਰਹੀਆਂ ਵੋਟਾਂ ਦਾ ਰੁਝਾਨ ਜਨਤਾ ਦੇ ਭਲੇ ਵੱਲ ਤੁਰੇ। ਡਰ ਦੇ ਮਾਹੌਲ ਵਿੱਚ ਲੋਕ ਆਜ਼ਾਦੀ ਨਾਲ ਵੋਟ ਦੀ ਵਰਤੋਂ ਨਹੀਂ ਕਰ ਸਕਦੇ। ਇਸ ਲਈ ਜ਼ਰੂਰੀ ਹੈ ਕਿ ਮਾਹੌਲ ਆਜ਼ਾਦ ਹੋਵੇ।
      ਜਿੱਥੋਂ ਗੱਲ ਸ਼ੁਰੂ ਕੀਤੀ ਸੀ, ਉੱਥੇ ਹੀ ਮੁੜ ਆ ਗਈ ਕਿ ਚੰਗੇ ਨਤੀਜੇ ਉਹੀ ਹੋਣਗੇ, ਜਿਨ੍ਹਾਂ ਨਾਲ ਜਨਤਾ ਦੀ ਜਿੱਤ ਹੋਵੇ। ਲੋਕਾਂ ਦੀ ਜਿੱਤ ਤਾਂ ਹੀ ਹੋਵੇਗੀ, ਜੇ ਹਕੂਮਤ ਉਨ੍ਹਾਂ ਦੇ ਭਲੇ ਵਾਲੀ ਆਵੇ ਤੇ ਦੇਸ਼ ਨੂੰ ਤਰੱਕੀ ਵੱਲ ਲਿਜਾਵੇ।


ਪੰਜਾਬ ਦਾ ਦ੍ਰਿਸ਼

ਪੰਜਾਬ ਦਾ ਸਿਆਸੀ ਦ੍ਰਿਸ਼ ਅਜੇ ਸਾਫ਼ ਨਹੀਂ। ਕਈ ਹਲਕਿਆਂ ਵਿੱਚ ਅਜੇ ਤੱਕ ਉਥਲ-ਪੁਥਲ ਜਾਰੀ ਹੈ, ਜਿੱਥੇ ਉਮੀਦਵਾਰ ਪੱਕੇ ਨਹੀਂ ਹੋਏ। ਕਈ ਥਾਂ ਨਵੇਂ ਖੜ੍ਹੇ ਕਰ ਦਿੱਤੇ ਗਏ ਅਤੇ ਕਈ ਥਾਂ ਖੜ੍ਹੇ ਕੀਤੇ ਬਿਠਾ ਦਿੱਤੇ ਗਏ। ਸਿਆਸੀ ਗੱਠਜੋੜ ਵੀ ਥਾਂ ਸਿਰ ਨਹੀਂ ਹੋਏ। ਸ਼੍ਰੋਮਣੀ ਅਕਾਲੀ ਦਲ, ਆਪ ਵੰਡੇ ਪਏ ਦਲ ਹਨ, ਜਿਨ੍ਹਾਂ ਦੀ ਪਹਿਲਾਂ ਵਾਲੀ ਸਾਖ ਨਹੀਂ ਰਹੀ। ਸਭ ਤਹਿਸ-ਨਹਿਸ ਹੋ ਗਿਆ। ਜੇ ਕਿਹਾ ਜਾਵੇ ਤਾਂ ਏਹੀ ਹੈ ਕਿ ਵਿਰੋਧੀ ਧਿਰ ਲੀਰੋ-ਲੀਰ ਹੈ ਤੇ ਕੇਵਲ ਕਾਂਗਰਸ 'ਚ ਤ੍ਰੇੜ ਨਹੀਂ ਆਈ। ਜੇ ਆਈ ਵੀ ਹੈ ਤਾਂ ਘੁਰਕੀ ਨਾਲ ਦਬਾਣ ਦਾ ਕੰਮ ਕੀਤਾ ਜਾ ਰਿਹਾ। ਪੰਜਾਬ ਵਿੱਚ ਵੈਸੇ ਵੀ ਕਾਂਗਰਸ ਦੀ ਸਰਕਾਰ ਹੋਣ ਕਾਰਨ ਇਸ ਪਾਰਟੀ ਦਾ ਹੱਥ ਹੀ ਉੱਪਰ ਰਹੇਗਾ।
        ਸ਼੍ਰੋਮਣੀ ਅਕਾਲੀ ਦਲ ਨੇ ਲਗਾਤਾਰ ਦਸ ਸਾਲ ਰਾਜ ਕੀਤਾ, ਪਰ ਕਿਸਾਨਾਂ ਦਾ ਇੱਕ ਪੈਸਾ ਮਾਫ਼ ਨਹੀਂ ਕੀਤਾ। ਹੁਣ ਉਸ ਦੇ ਨੇਤਾ ਕਾਂਗਰਸ ਵੱਲੋਂ ਕਰੋੜਾਂ ਦੇ ਕੀਤੇ ਮੁਆਫ਼ ਕਰਜ਼ੇ 'ਤੇ ਉਂਗਲ ਉਠਾ ਰਹੇ ਹਨ, ਜਦਕਿ ਉਹ ਇਸ 'ਤੇ ਬੋਲਣ ਦਾ ਹੱਕ ਹੀ ਨਹੀਂ ਰੱਖਦੇ। ਅਕਾਲੀ ਦਲ ਕਿਸ ਮੂੰਹ ਨਾਲ ਵੋਟਾਂ ਮੰਗੇਗਾ। ਆਪ ਲੀਰੋ-ਲੀਰ ਹੋਣ ਕਾਰਨ ਲੋਕਾਂ ਦੇ ਮਨਾਂ 'ਚੋਂ ਲਹਿ ਗਈ। ਨਵੇਂ ਕੰਮ ਕਰਨ ਦੇ ਦਾਅਵੇ ਕਰਨ ਵਾਲੀ ਇਸ ਪਾਰਟੀ ਨੇ ਕੁਝ ਨਹੀਂ ਕੀਤਾ। ਇਸ ਪਾਰਟੀ ਦੀ ਆਪਸੀ ਲੜਾਈ ਨੇ ਪੰਜਾਬ ਦੇ ਲੋਕਾਂ ਦਾ ਜਿੱਤਿਆ ਜਤਾਇਆ ਵਿਸ਼ਵਾਸ ਤੋੜ ਕੇ ਰੱਖ ਦਿੱਤਾ। ਪੰਜਾਬ ਏਕਤਾ ਪਾਰਟੀ ਅਜੇ ਤੱਕ ਪੈਰ ਜਮਾਉਣ ਦਾ ਕੰਮ ਹੀ ਕਰ ਰਹੀ ਹੈ, ਜੋ ਲੱਗੇ ਨਹੀਂ। ਅੱਗੇ ਦੇਖੋ ਪੰਜਾਬ ਦੇ ਲੋਕ ਕੀ ਕਰਨਗੇ?


ਕਿਰਪਾਲ ਸਿੰਘ ਕਸੇਲ

ਕਿਰਪਾਲ ਸਿੰਘ ਕਸੇਲ ਪੰਜਾਬੀ ਦੇ ਪਹਿਲੇ ਪਿਆਰਿਆਂ 'ਚੋਂ ਹੈ, ਜਿਸ ਨੇ ਸ਼ੁਰੂ-ਸ਼ੁਰੂ ਵਿੱਚ ਐੱਮ ਏ ਪੰਜਾਬੀ ਕੀਤੀ। ਬਹੁਤ ਸਾਰੀਆਂ ਮੌਲਿਕ ਸਿਰਜਣਾਵਾਂ ਕੀਤੀਆਂ ਅਤੇ ਨਾਲ ਦੀ ਨਾਲ ਅਨੁਵਾਦ ਦਾ ਕੰਮ ਕੀਤਾ। ਅੱਖਾਂ ਦੀ ਜੋਤ ਜਵਾਨੀ ਵਿੱਚ ਹੀ ਚਲੀ ਗਈ, ਫੇਰ ਵੀ ਜਗਦੀ ਜੋਤ ਵਾਲੇ ਕੰਮ ਕਰਕੇ ਆਪਣਾ ਹੀ ਨਹੀਂ, ਸਗੋਂ ਪੰਜਾਬੀ ਸਾਹਿਤ ਦਾ ਮਿਆਰ ਵੀ ਪੰਜਾਬੀਆਂ ਦੇ ਮਨਾਂ ਵਿੱਚ ਵਸਾ ਗਏ। ਉਨ੍ਹਾਂ ਦੀ ਸੰਸਾਰ ਯਾਤਰਾ ਪੂਰੀ ਹੋਣ ਨਾਲ ਪੰਜਾਬੀ ਸਾਹਿਤ ਅਤੇ ਪੰਜਾਬੀ ਸਾਹਿਤ ਨੂੰ ਬਹੁਤ ਘਾਟਾ ਪਿਆ।



ਲਤੀਫ਼ੇ ਦਾ ਚਿਹਰਾ-ਮੋਹਰਾ

ਗਰਭਵਤੀ : ਡਾਕਟਰ ਸਾਹਿਬ ਮੈਂ ਕੀ-ਕੀ ਉਪਾਅ ਕਰਾਂ ਕਿ ਬੱਚਾ ਠੀਕ-ਠਾਕ ਹੀ ਹੋਵੇ।
ਡਾਕਟਰ : ਤੇਰੀ ਸਿਹਤ ਠੀਕ ਹੈ, ਬਸ ਸਿਆਸਤਦਾਨਾਂ ਦੇ ਭਾਸ਼ਣ ਨਾ ਸੁਣਨੇ, ਤਾਂ ਕਿ ਗਪੌੜੀ ਬੱਚੇ ਨੂੰ ਜਨਮ ਦੇਣ ਤੋਂ ਬਚੀ ਰਹੇਂ।

ਸੰਪਰਕ : 98141-13338

18 April 2019

ਕਿਸ ਨੂੰ ਪਾਈਏ ਵੋਟ, ਕਿਸ ਨੂੰ ਨਾ ਪਾਈਏ - ਸ਼ਾਮ ਸਿੰਘ ਅੰਗ ਸੰਗ

ਲੋਕਤੰਤਰ ਵਿੱਚ ਵੋਟ ਦੀ ਬਹੁਤ ਹੀ ਅਹਿਮੀਅਤ ਹੈ, ਜਿਸ ਨਾਲ ਉਹ ਨੁਮਾਇੰਦੇ ਚੁਣੇ ਜਾਣੇ ਹੁੰਦੇ ਹਨ, ਜਿਨ੍ਹਾਂ ਨੇ ਦੇਸ਼ ਦੀ ਦਸ਼ਾ ਵੀ ਬਦਲਣੀ ਹੁੰਦੀ ਹੈ ਅਤੇ ਦਿਸ਼ਾ ਵੀ। ਜੇ ਚੰਗੇ ਨੁਮਾਇੰਦਿਆਂ ਨੂੰ ਵੋਟ ਮਿਲਦੀ ਹੈ ਤਾਂ ਉਹ ਦੇਸ਼ ਹਿਤ ਵਿੱਚ ਕੰਮ ਕਰਕੇ ਮੁਲਕ ਦਾ ਮੂੰਹ-ਮੱਥਾ ਵੀ ਸੰਵਾਰ ਦੇਣਗੇ ਅਤੇ ਲੋਕਾਂ ਦਾ ਵੀ।
      ਪੰਜ ਵਰ੍ਹਿਆਂ ਬਾਅਦ ਜਦ ਦੇਸ਼ ਦੀਆਂ ਚੋਣਾਂ ਦਾ ਵਕਤ ਆਉਂਦਾ ਹੈ ਤਾਂ ਭਾਸ਼ਣਾਂ ਦਾ ਅਜਿਹਾ ਸ਼ੋਰ ਮਚਦਾ ਹੈ, ਜਿਸ ਵਿੱਚ ਵਾਅਦਿਆਂ ਦੇ ਛੈਣੇ ਵਜਾਏ ਜਾਂਦੇ ਹਨ ਅਤੇ ਲਾਰਿਆਂ ਦੇ ਘੁੰਗਰੂ ਛਣਕਦੇ ਹਨ। ਲੋਕ ਉਨ੍ਹਾਂ ਦੀ ਸਹਿਜ ਜਹੀ ਆਵਾਜ਼ ਨਾਲ ਮੋਹੇ ਜਾਂਦੇ ਹਨ ਤੇ ਏਦਾਂ ਹੀ ਵੋਟ ਦਾ ਇਸਤੇਮਾਲ ਹੋ ਜਾਂਦੈ।
       ਹੁਣ ਫੇਰ ਮੁਲਕ ਦੇ ਲੋਕਾਂ ਲਈ ਇਮਤਿਹਾਨ ਆ ਗਿਆ ਹੈ, ਜਿਸ ਵਿੱਚ ਮੁੱਖ ਪ੍ਰਸ਼ਨ ਇਹੀ ਹੈ ਕਿ ਵੋਟ ਕਿਸ ਨੂੰ ਪਾਈਏ, ਕਿਸ ਨੂੰ ਨਾ ਪਾਈਏ। ਇਸ ਪ੍ਰਸ਼ਨ ਦਾ ਜਵਾਬ ਦੇਣਾ ਏਨਾ ਆਸਾਨ ਨਹੀਂ, ਕਿਉਂਕਿ ਹਰੇਕ ਸਿਆਸੀ ਪਾਰਟੀ ਵੱਲੋਂ ਕੀਤੇ ਕੰਮ ਵੀ ਦੇਖਣੇ ਪੈਣਗੇ ਅਤੇ ਪ੍ਰਤੀਨਿਧਾਂ ਵੱਲੋਂ ਵੀ।
      ਜਿਸ ਪਾਰਟੀ ਨੇ ਲੋਕ ਹਿੱਤ ਦੇ ਕੰਮ ਕੀਤੇ ਹੋਣ ਅਤੇ ਮੁਲਕ ਨੂੰ ਵਿਕਾਸ ਦੇ ਰਾਹ ਉੱਤੇ ਤੋਰਿਆ ਹੋਵੇ, ਉਸ ਪਾਰਟੀ ਮਗਰ ਲੋਕ ਆਪ ਹੀ ਤੁਰ ਪੈਂਦੇ ਹਨ, ਉਸ ਨੂੰ ਵੋਟ ਆਪਣੇ-ਆਪ ਮਿਲਦੇ ਹਨ, ਮੰਗਣੇ ਨਹੀਂ ਪੈਂਦੇ। ਬਦਕਿਸਮਤੀ ਇਹ ਹੈ ਕਿ ਇਹੋ ਜਿਹੀ ਪਾਰਟੀ ਹੁਣ ਮਿਲਦੀ ਨਹੀਂ।
       ਲੋਕਤੰਤਰ ਵਿੱਚ ਹੁਣ ਲੋਕਾਂ ਦਾ ਭਰਵਾਂ ਹਿੱਸਾ ਜਾਗ ਪਿਆ ਹੈ, ਜਿਨ੍ਹਾਂ ਨੇ ਕਈ ਵਾਰ ਸਾਬਤ ਕਰਕੇ ਵਿਖਾਇਆ, ਜਦ ਸਰਕਾਰਾਂ ਬਦਲ ਕੇ ਰੱਖ ਦਿੱਤੀਆਂ। ਕੇਂਦਰ ਦੀ ਸ਼ਕਤੀਸ਼ਾਲੀ ਹਕੂਮਤ ਨੂੰ ਬਾਹਰ ਦਾ ਰਾਹ ਦਿਖਾ ਦਿੱਤਾ, ਜਿਸ ਨਾਲ ਲੋਕਤੰਤਰ ਵਿੱਚ ਲੋਕ-ਸ਼ਕਤੀ ਦਾ ਜਲਵਾ ਦਿਖਾਈ ਦਿੱਤਾ।
       ਚੋਣਾਂ ਦਾ ਸ਼ੋਰ ਫੇਰ ਸਿਰ ਨੇੜੇ ਆ ਗਿਆ। ਵੋਟਾਂ ਦੀ ਅਹਿਮੀਅਤ ਦਾ ਪਤਾ ਲੱਗੇਗਾ। ਨੇਤਾ ਇੱਕ-ਇੱਕ ਵੋਟ ਲਈ ਸਹਿਕ ਰਹੇ ਹਨ ਤਾਂ ਜੋ ਜਿੱਤ ਵੱਲ ਵਧਿਆ ਜਾ ਸਕੇ। ਇਸ ਲਈ ਸਾਰੇ ਹਰਬੇ ਵਰਤੇ ਜਾ ਰਹੇ ਹਨ ਤਾਂ ਕਿ ਹਜ਼ੂਮਾਂ ਦੇ ਹਜ਼ੂਮ ਢੋਲ-ਢਮੱਕੇ ਨਾਲ ਮਗਰ ਲੱਗ ਸਕਣ।
       ਇਸ ਵਕਤ ਜਦ ਨੇਤਾ ਕੇਵਲ ਵੋਟਾਂ ਬਟੋਰਨ ਲਈ ਤਰਲੇ ਮਾਰ ਰਹੇ ਹਨ ਤਾਂ ਲੋਕ ਨੇਤਾਵਾਂ ਵੱਲੋਂ ਪਿਛਲੀ ਚੋਣ ਸਮੇਂ ਦੇ ਵਾਅਦਿਆਂ 'ਤੇ ਨਜ਼ਰ ਮਾਰ ਰਹੇ ਹਨ ਕਿ ਕੋਈ ਪੂਰਾ ਹੋਇਆ ਵੀ ਹੈ ਕਿ ਨਹੀਂ।
       ਭਾਸ਼ਣਾਂ 'ਚ ਨਵੇਂ ਵਾਅਦੇ ਕੀਤੇ ਜਾ ਰਹੇ ਹਨ, ਜਿਹੜੇ ਲੋਕਾਂ ਨੂੰ ਭਰਮਾਉਂਦੇ ਵੀ ਹਨ ਤੇ ਆਪਣੇ ਵੱਲ ਖਿੱਚਦੇ ਵੀ। ਨਵੇਂ ਵਾਅਦਿਆਂ ਨੂੰ ਸੁਣਦੇ ਹੋਏ ਲੋਕ ਪਿਛਲੀ ਚੋਣ ਸਮੇਂ ਕੀਤੇ ਵਾਅਦਿਆਂ ਨੂੰ ਨਹੀਂ ਭੁੱਲਦੇ। ਨੇਤਾ ਕਿਸੇ ਕਿਸਮ ਦੀ ਸ਼ਰਮ ਮਹਿਸੂਸ ਨਾ ਕਰਦੇ ਹੋਏ ਨਵੇਂ ਵਾਅਦੇ ਕਰਨ ਲੱਗ ਪਏ।
      ਲੋਕ ਅਜੇ ਤੱਕ ਖਾਤਿਆਂ ਵਿੱਚ ਆਉਣ ਵਾਲੇ ਪੰਦਰਾਂ ਲੱਖ ਉਡੀਕ ਰਹੇ ਹਨ ਅਤੇ ਕਾਲੇ ਧਨ ਦੀ ਦੇਸ਼ ਵਾਪਸੀ ਵੀ। ਦੋ ਕਰੋੜ ਨੌਕਰੀਆਂ ਇੱਕ ਸਾਲ ਵਿੱਚ ਤਾਂ ਕੀ, ਪੰਜ ਸਾਲ ਵਿੱਚ ਵੀ ਨਹੀਂ ਮਿਲੀਆਂ। ਭ੍ਰਿਸ਼ਟਾਚਾਰ ਘਟਣ ਦੀ ਇੰਤਜ਼ਾਰ ਸੀ, ਪਰ ਉਹ ਤਾਂ ਏਨਾ ਵਧ ਗਿਆ ਕਿ ਬੈਂਕਾਂ ਦਾ ਧਨ ਬਾਹਰ ਚਲਾ ਗਿਆ।
       ਬੇਰੁਜ਼ਗਾਰਾਂ ਦੀ ਗਿਣਤੀ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋ ਗਿਆ। ਬਹੁਤੇ ਨੌਜਵਾਨ ਮਜਬੂਰੀ ਵਿੱਚ ਦੂਜੇ ਮੁਲਕਾਂ ਵੱਲ ਤੁਰ ਪਏ, ਕਿਉਂਕਿ ਆਪਣੇ ਇਸ ਮੁਲਕ ਵਿੱਚ ਅਜਿਹਾ ਸਿਸਟਮ ਨਹੀਂ ਬਣਾਇਆ ਜਾ ਸਕਿਆ, ਜਿਸ ਅਧੀਨ ਨੌਕਰੀਆਂ ਪੈਦਾ ਹੋ ਜਾਂਦੀਆਂ।
     ਕਿਸਾਨਾਂ ਦੇ ਕਰਜ਼ੇ ਮਾਫ਼ ਨਹੀਂ ਕੀਤੇ ਗਏ। ਜੇ ਥੋੜ੍ਹੇ-ਬਹੁਤ ਕੀਤੇ ਵੀ ਗਏ, ਉਹ ਕਾਫ਼ੀ ਨਹੀਂ। ਵਪਾਰੀਆਂ, ਸਨਅਤਕਾਰਾਂ ਨੂੰ ਟੈਕਸਾਂ ਨੇ ਮਾਰ ਲਿਆ। ਲੋਕਾਂ ਕੋਲ ਖਾਲੀ ਜੇਬਾਂ ਹਨ, ਜਿਸ ਕਾਰਨ ਕਾਰੀਗਰਾਂ, ਹੁਨਰਵਾਨਾਂ, ਮਜ਼ਦੂਰਾਂ ਨੂੰ ਕੰਮ ਮਿਲਣਾ ਔਖਾ ਹੋ ਕੇ ਰਹਿ ਗਿਆ। ਉਨ੍ਹਾਂ ਦੀ ਜ਼ਿੰਦਗੀ ਹੋਰ ਔਖੀ ਹੋ ਗਈ।
      ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੇ ਕੇਵਲ ਪੜ੍ਹੀ ਜਾ ਰਹੇ ਹਨ, ਡਿਗਰੀਆਂ ਹਾਸਲ ਕਰੀ ਜਾ ਰਹੇ ਹਨ, ਪਰ ਉਨ੍ਹਾਂ ਨੂੰ ਕੰਮ ਨਾ ਮਿਲਣ ਕਾਰਨ ਉਨ੍ਹਾਂ ਦਾ ਭਵਿੱਖ ਧੁੰਦਲਾ ਹੋ ਕੇ ਰਹਿ ਗਿਆ ਅਤੇ ਡਿਗਰੀਆਂ ਨਕਾਰਾ ਅਤੇ ਬੇਕਾਰ। ਕੀ ਕਿਹਾ ਜਾਵੇ, ਕੀ ਨਾ?
       ਸਿਆਸੀ ਪਾਰਟੀਆਂ ਦੇ ਮੈਨੀਫੈਸਟੋ ਮੁੜ ਆ ਗਏ। ਵਾਅਦਿਆਂ ਦੀ ਫੇਰ ਭਰਮਾਰ ਹੋ ਗਈ। ਕਿਸੇ ਪਾਰਟੀ ਨੇ ਸੌ ਦੇ ਨੇੜੇ ਵਾਅਦੇ ਕਰ ਲਏ ਅਤੇ ਕਿਸੇ ਦੂਜੀ ਨੇ ਪੰਜ ਸੌ ਦੇ ਨੇੜੇ। ਲੋਕਾਂ ਨੂੰ ਨਿਰਣਾ ਕਰਨਾ ਔਖਾ ਹੋ ਜਾਵੇਗਾ ਕਿ ਉਹ ਕਿਸ ਪਾਰਟੀ ਦੇ ਜਾਲ ਵਿੱਚ ਫਸਣ, ਕਿਸ ਦੇ ਨਾ।
      ਅੱਜ ਵਕਤ ਆ ਗਿਆ ਹੈ ਕਿ ਲੋਕ ਲਕੀਰ ਖਿੱਚ ਕੇ ਉਸ ਪਾਸੇ ਆਪਣਾ ਯੋਗਦਾਨ ਪਾਉਣ, ਜਿਸ ਨਾਲ ਚੰਗੇ ਅਤੇ ਦੇਸ਼ ਹਿੱਤ ਵਾਲੇ ਲੋਕ ਸਰਕਾਰ ਬਣਾਉਣ ਤਾਂ ਕਿ ਲੋਕਾਂ ਦੇ ਹੱਥਾਂ 'ਤੇ ਧੁਰੋਂ ਖਿੱਚੀਆਂ ਲਕੀਰਾਂ ਵਿੱਚ ਤਬਦੀਲੀ ਲਿਆਂਦੀ ਜਾ ਸਕੇ। ਆਉ, ਸਾਰੇ ਹੰਭਲਾ ਮਾਰੀਏ।
     ਵੋਟ ਉਸ ਨੂੰ ਪਾਈਏ, ਜੋ ਵਾਅਦੇ ਪੂਰੇ ਕਰੇ ਅਤੇ ਉਨ੍ਹਾਂ ਨੂੰ ਲਾਰੇ ਨਾ ਬਣਨ ਦੇਵੇ। ਉਨ੍ਹਾਂ ਨੂੰ ਪਾਈਏ, ਜਿਹੜੇ ਸੱਚੇ ਹੋਣ ਅਤੇ ਸੁਹਿਰਦ ਵੀ। ਆਪਣੇ ਲੋਕਾਂ ਦਾ ਭਲਾ ਸੋਚਣ ਵਾਲਿਆਂ, ਆਪਣੇ ਦੇਸ਼ ਨੂੰ ਵਿਕਾਸ ਦੇ ਰਾਹ ਪਾਉਣ ਵਾਲਿਆਂ ਨੂੰ ਹੀ ਵੋਟ ਪਾਈਏ, ਵਿਨਾਸ਼ ਕਰਨ ਵਾਲਿਆਂ ਨੂੰ ਨਹੀਂ।
      ਲੋਕਾਂ ਵਿੱਚ ਵੰਡੀਆਂ ਪਾਉਣ ਵਾਲਿਆਂ ਨੂੰ ਬਿਲਕੁਲ ਵੋਟ ਨਾ ਪਾਈਏ, ਜਾਤਪਾਤ ਨੂੰ ਮੁੜ ਹਵਾ ਦੇਣ ਵਾਲਿਆਂ ਅਤੇ ਨਫ਼ਰਤ ਫੈਲਾਉਣ ਵਾਲਿਆਂ ਨੂੰ ਵੋਟ ਤਾਂ ਕੀ ਪਾਉਣੀ, ਨੇੜੇ ਤੱਕ ਨਾ ਲੱਗਣ ਦੇਈਏ ਕਿ ਦੇਸ਼ ਬਚਾਇਆ ਜਾ ਸਕੇ। ਅਜਿਹਾ ਨਾ ਕੀਤਾ ਗਿਆ ਤਾਂ ਪਛਤਾਉਣਾ ਪਵੇਗਾ।
       ਉਨ੍ਹਾਂ ਨੂੰ ਵੋਟ ਨਾ ਹੀ ਪਾਈਏ, ਜਿਹੜੇ ਦੇਸ਼ ਨੂੰ ਇੱਕੋ ਰੰਗ ਵਿੱਚ ਰੰਗਣਾ ਚਾਹੁੰਦੇ ਹਨ ਅਤੇ ਬਾਗ ਵਿੱਚ ਕੇਵਲ ਇੱਕੋ ਤਰ੍ਹਾਂ ਦੇ ਰੰਗ ਚਾਹੁੰਦੇ ਹੋਣ। ਹਵਾਵਾਂ ਆਪਣੇ ਵੱਸ ਵਿੱਚ ਕਰਨੀਆਂ ਚਾਹੁੰਦੇ ਹੋਣ ਅਤੇ ਦਰਿਆਵਾਂ ਦੀਆਂ ਲਹਿਰਾਂ ਤੱਕ ਨੂੰ ਮਰਜ਼ੀ ਮੁਤਾਬਕ ਉੱਛਲ ਕੁੱਦ ਨਾ ਕਰਨ ਦੇਣ।
      ਮੁੱਕਦੀ ਗੱਲ ਤਾਂ ਇਹ ਹੈ ਕਿ ਕੇਂਦਰ ਵਿੱਚ ਅਤੇ ਰਾਜਾਂ ਵਿੱਚ ਸਰਕਾਰਾਂ ਬਦਲਦੀਆਂ ਹੀ ਰਹਿਣੀਆਂ ਚਾਹੀਦੀਆਂ ਹਨ ਤਾਂ ਜੋ ਨਵੀਂ ਸਰਕਾਰ ਆਵੇ, ਨਵੇਂ ਕੰਮ ਕਰੇ ਤਾਂ ਕਿ ਲੋਕਾਂ ਨੂੰ ਰਾਹਤ ਨਸੀਬ ਹੋ ਸਕੇ। ਅਜਿਹਾ ਤਾਂ ਹੀ ਹੋ ਸਕੇਗਾ, ਜੇ ਸਾਰੇ ਮਿਲ ਕੇ ਹੰਭਲਾ ਮਾਰਨ।


ਲਤੀਫ਼ੇ ਦਾ ਚਿਹਰਾ-ਮੋਹਰਾ

ਇੱਕ ਟੋਲਾ ਵੋਟਾਂ ਮੰਗਣ ਘਰ ਵਿੱਚ ਦਾਖ਼ਲ ਹੋਇਆ ਤਾਂ ਬਜ਼ੁਰਗ ਨੇ ਸਵਾਗਤ ਕਰਦਿਆਂ ਕਿਹਾ, ਹਾਂ ਜੀ ਦੱਸੋ? ਵੋਟਾਂ ਮੰਗਣ ਵਾਲਿਆਂ ਨੇ ਅਰਜ਼ ਗੁਜ਼ਾਰੀ ਕਿ ਵੋਟ ਸਾਨੂੰ ਪਾਓ। ਅੱਗੋਂ ਬਜ਼ੁਰਗ ਨੇ ਕਿਹਾ ਕਿ ਪੰਜ ਸਾਲ ਤਾਂ ਲੰਘ ਗਏ, ਹੁਣ ਫੇਰ ਮੂੰਹ ਚੁੱਕ ਕੇ ਆ ਗਏ, ਕੋਈ ਸਾਡਾ ਕੰਮ ਨ੍ਹੀਂ ਕੀਤਾ। ਵੋਟਾਂ ਮੰਗਣ ਵਾਲਿਆਂ ਦੇ ਆਗੂ ਨੇ ਮਾਫ਼ੀਨਾਮਾ ਪੇਸ਼ ਕਰਦਿਆਂ ਕਿਹਾ ਕਿ ਇਹ ਲਓ ਜੁੱਤੀ ਮੇਰੇ ਮਾਰੋ। ਬਜ਼ੁਰਗ ਨੇ ਪੰਜ ਜੁੱਤੀਆਂ ਮਾਰ ਦਿੱਤੀਆਂ। ਆਗੂ ਨੇ ਪੁੱਛਿਆ, ''ਬਜ਼ੁਰਗੋ ਵੋਟਾਂ ਕਿੰਨੀਆਂ?'' ''ਵੋਟ ਤਾਂ ਮੇਰੀ ਇੱਕੋ ਹੈ'' ਬਜ਼ੁਰਗ ਨੇ ਕਿਹਾ। ਆਗੂ ਕਹਿਣ ਲੱਗਾ ਕਿ ਵੋਟ ਕੇਵਲ ਇੱਕ ਹੈ, ਜੁੱਤੀਆਂ ਫੇਰ ਪੰਜ ਕਿਉਂ ਮਾਰ ਦਿੱਤੀਆਂ ਤਾਂ ਹੁਣ ਤਾਂ ਵੋਟ ਪੱਕੀ ਸਮਝੀਏ। ਬਜ਼ੁਰਗ ਬੋਲਿਆ, ''ਵੋਟ ਹੁਣ ਪੱਕੀ, ਪਰ ਕੰਮ ਕਰੋ, ਕੰਮ ਐਵੇਂ ਝੂਠੇ ਵਾਅਦੇ ਨਾ ਕਰੋ, ਕੇਵਲ ਲਾਰੇ ਨਾ ਲਾਓ।''

ਸੰਪਰਕ : 9814113338

ਵੋਟਾਂ ਦਾ ਮੇਲਾ ਲੋਕ-ਜਾਗ ਦਾ ਵੇਲਾ - ਸ਼ਾਮ ਸਿੰਘ ਅੰਗ-ਸੰਗ

ਹਰ ਪੰਜ ਸਾਲ ਬਾਅਦ ਦੇਸ਼ ਵਿੱਚ ਚੋਣਾਂ ਹੁੰਦੀਆਂ ਹਨ ਅਤੇ ਥਾਂ-ਥਾਂ ਵੋਟਾਂ ਦਾ ਮੇਲਾ ਲੱਗ ਜਾਂਦਾ, ਜਿਸ ਦੌਰਾਨ ਲੋਕ ਮਨਮਰਜ਼ੀ ਕਰਦੇ ਹੋਏ ਉਨ੍ਹਾਂ ਨੇਤਾਵਾਂ ਨੂੰ ਜਿਤਾਉਂਦੇ ਹਨ, ਪਰ ਉਨ੍ਹਾਂ ਨੂੰ ਹਰਾ ਕੇ ਘਰ ਭੇਜ ਦਿੰਦੇ ਹਨ, ਜਿਨ੍ਹਾਂ ਨੂੰ ਨਹੀਂ ਚਾਹੁੰਦੇ। ਵੋਟਾਂ ਦੇ ਮੇਲੇ ਸਮੇਂ ਲੋਕਾਂ ਦੇ ਸਿਆਸੀ ਨਜ਼ਰੀਏ ਦਾ ਪਤਾ ਲੱਗਦਾ ਹੈ ਅਤੇ ਮੁਲਕ ਦੇ ਹਾਲਾਤ ਬਾਰੇ ਸੂਝ-ਬੂਝ ਦਾ ਵੀ। ਇਹ ਮੇਲਾ ਮਨੋਰੰਜਨ ਦਾ ਸਾਧਨ ਨਹੀਂ ਹੁੰਦਾ, ਸਗੋਂ ਲੋਕ-ਜਾਗ ਦਾ ਵੇਲਾ ਹੁੰਦਾ ਹੈ, ਜਿਸ ਦੌਰਾਨ ਚੰਗੇ ਅਤੇ ਲੋਕ-ਹਿੱਤ ਵਾਲੇ ਆਗੂ ਅੱਗੇ ਲਿਆਂਦੇ ਜਾ ਸਕਦੇ ਹਨ, ਪਰ ਮਾੜੇ ਕਿਰਦਾਰ ਵਾਲੇ ਨੇਤਾਵਾਂ ਨੂੰ ਸਬਕ ਸਿਖਾਇਆ ਜਾ ਸਕਦੈ ਤਾਂ ਕਿ ਖੁਦ ਨੂੰ ਸੁਧਾਰ ਸਕਣ।
        ਨੇਤਾਜਨਾਂ ਵਿੱਚ ਤਜਰਬੇ ਨਾਲ ਸ਼ੈਤਾਨੀ ਘਰ ਕਰ ਜਾਂਦੀ ਹੈ, ਜਿਸ ਨਾਲ ਦੇਸ਼ ਦੀ ਭੋਲੀ-ਭਾਲੀ ਜਨਤਾ ਨੂੰ ਧੋਖੇ ਨਾਲ ਚਾਰਨ ਤੋਂ ਬਾਜ਼ ਨਹੀਂ ਆਉਂਦੇ। ਭਾਰਤ ਨੂੰ ਦੋ ਤਰ੍ਹਾਂ ਦਾ ਰੰਗ ਦਿੰਦੇ ਹਨ, ਇੱਕ ਅਮੀਰਾਂ ਦਾ ਅਤੇ ਦੂਜਾ ਗਰੀਬਾਂ ਦਾ। ਫੇਰ ਧਾਰਮਿਕ ਵਿਚਾਰਾਂ ਦੀ ਕੂਚੀ ਫੇਰਦੇ ਹਨ, ਤਾਂ ਜੋ ਸਭ ਕੁਝ ਸਫੈਦ ਦਿਸੇ। ਨਫ਼ਰਤ ਦੀ ਜ਼ਹਿਰ ਫੈਲਾਉਂਦੇ ਹਨ ਅਤੇ ਫਿਰਕਾਪ੍ਰਸਤੀ ਦੀ ਹਵਾ ਚਲਾਉਂਦੇ ਹੋਏ ਲੋਕਾਂ 'ਚ ਵੰਡੀਆਂ ਪਾ ਦਿੰਦੇ ਹਨ, ਜਿਸ ਕਾਰਨ ਉਨ੍ਹਾਂ 'ਚ ਏਕਤਾ ਨਹੀਂ ਰਹਿੰਦੀ।
         ਸਾਰੀਆਂ ਸਿਆਸੀ ਪਾਰਟੀਆਂ ਦੇ ਨੇਤਾ ਇੱਕ-ਦੂਜੇ 'ਤੇ ਚਿੱਕੜ ਸੁੱਟਦੇ ਹਨ, ਜਿਸ ਨਾਲ ਬਦਨਾਮੀ ਦਾ ਮਾਹੌਲ ਪੈਦਾ ਹੋ ਸਕੇ। ਅਜਿਹਾ ਹੋਣ ਨਾਲ ਲੋਕਾਂ ਵਿੱਚ ਭੰਬਲਭੂਸਾ ਪੈਦਾ ਹੋ ਜਾਂਦਾ ਹੈ, ਕਿਉਂਕਿ ਅਸੱਭਿਆ ਭਾਸ਼ਾ ਦੇ ਘੁਸਮੁਸੇ ਵਿੱਚ ਸਾਫ਼ ਨਜ਼ਰ ਨਹੀਂ ਆਉਂਦਾ। ਧੁੰਦਲੇ ਹੋਏ ਮਾਹੌਲ 'ਚ ਮੁੱਦੇ ਤਾਂ ਲੱਭਦੇ ਹੀ ਨਹੀਂ। ਨੇਤਾਵਾਂ ਵੱਲੋਂ ਜਾਣ-ਬੁੱਝ ਕੇ ਸ਼ੋਰੀਲਾ ਮਾਹੌਲ ਪੈਦਾ ਕੀਤਾ ਜਾਂਦਾ ਹੈ, ਜਿਸ ਵਿੱਚ ਲੋਕਾਂ ਨੂੰ ਅਸਾਨੀ ਨਾਲ ਭਰਮਾਇਆ ਜਾ ਸਕੇ। ਜਿਹੜੇ ਲੋਕ ਤਾਂ ਸ਼ੋਰੀਲੇ ਮਾਹੌਲ ਵਿੱਚ ਸਹੀ ਰਾਹ ਲੱਭ ਲੈਂਦੇ ਹਨ, ਉਹ ਨੇਤਾਵਾਂ ਦੇ ਭਰਮ-ਭੁਲੇਖਿਆਂ ਵਿੱਚ ਕਿਸੇ ਤਰ੍ਹਾਂ ਨਹੀਂ ਫਸਦੇ। ਜਿਨ੍ਹਾਂ ਦੇ ਪੈਰਾਂ ਥੱਲੇ ਜ਼ਮੀਨ ਨਹੀਂ ਹੁੰਦੀ, ਉਹ ਬਚਦੇ ਨਹੀਂ।
      ਜਿਸ ਬਿਨਾਂ ਦੁਨੀਆਂ ਭਰ ਦੇ ਮੁਲਕਾਂ ਦਾ ਕੰਮ ਚੱਲ ਰਿਹਾ ਹੈ, ਇਥੇ ਭਾਰਤ ਵਿੱਚ ਨੇਤਾਵਾਂ ਦਾ ਵੱਡਾ ਹਥਿਆਰ ਹੈ ਜਾਤਪਾਤ। ਸਦੀਆਂ ਤੋਂ ਚਲੀ ਆ ਰਹੀ ਇਸ ਵਰਣ-ਵਿਵਸਥਾ ਨੇ ਲੋਕ-ਭਾਈਚਾਰੇ ਵਿਚਕਾਰ ਅਜਿਹੀਆਂ ਦੀਵਾਰਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ, ਜਿਨ੍ਹਾਂ ਨੂੰ ਨੇਤਾਜਨ ਢਾਹੁੰਦੇ ਘੱਟ ਹਨ ਅਤੇ ਉਸਾਰਦੇ ਵੱਧ, ਜਿਸ ਕਾਰਨ ਦੇਸ਼ ਵਿਨਾਸ਼ ਵੱਲ ਵਧਦਾ ਰਹਿੰਦਾ ਹੈ, ਵਿਕਾਸ ਵੱਲ ਘੱਟ। ਇਸ ਨਾਲ ਨੇਤਾ ਤਾਂ ਲਾਹਾ ਲੈ ਜਾਂਦੇ ਹਨ, ਪਰ ਦੇਸ਼ ਨੂੰ ਇਸ ਤੋਂ ਕਦੇ ਵੀ ਕੋਈ ਫਾਇਦਾ ਨਹੀਂ ਹੁੰਦਾ।
         ਦੇਸ਼ ਦੇ ਲੋਕਾਂ ਦੀ ਪ੍ਰੀਖਿਆ ਦਾ ਸਮਾਂ ਆ ਗਿਆ ਹੈ, ਜਿਸ ਨਾਲ ਉਨ੍ਹਾਂ ਦੀ ਸਿਆਸੀ ਸਮਝ ਦਾ ਪਤਾ ਲੱਗੇਗਾ। ਦੇਖਣਾ ਇਹ ਪਵੇਗਾ ਕਿ ਉਹ ਜੁਮਲਿਆਂ ਦਾ ਮੁੜ ਸ਼ਿਕਾਰ ਹੁੰਦੇ ਹਨ ਜਾਂ ਫੇਰ ਝੂਠ ਬੋਲਣ ਵਾਲਿਆਂ ਨੂੰ ਜ਼ਰਾ ਮਾਤਰ ਵੀ ਨੇੜੇ ਨਹੀਂ ਲੱਗਣ ਦਿੰਦੇ। ਕੀ ਉਹ ਨਫ਼ਰਤ ਦੀ ਜ਼ਹਿਰ ਫੈਲਾਉਣ ਵਾਲਿਆਂ, ਹਰ ਖੇਤਰ ਵਿੱਚ ਦਹਿਸ਼ਤ ਪੈਦਾ ਕਰਨ ਵਾਲਿਆਂ ਅਤੇ ਹਰ ਕੰਮ ਵਾਸਤੇ ਦਿੱਲੀ ਦੀ ਤਰਜ਼ 'ਤੇ ਚਲਾਉਣ ਵਾਲਿਆਂ ਨੂੰ ਅੱਖਾਂ ਦਿਖਾਉਂਦੇ ਹਨ ਜਾਂ ਫੇਰ ਮੁੜ ਉਨ੍ਹਾਂ ਦੀ ਚਾਲ ਤੋਂ ਨਹੀਂ ਬਚ ਪਾਉਂਦੇ।
       ਜੇ ਲੋਕ-ਜਾਗ ਦੇ ਵੇਲੇ ਜਨਤਾ ਜਾਗ ਪਈ ਤਾਂ ਦੇਸ਼ ਭਰ ਵਿੱਚ ਇੱਕੋ ਆਵਾਜ਼ ਸੁਣਨ ਦੀ ਰਟ ਬੰਦ ਹੋ ਕੇ ਰਹਿ ਜਾਵੇਗੀ ਅਤੇ ਦੂਜੇ ਨੇਤਾਵਾਂ ਦੀਆਂ ਆਵਾਜ਼ਾਂ ਸੁਣਨ ਲੱਗ ਪੈਣਗੀਆਂ। ਭਾਰਤ ਦੇ ਲੋਕ ਹੁਣ ਕਿਸੇ ਕੀਮਤ 'ਤੇ ਅਵੇਸਲੇ ਨਾ ਹੋਣ ਕਿਉਂਕਿ ਲੋਕ-ਜਾਗ ਦਾ ਵੇਲਾ ਹੋ ਗਿਆ ਹੈ, ਜਿਸ ਦੌਰਾਨ ਉਹ ਆਪਣੇ ਦੇਸ਼ ਦੇ ਵੋਟ ਮੇਲੇ ਦੌਰਾਨ ਪੂਰੀ ਤਰ੍ਹਾਂ ਜਾਗ ਕੇ ਅਤੇ ਪੂਰੇ ਚੌਕਸ ਹੋ ਕੇ ਆਪਣੇ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨ, ਤਾਂ ਕਿ ਮੁਲਕ ਬਚ ਸਕੇ।
       ਦੇਸ਼ ਦਾ ਗੇੜਾ ਮਾਰਦਿਆਂ ਇੱਕ ਆਵਾਜ਼ ਜ਼ਰੂਰ ਸੁਣਨ ਨੂੰ ਮਿਲਦੀ ਹੈ ਕਿ ਸੱਤਾਧਾਰੀਆਂ ਨੂੰ ਖਦੇੜਨ ਲਈ ਗੱਠਜੋੜ ਬਣਾਏ ਜਾਣ ਜਾਂ ਫਿਰ ਮਹਾਂਗਠਬੰਧਨ। ਵਿਰੋਧੀ ਧਿਰ ਦੀਆਂ ਇਸ ਸੁਰ ਵਾਲੀਆਂ ਗੱਲਾਂ ਤਾਂ ਅਕਸਰ ਹਵਾ 'ਤੇ ਸਵਾਰ ਰਹਿੰਦੀਆਂ ਹਨ, ਪਰ ਇਨ੍ਹਾਂ 'ਤੇ ਅਮਲ ਬਹੁਤ ਘੱਟ ਹੁੰਦਾ ਹੈ, ਜਿਸ ਕਾਰਨ ਪੂਰੇ ਦੇਸ਼ ਅੰਦਰ ਕੋਈ ਵੱਡਾ ਬਦਲ ਤਿਆਰ ਨਹੀਂ ਹੋ ਸਕਿਆ। ਲੋਕਾਂ ਨੂੰ ਪਾਰਟੀਆਂ ਵਿੱਚ ਵੰਡ ਤਾਂ ਨਜ਼ਰ ਆਉਂਦੀ ਹੈ ਪਰ ਇਹ ਪਤਾ ਨਹੀਂ ਲੱਗਦਾ ਕਿ ਇਸ ਵੰਡ ਵਿੱਚ ਉਹ ਕਿੱਧਰ ਜਾਣ ਅਤੇ ਕਿੱਧਰ ਨਾ ਜਾਣ।
      ਵੋਟ-ਮੇਲੇ ਨੂੰ ਆਮ ਮੇਲੇ ਵਾਂਗ ਨਾ ਮੰਨਦਿਆਂ ਇਸ ਨੂੰ ਗੰਭੀਰਤਾ ਦਾ ਕਾਰਜ ਸਮਝਦਿਆਂ ਹਰ ਨਾਗਰਿਕ ਵੋਟਰ ਬਣਨ ਵੇਲੇ ਜਾਗਦਾ ਰਹੇ ਅਤੇ ਜਾਗਣ ਲਈ ਕਿਸੇ ਚੌਂਕੀਦਾਰ ਵੱਲੋਂ ਉੱਚੀ ਆਵਾਜ਼ ਵਿੱਚ ਕਹਿੰਦੇ 'ਜਾਗਦੇ ਰਹੋ' ਨੂੰ ਨਾ ਸੁਣੀਏ, ਕਿਉਂਕਿ ਚੌਕੀਦਾਰਾਂ ਦੀ ਤਾਂ ਹੁਣ ਘਾਟ ਹੀ ਨਹੀਂ ਰਹੀ। ਪਰ ਮੇਰੇ ਦੇਸ਼ ਦੇ ਭੋਲੇ ਲੋਕੋ ਲਾਲਚਾਂ, ਲਾਰਿਆਂ ਅਤੇ ਝੂਠੇ ਵਾਅਦਿਆਂ ਤੋਂ ਬਚੋ ਅਤੇ ਇਸ ਗੱਲ ਦਾ ਵੀ ਖਿਆਲ ਰੱਖਿਓ ਕਿ ਦੇਸ਼ ਦੇ ਸੰਵਿਧਾਨ ਵਿੱਚ 'ਚੌਕੀਦਾਰ' ਦੀ ਤਾਂ ਕੋਈ ਆਸਾਮੀ ਹੀ ਨਹੀਂ।


ਪੰਜਾਬ ਦਾ ਸਿਆਸੀ ਦ੍ਰਿਸ਼

ਪੰਜਾਬ ਦੀ ਸਿਆਸਤ ਵਿੱਚ ਜੋੜ-ਤੋੜ ਲੱਗਭੱਗ ਮੁਕੰਮਲ ਹੋ ਗਏ, ਪਰ ਲੋਕ ਸਭਾ ਹਲਕਿਆਂ ਵਾਸਤੇ ਉਮੀਦਵਾਰ ਲੱਭੇ ਜਾ ਰਹੇ ਨੇ, ਜਿਸ ਕਾਰਨ ਕਿਸੇ ਹਲਕੇ ਬਾਰੇ ਅਜੇ ਟਿੱਪਣੀਆਂ ਮੁਨਾਸਬ ਨਹੀਂ। ਕਿਸੇ-ਕਿਸੇ ਪਾਰਟੀ ਨੇ ਉਮੀਦਵਾਰ ਖੜ੍ਹੇ ਕਰ ਦਿੱਤੇ, ਪਰ ਦੂਜੀਆਂ ਪਾਰਟੀਆਂ ਅਜੇ ਉਮੀਦਵਾਰਾਂ ਬਾਰੇ ਫੈਸਲਾ ਨਹੀਂ ਕਰ ਸਕੀਆਂ। ਕਈ ਥਾਵਾਂ 'ਤੇ ਟੱਕਰਾਂ ਫਸਵੀਆਂ ਤਾਂ ਹੋਣਗੀਆਂ ਹੀ, ਪਰ ਨਾਲ ਦੀ ਨਾਲ ਪੂਰੀ ਤਰ੍ਹਾਂ ਰੌਚਿਕ ਵੀ ਹੋਣਗੀਆਂ।
      ਕਾਂਗਰਸ ਅਜੇ ਤੱਕ ਸਾਬਤ ਸਬੂਤੀ ਹੈ, ਜਿਹੜੀ ਆਪਣੀ ਹਾਈ ਕਮਾਂਡ ਬਿਨਾਂ ਚੋਣ ਲਈ ਉਮੀਦਵਾਰਾਂ ਦੇ ਫ਼ੈਸਲੇ ਨਹੀਂ ਲੈਂਦੀ। ਕੁਝ ਨਾਵਾਂ ਬਾਰੇ ਫ਼ੈਸਲਾ ਹੋ ਵੀ ਗਿਆ ਹੈ, ਪਰ ਬਾਕੀ ਅਜੇ ਉਡੀਕਣੇ ਪੈਣਗੇ। ਇੰਜ ਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੁਝ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਜਿਸ ਨਾਲ ਕੁਝ ਫਸਵੇਂ ਮੁਕਾਬਲੇ ਹੋਣ ਦੀ ਸੰਭਾਵਨਾ ਪੈਦਾ ਹੋ ਰਹੀ ਹੈ, ਜਿਨ੍ਹਾਂ ਨੂੰ ਦੇਖਣਾ ਦਿਲਚਸਪ ਵੀ ਰਹੇਗਾ ਅਤੇ ਸੱਚਮੁੱਚ ਦੇ ਮੇਲੇ ਵਰਗਾ ਵੀ।
      ਪੰਜਾਬ ਡੈਮੋਕਰੇਟਿਕ ਅਲਾਇੰਸ ਅਤੇ ਹੋਰ ਪਾਰਟੀਆਂ ਨੇ ਵੀ ਉਮੀਦਵਾਰ ਐਲਾਨ ਦਿੱਤੇ ਹਨ ਅਤੇ ਹਰ ਪਾਰਟੀ ਆਪੋ-ਆਪਣੀ ਜਿੱਤ ਹੋਣ ਤੋਂ ਪਿੱਛੇ ਨਹੀਂ। ਅਜੇ ਥੋੜ੍ਹੇ ਦਿਨਾਂ ਬਾਅਦ ਹੀ ਅਸਲੀ ਵਿਸ਼ਲੇਸ਼ਣ ਕਰਨ ਦੀ ਸਥਿਤੀ ਪੈਦਾ ਹੋਵੇਗੀ, ਤਦ ਹੀ ਜ਼ਮੀਨੀ ਹਕੀਕਤ ਦੇ ਨੇੜੇ ਪਹੁੰਚਿਆ ਜਾ ਸਕੇਗਾ। ਹਾਂ ਏਨਾ ਜ਼ਰੂਰ ਕਿਹਾ ਜਾ ਸਕਦੈ ਕਿ ਜੇ ਕਾਂਗਰਸ ਇਕਮੁੱਠ ਰਹੀ ਤਾਂ ਵਿਰੋਧੀ ਧਿਰ ਦੇ ਵੰਡੇ ਹੋਣ ਕਾਰਨ ਕਾਂਗਰਸ ਦਾ ਹੱਥ ਉੱਪਰ ਰਹੇਗਾ। ਬਾਕੀ ਪਾਰਟੀਆਂ ਕਈ ਤਰ੍ਹਾਂ ਦੀਆਂ ਮਾਰਾਂ ਦਾ ਸ਼ਿਕਾਰ ਹਨ, ਉਹ ਨਹੀਂ ਉੱਭਰ ਸਕਣਗੀਆਂ।


ਲਤੀਫ਼ੇ ਦਾ ਚਿਹਰਾ ਮੋਹਰਾ

ਪੁੱਤਰ : ਡੈਡ ਮੈਨੂੰ ਪਤਾ ਲੱਗਾ ਕਿ ਤਰੇਤਾ ਯੁੱਗ 'ਚ ਪ੍ਰਹਿਲਾਦ ਜੱਸ ਖੱਟ ਗਿਆ, ਕਿਉਂਕਿ ਉਸ ਨੇ ਆਪਣੇ ਡੈਡ ਦੀ ਨਹੀਂ
         ਸੁਣੀ। ਸਤਯੁੱਗ 'ਚ ਆਪਣੇ ਪਿਤਾ ਨੂੰ ਨਾ ਸੁਣਨ ਕਰਕੇ ਰਾਮ ਰੱਬ ਬਣ ਗਿਆ। ਕੀ ਮੈਂ ਤੁਹਾਡੀ ਮੰਨਾ ਜਾਂ ਨਾ ਮੰਨਾ?
ਪਿਤਾ : ਮੇਰੇ ਪਿਆਰੇ ਪੁੱਤਰ ਹੁਣ ਕਲਯੁੱਗ ਹੈ ਜਿਸ ਵਿੱਚ ਅਸੀਂ ਰਹਿ ਰਹੇ ਹਾਂ। ਤੂੰ ਵੱਡਾ ਬਣਨ ਦਾ ਭੁਲੇਖਾ ਛੱਡ ਦੇ। ਸਾਡੇ
         ਦੋਹਾਂ ਲਈ ਚੰਗਾ ਹੋਵੇਗਾ ਕਿ ਸ਼ਾਂਤਮਈ ਜ਼ਿੰਦਗੀ ਲਈ ਤੇਰੀ ਮਾਤਾ ਸ੍ਰੀ ਦੀ ਮੰਨ ਕੇ ਤੁਰੀ ਚਲੀਏ।

ਸੰਪਰਕ : 98141-13338

06 April 2019

ਗੋਰੇ ਲੋਕ ਪਰ ਕਾਲੇ ਕੰਮ - ਸ਼ਾਮ ਸਿੰਘ ਅੰਗ-ਸੰਗ

ਦੇਰ ਤੋਂ ਸੁਣਦੇ ਆ ਰਹੇ ਹਾਂ ਕਿ ਗੋਰੇ ਲੋਕਾਂ ਨੇ ਏਨੇ ਦੇਸਾਂ 'ਤੇ ਰਾਜ ਕੀਤਾ ਕਿ ਉਨ੍ਹਾਂ ਦੀ ਹਕੂਮਤ ਵਿੱਚ ਕਦੇ ਸੂਰਜ ਨਹੀ ਸੀ ਛੁਪਦਾ। ਇੱਕ ਦੇਸ਼ ਵਿੱਚ ਛੁਪਦਾ, ਦੂਜੇ-ਤੀਜੇ ਵਿੱਚ ਚੜ੍ਹਦਾ ਰਹਿੰਦਾ। ਇਹ ਤਾਂ ਬਿਲਕੁਲ ਸਹੀ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਸੂਰਜ ਚੜ੍ਹਿਆ ਰਹਿੰਦਾ, ਪਰ ਉਨ੍ਹਾਂ ਦੇਸ਼ਾਂ ਦੇ ਲੋਕਾਂ ਲਈ ਕਦੇ ਸੂਰਜ ਚੜ੍ਹਿਆ ਹੀ ਨਾ, ਜਿਨ੍ਹਾਂ ਨੂੰ ਸਦਾ ਹਨੇਰੇ ਵਿੱਚ ਹੀ ਰਹਿਣਾ ਪਿਆ। ਉਨ੍ਹਾਂ ਲੋਕਾਂ ਨੂੰ ਗੋਰਿਆਂ ਦੇ ਗੁਲਾਮ ਹੋ ਕੇ ਰਹਿਣਾ ਪਿਆ ਅਤੇ ਆਪਣੀ ਹੀ ਧਰਤੀ 'ਤੇ ਬੇਗਾਨਗੀ ਵਿੱਚ ਰਹਿੰਦਿਆਂ ਅਤਿ ਘਿਨਾਉਣੇ ਜ਼ੁਲਮ ਸਹਿੰਦੇ ਰਹੇ। ਇਹ ਕੇਹਾ ਸਮਾਂ ਸੀ ਕਿ ਲੋਕਾਂ ਦੀਆਂ ਆਜ਼ਾਦੀਆਂ ਖੋਹੀਆਂ ਜਾਂਦੀਆਂ ਰਹੀਆਂ, ਗੋਰੇ ਮਨਮਰਜ਼ੀਆਂ ਕਰਦੇ ਰਹੇ।
       ਸਮਝਿਆ ਤਾਂ ਇਹ ਜਾਣਾ ਚਾਹੀਦਾ ਹੈ ਕਿ ਦੂਰ-ਦੁਰੇਡੇ ਜਾ ਕੇ ਰਾਜ-ਭਾਗ ਕਰਨ ਵਾਲੇ ਲੋਕ ਬੁੱਧੀਮਾਨ ਅਤੇ ਸੱਭਿਅਕ ਹੋਣਗੇ, ਪਰ ਨਹੀਂ। ਉਹ ਸਮੇਂ ਦੇ ਮੁਤਾਬਕ ਚਲਾਕ ਅਤੇ ਧੋਖੇਬਾਜ਼ ਸਨ, ਜਿਸ ਕਾਰਨ ਉਹ ਦੂਸਰੇ ਮੁਲਕਾਂ 'ਤੇ ਕਾਬਜ਼ ਹੁੰਦੇ ਰਹੇ ਅਤੇ ਉਥੋਂ ਦੇ ਕੁਝ ਲੋਕਾਂ ਨੂੰ ਆਪਣੇ ਪਿੱਠੂ ਬਣਾ ਕੇ ਬਾਕੀਆਂ ਨੂੰ ਸਹਿਜੇ ਹੀ ਕਾਬੂ ਕਰਨ ਦੇ ਸਮਰੱਥ ਹੋ ਜਾਂਦੇ। ਇਹ ਕੁਝ ਕਰਦਿਆਂ ਉਹ ਇਨਸਾਨੀ ਕਦਰਾਂ-ਕੀਮਤਾਂ ਦੀ ਉੱਕਾ ਹੀ ਪਰਵਾਹ ਨਾ ਕਰਦੇ ਅਤੇ ਆਪਣੇ ਹੀ ਰੱਬੀ-ਰੂਹ ਜਿਹੇ ਯਸੂ ਮਸੀਹ ਦੀਆਂ ਸਿੱਖਿਆਵਾਂ ਵੱਲ ਪਿੱਠ ਕਰੀ ਰੱਖਦੇ, ਜਿਸ ਕਾਰਨ ਧਰਮਰਾਜ ਤੋਂ ਵੀ ਨਾ ਡਰਦੇ। ਇਹ ਮਨੁੱਖੀ ਇਤਿਹਾਸ ਦਾ ਕੇਹਾ ਤਮਾਸ਼ਾ ਸੀ ਅਤੇ ਕੇਹਾ ਅਡੰਬਰ ।
       ਜਿੱਥੇ-ਜਿੱਥੇ ਵੀ ਗੋਰੇ ਲੋਕਾਂ ਨੇ ਰਾਜ ਕੀਤਾ, ਉੱਥੇ-ਉੱਥੇ ਦੇ ਲੋਕਾਂ ਨੂੰ ਕਾਲੇ, ਭੂਰੇ ਕਹਿੰਦੇ ਹੋਏ ਉਨ੍ਹਾਂ ਨੂੰ ਦੂਜੇ ਦਰਜੇ ਦੇ ਨਾਗਰਿਕ ਸਮਝਦੇ ਰਹੇ। ਗੋਰੇ ਲੋਕ (ਸਾਫ਼ ਮਨਾਂ ਵਾਲੇ) ਦੂਜੀਆਂ ਧਰਤੀਆਂ ਦੇ ਲੋਕਾਂ ਨੂੰ ਉਹ ਹੱਕ ਵੀ ਨਾ ਦਿੰਦੇ ਰਹੇ, ਜਿਹੜੇ ਨਾਗਰਿਕਾਂ ਦੇ ਜੀਊਣ ਲਈ ਜ਼ਰੂਰੀ ਹੁੰਦੇ ਹਨ, ਪਰ ਉਨ੍ਹਾਂ 'ਤੇ ਸਦਾ ਡੰਡਾ ਹੀ ਚਲਾਉਂਦੇ ਰਹੇ, ਜਿਸ ਨੂੰ ਸਹਿਣ ਬਿਨਾਂ ਗੁਲਾਮਾਂ ਦਾ ਕੋਈ ਚਾਰਾ ਨਹੀਂ ਸੀ ਹੁੰਦਾ। ਇਹ ਗੋਰਿਆਂ ਦੇ ਕਾਲੇ ਕਾਰਨਾਮੇ ਸਨ, ਜੋ ਕਈ ਥਾਂ ਅਜੇ ਤੱਕ ਵੀ ਖ਼ਤਮ ਨਹੀਂ ਹੋਏ। ਇਹ ਵਿਨਾਸ਼ ਦੀ ਗੱਲ ਹੈ, ਵਿਕਾਸ ਦੀ ਨਹੀਂ, ਜਿਹੜੀ ਕਾਲੇ ਮਨਾਂ ਵਾਲੇ ਗੋਰੇ ਲੋਕਾਂ ਨੇ ਨਹੀਂ ਹੋਣ ਦਿੱਤੀ। ਇਤਿਹਾਸ ਕਲੰਕਤ ਹੁੰਦਾ ਰਿਹਾ।
   ਗੋਰੇ ਵੱਖ-ਵੱਖ ਮੁਲਕਾਂ 'ਚ ਆਪਣੀ ਵਿਰਾਸਤ ਅਜਿਹੇ ਰੂਪ ਵਿੱਚ ਛੱਡ ਗਏ ਕਿ ਆਜ਼ਾਦ ਹੋਏ ਮੁਲਕਾਂ ਦੇ ਆਗੂ ਵੀ ਉਸ ਤੋਂ ਮੁਕਤ ਹੋਣ ਲਈ ਤਿਆਰ ਨਹੀਂ। ਉਹੀ ਚੁਸਤ-ਚਲਾਕੀਆਂ ਅੱਜ ਦੇ ਹਾਕਮ ਵੀ ਕਰੀ ਜਾ ਰਹੇ ਹਨ, ਜਿਨ੍ਹਾਂ ਦਾ ਸ਼ਿਕਾਰ ਉਨ੍ਹਾਂ ਦੇ ਆਪਣੇ ਲੋਕਾਂ ਨੂੰ ਹੀ ਹੋਣਾ ਪੈ ਰਿਹਾ। ਗੋਰੇ ਰੰਗ ਵਾਲਿਆਂ ਦੀ ਈਰਖਾ, ਗੁੱਸਾ ਅਤੇ ਚੁਸਤ-ਚਲਾਕੀਆਂ ਦੀ ਤਾਂ ਸਮਝ ਆ ਰਹੀ ਸੀ, ਪਰ ਹੁਣ ਕਾਲੇ ਅੰਗਰੇਜ਼ਾਂ ਦੀ ਤਾਂ ਸਮਝ ਹੀ ਨਹੀਂ ਪੈ ਰਹੀ, ਜੋ ਆਪਣੇ ਮੁਲਕ ਦੇ ਲੋਕਾਂ ਨੂੰ ਹੀ ਬੁੱਧੂ ਬਣਾਉਣ ਤੋਂ ਗੁਰੇਜ਼ ਨਹੀਂ ਕਰਦੇ। ਲੋਕਤੰਤਰ ਠੀਕ ਹੈ, ਪਰ ਲੋਕਤੰਤਰ ਦੀ ਭਾਵਨਾ ਕਾਇਮ ਨਹੀਂ, ਜਿਸ ਕਰਕੇ ਕੰਮ ਲੀਹ 'ਤੇ ਨਹੀਂ ਚੱਲ ਰਹੇ।
        ਗੋਰੇ ਲੋਕਾਂ ਨੇ ਹਾਕਮ ਬਣ ਕੇ ਜਿਹੜੇ ਕਾਲੇ ਕੰਮ ਕੀਤੇ, ਉਹ ਦੁਨੀਆ ਦੇ ਇਤਿਹਾਸ ਵਿੱਚ ਬਦਨੁਮਾ ਧੱਬੇ ਹਨ, ਜਿਹੜੇ ਮਿਟਾਏ ਨਹੀਂ ਜਾ ਸਕਦੇ। ਬਹੁਤ ਸਾਰੇ ਦੇਸ਼ਾਂ ਵਿੱਚ ਉਹ ਥਾਵਾਂ ਵੀ ਸੰਭਾਲ ਕੇ ਸੁਰੱਖਿਅਤ ਰੱਖੀਆਂ ਗਈਆਂ ਹਨ, ਜਿਹੜੀਆਂ ਗੋਰੇ ਲੋਕਾਂ ਦੇ ਕਾਲੇ ਕੰਮਾਂ ਦੀ ਗਵਾਹੀ ਭਰਨ ਤੋਂ ਮੁਨਕਰ ਨਹੀਂ ਹੋ ਸਕਦੀਆਂ, ਪਰ ਹੁਣ ਦੇ ਹਾਕਮਾਂ ਜਾਂ ਕਾਲੇ ਅੰਗਰੇਜ਼ਾਂ ਨੂੰ ਆਪਣੇ ਮਨ ਗੋਰੇ (ਸਾਫ਼-ਸੁਥਰੇ) ਕਰਨੇ ਚਾਹੀਦੇ ਹਨ ਤਾਂ ਜੋ ਉਹ ਜਿਸ ਸੇਵਾ ਵਾਸਤੇ ਉਹ ਹਕੂਮਤ ਦੇ ਮੈਦਾਨ ਵਿੱਚ ਆਏ ਹਨ, ਉਹ ਆਪਣੇ ਲੋਕਾਂ ਦੀ ਕਰਦੇ ਰਹਿਣ। ਅਜਿਹਾ ਕਰਕੇ ਹੀ ਉਹ ਲੋਕਾਂ ਦੀ ਪ੍ਰਸੰਸਾ ਲੈ ਸਕਣਗੇ।
       ਹੁਣ ਵਕਤ ਆ ਗਿਆ ਹੈ ਕਿ ਗੋਰੇ ਲੋਕਾਂ ਦੇ ਗੋਰੇ ਰੰਗ ਨੂੰ ਭੁੱਲਣਾ ਪਵੇਗਾ ਤਾਂ ਹੀ ਹਰ ਰੰਗ ਦੇ ਲੋਕਾਂ ਵਿੱਚ ਭਾਈਚਾਰਾ ਪੈਦਾ ਹੋ ਸਕਦਾ ਹੈ ਅਤੇ ਬਰਾਬਰੀ ਵੀ, ਜਿਸ ਨਾਲ ਇੱਕ-ਦੂਜੇ ਪ੍ਰਤੀ ਨਫ਼ਰਤ, ਈਰਖਾ ਘਟੇਗੀ ਅਤੇ ਮੁਹੱਬਤੀ ਮਾਹੌਲ ਪੈਦਾ ਹੋਵੇਗਾ। ਅੱਜ ਦੇ ਹਾਕਮਾਂ ਨੂੰ ਗੋਰੇ ਹਾਕਮਾਂ ਤੋਂ ਤਾਂ ਹੀ ਵੱਖਰੇ ਅਤੇ ਵਧੀਆ ਸਮਝਿਆ ਜਾ ਸਕਦਾ ਹੈ, ਜੇਕਰ ਉਹ ਫੋਕਾ ਰੋਹਬ-ਦਾਬ ਛੱਡ ਕੇ ਲੋਕ-ਹਿਤ ਦੇ ਕੰਮ ਕਰਨ। ਚੋਣਾਂ ਵੇਲੇ ਦੇਸ਼ ਦੇ ਲੋਕਾਂ ਨਾਲ ਕੀਤੇ ਵਾਅਦੇ ਹੈਂਗਰ 'ਤੇ ਨਾ ਲਟਕਾ ਛੱਡਣ, ਸਗੋਂ ਪੂਰੇ ਕਰਨ ਤਾਂ ਕਿ ਲੋਕਾਂ ਦਾ ਨੇਤਾਵਾਂ ਵਿੱਚ ਵਿਸ਼ਵਾਸ ਵਧ ਸਕੇ।
       ਜੇ ਅੱਜ ਦੇ ਹਾਕਮਾਂ ਨੇ ਲੋਕਾਂ ਦੀ ਨਬਜ਼ ਨਾ ਦੇਖੀ ਅਤੇ ਉਨ੍ਹਾਂ ਦੀ ਭਾਵਨਾ ਨਾ ਸਮਝੀ ਤਾਂ ਲੋਕ ਨਾਰਾਜ਼ ਹੋ ਕੇ ਨੇਤਾਵਾਂ ਵਿੱਚ ਬੇਭਰੋਸਗੀ ਪ੍ਰਗਟ ਕਰਨ ਲਈ ਤਿਆਰ ਹੋ ਜਾਣਗੇ, ਜਿਹੜੀ ਦੇਸ਼ ਵਾਸਤੇ ਕਿਸੇ ਤਰ੍ਹਾਂ ਵੀ ਚੰਗੀ ਸਾਬਤ ਨਹੀਂ ਹੋਵੇਗੀ। ਗੋਰੇ ਲੋਕ ਪਰ ਕਾਲੇ ਕੰਮ ਦੇ ਰਾਹ 'ਤੇ ਤੁਰਨਾ ਲੋਕਤੰਤਰ ਨਾਲ ਵੀ ਵਿਸਾਹਘਾਤ ਹੋਵੇਗਾ ਅਤੇ ਲੋਕਾਂ ਨਾਲ ਵੀ। ਇਸ ਲਈ ਅੱਜ ਦੇ ਹਾਕਮ ਆਪੋ ਆਪਣੇ ਮਨਾਂ ਨੂੰ ਗੋਰੇ, ਸਾਫ਼-ਸੁਥਰੇ ਅਤੇ ਨਿਮਰ ਰੱਖਣ ਤਾਂ ਕਿ ਉਹ ਦੇਸ਼ ਦੀ ਤਰੱਕੀ ਕਰਨ ਦੇ ਯੋਗ ਹੋ ਸਕਣ। ਅਜਿਹਾ ਸੰਭਵ ਹੈ, ਜੇ ਉਹ ਗੋਰੇ ਲੋਕ ਪਰ ਕਾਲੇ ਕੰਮ ਨਾ ਕਰਨ।

ਸਿਆਸਤ ਦਾ ਸ਼ੋਰ

ਜਦੋਂ ਵੀ ਚੋਣਾਂ ਹੁੰਦੀਆਂ ਹਨ ਤਾਂ ਮੁਲਕ ਭਰ ਦੇ ਸਿਆਸਤਦਾਨ ਚਲਾਕੀਆਂ ਦੇ ਰਾਹ ਪੈ ਜਾਂਦੇ ਹਨ ਤਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਚੋਣਾਂ ਜਿੱਤੀਆਂ ਜਾ ਸਕਣ। ਇਨ੍ਹਾਂ ਦੇ ਬਿਆਨ ਪੜ੍ਹਦਿਆਂ ਅਤੇ ਇਨ੍ਹਾਂ ਨੂੰ ਸੁਣਦਿਆਂ ਇੰਜ ਮਹਿਸੂਸ ਹੋਣ ਲੱਗ ਪੈਂਦਾ ਹੈ, ਜਿਵੇਂ ਸਾਰਾ ਝੂਠ ਅਤੇ ਸਮੁੱਚਾ ਧਰੋਹ ਸਿਆਸਤ ਦੇ ਖੇਤਰ ਵਿੱਚ ਹੀ ਆ ਗਿਆ ਹੋਵੇ। ਇਹ ਕੁਝ ਹੋਣਾ ਨਹੀਂ ਚਾਹੀਦਾ, ਕਿਉਂਕਿ ਆਪਣੇ ਦੇਸ਼ ਅਤੇ ਆਪਣੇ ਲੋਕਾਂ ਨਾਲ ਅਜਿਹਾ ਕਰਨਾ ਹੀ ਨਹੀਂ ਚਾਹੀਦਾ। ਅੱਜ ਦੇਸ਼ ਭਰ ਵਿੱਚ ਸਿਆਸਤ ਦਾ ਸ਼ੋਰ ਹੈ, ਜਿਸ ਵਿੱਚ ਤਰ੍ਹਾਂ-ਤਰ੍ਹਾਂ ਦੇ ਨਾਅਰੇ ਹਨ ਅਤੇ ਲਾਲਚਾਂ ਨਾਲ ਭਰੇ ਵਾਅਦੇ।
      ਉੱਚ ਕਦਰਾਂ-ਕੀਮਤਾਂ ਕਿੱਲੀ ਟੰਗੀਆਂ ਹੋਈਆਂ ਵੀ ਇਨ੍ਹਾਂ ਹਾਕਮਾਂ ਨੂੰ ਨਜ਼ਰ ਨਹੀਂ ਆਉਂਦੀਆਂ, ਕਿਉਂਕਿ ਇਨ੍ਹਾਂ ਦੀਆਂ ਨਜ਼ਰਾਂ ਵਿੱਚ ਤਾਂ ਸਿਰਫ਼ ਕੁਰਸੀਆਂ ਹੁੰਦੀਆਂ ਹਨ, ਉਥੇ ਨਹੀਂ ਜਾਣ ਦੇਣੀਆਂ ਹੁੰਦੀਆਂ। ਆਮ ਨਜ਼ਰ ਨਾਲ ਦੇਖਿਆਂ ਕੁਰਸੀ ਪ੍ਰਾਪਤ ਕਰ ਲੈਣੀ ਕਾਫ਼ੀ ਨਹੀਂ, ਸਗੋਂ ਕੁਰਸੀ 'ਤੇ ਬੈਠ ਕੇ ਉਸ ਦੇ ਯੋਗ ਹੋਣਾ ਵੱਡੀ ਗੱਲ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਭੁੱਲਣਾ ਨਹੀਂ ਚਾਹੀਦਾ।
      ਅੱਜ ਸਿਆਸਤ ਖੁੱਲ੍ਹ ਖੇਲ ਰਹੀ ਹੈ, ਜਿਸ ਵਿੱਚ ਸਾਰੀਆਂ ਹੀ ਪਾਰਟੀਆਂ ਆਪੋ-ਆਪਣਾ ਸ਼ੋਰ ਮਚਾ ਰਹੀਆਂ ਹਨ ਤਾਂ ਕਿ ਗੱਠਜੋੜ ਕੋਈ ਹੋਵੇ, ਪਰ ਜਿੱਤ ਵਾਸਤੇ ਚਾਰਾਜੋਈ ਕੀਤੀ ਜਾ ਸਕੇ। ਰੋਜ਼ ਨਵੇਂ ਗੱਠਜੋੜ ਬਣ ਰਹੇ ਹਨ, ਜਿਨ੍ਹਾਂ ਵਿੱਚ ਨੇਤਾ ਲੋਕਾਂ ਦੀਆਂ ਕਲਾਬਾਜ਼ੀਆਂ ਦੇ ਕੌਤਕਾਂ ਦਾ ਵੇਰਵਾ ਦੇਖਿਆ ਵੀ ਜਾ ਸਕਦੈ ਅਤੇ ਮਾਣਿਆਂ ਵੀ।


ਲਤੀਫ਼ੇ ਦਾ ਚਿਹਰਾ-ਮੋਹਰਾ

ਗਾਹਕ - ਜਿਹੜੀ ਕਰੀਮ ਤੁਸੀਂ ਸ਼ਰਤੀਆ ਦਿੱਤੀ ਸੀ, ਉਸ ਨਾਲ ਰੰਗ ਗੋਰਾ ਹੋਇਆ ਹੀ ਨਹੀਂ। ਇਹ ਮੋੜੋ, ਨਵੀਂ ਦਿਓ।
ਦੁਕਾਨਦਾਰ - ਬੀਬਾ ਜੀ, ਮਨ ਦੀ ਮੈਲ ਦੂਰ ਕਰੋ ਤਾਂ ਹੀ ਰੰਗ ਗੋਰਾ ਹੋ ਸਕੇਗਾ। ਕਰੀਮ ਤਾਂ ਤੁਹਾਡਾ ਵਹਿਮ ਦੂਰ ਹੀ ਕਰਦੀ ਹੈ ਕਿ ਤੁਸੀਂ ਗੋਰੇ ਹੋ ਰਹੇ ਹੋ, ਕਾਲੇ ਨਹੀਂ ਰਹੇ।

ਸੰਪਰਕ  : 98141-13338

30 March 2019

ਆਦਮਜਾਤ 'ਚ ਬਦਲਾਅ ਨਹੀਂ ਹੁੰਦਾ - ਸ਼ਾਮ ਸਿੰਘ ਅੰਗ-ਸੰਗ

ਰਿਸ਼ੀ-ਮੁਨੀਆਂ ਦਾ ਅੰਤ ਨਹੀਂ, ਕਿੰਨੇ ਪੀਰ-ਪੈਗੰਬਰ ਹੋ ਗਏ ਅਤੇ ਕਿੰਨੇ ਭਗਤ ਗੁਰੂ, ਜਿਨ੍ਹਾਂ ਆਪੋ-ਆਪਣੇ ਵਿਚਾਰਾਂ ਨਾਲ ਮਨੁੱਖ 'ਚ ਤਬਦੀਲੀ ਲਿਆਉਣ ਦਾ ਜਤਨ ਕੀਤਾ, ਜੋ ਮਿੱਥੇ ਟੀਚਿਆ ਤੱਕ ਨਹੀਂ ਆਈ। ਸਭ ਨੇ ਆਪਣੇ ਸੰਜਮ, ਅਨੁਸ਼ਾਸਨ ਅਤੇ ਕੁੱਲ ਵਿਹਾਰ ਨਾਲ ਮਨੁੱਖ ਨੂੰ ਮਨੁੱਖੀ-ਬਰਾਬਰੀ ਦਾ ਸੰਦੇਸ਼ ਦਿੱਤਾ, ਪਰ ਮਨੁੱਖ ਜਿੱਥੋਂ ਤੁਰਿਆ ਸੀ, ਉੱਥੇ ਦਾ ਉੱਥੇ ਹੀ ਖੜ੍ਹਾ ਰਹਿ ਗਿਆ। ਜੇ ਕਿਸੇ ਵਿੱਚ ਮਾੜੀ-ਮੋਟੀ ਬਦਲਾਅ ਦੀ ਭਾਵਨਾ ਜਾਗੀ, ਉਹ ਵੀ ਪੂਛ ਦਬਾ ਕੇ ਬੈਠ ਗਿਆ। ਇਸ ਦਾ ਕਾਰਨ ਇਹ ਸੀ ਕਿ ਧਾਰਮਿਕ ਸਥਾਨ 'ਚ ਧਾਰਮਿਕ ਹੋਣ ਦਾ ਨਾਟਕ ਤਾਂ ਕੀਤਾ ਜਾਂਦਾ ਰਿਹਾ, ਪਰ ਬਾਹਰ ਨਿਕਲਦਿਆਂ ਹੀ ਮਨੁੱਖ ਵਿੱਚ ਹਊਮੈ ਦੇ ਫੁੰਕਾਰੇ ਵੱਜਦੇ ਨਜ਼ਰ ਆਏ।
       ਮਨੁੱਖ ਨੂੰ ਆਪਣੀ ਮਰਜ਼ੀ ਮੁਤਾਬਕ ਜੀਣਾ ਨਹੀਂ ਆਇਆ, ਕਿਉਂਕਿ ਉਹ ਸੁਤੰਤਰ ਹੁੰਦਾ ਹੋਇਆ ਵੀ ਸਮਾਜ ਦੇ ਫ਼ਜ਼ੂਲ ਬੰਧਨਾਂ ਤੋਂ ਮੁਕਤ ਨਹੀਂ। ਇੱਕਵੀਂ ਸਦੀ ਤੱਕ ਪਹੁੰਚਦਿਆਂ ਵੀ ਆਦਮਜਾਤ ਨੂੰ ਇਹ ਸਮਝ ਨਹੀਂ ਆਈ ਕਿ ਜੇ ਬਹੁਤ ਸਾਰੇ ਮੁਲਕਾਂ ਦਾ ਧਰਮ ਬਿਨਾਂ ਕੰਮ ਚੱਲੀ ਜਾਂਦਾ, ਜਾਤ-ਪਾਤ ਬਿਨਾਂ ਸਰੀ ਜਾਂਦਾ ਤਾਂ ਭਾਰਤ ਦਾ ਵਸਨੀਕ ਇਨ੍ਹਾਂ ਪਾਸਿਆਂ ਦੀ ਖਿੜਕੀ ਕਿਉਂ ਨਹੀਂ ਖੋਲ੍ਹਦਾ, ਜਿਸ 'ਚੋਂ ਗਿਆਨ ਦੀ ਤਾਜ਼ੀ ਹਵਾ ਦੀ ਆਸ ਬੱਝੇਗੀ।
       ਅਸਲ ਵਿੱਚ ਈਰਖਾ, ਨਫ਼ਰਤ, ਸਾੜਾ ਅਤੇ ਅਣ-ਬਰਾਬਰੀ ਦੀ ਭਾਵਨਾ ਮਨੁੱਖ ਦਾ ਪਿੱਛਾ ਨਹੀਂ ਛੱਡਦੇ, ਜਿਸ ਕਾਰਨ ਆਦਮਜਾਤ ਇਨ੍ਹਾਂ ਦੀਆਂ ਸੰਗਲੀਆਂ ਵਿੱਚ ਜਕੜਿਆ ਹੋਇਆ ਬਾਹਰ ਵੱਲ ਨਾ ਦੇਖਦਾ ਹੈ ਅਤੇ ਨਾ ਸੋਚਦਾ। ਗੁਆਂਢੀ ਨਾਲ ਰਿਸ਼ਤਾ ਰਵਾਂ ਨਹੀਂ ਰੱਖਦਾ। ਦੂਜਿਆਂ ਨਾਲ ਤਾਂ ਕੀ ਆਪਣੇ-ਆਪ ਨਾਲ ਵੀ ਮੁਹੱਬਤ ਨਹੀਂ ਕਰਦਾ, ਜਿਸ ਕਰਕੇ ਰੁੱਖੇ ਜਿਹੇ ਸੁਭਾਅ ਵਿੱਚ ਉਹ ਕੁਝ ਕਰਦਾ ਰਹਿੰਦਾ ਹੈ, ਜੋ ਠੀਕ ਨਹੀਂ ਹੁੰਦਾ, ਜਿਸ ਦੀ ਲੋੜ ਹੀ ਨਹੀਂ ਹੁੰਦੀ। ਉਹ ਸਮਾਜ ਮੁਤਾਬਕ ਜੀਊਂਦਾ ਹੈ, ਆਪਣੇ ਤੌਰ 'ਤੇ ਰਹਿਣ-ਸਹਿਣ ਦੀ ਜਾਂਚ ਹੀ ਨਹੀਂ ਸਿੱਖਦਾ।
       ਆਦਮਜਾਤ ਦੀ ਜਾਤ ਮਾਂ ਦੀ ਕੁੱਖ ਹੈ, ਜਿਸ ਦੀ ਕੋਈ ਜਾਤ ਨਹੀਂ ਹੁੰਦੀ। ਮਾਵਾਂ ਦੀ ਕੁੱਖ ਵਿੱਚ ਸਮਾਨਤਾ ਹੈ, ਜਿੱਥੇ ਬਣਦਾ, ਪਲਦਾ ਜੀਵ ਬੱਚੇ ਦੇ ਰੂਪ ਵਿੱਚ ਇੱਕ ਸੁੰਦਰ ਨਗੀਨੇ ਦਾ ਰੂਪ ਧਾਰ ਕੇ ਉਨ੍ਹਾਂ ਸਾਰੇ ਅੰਗਾਂ ਸਮੇਤ ਬਾਹਰ ਆਉਂਦਾ ਹੈ, ਜਿਹੜੇ ਦੂਜਿਆਂ ਦੇ ਸਮਾਨ ਹੁੰਦੇ ਹੋਏ ਵੱਖਰੇ ਨਹੀਂ ਹੁੰਦੇ। ਫੇਰ ਰਹਿਣ ਵਾਲੀਆਂ ਥਾਂਵਾਂ ਅਤੇ ਮਾਪਿਆਂ ਮੁਤਾਬਕ ਵਖਰੇਵੇਂ ਕਰਕੇ ਦੇਖਣਾ ਨਿਆਂਪੂਰਨ ਨਹੀਂ। ਜਿਹੜੇ ਅਸਮਾਨਤਾ ਪੈਦਾ ਕਰਦੇ ਹਨ, ਉਹ ਮਾਂ ਦੀ ਕੁੱਖ ਦਾ ਅਪਮਾਨ ਕਰਦੇ ਹਨ ਅਤੇ ਕੁਦਰਤ ਦਾ ਵੀ।
     ਆਦਮਜਾਤ ਵਿੱਚ ਬਦਲਾਅ ਇਸ ਲਈ ਵੀ ਨਹੀਂ ਆਉਂਦਾ, ਕਿਉਂਕਿ ਸਮਾਜ ਵਿੱਚ ਸਦੀਆਂ ਤੋਂ ਪਈਆਂ ਲੀਹਾਂ ਬਦਲਣ ਲਈ ਤਿਆਰ ਨਹੀਂ। ਵੱਖ-ਵੱਖ ਵਰਗਾਂ ਦੇ ਨੇਤਾ ਵਰਗਾਂ 'ਚ ਸਾਂਝੀਵਾਲਤਾ ਪੈਦਾ ਕਰਨ ਦੇ ਰਾਹ ਨਹੀਂ ਪੈਂਦੇ, ਕਿਉਂਕਿ ਉਹ ਆਪਣੀ ਚੌਧਰ ਕਾਇਮ ਰੱਖਣ ਲਈ ਲੋਕਾਂ ਵਿੱਚ ਵੰਡਾਂ ਵੀ ਪਾਉਂਦੇ ਹਨ ਅਤੇ ਖਾਈਆਂ ਵੀ। ਸਿਆਸੀ ਨੇਤਾ ਤਾਂ ਅਜਿਹਾ ਕਰਦੇ ਹੀ ਹਨ, ਨਾਲ ਦੀ ਨਾਲ ਧਾਰਮਿਕ ਆਗੂ ਵੀ ਧਰਮ ਦੀ ਰੂਹ ਦੇ ਵਿਰੁੱਧ ਚੱਲਦੇ ਹੋਏ ਉਹ ਕੁਝ ਕਰਦੇ ਰਹਿੰਦੇ ਹਨ, ਜੋ ਧਰਮ ਦੇ ਫੈਲਾਅ ਲਈ ਵੰਡਾਂ ਨੂੰ ਜਰਬ ਦਿੰਦੇ ਰਹਿੰਦੇ ਹਨ, ਤਾਂ ਜੋ ਉਨ੍ਹਾਂ ਦਾ ਮੰਡਾ-ਪੂੜਾ ਖੂਬ ਚੱਲਦਾ ਰਹੇ ਅਤੇ ਕਾਇਮ ਵੀ ਰਹੇ।
       ਰਾਜਨੀਤੀਵਾਨ ਇੱਕ ਪਾਸੇ ਜਾਤਪਾਤ ਦਾ ਵਿਰੋਧ ਕਰਦੇ ਹੋਏ ਭਾਸ਼ਣਾਂ ਦਾ ਰਾਸ਼ਣ ਖ਼ਤਮ ਨਹੀਂ ਹੋਣ ਦਿੰਦੇ, ਪਰ ਦੂਜੇ ਪਾਸੇ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ ਜਾਤਪਾਤ ਅਤੇ ਫ਼ਿਰਕਾਪ੍ਰਸਤੀ ਦਾ ਭਰਪੂਰ ਸਹਾਰਾ ਲੈਣ ਦਾ ਉਪਰਾਲਾ ਕਰਦੇ ਹਨ, ਤਾਂ ਕਿ ਲੋਕਾਂ ਦੀ ਇਸ ਤਰ੍ਹਾਂ ਦੀ ਭਾਵਨਾ ਦਾ ਪੂਰਾ ਫਾਇਦਾ ਲਿਆ ਜਾ ਸਕੇ। ਸਿਆਸੀ ਨੇਤਾਵਾਂ ਦੀ ਇਸ ਦੋਗਲੀ ਨੀਤੀ ਨੇ ਫ਼ਿਰਕਾਪ੍ਰਸਤੀ ਦੀ ਪੁਸ਼ਤ-ਪਨਾਹੀ ਕੀਤੀ ਹੈ ਅਤੇ ਮਾਨਵਤਾ ਦੇ ਅੰਬਰਾਂ ਦੇ ਨਿੰਬਲ ਨਹੀਂ ਹੋਣ ਦਿੱਤਾ।
       ਹੱਦ ਤਾਂ ਉਦੋਂ ਹੋ ਜਾਂਦੀ ਹੈ, ਜਦ ਚੋਣਾਂ ਦੇ ਵਕਤ ਮੀਡੀਆ ਇਹ ਦੱਸਣ, ਲਿਖਣ ਵਿੱਚ ਇੱਕ-ਦੂਜੇ ਤੋਂ ਅੱਗੇ ਹੁੰਦਾ ਹੈ ਕਿ ਕਿਸ ਲੋਕ ਸਭਾ ਹਲਕੇ ਵਿੱਚ ਕਿਹੜੀਆਂ-ਕਿਹੜੀਆਂ ਜਾਤਾਂ ਦੇ ਲੋਕ ਹਨ ਅਤੇ ਉਨ੍ਹਾਂ ਦੇ ਕਿੰਨੇ ਕਿੰਨੇ ਵੋਟਰ। ਸਿਆਸੀ ਮਾਹਰ ਵੀ ਏਹੀ ਆਧਾਰ ਬਣਾ ਕੇ ਅਨੁਮਾਨ ਲਾਉਂਦੇ ਹਨ ਅਤੇ ਵਿਸ਼ਲੇਸ਼ਣ ਵੀ ਕਰਦੇ ਹਨ, ਤਾਂ ਕਿ ਹਰ ਜਾਤ ਦੇ ਵੋਟਰਾਂ ਨੂੰ ਜਾਣਕਾਰੀ ਦੇ ਕੇ ਆਪਣੀ ਪਸੰਦ ਦੇ ਉਮੀਦਵਾਰ ਦੇ ਹੱਕ ਵਿੱਚ ਵੋਟਰਾਂ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਇਹ ਕੋਈ ਚੰਗੀ ਗੱਲ ਨਹੀਂ, ਪਰ ਇਸ 'ਤੇ ਕਿਸੇ ਲਈ ਕੋਈ ਪਾਬੰਦੀ ਨਹੀਂ।
      ਪੜ੍ਹ-ਲਿਖ ਜਾਣ ਬਾਅਦ ਬੰਦਾ ਸਭਿਅਕ ਹੋ ਗਿਆ ਹੋਣਾ ਚਾਹੀਦਾ ਸੀ, ਪਰ ਅਜਿਹਾ ਹੋਇਆ ਨਹੀਂ। ਸਭਿਅਕ ਹੋ ਕੇ ਸਮਾਜ ਹੋਰ ਜਾਤਪਾਤੀ ਹੋ ਗਿਆ, ਧਨ-ਦੌਲਤ ਵੱਲ ਹੋਰ ਵੀ ਵੱਧ ਖਿੱਚਿਆ ਗਿਆ ਅਤੇ ਨਫ਼ਰਤ ਵਿੱਚ ਧਸ ਕੇ ਰਹਿ ਗਿਆ, ਜਿਸ ਕਾਰਨ ਉਸ ਵਿੱਚ ਬਦਲਾਅ ਨਹੀ੬ਂ ਆ ਸਕਿਆ। ਧਾਰਮਿਕ ਸਥਾਨਾਂ 'ਤੇ ਜਾਣਾ ਅਤੇ ਧਾਰਮਿਕ ਪਹਿਰਾਵਾ ਪਾਣ ਨਾਲ ਹੀ ਨਹੀਂ ਸਰਨਾ, ਸਗੋਂ ਗੁਰੂਆਂ-ਪੀਰਾਂ ਦੇ ਵਿਚਾਰਾਂ 'ਤੇ ਅਮਲ ਕਰ ਕੇ ਹੀ ਆਦਮਜਾਤ ਦੇ ਜੀਵਨ ਵਿੱਚ ਬਦਲਾਅ ਆ ਸਕਦਾ ਹੈ। ਜਿਸ ਲਈ ਸਾਰੇ ਜਤਨ ਕਰਨ ਤਾਂ ਇਹ ਛੇਤੀ ਹੀ ਹੋ ਸਕਦੈ।


ਮਣੀ ਲੇਖਕ ਕੈਸੇ ਬਣੀ

ਕੁਝ ਅਰਸਾ ਪਹਿਲਾਂ ਬਹੁਤ ਹੀ ਸਧਾਰਨ ਜਿਹੀ ਨਜ਼ਰ ਆਉਂਦੀ ਅਤੇ ਸਮਾਜ ਵਿੱਚ ਵਿਚਰਨ ਲਈ ਇਸਤਰੀ ਨੇ ਕਲਮ ਫੜੀ ਤਾਂ ਪੀ ਭਾਨੂ ਬਣ ਗਈ।
      ਪ੍ਰੋ. ਹਰਭਜਨ ਸਿੰਘ ਕਾਲਾ ਸੰਘਿਆਂ ਦੀ ਜੀਵਨ ਸਾਥਣ ਬਣਨ ਕਰਕੇ ਅਤੇ ਗਰਮ ਲਹਿਰ ਦਾ ਹਿੱਸਾ ਬਣਨ ਨਾਲ ਉਹ ਆਮ ਔਰਤਾਂ ਨਾਲੋਂ ਜਾਗ੍ਰਿਤ ਹੋ ਗਈ। 'ਪਰਬਤ ਦੀ ਬੇਟੀ' ਨਾਵਲ ਲਿਖਣ ਤੋਂ ਬਾਅਦ 'ਮਣੀ ਲੇਖਕ ਕੈਸੇ ਬਣੀ' ਉਸ ਦਾ ਦੂਜਾ ਨਾਵਲ ਹੈ, ਜੋ ਪੰਜਾਬੀ ਲਹਿਜੇ ਵਾਲੀ ਹਿੰਦੀ ਵਿੱਚ ਲਿਖਿਆ ਗਿਆ ਹੈ, ਜਿਸ ਦਾ ਮੁੱਖ ਬੰਦ ਡਾ. ਗੁਰਪਾਲ ਸਿੰਘ ਸੰਧੂ ਨੇ ਲਿਖ ਕੇ ਨਾਵਲ ਦੀ ਜਾਣਕਾਰੀ ਕਰਵਾ ਦਿੱਤੀ। ਉਸ ਦੇ ਜਤਨਾਂ ਨਾਲ ਹੀ ਪੰਜਾਬ ਯੂਨੀਵਰਸਿਟੀ ਦੇ ਇੰਗਲਿਸ਼ ਆਡੀਟੋਰੀਅਮ ਵਿੱਚ ਨਾਵਲ ਰਿਲੀਜ਼ ਵੀ ਕੀਤਾ ਗਿਆ ਅਤੇ ਉਸ ਬਾਰੇ ਵਿਚਾਰ-ਚਰਚਾ ਵੀ।
      ਨਾਵਲ ਬਾਰੇ ਬੋਲਣ ਵਾਲਿਆਂ 'ਚ ਮਾਧਵ ਕੌਸ਼ਕ, ਡਾ. ਜਸਵਿੰਦਰ ਸਿੰਘ, ਡਾ. ਧਨਵੰਤ ਕੌਰ, ਡਾ. ਗੁਰਮੀਤ ਸਿੰਘ, ਡਾ. ਪਰਮਜੀਤ ਸਿੰਘ, ਸੁਖਦੇਵ ਸਿੰਘ ਮਿਨਹਾਸ, ਮੈਡਮ ਨੀਰਜਾ ਅਤੇ ਅਮਰੀਕਾ ਤੋਂ ਆਏ ਹਰਜਿੰਦਰ ਸਿੰਘ ਪੰਧੇਰ ਦੇ ਨਾਂਅ ਸ਼ਾਮਲ ਹਨ, ਜਿਨ੍ਹਾਂ ਨਾਵਲ ਨੂੰ ਸਲਾਹਿਆ। ਬੋਲਣ ਲਈ ਮੈਨੂੰ ਵੀ ਕਿਹਾ ਗਿਆ, ਪਰ ਨਾ ਬੋਲਿਆ। ਮੈਂ ਸਮਝਦਾਂ ਕਿ ਜਿਹੜੇ ਪੀ ਭਾਨੂ ਨੂੰ ਜਾਣਦੇ ਹਨ ਉਹ ਨਾਵਲ ਨੂੰ ਸਵੈ-ਜੀਵਨੀ ਵਜੋਂ ਵੀ ਪੜ੍ਹ ਸਕਦੇ ਹਨ ਅਤੇ ਨਾਵਲ ਵਜੋਂ ਵੀ। ਨਾਵਲ ਜਾਣਕਾਰੀ ਦੇਣ ਵਾਲਾ ਹੈ ਅਤੇ ਪੜ੍ਹਨ ਵਾਸਤੇ ਦਿਲਚਸਪੀ ਵਾਲਾ ਵੀ।
      ਇਸ ਸਾਹਿਤਕ ਸਮਾਗਮ ਵਿੱਚ ਹਿੰਦੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਤੋਂ ਬਿਨਾਂ ਬਲਵਿੰਦਰ ਸਿੰਘ ਉੱਤਮ ਦੇ ਉਪਰਾਲਿਆਂ ਨਾਲ ਪੰਜਾਬੀ ਦੇ ਲੇਖਕ ਡਾ. ਸ਼ਰਨਜੀਤ ਕੌਰ, ਕਸ਼ਮੀਰ ਪੰਨੂ, ਅਵਤਾਰ ਭੰਵਰਾ ਅਤੇ ਹੋਰ ਵੀ ਕਈ ਇੱਕ ਸ਼ਾਮਲ ਹੋਏ। ਇਹ ਚੰਗਾ ਰੌਣਕ ਮੇਲਾ ਸੀ, ਜਿਸ 'ਤੇ ਖੁਸ਼ ਹੋ ਕੇ ਬਾਹਰ ਇੰਦਰ ਦੇਵਤਾ ਖੁਸ਼ੀ ਦੇ ਹੰਝੂ ਕੇਰ ਰਿਹਾ ਸੀ, ਜਿਸ ਕਾਰਨ ਮੌਸਮ ਖੁਸ਼ਗਵਾਰ ਅਤੇ ਗਲਵੱਕੜੀਆਂ ਵਰਗਾ ਹੋ ਗਿਆ।


ਲਤੀਫ਼ੇ ਦਾ ਚਿਹਰਾ-ਮੋਹਰਾ

ਚਲੋ ਮੰਨ ਲੈਂਦੇ ਹਾਂ ਕਿ ਸਾਰਾ ਦੇਸ਼ ਹੀ ਚੌਕੀਦਾਰ ਹੈ ਅਤੇ ਚੌਕਸੀ ਦੀ ਘਾਟ ਨਹੀਂ, ਪਰ ਦੇਖਣ ਵਾਲੀ ਗੱਲ ਇਹ ਹੈ ਕਿ ਜਦ ਨੀਰਵ, ਮਾਲਿਆ ਅਤੇ ਹੋਰ ਦੇਸ਼ ਵਿੱਚੋਂ ਦੌੜੇ ਉਦੋਂ ਡਿਊਟੀ 'ਤੇ ਭਲਾ ਕੌਣ-ਕੌਣ ਸੀ।
-0-
ਪ੍ਰਸ਼ਨ  : ਸੋਨੇ ਦੀ ਚਿੜੀ ਤੂੰ ਕਿੱਧਰ ਉਡ ਗਈ?
ਉੱਤਰ  : ਉਡੀ ਨਹੀਂ, ਅਮੀਰਾਂ ਨੇ ਫੜੀ ਹੋਈ ਆਂ।
ਪ੍ਰਸ਼ਨ   : ਕਿਵੇਂ ਫਿਰ ਇਨ੍ਹਾਂ ਕੋਲੋਂ ਮੁਕਤ ਹੋ ਸਕੇਂਗੀ?
ਉੱਤਰ   : ਦੇਸ਼ ਵਿੱਚ ਚੰਗੇ ਹਾਕਮ ਲਿਆਓ।

21 March 2019

ਵਾਅਦੇ 'ਤੇ ਵਾਅਦਾ ਨਤੀਜਾ ਸਿਫ਼ਰ - ਸ਼ਾਮ ਸਿੰਘ ਅੰਗ-ਸੰਗ

ਜਿੰਨੇ ਮਰਜ਼ੀ ਕੋਈ ਦਮਗਜ਼ੇ ਮਾਰੇ, ਆਮ ਹੀ ਬਹੁਤੀਆਂ ਸਿਆਸੀ ਪਾਰਟੀਆਂ ਵਾਅਦੇ ਕਰ ਤਾਂ ਲੈਂਦੀਆਂ ਹਨ, ਪਰ ਪੂਰੇ ਨਹੀਂ ਕਰਦੀਆਂ। ਆਪਣੇ ਕੱਦ ਅਤੇ ਆਪਣੀ ਸਮਰੱਥਾ ਨਾਲੋਂ ਕੀਤੇ ਵੱਡੇ ਵਾਅਦੇ ਸਿਆਸੀ ਪਾਰਟੀਆਂ ਪੂਰੇ ਕਰ ਹੀ ਨਹੀਂ ਸਕਦੀਆਂ, ਜਿਸ ਕਾਰਨ ਠੱਗੇ ਹੋਏ ਵੋਟਰ ਧੋਖੇ ਦੇ ਵਿਸ਼ਾਲ ਜੰਗਲ ਵਿੱਚੋਂ ਬਾਹਰ ਨਿਕਲਣ ਜੋਗੇ ਹੀ ਨਹੀਂ ਰਹਿੰਦੇ।
        ਵਾਅਦੇ ਓਹੀ ਕੀਤੇ ਜਾਣੇ ਚਾਹੀਦੇ ਹਨ, ਜਿਹੜੇ ਪੂਰੇ ਕੀਤੇ ਜਾ ਸਕਣ। ਅਜਿਹਾ ਕਰਨ ਵਾਲੀਆਂ ਪਾਰਟੀਆਂ ਜਿੱਤ ਹਾਸਲ ਕਰ ਲੈਂਦੀਆਂ ਹਨ ਅਤੇ ਕਦੇ ਮਾਰ ਨਹੀਂ ਖਾਂਦੀਆਂ। ਬਹੁਤੀਆਂ ਪਾਰਟੀਆਂ ਤਾਂ ਅਜਿਹੀਆਂ ਹਨ, ਜਿਹੜੀਆਂ ਪਰਬਤ ਜਿੱਡੇ ਵਾਅਦੇ ਕਰ ਲੈਂਦੀਆਂ ਹਨ ਅਤੇ ਹਿੰਮਤ ਟਿੱਬੇ ਪਾਰ ਕਰਨ ਤੱਕ ਦੀ ਨਹੀਂ ਹੁੰਦੀ।
       ਵੋਟਰਾਂ ਨਾਲ ਵਾਅਦੇ ਇਸ ਕਰਕੇ ਕੀਤੇ ਜਾਂਦੇ ਹਨ ਤਾਂ ਜੋ ਦੇਸ਼ ਭਰ ਦੀ ਜਨਤਾ ਨੂੰ ਭਰਮਾਇਆ ਜਾ ਸਕੇ। ਲੋਕ ਭਰਮ ਜਾਲ ਵਿੱਚ ਫਸ ਵੀ ਜਾਂਦੇ ਹਨ, ਕਿਉਂਕਿ ਚਲਾਕ ਨੇਤਾ ਉਨ੍ਹਾਂ ਨੂੰ ਅਜਿਹੇ ਸਬਜ਼ਬਾਗ ਦਿਖਾਉਂਦੇ ਹਨ, ਜਿਨ੍ਹਾਂ ਦੀ ਤਲਿਸਮੀ ਖਿੱਚ ਤੋਂ ਕੋਈ ਨਹੀਂ ਬਚਦਾ।
       ਦੇਸ਼ ਦੇ ਬਹੁਤ ਨਾਗਰਿਕ ਭੁਲੱਕੜ ਹੋਣ ਕਾਰਨ ਵਾਅਦਿਆਂ ਦਾ ਬਹੁਤੀ ਦੇਰ ਤਕ ਚੇਤਾ ਨਹੀਂ ਰੱਖਦੇ, ਪਰ ਜਿਨ੍ਹਾਂ ਨੂੰ ਇਹ ਚੇਤਾ ਨਹੀਂ ਭੁੱਲਦਾ, ਉਨ੍ਹਾਂ ਦੇ ਜ਼ਿਹਨ 'ਚੋਂ ਇਹ ਵਾਅਦੇ ਕਦੇ ਨਹੀਂ ਕਿਰਦੇ ਕਿ ਪੰਦਰਾਂ ਲੱਖ ਦੇ ਖੇਡੇ ਗਏ ਫਰਾਡ ਦਾ ਕੀ ਬਣਿਆ, ਹਰ ਸਾਲ ਦੀਆਂ ਦੋ ਕਰੋੜ ਨੌਕਰੀਆਂ ਕਿੱਧਰ ਚਲੇ ਗਈਆਂ ਅਤੇ ਕਾਲੇ ਧਨ ਬਾਰੇ ਬੋਲੇ ਚਿੱਟੇ ਝੂਠ ਦੀਆਂ ਕਹਾਣੀਆਂ ਨੂੰ ਕਿਹੜੇ ਖਾਤੇ ਵਿੱਚ ਪਾਈਏ? ਇਹ ਛੋਟੀ-ਮੋਟੀ ਪਾਰਟੀ ਵੱਲੋਂ ਕੀਤੇ ਗਏ ਵਾਅਦੇ ਨਹੀਂ ਸਨ, ਸਗੋਂ ਉਸ ਦੀ ਤਰਫ਼ ਤੋਂ ਕੀਤੇ ਗਏ, ਜਿਸ ਦੇ ਹੱਥ ਵਿੱਚ ਦੇਸ਼ ਦੀ ਸੱਤਾ ਆ ਗਈ।
    ਲੋਕ ਅੱਜ ਤੱਕ ਮੂੰਹ ਵਿੱਚ ਉਂਗਲਾਂ ਪਾਈ ਫਿਰਦੇ ਹਨ, ਪਰ ਵਾਅਦੇ ਕਰਨ ਵਾਲਿਆਂ ਦੇ ਹੁੰਦਿਆਂ-ਸੁੰਦਿਆਂ ਜਵਾਬ ਦੇਣ ਵਾਲਾ ਕੋਈ ਨਹੀਂ। ਇਨ੍ਹਾਂ ਵਾਅਦਿਆਂ ਸੰਬੰਧੀ ਸਵਾਲ ਕਰਨ ਵਾਲਿਆਂ ਨੂੰ ਤਰ੍ਹਾਂ-ਤਰ੍ਹਾਂ ਦੇ ਤਰੀਕਿਆਂ ਨਾਲ ਦਬਾਇਆ ਜਾਂਦਾ ਹੈ, ਤਾਂ ਕਿ ਉਸ ਦਾ ਮੂੰਹ ਤਾਂ ਬੰਦ ਹੋਵੇ ਹੀ ਹੋਵੇ ਅਤੇ ਦੂਜੇ ਵੀ ਡਰ ਕੇ ਦੱਬੇ ਰਹਿਣ। ਦੇਸ਼ ਦੇ ਹਾਕਮਾਂ ਦਾ ਇਹ ਕੋਈ ਸਭਿਅਕ ਸਲੀਕਾ ਨਹੀਂ, ਜਿਸ ਨੂੰ ਪ੍ਰਵਾਨ ਕੀਤਾ ਜਾ ਸਕੇ।
       ਵਾਅਦੇ ਪੂਰੇ ਨਾ ਕਰਨ ਵਾਲੇ ਨੇਤਾਵਾਂ ਦਾ ਕਿਰਦਾਰ ਨੀਵਾਣਾਂ ਵੱਲ ਕਿਰ ਜਾਂਦਾ ਹੈ ਅਤੇ ਵੱਡਾ ਨਹੀਂ ਰਹਿੰਦਾ। ਅਜਿਹੇ ਨੇਤਾ ਜਨਤਾ ਦੇ ਦਿਲਾਂ 'ਚੋਂ ਉਦੋਂ ਹੀ ਕਿਰ ਜਾਂਦੇ ਹਨ, ਜਦ ਉਹ ਵਾਅਦੇ ਪੂਰੇ ਨਹੀਂ ਕਰਦੇ। ਭੋਲੀ-ਭਾਲੀ ਜਨਤਾ ਨਾਲ ਵਾਅਦਾ-ਖਿਲਾਫ਼ੀ ਉੱਕੀ ਹੀ ਚੰਗੀ ਨਹੀਂ ਹੁੰਦੀ, ਕਿਉਂਕਿ ਉਹ ਨੇਤਾਵਾਂ ਨੂੰ ਉਸ ਕੁਰਸੀ 'ਤੇ ਬਿਠਾ ਦਿੰਦੀ ਹੈ, ਜਿਹੜੀ ਉੱਚੇ ਰੁਤਬੇ ਵਾਲੀ ਹੁੰਦੀ ਹੈ ਅਤੇ ਇਮਾਨਦਾਰੀ ਦੀ ਪ੍ਰਤੀਕ ਵੀ। ਅਜਿਹੀ ਕੁਰਸੀ 'ਤੇ ਬੈਠਣ ਵਾਲਾ ਦਗੇ ਕਰੇ ਇਹ ਤਾਂ ਜ਼ਰਾ ਵੀ ਠੀਕ ਨਹੀਂ।
       2014 ਦੀਆਂ ਚੋਣਾਂ ਸਮੇਂ ਕੀਤੇ ਗਏ ਵਾਅਦੇ ਪਤਾ ਨਹੀਂ ਕਿੱਧਰ ਤਿੱਤਰ ਹੋ ਗਏ ਕਿ ਅੱਜ ਤੱਕ ਸੱਤਾਧਾਰੀਆਂ ਨੂੰ ਯਾਦ ਹੀ ਨਾ ਆਏ। ਲੋਕਾਂ ਦੀ ਉਡੀਕ ਦੇ ਹੈਂਗਰ 'ਤੇ ਹੀ ਲਟਕਦੇ ਰਹਿ ਗਏ, ਜਿਸ ਕਾਰਨ ਕੀਤੇ ਗਏ ਵਾਅਦਿਆਂ 'ਤੇ ਵਾਅਦਿਆਂ ਦਾ ਨਤੀਜਾ ਸਿਫ਼ਰ ਹੋ ਕੇ ਹੀ ਰਹਿ ਗਿਆ। ਚਤਰਾਈ ਨਾਲ ਚੋਣ ਜਿੱਤ ਲਈ ਅਤੇ ਪੰਜ ਸਾਲ ਮੌਜਾਂ ਕਰ ਲਈਆਂ ਪਰ ਹੁਣ ਜਾਗੀ ਹੋਈ ਜਨਤਾ ਵਾਅਦਾ-ਖਿਲਾਫ਼ੀ ਕਰਨ ਵਾਲਿਆਂ ਤੋਂ ਬਦਲਾ ਜ਼ਰੂਰ ਲਵੇਗੀ।


ਪੰਜਾਬ ਦਾ ਸਿਆਸੀ ਦ੍ਰਿਸ਼


ਸਿਆਸੀ ਮਾਹਿਰ ਪੰਜਾਬ ਦੇ ਸਿਆਸੀ ਦ੍ਰਿਸ਼ ਬਾਰੇ ਜੋ ਮਰਜ਼ੀ ਅੰਦਾਜ਼ੇ ਦੱਸਣ, ਪਰ ਇਸ ਵਕਤ ਪੰਜਾਬ ਦੀ ਰਾਜਨੀਤਕ ਹਾਲਤ ਨੂੰ ਇਸ ਕਰਕੇ ਸਮਝਣਾ ਆਸਾਨ ਨਹੀਂ, ਕਿਉਂਕਿ ਸਿਆਸੀ ਪਾਰਟੀਆਂ ਦੇ ਗਠਜੋੜ ਵਿੱਚ ਭੰਬਲਭੂਸਾ ਵੀ ਪਿਆ ਹੋਇਆ ਹੈ ਅਤੇ ਅਨਿਸਚਿਤਤਾ ਵੀ। ਅੱਜ ਕਿਹੜੀ ਪਾਰਟੀ ਕਿਸ ਗਠਜੋੜ ਨਾਲ ਹੈ, ਇਹ ਤਾਂ ਪਤਾ ਹੈ, ਪਰ ਓਹੀ ਪਾਰਟੀ ਕੱਲ੍ਹ ਨੂੰ ਕਿਸ ਨਾਲ ਜਾ ਰਲੇ, ਇਸ ਦਾ ਪਤਾ ਨਹੀਂ।
       ਮੋਟੇ ਤੌਰ 'ਤੇ ਜਾਪ ਰਿਹਾ ਹੈ ਕਿ ਜੇ ਪਾਰਟੀ ਉਮੀਦਵਾਰ ਚੁਣਨ ਬਾਅਦ ਕਾਂਗਰਸ ਦੇ ਨੇਤਾਵਾਂ ਵਿੱਚ ਬਹੁਤੀ ਨਿਰਾਸ਼ਾ ਨਾ ਫੈਲੀ ਅਤੇ ਪਾਰਟੀ ਵਿੱਚ ਏਕਾ ਕਾਇਮ ਰਿਹਾ ਤਾਂ ਲੀਰੋ-ਲੀਰ ਹੋਈਆਂ ਦੂਜੀਆਂ ਪਾਰਟੀਆਂ ਤੋਂ ਕਾਂਗਰਸ ਦਾ ਹੱਥ ਉੱਪਰ ਰਹੇਗਾ। ਅਕਾਲੀ ਦਲ 'ਤੇ ਲੱਗੀਆਂ ਤੋਹਮਤਾਂ ਕਾਰਨ ਉਸ ਨੂੰ ਬਦਨਾਮੀ ਦਾ ਸਾਹਮਣਾ ਕਰਨਾ ਪੈ ਰਿਹਾ, ਜੋ ਵਧਦੀ ਨਜ਼ਰ ਤਾਂ ਆ ਰਹੀ, ਪਰ ਘਟਦੀ ਬਿਲਕੁਲ ਨਹੀਂ।
       ਆਮ ਆਦਮੀ ਪਾਰਟੀ ਦੀ ਪਹਿਲਾਂ-ਪਹਿਲ ਬਹੁਤ ਚੜ੍ਹਤ ਸੀ, ਪਰ ਹੌਲੀ-ਹੌਲੀ ਪਾਰਟੀ ਨਿਘਾਰ ਵੱਲ ਜਾਂਦੀ-ਜਾਂਦੀ ਹੁਣ ਤਾਂ ਲੋਕਾਂ ਦੇ ਦਿਲਾਂ ਵਿੱਚ ਟਿਕੀ ਨਹੀਂ ਰਹਿ ਸਕੀ। ਆਪ ਦੇ ਨੇਤਾਵਾਂ ਦਾ ਪੂਰਾ ਭਰਮ ਹੈ ਕਿ ਪਾਰਟੀ ਦਾ ਗਰਾਫ਼ ਪਹਿਲਾਂ ਨਾਲੋਂ ਵੀ ਚੰਗਾ ਹੈ, ਪਰ ਅਜਿਹਾ ਹੈ ਨਹੀਂ। ਟੋਟੇ-ਟੋਟੇ ਹੋਈ ਕਾਰਨ ਇਸ ਨੂੰ ਬਹੁਤਾ ਹੁੰਗਾਰਾ ਮਿਲਦਾ ਨਹੀਂ ਲੱਗ ਰਿਹਾ। ਦੂਜੇ ਅਕਾਲੀ ਦਲ (ਅ) ਸਿਰਫ਼ ਸੰਗਰੂਰ ਸੀਟ 'ਤੇ ਲੜ ਰਿਹਾ, ਪਰ ਉੱਥੇ ਵੀ ਮੁਕਾਬਲਾ ਸਖ਼ਤ ਹੀ ਹੋਵੇਗਾ। ਦੇਖੋ ਕੀ ਬਣਦੈ?
       ਪੰਜਾਬ ਡੈਮੋਕਰੇਟਿਕ ਗਠਜੋੜ ਵਿੱਚ ਪੰਜਾਬ ਏਕਤਾ ਪਾਰਟੀ, ਪੰਜਾਬ ਮੰਚ, ਲੋਕ ਇਨਸਾਫ਼ ਪਾਰਟੀ, ਬਹੁਜਨ ਸਮਾਜ ਪਾਰਟੀ, ਸੀ ਪੀ ਆਈ ਅਤੇ ਪਾਸਲਾ ਗਰੁੱਪ ਸ਼ਾਮਲ ਹੋਣ ਕਰਕੇ ਆਪ ਤੋਂ ਤਾਂ ਕਿਤੇ ਅਗੇਰੇ ਲੱਗਦਾ ਹੈ, ਪਰ ਨਵਾਂ ਗਠਜੋੜ ਹੋਣ ਕਰਕੇ ਇਹ ਲੋਕਾਂ ਵਿੱਚ ਕਿੰਨੀ ਕੁ ਥਾਂ ਬਣਾਉਂਦਾ ਹੈ, ਇਸ ਨੂੰ ਦੇਖਣ, ਪਰਖਣ ਵਾਸਤੇ ਅਜੇ ਦੇਰ ਲੱਗੇਗੀ। ਬਰਗਾੜੀ ਮੋਰਚੇ ਵਾਲੇ ਇਨ੍ਹਾਂ ਦੀ ਪਿੱਠ 'ਤੇ ਆ ਜਾਣ ਤਾਂ ਇਹ ਜ਼ਰੂਰ ਮੱਲਾਂ ਮਾਰਨਗੇ।
       ਪੰਜਾਬ ਦਾ ਸਿਆਸੀ ਦ੍ਰਿਸ਼ ਉਮੀਦਵਾਰਾਂ ਨੂੰ ਟਿਕਟਾਂ ਮਿਲ ਜਾਣ ਬਾਅਦ ਹੀ ਸਾਫ਼ ਤੇ ਸਪੱਸ਼ਟ ਨਜ਼ਰ ਆਵੇਗਾ। ਉਦੋਂ ਦੇ ਲਾਏ ਅਨੁਮਾਨ ਹੀ ਹਕੀਕਤ ਦੇ ਨੇੜੇ ਪਹੁੰਚਦੇ ਪ੍ਰਤੀਤ ਹੋਣਗੇ। ਸਿਆਸੀ ਪਾਰਟੀਆਂ ਦੇ ਸਾਰੇ ਨੇਤਾ ਆਪੋ-ਆਪਣੇ ਦਾਅਵੇ ਕਰ ਰਹੇ ਹਨ, ਜਿਨ੍ਹਾਂ ਨੂੰ ਸਾਬਤ ਕਰਨ ਲਈ ਬਹੁਤ ਮਿਹਨਤ ਕਰਨੀ ਪਵੇਗੀ। ਜਿਹੜੀ ਪਾਰਟੀ ਮਿਹਨਤ ਕਰ ਗਈ, ਉਸ ਵਾਸਤੇ ਜ਼ਰੂਰ ਚੰਗੇ ਨਤੀਜੇ ਨਿਕਲ ਸਕਣਗੇ। ਜਿਹੜੀਆਂ ਪਾਰਟੀਆਂ ਨੇ ਅਤੀਤ ਵਿੱਚ ਧੋਖਾ ਕੀਤਾ ਹੈ, ਉਨ੍ਹਾਂ ਦਾ ਨਤੀਜਾ ਸਿਫਰ ਰਹਿਣਾ ਚਾਹੀਦਾ ਹੈ ਆਸ ਕੀਤੀ ਜਾਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਨਤੀਜਾ ਸਿਫ਼ਰ ਹੀ ਰਹੇਗਾ।



ਲਤੀਫ਼ੇ ਦਾ ਚਿਹਰਾ-ਮੋਹਰਾ


ਰਾਮੂ - ਜੋਤਸ਼ੀ ਜੀ, ਇਹ ਲਉ ਤੇ ਦੱਸੋ?
ਝੋਤਸ਼ੀ - ਤੇਰਾ ਨਾਂ ਰਾਮੂ ਹੈ ਤੇ ਦੋ ਲੜਕੇ ਇੱਕ ਪਤਨੀ ਤੇ ਦੋ ਗੁਆਢਣਾਂ
ਰਾਮੂ - ਤੁਸੀਂ ਏਨਾ ਕੁੱਝ ਕਿਵੇਂ ਜਾਣਦੇ ਹੋ?
ਝੋਤਸ਼ੀ - ਅਗਲੀ ਵਾਰ ਜਨਮ ਕੁੰਡਲੀ ਲੈ ਕੇ ਆਉਣਾ, ਰਾਸ਼ਨ ਕਾਰਡ ਨਹੀਂ।

ਸੰਪਰਕ : 98141-13338

17 March 2019

ਮੁਲਕ ਸਦਾ ਸਰਵੋਤਮ ਹੋਵੇ - ਸ਼ਾਮ ਸਿੰਘ ਅੰਗ ਸੰਗ

ਜਿਸ ਦੇਸ਼ ਦਾ ਕੋਈ ਜੰਮਪਲ ਹੋਵੇ, ਉਸ ਨੂੰ ਆਪਣੇ ਮੁਲਕ ਨਾਲੋਂ ਹੋਰ ਕੋਈ ਚੰਗਾ ਨਹੀਂ ਲੱਗਦਾ। ਇਸ ਲਈ ਕਿ ਉੱਥੇ ਵੱਸਦਿਆਂ ਉੱਥੋਂ ਦੀ ਆਬੋ-ਹਵਾ ਵਿੱਚ ਸਾਹ ਲਏ ਹੁੰਦੇ ਹਨ ਅਤੇ ਆਲਾ-ਦੁਆਲਾ ਕਦੇ ਪਿੱਛਾ ਨਹੀਂ ਛੱਡਦਾ। ਪੱਕਾ ਘਰ ਹੋਵੇ ਜਾਂ ਕੱਚਾ, ਮਹੱਲ ਹੋਵੇ ਜਾਂ ਝੁੱਗੀ ਆਪਣੇ ਘਰ ਨਾਲ ਦਾ ਸੁੱਖ ਕਿਤੇ ਹੋਰ ਨਹੀਂ ਲੱਭਦਾ। ਆਪਣੇ ਮੁਲਕ ਨਾਲ ਪਿਆਰ ਹੋਣਾ ਕੁਦਰਤੀ ਹੈ, ਜੋ ਮਰਦੇ ਦਮ ਤੱਕ ਖ਼ਤਮ ਨਹੀਂ ਹੁੰਦਾ। ਜਿੱਥੇ ਪਿਆਰ, ਉੱਥੇ ਉਸ ਦੇ ਨਿਭਾਅ ਲਈ ਕੋਈ ਵੀ ਕੁਰਬਾਨੀ ਦੇਣੀ ਮੁਸ਼ਕਲ ਨਹੀਂ ਹੁੰਦੀ।
      ਆਪਣਾ ਮੁਲਕ ਸਭ ਤੋਂ ਉੱਪਰ ਹੁੰਦਾ ਹੈ, ਜਿਸ ਨੂੰ ਬਚਾਉਣ ਲਈ ਹਰ ਮੁਲਕ ਉਹ ਯਤਨ ਕਰਦੇ ਹਨ, ਜਿਹੜੇ ਉਸ ਨੂੰ ਹਮਲਾ ਕਰਨ ਵਾਲਿਆਂ ਤੋਂ ਬਚਾ ਕੇ ਰੱਖਣ। ਫੇਰ ਜੇ ਦੇਸ਼ ਦੇ ਅੰਦਰ ਵੀ ਦੇਸ਼ ਵਿਰੋਧੀ ਤਾਕਤਾਂ ਹੋਣ, ਉਨ੍ਹਾਂ ਨਾਲ ਨਿਪਟਣ ਤੋਂ ਵੀ ਗੁਰੇਜ਼ ਨਹੀਂ ਕੀਤਾ ਜਾਂਦਾ, ਪਰ ਕਈ ਵਾਰ ਇਹ ਗਲਤੀ ਕੀਤੀ ਜਾਂਦੀ ਹੈ ਕਿ ਹਕੂਮਤ ਦਾ ਵਿਰੋਧ ਕਰਨ ਵਾਲਿਆਂ ਨੂੰ ਹੀ ਦੇਸ਼ ਦਾ ਵਿਰੋਧੀ ਮੰਨ ਲਿਆ ਜਾਂਦਾ ਹੈ, ਜਿਸ ਨੂੰ ਕਿਸੇ ਤਰ੍ਹਾਂ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ, ਨਾ ਕੀਤਾ ਜਾਵੇ।
       ਮੁਲਕ ਤਾਂ ਹਰ ਬਸ਼ਿੰਦੇ ਲਈ ਹਰ ਸੂਰਤ ਵਿੱਚ ਸਰਵੋਤਮ ਹੀ ਮੰਨਿਆ ਜਾਵੇ। ਹਾਕਮਾਂ ਲਈ ਵੀ ਇਹ ਜ਼ਰੂਰੀ ਹੈ ਅਤੇ ਆਮ ਵਾਸੀਆਂ ਵਾਸਤੇ ਵੀ। ਲੋਕਤੰਤਰੀ ਸਰਕਾਰਾਂ ਤਾਂ ਮਿੱਥੇ ਸਮੇਂ ਲਈ ਹਕੂਮਤ ਕਰਨ ਵਾਸਤੇ ਬਣਦੀਆਂ ਹਨ, ਜਿਨ੍ਹਾਂ ਨੂੰ ਮੁਲਕ ਦਾ ਮਾਲਕ ਬਣਨ ਦਾ ਅਧਿਕਾਰ ਨਹੀਂ ਹੁੰਦਾ। ਉਨ੍ਹਾਂ ਨੇ ਪੰਜ ਸਾਲ ਲਈ ਆਪਣੀ ਕਾਰਗੁਜ਼ਾਰੀ ਦਿਖਾ ਕੇ ਤੁਰ ਜਾਣਾ ਹੁੰਦਾ ਹੈ, ਪਰ ਕਈ ਇੱਕ ਰਾਜਨੀਤਕ ਪਾਰਟੀਆਂ ਨੂੰ ਇਹ ਭੁਲੇਖਾ ਪੈਣ ਲੱਗ ਪਿਆ ਹੈ ਜਿਵੇਂ ਹੁਣ ਉਹ ਹੀ ਹਕੂਮਤ ਕਰਦੀਆਂ ਰਹਿਣਗੀਆਂ, ਪਰ ਇਹ ਭਰਮ ਬਹੁਤਾ ਚਿਰ ਨਹੀਂ ਰਹਿੰਦਾ।
       ਚੰਗਾ ਹੈ ਜੇ ਦੇਸ਼ ਦੇ ਸਾਰੇ ਨਾਗਰਿਕ ਦੇਸ਼ ਨੂੰ ਪਿਆਰ ਕਰਨ ਅਤੇ ਇਸ ਦੀ ਉਨਤੀ ਲਈ ਆਪੋ-ਆਪਣਾ ਯੋਗਦਾਨ ਪਾਉਣ। ਜਿੰਨਾ ਚਿਰ ਹਕੂਮਤ ਕਰਨ ਲਈ ਜਿਹੜੀ ਵੀ ਪਾਰਟੀ ਨੂੰ ਮੌਕਾ ਮਿਲਦਾ ਹੈ, ਉਹ ਮੁਲਕ ਨੂੰ ਸਰਵੋਤਮ ਮੰਨ ਕੇ ਦੇਸ਼ ਵਾਸੀਆਂ ਦੀ ਸੇਵਾ ਕਰੇ ਅਤੇ ਮੁਲਕ ਨੂੰ ਖ਼ੁਸ਼ਹਾਲੀ ਵੱਲ ਲਿਜਾਣ ਵਾਸਤੇ ਸਿਰਤੋੜ ਉਪਰਾਲੇ ਕਰੇ ਤਾਂ ਜੋ ਦੇਸ਼ ਦੂਜੇ ਮੁਲਕਾਂ ਤੋਂ ਅੱਗੇ ਨਿਕਲ ਸਕੇ। ਝੂਠ ਨਾ ਕੋਈ ਬੋਲੇ ਅਤੇ ਨਾ ਬੋਲਣ ਦਿੱਤਾ ਜਾਵੇ।
       ਆਪਣੇ ਮੁਲਕ ਵਿਰੁੱਧ ਸਾਜ਼ਿਸ਼ਾਂ ਨਾ ਰਚੀਆਂ ਜਾਣ ਅਤੇ ਜੇ ਕੋਈ ਰਚੇ ਤਾਂ ਉਸ ਨੂੂੰ ਮਾਫ਼ ਨਾ ਕੀਤਾ ਜਾਵੇ। ਲੋਕਾਂ ਨਾਲ ਧੋਖਾ ਕਰਨ ਵਾਲੀ ਸਿਆਸੀ ਪਾਰਟੀ ਨੂੰ ਵੀ ਚੋਣਾਂ ਸਮੇਂ ਉਹ ਸਜ਼ਾ ਦਿੱਤੀ ਜਾਵੇ ਕਿ ਉਹ ਮੁੜ ਕਦੇ ਜਿੱਤ ਹੀ ਨਾ ਸਕੇ। ਫ਼ੌਜ ਅਤੇ ਹੋਰ ਸੁਰੱਖਿਆ ਸੈਨਾਵਾਂ ਦੇ ਨਾਂਅ 'ਤੇ ਝੂਠ ਬੋਲਣ ਵਾਲੇ ਵੀ ਦੇਸ਼ ਦੇ ਹਿੱਤ ਵਿੱਚ ਨਹੀਂ ਹੁੰਦੇ, ਕਿਉਂਕਿ ਇਹ ਸੈਨਾਵਾਂ ਤਾਂ ਮੁਲਕ ਦੀ ਸਰਵੋਤਮਤਾ ਕਾਇਮ ਰੱਖਣ ਲਈ ਨਾ ਤਾਂ ਮੁਸ਼ਕਲਾਂ, ਤਸੀਹਿਆਂ ਦੀ ਪਰਵਾਹ ਕਰਦੇ ਹਨ, ਨਾ ਜਾਨਾ ਵਾਰਨ ਦੀ।
ਜਿਹੜੇ ਲੋਕ ਦੇਸ਼ ਦੀ ਸੁਰੱਖਿਆ ਬਾਰੇ ਵੀ ਝੂਠ ਬੋਲਦੇ ਹਨ, ਜੁਮਲੇ ਛੱਡਦੇ ਹਨ, ਉਨ੍ਹਾਂ ਨੂੰ ਦੇਸ਼ ਹਿਤੈਸ਼ੀ ਨਹੀਂ ਸਮਝਿਆ ਜਾਣਾ ਚਾਹੀਦਾ ਕਿਉਂਕਿ ਉਹ ਦੇਸ਼ਵਾਸੀਆਂ ਨੂੰ ਵੀ ਗੁੰਮਰਾਹ ਕਰ ਰਹੇ ਹੁੰਦੇ ਹਨ ਅਤੇ ਮੁਲਕ ਦੀ ਸਾਰੀ ਜਨਤਾ ਲਈ ਮੁਲਕ ਸਦਾ ਸਰਵੋਤਮ ਹੋਵੇ, ਜਿਸ ਦੀ ਬਿਹਤਰੀ ਲਈ ਸਾਰੇ ਕੰਮ ਕਰਦੇ ਰਹਿਣ।



ਤੁਰਦੇ ਫਿਰਦੇ ਪਲ

ਪਲ ਕਦੇ ਰੁਕਣ ਦਾ ਨਾਂਅ ਨਹੀਂ ਲੈਂਦੇ। ਰੁਕ ਵੀ ਨਹੀਂ ਸਕਦੇ। ਪਲ-ਪਲ ਦੀ ਖ਼ਬਰ ਰੱਖਣ ਵਾਲੇ ਜਾਣਦੇ ਹਨ ਕਿ ਪਲ ਤੁਰਦੇ-ਫਿਰਦੇ ਰਹਿੰਦੇ ਹਨ ਕਦੇ ਕਿਤੇ, ਕਦੇ ਕਿਤੇ। ਕਿਹੜੇ ਪਲਾਂ ਵਿੱਚ ਕਿੱਥੇ ਅਤੇ ਕਦੋਂ ਕੀ ਹੋ ਜਾਣਾ ਹੈ, ਕਿਸੇ ਨੂੰ ਪਤਾ ਨਹੀਂ ਹੁੰਦਾ, ਪਰ ਥਾਂ-ਥਾਂ ਤੁਰਦੇ ਫਿਰਦੇ ਪਲਾਂ ਨਾਲ ਹਮਸਫ਼ਰ ਹੋਣਾ ਨਵਾਂ ਕੁਝ ਵੀ ਹੁੰਦਾ ਹੈ ਅਤੇ ਰੌਚਿਕਤਾ ਭਰਪੂਰ ਵੀ। ਕੁਝ ਇਸ ਤਰ੍ਹਾਂ ਦੇ ਪਲਾਂ ਦੇ ਅੰਗ ਸੰਗ ਹੋਈਏ ਤਾਂ ਵੱਖ-ਵੱਖ ਰੰਗਾਂ ਦਾ ਅਹਿਸਾਸ ਵੀ ਹੁੰਦਾ ਹੈ ਅਤੇ ਵਾਪਰ ਰਹੇ ਦੀ ਹਕੀਕਤ ਵੀ।
ਗੁਜ਼ਰਦੇ ਪਲ ਲੈ ਗਏ ਪੰਜਾਬ ਕਲਾ ਪ੍ਰੀਸ਼ਦ ਦੇ ਦੁਆਰ, ਜਿੱਥੇ ਸੁੱਖੀ ਬਰਾੜ ਦੇ ਪ੍ਰੋਗਰਾਮ ਡਾਇਰੈਕਟਰ ਬਣਨ ਦੀ ਖ਼ਬਰ ਉੱਡੀ ਫਿਰਦੀ ਸੀ, ਜਿਸ ਦਾ ਖੁਰਾ ਖੋਜ ਤਾਂ ਲੱਭਿਆ ਨਾ, ਪਰ ਤਸਵੀਰਾਂ ਖਿੱਚੀਆਂ ਗਈਆਂ ਅਤੇ ਦਫ਼ਤਰ ਖੋਲ੍ਹ ਲਿਆ। ਤਾਰੀਫ਼ਾਂ ਹੋਈਆਂ ਕਿ ਹੁਣ ਕੰਮ ਅੱਗੇ ਵਧੇਗਾ। ਅਜੇ ਖ਼ਬਰ ਦੀ ਸਿਆਹੀ ਵੀ ਨਹੀਂ ਸੀ ਸੁੱਕੀ ਕਿ ਖੰਭਾਂ ਦੀਆਂ ਡਾਰਾਂ ਬਣਨ ਲੱਗ ਪਈਆਂ। ਜਿਸ ਕਮਰੇ ਵਿੱਚ ਸਾਜ਼ਾਂ ਦਾ ਮਿਊਜ਼ੀਅਮ ਸੀ, ਉਹ ਦਫ਼ਤਰ ਬਣ ਗਿਆ। ਮਿਊਜ਼ੀਅਮ ਤਾਂ ਪ੍ਰੋ. ਰਾਜਪਾਲ ਸਿੰਘ ਨੇ ਬੜੀ ਮਿਹਨਤ ਨਾਲ ਬਣਾਇਆ ਅਤੇ ਸਜਾਇਆ ਸੀ ਅਤੇ ਉਹ ਦੱਸਦਾ ਹੋਇਆ ਸਦਾ ਹੀ ਖੁਸ਼ ਹੁੰਦਾ ਰਿਹਾ ਕਿ ਕਿਵੇਂ-ਕਿਵੇਂ ਸਾਜ਼ ਇਕੱਠੇ ਕੀਤੇ ਗਏ। ਕਿਸੇ ਨੂੰ ਕੁਝ ਨਹੀਂ ਪਤਾ ਕਿ ਇਹ ਡਾਇਰੈਕਟਰ ਚੁੱਪ-ਚੁਪੀਤੇ ਕਿਵੇਂ ਅਤੇ ਕਿਉਂ ਲਾਏ ਜਾਂਦੇ ਹਨ। ਖ਼ਬਰ ਅਤੇ ਇਸ਼ਤਿਹਾਰ ਦੀ ਸਹਾਇਤਾ ਕਿਉਂ ਨਹੀਂ ਲਈ ਜਾਂਦੀ? ਹੁਣ ਕਲਾ ਪ੍ਰੀਸ਼ਦ ਦੇ ਪ੍ਰਬੰਧਕਾਂ ਤੱਕ ਦਫ਼ਤਰ ਬਣਾਏ ਜਾਣ ਦੀ ਗੱਲ ਪਹੁੰਚ ਚੁੱਕੀ ਹੈ, ਜਿਸ ਬਾਰੇ ਪੰਜਾਬ ਭਰ ਦੇ ਲੋਕ ਇਹ ਜਾਣਨ ਲਈ ਉਤਸੁਕ ਹੋਣਗੇ ਕਿ ਅੱਗੇ ਕੋਈ ਕਾਰਵਾਈ ਹੋਵੇਗੀ ਜਾਂ ਨਹੀਂ।


ਆਲਮੀ ਪੰਜਾਬੀ ਕਾਨਫ਼ਰੰਸ

ਸੁਣ-ਸੁਣਾ ਕੇ ਪਲ ਉੱਧਰ ਤੁਰ ਪਏ, ਜਿੱਧਰ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੂਜੀ ਆਲਮੀ ਪੰਜਾਬੀ ਕਾਨਫ਼ਰੰਸ ਕਰਵਾਈ ਜਾ ਰਹੀ ਸੀ ਅਤੇ ਵੱਡੇ-ਵੱਡੇ ਨਾਵਾਂ ਵਾਲੇ ਭਾਸ਼ਣ ਕਰ ਰਹੇ ਸਨ। ਸਭਾ ਦੇ ਜਾਗੇ ਰਹਿਣ ਦੀ ਤਾਂ ਪ੍ਰਸੰਸਾ ਕਰਨੀ ਬਣਦੀ ਹੈ, ਪਰ ਸਥਾਪਤੀ ਪੱਖੀ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬੀ ਅਕਾਦਮੀ ਦਿੱਲੀ ਨਾਲ ਮਿਲ ਕੇ ਇਹ ਕਾਨਫ਼ਰੰਸ ਕਰਵਾਉਣ ਦੀ ਗੱਲ ਤਾਂ ਸਮਝ ਤੋਂ ਬਾਹਰ ਹੀ ਰਹੇਗੀ। ਅਜਿਹਾ ਹੋਣ ਨਾਲ ਉਹ ਨਤੀਜੇ ਹਾਸਲ ਨਹੀਂ ਹੋ ਸਕਣਗੇ, ਜਿਹੜੇ ਕੇਂਦਰੀ ਪੰਜਾਬੀ ਲੇਖਕ ਸਭਾ ਚਿਰਾਂ ਤੋਂ ਕਰਨ ਦੇ ਉਪਰਾਲੇ ਕਰਦੀ ਆ ਰਹੀ ਹੈ। ਇਸ ਸਭਾ ਦੇ ਅਹੁਦੇਦਾਰਾਂ ਨੇ ਸੋਚਿਆ ਹੀ ਹੋਵੇਗਾ ਕਿ ਸਥਾਪਤੀ ਪੱਖੀ ਅਦਾਰਿਆਂ ਨੂੰ ਨਾਲ ਰੱਖ ਕੇ ਉਨ੍ਹਾਂ ਤੋਂ ਬਚ ਕੇ ਕਿਵੇਂ ਲੰਘਣਾ ਹੋਵੇਗਾ। ਪੰਜਾਬੀ ਨੂੰ ਸਰਕਾਰੇ-ਦਰਬਾਰੇ ਮਾਨਤਾ ਦਿਵਾਉਣੀ ਅਦਾਲਤਾਂ ਵਿੱਚ ਲਾਗੂ ਕਰਾਉਣੀ ਅਜਿਹੇ ਮਸਲੇ ਹਨ, ਜੋ ਚਿਰਾਂ ਤੋਂ ਲਟਕਦੇ ਆ ਰਹੇ ਹਨ, ਪਰ ਅੱਜ ਤੱਕ ਪੂਰੇ ਨਹੀਂ ਹੋਏ। ਕੀ ਇਸ ਪ੍ਰਸੰਗ ਵਿੱਚ ਕੁਝ ਸਾਰਥਿਕ ਸਿੱਟੇ ਨਿਕਲਣਗੇ?


ਕਿੰਨੇ ਹੀ ਲੇਖਕ ਵਿਛੜ ਗਏ

ਪਿਛਲੇ ਥੋੜ੍ਹੇ ਜਿਹੇ ਅਰਸੇ ਵਿੱਚ ਪੰਜਾਬੀ ਤੇ ਹਿੰਦੀ ਦੇ ਕਈ ਲੇਖਕ ਰੱਬ ਨੂੰ ਪਿਆਰੇ ਹੋ ਗਏ। ਕ੍ਰਿਸ਼ਨਾ ਸੋਬਤੀ, ਡਾ. ਨਾਮਵਰ ਸਿੰਘ, ਗੁਰਚਰਨ ਰਾਮਪੁਰੀ, ਨਵਰਤਨ ਕਪੂਰ, ਸਾਥੀ ਲੁਧਿਆਣਵੀ, ਚਮਨ ਲਾਲ ਚਮਨ ਅਤੇ ਹੋਰ ਸੰਸਾਰਕ ਯਾਤਰਾ ਪੂਰੀ ਕਰ ਗਏ। ਇਨ੍ਹਾਂ ਦੇ ਤੁਰ ਜਾਣ ਨਾਲ ਸਾਹਿਤ ਦੇ ਖੇਤਰ ਵਿੱਚ ਸੋਗ ਤਾਂ ਹੈ ਹੀ, ਨਾਲ ਦੀ ਨਾਲ ਵੱਡਾ ਘਾਟਾ ਵੀ ਪੈ ਗਿਆ। ਸੁਖਦੇਵ ਸਿੰਘ ਗਰੇਵਾਲ ਅਤੇ ਬੀ ਐੱਸ ਬੀਰ ਅਕਸਰ ਮਿਲਦੇ ਰਹੇ ਹਨ, ਪਰ ਉਹ ਵੀ ਸਦਾ ਲਈ ਮਿਲਣ ਤੋਂ ਜਾਂਦੇ ਰਹੇ। ਇਨ੍ਹਾਂ ਸਾਰਿਆਂ ਲਈ ਪਾਠਕਾਂ ਦੀਆਂ ਅੱਖਾਂ ਵਿੱਚ ਉਹ ਹੰਝੂ ਹਨ, ਜੋ ਉਨ੍ਹਾਂ ਨੂੰ ਸਦਾ ਹੀ ਯਾਦ ਕਰਦੇ ਰਹਿਣਗੇ।


ਲਤੀਫ਼ੇ ਦਾ ਚਿਹਰਾ ਮੋਹਰਾ

? ਝੂਠ ਬੋਲਣ ਵਾਲੇ ਝੂਠ ਕਿਉਂ ਬੋਲਦੇ ਨੇ।
- ਗੋਲਬਲਜ਼ ਦੇ ਚੇਲੇ ਇਹ ਸਮਝਦੇ ਹਨ ਕਿ ਸੌ ਵਾਰ ਦੁਹਰਾਉਣ ਨਾਲ ਝੂਠ ਸੱਚ ਹੀ ਹੋ ਜਾਂਦੈ।
-0-
? ਨਫ਼ਰਤ ਬਹੁਤ ਛੇਤੀ ਕਿਉਂ ਫੈਲ ਜਾਂਦੀ ਹੈ।
- ਇਸ ਲਈ ਕਿ ਇਹ ਗੱਪ, ਝੂਠ, ਧੂੰਏਂ, ਭਾਸ਼ਣ ਅਤੇ ਹਵਾ ਨਾਲੋਂ ਵੀ ਤੇਜ਼ ਵਗਦੀ ਹੈ।

ਸੰਪਰਕ : 9814113338
08 March 2019

ਰਲਗੱਡ ਹੋ ਕੇ ਰਹਿ ਗਈ ਸਿਆਸਤ - ਸ਼ਾਮ ਸਿੰਘ ਅੰਗ-ਸੰਗ

ਜਿਹੜੀ ਸਿਆਸਤ ਲੋਕਾਂ ਦੀ ਸੇਵਾ ਲਈ, ਭਲਾਈ ਵਾਸਤੇ ਅਤੇ ਦੇਸ਼ ਦੀ ਖੁਸ਼ਹਾਲੀ ਲਈ ਕੰਮ ਕਰਨ ਵਾਸਤੇ ਬਣੀ ਸੀ, ਉਹ ਸਿਆਸਤ ਹੁਣ ਹੋਰ ਦੀ ਹੋਰ ਹੀ ਹੋ ਗਈ। ਕਦੇ ਮਿਸ਼ਨਰੀ ਧਰਾਤਲ ਤੋਂ ਸ਼ੁਰੂ ਹੋਈ ਸਿਆਸਤ ਨੂੰ ਲੋਕ ਹੁਣ ਤਨਜ਼ ਕੱਸਣ ਜਾਂ ਮਸ਼ਕਰੀ ਕਰਨ ਵਾਸਤੇ ਵੀ ਵਰਤਣ ਲੱਗ ਪਏ ਕਿ ਯਾਰ ਮੇਰੇ ਨਾਲ ਐਵੇਂ ਸਿਆਸਤ ਨਾ ਖੇਡ। ਸਿਆਸਤ ਦਾ ਇਸ ਤਰ੍ਹਾਂ ਦਾ ਨਿਘਾਰ ਇਸ ਕਰਕੇ ਹੋਇਆ, ਕਿਉਂਕਿ ਸਿਆਸਤਦਾਨਾਂ ਨੇ ਇਸ ਨੂੰ ਮਿਆਰੀ ਨਹੀਂ ਰਹਿਣ ਦਿੱਤਾ, ਸਗੋਂ ਆਪੋ-ਆਪਣੇ ਸਵਾਰਥਾਂ ਕਰਕੇ ਨਿਘਾਰਾਂ ਵੱਲ ਹੀ ਲਿਜਾਂਦੇ ਰਹੇ।
      ਅੱਜ ਦੀ ਸਿਆਸਤ ਨੇ ਏਨਾ ਮੋੜ ਕੱਟਿਆ ਕਿ ਰਲਗੱਡ ਹੋ ਕੇ ਹੀ ਰਹਿ ਗਈ। ਨੀਤੀਆਂ ਦੇ ਵਖਰੇਵੇਂ ਕਾਰਨ ਦੋ ਤੋਂ ਬਾਈ ਹੋ ਗਈ। ਸ਼ਾਇਦ ਬਹੁਤ ਹੀ ਛੋਟੀਆਂ ਸਿਆਸੀ ਪਾਰਟੀਆਂ ਇਸ ਗਿਣਤੀ ਤੋਂ ਬਾਹਰ ਵੀ ਰਹਿ ਗਈਆਂ ਹੋਣ। ਪਾਰਟੀਆਂ ਦੇ ਫਟਣ ਕਾਰਨ ਵੀ ਪਾਰਟੀਆਂ ਦੀ ਗਿਣਤੀ ਨੂੰ ਜ਼ਰਬ ਆਉਂਦੀ ਰਹੀ ਅਤੇ ਚੌਧਰਾਂ ਨੂੰ ਕਾਇਮ ਰੱਖਣ ਲਈ ਵੀ। ਪਾਰਟੀਆਂ ਦੀ ਗਿਣਤੀ ਦੇ ਭੰਬਲਭੂਸੇ ਕਾਰਨ ਲੋਕਾਂ ਨੂੰ ਸਹੀ ਅਤੇ ਗਲਤ ਸਿਆਸੀ ਪਾਰਟੀ ਦੀ ਪਛਾਣ ਕਰਨੀ ਮੁਸ਼ਕਲ ਹੋ ਕੇ ਰਹਿ ਗਈ।
      ਪਹਿਲਾਂ ਤਾਂ ਆਮ ਜਿਹੇ ਦੇਖਿਆਂ-ਪਰਖਿਆਂ ਹੀ ਲੱਗਦਾ ਹੈ ਕਿ ਦੇਸ਼ ਦੇ ਸੱਤਰ ਸਾਲਾਂ ਦੇ ਲੋਕਤੰਤਰ ਦੀ ਹਾਲਤ ਅਜੇ ਬਚਪਨੇ ਤੋਂ ਅੱਗੇ ਨਹੀਂ ਤੁਰ ਸਕੀ। ਇਸ ਦੀਆਂ ਸਿਆਸੀ ਪਾਰਟੀਆਂ ਦਾ ਹਾਲ ਦੇਖੀਏ ਤਾਂ ਚੋਣਾਂ ਹੋਣ ਵੇਲੇ ਇਨ੍ਹਾਂ ਦਾ ਹਾਲ ਦੇਖਣ ਨਾਲੋਂ ਹੋਰ ਕੋਈ ਬਿਹਤਰ ਸਮਾਂ ਨਹੀਂ। ਜਿਹੜੀਆਂ ਪਾਰਟੀਆਂ ਦੀਆਂ ਨੀਤੀਆਂ ਵੱਖਰੀਆਂ, ਏਜੰਡੇ ਹੋਰ ਅਤੇ ਮੈਨੀਫੈਸਟੋ ਆਪਾ ਵਿਰੋਧੀ, ਉਹ ਏਕਾ ਕਰਕੇ ਗਠਬੰਧਨ ਕਰਦੀਆਂ ਹਨ ਅਤੇ ਆਪੋ-ਆਪਣੇ ਫਾਇਦਿਆਂ ਲਈ ਮੈਦਾਨ ਵਿੱਚ ਕੁੱਦਣੋਂ ਨਹੀਂ ਖੁੰਝਦੀਆਂ।
       ਸੁਰਾਂ ਨਾ ਮਿਲਣ 'ਤੇ ਰਾਜਨੀਤੀ ਦਾ ਅਲਾਪ ਕਰਨਾ ਲੋਕਾਂ ਨਾਲ ਸਰਾਸਰ ਧੋਖਾ ਹੈ, ਜਿਸ ਦਾ ਲੋਕ ਸਾਹਮਣਾ ਤਾਂ ਕਰਦੇ ਹਨ, ਪਰ ਅਜਿਹਾ ਹੋਣ ਨੂੰ ਪ੍ਰਵਾਨ ਨਹੀਂ ਕਰਦੇ। ਜਿਹੜੀਆਂ ਪਾਰਟੀਆਂ ਪਿਛਲੀਆਂ ਚੋਣਾਂ ਸਮੇਂ ਇੱਕ-ਦੂਜੇ ਵਿਰੁੱਧ ਹੋ ਕੇ ਲੜੀਆਂ, ਭਵਿੱਖ ਵਿੱਚ ਏਕਾ ਕਰਕੇ ਗਠਬੰਧਨ ਕਰ ਲੈਂਦੀਆਂ ਹਨ, ਜਿਸ ਨੂੰ ਉੱਕਾ ਹੀ ਗਲਤ ਨਹੀਂ ਸਮਝਦੀਆਂ। ਅਜਿਹਾ ਕਰਨਾ ਮੌਕਾਪ੍ਰਸਤੀ ਨੂੰ ਹਵਾ ਦੇਣ ਤੋਂ ਵੱਧ ਕੁਝ ਨਹੀਂ, ਜਿਸ ਕਾਰਨ ਸਿਆਸਤ ਦਾ ਉੱਚਾ ਮਿਆਰ ਕਾਇਮ ਨਹੀਂ ਰਹਿੰਦਾ।
      ਚੋਣਾਂ ਦੇ ਐਲਾਨ ਹੋਣ ਦੇ ਨੇੜੇ-ਤੇੜੇ ਨੇਤਾ ਦਲ-ਬਦਲੀ ਕਰਦੇ ਹਨ, ਜਿਸ ਦਾ ਮਨੋਰਥ ਆਪਣਾ ਭਲਾ ਹੀ ਹੁੰਦਾ ਹੈ, ਜਨਤਾ ਦਾ ਨਹੀਂ। ਪਾਰਟੀ ਛੱਡਣ ਵੇਲੇ ਹਰ ਨੇਤਾ ਅਕਸਰ ਆਖਦਾ ਹੈ ਕਿ ਪਾਰਟੀ 'ਚ ਦਮ ਘੁੱਟ ਰਿਹਾ ਸੀ, ਛੱਡ ਦਿੱਤੀ। ਟਿਕਟ ਹਾਸਲ ਕਰਨ ਲਈ ਜਿਸ ਦੂਜੀ ਸਿਆਸੀ ਪਾਰਟੀ ਵਿੱਚ ਸ਼ਾਮਲ ਇਸ ਤਰ੍ਹਾਂ ਹੁੰਦੇ ਹਨ, ਜਿਵੇਂ ਉਹ ਘੁੱਟਦੇ ਸਾਹ ਲਈ ਆਕਸੀਜਨ ਦੇ ਸੈਲੰਡਰ ਲੈਣ ਆਏ ਹੋਣ। ਜਿਸ ਹਲਕੇ ਦੇ ਲੋਕ ਸਮਝ ਲੈਣ, ਉਹ ਅਜਿਹੇ ਨੇਤਾ ਨੂੰ ਮਾਨਤਾ ਨਹੀਂ ਦਿੰਦੇ।
      ਚੋਣਾਂ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਵੀ ਕਈ ਵਾਰ ਕਈ ਥਾਈਂ ਉਹ ਸਿਆਸੀ ਪਾਰਟੀਆਂ ਸਰਕਾਰ ਬਣਾ ਲੈਂਦੀਆਂ ਹਨ, ਜਿਹੜੀਆਂ ਇੱਕ ਦੂਜੀ ਪਾਰਟੀ ਦੇ ਵਿਰੁੱਧ ਲੜੀਆਂ ਹੋਣ। ਹੁਣ ਇਹ ਕਿਹੜੇ ਸਦਾਚਾਰ ਦਾ ਕੇਹਾ ਸੱਭਿਆਚਾਰ ਹੈ ਕਿ ਆਪੋ ਆਪਣੇ ਸਵਾਰਥ ਨੂੰ ਪੂਰਾ ਕਰਨ ਲਈ ਜ਼ੁਬਾਨਾਂ ਚੁੱਪ ਕਰਵਾ ਲਈਆਂ ਜਾਣ ਅਤੇ ਤਿੱਖੀਆਂ ਤਲਵਾਰਾਂ ਮਿਆਨ 'ਚ ਪਾ ਲਈਆਂ ਜਾਣ? ਵੈਸੇ ਤਾਂ ਅਜਿਹੇ ਰੁਝਾਨਾਂ ਤੋਂ ਨੇਤਾਵਾਂ ਨੂੰ ਹੀ ਤੌਬਾ ਕਰਨੀ ਚਾਹੀਦੀ ਹੈ, ਨਹੀਂ ਤਾਂ ਜਨਤਾ ਕਰਕੇ ਦਿਖਾ ਦੇਵੇ।
      ਰਲਗੱਡ ਦੀ ਨੀਤੀ ਕਾਰਨ ਇੱਕ ਤਾਂ ਸਿਆਸੀ ਪਾਰਟੀਆਂ ਦਾ ਰੌਲਾ-ਰੱਪਾ ਪਿਆ ਰਹਿੰਦਾ ਹੈ ਤੇ ਦੂਜਾ ਇਹ ਵੀ ਪਤਾ ਨਹੀਂ ਲੱਗਦਾ ਕਿ ਕਿਹੜਾ ਨੇਤਾ ਕਿਸ ਪਾਰਟੀ ਵਿੱਚ ਕਿਸ ਕਰਕੇ ਜਾ ਵੜਿਆ? ਰਲਗੱਡ ਦੀ ਨੀਤੀ ਦਾ ਤਿਆਗ ਤਾਂ ਹੋ ਸਕਦਾ ਹੈ ਜੇ ਨੇਤਾ ਮਿਸ਼ਨਰੀ ਭਾਵਨਾ ਮੁੜ ਸੁਰਜੀਤ ਕਰਨ ਅਤੇ ਆਪੋ-ਆਪਣੇ ਭਲੇ ਨਾਲੋਂ ਮੁਲਕ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਲਈ ਕੰਮ ਕਰਨ। ਅਜਿਹਾ ਤਾਂ ਹੀ ਸੰਭਵ ਹੈ, ਜੇ ਨੇਤਾਜਨ ਆਪਣੀ ਕਾਰਗੁਜ਼ਾਰੀ ਲਈ ਸਦਾ ਲੋਕਾਂ ਅੱਗੇ ਜਵਾਬਦੇਹ ਹੋਣ।
      ਉਨ੍ਹਾਂ ਪਾਰਟੀਆਂ ਨੂੰ ਸਾਂਝੀਆਂ ਸਰਕਾਰਾਂ ਬਣਾਉਣ ਦਾ ਹੱਕ ਹੈ ਜਿਹੜੀਆਂ ਇੱਕ ਦੂਜੀ ਦੇ ਵਿਰੁੱਧ ਨਾ ਲੜੀਆਂ ਹੋਣ ਅਤੇ ਜਿਨ੍ਹਾਂ ਦੀ ਵਿਚਾਰਧਾਰਾ ਜੇ ਇੱਕੋ ਜਿਹੀ ਨਹੀਂ ਤਾਂ ਨੇੜੇ-ਤੇੜੇ ਜ਼ਰੂਰ ਹੋਵੇ। ਨਾਲ ਦੀ ਨਾਲ ਦੋਵੇਂ ਹੀ ਲੋਕ-ਹਿੱਤ ਵਿੱਚ ਕੰਮ ਕਰਨ ਲਈ ਵਚਨਬੱਧ ਵੀ ਹੋਣ ਅਤੇ ਪੂਰੀ ਤਰ੍ਹਾਂ ਜਵਾਬਦੇਹ ਵੀ। ਨੇਤਾਵਾਂ ਨੂੰ ਸਾਫ਼, ਸਪੱਸ਼ਟ ਰਾਜਨੀਤੀ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਲੋਕ ਉਨ੍ਹਾਂ ਨੂੰ ਤੁਰੰਤ ਪਛਾਣ ਸਕਣ ਅਤੇ ਰਲਗੱਡਤਾ ਤੋਂ ਬਚ ਸਕਣ।


ਤੁਰ ਗਿਆ ਐੱਸ. ਤਰਸੇਮ

ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਾਬਕਾ ਪ੍ਰਧਾਨ ਡਾ. ਐੱਸ ਤਰਸੇਮ ਸੰਸਾਰ ਦੀ ਯਾਤਰਾ ਪੂਰੀ ਕਰ ਕੇ ਉਸ ਸੰਸਾਰ ਵੱਲ ਤੁਰ ਗਿਆ, ਜਿੱਥੋਂ ਕਦੀ ਵੀ ਕੋਈ ਵਾਪਸ ਨਹੀਂ ਆਉਂਦਾ। ਉਸ ਨੇ ਅਧਿਆਪਨ ਦਾ ਕਾਰਜ ਵੀ ਕੀਤਾ ਅਤੇ ਸਿਰਜਣਾ ਦਾ ਸਫ਼ਰ ਵੀ। ਨੇਤਰਹੀਣ ਹੋ ਕੇ ਵੀ ਉਹ ਚਾਨਣੇ ਦਾ ਕੰਮ ਕਰਦਾ ਰਿਹਾ। ਦੋ ਦਰਜਨ ਕਿਤਾਬਾਂ ਦੇ ਕਰਤਾ ਡਾ. ਤਰਸੇਮ ਦੀ ਜੋ ਸਵੈ ਜੀਵਨੀ ਧ੍ਰਿਤਰਾਸ਼ਟਰ ਛਪੀ ਤਾਂ ਉਹ ਬਹੁਤ ਹੀ ਸਲਾਹੀ ਗਈ। ਉਸ ਨਾਲ ਤਰਸੇਮ ਦਿਲਾਂ ਵਿੱਚ ਉੱਤਰ ਗਿਆ ਅਤੇ ਹਰਮਨ ਪਿਆਰਾ ਹੋ ਗਿਆ।
      ਤ੍ਰੈਮਾਸਕ ਪੱਤਰ 'ਨਜ਼ਰੀਆ' ਦੀ ਸੰਪਾਦਨਾ ਵੀ ਉਸ ਦਾ ਯਾਦਗਾਰੀ ਕੰਮ ਸੀ, ਜਿਸ ਦੀ ਸਦਾ ਸਰਾਹਨਾ ਹੁੰਦੀ ਰਹੇਗੀ। ਗੌਰਮਿੰਟ ਕਾਲਜ ਮਾਲੇਰਕੋਟਲਾ 'ਚ ਪੜ੍ਹਾਇਆ ਅਤੇ ਉੱਥੇ ਹੀ ਵਸੇਬਾ ਕਰਦਾ ਰਿਹਾ। ਲੁਧਿਆਣਾ ਦੇ ਦਯਾਨੰਦ ਹਸਪਤਾਲ ਵਿੱਚ ਜ਼ੇਰੇ ਇਲਾਜ ਸੀ, ਜਿੱਥੇ ਦਿਲ ਦਾ ਦੌਰਾ ਪੈਣ ਕਾਰਨ ਅਗਲੀ ਯਾਤਰਾ 'ਤੇ ਤੁਰ ਗਿਆ। ਬਹੁਤ ਹੀ ਚੰਗਾ ਇਨਸਾਨ ਸੀ, ਜਿਸ ਵੱਲੋਂ ਸਾਹਿਤ ਵਿੱਚ ਪਾਏ ਯੋਗਦਾਨ ਨੂੰ ਯਾਦ ਕੀਤਾ ਜਾਂਦਾ ਰਹੇਗਾ, ਪਰ ਉਸ ਦੇ ਜਾਣ ਦਾ ਘਾਟਾ ਪੂਰਾ ਨਹੀਂ ਹੋ ਸਕੇਗਾ।



ਲਤੀਫ਼ੇ ਦਾ ਚਿਹਰਾ-ਮੋਹਰਾ

ਕੁੱਕੜ ਦੇ ਕੋਲੋਂ ਲੰਘਦਿਆਂ ਰਾਹੀ ਨੇ ਕਿਹਾ ਕਿ ''ਤੇਰੀ ਏਨੀ ਸੋਹਣੀ ਕਲਗੀ ਅਤੇ ਸ਼ਕਲੋ-ਸੂਰਤ, ਜਗਾਉਣ ਵਾਲੀ ਸੁਰੀਲੀ ਅਤੇ ਰਸੀਲੀ ਆਵਾਜ਼ ਫੇਰ ਵੀ ਲੋਕ ਤੇਰਾ ਕਤਲ ਕਰਨ ਤੋਂ ਕਿਉਂ ਨਹੀਂ ਹਟਦੇ?'' ਕੁੱਕੜ ਤੁਰੰਤ ਬੋਲਿਆ, ''ਹਰੇਕ ਜਗਾਉਣ ਵਾਲੇ ਦਾ ਏਹੀ ਹਸ਼ਰ ਹੁੰਦਾ ਰਿਹਾ ਅਤੇ ਹੁੰਦਾ ਰਹੇਗਾ।''
-0-
ਗਧੇ ਨੇ ਤਿੰਨ ਵਾਰ ਅਰਜ਼ੀ ਰੱਦ ਹੋਣ 'ਤੇ ਅਦਾਲਤ ਦਾ ਬੂਹਾ ਜਾ ਖੜਕਾਇਆ। ਅਦਾਲਤ ਨੇ ਜਦ ਵੀ ਸੀ ਨੂੰ ਪੁੱਛਿਆ ਕਿ ਇਸ ਨੂੰ ਪੀ ਐੱਚ ਡੀ ਕਿਉਂ ਨਹੀਂ ਕਰਵਾਉਂਦੇ ਤਾਂ ਵੀ ਸੀ ਨੇ ਕਿਹਾ ਕਿ, ''ਅਸੀਂ ਗਧਿਆਂ ਨੂੰ ਪੀ ਐੱਚ ਡੀ ਨਹੀਂ ਕਰਵਾਉਂਦੇ, ਕਿਉਂਕਿ ਅਜਿਹੇ ਨਿਯਮ ਹੀ ਨਹੀਂ। ਗਧੇ ਨੇ ਜਦ ਪੁੱਛਣ 'ਤੇ ਦੱਸਿਆ ਕਿ ਪਹਿਲਾਂ ਕਈ ਗਧੇ ਪੀ ਐੱਚ ਡੀ ਕਰ ਚੁੱਕੇ ਹਨ, ਪਰ ਮੈਂ ਉਨ੍ਹਾਂ ਦੇ ਨਾਂਅ ਨਹੀਂ ਦੱਸ ਸਕਦਾ, ਕਿਉਂਕਿ ਉਹ ਮੈਨੂੰ ਕੁੱਟ-ਕੁੱਟ ਕੇ ਹਾਲੋਂ-ਬੇਹਾਲ ਕਰ ਦੇਣਗੇ। ਅਦਾਲਤ ਚੁੱਪ, ਵੀ. ਸੀ ਚੁੱਪ, ਅਤੇ ਸਮਾਂ ਵੀ ਚੁੱਪ।

ਮੋਬਾਈਲ : 98141-13338

ਲੋਕਤੰਤਰ ਦੇ ਹਾਣੀ ਅਜੇ ਨਹੀਂ ਹੋਏ - ਸ਼ਾਮ ਸਿੰਘ, ਅੰਗ ਸੰਗ

ਭਾਰਤ ਦੇ ਨੇਤਾ ਜਿੰਨੇ ਮਰਜ਼ੀ ਦਮਗਜੇ ਮਾਰੀ ਜਾਣ, ਪਰ ਭਾਰਤੀ ਲੋਕ ਅਜੇ ਲੋਕਤੰਤਰ ਦੇ ਹਾਣੀ ਨਹੀਂ ਹੋ ਸਕੇ। ਕਈ ਖੇਤਰਾਂ ਵਿੱਚ ਬਿਜਲੀ ਨਾ ਪਹੁੰਚਣ ਵਾਂਗ ਸਿੱਖਿਆ ਦੇਣ ਦਾ ਪ੍ਰਬੰਧ ਵੀ ਨਹੀਂ ਕੀਤਾ ਜਾ ਸਕਿਆ। ਸਿਹਤ ਸਹੂਲਤਾਂ ਨੂੰ ਵਿਲਕਦੇ ਲੋਕ ਨਿੱਤ ਜਾਨ ਤੋਂ ਹੱਥ ਧੋਈ ਜਾ ਰਹੇ ਹਨ, ਪਰ ਦੇਸ਼ ਦੀਆਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ। ਇੱਥੇ ਜਿੰਨੇ ਉਪਰਾਲੇ ਜਾਨਾਂ ਨੂੰ ਖ਼ਤਮ ਕਰਨ ਦੇ ਕੀਤੇ ਜਾ ਰਹੇ ਹਨ, ਓਨੇ ਬਚਾਉਣ ਦੇ ਕਿਤੇ ਵੀ ਨਹੀਂ ਕੀਤੇ ਜਾ ਰਹੇ। ਮਨੁੱਖੀ ਜੀਵਨ ਅੰਤਾਂ ਦੇ ਸਸਤੇ ਹੋ ਕੇ ਰਹਿ ਗਏ।
        ਜੇਕਰ ਲੋਕਾਂ ਨੂੰ ਲੋਕਤੰਤਰ ਬਾਰੇ ਸੂਝ-ਬੂਝ ਦਿੱਤੀ ਜਾਵੇ ਤਾਂ ਵੋਟਾਂ ਪੈਣ ਵੇਲੇ ਗਲੇ ਪਾੜ-ਪਾੜ ਕੇ ਲੰਮੇ-ਚੌੜੇ ਭਾਸ਼ਣ ਦੇਣ ਦੀ ਲੋੜ ਹੀ ਨਾ ਪਵੇ। ਭਾਸ਼ਣਾਂ ਵਿੱਚ ਇੱਕ-ਦੂਜੇ 'ਤੇ ਦੂਸ਼ਣਬਾਜ਼ੀ ਦੀ ਏਨੀ ਭਰਮਾਰ ਹੁੰਦੀ ਹੈ ਕਿ ਉਸ ਵਿੱਚੋਂ ਰਾਜਨੀਤਕ ਵਿਚਾਰ ਲੱਭਦੇ ਹੀ ਨਹੀਂ। ਭਾਵੁਕ ਹੋਏ ਨੇਤਾਜਨ ਏਨੀਆਂ ਨੀਵਾਣਾਂ ਤੱਕ ਚਲੇ ਜਾਂਦੇ ਹਨ ਕਿ ਸੁਣਨ ਵਾਲੇ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿੰਦੇ। ਲੋਕਤੰਤਰ ਵਿੱਚ ਹੋਰ ਵੀ ਏਨੀਆਂ ਘਾਟਾਂ ਹਨ, ਜਿਵੇਂ ਪਾਟੇ ਹੋਏ ਕੱਪੜੇ ਦੀਆਂ ਲੀਰਾਂ ਲਮਕਦੀਆਂ ਹੋਣ।
       ਸਰਕਾਰ, ਵਿਰੋਧੀ ਧਿਰਾਂ ਅਤੇ ਦੇਸ਼ ਦਾ ਸੁਪਰੀਮ ਕੋਰਟ ਦੇਸ਼ ਦੇ ਲੋਕਤੰਤਰ ਨੂੰ ਚਲਾਉਣ ਵਾਲੇ ਸੰਵਿਧਾਨ ਨੂੰ ਬਚਾਉਣ ਦੇ ਭਰਵੇਂ ਜਤਨ ਕਰ ਰਹੇ ਹਨ ਪਰ ਪਵਿੱਤਰ 'ਸੰਵਿਧਾਨ' ਦੀ ਰੱਖਿਆ ਨਹੀਂ ਹੋ ਰਹੀ ਕਿਉਂਕਿ ਦੇਸ਼ ਕੋਲ ਕੋਈ ਸੰਵਿਧਾਨ ਸੈਨਾ ਨਹੀਂ, ਜਿਹੜੀ ਸਦਾ ਇਸ ਨੂੰ ਬਚਾਉਣ ਵਾਸਤੇ ਲੱਗੀ ਰਹੇ। ਸਰਕਾਰ ਮਨਮਰਜ਼ੀ ਕਰ ਰਹੀ ਹੈ, ਜਿਸ ਨੂੰ ਰੋਕਣ ਲਈ ਵਿਰੋਧੀ ਧਿਰਾਂ ਆਵਾਜ਼ ਬੁਲੰਦ ਕਰਦੀਆਂ ਹਨ ਅਤੇ ਕਦੇ-ਕਦੇ ਅਦਾਲਤਾਂ ਵੀ। ਜੇ ਸੁਪਰੀਮ ਕੋਰਟ ਦੀ ਵੀ ਨਾ ਮੰਨੀ ਜਾਵੇ ਤਾਂ ਉਸ ਤੋਂ ਉੱਚੀ ਕੋਈ ਥਾਂ ਨਹੀਂ।
      ਅੱਜ ਹਰ ਸਿਆਸੀ ਪਾਰਟੀ 'ਤੇ ਵਿਸ਼ਵਾਸ ਘਟਿਆ ਹੈ ਅਤੇ ਸ਼ੱਕ ਵਧੀ ਹੈ, ਕਿਉਂਕਿ ਦਿੱਤੇ ਭਰੋਸੇ ਤੋੜੇ ਜਾ ਰਹੇ ਹਨ ਅਤੇ ਕੀਤੇ ਵਾਅਦੇ ਪੂਰੇ ਹੀ ਨਹੀਂ ਕੀਤੇ ਜਾਂਦੇ। ਦੇਸ਼ ਦੇ ਭੋਲੇ-ਭਾਲੇ ਲੋਕ ਬੇਬਸੀ ਦੇ ਆਲਮ ਵਿੱਚ ਕੋਈ ਕਦਮ ਭਰਨ ਦੇ ਸਮਰੱਥ ਨਹੀਂ ਹੁੰਦੇ। ਵੋਟ ਪੁਆਈ ਘੜੀ ਬਿਤਾਈ ਮੁੜ ਸਰਕਾਰ ਕਦੇ ਵੀ ਨਾ ਆਈ। ਇਸ ਤਰ੍ਹਾਂ ਲੋਕਤੰਤਰ ਦਾ ਅਸਲ ਅਰਥ ਹੀ ਗੁਆਚ ਕੇ ਰਹਿ ਜਾਂਦਾ ਹੈ, ਕਿਉਂਕਿ ਲੋਕਾਂ ਅਤੇ ਸਰਕਾਰ ਵਿੱਚ ਨੇੜਤਾ ਹੀ ਨਹੀਂ ਰਹਿੰਦੀ। ਚਾਹੀਦਾ ਤਾਂ ਇਹ ਹੈ ਕਿ ਗੌਰਮਿੰਟ ਮਿੰਟ-ਮਿੰਟ 'ਤੇ ਗੌਰ ਕਰਦੀ ਰਹੇ।
      ਦੇਸ਼ ਦੇ ਪਹਿਲੇ ਸਿਆਸੀ ਨੇਤਾਵਾਂ ਨੇ ਇਹ ਇੱਛਾ ਪ੍ਰਗਟ ਕੀਤੀ ਸੀ ਕਿ ਭਾਰਤ ਵਿੱਚ ਰਾਜ ਕਰ ਰਿਹਾ ਬਰਤਾਨੀਆਂ ਇੱਥੇ ਵੀ ਆਪਣੇ ਵਰਗੀਆਂ ਲੋਕਤੰਤਰਿਕ ਸੰਸਥਾਵਾਂ ਕਾਇਮ ਕਰੇ, ਪਰ ਨਾਲ ਦੀ ਨਾਲ ਉਨ੍ਹਾਂ ਅੱਗੇ ਇਹ ਸਵਾਲ ਵੀ ਵਾਰ-ਵਾਰ ਆ ਖੜ੍ਹਦਾ ਰਿਹਾ ਕਿ ਕੀ ਭਾਰਤੀ ਅਜਿਹੀਆਂ ਸੰਸਥਾਵਾਂ ਦੇ ਹਾਣ ਦੇ ਵੀ ਹਨ ਜਾਂ ਨਹੀਂ? ਇੱਥੇ ਉਹ ਹਾਲਾਤ ਨਹੀਂ ਸਨ ਕਿ ਬਰਤਾਨੀਆ ਦੀ ਲੋਕਤੰਤਰਿਕ ਪ੍ਰਣਾਲੀ ਵਾਲੀਆਂ ਸੰਸਥਾਵਾਂ 'ਤੇ ਚੱਲਿਆ ਜਾਂਦਾ। ਹਾਣ ਬਿਨਾਂ ਕੁਝ ਨਹੀਂ ਹੁੰਦਾ।
      ਭਾਰਤ ਦੀ ਸਥਿਤੀ ਬਰਤਾਨੀਆ ਨਾਲੋਂ ਵੱਖਰੀ ਹੋਣ ਕਰਕੇ ਵਿਦਵਾਨ ਜਾਨ ਸਟੂਬਰਟ ਬਿਲ ਨੇ ਭਾਰਤ ਦੇ ਅਧਿਐਨ ਦੀ ਸਲਾਹ ਦਿੱਤੀ ਸੀ ਜਦਕਿ ਵਾਇਸਰਾਏ ਡਫਰਿਨ ਨੇ ਸਾਫ਼ ਸਪੱਸ਼ਟ ਕਿਹਾ ਸੀ ਕਿ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਸ਼ੁਰੂ ਕਰਨੀ ਹਨੇਰੇ ਵਿੱਚ ਕੁੱਦਣ ਵਰਗੀ ਗੱਲ ਹੋਵੇਗੀ। ਯਾਦ ਰਹੇ ਕਿ ਬਰਤਾਨੀਆ ਵਿੱਚ ਵੀ ਇਹ ਪ੍ਰਣਾਲੀ ਇਕਦਮ ਸ਼ੁਰੂ ਨਹੀਂ ਸੀ ਹੋ ਸਕੀ। ਉੱਚ ਅਹੁਦਿਆਂ 'ਤੇ ਬੈਠੇ ਹੋਰਨਾਂ ਨੇ ਵੀ ਰਾਇ ਪ੍ਰਗਟ ਕਰਦਿਆਂ ਕਿਹਾ ਸੀ ਕਿ ਖੇਤਰੀ ਭਾਵਨਾਵਾਂ, ਜਾਤ-ਪਾਤ ਅਤੇ ਕਈ ਇੱਕ ਧਰਮਾਂ ਵਿੱਚ ਵੰਡੇ ਭਾਰਤ ਵਿੱਚ ਲੋਕਤੰਤਰੀ ਪ੍ਰਣਾਲੀ ਸਫਲ ਨਹੀਂ ਹੋ ਸਕਦੀ।
       ਵਰ੍ਹਿਆਂ ਦੇ ਵਰ੍ਹੇ ਗੁਜ਼ਰ ਜਾਣ ਬਾਅਦ ਆਜ਼ਾਦੀ ਵਿੱਚ ਵਿਚਰਦਿਆਂ ਵੀ ਦੇਸ਼ ਦੇ ਲੋਕ ਉਸ ਸੂਝ-ਬੂਝ ਨੂੰ ਹਾਸਲ ਨਹੀਂ ਕਰ ਸਕੇ, ਜਿਸ ਬਿਨਾਂ ਲੋਕਤੰਤਰ ਬੁਲੰਦੀਆਂ 'ਤੇ ਨਹੀਂ ਪਹੁੰਚ ਸਕਦਾ। ਲੋਕਤੰਤਰ ਵਿੱਚ ਬਹੁਮਤ ਦਾ ਰਾਜ ਹੁੰਦਾ ਹੈ, ਜਿਸ ਦੇ ਹੁਕਮਾਂ ਨੂੰ ਘੱਟ ਗਿਣਤੀਆਂ ਸਵੀਕਾਰ ਕਰਨ ਲਈ ਤਿਆਰ ਹੋਣ। ਉਹ ਰਾਜਸੀ ਪਾਰਟੀਆਂ ਹੋਣ, ਜਿਹੜੀਆਂ ਦੇਸ਼ ਦੇ ਸਮੁੱਚੇ ਲੋਕਾਂ ਦੀ ਬਿਹਤਰੀ ਬਾਰੇ ਕਦਮ ਉਠਾਉਣ ਲਈ ਤਿਆਰ ਹੋਣ, ਨਾ ਕਿ ਸਮਾਜ ਦੇ ਵੱਖ-ਵੱਖ ਵਰਗਾਂ ਅਤੇ ਧਰਮਾਂ ਦੀ ਪੁਸ਼ਤਪਨਾਹੀ ਕਰਨ।
        ਭਾਰਤ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਅਜੇ ਵੀ ਸੱਭਿਅਕ ਹੋ ਕੇ ਦੇਸ਼ ਦੇ ਜ਼ਰੂਰੀ ਮੁੱਦਿਆਂ 'ਤੇ ਚੱਲਣ ਦੀ ਬਜਾਏ ਵੋਟ ਬੈਂਕ ਲਈ ਸਹਾਈ ਹੁੰਦੀਆਂ ਸਸਤੀਆਂ ਨੀਤੀਆਂ ਅਪਣਾਉਂਦੀਆਂ ਹਨ, ਜਿਸ ਕਾਰਨ ਲੋਕਤੰਤਰੀ ਭਾਵਨਾ ਆਪਣੇ ਪੈਰ ਨਹੀਂ ਪਸਾਰ ਸਕਦੀ। ਦੇਸ਼ ਦੇ ਨੇਤਾ ਲੋਕਾਂ ਨੂੰ ਚੇਤੰਨ ਕਰਨ ਦੇ ਹੱਕ ਵਿੱਚ ਨਹੀਂ, ਕਿਉਂਕਿ ਜੇ ਲੋਕ ਜਾਗ੍ਰਿਤ ਹੋ ਗਏ ਤਾਂ ਉਹ ਨੇਤਾਵਾਂ 'ਤੇ ਸਵਾਲ ਵੀ ਕਰਨਗੇ ਅਤੇ ਭਾਰੂ ਹੋਣ ਦਾ ਯਤਨ ਵੀ ਕਰਨਗੇ।
       ਅੱਜ ਭਾਰਤ ਦੇ ਨੇਤਾ ਲੋਕਾਂ ਨੂੰ ਲਾਲਚ ਦਿੰਦੇ ਹਨ ਅਤੇ ਵਾਅਦਿਆਂ ਦੇ ਹੈਂਗਰ 'ਤੇ ਟੰਗਦੇ ਹਨ, ਜਿਨ੍ਹਾਂ ਤੋਂ ਮੁੜ ਉਤਾਰਨ ਦਾ ਚੇਤਾ ਹੀ ਨਹੀਂ ਰੱਖਦੇ। ਕਰਜ਼ੇ ਮਾਫ਼ ਕਰਨੇ, ਨੌਕਰੀਆਂ ਦੇਣੀਆਂ, ਲੈਪਟਾਪ ਵੰਡਣ ਦੇ ਮਸਲੇ, ਸਮਾਰਟ ਫੋਨ ਦੇਣੇ ਅਤੇ ਇਸ ਤਰ੍ਹਾਂ ਦੇ ਹੋਰ ਲਾਰੇ ਭਾਰਤੀ ਵੋਟਰਾਂ ਨੂੰ ਭਰਮਾਉਂਦੇ ਹਨ, ਜਿਨ੍ਹਾਂ ਕਾਰਨ ਸਰਕਾਰ ਬਣਾਉਣ ਵਾਲੇ ਸਰਕਾਰ ਬਣਾ ਲੈਂਦੇ ਹਨ ਅਤੇ ਦੇਸ਼ ਦਾ ਲੋਕਤੰਤਰ ਸਿੱਧ ਹੁੰਦਾ ਹੈ ਕਿ ਲੋਕ ਅਜੇ ਇਸ ਦੇ ਹਾਣ ਦੇ ਨਹੀਂ ਹੋਏ।
       ਚੰਗਾ ਹੋਵੇ ਜੇ ਦੇਸ਼ ਦੇ ਲੋਕਤੰਤਰ ਦੀਆਂ ਨੀਹਾਂ ਪੰਚਾਇਤਾਂ ਨੂੰ ਮਜ਼ਬੂਤ ਕੀਤਾ ਜਾਵੇ। ਹੋਰ ਲੋਕਤੰਤਰੀ ਸੰਸਥਾਵਾਂ ਨੂੰ ਤਰਜੀਹ ਵੀ ਦਿੱਤੀ ਜਾਵੇ, ਤਵੱਜੋ ਵੀ ਅਤੇ ਅਹਿਮੀਅਤ ਵੀ, ਤਾਂ ਕਿ ਲੋਕਤੰਤਰ ਨੂੰ ਮਜ਼ਬੂਤੀ ਮਿਲ ਸਕੇ। ਦੇਸ਼ ਦੇ ਨੇਤਾਵਾਂ ਦੀ ਕਾਰਗੁਜ਼ਾਰੀ ਤਾਂ ਹੀ ਚੰਗੀ ਸਮਝੀ ਜਾ ਸਕਦੀ ਹੈ, ਜੇਕਰ ਉਹ ਲੋਕਤੰਤਰ ਦੇ ਮਿਆਰ ਨੂੰ ਸਦਾ ਹੀ ਉੱਚਾ ਚੁੱਕਣ ਦਾ ਜਤਨ ਕਰਨ, ਨਾ ਕਿ ਨੀਵਾਂ ਕਰਨ ਦਾ। ਦੇਸ਼ ਦੇ ਲੋਕ ਖ਼ੁਦ ਵੀ ਹੰਭਲਾ ਮਾਰਨ ਅਤੇ ਆਪਣੇ ਆਪ ਤੋਂ ਉੱਚਾ ਉੱਠ ਕੇ ਲੋਕਤੰਤਰੀ ਪ੍ਰਣਾਲੀ ਦੇ ਹਾਣ ਦੇ ਹੋਣ।
        ਲੋਕਤੰਤਰੀ ਪ੍ਰਣਾਲੀ ਦੇ ਹਾਣੀ ਨਾ ਹੋਣ ਕਾਰਨ ਦੇਸ਼ ਅੱਗੇ ਨਹੀਂ ਵਧ ਸਕਦਾ ਅਤੇ ਲੋੜੀਂਦਾ ਵਿਕਾਸ ਨਹੀਂ ਕਰ ਸਕਦਾ। ਜ਼ਰੂਰੀ ਹੈ ਕਿ ਨੇਤਾ-ਲੋਕ ਦੇਸ਼ ਦੀ ਜਨਤਾ ਨਾਲ ਮਿਲ ਕੇ ਲੋਕਤੰਤਰ ਦੇ ਮੁੱਲਾਂ ਅਤੇ ਮਿਆਰਾਂ ਨੂੰ ਬਣਾਈ ਰੱਖਣ ਲਈ ਕਾਰਜ ਕਰਨ। ਲੋਕਤੰਤਰ ਦੇ ਹਾਣੀ ਹੋਏ ਬਿਨਾਂ ਦੂਜੇ ਮੁਲਕਾਂ ਦੇ ਮੋਢੇ ਨਾਲ ਮੋਢਾ ਮਿਲਾ ਕੇ ਨਹੀਂ ਤੁਰਿਆ ਜਾ ਸਕਦਾ। ਅੱਜ ਦੇ ਯੁੱਗ ਵਿੱਚ ਪੱਛੜ ਕੇ ਰਹਿਣਾ ਠੀਕ ਨਹੀਂ, ਕਿਉਂਕਿ ਵਿਗਿਆਨਕ ਕਾਢਾਂ ਮਨੁੱਖ ਲਈ ਏਨੀਆਂ ਸਹੂਲਤਾਂ ਪੈਦਾ ਕਰ ਰਹੀਆਂ ਹਨ, ਜਿਹੜੀਆਂ ਇੱਕ-ਦੂਜੇ ਦੇਸ਼ ਤੋਂ ਲੈ ਦੇ ਕੇ ਹੀ ਸਰ ਸਕਦਾ ਹੈ, ਇਕੱਲਿਆਂ ਰਹਿ ਕੇ ਨਹੀਂ। ਕੇਵਲ ਲੋਕਤੰਤਰ ਦੇ ਹਾਣ ਦੇ ਹੀ ਨਹੀਂ, ਸਗੋਂ ਅੱਜ ਦੇ ਹਾਣੀ ਬਣੇ ਬਗੈਰ ਵੀ ਨਹੀਂ ਸਰਨਾ।


ਸਾਹਿਤ ਦਾ ਦੇਵ ਨਹੀਂ ਰਿਹਾ

ਦੇਵ ਭਾਰਦਵਾਜ ਕਹਾਣੀਕਾਰ, ਨਾਵਲਕਾਰ ਵੀ ਸੀ ਅਤੇ ਸੰਪਾਦਕ ਵੀ। ਉਸ ਨੇ ਦੇਸ਼-ਵਿਦੇਸ਼ ਵਿੱਚ ਸਾਹਿਤਕ ਰੌਣਕਾਂ ਲਾਈਆਂ ਹੋਈਆਂ ਸਨ। ਉਹ ਇਕੱਲਾ ਹੀ ਕਿਸੇ ਵੱਡੀ ਸੰਸਥਾ ਜਿੰਨਾ ਕੰਮ ਕਰੀ ਜਾਂਦਾ ਸੀ ਅਤੇ ਕਿਸੇ ਦੀ ਉਡੀਕ ਨਹੀਂ ਸੀ ਕਰਦਾ।
       ਗੁਰਦਾਸਪੁਰ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਮਰ੍ਹੜ ਅੰਦਰ ਜਨਮ ਲੈ ਕੇ ਉਹ ਉਡਾਰੀ ਭਰਦਿਆਂ ਦੇਰ ਪਹਿਲਾਂ ਚੰਡੀਗੜ੍ਹ ਪਹੁੰਚ ਗਿਆ, ਜਿੱਥੇ ਸਿੱਖਿਆ ਨਾਲ ਸੰਬੰਧਤ ਡੀ ਪੀ ਆਈ ਕਾਲਜਜ਼ ਵਿੱਚ ਨੌਕਰੀ ਕਰਦਾ ਰਿਹਾ। ਸੁਪਰਡੈਂਟ ਦੀ ਪਦਵੀ ਤੋਂ ਰਿਟਾਇਰ ਹੋ ਕੇ ਉਸ ਨੇ ਸਾਹਿਤਕ ਸਮਾਗਮਾਂ ਦੀ ਲੜੀ ਸ਼ੁਰੂ ਕਰ ਲਈ। ਪੈਸਾ ਨਾ ਧੇਲਾ ਪਰ ਸਾਰੇ ਕੰਮ ਬੜੀ ਸੌਖੀ ਤਰ੍ਹਾਂ ਨੇਪਰੇ ਚਾੜ੍ਹਦਾ ਰਹਿੰਦਾ। ਚੰਡੀਗੜ੍ਹ, ਕੁਰੂਕਸ਼ੇਤਰ, ਆਗਰਾ, ਉਦੈਪੁਰ, ਥਿਰੂਵਨੰਤਾਪੁਰਮ, ਭੁਵਨੇਸ਼ਵਰ ਅਤੇ ਹੋਰ ਸ਼ਹਿਰਾਂ ਵਿੱਚ ਉਸ ਨੇ ਸਾਹਿਤਕ ਸਮਾਗਮ ਕਰ ਕੇ ਮੇਲਿਆਂ ਵਰਗਾ ਮਾਹੌਲ ਪੈਦਾ ਕੀਤਾ। ਉਸ ਦਾ ਆਖ਼ਰੀ ਸਮਾਗਮ ਇੰਦੌਰ ਵਿੱਚ ਸੀ, ਜੋ ਬੜਾ ਹੀ ਸਫ਼ਲ ਤੇ ਰੌਣਕੀਲਾ ਰਿਹਾ।
       ਉਸ ਦੀਆਂ ਲਿਖਤਾਂ 'ਨਾਗਮਣੀ' ਵਿੱਚ ਛਪੀਆਂ। ਉਹ ਖ਼ੁਦ 'ਕਾਫ਼ਲਾ ਇੰਟਰਨੈਸ਼ਨਲ' ਅੰਗਰੇਜ਼ੀ ਮੈਗਜ਼ੀਨ ਕੱਢਦਾ ਰਿਹਾ, ਜਿਸ ਨੂੰ ਦੇਸ਼-ਵਿਦੇਸ਼ ਦੇ ਲੇਖਕਾਂ ਤੱਕ ਪਹੁੰਚਾਉਂਦਾ ਰਿਹਾ। ਉਹ 'ਅੰਗ ਸੰਗ ਪੰਜਾਬ' ਦਾ ਸੰਪਾਦਕ ਬਣ ਕੇ ਮੇਰੇ ਨਾਲ ਕੰਮ ਕਰਦਾ ਰਿਹਾ। ਉਸ ਨੇ ਨਾਟਕ ਵੀ ਲਿਖੇ। ਇੱਕ ਨਾਟਕ 'ਕਿਸ਼ਨਾ' ਤਾਂ ਉਹ ਚੈਕੋਸਲਵਾਕੀਆ ਵਿੱਚ ਖੇਡ ਕੇ ਆਇਆ। ਉਸ ਨੇ ਕਈ ਮੁਲਕਾਂ ਦੀ ਸੈਰ ਕੀਤੀ ਅਤੇ ਦੋਸਤ ਕਮਾਏ।
        ਉਸ ਨੇ ਕੇਵਲ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਤਰੱਕੀ ਅਤੇ ਪਸਾਰ ਲਈ ਕੰਮ ਨਹੀਂ ਕੀਤਾ, ਸਗੋਂ ਦੂਜੀਆਂ ਭਾਸ਼ਾਵਾਂ ਅਤੇ ਦੂਜੀਆਂ ਕਲਾਵਾਂ ਲਈ ਵੀ ਬਾਹਾਂ ਅੱਡੀ ਰੱਖੀਆਂ। ਉਸ ਦੀ ਗਲਵੱਕੜੀ ਬੜੀ ਵਿਸ਼ਾਲ ਸੀ, ਜਿਸ ਵਿੱਚ ਕਈ ਮੁਲਕ ਨਿੱਘ ਨਾਲ ਵਸ ਰਹੇ ਸਨ। ਕੁਝ ਸਮਾਂ ਪਹਿਲਾਂ ਉਸ ਦਾ ਛੋਟਾ ਪੁੱਤਰ ਰਮਨ ਆਰਟਿਸਟ ਵੀ ਅਮਰੀਕਾ ਜਾ ਵਸਿਆ ਤਾਂ ਉਹ ਵੀ ਮਗਰ ਤੁਰ ਗਿਆ, ਕਿਉਂਕਿ ਦੇਵ ਆਪਣੀ ਪਤਨੀ ਦੇ ਤੁਰ ਜਾਣ ਬਾਅਦ ਇਕੱਲਾ ਰਹਿ ਗਿਆ ਸੀ, ਪਰ ਉਹ ਜੁਲਾਈ ਵਿੱਚ ਹੀ ਏਧਰ ਆਇਆ ਸੀ ਅਤੇ 2019 ਦੇ ਅਪ੍ਰੈਲ ਵਿੱਚ ਉਸ ਨੇ ਅਮਰੀਕਾ ਪਰਤ ਜਾਣਾ ਸੀ, ਪਰ ਉਸ ਨੂੰ ਹੁਣ ਤਾਂ ਉਹ ਯਾਤਰਾ ਕਰਨੀ ਪੈ ਗਈ ਜਿੱਥੋਂ ਅੱਜ ਤੱਕ ਕੋਈ ਵੀ ਸ਼ਖਸ ਕਦੇ ਵਾਪਸ ਨਹੀਂ ਪਰਤਿਆ।
       ਦੇਵ ਦਾ ਸਾਹਿਤਕ ਕਾਫ਼ਲਾ ਤੁਰਦਾ ਰਹੇਗਾ ਉਸ ਦੇ ਸਾਥੀ ਇਸ ਮਿਸ਼ਾਲ ਨੂੰ ਜਗਦੀ ਰੱਖਣਗੇ। ਦੇਵ ਨੂੰ ਅਲਵਿਦਾ ਕਹਿੰਦਿਆਂ ਹਰ ਇੱਕ ਦੇ ਨੇਤਰਾਂ ਵਿੱਚ ਕਈ ਦਰਿਆ ਵਹਿੰਦੇ ਰਹਿਣਗੇ। ਉਹ ਇਸ ਲਈ ਵੀ ਹਰਮਨ-ਪਿਆਰਾ ਸੀ ਕਿ ਉਹ ਵੱਖ-ਵੱਖ ਕਵੀਆਂ ਦੀਆਂ ਰਚਨਾਵਾਂ ਨੂੰ ਪਸੰਦ ਵੀ ਕਰਦਾ ਸੀ ਅਤੇ ਸੁਰ ਗਾ ਵੀ ਲੈਂਦਾ ਸੀ।


ਲਤੀਫੇ ਦਾ ਚਿਹਰਾ ਮੋਹਰਾ

ਰਾਮੂ ਨੇ ਬਹੁਤ ਹਿੰਮਤ ਕਰਕੇ ਆਪਣੀ ਪਸੰਦ ਦੀ ਲੜਕੀ ਨੂੰ ਵਿਆਹ ਕਰਾਉਣ ਦੀ ਪੇਸ਼ਕਸ਼ ਕਰ ਦਿੱਤੀ।
    ਲੜਕੀ ਨੇ ਤੁਰਤ ਹੀ ਨਾਂਹ ਕਰਦਿਆਂ ਕਿਹਾ ਕਿ ਤੇਰੇ ਨਾਲ ਵਿਆਹ ਕਰਵਾਉਣ ਨਾਲੋਂ ਪਹਿਲਾਂ ਮਰਨਾ ਚੰਗਾ ਸਮਝਾਂਗੀ।
    ਮਾਯੂਸੀ ਦੇ ਘੋਰ ਆਲਮ ਵਿਚ ਰਾਮੂ ਬੋਲਿਆ, ਇਹ ਕੀ ਹੋਇਆ ਮਰ ਜਾਣਾ ਚੰਗਾ ਸਮਝਾਂਗੀ ૶ ਪਰ ਕੀ ਤੂੰ ਕਿਸੇ ਗਰੀਬ ਦਾ ਭਲਾ ਨਹੀਂ ਕਰ ਸਕਦੀ।

ਸੰਪਰਕ : 98141-13338
14 Feb. 2019

ਮੰਗਣਾ, ਜਾਗਣਾ ਤੇ ਸਿਆਸੀ ਅਮਲ -  ਸ਼ਾਮ ਸਿੰਘ ਅੰਗ-ਸੰਗ

ਸਾਰੇ ਭਾਰਤ ਦਾ ਮੰਗਣ 'ਤੇ ਜ਼ੋਰ ਹੈ, ਦੇਣ 'ਤੇ ਨਹੀਂ। ਕਈ ਵਾਰ ਤਾਂ ਲੱਗਦਾ ਹੈ, ਜਿਵੇਂ ਸਾਰਾ ਦੇਸ਼ ਹੀ ਮੰਗਤਿਆਂ ਦਾ ਹੋਵੇ। ਕੇਂਦਰ 'ਚ ਭਾਰਤ ਦੀ ਸਰਕਾਰ ਬਣਦੀ ਹੈ, ਜਿਸ ਲਈ 542 ਤੋਂ ਕਿਤੇ ਵੱਧ ਨੇਤਾ ਲੋਕਾਂ ਤੋਂ ਵੋਟਾਂ ਮੰਗਦੇ ਹਨ, ਤਾਂ ਜੁ ਉਹ ਪਾਰਲੀਮੈਂਟ ਤੱਕ ਪਹੁੰਚ ਸਕਣ। ਉਹ ਵੋਟਾਂ ਮੰਗਣ ਵਾਸਤੇ ਕੀ-ਕੀ ਪਾਪੜ ਵੇਲਦੇ ਹਨ, ਕੀ-ਕੀ ਢੰਗ ਵਰਤਦੇ, ਵਾਅਦੇ ਕਰਦੇ ਅਤੇ ਲਾਰੇ ਲਾਉਂਦੇ ਹਨ, ਉਨ੍ਹਾਂ ਦਾ ਹਿਸਾਬ ਹੀ ਨਹੀਂ।
        ਦੇਸ਼ ਦੇ ਸਾਰੇ ਰਾਜਾਂ ਵਿੱਚ ਵਿਧਾਨ ਸਭਾਵਾਂ ਲਈ ਚੋਣਾਂ ਹੁੰਦੀਆਂ ਹਨ, ਜਿਸ ਲਈ ਵੀ ਹਰ ਕੋਈ ਕਈ ਤਰ੍ਹਾਂ ਦੇ ਹਰਬੇ ਵਰਤ ਕੇ ਨਾਗਰਿਕ ਤੋਂ ਵੋਟਾਂ ਮੰਗਣ ਵਾਸਤੇ ਅੱਡੀਆਂ ਭਾਰ ਹੋਣਾ ਨਹੀਂ ਭੁੱਲਦਾ। ਫਿਰ ਰਾਜਾਂ ਦੇ ਮੰਤਰੀ ਅਤੇ ਮੁੱਖ ਮੰਤਰੀ ਤੱਕ ਬਹੁਤ ਲੋੜਾਂ ਲਈ ਕੇਂਦਰ ਸਰਕਾਰ ਅੱਗੇ ਝੋਲੀਆਂ ਅੱਡ ਕੇ ਮੰਗਣ ਤੋਂ ਨਹੀਂ ਸ਼ਰਮਾਉਂਦੇ। ਕਈ ਖੇਤਰਾਂ ਵਿੱਚ ਰਾਜ ਨਾ ਸਮਰੱਥ ਹੁੰਦੇ ਹਨ ਅਤੇ ਨਾ ਆਤਮ-ਨਿਰਭਰ, ਜਿਨ੍ਹਾਂ ਖ਼ਾਤਰ ਮੰਗੇ ਬਿਨਾਂ ਨਹੀਂ ਸਰਦਾ। ਰਾਜਾਂ ਦੀ ਇਹ ਮੰਗਣ ਕਿਰਿਆ ਉਦੋਂ ਤੱਕ ਖ਼ਤਮ ਨਹੀਂ ਹੁੰਦੀ, ਜਦੋਂ ਤੱਕ ਮੰਗੀ ਗਈ ਖ਼ੈਰ ਠੂਠੇ ਵਿੱਚ ਨਾ ਪੈ ਜਾਵੇ।
      ਕਈ ਵਾਰ ਭਾਰਤ ਸਰਕਾਰ ਨੂੰ ਵੀ ਲੋੜਾਂ ਖ਼ਾਤਰ ਦੂਜੇ ਵਿਕਸਤ ਦੇਸਾਂ ਤੋਂ ਮੰਗਣਾ ਪੈਂਦਾ ਹੈ, ਤਾਂ ਕਿ ਊਣੇ ਖੇਤਰਾਂ ਨੂੰ ਪੂਰਿਆਂ ਕੀਤਾ ਜਾ ਸਕੇ। ਅਜਿਹਾ ਕਰਦਿਆਂ ਸਰਕਾਰ ਨੂੰ ਵਿਰੋਧੀ ਧਿਰਾਂ ਦੇ ਦੋਸ਼ ਵੀ ਸਹਿਣੇ ਪੈਂਦੇ ਹਨ ਤੇ ਤਿੱਖੀ ਆਲੋਚਨਾ ਵੀ, ਪਰ ਕੇਂਦਰ ਸਰਕਾਰ ਆਪਣੇ ਕੰਮ ਸਾਰਨ ਅਤੇ ਅੱਗੇ ਵਧਣ ਲਈ ਦੋਸ਼ਾਂ ਦੀ ਪਰਵਾਹ ਨਹੀਂ ਕਰਦੀ।
      ਕਿਸੇ ਸਰਕਾਰ ਦੇ ਵੀ ਹੋਣ, ਅਧਿਕਾਰੀ ਤੇ ਕਰਮਚਾਰੀ ਆਪਣੀਆਂ ਮੰਗਾਂ ਮੰਨਵਾਉਣ ਲਈ ਮੰਗਣ ਤੋਂ ਕਦੇ ਨਹੀਂ ਹਟਦੇ। ਸਮਾਜ ਦੇ ਹੋਰ ਤਬਕੇ ਵੀ ਮੰਗਣ ਤੋਂ ਪਿੱਛੇ ਨਹੀਂ ਰਹਿੰਦੇ। ਹਾਂ, ਮੰਗਣ ਦਾ ਕੰਮ ਘਟ ਸਕਦਾ ਹੈ, ਜੇ ਵੱਖ-ਵੱਖ ਖੇਤਰਾਂ ਵਿੱਚ ਜਾਗਿਆ ਅਤੇ ਸੁਚੇਤ ਹੋਇਆ ਜਾਵੇ। ਸਨਅਤ, ਤਕਨੀਕ, ਸਿੱਖਿਆ, ਖੇਤੀ, ਵਪਾਰ ਵਿੱਚ ਵਿਕਾਸ ਕਰਨ ਦੇ ਨਾਲ-ਨਾਲ ਦੇਸ਼ ਦੇ ਹਾਕਮ ਬੁਨਿਆਦੀ ਢਾਂਚੇ ਨੂੰ ਵੀ ਉੱਤਮ ਬਣਾਉਣ ਅਤੇ ਲੋੜੀਂਦੀਆਂ ਸਹੂਲਤਾਂ ਪੈਦਾ ਕਰਨ ਵੱਲ ਵੀ ਤਰਜੀਹੀ ਸੁਹਿਰਦਤਾ ਦੇ ਆਧਾਰ 'ਤੇ ਕਾਰਜ ਕਰਨ।
       ਦੇਸ ਦੇ ਲੋਕ ਵੀ ਮੰਗਣ ਵਿੱਚ ਹੀ ਰੁੱਝੇ ਰਹਿੰਦੇ ਹਨ, ਜਿਸ 'ਚੋਂ ਕੁਝ ਮਿਲਦਾ ਹੈ ਕੁਝ ਨਹੀਂ, ਪਰ ਲੋਕ ਫਿਰ ਵੀ ਮੰਗਣ ਤੋਂ ਨਹੀਂ ਝਿਜਕਦੇ। ਸਰਕਾਰ ਤੋਂ ਉਹ ਕੁਝ ਵੀ ਮੰਗਦੇ ਰਹਿੰਦੇ ਹਨ, ਜੋ ਮਿਲਣਾ ਹੀ ਨਹੀਂ ਹੁੰਦਾ। ਸਰਕਾਰ ਸੰਵਿਧਾਨ ਦੀਆਂ ਹੱਦਾਂ ਦੇ ਅੰਦਰ ਰਹਿ ਕੇ ਹੀ ਕੰਮ ਕਰ ਸਕਦੀ ਹੈ, ਬਾਹਰ ਨਹੀਂ ਜਾ ਸਕਦੀ। ਸੰਵਿਧਾਨ ਦੇ ਉਲਟ ਕੰਮ ਉੱਚਤਮ ਅਦਾਲਤ ਰੋਕ ਦੇਵੇਗੀ।
        ਮੁਲਕ ਦੀਆਂ ਸਰਕਾਰਾਂ ਅਤੇ ਹਾਕਮਾਂ ਨੂੰ ਹੋਰ ਗੱਲਾਂ ਦੇ ਨਾਲ-ਨਾਲ ਉਹ ਸਿਆਸੀ ਅਮਲ ਕਰਨੇ ਚਾਹੀਦੇ ਹਨ, ਜਿਹੜੇ ਸੁਹਿਰਦ, ਸਾਰਥਿਕ ਅਤੇ ਲੋਕ-ਹਿੱਤ ਵਾਲੇ ਹੋਣ। ਜਿਹੜੇ ਹਾਕਮ ਲੋਕ-ਹਿੱਤ ਦੇ ਕੰਮਾਂ ਨੂੰ ਤਰਜੀਹ ਦੇਣਗੇ, ਉਨ੍ਹਾਂ ਦੀ ਕਾਰਗੁਜ਼ਾਰੀ ਨੂੰ ਲੋਕ ਪਸੰਦ ਕਰਨਗੇ। ਲੋਕਾਂ ਦੀਆਂ ਆਸਾਂ ਦੇ ਉਲਟ ਚੱਲਣ ਵਾਲੇ ਹਾਕਮ ਆ ਜਾਣ ਤਾਂ ਜੀਵਨ ਨਰਕ ਬਣ ਜਾਂਦਾ ਹੈ ਤੇ ਸਮਾਜ ਵਿਕਾਸ ਨਹੀਂ ਕਰਦਾ।
       ਹਾਕਮਾਂ ਦੇ ਨਾਲ-ਨਾਲ ਜ਼ਰੂਰੀ ਹੈ ਕਿ ਲੋਕਾਂ ਨੂੰ ਸਿਆਸੀ ਸੂਝ-ਬੂਝ ਹੋਵੇ, ਤਾਂ ਕਿ ਉਹ ਆਪਣੇ ਨੁਮਾਇੰਦੇ ਚੁਣਨ ਵੇਲੇ ਠੀਕ ਅਤੇ ਗ਼ਲਤ ਦੀ ਸਹੀ ਪਰਖ ਕਰ ਸਕਣ। ਜੇ ਉਹ ਸਿਆਸੀ ਤੌਰ 'ਤੇ ਜਾਗ੍ਰਿਤ ਹੋਣਗੇ ਤਾਂ ਉਹ ਸਹੀ ਸਿਆਸੀ ਅਮਲ ਕਰਨ ਦੇ ਸਮਰੱਥ ਹੋਣਗੇ। ਅਜਿਹਾ ਹੋਣ ਨਾਲ ਸਾਰਥਿਕ ਤੇ ਲਾਹੇਵੰਦ ਸਿੱਟੇ ਨਿਕਲਣਗੇ। ਜੇ ਲੋਕਾਂ ਕੋਲ ਸਿਆਸੀ ਸਮਝ ਹੀ ਨਾ ਹੋਵੇ ਤਾਂ ਉਹ ਵੋਟ ਦਾ ਮੁੱਲ ਤਾਂ ਵੱਟ ਸਕਦੇ ਹਨ, ਪਰ ਵਧੀਆ ਹਾਕਮਾਂ ਤੇ ਉੱਤਮ ਰਾਜ-ਭਾਗ ਤੋਂ ਵਿਰਵੇ ਰਹਿ ਜਾਣਗੇ। ਜੇ ਹਾਕਮ ਸਿਆਸੀ ਅਮਲ ਵਿੱਚ ਨਿਰਪੱਖਤਾ ਅਪਣਾਉਣ ਤਾਂ ਤਰੱਕੀ 'ਚ ਅੜਿੱਕੇ ਪੈਦਾ ਨਹੀਂ ਹੋਣਗੇ।
       ਚੰਗਾ ਇਹੀ ਹੈ ਕਿ ਹਾਕਮ ਤੇ ਲੋਕ ਇੱਕੀਵੀਂ ਸਦੀ ਦੇ ਹਾਣ ਦੇ ਹੋਣ, ਤਾਂ ਜੁ ਸਮਾਜ ਦੀਆਂ ਹਨੇਰੀਆਂ ਨੁੱਕਰਾਂ ਵਿੱਚ ਵੀ ਚਾਨਣਾ ਨਜ਼ਰ ਆਵੇ ਅਤੇ ਹਰੇਕ ਦੇਸ਼ ਪ੍ਰਤੀ ਵਫਾਦਾਰ ਹੋਵੇ। ਅਜਿਹਾ ਹੋ ਜਾਣ ਨਾਲ ਦੇਸ਼ ਦੇ ਲੋਕ ਵੀ ਤਰੱਕੀ ਕਰਨਗੇ, ਸਹੂਲਤਾਂ ਵੀ ਵਧਣਗੀਆਂ ਅਤੇ ਸਮੁੱਚਾ ਸਮਾਜ ਵੀ ਹਾਸਲਾਂ ਦੀਆਂ ਸਿਖ਼ਰਾਂ ਛੋਹ ਲਵੇਗਾ। ਚੰਗਾ ਹੋਵੇ, ਜੇ ਲੋਕ ਮੰਗਣ ਦੇ ਰਾਹ ਤੋਂ ਹਟ ਕੇ ਜਾਗਣ ਤੇ ਸੁਚੇਤ ਹੋਣ ਅਤੇ ਦੇਸ਼ ਦੇ ਸਿਆਸੀ ਅਮਲ ਵਿੱਚ ਕ੍ਰਾਂਤੀ ਪੈਦਾ ਕਰਨ ਅਤੇ ਲੋਕਤੰਤਰ ਵਿੱਚ ਜਾਨ ਪਾ ਦੇਣ।


ਅਮੋਲ ਇਨਾਮ ਕਾਇਮ

ਡਾ. ਆਤਮਜੀਤ ਨੇ ਆਪ ਅਤੇ ਆਪਣੇ ਪਰਵਾਰ ਵੱਲੋਂ ਆਪਣੇ ਪਿਤਾ ਪ੍ਰਿੰਸੀਪਲ ਸ. ਸ. ਅਮੋਲ ਅਤੇ ਮਾਤਾ ਪ੍ਰਤਾਪ ਕੌਰ ਦੀ ਯਾਦ ਵਿੱਚ ਅਮੋਲ ਇਨਾਮ ਕਾਇਮ ਕੀਤਾ ਹੈ, ਜੋ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ ਦਿੱਤਾ ਜਾਇਆ ਕਰੇਗਾ। ਦਾਨਵੀਰ ਬਣੇ ਰੰਗ-ਕਰਮੀ ਆਤਮਜੀਤ ਨੇ ਅਕਾਦਮੀ ਦੇ ਪ੍ਰਧਾਨ ਰਵਿੰਦਰ ਭੱਠਲ ਤੇ ਹੋਰਨਾਂ ਨੂੰ ਇਨਾਮ ਦੇਣ ਵਾਸਤੇ 5 ਲੱਖ ਰੁਪਏ ਦਾ ਚੈੱਕ ਭੇਟ ਕਰਦਿਆਂ ਕਿਹਾ ਕਿ ਉਹ ਇਸ ਇਨਾਮ ਲਈ ਰਕਮ ਦੇਣ 'ਤੇ ਰਿਣ-ਮੁਕਤ ਹੋਇਆ ਸਮਝ ਰਿਹਾ। ਇਹ ਇਨਾਮ ਦੋ ਸਾਲ ਬਾਅਦ ਕਿਸੇ ਉੱਚ-ਕੋਟੀ ਦੇ ਪੰਜਾਬੀ ਲੇਖਕ ਨੂੰ ਦਿੱਤਾ ਜਾਇਆ ਕਰੇਗਾ, ਜਿਸ ਵਿੱਚ 51 ਹਜ਼ਾਰ ਰੁਪਏ ਦੀ ਰਕਮ ਹੋਵੇਗੀ। 2019 ਤੋਂ ਸ਼ੁਰੂ ਕੀਤੇ ਜਾ ਰਹੇ ਇਸ ਇਨਾਮ ਦੀ ਸ਼ਲਾਘਾ ਕਰਨ ਵਾਲਿਆਂ 'ਚ ਡਾ. ਐੱਸ ਪੀ ਸਿੰਘ ਵੀ ਸ਼ਾਮਲ ਹਨ ਤੇ ਗੁਰਭਜਨ ਗਿੱਲ ਵੀ।


ਭਾਸ਼ਾ ਸੰਗਮ ਪੁਰਸਕਾਰ

ਪੰਜਾਬੀ ਦੇ ਨਾਵਲਕਾਰ ਜਸਬੀਰ ਭੁੱਲਰ ਨੂੰ ਭਾਰਤੀ ਭਾਸ਼ਾਵਾਂ ਪੁਰਸਕਾਰ ਮਿਲਣ ਨਾਲ ਪੰਜਾਬੀ ਭਾਸ਼ਾ ਤੇ ਸਾਹਿਤ ਸਨਮਾਨੇ ਗਏ। ਮੁਹਾਲੀ ਵਸਦਾ ਇਹ ਲੇਖਕ ਆਪਣੀ ਲਿਖਣ ਸ਼ੈਲੀ ਦਾ ਆਪ ਮਾਲਕ ਹੈ, ਜੋ ਮੌਲਿਕਤਾ ਭਰਪੂਰ ਵੀ ਹੈ ਅਤੇ ਨਿਵੇਕਲੀ ਵੀ। ਇਹ ਪੁਰਸਕਾਰ ਕਲਕੱਤਾ ਵਿਖੇ ਹਰ ਸਾਲ ਭਾਰਤੀ ਭਾਸ਼ਾ ਸੰਗਮ ਵੱਲੋਂ ਚਾਰ ਭਾਰਤੀ ਭਾਸ਼ਾਵਾਂ ਦੇ ਲੇਖਕਾਂ ਨੂੰ ਇੱਕ-ਇੱਕ ਲੱਖ ਰੁਪਏ ਦੇ ਕੇ ਰਚਨਾਵਾਂ ਨੂੰ ਸਨਮਾਨਦਾ ਹੈ, ਤਾਂ ਕਿ ਸਾਹਿਤਕਾਰਾਂ ਨੂੰ ਸ਼ਾਬਾਸ਼ ਵੀ ਮਿਲਦੀ ਰਹੇ ਅਤੇ ਲਿਖਣ ਲਈ ਹੁਲਾਰਾ ਵੀ। ਪੰਜਾਬੀ ਭਾਸ਼ਾ ਵਾਸਤੇ ਇਹ ਇਨਾਮ ਲਿਆਉਣ ਵਾਲੇ ਜਸਬੀਰ ਭੁੱਲਰ ਦੀਆਂ ਰਚਨਾਵਾਂ ਨੂੰ ਸ਼ਾਬਾਸ਼ ਅਤੇ ਉਸ ਨੂੰ ਮੁਬਾਰਕਾਂ। ਭਵਿੱਖ ਵਿੱਚ ਵੀ ਉਸ ਤੋਂ ਚੰਗੀਆਂ ਰਚਨਾਵਾਂ ਦੀ ਸਦਾ ਆਸ ਰਹੇਗੀ।


ਕ੍ਰਿਸ਼ਨਾ ਸੋਬਤੀ-ਅਲਵਿਦਾ

ਪੰਜਾਬੀ ਮੁਹਾਵਰੇ ਵਾਲੀ ਹਿੰਦੀ ਲੇਖਿਕਾ ਕ੍ਰਿਸ਼ਨਾ ਸੋਬਤੀ ਦੀ ਮੌਤ ਹੋ ਗਈ। 'ਮਿੱਤਰੋ ਮਰ ਜਾਣੀ' ਅਤੇ 'ਜ਼ਿੰਦਗੀਨਾਮਾ' ਨਾਵਲਾਂ ਨਾਲ ਉਹ ਪਾਠਕਾਂ ਦੇ ਮਨਾਂ 'ਤੇ ਡੂੰਘੀ ਮੋਹਰ-ਛਾਪ ਲਗਾ ਗਈ। ਉਸ ਦੀਆਂ ਰਚਨਾਵਾਂ ਵਿੱਚ ਪੰਜਾਬੀਅਤ ਦੀ ਝਲਕ ਵੀ ਹੈ, ਜਿਸ ਕਾਰਨ ਉਹ ਪੰਜਾਬੀਆਂ ਦੀ ਵੀ ਚਹੇਤੀ ਰਹੀ। 'ਜ਼ਿੰਦਗੀਨਾਮਾ' ਨਾਵਲ ਕਾਰਨ ਸੋਬਤੀ ਨੇ ਅੰਮ੍ਰਿਤਾ ਪ੍ਰੀਤਮ ਵੱਲੋਂ ਆਪਣੀ ਕਿਤਾਬ 'ਹਰਦੱਤ ਦਾ ਜ਼ਿੰਦਗੀਨਾਮਾ' ਰੱਖਣ ਕਾਰਨ ਉਸ 'ਤੇ ਮੁਕੱਦਮਾ ਕਰ ਦਿੱਤਾ। ਉਂਜ ਦੋਹਾਂ ਦਾ ਹੀ ਇਹ ਨਾਂਅ ਮੌਲਿਕ ਨਹੀਂ ਸੀ, ਕਿਉਂਕਿ ਭਾਈ ਨੰਦ ਲਾਲ ਗੋਇਆਂ ਦੀ ਪੁਸਤਕ 'ਬੰਦਗੀਨਾਮਾ' ਦਾ ਨਾਂਅ ਗੁਰੂ ਗੋਬਿੰਦ ਸਿੰਘ ਜੀ ਨੇ 'ਜ਼ਿੰਦਗੀਨਾਮਾ' ਰੱਖਿਆ ਸੀ, ਜੋ ਅੱਜ ਤੱਕ ਵੀ ਹਾਸਲ ਕੀਤੀ ਜਾ ਸਕਦੀ ਹੈ, ਸਮੇਂ ਦੀ ਧੂੜ ਹੇਠ ਨਹੀਂ ਦੱਬੀ ਗਈ। 93 ਵਰ੍ਹਿਆਂ ਦੀ ਉਮਰ ਵਿੱਚ ਦੁਨੀਆ ਨੂੰ ਅਲਵਿਦਾ ਆਖਣ ਵਾਲੀ ਇਸ ਲੇਖਿਕਾ ਦਾ ਨਾਂਅ ਹਮੇਸ਼ਾ ਜਿਉਂਦਾ ਰਹੇਗਾ।


ਲਤੀਫ਼ੇ ਦਾ ਚਿਹਰਾ-ਮੋਹਰਾ

ਚੀਤੇ ਅਤੇ ਗਧੇ ਦੇ ਮਨ 'ਚ ਆਈ ਕਿ ਕਿਉਂ ਨਾ ਸ਼ੇਰ ਦੀ ਥਾਂ ਜੰਗਲ ਦਾ ਰਾਜਾ ਬਣਿਆ ਜਾਵੇ। ਬਹਿਸ ਕਰਦੇ-ਕਰਦੇ ਉਹ ਸ਼ੋਰ ਮਚਾਉਂਦੇ ਝਗੜ ਪਏ। ਝਗੜਾ ਸ਼ੇਰ ਕੋਲ ਚਲਾ ਗਿਆ। ਸ਼ੇਰ ਨੇ ਚੀਤੇ ਨੂੰ ਸਜ਼ਾ ਸੁਣਾ ਦਿੱਤੀ। ਚੀਤੇ ਨੇ ਸ਼ੇਰ ਨੂੰ ਹਲੀਮੀ ਨਾਲ ਸਜ਼ਾ ਦਾ ਕਾਰਨ ਪੁੱਛਿਆ ਤਾਂ ਸ਼ੇਰ ਤਿੱਖੇ ਸੁਰ ਵਿੱਚ ਝੱਟ ਬੋਲਿਆ : 'ਚੀਤਾ ਹੋ ਕੇ ਗਧੇ ਨਾਲ ਝਗੜਦਿਆਂ ਤੈਨੂੰ ਸ਼ਰਮ ਨਹੀਂ ਆਉਂਦੀ?'

ਸੰਪਰਕ : 98141-13338
03 Feb. 2019