ਇਨਸਾਨ - ਸੁਖਵੰਤ ਬਾਸੀ, ਫਰਾਂਸ
ਲੋੜ ਵੇਲੇ ਜਿਸ ਨੂੰ ਸਮਝਦੇ ਭਗਵਾਨ,
ਪੂਰੀ ਹੋਣ ਤੇ ਨਹੀਂ ਸਮਝਦੇ ਇਨਸਾਨ!
ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ,
ਕਿਸੇ ਲਈ ਕੁਛ ਕਰ ਸਕੀਏ ਤਾਂ ਕਰੀਏ,
ਐਵੇ ਮੂੰਹ ਮੋੜੀਏ ਨਾ!
ਇਨਸਾਨ ਬਣਕੇ ਇਨਸਾਨ ਦੀ ਕਦਰ ਕਰੀਏ,
ਕਿਸੇ ਦੇ ਕੀਤੇ ਨੂੰ ਨਜ਼ਰ ਅੰਦਾਜ਼ ਕਰੀਏ ਨਾ!
ਕਹਿੰਦੇ ਚੰਗਾ ਕਰਕੇ ਚੰਗੇ ਦੀ ਨਾ ਰੱਖੋ ਆਸ,
ਅਕਸਰ ਹੋਣਾ ਪੈਂਦਾ ਹੈ ਨਿਰਾਸ਼!
ਕਈ ਬੁਰਾ ਕਰਕੇ ਵੀ ਚੰਗੇ ਦੀ ਰੱਖਦੇ ਆਸ!
ਆਪਣੇ ਦੁੱਖਾਂ ਦਾ ਦਰਦ ਸਾਰੇ ਜਾਣਦੇ,
ਦੂਜਿਆਂ ਦੇ ਦਰਦ ਦਾ ਨਹੀਂ ਕਰਦੇ ਅਹਿਸਾਸ!
ਜਿਹੜੇ ਦੁੱਖੀ ਦਿਲਾਂ ਨੂੰ ਹੋਰ ਦੁੱਖਾ ਦਿੰਦੇ,
ਉਨ੍ਹਾਂ ਨੇ ਕੀ ਦੇਣਾ ਧਰਵਾਸ?
ਹਰ ਇਨਸਾਨ ਦੀ ਕਿਸਮਤ ਆਪਣੀ-ਆਪਣੀ:
ਕਈ ਬੈਠੇ ਹੀ ਖਾਂਦੇ,
ਕਈ ਮੰਗਦੇ ਥੱਕ ਜਾਂਦੇ,
ਕਈ ਤਰਸਦੇ ਰਹਿ ਜਾਂਦੇ,
ਕਈਆਂ ਨੂੰ ਆਉਂਦਾ ਨਹੀਂ ਰਾਸ!
ਹਰ ਇਨਸਾਨ ਦੀ ਸੋਚ ਆਪੋ ਆਪਣੀ...
ਗੱਲ ਹਰ ਇੱਕ ਦੀ ਸੁਣ ਲਈਏ,
ਫਿਰ ਕਰੀਏ ਸੋਚ ਵੀਚਾਰ,
ਹਰ ਗੱਲ ਕਿਸੇ ਦੀ ਮਨੀਏ ਨਾ!
ਕਮੀਆਂ ਹਰ ਇਨਸਾਨ ਵਿੱਚ ਹੁੰਦੀਆਂ,
ਕੋਈ ਹੁਂਦਾ ਨਹੀਂ ਗੁਣਤਾਸ!
ਪ੍ਰਭ ਪਾਸ, ਵੰਤ ਦੀ ਅਰਦਾਸ:
ਮਨ ਨੀਵਾਂ, ਮੱਤ ਉੱਚੀ,
ਗੁਣਾਂ ਦਾ ਪ੍ਰਗਾਸ, ਔਗਣਾ ਦਾ ਹੋਵੇ ਨਾਸ!
01 April 2019
ਇਨਸਾਨੀਅਤ ਦਾ ਰਿਸ਼ਤਾ - ਸੁੱਖਵੰਤ ਬਾਸੀ, ਫਰਾਂਸ
ਇਨਸਾਨੀਅਤ ਦਾ ਰਿਸ਼ਤਾ, ਸਾਂਝਾ ਰਿਸ਼ਤਾ,
ਖੂਨ ਦੇ ਰਿਸ਼ਤੇ, ਰੱਬ ਬਣਾਏ,
ਦੁਨਿਆਵੀ ਅਸੀਂ ਆਪ।
ਖੂਨ ਦੇ ਰਿਸ਼ਤੇ ਜਿਵੇਂ ਨੌਹਾਂ ਨਾਲ ਮਾਸ,
ਦੁਨਿਆਵੀ ਰਿਸ਼ਤੇ ਬੰਦਾ ਬਣਾ ਲੈਂਦਾ, ਛੱਡ ਦਿੰਦਾ,
ਇਨਸਾਨੀਅਤ ਦਾ ਰਿਸ਼ਤਾ ਹਮੇਸ਼ਾਂ ਰਹਿੰਦਾ।
ਇਨਸਾਨੀਅਤ ਦੇ ਨਾਤੇ,
ਇੱਕ ਦੂਜੇ ਦੀ ਪੂਰੀ ਕਰੀਏ ਲੋੜ।
ਹਰ ਇੱਕ ਦੀ ਭਾਵਨਾ ਦੀ ਕਦਰ ਕਰੀਏ,
ਨਾ ਕਰੀਏ ਚਿੱਤ ਕਠੋਰ!
ਇੱਕ ਨੂੰ ਖੁਸ਼ ਕਰਨ ਲਈ,
ਦੂਜੇ ਨੂੰ ਦਈਏ ਨਾ ਦੁੱਖ,
ਇੱਕ ਦੂਜੇ ਦੀ ਖੁਸ਼ੀ ਦਾ ਰੱਖੀਏ ਖਿਆਲ!
ਮਾੜਾ ਕਰ ਹੋ ਜਾਏ ਜੇ ਕਿਸੇ ਨਾਲ,
ਚੰਗਾ ਕਰਕੇ ਮੌਕਾ ਲਈਏ ਸੰਭਾਲ,
ਚੰਗੇ ਕੀਤੇ ਤੇ ਪਾਣੀ ਫੇਰੀਏ ਨਾ!
ਵੰਤ ਚੰਗਾ ਕਿਸੇ ਨਾਲ ਜੇ ਕਰ ਨਹੀਂ ਸਕਦੀ,
ਮਾੜਾ ਵੀ ਕਿਸੇ ਨਾਲ ਕਰੇ ਨਾ!
ਮਿਹਰ ਕਰੀਂ ਸਭਨਾ ਤੇ ਰੱਬਾ,
ਹਰ ਇਨਸਾਨ ਵਿੱਚ ਇਨਸਾਨੀਅਤ ਜਨਮ ਲਵੇ,
ਇਨਸਾਨੀਅਤ ਕਿਸੇ ਦੀ ਮਰੇ ਨਾ!
17 Feb. 2019
ਗਲਤੀ - ਸੁਖਵੰਤ ਬਾਸੀ, ਫਰਾਂਸ
ਜਾਣੇ ਅਨਜਾਣੇ, ਹਰ ਇਨਸਾਨ ਤੋਂ ਹੋ ਜਾਂਦੀ ਗਲਤੀ।
ਗਲਤੀ ਕਰਕੇ ਜੋ ਮੰਨ ਲਵੇ, ਚੰਗਾ ਇਨਸਾਨ ਹੁੰਦਾ।
ਜੋ ਨਾ ਮੰਨੇ, ਉਹ ਸ਼ੈਤਾਨ ਹੁੰਦਾ।
ਜੋ ਗਲਤੀ ਮੁਆਫ ਕਰੇ, ਉਹ ਮਹਾਨ ਹੁੰਦਾ।
ਜੇ ਕੋਈ ਕਰੇ ਗਲਤੀ ਇੱਕ ਵਾਰ,
ਉਸਨੂੰ ਤਾਂ ਰੱਬ ਵੀ ਕਰ ਦਿੰਦਾ ਮੁਆਫ!
ਜੇ ਕੋਈ ਕਰੇ ਗਲਤੀ ਵਾਰ-ਵਾਰ,
ਉਹ ਹੁੰਦਾ ਗੁਨਾਹਗਾਰ ।
ਜਾਣ ਬੁੱਝ ਕੇ ਜੇ ਕੋਈ ਕਰੇ ਗਲਤੀ, ਤਾਂ ਗੁਨਾਹ ਹੁੰਦਾ।
ਝੂਠੇ-ਸੱਚੇ ਬੰਦੇ ਦਾ ਰੱਬ ਗਵਾਹ ਹੁੰਦਾ।
ਗਲਤ ਕਰੇ ਜੇ ਕੋਈ ਕਿਸੇ ਨਾਲ, ਕਦੀ ਭੁੱਲ ਨਹੀਂ ਹੁੰਦਾ!
''ਜੋ ਹੋ ਗਿਆ, ਸੋ ਹੋ ਗਿਆ'' ਕਹਿ ਦੇਣਾ, ਇਕ ਸਮਝੌਤਾ ਹੁੰਦਾ।
ਜਿਹੜੇ ਕਹਿ ਦਿੰਦੇ ''ਜੋ ਬੀਤ ਗਿਆ, ਉਹ ਭੁੱਲ ਜਾਓ'',
ਬੀਤੇ ਉਨ੍ਹਾ ਨਾਲ, ਪਤਾ ਫਿਰ ਲੱਗਦਾ!
ਗਲਤੀ ਮਨ ਲੈਣ ਨਾਲ, ਅੱਧੀ ਗਲਤੀ ਹੋ ਜਾਂਦੀ ਮੁਆਫ।
ਮੂੰਹੋ ਊਚਾ-ਨੀਵਾਂ ਜੇ ਕਹਿ ਹੋ ਜਾਵੇ,
ਦਿਲ ਹੋਣਾ ਚਾਹੀਦਾ ਸਾਫ!
ਗਲਤੀ ਕਰਕੇ, ਕਈ ਇਨਸਾਨ ਵੱਟ ਲੈਂਦੇ ਚੁੱਪ,
ਕਰਦੇ ਨਹੀਂ ਇਨਸਾਫ, ਭਾਵੇ ਜਿੰਦਗੀ ਜਾਵੇ ਮੁੱਕ!
ਜੇ ਗਲਤੀ ਦਾ ਕਰ ਲਈਏ ਸੁਧਾਰ,
ਫਿਰ ਰਿਸ਼ਤਿਆਂ ਵਿੱਚ ਬਣਿਆ ਰਹਿੰਦਾ ਪਿਆਰ!
ਐਸੀ ਮਾਲਕਾ ਵੰਤ ਨੂੰ ਤੂੰ ਦੇਹ ਸ਼ਕਤੀ,
ਜਾਣ ਬੁੱਝ ਕੇ ਨਾ ਕਰੇ ਕੋਈ ਗਲਤੀ!
05 ਫਰਵਰੀ 2019
ਬਾਬੇ ਨਾਨਕ ਦਾ ਸਨੇਹਾ: ''ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ'' - ਸੁੱਖਵੰਤ ਬਾਸੀ, ਫਰਾਂਸ
ਯੂਰੋਪ ਵਿੱਚ ਰਹਿੰਦਾ ਦੋਸਤ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਇੰਡੀਆ ਤੋਂ ਲੈ ਕੇ ਆਇਆ ਸੀ।
ਕਈ ਵਾਰ ਦੋਸਤ ਨੇ ਫੋਨ ਕਰਕੇ ਕਿਹਾ: '' ਸਾਨੂੰ ਆ ਕੇ ਮਿਲ ਜਾਓ।''
ਪੰਜ - ਛੇ ਮਹੀਨੇ ਬੀਤ ਗਏ, ਫਿਰ ਅਸੀਂ ਸੋਚਿਆ ਮਿਲ ਆਈਏ।
ਜਾ ਕੇ ਪਤਾ ਲੱਗਿਆ ਕੇ ਪਤਨੀ ਮਾਂ ਬਣਨ ਵਾਲੀ ਸੀ।
ਸਾਡੇ ਉੱਥੇ ਹੂੰਦੇ ਹੀ ਡਾਕਟਰ ਦੇ ਚੈਕ-ਅਪ ਲਈ ਜਾਣਾ ਸੀ।
ਅਸੀਂ ਸਾਰੇ ਗਏ, ਚੈਕ-ਅਪ ਹੋਇਆ, ਦੋਸਤ ਪਾਉੜੀਆਂ ਉਤਰਦੇ-ਉਤਰਦੇ ਬੋਲਿਆ: ''ਤੁਹਾਡੇ ਨਾਲ ਰਲ ਗਏ!''
ਸੁਣਕੇ ਝਟਕਾ ਲੱਗਾ ਕਿ ਤਿੰਨ ਬੇਟੀਆਂ ਦਾ ਜਨਮ ਇੱਕੋ ਵੇਲੇ ਹੋਣ ਵਾਲਾ ?
ਪੁਛੱਣ ਤੇ ਦੱਸਿਆ ਕਿ ਬੇਟੀ ਹੋਣ ਵਾਲੀ ਹੈ।
ਅਸੀਂ ਕਿਹਾ: ''ਸਾਡੇ ਤਾਂ ਤਿੰਨ ਬੇਟੀਆਂ, ਤੁਹਾਡੀ ਪਹਿਲੀ ਔਲਾਦ ਹੈ, ਫਿਰ ਸਾਡੇ ਨਾਲ ਕਿਵੇਂ ਰਲ ਗਏ ?''
ਗੱਡੀ ਵਿੱਚ ਬੈਠਦਿਆਂ ਹੀ ਦੋਸਤ ਕਹਿਣ ਲੱਗਾ: ''ਮੈਂ ਤਾਂ ਇੰਡੀਆ ਹੀ ਛੱਡ ਆਉਣਾ!''
ਉਸ ਵਕਤ ਅਸੀਂ ਸੋਚਿਆ, ਐਵੇਂ ਹੀ ਕਹਿ ਰਿਹਾ।
ਬੇਟੀ ਦਾ ਸੁਣਕੇ ਐਨਾ ਜ਼ਿਆਦਾ ਪਰੇਸ਼ਾਨ ਹੋ ਗਿਆ ਕਿ ਪਰੇਸ਼ਾਨੀ ਦੀ ਹਾਲਤ ਵਿੱਚ ਲਾਲ ਬੱਤੀ ਦਾ ਖਿਆਲ ਨਹੀਂ ਰੱਖਿਆ ਤੇ ਐਕਸੀਡੈਂਟ ਕਰ ਲਿਆ।
ਅਸੀਂ ਸਾਵਧਾਨ ਵੀ ਕੀਤਾ, ਪਰ ਗੱਡੀ ਦੀ ਤੇਜ ਰਫਤਾਰ ਸੀ, ਇਸ ਕਰਕੇ ਰੁੱਕ ਨਹੀਂ ਹੋਇਆ।
ਚੌਰਸਤਾ ਹੋਣ ਕਰਕੇ ਦੋਨੇ ਪਾਸੇ ਦੀਆਂ ਗੱਡੀਆਂ ਗੱਡੀ ਵਿੱਚ ਆ ਲੱਗੀਆਂ।
ਸਭ ਦੀਆਂ ਗੱਡੀਆਂ ਦਾ ਨੁਕਸਾਨ ਹੋਇਆ, ਪਰ ਸਾਰਿਆਂ ਦਾ ਬਚਾਅ ਹੋ ਗਿਆ ਕਿਉਂਕਿ ਸਾਡੀ ਲਾਲ, ਤੇ ਉਨ੍ਹਾਂ ਦੀ ਹਰੀ ਬੱਤੀ ਹੋਣ ਕਰਕੇ, ਦੂਜੀਆਂ ਗੱਡੀਆਂ ਹਾਲੇ ਚੱਲੀਆਂ ਹੀ ਸਨ।
ਆਪਣੇ ਨਾਲ-ਨਾਲ ਦੂਜਿਆਂ ਦਾ ਵੀ ਨੁਕਸਾਨ ਕੀਤਾ! ਜੇ ਉਨ੍ਹਾਂ ਨੂੰ ਵਜ੍ਹਾਹ ਦਾ ਪਤਾ ਲੱਗਦਾ?
ਫਿਰ ਪੁਲੀਸ ਸਟੇਸ਼ਨ ਜਾਣਾ ਪਿਆ, ਉੱਥੇ ਪੁੱਛਗਿਛ ਹੋਈ।
ਉਸ ਤੋਂ ਬਾਅਦ, ਕਿਸੇ ਜਾਣਕਾਰ ਨੂੰ ਫੋਨ ਕੀਤਾ, ਉਸ ਨੇ ਦੋਸਤ ਦੇ ਘਰ ਛੱਡਿਆ।
ਦੂਸਰੇ ਦਿਨ ਅਸੀਂ ਵਾਪਸ ਆਪਣੇ ਘਰ ਆ ਜਾਣਾ ਸੀ, ਪਰ ਦਿਲ ਤਾਂ ਕਰਦਾ ਸੀ, ਹੁਣੇ ਹੀ ਏਥੋਂ ਚਲੇ ਜਾਈਏ!
ਸਫਰ ਵਿੱਚ ਇਹੀ ਸੋਚਕੇ ਬੁਰਾ ਲੱਗ ਰਿਹਾ ਸੀ ਕਿ ਚੈਕ-ਅਪ ਸਾਡੇ ਹੁੰਦੇ ਕਿਉਂ ਹੋ ਗਿਆ!
* *
*
ਫਿਰ ਜਦੋਂ ਬੇਟੀ ਦਾ ਜਨਮ ਹੋਇਆ ਤਾਂ ਰਾਤ ਦੇ ਇੱਕ ਵਜੇ, ਸ਼ਰਾਬ ਪੀ ਕੇ, ਰੋ-ਰੋ ਕੇ ਫੋਨ ਕੀਤਾ ਕਿ ਬੇਟੀ ਹੋ ਗਈ।
ਵਥੇਰਾ ਕਿਹਾ, ''ਸਾਡੇ ਵੱਲ ਦੇਖੋ!'' ਪਰ ਉਨ੍ਹਾਂ ਨੂੰ ਤਾਂ ਇੱਕ ਹੀ ਤਿੰਨ ਦੇ ਬਰਾਬਰ ਲੱਗ ਰਹੀ ਸੀ!
ਉਸਨੇ ਜਰਾ ਵੀ ਨਾ ਸੋਚਿਆ, ਕਿ ਸਾਨੂੰ ਕਿਵੇਂ ਮਹਿਸੂਸ ਹੋ ਰਿਹਾ?
* *
*
ਡੇਢ ਕੁ ਸਾਲ ਬੀਤਿਆ ਤਾਂ ਫੋਨ ਆਇਆ, ਕਹਿੰਦੇ ''ਵਧਾਈਆਂ!''
ਮੈਂ ਹੈਰਾਨ ਹੋ ਕੇ ਪੁੱਛਿਆ : ''ਕਿਸ ਗੱਲ ਦੀਆਂ ਵਧਾਈਆਂ?''
ਕਹਿੰਦੇ: ''ਮੁੰਡਾ ਹੋਇਆ!''
ਮੈਂ ਪੁੱਛਿਆ: ''ਬੇਟੀ ਦਾ ਕੀ ਹਾਲ ਹੈ?''
ਕਹਿੰਦੇ: ''ਉਹ ਤਾਂ ਉਦੋਂ ਹੀ ਇੰਡੀਆ ਛੱਡ ਆਏ ਸੀ।''
ਅਸੀਂ ਤਾਂ ਮੁੜ ਕਦੇ ਉਨ੍ਹਾਂ ਦੀ ਦਹਿਲੀਜ਼ ਵੀ ਨਹੀਂ ਟੱਪੀ, ਪਰ ਕੁਛ ਸਾਲ ਬਾਅਦ, ਬਿਨਾ ਦੱਸੇ ਉਹ ਸਾਡੇ ਕੋਲ ਆਏ।
ਉਨ੍ਹਾਂ ਨਾਲ ਦੋ ਬੱਚੇ ਸੀ : ਇੱਕ ਬੇਟਾ, ਬੇਟੇ ਤੋਂ ਛੋਟੀ ਬੇਟੀ, ਮਤਲਬ ਵੱਡੀ ਬੇਟੀ ਇੰਡੀਆ ਹੀ ਸੀ!
ਜੇ ਕਿਸੇ ਮਜਬੂਰੀ ਕਰਕੇ ਛੱਡਣਾ ਵੀ ਪੈ ਜਾਵੇ, ਫਿਰ ਵੀ ਆਪਣੀ ਔਲਾਦ ਨੂੰ ਦੂਰ ਨਹੀਂ ਕਰ ਹੁੰਦਾ!
ਸਿਰਫ ਬੇਟੀ ਹੋਣ ਕਰਕੇ ਆਪਣੇ ਤੋਂ ਦੂਰ ਕਰ ਦੇਣਾ, ਅੱਜ ਵੀ ਸੋਚਕੇ ਕਲੇਜਾ ਫੱਟਦਾ!
* *
*
ਕਾਫੀ ਦੇਰ ਬਾਅਦ ਇੱਕ ਮੈਗਜ਼ੀਨ ਵਿੱਚ ਉਨ੍ਹਾਂ ਪਤੀ-ਪਤਨੀ ਦੀ ਤਸਵੀਰ ਦੇਖੀ ਜੋ ਕਿ ਸਤਿਕਾਰ ਯੋਗ ਬੀਬੀਆਂ ਦੇ ਢਾਡੀ ਜੱਥੇ ਨਾਲ ਸੀ।
ਥੱਲੇ ਲਿਖਿਆ ਹੋਇਆ ਸੀ ਕਿ ਸਰਦਾਰ ਤੇ ਸਰਦਾਰਨੀ ਨੇ ਬੀਬੀਆਂ ਦੇ ਢਾਡੀ ਜੱਥੇ ਨੂੰ ਘਰ ਬੁਲਾ ਕੇ ਚਾਹ ਪਾਣੀ ਦੀ ਸੇਵਾ ਕੀਤੀ ਤੇ ਸੋਨੇ ਦਾ ਬਿਸਕੁਟ ਦੇ ਕੇ ਸਨਮਾਨਿਤ ਕੀਤਾ।
ਦੇਖ ਪੜ ਕੇ ਬੜੀ ਹੈਰਾਨੀ ਹੋਈ!
ਉਹ ਸਤਿਕਾਰ ਯੋਗ ਬੀਬੀਆਂ ਵੀ ਕਿਸੇ ਦੀਆਂ ਧੀਆਂ ਹੀ ਸਨ, ਜਿਨਾਂ ਨੂੰ ਦਿੱਤਾ ਮਾਣ ਸਤਿਕਾਰ! ਫਿਰ ਆਪਣੀ ਧੀ ਨੂੰ ਕਿਉਂ ਨਹੀਂ ਦਿੱਤਾ ਪਿਆਰ, ਜਿਸਦੀ ਸੀ ਉਹ ਹੱਕਦਾਰ?
ਦਿਮਾਗ ਵਿੱਚ ਕਈ ਸਵਾਲ ਉੱਠਦੇ:
ਜੇ ਸਤਿਕਾਰ ਯੋਗ ਬੀਬੀਆਂ ਨੂੰ ਪਤਾ ਲੱਗਦਾ?
ਜੇ ਉਸ ਬੇਟੀ ਨੂੰ ਪਤਾ ਲੱਗੇ?
ਜੇ ਇੰਡੀਆ ਵਿੱਚ ਹੁੰਦੇ?
ਜੇ ਦੂਜੀ ਵਾਰ ਵੀ ਬੇਟੀ ਹੁੰਦੀ?
ਜੇ ਸੱਚੀਂ ਸਾਡੇ ਨਾਲ ਰਲ ਜਾਂਦੇ, ਫਿਰ ਕੀ...?
ਪਹਿਲਾ ਬੱਚਾ, ਪੁੱਤ ਹੋਵੇ ਜਾਂ ਧੀ,
ਸ਼ੁਕਰ ਕਰੋ, ਮੇਹਰ ਹੋਈ ਉਸ ਦਾਤੇ ਦੀ,
ਝੋਲੀ ਖੈਰ ਪਾਈ ਜਿਸ ਮਾਪੇ ਦੀ!
ਸੁੱਖਵੰਤ ਬਾਸੀ, ਫਰਾਂਸ
05 Jan. 2019
ਧੀਆਂ - ਸੁੱਖਵੰਤ ਬਾਸੀ (ਫਰਾਂਸ)
ਧੀਆਂ ਤਿੰਨ ਵਾਰ ਜਨਮ ਲੈਂਦੀਆਂ:
ਇੱਕ ਵਾਰ ਜਦ ਜਨਮ ਦੇਵੇ ਦਾਤਾ,
ਦੁਜੀ ਵਾਰ ਜਦ ਹੁੰਦਾ ਏ ਵਿਆਹ,
ਤੀਜੀ ਵਾਰ ਜਦ ਬਣਦੀ ਮਾਤਾ।
ਧੀਆਂ ਨੂੰ ਦੇਣੀ ਪੈਂਦੀ ਬਹੁਤ ਪ੍ਰੀਖਿਆ,
ਧੀਆਂ ਨੂੰ ਸਕੂਲੀ ਸਿੱਖਿਆ,
ਧੀਆਂ ਨੂੰ ਘਰੇਲੂ ਸਿੱਖਿਆ,
ਧੀਆਂ ਨੂੰ ਸਮਾਜਿਕ ਸਿੱਖਿਆ
"ਸਹੁਰੇ ਘਰ ਨੂੰ ਆਪਣਾ ਘਰ,
ਸੱਸ ਸਹੁਰੇ ਨੂੰ ਸਮਝੀਂ ਮਾਪੇ,
ਸੁੱਖ ਮਿਲੇ ਤੈਨੂੰ ਹੱਸਦੀ ਆਵੀਂ,
ਦੁੱਖ ਮਿਲੇ ਜੇ ਤੈਨੂੰ ਧੀਏ,
ਰੋ ਕੇ ਚੁੱਪ ਕਰ ਜਾਵੀਂ ਆਪੇ!"
ਧੀਆਂ ਨੂੰ ਮਾਪਿਆਂ ਦਾ ਕਹਿਣਾ:
"ਧੀਏ, ਉੱਥੇ ਉਵੇਂ ਹੀ ਰਹਿਣਾ,
ਜਿਵੇਂ ਹੋਵੇ ਸਹੁਰਿਆਂ ਦੀ ਰਜ਼ਾ।"
ਵਿਆਹ ਨਾ ਹੋਇਆ, ਜਿਵੇਂ ਹੋ ਗਈ ਕੋਈ ਸਜ਼ਾ!
ਪੁੱਤ ਜੋ ਮਰਜ਼ੀ ਕਰਨ, ਜਿਵੇਂ ਮਰਜ਼ੀ ਰਹਿਣ,
ਉੇਨ੍ਹਾਂ ਨੂੰ ਵੀ ਕੁਝ ਕਹਿਣ, ਉਨ੍ਹਾਂ ਦੇ ਮਾਪੇ!
ਧੀਆਂ ਪੁੱਤਾਂ ਨੂੰ ਦੇਵੋ ਸਾਂਝੀ ਸਿੱਖਿਆ,
ਕਰਨ ਸਭਨਾਂ ਦਾ ਸਤਿਕਾਰ!
ਧੀ ਰਾਣੀ ਛੱਡਕੇ ਜਾਂਦੀ ਆਪਣਾ ਪਰਿਵਾਰ,
ਨੂੰਹ ਰਾਣੀ ਬਣਾਕੇ ਉਸ ਨੂੰ ਦਿਓ ਪਿਆਰ!
ਹੱਕ ਬਰਾਬਰ ਜੇ ਦੇ ਨਹੀਂ ਸਕਦੇ,
ਪਿਆਰ ਦੀ ਤਾਂ ਹੈ ਉੇਹ ਹੱਕਦਾਰ?
ਮਾਂ ਇੱਕ ਧੀ, ਮੈਂ ਵੀ ਇੱਕ ਧੀ ਹਾਂ,
ਧੀਆਂ ਦੀ ਹੀ ਮਾਂ,
ਵੰਤ ਤੇਰੇ ਅੱਗੇ ਕਰੇ ਅਰਦਾਸ ਰੱਬਾ,
"ਸੁੱਖ ਮਿਲੇ ਧੀਆਂ ਨੂੰ ਆਪੋ-ਆਪਣੀ ਥਾਂ!"
21 Dec. 2018
ਰਿਸ਼ਤੇ - ਸੁੱਖਵੰਤ ਬਾਸੀ, ਫਰਾਂਸ
ਪਹਿਲਾ ਰਿਸ਼ਤਾ ਬੰਦੇ ਦਾ ਰੱਬ ਨਾਲ।
ਮਾਪੇ, ਭੈਣ, ਭਰਾ ਨਾਲ ਬਣਦਾ ਪ੍ਰਵਾਰ।
ਫਿਰ ਰਿਸ਼ਤੇ, ਰਿਸ਼ਤੇਦਾਰ, ਯਾਰ,
ਇਨ੍ਹਾਂ ਨਾਲ ਚਲਦਾ ਸੰਸਾਰ।
ਦੋਨੇ ਪਾਸੇ ਹੋਵੇ ਜੇ ਖਿੱਚ,
ਤਾਂ ਹੀ ਪਿਆਰ ਹੁੰਦਾ ਰਿਸ਼ਤਿਆਂ ਦੇ ਵਿੱਚ।
ਜੋ ਨਿਭ ਜਾਂਦੇ, ਉਹ ਪਿਆਰੇ ਰਿਸ਼ਤੇ,
ਜੋ ਨਹੀ ਨਿਭਦੇ, ਉਹ ਜ਼ਖਮ ਬਣਕੇ ਰਿਸਦੇ।
ਕਈ ਬੇਵਜ੍ਹਹਾ ਆਪਣਿਆਂ ਨੂੰ ਛੱਡ ਦਿੰਦੇ,
ਰੱਖਦੇ ਨਹੀਂ ਖਿਆਲ!
ਜਿਉਂਦੇ ਜੀਅ ਮਾਰ ਦਿੰਦੇ,
ਪੁੱਛਦੇ ਨਹੀਂ ਹਾਲ!
ਛੱਡਣਾ ਹੋਵੇ ਕਿਸੇ ਨੂੰ ਛੱਡ ਦਈਏ,
ਮਾੜਾ ਕਰਕੇ ਕਿਸੇ ਨੂੰ ਛੱਡੀਏ ਨਾ।
ਮਾੜੇ ਹਲਾਤਾਂ ਵਿੱਚ ਜੋ ਛੱਡ ਦਿੰਦੇ,
ਉਹਨਾਂ ਨਾਲ ਸ਼ਿਕਵੇ ਹੁੰਦੇ।
ਮਾੜੇ ਹਲਾਤਾਂ ਵਿੱਚੋਂ ਜੋ ਕੱਢ ਦੇਣ,
ਉਹ ਫਰਿਸ਼ਤੇ ਹੁੰਦੇ।
ਰਿਸ਼ਤੇ ਵਿੱਚ ਨਿਭਾਈਏ ਆਪਣੇ ਫਰਜ਼,
ਸਹੀ ਗਲਤ ਦਾ ਸਮਝੀਏ ਫਰਕ!
ਗੁੱਸਾ ਹੋਵੇ ਜ਼ਾਇਜ਼ ਤਾਂ ਬੁਰਾ ਨਾ ਮਨਾਈਏ,
ਸਮਝਣ ਦੀ ਕੋਸ਼ਿਸ਼ ਕਰੀਏ,
ਐਂਵੇ ਰੁੱਸ ਨਾ ਜਾਈਏ!
ਰਿਸ਼ਤੇ ਵਿੱਚ ਪਿਆਰ, ਗਿਲੇ ਸ਼ਿਕਵੇ ਹੁੰਦੇ,
ਗਿਲੇ ਸ਼ਿਕਵੇ ਕਰੀਏ ਦੂਰ, ਤੋੜੀਏ ਨਾ ਰਿਸ਼ਤੇ!
ਟੁੱਟੇ ਰਿਸ਼ਤੇ ਲੱਗਦੇ ਜਿਵੇਂ ਪੱਤਝੜ,
ਰਿਸ਼ਤਿਆਂ ਵਿੱਚ ਹੋਵੇ ਜੇ ਪਿਆਰ,
ਜਿੰਦਗੀ ਲੱਗਦੀ ਵਾਂਗ ਬਹਾਰ!
ਹੋਈਏ ਦਿਲੋਂ ਨੇੜੇ,
ਰਹੀਏ ਭਾਵੇਂ ਕੋਹਾਂ ਦੂਰ!
ਰੱਬਾ, ਦਿਲਾਂ ਵਿੱਚ ਪੈਣ ਨਾ ਦੂਰੀਆਂ,
ਭਾਂਵੇ ਲੱਖ ਹੋਣ ਮਜਬੂਰਿਆਂ!
ਵੰਤ ਦੀ ਇਹੀ ਇੱਛਾ :
ਸਾਰੇ ਦਿਲੋਂ ਨਿਭਾਉਂਣ ਰਿਸ਼ਤਾ!
12 Dec. 2018
ਪੈਸਾ - ਸੁੱਖਵੰਤ ਬਾਸੀ, ਫਰਾਂਸ
ਆਪਣਾ ਕਮਾਈਏ, ਆਪਣਾ ਖਾਈਏ ਹੱਕ,
ਕਿਸੇ ਦੀ ਕਮਾਈ ਤੇ ਨਾਂ ਰੱਖੀਏ ਅੱਖ,
ਰੱਬਾ ਐਸੀ ਦੇਹ ਸੁਮੱਤ!
ਵਕਤ ਤੋਂ ਪਹਿਲਾਂ, ਤਕਦੀਰ ਤੋਂ ਜ਼ਿਆਦਾ,
ਕੁੱਝ ਵੀ ਮਿਲ ਨਹੀਂ ਸਕਦਾ!
ਹੱਥੋਂ ਤਾਂ ਖੋਹ ਸਕਦਾ ਕੋਈ,
ਮੱਥੇ ਦੀ ਕੋਈ ਖੋਹ ਨਹੀਂ ਸਕਦਾ!
''ਕਿਸੇ ਨਹੀ ਏਥੇ ਬੈਠੇ ਰਹਿਣਾ,
ਇਥੋਂ ਕੁੱਝ ਨਹੀਂ ਲੈ ਕੇ ਜਾਣਾ,
ਸਭ ਕੁੱਝ ਏਥੇ ਹੀ ਰਹਿ ਜਾਣਾ!''
ਹਰ ਇਕ ਦਾ ਸਭ ਨੂ ਇਹ ਕਹਿਣਾ।
ਏਥੇ ਰਹਿਣ ਲਈ ਪੈਸਾ ਚਾਹੀਦਾ ਜਰੂਰ,
ਪੈਸਾ ਹੋਵੇ, ਨਹੀਂ ਹੋਣਾ ਚਾਹੀਦਾ ਗਰੂਰ!
ਐਸਾ ਪੈਸਾ ਵੀ ਕੈਸਾ,
ਜੋ ਆਪਣਿਆਂ ਨੂੰ ਆਪਣਿਆਂ ਤੋਂ ਕਰ ਦੇਵੇ ਦੂਰ ?
ਕਿਸੇ ਦਾ ਕੀਤਾ ਜੋ ਭੁੱਲ ਜਾਂਦੇ,
ਪੈਸੇ ਉੱਤੇ ਡੁੱਲ ਜਾਂਦੇ,
ਬੰਦੇ ਦੀ ਕਰਦੇ ਕਦਰ ਨਹੀਂ!
ਪੈਸਾ ਹੋਵੇ ਜਿਨਾਂ ਮਰਜ਼ੀ,
ਪੈਸੇ ਨਾਲ ਆਉਂਦਾ ਸਬਰ ਨਹੀਂ!
ਵੰਤ ਦੀ ਅਰਜ਼ੀ:
"ਬੰਦੇ ਦੀ ਕਦਰ ਹੋਵੇ,
ਜੋ ਹੈ, ਉਸ ਵਿੱਚ ਸਬਰ ਹੋਵੇ,
ਸੱਚੇ ਪਾਤਿਸ਼ਾਹ, ਸੱਚਾ ਪਿਆਰ ਹੋਵੇ,
ਨਾਂ ਹੋਵੇ ਖੁਦਗਰਜ਼ੀ!"
ਸੁੱਖਵੰਤ ਬਾਸੀ, ਫਰਾਂਸ
01 Dec. 2018
ਜਿੰਦਗੀ ਦੀ ਜਰੂਰਤ - ਸੁੱਖਵੰਤ ਬਾਸੀ
ਪਿਆਰ, ਪੈਸਾ,
ਜਿੰਦਗੀ ਦੀ ਜਰੂਰਤ।
ਪਿਆਰ ਜਿਵੇਂ ਮਾਂ,
ਪੈਸਾ ਜਿਵੇਂ ਪਿਓ।
ਬੱਚਿਆਂ ਲਈ ਜਿਵੇਂ ਮਾਪੇ ਜਰੂਰੀ,
ਪੈਸੇ ਬਿਨਾ ਲੋੜ ਹੁੰਦੀ ਨਹੀਂ ਪੂਰੀ,
ਪਿਆਰ ਬਿਨਾ ਵੀ ਜ਼ਿੰਦਗੀ ਅਧੂਰੀ!
ਕਿਸੇ ਨੂੰ ਪਿਆਰ ਦੀ ਭੁੱਖ,
ਕਿਸੇ ਨੂੰ ਪੈਸੇ ਦੀ।
ਪਿਆਰ ਰੂਹ ਦੀ ਖੁਰਾਕ,
ਪਿਆਰ ਨਾਲ ਢਿੱਡ ਨਹੀਂ ਭਰਦਾ,
ਪੈਸੇ ਬਿਨਾਂ ਵੀ ਨਹੀਂ ਸਰਦਾ!
ਗਲਾਸ ਅੱਧਾ ਭਰਿਆ ਦੇਖੀਏ,
ਤਾਂ ਦਿਨ ਲੰਘ ਜਾਂਦੇ ਸੌਖੇ।
ਜੇ ਦੇਖੀਏ ਅੱਧਾ ਖਾਲੀ,
ਦਿਨ ਲੰਘਦੇ ਬੜੇ ਹੀ ਔਖੇ!
ਥੋੜਾ ਵੀ ਬਹੁਤਾ ਲੱਗੇ,
ਜੇ ਹੋਵੇ ਰੱਬ ਦੀ ਨਜ਼ਰ ਸਵੱਲੀ!
ਜਿੰਦਗੀ ਵਿੱਚ ਮਿਲਦਾ ਨਹੀਂ ਸਭ ਕੁਛ,
ਜੋ ਹੈ, ਉਸ ਵਿੱਚ ਰਹਿਣਾ ਆ ਜਾਏ ਖੁਸ਼!
ਰੱਬਾ, ਵੰਤ ਸ਼ੁਕਰ ਕਰੇ ਜੋ ਵੀ ਮਿਲੀ ਸੌਗਾਤ,
ਤੈਨੂੰ ਰੱਖੇ ਚੇਤੇ, ਭੁੱਲੇ ਨਾ ਆਪਣੀ ਔਕਾਤ!
ਸੁੱਖਵੰਤ ਬਾਸੀ, ਫਰਾਂਸ
26 Nov. 2018
ਹਲਾਤ - ਸੁੱਖਵੰਤ ਬਾਸੀ
ਹਾਲਤ ਹਲਾਤ ਬਣਾ ਦਿੰਦੇ,
ਕਿਸੇ ਦੇ ਹਾਲ ਤੇ ਨਾ ਹੱਸੀਏ,
ਕੋਈ ਹੱਲ ਹੋਵੇ ਤਾਂ ਦੱਸੀਏ!
"ਅੱਜ ਤੇਰੇ ਨਾਲ, ਕੱਲ ਮੇਰੇ ਨਾਲ ਵੀ ਹੋ ਸਕਦਾ"
ਜੇ ਸੋਚੇ ਬੰਦਾ, ਤਾਂ ਦੁੱਖ ਕਿਸੇ ਨੂੰ ਦੇ ਨਹੀਂ ਸਕਦਾ!
ਤਾਂ ਹੀਂ ਤਾਂ ਲੋਕੀ ਕਹਿੰਦੇ :
"ਦਿਨ ਹਮੇਸ਼ਾ ਇਕੋ ਜਿਹੇ ਨਹੀਂ ਰਹਿੰਦੇ!"
ਕਹਿੰਦੇ ਸੁੱਖ ਵੰਡਣ ਨਾਲ ਹੁੰਦਾ ਵਾਧਾ,
ਦੁੱਖ ਵੰਡਣ ਨਾਲ ਦੁੱਖ ਘੱਟਦਾ।
ਪਰ ਦੁੱਖ ਹਰ ਕਿਸੇ ਨੂੰ ਦੱਸਿਆ ਜਾ ਨਹੀਂ ਸਕਦਾ,
ਕਿਉਂਕੀ ਕਈ ਕਮਜੋਰੀ ਨੂੰ ਬਣਾਕੇ ਹੱਥਿਆਰ, ਫਿਰ ਕਰਦੇ ਵਾਰ!
ਭੁੱਲ ਜਾਂਦੇ ਉਹ, ਉਨ੍ਹਾਂ ਦੇ ਹੱਥ ਵੱਸ ਸਭ ਨਹੀਂ ਹੁੰਦਾ!
ਸਾਰੇ ਕਹਿੰਦੇ : "ਰੱਬ ਜਾਣਦਾ, ਰੱਬ ਦੇਖਦਾ",
ਫਿਰ ਵੀ ਉਸ ਦਾ ਡਰ ਨਹੀਂ ਹੁੰਦਾ!
ਕਿਸੇ ਦੀ ਸੋਚ ਤੇ ਲਾ ਨਹੀਂ ਸਕਦੇ ਤਾਲਾ,
ਪਰ ਸੋਚ ਸਮਝਕੇ ਤਾਂ ਬੋਲ ਸਕਦਾ, ਬੋਲਣ ਵਾਲਾ!
ਕੋਈ ਚੰਗਾ ਸੋਚੇ, ਕੋਈ ਸੋਚੇ ਮਾੜਾ,
ਕੀ ਸੋਚਦਾ, ਕੋਈ ਬੋਲਕੇ ਦੱਸੇ ਤਾਂ ਪਤਾ ਲੱਗਦਾ!
ਪਰ ਉਸਨੂੰ ਬੋਲਕੇ ਦੱਸਣ ਦੀ ਲੋੜ ਨਹੀਂ,
ਉਹ ਆਪੇ ਜਾਣਦਾ, ਦਿਲਾਂ ਦੀਆਂ ਜਾਣਨ ਵਾਲਾ!
ਅੱਖਾਂ ਰੋਂਦੀਆਂ ਦਿਖ ਜਾਂਦੀਆਂ,
ਦਿਲ ਰੋਂਦਾ, ਕਿਸੇ ਨੂੰ ਦਿਖਾ ਨਹੀਂ ਹੁੰਦਾ!
ਜ਼ਖਮ ਹੋਵੇ ਤਾਂ ਦਿਖ ਜਾਂਦਾ,
ਦਰਦ ਕੋਈ ਕਿਸੇ ਨੂੰ ਦਿਖਾ ਨਹੀਂ ਸਕਦਾ!
ਜੇ ਚਾਹੇ ਦੁੱਖ ਵੰਡਾ ਸਕਦਾ ਬੰਦਾ,
ਦਰਦ ਕੋਈ ਕਿਸੇ ਦਾ ਵੰਡਾ ਨਹੀਂ ਸਕਦਾ!
ਦੇਖਿਆ ਸੁਣਿਆ ਸਭ ਸੱਚ ਨਹੀਂ ਹੁੰਦਾ!
ਹਰ ਹੱਸਣ ਵਾਲਾ ਬੰਦਾ ਖੁਸ਼ ਨਹੀਂ ਹੁੰਦਾ!
ਰੱਬਾ, ਹੋਵੇ ਸਭਨਾਂ ਦੀ ਤੰਦਰੁਸਤੀ,
ਨਾ ਹੋਵੇ ਬੇਇਨਸਾਫੀ, ਝੂਠ, ਚਲਾਕੀ, ਚੁਸਤੀ!
ਚੁਸਤ ਚਲਾਕਾਂ ਦੇ ਹੁੰਦੇ ਬੜੇ ਯਾਰ,
ਭਲੇ ਮਾਣਸ ਬੰਦਿਆਂ ਦਾ ਹੁੰਦਾ ਕਰਤਾਰ!
ਚੰਗੇ ਮੰਦੇ, ਤੇਰੇ ਬੰਦੇ, ਤੂੰ ਦਾਤਾ ਦਾਤਾਰ,
ਵੰਤ ਮੰਗੇ : "ਸੁੱਖੀ ਵਸੇ ਸਾਰਾ ਸੰਸਾਰ!"
ਸੁੱਖਵੰਤ ਬਾਸੀ, ਫਰਾਂਸ
ਵਕਤ - ਸੁੱਖਵੰਤ ਬਾਸੀ
ਵਕਤ, ਸੋਚਾਂ, ਕਿਸੇ ਦੇ ਗੁਲਾਮ ਨਹੀਂ ਹੁੰਦੇ।
ਸੋਚਾਂ ਆਉਦੀਆਂ ਜਾਂਦੀਆਂ ਨੇ।
ਵਕਤ ਜੋ ਆ ਕੇ ਚਲਾ ਜਾਵੇ, ਮੁੜ ਆਉਂਦਾ ਨਹੀਂ!
ਵਕਤ ਦੀ ਕਦਰ ਕਰੀਏ, ਵਕਤ ਤੋਂ ਹਮੇਸ਼ਾ ਡਰੀਏ !
ਚੰਗਾ ਮਾੜਾ ਵਕਤ ਹਰ ਕਿਸੇ ਤੇ ਆਉਂਦਾ,
ਚੰਗਾ ਆਵੇ ਤਾਂ ਰੱਬ ਭੁੱਲ ਜਾਂਦਾ!
ਮਾੜੇ ਵੇਲੇ ਚੇਤੇ ਆਉਂਦਾ,
ਫਿਰ ਸਭ ਕਰਦੇ ਅਰਦਾਸ,
ਰੱਬ ਨੂੰ ਸਮਝਦੇ ਆਸ ਪਾਸ!
ਮਾੜਾ ਕਰਨ ਵੇਲੇ ਰੱਬ ਦੂਰ ਸਮਝਦੇ,
ਭੁੱਲ ਜਾਂਦੇ ਰੱਬ ਦਾ ਅਹਿਸਾਸ!
ਵਕਤ ਬਦਲਣ ਨਾਲ ਬਦਲ ਜਾਂਦੇ ਲੋਕੀਂ,
ਬਦਲ ਜਾਂਦੇ ਹਾਲਾਤ।
ਨਾ ਮਿਲੇ ਤਾਂ ਮਾੜਾ ਵਕਤ ਦੱਸਦੇ,
ਮਿਲ ਜਾਏ ਤਾਂ ਕਿਸਮਤ, ਭੁੱਲ ਜਾਂਦੇ ਔਕਾਤ!
ਕਿਸੇ ਦਾ ਕੀਤਾ ਭੁਲੀਏ ਨਾ, ਨਾ ਭੁਲੀਏ ਔਕਾਤ!
ਵਕਤ ਬਦਲਦੇ ਵਕਤ ਨਹੀਂ ਲੱਗਦਾ!
ਮਾੜੇ ਤੋਂ ਚੰਗਾ, ਚੰਗੇ ਤੋਂ ਮਾੜਾ ਵੀ ਆ ਸਕਦਾ,
ਵਕਤ ਬੜਾ ਬਲਵਾਨ!
ਕਦ ਕਰ ਦੇਵੇ ਨਿਰਧਨ, ਨਿਰਧਨ ਤੋਂ ਧੰਨਵਾਨ,
ਅਸਮਾਨ ਤੋਂ ਧਰਤੀ, ਧਰਤੀ ਤੋਂ ਅਸਮਾਨ!
ਵੰਤ ਵਕਤ ਦੀ ਕਦਰ ਕਰੇ,
ਵਕਤ ਤੋਂ ਹਮੇਸ਼ਾ ਡਰੇ,
ਧਰਤੀ ਤੇ ਰਹੇ, ਰੱਬਾ,
ਕਦੇ ਚੜੇ ਨਾ ਅਸਮਾਨ!
ਸੁੱਖਵੰਤ ਬਾਸੀ
ਫਰਾਂਸ
13 Nov. 2018