Avijit-Pathak

ਵਿੱਦਿਅਕ ਅਦਾਰਿਆਂ ਦੀ ਦਰਜਾਬੰਦੀ ਦਾ ਖੋਖਲਾਪਣ  - ਅਵਿਜੀਤ ਪਾਠਕ

ਵਿਦਿਆਰਥੀ-ਅਧਿਆਪਕ ਹੋਣ ਦੇ ਨਾਤੇ ਮੈਂ ਹਮੇਸ਼ਾ ਜ਼ਿੰਦਗੀ ਨੂੰ ਅਗਾਂਹ ਲਿਜਾਣ ਵਾਲੀ ਅਤੇ ਇਖ਼ਲਾਕੀ ਤੌਰ ’ਤੇ ਅਮੀਰ ਯੂਨੀਵਰਸਿਟੀ ਦੇ ਵਿਚਾਰਾਂ ਨੂੰ ਅੱਗੇ ਵਧਾਇਆ ਹੈ, ਅਜਿਹੀ ਯੂਨੀਵਰਸਿਟੀ ਜਿਹੜੀ ਆਜ਼ਾਦਾਨਾ ਖੋਜ-ਪੜਤਾਲ ਨੂੰ ਹੁਲਾਰਾ ਦੇਵੇ, ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਮਨੁੱਖਤਾਵਾਦੀ ਅਤੇ ਬਰਾਬਰੀ ਵਾਲੇ ਸੰਸਾਰ ਲਈ ਕੋਸ਼ਿਸ਼ਾਂ ਕਰਨ ਵਾਸਤੇ ਉਤਸ਼ਾਹਿਤ ਕਰੇ ਅਤੇ ਗਿਆਨ ਦੀ ਖੋਜ ਨੂੰ ਡੂੰਘਾ ਅਰਥ ਦਿੰਦੀ ਹੋਵੇ। ਇਹ ਗਿਆਨ ਪਿਆਰ ਰੂਪੀ ਗਿਆਨ ਹੋਵੇ, ਸੱਤਾ ਦੇ ਵਿਖਿਆਨ ਉਤੇ ਸਵਾਲ ਖੜ੍ਹੇ ਕਰਨ ਦੀ ਹਿੰਮਤ ਰੂਪੀ ਗਿਆਨ ਜਾਂ ਜਾਗਰੂਕਤਾ ਰੂਪੀ ਗਿਆਨ। ਮੈਂ ਹਾਲਾਂਕਿ ਹਮੇਸ਼ਾ ਆਪਣੇ ਆਦਰਸ਼ ਵਿਚਾਰਾਂ ਅਤੇ ਸਾਡੀਆਂ ਯੂਨੀਵਰਸਿਟੀਆਂ ਦੀ ਅਸਲ ਹਾਲਤ ਦਰਮਿਆਨ ਫ਼ਰਕ ਦਾ ਅਹਿਸਾਸ ਕੀਤਾ ਹੈ, ਤਾਂ ਵੀ ਮੈਂ ਆਪਣੇ ਸੰਜੋਏ ਹੋਏ ਵਿਚਾਰਾਂ ਨੂੰ ਹਮੇਸ਼ਾ ਅਹਿਮੀਅਤ ਦਿੰਦਾ ਹਾਂ ਕਿਉਂਕਿ ਇਹ ਮੈਨੂੰ ਆਪਣਾ ਸੁਪਨਾ ਕਾਇਮ ਰੱਖਣ ਦੇ ਯੋਗ ਬਣਾਉਂਦੇ ਹਨ। ਫਿਰ ਬਿਨਾ ਕਿਸੇ ਹੋਰ ਸੰਭਾਵਨਾ ਜਾਂ ਵਿਹਾਰਕ ਆਦਰਸ਼-ਸੰਸਾਰ (utopia) ਦੇ ਸੁਪਨੇ ਦੇ, ਅਸੀਂ ਉਸ ਖ਼ਰਾਬੀ ਦਾ ਵਿਰੋਧ ਕਿਵੇਂ ਕਰ ਸਕਦੇ ਹਾਂ ਜਿਹੜਾ ਸਾਡੀਆਂ ਯੂਨੀਵਰਸਿਟੀਆਂ ਦਾ ਖ਼ਾਸਾ ਬਣ ਚੁੱਕਾ ਹੈ, ਜੀ ਹਾਂ- ‘ਚੋਟੀ ਦੀ ਦਰਜਾਬੰਦੀ’ (ਰੈਂਕਿੰਗ) ਵਾਲੀਆਂ ਯੂਨੀਵਰਸਿਟੀਆਂ ਸਮੇਤ?
       ਇਸ ਦੇ ਬਾਵਜੂਦ, ਇਸ ਤੋਂ ਪਹਿਲਾਂ ਕਿ ਮੈਂ ਅਜੋਕੇ ਦੌਰ ਦੌਰਾਨ ਦਰਜਾਬੰਦੀ ਅਤੇ ਮਾਰਕੇ (ਬਰਾਂਡਿੰਗ) ਦੇ ਜਸ਼ਨਾਂ ਦਾ ਜ਼ਿਕਰ ਕਰਾਂ, ਮੈਂ ਪਹਿਲਾਂ ਕੁਝ ਤਲਖ਼ ਹਕੀਕਤਾਂ ਤੋਂ ਸ਼ੁਰੂਆਤ ਕਰਨੀ ਚਾਹੁੰਦਾ ਹਾਂ। ਬਿਹਾਰ ਦੀ ਇਕ ਯੂਨੀਵਰਸਿਟੀ ਵਿਚ ਪੜ੍ਹਾਉਣ ਵਾਲੀ ਮੇਰੀ ਵਿਦਿਆਰਥਣ ਨੇ ਇਕ ਦਿਨ ਮੈਨੂੰ ਕਿਹਾ : “ਸਰ, ਮੈਂ ਬਹੁਤ ਹਤਾਸ਼ ਤੇ ਨਿਰਾਸ਼ ਹਾਂ। ਬਹੁਤ ਹੀ ਘੱਟ ਵਿਦਿਆਰਥੀ ਕਲਾਸਾਂ ਲਾਉਣ ਆਉਂਦੇ ਹਨ। ਸਾਡੇ ਅਦਾਰੇ ਵਿਚ ਸ਼ਾਇਦ ਹੀ ਕੋਈ ਅਕਾਦਮਿਕ ਸਰਗਰਮੀ ਹੁੰਦੀ ਹੋਵੇ। ਇੰਝ ਜਾਪਦਾ ਹੈ, ਜਿਵੇਂ ਅਸੀਂ ਵੀ ਅਜਿਹੇ ਹਾਲਾਤ ਵਿਚ ਹੀ ਢਲ ਗਏ ਹਾਂ।” ਉਸ ਦੇ ਨਿਰਾਸ਼ਾਵਾਦ ਅਤੇ ਦਰਦ ਵਿਚ ਮੈਨੂੰ ਆਮ ਰੁਝਾਨ ਦਿਖਾਈ ਦਿੰਦਾ ਹੈ। ਸਾਡੇ ਬਹੁਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸ਼ਾਇਦ ਹੀ ਕੋਈ ਸਾਰਥਕ ਸਿੱਖਿਆ ਅਤੇ ਖੋਜ ਕਾਰਜ ਹੁੰਦਾ ਹੋਵੇ। ਮੈਡੀਕਲ ਅਤੇ ਇੰਜਨੀਅਰਿੰਗ ਡਿਗਰੀਆਂ ਦੇ ਦੀਵਾਨੇ ਇਸ ਮੁਲਕ ਵਿਚ ਇਹ ਅਸੁਭਾਵਿਕ ਨਹੀਂ ਹੈ ਕਿ ਬੀਏ/ਐੱਮਏ ਦੀਆਂ ਡਿਗਰੀਆਂ ਕਰਨ ਲਈ ਕਾਲਜਾਂ/ਯੂਨੀਵਰਸਿਟੀਆਂ ਵਿਚ ਆਉਣ ਲਈ ਮਜਬੂਰ ਹੋਣ ਵਾਲੇ ਬਹੁਤੇ ਵਿਦਿਆਰਥੀ ਅਸਲ ਵਿਚ ਪਹਿਲਾਂ ਹੀ ਹਾਰ ਚੁੱਕੇ ਅਤੇ ਨਿਰਾਸ਼ ਹੁੰਦੇ ਹਨ। ਉਹ ਪ੍ਰਾਈਵੇਟ ਟਿਊਸ਼ਨ ਪੜ੍ਹਾਉਣ ਵਾਲਿਆਂ ਜਾਂ ਕੋਚਿੰਗ ਸੈਂਟਰਾਂ ਦੁਆਲੇ ਘੁੰਮਦੇ ਹਨ, ਮਾੜੇ ਢੰਗ ਨਾਲ ਲਿਖੀਆਂ ਗਾਈਡ ਬੁਕਸ ਜਾਂ ‘ਨੋਟਸ’ ਪੜ੍ਹਦੇ ਹਨ, ਇਮਤਿਹਾਨਾਂ ਵਿਚ ਅਜਿਹੇ ਨੀਰਸ ਢੰਗ ਨਾਲ ਜਵਾਬ ਲਿਖਦੇ ਹਨ ਜਿਸ ਲਈ ਰੱਟਾ ਲਾਉਣ ਤੋਂ ਬਿਨਾ ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਹੁੰਦੀ ਅਤੇ ਡਿਗਰੀਆਂ ਹਾਸਲ ਕਰਦੇ ਹਨ ਜਿਵੇਂ ਸੰਸਕ੍ਰਿਤ ਵਿਚ ਬੀਏ, ਬੋਧੀ ਅਧਿਐਨ ਵਿਚ ਐੱਮਏ, ਬੌਟਨੀ (ਬਨਸਪਤੀ ਵਿਗਿਆਨ) ਵਿਚ ਐੱਮਐੱਸਸੀ ਆਦਿ। ਬੀਐੱਡ ਤੋਂ ਲੈ ਕੇ ਪੀਐੱਚਡੀ ਤੱਕ ਸਾਰਾ ਕੁਝ ਮਾਮੂਲੀ ਅਤੇ ਤੁੱਛ ਜਾਪਦਾ ਹੈ।
       ਸਾਡਾ ਮੁਲਕ ਵਿਰੋਧਾਭਾਸਾਂ ਨਾਲ ਭਰਿਆ ਹੈ : ਮਾੜੇ ਮਿਆਰ ਵਾਲੇ ਸਰਕਾਰੀ ਸਕੂਲਾਂ ਦਰਮਿਆਨ ਚੋਣਵੇਂ ਕੁਲੀਨ ਵਰਗਾਂ ਲਈ ਪੰਜ-ਤਾਰਾ ਇੰਟਰਨੈਸ਼ਨਲ ਸਕੂਲ; ਜਾਂ ਫਿਰ ਉਸ ਮਾਮਲੇ ਲਈ, ਐੱਨਆਈਆਰਐੱਫ ਪ੍ਰਵਾਨਤ ਟੌਪ-ਰੈਂਕਿੰਗ (ਚੋਟੀ ਦੀ ਦਰਜਾਬੰਦੀ ਵਾਲੀਆਂ) ਯੂਨੀਵਰਸਿਟੀਆਂ ਤੇ ਦੂਜੇ ਪਾਸੇ ਅਜਿਹੇ ਪਤਨਸ਼ੀਲ ਅਦਾਰੇ ਜਿਹੜੇ ਸਿਰਫ਼ ਇਮਤਿਹਾਨ ਕਰਵਾਉਂਦੇ ਹਨ ਅਤੇ ਡਿਗਰੀਆਂ ਤੇ ਡਿਪਲੋਮੇ ਵੰਡਦੇ ਹਨ। ਤਾਂ ਵੀ ਇਸ ਉਦਾਸ ਤੇ ਧੁੰਦਲੀ ਤਸਵੀਰ ਦੌਰਾਨ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ : ਕੀ ਮੈਂ ਚੋਟੀ ਦੀ ਦਰਜਾਬੰਦੀ ਵਾਲੀਆਂ ਇਨ੍ਹਾਂ ਯੂਨੀਵਰਸਿਟੀਆਂ ਵਿਚ ਕੋਈ ਆਸ ਦੀ ਕਿਰਨ ਦੇਖਦਾ ਹਾਂ? ਸਾਡੇ ਵਿਚੋਂ ਬਹੁਤ ਸਾਰੇ ਵਿਦਿਆਰਥੀ ਤੇ ਅਧਿਆਪਕ, ਸਾਇੰਸਦਾਨ ਤੇ ਅਰਥਸ਼ਾਸਤਰੀ ਜਿਹੜੇ ਇਨ੍ਹਾਂ ਯੂਨੀਵਰਸਿਟੀਆਂ ਨਾਲ ਸਬੰਧ ਰੱਖਦੇ ਹਨ, ਉਹ ਇਨ੍ਹਾਂ ਦੀ ਰੈਂਕਿੰਗ ਤੇ ਬਰਾਂਡਿੰਗ ਤੋਂ ਕਾਫ਼ੀ ਖ਼ੁਸ਼ ਹਨ। ਸਾਡੀ ਹਉਮੈ ਵਧ ਚੁੱਕੀ ਹੈ, ਅਸੀਂ ਆਪਣੇ ਆਪ ਨੂੰ ਵਧਾਈਆਂ ਦਿੰਦੇ ਹਾਂ ਅਤੇ ਆਪਣੇ ਹਾਸਲਾਂ ਉਤੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਆਪਣੇ ਐਵਾਰਡਾਂ ਤੇ ਪ੍ਰਕਾਸ਼ਨਾਂ ਉਤੇ, ਸੈਮੀਨਾਰਾਂ ’ਤੇ ਬਣੀ ਕੌਮਾਂਤਰੀ ਜਾਣ-ਪਛਾਣ ਉਤੇ, ਪਲੇਸਮੈਂਟ ਉਤੇ ਅਤੇ ਆਪਣੇ ‘ਉਤਪਾਦਾਂ’ ਦੀ ਬਾਜ਼ਾਰੂ ਕੀਮਤ ਉਤੇ ਮਾਣ ਮਹਿਸੂਸ ਕਰਦੇ ਹਾਂ। ਇਨ੍ਹਾਂ ਜਸ਼ਨਾਂ ਦੌਰਾਨ ਜਾਂ ਇਸ ਪੁੱਛ-ਗਿੱਛ ਦੌਰਾਨ ਕਿ ਕੀ ਦਿੱਲੀ ਦਾ ਲੇਡੀ ਸ੍ਰੀ ਰਾਮ ਕਾਲਜ ਬਿਹਤਰ ‘ਬਰਾਂਡ’ ਹੈ ਜਾਂ ਸੇਂਟ ਸਟੀਫਨਜ਼, ਮੈਂ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦਾ ਹਾਂ। ਮੈਨੂੰ ਆਪਣਾ ਆਦਰਸ਼ ‘ਚੋਟੀ’ ਦੀਆਂ ਇਨ੍ਹਾਂ ਯੂਨੀਵਰਸਿਟੀਆਂ ਵਿਚ ਵੀ ਨਹੀਂ ਲੱਭਦਾ।
       ਮੈਂ ਇਸ ਗੱਲ ਤੋਂ ਨਾਂਹ ਨਹੀਂ ਕਰ ਰਿਹਾ ਕਿ ਸਿੱਖਿਆ ਦੇ ਇਨ੍ਹਾਂ ਕੇਂਦਰਾਂ ਵਿਚੋਂ ਕੁਝ ਅੰਦਰ ਵਧੀਆ ਖੋਜ, ਜਮਾਤਾਂ ਦਾ ਵਧੀਆ ਸੱਭਿਆਚਾਰ, ਮੋਬਾਈਲ ਅਧਿਆਪਨ ਭਾਈਚਾਰੇ ਦੀ ਜੀਵੰਤਤਾ ਅਤੇ ਬਿਹਤਰ ਸੰਭਾਵਨਾਵਾਂ ਲਈ ਵਿਦਿਆਰਥੀਆਂ ਦੀਆਂ ਖ਼ਾਹਿਸ਼ਾਂ ਨੂੰ ਦੇਖਣਾ ਸੰਭਵ ਹੋ ਸਕਦਾ ਹੈ। ਇਸ ਦੇ ਬਾਵਜੂਦ ਸਾਨੂੰ ਰੈਂਕਿੰਗ ਅਤੇ ਬਰਾਂਡਿੰਗ ਦੇ ਸਮਾਜ ਸ਼ਾਸਤਰ ਨੂੰ ਨਹੀਂ ਭੁੱਲਣਾ ਚਾਹੀਦਾ। ਨਵ-ਉਦਾਰਵਾਦ ਦੇ ਪੈਮਾਨਿਆਂ ਵਿਚ ਅਸੀਮ ਨੂੰ ਵੀ ਮਾਪਣ ਦਾ ਪੈਮਾਨਾ, ਹਰ ਤਰ੍ਹਾਂ ਦੀ ਖੋਜ ਨੂੰ ਇਸ ਦੀ ਲਾਭਦਾਇਕਤਾ ਦੇ ਟੀਚਿਆਂ ਮੁਤਾਬਕ ਸੀਮਤ ਕਰ ਦੇਣਾ, ਜਾਂ ਕਿਸੇ ਨੇ ਕੀ ਪੜ੍ਹਾਉਣਾ ਜਾਂ ਪੜ੍ਹਨਾ ਚਾਹੀਦਾ ਹੈ, ਇਸ ਦੀ ਵਾਜਬੀਅਤ ਤੈਅ ਕਰਨ ਵਿਚ ਬਾਜ਼ਾਰ ਦੀ ਸਰਬਉੱਚਤਾ ਨਾਲ ਸਿੱਖਿਆ ਦੇ ਖੇਤਰ ਉਤੇ ਹਮਲਾ ਹੁੰਦਾ ਹੈ, ਕਿ ਯੂਨੀਵਰਸਿਟੀ ਦੇ ਖਪਤਯੋਗ ਚੀਜ਼ ਹੋਣ ਵਾਂਗ ਇਸ ਦੀ ਬਰਾਂਡ ਕੀਮਤ ਹੋਣੀ ਚਾਹੀਦੀ। ਇਸ ਨਾਲ ਤਿੰਨ ਨੁਕਸਾਨ ਹੁੰਦੇ ਹਨ। ਪਹਿਲਾ, ਇਹ ਗਿਆਨ ਪ੍ਰੰਪਰਾਵਾਂ ਨੂੰ ਸ਼ਰੇਣੀਬੱਧ ਕਰਦਾ ਹੈ, ਕਿਉਂਕਿ ਟੈਕਨੋ-ਸਾਇੰਸ (ਤਕਨੀਕੀ ਵਿਗਿਆਨ), ਮੈਨੇਜਮੈਂਟ (ਪ੍ਰਬੰਧਨ) ਅਤੇ ਅਰਥਸ਼ਾਸਤਰ ਵਿਚ ਬਾਜ਼ਾਰ ਵੱਲੋਂ ਸੇਧਿਤ ਖੋਜ ਪ੍ਰਾਜੈਕਟਾਂ ਦੀ ਫੰਡਿੰਗ, ਬੁਨਿਆਦੀ ਢਾਂਚੇ, ਖੋਜ ਗਰਾਂਟਾਂ ਅਤੇ ਫੈਕਲਟੀ ਵਿਚ ਭਰਤੀ ਪੱਖੋਂ ਉਦਾਰ ਕਲਾਵਾਂ ਅਤੇ ਹਿਊਮੈਨਟੀਜ਼ ਨਾਲ ਸਬੰਧਤ ਵਿਗਿਆਨ ਨਾਲੋਂ ਜਿ਼ਆਦਾ ਅਹਿਮੀਅਤ ਹੁੰਦੀ ਹੈ। ਦੂਜਾ, ਹੁਨਰ ਸਿੱਖਣ (ਬਾਜ਼ਾਰ-ਸਨਅਤ ਗੱਠਜੋੜ ਵੱਲੋਂ ਮੰਗਿਆ ਗਿਆ ਹੁਨਰ) ਉਤੇ ਬੇਲੋੜਾ ਜ਼ੋਰ ਦੇਣ ਨਾਲ, ਯੂਨੀਵਰਸਿਟੀ ਦੇ ਅਕਾਦਮਿਕ ਸੱਭਿਆਚਾਰ ਦੇ ਇਕ ਅਹਿਮ ਹਿੱਸੇ ਵਜੋਂ ਗੰਭੀਰ ਸਿੱਖਿਆਸ਼ਾਸਤਰ ਨੂੰ ਖੋਰਾ ਲੱਗਣਾ ਲਾਜ਼ਮੀ ਹੋ ਜਾਂਦਾ ਹੈ। ਇਕ ਤਰੀਕੇ ਨਾਲ ਇਹ ਵਿੱਦਿਆ ਦੇ ਸੱਭਿਆਚਾਰ ਦਾ ਗ਼ੈਰ-ਸਿਆਸੀਕਰਨ ਕਰਨਾ ਹੈ ਅਤੇ ਨਾਲ ਹੀ ਸਿਰਫ਼ ਜੀ ਹਜ਼ੂਰੀਏ ਪੜ੍ਹਿਆਂ-ਲਿਖਿਆਂ ਦੀ ਫ਼ੌਜ ਤਿਆਰ ਕਰਨਾ ਹੈ, ਜਿਹੜੇ ਬੱਸ ਨਵ-ਉਦਾਰਵਾਦ ਦੇ ਹੁਕਮਾਂ ਦੀ ਹਾਂ ਵਿਚ ਹਾਂ ਮਿਲਾਉਂਦੇ ਰਹਿਣ। ਤੀਜਾ, ਇਹ ਵਿਦਿਆਰਥੀ ਹੋਣ ਦੇ ਅਰਥ ਨੂੰ ਵਿਗਾੜਦਾ ਹੈ। ਹੁਣ ਕੋਈ ਵਿਦਿਆਰਥੀ ਬਿਲਕੁਲ ਵੀ ਖੋਜਕਾਰ, ਘੁਮੱਕੜ ਜਾਂ ਜਾਗਰੂਕ ਨਾਗਰਿਕ ਨਹੀਂ ਰਿਹਾ, ਇਸ ਦੀ ਥਾਂ ਉਸ ਨੂੰ ਬਰਾਂਡ ਦੀ ਤਲਾਸ਼ ਕਰਦਾ ਖ਼ਪਤਕਾਰ ਬਣਾ ਕੇ ਰੱਖ ਦਿੱਤਾ ਗਿਆ ਹੈ, ਕੋਈ ਬਰਾਂਡਿਡ ਯੂਨੀਵਰਸਿਟੀ ਜਾਂ ਬਰਾਂਡਿਡ ਕੋਰਸ ਲੱਭਦਾ ਹੋਇਆ। ਇਹ ਅਧਿਆਪਕਾਂ ਨੂੰ ਵੀ ਬਦਲ ਦਿੰਦਾ ਹੈ। ਹੁਣ ਅਧਿਆਪਕਾਂ/ਅਧਿਆਪਕਾਵਾਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ‘ਨੈੱਟਵਰਕਿੰਗ ਦੀ ਕਲਾ’ ਆਉਂਦੀ ਹੋਵੇ, ਉਨ੍ਹਾਂ ਵਿਚ ਆਪਣੇ ਆਪ ਦੀ ਬਰਾਂਡਿੰਗ ਕਰਨ ਦਾ ਪ੍ਰਬੰਧਕੀ ਹੁਨਰ ਵੀ ਹੋਵੇ, ਤੇ ਨਾਲ ਹੀ ਉਨ੍ਹਾਂ ਦੀ ਲਗਾਤਾਰ ‘ਖੋਜ ਪੱਤਰ’ ਪੈਦਾ ਕਰਨ ਦੀ ‘ਵਿਗਿਆਨ’ ਵਿਚ ਮੁਹਾਰਤ ਹੋਵੇ। ਦੂਜੇ ਲਫ਼ਜ਼ਾਂ ਵਿਚ ਹੁਣ ਅਸੀਂ ਸਾਰੇ ਬਾਜ਼ਾਰੂ ਵਸਤਾਂ ਬਣ ਚੁੱਕੇ ਹਾਂ ਜਿਨ੍ਹਾਂ ਦੇ ਬਾਕਾਇਦਾ ਪ੍ਰਾਈਸ ਟੈਗ (ਕੀਮਤ ਪਰਚੀਆਂ) ਲੱਗੇ ਹੋਏ ਹਨ।
ਇਸ ਦੁਨੀਆ ਜਿਸ ਵਿਚ ਅਸੀਂ ਰਹਿੰਦੇ ਹਾਂ, ਨੂੰ ਦੇਖੋ। ਮੌਸਮੀ ਤਬਦੀਲੀ ਦੇ ਸੰਕਟਾਂ ਤੋਂ ਲੈ ਕੇ ਫ਼ੌਜਪ੍ਰਸਤੀ ਤੇ ਤਾਨਾਸ਼ਾਹੀ ਤੱਕ, ਅਸ਼ਲੀਲ ਖਪਤਕਾਰਵਾਦ ਤੇ ਸ਼ਾਹਾਨਾ ਰਹਿਣ-ਸਹਿਣ ਦੇ ਕਿੱਸਿਆਂ ਤੋਂ ਲੈ ਕੇ ਅੰਤਾਂ ਦੀ ਸਮਾਜਿਕ ਆਰਥਿਕ ਨਾ-ਬਰਾਬਰੀ ਤੱਕ, ਕਾਹਲ ਕਾਰਨ ਬਣ ਰਹੀ ਅਰਥਹੀਣਤਾ ਤੋਂ ਲੈ ਕੇ ਮੀਡੀਆ ਵਿਚਲੇ ਪਾਖੰਡ ਦੇ ਮਣਾਂ-ਮੂੰਹੀਂ ਪ੍ਰਵਾਹ ਤੱਕ। ਅਸੀਂ ਡੂੰਘੇ ਸੰਕਟਾਂ ਵਿਚ ਘਿਰੇ ਹੋਏ ਹਾਂ। ਅਜਿਹੀ ਸਿੱਖਿਆ ਦਾ ਕੀ ਅਰਥ ਹੈ ਜਿਸ ਨੇ ਜ਼ਮੀਰ ਅਤੇ ਨੈਤਿਕ ਸੰਵੇਦਨਸ਼ੀਲਤਾ ਤੋਂ ਵਿਹੂਣੇ ‘ਮਾਹਿਰ’ ਹੀ ਪੈਦਾ ਕਰਨੇ ਹਨ; ਤੇ ਜੋ ਸਿੱਖਿਆ ਸਾਨੂੰ ਇਸ ਗਲ਼-ਸੜ ਰਹੇ ਢਾਂਚੇ ਦਾ ਵਿਰੋਧ, ਬਿਹਤਰ ਭਵਿੱਖ ਦੀ ਕਲਪਨਾ ਅਤੇ ਜ਼ਖ਼ਮੀ ਹੋਏ ਸਾਡੇ ਆਪੇ ਨੂੰ ਠੀਕ ਕਰਨ ਦੀ ਬੌਧਿਕਤਾ ਤੇ ਇਖ਼ਲਾਕੀ ਤਾਕਤ ਨਹੀਂ ਦਿੰਦੀ! ਅਜਿਹੀ ਸਿੱਖਿਆ ਦਾ ਕੀ ਮਤਲਬ ਹੈ, ਜੇ ਉਹ ਜਿ਼ੰਦਗੀ ਨੂੰ ਮਨਫ਼ੀ ਕਰ ਦੇਣ ਵਾਲੀ ‘ਉਤਪਾਕਦਤਾ’ ਅਤੇ ‘ਕੁਸ਼ਲਤਾ’ ਦੀ ਧਾਰਨਾ ਵਿਚ ਫਸ ਗਈ ਹੈ, ਜਿਵੇਂ ਅਕਾਦਮਿਕ ਪੱਤਰਾਂ ਦੀ ਫੈਕਟਰੀ ਵਾਂਗ ਪੈਦਾਵਾਰ, ਹਵਾਲਿਆਂ ਦੀ ਗਣਨਾ ਅਨੋਖਾ ਆਨੰਦ, ਜਾਂ ਪੜ੍ਹਾਏ ਕੋਰਸਾਂ ਦੀ ਬਾਜ਼ਾਰੀ ਕੀਮਤ ਅਤੇ ਖੋਜ ਪ੍ਰਾਜੈਕਟਾਂ ਦੀ ਸ਼ੁਰੂਆਤ, ਜਦੋਂਕਿ ਸਾਡੀਆਂ ਪ੍ਰਯੋਗਸ਼ਾਲਾਵਾਂ ਅਤੇ ਸੈਮੀਨਾਰ ਹਾਲਾਂ ਤੋਂ ਬਾਹਰ ਦੀ ਦੁਨੀਆ ਸੜ ਰਹੀ ਹੈ? ਕੀ ਸਾਡੇ ਵੱਲੋਂ ਆਪਣੇ ਸੀਵੀਜ਼ (ਸਵੈ-ਵੇਰਵੇ) ਦੇ ਦਿਖਾਵੇ ਕਰਨ ਤੋਂ ਬਿਨਾ ਹੋਰ ਕਾਸੇ ਦੀ ਹੋਂਦ ਨਹੀਂ ਹੈ? ਰੈਂਕਿੰਗ ਅਤੇ ਬਰਾਂਡਿੰਗ ਦੇ ਇਸ ਦੌਰ ਵਿਚ ਕੀ ਅਸੀਂ ਫਿਰ ਕਿਸੇ ਸੁੰਦਰਤਾ ਮੁਕਾਬਲੇ ਵਿਚ ਹਿੱਸਾ ਲੈ ਰਹੀਆਂ ਸੁੰਦਰੀਆਂ ਨਾਲੋਂ ਬੁਨਿਆਦੀ ਤੌਰ ’ਤੇ ਕਿਸੇ ਵੀ ਤਰ੍ਹਾਂ ਵੱਖ ਹਾਂ - ਹਉਮੈਵਾਦੀ ਅਤੇ ‘ਸਫਲਤਾ’ ਦੇ ਪ੍ਰਤੀਕਵਾਦ ਦੇ ਬੋਝ ਹੇਠ ਦਬੇ ਹੋਏ?
ਸਮਾਂ ਆ ਗਿਆ ਹੈ ਕਿ ਹੁਣ ਸਾਨੂੰ ਅਜਿਹੇ ਅਸੁਖਾਵੇਂ ਸਵਾਲ ਪੁੱਛਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ।
* ਲੇਖਕ ਸਮਾਜ ਸ਼ਾਸਤਰੀ ਹੈ।

ਆਜ਼ਾਦ ਖਿਆਲ ਅਤੇ ਸਾਡਾ ਸਮਾਜ  - ਅਵਿਜੀਤ ਪਾਠਕ

ਇਕ ਸਮਾਜ ਦੇ ਤੌਰ ’ਤੇ ਕੀ ਅਸੀਂ ਕੁਝ ਜ਼ਿਆਦਾ ਹੀ ਅਸੁਰੱਖਿਅਤ ਮਹਿਸੂਸ ਅਤੇ ਆਜ਼ਾਦ ਖਿਆਲੀ ਤੋਂ ਡਰਨ ਲੱਗ ਪਏ ਹਾਂ? ਕਿਸੇ ‘ਅਕੀਦੇ’ ਦੇ ਨਾਂ ’ਤੇ ਕੀ ਅਸੀਂ ਆਤਮ ਗਿਆਨ ਅਤੇ ਚੇਤਨਾ ਦੀਆਂ ਖਿੜਕੀਆਂ ਬੰਦ ਕਰ ਰਹੇ ਹਾਂ ਅਤੇ ਇਹ ਗੱਲ ਸਵੀਕਾਰ ਕਰਨ ਤੋਂ ਇਨਕਾਰੀ ਹੋ ਰਹੇ ਹਾਂ ਕਿ ਹਕੀਕਤ ਨੂੰ ਦੇਖਣ ਦੇ ਹੋਰ ਕਈ ਢੰਗ ਤਰੀਕੇ ਹੋ ਸਕਦੇ ਹਨ। ਜੇ ਇੰਝ ਨਹੀਂ ਹੈ ਤਾਂ ਤੁਸੀਂ ਇਕ ਸੰਸਥਾਈ ਧਰਮ ਅੰਦਰਲੇ ਵਿਸ਼ਵਾਸਾਂ ਅਤੇ ਵਿਧੀਆਂ ’ਤੇ ਕਿੰਤੂ ਕਰਨ ਵਾਲੇ ਕਿਸੇ ਖਾਸ ਸਵਾਲ ਦੀ ਵਰਜਨਾ ਦੇ ਨੇਮ ਦਾ ਖੁਲਾਸਾ ਕਿੰਝ ਕਰੋਗੇ?
       ਜੇ ਤੁਹਾਡੀਆਂ ਭਾਵਨਾਵਾਂ ਨੂੰ ਯਕਦਮ ਠੇਸ ਪਹੁੰਚਦੀ ਹੈ ਅਤੇ ਕਿਸੇ ਸਾਰਥਕ ਬਹਿਸ ਵਿਚ ਪੈਣ ਅਤੇ ਧਿਆਨ ਚਿੰਤਨ ਵਿਚ ਭਾਗ ਲੈਣ ਦੀ ਬਜਾਇ ਅਸੀਂ ਪੁਲੀਸ ਸਟੇਸ਼ਨਾਂ ਵਿਚ ਐੱਫਆਈਆਰ ਦਰਜ ਕਰਾਉਣ ਨੂੰ ਤਰਜੀਹ ਦਿੰਦੇ ਹਾਂ ਤਾਂ ਦੁਨੀਆ ਨੂੰ ਅਸੀਂ ਕਿਹੋ ਜਿਹਾ ਸੰਦੇਸ਼ ਦੇ ਰਹੇ ਹਾਂ? ਜੇ ਫ੍ਰੈਡਰਿਕ ਨੀਤਸ਼ੇ ਅੱਜ ਦੇ ਭਾਰਤ ਵਿਚ ਆ ਕੇ ਆਖੇ ਕਿ ‘ਰੱਬ ਫ਼ੌਤ ਹੋ ਗਿਆ ਹੈ’ ਜਾਂ ਕਾਰਲ ਮਾਰਕਸ ‘ਧਰਮ ਨੂੰ ਲੋਕਾਂ ਲਈ ਅਫ਼ੀਮ’ ਦੀ ਤਸ਼ਬੀਹ ਦੇਵੇ ਜਾਂ ਕਬੀਰ ਸਾਨੂੰ ਇਹ ਸੰਦੇਸ਼ ਦੇਵੇ ਕਿ ‘ਨਾ ਰੱਬ ਕਾਬੇ ਵਿਚ ਹੈ ਤੇ ਨਾ ਹੀ ਕੈਲਾਸ਼ ‘ਤੇ’ ਤਾਂ ਉੱਤਰ ਪ੍ਰਦੇਸ਼ ਜਾਂ ਗੁਜਰਾਤ ਦਾ ਕੋਈ ਪੁਲੀਸ ਅਫ਼ਸਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਆ ਧਮਕੇਗਾ!
         ਮੈਂ ਇਹ ਨਹੀਂ ਕਹਿ ਰਿਹਾ ਕਿ ਕਿਸੇ ਦੇ ਧਾਰਮਿਕ ਵਿਸ਼ਵਾਸ ਤੇ ਰਹੁ-ਰੀਤਾਂ ਨੂੰ ਨਿੰਦਣਾ ਜ਼ਰੂਰੀ ਹੈ, ਨਾ ਹੀ ਮੈਂ ਇਹ ਧਰਮ ਨਿਰਪੱਖ ਬੌਧਿਕ ਤਬਕੇ ਵਲੋਂ ਕਿਸੇ ਧਰਮ ਦੇ ਸ਼ਰਧਾਵਾਨਾਂ ਨੂੰ ਇਕ ਖ਼ਾਸ ਖਾਨੇ ਵਿਚ ਰੱਖ ਕੇ ਤਿਰਸਕਾਰ ਕਰਨ ਦੀ ਵਕਾਲਤ ਕਰਦਾ ਹਾਂ ਸਗੋਂ ਮੈਂ ਉਸ ਮਾਹੌਲ ਦੀ ਗੱਲ ਕਰ ਰਿਹਾ ਹਾਂ ਜੋ ਹਰ ਚੀਜ਼ ਭਾਵੇਂ ਵਿਗਿਆਨ ਹੋਵੇ ਜਾਂ ਧਰਮ, ਨੂੰ ਤਾਜ਼ਗੀ ਤੇ ਖੁੱਲ੍ਹੇਪਣ ਦੇ ਜ਼ਾਵੀਏ ਤੋਂ ਦੇਖਣ ਦੀ ਆਗਿਆ ਦਿੰਦਾ ਹੈ। ਲਿਹਾਜ਼ਾ, ਰਚਨਾਤਮਿਕ ਤੇ ਖਾਸ ਚਿੰਤਨ-ਮੰਥਨ ਨੂੰ ਕਿਸੇ ਸਿਹਤਮੰਦ ਤੇ ਲੋਕਰਾਜੀ ਸਮਾਜ ਦਾ ਇਕ ਖ਼ਾਸ ਪਹਿਲੂ ਦੇ ਤੌਰ ’ਤੇ ਦੇਖਣਾ ਜ਼ਰੂਰੀ ਹੈ।
        ਜ਼ਿੰਮੇਵਾਰ ਆਲੋਚਕ ਕਦੇ ਵੀ ਨਫ਼ਰਤੀ ਭਾਸ਼ਣਾਂ ਨੂੰ ਹੱਲਾਸ਼ੇਰੀ ਨਹੀਂ ਦਿੰਦਾ ਤੇ ਨਾ ਹੀ ਜ਼ਹਿਰੀਲੇ ਸੋਸ਼ਲ ਮੀਡੀਆ ਦੇ ਸੰਦੇਸ਼ਾਂ ਜਾਂ ਕਿਸੇ ਤਰ੍ਹਾਂ ਦੇ ਪ੍ਰਚਾਰ ਪ੍ਰਸਾਰ ਜ਼ਰੀਏ ਦੂਜਿਆਂ ਨੂੰ ਠੇਸ ਪਹੁੰਚਾ ਕੇ ਕਿਸੇ ਤਰ੍ਹਾਂ ਦਾ ਕੋਈ ਨਾਗਵਾਰ ਜਿਹਾ ਸੁਖਦ ਅਹਿਸਾਸ ਲੈ ਸਕਦਾ ਹੈ। ਇਸ ਦੀ ਬਜਾਏ ਉਹ ਸਾਨੂੰ ਇਹ ਮਹਿਸੂਸ ਕਰਾਉਂਦਾ ਹੈ ਕਿ ਸਿਰਫ ਹਿੰਦੂ, ਮੁਸਲਮਾਨ ਜਾਂ ਈਸਾਈ ਹੋਣ ਨਾਲੋਂ ਆਪਣੇ ਆਪ ਨੂੰ ਜਗਿਆਸੂ ਅਤੇ ਫਿਰਤੂ ਦੇ ਤੌਰ ’ਤੇ ਮੁੜ ਪਰਿਭਾਸ਼ਤ ਕਰਨਾ ਪਵੇਗਾ ਤਾਂ ਕਿ ਅਸੀਂ ਆਪਣੇ ਮਨ ਦੀਆਂ ਗੰਢਾਂ ਖੋਲ੍ਹਣ ਅਤੇ ਦੁਨੀਆ ਨੂੰ ਰਚਨਾਤਮਿਕ ਬਹੁਤਾਤ ਦੀ ਨਜ਼ਰ ਤੋਂ ਦੇਖਣ ਦਾ ਯਤਨ ਕਰਦੇ ਰਹੀਏ ਅਤੇ ਗੀਤਾ, ਪੁਰਾਣ, ਬਾਈਬਲ ਜਾਂ ਕੁਰਾਨ ਦੇ ਜਮੇ ਹੋਏ ਸ਼ਬਦਾਂ ਦੇ ਹਵਾਲੇ ਦੇਣ ਦੀ ਬਜਾਇ ਆਪਣੇ ਅਨੁਭਵ ਦੀ ਸਜੀਵਤਾ ’ਤੇ ਭਰੋਸਾ ਕਰ ਸਕੀਏ।
        ਇਹੀ ਉਹ ਅਲੋਕਾਰੀ ਉਦਮ ਹੈ ਜਿਸ ਨੂੰ ਸੰਸਥਾਈ ਧਰਮ ਅਕਸਰ ਖਤਮ ਕਰ ਦਿੰਦਾ ਹੈ। ਇਸ ਪ੍ਰਸੰਗ ਵਿਚ ਸਾਨੂੰ ਇੰਨੀ ਕੁ ਇਮਾਨਦਾਰੀ ਨਾਲ ਇਹ ਗੱਲ ਪ੍ਰਵਾਨ ਕਰਨੀ ਚਾਹੀਦੀ ਹੈ ਕਿ ਸੰਸਥਾਈ ਧਰਮ ਦੇ ਯਕੀਨ ਨੇ ਬੌਧਿਕ ਮੂੜ੍ਹਮੱਤ ਪੈਦਾ ਕੀਤੀ ਹੈ ਕਿਉਂਕਿ ਅਸੀਂ ਅੰਤਰੀਵ ਅਨੁਭਵ ਅਤੇ ਅਹਿਸਾਸ ਦੀ ਪ੍ਰਮਾਣਿਕਤਾ ਗੁਆਉਣ ਲਈ ਤਿਆਰ ਰਹਿੰਦੇ ਹਾਂ। ਇਸ ਦੀ ਬਜਾਇ, ਕਿਸੇ ਤਰ੍ਹਾਂ ਦੀ ਮਾਨਸਿਕ ਸੁਰੱਖਿਆ ਦੇ ਨਾਂ ’ਤੇ ਅਸੀਂ ਤੋਤੇ ਬਣ ਜਾਂਦੇ ਹਾਂ, ਪਵਿੱਤਰ ਕਿਤਾਬਾਂ ਦੇ ਹਰ ਸ਼ਬਦ ’ਤੇ ਯਕੀਨ ਕਰਨ ਲੱਗ ਪੈਂਦੇ ਹਾਂ ਜਾਂ ਆਪਣੀ ‘ਮੁਕਤੀ’ ਦੀ ਖ਼ਾਹਿਸ਼ ਲਈ ਯੰਤਰ ਦੀ ਤਰ੍ਹਾਂ ਅਸੀਂ ਕਰਮਕਾਂਡਾਂ ਦੇ ਪੁਲੰਦੇ ਨੂੰ ਆਤਮਸਾਤ ਕਰ ਲੈਂਦੇ ਹਾਂ। ਦੂਜੇ ਸ਼ਬਦਾਂ ਵਿਚ ਅਸੀਂ ਵੱਖੋ-ਵੱਖਰੇ ਨਾਵਾਂ ਤੇ ਰੰਗਾਂ ਵਾਲੇ ਹਜੂਮ ਦਾ ਅੰਗ ਬਣ ਜਾਂਦੇ ਹਾਂ।
       ਬਿਨਾ ਸ਼ੱਕ, ਈਸਾ ਨੇ ਪਿਆਰ ਦੀ ਕ੍ਰਿਸ਼ਮਈ ਤਾਕਤ ਦਾ ਅਨੁਭਵ ਕੀਤਾ ਹੋਵੇਗਾ। ਉਂਝ, ਸਵਾਲ ਇਹ ਹੈ ਕਿ ਕੀ ਤੁਸੀਂ ਈਸਾਈ ਹੋਣ ਦੇ ਨਾਤੇ ਪਰਬਤ ਉਪਰ ਈਸਾ ਦੇ ਗਾਏ ਸ਼ਬਦ ਦਾ ਗਹਿਰੇ ਰਹੱਸ ਦਾ ਅਨੁਭਵ ਕੀਤਾ ਹੈ? ਜਾਂ ਫਿਰ ਤੁਹਾਡਾ ਵਿਹਾਰਾ ਈਸਾ ਦੀ ਜੀਵਨ ਜਾਚ ਦੀ ਬਜਾਇ ਧਨ ਦੀ ਤਾਕਤ ਦੀ ਪੂਜਾ ਕਰਦਾ ਹੈ?
       ਇਸੇ ਤਰ੍ਹਾਂ, ਹੋ ਸਕਦਾ ਹੈ ਕਿ ਕਥਾ ਉਪਨਿਸ਼ਦ ਵਿਚ ਨਚੀਕੇਤ ਨੇ ‘ਮੌਤ ਦੀ ਪਹੇਲੀ’ ਦੇ ਅਰਥ ਬੁੱਝ ਲਏ ਹੋਣ ਪਰ ਹਿੰਦੂ ਹੋਣ ਦੇ ਨਾਤੇ ਕੀ ਅਸੀਂ ਇਹ ਅਨੁਭਵ ਕੀਤਾ ਹੈ ਕਿ ਹਉਮੈ ਦੀ ਧਾਰਨਾ ਵਿਚਲੇ ਅਭਿਮਾਨ ਦਾ ਝੂਠ ਹੁੰਦਾ ਹੈ? ਜਾਂ ਅਸੀਂ ਮਹਿਜ਼ ਟੇਪ ਰਿਕਾਰਡਰ ਵਾਂਗ ਸਲੋਕ ਉਚਾਰਦੇ ਰਹਿੰਦੇ ਹਾਂ ਤੇ ਜਾਤ ਅਤੇ ਪਿੱਤਰਸੱਤਾ ਦੇ ਨਾਂ ’ਤੇ ਹਰ ਕਿਸਮ ਦੀ ਹਿੰਸਾ ਨੂੰ ਸ਼ਹਿ ਦਿੰਦੇ ਰਹਿੰਦੇ ਹਾਂ?
     ਦਰਅਸਲ, ਜਦੋਂ ਸੰਸਥਾਈ ਧਰਮ ਜਾਂ ਰਹੁ-ਰੀਤਾਂ ਦੀ ਮਕਾਨਕੀ ਸਾਨੂੰ ਸਵੈ-ਅਨੁਭਵ ਦੇ ਅਮਲ ਵਿਚੋਂ ਲੰਘਣ ਤੋਂ ਡੱਕ ਦਿੰਦੀ ਹੈ ਤੇ ਇੰਝ ਅਸੀਂ ਪਛਾਣ ਦੇ ਨਿਰਮਾਣਕਾਰਾਂ ਦਾ ਭਾਰੀ ਬੋਝ ਢੋਂਦੇ ਰਹਿੰਦੇ ਹਾਂ। ਸਾਡੇ ਧਾਰਮਿਕ ਅਮਲ ਰੋਜ਼ ਪੰਜ ਵਕਤ ਨਮਾਜ਼ ਅਦਾ ਕਰਨ ਜਾਂ ਐਤਵਾਰ ਨੂੰ ਗਿਰਜਾਘਰ ਵਿਚ ਪ੍ਰਾਰਥਨਾ ਕਰਨ ਤਕ ਮਹਿਦੂਦ ਰਹਿੰਦਾ ਹੈ। ਇਹ ਸਭ ਕੁਝ ਅੰਤਰੀਵ ਬਹੁਤਾਤ ਦੀ ਬਜਾਇ ਕਿਸੇ ਗੁਨਾਹ ਦੇ ਡਰ ’ਤੇ ਆਧਾਰਿਤ ਹੁੰਦਾ ਹੈ।
      ਇਹੀ ਨਹੀਂ ਸਗੋਂ ਅੰਦਰੂਨੀ ਖਾਲੀਪਣ ਅਤੇ ਗਹਿਰੇ ਅਹਿਸਾਸ ਤੋਂ ਬਿਨਾ ਸਾਨੂੰ ਇਹ ਯਕੀਨ ਨਹੀਂ ਹੁੰਦਾ ਕਿ ‘ਚੇਤਨਾ’ ਜਾਂ ‘ਮੋਕਸ਼’ ਜਾਂ ਸਵਰਗ ਦੀ ਸਲਤਨਤ ਕੀ ਹੁੰਦੀ ਹੈ (ਸਾਡੇ ਵਿਚੋਂ ਬਹੁਤਿਆਂ ਲਈ ਇਹ ਕੁਝ ਰਟੇ ਰਟਾਏ ਸ਼ਬਦ ਮਾਤਰ ਹਨ) ਜਿਸ ਕਰ ਕੇ ਅਸੀਂ ਨਿਰੰਤਰ ਨਿਤਾਣੇ ਤੇ ਅਸੁਰੱਖਿਅਤ ਬਣੇ ਰਹਿੰਦੇ ਹਾਂ। ਇਸ ਕਰ ਕੇ ਕੋਈ ਆਲੋਚਕ ਸਾਨੂੰ ਝੰਜੋੜ ਦਿੰਦਾ ਹੈ ਅਤੇ ਅਸੀਂ ਇਸ ਪ੍ਰਤੀ ਹਿੰਸਕ ਢੰਗ ਨਾਲ ਪੇਸ਼ ਆਉਂਦੇ ਹਾਂ। ਇਸ ਦੇ ਉਲਟ, ਸੱਚਾ ਸੁੱਚਾ ਜਗਿਆਸੂ ਬਿਲਕੁਲ ਵੱਖਰੇ ਢੰਗ ਨਾਲ ਵਿਹਾਰ ਕਰਦਾ ਹੈ। ਜੇ ਕੋਈ ਗੌਤਮ ਬੁੱਧ ਦੀ ਚੇਤਨਾ ’ਤੇ ਯਕੀਨ ਨਹੀਂ ਕਰਦਾ ਤਾਂ ਉਹ ਉਸ ਦੇ ਖਿਲਾਫ਼ ਥਾਣੇ ਵਿਚ ਕੇਸ ਦਰਜ ਕਰਾਉਣ ਨਹੀਂ ਜਾਂਦੇ ਸਗੋਂ ਉਹ ਉਸ ਸ਼ੰਕਾ ਕਰਨ ਵਾਲੇ ’ਤੇ ਕਰੁਣਾਮਈ ਮੁਸਕਰਾਹਟ ਨਾਲ ਤੱਕਦੇ ਜਿਸ ਦਾ ਕੋਈ ਮਤਲਬ ਹੁੰਦਾ। ਫਿਲਮਕਾਰ ਲੀਨਾ ਮਨੀਮੇਕਲਾਈ ਅਤੇ ਸਿਆਸਤਦਾਨ ਮਹੂਆ ਮੋਇਤਰਾ ਜਿਸ ਢੰਗ ਨਾਲ ਦੇਵੀ ਕਾਲੀ ਨੂੰ ਦੇਖਦੀਆਂ ਹਨ, ਰਾਮਕ੍ਰਿਸ਼ਨ ਨੇ ਉਨ੍ਹਾਂ ਖਿਲਾਫ਼ ਨਫ਼ਰਤੀ ਮੁਹਿੰਮ ਚਲਾਉਣ ਦੀ ਪੈਰਵੀ ਨਹੀਂ ਕਰਨੀ ਸੀ। ਸੰਭਵ ਹੈ ਕਿ ਉਹ ਉਨ੍ਹਾਂ ਨੂੰ ਇਹ ਕਹਿ ਕੇ ਆਸ਼ੀਰਵਾਦ ਦਿੰਦੇ ਕਿ : “ਮੇਰੇ ਲਈ ਤੁਸੀਂ ਵੀ ਕਾਲੀ ਹੀ ਹੋ, ਮੈਂ ਤੁਹਾਡੇ ਅੰਦਰ ਵੀ ਦੈਵੀ ਝਲਕਾਰੇ ਦੇਖਦਾ ਹਾਂ।” ਤੇ ਕਬੀਰ, ਰੂਮੀ ਅਤੇ ਨਿਜ਼ਾਮੂਦੀਨ ਔਲੀਆ ਜਿਹੇ ਮਹਾਪੁਰਸ਼ ਨੂਪੁਰ ਸ਼ਰਮਾ, ਸਲਮਾਨ ਰਸ਼ਦੀ ਤੇ ਐੱਮਐੱਫ ਹੁਸੈਨ ਵਰਗਿਆਂ ਦੇ ਮਾਮਲਿਆਂ ਨੂੰ ਪੁਲੀਸ ਇੰਸਪੈਕਟਰਾਂ, ਸ਼ੋਰੀਲੇ ਟੀਵੀ ਐਂਕਰਾਂ, ਕਾਨੂੰਨੀ ਮਾਹਿਰਾਂ ਤੇ ਜੱਜਾਂ ਦੇ ਉਲਟ ਕਿਤੇ ਜ਼ਿਆਦਾ ਵਡੱਪਣ ਤੇ ਸਾਰਥਿਕਤਾ ਨਾਲ ਲੈਂਦੇ। ਕੀ ਸੰਸਥਾਈ ਧਰਮਾਂ ਦੇ ਪੁਜਾਰੀਆਂ, ਮੁੱਲਿਆਂ ਤੇ ਸਿਆਸੀ ਗੁਰੂ-ਘੰਟਾਲਾਂ ਨੇ ਗਿਣ ਮਿੱਥ ਕੇ ਪਿਆਰ, ਕਰੁਣਾ ਤੇ ਅੰਦਰੂਨੀ ਅਨੁਭਵ ਦੀ ਧਾਰਮਿਕਤਾ ਦਾ ਗਲਾ ਘੁੱਟ ਦਿੱਤਾ ਹੈ? ਕੀ ਇਹੀ ਕਾਰਨ ਹੈ ਕਿ ਅਖੌਤੀ ਈਸਾਈ, ਇਸਲਾਮੀ, ਬੌਧ ਤੇ ਹਿੰਦੂ ਰਾਜ ਅਕਸਰ ਜੰਗਬਾਜ਼ੀ, ਖ਼ੂਨ ਖਰਾਬੇ ਤੇ ਹਿੰਸਾ ਵਿਚ ਗਲਤਾਨ ਰਹਿੰਦੇ ਹਨ?
     ਬਤੌਰ ਅਧਿਆਪਕ ਮੈਂ ਅਕਸਰ ਆਪਣੇ ਆਪ ਤੋਂ ਪੁੱਛਦਾ ਹਾਂ : ਸਾਡੇ ਬੱਚਿਆਂ ਦਾ ਅਜਿਹੇ ਸਮਾਜ ਅੰਦਰ ਪਲ ਕੇ ਵੱਡੇ ਹੋਣ ਦਾ ਕੀ ਮਤਲਬ ਹੈ ਜੋ ਖੁੱਲ੍ਹ ਕੇ ਸਵਾਲ ਪੁੱਛਣ ਦੀ ਭਾਵਨਾ ਨੂੰ ਬਰਦਾਸ਼ਤ ਨਹੀਂ ਕਰਦਾ? ਜਦੋਂ ਉਹ ਸਾਧੂਆਂ ਦੇ ਭੇਸ ਵਿਚ ਗੁੰਡੇ ਬਦਮਾਸ਼ਾਂ, ਰੋਜ਼ਮੱਰਾ ਜ਼ਿੰਦਗੀ ਵਿਚ ਜ਼ਹਿਰੀਲੇ ਸ਼ਬਦਾਂ ਦਾ ਇਲਹਾਮ ਅਤੇ ਧਾਰਮਿਕ ਕਰਮ ਵਿਚ ਹਿੰਸਾ ਦਾ ਮਹਿਮਾ ਮੰਡਨ ਹੁੰਦਾ ਦੇਖਦੇ ਹਨ ਤਾਂ ਉਹ ਕਿਸ ਕਿਸਮ ਦੀ ਵਿਸ਼ਵਦ੍ਰਿਸ਼ਟੀ ਗ੍ਰਹਿਣ ਕਰਦੇ ਹਨ? ਇਸ ਤਰ੍ਹਾਂ ਦੇ ਬਦਬਖ਼ਤ ਰਾਜ ਜਾਂ ਸਮਾਜ ਦੀ ਕਲਪਨਾ ਮਾਤਰ ਹੀ ਮੈਨੂੰ ਝੰਜੋੜ ਕੇ ਰੱਖ ਦਿੰਦੀ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।

ਸਿੱਖਿਆ ਦੀ ਮੁਕਤੀ ਦਾ ਰਾਹ  - ਅਵੀਜੀਤ ਪਾਠਕ

ਮਾਨਵ ਜਾਤੀ ਅਤੇ ਸਮਾਜ ਦੇ ਕਾਰ ਵਿਹਾਰਾਂ ਨਾਲ ਜੁੜੇ ਸ਼ਾਸਤਰਾਂ ਦੀ ਹੋ ਰਹੀ ਬੇਕਦਰੀ ਨੂੰ ਕਿੰਝ ਠੱਲ੍ਹ ਪਾਈ ਜਾ ਸਕਦੀ ਹੈ ਖ਼ਾਸਕਰ ਉਦੋਂ ਜਦੋਂ ਅਸੀਂ ਜਿਸ ਸਮਾਜ ਵਿਚ ਸਾਹ ਲੈ ਰਹੇ ਹਾਂ ਉਹ ਖ਼ੁਦ ਟੈਕਨੋ-ਸਾਇੰਸ ਦੇ ਨਸ਼ੇ ਨਾਲ ਧੁੱਤ ਹੋ ਚੁੱਕਿਆ ਹੋਵੇ ਅਤੇ ਅਗਾਂਹਵਧੂ ਤਬਕਾ ਆਪਣੇ ਬੱਚਿਆਂ ਦੀ ਮਨੋਦਸ਼ਾ ਇਵੇਂ ਦੀ ਬਣਾ ਰਿਹਾ ਹੈ ਕਿ ਜੇ ਉਹ ਮੈਡੀਕਲ ਤੇ ਇੰਜਨੀਅਰਿੰਗ ਦੀ ਪੜ੍ਹਾਈ ਨਹੀਂ ਕਰਨਗੇ ਤਾਂ ਉਨ੍ਹਾਂ ਦੇ ਹੋਣ ਦਾ ਕੋਈ ਮਤਲਬ ਨਹੀਂ ਹੈ ਤੇ ਇਸ ਲਿਹਾਜ਼ ਤੋਂ ਭੌਤਿਕ ਵਿਗਿਆਨ, ਰਸਾਇਣ ਸ਼ਾਸਤਰ, ਗਣਿਤ ਤੇ ਜੈਵ ਵਿਗਿਆਨ ਤੋਂ ਬਿਨਾਂ ਹੋਰ ਕੁਝ ਵੀ ਸਿੱਖਣ ਲਈ ਵਿਸ਼ਾ ਨਹੀਂ ਹੈ। ਇਸ ਦੇ ਨਾਲ ਹੀ ਸਿਲੇਬਸ ਨੂੰ ਤਰਕਸੰਗਤ ਕਰਨ ਦੇ ਨਾਂ ’ਤੇ ਉਭਰਦੀ ਗਿਆਨ ਦੀ ਸਿਆਸਤ ਅਤੇ ਵਿਦਿਅਕ ਬੋਝ ਘਟਾਉਣ ਦੇ ਨਾਂ ’ਤੇ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਦੇ ਬਹੁਤ ਸਾਰੇ ਮਹੱਤਵਪੂਰਨ ਵਿਸ਼ੇ ਹਟਾਉਣ ਨਾਲ ਇਹ ਬੇਕਦਰੀ ਹੋਰ ਤੇਜ਼ ਹੋ ਗਈ ਹੈ। ਲਿਹਾਜ਼ਾ, ਸਰਕਾਰ ਵੱਲੋਂ ਚੁਣੇ ਗਏ ਨਵੇਂ ਮਾਹਿਰ ਸਾਨੂੰ ਦੱਸ ਰਹੇ ਹਨ ਕਿ ਸਾਡੇ ਬੱਚਿਆਂ ਨੂੰ ਮਸਲਨ 2002 ਵਿਚ ਹੋਏ ਗੁਜਰਾਤ ਦੰਗਿਆਂ ਜਾਂ ਨਰਮਦਾ ਬਚਾਓ ਅੰਦੋਲਨ ਜਾਂ ਨਕਸਲੀ ਸੰਘਰਸ਼ ਬਾਰੇ ਕੁਝ ਵੀ ਜਾਣਨ ਦੀ ਕੋਈ ਲੋੜ ਨਹੀਂ ਹੈ। ਉਨ੍ਹਾਂ ਦਾ ਇਹ ਵੀ ਵਿਸ਼ਵਾਸ ਹੈ ਕਿ ਇਹ ਪੜਚੋਲ ਕਰਨ ਦਾ ਵਿਚਾਰ ਸਹੀ ਨਹੀਂ ਹੋਵੇਗਾ ਕਿ ਔਰਤਾਂ ਤੇ ਸ਼ੂਦਰਾਂ ਨੂੰ ਵੇਦਾਂ ਦਾ ਅਧਿਐਨ ਕਰਨ ਤੋਂ ਕਿਉਂ ਰੋਕਿਆ ਜਾਂਦਾ ਸੀ ? ਜਾਂ ਫਿਰ ਇਵੇਂ ਹੀ, ਮੁਗ਼ਲ ਦਰਬਾਰ ਬਾਰੇ ਕੁਝ ਵੀ ਜਾਣਨ ਦੀ ਲੋੜ ਨਹੀਂ ਹੈ ਤੇ ਨੌਜਵਾਨਾਂ ਨੂੰ ਇਹ ਫ਼ਿਕਰ ਕਰਨ ਦੀ ਕੀ ਲੋੜ ਹੈ ਕਿ ਖੇਤੀਬਾੜੀ ਉਪਰ ਸੰਸਾਰੀਕਰਨ ਦਾ ਕੀ ਪ੍ਰਭਾਵ ਪਿਆ ਹੈ ?
       ਇਹ ਠੀਕ ਹੈ ਕਿ ਕੋਈ ਵੀ ਮਹਾਨ ਸਿੱਖਿਆਦਾਨੀ ਇਸ ਗੱਲ ਤੋਂ ਇਨਕਾਰ ਨਹੀਂ ਕਰਦਾ ਕਿ ਨੌਜਵਾਨ ਦਿਮਾਗ਼ਾਂ ’ਤੇ ਜਾਣਕਾਰੀ ਦਾ ਬੋਝ ਲੱਦਣਾ ਕੋਈ ਸਾਰਥਕ ਸਿੱਖਿਆ ਨਹੀਂ ਹੁੰਦੀ। ਸਗੋਂ ਐਨਸੀਈਆਰਟੀ ਦੀਆਂ ਪਾਠ ਪੁਸਤਕਾਂ ਇਸ ਪੱਖੋਂ ਬਿਲਕੁਲ ਸੋਲ੍ਹਾਂ ਕਲਾ ਸੰਪੂਰਨ ਨਹੀਂ ਹਨ ਅਤੇ ਕਿਤਾਬਾਂ ਲਿਖਣ ਵਾਲੇ ਉਦਾਰਵਾਦੀ-ਖੱਬੇਪੱਖੀ ਬੁੱਧੀਮਾਨ ਲੋਕਾਂ ਦੀਆਂ ਆਪੋ ਆਪਣੀਆਂ ਮਾਨਤਾਵਾਂ ਹੋ ਸਕਦੀਆਂ ਹਨ। ਫਿਰ ਵੀ ਜਿਵੇਂ ਕੁਝ ਵਿਸ਼ਿਆਂ ਤੇ ਮੁੱਦਿਆਂ ਨੂੰ ਗਿਣ-ਮਿੱਥ ਕੇ ਸਿਆਸਤ ਤੋਂ ਪ੍ਰੇਰਿਤ ਇਕ ਅਮਲ ਦੇ ਜ਼ਰੀਏ ਇਨ੍ਹਾਂ ਪਾਠ ਪੁਸਤਕਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਹੈ, ਉਸ ਤੋਂ ਹਰੇਕ ਸੰਵੇਦਨਸ਼ੀਲ ਸਿੱਖਿਅਕ ਸਹਿਮ ਗਿਆ ਹੈ। ਦਰਅਸਲ, ਇਹ ਆਲੋਚਨਾਤਮਿਕ ਸਿੱਖਿਆ ਸ਼ਾਸਤਰ ਦੇ ਬੰਦਖਲਾਸੀ ਵਾਲੇ ਖਾਸੇ ਦੀ ਹੱਤਿਆ ਦੇ ਤੁੱਲ ਹੈ। ਇਸ ਨੂੰ ਉਦੋਂ ਹੀ ਸਮਝਿਆ ਜਾ ਸਕਦਾ ਹੈ ਜਦੋਂ ਅਸੀਂ ਭੁੱਲੀਆਂ ਵਿਸਰੀਆਂ ਹਕੀਕਤਾਂ ਨੂੰ ਚੇਤੇ ਕਰਦੇ ਹਾਂ- ਜਿਵੇਂ ਇਤਿਹਾਸ, ਸਮਾਜ ਸ਼ਾਸਤਰ ਅਤੇ ਰਾਜਨੀਤੀ ਸ਼ਾਸਤਰ ਜਿਹੇ ਵਿਸ਼ਿਆਂ ਵਿਚ ਕਿਸੇ ਦੀਆਂ ਅੱਖਾਂ ਖੋਲ੍ਹਣ ਅਤੇ ਇਹ ਕਿਸੇ ਨੂੰ ਉਸ ਜ਼ਮਾਨੇ ਅੰਦਰ ਪ੍ਰਚੱਲਤ ਭਾਰੂ ਆਮ ਸਮਝ ਤੋਂ ਪਾਰ ਜਾ ਕੇ ਦੇਖਣ ਅਤੇ ਨਿਰਖ ਪਰਖ ਕਰਨ ਦੀ ਸਮੱਰਥਾ ਬਖ਼ਸ਼ਦੇ ਹਨ। ਗਹਿਰੀ ਤੇ ਰਚਨਾਤਮਿਕ ਚੇਤਨਾ ਨਾਲ ਭਰੇ ਹੋਏ ਮਨ ਨੂੰ ਸਿੰਜਣਾ ਹੀ ਸਮਾਜ ਵਿਗਿਆਨਾਂ ਦਾ ਕਾਰਜ ਹੁੰਦਾ ਹੈ।
       ਲਿਹਾਜ਼ਾ, ਇਤਿਹਾਸ ਦਾ ਉਦੇਸ਼ ਵਿਦਿਆਰਥੀ ਨੂੰ ਜੰਗਾਂ ਤੇ ਸੰਧੀਆਂ ਦੀਆਂ ਤਾਰੀਕਾਂ ਦਾ ਘੋਟਾ ਲਵਾਉਣਾ ਨਹੀਂ ਹੁੰਦਾ ਸਗੋਂ ਇਤਿਹਾਸ ਦੀ ਸੂਝ ਦਾ ਮਤਲਬ ਮਾਨਵ ਜਾਤੀ ਦੇ ਸਫ਼ਰ ਨੂੰ ਪ੍ਰੀਭਾਸ਼ਤ ਕਰਨ ਵਾਲੀਆਂ ਪ੍ਰਮੁੱਖ ਸਮਾਜਿਕ-ਸਭਿਆਚਾਰਕ ਅਤੇ ਤਕਨੀਕੀ-ਆਰਥਿਕ ਤਬਦੀਲੀਆਂ ਨੂੰ ਸਮਝਣ ਲਈ ਜਗਿਆਸੂ ਦੀ ਰੁਚੀ ਪੈਦਾ ਕਰਨਾ ਹੁੰਦਾ ਹੈ। ਇਉਂ ਹੀ ਸਮਾਜ ਸ਼ਾਸਤਰ ਦਾ ਸਬੰਧ ਕਬੀਲੇ, ਜਾਤ ਤੇ ਪਰਿਵਾਰ ਮੁਤੱਲਕ ਤੱਥਾਂ ਨੂੰ ਜਾਣਨਾ ਨਹੀਂ ਹੁੰਦਾ ਸਗੋਂ ਮੂਲ ਸਵਾਲ ਪੁੱਛਣਾ ਹੁੰਦਾ ਹੈ, ਮਸਲਨ ਕਿਸ ਤਰ੍ਹਾਂ ਪਿੱਤਰਸੱਤਾ, ਬ੍ਰਾਹਮਣਵਾਦ ਅਤੇ ਸੰਸਥਾਈ ਧਰਮਾਂ ਨੇ ਅਕਸਰ ਔਰਤਾਂ, ਦਲਿਤਾਂ ਅਤੇ ਮਿਹਨਤਕਸ਼ ਤਬਕਿਆਂ ਦੇ ਦਮਨ ਨੂੰ ਵਾਜਬੀਅਤ ਮੁਹੱਈਆ ਕਰਵਾਈ ਹੈ। ਜਾਂ ਰਾਜਨੀਤਕ ਅਧਿਐਨ ਸ਼ੁਰੂ ਕਰਾਉਣ ਦਾ ਮਤਲਬ ਸੰਵਿਧਾਨ ਦੀ ਪ੍ਰਸਤਾਵਨਾ ਯਾਦ ਕਰ ਲੈਣ ਅਤੇ ਫਿਰ ਪ੍ਰੀਖਿਆ ਵਿਚ ਇਸ ਦਾ ਜੁਗਾਲੀ ਕਰ ਦੇਣ ਤਕ ਮਹਿਦੂਦ ਨਹੀਂ ਹੈ ਸਗੋਂ ਇਸ ਦਾ ਮੰਤਵ ਨੌਜਵਾਨ ਜਗਿਆਸੂਆਂ ਨੂੰ ਇਹ ਸਵਾਲ ਪੁੱਛਣ ਲਈ ਉਤਸ਼ਾਹਿਤ ਕਰਨਾ ਹੁੰਦਾ ਹੈ ਕਿ ਬਹੁਗਿਣਤੀਵਾਦ ਅਤੇ ਘੋਰ ਸਮਾਜਿਕ-ਆਰਥਿਕ ਬਰਾਬਰੀ ਸਾਹਮਣੇ ਪ੍ਰਸਤਾਵਨਾ ਦੀ ਆਤਮਾ ਚੁੱਪ ਹੋ ਜਾਂਦੀ ਹੈ। ਕੀ ਅਸੀਂ ਭੁੱਲ ਗਏ ਹਾਂ ਕਿ ਕਿਵੇਂ ਇਰਫ਼ਾਨ ਹਬੀਬ ਤੇ ਰਣਜੀਤ ਗੁਹਾ, ਰਜਨੀ ਕੋਠਾਰੀ ਅਤੇ ਅਸ਼ੀਸ਼ ਨੰਦੀ ਜਾਂ ਇਰਾਵਤੀ ਕਰਵੇ ਅਤੇ ਵੀਨਾ ਮਜੂਮਦਾਰ ਜਿਹੇ ਸਾਡੇ ਸਭ ਤੋਂ ਜ਼ਹੀਨ ਇਤਿਹਾਸਕਾਰਾਂ ਤੇ ਸਮਾਜ ਸ਼ਾਸਤਰੀਆਂ ਨੇ ਸਾਡੇ ਮਾਨਸਿਕ ਦਿਸਹੱਦਿਆਂ ਨੂੰ ਵਸੀਹ ਕੀਤਾ ਸੀ?      ਐਨਸੀਈਆਰਟੀ ਦੀਆਂ ਪਾਠ-ਪੁਸਤਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਮਾਹਿਰਾਂ ਨੂੰ ਕੌਣ ਦੱਸੇਗਾ ਕਿ ਕਿਸੇ ਸਕੂਲੀ ਬੱਚੇ ਲਈ ਗੁਜਰਾਤ ਦੰਗਿਆਂ ਬਾਰੇ ਜਾਣਨ ਤੇ ਪ੍ਰੇਸ਼ਾਨ ਹੋਣ ਦੀ ਕਿੰਨੀ ਅਹਿਮੀਅਤ ਹੈ ਕਿਉਂਕਿ ਉਹ ਦੰਗੇ ਧਰਮ ਨਿਰਪੱਖਤਾ ਅਤੇ ਸਭਿਆਚਾਰਕ ਵਿਭਿੰਨਤਾ ਦੇ ਵੱਡੇ ਆਦਰਸ਼ਾਂ ਲਈ ਗਹਿਰਾ ਆਘਾਤ ਸਨ। ਉਨ੍ਹਾਂ ਨੂੰ ਕੌਣ ਦੱਸੇਗਾ ਕਿ ਬੱਚਿਆਂ ਲਈ ਨਰਮਦਾ ਬਚਾਓ ਅੰਦੋਲਨ ਬਾਰੇ ਜਾਣਨਾ ਜ਼ਰੂਰੀ ਹੈ ਕਿਉਂਕਿ ਇਸ ਅਹਿੰਸਕ ਵਾਤਾਵਰਨ ਅੰਦੋਲਨ ਨੇ ਸਿਆਸੀ ਜਮਾਤ ਤੇ ਕਾਰਪੋਰੇਟ ਕੁਲੀਨਾਂ ਦੇ ਗੱਠਜੋੜ ਦੇ ਪ੍ਰਯੋਜਿਤ ਵਿਕਾਸ ਦੇ ਘਾਤਕ ਸਿੱਟਿਆਂ ਪ੍ਰਤੀ ਗੰਭੀਰ ਸਵਾਲ ਖੜ੍ਹੇ ਕੀਤੇ ਸਨ। ਇਨ੍ਹਾਂ ਮਾਹਿਰਾਂ ਨੂੰ ਇਕ ਹੋਰ ਤੱਥ ਵੀ ਚੇਤੇ ਕਰਾਉਣਾ ਪਵੇਗਾ ਕਿ ਤਾਜ਼ੀ ਹਵਾ ਦੇ ਬੁੱਲੇ ਲੈ ਕੇ ਆਉਂਦੇ ਕਿਸੇ ਸਿਖਿਆਰਥੀ ਅੰਦਰ ਇਹ ਕਹਿਣ ਦੀ ਸਮੱਰਥਾ ਹੋਣੀ ਚਾਹੀਦੀ ਹੈ ਕਿ ‘ਬਾਦਸ਼ਾਹ ਨੰਗਾ ਹੈ’ ਭਾਵੇਂ ਚਾਪਲੂਸਾਂ ਦੀ ਟੋਲੀ ਉਸ ਦੀ ਕਿੰਨੀ ਮਰਜ਼ੀ ਲਿਪਾ-ਪੋਚੀ ਕਰਦੀ ਫਿਰੇ। ਹਿਟਲਰ ਤੋਂ ਲੈ ਕੇ ਸਟਾਲਿਨ ਤੱਕ ਆਲੋਚਨਾਤਮਿਕ ਸਿੱਖਿਆ ਸ਼ਾਸਤਰ ’ਤੇ ਲਾਈ ਜਾਂਦੀ ਮਨਾਹੀ ਖ਼ੁਦਪ੍ਰਸਤੀ ਅਤੇ ਸੱਤਾਵਾਦ ਦੇ ਹਰੇਕ ਬਿੰਬ ਨਾਲ ਗਹਿਰੀ ਜੁੜੀ ਰਹੀ ਹੈ। ਦਰਅਸਲ, ਜਿਵੇਂ ਕਿ ਇਤਿਹਾਸ ਤੋਂ ਪਤਾ ਲੱਗਦਾ ਹੈ ਕਿ ਦੁਨੀਆ ਭਰ ’ਚ ਸੱਤਾਵਾਦ ਦੇ ਉਸਤਾਦ ਉਸ ਕਿਸਮ ਦੀ ਸਿੱਖਿਆ ਨੂੰ ਸਹਿ ਨਹੀਂ ਸਕਦੇ ਜੋ ਰਚਨਾਤਮਿਕਤਾ, ਸਹਿਜ ਅਤੇ ਗਹਿਰੀ ਸੂਝ ਨੂੰ ਵਿਕਸਤ ਕਰਦੀ ਹੋਵੇ। ਇਸ ਦੀ ਬਜਾਇ ਉਨ੍ਹਾਂ ਨੂੰ ਨੈਤਿਕ ਅਤੇ ਬੌਧਿਕ ਦਲਿੱਦਰ ਦੀ ਲੋੜ ਪੈਂਦੀ ਹੈ। ਜਾਂ ਸਿੱਖਿਆ ਦੇ ਨਾਂ ’ਤੇ ਉਨ੍ਹਾਂ ਨੂੰ ਟੈਕਨੋ-ਕਾਰਪੋਰੇਟ ਮਸ਼ੀਨਾਂ ਚਲਾਉਣ ਦੇ ਤਕਨੀਕੀ ਕੌਸ਼ਲ ਦੇ ਸੈੱਟ ਦੀ ਲੋੜ ਪੈਂਦੀ ਹੈ। ਜਾਂ ਉਨ੍ਹਾਂ ਨੂੰ ਅਜਿਹੇ ਅਨੁਸ਼ਾਸਿਤ ਵਫ਼ਾਦਾਰਾਂ ਦੀ ਲੋੜ ਹੁੰਦੀ ਹੈ ਜੋ ਹਰ ਵੇਲੇ ਸੱਤਾਧਾਰੀਆਂ ਦੇ ਹਰੇਕ ਫ਼ਰਮਾਨ ਦੀ ਸੁਰ ’ਚ ਸੁਰ ਮਿਲਾ ਸਕਣ। ਇਸ ਕਰਕੇ ਇਨ੍ਹਾਂ ਮਾਹਿਰਾਂ ਨੇ ਐਨਸੀਈਆਰਟੀ ਦੀਆਂ ਪਾਠ-ਪੁਸਤਕਾਂ ਨਾਲ ਜੋ ਵੀ ਕੀਤਾ ਹੈ, ਇਹ ਉਸੇ ਅਮਲ ਦਾ ਪ੍ਰਤੀਕ ਹੈ ਜੋ ਸੱਤਾ ਦੇ ਹੰਕਾਰ ਅਤੇ ਹਰੇਕ ਅਸਹਿਮਤ ਆਵਾਜ਼ ਨੂੰ ਦੇਸ਼ ਧ੍ਰੋਹੀ ਦਾ ਲਕਬ ਦੇਣ ਦੇ ਰੂਪ ਵਿਚ ਅਸੀਂ ਹਰ ਥਾਂ ਦੇਖ ਰਹੇ ਹਾਂ।
       ਕੀ ਇਸ ਰੁਝਾਨ ਨੂੰ ਠੱਲ੍ਹ ਪਾ ਕੇ ਸਿੱਖਿਆ ਨੂੰ ਬਚਾਉਣਾ ਸੰਭਵ ਹੈ? ਹਾਲਾਂਕਿ ਮੈਂ ਨਿਰਾਸ਼ਾਵਾਦੀ ਨਹੀਂ ਹੋਣਾ ਚਾਹੁੰਦਾ ਪਰ ਇਹ ਕਹਿਣਾ ਪਵੇਗਾ ਕਿ ਇਸ ਦੇ ਰਾਹ ਵਿਚ ਵੱਡੀਆਂ ਔਕੜਾਂ ਆਉਣਗੀਆਂ। ਇਹ ਤੱਥ ਹੈ ਕਿ ਜਿਸ ਮਾਹੌਲ ਅੰਦਰ ਜ਼ਹਿਰੀਲੇ ਰਾਸ਼ਟਰਵਾਦ ਦੀ ਦੁਰਗੰਧ ਫੈਲੀ ਹੋਵੇ, ਉੱਥੇ ਆਜ਼ਾਦ ਖ਼ਿਆਲੀ ਦਾ ਜਸ਼ਨ ਮਨਾਉਣਾ ਸੌਖਾ ਨਹੀਂ ਹੈ। ਇਸ ਤੋਂ ਇਲਾਵਾ ਜਦੋਂ ਬੱਚਿਆਂ ਦੀ ਸਿੱਖਿਆ ਇਕ ਲੇਖੇ ਕੋਚਿੰਗ ਕੇਂਦਰਾਂ ਅਤੇ ਮੁੱਠੀ ਭਰ ਟੌਪਰਾਂ ਦੇ ਸਪਾਂਸਰਾਂ ਵੱਲੋਂ ਤਿਆਰ ਕੀਤੇ ‘ਸਫ਼ਲਤਾ ਦੇ ਮੰਤਰਾਂ’ ਦਾ ਪੈਕੇਜ ਬਣ ਕੇ ਰਹਿ ਗਈ ਹੈ ਤਾਂ ਨਿਰਵਾਣਤਾ ਵਾਲੀ ਸਿੱਖਿਆ ਬਾਰੇ ਫ਼ਿਕਰ ਕੌਣ ਕਰੇਗਾ? ਫਿਰ ਵੀ ਮੈਂ ਇਹ ਵਿਸ਼ਵਾਸ ਕਰਨਾ ਚਾਹਾਂਗਾ ਕਿ ਸਾਡੇ ਦਰਮਿਆਨ ਹਾਲੇ ਵੀ ਅਜਿਹੇ ਕੁਝ ਅਧਿਆਪਕ ਤੇ ਮਾਪੇ ਮੌਜੂਦ ਹਨ ਜੋ ਨੌਜਵਾਨ ਪੀੜ੍ਹੀ ਨੂੰ ਵੱਖੋ-ਵੱਖਰੇ ਖੇਤਰਾਂ ਅੰਦਰ ਪਏ ਅਸਲ ਗਿਆਨ ਦੇ ਖ਼ਜ਼ਾਨੇ ਨੂੰ ਲੱਭਣ ਲਈ ਪ੍ਰੇਰਿਤ ਕਰਦੇ ਆ ਰਹੇ ਹਨ। ਉਂਝ, ਇਹ ਠੀਕ ਹੈ ਕਿ ਇਹ ਖ਼ਜ਼ਾਨਾ ਅਧਿਕਾਰਤ ਪਾਠ ਪੁਸਤਕਾਂ ’ਚ ਨਹੀਂ ਸਗੋਂ ਇਕ ਸਜੀਵ ਅਤੇ ਸਗਵੇਂ ਮਨ ਦੀਆਂ ਖੰਦਕਾਂ ’ਚ ਸਮਾਇਆ ਹੋਇਆ ਹੈ ਜੋ ਰਾਬਿੰਦਰਨਾਥ ਟੈਗੋਰ ਨਾਲ ਇਕਸੁਰ ਹੋ ਕੇ ਇੰਝ ਕਹਿੰਦਾ ਹੈ : ‘ਜਿੱਥੇ ਮਨ ਡਰ ਤੋਂ ਮੁਕਤ ਹੋਵੇ ਅਤੇ ਸਿਰ ਮਾਣ ਨਾਲ ਉੱਚਾ ਹੋਵੇ/ ਜਿੱਥੇ ਗਿਆਨ ਨੂੰ ਜਕੜਿਆ ਨਾ ਜਾਵੇ...।’

ਹਿੰਸਾ ਤੇ ਨਫ਼ਰਤ ਦੇ ਮਨੋਵਿਗਿਆਨ ਦੇ ਝਲਕਾਰੇ  - ਅਵਿਜੀਤ ਪਾਠਕ

ਨੂਪੁਰ ਸ਼ਰਮਾ ਕਾਂਡ ਬਾਰੇ ਬਹੁਤ ਕੁਝ ਆਖਿਆ ਅਤੇ ਲਿਖਿਆ ਜਾ ਚੁੱਕਿਆ ਹੈ ਕਿ ਕਿਵੇਂ ਉਸ ਨੇ ਪੈਗੰਬਰ ਮੁਹੰਮਦ ਬਾਰੇ ਬੇਹੁਰਮਤੀ ਭਰੇ ਸ਼ਬਦ ਇਸਤੇਮਾਲ ਕੀਤੇ ਜਿਸ ਤੋਂ ਬਾਅਦ ਭਾਰਤ ਵਿਚ ਵਧ ਰਹੇ ਇਸਲਾਮੋਫੋਬੀਆ (ਇਸਲਾਮ ਧਰਮ ਪ੍ਰਤੀ ਨਫ਼ਰਤ ਦਾ ਜ਼ਹਿਰ) ਨੂੰ ਲੈ ਕੇ ਕਈ ਅਰਬ ਮੁਲਕਾਂ ਨੇ ਨਾਖੁਸ਼ੀ ਜਤਾਈ, ਸਰਕਾਰ ਤੋਂ ਮੁਆਫ਼ੀ ਦੀ ਮੰਗ ਕੀਤੀ ਅਤੇ ਆਖਿ਼ਰਕਾਰ ਭਾਰਤੀ ਜਨਤਾ ਪਾਰਟੀ ਨੇ ਆਪਣੀ ਇਸ ‘ਫਰਿੰਜ’ ਅਨਸਰ ਨੂੰ ਪਾਰਟੀ ਤੋਂ ਲਾਂਭੇ ਕਰ ਦਿੱਤਾ। ਫਿਰ ਉਸ ਬਦਜ਼ਬਾਨ ਤਰਜਮਾਨ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਕੋਸ਼ਿਸ਼ ਰਾਹੀਂ ਦਿਖਾਵਾ ਕੀਤਾ ਗਿਆ ਕਿ ਪਾਰਟੀ ਬਹੁ-ਸਭਿਆਚਾਰਵਾਦ ਦੀ ਭਾਵਨਾ ਦਾ ਸਤਿਕਾਰ ਕਰਦੀ ਹੈ। ਦਰਅਸਲ, ਕੋਈ ਅਣਜਾਣ ਹੀ ਹੋਵੇਗਾ ਜਿਸ ਨੇ ਇਸ ਗੱਲ ’ਤੇ ਯਕੀਨ ਕੀਤਾ ਹੋਵੇਗਾ ਕਿ ਸੱਤਾਧਾਰੀ ਪਾਰਟੀ ਇਸ ਮਸਲੇ ਨੂੰ ਲੈ ਕੇ ਰੱਤੀ ਭਰ ਵੀ ਗੰਭੀਰ ਹੈ। ਇਸ ਗੱਲ ਦੇ ਆਸਾਰ ਹਨ ਕਿ ਇਹ ਖੇਡ ਇਵੇਂ ਹੀ ਚਲਦੀ ਰਹੇਗੀ ਅਤੇ ਸੱਤਾਧਾਰੀ ਪਾਰਟੀ ਦੇ ਮੁੱਖ ਰਣਨੀਤੀਕਾਰ  ਚੋਣਾਂ ਜਿੱਤਣ ਵਾਲੀ ਮਸ਼ੀਨਰੀ ਦੇ ਪ੍ਰਬੰਧਕ ਇਸ ਮੌਕੇ ਦਾ ਲਾਹਾ ਉਠਾ ਕੇ ਇਸ ਧਾਰਨਾ ਨੂੰ ਫੈਲਾਉਣਗੇ ਕਿ ਹਿੰਦੂ ਇਸਲਾਮੀ ਜਗਤ ਦੇ ਨਿਸ਼ਚੇ ਦੇ ‘ਪੀੜਤ’ ਬਣ ਰਹੇ ਹਨ ਅਤੇ ਇਸ ਤੋਂ ਬਚਣ ਲਈ ‘ਹਿੰਦੂ ਰਾਸ਼ਟਰ’ ਬਣਾਉਣ ਲਈ ‘ਹਿੰਦੂ ਏਕਤਾ’ ਹੀ ਇਕੋ-ਇਕ ਰਾਹ ਹੈ।
       ਇਹ ਠੀਕ ਹੈ ਕਿ ਨੂਪੁਰ ਸ਼ਰਮਾ ਦੀ ਮੁਅੱਤਲੀ ਜਾਂ ਫਿਰ ਦਿੱਲੀ ਭਾਜਪਾ ਦੇ ਮੀਡੀਆ ਸੈੱਲ ਦੇ ਮੁਖੀ ਨਵੀਨ ਜਿੰਦਲ ਦੀ ਬਰਤਰਫ਼ੀ ਪਾਰਟੀ ਲਈ ਕੋਈ ਮਾਇਨਾ ਨਹੀਂ ਰੱਖਦੀ। ਇਸ ਦਾ ਕਾਰਨ ਇਹ ਹੈ ਕਿ ਇਹੋ ਜਿਹੇ ‘ਫਰਿੰਜ’ ਅਨਸਰਾਂ ਦੀ ਮਾਨਸਿਕਤਾ ਧਾੜਵੀ ਰਾਸ਼ਟਰਵਾਦ ਦੇ ਬਿਪਰਵਾਦੀ ਸਿਧਾਂਤ ਦੇ ਤਾਰਕਿਕ ਸਿੱਟੇ ਦਾ ਚਿਹਰਾ ਮੋਹਰਾ ਪੇਸ਼ ਕਰਦੀ ਹੈ। ਦਰਅਸਲ, ਸੰਘ ਪਰਿਵਾਰ ਦੇ ਨਾਟਕੀ ਉਭਾਰ ਨੂੰ ਹਿੰਦੂਤਵ ਤੋਂ ਵੱਖ ਨਹੀਂ ਕੀਤਾ ਜਾ ਸਕਦਾ ਜੋ ਅਜਿਹੀ ਵਿਚਾਰਧਾਰਾ ਹੈ ਜੋ ਹਿੰਦੂਆਂ ਨੂੰ ਇਕਜੁੱਟ ਤੇ ਇਕਰੂਪ ਕਰਨਾ ਚਾਹੁੰਦੀ ਹੈ ਅਤੇ ਨਾਲ ਹੀ ਮੁਸਲਮਾਨਾਂ, ਘੱਟਗਿਣਤੀਆਂ, ਉਦਾਰਵਾਦੀਆਂ, ਕਮਿਊਨਿਸਟਾਂ, ਗਾਂਧੀਵਾਦੀਆਂ, ਅਧਿਆਤਮਕ ਫਿਰਤੂਆਂ ਆਦਿ ਨੂੰ ਦੇਸ਼ ਦੇ ਦੁਸ਼ਮਣ ਗਰਦਾਨਦੀ ਹੈ। ਇਸ ਦਾ ਲਬੋ-ਲਬਾਬ ਹੀ ਨਫ਼ਰਤ ਤੇ ਹਿੰਸਾ ਦਾ ਮਨੋਵਿਗਿਆਨ ਹੈ। ਜਦੋਂ ਹਿੰਦੂਤਵ ਦੇ ਵਿਚਾਰਕ ਦੇਸ਼ਭਗਤੀ ਦੀ ਗੱਲ ਕਰਦੇ ਹਨ, ਤਦ ਵੀ ਇਹ ਕੋਈ ਸਜੀਵ ਸਮੂਹਿਕ ਕਲਿਆਣਕਾਰੀ ਭਾਵ ਨਹੀਂ ਉਪਜਾਉਂਦਾ ਸਗੋਂ ਨਾਂਹਮੁਖੀ ਤੇ ਜ਼ਹਿਰੀਲੀ ਬੂਅ ਛੱਡਦਾ ਹੈ, ਇਹ ਇਸ (ਹਿੰਦੂਤਵ) ਦੇ ਫ਼ਰਮਾਨਾਂ ਨੂੰ ਮੰਨਣ ਤੋਂ ਇਨਕਾਰ ਕਰਨ ਵਾਲਿਆਂ ਖਿਲਾਫ਼ ਹਰ ਕਿਸਮ ਦੀਆਂ ਮੰਦਭਾਵੀ ਧਾਰਨਾਵਾਂ ਫੈਲਾਉਣ ਦੇ ਤੁੱਲ ਹੈ। ਇਹ ਜਿਸ ਕਿਸਮ ਦੇ ਧਰਮ ਦੀ ਗੱਲ ਕਰਦਾ ਹੈ, ਉਹ ਨਾ ਕੇਵਲ ਮੁਹੱਬਤ ਦੀ ਧਾਰਮਿਕਤਾ ਤੋਂ ਵਿਰਵਾ ਹੈ ਸਗੋਂ ਸਮਾਜ ਅੰਦਰ ਕੰਧਾਂ ਖੜ੍ਹੀਆਂ ਕਰਨ ਵਾਲਾ ਫ਼ੌਜੀਕਰਨ ਪੈਦਾ ਕਰਦਾ ਹੈ। ਇਹ ਰੂਹਾਨੀ ਇਕਾਂਤ ਤੋਂ ਕੋਹਾਂ ਦੂਰ ਹੈ ਤੇ ਬਹੁਤ ਹੀ ਸ਼ੋਰੀਲਾ ਹੈ। ਕੀ ਇਹ ਇਕ ਤਰ੍ਹਾਂ ਦਾ ਤਾਲਿਬਾਨੀਕਰਨ ਹੀ ਹੈ ਜਿਸ ਦੀ ਮੁਖਾਲਫ਼ਤ ਦੇ ਚੱਕਰ ਵਿਚ ਇਹ ਉਸ ਜਿਹਾ ਹੀ ਬਣਦਾ ਜਾ ਰਿਹਾ ਹੈ? ਗਊ ਰੱਖਿਆ ਪਹਿਰੇਦਾਰੀ ਤੋਂ ਲੈ ਕੇ ਲਗਭਗ ਹਰ ਮਸਜਿਦ ਵਿਚੋਂ ਹਿੰਦੂ ਵਿਰਾਸਤ ਦੇ ਚਿੰਨ੍ਹ ਲੱਭਣ ਦੀ ਕਾਹਲ ਵਿਚ ਹਿੰਦੂਤਵ ਵਲੋਂ ਪ੍ਰਚਾਰੇ ਜਾਂਦੇ ਧਰਮ ਵਿਚ ਕਬੀਰ, ਗਾਂਧੀ ਤੇ ਟੈਗੋਰ ਦੇ ਆਦਰਸ਼ਾਂ ਨਾਲ ਰਤਾ ਵੀ ਸਾਂਝ ਨਹੀਂ ਹੈ।
       ਲਿਹਾਜ਼ਾ, ਇਸ ਗੱਲ ’ਤੇ ਕੋਈ ਹੈਰਾਨੀ ਨਹੀਂ ਹੁੰਦੀ ਜਦੋਂ ਇਹ ਵਿਚਾਰਧਾਰਾ ਸਾਕਸ਼ੀ ਮਹਾਰਾਜ ਤੇ ਪ੍ਰਗਿਆ ਸਿਹੁੰ ਠਾਕੁਰ ਜਾਂ ਲਵ ਜਹਾਦ, ਟੁਕੜੇ ਟੁਕੜੇ ਗੈਂਗ, ਅੰਦੋਲਨਜੀਵੀ ਜਿਹੇ ਸ਼ਬਦ ਦੇਣ ਵਾਲਿਆਂ ਨੂੰ ਪੂਜਦੀ ਹੈ। ਬੇਸ਼ੱਕ ‘ਮਸੀਹਾ’ ਆਪਣੀ ਨਾਟਕੀ ਪੇਸ਼ਕਾਰੀਆਂ ਰਾਹੀਂ ਜੋਅ ਬਾਇਡਨ ਤੇ ਵਲਾਦੀਮੀਰ ਪੂਤਿਨ ਨਾਲ ਬਗਲਗੀਰ ਹੋ ਕੇ ਆਪਣੇ ਆਪ ਨੂੰ ‘ਵਿਸ਼ਵ ਆਗੂ’ ਹੋਣ ਦਾ ਭਰਮ ਸਿਰਜ ਰਿਹਾ ਹੈ ਅਤੇ ਟਵਿਟਰ ’ਤੇ ਆਪਣੇ ਕਰੋੜਾਂ ਪ੍ਰਸ਼ੰਸਕਾਂ ਦਾ ਮਨ ਪਰਚਾਵਾ ਕਰ ਰਿਹਾ ਹੈ ਪਰ ਕਠੋਰ ਹਕੀਕਤ ਇਹ ਹੈ ਕਿ ਅਸੀਂ ਜਿਸ ਮਾਹੌਲ ਵਿਚ ਸਾਹ ਲੈ ਰਹੇ ਹਾਂ, ਉਸ ਅੰਦਰ ਵੱਡੇ ਪੱਧਰ ’ਤੇ ਮਨੋਵਿਗਿਆਨਕ ਤੇ ਸਭਿਆਚਾਰਕ ਵਿਸ਼ ਫੈਲ ਚੁੱਕਿਆ ਹੈ। ਇਸੇ ਤਰ੍ਹਾਂ, ਅਸੀਂ ਦੇਖਿਆ ਹੈ ਕਿ ਸਾਡੇ ਸੰਚਾਰ ਦੇ ਤੌਰ ਤਰੀਕਿਆਂ ਦਾ ਘੋਰ ਪਤਨ ਹੋ ਗਿਆ ਹੈ ਤੇ ਸਾਡੇ ਟੈਲੀਵਿਜ਼ਨ ਚੈਨਲ ਇਸ ਦੀ ਬਹੁਤ ਹੀ ਕੋਝੀ ਤਸਵੀਰ ਬਣ ਚੁੱਕੇ ਹਨ। ਰੋਜ਼ ਸ਼ਾਮ ਨੂੰ ‘ਪ੍ਰਾਈਮ ਟਾਈਮ’ ਮੌਕੇ ਲਿਸ਼ਕੇ ਪੁਸ਼ਕੇ ਐਂਕਰਾਂ (ਜੋ ਜ਼ਮੀਰਪ੍ਰਸਤ ਪੱਤਰਕਾਰ ਤਾਂ ਬਿਲਕੁਲ ਵੀ ਨਹੀਂ ਹਨ ਸਗੋਂ ਝੂਠ ਪਰੋਸਣ ਵਾਲੇ ਤੇ ਪ੍ਰਾਪੇਗੰਡਾ ਜਾਂ ਤਰ੍ਹਾਂ ਤਰ੍ਹਾਂ ਦੇ ਨਫ਼ਰਤੀ ਪੈਕੇਜਾਂ ਦੇ ਸੌਦਾਗਰ ਹਨ), ਕਈ ਪਾਰਟੀਆਂ ਦੇ ਬੇਸ਼ਰਮ ਤਰਜਮਾਨਾਂ ਅਤੇ ਭਾੜੇ ’ਤੇ ਲਿਆਂਦੇ ਗੁਸੈਲ ਪੁਜਾਰੀਆਂ ਤੇ ਮੁਲਾਣਿਆਂ ਦੀ ‘ਸਭਾ’ ਜੁੜ ਕੇ ਅਜਿਹਾ ਖਰੂਦੀ ਮਾਹੌਲ ਸਿਰਜਦੀ ਹੈ ਜਿਸ ਵਿਚ ਕੋਈ ਕਿਸੇ ਦੀ ਗੱਲ ਨਹੀਂ ਸੁਣਦਾ ਤੇ ਤਰਕ ਨਾਲ ਕੋਈ ਵਾਹ ਵਾਸਤਾ ਨਹੀਂ ਹੁੰਦਾ ਤੇ ਇਹੋ ਜਿਹੀ ਬਹਿਸ ਜਲਦੀ ਹੀ ਅਖਾੜੇ ਦਾ ਰੂਪ ਧਾਰ ਜਾਂਦੀ ਹੈ, ਫਿਰ ਕਸ਼ਮੀਰ ਹੋਵੇ ਜਾਂ ਜੇਐੱਨਯੂ, ਕੋਵਿਡ ਜਾਂ ਫਿਰ ਮਹਿੰਗਾਈ, ਹਰ ਮੁੱਦੇ ਨੂੰ ਹਿੰਦੂਆਂ ਤੇ ਮੁਸਲਮਾਨਾਂ ਜਾਂ ਫਿਰ ‘ਰਾਸ਼ਟਰਵਾਦੀਆਂ’ ਤੇ ‘ਦੇਸ਼ਧ੍ਰੋਹੀਆਂ’ ਦਰਮਿਆਨ ਜੰਗ ਦਾ ਸਵਾਲ ਬਣਾ ਦਿੱਤਾ ਜਾਂਦਾ ਹੈ।
         ਇਹੋ ਜਿਹੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਖਪਤਕਾਰਾਂ ਲਈ ਵਿਸ਼ੈਲੇ ਸਭਿਆਚਾਰ ਦੀ ਖੁਰਾਕ ਵਧਦੀ ਜਾਂਦੀ ਹੈ ਅਤੇ ਅਸੀਂ ਕਦੇ ਨੂਪੁਰ ਸ਼ਰਮਾ ਤੇ ਕਦੇ ਸੰਬਿਤ ਪਾਤਰਾ ਜਾਂ ਹੋਰਨਾਂ ਪਾਰਟੀਆਂ ਤੇ ਧਾਰਮਿਕ ਸੰਗਠਨਾਂ ਦੇ ਇਹੋ ਜਿਹੇ ਨਿੱਤ ਨਵੇਂ ‘ਸਿਤਾਰੇ’ ਲੱਭਦੇ ਰਹਿੰਦੇ ਹਾਂ। ਅਸੀਂ ਭਾਵੇਂ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਿਣਾ ਪਸੰਦ ਕਰਦੇ ਹਾਂ ਪਰ ਕਿਤੇ ਨਾ ਕਿਤੇ ਸਾਡੇ ਸਾਰਿਆਂ ਵਿਚ ਨੂਪੁਰ ਸ਼ਰਮਾ ਦਾ ਕੋਈ ਕਿਣਕਾ ਮੌਜੂਦ ਹੈ। ਸਾਨੂੰ ਇਹ ਭੁੱਲਣਾ ਨਹੀਂ ਚਾਹੀਦਾ ਕਿ ਰਵਾਇਤੀ ਪਰਿਭਾਸ਼ਾ ਮੁਤਾਬਕ ਨੂਪੁਰ ਸ਼ਰਮਾ ਵੀ ਇਸੇ ਪੜ੍ਹੇ ਲਿਖੇ ਵਰਗ ਤੋਂ ਹੀ ਆਉਂਦੀ ਹੈ। ਉਸ ਦੇ ਜੀਵਨ ਵੇਰਵਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਦਿੱਲੀ ਯੂਨੀਵਰਸਿਟੀ ਤੇ ਲੰਡਨ ਸਕੂਲ ਆਫ ਇਕਨੌਮਿਕਸ ਦੀ ਪੜ੍ਹੀ ਹੋਈ ਹੈ ਅਤੇ ਸਾਡੇ ‘ਰਿਪਬਲਿਕ’ ਦੀ ਹੋਣੀ ਨੂੰ ਲੈ ਕੇ ਚਿੰਤਾਤੁਰ ਸਾਡੇ ਕੁਝ ਸਮਕਾਲੀ ਟੈਲੀਵਿਜ਼ਨ ਐਂਕਰ ਵੀ ਦਿਲਕਸ਼ ਡਿਗਰੀਆਂ ਤੇ ਡਿਪਲੋਮਿਆਂ ਦੇ ਧਾਰਕ ਹਨ। ਫਿਰ ਵੀ ਉਹ ਜ਼ਹਿਰੀਲੇ ਸੰਦੇਸ਼ ਅਤੇ ਨਫ਼ਰਤ ਦੇ ਹਿੰਸਾ ਦੇ ਬਿੰਬਾਂ ਦਾ ਪ੍ਰਚਾਰ ਪ੍ਰਸਾਰ ਕਰਨ ਤੋਂ ਕਦੇ ਨਹੀਂ ਥੱਕਦੇ। ਕੀ ਇਹ ਇਸ ਕਰ ਕੇ ਹੈ ਕਿ ਅਸੀਂ ਜਿਸ ਸਿੱਖਿਆ ਦੀ ਖਪਤ ਕੀਤੀ ਹੈ, ਉਸ ਵਿਚੋਂ ਇਨਸਾਨੀਅਤ, ਸਰਬਸਾਂਝੀ ਨਾਗਰਿਕਤਾ ਦਾ ਇਖ਼ਲਾਕ ਅਤੇ ਆਲੋਚਨਾਤਮਿਕ ਅਲਖ ਜਗਾਉਣ ਵਾਲੀਆਂ ਖੂਬੀਆਂ ਦਾ ਮਾਦਾ ਹੀ ਖਤਮ ਹੋ ਚੁੱਕਿਆ ਹੈ?
      ਸਾਨੂੰ ਇਹ ਸਵਾਲ ਪੁੱਛਣਾ ਪੈਣਾ ਹੈ ਕਿਉਂਕਿ ਜਿੰਨੀ ਦੇਰ ਤੱਕ ਅਸੀਂ ਆਪਣੀ ਸਿੱਖਿਆ ’ਤੇ ਮੁੜ ਸੋਚ ਵਿਚਾਰ ਨਹੀਂ ਕਰਦੇ, ਧਾੜਵੀ ਰਾਸ਼ਟਰਵਾਦ ਦੀ ਰਾਜਨੀਤੀ ਜਾਂ ਧਾਰਮਿਕ ਕੱਟੜਤਾ ਦੇ ਮਨੋਵਿਗਿਆਨ ਤੋਂ ਖਹਿੜਾ ਨਹੀਂ ਛੁਡਾਉਂਦੇ ਅਤੇ ਭਾਰਤ ਨੂੰ ਵੱਖੋ-ਵੱਖਰੀਆਂ ਰਵਾਇਤਾਂ ਤੇ ਅਕੀਦਿਆਂ ਦੇ ਸੰਗਮ ਦੀ ਕਲਾ ਨਹੀਂ ਸਿੱਖਦੇ, ਓਨੀ ਦੇਰ ਤੱਕ ਇਸ ਅਫ਼ਰਾ-ਤਫ਼ਰੀ ਤੋਂ ਨਿਜਾਤ ਨਹੀਂ ਪਾਈ ਜਾ ਸਕਦੀ। ਸ਼ਾਇਦ ਗਾਂਧੀ ਤੇ ਟੈਗੋਰ ਨੇ ਹੀ ਸਾਡੇ ਆਜ਼ਾਦੀ ਘੁਲਾਟੀਆਂ ਨੂੰ ਮੁਕਤੀ ਦਾਤੀ ਸਿੱਖਿਆ ਦਾ ਜਸ਼ਨ ਮਨਾਉਣ ਲਈ ਪ੍ਰੇਰਿਆ ਸੀ। ਇਹ ਠੀਕ ਹੈ ਕਿ ਉਨ੍ਹਾਂ ਲਈ ਸਿੱਖਿਆ ਦਾ ਮਕਸਦ ਜਨ-ਸੰਚਾਰ ਜਾਂ ਬਿਜ਼ਨਸ ਮੈਨੇਜਮੈਂਟ ਦੀ ਕੋਈ ਡਿਗਰੀ ਹਾਸਲ ਕਰਨ ਤੋਂ ਕਿਤੇ ਵੱਧ ਸੀ।
       ਬਹਰਹਾਲ, ਮੀਡੀਆ ਦੀਆਂ ਤਸਵੀਰਾਂ ਤੇ ਅੰਧ-ਰਾਸ਼ਟਰਵਾਦ ਦੇ ਆਲਮ ਦਰਮਿਆਨ ਅਸੀਂ ਸ਼ਾਇਦ ਇਹ ਸਾਰੇ ਉਚ ਅਸੂਲ ਭੁਲਾ ਬੈਠੇ ਹਾਂ। ਅਸੀਂ ਆਪਣੇ ਕੰਮਾਂ ’ਤੇ ਪਰਦੇ ਪਾਉਣ ਲਈ ਇਹ ਦਲੀਲਾਂ ਦਿੰਦੇ ਰਹਿੰਦੇ ਹਾਂ ਕਿ ਦੇਖੋ ਇਸਲਾਮੀ ਕੱਟੜਪੰਥੀ ਕਿੰਨੇ ਜ਼ਿਆਦਾ ਜ਼ਹਿਰੀਲੇ ਤੇ ਹਿੰਸਕ ਹਨ। ਕੋਈ ਹੈਰਾਨੀ ਨਹੀਂ ਹੁੰਦੀ ਕਿ ਸਾਨੂੰ ਉਹੀ ਮਿਲਿਆ ਹੈ ਜਿਸ ਦੇ ਅਸੀਂ ਹੱਕਦਾਰ ਹਾਂ, ਨਾਥੂਰਾਮ ਗੋਡਸੇ ਦੇ ਚੇਲੇ ਸਾਡੇ ਆਗੂ ਬਣ ਗਏ ਹਨ ਅਤੇ ਉਨ੍ਹਾਂ ਦੇ ਤਰਜਮਾਨ ਤੇ ਕਰੀਬੀ ਜ਼ਹਿਰੀ ਟੈਲੀਵਿਜ਼ਨ ਐਂਕਰ ਲੋਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ ਤੇ ਇਸ ਦੌਰਾਨ ਰੋਜ਼ਮੱਰਾ ਦੀ ਜ਼ਿੰਦਗੀ ਵਿਚ ਹਿੰਸਾ ਨੂੰ ਸਹਿਜ ਵਰਤਾਰੇ ਬਣਾ ਦਿੱਤਾ ਜਾਂਦਾ ਹੈ। ਕੀ ਸਾਡੇ ਲਈ ਸਿਆਸੀ-ਸਭਿਆਚਾਰਕ ਇਨਕਲਾਬ ਤੋਂ ਬਿਨਾਂ ਨਫ਼ਰਤ ਦੇ ਇਸ ਵਿਸ਼ਾਣੂ ਤੋਂ ਮੁਕਤੀ ਪਾਉਣੀ ਸੰਭਵ ਹੈ?
* ਲੇਖਕ ਸਮਾਜ ਸ਼ਾਸਤਰੀ ਹੈ।

ਸਿੱਖਿਆ : ਕਿੱਤੇ ਤੋਂ ਧੰਦੇ ਦਾ ਸਫ਼ਰ - ਅਵਿਜੀਤ ਪਾਠਕ

ਉਹ ਸਮਾਜ ਜਿੱਥੇ ਭ੍ਰਿਸ਼ਟਾਚਾਰ ਦੇ ਰੁਝਾਨ ਨੂੰ ਲਗਭਗ ਅੰਗੀਕਾਰ ਕਰ ਲਿਆ ਗਿਆ ਹੋਵੇ, ਜੇ ਉੱਥੇ ਸਿੱਖਿਆ ਦੇ ਖੇਤਰ ਵਿਚ ਨਿੱਤ ਨਵੀਆਂ ਹੇਰਾਫੇਰੀਆਂ ਦੀਆਂ ਅਮੁੱਕ ਕਹਾਣੀਆਂ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਤਾਂ ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ। ਫਿਰ ਵੀ ਭ੍ਰਿਸ਼ਟਾਚਾਰ ਦੇ ਇਸ ਆਡੰਬਰ ਅਤੇ ਇਸ ਦੀ ਸਮਾਜਿਕ ਮਾਨਤਾ ਦੇ ਬਾਵਜੂਦ ਜਦੋਂ ਅਸੀਂ ਕਿਸੇ ਉਪ ਕੁਲਪਤੀ ਨੂੰ ਜਾਅਲੀ ਡਿਗਰੀਆਂ ਵੇਚਦੇ ਹੋਏ ਦੇਖਦੇ ਹਾਂ, ਜਾਂ ਕਿਸੇ ਮੰਤਰੀ ਜਾਂ ਉਸ ਦੇ ਸਾਥੀਆਂ ਨੂੰ ਸਕੂਲ ਅਧਿਆਪਕਾਂ ਦੀ ਪੂਰੀ ਭਰਤੀ ਦੀ ਪ੍ਰਕਿਰਿਆ ਨੂੰ ਹੀ ਉਧਾਲਦੇ ਹੋਏ ਦੇਖਦੇ ਹਾਂ ਤਾਂ ਚੁੱਪ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਇਸ ਗੁੱਸੇ ਤੇ ਖਿਝ ਦਾ ਕਾਰਨ ਇਹ ਹੈ ਕਿ ਜੇ ਅਸੀਂ ਸਿੱਖਿਆ ਦੇ ਖੇਤਰ ਨੂੰ ਇੰਝ ਹੀ ਬਰਬਾਦ ਕਰਦੇ ਰਹੇ ਅਤੇ ਅਧਿਆਪਨ ਦੇ ਕਿੱਤੇ ਦੀ ਅਧੋਗਤੀ ਕਰਦੇ ਰਹੇ ਤਾਂ ਸਾਡੇ ਬੱਚਿਆਂ ਦਾ ਭਵਿੱਖ ਸੰਵਾਰਨ ਵਾਲਾ ਤੇ ਉਨ੍ਹਾਂ ਅੰਦਰਲੀਆਂ ਸੁੱਤੀਆਂ ਕਲਾਵਾਂ ਜਗਾਉਣ ਵਾਲਾ ਕੋਈ ਨਹੀਂ ਬਚੇਗਾ। ਧਨ ਦੀ ਪੂਜਾ ਕਰਦਿਆਂ ਜਾਂ ਟੈਕਨੋ-ਮੈਨੇਜਰਾਂ ਤੇ ਵਪਾਰੀਆਂ ਦੇ ਭੇਸ ਵਿਚ ਵਿਦਿਆਦਾਨੀਆਂ ਦੇ ਰੂਪ ਵਿਚ ਉਭਰੇ ਨਵੇਂ ਨਾਇਕਾਂ ਅਤੇ ਕਾਰਪੋਰੇਟ ਕੁਲੀਨਾਂ ਦੇ ਏਜੰਟਾਂ ਦੇ ਰੂਪ ਵਿਚ ਸਿਆਸਤਦਾਨਾਂ ਦੀ ਜੈ-ਜੈਕਾਰ ਕਰਨ ਦੇ ਚੱਕਰ ਵਿਚ ਅਸੀਂ ਇਹ ਭੁੱਲ ਹੀ ਗਏ ਹਾਂ ਕਿ ਜਿਹੜਾ ਸਮਾਜ ਸਿੱਖਿਆ ਦੀ ਲੋਅ ਦੇ ਅਲੰਬਰਦਾਰ ਆਪਣੇ ਅਧਿਆਪਕ ਗੁਆ ਲੈਂਦਾ ਹੈ, ਉਹ ਤਾਂ ਪਹਿਲਾਂ ਹੀ ਸਾਹਸਤਹੀਣ ਹੋ ਚੁੱਕਿਆ ਹੁੰਦਾ ਹੈ।
      ਆਓ, ਭਲੇ ਵੇਲਿਆਂ ਦਾ ਕੁਝ ਉਦਰੇਵਾਂ ਲਾਹ ਲਈਏ। ਸੋਚੋ ਕਿ ਸ਼ਾਂਤੀਨਿਕੇਤਨ ਵਿਚ ਇਕ ਵੱਡੇ ਦਰਖ਼ਤ ਦੀ ਛਾਵੇਂ ਰਾਬਿੰਦਰਨਾਥ ਟੈਗੋਰ ਅਤੇ ਮੋਹਨਦਾਸ ਕਰਮਚੰਦ ਗਾਂਧੀ ਇਕੱਠੇ ਬੈਠੇ ਸਿੱਖਿਆ, ਸਭਿਆਚਾਰ ਤੇ ਤਹਿਜ਼ੀਬ ਦੀਆਂ ਗੱਲਾਂ ਕਰ ਰਹੇ ਹਨ ਤੇ ਇਹ ਚਿੰਤਨ ਕਰ ਰਹੇ ਹਨ ਕਿ ਦੇਸ਼ ਦੀ ਝੋਲੀ ਵਿਚ ਨਵੇਂ ਸੁਪਨੇ ਤੇ ਉਮੀਦਾਂ ਕਿੰਝ ਪਾਏ ਜਾਣ। ਜ਼ਰਾ ਸੋਚੋ ਕਿ ਨਹਿਰੂ ਦੀ ਕੈਬਨਿਟ ਵਿਚ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗਾ ਕੋਈ ਸਿਖਿਆਦਾਨੀ ਸਿਆਸੀ ਜਮਾਤ ਨੂੰ ਪੜ੍ਹਾ ਰਿਹਾ ਹੈ। ਆਸ਼ੂਤੋਸ਼ ਮੁਖਰਜੀ ਅਤੇ ਗੋਪਾਲਸਵਾਮੀ ਪਾਰਥਾਸਾਰਥੀ ਜਿਹੇ ਸਾਡੇ ਕੁਝ ਮਹਾਨ ਉਪ ਕੁਲਪਤੀਆਂ ਦਾ ਧਿਆਨ ਕਰੋ। ਸੀਵੀ ਰਮਨ ਅਤੇ ਸਰਵਪੱਲੀ ਰਾਧਾਕ੍ਰਿਸ਼ਨਨ ਜਿਹੇ ਥੰਮ੍ਹ ਪ੍ਰੋਫੈਸਰਾਂ ਬਾਰੇ ਸੋਚੋ, ਤੇ ਬਹੁਤ ਸਾਰੇ ਗੁਮਨਾਮ ਪਰ ਸਿਰੇ ਦੇ ਦਿਆਨਤਦਾਰ ਅਧਿਆਪਕਾਂ ਬਾਰੇ ਸੋਚੋ ਜੋ ਮਾਰੀਆ ਮੌਂਟੈਸਰੀ ਅਤੇ ਗਿਜੂਬਾਈ ਬਡੇਖਾਂ ਵਰਗਿਆਂ ਤੋਂ ਪ੍ਰੇਰਨਾ ਲੈਂਦੇ ਹਨ ਅਤੇ ਸਿੱਖਿਆ ਦੇ ਮੌਲਿਕ ਤੇ ਜੀਵਨ ਨੂੰ ਚਾਹੁਣ ਦਾ ਏਜੰਡਾ ਅਮਲ ਵਿਚ ਉਤਾਰਨਾ ਚਾਹੁੰਦੇ ਹਨ। ਉਸ ਪੀੜ੍ਹੀ ਦੀ ਕਲਪਨਾ ਕਰੋ ਜਿਹੜੀ ਪਾਓਲੋ ਫਰੇਰੇ ਅਤੇ ਈਵਾਨ ਇਲਿਚ ਨਾਲ ਗੁਫ਼ਤਗੂ ਕਰਨਾ ਲੋਚਦੀ ਹੈ ਜਾਂ ਫਿਰ ਸਿੱਖਿਆ ਮੁਤੱਲਕ ਜਿਦੂ ਕ੍ਰਿਸ਼ਨਾਮੂਰਤੀ ਦੀਆਂ ਗੱਲਾਂ ਬਾਤਾਂ ਸੁਣਨ ਦੀ ਆਦੀ ਹੈ। ਸਾਡੇ ਕੁਝ ਜ਼ਹੀਨ ਇਤਿਹਾਸਕਾਰਾਂ, ਭੌਤਿਕ ਸ਼ਾਸਤਰੀਆਂ, ਸਮਾਜ ਸ਼ਾਸਤਰੀਆਂ ਬਾਰੇ ਸੋਚੋ ਜਿਨ੍ਹਾਂ ਨੇ ਆਪਣੇ ਸਫ਼ਲ ਕਰੀਅਰਾਂ ਨੂੰ ਲੱਤ ਮਾਰ ਕੇ ਪਿੰਡਾਂ ਤੇ ਗ਼ਰੀਬ ਗੁਰਬੇ ਬੱਚਿਆਂ ਨਾਲ ਮਿਲ ਕੇ ਕੰਮ ਕਰਨ ਦਾ ਰਾਹ ਚੁਣਿਆ ਅਤੇ ਇਹ ਸਾਬਿਤ ਕੀਤਾ ਕਿ ਨਵੇਂ ਭਾਰਤ ਅੰਦਰ ਕਿਸੇ ਏਕਲੱਵਿਆ ਨੂੰ ਸਿੱਖਿਆ ਦੀ ਜੋਤ ਤੋਂ ਵਿਰਵਾ ਨਹੀਂ ਰੱਖਿਆ ਜਾਣਾ ਚਾਹੀਦਾ।
        ਹੋ ਸਕਦਾ ਹੈ ਕਿ ਨਵੀਂ ਪੀੜ੍ਹੀ ਇਸ ’ਤੇ ਵਿਸ਼ਵਾਸ ਨਾ ਕਰੇ। ਕਾਰਨ ਇਹ ਹੈ ਕਿ ਉਹ ਪਹਿਲਾਂ ਹੀ ਨਿਰਾਸ਼ ਹੋ ਚੁੱਕੀ ਹੈ ਕਿਉਂਕਿ ਉਸ ਨੇ ਸਾਡੇ ਕੁਝ ਉਪ ਕੁਲਪਤੀਆਂ ਦੀਆਂ ਕਰਤੂਤਾਂ ਦੀ ਅਸਲੋਂ ਵੱਖਰੀ ਕਹਾਣੀ ਸੁਣੀ ਹੈ। ਹਾਲ ਹੀ ਵਿਚ ਹੈਦਰਾਬਾਦ ਪੁਲੀਸ ਨੇ ਸਰਵਪੱਲੀ ਰਾਧਾਕ੍ਰਿਸ਼ਨਨ ਯੂਨੀਵਰਸਿਟੀ, ਭੋਪਾਲ ਦੇ ਇਕ ਮੌਜੂਦਾ ਅਤੇ ਇਕ ਸੇਵਾਮੁਕਤ ਉਪ ਕੁਲਪਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਉਪਰ ਬੀਟੈੱਕ ਤੋਂ ਲੈ ਕੇ ਐੱਮਬੀਏ ਤੱਕ, ਹਰ ਕਿਸਮ ਦੀਆਂ ਡਿਗਰੀਆਂ ਪੈਸੇ ਲੈ ਕੇ ਵੰਡਣ ਦਾ ਦੋਸ਼ ਹੈ। ਹਿਮਾਚਲ ਪ੍ਰਦੇਸ਼ ਦੀ ਇਕ ਯੂਨੀਵਰਸਿਟੀ ਦੇ ਚੇਅਰਮੈਨ ਉਪਰ 55000 ਡਿਗਰੀਆਂ ਵੇਚਣ ਦਾ ਦੋਸ਼ ਲੱਗਿਆ ਹੈ। ਇਨ੍ਹਾਂ ਬਹੁ-ਕਰੋੜੀ ਘੁਟਾਲਿਆਂ ਦੀ ਕਹਾਣੀ ਮੁੱਕਣ ਦਾ ਨਾਂ ਨਹੀਂ ਲੈ ਰਹੀ।
       ਪੱਛਮੀ ਬੰਗਾਲ ਵਿਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਭਰਤੀ ਸਕੈਂਡਲ ਸਾਹਮਣੇ ਆਇਆ ਹੈ ਅਤੇ 2016 ਵਿਚ ਭਰਤੀ ਲਈ ਮੈਰਿਟ ਸੂਚੀ ਨਾਲ ਛੇੜਛਾੜ ਵਿਚ ਸਬੰਧਿਤ ਮੰਤਰੀ ਦੀ ਸ਼ਮੂਲੀਅਤ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਕੋਲਕਾਤਾ ਹਾਈ ਕੋਰਟ ਨੇ ਸੂਬੇ ਦੇ ਜੂਨੀਅਰ ਸਿੱਖਿਆ ਮੰਤਰੀ ਦੀ ਧੀ ਨੂੰ ਤਨਖ਼ਾਹ ਮੋੜਨ ਦੀ ਤਾਕੀਦ ਕਰਨ ਦੇ ਹੁਕਮ ਦਿੱਤੇ ਹਨ ਜੋ ਉਹ 2018 ਤੋਂ ਲੈ ਰਹੀ ਸੀ, ਉਸ ਨੂੰ ਸਹਾਇਕ ਅਧਿਆਪਕ ਦੇ ਤੌਰ ’ਤੇ ਉਸ ਸਕੂਲ ਵਿਚ ਦਾਖ਼ਲ ਹੋਣ ਤੋਂ ਵਰਜ ਦਿੱਤਾ ਗਿਆ ਹੈ। ਜਦੋਂ ਭ੍ਰਿਸ਼ਟਾਚਾਰ ਤੇ ਕੁਨਬਾਪਰਵਰੀ ਦੀਆਂ ਇਹੋ ਜਿਹੀਆਂ ਖਬਰਾਂ ਦਾ ਹੜ੍ਹ ਰੁਕਣ ਦਾ ਨਾਂ ਨਾ ਲੈ ਰਿਹਾ ਹੋਵੇ ਤਾਂ ਕੀ ਇਹ ਵਾਕਈ ਸੰਭਵ ਹੈ ਕਿ ਨਵੀਂ ਪੀੜ੍ਹੀ ਇਹ ਵਿਸ਼ਵਾਸ ਕਰ ਲਵੇਗੀ ਕਿ ਦੁਨੀਆ ਬਦਲੀ ਜਾ ਸਕਦੀ ਹੈ ?
      ਇਸ ਸਿੱਖਿਆ ਫਰਜ਼ੀਵਾੜੇ ਦਾ ਸਾਡੇ ਲਈ ਕੀ ਮਤਲਬ ਬਣਦਾ ਹੈ? ਇਸ ਦੇ ਕਾਰਨ ਬਹੁਤ ਸਾਰੇ ਹਨ- ਸਿੱਖਿਆ ਦਾ ਨੰਗਾ ਚਿੱਟਾ ਵਪਾਰੀਕਰਨ (ਜਿਵੇਂ ਪੈਸੇ ਨਾਲ ਸਟਾਰਬੱਕਸ ਦੀ ਕੌਫੀ ਦਾ ਕੱਪ ਖਰੀਦਿਆ ਜਾ ਸਕਦਾ ਹੈ, ਉਵੇਂ ਹੀ ਬੀਟੈੱਕ, ਬੀਐੱਡ, ਐੱਮਬੀਏ ਜਾਂ ਇੱਥੋਂ ਤੱਕ ਕਿ ਐੱਮਬੀਬੀਐੱਸ ਦੀ ਡਿਗਰੀ ਵੀ ਖਰੀਦੀ ਜਾ ਸਕਦੀ ਹੈ), ਸਿਆਸੀ ਜਮਾਤ ਅਤੇ ਸਿੱਖਿਆ ਦੇ ਵਪਾਰੀਆਂ ਦੇ ਨਾਪਾਕ ਗੱਠਜੋੜ ਕਰ ਕੇ ਮੈਨੇਜਮੈਂਟ ਕੋਟੇ ਤੇ ਕੈਪੀਟੇਸ਼ਨ ਫੀਸ ਵਾਲੇ ਘਟੀਆ ਮਿਆਰ ਦੇ ਮੈਡੀਕਲ ਕਾਲਜ ਤੇ ਟੈਕਨੀਕਲ ਯੂਨੀਵਰਸਿਟੀਆਂ ਦਾ ਉਭਾਰ ਹੋਇਆ ਹੈ, ਲੰਮੇ ਸਮੇਂ ਤੋਂ ਬਣੀ ਡਿਪਲੋਮਾ ਕੋਰਸ ਦੀ ਬਿਮਾਰੀ ਜਿਸ ਕਰ ਕੇ ਕੋਈ ਵੀ ਅਧਪੜ੍ਹ ਬੀਏ/ਐੱਮਏ ਜਾਂ ਇੱਥੋਂ ਤੱਕ ਕਿ ਪੀਐੱਚਡੀ ਦੀ ਡਿਗਰੀ ਵੀ ਲੈ ਸਕਦਾ ਹੈ।
       ਉਂਝ, ਸਾਡੇ ਵਰਗੇ ਅੰਗਰੇਜ਼ੀ ਪੜ੍ਹੇ ਲਿਖੇ, ਸ਼ਹਿਰੀ, ਪ੍ਰੋਫੈਸ਼ਨਲ ਮੱਧ ਵਰਗੀ ਲੋਕਾਂ ਦਾ ਕੀ ਹਾਲ ਹੈ? ਸਾਡੇ ਦੇਸ਼ ਦੀ ਅਧੋਗਤੀ ਲਈ ਅਸੀਂ ਘੱਟ ਕਸੂਰਵਾਰ ਨਹੀਂ ਹਾਂ। ਕੀ ਅਸੀਂ ਅਧਿਆਪਨ ਦੇ ਕਿੱਤੇ ਦਾ ਵਾਕਈ ਸਤਿਕਾਰ ਕਰਦੇ ਹਾਂ? ਕੀ ਅਸੀਂ ਵਾਕਈ ਚਾਹੁੰਦੇ ਹਾਂ ਕਿ ਸਾਡੇ ਬੱਚੇ ਮਹਾਨ ਅਧਿਆਪਕਾਂ ਕੋਲੋਂ ਸਿੱਖਿਆ ਲੈਣ? ਕੀ ਅਸੀਂ ਕਦੇ ਇਹ ਮੰਗ ਕਰਨ ਲਈ ਸੜਕਾਂ ’ਤੇ ਆਏ ਹਾਂ ਕਿ ਸਾਡੇ ਬੱਚਿਆਂ ਨੂੰ ਸਕੂਲਾਂ ਵਿਚ ਚੰਗੀਆਂ ਲਾਇਬ੍ਰੇਰੀਆਂ, ਰਚਨਾਤਮਿਕ ਤੇ ਪ੍ਰਯੋਗੀ ਅਧਿਆਪਨ ਵਿਧੀਆਂ ਤੇ ਚੰਗੇ ਅਧਿਆਪਕਾਂ ਦੀ ਲੋੜ ਹੈ ਤਾਂ ਜੋ ਸਹੀ ਸਿੱਖਿਆ ਦੇ ਸੰਕਲਪ ਨੂੰ ਸਾਕਾਰ ਕੀਤਾ ਜਾ ਸਕੇ। ਅਜਿਹੀ ਸਿੱਖਿਆ ਜੋ ਮਹਿਜ਼ ਇਕ-ਸਮਾਨ ਟੈਸਟ ਪਾਸ ਕਰਨ ਦੀ ਤਕਨੀਕ ਨਹੀਂ ਹੁੰਦੀ ਸਗੋਂ ਬੌਧਿਕ ਗਿਆਨ ਤੇ ਸੁਹਜਮਈ ਕਲਪਨਾ ਨੂੰ ਇਕਮਿਕ ਕਰਦੀ ਹੈ ਜਾਂ ਉਹ ਸੰਵੇਦਨਾ ਭਰਦੀ ਹੈ ਜੋ ਨਿਮਰਤਾ, ਦਿਆਲਤਾ ਅਤੇ ਪਰਉਪਕਾਰ ਦਾ ਸੰਚਾਰ ਕਰਦੀ ਹੋਵੇ। ਕੀ ਅਸੀਂ ਕਦੇ ਆਵਾਜ਼ ਉਠਾਈ ਹੈ ਕਿ ਸਾਡੀਆਂ ਕੁਝ ਚੰਗੀਆਂ ਜਨਤਕ ਯੂਨੀਵਰਸਿਟੀਆਂ ਨੂੰ ਚਲੰਤ ਸਿਆਸੀ ਹਮਲੇ ਤੋਂ ਬਚਾਇਆ ਜਾਵੇ? ਜਾਂ ਫਿਰ ਕੀ ਅਸੀਂ ਸੋਚਦੇ ਹਾਂ ਕਿ ਸਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਬੱਚੇ ਤਾਂ ਭਾਰਤ ਛੱਡ ਕੇ ਆਰਾਮ ਨਾਲ ਵਿਦੇਸ਼ ਜਾ ਕੇ ਵੱਸ ਜਾਣਗੇ? ਜਾਂ ਫਿਰ ਕੀ ਅਸੀਂ ਸਿਰ ਕੁਝ ਬ੍ਰਾਂਡ ਲੱਭ ਰਹੇ ਹਾਂ ਜਾਂ ਕਹਿ ਲਓ ਕਿ ਕੋਚਿੰਗ ਸੈਂਟਰ ਰਣਨੀਤੀਕਾਰ, ਐਡ ਟੈੱਕ ਕੰਪਨੀਆਂ ਤੇ ਸਫ਼ਲਤਾ ਦੇ ਗੁਰ ਮੰਤਰਾਂ ਦੀ ਤਲਾਸ਼ ਕਰ ਰਹੇ ਹਾਂ?
       ਸਾਡੇ ਵਿਚੋਂ ਕਿੰਨੇ ਕੁ ਲੋਕਾਂ ਨੂੰ ਇਹ ਅਹਿਸਾਸ ਹੈ ਕਿ ਅਧਿਆਪਕ ਕੋਈ ਤਕਨੀਸ਼ੀਅਨ ਨਹੀਂ ਹੁੰਦਾ ਜੋ ਹਰ ਬੱਚੇ ਇਹ ਯਾਦ ਕਰਨ ਲਈ ਮਜਬੂਰ ਕਰੇ ਕਿ ‘ਏ’ ਫਾਰ ਐਪਲ ਹੁੰਦਾ ਹੈ, 19x19= 361 ਹੁੰਦਾ ਹੈ ਸਗੋਂ ਇਸ ਦੀ ਬਜਾਇ ਅਧਿਆਪਕ ਅਜਿਹਾ ਪ੍ਰਵਰਤਕ ਹੁੰਦਾ ਹੈ ਜੋ ਗਣਿਤ ਤੇ ਭੌਤਿਕ ਵਿਗਿਆਨ ਦੇ ਫਾਰਮੂਲਿਆਂ ਜਾਂ ਇਤਿਹਾਸ ਤੇ ਭੂਗੋਲ ਅੰਕੜਿਆਂ ਨਾਲ ਖੇਡਦਿਆਂ ਹੋਇਆਂ ਵੀ ਬੱਚੇ ਦੀ ਸੁੱਤੀ ਕਲਾ ਜਗਾਉਣ ਦੀ ਚਾਹਤ ਰੱਖਦਾ ਹੈ? ਜਾਪਦਾ ਹੈ ਕਿ ਅਸੀਂ ਕਾਹਲੀ ਵਿਚ ਪਏ ਹੋਏ ਹਾਂ। ਇਸ ਤਟ-ਫਟ ਯੁੱਗ ਅੰਦਰ ਝਟਪਟ ਨਤੀਜੇ ਹਾਸਲ ਕਰਨ ਡਹੇ ਹੋਏ ਹਾਂ, ਫਿਰ ਭਾਵੇਂ ਉਹ ਕਿਸੇ ਵੀ ਕੀਮਤ ’ਤੇ ਮੈਡੀਕਲ ਕਾਲਜ ਦੀ ਸੀਟ ਹੋਵੇ ਜਾਂ ਕਿਸੇ ਵਿਦੇਸ਼ੀ ਯੂਨੀਵਰਸਿਟੀ ਵਿਚ ਦਾਖ਼ਲਾ ਹੋਵੇ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਚੁੱਪਚਾਪ ਅਧਿਆਪਨ ਦੇ ਕਿੱਤੇ ਨੂੰ ਪੈ ਰਹੀ ਮਾਰ ਆਪਣੇ ਅੱਖੀਂ ਦੇਖ ਰਹੇ ਹਾਂ ਅਤੇ ਮਾਫੀਆ ਨੂੰ ਨਵੀਂ ਉਭਰੀ ਸਿੱਖਿਆ ਸਨਅਤ ਚਲਾਉਣ ਦੀ ਇਜਾਜ਼ਤ ਦੇ ਰਹੇ ਹਾਂ।
       ਸਿੱਖਿਆ ਨੂੰ ਬਚਾਉਣ ਅਤੇ ਇਸ ਅੰਧਕਾਰ ਵਿਚੋਂ ਨਿਕਲਣ ਲਈ ਹੁਣ ਲੋਕ ਲਹਿਰ ਤੋਂ ਬਿਨਾਂ ਹੋਰ ਕੋਈ ਰਾਹ ਨਜ਼ਰ ਨਹੀਂ ਆਉਂਦਾ।
* ਲੇਖਕ ਸਮਾਜ ਸ਼ਾਸਤਰੀ ਹੈ।

ਅਕਾਦਮਿਕ ਢਾਂਚੇ ਵਿਚਲੇ ‘ਬੁਲਡੋਜ਼ਰ’- ਅਵਿਜੀਤ ਪਾਠਕ

ਨਿਘਾਰ ਦੇ ਇਸ ਦੌਰ ਦੌਰਾਨ ਜਦੋਂ ਅਸੀਂ ਉਸ ਹਾਲਾਤ ਦੇ ਆਦੀ ਹੋ ਰਹੇ ਹਾਂ ਜਿਹੜਾ ਹੈਵਾਨੀਅਤ ਵਾਲੇ ਸੁਭਾਅ, ਸੱਤਾ ਦੇ ਹੰਕਾਰ, ਗ਼ਰੀਬਾਂ ਦੀ ਤਰਸਯੋਗ ਹਾਲਤ ਪ੍ਰਤੀ ਅਸੰਵੇਦਨਸ਼ੀਲਤਾ ਅਤੇ ਜਮਹੂਰੀ/ਇਨਸਾਨੀ ਸੰਵੇਦਨਾਵਾਂ ਤੋਂ ਇਨਕਾਰੀ ਹੋਣ ਦੇ ਰੁਝਾਨ ਨੂੰ ਆਮ ਗੱਲ ਬਣਾ ਦਿੰਦਾ ਹੈ ਤਾਂ ਉਸ ਦੌਰਾਨ ਨਵਾਂ ਮੁਹਾਵਰਾ ‘ਬੁਲਡੋਜ਼ਰ ਸਿਆਸਤ’ ਚਰਚਾ ਵਿਚ ਹੈ। ਇਹ ਹਿੰਸਾ ਬਹੁਤ ਤੇਜ਼ੀ ਨਾਲ ਫੈਲਣ ਵਾਲੀ ਹੈ, ਇਥੋਂ ਤੱਕ ਕਿ ਅਕਾਦਮਿਕ ਸੰਸਾਰ ਅਜਿਹਾ ਖੇਤਰ ਜਿਸ ਨੂੰ ਆਜ਼ਾਦਾਨਾ ਪੜਚੋਲ ਦੇ ਜਸ਼ਨ ਮਨਾਉਣ ਲਈ ਜਾਣਿਆ ਜਾਂਦਾ ਹੈ, ਲਈ ਵੀ ‘ਬੁਲਡੋਜ਼ਰ ਸਿਆਸਤ’, ਜਾਂ ਇਸ ਦੇ ਹਮਲਾਵਰ ਰੁਖ਼, ਇਸ ਦੇ ਸੰਵਾਦ-ਰਹਿਤ ਅਤੇ ਬਹੁਗਿਣਤੀਵਾਦੀ ਢੰਗ-ਤਰੀਕਿਆਂ ਦੇ ਤਰਕ ਤੋਂ ਖ਼ੁਦ ਨੂੰ ਬੇਲਾਗ ਰੱਖਣਾ ਮੁਸ਼ਕਿਲ ਹੋ ਰਿਹਾ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਸਾਡੇ ਕੁਝ ਵਾਈਸ ਚਾਂਸਲਰ, ਰੈਕਟਰ, ਰਜਿਸਟਰਾਰ ਆਦਿ ਹਮੇਸ਼ਾ ਹੀ ਅਜਿਹੇ ਰਚਨਾਤਮਕ ਪਸਾਰ ਜਿਸ ਨੂੰ ਸਿਖਿਆਰਥੀਆਂ ਨੇ ਆਲੋਚਨਾਤਮਕ ਸਿੱਖਿਆ ਸ਼ਾਸਤਰ ਖ਼ਾਹਿਸ਼ ਨਾਲ ਨਿਵਾਜਿਆ ਹੋਵੇ, ਨੂੰ ਢਾਹੁਣ ਵਾਸਤੇ ਆਪਣੇ ਬੁਲਡੋਜ਼ਰਾਂ ਨਾਲ ਤਿਆਰ ਰਹਿੰਦੇ ਹਨ।
        ਹਾਲ ਹੀ ਵਿਚ ਯੂਪੀ ਦੀ ਇਕ ਪ੍ਰਾਈਵੇਟ ਯੂਨੀਵਰਸਿਟੀ ਨੇ ਰਾਜਨੀਤੀ ਸ਼ਾਸਤਰ ਦੇ ਅਧਿਆਪਕ ਨੂੰ ਮੁਅੱਤਲ ਕਰ ਦਿੱਤਾ। ਉਸ ਨੇ ਬੀਏ ਪਹਿਲੇ ਸਾਲ ਦੇ ਰਾਜਨੀਤੀ ਸ਼ਾਸਤਰ ਦੇ ਵਿਦਿਆਰਥੀਆਂ ਨੂੰ ਇਮਤਿਹਾਨ ਵਿਚ ਇਕ ਸਵਾਲ ਰਾਹੀਂ ‘ਫ਼ਾਸ਼ੀਵਾਦ/ਨਾਜ਼ੀਵਾਦ ਅਤੇ ਹਿੰਦੂਤਵ’ ਦਰਮਿਆਨ ਸਮਾਨਤਾ ਬਾਰੇ ਟਿੱਪਣੀ ਕਰਨ ਲਈ ਆਖਿਆ ਸੀ। ਇਸ ਨਵੇਂ ਭਾਰਤ ਵਿਚ ਤੁਸੀਂ ਵਿਦਿਆਰਥੀਆਂ ਨੂੰ ਘੋਖ-ਪੜਤਾਲ ਕਰਨ, ਸਿਧਾਂਤ ਨੂੰ ਠੋਸ ਸਮਾਜਿਕ-ਇਤਿਹਾਸਕ ਹਕੀਕਤਾਂ ਨਾਲ ਜੋੜਨ ਅਤੇ ਉਸ ਸੰਸਾਰ ਜਿਸ ਨੂੰ ਉਹ ਰੋਜ਼ਾਨਾ ਜਿ਼ੰਦਗੀ ਵਿਚ ਦੇਖਦੇ ਤੇ ਉਸ ਦਾ ਅਹਿਸਾਸ ਕਰਦੇ ਹਨ, ਉਸ ਲਈ ਸਮੱਸਿਆ ਖੜ੍ਹੀ ਕਰਨ ਲਈ ਨਹੀਂ ਆਖ ਸਕਦੇ। ਕਾਰਨ ਇਹ ਕਿ ਯੂਜੀਸੀ ਨੂੰ ਚਲਾਉਣ ਵਾਲੇ ਗ਼ੈਰ-ਚਿੰਤਨਸ਼ੀਲ ਨੌਕਰਸ਼ਾਹ ਸੋਚਦੇ ਹਨ ਕਿ ਇਸ ਤਰ੍ਹਾਂ ਦੇ ਸਵਾਲ ‘ਸਾਡੇ ਮੁਲਕ ਦੀ ਭਾਵਨਾ ਅਤੇ ਲੋਕਾਚਾਰ ਦੇ ਖਿ਼ਲਾਫ਼ ਜਾਂਦੇ ਹਨ ਜਿਸ ਨੂੰ ਇਸ ਦੀ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਤੇ ਇਸ ਦੀ ਇਕਰੂਪਤਾ ਲਈ ਜਾਣਿਆ ਜਾਂਦਾ ਹੈ’। ਇਹੀ ਨਹੀਂ, ਸਬੰਧਿਤ ਯੂਨੀਵਰਸਿਟੀ ਨੇ ‘ਇਸ ਸਵਾਲ ਵਿਚ ਕਿਸੇ ਮੰਦਭਾਵਨਾ ਦੀ ਸੰਭਾਵਨਾ’ ਦਾ ਪਤਾ ਲਾਉਣ ਲਈ ਤਿੰਨ ਮੈਂਬਰੀ ਜਾਂਚ ਕਮੇਟੀ ਬਣਾਉਣ ਵਿਚ ਵੀ ਕੋਈ ਝਿਜਕ ਮਹਿਸੂਸ ਨਹੀਂ ਕੀਤੀ।
    ਆਖਿ਼ਰ ਯੂਜੀਸੀ ਕਿਸ ਤਰ੍ਹਾਂ ਦੀ ‘ਸਾਰਿਆਂ ਨੂੰ ਨਾਲ ਮਿਲਾ ਕੇ ਚੱਲਣ ਦੀ ਭਾਵਨਾ’ ਦੀ ਗੱਲ ਕਰ ਰਹੀ ਹੈ, ਉਹ ਵੀ ਉਸ ਵਕਤ ਜਦੋਂ ਬਹੁਗਿਣਤੀਵਾਦ ਦੀ ਤਾਕਤ, ਬਹੁਤ ਬੁਰੀ ਤਰ੍ਹਾਂ ਦਿਖਾਵੇਬਾਜ਼ ਧਾਰਮਿਕ ਰਾਸ਼ਟਰਵਾਦ ਦੇ ਹਮਲਾਵਰ ਰੁਖ਼ ਅਤੇ ਸਰਵ-ਵਿਆਪਕ ਜ਼ਹਿਰੀਲੀ ਪ੍ਰਚਾਰ ਮਸ਼ੀਨਰੀ ਵੱਲੋਂ ਉਸ ਜਮਹੂਰੀ ਰਹਿਣ-ਸਹਿਣ ਦੀ ਕਲਾ ਨੂੰ ਤਬਾਹ ਕੀਤਾ ਜਾ ਰਿਹਾ ਹੈ, ਜਿਸ ਦੀਆਂ ਖ਼ੂਬੀਆਂ ਬਹੁਲਤਾਵਾਦ, ਅਨੇਕਤਾਵਾਦ, ਦਿਸਹੱਦਿਆਂ ਨੂੰ ਕਲਾਵੇ ਵਿਚ ਲੈਣ ਅਤੇ ਸਾਂਝੀਵਾਲਤਾ ਪ੍ਰਤੀ ਬਹੁਤ ਜਿ਼ਆਦਾ ਸੰਵੇਦਨਸ਼ੀਲਤਾ ਨਾਲ ਲਬਰੇਜ਼ ਹਨ। ਅਜਿਹੇ ਸਮੇਂ ਜਦੋਂ ‘ਗ਼ੈਰ-ਸਿਆਸੀ’ ਅਤੇ ‘ਤੱਥ-ਕੇਂਦਰਿਤ’ ਐਮਸੀਕਿਊਜ਼ (ਬਹੁ-ਵਿਕਲਪਿਕ ਸਵਾਲ) ਪਹਿਲਾਂ ਹੀ ਗੁੰਝਲਦਾਰ ਸਮਾਜਿਕ ਹਕੀਕਤਾਂ ਨੂੰ ਸਮਝਣ ਦੀ ਵਿਆਖਿਆਤਮਕ ਅਤੇ ਖੋਲ੍ਹ ਕੇ ਦੱਸਣ ਦੀ ਕਲਾ ਦਾ ਖ਼ਾਤਮਾ ਕਰ ਰਹੇ ਹਨ, ਤਾਂ ਉਸ ਸੂਰਤ ਵਿਚ ਕੋਈ ਵੀ ਸੰਵੇਦਨਸ਼ੀਲ ਅਕਾਦਮੀਸ਼ਿਅਨ ਤੇ ਸਿੱਖਿਆ ਸ਼ਾਸਤਰੀ ਅਜਿਹਾ ਵਿਵਾਦਗ੍ਰਸਤ ਜਾਂ ‘ਲੀਕ ਤੋਂ ਹਟਵਾਂ’ ਸਵਾਲ ਉਠਾਉਣ ਵਾਲੇ ਪ੍ਰੋਫੈਸਰ ਦੀ ਸ਼ਲਾਘਾ ਕਰਦਾ ਕਿ ਉਸ ਨੇ ਆਪਣੇ ਵਿਦਿਆਰਥੀਆਂ ਨੂੰ ਸੋਚਣ, ਘੋਖਣ ਅਤੇ ਅਜਿਹੀ ਸਮੱਸਿਆ ਜਿਸ ਨੂੰ ਯੂਜੀਸੀ ਦੇ ਫਰਮਾਨਾਂ ਵਾਲੀ ‘ਅਧਿਕਾਰਤ ਸੱਚਾਈ’ ਲੁਕਾਉਣਾ ਚਾਹੁੰਦੀ ਹੈ, ਨੂੰ ਉਜਾਗਰ ਕਰਨ ਦੇ ਰਾਹ ਪਾਇਆ। ਇਹ ਬਿਲਕੁਲ ਹੋ ਸਕਦਾ ਹੈ ਕਿ ਯੂਜੀਸੀ ਦੇ ਚੇਅਰਪਰਸਨ ਜਾਂ ਯੂਨੀਵਰਸਿਟੀ ਦੇ ਅਕਾਦਮਿਕ ਨੌਕਰਸ਼ਾਹ ਪ੍ਰੋਫੈਸਰ ਦੀ ਇਸ ਵਿਸ਼ਵ-ਦ੍ਰਿਸ਼ਟੀ ਨਾਲ ਸਹਿਮਤ ਹੋਣ ਪਰ ਉਨ੍ਹਾਂ ਤੋਂ ਉਸ (ਪ੍ਰੋਫੈਸਰ) ਦੇ ਸਿੱਖਿਆ ਸ਼ਾਸਤਰੀ ਢੰਗ-ਤਰੀਕਿਆਂ ਵਿਚ ਦਖ਼ਲ ਦੇਣ ਦੀ ਤਵੱਕੋ ਨਹੀਂ ਕੀਤੀ ਜਾਂਦੀ, ਕਿਉਂਕਿ ਕਿਸੇ ਯੂਨੀਵਰਸਿਟੀ ਵਿਚ ਵਿਚਾਰਾਂ ਤੇ ਵਿਸ਼ਵ-ਦ੍ਰਿਸ਼ਟੀ ਦੀ ਇਕਰੂਪਤਾ ਨਹੀਂ ਸਗੋਂ ਇਨ੍ਹਾਂ ਦੀ ਵੰਨ-ਸਵੰਨਤਾ ਹੀ ਗਿਆਨਮੁਖੀ ਬਹੁਲਤਾਵਾਦ ਦੇ ਲੋਕਾਚਾਰ ਨੂੰ ਹੁਲਾਰਾ ਦਿੰਦੀ ਹੈ। ਤਲਖ਼ ਹਕੀਕਤ ਇਹ ਹੈ ਕਿ ਅਸੀਂ ਬੁਲਡੋਜ਼ਰ ਅਕਾਦਮੀਸ਼ਿਅਨਾਂ ਦੇ ਦੌਰ ਵਿਚ ਦਾਖ਼ਲ ਹੋ ਚੁੱਕੇ ਹਾਂ ਅਤੇ ਸਾਡੇ ਅਕਾਦਮਿਕ ਅਫ਼ਸਰਸ਼ਾਹਾਂ ਨੇ ਆਲੋਚਨਾਤਮਕ ਚੇਤਨਾ ਦੇ ਕਿਸੇ ਮਾਮੂਲੀ ਜਿਹੇ ਨਿਸ਼ਾਨ ਨੂੰ ਵੀ ਸ਼ੱਕ ਦੀਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ ਹੈ।
         ਆਖ਼ਿਰ ਅਜਿਹਾ ਕਿਉਂ ਹੋ ਰਿਹਾ ਹੈ? ਪਹਿਲਾ, ਜਿਉਂ ਜਿਉਂ ਸਿੱਖਿਆ ਉਤੇ ਨਵ-ਉਦਾਰਵਾਦ ਦਾ ਹਮਲਾ ਵਧ ਰਿਹਾ ਹੈ, ਇਨ੍ਹਾਂ ਅਕਾਦਮਿਕ ਅਫ਼ਸਰਸ਼ਾਹਾਂ ਨੇ ਸਿੱਖਿਆ ਨੂੰ ਮਹਿਜ਼ ਬਾਜ਼ਾਰ ਵਿਚ ਵੇਚਿਆ ਜਾ ਸਕਣ ਵਾਲਾ ਹੁਨਰ ਬਣਾ ਕੇ ਰੱਖ ਦੇਣ ਦੇ ਮਕਸਦ ਨਾਲ ਤਕਨੀਕੀ-ਪ੍ਰਬੰਧਕਾਂ ਵਾਂਗ ਵਿਹਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਨਾਲ ਹੀ ਇਨ੍ਹਾਂ ਦਾ ਮਿਸ਼ਨ ਵਿਦਿਆਰਥੀਆਂ ਨੂੰ ਵੀ ਖ਼ਪਤਕਾਰਾਂ ਵਿਚ ਬਦਲ ਦੇਣਾ ਜਾਂ ਅਧਿਆਪਕਾਂ ਨੂੰ ਮਹਿਜ਼ ਸੇਵਾ ਦੇਣ ਵਾਲੇ ਬਣਾ ਕੇ ਰੱਖ ਦੇਣਾ ਹੈ। ਸਿੱਖਿਆ ਪ੍ਰਤੀ ਅਜਿਹੀ ਮਸ਼ੀਨੀ ਅਤੇ ਬਾਜ਼ਾਰ-ਮੁਖੀ ਪਹੁੰਚ ਨੇ ਸਿੱਖਣ ਦੇ ਉਸ ਸੱਭਿਆਚਾਰ ਨੂੰ ਲੁੱਟ-ਪੁੱਟ ਲਿਆ ਹੈ ਜਿਸ ਲਈ ਮਹਾਨ ਸਿੱਖਿਆਦਾਨੀ ਹਮੇਸ਼ਾ ਕੋਸ਼ਿਸ਼ਾਂ ਕਰਦੇ ਸਨ, ਭਾਵ ਸਿੱਖਿਆ ਨੂੰ ਜਾਗਰਤੀ ਅਤੇ ਆਲੋਚਨਾਤਮਕ ਚੇਤਨਾ ਨੂੰ ਹੁਲਾਰਾ ਦੇਣ ਵਾਲੀ ਬਣਾਉਣ ਲਈ। ਫਿ਼ਰਕਾਪ੍ਰਸਤੀ, ਵਧਦੀ ਹੋਈ ਤਾਨਾਸ਼ਾਹੀ ਤੇ ਜਾਤ, ਲਿੰਗ ਤੇ ਧਰਮ ਦੇ ਨਾਂ ਉੱਤੇ ਨਿੱਤ-ਦਿਨ ਹੋਣ ਵਾਲੀ ਹਿੰਸਾ ਬਾਰੇ ਸੋਚਣ ਦੀ ਵਿਦਿਆਰਥੀ ਅਤੇ ਅਧਿਆਪਕ ਕਿਉਂ ਜ਼ਹਿਮਤ ਉਠਾਉਣ ਜਦੋਂ ਉਨ੍ਹਾਂ ਅੱਗੇ ਪਲੇਸਮੈਂਟ ਅਤੇ ਤਨਖ਼ਾਹ ਪੈਕੇਜਾਂ ਦੀਆਂ ਮਿੱਥਾਂ ਤੋਂ ਅਗਾਂਹ ਕੁਝ ਹੈ ਹੀ ਨਹੀਂ?
       ਦੂਜਾ, ਦੇਸ਼ ਵਿਚ ਲੜਾਕੂ ਰਾਸ਼ਟਰਵਾਦ ਦੇ ਤੇਜ਼ੀ ਨਾਲ ਹੋ ਰਹੇ ਉਭਾਰ ਦੌਰਾਨ ਅਸੀਂ ਆਪਣੀਆਂ ਬਹੁਤ ਸਾਰੀਆਂ ਮੋਹਰੀ ਯੂਨੀਵਰਸਿਟੀਆਂ ਵਿਚ ਵੀਸੀਜ਼ ਦੀਆਂ ਜ਼ਾਹਰਾ ਤੌਰ ’ਤੇ ਨੰਗੀਆਂ-ਚਿੱਟੀਆਂ ਸਿਆਸੀ ਨਿਯੁਕਤੀਆਂ ਦੇਖ ਸਕਦੇ ਹਾਂ। ਉਹ ਤਾਂ ਪਹਿਲਾਂ ਹੀ ਸਮਝੌਤਾ ਕਰ ਕੇ ਆਏ ਹੁੰਦੇ ਹਨ, ਇਸ ਲਈ ਉਨ੍ਹਾਂ ਵਾਸਤੇ ਸਿੱਖਣ ਦੇ ਅਜਿਹੇ ਕਿਸੇ ਵੀ ਸੱਭਿਆਚਾਰ ਨੂੰ ਮਨਜ਼ੂਰ ਕਰਨਾ ਤਕਰੀਬਨ ਨਾਮੁਮਕਿਨ ਹੁੰਦਾ ਹੈ, ਜਿਹੜਾ ਸੱਭਿਆਚਾਰ ਵਿਦਿਆਰਥੀਆਂ ਅਤੇ ਖੋਜਕਾਰਾਂ ਨੂੰ ਪ੍ਰਚਲਿਤ ਸਿਆਸੀ ਵਿਖਿਆਨ ਉਤੇ ਸਵਾਲ ਉਠਾਉਣ ਜਾਂ ਫਿਰ ਉਗਰ ਰਾਸ਼ਟਰਵਾਦ ਵਿਚ ਛੁਪੀ ਹੋਈ ਹਿੰਸਾ ਨੂੰ ਪਛਾਨਣ ਲਈ ਹੱਲਾਸ਼ੇਰੀ ਦਿੰਦਾ ਹੋਵੇ। ਹੈਰਾਨੀ ਹੁੰਦੀ ਹੈ ਕਿ ਅਜਿਹੇ ਉਪ ਕੁਲਪਤੀ ਉਸ ਵਕਤ ਜ਼ਰੂਰ ਮੱਥੇ ਵੱਟ ਪਾਉਣਗੇ ਜੇ ਉਨ੍ਹਾਂ ਨੂੰ ਰਾਜਨੀਤਕ ਸਮਾਜ ਸ਼ਾਸਤਰ ਦੇ ਕਿਸੇ ਪ੍ਰੋਫੈਸਰ ਵੱਲੋਂ ਆਪਣੇ ਵਿਦਿਆਰਥੀਆਂ ਨੂੰ ਵਿਲਹੈਮ ਰੀਚ ਦੀ ‘ਦਿ ਮਾਸ ਸਾਈਕੋਲੋਜੀ ਆਫ ਫਾਸ਼ਿਜ਼ਮ ਜਾਂ ਐਰਿਕ ਫਰੌਮ ਦੀ ‘ਦਿ ਅਸਕੇਪ ਫਰੌਮ ਫਰੀਡਮ’ ਪੜ੍ਹਨ ਲਈ ਅਤੇ ਨਾਲ ਹੀ ਇਨ੍ਹਾਂ ਮਹਾਨ ਕਿਤਾਬਾਂ ਦੀ ਅਜੋਕੇ ਭਾਰਤ ਵਿਚਲੀ ਕਿਸੇ ਪ੍ਰਸੰਗਿਕਤਾ ਬਾਰੇ ਘੋਖਣ ਲਈ ਉਤਸ਼ਾਹਿਤ ਕੀਤੇ ਜਾਣ ਦਾ ਪਤਾ ਲੱਗੇ। ਜਦੋਂ ਅਜਿਹੇ ਅਕਾਦਮਿਕ ਅਫਸਰਸ਼ਾਹ ਰਾਸ਼ਟਰਵਾਦ ਦੇ ਅਧਿਕਾਰਤ ਵਿਖਿਆਨ ਪ੍ਰਤੀ ਮੁਕੰਮਲ ਵਫ਼ਾਦਾਰੀ ਲਈ ਜ਼ੋਰ ਦਿੰਦੇ ਹਨ ਤਾਂ ਉਹ ਆਲੋਚਨਾਤਮਕ ਸਿੱਖਿਆ ਸ਼ਾਸਤਰ ਅਤੇ ਆਜ਼ਾਦਾਨਾ ਘੋਖ-ਪੜਤਾਲ ਦੀ ਭਾਵਨਾ ਨੂੰ ਮਾਰ ਮੁਕਾਉਂਦੇ ਹਨ। ਜੇ ਅਜਿਹੇ ਵੀਸੀ ਕਦੇ ਦਫ਼ਤਰੀ ਹੁਕਮ ਜਾਰੀ ਕਰ ਕੇ ਆਪਣੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪ੍ਰਧਾਨ ਮੰਤਰੀ ਦੀ ‘ਮਨ ਕੀ ਬਾਤ’ ਸੁਣਨ ਲਈ ਮਜਬੂਰ ਕਰ ਦੇਣ ਤਾਂ ਮੈਨੂੰ ਕੋਈ ਅਚੰਭਾ ਨਹੀਂ ਹੋਵੇਗਾ!
     ਅਜਿਹੇ ਨਿਰਾਸ਼ਾਜਨਕ ਹਾਲਾਤ ਦੇ ਬਾਵਜੂਦ ਮੈਨੂੰ ਅਜੇ ਵੀ ਉਮੀਦਾਂ ਹਨ। ਅਧਿਆਪਕ ਹੋਣ ਦੇ ਨਾਤੇ ਮੈਂ ਕਿਵੇਂ ਪਾਉਲੋ ਫਰੇਰੇ ਅਤੇ ਬੈੱਲ ਹੁਕਸ ਵਰਗਿਆਂ ਨੂੰ ਭੁੱਲ ਸਕਦਾ ਹਾਂ? ਉਹ ਚਾਹੁੰਦੇ ਸਨ ਕਿ ਅਸੀਂ ਸੰਵਾਦਮੁਖੀ ਜਮਾਤ ਦੀ ਰਾਹਤਮਈ ਤਾਕਤ ਦਾ ਅਹਿਸਾਸ ਕਰੀਏ, ਅਜਿਹੀ ਜ਼ਿੰਦਾ/ਜੀਵੰਤ ਥਾਂ ਜਿਹੜੀ ਜੀਵੰਤ ਤਜਰਬਿਆਂ, ਵਿਚਾਰ-ਚਰਚਾ, ਸੁਣਨ ਦੀ ਕਲਾ ਅਤੇ ਢਾਂਚਾਗਤ/ਮਾਨਸਿਕ/ਸੱਭਿਆਚਾਰਕ ਹਿੰਸਾ ਤੋਂ ਆਜ਼ਾਦ ਨਵੀਂ ਦੁਨੀਆ ਦੀ ਕਲਪਨਾ ਦੇ ਪ੍ਰਗਟਾਵੇ ਨੂੰ ਉਤਸ਼ਾਹਿਤ ਕਰਦੀ ਹੋਵੇ। ਹਾਲਾਂਕਿ ਇਸ ਮਨਹੂਸ ਦੌਰ ਵਿਚ ਸਾਨੂੰ ਇਸ ਸੰਭਾਵਨਾ ਦੀ ਕਲਪਨਾ ਕਰਨ ਲਈ ਵੀ ਅਧਿਆਪਕਾਂ ਵਜੋਂ ਇਕਜੁੱਟ ਹੋਣਾ ਪਵੇਗਾ ਅਤੇ ਇਸ ਗੱਲ ਦਾ ਅਹਿਸਾਸ ਕਰਨਾ ਪਵੇਗਾ ਕਿ ਅਸੀਂ ਵਿਚਾਰਕ, ਸੰਚਾਰਕ ਅਤੇ ਉਪਚਾਰਕ ਹਾਂ। ਨਾਲ ਹੀ ਇਹ ਕਿ ਅਸੀਂ ਬਹੁਤ ਹੀ ਅਧੀਨਗੀ ਭਰੇ ਨੌਕਰ ਨਹੀਂ ਹਾਂ ਜਿਨ੍ਹਾਂ ਉਤੇ ਬਾਇਓਮੀਟਰਿਕ ਯੰਤਰਾਂ ਅਤੇ ਸੀਸੀਟੀਵੀ ਕੈਮਰਿਆਂ ਰਾਹੀਂ ਨਜ਼ਰ ਰੱਖੀ ਜਾਵੇ ਅਤੇ ਸਾਡੇ ਉਤੇ ਸਰਕੂਲਰਾਂ ਦੀ ਬੰਬਾਰੀ ਕੀਤੀ ਜਾਵੇ ਜਿਨ੍ਹਾਂ ਰਾਹੀਂ ਸਾਨੂੰ ਪਾਠਕ੍ਰਮ ਦੀ ਉਪਯੋਗਤਾ ਮਾਪਣ ਜਾਂ ਫਿਰ ਯੂਨੀਵਰਸਿਟੀ ਦਾ ਦਰਜਾ ਵਧਾਉਣ ਵਾਲੇ ਪ੍ਰਕਾਸ਼ਨਾਂ ਦਾ ਹਿਸਾਬ-ਕਿਤਾਬ ਰੱਖਣ ਲਈ ਆਖਿਆ ਜਾਵੇ।
       ਇਸ ਦੇ ਬਾਵਜੂਦ, ਮੂਲ ਸਵਾਲ ਇਹ ਹੈ ਕਿ ਸਾਨੂੰ ਇਸ ਸਮੁੱਚੇ ਹਾਲਾਤ ਬਾਰੇ ਪੂਰੀ ਸ਼ਿੱਦਤ ਨਾਲ ਅਹਿਸਾਸ ਹੈ? ਜਾਂ ਫਿਰ ਕੀ ਅਸੀਂ ਕੋਈ ਹੀਲ-ਹੁੱਜਤ ਜਾਂ ਪ੍ਰਤੀਕਿਰਿਆ ਕਰਨ ਤੋਂ ਹੀਣੇ ਮਹਿਜ਼ ਤਨਖ਼ਾਹਦਾਰ ਮੁਲਾਜ਼ਮ ਹਾਂ? ਉਸ ਪ੍ਰਾਈਵੇਟ ਯੂਨੀਵਰਸਿਟੀ ਦੇ ਉਸ ਅਧਿਆਪਕ ਨਾਲ ਜੋ ਵਾਪਰਿਆ, ਉਸ ਨੂੰ ਭੁੱਲਿਆ ਨਹੀਂ ਜਾਣਾ ਚਾਹੀਦਾ ਅਤੇ ਅਜਿਹਾ ਉਸ ਹਰ ਕਿਸੇ ਨਾਲ ਵਾਪਰ ਸਕਦਾ ਹੈ ਜਿਸ ਨੇ ਅਜੇ ਤੱਕ ਰਚਨਾਤਮਕ ਤੌਰ ’ਤੇ ਸੂਖਮ ਸੋਚ ਨੂੰ ਨਹੀਂ ਗਵਾਇਆ। ਇਸ ਲਈ ਸਾਡੇ ਵਿਚੋਂ ਉਨ੍ਹਾਂ ਸਾਰਿਆਂ ਜੋ ਅਧਿਆਪਨ ਦੇ ਕਿੱਤੇ ਨੂੰ ਪਿਆਰ ਕਰਦੇ ਹਨ, ਲਈ ਜ਼ਰੂਰੀ ਹੈ ਕਿ ਉਹ ਇਕਮੁੱਠ ਹੋਣ, ਆਪਣੀ ਆਵਾਜ਼ ਬੁਲੰਦ ਕਰਨ ਅਤੇ ਪੀੜਤ ਦੇ ਨਾਲ ਖੜ੍ਹੇ ਹੋਣ ਅਤੇ ਡਟ ਕੇ ‘ਬੁਲਡੋਜ਼ਰ ਅਕਾਦਮੀਸ਼ਿਅਨਾਂ’ ਵੱਲੋਂ ਫੈਲਾਈ ਜਾ ਰਹੀ ਹਿੰਸਾ ਦਾ ਵਿਰੋਧ ਕਰਨ।
* ਲੇਖਕ ਸਮਾਜ ਸ਼ਾਸਤਰੀ ਹੈ।

ਧਰਮ ਦੇ ਨਾਂ ’ਤੇ ਨਫ਼ਰਤ ਦਾ ਵਪਾਰ - ਅਵਿਜੀਤ ਪਾਠਕ

ਪਿਛਲੇ ਦਿਨੀਂ ਮੈਂ ਖ਼ਾਸ ਤੌਰ ’ਤੇ ਮੁਸਲਿਮ ਬਹੁਗਿਣਤੀ ਵਾਲੇ ਮੰਨੇ ਜਾਂਦੇ ਇਲਾਕੇ ਜਿਸ ਨੂੰ ਪੁਰਾਣੀ ਦਿੱਲੀ ਆਖਿਆ ਜਾਂਦਾ ਹੈ, ਦੀਆਂ ਭੀੜੀਆਂ ਗਲੀਆਂ ਵਿਚੋਂ ਲੰਘ ਰਿਹਾ ਸਾਂ, ਉਹ ਵੀ ਰਮਜ਼ਾਨ ਦੇ ਮਹੀਨੇ, ਤੇ ਇਸ ਮੌਕੇ ਮੈਂ ਜ਼ੋਰਦਾਰ ਅੰਦਰੂਨੀ ਮੰਥਨ ਵਿਚੋਂ ਗੁਜ਼ਰਿਆ। ਮੇਰੇ ਸਾਹਮਣੇ ਆਪਣੇ ਲਈ ਹੀ ਪ੍ਰੇਸ਼ਾਨ ਕਰਨ ਵਾਲੇ ਸਵਾਲਾਂ ਦੀ ਪੂਰੀ ਲੜੀ ਖੜ੍ਹੀ ਹੋ ਗਈ। ਮੈਂ ਕੌਣ ਹਾਂ? ਕੀ ਮੈਂ ਮਹਿਜ਼ ‘ਹਿੰਦੂ’ ਹਾਂ ਜਿਹੜਾ ਮੁਸਲਿਮ ਭਾਈਚਾਰੇ ਨੂੰ ਅਲਹਿਦਾ ਕਰਨ ਅਤੇ ਉਨ੍ਹਾਂ ਨੂੰ ਕੁਝ ਖ਼ਾਸ ਰੂੜ੍ਹੀਵਾਦੀ ਰਿਵਾਜ਼ਾਂ ਜਿਵੇਂ ਕਬਾਬ ਤੇ ਬਰਿਆਨੀ, ਦਾੜ੍ਹੀ ਤੇ ਹਿਜਾਬ ਜਾਂ ਅੱਲ੍ਹਾ-ਹੂ-ਅਕਬਰ ਦੇ ਨਾਅਰਿਆਂ ਰਾਹੀਂ ਦੇਖਣ ਵਿਚ ਮਸ਼ਗੂਲ ਹਾਂ? ਜਾਂ ਫਿਰ ਕੀ ਮੈਂ ਇਕ ਸੱਭਿਆਚਾਰਕ ਮਾਨਵਵਿਗਿਆਨੀ ਵਰਗਾ ਹਾਂ ਜਿਹੜਾ ਕਿਸੇ ਦੂਰ-ਦੂਰਾਡੀ ਥਾਂ ਫੀਲਡ ਵਰਕ (ਜ਼ਮੀਨੀ ਪੱਧਰ ’ਤੇ ਕੰਮ) ਕਰ ਰਿਹਾ ਹੋਵਾਂ? ਇਸੇ ਤਰ੍ਹਾਂ, ਕੀ ਮੈਂ ਇਨ੍ਹਾਂ ਮੁਸਲਮਾਨ ਲੋਕਾਂ ਦੀ ਭੀੜ ਵਿਚ ਖ਼ੁਦ ਨੂੰ ਡਰੇ ਅਤੇ ਘਬਰਾਏ ਹੋਏ ਕਿਸੇ ਅਜਨਬੀ ਵਾਂਗ ਦੇਖ ਰਿਹਾ ਹਾਂ? ਜਾਂ ਮੈਂ ਆਪਣੇ ਆਪ ਨੂੰ ਲੋਕਾਂ ਨਾਲ ਮਿਲਾ ਰਿਹਾ ਹਾਂ ਜਿਥੇ ਅਮੀਰ ਤੇ ਗ਼ਰੀਬ, ਮੰਗਤੇ ਤੇ ਫ਼ਕੀਰ, ਸਾਡੇ ਸਾਂਝੇ ਇਤਿਹਾਸ ਤੇ ਇਨਸਾਨੀਅਤ ਦਾ ਅਹਿਸਾਸ ਕਰ ਰਹੇ ਹਨ ਅਤੇ ਨਾਲ ਹੀ ਹੋਰ ਬਹੁਤ ਸਾਰੀਆਂ ਘਟਨਾਵਾਂ ਦੀ ਅਹਿਮੀਅਤ ਨੂੰ ਤਸਲੀਮ ਕਰ ਰਹੇ ਹਨ, ਜਿਵੇਂ 1946 ਦੌਰਾਨ ਨੋਆਖਲੀ ਵਿਚ ਗਾਂਧੀ ਜਾਂ ਕੋਲਕਾਤਾ ਦੀਆਂ ਸੜਕਾਂ ਉਤੇ ਮਦਰ ਟੈਰੇਸਾ।
      ਮੈਂ ਜਿਸ ਜਜ਼ਬਾਤੀ ਸਫ਼ਰ ’ਚੋਂ ਗੁਜ਼ਾਰਿਆ, ਉਸ ਨੂੰ ਮਹਿਜ਼ ਨਿਜੀ ਤਜਰਬੇ ਵਜੋਂ ਨਹੀਂ ਦੇਖਿਆ ਜਾ ਸਕਦਾ ਸਗੋਂ ਇਹ ਸਮਾਜ ਸ਼ਾਸਤਰ ਨਾਲ ਜੁੜਿਆ ਹੈ। ਇਸ ਬਾਰੇ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਆਓ ਅਸੀਂ ਇਸ ਵਕਤ ਬਾਰੇ ਸੋਚ-ਵਿਚਾਰ ਕਰੀਏ ਜਿਸ ਵਿਚ ਅਸੀਂ ਜੀਅ ਰਹੇ ਹਾਂ। ਜਿਉਂ ਜਿਉਂ ਕਿਸੇ ਦੇ ਧਾਰਮਿਕ ਰੀਤੀ-ਰਿਵਾਜ਼ ਹੋਰ ਜ਼ਿਆਦਾ ਸ਼ੋਰ ਭਰੇ ਤੇ ਦਿਖਾਵੇ ਵਾਲੇ ਹੋ ਰਹੇ ਹਨ, ਉਸੇ ਦੌਰਾਨ ਅਸੀਂ ਹਿੰਸਕ ਕਾਰਵਾਈਆਂ ਦੇ ਪ੍ਰਗਟਾਵੇ ਦੀ ਲੜੀ ਦੇਖ ਰਹੇ ਹਾਂ। ਜਿਵੇਂ ਸ਼ੋਰ-ਸ਼ਰਾਬੇ ਭਰੀ ਰਾਮ ਨੌਮੀ ਦੀ ਸੋਭਾ ਯਾਤਰਾ ਜਾਂ ‘ਹਨੂੰਮਾਨ ਚਾਲੀਸਾ’ ਦੇ ਪਾਠ ਨੂੰ ਮਹਿਜ਼ ਸਿਆਸੀ ਬਿਆਨ ਤੱਕ ਸੁੰਗੇੜ ਦੇਣਾ ਅਤੇ ਨਾਲ ਹੀ ਅਜਿਹੇ ਹਾਵਾਂ-ਭਾਵਾਂ ਤੇ ਪ੍ਰਤੀਕਾਂ ਦਾ ਮੁਜ਼ਾਹਰਾ ਜਿਹੜੇ ਸਾਡੇ ਅੰਦਰੂਨੀ ਸੰਸਾਰ ਨੂੰ, ਭਾਵ ਸਾਨੂੰ ਆਤਮਿਕ ਤੌਰ ’ਤੇ ਸਾਫ਼ ਤੇ ਨਿਰਮਲ ਕਰਨ ਦੀ ਥਾਂ ਉਲਟਾ ਵਿਆਪਕ ਪੱਧਰ ’ਤੇ ਪਾਗਲਪਣ ਵਰਗੇ ਜਨੂਨ, ਡਰ ਤੇ ਬੇਚੈਨੀ ਪੈਦਾ ਕਰਨ ਦਾ ਕਾਰਨ ਬਣ ਰਹੇ ਹਨ। ਹੈਰਾਨੀ ਦੀ ਗੱਲ ਨਹੀਂ ਹੈ ਕਿ ਅੱਜ ਦਿੱਲੀ ਤੋਂ ਲੈ ਕੇ ਗੁਜਰਾਤ ਤੱਕ ਅਜਿਹੇ ਇਕ ਤਰ੍ਹਾਂ ਦੇ ਦਿਖਾਵਾਕਾਰੀ ਧਾਰਮਿਕ ਕਰਮਾਂ-ਕਾਂਡਾਂ ਨੂੰ ਫਿ਼ਰਕੂ ਸਿਆਸਤ ਤੋਂ ਨਿਖੇੜਨਾ ਔਖਾ ਹੋ ਰਿਹਾ ਹੈ। ਇਨ੍ਹਾਂ ਜ਼ਖ਼ਮਾਂ ਉਤੇ ਅਗਾਂਹ ਲੂਣ ਛਿੜਕਣ ਵਾਲੀ ਗੱਲ ਹੁੰਦੀ ਹੈ, ਉਹ ਹਮਾਇਤ ਲੁਕਵੀਂ ਜਾਂ ਜ਼ਾਹਰਾ ਜਿਹੜੀ ਇਸ ਤਰ੍ਹਾਂ ਦੇ ਸ਼ੋਰੀਲੇ ਅਤੇ ਅਸੱਭਿਅਕ ਪ੍ਰਗਟਾਵਿਆਂ ਨੂੰ ਸਥਾਪਤੀ ਤੋਂ ਮਿਲਦੀ ਹੈ। ਧਾਰਮਿਕ ਇਕੱਤਰਤਾਵਾਂ ਵਿਚ ਨਫ਼ਰਤੀ ਭਾਸ਼ਣਾਂ ਤੇ ਪ੍ਰਗਟਾਵਿਆਂ ਦੇ ਮਕਬੂਲ ਹੁੰਦੇ ਜਾਣ ਅਤੇ ਨਾਲ ਹੀ ‘ਬੁਲਡੋਜ਼ਰ ਸਿਆਸਤ’ ਦੇ ਹੁਣ ਆਮ ਗੱਲ ਬਣ ਜਾਣ ਦੌਰਾਨ ਅਸੀਂ ਪਿਆਰ ਦੀ ਧਾਰਮਿਕਤਾ ਦੀ ਮੌਤ ਅਤੇ ਇਸ ਦੇ ਸਿੱਟੇ ਵਜੋਂ ਧਰਮ ਨੂੰ ਫੁੱਟ-ਪਾਊ ਵਲਗਣਾਂ ਖੜ੍ਹੀਆਂ ਕਰਨ ਵਾਲੀ ਸਖ਼ਤ ਪਛਾਣ ਦੇ ਦਾਅਵੇ ਵਜੋਂ ਦੇਖਣ ਲਈ ਮਜਬੂਰ ਹਾਂ।
        ਸਿਆਸੀ ਤੌਰ ’ਤੇ ਅਸੀਂ ਇੰਤਹਾਪਸੰਦ ਰਾਸ਼ਟਰਵਾਦ ਦੇ ਵਿਖਿਆਨ ਦੇ ਆਦੀ ਹੋ ਰਹੇ ਹਾਂ। ਮਿਸਾਲ ਵਜੋਂ, ਹਿੰਦੂਤਵ ਦੇ ਵਿਚਾਰਵਾਨ ਸਾਰੇ ਹਿੰਦੂਆਂ ਨੂੰ ਉਨ੍ਹਾਂ ਦੇ ਜਾਤ ਜਾਂ ਜਮਾਤ ਆਧਾਰਿਤ ਵਖਰੇਵਿਆਂ ਦੇ ਬਾਵਜੂਦ ਇਕਮੁੱਠ ਕਰਨਾ ਚਾਹੁੰਦੇ ਹਨ ਅਤੇ ਨਾਲ ਹੀ ਉਹ ਹਿੰਦੂ ਪ੍ਰੰਪਰਾਵਾਂ ਤੇ ਪੁਰਾਣਿਕ ਮਿਥਿਹਾਸਕ ਕਥਾਵਾਂ ਦੇ ਅਖੰਡ ਪਾਠਾਂ ਰਾਹੀਂ ਅਤਿ ਮਰਦਾਵੇਂ/ਦਬਦਬੇ ਵਾਲੇ/ਫ਼ੌਜੀ ਦਾਬੇ ਵਾਲੀ ਸਟੇਟ/ਰਿਆਸਤ ਦੀਆਂ ਸੱਭਿਆਚਾਰਕ ਨੀਹਾਂ ਮਜ਼ਬੂਤ ਕਰਨਾ ਚਾਹੁੰਦੇ ਹਨ। ਦੂਜੇ ਪਾਸੇ ਇੰਝ ਜਾਪਦਾ ਹੈ ਕਿ ਉਦਾਰਵਾਦੀ/ਖੱਬੇਪੱਖੀ ਵਿਖਿਆਨ ਦਾ ਧਰਮ ਨਿਰਪੱਖਤਾ ਵਾਲਾ ਤਰਕ ਹਿੰਦੂਤਵ ਦੀ ਮਾਨਸਿਕ ਤੇ ਜਜ਼ਬਾਤੀ ਖਿੱਚ ਦਾ ਟਾਕਰਾ ਕਰਨ ਵਿਚ ਨਾਕਾਮ ਸਾਬਤ ਹੋਇਆ ਹੈ ਅਤੇ ਹਿੰਦੂਤਵ ਦੇ ਜ਼ੋਰਦਾਰ ਹਾਵ-ਭਾਵ, ਇਸ ਦੇ ਸ਼ਾਨਦਾਰ ਪੂਜਾ-ਪਾਠ ਤੇ ਕਰਮ-ਕਾਂਡ, ਇਸ ਦੇ ‘ਮਸੀਹਾ’ ਦਾ ਨਾਟਕੀ ਪ੍ਰਦਰਸ਼ਨ ਅਤੇ ਇਸ ਸਭ ਕਾਸੇ ਤੋਂ ਵੱਧ ਜਿਵੇਂ ਇਹ ਧਰਮ ਦੇ ਵਿਰੋਧੀਆਂ ਮੁਸਲਮਾਨ, ਨਾਸਤਿਕ, ਔਰਤ ਪੱਖੀ, ਗਾਂਧੀਵਾਦੀ ਅਤੇ ਮਾਰਕਸਵਾਦੀ ਨੂੰ ਘੜਨ ਅਤੇ ਪਛਾਨਣ ਲਈ ਸਾਜ਼ਿਸ਼ ਦੇ ਸਿਧਾਂਤ ਦੀ ਸਿਰਜਣਾ ਕਰਦਾ ਹੈ, ਉਸ ਦਾ ਕੋਈ ਜਵਾਬ ਨਹੀਂ ਹੈ।
       ਇੰਨਾ ਹੀ ਨਹੀਂ, ਹਿੰਦੂਆਂ ਨੂੰ ਉਨ੍ਹਾਂ ਦੇ ਬਹੁਗਿਣਤੀ ਰੁਤਬੇ ਦੇ ਬਾਵਜੂਦ ਮਨੋਵਿਗਿਆਨਕ ਤੌਰ ’ਤੇ ਅਸੁਰੱਖਿਅਤ ਮਹਿਸੂਸ ਕਰਨ ਲਾ ਦਿੱਤਾ ਗਿਆ ਹੈ। ਹਿਜਾਬ ਪਹਿਨਣ ਵਾਲੀ ਕੋਈ ਮੁਸਲਮਾਨ ਕੁੜੀ, ਕਿਸੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਾਉਣ ਵਾਲੀ ਹਿੰਦੂ ਕੁੜੀ, ਸ਼ਹਿਰ ਦੇ ਵਿਚਕਾਰ ਹੋ ਰਿਹਾ ਕੋਈ ਇਸਲਾਮੀ ਸਮਾਗਮ ਜਾਂ ਇਥੋਂ ਤੱਕ ਕਿ ਤੁਹਾਨੂੰ ਜੇ ਕ੍ਰਿਕਟ ਦਾ ਕੌਮਾਂਤਰੀ ਮੈਚ ਦੇਖਦਿਆਂ ਕਿਸੇ ਪਾਕਿਸਤਾਨੀ ਤੇਜ਼ ਗੇਂਦਬਾਜ਼ ਦੀ ਖੇਡ ਪਸੰਦ ਆ ਜਾਂਦੀ ਹੈ ਤੇ ਇਸ ਸੂਰਤ ਵਿਚ ਉਸ ਦੀ ਸ਼ਲਾਘਾ ਵਿਚ ਤੁਹਾਡੇ ਵੱਲੋਂ ਲਿਖੀ ਕੋਈ ਟਿੱਪਣੀ, ਭਾਵ ਅਜਿਹਾ ਕੁਝ ਵੀ ਸਾਨੂੰ ਪ੍ਰੇਸ਼ਾਨ ਕਰ ਸਕਦਾ ਹੈ ਤੇ ਸਾਨੂੰ ਅਸੁਰੱਖਿਅਤ ਮਹਿਸੂਸ ਕਰਨ ਲਾ ਦਿੰਦਾ ਹੈ। ਜਦੋਂ ਅਸੀਂ ਖ਼ਤਰੇ ਵਿਚ ਹਾਂ ਤਾਂ ਜ਼ਰੂਰੀ ਹੈ ਕਿ ਅਸੀਂ ਆਪਣੇ ਧਰਮ ਦੀ ਰਾਖੀ ਲਈ ਧਰਮ ਦੇ ਜੰਗਜੂ ਯੋਧਿਆਂ ਵਾਂਗ ਵਿਹਾਰ ਕਰੀਏ। ਦੂਜੇ ਲਫ਼ਜ਼ਾਂ ਵਿਚ ਅਸੀਂ ਆਪਣੇ ਮਨ ਅਤੇ ਚੌਗਿਰਦੇ ਨੂੰ ਨਾਜ਼ੀ ਦੌਰ ਵਾਲੀਆਂ ਖ਼ਾਸ ਬਸਤੀਆਂ ਬਣਾਉਣ ਵਾਲੀ ਪਹੁੰਚ ਵਿਚ ਜਕੜ ਲਿਆ ਹੈ।
       ਕਹਿਣ ਦਾ ਇਹ ਵੀ ਮਤਲਬ ਨਹੀਂ ਕਿ ਇਸ ਤਰ੍ਹਾਂ ਦੀ ਤਾਨਾਸ਼ਾਹ ਸੋਚ ਮਹਿਜ਼ ਹਿੰਦੂਤਵ ਤੱਕ ਮਹਿਦੂਦ ਹੈ। ਇਸਲਾਮੀ ਬੁਨਿਆਦਪ੍ਰਸਤੀ ਨੂੰ ਕੌਣ ਨਜ਼ਰਅੰਦਾਜ਼ ਕਰ ਸਕਦਾ ਹੈ ਜਿਥੇ ਸੋਚ ਦਾ ਇਕ ਤਰ੍ਹਾਂ ਤਾਲਿਬਾਨੀਕਰਨ ਹੋ ਜਾਂਦਾ ਹੈ? ਫਿਰ, ਹਿੰਦੂ-ਮੁਸਲਮਾਨ ਰਿਸ਼ਤਿਆਂ ਦੇ ਗੁੰਝਲਦਾਰ ਅਤੇ ਪਰਤਦਾਰ ਇਤਿਹਾਸ ਦੀਆਂ ਖ਼ੂਬੀਆਂ ਵਾਲੇ ਸਾਡੇ ਵਰਗੇ ਬਰ-ਏ-ਸਗ਼ੀਰ ਵਿਚ, ਇਲਜ਼ਾਮਤਰਾਸ਼ੀਆਂ ਵਿਚ ਉਲਝ ਜਾਣਾ ਜਾਂ ਫਿਰ ਦੂਜੇ ਭਾਈਚਾਰੇ ਨੂੰ ਬਹੁਤ ਹੀ ਭਿਆਨਕ ਬਣਾ ਕੇ ਪੇਸ਼ ਕੀਤੇ ਜਾਣ ਦੇ ਹਮੇਸ਼ਾ ਹੀ ਆਸਾਰ ਰਹਿੰਦੇ ਹਨ ਪਰ ਜਿਵੇਂ ਸਾਨੂੰ ਇਤਿਹਾਸ ਨੇ ਦਿਖਾਇਆ ਹੈ, ਇਸ ਤਰ੍ਹਾਂ ਖ਼ਾਸ ਬਸਤੀਆਂ ਵਾਲੀ ਪਹੁੰਚ ਨੇ ਕਿਸੇ ਦਾ ਵੀ ਕੋਈ ਭਲਾ ਨਹੀਂ ਕੀਤਾ, ਇਸ ਦੇ ਉਲਟ ਇਸ ਨੇ ਸਾਡੇ ਅੰਦਰਲੀ ਇਨਸਾਨੀਅਤ ਨੂੰ ਮਾਰਿਆ ਹੈ ਅਤੇ ਨਾਲ ਹੀ ਇਸ ਨੇ ਸਾਡੀ ਦਰਦ ਤੇ ਜ਼ਖਮ ਦੀ ਸਾਂਝੀ ਯਾਦ ਨੂੰ ਨਵੀਂ ਸ਼ੁਰੂਆਤ ਵਿਚ ਬਦਲ ਦੇਣ ਅਤੇ ਜ਼ਖ਼ਮਾਂ ਨੂੰ ਸੰਵਾਦ, ਪਿਆਰ, ਸਮਝ ਅਤੇ ਸੁਲ੍ਹਾ-ਸਫ਼ਾਈ ਰਾਹੀਂ ਠੀਕ ਕਰ ਦੇਣ ਦੇ ਇਲਾਜ ਵਾਲੇ ਢੰਗ-ਤਰੀਕਿਆਂ ਨੂੰ ਬਿਲਕੁਲ ਨਾਮੁਮਕਿਨ ਬਣਾ ਦਿੱਤਾ ਹੈ।
       ਖ਼ੈਰ, ਅਸੀਂ ਵੰਡ ਦੇ ਸਦਮੇ ਦੇ ਬਾਵਜੂਦ ਸਿਆਸੀ-ਸੱਭਿਆਚਾਰਕ ਖੁੱਲ੍ਹ ਦਾ ਸੁਪਨਾ ਦੇਖਿਆ ਸੀ ਜਿਥੇ ਆਪਣੇ ਅਕੀਦੇ, ਨਸਲ ਆਦਿ ਦੇ ਬਾਵਜੂਦ ਹਰ ਕੋਈ ਨਵਾਂ ਮੁਲਕ ਬਣਾਉਣ ਲਈ ਆਪਣਾ ਬਰਾਬਰ ਯੋਗਦਾਨ ਪਾਉਣ ਦੇ ਯੋਗ ਹੋ ਸਕੇ ਪਰ ਤ੍ਰਾਸਦੀ ਇਹ ਹੈ ਕਿ ਸਾਡੇ ਸਿਆਸੀ-ਸੱਭਿਆਚਾਰਕ ਇਤਿਹਾਸ ਦੇ ਇਸ ਮੌਕੇ ਉਤੇ ਅਸੀਂ ਇਸ ਖ਼ਾਹਿਸ਼ ਦੀ ਅਹਿਮੀਅਤ ਨੂੰ ਨਕਾਰ ਰਹੇ ਹਾਂ ਅਤੇ ਇਸ ਦੀ ਥਾਂ ਪਿਛਲ-ਮੋੜਾ ਕੱਟ ਰਹੇ ਹਾਂ। ਇਸ ਫਿ਼ਰਕੂ ਜਨੂਨ ਅਤੇ ਧਾਰਮਿਕ ਕੱਟੜਤਾ ਦਾ ਕਿਤੇ ਕੋਈ ਅੰਤ ਹੁੰਦਾ ਨਹੀਂ ਜਾਪਦਾ। ਨਵ-ਉਦਾਰਵਾਦ ਅਤੇ ਤਕਨੀਕੀ-ਸੰਸਾਰੀਕਰਨ ਦੀ ਚਮਕ-ਦਮਕ ਅਤੇ ‘ਸਬ ਕਾ ਸਾਥ ਸਬ ਕਾ ਵਿਕਾਸ’ ਦੇ ਨਾਅਰਿਆਂ ਦੀ ਬਿਆਨਬਾਜ਼ੀ ਦੇ ਬਾਵਜੂਦ ਔਸਤ ਚੇਤਨਾ ਜ਼ਹਿਰੀ ਬਣੀ ਹੋਈ ਹੈ ਜਾਂ ਇਹ ਜਾਤ ਤੇ ਧਰਮ ਦੀਆਂ ਸੀਮਤ ਪਛਾਣਾਂ ਤੱਕ ਹੀ ਮਹਿਦੂਦ ਹੈ। ਦਰਅਸਲ, ਤਲਖ਼ ਹਕੀਕਤ ਇਹੋ ਹੈ ਕਿ ਅਸੀਂ ਹਿੰਸਾ ਨੂੰ ਪਿਆਰ ਕਰਨ ਲੱਗ ਪਏ ਹਾਂ, ਉਹ ਵੀ ਧਰਮ ਦੇ ਨਾਂ ’ਤੇ ਹੋ ਰਹੀ ਹਿੰਸਾ ਨੂੰ।
       ਕੀ ਕਦੇ ਪਿਆਰ ਦੀ ਧਾਰਮਿਕਤਾ ਨਾਲ ਇਸ ਤਰ੍ਹਾਂ ਦੀ ਹਿੰਸਾ ਦਾ ਟਾਕਰਾ ਕਰਨਾ ਮੁਮਕਿਨ ਹੋ ਸਕਦਾ ਹੈ? ਕਿਸੇ ਸੋਚ-ਵਿਚਾਰ ਤੋਂ ਸੱਖਣੇ ਧਾਰਮਿਕ ਆਗੂਆਂ ਅਤੇ ਜਥੇਬੰਦ ਧਰਮਾਂ ਦੇ ਰੂੜ੍ਹੀਵਾਦੀ ਫਰਮਾਨਾਂ ਤੋਂ ਪਰੇ ਪਿਆਰ ਦੀ ਧਾਰਮਿਕਤਾ ਦਾ ਸਬੰਧ ਧਰਮ ਨਿਰਪੱਖਤਾ ਤੇ ਪਵਿੱਤਰਤਾ, ਅਸਾਧਾਰਨਤਾ ਤੇ ਉੱਤਮਤਾ ਅਤੇ ਤਲਾਅ ਤੇ ਸਮੁੰਦਰ ਦੇ ਮੇਲ ਨਾਲ ਹੈ। ਇਹ ਜੁੜਾਓ ਦਾ ਲੈਅਬੱਧ ਸੰਗੀਤ ਹੈ, ਹਰ ਚੀਜ਼ ਵਿਚ ਬ੍ਰਹਮ ਦੀ ਮੌਜੂਦਗੀ ਦਾ ਅਹਿਸਾਸ, ਇਹ ਭਾਵੇਂ ਵਗਦੀ ਨਦੀ ਹੋਵੇ, ਕੋਈ ਛੋਟਾ ਜਿਹਾ ਨੀਲਾ ਫੁੱਲ ਹੋਵੇ, ਗੇਂਦ ਨਾਲ ਖੇਡਦੀ ਕੋਈ ਬੱਚੀ, ਆਪਣੇ ਬਿਮਾਰ ਪਿਤਾ ਦਾ ਖਿ਼ਆਲ ਰੱਖ ਰਹੀ ਕੋਈ ਧੀ, ਜਾਂ ਫਿਰ ਕੋਈ ਨੌਜਵਾਨ ਵਿਦਿਆਰਥੀ ਜਿਹੜਾ ਦੰਗਾ ਪੀੜਤਾਂ ਨੂੰ ਰਾਹਤ ਪਹੁੰਚਾਉਣ ਲਈ ਆਪਣਾ ਪੂਰਾ ਤਾਣ ਲਾ ਰਿਹਾ ਹੋਵੇ। ਪਿਆਰ, ਸੰਵਾਦ ਅਤੇ ਦਿਆਲਤਾ ਇਸ ਧਾਰਮਿਕਤਾ ਦੇ ਪ੍ਰਤੀਕ ਹਨ ਇਹੋ ਇਸ ਦੀ ਬਾਈਬਲ ਹੈ, ਕੁਰਾਨ ਹੈ ਤੇ ਇਹੋ ਉਪਨਿਸ਼ਦ ਹਨ।
       ਰੂਮੀ ਇਸ ਦੁਨੀਆ ਤੋਂ ਜਾ ਚੁੱਕੇ ਹਨ, ਕਬੀਰ ਵੀ ਹੁਣ ਜਿ਼ੰਦਾ ਨਹੀਂ ਹਨ, ਗਾਂਧੀ ਵੀ ਮਰ ਚੁੱਕੇ ਹਨ ਪਰ ਮੈਨੂੰ ਅਤੇ ਤੁਹਾਨੂੰ ਸਭ ਨੂੰ ਮਿਲ ਕੇ ਉਨ੍ਹਾਂ ਨੂੰ ਇਕ ਵਾਰੀ ਮੁੜ ਜ਼ਿੰਦਾ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ। ਕੀ ਇਸ ਕੂੜ ਪਸਾਰੇ ਦੇ ਦੌਰ ਵਿਚ ਇਹ ਸਾਡੀ ਸਾਂਝੀ ਅਰਦਾਸ/ਪ੍ਰਾਰਥਨਾ ਹੋ ਸਕਦੀ ਹੈ?
* ਲੇਖਕ ਸਮਾਜ ਸ਼ਾਸਤਰੀ ਹੈ।

ਇਮਤਿਹਾਨਾਂ ਦੀ ਵਬਾਅ ਤੋਂ ਸਿੱਖਿਆ ਦਾ ਬਚਾਅ ਜ਼ਰੂਰੀ - ਅਵਿਜੀਤ ਪਾਠਕ

ਕੀ ਸਾਨੂੰ ਆਪਣੇ ਬੱਚਿਆਂ ਦੇ ਵੱਡੇ ਹੋਣ ਦੇ ਅਮਲ ਦੌਰਾਨ ਇਮਤਿਹਾਨਾਂ ਦੇ ਤਸ਼ੱਦਦ, ਕਦੇ ਵੀ ਨਾ ਮੁੱਕਣ ਵਾਲੀ ਮਿਆਰੀਕ੍ਰਿਤ ਟੈਸਟਾਂ ਦੀ ਲੜੀ, ਕੋਚਿੰਗ ਸੈਂਟਰਾਂ ਦੇ ਜਾਲ ਅਤੇ ਇਸ ਦੇ ਸਿੱਟੇ ਵਜੋਂ ਸਾਨੂੰ ਮਿਲਣ ਵਾਲੇ ਲੰਬੇ ਸਮੇਂ ਦੇ ਤਣਾਅ ਤੇ ਫ਼ਿਕਰਾਂ ਦੀ ਖ਼ਾਸੀਅਤ ਵਾਲੇ ਰਹਿਣ-ਸਹਿਣ ਨਾਲ ਆਪਣੇ ਆਪ ਨੂੰ ਪ੍ਰੇਸ਼ਾਨ ਹੁੰਦੇ ਰਹਿਣ ਦੇਣਾ ਚਾਹੀਦਾ ਹੈ ? ਜਾਂ ਫਿਰ ਸਾਨੂੰ ਇਸ ਨੂੰ ਆਮ ਵਰਤਾਰਾ ਮੰਨ ਲੈਣਾ ਚਾਹੀਦਾ ਹੈ ਜਾਂ ਇਥੋਂ ਤੱਕ ਕਿ ਕਿਸੇ ਤਕਨੀਕੀ ਦਲੀਲ ਦੇ ਆਧਾਰ ਉਤੇ ਇਸ ਦੇ ਜਸ਼ਨ ਮਨਾਉਣੇ ਚਾਹੀਦੇ ਹਨ ਕਿ ਇਸ ਭਾਰੀ ਦਬਾਅ ਸਦਕਾ ਸਾਡੇ ਬੱਚੇ ਸਖ਼ਤ ਮਿਹਨਤ ਦੀ ਭਾਵਨਾ ਸਿੱਖ ਰਹੇ ਹਨ ਅਤੇ ਨਾਲ ਹੀ ਆਪਣੇ ਆਪ ਨੂੰ ਇਸ ਮੁਕਾਬਲੇਬਾਜ਼ੀ ਨਾਲ ਭਰੇ ਸੰਸਾਰ ਮੁਤਾਬਕ ਢਾਲ ਰਹੇ ਹਨ ?
       ਮੈਂ ਇਸ ਵੇਲੇ ਇਹ ਸਵਾਲ ਇਸ ਕਾਰਨ ਉਠਾ ਰਿਹਾ ਹਾਂ ਕਿਉਂਕਿ ਇਹ ਉਹ ਵਕਤ ਹੈ ਜਦੋਂ ਇਮਤਿਹਾਨਾਂ ਅਤੇ ਦਾਖ਼ਲਾ ਟੈਸਟਾਂ ਦੀ ਇਕ ਪੂਰੀ ਲੜੀ, ਬੋਰਡ ਇਮਤਿਹਾਨ, ਜੇਈਈ, ਨੀਟ ਅਤੇ ਹਾਲ ਹੀ ਵਿਚ ਲਿਆਂਦੇ ਗਏ ਸੀਯੂਈਟੀ ਨਾਲ ਸਾਡੇ ਬੱਚਿਆਂ ਦਾ ਟਾਕਰਾ ਹੋਣਾ ਹੈ। ਫਿਰ ਸਾਡਾ ਬਹੁਤ ਹੀ ਫ਼ਤਵੇਬਾਜ਼ ਸਮਾਜ ਉਨ੍ਹਾਂ ਦੇ ਮੁੱਲ ਨੂੰ ਤੋਲੇਗਾ, ਇਮਤਿਹਾਨਾਂ ਵਿਚ ਮੋਹਰੀ ਰਹਿਣ ਵਾਲੇ ਟੌਪਰਾਂ ਦੀਆਂ ਕਹਾਣੀਆਂ ਦੇ ਕਸੀਦੇ ਪੜ੍ਹੇਗਾ ਅਤੇ ਨਾਲ ਹੀ ਉਹ ਵਿਦਿਆਰਥੀ ਜਿਹੜੇ ਇਸ ਭੇਡ-ਚਾਲ ਦੇ ਦਬਾਅ ਦੀ ਤਾਬ ਨਾ ਝੱਲਦਿਆਂ ਪਿਛਾਂਹ ਰਹਿ ਜਾਣਗੇ, ਉਨ੍ਹਾਂ ਨੂੰ ਨਿੰਦਿਆਂ ਤੇ ਭੰਡਿਆ ਜਾਵੇਗਾ। ਇਹ ਅਜਿਹਾ ਵੇਲਾ ਵੀ ਹੈ ਜਦੋਂ ਫ਼ਿਕਰਾਂ-ਮਾਰੇ ਮਾਪਿਆਂ ਦੀ ਰਾਤਾਂ ਦੀ ਨੀਂਦ ਹਰਾਮ ਹੋਵੇਗੀ ਅਤੇ ਕੋਚਿੰਗ ਕੇਂਦਰ ਤੇ ਐਡ-ਟੈਕ ਕੰਪਨੀਆਂ (ਹਾਰਡਵੇਅਰ ਜਾਂ ਸਾਫਟਵੇਅਰ ਤੇ ਇੰਟਰਨੈੱਟ ਜਾਂ ਮੋਬਾਈਲ ਐਪਸ ਆਦਿ ਰਾਹੀਂ ਆਨਲਾਈਨ ਸਿੱਖਿਆ ਦੇਣ ਵਾਲੀਆਂ ਸਿੱਖਿਆ-ਤਕਨੀਕੀ ਕੰਪਨੀਆਂ) ਵੱਲੋਂ ਉਨ੍ਹਾਂ ਦੇ ਇਸ ਡਰ ਦਾ ਦੋਹੀਂ ਹੱਥੀਂ ਲਾਹਾ ਲਿਆ ਜਾਵੇਗਾ ਅਤੇ ਉਨ੍ਹਾਂ ਵੱਲੋਂ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਫਿਜ਼ਿਕਸ, ਗਣਿਤ, ਕੈਮਿਸਟਰੀ ਅਤੇ ਬਾਇਓਲੋਜੀ ਆਦਿ ਵਿਚ ਸਫਲਤਾ ਦੇ ਪੈਕੇਜ ਵੇਚ ਕੇ ਭਾਰੀ ਮੁਨਾਫ਼ੇ ਕਮਾਏ ਜਾਣਗੇ।
       ਕੀ ਸਿੱਖਿਆ ਬੱਸ ਇਹੋ ਕੁਝ ਹੈ? ਕੀ ਸਾਡੇ ਨੌਜਵਾਨਾਂ ਦੀ ਅੰਤਿਮ ਹੋਣੀ ਇਹੋ ਹੈ? ਅਕਸਰ ਹੀ ‘ਸਿਸਟਮ’ ਸਾਨੂੰ ਨਕਾਰਾ ਬਣਾ ਦਿੰਦਾ ਹੈ ਅਤੇ ਅਸੀਂ ਇਹ ਮੰਨਣ ਲੱਗਦੇ ਹਾਂ ਕਿ ਹੁਣ ਇਸ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ ਅਤੇ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਸਾਡੇ ਬੱਚੇ ਸਿਧਾਂਤਕ ਭੌਤਿਕ ਵਿਗਿਆਨ ਵਿਚ ਦਿਲਚਸਪੀ ਰੱਖਦੇ ਹਨ ਜਾਂ ਸਿਰਜਣਾਤਮਕ ਕਲਾਵਾਂ ਵੱਲ, ਉਨ੍ਹਾਂ ਨੂੰ ਮਹਿਜ਼ ਇਕ ਤਰ੍ਹਾਂ ਦਾ ਨਿਵੇਸ਼ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ‘ਚੰਗੇ’ ਮਾਪੇ ਉਹੋ ਹੁੰਦੇ ਹਨ, ਜਿਹੜੇ ਆਪਣੇ ਬੱਚਿਆਂ ਨੂੰ ਬਰਾਂਡਿਡ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਵਿਚ ਭੇਜਣ ਲਈ ਪੈਸਾ ਪਾਣੀ ਵਾਂਗ ਵਹਾਉਣ, ਨਾਲ ਹੀ ਲਗਾਤਾਰ ਚੇਤੇ ਕਰਾਇਆ ਜਾਂਦਾ ਹੈ ਕਿ ਇਸ ਨਾਲ ਇਹ ਬੱਚੇ ਇਸ ਨਿਵੇਸ਼ ਦਾ ਵਾਜਬ ਮੁੱਲ ਵੀ ਮੋੜਨਗੇ ਜਿਵੇਂ ਜੇਈਈ ਜਾਂ ਨੀਟ ਵਿਚ ਵਧੀਆ ਰੈਂਕ ਹਾਸਲ ਕਰਨਾ ਅਤੇ ਆਖ਼ਰ ਟੈਕਨੋ-ਕਾਰਪੋਰੇਟ ਸੰਸਾਰ ਵਿਚ ਵਧੀਆ ਕਮਾਊ ਨੌਕਰੀਆਂ ਵੀ ਹਾਸਲ ਕਰ ਲੈਣਾ। ਕੀ ਇਸੇ ਦਾ ਅਰਥ ਵਧੀਆ ਪੜ੍ਹਿਆ-ਲਿਖਿਆ ਹੋਣਾ ਹੈ ਕਿ ਸਭ ਕਾਸੇ ਨੂੰ ਸਮੇਤ ਇਨਸਾਨੀ ਰਿਸ਼ਤਿਆਂ ਨੂੰ ਵੀ ਨਫ਼ੇ ਤੇ ਨੁਕਸਾਨ ਦੀਆਂ ਗਿਣਤੀਆਂ-ਮਿਣਤੀਆਂ ਦੇ ਤਰਕ ਵਿਚੋਂ ਦੇਖਣਾ ਅਤੇ ਨਾਲ ਹੀ ਕਾਰਗੁਜ਼ਾਰੀ ਦਿਖਾਉਣ ਦੀ ਭਾਰੀ ਚਿੰਤਾ ਵਿਚ ਜ਼ਿੰਦਗੀ ਜਿਉਣਾ ?
      ਇਸ ਸੂਰਤ ਵਿਚ ਸਿੱਖਿਆ ਉਤੇ ਇਸ ਜਥੇਬੰਦ ਅਤੇ ਗਿਣੇ-ਮਿਥੇ ਹਮਲੇ ਦੇ ਬਾਵਜੂਦ, ਸਾਡੇ ਵਿਚੋਂ ਕੁਝ ਨੂੰ ਲਾਜ਼ਮੀ ਆਪਣੀ ਆਵਾਜ਼ ਉਠਾਉਣੀ ਚਾਹੀਦੀ ਹੈ, ਜਾਗਰੂਕਤਾ ਪੈਦਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਇਹ ਕਹਿਣ ਦੀ ਹਿੰਮਤ ਕਰਨੀ ਚਾਹੀਦੀ ਹੈ ਕਿ ਅਰਥਪੂਰਨ ਤੇ ਵਧੀਆ ਸਿੱਖਿਆ ਦਾ ਮਤਲਬ ਮਹਿਜ਼ ਇਮਤਿਹਾਨ ਜਾਂ ਮਿਆਰੀਕ੍ਰਿਤ ਟੈਸਟ ਹੀ ਨਹੀਂ ਹਨ ਨਾ ਹੀ ਇਹ ਕਿਸੇ ਦੌੜ ਜਾਂ ਮੁਕਾਬਲੇ ਨੂੰ ਜਿੱਤ ਲੈਣ ਦੀ ਰਣਨੀਤੀ ਹੀ ਹੈ। ਸਗੋਂ ਇਹ ਹੈਰਤ ਅਤੇ ਰਚਨਾਤਮਕਤਾ ਨਾਲ ਸਬੰਧਤ ਹੈ। ਇਹ ਦੁਨੀਆਂ ਨੂੰ ਸਮਝਣ ਦੀ ਇਕ ਅੰਤਹੀਣ ਕੋਸ਼ਿਸ਼ ਹੈ। ਭੌਤਿਕ, ਜੈਵਿਕ, ਸੱਭਿਆਚਾਰਕ ਅਤੇ ਮਾਨਸਿਕ/ਆਤਮਕ ਪੱਖ ਤੋਂ ਅਤੇ ਇਹ ਮਨੁੱਖੀ ਤੇ ਆਲੋਚਨਾਤਮਕ ਚੇਤਨਾ ਨੂੰ ਉਭਾਰਨ ਬਾਰੇ ਹੈ, ਜਿਸ ਨਾਲ ਸਿਖਿਆਰਥੀ ਆਪਣੀ ਮੁਹਾਰਤ ਵਾਲੇ ਹੁਨਰਾਂ ਦਾ ਇਸਤੇਮਾਲ ਕਰਨ ਦੇ ਯੋਗ ਹੋ ਸਕਣ, ਜਿਸ ਰਾਹੀਂ ਇਕ ਸਮਤਾਵਾਦੀ ਅਤੇ ਹਮਦਰਦੀ ਵਾਲੇ ਸਮਾਜ ਦੀਆਂ ਨੀਹਾਂ ਮਜ਼ਬੂਤ ਹੋ ਸਕਣ। ਸਿੱਖਿਅਤ ਹੋਣ ਦਾ ਟੀਚਾ ਸਿਰਫ਼ ਖ਼ੁਦ-ਪਸੰਦ ਜੰਗਜੂ ਬਣਨਾ ਹੀ ਨਹੀਂ ਹੈ, ਸਗੋਂ ਸਿੱਖਿਆ ਨੂੰ ਸਾਨੂੰ ਸੰਵੇਦਨਸ਼ੀਲ ਬਣਾਉਣਾ ਚਾਹੀਦਾ ਹੈ, ਸਾਡੇ ਵਿਚ ਕਿਸੇ ਦਾ ਖ਼ਿਆਲ ਰੱਖਣ ਤੇ ਪਿਆਰ ਕਰਨ ਦੀ ਨੈਤਿਕਤਾ ਭਰਨੀ ਚਾਹੀਦੀ ਹੈ, ਸਾਨੂੰ ਜੰਗ, ਫ਼ੌਜਪ੍ਰਸਤੀ, ਤਕਨਾਲੋਜੀਕਲ ਹਿੰਸਾ, ਵਾਤਾਵਰਨ ਦੀ ਤਬਾਹੀ ਅਤੇ ਇਕ ਨਿਗਰਾਨੀ ਰੱਖਣ ਵਾਲੇ ਸਮਾਜ ਦੇ ਖ਼ੌਫ਼ ਦਾ ਵਿਰੋਧ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
       ਰਵਿੰਦਰ ਨਾਥ ਟੈਗੋਰ, ਜਿੱਦੂ ਕ੍ਰਿਸ਼ਨਾਮੂਰਤੀ ਅਤੇ ਪਾਉਲੋ ਫਰੇਰੇ ਵਰਗੇ ਸਿੱਖਿਆਦਾਨੀਆਂ ਨੇ ਕਦੇ ਸਿੱਖਿਆ ਦੀ ਹੋ ਰਹੀ ਅਜਿਹੀ ਅਧੋਗਤੀ ਬਾਰੇ ਸੋਚਿਆ ਵੀ ਨਹੀਂ ਹੋਵੇਗਾ, ਜਿਸ ਦਾ ਸਾਨੂੰ ਅੱਜ ਸਾਹਮਣਾ ਕਰਨਾ ਪੈ ਰਿਹਾ ਹੈ। ਪਾਬਲੋ ਨੇਰੂਦਾ ਜਾਂ ਅੰਮ੍ਰਿਤਾ ਪ੍ਰੀਤਮ ਵਰਗੇ ਸ਼ਾਇਰ, ਆਇਜ਼ਕ ਨਿਊਟਨ ਜਾਂ ਅਲਬਰਟ ਆਇਨਸਟਾਈਨ ਵਰਗੇ ਸਾਇੰਸਦਾਨ ਅਤੇ ਵਿਪਨ ਚੰਦਰ ਜਾਂ ਇਰਫ਼ਾਨ ਹਬੀਬ ਵਰਗੇ ਇਤਿਹਾਸਕਾਰ ਕਦੇ ਨਹੀਂ ਚਾਹੁੰਣਗੇ ਕਿ ਉਨ੍ਹਾਂ ਦੀਆਂ ਮਹਾਨ ਤੇ ਉਤਸ਼ਾਹੀ ਕ੍ਰਿਤਾਂ ਤੇ ਕਾਰਜਾਂ ਨੂੰ ਮਹਿਜ਼ ਇਕ ਤਰ੍ਹਾਂ ਇਮਤਿਹਾਨੀ ਬੁਝਾਰਤਾਂ ਦੇ ਬਹੁ-ਵਿਕਲਪੀ ਸਵਾਲਾਂ (MCQ) ਦੇ ਤਰੀਕੇ ਤੱਕ ਸੀਮਤ ਕਰ ਦਿੱਤਾ ਜਾਵੇ। ਸਾਡੇ ਬੱਚੇ ਮਹਿਜ਼ ਟੈਸਟਾਂ ਦੀ ਕਿਸੇ ਲੜੀ ਨੂੰ ਪਾਸ ਕਰਨ ਲਈ ਹੀ ਪੈਦਾ ਨਹੀਂ ਹੋਏ, ਅਜਿਹੇ ਟੈਸਟ ਜਿਹੜੇ ਉਨ੍ਹਾਂ ਨੂੰ ਬੌਧਿਕ, ਨੈਤਿਕ ਅਤੇ ਸਿਆਸੀ ਤੌਰ ’ਤੇ ਕਿਸੇ ਤਰ੍ਹਾਂ ਦੀ ਚੁਣੌਤੀ ਦੇਣ ਤੋਂ ਦੂਰ ਹਨ ਅਤੇ ਜਿਹੜੇ ਮਹਿਜ਼ ਬੇਤੁਕੇ ਪੈਮਾਨਿਆਂ ਰਾਹੀਂ ਲੋਕਾਂ ਦੀ ਛਾਂਟੀ ਕਰਨ ਜਾਂ ਉਨ੍ਹਾਂ ਨੂੰ ਖ਼ਤਮ ਕਰਨ ਲਈ ਹੀ ਮੌਜੂਦ ਹਨ। ਹਰੇਕ ਬੱਚੇ ਵਿਚ ਆਪੋ-ਆਪਣੀ ਸਮਰੱਥਾ ਹੁੰਦੀ ਹੈ ਅਤੇ ਉਸ ਦੀ ਵਿਲੱਖਣਤਾ ਨੂੰ ਜੇਈਈ ਜਾਂ ਨੀਟ ਰੈਂਕਿੰਗ ਨਾਲ ਹੀ ਨਹੀਂ ਮਾਪਿਆ ਜਾ ਸਕਦਾ। ਜਿਹੜਾ ਸਮਾਜ ਖ਼ਾਹਿਸ਼ਾਂ ਅਤੇ ਯੋਗਤਾਵਾਂ ਦਾ ਮਿਆਰੀਕਰਨ ਕਰਨਾ ਚਾਹੁੰਦਾ ਹੈ, ਉਹ ਇਸ ਦੀ ਸਮਰੱਥਾ ਦਾ ਲਾਹਾ ਲੈਣ ਵਿਚ ਨਾਕਾਮ ਰਹਿੰਦਾ ਹੈ। ਦਰਅਸਲ, ਮਿਆਰੀਕ੍ਰਿਤ ਟੈਸਟਾਂ ਅਤੇ ਪ੍ਰੀਖਿਆਵਾਂ ਦਾ ਤਸ਼ੱਦਦ ਇਨਸਾਨੀ ਸੰਭਾਵਨਾਵਾਂ ਦਾ ਗਲਾ ਘੁੱਟ ਦਿੰਦਾ ਹੈ। ਭਾਵੇਂ ਅਜਿਹੇ ਹਰੇਕ ਇਮਤਿਹਾਨ ਜਾਂ ਟੈਸਟ ਤੋਂ ਬਾਅਦ ਟੌਪਰਾਂ ਦੀ ਕਾਮਯਾਬੀ ਦੇ ਸੋਹਲੇ ਗਾਏ ਜਾਂਦੇ ਹਨ, ਉਨ੍ਹਾਂ ਨੂੰ ਵੇਚਿਆ ਜਾਂਦਾ ਹੈ, ਉਨ੍ਹਾਂ ਦੀ ਇਸ਼ਤਿਹਾਰਬਾਜ਼ੀ ਕੀਤੀ ਜਾਂਦੀ ਹੈ ਪਰ ਸਾਡੇ ਬਹੁਤ ਸਾਰੇ ਨੌਜਵਾਨ ਅਣਜਾਣ ਤੇ ਜ਼ਖ਼ਮੀ, ਨਾਕਾਮਯਾਬੀ ਦੇ ਦਾਗ਼ ਅਤੇ ਅਰਥਹੀਣਤਾ ਦੀ ਭਾਵਨਾ ਨਾਲ ਜਿਊਣ ਲਈ ਮਜਬੂਰ ਹੋਣਗੇ।
ਅਸਲ ਮੁੱਦੇ ਦਾ ਹੱਲ ਇੰਨਾ ਆਸਾਨ ਨਹੀਂ ਹੈ। ਇਸ ਦੀ ਥਾਂ ਪ੍ਰੇਰਕ ਬੁਲਾਰਿਆਂ (motivational speakers) ਸੱਦਣਾ ਅਤੇ ਮੈਦਾਨ-ਏ-ਜੰਗ ਵਿਚ ‘ਇਮਤਿਹਾਨੀ ਯੋਧਿਆਂ’ ਵਜੋਂ ਦਾਖ਼ਲ ਹੋਣ ਵਾਲੇ ਇਨ੍ਹਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨਾ ਆਸਾਨ ਹੈ ਜਾਂ ਫਿਰ ਇਸ ਮਾਮਲੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਇਕ ਸਲਾਹਕਾਰ ਕੌਂਸਲਰ ਵਜੋਂ ਵਿਹਾਰ ਕਰਨਾ ਅਤੇ ਫ਼ਿਕਰਾਂ ਦੇ ਮਾਰੇ ਵਿਦਿਆਰਥੀਆਂ ਨੂੰ ਇਮਤਿਹਾਨਾਂ ਨੂੰ ‘ਤਿਉਹਾਰਾਂ’ ਦੇ ਮੌਸਮ ਵਾਂਗ ਦੇਖਣ ਦੀ ਸਲਾਹ ਦੇਣਾ ਵੀ ਸੌਖਾ ਹੈ। ਇਹ ਮੰਨਣਾ ਬਹੁਤ ਹੀ ਔਖਾ ਹੋਵੇਗਾ ਕਿ ਸਾਡੇ ਸਿੱਖਿਆ ਦੇ ਮੌਜੂਦਾ ਤੌਰ-ਤਰੀਕੇ ਇਕ ਤਰ੍ਹਾਂ ਦੀ ਹਿੰਸਾ ਤੋਂ ਵੱਧ ਹੋਰ ਕੁਝ ਨਹੀਂ। ਇਸ ਰਾਹੀਂ ਉਤਪਾਦ ਬਣਾਏ ਜਾਂਦੇ ਹਨ, ਨਾ ਕਿ ਤਰਸ ਭਰੇ ਇਨਸਾਨ। ਇਹ ਖ਼ੁਦਗਰਜ਼ੀ ਅਤੇ ਮੁਕਾਬਲੇਬਾਜ਼ੀ ਨੂੰ ਹੱਲਾਸ਼ੇਰੀ ਦਿੰਦੀ ਹੈ, ਨਾ ਕਿ ਰਲਮਿਲ ਕੇ ਰਹਿਣ ਤੇ ਸਾਂਝਾ ਕਰਨ ਦੇ ਖ਼ੁਮਾਰ ਅਤੇ ਇਕਮੁਠਤਾ ਨੂੰ, ਇਹ ਬੇਜਾਨ ਤੇ ਬੇਰਹਿਮ ਮਾਹਿਰ ਤਾਂ ਪੈਦਾ ਕਰ ਸਕਦੀ ਹੈ, ਜ਼ਰੂਰੀ ਨਹੀਂ ਕਿ ਇਹ ਕਵੀ, ਧਰਮਾਤਮਾ, ਗੂੜ੍ਹ-ਗਿਆਨੀ ਅਤੇ ਇਨਕਲਾਬੀ ਵੀ ਪੈਦਾ ਕਰ ਸਕੇ। ਇਹ ਅਨੁਰੂਪਤਾਵਾਦੀ ਪੈਦਾ ਕਰਦੀ ਹੈ (It produces conformists.)
       ਇਸ ਲਈ, ਪ੍ਰੀਖਿਆਵਾਂ ਦੇ ਇਸ ਦੌਰ ਦੌਰਾਨ, ਸਾਡੇ ਵਿਚੋਂ ਜੋ ਲੋਕ ਵੀ ਵੱਖਰੀ ਤਰ੍ਹਾਂ ਸੋਚਦੇ ਹਨ, ਨੂੰ ਇਕ ਨਵੀਂ ਮੁਹਿੰਮ ਸ਼ੁਰੂ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ ਤਾਂ ਕਿ ਸਿੱਖਿਆ ਨੂੰ ਬਚਾਇਆ ਜਾ ਸਕੇ ਅਤੇ ਨਾਲ ਹੀ ਸਾਡੇ ਬੱਚਿਆਂ ਨੂੰ ਇਕ ਅਜਿਹੀ ਸੋਚ ਦਿੱਤੀ ਜਾ ਸਕੇ, ਜਿਹੜੀ ਟੈਕਨੋ-ਫ਼ਾਸ਼ੀਵਾਦ, ਫ਼ੌਜਪ੍ਰਸਤ ਰਾਸ਼ਟਰਵਾਦ ਅਤੇ ਨਵ-ਉਦਾਰਵਾਦੀ/ਬਾਜ਼ਾਰਮੁਖੀ ਖ਼ਪਤਕਾਰਵਾਦ ਤੋਂ ਆਜ਼ਾਦ ਹੋਵੇ। ਸਾਨੂੰ ਅਜਿਹੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਹਾਲੇ ਤੱਕ ਆਪਣੀ ਰਚਨਾਤਮਕਤਾ ਨਹੀਂ ਗਵਾਈ ਅਤੇ ਨਾਲ ਹੀ ਸਾਨੂੰ ਕੋਚਿੰਗ ਸੈਂਟਰਾਂ ਦੇ ਹਮਲੇ ਦਾ ਵਿਰੋਧ ਕਰਨਾ ਚਾਹੀਦਾ ਹੈ। ਇਸੇ ਤਰ੍ਹਾਂ ਸਾਨੂੰ ਅਜਿਹੇ ਮਾਪਿਆਂ ਨਾਲ ਤਾਲਮੇਲ ਕਰਨਾ ਚਾਹੀਦਾ ਹੈ, ਜਿਹੜੇ ਇਸ ਹਾਲਾਤ ਵਿਚ ਖ਼ੁਦ ਨੂੰ ਹਾਸ਼ੀਏ ਉਤੇ ਧੱਕ ਦਿੱਤੇ ਗਏ ਸਮਝਦੇ ਹਨ, ਕਿਉਂਕਿ ਉਨ੍ਹਾਂ ਨੂੰ ਜਾਪਦਾ ਹੈ ਕਿ ਉਨ੍ਹਾਂ ਦੇ ਬੱਚੇ ਮਹਿਜ਼ ਇਨ੍ਹਾਂ ਟੈਸਟਾਂ ਨੂੰ ਪਾਸ ਕਰਨ ਲਈ ਪੈਦਾ ਨਹੀਂ ਹੋਏ, ਸਗੋਂ ਉਹ ਆਪਣੇ ਰਉਂ ਤੇ ਲੈਅ ਵਿਚ ਜਿਊਣ ਅਤੇ ਬੌਧਿਕ ਜਗਿਆਸਾ ਅਤੇ ਰਚਨਾਤਮਕ ਤਜਰਬਿਆਂ ਵਾਲੇ ਸਿੱਖਣ ਦੇ ਸੱਭਿਆਚਾਰ ਦਾ ਜਸ਼ਨ ਮਨਾਉਣ ਲਈ ਪੈਦਾ ਹੋਏ ਹਨ। ਇਸ ਸਬੰਧ ਵਿਚ ਸਾਨੂੰ ਆਪਣੀ ਆਵਾਜ਼ ਹੋਰ ਬੁਲੰਦੀ ਨਾਲ ਉਠਾਉਣੀ ਚਾਹੀਦੀ ਹੈ। ਆਖ਼ਰ, ਸਿੱਖਿਆ ਨੂੰ ਇਸ ਢਾਂਚੇ ਤੋਂ ਆਜ਼ਾਦੀ ਦਿਵਾਏ ਬਿਨਾਂ ਇਨਸਾਨੀਅਤ ਲਈ ਕੋਈ ਉਮੀਦ ਨਹੀਂ ਬਚਦੀ। ਬਿਨਾਂ ਸ਼ੱਕ, ਸਿਸਟਮ ਤਾਂ ਹਮੇਸ਼ਾ ਹੀ ਮੁਨਾਫ਼ੇ, ਉਤਪਾਦਕਤਾ, ਕੁਸ਼ਲਤਾ ਅਤੇ ਤਕਨੀਕੀ-ਪ੍ਰਬੰਧਕੀ ਯੋਗਤਾਵਾਂ ਦੀ ਹੀ ਭਾਸ਼ਾ ਬੋਲੇਗਾ ਪਰ ਸਾਨੂੰ ਇਨ੍ਹਾਂ ਸਰਕਾਰੀ ਬਿਰਤਾਂਤਾਂ ਦੇ ਖੋਖਲੇਪਣ ਦਾ ਭਾਂਡਾ ਭੰਨਣ ਦੀ ਹਿੰਮਤ ਜੁਟਾਉਣੀ ਹੀ ਪਵੇਗੀ।
*  ਲੇਖਕ ਸਮਾਜਸ਼ਾਸਤਰੀ ਹੈ।

ਜੰਗ ਦਾ ਮਸਲਾ ਅਤੇ ਨਵੇਂ ਸੰਸਾਰ ਦੀ ਉਮੀਦ - ਅਵਿਜੀਤ ਪਾਠਕ

ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਟੈਲੀਵਿਜ਼ਨਾਂ ਉੱਤੇ ਸਮਾਚਾਰ ਚੈਨਲ ਉਸ ਤਬਾਹਕਾਰੀ ਜੰਗ ਬਾਰੇ ਲਗਾਤਾਰ ਕੁਮੈਂਟਰੀ ਕਰਨ ਲੱਗੇ ਹੋਏ ਹਨ ਜਿਸ ਵਿਚ ਘਾਤਕ ਹਥਿਆਰਾਂ ਨਾਲ ਮਦਹੋਸ਼ ਰੂਸੀ ਫ਼ੌਜ ਯੂਕਰੇਨ ਦੇ ਸ਼ਹਿਰਾਂ ਨੂੰ ਨੇਸਤੋ-ਨਾਬੂਦ ਕਰਦੀ ਜਾ ਰਹੀ ਹੈ। ਮੀਡੀਆ ਦੇ ਪ੍ਰਸੰਗਾਂ ਅਤੇ ਮਨੋਵਿਗਿਆਨਕ ਕਮਜ਼ੋਰੀ ਦੇ ਇਸ ਦੌਰ ਵਿਚ ਇਹੋ ਜਿਹੀ ਘਾਤਕ ਜੰਗ ਕਿਸੇ ਨੂੰ ਦਰਸ਼ਨੀ ਲੱਗ ਸਕਦੀ ਹੈ। ਜਿੰਨੀ ਦੇਰ ਤੱਕ ਇਹ ਸਾਡੇ ਉੱਤੇ ਸਿੱਧਾ ਅਸਰ ਨਹੀਂ ਪਾਉਂਦੀ ਤਾਂ ਅਸੀਂ ਕਿਸੇ ਵੀਡੀਓ ਗੇਮ ਵਾਂਗ ਇਸ ਨੂੰ ਇਕ ਕਿਸਮ ਦੇ ਮਨੋਰੰਜਨ ਦਾ ਜ਼ਰੀਆ ਸਮਝ ਬੈਠਦੇ ਹਾਂ! ਜੰਗਾਂ ਭਾਵੇਂ ਆਰਥਿਕ, ਸੱਭਿਆਚਾਰਕ ਤੇ ਹੋਂਦ ਦੇ ਤੌਰ ਤੇ ਕਿੰਨੀਆਂ ਵੀ ਤਰਾਸਦਿਕ ਹੋਣ ਪਰ ਸਾਡੇ ਜਰਨੈਲ, ਟੈਕਨੋ-ਫਾਸ਼ੀਵਾਦੀ, ਖ਼ੁਦਪ੍ਰਸਤ ਆਗੂ ਤੇ ਹਥਿਆਰ ਬਣਾਉਣ ਵਾਲੇ ਸਾਮਰਾਜ ਜੰਗ ਲਈ ਸਾਜ਼ਗਾਰ ਮਾਹੌਲ ਬਣਾਉਂਦੇ ਰਹਿੰਦੇ ਹਨ, ਜਾਂ ਫਿਰ ਜਿਵੇਂ ਵਿਹਾਰਵਾਦੀ ਕਹਿੰਦੇ ਹਨ ਕਿ ਅਸੀਂ ਵੀ ਹਮਲਾਵਰੀ ਅਤੇ ਹਿੰਸਾ ਦੀ ਲੋਕਮੱਤ ਦੇ ਆਦੀ ਹੋ ਜਾਂਦੇ ਹਾਂ ਅਤੇ ਜੰਗ ਨੂੰ ਕਿਸੇ ਨਾ ਕਿਸੇ ਰੂਪ ਵਿਚ ਅੰਗੀਕਾਰ ਕਰ ਲੈਂਦੇ ਹਾਂ।
       ਸੰਭਵ ਹੈ ਕਿ ਬਰਬਾਦੀ ਦੇ ਇਸ ਯੁੱਗ ਵਿਚ ਅਸੀਂ ਟਰੰਪ, ਪੂਤਿਨ, ਜਾਰਜ ਡਬਲਿਊ ਬੁਸ਼ ਜਾਂ ਸੱਦਾਮ ਹੁਸੈਨ ਨੂੰ ਮਹਾਤਮਾ ਗਾਂਧੀ ਤੇ ਮਾਰਟਿਨ ਲੂਥਰ ਕਿੰਗ ਜੂਨੀਅਰ ਜਾਂ ਦਲਾਈਲਾਮਾ ਤੇ ਥਿਚ ਨਾਤ ਹਾਨ ਨਾਲੋਂ ਹਕੀਕੀ ਬਿੰਬ ਵਜੋਂ ਦੇਖਦੇ ਹਾਂ। ਕੀ ਪਤਾ ਅਸੀ ਅਮਨਪ੍ਰਸਤਾਂ ਦੀ ਜੰਗ ਵਿਰੋਧੀ ਪੁਜ਼ੀਸ਼ਨ ਦਾ ਮਜ਼ਾਕ ਉਡਾਉਂਦੇ ਹੋਈਏ ਅਤੇ ਉਨ੍ਹਾਂ ਨੂੰ ‘ਖਿਆਲੀ ਪੁਲਾਓ’ ਅਤੇ ਗ਼ੈਰ-ਵਿਹਾਰਕ ਕਰਾਰ ਦਿੰਦੇ ਹੋਈਏ? ਕੀ ਉਦੋਂ ਅਸੀਂ ਜੰਗ, ਮਾਨਸਿਕ ਸਦਮੇ, ਸ਼ਰਨਾਰਥੀਆਂ ਦੀ ਆਮਦ, ਬੇਘਰੇਪਣ ਅਤੇ ਹਮਲੇ ਦੇ ਸ਼ਿਕਾਰ ਹੋਏ ਮੁਲਕਾਂ ਦੀਆਂ ਵਸਨੀਕ ਔਰਤਾਂ ਨਾਲ ਹੋਈਆਂ ਵਧੀਕੀਆਂ ਦੇ ਰੂਪ ਵਿਚ ਕੀਮਤ ਤਾਰਨ ਲਈ ਤਿਆਰ ਹੋ ਰਹੇ ਹੁੰਦੇ ਹਾਂ?
       ਮਨੁੱਖੀ ਇਤਿਹਾਸ ਜੰਗ ਦੇ ਬਿਰਤਾਂਤਾਂ ਨਾਲ ਅੱਟਿਆ ਪਿਆ ਹੈ। ਬਹਰਹਾਲ, ਸਾਨੂੰ ਜੋ ਗੱਲ ਪ੍ਰੇਸ਼ਾਨ ਕਰਦੀ ਹੈ, ਉਹ ਹੈ ਆਧੁਨਿਕਤਾ ਦੀ ਹੋਣੀ। ਇਹ ਕਿਉਂ ਹੈ ਕਿ ਆਧੁਨਿਕਤਾ ਦੇ ਯੁੱਗ ਨੂੰ ਤਰੱਕੀ, ਤਰਕ ਅਤੇ ਆਜ਼ਾਦੀ ਦਾ ਅਲੰਬਰਦਾਰ ਆਖਿਆ ਜਾਂਦਾ ਹੈ ਪਰ ਫਿਰ ਵੀ ਸਾਡੀ ਚੇਤਨਾ ਇੰਨੀ ਕੁੰਦ ਹੁੰਦੀ ਜਾ ਰਹੀ ਹੈ? ਸਾਨੂੰ ਅਮਨ ਅਤੇ ਇਕਜੁੱਟਤਾ ਦੀ ਧਰਤ ਮੁਹੱਈਆ ਕਰਾਉਣ ਦੀ ਬਜਾਇ ਆਧੁਨਿਕਤਾ ਨੇ ਬੇਹੱਦ ਸਟੀਕ ਹਿਸਾਬ ਅਤੇ ਹਿੰਸਾ ਤੇ ਜਨ-ਤਬਾਹੀ ਦੇ ਮਾਰੂ ਹਥਿਆਰਾਂ ਦੀ ਤਕਨੀਕ ਜ਼ਰੀਏ ਸਾਨੂੰ ਜੰਗਾਂ ਦੇ ਕਦੇ ਨਾ ਖ਼ਤਮ ਹੋਣ ਵਾਲੇ ਚੱਕਰ ਵਿਚ ਫਸਾ ਦਿੱਤਾ ਹੈ। ਸਭਿਅਤਾ ਅਤੇ ਲੋਕਰਾਜ ਨੂੰ ਬਹਾਲ ਕਰਨ ਦੇ ਨਾਂ ਉੱਤੇ ਲੜੀ ਗਈ ਖਾੜੀ ਦੀ ਜੰਗ ਹੋਵੇ ਜਾਂ ਯੂਕਰੇਨ ਵਿਚ ਪੂਤਿਨ ਦੇ ਸ਼ਬਦਾਂ ਵਿਚ ਇਸ ਨੂੰ ‘ਨਵ ਨਾਜ਼ੀਆਂ’ ਦੀ ਚੁੰਗਲ ਤੋਂ ਬਚਾਉਣ ਲਈ ਖੇਡਿਆ ਜਾ ਰਿਹਾ ਤਬਾਹੀ ਦਾ ਤਾਂਡਵ ਹੋਵੇ, ਜੰਗ ਨੂੰ ਕਦੇ ਵੀ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ।
       ਸੰਭਵ ਹੈ ਕਿ ਆਧੁਨਿਕਤਾ ਜੰਗਾਂ ਨਾਲੋਂ ਆਪਣਾ ਨਾਤਾ ਕਿਉਂ ਨਹੀਂ ਤੋੜ ਸਕੀ, ਇਸ ਦੇ ਤਿੰਨ ਮਿਲੇ ਜੁਲੇ ਤਬਾਹਕਾਰੀ ਕਾਰਨ ਹਨ- ਅਤਿ ਰਾਸ਼ਟਰਵਾਦ ਦਾ ਬਿਰਤਾਂਤ ਜਿਸ ਨੂੰ ਅਕਸਰ ਟੈਕਨੋ-ਨਿਰੰਕੁਸ਼ ਸਟੇਟ ਅਤੇ ਇਸ ਦੇ ਹਿਟਲਰ ਤੇ ਪੂਤਿਨ ਜਿਹੇ ਖ਼ੁਦਪ੍ਰਸਤ ਆਗੂਆਂ ਵਲੋਂ ਪਵਿੱਤਰਤਾ ਦਾ ਦਰਜਾ ਦਿੱਤਾ ਜਾਂਦਾ ਹੈ, ਜੰਗ-ਪਸੰਦੀ ਨੂੰ ਮਰਦਾਨਗੀ ਦੀ ਨਿਸ਼ਾਨੀ ਗਿਣਿਆ ਜਾਂਦਾ ਹੈ ਜੋ ਦੁਸ਼ਮਣਾਂ ਤੋਂ ਭੈਅ ਦਾ ਮਾਹੌਲ ਸਿਰਜਦੀ ਹੈ ਤੇ ਸਿੰਜਦੀ ਹੈ ਅਤੇ ਇਸ ਤਰ੍ਹਾਂ ਦੇਸ਼ਭਗਤੀ ਅਤੇ ਕੁਰਬਾਨੀ ਦੇ ਨਾਂ ਉੱਤੇ ਇਸ ਨੂੰ ਪਾਵਨਤਾ ਦਾ ਦਰਜਾ ਦਿੱਤਾ ਜਾਂਦਾ ਹੈ, ਤੇ ਸਭ ਤੋਂ ਵਧ ਕੇ ਇਸ ਨਾਲ ਆਧੁਨਿਕ ਪੂੰਜੀਵਾਦ, ਸੱਤਾਵਾਦੀ ਸਮਾਜਵਾਦ ਅਤੇ ਇਸ ਦੀਆਂ ਬਸਤੀਵਾਦੀ ਤੇ ਸਾਮਰਾਜੀ ਖਾਹਸ਼ਾਂ ਨਾਲ ਜੁੜਿਆ ਹੋਇਆ ਜ਼ਾਹਰਾ ਲਾਲਚ। ਇਸ ਲਈ ਇਸ ਤੇ ਕੋਈ ਹੈਰਾਨੀ ਨਹੀਂ ਹੁੰਦੀ ਕਿ ਅਸੀਂ ਇਹੋ ਜਿਹੀ ਦੁਨੀਆ ਵਿਚ ਮੌਤ ਨਾਲ ਨੱਚ ਸਕਦੇ ਹਾਂ, ਦੂਜੀ ਸੰਸਾਰ ਜੰਗ ਵਿਚ ਸਾਢੇ ਸੱਤ ਕਰੋੜ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦੇ ਹਾਂ ਅਤੇ ਜ਼ਿਗਮੌਂਟ ਬੌਮਨ ਦੇ ਸ਼ਬਦਾਂ ਵਿਚ ਵਿਗਿਆਨਕ ਯੋਜਨਾਬੰਦੀ ਜ਼ਰੀਏ ਨਸਲਘਾਤ ਬਾਰੇ ਸੋਚ ਸਕਦੇ ਹਾਂ। 1956 ਵਿਚ ਅਸੀਂ ਸੋਵੀਅਤ ਟੈਂਕਾਂ ਤੇ ਦਸਤਿਆਂ ਨੂੰ ਹੰਗਰੀ ਵਿਚ ਹੋਏ ਕੌਮੀ ਵਿਦਰੋਹ ਨੂੰ ਕੁਚਲਦਿਆਂ ਦੇਖਿਆ ਹੈ ਜਾਂ ਫਿਰ ਅਮਰੀਕਾ ਨੂੰ 1991 ਵਿਚ ਇਰਾਕ ਉਪਰ ਹਜ਼ਾਰਾਂ ਬੰਬ ਵਰ੍ਹਾਉਂਦੇ ਹੋਏ ਆਪਣੀ ਫ਼ੌਜੀ ਤਾਕਤ ਦਾ ਮੁਜ਼ਾਹਰਾ ਕਰਦੇ ਹੋਏ ਦੇਖਿਆ ਹੈ। ਵੀਅਤਨਾਮ ਤੋਂ ਲੈ ਕੇ ਅਫ਼ਗਾਨਿਸਤਾਨ ਤੇ ਯੂਕਰੇਨ ਤੱਕ ਇਹੀ ਕਹਾਣੀ ਵਾਰ ਵਾਰ ਚਲਦੀ ਆ ਰਹੀ ਹੈ।
       ਅਫ਼ਸੋਸ ਦੀ ਗੱਲ ਹੈ ਕਿ ਮੌਜੂਦਾ ਸਿੱਖਿਆ ਪੱਧਤੀ ਨੌਜਵਾਨ ਜਗਿਆਸੂਆਂ ਨੂੰ ਕਦੇ ਕਦਾਈਂ ਫ਼ੌਜੀ ਰਾਸ਼ਟਰਵਾਦ ਅਤੇ ਇਸ ਦੀ ਵਿਚਾਰਧਾਰਾ ਨਾਲ ਜੁੜਨ ਲਈ ਪ੍ਰੇਰਦੀ ਹੈ। ਜੇ ਤੁਸੀਂ ਕਿਸੇ ਔਸਤਨ ਸਕੂਲੀ ਜਾਂ ਕਾਲਜੀਏਟ ਵਿਦਿਆਰਥੀ ਨੂੰ ਪੁੱਛੋਗੇ ਤਾਂ ਦੇਖੋਗੇ ਕਿ ਕਿਵੇਂ ਉਸ ਦੇ ਦਿਮਾਗ ਪਹਿਲਾਂ ਹੀ ਕੁਝ ਧਾਰਨਾਵਾਂ ਨੂੰ ਸਵੀਕਾਰਨ ਲਈ ਤਿਆਰ ਕਰ ਦਿੱਤਾ ਜਾਂਦਾ ਹੈ, ਮਸਲਨ, ਪਾਕਿਸਤਾਨ ਸਾਡਾ ਦੁਸ਼ਮਣ ਹੈ, ਫ਼ੌਜੀ ਹਮਲਾ ਬੁਰੀ ਚੀਜ਼ ਨਹੀਂ ਹੈ ਕਿਉਂਕਿ ਸਾਡੇ ਫ਼ੌਜੀ ਸੱਚੇ ਦੇਸ਼ਭਗਤ ਦੇ ਤੌਰ ਤੇ ਸਾਡੇ ਰਾਸ਼ਟਰ ਦੀ ਰੱਖਿਆ ਕਰ ਰਹੇ ਹਨ! ਸਾਡੀ ਸਿੱਖਿਆ ਪ੍ਰਣਾਲੀ ਨੌਜਵਾਨ ਵਿਦਿਆਰਥੀਆਂ ਨੂੰ ਵੱਖੋ ਵੱਖਰੇ ਰੰਗਾਂ ਦੇ ਲੜਾਕੇ - ਸਮਾਜਿਕ ਡਾਰਵਿਨਵਾਦ ਦੀ ਧਾਰਨਾ ਵਾਲੇ ਅਤਿ ਦੇ ਮੁਕਾਬਲੇਬਾਜ਼ ਕੈਰੀਅਰਵਾਦੀ, ਤਰਕ ਪੂਜਕ ਟੈਕਨੋ-ਮੈਨੇਜਰ ਜਾਂ ਸਰੀਰਕ ਤਾਕਤ ਦੇ ਲਾਲਸੀ ਬਣਾਉਂਦੀ ਹੈ ਜੋ ਸੌਖਿਆਂ ਹੀ ਨਿਰੰਕੁਸ਼ ਸ਼ਖ਼ਸੀਅਤਾਂ ਦੇ ਪ੍ਰਭਾਵ ਹੇਠ ਆ ਜਾਂਦੇ ਹਨ।
    ਫਿਰ ਉਨ੍ਹਾਂ ਲੋਕਾਂ ਨੂੰ ਅੱਗੇ ਆ ਕੇ ਜੰਗ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਅਤੇ ਅਮਨਪਸੰਦੀ ਦੀ ਲਹਿਰ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਹਾਲੇ ਵੀ ਮਨੁੱਖੀ ਚੰਗਿਆਈ ਵਿਚ ਭਰੋਸਾ ਨਹੀਂ ਗੁਆਇਆ। ਇਸ ਲਈ ਸਾਡੀ ਸੰਸਾਰ ਦ੍ਰਿਸ਼ਟੀ ਵਿਚ ਬੁਨਿਆਦੀ ਤਬਦੀਲੀ ਲਿਆਉਣ ਦੀ ਲੋੜ ਹੈ। ਦੂਜਿਆਂ ਉੱਤੇ ਹਾਵੀ ਹੋਣ ਬਿਨਾਂ ਸਾਡੀਆ ਵਹਿਸ਼ੀ ਖਾਹਸ਼ਾਂ ਤੇ ਖੁਦਪ੍ਰਸਤ ਲਾਲਸਾ ਤੋਂ ਐਰਿਕ ਫਰੌਮ ਦੇ ਸ਼ਬਦਾਂ ਵਿਚ ‘ਮੁਹੱਬਤ ਦੀ ਕਲਾ’ ਵਿਚ, ਸੱਤਾ ਦੀ ਮਨਵਚਨੀ ਨੂੰ ਥਿਚ ਨਾਤ ਹਾਨ੍ਹ ਦੇ ਸ਼ਬਦਾਂ ਵਿਚ ਸਨੇਹ ਤੇ ਕਰੁਨਾਮਈ ਢੰਗ ਨਾਲ ਸੁਣਨ, ਬਸਤੀਵਾਦੀ ਆਕਰਮਣ ਤੇ ਜੰਗ-ਪਸੰਦੀ ਤੋਂ ਗਾਂਧੀ ਦੇ ਲਫ਼ਜ਼ਾਂ ਵਿਚ ਅਹਿੰਸਾ ਤੇ ਸਤਿਆਗ੍ਰਹਿ ਦੀ ਕਲਾ ਵਿਚ, ਜਾਂ ਜੋਹਾਨ ਗੈਲਟੰਗ ਦੇ ਸ਼ਬਦਾਂ ਵਿਚ ਟਕਰਾਅ ਨਿਬੇੜੇ ਦੀ ਵਿਧੀ ਵਿਚ, ਵਿਗਿਆਨ ਤੇ ਤਕਨੀਕੀ ਹਿੰਸਾ ਤੋਂ ਚੌਗਿਰਦੇ ਦੀ ਪਾਵਨਤਾ ਜਾਂ ਜਿਸ ਨੂੰ ਨਾਰੀਵਾਦੀ ਮਾਰਮਿਕਤਾ ਦੇ ਇਖ਼ਲਾਕ ਕਰਾਰ ਦਿੰਦੇ ਹਨ, ਵਿਚ ਤਬਦੀਲੀ ਦਰਕਾਰ ਹੈ। ਈਸਾ ਮਸੀਹ ਹੋਣ ਜਾਂ ਬੁੱਧ ਜਾਂ ਫਿਰ ਲਿਓ ਤਾਲਸਤਾਏ ਦੀ ‘ਦਿ ਕਿੰਗਡਮ ਆਫ ਗੌਡ ਇਜ਼ ਵਿਦਿਨ ਯੂ’ ਅਤੇ ਟੈਗੋਰ ਦੀ ‘ਗੀਤਾਂਜਲੀ’,  ਉਨ੍ਹਾਂ ਵਿਚੋਂ ਅਸੀਂ ਮਾਨਵਤਾ ਦੀ ਪਰਵਾਜ਼ ਦੀ ਬਿਹਤਰੀਨ ਉਮੰਗ ਦੇਖਦੇ ਹਾਂ।
     ਇਸ ਓਰਵੈਲੀਅਨ ਜਾਂ ਫੂਕੋਈਅਨ ਸੰਸਾਰ ਵਿਚ ਗਿਣਤੀ ਦੇ ਹੀ ਲੋਕ ਹੋਣਗੇ ਜੋ ਅਮਨਪਸੰਦਾਂ ਦੀ ਗੱਲ ਦੇ ਕਾਇਲ ਹੋਣਗੇ। ਇਹ ਭਾਵੇਂ ਯੂਟੋਪੀਆ ਹੀ ਲੱਗੇ, ਤਾਂ ਵੀ ਸਾਨੂੰ ਸੱਤਿਆਗ੍ਰਹਿ ਦੀ ਸੂਖਮ ਕਲਾ ਲਈ ਪ੍ਰੇਰਨਾ ਲੈਣ ਲਈ ਇਸ ਦੀ ਲੋੜ ਹੈ ਜਾਂ ਸ਼ਾਂਤਮਈ ਦੁਨੀਆ ਦੇ ਬੀਜ ਬੀਜਣ ਲਈ ਰਚਨਾਤਮਿਕ ਸੂਖਮ ਅਤੇ ਨੈਤਿਕ ਤੌਰ ਤੇ ਉਨਤ ਸਿੱਖਿਆ ਦੇ ਤੌਰ ਤੇ ਇਸ ਦੀ ਲੋੜ ਹੈ। ਸਾਨੂੰ ਇਸ ਯੂਟੋਪੀਆ ਦੀ ਇਸ ਕਰ ਕੇ ਵੀ ਲੋੜ ਹੈ ਤਾਂ ਕਿ ਸਾਡੇ ਬੱਚੇ ਇਹ ਅਹਿਸਾਸ ਕਰ ਸਕਣ ਕਿ ਜੰਗ-ਪਸੰਦੀ ਵਾਲਾ ਬਿੰਬ ਚੰਗਾ ਨਹੀਂ ਹੁੰਦਾ ਹੈ, ਪਰਮਾਣੂ ਹਥਿਆਰਾਂ ਦੀ ਈਜਾਦ ਸਾਡੇ ਨੈਤਿਕ ਨਿਘਾਰ ਦਾ ਪ੍ਰਤੀਕ ਹੈ ਅਤੇ ਖ਼ੁਦਪ੍ਰਸਤੀ ਕੋਈ ਦਲੇਰਾਨਾ ਇਜ਼ਹਾਰ ਨਹੀਂ ਸਗੋਂ ਨਿਰੰਤਰ ਡਰ ਤੇ ਮਾਨਸਿਕ ਅਸੁਰੱਖਿਆ ਦੀ ਨਿਸ਼ਾਨੀ ਹੈ, ਤੇ ਪਰਮਾਣੂ ਬੰਬਾਂ ਦੀ ਤਾਕਤ ਪਿਆਰ ਤੇ ਕਰੁਨਾ ਤੋਂ ਵਡੇਰੀ ਨਹੀਂ ਹੈ। ਮਾੜੇ ਤੋਂ ਮਾੜੇ ਹਾਲਾਤ ਵਿਚ ਨਵੇਂ ਸੰਸਾਰ ਦੀ ਉਮੀਦ ਬੁਝਣੀ ਨਹੀਂ ਚਾਹੀਦੀ। ਇਸ ਚਲਦੀ ਜੰਗ ਦੌਰਾਨ ਜਿਵੇਂ ਅਸੀਂ ਮਾਸਕੋ ਦੀਆਂ ਗਲੀਆਂ ਅਤੇ ਸੜਕਾਂ ਉੱਤੇ ਅਮਨਪਸੰਦ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਜੰਗ ਵਿਰੋਧੀ ਨਾਅਰੇ ਲਾਉਂਦੇ ਅਤੇ ਅਮਨ ਦੇ ਹੱਕ ਵਿਚ ਝੰਡਾ ਬੁਲੰਦ ਕਰਦੇ ਹੋਏ ਦੇਖਿਆ ਹੈ ਜੋ ਦਿਲਾਂ ਨੂੰ ਧਰਵਾਸ ਦਿੰਦੇ ਹਨ। ਭਲਾ, ਸਾਨੂੰ ਇਸ ਉਮੀਦ ਦੀ ਮੁਕਤੀਦਾਤੀ ਤਾਕਤ ਦੇ ਖੰਡਨ ਤੋਂ ਕੀ ਮਿਲੇਗਾ?
* ਲੇਖਕ ਸਮਾਜ ਸ਼ਾਸਤਰੀ ਹੈ।

ਪਹਿਰਾਵੇ ਦੀ ਧਾਰਮਿਕ ਪਛਾਣ ਅਤੇ ਫ਼ਿਰਕੂ ਜ਼ਹਿਰ - ਅਵਿਜੀਤ ਪਾਠਕ

ਅਧਿਆਪਕ ਹੋਣ ਦੇ ਨਾਤੇ ਮੈਂ ਹਮੇਸ਼ਾ ਆਪਣੇ ਆਪ ਨੂੰ ਬਹੁ-ਸੱਭਿਆਚਾਰਕ ਜਮਾਤ (classroom) ਵਿਚ ਪਾਉਂਦਾ ਹਾਂ ਜਿਸ ਦੀ ਖ਼ਾਸੀਅਤ ਹੈ ਇਸ ਦੀ ਵੰਨ-ਸਵੰਨਤਾ, ਇਸ ਦੀ ਅਨੇਕਤਾ, ਫਿਰ ਵੀ ਇਸ ਵਿਚ ਆਪਸ ਵਿਚ ਜੁੜੇ ਰਹਿਣ ਦੀ ਲੈਅ ਬਰਕਰਾਰ ਰਹਿੰਦੀ ਹੈ। ਮੈਂ ਅਜਿਹੀਆਂ ਮੁਸਲਿਮ ਕੁੜੀਆਂ ਨੂੰ ਦੇਖਿਆ ਹੈ ਜੋ ਹਿਜਾਬ ਪਹਿਨ ਕੇ ਆਉਂਦੀਆਂ ਹਨ ਪਰ ਉਹ ਕਾਰਲ ਮਾਰਕਸ, ਮਿਸ਼ੇਲ ਫੂਕੋ ਆਦਿ ਬਾਰੇ ਉਮਦਾ ਸੋਚ ਦਾ ਮੁਜ਼ਾਹਰਾ ਕਰਦੀਆਂ ਹਨ। ਮੇਰੀ ਖ਼ੁਸ਼ਕਿਸਮਤੀ ਹੈ ਕਿ ਮੈਂ ਅਜਿਹੇ ਯੂਰੋਪੀਅਨ ਵਿਦਿਆਰਥੀਆਂ ਨੂੰ ਮਿਲ ਤੇ ਦੇਖ ਸਕਿਆ ਹਾਂ ਜਿਹੜੇ ਗਾਂਧੀ ਦੀ ਕਿਤਾਬ ‘ਐਕਸਪੈਰੀਮੈਂਟ ਵਿਦ ਟਰੁੱਥ’ ਵਿਚ ਡੂੰਘੀ ਦਿਲਚਸਪੀ ਰੱਖਦੇ ਹਨ। ਹਿੰਦੂ, ਮੁਸਲਿਮ, ਸਿੱਖ, ਈਸਾਈ ਵਿਦਿਆਰਥੀ ਜਾਂ ਹਿਜਾਬ, ਪੱਗ, ਕੁੜਤਾ, ਜੀਨਜ਼ ਆਦਿ ਪਹਿਨਣ ਵਾਲੇ ਵਿਦਿਆਰਥੀ ਭਾਵੇਂ ਇਕੋ ਥਾਂ ਹੁੰਦੇ ਹਨ ਪਰ ਮੈਨੂੰ ਇਸ ਵਿਚ ਕਦੇ ਕੋਈ ਸਮੱਸਿਆ ਮਹਿਸੂਸ ਨਹੀਂ ਹੋਈ ਸਗੋਂ ਇਹ ਜ਼ਾਹਿਰਾ ਅਨੇਕਤਾ ਜਾਨਦਾਰ/ਜੋਸ਼ੀਲੀ ਜਮਾਤ ਨੂੰ, ਇਕੋ ਜਿਹੀਆਂ ਵਰਦੀਆਂ ਪਹਿਨੀ ਦਿਖਾਈ ਦਿੰਦੀ ਫ਼ੌਜੀ ਜਵਾਨਾਂ ਦੀ ਟੁਕੜੀ ਦੀ ਬੇਜਾਨ ਇਕਰੂਪਤਾ ਤੋਂ ਵਖਰਿਆਉਂਦੀ ਹੈ। ਇਹੀ ਨਹੀਂ, ਇਸ ਤਰ੍ਹਾਂ ਦੀ ਜਮਾਤ ਵਿਚ ਵਿਚਾਰਾਂ ਦਾ ਵਟਾਂਦਰਾ ਉਹ ਕੁਝ ਹਾਸਲ ਕਰ ਲੈਂਦਾ ਹੈ ਜਿਸ ਲਈ ਸਾਨੂੰ ਹਮੇਸ਼ਾ ਕੋਸ਼ਿਸ਼ ਕਰਨੀ ਚਾਹੀਦੀ ਹੈ : ਭਾਵ ਹੋਰਾਂ ਨਾਲ ਰਹਿਣ ਤੇ ਹੋਰਾਂ ਤੋਂ ਸਿੱਖਣ ਦੀ ਸਮਰੱਥਾ, ਉਦੋਂ ਵੀ ਜਦੋਂ ਕੋਈ ਆਪਣੀ ਸੱਭਿਆਚਾਰਕ ਪਛਾਣ ਤੋਂ ਸ਼ਰਮਿੰਦਾ ਨਾ ਹੋਵੇ। ਇਹੋ ਉਹ ਚੀਜ਼ ਹੈ ਜਿਸ ਨੂੰ ਮੈਂ ਗੂੜ੍ਹੀ ਵਿਸ਼ਵਵਿਆਪਕਤਾ (cosmopolitanism) ਵਜੋਂ ਮੰਨਦਾ ਹਾਂ ਅਤੇ ਸਾਡੇ ਵਰਗੇ ਵੰਨ-ਸਵੰਨਤਾ ਭਰੇ ਸਮਾਜ ਨੂੰ ਇਸ ਦੀ ਲੋੜ ਹੈ।
        ਉਂਝ, ਨਾਲ ਹੀ ਇੰਝ ਵੀ ਜਾਪਦਾ ਹੈ ਜਿਵੇਂ ਅਸੀਂ ਅਜਿਹੇ ਬਿਮਾਰ ਸਮਾਜ ਵਿਚ ਰਹਿ ਰਹੇ ਹੋਈਏ ਕਿ ਬਹੁਗਿਣਤੀ ਆਧਾਰਿਤ ਹਿੰਸਾ, ਡੂੰਘੀ ਸੱਭਿਆਚਾਰਕ ਤੇ ਮਾਨਸਿਕ ਅਸੁਰੱਖਿਆ ਅਤੇ ਜਿਸ ਤਰੀਕੇ ਨਾਲ ਸੰਗਠਿਤ ਧਰਮਾਂ ਵੱਲੋਂ ਕਿਸੇ ਦੀ ਪਛਾਣ ਨੂੰ ਪਰਿਭਾਸ਼ਿਤ ਕੀਤਾ ਤੇ ਇਸ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ, ਉਸ ਮੁਤਾਬਕ ਕੰਮ ਕਰਦੀ ਸਨਕੀ ਸੋਚ ਜਿਸ ਦੀ ਖ਼ੂਬੀ ਹੈ। ਕਰਨਾਟਕ ਵਿਚ ਜਾਰੀ ਮੌਜੂਦਾ ਹਿਜਾਬ ਵਿਵਾਦ ਸਾਫ਼ ਇਸ਼ਾਰਾ ਕਰਦਾ ਹੈ ਕਿ ਹੁਣ ਤਾਂ ਸਾਡੇ ਵਿੱਦਿਅਕ ਅਦਾਰੇ ਤੱਕ ਵੀ ਜ਼ਹਿਰੀ, ਪਿਛਾਂਹਖਿਚੂ ਤੇ ਫੁੱਟ-ਪਾਊ ਬਣ ਰਹੇ ਹਨ। ਜ਼ਰਾ ਸੋਚੋ, ਕਾਲਜ ਵਿਦਿਆਰਥੀ ਅੱਜ ਸਾਇੰਸ, ਫਿਲਾਸਫੀ ਅਤੇ ਸਾਹਿਤ ਨਾਲ ਸੰਬੰਧਿਤ ਡੂੰਘੇ ਸਵਾਲਾਂ ਬਾਰੇ ਸੋਚ-ਵਿਚਾਰਾਂ ਕਰਨ ਦੀ ਥਾਂ ‘ਜੈ ਸ੍ਰੀ ਰਾਮ’ ਜਾਂ ‘ਅੱਲ੍ਹਾ ਹੂ ਅਕਬਰ’ ਦੇ ਨਾਅਰੇ ਲਾ ਰਹੇ ਹਨ। ਉਨ੍ਹਾਂ ਤੋਂ ਤਵੱਕੋ ਕੀਤੀ ਜਾਂਦੀ ਹੈ ਕਿ ਉਹ ਘੁਮੱਕੜ ਹੋਣ, ਮਿਲ ਕੇ ਕੰਮ ਕਰਨ ਅਤੇ ਮਹਾਨ ਕਿਤਾਬਾਂ ਤੇ ਵਿਚਾਰਾਂ ਉਤੇ ਜ਼ੋਰਦਾਰ ਬਹਿਸ ਕਰਦਿਆਂ ਆਪਣੀ ਜਮਾਤ ਨੂੰ ਮੋਹ ਲੈਣ ਪਰ ਇਥੇ ਹਿੰਦੂਤਵ ਦੇ ਕੱਟੜ-ਰਾਸ਼ਟਰਵਾਦੀ ਝੰਡਾਬਰਦਾਰ ਇੰਨੇ ਅਸੁਰੱਖਿਅਤ ਹਨ ਕਿ ਜਦੋਂ ਉਨ੍ਹਾਂ ਨੂੰ ਹਿਜਾਬ ਪਹਿਨ ਕੇ ਦੋਪਹੀਆ ਵਾਹਨ ਚਲਾਉਂਦੀ ਕੋਈ ਅਜਿਹੀ ਮੁਸਲਿਮ ਕੁੜੀ ਦਿਖਾਈ ਦਿੰਦੀ ਹੈ ਜਿਹੜੀ ਉਨ੍ਹਾਂ ਦੇ ਹਮਲਾਵਰ ਰੁਖ਼ ਅੱਗੇ ਖ਼ਾਮੋਸ਼ ਹੋਣ ਤੋਂ ਇਨਕਾਰੀ ਹੋ ਜਾਂਦੀ ਹੈ ਤਾਂ ਉਹ ਖ਼ਤਰਾ ਮਹਿਸੂਸ ਕਰਦੇ ਹਨ। ਤ੍ਰਾਸਦੀ ਇਹ ਹੈ ਕਿ ਸਾਡੇ ਅਕਾਦਮਿਕ ਅਫ਼ਸਰਸ਼ਾਹਾਂ ਨੇ ਸੰਵਾਦਮੁਖੀ, ਆਲੋਚਨਾਤਮਕ, ਚਿੰਤਨਸ਼ੀਲ ਸਿੱਖਿਆ ਸ਼ਾਸਤਰ ਦੇ ਲੋਕਾਚਾਰ ਨੂੰ ਤਾਂ ਕੀ ਹੁਲਾਰਾ ਦੇਣਾ ਸਗੋਂ ਉਹ ਪਹਿਰਾਵੇ ਦੇ ਮੁੱਦੇ ਉਤੇ ਹੀ ਉਲਝ ਜਾਂਦੇ ਹਨ। ਇਹ ਧਰਮ ਨਿਰਪੱਖਤਾ ਨਹੀਂ ਹੈ ਸਗੋਂ ਇਹ ਯਕੀਨਨ ਮੁਸਲਿਮ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਅਤੇ ਬੇਇੱਜ਼ਤ ਕਰਨ ਦੀ ਸਾਜਿ਼ਸ਼ ਹੈ।
      ਫ਼ਿਰਕੂ ਤੌਰ ਤੇ ਕਸ਼ੀਦਗੀ ਭਰੇ ਇਸ ਮਾਹੌਲ ਦੇ ਉਲਟ ਕਿਸੇ ਅਜਿਹੀ ਜਮਾਤ ਦਾ ਤਸੱਵੁਰ ਕਰੋ ਜਿਥੇ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਦੇ ਗੂੜ੍ਹ ਸਵਾਲ ਪੁੱਛਣ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ : ਕੀ ਇਹ ਆਖਿਆ ਜਾ ਸਕਦਾ ਹੈ ਕਿ ਕੋਈ ਇਨਸਾਨ ਜੋ ਵੀ ਪਹਿਰਾਵਾ ਪਹਿਨਦਾ ਹੈ, ਉਹ ਹਮੇਸ਼ਾ ਲਾਜ਼ਮੀ ਤੌਰ ਤੇ ਉਸ ਦੀ ਆਜ਼ਾਦ ਪਸੰਦ ਹੁੰਦਾ ਹੈ? ਇਥੇ ਕਿਸੇ ਅਜਿਹੀ ਹੁਸਨ ਦੀ ਮਲਿਕਾ ਬਾਰੇ ਸੋਚੋ ਜਿਸ ਨੇ ਫੈਂਸੀ ਪਹਿਰਾਵਾ ਪਹਿਨਿਆ ਹੋਵੇ, ਕੀ ਇਹ ਉਸ ਦੀ ਮਨਮਰਜ਼ੀ ਦੀ ਪਸੰਦ ਹੈ? ਜਾਂ ਫਿਰ ਇਹ ਕਿ ਬਾਜ਼ਾਰੀ ਪਹੁੰਚ ਵਾਲੀ ਸੁੰਦਰਤਾ ਸਨਅਤ ਅਤੇ ਇਸ ਨਾਲ ਜੁੜੀ ‘ਬਰਾਂਡ’ ਚੇਤਨਾ ਨੇ ਪਹਿਲਾਂ ਹੀ ਇਹ ਪਰਿਭਾਸ਼ਿਤ ਕਰ ਦਿੱਤਾ ਹੈ ਕਿ ਉਸ ਨੂੰ ਕੀ ਪਹਿਨਣਾ ਪਵੇਗਾ, ਭਾਵੇਂ ਉਹ ਅਜਿਹਾ ਸੋਚਦੀ ਹੋਵੇ ਕਿ ਉਹ ਬਹੁਤ ਆਧੁਨਿਕ ਹੈ ਅਤੇ ਉਹ ਸਭ ਤਰ੍ਹਾਂ ਦੀਆਂ ਪੁਰਾਣੀਆਂ ਰੀਤਾਂ ਤੋਂ ਉਪਰ ਉਠ ਚੁੱਕੀ ਹੈ? ਇਸੇ ਤਰ੍ਹਾਂ ਜਦੋਂ ਕੋਈ ਹਿੰਦੂ ਔਰਤ ਸਿੰਧੂਰ ਨੂੰ ਆਪਣੇ ਵਿਆਹੁਤਾ ਰੁਤਬੇ ਦੇ ਖ਼ਾਸ ਪ੍ਰਤੀਕ ਵਜੋਂ ਦੇਖਦੀ ਹੈ, ਕੀ ਉਹ ਸੱਚਮੁੱਚ ਆਜ਼ਾਦ ਹੈ? ਜਾਂ ਫਿਰ ਇਹ ਕਿ ਉਹ ਪਹਿਲਾਂ ਹੀ ਆਪਣੀਆਂ ਧਾਰਮਿਕ ਰਵਾਇਤਾਂ ਵਿਚ ਬੱਝੀ ਹੋਈ ਹੈ? ਸੰਭਵ ਹੈ ਕਿ ਇਸ ਦੇ ਸਮਾਜੀਕਰਨ ਅਤੇ ਫਿਰ ਸਿੱਟੇ ਵਜੋਂ ਉਸ ਦੇ ਇਸ ਵਿਚ ਰਚ-ਮਿਚ ਜਾਣ ਕਾਰਨ ਇਹ ਹਾਲਤ ਇੰਨੀ ਆਮ ਤੇ ਸੁਭਾਵਿਕ ਜਾਪਦੀ ਹੈ ਕਿ ਉਹ ਇਸ ਨੂੰ ਆਪਣੇ ਪਸੰਦੀਦਾ ਕੰਮ ਵਜੋਂ ਦੇਖਣਾ ਸ਼ੁਰੂ ਕਰ ਦਿੰਦੀ ਹੈ। ਇੰਝ ਹੀ, ਕੋਈ ਮੁਸਲਿਮ ਕੁੜੀ ਵੀ ਉਦੋਂ ਆਪਣੀ ਅਜਿਹੀ ਹੀ ਹਾਲਤ ਨੂੰ ਆਪਣੀ ਮਨਮਰਜ਼ੀ ਦਾ ਨਾਂ ਦੇ ਕੇ ਉਲਝਾ ਸਕਦੀ ਹੈ, ਜਦੋਂ ਉਹ ਆਖਦੀ ਹੈ ਕਿ ਉਸ ਨੇ ਆਪਣੇ ਆਪ ਨੂੰ ਪਰਦੇ ਵਿਚ ਰੱਖਣ ਦਾ ਫ਼ੈਸਲਾ ਆਪਣੀ ਮਰਜ਼ੀ ਨਾਲ ਕੀਤਾ ਹੈ। ਅਸੀਂ ਆਖ ਸਕਦੇ ਹਾਂ ਕਿ ਸੱਭਿਆਚਾਰਕ ਤੰਦਾਂ ਨਾਲ ਬੱਝੇ ਹੋਣ ਦੇ ਨਾਤੇ ਕਿਸੇ ਲਈ ਵੀ ਪੱਗ, ਸਿੰਧੂਰ, ਹਿਜਾਬ ਜਾਂ ਇਥੋਂ ਤੱਕ ਕਿ ਅਮਰੀਕੀ ਨੀਲੀਆਂ ਜੀਨਜ਼ ਵਰਗੇ ਪ੍ਰਤੀਕਾਂ ਤੋਂ ਪੂਰੀ ਤਰ੍ਹਾਂ ਬਾਹਰ ਨਿਕਲਣਾ ਨਾਮੁਮਕਿਨ ਹੁੰਦਾ ਹੈ। ਫਿਰ ਇਕ ਪਰਪੱਕ ਸਿੱਖਿਆਰਥੀ ਵਜੋਂ ਵਿਕਸਤ ਹੋਣਾ ਤੇ ਵੱਡੇ ਹੋਣਾ, ਅਸਲ ਵਿਚ ਇਸ ਦਵੰਦਵਾਦ ਬਾਰੇ ਜਾਣੂ ਹੋਣਾ ਹੀ ਹੈ। ਸਿਰਫ਼ ਉਦੋਂ ਹੀ ਗ੍ਰਹਿਣਸ਼ੀਲ ਹੋਣਾ, ਆਪਣੇ ਦਿਸਹੱਦਿਆਂ ਦਾ ਪਸਾਰ ਕਰਨਾ ਅਤੇ ਇਹ ਅਹਿਸਾਸ ਕਰਨਾ ਸੰਭਵ ਹੈ ਕਿ ਜ਼ਿੰਦਗੀ ਵਿਚ ਅਜਿਹਾ ਵੀ ਕੁਝ ਹੈ ਜੋ ਇਸ ਗੱਲ ਤੋਂ ਵੱਧ ਅਹਿਮ ਹੈ ਕਿ ਕੋਈ ਕੀ ਖਾਂਦਾ ਹੈ ਜਾਂ ਕੀ ਪਹਿਨਦਾ ਹੈ।
        ਦੁੱਖ ਦੀ ਗੱਲ ਇਹ ਹੈ ਕਿ ਪੂਰੀ ਤਰ੍ਹਾਂ ਸਰਵ-ਵਿਆਪੀ ਰਾਜਨੀਤੀ ਜਿਹੜੀ ਸਾਡੀਆਂ ਸੀਮਤ ਪਛਾਣਾਂ ਨੂੰ ਬਣਾਉਂਦੀ ਤੇ ਉਕਸਾਉਂਦੀ ਹੈ, ਉਹ ਸਾਡੀ ਚੇਤਨਾ ਨੂੰ ਘੇਰ ਲੈਂਦੀ ਹੈ ਤੇ ਅਲਹਿਦਗੀ ਦੀਆਂ ਕੰਧਾਂ ਖੜ੍ਹੀਆਂ ਕਰ ਦਿੰਦੀ ਹੈ। ਇਕ ਪਾਸੇ ਜਿਥੇ ਕੱਟੜ ਹਿੰਦੂ ਰਾਸ਼ਟਰਵਾਦੀ ਹਮਲਾਵਰ ਪ੍ਰਤੀਕਾਂ ਦਾ ਫੈਲਾਅ ਕਰਦੇ ਹਨ, ਉਥੇ ਮੁਸਲਿਮ ਮੌਲਾਣੇ ਵੀ ਔਰਤਾਂ ਦੀ ਆਜ਼ਾਦੀ ਨੂੰ ਸੀਮਤ ਕਰਨ ਲਈ ਦਮਨਕਾਰੀ/ਅੱਤਿਆਚਾਰੀ ਰੀਤੀ-ਰਿਵਾਜ਼ਾਂ ਦੀ ਹਮਾਇਤ ਜਾਰੀ ਰੱਖਦੇ ਹਨ। ਇਸ ਦੌਰਾਨ ਬਹੁਗਿਣਤੀ ਫ਼ਿਰਕਾਪ੍ਰਸਤੀ ਬਨਾਮ ਘੱਟਗਿਣਤੀ ਫਿ਼ਰਕਾਪ੍ਰਸਤੀ ਦੇ ਇਸ ਦੁਸ਼ਟ-ਚੱਕਰ ਦੇ ਦੌਰਾਨ ਸਾਡੀਆਂ ‘ਧਰਮ ਨਿਰਪੱਖ’ ਸਿਆਸੀ ਪਾਰਟੀਆਂ ਤੱਕ ਵੀ ਬਹੁਸੱਭਿਆਚਾਰਵਾਦ ਜਾਂ ਵਿਸ਼ਵਵਿਆਪਕਤਾ ਦੀ ਦੁਹਾਈ ਦੇਣ ਦੀ ਥਾਂ ਕੂਟਨੀਤੀ ਵਰਤਦੀਆਂ ਹਨ। ਇਹ ਬਹੁਤ ਅਫ਼ਸੋਸਨਾਕ ਹੈ ਕਿ ਅਸੀਂ ਆਪਣੇ ਆਪ ਨੂੰ ਮੁਸਲਿਮ, ਹਿੰਦੂ, ਜਾਟ, ਦਲਿਤ ਆਦਿ ਵੋਟ ਬੈਂਕ ਦੇ ਹਿੱਸੇ ਵਜੋਂ ਦੇਖਣਾ ਪਸੰਦ ਕਰਦੇ ਹਾਂ। ਇਸ ਗੱਲ ਦੇ ਕੋਈ ਆਸਾਰ ਨਹੀਂ ਕਿ ਮੌਜੂਦਾ ਪ੍ਰਚਲਿਤ ਸਿਆਸੀ ਸੱਭਿਆਚਾਰ ਸਾਡੀ ਚੇਤਨਾ ਨੂੰ ਮੁਕਤ ਕਰ ਸਕਦਾ ਹੈ। ਇਸ ਲਈ ਸਿਆਸੀ ਜਮਾਤ ਵੱਲੋਂ ਹਿਜਾਬ ਵਿਵਾਦ ਤੇ ਜਾਰੀ ਰੇੜਕੇ ਦਾ ਆਪਣੇ ਉਪਯੋਗੀ ਹਿੱਤਾਂ ਲਈ ਲਾਹਾ ਲਿਆ ਜਾ ਰਿਹਾ ਹੈ।
       ਮੈਨੂੰ ਇਹ ਕਹਿਣ ਵਿਚ ਕੋਈ ਝਿਜਕ ਨਹੀਂ ਕਿ ਅਸੀਂ ਸਿਰਫ਼ ਰਚਨਾਤਮਕ ਤੌਰ ਤੇ ਆਲੋਚਨਾਤਮਕ ਸਿੱਖਿਆ ਸ਼ਾਸਤਰ ਰਾਹੀਂ ਹੀ ਅਜਿਹੇ ਸਮਾਜ ਦੀ ਸਿਰਜਣਾ ਵੱਲ ਵਧ ਸਕਦੇ ਹਾਂ ਜਿਹੜਾ ਆਪਣੇ ਆਪ ਨੂੰ ਪਛਾਣ ਦੀ ਸਿਆਸਤ ਤੋਂ ਨਿਰਲੇਪ ਕਰ ਸਕੇ। ਇਸੇ ਪ੍ਰਸੰਗ ਵਿਚ ਕਿਹਾ ਜਾ ਸਕਦਾ ਹੈ ਕਿ ਸਾਨੂੰ ਵੰਨ-ਸਵੰਨਤਾ ਤੇ ਸੱਭਿਆਚਾਰਕ ਬਹੁਲਤਾਵਾਦ ਨਾਲ ਜਿਊਣ ਦੀ ਕਲਾ ਨੂੰ ਸਮਝਣ ਦੀ ਲੋੜ ਹੈ। ਮੈਂ ਹਿੰਦੂ ਪਰਿਵਾਰ ਵਿਚ ਜਨਮਿਆ ਹਾਂ ਪਰ ਇਹ ਗੱਲ ਮੈਨੂੰ ਜ਼ੇਨ ਬੁੱਧ ਮਤ (ਬੁੱਧ ਧਰਮ ਦਾ ਚੀਨੀ-ਜਪਾਨੀ ਰੂਪ) ਜਾਂ ਸੂਫ਼ੀਵਾਦ ਦੇ ਵਿਸਮਾਦ ਤੋਂ ਕਿਉਂ ਮਹਿਰੂਮ ਰੱਖੇ? ਜਾਂ ਤੁਸੀਂ ਆਪਣੇ ਹਿਜਾਬ ਨੂੰ ਪਿਆਰ ਕਰਦੇ ਹੋ ਸਕਦੇ ਹੋ ਪਰ ਇਹ ਗੱਲ ਤੁਹਾਡੇ ਲਈ ਈਸਾ ਮਸੀਹ ਦੇ ਉਪਦੇਸ਼ਾਂ ਨੂੰ ਸੁਣਨਾ ਕਿਉਂ ਅਸੰਭਵ ਬਣਾਵੇ? ਜਾਂ ਫਿਰ ਆਪਣੀ ਕਿਤਾਬਾਂ ਦੀ ਸ਼ੈਲਫ਼ ਉਤੇ ਕਾਰਲ ਮਾਰਕਸ ਦੇ ‘ਕਮਿਊਨਿਸਟ ਮੈਨੀਫੈਸਟੋ’ ਦੇ ਨਾਲ ਹੀ ਵੀਅਤਨਾਮੀ ਬੋਧੀ ਭਿਖਸ਼ੂ ਤਿਕ ਨਿਉਤ ਹਾਨ੍ਹ ਦੀ ‘ਲਿਵਿੰਗ ਬੁੱਧਾ’ ਜਾਂ ‘ਲਿਵਿੰਗ ਕ੍ਰਾਈਸਟ’ ਰੱਖਣਾ ਤੁਹਾਡੇ ਲਈ ਨਾਮੁਮਕਿਨ ਕਿਉਂ ਹੋਵੇ? ਜਾਨਦਾਰ ਜੋਸ਼ੀਲੀ ਜਮਾਤ ਜਿਹੜੀ ਚੇਤਨਾ ਦੀਆਂ ਖਿੜਕੀਆਂ ਖੋਲ੍ਹਦੀ ਹੈ, ਉਹ ਸਾਨੂੰ ਬਹੁਸੱਭਿਆਚਾਰਕਵਾਦ ਦੀ ਸੱਚੀ ਭਾਵਨਾ ਵੱਲ ਲਿਜਾ ਸਕਦੀ ਹੈ।
      ਆਪਣੀ ਪਛਾਣ ਦੇ ਚਿੰਨ੍ਹਾਂ ਨੂੰ ਲੈ ਕੇ ਬਹੁਤੇ ਹੀ ਫ਼ਿਕਰਮੰਦ ਇਨ੍ਹਾਂ ਰੋਹ ਭਰਪੂਰ ਹਿੰਦੂ/ਮੁਸਲਮਾਨ ਵਿਦਿਆਰਥੀਆਂ ਨੂੰ ਅਧਿਆਪਕ ਹੋਣ ਦੇ ਨਾਤੇ ਇਹੋ ਅਪੀਲ ਕਰਨੀ ਚਾਹੁੰਦਾ ਹਾਂ ਕਿ ਜ਼ਰਾ ਰੁਕੋ, ਇਕ ਵਾਰ ਗਾਂਧੀ, ਟੈਗੋਰ ਆਦਿ ਬਾਰੇ ਸੋਚੋ। ਗਾਂਧੀ ਦੇ ‘ਸਨਾਤਨੀ ਹਿੰਦੂਵਾਦ’ ਨੂੰ ਤਾਲਸਤਾਏ ਜਾਂ ਰਸਕਿਨ ਦੀ ਛੋਹ ਅਤੇ ਅੰਤਰ-ਧਾਰਮਿਕ ਵਿਚਾਰ-ਵਟਾਂਦਰਿਆਂ ਤੋਂ ਵੱਖ ਨਹੀਂ ਸੀ ਕੀਤਾ ਜਾ ਸਕਦਾ। ਇਸੇ ਤਰ੍ਹਾਂ ਟੈਗੋਰ ਦੀਆਂ ਉਪਨਿਸ਼ਦਾਂ ਤੇ ਆਧਾਰਿਤ ਪ੍ਰਾਰਥਨਾਵਾਂ ਨੇ ਉਨ੍ਹਾਂ ਨੂੰ ਸਾਰੀ ਦੁਨੀਆ ਨੂੰ ਆਪਣੇ ਕਲਾਵੇ ਵਿਚ ਲੈਣ ਅਤੇ ਫ਼ੌਜੀ ਰਾਸ਼ਟਰਵਾਦ ਦੀ ਵਿਚਾਰਧਾਰਾ ਨੂੰ ਸਵਾਲ ਕਰਨ ਦੇ ਸਮਰੱਥ ਬਣਾਇਆ। ਉਹ ਵਿਸ਼ਵਵਿਆਪੀਵਾਦ ਦੀਆਂ ਜਿਊਂਦੀਆਂ ਜਾਗਦੀਆਂ ਮਿਸਾਲਾਂ ਸਨ। ਕੀ ਇਹ ਵਿਦਿਆਰਥੀ ਅਜਿਹਾ ਸਿੱਖਣ ਦੀ ਜੁਰਅਤ ਕਰਨਗੇ?
* ਲੇਖਕ ਸਮਾਜ ਸ਼ਾਸਤਰੀ ਹੈ।