Dr Harshinder Kaur

ਕੀ 50 ਸਾਲਾਂ ਦੀ ਉਮਰ ਤੋਂ ਬਾਅਦ ਦਿਮਾਗ਼ ਤੇ ਸਰੀਰ ਜਵਾਨ ਕੀਤਾ ਜਾ ਸਕਦਾ ਹੈ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਜਿਵੇਂ-ਜਿਵੇਂ ਉਮਰ ਵਧਦੀ ਹੈ, ਦਿਮਾਗ਼ ਦਾ ਸੁੰਗੜਨਾ ਵਧਦਾ ਜਾਂਦਾ ਹੈ। ਇਸੇ ਲਈ ਯਾਦਾਸ਼ਤ ਦੀ ਕਮੀ ਵੀ ਦਿਸਣ ਲੱਗ ਪੈਂਦੀ ਹੈ। ਕਈ ਕਿਸਮਾਂ ਦੇ ਹਾਰਮੋਨ ਅਤੇ ਰਸ ਵੀ ਘੱਟ ਜਾਂਦੇ ਹਨ।
ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਰੈਗੂਲਰ ਕਸਰਤ ਅਤੇ ਸੰਤੁਲਿਤ ਖ਼ੁਰਾਕ ਦਿਮਾਗ਼ ਨੂੰ ਲੰਮੇ ਸਮੇਂ ਤੱਕ ਚੁਸਤ ਦਰੁਸਤ ਰੱਖ ਸਕਦੇ ਹਨ ਕਿਉਂਕਿ ਦਿਮਾਗ਼ ਵੱਲ ਜਾਂਦਾ ਲਹੂ ਰਵਾਂ ਹੋ ਜਾਂਦਾ ਹੈ।
40 ਸਾਲਾਂ ਦੀ ਉਮਰ ਤੋਂ ਬਾਅਦ ਹਰ ਦਸ ਸਾਲਾਂ ਵਿਚ 5 ਫੀਸਦੀ ਦਿਮਾਗ਼ ਸੁੰਗੜ ਜਾਂਦਾ ਹੈ। ਇਸੇ ਲਈ ਸੱਤਰਿਆ ਬਹੱਤਰਿਆ ਸ਼ਬਦ ਵਰਤਿਆ ਜਾਂਦਾ ਹੈ। ਮਜ਼ੇਦਾਰ ਤੱਥ ਇਹ ਹੈ ਕਿ ਆਦਮੀ ਅਤੇ ਔਰਤ ਦੇ ਦਿਮਾਗ਼ ਦੇ ਵੱਖੋ-ਵੱਖ ਹਿੱਸੇ ਉਮਰ ਨਾਲ ਸੁੰਗੜਦੇ ਹਨ। ਦਿਮਾਗ਼ ਦੇ ਅਗਲੇ ਸਿਰੇ (ਫਰੰਟਲ ਅਤੇ ਟੈਂਪੋਰਲ) ਦਾ ਬੰਦਿਆਂ ਵਿਚ ਘਟਣਾ ਅਤੇ ਔਰਤਾਂ ਵਿਚ ਪਾਸੇ ਦਾ ਹਿੱਸਾ (ਪੈਰਾਈਟਲ) ਘਟਦਾ ਵੇਖਿਆ ਗਿਆ ਹੈ।
ਇਸੇ ਲਈ ਇੱਕੋ ਜਿੰਨੇ ਲਾਇਕ ਔਰਤ ਅਤੇ ਮਰਦ ਹੋਣ ਤਾਂ ਵਧਦੀ ਉਮਰ ਨਾਲ ਬੌਧਿਕ ਵਿਕਾਸ ਵਿਚ ਘਾਟਾ ਬੰਦਿਆਂ ਵਿਚ ਵੱਧ ਦਿਸਣ ਲੱਗ ਪੈਂਦਾ ਹੈ। ਇਸ ਵਾਸਤੇ ਸਿਰਫ਼ 140 ਜਣਿਆਂ ਉੱਤੇ ਲੰਮੇ ਸਮੇਂ ਤੱਕ ਖੋਜ ਕੀਤੀ ਗਈ ਸੀ, ਜੋ 50 ਤੋਂ 81 ਵਰ੍ਹਿਆਂ ਦੇ ਸਨ।
ਢਹਿੰਦੀ ਕਲਾ ਦਾ ਬਹੁਤ ਅਹਿਮ ਰੋਲ ਲੱਭਿਆ ਗਿਆ, ਜਿਸ ਨਾਲ ਦਿਮਾਗ਼ ਦਾ ਸੁੰਗੜਨਾ ਵਕਤ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਭੁੱਲਣੀਆਂ, ਨਾਂ ਭੁੱਲ ਜਾਣੇ, ਚੀਜ਼ ਰੱਖ ਕੇ ਭੁੱਲ ਜਾਣੀ, ਜਿੱਥੇ ਗਏ ਹੋਵੇ, ਉੱਥੇ ਕੁੱਝ ਛੱਡ ਆਉਣਾ ਆਦਿ ਆਮ ਹੀ ਲੋੜੋਂ ਵੱਧ ਦਿਮਾਗ਼ ਉੱਤੇ ਬੋਝ, ਤਣਾਓ ਜਾਂ ਢਹਿੰਦੀ ਕਲਾ ਵਿਚ ਦਿਸਣ ਲੱਗ ਪੈਂਦਾ ਹੈ।
ਇਹ ਵੀ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਵਧਦੀ ਉਮਰ ਨਾਲ ਆਵਾਜ਼ ਦੀ ਗੜਕ ਵਿਚ ਫ਼ਰਕ ਪੈ ਜਾਂਦਾ ਹੈ। ਕਈ ਵਾਰ ਲੋਕਾਂ ਜਾਂ ਸ਼ਹਿਰਾਂ ਦੇ ਨਾਂ ਵੀ ਚੇਤੇ ਵਿੱਚੋਂ ਵਿਸਰ ਜਾਂਦੇ ਹਨ। ਕੁੱਝ ਬਹੁਤ ਹੌਲੀ ਬੋਲਣ ਲੱਗ ਪੈਂਦੇ ਹਨ। ਇਹ ਸਭ ਕੁੱਝ ਦਿਮਾਗ਼ ਵੱਲ ਜਾਂਦੇ ਲਹੂ ਦਾ ਘਟਣਾ, ਦਿਮਾਗ਼ ਦੀਆਂ ਨਾੜੀਆਂ ਦਾ ਭੀੜੀਆਂ ਹੋਣਾ, ਲਹੂ ਦੇ ਝੱਪੇ ਜੰਮਣੇ, ਬੋਲਣ ਵਾਲੇ ਜੰਤਰ ਦਾ ਸੁੰਗੜ ਜਾਣਾ, ਗਲੇ ਦੇ ਪੱਠਿਆਂ ਦੀ ਕਮਜ਼ੋਰੀ ਆਦਿ, ਅਨੇਕ ਕਾਰਨਾਂ ਕਰ ਕੇ ਉੱਚੀ ਆਵਾਜ਼ ਨਾ ਨਿਕਲਣੀ ਅਤੇ ਤੇਜ਼ੀ ਨਾਲ ਨਾ ਬੋਲ ਸਕਣਾ ਆਮ ਹੀ ਦਿਸਦੇ ਹਨ। ਜੇ ਪਾਰਕਿਨਸਨ ਰੋਗ ਹੋ ਜਾਵੇ ਜਾਂ ਦਿਮਾਗ਼ੀ ਸੱਟ ਵੱਜੀ ਹੋਵੇ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ।
ਕਈ ਵਾਰ ਬੋਲਣ ਵੇਲੇ ਮੂੰਹ ਦਾ ਕਾਂਬਾ ਜਾਂ ਰਲਗਡ ਜਿਹੇ ਬੋਲ ਵੀ ਸੁਣੇ ਜਾ ਸਕਦੇ ਹਨ। ਇਹ ਮੂੰਹ, ਗਲੇ ਅਤੇ ਚਿਹਰੇ ਦੇ ਪੱਠਿਆਂ ਦੀ ਲੋੜੋਂ ਵੱਧ ਕਮਜ਼ੋਰੀ ਕਾਰਨ ਹੋ ਜਾਂਦਾ ਹੈ ਕਿਉਂਕਿ ਪ੍ਰੋਟੀਨ ਦੀ ਘਾਟ ਨਾਲ ਪੱਠੇ ਵੀ ਬਹੁਤੇ ਕਮਜ਼ੋਰ ਹੋ ਜਾਂਦੇ ਹਨ।
ਜੇ ਦਿਮਾਗ਼ ਨੂੰ ਲਗਾਤਾਰ ਰਵਾਂ ਨਾ ਕੀਤਾ ਜਾ ਰਿਹਾ ਹੋਵੇ, ਯਾਨੀ ਇਕੱਲੇ ਬਹਿ ਜਾਣਾ ਜਾਂ ਘਰ ਅੰਦਰ ਹੀ ਤੜੇ ਜਾਣਾ ਅਤੇ ਕੁੱਝ ਵੀ ਨਵਾਂ ਨਾ ਲਿਖਣਾ ਜਾਂ ਪੜ੍ਹਣਾ, ਤਾਂ 50 ਵਰ੍ਹਿਆਂ ਦੀ ਉਮਰ ਤੋਂ ਪਹਿਲਾਂ ਹੀ ਦਿਮਾਗ਼ ਲੋੜੋਂ ਵੱਧ ਸੁੰਗੜ ਜਾਂਦਾ ਹੈ।
ਇਸੇ ਲਈ ਬੁਝਾਰਤਾਂ ਬੁੱਝਣੀਆਂ, ਨਵੀਂ ਜ਼ਬਾਨ ਸਿੱਖਣੀ, ਨੱਚਣਾ, ਤੇਜ਼ ਤੁਰਨਾ, ਸਵੈਟਰ ਬੁਣਨਾ, ਗੀਤ ਗਾਉਣੇ, ਗਿੱਧਾ ਪਾਉਣਾ, ਖੇਤੀ ਕਰਨੀ, ਗੋਡੀ ਕਰਨੀ, ਨਵੀਂ ਚੀਜ਼ ਬਣਾ ਕੇ ਖਾਣੀ, ਤਾਸ਼ ਖੇਡਣੀ, ਅਖਬਾਰ ਜਾਂ ਨਾਵਲ ਪੜ੍ਹਨੇ, ਸੰਗੀਤ ਸਿਰਜਣਾ ਜਾਂ ਸੁਣਨਾ ਆਦਿ, ਵਰਗੇ ਕੰਮ ਦਿਮਾਗ਼ ਨੂੰ ਚੁਸਤ ਰੱਖਣ ਲਈ ਜ਼ਰੂਰ ਕਰਨੇ ਚਾਹੀਦੇ ਹਨ। ਦਿਮਾਗ਼ ਵਿਹਲਾ ਹੁੰਦੇ ਸਾਰ ਸੁਸਤ ਪੈ ਕੇ ਵਾਧੂ ਚੀਜ਼ਾਂ ਬਾਹਰ ਕੱਢ ਦਿੰਦਾ ਹੈ।
ਖੋਜਾਂ ਤਾਂ ਇੱਥੋਂ ਤੱਕ ਸਾਬਤ ਕਰ ਚੁੱਕੀਆਂ ਹਨ ਕਿ ਵਿਹਲੇ ਸਮੇਂ ਤਾਸ਼ ਖੇਡਣ ਜਾਂ ਅਖ਼ਬਾਰ ਪੜ੍ਹਨ ਨਾਲ ਵੀ ਬੌਧਿਕ ਵਿਕਾਸ ਵਾਲਾ ਸੈਂਟਰ ਰਵਾਂ ਹੁੰਦਾ ਰਹਿੰਦਾ ਹੈ ਤੇ ਸੁੰਗੜਦਾ ਨਹੀਂ। ਇੰਜ ਹੀ ਨਵੇਂ ਲੋਕਾਂ ਨੂੰ ਮਿਲਣ ਗਿਲਣ ਜਾਂ ਵੈਸੇ ਹੀ ਖਲੋ ਕੇ ਉਨ੍ਹਾਂ ਨਾਲ ਗੱਲ ਕਰਨ ਨਾਲ ਵੀ ਦਿਮਾਗ਼ ਵੱਲ ਜਾਂਦਾ ਲਹੂ ਰਵਾਂ ਹੁੰਦਾ ਰਹਿੰਦਾ ਹੈ।
ਇਸ ਦੇ ਨਾਲੋ ਨਾਲ ਸਵੇਰ ਵੇਲੇ ਦੀ ਲੰਮੀ ਸੈਰ ਅਤੇ ਹਰੀਆਂ ਸਬਜ਼ੀਆਂ ਤੇ ਫਲ ਖਾਂਦੇ ਰਹਿਣਾ ਅਧੇੜ ਉਮਰ ਤੱਕ ਦਿਮਾਗ਼ੀ ਤੰਦਰੁਸਤੀ ਦਾ ਰਾਜ਼ ਮੰਨੇ ਗਏ ਹਨ।
ਨੈਸ਼ਨਲ ਰਿਸਰਚ ਕਾਊਂਸਲ ਨੇ ਸੰਨ 2000 ਵਿਚ ਤੇ ਫਿਰ ਸੰਨ 2003 ਵਿਚ ਇਹ ਸਪਸ਼ਟ ਕੀਤਾ ਸੀ ਕਿ ਕੋਈ ਵੀ ਨਵੀਂ ਖੋਜ ਪੜ੍ਹਦੇ ਰਹਿਣ ਨਾਲ ਵੀ ਵਡੇਰੀ ਉਮਰ ਤੱਕ ਯਾਦਾਸ਼ਤ ਦਾ ਸੈਂਟਰ ਤਾਜ਼ਾ ਰੱਖਿਆ ਜਾ ਸਕਦਾ ਹੈ। ਇਹ ਵੀ ਅਣਗਿਣਤ ਲੋਕਾਂ ਉੱਤੇ ਖੋਜ ਕੀਤੀ ਜਾ ਚੁੱਕੀ ਹੈ ਕਿ ਦੋਸਤਾਂ ਮਿੱਤਰਾਂ ਜਾਂ ਆਂਢੀਆਂ ਗੁਆਂਢੀਆਂ ਨਾਲ ਗੱਲਬਾਤ ਕਰਦੇ ਰਹਿਣ ਵਾਲੇ ਲੰਮੀ ਉਮਰ ਭੋਗਦੇ ਹਨ।
ਇਸ ਦੇ ਸਬੂਤ ਵੀ ਮਿਲ ਚੁੱਕੇ ਹਨ ਕਿ ਪੋਤਰੇ ਦੋਹਤਰਿਆਂ ਨਾਲ ਸਾਂਝ ਗੰਢਣ ਵਾਲੇ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਜ਼ਿਆਦਾ ਦੇਰ ਤੱਕ ਠੀਕ ਰਹਿੰਦੀ ਹੈ।
ਯੋਗ ਅਤੇ ਹਲਕੀ ਫੁਲਕੀ ਕਸਰਤ ਤਾਂ 95 ਸਾਲ ਦੇ ਬਜ਼ੁਰਗਾਂ ਨੂੰ ਵੀ ਤੰਦਰੁਸਤ ਰੱਖਦੀ ਹੈ। ਇਸ ਨਾਲ ਉਮਰ ਵੀ ਲੰਮੀ ਭੋਗੀ ਜਾ ਸਕਦੀ ਹੈ।
ਜਾਨਵਰ ਵੀ ਜੇ ਇਕੱਲੇ ਰੱਖ ਕੇ ਪਾਲੇ ਜਾਣ ਤਾਂ ਉਨਾਂ ਦੇ ਦਿਮਾਗ਼ ਦਾ ਸੁੰਗੜਨਾ ਵੇਖਿਆ ਗਿਆ ਹੈ। ਇੰਜ ਹੀ ਇਕੱਲਾ ਰਹਿ ਗਿਆ ਬਜ਼ੁਰਗ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਇਸ ਚੁੱਪ ਅਤੇ ਜ਼ਿੰਦਗੀ ਵਿਚਲੇ ਖੋਖਲੇਪਨ ਨੂੰ ਭਰਨ ਲਈ ਬਜ਼ੁਰਗ ਘਰ ਅਤੇ ਬਜ਼ੁਰਗਾਂ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਵਡੇਰੀ ਉਮਰ ਵਿਚ ਵੀ ਬਜ਼ੁਰਗ ਕਿਸੇ ਉੱਤੇ ਆਸ਼ਰਿਤ ਮਹਿਸੂਸ ਨਾ ਕਰਨ। ਇੰਜ ਹੀ ਵਿਸ਼ਵ ਪੱਧਰ ਉੱਤੇ ਬਜ਼ੁਰਗਾਂ ਦੀਆਂ ਖੇਡਾਂ ਪ੍ਰਚਲਿਤ ਕੀਤੀਆਂ ਗਈਆਂ ਹਨ। ਢਹਿੰਦੀ ਕਲਾ ਵਡੇਰੀ ਉਮਰ ਵਿਚ ਆਮ ਹੀ ਆ ਦਬੋਚਦੀ ਹੈ। ਕਾਰਨ-ਮੌਤ ਦਾ ਭੈਅ, ਪੈਸੇ ਦੀ ਘਾਟ, ਆਪਣਿਆਂ ਵੱਲੋਂ ਬੇਕਦਰੀ, ਜੀਵਨ ਸਾਥੀ ਦਾ ਤੁਰ ਜਾਣਾ ਆਦਿ।
ਇਸੇ ਲਈ ਰੈਗੂਲਰ ਸਿਹਤ ਦਾ ਚੈੱਕਅੱਪ ਅਤੇ ਵੇਲੇ ਸਿਰ ਬੀਮਾਰੀਆਂ ਦਾ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਮਨੋਰੋਗ ਸਪੈਸ਼ਲਿਸਟ ਵੱਲੋਂ ਚੈੱਕਅੱਪ ਜ਼ਰੂਰੀ ਹੁੰਦਾ ਹੈ।
ਮਨੋਰੋਗਾਂ ਤੋਂ ਬਚਾਓ ਲਈ ਬਜ਼ੁਰਗਾਂ ਨੂੰ ਬੈਂਕ, ਸੈਰ ਸਪਾਟਾ ਜਾਂ ਬਜ਼ਾਰ ਵਿਚ ਖਰੀਦੋ ਫਰੋਖ਼ਤ ਲਈ ਜਾਣ ਵਾਸਤੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਨਵੀਂ ਜ਼ਬਾਨ ਸਿੱਖਣ, ਨਵੀਆਂ ਗੱਲਾਂ ਸੁਣਨ ਅਤੇ ਨਵੀਆਂ ਚੀਜ਼ਾਂ ਵੇਖਣ ਨਾਲ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵੱਲ ਜਾਂਦੀਆਂ ਤਰੰਗਾਂ ਦਿਮਾਗ਼ ਦੇ ਸਾਰੇ ਹਿੱਸਿਆਂ ਨੂੰ ਚੁਸਤ ਕਰ ਦਿੰਦੀਆਂ ਹਨ। ਹਰ ਨਵੇਂ ਸਿੱਖੇ ਸ਼ਬਦ ਨੂੰ ਬੱਚਿਆਂ ਵਾਂਗ ਪੰਜ ਜਾਂ ਛੇ ਵਾਰ ਦੁਹਰਾਉਣਾ ਚਾਹੀਦਾ ਹੈ। ਬਿਲਕੁਲ ਇੰਜ ਹੀ ਨੱਚਣ ਨਾਲ ਜਿੱਥੇ ਵੱਖੋ-ਵੱਖ ਜੋੜ ਅਤੇ ਪੱਠੇ ਠੀਕ ਰਹਿੰਦੇ ਹਨ, ਉੱਥੇ ਦਿਮਾਗ਼ ਵੀ ਪੂਰਾ ਚੁਸਤ ਹੋ ਜਾਂਦਾ ਹੈ।
ਚੰਗੇ ਸਪੈਸ਼ਲਿਸਟ ਡਾਕਟਰਾਂ ਅਨੁਸਾਰ ਹਰ ਇੰਦ੍ਰੀ ਨੂੰ ਰੋਜ਼ ਚੁਸਤ ਕਰਨ ਲਈ ਵੇਖਣ, ਸੁਣਨ, ਛੋਹਣ, ਸੁਆਦ ਅਤੇ ਸੁੰਘਣ ਦੀਆਂ ਤੰਤੀਆਂ ਨੂੰ ਵਰਤਣ ਦੀ ਲੋੜ ਹੁੰਦੀ ਹੈ। ਨਵੇਂ ਹੋਟਲ ਵਿਚ ਰੋਟੀ ਖਾਣੀ, ਬਾਗ਼ ਵਿਚ ਸੈਰ ਕਰਨੀ, ਨਵੀਂ ਪਰਫਿਊਮ ਲਾਉਣੀ, ਨਵੀਂ ਚਾਦਰ ਵਿਛਾਉਣੀ, ਨਵੇਂ ਫੁੱਲ ਲਾਉਣੇ, ਪਾਲਤੂ ਜਾਨਵਰ ਰੱਖਣਾ ਆਦਿ, ਹਰ ਗੱਲ ਨੂੰ ਵਾਰੀ-ਵਾਰੀ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ।
ਜੇ ਬਜ਼ੁਰਗ ਆਪ ਕਾਰ ਚਲਾ ਸਕਦੇ ਹੋਣ ਜਾਂ ਸਾਈਕਲ ਚਲਾ ਰਹੇ ਹੋਣ ਤਾਂ ਬਹੁਤ ਵਧੀਆ ਹੈ। ਜੇ ਨਾ ਕਰ ਸਕਦੇ ਹੋਣ ਤਾਂ ਕਿਸੇ ਹੋਰ ਨੂੰ ਨਵੀਂ ਚੀਜ਼ ਚਲਾਉਣੀ ਜਾਂ ਬਣਾਉਣੀ ਸਿਖਾਈ ਜਾ ਸਕਦੀ ਹੈ। ਇੰਜ ਹੀ ਗੋਲਫ਼, ਘੁੜਸਵਾਰੀ, ਤੈਰਨਾ ਆਦਿ ਕੁੱਝ ਵੀ ਕਰਨ ਜਾਂ ਕਿਸੇ ਨੂੰ ਸਿਖਾਉਣ ਨਾਲ ਦਿਮਾਗ਼ ਰਵਾਂ ਕੀਤਾ ਜਾ ਸਕਦਾ ਹੈ। ਸਿਤਾਰ, ਗਿਟਾਰ, ਢੋਲ, ਪਿਆਨੋ, ਵਾਜਾ ਜਾਂ ਬੰਸਰੀ ਵਜਾਉਣੀ ਏਨੀ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ ਕਿ ਸੰਨ 2017 ਵਿਚ ਕੀਤੀ ਖੋਜ ਅਨੁਸਾਰ ਜਿਹੜੇ ਸੰਗੀਤ ਨਾਲ ਜੁੜੇ ਰਹੇ, ਉਨ੍ਹਾਂ ਵਿਚ ਢਹਿੰਦੀ ਕਲਾ ਕਾਫੂਰ ਹੋ ਗਈ ਤੇ ਦਿਮਾਗ਼ ਬਾਕੀਆਂ ਨਾਲੋਂ ਵੱਧ ਚੁਸਤ ਹੋ ਗਏ।
ਜੇ ਹਰ ਰੋਜ਼ ਸੈਰ ਕਰਨ ਲੱਗਿਆਂ ਵੱਖ ਰਾਹ ਲੈ ਲਿਆ ਜਾਵੇ ਤਾਂ ਏਨੇ ਨਾਲ ਹੀ ਮਾਨਸਿਕ ਅਤੇ ਸਰੀਰਕ ਤਬਦੀਲੀ ਵੇਖੀ ਜਾ ਸਕਦੀ ਹੈ।
ਹਰ ਰੋਜ਼ ਕੁੱਝ ਚਿਰ ਲਈ ਧਿਆਨ ਲਾਉਣਾ, ਯੋਗ ਕਰਨਾ ਜਾਂ ਭਗਤੀ ਕਰਨ ਨਾਲ ਵੀ ਇਕਾਗਰਤਾ ਵਿਚ ਵਾਧਾ ਹੋ ਜਾਂਦਾ ਹੈ।
ਜਿਹੜੇ ਬਜ਼ੁਰਗ ਦੋ ਜਾਂ ਤਿੰਨ ਜ਼ਬਾਨਾਂ ਬੋਲ ਸਕਦੇ ਹੋਣ, ਉਨ੍ਹਾਂ ਦੇ ਦਿਮਾਗ਼ ਨੂੰ ਬੁਢੇਪਾ ਛੇਤੀ ਚੰਬੜਦਾ ਨਹੀਂ, ਯਾਦਾਸ਼ਤ ਦੇਰ ਤਕ ਦਰੁਸਤ ਰਹਿੰਦੀ ਹੈ ਅਤੇ ਚੀਜ਼ਾਂ ਵੀ ਛੇਤੀ ਭੁੱਲਦੇ ਨਹੀਂ।
ਹਲਕਾ ਭਾਰ ਚੁੱਕ ਕੇ ਤੁਰਨ ਨਾਲ ਪੱਠਿਆਂ ਦੀ ਮਜ਼ਬੂਤੀ ਬਣੀ ਰਹਿੰਦੀ ਹੈ ਅਤੇ ਕਮਜ਼ੋਰੀ ਘੱਟ ਮਹਿਸੂਸ ਹੁੰਦੀ ਹੈ। ਇੰਜ ਪੱਠੇ ਅਤੇ ਮਾਸ ਲਟਕਿਆ ਨਹੀਂ ਦਿਸਦਾ।
ਜਦੋਂ ਬਜ਼ੁਰਗ ਬਾਹਰ ਸੈਰ ਕਰਨ ਨਿਕਲਣ ਤਾਂ ਸਿਰ ਝੁਕਾ ਕੇ ਤੁਰਨ ਨਾਲੋਂ ਸਾਹਮਣੇ ਲੰਘਦੇ ਬੰਦਿਆਂ ਅਤੇ ਤੀਵੀਆਂ ਦੇ ਕਪੜਿਆਂ ਦੇ ਰੰਗ, ਜੁੱਤੀਆਂ, ਵਾਲ, ਐਨਕ, ਟੋਪੀ, ਦਾੜੀ, ਮੁੱਛਾਂ ਆਦਿ ਵੱਲ ਗਹੁ ਨਾਲ ਤੱਕਦੇ ਰਹਿਣ ਤਾਂ ਦਿਮਾਗ਼ ਨੂੰ ਵੰਨ ਸੁਵੰਨੇ ਸੁਣੇਹੇ ਪਹੁੰਚਦੇ ਹਨ ਜਿਸ ਨਾਲ ਯਾਦਾਸ਼ਤ ਦਾ ਸੈਂਟਰ ਰਵਾਂ ਹੁੰਦਾ ਰਹਿੰਦਾ ਹੈ ਅਤੇ ਨਵੀਆਂ ਚੀਜ਼ਾਂ ਦੇ ਨਾਵਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ।
ਲੰਮੀ ਉਮਰ ਦਰਅਸਲ ਜ਼ਿਆਦਾਤਰ ਜੀਨ ਆਧਾਰਿਤ ਹੁੰਦੀ ਹੈ ਕਿ ਮਾਪੇ ਜਾਂ ਵੱਡੇ ਵਡੇਰੇ ਕਿੰਨੀ ਲੰਮੀ ਉਮਰ ਭੋਗ ਕੇ ਗਏ। ਇਸ ਦੇ ਨਾਲ ਹੀ ਜੀਨ ਆਧਾਰਿਤ ਬੀਮਾਰੀਆਂ ਉਮਰ ਉੱਤੇ ਅਸਰ ਪਾਉਂਦੀਆਂ ਹਨ। ਜੇ 60 ਵਰ੍ਹਿਆਂ ਦੀ ਉਮਰ ਟੱਪ ਚੁੱਕੇ ਹੋਵੇ ਤਾਂ ਰੂਟੀਨ ਬੰਨ੍ਹਣਾ ਬਹੁਤ ਜ਼ਰੂਰੀ ਹੁੰਦਾ ਹੈ। ਸਵੇਰ ਦੇ ਨਾਸ਼ਤੇ ਦਾ, ਦੁਪਹਿਰ ਦੇ ਖਾਣੇ ਦਾ, ਸ਼ਾਮ ਦੀ ਚਾਹ ਦਾ, ਰਾਤ ਦੇ ਖਾਣੇ ਦਾ, ਸੌਣ ਦਾ ਅਤੇ ਸਵਖ਼ਤੇ ਉੱਠਣ ਦਾ! ਜੇ ਰਾਤ ਨੀਂਦਰ ਨਾ ਵੀ ਆਈ ਹੋਵੇ, ਤਾਂ ਵੀ ਸਵੇਰ ਵੇਲੇ ਉੱਠ ਕੇ, ਨਹਾ ਧੋ ਕੇ, ਤਿਆਰ ਹੋ ਕੇ, ਨਾਸ਼ਤਾ ਕਰ ਕੇ, ਬਾਅਦ ਵਿਚ ਕੁੱਝ ਚਿਰ ਸੁੱਤਾ ਜਾ ਸਕਦਾ ਹੈ।


ਖ਼ੁਰਾਕ ਵਿਚ ਤਬਦੀਲੀ ਕੀ ਹੋਵੇ?
50 ਸਾਲਾਂ ਦੀ ਉਮਰ ਤੋਂ ਬਾਅਦ ਰੈਗੂਲਰ ਤਗੜੀ ਕਸਰਤ ਦੇ ਨਾਲੋ ਨਾਲ ਖ਼ੁਰਾਕ ਦੀ ਬਹੁਤ ਅਹਿਮੀਅਤ ਹੈ। ਘੱਟ ਥਿੰਦਾ, ਵੱਧ ਸਬਜ਼ੀਆਂ, ਦਾਲਾਂ ਤੇ ਪ੍ਰੋਟੀਨ ਭਰਪੂਰ ਖ਼ਰਾਕ ਜ਼ਰੂਰੀ ਹੈ। ਜੇ 50 ਸਾਲਾਂ ਤੋਂ ਬਾਅਦ ਖ਼ੁਰਾਕ ਦਾ ਸਹੀ ਖ਼ਿਆਲ ਰੱਖ ਲਿਆ ਜਾਵੇ ਤਾਂ ਘੱਟੋ ਘੱਟ 10 ਤੋਂ 15 ਸਾਲ ਦੀ ਉਮਰ ਵੱਧ ਜਾਂਦੀ ਹੈ। ਇਸ ਵਿਚ ਸਿਗਰਟ ਬੀੜੀ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਂਦੀ ਹੈ। ਕਦੇ ਕਦਾਈਂ ਬਹੁਤ ਘੱਟ ਸ਼ਰਾਬ ਲਈ ਜਾ ਸਕਦੀ ਹੈ, ਯਾਨੀ ਬਸ ਵਾਈਨ ਦੇ ਇੱਕ ਜਾਂ ਦੋ ਗਿਲਾਸ!
ਬਰਿਟਿਸ਼ ਮੈਡੀਕਲ ਜਰਨਲ ਵਿਚ ਛਪੀ ਖੋਜ ਅਨੁਸਾਰ ਜਿਹੜੇ ਜਣੇ 50 ਸਾਲ ਦੀ ਉਮਰ ਤੋਂ ਬਾਅਦ ਸਹੀ ਖ਼ੁਰਾਕ ਖਾਂਦੇ ਰਹੇ ਉਨ੍ਹਾਂ ਵਿਚ ਸ਼ੱਕਰ ਰੋਗ, ਕੈਂਸਰ ਜਾਂ ਦਿਲ ਦੇ ਰੋਗ ਘੱਟ ਹੋਏ ਅਤੇ ਉਹ ਬਾਕੀਆਂ ਨਾਲੋਂ ਲਗਭਗ 8 ਜਾਂ 10 ਸਾਲ ਵੱਧ ਜੀਅ ਸਕੇ। ਇਸ ਖੋਜ ਵਿਚ 73,196 ਔਰਤਾਂ ਅਤੇ 38,366 ਆਦਮੀ ਸ਼ਾਮਲ ਕੀਤੇ ਗਏ ਸਨ। ਸਭ ਨੂੰ ਰੋਜ਼ 40 ਮਿੰਟ ਤਗੜੀ ਕਸਰਤ ਵੀ ਕਰਵਾਈ ਗਈ ਸੀ।


ਕਿਹੜੀ ਚੀਜ਼ ਖਾਧੀ ਜਾਵੇ :-
ਭਾਰ ਕਾਬੂ ਵਿਚ ਰੱਖਣ ਅਤੇ ਸਾਰੇ ਅੰਗਾਂ ਦਾ ਕੰਮ ਕਾਰ ਸਹੀ ਰੱਖਣ ਲਈ ਢੇਰ ਸਾਰੀਆਂ ਵੰਨ ਸੁਵੰਨੀਆਂ ਸਬਜ਼ੀਆਂ, ਫਲ, ਛਾਣਬੂਰੇ ਵਾਲਾ ਆਟਾ, ਘਟ ਥਿੰਦੇ ਵਾਲਾ ਦੁੱਧ, ਦਹੀਂ ਪਨੀਰ, ਚਿਕਨ, ਮੱਛੀ, ਅੰਡੇ ਅਤੇ ਸੁੱਕੇ ਮੇਵੇ ਰੋਜ਼ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।
ਇਨ੍ਹਾਂ ਰਾਹੀਂ ਲੋੜੀਂਦੇ ਕੈਲਸ਼ੀਅਮ, ਪ੍ਰੋਟੀਨ, ਮਿਨਰਲ ਤੱਤ ਅਤੇ ਵਿਟਾਮਿਨ ਬੀ 12 ਸਰੀਰ ਅੰਦਰ ਪਹੁੰਚ ਜਾਂਦੇ ਹਨ।


ਕਿੰਨੀ ਨੀਂਦਰ ਹੋਵੇ ?
ਰੋਜ਼ 7 ਤੋਂ 8 ਘੰਟੇ ਦੀ ਨੀਂਦਰ ਲੈਣੀ ਜ਼ਰੂਰੀ ਹੈ।


ਫ਼ਿਕਰ ਕਰਨਾ ਕਿਵੇਂ ਛੱਡਿਆ ਜਾਵੇ?
ਮੰਨੀ ਪਰਮੰਨੀ ਗੱਲ ਹੈ ਕਿ ਲੋਕ ਮਰ ਮੁੱਕ ਜਾਂਦੇ ਹਨ ਪਰ ਕੰਮ ਨਹੀਂ ਮੁੱਕਦੇ। ਇਸ ਲਈ ਬਚੇ ਹੋਏ ਕੰਮਾਂ ਦੀ ਫ਼ਿਕਰ ਛੱਡ ਦੇਣੀ ਚਾਹੀਦੀ ਹੈ।
ਇੰਜ ਹੀ ਅੱਜ ਤੱਕ ਕਿਸੇ ਨੂੰ ਕਦੇ ਮੁਕੰਮਲ ਜਹਾਨ ਹਾਸਲ ਨਹੀਂ ਹੋਇਆ। ਸਾਨੂੰ ਤਾਂ ਜ਼ਿੰਦਗੀ ਨਾਲ ਸ਼ਿਕਾਇਤਾਂ ਕਰਨ ਦੀ ਥਾਂ ਉਦਾਸੀਆਂ ਦੇ ਓਹਲੇ ਲੁਕੀਆਂ ਖ਼ੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜ਼ਿੰਦਗੀ ਅਤੇ ਸਮੇਂ ਨੂੰ ਬੰਨਿਆ ਜਾ ਹੀ ਨਹੀਂ ਸਕਦਾ। ਇਸੇ ਲਈ ਹੋਰਨਾਂ ਨੂੰ ਠੀਕ ਕਰਨ ਦੀ ਥਾਂ ਆਪਣੇ ਆਪ ਨੂੰ ਤਬਦੀਲ ਕਰਨਾ ਹੀ ਠੀਕ ਰਹਿੰਦਾ ਹੈ।
ਹੱਸਣਾ ਅਤੇ ਗਾਣਾ ਜਾਂ ਗੁਣਗੁਣਾਉਣਾ ਤਣਾਓ ਘਟਾਉਣ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋ ਚੁੱਕਿਆ ਹੈ।
ਪਿਛਾਂਹ ਲੰਘ ਚੁੱਕੀ ਜ਼ਿੰਦਗੀ ਵਿਚ ਵਾਰ-ਵਾਰ ਝਾਤ ਮਾਰ ਕੇ ਕਿਸੇ ਹੋਰ ਨਾਲ ਮੇਚ ਕੇ ਸਿਵਾਏ ਢਹਿੰਦੀ ਕਲਾ ਦੇ, ਕੁੱਝ ਵੀ ਹਾਸਲ ਨਹੀਂ ਹੁੰਦਾ। ਇਸੇ ਲਈ ਅੱਗੋਂ ਆਉਣ ਵਾਲੇ ਸਮੇਂ ਬਾਰੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਕਿ ਹੁਣ ਕਿਵੇਂ ਇਹ ਸਮਾਂ ਵਧੀਆ ਗੁਜ਼ਾਰਿਆ ਜਾਵੇ।
ਜਿਹੜੀਆਂ ਤਮੰਨਾਵਾਂ ਪਹਿਲਾਂ ਘਰੇਲੂ ਕੰਮਾਂ ਦੇ ਪੂਰਾ ਕਰਨ ਵਿਚ ਦਫਨ ਹੋ ਚੁੱਕੀਆਂ ਹੋਣ, ਉਨ੍ਹਾਂ ਨੂੰ ਪੂਰਾ ਕਰਨ ਦਾ ਇਸ ਤੋਂ ਬਿਹਤਰ ਸਮਾਂ ਹੋਰ ਹੋ ਹੀ ਨਹੀਂ ਸਕਦਾ।
ਨਵੀਆਂ ਦੋਸਤੀਆਂ ਗੰਢਣ, ਨਵੀਂ ਖੇਡ ਸਿੱਖਣ, ਨਵੀਂ ਕਸਰਤ ਸਿੱਖਣ, ਨਵੀਂ ਚੀਜ਼ ਬਣਾਉਣ ਜਾਂ ਖਾਣ ਦੀ ਨਵੀਂ ਚੀਜ਼ ਤਿਆਰ ਕਰਨ ਵਰਗੇ ਨਿੱਕੇ-ਨਿੱਕੇ ਕੰਮ ਤਣਾਓ ਨੂੰ ਝੱਟ ਕਾਫ਼ੂਰ ਕਰ ਦਿੰਦੇ ਹਨ।
ਮੌਤ ਦਾ ਭੈਅ ਅਤੇ ਇਕੱਲੇ ਰਹਿ ਜਾਣ ਦਾ ਡਰ ਇਸ ਉਮਰ ਵਿਚ ਹਰ ਕਿਸੇ ਨੂੰ ਹੁੰਦਾ ਹੈ। ਇਸੇ ਲਈ ਦੋ ਗੱਲਾਂ ਜ਼ਰੂਰ ਚੇਤੇ ਰੱਖਣੀਆਂ ਚਾਹੀਦੀਆਂ ਹਨ। ਪਹਿਲੀ, ਇਸ ਦੁਨੀਆ ਦਾ ਭਾਰ ਸਿਰਫ਼ ਮੇਰੇ ਸਿਰ ਉੱਤੇ ਨਹੀਂ ਹੈ। ਦੂਜੀ, ਇਸ ਸੰਸਾਰ ਵਿਚ ਕਿਸੇ ਧਰਮ ਦਾ ਰੱਬ, ਕੋਈ ਜਾਨਵਰ, ਪੰਛੀ, ਕੀੜਾ, ਮਕੌੜਾ ਜਾਂ ਬੂਟਾ ਤੱਕ ਵੀ ਸਦੀਵੀ ਨਹੀਂ ਹੈ। ਸਭ ਨੇ ਮਰ ਮੁੱਕ ਜਾਣਾ ਹੁੰਦਾ ਹੈ। ਇਸੇ ਲਈ ਅੰਤ ਬਾਰੇ ਸੋਚਦੇ ਰਹਿਣ ਨਾਲੋਂ ਇਸ ਜ਼ਿੰਦਗੀ ਦੇ ਆਖ਼ਰੀ ਸਫ਼ਰ ਵਿਚਲਾ ਰਸਤਾ ਜ਼ਰੂਰ ਰੱਜ ਕੇ ਜੀਅ ਲੈਣਾ ਚਾਹੀਦਾ ਹੈ।
ਅਖ਼ੀਰ ਵਿਚ ਸਿਰਫ਼ ਇਹੋ ਕਹਿਣਾ ਹੈ ਕਿ ਪੈਸਾ ਕਈ ਕਿਸਮਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੈਸਾ ਹੀ ਵਧੀਆ ਜ਼ਿੰਦਗੀ ਜਿਊਣ ਦਾ ਆਧਾਰ ਹੋਵੇ! ਸੋ ਇਹ ਉਮਰ ਫ਼ਿਕਰਾਂ ਨੂੰ ਛੰਡ ਕੇ ਜ਼ਿੰਦਗੀ ਦੀ ਹਰ ਖ਼ੁਸ਼ੀ ਦਾ ਇਹਸਾਸ ਕਰਨ ਦੀ ਹੁੰਦੀ ਹੈ! ਜ਼ਿੰਦਗੀ ਇੱਕੋ ਮਿਲਣੀ ਹੈ, ਰੱਜ ਕੇ ਜੀਅ ਲੈਣੀ ਚਾਹੀਦੀ ਹੈ। ਕੋਈ ਸਧਰ ਅਧੂਰੀ ਨਹੀਂ ਰਹਿਣ ਦੇਣੀ ਚਾਹੀਦੀ।
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ? - ਡਾ. ਹਰਸ਼ਿੰਦਰ ਕੌਰ,ਐੱਮ.ਡੀ.,

    ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਨੇ ਸਰਵੇਖਣ ਕਰ ਕੇ ਦੱਸਿਆ ਹੈ ਕਿ ਲਗਭਗ 40 ਫੀਸਦੀ ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿਚ ਜੜ੍ਹੀਆਂ ਬੂਟੀਆਂ ਜਾਂ ਕੋਈ ਹੋਰ ਦੇਸੀ ਦਵਾਈਆਂ ਵੀ ਨਾਲੋ ਨਾਲ ਖਾਣ ਲੱਗ ਪਏ ਸਨ। ਇਨ੍ਹਾਂ ਵਿਚ ਵੱਧ ਪੜ੍ਹੇ ਲਿਖੇ, ਅਮੀਰ ਅਤੇ ਇੰਟਰਨੈੱਟ ਨੂੰ ਆਧਾਰ ਮੰਨਣ ਵਾਲੇ ਜ਼ਿਆਦਾ ਮਰੀਜ਼ ਸਨ। ਬਹੁਤੇ ਤਾਂ ਸਰਜਰੀ, ਕੀਮੋਥੈਰਪੀ, ਰੇਡੀਓਥੈਰਪੀ ਆਦਿ ਦੇ ਨਾਲ ਹੀ ਹੋਰ ਦੇਸੀ ਨੁਸਖ਼ੇ ਵਰਤਣ ਲੱਗ ਪਏ ਸਨ ਤੇ ਕੁੱਝ ਇਲਾਜ ਪੂਰਾ ਮੁਕਾਉਣ ਬਾਅਦ ਦੇਸੀ ਦਵਾਈਆਂ ਲੈਣ ਲੱਗ ਪਏ ਸਨ।
ਸਾਲ 2019 ਦੇ ਸਰਵੇਖਣ ਅਨੁਸਾਰ 83 ਫੀਸਦੀ ਕੈਂਸਰ ਦੇ ਮਰੀਜ਼ਾਂ ਨੇ ਅਮਰੀਕਾ ਵਿਚ ਦੇਸੀ ਜਾਂ ਕੋਈ ਹੋਰ ਜੜ੍ਹੀ ਬੂਟੀ ਐਲੋਪੈਥੀ ਇਲਾਜ ਦੇ ਨਾਲ ਹੀ ਸ਼ੁਰੂ ਕਰ ਲਈ।
ਯੇਲ ਕੈਂਸਰ ਸੈਂਟਰ ਨੇ 10 ਸਾਲਾਂ ਦੀ ਖੋਜ ਬਾਅਦ ਇਹ ਸਪਸ਼ਟ ਕੀਤਾ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ਾਂ ਨੇ ਤੁਰੰਤ ਅਪਰੇਸ਼ਨ, ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਕਰਵਾਉਣ ਦੀ ਥਾਂ ਪਹਿਲਾਂ ਦੇਸੀ ਟੋਟਕੇ ਅਜ਼ਮਾਏ, ਉਨ੍ਹਾਂ ਵਿਚ ਮੌਤ ਦਰ ਕਾਫੀ ਵਧੀ ਹੋਈ ਲੱਭੀ ਤੇ ਉਹ ਵਕਤ ਤੋਂ ਪਹਿਲਾਂ ਹੀ ਕੂਚ ਕਰ ਗਏ।
ਜਿਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਖਾਣ ਦੇ ਨਾਲੋ ਨਾਲ ਦੇਸੀ ਦਵਾਈਆਂ ਵਰਤੀਆਂ, ਉਨ੍ਹਾਂ ਵਿੱਚੋਂ ਬਥੇਰਿਆਂ ਨੂੰ ਕੈਂਸਰ ਦੀਆਂ ਦਵਾਈਆਂ ਦਾ ਤਗੜਾ ਮਾੜਾ ਅਸਰ ਹੁੰਦਾ ਲੱਭਿਆ ਕਿਉਂਕਿ ਦੇਸੀ ਦਵਾਈਆਂ ਦਾ ਕੈਂਸਰ ਦੀਆਂ ਦਵਾਈਆਂ ਨਾਲ ਸਰੀਰ ਅੰਦਰ ਟਕਰਾਓ ਹੋਣ ਲੱਗ ਪਿਆ ਸੀ ਤੇ ਉਲਟ ਅਸਰ ਹੁੰਦੇ ਲੱਭੇ।
ਇਹ ਅਸਰ ਕਿਹੜੇ ਸਨ :-
1.    ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣਾ :-
ਕੈਂਸਰ ਦੀਆਂ ਦਵਾਈਆਂ ਜਜ਼ਬ ਕਰਨ ਦੀ ਤਾਕਤ ਘਟਾਉਣਾ, ਸਰੀਰ ਵੱਲੋਂ ਕੱਢੇ ਜਾ ਰਹੇ ਹਜ਼ਮ ਕਰਨ ਦੇ ਰਸਾਂ ਨਾਲ ਛੇੜਛਾੜ ਅਤੇ ਅਸਰ ਕਰਨ ਵਾਲੀ ਥਾਂ ਉੱਤੇ ਪਏ ਸੈੱਲਾਂ ਨੂੰ ਸਖ਼ਤ ਜਾਨ ਬਣਾ ਦੇਣਾ, ਆਮ ਹੀ ਦੇਸੀ ਦਵਾਈਆਂ ਨਾਲ ਵੇਖਿਆ ਗਿਆ ਹੈ। ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਸਹੀ ਕਰਨ ਵਿਚ ਸੀ.ਵਾਈ.ਪੀ. 3ਏ. 4 ਰਸ ਦਾ ਅਹਿਮ ਰੋਲ ਹੁੰਦਾ ਹੈ ਜੋ ਕਈ ਕਿਸਮਾਂ ਦੀਆਂ ਦੇਸੀ ਦਵਾਈਆਂ ਨਸ਼ਟ ਕਰ ਦਿੰਦੀਆਂ ਹਨ।
ਬਹੁਤ ਸਾਰੀਆਂ ਕੈਂਸਰ ਦੀਆਂ ਦਵਾਈਆਂ ਜਿਵੇਂ ਸਾਈਕਲੋਫਾਸਫਾਮਾਈਡ, ਪੈਕਲੀਟੈਕਸਲ, ਵਿਨਕਰਿਸਟੀਨ, ਵਿਨਬਲਾਸਟੀਨ ਆਦਿ ਸੀ.ਵਾਈ.ਪੀ. 3ਏ. 4 ਰਸ ਰਾਹੀਂ ਹੀ ਅਸਰ ਵਿਖਾਉਂਦੀਆਂ ਹਨ। ਇੰਜ ਹੀ ਪੀੜ ਨੂੰ ਆਰਾਮ ਦੇਣ ਵਾਲੀਆਂ ਓਪਿਆਇਡ ਦਵਾਈਆਂ ਦਾ ਵੀ ਅਸਰ ਘੱਟ ਹੋ ਜਾਂਦਾ ਹੈ ਜਿਸ ਸਦਕਾ ਮਰੀਜ਼ ਲਈ ਪੀੜ ਨੂੰ ਜਰਨਾ ਔਖਾ ਹੋ ਜਾਂਦਾ ਹੈ।
ਛਾਤੀ ਦੇ ਕੈਂਸਰ ਲਈ ਵਰਤੀਆਂ ਜਾ ਰਹੀਆਂ ਕੁੱਝ ਦਵਾਈਆਂ ਦਾ ਅਸਰ ਤਾਂ ਇਨ੍ਹਾਂ ਦੇਸੀ ਦਵਾਈਆਂ ਨਾਲ ਕਾਫੀ ਘੱਟ ਹੋ ਜਾਂਦਾ ਹੈ ਕਿਉਂਕਿ ਦੇਸੀ ਦਵਾਈਆਂ ਦੀ ਸਾਰੀ ਟੁੱਟ ਫੁੱਟ ਜਿਗਰ ਰਾਹੀਂ ਹੁੰਦੀ ਹੈ। ਜਿਗਰ ਦੇ ਕੰਮ ਕਾਰ ਵਿਚ ਰੋਕਾ ਪੈਣ ਨਾਲ ਜਾਂ ਉਸ ਦੇ ਲੋੜੋਂ ਵੱਧ ਕੰਮ ਕਰਦੇ ਰਹਿਣ ਨਾਲ ਕੈਂਸਰ ਦੀਆਂ ਅਸਲ ਦਵਾਈਆਂ ਦਾ ਅਸਰ ਪੂਰਾ ਹੁੰਦਾ ਹੀ ਨਹੀਂ।
ਇਸ ਤਰ੍ਹਾਂ ਲਗਾਤਾਰ ਵਧਦੀਆਂ ਮੌਤਾਂ ਨੂੰ ਵੇਖਦਿਆਂ ਸਲੋਨ ਕੇਟਰਿੰਗ ਮੈਮੋਰੀਅਲ ਕੈਂਸਰ ਸੈਂਟਰ ਨੇ ਦੁਨੀਆ ਭਰ ਦੇ ਲੋਕਾਂ ਲਈ ਆਪਣੀ ਵੈਬਸਾਈਟ ਰਾਹੀਂ ਜਾਣਕਾਰੀ ਜਗ ਜ਼ਾਹਿਰ ਕਰ ਦਿੱਤੀ ਹੈ ਕਿ ਕਿਵੇਂ ਕੁੱਝ ਦੇਸੀ ਦਵਾਈਆਂ ਤਾਂ ਸਗੋਂ ਕੈਂਸਰ ਦੇ ਮਰੀਜ਼ ਨੂੰ ਛੇਤੀ ਮੌਤ ਦੇ ਮੂੰਹ ਵੱਲ ਲੈ ਜਾਂਦੀਆਂ ਹਨ।
ਉਸ ਵੈਬਸਾਈਟ ਰਾਹੀਂ ਕੈਂਸਰ ਦੀਆਂ ਦਵਾਈਆਂ ਦੇ ਅਸਰ ਕਰਨ ਦਾ ਢੰਗ ਅਤੇ ਕੁੱਝ ਚੁਣਿੰਦਾ ਦੇਸੀ ਦਵਾਈਆਂ ਵੱਲੋਂ ਉਸ ਅਸਰ ਵਿਚ ਛੇੜਛਾੜ ਕਰਨ ਦਾ ਸਪਸ਼ਟ ਅਸਰ ਵੀ ਸਮਝਾਇਆ ਗਿਆ ਹੈ। ਇਸੇ ਲਈ ਉਸ ਵੈਬਸਾਈਟ ਵਿਚ ਕਾਫੀ ਦੇਸੀ ਦਵਾਈਆਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹੋਏ ਹਨ ਕਿ ਇਨ੍ਹਾਂ ਨੂੰ ਕੈਂਸਰ ਦੀਆਂ ਦਵਾਈਆਂ ਨਾਲ ਨਹੀਂ ਵਰਤਣਾ ਚਾਹੀਦਾ।
2.    ਕਿਹੜੀਆਂ ਹੋਰ ਦਵਾਈਆਂ ਨਾ ਵਰਤੀਆਂ ਜਾਣ?
ਭਾਵੇਂ ਬਹੁਤ ਘੱਟ ਕੇਸ ਹਨ ਪਰ ਅਜਿਹੇ ਕੁੱਝ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦਾ ਦੇਸੀ ਦਵਾਈਆਂ ਸਦਕਾ ਕੈਂਸਰ ਵੀ ਫੈਲਿਆ, ਜਿਗਰ ਦਾ ਵੀ ਨੁਕਸਾਨ ਹੋਇਆ ਤੇ ਮੌਤ ਵੀ ਛੇਤੀ ਹੋ ਗਈ।
ਹੋਰ ਤਾਂ ਹੋਰ, ਕੁੱਝ ਕੈਂਸਰ ਦੇ ਮਰੀਜ਼ਾਂ ਵਿਚ ਸੇਂਟ ਜਾਨ ਵੌਰਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਤੇ ਜ਼ਿੰਕੋ ਬਿਲੋਬਾ ਵਰਗੀਆਂ ਦਵਾਈਆਂ ਨਾਲ ਸਪਸ਼ਟ ਰੂਪ ਵਿਚ ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣ ਵਿਚ ਰੋਲ ਵਿਖਾਇਆ ਗਿਆ ਹੈ ਜੋ 'ਹਰਬ-ਕੈਂਸਰ ਡਰੱਗ ਇੰਟਰਐਕਸ਼ਨ' ਖੋਜ ਪੱਤਰ ਵਿਚ ਛਾਪਿਆ ਗਿਆ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਇਹ ਆਮ ਜਾਪਦੀਆਂ ਦਵਾਈਆਂ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਸੇਂਟ ਜਾਨ ਵੌਰਟ ਹਰਬਲ ਮੈਡੀਸਨ ਭਾਵੇਂ ਬੂਟਿਆਂ ਤੋਂ ਬਣੀ ਦਵਾਈ ਹੈ ਜਿਵੇਂ ਜਿਨਸੈਂਗ ਜਾਂ ਜ਼ਿੰਕੋ ਬਿਲੋਬਾ ਜਾਂ ਕੈਕਟਸ ਦਾ ਫਲ, ਪਰ ਇਹ ਕੁੱਝ ਕਿਸਮਾਂ ਦੇ ਕੈਂਸਰ ਦੀਆਂ ਦਵਾਈਆਂ ਦਾ ਅਸਰ 50 ਫੀਸਦੀ ਤੱਕ ਘਟਾ ਦਿੰਦੀਆਂ ਹਨ ਕਿਉਂਕਿ ਇਹ ਕੈਂਸਰ ਦੀਆਂ ਦਵਾਈਆਂ ਨੂੰ ਛੇਤੀ ਸਰੀਰ ਵਿੱਚੋਂ ਬਾਹਰ ਕੱਢ ਦਿੰਦੀਆਂ ਹਨ।
ਖੋਜ ਵਿਚ ਇੱਕ ਕੈਂਸਰ ਦੀ ਦਵਾਈ 'ਇਮੈਟੀਨਿਬ' ਨਾਲ ਜਦੋਂ ਹਰਬਲ ਦਵਾਈ ਸੇਂਟ ਜਾਨ ਵੌਰਟ ਦਿੱਤੀ ਗਈ ਤਾਂ ਮਰੀਜ਼ਾਂ ਦੇ ਸਰੀਰ ਅੰਦਰ ਦੋ ਹਫ਼ਤਿਆਂ ਵਿਚ ਇਮੈਟੀਨਿਬ ਦਾ ਅਸਰ 42 ਫੀਸਦੀ ਤੱਕ ਘਟਿਆ ਹੋਇਆ ਲੱਭਿਆ।
ਇੰਜ ਹੀ ਚਕੋਧਰੇ ਦਾ ਰਸ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਦੇਣ ਨਾਲ ਅਨੇਕ ਕਿਸਮ ਦੀਆਂ ਕੈਂਸਰ ਦੀਆਂ ਦਵਾਈਆਂ ਦਾ ਅਸਰ 32 ਤੋਂ 42 ਫੀਸਦੀ ਘਟਿਆ ਹੋਇਆ ਲੱਭਿਆ।
ਚਕੋਧਰਾ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਹੀ ਨਹੀਂ ਹੋਣ ਦਿੰਦਾ ਤੇ ਫਟਾਫਟ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ।
ਇਕ ਖੋਜ ਵਿਚ ਬਹੁਤ ਵਧੇ ਹੋਏ ਛਾਤੀ ਦੇ ਕੈਂਸਰ ਦੀਆਂ ਔਰਤਾਂ ਵਿਚ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਥੋਮ ਖੁਆਉਣ ਨਾਲ ਡੌਸੀਟੈਕਸਿਲ ਕੈਂਸਰ ਦੀ ਦਵਾਈ ਦੀ ਮਾਤਰਾ ਲਹੂ ਵਿਚ 35 ਫੀਸਦੀ ਘਟੀ ਹੋਈ ਲੱਭੀ। ਇੰਜ ਹੀ ਅਦਰਕ ਦੇਣ ਨਾਲ ਕੈਂਸਰ ਦੇ ਅਪਰੇਸ਼ਨ ਬਾਅਤ ਲਹੂ ਬਹੁਤੀ ਦੇਰ ਤੱਕ ਵੱਗਦਾ ਹੋਇਆ ਲੱਭਿਆ।
3.    ਕਿਹੜੇ ਮਸਾਲੇ ਜਾਂ ਬੀਜ ਵੀ ਠੀਕ ਨਹੀਂ?
ਐਲਫਾਲਫਾ, ਚੇਸਟ ਬੈਰੀ, ਲੌਂਗ, ਸੋਇਆਬੀਨ, ਫਲੈਕਸ ਬੀਜ ਆਦਿ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਿਚ ਇਲਾਜ ਦੌਰਾਨ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ।
ਸੋਇਆਬੀਨ ਵਿਚਲਾ 'ਜੈਨੀਸਟੀਨ' ਤਾਂ ਕਈ ਵਾਰ 'ਟੈਮੋਕਸੀਫੈਨ' ਕੈਂਸਰ ਦੀ ਦਵਾਈ ਦਾ ਅਸਰ ਬਹੁਤ ਘਟਾ ਕੇ ਸਗੋਂ ਛਾਤੀ ਵਿਚਲੇ ਕੈਂਸਰ ਦੇ ਸੈੱਲਾਂ ਦੇ ਵਧਣ ਵਿਚ ਤੇਜ਼ੀ ਲਿਆ ਦਿੰਦਾ ਹੈ।
ਕੁੱਝ ਹਾਰਮੋਨਾਂ ਉੱਤੇ ਪਲਦੇ ਕੈਂਸਰ ਵੀ ਦੇਸੀ ਨੁਸਖ਼ਿਆਂ ਨਾਲ ਵੱਧ ਫੈਲ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚ ਕੁਦਰਤੀ ਹਾਰਮੋਨ ਹੁੰਦੇ ਹਨ। ਕੁੱਝ ਟੋਟਕਿਆਂ ਨਾਲ ਲਹੂ ਵਗਣ ਦਾ ਖ਼ਤਰਾ ਵੱਧ ਹੋ ਜਾਂਦਾ ਹੈ।
ਕੁੱਝ ਕਿਸਮਾਂ ਦੇ ਵਿਟਾਮਿਨ ਵੀ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਕਰਨ ਵਾਲੀ ਥਾਂ ਨੂੰ ਆਪ ਮੱਲ ਕੇ ਬਹਿ ਜਾਂਦੇ ਹਨ ਜਾਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਦੇ ਕੇ ਤਗੜੇ ਤਰੀਕੇ ਫੈਲਣ ਲਈ ਤਿਆਰ ਕਰ ਦਿੰਦੇ ਹਨ ਜਿਵੇਂ ਵਿਟਾਮਿਨ ਈ ਜਾਂ ਵਿਟਾਮਿਨ ਸੀ।
ਖੋਜ ਵਿਚ ਸਾਬਤ ਹੋ ਚੁੱਕਿਆ ਹੈ ਕਿ ਰੇਡੀਓਥੈਰਪੀ ਤੋਂ ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇੱਕ ਇੱਕ ਖ਼ੁਰਾਕ ਵਿਟਾਮਿਨ ਈ ਅਤੇ ਸੀ ਦੀ ਦਿੱਤੀ ਗਈ, ਉਨ੍ਹਾਂ ਦੇ ਕੈਂਸਰ ਸੈੱਲਾਂ ਉੱਤੇ ਰੇਡੀਓਥੈਰਪੀ ਕਿਰਨਾਂ ਦਾ ਪੂਰਾ ਅਸਰ ਨਹੀਂ ਪਿਆ। ਇੰਜ ਹੀ ਕਈ ਮਰੀਜ਼ਾਂ ਵਿਚ ਇਲਾਜ ਦੌਰਾਨ ਐਂਟੀਆਕਸੀਡੈਂਟ ਦਵਾਈਆਂ ਦੇਣ ਨਾਲ ਸਗੋਂ ਕੈਂਸਰ ਦੇ ਸੈੱਲ ਵੱਧ ਪ੍ਰਫੁੱਲਿਤ ਹੋਏ ਲੱੱਭੇ।
4.    ਕਿਹੜੇ ਕੁਦਰਤੀ ਤੱਤ ਫ਼ਾਇਦੇਮੰਦ ਸਾਬਤ ਹੋਏ?
ਅਮਰੀਕਾ ਅਤੇ ਚੀਨ ਦੀਆਂ ਛਾਤੀ ਦੀਆਂ ਕੈਂਸਰ ਦੀਆਂ ਹਜ਼ਾਰਾਂ ਔਰਤਾਂ ਉੱਤੇ ਇੱਕ ਵੱਡੀ ਖੋਜ ਰਾਹੀਂ ਇਹ ਨੁਕਤਾ ਸਾਹਮਣੇ ਆਇਆ ਕਿ ਹਰ ਕੁਦਰਤੀ ਚੀਜ਼ ਮਾੜੀ ਨਹੀਂ ਹੁੰਦੀ।
    
ਸੋਇਆਬੀਨ ਨਾਲ ਭਾਵੇਂ ਮੌਤ ਦਰ ਨਹੀਂ ਘਟੀ ਤੇ ਦਵਾਈਆਂ ਦਾ ਅਸਰ ਵੀ ਘੱਟ ਹੋਇਆ ਪਰ ਇਸ ਦੇ ਖਾਣ ਨਾਲ ਕਾਫੀ ਜਣਿਆਂ ਵਿਚ ਛਾਤੀ ਦੇ ਕੈਂਸਰ ਦੇ ਸੈੱਲ ਦੁਬਾਰਾ ਚੁਸਤ ਹੋਏ ਨਹੀਂ ਲੱਭੇ ਤੇ ਦੂਜੀ ਵਾਰ ਕੈਂਸਰ ਹੋਣ ਦੇ ਆਸਾਰ ਬਹੁਤ ਘੱਟ ਹੋਏ।
ਐਂਥਰਾਸਾਈਕਲਿਨ ਐਂਟੀਆਕਸੀਡੈਂਟ ਵੀ ਕੁੱਝ ਕੈਂਸਰ ਦੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿਚ ਸਹਾਈ ਹੋਏ ਲੱਭੇ।
ਡਾ. ਵਾਸਰਥੀਲ ਨੇ ਆਪਣੇ ਸਾਥੀਆਂ ਨਾਲ ਕੀਤੀ ਇੱਕ ਖੋਜ ਰਾਹੀਂ ਜਦੋਂ ਕੁੱਝ ਫੈਲੇ ਹੋਏ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਮਿਨਰਲ ਤੱਤ ਤੇ ਵਿਟਾਮਿਨ ਸਹੀ ਮਿਕਦਾਰ ਵਿਚ ਖੁਆਏ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ਾਂ ਵਿਚ ਮੌਤ ਦਰ ਘੱਟ ਹੁੰਦੀ ਦਿਸੀ।
5.    ਮੌਜੂਦਾ ਸਥਿਤੀ ਕੀ ਹੈ?
ਦਿਨੋ-ਦਿਨ ਕੈਂਸਰ ਦੇ ਮਰੀਜ਼ ਵੱਧਦੇ ਜਾ ਰਹੇ ਹਨ ਤੇ ਉਸੇ ਤਰ੍ਹਾਂ ਕੁਦਰਤੀ ਖ਼ੁਰਾਕ ਜਾਂ ਦੇਸੀ ਨੁਸਖ਼ਿਆਂ ਅਤੇ ਆਯੁਰਵੈਦਿਕ ਦਵਾਈਆਂ ਦਾ ਸੇਵਨ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਔਫ਼ ਨੈਚੂਰਲ ਮੈਡੀਸਨ ਪਿਛਲੇ 50 ਸਾਲਾਂ ਤੋਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰ ਰਹੀ ਹੈ ਤੇ ਅਨੇਕ ਖੋਜਾਂ ਕਰ ਚੁੱਕੀ ਹੈ।
ਨੈਚੂਰੋਪੈਥੀ ਉੱਤੇ ਕੰਮ ਕਰਦੀ ਇਸ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਨਹੀਂ ਪਰ ਇਲਾਜ ਪੂਰਾ ਕਰਨ ਬਾਅਦ ਜ਼ਰੂਰ ਕੁਦਰਤੀ ਖ਼ੁਰਾਕ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ। ਉਹ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਜੇ ਪਹਿਲਾਂ ਤੋਂ ਹੀ ਸਹੀ ਸੰਤੁਲਿਤ ਖ਼ੁਰਾਕ ਖਾਂਦੇ ਰਹੋ ਅਤੇ ਰੈਗੂਲਰ ਕਸਰਤ ਕਰਦੇ ਰਹੋ ਤਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਲੱਗਦੀ ਹੀ ਨਹੀਂ।
ਅਨੇਕ ਅਜਿਹੇ ਕੁਦਰਤੀ ਖਾਣੇ ਵੀ ਹਨ ਜਿਨ੍ਹਾਂ ਨੂੰ ਕੈਂਸਰ ਦੇ ਪੂਰੇ ਇਲਾਜ ਤੋਂ ਬਾਅਦ ਖਾਂਦੇ ਰਹਿਣ ਨਾਲ ਲੰਮੀ ਸਿਹਤਮੰਦ ਜ਼ਿੰਦਗੀ ਭੋਗੀ ਜਾ ਸਕਦੀ ਹੈ। ਸਿਰਫ਼ ਗੱਲ ਇਹ ਹੈ ਕਿ ਸਿਆਣੇ ਡਾਕਟਰ ਤੋਂ ਹਰ ਮਰੀਜ਼ ਨੂੰ ਆਪਣਾ ਚੈੱਕਅਪ ਕਰਵਾਉਣ ਬਾਅਦ ਹੀ ਠੀਕ ਸਲਾਹ ਲੈ ਕੇ ਸਹੀ ਮਿਕਦਾਰ ਵਿਚ ਇਹ ਕੁਦਰਤੀ ਚੀਜ਼ਾਂ ਖਾਣ ਦੀ ਲੋੜ ਹੈ। ਮਿਸਾਲ ਵਜੋਂ ਅਦਰਕ ਵਰਗੀ ਖਾਣ ਵਾਲੀ ਚੀਜ਼ ਵੀ ਹਰ ਜਣੇ ਉੱਤੇ ਇੱਕੋ ਜਿੰਨਾ ਅਸਰ ਨਹੀਂ ਵਿਖਾਉਂਦੀ। ਵਰਤਣ ਦਾ ਢੰਗ ਅਤੇ ਮਿਕਦਾਰ ਹਰ ਮਰੀਜ਼ ਦੀ ਹਾਲਤ ਅਨੁਸਾਰ ਵੱਖ ਹੋ ਸਕਦੇ ਹਨ।
ਆਖ਼ਰੀ ਅਸਰਦਾਰ ਨੁਕਤਾ ਜੋ ਕੈਂਸਰ ਨਾਲ ਜੂਝਣ ਵਿਚ ਸਫ਼ਲ ਸਾਬਤ ਹੋ ਚੁੱਕਿਆ ਹੈ, ਉਹ ਹੈ-ਚੜ੍ਹਦੀ ਕਲਾ!
ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾ, ਤਾਂ ਉਹ ਚੀਜ਼ ਦੁਗਣਾ ਅਸਰ ਵਿਖਾਉਂਦੀ ਹੈ, ਪਰ ਜੇ ਉਹ ਚੀਜ਼ ਖਾਣ ਲੱਗਿਆਂ ਉਮੀਦ ਨਾ ਰਹੇ ਤਾਂ ਉੱਕਾ ਹੀ ਬੇਅਸਰ ਵੀ ਸਾਬਤ ਹੋ ਜਾਂਦੀ ਹੈ।
ਇਸੇ ਲਈ ਸਾਰਥਕ ਨਜ਼ਰੀਆ ਕੈਂਸਰ ਨਾਲ ਜੂਝਣ ਵਿਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ।
ਡਾ. ਹਰਸ਼ਿੰਦਰ ਕੌਰ,ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਤੈਰਾਕੀ ਬਾਰੇ ਨਵੀਂ ਖੋਜ - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਕਸਰਤ ਬਾਰੇ ਇੱਕ ਖੋਜ ਬਹੁਤ ਪੁਰਾਣੀ ਹੋ ਚੁੱਕੀ ਕਿ ਹਰ ਜਣੇ ਨੂੰ ਹਫਤੇ ਵਿਚ 150 ਮਿੰਟ ਤਗੜੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਹਲਕਾ ਭੱਜਣਾ ਜਾਂ ਤੇਜ਼ ਤੁਰਨਾ ਵੀ ਜ਼ਰੂਰੀ ਹੈ ਜਿਸ ਲਈ ਘੱਟੋ ਘੱਟ 40 ਮਿੰਟ ਰੋਜ਼ ਲਾਉਣੇ ਚਾਹੀਦੇ ਹਨ।
ਤੈਰਨ ਬਾਰੇ ਇਹ ਪਤਾ ਲੱਗਿਆ ਹੈ ਕਿ ਅਮਰੀਕਾ ਵਿਚ ਹਰ ਤਰ੍ਹਾਂ ਦੀ ਕਸਰਤ ਜਾਂ ਖੇਡ ਵਿੱਚੋਂ ਲੋਕਾਂ ਦੀ ਪਸੰਦ ਅਨੁਸਾਰ ਤੈਰਨਾ ਚੌਥੇ ਨੰਬਰ ਉੱਤੇ ਆ ਚੁੱਕਿਆ ਹੈ। ਜਿੰਨੇ ਵੀ ਜਣੇ ਕਸਰਤ ਦੇ ਸ਼ੌਕੀਨ ਹੋਣ, ਉਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਤੋਂ ਵੱਧ ਤੈਰਨਾ ਪਸੰਦ ਕਰਦੇ ਹਨ। ਜੇ ਨਾ ਵੀ ਤੈਰਨਾ ਆਉਂਦਾ ਹੋਵੇ, ਤਾਂ ਵੀ ਗਰਮੀ ਵਿਚ ਪਾਣੀ ਵਿਚ ਬਹਿ ਕੇ ਹੱਥ ਪੈਰ ਮਾਰਦੇ ਰਹਿਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ।
ਨਵੀਂ ਖੋਜ ਦੱਸਦੀ ਹੈ ਕਿ ਇੱਕ ਘੰਟਾ ਦੌੜਨ ਤੇ ਇੱਕ ਘੰਟਾ ਤੈਰਨ ਨਾਲ ਇੱਕੋ ਜਿੰਨੀਆਂ ਕੈਲਰੀਆਂ ਖ਼ਰਚ ਹੁੰਦੀਆਂ ਹਨ ਪਰ ਤੈਰਨ ਨਾਲ ਕੁੱਝ ਫ਼ਾਇਦੇ ਵੱਧ ਹੁੰਦੇ ਹਨ ਕਿਉਂਕਿ ਨਾ ਜੋੜ ਤੇ ਨਾ ਹੀ ਹੱਡੀਆਂ ਉੱਤੇ ਵਾਧੂ ਜ਼ੋਰ ਪੈਂਦਾ ਹੈ।
ਪੂਰੇ ਸਰੀਰ ਦੀ ਤਗੜੀ ਕਸਰਤ ਦੇ ਨਾਲੋ ਨਾਲ ਤੈਰਨ ਨਾਲ ਸਿਰ ਠੰਡਾ ਰਹਿੰਦਾ ਹੈ। ਦਿਲ ਦੀ ਧੜਕਨ ਤੇਜ਼ ਹੋ ਜਾਣ ਨਾਲ ਸਾਰੇ ਸਰੀਰ ਵਿਚ ਬਰਾਬਰ ਦਾ ਲਹੂ ਦਾ ਦੌਰਾ ਹੋਣ ਸਦਕਾ ਸਾਰੇ ਅੰਗ ਚੁਸਤ ਹੋ ਜਾਂਦੇ ਹਨ। ਸਾਰੇ ਪੱਠਿਆਂ ਦੀ ਇਕ ਸਾਰ ਕਸਰਤ ਹੋਣ ਸਦਕਾ ਉਨ੍ਹਾਂ ਵਿਚਲਾ ਵਾਧੂ ਥਿੰਦਾ ਖੁਰ ਜਾਂਦਾ ਹੈ, ਤਾਕਤ ਬਰਕਰਾਰ ਰਹਿੰਦੀ ਹੈ ਅਤੇ ਫੇਫੜੇ ਵੀ ਪੂਰੀ ਤਰ੍ਹਾਂ ਖੁੱਲ ਕੇ ਤਗੜੇ ਹੋ ਜਾਂਦੇ ਹਨ।
ਤਾਜ਼ਾ ਖੋਜ ਦੱਸਦੀ ਹੈ ਕਿ ਤੈਰਨ ਵਾਲਿਆਂ ਵਿਚ ਮੌਤ ਦਰ ਘੱਟ ਹੁੰਦੀ ਹੈ ਤੇ ਬਾਕੀਆਂ ਨਾਲੋਂ ਪੰਜ ਸਾਲ ਤੱਕ ਵੱਧ ਉਮਰ ਭੋਗੀ ਜਾ ਸਕਦੀ ਹੈ। ਇਹ ਖੋਜ ਹਜ਼ਾਰਾਂ ਬੰਦਿਆਂ ਅਤੇ ਔਰਤਾਂ ਉੱਤੇ ਕੀਤੀ ਗਈ ਸੀ ਜਿਨ੍ਹਾਂ ਵਿਚ ਤੈਰਨ ਵਾਲੇ ਅਤੇ ਨਾ ਤੈਰਨ ਵਾਲਿਆਂ ਨੂੰ 10 ਸਾਲ ਤੱਕ ਲਗਾਤਾਰ ਚੈੱਕਅੱਪ ਕੀਤਾ ਗਿਆ ਸੀ।
ਇਹ ਵੀ ਕੁੱਝ ਖੋਜਾਂ ਵਿਚ ਸਾਬਤ ਹੋਇਆ ਕਿ ਤੈਰਨ ਨਾਲ ਬਲੱਡ ਪ੍ਰੈੱਸ਼ਰ ਜਲਦੀ ਕਾਬੂ ਵਿਚ ਹੋ ਜਾਂਦਾ ਹੈ ਅਤੇ ਲਹੂ ਵਿਚ ਸ਼ਕਰ ਦੀ ਮਾਤਰਾ ਵੀ ਘੱਟ ਜਾਂਦੀ ਹੈ ਜਿਸ ਸਦਕਾ ਸ਼ੱਕਰ ਰੋਗੀਆਂ ਨੂੰ ਦਵਾਈ ਜਾਂ ਟੀਕਾ ਘਟਾਉਣ ਦੀ ਲੋੜ ਪੈ ਸਕਦੀ ਹੈ।
ਜੋੜਾਂ ਦੇ ਰੋਗਾਂ ਵਾਲਿਆਂ ਲਈ ਤਾਂ ਤੈਰਨਾ ਵਰਦਾਨ ਸਾਬਤ ਹੋ ਚੁੱਕਿਆ ਹੈ। ਅਪੰਗ ਬੰਦੇ ਵੀ ਤੈਰਨ ਨਾਲ ਫ਼ਾਇਦਾ ਲੈ ਸਕਦੇ ਹਨ। ਜੇ ਸੱਟ ਵੱਜੀ ਹੋਵੇ ਤਾਂ ਤੈਰਨ ਨਾਲ ਉਸ ਪੀੜ ਨੂੰ ਵੀ ਆਰਾਮ ਪੈ ਜਾਂਦਾ ਹੈ।
ਓਸਟੀਓਆਰਥਰਾਈਟਿਸ ਵਾਲੇ ਮਰੀਜ਼ਾਂ ਦੇ ਜੋੜਾਂ ਦਾ ਅਕੜਾਓ, ਪੱਠਿਆਂ ਵਿਚਲੀ ਖਿੱਚ ਅਤੇ ਪੀੜ ਨੂੰ ਵੀ ਤੈਰਨ ਨਾਲ ਆਰਾਮ ਮਿਲਿਆ ਦਿਸਿਆ ਅਤੇ ਉਨ੍ਹਾਂ ਨੂੰ ਤੁਰਨ ਫਿਰਨ ਵਿਚ ਪਹਿਲਾਂ ਨਾਲੋਂ ਵੱਧ ਸੌਖ ਜਾਪੀ। ਇਸ ਖੋਜ ਵਿਚ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਓਨਾ ਹੀ ਜੋੜਾਂ ਵਿਚ ਆਰਾਮ ਮਹਿਸੂਸ ਹੋਇਆ ਪਰ ਤੈਰਨ ਵਾਲਿਆਂ ਵਿਚ ਥਕਾਨ ਘੱਟ ਮਹਿਸੂਸ ਹੋਈ ਲੱਭੀ ਅਤੇ ਬਾਅਦ ਵਿਚ ਵੀ ਚੁਸਤੀ ਮਹਿਸੂਸ ਹੁੰਦੀ ਰਹੀ।
ਦਮੇ ਦੇ ਮਰੀਜ਼ਾਂ ਲਈ ਤੈਰਨਾ ਇੱਕ ਵਰਦਾਨ ਵਾਂਗ ਹੈ ਕਿਉਂਕਿ ਹਵਾ ਵਿਚਲੀ ਨਮੀ ਅਤੇ ਸਾਹ ਨੂੰ ਰੋਕਣ ਦੀ ਕਿਰਿਆ ਸਦਕਾ ਫੇਫੜਿਆਂ ਦਾ ਪੂਰਾ ਫੈਲਣਾ ਅਤੇ ਨਮੀ ਨਾਲ ਸਾਹ ਦੀਆਂ ਨਾਲੀਆਂ ਵਿਚਲੀ ਲਚਕ ਦਾ ਵਧਣਾ ਉਨ੍ਹਾਂ ਦੀ ਬੀਮਾਰੀ ਘਟਾ ਦਿੰਦਾ ਹੈ।
ਜੇ ਸਵਿਮਿੰਗ ਪੂਲ ਵਿਚ ਕੈਮੀਕਲ ਪਾਏ ਜਾ ਰਹੇ ਹੋਣ ਤਾਂ ਉਸ ਸਦਕਾ ਦਮੇ ਦੇ ਮਰੀਜ਼ਾਂ ਨੂੰ ਦਮੇ ਦਾ ਅਟੈਕ ਹੋਣ ਦਾ ਖ਼ਤਰਾ ਵੱਧ ਵੀ ਸਕਦਾ ਹੈ। ਇਸੇ ਲਈ ਕਲੋਰੀਨ ਦੀ ਥਾਂ ਜੇ ਲੂਣ ਪਾਇਆ ਜਾਵੇ ਤਾਂ ਦਮੇ ਦੇ ਮਰੀਜ਼ਾਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ।
ਜਿਨ੍ਹਾਂ ਨੂੰ ਮਲਟੀਪਲ ਸਕਲਿਰੋਸਿਸ ਹੋਵੇ, ਉਨ੍ਹਾਂ ਮਰੀਜ਼ਾਂ ਲਈ ਵੀ ਪਾਣੀ ਦੀ ਹਲਕੀ ਵਿਰੋਧੀ ਤਾਕਤ ਲੱਤਾਂ ਦੀ ਕਮਜ਼ੋਰੀ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇੱਕ ਖੋਜ ਵਿਚ ਜਦੋਂ 20 ਹਫ਼ਤੇ ਮਲਟੀਮਲ ਸਕਲਿਰੋਸਿਸ ਦੇ ਮਰੀਜ਼ਾਂ ਨੂੰ ਤੈਰਨ ਲਈ ਲਾਇਆ ਗਿਆ ਤਾਂ ਉਨ੍ਹਾਂ ਦੇ ਲੱਤਾਂ ਦੀ ਹਿਲਜੁਲ, ਥਕਾਨ ਅਤੇ ਢਹਿੰਦੀ ਕਲਾ ਵਿਚ 20 ਫੀਸਦੀ ਤੱਕ ਫ਼ਾਇਦਾ ਹੁੰਦਾ ਦਿਸਿਆ।
ਜਿਸ ਨੇ ਭਾਰ ਘਟਾਉਣਾ ਹੋਵੇ, ਉਸ ਨੂੰ ਤਾਂ ਤੈਰਨਾ ਹੀ ਪੈਣਾ ਹੈ ਕਿਉਂਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਇੱਕ ਘੰਟਾ ਲਗਾਤਾਰ ਰੋਜ਼ ਤੈਰਨ ਨਾਲ 73 ਕਿੱਲੋ ਦੇ ਬੰਦੇ ਦੀਆਂ ਲਗਭਗ 423 ਕੈਲਰੀਆਂ ਖ਼ਰਚ ਹੋ ਜਾਂਦੀਆਂ ਹਨ। ਜੇ ਤੇਜ਼ੀ ਨਾਲ ਤੈਰਿਆ ਜਾਵੇ ਤਾਂ 715 ਕੈਲਰੀਆਂ ਵੀ ਇੱਕ ਘੰਟੇ ਵਿਚ ਖ਼ਰਚੀਆਂ ਜਾ ਸਕਦੀਆਂ ਹਨ। ਜੇ 91 ਕਿੱਲੋ ਦੇ ਨੇੜੇ ਤੇੜੇ ਦਾ ਵਜ਼ਨ ਹੋਵੇ ਤਾਂ ਹੌਲੀ ਤੈਰਨ ਨਾਲ 528 ਅਤੇ ਤੇਜ਼ ਤੈਰਨ ਨਾਲ 892 ਕੈਲਰੀਆਂ ਪ੍ਰਤੀ ਘੰਟਾ ਤੱਕ ਖ਼ਰਚ ਹੋ ਜਾਂਦੀਆਂ ਹਨ। ਜੇ ਕਿਤੇ 109 ਕਿੱਲੋ ਵਜ਼ਨ ਹੋਵੇ ਤਾਂ 632 ਅਤੇ 1068 ਕੈਲਰੀਆਂ ਤੱਕ ਖ਼ਰਚੀਆਂ ਜਾਂਦੀਆਂ ਹਨ।
ਜਦੋਂ ਇਹੀ ਖੋਜ ਤੇਜ਼ ਤੁਰਨ ਵਾਲਿਆਂ ਉੱਤੇ ਕੀਤੀ ਗਈ ਤਾਂ ਨਤੀਜੇ ਕੁੱਝ ਅਜਿਹੇ ਸਨ :-
73 ਕਿੱਲੋ ਭਾਰ ਵਾਲੇ ਬੰਦੇ ਦੀਆਂ ਇੱਕ ਘੰਟੇ ਵਿਚ - 314 ਕੈਲਰੀਆਂ, 3.5 ਮੀਲ ਤੁਰਨ ਨਾਲ!
ਯੋਗ ਕਰਨ ਵਾਲਿਆਂ ਵਿਚ ਸਿਰਫ਼ 183 ਕੈਲਰੀਆਂ ਪ੍ਰਤੀ ਘੰਟਾ ਵਰਤੀਆਂ ਗਈਆਂ। ਪਾਵਰ ਯੋਗ ਵਿਚ 365 ਕੈਲਰੀਆਂ ਤੱਕ ਵਰਤੀਆਂ ਲੱਭੀਆਂ। ਸਪਸ਼ਟ ਹੋ ਗਿਆ ਕਿ ਤੈਰਨ ਨਾਲ ਸਭ ਤੋਂ ਤੇਜ਼ੀ ਨਾਲ ਭਾਰ ਘਟਦਾ ਹੈ ਤੇ ਖ਼ਾਸ ਕਰ ਢਿੱਡ ਦੁਆਲਿਓਂ!

ਨੀਂਦਰ ਦੀ ਗੱਲ ਕਰੀਏ :-
ਇੱਕ ਖੋਜ ਵਿਚ ਉਨ੍ਹਾਂ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਨੀਂਦਰ ਨਾ ਆਉਣ ਦੀ ਬੀਮਾਰੀ ਸੀ। ਇਨ੍ਹਾਂ ਸਭ ਨੂੰ ਰੋਜ਼ ਸਿਰਫ਼ ਸਵਿਮਿੰਗ ਪੂਲ ਵਿਚ ਇੱਕ ਥਾਂ ਰੁੱਕ ਕੇ ਲਗਾਤਾਰ ਲੱਤਾਂ ਹਿਲਾਉਣ ਲਈ ਕਿਹਾ ਗਿਆ।
ਇਨ੍ਹਾਂ ਵਿੱਚੋਂ 90 ਫੀਸਦੀ ਨੂੰ ਸਿਰਫ਼ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਵਧੀਆ ਨੀਂਦਰ ਆਉਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਦੇ ਜੋੜਾਂ ਦੀ ਲਚਕ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਵਧੀ ਲੱਭੀ। ਇਨ੍ਹਾਂ ਵਿੱਚੋਂ ਕੁੱਝ ਤਾਂ ਤਿੰਨ ਮਹੀਨਿਆਂ ਦੇ ਬਾਅਦ ਸਾਈਕਲ ਵੀ ਚਲਾਉਣਾ ਸ਼ੁਰੂ ਹੋ ਗਏ।
ਢਹਿੰਦੀ ਕਲਾ ਅਤੇ ਭੁੱਲ ਜਾਣ ਦੀ ਬੀਮਾਰੀ ਵਾਲੇ ਲੋਕਾਂ ਵਿਚ ਵੀ 12 ਹਫ਼ਤਿਆਂ ਦੇ ਤੈਰਨ ਦੀ ਕਸਰਤ ਬਾਅਦ 60 ਫੀਸਦੀ ਫ਼ਾਇਦਾ ਹੋਇਆ ਲੱਭਿਆ।
ਇਸ ਖੋਜ ਤੋਂ ਬਾਅਦ ਤਾਇਵਾਨ ਦੇ ਨਿਊ ਤਾਇਪੇਈ ਸ਼ਹਿਰ ਵਿਚ ਢਹਿੰਦੀ ਕਲਾ ਦੇ 44 ਮਰੀਜ਼ਾਂ ਨੂੰ ਤੈਰਨ ਦੀ ਸਲਾਹ ਦਿੱਤੀ ਗਈ ਪਰ ਕੋਈ ਵੀ ਦਵਾਈ ਖਾਣ ਲਈ ਨਹੀਂ ਦਿੱਤੀ ਗਈ। ਇੱਕ ਹਫ਼ਤੇ ਦੇ ਅੰਦਰ-ਅੰਦਰ 36 ਮਰੀਜ਼ਾਂ ਦੀ ਢਹਿੰਦੀ ਕਲਾ ਵਿਚ 90 ਫੀਸਦੀ ਫ਼ਾਇਦਾ ਦਿਸਿਆ। ਬਾਕੀ 8 ਨੂੰ ਦਵਾਈ ਵੀ ਨਾਲੋ-ਨਾਲ ਦੇਣੀ ਪਈ।
ਜਦੋਂ ਗਰਭਵਤੀ ਚੂਹੀਆਂ ਨੂੰ ਖੋਜ ਦੌਰਾਨ ਤੈਰਨ ਲਈ ਲਾਇਆ ਗਿਆ ਤਾਂ ਪਤਾ ਲੱਗਿਆ ਕਿ ਗਰਭ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦੇ ਵਿਕਾਸ ਵਿਚ ਵਾਧਾ ਹੋ ਗਿਆ। ਇਸ ਤੋਂ ਬਾਅਦ ਜੰਮਣ ਸਮੇਂ ਆਕਸੀਜਨ ਦੀ ਕਮੀ ਨਾਲ ਨਵਜੰਮੇਂ ਦੇ ਦਿਮਾਗ਼ ਉੱਤੇ ਮਾੜੇ ਅਸਰ ਵੀ ਨਹੀਂ ਲੱਭੇ।
ਇਸ ਖੋਜ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਸੱਤਵੇਂ ਮਹੀਨੇ ਦੇ ਅਖ਼ੀਰ ਤੱਕ ਤੈਰਦੇ ਰਹਿਣ ਦੀ ਸਲਾਹ ਦਿੱਤੀ ਗਈ, ਖ਼ਾਸ ਕਰ ਜੇ ਕੋਈ ਹੋਰ ਨੁਕਸ ਨਹੀਂ ਸੀ। ਜਿਹੜੀਆਂ ਔਰਤਾਂ ਮੰਨੀਆਂ, ਉਨ੍ਹਾਂ ਦੇ ਬੱਚਿਆਂ ਵਿਚ ਵੀ ਫ਼ਾਇਦਾ ਹੋਇਆ ਲੱਭਿਆ, ਪਰ ਇਹ ਗਿਣਤੀ ਕਾਫ਼ੀ ਘੱਟ ਸੀ। ਇਸੇ ਲਈ ਇਸ ਵਿਸ਼ੇ ਉੱਤੇ ਹੋਰ ਖੋਜਾਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਲੋਰੀਨ ਵਾਲੇ ਪੂਲ ਵਿਚ ਵੀ ਤੈਰਨ ਨਾਲ ਗਰਭਵਤੀ ਔਰਤਾਂ ਨੂੰ ਕੋਈ ਨੁਕਸਾਨ ਹੋਇਆ ਨਹੀਂ ਲੱਭਿਆ ਤੇ ਇਨ੍ਹਾਂ ਔਰਤਾਂ ਨੂੰ ਜੰਮਣ ਪੀੜਾਂ ਵੀ ਘੱਟ ਹੋਈਆਂ। ਇਨ੍ਹਾਂ ਔਰਤਾਂ ਦੇ ਬੱਚਿਆਂ ਵਿਚ ਦਿਲ ਦੇ ਜਮਾਂਦਰੂ ਰੋਗ ਘੱਟ ਲੱਭੇ ਅਤੇ ਬੱਚੇ ਵੀ ਪੂਰੇ ਵਕਤ ਉੱਤੇ ਜੰਮੇ, ਯਾਨੀ ਸਤਮਾਹੇ ਬੱਚੇ ਜੰਮਣ ਦਾ ਖ਼ਤਰਾ ਵੀ ਘੱਟ ਗਿਆ।
ਛੋਟੇ ਬੱਚਿਆਂ ਨੂੰ ਜੇ ਤੈਰਨਾ ਸਿਖਾ ਦਿੱਤਾ ਜਾਵੇ ਤਾਂ ਉਨ੍ਹਾਂ ਵਿਚ ਇਕਾਗਰਤਾ ਵਧਦੀ ਹੈ ਤੇ ਉਹ ਛੇਤੀ ਮੋਟਾਪੇ ਦਾ ਸ਼ਿਕਾਰ ਨਹੀਂ ਹੁੰਦੇ।

ਤੈਰਨ ਦੇ ਖ਼ਤਰੇ :-
1.     ਜੇ ਚੰਗੀ ਤਰ੍ਹਾਂ ਤੈਰਨਾ ਨਹੀਂ ਸਿੱਖਿਆ ਤਾਂ ਡੁੱਬਣ ਦਾ ਖ਼ਤਰਾ ਹੁੰਦਾ ਹੈ।
2.    ਜੇ ਪਾਣੀ ਸਾਫ਼ ਨਾ ਹੋਵੇ ਤਾਂ ਕੀਟਾਣੂਆਂ ਦਾ ਹਮਲਾ ਹੋ ਸਕਦਾ ਹੈ।
3.    ਤੈਰਨ ਤੋਂ ਪਹਿਲਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਕਸਰਤ ਨਾਲ ਪਾਣੀ ਦੀ ਕਮੀ ਹੋ ਸਕਦੀ ਹੈ ਜੋ ਪਾਣੀ ਅੰਦਰ ਤੈਰਦੇ ਰਹਿਣ ਸਦਕਾ ਮਹਿਸੂਸ ਨਹੀਂ ਹੁੰਦੀ। ਕੌਫ਼ੀ ਜਾਂ ਸ਼ਰਾਬ ਤੈਰਨ ਲੱਗਿਆਂ ਨਹੀਂ ਪੀਣੀ ਚਾਹੀਦੀ।
4.    ਕਈਆਂ ਨੂੰ ਪਾਣੀ ਵਿਚਲੇ ਕਲੋਰੀਨ ਨਾਲ ਤਗੜੀ ਐਲਰਜੀ ਹੋ ਸਕਦੀ ਹੈ। ਇਸੇ ਲਈ ਤੈਰਨ ਬਾਅਦ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਨਹਾਉਣ ਬਾਅਦ ਹਲਕੀ ਕਰੀਮ ਜ਼ਰੂਰ ਸਾਰੇ ਸਰੀਰ ਉੱਤੇ ਲਗਾ ਲੈਣੀ ਚਾਹੀਦੀ ਹੈ।
5.    ਸਵੇਰ ਵੇਲੇ ਨਿਰਣੇ ਪੇਟ ਤੈਰਨ ਨਾਲ ਛੇਤੀ ਭਾਰ ਘਟਦਾ ਹੈ। ਸ਼ੱਕਰ ਰੋਗੀਆਂ ਦੀ ਸ਼ੱਕਰ ਦੀ ਮਾਤਰਾ ਇਸ ਤਗੜੀ ਕਸਰਤ ਨਾਲ ਲੋੜੋਂ ਵੱਧ ਘੱਟ ਸਕਦੀ ਹੈ।
6.    ਸੋਰਾਇਸਿਸ ਬੀਮਾਰੀ ਵਾਲੇ ਕਲੋਰੀਨ ਵਾਲੇ ਪਾਣੀ ਵਿਚ ਨਾ ਹੀ ਤੈਰਨ ਤਾਂ ਠੀਕ ਰਹਿੰਦਾ ਹੈ।
7.    ਜੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੇ ਵਿਚ ਤੈਰਨਾ ਹੋਵੇ ਤਾਂ ਸਨਸਕਰੀਨ ਐਸ.ਪੀ. ਐਫ਼. 15 ਵਾਲੀ ਕਰੀਮ ਚਮੜੀ ਉੱਤੇ ਮਲ ਕੇ ਤੈਰਨਾ ਚਾਹੀਦਾ ਹੈ।
8.    ਮੂੰਹ ਜਾਂ ਨੱਕ ਰਾਹੀਂ ਪੂਲ ਦਾ ਪਾਣੀ ਅੰਦਰ ਨਹੀਂ ਲੰਘਾਉਣਾ ਚਾਹੀਦਾ।
9.    ਜੇ ਖੁੱਲੇ ਜ਼ਖ਼ਮ ਹੋਣ, ਤਾਂ ਨਹੀਂ ਤੈਰਨਾ ਚਾਹੀਦਾ ਕਿਉਂਕਿ ਇਨ੍ਹਾਂ ਉੱਤੇ ਪਾਣੀ ਵਿਚਲੇ ਕੀਟਾਣੂ ਹਮਲਾ ਬੋਲ ਸਕਦੇ ਹਨ।
10.    ਵਾਧੂ ਕਲੋਰੀਨ ਨਾਲ ਅੱਖਾਂ ਵਿਚ ਜਲਨ ਹੋ ਸਕਦੀ ਹੈ।
11.    ਬਹੁਤ ਲੰਮੇ ਸਮੇਂ ਤਕ ਸਾਹ ਰੋਕ ਕੇ ਪਾਣੀ ਹੇਠਾਂ ਤੈਰਦੇ ਰਹਿਣਾ ਵੀ ਕਦੇ ਕਦੇ ਖ਼ਤਰਨਾਕ ਹੋ ਸਕਦਾ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
12.    ਘੱਟ ਡੂੰਘਾਈ ਵਾਲੇ ਪੂਲ ਵਿਚ ਸਿਰ ਪਰਨੇ ਛਾਲ ਮਾਰਨ ਨਾਲ ਮੌਤ ਤੱਕ ਹੋ ਸਕਦੀ ਹੈ।
13.    ਇਕਦਮ ਸਾਹ ਰੁੱਕ ਜਾਣ ਵਾਲੀ ਬੀਮਾਰੀ (ਬਰੈਥ ਹੋਲਡਿੰਗ ਸਪੈੱਲ) ਵਾਲਿਆਂ ਨੂੰ ਵੀ ਬਹੁਤ ਧਿਆਨ ਨਾਲ ਕਿਸੇ ਦੀ ਦੇਖ ਰੇਖ ਹੇਠਾਂ ਤੈਰਨਾ ਚਾਹੀਦਾ ਹੈ।
ਸਾਰ :-
ਤੈਰਨਾ ਬਹੁਤ ਹੀ ਵਧੀਆ ਕਸਰਤ ਮੰਨੀ ਜਾ ਚੁੱਕੀ ਹੈ। ਗੱਲ ਸਿਰਫ਼ ਇਹ ਗੌਰ ਕਰਨ ਯੋਗ ਹੈ ਕਿ ਅੱਜ ਦੇ ਦਿਨ ਰਾਜਸਥਾਨ ਦੇ ਕੁੱਝ ਹਿੱਸਿਆਂ ਵਿਚ ਲੋਕ ਪੀਣ ਦੇ ਪਾਣੀ ਨੂੰ ਤਰਸ ਰਹੇ ਹਨ ਤੇ ਗੰਦਾ ਪਾਣੀ ਪੀਣ ਉੱਤੇ ਮਜਬੂਰ ਹਨ। ਅਸੀਂ ਵੀ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਮੁਕਾਉਣ ਵੱਲ ਵਧ ਰਹੇ ਹਾਂ। ਜੇ ਪੀਣ ਨੂੰ ਵੀ ਪਾਣੀ ਨਾ ਰਿਹਾ ਤਾਂ ਤੈਰਨ ਬਾਰੇ ਕੌਣ ਸੋਚੇਗਾ?
ਅੰਤ ਵਿਚ ਇਹੋ ਕਹਿਣਾ ਹੈ ਕਿ ਜੇ ਕਿਸੇ ਨੂੰ ਤੈਰਨ ਤੋਂ ਡਰ ਲੱਗਦਾ ਹੈ ਤਾਂ ਏਨਾ ਹੀ ਯਾਦ ਕਰ ਲਵੇ ਕਿ ਮਾਂ ਦੇ ਢਿੱਡ ਅੰਦਰ ਹਰ ਬੱਚੇ ਨੂੰ ਕੁਦਰਤ ਨੇ ਪਾਣੀ ਵਿਚ ਪੁੱਠਾ ਲਟਕ ਕੇ ਤੈਰਨਾ ਸਿਖਾਇਆ ਹੁੰਦਾ ਹੈ। ਸੋ ਹੁਣ ਕਿਹੜੀ ਗੱਲੋਂ ਡਰਨਾ? ਕਿਸੇ ਵੀ ਸਫਲ ਤੈਰਾਕ ਤੋਂ ਥੋੜਾ ਜਿਹਾ ਸਿੱਖ ਕੇ, ਕਿਸੇ ਵੀ ਉਮਰ ਵਿਚ ਤੈਰਿਆ ਜਾ ਸਕਦਾ ਹੈ।
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਪੰਜਾਬ ਹਿਤੈਸ਼ੀਓ! ਪੰਜਾਬ ਇੱਕ ਵਾਰ ਫਿਰ ਨੰਬਰ ਵਨ ਉੱਤੇ! - ਡਾ. ਹਰਸ਼ਿੰਦਰ ਕੌਰ,ਐੱਮ.ਡੀ.,

ਕੁੱਝ ਖ਼ਬਰਾਂ ਵੱਲ ਝਾਤ ਮਾਰੀਏ :-
1.    ਕੈਂਸਰ ਨੇ ਪੰਜਾਬ ਦੇ ਪਿੰਡਾਂ ਵਿਚ ਮਚਾਈ ਤਬਾਹੀ। ਕਾਰਨ- ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ!
2.    ਤੱਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ ਉੱਤੇ ਪੰਜਾਬ ਵਿਚ ਪਾਬੰਦੀ! ਇਸ ਕੀਟਨਾਸ਼ਕ ਸਦਕਾ ਜਿਗਰ ਹੋ ਰਹੇ ਫੇਲ੍ਹ ਅਤੇ ਕੈਂਸਰ ਵਿਚ ਭਾਰੀ ਵਾਧਾ! (ਟਾਈਮਜ਼ ਆਫ਼ ਇੰਡੀਆ ਵਿਚ ਛਪੀ ਰਿਪੋਰਟ-25 ਅਕਤੂਬਰ 2018)
3.    ਪੰਜਾਬ ਵਿਚ ਕੈਂਸਰ ਫੈਲਾਉਂਦੇ ਕੀਟਨਾਸ਼ਕਾਂ ਵਿਚ ਕੋਈ ਰੋਕ ਨਹੀਂ! (ਇੰਡੀਅਨ ਐਕਸਪ੍ਰੈਸ ਵਿਚ ਛਪੀ ਰਿਪੋਰਟ)
4.    ਇੰਡੀਆ ਵਾਟਰ ਪੋਰਟਲ ਦੀ 21 ਨਵੰਬਰ 2019 ਦੀ ਰਿਪੋਰਟ- ਪੰਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲੱਗ ਪਈ ਹੈ। ਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭੰਡਾਰ ਜਮ੍ਹਾਂ ਹੋ ਚੁੱਕਿਆ ਹੈ।
5.    ਮਾਲਵਾ ਬਣਿਆ-ਕੀਟਨਾਸ਼ਕ ਸਪਰੇਅ ਦਾ ਭੰਡਾਰ-ਭਾਰਤ ਦੇ 'ਕੈਂਸਰ ਕੈਪੀਟਲ ਵਜੋਂ ਹੋਈ ਪਛਾਣ! ਪੂਰੇ ਪੰਜਾਬ ਵਿਚ ਵਰਤੇ ਜਾ ਰਹੇ ਕੈਮੀਕਲਾਂ ਦਾ 75 ਫੀਸਦੀ ਹਿੰਸਾ ਸਿਰਫ਼ ਮਾਲਵਾ ਵਿਚ ਹੀ ਵਰਤਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਕੈਂਸਰ ਦੇ ਕੇਸਾਂ ਵਿਚ ਤਿੰਨ ਗੁਣਾ ਵਾਧਾ ਰਿਕਾਰਡ ਕੀਤਾ ਗਿਆ। ਏਸੇ ਹੀ ਦੌਰਾਨ ਕੀਤੀਆਂ ਗਈਆਂ 6 ਖੋਜਾਂ ਵਿਚ ਮਾਲਵਾ ਵਿਚਲੇ ਕੀਟਨਾਸ਼ਕਾਂ ਦੇ ਅਸਰ ਹੇਠ ਆਏ ਲੋਕਾਂ ਦੀ ਲਿਆਕਤ ਵਿਚ ਘਾਟਾ ਅਤੇ ਬੱਚੇ ਜੰਮਣ ਦੀ ਸਮਰਥਾ ਉੱਤੇ ਵੀ ਕਾਫੀ ਮਾੜਾ ਅਸਰ ਲੱਭਿਆ ਗਿਆ।
ਪੂਰੇ ਮਾਲਵੇ ਵਿਚ ਹੀ ਹਵਾ, ਪਾਣੀ, ਮਿੱਟੀ ਅਤੇ 'ਫੂਡ-ਚੇਨ' (ਉਪਜ) ਵਿਚ ਭਾਰੀ ਮਾਤਰਾ ਵਿਚ ਕੀਟਨਾਸ਼ਕਾਂ ਦੇ ਅੰਸ਼ ਲੱਭੇ ਜਾ ਚੁੱਕੇ ਹਨ।
6.    ਮਾਲਵੇ ਦੇ ਦੋ ਪਿੰਡਾਂ-ਅਰਨੇਤੂ (ਪਟਿਆਲਾ ਜ਼ਿਲ੍ਹਾ) ਅਤੇ ਵੱਲੀਪੁਰ (ਲੁਧਿਆਣਾ ਜ਼ਿਲ੍ਹਾ) ਉੱਤੇ ਹੋਈ ਖੋਜ 'ਐਗਰੀਕਲਚਰਲ ਸਾਈਂਸਿਸ' ਜਰਨਲ ਵਿਚ ਛਪੀ ਹੈ। ਉਸ ਖੋਜ ਪੱਤਰ ਵਿਚ ''ਪੈਸਟੀਸਾਈਡ ਇਨ ਐਗਰੀਕਲਚਰਲ ਰਨਔਫ ਅਫੈਕਟਿੰਗ ਵਾਟਰ ਰਿਸੋਰਸਿਸ ਇਨ ਪੰਜਾਬ'' ਅਧੀਨ ਜੋ ਤੱਥ ਛਪੇ, ਉਹ ਹਨ-
*    ਦੋਨਾਂ ਪਿੰਡਾਂ ਦੇ 81 ਫੀਸਦੀ ਲੋਕ ਮੰਨੇ ਕਿ ਉਹ ਲੋੜੋਂ ਵੱਧ ਕੀਟਨਾਸ਼ਕ ਵਰਤ ਰਹੇ ਹਨ।
*    ਕਣਕ ਬੀਜਣ ਲੱਗਿਆਂ 'ਸੀਜ਼ਨ' ਦੌਰਾਨ ਹੀ ਤਿੰਨ ਵਾਰ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ।
*    ਇਨ੍ਹਾਂ ਥਾਵਾਂ ਉੱਤੇ ਮੀਂਹ ਨਾਲ ਥੱਲੇ ਲੰਘਦਾ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਨਾਲ ਅਤੇ ਫੈਕਟਰੀਆਂ ਦੀ ਗੰਦਗੀ ਸਦਕਾ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸ ਬਾਰੇ ਟੈਸਟ ਕਰਨ ਬਾਅਦ ਸਪਸ਼ਟ ਹੋ ਚੁੱਕਿਆ ਹੈ।
*    ਇਨ੍ਹਾਂ ਥਾਵਾਂ ਦੀਆਂ ਸਬਜ਼ੀਆਂ ਵਿਚ ਅਤੇ ਘੱਗਰ ਨੇੜਲੇ ਖੇਤਾਂ ਵਿਚ ਬੀਜੀਆਂ ਦਾਲਾਂ, ਸਬਜ਼ੀਆਂ ਵਿਚ ਕਰੋਮੀਅਮ, ਮੈਂਗਨੀਜ਼, ਨਿੱਕਲ, ਕੌਪਰ, ਸਿੱਕਾ, ਕੈਡਮੀਅਮ ਅਤੇ ਯੂਰੇਨੀਅਮ ਭਾਰੀ ਮਾਤਰਾ ਵਿਚ ਲੱਭੇ ਜੋ ਇਨਸਾਨੀ ਸਰੀਰ ਕਿਸੇ ਵੀ ਹਾਲ ਵਿਚ ਜਰ ਹੀ ਨਹੀਂ ਸਕਦਾ।
*    ਘੱਗਰ ਨਦੀ ਦੇ ਪਾਣੀ ਦੇ ਟੈਸਟ ਕਰਨ ਬਾਅਦ ਪਤਾ ਲੱਗਿਆ ਹੈ ਕਿ ਜਿੰਨੇ ਜ਼ਹਿਰੀਲੇ ਤੱਤ ਉਸ ਪਾਣੀ ਵਿਚ ਲੱਭੇ ਹਨ, ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹਦ ਤੋਂ ਲਗਭਗ 100 ਗੁਣਾ ਵਧ ਹਨ। ਇਹ ਜ਼ਹਿਰੀਲੇ ਤੱਤ ਹਨ- ਨਿੱਕਲ, ਕਰੋਮੀਅਮ, ਐਂਟੀਮਨੀ, ਸਟਰੌਂਸ਼ੀਅਮ, ਮੈਂਗਨੀਜ਼, ਜ਼ਿੰਕ, ਟਿਨ, ਸਿੱਕਾ, ਕੈਡਮੀਅਮ, ਟਾਈਟੇਨੀਅਮ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਹਾਣੀਕਾਰਕ ਤੱਤ। ਇਨ੍ਹਾਂ ਸਦਕਾ ਜਿਗਰ, ਗੁਰਦੇ, ਦਿਮਾਗ਼, ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿਚ ਹੋ ਰਿਹਾ ਹੈ।
*    ਮਾਲਵੇ ਦੇ ਪਿੰਡਾਂ ਵਿਚ ਲੋਕਾਂ ਦੇ ਚੈੱਕਅੱਪ ਦੌਰਾਨ ਅਨੇਕ ਰੋਗੀ ਲੱਭੇ। ਇਹ ਬੀਮਾਰੀ ਨਾਲ ਪੀੜਤ ਲੋਕ ਲਗਭਗ ਹਰ ਘਰ ਵਿਚ ਸਨ। ਇਨ੍ਹਾਂ ਵਿਚ ਕੈਂਸਰ ਅਤੇ ਹੈਪਾਟਾਈਟਿਸ ਸੀ ਬੀਮਾਰੀ ਦਾ ਭੰਡਾਰ ਸੀ। ਇਨ੍ਹਾਂ ਤੋਂ ਇਲਾਵਾ ਅਨੇਕ ਘਰਾਂ ਵਿਚ ਬੱਚੇ ਵਕਤ ਤੋਂ ਪਹਿਲਾਂ ਜੰਮੇ ਹੋਏ ਸਨ, ਅਨੇਕ ਗਰਭ ਵਿਚ ਹੀ ਮਰ ਚੁੱਕਿਆਂ ਬਾਰੇ ਪਤਾ ਲੱਗਿਆ ਜੋ ਬਾਕੀ ਪੰਜਾਬ ਨਾਲੋਂ 5 ਗੁਣਾ ਵਧ ਗਿਣਤੀ ਸੀ। ਇੰਜ ਹੀ ਜੰਮਦੇ ਸਾਰ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਪੰਜ ਗੁਣਾ ਵੱਧ ਲੱਭੀ।
ਅਨੇਕ ਘਰਾਂ ਦੇ ਬੱਚਿਆਂ ਵਿਚ ਯਾਦਾਸ਼ਤ ਦੀ ਕਮਜ਼ੋਰੀ ਸੀ, ਅਨੇਕ ਮੰਦਬੁੱਧ ਲੱਭੇ, ਕੁੱਝ ਦੇ ਦੰਦਾਂ ਦੁਆਲੇ ਜਬਾੜੇ ਉੱਤੇ ਨੀਲੀ ਲਕੀਰ ਲੱਭੀ, ਕਈਆਂ ਦੇ ਦੰਦਾਂ ਉੱਤੇ ਦਾਗ਼ ਲੱਭੇ ਤੇ ਬਹੁਤ ਸਾਰੇ ਢਿੱਡ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਨਾਲ ਜੂਝ ਰਹੇ ਸਨ।
ਜਦੋਂ ਟੈਸਟ ਕੀਤੇ ਗਏ ਤਾਂ ਇਨ੍ਹਾਂ ਬੱਚਿਆਂ ਦੇ ਸਰੀਰਾਂ ਵਿਚ ਵੱਡੀ ਗਿਣਤੀ ਕੀਟਨਾਸ਼ਕ ਅਤੇ ਮਾੜੇ ਕੈਮੀਕਲਾਂ ਦੇ ਅੰਸ਼ ਲੱਭੇ।
ਸਭ ਤੋਂ ਵੱਧ ਤਕਲੀਫ਼ਦੇਹ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਜਿਹੜੀਆਂ ਬੀਮਾਰੀਆਂ ਨਾਲ ਜੂਝਦੇ ਇਹ ਸਾਰੇ ਪਿੰਡ ਦੇ ਲੋਕ ਰੋਜ਼ ਦੇ ਹਸਪਤਾਲਾਂ ਦੇ ਗੇੜਿਆਂ ਵਿਚ ਉਲਝੇ ਪਏ ਹਨ, ਇਹ ਉਨ੍ਹਾਂ ਦੇ ਆਪਣੇ ਹੀ ਵੱਲੋਂ ਵਰਤੇ ਵਾਧੂ ਕੀਟਨਾਸ਼ਕਾਂ ਸਦਕਾ ਹੋ ਰਹੇ ਹਨ।
ਜਦੋਂ ਕੁੱਝ ਨੇ ਇਹ ਕਿਹਾ ਕਿ ਉਹ ਆਪਣੇ ਲਈ ਬੀਜੀਆਂ ਸਬਜ਼ੀਆਂ ਅਤੇ ਕਣਕ ਉੱਤੇ ਸਪਰੇਅ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉੱਪਰਲੀ ਸਪਰੇਅ ਹੀ ਨਹੀਂ, ਇਹ ਤਾਂ ਪਾਣੀ ਰਾਹੀਂ ਧਰਤੀ ਹੇਠ ਪਹੁੰਚ ਕੇ ਹਰ ਫਸਲ ਵਿਚ ਜ਼ਹਿਰ ਭਰ ਰਹੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਗਏ।
ਸਭ ਕੁੱਝ ਜਾਣ ਲੈਣ ਬਾਅਦ ਵੀ ਇਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਹਾਲੇ ਵੀ ਕੀਟਨਾਸ਼ਕਾਂ ਨੂੰ ਛੱਡਣ ਬਾਰੇ ਹਿਚਕਿਚਾ ਰਹੇ ਸਨ।
7.    ਇਨ੍ਹਾਂ ਖ਼ਬਰਾਂ ਤੋਂ ਇਲਾਵਾ ਹੋਰ ਖੋਜ ਪੱਤਰ ਜੋ ਇਸ ਸੰਬੰਧ ਵਿਚ ਛਪ ਚੁੱਕੇ ਹੋਏ ਹਨ,
ਉਹ ਹਨ :-
*    ਸਾਈਲੈਂਟ ਫੀਲਡਜ਼ (2 ਜੂਨ 2015) - ਪੰਜਾਬ ਵਿਚ ਪੈਸਟੀਸਾਈਡ ਦੇ ਕਹਿਰ ਨੇ ਬੱਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ।
*    ਪੰਜਾਬ ਦੇ 100 ਖੂਹਾਂ ਦੇ ਪਾਣੀ ਨੂੰ ਟੈਸਟ ਕਰਨ ਬਾਅਦ ਇਹ ਪਤਾ ਲੱਗਿਆ ਕਿ ਉਨ੍ਹਾਂ ਵਿਚ ''ਟੌਕਸਿਕ ਕੌਕਟੇਲ'' ਭਰੀ ਪਈ ਹੈ।
*    ਪੀਣ ਵਾਲੇ ਪਾਣੀ ਦੇ 20 ਫੀਸਦੀ ਖੂਹਾਂ ਵਿਚ ਨਾਈਟਰੇਟ 50 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵੱਧ ਲੱਭੇ ਜਿਸ ਸਦਕਾ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਬੱਚਿਆਂ ਵਿਚ 'ਬਲੂ ਬੇਬੀ ਸਿੰਡਰੋਮ' ਯਾਨੀ ''ਮੈਟਹੀਮੋਗਲੋਬੀਨੀਮੀਆ'' ਬੀਮਾਰੀ (ਨੀਲਾ ਪੈ ਜਾਣਾ) ਕਾਫੀ ਦਿਸਣ ਲੱਗ ਪਈ ਹੈ।
8.    ਆਲ ਇੰਡੀਆ ਇੰਸਟੀਚਿਊਟ ਦਿੱਲੀ ਵਿਚ ਦਾਖਲ ਹੋਏ ਬੱਚਿਆਂ ਦੇ ਸਰੀਰ ਅੰਦਰ ਸਿੱਕੇ, ਨਿਕੱਲ ਅਤੇ ਆਰਸੈਨਿਕ ਦੇ ਅੰਸ਼ ਮਿਲੇ।
ਸਿਰਫ਼ ਪੰਜਾਬ ਹੀ ਨਹੀਂ, ਆਂਧਰ ਪ੍ਰਦੇਸ ਦੇ ਇਲੂਰੂ ਇਲਾਕੇ ਵਿਚ ਇੱਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਸਰੀਰਾਂ ਅੰਦਰ ਸਬਜ਼ੀਆਂ ਉੱਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਕਾਫੀ ਮਾਤਰਾ ਵਿਚ ਲੱਭੇ। ਏਮਜ਼ ਦੇ ਡਾਕਟਰਾਂ ਨੇ ਖੋਜ ਕਰ ਕੇ ਦੱਸਿਆ ਕਿ ਕੀਟਨਾਸ਼ਕ ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅੰਦਰ ਲੰਘ ਰਹੇ ਹਨ।
9.    ਸੰਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬੱਚੇ ਨੂੰ ਕੈਂਸਰ ਦੀ ਬੀਮਾਰੀ ਨਾਲ ਜੂਝਦਿਆਂ ਤਿਲ ਤਿਲ ਮਰਦਿਆਂ ਵੇਖਿਆ। ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਦੋਂ ਬੱਚੇ ਦੇ ਟੈਸਟ ਹੋਏ ਤਾਂ ਪਤਾ ਲੱਗਿਆ ਕਿ ਪੀਣ ਵਾਲੇ ਪਾਣੀ ਵਿਚ ਰਲੇ ਕੈਮੀਕਲਾਂ ਸਦਕਾ ਇਹ ਬੀਮਾਰੀ ਹੋਈ। ਉਸ ਇਲਾਕੇ ਵਿਚ ਕੀਟਨਾਸ਼ਕਾਂ ਨੇ ਤਬਾਹੀ ਮਚਾਈ ਹੋਈ ਹੈ ਜਿਸ ਸਦਕਾ ਅਨੇਕ ਹੋਰ ਬੱਚੇ ਅਤੇ ਨੌਜਵਾਨ ਕੈਂਸਰ ਪੀੜਤ ਹੁੰਦੇ ਜਾ ਰਹੇ ਹਨ। ਇਹ ਗਿਣਤੀ ਹੌਲੀ-ਹੌਲੀ ਵਧਦਿਆਂ ਹੁਣ ਗੱਡੀ ਨੰਬਰ 54703 ਰਾਹੀਂ ਬੀਕਾਨੇਰ ਵੱਲ ਜਾਣ ਵੇਲੇ ਲਗਭਗ 60 ਮਰੀਜ਼ ਕੈਂਸਰ ਦੇ ਇਲਾਜ ਲਈ ਏਸੇ ਥਾਂ ਤੋਂ ਲਿਜਾ ਰਹੀ ਹੈ! (ਫਸਟ ਪੋਸਟ ਰਿਪੋਰਟ)


10.    ''ਦਾ ਗ਼ਾਰਡੀਅਨ'' ਇਕ ਜੁਲਾਈ 2019 ਦੀ ਰਿਪੋਰਟ :-
ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵੱਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵੱਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ। ਜਿੱਥੇ ਪੂਰੇ ਭਾਰਤ ਵਿਚਲੇ ਅੰਕੜੇ 80 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ, ਉੱਥੇ ਪੰਜਾਬ ਵਿਚ 90 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ। ਇਸੇ ਲਈ ਇਹ ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿਚ ਅੰਨ ਨਹੀਂ, ਮੌਤ ਬੀਜੀ ਜਾਣ ਲੱਗ ਪਈ ਹੈ (ਇੰਡੀਅਨ ਸਟੇਟ ਵਿਅਰ ਫਾਰਮਰਜ਼ ਸੋ ਸੀਡਜ਼ ਆਫ ਡੈੱਥ)
11.    ਹਾਰਵੈਸਟ ਔਫ ਕੈਂਸਰ (8 ਫਰਵਰੀ 2021 ਦੀ ਰਿਪੋਰਟ) :-
ਅਬੋਹਰ, ਜੋਧਪੁਰ ਐਕਸਪ੍ਰੈਸ ਹੁਣ ''ਕੈਂਸਰ ਟਰੇਨ'' ਵਜੋਂ ਜਾਣੀ ਜਾਂਦੀ ਹੈ। ਉਸ ਵਿਚਲੇ 60 ਫੀਸਦੀ ਸਫਰ ਕਰਨ ਵਾਲੇ ਪੰਜਾਬੀ ਹਨ ਜੋ ਬੀਕਾਨੇਰ ਜਾ ਕੇ ਸਸਤਾ ਇਲਾਜ ਕਰਾਉਣ ਲਈ ਮਜਬੂਰ ਹਨ। ਔਸਤਨ ਰੋਜ਼ ਹੁਣ 100 ਕੈਂਸਰ ਦੇ ਮਰੀਜ਼ ਅਤੇ 200 ਮਰੀਜ਼ਾਂ ਦੇ ਨਾਲ ਜਾਣ ਵਾਲੇ ਪੰਜਾਬੀ ਸਫਰ ਕਰ ਰਹੇ ਹਨ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 1.5 ਫੀਸਦੀ ਦੀ ਥਾਂ 20 ਫੀਸਦੀ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਸਦਕਾ ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਲਗਭਗ 18 ਨਵੇਂ ਮਰੀਜ਼ ਹਰ ਰੋਜ਼ ਕੈਂਸਰ ਦੇ ਸਾਹਮਣੇ ਆ ਰਹੇ ਹਨ।
ਪੂਰੇ ਪੰਜਾਬ ਦਾ ਕੀਟਨਾਸ਼ਕਾਂ ਦਾ 75 ਫੀਸਦੀ ਹਿੱਸਾ ਸਿਰਫ਼ ਮਾਲਵਾ ਹੀ ਖਪਤ ਕਰ ਰਿਹਾ ਹੈ ਜਿਸ ਸਦਕਾ ਪਾਣੀ, ਹਵਾ ਤੇ ਮਿੱਟੀ ਤਾਂ ਪਲੀਤ ਹੋਏ ਹੀ ਹਨ, ਇੱਥੋਂ ਦੀਆਂ ਮਿਰਚਾਂ, ਮਸਾਲਿਆਂ ਅਤੇ ਸਬਜ਼ੀਆਂ ਵਿਚ ਵੀ ਕੀਟਨਾਸ਼ਕਾਂ ਦੇ ਅੰਸ਼ ਭਰੇ ਪਏ ਲੱਭੇ ਹਨ।
12.    ਭਾਰਤ ਸਰਕਾਰ ਦੀ ਕੀਟਨਾਸ਼ਕਾਂ ਸੰਬੰਧੀ ਵਰਤੋਂ ਦੀ ਰਿਪੋਰਟ :-
*    ਸੰਨ 2009-10 ਤੋਂ 2014-15 ਦੇ ਵਿਚਕਾਰ 5 ਸਾਲਾਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਵਿਚ 50 ਫੀਸਦੀ ਵਾਧਾ ਹੋਇਆ ਲੱਭਿਆ।
*    ਇਹ ਵਰਤੋਂ ਸਭ ਤੋਂ ਵੱਧ ਮਹਾਰਾਸ਼ਟਰ ਵਿਚ, ਦੂਜੇ ਨੰਬਰ ਉੱਤੇ ਉੱਤਰ ਪ੍ਰਦੇਸ ਵਿਚ ਅਤੇ ਤੀਜੇ ਨੰਬਰ ਉੱਤੇ ਪੰਜਾਬ ਵਿਚ ਕੀਤੀ ਜਾ ਰਹੀ ਲੱਭੀ।
*    ਜੇ 'ਪਰ ਹੈਕਟੇਅਰ' ਕੀਟਨਾਸ਼ਕਾਂ ਦੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਪੂਰੇ ਭਾਰਤ ਵਿੱਚੋਂ ਪੰਜਾਬ ਪਹਿਲੇ ਨੰਬਰ ਉੱਤੇ ਪਹੁੰਚ ਚੁੱਕਿਆ ਹੋਇਆ ਹੈ ਅਤੇ ਦੂਜੇ ਨੰਬਰ ਉੱਤੇ ਹਰਿਆਣਾ। ਤੀਜੇ ਨੰਬਰ ਉੱਤੇ ਮਹਾਰਾਸ਼ਟਰ ਹੈ।
*    ਕੀਟਨਾਸ਼ਕਾਂ ਸਦਕਾ ਪੰਛੀ, ਮੱਛੀਆਂ, ਕੀਟ-ਪਤੰਗੇ, ਬੂਟੇ ਅਤੇ ਧਰਤੀ ਨੂੰ ਪੌਸ਼ਟਿਕ ਬਣਾਉਣ ਵਾਲੇ ਨਿੱਕੇ ਵਧੀਆ ਕੀਟਾਣੂ ਵੀ ਖ਼ਤਮ ਹੁੰਦੇ ਜਾ ਰਹੇ ਹਨ।
*    ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਵਾਂ ਵੀ ਕੀਟਨਾਸ਼ਕਾਂ ਦੇ ਪ੍ਰਭਾਵ ਹੇਠ ਆਉਣ ਲੱਗ ਪਈਆਂ ਹਨ।
*    ਧਰਤੀ ਹੇਠਾਂ ਸਿੰਮ ਕੇ ਇਹ ਕੀਟਨਾਸ਼ਕ ਹਰ ਤਰ੍ਹਾਂ ਦੀ ਉਪਜ ਅੰਦਰ ਪਹੁੰਚ ਚੁੱਕੇ ਹੋਏ ਹਨ।
*    ਫੈਕਟਰੀਆਂ ਅਤੇ ਕੀਟਨਾਸ਼ਕਾਂ ਵਿਚਲੇ ਮਾੜੇ ਕੈਮੀਕਲਾਂ ਨੂੰ ਜੇ ਅੱਜ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ ਨੂੰ ਤੰਦਰੁਸਤ ਹੋਣ ਵਿਚ ਇਕ ਸਦੀ ਤੱਕ ਲੱਗ ਸਕਦੀ ਹੈ।
13.    ਇੰਡੀਆ ਵਾਟਰ ਪੋਰਟਲ ਦੀ ਰਿਪੋਰਟ :-
ਕੀਟਨਾਸ਼ਕਾਂ ਵਿਚਲੇ ਕੈਮੀਕਲ ਬੱਚਿਆਂ ਦੇ ਸਰੀਰਾਂ ਅੰਦਰ ਕਹਿਰ ਢਾਅ ਰਹੇ ਹਨ। ਮਿੱਟੀ, ਹਵਾ, ਪਾਣੀ ਅਤੇ ਖ਼ੁਰਾਕ ਰਾਹੀਂ ਇਹ ਗੁਰਦੇ, ਜਿਗਰ, ਦਿਲ, ਦਿਮਾਗ਼, ਪੱਠਿਆਂ, ਅੱਖਾਂ ਆਦਿ ਦੇ ਨੁਕਸ ਪੈਦਾ ਕਰਨ ਦੇ ਨਾਲੋ ਨਾਲ ਥਾਇਰਾਇਡ, ਨਸਾਂ ਦੇ ਰੋਗ, ਕੈਂਸਰ ਅਤੇ ਬੱਚੇ ਜੰਮਣ ਦੀ ਸਮਰਥਾ ਉੱਤੇ ਵੀ ਡੂੰਘਾ ਅਸਰ ਛੱਡ ਰਹੇ ਹਨ।
ਹਰੀਕੇ ਦੀਆਂ ਮੱਛੀਆਂ ਵਿਚ ਕੀਟਨਾਸ਼ਕ ਅਤੇ ਪਸ਼ੂਆਂ ਵਿਚ ਹੋ ਰਹੇ ਕੈਂਸਰ ਦਾ ਆਧਾਰ ਵੀ ਕੀਟਨਾਸ਼ਕ ਹੀ ਮੰਨੇ ਜਾ ਚੁੱਕੇ ਹਨ। ਪਟਿਆਲਾ, ਹੁਸ਼ਿਆਰਪੁਰ, ਫਰੀਦਕੋਟ, ਲੁਧਿਆਣਾ ਵਿਚ ਪਸ਼ੂਆਂ ਉੱਤੇ ਹੋਈ ਖੋਜ ਰਾਹੀਂ ਇਹ ਅਸਰ ਲੱਭੇ ਜਾ ਚੁੱਕੇ ਹਨ ਜੋ ਡੰਗਰ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ।
ਮੌਜੂਦਾ ਹਾਲਾਤ ਕੀ ਹਨ ?
ਵਿਸ਼ਵ ਪੱਧਰ ਉੱਤੇ ਯੂਨਾਈਟਿਡ ਨੇਸ਼ਨਜ਼ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਵਿਚ ਕੀਟਨਾਸ਼ਕਾਂ ਦੇ ਅੰਸ਼ ਲੱਭਣ ਉੱਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਅਜਿਹੀ ਉਪਜ ਖਰੀਦਣ ਉੱਤੇ ਪੂਰਨ ਰੂਪ ਵਿਚ ਰੋਕ ਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ।
ਕਲੀਨੀਕਲ ਮੈਡੀਕਲ ਥੈਰਾਪਿਊਟਿਕਸ ਜਰਨਲ ਵਿਚ ਪੰਜਾਬ ਦੇ 12 ਸਾਲਾਂ ਤੋਂ ਛੋਟੇ ਬੱਚਿਆਂ ਦੇ ਵਾਲਾਂ ਅਤੇ ਪਿਸ਼ਾਬ ਵਿਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ ਲੱਭੇ ਜਾਣ ਬਾਰੇ ਤੱਥ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚੋਂ 98 ਫੀਸਦੀ ਵਿਚ ਮਾੜੇ ਕੈਮੀਕਲਾਂ ਦੀ ਮਾਤਰਾ ਕਈ ਗੁਣਾ ਵਧ ਲੱਭੀ ਜੋ ਲੰਮੇ ਸਮੇਂ ਤੋਂ ਅਸਰ ਅਧੀਨ ਆਉਣ ਬਾਰੇ ਦਰਸਾਉਂਦੀ ਸੀ।
ਸਾਰ :-
ਇਹ ਸਪਸ਼ਟ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਅੰਦਾਜ਼ਨ ਹਰ ਸਾਲ 42.66 ਮਿਲੀਅਨ ਅਮਰੀਕਨ ਡਾਲਰਾਂ ਜਿੰਨੀ ਫਸਲ ਕੀਟ ਪਤੰਗਿਆਂ ਦੇ ਹਮਲਿਆਂ ਨਾਲ ਖ਼ਤਮ ਹੋ ਜਾਂਦੀ ਸੀ।
ਹੁਣ ਇਸ ਦੀ ਬੇਹਿਸਾਬੀ ਵਰਤੋਂ ਵਕਤੀ ਫ਼ਾਇਦੇ ਲਈ ਕਰ ਕੇ ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵੱਲ ਨੂੰ ਚਾਲੇ ਪਾਉਂਦੇ ਪੰਜਾਬੀ ਆਪਣੇ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਂਦੇ ਕਿਸਮਤ ਨੂੰ ਝੂਰਦੇ ਦੁਨੀਆ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ।
ਗੁਰਦੇ, ਦਿਲ, ਜਿਗਰ ਦੇ ਰੋਗਾਂ ਨਾਲ ਜੂਝਦੇ ਪੰਜਾਬੀ ਬੱਚੇ ਜਾਂ ਤਾਂ ਸਤਮਾਹੇ ਜੰਮ ਰਹੇ ਹਨ, ਜਾਂ ਕੁੱਖ ਅੰਦਰ ਮਰ ਰਹੇ ਹਨ ਜਾਂ ਛੋਟੀ ਉਮਰੇ ਕੈਂਸਰ ਸਹੇੜ ਰਹੇ ਹਨ। ਜਿਹੜੇ ਬਚ ਗਏ, ਉਨ੍ਹਾਂ ਵਿੱਚੋਂ ਬਥੇਰੇ ਅੱਗੋਂ ਬੱਚੇ ਜੰਮਣ ਯੋਗ ਨਹੀਂ ਰਹਿਣ ਵਾਲੇ!
ਕੀ ਹਾਲੇ ਵੀ ਆਰਗੈਨਿਕ ਜਾਂ ਕੁਦਰਤੀ ਖਾਦਾਂ ਸ਼ੁਰੂ ਕਰਨ ਵਿਚ ਹੋਰ ਦੇਰੀ ਦੀ ਲੋੜ ਹੈ?
ਕੀ ਜਿਹੜੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ ਪ੍ਰਤੀ ਪੀੜ ਨੂੰ ਪਾਲਦੇ, ਰੁਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, ਕੁਦਰਤੀ ਖੇਤੀ ਨੂੰ ਤਰਜੀਹ ਦਿੰਦੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਜਤਨਾਂ ਵਿਚ ਜੁਟੇ ਹਨ, ਪੰਜਾਬ ਦੇ ਅਸਲ ਜੋਧੇ ਨਹੀਂ ਅਖਵਾਉਣੇ ਚਾਹੀਦੇ? ਇਹੀ ਹਨ ਸਾਡੇ ਅਸਲ ਪੰਜਾਬ ਰਤਨ, ਜੋ ਪੰਜਾਬੀਆਂ ਦੀ ਪੌਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ!
ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ਇਹ ਧਰਤੀ, ਮਾਂ ਬਣਨ ਦੀ ਥਾਂ ਡਾਇਣ ਬਣ ਕੇ ਸਾਨੂੰ ਚੱਬ ਜਾਏਗੀ! ਰਬ ਖ਼ੈਰ ਕਰੇ।

ਡਾ. ਹਰਸ਼ਿੰਦਰ ਕੌਰ,ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਗੋਂਗਲੂ ਦੇ ਫ਼ਾਇਦੇ - ਡਾ. ਹਰਸ਼ਿੰਦਰ ਕੌਰ, ਐੱਮ.ਡੀ

ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਮੁਹਾਵਰਾ ਤਾਂ ਬਥੇਰੀ ਵਾਰ ਸੁਣਿਆ ਸੀ ਪਰ ਗੋਂਗਲੂਆਂ ਵਿਚ ਭਰੇ ਕਮਾਲ ਦੇ ਤੱਤਾਂ ਬਾਰੇ ਗੂੜ੍ਹ ਗਿਆਨ ਨਹੀਂ ਸੀ।
ਜਦੋਂ ਖੋਜ ਰਾਹੀਂ ਪਤਾ ਲੱਗਿਆ ਕਿ 30 ਕਿਸਮਾਂ ਦੇ ਗੋਂਗਲੂ ਜਾਂ ਸ਼ਲਗਮ ਇਸ ਵੇਲੇ ਮੌਜੂਦ ਹਨ ਜਿਨ੍ਹਾਂ ਵਿਚ ਇੱਕ ਛੋਟੇ ਜਿਹੇ ਸ਼ਲਗਮ ਵਿਚ ਏਨੀ ਤਾਕਤ ਹੈ ਕਿ ਉਸ ਵਿਚਲੇ 233 ਮਿਲੀਗ੍ਰਾਮ ਪੋਟਾਸ਼ੀਅਮ ਸਦਕਾ ਪੱਠੇ ਅਤੇ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲੋ-ਨਾਲ ਬਲੱਡ ਪ੍ਰੈੱਸ਼ਰ ਅਤੇ ਸ਼ੱਕਰ ਰੋਗ ਵੀ ਕਾਬੂ ਵਿਚ ਰੱਖੇ ਜਾ ਸਕਦੇ ਹਨ। ਲੋਕਾਂ ਦੇ ਕੰਨ ਤਾਂ ਉਦੋਂ ਖੜ੍ਹੇ ਹੋਏ ਜਦੋਂ ਖੋਜ ਰਾਹੀਂ ਇਹ ਸਾਬਤ ਹੋਇਆ ਕਿ ਬਹੁਤੇ ਜਣਿਆਂ ਵੱਲੋਂ ਨਾਪਸੰਦ ਕੀਤਾ ਜਾਣ ਵਾਲਾ ਗੋਂਗਲੂ ਆਪਣੇ ਅੰਦਰ ਇੱਕ ਕੈਮੀਕਲ ਗਲੂਕੋਸਿਨੋਲੇਟ ਲੁਕਾਈ ਬੈਠਾ ਹੈ ਜਿਸ ਸਦਕਾ ਛਾਤੀ ਅਤੇ ਗਦੂਦ ਦੇ ਕੈਂਸਰ ਦੇ ਸੈੱਲ ਤੇਜ਼ੀ ਨਾਲ ਫੈਲ ਨਹੀਂ ਸਕਦੇ।
ਸਮੇਂ ਦੇ ਬਥੇਰੇ ਥਪੇੜੇ ਝੱਲਣ ਬਾਅਦ ਵੀ ਗੋਂਗਲੂ ਅੱਜ ਸਭ ਤੋਂ ਪੁਰਾਣੀਆਂ ਸਬਜ਼ੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ ਜੋ ਡਾਇਨਾਸੋਰ ਵੇਲੇ ਤੋਂ ਅੱਜ ਤੱਕ ਇਸ ਧਰਤੀ ਉੱਤੇ ਆਪਣੀ ਹੋਂਦ ਬਚਾਈ ਬੈਠਾ ਹੈ। ਸਾਈਬੇਰੀਆ ਦੀ ਠੰਡ ਵੀ ਗੋਂਗਲੂਆਂ ਨੂੰ ਲੱਖਾਂ ਸਾਲਾਂ ਤੱਕ ਖ਼ਤਮ ਨਹੀਂ ਕਰ ਸਕੀ। ਗ਼ਰੀਬਾਂ ਦੀ ਖ਼ੁਰਾਕ ਮੰਨੇ ਜਾਂਦੇ ਗੋਂਗਲੂ ਵਿਚ ਇੱਕ ਗ੍ਰਾਮ ਪ੍ਰੋਟੀਨ, ਚਾਰ ਗ੍ਰਾਮ ਮਿੱਠਾ, ਸੱਤ ਗ੍ਰਾਮ ਕਾਰਬੋਹਾਈਡ੍ਰੇਟ ਤੋਂ ਇਲਾਵਾ ਕੈਲਸ਼ੀਅਮ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਭਰੇ ਪਏ ਹਨ।
ਇੱਕ ਕੱਪ ਤਾਜ਼ੇ ਕੱਟੇ ਹੋਏ ਗੋਂਗਲੂ ਵਿਚ 6380 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਲਿਊਟੀਨ ਵੀ ਹੈ ਜੋ ਅੱਖਾਂ ਦੀ ਰੌਸ਼ਨੀ ਠੀਕ ਰੱਖਣ, ਅੰਦਰਲੀ ਪਰਤ ਤੰਦਰੁਸਤ ਰੱਖਣ, ਚਿੱਟਾ ਮੋਤੀਆ ਰੋਕਣ ਦੇ ਨਾਲ-ਨਾਲ ਮੈਕੂਲਰ ਡੀਜੈਨਰੇਸ਼ਨ ਵੀ ਰੋਕਦਾ ਹੈ।
ਭਾਵੇਂ ਹਮੇਸ਼ਾ ਦੁੱਧ ਹੀ ਹੱਡੀਆਂ ਦੀ ਤਾਕਤ ਬਣਾਈ ਰੱਖਣ ਲਈ ਵਧੀਆ ਮੰਨਿਆ ਗਿਆ ਹੈ ਪਰ ਗੋਂਗਲੂ ਵਿਚਲਾ ਕੈਲਸ਼ੀਅਮ ਵੀ ਹੱਡੀਆਂ ਤਗੜੀਆਂ ਰੱਖਣ ਵਿਚ ਮਦਦ ਕਰਦਾ ਹੈ। ਦਿਲ ਅਤੇ ਪੱਠਿਆਂ ਲਈ ਵੀ ਗੋਂਗਲੂ ਵਧੀਆ ਸਾਬਤ ਹੋ ਚੁੱਕਿਆ ਹੈ।
ਚੀਨ ਵਿਚ ਦੁਨੀਆ ਦੀ ਸਭ ਤੋਂ ਵੱਡੀ ਛਾਤੀ ਦੇ ਕੈਂਸਰ ਉੱਤੇ ਖੋਜ ਹੋ ਚੁੱਕੀ ਹੈ ਜਿਸ ਨੂੰ ''ਸ਼ੰਘਾਈ ਬਰੈਸਟ ਕੈਂਸਰ ਸਰਵਾਈਵਲ ਸਟਡੀ'' ਅਧੀਨ ਛਾਪਿਆ ਗਿਆ ਸੀ। ਉਸ ਵਿਚ ਛਾਤੀ ਦੇ ਰੋਗ ਤੋਂ ਪੀੜਤ ਚੀਨੀ ਔਰਤਾਂ ਨੂੰ ਗੋਂਗਲੂ ਰੋਜ਼ ਖਾਣ ਲਈ ਦਿੱਤੇ ਗਏ ਸਨ। ਜਿਸ ਗਰੁੱਪ ਨੂੰ ਗੋਂਗਲੂ ਖਾਣ ਲਈ ਦਿੱਤੇ ਗਏ, ਉਨ੍ਹਾਂ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਉਨ੍ਹਾਂ ਨੇ ਲੰਮੀ ਉਮਰ ਭੋਗੀ। ਇਹ ਖੋਜ ਏਨੀ ਮਹੱਤਵਪੂਰਨ ਮੰਨੀ ਗਈ ਕਿ ਅਮਰੀਕਨ ਐਸੋਸੀਏਸ਼ਨ ਫੌਰ ਰੀਸਰਚ ਦੀ 103ਵੀਂ ਸਾਲਾਨਾ ਕਾਨਫਰੰਸ ਵਿਚ ਇਸ ਦਾ ਖਾਸ ਜ਼ਿਕਰ ਕਰ ਕੇ ਗੋਂਗਲੂਆਂ ਨੂੰ ਬੇਸ਼ਕੀਮਤੀ ਕੁਦਰਤੀ ਦਵਾਈ ਮੰਨ ਲਿਆ ਗਿਆ।
ਛਾਤੀ ਦੇ ਕੈਂਸਰ ਉੱਤੇ ਡਾ. ਸਰਾਹ ਨੇ ਵਾਂਡਰਬਿਲਟ ਯੂਨੀਵਰਸਿਟੀ (ਨੈਸ਼ਵਿਲੇ) ਵਿਖੇ ਦੁਨੀਆ ਦੇ ਵੱਖ ਹਿੱਸਿਆਂ ਤੋਂ ਪਹੁੰਚੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਖੋਜ ਕੀਤੀ ਅਤੇ ਸਭ ਨੂੰ 36 ਮਹੀਨੇ ਰੋਜ਼ ਗੋਂਗਲੂ ਖੁਆਏ ਗਏ। ਇਸ ਦੇ ਨਾਲ ਹੀ ਰੋਜ਼ ਕੇਲ ਪੱਤਾ, ਫੁੱਲ ਗੋਭੀ ਤੇ ਬਰੌਕਲੀ ਵੀ ਦਿਨ ਵਿਚ ਇੱਕ ਵਾਰ ਖੁਆਏ ਗਏ। ਇਹ ਵੇਖਣ ਵਿਚ ਆਇਆ ਕਿ ਛਾਤੀ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਮੌਤ ਦਰ ਵੀ ਕਾਫੀ ਘੱਟ ਹੋਈ ਲੱਭੀ। ਪੰਜ ਸਾਲਾਂ ਤਕ ਲਗਾਤਾਰ ਖੋਜ ਜਾਰੀ ਰੱਖਣ ਬਾਅਦ ਦਿਸਿਆ ਕਿ ਗੋਂਗਲੂ ਖਾਣ ਵਾਲੇ ਮਰੀਜ਼ਾਂ ਵਿਚ ਦੁਬਾਰਾ ਕੈਂਸਰ ਹੋਣ ਦਾ ਖ਼ਤਰਾ 35 ਫੀਸਦੀ ਘੱਟ ਹੋ ਗਿਆ ਅਤੇ ਮੌਤ ਦਰ ਵੀ 27 ਤੋਂ 62 ਫੀਸਦੀ ਘੱਟ ਹੋ ਗਈ।
ਇਹ ਵਧੀਆ ਅਸਰ ਗੋਂਗਲੂ ਵਿਚਲੇ ਆਈਸੋਥਾਇਓਸਾਇਆਨੇਟ ਅਤੇ ਇੰਡੋਲ ਸਦਕਾ ਦਿਸੇ। ਜਿਨ੍ਹਾਂ ਨੇ ਰੋਜ਼ ਇਕ ਗੋਂਗਲੂ ਖਾਧਾ, ਉਨ੍ਹਾਂ ਵਿਚ ਮੌਤ ਦਰ 27 ਫੀਸਦੀ ਘਟੀ ਪਰ ਜਿਨ੍ਹਾਂ ਨੇ ਰੋਜ਼ ਤਿੰਨ ਗੋਂਗਲੂ ਖਾਧੇ, ਉਨ੍ਹਾਂ ਵਿਚ ਮੌਤ ਦਰ 62 ਫੀਸਦੀ ਘੱਟ ਹੋ ਗਈ।
ਇਸ ਤੋਂ ਤਗੜੀ ਖੋਜ ਹਾਲੇ ਤੱਕ ਕਿਤੇ ਨਹੀਂ ਹੋਈ ਜਿੱਥੇ ਸਪਸ਼ਟ ਰੂਪ ਵਿਚ ਕਿਸੇ ਸਬਜ਼ੀ ਸਦਕਾ ਕੈਂਸਰ ਦੇ ਸੈੱਲਾਂ ਨੂੰ ਫੈਲਣ ਵਿਚ ਰੋਕ ਲੱਗੀ ਵੇਖੀ ਹੋਵੇ।
ਬਲੈਡਰ ਕੈਂਸਰ ਵਿਚ ਵੀ ਗੋਂਗਲੂਆਂ ਦੇ ਨਾਲ ਫੁੱਲਗੋਭੀ, ਪੱਤਗੋਭੀ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਦੇਣ ਨਾਲ ਕੈਂਸਰ ਦੇ ਫੈਲਣ ਦੀ ਸਪੀਡ ਘਟੀ ਹੋਈ ਲੱਭੀ। ਇਹ ਖੋਜ ''ਕੈਂਸਰ ਐਪੀਡੀਮੀਓਲਿਜੀ ਬਾਇਓਮਾਰਕਰਜ਼'' ਸੰਨ 2008 ਦੇ ਜਰਨਲ ਵਿਚ ਪੰਨਾ 938 ਤੋਂ 944 ਵਿਚ ਦਰਜ ਕੀਤੀ ਗਈ ਹੈ।
ਕੁੱਝ ਖੋਜਾਂ ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਵੀ ਕੀਤੀਆਂ ਗਈਆਂ ਜਿਨ੍ਹਾਂ ਵਿਚ ਗੋਂਗਲੂਆਂ ਨੂੰ ਖਾਣ ਨਾਲ ਸਿਹਤ ਵਿਚ ਸੁਧਾਰ ਹੋਇਆ ਲੱਭਿਆ। ਜੇ ਬਹੁਤ ਤੇਜ਼ਾਬ ਬਣਦਾ ਹੋਵੇ ਤੇ ਪੇਟ ਦੇ ਕੈਂਸਰ ਦਾ ਖ਼ਤਰਾ ਹੋਵੇ, ਤਾਂ ਗੋਂਗਲੂ ਰੋਜ਼ ਖਾਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ''ਮੈਡਸਕੇਪ ਮੈਡੀਕਲ ਨਿਊਜ਼'' ਵਿਚ ਛਪੀ ਖੋਜ ਅਨੁਸਾਰ ਗੋਂਗਲੂ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਣ ਨਾਲ ਢਿਡ ਅੰਦਰ ਐਂਟੀਆਕਸੀਡੈਂਟ ਦੀ ਮਾਤਰਾ ਵਧ ਜਾਂਦੀ ਹੈ ਜੋ ਮਾੜੇ ਸੈੱਲਾਂ ਨੂੰ ਖ਼ਤਮ ਕਰ ਦਿੰਦੇ ਹਨ।
ਜੌਨ ਹੌਪਕਿਨਜ਼ ਯੂਨੀਵਰਸਿਟੀ ਬਾਲਟੀਮੋਰ ਵਿਖੇ ਡਾ. ਜੈਡ ਫਾਹੇ ਨੇ ਚੂਹਿਆਂ ਉੱਤੇ ਖੋਜ ਕਰ ਕੇ ਵੀ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਖੁਆਉਣ ਨਾਲ ਚੂਹਿਆਂ ਵਿਚ ਵੀ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਗਿਆ। ਇਹ ਖੋਜ ''ਕੈਂਸਰ ਰਿਸਰਚ'' ਜਰਨਲ ਸੰਨ 2009 ਦੇ ਪੰਨਾ ਨੰਬਰ 353 ਤੋਂ 360 ਤੱਕ ਦਰਜ ਕੀਤੀ ਗਈ ਹੈ।
ਡਾ. ਫਾਹੇ ਨੇ ਸਪਸ਼ਟ ਕੀਤਾ ਕਿ ਨਾ ਸਿਰਫ਼ ਜਾਨਵਰਾਂ ਵਿਚ, ਬਲਕਿ ਮਨੁੱਖੀ ਸਰੀਰ ਅੰਦਰਲੇ ਕੈਂਸਰ ਦੇ ਸੈੱਲਾਂ ਨੂੰ ਮਾਰਨ ਵਿਚ ਗੋਂਗਲੂ ਵਰਗੀ ਚਮਤਕਾਰੀ ਸਬਜ਼ੀ ਹਾਲੇ ਤੱਕ ਕੋਈ ਹੋਰ ਲੱਭੀ ਨਹੀਂ ਜਾ ਸਕੀ।
ਇੱਕ ਹੋਰ ਖੋਜ ਵਿਚ ਡਾ. ਨੇਚੂਤਾ ਨੇ ਆਪਣੇ ਸਾਥੀਆਂ ਨਾਲ ਸੰਨ 2002 ਤੋਂ ਸੰਨ 2006 ਤੱਕ 20 ਤੋਂ 75 ਸਾਲਾਂ ਦੀਆਂ 4886 ਔਰਤਾਂ ਸ਼ਾਮਲ ਕੀਤੀਆਂ ਜਿਨ੍ਹਾਂ ਨੂੰ ਪਹਿਲੀ, ਦੂਜੀ, ਤੀਜੀ ਜਾਂ ਚੌਥੀ ਸਟੇਜ ਦਾ ਛਾਤੀ ਦਾ ਕੈਂਸਰ ਸੀ।
ਸਭ ਨੂੰ ਰੋਜ਼ ਤਿੰਨ ਗੋਂਗਲੂ ਖੁਆਏ ਗਏ। ਪਹਿਲਾ ਚੈੱਕਅਪ 18 ਮਹੀਨੇ ਬਾਅਦ ਅਤੇ ਦੂਜਾ 36 ਮਹੀਨੇ ਬਾਅਦ ਕੀਤਾ ਗਿਆ। ਫਿਰ ਤੀਜਾ ਚੈੱਕਅੱਪ ਸਾਢੇ ਪੰਜ ਸਾਲਾਂ ਬਾਅਦ ਕੀਤਾ ਗਿਆ।
ਨਤੀਜੇ ਕੁੱਝ ਇਸ ਤਰ੍ਹਾਂ ਦੇ ਸਨ :-
1.    ਜਿਨ੍ਹਾਂ ਨੇ 18 ਮਹੀਨੇ ਬਾਅਦ ਗੋਂਗਲੂ ਖਾਣੇ ਛੱਡ ਦਿੱਤੇ, ਉਨ੍ਹਾਂ ਸਾਰੀਆਂ 707 ਔਰਤਾਂ
ਦੀ ਮੌਤ ਹੋ ਗਈ।
2.    ਜਿਨ੍ਹਾਂ ਨੇ ਇੱਕ ਗੋਂਗਲੂ ਰੋਜ਼ ਖਾਧਾ, ਉਨ੍ਹਾਂ 666 ਔਰਤਾਂ ਨੂੰ ਕੈਂਸਰ ਦੁਬਾਰਾ ਹੋਣਾ ਸ਼ੁਰੂ ਹੋ
ਗਿਆ।
3.    ਜਿਨ੍ਹਾਂ ਨੇ ਲਗਾਤਾਰ ਪੰਜ ਸਾਲ ਰੋਜ਼ ਤਿੰਨ ਗੋਂਗਲੂ, ਕੇਲ ਪੱਤਾ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਧੀਆਂ, ਉਨ੍ਹਾਂ ਵਿੱਚੋਂ ਇੱਕ ਦੀ ਵੀ ਮੌਤ ਸਾਢੇ ਪੰਜ ਸਾਲ ਤੱਕ ਨਹੀਂ ਹੋਈ।
ਅਮਰੀਕਨ ਐਸੋਸੀਏਸ਼ਨ ਫੌਰ ਕੈਂਸਰ ਰੀਸਰਚ ਵੱਲੋਂ ਸੰਨ 2012 ਵਿਚ ਇਸ ਖੋਜ ਦੇ ਆਧਾਰ ਉੱਤੇ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਜੇ ਪਹਿਲੀ ਸਟੇਜ ਵਿਚ ਹੀ ਪੂਰਾ ਇਲਾਜ ਕਰਵਾਉਣ ਦੇ ਨਾਲ ਅੱਗੋਂ ਉਮਰ ਭਰ ਗੋਂਗਲੂ ਖਾਧੇ ਜਾਣ ਤਾਂ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।
ਆਮ ਜਨਤਾ ਲਈ ਵੀ ਸੁਣੇਹਾ ਇਹੋ ਦਿੱਤਾ ਗਿਆ ਹੈ ਕਿ ਜੇ ਕੈਂਸਰ ਵਰਗੀ ਮਨਹੂਸ ਬੀਮਾਰੀ ਤੋਂ ਬਚਣਾ ਹੈ ਤਾਂ ਗੋਂਗਲੂ ਹਰ ਹਾਲ ਰੋਜ਼ ਖਾਣੇ ਹੀ ਪੈਣੇ ਹਨ।
ਧਿਆਨ ਦੇਣ ਯੋਗ ਕੁੱਝ ਗੱਲਾਂ :-
1.    ਜੇ ਟੱਟੀ ਵਿਚ 'ਆਕਲਟ ਲਹੂ' ਦਾ ਟੈਸਟ ਕਰਨਾ ਹੋਵੇ ਤਾਂ ਗੋਂਗਲੂ ਦੇ ਨਾਲ ਬਰੌਕਲੀ ਵੀ     ਕੁੱਝ ਦਿਨਾਂ ਲਈ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਟੈਸਟ ਰਿਪੋਰਟ ਗ਼ਲਤ ਆ     ਸਕਦੀ ਹੈ। ਕਈ ਵਾਰ ਇੰਜ ਜਾਪਦਾ ਹੈ ਕਿ ਜਿਵੇਂ ਟੱਟੀ ਵਿਚ ਲਹੂ ਆ ਰਿਹਾ ਹੈ, ਪਰ
ਹੁੰਦਾ ਨਹੀਂ।
2.    ਜੇ ਲਹੂ ਪਤਲਾ ਕਰਨ ਦੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਗੋਂਗਲੂ ਨਹੀਂ
ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਿਟਾਮਿਨ ਕੇ ਲਹੂ ਛੇਤੀ ਜਮਾ ਦਿੰਦਾ ਹੈ।

3.    ਜੇ ਗੁਰਦੇ ਦਾ ਰੋਗ ਹੋਵੇ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਾਧੂ
ਪੋਟਾਸ਼ੀਅਮ ਸਰੀਰ ਅੰਦਰ ਜਮਾਂ ਹੋ ਕੇ ਨੁਕਸਾਨ ਪਹੁੰਚਾ ਸਕਦਾ ਹੈ। ਲੱਤਾਂ ਵਿਚ ਕੜਵੱਲ, ਖਿਚਾਓ ਆਦਿ ਵੀ ਹੋ ਸਕਦੇ ਹਨ ਅਤੇ ਧੜਕਨ ਵੀ ਵਧ ਸਕਦੀ ਹੈ।
4.    ਸ਼ਲਗਮ ਯੂਰਿਕ ਏਸਿਡ ਵਧਾ ਸਕਦੇ ਹਨ।
ਗੋਂਗਲੂ ਕਿਹੜਾ ਖਾਈਏ :-
1.    ਛੋਟਾ ਗੋਂਗਲੂ ਵਧੀਆ ਹੁੰਦਾ ਹੈ।
2.    ਵੱਡਾ ਪੱਕਿਆ ਗੋਂਗਲੂ ਕੌੜਾ ਹੋ ਜਾਂਦਾ ਹੈ ਤੇ ਉਸ ਵਿਚ ਵਧੀਆ ਤੱਥ ਵੀ ਘੱਟ ਹੋ ਜਾਂਦੇ
ਹਨ।
3.    ਢਿੱਲਾ ਪਿਆ ਗੋਂਗਲੂ ਨਹੀਂ ਖਾਣਾ ਚਾਹੀਦਾ।
4.    ਜੇ ਗੋਂਗਲੂ ਦੇ ਬਾਹਰ ਕਾਲੇ ਜਾਂ ਪੀਲੇ ਨਿਸ਼ਾਨ ਹੋਣ, ਤਾਂ ਨਹੀਂ ਖਾਣਾ ਚਾਹੀਦਾ।
ਗੋਂਗਲੂ ਕਿਵੇਂ ਵਰਤੀਏ?
ਘਰ ਬੀਜੇ ਕੂਲੇ ਛੋਟੇ ਗੋਂਗਲੂ ਤਾਂ ਸਿਰਫ਼ ਚੰਗੀ ਤਰ੍ਹਾਂ ਧੋ ਕੇ ਹੀ ਜੜ੍ਹ ਕੱਟ ਕੇ, ਕੋਮਲ ਮਲੂਕ ਪੱਤਿਆਂ ਸਮੇਤ ਬਿਨਾਂ ਛਿੱਲੇ ਖਾਧੇ ਜਾ ਸਕਦੇ ਹਨ।
ਜੇ ਉਸੇ ਵੇਲੇ ਨਹੀਂ ਖਾਣੇ ਤਾਂ ਬਿਨਾਂ ਧੋਤੇ ਹੀ ਸਿਰਫ਼ ਜੜ੍ਹ ਅਤੇ ਪੱਤੇ ਕੱਟ ਕੇ ਕੁੱਝ ਘੰਟੇ ਰੱਖੇ ਜਾ ਸਕਦੇ ਹਨ। ਖਾਣ ਲੱਗਿਆਂ ਹੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਲੋੜ ਹੈ। ਜੇ ਫਰਿੱਜ ਅੰਦਰ ਰੱਖਣੇ ਹੋਣ ਤਾਂ ਬਿਨਾਂ ਛਿੱਲੇ ਇੱਕ ਹਫ਼ਤੇ ਤੱਕ ਰੱਖੇ ਜਾ ਸਕਦੇ ਹਨ।
ਜੇ ਗੋਂਗਲੂ ਨਿੱਕਾ ਤੇ ਕੂਲਾ ਨਹੀਂ ਤਾਂ ਛਿੱਲੜ ਲਾਹ ਕੇ ਖਾਣਾ ਚਾਹੀਦਾ ਹੈ। ਗੋਂਗਲੂ ਕੱਚਾ ਜਾ ਪਕਾ ਕੇ ਖਾਧਾ ਜਾ ਸਕਦਾ ਹੈ।
1.    ਗੋਂਗਲੂ ਨੂੰ ਉਬਾਲ ਕੇ ਉਬਲੇ ਆਲੂਆਂ ਨਾਲ ਫੇਹ ਕੇ ਟਿੱਕੀਆਂ ਜਾਂ ਪਰੌਂਠੇ ਵਿਚ     ਪਾਇਆ ਜਾ ਸਕਦਾ ਹੈ।
2.    ਕੱਦੂਕਸ ਕਰ ਕੇ ਕੱਚਾ ਖਾਧਾ ਜਾ ਸਕਦਾ ਹੈ।
3.    ਗਾਜਰਾਂ ਅਤੇ ਸ਼ਕਰਕੰਦੀ ਨਾਲ ਅੱਗ ਉੱਤੇ ਭੁੰਨ ਕੇ ਸਲਾਦ ਵਾਂਗ ਖਾਧਾ ਜਾ ਸਕਦਾ ਹੈ।
4.    ਬਹੁਤ ਹਲਕੀ ਅੱਗ ਉੱਤੇ ਇਕੱਲਾ ਵੀ ਭੁੰਨ ਕੇ ਖਾਧਾ ਜਾ ਸਕਦਾ ਹੈ।
5.    ਪਾਲਕ, ਪੱਤਗੋਭੀ ਨਾਲ ਗੋਂਗਲੂ ਦੇ ਪੱਤੇ ਵੀ ਸਲਾਦ ਵਾਂਗ ਕੱਟ ਕੇ, ਉਸ ਉੱਤੇ ਓਲਿਵ
ਤੇਲ ਅਤੇ ਨਿੰਬੂ ਪਾ ਕੇ ਖਾਧੇ ਜਾ ਸਕਦੇ ਹਨ।
6.    ਅਚਾਰ ਬਣਾ ਕੇ ਵੀ ਖਾਧਾ ਜਾ ਸਕਦਾ ਹੈ।
ਤਲ ਕੇ ਖਾਣ ਨਾਲ ਗੋਂਗਲੂ ਵਿਚਲੇ ਅਸਰ ਘੱਟ ਜਾਂਦੇ ਹਨ।
ਅੰਤ ਵਿਚ ਇਹੋ ਦੱਸਣਾ ਹੈ ਕਿ ਜਿੰਨੀਆਂ ਖੋਜਾਂ ਕੈਂਸਰ ਲਈ ਵਧੀਆ ਅਸਰ ਵਿਖਾ ਚੁੱਕੀਆਂ ਹਨ, ਉਨ੍ਹਾਂ ਸਾਰੀਆਂ ਵਿਚ ਕੱਚਾ ਸ਼ਲਗਮ ਹੀ ਖਾਣ ਲਈ ਦਿੱਤਾ ਗਿਆ ਸੀ।
ਹੁਣ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪਹਿਲਾਂ ਨੱਕ ਮੂੰਹ ਟੇਢਾ ਕਰ ਕੇ ਗੋਂਗਲੂ ਪਰ੍ਹਾਂ ਸੁੱਟ ਦਿੰਦੇ ਸਨ, ਇਸ ਲੇਖ ਨੂੰ ਪੜ੍ਹ ਕੇ ਰੋਜ਼ ਸੁਆਦ ਨਾਲ ਖਾਣਾ ਸ਼ੁਰੂ ਕਰ ਦੇਣਗੇ!
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਸਿਹਤਮੰਦ ਖ਼ੁਰਾਕ ਕਿਹੜੀ ਹੁੰਦੀ ਹੈ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਅੱਜ ਕਲ ਇਸ਼ਤਿਹਾਰਬਾਜ਼ੀ ਦਾ ਜ਼ਮਾਨਾ ਹੈ। ਕੋਈ ਆਰਗੈਨਿਕ ਅਤੇ ਕੋਈ ਪ੍ਰੋਟੀਨ ਜਾਂ ਵਿਟਾਮਿਨ ਦਾ ਹਵਾਲਾ ਦੇ ਕੇ ਬਜ਼ਾਰ ਵਿਚ ਆਪਣੀਆਂ ਚੀਜ਼ਾਂ ਵੇਚਣ ਲਈ ਉਤਾਵਲਾ ਹੋਇਆ ਦਿਸਦਾ ਹੈ ਕਿਉਂਕਿ ਇਸ ਤਰੀਕੇ ਭਰਮਾ ਕੇ ਆਮ ਚੀਜ਼ਾਂ ਵੀ ਤਿੰਨ ਗੁਣਾਂ ਰੇਟ ਵਧਾ ਕੇ ਵੇਚੀਆਂ ਜਾ ਸਕਦੀਆਂ ਹਨ।
35 ਤੋਂ 50 ਸਾਲਾਂ ਦੀ ਉਮਰ ਵਿਚ ਖ਼ੁਰਾਕ ਦੀ ਬਹੁਤ ਮਹੱਤਾ ਹੁੰਦੀ ਹੈ ਕਿਉਂਕਿ ਇਸ ਉਮਰ ਵਿਚ ਖਾਧੀ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਅੱਗੋਂ ਬੀਮਾਰੀਆਂ ਤੋਂ ਬਚਾ ਕੇ ਲੰਮੀ ਉਮਰ ਦਾ ਰਾਜ਼ ਬਣ ਸਕਦੀ ਹੈ। ਰੋਜ਼ ਦੀ ਖਾਧੀ ਜਾ ਰਹੀ ਖ਼ੁਰਾਕ ਵਿਚ ਕਾਰਬੋਹਾਈਡ੍ਰੇਟ, ਥਿੰਦਾ, ਪ੍ਰੋਟੀਨ, ਪਾਣੀ, ਮਿਨਰਲ ਤੱਤ, ਵਿਟਾਮਿਨ ਆਦਿ, ਦੀ ਸਹੀ ਮਾਤਰਾ ਹੋਣੀ ਜ਼ਰੂਰੀ ਹੈ।
ਅੱਜ ਦੇ ਦਿਨ ਜੇ ਝਾਤ ਮਾਰੀਏ ਤਾਂ ਕੁੱਝ ਤੱਥ ਪ੍ਰੇਸ਼ਾਨ ਕਰਨ ਵਾਲੇ ਹਨ। ਪਹਿਲਾ, ਦੁਨੀਆ ਭਰ ਦੇ ਲੋਕਾਂ ਦੇ ਅੰਕੜਿਆਂ ਅਨੁਸਾਰ ਹਰ ਦਸਾਂ ਵਿੱਚੋਂ ਸਿਰਫ਼ ਇੱਕ ਬੰਦਾ ਸਹੀ ਮਾਤਰਾ ਵਿਚ ਲੋੜੀਂਦੇ ਫਲ ਅਤੇ ਸਬਜ਼ੀਆਂ ਖਾ ਰਿਹਾ ਹੈ। ਦੂਜਾ, ਤਾਜ਼ੇ ਫਲ ਸਬਜ਼ੀਆਂ ਵੇਚਣ ਨਾਲੋਂ ਪ੍ਰੋਸੈੱਸਡ ਖਾਣੇ ਵੱਧ ਬਜ਼ਾਰ ਵਿਚ ਵੇਚੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੇਚਣ ਵਿਚ ਕੰਪਨੀਆਂ ਨੂੰ ਵੱਧ ਫ਼ਾਇਦਾ ਮਿਲਦਾ ਹੈ। ਹੱਦ ਤਾਂ ਇਹ ਹੈ ਕਿ ਕਣਕ, ਛੋਲੇ, ਛੱਲੀਆਂ, ਸੋਇਆਬੀਨ ਵਗੈਰਾਹ ਦੇ ਏਨੇ ਵੱਖੋ-ਵੱਖ ਤਰ੍ਹਾਂ ਦੇ ਖਾਣੇ ਬਣਾ ਕੇ ਵੇਚੇ ਜਾ ਰਹੇ ਹਨ ਜਿਨ੍ਹਾਂ ਵਿਚਲਾ ਵਾਧੂ ਲੂਣ ਅਤੇ ਪ੍ਰੋਸੈੱਸਿੰਗ ਲਈ ਵਰਤਿਆ ਜਾ ਰਿਹਾ ਸਮਾਨ ਸਿਹਤ ਦਾ ਨਾਸ ਮਾਰਨ ਲੱਗ ਪਿਆ ਹੈ। ਇਨ੍ਹਾਂ ਦੀ ਵਰਤੋਂ 'ਜੰਕ ਫੂਡਜ਼' ਵਿਚ ਵੀ ਕੀਤੀ ਜਾਣ ਲੱਗ ਪਈ ਹੈ।
ਡੱਬਾ ਬੰਦ ਚੀਜ਼ਾਂ ਬਾਹਰ ਲੱਗੇ ਲੇਬਲ ਵੀ ਬਹੁਤ ਭਰਮਾਉਣ ਵਾਲੇ ਬਣਾ ਕੇ ਵੇਚੇ ਜਾ ਰਹੇ ਹਨ।
ਡਾ. ਨੀਲਸਨ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਬਜ਼ਾਰ ਵਿਚ ਖਾਣ ਲਈ ਮਿਲ ਰਹੀਆਂ ਚੀਜ਼ਾਂ ਵਿੱਚੋਂ 60 ਫੀਸਦੀ ਦੇ ਲੇਬਲ ਸਹੀ ਢੰਗ ਨਾਲ ਨੁਕਸਾਨਾਂ ਬਾਰੇ ਚੇਤੰਨ ਨਹੀਂ ਕਰ ਰਹੇ। ਇਨ੍ਹਾਂ ਲੇਬਲਾਂ ਉੱਤੇ ਵਧੀਆ ਕਸਰਤ ਕਰਦੇ ਸਰੀਰ ਦੀ ਦਿਖ, 'ਕੇਵਲ ਨੈਚਰਲ', 'ਕੁਦਰਤੀ ਤੱਤਾਂ ਨਾਲ ਭਰਪੂਰ', 'ਨਿਰੀ ਕਣਕ', ਪੂਰੀ ਕਣਕ (ਹੋਲ ਵੀਟ), ਛਾਣਬੂਰੇ ਨਾਲ ਲਬਾਲਬ, ਆਦਿ ਲਿਖ ਕੇ ਕੀਮਤ ਚਾਰ ਗੁਣਾ ਰੱਖ ਦਿੱਤੀ ਜਾਂਦੀ ਹੈ। ਕਿਤੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਪ੍ਰੋਸੈੱਸਿੰਗ ਦੌਰਾਨ ਇਸ ਵਿਚਲੇ 80 ਫੀਸਦੀ ਤੱਤ ਖ਼ਤਮ ਹੋ ਚੁੱਕੇ ਹਨ।
ਇਸੇ ਲਈ ਜਦੋਂ ਵੀ ਕੋਈ ਡੱਬਾਬੰਦ ਚੀਜ਼ ਖਰੀਦਣੀ ਹੋਵੇ ਤਾਂ ਹੇਠ ਲਿਖੇ ਤੱਥਾਂ ਬਾਰੇ ਜਾਣਕਾਰੀ ਜ਼ਰੂਰੀ ਹੈ :-
1.    ਖੰਡ :- ਬਹੁਤ ਸਾਰੇ ਡੱਬਾ ਬੰਦ ਖਾਣਿਆਂ ਵਿਚ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਠੀਕ ਰੱਖਣ ਲਈ ਵਾਧੂ ਖੰਡ ਪਾ ਦਿੱਤੀ ਜਾਂਦੀ ਹੈ। ਇੰਜ ਹੀ ਨਮਕੀਨ ਚੀਜ਼ਾਂ ਵਿਚ ਵੀ ਹਲਕੀ ਖੰਡ ਜ਼ਰੂਰ ਪਾਈ ਜਾਂਦੀ ਹੈ। ਰੋਜ਼ਾਨਾ ਦੀ ਖੰਡ ਦੀ ਮਾਤਰਾ ਸਿਰਫ਼ 25 ਗ੍ਰਾਮ ਯਾਨੀ ਪੰਜ ਕੁ ਚਮਚ ਹੀ ਬਥੇਰੇ ਹੁੰਦੇ ਹਨ। ਇਸੇ ਲਈ ਡੱਬਾ ਬੰਦ ਸਮਾਨ ਦੇ ਬਾਹਰ ਲਿਖੇ ਲੇਬਲ ਨੂੰ ਧਿਆਨ ਨਾਲ ਪੜ੍ਹ ਕੇ ਹੀ ਖਾਣਾ ਚਾਹੀਦਾ ਹੈ।
2.    ਥਿੰਦਾ :- ਸਿਰਫ਼ 50 ਗ੍ਰਾਮ ਪ੍ਰਤੀਦਿਨ ਤੋਂ ਵੱਧ ਥਿੰਦਾ ਨਹੀਂ ਖਾਣਾ ਚਾਹੀਦਾ। ਇਸੇ ਲਈ ਤਲੀਆਂ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ।
3.    ਸੋਡੀਅਮ :- ਔਰਤਾਂ ਨੂੰ 1500 ਮਿਲੀਗ੍ਰਾਮ ਤੋਂ ਵੱਧ ਰੋਜ਼ ਲੂਣ ਨਹੀਂ ਖਾਣਾ ਚਾਹੀਦਾ। ਯਾਨੀ ਪੌਣਾ ਚਮਚ ਲੂਣ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ। ਕਿਸੇ ਵੀ ਹਾਲ ਵਿਚ 3.8 ਗ੍ਰਾਮ ਤੋਂ ਵੱਧ ਲੂਣ ਨਹੀਂ ਵਰਤਣਾ ਹੁੰਦਾ। ਇਸੇ ਲਈ ਡੱਬਾ ਬੰਦ ਚੀਜ਼ਾਂ ਜੇ ਵਰਤਣੀਆਂ ਹੋਣ ਤਾਂ ਉਸ ਵਿਚ ਲੂਣ ਦੀ ਮਾਤਰਾ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ।
4.    ਪ੍ਰੋਟੀਨ :- ਜਿਹੜੀਆਂ ਔਰਤਾਂ ਰੋਜ਼ 30 ਮਿੰਟ ਤੋਂ ਘੱਟ ਕਸਰਤ ਕਰਦੀਆਂ ਹੋਣ ਉਨ੍ਹਾਂ ਲਈ ਰੋਜ਼ 46 ਗ੍ਰਾਮ ਪ੍ਰੋਟੀਨ ਜ਼ਰੂਰ ਖਾਣੀ ਚਾਹੀਦੀ ਹੈ।
5.    ਵਿਟਾਮਿਨ :- ਕੁਦਰਤੀ ਤੌਰ ਉੱਤੇ ਭਰੇ ਵਿਟਾਮਿਨ ਤਾਂ ਅਨਮੋਲ ਕੁਦਰਤੀ ਸੁਗ਼ਾਤਾਂ ਵਿੱਚੋਂ ਲੱਭ ਜਾਂਦੇ ਹਨ। ਇਸੇ ਲਈ ਗੋਲੀਆਂ ਖਾਣ ਨਾਲੋਂ ਕੁਦਰਤੀ ਤੌਰ ਉੱਤੇ ਖ਼ੁਰਾਕ ਵਿੱਚੋਂ ਹੀ ਵਿਟਾਮਿਨ ਲੈਣੇ ਬਿਹਤਰ ਹੁੰਦੇ ਹਨ।
6.    ਕੈਲਰੀਆਂ :- ਔਰਤਾਂ ਲਈ ਮੋਟਾਪੇ ਤੋਂ ਬਚਣ ਲਈ 1500 ਕੈਲਰੀਆਂ ਪ੍ਰਤੀ ਦਿਨ ਤੱਕ ਹੀ ਲੈਣੀਆਂ ਚਾਹੀਦੀਆਂ ਹਨ। ਜੇ ਸਰੀਰ ਪਤਲਾ ਹੋਵੇ ਅਤੇ ਹਿਲਜੁਲ ਵੀ ਚੰਗੀ ਹੋ ਰਹੀ ਹੋਵੇ ਤਾਂ 2000 ਕੈਲਰੀਆਂ ਪ੍ਰਤੀ ਦਿਨ ਖਾਧੀਆਂ ਜਾ ਸਕਦੀਆਂ ਹਨ।
7.    ਕੈਲਸ਼ੀਅਮ, ਲੋਹ ਕਣ ਅਤੇ ਓਮੇਗਾ ਤਿੰਨ ਫੈਟੀ ਏਸਿਡ ਜ਼ਰੂਰ ਖਾਣੇ ਚਾਹੀਦੇ ਹਨ।
ਸਿਹਤਮੰਦ ਰਹਿਣ ਲਈ ਔਰਤਾਂ ਕਿਹੜੀ ਖ਼ੁਰਾਕ ਲੈਣ?
1.    ਸਬਜ਼ੀਆਂ, ਖ਼ਾਸ ਕਰ ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਫਲੀਆਂ ਆਦਿ।
2.    ਫਲ
3.    ਛਾਣਬੂਰੇ ਵਾਲਾ ਆਟਾ, ਕਿਨੋਆ, ਮੱਕੀ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਭੂਰੇ ਚੌਲ
4.    ਘੱਟ ਥਿੰਦੇ ਵਾਲਾ ਦੁੱਧ, ਦਹੀਂ
5.    ਅੰਡਾ, ਮੀਟ, ਪੇਠੇ ਦੇ ਬੀਜ, ਸੋਇਆਬੀਨ, ਸੁੱਕੇ ਮੇਵੇ
6.    ਐਵੋਕੈਡੋ,ਓਲਿਵ
ਹੈਰਾਨੀਜਨਕ ਤੱਥ ਇਹ ਹੈ ਕਿ ਦੁਨੀਆ ਦੇ ਸਿਰਫ਼ ਇੱਕ ਚੌਥਾਈ ਲੋਕ ਹੀ ਸਹੀ ਮਾਤਰਾ ਵਿਚ ਫਲ, ਸਬਜ਼ੀਆਂ, ਦੁੱਧ ਆਦਿ ਲੈ ਰਹੇ ਹਨ। ਕੁੱਝ ਲੋੜੋਂ ਵੱਧ ਤੇ ਕੁੱਝ ਵਿਚਾਰੇ ਖ਼ੁਰਾਕ ਦੀ ਕਮੀ ਨਾਲ ਜੂਝ ਰਹੇ ਹਨ।
ਕਿਹੜੇ ਸਿਹਤਮੰਦ ਕਹੇ ਜਾਣ ਵਾਲੇ ਖਾਣੇ ਨਹੀਂ ਖਾਣੇ ਚਾਹੀਦੇ :-
1.    ਮਾਈਕਰੋਵੇਵ ਵਿਚ ਬਣਾਏ ਜਾਣ ਵਾਲੇ ਪੌਪਕੌਰਨ :-
ਪੈਕ ਕੀਤੇ ਕੱਚੇ ਪੌਪਕੌਰਨ ਵਿਚ ਵਾਧੂ ਲੂਣ ਅਤੇ ਡਾਈਐਸੀਟਾਈਲ ਕੈਮੀਕਲ ਪਾਇਆ ਹੁੰਦਾ ਹੈ। ਇਸੇ ਲਈ ਕੁੱਕਰ ਵਿਚ ਜਾਂ ਤਵੇ ਉੱਤੇ ਬਣਾਉਣ ਵਾਲੇ ਦਾਣੇ ਹੀ ਠੀਕ ਹਨ।
2.    ਹਲਕੀ ਸਲਾਦ ਡਰੈਸਿੰਗ (ਲਾਈਟ ਡਰੈਸਿੰਗ) :-
ਬਜ਼ਾਰ ਵਿਚ ਆਮ ਹੀ ਲਾਈਟ ਸਲਾਦ ਡਰੈਸਿੰਗ ਮਿਲ ਜਾਂਦੀ ਹੈ ਜਿਸ ਨੂੰ ਸਲਾਦ ਉੱਤੇ ਪਾ ਕੇ ਖਾਧਾ ਜਾਂਦਾ ਹੈ। ਇਸ ਵਿਚ ਢੇਰ ਸਾਰੇ ਪ੍ਰੀਜ਼ਰਵੇਟਿਵ ਪਏ ਹੋਣ ਸਦਕਾ ਇਹ ਓਨੀ ਹਲਕੀ ਨਹੀਂ ਹੁੰਦੀ ਜਿੰਨਾ ਇਸ ਦਾ ਨਾਂ ਦੇ ਦਿੱਤਾ ਗਿਆ ਹੈ। ਇਸ ਵਿਚ ਲੂਣ ਅਤੇ ਖੰਡ ਵੀ ਵਾਧੂ ਪਾਏ ਹੁੰਦੇ ਹਨ। ਇਨ੍ਹਾਂ ਦੀ ਥਾਂ ਸਿਰਕਾ ਜਾਂ ਕੁੱਝ ਬੂੰਦਾਂ ਵਰਜਿਨ ਓਲਿਵ ਤੇਲ ਵਰਤੇ ਜਾ ਸਕਦੇ ਹਨ।
3.    ਚਾਕਲੇਟ ਨਾਲ ਸੁੱਕੇ ਮੇਵਿਆਂ ਦੀ ਟਰੇਲ ਮਿਕਸ :-
ਬਜ਼ਾਰ ਵਿਚ ਇਸ ਤਰ੍ਹਾਂ ਦੇ ਰਲੇ ਮਿਲੇ ਸਿਹਤਮੰਦ ਕਹੇ ਜਾਂਦੇ ਨਿੱਕੇ ਪੈਕਟ ਮਿਲ ਜਾਂਦੇ ਹਨ। ਚੇਤੇ ਰਹੇ ਕਿ ਇਨ੍ਹਾਂ ਨਿੱਕੇ ਪੈਕਟਾਂ ਵਿਚ ਵੀ 300 ਕੈਲਰੀਆਂ ਤੱਕ ਹੋ ਸਕਦੀਆਂ ਹਨ ਜੋ ਕਿਸੇ ਵੀ ਪਾਸਿਓਂ ਸਿਹਤਮੰਦ ਨਹੀਂ ਹੁੰਦੀਆਂ। ਇਸੇ ਲਈ ਭੁੱਜੇ ਹੋਏ ਛੋਲੇ ਜਾਂ ਛੱਲੀ ਖਾਣੀ ਹੀ ਠੀਕ ਰਹਿੰਦੀ ਹੈ।
4.    ਥਿੰਦਾ ਰਹਿਤ ਖੁਸ਼ਬੂਦਾਰ ਦਹੀਂ :-
'ਫੈਟ-ਫਰੀ ਫਲੇਵਰਡ ਯੋਗਰਟ' ਨਾ ਹੇਠ ਇਸ ਵੇਲੇ ਬਜ਼ਾਰ ਵਿਚ ਅਣਗਿਣਤ ਕੰਪਨੀਆਂ ਧੜੱਲੇ ਨਾਲ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਵੇਖਣ ਸੁਣਨ ਨੂੰ ਸਿਹਤਮੰਦ ਜਾਪਦਾ ਇਹ ਦਹੀਂ ਭਾਵੇਂ ਸਿਰਫ਼ 6 ਔਂਸ ਹੀ ਹੁੰਦਾ ਹੈ, ਪਰ ਇਸ ਵਿਚ 15 ਗ੍ਰਾਮ ਖੰਡ ਪਾਈ ਹੁੰਦੀ ਹੈ। ਇਸੇ ਲਈ ਦਹੀਂ ਵਿਚ ਤਾਜ਼ੇ ਫਲ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਖਾਧਾ ਜਾ ਸਕਦਾ ਹੈ। 'ਗਰੀਕ ਯੋਗਰਟ' ਦੀ ਇੱਕ ਕਿਸਮ ਦੀ ਵੇਚੀ ਜਾ ਰਹੀ ਦਹੀਂ ਵਿਚ ਖੰਡ ਦੀ ਥਾਂ ਥੋੜੀ ਮਾਤਰਾ ਵਿਚ ਸ਼ਹਿਦ ਪਾਇਆ ਮਿਲਦਾ ਹੈ।
5.    ਪਾਲਕ-ਪਾਸਤਾ :-
''ਸਪਿਨੈਚ-ਪਾਸਤਾ'' ਅੱਜ ਕਲ ਖਾਣ ਦਾ ਫੈਸ਼ਨ ਬਣ ਚੁੱਕਿਆ ਹੋਇਆ ਹੈ। ਪਾਲਕ ਨਾਂ ਹੀ ਬਦੋਬਦੀ ਇਸ ਨੂੰ ਖਾਣ ਲਈ ਉਕਸਾਉਂਦਾ ਹੈ। ਦਰਅਸਲ ਇਸ ਵਿਚ ਪਾਲਕ ਏਨੀ ਮਧੋਲ ਦਿੱਤੀ ਹੁੰਦੀ ਹੈ ਕਿ ਬਸ ਨਾਂ ਹੀ ਬਚਦਾ ਹੈ। ਬਿਨਾਂ ਪਾਲਕ ਦੇ ਇੱਕ ਵੀ ਫ਼ਾਇਦੇਮੰਦ ਅੰਸ਼ ਸਦਕਾ ਇਹ ਪਾਸਤਾ ਨਾ ਖਾਣਾ ਹੀ ਬਿਹਤਰ ਹੈ।
6.    ਥਿੰਦਾ ਰਹਿਤ ਜਾਂ ਘੱਟ ਥਿੰਦੇ ਵਾਲੇ ਖਾਣੇ :-
ਥਿੰਦਾ ਕੱਢਣ ਦੇ ਨਾਲ ਹੀ ਖਾਣੇ ਨੂੰ ਸੁਆਦੀ ਬਣਾਉਣ ਲਈ ਉਸ ਤਰ੍ਹਾਂ ਦੇ ਖਾਣੇ ਵਿਚ ਵੱਧ ਲੂਣ ਜਾਂ ਖੰਡ ਪਾਉਣੀ ਪੈਂਦੀ ਹੈ। ਇਸੇ ਲਈ ਡੱਬੇ ਬਾਹਰ ਅੰਸ਼ ਜ਼ਰੂਰ ਪੜ੍ਹ ਲੈਣੇ ਚਾਹੀਦੇ ਹਨ।
7.    ਹੋਲ-ਵੀਟ ਬਰੈੱਡ :-
ਸਾਬਤ ਕਣਕ ਦੇ ਨਾਂ ਹੇਠ ਕਈ ਕੰਪਨੀਆਂ ਬਰੈੱਡ ਵਿਚ ਖੰਡ ਪਾ ਕੇ ਉਸ ਦਾ ਰੰਗ ਭੂਰਾ ਬਣਾ ਦਿੰਦੀਆਂ ਹਨ। ਇਸੇ ਲਈ ਬਾਹਰ ਲਿਖੇ ਅੰਸ਼ ਵੇਖ ਕੇ ਹੀ ਬਰੈੱਡ ਖਰੀਦਣੀ ਚਾਹੀਦੀ ਹੈ।
8.    ਗਲਟਨ-ਫਰੀ ਖਣੇ :-
ਕਈ ਗਲਟਨ-ਫਰੀ ਖਾਣਿਆਂ ਨੂੰ ਵੀ ਸਵਾਦੀ ਬਣਾਉਣ ਲਈ ਵਾਧੂ ਲੂਣ ਅਤੇ ਖੰਡ ਜਾਂ ਘਿਓ ਪਾ ਦਿੱਤਾ ਜਾਂਦਾ ਹੈ। ਇਸੇ ਲਈ ਤਾਜ਼ੇ ਫਲ, ਸਬਜ਼ੀਆਂ ਖਾਣੇ ਬਿਹਤਰ ਰਹਿੰਦੇ ਹਨ।
9.    ਫਰੋਜ਼ਨ ਚੀਜ਼ਾਂ :-
ਬਣੀਆਂ ਬਣਾਈਆਂ ਫਰੀਜ਼ਰ ਵਿਚ ਰੱਖਣ ਵਾਲੀਆਂ ਚੀਜ਼ਾਂ ਭਾਵੇਂ ਮੀਟ ਹੋਣ ਜਾਂ ਸਬਜ਼ੀਆਂ, ਪ੍ਰੀਜ਼ਰਵੇਟਿਵ ਅਤੇ ਲੂਣ ਨਾਲ ਲਬਾਲਬ ਹੁੰਦੀਆਂ ਹਨ।
10.    ਪਰੈਟਜ਼ੈਲ, ਕੁਰਕੁਰੇ ਆਦਿ ਥਿੰਦੇ ਅਤੇ ਲੂਣ ਤੋਂ ਇਲਾਵਾ ਹੋਰ ਕੁੱਝ ਵੀ ਸਰੀਰ ਅੰਦਰ ਨਹੀਂ ਭੇਜਦੇ। ਇਨ੍ਹਾਂ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਵੀ ਵੱਧ ਜਾਂਦੀ ਹੈ।
11.    ਵੈੱਜ-ਚਿੱਪਸ :-
ਇਨ੍ਹਾਂ ਵਿਚ ਸਬਜ਼ੀ ਦਾ ਇੱਕ ਵੀ ਵਧੀਆ ਤੱਤ ਨਹੀਂ ਬਚਿਆ ਹੁੰਦਾ। ਨਿਰਾ ਫੋਕ ਅਤੇ ਕੈਲਰੀਆਂ ਹੀ ਹੁੰਦੀਆਂ ਹਨ।
12.    ਪ੍ਰੋਟੀਨ-ਬਾਰ :-
ਇਹ ਨਾਂ ਹੀ ਏਨੀ ਖਿੱਚ ਪਾਉਂਦਾ ਹੈ ਕਿ ਕੋਈ ਵਿਰਲਾ ਹੀ ਇਨ੍ਹਾਂ ਨੂੰ ਖਾਧੇ ਬਗ਼ੈਰ ਰਹਿ ਸਕਿਆ ਹੋਵੇਗਾ। ਇਨ੍ਹਾਂ ਵਿਚ ਕੈਲਰੀਆਂ ਅਤੇ ਮਿੱਠਾ ਜ਼ਰੂਰ ਵੱਧ ਹੁੰਦਾ ਹੈ ਪਰ ਬਹੁਤੀਆਂ ਪ੍ਰੋਟੀਨ-ਬਾਰ ਵਿਚ ਪ੍ਰੋਟੀਨ ਨਾ ਬਰਾਬਰ ਹੀ ਹੁੰਦੀ ਹੈ।
13.    ਆਰਗੈਨਿਕ-ਖਾਣੇ :- ਭਾਵੇਂ ਹਾਣੀਕਾਰਕ ਸਪਰੇਅ ਰਹਿਤ ਹੋਣ ਪਰ ਅਜਿਹੇ ਖਾਣੇ ਵੀ ਖਾਣ ਤੋਂ ਪਹਿਲਾਂ ਡੱਬੇ ਬਾਹਰ ਲਿਖੀਆਂ ਕੈਲਰੀਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
14.    ਸਮੂਦੀ :- ਘਰ ਅੰਦਰ ਤਾਜ਼ੇ ਫਲ, ਸਬਜ਼ੀਆਂ, ਫਲੈਕਸ ਬੀਜ, ਪੇਠੇ ਦੇ ਬੀਜ ਆਦਿ ਰਲਾ ਕੇ ਵਧੀਆ ਸਮੂਦੀ ਬਣਾ ਕੇ ਪੀਤੀ ਜਾ ਸਕਦੀ ਹੈ। ਬਜ਼ਾਰੀ ਸਮੂਦੀ ਵਿਚ ਕਈ ਪਾਊਡਰ ਅਤੇ ਵਾਧੂ ਖੰਡ ਦੇ ਨਾਲ ਆਈਸਕ੍ਰੀਮ ਵੀ ਪਾ ਦਿੱਤੀ ਜਾਂਦੀ ਹੈ ਜੋ ਸਿਹਤਮੰਦ ਨਹੀਂ ਗਿਣੀ ਜਾ ਸਕਦੀ।
15.    ਸੋਇਆ ਦੁੱਧ :- ਖੁਸ਼ਬੂਦਾਰ ਅਤੇ ਮਿੱਠੇ ਸੋਇਆ ਦੁੱਧ ਦੇ ਪੈਕਟ ਬਜ਼ਾਰ ਵਿਚ ਪਏ ਮਿਲਦੇ ਹਨ ਜਿਨ੍ਹਾਂ ਵਿਚ ਪੋਟਾਸ਼ੀਅਮ, ਪ੍ਰੋਟੀਨ ਅਤੇ ਘੱਟ ਕੋਲੈਸਟਰੋਲ ਹੁੰਦਾ ਹੈ। ਜਿਹੜੇ ਚਾਕਲੇਟ, ਅੰਬ ਜਾਂ ਹੋਰ ਖੁਸ਼ਬੂ ਨਾਲ ਭਰਪੂਰ ਹੋਣ, ਉਨ੍ਹਾਂ ਵਿਚ ਵਾਧੂ ਖੰਡ ਅਤੇ ਕੈਲਰੀਆਂ ਹੁੰਦੀਆਂ ਹਨ।
16.    ਕੌਫ਼ੀ :- ਗਰਮ ਬਜ਼ਾਰੀ ਕੌਫੀ, ਜਿਸ ਵਿਚ ਖੰਡ ਨਾ ਹੋਵੇ ਅਤੇ ਦੁੱਧ ਵੀ ਘੱਟ ਥਿੰਦੇ ਵਾਲਾ ਹੋਵੇ, ਤਾਂ ਠੀਕ ਰਹਿੰਦੀ ਹੈ। ਠੰਡੀ ਕੌਫ਼ੀ ਸਿਰਫ਼ ਕੈਲਰੀਆਂ ਤੇ ਖੰਡ ਨਾਲ ਭਰੀ ਹੁੰਦੀ ਹੈ।
ਸਾਰ :-
ਪ੍ਰੋਸੈੱਸਡ ਖਾਣੇ, ਕੈਲਰੀਆਂ ਅਤੇ ਖੰਡ ਸਰੀਰ ਦਾ ਨਾਸ ਤਾਂ ਮਾਰਦੇ ਹੀ ਹਨ ਪਰ ਨਾਲੋ-ਨਾਲ ਉਮਰ ਛੋਟੀ ਕਰ ਦਿੰਦੇ ਹਨ। ਜੇ ਬੀਮਾਰੀਆਂ ਤੋਂ ਬਚਣਾ ਹੈ ਤਾਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਰੈਗੂਲਰ ਕਸਰਤ ਕਰਨ ਦੇ ਨਾਲ-ਨਾਲ ਤਣਾਓ ਨੂੰ ਵੀ ਜ਼ਰੂਰ ਛੰਡਣਾ ਚਾਹੀਦਾ ਹੈ।
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ? - ਡਾ. ਹਰਸ਼ਿੰਦਰ ਕੌਰ, ਐੱਮ.ਡੀ,

ਕੁੱਝ ਖ਼ਬਰਾਂ ਵੱਲ ਜੇ ਗਹੁ ਨਾਲ ਤੱਕੀਏ ਤਾਂ ਪੰਜਾਬ ਅੰਦਰਲੇ ਪਿੰਡਾਂ ਵਿਚ ਸੌਖਿਆਂ ਝਾਤ ਵੱਜ ਸਕਦੀ ਹੈ।
ਇਹ ਖ਼ਬਰਾਂ ਹਨ :-
1.    ਧਰਤੀ ਹੇਠਲੇ ਪਾਣੀ ਦੀ ਲਗਾਤਾਰ ਅਤੇ ਬੇਤਰਤੀਬੀ ਵਰਤੋਂ ਸਦਕਾ ਪੰਜਾਬ ਹੇਠਲੀ ਧਰਤੀ ਵਿਚ ਸਿਰਫ਼ ਅਗਲੇ 17 ਸਾਲਾਂ ਲਈ ਪਾਣੀ ਬਚਿਆ ਹੈ। ਜੇ ਤੁਰੰਤ ਪਾਣੀ ਬਚਾਉਣ ਦੇ ਜਤਨ ਨਾ ਆਰੰਭੇ ਗਏ ਤਾਂ ਪਰਵਾਸ ਮਜਬੂਰੀ ਬਣ ਜਾਵੇਗੀ। ਤੁਰੰਤ 'ਡਰਿੱਪ ਇਰੀਗੇਸ਼ਨ' ਵੱਲ ਧਿਆਨ ਕਰਨ ਦੀ ਲੋੜ ਹੈ। ਹੁਣ ਵੀ ਕੁੱਝ ਇਲਾਕਿਆਂ ਵਿਚ ਪਾਣੀ ਕੱਢਣ ਲਈ 1200 ਫੁੱਟ ਤੱਕ ਦਾ ਬੋਰ ਕੀਤਾ ਜਾ ਰਿਹਾ ਹੈ।
2.    ਸ਼ਾਇਦ ਇਹ ਸੁਣ ਕੇ ਕਿਸੇ ਨੂੰ ਹੈਰਾਨੀ ਹੋਵੇ ਕਿ ਲੁਧਿਆਣੇ ਦੇ ਬੁੱਢਾ ਨਾਲੇ ਵਿੱਚੋਂ ਪਹਿਲਾਂ ਲੋਕ ਪੀਣ ਲਈ ਵੀ ਪਾਣੀ ਵਰਤਦੇ ਹੁੰਦੇ ਸਨ ਅਤੇ ਕਪੜੇ ਵੀ ਧੋਂਦੇ ਹੁੰਦੇ ਸਨ। ਹੁਣ ਇਹ ਲੁਧਿਆਣੇ ਦੀਆਂ ਕੈਮੀਕਲ ਤੇ ਹੋਰ ਫੈਕਟਰੀਆਂ ਵੱਲੋਂ ਸੁੱਟੀ ਗੰਦਗੀ ਸਦਕਾ ਅਜਿਹੇ ਗੰਦੇ ਨਾਲੇ ਵਿਚ ਤਬਦੀਲ ਹੋ ਚੁੱਕਿਆ ਹੈ ਜਿਸ ਵਿਚ ਅਣਗਿਣਤ ਲਾਇਲਾਜ ਬੀਮਾਰੀਆਂ ਦੇ ਕੀਟਾਣੂ ਪਨਪ ਰਹੇ ਹਨ। ਜਾਨ ਨੂੰ ਖ਼ਤਰਾ ਤਾਂ ਇੱਕ ਨਿੱਕੀ ਜਿਹੀ ਖ਼ਬਰ ਤੋਂ ਹੀ ਸਮਝ ਆ ਜਾਂਦਾ ਹੈ ਜਦੋਂ ਅਖ਼ਬਾਰਾਂ ਦੀ ਸੁਰਖੀ ਵਿਚ ਹਮੀਰੇ ਦੀ ਸ਼ਰਾਬ ਫੈਕਟਰੀ ਵਿਚਲੇ ਪ੍ਰਦੂਸ਼ਿਤ ਪਾਣੀ ਨਾਲ ਅਣਗਿਣਤ ਮੱਛੀਆਂ ਅਤੇ ਹੋਰ ਜੀਵਾਂ ਦੇ ਮਰਨ ਦੀ ਖ਼ਬਰ ਛਪੀ।
    ਆਈ.ਟੀ.ਆਈ. ਖੜਗਪੁਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਵਿਚਲੇ ਕਈ ਥਾਈਂ ਗੰਧਲੇ ਹੋ ਚੁੱਕੇ ਪਾਣੀ ਨੂੰ ਸਾਫ਼ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
    ਇਹ ਗੰਧਲਾ ਪਾਣੀ ਆਪਣੇ ਵਿਚਲੇ ਗੰਦਗੀ ਦੇ ਢੇਰ ਨੂੰ ਲੈ ਕੇ ਜ਼ਮੀਨ ਹੇਠਾਂ ਜਜ਼ਬ ਹੁੰਦਾ ਜਾ ਰਿਹਾ ਹੈ ਜਿੱਥੋਂ ਇਹ ਵਾਪਸ ਪੰਪਾਂ ਰਾਹੀਂ ਉਤਾਂਹ ਖਿੱਚ ਕੇ ਖੇਤਾਂ ਲਈ ਤੇ ਘਰਾਂ ਅੰਦਰ ਪੀਣ ਲਈ ਵਰਤਿਆ ਜਾ ਰਿਹਾ ਹੈ। ਇਸ ਜ਼ਹਿਰੀਲੇ ਪਾਣੀ ਸਦਕਾ ਪੰਜਾਬ ਦੇ ਲਗਭਗ ਇੱਕ ਕਰੋੜ ਦੇ ਕਰੀਬ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਹੇ ਹਨ। ਪੂਰੇ ਭਾਰਤ ਵਿਚ ਵੀ 25 ਕਰੋੜ ਲੋਕ ਪ੍ਰਦੂਸ਼ਿਤ ਪਾਣੀ ਨਾਲ ਹੋ ਰਹੀਆਂ ਬੀਮਾਰੀਆਂ ਸਹੇੜੀ ਬੈਠੇ ਹਨ। ਏਸੇ ਤਰ੍ਹਾਂ ਪਸ਼ੂ ਤੇ ਪੰਛੀ ਵੀ ਜਾਨਾਂ ਗੁਆ ਰਹੇ ਹਨ।
    ਰਹਿੰਦ ਖੂੰਦ ਹੁਣ ਕੀਟਨਾਸ਼ਕਾਂ ਦੇ ਭੰਡਾਰ ਨੇ ਪੂਰੀ ਕਰ ਦੇਣੀ ਹੈ, ਜੋ ਧਰਤੀ ਹੇਠਲੇ ਪਾਣੀ ਦੇ ਵਿਚ ਧੜਾਧੜ ਪਹੁੰਚ ਰਹੇ ਹਨ।
3.    ਸਰਕਾਰੀ ਅੰਕੜਿਆਂ ਵੱਲ ਝਾਤ ਮਾਰੀਏ ਤਾਂ ਸੀ.ਐੱਮ.ਆਈ.ਈ. ਦੀਆਂ ਛਪੀਆਂ ਖ਼ਬਰਾਂ ਅਨੁਸਾਰ ਭਾਰਤ ਵਿਚ ਮਾਰਚ 2020 ਤੋਂ ਮਾਰਚ 2021 ਤੱਕ 99 ਲੱਖ ਦੇ ਕਰੀਬ ਨੌਕਰੀ ਪੇਸ਼ਾ ਲੋਕਾਂ ਦੀ ਨੌਕਰੀ ਖੁੱਸ ਗਈ। ਮਾਰਚ 2021 ਵਿਚ ਸਿਰਫ਼ 7.62 ਕਰੋੜ ਲੋਕ ਹੀ ਨੌਕਰੀ ਕਰਦੇ ਰਹਿ ਗਏ ਸਨ। ਇਹ ਵੀ ਖ਼ਬਰਾਂ ਵਿਚ ਅਨੁਮਾਨ ਲਾਇਆ ਗਿਆ ਕਿ ਬੇਰੁਜ਼ਗਾਰ ਹੋਏ ਲੋਕਾਂ ਦਾ ਅਸਲ ਅੰਕੜਾ ਕਿਤੇ ਵੱਧ ਹੈ। ਇਨ੍ਹਾਂ ਵਿੱਚੋਂ ਵੀ ਸਭ ਤੋਂ ਵੱਧ ਮਾਰ ਔਰਤਾਂ ਉੱਤੇ ਪਈ। ਬੇਰੁਜ਼ਗਾਰੀ ਦਰ 30 ਫੀਸਦੀ ਵਧੀ ਅਤੇ ਜ਼ਿਆਦਾਤਰ 20 ਤੋਂ 30 ਸਾਲ ਦੇ ਉਮਰ ਦੇ ਲੋਕ ਨੌਕਰੀਆਂ ਵਿੱਚੋਂ ਕੱਢੇ ਗਏ।
    ਜੇ ਦੇਸ ਦੀ ਆਬਾਦੀ ਦੇ ਹਿਸਾਬ ਅਨੁਸਾਰ ਵੇਖੀਏ ਤਾਂ ਸਭ ਤੋਂ ਵੱਧ ਗਿਣਤੀ 30 ਤੋਂ 35 ਸਾਲਾਂ ਦੇ ਲੋਕਾਂ ਦੀ ਹੈ। ਸੌਖਿਆਂ ਸਮਝ ਆ ਸਕਦੀ ਹੈ ਕਿ ਭਾਰਤ ਦੇ ਵੱਡੀ ਗਿਣਤੀ ਨੌਜਵਾਨ ਕੰਮ ਲਈ ਧੱਕੇ ਖਾਂਦੇ ਫਿਰ ਰਹੇ ਹਨ।
    ਪੰਜਾਬ ਅੰਦਰ ਵਧਦੀਆਂ ਖ਼ੁਦਕੁਸ਼ੀਆਂ ਅਤੇ ਸੜਕਾਂ ਉੱਤੇ ਡਾਂਗਾਂ ਖਾਂਦੇ ਬੇਰੁਜ਼ਗਾਰ ਇਸੇ ਪਾਸੇ ਵੱਲ ਇਸ਼ਾਰਾ ਕਰ ਰਹੇ ਹਨ।
    ਇੱਕ ਅਖ਼ਬਾਰ ਵਿਚ ਛਪੀ ਖ਼ਬਰ ਅਨੁਸਾਰ ਪਿੰਡਾਂ ਵਿਚ ਵੀ ਲਗਭਗ 12 ਕਰੋੜ ਕਾਮੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ।
    ਮਹਾਂਮਾਰੀ ਦੌਰਾਨ ਛੋਟੇ ਦੁਕਾਨਦਾਰ, ਮਕੈਨਿਕ, ਰੇੜੀ ਚਾਲਕ, ਢਾਬੇ ਆਦਿ ਵੀ ਬਰਬਾਦੀ ਦੀ ਕਗਾਰ ਉੱਤੇ ਪਹੁੰਚ ਗਏ ਸਨ।
    ਗ਼ਰੀਬੀ ਦਾ ਅੰਕੜਾ ਜਾਨਣਾ ਹੋਵੇ ਤਾਂ ਸਾਲ 1991 ਵਿਚ ਛਪੀ ਰਿਪੋਰਟ ਅਨੁਸਾਰ ਉਦੋਂ 5 ਲੱਖ ਦੇ ਕਰੀਬ ਗ਼ਰੀਬ ਕਿਸਾਨ ਸਨ ਜਿਨ੍ਹਾਂ ਵਿੱਚੋਂ ਸੰਨ 2005 ਤੱਕ 1.6 ਲੱਖ ਕਿਸਾਨ ਖੇਤੀ ਦਾ ਕੰਮ ਛੱਡਣ ਲਈ ਮਜਬੂਰ ਹੋ ਚੁੱਕੇ ਸਨ। ਇਨ੍ਹਾਂ ਸਿਰ ਚੜ੍ਹੇ ਕਰਜ਼ੇ ਕਦੇ ਵੀ ਘਟੇ ਨਹੀਂ।
4.    ਅਧਿਆਪਕ ਆਪਣੀ ਤਨਖ਼ਾਹ ਅਤੇ ਨੌਕਰੀਆਂ ਲਈ ਸੜਕਾਂ ਉੱਤੇ ਜੂਝਦੇ ਫਿਰਦੇ ਹਨ। ਸਕੂਲਾਂ ਵਿਚ ਵੀ ਉਨ੍ਹਾਂ ਦੇ ਬੈਠਣ ਲਈ ਕੁਰਸੀਆਂ ਨਹੀਂ। ਕਿਤੇ ਕੰਪਿਊਟਰ ਨਹੀਂ ਅਤੇ ਕਿਤੇ ਪ੍ਰਿੰਟਰ ਨਹੀਂ। ਵੇਲੇ ਕੁਵੇਲੇ ਅਲੱਗ-ਅਲੱਗ ਪ੍ਰਬੰਧਕੀ ਕੰਮਾਂ ਵਾਸਤੇ ਇੱਧਰ-ਉੱਧਰ ਧੱਕ ਦਿੱਤਾ ਜਾਂਦਾ ਹੈ। ਕਈ ਥਾਈਂ ਰੋਜ਼ ਦੋ ਵੱਖੋ-ਵੱਖ ਸਕੂਲ ਨਿਪਟਾਉਣੇ ਪੈਂਦੇ ਹਨ। ਇਨ੍ਹਾਂ ਕਾਰਜਾਂ ਲਈ ਸਫ਼ਰੀ ਭੱਤਾ ਵੀ ਨਹੀਂ ਦਿੱਤਾ ਜਾਂਦਾ।
    ਸਭ ਤੋਂ ਭੱਦਾ ਮਜ਼ਾਕ ਤਾਂ ਇਹ ਹੈ ਕਿ ਪਹਿਲੀ ਤੋਂ ਅੱਠਵੀਂ ਜਮਾਤ ਤਕ ਪ੍ਰਤੀ ਬੱਚੇ ਨੂੰ ਸਿਰਫ਼ 600 ਰੁਪਏ ਦਿੱਤੇ ਜਾਂਦੇ ਹਨ ਜਿਸ ਨਾਲ ਉਸ ਨੇ ਪੂਰੀ ਵਰਦੀ ਖਰੀਦਣੀ ਹੁੰਦੀ ਹੈ। ਭਲਾ ਕੋਈ ਦੱਸੇ ਕਿ ਏਨੇ ਰੁਪਈਆਂ ਵਿੱਚ ਕੋਈ ਪੈਂਟ, ਕਮੀਜ਼, ਬੂਟ, ਸਵੈਟਰ, ਟਾਈ, ਬੈਲਟ ਆਦਿ ਖ਼ਰੀਦ ਕੇ ਪਾ ਸਕਦਾ ਹੈ? ਕਮਾਲ ਤਾਂ ਇਹ ਹੈ ਕਿ ਬਥੇਰੇ ਅਧਿਆਪਕ ਮਹਿਜ਼ 2000 ਜਾਂ 3000 ਰੁਪਏ ਮਹੀਨਾ ਉੱਤੇ ਰੱਖੇ ਜਾ ਰਹੇ ਹਨ। ਜਦੋਂ ਇਨ੍ਹਾਂ ਅਧਿਆਪਿਕਾਂ ਵੱਲੋਂ ਦੱਸੇ ਤੱਥਾਂ ਉੱਤੇ ਖ਼ਬਰਾਂ ਛਪਦੀਆਂ ਹਨ ਤਾਂ ਕਲੇਜਾ ਮੂੰਹ ਨੂੰ ਆ ਜਾਂਦਾ ਹੈ ਕਿ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੁਆਰਿਆ ਜਾ ਸਕਦਾ ਹੈ! ਇਨ੍ਹਾਂ ਅਧਿਆਪਿਕਾਂ ਨੂੰ ਰੈਗੂਲਰ ਤੌਰ ਉੱਤੇ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ। ਪ੍ਰਾਇਮਰੀ ਸਕੂਲ ਦੇ ਅਧਿਆਪਿਕਾਂ ਨੂੰ ਤਾਂ ਬਥੇਰੀ ਵਾਰ ਚਪੜਾਸੀ, ਚੌਕੀਦਾਰ, ਰਸੋਈਆ ਤੋਂ ਲੈ ਕੇ ਮਰਦਮਸ਼ੁਮਾਰੀ, ਚੋਣ ਕਰਮਚਾਰੀ, ਡਾਕੀਆ ਤੱਕ ਦੇ ਕੰਮ ਲੈਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿਫਾਰਿਸ਼ ਦੇ ਆਧਾਰ ਉੱਤੇ ਮੈਰਿਟ ਨੂੰ ਦਰਕਿਨਾਰ ਕਰ ਕੇ ਬਥੇਰੇ ਅਧਿਆਪਕ ਦੂਰ ਦੁਰੇਡੇ ਭੇਜ ਦਿੱਤੇ ਜਾਂਦੇ ਹਨ ਜਿਸ ਲਈ ਕਿਰਾਇਆ ਭੱਤਾ ਵੀ ਉਨ੍ਹਾਂ ਨੂੰ ਪੱਲਿਓਂ ਹੀ ਲਾਉਣਾ ਪੈਂਦਾ ਹੈ। ਇਹ ਵੀ ਖ਼ਬਰ ਛਪ ਚੁੱਕੀ ਹੈ ਕਿ ਕਰਮਚਾਰੀਆਂ ਦੀ ਘਾਟ ਸਦਕਾ ਕਈ ਵਾਰ ਅਧਿਆਪਿਕਾਂ ਨੂੰ ਗੁਸਲਖ਼ਾਨਾ ਤੱਕ ਸਾਫ਼ ਕਰਨ ਦੀ ਨੌਬਤ ਆ ਗਈ ਸੀ।
5.    ਗੁਰਮੀਤ ਸਿੰਘ ਪਲਾਹੀ ਜੀ ਵੱਲੋਂ ਲਿਖੀ ਪੁਸਤਕ ''ਪੰਜਾਬ ਡਾਇਰੀ-2021'' ਵਿਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਪੰਜਾਬ ਵਿਚਲੀਆਂ ਸਾਲਾਨਾ ਸਕੂਲੀ ਖੇਡਾਂ ਲਈ ਕੋਈ ਸਰਕਾਰੀ ਫੰਡ ਨਹੀਂ ਦਿੱਤੇ ਜਾਂਦੇ। ਨਾ ਹੀ ਖਿਡਾਰੀਆਂ ਦੇ ਖਾਣ-ਪੀਣ ਅਤੇ ਇਨਾਮਾਂ ਲਈ ਕੋਈ ਰਕਮ ਦਿੱਤੀ ਜਾਂਦੀ ਹੈ। ਇਸ ਵਾਸਤੇ ਬਹੁਤੀ ਥਾਈਂ ਅਧਿਆਪਕ ਆਪਣੀ ਜੇਬ ਵਿੱਚੋਂ ਖ਼ਰਚਾ ਕਰਦੇ ਹਨ। ਜਦੋਂ ਬੱਚੇ ਬਲਾਕ ਪੱਧਰ ਉੱਤੇ ਹੋਣ ਵਾਲੇ ਮੁਕਾਬਲਿਆਂ ਲਈ ਜਾਂਦੇ ਹਨ ਤਾਂ ਉੱਥੋਂ ਵੀ ਪੈਸੇ ਦੀ ਘਾਟ ਸਦਕਾ ਬਿਨਾਂ ਇਨਾਮ ਲਏ ਵਾਪਸ ਮੁੜਦੇ ਹਨ।
6.    ਇੱਕ ਅਹਿਮ ਨੁਕਤਾ ਹੈ- ਅਫ਼ਸਰਸ਼ਾਹੀ! ਵੱਡੀਆਂ ਅੰਗਰੇਜ਼ੀ ਦੀਆਂ ਅਖ਼ਬਾਰਾਂ ਵਿਚ ਸਿਆਸੀ ਲੋਕਾਂ ਦੇ ਇਰਦ-ਗਿਰਦ ਘੇਰਾ ਪਾ ਕੇ ਬੈਠੀ ਅਫ਼ਸਰਸ਼ਾਹੀ ਨੂੰ ''ਵੈਦਰ-ਕੌਕ'' ਜਾਂ ਹਵਾ ਨਾਲ ਘੁੰਮ ਜਾਂਦਾ ਹੋਇਆ ਘਰ ਉੱਪਰਲੀ ਸਿਖਰ ਉੱਤੇ ਲੱਗਿਆ ਕੁੱਕੜ ਦਾ ਨਿਸ਼ਾਨ ਮੰਨ ਲਿਆ ਗਿਆ ਹੈ। ਇਸ ਕੁੱਕੜ ਦਾ ਕੰਮ ਹੀ ਹਵਾ ਨਾਲ ਘੁੰਮ ਜਾਣਾ ਹੁੰਦਾ ਹੈ; ਬਸ ਇਸ ਤੋਂ ਵੱਧ ਕੁੱਝ ਨਹੀਂ। ਹੁਣ ਇਸੇ ਅਫ਼ਸਰਸ਼ਾਹੀ ਵਿਚ ਕੁੱਝ ਉਲਟ ਫੇਰ ਹੋਇਆ ਵੇਖਿਆ ਗਿਆ ਹੈ।
    ਇਹ ''ਵੈਦਰ-ਕੌਕ'' ਹੁਣ ਹੌਲੀ-ਹੌਲੀ ਸਿਆਸੀ ਲੋਕਾਂ ਨੂੰ ਵੀ ਆਪਣੇ ਹਿਸਾਬ ਨਾਲ ਘੁਮਾਉਣ ਲੱਗ ਪਏ ਹਨ। ਖ਼ਬਰਾਂ ਅਨੁਸਾਰ ਤਾਂ ਪੰਜਾਬ ਵਿਚ ਇੱਕ ਪਾਸੇ ਮਾਫੀਆ ਤੇ ਦੂਜੇ ਪਾਸੇ ਅਫ਼ਸਰਸ਼ਾਹੀ ਰਾਜ ਚੱਲ ਰਿਹਾ ਹੈ। ਸਿਆਸਤ ਉੱਤੇ ਭਾਰੂ ਪੈਂਦੀ ਅਫ਼ਸਰਸ਼ਾਹੀ ਆਪਣੇ ਟੱਬਰਾਂ ਦੀ ਵੱਧ ਫ਼ਿਕਰ ਕਰਨ ਲੱਗ ਪਈ ਹੈ। 'ਪੰਜਾਬ ਡਾਇਰੀ-2021' ਵਿਚ ਤਾਂ ਗੁਰਮੀਤ ਸਿੰਘ ਪਲਾਹੀ ਜੀ ਪੰਨਾ ਨੰਬਰ 27 ਉੱਤੇ ਸਪਸ਼ਟ ਲਿਖਦੇ ਹਨ, ''ਅਫ਼ਸਰਸ਼ਾਹੀ ਦੀ ਆਪਣੀ ਫ਼ਿਕਰ ਐ, ਮਾਫੀਏ ਨਾਲ ਰਲ ਕੇ ਕਮਾਈ ਕਰਨ ਦੀ, ਤਨਖ਼ਾਹੋਂ ਉੱਪਰ ਮਾਲ ਕਮਾਉਣ ਦੀ। ਜੇ ਇੰਜ ਨਾ ਹੁੰਦਾ ਤਾਂ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਏਨਾ ਬੋਲਬਾਲਾ ਨਾ ਹੁੰਦਾ। ਅਫ਼ਸਰਸ਼ਾਹੀ ਨੇ ਸਿਹਤ ਢਾਂਚੇ ਨੂੰ ਤਕੜਾ ਕਰਨ ਲਈ ਕੁੱਝ ਨਹੀਂ ਕੀਤਾ। ਕੇਂਦਰ ਤੋਂ ਨਵੀਆਂ ਸਕੀਮਾਂ ਨਹੀਂ ਲਿਆਏ। ਅਫ਼ਸਰਸ਼ਾਹੀ ਨੇ ਤਾਂ ਪੰਜਾਬ ਨੂੰ ਮਧੋਲ ਸੁੱਟਿਆ ਹੈ। ਸਿਆਸਤਦਾਨ ਵੀ ਏਨੇ ਖ਼ੁਦਗ਼ਰਜ਼ ਹੋ ਗਏ ਹਨ ਕਿ ਉਹ ਸਿਰਫ਼ ਵੋਟ ਦੀ ਗੱਲ ਕਰਦੇ ਹਨ ਜਾਂ ਆਪਣੇ ਮੁਨਾਫ਼ੇ ਦੀ ਗੱਲ ਕਰਦੇ ਹਨ। ਪੰਜਾਬ ਦੀ ਕਿਸੇ ਨੂੰ ਪਰਵਾਹ ਨਹੀਂ। ਹਾਕਮ ਧਿਰ ਤਾਂ ਅਫ਼ਸਰਸ਼ਾਹੀ ਨੂੰ ਨੱਥ ਪਾਉਣ ਦੀ ਉੱਕਾ ਕੋਈ ਗੱਲ ਨਹੀਂ ਕਰਦੀ।''
    ਲੋਕਾਂ ਦੀ ਲੁੱਟ-ਖਸੁੱਟ ਬਾਰੇ ਕੋਈ ਕੁਸਕਦਾ ਹੀ ਨਹੀਂ। ਹੁਣ ਤਾਂ ਅਫ਼ਸਰਸ਼ਾਹੀ ਵੱਲੋਂ ਲਈ ਜਾਂਦੀ ਰਿਸ਼ਵਤ ਦੀਆਂ ਵੀ ਅਨੇਕ ਖ਼ਬਰਾਂ ਨਸ਼ਰ ਹੋ ਚੁੱਕੀਆਂ ਹਨ।
    ਇਹ ਵੀ ਲਿਖਿਆ ਮਿਲਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਮਲਾਈਦਾਰ ਅਹੁਦੇ ਹਾਸਲ ਕਰਨ ਲਈ ਅਫ਼ਸਰਸ਼ਾਹੀ ਵਿਚਲੇ ਕਾਫੀ ਲੋਕ ਸਿਆਸਤਦਾਨਾਂ ਦੇ ਹਰ ਉਲਟੇ ਸਿੱਧੇ ਕੰਮ ਕਰਨ ਲਈ ਤਿਆਰ-ਬਰ-ਤਿਆਰ ਮਿਲਦੇ ਹਨ, ਜੋ ਪੰਜਾਬ ਦੇ ਅਸਲ ਨਿਘਾਰ ਦੇ ਕਾਰਨ ਬਣਦੇ ਜਾ ਰਹੇ ਹਨ। ਇਸ ਮੱਕੜ ਜਾਲ ਨੇ ਪੰਜਾਬ ਦੇ ਸਾਹ ਸੂਤ ਲਏ ਹਨ।
    ਇਹ ਸਭ ਕੁੱਝ ਜਾਣਦਿਆਂ ਬੁਝਦਿਆਂ ਵੀ ਵੱਡੀ ਗਿਣਤੀ ਲੋਕ ਚੁੱਪੀ ਧਾਰ ਕੇ, ''ਚਲੋ ਕੋਈ ਨਾ'' ਦੀ ਸੋਚ ਅਧੀਨ ਸਮਾਂ ਟਪਾ ਰਹੇ ਹਨ। ਇਹੀ ਕਾਰਨ ਹੈ ਕਿ ਸਮੱਸਿਆਵਾਂ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ। ਹੁਣ ਤਾਂ ਆਖ਼ਰੀ ਸਵਾਲ ਇਹ ਹੀ ਬਚਿਆ ਹੈ ਕਿ ਕੀ ਟੁੱਟੇ ਲੱਕ ਵਾਲਾ ਬਣ ਚੁੱਕਿਆ ਇਹ ਪੰਜਾਬ ਕਦੇ ਉੱਠ ਸਕੇਗਾ?
    ਇੱਕੋ ਉਮੀਦ ਹੈ ਕਿ ਲੋਕ ਵੇਲੇ ਸਿਰ ਜਾਗ ਕੇ ਆਪਣੇ ਹੱਕ ਪਛਾਣ ਕੇ, ਸਹੀ ਲੋਕਾਂ ਨੂੰ ਕੁਰਸੀਆਂ ਉੱਤੇ ਬਿਠਾਉਣ ਜੋ ਪੰਜਾਬ ਦੇ ਹਿੱਤਾਂ ਲਈ ਮਰ ਮਿਟਣ ਨੂੰ ਤਿਆਰ ਹੋਣ।   
 
                        ਡਾ. ਹਰਸ਼ਿੰਦਰ ਕੌਰ, ਐੱਮ.ਡੀ,
                        28, ਪ੍ਰੀਤ ਨਗਰ,
                        ਲੋਅਰ ਮਾਲ, ਪਟਿਆਲਾ,
                        0175-2216783

ਮੋਬਾਈਲ ਦੀ ਲਤ ਜਾਂ ਬੀਮਾਰੀ ਦੀ ਸ਼ੁਰੂਆਤ ਕਿਵੇਂ ਪਛਾਣੀਏ? - ਡਾ. ਹਰਸ਼ਿੰਦਰ ਕੌਰ, ਐੱਮ.ਡੀ

ਮੋਬਾਈਲ ਫ਼ੋਨ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੋਇਆ ਹੈ। ਇਸ ਦੀ ਵਰਤੋਂ ਕਰਦਿਆਂ ਕਦੋਂ ਕੋਈ ਜਣਾ ਇਸ ਦਾ ਆਦੀ ਬਣ ਜਾਂਦਾ ਤੇ ਕਦੋਂ ਮਾਨਸਿਕ ਰੋਗੀ, ਇਸ ਬਾਰੇ ਪਤਾ ਹੀ ਨਹੀਂ ਲੱਗਦਾ। ਮੋਬਾਈਲ ਦੀ ਵਰਤੋਂ ਨਾਲ ਜੁੜੇ ਅਨੇਕ ਤਰ੍ਹਾਂ ਦੇ ਮਾਨਸਿਕ ਰੋਗ ਲੱਭੇ ਜਾ ਚੁੱਕੇ ਹਨ।
    ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੋਬਾਈਲ ਦੀ ਲਤ ਤਾਂ ਨਹੀਂ ਲੱਗੀ? ਇਸ ਬਾਰੇ ਮਨੋਰੋਗ ਮਾਹਿਰਾਂ ਨੇ 11 ਨੁਕਤਿਆਂ ਬਾਰੇ ਦੱਸਿਆ ਹੈ, ਜੋ ਇਸ਼ਾਰਾ ਕਰਦੇ ਹਨ ਕਿ ਕਿਸੇ ਨੂੰ ਮੋਬਾਈਲ ਦੀ ਵਰਤੋਂ ਨਾਲ ਨੁਕਸਾਨ ਤਾਂ ਨਹੀਂ ਹੋਣਾ ਸ਼ੁਰੂ ਹੋਇਆ। ਇਹ ਹਨ :-
1.    ਕੀ ਮੋਬਾਈਲ ਨੂੰ ਸਜਾਉਣ ਉੱਤੇ ਅਤੇ ਉਸ ਦੀ ਸਾਫ਼ ਸਫ਼ਾਈ ਕਰਦੇ ਰਹਿਣ ਦੇ ਨਾਲ    
ਲਗਾਤਾਰ ਫ਼ੋਨ ਕਵਰ ਬਦਲਣੇ ਆਦਿ ਕਿਤੇ ਮੋਬਾਈਲ ਦੀ ਕੀਮਤ ਜਿੰਨੇ ਖ਼ਰਚੇ ਉੱਤੇ ਤਾਂ ਨਹੀਂ ਪਹੁੰਚ ਚੁੱਕੇ?
2.    ਮੋਬਾਈਲ ਵਿਚ 30 ਵੱਖੋ-ਵੱਖ ਐਪ ਡਾਊਨਲੋਡ ਕੀਤੇ ਜਾ ਚੁੱਕੇ ਹਨ?
3.    ਕੀ ਮੋਬਾਈਲ ਵਿਚਲੇ ਟਵਿਟਰ, ਫੇਸਬੁੱਕ, ਵਟਸਐੱਪ ਵਿਚ ਰੁੱਝੇ ਆਪਣੇ ਜ਼ਰੂਰੀ ਕੰਮ ਦਾ    
    ਵਕਤ ਜਾਂ ਦਵਾਈ ਦਾ ਸਮਾਂ ਤਾਂ ਨਹੀਂ ਖੁੰਝ ਰਿਹਾ? ਕੀ ਅਜਿਹੇ ਜ਼ਰੂਰੀ ਕੰਮਾਂ ਲਈ    
    ਮੋਬਾਈਲ ਵਿਚ ਅਲਾਰਮ ਲਾਉਣਾ ਪੈਂਦਾ ਹੈ?
4.    ਕੀ ਮੋਬਾਈਲ ਬਾਰੇ ਸੰਪੂਰਨ ਜਾਣਕਾਰੀ ਲੈਣ ਲਈ ਮੋਬਾਈਲ ਰਾਹੀਂ ਹੀ ਪਤਾ ਕਰਦੇ    
    ਰਹਿੰਦੇ ਹੋ?
5.    ਕੀ ਰੋਜ਼ ਦਾ ਮਿਲਿਆ ਡਾਟਾ ਪੂਰਾ ਵਰਤਿਆ ਜਾਂਦਾ ਹੈ ਤੇ ਹੋਰ ਦੀ ਲੋੜ ਮਹਿਸੂਸ ਹੁੰਦੀ    
    ਹੈ?
6.    ਕੀ ਟੈਕਸਟ ਮੈੱਸੇਜ ਤੁਹਾਡੇ ਦਿਨ ਦਾ ਇੱਕ ਚੌਥਾਈ ਸਮਾਂ ਖਾ ਰਹੇ ਹਨ?
7.    ਕੀ ਤੁਹਾਡੇ ਫ਼ੋਨ ਦੀ ਬੈਟਰੀ ਪੂਰਾ ਦਿਨ ਚਲ ਜਾਂਦੀ ਹੈ? ਕਿਤੇ ਦੂਜੀ ਵਾਰ ਚਾਰਜ ਤਾਂ    
    ਨਹੀਂ ਕਰਨਾ ਪੈਂਦਾ? ਕੀ ਕਿਸੇ ਥਾਂ ਪਹੁੰਚ ਕੇ ਸਭ ਤੋਂ ਪਹਿਲਾਂ ਚਾਰਜਰ ਲਾਉਣ ਲਈ ਥਾਂ    
    ਤਾਂ ਨਹੀਂ ਲੱਭਣੀ ਪੈਂਦੀ?
8.    ਕੀ ਫ਼ੋਨ ਹੱਥੋਂ ਡਿੱਗ ਜਾਣ ਉੱਤੇ ਦਿਲ ਦੀ ਧੜਕਨ ਇਕਦਮ ਰੁੱਕ ਗਈ ਜਾਪਦੀ ਹੈ? ਕੀ    
    ਸਕਰੀਨ ਟੁੱਟ ਜਾਣ ਉੱਤੇ ਰਿਪੇਅਰ ਲਈ ਮੋਬਾਈਲ ਦੇਣ ਨਾਲ ਰਾਤ ਦੀ ਨੀਂਦਰ ਉੱਤੇ    
    ਫ਼ਰਕ ਪੈਂਦਾ ਹੈ ਜਾਂ ਇੰਜ ਜਾਪਦਾ ਹੈ ਕਿ ਕੋਈ ਜ਼ਰੂਰੀ ਅੰਗ ਟੁੱਟ ਗਿਆ ਹੈ?
9.    ਕੀ ਦੋਸਤਾਂ ਨਾਲ ਬੈਠਿਆਂ ਮੋਬਾਈਲ ਫ਼ੋਨ ਦੀਆਂ ਕਿਸਮਾਂ ਬਾਰੇ ਗੱਲਬਾਤ ਜਾਂ ਇੱਕ ਦੂਜੇ     ਦੇ ਫ਼ੋਨ ਦੀ ਬਣਤਰ ਜਾਂ ਕਿਸਮ ਬਾਰੇ ਜ਼ਿਕਰ ਕੀਤਾ ਜਾਂਦਾ ਹੈ? ਨਵੇਂ ਐਪ ਬਾਰੇ ਵੀ    
    ਜ਼ਿਕਰ ਚਲਦਾ ਹੈ?
10.    ਜੇ ਕੰਮ ਉੱਤੇ ਜਾਂ ਘਰੋਂ ਬਾਹਰ ਖਾਣਾ ਖਾਣ ਜਾਣ ਲੱਗਿਆਂ ਫ਼ੋਨ ਘਰ ਰਹਿ ਜਾਵੇ ਤਾਂ ਉਸੇ ਵੇਲੇ ਕੰਮ ਛੱਡ ਕੇ ਵਾਪਸ ਫ਼ੋਨ ਲੈਣ ਜਾਣਾ ਪੈਂਦਾ ਹੈ? ਕੀ ਉਸ ਸਮੇਂ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕੋਈ ਜ਼ਰੂਰੀ ਫ਼ੋਨ ਜਾਂ ਮੈੱਸੇਜ ਪੜ੍ਹਨਾ ਰਹਿ ਨਾ ਜਾਏ?
11.    ਕੀ ਗੁਸਲਖਾਨੇ ਵਿਚ ਵੀ ਮੋਬਾਈਲ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ? ਕੀ ਸੁੱਤੇ ਉੱਠੇ ਸਭ     ਤੋਂ ਪਹਿਲਾਂ ਮੋਬਾਈਲ ਫ਼ੋਨ ਚੁੱਕਣ ਨੂੰ ਮਨ ਉਕਸਾਉਂਦਾ ਹੈ?
       ਜੇ ਉੱਪਰ ਦੱਸੇ 11 ਸਵਾਲਾਂ ਵਿੱਚੋਂ 8 ਦੇ ਜਵਾਬ ਹਾਂ ਵਿਚ ਹਨ ਤਾਂ ਇਸ ਦਾ ਮਤਲਬ ਹੈ ਕਿ ਮੋਬਾਈਲ ਦੀ ਲਤ ਲੱਗ ਚੁੱਕੀ ਹੈ। ਇਸ ਤਰ੍ਹਾਂ ਦੀ ਲਤ ਹੌਲੀ-ਹੌਲੀ ਕਈ ਕਿਸਮਾਂ ਦੇ ਮਾਨਸਿਕ ਰੋਗਾਂ ਦੇ ਬੀਜ ਬੋ ਦਿੰਦੀ ਹੈ।
    ਇਹ ਮਾਨਸਿਕ ਰੋਗਾਂ ਦੇ ਬੀਜ ਹਨ :-
1.    ਵਧਦੀ ਚਿੰਤਾ
2.    ਛੇਤੀ ਘਬਰਾਹਟ ਮਹਿਸੂਸ ਕਰਨੀ
3.    ਤਣਾਓ ਮਹਿਸੂਸ ਹੋਣਾ
4.    ਸਿਰ ਪੀੜ ਰਹਿਣ ਲੱਗ ਪੈਣੀ
5.    ਇਕਦਮ ਭੜਕ ਜਾਣਾ
6.    ਛੇਤੀ ਗੁੱਸਾ ਆਉਣਾ
7.    ਦੂਜੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣੀ
8.    ਦੂਜੇ ਨੂੰ ਭੰਡ ਕੇ ਮਨ ਅੰਦਰ ਤਸੱਲੀ ਮਹਿਸੂਸ ਹੋਣੀ
9.    ਪੱਠਿਆਂ ਵਿਚ ਪੀੜ ਰਹਿਣੀ
10.    ਨਜ਼ਰ ਘਟਣੀ
11.    ਅਜੀਬ ਆਵਾਜ਼ਾਂ ਸੁਣਾਈ ਦੇਣੀਆਂ
12.    ਖ਼ੁਰਕ ਹੁੰਦੀ ਜਾਪਣੀ
13.    ਨੀਂਦਰ ਪੂਰੀ ਨਾ ਆਉਣੀ
14.    ਸ਼ਰਾਬ ਪੀਣੀ ਸ਼ੁਰੂ ਕਰ ਦੇਣੀ, ਸਿਗਰਟਨੋਸ਼ੀ
       ਆਮ ਧਾਰਨਾ ਹੈ ਕਿ ਜੇ ਮੋਬਾਈਲ ਫ਼ੋਨ ਉੱਤੇ ਖੇਡਾਂ ਨਹੀਂ ਖੇਡੀਆਂ ਜਾ ਰਹੀਆਂ ਅਤੇ ਸਿਰਫ਼ ਕੰਮ ਲਈ ਵਰਤੇ ਜਾ ਰਹੇ ਹਨ ਤਾਂ ਇਹ ਬੀਮਾਰੀ ਨਹੀਂ ਮੰਨਣੀ ਚਾਹੀਦੀ। ਇਸ ਦੇ ਉਲਟ ਮਨੋਵਿਗਿਆਨੀਆਂ ਨੇ ਲਤ ਲੱਗੀ ਮੰਨੀ ਹੈ- ਇੰਟਰਨੈੱਟ ਵਰਤੋਂ, ਕੈਮਰਾ, ਜੀ.ਪੀ.ਐੱਸ. ਰਾਹੀਂ ਰਸਤਾ ਲੱਭਣਾ, ਓਨਲਾਈਨ ਖ਼ਰੀਦੋ-ਫਰੋਖ਼ਤ, ਵੀਡੀਓ-ਕਾਲ, ਕੈਮ ਸਕੈਨਰ ਤੋਂ ਲੈ ਕੇ ਵੱਖੋ-ਵੱਖ ਖੇਡਾਂ ਸਮੇਤ ਜੇ ਲਗਾਤਾਰ ਮੋਬਾਈਲ ਦੀ ਵਰਤੋਂ ਹੋ ਰਹੀ ਹੈ ਤਾਂ ਇਹ ਲਤ ਹੀ ਮੰਨੀ ਜਾਵੇਗੀ ਕਿਉਂਕਿ ਪਰਿਵਾਰ ਲਈ ਸਮਾਂ, ਲਿਖਣ ਪੜ੍ਹਨ, ਘਰ ਦਾ ਕੰਮ, ਚਿੱਤਰਕਾਰੀ, ਦੋਸਤਾਂ ਨਾਲ ਘੁੰਮਣਾ ਆਦਿ ਸਭ ਕੁੱਝ ਮਨਫ਼ੀ ਹੋ ਜਾਂਦਾ ਹੈ।
    ਮੋਬਾਈਲ ਤੋਂ ਬਗ਼ੈਰ ਮਹਿਸੂਸ ਹੁੰਦੀ ਘਬਰਾਹਟ, ਬਦੋਬਦੀ ਫ਼ੋਨ ਵਿੱਚੋਂ ਕੁੱਝ ਨਾ ਕੁੱਝ ਲੱਭਣਾ ਆਦਿ ਸਾਨੂੰ ਮਾਨਸਿਕ ਪੱਖੋਂ ਕਮਜ਼ੋਰ ਕਰਦਾ ਰਹਿੰਦਾ ਹੈ।
    ਇਹ ਲਤ ਕਈ ਵਾਰ ਏਨੀ ਖ਼ਤਰਨਾਕ ਹੋ ਜਾਂਦੀ ਹੈ ਕਿ ਜਾਨ ਤੱਕ ਚਲੀ ਜਾਂਦੀ ਹੈ। ਮਿਸਾਲ ਵਜੋਂ, ਗੱਡੀ ਚਲਾਉਂਦਿਆਂ ਮੈੱਸੇਜ ਕਰਨੇ, ਲਟਕ ਕੇ ਫੋਟੋ ਖਿੱਚਣੀ ਆਦਿ। ਹੁਣ ''ਓਨਲਾਈਨ ਸੈਕਸ'' ਅਧੀਨ ਬਹੁਤ ਵੱਡੀ ਗਿਣਤੀ ਨੌਜਵਾਨ ਬੱਚੇ ਤੇ ਵਡੇਰੀ ਉਮਰ ਵਾਲੇ ਵੀ ਬਦੋਬਦੀ ਮੋਬਾਈਲ ਨਾਲ ਚਿਪਕਦੇ ਜਾ ਰਹੇ ਹਨ। ਬਿਲਕੁਲ ਇੰਜ ਹੀ ਮੋਬਾਈਲ ਉੱਤੇ ਖੇਡੀ ਜਾ ਰਹੀ ਜੂਏ ਦੀ ਖੇਡ ਨੇ ਵੀ ਲੱਖਾਂ ਲੋਕਾਂ ਨੂੰ ਲਗਾਤਾਰ ਫ਼ੋਨ ਨਾਲ ਚਿਪਕਾ ਛੱਡਿਆ ਹੈ। ਅਣਗਿਣਤ ਔਰਤਾਂ ਫ਼ੋਨ ਉੱਤੇ ਵਕਤੀ ਤੌਰ ਉੱਤੇ ਇਕਦਮ ਦਿਸਦੀ 'ਸੇਲ' ਸਦਕਾ ਲਗਾਤਾਰ ਫ਼ੋਨ ਚੈੱਕ ਕਰਦੀਆਂ ਰਹਿੰਦੀਆਂ ਹਨ।
    ਅਨੇਕ ਸੈਲਫ਼ੀਆਂ ਖਿੱਚ-ਖਿੱਚ ਕੇ ਲਗਾਤਾਰ ਇੰਟਰਨੈੱਟ ਉੱਤੇ ਚੜ੍ਹਾਉਣ ਦਾ ਮਾਨਸਿਕ ਰੋਗ ਪਾਲ ਲੈਂਦੇ ਹਨ।
    ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਇੰਟਰਨੈੱਟ ਦੇ ਆਦੀ ਬੰਦੇ ਦੋਸਤਾਂ ਮਿੱਤਰਾਂ ਤੋਂ ਟੁੱਟ ਜਾਂਦੇ ਹਨ ਤੇ ਇਕੱਲੇਪਨ ਦਾ ਸ਼ਿਕਾਰ ਹੋਣ ਲੱਗ ਪੈਂਦੇ ਹਨ। ਇਸੇ ਲਈ ਇਨ੍ਹਾਂ ਵਿਚ ਢਹਿੰਦੀ ਕਲਾ ਅਤੇ ਖ਼ੁਦਕੁਸ਼ੀ ਦਾ ਰੁਝਾਨ ਕਾਫ਼ੀ ਵਧ ਜਾਂਦਾ ਹੈ।
    ਮਨੋਵਿਗਿਆਨੀਆਂ ਨੇ ਹੁਣ ''ਮੋਬਾਈਲ ਫ਼ੋਨ ਅਡਿਕਸ਼ਨ ਕਰੇਵਿੰਗ ਸਕੇਲ'' ਤਿਆਰ ਕੀਤੀ ਹੈ ਜਿਸ ਅਧੀਨ ਆਪਣੇ ਆਪ ਨੂੰ ਸਵਾਲ ਕਰ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਮੋਬਾਈਲ ਦੀ ਲਤ ਲੱਗ ਚੁੱਕੀ ਜਾਂ ਨਹੀਂ :-
*    ਕੀ ਮੈਂ ਮੋਬਾਈਲ ਤੋਂ ਬਗ਼ੈਰ ਇੱਕ ਦਿਨ ਲੰਘਾ ਸਕਦਾ ਹਾਂ?
*    ਕੀ ਮੈਂ ਗੁਸਲਖ਼ਾਨੇ ਅੰਦਰ ਮੋਬਾਈਲ ਲਿਜਾਉਣਾ ਬੰਦ ਕਰ ਸਕਦਾ ਹਾਂ?
*    ਕੀ ਮੈਂ ਰਾਤ ਸੌਣ ਵੇਲੇ ਵੀ ਮੋਬਾਈਲ ਕਮਰੇ ਅੰਦਰ ਹੀ ਰੱਖਦਾ ਹਾਂ?
*    ਕੀ ਮੈਂ ਮੋਬਾਈਲ ਨਾਲੋਂ ਹੱਥ ਵਿਚ ਕਿਤਾਬ ਫੜ੍ਹ ਕੇ ਪੜ੍ਹਾਈ ਕਰ ਸਕਦਾ ਹਾਂ?
*    ਕੀ ਮੈਂ ਹਫ਼ਤੇ ਲਈ ਟਵਿਟਰ, ਫੇਸਬੁੱਕ, ਵਟਸਐਪ ਬੰਦ ਕਰ ਸਕਦਾ ਹਾਂ?
*    ਕੀ ਮੈਂ ਮੋਬਾਈਲ ਵਿਚ ਅਲਾਰਮ ਲਾਉਣ ਦੀ ਥਾਂ ਆਪ ਕੰਮ ਕਰਨ ਦਾ ਸਮਾਂ ਯਾਦ ਰੱਖ    
    ਸਕਦਾ ਹਾਂ?
*    ਕੀ ਮੈਂ ਘਰ ਦੇ ਕੰਮ ਕਰਦਿਆਂ, ਕਸਰਤ ਕਰਦਿਆਂ ਜਾਂ ਰੋਟੀ ਖਾਂਦਿਆਂ ਫ਼ੋਨ ਬੰਦ ਕਰ ਦਿੰਦਾ ਹਾਂ?
*      ਕੀ ਮੈਂ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਜਾਂ ਦੋਸਤਾਂ ਨਾਲ ਹਾਸਾ ਠੱਠਾ ਕਰਦਿਆਂ ਵੀ ਫ਼ੋਨ    
ਬੰਦ ਨਹੀਂ ਕਰ ਸਕਦਾ? ਸਿਰਫ਼ ਆਵਾਜ਼ ਹੌਲੀ ਕਰ ਕੇ ਫ਼ੋਨ ਜ਼ਰੂਰ ਨਾਲ ਰੱਖਣਾ ਪੈਂਦਾ ਹੈ?
        ਜੇ ਹੁਣ ਇਨ੍ਹਾਂ ਸਵਾਲਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਮੋਬਾਈਲ ਸਾਡੀ ਜ਼ਿੰਦਗੀ ਨੂੰ ਚੱਬਣ ਲੱਗ ਪਿਆ ਹੈ ਤੇ ਸਾਡੇ ਕੋਲੋਂ ਇਕ ਪਲ ਵੀ ਇਸ ਤੋਂ ਪਰ੍ਹਾਂ ਨਹੀਂ ਰਿਹਾ ਜਾਂਦਾ, ਤਾਂ ਹੁਣ ਸਮਾਂ ਹੈ ਮੋਬਾਈਲ ਵਰਤੋਂ ਸੀਮਤ ਕਰਨ ਦਾ। ਜੇ ਆਪਣੇ ਆਪ ਨੂੰ ਹੋਰ ਆਹਰੇ ਲਾ ਕੇ ਵੀ ਮੋਬਾਈਲ ਹਮੇਸ਼ਾ ਚਾਲੂਰਖ ਕੇ ਨਾਲ ਹੀ ਰੱਖਣਾ ਪੈਂਦਾ ਹੈ ਤਾਂ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਕੇ ਘੱਟੋ-ਘੱਟ ਕੁੱਝ ਘੰਟੇ ਰੋਜ਼ ਹਰ ਹਾਲ ਮੋਬਾਈਲ ਬੰਦ ਕਰਨਾ ਹੀ ਚਾਹੀਦਾ ਹੈ।
ਸਾਰ :-    ਮੋਬਾਈਲ ਫ਼ੋਨ ਤਣਾਓ ਦੇਣ ਦੇ ਨਾਲ-ਨਾਲ ਮਾਨਸਿਕ ਰੋਗੀ ਵੀ ਪੈਦਾ ਕਰਨ ਲੱਗ ਪਿਆ ਹੈ। ਵੇਲੇ ਸਿਰ ਇਸ ਦੀ ਵਰਤੋਂ ਘਟਾ ਲੈਣ ਨਾਲ ਅਨੇਕ ਰੋਗਾਂ ਤੋਂ ਬਚਾਓ ਹੋ ਸਕਦਾ ਹੈ ਤੇ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਬੀਬੀ ਮਾਲੀ - ਡਾ. ਹਰਸ਼ਿੰਦਰ ਕੌਰ, ਐਮ.ਡੀ.

 ਇਹ ਮਰਦ ਪ੍ਰਧਾਨ ਸਮਾਜ ਹੈ, ਇਸੇ ਲਈ ਦੇਸ਼ ਵਾਸਤੇ ਜਾਨ ਵਾਰਨ ਵਾਲ਼ੀਆਂ ਔਰਤਾਂ ਜਾਂ ਜਾਨ ਜੋਖ਼ਮ ਵਿੱਚ ਪਾ ਕੇ ਮੁਲਕ ਬਚਾਉਣ ਵਾਲ਼ੀਆਂ ਔਰਤਾਂ ਨੂੰ ਬਹੁਤਾ ਉਘਾੜਿਆ ਨਹੀਂ ਜਾਂਦਾ। ਅਜਿਹੀ ਹੀ ਇੱਕ ਸਾਧਾਰਨ ਬੀਬੀ ਮਾਲੀ ਨੇ ਅਸਾਧਾਰਨ ਬਹਾਦਰੀ ਦੀ ਮਿਸਾਲ ਕਾਇਮ ਕੀਤੀ, ਪਰ ਇਤਿਹਾਸ ਵਿੱਚ ਕਿਤੇ ਗੁੰਮ ਹੋ ਗਈ।
    ਪੂੰਛ ਦੇ ਅਰਾਈ ਪਿੰਡ ਵਿੱਚ ਸੰਨ 1930 ਵਿੱਚ ਇੱਕ ਗ਼ਰੀਬ ਗੁੱਜਰ ਟੱਬਰ ਵਿੱਚ ਪੈਦਾ ਹੋਈ ਮਾਲੀ ਨੂੰ ਬਹੁਤ ਛੋਟੀ ਉਮਰੇ ਅਬਦੁਲ ਗੱਫਾਰ ਨਾਲ਼ ਵਿਆਹ ਦਿੱਤਾ ਗਿਆ। ਪਹਿਲਾਂ ਗ਼ਰੀਬ ਉੱਤੋਂ ਕੁੜੀ, ਫਿਰ ਪੜ੍ਹਾਈ ਤੋਂ ਸੱਖਣੀ ਅਤੇ ਸਭ ਤੋਂ ਵੱਡੀ ਮਾਰ ਇਹ ਕਿ ਪਤੀ ਮਾਨਸਿਕ ਰੋਗੀ ਨਿਕਲਿਆ। ਸ਼ੁਕਰ ਹੈ ਕਿ ਮਾਲੀ ਦੇ ਵੱਡੇ ਭਰਾ ਜਲਾਲੁਦੀਨ ਦੇ ਮਨ ਵਿੱਚ ਦਯਾ ਭਾਵਨਾ ਜਾਗ ਪਈ ਅਤੇ ਉਹ ਮਾਲੀ ਨੂੰ ਵਾਪਸ ਪੇਕੇ ਘਰ ਲੈ ਆਇਆ।
    ਮਾਲੀ ਲਈ ਜ਼ਿੰਦਗੀ ਕਾਫੀ ਔਖੀ ਹੋ ਗਈ ਕਿਉਂਕਿ ਅਜਿਹੀਆਂ ਔਰਤਾਂ ਜੋ 'ਛੁੱਟੜ' ਵੱਲੋਂ ਮਿਹਣੇ ਸਹਿੰਦੀਆਂ ਹਨ, ਆਪ ਵੀ ਮਾਨਸਿਕ ਰੋਗੀ ਹੀ ਬਣ ਜਾਂਦੀਆਂ ਹਨ। ਸਾਡਾ ਸਮਾਜ ਕਸੂਰ ਸਿਰਫ਼ ਔਰਤ ਵਿੱਚ ਹੀ ਕੱਢਣਾ ਜਾਣਦਾ ਹੈ। ਪੇਕੇ ਘਰ ਕੋਈ ਜ਼ਮੀਨ ਨਹੀਂ ਸੀ। ਖ਼ਰਚਾ ਔਖਾ ਹੋ ਗਿਆ। ਏਸੇ ਲਈ ਮਾਲੀ ਦਿਨੇ ਦਿਹਾੜੀ ਦਾ ਕੰਮ ਕਰਨ ਲੱਗ ਪਈ ਅਤੇ ਸਵਖਤੇ ਭੇਡਾਂ ਬੱਕਰੀਆਂ ਚਾਰਨ ਚਲੀ ਜਾਂਦੀ।
    ਇਕੱਲੀ ਜਵਾਨ ਅਨਪੜ੍ਹ ਛੁੱਟੜ ਔਰਤ ਵਜੋਂ ਲਗਾਤਾਰ ਮਿਹਣੇ ਸਹਿੰਦੀ ਮਾਲ਼ੀ ਸਵੇਰ ਤੋਂ ਰਾਤ ਤਕ ਚੁੱਪਚਾਪ ਕੰਮ ਵਿੱਚ ਜੁਟੀ ਰਹਿੰਦੀ। ਜਦੋਂ ਬਰਫ਼ ਬਹੁਤ ਪੈ ਜਾਂਦੀ ਤਾਂ ਅਰਾਈ ਪਿੰਡ ਅੰਦਰ ਹੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ। ਗਰਮੀਆਂ ਵਿੱਚ ਉਹ ਬੱਕਰੀਆਂ ਲੈ ਕੇ ਜੱਬੀ ਤੇ ਪਿੱਲਾਂਵਾਲੀ ਦੇ ਉੱਚੇ ਪਹਾੜਾਂ ਵੱਲ ਲੰਘ ਜਾਂਦੀ। ਆਖ਼ਰ ਕਿੰਨੀ ਦੇਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਤੋਂ ਬਚਦੀ। ਇਸੇ ਲਈ ਉਸ ਨੇ ਆਪਣੇ ਵੱਡੇ ਭਰਾ ਦੇ ਪੁੱਤਰ ਨੂੰ, ਜੋ ਲਗਭਗ ਉਸ ਤੋਂ 10 ਕੁ ਸਾਲ ਛੋਟਾ ਹੀ ਸੀ, ਨੂੰ ਆਪਣਾ ਪੁੱਤਰ 'ਬਸ਼ੀਰ' ਬਣਾ ਲਿਆ ਤੇ ਪਾਲਣਾ ਸ਼ੁਰੂ ਕੀਤਾ।
    ਸੰਨ 1971 ਦੀ ਹਿੰਦ ਪਾਕ ਜੰਗ ਲੱਗੀ ਤਾਂ ਪੂੰਛ ਦੇ ਇਲਾਕੇ ਵਿੱਚ ਤਗੜੀ ਹਲਚਲ ਸੀ। ਸੰਨ 1965 ਵਿੱਚ ਹਾਜੀਪੁਰ ਪਾਸ ਖੁੱਸ ਜਾਣ ਸਦਕਾ ਪਾਕਿਸਤਾਨ ਹੁਣ ਪੂੰਛ ਇਲਾਕੇ ਉੱਤੇ ਹੱਲਾ ਬੋਲਣਾ ਚਾਹੁੰਦਾ ਸੀ। ਪੂੰਛ ਵਿੱਚ ਹੌਲ਼ੀ ਹੌਲ਼ੀ ਪਾਕਿਸਤਾਨ ਨੇ ਆਪਣੇ ਬੰਦੇ ਭੇਜ ਕੇ ਇਲਾਕੇ ਦੀ ਜਾਣਕਾਰੀ ਲੈਣੀ ਸੀ।
    ਇਸੇ ਸਕੀਮ ਤਹਿਤ ਪਾਕਿਸਤਾਨ ਨੇ ਇੱਕ ਐਡਵਾਂਸ ਫ਼ੌਜੀ ਪਾਰਟੀ ਨੂੰ ਪੂੰਛ ਦੇ ਪਛੜੇ ਇਲਾਕੇ ਵਿੱਚ ਛੋਟੀਆਂ ਟੁਕੜੀਆਂ ਬਣਾ ਕੇ ਭੇਜ ਦਿੱਤਾ। ਉਹਨਾਂ ਟੁਕੜੀਆਂ ਨੇ ਪੂਰੀ ਜਾਣਕਾਰੀ ਇਕੱਠੀ ਕੀਤੀ ਤੇ 'ਬੇਸ ਕੈਂਪ' ਬਣਾਉਣਾ ਸ਼ੁਰੂ ਕਰ ਦਿੱਤਾ।
    ਗੱਲ 13 ਦਸੰਬਰ 1971 ਦੀ ਹੈ। ਓਦੋਂ ਅਰਾਈ ਪਿੰਡ ਦੀ ਪਹਾੜੀ ਦੀ ਸਿਖਰ ਅਤੇ ਪਿੱਲਾਂਵਾਲੀ ਦੀ ਚੋਟੀ ਪੂਰੀ ਬਰਫ਼ ਨਾਲ਼ ਢੱਕ ਚੁੱਕੀ ਸੀ। ਬੀਬੀ ਮਾਲੀ ਓਦੋਂ 41 ਕੁ ਸਾਲਾਂ ਦੀ ਸੀ। ਉਸ ਨੇ ਹਰ ਹਾਲ ਬਕਰੀਆਂ ਲਈ ਪੱਤੇ ਲੱਭਣੇ ਸਨ ਤੇ ਅੱਗ ਬਾਲਣ ਲਈ ਲਕੜਾਂ ਵੀ। ਇਸੇ ਲਈ ਮੂੰਹ ਸਿਰ ਚੰਗੀ ਤਰ੍ਹਾਂ ਲਪੇਟ ਕੇ ਜਿੰਨੇ ਵੀ ਕੱਪੜੇ ਸਨ, ਸਰੀਰ ਨੂੰ ਨਿੱਘਾ ਰੱਖਣ ਲਈ ਪਾ ਕੇ ਉਹਨਾਂ ਪਹਾੜੀਆਂ ਵੱਲ ਹੋ ਤੁਰੀ। ਜਦੋਂ ਪਿੱਲਾਂਵਾਲੀ ਪਹੁੰਚੀ ਤਾਂ ਉਸ ਨੂੰ ਦੂਰੋਂ ਹਲਕੇ ਧੂੰਏਂ ਦਾ ਝੌਲਾ ਪਿਆ। ਉਹ ਹੈਰਾਨ ਹੋ ਗਈ ਕਿਉਂਕਿ ਉਸ ਕਦੇ ਇੱਧਰ ਕੋਈ ਵਸਦਾ ਵੇਖਿਆ ਨਹੀਂ ਸੀ।
    ਬਹੁਤ ਧਿਆਨ ਨਾਲ਼ ਲੁਕ ਲੁਕ ਕੇ ਤੇ ਕਈ ਥਾਂਈਂ ਰੀਂਗ ਕੇ ਉਹ ਉਸ ਥਾਂ ਦੇ ਨੇੜੇ ਪਹੁੰਚ ਗਈ, ਜਿੱਥੋਂ ਧੂੰਆਂ ਨਿਕਲ ਰਿਹਾ ਸੀ। ਧੂੰਆਂ ਨਿਕਲਣ ਦੇ ਨਾਲ ਹੀ ਇੱਕ ਬਰੀਕ ਵਿਰਲ ਵਿੱਚੋਂ ਜਦ ਉਸ ਅੰਦਰ ਝਾਕਿਆ ਤਾਂ ਬਹੁਤ ਘਬਰਾ ਗਈ। ਓਥੇ ਕੁਝ ਫ਼ੌਜੀ ਬੰਦੂਕਾਂ ਸਾਫ਼ ਕਰ ਰਹੇ ਸਨ ਪਰ ਉਹਨਾਂ ਦੀ ਵਰਦੀ ਭਾਰਤੀ ਨਹੀਂ ਸੀ।
    ਰਤਾ ਕੁ ਧੜਕਨ ਠੀਕ ਹੋਈ ਤਾਂ ਉਸ ਸੋਚਿਆ ਕਿ ਕੁੱਝ ਗੜਬੜ ਹੈ ਜਿਸ ਬਾਰੇ ਪਿੰਡ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ। ਬਰਫ਼ ਬਹੁਤ ਜ਼ਿਆਦਾ ਸੀ ਤੇ ਠੰਢ ਵੀ ਆਖ਼ਰਾਂ ਦੀ। ਗੋਡੇ ਗੋਡੇ ਤਕ ਬਰਫ਼ ਵਿੱਚ ਦੱਬੀ ਉਹ ਛੋਟੇ ਰਾਹ ਵੱਲੋਂ ਤੇਜ਼ੀ ਨਾਲ਼ ਅਰਾਈ ਪਿੰਡ ਵੱਲ ਹੋ ਤੁਰੀ। ਏਨੀ ਠੰਢ ਵਿੱਚ ਵੀ ਪਸੀਨੋ ਪਸੀਨੇ ਹੋ ਕੇ ਉਹ ਘਰ ਪਹੁੰਚੀ ਤਾਂ ਭਰਾ ਉਸ ਨੂੰ ਵੇਖ ਕੇ ਹੈਰਾਨ ਹੋ ਗਿਆ। ਉਸ ਨੇ ਇੱਕ ਸਾਹੇ ਸਾਰਾ ਕੁੱਝ ਆਪਣੇ ਭਰਾ ਨੂੰ ਦੱਸਿਆ ਤਾਂ ਭਰਾ ਨੇ ਉਸ ਨੂੰ ਤਾੜਨਾ ਕੀਤੀ ਕਿ ਹੁਣ ਚੁੱਪ ਕਰ ਕੇ ਘਰ ਅੰਦਰ ਬਹਿ ਜਾ ਤੇ ਕਿਸੇ ਨੂੰ ਕੰਨੋਂ ਕੰਨੀਂ ਖ਼ਬਰ ਨਾ ਨਿਕਲੇ। ਫਿਰ ਵੀ ਮਾਲੀ ਰੁਕੀ ਨਹੀਂ ਤੇ ਝੱਟ ਪਿੰਡ ਦੇ ਸਰਪੰਚ ਮੀਰ ਹੁਸੈਨ ਨੂੰ ਜਾ ਦੱਸਿਆ ਪਰ ਉਹ ਵੀ ਪਾਸਾ ਵੱਟ ਗਿਆ।
    ਹੁਣ ਮਾਲੀ ਵਿਚਾਰੀ ਕੀ ਕਰਦੀ ! ਉਸ ਨੂੰ ਸਮਝ ਸੀ ਕਿ ਜੇ ਪਾਕਿਸਤਾਨੀ ਫ਼ੌਜੀਆਂ ਨੇ ਹੱਲਾ ਬੋਲ ਦਿੱਤਾ ਤਾਂ ਅਨੇਕ ਬੇਦੋਸੇ ਮਾਰੇ ਜਾਣਗੇ ਤੇ ਭਾਰਤ ਦੇ ਇਸ ਹਿੱਸੇ ਉੱਤੇ ਪਾਕਿਸਤਾਨ ਦਾ ਕਬਜ਼ਾ ਹੋ ਜਾਵੇਗਾ। ਉਸੇ ਵੇਲ਼ੇ ਹੀ ਚੁੱਪ ਚੁਪੀਤੇ ਉਹ ਘਰ ਦੇ ਪਿਛਲੇ ਪਾਸਿਓਂ ਕਲਾਈ ਵਾਲੇ ਪਾਸੇ ਤੁਰ ਪਈ। ਰਸਤਾ ਬਹੁਤ ਔਖਾ ਸੀ। ਉਸ ਨੂੰ ਏਨੀ ਕੁ ਖ਼ਬਰ ਸੀ ਕਿ ਉਸ ਪਾਸੇ ਭਾਰਤੀ ਫ਼ੌਜੀ ਪੋਸਟ ਹੈ। ਲੰਮਾ ਪਹਾੜੀ ਰਸਤਾ ਤੇ ਉੱਤੋਂ ਬਰਫ਼ ਨਾਲ਼ ਭਰਿਆ। ਇਕੱਲੀ ਨਿਹੱਥੀ ਔਰਤ ਪਰ ਦਿਲ ਵਿੱਚ ਦੇਸ਼ ਪ੍ਰਤੀ ਮੁਹੱਬਤ ਠਾਠਾਂ ਮਾਰਦੀ ਸੀ। ਸਿਰਫ਼ ਇਹ ਹੀ ਨਹੀਂ, ਉਸ ਵਿਚਾਰੀ ਨੂੰ ਸਿਵਾਏ ਆਪਣੀ ਮਾਂ ਬੋਲੀ ਗੁੱਜਰੀ ਦੇ ਹੋਰ ਕੋਈ ਬੋਲੀ ਆਉਂਦੀ ਹੀ ਨਹੀਂ ਸੀ। ਇਸ ਬਾਰੇ ਸੋਚੇ ਬਗੈਰ ਉਹ ਬਰਫ਼ ਸਦਕਾ ਨੀਲੇ ਪੈ ਚੁੱਕੇ ਹੱਥ ਪੈਰਾਂ ਨਾਲ਼ ਗੋਡਿਆਂ ਤਕ ਡੂੰਘੀ ਬਰਫ਼ ਵਿੱਚ ਵਾਹੋ-ਦਾਹੀ ਤੁਰੀ ਗਈ। ਪਤਾ ਹੀ ਨਹੀਂ ਕਿ ਕਿੰਨੇ ਘੰਟਿਆਂ ਬਾਅਦ ਉਹ ਭਾਰਤੀ ਫ਼ੌਜੀ ਪੋਸਟ ਉੱਤੇ ਪਹੁੰਚੀ ਪਰ ਪਹੁੰਚਦੇ ਸਾਰ ਉਹ ਝਟਪਟ ਬੋਲਣਾ ਸ਼ੁਰੂ ਹੋ ਗਈ। ਕਿਸੇ ਨੂੰ ਉਸ ਦੀ ਗੱਲ ਸਮਝ ਹੀ ਨਹੀਂ ਆਈ। ਅਖ਼ੀਰ ਉਸ ਦੇ ਚਿਹਰੇ ਦੀ ਘਬਰਾਹਟ ਵੇਖ ਫ਼ੌਜੀਆਂ ਨੇ ਸਮਝਿਆ ਕਿ ਸ਼ਾਇਦ ਇਹ ਗੁੰਮ ਗਈ ਹੈ। ਹੇਠਲੇ ਪਿੰਡ ਵਿੱਚੋਂ ਇੱਕ ਬੰਦਾ ਬੁਲਾਉਣ ਭੇਜਿਆ ਗਿਆ ਤਾਂ ਜੋ ਮਾਲੀ ਦੀ ਬੋਲੀ ਦੀ ਸਮਝ ਆਵੇ। ਉਸ ਦੀ ਹਾਲਤ ਵੇਖਦਿਆਂ ਫ਼ੌਜੀਆਂ ਨੇ ਚਾਹ ਦੇਣੀ ਚਾਹੀ ਪਰ ਮਾਲੀ ਤਾਂ ਪੂਰਾ ਜ਼ੋਰ ਸਿਰਫ਼ ਉਹਨਾਂ ਨੂੰ ਸਮਝਾਉਣ ਉੱਤੇ ਲਾ ਰਹੀ ਸੀ। ਨਾ ਉਹ ਬੈਠੀ ਤੇ ਨਾ ਹੀ ਉਸ ਨੂੰ ਆਪਣੇ ਸਰੀਰ ਉੱਤੇ ਠੰਢ ਨਾਲ਼ ਹੋ ਚੁੱਕੇ ਮਾੜੇ ਅਸਰ ਦਿਸ ਰਹੇ ਸਨ।
    ਜਦ ਪਿੰਡ ਵਿੱਚੋਂ ਬੰਦਾ ਪਹੁੰਚਿਆ ਅਤੇ ਪੂਰੀ ਗੱਲ ਦੱਸੀ ਤਾਂ ਉਹ ਛੇ ਫ਼ੌਜੀ ਉਸ ਦੀ ਗੱਲ ਸੁਣ ਕੇ ਇਕਦਮ ਘਬਰਾ ਗਏ ਤੇ ਝਟਪਟ ਉਸ ਨੂੰ ਪੂੰਛ ਵਿਖੇ ਵੱਡੀ ਸਿੱਖ ਬਟਾਲੀਅਨ ਤੇ ਕਮਾਂਡਰ ਨਾਲ਼ ਗੱਲ ਕਰਨ ਲਈ ਦੋ ਫ਼ੌਜੀਆਂ ਨਾਲ਼ ਅਗਾਂਹ ਤੋਰ ਦਿੱਤਾ।
    ਓਥੇ ਮਾਲੀ ਨੂੰ ਪੂਰੀ ਇੱਜ਼ਤ ਨਾਲ਼ ਬਿਠਾ ਕੇ ਸਾਰੀ ਗੱਲ ਸੁਣਨ ਬਾਅਦ ਕਮਾਂਡਰ ਨੇ ਕਿਹਾ ਕਿ ਖ਼ਬਰ ਬਹੁਤ ਗੰਭੀਰ ਹੈ ਪਰ ਮਾਲੀ ਦੀ ਹਾਲਤ ਹੁਣ ਹੋਰ ਤੁਰਨ ਯੋਗ ਨਹੀਂ। ਘੁਸਪੈਠੀਆਂ ਕੋਲ ਪਹੁੰਚਣ ਲਈ ਵਾਪਸ ਕਈ ਕਿੱਲੋਮੀਟਰ ਗੋਡੇ ਗੋਡੇ ਬਰਫ਼ ਵਿੱਚ ਚੜ੍ਹਾਈ ਕਰਕੇ ਪਹੁੰਚਣਾ ਸੀ। ਉਸ ਥਾਂ ਬਾਰੇ ਸਿਰਫ਼ ਮਾਲੀ ਨੂੰ ਹੀ ਪਤਾ ਸੀ। ਮਾਲੀ ਨੇ ਸਭ ਕੁਝ ਸਮਝਦਿਆਂ ਝੱਟ ਕਿਹਾ, ''ਮੇਰੀ ਪਰਵਾਹ ਨਾ ਕਰੋ। ਜੋ ਮੈਂ ਜੀਅ ਰਹੀ ਹਾਂ, ਉਸ ਨੂੰ ਜ਼ਿੰਦਗੀ ਥੋੜਾ ਕਹਿੰਦੇ ਹਨ। ਮੈਂ ਦੇਸ ਦੇ ਕਿਸੇ ਕੰਮ ਆ ਸਕਾਂ ਤਾਂ ਇਸ ਤੋਂ ਵੱਡੀ ਮੇਰੇ ਲਈ ਹੋਰ ਕਿਹੜੀ ਗੱਲ ਹੋ ਸਕਦੀ ਹੈ ? ਜੇ ਮੈਂ ਮਰ ਵੀ ਗਈ ਤਾਂ ਕੋਈ ਫ਼ਿਕਰ ਦੀ ਗੱਲ ਨਹੀਂ।'' ਇਸ ਤੋਂ ਬਾਅਦ ਵੀ ਫ਼ੌਜੀਆਂ ਦੀ ਹਿਚਕਿਚਾਹਟ ਵੇਖਦਿਆਂ ਮਾਲੀ ਨੇ ਫਿਰ ਕਿਹਾ, ''ਮੇਰੇ ਵਰਗੀਆਂ ਨੂੰ ਰੱਬ ਵੀ ਛੇਤੀ ਨਹੀਂ ਬੁਲਾਉਂਦਾ। ਮੇਰੀ ਫ਼ਿਕਰ ਛੱਡ ਕੇ ਮੁਲਕ ਦੀ ਫ਼ਿਕਰ ਕਰੋ।'' ਏਨਾ ਸੁਣਦਿਆਂ ਹੀ ਝੱਟ ਇੱਕ ਟੁਕੜੀ ਮਾਲੀ ਦੇ ਪਿੱਛੇ ਹੋ ਤੁਰੀ।
    ਰਾਤ ਪੈ ਚੱਲੀ ਸੀ ਤੇ ਉੱਤੋਂ ਬਰਫ਼ ਵੀ ਪੈਣੀ ਸ਼ੁਰੂ ਹੋ ਗਈ। ਦਸ ਘੰਟੇ ਤਕ ਸਵੇਰ ਤੋਂ ਲਗਾਤਾਰ ਭੁੱਖੀ ਭਾਣੀ ਮਾਲੀ ਤੁਰ ਕੇ ਥੱਕੀ ਨਹੀਂ ਸੀ। ਅੱਗੋਂ ਹੋਰ ਚਾਰ ਘੰਟੇ ਤੁਰ ਕੇ ਮਾਲੀ ਨੇ ਫ਼ੌਜੀਆਂ ਦੀ ਅਗਵਾਈ ਕੀਤੀ ਤੇ ਅਖ਼ੀਰ ਉਸ ਥਾਂ ਪਹੁੰਚਾ ਦਿੱਤਾ।
    ਓਥੇ ਉਸ ਸਮੇਂ ਅੱਧ ਰਾਤ 30 ਹੋਰ ਪਾਕਿਸਤਾਨੀ ਫ਼ੌਜੀ ਪਹੁੰਚ ਚੁੱਕੇ ਹੋਏ ਸਨ ਤੇ ਹਥਿਆਰਾਂ ਨਾਲ਼ ਲੈਸ ਵੱਖੋ ਵੱਖ ਥਾਂਵਾਂ ਵੱਲ ਕੂਚ ਕਰਨ ਵਾਲ਼ੇ ਸਨ। ਉਹਨਾਂ ਨੂੰ ਕੈਦ ਵਿੱਚ ਲੈ ਕੇ ਪੁੱਛਗਿੱਛ ਕਰਨ ਬਾਅਦ ਪਤਾ ਲੱਗਿਆ ਕਿ ਘੱਟੋ ਘੱਟ ਛੇ ਹੋਰ ਥਾਂਵਾਂ ਤੋਂ ਪਾਕਿਸਤਾਨੀ ਫ਼ੌਜੀ ਅੰਦਰ ਲੰਘ ਆਏ ਹੋਏ ਸਨ। ਉਹ ਸਾਰੇ ਨਾਲਿਆਂ ਤੇ ਜੰਗਲਾਂ ਰਾਹੀਂ ਵੜ ਰਹੇ ਸਨ। ਦੋਦਾ ਤੇ ਸੌਜੀਆਂ ਰਾਹੀ ਵੜ ਕੇ ਸਭ ਨੇ ਪੂੰਛ ਨੂੰ ਪਿਛਲੇ ਪਾਸਿਓਂ ਘੇਰ ਕੇ ਹੱਲਾ ਬੋਲਣਾ ਸੀ।
ਸਾਰੇ ਬ੍ਰਿਗੇਡ ਨੂੰ ਤੁਰੰਤ ਉਹਨਾਂ ਥਾਂਵਾਂ ਉੱਤੇ ਤੋਰ ਦਿੱਤਾ ਗਿਆ ਤੇ ਸਾਰੇ ਘੁਸਪੈਠੀ ਮਾਰ ਮੁਕਾ ਦਿੱਤੇ ਗਏ। ਇਸ ਦੌਰਾਨ ਮਾਲੀ ਬਾਰੇ ਸਾਰੇ ਭੁੱਲ ਗਏ ਤੇ ਮਾਲੀ ਆਪਣੇ ਘਰ ਅਰਦਾਸਾਂ ਕਰਦੀ ਵਾਪਸ ਮੁੜ ਗਈ ਕਿ ਰੱਬ ਭਾਰਤ ਉੱਤੇ ਖ਼ੈਰ ਕਰੇ।
ਉਸ ਵੇਲੇ ਮਾਲੀ ਵਰਗੀ ਕਮਜ਼ੋਰ ਮੰਨੀ ਗਈ ਔਰਤ ਦੀ ਹਿੰਮਤ ਸਦਕਾ ਭਾਰਤ ਹੱਥੋਂ ਪੂੰਛ ਦਾ ਇਲਾਕਾ ਨਿਕਲ ਕੇ ਪਾਕਿਸਤਾਨ ਵਿੱਚ ਸ਼ਾਮਲ ਹੋਣੋਂ ਬਚ ਗਿਆ। ਇਸ ਤੋਂ ਬਾਅਦ ਬਟਾਲੀਅਨ ਨੇ ਵਧਾਈ ਦਾ ਸਿਹਰਾ ਮਾਲੀ ਨੂੰ ਦਿੱਤਾ। ਉਸੇ ਸਦਕਾ ਮਾਲੀ ਨੂੰ 'ਵੀਰ ਚੱਕਰ' ਨਾਲ ਸਨਮਾਨਿਤ ਕੀਤੇ ਜਾਣ ਦੀ ਗੱਲ ਉੱਠੀ। ਫ਼ੌਜੀ ਨਾ ਹੋਣ ਕਾਰਨ ਸੰਨ 1972, 25 ਮਾਰਚ ਨੂੰ ਮਾਲੀ ਨੂੰ 'ਪਦਮ ਸ੍ਰੀ' ਨਾਲ ਸਨਮਾਨਿਤ ਕੀਤਾ ਗਿਆ। ਵੀ.ਵੀ. ਗਿਰੀ ਜੀ ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਸਨ। ਮਾਲੀ ਨੂੰ 10,000 ਰੁਪੈ ਦੇ ਨਾਲ ਇੱਕ ਮੈਡਲ ਤੇ ਇੱਕ ਸਰਟੀਫਿਕੇਟ ਦਿੱਤਾ ਗਿਆ।
ਇਸ ਤੋਂ ਬਾਅਦ ਕਦੇ ਮਾਲੀ ਦਾ ਕਿਸੇ ਨੇ ਜ਼ਿਕਰ ਨਹੀਂ ਕੀਤਾ। ਸੰਨ 1999 ਵਿੱਚ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਬਹੁਤ ਹੀ ਔਖੇ ਰਾਹ ਰਾਹੀਂ ਪਹੁੰਚਣ ਵਾਲ਼ੀ ਥਾਂ ਗੰਡੋਹ ਤੋਂ ਪੂੰਛ ਜ਼ਿਲ੍ਹੇ ਦੇ ਸੂਰਨਕੋਟ ਵਿਖੇ ਕਰਨਲ ਲਲਿਤ ਚਮੋਲਾ ਦੀ ਬਦਲੀ ਹੋਈ। ਇਹ ਥਾਂ ਪਾਕਿਸਤਾਨੋਂ ਆਏ ਅੱਤਵਾਦੀਆਂ ਦਾ ਡੇਰਾ ਬਣ ਚੁੱਕੀ ਹੋਈ ਸੀ। ਇੱਥੇ ਉਹਨਾਂ ਕਈ ਕੈਂਪ ਬਣਾ ਲਏ ਹੋਏ ਸਨ। ਪੀਰ ਪੰਜਾਲ ਦੀਆਂ ਪਹਾੜੀਆਂ ਰਾਹੀਂ ਪੂੰਛ ਤੋਂ ਕਸ਼ਮੀਰ ਜਾਣ ਦੀਆਂ ਗਲੀਆਂ ਅਤੇ ਮੰਡੀ, ਲੋਰਾਂ, ਤੱਤਾਕੁਟੀ ਤੋਂ ਹਿਲਕਾਕਾ ਤਕ ਚੁਫੇਰੇ ਦੁਸ਼ਮਣਾਂ ਵੱਲੋਂ ਤੱਗੜਾ ਖ਼ਤਰਾ ਸੀ। ਇਹਨਾਂ ਰਾਹਾਂ ਨੂੰ ਚੰਗੀ ਤਰ੍ਹਾਂ ਪਛਾਨਣ ਦੀ ਲੋੜ ਸੀ। ਇਸੇ ਲਈ ਕਰਨਲ ਲਲਿਤ ਚਮੋਲਾ ਨੇ ਓਥੋਂ ਦੇ ਲੋਕਾਂ ਦੀ ਮਦਦ ਲਈ।
ਲਲਿਤ ਚਮੋਲਾ ਨੂੰ ਪਤਾ ਸੀ ਕਿ ਓਥੋਂ ਦੇ ਲੋਕਾਂ ਦੇ ਮਨਾਂ ਵਿੱਚ ਪਹਿਲਾਂ ਡਿਊਟੀ ਕਰ ਚੁੱਕੇ ਮੇਜਰ ਰਣਜੀਤ ਸਿੰਘ ਦੀ ਕਿੰਨੀ ਇੱਜ਼ਤ ਸੀ ਜਿਨ੍ਹਾਂ ਦੇ ਦ੍ਰਿੜ੍ਹ ਇਰਾਦੇ ਅਤੇ ਬਹਾਦਰੀ ਸਦਕਾ ਹੀ ਹਾਜੀਪੁਰ ਪਾਸ ਉੱਤੇ ਕਬਜ਼ਾ ਹੋ ਸਕਿਆ ਸੀ, ਜਿਸ ਸਦਕਾ ਪਾਕਿਸਤਾਨੀ ਫ਼ੌਜ ਦਾ ਰਾਹ ਬੰਦ ਹੋਇਆ ਸੀ। ਇਸੇ ਲਈ ਲਲਿਤ ਚਮੋਲਾ ਜੀ ਦਾ ਕੰਮ ਆਸਾਨ ਹੋ ਗਿਆ ਸੀ। ਲੋਕਾਂ ਨੇ ਵੱਧ ਚੜ੍ਹ ਕੇ ਉਹਨਾਂ ਦੀ ਮਦਦ ਕੀਤੀ ਅਤੇ ਸਾਰੇ ਓਥੋਂ ਦੇ ਲੁਕੇ ਰਾਹਾਂ ਬਾਰੇ ਜਾਣਕਾਰੀ ਦਿੱਤੀ।
ਇੰਝ ਹੀ ਪਿੰਡਾਂ ਵਿੱਚ ਘੁੰਮਦਿਆਂ ਇੱਕ ਦਿਨ ਅਰਾਈ ਦੇ ਪਿੰਡ ਵੱਲ ਲਲਿਤ ਨੇ ਮੂੰਹ ਕੀਤਾ। ਓਥੇ ਇੱਕ ਢੱਠਾ ਹੋਇਆ ਘਰ ਸੀ ਜਿਸ ਬਾਰੇ ਦੱਸਿਆ ਗਿਆ ਕਿ ਓਥੇ ਇੱਕ 78 ਕੁ ਸਾਲਾਂ ਦੀ ਬਜ਼ੁਰਗ ਔਰਤ ਇਕੱਲੀ ਰਹਿੰਦੀ ਹੈ। ਜਦੋਂ ਲਲਿਤ ਨੇ ਅੱਧ ਟੁੱਟਿਆ ਦਰਵਾਜ਼ਾ ਖੜਕਾਇਆ ਤਾਂ ਅੰਦਰੋਂ ਇੱਕ ਬਜ਼ੁਰਗ ਔਰਤ ਨੇ ਅਵਾਜ਼ ਦਿੱਤੀ 'ਲੰਘ ਆਓ।' ਲਲਿਤ ਨੂੰ ਉਹ ਜ਼ਬਾਨ ਸਮਝ ਨਹੀਂ ਆਈ। ਜਦੋਂ ਨਾਲ਼ ਖੜ੍ਹੇ ਬੰਦੇ ਨੇ ਮਤਲਬ ਦੱਸਿਆ ਤਾਂ ਲਲਿਤ ਅੰਦਰ ਲੰਘ ਗਿਆ।
ਸਾਮ੍ਹਣੇ ਕੰਧ ਉੱਤੇ ਇੱਕ ਪਦਮ ਸ੍ਰੀ ਦਾ ਮੈਡਲ ਤੇ ਸਰਟੀਫਿਕੇਟ ਟੰਗੇ ਹੋਏ ਸਨ ਜੋ ਮਿੱਟੀ ਨਾਲ਼ ਭਰ ਚੁੱਕੇ ਹੋਏ ਸਨ। ਲਲਿਤ ਨੇ ਹੈਰਾਨੀ ਨਾਲ਼ ਉਹ ਪੜ੍ਹਿਆ ਤਾਂ ਉਸ ਉੱਤੇ 'ਮਾਲੀ' ਦਾ ਨਾਂ ਲਿਖਿਆ ਸੀ। ਹੈਰਾਨ ਪ੍ਰੇਸ਼ਾਨ ਹੋ ਚੁਫੇਰੇ ਵੇਖ ਜਦੋਂ ਕੁਝ ਪੁੱਛਣਾ ਚਾਹਿਆ ਤਾਂ ਔਰਤ ਦੀ ਬੋਲੀ ਸਮਝ ਨਾ ਆਵੇ।
ਨਾਲ ਖੜ੍ਹੇ ਬੰਦੇ ਨੇ ਲਲਿਤ ਨੂੰ ਸਾਰੀ ਕਹਾਣੀ ਦੱਸੀ ਕਿ ਇਹੀ ਉਹ ਮਾਲੀ ਹੈ ਜਿਸ ਸਦਕਾ 1971 ਦੀ ਜੰਗ ਜਿੱਤੀ ਜਾ ਸਕੀ ਸੀ। ਏਨੀ ਦੇਰ ਨੂੰ ਉਸ ਦਾ ਗੋਦ ਲਿਆ ਪੁੱਤਰ (ਬਸ਼ੀਰ) ਮੁਹੰਮਦ ਆਜ਼ਮ ਪਹੁੰਚ ਗਿਆ। ਮਾਲੀ ਘਰੋਂ ਬਾਹਰ ਨਿਕਲਣ ਨੂੰ ਤਿਆਰ ਹੀ ਨਹੀਂ ਸੀ। 70 ਕੁ ਸਾਲ ਦੀ ਉਮਰ ਟੱਪ ਚੁੱਕੀ ਮਾਲੀ ਦੀ ਕੰਬਦੀ ਦੇਹ ਵੇਖ ਕੇ ਲਲਿਤ ਨੂੰ ਯਕੀਨ ਹੀ ਨਹੀਂ ਹੋ ਰਿਹਾ ਸੀ ਕਿ ਇਹ ਔਰਤ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਗੈਰ ਗੋਡਿਆਂ ਤਕ ਬਰਫ਼ ਵਿੱਚ ਧਸ ਕੇ ਕਈ ਘੰਟੇ ਆਪਣੇ ਮੁਲਕ ਨੂੰ ਬਚਾਉਣ ਲਈ ਭੁੱਖੀ ਭਾਣੀ ਪਹਾੜੀ ਚੋਟੀਆਂ ਉੱਤੇ ਤੁਰਦੀ ਰਹੀ ਸੀ।
ਮੁਹੰਮਦ ਆਜ਼ਮ ਨੇ ਦੱਸਿਆ ਕਿ ਜਦੋਂ ਮਾਲੀ ਇਨਾਮ ਲੈਣ ਦਿੱਲੀ ਗਈ ਸੀ ਤਾਂ ਇਹ ਉਸ ਦਾ ਜ਼ਿੰਦਗੀ ਦਾ ਪਹਿਲਾ ਤੇ ਆਖ਼ਰੀ ਗੇੜਾ ਪੂੰਛ ਤੋਂ ਬਾਹਰ ਸੀ। ਉਸ ਲਈ ਉਹ ਦੁਨੀਆਂ ਹੀ ਵੱਖ ਸੀ। ਸਾਰੀ ਉਮਰ 60 ਰੁਪੈ ਮਹੀਨਾ ਦੀ ਪੈਨਸ਼ਨ ਨਾਲ਼ ਗੁਜ਼ਾਰਾ ਕਰਨ ਵਾਲੀ ਮਾਲੀ ਨੂੰ ਕਿਸੇ ਕਿਸਮ ਦੀ ਕੋਈ ਲੋੜ ਹੀ ਨਹੀਂ ਸੀ।
ਲਲਿਤ ਹੈਰਾਨ ਸੀ ਕਿ ਇਹ ਕਿਸ ਕਿਸਮ ਦੀ ਔਰਤ ਸੀ। ਕਰਨਲ ਲਲਿਤ ਚਮੋਲਾ ਨੇ ਉੇਸੇ ਵੇਲੇ ਓਥੋਂ ਦੇ ਐਮ.ਐਲ.ਏ. ਮੁਹੰਮਦ ਜਾਨ ਨੂੰ ਕਹਿ ਕੇ ਮਾਲੀ ਦੀ ਪੈਨਸ਼ਨ ਵਧਾਈ ਅਤੇ ਥੋੜੀ ਜਿਹੀ ਜ਼ਮੀਨ ਵੀ ਉਸ ਦੇ ਨਾਂ ਲੁਆਈ। ਉਸ ਤੋਂ ਪੰਜ ਕੁ ਸਾਲ ਬਾਅਦ ਮਾਲੀ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ।
ਉਸ ਦੀ ਜ਼ਿੰਦਗੀ ਆਉਣ ਵਾਲ਼ੀਆਂ ਪੀੜ੍ਹੀਆਂ ਲਈ ਇੱਕ ਮਿਸਾਲ ਹੈ ਕਿ ਅਸਲੋਂ ਕਮਜ਼ੋਰ ਤੇ ਨਕਾਰਾ ਮੰਨੀ ਇਕੱਲੀ ਔਰਤ ਮਾਲੀ ਸਦਕਾ ਭਾਰਤ ਦਾ ਪੂੰਛ ਇਲਾਕਾ ਅੱਜ ਵੀ ਭਾਰਤ ਕੋਲ ਹੈ।

ਡਾ. ਹਰਸ਼ਿੰਦਰ ਕੌਰ, ਐਮ.ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

ਕੁਸ਼ਾਲੀ ਦਹੀਆ - ਡਾ. ਹਰਸ਼ਿੰਦਰ ਕੌਰ

ਦਗ਼-ਦਗ਼ ਕਰਦਾ ਚਿਹਰਾ, ਗੋਰਾ ਚਿੱਟਾ ਰੰਗ ਤੇ ਪਿਆਰੀ ਜਿਹੀ ਮੁਸਕਾਨ ਵੇਖ ਪਿਤਾ ਨੇ ਆਪਣੇ ਨਵਜੰਮੇਂ ਪੁੱਤਰ ਦਾ ਨਾਂ ਕੁਸ਼ਲ ਰੱਖ ਦਿੱਤਾ ਸੀ। ਮਾਂ ਆਪਣੇ ਨਿੱਕੇ ਪੁੱਤਰ ਨੂੰ 'ਕੁਸ਼ਾਲੀ' ਕਹਿ ਕੇ ਸੱਦਦੀ ਸੀ। ਉਦੋਂ ਮਾਪਿਆਂ ਨੂੰ ਕਿਆਸ ਹੀ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਇਤਿਹਾਸ ਵਿਚ ਕੁੱਝ ਅਜਿਹਾ ਦਰਜ ਕਰਵਾਏਗਾ ਜਿਸ ਨੂੰ ਹਰ ਧਰਮ ਤੇ ਹਰ ਵਰਗ ਦਾ ਬੰਦਾ ਪੜ੍ਹ ਕੇ ਉਸ ਅੱਗੇ ਨਤਮਸਤਕ ਹੋ ਜਾਇਆ ਕਰੇਗਾ।
ਆਪਣੇ ਕੰਮ ਦੇ ਸਿਲਸਿਲੇ ਵਿਚ ਕੁਸ਼ਾਲੀ ਦੇ ਪਿਤਾ ਨਾਹਰੀ ਪਿੰਡ ਤੋਂ ਟੱਬਰ ਸਮੇਤ ਗੜ੍ਹੀ ਪਿੰਡ ਵਿਚ ਆ ਕੇ ਰਹਿਣ ਲੱਗ ਪਏ ਜੋ ਦਿੱਲੀ ਤੋਂ ਵੀਹ ਮੀਲ ਦੂਰ ਸੀ। ਨਾਹਰੀ ਪਿੰਡ ਵਿਚ ਦਹੀਆ ਬਿਰਾਦਰੀ ਵੱਸਦੀ ਸੀ।
ਉਹ ਦਹੀਆ ਟੱਬਰ ਆਪਣੀ ਲਗਨ ਤੇ ਮਿਹਨਤ ਨਾਲ ਗੜ੍ਹੀ ਪਿੰਡ ਵਿਚ ਘਰ ਬਣਾ ਕੇ ਸਭਨਾਂ ਨਾਲ ਮਿਲ ਜੁਲ ਕੇ ਰਹਿਣ ਵਾਲਾ ਸੀ। ਇਹੀ ਕਾਰਨ ਸੀ ਕਿ ਕੁਸ਼ਾਲੀ ਵੀ ਸਭ ਦਾ ਹਰਮਨ ਪਿਆਰਾ ਬੱਚਾ ਬਣ ਗਿਆ ਸੀ। ਲਾਡਲਾ ਕੁਸ਼ਾਲੀ ਹਰ ਕਿਸੇ ਦਾ ਕੰਮ ਕਰ ਕੇ ਖ਼ੁਸ਼ੀ ਮਹਿਸੂਸ ਕਰਦਾ ਸੀ। ਸੱਚਾ ਸੁੱਚਾ ਤੇ ਈਮਾਨਦਾਰ ਗਭਰੂ ਬਣਨ ਬਾਅਦ ਹੌਲੀ ਹੌਲੀ ਉਸ ਦਾ ਝੁਕਾਓ ਸਿੱਖ ਧਰਮ ਵੱਲ ਹੋ ਗਿਆ। ਉਸ ਨੂੰ ਲੱਗਦਾ ਸੀ ਕਿ ਜਿਵੇਂ ਮੈਂ ਸੱਚ ਅਤੇ ਹੱਕ ਦੀ ਆਵਾਜ਼ ਬੁਲੰਦ ਕਰਦਾ ਹਾਂ, ਉਵੇਂ ਹੀ ਗੁਰੂ ਤੇਗ਼ ਬਹਾਦਰ ਜੀ ਸਭ ਦੇ ਭਲੇ ਦੀ ਅਰਦਾਸ ਕਰਵਾਉਂਦੇ ਹਨ ਅਤੇ ਸਭਨਾਂ ਨੂੰ ਹੱਕਾਂ ਲਈ ਜਾਗ੍ਰਿਤ ਵੀ ਕਰਦੇ ਹਨ। ਗੁਰੂ ਸਾਹਿਬ ਵੱਲੋਂ ਮਨੁੱਖੀ ਅਧਿਕਾਰਾਂ ਲਈ ਚੁੱਕੀ ਆਵਾਜ਼ ਤੇ ਸਭ ਧਰਮਾਂ ਪ੍ਰਤੀ ਮਾਨਵਤਾ-ਪੱਖੀ ਸੋਚ ਨੇ ਕੁਸ਼ਲ ਨੂੰ ਗੁਰੂ ਘਰ ਨਾਲ ਪੱਕੀ ਤਰ੍ਹਾਂ ਜੋੜ ਦਿੱਤਾ।
ਸਿੱਖ ਧਰਮ ਨਾਲ ਹੌਲੀ-ਹੌਲੀ ਕੁਸ਼ਲ ਦਹੀਆ ਏਨਾ ਜੁੜ ਗਿਆ ਕਿ ਲੋਕ ਉਸ ਨੂੰ ਭਾਈ ਕੁਸ਼ਲ ਦੇ ਨਾਂ ਨਾਲ ਹੀ ਸੱਦਣ ਲੱਗ ਪਏ। ਜੋ ਦ੍ਰਿੜਤਾ ਤੇ ਬਹਾਦਰੀ ਦੇ ਸਬਕ ਗੁਰੂ ਤੇਗ਼ ਬਹਾਦਰ ਜੀ ਦੀ ਛੱਤਰ ਛਾਇਆ ਹੇਠ ਸਿੱਖਣ ਨੂੰ ਮਿਲੇ, ਭਾਈ ਕੁਸ਼ਲ ਨੇ ਆਪਣੇ ਪੁੱਤਰ ਦਾ ਨਾਂ ਹੀ 'ਬਹਾਦਰ' ਰੱਖ ਦਿੱਤਾ। ਦੋਵੇਂ ਕੇਸਾਧਾਰੀ ਬਣ ਚੁੱਕੇ ਹੋਏ ਸਨ।
ਹੌਲੀ-ਹੌਲੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਪ੍ਰਤਿਭਾ ਦੀ ਰੌਸ਼ਨੀ ਚੁਫ਼ੇਰੇ ਫੈਲ ਗਈ ਤਾਂ ਹਾਕਮਾਂ ਦੀਆਂ ਅੱਖਾਂ ਦੀ ਰੜਕ ਬਣਨੀ ਹੀ ਸੀ। ਅਖ਼ੀਰ ਉਹ ਸਮਾਂ ਵੀ ਆਇਆ ਜਦੋਂ ਕਸ਼ਮੀਰੀ ਪੰਡਤਾਂ ਨੇ ਆਪਣੇ ਉੱਤੇ ਹੁੰਦੇ ਔਰੰਗਜ਼ੇਬ ਦੇ ਜ਼ੁਲਮਾਂ ਵਿਚ ਠੱਲ ਪਾਉਣ ਲਈ ਸ੍ਰੀ ਗੁਰੂ ਤੇਗ਼ ਬਹਾਦਰ ਜੀ ਕੋਲ ਆ ਕੇ ਅਰਜ਼ੋਈ ਕੀਤੀ ਕਿ ਉਹ ਹੀ ਉਨ੍ਹਾਂ ਦੀ ਅਗਵਾਈ ਕਰਨ ਅਤੇ ਉਨ੍ਹਾਂ ਨੂੰ ਬਚਾਉਣ।
    

ਜੋ ਉਸ ਤੋਂ ਬਾਅਦ ਵਾਪਰਿਆ, ਉਹ ਇੱਕ ਪਾਸੇ ਜ਼ੁਲਮ ਦਾ ਵਾ-ਵਰੋਲਾ ਸੀ ਤੇ ਦੂਜੇ ਪਾਸੇ ਸਹਿਨਸ਼ੀਲਤਾ ਦੀ ਸਿਖਰ। ਚੁਫ਼ੇਰੇ ਔਰੰਗਜ਼ੇਬ ਦੇ ਜ਼ੁਲਮਾਂ ਨਾਲ ਲੋਕ ਤ੍ਰਾਹ-ਤ੍ਰਾਹ ਕਰ ਉੱਠੇ ਸਨ। ਸਿੰਘਾਂ ਉੱਤੇ ਹੁੰਦੇ ਜ਼ੁਲਮਾਂ ਸਦਕਾ ਅਣਗਿਣਤ ਲੋਕ ਡਰ ਅਤੇ ਸਹਿਮ ਨਾਲ ਘਰਾਂ ਅੰਦਰ ਦੁਬਕ ਗਏ ਸਨ।
ਜ਼ੁਲਮ ਦੀ ਹਨ੍ਹੇਰੀ ਅੱਗੇ ਤਾਂ ਕੋਈ ਹਿੰਮਤ ਵਾਲਾ ਹੀ ਟਿਕ ਸਕਦਾ ਸੀ। ਇਤਿਹਾਸ ਵਿਚ ਦਰਜ ਹੈ ਕਿ ਗੁਰੂ ਘਰ ਨਾਲ ਜੁੜੇ ਸਿੰਘਾਂ ਨੇ ਵੀ ਉਸ ਸਮੇਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਬੇਮਿਸਾਲ ਸ਼ਹਾਦਤ ਦਿੱਤੀ। ਹਰ ਜਣਾ ਸਵਾ ਲੱਖ ਦੇ ਬਰਾਬਰ ਹੋ ਨਿਬੜਿਆ।
ਅਖ਼ੀਰ ਉਹ ਕਾਲੀ ਘੜੀ ਵੀ ਆਈ ਜਦੋਂ ਖ਼ੂਨੀ ਤੇਗ਼ ਨੇ ਹਿੰਦ ਦੀ ਚਾਦਰ ਦੇ ਸੀਸ ਉੱਤੇ ਵਾਰ ਕੀਤਾ। ਉਸ ਸਮੇਂ ਪੂਰੀ ਕਾਇਨਾਤ ਕੰਬੀ। ਏਨੀ ਤਗੜੀ ਹਨ੍ਹੇਰੀ ਵਗੀ ਕਿ ਕਿਸੇ ਨੂੰ ਕੁੱਝ ਵੀ ਦਿਸਣਾ ਬੰਦ ਹੋ ਗਿਆ। ਅਜਿਹੇ ਮੌਕੇ ਦਾ ਫ਼ਾਇਦਾ ਚੁੱਕ ਕੇ ਭਾਈ ਜੀਵਨ ਸਿੰਘ (ਜੈਤਾ) ਨੇ ਜਾਨ ਦੀ ਪਰਵਾਹ ਨਾ ਕਰਦਿਆਂ ਗੁਰੂ ਸਾਹਿਬ ਦਾ ਸੀਸ ਚੁੱਕ ਕੇ ਸੀਨੇ ਨਾਲ ਲਾ ਲਿਆ ਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਮਾਤਾ ਗੁਜਰੀ ਜੀ ਤੇ ਬਾਲ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਣ ਨੂੰ ਨਿਕਲ ਪਿਆ।
ਉਸ ਸਮੇਂ ਖ਼ੂਨੀ ਹਕੂਮਤ ਵੱਲੋਂ ਜ਼ਾਲਮ ਔਰੰਗਜ਼ੇਬ ਦਾ ਫਰਮਾਨ ਜਾਰੀ ਹੋ ਚੁੱਕਿਆ ਸੀ ਕਿ ਸਿੱਖਾਂ ਦੇ ਗੁਰੂ ਦੇ ਸੀਸ ਦੀ ਤੇ ਧੜ ਦੀ ਬੇਅਦਬੀ ਕੀਤੀ ਜਾਵੇਗੀ। ਅਜਿਹਾ ਹੁਕਮ ਬਰਦਾਸ਼ਤ ਕਰਨਾ ਵੀ ਸੌਖਾ ਸੀ। ਆਮ ਲੋਕਾਂ ਦੇ ਦਿਲ ਦੀ ਧੜਕਨ ਬਣ ਚੁੱਕੇ ਗੁਰੂ ਤੇਗ਼ ਬਹਾਦਰ ਜੀ ਉੱਤੇ ਬਰਪਾਏ ਇਸ ਕਹਿਰ ਸਦਕਾ ਬਹੁਤ ਸਾਰੇ ਲੋਕਾਂ ਦੇ ਮਨਾਂ ਅੰਦਰ ਹਕੂਮਤ ਦੇ ਵਿਰੁੱਧ ਜ਼ਹਿਰ ਭਰ ਗਿਆ। ਪਹਿਲਾਂ ਦੇ ਡਰ ਚੁੱਕੇ ਲੋਕ ਵੀ ਕੁੱਝ ਕਰਨ ਲਈ ਮਨੋਂ ਤਿਆਰ ਹੋਣ ਲੱਗੇ!
ਉਸ ਕਾਲੀ ਬੋਲੀ ਰਾਤ ਨੂੰ ਭਾਈ ਜੈਤਾ ਜੀ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਲਪੇਟ ਕੇ ਰਾਤ ਕੱਟਣ ਲਈ ਭਾਈ ਕੁਸ਼ਲ ਜੀ ਦੇ ਘਰ ਪਹੁੰਚੇ। ਭਾਈ ਕੁਸ਼ਲ ਜੀ ਦਾ ਸਾਰਾ ਟੱਬਰ ਝਟਪਟ ਭਾਈ ਜੈਤਾ ਜੀ ਦੇ ਠਹਿਰਨ ਦੀ ਤਿਆਰੀ ਵਿਚ ਜੁਟ ਗਿਆ। ਜਿਉਂ ਹੀ ਇਹ ਖ਼ਬਰ ਚੁਫ਼ੇਰੇ ਫੈਲੀ, ਸਾਰਾ ਪਿੰਡ ਉਨ੍ਹਾਂ ਦੇ ਘਰ ਇਕੱਠਾ ਹੋਣ ਲੱਗ ਪਿਆ। ਸਾਰੇ ਹੀ ਸੀਸ ਦੇ ਦਰਸ਼ਨ ਕਰਨਾ ਚਾਹੁੰਦੇ ਸਨ। ਏਨੇ ਨੂੰ ਖ਼ਬਰ ਮਿਲੀ ਕਿ ਮੁਗ਼ਲ ਫੌਜਾਂ ਸੀਸ ਲੱਭਦੀਆਂ ਪਿੰਡ ਦੇ ਬਾਹਰਵਾਰ ਪਹੁੰਚ ਗਈਆਂ ਸਨ ਤੇ ਪਿੰਡ ਨੂੰ ਘੇਰਨ ਦੀਆਂ ਤਿਆਰੀਆਂ ਵਿਚ ਸਨ।
ਮੌਕੇ ਦੀ ਨਜ਼ਾਕਤ ਵੇਖਦਿਆਂ ਪਿੰਡ ਦੇ ਕੁੱਝ ਸਿਆਣਿਆਂ ਨੇ ਕਿਹਾ ਕਿ ਜੇ ਗੁਰੂ ਸਾਹਿਬ ਦਾ ਸੀਸ ਬਚਾਉਣਾ ਹੈ ਤਾਂ ਉਸ ਦੀ ਥਾਂ ਉਹੋ ਜਿਹਾ ਹੋਰ ਸੀਸ ਰੱਖਣਾ ਪੈਣਾ ਹੈ।
ਇੱਕ ਹੋਰ ਸੀਸ ਦਾ ਮਤਲਬ ਸੀ ਕਿਸੇ ਜੀਊਂਦੇ ਜਾਗਦੇ ਅਜਿਹੇ ਬੰਦੇ ਦਾ ਸੀਸ, ਜਿਸ ਦੀ

ਸ਼ਕਲ ਗੁਰੂ ਸਾਹਿਬ ਨਾਲ ਮਿਲਦੀ ਜੁਲਦੀ ਹੋਵੇ। ਭਾਈ ਕੁਸ਼ਲ ਜੀ ਨੂੰ ਮਾਣ ਪ੍ਰਾਪਤ ਸੀ ਕਿ ਅਨੇਕ ਲੋਕ ਉਨ੍ਹਾਂ ਦੀ ਦਾੜ੍ਹੀ ਤੇ ਪੱਗ ਵਾਲੀ ਸ਼ਕਲ ਨੂੰ ਗੁਰੂ ਸਾਹਿਬ ਨਾਲ ਰਲਦੀ ਮਿਲਦੀ ਆਖਿਆ ਕਰਦੇ ਸਨ।
ਭਾਈ ਕੁਸ਼ਲ ਜੀ ਤਨੋਂ ਮਨੋਂ ਧਨੋਂ ਗੁਰੂ ਘਰ ਨੂੰ ਸਮਰਪਿਤ ਸਨ। ਉਨ੍ਹਾਂ ਦੀ ਪਤਨੀ ਤੇ ਪੁੱਤਰ ਬਹਾਦਰ ਵੀ ਸਿੱਖੀ ਨੂੰ ਪ੍ਰਣਾਏ ਹੋਏ ਸਨ। ਭਾਈ ਕੁਸ਼ਲ ਜੀ ਨੇ ਅੱਖ ਦੇ ਫੋਰ ਵਿਚ ਹੀ ਮਨ ਅੰਦਰ ਫ਼ੈਸਲਾ ਲਿਆ ਤੇ ਕਿਹਾ, ''ਮੇਰੇ ਗੁਰੂ ਨੇ ਦੂਜੇ ਧਰਮ ਦੇ ਲੋਕਾਂ ਦੀ ਰਾਖੀ ਲਈ ਜਾਨ ਵਾਰੀ ਹੈ। ਮੇਰੇ ਵਰਗਾ ਨਿਮਾਣਾ ਸਿੱਖ ਆਪਣੇ ਗੁਰੂ ਲਈ ਤਾਂ ਜਾਨ ਵਾਰ ਹੀ ਸਕਦਾ ਹੈ!''
ਚੁਫ਼ੇਰੇ ਚੁੱਪ ਪਸਰ ਗਈ ਤੇ ਪਿੰਡ ਦੇ ਲੋਕ ਅੱਖਾਂ ਟੱਡ ਕੇ ਭਾਈ ਕੁਸ਼ਲ ਜੀ ਵੱਲ ਝਾਕਦੇ ਰਹਿ ਗਏ। ਪੁੱਤਰ ਬਹਾਦਰ ਨੇ ਪਿਤਾ ਦੇ ਚਰਨਾਂ ਵਿਚ ਸੀਸ ਝੁਕਾ ਦਿੱਤਾ। ਪਤਨੀ ਨੇ ਵੀ ਕੁਰਬਾਨੀ ਦੇ ਇਸ ਜਜ਼ਬੇ ਅੱਗੇ ਹੱਥ ਜੋੜ ਦਿੱਤੇ।
ਘਰ-ਬਾਰ, ਟੱਬਰ, ਨਾਮਲੇਵਾ, ਕੰਮ-ਕਾਰ ਆਦਿ ਕਿਸੇ ਵੀ ਗੱਲ ਦੀ ਪ੍ਰਵਾਹ ਕੀਤੇ ਬਗ਼ੈਰ ਸਿੱਖੀ ਸੋਚ ਨੂੰ ਪ੍ਰਣਾਏ ਭਾਈ ਕੁਸ਼ਲ ਜੀ ਨੂੰ ਪਤਾ ਸੀ ਕਿ ਸਿੱਖ ਧਰਮ ਜ਼ਿੰਦਗੀ ਨਾਲ ਮੋਹ ਨਹੀਂ ਰੱਖਦਾ। ਸਿੱਖ ਤਾਂ ਮੌਤ ਲਾੜੀ ਨਾਲ ਵਿਆਹੁਣ ਨੂੰ ਕਾਹਲਾ ਹੁੰਦਾ ਹੈ ਤੇ ਮੌਤ ਨੂੰ ਮਿਸਾਲੀ ਬਣਾਉਣ ਲਈ ਤਤਪਰ ਰਹਿੰਦਾ ਹੈ।
ਮੁਗ਼ਲ ਫੌਜਾਂ ਪਿੰਡ ਅੰਦਰ ਵੜਨੀਆਂ ਸ਼ੁਰੂ ਹੋ ਚੁੱਕੀਆਂ ਸਨ। ਤੁਰੰਤ ਸ਼ਹੀਦੀ ਦੀ ਲੋੜ ਸੀ। ਭਾਈ ਜੈਤਾ ਜੀ ਨੇ ਫੌਰਨ ਗੁਰੂ ਸਾਹਿਬ ਦਾ ਸੀਸ ਲੈ ਕੇ ਉੱਥੋਂ ਨਿਕਲ ਕੇ ਆਨੰਦਪੁਰ ਸਾਹਿਬ ਵਲ ਚਾਲੇ ਪਾ ਦਿੱਤੇ।
ਪੂਰੇ ਪਿੰਡ ਨੇ ਭਾਈ ਕੁਸ਼ਲ ਜੀ ਦੇ ਫ਼ੈਸਲੇ ਦਾ ਸੁਆਗਤ ਕੀਤਾ। ਪੁੱਤਰ ਬਹਾਦਰ ਨੂੰ ਭਾਈ ਕੁਸ਼ਲ ਜੀ ਨੇ ਅੰਦਰੋਂ ਤੇਗ਼ ਲਿਆਉਣ ਲਈ ਕਿਹਾ। ਸਾਰੇ ਟੱਬਰ ਨੇ ਅਰਦਾਸ ਕੀਤੀ ਤੇ ਭਾਈ ਕੁਸ਼ਲ ਜੀ ਜ਼ਮੀਨ ਉੱਤੇ ਹੱਥ ਜੋੜ ਅੱਖਾਂ ਬੰਦ ਕਰ ਕੇ ਬਹਿ ਗਏ ਅਤੇ ਬੋਲੇ, ''ਹੇ ਸੱਚੇ ਪਾਤਸ਼ਾਹ, ਇਸ ਨਿਮਾਣੇ ਸਿੱਖ ਦਾ ਸੀਸ ਪ੍ਰਵਾਨ ਕਰਨਾ। ਆਪ ਜੀ ਦੇ ਸੀਸ ਦੀ ਥਾਂ ਆਪਣਾ ਸੀਸ ਰਖਵਾਉਣ ਦੀ ਹਿਮਾਕਤ ਕਰ ਰਿਹਾ ਹਾਂ ਤਾਂ ਜੋ ਆਪ ਜੀ ਦੇ ਸੀਸ ਦਾ ਨਿਰਾਦਰ ਨਾ ਹੋਵੇ। ਇਹ ਭੇਟਾ ਕਬੂਲ ਕਰਨਾ ਜੀ। ਕੋਈ ਗ਼ਲਤੀ ਹੋ ਗਈ ਹੋਵੇ ਤਾਂ ਖ਼ਿਮਾ ਕਰਨਾ।''
ਝੱਟ ਪੁੱਤਰ ਨੂੰ ਹੁਕਮ ਦਿੱਤਾ ਕਿ ਮੇਰਾ ਸਿਰ ਧੜ ਤੋਂ ਅਲੱਗ ਕਰ ਕੇ ਮੁਗ਼ਲ ਫੌਜੀਆਂ ਨੂੰ ਗੁਰੂ ਸਾਹਿਬ ਦਾ ਸੀਸ ਦੱਸ ਕੇ ਉਨ੍ਹਾਂ ਦੇ ਹਵਾਲੇ ਕਰ ਦੇਣਾ।
ਪੁੱਤਰ ਬਹਾਦਰ ਨੇ ਹੱਥ ਜੋੜ ਪਿਤਾ ਦਾ ਆਖਾ ਮੰਨਦਿਆਂ, ਅੱਖਾਂ ਵਿੱਚੋਂ ਬਾਹਰ ਆਉਂਦੇ ਹੰਝੂਆਂ ਨੂੰ ਪੂਰੀ ਤਰ੍ਹਾਂ ਰੋਕ, ਵਾਹਿਗੁਰੂ ਬੋਲਦਿਆਂ ਤੇਗ਼ ਲਹਿਰਾਈ ਤੇ ਪਲ ਵਿਚ ਸਾਹਮਣੇ ਧਰਤੀ ਉੱਤੇ ਹੱਥ ਜੋੜ ਕੇ ਸ਼ਾਂਤ ਚਿਤ ਗੁਰੂ ਨੂੰ ਧਿਆਉਂਦੇ ਪਿਤਾ ਕੁਸ਼ਲ ਦਾ ਸਿਰ ਧੜ ਤੋਂ ਅਲੱਗ ਕਰ ਦਿੱਤਾ।
ਇਸ ਕੁਰਬਾਨੀ ਨੂੰ ਸੁਣ ਪਿੰਡ ਦਾ ਇੱਕ ਵੀ ਘਰ ਅਜਿਹਾ ਨਹੀਂ ਸੀ ਜਿਸ ਦੀਆਂ ਅੱਖਾਂ ਵਿੱਚੋਂ ਹੰਝੂ ਨਾ ਵਗੇ ਹੋਣ।
ਮਾਂ ਦਾ ਲਾਡਲਾ 'ਕੁਸ਼ਾਲੀ'' ਕਦੋਂ ਭਾਈ ਕੁਸ਼ਲ ਬਣਿਆ, ਪਤਾ ਹੀ ਨਹੀਂ ਸੀ ਲੱਗਿਆ। ਸੀਸ ਭੇਟ ਕਰਦੇ ਸਾਰ ਭਾਈ ਕੁਸ਼ਲ ਪੂਰੇ ਪਿੰਡ ਦਾ ''ਸਾਡਾ ਕੁਸ਼ਾਲੀ'' ਬਣ ਗਿਆ ਸੀ।
ਮੁਗ਼ਲ ਫੌਜੀਆਂ ਨੂੰ ਭਾਈ ਕੁਸ਼ਲ ਦਾ ਸੀਸ ਫੜਾ ਦਿੱਤਾ ਗਿਆ ਤੇ ਉਸ ਸੀਸ ਨੂੰ ਗੁਰੂ ਤੇਗ਼ ਬਹਾਦਰ ਜੀ ਦਾ ਸੀਸ ਮੰਨ, ਨੇਜ਼ੇ ਉੱਤੇ ਟੰਗ ਮੁਗ਼ਲਾਂ ਨੇ ਰੱਜ ਕੇ ਬੇਅਦਬੀ ਵੀ ਕੀਤੀ।
ਪੂਰਾ ਪਿੰਡ ਭਾਈ ਕੁਸ਼ਲ ਜੀ ਦੇ ਘਰ ਅੱਗੇ ਨਤਮਸਤਕ ਹੋਇਆ। ਅਜਿਹੀ ਬੇਮਿਸਾਲੀ ਕੁਰਬਾਨੀ ਕੋਈ ਸੱਚਾ ਤੇ ਨਿਡਰ ਯੋਧਾ ਹੀ ਦੇ ਸਕਦਾ ਸੀ ਜੋ ਸਿੱਖੀ ਸੋਚ ਨੂੰ ਸਹੀ ਮਾਅਣਿਆਂ ਵਿਚ ਪ੍ਰਣਾਇਆ ਹੋਵੇ ਤੇ ਦੁਨਿਆਵੀ ਮੌਤ ਤੋਂ ਦੂਰ ਹੋ ਚੁੱਕਿਆ ਹੋਵੇ।
ਗੜ੍ਹੀ ਪਿੰਡ ਦੇ ਲੋਕਾਂ ਨੇ ਭਾਈ ਕੁਸ਼ਲ ਜੀ ਦਾ ਸਤਿਕਾਰ ਕਰਦਿਆਂ ਪਿੰਡ ਦਾ ਨਾਂ ਹੀ 'ਕੁਸ਼ਲ ਗੜ੍ਹੀ' ਰੱਖ ਦਿੱਤਾ। ਨਾਹਰੀ ਪਿੰਡ ਦੇ 'ਦਹੀਆ' ਭੈਣ ਭਰਾ ਵੀ ਭਾਈ ਕੁਸ਼ਲ ਜੀ ਦੀ ਜੱਦੀ ਥਾਂ ਤੋਂ ਉੱਥੇ ਪਹੁੰਚ ਉਨ੍ਹਾਂ ਦੇ ਘਰ ਅੱਗੇ ਨਤਮਸਤਕ ਹੋਏ। ਹਰ ਜਣਾ 'ਸਾਡਾ ਕੁਸ਼ਾਲੀ' ਕਹਿੰਦਿਆਂ ਆਪਣੇ ਪੁੱਤਰ ਧੀਆਂ ਨੂੰ ਬਹਾਦਰੀ ਦੇ ਪਾਠ ਪੜ੍ਹਾਉਣ ਲੱਗਾ।
ਨਤੀਜਾ ਇਹ ਹੋਇਆ ਕਿ ਮੁਗ਼ਲਾਂ ਦੀ ਦਰਿੰਦਗੀ ਵਿਰੁੱਧ ਪਿੰਡ ਵਿੱਚੋਂ ਅਨੇਕ ਹੋਰ ਘਰ ਗੁਰੂ ਘਰ ਨਾਲ ਜੁੜ ਗਏ।
ਅਗਲੀਆਂ ਪੁਸ਼ਤਾਂ ਨੇ ਖਾਲਸਾ ਸਿਰਜਦਿਆਂ ਵੇਖਿਆ ਤਾਂ ਪੂਰੇ ਪਿੰਡ ਨੇ ਹੀ ਭਾਈ ਕੁਸ਼ਲ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਪਿੰਡ ਦਾ ਨਾਂ 'ਬਡ ਖਾਲਸਾ' ਰੱਖ ਦਿੱਤਾ। ਇਹ ਪਿੰਡ ਹੁਣ ਸੋਨੀਪਤ, ਹਰਿਆਣਾ ਵਿਚ ਹੈ।
11 ਨਵੰਬਰ ਸੰਨ 1675 ਨੂੰ ਵਾਪਰੀ ਇਸ ਘਟਨਾ ਨੇ ਪਿੰਡ ਵਿੱਚੋਂ ਅੱਗੋਂ ਅਨੇਕ ਬਹਾਦਰ ਪੁੱਤਰ ਪੈਦਾ ਕੀਤੇ ਜਿਨ੍ਹਾਂ ਦੇਸ ਲਈ ਜਾਨਾਂ ਵਾਰੀਆਂ ਤੇ ਆਜ਼ਾਦੀ ਦੀ ਜੰਗ ਵਿਚ ਵੀ ਕੁਰਬਾਨੀਆਂ ਦਿੱਤੀਆਂ।
ਬਡਖਾਲਸਾ ਪਿੰਡ ਵਿਚਲੀ ਦਹੀਆ ਬਿਰਾਦਰੀ ਨਾਲ ਅੱਜ ਵੀ ਗੱਲ ਕਰ ਕੇ ਵੇਖੀਏ ਤਾਂ ਉਹ ਸ਼ਾਨ ਨਾਲ ਸਿਰ ਉੱਚਾ ਕਰ ਕੇ, ਛਾਤੀ ਉੱਤੇ ਹੱਥ ਰੱਖ ਕੇ ''ਹਮਾਰਾ ਕੁਸ਼ਾਲੀ ਦਹੀਆ'' ਕਹਿੰਦਿਆਂ ਮਾਣ ਮਹਿਸੂਸ ਕਰਦੇ ਹਨ। ਸਭ ਇੱਕੋ ਗੱਲ ਉੱਤੇ ਬਜ਼ਿੱਦ ਹਨ ਕਿ ਸਾਰੇ ਦਹੀਆ ਭਰਾ ਭੈਣਾਂ ਉਸੇ ਬਹਾਦਰ ਦੇ ਖ਼ਾਨਦਾਨ ਵਿੱਚੋਂ ਹਨ। ਸਾਰੇ ਭਾਈ ਕੁਸ਼ਲ ਜੀ ਨੂੰ ਹੀ ਆਪਣਾ ਵੱਡਾ ਵਡੇਰਾ ਮੰਨਦੇ ਹਨ।
ਉੱਥੇ ਬਣੇ ਸ਼ਾਨਦਾਰ ਗੁਰਦੁਆਰੇ ਪਹੁੰਚੋ ਤਾਂ ਪਿੰਡ ਵਾਸੀ ਪਿਆਰ ਨਾਲ ਗਦਗਦ ਹੋ ਜਾਂਦੇ ਹਨ ਤੇ ਚੰਗੀ ਆਓ ਭਗਤ ਕਰਦੇ ਹਨ।
ਇਸ ਸ਼ਹਾਦਤ ਨੂੰ ਯਾਦ ਰੱਖਣ ਅਤੇ ਅਗਲੀ ਪੁਸ਼ਤ ਤੱਕ ਇਤਿਹਾਸ ਪਹੁੰਚਾਉਣਾ ਤਾਂ ਸਾਡਾ ਜ਼ਿੰਮਾ ਹੈ ਹੀ, ਪਰ ਅਸਲ ਨੁਕਤਾ ਇਹ ਹੈ ਕਿ ਕੀ ਇਸ ਤਰ੍ਹਾਂ ਦੀਆਂ ਸ਼ਹਾਦਤਾਂ ਦੇ ਇਤਿਹਾਸ ਵਿੱਚੋਂ ਅਸੀਂ ਕੁੱਝ ਸਿੱਖਿਆ ਹੈ? ਕੀ ਗੁਰੂ ਦੇ ਸਿੱਖ ਅਖਵਾਉਂਦੇ ਅਸੀਂ ਸਿਰਫ਼ ਆਪਣੇ ਤਕ ਤਾਂ ਸੀਮਤ ਹੋ ਕੇ ਨਹੀਂ ਰਹਿ ਗਏ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783