Dr Harshinder Kaur

ਬੇਟੀ ਤਾਂ ਬਚਾਓ, ਪਰ ਕੀ ਇਸ ਵਾਸਤੇ...? - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਉਹ ਚਾਹ ਪਿਆਉਣ ਆਇਆ ਫ਼ੋਨ ਸੁਣ ਕੇ ਨੱਚਣ ਲੱਗ ਪਿਆ ਤੇ ਬੋਲਿਆ, ''ਬਸ ਅਬ ਤੋਂ ਥੋੜੀ ਦੇਰ ਕੀ ਬਾਤ ਹੈ। ਅਬ ਮੁਝੇ ਓਰ ਕਾਮ ਨਈਂ ਕਰਨਾ ਪੜੇਗਾ। ਆਰਾਮ ਸੇ ਘਰ ਮੇਂ ਬੈਠੇਂਗੇ।''
''ਲਾਟਰੀ ਨਿਕਲ ਆਈ ਹੈ ਕੀ,'' ਮੇਰੇ ਪਤੀ ਨੇ ਉਸ ਨੂੰ ਖ਼ੁਸ਼ ਹੁੰਦਿਆਂ ਵੇਖ ਪੁੱਛਿਆ?
''ਨਈਂ, ਬੇਟੀ ਪੈਦਾ ਹੁਈ ਹੈ। ਵੋ ਭੀ ਤੋ ਲਾਟਰੀ ਸੇ ਕਮ ਨਈਂ,'' ਉਸ ਜਵਾਬ ਦਿੱਤਾ।
ਮੱਧ ਪ੍ਰਦੇਸ ਵਿਚ ਡਾਕਟਰੀ ਕਾਨਫਰੰਸ ਅਟੈਂਡ ਕਰਨ ਗਏ ਅਸੀਂ ਜਿਸ ਹੋਟਲ ਵਿਚ ਠਹਿਰੇ ਸੀ, ਉੱਥੇ ਦਾ ਇਕ ਕਰਮਚਾਰੀ ਧੀ ਜੰਮਣ ਉੱਤੇ ਏਨਾ ਖ਼ੁਸ਼ ਵੇਖ ਕੇ ਜਿੱਥੇ ਮੈਨੂੰ ਇੱਕ ਪਾਸੇ ਹੈਰਾਨੀ ਹੋਈ, ਉੱਥੇ ਖ਼ੁਸ਼ੀ ਵੀ ਹੋਈ ਕਿ ਚਲੋ ਸ਼ੁਕਰ ਹੈ, ਭਾਰਤ ਵਿਚ ਕਿਸੇ ਥਾਂ ਇਹ ਤਬਦੀਲੀ ਵੀ ਸ਼ੁਰੂ ਹੋਈ।
ਮੈਂ ਉਸ ਨੂੰ ਪੁੱਛਿਆ ਕਿ ਕੀ ਪਹਿਲਾਂ ਵੀ ਉਸ ਦੇ ਘਰ ਕੋਈ ਔਲਾਦ ਹੈ ਤਾਂ ਉਹ ਬੋਲ ਪਿਆ, ''ਤੀਨ ਤੀਨ ਬੇਟੇ ਹੈਂ। ਬੇਟੀ ਕੇ ਲਿਏ ਇਤਨੇ ਪੈਦਾ ਕਰ ਦੀਏ। ਵੋ ਤੋ ਸਿਰਫ਼ ਖ਼ਰਚ ਕਰੇਂਗੇ। ਉਨੀਂ ਕੇ ਲੀਏ ਮੈਂ ਯਹਾਂ ਘਰ ਸੇ ਦੂਰ ਮਰ ਰਹਾ ਹੂੰ। ਅਬ ਸ਼ੁਕਰ ਹੈ ਕੋਈ ਕਮਾਨੇ ਵਾਲੀ ਆਈ। ਬਸ ਏਕ ਓਰ ਬੇਟੀ ਆ ਜਾਏ ਤੋਂ ਸਾਰੀ ਉਮਰ ਭਗਵਾਨ ਕਾ ਸ਼ੁਕਰ ਮਨਾਊਂਗਾ।''
ਉਹ ਏਨਾ ਖ਼ੁਸ਼ ਸੀ ਕਿ ਉਸ ਕੋਲੋਂ ਖ਼ੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ। ਹੱਥ ਜੋੜ ਕੇ ਅਸਮਾਨ ਵੱਲ ਤੱਕ ਧੰਨਵਾਦ ਕਰਦਿਆਂ ਉਹ ਬੋਲ ਪਿਆ,''ਸ਼ਾਮ ਕੋ ਆਪ ਕਾ ਮੂੰਹ ਮੀਠਾ ਕਰਵਾਊਂਗਾ।''
ਉਸ ਦੀ ਏਨੀ ਜ਼ਿਆਦਾ ਖ਼ੁਸ਼ੀ ਵੇਖ ਮੈਨੂੰ ਕੁੱਝ ਹੈਰਾਨੀ ਹੋਣ ਲੱਗ ਪਈ ਸੀ। ਕਾਨਫਰੰਸ ਉੱਤੇ ਵੇਲੇ ਸਿਰ ਪਹੁੰਚਣਾ ਸੀ। ਇਸੇ ਲਈ ਉਸ ਨੂੰ ਸ਼ਾਮ ਨੂੰ ਮਿਲਣ ਦੀ ਗੱਲ ਕੀਤੀ। ਰਾਹ ਵਿਚ ਵੀ ਮੈਂ ਉਸ ਬਾਰੇ ਸੋਚਦੀ ਰਹੀ ਕਿ ਇਹ ਗ਼ਰੀਬ ਹੋ ਕੇ ਵੀ ਧੀ ਜੰਮਣ ਉੱਤੇ ਕਿੰਨਾ ਖ਼ੁਸ਼ ਸੀ।
ਮੇਰੇ ਪਤੀ ਕਹਿਣ ਲੱਗੇ, ''ਕੁੱਝ ਬਿਰਾਦਰੀਆਂ ਧੀਆਂ ਕੋਲੋਂ ਕੰਮ ਕਰਵਾਉਂਦੀਆਂ ਹਨ। ਪੁੱਤਰ ਵਿਹਲੇ ਰਹਿੰਦੇ ਹਨ। ਇਸੇ ਲਈ ਇਹ ਏਨਾ ਖ਼ੁਸ਼ ਸੀ।'' ਮੈਂ ਫੈਸਲਾ ਕਰ ਲਿਆ ਸੀ ਕਿ ਉਸ ਦੀ ਧੀ ਲਈ ਕੁੱਝ ਵਧੀਆ ਫਰਾਕਾਂ ਤੇ ਕਪੜੇ ਖ਼ਰੀਦ ਕੇ ਸੁਗ਼ਾਤ ਵਜੋਂ ਦੇ ਦਿਆਂਗੀ।
ਸ਼ਾਮ ਨੂੰ ਕਾਨਫਰੰਸ ਮੁੱਕਣ ਬਾਅਦ ਮੈਂ ਬਜ਼ਾਰੋਂ ਉਸ ਦੀ ਧੀ ਲਈ ਗੁਲਾਬੀ ਤੇ ਲਾਲ ਰੰਗ ਦੀਆਂ ਫਰਾਕਾਂ, ਲਪੇਟਣ ਲਈ ਦੋ ਫੁੱਲਾਂ ਵਾਲੀਆਂ ਚਾਦਰਾਂ, ਸਿਰ ਲਈ ਟੋਪੀ ਤੇ ਨਿੱਕੀਆਂ ਪਿਆਰੀਆਂ ਜਰਾਬਾਂ ਖ਼ਰੀਦ ਲਈਆਂ।
ਵਾਪਸ ਹੋਟਲ ਪਹੁੰਚਣ ਉੱਤੇ ਉਹ ਖ਼ੁਸ਼ੀ-ਖ਼ੁਸ਼ੀ ਮਠਿਆਈ ਖਵਾਉਣ ਲਈ ਆਇਆ ਤਾਂ ਮੈਂ ਉਸ ਨੂੰ ਸਾਰੇ ਕਪੜੇ ਫੜਾ ਦਿੱਤੇ।
ਕਪੜੇ ਫੜ ਕੇ ਉਹ ਹੈਰਾਨੀ ਨਾਲ ਮੇਰੇ ਵੱਲ ਤੱਕਣ ਲੱਗ ਪਿਆ ਤੇ ਬੋਲਿਆ,''ਯੇ ਕਿਆ ਕਰੇਗੀ। ਲੜਕੀ ਕੀ ਕੀਮਤ ਤੋਂ ਇਨ ਕੇ ਬਿਨਾ ਹੈ।''
ਮੈਨੂੰ ਸੁਣ ਕੇ ਇਕਦਮ ਧੱਕਾ ਲੱਗਿਆ। ਮੇਰੇ ਪਤੀ ਨੇ ਉਸ ਕੋਲੋਂ ਅਜਿਹੀ ਇਬਾਰਤ ਦਾ ਕਾਰਨ ਪੁੱਛਿਆ।
''ਹਮ ਬੰਛੜੇ ਹੈਂ ਸਾਹਬ। ਹਮ ਅਪਨੀ ਲੜਕੀਓਂ ਸੇ ਧੰਧਾ ਕਰਵਾਤੇ ਹੈਂ। ਯਹੀ ਹਮਾਰੀ ਕਮਾਈ ਕਾ ਤਰੀਕਾ ਹੈ। ਸਦੀਓਂ ਸੇ ਯਹੀ ਹੋਤਾ ਹੈ। ਰਤਲਾਮ, ਮੰਡਸੌਰ ਔਰ ਨੀਮੁੱਚ ਜ਼ਿਲ੍ਹੋਂ ਮੇਂ ਹਮਾਰੇ ਲੋਗ ਬਸਤੇ ਹੈਂ। ਹਮਾਰੇ ਯਹਾਂ ਅਫ਼ੀਮ ਬਹੁਤ ਖੁੱਲੀ ਮਿਲਤੀ ਹੈ। ਹਮਾਰੇ ਵਹਾਂ 75 ਗਾਂਵ ਹੈਂ। ਉਨ ਮੇਂ 23000 ਲੋਗ ਬਸਤੇ ਹੈਂ। ਸਭ ਯਹੀ ਕਾਮ ਕਰਤੇ ਹੈਂ,'' ਉਹ ਬੋਲੀ ਜਾ ਰਿਹਾ ਸੀ।
ਮੈਂ ਬੇਯਕੀਨੀ ਜਿਹੀ ਨਾਲ ਸੁਣ ਰਹੀ ਸੀ। ਕੁੱਝ ਪਲ ਪਹਿਲਾਂ ਤੱਕ ਜੋ ਮੈਨੂੰ ਬਹੁਤ ਚੰਗਾ ਲੱਗ ਰਿਹਾ ਸੀ, ਹੁਣ ਕੋਝਾ ਜਾਪਣ ਲੱਗ ਪਿਆ ਸੀ।
ਮੈਂ ਰਤਾ ਖਿੱਝ ਕੇ ਉਸ ਨੂੰ ਅਜਿਹਾ ਕਰਨ ਦਾ ਕਾਰਣ ਪੁੱਛਿਆ ਤਾਂ ਉਹ ਬੋਲਿਆ, ''ਸਦੀਓਂ ਸੇ ਹਮਾਰਾ ਯਹੀ ਰਿਵਾਜ਼ ਹੈ। ਜਬ ਗਿਆਰਾ ਸਾਲ ਦੀ ਲੜਕੀ ਹੋਤੀ ਹੈ ਤੋ ਉਸੇ ਪਹਿਲੀ ਬਾਰ ਕਾਮ ਪੇ ਲਗਾਇਆ ਜਾਤਾ ਹੈ। ਯੇ ਬੜਾ ਤਿਉਹਾਰ ਹੋਤਾ ਹੈ। ਸਭ ਘਰ ਕੇ ਮਰਦ ਕਮਰੇ ਕੇ ਬਾਹਰ ਬੈਠ ਕੇ ਜਸ਼ਨ ਮਨਾਤੇ ਹੈਂ ਔਰ ਘਰ ਕੀ ਔਰਤੇਂ, ਚਾਚੀ, ਮਾਮੀ, ਦਾਦੀ, ਲੜਕੀ ਕੋ ਕਸ ਕੇ ਪਕੜ ਕੇ ਪਹਿਲੇ ਮਰਦ ਗ੍ਰਾਹਕ ਕੋ ਸੌਂਪ ਦੇਤੀ ਹੈਂ। ਬਸ ਫਿਰ ਰੋਜ਼ ਕੀ ਕਮਾਈ ਸ਼ੁਰੂ। ਡੇਢ ਸੌ ਰੁਪੈ ਰੋਜ਼ ਤਕ ਕਮਾ ਲੇਤੀ ਹੈ ਲੜਕੀ। ਹਰ ਘਰ ਕਾ ਯਹੀ ਰੁਜ਼ਗਾਰ ਹੈ। ਜਿਸਕੇ ਯਹਾਂ ਲੜਕੀ ਪੈਦਾ ਨਹੀਂ ਹੋਤੀ, ਵੋ ਮੇਰੀ ਤਰ੍ਹਾਂ ਇਧਰ ਉਧਰ ਧੱਕੇ ਖਾਤਾ ਫਿਰਤਾ ਹੈ।''
ਮੈਨੂੰ ਉਸ ਤੋਂ ਘਿਣ ਆਉਣ ਲੱਗ ਪਈ ਸੀ। ਧੀ ਦਾ ਵਪਾਰੀ ਮੈਨੂੰ ਆਪਣੇ ਕਮਰੇ ਵਿਚ ਬੈਠਾ ਵੀ ਚੁੱਭ ਰਿਹਾ ਸੀ। ਮੈਂ ਆਪਣੇ ਆਪ ਉੱਤੇ ਲਾਅਨਤਾਂ ਪਾ ਰਹੀ ਸੀ ਕਿ ਮੈਂ ਉਸ ਹੱਥੋਂ ਮੂੰਹ ਮਿੱਠਾ ਕਿਉਂ ਕੀਤਾ!
ਉਸ ਦੀ ਸ਼ਿਕਾਇਤ ਕਰਨ ਲਈ ਮੈਂ ਉਥੋਂ ਦੇ ਹੀ ਇਕ ਡਾਕਟਰ ਨਾਲ ਫ਼ੋਨ ਉੱਤੇ ਗੱਲ ਕੀਤੀ ਤਾਂ ਉਸ ਦੱਸਿਆ, ''ਇਨ੍ਹਾਂ ਦੀ ਜਾਤੀ 'ਚ 65 ਫੀਸਦੀ ਔਰਤਾਂ ਹੁੰਦੀਆਂ ਨੇ। ਮੱਧ ਪ੍ਰਦੇਸ ਦੇ ਵੁਮੈਨ ਐਮਪਾਵਰਮੈਂਟ ਵਿਭਾਗ ਨੇ 2015 'ਚ ਮੰਡਸੌਰ ਦੇ 38 ਪਿੰਡਾਂ ਵਿਚ ਸਰਵੇਖਣ ਕਰ ਕੇ ਸਪਸ਼ਟ ਕੀਤਾ ਸੀ ਕਿ ਉੱਥੇ ਕੁੱਲ 3435 ਵਸਨੀਕ ਹਨ ਜਿਨ੍ਹਾਂ ਵਿਚ 2243 ਔਰਤਾਂ ਹਨ ਤੇ 1192 ਆਦਮੀ। ਯਾਨੀ ਔਰਤਾਂ ਦੀ ਗਿਣਤੀ ਲਗਭਗ ਦੁਗਣੀ ਹੈ। ਪਰ, ਇਹ ਗਿਣਤੀ ਸਿਰਫ਼ ਇਸ ਲਈ ਹੈ ਕਿ ਜਿਸਮ ਫ਼ਰੋਸ਼ੀ ਦਾ ਧੰਧਾ ਪੂਰੇ ਜ਼ੋਰਾਂ ਸ਼ੋਰਾਂ 'ਤੇ ਚੱਲਦਾ ਹੈ। ਜਿਸ ਘਰ ਕੁੜੀ ਪੈਦਾ ਨਹੀਂ ਹੁੰਦੀ, ਉੱਥੇ ਕੁੜੀ ਖ਼ਰੀਦੀ ਜਾਂਦੀ ਹੈ ਜਾਂ ਮੁਲਕ ਦੇ ਹੋਰਨਾ ਹਿੱਸਿਆਂ 'ਚੋਂ ਚੁੱਕ ਲਈ ਜਾਂਦੀ ਹੈ। ਇਹ ਸਾਰੀਆਂ ਕੁੜੀਆਂ ਨਵਜੰਮੀਆਂ ਹੀ ਚੁੱਕੀਆਂ ਜਾਂਦੀਆਂ ਹਨ ਜਾਂ ਕਿਸੇ ਹੋਰ ਵੱਲੋਂ ਸੁੱਟੀਆਂ ਲਿਆਈਆਂ ਜਾਂਦੀਆਂ ਹਨ। ਇਹੀ ਇਨ੍ਹਾਂ ਦੀ ਕਮਾਈ ਦਾ ਸਾਧਨ ਹੈ।''
ਮੇਰੇ ਪਤੀ ਨੇ ਇੰਟਰਨੈੱਟ ਰਾਹੀਂ ਇਸ ਇਲਾਕੇ ਦੀਆਂ ਕੁੱਝ ਖ਼ਬਰਾਂ ਕੱਢ ਕੇ ਮੇਰੇ ਅੱਗੇ ਧਰ ਦਿੱਤੀਆਂ। ਉਨ੍ਹਾਂ ਵਿਚ ਐਡਵੋਕੇਟ ਅਮਿਤ ਸ਼ਰਮਾ, ਜੋ ਆਰ.ਟੀ.ਆਈ. ਐਕਟੀਵਿਸਟ ਵੀ ਹੈ, ਨੇ ਬਿਆਨ ਦਿੱਤਾ ਹੋਇਆ ਸੀ ਕਿ ਜੁਲਾਈ 2014 ਵਿਚ ਨੀਮੁੱਕ ਜ਼ਿਲ੍ਹੇ ਵਿਚ ਰੇਡ ਪੈਣ ਉੱਤੇ ਪਤਾ ਲੱਗਿਆ ਕਿ ਇਕ ਬੰਛੜੇ ਟੱਬਰ ਨੇ ਸ਼ਟਾਮ ਪੇਪਰ ਉੱਤੇ 500 ਰੁਪੈ ਵਿਚ ਸੰਨ 2009 ਵਿਚ ਇਕ ਸਾਲ ਦੀ ਬੱਚੀ ਖਰੀਦੀ ਜੋ ਹੁਣ 6 ਸਾਲ ਦੀ ਹੋ ਚੁੱਕੀ ਸੀ। ਇਹ ਸਭ ਬੜੇ ਸੰਗਠਿਤ ਢੰਗ ਨਾਲ ਚੱਲਦਾ ਪਿਆ ਹੈ ਤੇ ਹੇਠੋਂ ਉੱਪਰ ਤਕ ਪੂਰੀ ਕਮਿਸ਼ਨ ਬੰਨ੍ਹੀ ਹੋਈ ਹੈ। ਇਨ੍ਹਾਂ ਵਿੱਚੋਂ ਕਿਸੇ ਵੀ ਕੁੜੀ ਦਾ ਪੂਰਾ ਧਿਆਨ ਨਹੀਂ ਰੱਖਿਆ ਜਾਂਦਾ। ਨਿੱਕੀਆਂ ਬੱਚੀਆਂ ਤੋਂ ਪੂਰਾ ਘਰ ਦਾ ਕੰਮ ਕਰਵਾਇਆ ਜਾਂਦਾ ਹੈ ਤੇ ਕਦੇ ਵੀ ਰੱਜ ਕੇ ਰੋਟੀ ਨਹੀਂ ਦਿੱਤੀ ਜਾਂਦੀ। ਇਹੀ ਹਰ ਘਰ ਦਾ ਰੂਟੀਨ ਹੈ।
ਇਨ੍ਹਾਂ ਨੂੰ ਪੂਰੀ ਵਿਚਾਰਗੀ ਤੇ ਅਧੀਨਤਾ ਨਾਲ ਪਾਲ ਕੇ, ਮਾਰ ਕੁੱਟ ਕੇ ਦਬਾਅ ਹੇਠ ਰੱਖ ਕੇ ਸਿਰਫ਼ ਧੰਧੇ ਲਈ ਹੀ ਤਿਆਰ ਕੀਤਾ ਜਾਂਦਾ ਹੈ ਤਾਂ ਜੋ ਇਨ੍ਹਾਂ ਵਿਚ ਆਪਣੇ ਹੱਕਾਂ ਬਾਰੇ ਤਾਂ ਦੂਰ ਦੀ ਗੱਲ, ਆਵਾਜ਼ ਕੱਢਣ ਦੀ ਵੀ ਹਿੰਮਤ ਨਾ ਬਚੇ।
ਬੱਚੀਆਂ ਨੂੰ ਭਾਵੇਂ ਸਾਰਾ ਦਿਨ ਭੁੱਖਾ ਰਹਿਣਾ ਪਵੇ, ਪਰ ਰੋਟੀ ਉਦੋਂ ਹੀ ਇਕ ਵੇਲੇ ਦੀ ਨਸੀਬ ਹੁੰਦੀ ਹੈ, ਜਦੋਂ ਜਿਸਮ ਵੇਚ ਕੇ ਕਮਾਈ ਪਿਓ ਦੇ ਹੱਥ ਧਰ ਦੇਣ।
ਇਹ ਕਮਾਈ 30 ਰੁਪੈ ਤੋਂ 150 ਰੁਪੈ ਤੱਕ ਦੀ ਹਰ ਰਾਤ ਦੀ ਹੁੰਦੀ ਹੈ। ਜਿਹੜੀ ਵੀ ਰਾਤ ਬੱਚੀ ਕੋਲ ਗਾਹਕ ਨਾ ਆਏ ਤਾਂ ਉਹ ਦਿਨ ਉਸ ਨੂੰ ਫਾਕਾ ਕੱਟਣਾ ਪੈਂਦਾ ਹੈ। ਜਿਸ ਟੱਬਰ ਵਿਚ ਕੁੜੀ ਪੈਦਾ ਕਰਨ ਦੇ ਲਾਲਚ ਵਿਚ ਮੁੰਡੇ ਵੱਧ ਪੈਦਾ ਹੋ ਜਾਣ, ਤਾਂ ਮੁੰਡੇ ਵੇਚ ਦਿੱਤੇ ਜਾਂਦੇ ਹਨ ਤੇ ਉਸ ਬਦਲੇ ਕੁੜੀ ਖ਼ਰੀਦ ਲਈ ਜਾਂਦੀ ਹੈ।
ਅੱਜ ਕਲ ਦੇ ਦਿਨਾਂ ਵਿਚ ਏਜੰਟ ਸੁੱਟੀਆਂ ਹੋਈਆਂ ਕੁੜੀਆਂ ਨੂੰ ਸ਼ਿਕਾਰੀ ਕੁੱਤਿਆਂ ਵਾਂਗ ਚੁੱਕਣ ਲਈ ਤਿਆਰ ਬੈਠੇ ਹੋਏ ਹਨ ਤੇ 2000 ਤੋਂ 10,000 ਤੱਕ ਦੀ ਕੀਮਤ ਲੈ ਕੇ ਬੰਛੜਿਆਂ ਨੂੰ ਵੇਚ ਰਹੇ ਹਨ।
''ਉੱਪਰ'' ਤੱਕ ਦਿੱਤੀ ਜਾਂਦੀ ਰਿਸ਼ਵਤ ਹੀ ਇਸ ਸਦੀਆਂ ਪੁਰਾਣੀ ਰੀਤ ਨੂੰ ਤੋੜਨ ਵਿਚ ਅਸਮਰਥ ਸਾਬਤ ਹੋ ਰਹੀ ਹੈ। ਜੇ ਕੋਈ ਪਿਓ ਅਜਿਹੀ ਰੀਤ ਨੂੰ ਤੋੜ ਕੇ ਨੌਕਰੀ ਦੀ ਭਾਲ ਵਿਚ ਬਾਹਰ ਵੀ ਨਿਕਲੇ ਤਾਂ ਬਾਕੀ ਟੱਬਰ ਦੇ ਛੇਕੇ ਜਾਣ ਦਾ ਡਰ ਤੇ ਦਲਾਲਾਂ ਵੱਲੋਂ ਮਿਲਦੀਆਂ ਧਮਕੀਆਂ ਵਾਪਸ ਉਸੇ ਦਲਦਲ ਵਲ ਉਸ ਨੂੰ ਧੱਕ ਦਿੰਦੀਆਂ ਹਨ।
ਇਸ ਹਨ੍ਹੇਰਗਰਦੀ ਤੇ ਗੁੰਡਾਗਰਦੀ ਵਿਚ, ਜਿੱਥੇ ਪਿਓ, ਚਾਚਾ, ਤਾਇਆ ਆਪਣੀ ਹੀ ਧੀ ਦੀ ਪੱਤ ਲੁੱਟੇ ਜਾਣ ਦਾ ਜਸ਼ਨ ਮਨਾਉਂਦੇ ਹੋਣ ਤੇ ਤਾਈਆਂ, ਚਾਚੀਆਂ, ਜੋ ਆਪ ਇਹੀ ਨਰਕ ਭੋਗ ਚੁੱਕੀਆਂ ਹੋਣ, ਇਕ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੇ ਬਲਾਤਕਾਰ ਦਾ ਅੱਖੀਂ ਵੇਖੇ ਗਵਾਹ ਹੋਣ ਦਾ ਹਿੱਸਾ ਬਣਾਈਆਂ ਜਾ ਰਹੀਆਂ ਹੋਣ ਤਾਂ ਉੱਥੇ ਇਕ ਨੁੱਕਰੇ ਲੱਗੀ ਆਪਣੀਆਂ ਸੁੱਕ ਚੁੱਕੇ ਹੰਝੂਆਂ ਵਾਲੀਆਂ ਅੱਖਾਂ 'ਚੋਂ ਮੁੱਕ ਚੁੱਕੇ ਸੁਫਨਿਆਂ ਨਾਲ ਅਸਮਾਨੀਂ ਤੱਕਦੀ ਤੇ ਭੁੱਖ ਨਾਲ ਕੜਵੱਲ ਪੈਂਦੇ ਢਿਡ ਨੂੰ ਨੱਪਦੀ ਮਾਂ ਦੀ ਪੀੜ ਬਾਰੇ ਕੌਣ ਚਿੰਤਿਤ ਹੋਵੇਗਾ?
ਉਸ ਮਾਂ ਨੂੰ ਆਪਣੀ ਹੀ ਨਾਬਾਲਗ ਧੀ ਦੀ ਪੱਤ ਲੁੱਟੇ ਜਾਣ ਬਾਅਦ ਦੀ ਮਿਲੀ ਕਮਾਈ ਵਿੱਚੋਂ ਢਿੱਡ ਭਰਨਾ ਪੈਂਦਾ ਹੈ।
ਅਜਿਹੇ ਮਾਹੌਲ ਵਿਚ ਕੀ ਕੋਈ ਜੁਅਰਤ ਕਰ ਸਕਦਾ ਹੈ ਇਹ ਪੁੱਛਣ ਦੀ, ਕਿ ਭਾਰਤ ਮਾਤਾ ਦੇ ਸਪੂਤੋ, ਬੇਟੀਆਂ ਜੰਮਣ ਦਾ ਹੋਕਾ ਦੇਣ ਵਾਲਿਓ ਬਘਿਆੜੋ, ਕੀ ਇਸ ਹੈਵਾਨੀਅਤ ਦੇ ਨੰਗੇ ਨਾਚ ਵਾਸਤੇ ਧੀਆਂ ਦਾ ਜੰਮਣਾ ਜ਼ਰੂਰੀ ਹੈ?
ਸ਼ੁਕਰ ਹੈ ਅਜਿਹੇ ਸ਼ੈਤਾਨੀਅਤ ਭਰੇ ਮਾਹੌਲ ਵਿਚ ਵੀ ਅਜਗਰਾਂ ਦੇ ਮੂੰਹੋਂ ਮਾਸੂਮ ਕਲੀਆਂ ਨੂੰ ਬਚਾਉਣ ਲਈ ਇਕ ਐਸ.ਪੀ. ਨੇ ਜੁਅਰਤ ਵਿਖਾਈ ਹੈ। ਸ੍ਰੀ ਟੀ.ਕੇ. ਵਿਦਿਆਰਥੀ (ਐਸ.ਪੀ.) ਨੇ ਬੰਛੜਿਆਂ ਦੇ ਕੁੱਝ ਪੁੱਤਰਾਂ ਨੂੰ ਪੜ੍ਹਨੇ ਪਾਇਆ ਹੈ ਤਾਂ ਜੋ ਉਨ੍ਹਾਂ ਨੂੰ ਮਨੁੱਖੀ ਹੱਕਾਂ ਬਾਰੇ ਗਿਆਨ ਹੋਵੇ ਤੇ ਉਹ ਹੱਕ ਹਲਾਲ ਦੀ ਕਮਾਈ ਉੱਤੇ ਗੁਜ਼ਾਰਾ ਕਰਨ ਨਾ ਕਿ ਭੈਣਾਂ ਦੇ ਸਰੀਰਾਂ ਦਾ ਲਹੂ ਨਿਚੋੜ ਕੇ।
ਅਫ਼ਸੋਸ ਤਾਂ ਸਿਰਫ਼ ਇਹ ਹੈ ਕਿ ਜਿੱਥੇ ਇਕ ਅਣਖੀ ਪੁਲਿਸ ਅਫਸਰ ਨੇਕ ਕੰਮ ਵੱਲ ਤੁਰਿਆ ਹੈ ਉੱਥੇ ਬੰਛੜੇ ਹੀ ਬਿਆਨ ਦੇ ਰਹੇ ਹਨ-''ਹਮਾਰੇ ਸਭ ਸੇ ਜ਼ਿਆਦਾ ਕਸਟਮਰ ਤੋ ਪੁਲਿਸ ਸੇ ਹੀ ਹੈਂ। ਵੋ ਕਿਆ ਬੰਦ ਕਰਵਾਏਂਗੇ। ਉਨ੍ਹੇਂ ਹਫ਼ਤਾ ਕੌਣ ਦੇਗਾ ਫਿਰ!!''
ਦੁਰ ਫਿਟੇ ਮੂੰਹ! ਦੁਰ ਫਿਟੇ ਮੂੰਹ! ਲੱਖ ਲਾਅਨਤ!!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

30 Aug. 2018

ਹੱਸਣ ਬਾਰੇ ਕੁੱਝ ਤੱਥ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਅਸੀਂ ਸਾਰੇ ਹੱਸਣਾ ਭੁੱਲ ਚੁੱਕੇ ਹਾਂ। ਉੱਚੀ ਹੱਸਣ ਵਾਲਾ ਉਜੱਡ ਮੰਨਿਆ ਜਾਂਦਾ ਹੈ। ਹੱਸਣਾ ਤਾਂ ਪਰ੍ਹੇ ਦੀ ਗੱਲ ਹੈ, ਹੁਣ ਤਾਂ ਮੁਸਕੁਰਾਉਣਾ ਵੀ ਵੇਖ ਕੇ ਪੈਂਦਾ ਹੈ ਕਿ ਕਿਸ ਥਾਂ ਉੱਤੇ ਮੁਸਕਾਨ ਦਾ ਕੀ ਅਸਰ ਪੈ ਜਾਣਾ ਹੈ ਤੇ ਉਸ ਮੁਸਕਾਨ ਦੇ ਕੀ ਮਾਇਨੇ ਕੱਢੇ ਜਾਣਗੇ!
ਸਾਇੰਸ ਦੀ ਤਰੱਕੀ ਨੇ ਹਾਸੇ ਦੇ ਦਿਮਾਗ਼ ਉੱਤੇ ਪਏ ਅਸਰਾਂ ਨੂੰ ਲੱਭਣ ਵਿਚ ਮਦਦ ਕਰ ਕੇ ਇਨਸਾਨਾਂ ਦੀ ਉਮਰ ਲੰਮੀ ਕਰਨ ਦਾ ਢੰਗ ਲੱਭ ਦਿੱਤਾ ਹੈ।
ਦਿਮਾਗ਼ ਵਿਚਲਾ ਬਰੇਨ ਸਟੈੱਮ ਹਿੱਸਾ ਸਾਡੇ ਹਾਸੇ ਦੀਆਂ ਵਾਗਾਂ ਬੰਨ੍ਹ ਕੇ ਰੱਖਦਾ ਹੈ। ਜਦੋਂ ਕਿਸੇ ਮਰੀਜ਼ ਦਾ ਸਟਰੋਕ ਨਾਲ ਇਸ ਹਿੱਸੇ ਵਿਚ ਰਤਾ ਕੁ ਨੁਕਸਾਲ ਹੋ ਜਾਏ ਤਾਂ ਕਈ ਮਰੀਜ਼ ਘੰਟਿਆਂ ਬੱਧੀ ਹੱਸਦੇ ਵੇਖੇ ਗਏ ਹਨ। ਕੁੱਝ ਨਿੱਕੇ ਬੱਚੇ ਜਿਨ੍ਹਾਂ ਦਾ ਜਮਾਂਦਰੂ ਦਿਮਾਗ਼ ਬਹੁਤ ਛੋਟਾ ਹੋਵੇ ਜਾਂ ਅੱਧਾ ਦਿਮਾਗ਼ ਬਣਿਆ ਨਾ ਹੋਵੇ, ਉਹ ਵੀ ਬਹੁਤ ਹੱਸਦੇ ਵੇਖੇ ਗਏ ਹਨ।
ਪੂਰੇ ਦਿਮਾਗ਼ ਨਾਲ ਜੰਮੇ ਨਿੱਕੇ ਬੱਚੇ ਜਿਨ੍ਹਾਂ ਨੂੰ ਹਾਲੇ ਚੰਗੇ ਮਾੜੇ ਦੀ ਸਮਝ ਨਹੀਂ ਹੁੰਦੀ, ਉਹ ਵੀ ਕਿਸੇ ਨੂੰ ਹਲਕਾ ਮੁਸਕਰਾਉਂਦੇ ਹੋਏ ਵੇਖ ਕੇ ਖਿੜਖਿੜਾ ਕੇ ਹੱਸ ਪੈਂਦੇ ਹਨ। ਜੇ ਕਿਤੇ ਕੁਤਕੁਤਾੜੀ ਕਰ ਦਿੱਤੀ ਜਾਵੇ, ਫੇਰ ਤਾਂ ਪੁੱਛੋ ਹੀ ਨਾ!
ਇਹ ਸਪਸ਼ਟ ਹੋ ਗਿਆ ਕਿ ਹੱਸਣਾ ਤਾਂ ਕੁਦਰਤ ਨੇ ਹਰ ਇਨਸਾਨੀ ਦਿਮਾਗ਼ ਵਿਚ ਪੱਕੀ ਤੌਰ ਉੱਤੇ ਫਿਟ ਕਰ ਕੇ ਭੇਜਿਆ ਹੁੰਦਾ ਹੈ।
ਹੁਣ ਰਤਾ ਵੱਡੇ ਬੰਦੇ ਵੱਲ ਝਾਕੀਏ ਜਿਸ ਨੂੰ ਫਰੇਬ ਕਰਨਾ ਆਉਂਦਾ ਹੈ। ਉਸ ਨੂੰ ਚੰਗੇ ਮਾੜੀ ਦੀ ਸਮਝ ਹੈ। ਉਹ ਕਿਸੇ ਦਾ ਬੁਰਾ ਲੋਚ ਸਕਦਾ ਹੈ ਤੇ ਉਸ ਅੰਦਰ ਹਉਮੈ ਭਰੀ ਪਈ ਹੁੰਦੀ ਹੈ। ਅਜਿਹਾ ਬੰਦਾ ਵੀ ਬਹੁਤ ਮਜ਼ਾਕੀਆ ਗੱਲ ਉੱਤੇ ਬਦੋਬਦੀ ਕੁੱਝ ਪਲਾਂ ਲਈ ਹੱਸ ਪੈਂਦਾ ਹੈ।
ਇਕ ਖੋਜ ਵਿਚ ਦਿਮਾਗ਼ ਵਿਚਲੀਆਂ ਤਰੰਗਾਂ ਮਾਪਣ ਬਾਅਦ ਪਤਾ ਲੱਗਿਆ ਕਿ ਬਿਜਲੀ ਨਾਲੋਂ ਵੀ ਤੇਜ਼ ਤਰੰਗਾਂ ਦਿਮਾਗ਼ ਦੇ ਕੌਰਟੈਕਸ ਹਿੱਸੇ ਵਲ ਜਾਣ ਬਾਅਦ ਹੀ ਕਿਸੇ ਬਹੁਤ ਹਾਸੋਹੀਣੀ ਗੱਲ ਉੱਤੇ ਬੰਦਾ ਖਿੜਖਿੜਾ ਕੇ ਹੱਸ ਪੈਂਦਾ ਹੈ। ਪੀਟਰ ਡਰਕਸ, ਜੋ ਵਿਲੀਅਮ ਐਂਡ ਮੈਰੀ ਕਾਲਜ ਵਿਚ ਸਾਈਕੌਲੋਜੀ ਦਾ ਪ੍ਰੋਫੈੱਸਰ ਹੈ, ਉਸ ਨੇ ਕਈ ਜਣਿਆਂ ਨੂੰ ਮਜ਼ੇਦਾਰ ਚੁਟਕੁਲੇ ਸੁਣਾਏ ਤੇ ਵੇਖਿਆ ਕਿ ਚੁਟਕੁਲੇ ਦੀ ਆਖਰੀ ਹੱਸਣ ਵਾਲੀ ਲਾਈਨ ਸੁਣਨ ਦੇ ਇਕ ਸਕਿੰਟ ਦੇ ਦੱਸਵੇਂ ਹਿੱਸੇ ਵਿਚ ਹੀ ਪੂਰੇ ਸੈਰੇਬਰਲ ਕੌਰਟੈਕਸ ਵਿਚ ਤਰੰਗ ਫਿਰ ਜਾਂਦੀ ਹੈ। ਇਸੇ ਦੌਰਾਨ ਦਿਮਾਗ਼ ਦਾ ਖੱਬਾ ਪਾਸਾ ਚੁਟਕੁਲੇ ਵਿਚਲੀ ਪੂਰੀ ਗੱਲਬਾਤ ਸਮੇਟਦਾ ਹੈ ਤੇ ਸੱਜਾ ਪਾਸਾ ਉਸ ਵਿਚਲੇ ਹਾਸੇ ਦੇ ਨੁਕਤੇ ਦਾ ਨਿਚੋੜ ਕੱਢ ਕੇ ਫੈਸਲਾ ਲੈਂਦਾ ਹੈ ਕਿ ਗੱਲ ਹੱਸਣਯੋਗ ਹੈ ਜਾਂ ਨਹੀਂ।
ਇਸ ਤੋਂ ਬਾਅਦ ਪੂਰੇ ਦਿਮਾਗ਼ ਦੇ ਕੋਨੇ ਤੋਂ ਕੋਨੇ ਤਕ ਘੁੰਮ ਕੇ ਵਾਪਸ ਆਈਆ ਤਰੰਗਾਂ ਇਕ ਸਕਿੰਟ ਤੋਂ ਵੀ ਘੱਟ ਸਮੇਂ ਵਿਚ ਇਹ ਫੈਸਲਾ ਦੇ ਦਿੰਦੀਆਂ ਹਨ ਕਿ ਹਲਕਾ ਮੁਸਕਰਾਉਣਾ ਹੈ ਜਾਂ ਖਿੜਖਿੜਾ ਕੇ ਹੱਸਣਾ ਹੈ।
ਜੇ ਸੁਣੇਹਾ ਖਿੜਖਿੜਾ ਕੇ ਹੱਸਣ ਵਾਲਾ ਨਹੀਂ ਪਹੁੰਚਿਆ ਤੇ ਪੂਰਾ ਖੁੱਲ ਕੇ ਹੱਸੇ ਵੀ ਨਹੀਂ, ਪਰ ਆਲੇ ਦੁਆਲੇ ਸਾਰੇ ਜਣੇ ਇਕ ਦੂਜੇ ਨੂੰ ਵੇਖ ਕੇ ਹੱਸ ਹੱਸ ਕੇ ਲੋਟਪੋਟ ਹੋ ਰਹੇ ਹੋਣ ਤਾਂ ਦਿਮਾਗ਼ ਵਿਚ ਪਹਿਲਾਂ ਹੀ ਤੇਜ਼ੀ ਨਾਲ ਫਿਰ ਚੁੱਕੀਆਂ ਤਰੰਗਾਂ ਜਿਨ੍ਹਾਂ ਨੇ ਦਿਮਾਗ਼ ਰਵਾਂ ਕਰ ਦਿੱਤਾ ਹੁੰਦਾ ਹੈ, ਦੁਬਾਰਾ ਇਹ ਟੁਣਕਦੇ ਹਾਸੇ ਦੀਆਂ ਢੇਰ ਸਾਰੀਆਂ ਤਰੰਗਾਂ ਫੜ ਕੇ ਲਾਗ ਦੀ ਬੀਮਾਰੀ ਵਾਂਗ ਬਦੋਬਦੀ ਖਿੜਖਿੜਾ ਦੇ ਹੱਸਣ ਉੱਤੇ ਮਜਬੂਰ ਕਰ ਦਿੰਦੀਆਂ ਹਨ।
ਪੂਰੇ ਦਿਮਾਗ਼ ਦੀ ਹਿਲਜੁਲ ਹੋ ਜਾਣ ਉੱਤੇ ਨਾ ਸਿਰਫ਼ ਸਾਰਾ ਕੌਰਟੈਕਸ ਹਿੱਸਾ ਤੇ ਉਸ ਵਿਚਲੇ ਜੋੜ ਹੀ ਰਵਾਂ ਹੋ ਜਾਂਦੇ ਹਨ, ਇਕਦਮ ਹਾਰਮੋਨਾਂ ਦਾ ਫੁਆਰਾ ਛੁਟ ਜਾਣ ਉੱਤੇ ਚੜ੍ਹਦੀਕਲਾ ਦਾ ਇਹਸਾਸ, ਮੂਡ ਠੀਕ ਹੋਣਾ, ਢਹਿੰਦੀ ਕਲਾ ਕਾਫੂਰ ਹੋਣਾ, ਫੇਫੜਿਆਂ ਦੀ ਤਗੜੀ ਕਸਰਤ, ਸਰੀਰ ਦੇ ਸਾਰੇ ਪੱਠਿਆਂ ਵੱਲ ਲਹੂ ਦਾ ਦਬਾਓ ਵੱਧ ਜਾਣਾ, ਦਿਲ ਦੇ ਪੱਠਿਆਂ ਦੀ ਕਸਰਤ, ਦਿਮਾਗ਼ ਵੱਲ ਲਹੂ ਦਾ ਵੱਧ ਜਾਣਾ, ਆਦਿ ਕੁੱਝ ਸਕਿੰਟਾਂ ਤੋਂ ਮਿੰਟਾਂ ਵਿਚ ਹੀ ਹੋ ਜਾਂਦਾ ਹੈ। ਪਰ, ਇਹ ਅਸਰ ਕੁੱਝ ਘੰਟਿਆਂ ਤਕ ਵੀ ਰਹਿ ਜਾਂਦਾ ਹੈ।
ਅਜਿਹੇ ਮੌਕੇ ਮਾੜੀ ਖ਼ਬਰ ਸੁਣਾਏ ਜਾਣ ਉੱਤੇ ਵੀ ਸਰੀਰ ਤੇ ਦਿਮਾਗ਼ ਓਨੇ ਮਾੜੇ ਅਸਰਾਂ ਹੇਠ ਨਹੀਂ ਜਾਂਦੇ ਜਿੰਨਾ ਆਮ ਬੈਠਿਆਂ ਉੱਤੇ ਮਹਿਸੂਸ ਹੁੰਦਾ ਹੈ।
ਵਾਟਰਲੂ ਯੂਨੀਵਰਸਿਟੀ ਦੇ ਪ੍ਰੋ. ਰੌਡ ਮਾਰਟਿਨ (ਸਾਈਕੋਲੋਜਿਸਟ) ਨੇ ਪੈਨੀਸਿਲਵੇਨੀਆ ਯੂਨੀਵਰਸਿਟੀ ਨਾਲ ਰਲ ਕੇ ਜੋ ਖੋਜ ਕਾਰਜ ਕੀਤਾ, ਉਸ ਦੇ ਸਿੱਟੇ ਹਨ :-
1.    ਜ਼ਿਆਦਾ ਹੱਸਣ ਵਾਲੇ ਦੁਖ ਸੌਖਾ ਜਰ ਜਾਂਦੇ ਹਨ। ਇਹ ਨਹੀਂ ਹੈ ਕਿ ਉਨ੍ਹਾਂ ਨੂੰ ਦੁੱਖ ਹੁੰਦਾ ਨਹੀਂ ਜਾਂ ਉਨ੍ਹਾਂ ਉੱਤੇ ਮਾੜਾ ਸਮਾਂ ਆਉਂਦਾ ਨਹੀਂ, ਪਰ ਇਹ ਲੋਕ ਛੇਤੀ ਢਹਿੰਦੀ ਕਲਾ ਵਿਚ ਨਹੀਂ ਜਾਂਦੇ।
2.    ਜਿੰਨੇ ਬਜ਼ੁਰਗ ਢਹਿੰਦੀ ਕਲਾ ਵਿਚ ਜਾ ਕੇ ਖ਼ੁਦਕੁਸ਼ੀ ਕਰਨ ਦਾ ਵਿਚਾਰ ਪਾਲ ਕੇ ਬੈਠੇ ਸਨ, ਉਨ੍ਹਾਂ ਨੂੰ ਰੋਜ਼ ਦਿਨ ਵਿਚ ਇਕ ਵਾਰ ਹਾਸੇ ਦਾ ਪ੍ਰੋਗਰਾਮ ਵਿਖਾਏ ਜਾਣ ਬਾਅਦ ਉਨ੍ਹਾਂ ਦੀ ਢਹਿੰਦੀ ਕਲਾ ਕਾਫ਼ੂਰ ਹੋਈ ਲੱਭੀ।
    ਨਿਊਯਾਰਕ ਦੇ ਐਲਬਰਟ ਆਈਨਸਟੀਨ ਮੈਡੀਕਲ ਸੈਂਟਰ ਦੇ ਜੋਜ਼ਫ ਰਿਚਮੈਨ ਨੇ ਵੀ ਸਾਬਤ ਕੀਤਾ ਕਿ ਨਾ ਸਿਰਫ਼ ਬਜ਼ੁਰਗਾਂ ਵਿਚ, ਬਲਕਿ ਨੌਜਵਾਨਾਂ (18-45 ਸਾਲ ਤਕ) ਵਿਚ ਵੀ ਇਹੋ ਜਿਹੇ ਹੀ ਲੱਛਣ ਮਿਲੇ।
3.    ਹੱਸਣ ਨਾਲ ਦਿਲ ਦੀ ਧੜਕਨ ਘੱਟ ਜਾਂਦੀ ਹੈ ਤੇ ਐਂਡੋਰਫਿਨ ਨਿਕਲ ਪੈਂਦੇ ਹਨ ਜੋ ਪੀੜ ਮਹਿਸੂਸ ਨਹੀਂ ਹੋਣ ਦਿੰਦੇ ਤੇ ਤਿੱਖੀ ਪੀੜ ਵੀ ਘੱਟ ਲੱਗਣ ਲੱਗ ਪੈਂਦੀ ਹੈ।
4.    ਕੁੱਝ ਦੇਰ ਹੱਸਣ ਨਾਲ ਕਿਸੇ ਦੇ ਨਾਲ ਹੋਣ ਦਾ ਇਹਸਾਸ ਜਾਗਦਾ ਹੈ ਤੇ ਇਕੱਲਾਪਨ ਘੱਟ ਮਹਿਸੂਸ ਹੁੰਦਾ ਹੈ। ਆਪਣਾਪਨ, ਸੰਬੰਧਿਤ ਹੋਣਾ, ਆਦਿ ਵਰਗੇ ਵਿਚਾਰ ਚੜ੍ਹਦੀਕਲਾ ਦਾ ਇਹਸਾਸ ਜਗਾਉਂਦੇ ਹਨ।
5.    ਜਿਵੇਂ ਕੱਸੇ ਹੋਏ ਤੇ ਜੰਗਾਲ ਖਾਧੇ ਪੇਚ ਘੁਮਾਉਣੇ ਔਖੇ ਹੁੰਦੇ ਹਨ ਪਰ ਤੇਲ ਲਾ ਕੇ ਨਰਮ ਕਰਨ ਉੱਤੇ ਸੌਖੇ ਖੁੱਲ ਜਾਂਦੇ ਹਨ, ਉਸੇ ਤਰ੍ਹਾਂ ਦਿਮਾਗ਼ ਵਿਚਲੀਆਂ ਕੱਸੀਆਂ ਹੋਈਆਂ ਨਸਾਂ ਤੇ ਤਣਾਓ ਨਾਲ ਨਪੀੜੇ ਜੋੜ ਹਾਸੇ ਦੇ ਟੁਣਕਾਰੇ ਨਾਲ ਨਰਮ ਪੈ ਜਾਂਦੇ ਹਨ ਤੇ ਮਾੜੇ ਵਿਚਾਰ ਛੰਡੇ ਜਾਂਦੇ ਹਨ। ਇਹ ਵੇਖਣ ਵਿਚ ਆਇਆ ਕਿ ਕਤਲ ਤੱਕ ਕਰਨ ਦਾ ਵਿਚਾਰ ਲੈ ਕੇ ਤੁਰੇ ਬੰਦੇ ਦਾ ਮਨ ਵੀ ਅੱਧਾ ਘੰਟਾ ਖੁੱਲ ਕੇ ਹੱਸਣ ਬਾਅਦ ਬਦਲ ਗਿਆ ਤੇ ਮਾੜੇ ਵਿਚਾਰ ਛੰਡੇ ਗਏ।
6.    ਹੱਸਦੇ ਰਹਿੰਦੇ ਬੰਦੇ ਦਾ ਜ਼ਿੰਦਗੀ ਪ੍ਰਤੀ ਸਕਾਰਾਤਮਕ ਨਜ਼ਰੀਆ ਬਣ ਜਾਂਦਾ ਹੈ।
7.    ਸਟੈਨਫੋਰਡ ਯੂਨੀਵਰਸਿਟੀ ਨੇ ਅਨੇਕ ਜੋੜਿਆਂ ਦਾ ਅਧਿਐਨ ਕਰ ਕੇ ਲੱਭਿਆ ਕਿ ਜਿਹੜੇ ਜਣੇ ਰੋਜ਼ ਦਿਨ ਵਿਚ ਘੱਟੋ ਘਟ ਦੋ ਵਾਰ ਇਕੱਠੇ ਬਹਿ ਕੇ ਖਿੜਖਿੜਾ ਕੇ ਹੱਸਦੇ ਹੋਣ, ਉਨ੍ਹਾਂ ਦੇ ਸੰਬੰਧ ਗੂੜ੍ਹੇ ਹੁੰਦੇ ਹਨ ਤੇ ਤਲਾਕ ਵੀ ਬਹੁਤ ਘੱਟ ਹੁੰਦੇ ਹਨ।
8.    ਇਹ ਵੇਖਣ ਵਿਚ ਆਇਆ ਕਿ ਜਿਹੜੇ ਜਣੇ ਆਪਣੇ ਮਰਨ ਬਾਅਦ ਅੰਗ ਦਾਨ ਦੇ ਫਾਰਮ ਭਰਨ ਲਈ ਅੱਗੇ ਆਉਂਦੇ ਹਨ, ਉਨ੍ਹਾਂ ਵਿੱਚੋਂ ਬਹੁਗਿਣਤੀ ਦਿਨ ਵਿਚ ਇਕ ਜਾਂ ਵੱਧ ਵਾਰ ਹੱਸਦੇ ਰਹਿੰਦੇ ਸਨ। ਏਸੇ ਲਈ ਮੌਤ ਦਾ ਭੈਅ ਉਨ੍ਹਾਂ ਦੇ ਮਨਾਂ ਵਿੱਚੋਂ ਘੱਟ ਹੋ ਚੁੱਕਿਆ ਸੀ।
9.    ਹੱਸਦੇ ਰਹਿਣ ਵਾਲਿਆਂ ਨੂੰ ਘੱਟ ਰੋਗ ਜਕੜਦੇ ਹਨ। ਜੇ ਰੋਗ ਹੋਣ ਵੀ, ਤਾਂ ਉਨ੍ਹਾਂ ਦੀ ਚੜ੍ਹਦੀਕਲਾ ਸਦਕਾ ਰੋਗ ਬਹੁਤ ਡੂੰਘੀ ਪਕੜ ਕਰ ਹੀ ਨਹੀਂ ਸਕਦਾ।
10.    ਹੱਸਣ ਨਾਲ 'ਟੀ ਲਿੰਫੋਸਾਈਟ' ਤੇ ਸਰੀਰ ਵਿਚਲੇ ਬੀਮਾਰੀ ਨਾਲ ਲੜਨ ਵਾਲੇ ਸੈੱਲ ਵੱਧ ਜਾਂਦੇ ਹਨ ਜੋ ਆਮ ਖੰਘ ਜ਼ੁਕਾਮ ਛੇਤੀ ਹੋਣ ਨਹੀਂ ਦਿੰਦੇ।
11.    ਹੱਸਣ ਨਾਲ 'ਗਾਮਾ ਇੰਟਰਫਿਰੋਨ' ਵੱਧ ਜਾਂਦੇ ਹਨ ਜੋ ਸਰੀਰ ਅੰਦਰ ਕੀਟਾਣੂਆਂ ਨੂੰ ਮਾਰਨ ਵਿਚ ਮਦਦ ਕਰਦੇ ਹਨ।
12.    ਕੋਰਟੀਸੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ ਜਿਸ ਨਾਲ ਤਣਾਓ ਘੱਟ ਹੋ ਜਾਂਦਾ ਹੈ।
13.    ਥੁੱਕ ਵਿਚ 'ਇਮਿਊਨੋਗਲੋਬੂਲਿਨ ਏ' ਵਧ ਜਾਂਦਾ ਹੈ ਜਿਸ ਨਾਲ ਛਾਤੀ ਵਿਚ ਕੀਟਾਣੂਆਂ ਦਾ ਹਮਲਾ ਘੱਟ ਹੋ ਜਾਂਦਾ ਹੈ।
14.    ਕੁੱਝ ਉੱਤੇ ਘੱਟ ਤੇ ਕੁੱਝ ਜਣਿਆਂ ਉੱਤੇ ਹਾਸੇ ਦੇ ਅਸਰ ਵੱਧ ਦਿਸਦੇ ਹਨ।
15.    ਪੁਰਾਣੀ ਖੋਜ ਜੋ 1528 ਗਿਆਰਾਂ ਸਾਲ ਦੇ ਬੱਚਿਆਂ ਉੱਤੇ ਸੰਨ 1921 ਵਿਚ ਕੀਤੀ ਗਈ ਸੀ, ਉਸ ਦਾ ਸਾਰ ਵੀ ਇਹੋ ਸੀ ਕਿ ਹਸਮੁਖ ਬੱਚਿਆਂ ਨੂੰ ਘੱਟ ਬੀਮਾਰੀਆਂ ਲੱਗੀਆਂ ਤੇ ਲੰਮੇ ਸਮੇਂ ਤਕ ਫੋਲੋਅਪ ਕਰਨ ਬਾਅਦ ਪਤਾ ਲੱਗਿਆ ਕਿ ਉਨ੍ਹਾਂ ਉਮਰ ਵੀ ਲੰਮੀ ਭੋਗੀ।
    ਜਿੱਥੇ ਨਿੱਕੇ ਬੱਚੇ ਦਿਨ ਵਿਚ 300 ਵਾਰ ਖੁੱਲ ਕੇ ਹੱਸ ਜਾਂ ਮੁਸਕੁਰਾ ਲੈਂਦੇ ਹਨ, ਉੱਥੇ ਵੱਡੇ ਵੱਧੋ ਵੱਧ 17 ਵਾਰ ਹੀ ਮੁਸਕਰਾਉਂਦੇ ਜਾਂ ਹੱਸਦੇ ਹਨ। ਇਨ੍ਹਾਂ ਵੱਡਿਆਂ ਵਿੱਚੋਂ ਬਥੇਰੇ ਸਿਰਫ਼ ਕੰਮਾਂ ਦੇ ਬੋਝ ਹੇਠਾਂ ਦੱਬੇ ਬਿਨਾਂ ਮੁਸਕੁਰਾਇਆਂ, ਕਿਸਮਤ ਨੂੰ ਕੋਸਦਿਆਂ ਹੀ ਦਮ ਤੋੜ ਦਿੰਦੇ ਹਨ।
    ਹਾਸੇ ਨੂੰ ਜ਼ਿੰਦਗੀ ਦਾ ਅਟੁੱਟ ਹਿੱਸਾ ਬਣਾਉਣ ਲਈ ਸੁਝਾਏ ਨੁਕਤੇ :-

1.    ਹਾਸੇ ਦੀ ਲਾਇਬਰੇਰੀ :-ਘਰ ਵਿਚ ਤੇ ਦਫਤਰ ਵਿਚ ਜਾਂ ਕੰਮ ਕਾਰ ਵਾਲੀ ਥਾਂ ਉੱਤੇ ਇਕ ਕੋਨੇ ਵਿਚ ਚੁਟਕੁਲਿਆਂ ਦੀਆਂ ਕਿਤਾਬਾਂ ਜਾਂ ਹਸਾਉਣ ਵਾਲੀਆਂ ਵੀਡੀਓ, ਮੈਗਜ਼ੀਨ ਆਦਿ ਰੱਖ ਲੈਣੇ ਚਾਹੀਦੇ ਹਨ।
2.    ਹਾਸੇ ਦੀ ਪਰੋਫਾਈਲ :- ਰੋਜ਼ ਦਾ ਇਕ ਚਾਰਟ ਬਣਾ ਕੇ ਉਸ ਉੱਤੇ ਸੌਣ ਤੋਂ ਪਹਿਲਾਂ ਨਿਸ਼ਾਨੀ ਲਾਓ ਕਿ ਦਿਨ ਵਿਚ ਕਿੰਨੀ ਵਾਰ ਖੁੱਲ ਕੇ ਹੱਸੇ!
3.    ਮੁਸਕਾਨ ਦਾ ਚਾਰਟ :- ਇਕ ਹਫ਼ਤਾ ਰੈਗੂਲਰ ਨੋਟ ਕਰਨ ਦੀ ਲੋੜ ਹੈ ਕਿ ਅਸੀਂ ਮੁਸਕੁਰਾ ਵੀ ਰਹੇ ਹਾਂ ਜਾਂ ਨਹੀਂ।
4.    ਹੱਸਣ ਵਾਲੇ ਕਲੱਬ :- ਇਸ ਵਿਚ ਹਫ਼ਤੇ ਵਿਚ ਇਕ ਵਾਰ ਰਲ ਕੇ ਹੱਸਣਾ (ਦਿਖਾਵਾ ਨਹੀਂ) ਵੀ ਚੰਗੀ ਕਸਰਤ ਹੈ।
ਸਾਰ :-
    ਮਾਰਟਿਨ ਲੂਥਰ ਨੇ ਕਿਹਾ ਸੀ ਕਿ ਜੇ ਸਵਰਗ ਵਿਚ ਹੱਸਣ ਦੀ ਆਗਿਆ ਨਹੀਂ ਹੈ ਤਾਂ ਮੈਂ ਸਵਰਗ ਜਾਣਾ ਹੀ ਨਹੀਂ ਚਾਹੁੰਦਾ।
    ਜਿਵੇਂ ਬੂਟਿਆਂ ਲਈ ਧੁੱਪ ਦੀ ਲੋੜ ਹੈ, ਉਂਜ ਹੀ ਮਨੁੱਖ ਲਈ ਹਾਸਾ ਜ਼ਰੂਰੀ ਟਾਨਿਕ ਵਾਂਗ ਹੈ। ਅਬਰਾਹਮ ਲਿੰਕਨ ਨੇ ਵੀ ਕਿਹਾ ਸੀ ਕਿ ਜੇ ਮੇਰੀ ਜ਼ਿੰਦਗੀ ਵਿਚ ਹਾਸਾ ਨਾ ਹੋਵੇ ਤਾਂ ਮੇਰੀਆਂ ਚਿੰਤਾਵਾਂ ਮੈਨੂੰ ਹੁਣੇ ਚਿਤਾ ਉੱਤੇ ਲਿਟਾ ਦੇਣਗੀਆਂ।
    ਚਾਰਲੀ ਚੈਪਲਿਨ, ਜੋ ਦੂਜਿਆਂ ਨੂੰ ਹਸਾਉਣ ਵਿਚ ਮਾਹਿਰ ਸੀ, ਨੇ ਵੀ ਕਿਹਾ ਕਿ ਹਸਾਉਣ ਵਾਲੇ ਆਪਣੇ ਅੰਦਰਲੀ ਪੀੜ ਨੂੰ ਬਾਖ਼ੂਬੀ ਲੁਕਾਉਣਾ ਜਾਣਦੇ ਹਨ। ਪਰ, ਹਕੀਕਤ ਇਹ ਹੈ ਕਿ ਜੇ ਨਾ ਹੱਸਣ ਤਾਂ ਅਜਿਹੇ ਮਨੁੱਖ ਆਪਣੇ ਮਨ ਅੰਦਰਲੀ ਦੁੱਖਾਂ ਦੀ ਦਲਦਲ ਵਿਚ ਹੀ ਧਸ ਜਾਣਗੇ।
    ਏਸੇ ਲਈ ਲੰਮੀ ਉਮਰ ਭੋਗਣ ਲਈ, ਬੀਮਾਰੀਆਂ ਤੋਂ ਬਚਣ ਲਈ ਤੇ ਚੁੰਬਕੀ ਸ਼ਖਸੀਅਤ ਬਣਨ ਲਈ, ਰੋਜ਼ ਦਾ 10 ਵਾਰ ਮੁਸਕੁਰਾਉਣਾ ਤੇ 7 ਵਾਰ ਖੁੱਲ ਕੇ ਹੱਸਣਾ ਨਾ ਭੁੱਲਿਓ! ਜੇ ਵੱਧ ਵਾਰ ਕਰ ਰਹੇ ਹੋ ਤਾਂ ਤੁਹਾਡੇ ਤੋਂ ਅਮੀਰ ਤੇ ਖ਼ੁਸ਼ਕਿਸਮਤ ਕੋਈ ਨਹੀਂ। ਤੁਸੀਂ ਦੁਨੀਆ ਦੇ ਚੋਟੀ ਦੇ 2 ਫੀਸਦੀ ਹਸਮੁੱਖ ਲੋਕਾਂ ਵਿਚ ਸ਼ਾਮਲ ਹੋ ਚੁੱਕੇ ਹੋ! ਮੁਬਾਰਕ ਹੋਵੇ!
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
 ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
 ਪਟਿਆਲਾ। ਫੋਨ ਨੰ: 0175-2216783

ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਿਵੇਂ ਹੋਵੇ?  (ਭਾਗ-3) - ਡਾ. ਹਰਸ਼ਿੰਦਰ ਕੌਰ, ਐਮ. ਡੀ.,

            
ਨਸ਼ੇ ਦੇ ਆਦੀ ਮਰੀਜ਼ ਦਾ ਇਲਾਜ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਇਲਾਜ ਕਰਨ ਤੋਂ ਪਹਿਲਾਂ ਉਸ ਦਾ ਮਰਜ਼ ਸਮਝਣਾ ਜ਼ਰੂਰੀ ਹੈ।
ਪਹਿਲਾਂ ਸਮਝੀਏ ਕਿ ਨਸ਼ਾ ਦਿਮਾਗ਼ ਵਿਚ ਵਿਗਾੜ ਪੈਦਾ ਕਿਵੇਂ ਕਰਦਾ ਹੈ :-
ਸਾਡੇ ਦਿਮਾਗ਼ ਵਿਚਲੇ ਨਿਊਰੋਨ ਸੈੱਲ ਇਕ ਦੂਜੇ ਨਾਲ ਤੰਦਾਂ ਰਾਹੀਂ ਗੁੰਦੇ ਹੁੰਦੇ ਹਨ। ਜਿੰਨੇ ਜ਼ਿਆਦਾ ਸੈੱਲ ਆਪਸ ਵਿਚ ਜੁੜੇ ਹੋਣ, ਓਨੇ ਹੀ ਸੁਣੇਹੇ ਵੱਧ ਤੇ ਓਨੀ ਹੀ ਯਾਦਾਸ਼ਤ ਵੱਧ। ਇਨ੍ਹਾਂ ਤੰਦਾਂ ਰਾਹੀਂ ਨਿੱਕੇ ਤੋਂ ਨਿੱਕਾ ਸੁਣੇਹਾ ਜੋ ਦਿਮਾਗ਼ ਤੱਕ ਪਹੁੰਚਦਾ ਹੈ ਉਸ ਬਾਰੇ ਵਿਚਾਰ ਤਕਰਾਰ ਤੋਂ ਬਾਅਦ ਦਿਮਾਗ਼ ਆਪਣਾ ਫੈਸਲਾ ਲੈਂਦਾ ਹੈ ਕਿ ਮੈਂ ਕੀ ਕਰਨਾ ਹੈ ਤੇ ਜੋ ਕਰਨਾ ਹੈ ਉਹ ਸਹੀ ਹੈ ਜਾਂ ਨਹੀਂ। ਇਸ ਵਾਸਤੇ ਪੂਰੀ ਜਾਣਕਾਰੀ ਦਾ ਦਿਮਾਗ਼ ਅੰਦਰ ਛਪਣਾ ਵੀ ਜ਼ਰੂਰੀ ਹੁੰਦਾ ਹੈ।
ਦਿਮਾਗ਼ ਦੇ ਇਸ ਪੂਰੇ ਤਾਣੇ ਬਾਣੇ ਉੱਤੇ ਡੋਪਾਮੀਨ ਅਸਰ ਪਾਉਂਦੀ ਹੈ।
ਜਦੋਂ ਨਸ਼ੇ ਦੀ ਲਤ ਲੱਗ ਜਾਵੇ ਤਾਂ ਨਿਊਰੌਨ ਸੈੱਲਾਂ ਦੀਆਂ ਤੰਦਾਂ ਤੇ ਜੋੜ ਪੱਕੀ ਤੌਰ ਉੱਤੇ ਤਬਦੀਲ ਹੋ ਜਾਂਦੇ ਹਨ। ਨਸ਼ੇ ਵਾਲੀਆਂ ਦਵਾਈਆਂ ਦੇ ਪੱਕੇ ਅਸਰ ਹੇਠ ਯਾਦਾਸ਼ਤ ਦਾ ਸੈਂਟਰ ਸਿਰਫ਼ ਕੁੱਝ ਕੁ ਚੀਜ਼ਾਂ ਹੀ ਸਮੋ ਸਕਦਾ ਹੈ। ਬਾਕੀ ਸਭ ਕੁੱਝ ਦਿਮਾਗ਼ ਬੇਲੋੜਾ ਸਮਝ ਕੇ ਛੰਡ ਦਿੰਦਾ ਹੈ। ਯਾਦ ਰੱਖਣ ਵਾਲੀਆਂ ਚੀਜ਼ਾਂ ਜੋ ਯਾਦਾਸ਼ਤ ਦਾ ਸੈਂਟਰ ਸਾਂਭਦਾ ਹੈ, ਉਹ ਵੀ ਨਸ਼ੇ ਨਾਲ ਹੀ ਸੰਬੰਧਤ ਹੁੰਦੀਆਂ ਹਨ। ਮਸਲਨ, ਨਸ਼ਾ ਜਿਹੜੀ ਥਾਂ ਤੋਂ ਮਿਲਦਾ ਹੈ, ਕਿਹੜੀ ਚੀਜ਼ ਵਿਚ ਹੁੰਦਾ ਹੈ ਤੇ ਕਿਹੜੇ ਬੰਦੇ ਤੋਂ ਮਿਲਦਾ ਹੈ। ਯਾਨੀ ਥਾਂ, ਚੀਜ਼ ਤੇ ਬੰਦੇ ਦਾ ਸਰਕਟ ਦਿਮਾਗ਼ ਵਿਚ ਪੱਕਾ ਫਿਕਸ ਹੋ ਜਾਂਦਾ ਹੈ। ਕੁੱਝ ਚਿਰ ਬਾਅਦ ਦਿਮਾਗ਼ ਉੱਤੇ ਨਸ਼ੇ ਦਾ ਅਸਰ ਘਟਦੇ ਸਾਰ ਆਪਣੇ ਆਪ ਹੋਰ ਲੈਣ ਦੀ ਲਾਲਸਾ ਜਾਗ ਉੱਠਦੀ ਹੈ। ਇਹ ਲਾਲਸਾ ਹੋਰ ਨਸ਼ਾ ਲੈਣ ਨੂੰ ਉਕਸਾਉਂਦੀ ਹੈ ਤੇ ਬੰਦਾ ਨਸ਼ਾ ਨਾ ਮਿਲਣ ਉੱਤੇ ਛਟਪਟਾ ਉੱਠਦਾ ਹੈ। ਇਹ ਨੁਕਸ ਸਿਰਫ਼ ਸੈੱਲਾਂ ਦੇ ਜੋੜ ਤੇ ਤੰਦਾਂ ਤੱਕ ਹੀ ਸੀਮਤ ਨਹੀਂ ਰਹਿੰਦਾ। ਸੈੱਲਾਂ ਦੇ ਅੰਦਰਲੇ ਅੰਸ਼ ਵਿਚ ਵੀ ਸਦੀਵੀ ਨੁਕਸ ਹੋਣ ਸਦਕਾ ਰਿਸ਼ਤਿਆਂ ਵਿਚਲਾ ਨਿੱਘ, ਰੋਜ਼ਮਰਾ ਦੇ ਕੰਮ ਕਾਰ, ਨਵੀਆਂ ਚੀਜ਼ਾਂ ਸਿੱਖਣ ਦਾ ਸ਼ੌਕ, ਮੋਹ, ਨਿੱਘ, ਪਿਆਰ, ਸਤਿਕਾਰ ਆਦਿ ਸਭ ਕੁੱਝ ਨਸ਼ਈ ਲਈ ਉੱਕਾ ਹੀ ਮਾਇਨੇ ਨਹੀਂ ਰੱਖਦਾ। ਬੰਦਾ ਸਿਰਫ਼ ਨਸ਼ੇ ਦੇ ਚੱਕਰਵਿਊ ਵਿਚ ਫਸਿਆ ਜ਼ਿੰਦਗੀ ਦਾ ਅੰਤ ਕਰ ਜਾਂਦਾ ਹੈ।
ਕੋਕੀਨ ਤੇ ਮੌਰਫ਼ੀਨ ਸੈੱਲਾਂ ਦੇ ਜੋੜਾਂ ਨੂੰ ਤਬਦੀਲ ਕਰ ਦਿੰਦੇ ਹਨ ਜਿਸ ਨਾਲ ਸੰਵੇਦਨਾ ਲਗਭਗ ਖ਼ਤਮ ਹੋ ਜਾਂਦੀ ਹੈ।
ਖੋਜਾਂ ਇਹ ਸਾਬਤ ਕਰ ਚੁੱਕੀਆਂ ਹਨ ਕਿ ਸੁਣੇਹੇ ਪਹੁੰਚਾਉਣ ਵਾਲੀ ਦਿਮਾਗ਼ ਅੰਦਰਲੀ ਪ੍ਰੋਟੀਨ ਦੀ ਬਣਤਰ ਹੀ ਤਬਦੀਲ ਹੋ ਜਾਂਦੀ ਹੈ ਜਿਸ ਨਾਲ ਦਿਮਾਗ਼ ਵੱਲ ਜਾਂਦਾ ਸੁਣੇਹਾ ਪੂਰਾ ਸਹੀ ਨਹੀਂ ਪਹੁੰਚਦਾ ਤੇ ਇਸੇ ਲਈ ਅਜਿਹੇ ਨਸ਼ਈ ਨੂੰ ਜਿੰਨਾ ਮਰਜ਼ੀ ਸਮਝਾਈ ਜਾਓ, ਉਸ ਉੱਤੇ ਸਲਾਹਾਂ ਤੇ ਲਾਅਨਤਾਂ ਦਾ ਪੂਰਾ ਅਸਰ ਹੁੰਦਾ ਹੀ ਨਹੀਂ। ਉਸ ਦੀ ਸੋਚਣ ਸਮਝਣ ਦੀ ਸ਼ਕਤੀ ਉਲਟ ਪੁਲਟ ਹੋ ਜਾਂਦੀ ਹੈ।
    ਦੂਜੇ ਸੈੱਲ ਤੱਕ ਸੁਣੇਹਾ ਭੇਜਣ ਤੇ ਅੱਗੋਂ ਸੁਣੇਹਾ ਫੜਨ ਵਾਲਾ ਗਲੂਟਾਮੇਟ ਬਹੁਤ ਘੱਟ ਜਾਂਦਾ ਹੈ ਜਿਸ ਨਾਲ ਸਿਰਫ਼ ਇੱਕੋ ਸੁਣੇਹਾ ਕਿ ਨਸ਼ਾ ਹੋਰ ਲੈਣਾ ਹੈ, ਹੀ ਚੁਫ਼ੇਰੇ ਘੁੰਮ ਫਿਰ ਕੇ ਵਾਪਸ ਪਹੁੰਚਦਾ ਰਹਿੰਦਾ ਹੈ।
    ਕੁੱਝ ਕਿਸਮਾਂ ਦੇ ਨਸ਼ੇ ਇਸੇ 'ਸ਼ਟਲ ਪ੍ਰੋਟੀਨ' ਦਾ ਅਸਰ ਖ਼ਤਮ ਹੋਣ ਸਦਕਾ ਹੀ ਬੰਦੇ ਨੂੰ ਆਦੀ ਬਣਾ ਦਿੰਦੇ ਹਨ। ਡੋਪਾਮੀਨ ਅਜਿਹੇ ਸੁਣੇਹਿਆਂ ਨੂੰ ਹੀ ਲਗਾਤਾਰ ਇੱਕ ਤੋਂ ਦੂਜੇ ਜੋੜਾਂ ਤਕ ਘੁੰਮਦੇ ਰਹਿਣ ਵਿਚ ਸਗੋਂ ਮਦਦ ਕਰਨ ਲੱਗ ਪੈਂਦੀ ਹੈ।
    ਖੋਜੀਆਂ ਨੇ ਨਸ਼ੇ ਦੇ ਆਦੀ ਬਣ ਚੁੱਕੇ ਬੰਦਿਆਂ ਤੇ ਚੂਹਿਆਂ ਦੇ ਦਿਮਾਗ਼ ਅੰਦਰਲੇ ਗਰੋਥ ਫੈਕਟਰ ਦੇ ਟੈਸਟ ਕਰ ਕੇ ਲੱਭਿਆ ਕਿ ਲਗਾਤਾਰ ਮਿਲਦੇ ਨਸ਼ੇ ਸਦਕਾ ਇਹ ਗਰੋਥ ਫੈਕਟਰ ਜੀਨ ਵਿਚ ਵੀ ਤਬਦੀਲੀ ਕਰ ਦਿੰਦਾ ਹੈ ਜਿਸ ਨਾਲ ਤਰਕ, ਰਿਸ਼ਤਿਆਂ ਦੀ ਖਿੱਚ, ਯਾਦਾਸ਼ਤ, ਸੋਚਣ ਸਮਝਣ ਦੀ ਤਾਕਤ ਵਿਚ ਸਦੀਵੀ ਵਿਗਾੜ ਪੈ ਜਾਂਦਾ ਹੈ।
    ਇਹ ਸਭ ਖੋਜਾਂ ਨਸ਼ੇੜੀਆਂ ਦੇ ਇਲਾਜ ਨੂੰ ਸਮਝਣ ਲਈ ਕੀਤੀਆਂ ਗਈਆਂ ਤੇ ਇਹ ਸਪਸ਼ਟ ਹੋ ਗਿਆ ਕਿ ਨਸ਼ੇ ਦੇ ਆਦੀ ਹੋ ਚੁੱਕੇ ਬੰਦੇ ਨੂੰ ਸਿਰਫ਼ ਸਮਝਾਉਣ ਤੇ ਉਸ ਅੱਗੇ ਰੋਣ ਪਿੱਟਣ, ਵਾਸਤਾ ਪਾਉਣ, ਆਦਿ ਦਾ ਉੱਕਾ ਹੀ ਕੋਈ ਫ਼ਰਕ ਨਹੀਂ ਪੈਂਦਾ।
    ਨਸ਼ਈ ਨੂੰ ਲੈਕਚਰ ਦੇਣ ਜਾਂ ਲਾਅਨਤਾਂ ਪਾਉਣ ਨਾਲ ਵੀ ਇਹ ਸੁਣੇ ਹੋਏ ਸੁਣੇਹੇ ਪੂਰਨ ਰੂਪ ਵਿਚ ਦਿਮਾਗ਼ ਤਕ ਪਹੁੰਚਦੇ ਹੀ ਨਹੀਂ ਤੇ ਨਾ ਹੀ ਉੱਥੇ ਛਪਦੇ ਹਨ।
    ਇਸੇ ਲਈ ਕਾਊਂਸਲਿੰਗ ਤੋਂ ਪਹਿਲਾਂ ਨਸ਼ੇ ਦੀ ਕਿਸਮ ਨੂੰ ਘਟਾ ਕੇ, ਹਲਕਾ ਨਸ਼ਾ ਦੇ ਕੇ ਪਹਿਲਾਂ ਬੰਦੇ ਦੇ ਦਿਮਾਗ਼ ਉੱਤੇ ਪਏ ਅਸਰ ਨੂੰ ਘਟਾਉਣਾ ਜ਼ਰੂਰੀ ਹੁੰਦਾ ਹੈ। ਨਸ਼ਈ ਦੇ ਦਿਮਾਗ਼ ਵੱਲੋਂ ਲਗਾਤਾਰ ਆਉਂਦੇ ਸੁਣੇਹੇ ਉਸ ਦੀ ਤਲਬ ਵਧਾਉਂਦੇ ਹਨ, ਜਿਨ੍ਹਾਂ ਨੂੰ ਸ਼ਾਂਤ ਕਰਨ ਲਈ ਮੈਡੀਕਲ ਹਲਕਾ ਨਸ਼ਾ ਦੇਣਾ ਲਾਜ਼ਮੀ ਹੁੰਦਾ ਹੈ ਤਾਂ ਜੋ ਨਸ਼ੇ ਦੀ ਤੋੜ ਦੇ ਲੱਛਣ ਘੱਟ ਜਾਣ।
    ਇਸ ਨਾਲ ਦਿਮਾਗ਼ ਅੰਦਰ ਪਏ ਸਦੀਵੀ ਵਿਗਾੜ ਪੂਰੀ ਤਰ੍ਹਾਂ ਠੀਕ ਨਹੀਂ ਹੁੰਦੇ। ਇਸੇ ਲਈ ਪੂਰਾ ਜ਼ੋਰ ਲਾਉਣ ਬਾਅਦ ਵੀ ਬਹੁਗਿਣਤੀ ਨਸ਼ੇਹੜੀ ਦੁਬਾਰਾ ਨਸ਼ਿਆਂ ਵੱਲ ਧੱਕੇ ਜਾਂਦੇ ਹਨ।


ਜ਼ਰੂਰੀ ਨੁਕਤੇ :-
*    ਵਿਸ਼ਵ ਪੱਧਰ ਉੱਤੇ ਨਸ਼ਾ ਛੁਡਾਉਣ ਲਈ ਇਸ ਸਾਰੀ ਜਾਣਕਾਰੀ ਦੇ ਆਧਾਰ ਉੱਤੇ 'ਸਲੋ ਵੀਨਿੰਗ' ਨੂੰ ਤਰਜੀਹ ਦਿੱਤੀ ਜਾਂਦੀ ਹੈ। ਯਾਨੀ ਹਲਕਾ ਮੈਡੀਕਲ ਨਸ਼ਾ ਜੋ ਆਊਟ ਡੋਰ ਵਿੱਚੋਂ ਹੀ ਡਾਕਟਰੀ ਦੇਖ ਰੇਖ ਹੇਠਾਂ ਦਿੱਤਾ ਜਾ ਸਕੇ।
*    ਜੇ ਹਾਲਤ ਬਹੁਤ ਵਿਗੜ ਚੁੱਕੀ ਹੋਵੇ ਤਾਂ ਦਾਖਲ ਕਰਨਾ ਜ਼ਰੂਰੀ ਹੈ। ਪਰ, ਧਿਆਨ ਰਹੇ ਕਿ ਇਕਦਮ ਨਸ਼ਾ ਛੁਡਾਉਣਾ ਨਹੀਂ ਚਾਹੀਦਾ। ਇੰਜ ਨਸ਼ੇੜੀ ਡਾਕਟਰ ਜਾਂ ਨਰਸ ਦਾ ਹੀ ਕਤਲ ਤੱਕ ਕਰ ਕੇ ਉੱਥੋਂ ਭੱਜ ਸਕਦਾ ਹੈ।
*    ਹਰ ਨਸ਼ਈ ਨੂੰ ਝਿੜਕਣ ਨਾਲੋਂ ਦਿਮਾਗ਼ੀ ਮਰੀਜ਼ ਮੰਨ ਕੇ ਪੂਰੇ ਪਿਆਰ ਨਾਲ ਪੇਸ਼ ਆਉਣਾ ਚਾਹੀਦਾ ਹੈ। ਇਹੋ ਜਿਹੇ ਮਰੀਜ਼ ਬੱਚਿਆਂ ਵਾਂਗ ਪੂਰੀ ਟ੍ਰੇਨਿੰਗ ਮੰਗਦੇ ਹਨ। ਜਿਉਂ ਹੀ ਝਿੜਕ ਜਾਂ ਤਿਰਸਕਾਰ ਮਿਲੇ, ਇਹ ਇਲਾਜ ਤੋਂ ਇਨਕਾਰੀ ਹੋ ਜਾਂਦੇ ਹਨ।
*    ਹੌਲੀ-ਹੌਲੀ ਪੂਰੀ ਤਰ੍ਹਾਂ ਨਸ਼ਾ ਬੰਦ ਕਰ ਕੇ ਮੈਡੀਕਲ ਦਵਾਈਆਂ ਉੱਤੇ ਮਰੀਜ਼ ਨੂੰ ਪਾ ਦਿੱਤਾ ਜਾਂਦਾ ਹੈ ਤੇ ਨਾਲੋ ਨਾਲ ਕਾਊਂਸਲਿੰਗ ਸ਼ੁਰੂ ਕਰ ਦਿੱਤੀ ਜਾਂਦੀ ਹੈ।
*    ਖੋਜ ਸਾਬਤ ਕਰ ਚੁੱਕੀ ਹੈ ਕਿ ਭਾਵੇਂ ਨਸ਼ਈ ਦੀ ਤੋੜ ਟੁੱਟ ਵੀ ਜਾਏ ਤੇ ਮਰੀਜ਼ ਨਸ਼ਾ ਛੱਡ ਵੀ ਜਾਏ, ਪਰ ਫਿਰ ਵੀ ਦਿਮਾਗ਼ ਅੰਦਰ ਹੋ ਚੁੱਕੀ ਤਬਦੀਲੀ ਕਦੇ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕਦੀ। ਇਸੇ ਲਈ ਨਸ਼ਾ ਤਿਆਗ ਚੁੱਕੇ ਲੋਕ ਵੀ ਪਿਆਰ, ਮੁਹੱਬਤ, ਰਿਸ਼ਤੇ ਆਦਿ ਨਿਭਾਉਣ ਵੇਲੇ ਚਾਹੁੰਦੇ ਹੋਇਆਂ ਵੀ ਓਨੇ ਡੂੰਘੇ ਰਿਸ਼ਤੇ ਨਹੀਂ ਗੰਢ ਸਕਦੇ। ਇਹ ਵੇਖਣ ਵਿਚ ਆਇਆ ਹੈ ਕਿ ਅਜਿਹੇ ਬੰਦੇ ਆਲੋਚਨਾ ਕਰਨ, ਤਿੱਖੀ ਤੇ ਕੌੜੀ ਸ਼ਬਦਾਵਲੀ ਵਰਤਣ, ਰਤਾ ਰੁੱਖਾ ਸੁਭਾਅ ਹੋਣ ਤੇ ਛੇਤੀ ਤਲਖ਼ ਹੋਣ ਵਾਲੀ ਸ਼ਖ਼ਸੀਅਤ ਵਿਚ ਤਬਦੀਲ ਹੋ ਜਾਂਦੇ ਹਨ ਤੇ ਛੇਤੀ ਕੀਤਿਆਂ ਮੁਆਫ਼ੀ ਵੀ ਨਹੀਂ ਮੰਗਦੇ। ਇਹ ਉਨ੍ਹਾਂ ਦੀ ਮਜਬੂਰੀ ਹੁੰਦੀ ਹੈ ਕਿਉਂਕਿ ਦਿਮਾਗ਼ ਅੰਦਰਲੀ ਪ੍ਰੋਟੀਨ ਦੀ ਬਣਤਰ ਵਿਚ ਸਦੀਵੀ ਵਿਗਾੜ ਪੈ ਚੁੱਕਿਆ ਹੁੰਦਾ ਹੈ।
*    ਕਿਸ ਮਰੀਜ਼ ਵਿਚ ਕਿਹੜਾ ਵਿਹਾਰ ਵੱਧ ਤੇ ਕਿਹੜਾ ਘੱਟ ਹੋਣਾ ਹੈ, ਯਾਨੀ ਕਿਸੇ ਨੂੰ ਗੁੱਸਾ ਛੇਤੀ ਆਉਣਾ ਤੇ ਕਿਸੇ ਨੇ ਗਾਲ੍ਹਾਂ ਵੱਧ ਕੱਢਣੀਆਂ ਜਾਂ ਕਿਸੇ ਨੇ ਜ਼ਿਆਦਾ ਆਲੋਚਨਾ ਕਰਨ ਲੱਗ ਪੈਣਾ, ਆਦਿ ਵੱਖੋ-ਵੱਖ ਮਰੀਜ਼ ਉੱਤੇ ਨਿਰਭਰ ਕਰਦਾ ਹੈ ਕਿ ਉਸ ਦੇ ਦਿਮਾਗ਼ ਦੇ ਕਿਸ ਹਿੱਸੇ ਉੱਤੇ ਵੱਧ ਅਸਰ ਪਿਆ।
*    ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ, ਪਰ ਨਸ਼ੇ ਦੇ ਆਦੀ ਬਣ ਚੁੱਕੇ ਮਰੀਜ਼ ਦੇ ਨਸ਼ਾ ਛੱਡਣ ਬਾਅਦ ਵੀ ਵਿਹਾਰਕ ਅਸਰ ਦਿਸਦੇ ਜ਼ਰੂਰ ਹਨ। ਜੇ ਆਮ ਬੰਦਾ ਨਾ ਵੀ ਲੱਭ ਸਕੇ ਤਾਂ ਸਿਆਣਾ ਡਾਕਟਰ ਜ਼ਰੂਰ ਇਹ ਲੱਛਣ ਪਛਾਣ ਲੈਂਦਾ ਹੈ।

*    ਹੈਲਪ ਗਰੁੱਪ :- ਜੋ ਨਸ਼ਾ ਛੱਡ ਚੁੱਕੇ ਹੋਣ, ਉਹ ਇਕ ਗਰੁੱਪ ਬਣਾ ਕੇ ਨਸ਼ਾ ਛੱਡਣ ਦੀ ਕੋਸ਼ਿਸ਼ ਕਰ ਰਹੇ ਲੋਕਾਂ ਦੀ ਮਦਦ ਤੇ ਕਾਊਂਸਲਿੰਗ ਲਈ ਅੱਗੇ ਆਉਣ। ਇਹ ਲੋਕ ਵੱਧ ਅਸਰਦਾਰ ਸਾਬਤ ਹੋਏ ਹਨ।
*    ਸਕੂਲੀ ਕਿਤਾਬਾਂ ਵਿਚ ਨਸ਼ਿਆਂ ਦੇ ਮਾੜੇ ਅਸਰਾਂ ਬਾਰੇ ਚੈਪਟਰ ਜ਼ਰੂਰ ਹੋਣੇ ਚਾਹੀਦੇ ਹਨ ਕਿਉਂਕਿ ਇਹ ਜਾਣਕਾਰੀ ਸਕੂਲੀ ਬੱਚਿਆਂ ਨੂੰ ਦੇਣੀ ਲਾਜ਼ਮੀ ਹੈ। ਉਸੇ ਉਮਰ ਵਿਚ ਬੱਚੇ ਛੇਤੀ ਭਟਕਦੇ ਹਨ।
*    ਇਹ ਸੁਣੇਹਾ ਬਿਲਕੁਲ ਸਪਸ਼ਟ ਰੂਪ ਵਿਚ ਸਭ ਤਾਈਂ ਪਹੁੰਚਣਾ ਜ਼ਰੂਰੀ ਹੈ ਕਿ ਕਿਸੇ ਵੀ ਨਸ਼ੇ ਦੀ ਕਿਸਮ ਸੁਰੱਖਿਅਤ ਨਹੀਂ ਹੈ। ਹਲਕੀ ਮਾਤਰਾ ਵਿਚ ਲਿਆ ਕੋਈ ਵੀ ਨਸ਼ਾ ਪਹਿਲਾਂ ਦਿਮਾਗ਼ ਵਿਚ 'ਟੌਲਰੈਂਸ' ਪੈਦਾ ਕਰਦਾ ਹੈ ਤੇ ਫੇਰ 'ਡਿਪੈਂਡੈਂਸ'। ਯਾਨੀ ਪਹਿਲਾਂ ਜਰ ਜਾਣਾ ਪਰ ਫੇਰ ਹੌਲੀ-ਹੌਲੀ ਵੱਧ ਮਾਤਰਾ ਕਰੀ ਜਾਣ ਵਾਸਤੇ ਆਦੀ ਹੋ ਜਾਣਾ। ਇਹ ਸਭ ਭੰਗ, ਅਫ਼ੀਮ, ਸ਼ਰਾਬ, ਨੀਂਦ ਦੀਆਂ ਗੋਲੀਆਂ ਵਗੈਰਾਹ ਉੱਤੇ ਪੂਰਨ ਰੂਪ ਵਿਚ ਲਾਗੂ ਹੁੰਦਾ ਹੈ।
*    ਬੱਚਿਆਂ ਨੂੰ ਆਸ਼ਰਿਤ ਬਣਾਉਣ ਨਾਲੋਂ ਸਕੂਲਾਂ ਵਿਚ ਹੀ ਹੱਥੀਂ ਕਿਰਤ ਕਰਨ ਤੇ ਆਪਣੀ ਕਮਾਈ ਕਰਨ ਦੇ ਵੱਖੋ-ਵੱਖ ਸਾਧਨ ਜੁਟਾਉਣ ਅਤੇ ਕਿੱਤਾ ਮੁਖੀ ਸਿੱਖਿਆ ਦੇਣ ਦਾ ਜਤਨ ਕਰਨ ਦੀ ਲੋੜ ਹੈ ਤਾਂ ਜੋ ਹਰ ਜਣਾ ਡਾਕਟਰ, ਇੰਜੀਨੀਅਰ ਬਣਨ ਦੇ ਚੱਕਰ ਵਿਚ ਸਰਕਾਰੀ ਨੌਕਰੀਆਂ ਦੀ ਝਾਕ ਵਿਚ, ਬੇਰੁਜ਼ਗਾਰੀ ਨੂੰ ਆਧਾਰ ਬਣਾ ਕੇ ਨਸ਼ਿਆਂ ਵੱਲ ਮੁੜਨ ਦੀ ਥਾਂ ਆਪਣਾ ਕਿੱਤਾ ਆਪ ਚੁਣ ਕੇ ਕਮਾਈ ਸ਼ੁਰੂ ਕਰ ਲਵੇ।
*    ਨਸ਼ਿਆਂ ਦੀ ਦਲਤਲ 'ਚੋਂ ਬਾਹਰ ਨਿਕਲਣ ਵਾਲਿਆਂ ਨੂੰ ਕਿਸੇ ਵੀ ਹਾਲ ਵਿਚ ਵਿਹਲੇ ਨਹੀਂ ਬੈਠਣ ਦੇਣਾ ਚਾਹੀਦਾ ਕਿਉਂਕਿ ਉਨ੍ਹਾਂ ਦਾ ਵਿਹਲਾ ਦਿਮਾਗ਼ ਆਪਣੇ ਆਪ ਹੀ ਚੱਕਰਵਿਊ ਬਣਾ ਕੇ ਦੁਬਾਰਾ ਤਲਬ ਸ਼ੁਰੂ ਕਰਵਾ ਸਕਦਾ ਹੈ। ਉਨ੍ਹਾਂ ਨੂੰ ਸਵੈ ਰੁਜ਼ਗਾਰ ਅਤੇ ਖੇਡਾਂ ਵੱਲ ਪ੍ਰੇਰਿਤ ਕਰ ਕੇ ਨਾਰਮਲ ਜ਼ਿੰਦਗੀ ਜੀਉਣ ਵਿਚ ਮਦਦ ਕਰਨੀ ਚਾਹੀਦੀ ਹੈ। ਧਿਆਨ ਰਹੇ ਕਿ ਅਜਿਹੇ ਲੋਕਾਂ ਦਾ ਕਿਸੇ ਵੀ ਹਾਲ ਵਿਚ ਨਸ਼ਈ ਲੋਕਾਂ ਨਾਲ ਮੇਲ ਜੋਲ ਦੁਬਾਰਾ ਨਹੀਂ ਹੋਣਾ ਚਾਹੀਦਾ ਜੋ ਉਨ੍ਹਾਂ ਨੂੰ ਵਾਪਸ ਉਸ ਦਲਦਲ ਵੱਲ ਧੱਕ ਸਕਦੇ ਹਨ।
*    ਸਰਕਾਰੀ ਪੱਧਰ ਉੱਤੇ ਨਸ਼ੇ ਦੇ ਵਪਾਰੀਆਂ ਲਈ ''ਜ਼ੀਰੋ ਟੌਲਰੈਂਸ ਪਾਲਿਸੀ'' ਕਰਨ ਦੀ ਲੋੜ ਹੈ। ਕਿਸੇ ਵੀ ਹਾਲਤ ਵਿਚ ਨਸ਼ੇ ਦੇ ਵਪਾਰੀਆਂ ਨੂੰ ਬਖ਼ਸ਼ਣਾ ਨਹੀਂ ਚਾਹੀਦਾ।
*    ਅੱਜਕਲ ਪੰਜਾਬ ਅੰਦਰ ਸਕੂਲ ਛੱਡਣ ਦਾ ਰੁਝਾਨ ਵੱਧ ਲੱਗ ਪਿਆ ਹੈ। ਅੱਠਵੀਂ ਨੌਵੀਂ ਦਸਵੀਂ ਜਮਾਤ ਹੀ ਅਸਲ ਉਮਰ ਹੁੰਦੀ ਹੈ ਜਦੋਂ ਬੱਚੇ ਨੂੰ ਹਾਲੇ ਕੋਈ ਰਾਹ ਦਸੇਰਾ ਮਿਲਿਆ ਨਹੀਂ ਹੁੰਦਾ ਤੇ ਉਹ ਨਸ਼ਿਆਂ ਵੱਲ ਛੇਤੀ ਧੱਕਿਆ ਜਾਂਦਾ ਹੈ। ਇਸੇ ਉਮਰ ਵਿਚ 'ਪੀਅਰ ਪਰੈੱਸ਼ਰ'' ਅਧੀਨ ਸਹਿਪਾਠੀਆਂ ਵੱਲੋਂ ਮਿਲੀ ਹੱਲਾਸ਼ੇਰੀ ਹੀ ਬੱਚਿਆਂ ਨੂੰ ਨਸ਼ਿਆਂ ਦੇ ਰਾਹ ਤੋਰ ਦਿੰਦੀ ਹੈ।
*    ਮਾਪਿਆਂ ਨੂੰ ਬੱਚਿਆਂ ਲਈ ਪੂਰਾ ਸਮਾਂ ਦੇਣਾ ਚਾਹੀਦਾ ਹੈ ਤੇ ਬੱਚੇ ਦੇ ਵਿਹਲੇ ਸਮੇਂ ਦੇ ਆਹਰ ਤੇ ਦੋਸਤਾਂ ਬਾਰੇ ਪੂਰਾ ਗਿਆਨ ਹੋਣਾ ਜ਼ਰੂਰੀ ਹੈ।
*    ਬੱਚਿਆਂ ਨੂੰ ਹਾਰ ਦਾ ਸਾਹਮਣਾ ਕਰਨ ਦੀ ਜਾਚ ਸਿਖਾਉਣੀ ਚਾਹੀਦੀ ਹੈ।
*    ਮਾਪਿਆਂ ਨੂੰ ਆਪਣੀ ਜਾਇਦਾਦ ਉੱਤੇ ਬੱਚਿਆਂ ਦੇ ਹੱਕਾਂ ਨਾਲੋਂ ਬੱਚਿਆਂ ਨੂੰ ਆਪੋ ਆਪਣੇ ਕੰਮ ਕਰਨ ਲਈ ਉਤਸਾਹਿਤ ਕਰਨ ਦੀ ਲੋੜ ਹੈ ਤਾਂ ਜੋ ਉਹ ਵਿਹਲੇ ਬਹਿ ਕੇ ਪਿਓ ਦੀ ਕਮਾਈ ਉੱਤੇ ਝਾਕ ਰੱਖਣੀ ਛੱਡ ਦੇਣ।
*    ਨਸ਼ਿਆਂ ਨੂੰ ਪ੍ਰੋਤਸਾਹਿਤ ਕਰਨ ਵਿਚ ਗੀਤਕਾਰਾਂ ਤੇ ਸੰਗੀਤਕਾਰਾਂ ਦਾ ਬਹੁਤ ਵੱਡਾ ਰੋਲ ਹੈ। ਇਹ ਤਾਂ ਪਤਾ ਲੱਗ ਹੀ ਚੁੱਕਿਆ ਹੈ ਕਿ ਨਸ਼ੇ ਦੇ ਆਦੀ ਲੋਕਾਂ ਦੇ ਦਿਮਾਗ਼ ਵਿਚ ਸਦੀਵੀ ਨੁਕਸ ਪੈ ਜਾਂਦਾ ਹੈ। ਇਸੇ ਲਈ ਉਹ ਤਰੰਗਾਂ ਜੋ ਨਸ਼ੇ ਨੂੰ ਵਧਾਉਣ ਵਿਚ ਸਹਾਈ ਹੋ ਰਹੀਆਂ ਹੋਣ, ਨਸ਼ਈ ਛੇਤੀ ਫੜਦੇ ਹਨ ਤੇ ਉਨ੍ਹਾਂ ਨੂੰ ਨਸ਼ੇ ਦੀ ਤਲਬ ਲੱਗ ਜਾਂਦੀ ਹੈ। ਇਸ ਚੱਕਰਵਿਊ ਵਿੱਚੋਂ ਫੇਰ ਨਸ਼ਈ ਕੋਲੋਂ ਨਿਕਲਣਾ ਔਖਾ ਹੋ ਜਾਂਦਾ ਹੈ। ਇਸੇ ਲਈ ਹਰ ਨਾਈਟ ਕਲੱਬਾਂ ਤੇ ਨਸ਼ੇ ਵਾਲੀਆਂ ਥਾਵਾਂ ਉੱਤੇ ਨਸ਼ਿਆਂ ਵਾਲੇ ਗੀਤ ਸੰਗੀਤ ਵਜਾਏ ਜਾਂਦੇ ਹਨ।
    ਜੇ ਗੀਤਕਾਰ ਤੇ ਸੰਗੀਤਕਾਰ ਆਪਣੀ ਡਿਊਟੀ ਸਮਝ ਲੈਣ ਤਾਂ ਕਾਫੀ ਸੁਧਾਰ ਹੋ ਸਕਦਾ ਹੈ।


ਡੋਪ ਟੈਸਟ ਕੀ ਹੈ :-
1.    ਸਕਰੀਨਿੰਗ ਟੈਸਟ : ਇਹ ਸਸਤਾ ਟੈਸਟ ਪਿਸ਼ਾਬ ਦੇ ਸੈਂਪਲ ਵਿੱਚੋਂ ਕੀਤਾ ਜਾਂਦਾ ਹੈ। ਇਸ ਵਿਚ ਸਰੀਰ ਵਿਚ ਨਸ਼ੇ ਦੀ ਮੌਜੂਦਗੀ ਦਾ ਪਤਾ ਲੱਗ ਸਕਦਾ ਹੈ। ਪਰ, ਧਿਆਨ ਰਹੇ ਕਿ ਸਕਰੀਨਿੰਗ ਟੈਸਟ ਇਹ ਉੱਕਾ ਨਹੀਂ ਦੱਸਦਾ ਕਿ ਬੰਦਾ ਨਸ਼ੇ ਦਾ ਆਦੀ ਹੈ ਜਾਂ ਨਹੀਂ। ਸਿਰਫ਼ 6 ਘੰਟੇ ਤੋਂ ਦੋ ਦਿਨ ਦੇ ਅੰਦਰ ਲਏ ਨਸ਼ੇ ਬਾਰੇ ਹੀ ਪਤਾ ਲਾਇਆ ਜਾ ਸਕਦਾ ਹੈ।
    ਇਹ ਟੈਸਟ ਪੱਕਾ ਨਹੀਂ ਹੈ। ਕਈ ਵਾਰ ਝੂਠਾ ਪਾਜ਼ਿਟਿਵ ਜਾਂ ਝੂਠਾ ਨੈਗੇਟਿਵ ਵੀ ਆ ਸਕਦਾ ਹੈ। ਇਹ ਟੈਸਟ ਸ਼ਰਾਬ, ਭੁੱਕੀ, ਅਫ਼ੀਮ, ਚਿੱਟਾ, ਐਲ.ਐਸ.ਡੀ. ਅਤੇ ਹੋਰ ਨਸ਼ਿਆਂ ਦਾ ਪਤਾ ਲਾ ਸਕਦਾ ਹੈ।

2.    ਕਨਫਰਮੇਟਰੀ ਟੈਸਟ :- ਇਹ ਮਹਿੰਗਾ ਟੈਸਟ ਇਕਦਮ ਰਿਪੋਰਟ ਨਹੀਂ ਦਿੰਦਾ। ਇਹ ਟੈਸਟ ਪਿਸ਼ਾਬ, ਲਹੂ, ਵਾਲਾਂ ਤੇ ਨਹੁੰਆਂ ਵਿੱਚੋਂ ਵੀ ਕੀਤਾ ਜਾਂਦਾ ਹੈ। ਇਹ ਟੈਸਟ ਸਿਰਫ਼ ਕੁੱਝ ਕੁ ਖ਼ਾਸ ਲੈਬਾਰਟੀਆਂ ਵਿਚ ਕੀਤਾ ਜਾ ਸਕਦਾ ਹੈ।
    ਇਸ ਟੈਸਟ ਰਾਹੀਂ ਨਸ਼ੇ ਦੇ ਆਦੀ ਬੰਦੇ ਦਾ ਪਤਾ ਲਾਇਆ ਜਾ ਸਕਦਾ ਹੈ।

ਸਾਰ :-ਨਸ਼ਾ ਸਿਰਫ਼ ਇਕ ਬੰਦੇ ਜਾਂ ਉਸ ਦੇ ਟੱਬਰ ਨੂੰ ਬਰਬਾਦ ਕਰਨ ਤਕ ਸੀਮਤ ਨਹੀਂ ਹੈ। ਇਹ ਤਾਂ ਸਮਾਜ, ਸੱਭਿਆਚਾਰ ਅਤੇ ਕੌਮ ਦੀਆਂ ਨੀਹਾਂ ਤਕ ਗਾਲ ਦਿੰਦਾ ਹੈ। ਇਸੇ ਲਈ ਇਸ ਨੂੰ ਰੋਕਣ ਵਾਸਤੇ ਧਾਰਮਿਕ, ਸਮਾਜਿਕ, ਪੁਲਿਸ, ਪ੍ਰਸ਼ਾਸਨ, ਪੱਤਰਕਾਰ, ਗੀਤਕਾਰ, ਸੰਗੀਤਕਾਰ, ਸਿਆਸਤਦਾਨਾਂ ਸਮੇਤ ਹਰ ਕਿਸੇ ਨੂੰ ਆਪਣੀ ਜ਼ਿੰਮਵਾਰੀ ਮੰਨਦਿਆਂ ਸਾਂਝੇ ਤੌਰ ਉੱਤੇ ਹੰਭਲਾ ਮਾਰਨ ਦੀ ਲੋੜ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

24 July 2018

 ਨਵੇਂ ਕਿਸਮ ਦੇ ਨਸ਼ਿਆਂ ਵਿਚ ਹੋ ਰਹੀ ਮਿਲਾਵਟ ਬਾਰੇ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਜਾਰੀ ਹੋ ਚੁੱਕੀਆਂ ਚੇਤਾਵਨੀਆਂ (ਭਾਗ-2)

ਨੈਸ਼ਨਲ ਡਰੱਗ ਅਰਲੀ ਵਾਰਨਿੰਗ ਸਿਸਟਮ (ਐਨ.ਡੀ.ਈ.ਡਬਲਿਊ.ਐਸ) ਵੱਲੋਂ ਜਾਰੀ ਹੋਈਆਂ ਚੇਤਾਵਨੀਆਂ ਨਵੀਂ ਕਿਸਮਾਂ ਦੇ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੋਂ ਬਚਾਓ ਅਤੇ ਸਾਵਧਾਨ ਰਹਿਣ ਬਾਰੇ ਹਨ।

1.      ਹੈਰੋਇਨ ਤੋਂ ਬਣੇ ਨਸ਼ੇ :-
    ਚੌਵੀਂ ਘੰਟਿਆਂ ਵਿਚ 2 ਮੌਤਾਂ, ਤਿੰਨ ਦਿਨਾਂ ਵਿਚ ਤਿੰਨ ਤੇ 2 ਮਹੀਨਿਆਂ (ਮਈ, ਜੂਨ, 2018) ਵਿਚ 106 ਮੌਤਾਂ ਡੈਲਾਵੇਅਰ ਵਿਚ ਹੋਈਆਂ। ਇਹ ਸਾਰੀਆਂ ਮੌਤਾਂ ਨੌਜਵਾਨ ਬੱਚਿਆਂ ਦੀਆਂ ਸਨ ਤੇ ਸਭ ਨੇ ਹੈਰੋਇਨ ਦਾ ਨਸ਼ਾ ਕੀਤਾ ਸੀ।
    ਇਸ ਲਈ ਦੁਨੀਆ ਭਰ ਦੇ ਮੁਲਕਾਂ ਲਈ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਜਿਹੜੇ ਬੱਚੇ ਹੈਰੋਇਨ ਦੀ ਵਰਤੋਂ ਕਰ ਰਹੇ ਹੋਣ, ਉਨ੍ਹਾਂ ਦੇ ਮਾਪੇ, ਸਾਥੀਆਂ ਜਾਂ ਰਾਹਗੀਰਾਂ ਨੂੰ ਕੁੱਝ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਕਿ ਜੇ ਇਹ ਲੱਛਣ ਦਿਸਣ ਤਾਂ ਉਸ ਬੱਚੇ ਜਾਂ ਨੌਜਵਾਨ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ। ਫੋਟੋਆਂ ਜਾਂ ਵੀਡੀਓ ਖਿੱਚਣ ਦੀ ਥਾਂ 'ਤੇ ਐਂਬੂਲੈਂਸ ਬੁਲਾਉਣੀ ਚਾਹੀਦੀ ਹੈ।

ਇਹ ਲੱਛਣ ਹਨ :-
*    ਮੂੰਹ ਪੀਲਾ ਪੈ ਜਾਵੇ ਤੇ ਪਸੀਨੇ ਦਾ ਭਰਿਆ ਹੋਵੇ
*    ਸਾਹ ਬਹੁਤ ਹੌਲੀ ਤੇ ਘੱਟ ਆ ਰਿਹਾ ਹੋਵੇ ਜਾਂ ਰੁਕ ਰਿਹਾ ਹੋਵੇ
*    ਸਰੀਰ ਪੂਰਾ ਢਿੱਲਾ ਪੈ ਗਿਆ ਹੋਵੇ
*    ਉਂਗਲਾਂ ਦੇ ਨਹੂੰ ਤੇ ਬੁੱਲ ਨੀਲੇ ਪੈ ਰਹੇ ਹੋਣ
*    ਉਲਟੀਆਂ ਕਰ ਰਿਹਾ ਹੋਵੇ
*    ਗਲੇ ਵਿੱਚੋਂ ਗਰਾਰਿਆਂ ਵਰਗੀ ਆਵਾਜ਼ ਆ ਰਹੀ ਹੋਵੇ
*    ਬੋਲ ਨਾ ਸਕ ਰਿਹਾ ਹੋਵੇ ਤੇ ਬੈਠ ਨਾ ਸਕੇ
*    ਡੂੰਘੀ ਨੀਂਦਰ ਵਿਚ ਜਾਪੇ ਤੇ ਬੁਲਾਉਣ ਉੱਤੇ ਉੱਠੇ ਹੀ ਨਾ
*    ਦਿਲ ਦੀ ਧੜਕਨ ਘਟੀ ਹੋਵੇ ਜਾਂ ਬਲੱਡ ਪ੍ਰੈੱਸ਼ਰ ਘਟ ਚੁੱਕਿਆ ਹੋਵੇ

2.    ਭੰਗ ਤੋਂ ਬਣੇ ਨਸ਼ੇ :-
    ਨਿਊਯਾਰਕ ਵਿਚ ਮਈ 2018 ਵਿਚ 49 ਨੌਜਵਾਨ ਭੰਗ/ਗਾਂਜੇ ਤੋਂ ਬਣੇ ਨਸ਼ੇ ਨਾਲ ਹਸਪਤਾਲ ਵਿਚ ਮਰਨ ਕਿਨਾਰੇ ਪਹੁੰਚੇ। ਇਹ ਵੇਖਣ ਵਿਚ ਆਇਆ ਕਿ ਦੁਨੀਆ ਭਰ ਵਿਚ ਵਰਤੀ ਜਾ ਰਹੀ ਭੰਗ ਦੀ ਨਵੀਂ ਕਿਸਮ ਦਾ 'ਕੇ-2' ਬੈਚ ਜੋ ਹੁਣ ਬਜ਼ਾਰ ਵਿਚ ਪਹੁੰਚਿਆ ਹੈ, ਵਿੱਚ ਮਿਲਾਵਟ ਹੈ। ਇਸ ਨੂੰ ਸਿਗਰਟ ਰਾਹੀਂ ਪੀਣ ਜਾਂ ਸੁੰਘਣ ਵਾਲੇ ਤਰਲ ਦੀ ਸ਼ਕਲ ਵਿਚ ਵੇਚਿਆ ਜਾ ਰਿਹਾ ਹੈ ਅਤੇ 'ਸਪਾਈਸ' ਦੇ ਨਾਂ ਹੇਠ ਵਿਕ ਰਿਹਾ ਹੈ ਦੇ ਪੈਕਟ ਥੱਲੇ ਇੱਕ ਚੇਤਾਵਨੀ ਲਿਖੀ ਗਈ ਹੈ-''ਇਸ ਦੀ ਇਨਸਾਨੀ ਵਰਤੋਂ ਖ਼ਤਰਨਾਕ ਹੈ।''
    ਇਸ ਬੈਚ ਵਿਚਲੀ ਮਿਲਾਵਟ ਇਸਨੂੰ ਖ਼ਤਰਨਾਕ ਸਾਬਤ ਕਰ ਚੁੱਕੀ ਹੈ।

ਇਸ ਦੀ ਵਰਤੋਂ ਨਾਲ ਦਿਸ ਰਹੇ ਮਾੜੇ ਅਸਰ ਹਨ :-
*    ਦਿਲ ਦੀ ਧੜਕਨ ਵਧਣੀ
*    ਉਲਟੀਆਂ ਲੱਗਣੀਆਂ
*    ਹਿੰਸਕ ਵਿਹਾਰ
*    ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼

3.    ਓਕਸਿਸ ਨਸ਼ੇ ਵਿਚ ਮਿਲਾਈ ਜਾ ਰਹੀ ਫੈਂਟਾਨਿਲ :-
    ਮਈ 2018 ਵਿਚ ਮਿਸੀਸਿੱਪੀ ਵਿਚ ਇਹ ਲੱਭਿਆ ਗਿਆ ਕਿ ਓਕਸੀਕੋਡੋਨ ਦੀਆਂ ਗੋਲੀਆਂ ਜੋ ਬਿਲਕੁਲ ਓਕਸਿਸ ਨਾਲ ਮਿਲਦੀਆਂ ਹਨ, ਵਿਚ ਖ਼ਤਰਨਾਕ ਫੈਂਟਾਨਿਲ ਮਿਲਾ ਦਿੱਤਾ ਗਿਆ ਹੈ। ਡੀ.ਈ.ਏ.ਲੈਬਾਰਟਰੀ ਵਿਚ ਖੋਜ ਕਰ ਕੇ ਸਾਬਤ ਕਰ ਦਿੱਤਾ ਗਿਆ ਕਿ ਇਸ ਵਾਰ ਮਿਲ ਰਹੀਆਂ ਨਸ਼ੇ ਦੀਆਂ ਗੋਲੀਆਂ ਵਿਚ ਫੈਂਟਾਨਿਲ ਮਿਲਿਆ ਹੋਇਆ ਹੈ ਜਿਸ ਨਾਲ ਧੜਾਧੜ ਮੌਤਾਂ ਹੋਣੀਆਂ ਸ਼ੁਰੂ ਹੋ ਗਈਆਂ ਹਨ।
    ਇਸ ਬਾਰੇ ਵਿਸ਼ਵ ਪੱਧਰ ਉੱਤੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।

4.    ਈ-ਸਿਗਰਟ :-
    'ਜੁੱਲ' ਦੇ ਨਾਂ ਹੇਠ ਵਿਕਦੀਆਂ ਈ-ਸਿਗਰਟਾਂ ਨੌਜਵਾਨਾਂ ਦੀ ਪਹਿਲੀ ਪਸੰਦ ਹਨ। ਐਫ.ਡੀ.ਏ. (ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ) ਨੇ ਪੂਰੀ ਦੁਨੀਆ ਵਾਸਤੇ ਚੇਤਾਵਨੀ ਜਾਰੀ ਕੀਤੀ ਹੈ ਕਿ ਇਸ ਵਾਰ ਦਾ 'ਮਾਲ' ਠੀਕ ਨਹੀਂ ਹੈ। ਇਸ ਵਾਸਤੇ 40 ਦੁਕਾਨਦਾਰਾਂ ਨੂੰ ਅਮਰੀਕਾ ਵਿਚ ਅਪਰੈਲ 2018 ਵਿਚ 'ਵਾਰਨਿੰਗ ਲੈਟਰ' ਜਾਰੀ ਕਰ ਦਿੱਤਾ ਗਿਆ। 'ਜੁੱਲ' 'ਫਲੈਸ਼ ਡਰਾਈਵ' ਨਾਲ ਮਿਲਦਾ ਜੁਲਦਾ ਅਸਰ ਵਿਖਾਉਂਦੀ ਹੈ। ਇਸੇ ਲਈ ਮਾਪਿਆਂ ਤੇ ਅਧਿਆਪਿਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਬੱਚਾ ਨਸ਼ਾ ਕਰੀ ਬੈਠਾ ਹੈ। ਇਸ ਵਿਚ ਹੁਣ ਨਿਕੋਟੀਨ ਦੀ ਮਾਤਰਾ ਬਹੁਤ ਜ਼ਿਆਦਾ ਲੱਭੀ ਗਈ ਹੈ ਜੋ ਦਿਮਾਗ਼ ਉੱਤੇ ਸਦੀਵੀ ਅਸਰ ਪਾ ਕੇ ਬੱਚੇ ਨੂੰ ਈ-ਸਿਗਰਟ ਨਸ਼ੇ ਦਾ ਆਦੀ ਬਣਾ ਦਿੰਦੀ ਹੈ।
    ਜਨਵਰੀ 2012 ਤੋਂ ਅਪਰੈਲ 2017 ਤੱਕ 6 ਸਾਲ ਤੋਂ ਛੋਟੇ 8000 ਅਮਰੀਕਨ ਬੱਚਿਆਂ ਨੇ ਇਸ ਸਿਗਰਟ ਦਾ ਆਨੰਦ ਮਾਣਿਆ ਕਿਉਂਕਿ ਇਸ ਨੂੰ ਬੱਚਿਆਂ ਲਈ ਸੁਰੱਖਿਅਤ ਵਿਖਾਇਆ ਗਿਆ। ਹੁਣ ਇਨ੍ਹਾਂ ਬੱਚਿਆਂ ਵਿਚ ਤਗੜਾ ਨੁਕਸਾਨ ਤੇ ਮੌਤ ਤਕ ਹੁੰਦੀ ਵੇਖਦਿਆਂ ਇਸ ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਕਿ ਇਸ ਸਿਗਰਟ ਨੂੰ ਸਖ਼ਤੀ ਨਾਲ ਬੱਚਿਆਂ ਤੋਂ ਪਰ੍ਹਾਂ ਰੱਖਿਆ ਜਾਵੇ ਕਿਉਂਕਿ ਇਸ ਦੀ ਪਿਆਰੀ ਖ਼ਸ਼ਬੋ ਬੱਚਿਆਂ ਨੂੰ ਬਿਸਕੁਟ ਜਾਂ ਟਾਫ਼ੀ ਵਰਗੀ ਖਿੱਚ ਪਾਉਂਦੀ ਹੈ।

5.    ਭੰਗ ਤੋਂ ਬਣੇ ਸਿੰਥੈਟਿਕ ਨਸ਼ੇ :-
    ਇਲੀਨੋਆ ਦੇ ਪਬਲਿਕ ਹੈਲਥ ਦੇ ਵਿਭਾਗ ਨੇ ਭੰਗ ਤੋਂ ਬਣੇ ਵੱਖੋ-ਵੱਖ ਨਸ਼ਿਆਂ ਵਿਚ ਪੈਂਦੇ ਸਿੰਥੈਟਿਕ ਬਾਰੇ ਅਪਰੈਲ 2018 ਵਿਚ ਚੇਤਾਵਨੀ ਜਾਰੀ ਕੀਤੀ ਹੈ ਕਿਉਂਕਿ ਇਨ੍ਹਾਂ ਦੀ ਵਰਤੋਂ ਨਾਲ ਬਹੁਤ ਜ਼ਿਆਦਾ ਲਹੂ ਵਹਿਣ ਲੱਗ ਪਿਆ ਹੈ ਤੇ ਬੱਚੇ ਹਸਪਤਾਲਾਂ ਵਿਚ ਦਾਖ਼ਲ ਕਰਨੇ ਪੈ ਰਹੇ ਹਨ। ਵਰਤਣ ਵਾਲਿਆਂ ਦੇ ਥੁੱਕ ਵਿਚ, ਪਿਸ਼ਾਬ ਵਿਚ, ਨੱਕ ਰਾਹੀਂ, ਮੂੰਹ ਰਾਹੀਂ, ਮਸੂੜਿਆਂ ਰਾਹੀਂ ਲਹੂ ਵਹਿਣ ਲੱਗ ਪੈਂਦਾ ਹੈ ਤੇ ਮੌਤ ਵੀ ਹੋ ਜਾਂਦੀ ਹੈ।
    ਟੈਸਟ ਕਰਨ ਉੱਤੇ ਪਤਾ ਲੱਗਿਆ ਕਿ ਭੰਗ ਵਿਚ ਚੂਹੇਮਾਰ ਦਵਾਈ 'ਬਰੌਡੀਫੇਕੌਮ' ਪਾਈ ਹੋਈ ਸੀ ਜਿਸ ਨਾਲ ਲਹੂ ਵਗਣ ਤੋਂ ਰੁਕਦਾ ਨਹੀਂ।
    ਸਿੰਥੈਟਿਕ ਨਸ਼ਾ ਬਣਾਉਣ ਦਾ ਮਕਸਦ ਹੁੰਦਾ ਹੈ ਮੈਰੀਯੂਆਨਾ ਵਰਗਾ ਅਸਰ ਵਿਖਾਉਣਾ ਪਰ ਜ਼ਹਿਰ ਮਿਲਾ ਕੇ ਉਸ ਵਿੱਚੋਂ ਚਾਰ ਗੁਣਾ ਮੁਨਾਫ਼ਾ ਵੀ ਕਮਾਉਣਾ। ਅਜਿਹੇ ਨਸ਼ੇ 'ਹਰਬਲ' ਜਾਂ 'ਤਰਲ ਖੁਸ਼ਬੋ' ਦੇ ਨਾਂ ਹੇਠ ਵਿਕ ਰਹੇ ਹਨ। ਇਨ੍ਹਾਂ ਨੂੰ 'ਈ-ਸਿਗਰਟ' ਰਾਹੀਂ ਜਾਂ ਸੁੰਘ ਕੇ ਵਰਤਿਆ ਜਾ ਰਿਹਾ ਹੈ। ਇਹ ਨਸ਼ੇ ਦੀ ਕਿਸਮ ਦੁਨੀਆ ਦੇ ਹਰ ਹਿੱਸੇ ਵਿਚ ਪਹੁੰਚਾਈ ਜਾ ਰਹੀ ਹੈ।
    5 ਅਪਰੈਲ 2018 ਨੂੰ ਮੇਰੀਲੈਂਡ ਹੈਲਥ ਡਿਪਾਰਟਮੈਂਟ ਨੇ ਮਤਾ ਪਾਸ ਕਰ ਕੇ ਪੂਰੀ ਦੁਨੀਆ ਨੂੰ ਸੁਚੇਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਭੰਗ ਤੋਂ ਬਣੇ ਸਿੰਥੈਟਿਕ ਨਸ਼ੇ ਨੂੰ ਤੁਰੰਤ ਬੰਦ ਨਾ ਕੀਤਾ ਗਿਆ ਤਾਂ ਢੇਰਾਂ ਦੇ ਢੇਰ ਸੱਥਰ ਵਿਛ ਜਾਣੇ ਹਨ।

6.    ਕਰੈਟੋਮ :-
    ਦੱਖਣੀ ਏਸ਼ੀਆ ਵਿਚ ਉੱਗਦੇ ਦਰਖ਼ਤ ਕਰੈਟੋਮ ਦੇ ਪੱਤਿਆਂ ਵਿਚ 'ਮਿਟਰਾਗਾਇਨੀਨ' ਹੁੰਦੀ ਹੈ ਜੋ ਅਫੀਮ ਵਰਗਾ ਨਸ਼ਾ ਕਰ ਦਿੰਦੀ ਹੈ। ਇਸ ਦੇ ਪੱਤਿਆਂ ਨੂੰ ਗੋਲੀਆਂ, ਕੈਪਸੂਲ, ਪਾਊਡਰ ਤੇ ਚਾਹ ਦੀ ਸ਼ਕਲ ਵਿਚ ਵੇਚਿਆ ਜਾਂਦਾ ਹੈ।
    ਅਮਰੀਕਾ ਦੇ ਸੈਂਟਰ ਫਾਰ ਡੀਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਵੱਲੋਂ ਪੂਰੀ ਦੁਨੀਆ ਵਿਚ ਚੇਤਾਵਨੀ ਘੱਲੀ ਗਈ ਹੈ ਕਿ ਇਸ ਵਾਰ ਦੇ ਕਰੈਟੋਮ ਦੇ ਪੱਤਿਆਂ ਦੀ ਚੰਗੀ ਤਰ੍ਹਾਂ ਸਾਫ਼ ਸਫਾਈ ਕੀਤੇ ਬਗ਼ੈਰ ਇਸ ਵਿੱਚੋਂ ਘੱਟ ਖ਼ਰਚੇ ਨਾਲ ਤਿੰਨ ਗੁਣਾ ਕਮਾਈ ਕਰਨ ਦੇ ਚੱਕਰ ਵਿਚ ਜਿਹੜੇ ਪੱਤੇ ਨਸ਼ੇੜੀਆਂ ਕੋਲ ਪਹੁੰਚਾਏ ਜਾ ਰਹੇ ਹਨ, ਉਨ੍ਹਾਂ ਵਿਚ ਸਾਲਮੋਨੈਲਾ ਕੀਟਾਣੂ ਭਰੇ ਪਏ ਹਨ ਜਿਨ੍ਹਾਂ ਨਾਲ ਇੱਕੀ-6 ਤੋਂ 67 ਸਾਲਾਂ ਦੇ ਮਰੀਜ਼ 20 ਸੂਬਿਆਂ ਤੋਂ ਸੀਰੀਅਸ ਹਾਲਤ ਵਿਚ ਦਾਖਲ ਹੋ ਚੁੱਕੇ ਹਨ। ਉਲਟੀਆਂ, ਟੱਟੀਆਂ, ਬੁਖ਼ਾਰ, ਢਿੱਡ ਪੀੜ ਨਾਲ ਦਾਖਲ ਹੋ ਰਹੇ ਮਰੀਜ਼ ਜੇ ਵੇਲੇ ਸਿਰ ਹਸਪਤਾਲ ਨਾ ਦਾਖਲ ਕਰਵਾਏ ਜਾਣ ਤਾਂ ਮੌਤ ਤੱਕ ਹੋ ਸਕਦੀ ਹੈ।

7.    ਓਕਸੀਕੋਡੋਨ :-
    ਆਇਓਵਾ ਦੇ ਸਿਹਤ ਵਿਭਾਗ ਨੇ ਆਪਣੇ ਮੁਲਕ ਵਿਚ ਦਾਖਲ ਹੋਏ ਨਸ਼ੇੜੀਆਂ ਕੋਲੋਂ ਬਰਾਮਦ ਹੋਈਆਂ ਓਕਸੀਕੋਡੋਨ ਦੀਆਂ ਗੋਲੀਆਂ ਦੀ ਲੈਬਾਰਟਰੀ ਵਿਚ ਜਾਂਚ ਕਰਵਾਈ ਤਾਂ ਪਤਾ ਲੱਗਿਆ ਕਿ ਪੀੜ ਦੀਆਂ ਗੋਲੀਆਂ ਓਕਸੀਕੋਡੋਨ ਦੀ ਹੂਬਹੂ ਸ਼ਕਲ ਸੂਰਤ ਵਿਚ ਫੈਂਟਾਨਿਲ ਤੇ ਯੂ-47700 ਪਾਇਆ ਹੋਇਆ ਸੀ ਜੋ ਤੇਜ਼ ਨਸ਼ਾ ਹੈ। ਇਸੇ ਲਈ ਉਸ ਦੀ ਓਵਰਡੋਜ਼ ਨਾਲ ਅਨੇਕ ਮੌਤਾਂ ਹੋਣ ਦਾ ਖਦਸ਼ਾ ਹੈ। ਇਸ ਬਾਰੇ ਪਹਿਲਾਂ 18 ਜੁਲਾਈ 2017 ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਤੇ ਹੁਣ 2018 ਵਿਚ ਦੁਬਾਰਾ ਪੂਰੀ ਦੁਨੀਆ ਨੂੰ ਇਸ ਬਾਰੇ ਚੇਤੰਨ ਕੀਤਾ ਗਿਆ ਹੈ ਕਿ ਜੇ ਕੋਈ ਨੌਜਵਾਨ ਜਾਂ ਬੱਚਾ ਨਸ਼ੇ ਵਿਚ ਧੁੱਤ ਵੇਖਿਆ ਜਾਵੇ ਤਾਂ ਉਸ ਨੂੰ ਤੁਰੰਤ ਹਸਪਤਾਲ ਪਹੁੰਚਾ ਦੇਣਾ ਚਾਹੀਦਾ ਹੈ ਨਹੀਂ ਤਾਂ ਉਸ ਦੀ ਮੌਤ ਹੋ ਸਕਦੀ ਹੈ।
    ਪੂਰੀ ਦੁਨੀਆ ਵਿਚ ਇਨ੍ਹਾਂ ਹਦਾਇਤਾਂ ਦਾ ਪਾਲਣ ਕੀਤਾ ਜਾਣ ਲੱਗ ਪਿਆ ਹੈ ਪਰ ਭਾਰਤ ਵਿਚ ਤੇ ਖ਼ਾਸ ਕਰ ਪੰਜਾਬ ਵਿਚ ਅਜਿਹੇ ਨਸ਼ੇੜੀਆਂ ਨੂੰ ਮਜ਼ਾਕ ਦਾ ਪਾਤਰ ਬਣਾ ਕੇ, ਵੀਡੀਓ ਖਿਚ ਕੇ ਸਿਰਫ਼ ਤਮਾਸ਼ਾ ਬਣਾਉਣ ਤਕ ਸੀਮਤ ਕਰ ਦਿੱਤਾ ਗਿਆ ਹੈ ਤੇ ਨਤੀਜਾ ਹੈ ਧੜਾਧੜ ਹੋ ਰਹੀਆਂ ਮੌਤਾਂ!

8.    ਪੀਲੀਆਂ ਪੀੜ ਦੀਆਂ ਗੋਲੀਆਂ :-
    ਅਫੀਮ ਤੋਂ ਬਣਾਈਆਂ ਪੀੜ ਘਟਾਉਣ ਦੀਆਂ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਜੂਨ 2017 ਵਿਚ ਜੌਰਜੀਆ ਵਿਚ ਅਨੇਕ ਨਸ਼ੇੜੀ ਹਸਪਤਾਲ ਦਾਖ਼ਲ ਹੋਏ ਤਾਂ ਪਤਾ ਲੱਗਿਆ ਕਿ ਇਨ੍ਹਾਂ ਗੋਲੀਆਂ ਵਿਚ ਦੋ ਨਵੇਂ ਤਰ੍ਹਾਂ ਦੇ ਨਸ਼ੇ ਮਿਲਾ ਦਿੱਤੇ ਗਏ ਹਨ-ਐਕਰਿਲ ਫੈਂਟਾਨਿਲ, ਟੈਟਰਾਹਾਈਡਰੋ ਫਿਊਰਨ ਫੈਂਟਾਨਿਲ। ਇਹ ਦੋਵੇਂ ਚਮੜੀ ਰਾਹੀਂ ਵੀ ਜਜ਼ਬ ਹੋ ਜਾਂਦੇ ਹਨ ਤੇ ਬਹੁਤ ਖ਼ਤਰਨਾਕ ਹਨ। ਇਹ ਇਨਸਾਨੀ ਵਰਤੋਂ ਲਈ ਅਤਿ ਦੇ ਜ਼ਹਿਰੀਲੇ ਤੇ ਜਾਨਲੇਵਾ ਮੰਨੇ ਗਏ ਹਨ। ਇਸ ਦੀ ਲੋੜੋਂ ਵੱਧ ਵਰਤੋਂ ਤੋਂ ਬਚਾਉਣ ਲਈ ਐਂਟੀਡੋਜ਼ 'ਨੈਲੋਕਸੋਨ' ਦਵਾਈ ਅਸਰਦਾਰ ਨਹੀਂ ਹੈ। ਇਸੇ ਲਈ ਇਹ ਜਾਨਲੇਵਾ ਸਾਬਤ ਹੋ ਰਹੀ ਹੈ। ਐਲਬੈਨੀ ਤੇ ਸੈਂਟਰਵਿਲੇ ਸਮੇਤ ਕਈ ਸੂਬਿਆਂ ਵਿਚ ਢੇਰਾਂ ਦੇ ਢੇਰ ਨਸ਼ੇੜੀ ਇਨ੍ਹਾਂ ਗੋਲੀਆਂ ਦੀ ਵਰਤੋਂ ਨਾਲ ਦਾਖਲ ਕੀਤੇ ਗਏ ਤੇ ਜਿਹੜੇ ਵੇਲੇ ਸਿਰ ਹਸਪਤਾਲ ਨਾ ਪੁੱਜ ਸਕੇ, ਉਨ੍ਹਾਂ ਵਿੱਚੋਂ ਬਥੇਰਿਆਂ ਦੀ ਮੌਤ ਵੀ ਹੋ ਗਈ।
    ਹੁਣ ਸੰਨ 2018 ਵਿਚ ਪੂਰੀ ਦੁਨੀਆ ਵਿਚ 'ਐਲਰਟ' ਜਾਰੀ ਕਰ ਦਿੱਤਾ ਗਿਆ ਹੈ ਕਿ ਇਨ੍ਹਾਂ ਦੀ ਵਰਤੋਂ ਜਾਨਲੇਵਾ ਹੈ। ਗਲਤੀ ਨਾਲ ਜਿਹੜੇ ਨਸ਼ੇੜੀ ਇਨ੍ਹਾਂ ਦੀ ਵਰਤੋਂ ਕਰ ਚੁੱਕੇ ਹਨ, ਉਨ੍ਹਾਂ ਨੂੰ ਬਚਾਉਣਾ ਸਾਡਾ ਫਰਜ਼ ਹੈ ਤੇ ਅਜਿਹੀਆਂ ਗੋਲੀਆਂ ਉੱਤੇ 'ਸੰਪੂਰਨ ਬੈਨ' ਲਗ ਜਾਣਾ ਚਾਹੀਦਾ ਹੈ।   
    ਇਹ ਵੀ ਕਿਹਾ ਗਿਆ ਕਿ ਜੇ ਪੀਲੀਆਂ ਗੋਲੀਆਂ ਨਹੀਂ ਰੋਕੀਆਂ ਗਈਆਂ ਤਾਂ ਕਈ ਮੁਲਕਾਂ ਵਿਚ ਸੱਥਰ ਵਿਛ ਜਾਣਗੇ। ਕੁੱਝ ਸੰਸਥਾਵਾਂ ਵੱਲੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਅਫ਼ੀਮ ਦੀ ਖੇਤੀ ਉੱਤੇ ਹੀ ਸੰਪੂਰਨ ਰੋਕ ਲੱਗ ਜਾਣੀ ਚਾਹੀਦੀ ਹੈ।

9.      ਕੋਕੀਨ ਵਿਚ ਫੈਂਟਾਨਿਲ :-
    ਨਿਊਯਾਰਕ ਸਿਹਤ ਵਿਭਾਗ ਲਗਾਤਾਰ ਜੂਨ 2017 ਤੋਂ 'ਵਾਰਨਿੰਗ' ਤੇ 'ਐਲਰਟ' ਜਾਰੀ ਕਰ ਚੁੱਕਿਆ ਹੈ ਕਿ ਹੁਣ ਕੋਕੀਨ ਦੇ ਵਿਚ ਫੈਂਟਾਨਿਲ ਮਿਲਿਆ ਨਸ਼ਾ ਦੁਨੀਆ ਭਰ ਵਿਚ ਵੇਚਿਆ ਜਾ ਰਿਹਾ ਹੈ। ਪਹਿਲਾਂ ਫੈਂਟਾਨਿਲ ਹੈਰੋਇਨ ਵਿਚ ਪਾ ਕੇ ਵੇਚੀ ਜਾ ਰਹੀ ਸੀ ਜਿਸ ਨਾਲ ਅਣਗਿਣਤ ਮੌਤਾਂ ਹੋ ਗਈਆਂ ਤੇ ਬਣਾਉਣ ਵਾਲਿਆਂ ਲਈ ਸਖ਼ਤ ਸਜ਼ਾਵਾਂ ਵੀ ਨਿਰਧਾਰਤ ਕਰ ਦਿੱਤੀਆਂ ਗਈਆਂ। ਸਖ਼ਤੀ ਕਾਰਨ ਨਸ਼ਾ ਬਣਾਉਣ ਤੇ ਵੇਚਣ ਵਾਲਿਆਂ ਨੇ ਹੈਰੋਇਨ ਦੀ ਥਾਂ ਕੋਕੀਨ ਵਿਚ ਫੈਂਟਾਨਿਲ ਮਿਲਾਉਣੀ ਸ਼ੁਰੂ ਕਰ ਦਿੱਤੀ ਹੋਈ ਹੈ। ਸੰਨ 2016 ਵਿਚਲੀਆਂ 37 ਫੀਸਦੀ ਮੌਤਾਂ ਫੈਂਟਾਨਿਲ ਸਦਕਾ ਹੋਈਆਂ ਸਨ ਤੇ ਨਸ਼ਾ ਵੇਚਣ ਵਾਲਿਆਂ ਨੂੰ ਉਮਰ ਕੈਦ ਵੀ ਦਿੱਤੀ ਗਈ ਸੀ। ਸੰਨ 2015 ਨਾਲੋਂ 2016 ਵਿਚ ਇਹ ਵਾਧਾ 11 ਫੀਸਦੀ ਹੋਇਆ ਸੀ ਜਦਕਿ ਹੁਣ 52 ਫੀਸਦੀ ਹੋ ਚੁੱਕਿਆ ਹੈ। ਨਿਊਯਾਰਕ ਵਿਚ 2017 ਵਿਚ 1300 ਮੌਤਾਂ ਫੈਂਟਾਨਿਲ ਵਾਲੀ ਕੋਕੀਨ ਨਾਲ ਹੋਈਆਂ ਜੋ ਗਿਣਤੀ 44 ਫੀਸਦੀ ਤਕ ਪਹੁੰਚ ਗਈ ਦੱਸੀ ਸੀ। ਉੱਥੇ ਸਖ਼ਤਾਈ ਹੋਣ ਬਾਅਦ ਹੁਣ ਇਹ ਨਸ਼ਾ ਦੁਨੀਆ ਦੇ ਬਾਕੀ ਹਿੱਸਿਆਂ ਵੱਲ ਧੱਕ ਦਿੱਤਾ ਗਿਆ ਹੈ।
    2018 ਵਿਚ ਹੁਣ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਫੈਂਟਾਨਿਲ ਨੂੰ ਹੈਰੋਇਨ, ਕੈਟਾਮੀਨ ਤੇ ਮੀਥਾਈਲ ਐਮਫੈਟਾਮੀਨ ਵਿਚ ਵੀ ਮਿਲਾ ਦਿੱਤਾ ਗਿਆ ਹੈ। ਇਸੇ ਲਈ ਜੇ ਤੁਰੰਤ ਨਸ਼ੇ ਦੇ ਵਪਾਰੀਆਂ ਨੂੰ ਨੱਥ ਨਾ ਪਾਈ ਗਈ ਤਾਂ ਨੌਜਵਾਨ ਮੌਤਾਂ ਦੇ ਢੇਰ ਲੱਗ ਜਾਣੇ ਹਨ।

10.    ਸਿੰਥੈਟਿਕ ਅਫੀਮ :-
    'ਗਰੇ ਡੈੱਥ' ਨਾਂ ਹੇਠ ਵਿਕ ਰਹੀ ਸਿੰਥੈਟਿਕ ਅਫੀਮ ਛੋਟੇ ਜਿਹੇ ਪੱਥਰ ਜਾਂ ਪਾਊਡਰ ਦੀ ਸ਼ਕਲ ਵਿਚ ਮਿਲਦੀ ਹੈ। ਇਹ ਹੈਰੋਇਨ ਤੋਂ ਕਈ ਗੁਣਾ ਜ਼ਿਆਦਾ ਅਸਰ ਵਿਖਾਉਂਦੀ ਹੈ।
    ਅਫਗਾਨਿਸਤਾਨ ਵਿਚ ਇਸ ਵਿਚ ਕਈ ਤਰ੍ਹਾਂ ਦੇ ਰਲੇਵੇਂ ਕੀਤੇ ਜਾਂਦੇ ਹਨ। ਵੱਖੋ-ਵੱਖ ਵਪਾਰੀ ਇਸ ਵਿਚ ਵੱਖ-ਵੱਖ ਤਰ੍ਹਾਂ ਦੀਆਂ ਚੀਜ਼ਾਂ ਰਲਾ ਦਿੰਦੇ ਹਨ ਜਿਸ ਨਾਲ ਅਲੱਗ ਤਰ੍ਹਾਂ ਦਾ ਨਸ਼ਾ ਚੜ੍ਹੇ। ਇਹ ਟੀਕਿਆਂ ਰਾਹੀਂ, ਗੋਲੀ, ਸੁੰਘਣ ਵਾਲਾ ਪਾਊਡਰ ਜਾਂ ਸਿਗਰਟ ਵਿਚ ਪਾ ਕੇ ਲਿਆ ਜਾਂਦਾ ਹੈ। ਹੁਣ ਤੱਕ ਲੈਬਾਰਟਰੀਆਂ ਵਿਚ ਤਿੰਨ ਕਿਸਮ ਦੇ ਰਲੇਵੇਂ ਲੱਭੇ ਜਾ ਚੁੱਕੇ ਹਨ-ਯੂ 47700, ਹੈਰੋਇਨ ਤੇ ਫੈਂਟਾਨਿਲ।
    ਇਸ ਦੀ ਵਰਤੋਂ ਨਾਲ ਹੋਈਆਂ ਮੌਤਾਂ ਨੇ ਪਿਛਲੇ ਸਾਰੇ ਰਿਕਾਰਡਾਂ ਨੂੰ ਮਾਤ ਪਾ ਦਿੱਤੀ ਹੈ।

11.    ਗੁਲਾਬੋ :-
    ਗੁਲਾਬੀ ਜਾਂ ਗੁਲਾਬੋ ਦੇ ਨਾਂ ਨਾਲ ਮਸ਼ਹੂਰ ਨਸ਼ੇ ਨਾਲ ਸੰਨ 2016 ਵਿਚ ਅਮਰੀਕਾ ਵਿਚ 50 ਮੌਤਾਂ ਹੋਈਆਂ। ਬੈਨ ਲੱਗ ਜਾਣ ਬਾਅਦ ਇਹ ਨਸ਼ਾ ਹੁਣ ਦੁਨੀਆ ਦੇ ਬਾਕੀ ਹਿੱਸਿਆਂ ਵਿਚ ਵੇਚਿਆ ਜਾਣ ਲੱਗ ਪਿਆ ਹੈ।
    2017 ਵਿਚ ਨਿਊਯਾਰਕ ਵਿਚ 31 ਤੇ ਨਾਰਥ ਕੈਰੋਲੀਨਾ ਵਿਚ 10 ਨੌਜਵਾਨ ਮੌਤਾਂ ਇਸੇ ਨਸ਼ੇ ਕਰ ਕੇ ਹੋਈਆਂ। ਪਾਊਡਰ ਤੇ ਗੋਲੀਆਂ ਦੀ ਸ਼ਕਲ ਵਿਚ ਵੇਚਿਆ ਜਾ ਰਿਹਾ ਇਹ ਨਸ਼ਾ ਬਿਲਕੁਲ ਸਿਰ ਪੀੜ ਦੀ ਦਵਾਈ ਨਾਲ ਮਿਲਦਾ ਜੁਲਦਾ ਹੈ। ਦਵਾਈ ਦੇ ਤੌਰ ਉੱਤੇ ਵਰਤੀ ਜਾਂਦੀ ਅਫ਼ੀਮ ਦੀ ਸ਼ਕਲ ਬਣਾ ਕੇ ਹੁਣ ਇਹ ਬਜ਼ਾਰ ਵਿਚ ਵੇਚਿਆ ਜਾ ਰਿਹਾ ਹੈ। ਓਕਸੀਕੋਡੋਨ ਵਰਗੀ ਸ਼ਕਲ ਬਣਾ ਕੇ ਦਵਾਈਆਂ ਦੀਆਂ ਦੁਕਾਨਾਂ ਉੱਤੇ ਵੀ ਰਖਵਾ ਦਿੱਤਾ ਗਿਆ ਹੈ।
    ਗੁਲਾਬੋ ਮੌਰਫ਼ੀਨ ਤੋਂ ਪੰਜਾਹ ਗੁਣਾ ਵੱਧ ਨਸ਼ਾ ਕਰਦੀ ਹੈ। ਚੀਨ ਵਿੱਚੋਂ ਅਮਰੀਕਾ ਵਿਚ ਪਹੁੰਚਾਇਆ ਜਾ ਰਿਹਾ ਨਸ਼ਾ ਹੁਣ ਹੈਰੋਇਨ ਤੇ ਫੈਂਟਾਨਿਲ ਮਿਲਾ ਕੇ ਵੇਚਿਆ ਜਾਣ ਲੱਗ ਪਿਆ ਹੈ ਜਿਸ ਸਦਕਾ ਮੌਤਾਂ ਵਿਚ ਵਾਧਾ ਹੋ ਗਿਆ ਹੈ।
    ਇਸ ਦਾ ਨਾਂ ਪਾਊਡਰ ਦੇ ਗੁਲਾਬੀ ਰੰਗ ਸਦਕਾ ਪੈ ਚੁੱਕਿਆ ਹੈ। ਇੰਟਰਨੈੱਟ ਉੱਤੇ ਇਸ ਨੂੰ ''ਖੋਜ ਆਧਾਰਿਤ ਕੈਮੀਕਲ'' ਨਾਂ ਹੇਠ ਵੀ ਵੇਚਿਆ ਜਾ ਰਿਹਾ ਹੈ।

12.    ਕਾਰਫੈਂਟਾਨਿਲ :-
    ਡਰੱਗ ਐਨਫੋਰਸਮੈਂਟ ਐਡਮਿਨਿਸਟਰੇਸ਼ਨ ਵੱਲੋਂ ਜਾਰੀ ਕੀਤੀ ਚੇਤਾਵਨੀ ਸਪਸ਼ਟ ਕਰਦੀ ਹੈ ਕਿ ਇਹ ਨਸ਼ਾ ਮਨੁੱਖੀ ਵਰਤੋਂ ਲਈ ਨਹੀਂ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਧ ਖ਼ਤਰਨਾਕ ਨਸ਼ਾ ਸਾਬਤ ਹੋ ਚੁੱਕਿਆ ਹੈ। ਮੌਰਫੀਨ ਨਾਲੋਂ 10,000 ਗੁਣਾ ਵਧ ਤੇਜ਼ ਇਸ ਨਸ਼ੇ ਦੀ ਵਰਤੋਂ ਨਾਲ ਦੁਨੀਆ ਭਰ ਵਿਚ ਅਨੇਕ ਮੌਤਾਂ ਹੋ ਚੁੱਕੀਆਂ ਹਨ।
    ਕਾਰਫੈਂਟਾਨਿਲ ਸਿਰਫ਼ ਜਾਨਵਰਾਂ, ਖਾਸ ਕਰ ਹਾਥੀਆਂ ਨੂੰ ਬੇਹੋਸ਼ ਕਰਨ ਲਈ ਵਰਤਿਆ ਜਾਂਦਾ ਹੈ।
    ਫਲੋਰੀਡਾ ਦੇ ਮੈਡੀਕਲ ਰੀਸਰਚ ਲੈਬਾਰਟਰੀ ਨੇ 'ਵਾਰਨਿੰਗ' ਜਾਰੀ ਕਰਦਿਆਂ ਦੱਸਿਆ ਹੈ ਕਿ ਨਸ਼ੇ ਦੇ ਵਪਾਰੀਆਂ ਨੇ ਕਾਰਫੈਂਟਾਨਿਲ ਵਿਚ ਹੈਰੋਇਨ ਤੇ ਅਫੀਮ ਮਿਲਾ ਕੇ ਨਸ਼ੇੜੀਆਂ ਨੂੰ ਸੜਕਾਂ ਉੱਤੇ ਵੇਚਣਾ ਸ਼ੁਰੂ ਕਰ ਦਿੱਤਾ ਹੈ।

13.    ਫੈਂਟਾਨਿਲ ਵਿਚਲੀ ਮਿਲਾਵਟ :-
    ਹੈਲਥ ਐਲਰਟ ਨੈੱਟਵਰਕ ਰਾਹੀਂ ਇਹ ਜਾਣਕਾਰੀ ਦੁਨੀਆ ਭਰ ਵਿਚ ਪਹੁੰਚਾਈ ਗਈ ਹੈ ਕਿ ਫੈਂਟਾਨਿਲ, ਜੋ ਬੇਹੋਸ਼ੀ ਦੀ ਦਵਾਈ ਹੈ, ਅਤੇ ਹੈਰੋਇਨ ਤੋਂ 50 ਗੁਣਾ ਤੇਜ਼ ਹੈ, ਵਿਚ ਹੈਰੋਇਨ ਮਿਲਾ ਕੇ ਇੰਡੀਆਨਾ, ਓਹੀਓ ਤੇ ਭਾਰਤ ਵਿਚ ਵੇਚੀ ਜਾ ਰਹੀ ਹੈ।
    ਓਕਸੀਕੌਨਟਿਨ, ਜ਼ੈਨੇਕਸ, ਨੌਰਕੋ ਦੇ ਨਾਂ ਹੇਠ ਇਹ ਗੋਲੀਆਂ ਧੜਾਧੜ ਵਿਕ ਰਹੀਆਂ ਹਨ ਤੇ ਅਨੇਕ ਮੌਤਾਂ ਦਾ ਕਾਰਨ ਬਣਦੀਆਂ ਜਾ ਰਹੀਆਂ ਹਨ।
    ਫੈਂਟਾਨਿਲ ਨਾਲ ਖ਼ੁਰਕ, ਜੀਅ ਕੱਚਾ, ਉਲਟੀ, ਸਾਹ ਦਾ ਰੁਕਣਾ, ਮੌਤ ਹੋਣੀ ਵੇਖੇ ਗਏ ਹਨ। ਜੇ ਇਸ ਵਿਚ ਹੋਰ ਨਸ਼ਿਆਂ ਦੀ ਮਿਲਾਵਟ ਹੋ ਜਾਏ ਤਾਂ ਓਵਰਡੋਜ਼ ਨਾਲ ਮੌਤ ਲਗਭਗ ਯਕੀਨੀ ਹੋ ਜਾਂਦੀ ਹੈ।
    ਇਸ ਨਾਲ ਮੂੰਹ ਵਿੱਚੋਂ ਝੱਗ ਨਿਕਲਣੀ ਤੇ ਦੌਰੇ ਪੈਂਦੇ ਵੀ ਵੇਖੇ ਗਏ ਹਨ। ਆਮ ਦਵਾਈਆਂ ਦੀਆਂ ਦੁਕਾਨਾਂ ਉੱਤੇ ਫੈਂਟਾਨਿਲ ਨੂੰ ਪੀੜ ਘਟਾਉਣ ਦੀ ਦਵਾਈ ਕਹਿ ਕੇ ਜਾਂ ਸੌਣ ਦੀ ਦਵਾਈ ਕਹਿ ਕੇ ਵੇਚਿਆ ਜਾ ਰਿਹਾ ਹੈ।
    ਭੰਗ ਤੇ ਅਫੀਮ ਵਿਚ ਅਜਕਲ ਏਨੀ ਮਿਲਾਵਟ ਵੇਖਣ ਨੂੰ ਮਿਲ ਰਹੀ ਹੈ ਜੋ ਪੋਸਟ ਮਾਰਟਮ ਰਿਪੋਰਟਾਂ ਰਾਹੀਂ ਸਾਹਮਣੇ ਆ ਰਹੀ ਹੈ। ਮੈਰੀਯੂਆਨਾ ਨੂੰ ਵੇਚਣ ਲਈ ਵਰਤੇ ਜਾਂਦੇ ਨਾਂ ਹਨ-ਏ.ਕੇ.47, ਗੀਕਡ ਅੱਪ, ਰੈੱਡ ਜਾਇੰਟ, ਬੈਡ ਗਾਏ, ਟਰਿੱਪੀ, ਆਈਸ ਡਰੈਗਨ, ਕਿੱਕ, ਫੇਕ ਵੀਡ, ਹਰਬਲ ਖ਼ੁਸ਼ਬੋ, ਆਦਿ।

14.    ਲੋਪੈਰਾਮਾਈਡ :-
    ਟੱਟੀਆਂ ਰੋਕਣ ਲਈ ਵਰਤੀ ਜਾਂਦੀ ਇਹ ਦਵਾਈ ਆਈਮੋਡੀਅਮ, ਮਾਲੋਕਸ, ਕੇਓਪੈਕਟੇਟ ਨਾਂ ਹੇਠ ਦਵਾਈਆਂ ਦੀਆਂ ਦੁਕਾਨਾਂ ਤੋਂ ਆਮ ਹੀ ਖ਼ਰੀਦ ਕੇ ਵਰਤੀ ਜਾਂਦੀ ਹੈ। ਨੀਮ ਹਕੀਮ ਤੇ ਪਿੰਡਾਂ ਵਿਚ ਬੈਠੇ ਝੋਲਾਛਾਪ ਡਾਕਟਰ ਇਸ ਦਵਾਈ ਦੀ ਵਰਤੋਂ ਸੈਂਕੜਿਆਂ ਦੀ ਗਿਣਤੀ ਵਿਚ ਹਰ ਮਹੀਨੇ ਧੜਾਧੜ ਕਰ ਰਹੇ ਹਨ। ਗੋਲੀ, ਕੈਪਸੂਲ ਤੇ ਪੀਣ ਦੀ ਦਵਾਈ ਦੀ ਸ਼ਕਲ ਵਿਚ ਇਹ ਮਿਲਦੀ ਹੈ।
    ਨਸ਼ਾ ਕਰਨ ਵਾਲੇ ਇਸ ਦੀ ਚਾਰ ਗੁਣਾ ਮਾਤਰਾ ਵਰਤ ਕੇ 'ਹਾਈ' ਮਹਿਸੂਸ ਕਰ ਲੈਂਦੇ ਹਨ। ਇਸੇ ਲਈ ਇਸ ਦਾ ਨਾਂ ਆਮ ਤੌਰ ਉੱਤੇ 'ਹਵਾ ਹਵਾਈ' ਹੀ ਕਹਿ ਕੇ ਹੋਸਟਲਾਂ ਦੇ ਬੱਚੇ ਵਰਤ ਰਹੇ ਹਨ।
    ਵਾਧੂ ਮਾਤਰਾ ਵਿਚ ਵਰਤਣ ਨਾਲ ਬੇਹੋਸ਼ੀ, ਕਬਜ਼, ਢਿੱਡ ਪੀੜ, ਧੜਕਣ ਵਧਣੀ, ਦਿਲ ਦਾ ਧੜਕਣਾ ਰੁਕ ਜਾਣਾ, ਪੁਤਲੀ ਦਾ ਫੈਲਣਾ, ਗੁਰਦੇ ਫੇਲ੍ਹ ਹੋਣੇ, ਪਿਸ਼ਾਬ ਬੰਦ ਹੋ ਜਾਣਾ, ਘਬਰਾਹਟ, ਉਲਟੀਆਂ, ਆਦਿ ਵੇਖਣ ਵਿਚ ਆਉਂਦੇ ਹਨ।
    ਇਸ ਦਾ ਨਸ਼ਾ ਕਰਨ ਵਾਲੇ ਨੂੰ ਜੇ ਦਵਾਈ ਨਾ ਮਿਲੇ ਤਾਂ ਬਹੁਤ ਜ਼ਿਆਦਾ ਟੱਟੀਆਂ ਲੱਗ ਸਕਦੀਆਂ ਹਨ ਤੇ ਘਬਰਾਹਟ ਨਾਲ ਤ੍ਰੇਲੀਆਂ ਵੀ ਆ ਸਕਦੀਆਂ ਹਨ ਅਤੇ ਜਾਨ ਨੂੰ ਖ਼ਤਰਾ ਵੀ ਹੋ ਜਾਂਦਾ ਹੈ।

15.    ਓਪਾਨਾ ਅਤੇ ਏਡਜ਼ :-   
    ਇੰਡੀਆਨਾ ਵਿਚ ਏਡਜ਼ ਦੇ ਮਰੀਜ਼ਾਂ ਵਿਚ ਸਾਲ 2015 ਵਿਚ ਇਕਦਮ ਹੋਏ ਵਾਧੇ ਸਦਕਾ ਖੋਜ ਕਰਦਿਆਂ ਇਹ ਪਤਾ ਲੱਗਿਆ ਕਿ ਪੀੜ ਘਟਾਉਣ ਵਾਲੀ ਤੇਜ਼ ਦਵਾਈ ਓਪਾਨਾ ਨੂੰ ਨਸਾਂ ਵਿਚ ਲਾਉਣ ਲਈ ਸਾਂਝੀ ਵਰਤੀ ਸੂਈ ਸਦਕਾ ਹੋਇਆ ਸੀ।

16.    ਮੋਜੋ, ਕਲਾਊਡ 9, ਭੰਗ ਮਿਸ਼ਰਣ :-
    ਇਨ੍ਹਾਂ ਨੂੰ 'ਡੀਜ਼ਾਈਨਰ ਡਰੱਗਸ' ਨਾਂ ਦਿੱਤਾ ਗਿਆ ਹੈ। 'ਸਿੰਥੈਟਿਕ ਪੌਟ' ਜਾਂ 'ਸਿੰਥੈਟਿਕ ਮੈਰੀਯੂਆਨਾ' ਦੇ ਨਾਂ ਹੇਠ ਵਿਕਣ ਵਾਲੇ ਨਸ਼ੇ ਕਈ ਵਾਰ 'ਸਕੂਬੀ ਸਨੈਕਸ', 'ਕਰਾਊਨ', 'ਰਿਲੈਕਸ' ਕਹਿ ਕੇ ਹੁੱਕਾ ਪੈੱਨ, ਈ-ਸਿਗਰਟ ਜਾਂ ਅੱਖਾਂ ਵਿਚ ਪਾਉਣ ਵਾਲੇ ਆਈ ਡਰਾਪਸ ਦੀ ਸ਼ਕਲ ਵਿਚ ਵੇਚੇ ਜਾਂਦੇ ਹਨ।
    ਇਹ ਨਸ਼ਾ ਇਸ ਲਈ 'ਬੈਨ' ਕੀਤਾ ਗਿਆ ਕਿਉਂਕਿ ਇਸ ਨਾਲ ਬਹੁਤ ਜ਼ਿਆਦਾ ਘਬਰਾਹਟ, ਲੜਾਈ, ਮਾਰ ਕੁਟਾਈ, ਕਤਲ ਕਰਨਾ, ਧੜਕਨ ਦਾ ਵਧਣਾ, ਬਲੱਡ ਪ੍ਰੈੱਸ਼ਰ ਵਧਣਾ, ਉਲਟੀਆਂ, ਪੱਠਿਆਂ ਵਿਚ ਖਿੱਚ, ਦੌਰੇ ਪੈਣੇ, ਖ਼ੁਦਕੁਸ਼ੀ ਕਰਨੀ, ਮਨੋ-ਭਰਮ ਪਾਲਣਾ, ਹਮਲਾ ਕਰਨਾ, ਮਨੋਰੋਗੀ ਹੋਣਾ, ਮਾੜੇ ਸੁਫ਼ਨੇ ਆਉਣੇ, ਆਦਿ ਅਨੇਕ ਮਾੜੇ ਲੱਛਣ ਦਿਸਣ ਲੱਗ ਪਏ ਸਨ ਤੇ ਜੁਰਮ ਵਿਚ ਕਈ ਗੁਣਾਂ ਵਾਧਾ ਹੋ ਗਿਆ ਸੀ।
    ਨਸ਼ੇ ਦੀ ਲਤ ਚਾਲੂ ਰੱਖਣ ਲਈ ਲੁੱਟਾਂ-ਖੋਹਾਂ, ਕਤਲ ਤੇ ਆਪਸੀ ਤਅੱਲੁਕਾਤ ਬਹੁਤ ਜ਼ਿਆਦਾ ਵਿਗੜਨ ਦੇ ਕੇਸ ਸਾਹਮਣੇ ਆਉਣ ਲੱਗ ਪਏ ਸਨ। ਵਿਆਹੁਤਾ ਰਿਸ਼ਤੇ ਤਿੜਕ ਰਹੇ ਸਨ ਤੇ ਮੌਤਾਂ ਦੀ ਗਿਣਤੀ ਵੀ ਵਧ ਰਹੀ ਸੀ। ਇਸੇ ਲਈ ਸੰਨ 2018 ਵਿਚ ਇਨ੍ਹਾਂ ਨਸ਼ਿਆਂ  ਬਾਰੇ ਵੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ।
    ਇਹ ਸਭ ਚੇਤਾਵਨੀਆਂ ਇਸ ਲਈ ਵਿਸ਼ਵ ਪੱਧਰ ਉੱਤੇ ਜਾਰੀ ਕਰਨੀਆਂ ਪਈਆਂ ਕਿਉਂਕਿ ਕਈ ਹਜ਼ਾਰ-ਖਰਬਾਂ ਦਾ ਨਸ਼ਿਆਂ ਦਾ ਕਾਰੋਬਾਰ ਪੂਰੀ ਦੁਨੀਆ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਹੈ। ਸਿਰਫ਼ ਨੌਜਵਾਨ ਹੀ ਨਹੀਂ, ਉਨ੍ਹਾਂ ਦੇ ਟੱਬਰਾਂ ਦੇ ਜੀਅ ਅਤੇ ਆਲੇ ਦੁਆਲੇ ਵੱਸਦੇ ਆਮ ਬੇਦੋਸੇ ਲੋਕ ਜੋ ਸਿਰਫ਼ ਪੈਸੇ ਦੀ ਲੋੜ ਸਦਕਾ ਲੁੱਟਾਂ-ਖੋਹਾਂ ਦਾ ਸ਼ਿਕਾਰ ਹੋ ਕੇ ਜਾਨ ਤੋਂ ਹੱਥ ਧੋ ਰਹੇ ਹਨ। ਨਾਬਾਲਗ ਬੱਚੀਆਂ ਇਨ੍ਹਾਂ ਸਦਕਾ ਬਲਾਤਕਾਰ ਦਾ ਸ਼ਿਕਾਰ ਹੋ ਰਹੀਆਂ ਹਨ ਤੇ ਇਕੱਲੇ ਰਹਿੰਦੇ ਬਜ਼ੁਰਗ ਪੈਸੇ ਕਰਕੇ ਕਤਲ ਕੀਤੇ ਜਾ ਰਹੇ ਹਨ ਤੇ ਪੂਰਾ ਸਮਾਜ ਗੰਧਲਾ ਹੋਣ ਤੇ ਡਰੋਂ ਹੀ ਇਹ ਜਾਣਕਾਰੀ ਦੇਣ ਦੀ ਲੋੜ ਪਈ ਹੈ।
    ਇਸ ਕਾਰੋਬਾਰ ਵਿਚ ਸ਼ਾਮਲ ਲੋਕਾਂ ਦੇ ਉੱਚ ਪੱਧਰੀ ਤਅੱਲੁਕ ਹੀ ਇਸ ਕਾਰੋਬਾਰ ਨੂੰ ਕਿਸੇ ਪਾਸਿਓਂ ਘਟਣ ਨਹੀਂ ਦੇ ਰਹੇ ਤੇ ਨੌਜਵਾਨਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾਈ ਜਾ ਰਹੇ ਹਨ। ਇਹ ਖਦਸ਼ਾ ਵਿਸ਼ਵ ਸਿਹਤ ਸੰਗਠਨ ਵੱਲੋਂ ਕੀਤਾ ਜਾ ਰਿਹਾ ਹੈ ਕਿ ਜੇ ਭੰਗ ਦੀ ਖੇਤੀ ਆਮ ਹੋ ਗਈ ਤਾਂ ਮਿਲਾਵਟ ਕਰਨ ਵਾਲਿਆਂ ਦੀ ਪੌਂ ਬਾਰਾਂ ਹੋ ਜਾਣੀ ਹੈ ਤੇ ਨੌਜਵਾਨਾਂ ਦੀਆਂ ਲਾਸ਼ਾਂ ਦੀ ਗਿਣਤੀ ਕਰਨੀ ਔਖੀ ਹੋ ਜਾਣੀ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

23 July 2018

ਨੌਜਵਾਨ ਬੱਚੇ ਅਤੇ ਮਾਪੇ - ਡਾ. ਹਰਸ਼ਿੰਦਰ ਕੌਰ

ਅਣਗਿਣਤ ਮਾਪਿਆਂ ਵੱਲੋਂ ਪੁੱਜੇ ਫ਼ੋਨਾਂ ਅਤੇ ਆਪਣੇ ਨੌਜਵਾਨ ਬੱਚਿਆਂ ਵਿਚ ਵਧਦੇ ਕ੍ਰੋਧ, ਅਸਹਿਨਸ਼ੀਲਤਾ ਤੇ ਆਖੇ ਨਾ ਲੱਗਣ ਦੀਆਂ ਸ਼ਿਕਾਇਤਾਂ ਸਦਕਾ ਇਲਾਜ ਲਈ ਲੈ ਕੇ ਆਏ ਮਾਪਿਆਂ ਦੀ ਪੁਰਜ਼ੋਰ ਸਿਫਾਰਿਸ਼ ਤਹਿਤ ਇਹ ਲੇਖ ਹੋਂਦ ਵਿਚ ਆਇਆ ਹੈ। ਹਾਲੇ ਵੀ ਸ਼ਾਇਦ ਨਾ ਲਿਖਿਆ ਜਾਂਦਾ ਜੇ ਅੱਖੀਂ ਵੇਖੀਆਂ ਦੋ ਘਟਨਾਵਾਂ ਸਾਹਮਣੇ ਨਾ ਆਉਂਦੀਆਂ।
    ਕਿਸੇ ਦੇ ਘਰ ਅਸੀਂ ਖਾਣੇ 'ਤੇ ਗਏ ਤਾਂ ਉਨ੍ਹਾਂ ਦਾ ਬੇਟਾ ਹਾਲ ਕਮਰੇ 'ਚ ਬੈਠਾ ਮੋਬਾਈਲ ਉੱਤੇ ਪੋਸਟਾਂ ਪੜ੍ਹ ਰਿਹਾ ਸੀ। ਉਸ ਦੇ ਪਿਤਾ ਨੇ ਡਰਾਇੰਗ ਰੂਮ 'ਚੋਂ ਆਵਾਜ਼ ਮਾਰੀ ਕਿ ਰਤਾ ਅਖ਼ਬਾਰ ਫੜਾਈਂ। ਬੇਟਾ ਰਤਾ ਕੁ ਅਟਕ ਕੇ ਅਖ਼ਬਾਰ ਫੜਾ ਗਿਆ ਪਰ ਚਿਹਰੇ ਉੱਤੇ ਖ਼ੁਸ਼ੀ ਦੇ ਹਾਵ ਭਾਵ ਨਹੀਂ ਸਨ। ਵਾਪਸ ਮੋਬਾਈਲ ਫੜ ਕੇ ਬਹਿ ਗਿਆ। ਅੱਠ ਦਸ ਮਿੰਟ ਬਾਅਦ ਪਿਤਾ ਨੇ ਫੇਰ ਆਵਾਜ਼ ਮਾਰੀ ਪੁੱਤਰਾ ਜ਼ਰਾ ਕੌਰਡਲੈੱਸ ਫ਼ੋਨ ਫੜਾਈਂ। ਇਸ ਵਾਰ ਪੁੱਤਰ ਨੇ ਉੱਠਣ ਵਿਚ ਰਤਾ ਹੋਰ ਦੇਰ ਲਾਈ ਤੇ ਮੱਥੇ ਉੱਤੇ ਰਤਾ ਤਿਊੜੀਆਂ ਵੀ ਦਿਸੀਆਂ।
    ਦਸ ਕੁ ਮਿੰਟ ਬਾਅਦ ਪਿਤਾ ਨੇ ਸਿਰਫ਼ ਆਵਾਜ਼ ਹੀ ਮਾਰੀ 'ਸੋਮੇ ਪੁੱਤਰ', ਤਾਂ ਬਿਨਾਂ ਗ਼ੱਲ ਸੁਣੇ ਅੱਗੋਂ ਬੇਟੇ ਨੇ ਮੋੜਵਾਂ ਜਵਾਬ ਦਿੱਤਾ, ''ਹੱਦ ਈ ਹੋ ਗਈ। ਪੰਜ ਮਿੰਟ ਬਹਿਣਾ ਵੀ ਹਰਾਮ ਹੋ ਗਿਆ। ਇਸ ਘਰ 'ਚ ਤਾਂ ਪਿਓ ਸਾਹਮਣੇ ਬਹਿਣਾ ਵੀ ਗੁਣਾਹ ਹੈ।''
    ਲਗਭਗ ਇੰਜ ਦੀ ਹੀ ਘਟਨਾ ਸ਼ਾਪਿੰਗ ਮਾਲ ਵਿਚ ਖੜੀਆਂ ਮਾਵਾਂ ਧੀਆਂ ਦੀ ਗੱਲਬਾਤ ਦੌਰਾਨ ਹੋਈ। ਬੱਚੀ ਦੀਆਂ ਸਹੇਲੀਆਂ ਮਿਲ ਗਈਆਂ ਤਾਂ ਬੇਟੀ ਉਨ੍ਹਾਂ ਨਾਲ ਗੱਲਬਾਤ ਵਿਚ ਰੁੱਝ ਗਈ। ਪੰਦਰਾਂ ਕੁ ਮਿੰਟ ਬਾਅਦ ਮਾਂ ਨੇ ਆਵਾਜ਼ ਮਾਰੀ-''ਬੇਟੀ, ਪਾਪਾ ਦਾ ਫ਼ੋਨ ਆ ਰਿਹੈ, ਚਲੋ ਹੁਣ ਚੱਲੀਏ।'' ਬੱਚੀ ਪੂਰੇ ਗੁੱਸੇ 'ਚ ਪਰਤੀ ਤੇ ਮਾਂ ਨੇੜੇ ਆ ਕੇ ਰਤਾ ਤਲਖ਼ ਆਵਾਜ਼ ਵਿਚ ਕਹਿਣ ਲੱਗੀ, ''ਮੌਮ ਤੁਹਾਨੂੰ ਪਤਾ ਵੀ ਐ ਫਰੈਂਡਜ਼ ਚੈਟ ਕੀ ਹੁੰਦੈ? ਮੇਰੀ ਇਨਸਲਟ ਕਰਵਾ 'ਤੀ। ਮੈਂ ਇੰਡੀਪੈਂਡੈਂਟ ਹਾਂ। ਤੁਹਾਡੇ ਹੁਕਮਾਂ ਦੀ ਗ਼ੁਲਾਮ ਨਹੀਂ।'' ਉਸ ਦੀ ਮਾਂ ਚੁੱਪ ਚਾਪ ਅੱਖਾਂ ਨੀਵੀਆਂ ਕਰ ਕੇ ਤੁਰਨ ਲੱਗੀ ਤਾਂ ਅੱਗੋਂ ਕੋਈ ਜਾਣਕਾਰ ਜੋੜੀ ਮਿਲ ਗਈ। ਮੁਸਕੁਰਾ ਕੇ ਹੱਥ ਜੋੜ ਕੇ ਗੱਲ ਸ਼ੁਰੂ ਹੀ ਕੀਤੀ ਸੀ ਕਿ ਬੇਟੀ ਤਲਖ਼ ਸੁਰਾਂ 'ਚ ਬੋਲੀ, ''ਹੁਣ ਲੇਟ ਨਹੀਂ ਹੋ ਰਹੇ? ਸਿਰਫ਼ ਮੇਰੇ ਫ਼ਰੈਡਜ਼ ਹੀ ਲੇਟ ਕਰ ਰਹੇ ਸੀ?''
    ਮੈਨੂੰ ਇਨ੍ਹਾਂ ਦੋਨਾਂ ਘਟਨਾਵਾਂ ਨੇ ਮਜਬੂਰ ਕਰ ਦਿੱਤਾ ਕਿ ਨੌਜਵਾਨ ਬੱਚਿਆਂ ਨਾਲ ਗੱਲ ਕਰਨੀ ਜ਼ਰੂਰੀ ਹੈ। ਅੱਜ ਕਲ ਦਾ ਮਾਹੌਲ ਜਿੱਥੇ ਬੱਚਿਆਂ ਨੂੰ ਆਪਣੇ ਹੱਕਾਂ ਬਾਰੇ ਪੂਰੀ ਜਾਣਕਾਰੀ ਹੈ, ਖੁੱਲ ਵੀ ਪਹਿਲਾਂ ਨਾਲੋਂ ਵੱਧ ਹੈ, ਇੰਟਰਨੈੱਟ ਸਦਕਾ ਦੋਸਤੀਆਂ ਵੀ ਬਥੇਰੀਆਂ ਹੋ ਚੁੱਕੀਆਂ ਹਨ ਤੇ ਮਾਪੇ ਵੀ ਉਨ੍ਹਾਂ ਉੱਤੇ ਹੱਥ ਚੁੱਕਣ ਜਾਂ ਝਿੜਕਣ ਨਾਲੋਂ ਉਨ੍ਹਾਂ ਨੂੰ ਦੋਸਤ ਵੱਧ ਸਮਝਣ ਲੱਗ ਪਏ ਹਨ, ਕੀ ਬੱਚੇ ਇਸ ਖੁੱਲ ਦਾ ਨਾਜਾਇਜ਼ ਫ਼ਾਇਦਾ ਤਾਂ ਨਹੀਂ ਉਠਾਉਣ ਲੱਗ ਪਏ?
    ਸਿਰਫ਼ ਹੱਕਾਂ ਬਾਰੇ ਗੱਲ ਕਰਦੇ ਉਹ ਆਪਣੇ ਫਰਜ਼ਾਂ ਬਾਰੇ ਨਾ ਗੱਲ ਕਰਦੇ ਹਨ ਤੇ ਨਾ ਹੀ ਸੋਚਦੇ ਹਨ। ਮੇਰਾ ਸਕੂਲ, ਮੇਰਾ ਕਾਲਜ, ਮੇਰਾ ਘਰ, ਮੇਰੀ ਜਾਇਦਾਦ, ਮੇਰੀ ਕਾਰ ਕਹਿੰਦੇ ਬੱਚੇ ਸ਼ਾਇਦ ਇਹ ਭੁੱਲ ਗਏ ਹਨ ਕਿ ਸਕੂਲ ਉਦੋਂ ਤਕ ਉਨ੍ਹਾਂ ਦਾ ਹੈ ਜਦੋਂ ਤਕ ਰੈਗੂਲਰ ਫੀਸ ਜਮ੍ਹਾਂ ਹੋ ਰਹੀ ਹੈ। ਯਾਨੀ 'ਗਿਵ ਐਂਡ ਟੇਕ' ਉੱਤੇ ਆਧਾਰਿਤ ਹੈ। ਜੇ ਅਧਿਆਪਿਕਾਂ ਨਾਲ ਮੰਦਾ ਬੋਲਿਆ ਜਾਂ ਮਾਰ ਕੁਟਾਈ ਕੀਤੀ ਜਾਵੇ ਜਾਂ ਹੋਰ ਵਿਦਿਆਰਥੀਆਂ ਨਾਲ ਭੱਦਾ ਵਿਹਾਰ ਕੀਤਾ ਜਾਵੇ ਤਾਂ ਝੱਟ ਸਕੂਲੋਂ ਬਾਹਰ ਕੱਢ ਦਿੱਤਾ ਜਾਂਦਾ ਹੈ। ਕੁੱਝ ਇਹੋ ਜਿਹਾ ਹੀ ਕਾਲਜਾਂ ਵਿਚ ਹੁੰਦਾ ਹੈ।
    ਘਰ ਦੇ ਪਾਲਤੂ ਜਾਨਵਰਾਂ ਦੀ ਗੱਲ ਹੀ ਲਵੋ। ਉਸ ਨੂੰ 'ਮੇਰਾ ਕੁੱਤਾ' ਜਾਂ 'ਮੇਰੀ ਬਿੱਲੀ' ਮੰਨਦਿਆਂ ਬੱਚੇ ਚਵੀ ਘੰਟੇ ਉਸ ਨੂੰ ਕੁੱਛੜ ਚੁੱਕਣ  ਨੂੰ ਤਿਆਰ ਹਨ। ਕੀ ਕਦੇ ਉਨ੍ਹਾਂ ਸੋਚਿਆ ਹੈ ਕਿ ਰਤਾ ਕੁ ਪਿਆਰ ਦਿੰਦਿਆਂ ਪਾਲਤੂ ਜਾਨਵਰ ਦਸ ਗੁਣਾ ਵੱਧ ਪਿਆਰ ਵਾਪਸ ਦਿੰਦਾ ਹੈ ਤੇ ਇਸ ਬਦਲੇ ਹੋਰ ਕੁੱਝ ਨਹੀਂ ਮੰਗਦਾ। ਯਾਨੀ ਮੈਂ ਵਾਪਸ ਪਿਆਰ ਦਾ ਹੁੰਗਾਰਾ ਤਾਂ ਹੀ ਭਰਾਂਗਾ ਜੇ ਮੈਨੂੰ ਜਾਇਦਾਦ 'ਚੋਂ ਅੱਧਾ ਹਿੱਸਾ ਮਿਲੇ, ਵਰਗੀ ਕੋਈ ਗੱਲ ਨਹੀਂ ਹੁੰਦੀ। ਨਿਸਵਾਰਥ ਪਿਆਰ ਤੇ ਰਿਸ਼ਤਾ ਵੀ ਡੂੰਘਾ। ਹੁਣ ਇਹੀ ਪਾਲਤੂ ਕੁੱਤਾ ਜੇ ਵੱਢਣ ਲੱਗ ਪਵੇ ਜਾਂ ਨੁਕਸਾਨ ਪਹੁੰਚਾ ਰਿਹਾ ਹੋਵੇ ਤਾਂ ਬਾਹਰ ਕੱਢ ਦਿੱਤਾ ਜਾਂਦਾ ਹੈ।
    ਪੰਛੀ ਵੀ ਇਕ ਸਮੇਂ ਤੋਂ ਬਾਅਦ ਆਪਣੇ ਬੱਚੇ ਆਲ੍ਹਣੇ 'ਚੋਂ ਬਾਹਰ ਕੱਢ ਦਿੰਦੇ ਹਨ। ਪਰ, ਉਹ ਇਹ ਜ਼ਿੰਮੇਵਾਰੀ ਉੱਕਾ ਨਹੀਂ ਚੁੱਕਦੇ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਲਈ ਆਲ੍ਹਣੇ ਤਿਆਰ ਕਰਨੇ ਹਨ। ਇਸੇ ਲਈ ਬਜ਼ੁਰਗ ਹੋ ਜਾਣ ਉੱਤੇ ਉਨ੍ਹਾਂ ਦੇ ਬੱਚੇ ਵੀ ਮਾਪਿਆਂ ਨੂੰ ਆਪਣੇ ਆਲ੍ਹਣੇ ਵਿਚ ਨਹੀਂ ਬਿਠਾਉਂਦੇ।
    ਵਿਕਸਿਤ ਮੁਲਕਾਂ ਵਿਚ ਵੀ ਬੱਚੇ ਮਾਪਿਆਂ ਉੱਤੇ ਆਸ਼ਰਿਤ ਨਹੀਂ ਰਹਿੰਦੇ ਤੇ ਆਪ ਕੰਮ ਕਰ ਕੇ ਆਪਣਾ ਖ਼ਰਚ ਪੂਰਾ ਕਰਦੇ ਹਨ। ਇਸੇ ਲਈ ਮਾਪੇ ਵੀ ਆਪਣੀ ਜਮਾਂ ਪੂੰਜੀ ਆਪਣੀ ਮਰਜ਼ੀ ਨਾਲ ਕਿਸੇ ਸੰਸਥਾ ਨੂੰ ਦਾਨ ਦੇ ਕੇ ਆਪ ਬਜ਼ੁਰਗ ਘਰ ਵਿਚ ਰਹਿ ਲੈਂਦੇ ਹਨ।
    ਵਿਆਹੁਤਾ ਰਿਸ਼ਤਿਆਂ ਵਿਚ ਝਾਤ ਮਾਰੀਏ ਤਾਂ ਇੱਥੇ ਵੀ 'ਗਿਵ ਐਂਡ ਟੇਕ' ਵਾਲਾ ਹੀ ਹਾਲ ਹੋ ਚੁੱਕਿਆ ਹੈ। ਜਿੰਨਾ ਦੂਜੇ ਲਈ ਕਰੋ, ਓਨਾ ਵਾਪਸ ਮਿਲਿਆ ਤਾਂ ਰਿਸ਼ਤਾ ਠੀਕ, ਨਹੀਂ ਤਾਂ ਤੋੜ ਵਿਛੋੜਾ!
    ਇਨ੍ਹਾਂ ਸਾਰੀਆਂ ਮਿਸਾਲਾਂ ਵਿਚ ਪਿਆਰ ਬਦਲੇ ਪਿਆਰ ਨਾਲ ਹੀ ਰਿਸ਼ਤਿਆਂ ਵਿਚ ਨਿੱਘ ਮਹਿਸੂਸ ਕੀਤਾ ਜਾ ਸਕਦਾ ਹੈ। ਪੰਛੀਆਂ ਨੇ ਪਿਆਰ ਨਾਲ ਬੋਟ ਪਾਲ ਕੇ ਖੰਭ ਉੱਗਣ ਤੱਕ ਪੂਰਾ ਧਿਆਨ ਰੱਖਣਾ ਹੁੰਦਾ ਹੈ। ਜਿਉਂ ਹੀ ਬੋਟ ਆਪਹੁਦਰਾ ਹੋਣ ਲੱਗੇ ਤੇ ਆਖੇ ਲੱਗੇ ਬਗ਼ੈਰ ਆਲ੍ਹਣੇ 'ਚੋਂ ਬਾਹਰ ਉਡਾਰੀ ਮਾਰੇ ਤਾਂ ਉਸ ਅੱਗੇ ਦੋ ਹੀ ਰਾਹ ਹੁੰਦੇ ਹਨ। ਪਹਿਲਾ ਥੱਲੇ ਡਿੱਗ ਜਾਵੇ ਤੇ ਕਿਸੇ ਦੀ ਖ਼ੁਰਾਕ ਬਣ ਜਾਵੇ ਜਾਂ ਫੇਰ ਉਡਾਰੀ ਮਾਰ ਕੇ ਹੋਰ ਥਾਂ ਆਲ੍ਹਣਾ ਤਿਆਰ ਕਰੇ।
    ਜੇ ਅਸੀਂ ਆਪੋ ਆਪਣੇ ਘਰਾਂ ਅੰਦਰ ਝਾਤ ਮਾਰੀਏ ਤਾਂ ਨੌਜਵਾਨ ਬੱਚੇ ਮਾਪਿਆਂ ਕੋਲੋਂ ਵਿੱਤੋਂ ਬਾਹਰ ਜਾ ਕੇ ਆਪਣੀਆਂ ਬੇਲੋੜੀਆਂ ਮੰਗਾਂ ਮੰਨਵਾਉਣ ਬਾਅਦ ਵੀ ਕਿਤੇ ਰੁਕਦੇ ਨਹੀਂ। ਅਠਾਰਾਂ ਵਰ੍ਹਿਆਂ ਦੀ ਉਮਰ ਪੂਰੀ ਹੋ ਜਾਣ ਬਾਅਦ ਵੀ ਮਹਿੰਗੇ ਕੋਰਸਾਂ ਦੀ ਫੀਸ ਮਾਪਿਆਂ ਕੋਲੋਂ ਹੀ ਭਾਲਦੇ ਹਨ। ਨਵੇਂ ਫੈਸ਼ਨਾਂ ਵਾਲੇ ਮਹਿੰਗੇ ਪਹਿਰਾਵੇ ਅਤੇ ਚਲਾਉਣ ਲਈ ਮਹਿੰਗੇ ਮੋਟਰਸਾਈਕਲ ਕਾਰਾਂ ਵੀ। ਇਸ ਤੋਂ ਬਾਅਦ ਵੀ ਜਾਇਦਾਦ ਉੱਤੇ ਪੂਰਾ ਹੱਕ ਮੰਨਦੇ ਹੋਏ ਮਾਪਿਆਂ ਨੂੰ ਘਰੋਂ ਬੇਦਖਲ ਕਰ ਦਿੰਦੇ ਹਨ ਜਾਂ ਬੇਇੱਜ਼ਤ ਕਰਦੇ ਰਹਿੰਦੇ ਹਨ।
    ਨੌਜਵਾਨ ਬੱਚੇ ਹਰ ਤਰ੍ਹਾਂ ਦੀ ਖੁੱਲ ਅਤੇ ਮੌਜ ਮਸਤੀ ਨੂੰ ਆਪਣਾ ਹੱਕ ਮੰਨਦੇ ਹੋਏ ਆਖ਼ਰ ਕਿਉਂ ਆਪਣੇ ਫ਼ਰਜ਼ ਭੁੱਲ ਚੁੱਕੇ ਹਨ ?
    ਜੇ ਉਹ ਪਾਲਤੂ ਜਾਨਵਰ ਨੂੰ ਕੀਤੇ ਪਿਆਰ ਦੇ ਬਦਲੇ ਪਿਆਰ ਭਾਲਦੇ ਹਨ, ਸਕੂਲਾਂ, ਕਾਲਜਾਂ ਵਿਚ ਸੱਭਿਆਚਾਰਕ ਮੁਖੌਟਾ ਚਾੜ੍ਹ ਕੇ, ਨੌਕਰੀ ਹਾਸਲ ਕਰ ਲੈਣ ਤੱਕ ਪੂਰੀ ਤਰ੍ਹਾਂ ਮਾਪਿਆਂ ਉੱਤੇ ਆਸ਼ਰਿਤ ਹੁੰਦਿਆਂ ਹਰ ਮੰਗ ਮੰਨਵਾਉਂਦੇ ਹਨ, ਤਾਂ ਫੇਰ ਮਾਪਿਆਂ ਦੇ ਪਿਆਰ ਦੇ ਹੁੰਗਾਰੇ ਦੇ ਬਦਲੇ ਨਫ਼ਰਤ ਤੇ ਖਿੱਝ ਕਿਉਂ ਮੋੜ ਰਹੇ ਹਨ?
    ਕੀ ਅੱਜ ਕਲ ਦੇ ਨੌਜਵਾਨ ਬੱਚੇ ਮਾਪਿਆਂ ਦੀ ਦੇਣ ਦੇ ਸਕਦੇ ਹਨ? ਜੇ ਆਪਣੇ ਪਿਆਰੇ ਦੋਸਤ ਵੱਲੋਂ ਬੋਲੇ ਮਾੜੇ ਬੋਲ ਉਨ੍ਹਾਂ ਦਾ ਦਿਲ ਛਲਣੀ ਕਰਦੇ ਹਨ ਤਾਂ ਜਦੋਂ ਬੱਚਿਆਂ ਵੱਲੋਂ ਵਰਤੀ ਜਾਂਦੀ ਭੱਦੀ ਸ਼ਬਦਾਵਲੀ ਉਨ੍ਹਾਂ ਦੇ ਮਾਪਿਆਂ ਦਾ ਹਿਰਦਾ ਚੀਰਦੀ ਹੈ, ਉਸ ਪੀੜ ਨੂੰ ਮਹਿਸੂਸ ਕਰਨ ਤੋਂ ਇਨਕਾਰੀ ਕਿਉਂ ਹੋ ਜਾਂਦੇ ਹਨ?
    ਕੋਈ ਪਿਓ ਆਪਣੇ ਪੁੱਤਰ ਦੀਆਂ ਨਾਜਾਇਜ਼ ਮੰਗਾਂ ਪੂਰੀਆਂ ਕਰਦਾ ਕਰਜ਼ੇ ਹੇਠ ਡੁੱਬ ਕੇ ਫਾਹਾ ਲੈ ਲਵੇ ਤਾਂ ਜਾਇਜ਼ ਹੈ ਪਰ ਸਿੱਧੇ ਮੂੰਹ ਅਦਬ ਤੇ ਇੱਜ਼ਤ ਨਾਲ ਉਸੇ ਪਿਓ ਨਾਲ ਗੱਲ ਕਰਨ ਜਾਂ ਪਾਣੀ ਦਾ ਗਿਲਾਸ ਖਿੜੇ ਮੱਥੇ ਫੜਾਉਣ ਨੂੰ ਸਾਡੀ ਅੱਜ ਦੀ ਔਲਾਦ ਤਿਆਰ ਨਹੀਂ ਹੈ।
    ਮਾਂ ਪਿਓ ਦੀ ਦੋਸਤੀ ਤੇ ਲਾਡ ਦਾ ਨਾਜਾਇਜ਼ ਫਾਇਦਾ ਉਠਾਉਂਦੀ ਅੱਜ ਦੀ ਨੌਜਵਾਨ ਪੌਦ ਇਹ ਭੁੱਲ ਚੁੱਕੀ ਹੈ ਕਿ ਅੱਗੋਂ ਉਨ੍ਹਾਂ ਦੀ ਔਲਾਦ ਇਸ ਤੋਂ ਵੀ ਦੋ ਕਦਮ ਅੱਗੇ ਚੱਲੇਗੀ ਤੇ ਇੰਜ ਹੀ ਉਨ੍ਹਾਂ ਦੇ ਪਾਣੀ ਮੰਗਣ ਉੱਤੇ ਝੁੰਝਲਾ ਉੱਠੇਗੀ! ਕੀ ਅੱਜ ਦੇ ਨੌਜਵਾਨ ਆਪਣੇ ਬੱਚਿਆਂ ਤੋਂ ਅਜਿਹਾ ਵਤੀਰਾ ਚਹੁੰਦੇ ਹਨ? ਜੇ ਨਹੀਂ ਤਾਂ ਫੇਰ ਆਪਣੇ ਮਾਪਿਆਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਪਵੇਗਾ। ਜਦੋਂ ਮਾਪੇ ਰਹੇ ਹੀ ਨਾ, ਉਦੋਂ ਪਛਤਾਉਣ ਦਾ ਕੋਈ ਫਾਇਦਾ ਨਹੀਂ।
    ਜੇ ਕੋਈ ਨੌਜਵਾਨ ਆਪਣੇ ਹੱਕਾਂ ਬਾਰੇ ਜਾਣੂੰ ਹੈ, ਸਾਰੇ ਸੁਖ ਵਿੱਤੋਂ ਬਾਹਰ ਜਾ ਕੇ ਵੀ ਹਾਸਲ ਕਰਨਾ ਚਾਹੁੰਦਾ ਹੈ ਤੇ ਐਸ਼ੋ ਆਰਾਮ ਲਈ ਪਿਓ ਨੂੰ ਚੂੰਢ ਰਿਹਾ ਹੈ ਤਾਂ ਚੇਤੇ ਰੱਖੇ ਕਿ ਉਸ ਦੀ ਔਲਾਦ ਬਿਲਕੁਲ ਇਹੋ ਕੁੱਝ ਉਸ ਨਾਲ ਕਰਨ ਵਾਲੀ ਹੈ।
    ਇਹ ਸਭ ਵਿਸ਼ਵੀਕਰਨ ਦੀ ਦੇਣ ਹੈ। ਅਸੀਂ ਸਭ ਮਾੜੀਆਂ ਗੱਲਾਂ ਛੇਤੀ ਸਿਖ ਲਈਆਂ ਹਨ ਪਰ ਚੰਗੀਆਂ ਨਹੀਂ ਅਪਣਾਈਆਂ। ਦੇਰ ਰਾਤ ਦੀਆਂ ਪਾਰਟੀਆਂ, ਨਸ਼ੇ, ਸ਼ਰਾਬਾਂ, ਮਹਿੰਗੀਆਂ ਕਾਰਾਂ ਤੇ ਮੋਟਰਸਾਈਕਲ, ਮਹਿੰਗੀਆਂ ਐਨਕਾਂ, ਬੂਟ, ਕਪੜੇ, ਟੌਹਰ, ਫੈਸ਼ਨ, ਕਨੇਡਾ ਦੇ ਗੇੜੇ, ਆਦਿ ਸਭ ਜਣੇ ਮੰਗਦੇ ਹਨ ਪਰ ਆਪਣੇ ਹੱਥੀਂ ਮਿਹਨਤ ਕਰ ਕੇ ਨਹੀਂ।
    ਲੋੜ ਹੈ ਅੱਜ ਦੇ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਕੋਲੋਂ ਹੱਥੀਂ ਕੰਮ ਕਰਵਾਉਣ ਦੀ। ਘਰ ਦੇ ਕੰਮ ਕਾਰ ਵਿਚ ਮਦਦ, ਰੋਜ਼ ਘੱਟੋ-ਘੱਟ ਤਿੰਨ ਘੰਟੇ ਜ਼ਰੂਰ ਕਿਸੇ ਛੋਟੇ ਮੋਟੇ ਕੰਮ ਵਿਚ ਲੱਗ ਕੇ ਆਪਣੀ ਮਿਹਨਤ ਦੀ ਕਮਾਈ ਕਰਨ, ਉਸੇ ਕਮਾਈ ਵਿੱਚੋਂ ਆਪਣੇ ਸ਼ੌਕ ਪੂਰੇ ਕਰਨ ਤੇ ਆਪਣੀ ਪੜ੍ਹਾਈ ਚਾਲੂ ਰੱਖਣ ਤਾਂ ਉਨ੍ਹਾਂ ਨੂੰ ਛੇਤੀ ਸਮਝ ਆ ਜਾਏਗੀ ਕਿ ਮਾਪੇ ਕਿੰਨੀ ਮਿਹਨਤ ਨਾਲ ਉਨ੍ਹਾਂ ਨੂੰ ਪਾਲ ਰਹੇ ਹਨ ਤੇ ਬਦਲੇ ਵਿਚ ਸਿਰਫ਼ ਇੱਜ਼ਤ ਤੇ ਪਿਆਰ ਮੰਗਦੇ ਹਨ, ਹੋਰ ਕੁੱਝ ਨਹੀਂ।
    ਜਾਇਦਾਦਾਂ ਜਮਾਂ ਕਰਨੀਆਂ ਹੀ ਪੁਆੜੇ ਦੀ ਜੜ੍ਹ ਬਣ ਰਹੀਆਂ ਹਨ, ਰਿਸ਼ਤਿਆਂ ਵਿਚ ਫਿੱਕ ਵੀ ਪਾ ਰਹੀਆਂ ਹਨ ਤੇ ਪੁੱਤਰਾਂ ਧੀਆਂ ਹੱਥੋਂ ਮਾਪਿਆਂ ਦਾ ਕਤਲ ਵੀ ਕਰਵਾ ਰਹੀਆਂ ਹਨ।
    ਏਸੇ ਲਈ ਸਮੇਂ ਦੀ ਲੋੜ ਹੈ ਕਿ ਬੱਚਿਆਂ ਨੂੰ 18 ਵਰ੍ਹੇ ਦੀ ਉਮਰ ਪੂਰੀ ਕਰਦੇ ਸਾਰ ਕਿਰਤ ਕਰਨ ਦੀ ਆਦਤ ਪਾਈਏ ਤੇ ਮਿਹਨਤ ਨਾਲ ਕੀਤੀ ਕਮਾਈ ਨਾਲ ਆਪਣੇ ਸ਼ੌਕ ਪੂਰੇ ਕਰਨ ਦੀ ਵੀ। ਇੰਜ ਸਾਡੇ ਗਭਰੂ ਖੇਤਾਂ ਵਿਚ ਵੀ ਕੰਮ ਕਰਨਗੇ ਤੇ ਫੈਕਟਰੀਆਂ ਜਾਂ ਦੁਕਾਨਾਂ ਵਿਚ ਵੀ! ਉਨ੍ਹਾਂ ਨੂੰ ਜਿੱਥੇ ਮਾਪਿਆਂ ਦੀ ਘਾਲਣਾ ਬਾਰੇ ਸਮਝ ਆਏਗੀ, ਉੱਥੇ ਹੀ ਕਿਰਤ ਕਰਨ ਵਾਲਿਆਂ ਪ੍ਰਤੀ ਮਨਾਂ ਵਿਚ ਇੱਜ਼ਤ ਵੀ ਬਣ ਜਾਏਗੀ। ਇੰਜ ਕਿਸੇ ਵੀ ਕੰਮ ਨੂੰ ਨੀਵਾਂ ਜਾਂ ਕੰਮ ਕਰਨ ਵਾਲੇ ਨੂੰ ਨੀਵਾਂ ਨਹੀਂ ਮੰਨਿਆ ਜਾਵੇਗਾ ਤੇ ਅਜਿਹੀ ਚੰਗੀ ਸੋਚ ਮਨਾਂ ਵਿਚਲੇ ਊਚ-ਨੀਚ ਦੇ ਵਿਤਕਰੇ ਦੂਰ ਕਰਨ ਵਿਚ ਸਹਾਈ ਹੋਵੇਗੀ।
    ਭਾਵੇਂ ਜਾਪੇ ਇਹ ਨਾਮੁਮਕਿਨ ਕਿਉਂਕਿ ਅਸੀਂ ਅੱਜ ਕਲ ਮੰਦਰਾਂ ਗੁਰਦੁਆਰਿਆਂ ਜਾਂ ਮਸੀਤਾਂ ਵਿਚ ਆਪਣੇ ਮੱਥਿਆਂ ਦੀ ਕੀਮਤ ਵਸੂਲਣ ਲੱਗ ਪਏ ਹਾਂ। ਰੁਪਏ ਦਾ ਮੱਥਾ ਟੇਕ ਕੇ ਪੂਰੀ ਲਿਸਟ ਰਬ ਅੱਗੇ ਧਰ ਦਿੰਦੇ ਹਾਂ-ਮੇਰਾ ਕਾਰੋਬਾਰ, ਮੇਰੀ ਸਿਹਤ, ਮੇਰਾ ਵੱਡਾ ਘਰ, ਮੇਰੀ ਨੌਕਰੀ, ਮੇਰੀ ਤਰੱਕੀ, ਮੇਰਾ ਇਮਤਿਹਾਨ, ਆਦਿ ਵਿਚ ਫਾਇਦਾ ਤੇ ਵਾਧਾ ਜ਼ਰੂਰ ਕਰੀਂ! ਸਾਡੀ ਸੋਚ ਹੀ ਮਿਹਨਤ ਕਰਨ ਤੋਂ ਮੁਨਕਰ ਹੋ ਕੇ ਕਰਾਮਾਤਾਂ ਤਕ ਸੀਮਤ ਹੋ ਚੁੱਕੀ ਹੈ! ਜਦੋਂ ਅਸੀਂ ਸ਼ੁਕਰਾਨਾ ਕਰਨਾ ਸਿੱਖ ਗਏ-ਭਾਵੇਂ ਰਬ ਦਾ ਤੇ ਭਾਵੇਂ ਮਾਪਿਆਂ ਦਾ ਜਾਂ ਦੋਸਤਾਂ ਦਾ, ਤਾਂ ਉਦੋਂ ਹੀ ਆਪਣੇ ਅੰਦਰ ਤੇ ਸਮਾਜ ਵਿਚਲੀ ਤਬਦੀਲੀ ਮਹਿਸੂਸ ਕਰਨ ਲੱਗ ਪਵਾਂਗੇ।
    ਸਾਰ ਇਹੋ ਹੈ ਕਿ ਨੌਜਵਾਨ ਆਪਣੇ ਸਿਰਫ਼ ਹੱਕਾਂ ਪ੍ਰਤੀ ਜਾਗਰੂਕ ਨਾ ਹੋਣ ਬਲਕਿ ਫਰਜ਼ਾਂ ਨੂੰ ਵੀ ਪਛਾਣਨ। ਮਾਪਿਆਂ ਵੱਲੋਂ ਬਿਨਾਂ ਕਿਸੇ ਸ਼ਰਤਾਂ ਉੱਤੇ ਮਿਲੇ ਪਿਆਰ ਤੇ ਉਨ੍ਹਾਂ ਦੀ ਹੱਡ-ਭੰਨਵੀਂ ਮਿਹਨਤ ਦੇ ਪੈਸਿਆਂ ਦੇ ਬਦਲੇ ਰੱਜ ਕੇ ਇੱਜ਼ਤ ਤੇ ਪਿਆਰ ਜ਼ਰੂਰ ਦੇਣ ਤਾਂ ਜੋ ਉਨ੍ਹਾਂ ਦੇ ਬੱਚੇ ਵੀ ਅੱਗੋਂ ਇਹੋ ਰਸਤਾ ਚੁਣਨ!

ਕੁੱਝ ਨੁਕਤੇ ਨੌਜਵਾਨਾਂ ਲਈ :-

*    ਆਪਣੇ ਨਾਲ ਮਾੜਾ ਕਰਨ ਵਾਲੇ ਪ੍ਰਤੀ ਮਨ ਵਿਚ ਕੌੜ ਨਾ ਭਰੋ। ਤੁਹਾਡੇ ਨਾਲ ਸਿਰਫ਼ ਤੇ ਸਿਰਫ਼ ਚੰਗਾ ਕਰਦੇ ਰਹਿਣ ਦੀ ਕੋਸ਼ਿਸ਼ ਕੇਵਲ ਮਾਪੇ ਹੀ ਕਰ ਸਕਦੇ ਹਨ। ਹੋਰਨਾਂ ਦੀ ਇਹ ਜ਼ਿੰਮੇਵਾਰੀ ਨਹੀਂ ਹੈ।
*    ਜੇ ਮਾਪਿਆਂ ਤੋਂ ਇਲਾਵਾ ਕੋਈ ਤੁਹਾਡੇ ਨਾਲ ਸਿਰਫ਼ ਚੰਗਾ ਵਿਹਾਰ ਕਰ ਰਿਹਾ ਹੈ ਤਾਂ ਇਹ ਜ਼ਰੂਰੀ ਨਹੀਂ ਕਿ ਉਹ ਤੁਹਾਨੂੰ ਪਸੰਦ ਹੀ ਕਰ ਰਿਹਾ ਹੈ। ਇਸ ਪਿੱਛੇ ਕੋਈ ਨਾ ਕੋਈ ਮਕਸਦ ਜ਼ਰੂਰ ਹੋਵੇਗਾ।
*    ਇਹ ਜ਼ਿੰਦਗੀ ਥੁੜ ਚਿਰੀ ਹੈ ਤੇ ਇੱਥੇ ਕੁੱਝ ਵੀ ਸਦੀਵੀ ਨਹੀਂ। ਏਸੇ ਲਈ ਮਾਪਿਆਂ ਵੱਲੋਂ ਚੜ੍ਹੇ ਕਰਜ਼ੇ ਦਾ ਕੁੱਝ ਫੀਸਦ ਹਿੱਸਾ ਉਨ੍ਹਾਂ ਦੇ ਜੀਉਂਦੇ ਜੀਅ ਲਾਹ ਦੇਣਾ ਚਾਹੀਦਾ ਹੈ। ਬਾਅਦ ਵਿਚ ਸਿਰਫ਼ ਪਛਤਾਵਾ ਬਚਦਾ ਹੈ।
*    ਮਾਂ ਤੇ ਪਿਓ ਨੂੰ ਰੋਜ਼ ਇਕ ਵਾਰ ਘੁੱਟ ਕੇ ਪਾਈ ਜੱਫੀ ਤੇ ਰੋਜ਼ ਇਕ ਵਾਰ ਪੈਰਾਂ ਨੂੰ ਹੱਥ ਲਾਉਣ ਨਾਲ ਬਿਨਾਂ ਕਹੇ ਸਾਰੇ ਮਨ ਮੁਟਾਵ ਦੂਰ ਕੀਤੇ ਜਾ ਸਕਦੇ ਹਨ।
*    ਛੇਤੀ ਅਮੀਰ ਹੋਣ ਦੇ ਸੁਫ਼ਨੇ ਨਹੀਂ ਲੈਣੇ ਚਾਹੀਦੇ। ਇਹੋ ਜਿਹੀਆਂ ਪੌੜੀਆਂ ਜੋ ਰਾਤੋ ਰਾਤ ਅਮੀਰ ਬਣਾ ਦੇਣ, ਰੇਤ ਦੀਆਂ ਹੁੰਦੀਆਂ ਹਨ ਤੇ ਛੇਤੀ ਹੀ ਜ਼ਮੀਨ ਉੱਤੇ ਮੂਧਾ ਲਿਆ ਮਾਰਦੀਆਂ ਹਨ। ਇਸੇ ਲਈ ਸਹਿਜੇ ਸਹਿਜੇ ਸੁਫ਼ਨੇ ਪੂਰਾ ਕਰਨ ਦਾ ਆਨੰਦ ਮਾਣਨਾ ਚਾਹੀਦਾ ਹੈ।
*    ਦੂਜੇ ਜਨਮ ਦਾ ਇੰਤਜ਼ਾਰ ਛੱਡ ਦਿਓ। ਕਿੰਨਾ ਵੀ ਜ਼ੋਰ ਲਾ ਲਵੋ ਇਸ ਜਨਮ ਦੇ ਮਾਪੇ ਦੁਬਾਰਾ ਨਹੀਂ ਮਿਲਣੇ। ਇਨ੍ਹਾਂ ਦਾ ਰਿਣ ਇਸੇ ਜਨਮ ਵਿਚ ਲਾਹੁਣ ਦੀ ਕੋਸ਼ਿਸ਼ ਕਰ ਲਵੋ ਤੇ ਜਿੰਨਾ ਵੀ ਸਮਾਂ ਬਚਿਆ ਹੈ, ਹਰ ਪਲ ਵਿਚਲਾ ਪਿਆਰ ਰੱਜ ਕੇ ਮਾਣ ਲਵੋ! ਅਜਿਹੀ ਬੇਸ਼ਕੀਮਤੀ ਦੌਲਤ ਦੁਬਾਰਾ ਕਦੇ ਹਾਸਲ ਨਹੀਂ ਹੋਣੀ। ਯਾਦ ਰੱਖਿਓ, ਤੁਹਾਡੇ ਮਾਪਿਆਂ ਦੀਆਂ ਅੱਖਾਂ 'ਚੋਂ ਡਿੱਗੇ ਹੰਝੂ ਤੁਹਾਡੇ ਬੱਚਿਆਂ ਨੇ ਤੁਹਾਨੂੰ ਦੁਗਣੇ ਕਰ ਕੇ ਮੋੜਨੇ ਹਨ!
*     ਸਾਡੀ ਮਾਂ ਨੇ ਸਾਨੂੰ ਆਪਣੇ ਲਹੂ ਨਾਲ ਪਾਲ ਕੇ ਜੰਮਿਆ ਹੈ। ਸਾਡੇ ਉੱਤੇ ਆਏ ਖ਼ਤਰੇ ਸਾਰੇ ਆਪ ਝੱਲੇ ਹਨ। ਸਾਨੂੰ ਤੁਰਨ ਜੋਗਾ ਤੇ ਜੀਊਣ ਜੋਗਾ ਬਣਾਇਆ ਹੈ। ਸਾਡੇ ਅੰਦਰ ਉਸੇ ਦਾ ਲਹੂ ਦੌੜ ਰਿਹਾ ਹੈ ਤੇ ਉਹੀ ਜੀਨ ਅੱਗੋਂ ਸਾਡੇ ਬੱਚਿਆਂ ਵਿਚ ਵੀ ਜਾਣੇ ਹਨ। ਜੇ ਸਾਡੀ ਹੋਂਦ ਹੀ ਮਾਂ ਕਰਕੇ ਹੈ ਤਾਂ ਕੀ ਰੋਜ਼ ਦਿਨ ਵਿਚ ਇਕ ਵਾਰ ਉਸੇ ਮਾਂ ਨੂੰ ਘੁੱਟ ਕੇ ਗਲ ਨਾਲ ਲਾਉਣਾ ਸਾਡਾ ਫਰਜ਼ ਨਹੀਂ ਹੈ।
        ਅੰਤ ਵਿਚ ਸਿਰਫ਼ ਇਹੀ ਕਹਿਣਾ ਹੈ ਕਿ ਸਾਡੀ ਮਾਂ ਸਾਡੇ ਬਚਪਨ ਵਿਚ ਸਾਡੇ ਲਈ ਸਾਰਾ-ਸਾਰਾ ਦਿਨ ਪਾਣੀ ਲਿਆਉਂਦਿਆਂ ਥੱਕਦੀ ਨਹੀਂ ਸੀ ਅਤੇ ਪਿਤਾ ਵੀ ਸਾਡੀਆਂ ਮੰਗੀਆਂ ਖੇਡਾਂ ਖਰੀਦਣ ਲਈ ਪੂਰੀ ਜਵਾਨੀ ਮਿਹਨਤ ਕਰਦਾ ਰਿਹਾ ਹੈ ਤਾਂ ਕੀ ਇਸਦੇ ਬਦਲੇ ਉਨ੍ਹਾਂ ਨੂੰ ਤਿਰਸਕਾਰ ਦੇਣਾ ਜਾਇਜ਼ ਹੈ?
        ਜੇ ਕੋਈ ਕਰਾਮਾਤ ਵਾਪਰਦੀ ਵੇਖਣੀ ਹੈ ਤਾਂ ਹੁਣੇ ''ਆਈ ਲਵ ਯੂ ਮੰਮੀ ਜੀ, ਪਾਪਾ ਜੀ,'' ਕਹਿ ਕੇ ਵੇਖ ਲਵੋ।

ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

2 July 2018

ਗਿਆਨ ਤੇ ਹਉਮੈ  - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਐਲਬਰਟ ਆਈਨਸਟਾਈਨ ਨੇ ਕਿਹਾ ਸੀ ਕਿ ਜਿਸ ਨੂੰ ਗਿਆਨ ਵਧ ਹੋਵੇ, ਉਸ ਦੀ ਹਉਮੈ ਘੱਟ ਜਾਂਦੀ ਹੈ ਤੇ ਜਿਸ ਨੂੰ ਗਿਆਨ ਥੋੜਾ ਹੋਵੇ, ਉਸ ਵਿਚ ਹਉਮੈ ਲੋੜੋਂ ਵੱਧ ਜਮਾਂ ਹੋ ਜਾਂਦੀ ਹੈ।
    ਸਾਡੀ 'ਮੈਂ' ਕਈ ਕਿਸਮਾਂ ਦੀ ਹੁੰਦੀ ਹੈ। ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ। ਇਸ ਵਿਚ ਸਿਰਫ਼ ਆਪਣੇ ਆਪ ਨੂੰ ਉਤਾਂਹ ਚੁੱਕਣ ਜਾਂ ਆਕੜਖ਼ਾਨ ਬਣਨ ਬਾਰੇ ਹੀ ਨਹੀਂ ਬਲਕਿ ਰੋਜ਼ਮਰਾ ਦੀਆਂ ਲੋੜਾਂ ਵਿਚ ਹੱਕ ਜਤਾਉਣਾ ਜਿਵੇਂ ਭੁੱਖ, ਸਰੀਰਕ ਸੰਬੰਧ, ਗੁੱਸਾ, ਆਪਣਾ ਆਰਾਮ ਦਾ ਸਮਾਂ, ਮਨ ਦੀ ਸ਼ਾਂਤੀ ਅਤੇ ਅਨੰਦਿਤ ਮਹਿਸੂਸ ਹੋਣਾ ਸ਼ਾਮਲ ਹੈ।
    ਹਉਮੈ ਦੀ ਇਕ ਕਿਸਮ ਆਪਣੀਆਂ ਮੰਗਾਂ ਦੀ ਪੂਰਤੀ ਨਾਲ ਹੋ ਰਹੇ ਆਨੰਦ ਨੂੰ ਹਾਸਲ ਕਰਨ ਲਈ ਦੂਜੇ ਦਾ ਨੁਕਸਾਨ ਕਰਨ ਲਈ ਵੀ ਉਕਸਾ ਦਿੰਦੀ ਹੈ।
    ਦੂਜੀ ਕਿਸਮ ਵਿਚ ਕਾਫੀ ਕੁੱਝ ਆਪਣੇ ਮਾਪਿਆਂ ਕੋਲੋਂ ਹਾਸਲ ਕੀਤਾ ਹੁੰਦਾ ਹੈ। ਇਸ ਵਿਚ ਆਲੇ-ਦੁਆਲੇ ਦਾ ਪ੍ਰਭਾਵ ਸ਼ਾਮਲ ਹੁੰਦਾ ਹੈ ਤੇ ਸੱਭਿਆਚਾਰ ਦਾ ਵੀ। ਇਹ ਸਾਡੀ ਸ਼ਖ਼ਸੀਅਤ ਦਾ ਹਿੱਸਾ ਬਣ ਜਾਂਦਾ ਹੈ। ਇਸ ਵਿਚ ਸਮਾਜ ਵਿਚਲੇ ਦਬਾਓ ਸਾਡੇ ਨਿਰਣੇ ਉੱਤੇ ਅਸਰ ਪਾਉਂਦੇ ਹਨ ਤੇ ਕਈ ਵਾਰ ਮਾੜਾ ਕਰਨ ਤੋਂ ਰੋਕਦੇ ਵੀ ਹਨ।
    ਕਿਸੇ ਵੀ ਇਨਸਾਨ ਅੰਦਰ ਕਿੰਨੀ ਹਉਮੈ ਭਰੀ ਪਈ ਹੈ, ਉਸੇ ਹਿਸਾਬ ਨਾਲ ਉਸ ਅੰਦਰ ਹਲੀਮੀ ਤੇ ਗੁੱਸੇ ਦਾ ਵੱਧ ਜਾਂ ਘੱਟ ਭੰਡਾਰ ਹੁੰਦਾ ਹੈ ਤੇ ਉਸੇ ਅਨੁਸਾਰ ਬੰਦਾ ਇਕਦਮ ਭੜਕ ਸਕਦਾ ਹੈ ਜਾਂ ਠਰੰਮੇ ਨਾਲ ਸੋਚ ਵਿਚਾਰ ਕਰਨ ਯੋਗ ਬਣਦਾ ਹੈ।
    ਕਿਸੇ ਦਾ ਆਪ ਮਾੜਾ ਕਰਨਾ ਜਾਂ ਕਿਸੇ ਹੋਰ ਕੋਲੋਂ ਕਰਵਾਉਣਾ, ਕਿਸੇ ਉੱਤੇ ਤਰਸ ਕਰਨਾ ਜਾਂ ਆਪਣੇ ਅੱਗੇ ਦੂਜੇ ਨੂੰ ਝੁਕਣ ਉੱਤੇ ਮਜਬੂਰ ਕਰਨਾ ਸਾਡੀ ਹੈਂਕੜ ਦੇ ਮਾਪਦੰਡ ਉੱਤੇ ਨਿਰਭਰ ਕਰਦਾ ਹੈ।
    ਕਈ ਜਣਿਆਂ ਨੂੰ ਜੇ ਰਤਾ ਮਾਸਾ ਜਾਣਕਾਰੀ ਹਾਸਲ ਹੋ ਜਾਵੇ ਤਾਂ ਉਸੇ ਦੇ ਸਿਰ ਉੱਤੇ ਆਪਣੇ ਆਪ ਨੂੰ ਨਾਢੂ ਖ਼ਾਂ ਮੰਨਦੇ ਹੋਏ ਬਾਕੀਆਂ ਨੂੰ ਟਿੱਚ ਸਮਝਣ ਲੱਗ ਜਾਂਦੇ ਹਨ। ਅਜਿਹੇ ਲੋਕਾਂ ਨੂੰ 'ਥੋਥਾ ਚਨਾ ਬਾਜੇ ਘਨਾ' ਮੰਨਿਆ ਜਾਂਦਾ ਹੈ। ਸਾਡੇ ਚੁਫ਼ੇਰੇ ਅਜਿਹੇ ਲੋਕਾਂ ਦਾ ਭੰਡਾਰ ਹੈ। ਕਿਸੇ ਗੱਲ ਬਾਰੇ ਸਿਰਫ਼ ਪੰਜ ਫੀਸਦੀ ਜਾਣਕਾਰੀ ਹਾਸਲ ਹੁੰਦੇ ਸਾਰ ਆਪਣੇ ਆਲੇ-ਦੁਆਲੇ ਵਾਲਿਆਂ ਨੂੰ ਉਜੱਡ ਮੰਨ ਕੇ ਚੁਫ਼ੇਰੇ ਆਪਣੀ ਧਾਕ ਜਮਾਉਣ ਲਈ ਉਸ ਜਾਣਕਾਰੀ ਨੂੰ ਤਰੋੜ ਮਰੋੜ ਕੇ ਪੇਸ਼ ਕਰਨ ਲਈ ਵੱਟਸਐਪ ਜਾਂ ਫੇਸਬੁੱਕਾਂ ਭਰ ਦਿੱਤੀਆਂ ਜਾਂਦੀਆਂ ਹਨ।
    ਅਗਲਾ ਜਣਾ ਵੀ ਅਜਿਹੀ ਜਾਣਕਾਰੀ ਜਾਂ ਵੀਡੀਓ ਵੇਖ ਕੇ, ਬਿਨਾਂ ਸੋਚੇ ਸਮਝੇ ਉਸ ਨੂੰ ਅਗਾਂਹ ਭੇਜ ਕੇ ਆਪਣੇ ਮਨ ਅੰਦਰਲੀ ਉਥਲ ਪੁਥਲ ਸ਼ਾਂਤ ਕਰ ਲੈਂਦਾ ਹੈ।
    ਇੰਜ ਕਰਦਿਆਂ ਕੋਈ ਅਸਲ ਘਟਨਾ ਜੋ ਲੋਕਾਂ ਦੇ ਫ਼ਾਇਦੇ ਲਈ ਸਾਂਝੀ ਕਰਨ ਵਾਸਤੇ ਭਾਵੇਂ ਲੰਡਨ ਮੈਡੀਕਲ ਕਾਲਜ ਵੱਲੋਂ ਬਣਾਈ ਗਈ ਹੋਵੇ, ਨੂੰ ਕੱਟ ਵੱਢ ਕੇ, ਕੁੱਝ ਸਕਿੰਟਾਂ ਜਾਂ ਮਿੰਟਾਂ ਦੇ ਟੋਟਕੇ ਨੂੰ ਬਲਾਚੌਰ, ਮੇਵਾਤ ਜਾਂ ਕਿਸੇ ਹੋਰ ਸ਼ਹਿਰ ਵਿਚਲੀ ਘਟਨਾ ਦੱਸ ਕੇ ਅਗਾਂਹ ਤੋਰ ਦਿੱਤੀ ਜਾਂਦੀ ਹੈ। ਉਸ ਗੱਲ ਦਾ ਅਗਲਾ ਪਿਛਲਾ ਹਿੱਸਾ ਜੋ ਅਸਲ ਨੁਕਤਾ ਹੁੰਦਾ ਹੈ, ਕੱਟ ਦਿੱਤਾ ਗਿਆ ਹੁੰਦਾ ਹੈ ਜਿਸ ਨਾਲ ਮਤਲਬ ਵੀ ਬਦਲ ਜਾਂਦਾ ਹੈ ਤੇ ਮਕਸਦ ਵੀ ਅਤੇ ਥਾਂ ਵੀ ਹਰ ਜਣਾ ਆਪਣੇ ਹਿਸਾਬ ਨਾਲ ਬਣਾ ਲੈਂਦਾ ਹੈ ਕਿ ਅਜਿਹੀ ਮਿਰਚ ਮਸਾਲੇਦਾਰ ਜਾਣਕਾਰੀ ਭੇਜਣ ਨਾਲ ਲੋਕ ਸਾਡਾ ਨਾਂ ਪੜ੍ਹਣਗੇ ਤੇ ਸਾਨੂੰ ਫ਼ੋਨ ਵੀ ਕਰਨਗੇ!
    ਏਸੇ ਹੀ ਤਰ੍ਹਾਂ ਕੁੱਝ ਇਨਸਾਨੀਅਤ ਦਰਸਾਉਂਦੀਆਂ ਘਟਨਾਵਾਂ ਦਾ ਸ਼ੁਰੂ ਤੇ ਅੰਤ ਕੱਟ ਕੇ, ਸਿਰਫ਼ ਜ਼ੁਲਮ ਹੁੰਦੇ ਦੀ ਕੁੱਝ ਸਕਿੰਟਾਂ ਦੀ ਰਿਕਾਰਡਿੰਗ ਨੂੰ ਕਿਸੇ ਵੀ ਇਲਾਕੇ, ਧਰਮ ਜਾਂ ਫਿਰਕੇ ਨਾਲ ਜੋੜ ਕੇ ਇਕਦਮ ਲੋਕਾਂ ਨੂੰ ਭੜਕਾ ਦਿੱਤਾ ਜਾਂਦਾ ਹੈ। ਅਜਿਹਾ ਕਰਨ ਵਾਲਾ ਬੰਦਾ ਆਪਣੀ ਸ਼ਰਾਰਤ ਨਾਲ ਲੋਕਾਂ ਦਾ ਵਿਦਰੋਹ ਤੇ ਲੜਾਈ ਝਗੜਾ ਵੇਖ ਕੇ ਆਪਣੇ ਮਨ ਅੰਦਰ ਠੰਡ ਮਹਿਸੂਸ ਕਰਦਾ ਹੈ ਕਿ ਮੈਂ ਏਨਾ ਤਾਕਤਵਰ ਹਾਂ ਕਿ ਸਾਰਾ ਕੁੱਝ ਕੰਟਰੋਲ ਕਰ ਸਕਦਾ ਹਾਂ ਤੇ ਲੋਕਾਂ ਨੂੰ ਉਂਗਲੀਆਂ ਉੱਤੇ ਨਚਾ ਸਕਦਾ ਹਾਂ।
    ਵੱਧ ਗਿਆਨਵਾਨ ਬੰਦਾ ਡੂੰਘੇ ਸਮੁੰਦਰ ਵਾਂਗ ਹੁੰਦਾ ਹੈ। ਸ਼ਾਂਤ, ਸਹਿਜ ਤੇ ਚਿਹਰੇ ਉੱਤੇ ਨੂਰ! ਇਕਦਮ ਨਾ ਭੜਕਣਾ, ਸੋਚ ਸਮਝ ਕੇ ਗੱਲ ਕਰਨੀ, ਨਤੀਜੇ ਬਾਰੇ ਕਿਆਸ ਲਾ ਕੇ ਆਪਣੇ ਵਿਚਾਰ ਰੱਖਣੇ, ਆਕੜ ਨਾ ਰੱਖਣੀ, ਸ਼ੇਖ਼ੀ ਨਾ ਬਘਾਰਨੀ, ਸਾਦਾ ਪਹਿਰਾਵਾ ਤੇ ਉੱਚ ਪਧਰੇ ਵਿਚਾਰ ਹੀ ਅਜਿਹੇ ਬੰਦੇ ਦੀਆਂ ਨਿਸ਼ਾਨੀਆਂ ਹੁੰਦੀਆਂ ਹਨ। ਅਜਿਹੇ ਬੰਦੇ ਆਪਣੀ ਗ਼ਲਤੀ ਨਾ ਹੋਣ ਉੱਤੇ ਵੀ ਦੂਜੇ ਦੀ ਹਉਮੈ ਨੂੰ ਪੱਠੇ ਪਾਉਣ ਲਈ ਆਪ ਨਿਮਰਤਾ ਸਹਿਤ ਮੁਆਫ਼ੀ ਮੰਗ ਲੈਂਦੇ ਹਨ।
    ਥੋਥੇ ਚਨੇ ਵਾਲੀਆਂ ਸ਼ਖ਼ਸੀਅਤਾਂ ਦੂਜੇ ਉੱਤੇ ਹਾਵੀ ਹੋਣ ਲਈ ਹਮੇਸ਼ਾ ਤਿਆਰ-ਬਰ-ਤਿਆਰ ਹੁੰਦੀਆਂ ਹਨ। ਉਨ੍ਹਾਂ ਕੋਲੋਂ ਆਪਣੇ ਵਿਚਾਰ ਕਾਬੂ ਵਿਚ ਰੱਖੇ ਹੀ ਨਹੀਂ ਜਾਂਦੇ ਤੇ ਆਮ ਹੀ ਗ਼ਲਤ ਗੱਲਾਂ ਫੈਲਾ ਦਿੰਦੇ ਹਨ। ਫੇਰ ਪਤਾ ਲੱਗਣ ਉੱਤੇ ਵੀ ਮੁਆਫ਼ੀ ਮੰਗਣ ਦੀ ਥਾਂ ਆਪਣੀ ਚੌਧਰ ਜਮਾਉਣ ਉੱਤੇ ਅੜੇ ਰਹਿੰਦੇ ਹਨ। ਅਜਿਹੇ ਲੋਕਾਂ ਦਾ ਸੁਭਾਅ ਕੁਰਖ਼ਤ, ਅੱਖੜ, ਅੜਬ, ਦੂਜਿਆਂ ਦਾ ਕੰਮ ਨਾ ਕਰਨਾ, ਦੂਜਿਆਂ ਵਿਚ ਨੁਕਸ ਭਾਲਦੇ ਰਹਿਣਾ, ਕਿਸੇ ਦੀ ਈਨ ਕਦੇ ਵੀ ਮੰਨਣ ਨੂੰ ਤਿਆਰ ਨਾ ਹੋਣਾ, ਝਟ ਗੁੱਸੇ ਵਿਚ ਆ ਜਾਣਾ, ਆਦਿ ਵੇਖਿਆ ਗਿਆ ਹੈ।
    ਮਨੋਵਿਗਿਆਨੀਆਂ ਵੱਲੋਂ ਇਹ ਵੀ ਵੇਖਣ ਵਿਚ ਆਇਆ ਹੈ ਕਿ ਅਜਿਹੇ ਲੋਕ ਭਾਵੇਂ ਆਪਣੀ ਈਨ ਲੋਕਾਂ ਵਿਚ ਜ਼ਿੱਦ ਨਾਲ ਮੰਨਵਾ ਲੈਣ ਪਰ ਉਨ੍ਹਾਂ ਦੇ ਮਨ ਅੰਦਰ ਹੀਣ ਭਾਵਨਾ ਭਰ ਜਾਂਦੀ ਹੈ ਤੇ ਆਪਣੇ ਆਪ ਨੂੰ ਦੋਸ਼ੀ ਵੀ ਮੰਨ ਲੈਂਦੇ ਹਨ। ਪਰ, ਫਿਰ ਵੀ ਇਹ ਸਭ ਜ਼ਾਹਿਰ ਕਦੇ ਨਹੀਂ ਕਰਦੇ। ਇਸੇ ਲਈ ਅਜਿਹੇ ਲੋਕ ਜ਼ਿਆਦਾਤਰ ਤਣਾਓ, ਘਬਰਾਹਟ ਤੇ ਨਿਤਾਣੇਪਨ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ। ਕਈ ਜਣੇ 'ਟਾਈਪ ਏ ਪਰਸਨੈਲਿਟੀ' ਵਾਲੇ ਬਣ ਜਾਂਦੇ ਹਨ ਤੇ ਛੇਤੀ ਛਿੱਥੇ ਪੈ ਕੇ ਹਰ ਹਾਲ ਆਪਣੇ ਆਪ ਨੂੰ ਉੱਚਾ ਤੇ ਨੰਬਰ ਵੰਨ ਸਾਬਤ ਕਰਨ ਵਿਚ ਲੱਗੇ ਰਹਿੰਦੇ ਹਨ। ਇਨ੍ਹਾਂ ਵਿਚ ਇੱਕੋ ਗੱਲ ਨੂੰ ਦੁਹਰਾਉਣਾ ਤੇ ਉਸ ਨੂੰ ਪੂਰਾ ਕਰਨ ਦੀ ਜ਼ਿੱਦ ਕਰਨ ਦੀ ਇੱਛਾ ਪ੍ਰਬਲ ਹੋ ਜਾਂਦੀ ਹੈ।
    ਸਭ ਵੱਲੋਂ ਵਾਹ ਵਾਹੀ ਸੁਣਨੀ ਤੇ ਹਰ ਰੋਜ਼ ਆਪਣੀ ਮੈਂ ਨੂੰ ਪੱਠੇ ਪਾਉਣੇ ਇਕ ''ਪਰਸਨੈਲਟੀ ਡਿਸਆਰਡਰ'' ਮੰਨ ਲਿਆ ਗਿਆ ਹੈ। ਅਜਿਹਾ ਮਾਨਸਿਕ ਰੋਗੀ ਕੋਈ ਇੱਕ ਨਹੀਂ। ਟਵਿੱਟਰ, ਫੇਸਬੁੱਕ, ਵੱਟਸਐਪ, ਆਦਿ ਉੱਤੇ ਏਨੇ ਲੱਭ ਜਾਣਗੇ ਕਿ ਗਿਣਤੀ ਕਰਨੀ ਔਖੀ ਹੋ ਜਾਣੀ ਹੈ।
    ਇਸ ਦਾ ਨਤੀਜਾ ਇਹ  ਹੋ ਗਿਆ ਹੈ ਕਿ ਅਸਲ ਕੰਮ ਕਰਨ ਨਾਲੋਂ ਬਹੁਗਿਣਤੀ ਇਕ ਤਸਵੀਰ ਜਾਂ ਥੋਥੇ ਬਿਆਨ ਨੂੰ ਸਾਂਝਾ ਕਰ ਕੇ ਦੂਜਿਆਂ ਵੱਲੋਂ 'ਵਾਹ' ਸੁਣ ਕੇ ਤਸੱਲੀ ਨਾਲ ਬਹਿ ਜਾਂਦੇ ਹਨ ਕਿ ਮੈਂ ਆਪਣਾ ਜਨਮ ਸਾਰਥਕ ਕਰ ਲਿਆ।
    ਅਜਿਹੀ ਸੋਚ ਕਿਸੇ ਵੀ ਸਮਾਜ ਲਈ ਮਾਰੂ ਸਾਬਤ ਹੋ ਸਕਦੀ ਹੈ ਜਿੱਥੇ ਵੱਡੀ ਗਿਣਤੀ ਘੱਟ ਗਿਆਨਵਾਨ ਲੋਕ ਆਪਣੇ ਆਪ ਨੂੰ ਕਿਸੇ ਵੀ ਹਾਲ ਸਿਰਫ਼ ਨੰਬਰ ਵਨ ਸਾਬਤ ਕਰਨ ਲਈ ਜੁਟੇ ਹੋਣ ਪਰ ਸਮਾਜ ਦੀ ਬਿਹਤਰੀ ਲਈ ਨਾ ਵੱਡੀ ਪੱਧਰ ਉੱਤੇ ਕੰਮ ਹੋ ਰਿਹਾ ਹੋਵੇ ਤੇ ਨਾ ਹੀ ਅਜਿਹੇ ਲੋਕ ਚਿੰਤਿਤ ਹੋਣ!
    ਜਿਹੜਾ ਕੋਈ ਸ਼ਾਂਤਮਈ ਢੰਗ ਨਾਲ ਸਮਾਜ ਲਈ ਕੰਮ ਕਰ ਰਿਹਾ ਹੋਵੇ ਜਾਂ ਗਿਆਨਵਾਨ ਇਨਾਸਾਨ ਚੁੱਪਚਾਪ ਬੈਠਾ ਹੋਵੇ, ਉਸ ਨੂੰ ਭੰਡ ਕੇ ਉਸ ਦੀ ਲੰਮੀ ਲਾਈਨ ਨੂੰ ਛੋਟਿਆਂ ਕਰਨ ਲਈ ਹੁੱਲੜਬਾਜ਼ੀ ਦਾ ਸਹਾਰਾ ਵੀ ਲਿਆ ਜਾਂਦਾ ਹੈ। ਭੱਦੀ ਬਿਆਨਬਾਜ਼ੀ ਕਰ ਕੇ ਉਸ ਨੂੰ ਨੀਵਾਂ ਵਿਖਾ ਕੇ 'ਥੋਥੇ ਚਨੇ' ਆਪਣੇ ਆਪ ਨੂੰ ਉਸ ਤੋਂ ਉੱਚਾ ਮੰਨ ਕੇ ਪ੍ਰਸੰਨਤਾ ਮਹਿਸੂਸ ਕਰਦੇ ਹਨ।
    ਅਜਿਹੀ ਸੋਚ ਵਾਲੇ ਬੰਦਿਆਂ ਨੂੰ ਵਾਗਾਂ ਪਾਉਣ ਵਾਲੇ ਸਿਆਸਤਦਾਨ ਆਪਣੀਆਂ ਵੋਟਾਂ ਪੱਕੀਆਂ ਕਰਨ ਲਈ ਬਾਖ਼ੂਬੀ ਵਰਤ ਲੈਂਦੇ ਹਨ। ਰੰਗੀਨ ਸੁਫ਼ਨੇ ਵਿਖਾ ਕੇ, ਉੱਚੀਆਂ ਪਦਵੀਆਂ ਤੇ ਚੌਧਰ ਦਾ ਲਾਲਚ ਦੇ ਕੇ ਥੋਥੇ ਚਨਿਆਂ ਨੂੰ ਚਨੇ ਦੇ ਝਾੜ ਉੱਤੇ ਚੜ੍ਹਾ ਦਿੰਦੇ ਹਨ। ਏਸੇ ਕਰਕੇ ਸਮਾਜ ਸੁਧਾਰਕ ਸੋਚ ਕਿਧਰੇ ਹੇਠਾਂ ਦੱਬੀ ਰਹਿ ਜਾਂਦੀ ਹੈ ਤੇ ਚੌਧਰ ਜਮਾਉਣ ਵਾਲੇ ਘੱਟ ਗਿਆਨਵਾਨ ਬੰਦੇ ਆਪਣੀ ਹੈਂਕੜ ਨੂੰ ਪੱਠੇ ਪਾਉਣ ਲਈ ਕਮਜ਼ੋਰ ਵਰਗ ਤੇ ਬੁੱਧੀਜੀਵੀ ਵਰਗ, ਦੁਹਾਂ ਨੂੰ ਦੱਬ ਲੈਂਦੇ ਹਨ।
    ਅਜਿਹੇ ਲੋਕਾਂ ਬਾਰੇ ਗੁਰਬਾਣੀ ਵਿਚ ਕਈ ਵਾਰ ਚੇਤੰਨ ਕੀਤਾ ਗਿਆ ਹੈ।
    ''ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ।
    ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ।
    ਨਾਨਕ ਨਾਮ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ॥ (ਅੰਗ 1410)
    ''ਨਹ ਨਿੰਦਿਆ ਨਹੁ ਉਸਤਤਿ ਜਾ ਕੈ ਲੋਭੁ ਮੋਹਿ ਅਭਿਮਾਨਾ।
    ਹਰਖ ਸੋਖ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ।
    ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ।
    ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ।''
                         (ਅੰਗ 633)
    ਹੁਣ ਇਸ ਤੋਂ ਵਧ ਗੁਰੂ ਸਾਹਿਬ ਸਾਨੂੰ ਕੀ ਸਮਝਾਉਣ? ਜੇ ਹਾਲੇ ਵੀ ਕੋਈ ਬ੍ਰਹਮ ਗਿਆਨੀ ਅਜਿਹੇ ਮੂਰਖਾਂ ਜਾਂ ਥੋਥੇ ਚਨਿਆਂ ਕਾਰਨ ਦੁਖੀ ਮਹਿਸੂਸ ਕਰ ਰਿਹਾ ਹੈ ਤਾਂ ਇਹ ਤੁਕਾਂ ਸਪਸ਼ਟ ਕਰ ਦੇਣਗੀਆਂ :-
    ''ਮੰਦਾ ਕਿਸੈ ਨ ਆਖੀਐ ਪੜਿ ਅਖਰੁ ਏਹੋ ਬੁਝੀਐ।
    ਮੂਰਖੈ ਨਾਲਿ ਨ ਲੁਝੀਐ।''
        (ਅੰਗ 473)
    ਸੋ ਅੱਗੇ ਤੋਂ ਜੇ ਕੋਈ ਆਪਣਾ ਅੱਧ ਪਚੱਧ ਗਿਆਨ ਤੁਹਾਡੇ ਉੱਤੇ ਲਾਗੂ ਕਰਨ ਦੀ ਕੋਸ਼ਿਸ਼ ਕਰਦਾ ਦਿਸੇ ਤਾਂ ਚੁੱਪਚਾਪ ਕਿਨਾਰਾ ਕਰ ਲੈਣਾ ਹੀ ਠੀਕ ਰਹੇਗਾ। ਪਰ, ਕਿਸੇ ਵੀ ਹਾਲ ਵਿਚ ਢਹਿੰਦੀ ਕਲਾ ਵੱਲ ਨਹੀਂ ਜਾਣਾ ਚਾਹੀਦਾ ਕਿਉਂਕਿ ਚੜ੍ਹਦੇ ਸੂਰਜ ਨੂੰ ਹਨ੍ਹੇਰਾ ਹਮੇਸ਼ਾ ਲਈ ਢਕ ਨਹੀਂ ਸਕਦਾ ਤੇ ਨਾ ਹੀ ਲੋਕ ਹਮੇਸ਼ਾ ਹਨ੍ਹੇਰੇ ਵਿਚ ਰਹਿਣਾ ਪਸੰਦ ਕਰਦੇ ਹਨ!   

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

17 June 2018