Dr Harshinder Kaur

ਬੋਹੜ ਦੇ ਥੱਲੇ ਇਕ ਹੋਰ ਬੋਹੜ - ਖੁੱਡੀਆਂ ਪਰਿਵਾਰ - ਡਾ. ਹਰਸ਼ਿੰਦਰ ਕੌਰ, ਐੱਮ.ਡੀ.,

ਖ਼ਾਲਸਾ ਕਾਲਜ ਅੰਮ੍ਰਿਤਸਰ ਨਾਲ ਮੇਰਾ ਬੜਾ ਗੂੜ੍ਹਾ ਸੰਬੰਧ ਹੈ। ਮੇਰੇ ਨਾਨਾ ਜੀ, ਪ੍ਰੋ. ਸਾਹਿਬ ਸਿੰਘ, ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਅਤੇ ਮੈਂ ਵੀ ਉਸੇ ਕਾਲਜ ਨਾਲ ਜੁੜੀ ਰਹੀ ਹਾਂ। ਪ੍ਰੀ. ਮੈਡੀਕਲ ਦੀ ਪੜ੍ਹਾਈ ਮੈਂ ਉਸੇ ਕਾਲਜ ਵਿੱਚੋਂ ਕੀਤੀ ਸੀ। ਅਨੇਕ ਵਾਰ ਮੈਂ ਖ਼ਾਲਸਾ ਕਾਲਜ ਵਿਚਲਾ ਉਹ ਘਰ ਵੇਖਿਆ ਜਿੱਥੇ ਮੇਰੇ ਮੰਮੀ, ਮੇਰੇ ਨਾਨਾ ਜੀ ਦੇ ਘਰ ਬਚਪਨ ਵਿਚ ਖੇਡਿਆ ਕਰਦੇ ਸਨ। ਇਸੇ ਲਈ ਖ਼ਾਲਸਾ ਕਾਲਜ ਨਾਲ ਜੁੜੇ ਹਰ ਬੰਦੇ ਨਾਲ ਮੈਨੂੰ ਅਪਣਤ ਮਹਿਸੂਸ ਹੁੰਦੀ ਹੈ।
    ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਵੀ ਖ਼ਾਲਸਾ ਕਾਲਜ ਹੀ ਪੜ੍ਹੇ ਸਨ। ਸਰਲ ਸੁਭਾਅ ਅਤੇ ਚਿਹਰੇ ਉੱਤੇ ਹਲਕੀ ਮੁਸਕਾਨ ਵਾਲੀ ਪਛਾਣ ਪਿੱਛੇ ਗਹਿਰ ਗੰਭੀਰ ਸੋਚ ਦੇ ਮਾਲਕ ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੀ ਹਰਮਨ ਪਿਆਰਤਾ ਇੱਥੋਂ ਸਿੱਧ ਹੋ ਜਾਂਦੀ ਹੈ ਕਿ ਹਰਚਰਨ ਸਿੰਘ ਬਰਾੜ ਜੀ ਨੂੰ 1,57,000 ਤੋਂ ਵੱਧ ਵੋਟਾਂ ਨਾਲ ਹਰਾ ਕੇ ਲੋਕਾਂ ਨੇ ਇਨ੍ਹਾਂ ਨੂੰ ਜਿਤਾਇਆ ਸੀ।
    ਲੋਕ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਿਆਂ ਇੱਕ ਦਰਵੇਸ਼ ਸਿਆਸਤਦਾਨ ਹੀ ਆਖਦੇ ਹਨ।
    ਸ੍ਰ. ਫੁੰਮਣ ਸਿੰਘ ਤੇ ਮਾਤਾ ਪੰਜਾਬ ਕੌਰ ਦੇ ਸਪੁੱਤਰ ਜਗਦੇਵ ਸਿੰਘ ਜੀ ਨੂੰ ਕਿਤਾਬੀ ਕੀੜਾ ਵੀ ਕਿਹਾ ਜਾਂਦਾ ਸੀ ਕਿਉਂਕਿ ਕਿਤਾਬਾਂ ਪੜ੍ਹਨ ਦੀ ਉਨ੍ਹਾਂ ਨੂੰ ਏਨੀ ਚੇਟਕ ਸੀ ਕਿ ਸੜਕ ਕਿਨਾਰੇ ਵੀ ਉਨ੍ਹਾਂ ਦੀ ਨਜ਼ਰੀਂ ਚੰਗੀਆਂ ਕਿਤਾਬਾਂ ਪੈ ਜਾਂਦੀਆਂ ਤਾਂ ਉੱਥੇ ਹੀ ਗੋਡੀਂ ਭਾਰ ਬਹਿ ਕੇ ਪੜ੍ਹਨਾ ਸ਼ੁਰੂ ਕਰ ਦਿੰਦੇ। ਉਨ੍ਹਾਂ ਦੀ ਸਾਦਗੀ ਦੀ ਸਿਖ਼ਰ ਇਹ ਸੀ ਕਿ ਕਿਤਾਬਾਂ ਦੇ ਖ਼ਰੀਦੇ ਢੇਰ ਨੂੰ ਦੋਹਾਂ ਹੱਥਾਂ ਨਾਲ ਚੁੱਕ ਤੇ ਕੁੱਝ ਕੱਛ ਵਿਚ ਫਸਾ ਕੇ ਪੈਦਲ ਹੀ ਬਸ ਫੜਨ ਲਈ ਤੁਰ ਪੈਂਦੇ।
    ਅੱਜ ਦੇ ਦਿਨ ਸੋਚ ਕੇ ਅਜੀਬ ਲੱਗਦਾ ਹੈ ਕਿ ਪੰਜਾਬ ਮੰਡੀਕਰਨ ਬੋਰਡ ਦੇ ਚੇਅਰਮੈਨ ਵਜੋਂ ਨਿਯੁਕਤ ਹੋਏ ਜਗਦੇਵ ਜੀ ਆਪਣੀ ਸਰਕਾਰੀ ਕਾਰ ਛੱਡ ਕਿਤਾਬਾਂ ਚੁੱਕ ਸਰਕਾਰੀ ਬਸ ਉੱਤੇ ਸਫਰ ਕਰਦੇ ਰਹਿੰਦੇ ਸਨ।
    ਅਕਾਲੀ ਸਰਕਾਰ ਵਿਚ ਉਨ੍ਹਾਂ ਦਾ ਅਕਸ ਬਹੁਤ ਨਿਖਰ ਕੇ ਲੋਕਾਂ ਵਿਚ ਗਿਆ ਤੇ ਲੋਕ ਉਨ੍ਹਾਂ ਨੂੰ ਵੇਖ ਕੇ ਇੱਜ਼ਤ ਨਾਲ ਸਿਰ ਝੁਕਾ ਲੈਂਦੇ ਸਨ। ਕਾਰ ਵਿਚ ਵੀ ਜਾਣਾ ਹੁੰਦਾ ਤਾਂ ਗੰਨਮੈਨ ਨੂੰ ਜ਼ਿਆਦਾਤਰ ਨਾਲ ਨਹੀਂ ਸਨ ਲੈ ਕੇ ਜਾਂਦੇ।
    ਬਚਪਨ ਵਿਚ ਸ੍ਰ. ਜਗਦੇਵ ਜੀ ਮਾ. ਤਾਰਾ ਸਿੰਘ ਜੀ ਤੋਂ ਬਹੁਤ ਪ੍ਰਭਾਵਿਤ ਸਨ ਪਰ ਆਪਣੇ ਪਿਤਾ ਤੋਂ ਗੁਰਬਾਣੀ ਦੀ ਲੱਗੀ ਚੇਟਕ ਨੂੰ ਉਨ੍ਹਾਂ ਕਈ ਵਾਰ ਦੁਹਰਾਇਆ। ਜਦੋਂ ਸ਼ਾਮ ਪੈਣੀ ਤਾਂ ਪਿਤਾ ਸ੍ਰ. ਫੁੰਮਣ ਸਿੰਘ ਬੱਚਿਆਂ ਨੂੰ 'ਵਾਹਿਗੁਰੂ' ਚੇਤੇ ਕਰਦੇ ਰਹਿਣ ਲਈ ਇੱਕ ਆਨਾ ਦੇ ਦਿੰਦੇ। ਜਿਸ ਬੱਚੇ ਨੇ ਦੇਰ ਰਾਤ ਤਕ ਇਹ ਜਾਰੀ ਰੱਖਣਾ ਤਾਂ ਉਸ ਨੂੰ ਚੁਆਨੀ ਮਿਲ ਜਾਣੀ।
    ਮਾਂ ਪੰਜਾਬ ਕੌਰ ਭਾਵੇਂ ਅਨਪੜ੍ਹ ਸਨ, ਪਰ ਰੋਜ਼ ਤਿੰਨ ਵਾਰ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਦੇ ਅਤੇ ਗੁਰਬਾਣੀ ਨਾਲ ਪੁੱਤਰਾਂ ਨੂੰ ਜੋੜਨ ਵਿਚ ਅਹਿਮ ਭੂਮਿਕਾ ਨਿਭਾਉਂਦੇ ਰਹੇ।
    
    ਅਜਿਹੇ ਮਾਹੌਲ ਵਿੱਚੋਂ ਅੰਮ੍ਰਿਤ ਛਕ ਸੱਚੇ ਸੁੱਚੇ ਸਿੱਖ ਸਜੇ ਜਗਦੇਵ ਸਿੰਘ ਜੀ ਨੂੰ ਝੂਠ ਤੋਂ ਸਖ਼ਤ ਨਫ਼ਰਤ ਸੀ। ਵਿਖਾਵੇ ਵਿਚ ਉਹ ਉੱਕਾ ਹੀ ਵਿਸ਼ਵਾਸ ਨਹੀਂ ਸਨ ਰੱਖਦੇ ਅਤੇ ਹੱਕ ਦਾ ਹੀ ਖਾਣਾ ਪਸੰਦ ਕਰਦੇ ਸਨ ਭਾਵੇਂ ਕਿੰਨੀ ਹੀ ਔਖ ਕੱਟਣੀ ਪਵੇ। ਇਹੀ ਕਾਰਨ ਸੀ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਜਦੋਂ ਲੋਕ ਉਨ੍ਹਾਂ ਘਰ ਅਫ਼ਸੋਸ ਕਰਨ ਗਏ ਤਾਂ ਉਨ੍ਹਾਂ ਦਾ ਘਰ ਹੀ ਮੂੰਹੋਂ ਆਪ ਮੁਹਾਰੇ ਬੋਲ ਕੇ ਦੱਸਦਾ ਸੀ ਕਿ ਸਰਪੰਚ ਤੋਂ ਲੈ ਕੇ ਮੰਡੀਕਰਨ ਬੋਰਡ ਦੇ ਚੇਅਰਮੈਨ ਤੱਕ ਪਹੁੰਚੀ ਇਹ ਮਹਾਨ ਸ਼ਖ਼ਸੀਅਤ ਕਿੰਨੀ ਉੱਚੀ ਸੁੱਚੀ ਸੀ। ਘਰ ਕੱਚਾ, ਚੁਬਾਰੇ ਦੀਆਂ ਕੰਧਾਂ 'ਚੋਂ ਵਗੀਆਂ ਮੀਂਹ ਦੀਆਂ ਧਾਰਾਂ ਅਤੇ ਨੀਵੀ ਬਾਲਿਆਂ ਦੀ ਛੱਤ ਦੇ ਨਾਲ ਬਿਨਾਂ ਤਾਕੀ ਦਾ ਕਮਰਾ ਜਿਸ ਦੇ ਰੋਸ਼ਨਦਾਨ ਕਿਤਾਬਾਂ ਨਾਲ ਤੂਸੇ ਹੋਏ ਸਨ! ਸਿਆਸਤ ਦੇ ਲੇਖੇ ਲਾਈ ਸਾਰੀ ਜ਼ਮੀਨ ਅਤੇ ਲੋੜਵੰਦਾਂ ਲਈ ਵਰਤਿਆ ਸਾਰਾ ਪੈਸਾ ਹੀ ਉਨ੍ਹਾਂ ਵਾਸਤੇ ਲੋਕਾਂ ਦੇ ਮਨਾਂ ਉੱਤੇ ਰਾਜ ਕਰਨ ਦਾ ਰਾਹ ਪਧਰਾ ਕਰਦਾ ਰਿਹਾ ਸੀ।
    ਹਰ ਵੇਲੇ ਉਨ੍ਹਾਂ ਨਾਲ ਇੱਕ ਬ੍ਰੀਫਕੇਸ ਜ਼ਰੂਰ ਹੁੰਦਾ ਸੀ ਜਿਸ ਬਾਰੇ ਲੋਕ ਬਹੁਤ ਕਿਆਸ ਲਾਉਂਦੇ ਕਿ ਇਸ ਵਿਚ ਕੀ ਕੁੱਝ ਭਰਿਆ ਹੋ ਸਕਦਾ ਹੈ! ਉਨ੍ਹਾਂ ਦੇ ਤੁਰ ਜਾਣ ਬਾਅਦ ਜਦੋਂ ਬ੍ਰੀਫਕੇਸ ਖੋਲ੍ਹਿਆ ਗਿਆ ਤਾਂ ਉਸ ਵਿਚ ਨਿਤਨੇਮ ਦਾ ਗੁਟਕਾ ਸਾਹਿਬ ਲੱਭਿਆ। ਸਾਰੇ ਪਿੰਡ ਦੇ ਬੱਚੇ ਵੀ ਉਨ੍ਹਾਂ ਦੀ ਮੌਤ ਬਾਰੇ ਸੁਣ ਕੇ ਜ਼ਾਰੋ-ਜ਼ਾਰ ਰੋਏ ਸਨ ਕਿਉਂਕਿ ਉਹ ਸਾਰੇ ਬੱਚਿਆਂ ਦੇ ਖ਼ਾਸ ਆੜੀ ਸਨ ਅਤੇ ਸਾਰੇ ਉਨ੍ਹਾਂ ਨੂੰ ਪਿਆਰ ਨਾਲ ''ਆੜੀ ਬਾਪੂ'' ਸਦਦੇ ਸਨ।
    ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨਾਲ ਉਨ੍ਹਾਂ ਦੇ ਬਹੁਤ ਨੇੜਲੇ ਸੰਬੰਧ ਸਨ ਕਿਉਂਕਿ ਉਨ੍ਹਾਂ ਨੂੰ ਪੰਜਾਬ ਅਤੇ ਸਿੱਖੀ ਲਈ ਦ੍ਰਿੜ ਇਰਾਦਾ ਰੱਖਣ ਵਾਲੇ ਲੋਕ ਚੰਗੇ ਲੱਗਦੇ ਸਨ।
    ਜੱਥੇਦਾਰ ਜੀ ਦੇ ਪੜਦਾਦਾ ਜੀ ਦਾ ਨਾਂ ਬਾਬਾ ਗੁਲਾਬ ਸਿੰਘ ਸੀ ਤੇ ਉਨ੍ਹਾਂ ਦੇ ਨਾਂ ਉੱਤੇ ਹੀ ਖੁੱਡੀਆਂ ਗੁਲਾਬ ਸਿੰਘ ਪਿੰਡ ਦਾ ਨਾਂ ਹੈ।
    ਅਪਰੇਸ਼ਨ ਬਲੂ ਸਟਾਰ ਨੇ ਜੱਥੇਦਾਰ ਜੀ ਦੇ ਮਨ ਉੱਤੇ ਡੂੰਘੀ ਛਾਪ ਛੱਡੀ ਅਤੇ ਉਹ ਅੰਦਰੋਂ ਕਿਤੇ ਟੁੱਟ ਹੀ ਗਏ ਸਨ।
    ਅੱਤ ਦੀ ਖ਼ੂਬਸੂਰਤ ਲਿਖਾਈ ਦੇ ਮਾਲਕ ਜਗਦੇਵ ਸਿੰਘ ਜੀ ਪੰਜਾਬੀ, ਹਿੰਦੀ, ਅੰਗਰੇਜ਼ੀ ਅਤੇ ਉਰਦੂ ਵਧੀਆ ਤਰੀਕੇ ਜਾਣਦੇ ਸਨ। ਉੱਚ ਕੋਟੀ ਦਾ ਸਾਹਿਤ ਪੜ੍ਹਨਾ ਜਿਸ ਵਿਚ ਟਾਈਮ, ਨਿਊਜ਼ਵੀਕ, ਇੰਡੀਆ ਟੂਡੇ, ਬੇਸਿਕ ਸਾਈਕੌਲੋਜੀ, ਫਾਦਰ ਐਂਡ ਸਨਜ਼ ਸਮੇਤ ਉਰਦੂ ਅਤੇ ਪੰਜਾਬੀ ਦੀਆਂ ਬੇਸ਼ੁਮਾਰ ਕਿਤਾਬਾਂ ਉਨ੍ਹਾਂ ਦੇ ਚੰਡੀਗੜ੍ਹ ਵਾਲੇ ਕਿਰਾਏ ਉੱਤੇ ਲਏ ਘਰ ਵਿਚ ਤੂਸੋ ਤੂਸ ਭਰੀਆਂ ਪਈਆਂ ਸਨ। ਅਣਗਿਣਤ ਕੈਸਟਾਂ ਦੇ ਡੱਬੇ ਭਰੇ ਪਏ ਸਨ ਜਿਨ੍ਹਾਂ ਨੂੰ ਤੁਰਦੇ ਫਿਰਦੇ ਈਅਰਫੋਨ ਲਾ ਕੇ ਸੁਣਦੇ ਰਹਿਣਾ ਉਨ੍ਹਾਂ ਦੀ ਆਦਤ ਸੀ ਕਿ ਫਜ਼ੂਲ ਗੱਲਾਂ ਸੁਣਨ ਜਾਂ ਕਿਸੇ ਦੀ ਬਦਖੋਈ ਕਰਨ ਨਾਲੋਂ ਚੰਗੀ ਗੱਲ ਕੰਨੀਂ ਪੈਣੀ ਬਿਹਤਰ ਹੈ। ਵਕਤ ਦੇ ਪਾਬੰਦ ਅਤੇ ਹੱਦੋਂ ਵੱਧ

ਈਮਾਨਦਾਰ ਹੋਣ ਸਦਕਾ ਉਨ੍ਹਾਂ ਆਪਣੇ ਬੱਚਿਆਂ ਨੂੰ ਵੀ ਵਾਧੂ ਅਤੇ ਬੇਲੋੜੀਆਂ ਮੰਗਾਂ ਤੋਂ ਬਚਾਈ ਰੱਖਿਆ।
    ਇੱਕ ਵਾਰ ਵੱਡੇ ਪੁੱਤਰ ਗੁਰਮੀਤ ਸਿੰਘ ਨੇ ਕਬੱਡੀ ਦੀ ਖੇਡ ਦੌਰਾਨ ਕੇਸ ਕਤਲ ਕਰਵਾ ਲਏ ਤਾਂ ਜਗਦੇਵ ਸਿੰਘ ਜੀ ਨੂੰ ਸਖ਼ਤ ਧੱਕਾ ਲੱਗਿਆ ਪਰ ਮੂੰਹੋਂ ਇੱਕ ਹਰਫ਼ ਵੀ ਮਾੜਾ ਨਾ ਕੱਢਿਆ। ਸਿਰਫ਼ ਪੁੱਤਰ ਵੱਲ ਝਾਕ ਕੇ ਚੰਡੀਗੜ੍ਹ ਕਾਰ ਉੱਤੇ ਲੰਘ ਗਏ। ਤਿੰਨ ਮਹੀਨਿਆਂ ਬਾਅਦ ਵਾਪਸ ਮੁੜੇ ਤਾਂ ਉਦੋਂ ਤੱਕ ਪੁੱਤਰ ਗੁਰਮੀਤ ਨੇ ਪਿਤਾ ਦੀ ਨਜ਼ਰ ਵਿੱਚੋਂ ਹੀ ਸੁਣੇਹਾ ਫੜ ਕੇ ਵਾਪਸ ਕੇਸ ਰੱਖ ਲਏ ਸਨ। ਜਿਸ ਘੁੱਟ ਕੇ ਜੱਫੀ ਨਾਲ ਜੱਥੇਦਾਰ ਜੀ ਨੇ ਪੁੱਤਰ ਨੂੰ ਗਲ ਲਾਇਆ, ਨੈਣਾਂ ਵਿੱਚੋਂ ਨਿਕਲੇ ਨੀਰ ਰਾਹੀਂ ਸਭ ਗਿਲੇ ਸ਼ਿਕਵੇ ਧੋਤੇ ਗਏ।
    ਸੰਨ 1960 ਵਿਚ ਆਪ ਪੰਜਾਬੀ ਸੂਬੇ ਦੇ ਮੋਰਚੇ ਵਿਚ ਲਗਾਤਾਰ ਕੰਮ ਵਿਚ ਜੁਟ ਗਏ ਜਿਸ ਸਦਕਾ ਅਕਾਲੀ ਰਾਜਨੀਤੀ ਵਿਚ ਉਨ੍ਹਾਂ ਨੂੰ ਲੰਬੀ ਇਲਾਕੇ ਦਾ ਜਨਰਲ ਸਕੱਤਰ ਬਣਾ ਦਿੱਤਾ ਗਿਆ ਤੇ ਫਿਰ ਮੁਕਤਸਰ ਵਿਚ ਪ੍ਰਧਾਨ ਵਜੋਂ ਸਥਾਪਿਤ ਹੋ ਗਏ। ਦਿੱਲੀ ਗੁਰਦੁਆਰਿਆਂ ਸੰਬੰਧੀ ਲੱਗੇ ਮੋਰਚਿਆਂ ਵਿਚ ਤਿੰਨ ਮਹੀਨੇ ਜੇਲ ਵਿਚ ਵੀ ਰਹੇ।  15 ਸਤੰਬਰ 1936 ਨੂੰ ਜੰਮੇ ਜੱਥੇਦਾਰ ਜੀ ਸਿਰਫ਼ 53 ਵਰ੍ਹੇ ਦੀ ਉਮਰ ਭੋਗ ਕੇ ਤੁਰ ਗਏ ਤੇ ਉਨ੍ਹਾਂ ਦੀ ਮੌਤ ਵੀ ਰਾਜਨੀਤਕ ਗੰਦਗੀ ਦੀ ਸਿਖ਼ਰ ਉਜਾਗਰ ਕਰ ਗਈ ਕਿ ਕਿਵੇਂ ਇਸ ਦਲਦਲ ਵਿਚ ਸਾਫ਼ ਅਕਸ ਵਾਲੀ ਸ਼ਖ਼ਸੀਅਤ ਨੂੰ 35 ਸਾਲ ਦੇ ਰਾਜਨੀਤਕ ਕਿਰਦਾਰ ਤੋਂ ਦਰ ਕਿਨਾਰ ਕਰ ਦਿੱਤਾ ਜਾਂਦਾ ਹੈ। ਉਹ ਮੌਤ ਸੁਭਾਵਕ ਨਹੀਂ ਸੀ। ਪੋਸਟ ਮਾਰਟਮ ਰਾਹੀਂ ਵੀ ਸਪਸ਼ਟ ਹੋ ਗਿਆ ਕਿ ਉਨ੍ਹਾਂ ਨੂੰ ਮਾਰ ਕੇ ਪਾਣੀ ਵਿਚ ਸੁੱਟਿਆ ਗਿਆ ਪਰ ਹਾਲੇ ਤੱਕ ਉਨ੍ਹਾਂ ਨਾਲ ਹੋਏ ਧੱਕੇ ਦਾ ਨਿਆਂ ਨਹੀਂ ਮਿਲਿਆ।
    ਉਸ ਬੇਦਾਗ਼ ਤੇ ਪਾਕ ਪਵਿੱਤਰ ਰੂਹ ਦੇ ਵੱਡੇ ਸਪੁੱਤਰ ਗੁਰਮੀਤ ਸਿੰਘ ਵੀ ਹੁਣ 32 ਸਾਲਾਂ ਤੋਂ ਸਿਆਸਤ ਵਿਚ ਹਨ।
     ਆਮ ਧਾਰਨਾ ਹੈ ਕਿ ਬੋਹੜ ਦੇ ਹੇਠਾਂ ਕੋਈ ਹੋਰ ਬੋਹੜ ਪਨਪ ਨਹੀਂ ਸਕਦਾ, ਪਰ ਸਿਆਸਤ ਦੇ ਇਸ ਬਾਬਾ ਬੋਹੜ ਦੇ ਹੇਠਾਂ ਇਕ ਹੋਰ ਬੋਹੜ ਉੱਗ ਚੁੱਕਿਆ ਹੈ। ਜਿਸ ਸਿਆਸਤ ਨੇ ਜੱਥੇਦਾਰ ਜਗਦੇਵ ਸਿੰਘ ਜੀ ਨੂੰ ਚੱਬ ਲਿਆ, ਉਸੇ ਸਿਆਸਤ ਦੇ ਇੱਕ ਸਿਆਸੀ ਘਾਗ ਨੂੰ ਢਾਹੁਣਾ ਕੋਈ ਖਾਲਾ ਜੀ ਦਾ ਘਰ ਨਹੀਂ ਸੀ।
    ਦੁਨੀਆ ਨੇ ਵੇਖਿਆ ਕਿ ਇੱਕ ਪਾਸੇ ਪੈਸੇ ਦਾ ਦਰਿਆ ਵਗਿਆ ਅਤੇ ਦੂਜੇ ਪਾਸੇ ਨਿਰੋਲ ਦਿਆਨਤਦਾਰੀ। ਬਜ਼ੁਰਗਾਂ ਦੀਆਂ ਦੁਆਵਾਂ ਅਤੇ ਲੋਕਾਂ ਦਾ ਪਿਆਰ ਇੱਕ ਅਜਿਹੀ ਮਿਸਾਲ ਕਾਇਮ ਕਰ ਗਿਆ ਜਿਸ ਬਾਰੇ ਰਹਿੰਦੀ ਦੁਨੀਆ ਤੱਕ ਗੱਲ ਚੱਲਦੀ ਰਹਿਣੀ ਹੈ। ਜੱਥੇਦਾਰ ਜਗਦੇਵ ਸਿੰਘ ਖੁੱਡੀਆਂ ਦੇ ਵੱਡੇ ਸਪੁੱਤਰ ਗੁਰਮੀਤ ਸਿੰਘ ਖੁੱਡੀਆਂ ਨੇ ਸ੍ਰ. ਪ੍ਰਕਾਸ਼ ਸਿੰਘ ਬਾਦਲ ਵਰਗੇ ਸਿਆਸੀ ਥੰਮ ਨੂੰ ਢਾਹ ਕੇ ਸਾਬਤ ਕਰ ਦਿੱਤਾ ਹੈ ਕਿ ਬੋਹੜ ਹੇਠਾਂ ਇੱਕ ਹੋਰ ਬੋਹੜ ਜ਼ਰੂਰ ਪਨਪ ਸਕਦਾ ਹੈ਼, ਬਸ਼ਰਤੇ ਕਿ ਨੀਅਤ ਸਾਫ਼ ਹੋਵੇ ਅਤੇ ਲਗਨ ਪੱਕੀ ਹੋਵੇ। ਆਉਣ ਵਾਲੇ ਸਮੇਂ ਬਾਰੇ ਤਾਂ ਪਤਾ ਨਹੀਂ ਪਰ ਅੱਜ ਦੇ ਦਿਨ ਜ਼ਰੂਰ ਇਸ ਇਤਿਹਾਸਕ ਜਿੱਤ ਬਾਰੇ ਦੁਨੀਆ ਭਰ ਵਿਚ ਚਰਚਾ ਹੈ। ਸ਼ਾਲਾ ਉਮੀਦ ਕਰਦੇ ਹਾਂ ਕਿ ਗੁਰਮੀਤ ਜੀ ਆਪਣੇ ਪਿਤਾ ਦੇ ਦੱਸੇ ਰਾਹ ਉੱਤੇ ਤੁਰ ਕੇ ਨਵੀਂ ਮਿਸਾਲ ਕਾਇਮ ਕਰਨਗੇ।
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਜਸ਼ਨ-ਏ-ਆਜ਼ਾਦੀ - ਡਾ. ਹਰਸ਼ਿੰਦਰ ਕੌਰ, ਐਮ. ਡੀ.

      
ਆਜ਼ਾਦੀ ਦੌਰਾਨ ਸ਼ਹੀਦ ਹੋਏ ਫੌਜੀਆਂ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਉਨ੍ਹਾਂ ਸਦਕਾ ਹੀ ਇਹ ਦਿਨ ਵੇਖਣਾ ਨਸੀਬ ਹੋਇਆ ਹੈ। ਉਨ੍ਹਾਂ ਸ਼ਹੀਦਾਂ ਦੇ ਟੱਬਰਾਂ ਦਾ ਦੇਣਾ ਵੀ ਨਹੀਂ ਦਿੱਤਾ ਜਾ ਸਕਦਾ, ਜਿਨ੍ਹਾਂ ਨੇ ਆਪਣਾ ਵਿਹੜਾ ਸੱਖਣਾ ਕਰ ਕੇ ਸਾਡਾ ਵਿਹੜਾ ਆਬਾਦ ਕੀਤਾ ਹੈ।
ਇਨ੍ਹਾਂ ਦੇ ਨਾਲ ਕੁੱਝ ਹੋਰ ਅਣਕਹੀਆਂ ਅਤੇ ਅਣਸੁਣੀਆਂ ਮੌਤਾਂ ਜੋ ਆਜ਼ਾਦੀ ਲਈ ਪਰਵਾਨ ਹੋਈਆਂ, ਉਨ੍ਹਾਂ ਦਾ ਜ਼ਿਕਰ ਕਦੇ ਨਹੀਂ ਹੁੰਦਾ। ਹੁਣ ਤਕ ਦੇ ਮਨਾਏ ਆਜ਼ਾਦੀ ਦੇ ਜਸ਼ਨਾਂ ਵਿਚ ਉਨ੍ਹਾਂ ਦਾ ਕਦੇ ਵੀ ਜ਼ਿਕਰ ਨਹੀਂ ਕੀਤਾ ਗਿਆ। ਮੈਂ ਉਨਾਂ ਦੀ ਯਾਦ ਦਵਾਉਣ ਦਾ ਹੀਆ ਕੀਤਾ ਹੈ। ਜਿਸ ਨੇ ਬੀ.ਬੀ.ਸੀ ਉੱਤੇ ਇਸ ਪ੍ਰੋਗਰਾਮ ਵਿਚਲੇ ਤੱਥ ਅਤੇ ਅੰਕੜੇ ਨਾ ਵੇਖੇ ਹੋਣ, ਉਨ੍ਹਾਂ ਨੂੰ ਮੈਂ ਦਸ ਦਿਆਂ ਕਿ :-
1.    ਸੰਨ 1947 ਦੀ ਭਾਰਤ ਪਾਕ ਵਿਚਲੀ ਵੰਡ ਦੌਰਾਨ ਦੁਨੀਆਂ ਭਰ ਵਿਚਲੀਆਂ ਸਾਰੀਆਂ ਆਜ਼ਾਦੀ ਦੀਆਂ ਜੰਗਾਂ ਤੋਂ ਵੱਧ ਲੋਕ ਘਰੋਂ ਬੇਘਰ ਹੋਏ।
2.    ਇਹ ਗਿਣਤੀ ਸਾਢੇ 14 ਮਿਲੀਅਨ ਲੋਕਾਂ ਤੋਂ ਵੀ ਵੱਧ ਸਾਬਤ ਹੋਈ ਹੈ ਜਿਸ ਵਿਚ ਹਿੰਦੂ, ਸਿੱਖ ਅਤੇ ਮੁਸਲਮਾਨ ਸ਼ਾਮਲ ਹਨ।
3.    ਇਸ ਦੌਰਾਨ ਗਿਣੀਆਂ ਜਾ ਚੁੱਕੀਆਂ ਅਤੇ ਰਿਪੋਰਟ ਹੋਈਆਂ 93,000 ਔਰਤਾਂ ਨੂੰ ਮਧੋਲਿਆ ਅਤੇ ਅਗਵਾ ਕੀਤਾ ਗਿਆ। ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਲੱਗਿਆ ਤੇ ਸਿਰਫ਼ ਟੋਟੇ ਹੀ ਲੱਭੇ ਜਾਂ ਪੂਰੇ ਦੇ ਪੂਰੇ ਟੱਬਰ ਫ਼ਨਾਹ ਹੋ ਗਏ, ਉਹ ਇਸ ਗਿਣਤੀ ਵਿਚ ਸ਼ਾਮਲ ਨਹੀਂ ਹਨ।
4.    ਇਨ੍ਹਾਂ ਔਰਤਾਂ ਦਾ ਸਿਰਫ਼ ਜ਼ਬਰਜਿਨਾਹ ਅਤੇ ਕਤਲ ਹੀ ਨਹੀਂ ਕੀਤਾ ਗਿਆ, ਬਲਕਿ ਇਨ੍ਹਾਂ ਵਿਚੋਂ ਲਗਭਗ 15 ਹਜ਼ਾਰ ਨੂੰ ਨੌਕਰਾਣੀ, ਬੰਧੂਆ ਮਜੂਰ ਜਾਂ ਰਖ਼ੈਲ ਬਣਨ ਲਈ ਮਜ਼ਬੂਰ ਕੀਤਾ ਗਿਆ ਅਤੇ ਕੁੱਝ ਨੂੰ ਕੋਠੇ ਉੱਤੇ ਬਿਠਾ ਦਿੱਤਾ ਗਿਆ।
5.    ਜਿਹੜੀਆਂ ਔਰਤਾਂ ਦਾ ਜਬਰਜ਼ਨਾਹ ਕਰਨ ਬਾਅਦ ਜ਼ਿੰਦਾ ਰੱਖਿਆ ਗਿਆ, ਉਸ ਦਾ ਵੀ ਕਾਰਣ ਸੀ। ਇਨ੍ਹਾਂ ਵਿੱਚੋਂ ਕਈਆਂ ਦੇ ਸਰੀਰ ਉੱਤੇ ਗਰਮ ਲੋਹੇ ਨਾਲ 'ਪਾਕਿਸਤਾਨ ਜ਼ਿੰਦਾਬਾਦ' ਅਤੇ ਕਈਆਂ ਉੱਤੇ 'ਹਿੰਦੁਸਤਾਨ ਜ਼ਿੰਦਾਬਾਦ' ਦੇ ਪੱਕੇ ਠੱਪੇ ਲਾ ਕੇ ਦੂਜੇ ਮੁਲਕ ਨੂੰ ਸ਼ਰਮਸਾਰ ਕਰਨ ਲਈ ਇਨ੍ਹਾਂ ਨੂੰ ਵਰਤਿਆ ਗਿਆ ਕਿ ਜਦੋਂ ਵੀ ਇਹ ਆਪਣੇ ਮੁਲਕ ਵਾਪਸ ਜਾਣ ਤਾਂ ਉਹ ਲੋਕ ਦੂਜੇ ਮੁਲਕ ਦੀ ਪੱਕੀ ਮੋਹਰ ਵੇਖਣ!
6.    ਦੁਸ਼ਮਨੀ ਦਾ ਆਲਮ ਇਹ ਸੀ ਕਿ ਜਿਹੜੀਆਂ ਔਰਤਾਂ ਮਰਨ ਨੂੰ ਤਰਜੀਹ ਦੇਣ, ਉਨ੍ਹਾਂ ਦੇ ਮੁਰਦਾ ਸਰੀਰ ਵੀ ਆਪਣੇ ਮੁਲਕ ਇਹੋ ਸੁਨੇਹਾ ਪਹੁੰਚਾਉਣ। ਇਸੇ ਲਈ ਕੋਈ ਔਰਤ ਛੱਡੀ ਹੀ ਨਹੀਂ ਗਈ!
7.    ਯਾਸਮੀਨ ਖ਼ਾਨ ਨੇ ਵੰਡ ਬਾਰੇ ਲਿਖੀ ਕਿਤਾਬ ਵਿਚ ਸਪਸ਼ਟ ਕੀਤਾ ਹੈ ਕਿ ਔਰਤਾਂ ਉੱਤੇ ਅਤਿ ਦੇ ਜ਼ੁਲਮ ਇਸ ਲਈ ਢਾਹੇ ਗਏ ਕਿ ਭਾਰਤੀਆਂ ਨੂੰ ਜ਼ਲੀਲ ਕੀਤਾ ਜਾ ਸਕੇ। ਔਰਤਾਂ ਨੂੰ ਜਬਰੀ ਮੁਸਲਮਾਨ ਧਰਮ ਵਿਚ ਸ਼ਾਮਲ ਕਰ ਕੇ ਹਿੰਦੂ ਧਰਮ ਦਾ ਨਾਮੋ ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ।
8.    ਇੰਗਲੈਂਡ ਵਿਖੇ ਡੀਮੋਂਟ ਫੋਰਟ ਯੂਨੀਵਰਸਿਟੀ ਦੀ ਪ੍ਰੋਫੈਸਰ ਪੀਪਾ ਵਿਰਦੀ ਨੇ ਪੁਰਾਣੇ ਰਿਕਾਰਡ ਅਤੇ ਤਸਵੀਰਾਂ ਇਕੱਠੀਆਂ ਕਰਕੇ ਅਤੇ ਘੁੰਮ ਫਿਰ ਕੇ ਲੋਕਾਂ ਦੀਆਂ ਇੰਟਰਵਿਊ ਕਰ ਕੇ ਜੋ ਤੱਥ ਪੇਸ਼ ਕੀਤੇ ਹਨ, ਉਹ ਦਿਲ ਕੰਬਾਊ ਹਨ।
ਜਿਵੇਂ ਹਰ ਜਿੱਤ ਦੀ ਟਰਾਫ਼ੀ ਸਾਂਭੀ ਜਾਂਦੀ ਹੈ, ਇਸੇ ਤਰ੍ਹਾਂ ਭਾਰਤੀਆਂ ਅਤੇ ਪਾਕਿਸਤਾਨੀਆਂ ਨੇ, ਦੂਜੇ ਮੁਲਕ ਦੀਆਂ ਔਰਤਾਂ ਦੇ ਸਰੀਰਾਂ ਨੂੰ ਟਰਾਫ਼ੀਆਂ ਬਣਾ ਕੇ ਸਾਂਭਿਆ।
2
ਪਹਿਲਾਂ ਔਰਤਾਂ ਨੂੰ ਰੱਜ ਕੇ ਜ਼ਲੀਲ ਕਰ ਕੇ, ਜਿੰਨਿਆਂ ਵੱਲੋਂ ਹੋ ਸਕਦਾ, ਜਬਰਜ਼ਨਾਹ ਕਰ ਕੇ, ਫੇਰ ਉਨ੍ਹਾਂ ਦੀ ਛਾਤੀ ਕਟ ਦਿੱਤੀ ਜਾਂਦੀ। ਉਸਤੋਂ ਬਾਅਦ ਸਾਰੇ ਸਰੀਰ ਦੇ ਮਾਸ ਨੂੰ ਦੰਦਾਂ ਨਾਲ ਵੱਢ ਟੁੱਕ ਕੇ ਲਾਹਿਆ ਜਾਂਦਾ (ਜੋ ਕਿ ਮੁਰਦਾ ਸਰੀਰਾਂ ਉੱਤੇ ਦੰਦਾਂ ਨੇ ਨਿਸ਼ਾਨਾਂ ਤੋਂ ਸਪਸ਼ਟ ਹੋ ਚੁੱਕਿਆ ਹੈ)। ਫੇਰ ਗਰਮ ਲੋਹੇ ਨਾਲ 'ਪਾਕਿਸਤਾਨ ਜ਼ਿੰਦਾਬਾਦ' ਜਾਂ 'ਹਿੰਦੁਸਤਾਨ ਜ਼ਿੰਦਾਬਾਦ' ਦੀ ਮੋਹਰ ਲਾਈ ਜਾਂਦੀ। ਕਈਆਂ ਦੇ ਸਰੀਰਾਂ ਉੱਤੇ ਇਕ ਦੂਜੇ ਪ੍ਰਤੀ ਕੱਢੀਆਂ ਗਾਲ੍ਹਾਂ ਛਾਪ ਦਿੱਤੀਆਂ ਜਾਂਦੀਆਂ। ਫੇਰ ਬਾਹਵਾਂ ਕੱਟੀਆਂ ਜਾਂਦੀਆਂ ਤੇ ਉਸ ਤੋਂ ਬਾਅਦ ਖਿੱਚ ਕੇ ਲੱਤਾਂ ਜੋੜ ਵਿੱਚੋਂ ਕੱਢ ਕੇ ਵੱਢੀਆਂ ਜਾਂਦੀਆਂ। ਅਖ਼ੀਰ ਵਿਚ ਸਿਰ ਧੜ ਤੋਂ ਅਲੱਗ ਕੀਤਾ ਜਾਂਦਾ। ਅਜਿਹੇ ਬਾਕੀ ਬਚੇ ਧੜ ਨੂੰ ਜਿੱਤ ਦੀ ਟਰਾਫ਼ੀ ਵਜੋਂ ਸਾਂਭਿਆ ਜਾਂਦਾ ਕਿ ਅਸੀਂ ਦੂਜੇ ਮੁਲਕ ਦੇ ਲੋਕਾਂ ਉੱਤੇ ਜਿੱਤ ਹਾਸਲ ਕਰਕੇ ਆਪਣਾ ਬਦਲਾ ਲਾਹ ਲਿਆ ਹੈ।
9.    ਆਪਣੇ ਆਪ ਨੂੰ ਇਸ ਜ਼ਲਾਲਤ ਤੋਂ ਬਚਾਉਣ ਲਈ ਸੈਂਕੜੇ ਔਰਤਾਂ ਨੇ ਖੂਹ ਵਿਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ।
10.    ਰਿਤੂ ਮੈਨਨ ਤੇ ਕਮਲਾ ਭਸੀਨ ਨੇ ਅੱਖੀਂ ਵੇਖੀਆਂ ਗੱਲਾਂ ਬਿਆਨ ਕਰਦਿਆਂ ਕਿਹਾ ਕਿ ਜਿਨ੍ਹਾਂ ਔਰਤਾਂ ਦੇ ਸਰੀਰਾਂ ਉੱਤੇ 'ਪਾਕਿਸਤਾਨ ਜ਼ਿੰਦਾਬਾਦ' ਜਾਂ 'ਜੈ ਹਿੰਦ' ਗਰਮ ਲੋਹੇ ਨਾਲ ਛਾਪਿਆ ਗਿਆ ਸੀ, ਉਨ੍ਹਾਂ ਦੇ ਸਰੀਰਾਂ ਦੀ ਬਚੀ ਖੁਚੀ ਚਮੜੀ ਉੱਤੇ ਏਨੇ ਭਿਆਨਕ ਦੰਦਾਂ ਦੇ ਨਿਸ਼ਾਨ ਸਨ ਕਿ ਜਾਨਵਰ ਵੀ ਸ਼ਾਇਦ ਇੰਜ ਨਾ ਚੱਬਦੇ ਜਿਵੇਂ ਇਨਸਾਨ ਰੂਪੀ ਹੈਵਾਨਾਂ ਨੇ ਚੂੰਡਿਆ ਹੋਇਆ ਸੀ।
11.    ਸ਼ੇਖੂਪੁਰਾ ਦੇ ਇਕ ਡਾਕਟਰ ਨੇ ਮੈੈਨਨ ਅਤੇ ਭਸੀਨ ਨੂੰ ਦੱਸਿਆ ਕਿ ਜਿੰਨੇ ਕੇਸ ਰਿਫਿਊਜੀ ਕੈਂਪਾਂ ਵਿਚੋਂ ਚੁੱਕੀਆਂ ਔਰਤਾਂ ਦੀ ਛਾਤੀ ਵੱਢਣ ਤੋਂ ਬਾਅਦ ਉਸ ਕੋਲ ਲਿਆਏ ਗਏ, ਉਨ੍ਹਾਂ ਵਿਚੋਂ ਇਕ ਵੀ ਔਰਤ ਬਚਾਈ ਨਹੀਂ ਜਾ ਸਕੀ, ਕਿਉਂਕਿ ਉਸ ਵਿੱਚ ਕੁੱਝ ਬਚਾਉਣ ਜੋਗਾ ਛੱਡਿਆ ਹੀ ਨਹੀਂ ਸੀ ਗਿਆ।
12.    ਸੰਨ 1950 ਵਿਚ ਮੈਨਨ ਤੇ ਭਸੀਨ ਨੇ ਸਰਕਾਰੀ ਅੰਕੜਿਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ 50,000 ਔਰਤਾਂ ਦਾ ਭਾਰਤ ਵਿਚ ਅਤੇ 33,000 ਔਰਤਾਂ ਨੂੰ ਪਾਕਿਸਤਾਨ ਵਿਚ ਜਬਰਜ਼ਨਾਹ ਕਰ ਕੇ ਤਸੀਹੇ ਦੇ ਕੇ ਮਾਰ ਘੱਤਿਆ ਗਿਆ। ਪਰ ਔਰਤਾਂ ਵਾਸਤੇ ਕੰਮ ਕਰ ਰਹੇ ਰੀਹੈਬਿਲੀਟੇਸ਼ਨ ਸੈਂਟਰ ਵਿਚ ਲੱਗੇ ਲੋਕਾਂ ਨੇ ਸਪਸ਼ਟ ਕੀਤਾ ਕਿ ਪਾਕਿਸਤਾਨ ਵਿਚ ਇਹ ਗਿਣਤੀ ਕਿਤੇ ਵੱਧ ਹੈ ਤੇ ਲਗਭਗ ਇਕ ਲੱਖ 25,000 ਔਰਤਾਂ ਨਿਰਵਸਤਰ ਕਰ ਕੇ ਕਤਲ ਕੀਤੀਆਂ ਗਈਆਂ ਤੇ ਕਾਫ਼ਲਿਆਂ ਉੱਤੇ ਹਮਲੇ ਕਰਕੇ ਚੁੱਕੀਆਂ ਔਰਤਾਂ ਦਾ ਤਾਂ ਨਾਮੋ ਨਿਸ਼ਾਨ ਹੀ ਨਹੀਂ ਲੱਭਿਆ। ਕਿਸੇ ਦੀ ਇਕ ਬਾਂਹ ਤੇ ਕਿਸੇ ਦੀ ਇਕ ਲੱਤ ਹੀ ਮਿਲੀ ਜੋ ਐਵੇਂ ਹੀ ਦਫ਼ਨ ਕਰ ਦਿੱਤੀਆਂ ਗਈਆਂ।
13.    ਕਮਲਾਬੇਨ ਪਟੇਲ ਨੇ ਦੱਸਿਆ ਕਿ ਉਸ ਨੇ ਵੰਡ ਤੋਂ 8 ਸਾਲ ਬਾਅਦ ਤਕ 20,728 ਚੁੱਕੀਆਂ ਗਈਆਂ ਔਰਤਾਂ ਨਾਲ ਕੰਮ ਕੀਤਾ, ਜਿਨ੍ਹਾਂ ਵਿੱਚੋਂ 600 ਵਾਪਸ ਭੇਜੀਆਂ ਗਈਆਂ। ਉਸ ਦੱਸਿਆ ਕਿ ਬਥੇਰੀਆਂ ਔਰਤਾਂ ਜੋ ਵਾਪਸ ਪਹੁੰਚੀਆਂ, ਉਨ੍ਹਾਂ ਦੱਸਿਆ ਕਿ ਪਾਕਿਸਤਾਨੀ ਫੌਜੀਆਂ ਨੇ ਉਨ੍ਹਾਂ ਨੂੰ ਕਈ ਕਈ ਦਿਨ ਭੁੱਖੇ ਰੱਖ ਕੇ ਰੋਜ਼ ਸਾਰਿਆਂ ਵੱਲੋਂ ਜਬਰਜ਼ਨਾਹ ਕਰਨ ਬਾਅਦ ਹੀ ਵਾਪਸ ਭਾਰਤ ਭੇਜਿਆ ਹੈ।
14.    ਇਹ ਵੀ ਉਦੋਂ ਪਤਾ ਲੱਗਿਆ ਕਿ ਕਈ ਪਿਓਆਂ ਨੇ ਆਪਣੀਆਂ ਧੀਆਂ, ਮਾਵਾਂ, ਭੈਣਾਂ ਨੂੰ ਅਜਿਹੇ ਹਾਲਾਤ ਵਿੱਚੋਂ ਲੰਘਣ ਨਾਲੋਂ ਆਪ ਹੀ ਸਿਰ ਵੱਢ ਕੇ ਜਾਂ ਅੱਗ ਵਿਚ ਸਾੜ ਕੇ ਮਾਰ ਮੁਕਾ ਦਿੱਤਾ।
15.    ਇਨ੍ਹਾਂ ਤੋਂ ਇਲਾਵਾ ਵੀ ਕਈਆਂ ਨੇ ਖੁਲਾਸਾ ਕੀਤਾ ਕਿ ਕਿਵੇਂ ਨਿਰਵਸਤਰ ਕਰਕੇ ਪੁੱਠੇ ਟੰਗ ਕੇ ਉਨ੍ਹਾਂ ਉੱਤੇ ਤਸ਼ੱਦਦ ਢਾਹੇ ਗਏ। ਕਈਆਂ ਨੇ ਤਾਂ ਇਸ ਤੋਂ ਵੀ ਬਦਤਰ ਹਾਲਾਤ ਵੇਖੇ ਅਤੇ ਮੂੰਹ ਖੋਲ੍ਹਣ ਦੀ ਹਾਲਤ ਵਿਚ ਹੀ ਨਹੀਂ ਸਨ, ਕਿਉਂਕਿ ਉਨ੍ਹਾਂ ਦਾ ਮਾਨਸਿਕ ਸੰਤੁਲਨ ਵਿਗੜ ਚੁੱਕਿਆ ਸੀ।
16.    ਜਿੰਨਾ ਵੱਧ ਤਸ਼ੱਦਦ ਢਾਹ ਕੇ ਔਰਤ ਵੱਢੀ ਜਾਂਦੀ, ਓਨੀ ਭਾਰੀ ਜਿੱਤ ਤੇ ਓਨੀ ਹੀ ਵੱਡੀ ਟਰਾਫ਼ੀ ਮੰਨ ਕੇ ਉਸ ਦੇ ਬਚੇ ਖੁਚੇ ਟੋਟੇ ਸਾਂਭੇ ਜਾਂਦੇ।
3
ਇਸ ਤੋਂ ਇਲਾਵਾ ਵੀ ਏਨਾ ਕੁੱਝ ਹੈ, ਜਿਸ ਨੂੰ ਪੜ੍ਹ ਸੁਣ ਕੇ ਹੀ ਮੇਰਾ ਦਿਮਾਗ ਸੁੰਨ ਹੋ ਚੁੱਕਿਆ ਹੈ ਤੇ ਮੇਰੀ ਕਲਮ ਵਿਚ ਉਸ ਨੂੰ ਬਿਆਨ ਕਰਨ ਦੀ ਤਾਕਤ ਹੀ ਨਹੀਂ। ਮੇਰਾ ਮਕਸਦ ਸਿਰਫ਼ ਸਭ ਨੂੰ ਇਹ ਯਾਦ ਕਰਵਾਉਣਾ ਹੈ ਕਿ ਆਜ਼ਾਦੀ ਦੀ ਜੰਗ ਵਿਚਲਾ ਇਹ ਹਿੱਸਾ ਅਣਗੌਲਿਆ ਕਿਉਂ ਰੱਖਿਆ ਜਾਂਦਾ ਹੈ? ਕੀ ਔਰਤਾਂ ਵੱਲੋਂ ਹੋਇਆ ਇਹ ਯੋਗਦਾਨ ਕਿਸੇ ਪਾਸਿਓਂ ਘੱਟ ਰਹਿ ਗਿਆ ਹੈ? ਇਸ ਤਸ਼ੱਦਦ ਨੂੰ ਯਾਦ ਕਿਉਂ ਨਹੀਂ ਕੀਤਾ ਜਾਂਦਾ? ਜੇ ਆਜ਼ਾਦੀ ਵੇਲੇ ਸ਼ਹੀਦਾਂ ਨੂੰ  ਸਲਾਮੀ ਦਿੱਤੀ ਜਾ ਸਕਦੀ ਹੈ ਤਾਂ ਇਨ੍ਹਾਂ ਬੇਕਸੂਰਾਂ ਦੇ ਡੁੱਲੇ ਲਹੂ ਅਤੇ ਅਤਿ ਦੇ ਸਹੇ ਤਸ਼ੱਦਦ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ ਹੈ? ਆਪਣੀਆਂ ਕੁਰਬਾਨ ਹੋਈਆਂ ਮਾਵਾਂ ਭੈਣਾਂ ਤੇ ਧੀਆਂ ਦੀ ਯਾਦ ਵਿੱਚ ਇਕ ਦੀਵਾ ਵੀ ਨਹੀਂ ਬਾਲਿਆ ਜਾਂਦਾ।
ਮੈਂ ਕਿਸੇ ਛਾਤੀ ਉੱਤੇ ਗੋਲੀ ਖਾ ਕੇ ਸ਼ਹੀਦ ਹੋਏ ਵੀਰ ਨੂੰ ਨੀਵਾਂ ਨਹੀਂ ਵਿਖਾ ਰਹੀ। ਮੈਂ ਤਾਂ ਯਾਦ ਕਰਵਾ ਰਹੀ ਹਾਂ ਕਿ ਗੋਲੀ ਤੋਂ ਵੱਧ ਪੀੜ ਸਹਿ ਕੇ ਹਲਾਕ ਹੋਈਆਂ ਬੇਕਸੂਰ ਵੀਰਾਂਗਣਾਂ ਨੂੰ ਯਾਦ ਰਖ ਕੇ ਉਨ੍ਹਾਂ ਦੀਆਂ ਰੂਹਾਂ ਨੂੰ ਤਾਂ ਠੰਡਕ ਪਹੁੰਚਾ ਦੇਈਏ। ਜੇ ਏਨੀ ਕੁ ਕੁਰਬਾਨੀ ਹੀ ਯਾਦ ਰਖ ਲਈ ਜਾਏ ਤਾਂ ਔਰਤ ਦਾ ਨਿਰਾਦਰ ਸ਼ਾਇਦ ਕੁੱਝ ਘੱਟ ਜਾਏ ਅਤੇ ਉਸ ਨੂੰ ਬਣਦੀ ਇੱਜ਼ਤ ਮਿਲ ਜਾਏ!
ਚੇਤੇ ਰਹੇ ਕਿ ਵੰਡ ਦੀ ਸਭ ਤੋਂ ਵੱਧ ਮਾਰ ਅਤੇ ਸੰਤਾਪ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀਆਂ ਔਰਤਾਂ ਨੇ ਹੀ ਝੱਲਿਆ ਹੈ। ਇਨ੍ਹਾਂ ਮਾਵਾਂ ਦੇ ਡੁੱਲੇ ਲਹੂ ਨੂੰ ਅਜਾਈਂ ਨਾ ਗੁਆਓ! ਅੱਗੇ ਤੋਂ ਹਰ ਆਜ਼ਾਦੀ ਦਿਵਸ ਉੱਤੇ ਇਕ ਦੀਵਾ 'ਮਾਂ ਦੇ ਨਾਂ ਦਾ', 'ਭੈਣ ਦੇ ਨਾਂ ਦਾ' ਤੇ 'ਧੀ ਦੇ ਨਾਂ' ਦਾ ਵੀ ਜ਼ਰੂਰ ਬਾਲਿਓ।


ਡਾ. ਹਰਸ਼ਿੰਦਰ ਕੌਰ, ਐਮ. ਡੀ. ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

ਕੀ 50 ਸਾਲਾਂ ਦੀ ਉਮਰ ਤੋਂ ਬਾਅਦ ਦਿਮਾਗ਼ ਤੇ ਸਰੀਰ ਜਵਾਨ ਕੀਤਾ ਜਾ ਸਕਦਾ ਹੈ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਜਿਵੇਂ-ਜਿਵੇਂ ਉਮਰ ਵਧਦੀ ਹੈ, ਦਿਮਾਗ਼ ਦਾ ਸੁੰਗੜਨਾ ਵਧਦਾ ਜਾਂਦਾ ਹੈ। ਇਸੇ ਲਈ ਯਾਦਾਸ਼ਤ ਦੀ ਕਮੀ ਵੀ ਦਿਸਣ ਲੱਗ ਪੈਂਦੀ ਹੈ। ਕਈ ਕਿਸਮਾਂ ਦੇ ਹਾਰਮੋਨ ਅਤੇ ਰਸ ਵੀ ਘੱਟ ਜਾਂਦੇ ਹਨ।
ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਰੈਗੂਲਰ ਕਸਰਤ ਅਤੇ ਸੰਤੁਲਿਤ ਖ਼ੁਰਾਕ ਦਿਮਾਗ਼ ਨੂੰ ਲੰਮੇ ਸਮੇਂ ਤੱਕ ਚੁਸਤ ਦਰੁਸਤ ਰੱਖ ਸਕਦੇ ਹਨ ਕਿਉਂਕਿ ਦਿਮਾਗ਼ ਵੱਲ ਜਾਂਦਾ ਲਹੂ ਰਵਾਂ ਹੋ ਜਾਂਦਾ ਹੈ।
40 ਸਾਲਾਂ ਦੀ ਉਮਰ ਤੋਂ ਬਾਅਦ ਹਰ ਦਸ ਸਾਲਾਂ ਵਿਚ 5 ਫੀਸਦੀ ਦਿਮਾਗ਼ ਸੁੰਗੜ ਜਾਂਦਾ ਹੈ। ਇਸੇ ਲਈ ਸੱਤਰਿਆ ਬਹੱਤਰਿਆ ਸ਼ਬਦ ਵਰਤਿਆ ਜਾਂਦਾ ਹੈ। ਮਜ਼ੇਦਾਰ ਤੱਥ ਇਹ ਹੈ ਕਿ ਆਦਮੀ ਅਤੇ ਔਰਤ ਦੇ ਦਿਮਾਗ਼ ਦੇ ਵੱਖੋ-ਵੱਖ ਹਿੱਸੇ ਉਮਰ ਨਾਲ ਸੁੰਗੜਦੇ ਹਨ। ਦਿਮਾਗ਼ ਦੇ ਅਗਲੇ ਸਿਰੇ (ਫਰੰਟਲ ਅਤੇ ਟੈਂਪੋਰਲ) ਦਾ ਬੰਦਿਆਂ ਵਿਚ ਘਟਣਾ ਅਤੇ ਔਰਤਾਂ ਵਿਚ ਪਾਸੇ ਦਾ ਹਿੱਸਾ (ਪੈਰਾਈਟਲ) ਘਟਦਾ ਵੇਖਿਆ ਗਿਆ ਹੈ।
ਇਸੇ ਲਈ ਇੱਕੋ ਜਿੰਨੇ ਲਾਇਕ ਔਰਤ ਅਤੇ ਮਰਦ ਹੋਣ ਤਾਂ ਵਧਦੀ ਉਮਰ ਨਾਲ ਬੌਧਿਕ ਵਿਕਾਸ ਵਿਚ ਘਾਟਾ ਬੰਦਿਆਂ ਵਿਚ ਵੱਧ ਦਿਸਣ ਲੱਗ ਪੈਂਦਾ ਹੈ। ਇਸ ਵਾਸਤੇ ਸਿਰਫ਼ 140 ਜਣਿਆਂ ਉੱਤੇ ਲੰਮੇ ਸਮੇਂ ਤੱਕ ਖੋਜ ਕੀਤੀ ਗਈ ਸੀ, ਜੋ 50 ਤੋਂ 81 ਵਰ੍ਹਿਆਂ ਦੇ ਸਨ।
ਢਹਿੰਦੀ ਕਲਾ ਦਾ ਬਹੁਤ ਅਹਿਮ ਰੋਲ ਲੱਭਿਆ ਗਿਆ, ਜਿਸ ਨਾਲ ਦਿਮਾਗ਼ ਦਾ ਸੁੰਗੜਨਾ ਵਕਤ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ-ਨਿੱਕੀਆਂ ਗੱਲਾਂ ਭੁੱਲਣੀਆਂ, ਨਾਂ ਭੁੱਲ ਜਾਣੇ, ਚੀਜ਼ ਰੱਖ ਕੇ ਭੁੱਲ ਜਾਣੀ, ਜਿੱਥੇ ਗਏ ਹੋਵੇ, ਉੱਥੇ ਕੁੱਝ ਛੱਡ ਆਉਣਾ ਆਦਿ ਆਮ ਹੀ ਲੋੜੋਂ ਵੱਧ ਦਿਮਾਗ਼ ਉੱਤੇ ਬੋਝ, ਤਣਾਓ ਜਾਂ ਢਹਿੰਦੀ ਕਲਾ ਵਿਚ ਦਿਸਣ ਲੱਗ ਪੈਂਦਾ ਹੈ।
ਇਹ ਵੀ ਆਮ ਹੀ ਵੇਖਣ ਵਿਚ ਆਉਂਦਾ ਹੈ ਕਿ ਵਧਦੀ ਉਮਰ ਨਾਲ ਆਵਾਜ਼ ਦੀ ਗੜਕ ਵਿਚ ਫ਼ਰਕ ਪੈ ਜਾਂਦਾ ਹੈ। ਕਈ ਵਾਰ ਲੋਕਾਂ ਜਾਂ ਸ਼ਹਿਰਾਂ ਦੇ ਨਾਂ ਵੀ ਚੇਤੇ ਵਿੱਚੋਂ ਵਿਸਰ ਜਾਂਦੇ ਹਨ। ਕੁੱਝ ਬਹੁਤ ਹੌਲੀ ਬੋਲਣ ਲੱਗ ਪੈਂਦੇ ਹਨ। ਇਹ ਸਭ ਕੁੱਝ ਦਿਮਾਗ਼ ਵੱਲ ਜਾਂਦੇ ਲਹੂ ਦਾ ਘਟਣਾ, ਦਿਮਾਗ਼ ਦੀਆਂ ਨਾੜੀਆਂ ਦਾ ਭੀੜੀਆਂ ਹੋਣਾ, ਲਹੂ ਦੇ ਝੱਪੇ ਜੰਮਣੇ, ਬੋਲਣ ਵਾਲੇ ਜੰਤਰ ਦਾ ਸੁੰਗੜ ਜਾਣਾ, ਗਲੇ ਦੇ ਪੱਠਿਆਂ ਦੀ ਕਮਜ਼ੋਰੀ ਆਦਿ, ਅਨੇਕ ਕਾਰਨਾਂ ਕਰ ਕੇ ਉੱਚੀ ਆਵਾਜ਼ ਨਾ ਨਿਕਲਣੀ ਅਤੇ ਤੇਜ਼ੀ ਨਾਲ ਨਾ ਬੋਲ ਸਕਣਾ ਆਮ ਹੀ ਦਿਸਦੇ ਹਨ। ਜੇ ਪਾਰਕਿਨਸਨ ਰੋਗ ਹੋ ਜਾਵੇ ਜਾਂ ਦਿਮਾਗ਼ੀ ਸੱਟ ਵੱਜੀ ਹੋਵੇ ਤਾਂ ਹਾਲਾਤ ਹੋਰ ਵੀ ਬਦਤਰ ਹੋ ਸਕਦੇ ਹਨ।
ਕਈ ਵਾਰ ਬੋਲਣ ਵੇਲੇ ਮੂੰਹ ਦਾ ਕਾਂਬਾ ਜਾਂ ਰਲਗਡ ਜਿਹੇ ਬੋਲ ਵੀ ਸੁਣੇ ਜਾ ਸਕਦੇ ਹਨ। ਇਹ ਮੂੰਹ, ਗਲੇ ਅਤੇ ਚਿਹਰੇ ਦੇ ਪੱਠਿਆਂ ਦੀ ਲੋੜੋਂ ਵੱਧ ਕਮਜ਼ੋਰੀ ਕਾਰਨ ਹੋ ਜਾਂਦਾ ਹੈ ਕਿਉਂਕਿ ਪ੍ਰੋਟੀਨ ਦੀ ਘਾਟ ਨਾਲ ਪੱਠੇ ਵੀ ਬਹੁਤੇ ਕਮਜ਼ੋਰ ਹੋ ਜਾਂਦੇ ਹਨ।
ਜੇ ਦਿਮਾਗ਼ ਨੂੰ ਲਗਾਤਾਰ ਰਵਾਂ ਨਾ ਕੀਤਾ ਜਾ ਰਿਹਾ ਹੋਵੇ, ਯਾਨੀ ਇਕੱਲੇ ਬਹਿ ਜਾਣਾ ਜਾਂ ਘਰ ਅੰਦਰ ਹੀ ਤੜੇ ਜਾਣਾ ਅਤੇ ਕੁੱਝ ਵੀ ਨਵਾਂ ਨਾ ਲਿਖਣਾ ਜਾਂ ਪੜ੍ਹਣਾ, ਤਾਂ 50 ਵਰ੍ਹਿਆਂ ਦੀ ਉਮਰ ਤੋਂ ਪਹਿਲਾਂ ਹੀ ਦਿਮਾਗ਼ ਲੋੜੋਂ ਵੱਧ ਸੁੰਗੜ ਜਾਂਦਾ ਹੈ।
ਇਸੇ ਲਈ ਬੁਝਾਰਤਾਂ ਬੁੱਝਣੀਆਂ, ਨਵੀਂ ਜ਼ਬਾਨ ਸਿੱਖਣੀ, ਨੱਚਣਾ, ਤੇਜ਼ ਤੁਰਨਾ, ਸਵੈਟਰ ਬੁਣਨਾ, ਗੀਤ ਗਾਉਣੇ, ਗਿੱਧਾ ਪਾਉਣਾ, ਖੇਤੀ ਕਰਨੀ, ਗੋਡੀ ਕਰਨੀ, ਨਵੀਂ ਚੀਜ਼ ਬਣਾ ਕੇ ਖਾਣੀ, ਤਾਸ਼ ਖੇਡਣੀ, ਅਖਬਾਰ ਜਾਂ ਨਾਵਲ ਪੜ੍ਹਨੇ, ਸੰਗੀਤ ਸਿਰਜਣਾ ਜਾਂ ਸੁਣਨਾ ਆਦਿ, ਵਰਗੇ ਕੰਮ ਦਿਮਾਗ਼ ਨੂੰ ਚੁਸਤ ਰੱਖਣ ਲਈ ਜ਼ਰੂਰ ਕਰਨੇ ਚਾਹੀਦੇ ਹਨ। ਦਿਮਾਗ਼ ਵਿਹਲਾ ਹੁੰਦੇ ਸਾਰ ਸੁਸਤ ਪੈ ਕੇ ਵਾਧੂ ਚੀਜ਼ਾਂ ਬਾਹਰ ਕੱਢ ਦਿੰਦਾ ਹੈ।
ਖੋਜਾਂ ਤਾਂ ਇੱਥੋਂ ਤੱਕ ਸਾਬਤ ਕਰ ਚੁੱਕੀਆਂ ਹਨ ਕਿ ਵਿਹਲੇ ਸਮੇਂ ਤਾਸ਼ ਖੇਡਣ ਜਾਂ ਅਖ਼ਬਾਰ ਪੜ੍ਹਨ ਨਾਲ ਵੀ ਬੌਧਿਕ ਵਿਕਾਸ ਵਾਲਾ ਸੈਂਟਰ ਰਵਾਂ ਹੁੰਦਾ ਰਹਿੰਦਾ ਹੈ ਤੇ ਸੁੰਗੜਦਾ ਨਹੀਂ। ਇੰਜ ਹੀ ਨਵੇਂ ਲੋਕਾਂ ਨੂੰ ਮਿਲਣ ਗਿਲਣ ਜਾਂ ਵੈਸੇ ਹੀ ਖਲੋ ਕੇ ਉਨ੍ਹਾਂ ਨਾਲ ਗੱਲ ਕਰਨ ਨਾਲ ਵੀ ਦਿਮਾਗ਼ ਵੱਲ ਜਾਂਦਾ ਲਹੂ ਰਵਾਂ ਹੁੰਦਾ ਰਹਿੰਦਾ ਹੈ।
ਇਸ ਦੇ ਨਾਲੋ ਨਾਲ ਸਵੇਰ ਵੇਲੇ ਦੀ ਲੰਮੀ ਸੈਰ ਅਤੇ ਹਰੀਆਂ ਸਬਜ਼ੀਆਂ ਤੇ ਫਲ ਖਾਂਦੇ ਰਹਿਣਾ ਅਧੇੜ ਉਮਰ ਤੱਕ ਦਿਮਾਗ਼ੀ ਤੰਦਰੁਸਤੀ ਦਾ ਰਾਜ਼ ਮੰਨੇ ਗਏ ਹਨ।
ਨੈਸ਼ਨਲ ਰਿਸਰਚ ਕਾਊਂਸਲ ਨੇ ਸੰਨ 2000 ਵਿਚ ਤੇ ਫਿਰ ਸੰਨ 2003 ਵਿਚ ਇਹ ਸਪਸ਼ਟ ਕੀਤਾ ਸੀ ਕਿ ਕੋਈ ਵੀ ਨਵੀਂ ਖੋਜ ਪੜ੍ਹਦੇ ਰਹਿਣ ਨਾਲ ਵੀ ਵਡੇਰੀ ਉਮਰ ਤੱਕ ਯਾਦਾਸ਼ਤ ਦਾ ਸੈਂਟਰ ਤਾਜ਼ਾ ਰੱਖਿਆ ਜਾ ਸਕਦਾ ਹੈ। ਇਹ ਵੀ ਅਣਗਿਣਤ ਲੋਕਾਂ ਉੱਤੇ ਖੋਜ ਕੀਤੀ ਜਾ ਚੁੱਕੀ ਹੈ ਕਿ ਦੋਸਤਾਂ ਮਿੱਤਰਾਂ ਜਾਂ ਆਂਢੀਆਂ ਗੁਆਂਢੀਆਂ ਨਾਲ ਗੱਲਬਾਤ ਕਰਦੇ ਰਹਿਣ ਵਾਲੇ ਲੰਮੀ ਉਮਰ ਭੋਗਦੇ ਹਨ।
ਇਸ ਦੇ ਸਬੂਤ ਵੀ ਮਿਲ ਚੁੱਕੇ ਹਨ ਕਿ ਪੋਤਰੇ ਦੋਹਤਰਿਆਂ ਨਾਲ ਸਾਂਝ ਗੰਢਣ ਵਾਲੇ ਬਜ਼ੁਰਗਾਂ ਦੀ ਸਰੀਰਕ ਅਤੇ ਮਾਨਸਿਕ ਸਿਹਤ ਜ਼ਿਆਦਾ ਦੇਰ ਤੱਕ ਠੀਕ ਰਹਿੰਦੀ ਹੈ।
ਯੋਗ ਅਤੇ ਹਲਕੀ ਫੁਲਕੀ ਕਸਰਤ ਤਾਂ 95 ਸਾਲ ਦੇ ਬਜ਼ੁਰਗਾਂ ਨੂੰ ਵੀ ਤੰਦਰੁਸਤ ਰੱਖਦੀ ਹੈ। ਇਸ ਨਾਲ ਉਮਰ ਵੀ ਲੰਮੀ ਭੋਗੀ ਜਾ ਸਕਦੀ ਹੈ।
ਜਾਨਵਰ ਵੀ ਜੇ ਇਕੱਲੇ ਰੱਖ ਕੇ ਪਾਲੇ ਜਾਣ ਤਾਂ ਉਨਾਂ ਦੇ ਦਿਮਾਗ਼ ਦਾ ਸੁੰਗੜਨਾ ਵੇਖਿਆ ਗਿਆ ਹੈ। ਇੰਜ ਹੀ ਇਕੱਲਾ ਰਹਿ ਗਿਆ ਬਜ਼ੁਰਗ ਆਪਣੇ ਆਪ ਤੱਕ ਹੀ ਸੀਮਤ ਹੋ ਕੇ ਰਹਿ ਜਾਂਦਾ ਹੈ। ਇਸ ਚੁੱਪ ਅਤੇ ਜ਼ਿੰਦਗੀ ਵਿਚਲੇ ਖੋਖਲੇਪਨ ਨੂੰ ਭਰਨ ਲਈ ਬਜ਼ੁਰਗ ਘਰ ਅਤੇ ਬਜ਼ੁਰਗਾਂ ਲਈ ਕਈ ਪ੍ਰੋਗਰਾਮ ਉਲੀਕੇ ਜਾਂਦੇ ਹਨ ਤਾਂ ਜੋ ਵਡੇਰੀ ਉਮਰ ਵਿਚ ਵੀ ਬਜ਼ੁਰਗ ਕਿਸੇ ਉੱਤੇ ਆਸ਼ਰਿਤ ਮਹਿਸੂਸ ਨਾ ਕਰਨ। ਇੰਜ ਹੀ ਵਿਸ਼ਵ ਪੱਧਰ ਉੱਤੇ ਬਜ਼ੁਰਗਾਂ ਦੀਆਂ ਖੇਡਾਂ ਪ੍ਰਚਲਿਤ ਕੀਤੀਆਂ ਗਈਆਂ ਹਨ। ਢਹਿੰਦੀ ਕਲਾ ਵਡੇਰੀ ਉਮਰ ਵਿਚ ਆਮ ਹੀ ਆ ਦਬੋਚਦੀ ਹੈ। ਕਾਰਨ-ਮੌਤ ਦਾ ਭੈਅ, ਪੈਸੇ ਦੀ ਘਾਟ, ਆਪਣਿਆਂ ਵੱਲੋਂ ਬੇਕਦਰੀ, ਜੀਵਨ ਸਾਥੀ ਦਾ ਤੁਰ ਜਾਣਾ ਆਦਿ।
ਇਸੇ ਲਈ ਰੈਗੂਲਰ ਸਿਹਤ ਦਾ ਚੈੱਕਅੱਪ ਅਤੇ ਵੇਲੇ ਸਿਰ ਬੀਮਾਰੀਆਂ ਦਾ ਇਲਾਜ ਕਰਨ ਦੀ ਲੋੜ ਹੁੰਦੀ ਹੈ। ਇਸ ਦੇ ਨਾਲ ਹੀ ਮਨੋਰੋਗ ਸਪੈਸ਼ਲਿਸਟ ਵੱਲੋਂ ਚੈੱਕਅੱਪ ਜ਼ਰੂਰੀ ਹੁੰਦਾ ਹੈ।
ਮਨੋਰੋਗਾਂ ਤੋਂ ਬਚਾਓ ਲਈ ਬਜ਼ੁਰਗਾਂ ਨੂੰ ਬੈਂਕ, ਸੈਰ ਸਪਾਟਾ ਜਾਂ ਬਜ਼ਾਰ ਵਿਚ ਖਰੀਦੋ ਫਰੋਖ਼ਤ ਲਈ ਜਾਣ ਵਾਸਤੇ ਪ੍ਰੋਤਸਾਹਿਤ ਕੀਤਾ ਜਾਂਦਾ ਹੈ।
ਨਵੀਂ ਜ਼ਬਾਨ ਸਿੱਖਣ, ਨਵੀਆਂ ਗੱਲਾਂ ਸੁਣਨ ਅਤੇ ਨਵੀਆਂ ਚੀਜ਼ਾਂ ਵੇਖਣ ਨਾਲ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵੱਲ ਜਾਂਦੀਆਂ ਤਰੰਗਾਂ ਦਿਮਾਗ਼ ਦੇ ਸਾਰੇ ਹਿੱਸਿਆਂ ਨੂੰ ਚੁਸਤ ਕਰ ਦਿੰਦੀਆਂ ਹਨ। ਹਰ ਨਵੇਂ ਸਿੱਖੇ ਸ਼ਬਦ ਨੂੰ ਬੱਚਿਆਂ ਵਾਂਗ ਪੰਜ ਜਾਂ ਛੇ ਵਾਰ ਦੁਹਰਾਉਣਾ ਚਾਹੀਦਾ ਹੈ। ਬਿਲਕੁਲ ਇੰਜ ਹੀ ਨੱਚਣ ਨਾਲ ਜਿੱਥੇ ਵੱਖੋ-ਵੱਖ ਜੋੜ ਅਤੇ ਪੱਠੇ ਠੀਕ ਰਹਿੰਦੇ ਹਨ, ਉੱਥੇ ਦਿਮਾਗ਼ ਵੀ ਪੂਰਾ ਚੁਸਤ ਹੋ ਜਾਂਦਾ ਹੈ।
ਚੰਗੇ ਸਪੈਸ਼ਲਿਸਟ ਡਾਕਟਰਾਂ ਅਨੁਸਾਰ ਹਰ ਇੰਦ੍ਰੀ ਨੂੰ ਰੋਜ਼ ਚੁਸਤ ਕਰਨ ਲਈ ਵੇਖਣ, ਸੁਣਨ, ਛੋਹਣ, ਸੁਆਦ ਅਤੇ ਸੁੰਘਣ ਦੀਆਂ ਤੰਤੀਆਂ ਨੂੰ ਵਰਤਣ ਦੀ ਲੋੜ ਹੁੰਦੀ ਹੈ। ਨਵੇਂ ਹੋਟਲ ਵਿਚ ਰੋਟੀ ਖਾਣੀ, ਬਾਗ਼ ਵਿਚ ਸੈਰ ਕਰਨੀ, ਨਵੀਂ ਪਰਫਿਊਮ ਲਾਉਣੀ, ਨਵੀਂ ਚਾਦਰ ਵਿਛਾਉਣੀ, ਨਵੇਂ ਫੁੱਲ ਲਾਉਣੇ, ਪਾਲਤੂ ਜਾਨਵਰ ਰੱਖਣਾ ਆਦਿ, ਹਰ ਗੱਲ ਨੂੰ ਵਾਰੀ-ਵਾਰੀ ਕਰ ਕੇ ਅਜਿਹਾ ਕੀਤਾ ਜਾ ਸਕਦਾ ਹੈ।
ਜੇ ਬਜ਼ੁਰਗ ਆਪ ਕਾਰ ਚਲਾ ਸਕਦੇ ਹੋਣ ਜਾਂ ਸਾਈਕਲ ਚਲਾ ਰਹੇ ਹੋਣ ਤਾਂ ਬਹੁਤ ਵਧੀਆ ਹੈ। ਜੇ ਨਾ ਕਰ ਸਕਦੇ ਹੋਣ ਤਾਂ ਕਿਸੇ ਹੋਰ ਨੂੰ ਨਵੀਂ ਚੀਜ਼ ਚਲਾਉਣੀ ਜਾਂ ਬਣਾਉਣੀ ਸਿਖਾਈ ਜਾ ਸਕਦੀ ਹੈ। ਇੰਜ ਹੀ ਗੋਲਫ਼, ਘੁੜਸਵਾਰੀ, ਤੈਰਨਾ ਆਦਿ ਕੁੱਝ ਵੀ ਕਰਨ ਜਾਂ ਕਿਸੇ ਨੂੰ ਸਿਖਾਉਣ ਨਾਲ ਦਿਮਾਗ਼ ਰਵਾਂ ਕੀਤਾ ਜਾ ਸਕਦਾ ਹੈ। ਸਿਤਾਰ, ਗਿਟਾਰ, ਢੋਲ, ਪਿਆਨੋ, ਵਾਜਾ ਜਾਂ ਬੰਸਰੀ ਵਜਾਉਣੀ ਏਨੀ ਫ਼ਾਇਦੇਮੰਦ ਸਾਬਤ ਹੋ ਚੁੱਕੀ ਹੈ ਕਿ ਸੰਨ 2017 ਵਿਚ ਕੀਤੀ ਖੋਜ ਅਨੁਸਾਰ ਜਿਹੜੇ ਸੰਗੀਤ ਨਾਲ ਜੁੜੇ ਰਹੇ, ਉਨ੍ਹਾਂ ਵਿਚ ਢਹਿੰਦੀ ਕਲਾ ਕਾਫੂਰ ਹੋ ਗਈ ਤੇ ਦਿਮਾਗ਼ ਬਾਕੀਆਂ ਨਾਲੋਂ ਵੱਧ ਚੁਸਤ ਹੋ ਗਏ।
ਜੇ ਹਰ ਰੋਜ਼ ਸੈਰ ਕਰਨ ਲੱਗਿਆਂ ਵੱਖ ਰਾਹ ਲੈ ਲਿਆ ਜਾਵੇ ਤਾਂ ਏਨੇ ਨਾਲ ਹੀ ਮਾਨਸਿਕ ਅਤੇ ਸਰੀਰਕ ਤਬਦੀਲੀ ਵੇਖੀ ਜਾ ਸਕਦੀ ਹੈ।
ਹਰ ਰੋਜ਼ ਕੁੱਝ ਚਿਰ ਲਈ ਧਿਆਨ ਲਾਉਣਾ, ਯੋਗ ਕਰਨਾ ਜਾਂ ਭਗਤੀ ਕਰਨ ਨਾਲ ਵੀ ਇਕਾਗਰਤਾ ਵਿਚ ਵਾਧਾ ਹੋ ਜਾਂਦਾ ਹੈ।
ਜਿਹੜੇ ਬਜ਼ੁਰਗ ਦੋ ਜਾਂ ਤਿੰਨ ਜ਼ਬਾਨਾਂ ਬੋਲ ਸਕਦੇ ਹੋਣ, ਉਨ੍ਹਾਂ ਦੇ ਦਿਮਾਗ਼ ਨੂੰ ਬੁਢੇਪਾ ਛੇਤੀ ਚੰਬੜਦਾ ਨਹੀਂ, ਯਾਦਾਸ਼ਤ ਦੇਰ ਤਕ ਦਰੁਸਤ ਰਹਿੰਦੀ ਹੈ ਅਤੇ ਚੀਜ਼ਾਂ ਵੀ ਛੇਤੀ ਭੁੱਲਦੇ ਨਹੀਂ।
ਹਲਕਾ ਭਾਰ ਚੁੱਕ ਕੇ ਤੁਰਨ ਨਾਲ ਪੱਠਿਆਂ ਦੀ ਮਜ਼ਬੂਤੀ ਬਣੀ ਰਹਿੰਦੀ ਹੈ ਅਤੇ ਕਮਜ਼ੋਰੀ ਘੱਟ ਮਹਿਸੂਸ ਹੁੰਦੀ ਹੈ। ਇੰਜ ਪੱਠੇ ਅਤੇ ਮਾਸ ਲਟਕਿਆ ਨਹੀਂ ਦਿਸਦਾ।
ਜਦੋਂ ਬਜ਼ੁਰਗ ਬਾਹਰ ਸੈਰ ਕਰਨ ਨਿਕਲਣ ਤਾਂ ਸਿਰ ਝੁਕਾ ਕੇ ਤੁਰਨ ਨਾਲੋਂ ਸਾਹਮਣੇ ਲੰਘਦੇ ਬੰਦਿਆਂ ਅਤੇ ਤੀਵੀਆਂ ਦੇ ਕਪੜਿਆਂ ਦੇ ਰੰਗ, ਜੁੱਤੀਆਂ, ਵਾਲ, ਐਨਕ, ਟੋਪੀ, ਦਾੜੀ, ਮੁੱਛਾਂ ਆਦਿ ਵੱਲ ਗਹੁ ਨਾਲ ਤੱਕਦੇ ਰਹਿਣ ਤਾਂ ਦਿਮਾਗ਼ ਨੂੰ ਵੰਨ ਸੁਵੰਨੇ ਸੁਣੇਹੇ ਪਹੁੰਚਦੇ ਹਨ ਜਿਸ ਨਾਲ ਯਾਦਾਸ਼ਤ ਦਾ ਸੈਂਟਰ ਰਵਾਂ ਹੁੰਦਾ ਰਹਿੰਦਾ ਹੈ ਅਤੇ ਨਵੀਆਂ ਚੀਜ਼ਾਂ ਦੇ ਨਾਵਾਂ ਵਿਚ ਵਾਧਾ ਹੁੰਦਾ ਰਹਿੰਦਾ ਹੈ।
ਲੰਮੀ ਉਮਰ ਦਰਅਸਲ ਜ਼ਿਆਦਾਤਰ ਜੀਨ ਆਧਾਰਿਤ ਹੁੰਦੀ ਹੈ ਕਿ ਮਾਪੇ ਜਾਂ ਵੱਡੇ ਵਡੇਰੇ ਕਿੰਨੀ ਲੰਮੀ ਉਮਰ ਭੋਗ ਕੇ ਗਏ। ਇਸ ਦੇ ਨਾਲ ਹੀ ਜੀਨ ਆਧਾਰਿਤ ਬੀਮਾਰੀਆਂ ਉਮਰ ਉੱਤੇ ਅਸਰ ਪਾਉਂਦੀਆਂ ਹਨ। ਜੇ 60 ਵਰ੍ਹਿਆਂ ਦੀ ਉਮਰ ਟੱਪ ਚੁੱਕੇ ਹੋਵੇ ਤਾਂ ਰੂਟੀਨ ਬੰਨ੍ਹਣਾ ਬਹੁਤ ਜ਼ਰੂਰੀ ਹੁੰਦਾ ਹੈ। ਸਵੇਰ ਦੇ ਨਾਸ਼ਤੇ ਦਾ, ਦੁਪਹਿਰ ਦੇ ਖਾਣੇ ਦਾ, ਸ਼ਾਮ ਦੀ ਚਾਹ ਦਾ, ਰਾਤ ਦੇ ਖਾਣੇ ਦਾ, ਸੌਣ ਦਾ ਅਤੇ ਸਵਖ਼ਤੇ ਉੱਠਣ ਦਾ! ਜੇ ਰਾਤ ਨੀਂਦਰ ਨਾ ਵੀ ਆਈ ਹੋਵੇ, ਤਾਂ ਵੀ ਸਵੇਰ ਵੇਲੇ ਉੱਠ ਕੇ, ਨਹਾ ਧੋ ਕੇ, ਤਿਆਰ ਹੋ ਕੇ, ਨਾਸ਼ਤਾ ਕਰ ਕੇ, ਬਾਅਦ ਵਿਚ ਕੁੱਝ ਚਿਰ ਸੁੱਤਾ ਜਾ ਸਕਦਾ ਹੈ।


ਖ਼ੁਰਾਕ ਵਿਚ ਤਬਦੀਲੀ ਕੀ ਹੋਵੇ?
50 ਸਾਲਾਂ ਦੀ ਉਮਰ ਤੋਂ ਬਾਅਦ ਰੈਗੂਲਰ ਤਗੜੀ ਕਸਰਤ ਦੇ ਨਾਲੋ ਨਾਲ ਖ਼ੁਰਾਕ ਦੀ ਬਹੁਤ ਅਹਿਮੀਅਤ ਹੈ। ਘੱਟ ਥਿੰਦਾ, ਵੱਧ ਸਬਜ਼ੀਆਂ, ਦਾਲਾਂ ਤੇ ਪ੍ਰੋਟੀਨ ਭਰਪੂਰ ਖ਼ਰਾਕ ਜ਼ਰੂਰੀ ਹੈ। ਜੇ 50 ਸਾਲਾਂ ਤੋਂ ਬਾਅਦ ਖ਼ੁਰਾਕ ਦਾ ਸਹੀ ਖ਼ਿਆਲ ਰੱਖ ਲਿਆ ਜਾਵੇ ਤਾਂ ਘੱਟੋ ਘੱਟ 10 ਤੋਂ 15 ਸਾਲ ਦੀ ਉਮਰ ਵੱਧ ਜਾਂਦੀ ਹੈ। ਇਸ ਵਿਚ ਸਿਗਰਟ ਬੀੜੀ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਂਦੀ ਹੈ। ਕਦੇ ਕਦਾਈਂ ਬਹੁਤ ਘੱਟ ਸ਼ਰਾਬ ਲਈ ਜਾ ਸਕਦੀ ਹੈ, ਯਾਨੀ ਬਸ ਵਾਈਨ ਦੇ ਇੱਕ ਜਾਂ ਦੋ ਗਿਲਾਸ!
ਬਰਿਟਿਸ਼ ਮੈਡੀਕਲ ਜਰਨਲ ਵਿਚ ਛਪੀ ਖੋਜ ਅਨੁਸਾਰ ਜਿਹੜੇ ਜਣੇ 50 ਸਾਲ ਦੀ ਉਮਰ ਤੋਂ ਬਾਅਦ ਸਹੀ ਖ਼ੁਰਾਕ ਖਾਂਦੇ ਰਹੇ ਉਨ੍ਹਾਂ ਵਿਚ ਸ਼ੱਕਰ ਰੋਗ, ਕੈਂਸਰ ਜਾਂ ਦਿਲ ਦੇ ਰੋਗ ਘੱਟ ਹੋਏ ਅਤੇ ਉਹ ਬਾਕੀਆਂ ਨਾਲੋਂ ਲਗਭਗ 8 ਜਾਂ 10 ਸਾਲ ਵੱਧ ਜੀਅ ਸਕੇ। ਇਸ ਖੋਜ ਵਿਚ 73,196 ਔਰਤਾਂ ਅਤੇ 38,366 ਆਦਮੀ ਸ਼ਾਮਲ ਕੀਤੇ ਗਏ ਸਨ। ਸਭ ਨੂੰ ਰੋਜ਼ 40 ਮਿੰਟ ਤਗੜੀ ਕਸਰਤ ਵੀ ਕਰਵਾਈ ਗਈ ਸੀ।


ਕਿਹੜੀ ਚੀਜ਼ ਖਾਧੀ ਜਾਵੇ :-
ਭਾਰ ਕਾਬੂ ਵਿਚ ਰੱਖਣ ਅਤੇ ਸਾਰੇ ਅੰਗਾਂ ਦਾ ਕੰਮ ਕਾਰ ਸਹੀ ਰੱਖਣ ਲਈ ਢੇਰ ਸਾਰੀਆਂ ਵੰਨ ਸੁਵੰਨੀਆਂ ਸਬਜ਼ੀਆਂ, ਫਲ, ਛਾਣਬੂਰੇ ਵਾਲਾ ਆਟਾ, ਘਟ ਥਿੰਦੇ ਵਾਲਾ ਦੁੱਧ, ਦਹੀਂ ਪਨੀਰ, ਚਿਕਨ, ਮੱਛੀ, ਅੰਡੇ ਅਤੇ ਸੁੱਕੇ ਮੇਵੇ ਰੋਜ਼ ਜ਼ਰੂਰ ਖਾਂਦੇ ਰਹਿਣਾ ਚਾਹੀਦਾ ਹੈ।
ਇਨ੍ਹਾਂ ਰਾਹੀਂ ਲੋੜੀਂਦੇ ਕੈਲਸ਼ੀਅਮ, ਪ੍ਰੋਟੀਨ, ਮਿਨਰਲ ਤੱਤ ਅਤੇ ਵਿਟਾਮਿਨ ਬੀ 12 ਸਰੀਰ ਅੰਦਰ ਪਹੁੰਚ ਜਾਂਦੇ ਹਨ।


ਕਿੰਨੀ ਨੀਂਦਰ ਹੋਵੇ ?
ਰੋਜ਼ 7 ਤੋਂ 8 ਘੰਟੇ ਦੀ ਨੀਂਦਰ ਲੈਣੀ ਜ਼ਰੂਰੀ ਹੈ।


ਫ਼ਿਕਰ ਕਰਨਾ ਕਿਵੇਂ ਛੱਡਿਆ ਜਾਵੇ?
ਮੰਨੀ ਪਰਮੰਨੀ ਗੱਲ ਹੈ ਕਿ ਲੋਕ ਮਰ ਮੁੱਕ ਜਾਂਦੇ ਹਨ ਪਰ ਕੰਮ ਨਹੀਂ ਮੁੱਕਦੇ। ਇਸ ਲਈ ਬਚੇ ਹੋਏ ਕੰਮਾਂ ਦੀ ਫ਼ਿਕਰ ਛੱਡ ਦੇਣੀ ਚਾਹੀਦੀ ਹੈ।
ਇੰਜ ਹੀ ਅੱਜ ਤੱਕ ਕਿਸੇ ਨੂੰ ਕਦੇ ਮੁਕੰਮਲ ਜਹਾਨ ਹਾਸਲ ਨਹੀਂ ਹੋਇਆ। ਸਾਨੂੰ ਤਾਂ ਜ਼ਿੰਦਗੀ ਨਾਲ ਸ਼ਿਕਾਇਤਾਂ ਕਰਨ ਦੀ ਥਾਂ ਉਦਾਸੀਆਂ ਦੇ ਓਹਲੇ ਲੁਕੀਆਂ ਖ਼ੁਸ਼ੀਆਂ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਜ਼ਿੰਦਗੀ ਅਤੇ ਸਮੇਂ ਨੂੰ ਬੰਨਿਆ ਜਾ ਹੀ ਨਹੀਂ ਸਕਦਾ। ਇਸੇ ਲਈ ਹੋਰਨਾਂ ਨੂੰ ਠੀਕ ਕਰਨ ਦੀ ਥਾਂ ਆਪਣੇ ਆਪ ਨੂੰ ਤਬਦੀਲ ਕਰਨਾ ਹੀ ਠੀਕ ਰਹਿੰਦਾ ਹੈ।
ਹੱਸਣਾ ਅਤੇ ਗਾਣਾ ਜਾਂ ਗੁਣਗੁਣਾਉਣਾ ਤਣਾਓ ਘਟਾਉਣ ਵਿਚ ਬਹੁਤ ਫ਼ਾਇਦੇਮੰਦ ਸਾਬਤ ਹੋ ਚੁੱਕਿਆ ਹੈ।
ਪਿਛਾਂਹ ਲੰਘ ਚੁੱਕੀ ਜ਼ਿੰਦਗੀ ਵਿਚ ਵਾਰ-ਵਾਰ ਝਾਤ ਮਾਰ ਕੇ ਕਿਸੇ ਹੋਰ ਨਾਲ ਮੇਚ ਕੇ ਸਿਵਾਏ ਢਹਿੰਦੀ ਕਲਾ ਦੇ, ਕੁੱਝ ਵੀ ਹਾਸਲ ਨਹੀਂ ਹੁੰਦਾ। ਇਸੇ ਲਈ ਅੱਗੋਂ ਆਉਣ ਵਾਲੇ ਸਮੇਂ ਬਾਰੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ ਕਿ ਹੁਣ ਕਿਵੇਂ ਇਹ ਸਮਾਂ ਵਧੀਆ ਗੁਜ਼ਾਰਿਆ ਜਾਵੇ।
ਜਿਹੜੀਆਂ ਤਮੰਨਾਵਾਂ ਪਹਿਲਾਂ ਘਰੇਲੂ ਕੰਮਾਂ ਦੇ ਪੂਰਾ ਕਰਨ ਵਿਚ ਦਫਨ ਹੋ ਚੁੱਕੀਆਂ ਹੋਣ, ਉਨ੍ਹਾਂ ਨੂੰ ਪੂਰਾ ਕਰਨ ਦਾ ਇਸ ਤੋਂ ਬਿਹਤਰ ਸਮਾਂ ਹੋਰ ਹੋ ਹੀ ਨਹੀਂ ਸਕਦਾ।
ਨਵੀਆਂ ਦੋਸਤੀਆਂ ਗੰਢਣ, ਨਵੀਂ ਖੇਡ ਸਿੱਖਣ, ਨਵੀਂ ਕਸਰਤ ਸਿੱਖਣ, ਨਵੀਂ ਚੀਜ਼ ਬਣਾਉਣ ਜਾਂ ਖਾਣ ਦੀ ਨਵੀਂ ਚੀਜ਼ ਤਿਆਰ ਕਰਨ ਵਰਗੇ ਨਿੱਕੇ-ਨਿੱਕੇ ਕੰਮ ਤਣਾਓ ਨੂੰ ਝੱਟ ਕਾਫ਼ੂਰ ਕਰ ਦਿੰਦੇ ਹਨ।
ਮੌਤ ਦਾ ਭੈਅ ਅਤੇ ਇਕੱਲੇ ਰਹਿ ਜਾਣ ਦਾ ਡਰ ਇਸ ਉਮਰ ਵਿਚ ਹਰ ਕਿਸੇ ਨੂੰ ਹੁੰਦਾ ਹੈ। ਇਸੇ ਲਈ ਦੋ ਗੱਲਾਂ ਜ਼ਰੂਰ ਚੇਤੇ ਰੱਖਣੀਆਂ ਚਾਹੀਦੀਆਂ ਹਨ। ਪਹਿਲੀ, ਇਸ ਦੁਨੀਆ ਦਾ ਭਾਰ ਸਿਰਫ਼ ਮੇਰੇ ਸਿਰ ਉੱਤੇ ਨਹੀਂ ਹੈ। ਦੂਜੀ, ਇਸ ਸੰਸਾਰ ਵਿਚ ਕਿਸੇ ਧਰਮ ਦਾ ਰੱਬ, ਕੋਈ ਜਾਨਵਰ, ਪੰਛੀ, ਕੀੜਾ, ਮਕੌੜਾ ਜਾਂ ਬੂਟਾ ਤੱਕ ਵੀ ਸਦੀਵੀ ਨਹੀਂ ਹੈ। ਸਭ ਨੇ ਮਰ ਮੁੱਕ ਜਾਣਾ ਹੁੰਦਾ ਹੈ। ਇਸੇ ਲਈ ਅੰਤ ਬਾਰੇ ਸੋਚਦੇ ਰਹਿਣ ਨਾਲੋਂ ਇਸ ਜ਼ਿੰਦਗੀ ਦੇ ਆਖ਼ਰੀ ਸਫ਼ਰ ਵਿਚਲਾ ਰਸਤਾ ਜ਼ਰੂਰ ਰੱਜ ਕੇ ਜੀਅ ਲੈਣਾ ਚਾਹੀਦਾ ਹੈ।
ਅਖ਼ੀਰ ਵਿਚ ਸਿਰਫ਼ ਇਹੋ ਕਹਿਣਾ ਹੈ ਕਿ ਪੈਸਾ ਕਈ ਕਿਸਮਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਜ਼ਰੂਰੀ ਹੁੰਦਾ ਹੈ ਪਰ ਇਹ ਜ਼ਰੂਰੀ ਨਹੀਂ ਕਿ ਪੈਸਾ ਹੀ ਵਧੀਆ ਜ਼ਿੰਦਗੀ ਜਿਊਣ ਦਾ ਆਧਾਰ ਹੋਵੇ! ਸੋ ਇਹ ਉਮਰ ਫ਼ਿਕਰਾਂ ਨੂੰ ਛੰਡ ਕੇ ਜ਼ਿੰਦਗੀ ਦੀ ਹਰ ਖ਼ੁਸ਼ੀ ਦਾ ਇਹਸਾਸ ਕਰਨ ਦੀ ਹੁੰਦੀ ਹੈ! ਜ਼ਿੰਦਗੀ ਇੱਕੋ ਮਿਲਣੀ ਹੈ, ਰੱਜ ਕੇ ਜੀਅ ਲੈਣੀ ਚਾਹੀਦੀ ਹੈ। ਕੋਈ ਸਧਰ ਅਧੂਰੀ ਨਹੀਂ ਰਹਿਣ ਦੇਣੀ ਚਾਹੀਦੀ।
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਕੈਂਸਰ ਦੇ ਮਰੀਜ਼ਾਂ ਲਈ ਦੇਸੀ ਦਵਾਈਆਂ ਕਿੰਨੀਆਂ ਅਸਰਦਾਰ? - ਡਾ. ਹਰਸ਼ਿੰਦਰ ਕੌਰ,ਐੱਮ.ਡੀ.,

    ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਨੇ ਸਰਵੇਖਣ ਕਰ ਕੇ ਦੱਸਿਆ ਹੈ ਕਿ ਲਗਭਗ 40 ਫੀਸਦੀ ਕੈਂਸਰ ਦੇ ਮਰੀਜ਼ ਪਿਛਲੇ 10 ਸਾਲਾਂ ਵਿਚ ਜੜ੍ਹੀਆਂ ਬੂਟੀਆਂ ਜਾਂ ਕੋਈ ਹੋਰ ਦੇਸੀ ਦਵਾਈਆਂ ਵੀ ਨਾਲੋ ਨਾਲ ਖਾਣ ਲੱਗ ਪਏ ਸਨ। ਇਨ੍ਹਾਂ ਵਿਚ ਵੱਧ ਪੜ੍ਹੇ ਲਿਖੇ, ਅਮੀਰ ਅਤੇ ਇੰਟਰਨੈੱਟ ਨੂੰ ਆਧਾਰ ਮੰਨਣ ਵਾਲੇ ਜ਼ਿਆਦਾ ਮਰੀਜ਼ ਸਨ। ਬਹੁਤੇ ਤਾਂ ਸਰਜਰੀ, ਕੀਮੋਥੈਰਪੀ, ਰੇਡੀਓਥੈਰਪੀ ਆਦਿ ਦੇ ਨਾਲ ਹੀ ਹੋਰ ਦੇਸੀ ਨੁਸਖ਼ੇ ਵਰਤਣ ਲੱਗ ਪਏ ਸਨ ਤੇ ਕੁੱਝ ਇਲਾਜ ਪੂਰਾ ਮੁਕਾਉਣ ਬਾਅਦ ਦੇਸੀ ਦਵਾਈਆਂ ਲੈਣ ਲੱਗ ਪਏ ਸਨ।
ਸਾਲ 2019 ਦੇ ਸਰਵੇਖਣ ਅਨੁਸਾਰ 83 ਫੀਸਦੀ ਕੈਂਸਰ ਦੇ ਮਰੀਜ਼ਾਂ ਨੇ ਅਮਰੀਕਾ ਵਿਚ ਦੇਸੀ ਜਾਂ ਕੋਈ ਹੋਰ ਜੜ੍ਹੀ ਬੂਟੀ ਐਲੋਪੈਥੀ ਇਲਾਜ ਦੇ ਨਾਲ ਹੀ ਸ਼ੁਰੂ ਕਰ ਲਈ।
ਯੇਲ ਕੈਂਸਰ ਸੈਂਟਰ ਨੇ 10 ਸਾਲਾਂ ਦੀ ਖੋਜ ਬਾਅਦ ਇਹ ਸਪਸ਼ਟ ਕੀਤਾ ਹੈ ਕਿ ਜਿਹੜੇ ਕੈਂਸਰ ਦੇ ਮਰੀਜ਼ਾਂ ਨੇ ਤੁਰੰਤ ਅਪਰੇਸ਼ਨ, ਕੀਮੋਥੈਰੇਪੀ ਜਾਂ ਰੇਡੀਓਥੈਰੇਪੀ ਕਰਵਾਉਣ ਦੀ ਥਾਂ ਪਹਿਲਾਂ ਦੇਸੀ ਟੋਟਕੇ ਅਜ਼ਮਾਏ, ਉਨ੍ਹਾਂ ਵਿਚ ਮੌਤ ਦਰ ਕਾਫੀ ਵਧੀ ਹੋਈ ਲੱਭੀ ਤੇ ਉਹ ਵਕਤ ਤੋਂ ਪਹਿਲਾਂ ਹੀ ਕੂਚ ਕਰ ਗਏ।
ਜਿਨ੍ਹਾਂ ਨੇ ਕੈਂਸਰ ਦੀਆਂ ਦਵਾਈਆਂ ਖਾਣ ਦੇ ਨਾਲੋ ਨਾਲ ਦੇਸੀ ਦਵਾਈਆਂ ਵਰਤੀਆਂ, ਉਨ੍ਹਾਂ ਵਿੱਚੋਂ ਬਥੇਰਿਆਂ ਨੂੰ ਕੈਂਸਰ ਦੀਆਂ ਦਵਾਈਆਂ ਦਾ ਤਗੜਾ ਮਾੜਾ ਅਸਰ ਹੁੰਦਾ ਲੱਭਿਆ ਕਿਉਂਕਿ ਦੇਸੀ ਦਵਾਈਆਂ ਦਾ ਕੈਂਸਰ ਦੀਆਂ ਦਵਾਈਆਂ ਨਾਲ ਸਰੀਰ ਅੰਦਰ ਟਕਰਾਓ ਹੋਣ ਲੱਗ ਪਿਆ ਸੀ ਤੇ ਉਲਟ ਅਸਰ ਹੁੰਦੇ ਲੱਭੇ।
ਇਹ ਅਸਰ ਕਿਹੜੇ ਸਨ :-
1.    ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣਾ :-
ਕੈਂਸਰ ਦੀਆਂ ਦਵਾਈਆਂ ਜਜ਼ਬ ਕਰਨ ਦੀ ਤਾਕਤ ਘਟਾਉਣਾ, ਸਰੀਰ ਵੱਲੋਂ ਕੱਢੇ ਜਾ ਰਹੇ ਹਜ਼ਮ ਕਰਨ ਦੇ ਰਸਾਂ ਨਾਲ ਛੇੜਛਾੜ ਅਤੇ ਅਸਰ ਕਰਨ ਵਾਲੀ ਥਾਂ ਉੱਤੇ ਪਏ ਸੈੱਲਾਂ ਨੂੰ ਸਖ਼ਤ ਜਾਨ ਬਣਾ ਦੇਣਾ, ਆਮ ਹੀ ਦੇਸੀ ਦਵਾਈਆਂ ਨਾਲ ਵੇਖਿਆ ਗਿਆ ਹੈ। ਕੈਂਸਰ ਦੀਆਂ ਦਵਾਈਆਂ ਦੇ ਅਸਰ ਨੂੰ ਸਹੀ ਕਰਨ ਵਿਚ ਸੀ.ਵਾਈ.ਪੀ. 3ਏ. 4 ਰਸ ਦਾ ਅਹਿਮ ਰੋਲ ਹੁੰਦਾ ਹੈ ਜੋ ਕਈ ਕਿਸਮਾਂ ਦੀਆਂ ਦੇਸੀ ਦਵਾਈਆਂ ਨਸ਼ਟ ਕਰ ਦਿੰਦੀਆਂ ਹਨ।
ਬਹੁਤ ਸਾਰੀਆਂ ਕੈਂਸਰ ਦੀਆਂ ਦਵਾਈਆਂ ਜਿਵੇਂ ਸਾਈਕਲੋਫਾਸਫਾਮਾਈਡ, ਪੈਕਲੀਟੈਕਸਲ, ਵਿਨਕਰਿਸਟੀਨ, ਵਿਨਬਲਾਸਟੀਨ ਆਦਿ ਸੀ.ਵਾਈ.ਪੀ. 3ਏ. 4 ਰਸ ਰਾਹੀਂ ਹੀ ਅਸਰ ਵਿਖਾਉਂਦੀਆਂ ਹਨ। ਇੰਜ ਹੀ ਪੀੜ ਨੂੰ ਆਰਾਮ ਦੇਣ ਵਾਲੀਆਂ ਓਪਿਆਇਡ ਦਵਾਈਆਂ ਦਾ ਵੀ ਅਸਰ ਘੱਟ ਹੋ ਜਾਂਦਾ ਹੈ ਜਿਸ ਸਦਕਾ ਮਰੀਜ਼ ਲਈ ਪੀੜ ਨੂੰ ਜਰਨਾ ਔਖਾ ਹੋ ਜਾਂਦਾ ਹੈ।
ਛਾਤੀ ਦੇ ਕੈਂਸਰ ਲਈ ਵਰਤੀਆਂ ਜਾ ਰਹੀਆਂ ਕੁੱਝ ਦਵਾਈਆਂ ਦਾ ਅਸਰ ਤਾਂ ਇਨ੍ਹਾਂ ਦੇਸੀ ਦਵਾਈਆਂ ਨਾਲ ਕਾਫੀ ਘੱਟ ਹੋ ਜਾਂਦਾ ਹੈ ਕਿਉਂਕਿ ਦੇਸੀ ਦਵਾਈਆਂ ਦੀ ਸਾਰੀ ਟੁੱਟ ਫੁੱਟ ਜਿਗਰ ਰਾਹੀਂ ਹੁੰਦੀ ਹੈ। ਜਿਗਰ ਦੇ ਕੰਮ ਕਾਰ ਵਿਚ ਰੋਕਾ ਪੈਣ ਨਾਲ ਜਾਂ ਉਸ ਦੇ ਲੋੜੋਂ ਵੱਧ ਕੰਮ ਕਰਦੇ ਰਹਿਣ ਨਾਲ ਕੈਂਸਰ ਦੀਆਂ ਅਸਲ ਦਵਾਈਆਂ ਦਾ ਅਸਰ ਪੂਰਾ ਹੁੰਦਾ ਹੀ ਨਹੀਂ।
ਇਸ ਤਰ੍ਹਾਂ ਲਗਾਤਾਰ ਵਧਦੀਆਂ ਮੌਤਾਂ ਨੂੰ ਵੇਖਦਿਆਂ ਸਲੋਨ ਕੇਟਰਿੰਗ ਮੈਮੋਰੀਅਲ ਕੈਂਸਰ ਸੈਂਟਰ ਨੇ ਦੁਨੀਆ ਭਰ ਦੇ ਲੋਕਾਂ ਲਈ ਆਪਣੀ ਵੈਬਸਾਈਟ ਰਾਹੀਂ ਜਾਣਕਾਰੀ ਜਗ ਜ਼ਾਹਿਰ ਕਰ ਦਿੱਤੀ ਹੈ ਕਿ ਕਿਵੇਂ ਕੁੱਝ ਦੇਸੀ ਦਵਾਈਆਂ ਤਾਂ ਸਗੋਂ ਕੈਂਸਰ ਦੇ ਮਰੀਜ਼ ਨੂੰ ਛੇਤੀ ਮੌਤ ਦੇ ਮੂੰਹ ਵੱਲ ਲੈ ਜਾਂਦੀਆਂ ਹਨ।
ਉਸ ਵੈਬਸਾਈਟ ਰਾਹੀਂ ਕੈਂਸਰ ਦੀਆਂ ਦਵਾਈਆਂ ਦੇ ਅਸਰ ਕਰਨ ਦਾ ਢੰਗ ਅਤੇ ਕੁੱਝ ਚੁਣਿੰਦਾ ਦੇਸੀ ਦਵਾਈਆਂ ਵੱਲੋਂ ਉਸ ਅਸਰ ਵਿਚ ਛੇੜਛਾੜ ਕਰਨ ਦਾ ਸਪਸ਼ਟ ਅਸਰ ਵੀ ਸਮਝਾਇਆ ਗਿਆ ਹੈ। ਇਸੇ ਲਈ ਉਸ ਵੈਬਸਾਈਟ ਵਿਚ ਕਾਫੀ ਦੇਸੀ ਦਵਾਈਆਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹੋਏ ਹਨ ਕਿ ਇਨ੍ਹਾਂ ਨੂੰ ਕੈਂਸਰ ਦੀਆਂ ਦਵਾਈਆਂ ਨਾਲ ਨਹੀਂ ਵਰਤਣਾ ਚਾਹੀਦਾ।
2.    ਕਿਹੜੀਆਂ ਹੋਰ ਦਵਾਈਆਂ ਨਾ ਵਰਤੀਆਂ ਜਾਣ?
ਭਾਵੇਂ ਬਹੁਤ ਘੱਟ ਕੇਸ ਹਨ ਪਰ ਅਜਿਹੇ ਕੁੱਝ ਮਰੀਜ਼ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਦਾ ਦੇਸੀ ਦਵਾਈਆਂ ਸਦਕਾ ਕੈਂਸਰ ਵੀ ਫੈਲਿਆ, ਜਿਗਰ ਦਾ ਵੀ ਨੁਕਸਾਨ ਹੋਇਆ ਤੇ ਮੌਤ ਵੀ ਛੇਤੀ ਹੋ ਗਈ।
ਹੋਰ ਤਾਂ ਹੋਰ, ਕੁੱਝ ਕੈਂਸਰ ਦੇ ਮਰੀਜ਼ਾਂ ਵਿਚ ਸੇਂਟ ਜਾਨ ਵੌਰਟ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ ਤੇ ਜ਼ਿੰਕੋ ਬਿਲੋਬਾ ਵਰਗੀਆਂ ਦਵਾਈਆਂ ਨਾਲ ਸਪਸ਼ਟ ਰੂਪ ਵਿਚ ਕੈਂਸਰ ਦੀਆਂ ਦਵਾਈਆਂ ਦਾ ਅਸਰ ਘਟਾਉਣ ਵਿਚ ਰੋਲ ਵਿਖਾਇਆ ਗਿਆ ਹੈ ਜੋ 'ਹਰਬ-ਕੈਂਸਰ ਡਰੱਗ ਇੰਟਰਐਕਸ਼ਨ' ਖੋਜ ਪੱਤਰ ਵਿਚ ਛਾਪਿਆ ਗਿਆ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਇਹ ਆਮ ਜਾਪਦੀਆਂ ਦਵਾਈਆਂ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
ਸੇਂਟ ਜਾਨ ਵੌਰਟ ਹਰਬਲ ਮੈਡੀਸਨ ਭਾਵੇਂ ਬੂਟਿਆਂ ਤੋਂ ਬਣੀ ਦਵਾਈ ਹੈ ਜਿਵੇਂ ਜਿਨਸੈਂਗ ਜਾਂ ਜ਼ਿੰਕੋ ਬਿਲੋਬਾ ਜਾਂ ਕੈਕਟਸ ਦਾ ਫਲ, ਪਰ ਇਹ ਕੁੱਝ ਕਿਸਮਾਂ ਦੇ ਕੈਂਸਰ ਦੀਆਂ ਦਵਾਈਆਂ ਦਾ ਅਸਰ 50 ਫੀਸਦੀ ਤੱਕ ਘਟਾ ਦਿੰਦੀਆਂ ਹਨ ਕਿਉਂਕਿ ਇਹ ਕੈਂਸਰ ਦੀਆਂ ਦਵਾਈਆਂ ਨੂੰ ਛੇਤੀ ਸਰੀਰ ਵਿੱਚੋਂ ਬਾਹਰ ਕੱਢ ਦਿੰਦੀਆਂ ਹਨ।
ਖੋਜ ਵਿਚ ਇੱਕ ਕੈਂਸਰ ਦੀ ਦਵਾਈ 'ਇਮੈਟੀਨਿਬ' ਨਾਲ ਜਦੋਂ ਹਰਬਲ ਦਵਾਈ ਸੇਂਟ ਜਾਨ ਵੌਰਟ ਦਿੱਤੀ ਗਈ ਤਾਂ ਮਰੀਜ਼ਾਂ ਦੇ ਸਰੀਰ ਅੰਦਰ ਦੋ ਹਫ਼ਤਿਆਂ ਵਿਚ ਇਮੈਟੀਨਿਬ ਦਾ ਅਸਰ 42 ਫੀਸਦੀ ਤੱਕ ਘਟਿਆ ਹੋਇਆ ਲੱਭਿਆ।
ਇੰਜ ਹੀ ਚਕੋਧਰੇ ਦਾ ਰਸ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਦੇਣ ਨਾਲ ਅਨੇਕ ਕਿਸਮ ਦੀਆਂ ਕੈਂਸਰ ਦੀਆਂ ਦਵਾਈਆਂ ਦਾ ਅਸਰ 32 ਤੋਂ 42 ਫੀਸਦੀ ਘਟਿਆ ਹੋਇਆ ਲੱਭਿਆ।
ਚਕੋਧਰਾ ਕਈ ਤਰ੍ਹਾਂ ਦੀਆਂ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਹੀ ਨਹੀਂ ਹੋਣ ਦਿੰਦਾ ਤੇ ਫਟਾਫਟ ਉਨ੍ਹਾਂ ਨੂੰ ਸਰੀਰ ਵਿੱਚੋਂ ਬਾਹਰ ਕੱਢ ਦਿੰਦਾ ਹੈ।
ਇਕ ਖੋਜ ਵਿਚ ਬਹੁਤ ਵਧੇ ਹੋਏ ਛਾਤੀ ਦੇ ਕੈਂਸਰ ਦੀਆਂ ਔਰਤਾਂ ਵਿਚ ਕੈਂਸਰ ਦੀਆਂ ਦਵਾਈਆਂ ਦੇ ਨਾਲੋ ਨਾਲ ਥੋਮ ਖੁਆਉਣ ਨਾਲ ਡੌਸੀਟੈਕਸਿਲ ਕੈਂਸਰ ਦੀ ਦਵਾਈ ਦੀ ਮਾਤਰਾ ਲਹੂ ਵਿਚ 35 ਫੀਸਦੀ ਘਟੀ ਹੋਈ ਲੱਭੀ। ਇੰਜ ਹੀ ਅਦਰਕ ਦੇਣ ਨਾਲ ਕੈਂਸਰ ਦੇ ਅਪਰੇਸ਼ਨ ਬਾਅਤ ਲਹੂ ਬਹੁਤੀ ਦੇਰ ਤੱਕ ਵੱਗਦਾ ਹੋਇਆ ਲੱਭਿਆ।
3.    ਕਿਹੜੇ ਮਸਾਲੇ ਜਾਂ ਬੀਜ ਵੀ ਠੀਕ ਨਹੀਂ?
ਐਲਫਾਲਫਾ, ਚੇਸਟ ਬੈਰੀ, ਲੌਂਗ, ਸੋਇਆਬੀਨ, ਫਲੈਕਸ ਬੀਜ ਆਦਿ ਨੂੰ ਛਾਤੀ ਅਤੇ ਬੱਚੇਦਾਨੀ ਦੇ ਕੈਂਸਰ ਵਿਚ ਇਲਾਜ ਦੌਰਾਨ ਨਾ ਦੇਣ ਦੀ ਸਲਾਹ ਦਿੱਤੀ ਗਈ ਹੈ।
ਸੋਇਆਬੀਨ ਵਿਚਲਾ 'ਜੈਨੀਸਟੀਨ' ਤਾਂ ਕਈ ਵਾਰ 'ਟੈਮੋਕਸੀਫੈਨ' ਕੈਂਸਰ ਦੀ ਦਵਾਈ ਦਾ ਅਸਰ ਬਹੁਤ ਘਟਾ ਕੇ ਸਗੋਂ ਛਾਤੀ ਵਿਚਲੇ ਕੈਂਸਰ ਦੇ ਸੈੱਲਾਂ ਦੇ ਵਧਣ ਵਿਚ ਤੇਜ਼ੀ ਲਿਆ ਦਿੰਦਾ ਹੈ।
ਕੁੱਝ ਹਾਰਮੋਨਾਂ ਉੱਤੇ ਪਲਦੇ ਕੈਂਸਰ ਵੀ ਦੇਸੀ ਨੁਸਖ਼ਿਆਂ ਨਾਲ ਵੱਧ ਫੈਲ ਜਾਂਦੇ ਹਨ ਕਿਉਂਕਿ ਉਨ੍ਹਾਂ ਵਿਚ ਕੁਦਰਤੀ ਹਾਰਮੋਨ ਹੁੰਦੇ ਹਨ। ਕੁੱਝ ਟੋਟਕਿਆਂ ਨਾਲ ਲਹੂ ਵਗਣ ਦਾ ਖ਼ਤਰਾ ਵੱਧ ਹੋ ਜਾਂਦਾ ਹੈ।
ਕੁੱਝ ਕਿਸਮਾਂ ਦੇ ਵਿਟਾਮਿਨ ਵੀ ਕੈਂਸਰ ਦੀਆਂ ਦਵਾਈਆਂ ਨੂੰ ਹਜ਼ਮ ਕਰਨ ਵਾਲੀ ਥਾਂ ਨੂੰ ਆਪ ਮੱਲ ਕੇ ਬਹਿ ਜਾਂਦੇ ਹਨ ਜਾਂ ਕੈਂਸਰ ਦੇ ਸੈੱਲਾਂ ਨੂੰ ਤਾਕਤ ਦੇ ਕੇ ਤਗੜੇ ਤਰੀਕੇ ਫੈਲਣ ਲਈ ਤਿਆਰ ਕਰ ਦਿੰਦੇ ਹਨ ਜਿਵੇਂ ਵਿਟਾਮਿਨ ਈ ਜਾਂ ਵਿਟਾਮਿਨ ਸੀ।
ਖੋਜ ਵਿਚ ਸਾਬਤ ਹੋ ਚੁੱਕਿਆ ਹੈ ਕਿ ਰੇਡੀਓਥੈਰਪੀ ਤੋਂ ਪਹਿਲਾਂ ਜਿਨ੍ਹਾਂ ਮਰੀਜ਼ਾਂ ਨੂੰ ਇੱਕ ਇੱਕ ਖ਼ੁਰਾਕ ਵਿਟਾਮਿਨ ਈ ਅਤੇ ਸੀ ਦੀ ਦਿੱਤੀ ਗਈ, ਉਨ੍ਹਾਂ ਦੇ ਕੈਂਸਰ ਸੈੱਲਾਂ ਉੱਤੇ ਰੇਡੀਓਥੈਰਪੀ ਕਿਰਨਾਂ ਦਾ ਪੂਰਾ ਅਸਰ ਨਹੀਂ ਪਿਆ। ਇੰਜ ਹੀ ਕਈ ਮਰੀਜ਼ਾਂ ਵਿਚ ਇਲਾਜ ਦੌਰਾਨ ਐਂਟੀਆਕਸੀਡੈਂਟ ਦਵਾਈਆਂ ਦੇਣ ਨਾਲ ਸਗੋਂ ਕੈਂਸਰ ਦੇ ਸੈੱਲ ਵੱਧ ਪ੍ਰਫੁੱਲਿਤ ਹੋਏ ਲੱੱਭੇ।
4.    ਕਿਹੜੇ ਕੁਦਰਤੀ ਤੱਤ ਫ਼ਾਇਦੇਮੰਦ ਸਾਬਤ ਹੋਏ?
ਅਮਰੀਕਾ ਅਤੇ ਚੀਨ ਦੀਆਂ ਛਾਤੀ ਦੀਆਂ ਕੈਂਸਰ ਦੀਆਂ ਹਜ਼ਾਰਾਂ ਔਰਤਾਂ ਉੱਤੇ ਇੱਕ ਵੱਡੀ ਖੋਜ ਰਾਹੀਂ ਇਹ ਨੁਕਤਾ ਸਾਹਮਣੇ ਆਇਆ ਕਿ ਹਰ ਕੁਦਰਤੀ ਚੀਜ਼ ਮਾੜੀ ਨਹੀਂ ਹੁੰਦੀ।
    
ਸੋਇਆਬੀਨ ਨਾਲ ਭਾਵੇਂ ਮੌਤ ਦਰ ਨਹੀਂ ਘਟੀ ਤੇ ਦਵਾਈਆਂ ਦਾ ਅਸਰ ਵੀ ਘੱਟ ਹੋਇਆ ਪਰ ਇਸ ਦੇ ਖਾਣ ਨਾਲ ਕਾਫੀ ਜਣਿਆਂ ਵਿਚ ਛਾਤੀ ਦੇ ਕੈਂਸਰ ਦੇ ਸੈੱਲ ਦੁਬਾਰਾ ਚੁਸਤ ਹੋਏ ਨਹੀਂ ਲੱਭੇ ਤੇ ਦੂਜੀ ਵਾਰ ਕੈਂਸਰ ਹੋਣ ਦੇ ਆਸਾਰ ਬਹੁਤ ਘੱਟ ਹੋਏ।
ਐਂਥਰਾਸਾਈਕਲਿਨ ਐਂਟੀਆਕਸੀਡੈਂਟ ਵੀ ਕੁੱਝ ਕੈਂਸਰ ਦੀਆਂ ਦਵਾਈਆਂ ਦੇ ਮਾੜੇ ਅਸਰਾਂ ਨੂੰ ਘਟਾਉਣ ਵਿਚ ਸਹਾਈ ਹੋਏ ਲੱਭੇ।
ਡਾ. ਵਾਸਰਥੀਲ ਨੇ ਆਪਣੇ ਸਾਥੀਆਂ ਨਾਲ ਕੀਤੀ ਇੱਕ ਖੋਜ ਰਾਹੀਂ ਜਦੋਂ ਕੁੱਝ ਫੈਲੇ ਹੋਏ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਨੂੰ ਮਿਨਰਲ ਤੱਤ ਤੇ ਵਿਟਾਮਿਨ ਸਹੀ ਮਿਕਦਾਰ ਵਿਚ ਖੁਆਏ ਤਾਂ ਉਨ੍ਹਾਂ ਨੂੰ ਆਪਣੇ ਮਰੀਜ਼ਾਂ ਵਿਚ ਮੌਤ ਦਰ ਘੱਟ ਹੁੰਦੀ ਦਿਸੀ।
5.    ਮੌਜੂਦਾ ਸਥਿਤੀ ਕੀ ਹੈ?
ਦਿਨੋ-ਦਿਨ ਕੈਂਸਰ ਦੇ ਮਰੀਜ਼ ਵੱਧਦੇ ਜਾ ਰਹੇ ਹਨ ਤੇ ਉਸੇ ਤਰ੍ਹਾਂ ਕੁਦਰਤੀ ਖ਼ੁਰਾਕ ਜਾਂ ਦੇਸੀ ਨੁਸਖ਼ਿਆਂ ਅਤੇ ਆਯੁਰਵੈਦਿਕ ਦਵਾਈਆਂ ਦਾ ਸੇਵਨ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ਦੀ ਨੈਸ਼ਨਲ ਯੂਨੀਵਰਸਿਟੀ ਔਫ਼ ਨੈਚੂਰਲ ਮੈਡੀਸਨ ਪਿਛਲੇ 50 ਸਾਲਾਂ ਤੋਂ ਕੁਦਰਤੀ ਚੀਜ਼ਾਂ ਦੀ ਵਰਤੋਂ ਕਰ ਰਹੀ ਹੈ ਤੇ ਅਨੇਕ ਖੋਜਾਂ ਕਰ ਚੁੱਕੀ ਹੈ।
ਨੈਚੂਰੋਪੈਥੀ ਉੱਤੇ ਕੰਮ ਕਰਦੀ ਇਸ ਯੂਨੀਵਰਸਿਟੀ ਨੇ ਸਪਸ਼ਟ ਕੀਤਾ ਹੈ ਕਿ ਕੈਂਸਰ ਦੇ ਇਲਾਜ ਦੌਰਾਨ ਨਹੀਂ ਪਰ ਇਲਾਜ ਪੂਰਾ ਕਰਨ ਬਾਅਦ ਜ਼ਰੂਰ ਕੁਦਰਤੀ ਖ਼ੁਰਾਕ ਉੱਤੇ ਜ਼ੋਰ ਪਾਉਣਾ ਚਾਹੀਦਾ ਹੈ। ਉਹ ਤਾਂ ਇੱਥੋਂ ਤੱਕ ਕਹਿ ਰਹੇ ਹਨ ਕਿ ਜੇ ਪਹਿਲਾਂ ਤੋਂ ਹੀ ਸਹੀ ਸੰਤੁਲਿਤ ਖ਼ੁਰਾਕ ਖਾਂਦੇ ਰਹੋ ਅਤੇ ਰੈਗੂਲਰ ਕਸਰਤ ਕਰਦੇ ਰਹੋ ਤਾਂ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਲੱਗਦੀ ਹੀ ਨਹੀਂ।
ਅਨੇਕ ਅਜਿਹੇ ਕੁਦਰਤੀ ਖਾਣੇ ਵੀ ਹਨ ਜਿਨ੍ਹਾਂ ਨੂੰ ਕੈਂਸਰ ਦੇ ਪੂਰੇ ਇਲਾਜ ਤੋਂ ਬਾਅਦ ਖਾਂਦੇ ਰਹਿਣ ਨਾਲ ਲੰਮੀ ਸਿਹਤਮੰਦ ਜ਼ਿੰਦਗੀ ਭੋਗੀ ਜਾ ਸਕਦੀ ਹੈ। ਸਿਰਫ਼ ਗੱਲ ਇਹ ਹੈ ਕਿ ਸਿਆਣੇ ਡਾਕਟਰ ਤੋਂ ਹਰ ਮਰੀਜ਼ ਨੂੰ ਆਪਣਾ ਚੈੱਕਅਪ ਕਰਵਾਉਣ ਬਾਅਦ ਹੀ ਠੀਕ ਸਲਾਹ ਲੈ ਕੇ ਸਹੀ ਮਿਕਦਾਰ ਵਿਚ ਇਹ ਕੁਦਰਤੀ ਚੀਜ਼ਾਂ ਖਾਣ ਦੀ ਲੋੜ ਹੈ। ਮਿਸਾਲ ਵਜੋਂ ਅਦਰਕ ਵਰਗੀ ਖਾਣ ਵਾਲੀ ਚੀਜ਼ ਵੀ ਹਰ ਜਣੇ ਉੱਤੇ ਇੱਕੋ ਜਿੰਨਾ ਅਸਰ ਨਹੀਂ ਵਿਖਾਉਂਦੀ। ਵਰਤਣ ਦਾ ਢੰਗ ਅਤੇ ਮਿਕਦਾਰ ਹਰ ਮਰੀਜ਼ ਦੀ ਹਾਲਤ ਅਨੁਸਾਰ ਵੱਖ ਹੋ ਸਕਦੇ ਹਨ।
ਆਖ਼ਰੀ ਅਸਰਦਾਰ ਨੁਕਤਾ ਜੋ ਕੈਂਸਰ ਨਾਲ ਜੂਝਣ ਵਿਚ ਸਫ਼ਲ ਸਾਬਤ ਹੋ ਚੁੱਕਿਆ ਹੈ, ਉਹ ਹੈ-ਚੜ੍ਹਦੀ ਕਲਾ!
ਜੇ ਇਹ ਸੋਚ ਕੇ ਚੀਜ਼ ਖਾਧੀ ਜਾ ਰਹੀ ਹੋਵੇ ਕਿ ਮੈਂ ਇਸ ਨਾਲ ਯਕੀਨਨ ਠੀਕ ਹੋ ਜਾਵਾਂਗਾ, ਤਾਂ ਉਹ ਚੀਜ਼ ਦੁਗਣਾ ਅਸਰ ਵਿਖਾਉਂਦੀ ਹੈ, ਪਰ ਜੇ ਉਹ ਚੀਜ਼ ਖਾਣ ਲੱਗਿਆਂ ਉਮੀਦ ਨਾ ਰਹੇ ਤਾਂ ਉੱਕਾ ਹੀ ਬੇਅਸਰ ਵੀ ਸਾਬਤ ਹੋ ਜਾਂਦੀ ਹੈ।
ਇਸੇ ਲਈ ਸਾਰਥਕ ਨਜ਼ਰੀਆ ਕੈਂਸਰ ਨਾਲ ਜੂਝਣ ਵਿਚ ਬਹੁਤ ਅਹਿਮ ਰੋਲ ਅਦਾ ਕਰਦਾ ਹੈ।
ਡਾ. ਹਰਸ਼ਿੰਦਰ ਕੌਰ,ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਤੈਰਾਕੀ ਬਾਰੇ ਨਵੀਂ ਖੋਜ - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਕਸਰਤ ਬਾਰੇ ਇੱਕ ਖੋਜ ਬਹੁਤ ਪੁਰਾਣੀ ਹੋ ਚੁੱਕੀ ਕਿ ਹਰ ਜਣੇ ਨੂੰ ਹਫਤੇ ਵਿਚ 150 ਮਿੰਟ ਤਗੜੀ ਕਸਰਤ ਜ਼ਰੂਰ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹਰ ਰੋਜ਼ ਹਲਕਾ ਭੱਜਣਾ ਜਾਂ ਤੇਜ਼ ਤੁਰਨਾ ਵੀ ਜ਼ਰੂਰੀ ਹੈ ਜਿਸ ਲਈ ਘੱਟੋ ਘੱਟ 40 ਮਿੰਟ ਰੋਜ਼ ਲਾਉਣੇ ਚਾਹੀਦੇ ਹਨ।
ਤੈਰਨ ਬਾਰੇ ਇਹ ਪਤਾ ਲੱਗਿਆ ਹੈ ਕਿ ਅਮਰੀਕਾ ਵਿਚ ਹਰ ਤਰ੍ਹਾਂ ਦੀ ਕਸਰਤ ਜਾਂ ਖੇਡ ਵਿੱਚੋਂ ਲੋਕਾਂ ਦੀ ਪਸੰਦ ਅਨੁਸਾਰ ਤੈਰਨਾ ਚੌਥੇ ਨੰਬਰ ਉੱਤੇ ਆ ਚੁੱਕਿਆ ਹੈ। ਜਿੰਨੇ ਵੀ ਜਣੇ ਕਸਰਤ ਦੇ ਸ਼ੌਕੀਨ ਹੋਣ, ਉਨ੍ਹਾਂ ਵਿੱਚੋਂ ਲਗਭਗ ਇੱਕ ਤਿਹਾਈ ਤੋਂ ਵੱਧ ਤੈਰਨਾ ਪਸੰਦ ਕਰਦੇ ਹਨ। ਜੇ ਨਾ ਵੀ ਤੈਰਨਾ ਆਉਂਦਾ ਹੋਵੇ, ਤਾਂ ਵੀ ਗਰਮੀ ਵਿਚ ਪਾਣੀ ਵਿਚ ਬਹਿ ਕੇ ਹੱਥ ਪੈਰ ਮਾਰਦੇ ਰਹਿਣ ਦਾ ਆਨੰਦ ਹੀ ਵੱਖਰਾ ਹੁੰਦਾ ਹੈ।
ਨਵੀਂ ਖੋਜ ਦੱਸਦੀ ਹੈ ਕਿ ਇੱਕ ਘੰਟਾ ਦੌੜਨ ਤੇ ਇੱਕ ਘੰਟਾ ਤੈਰਨ ਨਾਲ ਇੱਕੋ ਜਿੰਨੀਆਂ ਕੈਲਰੀਆਂ ਖ਼ਰਚ ਹੁੰਦੀਆਂ ਹਨ ਪਰ ਤੈਰਨ ਨਾਲ ਕੁੱਝ ਫ਼ਾਇਦੇ ਵੱਧ ਹੁੰਦੇ ਹਨ ਕਿਉਂਕਿ ਨਾ ਜੋੜ ਤੇ ਨਾ ਹੀ ਹੱਡੀਆਂ ਉੱਤੇ ਵਾਧੂ ਜ਼ੋਰ ਪੈਂਦਾ ਹੈ।
ਪੂਰੇ ਸਰੀਰ ਦੀ ਤਗੜੀ ਕਸਰਤ ਦੇ ਨਾਲੋ ਨਾਲ ਤੈਰਨ ਨਾਲ ਸਿਰ ਠੰਡਾ ਰਹਿੰਦਾ ਹੈ। ਦਿਲ ਦੀ ਧੜਕਨ ਤੇਜ਼ ਹੋ ਜਾਣ ਨਾਲ ਸਾਰੇ ਸਰੀਰ ਵਿਚ ਬਰਾਬਰ ਦਾ ਲਹੂ ਦਾ ਦੌਰਾ ਹੋਣ ਸਦਕਾ ਸਾਰੇ ਅੰਗ ਚੁਸਤ ਹੋ ਜਾਂਦੇ ਹਨ। ਸਾਰੇ ਪੱਠਿਆਂ ਦੀ ਇਕ ਸਾਰ ਕਸਰਤ ਹੋਣ ਸਦਕਾ ਉਨ੍ਹਾਂ ਵਿਚਲਾ ਵਾਧੂ ਥਿੰਦਾ ਖੁਰ ਜਾਂਦਾ ਹੈ, ਤਾਕਤ ਬਰਕਰਾਰ ਰਹਿੰਦੀ ਹੈ ਅਤੇ ਫੇਫੜੇ ਵੀ ਪੂਰੀ ਤਰ੍ਹਾਂ ਖੁੱਲ ਕੇ ਤਗੜੇ ਹੋ ਜਾਂਦੇ ਹਨ।
ਤਾਜ਼ਾ ਖੋਜ ਦੱਸਦੀ ਹੈ ਕਿ ਤੈਰਨ ਵਾਲਿਆਂ ਵਿਚ ਮੌਤ ਦਰ ਘੱਟ ਹੁੰਦੀ ਹੈ ਤੇ ਬਾਕੀਆਂ ਨਾਲੋਂ ਪੰਜ ਸਾਲ ਤੱਕ ਵੱਧ ਉਮਰ ਭੋਗੀ ਜਾ ਸਕਦੀ ਹੈ। ਇਹ ਖੋਜ ਹਜ਼ਾਰਾਂ ਬੰਦਿਆਂ ਅਤੇ ਔਰਤਾਂ ਉੱਤੇ ਕੀਤੀ ਗਈ ਸੀ ਜਿਨ੍ਹਾਂ ਵਿਚ ਤੈਰਨ ਵਾਲੇ ਅਤੇ ਨਾ ਤੈਰਨ ਵਾਲਿਆਂ ਨੂੰ 10 ਸਾਲ ਤੱਕ ਲਗਾਤਾਰ ਚੈੱਕਅੱਪ ਕੀਤਾ ਗਿਆ ਸੀ।
ਇਹ ਵੀ ਕੁੱਝ ਖੋਜਾਂ ਵਿਚ ਸਾਬਤ ਹੋਇਆ ਕਿ ਤੈਰਨ ਨਾਲ ਬਲੱਡ ਪ੍ਰੈੱਸ਼ਰ ਜਲਦੀ ਕਾਬੂ ਵਿਚ ਹੋ ਜਾਂਦਾ ਹੈ ਅਤੇ ਲਹੂ ਵਿਚ ਸ਼ਕਰ ਦੀ ਮਾਤਰਾ ਵੀ ਘੱਟ ਜਾਂਦੀ ਹੈ ਜਿਸ ਸਦਕਾ ਸ਼ੱਕਰ ਰੋਗੀਆਂ ਨੂੰ ਦਵਾਈ ਜਾਂ ਟੀਕਾ ਘਟਾਉਣ ਦੀ ਲੋੜ ਪੈ ਸਕਦੀ ਹੈ।
ਜੋੜਾਂ ਦੇ ਰੋਗਾਂ ਵਾਲਿਆਂ ਲਈ ਤਾਂ ਤੈਰਨਾ ਵਰਦਾਨ ਸਾਬਤ ਹੋ ਚੁੱਕਿਆ ਹੈ। ਅਪੰਗ ਬੰਦੇ ਵੀ ਤੈਰਨ ਨਾਲ ਫ਼ਾਇਦਾ ਲੈ ਸਕਦੇ ਹਨ। ਜੇ ਸੱਟ ਵੱਜੀ ਹੋਵੇ ਤਾਂ ਤੈਰਨ ਨਾਲ ਉਸ ਪੀੜ ਨੂੰ ਵੀ ਆਰਾਮ ਪੈ ਜਾਂਦਾ ਹੈ।
ਓਸਟੀਓਆਰਥਰਾਈਟਿਸ ਵਾਲੇ ਮਰੀਜ਼ਾਂ ਦੇ ਜੋੜਾਂ ਦਾ ਅਕੜਾਓ, ਪੱਠਿਆਂ ਵਿਚਲੀ ਖਿੱਚ ਅਤੇ ਪੀੜ ਨੂੰ ਵੀ ਤੈਰਨ ਨਾਲ ਆਰਾਮ ਮਿਲਿਆ ਦਿਸਿਆ ਅਤੇ ਉਨ੍ਹਾਂ ਨੂੰ ਤੁਰਨ ਫਿਰਨ ਵਿਚ ਪਹਿਲਾਂ ਨਾਲੋਂ ਵੱਧ ਸੌਖ ਜਾਪੀ। ਇਸ ਖੋਜ ਵਿਚ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਓਨਾ ਹੀ ਜੋੜਾਂ ਵਿਚ ਆਰਾਮ ਮਹਿਸੂਸ ਹੋਇਆ ਪਰ ਤੈਰਨ ਵਾਲਿਆਂ ਵਿਚ ਥਕਾਨ ਘੱਟ ਮਹਿਸੂਸ ਹੋਈ ਲੱਭੀ ਅਤੇ ਬਾਅਦ ਵਿਚ ਵੀ ਚੁਸਤੀ ਮਹਿਸੂਸ ਹੁੰਦੀ ਰਹੀ।
ਦਮੇ ਦੇ ਮਰੀਜ਼ਾਂ ਲਈ ਤੈਰਨਾ ਇੱਕ ਵਰਦਾਨ ਵਾਂਗ ਹੈ ਕਿਉਂਕਿ ਹਵਾ ਵਿਚਲੀ ਨਮੀ ਅਤੇ ਸਾਹ ਨੂੰ ਰੋਕਣ ਦੀ ਕਿਰਿਆ ਸਦਕਾ ਫੇਫੜਿਆਂ ਦਾ ਪੂਰਾ ਫੈਲਣਾ ਅਤੇ ਨਮੀ ਨਾਲ ਸਾਹ ਦੀਆਂ ਨਾਲੀਆਂ ਵਿਚਲੀ ਲਚਕ ਦਾ ਵਧਣਾ ਉਨ੍ਹਾਂ ਦੀ ਬੀਮਾਰੀ ਘਟਾ ਦਿੰਦਾ ਹੈ।
ਜੇ ਸਵਿਮਿੰਗ ਪੂਲ ਵਿਚ ਕੈਮੀਕਲ ਪਾਏ ਜਾ ਰਹੇ ਹੋਣ ਤਾਂ ਉਸ ਸਦਕਾ ਦਮੇ ਦੇ ਮਰੀਜ਼ਾਂ ਨੂੰ ਦਮੇ ਦਾ ਅਟੈਕ ਹੋਣ ਦਾ ਖ਼ਤਰਾ ਵੱਧ ਵੀ ਸਕਦਾ ਹੈ। ਇਸੇ ਲਈ ਕਲੋਰੀਨ ਦੀ ਥਾਂ ਜੇ ਲੂਣ ਪਾਇਆ ਜਾਵੇ ਤਾਂ ਦਮੇ ਦੇ ਮਰੀਜ਼ਾਂ ਲਈ ਬਹੁਤ ਵਧੀਆ ਸਾਬਤ ਹੋ ਸਕਦਾ ਹੈ।
ਜਿਨ੍ਹਾਂ ਨੂੰ ਮਲਟੀਪਲ ਸਕਲਿਰੋਸਿਸ ਹੋਵੇ, ਉਨ੍ਹਾਂ ਮਰੀਜ਼ਾਂ ਲਈ ਵੀ ਪਾਣੀ ਦੀ ਹਲਕੀ ਵਿਰੋਧੀ ਤਾਕਤ ਲੱਤਾਂ ਦੀ ਕਮਜ਼ੋਰੀ ਲਈ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਇੱਕ ਖੋਜ ਵਿਚ ਜਦੋਂ 20 ਹਫ਼ਤੇ ਮਲਟੀਮਲ ਸਕਲਿਰੋਸਿਸ ਦੇ ਮਰੀਜ਼ਾਂ ਨੂੰ ਤੈਰਨ ਲਈ ਲਾਇਆ ਗਿਆ ਤਾਂ ਉਨ੍ਹਾਂ ਦੇ ਲੱਤਾਂ ਦੀ ਹਿਲਜੁਲ, ਥਕਾਨ ਅਤੇ ਢਹਿੰਦੀ ਕਲਾ ਵਿਚ 20 ਫੀਸਦੀ ਤੱਕ ਫ਼ਾਇਦਾ ਹੁੰਦਾ ਦਿਸਿਆ।
ਜਿਸ ਨੇ ਭਾਰ ਘਟਾਉਣਾ ਹੋਵੇ, ਉਸ ਨੂੰ ਤਾਂ ਤੈਰਨਾ ਹੀ ਪੈਣਾ ਹੈ ਕਿਉਂਕਿ ਇਹ ਸਾਬਤ ਹੋ ਚੁੱਕਿਆ ਹੈ ਕਿ ਇੱਕ ਘੰਟਾ ਲਗਾਤਾਰ ਰੋਜ਼ ਤੈਰਨ ਨਾਲ 73 ਕਿੱਲੋ ਦੇ ਬੰਦੇ ਦੀਆਂ ਲਗਭਗ 423 ਕੈਲਰੀਆਂ ਖ਼ਰਚ ਹੋ ਜਾਂਦੀਆਂ ਹਨ। ਜੇ ਤੇਜ਼ੀ ਨਾਲ ਤੈਰਿਆ ਜਾਵੇ ਤਾਂ 715 ਕੈਲਰੀਆਂ ਵੀ ਇੱਕ ਘੰਟੇ ਵਿਚ ਖ਼ਰਚੀਆਂ ਜਾ ਸਕਦੀਆਂ ਹਨ। ਜੇ 91 ਕਿੱਲੋ ਦੇ ਨੇੜੇ ਤੇੜੇ ਦਾ ਵਜ਼ਨ ਹੋਵੇ ਤਾਂ ਹੌਲੀ ਤੈਰਨ ਨਾਲ 528 ਅਤੇ ਤੇਜ਼ ਤੈਰਨ ਨਾਲ 892 ਕੈਲਰੀਆਂ ਪ੍ਰਤੀ ਘੰਟਾ ਤੱਕ ਖ਼ਰਚ ਹੋ ਜਾਂਦੀਆਂ ਹਨ। ਜੇ ਕਿਤੇ 109 ਕਿੱਲੋ ਵਜ਼ਨ ਹੋਵੇ ਤਾਂ 632 ਅਤੇ 1068 ਕੈਲਰੀਆਂ ਤੱਕ ਖ਼ਰਚੀਆਂ ਜਾਂਦੀਆਂ ਹਨ।
ਜਦੋਂ ਇਹੀ ਖੋਜ ਤੇਜ਼ ਤੁਰਨ ਵਾਲਿਆਂ ਉੱਤੇ ਕੀਤੀ ਗਈ ਤਾਂ ਨਤੀਜੇ ਕੁੱਝ ਅਜਿਹੇ ਸਨ :-
73 ਕਿੱਲੋ ਭਾਰ ਵਾਲੇ ਬੰਦੇ ਦੀਆਂ ਇੱਕ ਘੰਟੇ ਵਿਚ - 314 ਕੈਲਰੀਆਂ, 3.5 ਮੀਲ ਤੁਰਨ ਨਾਲ!
ਯੋਗ ਕਰਨ ਵਾਲਿਆਂ ਵਿਚ ਸਿਰਫ਼ 183 ਕੈਲਰੀਆਂ ਪ੍ਰਤੀ ਘੰਟਾ ਵਰਤੀਆਂ ਗਈਆਂ। ਪਾਵਰ ਯੋਗ ਵਿਚ 365 ਕੈਲਰੀਆਂ ਤੱਕ ਵਰਤੀਆਂ ਲੱਭੀਆਂ। ਸਪਸ਼ਟ ਹੋ ਗਿਆ ਕਿ ਤੈਰਨ ਨਾਲ ਸਭ ਤੋਂ ਤੇਜ਼ੀ ਨਾਲ ਭਾਰ ਘਟਦਾ ਹੈ ਤੇ ਖ਼ਾਸ ਕਰ ਢਿੱਡ ਦੁਆਲਿਓਂ!

ਨੀਂਦਰ ਦੀ ਗੱਲ ਕਰੀਏ :-
ਇੱਕ ਖੋਜ ਵਿਚ ਉਨ੍ਹਾਂ ਬਜ਼ੁਰਗਾਂ ਨੂੰ ਸ਼ਾਮਲ ਕੀਤਾ ਗਿਆ ਜਿਨ੍ਹਾਂ ਨੂੰ ਨੀਂਦਰ ਨਾ ਆਉਣ ਦੀ ਬੀਮਾਰੀ ਸੀ। ਇਨ੍ਹਾਂ ਸਭ ਨੂੰ ਰੋਜ਼ ਸਿਰਫ਼ ਸਵਿਮਿੰਗ ਪੂਲ ਵਿਚ ਇੱਕ ਥਾਂ ਰੁੱਕ ਕੇ ਲਗਾਤਾਰ ਲੱਤਾਂ ਹਿਲਾਉਣ ਲਈ ਕਿਹਾ ਗਿਆ।
ਇਨ੍ਹਾਂ ਵਿੱਚੋਂ 90 ਫੀਸਦੀ ਨੂੰ ਸਿਰਫ਼ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਵਧੀਆ ਨੀਂਦਰ ਆਉਣੀ ਸ਼ੁਰੂ ਹੋ ਗਈ ਅਤੇ ਉਨ੍ਹਾਂ ਦੇ ਜੋੜਾਂ ਦੀ ਲਚਕ ਵੀ ਇੱਕ ਮਹੀਨੇ ਦੇ ਅੰਦਰ ਅੰਦਰ ਵਧੀ ਲੱਭੀ। ਇਨ੍ਹਾਂ ਵਿੱਚੋਂ ਕੁੱਝ ਤਾਂ ਤਿੰਨ ਮਹੀਨਿਆਂ ਦੇ ਬਾਅਦ ਸਾਈਕਲ ਵੀ ਚਲਾਉਣਾ ਸ਼ੁਰੂ ਹੋ ਗਏ।
ਢਹਿੰਦੀ ਕਲਾ ਅਤੇ ਭੁੱਲ ਜਾਣ ਦੀ ਬੀਮਾਰੀ ਵਾਲੇ ਲੋਕਾਂ ਵਿਚ ਵੀ 12 ਹਫ਼ਤਿਆਂ ਦੇ ਤੈਰਨ ਦੀ ਕਸਰਤ ਬਾਅਦ 60 ਫੀਸਦੀ ਫ਼ਾਇਦਾ ਹੋਇਆ ਲੱਭਿਆ।
ਇਸ ਖੋਜ ਤੋਂ ਬਾਅਦ ਤਾਇਵਾਨ ਦੇ ਨਿਊ ਤਾਇਪੇਈ ਸ਼ਹਿਰ ਵਿਚ ਢਹਿੰਦੀ ਕਲਾ ਦੇ 44 ਮਰੀਜ਼ਾਂ ਨੂੰ ਤੈਰਨ ਦੀ ਸਲਾਹ ਦਿੱਤੀ ਗਈ ਪਰ ਕੋਈ ਵੀ ਦਵਾਈ ਖਾਣ ਲਈ ਨਹੀਂ ਦਿੱਤੀ ਗਈ। ਇੱਕ ਹਫ਼ਤੇ ਦੇ ਅੰਦਰ-ਅੰਦਰ 36 ਮਰੀਜ਼ਾਂ ਦੀ ਢਹਿੰਦੀ ਕਲਾ ਵਿਚ 90 ਫੀਸਦੀ ਫ਼ਾਇਦਾ ਦਿਸਿਆ। ਬਾਕੀ 8 ਨੂੰ ਦਵਾਈ ਵੀ ਨਾਲੋ-ਨਾਲ ਦੇਣੀ ਪਈ।
ਜਦੋਂ ਗਰਭਵਤੀ ਚੂਹੀਆਂ ਨੂੰ ਖੋਜ ਦੌਰਾਨ ਤੈਰਨ ਲਈ ਲਾਇਆ ਗਿਆ ਤਾਂ ਪਤਾ ਲੱਗਿਆ ਕਿ ਗਰਭ ਅੰਦਰ ਪਲ ਰਹੇ ਬੱਚੇ ਦੇ ਦਿਮਾਗ਼ ਦੇ ਵਿਕਾਸ ਵਿਚ ਵਾਧਾ ਹੋ ਗਿਆ। ਇਸ ਤੋਂ ਬਾਅਦ ਜੰਮਣ ਸਮੇਂ ਆਕਸੀਜਨ ਦੀ ਕਮੀ ਨਾਲ ਨਵਜੰਮੇਂ ਦੇ ਦਿਮਾਗ਼ ਉੱਤੇ ਮਾੜੇ ਅਸਰ ਵੀ ਨਹੀਂ ਲੱਭੇ।
ਇਸ ਖੋਜ ਤੋਂ ਬਾਅਦ ਗਰਭਵਤੀ ਔਰਤਾਂ ਨੂੰ ਸੱਤਵੇਂ ਮਹੀਨੇ ਦੇ ਅਖ਼ੀਰ ਤੱਕ ਤੈਰਦੇ ਰਹਿਣ ਦੀ ਸਲਾਹ ਦਿੱਤੀ ਗਈ, ਖ਼ਾਸ ਕਰ ਜੇ ਕੋਈ ਹੋਰ ਨੁਕਸ ਨਹੀਂ ਸੀ। ਜਿਹੜੀਆਂ ਔਰਤਾਂ ਮੰਨੀਆਂ, ਉਨ੍ਹਾਂ ਦੇ ਬੱਚਿਆਂ ਵਿਚ ਵੀ ਫ਼ਾਇਦਾ ਹੋਇਆ ਲੱਭਿਆ, ਪਰ ਇਹ ਗਿਣਤੀ ਕਾਫ਼ੀ ਘੱਟ ਸੀ। ਇਸੇ ਲਈ ਇਸ ਵਿਸ਼ੇ ਉੱਤੇ ਹੋਰ ਖੋਜਾਂ ਕਰਨ ਦੀ ਸਲਾਹ ਦਿੱਤੀ ਗਈ ਹੈ। ਕਲੋਰੀਨ ਵਾਲੇ ਪੂਲ ਵਿਚ ਵੀ ਤੈਰਨ ਨਾਲ ਗਰਭਵਤੀ ਔਰਤਾਂ ਨੂੰ ਕੋਈ ਨੁਕਸਾਨ ਹੋਇਆ ਨਹੀਂ ਲੱਭਿਆ ਤੇ ਇਨ੍ਹਾਂ ਔਰਤਾਂ ਨੂੰ ਜੰਮਣ ਪੀੜਾਂ ਵੀ ਘੱਟ ਹੋਈਆਂ। ਇਨ੍ਹਾਂ ਔਰਤਾਂ ਦੇ ਬੱਚਿਆਂ ਵਿਚ ਦਿਲ ਦੇ ਜਮਾਂਦਰੂ ਰੋਗ ਘੱਟ ਲੱਭੇ ਅਤੇ ਬੱਚੇ ਵੀ ਪੂਰੇ ਵਕਤ ਉੱਤੇ ਜੰਮੇ, ਯਾਨੀ ਸਤਮਾਹੇ ਬੱਚੇ ਜੰਮਣ ਦਾ ਖ਼ਤਰਾ ਵੀ ਘੱਟ ਗਿਆ।
ਛੋਟੇ ਬੱਚਿਆਂ ਨੂੰ ਜੇ ਤੈਰਨਾ ਸਿਖਾ ਦਿੱਤਾ ਜਾਵੇ ਤਾਂ ਉਨ੍ਹਾਂ ਵਿਚ ਇਕਾਗਰਤਾ ਵਧਦੀ ਹੈ ਤੇ ਉਹ ਛੇਤੀ ਮੋਟਾਪੇ ਦਾ ਸ਼ਿਕਾਰ ਨਹੀਂ ਹੁੰਦੇ।

ਤੈਰਨ ਦੇ ਖ਼ਤਰੇ :-
1.     ਜੇ ਚੰਗੀ ਤਰ੍ਹਾਂ ਤੈਰਨਾ ਨਹੀਂ ਸਿੱਖਿਆ ਤਾਂ ਡੁੱਬਣ ਦਾ ਖ਼ਤਰਾ ਹੁੰਦਾ ਹੈ।
2.    ਜੇ ਪਾਣੀ ਸਾਫ਼ ਨਾ ਹੋਵੇ ਤਾਂ ਕੀਟਾਣੂਆਂ ਦਾ ਹਮਲਾ ਹੋ ਸਕਦਾ ਹੈ।
3.    ਤੈਰਨ ਤੋਂ ਪਹਿਲਾਂ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਕਿਉਂਕਿ ਲਗਾਤਾਰ ਕਸਰਤ ਨਾਲ ਪਾਣੀ ਦੀ ਕਮੀ ਹੋ ਸਕਦੀ ਹੈ ਜੋ ਪਾਣੀ ਅੰਦਰ ਤੈਰਦੇ ਰਹਿਣ ਸਦਕਾ ਮਹਿਸੂਸ ਨਹੀਂ ਹੁੰਦੀ। ਕੌਫ਼ੀ ਜਾਂ ਸ਼ਰਾਬ ਤੈਰਨ ਲੱਗਿਆਂ ਨਹੀਂ ਪੀਣੀ ਚਾਹੀਦੀ।
4.    ਕਈਆਂ ਨੂੰ ਪਾਣੀ ਵਿਚਲੇ ਕਲੋਰੀਨ ਨਾਲ ਤਗੜੀ ਐਲਰਜੀ ਹੋ ਸਕਦੀ ਹੈ। ਇਸੇ ਲਈ ਤੈਰਨ ਬਾਅਦ ਚੰਗੀ ਤਰ੍ਹਾਂ ਸਾਫ਼ ਪਾਣੀ ਨਾਲ ਨਹਾਉਣ ਬਾਅਦ ਹਲਕੀ ਕਰੀਮ ਜ਼ਰੂਰ ਸਾਰੇ ਸਰੀਰ ਉੱਤੇ ਲਗਾ ਲੈਣੀ ਚਾਹੀਦੀ ਹੈ।
5.    ਸਵੇਰ ਵੇਲੇ ਨਿਰਣੇ ਪੇਟ ਤੈਰਨ ਨਾਲ ਛੇਤੀ ਭਾਰ ਘਟਦਾ ਹੈ। ਸ਼ੱਕਰ ਰੋਗੀਆਂ ਦੀ ਸ਼ੱਕਰ ਦੀ ਮਾਤਰਾ ਇਸ ਤਗੜੀ ਕਸਰਤ ਨਾਲ ਲੋੜੋਂ ਵੱਧ ਘੱਟ ਸਕਦੀ ਹੈ।
6.    ਸੋਰਾਇਸਿਸ ਬੀਮਾਰੀ ਵਾਲੇ ਕਲੋਰੀਨ ਵਾਲੇ ਪਾਣੀ ਵਿਚ ਨਾ ਹੀ ਤੈਰਨ ਤਾਂ ਠੀਕ ਰਹਿੰਦਾ ਹੈ।
7.    ਜੇ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਦੇ ਵਿਚ ਤੈਰਨਾ ਹੋਵੇ ਤਾਂ ਸਨਸਕਰੀਨ ਐਸ.ਪੀ. ਐਫ਼. 15 ਵਾਲੀ ਕਰੀਮ ਚਮੜੀ ਉੱਤੇ ਮਲ ਕੇ ਤੈਰਨਾ ਚਾਹੀਦਾ ਹੈ।
8.    ਮੂੰਹ ਜਾਂ ਨੱਕ ਰਾਹੀਂ ਪੂਲ ਦਾ ਪਾਣੀ ਅੰਦਰ ਨਹੀਂ ਲੰਘਾਉਣਾ ਚਾਹੀਦਾ।
9.    ਜੇ ਖੁੱਲੇ ਜ਼ਖ਼ਮ ਹੋਣ, ਤਾਂ ਨਹੀਂ ਤੈਰਨਾ ਚਾਹੀਦਾ ਕਿਉਂਕਿ ਇਨ੍ਹਾਂ ਉੱਤੇ ਪਾਣੀ ਵਿਚਲੇ ਕੀਟਾਣੂ ਹਮਲਾ ਬੋਲ ਸਕਦੇ ਹਨ।
10.    ਵਾਧੂ ਕਲੋਰੀਨ ਨਾਲ ਅੱਖਾਂ ਵਿਚ ਜਲਨ ਹੋ ਸਕਦੀ ਹੈ।
11.    ਬਹੁਤ ਲੰਮੇ ਸਮੇਂ ਤਕ ਸਾਹ ਰੋਕ ਕੇ ਪਾਣੀ ਹੇਠਾਂ ਤੈਰਦੇ ਰਹਿਣਾ ਵੀ ਕਦੇ ਕਦੇ ਖ਼ਤਰਨਾਕ ਹੋ ਸਕਦਾ ਹੈ ਤੇ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
12.    ਘੱਟ ਡੂੰਘਾਈ ਵਾਲੇ ਪੂਲ ਵਿਚ ਸਿਰ ਪਰਨੇ ਛਾਲ ਮਾਰਨ ਨਾਲ ਮੌਤ ਤੱਕ ਹੋ ਸਕਦੀ ਹੈ।
13.    ਇਕਦਮ ਸਾਹ ਰੁੱਕ ਜਾਣ ਵਾਲੀ ਬੀਮਾਰੀ (ਬਰੈਥ ਹੋਲਡਿੰਗ ਸਪੈੱਲ) ਵਾਲਿਆਂ ਨੂੰ ਵੀ ਬਹੁਤ ਧਿਆਨ ਨਾਲ ਕਿਸੇ ਦੀ ਦੇਖ ਰੇਖ ਹੇਠਾਂ ਤੈਰਨਾ ਚਾਹੀਦਾ ਹੈ।
ਸਾਰ :-
ਤੈਰਨਾ ਬਹੁਤ ਹੀ ਵਧੀਆ ਕਸਰਤ ਮੰਨੀ ਜਾ ਚੁੱਕੀ ਹੈ। ਗੱਲ ਸਿਰਫ਼ ਇਹ ਗੌਰ ਕਰਨ ਯੋਗ ਹੈ ਕਿ ਅੱਜ ਦੇ ਦਿਨ ਰਾਜਸਥਾਨ ਦੇ ਕੁੱਝ ਹਿੱਸਿਆਂ ਵਿਚ ਲੋਕ ਪੀਣ ਦੇ ਪਾਣੀ ਨੂੰ ਤਰਸ ਰਹੇ ਹਨ ਤੇ ਗੰਦਾ ਪਾਣੀ ਪੀਣ ਉੱਤੇ ਮਜਬੂਰ ਹਨ। ਅਸੀਂ ਵੀ ਪੰਜਾਬ ਵਿਚ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਮੁਕਾਉਣ ਵੱਲ ਵਧ ਰਹੇ ਹਾਂ। ਜੇ ਪੀਣ ਨੂੰ ਵੀ ਪਾਣੀ ਨਾ ਰਿਹਾ ਤਾਂ ਤੈਰਨ ਬਾਰੇ ਕੌਣ ਸੋਚੇਗਾ?
ਅੰਤ ਵਿਚ ਇਹੋ ਕਹਿਣਾ ਹੈ ਕਿ ਜੇ ਕਿਸੇ ਨੂੰ ਤੈਰਨ ਤੋਂ ਡਰ ਲੱਗਦਾ ਹੈ ਤਾਂ ਏਨਾ ਹੀ ਯਾਦ ਕਰ ਲਵੇ ਕਿ ਮਾਂ ਦੇ ਢਿੱਡ ਅੰਦਰ ਹਰ ਬੱਚੇ ਨੂੰ ਕੁਦਰਤ ਨੇ ਪਾਣੀ ਵਿਚ ਪੁੱਠਾ ਲਟਕ ਕੇ ਤੈਰਨਾ ਸਿਖਾਇਆ ਹੁੰਦਾ ਹੈ। ਸੋ ਹੁਣ ਕਿਹੜੀ ਗੱਲੋਂ ਡਰਨਾ? ਕਿਸੇ ਵੀ ਸਫਲ ਤੈਰਾਕ ਤੋਂ ਥੋੜਾ ਜਿਹਾ ਸਿੱਖ ਕੇ, ਕਿਸੇ ਵੀ ਉਮਰ ਵਿਚ ਤੈਰਿਆ ਜਾ ਸਕਦਾ ਹੈ।
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਪੰਜਾਬ ਹਿਤੈਸ਼ੀਓ! ਪੰਜਾਬ ਇੱਕ ਵਾਰ ਫਿਰ ਨੰਬਰ ਵਨ ਉੱਤੇ! - ਡਾ. ਹਰਸ਼ਿੰਦਰ ਕੌਰ,ਐੱਮ.ਡੀ.,

ਕੁੱਝ ਖ਼ਬਰਾਂ ਵੱਲ ਝਾਤ ਮਾਰੀਏ :-
1.    ਕੈਂਸਰ ਨੇ ਪੰਜਾਬ ਦੇ ਪਿੰਡਾਂ ਵਿਚ ਮਚਾਈ ਤਬਾਹੀ। ਕਾਰਨ- ਕੀਟਨਾਸ਼ਕ ਸਪਰੇਅ ਵਿਚਲੇ ਕੈਮੀਕਲ!
2.    ਤੱਥ ਸਾਬਤ ਹੋ ਜਾਣ ਉੱਤੇ ਕੀਟਨਾਸ਼ਕ ਸਪਰੇਅ ਗਲਾਫੋਸੇਟ ਉੱਤੇ ਪੰਜਾਬ ਵਿਚ ਪਾਬੰਦੀ! ਇਸ ਕੀਟਨਾਸ਼ਕ ਸਦਕਾ ਜਿਗਰ ਹੋ ਰਹੇ ਫੇਲ੍ਹ ਅਤੇ ਕੈਂਸਰ ਵਿਚ ਭਾਰੀ ਵਾਧਾ! (ਟਾਈਮਜ਼ ਆਫ਼ ਇੰਡੀਆ ਵਿਚ ਛਪੀ ਰਿਪੋਰਟ-25 ਅਕਤੂਬਰ 2018)
3.    ਪੰਜਾਬ ਵਿਚ ਕੈਂਸਰ ਫੈਲਾਉਂਦੇ ਕੀਟਨਾਸ਼ਕਾਂ ਵਿਚ ਕੋਈ ਰੋਕ ਨਹੀਂ! (ਇੰਡੀਅਨ ਐਕਸਪ੍ਰੈਸ ਵਿਚ ਛਪੀ ਰਿਪੋਰਟ)
4.    ਇੰਡੀਆ ਵਾਟਰ ਪੋਰਟਲ ਦੀ 21 ਨਵੰਬਰ 2019 ਦੀ ਰਿਪੋਰਟ- ਪੰਜਾਬ ਦੀ ਧਰਤੀ ਹੁਣ ਜ਼ਹਿਰ ਉਗਲਣ ਲੱਗ ਪਈ ਹੈ। ਪੰਜਾਂ ਦਰਿਆਵਾਂ ਦੀ ਧਰਤੀ ਦੇ ਪਾਣੀ, ਹਵਾ ਅਤੇ ਜ਼ਮੀਨ ਦੇ ਹੇਠਾਂ ਵੀ ਜ਼ਹਿਰੀਲੇ ਕੈਮੀਕਲਾਂ ਦਾ ਭੰਡਾਰ ਜਮ੍ਹਾਂ ਹੋ ਚੁੱਕਿਆ ਹੈ।
5.    ਮਾਲਵਾ ਬਣਿਆ-ਕੀਟਨਾਸ਼ਕ ਸਪਰੇਅ ਦਾ ਭੰਡਾਰ-ਭਾਰਤ ਦੇ 'ਕੈਂਸਰ ਕੈਪੀਟਲ ਵਜੋਂ ਹੋਈ ਪਛਾਣ! ਪੂਰੇ ਪੰਜਾਬ ਵਿਚ ਵਰਤੇ ਜਾ ਰਹੇ ਕੈਮੀਕਲਾਂ ਦਾ 75 ਫੀਸਦੀ ਹਿੰਸਾ ਸਿਰਫ਼ ਮਾਲਵਾ ਵਿਚ ਹੀ ਵਰਤਿਆ ਜਾ ਰਿਹਾ ਹੈ। ਪਿਛਲੇ 10 ਸਾਲਾਂ ਵਿਚ ਕੈਂਸਰ ਦੇ ਕੇਸਾਂ ਵਿਚ ਤਿੰਨ ਗੁਣਾ ਵਾਧਾ ਰਿਕਾਰਡ ਕੀਤਾ ਗਿਆ। ਏਸੇ ਹੀ ਦੌਰਾਨ ਕੀਤੀਆਂ ਗਈਆਂ 6 ਖੋਜਾਂ ਵਿਚ ਮਾਲਵਾ ਵਿਚਲੇ ਕੀਟਨਾਸ਼ਕਾਂ ਦੇ ਅਸਰ ਹੇਠ ਆਏ ਲੋਕਾਂ ਦੀ ਲਿਆਕਤ ਵਿਚ ਘਾਟਾ ਅਤੇ ਬੱਚੇ ਜੰਮਣ ਦੀ ਸਮਰਥਾ ਉੱਤੇ ਵੀ ਕਾਫੀ ਮਾੜਾ ਅਸਰ ਲੱਭਿਆ ਗਿਆ।
ਪੂਰੇ ਮਾਲਵੇ ਵਿਚ ਹੀ ਹਵਾ, ਪਾਣੀ, ਮਿੱਟੀ ਅਤੇ 'ਫੂਡ-ਚੇਨ' (ਉਪਜ) ਵਿਚ ਭਾਰੀ ਮਾਤਰਾ ਵਿਚ ਕੀਟਨਾਸ਼ਕਾਂ ਦੇ ਅੰਸ਼ ਲੱਭੇ ਜਾ ਚੁੱਕੇ ਹਨ।
6.    ਮਾਲਵੇ ਦੇ ਦੋ ਪਿੰਡਾਂ-ਅਰਨੇਤੂ (ਪਟਿਆਲਾ ਜ਼ਿਲ੍ਹਾ) ਅਤੇ ਵੱਲੀਪੁਰ (ਲੁਧਿਆਣਾ ਜ਼ਿਲ੍ਹਾ) ਉੱਤੇ ਹੋਈ ਖੋਜ 'ਐਗਰੀਕਲਚਰਲ ਸਾਈਂਸਿਸ' ਜਰਨਲ ਵਿਚ ਛਪੀ ਹੈ। ਉਸ ਖੋਜ ਪੱਤਰ ਵਿਚ ''ਪੈਸਟੀਸਾਈਡ ਇਨ ਐਗਰੀਕਲਚਰਲ ਰਨਔਫ ਅਫੈਕਟਿੰਗ ਵਾਟਰ ਰਿਸੋਰਸਿਸ ਇਨ ਪੰਜਾਬ'' ਅਧੀਨ ਜੋ ਤੱਥ ਛਪੇ, ਉਹ ਹਨ-
*    ਦੋਨਾਂ ਪਿੰਡਾਂ ਦੇ 81 ਫੀਸਦੀ ਲੋਕ ਮੰਨੇ ਕਿ ਉਹ ਲੋੜੋਂ ਵੱਧ ਕੀਟਨਾਸ਼ਕ ਵਰਤ ਰਹੇ ਹਨ।
*    ਕਣਕ ਬੀਜਣ ਲੱਗਿਆਂ 'ਸੀਜ਼ਨ' ਦੌਰਾਨ ਹੀ ਤਿੰਨ ਵਾਰ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ।
*    ਇਨ੍ਹਾਂ ਥਾਵਾਂ ਉੱਤੇ ਮੀਂਹ ਨਾਲ ਥੱਲੇ ਲੰਘਦਾ ਧਰਤੀ ਹੇਠਲਾ ਪਾਣੀ ਕੀਟਨਾਸ਼ਕਾਂ ਨਾਲ ਅਤੇ ਫੈਕਟਰੀਆਂ ਦੀ ਗੰਦਗੀ ਸਦਕਾ ਪ੍ਰਦੂਸ਼ਿਤ ਹੋ ਚੁੱਕਿਆ ਹੈ। ਇਸ ਬਾਰੇ ਟੈਸਟ ਕਰਨ ਬਾਅਦ ਸਪਸ਼ਟ ਹੋ ਚੁੱਕਿਆ ਹੈ।
*    ਇਨ੍ਹਾਂ ਥਾਵਾਂ ਦੀਆਂ ਸਬਜ਼ੀਆਂ ਵਿਚ ਅਤੇ ਘੱਗਰ ਨੇੜਲੇ ਖੇਤਾਂ ਵਿਚ ਬੀਜੀਆਂ ਦਾਲਾਂ, ਸਬਜ਼ੀਆਂ ਵਿਚ ਕਰੋਮੀਅਮ, ਮੈਂਗਨੀਜ਼, ਨਿੱਕਲ, ਕੌਪਰ, ਸਿੱਕਾ, ਕੈਡਮੀਅਮ ਅਤੇ ਯੂਰੇਨੀਅਮ ਭਾਰੀ ਮਾਤਰਾ ਵਿਚ ਲੱਭੇ ਜੋ ਇਨਸਾਨੀ ਸਰੀਰ ਕਿਸੇ ਵੀ ਹਾਲ ਵਿਚ ਜਰ ਹੀ ਨਹੀਂ ਸਕਦਾ।
*    ਘੱਗਰ ਨਦੀ ਦੇ ਪਾਣੀ ਦੇ ਟੈਸਟ ਕਰਨ ਬਾਅਦ ਪਤਾ ਲੱਗਿਆ ਹੈ ਕਿ ਜਿੰਨੇ ਜ਼ਹਿਰੀਲੇ ਤੱਤ ਉਸ ਪਾਣੀ ਵਿਚ ਲੱਭੇ ਹਨ, ਉਹ ਇਨਸਾਨੀ ਸਰੀਰ ਦੇ ਜਰ ਸਕਣ ਦੀ ਹਦ ਤੋਂ ਲਗਭਗ 100 ਗੁਣਾ ਵਧ ਹਨ। ਇਹ ਜ਼ਹਿਰੀਲੇ ਤੱਤ ਹਨ- ਨਿੱਕਲ, ਕਰੋਮੀਅਮ, ਐਂਟੀਮਨੀ, ਸਟਰੌਂਸ਼ੀਅਮ, ਮੈਂਗਨੀਜ਼, ਜ਼ਿੰਕ, ਟਿਨ, ਸਿੱਕਾ, ਕੈਡਮੀਅਮ, ਟਾਈਟੇਨੀਅਮ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਹਾਣੀਕਾਰਕ ਤੱਤ। ਇਨ੍ਹਾਂ ਸਦਕਾ ਜਿਗਰ, ਗੁਰਦੇ, ਦਿਮਾਗ਼, ਦਿਲ ਦੇ ਰੋਗਾਂ ਸਮੇਤ ਕੈਂਸਰ ਵੀ ਭਾਰੀ ਮਾਤਰਾ ਵਿਚ ਹੋ ਰਿਹਾ ਹੈ।
*    ਮਾਲਵੇ ਦੇ ਪਿੰਡਾਂ ਵਿਚ ਲੋਕਾਂ ਦੇ ਚੈੱਕਅੱਪ ਦੌਰਾਨ ਅਨੇਕ ਰੋਗੀ ਲੱਭੇ। ਇਹ ਬੀਮਾਰੀ ਨਾਲ ਪੀੜਤ ਲੋਕ ਲਗਭਗ ਹਰ ਘਰ ਵਿਚ ਸਨ। ਇਨ੍ਹਾਂ ਵਿਚ ਕੈਂਸਰ ਅਤੇ ਹੈਪਾਟਾਈਟਿਸ ਸੀ ਬੀਮਾਰੀ ਦਾ ਭੰਡਾਰ ਸੀ। ਇਨ੍ਹਾਂ ਤੋਂ ਇਲਾਵਾ ਅਨੇਕ ਘਰਾਂ ਵਿਚ ਬੱਚੇ ਵਕਤ ਤੋਂ ਪਹਿਲਾਂ ਜੰਮੇ ਹੋਏ ਸਨ, ਅਨੇਕ ਗਰਭ ਵਿਚ ਹੀ ਮਰ ਚੁੱਕਿਆਂ ਬਾਰੇ ਪਤਾ ਲੱਗਿਆ ਜੋ ਬਾਕੀ ਪੰਜਾਬ ਨਾਲੋਂ 5 ਗੁਣਾ ਵਧ ਗਿਣਤੀ ਸੀ। ਇੰਜ ਹੀ ਜੰਮਦੇ ਸਾਰ ਮਰਨ ਵਾਲੇ ਬੱਚਿਆਂ ਦੀ ਗਿਣਤੀ ਵੀ ਪੰਜ ਗੁਣਾ ਵੱਧ ਲੱਭੀ।
ਅਨੇਕ ਘਰਾਂ ਦੇ ਬੱਚਿਆਂ ਵਿਚ ਯਾਦਾਸ਼ਤ ਦੀ ਕਮਜ਼ੋਰੀ ਸੀ, ਅਨੇਕ ਮੰਦਬੁੱਧ ਲੱਭੇ, ਕੁੱਝ ਦੇ ਦੰਦਾਂ ਦੁਆਲੇ ਜਬਾੜੇ ਉੱਤੇ ਨੀਲੀ ਲਕੀਰ ਲੱਭੀ, ਕਈਆਂ ਦੇ ਦੰਦਾਂ ਉੱਤੇ ਦਾਗ਼ ਲੱਭੇ ਤੇ ਬਹੁਤ ਸਾਰੇ ਢਿੱਡ ਅਤੇ ਅੰਤੜੀਆਂ ਦੀਆਂ ਤਕਲੀਫ਼ਾਂ ਨਾਲ ਜੂਝ ਰਹੇ ਸਨ।
ਜਦੋਂ ਟੈਸਟ ਕੀਤੇ ਗਏ ਤਾਂ ਇਨ੍ਹਾਂ ਬੱਚਿਆਂ ਦੇ ਸਰੀਰਾਂ ਵਿਚ ਵੱਡੀ ਗਿਣਤੀ ਕੀਟਨਾਸ਼ਕ ਅਤੇ ਮਾੜੇ ਕੈਮੀਕਲਾਂ ਦੇ ਅੰਸ਼ ਲੱਭੇ।
ਸਭ ਤੋਂ ਵੱਧ ਤਕਲੀਫ਼ਦੇਹ ਗੱਲ ਇਹ ਸੀ ਕਿ ਇਨ੍ਹਾਂ ਵਿੱਚੋਂ ਕਿਸੇ ਨੂੰ ਇਹ ਅੰਦਾਜ਼ਾ ਹੀ ਨਹੀਂ ਸੀ ਕਿ ਜਿਹੜੀਆਂ ਬੀਮਾਰੀਆਂ ਨਾਲ ਜੂਝਦੇ ਇਹ ਸਾਰੇ ਪਿੰਡ ਦੇ ਲੋਕ ਰੋਜ਼ ਦੇ ਹਸਪਤਾਲਾਂ ਦੇ ਗੇੜਿਆਂ ਵਿਚ ਉਲਝੇ ਪਏ ਹਨ, ਇਹ ਉਨ੍ਹਾਂ ਦੇ ਆਪਣੇ ਹੀ ਵੱਲੋਂ ਵਰਤੇ ਵਾਧੂ ਕੀਟਨਾਸ਼ਕਾਂ ਸਦਕਾ ਹੋ ਰਹੇ ਹਨ।
ਜਦੋਂ ਕੁੱਝ ਨੇ ਇਹ ਕਿਹਾ ਕਿ ਉਹ ਆਪਣੇ ਲਈ ਬੀਜੀਆਂ ਸਬਜ਼ੀਆਂ ਅਤੇ ਕਣਕ ਉੱਤੇ ਸਪਰੇਅ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਸਮਝਾਇਆ ਗਿਆ ਕਿ ਉੱਪਰਲੀ ਸਪਰੇਅ ਹੀ ਨਹੀਂ, ਇਹ ਤਾਂ ਪਾਣੀ ਰਾਹੀਂ ਧਰਤੀ ਹੇਠ ਪਹੁੰਚ ਕੇ ਹਰ ਫਸਲ ਵਿਚ ਜ਼ਹਿਰ ਭਰ ਰਹੀ ਹੈ ਤਾਂ ਉਹ ਵੀ ਪਰੇਸ਼ਾਨ ਹੋ ਗਏ।
ਸਭ ਕੁੱਝ ਜਾਣ ਲੈਣ ਬਾਅਦ ਵੀ ਇਨ੍ਹਾਂ ਕਿਸਾਨਾਂ ਨੂੰ ਆਰਗੈਨਿਕ ਖਾਦਾਂ ਬਾਰੇ ਪੂਰੀ ਜਾਣਕਾਰੀ ਨਹੀਂ ਸੀ ਤੇ ਉਹ ਹਾਲੇ ਵੀ ਕੀਟਨਾਸ਼ਕਾਂ ਨੂੰ ਛੱਡਣ ਬਾਰੇ ਹਿਚਕਿਚਾ ਰਹੇ ਸਨ।
7.    ਇਨ੍ਹਾਂ ਖ਼ਬਰਾਂ ਤੋਂ ਇਲਾਵਾ ਹੋਰ ਖੋਜ ਪੱਤਰ ਜੋ ਇਸ ਸੰਬੰਧ ਵਿਚ ਛਪ ਚੁੱਕੇ ਹੋਏ ਹਨ,
ਉਹ ਹਨ :-
*    ਸਾਈਲੈਂਟ ਫੀਲਡਜ਼ (2 ਜੂਨ 2015) - ਪੰਜਾਬ ਵਿਚ ਪੈਸਟੀਸਾਈਡ ਦੇ ਕਹਿਰ ਨੇ ਬੱਚਿਆਂ ਨੂੰ ਨਿਗਲਣਾ ਸ਼ੁਰੂ ਕੀਤਾ।
*    ਪੰਜਾਬ ਦੇ 100 ਖੂਹਾਂ ਦੇ ਪਾਣੀ ਨੂੰ ਟੈਸਟ ਕਰਨ ਬਾਅਦ ਇਹ ਪਤਾ ਲੱਗਿਆ ਕਿ ਉਨ੍ਹਾਂ ਵਿਚ ''ਟੌਕਸਿਕ ਕੌਕਟੇਲ'' ਭਰੀ ਪਈ ਹੈ।
*    ਪੀਣ ਵਾਲੇ ਪਾਣੀ ਦੇ 20 ਫੀਸਦੀ ਖੂਹਾਂ ਵਿਚ ਨਾਈਟਰੇਟ 50 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਈ ਗੁਣਾ ਵੱਧ ਲੱਭੇ ਜਿਸ ਸਦਕਾ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਬੱਚਿਆਂ ਵਿਚ 'ਬਲੂ ਬੇਬੀ ਸਿੰਡਰੋਮ' ਯਾਨੀ ''ਮੈਟਹੀਮੋਗਲੋਬੀਨੀਮੀਆ'' ਬੀਮਾਰੀ (ਨੀਲਾ ਪੈ ਜਾਣਾ) ਕਾਫੀ ਦਿਸਣ ਲੱਗ ਪਈ ਹੈ।
8.    ਆਲ ਇੰਡੀਆ ਇੰਸਟੀਚਿਊਟ ਦਿੱਲੀ ਵਿਚ ਦਾਖਲ ਹੋਏ ਬੱਚਿਆਂ ਦੇ ਸਰੀਰ ਅੰਦਰ ਸਿੱਕੇ, ਨਿਕੱਲ ਅਤੇ ਆਰਸੈਨਿਕ ਦੇ ਅੰਸ਼ ਮਿਲੇ।
ਸਿਰਫ਼ ਪੰਜਾਬ ਹੀ ਨਹੀਂ, ਆਂਧਰ ਪ੍ਰਦੇਸ ਦੇ ਇਲੂਰੂ ਇਲਾਕੇ ਵਿਚ ਇੱਕੋ ਸਮੇਂ 600 ਲੋਕ ਹਸਪਤਾਲ ਦਾਖਲ ਹੋਏ ਜਿਨ੍ਹਾਂ ਦੇ ਸਰੀਰਾਂ ਅੰਦਰ ਸਬਜ਼ੀਆਂ ਉੱਤੇ ਛਿੜਕੇ ਜਾਣ ਵਾਲੇ ਕੀਟਨਾਸ਼ਕ ਕਾਫੀ ਮਾਤਰਾ ਵਿਚ ਲੱਭੇ। ਏਮਜ਼ ਦੇ ਡਾਕਟਰਾਂ ਨੇ ਖੋਜ ਕਰ ਕੇ ਦੱਸਿਆ ਕਿ ਕੀਟਨਾਸ਼ਕ ਪਾਣੀ ਅਤੇ ਖਾਣੇ ਰਾਹੀਂ ਸਰੀਰਾਂ ਅੰਦਰ ਲੰਘ ਰਹੇ ਹਨ।
9.    ਸੰਗਰੂਰ ਦੀ ਜੈਸਮੀਨ ਖ਼ਾਨ ਨੇ ਆਪਣੇ 14 ਮਹੀਨੇ ਦੇ ਬੱਚੇ ਨੂੰ ਕੈਂਸਰ ਦੀ ਬੀਮਾਰੀ ਨਾਲ ਜੂਝਦਿਆਂ ਤਿਲ ਤਿਲ ਮਰਦਿਆਂ ਵੇਖਿਆ। ਪੀ.ਜੀ.ਆਈ. ਚੰਡੀਗੜ੍ਹ ਵਿਖੇ ਜਦੋਂ ਬੱਚੇ ਦੇ ਟੈਸਟ ਹੋਏ ਤਾਂ ਪਤਾ ਲੱਗਿਆ ਕਿ ਪੀਣ ਵਾਲੇ ਪਾਣੀ ਵਿਚ ਰਲੇ ਕੈਮੀਕਲਾਂ ਸਦਕਾ ਇਹ ਬੀਮਾਰੀ ਹੋਈ। ਉਸ ਇਲਾਕੇ ਵਿਚ ਕੀਟਨਾਸ਼ਕਾਂ ਨੇ ਤਬਾਹੀ ਮਚਾਈ ਹੋਈ ਹੈ ਜਿਸ ਸਦਕਾ ਅਨੇਕ ਹੋਰ ਬੱਚੇ ਅਤੇ ਨੌਜਵਾਨ ਕੈਂਸਰ ਪੀੜਤ ਹੁੰਦੇ ਜਾ ਰਹੇ ਹਨ। ਇਹ ਗਿਣਤੀ ਹੌਲੀ-ਹੌਲੀ ਵਧਦਿਆਂ ਹੁਣ ਗੱਡੀ ਨੰਬਰ 54703 ਰਾਹੀਂ ਬੀਕਾਨੇਰ ਵੱਲ ਜਾਣ ਵੇਲੇ ਲਗਭਗ 60 ਮਰੀਜ਼ ਕੈਂਸਰ ਦੇ ਇਲਾਜ ਲਈ ਏਸੇ ਥਾਂ ਤੋਂ ਲਿਜਾ ਰਹੀ ਹੈ! (ਫਸਟ ਪੋਸਟ ਰਿਪੋਰਟ)


10.    ''ਦਾ ਗ਼ਾਰਡੀਅਨ'' ਇਕ ਜੁਲਾਈ 2019 ਦੀ ਰਿਪੋਰਟ :-
ਪੰਜਾਬ ਵਿਚ ਪੂਰੇ ਭਾਰਤ ਨਾਲੋਂ ਵੱਧ ਕੈਂਸਰ ਦੇ ਮਰੀਜ਼ ਹਨ ਕਿਉਂਕਿ ਪੰਜਾਬ ਵਿਚ ਸਭ ਤੋਂ ਵੱਧ ਕੈਮੀਕਲ ਫਰਟੀਲਾਈਜ਼ਰ ਵਰਤੇ ਜਾ ਰਹੇ ਹਨ। ਜਿੱਥੇ ਪੂਰੇ ਭਾਰਤ ਵਿਚਲੇ ਅੰਕੜੇ 80 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ, ਉੱਥੇ ਪੰਜਾਬ ਵਿਚ 90 ਕੈਂਸਰ ਦੇ ਮਰੀਜ਼ ਪ੍ਰਤੀ ਇੱਕ ਲੱਖ ਲੋਕ ਹਨ। ਇਸੇ ਲਈ ਇਹ ਕਹਿਣਾ ਅਤਿ ਕਥਨੀ ਨਹੀਂ ਕਿ ਪੰਜਾਬ ਵਿਚ ਅੰਨ ਨਹੀਂ, ਮੌਤ ਬੀਜੀ ਜਾਣ ਲੱਗ ਪਈ ਹੈ (ਇੰਡੀਅਨ ਸਟੇਟ ਵਿਅਰ ਫਾਰਮਰਜ਼ ਸੋ ਸੀਡਜ਼ ਆਫ ਡੈੱਥ)
11.    ਹਾਰਵੈਸਟ ਔਫ ਕੈਂਸਰ (8 ਫਰਵਰੀ 2021 ਦੀ ਰਿਪੋਰਟ) :-
ਅਬੋਹਰ, ਜੋਧਪੁਰ ਐਕਸਪ੍ਰੈਸ ਹੁਣ ''ਕੈਂਸਰ ਟਰੇਨ'' ਵਜੋਂ ਜਾਣੀ ਜਾਂਦੀ ਹੈ। ਉਸ ਵਿਚਲੇ 60 ਫੀਸਦੀ ਸਫਰ ਕਰਨ ਵਾਲੇ ਪੰਜਾਬੀ ਹਨ ਜੋ ਬੀਕਾਨੇਰ ਜਾ ਕੇ ਸਸਤਾ ਇਲਾਜ ਕਰਾਉਣ ਲਈ ਮਜਬੂਰ ਹਨ। ਔਸਤਨ ਰੋਜ਼ ਹੁਣ 100 ਕੈਂਸਰ ਦੇ ਮਰੀਜ਼ ਅਤੇ 200 ਮਰੀਜ਼ਾਂ ਦੇ ਨਾਲ ਜਾਣ ਵਾਲੇ ਪੰਜਾਬੀ ਸਫਰ ਕਰ ਰਹੇ ਹਨ। ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ 1.5 ਫੀਸਦੀ ਦੀ ਥਾਂ 20 ਫੀਸਦੀ ਕੀਟਨਾਸ਼ਕ ਵਰਤੇ ਜਾ ਰਹੇ ਹਨ ਜਿਸ ਸਦਕਾ ਭਾਰਤ ਸਰਕਾਰ ਦੀ ਰਿਪੋਰਟ ਅਨੁਸਾਰ ਲਗਭਗ 18 ਨਵੇਂ ਮਰੀਜ਼ ਹਰ ਰੋਜ਼ ਕੈਂਸਰ ਦੇ ਸਾਹਮਣੇ ਆ ਰਹੇ ਹਨ।
ਪੂਰੇ ਪੰਜਾਬ ਦਾ ਕੀਟਨਾਸ਼ਕਾਂ ਦਾ 75 ਫੀਸਦੀ ਹਿੱਸਾ ਸਿਰਫ਼ ਮਾਲਵਾ ਹੀ ਖਪਤ ਕਰ ਰਿਹਾ ਹੈ ਜਿਸ ਸਦਕਾ ਪਾਣੀ, ਹਵਾ ਤੇ ਮਿੱਟੀ ਤਾਂ ਪਲੀਤ ਹੋਏ ਹੀ ਹਨ, ਇੱਥੋਂ ਦੀਆਂ ਮਿਰਚਾਂ, ਮਸਾਲਿਆਂ ਅਤੇ ਸਬਜ਼ੀਆਂ ਵਿਚ ਵੀ ਕੀਟਨਾਸ਼ਕਾਂ ਦੇ ਅੰਸ਼ ਭਰੇ ਪਏ ਲੱਭੇ ਹਨ।
12.    ਭਾਰਤ ਸਰਕਾਰ ਦੀ ਕੀਟਨਾਸ਼ਕਾਂ ਸੰਬੰਧੀ ਵਰਤੋਂ ਦੀ ਰਿਪੋਰਟ :-
*    ਸੰਨ 2009-10 ਤੋਂ 2014-15 ਦੇ ਵਿਚਕਾਰ 5 ਸਾਲਾਂ ਵਿਚ ਕੀਟਨਾਸ਼ਕਾਂ ਦੀ ਵਰਤੋਂ ਵਿਚ 50 ਫੀਸਦੀ ਵਾਧਾ ਹੋਇਆ ਲੱਭਿਆ।
*    ਇਹ ਵਰਤੋਂ ਸਭ ਤੋਂ ਵੱਧ ਮਹਾਰਾਸ਼ਟਰ ਵਿਚ, ਦੂਜੇ ਨੰਬਰ ਉੱਤੇ ਉੱਤਰ ਪ੍ਰਦੇਸ ਵਿਚ ਅਤੇ ਤੀਜੇ ਨੰਬਰ ਉੱਤੇ ਪੰਜਾਬ ਵਿਚ ਕੀਤੀ ਜਾ ਰਹੀ ਲੱਭੀ।
*    ਜੇ 'ਪਰ ਹੈਕਟੇਅਰ' ਕੀਟਨਾਸ਼ਕਾਂ ਦੀ ਵਰਤੋਂ ਦਾ ਹਿਸਾਬ ਲਾਇਆ ਜਾਵੇ ਤਾਂ ਪੂਰੇ ਭਾਰਤ ਵਿੱਚੋਂ ਪੰਜਾਬ ਪਹਿਲੇ ਨੰਬਰ ਉੱਤੇ ਪਹੁੰਚ ਚੁੱਕਿਆ ਹੋਇਆ ਹੈ ਅਤੇ ਦੂਜੇ ਨੰਬਰ ਉੱਤੇ ਹਰਿਆਣਾ। ਤੀਜੇ ਨੰਬਰ ਉੱਤੇ ਮਹਾਰਾਸ਼ਟਰ ਹੈ।
*    ਕੀਟਨਾਸ਼ਕਾਂ ਸਦਕਾ ਪੰਛੀ, ਮੱਛੀਆਂ, ਕੀਟ-ਪਤੰਗੇ, ਬੂਟੇ ਅਤੇ ਧਰਤੀ ਨੂੰ ਪੌਸ਼ਟਿਕ ਬਣਾਉਣ ਵਾਲੇ ਨਿੱਕੇ ਵਧੀਆ ਕੀਟਾਣੂ ਵੀ ਖ਼ਤਮ ਹੁੰਦੇ ਜਾ ਰਹੇ ਹਨ।
*    ਹਵਾ ਰਾਹੀਂ ਦੂਰ ਦੁਰੇਡੇ ਵਾਲੀਆਂ ਥਾਵਾਂ ਵੀ ਕੀਟਨਾਸ਼ਕਾਂ ਦੇ ਪ੍ਰਭਾਵ ਹੇਠ ਆਉਣ ਲੱਗ ਪਈਆਂ ਹਨ।
*    ਧਰਤੀ ਹੇਠਾਂ ਸਿੰਮ ਕੇ ਇਹ ਕੀਟਨਾਸ਼ਕ ਹਰ ਤਰ੍ਹਾਂ ਦੀ ਉਪਜ ਅੰਦਰ ਪਹੁੰਚ ਚੁੱਕੇ ਹੋਏ ਹਨ।
*    ਫੈਕਟਰੀਆਂ ਅਤੇ ਕੀਟਨਾਸ਼ਕਾਂ ਵਿਚਲੇ ਮਾੜੇ ਕੈਮੀਕਲਾਂ ਨੂੰ ਜੇ ਅੱਜ ਪੂਰੀ ਤਰ੍ਹਾਂ ਰੋਕ ਲਾ ਦਿੱਤੀ ਜਾਵੇ ਤਾਂ ਸ਼ਾਇਦ ਪੂਰੀ ਧਰਤੀ ਨੂੰ ਤੰਦਰੁਸਤ ਹੋਣ ਵਿਚ ਇਕ ਸਦੀ ਤੱਕ ਲੱਗ ਸਕਦੀ ਹੈ।
13.    ਇੰਡੀਆ ਵਾਟਰ ਪੋਰਟਲ ਦੀ ਰਿਪੋਰਟ :-
ਕੀਟਨਾਸ਼ਕਾਂ ਵਿਚਲੇ ਕੈਮੀਕਲ ਬੱਚਿਆਂ ਦੇ ਸਰੀਰਾਂ ਅੰਦਰ ਕਹਿਰ ਢਾਅ ਰਹੇ ਹਨ। ਮਿੱਟੀ, ਹਵਾ, ਪਾਣੀ ਅਤੇ ਖ਼ੁਰਾਕ ਰਾਹੀਂ ਇਹ ਗੁਰਦੇ, ਜਿਗਰ, ਦਿਲ, ਦਿਮਾਗ਼, ਪੱਠਿਆਂ, ਅੱਖਾਂ ਆਦਿ ਦੇ ਨੁਕਸ ਪੈਦਾ ਕਰਨ ਦੇ ਨਾਲੋ ਨਾਲ ਥਾਇਰਾਇਡ, ਨਸਾਂ ਦੇ ਰੋਗ, ਕੈਂਸਰ ਅਤੇ ਬੱਚੇ ਜੰਮਣ ਦੀ ਸਮਰਥਾ ਉੱਤੇ ਵੀ ਡੂੰਘਾ ਅਸਰ ਛੱਡ ਰਹੇ ਹਨ।
ਹਰੀਕੇ ਦੀਆਂ ਮੱਛੀਆਂ ਵਿਚ ਕੀਟਨਾਸ਼ਕ ਅਤੇ ਪਸ਼ੂਆਂ ਵਿਚ ਹੋ ਰਹੇ ਕੈਂਸਰ ਦਾ ਆਧਾਰ ਵੀ ਕੀਟਨਾਸ਼ਕ ਹੀ ਮੰਨੇ ਜਾ ਚੁੱਕੇ ਹਨ। ਪਟਿਆਲਾ, ਹੁਸ਼ਿਆਰਪੁਰ, ਫਰੀਦਕੋਟ, ਲੁਧਿਆਣਾ ਵਿਚ ਪਸ਼ੂਆਂ ਉੱਤੇ ਹੋਈ ਖੋਜ ਰਾਹੀਂ ਇਹ ਅਸਰ ਲੱਭੇ ਜਾ ਚੁੱਕੇ ਹਨ ਜੋ ਡੰਗਰ ਡਾਕਟਰਾਂ ਵੱਲੋਂ ਦੱਸਿਆ ਗਿਆ ਹੈ।
ਮੌਜੂਦਾ ਹਾਲਾਤ ਕੀ ਹਨ ?
ਵਿਸ਼ਵ ਪੱਧਰ ਉੱਤੇ ਯੂਨਾਈਟਿਡ ਨੇਸ਼ਨਜ਼ ਵੱਲੋਂ ਖਾਣ ਪੀਣ ਦੀਆਂ ਚੀਜ਼ਾਂ ਵਿਚ ਕੀਟਨਾਸ਼ਕਾਂ ਦੇ ਅੰਸ਼ ਲੱਭਣ ਉੱਤੇ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ ਅਤੇ ਅਜਿਹੀ ਉਪਜ ਖਰੀਦਣ ਉੱਤੇ ਪੂਰਨ ਰੂਪ ਵਿਚ ਰੋਕ ਲਾਉਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ।
ਕਲੀਨੀਕਲ ਮੈਡੀਕਲ ਥੈਰਾਪਿਊਟਿਕਸ ਜਰਨਲ ਵਿਚ ਪੰਜਾਬ ਦੇ 12 ਸਾਲਾਂ ਤੋਂ ਛੋਟੇ ਬੱਚਿਆਂ ਦੇ ਵਾਲਾਂ ਅਤੇ ਪਿਸ਼ਾਬ ਵਿਚ ਸਿੱਕਾ, ਕੈਡਮੀਅਮ, ਬੇਰੀਅਮ, ਮੈਂਗਨੀਜ਼ ਅਤੇ ਯੂਰੇਨੀਅਮ ਲੱਭੇ ਜਾਣ ਬਾਰੇ ਤੱਥ ਸਾਂਝੇ ਕੀਤੇ ਹਨ। ਇਨ੍ਹਾਂ ਵਿੱਚੋਂ 98 ਫੀਸਦੀ ਵਿਚ ਮਾੜੇ ਕੈਮੀਕਲਾਂ ਦੀ ਮਾਤਰਾ ਕਈ ਗੁਣਾ ਵਧ ਲੱਭੀ ਜੋ ਲੰਮੇ ਸਮੇਂ ਤੋਂ ਅਸਰ ਅਧੀਨ ਆਉਣ ਬਾਰੇ ਦਰਸਾਉਂਦੀ ਸੀ।
ਸਾਰ :-
ਇਹ ਸਪਸ਼ਟ ਹੈ ਕਿ ਕੀਟਨਾਸ਼ਕਾਂ ਦੀ ਵਰਤੋਂ ਇਸ ਲਈ ਸ਼ੁਰੂ ਕੀਤੀ ਗਈ ਸੀ ਕਿ ਅੰਦਾਜ਼ਨ ਹਰ ਸਾਲ 42.66 ਮਿਲੀਅਨ ਅਮਰੀਕਨ ਡਾਲਰਾਂ ਜਿੰਨੀ ਫਸਲ ਕੀਟ ਪਤੰਗਿਆਂ ਦੇ ਹਮਲਿਆਂ ਨਾਲ ਖ਼ਤਮ ਹੋ ਜਾਂਦੀ ਸੀ।
ਹੁਣ ਇਸ ਦੀ ਬੇਹਿਸਾਬੀ ਵਰਤੋਂ ਵਕਤੀ ਫ਼ਾਇਦੇ ਲਈ ਕਰ ਕੇ ਪੂਰੀ ਅਗਲੀ ਪੁਸ਼ਤ ਦੀ ਨਸਲਕੁਸ਼ੀ ਕਰਨ ਵੱਲ ਨੂੰ ਚਾਲੇ ਪਾਉਂਦੇ ਪੰਜਾਬੀ ਆਪਣੇ ਲਾਇਲਾਜ ਰੋਗਾਂ ਦਾ ਇਲਾਜ ਕਰਵਾਉਂਦੇ ਕਿਸਮਤ ਨੂੰ ਝੂਰਦੇ ਦੁਨੀਆ ਨੂੰ ਅਲਵਿਦਾ ਕਹਿੰਦੇ ਜਾ ਰਹੇ ਹਨ।
ਗੁਰਦੇ, ਦਿਲ, ਜਿਗਰ ਦੇ ਰੋਗਾਂ ਨਾਲ ਜੂਝਦੇ ਪੰਜਾਬੀ ਬੱਚੇ ਜਾਂ ਤਾਂ ਸਤਮਾਹੇ ਜੰਮ ਰਹੇ ਹਨ, ਜਾਂ ਕੁੱਖ ਅੰਦਰ ਮਰ ਰਹੇ ਹਨ ਜਾਂ ਛੋਟੀ ਉਮਰੇ ਕੈਂਸਰ ਸਹੇੜ ਰਹੇ ਹਨ। ਜਿਹੜੇ ਬਚ ਗਏ, ਉਨ੍ਹਾਂ ਵਿੱਚੋਂ ਬਥੇਰੇ ਅੱਗੋਂ ਬੱਚੇ ਜੰਮਣ ਯੋਗ ਨਹੀਂ ਰਹਿਣ ਵਾਲੇ!
ਕੀ ਹਾਲੇ ਵੀ ਆਰਗੈਨਿਕ ਜਾਂ ਕੁਦਰਤੀ ਖਾਦਾਂ ਸ਼ੁਰੂ ਕਰਨ ਵਿਚ ਹੋਰ ਦੇਰੀ ਦੀ ਲੋੜ ਹੈ?
ਕੀ ਜਿਹੜੇ ਉਂਗਲਾਂ ਉੱਤੇ ਗਿਣੇ ਜਾਣ ਵਾਲੇ ਲੋਕ ਪੰਜਾਬ ਪ੍ਰਤੀ ਪੀੜ ਨੂੰ ਪਾਲਦੇ, ਰੁਖ ਲਾਉਂਦੇ, ਪਲੀਤ ਪਾਣੀ ਸਾਫ਼ ਕਰਦੇ, ਕੁਦਰਤੀ ਖੇਤੀ ਨੂੰ ਤਰਜੀਹ ਦਿੰਦੇ ਅਤੇ ਲੋਕਾਂ ਨੂੰ ਕੈਂਸਰ ਤੋਂ ਬਚਾਉਣ ਦੇ ਜਤਨਾਂ ਵਿਚ ਜੁਟੇ ਹਨ, ਪੰਜਾਬ ਦੇ ਅਸਲ ਜੋਧੇ ਨਹੀਂ ਅਖਵਾਉਣੇ ਚਾਹੀਦੇ? ਇਹੀ ਹਨ ਸਾਡੇ ਅਸਲ ਪੰਜਾਬ ਰਤਨ, ਜੋ ਪੰਜਾਬੀਆਂ ਦੀ ਪੌਦ ਬਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ!
ਜਾਗੋ ਪੰਜਾਬੀਓ, ਹਾਲੇ ਵੀ ਵੇਲਾ ਹੈ, ਕੀਟਨਾਸ਼ਕਾਂ ਤੋਂ ਤੌਬਾ ਕਰ ਲਈਏ, ਨਹੀਂ ਤਾਂ ਇਹ ਧਰਤੀ, ਮਾਂ ਬਣਨ ਦੀ ਥਾਂ ਡਾਇਣ ਬਣ ਕੇ ਸਾਨੂੰ ਚੱਬ ਜਾਏਗੀ! ਰਬ ਖ਼ੈਰ ਕਰੇ।

ਡਾ. ਹਰਸ਼ਿੰਦਰ ਕੌਰ,ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਗੋਂਗਲੂ ਦੇ ਫ਼ਾਇਦੇ - ਡਾ. ਹਰਸ਼ਿੰਦਰ ਕੌਰ, ਐੱਮ.ਡੀ

ਗੋਂਗਲੂਆਂ ਤੋਂ ਮਿੱਟੀ ਝਾੜਨ ਵਾਲਾ ਮੁਹਾਵਰਾ ਤਾਂ ਬਥੇਰੀ ਵਾਰ ਸੁਣਿਆ ਸੀ ਪਰ ਗੋਂਗਲੂਆਂ ਵਿਚ ਭਰੇ ਕਮਾਲ ਦੇ ਤੱਤਾਂ ਬਾਰੇ ਗੂੜ੍ਹ ਗਿਆਨ ਨਹੀਂ ਸੀ।
ਜਦੋਂ ਖੋਜ ਰਾਹੀਂ ਪਤਾ ਲੱਗਿਆ ਕਿ 30 ਕਿਸਮਾਂ ਦੇ ਗੋਂਗਲੂ ਜਾਂ ਸ਼ਲਗਮ ਇਸ ਵੇਲੇ ਮੌਜੂਦ ਹਨ ਜਿਨ੍ਹਾਂ ਵਿਚ ਇੱਕ ਛੋਟੇ ਜਿਹੇ ਸ਼ਲਗਮ ਵਿਚ ਏਨੀ ਤਾਕਤ ਹੈ ਕਿ ਉਸ ਵਿਚਲੇ 233 ਮਿਲੀਗ੍ਰਾਮ ਪੋਟਾਸ਼ੀਅਮ ਸਦਕਾ ਪੱਠੇ ਅਤੇ ਦਿਲ ਨੂੰ ਸਿਹਤਮੰਦ ਰੱਖਣ ਦੇ ਨਾਲੋ-ਨਾਲ ਬਲੱਡ ਪ੍ਰੈੱਸ਼ਰ ਅਤੇ ਸ਼ੱਕਰ ਰੋਗ ਵੀ ਕਾਬੂ ਵਿਚ ਰੱਖੇ ਜਾ ਸਕਦੇ ਹਨ। ਲੋਕਾਂ ਦੇ ਕੰਨ ਤਾਂ ਉਦੋਂ ਖੜ੍ਹੇ ਹੋਏ ਜਦੋਂ ਖੋਜ ਰਾਹੀਂ ਇਹ ਸਾਬਤ ਹੋਇਆ ਕਿ ਬਹੁਤੇ ਜਣਿਆਂ ਵੱਲੋਂ ਨਾਪਸੰਦ ਕੀਤਾ ਜਾਣ ਵਾਲਾ ਗੋਂਗਲੂ ਆਪਣੇ ਅੰਦਰ ਇੱਕ ਕੈਮੀਕਲ ਗਲੂਕੋਸਿਨੋਲੇਟ ਲੁਕਾਈ ਬੈਠਾ ਹੈ ਜਿਸ ਸਦਕਾ ਛਾਤੀ ਅਤੇ ਗਦੂਦ ਦੇ ਕੈਂਸਰ ਦੇ ਸੈੱਲ ਤੇਜ਼ੀ ਨਾਲ ਫੈਲ ਨਹੀਂ ਸਕਦੇ।
ਸਮੇਂ ਦੇ ਬਥੇਰੇ ਥਪੇੜੇ ਝੱਲਣ ਬਾਅਦ ਵੀ ਗੋਂਗਲੂ ਅੱਜ ਸਭ ਤੋਂ ਪੁਰਾਣੀਆਂ ਸਬਜ਼ੀਆਂ ਵਿੱਚੋਂ ਇੱਕ ਮੰਨਿਆ ਗਿਆ ਹੈ ਜੋ ਡਾਇਨਾਸੋਰ ਵੇਲੇ ਤੋਂ ਅੱਜ ਤੱਕ ਇਸ ਧਰਤੀ ਉੱਤੇ ਆਪਣੀ ਹੋਂਦ ਬਚਾਈ ਬੈਠਾ ਹੈ। ਸਾਈਬੇਰੀਆ ਦੀ ਠੰਡ ਵੀ ਗੋਂਗਲੂਆਂ ਨੂੰ ਲੱਖਾਂ ਸਾਲਾਂ ਤੱਕ ਖ਼ਤਮ ਨਹੀਂ ਕਰ ਸਕੀ। ਗ਼ਰੀਬਾਂ ਦੀ ਖ਼ੁਰਾਕ ਮੰਨੇ ਜਾਂਦੇ ਗੋਂਗਲੂ ਵਿਚ ਇੱਕ ਗ੍ਰਾਮ ਪ੍ਰੋਟੀਨ, ਚਾਰ ਗ੍ਰਾਮ ਮਿੱਠਾ, ਸੱਤ ਗ੍ਰਾਮ ਕਾਰਬੋਹਾਈਡ੍ਰੇਟ ਤੋਂ ਇਲਾਵਾ ਕੈਲਸ਼ੀਅਮ, ਫੋਲੇਟ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਅਤੇ ਵਿਟਾਮਿਨ-ਸੀ ਭਰੇ ਪਏ ਹਨ।
ਇੱਕ ਕੱਪ ਤਾਜ਼ੇ ਕੱਟੇ ਹੋਏ ਗੋਂਗਲੂ ਵਿਚ 6380 ਇੰਟਰਨੈਸ਼ਨਲ ਯੂਨਿਟ ਵਿਟਾਮਿਨ ਏ ਹੁੰਦਾ ਹੈ। ਇਸ ਤੋਂ ਇਲਾਵਾ ਐਂਟੀਆਕਸੀਡੈਂਟ ਲਿਊਟੀਨ ਵੀ ਹੈ ਜੋ ਅੱਖਾਂ ਦੀ ਰੌਸ਼ਨੀ ਠੀਕ ਰੱਖਣ, ਅੰਦਰਲੀ ਪਰਤ ਤੰਦਰੁਸਤ ਰੱਖਣ, ਚਿੱਟਾ ਮੋਤੀਆ ਰੋਕਣ ਦੇ ਨਾਲ-ਨਾਲ ਮੈਕੂਲਰ ਡੀਜੈਨਰੇਸ਼ਨ ਵੀ ਰੋਕਦਾ ਹੈ।
ਭਾਵੇਂ ਹਮੇਸ਼ਾ ਦੁੱਧ ਹੀ ਹੱਡੀਆਂ ਦੀ ਤਾਕਤ ਬਣਾਈ ਰੱਖਣ ਲਈ ਵਧੀਆ ਮੰਨਿਆ ਗਿਆ ਹੈ ਪਰ ਗੋਂਗਲੂ ਵਿਚਲਾ ਕੈਲਸ਼ੀਅਮ ਵੀ ਹੱਡੀਆਂ ਤਗੜੀਆਂ ਰੱਖਣ ਵਿਚ ਮਦਦ ਕਰਦਾ ਹੈ। ਦਿਲ ਅਤੇ ਪੱਠਿਆਂ ਲਈ ਵੀ ਗੋਂਗਲੂ ਵਧੀਆ ਸਾਬਤ ਹੋ ਚੁੱਕਿਆ ਹੈ।
ਚੀਨ ਵਿਚ ਦੁਨੀਆ ਦੀ ਸਭ ਤੋਂ ਵੱਡੀ ਛਾਤੀ ਦੇ ਕੈਂਸਰ ਉੱਤੇ ਖੋਜ ਹੋ ਚੁੱਕੀ ਹੈ ਜਿਸ ਨੂੰ ''ਸ਼ੰਘਾਈ ਬਰੈਸਟ ਕੈਂਸਰ ਸਰਵਾਈਵਲ ਸਟਡੀ'' ਅਧੀਨ ਛਾਪਿਆ ਗਿਆ ਸੀ। ਉਸ ਵਿਚ ਛਾਤੀ ਦੇ ਰੋਗ ਤੋਂ ਪੀੜਤ ਚੀਨੀ ਔਰਤਾਂ ਨੂੰ ਗੋਂਗਲੂ ਰੋਜ਼ ਖਾਣ ਲਈ ਦਿੱਤੇ ਗਏ ਸਨ। ਜਿਸ ਗਰੁੱਪ ਨੂੰ ਗੋਂਗਲੂ ਖਾਣ ਲਈ ਦਿੱਤੇ ਗਏ, ਉਨ੍ਹਾਂ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਉਨ੍ਹਾਂ ਨੇ ਲੰਮੀ ਉਮਰ ਭੋਗੀ। ਇਹ ਖੋਜ ਏਨੀ ਮਹੱਤਵਪੂਰਨ ਮੰਨੀ ਗਈ ਕਿ ਅਮਰੀਕਨ ਐਸੋਸੀਏਸ਼ਨ ਫੌਰ ਰੀਸਰਚ ਦੀ 103ਵੀਂ ਸਾਲਾਨਾ ਕਾਨਫਰੰਸ ਵਿਚ ਇਸ ਦਾ ਖਾਸ ਜ਼ਿਕਰ ਕਰ ਕੇ ਗੋਂਗਲੂਆਂ ਨੂੰ ਬੇਸ਼ਕੀਮਤੀ ਕੁਦਰਤੀ ਦਵਾਈ ਮੰਨ ਲਿਆ ਗਿਆ।
ਛਾਤੀ ਦੇ ਕੈਂਸਰ ਉੱਤੇ ਡਾ. ਸਰਾਹ ਨੇ ਵਾਂਡਰਬਿਲਟ ਯੂਨੀਵਰਸਿਟੀ (ਨੈਸ਼ਵਿਲੇ) ਵਿਖੇ ਦੁਨੀਆ ਦੇ ਵੱਖ ਹਿੱਸਿਆਂ ਤੋਂ ਪਹੁੰਚੇ ਛਾਤੀ ਦੇ ਕੈਂਸਰ ਦੇ ਮਰੀਜ਼ਾਂ ਉੱਤੇ ਖੋਜ ਕੀਤੀ ਅਤੇ ਸਭ ਨੂੰ 36 ਮਹੀਨੇ ਰੋਜ਼ ਗੋਂਗਲੂ ਖੁਆਏ ਗਏ। ਇਸ ਦੇ ਨਾਲ ਹੀ ਰੋਜ਼ ਕੇਲ ਪੱਤਾ, ਫੁੱਲ ਗੋਭੀ ਤੇ ਬਰੌਕਲੀ ਵੀ ਦਿਨ ਵਿਚ ਇੱਕ ਵਾਰ ਖੁਆਏ ਗਏ। ਇਹ ਵੇਖਣ ਵਿਚ ਆਇਆ ਕਿ ਛਾਤੀ ਦਾ ਕੈਂਸਰ ਘੱਟ ਤੇਜ਼ੀ ਨਾਲ ਫੈਲਿਆ ਅਤੇ ਮੌਤ ਦਰ ਵੀ ਕਾਫੀ ਘੱਟ ਹੋਈ ਲੱਭੀ। ਪੰਜ ਸਾਲਾਂ ਤਕ ਲਗਾਤਾਰ ਖੋਜ ਜਾਰੀ ਰੱਖਣ ਬਾਅਦ ਦਿਸਿਆ ਕਿ ਗੋਂਗਲੂ ਖਾਣ ਵਾਲੇ ਮਰੀਜ਼ਾਂ ਵਿਚ ਦੁਬਾਰਾ ਕੈਂਸਰ ਹੋਣ ਦਾ ਖ਼ਤਰਾ 35 ਫੀਸਦੀ ਘੱਟ ਹੋ ਗਿਆ ਅਤੇ ਮੌਤ ਦਰ ਵੀ 27 ਤੋਂ 62 ਫੀਸਦੀ ਘੱਟ ਹੋ ਗਈ।
ਇਹ ਵਧੀਆ ਅਸਰ ਗੋਂਗਲੂ ਵਿਚਲੇ ਆਈਸੋਥਾਇਓਸਾਇਆਨੇਟ ਅਤੇ ਇੰਡੋਲ ਸਦਕਾ ਦਿਸੇ। ਜਿਨ੍ਹਾਂ ਨੇ ਰੋਜ਼ ਇਕ ਗੋਂਗਲੂ ਖਾਧਾ, ਉਨ੍ਹਾਂ ਵਿਚ ਮੌਤ ਦਰ 27 ਫੀਸਦੀ ਘਟੀ ਪਰ ਜਿਨ੍ਹਾਂ ਨੇ ਰੋਜ਼ ਤਿੰਨ ਗੋਂਗਲੂ ਖਾਧੇ, ਉਨ੍ਹਾਂ ਵਿਚ ਮੌਤ ਦਰ 62 ਫੀਸਦੀ ਘੱਟ ਹੋ ਗਈ।
ਇਸ ਤੋਂ ਤਗੜੀ ਖੋਜ ਹਾਲੇ ਤੱਕ ਕਿਤੇ ਨਹੀਂ ਹੋਈ ਜਿੱਥੇ ਸਪਸ਼ਟ ਰੂਪ ਵਿਚ ਕਿਸੇ ਸਬਜ਼ੀ ਸਦਕਾ ਕੈਂਸਰ ਦੇ ਸੈੱਲਾਂ ਨੂੰ ਫੈਲਣ ਵਿਚ ਰੋਕ ਲੱਗੀ ਵੇਖੀ ਹੋਵੇ।
ਬਲੈਡਰ ਕੈਂਸਰ ਵਿਚ ਵੀ ਗੋਂਗਲੂਆਂ ਦੇ ਨਾਲ ਫੁੱਲਗੋਭੀ, ਪੱਤਗੋਭੀ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਦੇਣ ਨਾਲ ਕੈਂਸਰ ਦੇ ਫੈਲਣ ਦੀ ਸਪੀਡ ਘਟੀ ਹੋਈ ਲੱਭੀ। ਇਹ ਖੋਜ ''ਕੈਂਸਰ ਐਪੀਡੀਮੀਓਲਿਜੀ ਬਾਇਓਮਾਰਕਰਜ਼'' ਸੰਨ 2008 ਦੇ ਜਰਨਲ ਵਿਚ ਪੰਨਾ 938 ਤੋਂ 944 ਵਿਚ ਦਰਜ ਕੀਤੀ ਗਈ ਹੈ।
ਕੁੱਝ ਖੋਜਾਂ ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਉੱਤੇ ਵੀ ਕੀਤੀਆਂ ਗਈਆਂ ਜਿਨ੍ਹਾਂ ਵਿਚ ਗੋਂਗਲੂਆਂ ਨੂੰ ਖਾਣ ਨਾਲ ਸਿਹਤ ਵਿਚ ਸੁਧਾਰ ਹੋਇਆ ਲੱਭਿਆ। ਜੇ ਬਹੁਤ ਤੇਜ਼ਾਬ ਬਣਦਾ ਹੋਵੇ ਤੇ ਪੇਟ ਦੇ ਕੈਂਸਰ ਦਾ ਖ਼ਤਰਾ ਹੋਵੇ, ਤਾਂ ਗੋਂਗਲੂ ਰੋਜ਼ ਖਾਣ ਨਾਲ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ''ਮੈਡਸਕੇਪ ਮੈਡੀਕਲ ਨਿਊਜ਼'' ਵਿਚ ਛਪੀ ਖੋਜ ਅਨੁਸਾਰ ਗੋਂਗਲੂ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਣ ਨਾਲ ਢਿਡ ਅੰਦਰ ਐਂਟੀਆਕਸੀਡੈਂਟ ਦੀ ਮਾਤਰਾ ਵਧ ਜਾਂਦੀ ਹੈ ਜੋ ਮਾੜੇ ਸੈੱਲਾਂ ਨੂੰ ਖ਼ਤਮ ਕਰ ਦਿੰਦੇ ਹਨ।
ਜੌਨ ਹੌਪਕਿਨਜ਼ ਯੂਨੀਵਰਸਿਟੀ ਬਾਲਟੀਮੋਰ ਵਿਖੇ ਡਾ. ਜੈਡ ਫਾਹੇ ਨੇ ਚੂਹਿਆਂ ਉੱਤੇ ਖੋਜ ਕਰ ਕੇ ਵੀ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਖੁਆਉਣ ਨਾਲ ਚੂਹਿਆਂ ਵਿਚ ਵੀ ਪੇਟ ਦਾ ਕੈਂਸਰ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਗਿਆ। ਇਹ ਖੋਜ ''ਕੈਂਸਰ ਰਿਸਰਚ'' ਜਰਨਲ ਸੰਨ 2009 ਦੇ ਪੰਨਾ ਨੰਬਰ 353 ਤੋਂ 360 ਤੱਕ ਦਰਜ ਕੀਤੀ ਗਈ ਹੈ।
ਡਾ. ਫਾਹੇ ਨੇ ਸਪਸ਼ਟ ਕੀਤਾ ਕਿ ਨਾ ਸਿਰਫ਼ ਜਾਨਵਰਾਂ ਵਿਚ, ਬਲਕਿ ਮਨੁੱਖੀ ਸਰੀਰ ਅੰਦਰਲੇ ਕੈਂਸਰ ਦੇ ਸੈੱਲਾਂ ਨੂੰ ਮਾਰਨ ਵਿਚ ਗੋਂਗਲੂ ਵਰਗੀ ਚਮਤਕਾਰੀ ਸਬਜ਼ੀ ਹਾਲੇ ਤੱਕ ਕੋਈ ਹੋਰ ਲੱਭੀ ਨਹੀਂ ਜਾ ਸਕੀ।
ਇੱਕ ਹੋਰ ਖੋਜ ਵਿਚ ਡਾ. ਨੇਚੂਤਾ ਨੇ ਆਪਣੇ ਸਾਥੀਆਂ ਨਾਲ ਸੰਨ 2002 ਤੋਂ ਸੰਨ 2006 ਤੱਕ 20 ਤੋਂ 75 ਸਾਲਾਂ ਦੀਆਂ 4886 ਔਰਤਾਂ ਸ਼ਾਮਲ ਕੀਤੀਆਂ ਜਿਨ੍ਹਾਂ ਨੂੰ ਪਹਿਲੀ, ਦੂਜੀ, ਤੀਜੀ ਜਾਂ ਚੌਥੀ ਸਟੇਜ ਦਾ ਛਾਤੀ ਦਾ ਕੈਂਸਰ ਸੀ।
ਸਭ ਨੂੰ ਰੋਜ਼ ਤਿੰਨ ਗੋਂਗਲੂ ਖੁਆਏ ਗਏ। ਪਹਿਲਾ ਚੈੱਕਅਪ 18 ਮਹੀਨੇ ਬਾਅਦ ਅਤੇ ਦੂਜਾ 36 ਮਹੀਨੇ ਬਾਅਦ ਕੀਤਾ ਗਿਆ। ਫਿਰ ਤੀਜਾ ਚੈੱਕਅੱਪ ਸਾਢੇ ਪੰਜ ਸਾਲਾਂ ਬਾਅਦ ਕੀਤਾ ਗਿਆ।
ਨਤੀਜੇ ਕੁੱਝ ਇਸ ਤਰ੍ਹਾਂ ਦੇ ਸਨ :-
1.    ਜਿਨ੍ਹਾਂ ਨੇ 18 ਮਹੀਨੇ ਬਾਅਦ ਗੋਂਗਲੂ ਖਾਣੇ ਛੱਡ ਦਿੱਤੇ, ਉਨ੍ਹਾਂ ਸਾਰੀਆਂ 707 ਔਰਤਾਂ
ਦੀ ਮੌਤ ਹੋ ਗਈ।
2.    ਜਿਨ੍ਹਾਂ ਨੇ ਇੱਕ ਗੋਂਗਲੂ ਰੋਜ਼ ਖਾਧਾ, ਉਨ੍ਹਾਂ 666 ਔਰਤਾਂ ਨੂੰ ਕੈਂਸਰ ਦੁਬਾਰਾ ਹੋਣਾ ਸ਼ੁਰੂ ਹੋ
ਗਿਆ।
3.    ਜਿਨ੍ਹਾਂ ਨੇ ਲਗਾਤਾਰ ਪੰਜ ਸਾਲ ਰੋਜ਼ ਤਿੰਨ ਗੋਂਗਲੂ, ਕੇਲ ਪੱਤਾ, ਬਰੌਕਲੀ ਅਤੇ ਪੁੰਗਰੀਆਂ ਦਾਲਾਂ ਖਾਧੀਆਂ, ਉਨ੍ਹਾਂ ਵਿੱਚੋਂ ਇੱਕ ਦੀ ਵੀ ਮੌਤ ਸਾਢੇ ਪੰਜ ਸਾਲ ਤੱਕ ਨਹੀਂ ਹੋਈ।
ਅਮਰੀਕਨ ਐਸੋਸੀਏਸ਼ਨ ਫੌਰ ਕੈਂਸਰ ਰੀਸਰਚ ਵੱਲੋਂ ਸੰਨ 2012 ਵਿਚ ਇਸ ਖੋਜ ਦੇ ਆਧਾਰ ਉੱਤੇ ਸਪਸ਼ਟ ਕਰ ਦਿੱਤਾ ਕਿ ਗੋਂਗਲੂ ਕੈਂਸਰ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਸਕਦੇ ਹਨ। ਜੇ ਪਹਿਲੀ ਸਟੇਜ ਵਿਚ ਹੀ ਪੂਰਾ ਇਲਾਜ ਕਰਵਾਉਣ ਦੇ ਨਾਲ ਅੱਗੋਂ ਉਮਰ ਭਰ ਗੋਂਗਲੂ ਖਾਧੇ ਜਾਣ ਤਾਂ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।
ਆਮ ਜਨਤਾ ਲਈ ਵੀ ਸੁਣੇਹਾ ਇਹੋ ਦਿੱਤਾ ਗਿਆ ਹੈ ਕਿ ਜੇ ਕੈਂਸਰ ਵਰਗੀ ਮਨਹੂਸ ਬੀਮਾਰੀ ਤੋਂ ਬਚਣਾ ਹੈ ਤਾਂ ਗੋਂਗਲੂ ਹਰ ਹਾਲ ਰੋਜ਼ ਖਾਣੇ ਹੀ ਪੈਣੇ ਹਨ।
ਧਿਆਨ ਦੇਣ ਯੋਗ ਕੁੱਝ ਗੱਲਾਂ :-
1.    ਜੇ ਟੱਟੀ ਵਿਚ 'ਆਕਲਟ ਲਹੂ' ਦਾ ਟੈਸਟ ਕਰਨਾ ਹੋਵੇ ਤਾਂ ਗੋਂਗਲੂ ਦੇ ਨਾਲ ਬਰੌਕਲੀ ਵੀ     ਕੁੱਝ ਦਿਨਾਂ ਲਈ ਖਾਣੀ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਟੈਸਟ ਰਿਪੋਰਟ ਗ਼ਲਤ ਆ     ਸਕਦੀ ਹੈ। ਕਈ ਵਾਰ ਇੰਜ ਜਾਪਦਾ ਹੈ ਕਿ ਜਿਵੇਂ ਟੱਟੀ ਵਿਚ ਲਹੂ ਆ ਰਿਹਾ ਹੈ, ਪਰ
ਹੁੰਦਾ ਨਹੀਂ।
2.    ਜੇ ਲਹੂ ਪਤਲਾ ਕਰਨ ਦੀਆਂ ਦਵਾਈਆਂ ਖਾਧੀਆਂ ਜਾ ਰਹੀਆਂ ਹੋਣ ਤਾਂ ਗੋਂਗਲੂ ਨਹੀਂ
ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਿਟਾਮਿਨ ਕੇ ਲਹੂ ਛੇਤੀ ਜਮਾ ਦਿੰਦਾ ਹੈ।

3.    ਜੇ ਗੁਰਦੇ ਦਾ ਰੋਗ ਹੋਵੇ ਤਾਂ ਗੋਂਗਲੂ ਨਹੀਂ ਖਾਣੇ ਚਾਹੀਦੇ ਕਿਉਂਕਿ ਇਨ੍ਹਾਂ ਵਿਚਲਾ ਵਾਧੂ
ਪੋਟਾਸ਼ੀਅਮ ਸਰੀਰ ਅੰਦਰ ਜਮਾਂ ਹੋ ਕੇ ਨੁਕਸਾਨ ਪਹੁੰਚਾ ਸਕਦਾ ਹੈ। ਲੱਤਾਂ ਵਿਚ ਕੜਵੱਲ, ਖਿਚਾਓ ਆਦਿ ਵੀ ਹੋ ਸਕਦੇ ਹਨ ਅਤੇ ਧੜਕਨ ਵੀ ਵਧ ਸਕਦੀ ਹੈ।
4.    ਸ਼ਲਗਮ ਯੂਰਿਕ ਏਸਿਡ ਵਧਾ ਸਕਦੇ ਹਨ।
ਗੋਂਗਲੂ ਕਿਹੜਾ ਖਾਈਏ :-
1.    ਛੋਟਾ ਗੋਂਗਲੂ ਵਧੀਆ ਹੁੰਦਾ ਹੈ।
2.    ਵੱਡਾ ਪੱਕਿਆ ਗੋਂਗਲੂ ਕੌੜਾ ਹੋ ਜਾਂਦਾ ਹੈ ਤੇ ਉਸ ਵਿਚ ਵਧੀਆ ਤੱਥ ਵੀ ਘੱਟ ਹੋ ਜਾਂਦੇ
ਹਨ।
3.    ਢਿੱਲਾ ਪਿਆ ਗੋਂਗਲੂ ਨਹੀਂ ਖਾਣਾ ਚਾਹੀਦਾ।
4.    ਜੇ ਗੋਂਗਲੂ ਦੇ ਬਾਹਰ ਕਾਲੇ ਜਾਂ ਪੀਲੇ ਨਿਸ਼ਾਨ ਹੋਣ, ਤਾਂ ਨਹੀਂ ਖਾਣਾ ਚਾਹੀਦਾ।
ਗੋਂਗਲੂ ਕਿਵੇਂ ਵਰਤੀਏ?
ਘਰ ਬੀਜੇ ਕੂਲੇ ਛੋਟੇ ਗੋਂਗਲੂ ਤਾਂ ਸਿਰਫ਼ ਚੰਗੀ ਤਰ੍ਹਾਂ ਧੋ ਕੇ ਹੀ ਜੜ੍ਹ ਕੱਟ ਕੇ, ਕੋਮਲ ਮਲੂਕ ਪੱਤਿਆਂ ਸਮੇਤ ਬਿਨਾਂ ਛਿੱਲੇ ਖਾਧੇ ਜਾ ਸਕਦੇ ਹਨ।
ਜੇ ਉਸੇ ਵੇਲੇ ਨਹੀਂ ਖਾਣੇ ਤਾਂ ਬਿਨਾਂ ਧੋਤੇ ਹੀ ਸਿਰਫ਼ ਜੜ੍ਹ ਅਤੇ ਪੱਤੇ ਕੱਟ ਕੇ ਕੁੱਝ ਘੰਟੇ ਰੱਖੇ ਜਾ ਸਕਦੇ ਹਨ। ਖਾਣ ਲੱਗਿਆਂ ਹੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋਣ ਦੀ ਲੋੜ ਹੈ। ਜੇ ਫਰਿੱਜ ਅੰਦਰ ਰੱਖਣੇ ਹੋਣ ਤਾਂ ਬਿਨਾਂ ਛਿੱਲੇ ਇੱਕ ਹਫ਼ਤੇ ਤੱਕ ਰੱਖੇ ਜਾ ਸਕਦੇ ਹਨ।
ਜੇ ਗੋਂਗਲੂ ਨਿੱਕਾ ਤੇ ਕੂਲਾ ਨਹੀਂ ਤਾਂ ਛਿੱਲੜ ਲਾਹ ਕੇ ਖਾਣਾ ਚਾਹੀਦਾ ਹੈ। ਗੋਂਗਲੂ ਕੱਚਾ ਜਾ ਪਕਾ ਕੇ ਖਾਧਾ ਜਾ ਸਕਦਾ ਹੈ।
1.    ਗੋਂਗਲੂ ਨੂੰ ਉਬਾਲ ਕੇ ਉਬਲੇ ਆਲੂਆਂ ਨਾਲ ਫੇਹ ਕੇ ਟਿੱਕੀਆਂ ਜਾਂ ਪਰੌਂਠੇ ਵਿਚ     ਪਾਇਆ ਜਾ ਸਕਦਾ ਹੈ।
2.    ਕੱਦੂਕਸ ਕਰ ਕੇ ਕੱਚਾ ਖਾਧਾ ਜਾ ਸਕਦਾ ਹੈ।
3.    ਗਾਜਰਾਂ ਅਤੇ ਸ਼ਕਰਕੰਦੀ ਨਾਲ ਅੱਗ ਉੱਤੇ ਭੁੰਨ ਕੇ ਸਲਾਦ ਵਾਂਗ ਖਾਧਾ ਜਾ ਸਕਦਾ ਹੈ।
4.    ਬਹੁਤ ਹਲਕੀ ਅੱਗ ਉੱਤੇ ਇਕੱਲਾ ਵੀ ਭੁੰਨ ਕੇ ਖਾਧਾ ਜਾ ਸਕਦਾ ਹੈ।
5.    ਪਾਲਕ, ਪੱਤਗੋਭੀ ਨਾਲ ਗੋਂਗਲੂ ਦੇ ਪੱਤੇ ਵੀ ਸਲਾਦ ਵਾਂਗ ਕੱਟ ਕੇ, ਉਸ ਉੱਤੇ ਓਲਿਵ
ਤੇਲ ਅਤੇ ਨਿੰਬੂ ਪਾ ਕੇ ਖਾਧੇ ਜਾ ਸਕਦੇ ਹਨ।
6.    ਅਚਾਰ ਬਣਾ ਕੇ ਵੀ ਖਾਧਾ ਜਾ ਸਕਦਾ ਹੈ।
ਤਲ ਕੇ ਖਾਣ ਨਾਲ ਗੋਂਗਲੂ ਵਿਚਲੇ ਅਸਰ ਘੱਟ ਜਾਂਦੇ ਹਨ।
ਅੰਤ ਵਿਚ ਇਹੋ ਦੱਸਣਾ ਹੈ ਕਿ ਜਿੰਨੀਆਂ ਖੋਜਾਂ ਕੈਂਸਰ ਲਈ ਵਧੀਆ ਅਸਰ ਵਿਖਾ ਚੁੱਕੀਆਂ ਹਨ, ਉਨ੍ਹਾਂ ਸਾਰੀਆਂ ਵਿਚ ਕੱਚਾ ਸ਼ਲਗਮ ਹੀ ਖਾਣ ਲਈ ਦਿੱਤਾ ਗਿਆ ਸੀ।
ਹੁਣ ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਹੜੇ ਪਹਿਲਾਂ ਨੱਕ ਮੂੰਹ ਟੇਢਾ ਕਰ ਕੇ ਗੋਂਗਲੂ ਪਰ੍ਹਾਂ ਸੁੱਟ ਦਿੰਦੇ ਸਨ, ਇਸ ਲੇਖ ਨੂੰ ਪੜ੍ਹ ਕੇ ਰੋਜ਼ ਸੁਆਦ ਨਾਲ ਖਾਣਾ ਸ਼ੁਰੂ ਕਰ ਦੇਣਗੇ!
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਸਿਹਤਮੰਦ ਖ਼ੁਰਾਕ ਕਿਹੜੀ ਹੁੰਦੀ ਹੈ? - ਡਾ. ਹਰਸ਼ਿੰਦਰ ਕੌਰ, ਐੱਮ.ਡੀ.

ਅੱਜ ਕਲ ਇਸ਼ਤਿਹਾਰਬਾਜ਼ੀ ਦਾ ਜ਼ਮਾਨਾ ਹੈ। ਕੋਈ ਆਰਗੈਨਿਕ ਅਤੇ ਕੋਈ ਪ੍ਰੋਟੀਨ ਜਾਂ ਵਿਟਾਮਿਨ ਦਾ ਹਵਾਲਾ ਦੇ ਕੇ ਬਜ਼ਾਰ ਵਿਚ ਆਪਣੀਆਂ ਚੀਜ਼ਾਂ ਵੇਚਣ ਲਈ ਉਤਾਵਲਾ ਹੋਇਆ ਦਿਸਦਾ ਹੈ ਕਿਉਂਕਿ ਇਸ ਤਰੀਕੇ ਭਰਮਾ ਕੇ ਆਮ ਚੀਜ਼ਾਂ ਵੀ ਤਿੰਨ ਗੁਣਾਂ ਰੇਟ ਵਧਾ ਕੇ ਵੇਚੀਆਂ ਜਾ ਸਕਦੀਆਂ ਹਨ।
35 ਤੋਂ 50 ਸਾਲਾਂ ਦੀ ਉਮਰ ਵਿਚ ਖ਼ੁਰਾਕ ਦੀ ਬਹੁਤ ਮਹੱਤਾ ਹੁੰਦੀ ਹੈ ਕਿਉਂਕਿ ਇਸ ਉਮਰ ਵਿਚ ਖਾਧੀ ਸੰਤੁਲਿਤ ਅਤੇ ਸਿਹਤਮੰਦ ਖ਼ੁਰਾਕ ਅੱਗੋਂ ਬੀਮਾਰੀਆਂ ਤੋਂ ਬਚਾ ਕੇ ਲੰਮੀ ਉਮਰ ਦਾ ਰਾਜ਼ ਬਣ ਸਕਦੀ ਹੈ। ਰੋਜ਼ ਦੀ ਖਾਧੀ ਜਾ ਰਹੀ ਖ਼ੁਰਾਕ ਵਿਚ ਕਾਰਬੋਹਾਈਡ੍ਰੇਟ, ਥਿੰਦਾ, ਪ੍ਰੋਟੀਨ, ਪਾਣੀ, ਮਿਨਰਲ ਤੱਤ, ਵਿਟਾਮਿਨ ਆਦਿ, ਦੀ ਸਹੀ ਮਾਤਰਾ ਹੋਣੀ ਜ਼ਰੂਰੀ ਹੈ।
ਅੱਜ ਦੇ ਦਿਨ ਜੇ ਝਾਤ ਮਾਰੀਏ ਤਾਂ ਕੁੱਝ ਤੱਥ ਪ੍ਰੇਸ਼ਾਨ ਕਰਨ ਵਾਲੇ ਹਨ। ਪਹਿਲਾ, ਦੁਨੀਆ ਭਰ ਦੇ ਲੋਕਾਂ ਦੇ ਅੰਕੜਿਆਂ ਅਨੁਸਾਰ ਹਰ ਦਸਾਂ ਵਿੱਚੋਂ ਸਿਰਫ਼ ਇੱਕ ਬੰਦਾ ਸਹੀ ਮਾਤਰਾ ਵਿਚ ਲੋੜੀਂਦੇ ਫਲ ਅਤੇ ਸਬਜ਼ੀਆਂ ਖਾ ਰਿਹਾ ਹੈ। ਦੂਜਾ, ਤਾਜ਼ੇ ਫਲ ਸਬਜ਼ੀਆਂ ਵੇਚਣ ਨਾਲੋਂ ਪ੍ਰੋਸੈੱਸਡ ਖਾਣੇ ਵੱਧ ਬਜ਼ਾਰ ਵਿਚ ਵੇਚੇ ਜਾ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੇਚਣ ਵਿਚ ਕੰਪਨੀਆਂ ਨੂੰ ਵੱਧ ਫ਼ਾਇਦਾ ਮਿਲਦਾ ਹੈ। ਹੱਦ ਤਾਂ ਇਹ ਹੈ ਕਿ ਕਣਕ, ਛੋਲੇ, ਛੱਲੀਆਂ, ਸੋਇਆਬੀਨ ਵਗੈਰਾਹ ਦੇ ਏਨੇ ਵੱਖੋ-ਵੱਖ ਤਰ੍ਹਾਂ ਦੇ ਖਾਣੇ ਬਣਾ ਕੇ ਵੇਚੇ ਜਾ ਰਹੇ ਹਨ ਜਿਨ੍ਹਾਂ ਵਿਚਲਾ ਵਾਧੂ ਲੂਣ ਅਤੇ ਪ੍ਰੋਸੈੱਸਿੰਗ ਲਈ ਵਰਤਿਆ ਜਾ ਰਿਹਾ ਸਮਾਨ ਸਿਹਤ ਦਾ ਨਾਸ ਮਾਰਨ ਲੱਗ ਪਿਆ ਹੈ। ਇਨ੍ਹਾਂ ਦੀ ਵਰਤੋਂ 'ਜੰਕ ਫੂਡਜ਼' ਵਿਚ ਵੀ ਕੀਤੀ ਜਾਣ ਲੱਗ ਪਈ ਹੈ।
ਡੱਬਾ ਬੰਦ ਚੀਜ਼ਾਂ ਬਾਹਰ ਲੱਗੇ ਲੇਬਲ ਵੀ ਬਹੁਤ ਭਰਮਾਉਣ ਵਾਲੇ ਬਣਾ ਕੇ ਵੇਚੇ ਜਾ ਰਹੇ ਹਨ।
ਡਾ. ਨੀਲਸਨ ਵੱਲੋਂ ਪੇਸ਼ ਕੀਤੀ ਰਿਪੋਰਟ ਅਨੁਸਾਰ ਬਜ਼ਾਰ ਵਿਚ ਖਾਣ ਲਈ ਮਿਲ ਰਹੀਆਂ ਚੀਜ਼ਾਂ ਵਿੱਚੋਂ 60 ਫੀਸਦੀ ਦੇ ਲੇਬਲ ਸਹੀ ਢੰਗ ਨਾਲ ਨੁਕਸਾਨਾਂ ਬਾਰੇ ਚੇਤੰਨ ਨਹੀਂ ਕਰ ਰਹੇ। ਇਨ੍ਹਾਂ ਲੇਬਲਾਂ ਉੱਤੇ ਵਧੀਆ ਕਸਰਤ ਕਰਦੇ ਸਰੀਰ ਦੀ ਦਿਖ, 'ਕੇਵਲ ਨੈਚਰਲ', 'ਕੁਦਰਤੀ ਤੱਤਾਂ ਨਾਲ ਭਰਪੂਰ', 'ਨਿਰੀ ਕਣਕ', ਪੂਰੀ ਕਣਕ (ਹੋਲ ਵੀਟ), ਛਾਣਬੂਰੇ ਨਾਲ ਲਬਾਲਬ, ਆਦਿ ਲਿਖ ਕੇ ਕੀਮਤ ਚਾਰ ਗੁਣਾ ਰੱਖ ਦਿੱਤੀ ਜਾਂਦੀ ਹੈ। ਕਿਤੇ ਵੀ ਇਹ ਨਹੀਂ ਲਿਖਿਆ ਮਿਲਦਾ ਕਿ ਪ੍ਰੋਸੈੱਸਿੰਗ ਦੌਰਾਨ ਇਸ ਵਿਚਲੇ 80 ਫੀਸਦੀ ਤੱਤ ਖ਼ਤਮ ਹੋ ਚੁੱਕੇ ਹਨ।
ਇਸੇ ਲਈ ਜਦੋਂ ਵੀ ਕੋਈ ਡੱਬਾਬੰਦ ਚੀਜ਼ ਖਰੀਦਣੀ ਹੋਵੇ ਤਾਂ ਹੇਠ ਲਿਖੇ ਤੱਥਾਂ ਬਾਰੇ ਜਾਣਕਾਰੀ ਜ਼ਰੂਰੀ ਹੈ :-
1.    ਖੰਡ :- ਬਹੁਤ ਸਾਰੇ ਡੱਬਾ ਬੰਦ ਖਾਣਿਆਂ ਵਿਚ ਉਨ੍ਹਾਂ ਨੂੰ ਲੰਮੇ ਸਮੇਂ ਤੱਕ ਠੀਕ ਰੱਖਣ ਲਈ ਵਾਧੂ ਖੰਡ ਪਾ ਦਿੱਤੀ ਜਾਂਦੀ ਹੈ। ਇੰਜ ਹੀ ਨਮਕੀਨ ਚੀਜ਼ਾਂ ਵਿਚ ਵੀ ਹਲਕੀ ਖੰਡ ਜ਼ਰੂਰ ਪਾਈ ਜਾਂਦੀ ਹੈ। ਰੋਜ਼ਾਨਾ ਦੀ ਖੰਡ ਦੀ ਮਾਤਰਾ ਸਿਰਫ਼ 25 ਗ੍ਰਾਮ ਯਾਨੀ ਪੰਜ ਕੁ ਚਮਚ ਹੀ ਬਥੇਰੇ ਹੁੰਦੇ ਹਨ। ਇਸੇ ਲਈ ਡੱਬਾ ਬੰਦ ਸਮਾਨ ਦੇ ਬਾਹਰ ਲਿਖੇ ਲੇਬਲ ਨੂੰ ਧਿਆਨ ਨਾਲ ਪੜ੍ਹ ਕੇ ਹੀ ਖਾਣਾ ਚਾਹੀਦਾ ਹੈ।
2.    ਥਿੰਦਾ :- ਸਿਰਫ਼ 50 ਗ੍ਰਾਮ ਪ੍ਰਤੀਦਿਨ ਤੋਂ ਵੱਧ ਥਿੰਦਾ ਨਹੀਂ ਖਾਣਾ ਚਾਹੀਦਾ। ਇਸੇ ਲਈ ਤਲੀਆਂ ਚੀਜ਼ਾਂ ਤੋਂ ਪਰਹੇਜ਼ ਜ਼ਰੂਰੀ ਹੈ।
3.    ਸੋਡੀਅਮ :- ਔਰਤਾਂ ਨੂੰ 1500 ਮਿਲੀਗ੍ਰਾਮ ਤੋਂ ਵੱਧ ਰੋਜ਼ ਲੂਣ ਨਹੀਂ ਖਾਣਾ ਚਾਹੀਦਾ। ਯਾਨੀ ਪੌਣਾ ਚਮਚ ਲੂਣ ਤੱਕ ਹੀ ਸੀਮਤ ਹੋਣਾ ਚਾਹੀਦਾ ਹੈ। ਕਿਸੇ ਵੀ ਹਾਲ ਵਿਚ 3.8 ਗ੍ਰਾਮ ਤੋਂ ਵੱਧ ਲੂਣ ਨਹੀਂ ਵਰਤਣਾ ਹੁੰਦਾ। ਇਸੇ ਲਈ ਡੱਬਾ ਬੰਦ ਚੀਜ਼ਾਂ ਜੇ ਵਰਤਣੀਆਂ ਹੋਣ ਤਾਂ ਉਸ ਵਿਚ ਲੂਣ ਦੀ ਮਾਤਰਾ ਜ਼ਰੂਰ ਪੜ੍ਹ ਲੈਣੀ ਚਾਹੀਦੀ ਹੈ।
4.    ਪ੍ਰੋਟੀਨ :- ਜਿਹੜੀਆਂ ਔਰਤਾਂ ਰੋਜ਼ 30 ਮਿੰਟ ਤੋਂ ਘੱਟ ਕਸਰਤ ਕਰਦੀਆਂ ਹੋਣ ਉਨ੍ਹਾਂ ਲਈ ਰੋਜ਼ 46 ਗ੍ਰਾਮ ਪ੍ਰੋਟੀਨ ਜ਼ਰੂਰ ਖਾਣੀ ਚਾਹੀਦੀ ਹੈ।
5.    ਵਿਟਾਮਿਨ :- ਕੁਦਰਤੀ ਤੌਰ ਉੱਤੇ ਭਰੇ ਵਿਟਾਮਿਨ ਤਾਂ ਅਨਮੋਲ ਕੁਦਰਤੀ ਸੁਗ਼ਾਤਾਂ ਵਿੱਚੋਂ ਲੱਭ ਜਾਂਦੇ ਹਨ। ਇਸੇ ਲਈ ਗੋਲੀਆਂ ਖਾਣ ਨਾਲੋਂ ਕੁਦਰਤੀ ਤੌਰ ਉੱਤੇ ਖ਼ੁਰਾਕ ਵਿੱਚੋਂ ਹੀ ਵਿਟਾਮਿਨ ਲੈਣੇ ਬਿਹਤਰ ਹੁੰਦੇ ਹਨ।
6.    ਕੈਲਰੀਆਂ :- ਔਰਤਾਂ ਲਈ ਮੋਟਾਪੇ ਤੋਂ ਬਚਣ ਲਈ 1500 ਕੈਲਰੀਆਂ ਪ੍ਰਤੀ ਦਿਨ ਤੱਕ ਹੀ ਲੈਣੀਆਂ ਚਾਹੀਦੀਆਂ ਹਨ। ਜੇ ਸਰੀਰ ਪਤਲਾ ਹੋਵੇ ਅਤੇ ਹਿਲਜੁਲ ਵੀ ਚੰਗੀ ਹੋ ਰਹੀ ਹੋਵੇ ਤਾਂ 2000 ਕੈਲਰੀਆਂ ਪ੍ਰਤੀ ਦਿਨ ਖਾਧੀਆਂ ਜਾ ਸਕਦੀਆਂ ਹਨ।
7.    ਕੈਲਸ਼ੀਅਮ, ਲੋਹ ਕਣ ਅਤੇ ਓਮੇਗਾ ਤਿੰਨ ਫੈਟੀ ਏਸਿਡ ਜ਼ਰੂਰ ਖਾਣੇ ਚਾਹੀਦੇ ਹਨ।
ਸਿਹਤਮੰਦ ਰਹਿਣ ਲਈ ਔਰਤਾਂ ਕਿਹੜੀ ਖ਼ੁਰਾਕ ਲੈਣ?
1.    ਸਬਜ਼ੀਆਂ, ਖ਼ਾਸ ਕਰ ਹਰੀਆਂ ਪੱਤੇਦਾਰ ਸਬਜ਼ੀਆਂ, ਮਟਰ, ਫਲੀਆਂ ਆਦਿ।
2.    ਫਲ
3.    ਛਾਣਬੂਰੇ ਵਾਲਾ ਆਟਾ, ਕਿਨੋਆ, ਮੱਕੀ, ਰਾਗੀ ਦਾ ਆਟਾ, ਕੋਧਰੇ ਦਾ ਆਟਾ, ਭੂਰੇ ਚੌਲ
4.    ਘੱਟ ਥਿੰਦੇ ਵਾਲਾ ਦੁੱਧ, ਦਹੀਂ
5.    ਅੰਡਾ, ਮੀਟ, ਪੇਠੇ ਦੇ ਬੀਜ, ਸੋਇਆਬੀਨ, ਸੁੱਕੇ ਮੇਵੇ
6.    ਐਵੋਕੈਡੋ,ਓਲਿਵ
ਹੈਰਾਨੀਜਨਕ ਤੱਥ ਇਹ ਹੈ ਕਿ ਦੁਨੀਆ ਦੇ ਸਿਰਫ਼ ਇੱਕ ਚੌਥਾਈ ਲੋਕ ਹੀ ਸਹੀ ਮਾਤਰਾ ਵਿਚ ਫਲ, ਸਬਜ਼ੀਆਂ, ਦੁੱਧ ਆਦਿ ਲੈ ਰਹੇ ਹਨ। ਕੁੱਝ ਲੋੜੋਂ ਵੱਧ ਤੇ ਕੁੱਝ ਵਿਚਾਰੇ ਖ਼ੁਰਾਕ ਦੀ ਕਮੀ ਨਾਲ ਜੂਝ ਰਹੇ ਹਨ।
ਕਿਹੜੇ ਸਿਹਤਮੰਦ ਕਹੇ ਜਾਣ ਵਾਲੇ ਖਾਣੇ ਨਹੀਂ ਖਾਣੇ ਚਾਹੀਦੇ :-
1.    ਮਾਈਕਰੋਵੇਵ ਵਿਚ ਬਣਾਏ ਜਾਣ ਵਾਲੇ ਪੌਪਕੌਰਨ :-
ਪੈਕ ਕੀਤੇ ਕੱਚੇ ਪੌਪਕੌਰਨ ਵਿਚ ਵਾਧੂ ਲੂਣ ਅਤੇ ਡਾਈਐਸੀਟਾਈਲ ਕੈਮੀਕਲ ਪਾਇਆ ਹੁੰਦਾ ਹੈ। ਇਸੇ ਲਈ ਕੁੱਕਰ ਵਿਚ ਜਾਂ ਤਵੇ ਉੱਤੇ ਬਣਾਉਣ ਵਾਲੇ ਦਾਣੇ ਹੀ ਠੀਕ ਹਨ।
2.    ਹਲਕੀ ਸਲਾਦ ਡਰੈਸਿੰਗ (ਲਾਈਟ ਡਰੈਸਿੰਗ) :-
ਬਜ਼ਾਰ ਵਿਚ ਆਮ ਹੀ ਲਾਈਟ ਸਲਾਦ ਡਰੈਸਿੰਗ ਮਿਲ ਜਾਂਦੀ ਹੈ ਜਿਸ ਨੂੰ ਸਲਾਦ ਉੱਤੇ ਪਾ ਕੇ ਖਾਧਾ ਜਾਂਦਾ ਹੈ। ਇਸ ਵਿਚ ਢੇਰ ਸਾਰੇ ਪ੍ਰੀਜ਼ਰਵੇਟਿਵ ਪਏ ਹੋਣ ਸਦਕਾ ਇਹ ਓਨੀ ਹਲਕੀ ਨਹੀਂ ਹੁੰਦੀ ਜਿੰਨਾ ਇਸ ਦਾ ਨਾਂ ਦੇ ਦਿੱਤਾ ਗਿਆ ਹੈ। ਇਸ ਵਿਚ ਲੂਣ ਅਤੇ ਖੰਡ ਵੀ ਵਾਧੂ ਪਾਏ ਹੁੰਦੇ ਹਨ। ਇਨ੍ਹਾਂ ਦੀ ਥਾਂ ਸਿਰਕਾ ਜਾਂ ਕੁੱਝ ਬੂੰਦਾਂ ਵਰਜਿਨ ਓਲਿਵ ਤੇਲ ਵਰਤੇ ਜਾ ਸਕਦੇ ਹਨ।
3.    ਚਾਕਲੇਟ ਨਾਲ ਸੁੱਕੇ ਮੇਵਿਆਂ ਦੀ ਟਰੇਲ ਮਿਕਸ :-
ਬਜ਼ਾਰ ਵਿਚ ਇਸ ਤਰ੍ਹਾਂ ਦੇ ਰਲੇ ਮਿਲੇ ਸਿਹਤਮੰਦ ਕਹੇ ਜਾਂਦੇ ਨਿੱਕੇ ਪੈਕਟ ਮਿਲ ਜਾਂਦੇ ਹਨ। ਚੇਤੇ ਰਹੇ ਕਿ ਇਨ੍ਹਾਂ ਨਿੱਕੇ ਪੈਕਟਾਂ ਵਿਚ ਵੀ 300 ਕੈਲਰੀਆਂ ਤੱਕ ਹੋ ਸਕਦੀਆਂ ਹਨ ਜੋ ਕਿਸੇ ਵੀ ਪਾਸਿਓਂ ਸਿਹਤਮੰਦ ਨਹੀਂ ਹੁੰਦੀਆਂ। ਇਸੇ ਲਈ ਭੁੱਜੇ ਹੋਏ ਛੋਲੇ ਜਾਂ ਛੱਲੀ ਖਾਣੀ ਹੀ ਠੀਕ ਰਹਿੰਦੀ ਹੈ।
4.    ਥਿੰਦਾ ਰਹਿਤ ਖੁਸ਼ਬੂਦਾਰ ਦਹੀਂ :-
'ਫੈਟ-ਫਰੀ ਫਲੇਵਰਡ ਯੋਗਰਟ' ਨਾ ਹੇਠ ਇਸ ਵੇਲੇ ਬਜ਼ਾਰ ਵਿਚ ਅਣਗਿਣਤ ਕੰਪਨੀਆਂ ਧੜੱਲੇ ਨਾਲ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਵੇਖਣ ਸੁਣਨ ਨੂੰ ਸਿਹਤਮੰਦ ਜਾਪਦਾ ਇਹ ਦਹੀਂ ਭਾਵੇਂ ਸਿਰਫ਼ 6 ਔਂਸ ਹੀ ਹੁੰਦਾ ਹੈ, ਪਰ ਇਸ ਵਿਚ 15 ਗ੍ਰਾਮ ਖੰਡ ਪਾਈ ਹੁੰਦੀ ਹੈ। ਇਸੇ ਲਈ ਦਹੀਂ ਵਿਚ ਤਾਜ਼ੇ ਫਲ ਜਾਂ ਪੁਦੀਨੇ ਦੀਆਂ ਪੱਤੀਆਂ ਪਾ ਕੇ ਖਾਧਾ ਜਾ ਸਕਦਾ ਹੈ। 'ਗਰੀਕ ਯੋਗਰਟ' ਦੀ ਇੱਕ ਕਿਸਮ ਦੀ ਵੇਚੀ ਜਾ ਰਹੀ ਦਹੀਂ ਵਿਚ ਖੰਡ ਦੀ ਥਾਂ ਥੋੜੀ ਮਾਤਰਾ ਵਿਚ ਸ਼ਹਿਦ ਪਾਇਆ ਮਿਲਦਾ ਹੈ।
5.    ਪਾਲਕ-ਪਾਸਤਾ :-
''ਸਪਿਨੈਚ-ਪਾਸਤਾ'' ਅੱਜ ਕਲ ਖਾਣ ਦਾ ਫੈਸ਼ਨ ਬਣ ਚੁੱਕਿਆ ਹੋਇਆ ਹੈ। ਪਾਲਕ ਨਾਂ ਹੀ ਬਦੋਬਦੀ ਇਸ ਨੂੰ ਖਾਣ ਲਈ ਉਕਸਾਉਂਦਾ ਹੈ। ਦਰਅਸਲ ਇਸ ਵਿਚ ਪਾਲਕ ਏਨੀ ਮਧੋਲ ਦਿੱਤੀ ਹੁੰਦੀ ਹੈ ਕਿ ਬਸ ਨਾਂ ਹੀ ਬਚਦਾ ਹੈ। ਬਿਨਾਂ ਪਾਲਕ ਦੇ ਇੱਕ ਵੀ ਫ਼ਾਇਦੇਮੰਦ ਅੰਸ਼ ਸਦਕਾ ਇਹ ਪਾਸਤਾ ਨਾ ਖਾਣਾ ਹੀ ਬਿਹਤਰ ਹੈ।
6.    ਥਿੰਦਾ ਰਹਿਤ ਜਾਂ ਘੱਟ ਥਿੰਦੇ ਵਾਲੇ ਖਾਣੇ :-
ਥਿੰਦਾ ਕੱਢਣ ਦੇ ਨਾਲ ਹੀ ਖਾਣੇ ਨੂੰ ਸੁਆਦੀ ਬਣਾਉਣ ਲਈ ਉਸ ਤਰ੍ਹਾਂ ਦੇ ਖਾਣੇ ਵਿਚ ਵੱਧ ਲੂਣ ਜਾਂ ਖੰਡ ਪਾਉਣੀ ਪੈਂਦੀ ਹੈ। ਇਸੇ ਲਈ ਡੱਬੇ ਬਾਹਰ ਅੰਸ਼ ਜ਼ਰੂਰ ਪੜ੍ਹ ਲੈਣੇ ਚਾਹੀਦੇ ਹਨ।
7.    ਹੋਲ-ਵੀਟ ਬਰੈੱਡ :-
ਸਾਬਤ ਕਣਕ ਦੇ ਨਾਂ ਹੇਠ ਕਈ ਕੰਪਨੀਆਂ ਬਰੈੱਡ ਵਿਚ ਖੰਡ ਪਾ ਕੇ ਉਸ ਦਾ ਰੰਗ ਭੂਰਾ ਬਣਾ ਦਿੰਦੀਆਂ ਹਨ। ਇਸੇ ਲਈ ਬਾਹਰ ਲਿਖੇ ਅੰਸ਼ ਵੇਖ ਕੇ ਹੀ ਬਰੈੱਡ ਖਰੀਦਣੀ ਚਾਹੀਦੀ ਹੈ।
8.    ਗਲਟਨ-ਫਰੀ ਖਣੇ :-
ਕਈ ਗਲਟਨ-ਫਰੀ ਖਾਣਿਆਂ ਨੂੰ ਵੀ ਸਵਾਦੀ ਬਣਾਉਣ ਲਈ ਵਾਧੂ ਲੂਣ ਅਤੇ ਖੰਡ ਜਾਂ ਘਿਓ ਪਾ ਦਿੱਤਾ ਜਾਂਦਾ ਹੈ। ਇਸੇ ਲਈ ਤਾਜ਼ੇ ਫਲ, ਸਬਜ਼ੀਆਂ ਖਾਣੇ ਬਿਹਤਰ ਰਹਿੰਦੇ ਹਨ।
9.    ਫਰੋਜ਼ਨ ਚੀਜ਼ਾਂ :-
ਬਣੀਆਂ ਬਣਾਈਆਂ ਫਰੀਜ਼ਰ ਵਿਚ ਰੱਖਣ ਵਾਲੀਆਂ ਚੀਜ਼ਾਂ ਭਾਵੇਂ ਮੀਟ ਹੋਣ ਜਾਂ ਸਬਜ਼ੀਆਂ, ਪ੍ਰੀਜ਼ਰਵੇਟਿਵ ਅਤੇ ਲੂਣ ਨਾਲ ਲਬਾਲਬ ਹੁੰਦੀਆਂ ਹਨ।
10.    ਪਰੈਟਜ਼ੈਲ, ਕੁਰਕੁਰੇ ਆਦਿ ਥਿੰਦੇ ਅਤੇ ਲੂਣ ਤੋਂ ਇਲਾਵਾ ਹੋਰ ਕੁੱਝ ਵੀ ਸਰੀਰ ਅੰਦਰ ਨਹੀਂ ਭੇਜਦੇ। ਇਨ੍ਹਾਂ ਨਾਲ ਲਹੂ ਅੰਦਰ ਸ਼ੱਕਰ ਦੀ ਮਾਤਰਾ ਵੀ ਵੱਧ ਜਾਂਦੀ ਹੈ।
11.    ਵੈੱਜ-ਚਿੱਪਸ :-
ਇਨ੍ਹਾਂ ਵਿਚ ਸਬਜ਼ੀ ਦਾ ਇੱਕ ਵੀ ਵਧੀਆ ਤੱਤ ਨਹੀਂ ਬਚਿਆ ਹੁੰਦਾ। ਨਿਰਾ ਫੋਕ ਅਤੇ ਕੈਲਰੀਆਂ ਹੀ ਹੁੰਦੀਆਂ ਹਨ।
12.    ਪ੍ਰੋਟੀਨ-ਬਾਰ :-
ਇਹ ਨਾਂ ਹੀ ਏਨੀ ਖਿੱਚ ਪਾਉਂਦਾ ਹੈ ਕਿ ਕੋਈ ਵਿਰਲਾ ਹੀ ਇਨ੍ਹਾਂ ਨੂੰ ਖਾਧੇ ਬਗ਼ੈਰ ਰਹਿ ਸਕਿਆ ਹੋਵੇਗਾ। ਇਨ੍ਹਾਂ ਵਿਚ ਕੈਲਰੀਆਂ ਅਤੇ ਮਿੱਠਾ ਜ਼ਰੂਰ ਵੱਧ ਹੁੰਦਾ ਹੈ ਪਰ ਬਹੁਤੀਆਂ ਪ੍ਰੋਟੀਨ-ਬਾਰ ਵਿਚ ਪ੍ਰੋਟੀਨ ਨਾ ਬਰਾਬਰ ਹੀ ਹੁੰਦੀ ਹੈ।
13.    ਆਰਗੈਨਿਕ-ਖਾਣੇ :- ਭਾਵੇਂ ਹਾਣੀਕਾਰਕ ਸਪਰੇਅ ਰਹਿਤ ਹੋਣ ਪਰ ਅਜਿਹੇ ਖਾਣੇ ਵੀ ਖਾਣ ਤੋਂ ਪਹਿਲਾਂ ਡੱਬੇ ਬਾਹਰ ਲਿਖੀਆਂ ਕੈਲਰੀਆਂ ਵੱਲ ਧਿਆਨ ਦੇਣਾ ਜ਼ਰੂਰੀ ਹੈ।
14.    ਸਮੂਦੀ :- ਘਰ ਅੰਦਰ ਤਾਜ਼ੇ ਫਲ, ਸਬਜ਼ੀਆਂ, ਫਲੈਕਸ ਬੀਜ, ਪੇਠੇ ਦੇ ਬੀਜ ਆਦਿ ਰਲਾ ਕੇ ਵਧੀਆ ਸਮੂਦੀ ਬਣਾ ਕੇ ਪੀਤੀ ਜਾ ਸਕਦੀ ਹੈ। ਬਜ਼ਾਰੀ ਸਮੂਦੀ ਵਿਚ ਕਈ ਪਾਊਡਰ ਅਤੇ ਵਾਧੂ ਖੰਡ ਦੇ ਨਾਲ ਆਈਸਕ੍ਰੀਮ ਵੀ ਪਾ ਦਿੱਤੀ ਜਾਂਦੀ ਹੈ ਜੋ ਸਿਹਤਮੰਦ ਨਹੀਂ ਗਿਣੀ ਜਾ ਸਕਦੀ।
15.    ਸੋਇਆ ਦੁੱਧ :- ਖੁਸ਼ਬੂਦਾਰ ਅਤੇ ਮਿੱਠੇ ਸੋਇਆ ਦੁੱਧ ਦੇ ਪੈਕਟ ਬਜ਼ਾਰ ਵਿਚ ਪਏ ਮਿਲਦੇ ਹਨ ਜਿਨ੍ਹਾਂ ਵਿਚ ਪੋਟਾਸ਼ੀਅਮ, ਪ੍ਰੋਟੀਨ ਅਤੇ ਘੱਟ ਕੋਲੈਸਟਰੋਲ ਹੁੰਦਾ ਹੈ। ਜਿਹੜੇ ਚਾਕਲੇਟ, ਅੰਬ ਜਾਂ ਹੋਰ ਖੁਸ਼ਬੂ ਨਾਲ ਭਰਪੂਰ ਹੋਣ, ਉਨ੍ਹਾਂ ਵਿਚ ਵਾਧੂ ਖੰਡ ਅਤੇ ਕੈਲਰੀਆਂ ਹੁੰਦੀਆਂ ਹਨ।
16.    ਕੌਫ਼ੀ :- ਗਰਮ ਬਜ਼ਾਰੀ ਕੌਫੀ, ਜਿਸ ਵਿਚ ਖੰਡ ਨਾ ਹੋਵੇ ਅਤੇ ਦੁੱਧ ਵੀ ਘੱਟ ਥਿੰਦੇ ਵਾਲਾ ਹੋਵੇ, ਤਾਂ ਠੀਕ ਰਹਿੰਦੀ ਹੈ। ਠੰਡੀ ਕੌਫ਼ੀ ਸਿਰਫ਼ ਕੈਲਰੀਆਂ ਤੇ ਖੰਡ ਨਾਲ ਭਰੀ ਹੁੰਦੀ ਹੈ।
ਸਾਰ :-
ਪ੍ਰੋਸੈੱਸਡ ਖਾਣੇ, ਕੈਲਰੀਆਂ ਅਤੇ ਖੰਡ ਸਰੀਰ ਦਾ ਨਾਸ ਤਾਂ ਮਾਰਦੇ ਹੀ ਹਨ ਪਰ ਨਾਲੋ-ਨਾਲ ਉਮਰ ਛੋਟੀ ਕਰ ਦਿੰਦੇ ਹਨ। ਜੇ ਬੀਮਾਰੀਆਂ ਤੋਂ ਬਚਣਾ ਹੈ ਤਾਂ ਤਾਜ਼ੇ ਫਲ ਅਤੇ ਸਬਜ਼ੀਆਂ ਖਾਣੀਆਂ ਚਾਹੀਦੀਆਂ ਹਨ। ਰੈਗੂਲਰ ਕਸਰਤ ਕਰਨ ਦੇ ਨਾਲ-ਨਾਲ ਤਣਾਓ ਨੂੰ ਵੀ ਜ਼ਰੂਰ ਛੰਡਣਾ ਚਾਹੀਦਾ ਹੈ।
 
ਡਾ. ਹਰਸ਼ਿੰਦਰ ਕੌਰ, ਐੱਮ.ਡੀ.,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783

ਕੀ ਟੁੱਟੇ ਲੱਕ ਵਾਲਾ ਪੰਜਾਬ ਉੱਠ ਸਕੇਗਾ? - ਡਾ. ਹਰਸ਼ਿੰਦਰ ਕੌਰ, ਐੱਮ.ਡੀ,

ਕੁੱਝ ਖ਼ਬਰਾਂ ਵੱਲ ਜੇ ਗਹੁ ਨਾਲ ਤੱਕੀਏ ਤਾਂ ਪੰਜਾਬ ਅੰਦਰਲੇ ਪਿੰਡਾਂ ਵਿਚ ਸੌਖਿਆਂ ਝਾਤ ਵੱਜ ਸਕਦੀ ਹੈ।
ਇਹ ਖ਼ਬਰਾਂ ਹਨ :-
1.    ਧਰਤੀ ਹੇਠਲੇ ਪਾਣੀ ਦੀ ਲਗਾਤਾਰ ਅਤੇ ਬੇਤਰਤੀਬੀ ਵਰਤੋਂ ਸਦਕਾ ਪੰਜਾਬ ਹੇਠਲੀ ਧਰਤੀ ਵਿਚ ਸਿਰਫ਼ ਅਗਲੇ 17 ਸਾਲਾਂ ਲਈ ਪਾਣੀ ਬਚਿਆ ਹੈ। ਜੇ ਤੁਰੰਤ ਪਾਣੀ ਬਚਾਉਣ ਦੇ ਜਤਨ ਨਾ ਆਰੰਭੇ ਗਏ ਤਾਂ ਪਰਵਾਸ ਮਜਬੂਰੀ ਬਣ ਜਾਵੇਗੀ। ਤੁਰੰਤ 'ਡਰਿੱਪ ਇਰੀਗੇਸ਼ਨ' ਵੱਲ ਧਿਆਨ ਕਰਨ ਦੀ ਲੋੜ ਹੈ। ਹੁਣ ਵੀ ਕੁੱਝ ਇਲਾਕਿਆਂ ਵਿਚ ਪਾਣੀ ਕੱਢਣ ਲਈ 1200 ਫੁੱਟ ਤੱਕ ਦਾ ਬੋਰ ਕੀਤਾ ਜਾ ਰਿਹਾ ਹੈ।
2.    ਸ਼ਾਇਦ ਇਹ ਸੁਣ ਕੇ ਕਿਸੇ ਨੂੰ ਹੈਰਾਨੀ ਹੋਵੇ ਕਿ ਲੁਧਿਆਣੇ ਦੇ ਬੁੱਢਾ ਨਾਲੇ ਵਿੱਚੋਂ ਪਹਿਲਾਂ ਲੋਕ ਪੀਣ ਲਈ ਵੀ ਪਾਣੀ ਵਰਤਦੇ ਹੁੰਦੇ ਸਨ ਅਤੇ ਕਪੜੇ ਵੀ ਧੋਂਦੇ ਹੁੰਦੇ ਸਨ। ਹੁਣ ਇਹ ਲੁਧਿਆਣੇ ਦੀਆਂ ਕੈਮੀਕਲ ਤੇ ਹੋਰ ਫੈਕਟਰੀਆਂ ਵੱਲੋਂ ਸੁੱਟੀ ਗੰਦਗੀ ਸਦਕਾ ਅਜਿਹੇ ਗੰਦੇ ਨਾਲੇ ਵਿਚ ਤਬਦੀਲ ਹੋ ਚੁੱਕਿਆ ਹੈ ਜਿਸ ਵਿਚ ਅਣਗਿਣਤ ਲਾਇਲਾਜ ਬੀਮਾਰੀਆਂ ਦੇ ਕੀਟਾਣੂ ਪਨਪ ਰਹੇ ਹਨ। ਜਾਨ ਨੂੰ ਖ਼ਤਰਾ ਤਾਂ ਇੱਕ ਨਿੱਕੀ ਜਿਹੀ ਖ਼ਬਰ ਤੋਂ ਹੀ ਸਮਝ ਆ ਜਾਂਦਾ ਹੈ ਜਦੋਂ ਅਖ਼ਬਾਰਾਂ ਦੀ ਸੁਰਖੀ ਵਿਚ ਹਮੀਰੇ ਦੀ ਸ਼ਰਾਬ ਫੈਕਟਰੀ ਵਿਚਲੇ ਪ੍ਰਦੂਸ਼ਿਤ ਪਾਣੀ ਨਾਲ ਅਣਗਿਣਤ ਮੱਛੀਆਂ ਅਤੇ ਹੋਰ ਜੀਵਾਂ ਦੇ ਮਰਨ ਦੀ ਖ਼ਬਰ ਛਪੀ।
    ਆਈ.ਟੀ.ਆਈ. ਖੜਗਪੁਰ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਰਿਪੋਰਟ ਅਨੁਸਾਰ ਪੰਜਾਬ ਵਿਚਲੇ ਕਈ ਥਾਈਂ ਗੰਧਲੇ ਹੋ ਚੁੱਕੇ ਪਾਣੀ ਨੂੰ ਸਾਫ਼ ਕਰਨ ਲਈ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ।
    ਇਹ ਗੰਧਲਾ ਪਾਣੀ ਆਪਣੇ ਵਿਚਲੇ ਗੰਦਗੀ ਦੇ ਢੇਰ ਨੂੰ ਲੈ ਕੇ ਜ਼ਮੀਨ ਹੇਠਾਂ ਜਜ਼ਬ ਹੁੰਦਾ ਜਾ ਰਿਹਾ ਹੈ ਜਿੱਥੋਂ ਇਹ ਵਾਪਸ ਪੰਪਾਂ ਰਾਹੀਂ ਉਤਾਂਹ ਖਿੱਚ ਕੇ ਖੇਤਾਂ ਲਈ ਤੇ ਘਰਾਂ ਅੰਦਰ ਪੀਣ ਲਈ ਵਰਤਿਆ ਜਾ ਰਿਹਾ ਹੈ। ਇਸ ਜ਼ਹਿਰੀਲੇ ਪਾਣੀ ਸਦਕਾ ਪੰਜਾਬ ਦੇ ਲਗਭਗ ਇੱਕ ਕਰੋੜ ਦੇ ਕਰੀਬ ਲੋਕ ਕਿਸੇ ਨਾ ਕਿਸੇ ਬੀਮਾਰੀ ਨਾਲ ਜੂਝ ਰਹੇ ਹਨ। ਪੂਰੇ ਭਾਰਤ ਵਿਚ ਵੀ 25 ਕਰੋੜ ਲੋਕ ਪ੍ਰਦੂਸ਼ਿਤ ਪਾਣੀ ਨਾਲ ਹੋ ਰਹੀਆਂ ਬੀਮਾਰੀਆਂ ਸਹੇੜੀ ਬੈਠੇ ਹਨ। ਏਸੇ ਤਰ੍ਹਾਂ ਪਸ਼ੂ ਤੇ ਪੰਛੀ ਵੀ ਜਾਨਾਂ ਗੁਆ ਰਹੇ ਹਨ।
    ਰਹਿੰਦ ਖੂੰਦ ਹੁਣ ਕੀਟਨਾਸ਼ਕਾਂ ਦੇ ਭੰਡਾਰ ਨੇ ਪੂਰੀ ਕਰ ਦੇਣੀ ਹੈ, ਜੋ ਧਰਤੀ ਹੇਠਲੇ ਪਾਣੀ ਦੇ ਵਿਚ ਧੜਾਧੜ ਪਹੁੰਚ ਰਹੇ ਹਨ।
3.    ਸਰਕਾਰੀ ਅੰਕੜਿਆਂ ਵੱਲ ਝਾਤ ਮਾਰੀਏ ਤਾਂ ਸੀ.ਐੱਮ.ਆਈ.ਈ. ਦੀਆਂ ਛਪੀਆਂ ਖ਼ਬਰਾਂ ਅਨੁਸਾਰ ਭਾਰਤ ਵਿਚ ਮਾਰਚ 2020 ਤੋਂ ਮਾਰਚ 2021 ਤੱਕ 99 ਲੱਖ ਦੇ ਕਰੀਬ ਨੌਕਰੀ ਪੇਸ਼ਾ ਲੋਕਾਂ ਦੀ ਨੌਕਰੀ ਖੁੱਸ ਗਈ। ਮਾਰਚ 2021 ਵਿਚ ਸਿਰਫ਼ 7.62 ਕਰੋੜ ਲੋਕ ਹੀ ਨੌਕਰੀ ਕਰਦੇ ਰਹਿ ਗਏ ਸਨ। ਇਹ ਵੀ ਖ਼ਬਰਾਂ ਵਿਚ ਅਨੁਮਾਨ ਲਾਇਆ ਗਿਆ ਕਿ ਬੇਰੁਜ਼ਗਾਰ ਹੋਏ ਲੋਕਾਂ ਦਾ ਅਸਲ ਅੰਕੜਾ ਕਿਤੇ ਵੱਧ ਹੈ। ਇਨ੍ਹਾਂ ਵਿੱਚੋਂ ਵੀ ਸਭ ਤੋਂ ਵੱਧ ਮਾਰ ਔਰਤਾਂ ਉੱਤੇ ਪਈ। ਬੇਰੁਜ਼ਗਾਰੀ ਦਰ 30 ਫੀਸਦੀ ਵਧੀ ਅਤੇ ਜ਼ਿਆਦਾਤਰ 20 ਤੋਂ 30 ਸਾਲ ਦੇ ਉਮਰ ਦੇ ਲੋਕ ਨੌਕਰੀਆਂ ਵਿੱਚੋਂ ਕੱਢੇ ਗਏ।
    ਜੇ ਦੇਸ ਦੀ ਆਬਾਦੀ ਦੇ ਹਿਸਾਬ ਅਨੁਸਾਰ ਵੇਖੀਏ ਤਾਂ ਸਭ ਤੋਂ ਵੱਧ ਗਿਣਤੀ 30 ਤੋਂ 35 ਸਾਲਾਂ ਦੇ ਲੋਕਾਂ ਦੀ ਹੈ। ਸੌਖਿਆਂ ਸਮਝ ਆ ਸਕਦੀ ਹੈ ਕਿ ਭਾਰਤ ਦੇ ਵੱਡੀ ਗਿਣਤੀ ਨੌਜਵਾਨ ਕੰਮ ਲਈ ਧੱਕੇ ਖਾਂਦੇ ਫਿਰ ਰਹੇ ਹਨ।
    ਪੰਜਾਬ ਅੰਦਰ ਵਧਦੀਆਂ ਖ਼ੁਦਕੁਸ਼ੀਆਂ ਅਤੇ ਸੜਕਾਂ ਉੱਤੇ ਡਾਂਗਾਂ ਖਾਂਦੇ ਬੇਰੁਜ਼ਗਾਰ ਇਸੇ ਪਾਸੇ ਵੱਲ ਇਸ਼ਾਰਾ ਕਰ ਰਹੇ ਹਨ।
    ਇੱਕ ਅਖ਼ਬਾਰ ਵਿਚ ਛਪੀ ਖ਼ਬਰ ਅਨੁਸਾਰ ਪਿੰਡਾਂ ਵਿਚ ਵੀ ਲਗਭਗ 12 ਕਰੋੜ ਕਾਮੇ ਬੇਰੁਜ਼ਗਾਰੀ ਨਾਲ ਜੂਝ ਰਹੇ ਹਨ।
    ਮਹਾਂਮਾਰੀ ਦੌਰਾਨ ਛੋਟੇ ਦੁਕਾਨਦਾਰ, ਮਕੈਨਿਕ, ਰੇੜੀ ਚਾਲਕ, ਢਾਬੇ ਆਦਿ ਵੀ ਬਰਬਾਦੀ ਦੀ ਕਗਾਰ ਉੱਤੇ ਪਹੁੰਚ ਗਏ ਸਨ।
    ਗ਼ਰੀਬੀ ਦਾ ਅੰਕੜਾ ਜਾਨਣਾ ਹੋਵੇ ਤਾਂ ਸਾਲ 1991 ਵਿਚ ਛਪੀ ਰਿਪੋਰਟ ਅਨੁਸਾਰ ਉਦੋਂ 5 ਲੱਖ ਦੇ ਕਰੀਬ ਗ਼ਰੀਬ ਕਿਸਾਨ ਸਨ ਜਿਨ੍ਹਾਂ ਵਿੱਚੋਂ ਸੰਨ 2005 ਤੱਕ 1.6 ਲੱਖ ਕਿਸਾਨ ਖੇਤੀ ਦਾ ਕੰਮ ਛੱਡਣ ਲਈ ਮਜਬੂਰ ਹੋ ਚੁੱਕੇ ਸਨ। ਇਨ੍ਹਾਂ ਸਿਰ ਚੜ੍ਹੇ ਕਰਜ਼ੇ ਕਦੇ ਵੀ ਘਟੇ ਨਹੀਂ।
4.    ਅਧਿਆਪਕ ਆਪਣੀ ਤਨਖ਼ਾਹ ਅਤੇ ਨੌਕਰੀਆਂ ਲਈ ਸੜਕਾਂ ਉੱਤੇ ਜੂਝਦੇ ਫਿਰਦੇ ਹਨ। ਸਕੂਲਾਂ ਵਿਚ ਵੀ ਉਨ੍ਹਾਂ ਦੇ ਬੈਠਣ ਲਈ ਕੁਰਸੀਆਂ ਨਹੀਂ। ਕਿਤੇ ਕੰਪਿਊਟਰ ਨਹੀਂ ਅਤੇ ਕਿਤੇ ਪ੍ਰਿੰਟਰ ਨਹੀਂ। ਵੇਲੇ ਕੁਵੇਲੇ ਅਲੱਗ-ਅਲੱਗ ਪ੍ਰਬੰਧਕੀ ਕੰਮਾਂ ਵਾਸਤੇ ਇੱਧਰ-ਉੱਧਰ ਧੱਕ ਦਿੱਤਾ ਜਾਂਦਾ ਹੈ। ਕਈ ਥਾਈਂ ਰੋਜ਼ ਦੋ ਵੱਖੋ-ਵੱਖ ਸਕੂਲ ਨਿਪਟਾਉਣੇ ਪੈਂਦੇ ਹਨ। ਇਨ੍ਹਾਂ ਕਾਰਜਾਂ ਲਈ ਸਫ਼ਰੀ ਭੱਤਾ ਵੀ ਨਹੀਂ ਦਿੱਤਾ ਜਾਂਦਾ।
    ਸਭ ਤੋਂ ਭੱਦਾ ਮਜ਼ਾਕ ਤਾਂ ਇਹ ਹੈ ਕਿ ਪਹਿਲੀ ਤੋਂ ਅੱਠਵੀਂ ਜਮਾਤ ਤਕ ਪ੍ਰਤੀ ਬੱਚੇ ਨੂੰ ਸਿਰਫ਼ 600 ਰੁਪਏ ਦਿੱਤੇ ਜਾਂਦੇ ਹਨ ਜਿਸ ਨਾਲ ਉਸ ਨੇ ਪੂਰੀ ਵਰਦੀ ਖਰੀਦਣੀ ਹੁੰਦੀ ਹੈ। ਭਲਾ ਕੋਈ ਦੱਸੇ ਕਿ ਏਨੇ ਰੁਪਈਆਂ ਵਿੱਚ ਕੋਈ ਪੈਂਟ, ਕਮੀਜ਼, ਬੂਟ, ਸਵੈਟਰ, ਟਾਈ, ਬੈਲਟ ਆਦਿ ਖ਼ਰੀਦ ਕੇ ਪਾ ਸਕਦਾ ਹੈ? ਕਮਾਲ ਤਾਂ ਇਹ ਹੈ ਕਿ ਬਥੇਰੇ ਅਧਿਆਪਕ ਮਹਿਜ਼ 2000 ਜਾਂ 3000 ਰੁਪਏ ਮਹੀਨਾ ਉੱਤੇ ਰੱਖੇ ਜਾ ਰਹੇ ਹਨ। ਜਦੋਂ ਇਨ੍ਹਾਂ ਅਧਿਆਪਿਕਾਂ ਵੱਲੋਂ ਦੱਸੇ ਤੱਥਾਂ ਉੱਤੇ ਖ਼ਬਰਾਂ ਛਪਦੀਆਂ ਹਨ ਤਾਂ ਕਲੇਜਾ ਮੂੰਹ ਨੂੰ ਆ ਜਾਂਦਾ ਹੈ ਕਿ ਸਾਡੇ ਪੰਜਾਬ ਦੇ ਬੱਚਿਆਂ ਦਾ ਭਵਿੱਖ ਕਿਵੇਂ ਸੁਆਰਿਆ ਜਾ ਸਕਦਾ ਹੈ! ਇਨ੍ਹਾਂ ਅਧਿਆਪਿਕਾਂ ਨੂੰ ਰੈਗੂਲਰ ਤੌਰ ਉੱਤੇ ਤਨਖ਼ਾਹ ਵੀ ਨਹੀਂ ਦਿੱਤੀ ਜਾਂਦੀ। ਪ੍ਰਾਇਮਰੀ ਸਕੂਲ ਦੇ ਅਧਿਆਪਿਕਾਂ ਨੂੰ ਤਾਂ ਬਥੇਰੀ ਵਾਰ ਚਪੜਾਸੀ, ਚੌਕੀਦਾਰ, ਰਸੋਈਆ ਤੋਂ ਲੈ ਕੇ ਮਰਦਮਸ਼ੁਮਾਰੀ, ਚੋਣ ਕਰਮਚਾਰੀ, ਡਾਕੀਆ ਤੱਕ ਦੇ ਕੰਮ ਲੈਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਸਿਫਾਰਿਸ਼ ਦੇ ਆਧਾਰ ਉੱਤੇ ਮੈਰਿਟ ਨੂੰ ਦਰਕਿਨਾਰ ਕਰ ਕੇ ਬਥੇਰੇ ਅਧਿਆਪਕ ਦੂਰ ਦੁਰੇਡੇ ਭੇਜ ਦਿੱਤੇ ਜਾਂਦੇ ਹਨ ਜਿਸ ਲਈ ਕਿਰਾਇਆ ਭੱਤਾ ਵੀ ਉਨ੍ਹਾਂ ਨੂੰ ਪੱਲਿਓਂ ਹੀ ਲਾਉਣਾ ਪੈਂਦਾ ਹੈ। ਇਹ ਵੀ ਖ਼ਬਰ ਛਪ ਚੁੱਕੀ ਹੈ ਕਿ ਕਰਮਚਾਰੀਆਂ ਦੀ ਘਾਟ ਸਦਕਾ ਕਈ ਵਾਰ ਅਧਿਆਪਿਕਾਂ ਨੂੰ ਗੁਸਲਖ਼ਾਨਾ ਤੱਕ ਸਾਫ਼ ਕਰਨ ਦੀ ਨੌਬਤ ਆ ਗਈ ਸੀ।
5.    ਗੁਰਮੀਤ ਸਿੰਘ ਪਲਾਹੀ ਜੀ ਵੱਲੋਂ ਲਿਖੀ ਪੁਸਤਕ ''ਪੰਜਾਬ ਡਾਇਰੀ-2021'' ਵਿਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਪੰਜਾਬ ਵਿਚਲੀਆਂ ਸਾਲਾਨਾ ਸਕੂਲੀ ਖੇਡਾਂ ਲਈ ਕੋਈ ਸਰਕਾਰੀ ਫੰਡ ਨਹੀਂ ਦਿੱਤੇ ਜਾਂਦੇ। ਨਾ ਹੀ ਖਿਡਾਰੀਆਂ ਦੇ ਖਾਣ-ਪੀਣ ਅਤੇ ਇਨਾਮਾਂ ਲਈ ਕੋਈ ਰਕਮ ਦਿੱਤੀ ਜਾਂਦੀ ਹੈ। ਇਸ ਵਾਸਤੇ ਬਹੁਤੀ ਥਾਈਂ ਅਧਿਆਪਕ ਆਪਣੀ ਜੇਬ ਵਿੱਚੋਂ ਖ਼ਰਚਾ ਕਰਦੇ ਹਨ। ਜਦੋਂ ਬੱਚੇ ਬਲਾਕ ਪੱਧਰ ਉੱਤੇ ਹੋਣ ਵਾਲੇ ਮੁਕਾਬਲਿਆਂ ਲਈ ਜਾਂਦੇ ਹਨ ਤਾਂ ਉੱਥੋਂ ਵੀ ਪੈਸੇ ਦੀ ਘਾਟ ਸਦਕਾ ਬਿਨਾਂ ਇਨਾਮ ਲਏ ਵਾਪਸ ਮੁੜਦੇ ਹਨ।
6.    ਇੱਕ ਅਹਿਮ ਨੁਕਤਾ ਹੈ- ਅਫ਼ਸਰਸ਼ਾਹੀ! ਵੱਡੀਆਂ ਅੰਗਰੇਜ਼ੀ ਦੀਆਂ ਅਖ਼ਬਾਰਾਂ ਵਿਚ ਸਿਆਸੀ ਲੋਕਾਂ ਦੇ ਇਰਦ-ਗਿਰਦ ਘੇਰਾ ਪਾ ਕੇ ਬੈਠੀ ਅਫ਼ਸਰਸ਼ਾਹੀ ਨੂੰ ''ਵੈਦਰ-ਕੌਕ'' ਜਾਂ ਹਵਾ ਨਾਲ ਘੁੰਮ ਜਾਂਦਾ ਹੋਇਆ ਘਰ ਉੱਪਰਲੀ ਸਿਖਰ ਉੱਤੇ ਲੱਗਿਆ ਕੁੱਕੜ ਦਾ ਨਿਸ਼ਾਨ ਮੰਨ ਲਿਆ ਗਿਆ ਹੈ। ਇਸ ਕੁੱਕੜ ਦਾ ਕੰਮ ਹੀ ਹਵਾ ਨਾਲ ਘੁੰਮ ਜਾਣਾ ਹੁੰਦਾ ਹੈ; ਬਸ ਇਸ ਤੋਂ ਵੱਧ ਕੁੱਝ ਨਹੀਂ। ਹੁਣ ਇਸੇ ਅਫ਼ਸਰਸ਼ਾਹੀ ਵਿਚ ਕੁੱਝ ਉਲਟ ਫੇਰ ਹੋਇਆ ਵੇਖਿਆ ਗਿਆ ਹੈ।
    ਇਹ ''ਵੈਦਰ-ਕੌਕ'' ਹੁਣ ਹੌਲੀ-ਹੌਲੀ ਸਿਆਸੀ ਲੋਕਾਂ ਨੂੰ ਵੀ ਆਪਣੇ ਹਿਸਾਬ ਨਾਲ ਘੁਮਾਉਣ ਲੱਗ ਪਏ ਹਨ। ਖ਼ਬਰਾਂ ਅਨੁਸਾਰ ਤਾਂ ਪੰਜਾਬ ਵਿਚ ਇੱਕ ਪਾਸੇ ਮਾਫੀਆ ਤੇ ਦੂਜੇ ਪਾਸੇ ਅਫ਼ਸਰਸ਼ਾਹੀ ਰਾਜ ਚੱਲ ਰਿਹਾ ਹੈ। ਸਿਆਸਤ ਉੱਤੇ ਭਾਰੂ ਪੈਂਦੀ ਅਫ਼ਸਰਸ਼ਾਹੀ ਆਪਣੇ ਟੱਬਰਾਂ ਦੀ ਵੱਧ ਫ਼ਿਕਰ ਕਰਨ ਲੱਗ ਪਈ ਹੈ। 'ਪੰਜਾਬ ਡਾਇਰੀ-2021' ਵਿਚ ਤਾਂ ਗੁਰਮੀਤ ਸਿੰਘ ਪਲਾਹੀ ਜੀ ਪੰਨਾ ਨੰਬਰ 27 ਉੱਤੇ ਸਪਸ਼ਟ ਲਿਖਦੇ ਹਨ, ''ਅਫ਼ਸਰਸ਼ਾਹੀ ਦੀ ਆਪਣੀ ਫ਼ਿਕਰ ਐ, ਮਾਫੀਏ ਨਾਲ ਰਲ ਕੇ ਕਮਾਈ ਕਰਨ ਦੀ, ਤਨਖ਼ਾਹੋਂ ਉੱਪਰ ਮਾਲ ਕਮਾਉਣ ਦੀ। ਜੇ ਇੰਜ ਨਾ ਹੁੰਦਾ ਤਾਂ ਪੰਜਾਬ ਵਿਚ ਭ੍ਰਿਸ਼ਟਾਚਾਰ ਦਾ ਏਨਾ ਬੋਲਬਾਲਾ ਨਾ ਹੁੰਦਾ। ਅਫ਼ਸਰਸ਼ਾਹੀ ਨੇ ਸਿਹਤ ਢਾਂਚੇ ਨੂੰ ਤਕੜਾ ਕਰਨ ਲਈ ਕੁੱਝ ਨਹੀਂ ਕੀਤਾ। ਕੇਂਦਰ ਤੋਂ ਨਵੀਆਂ ਸਕੀਮਾਂ ਨਹੀਂ ਲਿਆਏ। ਅਫ਼ਸਰਸ਼ਾਹੀ ਨੇ ਤਾਂ ਪੰਜਾਬ ਨੂੰ ਮਧੋਲ ਸੁੱਟਿਆ ਹੈ। ਸਿਆਸਤਦਾਨ ਵੀ ਏਨੇ ਖ਼ੁਦਗ਼ਰਜ਼ ਹੋ ਗਏ ਹਨ ਕਿ ਉਹ ਸਿਰਫ਼ ਵੋਟ ਦੀ ਗੱਲ ਕਰਦੇ ਹਨ ਜਾਂ ਆਪਣੇ ਮੁਨਾਫ਼ੇ ਦੀ ਗੱਲ ਕਰਦੇ ਹਨ। ਪੰਜਾਬ ਦੀ ਕਿਸੇ ਨੂੰ ਪਰਵਾਹ ਨਹੀਂ। ਹਾਕਮ ਧਿਰ ਤਾਂ ਅਫ਼ਸਰਸ਼ਾਹੀ ਨੂੰ ਨੱਥ ਪਾਉਣ ਦੀ ਉੱਕਾ ਕੋਈ ਗੱਲ ਨਹੀਂ ਕਰਦੀ।''
    ਲੋਕਾਂ ਦੀ ਲੁੱਟ-ਖਸੁੱਟ ਬਾਰੇ ਕੋਈ ਕੁਸਕਦਾ ਹੀ ਨਹੀਂ। ਹੁਣ ਤਾਂ ਅਫ਼ਸਰਸ਼ਾਹੀ ਵੱਲੋਂ ਲਈ ਜਾਂਦੀ ਰਿਸ਼ਵਤ ਦੀਆਂ ਵੀ ਅਨੇਕ ਖ਼ਬਰਾਂ ਨਸ਼ਰ ਹੋ ਚੁੱਕੀਆਂ ਹਨ।
    ਇਹ ਵੀ ਲਿਖਿਆ ਮਿਲਦਾ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਮਲਾਈਦਾਰ ਅਹੁਦੇ ਹਾਸਲ ਕਰਨ ਲਈ ਅਫ਼ਸਰਸ਼ਾਹੀ ਵਿਚਲੇ ਕਾਫੀ ਲੋਕ ਸਿਆਸਤਦਾਨਾਂ ਦੇ ਹਰ ਉਲਟੇ ਸਿੱਧੇ ਕੰਮ ਕਰਨ ਲਈ ਤਿਆਰ-ਬਰ-ਤਿਆਰ ਮਿਲਦੇ ਹਨ, ਜੋ ਪੰਜਾਬ ਦੇ ਅਸਲ ਨਿਘਾਰ ਦੇ ਕਾਰਨ ਬਣਦੇ ਜਾ ਰਹੇ ਹਨ। ਇਸ ਮੱਕੜ ਜਾਲ ਨੇ ਪੰਜਾਬ ਦੇ ਸਾਹ ਸੂਤ ਲਏ ਹਨ।
    ਇਹ ਸਭ ਕੁੱਝ ਜਾਣਦਿਆਂ ਬੁਝਦਿਆਂ ਵੀ ਵੱਡੀ ਗਿਣਤੀ ਲੋਕ ਚੁੱਪੀ ਧਾਰ ਕੇ, ''ਚਲੋ ਕੋਈ ਨਾ'' ਦੀ ਸੋਚ ਅਧੀਨ ਸਮਾਂ ਟਪਾ ਰਹੇ ਹਨ। ਇਹੀ ਕਾਰਨ ਹੈ ਕਿ ਸਮੱਸਿਆਵਾਂ ਘਟਣ ਦੀ ਥਾਂ ਵਧਦੀਆਂ ਜਾ ਰਹੀਆਂ ਹਨ। ਹੁਣ ਤਾਂ ਆਖ਼ਰੀ ਸਵਾਲ ਇਹ ਹੀ ਬਚਿਆ ਹੈ ਕਿ ਕੀ ਟੁੱਟੇ ਲੱਕ ਵਾਲਾ ਬਣ ਚੁੱਕਿਆ ਇਹ ਪੰਜਾਬ ਕਦੇ ਉੱਠ ਸਕੇਗਾ?
    ਇੱਕੋ ਉਮੀਦ ਹੈ ਕਿ ਲੋਕ ਵੇਲੇ ਸਿਰ ਜਾਗ ਕੇ ਆਪਣੇ ਹੱਕ ਪਛਾਣ ਕੇ, ਸਹੀ ਲੋਕਾਂ ਨੂੰ ਕੁਰਸੀਆਂ ਉੱਤੇ ਬਿਠਾਉਣ ਜੋ ਪੰਜਾਬ ਦੇ ਹਿੱਤਾਂ ਲਈ ਮਰ ਮਿਟਣ ਨੂੰ ਤਿਆਰ ਹੋਣ।   
 
                        ਡਾ. ਹਰਸ਼ਿੰਦਰ ਕੌਰ, ਐੱਮ.ਡੀ,
                        28, ਪ੍ਰੀਤ ਨਗਰ,
                        ਲੋਅਰ ਮਾਲ, ਪਟਿਆਲਾ,
                        0175-2216783

ਮੋਬਾਈਲ ਦੀ ਲਤ ਜਾਂ ਬੀਮਾਰੀ ਦੀ ਸ਼ੁਰੂਆਤ ਕਿਵੇਂ ਪਛਾਣੀਏ? - ਡਾ. ਹਰਸ਼ਿੰਦਰ ਕੌਰ, ਐੱਮ.ਡੀ

ਮੋਬਾਈਲ ਫ਼ੋਨ ਜ਼ਿੰਦਗੀ ਦਾ ਇਕ ਅਹਿਮ ਹਿੱਸਾ ਬਣ ਚੁੱਕਿਆ ਹੋਇਆ ਹੈ। ਇਸ ਦੀ ਵਰਤੋਂ ਕਰਦਿਆਂ ਕਦੋਂ ਕੋਈ ਜਣਾ ਇਸ ਦਾ ਆਦੀ ਬਣ ਜਾਂਦਾ ਤੇ ਕਦੋਂ ਮਾਨਸਿਕ ਰੋਗੀ, ਇਸ ਬਾਰੇ ਪਤਾ ਹੀ ਨਹੀਂ ਲੱਗਦਾ। ਮੋਬਾਈਲ ਦੀ ਵਰਤੋਂ ਨਾਲ ਜੁੜੇ ਅਨੇਕ ਤਰ੍ਹਾਂ ਦੇ ਮਾਨਸਿਕ ਰੋਗ ਲੱਭੇ ਜਾ ਚੁੱਕੇ ਹਨ।
    ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਮੋਬਾਈਲ ਦੀ ਲਤ ਤਾਂ ਨਹੀਂ ਲੱਗੀ? ਇਸ ਬਾਰੇ ਮਨੋਰੋਗ ਮਾਹਿਰਾਂ ਨੇ 11 ਨੁਕਤਿਆਂ ਬਾਰੇ ਦੱਸਿਆ ਹੈ, ਜੋ ਇਸ਼ਾਰਾ ਕਰਦੇ ਹਨ ਕਿ ਕਿਸੇ ਨੂੰ ਮੋਬਾਈਲ ਦੀ ਵਰਤੋਂ ਨਾਲ ਨੁਕਸਾਨ ਤਾਂ ਨਹੀਂ ਹੋਣਾ ਸ਼ੁਰੂ ਹੋਇਆ। ਇਹ ਹਨ :-
1.    ਕੀ ਮੋਬਾਈਲ ਨੂੰ ਸਜਾਉਣ ਉੱਤੇ ਅਤੇ ਉਸ ਦੀ ਸਾਫ਼ ਸਫ਼ਾਈ ਕਰਦੇ ਰਹਿਣ ਦੇ ਨਾਲ    
ਲਗਾਤਾਰ ਫ਼ੋਨ ਕਵਰ ਬਦਲਣੇ ਆਦਿ ਕਿਤੇ ਮੋਬਾਈਲ ਦੀ ਕੀਮਤ ਜਿੰਨੇ ਖ਼ਰਚੇ ਉੱਤੇ ਤਾਂ ਨਹੀਂ ਪਹੁੰਚ ਚੁੱਕੇ?
2.    ਮੋਬਾਈਲ ਵਿਚ 30 ਵੱਖੋ-ਵੱਖ ਐਪ ਡਾਊਨਲੋਡ ਕੀਤੇ ਜਾ ਚੁੱਕੇ ਹਨ?
3.    ਕੀ ਮੋਬਾਈਲ ਵਿਚਲੇ ਟਵਿਟਰ, ਫੇਸਬੁੱਕ, ਵਟਸਐੱਪ ਵਿਚ ਰੁੱਝੇ ਆਪਣੇ ਜ਼ਰੂਰੀ ਕੰਮ ਦਾ    
    ਵਕਤ ਜਾਂ ਦਵਾਈ ਦਾ ਸਮਾਂ ਤਾਂ ਨਹੀਂ ਖੁੰਝ ਰਿਹਾ? ਕੀ ਅਜਿਹੇ ਜ਼ਰੂਰੀ ਕੰਮਾਂ ਲਈ    
    ਮੋਬਾਈਲ ਵਿਚ ਅਲਾਰਮ ਲਾਉਣਾ ਪੈਂਦਾ ਹੈ?
4.    ਕੀ ਮੋਬਾਈਲ ਬਾਰੇ ਸੰਪੂਰਨ ਜਾਣਕਾਰੀ ਲੈਣ ਲਈ ਮੋਬਾਈਲ ਰਾਹੀਂ ਹੀ ਪਤਾ ਕਰਦੇ    
    ਰਹਿੰਦੇ ਹੋ?
5.    ਕੀ ਰੋਜ਼ ਦਾ ਮਿਲਿਆ ਡਾਟਾ ਪੂਰਾ ਵਰਤਿਆ ਜਾਂਦਾ ਹੈ ਤੇ ਹੋਰ ਦੀ ਲੋੜ ਮਹਿਸੂਸ ਹੁੰਦੀ    
    ਹੈ?
6.    ਕੀ ਟੈਕਸਟ ਮੈੱਸੇਜ ਤੁਹਾਡੇ ਦਿਨ ਦਾ ਇੱਕ ਚੌਥਾਈ ਸਮਾਂ ਖਾ ਰਹੇ ਹਨ?
7.    ਕੀ ਤੁਹਾਡੇ ਫ਼ੋਨ ਦੀ ਬੈਟਰੀ ਪੂਰਾ ਦਿਨ ਚਲ ਜਾਂਦੀ ਹੈ? ਕਿਤੇ ਦੂਜੀ ਵਾਰ ਚਾਰਜ ਤਾਂ    
    ਨਹੀਂ ਕਰਨਾ ਪੈਂਦਾ? ਕੀ ਕਿਸੇ ਥਾਂ ਪਹੁੰਚ ਕੇ ਸਭ ਤੋਂ ਪਹਿਲਾਂ ਚਾਰਜਰ ਲਾਉਣ ਲਈ ਥਾਂ    
    ਤਾਂ ਨਹੀਂ ਲੱਭਣੀ ਪੈਂਦੀ?
8.    ਕੀ ਫ਼ੋਨ ਹੱਥੋਂ ਡਿੱਗ ਜਾਣ ਉੱਤੇ ਦਿਲ ਦੀ ਧੜਕਨ ਇਕਦਮ ਰੁੱਕ ਗਈ ਜਾਪਦੀ ਹੈ? ਕੀ    
    ਸਕਰੀਨ ਟੁੱਟ ਜਾਣ ਉੱਤੇ ਰਿਪੇਅਰ ਲਈ ਮੋਬਾਈਲ ਦੇਣ ਨਾਲ ਰਾਤ ਦੀ ਨੀਂਦਰ ਉੱਤੇ    
    ਫ਼ਰਕ ਪੈਂਦਾ ਹੈ ਜਾਂ ਇੰਜ ਜਾਪਦਾ ਹੈ ਕਿ ਕੋਈ ਜ਼ਰੂਰੀ ਅੰਗ ਟੁੱਟ ਗਿਆ ਹੈ?
9.    ਕੀ ਦੋਸਤਾਂ ਨਾਲ ਬੈਠਿਆਂ ਮੋਬਾਈਲ ਫ਼ੋਨ ਦੀਆਂ ਕਿਸਮਾਂ ਬਾਰੇ ਗੱਲਬਾਤ ਜਾਂ ਇੱਕ ਦੂਜੇ     ਦੇ ਫ਼ੋਨ ਦੀ ਬਣਤਰ ਜਾਂ ਕਿਸਮ ਬਾਰੇ ਜ਼ਿਕਰ ਕੀਤਾ ਜਾਂਦਾ ਹੈ? ਨਵੇਂ ਐਪ ਬਾਰੇ ਵੀ    
    ਜ਼ਿਕਰ ਚਲਦਾ ਹੈ?
10.    ਜੇ ਕੰਮ ਉੱਤੇ ਜਾਂ ਘਰੋਂ ਬਾਹਰ ਖਾਣਾ ਖਾਣ ਜਾਣ ਲੱਗਿਆਂ ਫ਼ੋਨ ਘਰ ਰਹਿ ਜਾਵੇ ਤਾਂ ਉਸੇ ਵੇਲੇ ਕੰਮ ਛੱਡ ਕੇ ਵਾਪਸ ਫ਼ੋਨ ਲੈਣ ਜਾਣਾ ਪੈਂਦਾ ਹੈ? ਕੀ ਉਸ ਸਮੇਂ ਘਬਰਾਹਟ ਹੋਣ ਲੱਗ ਪੈਂਦੀ ਹੈ ਕਿ ਕੋਈ ਜ਼ਰੂਰੀ ਫ਼ੋਨ ਜਾਂ ਮੈੱਸੇਜ ਪੜ੍ਹਨਾ ਰਹਿ ਨਾ ਜਾਏ?
11.    ਕੀ ਗੁਸਲਖਾਨੇ ਵਿਚ ਵੀ ਮੋਬਾਈਲ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ? ਕੀ ਸੁੱਤੇ ਉੱਠੇ ਸਭ     ਤੋਂ ਪਹਿਲਾਂ ਮੋਬਾਈਲ ਫ਼ੋਨ ਚੁੱਕਣ ਨੂੰ ਮਨ ਉਕਸਾਉਂਦਾ ਹੈ?
       ਜੇ ਉੱਪਰ ਦੱਸੇ 11 ਸਵਾਲਾਂ ਵਿੱਚੋਂ 8 ਦੇ ਜਵਾਬ ਹਾਂ ਵਿਚ ਹਨ ਤਾਂ ਇਸ ਦਾ ਮਤਲਬ ਹੈ ਕਿ ਮੋਬਾਈਲ ਦੀ ਲਤ ਲੱਗ ਚੁੱਕੀ ਹੈ। ਇਸ ਤਰ੍ਹਾਂ ਦੀ ਲਤ ਹੌਲੀ-ਹੌਲੀ ਕਈ ਕਿਸਮਾਂ ਦੇ ਮਾਨਸਿਕ ਰੋਗਾਂ ਦੇ ਬੀਜ ਬੋ ਦਿੰਦੀ ਹੈ।
    ਇਹ ਮਾਨਸਿਕ ਰੋਗਾਂ ਦੇ ਬੀਜ ਹਨ :-
1.    ਵਧਦੀ ਚਿੰਤਾ
2.    ਛੇਤੀ ਘਬਰਾਹਟ ਮਹਿਸੂਸ ਕਰਨੀ
3.    ਤਣਾਓ ਮਹਿਸੂਸ ਹੋਣਾ
4.    ਸਿਰ ਪੀੜ ਰਹਿਣ ਲੱਗ ਪੈਣੀ
5.    ਇਕਦਮ ਭੜਕ ਜਾਣਾ
6.    ਛੇਤੀ ਗੁੱਸਾ ਆਉਣਾ
7.    ਦੂਜੇ ਵਿਰੁੱਧ ਭੱਦੀ ਸ਼ਬਦਾਵਲੀ ਵਰਤਣੀ
8.    ਦੂਜੇ ਨੂੰ ਭੰਡ ਕੇ ਮਨ ਅੰਦਰ ਤਸੱਲੀ ਮਹਿਸੂਸ ਹੋਣੀ
9.    ਪੱਠਿਆਂ ਵਿਚ ਪੀੜ ਰਹਿਣੀ
10.    ਨਜ਼ਰ ਘਟਣੀ
11.    ਅਜੀਬ ਆਵਾਜ਼ਾਂ ਸੁਣਾਈ ਦੇਣੀਆਂ
12.    ਖ਼ੁਰਕ ਹੁੰਦੀ ਜਾਪਣੀ
13.    ਨੀਂਦਰ ਪੂਰੀ ਨਾ ਆਉਣੀ
14.    ਸ਼ਰਾਬ ਪੀਣੀ ਸ਼ੁਰੂ ਕਰ ਦੇਣੀ, ਸਿਗਰਟਨੋਸ਼ੀ
       ਆਮ ਧਾਰਨਾ ਹੈ ਕਿ ਜੇ ਮੋਬਾਈਲ ਫ਼ੋਨ ਉੱਤੇ ਖੇਡਾਂ ਨਹੀਂ ਖੇਡੀਆਂ ਜਾ ਰਹੀਆਂ ਅਤੇ ਸਿਰਫ਼ ਕੰਮ ਲਈ ਵਰਤੇ ਜਾ ਰਹੇ ਹਨ ਤਾਂ ਇਹ ਬੀਮਾਰੀ ਨਹੀਂ ਮੰਨਣੀ ਚਾਹੀਦੀ। ਇਸ ਦੇ ਉਲਟ ਮਨੋਵਿਗਿਆਨੀਆਂ ਨੇ ਲਤ ਲੱਗੀ ਮੰਨੀ ਹੈ- ਇੰਟਰਨੈੱਟ ਵਰਤੋਂ, ਕੈਮਰਾ, ਜੀ.ਪੀ.ਐੱਸ. ਰਾਹੀਂ ਰਸਤਾ ਲੱਭਣਾ, ਓਨਲਾਈਨ ਖ਼ਰੀਦੋ-ਫਰੋਖ਼ਤ, ਵੀਡੀਓ-ਕਾਲ, ਕੈਮ ਸਕੈਨਰ ਤੋਂ ਲੈ ਕੇ ਵੱਖੋ-ਵੱਖ ਖੇਡਾਂ ਸਮੇਤ ਜੇ ਲਗਾਤਾਰ ਮੋਬਾਈਲ ਦੀ ਵਰਤੋਂ ਹੋ ਰਹੀ ਹੈ ਤਾਂ ਇਹ ਲਤ ਹੀ ਮੰਨੀ ਜਾਵੇਗੀ ਕਿਉਂਕਿ ਪਰਿਵਾਰ ਲਈ ਸਮਾਂ, ਲਿਖਣ ਪੜ੍ਹਨ, ਘਰ ਦਾ ਕੰਮ, ਚਿੱਤਰਕਾਰੀ, ਦੋਸਤਾਂ ਨਾਲ ਘੁੰਮਣਾ ਆਦਿ ਸਭ ਕੁੱਝ ਮਨਫ਼ੀ ਹੋ ਜਾਂਦਾ ਹੈ।
    ਮੋਬਾਈਲ ਤੋਂ ਬਗ਼ੈਰ ਮਹਿਸੂਸ ਹੁੰਦੀ ਘਬਰਾਹਟ, ਬਦੋਬਦੀ ਫ਼ੋਨ ਵਿੱਚੋਂ ਕੁੱਝ ਨਾ ਕੁੱਝ ਲੱਭਣਾ ਆਦਿ ਸਾਨੂੰ ਮਾਨਸਿਕ ਪੱਖੋਂ ਕਮਜ਼ੋਰ ਕਰਦਾ ਰਹਿੰਦਾ ਹੈ।
    ਇਹ ਲਤ ਕਈ ਵਾਰ ਏਨੀ ਖ਼ਤਰਨਾਕ ਹੋ ਜਾਂਦੀ ਹੈ ਕਿ ਜਾਨ ਤੱਕ ਚਲੀ ਜਾਂਦੀ ਹੈ। ਮਿਸਾਲ ਵਜੋਂ, ਗੱਡੀ ਚਲਾਉਂਦਿਆਂ ਮੈੱਸੇਜ ਕਰਨੇ, ਲਟਕ ਕੇ ਫੋਟੋ ਖਿੱਚਣੀ ਆਦਿ। ਹੁਣ ''ਓਨਲਾਈਨ ਸੈਕਸ'' ਅਧੀਨ ਬਹੁਤ ਵੱਡੀ ਗਿਣਤੀ ਨੌਜਵਾਨ ਬੱਚੇ ਤੇ ਵਡੇਰੀ ਉਮਰ ਵਾਲੇ ਵੀ ਬਦੋਬਦੀ ਮੋਬਾਈਲ ਨਾਲ ਚਿਪਕਦੇ ਜਾ ਰਹੇ ਹਨ। ਬਿਲਕੁਲ ਇੰਜ ਹੀ ਮੋਬਾਈਲ ਉੱਤੇ ਖੇਡੀ ਜਾ ਰਹੀ ਜੂਏ ਦੀ ਖੇਡ ਨੇ ਵੀ ਲੱਖਾਂ ਲੋਕਾਂ ਨੂੰ ਲਗਾਤਾਰ ਫ਼ੋਨ ਨਾਲ ਚਿਪਕਾ ਛੱਡਿਆ ਹੈ। ਅਣਗਿਣਤ ਔਰਤਾਂ ਫ਼ੋਨ ਉੱਤੇ ਵਕਤੀ ਤੌਰ ਉੱਤੇ ਇਕਦਮ ਦਿਸਦੀ 'ਸੇਲ' ਸਦਕਾ ਲਗਾਤਾਰ ਫ਼ੋਨ ਚੈੱਕ ਕਰਦੀਆਂ ਰਹਿੰਦੀਆਂ ਹਨ।
    ਅਨੇਕ ਸੈਲਫ਼ੀਆਂ ਖਿੱਚ-ਖਿੱਚ ਕੇ ਲਗਾਤਾਰ ਇੰਟਰਨੈੱਟ ਉੱਤੇ ਚੜ੍ਹਾਉਣ ਦਾ ਮਾਨਸਿਕ ਰੋਗ ਪਾਲ ਲੈਂਦੇ ਹਨ।
    ਆਮ ਹੀ ਵੇਖਣ ਨੂੰ ਮਿਲਦਾ ਹੈ ਕਿ ਇੰਟਰਨੈੱਟ ਦੇ ਆਦੀ ਬੰਦੇ ਦੋਸਤਾਂ ਮਿੱਤਰਾਂ ਤੋਂ ਟੁੱਟ ਜਾਂਦੇ ਹਨ ਤੇ ਇਕੱਲੇਪਨ ਦਾ ਸ਼ਿਕਾਰ ਹੋਣ ਲੱਗ ਪੈਂਦੇ ਹਨ। ਇਸੇ ਲਈ ਇਨ੍ਹਾਂ ਵਿਚ ਢਹਿੰਦੀ ਕਲਾ ਅਤੇ ਖ਼ੁਦਕੁਸ਼ੀ ਦਾ ਰੁਝਾਨ ਕਾਫ਼ੀ ਵਧ ਜਾਂਦਾ ਹੈ।
    ਮਨੋਵਿਗਿਆਨੀਆਂ ਨੇ ਹੁਣ ''ਮੋਬਾਈਲ ਫ਼ੋਨ ਅਡਿਕਸ਼ਨ ਕਰੇਵਿੰਗ ਸਕੇਲ'' ਤਿਆਰ ਕੀਤੀ ਹੈ ਜਿਸ ਅਧੀਨ ਆਪਣੇ ਆਪ ਨੂੰ ਸਵਾਲ ਕਰ ਕੇ ਪਤਾ ਲਾਇਆ ਜਾ ਸਕਦਾ ਹੈ ਕਿ ਮੋਬਾਈਲ ਦੀ ਲਤ ਲੱਗ ਚੁੱਕੀ ਜਾਂ ਨਹੀਂ :-
*    ਕੀ ਮੈਂ ਮੋਬਾਈਲ ਤੋਂ ਬਗ਼ੈਰ ਇੱਕ ਦਿਨ ਲੰਘਾ ਸਕਦਾ ਹਾਂ?
*    ਕੀ ਮੈਂ ਗੁਸਲਖ਼ਾਨੇ ਅੰਦਰ ਮੋਬਾਈਲ ਲਿਜਾਉਣਾ ਬੰਦ ਕਰ ਸਕਦਾ ਹਾਂ?
*    ਕੀ ਮੈਂ ਰਾਤ ਸੌਣ ਵੇਲੇ ਵੀ ਮੋਬਾਈਲ ਕਮਰੇ ਅੰਦਰ ਹੀ ਰੱਖਦਾ ਹਾਂ?
*    ਕੀ ਮੈਂ ਮੋਬਾਈਲ ਨਾਲੋਂ ਹੱਥ ਵਿਚ ਕਿਤਾਬ ਫੜ੍ਹ ਕੇ ਪੜ੍ਹਾਈ ਕਰ ਸਕਦਾ ਹਾਂ?
*    ਕੀ ਮੈਂ ਹਫ਼ਤੇ ਲਈ ਟਵਿਟਰ, ਫੇਸਬੁੱਕ, ਵਟਸਐਪ ਬੰਦ ਕਰ ਸਕਦਾ ਹਾਂ?
*    ਕੀ ਮੈਂ ਮੋਬਾਈਲ ਵਿਚ ਅਲਾਰਮ ਲਾਉਣ ਦੀ ਥਾਂ ਆਪ ਕੰਮ ਕਰਨ ਦਾ ਸਮਾਂ ਯਾਦ ਰੱਖ    
    ਸਕਦਾ ਹਾਂ?
*    ਕੀ ਮੈਂ ਘਰ ਦੇ ਕੰਮ ਕਰਦਿਆਂ, ਕਸਰਤ ਕਰਦਿਆਂ ਜਾਂ ਰੋਟੀ ਖਾਂਦਿਆਂ ਫ਼ੋਨ ਬੰਦ ਕਰ ਦਿੰਦਾ ਹਾਂ?
*      ਕੀ ਮੈਂ ਕਿਸੇ ਜ਼ਰੂਰੀ ਮੀਟਿੰਗ ਦੌਰਾਨ ਜਾਂ ਦੋਸਤਾਂ ਨਾਲ ਹਾਸਾ ਠੱਠਾ ਕਰਦਿਆਂ ਵੀ ਫ਼ੋਨ    
ਬੰਦ ਨਹੀਂ ਕਰ ਸਕਦਾ? ਸਿਰਫ਼ ਆਵਾਜ਼ ਹੌਲੀ ਕਰ ਕੇ ਫ਼ੋਨ ਜ਼ਰੂਰ ਨਾਲ ਰੱਖਣਾ ਪੈਂਦਾ ਹੈ?
        ਜੇ ਹੁਣ ਇਨ੍ਹਾਂ ਸਵਾਲਾਂ ਨੂੰ ਪੜ੍ਹ ਕੇ ਜਾਪਦਾ ਹੈ ਕਿ ਮੋਬਾਈਲ ਸਾਡੀ ਜ਼ਿੰਦਗੀ ਨੂੰ ਚੱਬਣ ਲੱਗ ਪਿਆ ਹੈ ਤੇ ਸਾਡੇ ਕੋਲੋਂ ਇਕ ਪਲ ਵੀ ਇਸ ਤੋਂ ਪਰ੍ਹਾਂ ਨਹੀਂ ਰਿਹਾ ਜਾਂਦਾ, ਤਾਂ ਹੁਣ ਸਮਾਂ ਹੈ ਮੋਬਾਈਲ ਵਰਤੋਂ ਸੀਮਤ ਕਰਨ ਦਾ। ਜੇ ਆਪਣੇ ਆਪ ਨੂੰ ਹੋਰ ਆਹਰੇ ਲਾ ਕੇ ਵੀ ਮੋਬਾਈਲ ਹਮੇਸ਼ਾ ਚਾਲੂਰਖ ਕੇ ਨਾਲ ਹੀ ਰੱਖਣਾ ਪੈਂਦਾ ਹੈ ਤਾਂ ਮਨੋਵਿਗਿਆਨਿਕ ਡਾਕਟਰ ਦੀ ਸਲਾਹ ਲੈ ਕੇ ਘੱਟੋ-ਘੱਟ ਕੁੱਝ ਘੰਟੇ ਰੋਜ਼ ਹਰ ਹਾਲ ਮੋਬਾਈਲ ਬੰਦ ਕਰਨਾ ਹੀ ਚਾਹੀਦਾ ਹੈ।
ਸਾਰ :-    ਮੋਬਾਈਲ ਫ਼ੋਨ ਤਣਾਓ ਦੇਣ ਦੇ ਨਾਲ-ਨਾਲ ਮਾਨਸਿਕ ਰੋਗੀ ਵੀ ਪੈਦਾ ਕਰਨ ਲੱਗ ਪਿਆ ਹੈ। ਵੇਲੇ ਸਿਰ ਇਸ ਦੀ ਵਰਤੋਂ ਘਟਾ ਲੈਣ ਨਾਲ ਅਨੇਕ ਰੋਗਾਂ ਤੋਂ ਬਚਾਓ ਹੋ ਸਕਦਾ ਹੈ ਤੇ ਲੰਮੀ ਜ਼ਿੰਦਗੀ ਭੋਗੀ ਜਾ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐੱਮ.ਡੀ,
28, ਪ੍ਰੀਤ ਨਗਰ,
ਲੋਅਰ ਮਾਲ, ਪਟਿਆਲਾ
0175-2216783