Dr Harshinder Kaur

ਅਸਲੀ ਦਾਨਵ ਕੌਣ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਸ਼ਹਤੂਤ ਦਾ ਸਿਲਕ ਦੁਨੀਆ ਦਾ ਸਭ ਤੋਂ ਮਹਿੰਗਾ ਤੇ ਬਿਹਤਰੀਨ ਕਪੜਾ ਮੰਨਿਆ ਜਾ ਚੁੱਕਿਆ ਹੈ। ਜੇ ਰਤਾ ਡੂੰਘਿਆਈ ਵਿਚ ਘੋਖੀਏ ਤਾਂ ਇਸ ਨੂੰ ਬਣਾਉਣ ਦਾ ਤਰੀਕਾ ਚੀਨ ਨੇ ਕਈ ਸਦੀਆਂ ਤੱਕ ਲੁਕਾਈ ਰੱਖਿਆ। ਜਿਹੜਾ ਇਸ ਦਾ ਰਾਜ਼ ਬਾਹਰ ਕੱਢਣ ਦਾ ਜਤਨ ਕਰਦਾ ਸੀ, ਉਸ ਨੂੰ ਮਾਰ ਮੁਕਾਇਆ ਜਾਂਦਾ ਸੀ।
    ਅਖ਼ੀਰ ਰਾਜ਼ ਖੁੱਲਣ 'ਤੇ ਪਤਾ ਲੱਗਿਆ ਕਿ ਇਹ ਇੱਕ ਨਿੱਕੀ ਮਲੂਕ ਜਿਹੀ ਸੁੰਡੀ ਹੈ ਜੋ ਸ਼ਹਤੂਤ ਦੇ ਪੱਤੇ ਖਾਂਦੀ ਹੈ। ਉਸ ਦੇ ਨਿੱਕੇ-ਨਿੱਕੇ ਬੱਚੇ ਜਦੋਂ ਵੱਡੇ ਹੋਣ ਲਈ ਆਪਣੇ ਦੁਆਲੇ ਧਾਗਾ ਘੁਮਾ ਕੇ ਲੁਕਣਾ ਚਾਹੁੰਦੇ ਹਨ ਤਾਂ ਮਨੁੱਖ ਉਨ੍ਹਾਂ ਨੂੰ ਉਬਾਲ ਕੇ, ਤੜਫ਼ਾ ਕੇ, ਉਹ ਧਾਗਾ ਲਾਹ ਲੈਂਦੇ ਹਨ। ਇਸ ਕੁਦਰਤੀ ਧਾਗੇ ਨੂੰ ਬੁਣਨ ਵਾਲੀ ਸੁੰਡੀ ਦਾ ਨਾਂ ਹੀ 'ਸਿਲਕ ਵਰਮ' ਰੱਖ ਦਿੱਤਾ ਗਿਆ। ਫਿਰ ਇਸ ਧਾਗੇ ਤੋਂ ਕਪੜਾ ਬਣਾ ਕੇ ਏਨੀ ਕਮਾਈ ਕੀਤੀ ਗਈ ਕਿ ਚੀਨ ਤੋਂ ਬਾਹਰ ਭੇਜੇ ਇਸ ਕਪੜੇ ਸਦਕਾ ਰਸਤੇ ਦਾ ਨਾਂ ਹੀ 'ਸਿਲਕ ਰੂਟ' ਰੱਖ ਦਿੱਤਾ ਗਿਆ।
    ਈਸਾ ਮਸੀਹ ਤੋਂ ਵੀ ਕਈ ਸਾਲ ਪਹਿਲਾਂ ਤੋਂ ਇਸ ਨਿੱਕੀ ਸੁੰਡੀ ਦੇ ਬੱਚੇ ਬੇਰਹਿਮੀ ਨਾਲ ਉਬਾਲੇ ਜਾ ਰਹੇ ਹਨ ਪਰ ਕਦੇ ਕਿਸੇ ਦੇ ਮਨ ਵਿਚ ਰਹਿਮ ਨਹੀਂ ਆਇਆ। ਲਗਭਗ 6600 ਨਿੱਕੇ ਨਿੱਕੇ ਸੁੰਡੀ ਦੇ ਮਲੂਕ ਬੱਚੇ ਉਬਾਲਣ ਬਾਅਦ ਉਨ੍ਹਾਂ ਦੇ ਦੁਆਲੇ ਬੰਨ੍ਹੇ ਸਿਲਕ ਦੇ ਇੱਕ ਕਿੱਲੋ ਧਾਗੇ ਇਕੱਠੇ ਹੁੰਦੇ ਹਨ।
    ਇਸ 'ਮਲਬਰੀ ਸਿਲਕ' ਦੀ ਮੰਗ ਏਨੀ ਵਧ ਚੁੱਕੀ ਹੈ ਕਿ ਅਰਬਾਂ ਦੀ ਗਿਣਤੀ ਵਿਚ ਇਹ ਨਿੱਕੇ ਬੱਚੇ ਰੋਜ਼ ਰਿੰਨੇ ਜਾ ਰਹੇ ਹਨ ਪਰ ਮਨੁੱਖ ਦੀ ਭੁੱਖ ਹਾਲੇ ਘਟੀ ਨਹੀਂ।
    ਇੰਜ ਹੀ ਕੇਕੜੇ ਇਸ ਧਰਤੀ ਉੱਤੇ ਲਗਭਗ ਡਾਇਨਾਸੌਰ ਦੇ ਸਮੇਂ ਤੋਂ ਵਿਚਰ ਰਹੇ ਹਨ। ਹੁਣ ਇਨ੍ਹਾਂ ਦੀ ਹਾਲਤ ਇਹ ਹੈ ਕਿ ਹਰ ਸਾਲ ਦੁਨੀਆ ਭਰ ਦੇ ਲੋਕ ਉਨ੍ਹਾਂ ਨੂੰ ਉਬਾਲ ਕੇ ਖਾਣ ਲਈ ਪੰਜ ਲੱਖ ਕੇਕੜੇ ਤੜਫਾ ਕੇ ਮਾਰ ਮੁਕਾਉਂਦੇ ਹਨ। ਲਗਭਗ 20 ਕਰੋੜ ਸਾਲਾਂ ਤੋਂ ਹਰ ਸਾਲ ਵੱਖੋ-ਵੱਖ ਥਾਵਾਂ ਉੱਤੇ ਕੋਈ ਨਾ ਕੋਈ ਇੱਕ ਮਾਦਾ ਕੇਕੜਾ 30 ਲੱਖ ਅੰਡੇ ਦਿੰਦੀ ਰਹੀ ਹੈ, ਜਿਨ੍ਹਾਂ ਵਿੱਚੋਂ ਸਿਰਫ਼ ਇਕ ਜਾਂ ਦੋ ਹੀ ਬਚਦੇ ਹਨ ਕਿਉਂਕਿ ਹੋਰ ਪੰਛੀ ਤੇ ਜਾਨਵਰ ਇਨ੍ਹਾਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਬਾਕੀ ਵੱਡਿਆਂ ਨੂੰ ਉਬਾਲ ਕੇ ਮਨੁੱਖ ਖਾਣ ਲੱਗ ਪਿਆ ਹੈ!
    ਰਤਾ ਧਿਆਨ ਕਰੀਏ 'ਡੋਡੋ' ਵੱਲ। ਸਤਾਹਰਵੀਂ ਸਦੀ ਵਿਚ ਮਿਲਦੇ ਡੋਡੋ ਪੰਛੀ ਨੂੰ, ਜੋ ਉੱਡ ਨਹੀਂ ਸੀ ਸਕਦਾ, ਮਨੁੱਖਾਂ ਨੇ ਸ਼ਿਕਾਰ ਕਰ ਕਰ ਕੇ ਮੌਰੀਸ਼ੀਅਸ ਦੀ ਧਰਤੀ ਤੋਂ ਹੀ ਨਹੀਂ, ਪੂਰੀ ਦੁਨੀਆ ਵਿੱਚੋਂ ਸਦੀਵੀ ਤੌਰ ਉੱਤੇ ਖ਼ਤਮ ਕਰ ਛੱਡਿਆ ਹੈ। ਹੁਣ ਉਸ ਦਾ ਕੋਈ ਅੰਸ਼ ਦਿਸਦਾ ਹੀ ਨਹੀਂ। ਅਖ਼ੀਰੀ ਡੋਡੋ ਸੰਨ 1662 ਵਿਚ ਮੌਰੀਸ਼ੀਅਸ ਵਿਖੇ ਦਿਸਿਆ ਜੋ ਸ਼ਾਹੀ ਖਾਣੇ ਲਈ ਸ਼ਿਕਾਰ ਕਰ ਕੇ ਮਾਰ ਮੁਕਾ ਦਿੱਤਾ ਗਿਆ।
    'ਕਾਲਾ ਗੈਂਡਾ' ਅਫਰੀਕਾ ਵਿਚ ਰਿਹਾ ਕਰਦਾ ਸੀ। ਇਸ ਦੇ ਦੋ ਸਿੰਗ ਮਰਦਾਨਾ ਤਾਕਤ ਦੀ ਵਰਤੋਂ ਲਈ ਬਹੁਤ ਫ਼ਾਇਦੇਮੰਦ ਲੱਭੇ ਸਨ। ਇਸ ਖੋਜ ਸਦਕਾ ਇਸ ਦਾ ਏਨਾ ਸ਼ਿਕਾਰ ਕੀਤਾ ਗਿਆ ਕਿ ਆਖ਼ਰੀ ਕਾਲਾ ਗੈਂਡਾ ਸੰਨ 2006 ਵਿਚ ਦਿਸਿਆ, ਜਿਸ ਦੇ ਸ਼ਿਕਾਰ ਤੋਂ ਬਾਅਦ ਇਹ ਵੀ ਇਸ ਦੁਨੀਆ ਨੂੰ ਸਦੀਵੀ ਅਲਵਿਦਾ ਕਹਿ ਗਿਆ ਹੋਇਆ ਹੈ।
    ਚਿੱਟੀ ਡਾਲਫਿਨ ਜਾਂ ਚੀਨੀ ਦਰਿਆਈ ਡਾਲਫਿਨ ਦੋ ਕਰੋੜ ਸਾਲਾਂ ਤੋਂ ਯਾਂਗਸੇ ਨਦੀ ਵਿਚ ਘੁੰਮਦੀ, ਟਪੂਸੀਆਂ ਮਾਰਦੀ, ਮਨੁੱਖਾਂ ਨਾਲ ਸਾਂਝ ਗੰਢਦੀ ਫਿਰਦੀ ਰਹੀ। ਪਾਣੀ ਦਾ ਡੈਮ ਬਣਾਉਣ ਲਈ ਅਤੇ ਚਿੱਟੀ ਡਾਲਫਿਨ ਤੋਂ ਉਸ ਦਾ ਕੁਦਰਤੀ ਸੋਮਾ ਖੋਹ ਲੈਣ ਬਾਅਦ, ਅਤੇ ਇਸ ਦੇ ਸ਼ਿਕਾਰ ਕਰਦੇ ਰਹਿਣ ਨਾਲ ਆਖ਼ਰੀ ਚਿੱਟੀ ਡਾਲਫ਼ਿਨ ਸੰਨ 2002 ਵਿਚ ਸਦਾ ਲਈ ਲੋਪ ਹੋ ਗਈ।
    'ਸਪੇਨ ਦੇ ਬਕਰੇ ਆਈਬੈਕਸ' ਦੇ ਘੁੰਮਣ ਦਾ ਘੇਰਾ ਬਹੁਤ ਵਿਸ਼ਾਲ ਸੀ। ਇਨ੍ਹਾਂ ਦੀ ਗਿਣਤੀ ਲਗਭਗ 50,000 ਦੇ ਕਰੀਬ ਸੀ। ਇਨ੍ਹਾਂ ਦਾ ਮੀਟ ਬਹੁਤ ਸੁਆਦੀ ਗਿਣਿਆ ਜਾਂਦਾ ਸੀ। ਲਗਾਤਾਰ ਸ਼ਿਕਾਰ ਹੁੰਦੇ ਰਹਿਣ ਕਾਰਨ ਇਹ ਵੀ ਮਨੁੱਖੀ ਹੈਵਾਨੀਅਤ ਦੀ ਭੇਂਟ ਚੜ੍ਹ ਗਏ ਅਤੇ ਆਖ਼ਰੀ ਆਈਬੈਕਸ ਸੰਨ 2000 ਵਿਚ ਅਲਵਿਦਾ ਕਹਿ ਗਿਆ।
    'ਸਫ਼ਰੀ ਕਬੂਤਰ' ਜੋ ਸੁਣੇਹੇ ਦੇਣ ਲਈ ਪੁਰਾਣੇ ਸਮਿਆਂ ਤੋਂ ਵਰਤੇ ਜਾਂਦੇ ਰਹੇ ਅਤੇ ਇਨ੍ਹਾਂ ਦੀ ਅਖ਼ੀਰੀ ਗਿਣਤੀ ਲਗਭਗ 30 ਤੋਂ 50 ਕਰੋੜ ਸਿਰਫ਼ ਅਮਰੀਕਾ ਵਿਚ ਹੀ ਸੀ, ਉੰਨੀਵੀਂ ਸਦੀ ਵਿਚ ਖ਼ੁਰਾਕ ਦੀ ਕਮੀ ਸਦਕਾ ਗ਼ਰੀਬਾਂ ਨੇ ਇਨ੍ਹਾਂ ਦਾ ਸ਼ਿਕਾਰ ਕਰ ਕੇ ਖਾਣਾ ਸ਼ੁਰੂ ਕੀਤਾ ਤੇ ਸੰਨ 1914 ਤਕ ਕਰੋੜਾਂ ਸਫ਼ਰੀ ਕਬੂਤਰਾਂ ਨੂੰ ਨੇਸਤਾ ਨਾਬੂਤ ਕਰ ਦਿੱਤਾ।
    'ਤਸਮਾਨੀਆ ਟਾਈਗਰ' ਸਿਰਫ਼ ਤਸਮਾਨੀਆ ਤੇ ਅਸਟ੍ਰੇਲੀਆ ਵਿਚ ਮਿਲਦੇ ਸਨ ਤੇ ਇਹ ਕਿਹਾ ਜਾਂਦਾ ਹੈ ਕਿ ਜਦ ਤੋਂ ਧਰਤੀ ਬਣੀ, ਇਹ ਮੌਜੂਦ ਸਨ। ਕਾਂਗਰੂ ਵਾਂਗ ਇਹ ਵੀ ਆਪਣੇ ਬੱਚੇ ਸਰੀਰ ਨਾਲ ਲੱਗੀ ਥੈਲੀ ਵਿਚ ਰੱਖਦੇ ਸਨ। ਮਨੁੱਖਾਂ ਨੂੰ ਇਸ ਦਾ ਮੀਟ ਏਨਾ ਪਸੰਦ ਆਇਆ ਕਿ ਹਜ਼ਾਰਾਂ ਦੀ ਗਿਣਤੀ ਵਿਚ ਇਸ ਦਾ ਸ਼ਿਕਾਰ ਕਰਨਾ ਸ਼ੁਰੂ ਕਰ ਦਿੱਤਾ। ਅਖ਼ੀਰਲਾ ਤਸਮਾਨੀਆ ਚੀਤਾ, ਤਸਮਾਨੀਆ ਦੇ ਚਿੜੀਆ ਘਰ ਵਿਚ 1936 ਵਿਚ ਮਰ ਮੁੱਕ ਗਿਆ।
    'ਸਮੁੰਦਰੀ ਗਾਂ' ਸੰਨ 1741 ਵਿਚ ਜਾਰਜ ਸਟੈਲਰ ਨੇ ਅਲਾਸਕਾ ਦੇ ਸਮੁੰਦਰ ਵਿਚ ਲੱਭੀ ਤੇ ਇਸ ਦਾ ਨਾਂ ਹੀ ਸਟੈਲਰ ਸਮੁੰਦਰੀ ਗਾਂ ਰੱਖ ਦਿੱਤਾ ਗਿਆ। ਇਸ ਦਾ ਭਾਰ 10 ਟਨ ਸੀ ਤੇ ਸਿਰਫ਼ ਸਮੁੰਦਰੀ ਘਾਹ ਹੀ ਖਾਂਦੀ ਸੀ। ਇਸ ਦੇ ਲੱਭੇ ਜਾਣ ਤੋਂ ਸਿਰਫ਼ 27 ਸਾਲਾਂ ਦੇ ਅੰਦਰ ਹੀ ਮਨੁੱਖਾਂ ਨੇ ਸ਼ਿਕਾਰ ਕਰ ਕਰ ਕੇ ਲੱਖਾਂ ਸਾਲ ਪੁਰਾਣੀ ਇਸ ਗਾਂ ਦੀ ਹੋਂਦ ਮਿਟਾ ਦਿੱਤੀ।
    'ਗਰੇਟ ਔਕ' ਇੱਕ ਵੱਡਾ ਪੰਛੀ ਸੀ ਜੋ ਉੱਡ ਨਹੀਂ ਸੀ ਸਕਦਾ ਤੇ ਉੱਤਰੀ ਯੂਰਪ ਤੋਂ ਸਪੇਨ ਤੱਕ ਘੁੰਮਦਾ ਲੱਭਿਆ ਗਿਆ ਸੀ। ਇਹ ਪੰਛੀ ਪਾਣੀ ਵਿਚ ਸ਼ਿਕਾਰ ਕਰਦੇ ਹੁੰਦੇ ਸਨ। ਸੰਨ 1844 ਵਿਚ ਸਕਾਟਲੈਂਡ ਵਿਚ ਆਏ ਸਮੁੰਦਰੀ ਤੂਫ਼ਾਨ ਦੌਰਾਨ ਲੋਕਾਂ ਨੇ ਇਨ੍ਹਾਂ ਨੂੰ ਚੁੜੇਲਾਂ ਮੰਨ ਕੇ ਤੂਫ਼ਾਨ ਲਿਆਉਣ ਦਾ ਕਾਰਨ ਮੰਨਦਿਆਂ ਵੱਡੀ ਪੱਧਰ ਉੱਤੇ ਇਨ੍ਹਾਂ ਦਾ ਕਤਲੇਆਮ ਕਰ ਕੇ ਮਾਰ ਮੁਕਾਇਆ।
    'ਵੱਡਾ ਘੁੰਘਰਾਲਾ ਹਾਥੀ' 35 ਲੱਖ ਸਾਲਾਂ ਤੋਂ ਅਫਰੀਕਾ ਵਿਚ ਰਹਿੰਦਾ ਰਿਹਾ ਤੇ ਯੂਰਪ ਅਤੇ ਅਮਰੀਕਾ ਵਿਚ ਵੀ ਦਿਸਿਆ। ਇਸ ਦਾ ਭਾਰ 600 ਕਿੱਲੋ ਸੀ। ਇਸ ਹਾਥੀ ਦੇ ਦੰਦ ਪੰਜ ਮੀਟਰ ਤੱਕ ਲੰਮੇ ਸਨ। ਦਸ ਹਜ਼ਾਰ ਸਾਲ ਪਹਿਲਾਂ ਮਨੁੱਖਾਂ ਦੀ ਸ਼ਿਕਾਰ ਕਰਨ ਦੀ ਪ੍ਰਵਿਰਤੀ ਅਤੇ ਦੰਦ ਨੂੰ ਰੱਬੀ ਸੌਗਾਤ ਮੰਨ ਕੇ ਸਾਂਭਣ ਲਈ ਇਨ੍ਹਾਂ ਦਾ ਏਨਾ ਸ਼ਿਕਾਰ ਕੀਤਾ ਗਿਆ ਕਿ ਇਹ ਕਿਸਮ ਵੀ ਹੁਣ ਲੋਕ ਹੋ ਚੁੱਕੀ ਹੈ।
    ਇਨ੍ਹਾਂ ਤੋਂ ਇਲਾਵਾ ਵੀ ਸੈਂਕੜੇ ਹੋਰ ਕਿਸਮਾਂ ਦੇ ਜਾਨਵਰ, ਪੰਛੀ, ਬੂਟੇ ਤੇ ਦਰਖ਼ਤ ਹੁਣ ਇਸ ਧਰਤੀ ਉੱਤੇ ਦਿਸਣੋਂ ਹਟ ਚੁੱਕੇ ਹਨ।
    ਧਿਆਨ ਕਰੀਏ ਮਨੁੱਖਾਂ ਵਲ ਤੇ ਕੁੱਝ ਉਨ੍ਹਾਂ ਦੀਆਂ ਪ੍ਰਜਾਤੀਆਂ ਵੱਲ! ਪੈਂਹਠ ਹਜ਼ਾਰ ਸਾਲਾਂ ਤੋਂ ਅੰਡੇਮਨ ਵਿਚ 'ਬੌਆ' ਪ੍ਰਜਾਤੀ ਦੇ ਲੋਕ ਵੱਸਦੇ ਰਹੇ ਸਨ। ਅਖ਼ੀਰੀ ਬੋਆ ਮਨੁੱਖ 85 ਸਾਲਾਂ ਦੀ ਉਮਰ ਵਿਚ ਸੰਨ 2010 ਵਿਚ ਰਬ ਨੂੰ ਪਿਆਰਾ ਹੋ ਗਿਆ ਤੇ ਹੁਣ ਇਸ ਪ੍ਰਜਾਤੀ ਦਾ ਧਰਤੀ ਉੱਤੇ ਭੋਗ ਪੈ ਚੁੱਕਿਆ ਹੈ।
    'ਸੈਂਤਨਲੀ ਪ੍ਰਜਾਤੀ' ਵੀ ਲੋਪ ਹੋਣ ਦੇ ਕਗਾਰ ਉੱਤੇ ਹੈ। ਇਸ ਪ੍ਰਜਾਤੀ ਦੇ ਲੋਕ ਅੰਡੇਮਨ ਦੇ ਇੱਕ ਨਿੱਕੇ ਜਿਹੇ ਟਾਪੂ ਉੱਤੇ ਰਹਿੰਦੇ ਹਨ। ਮੌਜੂਦਾ ਮਨੁੱਖਾਂ ਦੀ ਹੜੱਪ ਕਰ ਜਾਣ ਦੀ ਆਦਤ ਨੇ ਸਾਰੀਆਂ ਥੁੜ ਗਿਣਤੀ ਕੌਮਾਂ ਨੂੰ ਮਾਰ ਮੁਕਾ ਕੇ ਜ਼ਮੀਨਾਂ ਦੱਬਣ ਵੱਲ ਧੱਕ ਦਿੱਤਾ ਹੈ।
    ਅਮਰੀਕਾ ਨੇ ਆਪਣੇ ਅਸਲ ਮਾਲਕਾਂ, ਜਿਵੇਂ ਮਾਇਅੱਕਾ, ਲੁਕਾਇਨ, ਕੋਰੋਆ, ਈਨੋ, ਬਿਓਥੁੱਕ, ਅਰਨਾਮਾ ਆਦਿ ਲਗਭਗ 31 ਪ੍ਰਜਾਤੀਆਂ ਦਾ ਖੁਰਾ ਖੋਜ ਮਿਟਾ ਕੇ ਆਪ ਕਾਬਜ਼ ਹੋਣ ਦਾ ਦਾਅਵਾ ਕਰ ਦਿੱਤਾ ਹੈ।
    ਰੂਸ ਵਿਚ ਵੀ ਇੰਜ ਹੀ ਵਾਪਰਿਆ ਹੈ। ਉੱਥੇ ਦੇ ਅਸਲ ਵਸਨੀਕ ਜਿਵੇਂ, ਅਸਨ, ਬੁਲੱਖ, ਕਮਾਸਿਨ, ਵੋਲਗਾ ਆਦਿ 12 ਪ੍ਰਜਾਤੀਆਂ ਦੇ ਲੋਕ ਵੀ ਮਾਰ ਮੁਕਾ ਦਿੱਤੇ ਗਏ ਹਨ।
    ਅਜਿਹੀਆਂ 383 ਪ੍ਰਜਾਤੀਆਂ, ਜਿਨ੍ਹਾਂ ਵਿਚ ਆਪਣੀ ਪਹਿਲੀ ਧੀ ਮਾਰਨ ਦੀ ਪ੍ਰਥਾ ਬਹੁਤ ਪ੍ਰਚਲਿਤ ਸੀ, ਵੀ ਹੌਲੀ-ਹੌਲੀ ਆਪ ਹੀ ਆਪਣੀ ਨਸਲ ਨੂੰ ਖ਼ਤਮ ਕਰਨ ਦਾ ਕਾਰਨ ਬਣ ਗਏ।
    ਸਿਰਫ਼ 20 ਸਾਲ ਪਹਿਲਾਂ ਕੁਰੇਸ਼ੀਆ ਦੇ ਸਾਰੇ 'ਸਰਬਾਂ' ਨੂੰ ਪੂਰੀ ਦੁਨੀਆ ਦੇ ਸਾਹਮਣੇ ਮਾਰ ਮੁਕਾਇਆ ਗਿਆ ਤਾਂ ਜੋ ਉਨ੍ਹਾਂ ਦੀ ਜ਼ਮੀਨ ਦੱਬੀ ਜਾ ਸਕੇ। ਇਸ ਨਸਲਕੁਸ਼ੀ ਲਈ ਵੀ ਮਨੁੱਖੀ ਲੋਭ, ਹਉਮੈ ਤੇ ਹੈਂਕੜ ਹੀ ਕਾਰਨ ਲੱਭੇ!
    ਮੌਜੂਦਾ ਸਾਇੰਸ ਦੀ ਤਰੱਕੀ ਨੇ ਚੇਤਾਵਨੀ ਦਿੱਤੀ ਹੈ ਕਿ ਮਨੁੱਖ ਨਾਸਵਾਨ ਹੈ। ਇਸ ਸ਼ਬਦ ਉੱਤੇ ਅਸੀਂ ਬਹੁਤੀ ਤਵੱਜੋ ਨਹੀਂ ਦਿੰਦੇ ਕਿਉਂਕਿ ਸਾਨੂੰ ਆਪਣਾ ਆਪ 'ਅਮਰ' ਲੱਗਦਾ ਹੈ। ਸਾਨੂੰ ਆਪਣੇ ਦਾਦੇ ਪੜਦਾਦੇ ਜਾਂ ਲੱਕੜਦਾਦੇ ਤੱਕ ਝਾਕ ਕੇ ਹੀ ਤਸੱਲੀ ਹੋ ਜਾਂਦੀ ਹੈ ਕਿ ਸਾਡੇ ਨਾਮਲੇਵੇ ਤੁਰਦੇ ਹੀ ਰਹਿਣੇ ਹਨ।
    ਵਿਗਿਆਨੀਆਂ ਅਨੁਸਾਰ, ਜਦੋਂ ਦੀ ਧਰਤੀ ਬਣੀ ਹੈ, ਦੁਨੀਆ ਭਰ ਦੀਆਂ ਅਨੇਕ ਪ੍ਰਜਾਤੀਆਂ ਤੇ ਕਿਸਮਾਂ ਵਿੱਚੋਂ 99.9 ਫੀਸਦੀ ਕਿਸਮਾਂ ਹੌਲੀ-ਹੌਲੀ ਲੋਪ ਹੋ ਚੁੱਕੀਆਂ ਹਨ ਜਾਂ ਹੋ ਰਹੀਆਂ ਹਨ।
    ਪੰਜ ਮਈ ਸੰਨ 2020 ਵਿਚ ਛਪੇ ਯੂਨੀਵਰਸਿਟੀ ਔਫ਼ ਬਾਠ ਦੇ ਖੋਜ ਪੱਤਰ ਨੇ ਸਪਸ਼ਟ ਕੀਤਾ ਹੈ ਕਿ ਹੁਣ ਤੱਕ ਦੇ ਮਿਲੇ 'ਫੌਸਿੱਲ' ਅਨੁਸਾਰ ਲਗਾਤਾਰ ਜੀਨ ਦੀ ਤਬਦੀਲੀ ਤੇ ਬਣਤਰ ਵਿਚ ਫ਼ਰਕ ਨੇ ਹੌਲੀ-ਹੌਲੀ ਬਹੁਤ ਕਿਸਮਾਂ ਧਰਤੀ ਉੱਤੋਂ ਮੁਕਾ ਛੱਡੀਆਂ ਹਨ।
    ਮਨੁੱਖ ਦੀ ਵੀ ਪਹਿਲੀ ਸ਼ਕਲ 'ਨੈਂਡਰਥਲ' ਮਰ ਮੁੱਕ ਗਈ। ਫਿਰ ਹੋਮੋ ਇਰੈੱਕਟਸ ਵੀ ਖ਼ਤਮ ਹੋਏ ਤੇ ਹੁਣ 'ਹੋਮੋਸੇਪੀਅਨ' ਬਚੇ ਹਨ। ਬਦਲਦੇ ਮੌਸਮ, ਵਧਦੀ ਗ਼ਰੀਬੀ, ਭੁਖਮਰੀ, ਭਿਆਨਕ ਕੀਟਨਾਸ਼ਕ ਹੌਲੀ-ਹੌਲੀ ਸਾਡੇ ਜੀਨ ਵਿਚ ਤਬਦੀਲੀ ਕਰਨ ਵੱਲ ਜੁਟੇ ਹਨ।
    ਵੱਡੇ-ਵੱਡੇ ਜਾਨਵਰ, ਜੋ ਮਨੁੱਖਾਂ ਵਾਂਗ ਹੀ ਗਰਮ ਖ਼ੂਨ ਵਾਲੇ ਸਨ, ਇਹ ਤਬਦੀਲੀਆਂ ਸਹਾਰ ਨਹੀਂ ਸਕੇ ਤੇ ਖ਼ਤਮ ਹੋਣ ਵੱਲ ਚਾਲੇ ਪਾ ਗਏ। ਛੋਟੇ ਤੇ ਠੰਡੇ ਖ਼ੂਨ ਵਾਲੇ ਜਿਵੇਂ ਕੱਛੂਕੁੰਮੇ, ਸੱਪ, ਕਿਰਲੀਆਂ, ਜੋ ਕਾਫ਼ੀ ਚਿਰ ਭੁੱਖ ਸਹਾਰ ਸਕਦੇ ਹਨ, ਇਹ ਤਬਦੀਲੀਆਂ ਵੀ ਸਹਾਰ ਗਏ।
    ਤਾਜ਼ਾ ਖੋਜਾਂ ਅਨੁਸਾਰ ਮਨੁੱਖੀ ਸਰੀਰਾਂ ਅੰਦਰ ਵਧਦਾ ਤੇ ਜਮਾਂ ਹੁੰਦਾ ਜਾਂਦਾ ਆਰਸੈਨਿਕ ਹੌਲੀ-ਹੌਲੀ ਡੀ.ਐਨ.ਏ. ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕਰੋਮੋਸੋਮ ਵਿਚਲੀ ਗੜਬੜੀਆਂ, ਕੁੱਝ ਹਿੱਸੇ ਝੜ ਜਾਣੇ, ਕੁੱਝ ਵਿਗਾੜ ਵਾਲੇ ਹੋਣੇ ਤੇ ਕੁੱਝ ਡੀ.ਐਨ.ਏ. ਪ੍ਰੋਟੀਨ ਵਿਚਲੀ ਤਾਲ ਮੇਲ ਵਿਚ ਤਬਦੀਲੀ ਹੀ ਬਹੁਤ ਸਾਰੀਆਂ ਬੀਮਾਰੀਆਂ ਤੋਂ ਲੈ ਕੇ ਭਰੂਣਾਂ ਵਿਚਲੇ ਨੁਕਸਾਂ ਦਾ ਕਾਰਨ ਬਣਦੇ ਜਾ ਰਹੇ ਹਨ। ਜਿੱਥੇ ਇਕਦਮ ਸਰੀਰ ਅੰਦਰ ਲੰਘਿਆ ਆਰਸੈਨਿਕ ਉਲਟੀਆਂ, ਬਲੱਡ ਪ੍ਰੈੱਸ਼ਰ ਦੀ ਗੜਬੜੀ, ਦਿਮਾਗ਼ ਨੂੰ ਨੁਕਸਾਨ ਦੇ ਨਾਲ ਮੌਤ ਦਾ ਕਾਰਨ ਬਣਦਾ ਹੈ, ਉੱਥੇ ਸ਼ੱਕਰ ਰੋਗ, ਕੈਂਸਰ, ਫੇਫੜੇ ਤੇ ਨਸਾਂ ਦੇ ਰੋਗਾਂ ਦੀ ਸ਼ੁਰੂਆਤ ਵੀ ਕਰ ਦਿੰਦਾ ਹੈ। ਅਨੇਕ ਮਰੀਜ਼ ਚਮੜੀ, ਪਿਸ਼ਾਬ ਦੇ ਬਲੈਡਰ ਤੇ ਫੇਫੜਿਆਂ ਦੇ ਕੈਂਸਰ ਸਿਰਫ਼ ਆਰਸੈਨਿਕ ਵਧਣ ਸਦਕਾ ਹੀ ਸਹੇੜ ਰਹੇ ਹਨ।
    ਉਹ ਘੱਟਾ, ਜਿਸ ਵਿਚ ਆਰਸੈਨਿਕ ਹੋਵੇ, ਅਸੀਂ ਸਾਹ ਰਾਹੀਂ ਵੀ ਆਪਣੇ ਅੰਦਰ ਲੰਘਾ ਜਾਂਦੇ ਹਾਂ ਜੋ ਸਰੀਰ ਦਾ ਨਾਸ ਮਾਰਦਾ ਹੈ।
    ਕੁਦਰਤ ਨੇ ਮਨੁੱਖੀ ਸਰੀਰ ਵਿੱਚੋਂ ਆਰਸੈਨਿਕ ਕੱਢਣ ਦਾ ਜ਼ਰੀਆ ਬਣਾਇਆ ਹੋਇਆ ਹੈ ਪਰ ਜੇ ਥੋੜੀ ਮਾਤਰਾ ਵਿਚ ਹੋਵੇ। ਜੇ ਹੱਦੋਂ ਵੱਧ ਲੰਘ ਜਾਏ ਤਾਂ ਨੁਕਸਾਨ ਕਰ ਦਿੰਦਾ ਹੈ।
    ਜਿੰਨੀ ਡੀ.ਐਨ.ਏ. ਉੱਤੇ ਖੋਜ ਵੱਧ ਹੋ ਰਹੀ ਹੈ, ਓਨਾ ਹੀ ਵੱਧ ਪਤਾ ਲੱਗ ਰਿਹਾ ਹੈ ਕਿ ਨਵੀਨੀਕਰਨ ਦੇ ਚੱਕਰ ਵਿਚ ਅਤੇ ਵਿਗਿਆਨਿਕ ਤਰੱਕੀ ਨਾਲ ਜਿੱਥੇ ਅਨੇਕ ਤਰ੍ਹਾਂ ਦੀ ਰੇਡੀਏਸ਼ਨ ਤੇ ਹੋਰ ਚੀਜ਼ਾਂ ਨਾਲ ਡੀ.ਐਨ.ਏ. ਵਿਚ ਵਿਗਾੜ ਤੇ ਟੁੱਟ ਫੁੱਟ ਦਿੱਸਣ ਲੱਗ ਪਈ ਹੈ, ਉੱਥੇ ਛੇਤੀ ਬੁਢੇਪਾ, ਯਾਦਾਸ਼ਤ ਦੀ ਕਮੀ, ਵਧਦੇ ਭਰੂਣ ਵਿਚਲੇ ਨੁਕਸ, ਦਿਮਾਗ਼ੀ ਨੁਕਸ ਤੇ ਬੀਮਾਰੀਆਂ ਵਿਚ ਬੇਹਿਸਾਬ ਵਾਧਾ ਦਿਸਣ ਲੱਗ ਪਿਆ ਹੈ। ਉੱਤੋਂ ਮੋਟਾਪਾ, ਤਣਾਓ ਤੇ ਅਸੰਤੁਲਿਤ ਖ਼ੁਰਾਕ ਵੀ ਨਾਸ ਮਾਰ ਰਹੇ ਹਨ।
    ਨਵੀਆਂ ਵਾਇਰਸ ਤੇ ਹੋਰ ਕਿਸਮਾਂ ਦੇ ਕੀਟਾਣੂ ਵੀ ਲੱਖਾਂ ਲੋਕਾਂ ਨੂੰ ਮੌਤ ਦੇ ਮੂੰਹ ਵੱਲ ਧੱਕ ਰਹੇ ਹਨ।
    ਸਿਰਫ਼ ਡੀ.ਐਨ.ਏ. ਦੇ 'ਔਕਸੀਡੇਟਿਵ ਨੁਕਸਾਨ' ਨਾਲ ਹੀ 11,500 ਮਨੁੱਖੀ ਸੈੱਲ ਰੋਜ਼ ਨੁਕਸਾਨੇ ਜਾਂਦੇ ਹਨ। ਇੰਜ ਹੀ ਡੀਪੂਰੀਨੇਸ਼ਨ ਨਾਲ 13,920 ਸੈੱਲ, ਸਿੰਗਲ ਸਟਰੈਂਡ ਦੀ ਟੁੱਟ ਫੁੱਟ ਨਾਲ 55,200 ਸੈੱਲ!
    ਚੂਹਿਆਂ ਉੱਤੇ ਹੋਈ ਖੋਜ ਨੇ ਸਪਸ਼ਟ ਕੀਤਾ ਹੈ ਕਿ ਸਰੀਰ ਦੇ ਵੱਖੋ-ਵੱਖ ਹਿੱਸਿਆਂ ਉੱਤੇ ਬਹੁਤ ਜ਼ਿਆਦਾ ਮਾੜਾ ਅਸਰ ਦਿਸ ਰਿਹਾ ਹੈ। ਐਂਡੋਜੀਨਸ ਡੀ.ਐਨ.ਏ. ਦੇ ਨੁਕਸਾਨ ਨਾਲ ਜਿਗਰ, ਗੁਰਦੇ, ਫੇਫੜੇ ਤੇ ਦਿਮਾਗ਼ ਦੇ ਲੱਖਾਂ ਸੈੱਲ ਇਸ ਦੇ ਅਸਰ ਹੇਠ ਆ ਜਾਂਦੇ ਹਨ।
    ਜੇ ਸਰੀਰ ਦਾ ਸੈੱਲ ਡੀ.ਐਨ.ਏ. ਵਿਚਲੇ ਨੁਕਸ ਨੂੰ ਦਰੁਸਤ ਕਰ ਸਕਦਾ ਹੋਵੇ ਤਾਂ ਬਚ ਜਾਂਦਾ ਹੈ ਵਰਨਾ ਉਹ ਸੈੱਲ ਮਰ ਜਾਂਦਾ ਹੈ।
    ਹੋਰ ਜਾਨਵਰਾਂ, ਪੰਛੀਆਂ, ਕੀੜੇ ਮਕੌੜਿਆਂ ਨੂੰ ਖ਼ਤਮ ਕਰਦਾ ਮਨੁੱਖ ਹੁਣ ਆਪਣੇ ਹੀ ਤਿਆਰ ਕੀਤੇ ਹਥਿਆਰਾਂ, ਵਿਗਿਆਨਿਕ ਔਜ਼ਾਰਾਂ ਤੇ ਵੱਖੋ-ਵੱਖ ਨਵੀਆਂ ਕਾਢਾਂ ਹੱਥੋਂ ਖ਼ਤਰਾ ਸਹੇੜ ਰਿਹਾ ਹੈ।
    ਕੁਦਰਤੀ ਸੋਮਿਆਂ ਨੂੰ ਮੁਕਾ ਕੇ ਜਾਂ ਜ਼ਹਿਰੀਲਾ ਬਣਾ ਕੇ, ਖ਼ਤਰਨਾਕ ਕਿਰਨਾਂ ਈਜਾਦ ਕਰ ਕੇ, ਹੱਦੋਂ ਵੱਧ ਜਨਸੰਖਿਆ, ਖੇਤੀ ਉਤਪਾਦਨਾਂ ਦਾ ਮਹਿੰਗਾ ਤੇ ਸੀਮਤ ਹੋਣਾ ਤੇ ਭੁੱਖਮਰੀ 'ਚ ਦਿਨੋ-ਦਿਨ ਵਾਧਾ, ਇੱਕ ਦੂਜੇ ਨੂੰ ਜਰ ਨਾ ਸਕਣਾ, ਮੁਲਕਾਂ ਵਿਚਲੀ ਜੰਗ, ਐਟਮੀ ਹਥਿਆਰ, ਮੀਜ਼ਾਈਲਾਂ, ਜਾਨਵਰਾਂ ਅਤੇ ਪੰਛੀਆਂ ਦੇ ਘਰ ਉਜਾੜਨੇ, ਚੰਗੇ ਕੀਟਾਣੂਆਂ ਨੂੰ ਮਾਰ ਮੁਕਾਉਣਾ ਆਦਿ ਅਣਗਿਣਤ ਕਾਰਨ ਹਨ ਜਿਨ੍ਹਾਂ ਸਦਕਾ ਮਨੁੱਖੀ ਮੌਤਾਂ ਵਿਚ ਲਗਾਤਾਰ ਵਾਧਾ ਦਿੱਸਣ ਲੱਗ ਪਿਆ ਹੈ। ਇਹ ਵਾਧਾ ਜੇ ਵੇਲੇ ਸਿਰ ਨਾ ਰੋਕਿਆ ਗਿਆ ਤਾਂ ਮਨੁੱਖ ਹੋਰ ਪ੍ਰਜਾਤੀਆਂ ਨੂੰ ਖ਼ਤਮ ਕਰਦਾ-ਕਰਦਾ ਆਪਣੀ ਹੋਂਦ ਵੀ ਖ਼ਤਮ ਕਰ ਜਾਵੇਗਾ। ਹਾਲੇ ਵੀ ਵੇਲਾ ਹੈ ਸੰਭਲ ਜਾਈਏ! ਜਨਸੰਖਿਆ ਕਾਬੂ ਵਿਚ ਰੱਖ ਕੇ, ਕੁਦਰਤੀ ਸੋਮਿਆਂ ਦੀ ਸਾਂਭ ਸੰਭਾਲ ਕਰ ਕੇ, ਇੱਕ ਦੂਜੇ ਨੂੰ ਮਾਰ ਮੁਕਾਉਣ ਦੀ ਥਾਂ ਮਿਲਵਰਤਣ ਨਾਲ ਰਹਿਣਾ ਸਿੱਖ ਲਈਏ ਤਾਂ ਕੁੱਝ ਸੁਧਾਰ ਹੋਣ ਦੀ ਉਮੀਦ ਹੈ।
    ਜਿਸ ਨੂੰ ਹਾਲੇ ਵੀ ਕੋਈ ਸ਼ੰਕਾ ਹੋਵੇ ਤਾਂ ਸੰਨ 2021 ਵਿਚ ਲੱਭੀ ਇੱਕ ਆਖ਼ਰੀ ਖੋਜ ਬਾਰੇ ਦੱਸ ਦਿੰਦੀ ਹਾਂ। ਮਨੁੱਖੀ ਅੰਤੜੀਆਂ ਵਿਚ 70,000 ਕਿਸਮਾਂ ਦੀਆਂ ਨਵੀਆਂ ਵਾਇਰਸ ਲੱਭੀਆਂ ਜਾ ਚੁੱਕੀਆਂ ਹਨ ਜਿਨ੍ਹਾਂ ਬਾਰੇ ਖੋਜ ਜਾਰੀ ਹੈ ਕਿ ਇਹ ਕਿੰਨੀਆਂ ਕੁ ਹਾਣੀਕਾਰਕ ਹਨ ਤੇ ਡੀ.ਐਨ.ਏ. ਉੱਤੇ ਕਿੰਨਾ ਕੁ ਕਹਿਰ ਢਾਅ ਸਕਦੀਆਂ ਹਨ!
    ਏਨਾ ਕੁੱਝ ਜਾਣ ਲੈਣ ਬਾਅਦ ਰਤਾ ਧਿਆਨ ਦੂਜੇ ਪਾਸੇ ਵੀ ਕਰੀਏ। ਗੁਰਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਾਖ਼ੂਬੀ ਸਮਝਾਇਆ ਹੈ ਕਿ ਸੰਸਾਰ ਉੱਤੇ ਉਤਪੱਤੀ ਅੰਡੇ ਤੋਂ, ਜੇਰਜ ਤੋਂ (ਮਨੁੱਖ ਤੇ ਪਸ਼ੂ), ਸੇਤਜ ਜਾਂ ਮੁੜ੍ਹਕੇ ਤੋਂ ਜੰਮੇ-ਜੂੰਆਂ ਆਦਿ, ਉਤਭੁਜਾ (ਪਾਣੀ ਤੇ ਧਰਤੀ ਤੋਂ ਉਪਜੀ ਬਨਸਪਤੀ), ਸਾਰੀ ਪ੍ਰਮਾਤਮਾ ਦੀ ਹੀ ਪੈਦਾ ਕੀਤੀ ਹੋਈ ਰਚਨਾ ਹੈ। (ਅੰਡਜ ਜੇਰਜ ਸੇਤਜ ਉਤਭੁਜਾ ਪ੍ਰਭ ਕੀ ਇਹ ਕਿਰਤਿ-ਅੰਗ 816)। ਗੁਰੂ ਨਾਨਕ ਦੇਵ ਜੀ ਨੇ ਕੁੱਝ ਹੋਰ ਵੀ ਸਪਸ਼ਟ ਕਰ ਦਿੱਤਾ - ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ (ਅੰਗ 468)। ਸਾਰਾ ਜਗਤ ਨਾਸਵਾਨ ਹੈ ਤੇ ਸਾਰੀਆਂ ਵਸਤੂਆਂ ਵੀ, ਪਰ ਮਨੁੱਖ ਇਹ ਭੁੱਲ ਕੇ ਨਾਸਵੰਤ ਚੀਜ਼ਾਂ ਦੇ ਮੋਹ ਵਿਚ ਫਸਿਆ ਪਿਆ ਹੈ। ਇਹ ਛਲ ਜੀਵਾਂ ਨੂੰ ਡੋਬ ਰਿਹਾ ਹੈ।
    ਬਸ ਸਿਰਫ਼ ਇਹ ਨੁਕਤਾ ਸਮਝ ਆ ਜਾਵੇ ਤਾਂ ਸਭ ਕੁੱਝ ਹਾਸਲ ਕਰਨ, ਦੂਜੇ ਨੂੰ ਢਾਅ ਕੇ ਆਪਣਾ ਰੁਤਬਾ ਉੱਚਾ ਕਰਨ ਤੇ ਪੁਸ਼ਤਾਂ ਚੱਲਦੀਆਂ ਰੱਖਣ ਦਾ ਲਾਲਚ ਛੱਡ ਮਨੁੱਖ ਸੀਮਤ ਸ੍ਰੋਤਾਂ ਨਾਲ ਰਹਿਣਾ ਸਿੱਖ ਜਾਵੇਗਾ। ਉਸੇ ਦਿਨ ਕੁਦਰਤ ਨਾਲ ਕੀਤਾ ਜਾ ਰਿਹਾ ਖਿਲਵਾੜ ਵੀ ਬੰਦ ਹੋ ਜਾਵੇਗਾ! ਜੇ ਹਾਲੇ ਵੀ ਜਵਾਬ ਨਾ ਹੈ ਤਾਂ ਰਬ ਹੀ ਰਾਖਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
 28, ਪ੍ਰੀਤ ਨਗਰ, ਲੋਅਰ ਮਾਲ
 ਪਟਿਆਲਾ। ਫੋਨ ਨੰ: 0175-2216783

ਨਵੀਂ ਕਿਸਮ ਦੀ ਅਗਨ ਪ੍ਰੀਖਿਆ - ਡਾ. ਹਰਸ਼ਿੰਦਰ ਕੌਰ, ਐਮ. ਡੀ.,

 ਭਾਰਤੀ ਇਤਿਹਾਸ ਮੰਨਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਧਰਤੀ ਉੱਤੇ ਉਤਰੇ ਰੱਬੀ ਅਵਤਾਰ ਨੇ ਵੀ ਇੱਕ ਧੋਬੀ ਦੇ ਕਹਿਣ ਉੱਤੇ ਆਪਣੀ ਪਤਨੀ ਨੂੰ ਸਾਵਿਤ੍ਰੀ ਸਾਬਤ ਕਰਨ ਲਈ ਅਗਨ ਪ੍ਰੀਖਿਆ ਵਾਸਤੇ ਮਜਬੂਰ ਕੀਤਾ ਸੀ। ਇਸ ਮਰਦ ਪ੍ਰਧਾਨ ਸਮਾਜ ਵਿਚ ਔਰਤ ਸਿਰਫ਼ ਇੱਕ ਗ਼ੁਲਾਮ ਹੀ ਮੰਨੀ ਗਈ! ਭਾਵੇਂ ਵਿਕਸਿਤ ਮੁਲਕ ਦੀ ਰਾਣੀ ਡਾਇਨਾ ਰਹੀ ਹੋਵੇ ਤੇ ਭਾਵੇਂ ਵਿਕਾਸਸ਼ੀਲ ਦੇਸ ਦੀ ਗ਼ਰੀਬ ਔਰਤ, ਅੱਜ ਤੱਕ ਵੀ ਉਸ ਦੀ ਅਗਨ ਪ੍ਰੀਖਿਆ ਕਦੇ ਮੁੱਕੀ ਨਹੀਂ। ਕੁਆਰਪੁਣੇ ਦੀ ਮਰਦਾਨਾ ਭੁੱਖ ਕਿਸੇ ਸਦੀ ਵਿਚ ਕਦੇ ਤ੍ਰਿਪਤ ਹੋਈ ਹੀ ਨਹੀਂ!
    ਇੱਕ ਪਾਸੇ ਖ਼ਬਰ ਛਪਦੀ ਹੈ ਕਿ 20 ਜਣਿਆਂ ਨੇ ਰਲ ਕੇ ਇਕ ਨਾਬਾਲਗ ਬੱਚੀ ਦਾ ਕੁਆਰ ਭੰਗ ਕੀਤਾ ਤੇ ਦੂਜੇ ਪਾਸੇ ਇਹ ਸਾਰੇ 20 ਦੇ ਵੀਹ ਜਣੇ ਆਪਣੇ ਵਿਆਹ ਲਈ 'ਕੁਆਰੀ' ਬਾਲੜੀ ਦੀ ਭਾਲ ਵਾਸਤੇ ਜੁਟ ਜਾਂਦੇ ਹਨ।
    ਇਕ ਵਹਿਮ ਦੀ ਬੀਮਾਰੀ ਨੇ ਵੀ ਲੱਖਾਂ ਔਰਤਾਂ ਦੀ ਜੂਨ ਖ਼ਰਾਬ ਕੀਤੀ ਹੈ। ਇਹ ਵਹਿਮ 'ਓਥੈਲੋ ਸਿੰਡਰੋਮ' ਦੀ ਸ਼ਕਲ ਵਿਚ ਮਰਦ ਨੂੰ ਚਿੰਬੜਦਾ ਹੈ। ਮਾਨਸਿਕ ਰੋਗੀ ਮਰਦ ਹਰ ਵੇਲੇ ਇੱਕੋ ਸੋਚ ਦੇ ਦੁਆਲੇ ਘੁੰਮਦਾ ਰਹਿੰਦਾ ਹੈ ਕਿ ਉਸਦੀ ਪਤਨੀ ਦਾ ਕਿਸੇ ਹੋਰ ਮਰਦ ਨਾਲ ਸੰਬੰਧ ਹੈ। ਮਾਨਸਿਕ ਰੋਗ ਦੇ ਵਹਿਮ ਦਾ ਸ਼ਿਕਾਰ ਮਰਦ ਕਦੇ ਆਪਣਾ ਇਲਾਜ ਕਰਵਾਉਂਦਾ ਹੀ ਨਹੀਂ ਤੇ ਬੇਦੋਸੀ ਪਤਨੀ ਦਾ ਕਤਲ ਤੱਕ ਕਰ ਦਿੰਦਾ ਹੈ। ਅਜਿਹੇ ਅਣਗਿਣਤ ਕੇਸ ਮੈਡੀਕਲ ਜਰਨਲਾਂ ਵਿਚ ਲਿਖੇ ਮਿਲਦੇ ਹਨ ਤੇ ਅਨੇਕ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਚੁੱਕੇ ਹਨ।
    ਇਸ ਬੇਬੁਨਿਆਦ ਮਾਨਸਿਕ ਵਹਿਮ ਨੇ ਹੁਣ ਨਵਾਂ ਚੰਨ ਚਾੜ੍ਹਿਆ ਹੈ। ਗੱਲ ਰਾਮਪੁਰ ਪਿੰਡ ਦੀ ਹੈ। ਉੱਥੇ ਵੀ ਓਥੈਲੋ ਸਿੰਡਰੋਮ ਨਾਲ ਪੀੜਤ ਬੰਦਾ ਨਸ਼ੇ ਦੀ ਹਾਲਤ ਵਿਚ ਰੋਜ਼ ਆਪਣੀ ਪਤਨੀ ਉੱਤੇ ਸ਼ੱਕ ਕਰਦਿਆਂ ਉਸਨੂੰ ਕੁੱਟਦਾ ਰਹਿੰਦਾ ਸੀ। ਗੁਆਂਢੀਆਂ ਨੇ ਬਥੇਰਾ ਸਮਝਾਇਆ ਕਿ ਉਸ ਦੀ ਪਤਨੀ ਸਾਰਾ ਦਿਨ ਘਰ ਹੀ ਹੁੰਦੀ ਹੈ ਤੇ ਘਰ ਦਾ ਕੰਮ ਕਰਦੀ ਰਹਿੰਦੀ ਹੈ। ਕਿਤੇ ਆਉਂਦੀ ਜਾਂਦੀ ਨਹੀਂ, ਇਸ ਲਈ ਉਸ ਉੱਤੇ ਬੇਬੁਨਿਆਦ ਸ਼ੱਕ ਸਦਕਾ ਜ਼ੁਲਮ ਢਾਹੁਣਾ ਠੀਕ ਨਹੀਂ। ਪਰ ਮਾਨਸਿਕ ਰੋਗੀ ਪਤੀ ਕਿੱਥੇ ਮੰਨਣ ਵਾਲਾ ਸੀ!
    ਹਰ ਰੋਜ਼ ਮਾਰ ਕੁਟਾਈ ਚੱਲਦੀ ਰਹੀ ਤੇ ਗਵਾਂਢੀ ਤੰਗ ਹੁੰਦੇ ਰਹੇ। ਅਖ਼ੀਰ ਇਕ ਦਿਨ ਅਤਿ ਹੋ ਗਈ। ਪਤੀ ਨੇ ਰਾਤ ਘਰ ਮੁੜ ਕੇ ਆਪਣੀ ਪਤਨੀ ਨੂੰ ਮਨਾ ਲਿਆ ਕਿ ਅੱਜ ਤੋਂ ਬਾਅਦ ਕਦੇ ਵੀ ਉਹ ਸ਼ੱਕ ਨਹੀਂ ਕਰੇਗਾ ਜੇ ਪਤਨੀ ਆਪਣੇ ਅੰਦਰੂਨੀ ਅੰਗ ਉਸ ਕੋਲੋਂ ਆਪ ਚੈੱਕ ਕਰਵਾ ਲਵੇ। ਇਸ ਵਾਸਤੇ ਪਤੀ ਉਸ ਦੇ ਹੱਥ ਪੈਰ ਬੰਨ੍ਹ ਕੇ ਚੈੱਕ ਕਰੇਗਾ। ਤੰਗ ਹੋ ਚੁੱਕੀ ਔਰਤ ਮੰਨ ਗਈ। ਪਤੀ ਨੇ ਹੱਥ ਪੈਰ ਬੰਨਣ ਬਾਅਦ ਔਰਤ ਦਾ ਮੂੰਹ ਵੀ ਘੁੱਟ ਕੇ ਬੰਨ੍ਹਣਾ ਸ਼ੁਰੂ ਕਰ ਦਿੱਤਾ। ਔਰਤ ਨੇ ਚੀਕਣਾ ਚਾਹਿਆ ਤਾਂ ਘੁੱਟ ਕੇ ਮੂੰਹ ਦੱਬ ਦਿੱਤਾ।
    ਬੰਨਣ ਬਾਅਦ ਪਤੀ ਨੇ ਐਲਮੀਨੀਅਮ ਦੀ ਤਾਰ ਨਾਲ ਪਤਨੀ ਦੀ ਬੱਚੇਦਾਨੀ ਦੇ ਮੂੰਹ ਨੂੰ ਸੀਅ ਦਿੱਤਾ! ਤੜਫਦੀ ਪਤਨੀ ਨੂੰ ਉਂਜ ਹੀ ਲਹੂ ਲੁਹਾਨ ਤੇ ਬੰਨ੍ਹੀ ਹੋਈ ਨੂੰ ਛੱਡ ਕੇ, ਉਸ ਨੂੰ ਗਾਲ੍ਹਾਂ ਕੱਢ ਕੇ, ਪਤੀ ਭੱਜ ਗਿਆ।
    ਅਗਲੇ ਦਿਨ ਸਵੇਰੇ ਬਹੁਤ ਲਹੂ ਵਹਿ ਜਾਣ ਤੇ ਅੰਤਾਂ ਦੀ ਪੀੜ ਕਾਰਨ ਨੀਮ ਬੇਹੋਸ਼ ਹੋਈ ਪਤਨੀ ਨੂੰ ਗਵਾਂਢਣ ਨੇ ਆ ਕੇ ਵੇਖਿਆ ਤਾਂ ਘਬਰਾ ਗਈ। ਹੋਰ ਔਰਤਾਂ ਨੂੰ ਸੱਦ ਕੇ ਉਸ ਨੂੰ ਖੋਲ੍ਹ ਕੇ ਝੱਟ ਹਸਪਤਾਲ ਲਿਜਾਇਆ ਗਿਆ। ਪਤੀ ਉਸ ਸਮੇਂ ਤੋਂ ਫਰਾਰ ਹੈ। ਰਿਪੋਰਟ ਦਰਜ ਕਰਵਾਈ ਜਾ ਚੁੱਕੀ ਹੈ ਪਰ ਪਤਨੀ ਤਾਂ ਹੁਣ ਅਨੇਕ ਅਪਰੇਸ਼ਨਾਂ ਬਾਅਦ ਵੀ ਨਾਰਮਲ ਨਹੀਂ ਹੋ ਸਕਣ ਲੱਗੀ!
    ਓਥੈਲੋ ਸਿੰਡਰੋਮ ਦਾ ਮਰੀਜ਼ ਪਤੀ ਦਰਅਸਲ ਆਪ ਸਰੀਰਕ ਸੰਬੰਧ ਬਣਾਉਣ ਜੋਗਾ ਨਹੀਂ ਹੁੰਦਾ ਤੇ ਆਪਣੀ ਕਮਜ਼ੋਰੀ ਦਾ ਭਾਂਡਾ ਬੇਕਸੂਰ ਪਤਨੀ ਸਿਰ ਭੰਨ੍ਹ ਦਿੰਦਾ ਹੈ।
    ਔਰਤ ਦੇ ਬੱਚੇਦਾਨੀ ਦੇ ਮੂੰਹ ਦੀ ਕੱਟ ਵੱਢ ਕਰਨੀ ਵੀ ਇਹ ਕੋਈ ਪਹਿਲਾ ਕੇਸ ਨਹੀਂ ਹੈ।
    ਯੂਨਾਈਟਿਡ ਨੇਸ਼ਨਜ਼ ਨੇ ਇਸ ਤਰ੍ਹਾਂ ਦੀ ਔਰਤਾਂ ਦੇ ਅੰਦਰੂਨੀ ਅੰਗ ਦੀ ਕੱਟ ਵੱਢ ਨੂੰ ਮਨੁੱਖੀ ਅਧਿਕਾਰਾਂ ਦਾ ਸੰਗੀਨ ਜੁਰਮ ਮੰਨ ਲਿਆ ਹੈ।
    ਅਫਰੀਕਾ ਵਿਚ ਤਾਂ ਸਦੀਆਂ ਤੋਂ ਇਹ ਕੁਕਰਮ ਹੁੰਦਾ ਰਿਹਾ ਹੈ। ਮੁੰਬਈ ਵਿਖੇ ਇਸ ਸੰਗੀਨ ਜੁਰਮ ਦਾ ਪਰਦਾ ਫਾਸ਼ ਹੋਇਆ ਹੈ ਜਿਸ ਬਾਰੇ ਇਕ ਅੰਗਰੇਜ਼ੀ ਅਖ਼ਬਾਰ ਵਿਚ ਪੂਰੀ ਰਿਪੋਰਟ ਛਪੀ ਹੈ।
    ਛੇ ਤੋਂ ਸੱਤ ਵਰ੍ਹਿਆਂ ਦੀਆਂ ਬਾਲੜੀਆਂ ਨੂੰ ਹਨ੍ਹੇਰੇ ਕਮਰੇ ਵਿਚ ਲਿਜਾ ਕੇ, ਉਨ੍ਹਾਂ ਸਾਹਮਣੇ ਗੈਸ ਉੱਤੇ ਚਾਕੂ ਨੂੰ ਲਾਲ ਸੁਰਖ਼ ਗਰਮ ਕਰ ਕੇ, ਉਨ੍ਹਾਂ ਦੇ ਅੰਦਰੂਨੀ ਅੰਗਾਂ ਨੂੰ ਵੱਢ ਦਿੱਤਾ ਜਾਂਦਾ ਹੈ। ਚੀਕਦੀਆਂ ਕੁਰਲਾਉਂਦੀਆਂ ਬਾਲੜੀਆਂ, ਜੋ ਬੋਹਰਾ ਜਾਤ ਨਾਲ ਸੰਬੰਧਤ ਹਨ, ਦਾ ਮੂੰਹ ਦੱਬ ਕੇ, 'ਖਤਨਾ' ਦਾ ਨਾਂ ਦੇ ਕੇ ਜ਼ਿੰਦਗੀ ਭਰ ਲਈ ਦਰਦ ਸਹਿਨ ਕਰਨ ਲਈ ਛੱਡ ਦਿੱਤੀਆਂ ਜਾਂਦੀਆਂ ਹਨ। ਲੱਖਾਂ ਦੀ ਗਿਣਤੀ ਵਿਚ ਹੁਣ ਤੱਕ ਮਨੁੱਖੀ ਅਧਿਕਾਰਾਂ ਦਾ ਘਾਣ ਕਰਵਾ ਚੁੱਕੀਆਂ ਬਾਲੜੀਆਂ ਵਿੱਚੋਂ 18 ਜਣੀਆਂ ਨੇ ਹਿੰਮਤ ਵਿਖਾ ਕੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ। ਦਿੱਲੀ ਦੀ 'ਮਸੂਮਾ ਰਨਾਲਵੀ' ਤੇ ਉਸ ਨਾਲ 17 ਹੋਰ ਔਰਤਾਂ ਨੇ 'ਓਨਲਾਈਨ ਪੈਟੀਸ਼ਨ' ਰਾਹੀਂ ਸਮਾਜ ਨੂੰ ਸ਼ੀਸ਼ਾ ਵਿਖਾਇਆ ਹੈ। ਇਹ ਸਾਰੀਆਂ ਔਰਤਾਂ 42 ਸਾਲ ਪਹਿਲਾਂ ਸ਼ਿਕਾਰ ਬਣਾਈਆਂ ਗਈਆਂ ਸਨ।
    ਆਰੀਫਾ ਜੌਹਰੀ ਵੀ ਮੁੰਬਈ ਦੇ ਭਿੰਡੀ ਬਜ਼ਾਰ ਵਿਚ ਹਨ੍ਹੇਰੇ ਕਮਰੇ ਵਿਚ ਚਾਕਲੇਟ ਦੇ ਲਾਲਚ ਵਿਚ ਆਪਣੇ ਨਾਲ ਹੋਏ ਇਸ ਅਤਿ ਘਿਨਾਉਣੇ ਜੁਰਮ ਨੂੰ ਯਾਦ ਕਰਦਿਆਂ ਕੰਬਣ ਲੱਗ ਪੈਂਦੀ ਹੈ। ਉਸ ਨੇ ਆਪਣੀਆਂ ਧੀਆਂ ਨੂੰ ਇਸ ਤਰ੍ਹਾਂ ਦੀ ਹੈਵਾਨੀਅਤ ਤੋਂ ਬਚਾਇਆ ਤਾਂ ਸਮਾਜ ਦੀਆਂ ਲਾਅਣਤਾਂ ਦਾ ਸ਼ਿਕਾਰ ਬਣ ਗਈ। ਪੂਰਾ ਮਰਦ ਪ੍ਰਧਾਨ ਸਮਾਜ ਉਸ ਉੱਤੇ ਚਿੱਕੜ ਸੁੱਟਣ ਲੱਗ ਪਿਆ ਪਰ ਉਸ ਹਿੰਮਤ ਨਹੀਂ ਹਾਰੀ। ਮਰਦ ਪ੍ਰਧਾਨ ਸਮਾਜ ਇਹ ਮੰਨ ਚੁੱਕਿਆ ਹੈ ਕਿ ਜੇ ਔਰਤ ਦਾ ਖਤਨਾ ਨਹੀਂ ਹੋਇਆ ਤਾਂ ਉਹ ਸਰੀਰਕ ਸੰਬੰਧਾਂ ਦਾ ਆਨੰਦ ਲੈਣ ਲੱਗ ਪਵੇਗੀ। ਔਰਤ ਨੂੰ ਸਰੀਰਕ ਸੰਬੰਧਾਂ ਵਿੱਚੋਂ ਅਤਿ ਦੀ ਪੀੜ ਮਹਿਸੂਸ ਹੋਣੀ ਚਾਹੀਦੀ ਹੈ ਤੇ ਉਸ ਦਾ ਕੰਮ ਸਿਰਫ਼ ਪਤੀ ਦੇ ਬੱਚੇ ਜੰਮ ਕੇ ਮਰ ਮੁੱਕ ਜਾਣਾ ਹੁੰਦਾ ਹੈ।
    ਹਾਲਾਤ ਇਹ ਹੋ ਚੁੱਕੇ ਹਨ ਕਿ ਔਰਤ ਦੇ ਇਸ ਅੰਗ ਨੂੰ 'ਹਰਾਮ ਦੀ ਬੋਟੀ' ਵਰਗਾ ਦਿਲ ਕੰਬਾਊ ਨਾਂ ਦੇ ਕੇ ਉਸ ਉੱਤੇ ਕਹਿਰ ਢਾਹੁਣਾ ਜਾਰੀ ਹੈ ਜੋ ਮਰਦ ਪ੍ਰਧਾਨ ਸਮਾਜ ਅਨਪੜ੍ਹ ਦਾਈਆਂ ਹੱਥੋਂ ਹੀ ਕਰਵਾਉਂਦਾ ਹੈ।
    ਅਮਰੀਕਾ ਵਿਚ ਬੈਠੀ 'ਜ਼ਹਿਰਾ ਪਤਵਾ' ਨੇ ਵੀ ਮੰਨਿਆ ਕਿ ਉਹ ਇਸ ਜੁਰਮ ਦਾ ਸ਼ਿਕਾਰ ਹੋਈ ਤਾਂ ਸਭ ਤੋਂ ਪਹਿਲਾਂ ਆਪਣੀ ਮਾਂ ਨੂੰ ਕਸੂਰਵਾਰ ਮੰਨਿਆ। ਬਾਅਦ ਵਿਚ ਪਤਾ ਲੱਗਿਆ ਕਿ ਉਸ ਦੀ ਮਾਂ, ਦਾਦੀ, ਪੜਦਾਦੀ, ਸਭ ਮਰਦਾਂ ਦੇ ਹੁਕਮਾਂ ਤਹਿਤ ਚੁੱਪ ਚੁਪੀਤੇ ਇਸ ਰਸਮ ਨੂੰ ਨਿਭਾਈ ਜਾ ਰਹੀਆਂ ਸਨ।
    ਇਨ੍ਹਾਂ ਵਿੱਚੋਂ ਬਥੇਰੀਆਂ ਕੀਟਾਣੂਆਂ ਦੇ ਹਮਲੇ ਸਦਕਾ ਸਦੀਵੀ ਰੋਗੀ ਬਣ ਜਾਂਦੀਆਂ ਹਨ, ਕੁੱਝ ਦੇ ਬੱਚਾ ਨਹੀਂ ਠਹਿਰ ਸਕਦਾ, ਕੁੱਝ ਬਹੁਤਾ ਲਹੂ ਵਹਿ ਜਾਣ ਕਾਰਨ ਬੀਮਾਰ ਹੋ ਜਾਂਦੀਆਂ ਹਨ।
    ਇਸ ਪ੍ਰਥਾ ਵਿਰੁੱਧ ਆਵਾਜ਼ ਚੁੱਕਣ ਵਾਲੀਆਂ ਨੂੰ ਸਮਾਜ ਵਿੱਚੋਂ ਛੇਕ ਤੱਕ ਦਿੱਤਾ ਜਾਂਦਾ ਹੈ। ਕਿਸੇ ਇਕੱਠ ਵਿਚ ਜਾਂ ਕਿਸੇ ਸਮਾਗਮ ਵਿਚ ਉਸ ਦਾ ਜਾਣਾ ਵਰਜਿਤ ਕਰ ਦਿੱਤਾ ਜਾਂਦਾ ਹੈ।
    ਬੋਹਰਾ ਪ੍ਰਜਾਤੀ ਦਾ ਧਾਰਮਿਕ ਮੁਖੀ ਸਾਈਨੇਡਾ ਇਸ ਪ੍ਰਥਾ ਦਾ ਜ਼ੋਰਦਾਰ ਸਮਰਥਨ ਕਰਦਾ ਹੈ ਤੇ ਹੁਣ ਵੀ ਇਹੋ ਹੁਕਮ ਦੇ ਰਿਹਾ ਹੈ ਕਿ ਪੂਰੇ ਭਾਰਤ ਦੇ ਹਰ ਕੋਨੇ ਵਿਚ ਹਰ ਔਰਤ ਦਾ ਅੰਗ ਵੱਢਣਾ ਜ਼ਰੂਰੀ ਹੈ।
    ਭਾਰਤ ਵਿਚ ਅੱਜ ਤੱਕ ਇਸ ਤਰ੍ਹਾਂ ਦੇ ਮਨੁੱਖੀ ਅਧਿਕਾਰਾਂ ਦੇ ਕਤਲ ਲਈ ਕੋਈ ਰੋਕ ਨਹੀਂ ਲੱਗੀ ਹੋਈ।
    ਅਸਟ੍ਰੇਲੀਆ ਵਿਚ ਵੀ ਇਸ ਕੁਕਰਮ ਵਿਰੁੱਧ ਇੰਸੀਆ ਤੇ ਮਾਰੀਆ, ਦੋ ਔਰਤਾਂ ਨੇ ਮੁਹਿੰਮ ਵਿੱਢੀ ਹੈ। ਬੱਚੀਆਂ ਉੱਤੇ ਪਹਿਲਾਂ ਹੀ ਅਨੇਕ ਤਰ੍ਹਾਂ ਦੇ ਅਣਮਨੁੱਖੀ ਤਸੀਹੇ ਢਾਹੇ ਜਾ ਰਹੇ ਹਨ। ਕੁੱਖ ਵਿਚ ਮਾਰੇ ਜਾਣ ਤੋਂ ਲੈ ਕੇ ਨਾਬਾਲਗ ਬੇਟੀਆਂ ਦੇ ਸਮੂਹਕ ਬਲਾਤਕਾਰਾਂ ਬਾਅਦ ਸਾੜਨ ਦੇ ਅਣਗਿਣਤ ਕਿੱਸੇ ਛੱਪ ਚੁੱਕੇ ਹਨ।
    ਹੁਣ ਅਨੇਕ ਨੌਜਵਾਨ ਔਰਤਾਂ ਵੀ ਆਪਣੇ ਪਤੀਆਂ ਹੱਥੋਂ ਇਸ ਤਰ੍ਹਾਂ ਦੇ ਅੰਗਾਂ ਦਾ ਕੱਟੇ ਵੱਢੇ ਜਾਣ ਦਾ ਸ਼ਿਕਾਰ ਬਣ ਚੁੱਕੀਆਂ ਹਨ। ਕਿਸੇ ਵੱਲੋਂ ਵੀ ਆਵਾਜ਼ ਕੱਢਣ ਉੱਤੇ ਸਮਾਜ ਔਰਤਾਂ ਵਿਚ ਹੀ ਦੋਸ਼ ਕੱਢ ਕੇ ਉਨ੍ਹਾਂ ਨੂੰ ਚੁੱਪ ਹੋ ਜਾਣ ਉੱਤੇ ਮਜਬੂਰ ਕਰ ਦਿੰਦਾ ਹੈ।
    ਅੱਜ ਤੱਕ ਜਿਸ ਵੀ ਔਰਤ ਨੇ ਇਸ ਜ਼ੁਲਮ ਵਿਰੁੱਧ ਆਵਾਜ਼ ਚੁੱਕੀ ਹੈ, ਸਾਰੇ ਉਹ ਲੋਕ, ਜੋ ਔਰਤ ਉੱਤੇ ਹੋ ਰਹੀ ਹਿੰਸਾ ਨੂੰ ਸਹੀ ਮੰਨਦੇ ਹਨ, ਉੱਚੀ-ਉੱਚੀ ਚੀਕਣ ਲੱਗ ਪੈਂਦੇ ਹਨ। ਹੋ-ਹੱਲਾ ਕਰ ਕੇ ਔਰਤ ਦੀ ਆਵਾਜ਼ ਦੱਬ ਦਿੱਤੀ ਜਾਂਦੀ ਹੈ। ਯੂਨਾਈਟਿਡ ਨੇਸ਼ਨਜ਼ ਵੱਲੋਂ ਐਲਾਨੇ ਇਸ ਮਨੁੱਖੀ ਅਧਿਕਾਰਾਂ ਦੇ ਕਤਲ ਵਿਰੁੱਧ ਅੱਜ ਲੋੜ ਹੈ ਸੁਹਿਰਦ ਲੋਕਾਂ ਵੱਲੋਂ ਵਿਰੋਧ ਕਰਨ ਦੀ। ਇਸ ਅਤਿ ਦੇ ਘਿਨਾਉਣੇ ਜੁਰਮ ਨੂੰ ਹਰ ਹਾਲ ਠੱਲ ਪਾਉਣ ਦੀ ਲੋੜ ਹੈ।
    ਇੱਕ ਔਰਤ ਹੁੰਦਿਆਂ, ਆਪਣੀ ਜ਼ਾਤ ਦੀਆਂ ਦੀ ਪੀੜ ਸਮਝਦਿਆਂ ਮੈਂ ਉਨ੍ਹਾਂ ਦੇ ਹੱਕਾਂ ਲਈ ਅੱਜ ਆਵਾਜ਼ ਚੁੱਕੀ ਹੈ, ਇਸ ਉਮੀਦ ਵਿੱਚ ਕਿ ਹੁਣ ਇੱਕੀਵੀਂ ਸਦੀ ਵਿਚ ਤਾਂ ਘੱਟੋ-ਘੱਟ ਔਰਤ ਦੀ ਅਗਨ ਪ੍ਰੀਖਿਆ ਹੋਣੀ ਬੰਦ ਹੋਵੇਗੀ। ਆਖ਼ਰ ਕਿਸੇ ਸਦੀ ਵਿਚ ਤਾਂ ਔਰਤ ਨੂੰ ਸਹੀ ਮਾਅਣਿਆਂ ਵਿਚ ਬਰਾਬਰੀ ਦਾ ਦਰਜਾ ਦਿੱਤਾ ਜਾਵੇਗਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
                        ਬੱਚਿਆਂ ਦੀ ਮਾਹਰ,
                        28, ਪ੍ਰੀਤ ਨਗਰ, ਲੋਅਰ ਮਾਲ
                        ਪਟਿਆਲਾ। ਫੋਨ ਨੰ: 0175-2216783

ਕੇਲ-ਬੇਸ਼ਕੀਮਤੀ ਪੱਤਾ - ਡਾ. ਹਰਸ਼ਿੰਦਰ ਕੌਰ

ਕੇਲ ਦਾ ਕੋਈ ਪੰਜਾਬੀ ਨਾਂ ਹਾਲੇ ਤੱਕ ਰੱਖਿਆ ਹੀ ਨਹੀਂ ਗਿਆ ਕਿਉਂਕਿ ਪਹਿਲਾਂ ਪੰਜਾਬ ਵਿਚ ਇਹ ਬੀਜਿਆ ਨਹੀਂ ਸੀ ਜਾਂਦਾ। ਮੂਲੀ, ਸਰ੍ਹੋਂ ਤੇ ਪੱਤਾ ਗੋਭੀ ਦੇ ਮਿਸ਼ਰਨ ਵਰਗਾ ਕੇਲ ਪੱਤਾ ਏਨੇ ਕਮਾਲ ਦੇ ਗੁਣਕਾਰੀ ਤੱਤ ਲੁਕਾਈ ਬੈਠਾ ਹੈ ਕਿ ਹੁਣ ਪੂਰੀ ਦੁਨੀਆ ਵਿਚ ਚੋਟੀ ਦੇ ਲਾਜਵਾਬ 11 ਖਾਣਿਆਂ ਵਿਚ ਇਸ ਦਾ ਨਾਂ ਸ਼ੁਮਾਰ ਹੋ ਗਿਆ ਹੈ। ਇੱਕ ਨਹੀਂ, ਅਨੇਕ ਖੋਜਾਂ ਵਿਚ ਦਿਲ ਅਤੇ ਕੈਂਸਰ ਦੇ ਮਰੀਜ਼ਾਂ ਲਈ ਬਿਹਤਰੀਨ ਦਵਾਈ ਸਾਬਤ ਹੋ ਚੁੱਕੇ ਹਲਕੇ ਅਤੇ ਗੂੜ੍ਹੇ ਹਰੇ ਰੰਗ ਦੇ ਗੁਣਕਾਰੀ ਪੱਤੇ ਹੁਣ ਸਰੀਰ ਦੇ ਕਈ ਅੰਗਾਂ ਦੇ ਕੰਮਕਾਰ ਨੂੰ ਸਹੀ ਰੱਖਣ ਵਿਚ ਵੀ ਸਹਾਈ ਸਾਬਤ ਹੋ ਰਹੇ ਹਨ।
    ਹਾਲੇ ਤੱਕ ਦੇ ਮਿਲੇ ਇਤਿਹਾਸਕ ਤੱਥਾਂ ਅਨੁਸਾਰ ਰੋਮ ਵਿਚ ਪਹਿਲੀ ਵਾਰ ਕਿਸੇ ਮਨੁੱਖ ਨੇ ਇਨ੍ਹਾਂ ਪੱਤਿਆਂ ਨੂੰ ਚੱਖਿਆ ਤੇ ਉਸ ਨੂੰ ਏਨੇ ਫ਼ਾਇਦੇ ਦਿਸੇ ਕਿ ਉਸ ਨੇ ਆਪ ਬੀਜਣ ਦਾ ਫ਼ੈਸਲਾ ਕਰ ਲਿਆ। ਬਸ ਫਿਰ ਕੀ ਸੀ! ਹਰ ਘਰ ਵਿਚ ਕੇਲ ਪੱਤਿਆਂ ਦੀਆਂ ਕਿਆਰੀਆਂ ਤਿਆਰ ਹੋ ਗਈਆਂ।
    ਪੁਰਾਣੇ ਸਮਿਆਂ ਵਿਚ ਸੋਮ ਰਸ ਪੀਣ ਬਾਅਦ ਚੜ੍ਹੇ ਨਸ਼ੇ ਨੂੰ ਲਾਹੁਣ ਲਈ ਕੇਲ ਪੱਤਿਆਂ ਨੂੰ ਉਬਾਲ ਕੇ ਉਸਦਾ ਪਾਣੀ ਪੀ ਲਿਆ ਜਾਂਦਾ ਸੀ। ਜੇ ਰੋਮਨ ਵਿਚ ਲਿਖੇ ਪੁਰਾਣੇ ਪਤਰੇ ਪੜ੍ਹੇ ਜਾਣ ਤਾਂ ਲਿਖਿਆ ਮਿਲਦਾ ਹੈ ਕਿ 'ਬਰਾਸਿਕਾ' ਸਿਹਤਮੰਦ ਖ਼ੁਰਾਕ ਹੈ। ਬਰਾਸਿਕਾ ਵਿਚ ਸ਼ਲਗਮ, ਪੱਤਗੋਭੀ ਤੇ ਕੇਲ ਸ਼ਾਮਲ ਕੀਤੇ ਗਏ ਸਨ। ਹਲਕੇ ਜਾਮਨੀ ਤੋਂ ਲੈ ਕੇ ਹਲਕੇ ਹਰੇ ਰੰਗ ਦੇ ਖਿਲਰੀ ਪੱਤ ਗੋਭੀ ਵਾਂਗ, ਪਰ ਸਿਰਿਆਂ ਤੋਂ ਘੁੰਘਰਾਲੇ ਕੇਲ ਪੱਤੇ ਕੁਦਰਤ ਦੀ ਕੀਤੀ ਕਾਰੀਗਰੀ ਦੀ ਖ਼ੁਬੂਸੂਰਤ ਮਿਸਾਲ ਹਨ।
    ਇਸੇ ਲਈ ਅਨੇਕ ਲੋਕ ਇਨ੍ਹਾਂ ਨੂੰ ਬਾਗ਼ ਵਿਚ ਜਾਂ ਗਮਲਿਆਂ ਵਿਚ ਘਰ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾ ਲੈਂਦੇ ਹਨ।
    ਈਸਾ ਮਸੀਹ ਤੋਂ 2000 ਸਾਲ ਪਹਿਲਾਂ ਤੋਂ ਹੀ ਕੇਲ ਪੱਤੇ ਉਗਾਏ ਜਾਣ ਲੱਗ ਪਏ ਸਨ। ਯੂਰਪ ਵਿਚ ਤੇਹਰਵੀਂ ਸਦੀ ਵਿਚ ਕੇਲ ਨੂੰ 'ਸਿਰਲੱਥ ਗੋਭੀ' ਵਜੋਂ ਜਾਣਿਆ ਜਾਂਦਾ ਸੀ ਕਿਉਂਕਿ ਪੱਤੇ ਤਾਂ ਪੱਤਗੋਭੀ ਨਾਲ ਰਲਦੇ ਸਨ ਪਰ ਗੋਭੀ ਵਾਂਗ ਗੰਢ ਕੋਈ ਹੈ ਹੀ ਨਹੀਂ ਸੀ।
    ਰੂਸੀ ਕੇਲ ਤਾਂ ਏਨੀ ਖ਼ੂਬਸੂਰਤ ਹੁੰਦੀ ਹੈ ਜਿਵੇਂ ਕਿਸੇ ਮੁਟਿਆਰ ਦੇ ਹਵਾ ਦੇ ਬੁੱਲੇ ਨਾਲ ਘੁੰਘਰਾਲੇ ਵਾਲ ਖਿਲਰ ਗਏ ਹੋਣ। ਉੰਨੀਵੀਂ ਸਦੀ ਵਿਚ ਰੂਸ ਤੋਂ ਕੇਲ ਪੱਤੇ ਅਮਰੀਕਾ ਤੇ ਕਨੇਡਾ ਵਿਖੇ ਲਿਜਾਏ ਗਏ ਸਨ।
    'ਡੇਵਿਡ ਫੇਅਰਚਾਈਲਡ', ਜੋ ਵਨਸਪਤੀ ਦਾ ਡਾਕਟਰ ਸੀ, ਨੂੰ ਪੱਤਗੋਭੀ ਜਾਂ ਕੇਲ ਉੱਕਾ ਹੀ ਖਾਣੇ ਪਸੰਦ ਨਹੀਂ ਸਨ। ਖੋਜਾਂ ਦੌਰਾਨ ਉਸ ਨੂੰ ਪਤਾ ਲੱਗਿਆ ਕਿ ਕੇਲ ਪੱਤੇ ਧਰਤੀ ਹੇਠਲਾ ਵਾਧੂ ਲੂਣ ਖਿੱਚ ਲੈਂਦੇ ਹਨ ਤੇ ਧਰਤੀ ਉਪਜਾਊ ਬਣਾ ਦਿੰਦੇ ਹਨ। ਸੌਖੇ ਉੱਗ ਜਾਣ ਵਾਲੇ ਇਨ੍ਹਾਂ ਪੱਤਿਆਂ ਨੂੰ ਕਰੋਸ਼ੀਆ ਤੋਂ ਅਮਰੀਕਾ ਲਿਆ ਕੇ ਬਹੁਤ ਵੱਡੀ ਪੱਧਰ ਉੱਤੇ ਉਗਾਉਣ ਵਿਚ ਡੇਵਿਡ ਦਾ ਹੀ ਹੱਥ ਹੈ।
    ਅਮਰੀਕਨ ਉਦੋਂ ਤੱਕ ਇਨ੍ਹਾਂ ਪੱਤਿਆਂ ਨੂੰ ਖ਼ੂਬਸੂਰਤੀ ਵਜੋਂ ਹੀ ਉਗਾਉਂਦੇ ਤੇ ਵਰਤਦੇ ਰਹੇ ਜਦ ਤਕ ਸੰਨ 1990 ਵਿਚ ਇਸ ਵਿਚਲੇ ਕੁਦਰਤੀ ਗੁਣਾਂ ਦੇ ਖਜ਼ਾਨੇ ਬਾਰੇ ਪਤਾ ਨਾ ਲੱਗਿਆ। ਬਸ ਫਿਰ ਕੀ ਸੀ! ਧੜਾਧੜ ਇਸ ਦੀ ਵਰਤੋਂ ਹਰ ਰੋਜ਼ ਦੇ ਖਾਣਿਆਂ ਵਿਚ ਹੋਣ ਲੱਗ ਪਈ।
    ਵਿਸ਼ਵ ਜੰਗ ਦੂਜੀ ਵਿਚ ਇੰਗਲੈਂਡ ਵਿਚ ਫੌਜੀਆਂ ਦੀ ਸਿਹਤ ਠੀਕ ਰੱਖਣ ਅਤੇ ਖ਼ੁਰਾਕ ਦੀ ਕਮੀ ਨਾਲ ਜੂਝਣ ਲਈ ਕੇਲ ਪੱਤੇ ਹੀ ਖਾਣ ਲਈ ਦਿੱਤੇ ਜਾਂਦੇ ਰਹੇ ਸਨ।
    ਗਰਮੀ ਸਰਦੀ ਦੇ ਮੌਸਮ ਨੂੰ ਜਰਨ ਲਈ ਕੇਲ ਪੱਤੇ ਤਗੜੇ ਹਨ। ਕੁਦਰਤ ਨੇ ਮਨਫ਼ੀ 15 ਡਿਗਰੀ ਸੈਲਸੀਅਸ ਤੱਕ ਦੀ ਬਰਫੀਲੀ ਠੰਡ ਵਿਚ ਵੀ ਕੇਲ ਪੱਤਿਆਂ ਨੂੰ ਸੁਰੱਖਿਅਤ ਰਹਿਣ ਦੀ ਜਾਚ ਸਿਖਾਈ ਹੋਈ ਹੈ। ਸਗੋਂ ਬਰਫ਼ ਪੈਣ ਬਾਅਦ ਕੇਲ ਪੱਤਿਆਂ ਦਾ ਨਿਖ਼ਾਰ ਦੁਗਣਾ ਹੋ ਜਾਂਦਾ ਹੈ ਤੇ ਇਹ ਖਾਣ ਵਿਚ ਵੀ ਹੋਰ ਮਿੱਠੇ ਹੋ ਜਾਂਦੇ ਹਨ। ਇਨ੍ਹਾਂ ਦਾ ਰੰਗ ਵੀ ਹੋਰ ਗੂੜਾ ਜਾਮਨੀ ਤੇ ਭੂਰਾ ਹੋ ਜਾਂਦਾ ਹੈ।
    ਹਲਕਾ ਜਿਹਾ ਰੰਗ ਦਾ ਹੇਰ ਫੇਰ ਹੀ ਕੇਲ ਪੱਤਿਆਂ ਨੂੰ ਢੇਰ ਸਾਰੇ ਵੱਖੋ-ਵੱਖ ਨਾਂ ਦੇ ਦਿੰਦਾ ਹੈ। ਕੋਈ ਘੁੰਘਰਾਲੇ ਪੱਤੇ, ਕਾਲੀ ਗੋਭੀ, ਲੈਸੀਨਾਟੋ, ਡਾਇਨਾਸੋਰ ਕੇਲ, ਟਸਕਨ ਕੇਲ, ਕਵੋਲੋ ਨੀਰੋ (ਇਟਲੀ ਵਿਚ), ਸਕਾਟ ਕੇਲ, ਨੀਲੀ ਘੁੰਘਰਾਲੀ ਕੇਲ, ਚਿੱਟੀ ਰੂਸੀ ਕੇਲ, ਲਾਲ ਰੂਸੀ ਕੇਲ ਤੇ ਕੋਈ ਸਖ਼ਤ ਜਾਨ ਕੇਲ ਦੇ ਨਾਂ ਨਾਲ ਕੇਲ ਨੂੰ ਜਾਣਦੇ ਹਨ।
    ਕਈ ਥਾਈਂ ਤਾਂ ਕੇਲ ਪੱਤੇ ਵਧੀਆ ਤੋਂ ਵਧੀਆ ਫੁੱਲ ਦੀ ਖ਼ੂਬਸੂਰਤੀ ਨੂੰ ਵੀ ਮਾਤ ਪਾਉਂਦੇ ਹਨ। ਬਾਹਰੋਂ ਹਰੇ ਤੇ ਅੰਦਰੋਂ ਹਲਕੇ ਗੁਲਾਬੀ, ਲਾਲ, ਜਾਮਨੀ ਜਾਂ ਚਿੱਟੇ ਗੋਲੇ ਮਨ ਮੋਹ ਲੈਂਦੇ ਹਨ। ਇਸ ਕਿਸਮ ਦੀ ਕੇਲ ਨੂੰ 'ਮੋਰ ਕੇਲ', ਕਾਮੋਨ ਕੋਰਲ ਰਾਣੀ, ਕੋਰਲ ਰਾਜਾ ਆਦਿ ਵੀ ਕਿਹਾ ਜਾਂਦਾ ਹੈ। ਇਹ ਜਿੰਨੀ ਖਾਣ ਲਈ ਫ਼ਾਇਦੇਮੰਦ ਹੋਣ ਕਾਰਨ ਵਰਤੀ ਜਾ ਰਹੀ ਹੈ, ਓਨੀ ਹੀ ਵਿਆਹਾਂ ਵਿਚ ਸਜਾਵਟ ਲਈ ਵਰਤੀ ਜਾਂਦੀ ਹੈ।
    ਰਤਾ ਝਾਤ ਮਾਰੀਏ ਕਿ ਰਬ ਨੇ ਵਿਹਲੇ ਵੇਲੇ ਬਹਿ ਕੇ ਕੇਲ ਪੱਤਿਆਂ ਵਿਚ ਭਰਿਆ ਕੀ ਹੈ?

ਸੌ ਗ੍ਰਾਮ ਤਾਜ਼ੇ ਪੱਤਿਆਂ ਵਿਚ :-
-    49 ਕੈਲਰੀਆਂ
-    2.3 ਗ੍ਰਾਮ ਮਿੱਠਾ
-    3.6 ਗ੍ਰਾਮ ਫਾਈਬਰ
-    0.9 ਗ੍ਰਾਮ ਥਿੰਦਾ
-    4.3 ਗ੍ਰਾਮ ਪ੍ਰੋਟੀਨ
-    ਵਿਟਾਮਿਨ ਏ
-    ਵਿਟਾਮਿਨ ਬੀ ਇੱਕ, ਦੋ, ਤਿੰਨ, ਪੰਜ, ਛੇ
-    ਫੋਲੇਟ
-    ਕੋਲੀਨ
-    ਵਿਟਾਮਿਨ ਸੀ (120 ਮਿਲੀਗ੍ਰਾਮ)
-    ਵਿਟਾਮਿਨ ਕੇ (390 ਮਾਈਕਰੋਗ੍ਰਾਮ)
-    ਵਿਟਾਮਿਨ ਈ
-    150 ਮਿਲੀਗ੍ਰਾਮ ਕੈਲਸ਼ੀਅਮ
-    ਲੋਹ ਕਣ
-    ਮੈਗਨੀਸ਼ੀਅਮ
-    ਮੈਂਗਨੀਜ਼
-    ਫੌਸਫੋਰਸ, ਪੋਟਾਸ਼ੀਅਮ, ਸੀਲੀਨੀਅਮ
-    ਸੋਡੀਅਮ, ਜ਼ਿੰਕ
-    84 ਗ੍ਰਾਮ ਪਾਣੀ
      ਜੇ ਕੇਲ ਪੱਤਿਆਂ ਨੂੰ ਜ਼ਿਆਦਾ ਉਬਾਲ ਲਿਆ ਜਾਵੇ ਜਾਂ ਰਿੰਨ੍ਹ ਲਿਆ ਜਾਵੇ ਤਾਂ ਏਨੇ ਸਾਰੇ ਤੱਤਾਂ ਵਿੱਚੋਂ ਕਾਫ਼ੀ ਬਾਹਰ ਨਿਕਲ ਜਾਂਦੇ ਹਨ। ਭਾਫ਼ ਜਾਂ ਮਾਈਕਰੋਵੇਵ ਵਿਚ ਬਣਾਉਣ ਨਾਲ ਕਾਫ਼ੀ ਤੱਤ ਬਚ ਜਾਂਦੇ ਹਨ।
    ਇਨ੍ਹਾਂ ਤੋਂ ਇਲਾਵਾ ਕੈਰੋਟੀਨਾਇਡ, ਲਿਊਟੀਨ ਤੇ ਜ਼ੀਜ਼ੈਂਥੀਨ ਵੀ ਭਰੇ ਪਏ ਹਨ। ਕੇਲ ਪੱਤਿਆਂ ਵਿਚਲਾ ਗਲੂਕੋਰਾਫੈਨਿਨ ਹੀ ਮਨੁੱਖੀ ਖੋਜ ਦਾ ਆਧਾਰ ਬਣ ਕੇ ਇਸ ਨੂੰ ਗੁਣਾਂ ਦੀ ਖਾਣ ਬਣਾ ਰਿਹਾ ਹੈ। ਪੌਲੀਫੀਨੋਲ ਵੀ ਕੇਲ ਵਿਚ ਕਾਫੀ ਮਾਤਰਾ ਵਿਚ ਹਨ।
    ਕੇਲ ਵਿਚਲਾ ਓਗਜ਼ੈਲਿਕ ਏਸਿਡ ਨੁਕਸਾਨ ਕਰ ਸਕਦਾ ਹੈ ਪਰ ਮਾਈਕਰੋਵੇਵ ਵਿਚ ਬਣਾਉਣ ਨਾਲ ਉਸ ਦੀ ਮਾਤਰਾ ਘੱਟ ਹੋ ਜਾਂਦੀ ਹੈ।
    ਸਕਾਟਲੈਂਡ ਦੀ ਇਕ ਮਜ਼ੇਦਾਰ ਕਹਾਣੀ ਕੇਲ ਪੱਤਿਆਂ ਬਾਰੇ ਮਸ਼ਹੂਰ ਹੈ। ਕਿਲਮੌਰ ਵਿਚ ਖ਼ੂਬਸੂਰਤ ਕੇਲ ਪੱਤਿਆਂ ਦੀ ਭਰਮਾਰ ਸੀ। ਨਾਲ ਦੇ ਪਿੰਡ ਵਾਲਿਆਂ ਨੇ ਇਸ ਦੀ ਖ਼ੂਬਸੂਰਤੀ ਉੱਤੇ ਮੋਹਿਤ ਹੋ ਬਹੁਤ ਸਾਰੇ ਪੈਸੇ ਦੇ ਕੇ ਪੱਤੇ ਖ਼ਰੀਦਣੇ ਚਾਹੇ।
    ਕਿਲਮੌਰ ਵਾਲਿਆਂ ਨੇ ਚੁਸਤੀ ਵਰਤਦਿਆਂ ਪੈਸੇ ਲੈ ਲਏ ਪਰ ਕੋਲਿਆਂ ਦੀ ਹਲਕੀ ਅੱਗ ਉੱਤੇ ਰਤਾ ਰਤਾ ਭੁੰਨ ਕੇ ਪੱਤੇ ਵੇਚ ਦਿੱਤੇ ਤਾਂ ਜੋ ਇੱਕ ਵਾਰ ਭਾਵੇਂ ਉਹ ਵਰਤ ਲੈਣ ਪਰ ਇਹ ਪੱਤੇ ਕਦੇ ਦੂਜੀ ਥਾਂ ਪੁੰਗਰਨ ਨਾ ਅਤੇ ਪਿੰਡ ਵਾਲੇ ਹਮੇਸ਼ਾ ਵਾਸਤੇ ਪੱਤੇ ਖ਼ਰੀਦਣ ਉਨ੍ਹਾਂ ਕੋਲ ਹੀ ਆਉਂਦੇ ਰਹਿਣ!

ਫ਼ਾਇਦੇ :-
1.   ਸ਼ੱਕਰ ਰੋਗੀ :-
    ਅਮਰੀਕਨ ਡਾਇਆਬੀਟੀਜ਼ ਐਸੋਸੀਏਸ਼ਨ ਨੇ ਤਾਂ ਐਲਾਨ ਹੀ ਕਰ ਦਿੱਤਾ ਹੈ ਕਿ ਜੇ ਸ਼ੱਕਰ ਰੋਗ ਹੋਣ ਤੋਂ ਬਚਣਾ ਹੈ ਤਾਂ ਕੇਲ ਪੱਤਾ ਰੋਜ਼ਾਨਾ ਖਾ ਲੈਣਾ ਚਾਹੀਦਾ ਹੈ। ਇਸ ਵਿਚਲੇ ਵਿਟਾਮਿਨ, ਮਿਨਰਲ ਕਣ, ਫਾਈਬਰ ਅਤੇ ਐਂਟੀਆਕਸੀਡੈਂਟ ਸ਼ੱਕਰ ਰੋਗੀਆਂ ਲਈ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ।
    ਸੰਨ 2018 ਵਿਚ ਹੋਈ ਖੋਜ ਅਨੁਸਾਰ ਜਿਹੜੇ ਬੰਦੇ ਜ਼ਿਆਦਾ ਫਾਈਬਰ ਵਾਲੀ ਖ਼ੁਰਾਕ ਖਾਂਦੇ ਹੋਣ, ਉਨ੍ਹਾਂ ਦੇ ਲਹੂ ਵਿਚਲੀ ਸ਼ੱਕਰ ਦੀ ਮਾਤਰਾ ਕਾਬੂ ਵਿਚ ਰਹਿੰਦੀ ਹੈ।
    ਸਰੀਰ ਅੰਦਰ ਵਧੀ ਸ਼ੱਕਰ ਦੀ ਮਾਤਰਾ ਨਾਲ ਫਰੀ ਰੈਡੀਕਲ ਅੰਸ਼ ਨਿਕਲ ਪੈਂਦੇ ਹਨ ਜੋ ਸਾਰੇ ਅੰਗਾਂ ਦਾ ਨੁਕਸਾਨ ਕਰ ਸਕਦੇ ਹਨ। ਇਨ੍ਹਾਂ ਤੋਂ ਹੋ ਰਹੇ ਨੁਕਸਾਨ ਨੂੰ ਰੋਕਣ ਲਈ ਕੁਦਰਤੀ ਵਿਟਾਮਿਨ ਸੀ ਅਤੇ ਐਲਫਾ ਲਿਨੋਲਿਨਿਕ ਏਸਿਡ ਵਧੀਆ ਸਾਬਤ ਹੋ ਚੁੱਕੇ ਹਨ ਜੋ ਕੇਲ ਵਿਚ ਭਰੇ ਪਏ ਹਨ।

2.    ਦਿਲ ਦੇ ਰੋਗ :- ਦਿਲ ਨੂੰ ਸਿਹਤਮੰਦ ਰੱਖਣ ਲਈ ਜੋ ਅੰਸ਼ ਚਾਹੀਦੇ ਹਨ, ਉਹ ਸਾਰੇ ਕੇਲ ਪੱਤੇ ਵਿਚ ਹਨ।
    ਅਮਰੀਕਨ ਹਾਰਟ ਐਸੋਸੀਏਸ਼ਨ ਅਨੁਸਾਰ ਦਿਲ ਵਾਸਤੇ ਪੋਟਾਸ਼ੀਅਮ ਵੱਧ ਤੇ ਲੂਣ ਘੱਟ ਠੀਕ ਰਹਿੰਦਾ ਹੈ ਕਿਉਂਕਿ ਬਲੱਡ ਪ੍ਰੈੱਸ਼ਰ ਕਾਬੂ ਵਿਚ ਰਹਿੰਦਾ ਹੈ। ਇਕ ਕੱਪ ਭੁੰਨੇ ਕੇਲ ਵਿਚ ਰੋਜ਼ ਦੇ ਲੋੜੀਂਦੇ ਪੋਟਾਸ਼ੀਅਮ ਦਾ 3.6 ਫੀਸਦੀ ਹਿੱਸਾ ਪਹੁੰਚ ਜਾਂਦਾ ਹੈ।
    ਸੰਨ 2016 ਦੀ ਕੋਕਰੇਨ ਖੋਜ ਵਿਚ ਵੀ ਵੱਧ ਫਾਈਬਰ ਨਾਲ ਕੋਲੈਸਟਰੋਲ ਦਾ ਘਟਣਾ ਜੋੜਿਆ ਗਿਆ ਹੈ। ਇੰਜ ਬਲੱਡ ਪ੍ਰੈੱਸ਼ਰ ਵੀ ਕਾਬੂ ਵਿਚ ਰਹਿੰਦਾ ਹੈ। ਇਸੇ ਲਈ ਕੇਲ ਸਹਾਈ ਸਾਬਤ ਹੋ ਰਿਹਾ ਹੈ।

3.    ਕੈਂਸਰ :-
     ਜਦੋਂ ਮੀਟ-ਚਿਕਨ ਤੇਜ਼ ਅੱਗ ਉੱਤੇ ਗਰਿੱਲ ਕਰ ਕੇ ਪਕਾਇਆ ਜਾਵੇ ਤਾਂ ਉਸ ਵਿੱਚੋਂ 'ਹੈਟਰੋਸਾਈਕਲਿਕ ਅਮੀਨ' ਅੰਸ਼ ਨਿਕਲ ਪੈਂਦੇ ਹਨ ਜੋ ਲਗਾਤਾਰ ਖਾਂਦੇ ਰਹਿਣ ਨਾਲ ਕੈਂਸਰ ਦਾ ਕਾਰਨ ਬਣਦੇ ਹਨ। ਕੇਲ ਵਿਚਲਾ ਕਲੋਰੋਫਿਲ ਸਰੀਰ ਹਜ਼ਮ ਨਹੀਂ ਕਰ ਸਕਦਾ ਪਰ ਉਹ ਇਨ੍ਹਾਂ ਮਾੜੇ ਅੰਸ਼ਾਂ ਨੂੰ ਆਪਣੇ ਨਾਲ ਮਿਲਾ ਕੇ ਸਰੀਰ ਅੰਦਰ ਨੁਕਸਾਨ ਕਰਨ ਤੋਂ ਪਹਿਲਾਂ ਹੀ ਬਾਹਰ ਕੱਢ ਦਿੰਦਾ ਹੈ।
    ਵਿਟਾਮਿਨ ਸੀ, ਬੀਟਾ ਕੈਰੋਟੀਨ, ਸੀਲੀਨੀਅਮ ਤੇ ਹੋਰ ਕੇਲ ਵਿਚਲੇ ਐਂਟੀਆਕਸੀਡੈਂਟ ਕੈਂਸਰ ਵਾਲੇ ਸੈੱਲਾਂ ਨੂੰ ਵਧਣ ਤੋਂ ਰੋਕਦੇ ਹਨ। ਕੇਲ ਵਿਚਲਾ ਫਾਈਬਰ ਵੀ ਅੰਤੜੀਆਂ ਦੇ ਕੈਂਸਰ (ਕੋਲੋਰੈਕਟਲ) ਤੋਂ ਬਚਾਓ ਕਰਦਾ ਹੈ (ਸੰਨ 2015 ਵਿਚ ਛਪੀ ਖੋਜ)।

4.    ਹੱਡੀਆਂ ਲਈ :-
ਕੇਲ ਵਿਚਲੇ ਕੈਲਸ਼ੀਅਮ ਤੇ ਫਾਸਫੋਰਸ ਹੱਡੀਆਂ ਤਗੜੀਆਂ ਕਰਨ ਵਿਚ ਮਦਦ ਕਰਦੇ ਹਨ। ਵਿਟਾਮਿਨ ਕੇ ਹੱਡੀਆਂ ਟੁੱਟਣ ਤੋਂ ਬਚਾਓ ਕਰਦਾ ਹੈ ਤੇ ਲਹੂ ਵਗਣ ਤੋਂ ਵੀ ਰੋਕਦਾ ਹੈ।
ਹੁਣ ਧਿਆਨ ਕਰੋ ਕਿ ਭੁੰਨੇ ਕੇਲ ਦੇ ਪੱਤਿਆਂ ਦਾ ਇੱਕ ਕੱਪ ਰੋਜ਼ ਦੇ ਲੋੜੀਂਦੇ ਵਿਟਾਮਿਨ ਕੇ ਤੋਂ ਪੰਜ ਗੁਣਾ ਵੱਧ ਹਿੱਸਾ ਸਰੀਰ ਅੰਦਰ ਪਹੁੰਚਾ ਦਿੰਦਾ ਹੈ, ਕੈਲਸ਼ੀਅਮ ਦਾ 18 ਫੀਸਦੀ ਤੇ ਫਾਸਫੋਰਸ ਦਾ ਸੱਤ ਫੀਸਦੀ ਹਿੱਸਾ!

5.    ਹਾਜ਼ਮਾ :-
    ਕੇਲ ਵਿਚਲਾ ਫਾਈਬਰ ਤੇ ਪਾਣੀ ਦਾ ਮਿਸ਼ਰਣ ਜਿੱਥੇ ਕਬਜ਼ ਹੋਣ ਤੋਂ ਰੋਕਦਾ ਹੈ, ਉੱਥੇ ਹਾਜ਼ਮਾ ਵੀ ਸਹੀ ਕਰ ਦਿੰਦਾ ਹੈ।

6.    ਚਮੜੀ ਤੇ ਵਾਲ :-
    ਬੀਟਾ ਕੈਰੋਟੀਨ ਸਰੀਰ ਅੰਦਰ ਵਿਟਾਮਿਨ ਏ ਵਿਚ ਤਬਦੀਲ ਹੋ ਕੇ ਵਾਲ ਤੇ ਚਮੜੀ ਨੂੰ ਸਿਹਤਮੰਦ ਰੱਖਦੇ ਹਨ। ਕੇਲ ਵਿਚਲਾ ਵਿਟਾਮਿਨ ਸੀ ਚਮੜੀ ਵਿਚਲੇ ਕੋਲਾਜਨ ਨੂੰ ਮਜ਼ਬੂਤ ਕਰ ਕੇ ਚਮੜੀ ਦੀ ਲਚਕ ਬਰਕਰਾਰ ਰੱਖਦਾ ਹੈ।
    ਇੱਕ ਕੌਲੀ ਭੁੰਨਿਆ ਕੇਲ ਰੋਜ਼ਾਨਾ ਦੀ ਲੋੜੀਂਦੀ ਵਿਟਾਮਿਨ ਏ ਦਾ 20 ਫੀਸਦੀ ਹਿੱਸਾ ਤੇ ਵਿਟਾਮਿਨ ਸੀ ਦਾ 23 ਫੀਸਦੀ ਹਿੱਸਾ ਪੂਰਾ ਕਰ ਦਿੰਦਾ ਹੈ।

7.    ਅੱਖਾਂ ਲਈ :-
    ਕੇਲ ਵਿਚਲੇ ਲਿਊਟੀਨ ਅਤੇ ਜ਼ੀਜ਼ੈਂਥੀਨ ਤਗੜੇ ਐਂਟੀਆਕਸੀਡੈਂਟ ਹਨ ਜੋ ਵਧਦੀ ਉਮਰ ਨਾਲ ਅੱਖ ਅੰਦਰਲੀ ਪਰਤ ਦਾ ਸੁੰਗੜਨਾ ਰੋਕ ਦਿੰਦੇ ਹਨ ਤੇ ਅੰਨ੍ਹੇ ਹੋਣ ਤੋਂ ਬਚਾ ਦਿੰਦੇ ਹਨ। ਵਿਟਾਮਿਨ ਸੀ, ਈ, ਬੀਟਾ ਕੈਰੋਟੀਨ ਤੇ ਜ਼ਿੰਕ ਵੀ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਵਧੀਆ ਰੋਲ ਅਦਾ ਕਰਦੇ ਹਨ। ਇਹ ਸਾਰੇ ਹੀ ਸਹੀ ਮਾਤਰਾ ਵਿਚ ਕੇਲ ਵਿਚ ਹਨ।

ਕਿਵੇਂ ਖਾਈਏ :-
-    ਕੱਚੇ ਸਲਾਦ ਵਿਚ ਪੱਤੇ
-    ਹਲਕਾ ਉਬਾਲ ਕੇ
-    ਭੁੰਨ ਕੇ
-    ਸੂਪ ਵਿਚ
-    ਬਰੈੱਡ ਵਿਚ ਲਾ ਕੇ/ਬਰਗਰ ਆਦਿ।
-    ਥੋਮ, ਪਿਆਜ਼ ਤੇ ਕੇਲ ਦੇ ਪੱਤੇ ਤੇਜ਼ ਅੱਗ ਉੱਤੇ ਹਲਕਾ ਭੁੰਨ ਕੇ ਓਲਿਵ ਤੇਲ ਪਾ ਕੇ ਖਾਧੇ ਜਾ ਸਕਦੇ ਹਨ ਜਾਂ ਹਲਕਾ ਉਬਾਲ ਕੇ, ਪਾਣੀ ਰੋੜ੍ਹ ਕੇ, ਬਾਕੀ ਪੱਤਿਆਂ ਵਿਚ ਸੋਇਆ ਚਟਨੀ ਪਾ ਕੇ ਖਾਧੇ ਜਾ ਸਕਦੇ ਹਨ।
-    ਕੇਲ ਪੱਤਿਆਂ ਦੇ ਚਿੱਪਸ ਵੀ ਬਣਾਏ ਜਾ ਸਕਦੇ ਹਨ। ਮਸਾਲੇ ਪਾ ਕੇ ਓਵਨ ਵਿਚ 20 ਮਿੰਟ ਪਕਾਏ ਜਾ ਸਕਦੇ ਹਨ। ਜ਼ਿਆਦਾਤਰ ਡਾਇਨਾਸੌਰ ਕੇਲ ਦੇ ਹੀ ਚਿੱਪਸ ਬਣਾਏ ਜਾਂਦੇ ਹਨ ਕਿਉਂਕਿ ਇਸਦੇ ਪੱਤੇ ਵੱਡੇ ਹੁੰਦੇ ਹਨ।
-    ਕਿਸੇ ਵੀ ਤਰ੍ਹਾਂ ਦੇ ਫਲਾਂ ਦੇ ਰਸ ਵਿਚ ਪਾਏ ਜਾ ਸਕਦੇ ਹਨ ਜਾਂ ਸਮੂਦੀ ਬਣਾਈ ਜਾ ਸਕਦੀ ਹੈ।
-    ਤਾਜ਼ੇ ਛੋਟੇ ਪੱਤੇ ਕੌੜੇ ਨਹੀਂ ਹੁੰਦੇ ਤੇ ਉਨ੍ਹਾਂ ਵਿਚ ਫਾਈਬਰ ਵੀ ਵੱਧ ਹੁੰਦਾ ਹੈ।
-    ਲਾਲ ਰੂਸੀ ਕੇਲ ਕਾਫ਼ੀ ਮਿੱਠੀ ਹੁੰਦੀ ਹੈ ਤੇ ਕੱਚੀ ਹੀ ਜ਼ਿਆਦਾਤਰ ਸਲਾਦ ਵਿਚ ਖਾਧੀ ਜਾਂਦੀ ਹੈ।

ਖ਼ਤਰੇ :-
1.    ਕੇਲ ਵਿਚ ਅੱਜਕਲ ਏਨਾ ਕੀਟਨਾਸ਼ਕ ਸਪਰੇਅ ਕੀਤਾ ਜਾਂਦਾ ਹੈ ਕਿ ਬਿਨਾਂ ਚੰਗੀ ਤਰ੍ਹਾਂ ਧੋਤਿਆਂ ਖਾਣ ਨਾਲ ਇਨ੍ਹਾਂ ਵਿਚਲਾ ਜ਼ਹਿਰ ਸਰੀਰ ਅੰਦਰ ਪਹੁੰਚ ਕੇ ਕਹਿਰ ਢਾਅ ਸਕਦਾ ਹੈ।
2.    ਜਿਹੜੇ ਮਰੀਜ਼ ਬੀਟਾ ਬਲੌਕਰ ਦਵਾਈ ਖਾ ਰਹੇ ਹੋਣ, ਉਨ੍ਹਾਂ ਨੂੰ ਕੇਲ ਪੱਤੇ ਘੱਟ ਖਾਣੇ ਚਾਹੀਦੇ ਹਨ ਕਿਉਂਕਿ ਇਨ੍ਹਾਂ ਵਿਚ ਪੋਟਾਸ਼ੀਅਮ ਕਾਫੀ ਵੱਧ ਹੁੰਦਾ ਹੈ।
3.    ਗੁਰਦੇ ਦੀ ਬੀਮਾਰੀ ਵਾਲੇ ਮਰੀਜ਼ਾਂ ਲਈ ਵੀ ਵੱਧ ਪੋਟਾਸ਼ੀਅਮ ਹਾਣੀਕਾਰਕ ਹੋ ਸਕਦੀ ਹੈ।
4.    ਵਾਰਫੈਰਿਨ ਦਵਾਈ ਲੈ ਰਹੇ ਮਰੀਜ਼ਾਂ ਨੂੰ ਵੀ ਕੇਲ ਪੱਤੇ ਜ਼ਿਆਦਾ ਨਹੀਂ ਖਾਣੇ ਚਾਹੀਦੇ ਕਿਉਂਕਿ ਕੇਲ ਲਹੂ ਜਮਾਉਣ ਵਿਚ ਮਦਦ ਕਰਦੀ ਹੈ ਜਦਕਿ ਵਾਰਫੈਰਿਨ ਲਹੂ ਜੰਮਣ ਤੋਂ ਰੋਕਦੀ ਹੈ।

ਸਾਰ :- ਕੁਦਰਤ ਵਿਚ ਏਨੀਆਂ ਬੇਸ਼ਕਮੀਤੀ ਚੀਜ਼ਾਂ ਲੁਕੀਆਂ ਪਈਆਂ ਹਨ ਜਿਨ੍ਹਾਂ ਬਾਰੇ ਹਾਲੇ ਖੋਜਾਂ ਹੋਈਆਂ ਹੀ ਨਹੀਂ ਜਾਂ ਹਾਲੇ ਖੋਜਾਂ ਜਾਰੀ ਹਨ। ਇਹ ਪੱਕਾ ਹੈ ਕਿ ਸਿਹਤਮੰਦ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਣ ਲਈ ਕੁਦਰਤ ਦੇ ਨੇੜੇ ਹੋਣਾ ਜ਼ਰੂਰੀ ਹੈ ਤੇ ਕੁਦਰਤ ਨੂੰ ਸੰਭਾਲਣ ਦੀ ਲੋੜ ਹੈ। ਹਵਾ, ਪਾਣੀ, ਧਰਤੀ, ਹਰ ਚੀਜ਼ ਨੂੰ ਸੰਭਾਲ ਕੇ ਪਲੀਤ ਹੋਣ ਤੋਂ ਬਚਾ ਲਈਏ ਤਾਂ ਕੇਲ ਵਰਗੀਆਂ ਅਨੇਕ ਹੋਰ ਕੁਦਰਤੀ ਸੁਗ਼ਾਤਾਂ ਸਾਨੂੰ ਲੰਮੀ ਉਮਰ ਦੇਣ ਲਈ ਤਿਆਰ ਬੈਠੀਆਂ ਹਨ।

ਡਾ. ਹਰਸ਼ਿੰਦਰ ਕੌਰ, ਐਮ. ਡੀ.,ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

ਇਕ ਹੋਰ ਅੰਤਰਰਾਸ਼ਟਰੀ ਔਰਤਾਂ ਦਾ ਦਿਨ ਵੀ ਲੰਘ ਗਿਆ! - ਡਾ. ਹਰਸ਼ਿੰਦਰ ਕੌਰ, ਐਮ. ਡੀ.,


     ਔਰਤ ਜੋ ਹਰ ਜੰਮ ਚੁੱਕੇ ਤੇ ਜੰਮਣ ਵਾਲੇ ਦੀ ਮਾਂ ਹੈ। ਜੋ ਇੱਕ ਨਿਆਸਰੇ ਮਾਸ ਦੇ ਲੋਥੜੇ ਨੂੰ ਨੌਂ ਮਹੀਨੇ ਆਪਣੇ ਲਹੂ ਨਾਲ ਸਿੰਜ ਕੇ ਆਪਣਾ ਅੰਮ੍ਰਿਤ-ਰੂਪੀ ਦੁੱਧ ਪਿਆ ਕੇ ਜਵਾਨ ਕਰਦੀ ਹੈ। ਉਸ ਦੀਆਂ ਲੋਰੀਆਂ ਵਿੱਚੋਂ ਨਵਜੰਮੇਂ ਦੇ ਸੁਫ਼ਨੇ ਸਿਰਜੇ ਜਾਂਦੇ ਹਨ। ਹਰ ਮੁਸ਼ਕਲ ਤੋਂ ਢਾਲ ਬਣ ਬਚਾਉਂਦੀ ਉਹੀ ਔਰਤ ਪੁੱਤਰ ਨੂੰ ਜਵਾਨ ਕਰ ਕੇ ਅਸੀਸਾਂ ਨਾਲ ਉਸ ਲਈ ਠੰਘੀ ਸੰਘਣੀ ਛਾਂ ਬਣ ਜਾਂਦੀ ਹੈ।
    ਫਿਰ ਪੁੱਤਰ ਆਪਣਾ ਕਰਜ਼ ਲਾਹੁਣ ਬਾਰੇ ਸੋਚਦਾ ਹੈ ਤੇ ਸਾਲ ਦੇ 365 ਦਿਨਾਂ ਵਿੱਚੋਂ ਇੱਕ ਦਿਨ ਉਸੇ ਮਾਂ ਦੀ ਜ਼ਾਤ ਨੂੰ ਸਮਰਪਿਤ ਕਰ ਦਿੰਦਾ ਹੈ। ਉਸੇ ਔਰਤ ਨੂੰ ਫੱਫੇਕੁੱਟਣੀ, ਗੁੱਤ ਪਿੱਛੇ ਮੱਤ, ਅਰਧਾਂਗਨੀ, ਨਾਗਣ, ਡਾਇਣ, ਟੂਣੇਹਾਰੀ, ਖੇਖਣਹਾਰੀ, ਛੁੱਟੜ, ਅਧੂਰੀ, ਵਿਧਵਾ, ਮੋਲਕੀ ਆਦਿ ਨਾਵਾਂ ਨਾਲ ਨਿਵਾਜਦਾ ਹੈ।
    ਉਸ ਤੋਂ ਬਾਅਦ ਅਖ਼ਬਾਰਾਂ ਉਸ ਇੱਕ ਸਮਰਪਿਤ ਕੀਤੇ ਦਿਨ ਦਾ ਲੇਖਾ ਜੋਖਾ ਕਰਦੀਆਂ ਹਨ। ਇਸ ਇੱਕ ਦਿਨ ਵਿਚ ਏਨੇ ਹਜ਼ਾਰ ਉਧਾਲੇ ਹੋਏ। ਇਸ ਇੱਕ ਦਿਨ ਵਿਚ ਏਨੀਆਂ ਬਾਲੜੀਆਂ ਨੂੰ ਸਮੂਹਕ ਜਬਰ ਜ਼ਨਾਹ ਕਰਕੇ ਸਾੜ੍ਹ ਦਿੱਤਾ ਗਿਆ। ਇਸ ਦਿਨ ਏਨੀਆਂ ਨੂੰਹਾਂ ਦਾਜ ਖ਼ਾਤਰ ਬਲੀ ਚੜ੍ਹ ਗਈਆਂ। ਇਸੇ ਇੱਕੋ ਦਿਨ ਸੈਂਕੜੇ ਜਵਾਨ ਧੀਆਂ ਤੇਜ਼ਾਬ ਨਾਲ ਪਿਘਲਾ ਦਿੱਤੀਆਂ ਗਈਆਂ। ਅਣਗਿਣਤ ਵਤਨੋਂ ਪਾਰ ਜਾਣ ਦਾ ਜ਼ਰੀਆ ਬਣ ਕੇ ਰਹਿ ਗਈਆਂ। ਹਜ਼ਾਰਾਂ ਜਿਸਮ ਫਰੋਸ਼ੀ ਦੇ ਧੰਧੇ ਵਿਚ ਧੱਕੀਆਂ ਗਈਆਂ। ਖ਼ੌਰੇ ਕਿੰਨੀਆਂ ਮਨੁੱਖੀ ਤਸਕਰੀ ਅਧੀਨ ਸਰਹੱਦੋਂ ਪਾਰ ਗ਼ਾਇਬ ਹੋ ਗਈਆਂ! ਅਣਗਿਣਤ ਘਰੇਲੂ ਹਿੰਸਾ ਦੀ ਭੇਂਟ ਚੜੀਆਂ ਤੇ ਲੱਖਾਂ ਭੱਦੀ ਛੇੜ ਛਾੜ ਦਾ ਸ਼ਿਕਾਰ ਹੋਈਆਂ!
    ਇਸ ਲੇਖੇ ਜੋਖੇ ਵਿਚ ਸ਼ਾਮਲ ਕੁੱਝ ਬੇਟੀਆਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ।
1.    ਜਗਰਾਉਂ ਵਿਚ ਇੱਕ ਮਾਂ-ਪਿਓ ਦੀ ਆਪਸੀ ਤਕਰਾਰ ਬਾਅਦ ਪਿਓ ਧੱਕੇ ਨਾਲ ਆਪਣੀ ਨਾਬਾਲਗ 15 ਸਾਲਾ ਧੀ ਨੂੰ ਨਾਲ ਲੈ ਗਿਆ। ਉਸ ਪਿਓ ਨੇ ਦੁਬਾਰਾ ਵਿਆਹ ਕਰਵਾ ਲਿਆ ਤੇ ਫਿਰ ਨਾਬਾਲਗ ਧੀ ਨਾਲ ਮੂੰਹ ਕਾਲਾ ਕੀਤਾ। ਉਸ ਤੋਂ ਬਾਅਦ ਮਤਰੇਆ ਵੱਡਾ ਭਰਾ ਵੀ ਭੈਣ ਦਾ ਜਿਸਮਾਨੀ ਸ਼ੋਸ਼ਣ ਕਰਨ ਲੱਗ ਪਿਆ। ਨੌਂ ਮਹੀਨੇ ਭਰਾ ਤੇ ਪਿਓ ਆਪਣੀ ਹਵਸ ਮਿਟਾਉਂਦੇ ਰਹੇ ਤੇ ਫਿਰ ਭਰਾ ਤੇ ਭਾਬੀ ਨੇ ਜਬਰੀ ਹੋਰ ਕਈ ਅਣਪਛਾਤੇ ਲੋਕਾਂ ਕੋਲੋਂ ਵੀ ਉਸ ਦਾ ਸ਼ੋਸ਼ਣ ਕਰਵਾਇਆ ਅਤੇ ਧੰਧਾ ਕਰਨ ਲਈ ਮਜਬੂਰ ਕੀਤਾ। ਅਖ਼ੀਰ ਸਕੀ ਮਾਂ ਨੂੰ ਜਦੋਂ ਧੀ ਨੇ ਆਪਣਾ ਦੁਖੜਾ ਸੁਣਾਇਆ ਤਾਂ ਮਾਂ ਨੇ ਥਾਣਾ ਸਿਟੀ ਰਿਪੋਰਟ ਦਰਜ ਕਰਵਾਈ। ਉਸ ਆਧਾਰ ਉੱਤੇ ਪਤੀ ਗੁਰਪ੍ਰੀਤ ਸਿੰਘ, ਉਸ ਦੀ ਦੂਜੀ ਪਤਨੀ ਪਿੰਕੀ, ਮਤਰੇਆ ਪੁੱਤਰ ਆਕਾਸ਼ ਤੇ ਉਸ ਦੀ ਪਤਨੀ ਪੂਜਾ ਨੂੰ ਥਾਣਾ ਸਿਟੀ ਦੇ ਮੁਖੀ ਗਗਨਦੀਪ ਸਿੰਘ ਨੇ ਗ੍ਰਿਫਤਾਰ ਕਰ ਲਿਆ।
2.    ਪਿੰਡ ਖਾਲੜਾ, ਤਰਨਤਾਰਨ ਦਾ ਸ਼ਾਦੀਸ਼ੁਦਾ ਗੁਰਪ੍ਰੀਤ ਸਿੰਘ ਗੋਪਾ ਆਪਣੀ ਪਤਨੀ ਨਾਲ ਭੂਆ ਦੇ ਸਹੁਰੇ ਘਰ ਭੈਣੀ ਗੁਰਮੁਖ ਸਿੰਘ ਪਿੰਡ ਗਿਆ। ਉੱਥੇ ਛੇਵੀਂ ਵਿਚ ਪੜ੍ਹਦੀ ਬੱਚੀ ਵੀ ਸੀ। ਜਿਉਂ ਹੀ ਗੁਰਪ੍ਰੀਤ ਸਿੰਘ ਦੀ ਪਤਨੀ, ਭੂਆ ਤੇ ਪੀੜਤ ਲੜਕੀ ਦੀ ਮਾਂ ਨਾਲ ਦੇ ਘਰ ਗਈਆਂ ਤਾਂ ਗੁਰਪ੍ਰੀਤ ਸਿੰਘ ਨੇ ਛੇਵੀਂ ਵਿਚ ਪੜ੍ਹਦੀ ਬੱਚੀ ਨੂੰ ਢਾਅ ਲਿਆ ਤੇ ਬਲਾਤਕਾਰ ਕਰ ਰਹੇ ਨੂੰ ਹੀ ਪਿੱਛੋਂ ਉਸ ਲੜਕੀ ਦੀ ਮਾਂ ਤੇ ਗੁਰਪ੍ਰੀਤ ਦੀ ਪਤਨੀ ਨੇ ਫੜ ਲਿਆ। ਹੁਣ ਗੁਰਪ੍ਰੀਤ ਸਿੰਘ ਹਾਲੇ ਤੱਕ ਫਰਾਰ ਹੈ।
3.    ਬਰਨਾਲਾ ਵਿਚ ਇੱਕ 22 ਸਾਲਾ ਕੁੜੀ ਨੂੰ ਬੰਦੀ ਬਣਾ ਲਿਆ ਗਿਆ। ਰਿਵਾਲਵਰ ਦੀ ਨੋਕ ਉੱਤੇ ਇੱਕੋ ਸਮੇਂ ਇਕ ਅਕਾਲੀ ਨੇਤਾ ਧਰਮਿੰਦਰ ਘੜਿਆਵਾਲਾ, ਸਬ-ਇੰਸਪੈਕਟਰ ਗੁਲਾਬ ਸਿੰਘ, ਏ.ਐਸ.ਆਈ. ਦਰਸ਼ਨ ਸਿੰਘ, ਏ.ਐਸ.ਆਈ. ਕਰਮਜੀਤ ਸਿੰਘ ਤੇ ਸੱਤ ਹੋਰ ਸ਼ਹਿਰ ਦੀਆਂ ਪ੍ਰਮੁੱਖ ਹਸਤੀਆਂ ਬਲਾਤਕਾਰ ਕਰਦੀਆਂ ਰਹੀਆਂ। ਇਹ ਸਮੂਹਕ ਬਲਾਤਕਾਰ ਨੌਂ ਮਹੀਨੇ ਤੱਕ ਚੱਲਦਾ ਰਿਹਾ।
    ਇਸ ਦੌਰਾਨ ਆਪਣੇ ਆਪ ਨੂੰ ਬਚਾਉਣ ਲਈ ਇਨ੍ਹਾਂ ਸਾਰਿਆਂ ਨੇ ਇਕ ਨਾਬਾਲਗ ਮੁੰਡੇ ਨਾਲ ਹਥਿਆਰਾਂ ਦੇ ਜ਼ੋਰ ਨਾਲ ਉਸ ਕੁੜੀ ਦਾ ਕੋਰਟ ਵਿਚ ਵਿਆਹ ਵੀ ਕਰਵਾ ਦਿੱਤਾ। ਦੂਜੇ ਪਾਸੇ ਉਸ ਲੜਕੀ ਦੇ ਪਰਿਵਾਰ ਨੂੰ ਕਹਿ ਦਿੱਤਾ ਕਿ ਉਨ੍ਹਾਂ ਦੀ ਕੁੜੀ ਦਾ ਅਗਵਾਕਾਰ ਡੇਢ ਲੱਖ ਰੁਪੈ ਮੰਗ ਰਿਹਾ ਹੈ। ਉਹ ਪੈਸੇ ਵੀ ਕੁੜੀ ਦੇ ਪਰਿਵਾਰ ਕੋਲੋਂ ਠੱਗ ਕੇ ਐਸ਼ ਕਰਦੇ ਰਹੇ। ਅਖ਼ੀਰ 18 ਫਰਵਰੀ 2021 ਨੂੰ ਕਿਸੇ ਤਰ੍ਹਾਂ ਲੜਕੀ ਉੱਥੋਂ ਭੱਜ ਕੇ ਨਿਕਲੀ ਤਾਂ ਮਾਪਿਆਂ ਨੂੰ ਦੱਸਿਆ ਕਿ ਜਬਰੀ ਨਸ਼ੇ ਦੀਆਂ ਗੋਲੀਆ ਖੁਆ ਕੇ ਹਰ ਰੋਜ਼ ਉਸ ਦਾ ਸਮੂਹਕ ਬਲਾਤਕਾਰ ਕੀਤਾ ਜਾਂਦਾ ਰਿਹਾ ਹੈ।
    ਜੱਜ ਬੱਬਲਜੀਤ ਕੌਰ ਦੇ ਆਦੇਸ਼ ਤਹਿਤ ਅਖ਼ੀਰ ਕੇਸ ਦਰਜ ਕਰ ਕੇ ਮੁਲਜ਼ਮਾਂ ਨੂੰ ਫੜਨ ਦਾ ਹੁਕਮ ਜਾਰੀ ਕੀਤਾ ਗਿਆ।
4.    ਮੋਗੇ ਵਿਖੇ 14 ਸਾਲਾ ਕੁੜੀ ਨੂੰ ਵਿਆਹ ਦਾ ਲਾਰਾ ਲਾ ਕੇ ਭਜਾ ਕੇ ਮੁੰਡੇ ਨੇ ਪਹਿਲਾਂ ਆਪ ਕਈ ਦਿਨ ਜਬਰ ਜ਼ਨਾਹ ਕੀਤਾ ਤੇ ਫੇਰ ਆਪਣੇ ਸਕੇ ਭਰਾ ਕੋਲੋਂ ਕਰਵਾਉਂਦਾ ਰਿਹਾ।
5.    ਭੋਪਾਲ ਵਿਚ ਉਮਾਰੀਆ ਜ਼ਿਲ੍ਹੇ ਵਿਚ 13 ਸਾਲਾ ਬੇਟੀ ਨਾਲ 9 ਜਣਿਆਂ ਨੇ ਪੰਜ ਦਿਨਾਂ ਵਿਚ ਦੋ-ਦੋ ਵਾਰ ਬਲਾਤਕਾਰ ਕੀਤਾ। ਇਸ ਤੋਂ ਬਾਅਦ ਅਗਲੇ 6 ਦਿਨਾਂ ਵਿਚ ਚਾਰ ਹੋਰ ਨਾਬਾਲਗ ਬੇਟੀਆਂ ਨਾਲ ਸਮੂਹਕ ਬਲਾਤਕਾਰਾਂ ਦੀ ਖ਼ਬਰ ਵੀ ਛਪੀ। ਹਫ਼ਤੇ ਬਾਅਦ ਹੀ ਇੱਕ ਹੋਰ 13 ਸਾਲਾ ਲੜਕੀ ਨੂੰ ਉਸ ਦੇ ਗਵਾਂਢੀ ਮੁੰਡੇ ਨੇ 4 ਜਨਵਰੀ 2021 ਨੂੰ ਵਰਗਲਾ ਕੇ ਨਾਲ ਦੀ ਦੁਕਾਨ ਵੱਲ ਲਿਜਾ ਕੇ ਬਿਠਾਇਆ। ਉੱਥੇ ਕੈਦ ਰੱਖ ਕੇ ਦੋ ਦਿਨ ਉਹ ਤੇ ਉਸ ਦੇ 6 ਹੋਰ ਦੋਸਤਾਂ ਨੇ ਦਿਨ-ਰਾਤ ਉਸ ਦਾ ਬਲਾਤਕਾਰ ਕੀਤਾ।
6.    ਮਧੂਬਨੀ (ਬਿਹਾਰ) ਵਿਚ ਮਾਂ ਦੇ ਕੁੱਖੋਂ ਜੰਮੇ ਹੈਵਾਨਾਂ ਨੇ ਨਵੇਂ ਦਿਸਹੱਦੇ ਤਹਿ ਕਰ ਛੱਡੇ ਹਨ। ਦਿਨ ਵੇਲੇ 14 ਸਾਲਾਂ ਦੀ ਨਾਬਾਲਗ ਗੂੰਗੀ ਬੋਲੀ ਬੇਟੀ ਆਪਣੇ ਹੀ ਘਰ ਦੇ ਬਾਹਰਵਾਰ ਦੋ ਹੋਰ ਕੁੜੀਆਂ ਨਾਲ ਬਕਰੀਆਂ ਚਰਾ ਰਹੀ ਸੀ। ਪਿੰਡ ਦੇ ਹੀ ਛੇ ਆਦਮੀਆਂ ਨੇ ਉਸ ਨੂੰ ਅਗਵਾ ਕਰ ਕੇ ਪਿੰਡ ਦੇ ਬਾਹਰਵਾਰ ਲਿਜਾ ਰੱਜ ਕੇ ਸਮੂਹਕ ਬਲਾਤਕਾਰ ਕਰਨ ਬਾਅਦ ਉਸ ਦੀਆਂ ਦੋਨੋਂ ਅੱਖਾਂ ਕੱਢ ਦਿੱਤੀਆਂ ਤਾਂ ਜੋ ਉਹ ਗੂੰਗੀ ਬੋਲੀ ਧੀ ਕਿਸੇ ਨੂੰ ਵੇਖ ਕੇ ਪਛਾਣ ਵੀ ਨਾ ਸਕੇ। ਬਹੁਤਾ ਲਹੂ ਵਹਿ ਜਾਣ ਕਾਰਨ ਉਹ ਬੇਟੀ ਹਾਲੇ ਵੀ ਜ਼ਿੰਦਗੀ ਮੌਤ ਦੀ ਕੜੀ ਵਿਚਕਾਰ ਆਖ਼ਰੀ ਸਾਹਾਂ ਦੀ ਤਾਰ ਨਾਲ ਲਟਕੀ ਪਈ ਹੈ।
7.    ਲੁਧਿਆਣੇ ਦੇ ਹੈਬੋਵਾਲ ਇਲਾਕੇ ਵਿਚ ਆਪਣੀ ਹੀ ਪੰਜ ਵਰ੍ਹਿਆਂ ਦੀ ਧੀ ਨਾਲ ਰਾਤ ਇੱਕ ਵਜੇ ਬਲਾਤਕਾਰ ਕਰਨ ਵਾਲੇ ਨੂੰ ਜਦੋਂ ਉਸ ਦੀ ਪਤਨੀ ਨੇ ਫੜਿਆ ਤਾਂ ਮੁਲਜ਼ਮ ਪਿਤਾ ਫਰਾਰ ਹੋ ਗਿਆ। ਮਾਂ ਵੱਲੋਂ ਥਾਣੇ ਵਿਚ ਰਿਪੋਰਟ ਲਿਖਵਾਉਣ ਬਾਅਦ ਵੀ ਹਾਲੇ ਤਕ ਪਿਓ ਫਰਾਰ ਹੈ।
8.    ਬਰਨਾਲੇ ਵਿਖੇ ਢਾਈ ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਹੈਵਾਨ ਨੂੰ ਪੁਲਿਸ ਨੇ ਜਦੋਂ ਰਿਹਾਅ ਕਰ ਦਿੱਤਾ ਤਾਂ ਉਸ ਹਵਸ ਦੇ ਅੰਨ੍ਹੇ ਨੇ ਫਿਰ 4 ਸਾਲਾ ਮਾਸੂਮ ਬੱਚੀ ਦਾ ਬਲਾਤਕਾਰ ਕਰ ਕੇ ਉਸ ਨੂੰ ਨੋਚ ਸੁੱਟਿਆ। ਇੱਕ ਸਾਬਕਾ ਐਮ.ਐਲ.ਏ. ਨੇ ਦੋਸ਼ੀ ਨੂੰ ਫੜ ਕੇ ਸਖ਼ਤ ਸਜ਼ਾ ਦਵਾਉਣ ਦੀ ਹਮਾਇਤ ਕੀਤੀ ਹੈ।
9.    ਇੱਕ ਏ.ਐਸ.ਆਈ. ਦੀ ਪਤਨੀ ਨੂੰ ਬਠਿੰਡਾ ਵਿਚ ਡੀ.ਐਸ.ਪੀ. ਗੁਰਸ਼ਰਨ ਸਿੰਘ ਨੇ ਆਪਣੇ ਅਹੁਦੇ ਦਾ ਰੋਅਬ ਵਿਖਾਉਂਦਿਆਂ ਹਵਸ ਦਾ ਸ਼ਿਕਾਰ ਬਣਾਇਆ। ਗੋਨਿਆਣਾ ਰੋਡ 'ਤੇ ਹਨੂੰਮਾਨ ਚੌਂਕ ਵਿਚ ਹੋਟਲ ਆਸ਼ੀਆਨਾ ਵਿਖੇ ਅਖ਼ੀਰ ਡੀ.ਐਸ.ਪੀ. ਨੂੰ ਜਦੋਂ ਰੰਗੇ ਹੱਥੀਂ ਫੜਿਆ ਤਾਂ ਉਹ ਮੰਨਿਆ ਕਿ ਉਹ ਕਈ ਮਹੀਨਿਆਂ ਤੋਂ ਆਪਣੇ ਅਧੀਨ ਕੰਮ ਕਰਦੇ ਪੁਲਿਸ ਮੁਲਾਜ਼ਮਾਂ ਦੀਆਂ ਪਤਨੀਆਂ ਤੇ ਬੇਟੀਆਂ ਦਾ ਸ਼ੋਸ਼ਣ ਕਰਦਾ ਆ ਰਿਹਾ ਹੈ। ਉਹ ਚਿੱਟੇ ਦੇ ਝੂਠੇ ਕੇਸ ਪਾ ਕੇ, ਡਰਾ ਧਮਕਾ ਕੇ, ਅਜਿਹਾ ਕਾਰਾ ਕਰਦਾ ਰਿਹਾ ਸੀ।
10.    ਟਾਂਡਾ ਉੜਮੁੜ ਵਿਖੇ ਪਿੰਡ ਜਲਾਲਪੁਰ ਦੇ ਨੌਜਵਾਨ ਨੇ ਪਿੰਡ ਦੀ ਹੀ ਇੱਕ ਛੇ ਸਾਲਾ ਬੱਚੀ ਨੂੰ ਵਰਗਲਾ ਕੇ, ਆਪਣੀ ਹਵੇਲੀ ਵਿਚ ਲਿਜਾ ਕੇ ਹਵਸ ਦਾ ਸ਼ਿਕਾਰ ਬਣਾਇਆ ਤੇ ਫਿਰ ਸਬੂਤ ਮਿਟਾਉਣ ਲਈ ਹਵੇਲੀ ਦੇ ਹੀ ਪਿਛਲੇ ਪਾਸੇ ਬੱਚੀ ਨੂੰ ਜਿਊਂਦਿਆਂ ਸਾੜ ਦਿੱਤਾ!
    ਬੱਚੀ ਦੀ ਸੜੀ ਹੋਈ ਲਾਸ਼ ਤੋਂ ਮਿਲੇ ਕੁੱਝ ਸਬੂਤਾਂ ਤੋਂ ਪਤਾ ਲੱਗਿਆ ਕਿ ਹਵੇਲੀ ਦੇ ਮਾਲਕ ਸੁਰਜੀਤ ਸਿੰਘ ਤੇ ਉਸ ਦੇ ਪੋਤਰੇ ਨੇ ਵੀ ਉਸ ਨਾਲ ਮੂੰਹ ਕਾਲਾ ਕੀਤਾ ਸੀ।
11.    ਰਾਤ 12 ਵਜੇ ਇੱਕ ਔਰਤ ਨੂੰ ਲੁਧਿਆਣੇ, ਮੁੰਡੀਆਂ ਕਲਾਂ ਥਾਣੇ ਲਿਜਾਇਆ ਗਿਆ ਤੇ ਸਵੇਰੇ ਚਾਰ ਵਜੇ ਤੱਕ ਪੁਲਿਸ ਕਰਮੀ ਨੇ ਆਪਣੇ ਸਾਥੀਆਂ ਸਾਹਮਣੇ ਜਬਰੀ ਸ਼ਰਾਬ ਪਿਆਉਣ ਬਾਅਦ ਪਹਿਲਾਂ ਆਪ ਉਸ ਬੇਦੋਸੀ ਔਰਤ ਨਾਲ ਬਲਾਤਕਾਰ ਕੀਤਾ ਤੇ ਫਿਰ ਸਾਥੀਆਂ ਕੋਲੋਂ ਦੱਬ ਕੇ ਉਸ ਦੀ ਕੁੱਟਮਾਰ ਕਰਵਾਈ।
12.    ਫਿਰੋਜ਼ਪੁਰ ਦੀ ਧਵਨ ਕਾਲੋਨੀ ਨੇੜੇ ਹਰਪ੍ਰੀਤ ਨਗਰ ਵਿਖੇ ਜਦੋਂ ਇੱਕ ਸਹੁਰੇ ਨੇ ਆਪਣੀ ਛੋਟੀ ਨੂੰਹ ਉੱਤੇ ਮਾੜੀ ਅੱਖ ਰੱਖਣ ਵਾਲੇ ਗੁਰਮੁਖ ਚੌਧਰੀ ਨੂੰ ਤਾੜਿਆ ਤਾਂ ਉਸ ਨੇ ਹਥਿਆਰਬੰਦ ਸਾਥੀਆਂ ਨਾਲ ਰਾਤ ਨੂੰ ਹੱਲਾ ਬੋਲ ਕੇ ਸਹੁਰਾ ਤੇ ਸੱਸ ਨੂੰ ਗੋਲੀਆਂ ਮਾਰ ਦਿੱਤੀਆਂ।
13.    ਸਾਹਨੇਵਾਲ (ਲੁਧਿਆਣਾ) ਦੀ ਪ੍ਰੀਤਮ ਕਾਲੋਨੀ ਵਿਚ ਪਤਨੀ ਦੇ ਅਪਰੇਸ਼ਨ ਲਈ ਪਤੀ ਨੂੰ ਸਵੇਰੇ ਕੰਮ ਉੱਤੇ ਤੇ ਸ਼ਾਮ ਹਸਪਤਾਲ ਰਹਿਣਾ ਪੈਂਦਾ ਸੀ। ਇੱਕ ਹਫ਼ਤੇ ਲਈ ਆਪਣੇ ਦੋਸਤ ਸੁਰੇਸ਼ ਨੂੰ ਮਦਦ ਲਈ ਯੂ.ਪੀ. ਤੋਂ ਬੁਲਾਇਆ ਤਾਂ ਜੋ ਪਿੱਛੇ ਬੱਚਿਆਂ ਦੀ ਦੇਖ ਭਾਲ ਹੋ ਸਕੇ। ਦੋਸਤ ਨੇ ਘਰ ਵਿਚ 14 ਵਰ੍ਹਿਆਂ ਦੀ ਬਾਲੜੀ ਨੂੰ ਡਰਾ ਧਮਕਾ ਕੇ ਅਤੇ ਉਸ ਦੇ ਛੋਟੇ ਭਰਾ ਨੂੰ ਕਮਰੇ ਵਿਚ ਬੰਦ ਕਰ ਕੇ ਪੂਰਾ ਹਫ਼ਤਾ ਜਬਰ ਜ਼ਨਾਹ ਕੀਤਾ। ਹਸਪਤਾਲ ਤੋਂ ਛੁੱਟੀ ਹੋਣ ਬਾਅਦ ਮਾਂ ਘਰ ਆਈ ਤਾਂ ਵੀ ਦਿਨੇ ਕੁੱਝ ਚਿਰ ਡਰਾ ਧਮਕਾ ਕੇ ਅਸ਼ਲੀਲ ਫੋਟੋਆਂ ਜਨਤਕ ਕਰਨ ਦਾ ਡਰਾਵਾ ਦੇ ਕੇ ਰੋਜ਼ ਨਾਬਾਲਗ ਬੱਚੀ ਦਾ ਬਲਾਤਕਾਰ ਕਰਦਾ ਰਿਹਾ। ਜਦੋਂ ਬੱਚੀ ਦਾ ਢਿੱਡ ਫੁੱਲਣ ਲੱਗਿਆ ਤਾਂ ਮਾਂ ਨੇ ਹਸਪਤਾਲ ਟੈਸਟ ਕਰਵਾਇਆ। ਪਤਾ ਲੱਗਿਆ ਕਿ ਬੱਚੀ 6 ਮਹੀਨਿਆਂ ਦੀ ਗਰਭਵਤੀ ਹੈ। ਸੁਰੇਸ਼ ਹਾਲੇ ਤੱਕ ਫਰਾਰ ਹੈ ਤੇ ਫੜਿਆ ਨਹੀਂ ਗਿਆ।
14.    ਰਾਜਸਥਾਨ ਵਿਚ 14 ਦਿਨਾਂ ਤੱਕ ਜੰਗਲ ਵਿਚ ਨਿਰਵਸਤਰ ਬੰਨ੍ਹ ਕੇ ਰੱਖੀ 20 ਵਰ੍ਹਿਆਂ ਦੀ ਔਰਤ ਨਾਲ ਕਾਪਰੇਨ ਦੇ ਰਹਿਣ ਵਾਲੇ 40 ਸਾਲਾ ਹੈਵਾਨ ਨੇ ਹਰ ਰੋਜ਼ ਬਲਾਤਕਾਰ ਕੀਤਾ, ਪਰ ਹਾਲੇ ਤੱਕ ਫੜਿਆ ਨਹੀਂ ਗਿਆ। ਔਰਤ ਦਾ ਕਸੂਰ ਇਹ ਸੀ ਕਿ ਘਰ ਵਿਚ ਗੁਸਲਖ਼ਾਨਾ ਨਾ ਹੋਣ ਕਾਰਨ ਉਸ ਨੂੰ ਸ਼ਾਮ ਨੂੰ ਬਾਹਰ ਜਾਣਾ ਪਿਆ।
15.    ਪਟਿਆਲੇ ਦੇ ਅਰਬਨ ਅਸਟੇਟ ਵਿਖੇ ਸ਼ਿਵ ਸੇਨਾ ਆਗੂ ਨੇ ਇੱਕ ਔਰਤ ਦਾ ਬਲਾਤਕਾਰ ਕਰਨ ਬਾਅਦ ਉਸ ਦੇ ਦੋਵਾਂ ਬੱਚਿਆਂ ਨੂੰ ਵੀ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ। ਸ਼ਿਵ ਸੇਨਾ ਵਿਦਿਆਰਥੀ ਵਿੰਗ ਦੇ ਪ੍ਰਧਾਨ ਰਾਜੇਸ਼ ਕੋਸ਼ਿਕ ਵਿਰੁੱਧ 13 ਸਾਲਾ ਬੱਚੇ ਤੇ 5 ਸਾਲਾ ਬੱਚੀ ਨਾਲ ਕੁਕਰਮ ਕਰਨ ਦੇ ਨਾਲ-ਨਾਲ ਮਾਂ ਦੇ ਸਰੀਰਕ ਸ਼ੋਸ਼ਣ ਦਾ ਮਾਮਲਾ ਦਰਜ ਕੀਤਾ ਗਿਆ ਹੈ।
    ਇੱਕ ਆਖ਼ਰੀ ਘਟਨਾ ਲਿਖਦਿਆਂ ਮੇਰੀ ਕਲਮ ਵੀ ਕੰਬਦੀ ਹੈ ਤੇ ਕਲੇਜਾ ਮੂੰਹ ਨੂੰ ਆ ਜਾਂਦਾ ਹੈ, ਬਾਰੇ ਲਿਖਣਾ ਜ਼ਰੂਰੀ ਹੈ। ਇਹ ਘਟਨਾ ਪੂਰੇ ਦੇਸ ਅੰਦਰਲੀ ਮਾਨਸਿਕਤਾ ਤੇ ਔਰਤ ਪ੍ਰਤੀ ਦੋਗਲੇਪਨ ਨੂੰ ਜਗ ਜ਼ਾਹਿਰ ਕਰ ਦਿੰਦੀ ਹੈ। ਭਾਰਤ ਦੀਆਂ ਕਈ ਟੀ.ਵੀ. ਚੈਨਲਾਂ ਉੱਤੇ ਇਹ ਖ਼ਬਰ ਪ੍ਰਸਾਰਿਤ ਕੀਤੀ ਗਈ ਤੇ ਉਸ ਪਿਤਾ ਦੀ ਇੰਟਰਵਿਊ ਵੀ ਵਿਖਾਈ ਗਈ ਸੀ।
    ਸੰਨ 2002 ਗੁਜਰਾਤ ਗੋਧਰਾ ਕਾਂਡ ਵਿਚ ਜੋ ਇੱਕ ਬਜ਼ੁਰਗ ਮਜੀਦ ਭਾਈ ਮੁਸਲਮਾਨ ਪਿਤਾ ਨਾਲ ਵਾਪਰਿਆ, ਉਸ ਨੇ ਆਪਣਾ ਦੁਖੜਾ ਟੀ.ਵੀ. ਉੱਤੇ ਤਿੰਨ ਮਿੰਟ ਵਿਚ ਜਿਸ ਤਰ੍ਹਾਂ ਸੁਣਾਇਆ, ਇੰਨ-ਬਿੰਨ ਉਹੀ ਦੁਹਰਾਉਣ ਲੱਗੀ ਹਾਂ, ''ਯੇ ਭਾਰਤ ਮਾਤਾ ਹੈ! ਹਮਾਰੀ ਮਾਂ ਕੇ ਸਮਾਨ! ਇਸਮੇਂ ਰਾਖ਼ਸ਼ ਰਹਿਤੇ ਹੈਂ! ਇਨਸਾਨ ਥੋੜਾ ਐਸੇ ਕਰ ਸਕਤੇ ਹੈਂ! ਮੇਰੀ ਆਂਖੋਂ ਕੇ ਸਾਮਨੇ ਮੇਰੀ ਬੇਟੀ ਕੇ ਪੇਟ ਕੋ ਤਲਵਾਰ ਸੇ ਚੀਰ ਕਰ ਉਸ ਮੇਂ ਸੇ ਬੱਚਾ ਨਿਕਾਲ ਕਰ ਤਲਵਾਰ ਸੇ ਦੋ ਟੁਕੜੇ ਕਰ ਦੀਏ। ਪਾਂਚ-ਪਾਂਚ ਸਾਲ ਕੀ, 12 ਸਾਲ, 14 ਸਾਲ ਕੀ ਬੱਚੀਓਂ ਕੋ ਨੰਗਾ ਕਰ ਕੇ ਸੜਕੋਂ ਪੇ 18 ਸਾਲ, 20 ਸਾਲ ਕੇ ਲੜਕੇ ਰੇਪ ਕਰ ਰਹੇ ਥੇ! ਬੱਚੀਆਂ ਚਿੱਲਾ ਰਹੀਂ ਥੀਂ-ਅੱਬਾ ਅੰਮਾ ਬਚਾ ਲੋ! ਮਜੀਦ ਭਾਈ, ਚਾਚਾ, ਮੇਰੇ ਕੋ ਬਚਾ ਲੋ। ਕੌਣ ਬਚਾਤਾ? ਸਭ ਕੋ ਮਾਰ ਕਾਟ ਰਹੇ ਥੇ! ਮੇਰੀ ਬੀਵੀ, ਤੀਨ ਲੜਕੇ, ਤੀਨ ਲੜਕੀਓਂ ਕੋ ਕਾਟ ਕਰ ਜਲਾ ਦੀਆ। ਲੜਕਾ ਯਾਸੀਨ ਤੋ ਮੇਰੇ ਸੇ ਜਲਤਾ ਦੇਖਾ ਨਹੀਂ ਗਿਆ। ਉਸ ਦਿਨ ਸੇ ਨਾ ਰੋਟੀ ਖਾਈ ਜਾਤੀ ਹੈ ਨਾ ਸੋਇਆ ਜਾਤਾ ਹੈ। ਆਂਖ ਬੰਦ ਕਰਤਾ ਹੂੰ ਤੋਂ ਵਹੀ ਨਜ਼ਾਰਾ ਦਿਖਤਾ ਹੈ। ਸ਼ਿਕਾਇਤ ਕਰਨੇ ਗਯਾ ਤੋਂ ਦੋ ਬਾਰ ਮੇਰੇ ਪੇ ਜਾਨਲੇਵਾ ਹਮਲਾ ਹੂਆ। ਏਕ ਬਾਰ ਘਰ ਪੇ ਆ ਕੇ ਪੀਟਾ। ਮੇਰੇ ਕੋ ਕਹਾ ਅਗਰ ਮੈਨੇ ਕਿਸੀ ਦੰਗਾ ਕਰਨੇ ਵਾਲੇ ਕੀ ਪਹਿਚਾਨ ਬਤਾ ਦੀ ਤੋ ਮੇਰੇ ਕੋ ਭੀ ਜਲਾ ਦੇਂਗੇ। ਮੈਨੇ ਫਿਰ ਭੀ ਕੋਰਟ ਮੇਂ ਨਾਮ ਬਤਾ ਦੀਆ। ਅਬ ਇਸ ਜਾਨ ਕਾ ਕਿਆ ਕਰਨਾ ਹੈ। ਜਜ ਭੀ ਪਤਾ ਨਹੀਂ ਕਿਊਂ ਕਿਸੀ ਕੇ ਡਰ ਕੇ ਕਾਰਨ ਕੁਛ ਨਹੀਂ ਕਰ ਰਹੇ। ਹਮਾਰੇ ਆਸ-ਪਾਸ ਰਹਿਨੇ ਵਾਲੇ ਹਿੰਦੂ ਭੀ ਪਤਾ ਨਹੀਂ ਕਿਉਂ ਦੰਗਾ ਕਰਨੇ ਵਾਲੋਂ ਸੇ ਮਿਲ ਗਏ? ਵੋ ਭੀ ਮੇਰੇ ਬੱਚੋਂ ਕੋ ਜ਼ਿੰਦਾ ਜਲਾਨੇ ਮੇਂ ਸਾਥ ਜੁਟ ਗਏ ਥੇ। ਹਮਨੇ ਕਹਾ ਭੀ-ਗੁੱਡੂ ਬੇਟਾ ਤੂ ਤੋ ਮੇਰੇ ਬੇਟੇ ਜੈਸਾ ਹੀ ਹੈ, ਐਸਾ ਕਿਊਂ ਕਰ ਰਹਾ ਹੈ? ਅਬ ਤੋ ਕਭੀ ਕਭੀ ਸੋਚਤੇ ਹੈਂ ਕਿ ਮਰ ਹੀ ਜਾਤੇ। ਅਬ ਭੀ ਤੋਂ ਰੋਜ਼ ਰੋਜ਼ ਮਰਤੇ ਹੈਂ। ਇਸ ਸੇ ਤੋ ਏਕ ਬਾਰ ਮਰਨਾ ਹੀ ਬਿਹਤਰ ਥਾ!''
    ਇਹ ਇੰਟਰਵਿਊ ਸੁਣਦਿਆਂ ਬਦੋਬਦੀ ਅੱਖਾਂ ਵਿੱਚੋਂ ਹੰਝੂ ਟਿਪ ਟਿਪ ਕਰ ਕੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਵਿਚਾਰਗੀ ਦਬੋਚ ਲੈਂਦੀ ਹੈ ਤੇ ਕੁੱਝ ਨਾ ਕਰ ਸਕਣ ਦਾ ਇਹਸਾਸ ਮਨ ਨੂੰ ਕਚੋਟਦਾ ਹੈ।
ਹਰਿਆਣੇ ਦੇ ਸਹਾਰਾ ਘਰਾਂ ਵਿਚ ਨਾਬਾਲਗ ਬੱਚੀਆਂ ਦੇ ਜਿਸਮਾਂ ਨੂੰ ਮਾਣਨ ਪਹੁੰਚੇ ਮਾਣਯੋਗ ਜੱਜ ਸਾਹਿਬਾਨ, ਵੱਡੇ ਘਰਾਣਿਆਂ ਦੇ ਕਾਕੇ, ਪੁਲਿਸ ਦੇ ਵੱਡੇ ਅਫ਼ਸਰ ਤੇ ਵੱਡੇ ਸਿਆਸਤਦਾਨਾਂ ਦੇ ਚਸਕਿਆਂ ਦੇ ਕਿੱਸੇ ਅਖ਼ਬਾਰਾਂ ਦੇ ਮੁੱਖ ਪੰਨਿਆਂ ਦੀ ਸ਼ੋਭਾ ਵਧਾ ਚੁੱਕੇ ਹੋਏ ਹਨ।
ਜੇ ਇਸ ਸਾਰੇ ਵਰਤਾਰੇ ਵੱਲ ਝਾਤ ਮਾਰੀਏ ਤਾਂ ਕਿਸ ਪਾਸਿਓਂ ਕੋਈ ਦਿਨ ਮਨਾਉਣ ਦਾ ਜੀਅ ਕਰਦਾ ਹੈ? ਕੀ 365 ਦਿਨਾਂ ਵਿੱਚੋਂ ਇੱਕ ਦਿਨ ਔਰਤ ਦੇ ਲੇਖੇ ਲਾਉਣ ਦਾ ਇਹ ਮਤਲਬ ਹੈ ਕਿ ਸਾਲ ਦੇ ਬਾਕੀ ਦੇ 364 ਦਿਨਾਂ ਵਿਚ ਔਰਤਾਂ ਤੇ ਬਾਲੜੀਆਂ ਦੇ ਕੀਤੇ ਸ਼ਿਕਾਰ ਦਾ ਜਸ਼ਨ ਮਨਾਇਆ ਜਾਏ? ਛਾਤੀ ਉੱਤੇ ਹੱਥ ਮਾਰ ਮਾਰ ਟੀ.ਵੀ. ਸਾਹਮਣੇ ਮਾਈਕ ਫੜ ਕੇ ਇਹੀ ਹੈਵਾਨ ਉੱਚੀ-ਉੱਚੀ ਚੀਕਦੇ ਵੇਖੇ ਜਾ ਸਕਦੇ ਹਨ-''ਔਰਤ ਹੀ ਔਰਤ ਦੀ ਦੁਸ਼ਮਨ ਹੈ। ਔਰਤ ਉੱਤੇ ਹੁੰਦੇ ਤਸ਼ੱਦਦ ਲਈ 100 ਫੀਸਦੀ ਔਰਤ ਹੀ ਜ਼ਿੰਮੇਵਾਰ ਹੈ! ਮਰਦ ਤਾਂ ਔਰਤ ਦੇ ਜ਼ੁਲਮ ਦਾ ਸ਼ਿਕਾਰ ਹੋਇਆ ਪਿਆ ਹੈ!''
ਸ਼ਾਬਾਸ਼! ਬੱਲੇ ਓਏ ਰਾਖ਼ਸ਼ੋ! ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦਿਆਂ ਔਰਤ ਜ਼ਾਤ ਨੂੰ ਹਵਸ ਦਾ ਸ਼ਿਕਾਰ ਬਣਾ ਕੇ ਉਸੇ ਨੂੰ ਹੋਰ ਪੀਸੇ ਜਾਣ ਲਈ ਮਜਬੂਰ ਕਰ ਦੇਣਾ ਹੀ ਕੀ ਮਰਦਾਨਗੀ ਕਹਾਈ ਜਾਂਦੀ ਹੈ?
ਇਸ ਜਿਸਮਾਂ ਦੀ ਮੰਡੀ ਵਿਚ ਸਿਰਫ਼ ਇਹੋ ਕਹਿਣਾ ਬਾਕੀ ਹੈ ਕਿ 8 ਮਾਰਚ ਨੂੰ ਅੰਤਰਰਾਸ਼ਟਰੀ ਔਰਤਾਂ ਦਾ ਦਿਨ ਮਨਾਉਂਦਿਆਂ ਇਹ ਤਾਂ ਪੱਕਾ ਕਰ ਸਕੀਏ ਕਿ ਸਿਰਫ਼ ਇਸ ਇੱਕ ਦਿਨ ਕਿਸੇ ਬਾਲੜੀ ਦਾ ਚੀਰ ਹਰਣ ਨਹੀਂ ਹੋਵੇਗਾ, ਕਿਸੇ ਨਾਲ ਭੱਦੀ ਛੇੜ ਨਹੀਂ ਕੀਤੀ ਜਾਵੇਗੀ, ਦਾਜ ਦੇ ਲੋਭੀਆਂ ਨੂੰ ਨੂੰਹ ਸਾੜ੍ਹਨ ਕਰਕੇ ਅੱਜ ਦੇ ਦਿਨ ਫਾਸਟ ਟਰੈਕ ਕੋਰਟ ਰਾਹੀਂ ਜੇਲ੍ਹ ਵਿਚ ਡਕ ਦਿੱਤਾ ਜਾਵੇਗਾ, ਤੇਜ਼ਾਬ ਸੁੱਟਣ ਵਾਲਿਆਂ ਉੱਤੇ ਸਜ਼ਾਏ ਮੌਤ ਦਾ ਮੁਕੱਦਮਾ ਚਲਾਇਆ ਜਾਵੇਗਾ, ਇਸ ਇੱਕ ਦਿਨ ਕਿਸੇ ਬਾਲੜੀ ਨੂੰ ਮਨੁੱਖੀ ਤਸਕਰੀ ਵਿਚ ਫਸ ਜਾਣ ਤੋਂ ਬਚਾ ਲਿਆ ਜਾਵੇਗਾ ਤੇ ਘੱਟੋ ਘੱਟ ਇੱਕ ਦਿਨ ਘਰੇਲੂ ਹਿੰਸਾ ਤੋਂ ਬਚਾਓ ਰਹੇਗਾ; ਫਿਰ ਤਾਂ ਇਹ ਦਿਨ ਮਨਾਉਣ ਦਾ ਫ਼ਾਇਦਾ ਹੈ, ਵਰਨਾ ਇਹ ਦਿਨ ਵੀ 364 ਹੋਰ ਦਿਨਾਂ ਤੋਂ ਵੱਖ ਕੀ ਹੈ? ਅਸੀਂ ਤਾਂ ਏਨਾ ਵੀ ਨਹੀਂ ਕਰ ਸਕਦੇ ਕਿ ਸਿਰਫ਼ ਇੱਕ ਦਿਨ ਕੋਈ ਬੇਟੀ ਕੁੱਖ ਵਿਚ ਮਾਰੇ ਜਾਣ ਤੋਂ ਬਚਾਅ ਲਈਏ!
ਅਖ਼ੀਰ ਵਿਚ ਏਨਾ ਹੀ ਕਹਿਣਾ ਹੈ ਕਿ ਜੇ ਹੋਰ ਕੁੱਝ ਵੀ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਕੁੱਝ ਅਣਖੀਲੇ ਪੁੱਤਰ, ਪਿਓ, ਭਰਾ, ਪਤੀ ਹੀ ਆਪਣੀ ਜ਼ਮੀਰ ਨੂੰ ਝੰਜੋੜ ਕੇ ਚੁੱਪੀ ਤੋੜ ਦੇਣ ਤੇ ਕੁਕਰਮ ਕਰਨ ਵਾਲਿਆਂ ਵਿਰੁੱਧ ਜ਼ੋਰਦਾਰ ਆਵਾਜ਼ ਚੁੱਕਣ, ਤਾਂ ਵੀ ਇਸ ਦਿਨ ਦੀ ਮਹੱਤਾ ਵੱਧ ਜਾਏਗੀ! ਇਹੋ ਢੰਗ ਹੈ ਮਾਂ ਦੇ ਦੁੱਧ ਦਾ ਕਰਜ਼ਾ ਲਾਹੁਣ ਦਾ! ਫਿਰ ਉਡੀਕਦੇ ਕੀ ਹਾਂ? ਬਾਲੜੀਆਂ ਦੇ ਬਲਾਤਕਾਰੀਆਂ ਲਈ ਤਾਂ ਫਾਂਸੀ ਦੀ ਸਜ਼ਾ ਜਾਂ ਅੰਗ ਵੱਢ ਕੇ ਉਮਰ ਭਰ ਲਈ ਸਜ਼ਾ ਭੁਗਤਣ ਲਈ ਕੈਦ ਕਰ ਦਿੱਤਾ ਜਾਵੇ, ਏਨੇ ਵਾਸਤੇ ਹੀ ਰਲ ਮਿਲ ਜਿਹਾਦ ਸ਼ੁਰੂ ਕਰ ਲਈਏ!
ਪੰਛੀਆਂ ਦੇ ਗੀਤ ਸੁਣਨ ਲਈ ਵੀ ਪਿੰਜਰਿਆਂ ਦੀ ਨਹੀਂ ਰੁੱਖ ਲਾਉਣ ਦੀ ਲੋੜ ਹੁੰਦੀ ਹੈ। ਇੰਜ ਹੀ ਚੁਫ਼ੇਰਾ ਮਹਿਕਾਉਣਾ ਹੈ ਤੇ ਇਸ ਧਰਤੀ ਉੱਤੇ ਪਤਨੀ ਜਾਂ ਪ੍ਰੇਮਿਕਾ ਦੇ ਗੁਟਕਦੇ ਬੋਲਾਂ, ਟੁਣਕਦੇ ਹਾਸਿਆਂ ਤੇ ਵੀਣੀਆਂ ਉੱਤੇ ਰੰਗਲੀਆਂ ਚੂੜੀਆਂ ਨੂੰ ਖਣਕਦੇ ਸੁਣਨਾ ਹੈ ਅਤੇ ਪਿਆਰ ਦੀਆਂ ਪੀਂਘਾਂ ਚੜ੍ਹਾਉਣੀਆਂ ਹਨ ਤਾਂ ਹਵਸ ਦੇ ਪੁਜਾਰੀਆਂ ਨੂੰ ਕੈਦ ਕਰਨਾ ਹੀ ਪੈਣਾ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

ਅੱਖੀਂ ਵੇਖਿਆ ਨਨਕਾਣਾ ਸਾਕਾ - ਡਾ. ਹਰਸ਼ਿੰਦਰ ਕੌਰ, ਐਮ. ਡੀ.,

 ਸਿੱਖੀ ਇੱਕ ਵਿਚਾਰਧਾਰਾ ਹੈ ਜੋ ਕਿਸੇ ਵੀ ਸਦੀ ਦਾ ਹਾਕਮ ਸਮਝ ਹੀ ਨਹੀਂ ਸਕਿਆ। ਇੱਕ ਪਾਸੇ ਸਿਰੇ ਦੀ ਬਹਾਦਰੀ ਤੇ ਦੂਜੇ ਪਾਸੇ ਸਹਿਨਸ਼ਕਤੀ ਦਾ ਸਿਖ਼ਰ।
        ਪਹਿਲਾ ਮਰਣੁ ਕਬੂਲਿ
        ਜੀਵਣ ਕੀ ਛਡਿ ਆਸ॥
        ਹੋਹੁ ਸਭਨਾ ਕੀ ਰੇਣੁਕਾ
        ਤਉ ਆਉ ਹਮਾਰੈ ਪਾਸਿ॥
    ਇਹ ਨਾਸਮਝੀ ਹੀ ਹਰ ਹਾਕਮ ਨੂੰ ਸਿੱਖ ਵਿਰੋਧੀ ਬਣਾ ਦਿੰਦੀ ਹੈ ਤੇ ਹਰ ਵਾਰ ਦੀ ਤਰ੍ਹਾਂ ਜ਼ਾਲਮ ਰਾਜਾ ਸਿੱਖਾਂ ਨੂੰ ਮੁਕਾਉਂਦਾ ਆਪ ਮੁੱਕ ਜਾਂਦਾ ਰਿਹਾ ਹੈ।
    ਸਾਕਾ ਨਨਕਾਣਾ ਸਾਹਿਬ ਵਿਚ ਵਾਪਰੇ ਸਿਖਰ ਦੇ ਕਹਿਰ ਵਿੱਚੋਂ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਉਂਦੀਆਂ ਹਨ ਕਿ ਉਸ ਸਮੇਂ ਦੀ ਸਰਕਾਰ ਮਹੰਤਾਂ ਨਾਲ ਰਲਗੱਡ ਸੀ। ਸਰਕਾਰ ਨੇ ਸਿੱਖਾਂ ਦੀ ਸਿਰਮੌਰ ਜੱਥੇਬੰਦੀ ਨਾਲ ਉੱਪਰੋਂ ਉੱਪਰੋਂ ਬਣਾ ਕੇ ਰੱਖਣ ਲਈ ਇਹ ਕਹਿ ਦਿੱਤਾ ਸੀ ਕਿ ਅਸੀਂ ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਦਖਲ ਅੰਦਾਜ਼ੀ ਨਹੀਂ ਕਰਨੀ। ਦੂਜੇ ਪਾਸੇ ਮਹੰਤਾਂ ਨੂੰ ਇਹ ਕਹਿ ਦਿੱਤਾ ਕਿ ਆਪਣੀ ਰੱਖਿਆ ਆਪ ਕਰਨ ਦਾ ਬੰਦੋਬਸਤ ਕਰ ਲਵੋ ਕਿਉਂਕਿ ਉਹ ਮਹੰਤਾਂ ਕੋਲੋਂ ਮਾਇਆ ਹਾਸਲ ਕਰ ਰਹੇ ਸਨ। ਇੰਜ ਸਿੱਖਾਂ ਦੀ ਵਧਦੀ ਤਾਕਤ ਨੂੰ ਰੋਕਣ ਦਾ ਢੰਗ ਵੀ ਉਨ੍ਹਾਂ ਲੱਭ ਲਿਆ ਸੀ।
    ਉਸ ਸਮੇਂ ਦੀਆਂ ਛਪੀਆਂ ਖ਼ਬਰਾਂ, ਭੁਗਤੇ ਗਵਾਹ, ਲਿਖੀਆਂ ਗਈਆਂ ਚਿੱਠੀਆਂ ਤੇ ਅੱਖੀਂ ਵੇਖੇ ਗਵਾਹਾਂ ਵੱਲੋਂ ਲਿਖੇ ਦਸਤਾਵੇਜ਼ਾਂ ਅਨੁਸਾਰ ਜੋ ਤੱਥ ਸਾਹਮਣੇ ਆ ਚੁੱਕੇ ਹੋਏ ਹਨ, ਉਨ੍ਹਾਂ ਅਨੁਸਾਰ :-
1.   ਬਹੁਤ ਅਖ਼ਬਾਰਾਂ ਅੰਗ੍ਰੇਜ਼ਾਂ ਦੇ ਹੱਕ ਵਿਚ ਭੁਗਤ ਰਹੀਆਂ ਸਨ ਤੇ ਇੱਕ ਪਾਸੜ ਖ਼ਬਰਾਂ ਛਾਪ ਕੇ ਸਿੱਖਾਂ ਨੂੰ 'ਅੱਤਵਾਦੀ' ਤਕ ਐਲਾਨ ਕਰ ਰਹੀਆਂ ਸਨ। ਇੰਜ ਮਹੰਤਾਂ ਦੇ ਹੱਕ ਵਿਚ ਆਮ ਲੋਕਾਂ ਨੂੰ ਭੁਗਤਾ ਕੇ ਸਿੱਖਾਂ ਦੀ ਤਾਕਤ ਨੂੰ ਢਾਅ ਲਾਈ ਜਾ ਰਹੀ ਸੀ। ਆਮ ਜਨਤਾ ਨੂੰ ਰੋਜ਼ ਦੀਆਂ ਵਿਰੋਧੀ ਤੇ ਬੇਬੁਨਿਆਦ ਖ਼ਬਰਾਂ ਪੜ੍ਹਾ ਕੇ, ਹੱਕ ਮੰਗਦੇ ਤੇ ਸ਼ਾਂਤਮਈ ਸੰਘਰਸ਼ ਕਰਦੇ ਸਿੱਖਾਂ ਤੋਂ ਪਰ੍ਹਾਂ ਕਰਨ ਦੀ ਅਣਥੱਕ ਕੋਸ਼ਿਸ਼ ਕੀਤੀ ਜਾ ਰਹੀ ਸੀ। ਧਾਰਮਿਕ ਪਾੜ੍ਹ ਪਾਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਸੀ।
    ਇਸ ਸਭ ਦੇ ਬਾਵਜੂਦ ਸਿੱਖਾਂ ਵੱਲੋਂ ਗੁਰਦੁਆਰਿਆਂ ਦੀ ਦੁਰਵਰਤੋਂ ਦੇ ਵਿਰੋਧ ਨੂੰ ਵੀ ਬਿਆਨ ਕਰਨ ਵਾਲੀਆਂ ਕੁੱਝ ਦਮਦਾਰ ਅਖ਼ਬਾਰਾਂ ਸਨ ਜਿਨ੍ਹਾਂ ਨੇ ਸੱਚ ਲਿਖਣ ਦੀ ਹਿੰਮਤ ਵਿਖਾਈ ਤੇ ਪੁਲਸੀਆ ਤਸ਼ੱਦਦ ਵੀ ਝੱਲਿਆ।
2.    ਸਿੱਖੀ ਸੋਚ ਨਾਲ ਜੁੜੇ ਲੋਕ ਗੁਰਦੁਆਰਿਆਂ ਨੂੰ ਆਪਣੇ ਗੁਰੂ ਦਾ ਘਰ ਮੰਨਦਿਆਂ ਉਸ ਥਾਂ ਦੇ ਅਪਵਿੱਤਰ ਹੋਣ ਨਾਲੋਂ ਆਪਣੇ ਆਪ ਨੂੰ ਖ਼ਤਮ ਕਰ ਦੇਣਾ ਬਿਹਤਰ ਮੰਨਦੇ ਹਨ। ਪੰਥ ਵਸੇ ਮੈਂ ਉਜੜਾਂ! ਉਸ ਸਮੇਂ ਮਹੰਤ ਨਾਰਾਇਣ ਦਾਸ, ਜੋ ਵਿਲਾਸੀ ਅਤੇ ਅਧਰਮੀ ਸੀ, ਗੁਰਦੁਆਰੇ ਅੰਦਰ ਔਰਤਾਂ ਨਚਾਉਂਦਾ ਸੀ, ਲੱਚਰ ਗੀਤ ਗਵਾਉਂਦਾ ਸੀ ਤੇ ਲੋਕਾਂ ਵੱਲੋਂ ਗੁਰਦੁਆਰੇ ਲਈ ਦਿੱਤੇ ਦਾਨ ਦੀ ਦੁਰਵਰਤੋਂ ਕਰਦਾ ਸੀ। ਇਸ ਬਾਰੇ ਸਾਰੀ ਜਾਣਕਾਰੀ ਸਰਕਾਰ ਨੂੰ ਸੀ। ਸਿੱਖਾਂ ਵੱਲੋਂ ਇਸ ਬਾਰੇ ਬੇਅੰਤ ਵਾਰ ਸਰਕਾਰ ਨੂੰ ਲਿਖਤ ਜਾਣਕਾਰੀ ਤੇ ਸਬੂਤ ਦੇਣ ਬਾਅਦ ਵੀ ਸਰਕਾਰ ਟਸ ਤੋਂ ਮਸ ਨਾ ਹੋਈ ਅਤੇ ਪੁਲਸ ਮਹੰਤ ਦਾ ਸਾਥ ਹੀ ਦਿੰਦੀ ਰਹੀ।
3.    ਜਦੋਂ ਸਰਕਾਰ ਨੇ ਕੰਨਾਂ ਉੱਤੇ ਜੂੰ ਨਾ ਰੇਂਗੀ ਤਾਂ ਮਜਬੂਰਨ ਸ਼ਾਂਤ ਤਰੀਕੇ ਮੁਜ਼ਾਹਰਾ ਕਰਨ ਬਾਰੇ ਸੋਚਿਆ ਗਿਆ। ਸ਼ਾਂਤਮਈ ਢੰਗ ਨਾਲ ਜੱਥੇ ਦੀ ਸ਼ਕਲ ਵਿਚ ਸਿੰਘਾਂ ਨੂੰ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਵੱਲ ਜਾ ਕੇ ਮਹੰਤਾਂ ਤੋਂ ਆਜ਼ਾਦ ਕਰਵਾਉਣ ਬਾਰੇ ਵਿਚਾਰ ਕੀਤਾ ਗਿਆ। ਉਸ ਥਾਂ ਦੀ ਪਵਿੱਤਰਤਾ ਵਾਪਸ ਬਹਾਲ ਕਰਨ ਲਈ ਚਾਬੀਆਂ ਅਤੇ ਕਬਜ਼ਾ ਦਵਾਉਣ ਲਈ ਸਰਕਾਰ ਨੂੰ ਬੇਨਤੀ ਕੀਤੀ ਗਈ।
    ਇਸ ਉੱਤੇ ਸਰਕਾਰ ਵੱਲੋਂ ਦੱਬ ਕੇ ਕੂੜ ਪ੍ਰਚਾਰ ਕੀਤਾ ਗਿਆ ਕਿ ਸਿੱਖ ਜੱਥੇਬੰਦੀਆਂ ਹੱਲਾ ਬੋਲਣ ਚੱਲੀਆਂ ਹਨ। ਵਧਾ ਚੜ੍ਹਾ ਕੇ ਸਾਰੀਆਂ ਸਰਕਾਰੀ ਅਖ਼ਬਾਰਾਂ ਵਿਚ ਅਤੇ ਰੇਡੀਓ ਪ੍ਰਸਾਰਣ ਰਾਹੀਂ ਲੋਕਾਂ ਨੂੰ ਦੱਸਿਆ ਗਿਆ ਤਾਂ ਜੋ ਆਮ ਲੋਕ ਇਸ ਸ਼ਾਂਤਮਈ ਸੰਘਰਸ਼ ਦਾ ਸਾਥ ਨਾ ਦੇਣ।
4.    ਮਹੰਤ ਨਾਰਾਇਣ ਦਾਸ ਬਰਤਾਨਵੀ ਅਧਿਕਾਰੀਆਂ  ਨੂੰ ਗੁਰਦੁਆਰਾ ਫੰਡ ਵਿੱਚੋਂ ਕੀਮਤੀ ਸੁਗਾਤਾਂ ਭੇਂਟ ਕਰਦਾ ਸੀ, ਜਿਸ ਕਾਰਨ ਉਹ ਪਲ-ਪਲ ਦੀ ਸਾਰੀ ਜਾਣਕਾਰੀ ਮਹੰਤ ਨੂੰ ਦਿੰਦੇ ਰਹੇ ਅਤੇ ਉਸ ਨੂੰ ਅਸਲਾ ਇਕੱਠਾ ਕਰਨ ਦੀ ਇਜਾਜ਼ਤ ਵੀ ਦੇ ਦਿੱਤੀ।
    ਸਿੱਖ ਸਭਾਵਾਂ ਨੂੰ ਜਦੋਂ ਪਤਾ ਲੱਗਿਆ ਤਾਂ ਮਤੇ ਪਾਸ ਕਰ ਕੇ ਸਰਕਾਰ ਨੂੰ ਭੇਜੇ ਪਰ ਸਰਕਾਰ ਨੇ ਕੁੱਝ ਨਾ ਕੀਤਾ।
5.    ਅਕਤੂਬਰ 1920 ਵਿਚ ਧਾਰੋਵਾਲ ਵਿਖੇ ਦੀਵਾਨ ਵਿਚ ਲਏ ਫੈਸਲੇ ਅਨੁਸਾਰ ਸਿੱਖ ਜਥੇਬੰਦੀਆਂ ਨੇ ਮਹੰਤ ਨਰਾਇਣ ਦਾਸ ਨੂੰ ਤੌਰ ਤਰੀਕੇ ਠੀਕ ਕਰਨ ਨੂੰ ਕਿਹਾ ਪਰ ਕੁੱਝ ਨਾ ਹੋਇਆ। ਨਾ ਸਰਕਾਰ ਨੇ ਸੁਣੀ ਨਾ ਮਹੰਤ ਨੇ। ਅਖ਼ੀਰ ਇਹ ਮਤਾ ਪਾਸ ਕੀਤਾ ਗਿਆ ਕਿ ਹਰਿਮੰਦਰ ਸਾਹਿਬ, ਅਕਾਲ ਤਖ਼ਤ ਤੇ ਅੰਮ੍ਰਿਤਸਰ ਦੇ ਹੋਰ ਗੁਰਦੁਆਰੇ ਅਕਾਲੀ ਸੁਧਾਰਕਾਂ ਹੇਠ ਲਿਆਏ ਜਾਣ ਤਾਂ ਜੋ ਉਨ੍ਹਾਂ ਦੀ ਬੇਅਦਬੀ ਨਾ ਹੋਵੇ।
6.    ਇਸ ਗੱਲ ਨੂੰ ਸਰਕਾਰੀ ਅਖ਼ਬਾਰੀ ਨੁਮਾਇੰਦਿਆਂ ਨੇ ਲੂਣ ਮਿਰਚ ਲਾ ਕੇ ਛਾਪਿਆ ਤੇ ਮਹੰਤ ਨੂੰ ਅਧਿਕਾਰੀਆਂ ਵੱਲੋਂ ਸਮਾਂ ਦਿੱਤਾ ਗਿਆ ਕਿ ਉਹ 60 ਹੋਰ ਮਹੰਤ ਬੁਲਾ ਕੇ ਮੀਟਿੰਗ ਕਰ ਸਕੇ। ਅਕਾਲੀ ਲਹਿਰ ਖ਼ਿਲਾਫ਼ ਕੂੜ ਪ੍ਰਚਾਰ ਹੋਰ ਤੇਜ਼ ਕਰ ਦਿੱਤਾ ਗਿਆ। ਲਾਹੌਰ ਤੋਂ ਛਪਦੇ ਸੰਤ ਸੇਵਕ ਅਖ਼ਬਾਰ ਵਿਚ ਰੱਜ ਕੇ ਸਿੱਖ ਜੱਥੇਬੰਦੀਆਂ ਨੂੰ ਭੰਡਿਆ ਗਿਆ।
7.    ਮਹੰਤਾਂ ਨੇ ਅਸਲਾ ਇਕੱਠਾ ਕਰਨ ਦੇ ਨਾਲ ਤਲਵਾਰਾਂ, ਲਾਠੀਆਂ, ਛਵ੍ਹੀਆਂ, ਟਕਵੇ, ਗੋਲਾ ਬਾਰੂਦ, ਪਿਸਤੌਲਾਂ, ਪਿਸਤੌਲਾਂ ਦੀਆਂ ਗੋਲੀਆਂ, 400 ਭਾੜੇ ਦੇ ਗੁੰਡੇ, ਵੱਡੇ ਲੋਹੇ ਦਾ ਫਾਟਕ ਤੇ 100 ਪਠਾਣਾਂ ਦਾ ਵੱਖ ਗਿਰੋਹ ਹੱਲਾ ਕਰਨ ਲਈ ਤਿਆਰ ਕਰ ਲਿਆ। ਬਰਤਾਨਵੀ ਅਧਿਕਾਰੀ ਅੱਖਾਂ ਬੰਦ ਕਰ ਕੇ ਸਭ ਵੇਖਦੇ ਰਹੇ ਤੇ ਅੰਦਰੋ ਅੰਦਰੀ ਖ਼ੁਸ਼ ਹੁੰਦੇ ਰਹੇ ਕਿ ਚਲੋ ਸਿੱਖ ਜਥੇਬੰਦੀਆਂ ਨੂੰ ਤਗੜਾ ਮੁਕਾਬਲਾ ਸਹਿਣਾ ਪਵੇਗਾ!
8.    ਇਹ ਤੱਥ ਵੀ ਛਪ ਚੁੱਕੇ ਹੋਏ ਹਨ ਕਿ ਮਹੰਤ ਮਾਝੇ ਦੇ ਗੁੰਡਿਆਂ ਨੂੰ ਉਸ ਸਮੇਂ ਡੇਢ ਲੱਖ ਰੁਪੈ ਦੇ ਕੇ 12 ਕਾਤਲ ਵੀ ਨਨਕਾਣਾ ਸਾਹਿਬ ਅੰਦਰ ਲੈ ਗਿਆ ਸੀ। ਬਰਤਾਨਵੀ ਪੁਲਿਸ ਨੂੰ ਸਭ ਪਤਾ ਸੀ ਪਰ ਉਹ ਉੱਕਾ ਹੀ ਚੁੱਪ ਧਾਰਨ ਕਰ ਕੇ ਤਮਾਸ਼ਾ ਵੇਖਦੀ ਰਹੀ।
9.    ਅਖ਼ੀਰ ਉਹ ਦਿਨ ਵੀ ਆਇਆ ਜਦ ਪਹਿਲਾ ਜੱਥਾ ਲਛਮਨ ਸਿੰਘ ਦੀ ਕਮਾਨ ਹੇਠ 19 ਫਰਵਰੀ 1921 ਨੂੰ ਨਨਕਾਣਾ ਸਾਹਿਬ ਲਈ ਸ਼ਾਂਤਮਈ ਢੰਗ ਨਾਲ ਰਵਾਨਾ ਹੋਇਆ। ਰਾਹ ਵਿਚ ਹੋਰ ਸਿੱਖ ਵੀ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਸ਼ਾਮਲ ਹੋ ਗਏ। ਸਭ ਨਿਹੱਥੇ ਸਨ। ਵੀਹ ਫਰਵਰੀ ਨੂੰ ਜਦੋਂ ਜੱਥਾ ਸਿਰਫ਼ ਨਨਕਾਣਾ ਸਾਹਿਬ ਤੋਂ ਅੱਧਾ ਮੀਲ ਦੂਰ  ਰਹਿ ਗਿਆ ਤਾਂ ਅਕਾਲੀ ਲਹਿਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਥਾਪੇ ਮੈਂਬਰਾਂ ਨੇ ਦਲੀਪ ਸਿੰਘ ਹਰਕਾਰੇ ਰਾਹੀਂ ਸੁਣੇਹਾ ਭੇਜਿਆ ਕਿ ਅੰਦਰ ਗੋਲਾ ਬਾਰੂਦ ਜਮਾਂ ਕੀਤਾ ਗਿਆ ਹੈ, ਸੋ ਅੱਗੇ ਨਾ ਜਾਇਆ ਜਾਵੇ। ਇੰਜ ਜਾਨੀ ਨੁਕਸਾਨ ਦਾ ਖ਼ਤਰਾ ਸੀ ਕਿਉਂਕਿ ਪੁਲਿਸ ਹੱਥ ਬੰਨ੍ਹ ਕੇ ਬੈਠੀ ਹੋਈ ਸੀ।
    ਲਛਮਣ ਸਿੰਘ ਤਾਂ ਮੰਨਿਆ ਪਰ ਬਾਕੀ ਜੱਥਾ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਹਰ ਹਾਲ ਅੰਦਰ ਜਾਣਾ ਚਾਹੁੰਦਾ ਸੀ। ਸਭ ਨੇ ਰਲ ਕੇ ਕਿਹਾ ਕਿ ਜਦ ਅਸੀਂ ਅਮਨ ਅਮਾਨ ਨਾਲ ਜਾਣਾ ਹੈ ਤਾਂ ਫਿਰ ਰਬ ਦੇ ਘਰ ਕਾਹਦਾ ਡਰ! ਤੜਕੇ 6 ਵਜੇ ਸਾਰਾ ਜੱਥਾ ਅੰਦਰ ਦਾਖਲ ਹੋ ਕੇ ਅਰਦਾਸ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਸਾਹਮਣੇ ਨਤਮਸਤਕ ਹੋਣ ਲਈ ਅਗਾਂਹ ਹੋਇਆ ਤਾਂ ਅੰਨ੍ਹੇਵਾਹ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ।
10.    ਬਿਲਕੁਲ ਨਾਲ ਪੁਲਿਸ ਥਾਣਾ ਹੁੰਦਿਆਂ ਹੋਇਆਂ ਵੀ ਕੋਈ ਨਾ ਬਹੁੜਿਆ। ਉੱਚੀ-ਉੱਚੀ ਮਹੰਤ ਚੀਕ ਰਿਹਾ ਸੁਣਿਆ ਗਿਆ, ''ਵੇਖਿਓ ਕੋਈ ਕੇਸਾਂ ਵਾਲਾ ਸਿੱਖ ਜਿਊਂਦਾ ਨਾ ਬਚੇ!'' ਬਾਹਰਲਾ ਗੇਟ ਬੰਦ ਕਰ ਕੇ ਇੱਟਾਂ, ਪੱਥਰ ਸੁੱਟ ਕੇ, ਕਿਰਪਾਨਾਂ ਕੁਹਾੜੀਆਂ ਨਾਲ ਵੱਢ ਕੇ, ਗੋਲੀਆਂ ਨਾਲ ਵਿੰਨ੍ਹ ਕੇ ਸਾਰੇ ਨਿਹੱਥੇ ਸਿੱਖਾਂ ਨੂੰ ਮਾਰ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ। ਪੱਚੀ ਸਿੰਘ ਗੁਰਦੁਆਰੇ ਅੰਦਰ ਅਰਦਾਸ ਕਰਦੇ ਹੋਏ ਮਾਰ ਮੁਕਾਏ। ਸੱਠ ਚੌਖੰਡੀ ਅੰਦਰ ਲੁਕੇ ਦਰਵਾਜ਼ੇ ਤੋੜ ਕੇ ਵੱਢ ਸੁੱਟੇ। ਪੱਚੀ ਪਾਸੇ ਦੇ ਕਮਰਿਆਂ ਅੰਦਰੋਂ ਕੱਢ ਜ਼ਖ਼ਮੀ ਕਰ ਦਿੱਤੇ ਤੇ ਸਭ ਜ਼ਖ਼ਮੀ, ਅਧਮਰਿਆਂ ਤੇ ਲਾਸ਼ਾਂ ਨੂੰ ਘੜੀਸ ਕੇ ਇਕੱਠੇ ਕਰ ਇੱਕੋ ਥਾਂ ਮਿੱਟੀ ਦਾ ਤੇਲ ਪਾ ਕੇ ਸਾੜ ਦਿੱਤਾ ਗਿਆ।
11.    ਲਗਭਗ 10 ਕੁ ਵਜੇ 20 ਫਰਵਰੀ 1921 ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਨਕਾਣਾ ਸਾਹਿਬ ਤੋਂ ਸ੍ਰ. ਉੱਤਮ ਸਿੰਘ ਜੀ ਮਿਲ-ਮਾਲਕ ਵੱਲੋਂ ਇਸ ਘਟਨਾ ਬਾਰੇ ਤਾਰ ਭੇਜੀ ਗਈ ਕਿ ਨਨਕਾਣਾ ਸਾਹਿਬ ਦਾ ਮਹੰਤ ਬੜੀ ਬੇਰਹਿਮੀ ਨਾਲ ਸਿੱਖਾਂ ਦੇ ਜੱਥੇ ਨੂੰ ਜਾਨੋਂ ਮਾਰ ਰਿਹਾ ਹੈ। ਦੋ ਘੰਟਿਆਂ ਬਾਅਦ ਫਿਰ ਤਾਰ ਪਹੁੰਚੀ ਕਿ ਗੁਰਦੁਆਰੇ ਅੰਦਰ ਚੁਫ਼ੇਰੇ ਅਧਸੜੇ ਹੱਥ, ਪੈਰ, ਲੱਤਾਂ, ਖੋਪੜੀਆਂ, ਸਰੀਰਾਂ ਦੇ ਅੰਗ, ਮਾਸ ਦੀਆਂ ਬੋਟੀਆਂ ਤੇ ਅਨੇਕ ਲੋਥੜੇ ਖਿਲਰੇ ਪਏ ਹਨ। ਸਾਰਾ ਅਹਾਤਾ ਲਹੂ ਲੁਹਾਨ ਹੋਇਆ ਪਿਆ ਹੈ। ਸਾਰੇ ਸ਼ਹਿਰ ਗੁੱਜਰਾਂਵਾਲਾ ਦੇ ਘਰ-ਘਰ ਵਿਚ ਇਹ ਖ਼ਬਰ ਫ਼ੈਲ ਗਈ। ਸ੍ਰ. ਜੋਧ ਸਿੰਘ ਜੀ ਸ਼੍ਰੋਮਣੀ ਕਮੇਟੀ ਵੱਲੋਂ ਸਟੇਸ਼ਨ ਤੋਂ ਸਿੱਧੇ ਗੁਰਦੁਆਰੇ ਪਹੁੰਚੇ। ਉੱਥੇ ਦੇ ਲੂੰ-ਕੰਡੇ ਖੜ੍ਹੇ ਕਰਨ ਵਾਲੀ ਜ਼ੁਲਮ ਕਹਾਣੀ ਅੱਖੀਂ ਵੇਖੀ ਤੇ ਸਾਰੇ ਸਿੰਘਾਂ ਨੂੰ ਬੇਨਤੀ ਕੀਤੀ ਕਿ ਵੱਡੀ ਗਿਣਤੀ ਵਿਚ ਨਨਕਾਣਾ ਸਾਹਿਬ ਪਹੁੰਚਣ।
12.    ਜ਼ਿਲ੍ਹਾ ਗੁਜਰਾਂਵਾਲਾ ਅਤੇ ਸਿਆਲਕੋਟ ਦੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹੋਣ ਸਦਕਾ ਪ੍ਰੋ. ਸਾਹਿਬ ਸਿੰਘ (ਮੇਰੇ ਨਾਨਾ ਜੀ) ਜੀ ਨੂੰ ਵੀ ਸਾਰੇ ਸਿੰਘਾਂ ਨੂੰ ਲੈ ਕੇ ਲਾਰੀਆਂ ਦੇ ਅੱਡੇ ਪਹੁੰਚਣ ਨੂੰ ਕਿਹਾ ਗਿਆ। ਸਰਕਾਰ ਨੂੰ ਅੰਦਰੋਂ ਅੰਦਰੀ ਸਭ ਖ਼ਬਰ ਪਹੁੰਚ ਚੁੱਕੀ ਸੀ। ਹਿੰਦੁਸਤਾਨ ਦੇ ਵਾਈਸਰਾਏ ਲਾਰਡ ਰੀਡਿੰਗ ਦੀ ਰਿਪੋਰਟ ਵਿਚ ਇਹ ਲਿਖਿਆ ਮਿਲਦਾ ਹੈ। ਸਟੇਸ਼ਨ ਮਾਸਟਰ ਸ੍ਰ. ਕਰਮ ਸਿੰਘ ਨੇ ਅੱਖੀਂ ਵੇਖਿਆ ਹਾਲ ਬਿਆਨ ਕੀਤਾ। ਪੁਲਿਸ ਕਰਮੀ ਸਭ ਕੁੱਝ ਜਾਣਦੇ ਬੁੱਝਦੇ ਉਸ ਦਿਨ ਉੱਥੋਂ ਨੇੜਲੇ ਥਾਣੇ 'ਚੋਂ ਛੁੱਟੀ ਲੈ ਕੇ ਗ਼ਾਇਬ ਹੋ ਗਏ। ਕੋਈ ਡਿਊਟੀ ਉੱਤੇ ਹਾਜ਼ਰ ਨਾ ਹੋਇਆ। ਪੁਲਿਸ ਪ੍ਰਸ਼ਾਸਨ ਦੀ ਮਿਲੀਭੁਗਤ ਜਗ ਜ਼ਾਹਿਰ ਹੋ ਗਈ ਸੀ। ਅਗਲੇ ਦਿਨ ਦੀਆਂ ਛਪੀਆਂ ਖ਼ਬਰਾਂ ਵਿਚ ਸਪਸ਼ਟ ਕੀਤਾ ਗਿਆ ਕਿ ਡੀ.ਸੀ. ਅਤੇ ਉਸ ਨਾਲ ਇੱਕ ਸਬ ਇੰਸਪੈਕਟਰ ਦੇ ਘਟਨਾ ਵਾਲੀ ਥਾਂ ਪਹੁੰਚਣ ਬਾਅਦ ਵੀ ਡੇਢ ਘੰਟਾ ਹੋਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਫੱਟੜ ਤੇ ਮੁਰਦੇ ਸੜ੍ਹਦੇ ਰਹੇ ਪਰ ਇੱਕ ਵੀ ਫੱਟੜ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਨਾ ਹੀ ਅੱਗ ਬੁਝਾਈ ਗਈ।
    ਸ੍ਰ. ਕਰਮ ਸਿੰਘ ਤੇ ਮਿਲ ਮਾਲਕ ਸ੍ਰ. ਉੱਤਮ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੁਪਰਡੰਟ ਪੁਲਿਸ, ਡੀ.ਸੀ. ਤੇ ਮਹਾਤਮਾ ਗਾਂਧੀ ਨੂੰ ਵੀ ਇਸ ਘਟਨਾ ਬਾਰੇ ਤੁਰੰਤ ਜਾਣਕਾਰੀ ਦਿੱਤੀ।
    ਦੇਰ ਰਾਤ ਲਾਹੌਰ ਡਵਿਜ਼ਨ ਦਾ ਕਮਿਸ਼ਨਰ ਸੀ.ਐਮ. ਕੰਗ ਤੇ ਡਿਪਟੀ ਇੰਸਪੈਕਟਰ ਜਨਰਲ ਉੱਥੇ 100 ਬਰਤਾਨਵੀ ਅਤੇ 100 ਹਿੰਦੁਸਤਾਨੀ ਫੌਜੀ ਲੈ ਕੇ ਪਹੁੰਚੇ। ਪੂਰਾ ਜ਼ੋਰ ਖ਼ਬਰ ਦਬਾਉਣ ਅਤੇ ਹੋਰ ਸਿੱਖਾਂ ਨੂੰ ਉੱਥੇ ਪਹੁੰਚਣ ਤੋਂ ਰੋਕਣ ਲਈ ਲਾਇਆ ਗਿਆ।
13.    ਮਹੰਤ ਨਰਾਇਣ ਦਾਸ ਤੇ ਉਸ ਦੇ ਦੋ ਚੇਲਿਆਂ ਨਾਲ 26 ਪਠਾਣ ਫੜ ਲਏ ਗਏ। ਬਾਕੀਆਂ ਨੂੰ ਫਰਾਰ ਹੋਣ ਦਾ ਸਮਾਂ ਦੇ ਦਿੱਤਾ ਗਿਆ। ਨਨਕਾਣਾ ਸਾਹਿਬ ਵਿਚ ਫੌਜ ਦਾ ਪਹਿਰਾ ਲਾ ਦਿੱਤਾ ਗਿਆ।
14.    ਪ੍ਰੋ. ਸਾਹਿਬ ਸਿੰਘ ਅਨੁਸਾਰ ਉਨ੍ਹਾਂ ਨਾਲ ਹੋਰ ਅਨੇਕ ਸਿੰਘ ਨਨਕਾਣਾ ਸਾਹਿਬ ਪਹੁੰਚਣ ਲਈ ਲਾਰੀਆਂ ਦੇ ਚੱਕਰ ਕੱਢਦੇ ਰਹੇ ਪਰ ਕਈ ਘੰਟੇ ਸਰਕਾਰੀ ਹੁਕਮਾਂ ਅਨੁਸਾਰ ਉਨ੍ਹਾਂ ਨੂੰ ਖੱਜਲ ਖ਼ੁਆਰ ਕੀਤਾ ਗਿਆ। ਅਖ਼ੀਰ ਕਈ ਘੰਟਿਆਂ ਬਾਅਦ ਇੱਕ ਵਜ਼ੀਰਾਬਾਦ ਵੱਲੋਂ ਲਾਹੌਰ ਜਾਣ ਵਾਲੀ ਗੱਡੀ ਪਹੁੰਚੀ। ਜਦੋਂ ਇਹ ਸਾਰੇ ਸਿੱਖ ਲਾਹੌਰ ਸਟੇਸ਼ਨ ਉੱਤੇ ਅਪੜੇ, ਉਦੋਂ ਹੀ ਦੂਜੀ ਗੱਡੀ ਵਿਚ ਮਹੰਤ ਤੇ ਉਸ ਦੇ ਬਾਕੀ ਸਾਧੂਆਂ ਨੂੰ ਗ੍ਰਿਫ਼ਤਾਰ ਕਰ ਕੇ ਲਿਜਾਇਆ ਜਾ ਰਿਹਾ ਸੀ।
    ਨਨਕਾਣਾ ਸਾਹਿਬ ਨੂੰ ਗੱਡੀ ਹਾਲੇ ਜਾਣੀ ਸੀ। ਅੰਮ੍ਰਿਤਸਰ ਵੱਲੋਂ ਵੀ ਢੇਰ ਸਾਰੇ ਸਿੱਖ ਪਹੁੰਚ ਗਏ ਸਨ। ਸਰਕਾਰੀ ਹੁਕਮਾਂ ਅਨੁਸਾਰ ਗੱਡੀ ਨੂੰ 'ਚੀਚੋ ਕੀ ਮੱਲੀਆਂ' ਸਟੇਸ਼ਨ ਤੋਂ ਤੇਜ਼ ਭਜਾ ਕੇ ਨਨਕਾਣਾ ਸਾਹਿਬ ਲੰਘਾ ਕੇ ਅੱਗੇ ਚੌਥੇ ਸਟੇਸ਼ਨ 'ਜੜ੍ਹਾਂ ਵਾਲੇ' ਜਾ ਖੜ੍ਹੀ ਕੀਤੀ ਗਈ। ਉੱਥੇ ਵੀ ਸਿਰਫ਼ ਤਿੰਨ ਲਾਰੀਆਂ ਹੀ ਖੜ੍ਹੀਆਂ ਮਿਲੀਆਂ। ਸਿੰਘਾਂ ਦੀ ਗਿਣਤੀ ਬਹੁਤ ਜ਼ਿਆਦਾ ਸੀ। ਬਰਤਾਨਵੀ ਸਰਕਾਰ ਨੇ ਪੂਰਾ ਜ਼ੋਰ ਲਾਇਆ ਸੀ ਕਿ ਨਨਕਾਣਾ ਸਾਹਿਬ ਬਹੁਤੇ ਲੋਕ ਨਾ ਪਹੁੰਚ ਸਕਣ। ਤਿੰਨ ਮੀਲ ਦਾ ਪੈਂਡਾ ਉੱਥੋਂ ਬਹੁਤਿਆਂ ਨੇ ਪੈਦਲ ਤੈਅ ਕੀਤਾ। ਕੁੱਝ ਲਾਰੀਆਂ ਵਿਚ ਗਏ।
15.    ਏਨੀ ਦੇਰ ਨੂੰ ਜੱਥੇਦਾਰ ਝੱਬਰ ਜੀ 2200 ਅਕਾਲੀਆਂ ਨੂੰ ਲੈ ਕੇ ਗੁਰਦੁਆਰੇ ਬਾਹਰ ਪਹੁੰਚ ਗਏ। ਉੱਥੇ ਪੁਲਿਸ ਉਨ੍ਹਾਂ ਨੂੰ ਭਜਾਉਣ ਦੀ ਫ਼ਿਰਾਕ ਵਿਚ ਖੜ੍ਹੀ ਸੀ। ਏਨੀ ਭਾਰੀ ਗਿਣਤੀ ਸਿੰਘਾਂ ਅਤੇ ਹੋਰ ਜੱਥੇਬੰਦੀਆਂ ਦੇ ਪਹੁੰਚਣ ਦੀ ਖ਼ਬਰ ਸੁਣ ਪੁਲਿਸ ਨੇ ਡਰਦੇ ਮਾਰੇ ਗੁਰਦੁਆਰੇ ਦੀਆਂ ਚਾਬੀਆਂ ਝੱਬਰ ਜੀ ਦੇ ਹਵਾਲੇ ਕਰਨ ਨੂੰ ਹੀ ਬਿਹਤਰ ਸਮਝਿਆ।
    ਉਸ ਸਮੇਂ ਰੇਲਵੇ ਲਾਈਨ ਤੋਂ ਪਰਲੇ ਪਾਸੇ ਹਜ਼ਾਰਾਂ ਦੀ ਗਿਣਤੀ ਵਿਚ ਸਿੰਘ ਇਕੱਠੇ ਹੋ ਚੁੱਕੇ ਸਨ। ਏਥੇ ਹੀ ਪ੍ਰੋ. ਸਾਹਿਬ ਸਿੰਘ ਤੇ ਹੋਰ ਲਾਰੀਆਂ ਵਿਚਲੇ ਸਿੰਘ ਵੀ ਇਕੱਠੇ ਹੋ ਗਏ।
    ਸਭ ਨੂੰ ਐਲਾਨ ਕਰ ਦਿੱਤਾ ਗਿਆ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨ ਅਗਲੇ ਦਿਨ ਸਵੇਰੇ ਕਰਵਾਏ ਜਾਣਗੇ। ਉਸ ਦਿਨ ਗੁਰੂ ਹਰਿ ਰਾਇ ਜੀ ਦਾ ਜਨਮਦਿਨ ਸੀ।
16.    ਅਗਲੇ ਦਿਨ 21 ਜਨਵਰੀ ਨੂੰ ਜਦੋਂ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਖੋਲੇ ਗਏ ਤਾਂ ਦੱਖਣੀ ਗੇਟ ਰਾਹੀਂ ਪੰਜ-ਪੰਜ ਆਦਮੀ ਅੰਦਰ ਵਾੜੇ ਗਏ ਜੋ ਬਿਨਾਂ ਰੁਕੇ ਚੜ੍ਹਦੇ ਦੇ ਫਾਟਕ ਰਾਹੀਂ ਬਾਹਰ ਕੱਢ ਦਿੱਤੇ ਗਏ।
17.    ਮੇਰੇ ਨਾਨਾ ਜੀ, ਪ੍ਰੋ. ਸਾਹਿਬ ਸਿੰਘ ਜੀ, ਜਦੋਂ ਇਸ ਅੱਖੀਂ ਵੇਖੀ ਗੁਰਦੁਆਰੇ ਅੰਦਰਲੀ ਘਟਨਾ ਬਾਰੇ ਗੱਲ ਕਰਦੇ ਸਨ ਤਾਂ ਉਨ੍ਹਾਂ ਦਾ ਮੂੰਹ ਲਾਲ ਹੋ ਜਾਂਦਾ ਸੀ ਤੇ ਆਵਾਜ਼ ਕੰਬਣ ਲੱਗਦੀ ਸੀ, ''ਚੁਫ਼ੇਰੇ ਬੋ ਹੀ ਬੋ ਸੀ। ਗੁਰਦੁਆਰੇ ਦੇ ਪਹਾੜ ਵਾਲੇ ਪਾਸੇ ਅੱਧ ਸੜ੍ਹੀਆਂ ਲਾਸ਼ਾਂ ਦੇ ਢੇਰ ਲੱਗੇ ਪਏ ਸਨ। ਮਣਾਂ ਮੂੰਹੀਂ ਬਲਦੀਆਂ ਲੱਕੜਾਂ ਦੇ ਕੋਲ ਮਿੱਟੀ ਦੇ ਤੇਲ ਦੇ ਅਣਗਿਣਤ ਪੀਪੇ ਪਏ ਸਨ। ਦੂਰ-ਦੂਰ ਤੱਕ ਅੱਧ-ਸੜੀਆਂ ਲੱਤਾਂ ਤੇ ਬਾਹਵਾਂ ਖਿਲਰੀਆਂ ਪਈਆਂ ਸਨ। ਜੇ ਕੁੱਝ ਸਮਾਂ ਮਹੰਤ ਤੇ ਉਸ ਦੇ ਸਾਥੀਆਂ ਨੂੰ ਹੋਰ ਮਿਲ ਜਾਂਦਾ ਤਾਂ ਸਿਰਫ਼ ਉਹ ਤਿੰਨ ਸਾਬਤ ਬਚੀਆਂ ਲਾਸ਼ਾਂ ਹੀ ਵਿਖਾਈਆਂ ਜਾਂਦੀਆਂ ਜੋ ਪਰ੍ਹਾਂ ਰੱਖੀਆਂ ਹੋਈਆਂ ਸਨ। ਬਾਕੀ ਸਭ ਫ਼ਨਾਹ ਕਰ ਦਿੱਤਾ ਜਾਂਦਾ। ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਵਾਸਤੇ ਇੱਕ ਸਾਧ ਤੇ ਦੋ ਅਕਾਲੀਆਂ ਦੀ ਝੜਪ ਵਿਖਾ ਕੇ ਤਿੰਨ ਲਾਸ਼ਾਂ ਪਰ੍ਹਾਂ ਰੱਖ ਕੇ ਬਾਕੀ ਸਾਰੇ ਅਮਨ ਅਮਾਨ ਨਾਲ ਵੱਸਦੇ ਸਿੱਖਾਂ ਉੱਤੇ ਕਹਿਰ ਢਾਹੁਣ ਤੇ ਕੁਫ਼ਰ ਤੋਲਣ ਲਈ ਪੂਰਾ ਪ੍ਰਾਪੇਗੰਡਾ ਰਚਿਆ ਪਿਆ ਸੀ। ਉਨ੍ਹਾਂ ਸਿੱਖਾਂ ਦੀਆਂ ਲਾਸ਼ਾਂ ਕੋਲ ਮਹੰਤ ਨੇ ਆਪਣੇ ਦੋ ਹਥਿਆਰ ਰੱਖ ਦਿੱਤੇ ਸਨ, ਜੋ ਕੋਈ ਵੀ ਸਿੱਖ ਬਾਹਰੋਂ ਲੈ ਕੇ ਹੀ ਨਹੀਂ ਸੀ ਗਿਆ। ਇਸ ਝੂਠ ਦੇ ਪ੍ਰਚਾਰ ਨੇ ਹੋਰ ਪ੍ਰਚੰਡ ਰੂਪ ਧਾਰਨ ਕਰਨਾ ਸੀ ਤੇ ਧਾਰਮਿਕ ਪਾੜ ਪਾਉਣ ਦਾ ਜ਼ਰੀਆ ਬਣ ਜਾਣਾ ਸੀ। ਸ਼ੁਕਰ ਹੈ ਇਸ ਤੋਂ ਬਚਾਓ ਹੋ ਗਿਆ।
    ''ਏਨੀਆਂ ਜਵਾਨ ਮੌਤਾਂ ਵੇਖ ਮੈਂ ਭੁੱਬਾਂ ਮਾਰ ਕੇ ਰੋਇਆ। ਏਨੇ ਘਰ ਉਜੜੇ ਤੇ ਉਹ ਵੀ ਏਨੀ ਬੇਰਹਿਮੀ ਨਾਲ ਤੇ ਉੱਤੋਂ ਗੁਰੂ ਦੇ ਘਰ ਅੰਦਰ! ਤੌਬਾ, ਕਹਿਰ ਹੀ ਕਹਿਰ ਸੀ। ਰੋਣ ਠੱਲਿਆ ਹੀ ਨਹੀਂ ਸੀ ਜਾਂਦਾ। ਤੁਰਨ ਜੋਗਾ ਵੀ ਸਾਹ ਸੱਤ ਨਾ ਰਿਹਾ। ਜਦੋਂ ਮੈਂ ਗੁਰਦੁਆਰੇ ਦੇ ਅੰਦਰ ਗਿਆ ਤਾਂ ਭਾਈ ਹੀਰਾ ਸਿੰਘ ਜੀ ਰਾਗੀ ਉਸ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬੈਠੇ ਸਨ ਜਿਸ ਵਿਚ ਸਾਧਾਂ ਦੀਆਂ ਬੰਦੂਕਾਂ ਦੀਆਂ ਸੱਤ ਗੋਲੀਆਂ ਵੱਜੀਆਂ ਪਈਆਂ ਸਨ। ਭਾਈ ਹੀਰਾ ਸਿੰਘ ਜੀ ਨੇ ਮੈਨੂੰ ਵੇਖ ਕੇ ਉੱਚੀ-ਉੱਚੀ ਰੋ ਕੇ ਕਿਹਾ-ਭਾਈ ਸਾਹਿਬ ਸਿੰਘ ਜੀ, ਇਹ ਵੇਖੋ ਸਤਿਗੁਰੂ ਜੀ ਦੀ ਛਾਤੀ ਵੀ ਗੋਲੀਆਂ ਨਾਲ ਵਿੰਨ੍ਹੀ ਪਈ ਹੈ। ਅਸੀਂ ਦੋਵੇਂ ਜ਼ਾਰ ਜ਼ਾਰ ਰੋਏ।
    ''ਚੜ੍ਹਦੇ ਪਾਸੇ ਦੇ ਫਾਟਕ ਰਾਹੀਂ ਵਾਪਸ ਜਾਣ ਦੇ ਰਾਹ ਵਿਚ ਕਈ ਸਿੰਘਾਂ ਦੇ ਸਰੀਰ ਕੀਮਾ ਕਰ ਕੇ ਨਿੱਕੇ ਟੋਟੇ ਬਣਾਏ ਪਏ ਸਨ। ਭਲਾ ਕੋਈ ਦੱਸੇ ਕਿਸ ਕਸੂਰ ਦੀ ਸਜ਼ਾ ਦਿੱਤੀ ਗਈ ਸੀ? ਸਿਰਫ਼ ਨਨਕਾਣਾ ਸਾਹਿਬ ਦੀ ਹੱਦ ਦੀ ਪਵਿੱਤਰਤਾ ਬਹਾਲ ਕਰਨ ਦੀ ਸ਼ਾਂਤਮਈ ਅਰਦਾਸ ਲਈ?
    ''ਪੂਰੀ ਪਰਕਰਮਾ ਵਿਚ ਲਹੂ ਭਿੱਜੇ ਕੇਸ ਧਰਤੀ ਉੱਤੇ ਚੰਬੜੇ ਪਏ ਸਨ। ਤੁਰਨ ਜੋਗਾ ਰਾਹ ਵੀ ਨਹੀਂ ਸੀ ਛੱਡਿਆ। ਦਿਸ ਰਿਹਾ ਸੀ ਕਿ ਕਿਵੇਂ ਜੀਊਂਦੇ ਜ਼ਖ਼ਮੀ ਸਿੰਘਾਂ ਨੂੰ ਬੇਰਹਿਮੀ ਨਾਲ ਘੜੀਸ ਕੇ ਧੂਹ ਧੂਹ ਬਲਦੇ ਲੱਕੜਾਂ ਦੇ ਭਾਂਬੜ ਵਿਚ ਸੁੱਟਿਆ ਹੋਵੇਗਾ! ਪਾਸੇ ਦੀਆਂ ਨਿੱਕੀਆਂ ਕੋਠੜੀਆਂ ਵਿਚ ਤੇਲ ਦੇ ਬੇਸ਼ੁਮਾਰ ਪੀਪੇ ਹਾਲੇ ਵੀ ਭਰੇ ਪਏ ਸਨ। ਕੀ ਏਨਾ ਅਸਲਾ ਤੇ ਤੇਲ ਦੇ ਭਰੇ ਪੀਪਿਆਂ ਬਾਰੇ ਨਾਲ ਲੱਗਦੇ ਥਾਣੇ ਵਾਲਿਆਂ ਨੂੰ ਪਤਾ ਨਹੀਂ ਸੀ? ਆਖ਼ਰ ਕਿੰਨ੍ਹਾਂ ਲਈ ਇਹ ਸਭ ਜਮਾਂ ਹੋਣ ਦਿੱਤਾ ਗਿਆ? ਕਿਉਂ ਇੱਕ ਵੀ ਜ਼ਖ਼ਮੀ ਸਿੰਘ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ? ਕਿਉਂ ਪੁਲਿਸ ਮੁਲਾਜ਼ਮ ਸਾਰੇ ਹੀ ਉਸ ਦਿਨ ਛੁੱਟੀ ਲੈ ਗਏ? ਕਿਉਂ ਆਪਣੀ ਰੱਖਿਆ ਆਪ ਕਰਨ ਦੇ ਸਰਕਾਰੀ ਹੁਕਮ ਮਹੰਤ ਨੂੰ ਦੇ ਦਿੱਤੇ ਗਏ? ਗੁਰਦੁਆਰੇ ਦੇ ਬਾਹਰਵਾਰ ਚੜ੍ਹਦੇ ਦੱਖਣ ਦੀ ਗੁੱਠੇ ਘੁਮਿਆਰਾਂ ਦੀ ਆਵੀ ਵਿਚ ਇੱਕ ਅਧਸੜੀ ਲਾਸ਼ ਉਸ ਸਮੇਂ ਤੱਕ ਵੀ ਧੁੱਖ ਰਹੀ ਦਿਸੀ। ਚੁਫ਼ੇਰੇ ਮੌਤ ਦਾ ਤਾਂਡਵ ਸੀ। ਹਨ੍ਹੇਰਗਰਦੀ ਦੀ ਸਿਖ਼ਰ! ਉਦਾਸੀ ਤੇ ਗਮ ਨੇ ਮਨ ਭਰ ਦਿੱਤਾ। ਉੱਥੇ ਕਿਸੇ ਨੂੰ ਟਿਕਣ ਨਹੀਂ ਸਨ ਦੇ ਰਹੇ। ਸਭ ਭਾਰੇ ਮਨ ਨਾਲ ਵਾਪਸ ਮੁੜੇ। ਕੋਈ ਬੋਲ ਸਕਣ ਵਾਲੀ ਹਾਲਤ ਵਿਚ ਨਹੀਂ ਸੀ ਰਿਹਾ।''
18.    ਅਗਲੇ ਦਿਨ ਪਹਿਲੀ ਵਾਰ ਸਰਕਾਰੀ ਏਜੰਸੀਆਂ ਦੇ ਅਖ਼ਬਾਰਾਂ ਨੇ ਵੀ ਇਸ ਬੇਰਹਿਮੀ ਨਾਲ ਕੀਤੇ ਨਰਸੰਹਾਰ ਦੀ ਨਿਖੇਧੀ ਕੀਤੀ। ਜਿਹੜੇ ਅਖ਼ਬਾਰ ਹਾਲੇ ਤਕ ਅਕਾਲੀਆਂ ਵਿਰੁੱਧ ਜ਼ਹਿਰ ਉਗਲ ਰਹੇ ਸਨ, ਉਨ੍ਹਾਂ ਵੀ ਖ਼ਬਰ ਛਾਪੀ ਕਿ ਸ਼ਾਂਤਮਈ ਸੰਘਰਸ਼ ਉੱਤੇ ਆਖ਼ਰ ਹੱਲਾ ਕਿਉਂ?    ਕੁੱਝ ਦਮ ਰੱਖਣ ਵਾਲੀਆਂ ਅਖ਼ਬਾਰਾਂ ਨੇ ਸਪਸ਼ਟ ਛਾਪਿਆ ਕਿ ਮਹੰਤ ਦੇ ਗੁੰਡੇ ਤੇ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਇਹ ਕਤਲੇਆਮ ਹੋਇਆ।
19.    ਚੁਫ਼ੇਰੇ ਹਾਹਾਕਾਰ ਮਚੀ ਵੇਖ ਮਹਾਤਮਾ ਗਾਂਧੀ, ਮੌਲਾਨਾ ਸ਼ੌਕਤ ਅਲੀ, ਡਾ. ਕਿਚਲੂ, ਲਾਲਾ ਦੁਨੀ ਚੰਦ, ਲਾਲਾ ਲਾਜਪਤ ਰਾਏ, ਉੱਘੇ ਸਿੱਖ ਆਗੂ, ਪੰਜਾਬ ਵਿਧਾਨ ਪ੍ਰੀਸ਼ਦ ਦੇ ਮੈਂਬਰ, ਸਿੱਖ ਲੀਗ, ਚੀਫ਼ ਖ਼ਾਲਸਾ ਦੀਵਾਨ ਦੇ ਆਗੂ ਤੇ ਦੂਜੀਆਂ ਸਿੱਖ ਜਥੇਬੰਦੀਆਂ ਵੀ ਉੱਥੇ ਪਹੁੰਚੀਆਂ ਤੇ ਸਭ ਨੇ ਇਸ ਘਟਨਾ ਦੀ ਨਿਖੇਧੀ ਕੀਤੀ।
20.    ਤਿੰਨ ਮਾਰਚ 1921 ਨੂੰ ਨਨਕਾਣਾ ਸਾਹਿਬ ਬਹੁਤ ਵਿਸ਼ਾਲ ਸ਼ਹੀਦੀ ਦੀਵਾਨ ਸਜਿਆ। ਉੱਥੇ ਜੱਥੇਦਾਰ ਕਰਤਾਰ ਸਿੰਘ ਝੱਬਰ, ਜਿਨ੍ਹਾਂ ਨੇ ਚਾਬੀਆਂ ਪ੍ਰਾਪਤ ਕੀਤੀਆਂ ਸੀ, ਨੇ ਕਿਹਾ, ''ਇਸ ਘਟਨਾ ਨੇ ਸਿੱਖਾਂ ਨੂੰ ਨੀਂਦਰ ਵਿੱਚੋਂ ਜਗਾ ਦਿੱਤਾ ਹੈ। ਹੁਣ ਸਵਰਾਜ ਵੱਲ ਤੁਰਨ ਲਈ ਸਿੱਖਾਂ ਨੂੰ ਤਿਆਰ ਹੋ ਜਾਣਾ ਚਾਹੀਦਾ ਹੈ। ਇਤਿਹਾਸ ਦੁਹਰਾਉਂਦਾ ਜ਼ਰੂਰ ਹੈ। ਪਹਿਲਾਂ ਵੀ ਸਿੰਘਾਂ ਦਾ ਕਤਲੇਆਮ ਹੋਇਆ ਸੀ। ਜੇ ਅੱਗੋਂ ਹੋਰ ਹੋਣ ਤੋਂ ਰੋਕਣਾ ਹੈ ਤਾਂ ਤਿਆਰ-ਬਰ-ਤਿਆਰ ਰਹਿਣਾ ਪੈਣਾ ਹੈ। ਹਰ ਸਦੀ ਬਲੀ ਨਹੀਂ ਦੇਣੀ। ਇਸੇ ਲਈ ਢਿੱਲੇ ਨਹੀਂ ਪੈਣਾ। ਜੇ ਢਿੱਲੇ ਪੈਂਦੇ ਰਹੇ ਤਾਂ ਹੱਕ ਹਮੇਸ਼ਾ ਖੋਹੇ ਜਾਂਦੇ ਰਹਿਣਗੇ ਤੇ ਕੌਮ ਗ਼ੁਲਾਮ ਬਣਾ ਲਈ ਜਾਏਗੀ।''
21.    ਮੌਲਾਨਾ ਸ਼ੌਕਤ ਅਲੀ ਨੇ ਵੀ ਦੀਵਾਨ ਵਿਚ ਕਿਹਾ, ''ਇਸ ਸਰਕਾਰ ਤੋਂ ਇਨਸਾਫ਼ ਦੀ ਆਸ ਰੱਖਣੀ ਫਿਜ਼ੂਲ ਹੈ। ਲੱਖ ਲਾਅਣਤ ਉਨ੍ਹਾਂ ਪਠਾਣਾਂ ਦੇ, ਜਿਨ੍ਹਾਂ ਨੇ ਮਹੰਤ ਦਾ ਸਾਥ ਦਿੱਤਾ।''
22.    ਮਹਾਤਮਾ ਗਾਂਧੀ ਵੀ ਇਸ ਦੀਵਾਨ ਵਿਚ ਬੋਲੇ, ''ਨਨਕਾਣੇ ਦੀ ਖ਼ਬਰ ਨੇ ਚਕਰਾ ਦਿੱਤਾ ਹੈ। ਜੇ ਆਪ ਨਾ ਆਉਂਦਾ ਤਾਂ ਕਦੇ ਵੀ ਵਿਸ਼ਵਾਸ ਨਾ ਕਰਦਾ ਕਿ ਏਨਾ ਜ਼ੁਲਮ ਵੀ ਹੋ ਸਕਦਾ ਹੈ। ਸਿੱਖਾਂ ਦਾ ਸ਼ਾਂਤਮਈ ਢੰਗ ਨਾਲ ਸਭ ਕੁੱਝ ਜਰਨਾ 'ਰਾਸ਼ਟਰੀ ਬਹਾਦਰੀ ਦਾ ਅਮਲ' ਮੰਨਿਆ ਜਾਣਾ ਚਾਹੀਦਾ ਹੈ। ਸਰਕਾਰੀ ਅਧਿਕਾਰੀਆਂ ਦੀ ਸ਼ੈਅ ਉੱਤੇ ਹੋਏ ਇਨ੍ਹਾਂ ਕਤਲਾਂ ਲਈ ਮੈਂ ਇਸ ਰਾਜ ਨੂੰ ਸ਼ੈਤਾਨ ਦੀ ਸਲਤਨਤ ਮੰਨਦਾ ਹਾਂ। ਇਹ ਡਾਇਰਵਾਦ ਦਾ ਦੂਜਾ ਰੂਪ ਹੈ ਪਰ ਜੱਲਿਆਂਵਾਲਾ ਬਾਗ਼ ਦੇ ਕਤਲਾਂ ਨਾਲੋਂ ਕਿਤੇ ਵੱਧ ਕਰੂਰ ਤੇ ਜਾਬਰਾਨਾ!''
23.    ਮਿਸਟਰ ਕਿੰਗ ਦੀ ਰਿਪੋਰਟ ਨੇ ਸਪਸ਼ਟ ਕੀਤਾ ਕਿ ਮਹੰਤ ਬਾਰੇ ਸਭ ਕੁੱਝ ਪਹਿਲਾਂ ਤੋਂ ਹੀ ਸਰਕਾਰ ਨੂੰ ਪਤਾ ਸੀ। ਇਹ ਸਰਕਾਰੀ ਪੱਧਰ ਉੱਤੇ ਗ਼ਲਤ ਖ਼ਬਰ ਫੈਲਾਈ ਗਈ ਸੀ ਕਿ ਅਕਾਲੀ ਨਨਕਾਣਾ ਸਾਹਿਬ ਉੱਤੇ ਹਮਲਾ ਕਰਨ ਆ ਰਹੇ ਸਨ।
24.    ਇਕ ਸਰਕਾਰੀ ਅਖ਼ਬਾਰ ਨੇ ਨਵੰਬਰ 1920 ਵਿਚ ਲੇਖ ਲਿਖਿਆ, ਜਿਸ ਵਿਚ ਰਿਪੋਰਟ ਛਾਪੀ-ਸਲਾਨਾ ਮੇਲੇ ਦੇ ਮੌਕੇ ਨਨਕਾਣੇ ਦੇ ਗੁਰਦੁਆਰੇ ਉੱਤੇ 'ਅਤਿਵਾਦੀਆਂ' ਵੱਲੋਂ ਵੱਡੇ ਧਾਵੇ ਵਾਸਤੇ ਜੋ ਰਾਹ ਅਪਣਾਇਆ ਗਿਆ ਸੀ, ਉਸ ਤੋਂ ਬਚਾਓ ਵਾਸਤੇ ਥੋੜੀ ਬਹੁਤ ਮਹੰਤਾਂ ਨੇ ਤਿਆਰੀ ਕੀਤੀ ਸੀ ਜਿਸ ਸਦਕਾ ਵੱਡਾ ਹਾਦਸਾ ਹੋਣ ਤੋਂ ਬਚਾਓ ਹੋ ਗਿਆ ਤੇ ਸਭ ਅਮਨ ਅਮਾਨ ਨਾਲ ਲੰਘ ਗਿਆ।
25.    ਬਾਅਦ ਵਿਚ ਲੱਭੇ ਪੁਲਿਸ ਮਹਿਕਮੇ ਦੇ ਕਾਗਜ਼ਾਂ ਵਿਚ ਦਰਜ ਕੀਤਾ ਮਿਲਿਆ ਕਿ ਮਹੰਤ ਮੰਨਿਆ ਸੀ, ਉਸ ਨੇ ਸਭ ਸਰਕਾਰੀ ਸ਼ੈਅ ਉੱਤੇ ਕੀਤਾ ਸੀ।
26.    ਗਵਾਹਾਂ ਦੇ ਦਰਜ ਬਿਆਨਾਂ ਅਨੁਸਾਰ ਸਰਕਾਰ ਨੇ ਇਸ ਮਾਮਲੇ ਵਿਚ ਦੋਗਲੀ ਨੀਤੀ ਖੇਡੀ ਸੀ ਕਿਉਂਕਿ ਅਧਿਕਾਰੀ ਸਿੱਖਾਂ ਦੀ ਪ੍ਰਫੁੱਲਿਤ ਹੋ ਰਹੀ ਅਕਾਲੀ ਲਹਿਰ ਨੂੰ ਮਹੰਤਾਂ ਰਾਹੀਂ ਕੁਚਲਣਾ ਚਾਹੁੰਦੇ ਸਨ ਤੇ ਦੂਜੇ ਪਾਸੇ ਸਿੱਖਾਂ ਦੀਆਂ ਨਜ਼ਰਾਂ ਵਿਚ ਵੀ ਉੱਚੇ ਸੁੱਚੇ ਬਣੇ ਰਹਿਣਾ ਚਾਹੁੰਦੇ ਸਨ।
27.    ਬਾਬਾ ਕਰਤਾਰ ਸਿੰਘ ਬੇਦੀ ਸਪੁੱਤਰ ਬਾਬਾ ਸਰ ਖੇਮ ਸਿੰਘ ਬੇਦੀ ਮਿੰਟਗੁਮਰੀ ਦਾ ਵੱਡਾ ਜਾਗੀਰਦਾਰ ਮੰਨਿਆ ਜਾਂਦਾ ਸੀ ਤੇ ਦਰਜ ਇਤਿਹਾਸ ਅਨੁਸਾਰ ਮਹੰਤ ਨਰਾਇਣ ਦਾ ਗੂੜ੍ਹਾ ਮਿੱਤਰ ਤਾਂ ਹੈ ਹੀ ਸੀ, ਅੰਗਰੇਜ਼ ਅਫ਼ਸਰਾਂ ਵਿਚ ਵੀ ਬੜਾ ਰਸੂਖ਼ ਵਾਲਾ ਸੀ। ਉਹ ਮਹੰਤਾਂ ਦੀ ਹਰ ਮੀਟਿੰਗ ਵਿਚ ਸ਼ਾਮਲ ਹੁੰਦਾ ਰਿਹਾ ਸੀ। ਅਕਾਲੀਆਂ ਵੱਲੋਂ ਉਸਨੂੰ ਤਨਖ਼ਾਹੀਆ ਘੋਸ਼ਤ ਕੀਤਾ ਗਿਆ ਸੀ। ਬਦਲਦੇ ਆਸਾਰ ਵੇਖ ਸੰਨ 1923 ਦੇ ਅਖ਼ੀਰ ਵਿਚ ਬੇਦੀ ਤਨਖ਼ਾਹ ਬਖ਼ਸ਼ਵਾ ਕੇ ਅਕਾਲੀਆਂ ਤੇ ਸਿੱਖਾਂ ਦਾ ਉੱਘਾ ਧਾਰਮਿਕ ਆਗੂ ਹੋ ਨਿਬੜਿਆ। ਇਸ ਸੱਜਣ ਦੀ ਭੂਮਿਕਾ ਉੱਤੇ ਇਤਿਹਾਸਕਾਰਾਂ ਨੇ ਕਿੰਤੂ ਪਰੰਤੂ ਕੀਤਾ!
    ਇਨ੍ਹਾਂ ਇਤਿਹਾਸਕ ਤੱਥਾਂ ਨੂੰ ਜਾਨਣ ਬਾਅਦ ਸਿਰਫ਼ ਅਗਲੇ ਸਵਾਲਾਂ ਵੱਲ ਗ਼ੌਰ ਕਰਨ ਦੀ ਲੋੜ ਹੈ :-
1.    ਕੀ ਉਸ ਸਮੇਂ ਗੁਰਦੁਆਰਿਆਂ ਅੰਦਰ ਹੁੰਦੀਆਂ ਬੇਅਦਬੀਆਂ, ਬੇਈਮਾਨੀਆਂ ਅਤੇ ਲੋਕਾਂ ਵੱਲੋਂ ਸ਼ਰਧਾ ਨਾਲ ਟੇਕੇ ਪੈਸੇ ਦੀ ਦੁਰਵਰਤੋਂ ਰੋਕਣ ਲਈ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਸਹੀ ਰਾਹ ਤੁਰ ਰਹੀ ਹੈ? ਕੀ ਹੁਣ ਕੋਈ ਸਰਕਾਰੀ ਅਦਾਰਾ ਉਸ ਉੱਤੇ ਆਪਣੀ ਚੌਧਰ ਤਾਂ ਨਹੀਂ ਜਮਾ ਰਿਹਾ?
2.    ਕੋਈ ਬੁੱਧੀਜੀਵੀ ਸਿੱਖ ਆਗੂ, ਕਮੇਟੀ ਜਾਂ ਜੱਥੇਬੰਦੀ ਅੱਜ ਪੰਥ ਲਈ ਫ਼ੈਸਲੇ ਲੈਣ ਯੋਗ ਹੈ ਜੋ ਅਗਵਾਈ ਕਰ ਕੇ ਨੌਜਵਾਨਾਂ ਨੂੰ ਸਹੀ ਰਾਹ ਵਿਖਾ ਸਕੇ?
3.    ਕੀ ਅੱਜ ਸਿੱਖ ਨੌਜਵਾਨਾਂ ਨੂੰ ਰੋਲ ਮਾਡਲ ਲਈ ਗੈਂਗਸਟਰ ਤਾਂ ਨਹੀਂ ਦਿਸਣ ਲੱਗ ਪਏ?
4.    ਕੀ ਹੁਣ ਸਿੱਖ ਨੌਜਵਾਨਾਂ ਦੀ ਜ਼ਿੰਦਗੀ ਵਿਚ ਭੜਕਾਹਟ ਤਾਂ ਨਹੀਂ ਆ ਗਈ? ਕੀ ਅਮੀਰੀ ਗ਼ਰੀਬੀ ਵਿਚ ਪਾੜ ਵੱਧ ਤਾਂ ਨਹੀਂ ਹੋ ਗਿਆ? ਕੀ ਇਖ਼ਲਾਕੀ ਗਿਰਾਵਟ ਤਾਂ ਨਹੀਂ ਦਿਸ ਰਹੀ?
5.    ਕੀ ਬਹਾਦਰ ਕੌਮ ਦਾ ਮਾਣਮੱਤਾ ਇਤਿਹਾਸ ਹੌਲੀ-ਹੌਲੀ ਗ਼ਾਇਬ ਤਾਂ ਨਹੀਂ ਹੋਣਾ ਸ਼ੁਰੂ ਹੋ ਗਿਆ?
6.    ਕੀ ਨਨਕਾਣਾ ਸਾਹਿਬ ਵਿਚ ਬਰਪਾਏ ਕਹਿਰ ਵਾਂਗ ਫਿਰ ਬੇਕਸੂਰ ਸਿੱਖਾਂ ਉੱਤੇ ਹੱਲੇ ਹੋਣੇ ਜਾਰੀ ਹਨ? ਕੀ ਗੱਡਿਆਂ ਵਿਚ ਸਿਰ ਭਰ ਦੇ ਲਿਜਾਉਣ ਤੋਂ ਗਲੇ ਦੁਆਲੇ ਬਲਦੇ ਟਾਇਰ ਪਾ ਕੇ ਸਾੜ੍ਹਨ ਤੱਕ ਦੇ ਸਫ਼ਰ ਵਿਚ ਕੁੱਝ ਫਰਕ ਪਿਆ ਦਿਸਦਾ ਹੈ?
7.    ਕੀ ਅੱਜ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤਾਂ ਨਹੀਂ ਕੀਤੀ ਜਾ ਰਹੀ?
8.    ਕੀ ਅੱਜ ਸਰਹੱਦ ਉੱਤੇ ਸ਼ਹੀਦ ਹੋਣ ਵੇਲੇ ਉਚਾਰੇ ਬੋਲੇ ਸੋ ਨਿਹਾਲ ਤੇ ਗੁਰਦੁਆਰੇ ਵਿਚ ਉਹੀ ਉਚਾਰਨ ਵਿਚ ਫਰਕ ਮੰਨਦਿਆਂ ਕਿਸੇ ਸਿੱਖ ਨੂੰ ਅਤਿਵਾਦੀ ਤਾਂ ਨਹੀਂ ਕਿਹਾ ਜਾ ਰਿਹਾ?
9.    ਕੀ ਹੁਣ ਸਰਕਾਰੀ ਏਜੰਸੀਆਂ ਫਿਰਕੂਪੁਣੇ ਦਾ ਰਾਗ ਤਾਂ ਨਹੀਂ ਅਲਾਪ ਰਹੀਆਂ?
10.    ਕੀ ਹੁਣ ਸਰਕਾਰੀ ਅਖ਼ਬਾਰਾਂ ਰਾਹੀਂ ਕੂੜ ਪ੍ਰਚਾਰ ਵਿਚ ਕਮੀ ਆਈ ਹੈ?
11.    ਕੀ ਹੁਣ 'ਕਿਰਤ' ਤੋਂ ਪਰ੍ਹਾਂ ਕਰ ਕੇ ਹੌਲੀ-ਹੌਲੀ ਗੁਰੂਆਂ ਦੀ ਧਰਤੀ ਤੋਂ ਸਿੱਖ ਨੌਜਵਾਨਾਂ ਨੂੰ ਪਰ੍ਹਾਂ ਧੱਕ ਕੇ ਇਸ ਧਰਤੀ ਨੂੰ ਖੋਹਣ ਜਾਂ ਹੋਰ ਸੁੰਗੇੜਨ ਦਾ ਜਤਨ ਤਾਂ ਨਹੀਂ ਕੀਤਾ ਜਾ ਰਿਹਾ?
12.    ਕੀ ਗੁਰੂ ਗ੍ਰੰਥ ਸਾਹਿਬ ਵਿਚਲੀ ਸੋਚ ਪਿਛਾਂਹ ਧੱਕ ਕੇ ਕਰਾਮਾਤਾਂ ਦੇ ਚੱਕਰਵਿਊ ਵਿਚ ਫਸਾ ਕੇ ਕਮਜ਼ੋਰ ਮਨ ਵਾਲੀ ਪੁਸ਼ਤ ਤਾਂ ਨਹੀਂ ਤਿਆਰ ਕੀਤੀ ਜਾ ਰਹੀ?
13.    ਕੀ ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਅੱਗੋਂ ਸਿੱਖਾਂ ਦਾ ਘਾਣ ਨਹੀਂ ਹੋਵੇਗਾ? ਕੀ ਹਰ ਵਾਰ ਡੂੰਘੀ ਨੀਂਦਰ ਤੋਂ ਜਾਗਣ ਲਈ ਬਲੀਦਾਨ ਹੀ ਦੇਣਾ ਪਵੇਗਾ?
14.    ਕੀ ਸਿੱਖਾਂ ਦੀ ਅਣਖ਼ ਮਾਰਨ ਦੇ ਜਤਨ ਤਾਂ ਨਹੀਂ ਕੀਤੇ ਜਾ ਰਹੇ?
15.    ਇਤਿਹਾਸ ਵਿਚ ਦਰਜ ਹੈ ਕਿ ਸਿੱਖਾਂ ਉੱਤੇ ਹੋਏ ਹਰ ਅਣਮਨੁੱਖੀ ਤਸ਼ੱਦਦ ਬਾਅਦ ਇੱਕੋ ਗੱਲ ਉਭਰੀ-ਯੋਗ ਸਿੱਖ ਆਗੂ ਦੀ ਲੋੜ ਹੈ ਜੋ ਸਭ ਨੂੰ ਇਕੱਠਾ ਕਰ ਕੇ ਰਾਜਸੀ ਤਾਕਤ ਬਣਨ ਵੱਲ ਤੋਰੇ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਤਿਹਾਸਕ ਤੱਥਾਂ ਤੋਂ ਸੇਧ ਲੈ ਕੇ ਅੱਗੋਂ ਧੋਖਾ ਖਾਣ ਤੋਂ ਬਚਾਇਆ ਜਾ ਸਕੇ ਤੇ ਸਿੱਖ ਨਸਲਕੁਸ਼ੀ ਹੋਣੀ ਬੰਦ ਹੋਵੇ! ਕੀ ਇਸ ਪਾਸੇ ਕਦੇ ਧਿਆਨ ਦਿੱਤਾ ਗਿਆ?
    ਆਖ਼ਰੀ ਸਵਾਲ ਇਹ ਹੈ ਕਿ ਆਖ਼ਰ ਕਿੰਨੀਆਂ ਹੋਰ ਬੇਦੋਸੀਆਂ ਪੁਸ਼ਤਾਂ ਕਹਿਰ ਦੇ ਵਾ-ਵਰੋਲੇ ਝੱਲਣਗੀਆਂ ਪਰ ਫਿਰ ਵੀ ਅਤਿਵਾਦੀ ਹੀ ਅਖਵਾਉਂਦੀਆਂ ਰਹਿਣਗੀਆਂ?
    ਸਬਰ ਤੇ ਸੰਤੋਖ ਨਾਲ ਲਬਰੇਜ਼ ਸਿੱਖ ਅੱਜ ਵੀ ਦੁਨੀਆ ਦੇ ਹਰ ਭੁੱਖੇ ਤੇ ਲੋੜਵੰਦ ਨੂੰ ਰਜਾਉਣ ਵਿਚ ਰੁੱਝੇ ਹਨ ਤੇ ਹੁਣ ਵੀ ਹਕੂਮਤ ਵੱਲੋਂ ਰਾਹਾਂ ਵਿਚ ਕਿੱਲਾਂ ਦੇ ਸਾਹਮਣੇ ਫੁੱਲ ਉਗਾ ਕੇ ਆਪਣੇ ਲਹੂ ਨਾਲ ਸਿੰਜ ਕੇ ਪਿਆਰ ਜਤਾ ਰਹੇ ਹਨ ਪਰ ਸਰਕਾਰੀ ਏਜੰਸੀਆਂ ਤੇ ਅਖ਼ਬਾਰਾਂ ਵੱਲੋਂ ਬਾਗ਼ੀ ਹੀ ਐਲਾਨੇ ਜਾ ਰਹੇ ਹਨ!
    
ਆਖ਼ਰ ਕਿੰਨੀ ਦੇਰ ਹੋਰ ਡਾਇਰ, ਨਰਾਇਣੇ ਤੇ ਬਲਦੇ ਟਾਇਰ ਸਿੱਖਾਂ ਦੀ ਸਰਦਾਰੀ ਨੂੰ ਲਲਕਾਰਦੇ ਰਹਿਣਗੇ?
    ਹਾਲੇ ਵੀ ਸਮਾਂ ਹੈ! ਯੋਗ ਅਗਵਾਈ ਵਾਲੀ ਸਿਆਸੀ ਤਾਕਤ ਬਣਨ ਵੱਲ ਧਿਆਨ ਕਰੀਏ, ਨਹੀਂ ਤਾਂ ਕੋਈ ਹੋਰ ਕਹਿਰੀ ਸਾਕਾ ਫਿਰ ਢਾਹ ਲਾਵੇਗਾ!
    ਕਿਉਂ ਤੇਗ਼ ਨੂੰ ਤੇਗ਼ ਵਿਖਾਉਂਦਾ ਏ?
    ਇਹ ਤੇਗ਼ ਨਹੀਂ ਤੇਗ਼ ਤੋਂ ਡਰਨ ਵਾਲਾ।
    ਵਿੱਚੋਂ ਤੇਗ਼ ਦੇ ਖ਼ਾਲਸਾ ਹੋਊ ਪੈਦਾ
    ਨਿਸ਼ਾਨ ਜ਼ੁਲਮ ਦਾ ਖ਼ਤਮ ਜੋ ਕਰਨ ਵਾਲਾ।
ਤੇਗ਼, ਤੇਗ਼ ਦੇ ਧਨੀ ਦਾ ਹੈ ਪੁੱਤਰ,
    ਮੀਰੀ ਪੀਰੀ ਦੀ ਤੇਗ਼ ਜੋ ਫੜਨ ਵਾਲਾ।
    ਪੰਜਵੇਂ ਪਾਤਸ਼ਾਹ ਖ਼ੂਨ ਨਾਲ ਸਿੰਜਿਆ ਜੋ,
    ਸਿੱਖੀ ਬੂਟਾ ਨਹੀਂ ਤੇਗ਼ ਨਾਲ ਝੜਨ ਵਾਲਾ।
    

ਡਾ. ਹਰਸ਼ਿੰਦਰ ਕੌਰ, ਐਮ. ਡੀ.,
                        ਬੱਚਿਆਂ ਦੀ ਮਾਹਰ,
                        28, ਪ੍ਰੀਤ ਨਗਰ, ਲੋਅਰ ਮਾਲ
                        ਪਟਿਆਲਾ। ਫੋਨ ਨੰ: 0175-2216783

 ਪੰਜਾਬੀ ਜ਼ਬਾਨ ਲਈ ਚੁੱਕੇ ਜਾਣ ਵਾਲੇ ਠੋਸ ਕਦਮ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਜਦੋਂ ਸਰਕਾਰੀ ਐਲਾਨ ਹੋਇਆ ਸੀ ਕਿ ਪੰਜਾਬ ਵਿਚ ਪਹਿਲੀ ਜਮਾਤ ਤੋਂ ਅੰਗਰੇਜ਼ੀ ਜ਼ਬਾਨ ਪੜ੍ਹਾਈ ਜਾਵੇਗੀ ਤਾਂ ਮੇਰੇ ਭਾਪਾ ਜੀ, ਪ੍ਰੋ. ਪ੍ਰੀਤਮ ਸਿੰਘ ਜੀ ਨੇ ਇਸ ਦਾ ਤਗੜਾ ਵਿਰੋਧ ਕੀਤਾ ਸੀ। ਨਤੀਜੇ ਵਜੋਂ ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੀ ਡੀ.ਲਿਟ. ਦੀ ਡਿਗਰੀ ਦੇਣ ਤੋਂ ਸਰਕਾਰ ਇਨਕਾਰੀ ਹੋ ਗਈ ਸੀ। ਭਾਪਾ ਜੀ ਦੇ ਡਟੇ ਰਹਿਣ ਸਦਕਾ ਤੇ ਕੁੱਝ ਪੰਜਾਬੀ ਪ੍ਰੇਮੀਆਂ ਦੇ ਨਾਲ ਰਲ ਜਾਣ ਸਦਕਾ ਅਖ਼ੀਰ ਸਰਕਾਰ ਨੂੰ ਪੰਜਾਬੀ ਜ਼ਬਾਨ ਵਿਰੋਧੀ ਕਦਮ ਵਾਪਸ ਲੈਣਾ ਪਿਆ।
    ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਨੇ ਭਾਪਾ ਜੀ ਦੀਆਂ ਪੰਜਾਬੀ ਜ਼ਬਾਨ ਨੂੰ ਪ੍ਰਫੁੱਲਿਤ ਕਰਨ ਲਈ ਦਿੱਤੀਆਂ ਸੇਵਾਵਾਂ ਸਦਕਾ ਡੀ.ਲਿਟ. ਦੀ ਡਿਗਰੀ ਪ੍ਰਦਾਨ ਕੀਤੀ।
    ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਸਰਕਾਰਾਂ ਪੰਜਾਬੀ ਜ਼ਬਾਨ ਦੀਆਂ ਦੋਖੀ ਹੋਈਆਂ ਹੋਣ। ਸਦੀਆਂ ਤੋਂ ਸਰਕਾਰੇ ਦਰਬਾਰੇ ਪੰਜਾਬੀ ਜ਼ਬਾਨ ਦੀ ਬੇਪਤੀ ਹੁੰਦੀ ਰਹੀ ਹੈ।   
    ਸਰਕਾਰਾਂ ਵਿਰੁੱਧ ਆਵਾਜ਼ ਚੁੱਕਣ ਵਾਲਿਆਂ ਤੇ ਜ਼ਬਾਨ ਪ੍ਰਤੀ ਨਿੱਠ ਕੇ ਕੰਮ ਕਰਨ ਵਾਲਿਆਂ ਨੂੰ ਚੁੱਪ ਕਰਾਉਣ ਲਈ ਸਰਕਾਰਾਂ ਕੋਲ ਤਿੰਨ ਹੀ ਢੰਗ ਹੁੰਦੇ ਹਨ :-
- ਸਰਕਾਰੀ ਅਹੁਦਿਆਂ ਦੀ ਰਿਸ਼ਵਤ ਦੇ ਦਿੱਤੀ ਜਾਵੇ
- ਵੱਡੇ ਇਨਾਮ ਸਨਮਾਨ ਦੇ ਕੇ ਮੂੰਹ ਬੰਦ ਕਰ ਦਿੱਤਾ ਜਾਵੇ
- ਝੂਠੇ ਇਲਜ਼ਾਮ ਲਾ ਕੇ ਉਲਝਾ ਦਿੱਤਾ ਜਾਵੇ
    ਇਸ ਸਭ ਦੇ ਬਾਵਜੂਦ ਜ਼ਮੀਨੀ ਪੱਧਰ ਉੱਤੇ ਮਾਂ ਬੋਲੀ ਦੇ ਹੋਣਹਾਰ ਸਪੁੱਤਰਾਂ ਨੇ ਆਪਣੀ ਬੋਲੀ ਦੇ ਹੱਕ ਵਿਚ ਕਦੇ ਜੰਗ ਵਿੱਢਣੀ ਛੱਡੀ ਨਹੀਂ।
    ਇਹੀ ਕਾਰਨ ਸੀ ਕਿ ਨਾ ਮਾਂ ਦੀਆਂ ਲੋਰੀਆਂ ਖ਼ਤਮ ਕੀਤੀਆਂ ਜਾ ਸਕੀਆਂ, ਨਾ ਜੰਗਾਂ ਵਿਚਲੇ ਜੈਕਾਰੇ ਤੇ ਨਾ ਹੀ ਪਿੰਡਾਂ ਦੀਆਂ ਸੱਥਾਂ ਵਿੱਚੋਂ ਇਹ ਜ਼ਬਾਨ ਮੁਕਾਈ ਜਾ ਸਕੀ।
    ਦਾਦੀਆਂ ਨਾਨੀਆਂ ਦੀਆਂ ਕਹਾਣੀਆਂ ਨੇ ਵੀ ਇਸ ਜ਼ਬਾਨ ਵਿਚ ਰੂਹ ਫੂਕਣੀ ਜਾਰੀ ਰੱਖੀ।


ਮੌਜੂਦਾ ਹਾਲਾਤ :-
    ਹਰ ਸਦੀ ਵਿਚ ਜ਼ਬਾਨ ਨੂੰ ਵੱਖ ਕਿਸਮ ਦੇ ਹੱਲੇ ਝੱਲਣੇ ਪਏ ਹਨ। ਅਲੱਗ ਅਲੱਗ ਜ਼ਬਾਨਾਂ ਨੂੰ ਲਾਗੂ ਕਰ ਕੇ ਹੁਕਮਰਾਨ ਆਪਣੇ ਆਪ ਨੂੰ ਆਮ ਜਨਤਾ ਤੋਂ ਵੱਖ ਤੇ ਉੱਚਾ ਸਾਬਤ ਕਰਨ ਦੇ ਚੱਕਰ ਵਿਚ ਸਰਕਾਰੇ ਦਰਬਾਰੇ ਇਸ ਦੀ ਵਰਤੋਂ ਦਰਕਿਨਾਰ ਕਰਦੇ ਰਹੇ ਹਨ।
    ਹੁਣ ਦੇ ਖ਼ਤਰੇ ਜੋ ਸਾਹਮਣੇ ਦਿਸ ਰਹੇ ਹਨ, ਉਹ ਹਨ :-
1. ਪਿੰਡਾਂ ਵਿਚ ਖੁੱਲ ਰਹੇ ਪ੍ਰਾਈਵੇਟ ਸਕੂਲਾਂ ਦੇ ਪ੍ਰਿੰਸੀਪਲ ਬਹੁਤੇ ਕੇਰਲ ਤੋਂ ਹਨ ਜੋ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਹੀ ਬੋਲ ਰਹੇ ਹਨ।
2. ਪ੍ਰਾਈਵੇਟ ਸਕੂਲਾਂ ਵਿਚ ਪੰਜਾਬੀ ਦੇ ਅਧਿਆਪਿਕਾਂ ਨੂੰ ਬਾਕੀਆਂ ਨਾਲੋਂ ਘੱਟ ਤਨਖਾਹ ਦਿੱਤੀ
   ਜਾ ਰਹੀ ਹੈ।
3. ਸਰਕਾਰੀ ਸਕੂਲਾਂ ਵਿਚ ਬਹੁਤੀ ਥਾਈਂ ਪੰਜਾਬੀ ਪੜ੍ਹਾਉਣ ਲਈ ਹਿੰਦੀ ਜਾਂ ਹੋਰ ਵਿਸ਼ੇ ਦੇ
   ਅਧਿਆਪਕ ਪੜ੍ਹਾ ਰਹੇ ਹਨ।
4. ਪੰਜਾਬੀ ਜ਼ਬਾਨ ਹੁਣ ਰੁਜ਼ਗਾਰ ਦਾ ਸਾਧਨ ਨਹੀਂ ਰਹੀ
    -ਬੈਂਕ
    -ਕਚਿਹਰੀ
    -ਇਸ਼ਤਿਹਾਰੀ ਫੋਨ
    -ਕਾਲ ਸੈਂਟਰ, ਆਦਿ ਵਿਚ ਪੰਜਾਬੀ ਜ਼ਬਾਨ ਨਹੀਂ ਦਿਸ ਰਹੀ।
    -ਬਹੁਤੇ ਸਕੱਤਰਾਂ ਨਾਲ ਹੇਠਲਾ ਸਟਾਫ ਹਿੰਦੀ ਬੋਲਣ ਲਈ ਮਜਬੂਰ ਹੋਇਆ ਪਿਆ ਹੈ।
5. ਅਖ਼ਬਾਰਾਂ ਤੇ ਕਿਤਾਬਾਂ ਪੜ੍ਹਨ ਦਾ ਘਟਦਾ ਰੁਝਾਨ
6. ਪੰਜਾਬੀ ਜ਼ਬਾਨ ਨੂੰ ਇੰਟਰਨੈੱਟ ਦੀ ਹਾਣੀ ਬਣਾਉਣ ਦੀ ਲੋੜ ਹੈ।
7. ਹਾਲੇ ਤਕ ਕਈ ਸਕੂਲਾਂ ਵਿਚ ਪੰਜਾਬੀ ਜ਼ਬਾਨ ਬੋਲਣ ਉੱਤੇ ਫਾਈਨ ਜਾਰੀ ਹੈ।
8. ਪੰਜਾਬ ਦੇ ਮੰਤਰੀਆਂ ਤੇ ਐਮ.ਐਲ.ਏ. ਦੇ ਸਹੁੰ ਚੁੱਕ ਸਮਾਗਮ ਵਿਚ ਹਿੰਦੀ ਜਾਂ ਅੰਗਰੇਜ਼ੀ ਦੀ ਵਰਤੋਂ ਜਾਰੀ ਹੈ।
9.  ਸਾਡੇ ਭਾਸ਼ਾ ਨਾਲ ਸੰਬੰਧਤ ਇਨਾਮ ਰੱਜੇ ਪੁੱਜਿਆਂ ਨੂੰ ਰਜਾਉਣ ਦਾ ਕੰਮ ਕਰ ਰਹੇ ਹਨ ਜਾਂ ਇਕ ਦੂਜੇ ਦੀ ਪਿੱਠ ਠੋਕ ਰਹੇ ਹਨ।
10. ਕਈ ਖੋਜਾਂ ਅਧੀਨ ਵੇਖਣ ਵਿਚ ਆਇਆ ਹੈ ਕਿ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਲਾਇਬ੍ਰੇਰੀ ਤੋਂ ਬੱਚਿਆਂ ਵੱਲੋਂ ਇਸ਼ੂ ਕਰਵਾਈਆਂ ਜਾ ਰਹੀਆਂ ਪੰਜਾਬੀ ਦੀਆਂ ਕਿਤਾਬਾਂ ਬਾਰੇ ਪੁੱਛਿਆ ਗਿਆ ਤਾਂ ਜਵਾਬ ਲਗਭਗ ਨਾ ਸੀ। ਕੋਈ ਵਿਰਲਾ ਟਾਂਵਾਂ ਭਾਸ਼ਣ ਜਾਂ ਕਵਿਤਾ ਮੁਕਾਬਲੇ ਲਈ ਕਿਤਾਬਾਂ ਸਾਲ ਵਿਚ ਇਕ ਵਾਰ ਲੈ ਰਿਹਾ ਸੀ।
11. ਯੂਨੀਵਰਸਿਟੀ, 10ਵੀਂ ਤੋਂ 12ਵੀਂ ਜਮਾਤ ਤੇ ਕਾਲਜ ਦੇ ਵਿਦਿਆਰਥੀਆਂ ਤੋਂ ਇਕ
     ਟੀ.ਵੀ. ਚੈਨਲ ਨੇ ਇੰਟਰਵਿਊ ਲੈਂਦਿਆਂ ਜਦੋਂ 35 ਅੱਖਰੀ ਬੋਲਣ ਲਈ ਕਿਹਾ ਤਾਂ ਇੱਕ ਵੀ
     ਬੱਚਾ ਪੂਰੀ 35 ਅੱਖਰੀ ਨਹੀਂ ਬੋਲ ਸਕਿਆ।
12. ਬਹੁਤੀਆਂ ਸਾਹਿਤ ਸਭਾਵਾਂ ਤੇ ਹਰ ਸਾਲ ਢੇਰਾਂ ਦੇ ਢੇਰ ਪੰਜਾਬੀ ਜ਼ਬਾਨ ਨਾਲ ਸੰਬੰਧਤ
     ਸੈਮੀਨਾਰਾਂ, ਅੰਤਰਰਾਸ਼ਟਰੀ ਕਾਨਫਰੰਸਾਂ ਵਿਚ ਆਪਣਿਆਂ ਦੀ ਪਿੱਠ ਥਾਪੜ ਕੇ ਜਾਂ ਖ਼ਬਰਾਂ ਨਸ਼ਰ ਕਰ ਕੇ ਕੰਮ ਸਾਰ ਲਿਆ ਜਾਂਦਾ ਹੈ ਪਰ ਠੋਸ ਕਦਮ ਨਹੀਂ ਪੁੱਟੇ ਜਾਂਦੇ।
13.  ਸੱਤ ਸਮੁੰਦਰੋਂ ਪਾਰ ਵੀਰਾਂ ਭੈਣਾਂ ਨੇ ਜ਼ਬਾਨ ਨੂੰ ਸੰਭਾਲਣ ਤੇ ਵੱਖ ਪਛਾਣ ਦੁਆਉਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ।
        - ਪੰਜਾਬੀ ਕੀ-ਬੋਰਡ ਬਣਾ ਲਿਆ ਹੋਇਆ ਹੈ।
        - ਬੀਬੀਸੀ ਚੈਨਲ ਵਿਚ ਪੰਜਾਬੀ ਸ਼ੁਰੂ ਕਰਵਾ ਦਿੱਤੀ ਹੈ।
        - ਗੁਰਦੁਆਰਿਆਂ ਵਿਚ ਪੰਜਾਬੀ ਸਕੂਲ ਚੱਲ ਰਹੇ ਹਨ।
    ਕਮੀ ਸਿਰਫ਼ ਇਹ ਹੈ ਕਿ ਅਗਲੀ ਪਨੀਰੀ ਵਿਚ ਪੰਜਾਬੀ ਸਾਹਿਤ ਪੜ੍ਹਨ ਤੇ ਨਵਾਂ ਸਾਹਿਤ ਰਚਨ ਵੱਲ ਰੁਝਾਨ ਨਹੀਂ ਹੈ।
    ਇਹ ਜ਼ਬਾਨ ਲਈ ਅਗਾਊਂ ਖ਼ਤਰਾ ਸਾਬਤ ਹੋ ਸਕਦਾ ਹੈ।
14.  ਤਕਨੀਕੀ ਸਿੱਖਿਆ ਪੰਜਾਬੀ ਜ਼ਬਾਨ ਵਿਚ ਨਹੀਂ ਹੈ।
ਭਾਰਤ ਵਿੱਚੋਂ ਸੁਸ਼ਿਰਿਤਾ ਵਰਗੇ ਗ੍ਰੰਥਾਂ ਤੋਂ ਅਰਬ ਹਮਲਾਵਰ ਬਾਹਰ ਲਿਜਾ ਕੇ ਅੱਗੋਂ ਤਰਜਮਾ ਕਰ ਕੇ ਉਸ ਤੋਂ ਲਾਹਾ ਲੈਂਦੇ ਰਹੇ ਤੇ ਅਖ਼ੀਰ ਅੰਗਰੇਜ਼ੀ ਵਿਚ ਤਰਜਮਾ ਕਰਵਾ ਕੇ ਵਾਪਸ ਭਾਰਤ ਵਿਚ ਹੀ ਮੈਡੀਕਲ ਸਿੱਖਿਆ ਪੜ੍ਹਨ ਲਈ ਮਜਬੂਰ ਕੀਤਾ ਜਾ ਰਿਹਾ ਹੈ।
15.   ਪੰਜਾਬੀ ਜ਼ਬਾਨ ਨੂੰ ਧਰਮ ਦੇ ਆਧਾਰ ਉੱਤੇ ਵੰਡ ਲਿਆ ਗਿਆ ਹੈ।
16.   ਪੰਜਾਬੀ ਜ਼ਬਾਨ ਬੋਲਣ ਵਾਲੇ ਨੂੰ ਅਨਪੜ੍ਹ ਕਿਹਾ ਜਾਣ ਲੱਗ ਪਿਆ ਹੈ।
17.   ਪਹਿਲੀ ਜਮਾਤ ਤੋਂ ਅੰਗਰੇਜ਼ੀ ਪੜ੍ਹਾਉਣ ਲਈ ਸਰਕਾਰ ਪੂਰਾ ਜ਼ੋਰ ਲਾ ਰਹੀ ਹੈ।


ਸਮੇਂ ਦੀ ਲੋੜ ਕੀ ਹੈ?
1.    ਮਰਜੀਵੜਿਆਂ ਨੂੰ ਪੰਜਾਬੀ ਜ਼ਬਾਨ ਲਈ ਸਿਰ ਧੜ ਦੀ ਬਾਜ਼ੀ ਲਾਉਣੀ ਪੈਣੀ ਹੈ।
2.    ਪਹਿਲੀ ਜਮਾਤ ਤੋਂ ਅੰਗਰੇਜ਼ੀ ਦੀ ਹਰ ਹਾਲ ਵਿਚ ਰੋਕ ਲਾਉਣ ਦੀ ਲੋੜ ਹੈ। ਚਾਰ ਜਮਾਤਾਂ ਬਾਅਦ ਜਿੰਨੀਆਂ ਮਰਜ਼ੀ ਜ਼ਬਾਨਾਂ ਸਿਖਾ ਦਿੱਤੀਆਂ ਜਾਣ, ਕੋਈ ਹਰਜ਼ ਨਹੀਂ।
3.    ਗੁਜਰਾਤ ਦੇ ਸ਼ਹਿਰਾਂ ਤੇ ਪਿੰਡਾਂ ਵਿਚ ਇਸ਼ਤਿਹਾਰ, ਸਾਈਨ ਬੋਰਡ, (ਹਾਈਵੇ ਜਾਂ ਮੀਲ ਪੱਥਰ, ਬੈਂਕ, ਏਅਰ ਪੋਰਟ, ਪੈਟਰੋਲ ਪੰਪ) ਹਰ ਥਾਂ ਜਾਂ ਤਾਂ ਨਿਰੀ ਗੁਜਰਾਤੀ ਜਾਂ ਪਹਿਲੇ ਨੰਬਰ ਉੱਤੇ ਗੁਜਰਾਤੀ ਤੇ ਦੂਜੇ ਉੱਤੇ ਕਿਤੇ-ਕਿਤੇ ਅੰਗਰੇਜ਼ੀ ਦਿਸਦੀ ਹੈ ਪਰ ਹਿੰਦੀ ਨਾ ਬਰਾਬਰ।
ਮਾਣਯੋਗ ਪ੍ਰਧਾਨ ਮੰਤਰੀ ਦੇ ਸੰਦੇਸ਼ ਵੀ ਸ਼ਹਿਰਾਂ ਵਿਚ ਬੋਰਡਾਂ ਉੱਤੇ ਸਿਰਫ਼ ਗੁਜਰਾਤੀ ਵਿਚ ਹੀ ਹਨ ਫੇਰ ਪੰਜਾਬ ਵਿਚ ਪੰਜਾਬੀ ਕਿਉਂ ਨਹੀਂ?
4.    ਪੰਜਾਬੀ ਦੇ ਅਧਿਆਪਿਕਾਂ ਦੀ ਤਨਖ਼ਾਹ ਦੁਗਣੀ ਚਾਹੀਦੀ ਹੈ।
5.    ਪੰਜਾਬ ਵਿਚਲੇ ਹਰ ਸਕੂਲ ਦੇ ਪ੍ਰਿੰਸੀਪਲ ਦਾ ਪੰਜਾਬੀ ਬੋਲਣਾ, ਪੜ੍ਹਨਾ ਤੇ ਲਿਖਣਾ ਆਉਣਾ ਲਾਜ਼ਮੀ ਕੀਤਾ ਜਾਵੇ।
6.    ਇਨਾਮ ਸਨਮਾਨ :-ਜਿਨ੍ਹਾਂ ਨੂੰ ਇਕ ਵਾਰ ਮਿਲ ਗਿਆ, ਦੂਜੀ ਵਾਰ ਦੇਣ ਦੀ ਲੋੜ ਨਹੀਂ। ਨੌਜਵਾਨ ਪੀੜ੍ਹੀ ਨੂੰ ਪ੍ਰੋਤਸਾਹਿਤ ਕੀਤਾ ਜਾਵੇ। ਸਾਹਿਤ ਰਚਣ ਲਈ ਹਰ ਸਾਲ ਮੁਕਾਬਲੇ ਕਰਵਾਏ ਜਾਣ ਤੇ ਵੱਡੇ ਇਨਾਮ ਦਿੱਤੇ ਜਾਣ/ਮੀਡੀਆ ਵਿਚ ਉਜਾਗਰ ਕਰਨ ਦੀ ਵੀ ਲੋੜ ਹੈ।
7.    ਖੋਜ ਕਾਰਜ ਪੰਜਾਬੀ ਜ਼ਬਾਨ ਵਿਚ ਉਤਸਾਹਿਤ ਕੀਤੇ ਜਾਣ। ਜਿਹੜਾ ਜਣਾ ਇਹ ਕਰੇ, ਉਸ ਨੂੰ ਮਾਇਕ ਸਹਾਇਤਾ ਵੱਧ ਹੋਵੇ।
8.    ਤਕਨੀਕੀ ਸਿੱਖਿਆ ਦੀਆਂ ਕਿਤਾਬਾਂ ਲਿਖਣ ਲਈ ਪਹਿਲਾਂ ਡਿਕਸ਼ਨਰੀ ਤਿਆਰ ਕਰਨ ਦੀ ਲੋੜ ਹੈ।
9.    ਹਰ ਸਾਈਨ ਬੋਰਡ, ਬੈਂਕ, ਪੈਟਰੋਲ ਪੰਪ, ਘਰ ਦੇ ਬਾਹਰ ਦੀਆਂ ਨੇਮ ਪਲੇਟਾਂ ਪੰਜਾਬੀ ਵਿਚ ਹੋਣੀਆਂ ਚਾਹੀਦੀਆਂ ਹਨ।
10.    ਬੈਂਕ, ਕਚਹਿਰੀ ਦਾ ਕੰਮ ਕਾਰ ਤੇ ਇਸ਼ਤਿਹਾਰੀ ਫ਼ੋਨ ਪੰਜਾਬੀ ਵਿਚ ਕੀਤੇ ਜਾਣ।
11.    ਮੋਬਾਈਲ/ਇੰਟਰਨੈੱਟ 'ਤੇ ਬੱਚਿਆਂ ਦੀਆਂ ਕਵਿਤਾਵਾਂ ਤੇ ਖੇਡਾਂ ਪੰਜਾਬੀ ਵਿਚ ਹੋਣੀਆਂ ਚਾਹੀਦੀਆਂ ਹਨ।
12.    ਪੰਜਾਬੀ ਬੱਚੇ ਆਈ.ਏ.ਐਸ./ਆਈ.ਪੀ.ਐਸ./ਆਈ.ਐਫ.ਐਸ. ਬਣਾਉਣੇ ਜ਼ਰੂਰੀ
13.    ਪੰਜਾਬੀ ਕੀ-ਬੋਰਡ ਦਫਤਰਾਂ ਵਿਚ ਪ੍ਰੋਤਸਾਹਿਤ ਕੀਤੇ ਜਾਣ
14.    ਫਾਈਨ ਲਾਉਣ ਵਾਲੇ ਸਕੂਲਾਂ ਦੀ ਸਰਕਾਰੀ ਸਹੂਲਤ ਤੇ ਮਾਇਕ ਸਹਾਇਤਾ ਪੂਰਨ ਰੂਪ ਵਿਚ ਬੰਦ ਹੋਣੀ ਚਾਹੀਦੀ ਹੈ।
15.    ਪੰਜਾਬੀ ਜ਼ਬਾਨ ਨਾਲ ਜੁੜਿਆ ਅਨਪੜ੍ਹ ਸ਼ਬਦ ਹਟਾਉਣ ਦੀ ਲੋੜ
16.    ਮਾਵਾਂ ਨੂੰ ਤੇ ਪ੍ਰਾਈਮਰੀ ਸਕੂਲਾਂ ਵਿਚ ਅੰਗਰੇਜ਼ੀ/ਫਰਾਂਸੀਸੀ ਰਟਣ ਉੱਤੇ ਜ਼ੋਰ ਲਾਉਣ ਉੱਤੇ ਰੋਕ
17.    ਸਾਂਝੇ ਟੱਬਰ ਨਾ ਹੋਣ ਸਦਕਾ ਦਾਦੀਆਂ-ਨਾਨੀਆਂ ਦੀਆਂ ਕਹਾਣੀਆਂ ਗੁੰਮ ਗਈਆਂ ਨੇ। ਸਕੂਲਾਂ ਵਿਚ ਛੁੱਟੀਆਂ ਦਾ ਘਰ ਦਾ ਕੰਮ ਦਾਦਕੇ ਨਾਨਕੇ ਜਾ ਕੇ ਕਹਾਣੀਆਂ ਸੁਣ ਕੇ ਪ੍ਰੋਜੈਕਟ ਲਿਖਣ ਦਾ ਕਰ ਦੇਣਾ ਚਾਹੀਦਾ ਹੈ।
18.    ਬੱਚਿਆਂ ਵਿਚ ਪੰਜਾਬੀ ਜ਼ਬਾਨ ਪੜ੍ਹਨ ਦਾ ਰੁਝਾਨ ਵਧਾਉਣ ਦੀ ਲੋੜ। ਲਾਇਬ੍ਰੇਰੀ ਵਿੱਚੋਂ ਹਰ ਹਾਲ ਮਹੀਨੇ ਵਿਚ ਇਕ ਵਾਰ ਪੰਜਾਬੀ ਦੀ ਕਿਤਾਬ ਜਾਰੀ ਕਰਵਾਉਣ।
19.    ਸਰਕਾਰੀ ਇਸ਼ਤਿਹਾਰ ਸਿਰਫ਼ ਪੰਜਾਬੀ ਵਿਚ ਹੋਣ।
20.    ਧਿਆਨ ਰਹੇ, ਜਪਾਨ, ਜਰਮਨੀ, ਫਰਾਂਸ ਆਪਣੀ ਭਾਸ਼ਾ ਨਾਲ ਤਰੱਕੀ ਕਰ ਰਹੇ ਹਨ ਨਾ ਕਿ ਅੰਗਰੇਜ਼ੀ ਨਾਲ
21.    ਭਾਸ਼ਾ ਦੇ ਵਿਕਾਸ ਲਈ ਕੀਤੇ ਕੰਮਾਂ ਜਿਵੇਂ ਸਾਹਿਤ ਸਭਾਵਾਂ, ਯੂਨੀਵਰਸਿਟੀਆਂ, ਲੇਖਕ
ਸੰਸਥਾਵਾਂ, ਕਲਾ ਪ੍ਰੀਸ਼ਦ, ਆਦਿ ਵੱਲੋਂ ਸਲਾਨਾ ਪੇਪਰ ਜਾਰੀ ਕਰ ਕੇ ਆਮ ਲੋਕਾਂ ਨਾਲ ਗੋਸ਼ਠੀ ਕਰਨੀ ਚਾਹੀਦੀ ਹੈ ਕਿ ਕਿੱਥੇ ਕਮੀ ਰਹਿ ਗਈ ਤੇ ਉਹ ਕਿਵੇਂ ਦੂਰ ਕੀਤੀ ਜਾਵੇ।
22.    ਪ੍ਰਾਈਵੇਟ ਸਕੂਲਾਂ ਦੇ ਸਿਲੇਬਸ ਵਿਚ ਇੱਕੋ ਜਿਹੀਆਂ ਕਿਤਾਬਾਂ ਨਿਸਚਿਤ ਕੀਤੀਆਂ ਜਾਣ। ਡੀ.ਈ.ਓ. ਦੀ ਵੀ ਚੈਕਿੰਗ ਕੀਤੀ ਜਾਵੇ ਕਿ ਉਹ ਭਾਸ਼ਾ ਦੀਆਂ ਊਣਤਾਈਆਂ ਜਾਂ ਉਸ ਉੱਤੇ ਲਾਈ ਰੋਕ ਲਈ ਕੀ ਕਦਮ ਪੁੱਟ ਰਹੇ ਹਨ ਤੇ ਉਨ੍ਹਾਂ ਦੇ ਜਤਨਾਂ ਨੂੰ ਕੋਈ ਪੂਰ ਪੈ ਰਿਹਾ ਹੈ ਜਾਂ ਨਹੀਂ?
23.    ਬੱਚਿਆਂ ਵੱਲੋਂ ਲਿਖੇ ਸਾਹਿਤ ਨੂੰ ਅਖ਼ਬਾਰਾਂ ਵਿਚ ਥਾਂ ਮਿਲੇ
24.    ਜੇ ਅੰਗਰੇਜ਼ੀ ਲਈ ਸਰਕਾਰ ਏਨੀ ਵਚਨਬੱਧ ਹੈ ਤਾਂ ਫਿਰ ਪੰਜਾਬੀ ਬੱਚੇ ਗਲੀ ਗਲੀ ਖੁੱਲੀਆਂ ਦੁਕਾਨਾਂ ਵਿਚ ਕਿਉਂ ਆਈਲੈਟਸ ਪੜ੍ਹਨ ਲਈ ਮਜਬੂਰ ਹੋ ਚੁੱਕੇ ਹਨ?
25.    ਹਰ ਮੰਤਰੀ, ਸਕੱਤਰ, ਸਰਕਾਰੀ ਅਫਸਰਾਂ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਨਾ ਲਾਜ਼ਮੀ ਕੀਤਾ ਜਾਵੇ ਤਾਂ ਜੋ ਇਨ੍ਹਾਂ ਸਕੂਲਾਂ ਦਾ ਮਿਆਰ ਉੱਚਾ ਚੁੱਕਿਆ ਜਾ ਸਕੇ।
ਅੰਤ ਵਿਚ ਇਹੀ ਅਰਦਾਸ ਕਰਨਾ ਚਾਹੁੰਦੀ ਹਾਂ ਕਿ ਕਾਸ਼ ਅੱਜ ਕੋਈ ਊਧਮ ਸਿੰਘ ਵਰਗਾ ਵੀਰ ਜਾਗੇ ਤੇ ਆਪਣੀ ਮਾਂ ਬੋਲੀ ਦੇ ਪ੍ਰੇਮ ਦੀ ਗੋਲੀ ਹਰ ਪੰਜਾਬੀ ਦੇ ਸੀਨੇ ਵਿਚ ਦਾਗ਼ ਦੇਵੇ।
    ਕੋਈ ਤਾਂ ਨਿਤਰੇ ਜਿਹੜਾ ਪੰਜਾਬੀ ਬੱਚਿਆਂ ਨੂੰ ਪੰਜਾਬ ਵਿਚ ਪੈਂਤੀ ਅੱਖਰੀ ਰਟਾ ਦੇਵੇ।
ਸਾਡੀ ਜਾਤ ਏ ਪੰਜਾਬੀ
        ਸਾਡੀ ਪਾਤ ਏ ਪੰਜਾਬੀ
        ਸਾਡਾ ਦੀਨ ਈਮਾਨ ਤੇ ਔਕਾਤ ਏ ਪੰਜਾਬੀ
        ਕਿਤੇ ਭੁੱਲ ਨਾ ਜਾਇਓ ਪੰਜਾਬੀਓ
        ਗੁਰੂਆਂ ਤੇ ਪੀਰਾਂ ਵੱਲੋਂ ਮਿਲੀ ਸੌਗ਼ਾਤ ਏ ਪੰਜਾਬੀ

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਬੇਟਾ ਪੜ੍ਹਾਓ-ਬੇਟੀ ਬਚਾਓ! - ਡਾ. ਹਰਸ਼ਿੰਦਰ ਕੌਰ, ਐਮ. ਡੀ.,

  ਇਹ ਸਿਰਲੇਖ ਸ਼ਾਇਦ ਅਜੀਬ ਲੱਗੇ, ਪਰ ਲੇਖ ਪੜ੍ਹਨ ਬਾਅਦ ਬਥੇਰੇ ਮੇਰੇ ਨਾਲ ਸਹਿਮਤ ਹੋ ਜਾਣਗੇ!
    ਭਾਰਤ ਦੇ ਇੱਕ ਪਿੰਡ ਦੀ ਪਛਾਣ ਬਣ ਚੁੱਕੀ ਹੋਈ ਹੈ ਕਿ ਉੱਥੇ ਕੁੜੀਆਂ ਗਲੇ ਦੁਆਲੇ ਰੱਸੀ ਬੰਨ੍ਹ ਕੇ ਮਾਰੀਆਂ ਮਿਲਦੀਆਂ ਹਨ। ਇੱਕ 12 ਤੇ ਇੱਕ 15 ਸਾਲਾਂ ਦੀਆਂ ਦੋ ਭੈਣਾਂ ਦਾ ਬਲਾਤਕਾਰ ਕਰ ਕੇ ਕਤਲ ਕਰਨ ਬਾਅਦ ਦਰਖ਼ਤ ਨਾਲ ਰੱਸੀ ਬੰਨ੍ਹ ਕੇ ਲਾਸ਼ਾਂ ਨੂੰ ਲਟਕਾ ਦਿੱਤਾ ਗਿਆ ਸੀ। ਇਸ ਗੱਲ ਨੂੰ ਸੱਤ ਕੁ ਸਾਲ ਹੋ ਚੱਲੇ ਹਨ।
    ਉੱਤਰ ਪ੍ਰਦੇਸ ਦੇ ਬਦਾਊਂ ਜ਼ਿਲ੍ਹੇ ਦੀ ਇਸ ਘਟਨਾ ਨੂੰ ਸੌਖਿਆਂ ਭੁਲਾਇਆ ਨਹੀਂ ਜਾ ਸਕਦਾ।
    ਸਰਕਾਰੀ ਅੰਕੜਿਆਂ ਅਨੁਸਾਰ ਸੰਨ 2013 ਵਿਚ 95000 ਬਲਾਤਕਾਰਾਂ ਦੇ ਮਾਮਲੇ ਲਟਕ ਰਹੇ ਸਨ ਪਰ ਸੰਨ 2019 ਦੇ ਅਖ਼ੀਰ ਤੱਕ ਅਜਿਹੇ ਲਟਕਦੇ ਮਾਮਲਿਆਂ ਦੀ ਗਿਣਤੀ ਵਧ ਕੇ ਇੱਕ ਲੱਖ 45 ਹਜ਼ਾਰ ਹੋ ਗਈ।
    ਬਦਾਊਂ ਵਿਚ ਫੜੇ ਗਏ ਬਲਾਤਕਾਰੀਆਂ ਨੂੰ ਪੂਰੇ ਸਬੂਤ ਨਾ ਹੋਣ ਸਦਕਾ ਛੱਡ ਦਿੱਤਾ ਗਿਆ। ਕਦੇ ਗਵਾਹ ਮੁਕਰੇ, ਕਦੇ ਡਾਕਟਰ ਦੀ ਬਦਲੀ, ਕਦੇ ਫੋਰੈਂਸਿਕ ਦੀ ਰਿਪੋਰਟ ਦੀ ਦੇਰੀ ਆਦਿ ਮਾਪਿਆਂ ਲਈ ਅਸਹਿ ਪੀੜ ਬਣ ਚੁੱਕੀ ਹੋਈ ਹੈ ਜੋ ਉਸੇ ਦਰਖ਼ਤ ਦੇ ਥੱਲੇ ਬਹਿ ਹਰ ਰੋਜ਼ ਰੱਜ ਕੇ ਰੋ ਲੈਂਦੇ ਹਨ ਪਰ ਉਤਾਂਹ ਟਾਹਣੀਆਂ ਵੱਲ ਝਾਕਣ ਦੀ ਹਿੰਮਤ ਨਹੀਂ ਜੁਟਾ ਸਕਦੇ।
    ਬਲਾਤਕਾਰ ਪੀੜਤਾ ਨੂੰ ਇਨਸਾਫ਼ ਨਾ ਮਿਲਣ ਦੀ ਇਹ ਪਹਿਲੀ ਘਟਨਾ ਨਹੀਂ ਹੈ। ਪੰਜਾਹ ਸਾਲ ਪਹਿਲਾਂ ਵੀ ਮਹਾਰਾਸ਼ਟਰ ਦੇ ਚੰਦਰਪੁਰ ਸ਼ਹਿਰ ਵਿਖੇ ਆਦੀਵਾਸੀ ਔਰਤ ਮਥੁਰਾ ਨੂੰ ਨਿਆਂ ਨਹੀਂ ਸੀ ਮਿਲਿਆ। ਮਹਾਰਾਸ਼ਟਰ ਦੇ ਚੰਦਰਪੁਰ ਵਿਖੇ ਹੀ 17 ਗੋਂਡ ਆਦੀਵਾਸੀ ਕੁੜੀਆਂ ਦਾ ਸਕੂਲ ਵਿਚ ਬਲਾਤਕਾਰ ਹੋਇਆ ਜੋ ਸਿਰਫ਼ 8 ਤੋਂ 11 ਸਾਲਾਂ ਦੀਆਂ ਸਨ। ਮਾਤਾ ਅਨੁਸੂਈਆ ਸਕੂਲ ਦੇ ਹੋਸਟਲ ਵਿਚ ਉਨ੍ਹਾਂ ਨੂੰ ਨਸ਼ਾ ਦੇ ਕੇ ਵਾਰ-ਵਾਰ ਜਬਰਜ਼ਨਾਹ ਕਰ ਕੇ ਜ਼ਲੀਲ ਕੀਤਾ ਗਿਆ ਤੇ ਮਾਨਸਿਕ ਤਸ਼ੱਦਦ ਵੀ ਢਾਹਿਆ ਗਿਆ।
ਬਾਈ ਸਾਲਾ ਨੌਜਵਾਨ ਔਰਤ ਨੂੰ ਸਮੂਹਕ ਬਲਾਤਕਾਰ ਦੀ ਸ਼ਿਕਾਰ ਹੋਣ ਸਦਕਾ ਬਿਹਾਰ ਦੇ ਅਰਰੀਆ ਸ਼ਹਿਰ ਦੀ ਅਦਾਲਤ ਵਿਚ 'ਨਿਆਂ' ਵਜੋਂ ਘਰ ਤੋਂ 240 ਕਿਲੋਮੀਟਰ ਦੂਰ ਜੇਲ੍ਹ ਨਸੀਬ ਹੋਈ ਸੀ। ਕਾਰਨ? ਜੱਜ ਨੇ ਕਿਹਾ-ਕਿਉਂਕਿ ਇਸ ਔਰਤ ਦੇ ਸਰੀਰ ਉੱਤੇ ਬਲਾਤਕਾਰ ਦੇ ਜ਼ਖ਼ਮ ਨਹੀਂ ਹਨ, ਇਸ ਲਈ ਇਸ ਨੂੰ 'ਸੈਕਸ ਦੀ ਆਦੀ' ਮੰਨਦਿਆਂ ਮੁਜਰਮ ਕਰਾਰ ਦਿੱਤਾ ਜਾਂਦਾ ਹੈ। ਜੇ ਬਲਾਤਕਾਰ ਦਾ ਵਿਰੋਧ ਕਰਦਿਆਂ ਜ਼ਖਮ ਮਿਲ ਜਾਂਦੇ ਤਾਂ ਹੀ ਇਸ ਨੂੰ ਜ਼ੁਲਮ ਮੰਨਿਆ ਜਾ ਸਕਦਾ ਸੀ। ਉਸ ਨੂੰ ਕਿਹਾ ਗਿਆ ਕਿ ਅਜਿਹਾ ਗਵਾਹ ਪੇਸ਼ ਕਰੇ ਜਿਸਨੇ ਬਲਾਤਕਾਰ ਦੌਰਾਨ ਉਸ ਦੀਆਂ ਚੀਕਾਂ ਸੁਣੀਆਂ ਹੋਣ! ਗਵਾਹ ਨਾ ਮਿਲਣ ਸਦਕਾ ਉਸੇ ਪੀੜਤਾ ਨੂੰ ਹੀ ਕਸੂਰਵਾਰ ਠਹਿਰਾ ਦਿੱਤਾ ਗਿਆ! ਭਾਵੇਂ ਸੰਨ 1972 ਹੋਵੇ ਤੇ ਭਾਵੇਂ 2020, ਭਾਵੇਂ ਅਰਰੀਆ ਹੋਵੇ ਤੇ ਭਾਵੇਂ ਚੰਦਰਪੁਰ, ਹਮੇਸ਼ਾ ਬਲਾਤਕਾਰ ਪੀੜਤਾ ਨੂੰ ਹੀ ਕਟਿਹਰੇ ਵਿਚ ਖੜ੍ਹੇ ਹੋਣਾ ਪਿਆ ਹੈ। ਹੋਰ ਤਾਂ ਹੋਰ, ਜੇ ਕੋਈ ਹੋਰ ਔਰਤ ਅਜਿਹੀ ਬਲਾਤਕਾਰ ਪੀੜਤਾ ਨਾਲ ਖੜ੍ਹੀ ਹੁੰਦੀ ਹੈ ਤਾਂ ਉਹ ਵੀ ਸਮਾਜ ਦੇ ਤਿਰਸਕਾਰ ਦਾ ਸ਼ਿਕਾਰ ਹੋ ਜਾਂਦੀ ਹੈ।
    ਕਮਾਲ ਤਾਂ ਇਹ ਹੈ ਕਿ 8 ਦਿਨ ਅਰਰੀਆ ਕੋਰਟ ਵਿਚ ਬਲਾਤਕਾਰ ਪੀੜਤਾ ਖਿਲਾਫ਼ ਦਰਜ ਤਿੰਨ ਮਾਮਲਿਆਂ ਸਦਕਾ ਉਹ ਜੇਲ੍ਹ ਵਿਚ ਕੈਦ ਰਹੀ ਅਤੇ ਉਸ ਦਾ ਬਲਾਤਕਾਰ ਕਰਨ ਵਾਲੇ ਖੁੱਲੇ ਦਨਦਨਾਉਂਦੇ ਫਿਰਦੇ ਰਹੇ। ਬਲਾਤਕਾਰ ਕਰਨ ਵਾਲੇ ਸਰਕਾਰੀ ਕਰਮਚਾਰੀ ਦਾ ਨਾਂ ਲੈਣ ਸਦਕਾ ਇਸ ਨੂੰ ਵੀ ਕਾਨੂੰਨਨ ਅਪਮਾਨ ਮੰਨ ਕੇ ਪੀੜਤਾ ਨੂੰ ਜੇਲ੍ਹ ਵਿਚ ਤਾੜ੍ਹਨ ਦੇ ਨਾਲ ਜੁਰਮਾਨਾ ਭਰਨ ਦਾ ਵੀ ਹੁਕਮ ਸੁਣਾਇਆ ਗਿਆ ਸੀ।
    ਜੇਲ੍ਹ ਵਿੱਚੋਂ ਰਿਹਾ ਕਰਨ ਸਮੇਂ ਵੀ ਮਾਨਸਿਕ ਹਾਲਤ ਨਾਰਮਲ ਨਾ ਹੋਣਾ ਕਾਰਨ ਮੰਨਿਆ ਗਿਆ।
    ਬੀ.ਬੀ.ਸੀ. ਉੱਤੇ ਖ਼ਬਰ ਨਸ਼ਰ ਕੀਤੀ ਗਈ ਕਿ ਇਹ ਕੇਸ ਜ਼ੁਲਮ ਦੀ ਸਿਖਰ ਸੀ ਕਿਉਂਕਿ ਬਲਾਤਕਾਰ ਪੀੜਤਾ ਦੀ ਮਦਦ ਲਈ ਉਸ ਦੇ ਹੱਕ ਵਿਚ ਬਿਆਨ ਦਰਜ ਕਰਵਾਉਣ ਆਏ ਦੋ ਬੰਦਿਆਂ ਉੱਤੇ ਸਗੋਂ ਪੁਲਿਸ ਨੇ ਸਰਕਾਰੀ ਕੰਮਾਂ ਵਿਚ ਦਖਲਅੰਦਾਜ਼ੀ ਵਜੋਂ ਕੇਸ ਠੋਕ ਦਿੱਤਾ।
    ਹਾਲੇ ਇੱਥੇ ਵੀ ਬਸ ਨਹੀਂ ਸੀ ਹੋਈ। ਬਲਾਤਕਾਰ ਪੀੜਤਾ ਦੇ ਬਿਆਨ ਵੀ ਔਰਤ ਮੈਜਿਸਟ੍ਰੇਟ ਦੀ ਹਾਜ਼ਰੀ ਵਿਚ ਨਹੀਂ ਲਏ ਗਏ ਸਨ। ਦੋ ਮਰਦਾਂ ਵੱਲੋਂ ਜ਼ਲੀਲ ਕਰਦਿਆਂ ਬਿਆਨ ਦਰਜ ਕੀਤੇ ਗਏ ਸਨ!
    ਸਪਸ਼ਟ ਹੈ ਕਿ ਹਮੇਸ਼ਾ ਕਾਨੂੰਨੀ ਦਾਅ ਪੇਚ ਬਲਾਤਕਾਰੀਆਂ ਨੂੰ ਬਚਾਉਣ ਵਿਚ ਸਹਾਈ ਹੁੰਦੇ ਰਹੇ ਹਨ। ਔਰਤ ਬਲਾਤਕਾਰ ਦਾ ਸ਼ਿਕਾਰ ਹੋ ਜਾਣ ਤੋਂ ਬਾਅਦ ਵੀ ਸਮਾਜ ਦੀਆਂ ਨਜ਼ਰਾਂ ਵਿਚ ਕਸੂਰਵਾਰ ਹੀ ਮੰਨੀ ਜਾਂਦੀ ਰਹੀ ਹੈ ਤੇ ਅੱਜ ਤੱਕ ਵੀ ਇਹੋ ਹਾਲ ਚਾਲੂ ਹੈ।
    ਬੀ.ਬੀ.ਸੀ. ਵਾਲੇ ਪੱਤਰਕਾਰ ਇਹ ਵੀ ਮੰਨੇ ਕਿ ਜ਼ਿਆਦਾਤਰ ਪੁਰਸ਼ ਜੱਜ ਹੋਣ ਸਦਕਾ ਵੀ ਔਰਤਾਂ ਨੂੰ ਬਲਾਤਕਾਰ ਦੇ ਮਾਮਲਿਆਂ ਵਿਚ ਕੋਰਟਾਂ ਵਿਚ ਬਹੁਤ ਜ਼ਲਾਲਤ ਸਹਿਣੀ ਪੈਂਦੀ ਹੈ।
    ਸੰਨ 2017 ਵਿਚ ਭਾਰਤੀ ਸਰਕਾਰੀ ਅੰਕੜਿਆਂ ਮੁਤਾਬਕ ਔਸਤਨ ਹਰ ਰੋਜ਼ 90 ਬਲਾਤਕਾਰ ਦੇ ਮਾਮਲੇ ਦਰਜ ਹੋ ਰਹੇ ਸਨ ਤੇ ਇਨ੍ਹਾਂ ਵਿੱਚੋਂ ਸਿਰਫ਼ 1.5 ਫੀਸਦੀ ਬਲਾਤਕਾਰੀਆਂ ਨੂੰ ਹੀ ਸਜ਼ਾ ਮਿਲੀ ਸੀ। ਸਾਲ 2012 ਵਿਚ 25000 ਬਲਾਤਕਾਰ ਦੇ ਮਾਮਲੇ ਕੋਰਟਾਂ ਵਿਚ ਲਟਕ ਰਹੇ ਸਨ ਤੇ ਸੰਨ 2016 ਵਿਚ ਦਰਜ ਹੋਏ ਮਾਮਲੇ 38,000 ਪਹੁੰਚ ਗਏ। ਸੰਨ 2017 ਵਿਚ 32,559 ਮਾਮਲੇ ਦਰਜ ਹੋਏ ਜਦਕਿ ਅਸਲ ਗਿਣਤੀ ਇਨ੍ਹਾਂ ਤੋਂ ਚਾਰ ਗੁਣਾ ਵੱਧ ਦੱਸੀ ਜਾਂਦੀ ਹੈ। ਸੰਨ 2017 ਵਿਚ ਅਦਾਲਤ ਵਿਚ ਲਟਕਦੇ ਮਾਮਲੇ ਇੱਕ ਲੱਖ 27 ਹਜ਼ਾਰ 800 ਸਨ। ਉਸ ਸਮੇਂ ਤੱਕ ਸਿਰਫ ਪੁਰਾਣੇ 18,300 ਕੇਸਾਂ ਦੀ ਸੁਣਵਾਈ ਹੋ ਸਕੀ ਸੀ ਤੇ 90 ਫੀਸਦੀ ਬਲਾਤਕਾਰ ਪੀੜਤਾਂ ਦੇ ਟੱਬਰਾਂ ਉੱਤੇ ਦਬਾਅ ਪਾ ਕੇ ਕੇਸ ਖ਼ਤਮ ਕਰਨ ਲਈ ਕਿਹਾ ਜਾ ਰਿਹਾ ਸੀ।
    ਜੇ ਨਿਆਂ ਵਿਚਲੀ ਦੇਰੀ ਵੱਲ ਧਿਆਨ ਕਰੀਏ ਤਾਂ ਨਿਆਂ ਦੀ ਉਡੀਕ ਵਿਚ ਬੇਅੰਤ ਪੀੜਤ ਔਰਤਾਂ ਤੇ ਬੱਚੀਆਂ ਜਾਂ ਤਾਂ ਮਰ ਮੁੱਕ ਜਾਂਦੀਆਂ ਹਨ ਜਾਂ ਸਮਾਜਿਕ ਅਤੇ ਨਿਆਂਇਕ ਦਬਾਅ ਹੇਠ ਬਲਾਤਕਾਰੀਆਂ ਖਿਲਾਫ਼ ਕੇਸ ਵਾਪਸ ਲੈ ਲੈਂਦੀਆਂ ਹਨ।
    ਸਾਲ 2002 ਤੋਂ 2011 ਤੱਕ 26 ਫੀਸਦੀ ਕੇਸ ਹੀ ਸੁਲਝਾਏ ਜਾ ਸਕੇ ਸਨ। ਸੰਨ 2016 ਵਿਚ ਸਿਰਫ਼ 25 ਫੀਸਦੀ ਕੇਸਾਂ ਦੀ ਸੁਣਵਾਈ ਹੋਈ ਜੋ 2017 ਵਿਚ 32 ਫੀਸਦੀ ਤੱਕ ਪਹੁੰਚੀ।
    ਇਨ੍ਹਾਂ ਕੇਸਾਂ ਵਿਚ ਬਲਾਤਕਾਰ ਪੀੜਤਾ ਦੇ ਹੱਕ ਵਿਚ ਬਿਆਨ ਦੇਣ ਵਾਲਿਆਂ ਉੱਤੇ ਅਨੇਕ ਵਾਰ ਹਮਲੇ ਹੋ ਚੁੱਕੇ ਹਨ ਤੇ ਬਥੇਰੇ ਮਾਰੇ ਵੀ ਗਏ ਹਨ। ਆਸਾ ਰਾਮ ਬਾਪੂ ਦੇ ਕੇਸ ਵਿਚ ਵੀ ਸੰਨ 2018 ਵਿਚ ਘੱਟੋ-ਘੱਟ 9 ਚਸ਼ਮਦੀਦ ਗਵਾਹਾਂ ਉੱਤੇ ਹਮਲੇ ਕੀਤੇ ਗਏ ਸਨ।
    ਘਿਨਾਉਣੇ ਜੁਰਮਾਂ ਦੀ ਹੱਦ ਟੱਪੀ ਜਾ ਚੁੱਕੀ ਹੈ। ਫਿਰੋਜ਼ਪੁਰ ਵਿਖੇ ਕੁਲਗੜ੍ਹੀ ਥਾਣੇ ਵਿਚ ਇੱਕ ਕੇਸ ਦਰਜ ਹੋਇਆ ਹੈ ਜਿੱਥੇ ਪੀੜਤ ਕੁੜੀ ਦੀ ਮਾਂ ਨੇ ਸਬ ਇੰਸਪੈਕਟਰ ਪਰਮਜੀਤ ਕੌਰ ਨੂੰ ਦੱਸਿਆ ਕਿ ਉਹ ਆਪਣੇ ਪਿਤਾ ਦੀ ਮੌਤ ਸਕਦਾ ਪੇਕੇ ਗਈ ਹੋਈ ਸੀ। ਪਿੱਛੋਂ ਘਰ ਵਿਚ 2 ਦਸੰਬਰ ਵੀ ਰਾਤ ਨੂੰ ਕਰੀਬ ਸਾਢੇ ਨੌਂ ਵਜੇ ਉਸ ਦੇ ਪਤੀ ਨੇ ਕਮਰੇ ਵਿਚ ਸੌਂ ਰਹੀ ਨਾਬਾਲਗ ਧੀ ਦਾ ਮੂੰਹ ਬੰਨ੍ਹ ਕੇ ਬਰਾਂਡੇ ਵਿਚ ਲਿਜਾ ਕੇ ਬਲਾਤਕਾਰ ਕੀਤਾ। ਅੰਦਰ ਕਮਰੇ ਵਿਚ ਛੋਟਾ ਪੁੱਤਰ ਸੁੱਤਾ ਪਿਆ ਸੀ। ਜਦੋਂ ਮਾਂ ਘਰ ਵਾਪਸ ਪਰਤੀ ਤਾਂ ਉਸ ਨੂੰ ਧੀ ਨੇ ਰੋ ਰੋ ਕੇ ਆਪਣਾ ਹਾਲ ਦੱਸਿਆ।
    9 ਸਤੰਬਰ 2020 ਨੂੰ ਬੀ.ਬੀ.ਸੀ. ਵਿਚ ਸਾਰਾ ਦਿਨ ਇੱਕ ਖ਼ਬਰ ਚਲਾਈ ਗਈ ਜਿਸ ਵਿਚ ਭਾਰਤ ਵਿਚਲੇ ਬਲਾਤਕਾਰਾਂ ਦੇ ਅਤਿ ਘਿਨਾਉਣੇ ਰੂਪ ਦਾ ਬਖਾਨ ਕੀਤਾ ਗਿਆ। ਘਟਨਾ ਹੈ ਹੀ ਸ਼ਰਮਸਾਰ ਕਰਨ ਵਾਲੀ ਸੀ। ਲੱਖਾਂ ਬਲਾਤਕਾਰ ਜੋ ਹਰ ਸਾਲ ਭਾਰਤ ਵਿਚ ਹੋ ਰਹੇ ਹਨ, ਉਨ੍ਹਾਂ ਵਿਚ ਨਾਬਾਲਗ ਬੇਟੀਆਂ ਦੀ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ ਪਰ ਇਹ ਕੇਸ ਉੱਕਾ ਹੀ ਵੱਖ ਕਹਾਣੀ ਬਿਆਨ ਕਰਦਾ ਹੈ।
    ਇੱਕ 86 ਸਾਲਾ ਬਜ਼ੁਰਗ ਔਰਤ ਆਪਣੇ ਹੀ ਘਰ ਬਾਹਰ ਦੁੱਧ ਵਾਲੇ ਦੀ ਉਡੀਕ ਕਰ ਰਹੀ ਸੀ। ਉਸੇ ਸਮੇਂ ਉਸ ਦਾ 30 ਸਾਲ ਦਾ ਪੋਤਰਾ ਪਹੁੰਚ ਗਿਆ ਤੇ ਆਪਣੀ ਹੀ ਦਾਦੀ ਨੂੰ ਦੁੱਧ ਦਵਾਉਣ ਦੇ ਬਹਾਨੇ ਹੱਥ ਫੜ ਕੇ ਨੇੜਲੇ ਖੇਤ ਵਿਚ ਲੈ ਗਿਆ। ਉੱਥੇ ਲਿਜਾ ਕੇ ਉਸ ਦੇ ਲੀੜੇ ਪਾੜ ਕੇ, ਚੀਕਾਂ ਮਾਰਦੀ ਹੱਥ ਜੋੜਦੀ ਦਾਦੀ ਦਾ ਇੱਕ ਨਹੀਂ, ਦੋ ਵਾਰ ਬਲਾਤਕਾਰ ਕੀਤਾ।
    ਦਾਦੀ ਦੀਆਂ ਚੀਕਾਂ ਸੁਣ ਕੇ ਨੇੜਿਉਂ ਲੰਘਦੇ ਪਿੰਡ ਵਾਸੀਆਂ ਨੇ ਉਸ ਨੂੰ ਬਚਾਇਆ ਤੇ ਹਸਪਤਾਲ ਲੈ ਕੇ ਗਏ। ਥਾਣੇ ਵਿਚ ਵੀ ਕੇਸ ਦਰਜ ਕੀਤਾ ਗਿਆ।
    ਬੀ.ਬੀ.ਸੀ. ਦਾ ਪੱਤਰਕਾਰ ਜੋ ਦਾਦੀ ਨੂੰ ਹਸਪਤਾਲ ਵੇਖਣ ਗਿਆ ਸੀ, ਅੱਖਾਂ ਵਿਚ ਹੰਝੂ ਭਰ ਕੇ ਖ਼ਬਰ ਸੁਣਾਉਂਦਿਆਂ ਦਸ ਰਿਹਾ ਸੀ ਕਿ ਪੀੜਤਾ ਦੇ ਝੁਰੜੀਆਂ ਭਰੇ ਹੱਥ ਜਦੋਂ ਉਸ ਨੇ ਆਪਣੇ ਹੱਥ ਵਿਚ ਲਏ ਤਾਂ ਉਸ ਨੇ ਕੰਬਦੇ ਹੱਥਾਂ ਨਾਲ ਸਰੀਰ ਅਤੇ ਮੂੰਹ ਉੱਤੇ ਪਈਆਂ ਝਰੀਟਾਂ ਤੇ ਜ਼ਖ਼ਮ ਵਿਖਾਏ।
    ਉਸ ਦੇ ਵੈਣ ਤੇ ਅੱਖਾਂ 'ਚੋਂ ਵਹਿੰਦੇ ਨੀਰ ਨੂੰ ਵੇਖ ਕੇ ਦਾਦੀ ਦੀ ਮਾਨਸਿਕ ਪੀੜ ਬਾਰੇ ਸਮਝਿਆ ਜਾ ਸਕਦਾ ਸੀ। ਉਸ ਵੱਲੋਂ ਸੁਣਾਈ ਘਟਨਾ ਦਿਲ ਚੀਰਵੀਂ ਸੀ। ਸਭ ਨੂੰ ਪਤਾ ਸੀ ਕਿ ਕੇਸ ਜਦੋਂ ਤੱਕ ਲਟਕਣਾ ਹੈ ਉਦੋਂ ਤੱਕ ਸ਼ਾਇਦ ਦਾਦੀ ਬਚੇ ਹੀ ਨਾ!
    ਪੁਲਿਸ ਰਜਿਸਟਰ ਫਰੋਲਣ ਉੱਤੇ ਪਤਾ ਲੱਗਿਆ ਕਿ ਸਾਲ 2018 ਵਿਚ ਭਾਰਤ ਵਿਚ 34000 ਬਲਾਤਕਾਰ ਦੇ ਕੇਸ ਦਰਜ ਹੋਏ ਸਨ ਜਿਸ ਦਾ ਮਤਲਬ ਹੋਇਆ ਕਿ ਹਰ 15 ਮਿੰਟ ਵਿਚ ਇੱਕ ਬਲਾਤਕਾਰ ਹੋ ਰਿਹਾ ਹੈ। ਪੁਲਿਸ ਵਾਲੇ ਮੰਨੇ ਕਿ ਅਸਲ ਕੇਸ ਸ਼ਾਇਦ 10 ਗੁਣਾ ਵੱਧ ਹੋਣਗੇ ਜੋ ਮੀਡੀਆ ਦੀ ਨਜ਼ਰੀਂ ਨਹੀਂ ਆਉਂਦੇ।
    ਕਮਾਲ ਤਾਂ ਇਹ ਹੈ ਕਿ ਕੋਰੋਨਾ ਮਹਾਂਮਾਰੀ ਨੇ ਵੀ ਬਲਾਤਕਾਰਾਂ ਵਿਚ ਠੱਲ ਨਹੀਂ ਪਾਈ ਤੇ ਨਾ ਹੀ ਕਿਸੇ ਬਲਾਤਕਾਰੀ ਨੂੰ ਕੋਰੋਨਾ ਹੋਇਆ ਲੱਭਿਆ ਹੈ।
    ਬੁਲੰਦ ਹੌਸਲੇ ਤਾਂ ਵੇਖੋ ਕਿ ਕੋਵਿਡ-19 ਦੀ ਮਰੀਜ਼ ਨੌਜਵਾਨ ਔਰਤ ਨੂੰ ਹਸਪਤਾਲ ਲਿਜਾਉਂਦਿਆਂ ਐਂਬੂਲੈਂਸ ਦੇ ਡਰਾਈਵਰ ਨੇ ਹੀ ਰਾਹ ਵਿਚ ਉਸ ਦਾ ਜਬਰਜ਼ਨਾਹ ਕੀਤਾ! ਉਦੋਂ ਉਸ ਨੂੰ ਕੋਰੋਨਾ ਨੇ ਨਹੀਂ ਜਕੜਿਆ! ਸੋਚਣ ਦੀ ਗੱਲ ਇਹ ਹੈ ਕਿ ਫਿਰ ਲਾਕਡਾਊਨ ਕਿਸ ਲਈ ਸੀ?
    'ਪੀਪਲ ਅਗੇਂਸਟ ਰੇਪ ਇਨ ਇੰਡੀਆ' ਸੰਸਥਾ ਦੀ ਮਿਸ ਭਾਇਨਾ ਨੇ ਬਿਆਨ ਦਿੱਤਾ ਹੈ ਕਿ ਉਸ ਨੇ ਇੱਕ ਮਹੀਨੇ ਦੀ ਬਾਲੜੀ ਦਾ ਉਸੇ ਦੇ ਪਿਓ ਵੱਲੋਂ ਨਸ਼ੇ ਦੀ ਹਾਲਤ ਵਿਚ ਬਲਾਤਕਾਰ ਦੀ ਕੋਸ਼ਿਸ਼ ਕਰਦਿਆਂ ਫੜਿਆ ਹੈ।
    ਇਤਿਹਾਸ ਅਨੁਸਾਰ ਭਾਰਤ ਵਿਚ ਧਾੜਵੀਆਂ ਵੱਲੋਂ ਹਮਲੇ ਦੌਰਾਨ ਔਰਤਾਂ ਤੇ ਬੇਟੀਆਂ ਦੀ ਪੱਤ ਲੁੱਟੀ ਜਾਂਦੀ ਰਹੀ ਸੀ ਤੇ ਹੋਰ ਸਾਜ਼ੋ-ਸਮਾਨ ਵੀ! ਹੁਣ ਆਜ਼ਾਦ ਭਾਰਤ ਵਿਚ ਕੀ ਅਬਦਾਲੀ ਦੇ ਵੰਸ਼ਜ ਪਨਪ ਰਹੇ ਹਨ?
    ਇੱਕੀਵੀਂ ਸਦੀ ਵਿਚ ਵਿਗਿਆਨਿਕ ਅਤੇ ਤਕਨੀਕੀ ਈਜਾਦ ਸਿਖਰਾਂ ਉੱਤੇ ਪਹੁੰਚ ਚੁੱਕੇ ਹਨ ਅਤੇ ਬਲਾਤਕਾਰਾਂ ਵਿਚ ਵੀ ਓਨਾ ਹੀ ਵਾਧਾ ਹੁੰਦਾ ਜਾ ਰਿਹਾ ਹੈ। ਫ਼ਰਕ ਸਿਰਫ਼ ਇਹ ਹੈ ਕਿ ਇਹ ਅਪਰਾਧ ਦਿਨੋ-ਦਿਨ ਹੋਰ ਘਿਨਾਉਣੇ ਹੁੰਦੇ ਜਾ ਰਹੇ ਹਨ ਜਿੱਥੇ ਅੱਖਾਂ ਕੱਢ ਕੇ, ਜੀਭ ਵੱਢ ਕੇ ਬਲਾਤਕਾਰ ਕਰਨ ਬਾਅਦ ਜਿਸਮ ਅੱਧਾ ਸਾੜ ਵੀ ਦਿੱਤਾ ਜਾਂਦਾ ਹੈ ਜਾਂ ਸਿਰ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ।
    ਹੁਣ ਸਿਆਸੀ ਗੁੰਡੇ ਧਾਰਮਿਕ ਥਾਵਾਂ ਉੱਤੇ ਵੀ ਨਾਬਾਲਗ ਬੱਚੀਆਂ ਦਾ ਸਮੂਹਕ ਬਲਾਤਕਾਰ ਕਰਨ ਲੱਗ ਪਏ ਹਨ।
    ਦੇਹ ਵਪਾਰ ਵਿਚ ਲਗਾਤਾਰ ਰਿਕਾਰਡ ਤੋੜ ਵਾਧਾ ਹੋ ਰਿਹਾ ਹੈ। ਅਜਿਹੇ ਹਾਲਾਤ ਵਿਚ ਜਦੋਂ ਹੈਦਰਾਬਾਦ ਵਿਚ ਬਲਾਤਕਾਰੀਆਂ ਨੂੰ ਗੋਲੀਆਂ ਮਾਰ ਕੇ ਭੁੰਨਿਆ ਗਿਆ ਹੋਵੇ ਤੇ ਲੋਕ ਦੀਵਾਲੀ ਮਨਾ ਕੇ ਖ਼ੁਸ਼ੀ ਜ਼ਾਹਿਰ ਕਰ ਰਹੇ ਹੋਣ ਤਾਂ ਬਹੁਤ ਕੁੱਝ ਸਮਝ ਆ ਜਾਂਦੀ ਹੈ।
    ਅਖ਼ੀਰ ਵਿਚ ਇਹੀ ਸਵਾਲ ਪੁੱਛਣਾ ਰਹਿ ਗਿਆ ਕਿ ਆਖ਼ਰ ਬੇਟੀ ਬਚਾਓ ਦਾ ਨਾਅਰਾ ਕਿਸ ਲਈ ਮਾਰਿਆ ਜਾ ਰਿਹਾ ਹੈ? ਬਲਾਤਕਾਰ ਕਰਨ ਲਈ? ਦੇਹ ਵਪਾਰ ਲਈ? ਸਕੂਲਾਂ ਕਾਲਜਾਂ ਵਿਚ ਬੇਟੀਆਂ ਅਧਿਆਪਿਕਾਂ ਹੱਥੋਂ ਜਬਰਜ਼ਨਾਹ ਦਾ ਸ਼ਿਕਾਰ ਬਣ ਰਹੀਆਂ ਹਨ! ਅਨੇਕ ਕੇਸ ਉਜਾਗਰ ਹੋ ਚੁੱਕੇ ਹੋਏ ਹਨ! ਫਿਰ 'ਬੇਟੀ ਪੜ੍ਹਾਓ' ਬਾਰੇ ਕੋਈ ਕਿਵੇਂ ਸੋਚੇਗਾ?
    ਹੁਣ ਤਾਂ ਸੁਧਾਰ ਦਾ ਇੱਕੋ ਹਲ ਦਿਸਦਾ ਹੈ। ਬਥੇਰੀਆਂ ਸਦੀਆਂ ਧੀਆਂ ਨੂੰ ਅੰਦਰ ਡੱਕ ਕੇ ਵੇਖ ਲਿਆ ਪਰ ਨਤੀਜਾ ਜ਼ੀਰੋ ਹੀ ਰਿਹਾ। ਹੁਣ ਮੁੰਡਿਆਂ ਨੂੰ ਡੱਕਣ ਦਾ ਸਮਾਂ ਆ ਚੁੱਕਿਆ ਹੈ। ਰੋਕਾਂ ਹੁਣ ਬੇਟਿਆਂ ਉੱਤੇ ਲਾਉਣੀਆਂ ਜ਼ਰੂਰੀ ਹਨ। ਬੇਟਿਆਂ ਨੂੰ ਸਦਾਚਾਰਕ ਸਿੱਖਿਆ ਦੇਣ ਵੱਲ ਧਿਆਨ ਕਰਨਾ ਚਾਹੀਦਾ ਹੈ।
    ਇਸੇ ਲਈ ਹੁਣ ਨਾਅਰਾ ਤਬਦੀਲ ਕਰਨ ਦੀ ਲੋੜ ਹੈ। ਜੇ ਬੇਟਾ ਪੜ੍ਹੇਗਾ, ਤਾਂ ਹੀ ਉਸ ਦੀ ਸੋਚ ਬਦਲੇਗੀ ਤੇ ਬੇਟੀਆਂ ਦੀ ਇੱਜ਼ਤ ਨੂੰ ਖ਼ਤਰਾ ਘਟੇਗਾ।
    ਸੋ, ਹੁਣ ਬੇਟੀ ਦੀ ਥਾਂ ਉੱਤੇ ਬੇਟਾ ਪੜ੍ਹਾਓ, ਬੇਟੀ ਬਚਾਓ ਦਾ ਨਾਅਰਾ ਬੁਲੰਦ ਕਰਨਾ ਪੈਣਾ ਹੈ। ਜੇ ਹਾਲੇ ਵੀ ਜਵਾਬ 'ਨਾ' ਵਿਚ ਹੈ ਤਾਂ ਹਰ ਜੰਮਦੀ ਬੇਟੀ ਇਹੋ ਸਵਾਲ ਕਰਦੀ ਨਜ਼ਰ ਆਵੇਗੀ- ''ਕੀ ਅਗਲੀ ਵਾਰੀ ਮੇਰੀ ਹੈ?''
    ਅਖ਼ੀਰ ਵਿਚ ਇਕ 9 ਸਾਲ ਦੀ ਬੱਚੀ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗੀ! ਇਸ ਬੱਚੀ ਦੀ ਘਟਨਾ ਸੁਣ ਕੇ ਜ਼ਮੀਰ ਜ਼ਰੂਰ ਝੰਜੋੜੀ ਜਾਏਗੀ !
    ਗੁਜਰਾਤ ਵਿਚ ਇਸ ਬੱਚੀ ਦੀ ਲਾਸ਼ ਮਿਲੀ ਸੀ। ਪੋਸਟਮਾਰਟਮ ਵਿਚ ਪਤਾ ਲੱਗਿਆ ਕਿ ਇਹ ਗਲੀ ਸੜੀ ਤੇ ਬੁਰੀ ਤਰ੍ਹਾਂ ਕੱਟੀ ਵੱਢੀ ਲਾਸ਼ ਉੱਤੇ 86 ਡੂੰਘੇ ਜ਼ਖ਼ਮ ਸਨ ਜੋ 10 ਦਿਨਾਂ ਵਿਚ ਹਰ ਰੋਜ਼ ਵੱਖੋ-ਵੱਖ ਦਿਨ ਮਾਰੇ ਗਏ ਸਨ। ਜਿਸ ਤਰੀਕੇ ਉਸ ਬੱਚੀ ਦਾ 36 ਵੱਖੋ ਵੱਖਰੇ ਬੰਦਿਆਂ ਵੱਲੋਂ ਭੱਦੇ ਤਰੀਕੇ ਤੜਫਾ ਕੇ ਬਲਾਤਕਾਰ ਕੀਤਾ ਗਿਆ ਸੀ, ਉਹ ਕੱਟਿਆ ਵੱਢਿਆ ਸਰੀਰ ਹੀ ਬਿਆਨ ਕਰ ਰਿਹਾ ਸੀ। ਦਸ ਦਿਨ ਤੱਕ ਰੋਜ਼ ਤੇਜ਼ਾਬ, ਚਾਕੂ, ਫੱਟੇ, ਸੋਟੀਆਂ, ਲੋਹੇ ਦੀਆਂ ਚੇਨਾਂ, ਕਿੱਲ ਆਦਿ ਨਾਲ ਸਰੀਰ ਵਿੰਨ੍ਹ ਕੇ ਅਖ਼ੀਰ ਉਸ ਦਾ ਚਿਹਰਾ ਬੁਰੀ ਤਰ੍ਹਾਂ ਭੰਨ ਕੇ ਸਾੜਿਆ ਪਿਆ ਸੀ ਜਿਸ ਨਾਲ ਉਸ ਦੀ ਪਛਾਣ ਹਾਲੇ ਤੱਕ ਵੀ ਨਹੀਂ ਕੀਤੀ ਜਾ ਸਕੀ।
    ਉਸ ਬੱਚੀ ਦੀ ਲਾਸ਼ ਸਾੜ੍ਹਨ ਬਾਅਦ ਹੁਣ ਉਸ ਨੂੰ ਵੀ ਹੋਰ 8000 ਲਾਪਤਾ ਬੱਚਿਆਂ ਦੀ ਲਿਸਟ ਵਿਚ ਸ਼ਾਮਲ ਕਰ ਲਿਆ ਗਿਆ ਹੈ।
    ਪੁਲਿਸ ਵੀ ਮੰਨੀ ਕਿ ਲਾਸ਼ ਵਾਲੀ ਥਾਂ ਉੱਤੇ ਖਿਲਰਿਆ ਬੱਚੀ ਦਾ ਲਹੂ ਉੱਥੇ ਵਾਪਰੀ ਹੈਵਾਨੀਅਤ ਦਾ ਹਵਾਲਾ ਦੇ ਰਿਹਾ ਸੀ!
    ਜੇ ਜ਼ਮੀਰ ਝੰਜੋੜੀ ਗਈ ਹੋਵੇ, ਤਾਂ ਹੁਣ ਨਾਅਰੇ ਵਿਚ ਤਬਦੀਲੀ ਲਈ ਆਵਾਜ਼ ਚੁੱਕੋ!
        ''ਬੇਟਾ ਪੜ੍ਹਾਓ-ਬੇਟੀ ਬਚਾਓ।''
    ਅੱਜ 112 ਮੁੰਡੇ ਪ੍ਰਤੀ 100 ਕੁੜੀਆਂ ਭਾਰਤ ਵਿਚ ਪੈਦਾ ਹੋ ਰਹੇ ਹਨ। ਲੋਕ ਕੁੜੀਆਂ ਜੰਮਣ ਤੋਂ ਤ੍ਰਹਿਣ ਲੱਗ ਪਏ ਹਨ। ਅੱਗੋਂ ਕੀ ਹੋਣ ਵਾਲਾ ਹੈ, ਸੌਖਿਆਂ ਸਮਝ ਆ ਸਕਦੀ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
 ਪਟਿਆਲਾ। ਫੋਨ ਨੰ: 0175-2216783

ਆਲੂ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਦੁਨੀਆ ਵਿਚ ਸਭ ਤੋਂ ਵੱਧ ਵਰਤੇ ਜਾਣ ਵਾਲੇ ਖਾਣਿਆਂ ਵਿੱਚ ਚੌਲ, ਕਣਕ, ਮੱਕੀ ਤੇ ਆਲੂ ਹੀ ਆਉਂਦੇ ਹਨ। ਈਸਾ ਮਸੀਹ ਤੋਂ ਲਗਭਗ 8000 ਸਾਲ ਪਹਿਲਾਂ ਪੀਰੂ ਵਿਖੇ ਆਲੂ ਬੀਜੇ ਜਾਂਦੇ ਸਨ। ਸੰਨ 1536 ਵਿਚ ਪੀਰੂ ਉੱਤੇ ਸਪੇਨ ਤੋਂ ਲੋਕ ਹੱਲਾ ਬੋਲਣ ਆਏ ਤਾਂ ਉਨ੍ਹਾਂ ਨੇ ਪਹਿਲੀ ਵਾਰ ਆਲੂ ਦਾ ਸਵਾਦ ਚੱਖਿਆ। ਉਨ੍ਹਾਂ ਨੂੰ ਆਲੂ ਏਨੇ ਪਸੰਦ ਆਏ ਕਿ ਉਹ ਯੂਰਪ ਵਿਚ ਵਾਪਸ ਹੋਰ ਲੁੱਟ ਦੇ ਸਮਾਨ ਨਾਲ ਆਲੂ ਵੀ ਲੈ ਗਏ।
    ਆਇਰਲੈਂਡ ਦੀ ਕਹਾਣੀ ਕੁੱਝ ਵੱਖ ਹੈ। ਸਰ ਵਾਲਟਰ ਜਦੋਂ ਪਹਿਲੀ ਵਾਰ ਸੰਨ 1589 ਵਿਚ ਆਇਰਲੈਂਡ ਵਿਖੇ ਆਪਣੇ ਮਨਪਸੰਦ ਆਲੂ ਲੈ ਕੇ ਗਏ ਤਾਂ ਕੌਰਕ ਕੇ ਨੇੜੇ 40,000 ਏਕੜ ਵਿਚ ਨਿਰੇ ਆਲੂ ਹੀ ਬੀਜ ਦਿੱਤੇ ਗਏ। ਉਸ ਤੋਂ 40 ਸਾਲ ਬਾਅਦ ਸਾਰੇ ਯੂਰਪ ਵਿਚ ਆਲੂ ਹੀ ਆਲੂ ਦਿਸਣ ਲੱਗ ਪਏ। ਹੌਲੀ-ਹੌਲੀ ਯੂਰਪ ਦੇ ਕਿਸਾਨਾਂ ਨੂੰ ਕਣਕ ਅਤੇ ਸੱਤੂਆਂ ਨਾਲੋਂ ਆਲੂ ਜ਼ਿਆਦਾ ਸਵਾਦੀ ਲੱਗਣ ਲੱਗੇ ਅਤੇ ਬੀਜਣੇ ਤੇ ਵੇਚਣੇ ਵੀ ਸੌਖੇ ਲੱਗੇ। ਬਾਅਦ ਵਿਚ ਪਤਾ ਲੱਗਿਆ ਕਿ ਲੋੜੀਂਦੇ ਵਿਟਾਮਿਨ ਆਲੂਆਂ ਵਿਚ ਭਰੇ ਪਏ ਹਨ ਅਤੇ ਇੱਕ ਏਕੜ ਜ਼ਮੀਨ ਵਿਚ ਬੀਜੇ ਆਲੂ ਦਸ ਬੰਦਿਆਂ ਦਾ ਢਿੱਡ ਭਰ ਸਕਦੇ ਹਨ।
    ਹਾਲਾਂਕਿ ਸੰਨ 1621 ਵਿਚ ਬਰਮੂਦਾ ਦਾ ਗਵਰਨਰ ਆਲੂਆਂ ਦੇ ਭਰੇ ਟਰੱਕ ਵਰਜੀਨੀਆ ਵਿਖੇ ਲੈ ਕੇ ਗਿਆ, ਪਰ ਬਿਜਾਈ ਸੰਨ 1719 ਵਿਚ ਸਕਾਟਲੈਂਡ ਤੋਂ ਆਏ ਲੋਕਾਂ ਨੇ ਹੀ ਅਮਰੀਕਾ ਵਿਚ ਸ਼ੁਰੂ ਕੀਤੀ।
    ਫਰਾਂਸ ਵਿਚ ਅਠਾਹਰਵੀਂ ਸਦੀ ਵਿਚ ਰਾਜਾ ਲੂਈ ਨੇ ਆਲੂਆਂ ਦੀ ਬਿਜਾਈ ਸ਼ੁਰੂ ਕਰਵਾਈ।
    ਅੱਜ ਦੇ ਦਿਨ ਇਡਾਹੋ ਦੁਨੀਆ ਭਰ ਵਿਚ ਸਭ ਤੋਂ ਵੱਧ ਆਲੂ ਬੀਜ ਰਿਹਾ ਹੈ। ਇਸ ਥਾਂ ਉੱਤੇ ਪਹਿਲੀ ਵਾਰ ਸੰਨ 1836 ਵਿਚ ਆਲੂ ਪਹੁੰਚੇ ਸਨ। ਉਦੋਂ ਮਿਸ਼ਨਰੀ ਲੋਕਾਂ ਨੇ ਰੋਜ਼ ਜੰਗਲਾਂ ਵਿਚ ਧੱਕੇ ਖਾ ਕੇ ਸ਼ਿਕਾਰ ਕਰਨ ਦੀ ਥਾਂ ਆਲੂ ਬੀਜਣੇ ਸ਼ੁਰੂ ਕਰ ਦਿੱਤੇ। ਸੰਨ 1872 ਵਿਚ ਇੱਥੇ ਆਲੂਆਂ ਦੀ ਸਬਜ਼ੀ ਤੋਂ ਇਲਾਵਾ ਹੋਰ ਚੀਜ਼ਾਂ ਵੀ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ।
    ਕਮਾਲ ਤਾਂ ਇਹ ਹੈ ਕਿ ਸੰਨ 1995 ਅਕਤੂਬਰ ਵਿਚ ਆਲੂ ਪਹਿਲੀ ਸਬਜ਼ੀ ਬਣ ਗਏ ਜੋ ਨਾਸਾ ਨੇ ਪੁਲਾੜ ਦੇ ਸਪੇਸ ਸੈਂਟਰ ਵਿਚ ਬੀਜੇ। ਉੱਥੇ ਪੁਲਾੜ ਯਾਤਰੀਆਂ ਨੂੰ ਖ਼ੁਰਾਕ ਵਜੋਂ ਲੰਮੇ ਸਮੇਂ ਤੱਕ ਆਲੂ ਹੀ ਖੁਆਏ ਗਏ। ਹੁਣ ਵੀ ਪੁਲਾੜ ਵਿਚ ਬਣ ਚੱਲੀਆਂ ਕਲੋਨੀਆਂ ਵਿਚ ਸਿਰਫ਼ ਆਲੂ ਹੀ ਬੀਜੇ ਜਾਣ ਦੀ ਖੋਜ ਜਾਰੀ ਹੈ।
    ਫਰੈਂਚ ਫਰਾਈਜ਼ ਅੱਜ ਦੁਨੀਆ ਭਰ ਵਿਚ ਮਸ਼ਹੂਰ ਹਨ। ਪਤਲੇ ਤਲੇ ਆਲੂ ਦੁਨੀਆ ਦੇ ਹਰ ਕੋਨੇ ਵਿਚ ਮਿਲ ਜਾਂਦੇ ਹਨ। ਪਹਿਲੀ ਵਾਰ ਪ੍ਰੈਜ਼ੀਡੈਂਟ ਥੌਮਸ ਜੈੱਫਰਸਨ ਨੂੰ ਅਮਰੀਕਾ ਦੇ ਵਾਈਟ ਹਾਊਸ ਵਿਚ ਸੰਨ 1801 ਤੋਂ 1809 ਤੱਕ ਦੇ ਰਾਜ ਵਿਚ ਉੱਥੇ ਇਹ ਖਾਣ ਨੂੰ ਮਿਲੇ। ਇਨ੍ਹਾਂ ਨੂੰ ਬਣਾਉਣ ਦੀ ਕਹਾਣੀ ਵੀ ਬੜੇ ਮਜ਼ੇਦਾਰ ਹੈ।
    ਕੁੱਝ ਚਿਰ ਪਹਿਲਾਂ ਦੇ ਤਲੇ ਹੋਏ ਆਲੂ ਰਸੋਈ ਵਿਚ ਪਏ ਸਨ ਜਦੋਂ ਅਚਾਨਕ ਰਾਜਾ ਰਾਤ ਦੀ ਰੋਟੀ ਲਈ ਪਹੁੰਚ ਗਿਆ। ਵਕਤ ਘੱਟ ਹੋਣ ਸਦਕਾ ਰਸੋਈਏ ਕੌਲੀਨੈੱਟ ਨੇ (ਉਹ ਫਰਾਂਸੀਸੀ ਰਾਜੇ ਲੂਈ ਫਿਲਿੱਪ ਦਾ ਰਸੋਈਆ ਵੀ ਰਿਹਾ ਸੀ) ਫਟਾਫਟ ਪਹਿਲਾਂ ਦੇ ਤਲੇ ਆਲੂਆਂ ਨੂੰ ਖੌਲਦੇ ਤੇਲ ਵਿੱਚੋਂ ਝਟਪਟ ਦੁਬਾਰਾ ਕੱਢ ਦਿੱਤਾ। ਉਸ ਵੇਖਿਆ ਕਿ ਆਲੂ ਹਲਕੇ ਜਿਹੇ ਫੁੱਲ ਗਏ ਸਨ ਤੇ ਕੜਕ ਵੀ ਹੋ ਗਏ ਸਨ। ਉਸ ਉਨ੍ਹਾਂ ਉੱਤੇ ਲੂਣ ਛਿੜਕ ਕੇ ਖਾਣ ਨੂੰ ਦੇ ਦਿੱਤੇ ਜੋ ਰਾਜੇ ਨੂੰ ਬੇਹੱਦ ਪਸੰਦ ਆਏ।
    ਇੰਜ ਹੀ ਇੱਕ ਵਾਰ ਸੰਨ 1853 ਵਿਚ ਇੱਕ ਕਮਾਂਡਰ ਨੇ ਨਿਊ ਯਾਰਕ ਵਿਖੇ ਸਾਰਾਤੋਗਾ ਸਪਰਿੰਗ ਰਿਜ਼ੌਰਟ ਵਿਖੇ ਰੋਟੀ ਨਾਲ ਮਿਲੇ ਮੋਟੇ ਆਲੂਆਂ ਦੀ ਸ਼ਿਕਾਇਤ ਕੀਤੀ ਤਾਂ ਉੱਥੇ ਦੇ ਰਸੋਈਏ ਨੇ ਝਟਪਟ ਉਨ੍ਹਾਂ ਹੀ ਆਲੂਆਂ ਨੂੰ ਉੱਕਾ ਹੀ ਪਤਲੇ ਕੱਟ ਕੇ ਦੁਬਾਰਾ ਤਲ ਦਿੱਤਾ ਜਿੱਥੋਂ 'ਸਾਰਾਤੋਗਾ ਚਿੱਪਸ' ਨਾਂ ਮਸ਼ਹੂਰ ਹੋ ਗਿਆ ਤੇ ਹੁਣ ਦੁਨੀਆ ਭਰ ਵਿਚ ਇਹ ਆਲੂਆਂ ਦੇ ਚਿੱਪਸ ਵਿਕ ਰਹੇ ਹਨ।
    ਬਿਲਕੁਲ ਏਸੇ ਹੀ ਤਰ੍ਹਾਂ ਵੋਦਕਾ ਸ਼ਰਾਬ ਵੀ ਫਲਾਂ, ਬਾਜਰਾ, ਚੌਲ, ਰਾਈ, ਮੱਕੀ ਆਦਿ ਤੋਂ ਬਣਾਉਂਦਿਆਂ ਜਦੋਂ ਆਲੂ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਬਾਕੀ ਕਿਸਮਾਂ ਵਾਂਗ ਹੀ ਮਕਬੂਲ ਹੋ ਗਈ। ਹੁਣ ਤੱਕ ਵੀ ਅੰਨ ਦੇ ਨਾਲ ਅੰਗੂਰ, ਦੁੱਧ ਤੇ ਆਲੂ, ਵੋਦਕਾ ਸ਼ਰਾਬ ਬਣਾਉਣ ਲਈ ਵਰਤੇ ਜਾ ਰਹੇ ਹਨ।
    ਮੌਜੂਦਾ ਤੱਥਾਂ ਅਨੁਸਾਰ ਦੁਨੀਆ ਭਰ ਵਿਚ ਸਭ ਤੋਂ ਵੱਧ ਆਲੂ ਅਮਰੀਕਨ ਲੋਕ ਖਾ ਰਹੇ ਹਨ। ਸੰਨ 1950 ਤੋਂ ਆਲੂਆਂ ਨੂੰ ਫੇਹ ਕੇ, ਟਿੱਕੀ ਬਣਾ ਕੇ (ਹੈਸ਼ ਬਰਾਊਨ), ਫਰੈਂਚ ਫਰਾਈਜ਼, ਚਿੱਪਸ ਆਦਿ ਬੇਅੰਤ ਚੀਜ਼ਾਂ ਬਣਾਈਆਂ ਜਾ ਰਹੀਆਂ ਹਨ। ਅਮਰੀਕਨ ਲੋਕ ਆਲੂਆਂ ਨੂੰ ਏਨਾ ਪਸੰਦ ਕਰਦੇ ਸਨ ਕਿ ਸੰਨ 1960 ਵਿਚ 35 ਫੀਸਦੀ ਅਮਰੀਕਨ ਖ਼ੁਰਾਕ ਆਲੂਆਂ ਤੋਂ ਸੀ ਜਿਹੜੀ ਸੰਨ 2000 ਵਿਚ 64 ਫੀਸਦੀ ਤੱਕ ਪਹੁੰਚ ਗਈ। ਇਸਦਾ ਮਤਲਬ ਇਹ ਹੈ ਕਿ ਔਸਤਨ ਅਮਰੀਕਨ ਹਰ ਸਾਲ 35 ਕਿਲੋ ਬਰਫ਼ ਵਿਚ ਜਮਾਏ ਆਲੂ, 19 ਕਿੱਲੋ ਤਾਜ਼ੇ ਆਲੂ, 8 ਕਿੱਲੋ ਆਲੂ ਦੇ ਚਿੱਪਸ ਅਤੇ 6 ਕਿੱਲੋ ਸੁੱਕੇ ਆਲੂ ਖਾ ਲੈਂਦੇ ਹਨ। ਉਬਲੇ ਆਲੂਆਂ ਨੂੰ ਫੇਹ ਕੇ, ਉਸ ਵਿੱਚ ਮੱਖਣ ਜਾਂ ਕਰੀਮ ਮਿਲਾ ਕੇ ਖਾਣਾ ਅਮਰੀਕਨਾਂ ਨੂੰ ਬੇਹੱਦ ਪਸੰਦ ਹੈ ਜੋ ਉਨ੍ਹਾਂ ਵਿਚ ਮੋਟਾਪਾ, ਸ਼ੱਕਰ ਰੋਗ ਤੇ ਦਿਲ ਦੇ ਰੋਗਾਂ ਦਾ ਆਧਾਰ ਬਣ ਰਿਹਾ ਹੈ।
    ਅਮਰੀਕਨ ਜਰਨਲ ਔਫ਼ ਕਲਿਨਿਕਲ ਨਿਊਟਰੀਸ਼ਨ ਵਿਚ ਸੰਨ 2017 ਵਿਚ ਛਪੀ ਖੋਜ ਅਨੁਸਾਰ ਜਿਹੜੇ ਲੋਕ ਹਫ਼ਤੇ ਵਿਚ ਦੋ ਵਾਰ ਤਲੇ ਹੋਏ ਆਲੂ ਖਾਂਦੇ ਹੋਣ, ਉਨ੍ਹਾਂ ਵਿਚ ਮੌਤ ਦਾ ਖ਼ਤਰਾ ਦੁਗਣਾ ਹੋ ਜਾਂਦਾ ਹੈ। ਇਸ ਖੋਜ ਵਿਚ 45 ਤੋਂ 79 ਸਾਲਾਂ ਦੇ 4400 ਲੋਕ ਸ਼ਾਮਲ ਕੀਤੇ ਗਏ। ਇਹ ਖੋਜ ਲਗਾਤਾਰ 8 ਸਾਲ ਚੱਲੀ। ਇਸ ਦੌਰਾਨ ਖੋਜ ਵਿਚਲੇ 236 ਲੋਕ ਮਰ ਗਏ। ਇਨ੍ਹਾਂ ਮਰ ਗਏ ਲੋਕਾਂ ਵਿੱਚੋਂ 208 ਲੋਕ ਤਲੇ ਆਲੂ, ਟਿੱਕੀਆਂ ਅਤੇ ਫਰੈਂਚ ਫਰਾਈਜ਼ ਹਫ਼ਤੇ ਵਿਚ ਦੋ ਵਾਰ ਖਾ ਰਹੇ ਸਨ।
    ਇਸ ਖੋਜ ਤੋਂ ਬਾਅਦ ਟੈਕਸਾਸ ਯੂਨੀਵਰਸਿਟੀ ਵਿਚ ਡਾ. ਵਿਕਟੋਰੀਆ ਨੇ ਸਪਸ਼ਟ ਕੀਤਾ ਕਿ ਆਲੂ ਓਨੇ ਮਾੜੇ ਨਹੀਂ ਜਿੰਨਾ ਉਸ ਵਿਚ ਪੈ ਰਿਹਾ ਘਿਓ, ਤੇਲ, ਮੱਖਣ, ਪਨੀਰ ਅਤੇ ਕਰੀਮ ਉਨ੍ਹਾਂ ਨੂੰ ਮਾੜਾ ਸਾਬਤ ਕਰ ਰਹੇ ਹਨ।
    ਆਪਣੇ ਆਪ ਵਿਚ ਆਲੂਆਂ ਅੰਦਰ ਓਨੀਆਂ ਕੈਲਰੀਆਂ ਨਹੀਂ ਹੁੰਦੀਆਂ ਜੋ ਨੁਕਸਾਨਦੇਹ ਹੋਣ। ਇੱਕ ਆਮ ਵਿਚਕਾਰਲੇ ਮੇਲ ਦੇ ਬਿਨਾਂ ਤੇਲ ਦੇ ਭੁੰਨੇ ਜਾਂ ਉਬਾਲੇ ਹੋਏ ਆਲੂ ਵਿਚ 110 ਕੈਲਰੀਆਂ ਹੁੰਦੀਆਂ ਹਨ ਤੇ ਢੇਰ ਸਾਰਾ ਵਿਟਾਮਿਨ ਸੀ ਅਤੇ ਬੀ-6 ਵੀ ਹੁੰਦਾ ਹੈ। ਆਲੂਆਂ ਵਿਚ ਮੈਂਗਨੀਜ਼, ਫਾਸਫੋਰਸ, ਨਾਇਆਸਿਨ ਅਤੇ ਪੈਂਟੋਥੀਨਿਕ ਏਸਿਡ ਵੀ ਹੁੰਦਾ ਹੈ। ਕੋਲੈਸਟਰੋਲ ਅਤੇ ਥਿੰਦਾ ਨਾ ਬਰਾਬਰ ਹੁੰਦਾ ਹੈ, ਸੋਡੀਅਮ 8 ਮਿਲੀਗ੍ਰਾਮ ਅਤੇ ਤਿੰਨ ਗ੍ਰਾਮ ਪ੍ਰੋਟੀਨ ਭਰੇ ਪਏ ਹਨ। ਇਨ੍ਹਾਂ ਤੋਂ ਇਲਾਵਾ ਕੈਲਸ਼ੀਅਮ, ਲੋਹ ਕਣ, ਕਾਰਬੋਹਾਈਡ੍ਰੇਟ 26 ਗ੍ਰਾਮ, ਫਾਈਬਰ ਦੋ ਗ੍ਰਾਮ ਅਤੇ ਮਿੱਠਾ ਇੱਕ ਗ੍ਰਾਮ ਹੁੰਦਾ ਹੈ।
    ਇਸ ਵਿਚਲੇ ਫਾਈਟੋ ਨਿਊਟਰੀਐਂਟ-ਕੈਰੋਟੀਨਾਇਡ, ਫਲੇਵੋਨਾਇਡ ਅਤੇ ਕੈਫਿਕ ਏਸਿਡ ਸਰੀਰ ਉੱਤੇ ਵਧੀਆ ਅਸਰ ਵਿਖਾਉਂਦੇ ਹਨ।
    ਨੈਸ਼ਨਲ ਇੰਸਟੀਚਿਊਟ ਔਫ਼ ਹੈੱਲਥ ਅਨੁਸਾਰ ਆਲੂਆਂ ਵਿਚਲਾ ਵਿਟਾਮਿਨ ਸੀ ਬਹੁਤ ਵਧੀਆ ਐਂਟੀਆਕਸੀਡੈਂਟ ਹੈ। ਕੈਂਸਰ ਦੇ ਸੈੱਲਾਂ ਦਾ ਵਧਣਾ ਰੋਕਣਾ ਤੇ ਦਿਲ ਸਿਹਤਮੰਦ ਰੱਖਣਾ ਐਂਟੀਆਕਸੀਡੈਂਟ ਦਾ ਹੀ ਕੰਮ ਹੁੰਦਾ ਹੈ। ਜਾਮਨੀ ਰੰਗ ਵਾਲੇ ਆਲੂਆਂ ਵਿਚ ਫਾਈਟੋ ਨਿਊਟੀਐਂਟ ਤੇ ਐਂਟੀਆਕਸੀਡੈਂਟ ਕਾਫ਼ੀ ਜ਼ਿਆਦਾ ਹੁੰਦੇ ਹਨ।
    ਇਨ੍ਹਾਂ ਜਾਮਨੀ ਆਲੂਆਂ ਉੱਤੇ ਹੋਈ ਖੋਜ ਜਰਨਲ ਔਫ਼ ਐਗਰੀਕਲਚਰ ਅਤੇ ਫੂਡ ਕੈਮਿਸਟਰੀ ਵਿਚ ਛਪੀ ਹੈ ਜਿਸ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਰੋਜ਼ ਸਿਰਫ਼ ਛੇ ਤੋਂ ਅੱਠ ਬਹੁਤ ਨਿੱਕੇ ਜਾਮਨੀ ਉਬਲੇ ਹੋਏ ਆਲੂ ਜੇ ਦਿਨ ਵਿਚ ਦੋ ਵਾਰ ਵੰਡ ਕੇ ਖਾਧੇ ਜਾਣ ਤਾਂ ਬਲੱਡ ਪ੍ਰੈੱਸ਼ਰ ਨੂੰ ਕਾਬੂ ਵਿਚ ਰੱਖਦੇ ਹਨ ਜਿਸ ਨਾਲ ਪਾਸਾ ਮਾਰੇ ਜਾਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ। ਇਹ ਵੀ ਵੇਖਣ ਵਿਚ ਆਇਆ ਹੈ ਕਿ ਜਾਮਨੀ ਆਲੂਆਂ ਵਿਚਲੇ ਕਾਰਬੋਹਾਈਡ੍ਰੇਟ ਸਦਕਾ ਕਿਸੇ ਖਾਣ ਵਾਲੇ ਨੂੰ ਮੋਟਾਪਾ ਨਹੀਂ ਹੋਇਆ।
    ਜਾਮਨੀ ਆਲੂ ਫਾਈਬਰ ਭਰਪੂਰ ਹੋਣ ਸਦਕਾ ਕੈਲੇਸਟਰੋਲ ਨੂੰ ਆਪਣੇ ਨਾਲ ਚਿਪਕਾ ਕੇ ਸਰੀਰ ਅੰਦਰੋਂ ਬਾਹਰ ਕੱਢ ਦਿੰਦਾ ਹੈ। ਹਰ ਰੰਗ ਦਾ ਆਲੂ ਪੋਟਾਸ਼ੀਅਮ ਭਰਪੂਰ ਹੁੰਦਾ ਹੈ। ਇਹ ਸਾਬਤ ਹੋ ਚੁੱਕਿਆ ਹੈ ਕਿ ਕੇਲੇ ਨਾਲੋਂ ਵੱਧ ਪੋਟਾਸ਼ੀਅਮ ਆਲੂ ਵਿਚ ਹੁੰਦਾ ਹੈ। ਪੋਟਾਸ਼ੀਅਮ ਦਾ ਕਾਫ਼ੀ ਹਿੱਸਾ ਆਲੂ ਦੀ ਛਿੱਲੜ ਵਿਚ ਹੁੰਦਾ ਹੈ। ਛਿੱਲੜ ਵਿਚ ਫਾਈਬਰ ਵੀ ਕਾਫ਼ੀ ਹੁੰਦਾ ਹੈ।
    ਪੋਟਾਸ਼ੀਅਮ ਜਿੱਥੇ ਬਲੱਡ ਪ੍ਰੈੱਸ਼ਰ ਘਟਾਉਂਦਾ ਹੈ। ਉੱਥੇ ਨਸਾਂ ਵੀ ਖੋਲ੍ਹਦਾ ਹੈ। ਇੰਸਟੀਚਿਊਟ ਔਫ਼ ਫੂਡ ਰਿਸਰਚ ਵਿਚ ਹੋਈ ਖੋਜ ਦੌਰਾਨ ਆਲੂ ਵਿਚ 'ਕੁਕੋਆਮੀਨ' ਲੱਭੇ ਹਨ ਜੋ ਬਲੱਡ ਪ੍ਰੈੱਸ਼ਰ ਘਟਾਉਣ ਵਿਚ ਕਾਫ਼ੀ ਮਦਦ ਕਰਦੇ ਹਨ, ਬਸ਼ਰਤੇ ਕਿ ਆਲੂ ਤਲੇ ਨਾ ਜਾਣ।
    ਆਲੂਆਂ ਵਿਚਲਾ ਵਿਟਾਮਿਨ ਬੀ-ਛੇ ਦਿਮਾਗ਼ ਲਈ ਬਿਹਤਰੀਨ ਹੈ। ਯੂਨੀਵਰਸਿਟੀ ਔਫ਼ ਮੈਰੀਲੈਂਡ ਮੈਡੀਕਲ ਸੈਂਟਰ ਨੇ ਸਪਸ਼ਟ ਕੀਤਾ ਹੈ ਕਿ ਤਣਾਓ, ਢਹਿੰਦੀ ਕਲਾ ਅਤੇ ਏ.ਡੀ.ਐੱਚ. ਡੀ. ਬੀਮਾਰੀ ਵਿਚ ਆਲੂ ਕਾਫ਼ੀ ਫ਼ਾਇਦੇਮੰਦ ਸਾਬਤ ਹੋ ਚੁੱਕੇ ਹਨ ਕਿਉਂਕਿ ਇਨ੍ਹਾਂ ਵਿਚਲੇ ਵਿਟਾਮਿਨ ਬੀ-ਸਿਰੌਟੋਨਿਨ, ਡੋਪਾਮੀਨ ਤੇ ਨੌਰਐਪੀਨੈਫਰੀਨ ਰਸ ਬਣਾਉਂਦੇ ਹਨ। ਆਲੂਆਂ ਵਿਚਲਾ ਕਾਰਬੋਹਾਈਡ੍ਰੇਟ ਦਿਮਾਗ਼ ਦੇ ਸਹੀ ਕੰਮਕਾਰ ਲਈ ਵਧੀਆ ਹੈ ਅਤੇ ਦਿਮਾਗ਼ ਨੂੰ ਲੋੜੀਂਦੀ ਗਲੂਕੋਜ਼ ਪਹੁੰਚਾ ਦਿੰਦਾ ਹੈ।
    ਸੰਨ 1995 ਵਿਚ ਅਮਰੀਕਨ ਜਰਨਲ ਔਫ਼ ਕਲੀਨੀਕਲ ਨਿਊਟਰੀਸ਼ਨ ਵਿਚ ਛਪਿਆ ਸੀ ਕਿ ਯਾਦਾਸ਼ਤ ਤੇਜ਼ ਕਰਨ ਵਿਚ ਆਲੂਆਂ ਵਿਚਲਾ ਕਾਰਬੋਹਾਈਡ੍ਰੇਟ (ਗਲੂਕੋਜ਼ ਤਬਦੀਲ ਹੋ ਕੇ) ਅਤੇ ਪੋਟਾਸ਼ੀਅਮ (ਨਸਾਂ ਖੋਲ੍ਹ ਕੇ ਲਹੂ ਦੀ ਰਵਾਨੀ ਵਧਾ ਕੇ) ਵਧੀਆ ਸਾਬਤ ਹੋ ਚੁੱਕੇ ਹਨ।


ਇਮਿਊਨਿਟੀ ਵਧਾਉਣ ਲਈ :-
    ਇੱਕ ਉੱਬਲੇ ਆਲੂ ਵਿਚ (ਵਿਚਕਾਰਲਾ ਮੇਲ) ਹਰ ਰੋਜ਼ ਦੀ ਲੋੜੀਂਦੀ ਵਿਟਾਮਿਨ ਸੀ ਦਾ 45 ਫੀਸਦੀ ਹਿੱਸਾ ਹੁੰਦਾ ਹੈ। ਸੋ ਵਾਇਰਲ ਕੀਟਾਣੂ, ਖੰਘ ਜ਼ੁਕਾਮ ਅਤੇ ਵਿਟਾਮਿਨ ਸੀ ਦੀ ਕਮੀ ਨਾਲ ਕਮਜ਼ੋਰ ਹੋ ਰਹੀਆਂ ਹੱਡੀਆਂ ਨੂੰ ਆਲੂ ਖਾਣ ਨਾਲ ਫ਼ਾਇਦਾ ਮਿਲਦਾ ਹੈ।

ਆਰਥਰਾਈਟਿਸ :-
    ਆਮ ਧਾਰਨਾ ਬਣ ਚੁੱਕੀ ਹੈ ਕਿ ਆਲੂ, ਬੈਂਗਣ ਤੇ ਮਿਰਚਾਂ ਜੋੜਾਂ ਦਾ ਦਰਦ ਵਧਾਉਂਦੇ ਹਨ। ਇਹ ਸੋਚ ਉਕਾ ਹੀ ਬੇਬੁਨਿਆਦ ਹੈ। ਖੋਜਾਂ ਅਨੁਸਾਰ ਆਲੂ ਸਗੋਂ ਸੋਜ਼ਿਸ਼ ਘਟਾਉਣ ਵਿਚ ਮਦਦ ਕਰਦੇ ਹਨ।

ਹਾਜ਼ਮੇ ਲਈ :-
    ਵੱਧ ਕਾਰਬੋਹਾਈਡ੍ਰੇਟ ਸਦਕਾ ਅਤੇ ਬਾਹਰੀ ਪਰਤ ਵਿਚਲੇ ਫਾਈਬਰ ਸਦਕਾ ਇਹ ਸੌਖੇ ਹਜ਼ਮ ਹੋ ਜਾਂਦੇ ਹਨ।

ਦਿਲ ਵਾਸਤੇ :-
    ਫਾਈਬਰ, ਵਿਟਾਮਿਨ ਸੀ ਤੇ ਵਿਟਾਮਿਨ ਬੀ 6 ਹੋਣ ਕਾਰਨ ਮਾੜੇ ਫਰੀ ਰੈਡੀਕਲ ਅੰਸ਼ ਘਟਾ ਕੇ ਆਲੂ ਦਿਲ ਨੂੰ ਸਿਹਤਮੰਦ ਰੱਖਦੇ ਹਨ।
    ਸਰੀਰ ਵਿਚਲੇ ਖ਼ਤਰਨਾਕ ਹੋਮੋਸਿਸਟੀਨ ਨੂੰ ਮਿਥਾਇਓਨੀਨ ਬਣਾ ਕੇ ਆਲੂ ਵਿਚਲਾ ਵਿਟਾਮਿਨ ਬੀ 6 ਲਹੂ ਦੀਆਂ ਨਾੜੀਆਂ ਨੂੰ ਖ਼ਰਾਬ ਨਹੀਂ ਹੋਣ ਦਿੰਦਾ ਤੇ ਹਾਵਰਡ ਯੂਨੀਵਰਸਿਟੀ ਅਨੁਸਾਰ ਹਾਰਟ ਅਟੈਕ ਅਤੇ ਪਾਸਾ ਮਾਰੇ ਜਾਣ ਦਾ ਖ਼ਤਰਾ ਘਟਾ ਦਿੰਦਾ ਹੈ।

ਕਸਰਤ ਕਰਨ ਵਾਲਿਆਂ ਲਈ :-
    ਆਲੂ ਦੀਆਂ ਛਿੱਲੜਾਂ ਵਿਚ ਸੋਡੀਅਮ ਅਤੇ ਪੋਟਾਸ਼ੀਅਮ ਹੁੰਦਾ ਹੈ। ਕਸਰਤ ਕਰਨ ਵਾਲਿਆਂ ਦੇ ਪਸੀਨੇ ਰਾਹੀਂ ਇਹ ਕਣ ਬਾਹਰ ਨਿਕਲ ਜਾਂਦੇ ਹਨ ਅਤੇ ਲੱਤਾਂ ਵਿਚ ਕੜਵੱਲ ਪੈ ਜਾਂਦੇ ਹਨ। ਆਲੂ ਖਾਣ ਨਾਲ ਇਹ ਕੜਵੱਲ ਠੀਕ ਹੋ ਜਾਂਦੇ ਹਨ।

ਚਮੜੀ ਲਈ :-
    ਉਬਾਲੇ ਹੋਏ ਆਲੂਆਂ ਵਿਚਲੇ ਵਿਟਾਮਿਨ ਬੀ 6, ਸੀ, ਪੋਟਾਸ਼ੀਅਮ, ਮੈਂਗਨੀਜ਼, ਜ਼ਿੰਕ ਅਤੇ ਫਾਸਫੋਰਸ ਚਮੜੀ ਨੂੰ ਤਰੋਤਾਜ਼ਾ ਤੇ ਚਮਕਦਾਰ ਰੱਖਦੇ ਹਨ।


ਕੈਂਸਰ :-
    ਸੰਨ 2017 ਵਿਚ ਜਰਨਲ ਔਫ ਨਿਊਟਰੀਸ਼ਨਲ ਬਾਇਓਕੈਮਿਸਟਰੀ ਵਿਚ ਛਪੀ ਖੋਜ ਅਨੁਸਾਰ ਜਾਮਨੀ ਆਲੂ ਅੰਤੜੀਆਂ (ਕੋਲਨ) ਦਾ ਕੈਂਸਰ ਹੋਣ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਵਿਚਲੇ ਤੱਤ, ਇੰਟਰਲਿਊਕਿਨ ਛੇ ਨੂੰ ਘਟਾ ਦਿੰਦੇ ਹਨ, ਜੋ ਕੈਂਸਰ ਕਰਦੇ ਹਨ।
    ਇਹ ਖੋਜ ਸੂਰਾਂ ਉੱਤੇ ਕੀਤੀ ਗਈ ਸੀ। ਜਿਨ੍ਹਾਂ ਸੂਰਾਂ ਨੂੰ ਜਾਮਨੀ ਆਲੂ ਖੁਆਏ ਗਏ, ਉਨ੍ਹਾਂ ਦੇ ਸਰੀਰ ਅੰਦਰਲੇ ਇੰਟਰਲਿਊਕਿਨ 6, ਦੂਜਿਆਂ ਨਾਲੋਂ ਛੇ ਗੁਣਾਂ ਘੱਟ ਗਏ। ਸੂਰਾਂ ਦੀ ਅੰਤੜੀ ਮਨੁੱਖੀ ਅੰਤੜੀਆਂ ਨਾਲ ਕਾਫੀ ਰਲਦੀ ਹੈ, ਸੋ ਉਹੀ ਅਸਰ ਬੰਦਿਆਂ ਵਿਚ ਵੀ ਦਿਸਣ ਦੀ ਉਮੀਦ ਹੈ।


ਭਾਰ :-
    ਸੰਨ 2017 ਵਿਚ ਇਕ ਅਸਟ੍ਰੇਲੀਅਨ ਬੰਦੇ ਨੇ ਕਾਫ਼ੀ ਰੌਲਾ ਪਾਇਆ ਕਿ ਉਸ ਨੇ ਇੱਕ ਸਾਲ ਸਿਰਫ ਉਬਲੇ ਆਲੂ ਖਾ ਕੇ 110 ਪੌਂਡ ਭਾਰ ਘਟਾ ਲਿਆ ਹੈ। ਇਸ ਖ਼ਬਰ ਤੋਂ ਬਾਅਦ ਦੁਨੀਆ ਭਰ ਵਿਚ ਆਲੂ ਖਾਣ ਦਾ ਰੁਝਾਨ ਵੱਧ ਗਿਆ। ਇਸ ਖ਼ਬਰ ਦਾ ਖੰਡਨ ਡਾਕਟਰਾਂ ਵੱਲੋਂ ਕੀਤਾ ਗਿਆ ਕਿਉਂਕਿ ਸਾਰੇ 20 ਜ਼ਰੂਰੀ ਅਮਾਈਨੋ ਏਸਿਡ, ਵਿਟਾਮਿਨ ਤੇ ਤੱਤ ਸਿਰਫ਼ ਆਲੂਆਂ ਰਾਹੀਂ ਪੂਰੇ ਨਹੀਂ ਕੀਤੇ ਜਾ ਸਕਦੇ। ਇਸੇ ਲਈ ਸੰਪੂਰਨ ਖ਼ੁਰਾਕ ਬਣਾਉਣ ਵਾਸਤੇ ਰੋਜ਼ਾਨਾ ਖ਼ੁਰਾਕ ਵਿਚ ਉਬਲੇ ਆਲੂਆਂ ਨੂੰ ਸ਼ਾਮਲ ਕਰਨ ਦੀ ਲੋੜ ਸਮਝੀ ਗਈ ਹੈ।


ਸ਼ੱਕਰ ਰੋਗ :-
    ਆਲੂਆਂ ਵਿਚ ਥਿੰਦਾ ਨਹੀਂ ਹੁੰਦਾ ਪਰ ਵਾਧੂ ਕਾਰਬੋਹਾਈਡ੍ਰੇਟ ਸਦਕਾ ਖਾਣੇ ਤੋਂ ਬਾਅਦ ਇਕਦਮ ਸ਼ੱਕਰ ਦੀ ਮਾਤਰਾ ਵਧਾ ਦਿੰਦੇ ਹਨ ਤੇ ਝਟਪਟ ਹਜ਼ਮ ਹੋਣ ਬਾਅਦ ਹੋਰ ਭੁੱਖ ਲਾ ਦਿੰਦੇ ਹਨ। ਇਸ ਵਾਸਤੇ ਸ਼ੱਕਰ ਰੋਗੀਆਂ ਨੂੰ ਆਲੂਆਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
    ਮੋਟਾਪੇ ਦੇ ਸ਼ਿਕਾਰ ਲੋਕਾਂ ਨੂੰ ਵੀ ਆਲੂਆਂ ਤੋਂ ਪਰਹੇਜ਼ ਰੱਖਣ ਦੀ ਲੋੜ ਹੈ। ਸਿਰਫ਼ ਆਲੂ ਹੀ ਨਹੀਂ, ਚਿੱਟੀ ਬਰੈੱਡ ਅਤੇ ਮੈਦੇ ਤੋਂ ਵੀ ਬਚਣ ਦੀ ਲੋੜ ਹੈ।
    ਸੰਨ 2016 ਵਿਚ ਬਰਿਟਿਸ਼ ਮੈਡੀਕਲ ਜਰਨਲ ਵਿਚ ਇੱਕ ਖੋਜ ਛਪੀ ਜਿਸ ਵਿਚ ਕੁੱਝ ਨੂੰ ਉਬਲੇ ਅਤੇ ਕੁੱਝ ਨੂੰ ਤਲੇ ਆਲੂ ਖੁਆ ਕੇ ਵੱਖੋ-ਵੱਖ ਲੋਕਾਂ ਉੱਤੇ ਅਸਰ ਵੇਖਿਆ ਗਿਆ ਸੀ।
    ਉਸ ਵਿਚ ਪਤਾ ਲੱਗਿਆ ਕਿ ਔਰਤਾਂ ਉੱਤੇ ਤਲੇ ਆਲੂਆਂ ਦੇ ਮਾੜੇ ਅਸਰ ਪੁਰਸ਼ਾਂ ਨਾਲੋਂ ਵੱਧ ਹੁੰਦੇ ਹਨ। ਔਰਤਾਂ ਵਿਚ ਬਲੱਡ ਪ੍ਰੈੱਸ਼ਰ ਬੰਦਿਆਂ ਨਾਲੋਂ ਜ਼ਿਆਦਾ ਵਧਿਆ ਹੋਇਆ ਲੱਭਿਆ।
    ਇਸੇ ਲਈ ਮਾਈਕਰੋਵੇਵ ਜਾਂ ਕੁੱਕਰ ਵਿਚ ਬਿਨਾਂ ਘਿਓ ਜਾਂ ਤੇਲ ਦੇ, ਉਬਲੇ ਹੋਏ ਆਲੂ ਹੀ ਖਾਣੇ ਚਾਹੀਦੇ ਹਨ ਜਿਸ ਨਾਲ ਉਨ੍ਹਾਂ ਵਿਚਲੇ ਤੱਤ ਕਾਇਮ ਰਹਿ ਜਾਂਦੇ ਹਨ। ਬਹੁਤੇ ਤੱਤ ਛਿੱਲੜ ਵਿਚ ਜਾਂ ਉਸ ਦੇ ਇਕਦਮ ਹੇਠਾਂ ਹੁੰਦੇ ਹਨ ਸੋ ਬਹੁਤ ਪਤਲੇ ਛਿੱਲੜ ਲਾਹੁਣੇ ਚਾਹੀਦੇ ਹਨ ਜਾਂ ਚੰਗੀ ਤਰ੍ਹਾਂ ਸਾਫ਼ ਕਰ ਕੇ ਨਿੱਕੇ ਆਲੂ ਛਿੱਲੜਾਂ ਸਮੇਤ ਹੀ ਖਾਧੇ ਜਾ ਸਕਦੇ ਹਨ।
    ਛਿੱਲੜ ਲਾਹ ਕੇ ਆਲੂ ਉਬਾਲਣ ਨਾਲ ਆਲੂਆਂ ਵਿਚਲੇ ਸਾਰੇ ਹੀ ਤੱਤ ਪਾਣੀ ਵਿਚ ਨਿਕਲ ਜਾਂਦੇ ਹਨ। ਵਿਟਾਮਿਨ ਸੀ ਤਾਂ 80 ਫੀਸਦੀ ਬਾਹਰ ਨਿਕਲ ਜਾਂਦਾ ਹੈ। ਜੇ ਉਬਾਲਣ ਤੋਂ ਬਾਅਦ ਆਲੂ ਛਿੱਲ ਕੇ ਪਾਣੀ ਵਿਚ ਰੱਖ ਦਿੱਤੇ ਜਾਣ, ਤਾਂ ਵੀ ਤੱਤ ਬਾਹਰ ਨਿਕਲ ਕੇ ਪਾਣੀ ਵਿਚ ਰਲ ਜਾਂਦੇ ਹਨ।


ਜੇ ਆਲੂ ਪੁੰਗਰ ਚੁੱਕੇ ਹੋਣ :-
    ਨੈਸ਼ਨਲ ਇੰਸਟੀਚਿਊਟ ਔਫ਼ ਹੈਲਥ ਅਨੁਸਾਰ ਪੁੰਗਰ ਰਹੇ ਆਲੂ (ਆਲੂ ਦੀਆਂ ਅੱਖਾਂ) ਯਾਨੀ ਪੁੰਗਰ ਰਹੀਆਂ ਚਿੱਟੀਆਂ ਚੋਭਾਂ ਉੱਕਾ ਹੀ ਨਹੀਂ ਖਾਣੀਆਂ ਚਾਹੀਦੀਆਂ। ਇਸੇ ਤਰ੍ਹਾਂ ਆਲੂਆਂ ਦੀਆਂ ਟਾਹਣੀਆਂ ਜਾਂ ਪੱਤੇ ਵੀ ਕਾਫ਼ੀ ਖ਼ਤਰਨਾਕ ਹੋ ਸਕਦੇ ਹਨ ਕਿਉਂਕਿ ਇਨ੍ਹਾਂ ਸਾਰਿਆਂ ਵਿਚ ਆਰਸੈਨਿਕ, ਚਾਕੋਨੀਨ ਅਤੇ ਸੋਲਾਨੀਨ ਕਾਫ਼ੀ ਮਾਤਰਾ ਵਿਚ ਹੁੰਦੇ ਹਨ ਜੋ ਥੋੜੀ ਮਾਤਰਾ ਵਿਚ ਵੀ ਭਾਰੀ ਨੁਕਸਾਨ ਕਰ ਸਕਦੇ ਹਨ।
ਹਰੇ ਆਲੂ ਤਾਂ ਜ਼ਹਿਰੀਲੇ ਵੀ ਹੁੰਦੇ ਹਨ। ਜਦੋਂ ਆਲੂਆਂ ਨੂੰ ਬਹੁਤੀ ਧੁੱਪ ਲੱਗਦੀ ਰਹੇ ਤਾਂ ਉਹ ਹਰੇ ਰੰਗ ਦੇ ਹੋ ਜਾਂਦੇ ਹਨ। ਛਿੱਲੜ ਹੇਠਾਂ ਵੀ ਜੇ ਹਰਾ ਰੰਗ ਦਿਸੇ ਤਾਂ ਆਲੂ ਸੁੱਟ ਦੇਣਾ ਚਾਹੀਦਾ ਹੈ।


ਕੁੱਝ ਮਜ਼ੇਦਾਰ ਤੱਥ :-
1.    ਆਲੂ ਸਪੈਨਿਸ਼ ਲਫਜ਼ 'ਪਟਾਟਾ' ਤੋਂ ਅੰਗਰੇਜ਼ੀ ਵਿਚ 'ਪੋਟੈਟੋ' ਸ਼ਬਦ ਬਣਿਆ। ਖੋਦਣ ਵਾਲੇ ਔਜ਼ਾਰ ਤੋਂ ਕੁੱਝ ਨੇ ਇਸ ਦਾ ਨਾ 'ਸਪੱਡ' ਰੱਖ ਦਿੱਤਾ, ਡੁੱਚ ਵਿਚ 'ਸਪਿੱਡ' ਤੇ ਬਥੇਰੇ ਅੰਗਰੇਜ਼ 'ਸਪੇਡ' ਵੀ ਕਹਿੰਦੇ ਹਨ।
2.    ਆਲੂਆਂ ਦੀਆਂ ਕਿਸਮਾਂ ਜਿਹੜੀਆਂ ਹੁਣ ਮਿਲ ਰਹੀਆਂ ਹਨ, ਉਹ ਹਨ-ਜਾਮਨੀ, ਲਾਲ, ਚਿੱਟੇ, ਪੀਲੇ, ਫਿੰਗਰਲਿੰਗ, ਰਸੱਟ, ਪੈਟੀਟ!
3.    ਅਮਰੀਕਾ ਵਿਚ ਸੰਨ 2013 ਵਿਚ ਇੱਕ ਮਿਲੀਅਨ ਏਕੜ ਤੋਂ ਵੱਧ ਵਿਚ ਆਲੂ ਉਗਾਏ ਗਏ ਅਤੇ ਉਸ ਵਿੱਚੋਂ 20 ਬਿਲੀਅਨ ਕਿੱਲੋ ਆਲੂਆਂ ਦੀ ਉਪਜ ਹੋਈ।
4.    ਇਸ ਸਾਲ ਦੀ ਰਿਪੋਰਟ ਅਨੁਸਾਰ ਔਸਤਨ ਇਕ ਅਮਰੀਕਨ 56 ਕਿਲੋ ਆਲੂ ਪੂਰੇ ਸਾਲ ਵਿਚ ਖਾ ਲੈਂਦਾ ਹੈ ਤੇ ਇੱਕ ਜਰਮਨ 112 ਕਿੱਲੋ।
5.    ਗਿੰਨੀਜ਼ ਵਰਲਡ ਰਿਕਾਰਡ ਅਨੁਸਾਰ ਹੁਣ ਤੱਕ ਦਾ ਸਭ ਤੋਂ ਵੱਡਾ ਆਲੂ 3.2 ਕਿੱਲੋ ਦਾ ਸੀ।
6.    ਬਾਈਬਲ ਵਿਚ ਆਲੂਆਂ ਦਾ ਜ਼ਿਕਰ ਨਹੀਂ ਮਿਲਦਾ, ਇਸ ਲਈ ਕਈ ਸਦੀਆਂ ਤੱਕ ਆਲੂ ਨੂੰ ਮਾੜਾ ਮੰਨਿਆ ਜਾਂਦਾ ਰਿਹਾ ਤੇ ਇਹ ਮੰਨ ਲਿਆ ਗਿਆ ਕਿ ਆਲੂ ਕੋਹੜ ਦੀ ਬੀਮਾਰੀ ਕਰਦੇ ਹਨ।
7.    ਮੈਰੀ ਐਂਟੋਨਿਓ ਨੇ ਫਰਾਂਸ ਵਿਚ ਆਪਣੇ ਵਾਲਾਂ ਉੱਤੇ ਆਲੂਆਂ ਦੇ ਹਿੱਸੇ ਸਜਾਏ ਤਾਂ ਪੂਰੇ ਫਰਾਂਸ ਵਿਚ ਆਲੂ ਫੈਸ਼ਨ ਸ਼ੁਰੂ ਹੋ ਗਿਆ ਸੀ।
8.    ਆਇਰਲੈਂਡ ਵਿਚ ਸੰਨ 1840 ਵਿਚ ਆਲੂਆਂ ਦੀ ਫਸਲ ਮਾਰ ਜਾਣ ਬਾਅਦ ਉਹ ਗ਼ਰੀਬ ਲੋਕ, ਜੋ ਸਿਰਫ਼ ਆਲੂ ਖਾ ਕੇ ਗੁਜ਼ਾਰਾ ਕਰ ਰਹੇ ਸਨ, ਦੀ ਭਾਰੀ ਮਾਤਰਾ ਵਿਚ ਮੌਤ ਹੋ ਗਈ। ਉਦੋਂ ਲਗਭਗ 10 ਲੱਖ ਗਰੀਬ ਲੋਕ ਭੁੱਖ ਨਾਲ ਮਰ ਗਏ ਅਤੇ ਏਨੇ ਹੀ ਕੰਮ ਕਾਰ ਦੀ ਖੋਜ ਵਿਚ ਭੁੱਖ ਮਿਟਾਉਣ ਖ਼ਾਤਰ ਅਮਰੀਕਾ ਜਾਂ ਕਨੇਡਾ ਵੱਲ ਤੁਰ ਗਏ।

ਸਾਰ :-
    ਹਰ ਖਾਣ ਵਾਲੀ ਚੀਜ਼ ਦੇ ਫ਼ਾਇਦੇ ਵੀ ਹੁੰਦੇ ਹਨ ਅਤੇ ਨੁਕਸਾਨ ਵੀ। ਇਸੇ ਲਈ ਸਹੀ ਮਿਕਦਾਰ ਵਿਚ ਅਤੇ ਸਹੀ ਢੰਗ ਨਾਲ ਬਣਾਉਣ ਅਤੇ ਖਾਣ ਦੀ ਲੋੜ ਹੁੰਦੀ ਹੈ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

ਅੱਜ ਬਲਾਤਕਾਰ ਕਿਸ ਦਾ ਹੋਇਆ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਭਾਰਤ ਵਿਚ ਦਰਿੰਦਗੀ ਦਾ ਨੰਗਾ ਨਾਚ ਚਲ ਰਿਹਾ ਹੈ! ਕੋਰੋਨਾ ਨੇ ਵਹਿਸ਼ੀਆਨਾ ਰੂਪ ਇਖ਼ਤਿਆਰ ਕਰ ਲਿਆ ਹੈ। ਨਾਬਾਲਗ ਬੱਚੀਆਂ ਨੂੰ ਨੋਚਣ ਦੇ ਨਵੇਂ ਢੰਗ ਈਜਾਦ ਕਰਨ ਵਿਚ ਭਾਰਤ ਪਹਿਲੇ ਨੰਬਰ ਉੱਤੇ ਪਹੁੰਚ ਗਿਆ ਹੈ। ਕਮਾਲ ਹੈ ਨਾ, ਇਕ ਵੀ ਬਲਾਤਕਾਰੀ ਨੂੰ ਕਦੇ ਕੋਰੋਨਾ ਨਹੀਂ ਚੰਬੜਿਆ! ਹੈ ਕੋਈ ਭਾਰਤ ਦਾ ਸੂਬਾ ਜੋ ਛਾਤੀ ਠੋਕ ਕੇ ਇਹ ਕਹਿ ਸਕੇ ਕਿ ਇੱਥੇ ਦੀ ਹਰ ਨਾਬਾਲਗ ਧੀ ਸੁਰੱਖਿਅਤ ਹੈ? ਜੇ ਕਿਸੇ ਸੂਬੇ ਵਿਚ ਕਿਸੇ ਕਿਸਮ ਦਾ 'ਬੰਦ' ਨਾਬਾਲਗ ਧੀਆਂ ਦਾ ਬਲਾਤਕਾਰ ਨਹੀਂ ਰੋਕ ਸਕਿਆ ਅਤੇ ਨਾ ਹੀ ਸਖ਼ਤ ਤੋਂ ਸਖ਼ਤ ਕਾਨੂੰਨ ਇਸ ਵਿਚ ਕਮੀ ਲਿਆ ਸਕੇ ਹਨ ਤਾਂ ਇਸ ਦਾ ਮਤਲਬ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਧੀਆਂ ਦੀ ਕਤਲਗਾਹ ਵਿਚ ਤਬਦੀਲ ਹੋ ਚੁੱਕਿਆ ਹੈ।
    ਗੱਲ 14 ਸਤੰਬਰ 2020 ਦੀ ਹੈ। ਉੱਤਰ ਪ੍ਰਦੇਸ ਦੇ ਹਾਥਰਸ ਵਿਚ 19 ਸਾਲਾਂ ਦੀ ਧੀ ਆਪਣੇ ਭਰਾ ਅਤੇ ਮਾਂ ਨਾਲ ਖੇਤਾਂ ਵਿਚ ਚਾਰਾ ਵੱਢਣ ਗਈ। ਗ਼ਰੀਬੀ ਹੀ ਦਲਿਤ ਟੱਬਰ ਦੀ ਮਜਬੂਰੀ ਸੀ ਕਿ ਧੀ ਉੱਕਾ ਹੀ ਅਨਪੜ੍ਹ ਰੱਖੀ ਗਈ ਸੀ। ਦੀਨ ਦੁਨੀਆ ਦੇ ਰੰਗਾਂ ਤੋਂ ਬੇਖ਼ਬਰ! ਉਸ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਪੂਰੇ ਮੁਲਕ ਵਿਚ ਕੁੱਝ ਰੱਜੇ ਪੁੱਜੇ ਬੰਦੇ ਆਪਣੀਆਂ ਪੁਸ਼ਤਾਂ 'ਰਿਜ਼ਰਵੇਸ਼ਨ' ਦੇ ਆਧਾਰ ਉੱਤੇ ਸੁਰੱਖਿਅਤ ਕਰ ਚੁੱਕੇ ਹੋਏ ਹਨ ਜਿਸ ਦੇ ਫ਼ਾਇਦਿਆਂ ਦੀ ਕਨਸੋਅ ਵੀ ਇਨ੍ਹਾਂ ਤੱਕ ਨਹੀਂ ਪਹੁੰਚਦੀ। ਇਹ ਆਪਣੇ ਹੀ ਜਾਤ ਵਾਲੇ ਰੱਜੇ ਪੁੱਜਿਆਂ ਦੇ ਘਰ ਪੁਸ਼ਤ-ਦਰ-ਪੁਸ਼ਤ ਆਪਣੀ ਕਿਸਮਤ ਨੂੰ ਕੋਸਦੇ, ਭਾਣਾ ਮੰਨਦੇ ਕੋਹਲੂ ਦੇ ਬੈਲ ਵਾਂਗ ਜੁਟੇ ਜਨਮ ਤੋਂ ਮੌਤ ਤੱਕ ਦਾ ਸਫਰ ਪੂਰਾ ਕਰ ਜਾਂਦੇ ਹਨ ਅਤੇ ਕਹਾਏ ਜਾਂਦੇ ਹਨ ਨੀਵਿਆਂ ਤੋਂ ਅਤਿ ਨੀਵੇਂ!
    ਸਿਆਸਤਦਾਨਾਂ ਵੱਲੋਂ ਮੰਨਿਆ ਜਾ ਚੁੱਕਿਆ ਹੈ ਕਿ ਉਸਦਾ ਜੁਰਮ ਸੰਗੀਨ ਸੀ। ਦਿਨ ਦਹਾੜੇ ਮਾਂ ਅਤੇ ਭਰਾ ਨਾਲ ਖੇਤਾਂ ਵਿਚ ਕੰਮ ਕਰਨ ਦਾ ਮਤਲਬ ਹੈ ਉਸ ਦਾ 'ਪਬਲਿਕ ਪ੍ਰਾਪਰਟੀ' ਬਣ ਜਾਣਾ।
    ਭਰਾ ਰਤਾ ਕੁ ਚਾਰਾ ਵੱਢ ਕੇ ਵਾਪਸ ਘਰ ਵੱਲ ਮੁੜ ਪਿਆ। ਬਾਕੀ ਕੰਮ ਮਾਂ ਧੀ ਨੇ ਸਾਂਭ ਲਿਆ। ਚਾਰਾ ਵੱਢਦਿਆਂ ਮਾਂ ਤੇ ਧੀ ਉਸ ਖੇਤ ਦੇ ਵੱਖੋ-ਵੱਖ ਪਾਸੇ ਹੋ ਤੁਰੀਆਂ। ਮਨੀਸ਼ਾ ਨੂੰ ਇਸ ਮੁਲਕ ਦੇ ਚਾਰ ਬਹੁਤ ਹੀ 'ਇੱਜ਼ਤਦਾਰ' ਬਾਸ਼ਿੰਦਿਆਂ ਨੇ ਦਬੋਚਿਆ ਤੇ ਪਰ੍ਹਾਂ ਘੜੀਸ ਲਿਆ।
ਮਨੀਸ਼ਾ ਦੀ ਭਾਰੀ ਗ਼ਲਤੀ ਸੀ। ਪੁਲਿਸ ਵਾਲਿਆਂ ਦਾ ਟੀ.ਵੀ. ਉੱਤੇ ਬਿਆਨ ਸੀ ਕਿ ਪੂਰੀ ਗ਼ਲਤੀ ਮਨੀਸ਼ਾ ਤੇ ਉਸ ਦੇ ਮਾਪਿਆਂ ਦੀ ਸੀ ਜੋ ਖੇਤਾਂ ਵਿਚ ਕੰਮ ਕਰਨ ਖੁੱਲੀ ਛੱਡਿਆ ਹੋਇਆ ਸੀ। ਭਲਾ ਹੱਥ ਜੋੜ ਸਿਰ ਨੀਵਾਂ ਕਰ ਕੇ ਆਪੇ ਨਿਰਵਸਤਰ ਕਿਉਂ ਨਹੀਂ ਹੋਈ? ਵਿਚਾਰੇ ਚਾਰਾਂ ਨੂੰ ਕਿੰਨਾ ਧੱਕਾ ਕਰਨਾ ਪਿਆ। ਦੋ ਨੇ ਲੀੜੇ ਪਾੜੇ!
ਤਿੰਨਾਂ ਨੇ ਸੰਘ ਪੂਰੀ ਤਰ੍ਹਾਂ ਘੁੱਟਿਆ ਸੀ ਪਰ ਮਨੀਸ਼ਾ ਮਾਂ ਨੂੰ ਆਵਾਜ਼ ਮਾਰਨ ਦੀ ਕੋਸ਼ਿਸ਼ ਕਰਨੋਂ ਹਟੀ ਹੀ ਨਹੀਂ। ਚੌਥੇ ਵਿਚਾਰੇ ਨੂੰ ਮਜਬੂਰੀ ਵਿਚ ਜੀਭ ਕੱਟਣੀ ਪਈ। ਜਦ ਫਿਰ ਵੀ ਪੂਰਾ ਜ਼ੋਰ ਲਾ ਕੇ ਛੁਡਾਉਣ ਦੀ ਕੋਸ਼ਿਸ਼ ਵਿਚ ਜੁਟੀ ਰਹੀ ਤਾਂ ਚਾਰਾਂ ਨੇ ਰਲ ਕੇ ਉਸ ਦੀ ਰੀੜ੍ਹ ਦੀ ਹੱਡੀ ਤਿੰਨ ਥਾਵਾਂ ਤੋਂ ਤੋੜ ਕੇ, ਫਿਰ ਹਵਸ ਪੂਰੀ ਕਰਨ ਲਈ ਸਮੂਹਕ ਬਲਾਤਕਾਰ ਕੀਤਾ।
ਜਦ ਮਾਂ ਘੰਟੇ ਬਾਅਦ ਮਨੀਸ਼ਾ ਨੂੰ ਲੱਭਦੀ ਲਭਾਉਂਦੀ ਖੇਤ ਦੇ ਇੱਕ ਪਾਸੇ ਉਸ ਦੀ ਇੱਕ ਚੱਪਲ ਵੇਖ ਘਬਰਾ ਗਈ ਤਾਂ ਉੱਚੀ-ਉੱਚੀ ਆਵਾਜ਼ਾਂ ਮਾਰਨ ਲੱਗੀ। ਆਵਾਜ਼ ਸੁਣਦੇ ਸਾਰ ਉਹ ਚਾਰੋ ਭੱਜ ਗਏ। ਦੂਜੀ ਚੱਪਲ ਕੁੱਝ ਦੂਰ ਪਈ ਵੇਖ ਮਾਂ ਉਸ ਪਾਸੇ ਧੀ ਨੂੰ ਲੱਭਣ ਤੁਰ ਗਈ। ਅੱਗੇ ਪਹੁੰਚੀ ਤਾਂ ਧੀ ਦਾ ਹਾਲ ਵੇਖ ਕੇ ਉਸ ਦਾ ਕਲੇਜਾ ਮੂੰਹ ਨੂੰ ਆ ਗਿਆ।
ਨਿਰਵਸਤਰ ਪਈ ਧੀ ਦੇ ਮੂੰਹ ਵਿੱਚੋਂ ਲਹੂ ਦੀਆਂ ਧਤੀਰੀਆਂ ਵੱਗ ਰਹੀਆਂ ਸਨ। ਗਰਦਨ ਪਿਛਾਂਹ ਡਿੱਗੀ ਪਈ ਸੀ। ਸਰੀਰ ਝਰੀਟਿਆ ਪਿਆ ਸੀ। ਬੱਚੇਦਾਨੀ ਦੇ ਮੂੰਹ ਰਾਹੀਂ ਦੂਰ ਤੱਕ ਖਿਲਰਿਆ ਲਹੂ ਦਿਸ ਰਿਹਾ ਸੀ। ਅੱਖਾਂ ਬਾਹਰ ਨੂੰ ਨਿਕਲੀਆਂ ਪਈਆਂ ਸਨ। ਲੱਤਾਂ ਚੌੜੀਆਂ ਜਿਵੇਂ ਹੱਡੀਆਂ ਤੋੜ ਦਿੱਤੀਆਂ ਹੋਣ। ਬੇਹੋਸ਼ ਪਈ ਧੀ ਦਾ ਹਾਲ ਵੇਖ ਮਾਂ ਥਾਏਂ ਹੀ ਡਿੱਗ ਪਈ। ਮਸਾਂ ਹਿੰਮਤ ਕਰ ਧੀ ਦੇ ਸਰੀਰ ਦੁਆਲੇ ਆਪਣੀ ਚੁੰਨੀ ਲਪੇਟ ਕੇ ਧੀ ਦਾ ਟੁੱਟਿਆ ਫੁੱਟਿਆ ਸਰੀਰ ਚੁੱਕਿਆ ਤੇ ਘਰ ਆ ਗਈ।
ਉਸ ਤੋਂ ਬਾਅਦ ਸੋਲਾਂ ਦਿਨ ਤੱਕ ਮਾਂ, ਪਿਓ ਤੇ ਭਰਾ ਸਿਰਫ਼ ਤਰਲੇ ਤੇ ਹਾੜੇ ਕੱਢਦੇ ਇੱਧਰੋਂ ਉੱਧਰ ਧੱਕੇ ਖਾਂਦੇ ਰਹੇ। ਹਸਪਤਾਲੋਂ ਸਿਰਫ਼ ਏਨਾ ਪਤਾ ਲੱਗਿਆ ਕਿ ਸਮੂਹਕ ਬਲਾਤਕਾਰ ਹੋਇਆ ਸੀ, ਤਿੰਨ ਥਾਵਾਂ ਤੋਂ ਰੀੜ੍ਹ ਦੀ ਹੱਡੀ ਤੋੜੀ ਗਈ ਸੀ, ਗਰਦਨ ਤੋਂ ਹੇਠਾਂ ਸਰੀਰ ਨੂੰ ਲਕਵਾ ਮਾਰ ਗਿਆ ਸੀ, ਜੀਭ ਅੱਧੀ ਕੱਟੀ ਹੋਈ ਸੀ ਤੇ ਧੀ ਸਿਰਫ਼ ਏਨਾ ਹੀ ਕਹੀ ਜਾ ਰਹੀ ਸੀ ਕਿ ਉਸ ਨਾਲ ਬਹੁਤ ਗ਼ਲਤ ਹੋਇਆ। ਬੱਚੇਦਾਨੀ ਦਾ ਰਾਹ ਪੂਰਾ ਜ਼ਖ਼ਮੀ ਸੀ। ਗਲਾ ਦਬਾਉਣ ਸਦਕਾ ਉਸ ਦੀ ਆਵਾਜ਼ ਬਹੁਤ ਹੌਲੀ ਨਿਕਲ ਰਹੀ ਸੀ। ਕਮਾਲ ਇਹ ਕਿ ਹਾਲੇ ਵੀ ਬਲਾਤਕਾਰ ਸਾਬਤ ਕਰਨ ਲਈ ਉੱਥੇ ਦੇ ਡਿਸਟ੍ਰਿਕਟ ਮੈਜਿਸਟ੍ਰੇਟ ਨੂੰ ਹੋਰ ਤੱਥਾਂ ਦੀ ਲੋੜ ਸੀ।
ਜਦੋਂ ਮੀਡੀਆ ਤਕ ਇਸ ਦੀ ਖ਼ਬਰ ਪਹੁੰਚੀ ਤਾਂ 22 ਸਤੰਬਰ ਨੂੰ ਬਿਆਨ ਦਰਜ ਕੀਤੇ ਗਏ। ਉਦੋਂ ਤੱਕ ਉਸ ਧੀ ਦੀ ਹਾਲਤ ਬਹੁਤ ਨਾਜ਼ੁਕ ਬਣ ਚੁੱਕੀ ਸੀ। ਬਿਆਨ ਦਰਜ ਕਰਦਿਆਂ ਮੈਡੀਕਲ ਦੀ ਰਿਪੋਰਟ ਦੇ ਬਾਵਜੂਦ ਪੁਲਿਸ ਨੇ ਸਿਰਫ਼ ਛੇੜਖ਼ਾਨੀ ਦਾ ਕੇਸ ਦਰਜ ਕੀਤਾ।
ਆਖ਼ਰ ਇੱਕ ਦਲਿਤ ਨੂੰ ਇਨਸਾਨ ਮੰਨਿਆ ਹੀ ਕਦੋਂ ਜਾਂਦਾ ਹੈ ਅਤੇ ਉਸ ਵੀ ਜੇ ਧੀ ਹੋਵੇ ਤਾਂ ਪੱਤ ਲੁੱਟਣ ਦਾ ਉੱਚੀ ਜਾਤ ਵਾਲਿਆਂ ਨੂੰ ਜੱਦੀ ਹੱਕ ਮਿਲਿਆ ਹੋਇਆ ਹੈ।
ਇਸੇ ਲਈ ਸਹੀ ਮੰਨਿਆ ਗਿਆ ਕਿ ਉਸ ਨਾਲ ਜੋ ਹੋਇਆ ਰਬ ਦਾ ਭਾਣਾ ਮੰਨ ਕੇ ਸਹਿ ਜਾਵੇ। ਮੀਡੀਆ ਵਾਲੇ ਫਿਰ ਵੀ ਨਾ ਮੰਨੇ ਤਾਂ ਬਿਆਨਾਂ ਤੋਂ 5 ਦਿਨ ਬਾਅਦ ਬਲਾਤਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ।
ਜਦੋਂ ਹਸਪਤਾਲ ਦੇ ਡਾਕਟਰਾਂ ਨੇ ਹਾਲਤ ਵਿਗੜਦੀ ਵੇਖ ਕੇ ਪੁਲਿਸ ਕਰਮੀਆਂ ਨੂੰ ਦੱਸਿਆ ਕਿ ਹੁਣ ਮੌਤ ਨਿਸਚਿਤ ਹੈ ਤਾਂ ਧੱਕੋ ਜ਼ੋਰੀ ਪੁਲਿਸ ਅਧਮਰੀ ਮਨੀਸ਼ਾ ਨੂੰ ਚੁੱਕ ਕੇ ਵੱਡੇ ਹਸਪਤਾਲ ਲੈ ਗਏ ਤੇ ਉਨ੍ਹਾਂ ਨੇ ਮਾਪਿਆਂ ਨਾਲ ਗੁੰਡਿਆਂ ਦੀ ਦਰਿੰਦਗੀ ਨਾਲੋਂ ਵੀ ਭੈੜਾ ਹਾਲ ਕੀਤਾ।
ਡਰਾ ਧਮਕਾ ਕੇ ਬੇਰਹਿਮੀ ਨਾਲ ਮਾਪਿਆਂ ਨੂੰ ਪਰ੍ਹਾਂ ਧੱਕ ਕੇ ਧੀ ਨੂੰ ਅੰਦਰ ਮਰਨ ਤੱਕ ਪਾਈ ਰੱਖਿਆ। ਮਾਪਿਆਂ ਨੂੰ ਧਮਕੀਆਂ ਸਿਰਫ਼ ਪੁਲਿਸ ਵੱਲੋਂ ਹੀ ਨਹੀਂ, ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਵੀ ਦਿੱਤੀਆਂ ਗਈਆਂ।
ਮਾਪੇ ਤੇ ਭਰਾ ਦੜ੍ਹ ਵੱਟ ਕੇ ਬਹਿ ਗਏ ਕਿ ਚਲੋ ਆਪਣੇ ਕਲੇਜੇ ਦੇ ਟੁਕੜੇ ਨੂੰ ਕਿਸੇ ਤਰ੍ਹਾਂ ਇਨਸਾਫ਼ ਮਿਲ ਜਾਏ। ਰਬ ਵੀ ਗ਼ਰੀਬਾਂ ਦੀ ਕਿੱਥੇ ਸੁਣਦਾ ਹੈ! ਉਸ ਨੇ ਤਾਂ ਗ਼ਰੀਬ ਦਲਿਤਾਂ ਲਈ ਏਸੇ ਧਰਤੀ ਉੱਤੇ ਨਰਕ ਬਣਾ ਕੇ ਭੇਜਿਆ ਹੈ। ਇਹੀ ਕਾਰਨ ਹੈ ਕਿ ਰੈਜ਼ਰਵੇਸ਼ਨ ਲਈ ਗਲਾ ਫਾੜ ਕੇ ਚੀਕਣ ਵਾਲੇ ਰੱਜੇ ਪੁੱਜਿਆਂ ਵਿੱਚੋਂ ਕੋਈ ਨਹੀਂ ਬਹੁੜਿਆ ਕਿਉਂਕਿ ਉਹ ਆਪਣੇ ਏ.ਸੀ. ਕਮਰਿਆਂ ਵਿਚ ਆਪਣੀ ਪੁਸ਼ਤ ਦਾ ਭਵਿੱਖ ਸੁਰੱਖਿਅਤ ਕਰਨ ਵਿਚ ਰੁੱਝੇ ਸਨ। ਉਨ੍ਹਾਂ ਨੇ ਇਨ੍ਹਾਂ ਤੋਂ ਕੀ ਲੈਣਾ!
ਫਿਰ ਉਹੀ ਹੋਇਆ ਜੋ ਹੋਣਾ ਸੀ। ਧੀ ਪੀੜ ਨਾ ਸਹਿੰਦੀ ਆਖ਼ਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਮਾਪੇ ਵਿਚਾਰੇ ਕਿਸਮਤ ਨੂੰ ਕੋਸਦੇ ਧੀ ਦੀ ਲਾਸ਼ ਲੈਣ ਲਈ ਹੱਥ ਅੱਡ ਕੇ ਖਲੋ ਗਏ।
ਪਰ ਹਾਲੇ ਬਸ ਕਿੱਥੇ ਹੋਈ ਸੀ। ਪੁਲਿਸ ਕਰਮੀਆਂ ਅਤੇ ਪ੍ਰਸ਼ਾਸਨ ਨੇ ਭਰਾ ਤੇ ਪਿਓ ਨੂੰ ਠੁੱਡੇ ਮਾਰੇ, ਮਾਂ ਨੂੰ ਘੜੀਸਿਆ ਤੇ ਮਨੀਸ਼ਾ ਦੀ ਲਾਸ਼ ਨੂੰ ਲਪੇਟ ਕੇ ਗੱਡੀ ਵਿਚ ਸੁੱਟ ਲਿਆ। ਮਾਂ ਨੇ ਜ਼ਮੀਨ ਉੱਤੇ ਬਹਿ ਕੇ ਵੈਣ ਪਾਏ, ਝੋਲੀ ਅੱਡੀ, ਤਰਲੇ ਲਏ ਪਰ ਮਿਲੀਆਂ ਠੋਕਰਾਂ ਤੇ ਦੁਲੱਤੀਆਂ।
ਪੂਰਾ ਘੇਰਾ ਬਣਾ ਕੇ ਪੁਲਿਸ ਕਰਮੀਆਂ ਨੇ ਸਭ ਨੂੰ ਪਰ੍ਹਾਂ ਧੱਕ ਕੇ ਆਪੇ ਹੀ ਕੱਟੀ ਵੱਢੀ ਲਾਸ਼ ਦੇ ਟੋਟਿਆਂ ਨੂੰ ਲਪੇਟ ਕੇ ਲੱਕੜਾਂ ਉੱਤੇ ਸੁੱਟ ਕੇ ਅੱਗ ਲਾ ਦਿੱਤੀ। ਸਾਰੇ ਦੇ ਸਾਰੇ ਬਿਆਨ ਕੋਰੇ ਝੂਠੇ ਦੇ ਕੇ ਪ੍ਰਸ਼ਾਸਨ ਤੇ ਪੁਲਿਸ ਆਪੋ ਆਪਣੇ ਘਰਾਂ ਵਿਚ ਜਾ ਕੇ ਚੈਨ ਨਾਲ ਸੌਂ ਗਏ।
ਹਦ ਤਾਂ ਇਹ ਸੀ ਕਿ ਮੁੱਖ ਮੰਤਰੀ ਦੇ ਦਫਤਰੋਂ ਪਹੁੰਚਿਆ ਬਿਆਨ ਅਖ਼ਬਾਰਾਂ ਵਿਚ ਛਪਿਆ-''ਸਾਡਾ ਕੰਮ ਗਾਵਾਂ ਨੂੰ ਬਚਾਉਣਾ ਹੈ, ਲੜਕੀਆਂ ਨੂੰ ਨਹੀਂ।''
ਖ਼ਬਰ ਦੇ ਅਖ਼ੀਰ ਵਿਚ ਲਿਖਿਆ ਸੀ-
    ''ਜਿੱਧਰ ਵੇਖੋ ਹਵਸ ਦੇ ਜੱਲਾਦ ਬੈਠੇ ਨੇ।
      ਸੰਭਾਲੋ ਧੀਆਂ ਨੂੰ, ਮੁਲਕ ਚਲਾਉਣ ਵਾਲੇ ਬੇਔਲਾਦ ਬੈਠੇ ਨੇ।''
ਸਵਾਲ ਇਹ ਹੈ ਕਿ ਰਾਤ 2.45 ਵਜੇ ਜਿਨ੍ਹਾਂ ਟੋਟਿਆਂ ਨੂੰ ਲਪੇਟ ਕੇ ਪੁਲਿਸ ਕਰਮੀਆਂ ਵੱਲੋਂ ਅੱਗ ਲਾਈ ਗਈ, ਉਸ ਵਿਚ ਸੜ੍ਹਿਆ ਕੀ ਸੀ-ਬੇਟੀ, ਜ਼ਮੀਰ, ਕਾਨੂੰਨ, ਸੰਵਿਧਾਨ, ਸੰਵੇਦਨਸ਼ੀਲਤਾ ਜਾਂ ਇਨਸਾਨੀਅਤ?
ਹੁਣ ਤੱਕ ਵੀ ਮਾਪਿਆਂ ਤੇ ਭਰਾ ਨੂੰ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਕਿ ਖ਼ਬਰਾਂ ਤੇ ਚੈਨਲਾਂ ਚਾਰ ਦਿਨਾਂ ਵਿਚ ਰੌਲਾ ਪਾ ਕੇ ਚੁੱਪ ਹੋ ਜਾਣਗੀਆਂ। ਲੋਕ ਵੀ ਹਫ਼ਤੇ ਭਰ 'ਚ ਸਭ ਭੁੱਲ ਜਾਣਗੇ। ਫਿਰ ਵੇਖਣਾ ਅਸੀਂ ਕਿਵੇਂ ਤੁਹਾਨੂੰ ਵੀ ਦਫਨ ਕਰ ਦਿਆਂਗੇ।
ਗੱਲ ਬਿਲਕੁਲ ਸਹੀ ਹੈ। ਖ਼ੌਫ਼ਨਾਕ ਹੈਵਾਨੀਅਤ ਜਾਰੀ ਹੈ। ਹਾਥਰਸ ਵਿਚਲਾ ਸਿਵਾ ਹਾਲੇ ਠੰਡਾ ਵੀ ਨਹੀਂ ਹੋਇਆ ਕਿ ਬਲਰਾਮਪੁਰ ਜ਼ਿਲ੍ਹੇ ਵਿਚ ਇਕ 22 ਸਾਲਾ ਦਲਿਤ ਵਿਦਿਆਰਥਣ ਨੂੰ ਨਸ਼ੇ ਦਾ ਟੀਕਾ ਲਾ ਕੇ ਦੋ ਮੁਲਜ਼ਮਾਂ ਸਾਹਿਲ ਅਤੇ ਸ਼ਾਹਿਦ ਨੇ ਏਨੇ ਭਿਆਨਕ ਤਰੀਕੇ ਨਾਲ ਸਮੂਹਕ ਬਲਾਤਕਾਰ ਕੀਤਾ ਕਿ ਉਸ ਦੀ ਉਸੇ ਦਿਨ ਲਹੂ ਵਹਿ ਜਾਣ ਕਾਰਨ ਮੌਤ ਹੋ ਗਈ। ਹੁਣ ਦੱਸੋ ਭਲਾ ਧੀ ਦਾ ਕਸੂਰ ਕਿੰਨਾ ਕੁ ਮੰਨਿਆ ਜਾਣਾ ਚਾਹੀਦਾ ਹੈ? ਮੰਗਲਵਾਰ ਸਵੇਰੇ 10 ਵਜੇ ਘਰੋਂ ਸਾਈਕਲ ਉੱਤੇ ਕਾਲਜ ਵਿਚ ਸਿਰਫ਼ ਫੀਸ ਜਮ੍ਹਾਂ ਕਰਵਾਉਣ ਗਈ ਸੀ।
ਉੱਤਰ ਪ੍ਰਦੇਸ ਦੇ ਪੁੱਤਰਾਂ ਨੂੰ ਸ਼ਾਬਾਸ਼ੀ ਦੇਣੀ ਬਣਦੀ ਹੈ ਕਿਉਂਕਿ ਉਨ੍ਹਾਂ ਨੇ ਨਵੇਂ ਦਿਸਹੱਦੇ ਤੈਅ ਕਰ ਦਿੱਤੇ ਹਨ। ਉਸੇ ਦਿਨ ਭਦੋਹੀ ਵਿਚ ਨਾਬਾਲਗ 14 ਸਾਲਾ ਦਲਿਤ ਬੱਚੀ ਦੁਪਿਹਰੇ 11 ਵਜੇ ਖੇਤ ਵਿਚ ਮਲ ਮੂਤਰ ਕਰਨ ਗਈ। ਉੱਥੇ ਹੀ ਉਸ ਦਾ ਸਿਰ ਫੇਹ ਕੇ, ਮਾਰਨ ਬਾਅਦ ਲਾਸ਼ ਨਾਲ ਸਮੂਹਕ ਬਲਾਤਕਾਰ ਕੀਤਾ ਗਿਆ।
ਹੁਣ ਦੱਸੋ ਹੈ ਕਿਸੇ ਮੁਲਕ 'ਚ ਹਿੰਮਤ ਜੋ ਭਾਰਤੀ ਬਲਾਤਕਾਰੀਆਂ ਦਾ ਰਿਕਾਰਡ ਤੋੜ ਸਕੇ? ਮੁੱਢ ਕਦੀਮ ਤੋਂ ਔਰਤਾਂ ਦ੍ਰੋਪਤੀ ਵਾਂਗ ਨਿਰਵਸਤਰ ਕੀਤੀਆਂ ਜਾਂਦੀਆਂ ਰਹੀਆਂ ਤੇ ਬੇਪੱਤ ਵੀ ਹੁੰਦੀਆਂ ਰਹੀਆਂ ਪਰ ਭਗਵਾਨ ਕ੍ਰਿਸ਼ਨ ਕਦੇ ਕਿਸੇ ਰੂਪ ਵਿਚ ਬਹੁੜਿਆ ਨਹੀਂ ਦਿਸਿਆ!
ਇਸ ਗੱਲ ਵਿਚ ਪਕਿਆਈ ਇਸ ਤੱਥ ਤੋਂ ਵੀ ਹੋ ਜਾਂਦੀ ਹੈ ਕਿ ਹੁਣ ਧਾਰਮਿਕ ਥਾਵਾਂ ਦੇ ਅੰਦਰ ਵੀ ਨਾਬਾਲਗਾਂ ਦਾ ਸਮੂਹਕ ਬਲਾਤਕਾਰ ਕਰਨ ਬਾਅਦ ਮਾਰਿਆ ਜਾਣ ਲੱਗ ਪਿਆ ਹੈ। ਨਾ ਕਦੇ ਨਿਆਂ ਦਵਾਉਣ ਤੇ ਨਾ ਹੀ ਕਦੇ ਕੋਈ ਜ਼ਮੀਰ ਜਗਾਉਣ ਬਹੁੜਿਆ ਹੈ!
ਭਾਰਤ ਵਿਚ ਹੁਣ ਕਾਤਲਾਂ ਤੇ ਬਲਾਤਕਾਰੀਆਂ ਨੂੰ ਕਾਨੂੰਨ ਬਣਾਉਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੋਈ ਹੈ। ਉੱਚ ਅਦਾਲਤ ਦੇ ਇੱਕ ਜੱਜ ਵਿਰੁੱਧ ਉਸੇ ਅਧੀਨ ਕੰਮ ਕਰਦੀ ਬੱਚੀ ਜਦੋਂ ਭੱਦੀ ਛੇੜਛਾੜ ਦਾ ਇਲਜ਼ਾਮ ਲਾਉਂਦੀ ਹੈ ਤਾਂ ਇਸ ਮੁਲਕ ਦਾ ਨਿਆਂ ਉਸੇ ਜੱਜ ਅੱਗੇ ਕੇਸ ਦੀ ਸੁਣਵਾਈ ਕਰਵਾਉਂਦਾ ਹੈ ਤੇ ਉਸੇ ਬੇਟੀ ਨੂੰ ਗੁਣਾਹਗਾਰ ਮੰਨ ਲੈਂਦਾ ਹੈ ਕਿਉਂਕਿ ਜੱਜ ਕੇਸ ਨੂੰ ਸਿਰੇ ਤੋਂ ਖ਼ਾਰਜ ਕਰ ਦਿੰਦਾ ਹੈ।
ਖ਼ਬਰਾਂ ਅਨੁਸਾਰ ਦੇਹ ਵਪਾਰ ਦੇ ਅੱਡੇ ਹੀ ਪੰਜਾਬ ਅੰਦਰ ਮੰਤਰੀਆਂ ਦੇ ਪੁੱਤਰ ਚਲਾਉਂਦੇ ਹਨ ਤੇ ਅਸੈਂਬਲੀਆਂ ਅੰਦਰ ਬੈਠੇ ਸਾਡੇ ਚੁਣੇ ਨੁਮਾਇੰਦੇ ਪੌਰਨ ਫਿਲਮਾਂ ਵੇਖ ਕੇ ਸਮਾਂ ਟਪਾਉਂਦੇ ਹਨ। ਆਖ਼ਰ ਕਿਸ ਕੋਲੋਂ ਨਿਆਂ ਦੀ ਉਮੀਦ ਰੱਖ ਰਹੇ ਹਾਂ? ਉਹ ਸਮਾਜ ਜੋ ਹਾਲੇ ਤੱਕ ਔਰਤ ਨੂੰ ਪੈਰਾਂ ਦੀ ਜੁੱਤੀ ਮੰਨ ਰਿਹਾ ਹੈ? ਜਿੱਥੇ ਮੌਤ ਬਾਅਦ ਵੀ ਕੂੜੇ ਦੇ ਢੇਰ ਵਾਂਗ ਗ਼ਰੀਬ ਦਲਿਤ ਬੱਚੀ ਦਾ ਟੋਟੇ-ਟੋਟੇ ਹੋਇਆ ਜਿਸਮ ਫੂਕ ਦਿੱਤਾ ਜਾਂਦਾ ਹੈ? ਜਿੱਥੇ ਮੋਇਆਂ ਬਾਅਦ ਵੀ ਮਾਂ ਦੀ ਹਿੱਕ ਨਾਲ ਲੱਗ ਕੇ ਦਿਲ ਅੰਦਰਲੀ ਦੱਬੀ ਅੱਗ ਨੂੰ ਠੰਡੀ ਕਰਨ ਦਾ ਹੱਕ ਬਾਲੜੀ ਨੂੰ ਨਹੀਂ ਦਿੱਤਾ ਜਾਂਦਾ?
ਭਾਰਤ ਵਿਚਲੇ ਨਰਕ ਨੂੰ ਬਣਾਉਣ ਵਾਲੇ 'ਉੱਚ ਜਾਤੀਏ' ਕੀ ਇਹ ਦੱਸਣਗੇ ਕਿ ਦਲਿਤ ਨਾਬਾਲਗ ਬੱਚੀਆਂ ਨਾਲ ਇਹ ਘਿਨਾਉਣੇ ਜੁਰਮ ਕਰਨ ਵਾਲਿਆਂ ਦੇ ਸਿਰ ਉੱਤੇ ਕਿਹੜੇ ਤਾਜ ਸਜਾਉਣਗੇ? ਇਹ 'ਉੱਚ-ਜਾਤੀਏ' ਬਘਿਆੜ ਕਦੋਂ ਤੱਕ ਆਪਣੀ ਪਿਆਸ ਇਸ ਤਰ੍ਹਾਂ ਦੀ ਲਹੂ ਦੀ ਹੋਲੀ ਨਾਲ ਮਿਟਾਉਂਦੇ ਰਹਿਣਗੇ?
ਕਾਨੂੰਨ ਹੀ ਕਮਾਲ ਦਾ ਹੈ ਕਿ ਹਾਲੇ ਵੀ ਬਾਲੜੀਆਂ ਨੂੰ ਹੀ ਕਸੂਰਵਾਰ ਠਹਿਰਾ ਰਿਹਾ ਹੈ-ਹਵਸ ਮਿਟਾਉਣ ਵਿਚ ਬਾਲੜੀਆਂ ਵੱਲੋਂ ਰੁਕਾਵਟ ਪਾਉਣ ਲਈ! ਕਿਉਂ ਚੁੱਪ ਚੁਪੀਤੇ ਪੱਤ ਨਹੀਂ ਲੁਹਾਈ? ਕਿਵੇਂ ਆਖ਼ਰ ਕਿਵੇਂ ਸਿਰ ਫੇਹ ਕੇ, ਲੱਤਾਂ ਪਾੜ ਕੇ, ਰੀੜ੍ਹ ਦੀ ਹੱਡੀ ਤੋੜ ਕੇ, ਜੀਭ ਕੱਟ ਕੇ, ਚਾਕੂ ਨਾਲ ਚੀਰ ਕੇ, ਸੋਟੀਆਂ ਤੁੰਨ ਕੇ, ਸਮੂਹਕ ਬਲਾਤਕਾਰ ਕਰ ਕੇ, ਲਹੂ ਵਹਿੰਦੀ ਦੇ ਮੂੰਹ ਅੰਦਰ ਤੇਜ਼ਾਬ ਪਾ ਕੇ ਤੇ ਅਧਸੜੀ ਲਾਸ਼ ਕੁੱਤਿਆਂ ਲਈ ਚੂੰਡਣ ਨੂੰ ਛੱਡ ਕੇ ਜਾਣ ਨੂੰ ਭਾਰਤ ਦਾ ਸੰਵਿਧਾਨ ਚੁੱਪ ਚੁਪੀਤੇ ਸਹਿਨ ਕਰਦਾ ਹੈ ਤੇ ਹੈਵਾਨਾਂ ਨੂੰ ਫੜੇ ਜਾਣ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੈ? ਇਨ੍ਹਾਂ ਹੈਵਾਨਾਂ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲੇ ਬਘਿਆੜਾਂ ਨਾਲ ਅਜਿਹਾ ਹਸ਼ਰ ਕਿਉਂ ਨਹੀਂ ਕੀਤਾ ਜਾਂਦਾ?
ਲੋਕਤੰਤਰ ਦਾ ਚੌਥਾ ਥੰਮ
ਕਹਾਉਣ ਵਾਲਾ ਮੀਡੀਆ
ਕਿਹੜੇ ਰੰਗ ਵਿਚ
{ਰੰਗ ਗਿਆ?
ਕਿਉਂ ਸਿੱਕਿਆਂ ਦੇ
ਛਣਕਾਟੇ ਵਿਚ ਕੰਨ ਬੰਦ
ਕਰ ਗਿਆ?
ਕਿੰਜ ਚੀਕਾਂ ਸੁਣੀਆਂ ਉਸ ਨੂੰ
ਕੇਰਲ ਦੀ ਹਥਨੀ ਦੀਆਂ?
ਸੁਸ਼ਾਂਤ ਦੀ ਮੌਤ ਦੀ ਚੁੱਪ
ਦਾ ਸ਼ੋਰ
ਕਿੰਜ ਗਗਨਚੁੰਬੀ ਬਣ ਗਿਆ?
ਕਿਉਂ ਕੰਗਨਾ ਦੇ ਦਫਤਰ
ਪਿੱਛੇ ਤੇ ਦੀਪਿਕਾ ਦੇ ਸੂਟੇ ਹੇਠ
ਨਾਬਾਲਗਾਂ ਦੀਆਂ ਚੀਕਾਂ ਦਫ਼ਨ ਹੋ ਗਈਆਂ?
ਸਿਆਸਤਦਾਨਾਂ ਦੇ ਕਿਸਾਨਾਂ ਲਈ ਵਹਾਏ
ਮਗਰਮੱਛ ਦੇ ਹੰਝੂ
ਤੇ ਦੋ ਕਰੋੜ ਦੀਆਂ ਕਾਰਾਂ
ਵਿੱਚੋਂ ਮੀਡੀਆ ਨੂੰ ਹੱਥ ਹਿਲਾਉਣਾ
ਹੀ 'ਨੈਸ਼ਨਲ ਮੁੱਦਾ' ਕਿਉਂ ਬਣ ਗਿਆ?
ਨਿਰਭਯਾ ਦੀ ਹੂਕ
ਮਨੀਸ਼ਾ ਦੀ ਕੂਕ
ਤੇ ਅਣਗਿਣਤ ਹੋਰ ਬਾਲੜੀਆਂ
ਦੇ ਸਿਵਿਆਂ ਵਿੱਚੋਂ ਨਿਕਲ
ਰਹੀਆਂ ਚੁੱਪ ਦੀਆਂ ਚੀਕਾਂ
ਵੇਲੇ ਚੌਥਾ ਥੰਮ
ਮੂੰਹ ਉੱਤੇ ਪੱਟੀ
ਕਿਉਂ ਬੰਨ੍ਹ ਕੇ ਬਹਿ ਗਿਆ?
           ਕਿਉਂ ਗਾਵਾਂ ਦੇ ਰਾਖੇ
ਅਖਵਾਉਣ ਵਾਲਿਆਂ ਅੱਗੇ
ਧਰਮ ਗੋਡੇ ਟੇਕ ਬਹਿ ਗਿਆ?
ਕਿਉਂ ਧੀਆਂ ਲਈ ਨਰਕ ਭੋਗਣ
ਦਾ ਹੁਕਮ ਜਾਰੀ ਹੋ ਗਿਆ?
      ਕੀ ਇਹ ਮਾਂ ਦੇ ਢਿੱਡੋਂ ਜੰਮੇ ਨੇ?
    ਮਾਂ ਦੇ ਦੁੱਧ ਦਾ ਕਰਜ਼ ਲਾਹ ਰਹੇ ਨੇ?
    ਹਰਾਮ ਦੇ ਅਖਵਾਏ ਗਏ
    ਤਾਂ ਵੀ ਗਾਲ੍ਹ ਮਾਂ ਨੂੰ ਹੀ ਕੱਢੀ ਜਾਵੇਗੀ!
ਰਾਖ਼ਸ਼ ਪਿਓ ਵੱਲੋਂ ਆਏ ਜੀਨ ਦੀ
ਧੂਅ ਵੀ ਨਹੀਂ ਕੱਢੀ ਜਾਵੇਗੀ!
ਵੱਢੀ ਜੀਭ, ਤੋੜੀ ਧੌਣ
ਭੰਨ ਦਿੱਤੀ ਰੀੜ੍ਹ ਦੀ ਹੱਡੀ!
ਕਿਸਦੀ?
ਮਨੀਸ਼ਾ ਦੀ?
ਨਹੀਂ!
ਲੋਕਤੰਤਰ ਦੀ,
ਕਾਨੂੰਨ ਦੀ,
ਨਿਆਂ ਦੀ,
ਸੰਵਿਧਾਨ ਦੀ
ਤੇ ਇਨਸਾਨੀਅਤ ਦੀ!
ਜਿਨ੍ਹਾਂ ਦਾ ਅੱਜ ਸਮੂਹਕ ਬਲਾਤਕਾਰ ਹੋਇਆ ਹੈ।
ਰਾਹਤ ਇੰਦੌਰੀ ਵੀ ਕਹਿੰਦਾ ਹੈ :-
ਲਸ਼ਕਰ ਭੀ ਤੁਮਹਾਰਾ ਹੈ, ਸਰਦਾਰ ਤੁਮਹਾਰਾ ਹੈ।
ਤੁਮ ਝੂਠ ਕੋ ਸੱਚ ਲਿਖ ਦੋ, ਅਖ਼ਬਾਰ ਤੁਮਹਾਰਾ ਹੈ।
ਇਸ ਦੌਰ ਕੇ ਫਰਿਆਦੀ, ਜਾਏਂ ਤੋਂ ਜਾਏਂ ਕਹਾਂ।
ਸਰਕਾਰ ਭੀ ਤੁਮਹਾਰੀ ਹੈ, ਦਰਬਾਰ ਤੁਮਹਾਰਾ ਹੈ।

                         ਡਾ. ਹਰਸ਼ਿੰਦਰ ਕੌਰ, ਐਮ. ਡੀ.,
                        ਬੱਚਿਆਂ ਦੀ ਮਾਹਰ,
                        28, ਪ੍ਰੀਤ ਨਗਰ, ਲੋਅਰ ਮਾਲ
                        ਪਟਿਆਲਾ। ਫੋਨ ਨੰ: 0175-2216783

ਜੇਲ੍ਹਾਂ ਅੰਦਰ ਡੱਕੇ ਲੋਕ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਕੁੱਝ ਅੰਕੜੇ ਹੈਰਾਨੀਜਨਕ ਹੁੰਦੇ ਹਨ। ਦੁਨੀਆ ਭਰ ਵਿਚ ਜਿੰਨੇ ਲੋਕ ਜੇਲ੍ਹਾਂ ਵਿਚ ਬੰਦ ਹਨ, ਉਨ੍ਹਾਂ ਵਿੱਚੋਂ ਅੱਧੇ (ਲਗਭਗ 90 ਲੱਖ) ਸਿਰਫ਼ ਅਮਰੀਕਾ, ਚੀਨ ਅਤੇ ਰੂਸ ਵਿਚ ਬੰਦ ਹਨ। ਅਮਰੀਕਾ ਦੀਆਂ ਜੇਲ੍ਹਾਂ ਵਿਚ ਲਗਭਗ 22 ਲੱਖ ਲੋਕ ਬੰਦ ਹਨ, ਚੀਨ ਵਿਚ ਸਾਢੇ 15 ਲੱਖ, ਰੂਸ ਵਿਚ 8,74,161, ਬਰਾਜ਼ੀਲ ਵਿਚ ਤਿੰਨ ਲੱਖ 71,482, ਭਾਰਤ ਵਿਚ 3,96,223, ਮੈਕਸੀਕੋ ਵਿਚ 2,14,450, ਯੂਕਰੇਨ ਵਿਚ 1,62,602, ਸਾਊਥ ਅਫਰੀਕਾ 1,58,501, ਪੋਲੈਂਡ ਵਿਚ 89,546, ਇੰਗਲੈਂਡ ਵਿਚ 80 ਹਜ਼ਾਰ, ਜਪਾਨ ਵਿਚ ਵੀ ਲਗਭਗ ਏਨੇ ਹੀ। ਅਸਟ੍ਰੇਲੀਆ ਵਿਚ 25,790 ਅਤੇ ਆਇਰਲੈਂਡ ਵਿਚ 1375 ਹਨ। ਇਹ ਅੰਕੜੇ ਅੰਤਰਰਾਸ਼ਟਰੀ ਸੈਂਟਰ ਫੌਰ ਪਰਿਜ਼ਨ ਸਟੱਡੀਜ਼ ਵੱਲੋਂ ਜਾਰੀ ਕੀਤੇ ਗਏ ਹਨ।
    ਬੀ.ਬੀ.ਸੀ. ਵੱਲੋਂ ਜਾਰੀ ਕੀਤੀ ਰਿਪੋਰਟ ਅਨੁਸਾਰ ਦੁਨੀਆ ਭਰ ਵਿਚ ਜੇਲ੍ਹਾਂ ਵਿਚ ਡੱਕੇ ਲੋਕਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ। ਪਰ ਵਿਕਾਸਸ਼ੀਲ ਦੇਸਾਂ ਵਿਚਲੀਆਂ ਜੇਲ੍ਹਾਂ ਵਿਚ ਲੋੜੋਂ ਵੱਧ ਲੋਕ ਤੁੰਨੇ ਹੋਏ ਹਨ। ਕੀਨੀਆ ਵਿਚ ਡੱਕੇ ਲੋਕਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਹੈ ਉੱਥੇ ਜਿੰਨੇ ਡੱਕੇ ਜਾ ਸਕਦੇ ਹਨ, ਉਸ ਗਿਣਤੀ ਨਾਲੋਂ 343.7 ਫੀਸਦੀ ਵੱਧ ਕੈਦੀ ਰੱਖੇ ਗਏ ਹਨ।
    ਆਈਸਲੈਂਡ ਬਾਰੇ ਕਿਹਾ ਗਿਆ ਹੈ ਕਿ ਉਸ ਦੇਸ ਵਿਚ ਤਿੰਨ ਲੱਖ ਚਾਲੀ ਹਜ਼ਾਰ ਲੋਕ ਰਹਿੰਦੇ ਹਨ। ਉੱਥੇ ਸਿਰਫ਼ 5 ਜੇਲ੍ਹਾਂ ਹਨ ਜਿਨ੍ਹਾਂ ਵਿਚ 200 ਤੋਂ ਵੀ ਘੱਟ ਲੋਕ ਤਾੜੇ ਗਏ ਹਨ।
    ਸਿਰਫ਼ ਸਜ਼ਾਯਾਫਤਾ ਮੁਜਰਮ ਹੀ ਨਹੀਂ ਬਲਕਿ ਜਿਨ੍ਹਾਂ ਨੂੰ ਹਾਲੇ ਸਜ਼ਾ ਸੁਣਾਈ ਜਾਣੀ ਹੈ ਜਾਂ ਹਾਲੇ ਕੇਸ ਲਟਕ ਰਿਹਾ ਹੈ ਤੇ ਫੈਸਲੇ ਦੀ ਉਡੀਕ ਵਿਚ ਹਨ, ਇਹੋ ਜਿਹੇ ਵੀ ਲੱਖਾਂ ਦੀ ਗਿਣਤੀ ਵਿਚ ਲੋਕ ਬੇਕਸੂਰ ਹੁੰਦਿਆਂ ਹੋਇਆਂ ਵੀ ਸਜ਼ਾ ਭੁਗਤ ਰਹੇ ਹਨ।
    ਕਰਿਮੀਨਲ ਜਸਟਿਸ ਰਿਫੌਰਮ ਦੀ ਰਿਪੋਰਟ ਅਨੁਸਾਰ ਅਮਰੀਕਾ ਦੀਆਂ ਜੇਲ੍ਹਾਂ ਵਿਚ ਰਿਸ਼ਵਤਖ਼ੋਰੀ, ਭ੍ਰਿਸ਼ਟਾਚਾਰ, ਲੜਾਈਆਂ, ਸਰੀਰਕ ਸ਼ੋਸ਼ਣ, ਮਾਰਕੁਟਾਈ, ਕਤਲ, ਬਲਾਤਕਾਰ ਆਦਿ ਦੇ ਕਈ ਕੇਸ ਸਾਹਮਣੇ ਆਏ ਹਨ। 'ਐਲਬਾਮਾ ਡਿਪਾਰਟਮੈਂਟ ਔਫ਼ ਕੋਰੈਕਸ਼ਨ' ਦੇ ਵਿਰੁੱਧ ਪੜਤਾਲ ਜਾਰੀ ਹੋਈ ਹੈ ਕਿਉਂਕਿ ਸੇਂਟ ਕਲੇਅਰ ਜੇਲ੍ਹ ਵਿਚ ਬਹੁਤ ਜ਼ਿਆਦਾ ਕੁੱਟ ਮਾਰ ਦੇ ਕੇਸ ਸਾਹਮਣੇ ਆ ਚੁੱਕੇ ਹਨ।
    ਐਲਬਾਮਾ ਦੀ ਟੁਟਵਿਲਰ ਔਰਤਾਂ ਦੀ ਜੇਲ੍ਹ ਵਿਚ ਬਲਾਤਕਾਰ ਦੇ ਕੇਸ ਬਹੁਤ ਜ਼ਿਆਦਾ ਵੱਧ ਚੁੱਕੇ ਹਨ ਜਿਸ ਬਾਰੇ ਇਨਕੁਆਇਰੀ ਸ਼ੁਰੂ ਹੋ ਚੁੱਕੀ ਹੈ।
    ਉੱਥੇ 50 ਕੈਦੀ ਔਰਤਾਂ ਨੇ ਮੰਨਿਆ ਕਿ ਉਨ੍ਹਾਂ ਨਾਲ ਬਹੁਤ ਭੱਦੇ ਤਰੀਕੇ ਸਮੂਹਕ ਬਲਾਤਕਾਰ ਕੀਤਾ ਜਾਂਦਾ ਹੈ। ਜਿਹੜੇ ਗਾਰਡ ਉੱਥੇ ਲਾਏ ਜਾਂਦੇ ਹਨ ਉਹ ਹਰ ਰੋਜ਼ ਕਈ ਕੈਦੀ ਔਰਤਾਂ ਨੂੰ ਬੰਨ੍ਹ ਕੇ ਜ਼ਬਰਜ਼ਨਾਹ ਕਰਦੇ ਹਨ। ਇੰਜ ਬਥੇਰੀਆਂ ਗਰਭਵਤੀ ਹੋ ਜਾਂਦੀਆਂ ਹਨ। ਸੰਨ 2012 ਵਿਚ ਕਈ ਗਾਰਡਾਂ ਅਤੇ ਜੇਲ੍ਹਾਂ ਵਿਚ ਲੱਗੇ ਅਫਸਰਾਂ ਨੂੰ ਬਲਾਤਕਾਰ ਕਰਨ ਵਾਸਤੇ ਸਜ਼ਾਵਾਂ ਵੀ ਭੁਗਤਣੀਆਂ ਪਈਆਂ। ਅਫ਼ਸੋਸ ਇਹ ਹੈ ਕਿ ਕਈ ਸਜ਼ਾਵਾਂ ਸਿਰਫ਼ 5 ਦਿਨ ਦੀ ਕੈਦ ਸਨ!
    ਇਸ ਤੋਂ ਬਾਅਦ ਸ਼ਿਕਾਇਤਕਰਤਾ ਕੈਦੀ ਔਰਤਾਂ ਨਾਲ ਹੋਰ ਵੀ ਭੱਦਾ ਵਿਹਾਰ ਕੀਤਾ ਗਿਆ। ਆਪਣੇ ਟੱਬਰਾਂ ਨਾਲ ਮਿਲਣ ਨਾ ਦਿੱਤਾ ਗਿਆ, ਉਨ੍ਹਾਂ ਦੀਆਂ ਜਾਇਦਾਦਾਂ ਖੋਹ ਲਈਆਂ ਗਈਆਂ, ਉਨ੍ਹਾਂ ਨਾਲ ਹੋਰ ਭਿਆਨਕ ਤਰੀਕੇ ਸ਼ਰੀਰਕ ਸ਼ੋਸ਼ਣ ਕੀਤਾ ਗਿਆ ਤੇ ਮੂੰਹ ਵਿਚ ਪਿਸ਼ਾਬ ਤੱਕ ਕੀਤਾ ਗਿਆ।
    ਸੰਨ 2013 ਵਿਚ ਫਿਰ ਸ਼ਿਕਾਇਤ ਮਿਲਣ ਉੱਤੇ ਇਨਕੁਆਇਰੀ ਕਮੇਟੀ ਬਿਠਾਈ ਗਈ। ਇਸ ਕਮੇਟੀ ਦੀ ਰਿਪੋਰਟ ਸੰਨ 2014 ਵਿਚ ਜਨਤਕ ਕੀਤੀ ਗਈ ਜਿਸ ਵਿਚ ਕੈਦਣਾਂ ਨੂੰ ਖੁੱਲੇ ਵਿਚ ਸਭ ਮਰਦ ਗਾਰਡਾਂ ਸਾਹਮਣੇ ਨਿਰਵਸਤਰ ਕਰ ਕੇ ਮਲ-ਮੂਤਰ ਕਰਨਾ, ਨਹਾਉਣ ਆਦਿ ਵੇਲੇ ਦੀਆਂ ਫਿਲਮਾਂ, ਪੁੱਠੇ ਟੰਗਣ ਤੇ ਹਰ ਰੋਜ਼ ਦਿਨ ਵਿਚ ਕਈ ਵਾਰ ਗੁਪਤ ਅੰਗਾਂ ਵਿਚ ਪੱਥਰ ਪਾਉਣ ਜਾਂ ਹੋਰ ਚੀਜ਼ਾਂ ਵਾੜਨ, ਸਮੂਹਕ ਬਲਾਤਕਾਰ ਕਰਨ ਆਦਿ ਦੀਆਂ ਵੀਡੀਓ ਬਣਾਉਣ ਬਾਰੇ ਦੱਸਿਆ ਗਿਆ।
    ਇਸ 36 ਸਫਿਆਂ ਦੀ ਰਿਪੋਰਟ ਵਿਚ ਅਣਮਨੁੱਖੀ ਦਾਸਤਾਨ ਦਰਜ ਕੀਤੀ ਸੀ ਜੋ ਰੌਂਗਟੇ ਖੜ੍ਹੇ ਕਰਨ ਵਾਲੀ ਸੀ।
    ਇਸ ਰਿਪੋਰਟ ਤੋਂ ਲਗਭਗ ਦੋ ਸਾਲ ਬਾਅਦ ਵੀ ਇਹ ਪਤਾ ਲੱਗਿਆ ਕਿ ਕੈਦੀ ਔਰਤਾਂ ਵਿਰੁੱਧ ਕੀਤੇ ਜਾਂਦੇ ਘਿਨਾਉਣੇ ਕੁਕਰਮ ਜੇਲ੍ਹਾਂ ਅੰਦਰ ਬੰਦ ਨਹੀਂ ਸਨ ਹੋਏ। ਅਮਰੀਕਾ ਦੀ ਨੈਸ਼ਨਲ ਇਨਸਟੀਚਿਊਟ ਔਫ ਕੌਰੈਕਸ਼ਨ ਰਿਪੋਰਟ ਜੋ ਅਮਰੀਕਾ ਦੇ ਡਿਪਾਰਟਮੈਂਟ ਔਫ ਜਸਟਿਸ ਵੱਲੋਂ ਜਾਰੀ ਕੀਤੀ ਗਈ ਹੈ, ਜੇਲ੍ਹਾਂ ਅੰਦਰ ਚੱਲ ਰਹੇ ਮਨੁੱਖੀ ਅਧਿਕਾਰਾਂ ਦੇ ਕਤਲਾਂ ਦੀ ਖੁੱਲੀ ਕਿਤਾਬ ਹੈ!
    ਜੇ ਇੰਗਲੈਂਡ ਵਿਚ ਝਾਤ ਮਾਰੀਏ ਤਾਂ ਉੱਥੇ 12 ਜੇਲ੍ਹਾਂ ਔਰਤਾਂ ਲਈ ਹਨ। ਇਨ੍ਹਾਂ ਵਿੱਚੋਂ 48 ਫੀਸਦੀ ਔਰਤਾਂ ਸਿਰਫ਼ ਆਪਣੇ ਪਤੀ ਜਾਂ ਟੱਬਰ ਵਿਚ ਕਿਸੇ ਨੂੰ ਲੋੜੀਂਦਾ ਨਸ਼ਾ ਪਹੁੰਚਾਉਣ ਲਈ ਫੜੀਆਂ ਗਈਆਂ; 53 ਫੀਸਦੀ ਔਰਤਾਂ ਆਪਣੇ ਬਚਪਨ ਵਿਚ ਮਾਰ ਕੁਟਾਈ ਸਹਿੰਦੀਆਂ ਰਹੀਆਂ, ਤਾਅਨੇ ਸੁਣਦੀਆਂ ਰਹੀਆਂ ਤੇ ਸਰੀਰਕ ਸ਼ੋਸ਼ਣ ਵੀ ਭੋਗਿਆ; ਹਰ 10 ਵਿੱਚੋਂ 7 ਔਰਤਾਂ ਜੋ ਜੇਲ੍ਹ ਵਿਚ ਬੰਦ ਹਨ, ਘਰੇਲੂ ਹਿੰਸਾ ਦਾ ਸ਼ਿਕਾਰ ਹੋਈਆਂ ਸਨ। ਇਨ੍ਹਾਂ ਕੈਦੀ ਔਰਤਾਂ ਵਿੱਚ ਪੰਜ ਗੁਣਾ ਵੱਧ ਮਾਨਸਿਕ ਰੋਗ ਹੋ ਚੁੱਕੇ ਸਨ। ਅੱਸੀ ਫੀਸਦੀ ਤੋਂ ਵੱਧ ਆਪਣੀ ਭੁੱਖ ਮਿਟਾਉਣ ਲਈ ਦੁਕਾਨ ਤੋਂ ਖਾਣਾ ਚੁੱਕਦੀਆਂ ਫੜੀਆਂ ਗਈਆਂ ਸਨ ਅਤੇ 58 ਫੀਸਦੀ ਔਰਤਾਂ ਛੁੱਟ ਜਾਣ ਬਾਅਦ ਇੱਕ ਸਾਲ ਦੇ ਅੰਦਰ ਫੇਰ ਜੇਲ੍ਹ ਵਿਚ ਵਾਪਸ ਪਹੁੰਚ ਰਹੀਆਂ ਸਨ।
    ਇਸ ਸਾਰੇ ਵਿਚ ਪਿਸ ਰਹੇ ਸਨ ਨਾਬਾਲਗ ਬੱਚੇ! ਹਰ ਦੱਸਾਂ ਵਿੱਚੋਂ 9 ਬੱਚੇ ਘਰ ਛੱਡ ਕੇ ਮਜਬੂਰੀ ਵਸ ਬਾਹਰ ਨਿਕਲ ਰਹੇ ਸਨ ਕਿਉਂਕਿ ਉਨ੍ਹਾਂ ਦੀ ਮਾਂ ਜੇਲ੍ਹ ਵਿਚ ਬੰਦ ਸੀ। ਜਦ ਮਾਂ ਜੇਲ੍ਹੋਂ ਬਾਹਰ ਵੀ ਆ ਜਾਏ ਤਾਂ ਉਸ ਕੋਲ ਰਹਿਣ ਲਈ ਕੋਈ ਥਾਂ ਨਹੀਂ ਛੱਡੀ ਜਾਂਦੀ। ਇਸ ਲਈ ਹਰ ਪੰਜਾਂ ਵਿੱਚੋਂ ਦੋ ਔਰਤਾਂ ਜੇਲ੍ਹ ਵਿੱਚੋਂ ਬਾਹਰ ਨਿਕਲ ਕੇ ਆਪਣਾ ਨਵਾਂ ਠਿਕਾਨਾ ਭਾਲਦੀਆਂ ਹਨ।
    'ਵੂਮੈਨ ਇਨ ਪਰਿਜ਼ਨ' ਨਾਮੀ ਪਰਚਾ, ਜੋ 6 ਮਾਰਚ 2018 ਨੂੰ ਛਾਪਿਆ ਗਿਆ, ਉਸ ਵਿਚ ਵਿਕਸਿਤ ਮੁਲਕਾਂ ਦੀਆਂ ਕੈਦੀ ਔਰਤਾਂ ਬਾਰੇ ਕੁੱਝ ਤੱਥ ਛਾਪੇ ਗਏ। ਉਸ ਅਨੁਸਾਰ :-

1.    ਕੈਦ ਵਿਚ ਬੰਦ ਔਰਤਾਂ ਵਿੱਚੋਂ 57 ਫੀਸਦੀ ਤੋਂ ਵੱਧ ਮੰਨੀਆਂ ਕਿ ਉਹ ਘਰੇਲੂ ਹਿੰਸਾ ਦੀਆਂ ਸ਼ਿਕਾਰ ਸਨ। ਅਸਲ ਨੰਬਰ ਬਹੁਤ ਵੱਧ ਹੋਵੇਗਾ ਕਿਉਂਕਿ ਬਾਕੀ ਔਰਤਾਂ ਡਰਦੀਆਂ ਮਾਰੀਆਂ ਜਵਾਬ ਹੀ ਨਹੀਂ ਸੀ ਦੇ ਰਹੀਆਂ ਕਿ ਜੇਲ੍ਹ ਤੋਂ ਬਾਹਰ ਨਿਕਲ ਕੇ ਕਿੱਥੇ ਰਹਾਂਗੀਆਂ।
2.    ਕੈਦੀ ਔਰਤਾਂ ਕੈਦ ਵਿਚਲੇ ਮਰਦਾਂ ਨਾਲੋਂ ਦੁਗਣੀ ਗਿਣਤੀ ਵਿਚ ਢਹਿੰਦੀ ਕਲਾ ਦਾ ਸ਼ਿਕਾਰ ਹੋ ਰਹੀਆਂ ਸਨ ਤੇ ਕੈਦ ਤੋਂ ਬਾਹਰ ਵਿਚਰ ਰਹੀਆਂ ਔਰਤਾਂ ਨਾਲੋਂ ਤਿੰਨ ਗੁਣਾ ਵੱਧ ਢਹਿੰਦੀ ਕਲਾ ਸਹਿੰਦੀਆਂ ਸਨ।
3.    ਕੈਦ ਵਿਚ ਔਰਤਾਂ ਵਿੱਚੋਂ 30 ਫੀਸਦੀ ਦੇ ਲਗਭਗ ਉਹ ਸਨ ਜੋ ਜੇਲ੍ਹ ਵਿਚ ਆਉਣ ਤੋਂ ਪਹਿਲਾਂ ਹੀ ਮਾਨਸਿਕ ਰੋਗ ਸਹੇੜ ਚੁੱਕੀਆਂ ਹੋਈਆਂ ਸਨ।
4.    ਜੁਰਮ ਕਰ ਕੇ ਜੇਲ੍ਹ ਪਹੁੰਚਣ ਵਾਲੀਆਂ ਔਰਤਾਂ ਵਿੱਚੋਂ 49 ਫੀਸਦੀ ਪਹਿਲਾਂ ਨਸ਼ੇ ਦੀਆਂ ਆਦੀ ਹੋ ਚੁੱਕੀਆਂ ਸਨ।
5.    ਕੈਦੀ ਔਰਤਾਂ ਵਿੱਚੋਂ 53 ਫੀਸਦੀ ਆਪਣੇ ਬਚਪਨ ਵਿਚ ਮਾਰ ਕੁਟਾਈ, ਭੱਦੀ ਛੇੜ ਛਾੜ, ਦੁਰਕਾਰਿਆ ਜਾਣਾ ਜਾਂ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋਈਆਂ ਸਨ।
    ਇਹ ਸਾਰੇ ਤੱਥ 13 ਜੇਲ੍ਹਾਂ ਵਿਚਲੀਆਂ ਔਰਤਾਂ ਦਾ ਸਰਵੇਖਣ ਕਰਨ ਬਾਅਦ ਸਾਹਮਣੇ
ਰੱਖੇ ਗਏ ਜਿਨ੍ਹਾਂ ਵਿਚ ਬਰੌਂਜ਼ਫੀਲਡ ਔਰਤਾਂ ਦੀ ਜੇਲ੍ਹ ਸ਼ਾਮਲ ਸੀ।
ਇਹ ਵੀ ਗੱਲ ਸਾਹਮਣੇ ਆਈ ਕਿ ਬਹੁਤੀਆਂ ਔਰਤਾਂ ਨਸ਼ੇ ਦੀ ਲਤ ਜੁਰਮ ਕਰਨ ਤੋਂ
ਪਹਿਲਾਂ ਹੀ ਪਾਲ ਚੁੱਕੀਆਂ ਹੋਈਆਂ ਸਨ। ਹੈਰਾਨੀਜਨਕ ਗੱਲ ਇਹ ਸੀ ਕਿ 46 ਫੀਸਦੀ ਕੈਦੀ ਔਰਤਾਂ ਨੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ ਜੋ ਆਜ਼ਾਦ ਔਰਤਾਂ ਨਾਲੋਂ 7 ਗੁਣਾ ਵੱਧ ਰੇਟ ਸੀ।
    ਕੈਦੀ ਔਰਤਾਂ ਵਿਚ ਇੱਕ ਹੋਰ ਗੱਲ ਵੇਖਣ ਨੂੰ ਮਿਲੀ। ਉਹ ਸੀ-ਇਨ੍ਹਾਂ ਵਿਚ ਸਵੈ-ਭਰੋਸੇ ਦੀ ਘਾਟ। ਲਗਭਗ ਸਾਰੀਆਂ ਨੂੰ ਹੀ ਘਰ ਵਿੱਚੋਂ ਤਿਰਸਕਾਰ ਹਾਸਲ ਹੋਇਆ ਸੀ ਤੇ ਮਾਨਸਿਕ ਤਸ਼ੱਦਦ ਦਾ ਸ਼ਿਕਾਰ ਹੋਈਆਂ ਸਨ। ਇਨ੍ਹਾਂ ਵਿੱਚੋਂ ਲਗਭਗ ਸਾਰੀਆਂ ਨੂੰ ਹੀ ਕਿਸੇ ਪਾਸਿਓਂ ਕੋਈ ਆਸਰਾ ਜਾਂ ਹੌਸਲਾ ਨਹੀਂ ਦਿੱਤਾ ਗਿਆ ਸੀ। ਸਭ ਪਾਸਿਓਂ ਨਕਾਰੇ ਜਾਣ ਉੱਤੇ ਅਤੇ ਪਿਆਰ ਵਿਹੂਣੇ ਰਹਿ ਜਾਣ ਸਦਕਾ ਇਨ੍ਹਾਂ ਦੇ ਮਨਾਂ ਵਿਚ ਏਨਾ ਗੁੱਸਾ ਭਰ ਗਿਆ ਸੀ ਕਿ ਉਹ ਜੁਰਮ ਕਰਨ ਲਈ ਮਜਬੂਰ ਹੋ ਗਈਆਂ ਸਨ। ਕੁੱਝ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋਈਆਂ ਸਨ ਤੇ ਕੁੱਝ ਆਪਣੇ ਹੀ ਘਰ ਵਿਚਲੇ ਰਿਸ਼ਤੇਦਾਰਾਂ ਵੱਲੋਂ ਇੱਜ਼ਤ ਤਾਰ-ਤਾਰ ਕਰਵਾਈ ਬੈਠੀਆਂ ਸਨ।
    ਤਾਜ਼ਾ ਰਿਪੋਰਟ ਅਨੁਸਾਰ ਇੰਗਲੈਂਡ ਦੀਆਂ ਜੇਲ੍ਹਾਂ ਵਿਚ ਪੰਜ ਫੀਸਦੀ ਔਰਤਾਂ ਹਨ ਤੇ ਉਨ੍ਹਾਂ ਲਈ 12 ਜੇਲ੍ਹਾਂ, ਪਰ ਮਰਦਾਂ ਦੀਆਂ 123 ਜੇਲ੍ਹਾਂ। ਇਸੇ ਲਈ ਸਿਰਫ਼ ਮਰਦਾਂ ਦੇ ਮਨੁੱਖੀ ਹੱਕਾਂ ਲਈ ਲਗਾਤਾਰ ਆਵਾਜ਼ ਚੁੱਕੀ ਜਾ ਰਹੀ ਹੈ।
    ਜੇਲ੍ਹਾਂ ਵਿਚ ਜੋ ਹੁਕਮ ਲਾਗੂ ਹੁੰਦੇ ਹਨ ਉਹ ਮਰਦਾਂ ਦੇ ਹਿਸਾਬ ਨਾਲ ਲਾਗੂ ਹੋ ਰਹੇ ਹਨ। ਉਸ ਵਿਚ ਔਰਤਾਂ ਦੇ ਮਾਨਸਿਕ ਪੱਖ ਨੂੰ ਉੱਕਾ ਹੀ ਅਣਗੌਲਿਆ ਕਰ ਦਿੱਤਾ ਹੋਇਆ ਹੈ। ਦੋਨਾਂ ਦੀਆਂ ਸਰੀਰਕ ਲੋੜਾਂ ਵੀ ਵੱਖ ਹਨ, ਪਰ ਔਰਤਾਂ ਬਾਰੇ ਕੁੱਝ ਵੀ ਵੱਖ ਨਹੀਂ ਸੋਚਿਆ ਗਿਆ।
    ਏਨੀ ਵੱਡੀ ਗਿਣਤੀ ਵਿਚ ਮਾਨਸਿਕ ਤਸ਼ੱਦਦ ਸਹਿੰਦੀਆਂ ਔਰਤਾਂ ਨੂੰ ਵੇਖਦੇ ਹੋਏ ਕਮੇਟੀ ਵੱਲੋਂ ਇਹ ਸਲਾਹ ਦਿੱਤੀ ਗਈ ਕਿ ਜੇ ਵੇਲੇ ਸਿਰ ਇਨ੍ਹਾਂ ਔਰਤਾਂ ਨੂੰ ਮਨੋਵਿਗਿਆਨਿਕ ਡਾਕਟਰ ਕੋਲੋਂ ਇਲਾਜ ਨਾ ਮਿਲਿਆ ਤਾਂ ਇਨ੍ਹਾਂ ਵਿੱਚੋਂ ਬਹੁਤੀਆਂ ਖ਼ੁਦਕੁਸ਼ੀ ਕਰ ਸਕਦੀਆਂ ਹਨ ਜਾਂ ਸਦੀਵੀ ਮਾਨਸਿਕ ਰੋਗੀ ਬਣ ਸਕਦੀਆਂ ਹਨ।
    ਸੰਨ 1918 ਵਿਚ ਪਹਿਲੀ ਵਾਰ ਔਰਤਾਂ ਨੂੰ ਵੋਟ ਪਾਉਣ ਦੇ ਹੱਕ ਮਿਲਣ ਦੇ ਸੌ ਵਰ੍ਹੇ ਬਾਅਤ ਤੱਕ ਕੈਦੀ ਔਰਤਾਂ ਉੱਤੇ ਹੁੰਦੇ ਤਸ਼ੱਦਦ ਵਿਚ ਹਾਲੇ ਤੱਕ ਰੋਕ ਨਹੀਂ ਲੱਗ ਸਕੀ।
    ਕਨੇਡਾ ਦੀਆਂ ਜੇਲ੍ਹਾਂ ਵਿਚ ਪਿਛਲੇ 10 ਸਾਲਾਂ ਵਿਚ ਔਰਤਾਂ ਦੀ ਗਿਣਤੀ ਵਿਚ 37 ਫੀਸਦੀ ਵਾਧਾ ਹੋਇਆ ਹੈ। ਜਿਹੜਾ ਨੁਕਤਾ ਖ਼ਾਸ ਉਭਰ ਕੇ ਸਾਮਹਣੇ ਆਇਆ, ਉਹ ਹੈ-ਕੈਦਣਾਂ ਨੂੰ ਨਸ਼ਿਆਂ ਤੋਂ ਛੁਡਾਉਣ ਲਈ ਖ਼ਾਸ ਪ੍ਰਬੰਧ ਨਾ ਹੋਣੇ ਅਤੇ ਜੇਲ੍ਹਾਂ ਵਿਚ ਉਨ੍ਹਾਂ ਦੀ ਮਾਨਸਿਕ ਸਿਹਤ ਦਾ ਖ਼ਿਆਲ ਨਾ ਰੱਖਣਾ!
    ਉੱਥੇ ਦੇ ਸੈਨੇਟਰਾਂ ਨੇ ਜੇਲ੍ਹਾਂ ਦੇ ਦੌਰੇ ਬਾਅਦ ਮੌਂਟਰੀਆਲ ਦੇ ਨੇੜੇ ਦੀ ਜੋਲੀਅਟ ਔਰਤਾਂ ਦੀ ਜੇਲ੍ਹ ਬਾਰੇ ਦੱਸਿਆ ਕਿ ਔਰਤਾਂ ਲਈ ਮਾਹਵਾਰੀ ਵਾਸਤੇ ਠੀਕ ਪ੍ਰਬੰਧ ਨਹੀਂ ਹਨ। ਮਾਈਕਲ ਫਰਗੂਸਨ, ਕਨੇਡਾ ਦੇ ਔਡੀਟਰ ਜਨਰਲ ਨੇ ਉਦੋਂ ਮੰਨਿਆ ਕਿ ਜੇਲ੍ਹਾਂ ਵਿਚਲੇ ਕਾਨੂੰਨ ਮਰਦਾਂ ਨੂੰ ਆਧਾਰ ਬਣਾ ਕੇ ਬਣਾਏ ਗਏ ਹਨ ਅਤੇ ਔਰਤਾਂ ਦੀਆਂ ਲੋੜਾਂ ਨੂੰ ਤਵੱਜੋ ਨਹੀਂ ਦਿੱਤੀ ਗਈ। ਇਸ ਵਾਸਤੇ ਔਰਤਾਂ ਦੀ ਮਾਨਸਿਕ ਦਸ਼ਾ ਨੂੰ ਵਿਸਾਰ ਦਿੱਤਾ ਗਿਆ ਹੈ ਜਿਸ ਦੀ ਸੰਭਾਲ ਦੀ ਬਹੁਤ ਜ਼ਿਆਦਾ ਲੋੜ ਹੈ।
    ਯੂਨੀਵਰਸਿਟੀ ਔਫ ਟੋਰਾਂਟੋ ਦੇ ਡਾ. ਕੈਲੀ ਹਾਨਾ, ਜੋ ਕ੍ਰਿਮਿਨੌਲੋਜੀ ਦੇ ਪ੍ਰੋਫੈੱਸਰ ਹਨ, ਵੀ ਮੰਨੇ ਹਨ ਕਿ ਜੇਲ੍ਹਾਂ ਤੋਂ ਬਾਹਰ ਨਿਕਲ ਕੇ ਔਰਤਾਂ ਲਈ ਜ਼ਿੰਦਗੀ ਬਹੁਤ ਔਖੀ ਹੈ। ਉੱਥੇ ਮੁੜ ਵਸੇਬੇ ਲਈ ਔਰਤਾਂ ਵਾਸਤੇ ਬਹੁਤੇ ਰਾਹ ਨਹੀਂ ਹਨ।
    ਕੈਦ ਵਿਚ ਔਰਤਾਂ ਦੀ ਮਾਨਸਿਕ ਦਸ਼ਾ ਬਾਰੇ ਖ਼ਾਸ ਖ਼ਿਆਲ ਨਹੀਂ ਰੱਖਿਆ ਜਾਂਦਾ। ਕੈਦ ਵਿੱਚੋਂ ਛੁਟ ਜਾਣ ਬਾਅਦ ਬਹੁਤੇ ਟੱਬਰ ਅਜਿਹੀਆਂ ਔਰਤਾਂ ਨੂੰ ਵਾਪਸ ਨਹੀਂ ਅਪਣਾਉਂਦੇ। ਕੈਦ ਵਿਚ ਮਾਵਾਂ ਨੂੰ ਆਮ ਤੌਰ ਉੱਤੇ ਘਰ ਵਾਲਿਆਂ ਵੱਲੋਂ ਬੱਚਿਆਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਜਾਂਦੀ ਜੋ ਕੈਦੀ ਮਾਵਾਂ ਦੇ ਮਨਾਂ ਉੱਤੇ ਹੋਰ ਡੂੰਘਾ ਅਸਰ ਕਰਦੀ ਹੈ।
    ਕੁੱਲ ਮਿਲਾ ਕੇ ਨਿਚੋੜ ਇਹ ਕੱਢਿਆ ਗਿਆ ਕਿ ਜੇਲ੍ਹ ਵਿਚ ਕੈਦ ਔਰਤਾਂ ਨਾਲ ਵਿਹਾਰ ਵਿਚ ਹਮਦਰਦੀ ਤੇ ਇੱਜ਼ਤ ਦੀ ਬਹੁਤ ਘਾਟ ਹੈ।
ਜੇ ਦੁਨੀਆ ਭਰ ਦੀਆਂ ਜੇਲ੍ਹਾਂ ਅੰਦਰ ਖੁਦਕੁਸ਼ੀਆਂ ਦੀ ਗੱਲ ਕਰੀਏ ਤਾਂ ਇੱਕ ਗੱਲ ਬੜੀ ਉਭਰ ਕੇ ਸਾਹਮਣੇ ਆਉਂਦੀ ਹੈ। ਲਗਭਗ 26 ਫੀਸਦੀ ਖ਼ੁਦਕੁਸ਼ੀਆਂ ਪਹਿਲੇ ਤਿੰਨ ਦਿਨ ਦੀ ਕੈਦ ਵਿਚ ਹੀ ਹੁੰਦੀਆਂ ਹਨ। ਅੰਕੜਿਆਂ ਮੁਤਾਬਕ 41 ਫੀਸਦੀ ਖ਼ੁਦਕੁਸ਼ੀਆਂ ਜਾਂ ਕੁਦਰਤੀ ਮੌਤਾਂ ਕੈਦ ਹੋਣ ਤੋਂ ਇਕ ਹਫ਼ਤੇ ਅੰਦਰ ਹੁੰਦੀਆਂ ਹਨ। ਸੰਨ 2011 ਤੋਂ 2014 ਤੱਕ 24 ਮੁਲਕਾਂ ਦੀਆਂ ਜੇਲ੍ਹਾਂ ਵਿਚਲੀ ਰਿਪੋਰਟ ਦੱਸਦੀ ਹੈ ਕਿ 3906 ਕੈਦੀਆਂ ਨੇ ਖੁਦਕੁਸ਼ੀ ਕੀਤੀ। ਇਨ੍ਹਾਂ ਵਿੱਚੋਂ 93 ਫੀਸਦੀ ਬੰਦੇ ਸਨ ਤੇ 7 ਫੀਸਦੀ ਔਰਤਾਂ।
ਨੌਰਵੇ ਤੇ ਸਵੀਡਨ ਵਿਚਲੀਆਂ ਜੇਲ੍ਹਾਂ ਵਿਚ ਸਭ ਤੋਂ ਵੱਧ ਖ਼ੁਦਕੁਸ਼ੀਆਂ ਰਿਕਾਰਡ ਕੀਤੀਆਂ ਗਈਆਂ ਜਿਨ੍ਹਾਂ ਵਿਚ ਇੱਕ ਲੱਖ ਕੈਦੀਆਂ ਵਿੱਚੋਂ 100 ਜਣੇ ਖ਼ੁਦਕੁਸ਼ੀ ਕਰਦੇ ਲੱਭੇ ਗਏ। ਡੈਨਮਾਰਕ ਵਿਚ 91, ਬੈਲਜੀਅਮ ਤੇ ਫਰਾਂਸ ਵਿਚ ਵੀ ਲਗਭਗ 100, ਅਮਰੀਕਾ ਤੇ ਅਸਟ੍ਰੇਲੀਆ ਵਿਚ 23 ਤੋਂ 180 ਤੱਕ।
ਇਨ੍ਹਾਂ ਸਾਰੀਆਂ ਥਾਵਾਂ ਉੱਤੇ ਕਾਰਨ ਇਹੋ ਲੱਭਿਆ ਗਿਆ ਕਿ ਜੇਲ੍ਹ ਦੀ ਚਾਰਦੀਵਾਰੀ ਵਿਚ ਮਾਨਸਿਕ ਸਿਹਤ ਦਾ ਬਿਲਕੁਲ ਖ਼ਿਆਲ ਨਹੀਂ ਰੱਖਿਆ ਜਾਂਦਾ।
ਦਰਅਸਲ ਜਿਹੜਾ ਨੁਕਤਾ ਨਜ਼ਰਅੰਦਾਜ਼ ਕੀਤਾ ਜਾਂਦਾ ਹੈ, ਉਹ ਇਹ ਹੈ ਕਿ ਸਜ਼ਾਯਾਫਤਾ ਔਰਤਾਂ ਪਹਿਲਾਂ ਜ਼ੁਲਮ ਜਾਂ ਤਸ਼ੱਦਦ ਦਾ ਸ਼ਿਕਾਰ ਹੋਣ ਸਦਕਾ ਹੀ ਜੁਰਮ ਵੱਲ ਧੱਕੀਆਂ ਜਾਂਦੀਆਂ ਹਨ। ਜੇਲ੍ਹ ਵਿਚ ਉੱਕਾ ਹੀ ਨਕਾਰਿਆ ਜਾਣਾ ਉਹ ਬਰਦਾਸ਼ਤ ਨਹੀਂ ਕਰ ਸਕਦੀਆਂ। ਇਸੇ ਲਈ ਖ਼ੁਦਕੁਸ਼ੀ ਕਰ ਲੈਂਦੀਆਂ ਹਨ ਜਾਂ ਮਾਨਸਿਕ ਰੋਗੀ ਬਣ ਕੇ ਸਿਰਫ਼ ਤਿਰਸਕਾਰ ਦਾ ਪਾਤਰ ਹੀ ਬਣ ਜਾਂਦੀਆਂ ਹਨ ਤੇ ਮਰ ਖੱਪ ਜਾਂਦੀਆਂ ਹਨ। ਉਨ੍ਹਾਂ ਦੀਆਂ ਸਰੀਰਕ ਲੋੜਾਂ ਜੋ ਬੰਦਿਆਂ ਤੋਂ ਵੱਖ ਹਨ, ਵੀ ਧਿਆਨ ਵਿਚ ਨਹੀਂ ਰੱਖੀਆਂ ਜਾਂਦੀਆਂ।
ਜੇ ਭਾਰਤ ਦੀ ਗੱਲ ਕਰੀਏ ਤਾਂ 31 ਦਸੰਬਰ 2018 ਨੂੰ ਜਾਰੀ ਰਿਪੋਰਟ ਅਨੁਸਾਰ 1401 ਜੇਲ੍ਹਾਂ ਹਨ ਜਿਨ੍ਹਾਂ ਵਿਚ 3,96,223 ਕੈਦੀ ਹਨ। ਕਾਲੇ ਪਾਣੀ ਦੀ ਸੈਲੂਲਰ ਜੇਲ੍ਹ 1857 ਵਿਚ 4000 ਕ੍ਰਾਂਤੀਕਾਰੀਆਂ ਨਾਲ ਤੁੰਨ ਦਿੱਤੀ ਗਈ ਸੀ। ਅੰਡੇਮਨ ਨਿਕੋਬਾਰ ਵਿਚ ਆਜ਼ਾਦੀ ਦੇ ਪਰਵਾਨਿਆਂ ਨੂੰ ਭੁੱਖੇ ਭਾਣੇ ਜੇਲ੍ਹ ਦੀ ਉਸਾਰੀ ਵਾਸਤੇ ਪਹਾੜੀ ਉੱਪਰ ਦਰਖਤ ਤੱਕ ਪਿੱਠ ਉੱਤੇ ਬੰਨ੍ਹ ਕੇ ਲਿਜਾਉਣ ਲਈ ਮਜਬੂਰ ਕੀਤਾ ਗਿਆ ਤੇ ਮਰ ਜਾਣ ਵਾਲਿਆਂ ਦੀਆਂ ਲਾਸ਼ਾਂ ਸਮੁੰਦਰ ਵਿਚ ਸੁੱਟ ਦਿੱਤੀਆਂ ਗਈਆਂ। ਉੱਥੇ ਸਿਰਫ਼ ਮੌਤ ਹੀ ਇਸ ਕਿਸਮ ਦੇ ਨਰਕ ਤੋਂ ਨਿਜਾਤ ਪਾਉਣ ਦਾ ਰਾਹ ਸੀ। ਲਗਭਗ 6 ਮਹੀਨੇ ਇਕੱਲੇ ਬੰਦ ਕਮਰੇ ਵਿਚ ਡੱਕ ਕੇ ਡੇਢ ਕਿੱਲੋ ਦੇ ਕਰੀਬ ਰੋਜ਼ ਨਾਰੀਅਲ ਦਾ ਨਲੇਰ (ਬਾਹਰੀ ਫਾਈਬਰ) ਹੱਥਾਂ ਨਾਲ ਛਿੱਲਣ ਦਾ ਕੰਮ ਦਿੱਤਾ ਜਾਂਦਾ ਸੀ। ਜਿਹੜੇ ਸ਼ਿਕਾਇਤ ਕਰਦੇ, ਉਨ੍ਹਾਂ ਨੂੰ ਨਾਗਕਣੀ (ਕੈਕਟਸ) ਛਿੱਲਣ ਲਾ ਦਿੱਤਾ ਜਾਂਦਾ ਸੀ। ਫੇਰ ਚੇਨਾਂ ਵਿਚ ਬੰਨ੍ਹ ਕੇ ਤੇਲ ਕੱਢਣ ਲਾ ਦਿੱਤਾ ਜਾਂਦਾ। ਕਿਸੇ ਵੱਲੋਂ 'ਸੀ' ਕਰ ਜਾਣ ਉੱਤੇ 7 ਦਿਨ ਤੱਕ ਕੰਧ ਨਾਲ ਖਲੋ ਕੇ ਚੇਨ ਨਾਲ ਹੱਥ ਬੰਨ੍ਹ ਦਿੱਤੇ ਜਾਂਦੇ। ਅਣਗਿਣਤ ਲੋਕ ਸੱਪ ਤੇ ਠੂੰਏਂ ਦੇ ਵੱਢੇ ਜਾਣ ਨਾਲ ਮਰ ਗਏ।
ਤਿਹਾੜ ਜੇਲ੍ਹ (ਦਿੱਲੀ) ਆਪਣੇ ਵਿਚ ਬਥੇਰੀਆਂ ਦਰਦਨਾਕ ਕਹਾਣੀਆਂ ਲੁਕਾਈ ਬੈਠੀ ਹੈ ਜਿਸ ਵਿਚ 14000 ਤੋਂ ਵੱਧ ਕੈਦੀ, ਵੀ.ਆਈ.ਪੀ., ਵਪਾਰੀ ਤੇ ਸਿਆਸਤਦਾਨਾਂ ਦੇ ਨਾਲ ਢੇਰ ਸਾਰੇ ਸਿੱਖ ਵੀ ਨਜ਼ਰਬੰਦ ਹਨ।
ਯੇਰਵੜਾ ਜੇਲ੍ਹ (ਪੂਨਾ) 512 ਏਕੜ ਵਿਚ ਬਣੀ ਹੈ ਤੇ ਇਸ ਵਿੱਚ 3000 ਕੈਦੀ ਹਨ। ਇਸ ਵਿਚ ਪਹਿਲਾਂ ਮਹਾਤਮਾ ਗਾਂਧੀ ਵੀ ਕੈਦ ਰਹੇ ਤੇ ਪਿੱਛੇ ਜਿਹੇ ਅਜਮਲ ਕਸਾਬ ਨੂੰ ਮੁਬੰਈ ਉੱਤੇ ਹਮਲੇ ਲਈ ਫਾਂਸੀ ਦਿੱਤੀ ਗਈ। ਇਸ ਵਿਚ ਸੰਜੇ ਦੱਤ ਐਕਟਰ ਵੀ ਕੈਦ ਰਿਹਾ ਸੀ।
ਪੰਜਾਬ ਦੀ ਗੱਲ ਕਰੀਏ ਤਾਂ ਤਾਜ਼ਾ ਰਿਪੋਰਟ ਅਨੁਸਾਰ ਕੁੱਲ 25 ਜੇਲ੍ਹਾਂ ਵਿਚ 16,826 ਮਰਦ ਅਤੇ 955 ਔਰਤਾਂ ਕੈਦ ਹਨ। ਇਨ੍ਹਾਂ ਵਿੱਚੋਂ ਐਨ.ਡੀ.ਪੀ.ਐਸ. ਐਕਟ ਅਧੀਨ 7195 ਬੰਦੇ ਤੇ 351 ਔਰਤਾਂ ਕੈਦ ਹਨ। ਵਤਨੋਂ ਪਾਰ ਦੇ ਕੈਦੀ 165 ਬੰਦੇ ਅਤੇ 29 ਔਰਤਾਂ ਹਨ।
ਜੇਲ੍ਹ ਕਰਮਚਾਰੀਆਂ ਦੀਆਂ ਤਨਖ਼ਾਹਾਂ ਲਈ 168 ਕਰੋੜ ਰੁਪੈ ਖ਼ਰਚ ਕੀਤੇ ਜਾਂਦੇ ਹਨ।
ਸਤੰਬਰ 2020 ਦੀ ਰਿਪੋਰਟ ਅਨੁਸਾਰ ਜੇਲ੍ਹਾਂ ਅੰਦਰ ਡੀ-ਅਡਿਕਸ਼ਨ ਤਹਿਤ 75,193 ਕੈਦੀ ਇਲਾਜ ਲੈ ਚੁੱਕੇ ਹਨ ਤੇ 161 ਹੁਣ ਵੀ ਲੈ ਰਹੇ ਹਨ। ਇਨ੍ਹਾਂ ਵਿੱਚੋਂ 138 ਨਸ਼ਾ ਛੱਡ ਚੁੱਕੇ ਹਨ ਤੇ 5190 ਜੇਲ੍ਹਾਂ ਵਿਚਲੇ ਓਟ ਸੈਂਟਰ ਤੋਂ ਦਵਾਈਆਂ ਖਾ ਰਹੇ ਹਨ।
ਪੰਜਾਬ ਵਿਚਲੀਆਂ ਜੇਲ੍ਹਾਂ ਵਿਚ ਡੱਕੇ ਵੱਡੇ-ਵੱਡੇ ਗੈਂਗਸਟਰ 262 ਹਨ (8 ਸਤੰਬਰ 2020 ਦੀ ਰਿਪੋਰਟ ਅਨੁਸਾਰ)।
ਹਿਟਲਰ ਵੇਲੇ ਦੀਆਂ ਜੇਲ੍ਹਾਂ ਵਿਚਲੇ ਤਸ਼ੱਦਦ ਕਿਸੇ ਤੋਂ ਲੁਕੇ ਨਹੀਂ। ਉੱਥੇ ਲੱਤਾਂ ਸਿੱਧੀਆਂ ਕਰਨ ਦੀ ਵੀ ਥਾਂ ਨਹੀਂ ਦਿੱਤੀ ਜਾਂਦੀ ਸੀ। ਮਾਰ-ਕੁਟਾਈ, ਭੁੱਖੇ ਰੱਖਣਾ, ਅਣਮਨੁੱਖੀ ਤਸ਼ੱਦਦ, ਅੰਗ ਵੱਢਣੇ, ਬਰਫ਼ ਵਿਚ ਲਾਉਣਾ, ਉਬਾਲਣਾ, ਲੋੜੋਂ ਵੱਧ ਕੰਮ ਕਰਵਾਉਣਾ, ਦੋ ਸਾਲ ਦੇ ਬੱਚੇ ਤੱਕ ਨੂੰ ਤੜਫਾਉਣਾ, ਗੈਸ ਚੈਂਬਰਾਂ ਵਿਚ ਮਾਰਨਾ, ਚੂਹੇ ਖਾਣ ਲਈ ਮਜਬੂਰ ਕਰਨਾ, ਪਾਣੀ ਵਿਚ ਜਾਂ ਰੇਤ ਵਿਚ ਦੱਬ ਕੇ ਮਾਰਨਾ, ਪੁੱਠਾ ਟੰਗ ਕੇ ਸਿਰ ਨੂੰ ਗਰੀਸ ਵਿਚ ਡੁਬੋ ਦੇਣਾ, ਗੁਪਤ ਅੰਗ ਵੱਢਣੇ, ਸਿਗਰਟਾਂ ਨਾਲ ਬੱਚਿਆਂ ਨੂੰ ਸਾੜਨਾ ਆਦਿ ਬੇਅੰਤ ਜ਼ੁਲਮ ਢਾਹੇ ਜਾਂਦੇ ਸਨ। ਨਿੱਕੇ ਬਾਲਾਂ ਨੂੰ ਬਰਫ ਵਿਚ ਜਮਾ ਕੇ ਠੁੱਡੇ ਮਾਰ ਮਾਰ ਕੇ ਤੜਫਾਉਣਾ ਵੀ ਆਮ ਹੀ ਗੱਲ ਬਣ ਗਈ ਸੀ।


ਜੇਲ੍ਹਾਂ ਨੂੰ ਸੁਧਾਰ ਘਰ ਕਿਵੇਂ ਬਣਾਇਆ ਜਾਵੇ?
    ਜੇਲ੍ਹਾਂ ਅੰਦਰ ਤਾੜ ਕੇ, ਤਸ਼ੱਦਦ ਢਾਹੁੰਦਿਆਂ ਮਾਨਸਿਕ ਰੋਗੀ ਬਣਾ ਕੇ ਕੈਦੀਆਂ ਨੂੰ ਬਾਹਰ ਕੱਢਣਾ ਜਾਂ ਪਹਿਲਾਂ ਤੋਂ ਵੀ ਕੱਟੜ ਗੈਂਗਸਟਰ ਬਣਾ ਕੇ ਬਾਹਰ ਕੱਢਣਾ ਬਹੁਤ ਖ਼ਤਰਨਾਕ ਸਾਬਤ ਹੋ ਸਕਦਾ ਹੈ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਇਸੇ ਲਈ ਕਈ ਸੁਧਾਰਾਂ ਦਾ ਜ਼ਿਕਰ ਕਰਦਾ ਹੈ ਜਿਸ ਨਾਲ ਸਮਾਜ ਵਿਚ ਚੰਗੇ ਲੋਕਾਂ ਦੀ ਭਰਮਾਰ ਹੋ ਸਕੇ ਤੇ ਜੁਰਮ ਘੱਟ ਸਕੇ।
1.    ਜੇਲ੍ਹਾਂ ਵਿਚ ਪੱਕੇ ਮੁਜਰਮਾਂ ਤੇ ਨਿਆਂ ਦੀ ਉਡੀਕ ਅਧੀਨ ਡੱਕੇ ਬੇਦੋਸੇ ਕੈਦੀਆਂ ਨੂੰ ਵੱਖੋ-ਵੱਖ ਰੱਖਣ ਦੀ ਲੋੜ ਹੈ।
2.    ਅਪਰਾਧਿਕ ਕਾਨੂੰਨ ਪ੍ਰਣਾਲੀ ਵਿਚ ਤੇਜ਼ੀ ਲਿਆਉਣ ਦੀ ਲੋੜ ਹੈ।
3.    ਕੈਦੀਆਂ ਨੂੰ ਕਮਾਈ ਦੇ ਨਵੇਂ ਵਸੀਲਿਆਂ ਬਾਰੇ ਜਾਣਕਾਰੀ ਦੇਣੀ ਤਾਂ ਜੋ ਕੈਦ 'ਚੋਂ ਬਾਹਰ ਨਿਕਲ ਕੇ ਕਿਰਤ ਕਰਨ ਵੱਲ ਉਨ੍ਹਾਂ ਦਾ ਝੁਕਾਓ ਹੋਵੇ।
4.    ਕਸਰਤ, ਯੋਗ ਆਦਿ ਵੱਲ ਰੁਝਾਨ ਬਣਾਉਣਾ ਤਾਂ ਜੋ ਨਸ਼ਿਆਂ ਤੋਂ ਛੁਟਕਾਰਾ ਹੋ ਸਕੇ।
5.    ਮਾਨਸਿਕ ਸਿਹਤ ਠੀਕ ਰੱਖਣ ਲਈ ਰੈਗੂਲਰ ਮਾਨਸਿਕ ਚੈੱਕਅੱਪ, ਮੈਡੀਟੇਸ਼ਨ, ਕਿਤਾਬਾਂ ਪੜ੍ਹਨ, ਉਸਾਰੂ ਲੇਖਣੀ ਆਦਿ ਵੱਲ ਧਿਆਨ ਕੀਤਾ ਜਾਵੇ।
6.    ਜੇਲ੍ਹ ਅੰਦਰ ਲਾਇਬਰੇਰੀਆਂ ਵਿਚ ਬੈਠਣਾ ਲਾਜ਼ਮੀ ਹੋਵੇ। ਅੱਗੋਂ ਹੋਰ ਪੜ੍ਹਨ ਵੱਲ ਪ੍ਰੇਰਿਤ ਕੀਤਾ ਜਾਵੇ।
7.    ਕਾਰੋਬਾਰ ਚਲਾਉਣ ਦੇ ਢੰਗ ਸਿਖਾਉਣੇ ਤਾਂ ਜੋ ਜੇਲ੍ਹ 'ਚੋਂ ਬਾਹਰ ਜਾ ਕੇ ਸੌਖਿਆਂ ਕਮਾਈ ਸ਼ੁਰੂ ਕੀਤੀ ਜਾ ਸਕੇ। ਜ਼ਿੰਦਗੀ ਨੂੰ ਵਧੀਆ ਢੰਗ ਨਾਲ ਜੀਊਣਾ ਸਿਖਾਇਆ ਜਾਵੇ।
8.    ਪ੍ਰੇਰਣਾਦਾਇਕ ਫਿਲਮਾਂ, ਦੇਸ ਭਗਤੀ ਵਾਲੇ ਕਿਰਦਾਰਾਂ ਅਤੇ ਸ਼ਹੀਦਾਂ ਦੀਆਂ ਜ਼ਿੰਦਗੀਆਂ ਵਿਚ ਝਾਤ ਮਾਰਵਾਈ ਜਾਵੇ।
9.    ਸੱਭਿਆਚਾਰਕ ਪ੍ਰੋਗਰਾਮ ਰੈਗੂਲਰ ਤੌਰ ਉੱਤੇ ਹੋਣ।
10.    ਕਾਰੀਗਰੀ ਤੇ ਹਸਤਕਲਾ ਸਿਖਾਈ ਜਾਵੇ।

ਇਤਿਹਾਸ :-
    ਈਸਾ ਮਸੀਹ ਤੋਂ 1750 ਸਾਲ ਪਹਿਲਾਂ ਜੇਲ੍ਹਾਂ ਵਰਗੇ ਸੈੱਲਰਾਂ ਦਾ ਜ਼ਿਕਰ ਮਿਲਦਾ ਹੈ ਜਿੱਥੇ ਕਾਨੂੰਨ ਤੋੜਨ ਵਾਲੇ ਵੱਲੋਂ 'ਫਾਈਨ' ਦੀ ਰਕਮ ਨਾ ਭਰਨ ਪਿੱਛੇ ਡੱਕ ਦਿੱਤਾ ਜਾਂਦਾ ਸੀ। ਕਈ ਵਾਰ ਚੇਨ ਨਾਲ ਬੰਨ੍ਹ ਦਿੱਤਾ ਜਾਂਦਾ ਸੀ। ਰੋਮ ਵਿਚ ਪਹਿਲੀ ਵਾਰ ਅਜਿਹੀਆਂ ਸਜ਼ਾਵਾਂ ਦਾ ਜ਼ਿਕਰ ਮਿਲਦਾ ਹੈ। ਈਸਾ ਮਸੀਹ ਤੋਂ 640 ਸਾਲ ਪਹਿਲਾਂ ਦੀਆਂ ਕੁੱਝ ਜੇਲ੍ਹਾਂ, ਖ਼ਾਸ ਕਰ 'ਮੈਮਰਟੀਨ ਜੇਲ੍ਹ' ਸੀਵਰੇਜ ਵਾਲੇ ਗੰਦ ਵਿਚ ਬਣਾਈ ਗਈ ਸੀ। ਜੇਲ੍ਹ ਭਰ ਜਾਣ ਬਾਅਦ ਵਾਲੇ ਕੈਦੀਆਂ ਨੂੰ ਬੰਧੂਆ ਮਜੂਰੀ ਵੱਲ ਧੱਕ ਦਿੱਤਾ ਜਾਂਦਾ ਸੀ।


ਸਾਰ :-
    ਪਹਿਲੇ ਸਮਿਆਂ ਵਿਚ ਜੁਰਮ ਕਰਨ ਉੱਤੇ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ। ਫਿਰ ਹੌਲੀ-ਹੌਲੀ ਤਗੜੇ ਨੇ ਮਾੜੇ ਦੇ ਹੱਕ ਦੱਬਣ ਪਿੱਛੇ ਉਨ੍ਹਾਂ ਨੂੰ ਜੇਲ੍ਹਾਂ ਵਿਚ ਤੁੰਨਣਾ ਸ਼ੁਰੂ ਕਰ ਦਿੱਤਾ।
    ਅੱਗੋਂ ਮਨੁੱਖੀ ਹੈਂਕੜ ਨੇ ਬਥੇਰੇ ਬੇਕਸੂਰਾਂ ਨੂੰ ਜੇਲ੍ਹਾਂ ਦੇ ਬਹਾਨੇ ਝੂਠੇ ਕੇਸਾਂ ਤਹਿਤ ਮਾਰ ਮੁਕਾਇਆ।
    ਗੱਲ ਤਾਂ ਏਥੇ ਮੁੱਕਦੀ ਹੈ ਕਿ ਈਸਾ ਮਸੀਹ ਤੋਂ ਪਹਿਲਾਂ ਤੋਂ ਲੈ ਕੇ ਅੱਜ ਤੱਕ ਨਾ ਤਾਂ ਸਮਾਜ ਔਰਤਾਂ ਅਤੇ ਗ਼ਰਬਾਂ ਨੂੰ ਬਰਾਬਰ ਦੇ ਹੱਕ ਦੇ ਸਕਿਆ ਹੈ ਤੇ ਨਾ ਹੀ ਉਨ੍ਹਾਂ ਦੇ ਹੱਕਾਂ ਦੀ ਮੰਗ ਨੂੰ ਜਰ ਸਕਿਆ ਹੈ।
    ਪੁਰਾਣੇ ਸਮਿਆਂ ਵਿਚ ਵੀ ਹੱਕ ਮੰਗਦੀਆਂ ਔਰਤਾਂ ਨੂੰ ਵਿਕਸਿਤ ਮੁਲਕਾਂ ਦਾ ਸੱਭਿਅਕ ਸਮਾਜ ਚੁੜੈਲਾਂ ਕਹਿ ਕੇ ਸਾੜ ਦਿੰਦਾ ਰਿਹਾ ਤੇ ਅੱਜ ਵੀ ਸੱਭਿਅਕ ਅਖਵਾਉਂਦਾ ਸਮਾਜ ਜੇਲ੍ਹੋਂ ਬਾਹਰ ਔਰਤ ਜ਼ਾਤ ਨੂੰ ਘਰੇਲੂ ਹਿੰਸਾ ਤੇ ਜਿਸਮਾਨੀ ਸ਼ੋਸ਼ਣ ਸਹਿਣ ਲਈ ਮਜਬੂਰ ਕਰਦਾ ਪਿਆ ਹੈ। ਜਿਹੜੀ ਔਰਤ ਆਵਾਜ਼ ਕੱਢੇ, ਉਸ ਨੂੰ ਜੇਲ੍ਹ ਅੰਦਰ ਡੱਕ ਕੇ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਣਾ ਦਿੱਤਾ ਜਾਂਦਾ ਹੈ ਜਾਂ ਅਣਮਨੁੱਖੀ ਤਸ਼ੱਦਦ ਅਤੇ ਮਾਨਸਿਕ ਸ਼ੋਸ਼ਣ ਤਹਿਤ ਮਾਨਸਿਕ ਰੋਗੀ ਬਣਾ ਦਿੱਤਾ ਜਾਂਦਾ ਹੈ।
    ਇਹੋ ਹਾਲ ਹੱਕ ਮੰਗਦੇ ਗ਼ਰੀਬਾਂ ਦਾ ਕੀਤਾ ਜਾਂਦਾ ਹੈ।
    ਚੇਤੇ ਰੱਖਣ ਵਾਲੀ ਸਿਰਫ਼ ਇਹ ਗੱਲ ਹੈ ਕਿ ਘੱਟ ਗਿਣਤੀ ਕੌਮਾਂ ਵਿਚਲੇ ਅਤੇ ਹੱਕ ਮੰਗਦੇ ਕ੍ਰਾਂਤੀਕਾਰੀ ਜੋਧਿਆਂ ਨੂੰ ਜੇਲ੍ਹਾਂ, ਫਾਂਸੀਆਂ ਜਾਂ ਅਣਪਛਾਤੀਆਂ ਲਾਸ਼ਾਂ ਬਣਨਾ ਹੀ ਹਾਲੇ ਤੱਕ ਨਸੀਬ ਹੋਇਆ ਹੈ। ਦੂਜੇ ਪਾਸੇ, ਜੁਰਮ ਕਰਨ ਵਾਲੇ ਤਾਕਤਵਰਾਂ ਨੂੰ ਭਾਰਤ ਦੇ ਸੁਪਰੀਮ ਕੋਰਟ ਅਨੁਸਾਰ ਮੈਂਬਰ ਪਾਰਲੀਮੈਂਟ ਜਾਂ ਐਮ.ਐਲ.ਏ. ਬਣ ਕੇ ਕਤਲ ਕਰਨ ਬਾਅਦ ਵੀ 36 ਸਾਲਾਂ ਤਕ ਆਜ਼ਾਦ ਘੁੰਮਣ ਅਤੇ ਰਾਜ ਕਰਨ ਦੀ ਖੁੱਲ ਦਿੱਤੀ ਜਾਂਦੀ ਹੈ। ਫਿਰ ਇਹੀ ਤਾਕਤਵਰ ਆਪਣੀ ਅਗਲੀ ਚੋਣ ਵੇਲੇ ਅਣਪਛਾਤੀਆਂ ਲਾਸ਼ਾਂ ਅਤੇ ਫਾਂਸੀਆਂ ਉੱਤੇ ਟੰਗੇ ਕ੍ਰਾਂਤੀਕਾਰੀਆਂ ਦੀ ਦੁਹਾਈ ਦੇ ਕੇ ਦੁਬਾਰਾ ਆਪਣੀ ਜਿੱਤ ਪੱਕੀ ਕਰ ਲੈਂਦੇ ਹਨ। ਇਹੀ ਕੰਮ ਫਿਰ ਉਨ੍ਹਾਂ ਦੀ ਅਗਲੀ ਪੁਸ਼ਤ ਸਾਂਭ ਲੈਂਦੀ ਹੈ।
    ਇਹ ਚੱਕਰਵਿਊ ਕਈ ਸਦੀਆਂ ਤੋਂ ਤੁਰਦਾ ਆ ਰਿਹਾ ਹੈ। ਨਾ ਕ੍ਰਾਂਤੀਕਾਰੀ ਮੁੱਕੇ ਤੇ ਨਾ ਅਣਪਛਾਤੀਆਂ ਲਾਸ਼ਾਂ ਅਤੇ ਨਾ ਹੀ ਆਮ ਜਨਤਾ ਉੱਤੇ ਹੋ ਰਿਹਾ ਤਸ਼ੱਦਦ ਘਟਿਆ।
    ਸਵਾਲ ਇਹ ਹੈ ਕਿ ਆਖਰ ਕਿਹੜੀ ਸਦੀ ਵਿਚ ਕ੍ਰਾਂਤੀਕਾਰੀਆਂ ਹੱਥ ਤਾਕਤ ਆਵੇਗੀ ਤੇ ਹੱਕ ਮੰਗਦੀ ਜਨਤਾ ਕਾਤਲਾਂ ਨੂੰ ਵੋਟਾਂ ਪਾਉਣੀਆਂ ਛੱਡ ਕੇ ਆਪਣੇ ਵਿੱਚੋਂ ਕੋਈ ਸਹੀ ਨੁਮਾਇੰਦਾ ਚੁਣੇਗੀ?
    ਜੇਲ੍ਹਾਂ ਅੰਦਰ ਸਰੀਰਕ ਪੱਖੋਂ ਤੇ ਜੇਲ੍ਹੋਂ ਬਾਹਰ ਮਾਨਸਿਕ ਪੱਖੋਂ ਸੰਗਲਾਂ ਵਿਚ ਜਕੜੀ ਆਮ ਜਨਤਾ ਤਾਂ ਕੈਦ ਵਿਚ ਹੀ ਜ਼ਿੰਦਗੀ ਲੰਘਾ ਰਹੀ ਹੈ। ਵੇਖੀਏ ਹੁਣ ਕਿਹੜੀ ਸਦੀ ਵਿਚ ਇਹ ਕੈਦ ਮੁੱਕੇਗੀ!
    ਕੀ ਕੋਈ ਜਵਾਬ ਦੇਣਾ ਚਾਹੇਗਾ ਕਿ ਸਜ਼ਾਵਾਂ ਪੂਰੀਆਂ ਭੁਗਤਣ ਤੋਂ ਦੁਗਣੇ ਸਮੇਂ ਬਾਅਦ ਤੱਕ ਵੀ ਜੇਲ੍ਹਾਂ ਅੰਦਰ ਤਾੜੇ ਉਹ ਕੈਦੀ, ਜਿਨ੍ਹਾਂ ਦੀ ਪਛਾਣ 'ਸਿੱਖ' ਹੋਣ ਨਾਲ ਜੁੜੀ ਹੈ, ਰਿਹਾਅ ਕਿਉਂ ਨਹੀਂ ਕੀਤੇ ਜਾ ਰਹੇ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783