Dr Harshinder Kaur

ਆਓ ਸਰੀਰ ਵਿਚਲੀ ਇਮਿਊਨਿਟੀ ਬਾਰੇ ਜਾਣੀਏ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਮਨੁੱਖੀ ਸਰੀਰ ਅੰਦਰ ਕੁਦਰਤੀ ਇਮਿਊਨ ਸਿਸਟਮ ਫਿੱਟ ਹੋਇਆ ਪਿਆ ਹੈ ਜਿਸ ਦਾ ਕੰਮ ਹੈ ਬੀਮਾਰੀਆਂ ਤੋਂ ਬਚਾਉਣਾ! ਇੱਕ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਕਿ ਇਹ ਇੱਕ ਪੂਰਾ 'ਸਿਸਟਮ' ਹੈ ਨਾ ਕਿ ਇੱਕ ਸੈੱਲ।
    ਜਿਵੇਂ ਬੈਂਕ ਜਾ ਕੇ ਬਾਹਰ ਖੜ੍ਹੇ ਸਕਿਓਰਿਟੀ ਗਾਰਡ ਕੋਲੋਂ ਪੈਸੇ ਲੈ ਕੇ ਵਾਪਸ ਨਹੀਂ ਮੁੜਿਆ ਜਾ ਸਕਦਾ ਤੇ ਇਕ ਸਿਸਟਮ ਅਧੀਨ ਚੈੱਕ ਦੇ ਕੇ ਪੈਸੇ ਕਢਵਾਏ ਜਾ ਸਕਦੇ ਹਨ, ਉਸੇ ਤਰ੍ਹਾਂ ਜਦੋਂ ਕੋਈ ਵਾਇਰਸ, ਬੈਕਟੀਰੀਆ ਜਾਂ ਹੋਰ ਕੀਟਾਣੂ ਸਰੀਰ ਅੰਦਰ ਵੜ੍ਹਨ ਦੀ ਕੋਸ਼ਿਸ਼ ਕਰਦੇ ਹਨ ਤਾਂ ਇੱਕ ਸਿਸਟਮ ਰਾਹੀਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਰੀਰ ਦੇ ਵੱਖੋ-ਵੱਖ ਹਿੱਸਿਆਂ ਵਿਚ ਜੜੇ ਯੰਤਰ, ਇਹ ਫੈਸਲਾ ਲੈਂਦੇ ਹਨ ਕਿ ਇਹ ਕੀਟਾਣੂ ਸਰੀਰ ਲਈ ਠੀਕ ਹਨ ਜਾਂ ਨਹੀਂ। ਫੇਰ ਉਨ੍ਹਾਂ ਨੂੰ ਉੱਥੋਂ ਹੀ ਨਿੱਛ ਰਾਹੀਂ ਜਾਂ ਖੰਘ ਰਾਹੀਂ ਬਾਹਰ ਕੱਢਣ ਜਾਂ ਸਰੀਰ ਦੇ ਲਿੰਫੈਟਿਕ ਸਿਸਟਮ (ਹੱਡੀਆਂ ਦਾ ਮਾਦਾ, ਤਿਲੀ, ਥਾਈਮਸ, ਲਿੰਫ ਨੋਡ-ਗਿਲਟੀਆਂ) ਰਾਹੀਂ ਤਿਆਰ ਕੀਤੇ ਸੈੱਲਾਂ ਨਾਲ ਮਾਰਨ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ।
    ਹੱਡੀਆਂ ਦੇ ਮਾਦੇ ਵਿੱਚੋਂ ਚਿੱਟੇ ਸੈੱਲ ਤਿਆਰ ਹੁੰਦੇ ਹਨ ਜਿਨ੍ਹਾਂ ਦਾ ਕੰਮ ਕੀਟਾਣੂਆਂ ਨਾਲ ਲੜਨਾ ਹੈ। ਤਿਲੀ ਵੀ ਕੀਟਾਣੂ ਮਾਰਦੀ ਹੈ। ਥਾਈਮਸ ਵਿਚ ਟੀ-ਸੈੱਲ ਬਣਦੇ ਹਨ ਜੋ ਕੀਟਾਣੂ ਲੱਦੇ ਸੈੱਲਾਂ ਨੂੰ ਮਾਰਦੇ ਹਨ। ਲਿੰਫ ਨੋਡ ਵਿਚ ਫੌਜੀ ਸੈੱਲ ਤਿਆਰ ਵੀ ਹੁੰਦੇ ਹਨ ਤੇ ਜਮ੍ਹਾਂ ਵੀ ਹੁੰਦੇ ਰਹਿੰਦੇ ਹਨ। ਬੀ-ਸੈੱਲ ਐਂਟੀਬਾਡੀ ਤਿਆਰ ਕਰਦੇ ਹਨ ਅਤੇ ਕੀਟਾਣੂਆਂ ਉੱਤੇ ਹਮਲਾ ਬੋਲਦੇ ਹਨ। ਟੀ-ਸੈਲ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ।
    ਹਰ ਸਰੀਰ ਅੰਦਰ ਵੜੇ ਮਾੜੇ ਕੀਟਾਣੂ ਨੂੰ ਸਮਝ ਕੇ, ਉਸ ਹਿਸਾਬ ਦੇ ਫੌਜੀ ਸੈੱਲ ਤਿਆਰ ਕਰ ਕੇ ਉਨ੍ਹਾਂ ਨੂੰ ਮਾਰਨ ਅਤੇ ਅੱਗੇ ਤੋਂ ਵੜਨ ਤੋਂ ਵੀ ਰੋਕਣ ਲਈ ਪੂਰਾ ਸਿਸਟਮ ਮਿਲ-ਜੁਲ ਕੇ ਕੰਮ ਕਰਦਾ ਹੈ। ਜੇ ਕੀਟਾਣੂ ਲੋੜੋਂ ਵੱਧ ਹੋਣ ਅਤੇ ਸਰੀਰ ਦਾ ਸਿਸਟਮ ਪਹਿਲਾਂ ਤਿਆਰ ਨਾ ਹੋਵੇ ਤਾਂ ਬੀਮਾਰੀ ਹੋ ਜਾਂਦੀ ਹੈ।

ਇਮਿਊਨ ਸਿਸਟਮ ਕਿਵੇਂ ਕੰਮ ਕਰਦਾ ਹੈ :
    ਜਿਵੇਂ ਹੀ ਬੈਕਟੀਰੀਆ, ਵਾਇਰਸ, ਉੱਲੀ, ਕੈਂਸਰ ਸੈੱਲ ਆਦਿ ਦੇ ਬਾਹਰਵਾਰ ਲੱਗੇ ਪ੍ਰੋਟੀਨ ਘੁੰਮਦੇ ਫਿਰਦੇ ਜਾਂ ਟਿਕੇ ਹੋਏ ਇਮਿਊਨ ਸੈੱਲਾਂ ਨਾਲ ਜੁੜਦੇ ਹਨ ਤਾਂ ਝਟਪਟ ਅੱਗੇ ਇਸ ਕੀਟਾਣੂ ਬਾਰੇ ਜਾਣਕਾਰੀ ਭੇਜ ਦਿੱਤੀ ਜਾਂਦੀ ਹੈ।
    ਜੇ ਕੀਟਾਣੂ ਪਹਿਲੀ ਵਾਰ ਸਰੀਰ ਅੰਦਰ ਵੜਿਆ ਹੋਵੇ ਤਾਂ ਉਸ ਬਾਰੇ ਪਹਿਲਾਂ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਕਿਵੇਂ ਮਾਰਨਾ ਹੈ ਜਾਂ ਕਾਬੂ ਕਰਨਾ ਹੈ। ਜੇ ਦੂਜੀ ਵਾਰ ਵੜਿਆ ਹੋਵੇ ਤਾਂ ਪਹਿਲਾਂ ਦੇ ਤਿਆਰ ਹੋਏ ਫੌਜੀ ਸੈੱਲ ਝਟਪਟ ਕੀਟਾਣੂ ਨੂੰ ਮਾਰ ਮੁਕਾਉਂਦੇ ਹਨ।
    ਕਦੇ ਕਦਾਈਂ ਸਰੀਰ ਦੇ ਫੌਜੀ ਸੈੱਲ ਆਪਣੇ ਹੀ ਸੈੱਲਾਂ ਉੱਪਰਲੀ ਪ੍ਰੋਟੀਨ ਉੱਤੇ ਹੱਲਾ ਬੋਲ ਦਿੰਦੇ ਹਨ। ਇਸ ਨੂੰ 'ਆਟੋ ਇਮਿਊਨ ਰਿਸਪੌਂਸ' ਕਹਿੰਦੇ ਹਨ।
    ਦੋ ਵੱਖੋ-ਵੱਖਰੇ ਇਮਿਊਨ ਸਿਸਟਮ, ਯਾਨੀ 'ਇੰਨੇਟ' ਤੇ 'ਅਡੈਪਟਿਵ' ਰਲ ਮਿਲ ਕੇ ਸਰੀਰ ਅੰਦਰ ਕੰਮ ਕਰਦੇ ਹਨ। ਇੰਨੇਟ ਦਾ ਕੰਮ ਹੁੰਦਾ ਹੈ ਹਰ ਕਿਸਮ ਦੇ ਮਾੜੇ ਕੀਟਾਣੂਆਂ ਨੂੰ ਮਾਰ ਮੁਕਾਉਣਾ। ਇਸ ਵਾਸਤੇ ਕੁਦਰਤੀ ਕਿੱਲਰ ਸੈੱਲ ਤੇ ਫੇਗੋਸਾਈਟ ਕੰਮ ਉੱਤੇ ਲੱਗ ਜਾਂਦੇ ਹਨ। ਆਮ ਤੌਰ ਉੱਤੇ ਚਮੜੀ ਤੇ ਮੂੰਹ ਰਾਹੀਂ ਢਿੱਡ ਅੰਦਰ ਪਹੁੰਚਦੇ ਕੀਟਾਣੂਆਂ ਉੱਤੇ ਇਹ ਹਮਲਾ ਬੋਲਦੇ ਹਨ।
    ਅਡੈਪਟਿਵ ਦਾ ਕੰਮ ਹੁੰਦਾ ਹੈ ਐਂਟੀਬਾਡੀਜ਼ ਬਣਾਉਣੀਆਂ ਤੇ ਇਕ ਖ਼ਾਸ ਕਿਸਮ ਦੇ ਕੀਟਾਣੂ ਮਾਰ ਮੁਕਾਉਣੇ ਜੋ ਪਹਿਲਾਂ ਬੀਮਾਰੀ ਕਰ ਚੁੱਕੇ ਹੋਣ। ਇਹ ਪਹਿਲੇ ਹੱਲੇ ਉੱਤੇ ਨਹੀਂ ਬਲਕਿ ਕੀਟਾਣੂਆਂ ਦੇ ਦੂਜੇ ਹੱਲੇ ਉੱਤੇ ਕੰਮ ਸ਼ੁਰੂ ਕਰਦੇ ਹਨ।
    ਅਡੈਪਟਿਵ ਇਮਿਊਨ ਸਿਸਟਮ ਕੁਦਰਤੀ ਤੌਰ ਉੱਤੇ ਏਨਾ ਤਗੜਾ ਹੁੰਦਾ ਹੈ ਕਿ ਜੇ ਕੀਟਾਣੂ ਥੋੜੀ ਬਹੁਤ ਸ਼ਕਲ ਬਦਲ ਕੇ ਦੁਬਾਰਾ ਸਰੀਰ ਅੰਦਰ ਵੜਨ ਦੀ ਕੋਸ਼ਿਸ਼ ਕਰਨ, ਤਾਂ ਵੀ ਉਨ੍ਹਾਂ ਨੂੰ ਮਾਰ ਮੁਕਾਉਂਦੇ ਹਨ। ਬੀ ਲਿੰਫੋਸਾਈਟ ਐਂਟੀਬਾਡੀ ਤਿਆਰ ਕਰਦੇ ਹਨ ਜਿਸ ਵਿਚ ਕਾਫੀ ਸਮਾਂ ਲੱਗਦਾ ਹੈ। ਜਦੋਂ ਬੱਚੇ ਦਾ ਟੀਕਾਕਰਨ ਕੀਤਾ ਜਾਂਦਾ ਹੈ ਤਾਂ ਇਹੋ ਸਿਸਟਮ ਬੀਮਾਰੀਆਂ ਨਾਲ ਲੜਨ ਦੀ ਤਾਕਤ ਬਖ਼ਸ਼ਦਾ ਹੈ।
    ਨੱਕ ਪਿੱਛਲੇ ਐਡੀਨਾਈਡ ਗ੍ਰੰਥੀਆਂ, ਹੱਡੀਆਂ ਦਾ ਮਾਦਾ, ਗਿਲਟੀਆਂ (ਲਿੰਫ ਨੋਡ), ਲਿੰਫੈਨਿਕ ਨਸਾਂ, ਅੰਤੜੀਆਂ ਵਿਚਲੇ ਪਾਇਰ ਪੈਚ, ਤਿਲੀ, ਟੌਂਸਿਲ, ਥਾਈਮਸ (ਛਾਤੀ ਵਿਚਲਾ ਗਲੈਂਡ) ਆਦਿ ਸਭ ਸਰੀਰ ਦੇ ਇਮਿਊਨ ਸਿਸਟਮ ਦਾ ਹੀ ਹਿੱਸਾ ਹਨ।

ਐਂਟੀਬਾਇਓਟਿਕ ਦਵਾਈਆਂ ਕਿਵੇਂ ਅਸਰ ਕਰਦੀਆਂ ਹਨ :-
    ਜਦੋਂ ਕਿਸੇ ਨੂੰ ਐਂਟੀਬਾਇਓਟਿਕ ਦਵਾਈਆਂ ਖਾਣ ਲਈ ਦਿੱਤੀਆਂ ਜਾਂਦੀਆਂ ਹਨ ਤਾਂ ਇਹ ਸਰੀਰ ਅੰਦਰ ਵੜੇ ਬੈਕਟੀਰੀਆ ਕੀਟਾਣੂ ਮਾਰ ਸਕਦੀਆਂ ਹਨ ਪਰ ਵਾਇਰਸ ਜਾਂ ਉੱਲੀ ਨਹੀਂ। ਜੇ ਬੇਲੋੜੀਆਂ ਐਂਟੀਬਾਇਓਟਿਕ ਦਵਾਈਆਂ ਖਾਧੀਆਂ ਜਾਣ ਤਾਂ ਉਹ ਕਿਸੇ ਬੈਕਟੀਰੀਆ ਨੂੰ ਮਾਰ ਹੀ ਨਹੀਂ ਸਕਦੀਆਂ ਪਰ ਸਰੀਰ ਉਨ੍ਹਾਂ ਵਿਰੁੱਧ ਆਪਣੇ ਐਂਟੀਬਾਡੀ ਸੈੱਲ ਬਣਾ ਲੈਂਦਾ ਹੈ ਜਿਸ ਕਰ ਕੇ ਦੁਬਾਰਾ ਲੋੜ ਪੈਣ ਉੱਤੇ ਇਹ ਦਵਾਈਆਂ ਬੇਅਸਰ ਹੋ ਜਾਂਦੀਆਂ ਹਨ। ਜੇ ਗਲਤ ਦਵਾਈ ਦੇ ਦਿੱਤੀ ਜਾਵੇ ਤਾਂ ਬੈਕਟੀਰੀਆ ਕੀਟਾਣੂ ਜ਼ਿਆਦਾ ਜ਼ਹਿਰੀ ਹੋ ਜਾਂਦੇ ਹਨ ਅਤੇ ਦਵਾਈ ਉਨ੍ਹਾਂ ਉੱਤੇ ਅਸਰ ਕਰਦੀ ਹੀ ਨਹੀਂ।
    ਜੇ ਅਸਰ ਕਰਦੀ ਦਵਾਈ ਪੂਰੇ ਸਮੇਂ ਲਈ ਨਾ ਖਾਧੀ ਜਾਵੇ ਤਾਂ ਵੀ ਬੈਕਟੀਰੀਆ ਕੀਟਾਣੂ ਦੁਬਾਰਾ ਵਧ ਕੇ ਤਗੜਾ ਹੱਲਾ ਕਰ ਦਿੰਦੇ ਹਨ ਜਿੱਥੇ ਉਹ ਦਵਾਈ ਬੇਅਸਰ ਸਾਬਤ ਹੋ ਜਾਂਦੀ ਹੈ। ਇੰਜ ਹੀ ਜੇ ਲੋੜੋਂ ਵੱਧ ਸਮੇਂ ਤੱਕ ਦਵਾਈ ਖਾਧੀ ਜਾਵੇ, ਤਾਂ ਵੀ ਇਹੋ ਕੁੱਝ ਹੁੰਦਾ ਹੈ।


ਕੀ ਇਮਿਊਨਿਟੀ ਵੱਧ ਸਕਦੀ ਹੈ ?
    ਅੱਜ ਤੱਕ ਸਰੀਰ ਅੰਦਰਲੇ ਇਮਿਊਨਿਟੀ ਸਿਸਟਮ ਦੇ ਜਾਲ ਅਤੇ ਉਸ ਦੇ ਕੰਮ ਕਰਨ ਦੇ ਢੰਗ ਬਾਰੇ ਪੂਰੀ ਜਾਣਕਾਰੀ ਨਹੀਂ ਮਿਲ ਸਕੀ ਹੈ। ਇਹ ਵੀ ਪਤਾ ਨਹੀਂ ਲੱਗ ਸਕਿਆ ਕਿ ਇੱਕੋ ਵੇਲੇ ਇਸ ਸਿਸਟਮ ਦਾ ਕਿੰਨਾ ਹਿੱਸਾ ਹਰਕਤ ਵਿਚ ਆਇਆ ਹੈ ਤੇ ਕਿੰਨੀ ਦੇਰ ਰਹੇਗਾ!
    ਜੇ ਇਮਿਊਨ ਸਿਸਟਮ ਲੋੜੋਂ ਵੱਧ ਹਰਕਤ ਵਿਚ ਆ ਜਾਵੇ ਤਾਂ ਆਪਣੇ ਹੀ ਸਰੀਰ ਦੇ ਸੈੱਲਾਂ ਨੂੰ ਖਾਣ ਲੱਗ ਪੈਂਦਾ ਹੈ। ਇਸ ਦੇ ਨਤੀਜੇ ਵਜੋਂ ਕਈ ਭਿਆਨਕ ਬੀਮਾਰੀਆਂ ਸ਼ੁਰੂ ਹੋ ਸਕਦੀਆਂ ਹਨ ਜਿਨ੍ਹਾਂ ਲਈ ਪੂਰੀ ਉਮਰ ਦਵਾਈ ਖਾਣੀ ਪੈ ਸਕਦੀ ਹੈ, ਜਿਵੇਂ ਸ਼ੱਕਰ ਰੋਗ, ਰਿਊਮੈਟਾਇਡ ਆਰਥਰਾਈਟਿਸ, ਲਿਊਪਸ ਆਦਿ। ਸਦੀਆਂ ਤੋਂ ਖੋਜੀ ਡਾਕਟਰ ਇਸ ਬਾਰੇ ਕਿਆਸ ਲਾ ਰਹੇ ਹਨ ਕਿ ਸ਼ਾਇਦ ਕੋਈ ਖ਼ੁਰਾਕ, ਕਿਸੇ ਤਰ੍ਹਾਂ ਦੀ ਇਨਫੈਕਸ਼ਨ ਜਾਂ ਕਿਸੇ ਕਿਸਮ ਦੇ ਪਾਣੀ ਜਾਂ ਹਵਾ ਵਿਚਲੇ ਮਾੜੇ ਤੱਤ ਆਦਿ ਇਸ ਦੇ ਕਾਰਣ ਹੋਣਗੇ। ਪਰ ਹਾਲੇ ਤੱਕ ਇੱਕ ਵੀ ਕਿਆਸ ਸਾਬਤ ਨਹੀਂ ਹੋ ਸਕਿਆ। ਹੋ ਸਕਦਾ ਹੈ ਕਿ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਕਾਰਨ ਹੋਵੇ ਜਾਂ ਸਾਰੇ ਕਾਰਨ ਇਕੱਠੇ ਅਸਰ ਕਰਦੇ ਹੋਣ!

ਕੀ ਲੋੜੋਂ ਵੱਧ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨ ਸਿਸਟਮ ਦਾ ਕੰਮ ਵਧਾ ਸਕਦੇ ਹਨ ?
    ਹਾਲੇ ਤੱਕ ਦੀ ਇੱਕ ਵੀ ਖੋਜ ਅਜਿਹਾ ਸਾਬਤ ਨਹੀਂ ਕਰ ਸਕੀ ਕਿ ਕਿਸੇ ਤਰ੍ਹਾਂ ਦੇ ਵਿਟਾਮਿਨ ਜਾਂ ਮਿਨਰਲ ਤੱਤ ਇਮਿਊਨਿਟੀ ਵਧਾ ਸਕੇ ਹੋਣ। ਸਿਰਫ਼ ਉਨ੍ਹਾਂ ਲੋਕਾਂ ਵਿਚ, ਜਿਨ੍ਹਾਂ ਵਿਚ ਲਹੂ ਦੀ ਕਮੀ ਜਾਂ ਮਿਨਰਲ ਤੱਤਾਂ ਦੀ ਕਮੀ ਹੋ ਚੁੱਕੀ ਹੋਵੇ, ਉਸ ਕਮੀ ਨੂੰ ਠੀਕ ਕਰਨ ਬਾਅਦ ਜ਼ਰੂਰ ਬੀਮਾਰੀ ਨਾਲ ਲੜਨ ਦੀ ਤਾਕਤ ਵਿਚ ਕੁੱਝ ਵਾਧਾ ਵੇਖਿਆ ਗਿਆ ਹੈ।
    ਸੋਚਣ ਦੀ ਗੱਲ ਇਹ ਹੈ ਕਿ ਜੇ ਅਸੀਂ ਹਾਲੇ ਤੱਕ ਕੁਦਰਤ ਵੱਲੋਂ ਬਖ਼ਸ਼ੇ ਇਮਿਊਨ ਸਿਸਟਮ ਦੀਆਂ ਬਰੀਕੀਆਂ ਬਾਰੇ ਹੀ ਨਹੀਂ ਸਮਝ ਸਕੇ ਤਾਂ ਉਸ ਦੇ ਕੰਮ ਕਾਰ ਨੂੰ ਵਧਾ ਜਾਂ ਘਟਾ ਕਿਵੇਂ ਸਕਦੇ ਹਾਂ?

ਕੀ ਟੀਕਾਕਰਨ ਨੁਕਸਾਨ ਕਰ ਸਕਦਾ ਹੈ ?
    ਕਾਰ ਚਲਾਉਣ ਵਾਲਿਆਂ ਵਿਚ ਵੀ ਹਰ 6700 ਪਿੱਛੇ ਇੱਕ ਮੌਤ ਹੋਣੀ ਆਮ ਗੱਲ ਮੰਨੀ ਜਾਂਦੀ ਹੈ। ਨਹਾਉਣ ਲੱਗਿਆਂ ਬਾਥ ਟੱਬ ਵਿਚ ਵੀ 8 ਲੱਖ 40 ਹਜ਼ਾਰ ਪਿੱਛੇ ਇੱਕ ਮੌਤ ਹੋ ਰਹੀ ਹੈ। ਕਿਸੇ ਕਿਸਮ ਦੇ ਟੀਕਾਕਰਨ ਵਿਚ 10 ਲੱਖ ਪਿੱਛੇ ਇੱਕ ਨੂੰ ਜ਼ਰੂਰ ਥੋੜਾ ਬਹੁਤ ਰਿਐਕਸ਼ਨ ਵੇਖਣ ਵਿਚ ਆਉਂਦਾ ਹੈ। ਸੋਚਣ ਦੀ ਗੱਲ ਇਹ ਵੀ ਹੈ ਕਿ ਜੇ ਮੌਤਾਂ ਦੇ ਬਾਅਦ ਵੀ ਕਾਰ ਚਲਾਉਣੀ ਜਾਂ ਨਹਾਉਣਾ ਨਹੀਂ ਛੱਡਿਆ ਗਿਆ ਤਾਂ ਟੀਕਾਕਰਨ ਲਈ ਸ਼ੋਰ ਕਿਉਂ?

ਕੀ ਇਮਿਊਨ ਸਿਸਟਮ ਤਗੜਾ ਕੀਤਾ ਜਾ ਸਕਦਾ ਹੈ?
    ਸਭ ਤੋਂ ਜ਼ਰੂਰੀ ਨੁਕਤਾ ਇਹ ਹੈ ਕਿ ਇਮਿਊਨ ਸਿਸਟਮ ਨੂੰ ਆਪਣਾ ਕੰਮ-ਕਾਰ ਕਰਨ ਦਿੱਤਾ ਜਾਵੇ ਤੇ ਉਸ ਵਿਚ ਕੋਈ ਰੋਕ ਜਾਂ ਅਚੜਨ ਨਾ ਪਾਈ ਜਾਵੇ।
    ਜੇ ਮਦਦ ਕੀਤੀ ਜਾ ਸਕਦੀ ਹੈ ਤਾਂ ਕੀਟਾਣੂਆਂ ਦੇ ਹਮਲੇ ਨੂੰ ਘਟਾ ਕੇ ਕੀਤੀ ਜਾ ਸਕਦੀ ਹੈ। ਮਿਸਾਲ ਵਜੋਂ, ਹੱਥ ਸਾਫ਼ ਰੱਖੇ ਜਾਣ! ਜੇ ਲੋੜੋਂ ਵੱਧ ਸੈਨੇਟਾਈਜ਼ਰ ਵਰਤੇ ਜਾਣ ਤਾਂ ਚਮੜੀ ਉੱਤੇ ਪਏ ਚੰਗੇ ਬੈਕਟੀਰੀਆ ਖ਼ਤਮ ਹੋ ਜਾਣਗੇ, ਜੋ ਇਮਿਊਨ ਸਿਸਟਮ ਦੀ ਮਦਦ ਕਰਨ ਲਈ ਬੈਠੇ ਹੁੰਦੇ ਹਨ। ਇਨ੍ਹਾਂ ਦਾ ਕੰਮ ਹੁੰਦਾ ਹੈ ਮਾੜੇ ਬੈਕਟੀਰੀਆ ਨੂੰ ਚਮੜੀ ਰਾਹੀਂ ਸਰੀਰ ਅੰਦਰ ਵੜਨ ਹੀ ਨਾ ਦਿੱਤਾ ਜਾਵੇ। ਇੰਜ ਇਮਿਊਨ ਸਿਸਟਮ ਦੀ ਆਪੇ ਹੀ ਕੁਦਰਤੀ ਤੌਰ ਉੱਤੇ ਮਦਦ ਹੋ ਜਾਂਦੀ ਹੈ।
1.    ਸਾਬਣ ਨਾਲ ਜਾਂ ਸਾਫ਼ ਪਾਣੀ ਨਾਲ ਦਿਨ ਵਿਚ ਕਈ ਵਾਰ ਹੱਥ ਧੋਣ ਨਾਲ ਵੀ ਕਈ ਚੰਗੇ ਬੈਕਟੀਰੀਆ ਚਿਪਕੇ ਰਹਿੰਦੇ ਹਨ। ਜੇ ਇਹ ਨਾ ਰਹਿਣ ਤਾਂ ਮਾੜੇ ਬੈਕਟੀਰੀਆ ਵੱਡੀ ਗਿਣਤੀ ਵਿਚ ਸਰੀਰ ਉੱਤੇ ਹੱਲਾ ਬੋਲ ਸਕਦੇ ਹਨ ਜਿਨ੍ਹਾਂ ਲਈ ਸਰੀਰ ਦੇ ਸੈੱਲ ਤਿਆਰ ਨਹੀਂ ਹੁੰਦੇ।
2.     ਖਾਣਾ ਚੰਗੀ ਤਰ੍ਹਾਂ ਪਕਾ ਕੇ ਖਾਧਾ ਜਾਵੇ ਤਾਂ ਵੀ ਬਹੁਤ ਸਾਰੇ ਮਾੜੇ ਕੀਟਾਣੂ ਖ਼ਤਮ ਹੋ ਸਕਦੇ ਹਨ।
3.    ਸਿਗਰਟ ਨਾ ਪੀ ਕੇ ਅਸੀਂ ਫੇਫੜਿਆਂ ਵਿਚਲੇ ਇਮਿਊਨ ਸਿਸਟਮ ਦੇ ਸੈੱਲਾਂ ਦੀ ਮਦਦ ਕਰ ਸਕਦੇ ਹਾਂ ਤੇ ਫੇਫੜਿਆਂ ਅੰਦਰਲੇ ਸੈੱਲਾਂ ਨੂੰ ਰਵਾਂ ਰੱਖ ਸਕਦੇ ਹਾਂ।
4.    ਲੋੜੋਂ ਵਾਧੂ ਸ਼ੱਕਰ, ਘਿਓ, ਲੂਣ, ਪ੍ਰੋਟੀਨ, ਡੱਬਾ ਬੰਦ ਚੀਜ਼ਾਂ, ਫਾਸਟ ਫੂਡਜ਼ ਆਦਿ ਤੋਂ ਪਰਹੇਜ਼    ਕਰਨ ਨਾਲ ਵੀ ਸਰੀਰ ਨੂੰ ਬੇਲੋੜਾ ਭਾਰ ਨਹੀਂ ਝੱਲਣਾ ਪੈਂਦਾ ਤੇ ਨਾ ਹੀ ਇਨ੍ਹਾਂ ਨੂੰ ਸਰੀਰ ਵਿੱਚੋਂ ਕੱਢਣ ਦੀ ਮਿਹਨਤ ਕਰਨੀ ਪੈਂਦੀ ਹੈ।
5.    ਨੱਕ ਵਿਚਲੇ ਵਾਲ ਨਾ ਕੱਟੇ ਜਾਣ। ਇਨ੍ਹਾਂ ਦਾ ਕੰਮ ਹੁੰਦਾ ਹੈ ਮਿੱਟੀ ਘੱਟਾ ਤੇ ਵੱਡੇ ਕੀਟਾਣੂਆਂ ਨੂੰ ਅੜਾ ਕੇ ਨਿੱਛ ਰਾਹੀਂ ਬਾਹਰ ਕੱਢ ਦਿੱਤਾ ਜਾਏ। ਇਸੇ ਲਈ ਨਿੱਛ ਨੂੰ ਰੋਕਣਾ ਨਹੀਂ ਚਾਹੀਦਾ ਤੇ ਨਾ ਹੀ ਨਹਿਸ਼ ਮੰਨਣੀ ਚਾਹੀਦੀ ਹੈ।
6.    ਰੋਜ਼ਾਨਾ 40 ਮਿੰਟ ਕਸਰਤ ਕਰਦੇ ਰਹਿਣ ਨਾਲ ਸਾਰਾ ਸਰੀਰ ਹੀ ਚੁਸਤ ਹੋ ਜਾਂਦਾ ਹੈ ਤੇ ਇਸੇ ਨਾਲ ਹੀ ਇਮਿਊਨ ਸਿਸਟਮ ਵੀ। ਇੰਜ ਭਾਰ ਕਾਬੂ ਵਿਚ ਰਹਿੰਦਾ ਹੈ ਤੇ ਮੋਟਾਪੇ ਤੋਂ ਹੋ ਰਹੀਆਂ ਬੀਮਾਰੀਆਂ ਤੋਂ ਵੀ ਬਚਾਓ ਹੋ ਜਾਂਦਾ ਹੈ।
7.    ਬਲੱਡ ਪ੍ਰੈੱਸ਼ਰ ਨਾ ਵਧਣ ਦਿੱਤਾ ਜਾਵੇ ਅਤੇ ਤਣਾਓ ਘੱਟ ਸਹੇੜਿਆ ਜਾਵੇ। ਤਣਾਓ ਸਾਡੇ ਪੂਰੇ ਸਰੀਰ ਦਾ ਨਾਸ ਮਾਰ ਦਿੰਦਾ ਹੈ ਤੇ ਇਮਿਊਨ ਸਿਸਟਮ ਨੂੰ ਠੱਪ ਕਰ ਦਿੰਦਾ ਹੈ।
8.    ਪੂਰੀ ਨੀਂਦਰ ਲੈਣ ਨਾਲ ਸਰੀਰ ਦੇ ਸੈੱਲਾਂ ਨੂੰ ਰਿਪੇਅਰ ਕਰਨ ਦਾ ਸਮਾਂ ਮਿਲ ਜਾਂਦਾ ਹੈ।
9.    ਸ਼ਰਾਬ ਤੇ ਨਸ਼ਾ ਵੀ ਇਮਿਊਨ ਸਿਸਟਮ ਨੂੰ ਕੰਮ ਕਾਰ ਕਰਨ ਤੋਂ ਰੋਕਦਾ ਹੈ। ਇਸੇ ਲਈ ਇਨ੍ਹਾਂ ਤੋਂ ਬਚਣ ਦੀ ਲੋੜ ਹੈ।

ਵਾਇਰਸ ਸਰੀਰ ਅੰਦਰ ਕਿਵੇਂ ਵੜਦੀ ਹੈ?
    ਚਮੜੀ, ਸਾਹ ਦੇ ਰਾਹ ਤੇ ਮੂੰਹ ਅੰਦਰਲੀ ਪਰਤ ਵਾਇਰਸ ਲਈ ਰੋਕਾ ਬਣ ਕੇ ਖੜ੍ਹੇ ਹਨ।
ਜਦੋਂ ਵੱਡੀ ਗਿਣਤੀ ਵਾਇਰਸ ਹੱਲਾ ਬੋਲ ਕੇ ਇਹ ਰਾਹ ਲੰਘ ਜਾਣ ਤਾਂ ਇੰਨੇਟ ਇਮਿਊਨਿਟੀ ਕੰਮ ਸ਼ੁਰੂ ਕਰ ਦਿੰਦੀ ਹੈ। ਇਸ ਵਿਚ ਕੁੱਝ ਕੈਮੀਕਲ ਤੇ ਬਾਕੀ ਸਰੀਰ ਦੇ ਸੈੱਲ ਰਲ ਮਿਲ ਕੇ ਵਾਇਰਸ ਨੂੰ ਢਾਅ ਲੈਂਦੇ ਹਨ। ਜੇ ਵਾਇਰਸ ਬਹੁਤ ਜ਼ਿਆਦਾ ਮਾਤਰਾ ਵਿਚ ਹੋਵੇ ਤਾਂ ਸਰੀਰ ਦੇ ਸੈੱਲ ਤੇ ਪ੍ਰੋਟੀਨ ਰਲ ਕੇ ਕੁੱਝ ਦਿਨਾਂ ਜਾਂ ਹਫਤਿਆਂ ਵਿਚ ਐਂਟੀਬਾਡੀ ਤਿਆਰ ਕਰ ਲੈਂਦੇ ਹਨ ਤੇ ਫੇਰ ਵਾਇਰਸ ਨੂੰ ਮਾਰ ਮੁਕਾਉਂਦੇ ਹਨ।
    ਜੇ ਸਰੀਰ ਦਾ ਸਾਰਾ ਸਿਸਟਮ ਫੇਲ੍ਹ ਹੋ ਜਾਵੇ ਅਤੇ ਵਾਇਰਸ ਉਸ ਤੋਂ ਵੀ ਕਿਤੇ ਵੱਧ ਹੋਵੇ ਤਾਂ ਮੌਤ ਹੋ ਸਕਦੀ ਹੈ।
    ਧਿਆਨ ਰਹੇ ਕਿ ਟੀ-ਸੈੱਲ ਵੱਲੋਂ ਬਣਾਈ ਫੌਜ ਸਿਰਫ਼ ਉਸੇ ਹਮਲੇ ਵਿਚ ਵੜੀ ਵਾਇਰਸ ਵਿਰੁੱਧ ਹੀ ਅਸਰਦਾਰ ਸਾਬਤ ਹੁੰਦੀ ਹੈ। ਮਿਸਾਲ ਵਜੋਂ ਜੇ ਕੋਵਿਡ 19 ਖ਼ਿਲਾਫ਼ ਸੈੱਲ ਤਿਆਰ ਹੋ ਚੁੱਕੇ ਹਨ ਤਾਂ ਉਹ ਇਨਫਲੂਐਂਜ਼ਾ ਵਾਇਰਸ ਵਿਰੁੱਧ ਅਸਰ ਨਹੀਂ ਵਿਖਾਉਂਣਗੇ। ਉਸ ਵਾਸਤੇ ਸਰੀਰ ਨੂੰ ਵੱਖ ਐਂਟੀਬਾਡੀ ਬਣਾਉਣੇ ਪੈਂਦੇ ਹਨ।
    ਐਂਟੀਬਾਡੀ ਜਾਂ ਤਾਂ ਕੀਟਾਣੂਆਂ ਦੇ ਹੱਲੇ ਬਾਅਦ ਜਾਂ ਟੀਕਾਕਰਨ ਰਾਹੀਂ ਵੜੇ ਥੋੜੇ ਕੀਟਾਣੂਆਂ ਦੇ ਆਧਾਰ ਉੱਤੇ ਹੀ ਤਿਆਰ ਹੁੰਦੇ ਹਨ ; ਨਿੰਬੂ, ਅਦਰਕ, ਹਲਦੀ ਜਾਂ ਤੁਲਸੀ ਨਾਲ ਨਹੀਂ।
    ਜੇ ਖੰਘ ਜ਼ੁਕਾਮ ਨਾਲ ਬੁਖ਼ਾਰ, ਸਿਰ ਪੀੜ, ਬਲਗਮ ਜਾਂ ਬੇਹੋਸ਼ੀ ਹੁੰਦੀ ਹੈ ਤਾਂ ਇਹ ਸਾਰਾ ਕੁੱਝ ਵਾਇਰਸ ਸਦਕਾ ਨਹੀਂ ਹੁੰਦਾ ਬਲਕਿ ਵਾਇਰਸ ਵਿਰੁੱਧ ਸਰੀਰ ਨੇ ਜੋ ਜੰਗ ਵਿੱਢੀ ਹੁੰਦੀ ਹੈ, ਉਸੇ ਇੰਨੇਟ ਇਮਿਊਨਿਟੀ ਸਦਕਾ ਇਹ ਲੱਛਣ ਦਿਸਦੇ ਹਨ ਕਿ ਸਰੀਰ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੋਇਆ ਹੈ।
    ਇਮਿਊਨਿਟੀ ਵਧਣ ਦਾ ਮਤਲਬ ਹੈ ਕਿ ਇਹ ਲੱਛਣ ਹੋਰ ਜ਼ਿਆਦਾ ਵੱਧ ਦਿਸਣਗੇ ਨਾ ਕਿ ਘੱਟ ਹੋ ਜਾਣਗੇ।
    ਚੁਫ਼ੇਰੇ ਇਸ਼ਤਿਹਾਰਬਾਜ਼ੀ ਵਿਚ ਇਮਿਊਨਿਟੀ ਦੇ ਨਾਂ ਉੱਤੇ ਖ਼ਰਬਾਂ ਦੇ ਵਪਾਰ ਵਿਚ ਇਮਿਊਨਿਟੀ ਵਧਾਉਣ ਦੇ ਜੋ ਨੁਸਖ਼ੇ ਦੱਸੇ ਜਾ ਰਹੇ ਹਨ ਉਹ ਬੀਮਾਰੀ ਦੇ ਲੱਛਣ ਰੋਕਣ ਬਾਰੇ ਰੌਲਾ ਪਾ ਰਹੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਉਹ ਇਮਿਊਨਿਟੀ ਵਧਾ ਨਹੀਂ ਰਹੇ ਸਗੋਂ ਇਮਿਊਨ ਸਿਸਟਮ ਹੀ ਠੱਪ ਕਰਨ ਲੱਗੇ ਹਨ।
    ਬੁਖ਼ਾਰ, ਖੰਘ, ਬਲਗਮ, ਸਰੀਰ ਟੁੱਟਣਾ ਤਾਂ ਵਧੀਆ ਲੱਛਣ ਹਨ ਕਿ ਸਾਡੀ ਕੁਦਰਤ ਵੱਲੋਂ ਬਖ਼ਸ਼ੀ ਇਮਿਊਨਿਟੀ ਪਹਿਲਾਂ ਤੋਂ ਹੀ ਤਗੜੀ ਹੈ, ਹੋਰ ਤਗੜੀ ਕਰਨ ਦੀ ਲੋੜ ਨਹੀਂ।
    ਬੁਖ਼ਾਰ ਵਾਇਰਸ ਨੂੰ ਹੋਰ ਫੈਲਣ ਤੋਂ ਰੋਕ ਕੇ ਉਸ ਨੂੰ ਮਾਰ ਦਿੰਦਾ ਹੈ। ਵਾਇਰਸ ਨੂੰ ਮਾਰਨ ਬਾਅਦ ਜਿਹੜੀ ਉਸ ਦੀ ਗੰਦਗੀ ਇਕੱਠੀ ਹੁੰਦੀ ਹੈ ਉਸ ਨਾਲ ਸਰੀਰ ਟੁੱਟਦਾ ਮਹਿਸੂਸ ਹੁੰਦਾ ਹੈ। ਇਹ ਗੰਦਗੀ ਜਦੋਂ ਨਸਾਂ ਰਾਹੀਂ ਸਰੀਰ ਬਾਹਰ ਧੱਕਦਾ ਹੈ ਤਾਂ ਸੈੱਲ ਉਨ੍ਹਾਂ ਬਚੇ ਖੁਚੇ ਟੋਟਿਆਂ ਨੂੰ ਬਾਹਰ ਕੱਢਣ ਵੇਲੇ ਦਿਮਾਗ਼ ਨੂੰ ਸੁਣੇਹਾ ਭੇਜ ਦਿੰਦਾ ਹੈ ਕਿ ਹੁਣ ਸਫਾਈ ਲਗਭਗ ਮੁਕੰਮਲ ਹੈ। ਇੰਜ ਸਰੀਰ ਸੁਸਤ ਪੈ ਕੇ ਠੀਕ ਹੋਣ ਵੱਲ ਤੁਰ ਪੈਂਦਾ ਹੈ।
    ਇਸ ਸਾਰੇ ਦੌਰ ਵਿਚ ਹਰੀ ਚਾਹ ਜਾਂ ਕਿਸੇ ਵੀ ਕਿਸਮ ਦੇ ਜ਼ਿੰਕ, ਵਿਟਾਮਿਨ ਜਾਂ ਹੋਰ ਇਮਿਊਨ ਬੂਸਟਰ ਕਿਤੇ ਕੰਮ ਨਹੀਂ ਆਉਂਦੇ ਕਿਉਂਕਿ ਢਿੱਡ ਵਿਚ ਗਈਆਂ ਇਨ੍ਹਾਂ ਚੀਜ਼ਾਂ ਨੂੰ ਹਜ਼ਮ ਕਰ ਕੇ ਕਿਸੇ ਪਾਸੇ ਲਾਉਣ ਨਾਲੋਂ ਸਰੀਰ ਆਪਣੇ ਇਮਿਊਨ ਸਿਸਟਮ ਦੇ ਕੰਮ ਕਾਰ ਵੱਲ ਪੂਰਾ ਧਿਆਨ ਦੇ ਰਿਹਾ ਹੁੰਦਾ ਹੈ।
    ਅਣਗਿਣਤ ਖੋਜਾਂ ਸਾਬਤ ਕਰ ਚੁੱਕੀਆਂ ਹਨ ਕਿ ਜ਼ਿੰਕ ਜਾਂ ਵਿਟਾਮਿਨ ਸੀ ਸਰੀਰ ਵਿਚਲੀ ਕਿਸੇ ਕਿਸਮ ਦੀ ਕਮੀ ਨੂੰ ਠੀਕ ਕਰਨ ਵਿਚ ਭਾਵੇਂ ਥੋੜੀ ਬਹੁਤ ਮਦਦ ਕਰ ਦੇਣ ਪਰ ਵਾਇਰਸ ਦੇ ਮੌਜੂਦਾ ਹੱਲੇ ਦੌਰਾਨ ਬੇਅਸਰ ਹਨ।
    ਜੇ ਅਡੈਪਟਿਵ ਇਮਿਊਨਿਟੀ ਵਿਚ ਅਸਰ ਭਾਲਣਾ ਹੋਵੇ ਤਾਂ ਇਮਿਊਨਿਟੀ ਵਧਾਉਣ ਵਾਲੀਆਂ ਚੀਜ਼ਾਂ ਸਗੋਂ ਕਹਿਰ ਢਾਅ ਸਕਦੀਆਂ ਹਨ ਕਿਉਂਕਿ ਲੋੜੋਂ ਵੱਧ ਇਮਿਊਨ ਰਿਐਕਸ਼ਨ ਲਗਾਤਾਰ ਨਿੱਛਾਂ, ਅੱਖਾਂ ਵਿੱਚੋਂ ਪਾਣੀ ਵੱਗਣਾ, ਅੱਖਾਂ ਲਾਲ ਹੋਣੀਆਂ, ਸਰੀਰ ਟੁੱਟਦਾ ਰਹਿਣਾ, ਥਕਾਵਟ ਆਦਿ ਬਹੁਤ ਵਧਾ ਦੇਵੇਗਾ।
    ਖੋਜਾਂ ਪੂਰੀ ਤਰ੍ਹਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਲੋੜੋਂ ਵੱਧ ਵਿਟਾਮਿਨ ਫ਼ਾਇਦਾ ਕਰਨ ਦੀ ਥਾਂ ਨੁਕਸਾਨਦੇਹ ਸਾਬਤ ਹੋ ਰਹੇ ਹਨ।
    ਨੋਬਲ ਪੁਰਸਕਾਰ ਜੇਤੂ ਪੋਲਿੰਗ ਵੱਲੋਂ ਵਿਟਾਮਿਨ 'ਸੀ' ਦਾ ਜ਼ੁਕਾਮ ਵਿਚ ਵਧੀਆ ਅਸਰ ਵਿਖਾਇਆ ਗਿਆ ਸੀ। ਕਈ ਸਾਲਾਂ ਤੱਕ ਦੁਨੀਆ ਭਰ ਵਿਚ ਇਸ ਵਿਟਾਮਿਨ ਉੱਤੇ ਖੋਜ ਕਰ ਕੇ ਇਹ ਸਾਬਤ ਹੋਇਆ ਕਿ 18,000 ਮਿਲੀਗ੍ਰਾਮ ਵਿਟਾਮਿਨ ਸੀ ਰੋਜ਼ ਖਾਣ ਬਾਅਦ ਵੀ ਕਿਸੇ ਇੱਕ ਵੀ ਮਰੀਜ਼ ਦਾ ਖੰਘ ਜ਼ੁਕਾਮ ਨਾ ਘਟਿਆ ਤੇ ਨਾ ਹੀ ਠੀਕ ਹੋਇਆ। ਇਨ੍ਹਾਂ ਸਾਰੀਆਂ ਖੋਜਾਂ ਦਾ ਨਿਚੋੜ ਸੰਨ 2013 ਵਿਚ ਕੋਕਰੇਨ ਨੇ ਛਾਪਿਆ ਕਿ ਜ਼ੁਕਾਮ ਖੰਘ ਠੀਕ ਕਰਨ ਵਿਚ ਵਿਟਾਮਿਨ ਸੀ ਦਾ ਕੋਈ ਰੋਲ ਨਹੀਂ ਲੱਭਿਆ ਗਿਆ ਬਲਕਿ ਲੋੜੋਂ ਵੱਧ ਵਿਟਾਮਿਨ ਸੀ ਖਾਣ ਨਾਲ ਗੁਰਦੇ ਵਿਚ ਪੱਥਰੀਆਂ ਜ਼ਰੂਰ ਬਣ ਗਈਆਂ।
    ਇਸੇ ਤਰ੍ਹਾਂ ਐਂਟੀਆਕਸੀਡੈਂਟ, ਜ਼ਿੰਕ ਆਦਿ ਵੀ ਬੇਅਸਰ ਸਾਬਤ ਹੋਏ। ਸਿਰਫ਼ ਵਿਟਾਮਿਨ ਡੀ ਦੀ ਜੇ ਕਮੀ ਹੋਵੇ ਤਾਂ ਵਿਟਾਮਿਨ ਡੀ ਸਹੀ ਮਾਤਰਾ ਵਿਚ ਲਈ ਜਾ ਸਕਦੀ ਹੈ।
    ਯੇਲ ਯੂਨੀਵਰਸਿਟੀ ਦੇ ਇਮਿਊਨੋਲੌਜਿਸਟ ਡਾ. ਅਕੀਕੋ ਨੇ ਸਪਸ਼ਟ ਕੀਤਾ ਹੈ ਕਿ ਸੰਨ 1918 ਦੀ ਫਲੂ ਮਹਾਂਮਾਰੀ ਦੌਰਾਨ 50 ਕਰੋੜ ਲੋਕਾਂ ਨੂੰ ਬੀਮਾਰੀ ਹੋਈ ਤੇ ਇਕ ਕਰੋੜ ਮਰ ਗਏ। ਉਦੋਂ ਵਿਕਸ ਵੇਪੋਰਬ, ਸੱਪ ਦੇ ਤੇਲ ਤੇ ਮਿੰਟ ਚੂਸਣ ਦੀਆਂ ਗੋਲੀਆਂ ਦਾ ਅਰਬਾਂ ਦਾ ਕਾਰੋਬਾਰ ਹੋਇਆ। ਕੋਈ ਵਿਰਲਾ ਹੀ ਘਰ ਹੋਵੇਗਾ ਜਿਸ ਨੇ ਉਦੋਂ ਇਨ੍ਹਾਂ ਚੀਜ਼ਾਂ ਨੂੰ ਵਰਤਿਆ ਨਾ ਹੋਵੇ।
    ਉਸ ਤੋਂ ਬਾਅਦ ਅਣਗਿਣਤ ਖੋਜਾਂ ਨੇ ਸਪਸ਼ਟ ਕੀਤਾ ਕਿ ਇਨ੍ਹਾਂ ਚੀਜ਼ਾਂ ਦਾ ਇਮਿਊਨਿਟੀ ਵਧਾਉਣ ਉੱਤੇ ਕੋਈ ਅਸਰ ਨਹੀਂ ਪਿਆ। ਸਿਰਫ਼ ਹਰ ਕਿਸੇ ਦੇ ਮਨ ਨੂੰ ਇਹ ਤਸੱਲੀ ਹੋ ਗਈ ਸੀ ਕਿ ਉਨ੍ਹਾਂ ਨੇ ਕੋਈ ਫ਼ਾਇਦੇਮੰਦ ਚੀਜ਼ ਖਾਧੀ ਹੈ ਜਿਸ ਨਾਲ ਉਹ ਬਚ ਜਾਣਗੇ।

ਮੌਜੂਦਾ ਹਾਲਾਤ :-
    ਇਸ ਸਮੇਂ ਵਿਸ਼ਵ ਪੱਧਰ ਉੱਤੇ ਖ਼ਰਬਾਂ ਦਾ ਕਾਰੋਬਾਰ ਸਿਰਫ਼ ਇਮਿਊਨਿਟੀ ਵਧਾਉਣ ਉੱਤੇ ਕੇਂਦ੍ਰਿਤ ਹੋਇਆ ਪਿਆ ਹੈ। ਜੇ ਸਮਝ ਆ ਗਈ ਹੋਵੇ ਕਿ ਇਮਿਊਨਿਟੀ ਨਾਲ ਛੇੜਛਾੜ ਮਹਿੰਗੀ ਪੈ ਸਕਦੀ ਹੈ ਤਾਂ ਇਸ ਝੰਜਟ ਤੋਂ ਪਰ੍ਹਾਂ ਹੋ ਕੇ ਸੰਤੁਲਿਤ ਖ਼ੁਰਾਕ, ਕਸਰਤ ਅਤੇ ਚੜ੍ਹਦੀਕਲਾ ਨਾਲ ਕੀਟਾਣੂਆਂ ਨਾਲ ਵਿੱਢੀ ਜੰਗ ਤਾਂ ਜਿੱਤੀ ਜਾ ਹੀ ਸਕਦੀ ਹੈ, ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨਾਲ ਵੀ ਲੜਿਆ ਜਾ ਸਕਦਾ ਹੈ।

ਸਾਰ :-
    ਸਾਰ ਇਹੋ ਹੈ ਕਿ ਅੰਤ ਤਾਂ ਹਰ ਕਿਸੇ ਉੱਤੇ ਆਉਣਾ ਹੀ ਹੈ। ਆਪਣੇ ਸਰੀਰ ਨਾਲ ਜਾਂ ਕੁਦਰਤ ਨਾਲ ਛੇੜਛਾੜ ਕਰਨੀ ਮਹਿੰਗੀ ਪੈਂਦੀ ਹੈ। ਇਮਿਊਨਿਟੀ ਵਧਾਉਣ ਜਾਂ ਸਰੀਰ ਵਿਚਲੇ ਇਮਿਊਨ ਸਿਸਟਮ ਨੂੰ ਹਾਲੇ ਤੱਕ ਆਪਣੇ ਹਿਸਾਬ ਨਾਲ ਚਲਾਉਣ ਦਾ ਢੰਗ ਕਿਸੇ ਨੂੰ ਨਹੀਂ ਆਇਆ। ਇਨ੍ਹਾਂ ਢਕੋਸਲਿਆਂ ਤੋਂ ਬਚ ਕੇ, ਫਾਲਤੂ ਦੇ ਸੈਨੇਟਾਈਜ਼ਰ ਤੇ ਡਿਸਇਨਫੈਕਟੈਂਟਾਂ ਤੋਂ ਨਿਜਾਤ ਪਾਉਣੀ ਬਿਹਤਰ ਹੈ। ਗੰਦਗੀ ਹਰ ਹਾਲ ਫੈਲਾਉਣ ਤੋਂ ਰੋਕਣ ਦੀ ਲੋੜ ਹੈ। ਮਾਸਕ ਪਾ ਕੇ ਆਪਣੇ ਸਾਹ ਰਾਹੀਂ ਫੈਲਦੇ ਕੀਟਾਣੂਆਂ ਨੂੰ ਜ਼ਰੂਰ ਬੰਨ੍ਹਿਆ ਜਾ ਸਕਦਾ ਹੈ।

 
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਕੋਵਿਡ ਅਪਡੇਟ ਅਤੇ ਉਸਦੇ ਟੀਕਾਕਰਨ ਦਾ ਕੱਚ ਸੱਚ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਸੰਨ 1846 ਦੀ ਗੱਲ ਹੈ। ਹੰਗਰੀ ਵਿਚ ਡਾ. ਇਗਨਾਜ਼ ਸੈੱਮਲਵੀ ਵਿਏਨਾ ਜਨਰਲ ਹਸਪਤਾਲ ਵਿਚ ਕੰਮ ਕਰਦਾ ਸੀ। ਉਸ ਨੇ ਵੇਖਿਆ ਕਿ ਮੁਰਦਾਘਰ ਵਿਚ ਲਾਸ਼ਾਂ ਦੀ ਕੱਟ ਵੱਢ ਕਰਨ ਬਾਅਦ ਡਾਕਟਰ ਨਾਲ ਲੱਗਦੇ ਜੱਚਾ ਵਿਭਾਗ ਵਿਚ ਰਾਊਂਡ ਕਰਨ ਜਾ ਰਹੇ ਹਨ। ਉਸ ਵਿਭਾਗ ਵਿਚ ਮੌਤ ਦਰ ਬਾਕੀਆਂ ਨਾਲੋਂ ਕਈ ਗੁਣਾ ਵੱਧ ਸੀ।
ਜਿਹੜੇ ਵਾਰਡਾਂ ਨੇੜੇ ਕੋਈ ਮੁਰਦਾਘਰ ਨਹੀਂ ਸੀ, ਉੱਥੇ ਮੌਤ ਦਰ ਬਹੁਤ ਘੱਟ ਸੀ। ਉਸ ਨੇ ਲਗਾਤਾਰ ਇਸ ਪੱਖ ਉੱਤੇ ਖੋਜ ਕਰ ਕੇ ਨਤੀਜਾ ਕੱਢਿਆ ਕਿ ਲਾਸ਼ਾਂ ਦੀ ਕੱਟ ਵੱਢ ਕਰਦਿਆਂ ਹੱਥਾਂ ਉੱਤੇ ਬਰੀਕ ਕਣ ਲੱਗੇ ਰਹਿ ਜਾਂਦੇ ਸਨ। ਉਹੀ ਹੱਥ ਜਦੋਂ ਜੱਚਾ ਦੀ ਚੈੱਕਅੱਪ ਕਰਦੇ ਸਨ ਤਾਂ ਉਨ੍ਹਾਂ ਵਿਚ ਬੁਖ਼ਾਰ ਹੋਣ ਲੱਗ ਪੈਂਦਾ ਸੀ। ਇਹੀ ਉਨ੍ਹਾਂ ਦੀ ਮੌਤ ਦਰ ਵਧਾ ਰਿਹਾ ਸੀ।
ਇਸ ਦਾ ਮਤਲਬ ਉਸ ਇਹ ਕੱਢਿਆ ਕਿ ਲਾਸ਼ਾਂ ਵਿਚਲੇ ਕਣ ਕੁੱਝ ਖ਼ਰਾਬੀ ਕਰ ਰਹੇ ਹਨ। ਡਾ. ਸੈੱਮਲਵੀ ਨੇ ਉਸ ਵਾਰਡ ਵਿਚ ਦਾਖਲ ਹੋਣ ਵਾਲੇ ਡਾਕਟਰਾਂ ਲਈ ਇੱਕ ਵੱਖ ਕਾਨੂੰਨ ਲਾਗੂ ਕਰ ਦਿੱਤਾ। ਉਸ ਦੇ ਕਹਿਣ ਮੁਤਾਬਕ ਸਾਰੇ ਡਾਕਟਰ ਕਲੋਰੀਨ ਨਾਲ ਹੱਥ ਧੋ ਕੇ ਵਾਰਡ ਵਿਚ ਆਉਣ ਲੱਗ ਪਏ। ਸਿਰਫ਼ ਏਨੇ ਨਾਲ ਹੀ ਇੱਕ ਮਹੀਨੇ ਵਿਚ ਮੌਤ ਦਰ 10 ਫੀਸਦੀ ਤੋਂ ਘੱਟ ਕੇ ਦੋ ਫੀਸਦੀ ਰਹਿ ਗਈ। ਇਸ ਗੱਲ ਨਾਲ ਉਸ ਦੀ ਚੁਫ਼ੇਰੇ ਲੋਕਾਂ ਵਿਚ ਸੋਭਾ ਫੈਲ ਗਈ। ਸਾਥੀ ਡਾਕਟਰਾਂ ਨੂੰ ਇਸ ਗੱਲ ਦਾ ਬਹੁਤ ਸਾੜਾ ਲੱਗਿਆ। ਲਹੂ ਦਾ ਘੁੱਟ ਪੀ ਕੇ ਬੈਠੇ ਡਾਕਟਰਾਂ ਨੇ ਉਸ ਵਿਰੁੱਧ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ। ਸੰਨ 1861 ਵਿਚ ਡਾਕਟਰ ਸੈੱਮਲਵੀ ਨੇ ਆਪਣੀ ਖੋਜ ਛਾਪੀ ਜੋ ਇਤਿਹਾਸ ਮੁਤਾਬਕ ਸੈਨੇਟਾਈਜੇਸ਼ਨ ਬਾਰੇ ਪਹਿਲੀ ਖੋਜ ਸੀ। ਇਸ ਦੀ ਚਰਚਾ ਏਨੀ ਜ਼ਿਆਦਾ ਹੋ ਗਈ ਕਿ ਸਾਥੀ ਡਾਕਟਰਾਂ ਨੇ ਸਾੜੇ ਸਦਕਾ ਸਿਆਸੀ ਲੀਡਰਾਂ ਦੀ ਮਦਦ ਨਾਲ ਵਿਚਾਰੇ ਬੇਗੁਣਾਹ ਡਾਕਟਰ ਸੈੱਮਲਵੀ ਨੂੰ ਹਸਪਤਾਲ ਵਿੱਚੋਂ ਬਾਹਰ ਕੱਢਵਾ ਦਿੱਤਾ। ਜਦੋਂ ਏਨੇ ਬਾਅਦ ਵੀ ਉਸ ਦੀ ਸੋਭਾ ਘੱਟ ਨਾ ਹੋਈ ਤਾਂ ਹੋਰ ਤਸੀਹੇ ਦੇਣ ਦੀ ਕੋਸ਼ਿਸ਼ ਕੀਤੀ ਗਈ। ਉਸ ਵਿਰੁੱਧ ਉਸ ਦੀ ਪਤਨੀ ਦੇ ਵੀ ਕੰਨ ਭਰ ਦਿੱਤੇ ਗਏ ਜੋ ਉਸ ਨੂੰ ਪਾਗਲ ਮੰਨ ਕੇ ਛੱਡ ਕੇ ਚਲੀ ਗਈ। ਸਾਥੀ ਡਾਕਟਰਾਂ ਨੇ ਲੋਕਾਂ ਵਿਚ ਵੀ ਉਸ ਨੂੰ ਪਾਗਲ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਤੇ ਅਖ਼ੀਰ ਸਿਆਸੀ ਲੀਡਰਾਂ ਦੀ ਮਦਦ ਨਾਲ ਧੱਕੋਜ਼ੋਰੀ ਉਸ ਨੂੰ ਸੰਨ 1865 ਵਿਚ ਪਾਗਲਖ਼ਾਨੇ ਡੱਕ ਦਿੱਤਾ ਗਿਆ। ਉੱਥੇ ਲਾਸ਼ਾਂ ਕੱਟਣ ਵਾਲੇ ਵਰਤੇ ਹੋਏ ਔਜ਼ਾਰ ਵੀ ਰੱਖ ਦਿੱਤੇ ਗਏ ਤੇ 14 ਦਿਨਾਂ ਦੇ ਅੰਦਰ ਹੀ ਇਨਫੈਕਸ਼ਨ ਨਾਲ ਅਤੇ ਗਾਰਡਾਂ ਵੱਲੋਂ ਬੇਤਹਾਸ਼ਾ ਕੀਤੀ ਮਾਰ ਕੁਟਾਈ ਸਦਕਾ ਉਸ ਦੀ ਮੌਤ ਹੋ ਗਈ।
ਉਸ ਦੀ ਮੌਤ ਤੋਂ ਕੁੱਝ ਸਾਲਾਂ ਬਾਅਦ ਲੂਈ ਪਾਸਚਰ ਨੇ ਕੀਟਾਣੂਆਂ ਤੇ ਉਨ੍ਹਾਂ ਤੋਂ ਹੁੰਦੀਆਂ ਬੀਮਾਰੀਆਂ ਬਾਰੇ ਚੇਤੰਨ ਕੀਤਾ ਅਤੇ ਡਾ. ਸੈੱਮਲਵੀ ਦੀ ਖੋਜ ਨੂੰ ਸੱਚ ਸਾਬਤ ਕਰ ਦਿੱਤਾ। ਡੇਢ ਸੌ ਸਾਲ ਬਾਅਦ ਡਾ. ਸੈੱਮਲਵੀ ਦੇ ਨਾਂ ਉੱਤੇ ਬਣੀ ਸੈੱਮਲਵੀ ਯੂਨੀਵਰਸਿਟੀ ਵਿਖੇ ਡਾਕਟਰਾਂ ਨੂੰ ਤੇ ਆਮ ਲੋਕਾਂ ਨੂੰ ਹੱਥ ਸੈਨੇਟਾਈਜ਼ ਕਰਨ ਦੇ ਢੰਗ ਪਹਿਲੀ ਵਾਰ ਸਿਖਾਏ ਗਏ। ਉਹੀ ਢੰਗ ਹੁਣ ਤੱਕ ਸਹੀ ਸਾਬਤ ਹੋ ਰਹੇ ਹਨ ਕਿ ਕਿਸੇ ਵੀ ਤਰ੍ਹਾਂ ਦੀ ਬੀਮਾਰੀ ਤੋਂ ਬਚਣ ਲਈ ਸਭ ਤੋਂ ਬਿਹਤਰ ਤਰੀਕਾ ਸਾਬਣ ਨਾਲ ਚੰਗੀ ਤਰ੍ਹਾਂ ਹੱਥ ਧੋਣੇ ਹਨ। ਬਾਕੀ ਹਰ ਤਰ੍ਹਾਂ ਦੇ ਸੈਨੇਟਾਈਜ਼ਰ ਬਾਅਦ ਵਿਚ ਆਉਂਦੇ ਹਨ। ਨੋਵਲ ਕੋਰੋਨਾ ਸਾਰਸ ਕੋਵ-2 ਵਿਚ ਵੀ ਸਭ ਤੋਂ ਵੱਧ ਅਸਰਦਾਰ ਸਾਬਣ ਨਾਲ ਹੱਥ ਧੋਣਾ ਹੀ ਸਾਬਤ ਹੋ ਚੁੱਕਿਆ ਹੈ।
ਕੋਵਿਡ ਬੀਮਾਰੀ ਬਾਰੇ ਵਿਸ਼ਵ ਭਰ ਵਿਚ ਖੋਜਾਂ ਲਗਾਤਾਰ ਜਾਰੀ ਹਨ। ਇਸ ਬਾਰੇ ਹੌਲੀ-ਹੌਲੀ ਸਮਝ ਵਿਚ ਵਾਧਾ ਹੋ ਰਿਹਾ ਹੈ। ਤਾਜ਼ਾ ਖੋਜਾਂ ਮੁਤਾਬਕ ਕੋਵਿਡ ਪੀੜਤ ਮਰੀਜ਼ਾਂ ਵਿਚ ਨੱਕ ਤੋਂ ਲਏ ਟੈਸਟ 30 ਫੀਸਦੀ ਕੇਸਾਂ ਵਿਚ ਹੀ ਪਾਜ਼ੀਟਿਵ ਮਿਲੇ ਹਨ। ਗਲੇ ਤੋਂ ਲਏ ਸੈਂਪਲ ਵਿਚ 50 ਫੀਸਦੀ ਕੇਸਾਂ ਵਿਚ ਟੈਸਟ ਪਾਜ਼ੀਟਿਵ ਮਿਲਿਆ, ਬਲਗਮ ਵਿਚ 70 ਫੀਸਦੀ ਤੇ ਫੇਫੜਿਆਂ ਅੰਦਰਲੇ ਪਾਣੀ ਵਿਚ 90 ਫੀਸਦੀ ਮਰੀਜ਼ਾਂ ਵਿਚ।
ਸ਼ੁਰੂਆਤੀ ਦੌਰ ਵਿਚ ਟੈਸਟ ਪਾਜ਼ੀਟਿਵ ਹੋਣ ਦੇ ਆਸਾਰ ਵੱਧ ਹੁੰਦੇ ਹਨ। ਜਿਉਂ ਹੀ ਬੀਮਾਰੀ ਦੇ ਲੱਛਣ ਵੱਧਣ ਤਾਂ ਟੈਸਟ ਨੈਗੇਟਿਵ ਹੋ ਸਕਦਾ ਹੈ। ਬੱਚਿਆਂ ਵਿਚ ਆਮ ਤੌਰ ਉੱਤੇ ਟੈਸਟ ਨੈਗੇਟਿਵ ਹੁੰਦਾ ਹੈ।
ਆਮ ਹੋ ਰਿਹਾ ਟੈਸਟ, ਜੋ ਕੋਵਿਡ ਬੀਮਾਰੀ ਲਈ ਕੀਤਾ ਜਾ ਰਿਹਾ ਹੈ,  ਆਰ.ਟੀ.ਪੀ.ਸੀ.ਆਰ. ਹੈ, ਜੋ ਜਿਊਂਦੇ ਅਤੇ ਮਰ ਚੁੱਕੇ ਕੋਰੋਨਾ ਵਾਇਰਸ ਵਿਚ ਫ਼ਰਕ ਨਹੀਂ ਦੱਸ ਸਕਦਾ। ਇਸ ਦਾ ਮਤਲਬ ਇਹ ਹੈ ਕਿ ਪਾਜ਼ੀਟਿਵ ਟੈਸਟ ਵਿਚ ਵੀ ਬੀਮਾਰੀ ਹੋਣ ਦਾ ਖ਼ਤਰਾ ਨਾ ਬਰਾਬਰ ਹੋ ਸਕਦਾ ਹੈ।
ਇਹੀ ਟੈਸਟ ਬੀਮਾਰੀ ਖ਼ਤਮ ਹੋ ਜਾਣ ਬਾਅਦ ਵੀ ਮਹੀਨਿਆਂ ਬੱਧੀ ਪਾਜ਼ੀਟਿਵ ਰਹਿ ਸਕਦਾ ਹੈ। ਏਸੇ ਲਈ ਦੁਬਾਰਾ ਟੈਸਟ ਕਰਵਾਉਣ ਦਾ ਬਹੁਤਾ ਫ਼ਾਇਦਾ ਨਹੀਂ ਹੈ। ਦਸ ਦਿਨਾਂ ਦੀ ਬੀਮਾਰੀ ਤੋਂ ਬਾਅਦ ਕਿਸੇ ਮਰੀਜ਼ ਕੋਲੋਂ ਹੋਰਨਾਂ ਤੱਕ ਬੀਮਾਰੀ ਫੈਲਣ ਦਾ ਖ਼ਤਰਾ ਨਾ ਬਰਾਬਰ ਹੁੰਦਾ ਹੈ।
ਬੀਮਾਰ ਮਰੀਜ਼ ਦੇ ਗਲੇ ਵਿੱਚੋਂ ਸਭ ਤੋਂ ਵੱਧ ਵਾਇਰਸ ਫੈਲਣ ਦਾ ਖ਼ਤਰਾ ਚੌਥੇ ਦਿਨ ਹੁੰਦਾ ਹੈ। ਉਸ ਤੋਂ ਬਾਅਦ ਗਲੇ ਵਿੱਚੋਂ ਫੈਲਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
ਮਰੀਜ਼ ਦੀ ਬਲਗਮ ਵਿਚ ਵਾਇਰਸ ਚੌਥੇ ਤੋਂ ਨੌਵੇਂ ਦਿਨ ਤਕ ਰਹਿੰਦਾ ਹੈ ਤੇ ਗਿਆਹਰਵੇਂ ਦਿਨ ਤੱਕ ਖ਼ਤਮ ਹੋ ਜਾਂਦਾ ਹੈ। ਟੱਟੀ ਰਾਹੀਂ ਇਹ ਵਾਇਰਸ ਤਿੰਨ ਹਫ਼ਤੇ ਤੱਕ ਬਾਹਰ ਨਿਕਲਦਾ ਰਹਿੰਦਾ ਹੈ।
ਇਸ ਦੌਰਾਨ ਜੇ ਮਰੀਜ਼ ਨੂੰ ਕੋਈ ਲੱਛਣ ਨਹੀਂ ਹੈ ਤਾਂ ਉਹ ਘਰ ਹੀ ਆਰਾਮ ਨਾਲ ਰਹਿ ਸਕਦਾ ਹੈ। ਘਰ ਅੰਦਰ ਇੱਕ ਮਰੀਜ਼ ਤੋਂ ਦੂਜੇ ਨੂੰ ਵਾਇਰਸ ਫੈਲਣ ਦਾ ਖ਼ਤਰਾ 30 ਫੀਸਦੀ ਹੈ ਜੋ 'ਸਾਰਸ' ਤੇ 'ਮਰਸ' ਵਾਇਰਸ ਤੋਂ ਕਿਸੇ ਵੱਧ ਹੈ। ਇਸੇ ਲਈ ਘੱਟ ਲੱਛਣਾਂ ਵਾਲੇ ਮਰੀਜ਼ ਨੂੰ ਘਰ ਵਿਚ ਵੀ ਵੱਖ ਕਮਰੇ ਵਿਚ ਰੱਖਣਾ ਚਾਹੀਦਾ ਹੈ।
ਕੋਰੋਨਾ ਵਾਇਰਸ ਪਲਾਸਟਿਕ ਉੱਤੇ 72 ਘੰਟੇ ਜ਼ਿੰਦਾ ਰਹਿ ਜਾਂਦਾ ਹੈ, ਸਟੀਲ ਉੱਤੇ 48 ਘੰਟੇ, ਤਾਂਬੇ ਉੱਤੇ 4 ਘੰਟੇ, ਗੱਤੇ ਉੱਤੇ 24 ਘੰਟੇ ਤੇ ਨਿੱਛ ਰਾਹੀਂ ਹਵਾ ਵਿਚ ਤਿੰਨ ਘੰਟੇ। ਜੇ ਹਵਾ ਵਿਚ ਨਮੀ 40 ਫੀਸਦੀ ਹੋਵੇ ਤਾਂ 7 ਦਿਨ ਤੱਕ ਵਾਇਰਸ ਜ਼ਿੰਦਾ ਰਹਿ ਜਾਂਦਾ ਹੈ।
ਜੇ ਤਾਪਮਾਨ 22 ਡਿਗਰੀ ਸੈਂਟੀਗਰੇਡ ਹੋਵੇ ਅਤੇ ਨਮੀ 65 ਫੀਸਦੀ ਹੋਵੇ ਤਾਂ ਅਖ਼ਬਾਰੀ ਕਾਗਜ਼ ਉੱਤੇ ਤਿੰਨ ਘੰਟੇ, ਲੱਕੜ ਅਤੇ ਕਪੜੇ ਉੱਤੇ ਦੋ ਦਿਨ, ਸ਼ੀਸ਼ੇ ਅਤੇ ਬੈਂਕ ਦੇ ਨੋਟਾਂ ਉੱਤੇ 4 ਦਿਨ, ਪਲਾਸਟਿਕ ਅਤੇ ਸਟੀਲ ਉੱਤੇ 7 ਦਿਨ ਤੱਕ ਵਾਇਰਸ ਜ਼ਿੰਦਾ ਰਹਿ ਜਾਂਦਾ ਹੈ।
ਸਭ ਤੋਂ ਵੱਧ ਜ਼ਰੂਰੀ ਨੁਕਤਾ ਇਹ ਸਾਹਮਣੇ ਆ ਚੁੱਕਿਆ ਹੈ ਕਿ ਮਰੀਜ਼ ਦੇ ਸਰੀਰ ਅੰਦਰਲੀਆਂ ਐਂਟੀਬਾਡੀਜ਼ ਦੂਜੀ ਵਾਰ ਕੋਰੋਨਾ ਦੇ ਹੱਲੇ ਨੂੰ ਪੂਰੀ ਤਰ੍ਹਾਂ ਰੋਕਣ ਦੇ ਸਮਰੱਥ ਨਹੀਂ ਹਨ।


ਹਰਡ ਇਮਿਊਨਿਟੀ :- ਜਦੋਂ ਵੱਡੀ ਗਿਣਤੀ ਲੋਕ ਕਿਸੇ ਕਿਸਮ ਦੀ ਬੀਮਾਰੀ ਤੋਂ ਬਚ ਜਾਣ ਅਤੇ ਉਨ੍ਹਾਂ ਦੇ ਸਰੀਰ ਉਸ ਬੀਮਾਰੀ ਵਿਰੁੱਧ ਐਂਟੀਬਾਡੀਜ਼ ਤਿਆਰ ਕਰ ਲੈਣ ਤਾਂ ਉਨ੍ਹਾਂ ਦਾ ਇਮਿਊਨ ਸਿਸਟਮ ਏਨਾ ਤਗੜਾ ਹੋ ਜਾਂਦਾ ਹੈ ਕਿ ਕੀਟਾਣੂ ਦੁਬਾਰਾ ਹੱਲਾ ਕਰ ਹੀ ਨਹੀਂ ਸਕਦੇ।
    ਇਹੋ ਜਿਹਾ ਹਾਲ ਤਾਂ ਹੀ ਹੋ ਸਕਦਾ ਹੈ ਜੇ ਟੀਕਾਕਰਨ ਹੋ ਜਾਵੇ ਜਾਂ ਵੱਡੀ ਗਿਣਤੀ ਲੋਕ ਉਸ ਬੀਮਾਰੀ ਨੂੰ ਸਹੇੜ ਚੁੱਕੇ ਹੋਣ ਤੇ ਕੁਦਰਤੀ ਤੌਰ ਉੱਤੇ ਉਨ੍ਹਾਂ ਦੀ ਬੀਮਾਰੀ ਨਾਲ ਲੜਨ ਦੀ ਤਾਕਤ ਕਈ ਗੁਣਾਂ ਵੱਧ ਜਾਵੇ। ਇੰਜ ਬੀਮਾਰੀ ਹੋਰ ਫੈਲ ਨਹੀਂ ਸਕਦੀ। ਇਸੇ ਨੂੰ ਹਰਡ ਇਮਿਊਨਿਟੀ ਕਹਿੰਦੇ ਹਨ।
    ਨਵਜੰਮੇਂ ਬੱਚੇ ਦਾ ਆਪਣਾ ਇਮਿਊਨ ਸਿਸਟਮ ਤਗੜਾ ਨਹੀਂ ਹੁੰਦਾ ਅਤੇ ਉਸ ਦੇ ਸਰੀਰ ਅੰਦਰ ਮਾਂ ਦੇ ਸਰੀਰ ਵੱਲੋਂ ਬਣੀਆਂ ਬਣਾਈਆਂ ਐਂਟੀਬਾਡੀਜ਼ ਪਹੁੰਚ ਜਾਂਦੀਆਂ ਹਨ ਜਿਸ ਸਦਕਾ ਟੀਕਾ ਲਾਉਣ ਦਾ ਕੋਈ ਫ਼ਾਇਦਾ ਨਹੀਂ ਹੁੰਦਾ।
    ਜਦੋਂ ਦੁਨੀਆ ਭਰ ਵਿਚ ਹਰਡ ਇਮਿਊਨਿਟੀ ਹੋ ਜਾਵੇ ਤਾਂ ਉਹ ਬੀਮਾਰੀ ਹਮੇਸ਼ਾ ਲਈ ਖ਼ਤਮ ਹੋ ਜਾਂਦੀ ਹੈ ਜਿਵੇਂ ਸਮਾਲ ਪਾਕਸ (ਵੱਡੀ ਮਾਤਾ)। ਅਫ਼ਸੋਸ ਕਿ ਅੱਜ ਵੀ ਪਿੰਡਾਂ ਵਿਚ ਲੋਕਾਂ ਨੂੰ ਮੂਰਖ ਬਣਾ ਕੇ ਕਈ ਨੀਮ ਹਕੀਮ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਵੱਡੀ ਮਾਤਾ ਕਹਿ ਕੇ ਲੋਕਾਂ ਨੂੰ ਲੁੱਟਦੇ ਜਾ ਰਹੇ ਹਨ ਜਦਕਿ ਇਹ ਰੋਗ ਪੂਰੀ ਦੁਨੀਆ ਵਿੱਚੋਂ ਖ਼ਤਮ ਹੋ ਚੁੱਕਿਆ ਹੈ।
    ਕੋਵਿਡ ਬੀਮਾਰੀ ਵਿਚ ਹਾਲੇ ਹਰਡ ਇਮਿਊਨਿਟੀ ਨਹੀਂ ਬਣੀ ਕਿਉਂਕਿ 60 ਫੀਸਦੀ ਲੋਕਾਂ ਵਿਚ ਹਾਲੇ ਇਮਿਊਨਿਟੀ ਨਹੀਂ ਹੈ ਅਤੇ ਇਹ ਤੱਥ ਵੀ ਹਾਲੇ ਖੋਜ ਅਧੀਨ ਹੈ ਕਿ ਕੋਵਿਡ ਬੀਮਾਰੀ ਤੋਂ ਬਾਅਦ ਬਣੀਆਂ ਐਂਟੀਬਾਡੀਜ਼ ਕਿੰਨਾ ਕੁ ਚਿਰ ਅਸਰਦਾਰ ਹਨ!
    ਹੁਣ ਤੱਕ ਦੀਆਂ ਖੋਜਾਂ ਵਿਚ ਇਹ ਪਤਾ ਲੱਗਿਆ ਹੈ ਕਿ 20 ਫੀਸਦੀ ਲੋਕਾਂ ਵਿਚ ਬੀਮਾਰੀ ਤੋਂ ਬਾਅਦ ਐਂਟੀਬਾਡੀਜ਼ ਨਾ ਬਰਾਬਰ ਹੀ ਬਚੀਆਂ ਹਨ। ਇਸੇ ਲਈ ਹਾਲੇ ਤੱਕ ਕੋਈ ਅਸਰਦਾਰ ਟੀਕਾ ਬਣ ਨਹੀਂ ਸਕਿਆ ਅਤੇ ਹਾਲੇ ਟੈਸਟ ਹੀ ਚੱਲ ਰਹੇ ਹਨ।
    ਉਪਰੋਕਤ ਸਾਰੇ ਤੱਥ 56 ਵੱਖੋ-ਵੱਖ ਅੰਤਰਰਾਸ਼ਟਰੀ ਖੋਜਾਂ ਉੱਤੇ ਆਧਾਰਿਤ ਹਨ ਜਿਨ੍ਹਾਂ ਵਿਚ ਬਹੁਤੀਆਂ ਚੀਨ ਅਤੇ ਜਪਾਨ ਵਿਚ ਹੋਈਆਂ ਹਨ, ਬਾਕੀ ਫਿਨਾਡੈਲਫੀਆ, ਇੰਗਲੈਂਡ, ਵਿਸ਼ਵ ਸਿਹਤ ਸੰਸਥਾ, ਸਿੰਗਾਪੁਰ, ਆਦਿ ਵਿਚ ਵੀ ਹੋਈਆਂ ਹਨ ਅਤੇ ਚੋਟੀ ਦੇ ਅੰਤਰਰਾਸ਼ਟਰੀ ਰਸਾਲਿਆਂ, ਜਿਵੇਂ ਨੇਚਰ, ਲੈਨਸਟ ਤੇ ਸਾਇੰਸ ਵਿਚ ਛਪ ਚੁੱਕੀਆਂ ਹਨ।


ਕੋਵਿਡ ਵਿਚ ਇਮਿਊਨ ਸਿਸਟਮ ਦਾ ਰੋਲ :-
    ਸਰੀਰ ਅੰਦਰ ਦੋ ਤਰ੍ਹਾਂ ਦੇ ਸਿਸਟਮ ਇਮਿਊਨਿਟੀ ਬਣਾਉਂਦੇ ਹਨ- 'ਟੀ ਸੈੱਲ' ਤੇ 'ਬੀ ਸੈੱਲ'। 'ਟੀ ਸੈੱਲ' ਸਰੀਰ ਵਿਚਲੇ ਥਾਈਮਸ ਗਲੈਂਡ ਵਿਚ ਹੁੰਦੇ ਹਨ ਅਤੇ ਸੈੱਲਾਂ ਰਾਹੀਂ ਬੀਮਾਰੀ ਨਾਲ ਲੜਨ ਦੀ ਤਾਕਤ ਵਧਾਉਂਦੇ ਹਨ। 'ਬੀ ਸੈੱਲ' ਹੱਡੀਆਂ ਦੇ ਮਾਦੇ ਵਿਚ ਹੁੰਦੇ ਹਨ ਅਤੇ ਇਮਿਊਨਿਟੀ ਵਧਾਉਣ ਲਈ ਐਂਡੀਬਾਡੀ ਬਣਾਉਂਦੇ ਹਨ। ਇਹ ਐਂਟੀਬਾਡੀਜ਼ 'ਆਈ.ਜੀ.ਐਮ.' ਅਤੇ 'ਆਈ.ਜੀ.ਜੀ.' ਹੁੰਦੀਆਂ ਹਨ। ਬੀਮਾਰੀ ਹੋਣ ਤੋਂ 6 ਤੋਂ 15 ਦਿਨਾਂ ਅੰਦਰ ਸਰੀਰ ਵਿਚ ਇਹ ਤਿਆਰ ਹੋ ਜਾਂਦੀਆਂ ਹਨ। ਲਗਭਗ 12 ਤੋਂ 52 ਹਫ਼ਤਿਆਂ ਦੇ ਵਿਚ ਇਹ ਐਂਟੀਬਾਡੀਜ਼ ਘੱਟ ਜਾਂਦੀਆਂ ਹਨ। 'ਸਾਰਸ ਕੋਵ ਇਕ' ਦੀਆਂ ਐਂਟੀਬਾਡੀਜ਼ ਦੋ ਤੋਂ ਤਿੰਨ ਸਾਲ ਤਕ ਚੁਸਤ ਰਹਿੰਦੀਆਂ ਹਨ।
    ਕੋਵਿਡ ਬੀਮਾਰੀ ਵਿਚ ਟੀ ਜਾਂ ਬੀ ਸੈੱਲ ਵਿੱਚੋਂ ਕਿਹੜੇ ਸੈੱਲ ਵੱਧ ਇਮਿਊਨਿਟੀ ਦੇ ਰਹੇ ਹਨ, ਬਾਰੇ ਖੋਜਾਂ ਜਾਰੀ ਹਨ। ਹੁਣ ਤੱਕ ਦੇ ਮਰੀਜ਼ਾਂ ਨੂੰ ਘੋਖਣ ਬਾਅਦ ਇਹ ਪਤਾ ਲੱਗਿਆ ਹੈ ਕਿ ਇਮਿਊਨਿਟੀ ਬਹੁਤੀ ਤਗੜੀ ਨਹੀਂ ਹੈ ਤੇ ਨਾ ਹੀ ਲੰਮੇ ਸਮੇਂ ਲਈ ਬਣ ਰਹੀ ਹੈ। ਇਸੇ ਲਈ ਦੁਬਾਰਾ ਕੋਵਿਡ ਦਾ ਹੱਲਾ ਹੋ ਸਕਦਾ ਹੈ।


ਕੋਵਿਡ ਤੋਂ ਬਚਣ ਲਈ ਟੀਕੇ :-
    ਹੁਣ ਤੱਕ ਦੀਆਂ ਖੋਜਾਂ ਬਾਅਦ ਤਿਆਰ ਕੀਤੇ ਟੀਕੇ ਲਗਭਗ 26 ਕਿਸਮਾਂ ਦੇ ਹਨ। ਇਹ ਧਿਆਨ ਰਹੇ ਕਿ ਕਈ ਸਾਲਾਂ ਦੀ ਮਿਹਨਤ ਬਾਅਦ ਵੀ ਸਾਰਸ, ਮਰਸ ਤੇ ਜ਼ੀਕਾ ਵਾਇਰਸ ਵਿਰੁੱਧ ਇੱਕ ਵੀ ਅਸਰਦਾਰ ਟੀਕਾ ਨਹੀਂ ਬਣ ਸਕਿਆ ਹੈ।


ਮੌਜੂਦਾ ਖੋਜਾਂ ਵਿਚਲੇ ਟੀਕੇ :-
1.    ਆਕਸਫੋਰਡ ਵੱਲੋਂ ਤਿਆਰ ਹੋਇਆ ਟੀਕਾ-ਕੋਵੀ ਸ਼ੀਲਡ ਜੋ ਲਗਭਗ 1000 ਰੁਪੈ ਦਾ ਹੈ।
2.    ਕੋਵੈਕਸਿਨ :- ਭਾਰਤ ਵੱਲੋਂ ਤਿਆਰ ਕੀਤਾ ਟੀਕਾ
3.    ਮੌਡਰਨਾ ਟੀਕਾ-ਅਮਰੀਕਾ ਵੱਲੋਂ ਤਿਆਰ ਹੋਇਆ, ਜੋ ਆਰ.ਐਨ.ਏ., ਵਾਇਰਸ ਉੱਤੇ ਆਧਾਰਿਤ ਹੈ।
4.    ਸਾਈਨੋਵੈਕ (ਚੀਨ)-ਇਸ ਦੀਆਂ ਸਭ ਤੋਂ ਵਧ ਖੋਜਾਂ ਹੋ ਚੁੱਕੀਆਂ ਹਨ।
5.    ਬਾਇਓ ਐਨ.ਟੈਕ. (ਜਰਮਨੀ)- ਆਰ.ਐਨ.ਏ. ਉੱਤੇ ਆਧਾਰਿਤ
6.    ਇਨੋਵੀਓ ਟੀਕਾ- ਡੀ.ਐਨ.ਏ. ਉੱਤੇ ਆਧਾਰਿਤ
7.    ਸਾਈਨੋਫਾਰਮ- (ਬੀਜਿੰਗ ਇਨਸਟੀਚਿਊਟ)
8.    ਕੈਨਸੀਨੋ - (ਬੀਜਿੰਗ ਇਨਸਟੀਚਿਊਟ)
9.    ਆਈ.ਐਨ.ਓ. 4800
10.    ਇੰਮਪੀਰੀਅਲ ਕਾਲਜ ਲੰਡਨ ਵੱਲੋਂ ਤਿਆਰ ਟੀਕਾ
ਇਨ੍ਹਾਂ ਤੋਂ ਇਲਾਵਾ ਵੀ ਕਈ ਹੋਰ ਤਰ੍ਹਾਂ ਦੇ ਟੀਕੇ ਈਜਾਦ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ
ਟੈਸਟ ਹਾਲੇ ਜਾਰੀ ਹਨ। ਲੋਕਾਂ ਨੂੰ ਇਹ ਟੀਕੇ ਲਾ ਕੇ ਉਨ੍ਹਾਂ ਵਿਚ ਟੀਕਿਆਂ ਦੇ ਮਾੜੇ ਅਸਰ, ਚੰਗੇ ਅਸਰ, ਐਂਟੀਬਾਡੀ ਕਿੰਨੀ ਦੇਰ ਵਿਚ ਬਣਨ ਅਤੇ ਟਿਕਣ, ਬੀਮਾਰੀ ਤੋਂ ਬਚਣ ਦਾ ਕਿੰਨਾ ਅਸਰ, ਆਦਿ ਵੇਖੇ ਜਾ ਰਹੇ ਹਨ।
    ਲਗਭਗ 140 ਤੋਂ ਵੱਧ ਟੀਕੇ ਹਾਲੇ ਹੋਰ ਤਿਆਰ ਹੋ ਰਹੇ ਹਨ। ਪਹਿਲੇ ਆ ਚੁੱਕਿਆਂ ਵਿੱਚੋਂ 19 ਕਿਸਮਾਂ ਦੀ ਹਾਲੇ ਪਹਿਲੇ ਚਰਨ ਦੀ ਟੈਸਟਿੰਗ ਚੱਲ ਰਹੀ ਹੈ ਜੋ ਤਿੰਨ ਚਰਨ ਤੱਕ ਚੱਲਣੀ ਹੁੰਦੀ ਹੈ। ਹੁਣ ਤੱਕ 13 ਕਿਸਮਾਂ ਦੇ ਟੀਕੇ ਚਰਨ ਦੋ ਤੱਕ ਪਹੁੰਚ ਚੁੱਕੇ ਹਨ ਤੇ 4 ਤਰ੍ਹਾਂ ਦੇ ਤੀਜੇ ਚਰਨ ਵਿਚ ਹਨ। ਚੀਨ ਦੀ ਫੌਜ ਵੱਲੋਂ ਬਣਿਆ ਟੀਕਾ- 'ਕੈਨ ਸਾਈਨੋ' ਹੀ ਹਾਲੇ ਤੱਕ ਦੁਨੀਆ ਦਾ ਪਹਿਲਾ ਟੀਕਾ ਹੈ ਜੋ ਸਾਰੀ ਚੀਨੀ ਫੌਜ ਨੂੰ ਲਾਇਆ ਜਾਣ ਲੱਗ ਪਿਆ ਹੈ, ਪਰ ਇਸ ਦੇ ਲੰਮੇ ਸਮੇਂ ਤੱਕ ਕੀ ਅਸਰ ਲੱਭਦੇ ਹਨ, ਬਾਰੇ ਹਾਲੇ ਤੱਕ ਪਤਾ ਨਹੀਂ ਹੈ।
    ਹੁਣ ਤੱਕ ਦੇ ਬਣੇ ਟੀਕੇ ਕੋਰੋਨਾ ਵਾਇਰਸ ਦੇ ਵੱਖੋ-ਵੱਖਰੇ ਹਿੱਸਿਆਂ ਵਿਰੁੱਧ ਬਣਾਏ ਗਏ ਹਨ। ਕੁੱਝ ਆਰ.ਐਨ.ਏ. ਤੇ ਕੁੱਝ ਡੀ.ਐਨ.ਏ. ਉੱਤੇ ਆਧਾਰਿਤ ਹਨ, ਕੁੱਝ ਵਾਇਰਸ ਨੂੰ ਅਧਮਰਿਆ ਕਰ ਕੇ ਤੇ ਕੁੱਝ ਵਾਇਰਸ ਨੂੰ ਕਮਜ਼ੋਰ ਕਰ ਕੇ ਬਣਾਏ ਗਏ ਹਨ। ਅਸਟ੍ਰੇਲੀਆ ਵਿਚ ਬੀ.ਸੀ.ਜੀ. ਦੇ ਟੀਕੇ ਦਾ ਹੀ ਅਸਰ ਕੋਰੋਨਾ ਉੱਤੇ ਘੋਖਿਆ ਜਾ ਰਿਹਾ ਹੈ।
    ਅਮਰੀਕਾ ਦੀ ਬੈਟ ਕੰਪਨੀ ਨੇ ਤਮਾਕੂ ਵਿਚ ਮਿਲਾ ਕੇ ਟੀਕਾ ਬਣਾਉਣਾ ਸ਼ੁਰੂ ਕੀਤਾ ਹੈ। ਖੋਜ ਅਧੀਨ ਇਕ ਹੋਰ ਟੀਕਾ ਹੈ ਜੋ ਸੂਈ ਰਾਹੀਂ ਲਾਉਣ ਦੀ ਥਾਂ ਬੂੰਦਾਂ ਰਾਹੀਂ ਪਿਆਇਆ ਜਾ ਸਕੇਗਾ। ਇਸ ਦਾ ਨਾਂ 'ਵੈਕਸਾਰਟ' ਹੈ।
    ਜਾਨਸਨ ਐਂਡ ਜਾਨਸਨ ਕੰਪਨੀ ਇਜ਼ਰਾਈਲ ਵਿਚ ਐਡੀਨੋ ਵਾਇਰਸ ਵਰਤ ਕੇ ਕੋਰੋਨਾ ਵਿਰੁੱਧ ਟੀਕਾ ਤਿਆਰ ਕਰ ਰਹੀ ਹੈ। ਇਸ ਤੋਂ ਪਹਿਲਾਂ ਇਹੀ ਢੰਗ ਵਰਤ ਕੇ ਉਹ ਈਬੋਲਾ ਵਾਇਰਸ ਵਿਰੁੱਧ ਵੀ ਟੀਕਾ ਬਣਾ ਚੁੱਕੇ ਹਨ।
    ਉਮੀਦ ਹੈ ਕਿ ਇਕ ਸਾਲ ਦੇ ਅੰਦਰ ਕਈ ਤਰ੍ਹਾਂ ਦੇ ਟੀਕੇ ਬਜ਼ਾਰ ਵਿਚ ਆ ਜਾਣਗੇ, ਪਰ ਹਾਲੇ ਤੱਕ ਇਹ ਪਤਾ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕਿੰਨਿਆਂ ਦਾ ਅਸਰ ਕਿੰਨਾ ਲੰਮਾ ਚੱਲੇਗਾ ਕਿਉਂਕਿ ਫਲੂ ਦਾ ਟੀਕਾ ਹਰ ਸਾਲ ਲਵਾਉਣਾ ਪੈਂਦਾ ਹੈ ਤੇ ਉਹ ਵਾਇਰਸ ਸ਼ਕਲ ਤਬਦੀਲ ਕਰਦੀ ਰਹਿੰਦੀ ਹੈ। ਇਸੇ ਤਰ੍ਹਾਂ ਕੋਰੋਨਾ ਕੀ ਰੰਗ ਵਿਖਾਏਗੀ, ਆਉਣ ਵਾਲਾ ਸਮਾਂ ਹੀ ਦੱਸੇਗਾ।
    ਇਸ ਵੇਲੇ ਸਿਆਸੀ ਗਲਿਆਰਿਆਂ ਵਿੱਚ ਕੋਰੋਨਾ ਦਾ ਭੈਅ ਚਰਮ ਸੀਮਾ ਉੱਤੇ ਹੈ ਅਤੇ ਉਹ ਲੋਕ ਭਲਾਈ ਦੇ ਕੰਮ ਕਾਰ ਤੋਂ ਭੱਜ ਕੇ ਏ.ਸੀ. ਘੁਰਨਿਆਂ ਦੇ ਵਿੱਚ ਦਫ਼ਨ ਹੋ ਚੁੱਕੇ ਹਨ। ਦੂਜੇ ਪਾਸੇ 'ਕੋਰੋਨਾ ਵਾਰੀਅਰਜ਼' ਉੱਤੇ ਵਾਧੂ ਭਾਰ ਪਾਉਣ ਦੇ ਨਾਲ-ਨਾਲ ਤਨਖਾਹਾਂ ਨਾ ਮਿਲਣੀਆਂ ਅਤੇ ਹਿੰਸਾ ਦਾ ਸ਼ਿਕਾਰ ਹੋ ਜਾਣ ਸਦਕਾ ਭਾਰੀ ਨਿਰਾਸਾ ਵੇਖਣ ਵਿਚ ਆ ਰਹੀ ਹੈ। ਰੱਬ ਹੀ ਰਾਖਾ ਆਉਣ ਵਾਲੇ ਸਮੇਂ ਦਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਰੋਣਾ ਵੀ ਸਿਹਤ ਲਈ ਚੰਗਾ ਹੈ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਜ਼ਰਾ ਜਿੰਨੀ ਗੱਲ ਉੱਤੇ ਫਿਸ ਪੈਣਾ ਵੀ ਕਿਸੇ ਕਿਸੇ ਦਾ ਕਿਰਦਾਰ ਹੁੰਦਾ ਹੈ। ਕੋਈ ਵੱਡੇ ਤੋਂ ਵੱਡੇ ਸਦਮੇ ਨੂੰ ਵੀ ਹੰਝੂ ਕੱਢੇ ਬਗ਼ੈਰ ਜਰ ਜਾਂਦਾ ਹੈ।
ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਕੋਈ ਇਕ ਜਣਾ ਦੂਜੇ ਤੋਂ ਮਾਨਸਿਕ ਪੱਖੋਂ ਵੱਧ ਜਾਂ ਘੱਟ ਤਾਕਤਵਾਰ ਹੈ। ਕਈ ਵਾਰ ਬਿਲਕੁਲ ਨਾ ਰੋਣ ਵਾਲੇ ਅਤੇ ਲੋਕਾਂ ਵਿਚ ਬੜੀ ਮਕਬੂਲ ਸ਼ਖ਼ਸੀਅਤ ਵਾਲੇ ਵੀ ਖ਼ੁਦਕੁਸ਼ੀ ਕਰ ਜਾਂਦੇ ਹਨ ਤੇ ਦੂਜੇ ਪਾਸੇ ਜ਼ਰਾ ਜਿੰਨੀ ਗੱਲ ਉੱਤੇ ਰੋਣ ਵਾਲੇ ਕਈ ਵਾਰ ਔਖਾ ਸਮਾਂ ਸੌਖਿਆਂ ਪਾਰ ਕਰ ਜਾਂਦੇ ਹਨ।
ਇਹ ਵੇਖਣ ਵਿਚ ਆਇਆ ਹੈ ਕਿ ਜ਼ਿਆਦਾਤਰ ਰੋਣਾ ਆਪਣੀ ਗੱਲ ਨਾਲੋਂ ਹੋਰਨਾਂ ਕਰਕੇ ਵੱਧ ਆਉਂਦਾ ਹੈ। ਆਪਣੀ ਔਖਿਆਈ ਨਾਲੋਂ ਦੂਜੇ ਦਾ ਸੁਖ ਜਰਨਾ ਜ਼ਿਆਦਾ ਔਖਾ ਹੁੰਦਾ ਹੈ। ਇਸੇ ਲਈ ਬਹੁਤੇ ਲੋਕ ਲੁਕ ਛਿਪ ਕੇ ਰੋਂਦੇ ਅਤੇ ਮਨ ਅੰਦਰਲੀ ਭੜਾਸ ਕੱਢ ਲੈਂਦੇ ਹਨ, ਪਰ ਕੁੱਝ ਸਾਰਿਆਂ ਦੇ ਸਾਹਮਣੇ ਹੀ ਦੂਜੇ ਲਈ ਮਾੜੀ ਸ਼ਬਦਾਵਲੀ ਬੋਲ ਕੇ ਸੀਨੇ ਵਿਚ ਠੰਡ ਪਾ ਲੈਂਦੇ ਹਨ।
ਗੱਲ ਦਰਅਸਲ ਆਪਣੇ ਮਨ ਨੂੰ ਸਮਝਾਉਣ ਦੀ ਹੁੰਦੀ ਹੈ। ਹਰ ਕਿਸੇ ਦਾ ਆਪੋ ਆਪਣਾ ਸਮਾਂ ਹੁੰਦਾ ਹੈ। ਕਦੇ ਨਿਵਾਣ, ਕਦੇ ਚੜ੍ਹਾਈ!
ਕਿਸੇ ਨੇ 11 ਸਾਲਾਂ ਉੱਤੇ ਕਮਾਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਕੋਲ ਛੇਤੀ ਵਾਧੂ ਪੈਸਾ ਆ ਗਿਆ ਪਰ ਉਸ ਦੀ ਕੰਪਨੀ ਦਾ ਦੀਵਾਲਾ ਉਦੋਂ ਨਿਕਲ ਗਿਆ ਜਦੋਂ ਉਹ ਹਾਲੇ 45 ਸਾਲਾਂ ਦਾ ਸੀ। ਕਿਸੇ ਹੋਰ ਕੋਲ 45 ਸਾਲਾਂ ਉੱਤੇ ਵੱਡੀ ਕਾਰ ਆਈ ਤੇ ਉਸ ਦਾ ਜਵਾਨ ਪੁੱਤਰ ਉਸ ਕਾਰ ਨੂੰ ਚਲਾਉਂਦਾ ਐਕਸੀਡੈਂਟ ਵਿਚ ਮਾਰਿਆ ਗਿਆ।
ਕਹਿਣ ਦਾ ਭਾਵ ਇਹ ਹੈ ਕਿ ਅਮਰੀਕਾ ਤੇ ਭਾਰਤ ਵਿਚਲੇ ਵਕਤ ਦੇ ਫ਼ਰਕ ਸਦਕਾ ਕੋਈ ਦਿਨ ਵੇਲੇ ਕੰਮ ਕਰ ਰਿਹਾ ਹੈ ਤਾਂ ਦੂਜਾ ਉਸੇ ਵੇਲੇ ਵਕਤ ਦੀ ਉਲਟ ਫੇਰ ਕਰਕੇ ਸੌਂ ਰਿਹਾ ਹੁੰਦਾ ਹੈ। ਸੋ ਕਿਸੇ ਦੂਜੇ ਦੀ ਤਕਦੀਰ ਨਾਲ ਆਪਣੀ ਮੇਚੀ ਨਹੀਂ ਜਾ ਸਕਦੀ।
ਕੋਈ 100 ਸਾਲ ਤਕ ਜੀਅ ਲੈਂਦਾ ਹੈ ਤੇ ਕੋਈ 16 ਵਰ੍ਹਿਆਂ 'ਤੇ ਕੂਚ ਕਰ ਜਾਂਦਾ ਹੈ। ਕਿਸੇ ਦੀ ਕੋਈ ਪਛਾਣ, ਕਿਸੇ ਦਾ ਕੋਈ ਰੁਤਬਾ, ਕੋਈ ਸਾਰੀ ਉਮਰ ਹੱਥ ਅੱਡਦਾ ਰਹਿ ਜਾਂਦਾ ਹੈ ਤੇ ਕੋਈ ਅਣਪਛਾਤੀ ਲਾਸ਼ ਬਣ ਜਾਂਦਾ ਹੈ।
ਸਪਸ਼ਟ ਹੋ ਗਿਆ ਕਿ ਕਿਸੇ ਹੋਰ ਸਦਕਾ ਰੋਣਾ ਬੇਵਕੂਫ਼ੀ ਹੈ। ਕਿਸੇ ਹੋਰ ਦੀ ਪ੍ਰਾਪਤੀ ਉੱਤੇ ਆਪਣਾ ਲਹੂ ਸਾੜ ਕੇ ਕੁੱਝ ਹਾਸਲ ਨਹੀਂ ਹੁੰਦਾ।
ਕੁਦਰਤ ਨੇ ਇਨਸਾਨ ਨੂੰ ਬਹੁਤ ਕਮਾਲ ਦੀ ਆਦਤ ਬਖ਼ਸ਼ੀ ਹੈ-'ਰੋਣਾ'! ਇਸ ਨਾਲ ਬੇਅੰਤ ਫਾਲਤੂ ਦੇ ਜਜ਼ਬਾਤ, ਜੋ ਦਿਮਾਗ਼ ਨੂੰ ਜਕੜ ਕੇ ਬੈਠੇ ਹੁੰਦੇ ਹਨ, ਹੰਝੂਆਂ ਰਾਹੀਂ ਵਹਿ ਕੇ ਦਿਮਾਗ਼ ਦੀ ਸਫ਼ਾਈ ਕਰ ਦਿੰਦੇ ਹਨ।
ਜੰਮਣ ਸਮੇਂ ਦਾ ਰੋਣਾ ਸਾਡੇ ਫੇਫੜੇ ਸਾਫ਼ ਕਰਦਾ ਹੈ। ਕੁੱਝ ਵੱਡੇ ਹੋ ਜਾਣ ਉੱਤੇ ਸਾਡੀਆਂ ਜ਼ਿੱਦਾਂ ਪੂਰੀਆਂ ਕਰਵਾ ਦਿੰਦਾ ਹੈ ਅਤੇ ਹੋਰ ਵੱਡੇ ਹੋ ਕੇ ਮਗਰਮੱਛ ਦੇ ਹੰਝੂ ਹੋਣ ਤੇ ਭਾਵੇਂ ਅਸਲ ਦੇ, ਕਿਸੇ ਨਾ ਕਿਸੇ ਕੰਮ ਤਾਂ ਆਉਂਦੇ ਹੀ ਹਨ।
ਕੁੱਝ ਮਨੋਗਿਵਿਆਨੀ ਤਾਂ ਇੱਥੋਂ ਤੱਕ ਕਹਿ ਚੁੱਕੇ ਹਨ ਕਿ ਜੇ ਉੱਕਾ ਹੀ ਨਹੀਂ ਰੋ ਰਹੇ ਤਾਂ ਢਹਿੰਦੀ ਕਲਾ ਵਿਚ ਜਾਣ ਜਾਂ ਲੋੜੋਂ ਵੱਧ ਗੁੱਸਾ ਕਰਦੇ ਰਹਿਣ ਦਾ ਖ਼ਤਰਾ ਹੋ ਸਕਦਾ ਹੈ।
ਰਾਓਲ ਵਾਲਨਬਰਗ ਇੰਸਟੀਚਿਊਟ ਆਫ ਐਥਿੱਕਸ ਦੇ ਡਾਇਰੈਕਟਰ ਡਾ. ਸਟੀਫਨ ਸਾਈਡਰੌਫ ਨੇ ਖੋਜ ਕਰ ਕੇ ਇਹ ਤੱਥ ਦੱਸੇ ਹਨ ਕਿ ਦਿਮਾਗ਼ ਨੂੰ ਕੱਸ ਕੇ ਬੰਨ੍ਹੇ ਜਜ਼ਬਾਤਾਂ ਦੇ ਸੰਗਲ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਜੇ ਕਦੇ ਕਦਾਈਂ ਦਿਮਾਗ਼ ਦੀ ਸਫ਼ਾਈ ਨਾ ਹੁੰਦੀ ਰਹੇ ਤਾਂ ਉੱਲੀ ਲੱਗਣ ਵਾਂਗ ਹੀ ਅਜਿਹੇ ਬੰਦੇ ਦੀ ਸ਼ਖ਼ਸੀਅਤ ਅੜਬ ਤੇ ਘਿਨਾਉਣੀ ਹੋਣ ਲੱਗ ਪੈਂਦੀ ਹੈ।
ਜਪਾਨ ਵਿਚ ਤਾਂ ਹੁਣ 'ਰੋਣ ਦੇ ਕਲੱਬ' ਬਣ ਚੁੱਕੇ ਹਨ ਜਿਨ੍ਹਾਂ ਨੂੰ 'ਰੂਈ ਕਤਸੂ' ਕਹਿੰਦੇ ਹਨ। ਜਪਾਨ ਵਿਚ ਖ਼ੁਦਕੁਸ਼ੀਆਂ ਦਾ ਵਧਦਾ ਰੁਝਾਨ ਵੇਖਦਿਆਂ ਹੀ ਇਹ ਕਦਮ ਚੁੱਕਿਆ ਗਿਆ ਹੈ। ਇਸ ਵਿਚ ਕਲੱਬਾਂ ਵਿਚ ਰੋਣ ਦੇ ਕੁੱਝ ਸੀਨ ਜਾਂ ਭਾਵੁਕ ਘਟਨਾਵਾਂ ਵਿਖਾ ਕੇ ਵੀ ਰੁਆਇਆ ਜਾਂਦਾ ਹੈ। ਕਲੱਬ ਦੇ ਮੈਂਬਰਾਂ ਦੀ ਹਰ ਮਹੀਨੇ ਮਾਨਸਿਕ ਸਿਹਤ ਚੈੱਕ ਕੀਤੀ ਜਾਂਦੀ ਹੈ। ਅਨੇਕ ਤਰ੍ਹਾਂ ਦੇ ਟੈਸਟਾਂ ਬਾਅਦ ਇਹ ਤੱਥ ਸਾਹਮਣੇ ਆਏ ਕਿ ਇਨ੍ਹਾਂ ਲੋਕਾਂ ਵਿਚ ਢਹਿੰਦੀ ਕਲਾ ਹੌਲੀ-ਹੌਲੀ ਘੱਟ ਗਈ ਅਤੇ ਸਹਿਨਸ਼ੀਲਤਾ ਵੱਧ ਗਈ।
ਇੱਕ ਹੋਰ ਖੋਜ ਜੋ ਸਾਈਡਰੌਫ ਨੇ ਕੀਤੀ, ਉਸ ਵਿਚ ਸਪਸ਼ਟ ਹੋਇਆ ਕਿ ਰੋਣ ਵੇਲੇ ਨਿਕਲੇ ਹੰਝੂਆਂ ਵਿਚ ਤਣਾਓ ਦੇ ਹਾਰਮੋਨ ਵੀ ਬਾਹਰ ਨਿਕਲ ਰਹੇ ਹੁੰਦੇ ਹਨ। ਇਹ ਹਾਰਮੋਨ ਅੱਖ ਵਿਚ ਕੁੱਝ ਪੈ ਜਾਣ ਉੱਤੇ ਨਿਕਲੇ ਪਾਣੀ ਵਿਚ ਨਹੀਂ ਹੁੰਦੇ।
ਭਾਵੁਕ ਹੋ ਕੇ ਨਿਕਲੇ ਹੰਝੂਆਂ ਵਿਚ ਮੈਂਗਨੀਜ਼ ਵੀ ਕਾਫ਼ੀ ਬਾਹਰ ਨਿਕਲ ਜਾਂਦਾ ਹੈ ਜੋ ਮੂਡ ਉੱਤੇ ਅਸਰ ਪਾਉਂਦਾ ਹੈ। ਰੋਣ ਨਾਲ ਦਿਮਾਗ਼ ਵਿਚਲਾ ਪੈਰਾਸਿੰਪਾਥੈਟਿਕ ਹਿੱਸਾ ਵੀ ਚੁਸਤ ਹੋ ਕੇ ਦਿਮਾਗ਼ ਤੇ ਸਰੀਰ ਵਿਚਲਾ ਸੰਤੁਲਨ ਠੀਕ ਕਰ ਦਿੰਦਾ ਹੈ, ਸਰੀਰ ਦੇ ਆਕੜੇ ਹੋਏ ਪੱਠੇ ਢਿੱਲੇ ਕਰਦਾ ਹੈ ਅਤੇ ਪਾਟਣ ਉੱਤੇ ਆਏ ਸਿਰ ਨੂੰ ਜਕੜਨ ਦੇ ਇਹਸਾਸ ਤੋਂ ਮੁਕਤ ਕਰ ਦਿੰਦਾ ਹੈ।
ਭਾਵੁਕ ਇਨਸਾਨ ਦੂਜਿਆਂ ਉੱਤੇ ਬਹੁਤਾ ਜ਼ੁਲਮ ਨਹੀਂ ਕਰਦਾ ਤੇ ਨਾ ਚੁਭਵੀਆਂ ਗੱਲਾਂ ਕਰਦਾ ਹੈ। ਰੋਣ ਦੇ ਕਲੱਬਾਂ ਵਿਚ ਅਜਿਹੇ ਲੋਕ ਵੀ ਸ਼ਾਮਲ ਹੋ ਚੁੱਕੇ ਹਨ ਜਿਨ੍ਹਾਂ ਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਵੇਖਿਆ ਤੇ ਉਹ ਲੋਕਾਂ ਵਿਚ ਆਪਣੇ ਜਜ਼ਬਾਤ ਹਮੇਸ਼ਾ ਦੱਬ ਕੇ ਰੱਖਦੇ ਹਨ। ਕਲੱਬਾਂ ਵਿਚ ਸਭ ਨਾਲ ਰਲ ਕੇ ਰੋਣ ਨਾਲ ਗਿਲੇ ਸ਼ਿਕਵੇ ਵੀ ਘੱਟ ਜਾਂਦੇ ਹਨ ਤੇ ਇਹ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਮੁਸ਼ਕਲਾਂ ਹਰ ਕਿਸੇ ਉੱਤੇ ਆਉਂਦੀਆਂ ਹਨ। ਸਿਰਫ਼ ਸਾਡੇ ਨਾਲ ਹੀ ਰਬ ਦਾ ਵੈਰ ਨਹੀਂ ਹੈ।
ਸਾਈਕੈਟਰੀ ਦੇ ਪ੍ਰੋਫੈੱਸਰ ਜੂਡਿੱਥ ਜੋ ਲਾਸ ਏਂਜਲਸ ਦੀ ਯੂਨੀਵਰਸਿਟੀ ਵਿਚ ਪੜ੍ਹਾਉਂਦੇ ਹਨ, ਨੇ ਦੱਸਿਆ ਹੈ ਕਿ ਨਕਾਰਾਤਮਕ ਵਿਚਾਰਾਂ ਤੋਂ ਛੁੱਟੀ ਪਾਉਣ ਲਈ ਰੋਣਾ ਬਹੁਤ ਜ਼ਰੂਰੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਸਾਰਾ ਦਿਨ ਰੋਂਦੇ ਹੀ ਰਹੋ।
ਆਪਣਾ ਮਜ਼ਾਕ ਬਣ ਜਾਣ ਤੋਂ ਬਚਣ ਲਈ ਬਿਹਤਰ ਹੈ ਇਕੱਲੇ ਬਹਿ ਕੇ ਭਾਵੇਂ ਕੁੱਝ ਚਿਰ ਹੀ ਸਹੀ, ਜ਼ਾਰ-ਜ਼ਾਰ ਰੋ ਲਿਆ ਜਾਵੇ। ਜੇ ਅਜਿਹਾ ਸੰਭਵ ਨਹੀਂ ਤਾਂ ਰੋਣ ਵਾਲੇ ਕਲੱਬਾਂ ਵਿਚ ਜ਼ਰੂਰ ਹਫ਼ਤੇ ਵਿਚ ਜਾਂ ਪੰਦਰੀਂ ਦਿਨੀਂ ਇੱਕ ਵਾਰ ਜਾ ਆਉਣਾ ਚਾਹੀਦਾ ਹੈ। ਜੇ ਬਹੁਤਾ ਦਿਲ ਖ਼ਰਾਬ ਹੋਵੇ ਤਾਂ ਹਫ਼ਤੇ ਵਿਚ ਦੋ ਵਾਰ ਵੀ ਜਾਇਆ ਜਾ ਸਕਦਾ ਹੈ।
ਭਾਵੁਕ ਹੋ ਕੇ ਰੋਣ ਨਾਲ ਨਿਕਲੇ ਹੰਝੂਆਂ ਨਾਲ ਅੱਖਾਂ ਵਿਚ ਪਏ ਘੱਟੇ ਮਿੱਟੀ ਦੇ ਕਣ ਨਿਕਲ ਜਾਣ ਨਾਲ ਅੱਖਾਂ ਵੀ ਸਾਫ਼ ਹੋ ਜਾਂਦੀਆਂ ਹਨ ਅਤੇ ਅੱਖਾਂ ਤੋਂ ਨੱਕ ਤੱਕ ਜਾਂਦਾ ਰਾਹ ਵੀ ਸਾਫ਼ ਹੋ ਜਾਂਦਾ ਹੈ। ਰੋਂਦੇ ਸਾਰ ਸਹਿਜ ਨਹੀਂ ਹੋਇਆ ਜਾਂਦਾ। ਕੁੱਝ ਪਲ ਰੋਂਦੇ ਰਹਿਣ ਬਾਅਦ ਹੀ ਅਸਰ ਦਿਸਦਾ ਹੈ।
ਰੋਣ ਤੋਂ 10-15 ਮਿੰਟ ਬਾਅਦ ਸਰੀਰ ਅੰਦਰ ਓਕਸੀਟੋਸਿਨ ਅਤੇ ਐਂਡੋਜੀਨੱਸ ਓਪੀਆਇਡ ਨਿਕਲਦੇ ਹਨ ਜਿਨ੍ਹਾਂ ਨੂੰ ਐਂਡੋਰਫਿਨ ਕਿਹਾ ਜਾਂਦਾ ਹੈ। ਇਹ ਤਣਾਓ ਦੂਰ ਕਰ ਕੇ ਪੀੜ ਨੂੰ ਜਰਨ ਦੀ ਤਾਕਤ ਵੀ ਵਧਾ ਦਿੰਦੇ ਹਨ। ਸਰੀਰ ਸੁੰਨ ਜਿਹਾ ਹੋ ਜਾਂਦਾ ਹੈ ਤੇ ਮਨ ਸਹਿਜ ਹੋ ਜਾਂਦਾ ਹੈ।
ਸੁਬਕ ਸੁਬਕ ਕੇ ਰੋਣ ਵੇਲੇ ਠੰਡਾ ਸਾਹ ਅੰਦਰ ਖਿੱਚਿਆ ਜਾਂਦਾ ਹੈ ਤੇ ਦਿਮਾਗ਼ ਨੂੰ ਠੰਡਕ ਪਹੁੰਚਾ ਦਿੰਦਾ ਹੈ ਯਾਨੀ ਮੂਡ ਠੀਕ ਹੋਣ ਲੱਗ ਪੈਂਦਾ ਹੈ।
ਕੁੱਝ ਲੋਕ ਸਿਰਫ਼ ਧਿਆਨ ਖਿੱਚਣ ਲਈ ਰੋਣ ਲੱਗ ਪੈਂਦੇ ਹਨ। ਜੇ ਕਿਸੇ ਵੱਲੋਂ ਹੌਸਲਾ ਅਫਜ਼ਾਈ ਮਿਲ ਜਾਏ ਤਾਂ ਵੀ ਮਨ ਨੂੰ ਧਰਾਸ ਮਿਲ ਜਾਂਦੀ ਹੈ। ਅਫ਼ਸੋਸ ਮਹਿਸੂਸ ਹੁੰਦੇ ਸਾਰ ਰੋ ਲੈਣ ਨਾਲ ਛੇਤੀ ਸਹਿਜ ਹੋਇਆ ਜਾ ਸਕਦਾ ਹੈ। ਅਜਿਹਾ ਯੇਲ ਯੂਨੀਵਰਸਿਟੀ ਵਿਚ ਹੋਈ ਖੋਜ ਦੌਰਾਨ ਪਤਾ ਲੱਗਿਆ ਹੈ।
ਬੱਚਿਆਂ ਵਿਚ ਕੀਤੀ ਖੋਜ ਵਿਚ ਵੀ ਰੋਣ ਤੋਂ ਬਾਅਦ ਜਦੋਂ ਨਿੱਕੇ ਬੱਚੇ ਨੂੰ ਪਿਆਰ ਨਾਲ ਥਾਪੜ ਕੇ ਸੁਆਇਆ ਗਿਆ ਤਾਂ ਉਨ੍ਹਾਂ ਨੇ ਡੂੰਘੀ ਨੀਂਦਰ ਲਈ।
ਰੋਣ ਦੇ ਫ਼ਾਇਦੇ ਵੇਖਦੇ ਹੋਏ ਇਹ ਨਹੀਂ ਸਮਝ ਲੈਣਾ ਚਾਹੀਦਾ ਕਿ ਹਮੇਸ਼ਾ ਰੋਂਦੇ ਹੀ ਰਹਿਣਾ ਹੈ।
ਜੇ ਲੋੜੋਂ ਵੱਧ ਰੋਣਾ ਆਉਂਦਾ ਹੈ ਤਾਂ ਡਾਕਟਰੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਕਿਉਂਕਿ ਇਹ ਢਹਿੰਦੀ ਕਲਾ ਦਾ ਲੱਛਣ ਵੀ ਹੋ ਸਕਦਾ ਹੈ।
ਡਾਕਟਰ ਕੋਲ ਕਦੋਂ ਜਾਈਏ :-
-    ਜੇ ਚਿੜਚਿੜਾਪਨ ਰੋਜ਼ ਮਹਿਸੂਸ ਹੋਣ ਲੱਗ ਪਵੇ
-    ਸਾਰਾ ਦਿਨ ਉਦਾਸੀ ਘੇਰੀ ਰੱਖੇ
-    ਭੁੱਖ ਮਰ ਜਾਵੇ ਜਾਂ ਭਾਰ ਵਧਣਾ ਸ਼ੁਰੂ ਹੋ ਜਾਵੇ
-    ਕੰਮ ਕਰਨ ਨੂੰ ਦਿਲ ਨਾ ਕਰੇ
-    ਨੀਂਦਰ ਵੱਧ ਜਾਂ ਬਹੁਤ ਘੱਟ ਜਾਵੇ
-    ਸਰੀਰ ਵਿਚ ਪੀੜਾਂ ਹੁੰਦੀਆਂ ਰਹਿਣ
-    ਮਰਨ ਨੂੰ ਦਿਲ ਕਰੇ।
    ਕਿੰਨਾ ਰੋਣਾ ਠੀਕ ਹੁੰਦਾ ਹੈ ?
    ਅਮਰੀਕਾ ਵਿਚ ਹੋਈ ਖੋਜ ਅਨੁਸਾਰ ਔਸਤਨ ਇੱਕ ਅਮਰੀਕਨ ਔਰਤ ਹਰ ਮਹੀਨੇ 3 ਤੋਂ 4 ਵਾਰ ਰੋਂਦੀ ਹੈ ਤੇ ਅਮਰੀਕਨ ਮਰਦ ਲਗਭਗ ਮਹੀਨੇ ਵਿਚ 2 ਵਾਰ। ਚੀਨੀ ਔਰਤ ਮਹੀਨੇ ਵਿਚ 1 ਜਾਂ 2 ਵਾਰ ਰੋ ਲੈਂਦੀ ਹੈ ਤੇ ਬੁਲਗੇਰੀਆ ਦੇ ਮਰਦ ਤਿੰਨ ਮਹੀਨਿਆਂ ਵਿਚ ਇਕ ਵਾਰ ਰੋਂਦੇ ਹਨ।
    ਸਾਰ ਇਹ ਹੈ ਕਿ ਰੋਣਾ ਮਾੜੀ ਗੱਲ ਨਹੀਂ ਹੈ ਤੇ ਨਾ ਹੀ ਕਿਸੇ ਦੀ ਕਮਜ਼ੋਰੀ ਮੰਨਣਾ ਚਾਹੀਦਾ ਹੈ। ਜੇ ਮਨ ਬਹੁਤ ਦੁਖੀ ਹੋਵੇ ਤਾਂ ਰੋ ਲੈਣ ਨਾਲ ਛੇਤੀ ਸਹਿਜ ਹੋਇਆ ਜਾ ਸਕਦਾ ਹੈ। ਪਰ, ਕਿਸੇ ਵੀ ਹਾਲ ਵਿਚ ਰੋਜ਼ ਰੋਣਾ ਨਹੀਂ ਚਾਹੀਦਾ ਤੇ ਮਗਰਮੱਛ ਦੇ ਹੰਝੂਆਂ ਤੋਂ ਲੋਕਾਂ ਨੂੰ ਸਾਵਧਾਨ ਹੋਣਾ ਚਾਹੀਦਾ ਹੈ।
 
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28,
ਪ੍ਰੀਤ ਨਗਰ, ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਦਿਮਾਗ਼ ਨੂੰ ਕਾਬੂ ਕਰਨ ਵਾਲੀ ਮਸ਼ੀਨ - ਡਾ. ਹਰਸ਼ਿੰਦਰ ਕੌਰ, ਐਮ. ਡੀ.,

  
ਜੋ ਸਬੂਤ ਹੁਣ ਸਾਡੇ ਕੋਲ ਬਚੇ ਹਨ, ਉਸ ਹਿਸਾਬ ਨਾਲ ਪਹਿਲੀ ਦਿਮਾਗ਼ ਦੀ ਸਰਜਰੀ ਲਗਭਗ 7000 ਸਾਲ ਪਹਿਲਾਂ ਦੱਖਣੀ ਅਮਰੀਕਾ ਵਿਚ ਹੋਈ ਸੀ। ਉਦੋਂ ਦਿਮਾਗ਼ ਤੇ ਪਾਸਿਆਂ ਵੱਲ ਨਿੱਕੀਆਂ ਮੋਰੀਆਂ ਬਣਾ ਦਿੱਤੀਆਂ ਜਾਂਦੀਆਂ ਸਨ। ਇਹ ਸੋਚਿਆ ਜਾਂਦਾ ਸੀ ਕਿ ਪ੍ਰੇਤ ਆਤਮਾਵਾਂ ਸਿਰ ਉੱਤੇ ਕਾਬਜ਼ ਹੋ ਚੁੱਕੀਆਂ ਹਨ। ਜੇ ਮੋਰੀਆਂ ਕਰ ਦਿੱਤੀਆਂ ਜਾਣ ਤਾਂ ਆਤਮਾਵਾਂ ਬਾਹਰ ਨਿਕਲ ਜਾਣਗੀਆਂ।
ਇਸ ਆਧਾਰ ਉੱਤੇ ਬਹੁਤ ਸਾਰੇ ਮਨੋਰੋਗੀਆਂ ਦੇ ਅਪਰੇਸ਼ਨ ਕਰ ਦਿੱਤੇ ਗਏ। ਇਸ ਤੱਥ ਦੇ ਸਬੂਤ ਵਜੋਂ ਲਗਭਗ ਇੱਕ ਫੀਸਦੀ ਪੁਰਾਣੇ ਸਮਿਆਂ ਦੀਆਂ ਦੱਬੀਆਂ ਹੋਈਆਂ ਲੱਭੀਆਂ ਖੋਪੜੀਆਂ ਵਿਚਲੀਆਂ ਕੀਤੀਆਂ ਹੋਈਆਂ ਮੋਰੀਆਂ ਹਨ।
ਇਹ ਮੋਰੀਆਂ ਕਰਨੀਆਂ ਅੱਜ ਵੀ ਜਾਰੀ ਹਨ ਪਰ ਹੁਣ ਪ੍ਰੇਤ ਆਤਮਾਵਾਂ ਕੱਢਣ ਲਈ ਨਹੀਂ ਸਗੋਂ ਦਿਮਾਗ਼ ਅੰਦਰ ਨਿੱਕੀਆਂ ਮਸ਼ੀਨਾਂ ਫਿੱਟ ਕਰਨ ਲਈ ਹਨ। ਇਲੈਕਟ੍ਰਿਕ ਤਰੰਗਾਂ ਕੱਢਣ ਵਾਲੀਆਂ ਇਹ ਮਸ਼ੀਨਾਂ ਦਿਮਾਗ਼ ਦੇ ਉਨ੍ਹਾਂ ਹਿੱਸਿਆਂ ਦੇ ਸੈੱਲਾਂ ਨੂੰ ਚੁਸਤ ਕਰਦੀਆਂ ਹਨ ਜਿਹੜੇ ਸੁਸਤ ਪੈ ਚੁੱਕੇ ਹੋਣ। ਇਸ ਨੂੰ ''ਦਿਮਾਗ਼ ਦੇ ਅੰਦਰੂਨੀ ਹਿੱਸਿਆਂ ਦੀ ਰਵਾਨੀ'' ਕਿਹਾ ਜਾਂਦਾ ਹੈ ਯਾਨੀ ਡੀਪ ਬਰੇਨ ਸਟਿਮੂਲੇਸ਼ਨ (ਡੀ.ਬੀ.ਐੱਸ.)।
ਸਭ ਤੋਂ ਪਹਿਲਾਂ ਤਿੱਖੀ ਪੀੜ ਨੂੰ ਜਰ ਜਾਣ ਲਈ ਅਜਿਹਾ ਇਲਾਜ 1960 ਵਿਚ ਕੀਤਾ ਗਿਆ ਸੀ। ਹੁਣ ਅਮਰੀਕਾ ਤੇ ਯੂਰਪ ਵਿਚ ਹਿੱਲਦੇ-ਕੰਬਦੇ ਹੱਥਾਂ ਲਈ, ਪਾਰਕਿਨਸਨ ਰੋਗ ਵਿਚਲੀਆਂ ਸਰੀਰ ਦੀਆਂ ਬੇਲੋੜੀਆਂ ਘੁਮਾਊਦਾਰ ਹਰਕਤਾਂ ਰੋਕਣ ਲਈ, ਦੌਰਿਆਂ ਲਈ ਤੇ ਵਾਰ-ਵਾਰ ਕੁੰਡੀਆਂ ਲਾਉਣ ਜਾਂ ਹੱਥ ਧੋਣ ਵਾਲੀ ਬੀਮਾਰੀ (ਓ.ਸੀ.ਐਨ.) ਨੂੰ ਕਾਬੂ ਕਰਨ ਲਈ ਇਹ ਇਲਾਜ ਕੀਤਾ ਜਾਂਦਾ ਹੈ।
ਇਹ ਸਾਰੀਆਂ ਬੀਮਾਰੀਆਂ ਦਰਅਸਲ ਦਿਮਾਗ਼ ਦੇ ਕਿਸੇ ਇੱਕ ਹਿੱਸੇ ਦੀ ਵੱਖਰੀ ਹਿਲਜੁਲ ਕਰ ਕੇ ਹੀ ਹੁੰਦੀਆਂ ਹਨ। ਜੇ ਦਵਾਈ ਅਸਰ ਨਾ ਵਿਖਾ ਰਹੀ ਹੋਵੇ ਤਾਂ ਇਹ ਅਪਰੇਸ਼ਨ ਕਰਨਾ ਪੈ ਜਾਂਦਾ ਹੈ। ਹੁਣ ਇਹੀ ਇਲਾਜ ਲਗਾਤਾਰ ਰਹਿੰਦੀ ਢਹਿੰਦੀ ਕਲਾ, ਐਲਜ਼ੀਮਰ ਬੀਮਾਰੀ ਅਤੇ ਨਸ਼ੇ ਦੀ ਲਤ ਵਾਸਤੇ ਵੀ ਕੀਤਾ ਜਾਣ ਲੱਗ ਪਿਆ ਹੈ।
ਜਿਵੇਂ ਪਾਰਕਿਨਸਨ ਰੋਗ ਵਿਚ ਕੁੱਝ ਹਿੱਸਿਆਂ ਵਿਚ ਹੱਦੋਂ ਵੱਧ ਇਕਦਮ ਹਿਲਜੁਲ ਨਾਲ ਨੁਕਸ ਦਿਸਦਾ ਹੈ, ਤਾਂ ਇਸ ਅਪਰੇਸ਼ਨ ਨਾਲ ਉਸ ਹਿੱਸੇ ਨੂੰ ਕਾਬੂ ਵਿਚ ਕਰਨ ਦਾ ਸੁਣੇਹਾ ਲਾ ਦਿੱਤਾ ਜਾਂਦਾ ਹੈ। ਇੰਜ ਹੀ ਢਹਿੰਦੀ ਕਲਾ ਵਾਲੇ ਹਿੱਸੇ ਨੂੰ ਸ਼ਾਂਤ ਕਰ ਕੇ ਮੂਡ ਸਹੀ ਕੀਤਾ ਜਾ ਸਕਦਾ ਹੈ। ਐਲਜ਼ੀਮਰ ਬੀਮਾਰੀ ਵਿਚ ਸੁਸਤ ਹੋਏ ਹਿੱਸਿਆਂ ਨੂੰ ਵੀ ਚੁਸਤ ਕੀਤਾ ਜਾ ਸਕਦਾ ਹੈ।
ਮਨੁੱਖੀ ਦਿਮਾਗ਼ ਨੂੰ ਕਾਬੂ ਕਰ ਕੇ ਹੁਕਮ ਸੁਣਾਉਣ ਵਾਲੇ ਇਸ ਅਪਰੇਸ਼ਨ ਨੂੰ ਸਫ਼ਲ ਢੰਗ ਨਾਲ ਲਗਭਗ ਇੱਕ ਲੱਖ ਤੋਂ ਵੱਧ ਮਰੀਜ਼ਾਂ ਵਿਚ ਕੀਤਾ ਜਾ ਚੁੱਕਿਆ ਹੈ। ਜ਼ਿਆਦਾਤਰ ਮਰੀਜ਼ ਪਾਰਕਿਨਸਨ ਬੀਮਾਰੀ ਤੋਂ ਪੀੜਤ ਸਨ।
ਹੁਣ ਤਾਂ ਜਾਗਦੇ ਹੋਏ ਮਰੀਜ਼ ਵਿਚ ਵੀ ਅਪਰੇਸ਼ਨ ਵਾਲੇ ਹਿੱਸੇ ਵਾਲੀ ਥਾਂ ਨੂੰ ਹਲਕਾ ਸੁੰਨ ਕਰ ਕੇ ਇਹ ਮਸ਼ੀਨ ਸਿਰ ਅੰਦਰ ਫਿੱਟ ਕਰ ਦਿੱਤੀ ਜਾਂਦੀ ਹੈ। ਇਸ ਦਾ ਫ਼ਾਇਦਾ ਇਹ ਹੁੰਦਾ ਹੈ ਕਿ ਮਸ਼ੀਨ ਫਿੱਟ ਕਰਦਿਆਂ ਇਨਸਾਨੀ ਦਿਮਾਗ਼ ਵਿਚਲੀਆਂ ਤਰੰਗਾਂ, ਵੱਖੋ-ਵੱਖ ਹਿੱਸਿਆਂ ਦੇ ਕੰਮ ਕਾਰ ਦੇ ਢੰਗ, ਇਨਸਾਨੀ ਸੋਚ ਵਿਚਲੇ ਉਤਾਰ ਚੜਾਓ, ਬੌਧਿਕ ਵਿਚਾਰਧਾਰਾ ਸਮੇਤ ਸਰੀਰ ਦੇ ਵੱਖੋ-ਵੱਖ ਅੰਗਾਂ ਦੀ ਹਿਲਜੁਲ, ਪੀੜ ਦਾ ਇਹਸਾਸ, ਫ਼ੈਸਲਾ ਲੈਣ ਦਾ ਢੰਗ, ਆਦਿ ਸਭ ਕੁੱਝ ਬਾਰੇ ਸਮਝਣਾ ਸੌਖਾ ਹੋ ਗਿਆ ਹੈ।
ਅਜਿਹਾ ਕਰਦਿਆਂ ਹਰ ਬੀਮਾਰੀ ਨਾਲ ਢਹਿੰਦੀ ਕਲਾ ਜਾਂ ਮਨੋਦਸ਼ਾ ਵਿਚ ਤਬਦੀਲੀ ਬਾਰੇ ਸਮਝਣਾ ਸੌਖਾ ਹੋ ਗਿਆ ਹੈ।
ਦਿਮਾਗ਼ ਵਿਚਲੇ ਉਹ ਹਿੱਸੇ ਜਿਨ੍ਹਾਂ ਬਾਰੇ ਹਾਲੇ ਤਕ ਸਮਝਿਆ ਨਹੀਂ ਜਾ ਸਕਿਆ ਸੀ ਕਿ ਕਿਵੇਂ ਕੋਈ ਜਣਾ ਉਸੇ ਹਾਲ ਵਿਚ ਪੀੜ ਮਹਿਸੂਸ ਨਹੀਂ ਕਰਦਾ ਤੇ ਕਿਵੇਂ ਕੋਈ ਰੋ ਰੋ ਬੇਹਾਲ ਹੋ ਜਾਂਦਾ ਹੈ; ਇੰਜ ਹੀ ਵਧੀ ਹੋਈ ਬੀਮਾਰੀ ਨੂੰ ਵੀ ਮਨੋਬਲ ਨਾਲ ਕਿਵੇਂ ਘਟਾਇਆ ਜਾ ਸਕਦਾ ਹੈ, ਬਾਰੇ ਵੀ ਸਮਝ ਆਉਣ ਲੱਗ ਪਈ ਹੈ।
ਇਸ ਮਸ਼ੀਨ ਰਾਹੀਂ ਡਿੱਗਿਆ ਹੋਇਆ ਮਨੋਬਲ ਵਧਾ ਕੇ ਵੇਖਿਆ ਜਾ ਚੁੱਕਿਆ ਹੈ ਤੇ ਸਰੀਰਕ ਹਿਲਜੁਲ ਨੂੰ ਵੀ ਕਾਬੂ ਵਿਚ ਕਰ ਕੇ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।
ਹੁਣ ਤੱਕ ਵੱਖੋ-ਵੱਖਰੇ 700 ਖੋਜ ਪੱਤਰ ਸਿਰਫ਼ ਇਸ ਅਪਰੇਸ਼ਨ ਬਾਰੇ ਲਿਖੇ ਜਾ ਚੁੱਕੇ ਹਨ।
ਟੋਰਾਂਟੋ ਦੇ ਵੈਸਟਰਨ ਹਸਪਤਾਲ ਵਿਖੇ ਸੰਨ 1990 ਵਿਚ ਰੋਨਾਲਡ ਟਾਸਕਰ ਨੇ ਪਾਸਾ ਮਾਰੇ ਜਾਣ, ਰੀੜ੍ਹ ਦੀ ਹੱਡੀ ਦੀ ਸੱਟ ਵਾਲੇ ਮਰੀਜ਼ਾਂ ਅਤੇ ਬਾਂਹ ਜਾਂ ਲੱਤ ਵੱਢੀ ਜਾਣ ਵਾਲਿਆਂ ਦੇ ਦਿਮਾਗ਼ ਵਿਚ ਇਹ ਮਸ਼ੀਨ ਫਿੱਟ ਕਰ ਕੇ ਉਨ੍ਹਾਂ ਦੇ ਪੀੜ ਦੇ ਇਹਸਾਸ ਨੂੰ ਘਟਾਇਆ ਤਾਂ ਮਰੀਜ਼ਾਂ ਵਿਚ ਬਹੁਤ ਜ਼ਿਆਦਾ ਫਰਕ ਦਿਸਿਆ। ਅਜਿਹਾ ਕਰਨ ਲਈ ਮਸ਼ੀਨ ਰਾਹੀਂ ਲਗਾਤਾਰ ਬਿਜਲਈ ਤਰੰਗਾਂ ਸੁੱਟਣੀਆਂ ਪੈਂਦੀਆਂ ਹਨ ਜੋ 20 ਤੋਂ 200 ਵਾਰ ਪ੍ਰਤੀ ਸਕਿੰਟ ਨਿਕਲਦੀਆਂ ਹਨ। ਟਾਸਕਰ ਦੇ ਅੱਧੇ ਤੋਂ ਵੱਧ ਮਰੀਜ਼ਾਂ ਨੂੰ ਪੀੜ ਵਿਚ ਆਰਾਮ ਮਹਿਸੂਸ ਹੋਇਆ। ਪਰ ਅੱਜਕਲ ਅਜਿਹੀ ਪੀੜ ਲਈ ਇਸ ਅਪਰੇਸ਼ਨ ਦੀ ਥਾਂ ਨਸ਼ੇ ਦੇ ਟੀਕੇ ਜਾਂ ਮਨੋਵਿਗਿਆਨਿਕ ਢੰਗ ਵਾਸਤੇ ਜਾਣ ਲੱਗ ਪਏ ਹਨ।
ਮੌਜੂਦਾ ਸਮੇਂ ਵਿਚ ਇਸ ਅਪਰੇਸ਼ਨ ਨੂੰ ਜਾਰੀ ਰੱਖਣ ਬਾਰੇ ਫਿਰ ਤੋਂ ਸੋਚ ਵਿਚਾਰ ਹੋਣ ਲੱਗ ਪਈ ਹੈ।
ਪਾਰਕਿਨਸਨ ਰੋਗ ਵਿਚ ਬਹੁਤ ਵਧੀਆ ਨਤੀਜੇ ਦਿਸਣ ਬਾਅਦ ਹੁਣ ਇਹ ਸਮਝ ਆ ਚੁੱਕੀ ਹੈ ਕਿ ਦਿਮਾਗ਼ ਦੇ ਕਿਹੜੇ ਹਿੱਸੇ ਵਿੱਚੋਂ ਸਰੀਰ ਦੇ ਕੰਬਣ ਵਾਲੀਆਂ ਤਰੰਗਾਂ ਨਿਕਲਦੀਆਂ ਹਨ। ਇਹ ਬਿਜਲਈ ਤਰੰਗਾਂ ਲਗਭਗ 25 ਹਜ਼ਾਰ ਨਿਊਰੋਨ ਸੈੱਲਾਂ ਵਿੱਚੋਂ ਇੱਕੋ ਸਮੇਂ ਨਿਕਲਦੀਆਂ ਹਨ। ਪੱਠਿਆਂ ਦਾ ਆਕੜਨਾ, ਤੁਰਨ ਵਿਚ ਤਕਲੀਫ਼ ਤੇ ਪੱਠਿਆਂ ਦੀ ਬੇਤਰਤੀਬੀ ਹਿਲਜੁਲ ਨੂੰ ਕਾਬੂ ਕਰਨ ਲਈ ਏਨੇ ਸਾਰੇ ਨਿਊਰੌਨ ਸੈੱਲਾਂ ਨੂੰ ਅਪਰੇਸ਼ਨ ਰਾਹੀਂ ਸਿਰ ਅੰਦਰ ਪਾਈ ਮਸ਼ੀਨ ਕਾਬੂ ਵਿਚ ਕਰ ਲੈਂਦੀ ਹੈ ਤੇ ਮਰੀਜ਼ ਲਗਭਗ ਠੀਕ ਹੋ ਜਾਂਦਾ ਹੈ।
ਡਿਸਟੋਨੀਆ ਦੇ ਮਰੀਜ਼ ਬੱਚਿਆਂ ਦਾ ਸਰੀਰ ਵੀ ਅਜੀਬ ਤਰੀਕੇ ਘੁੰਮ ਕੇ ਟੇਢਾ ਹੋ ਜਾਂਦਾ ਹੈ ਜਿਸ ਸਦਕਾ ਨਾ ਤਾਂ ਉਹ ਤੁਰ ਫਿਰ ਸਕਦੇ ਹਨ, ਨਾ ਆਪਣੀ ਤਕਲੀਫ਼ ਸਾਂਝੀ ਕਰ ਸਕਦੇ ਹਨ ਤੇ ਉਨ੍ਹਾਂ ਦੀ ਮੌਤ ਵੀ ਛੇਤੀ ਹੋ ਜਾਂਦੀ ਹੈ। ਇਨ੍ਹਾਂ ਬੱਚਿਆਂ ਵਿਚ ਵੀ ਇਸ ਮਸ਼ੀਨ ਸਦਕਾ ਦਿਮਾਗ਼ ਦੇ ਗਲੋਬਸ ਪੈਲੀਡਸ ਹਿੱਸੇ ਨੂੰ ਸ਼ਾਂਤ ਕਰ ਕੇ ਕੁੱਝ ਹਫ਼ਤਿਆਂ ਅੰਦਰ ਹੀ ਬੱਚੇ ਨੂੰ ਲਗਭਗ ਨਾਰਮਲ ਕੀਤਾ ਜਾ ਸਕਦਾ ਹੈ।
ਅਨੇਕ ਮਨੋਰੋਗ ਜਿਵੇਂ ਟੂਰੇਟ ਸਿੰਡਰੋਮ, ਓ.ਸੀ.ਡੀ., ਢਹਿੰਦੀ ਕਲਾ, ਖਾਣ ਪੀਣ ਵਿਚ ਦਿੱਕਤਾਂ, ਐਨੋਰੈਕਸੀਆ ਨਰਵੋਜ਼ਾ, ਨਸ਼ੇ ਦੀ ਲਤ, ਆਦਿ ਵਿਚ ਇਸ ਅਪਰੇਸ਼ਨ ਦਾ ਕਮਾਲ ਦਾ ਅਸਰ ਵੇਖਣ ਨੂੰ ਮਿਲਿਆ ਹੈ।
ਸਭ ਤੋਂ ਵੱਧ ਕਮਾਲ ਤਾਂ ਉਦੋਂ ਵੇਖੀ ਗਈ ਜਦੋਂ ਐਲਜ਼ੀਮਰ ਦੇ ਰੋਗੀਆਂ ਵਿਚ ਦਿਮਾਗ਼ ਦੇ ਹਿੱਸੇ ਦੇ ਖੁਰ ਜਾਣ ਸਦਕਾ ਖ਼ਤਮ ਹੋਈ ਯਾਦਾਸ਼ਤ ਦੇ ਵਿਚ ਇਹ ਮਸ਼ੀਨ ਫਿੱਟ ਕੀਤੀ ਗਈ।
ਮਸ਼ੀਨ ਨਾਲ ਸੁੱਕੇ ਹੋਏ ਹਿੱਸੇ ਵਿਚ ਲਗਾਤਾਰ ਤਰੰਗਾਂ ਭੇਜਣ ਨਾਲ ਹੌਲੀ-ਹੌਲੀ ਉਸ ਵਿਚ ਹਿਲਜੁਲ ਹੋ ਕੇ ਟੁੱਟੇ ਸੈੱਲਾਂ ਵਿਚ ਦੁਬਾਰਾ ਭੰਨ ਤੋੜ ਤੇ ਜੋੜ ਬਣਨੇ ਸ਼ੁਰੂ ਹੋ ਗਏ। ਇਹ ਬਹੁਤ ਜ਼ਿਆਦਾ ਉਤਸਾਹਜਨਕ ਖੋਜ ਸੀ।
ਇਸ ਖੋਜ ਨਾਲ ਨਵਾਂ ਰਾਹ ਖੁੱਲ ਗਿਆ ਕਿ ਅਨੇਕ ਕਿਸਮ ਦੀਆਂ ਦਿਮਾਗ਼ੀ ਸੱਟਾਂ, ਦਿਮਾਗ਼ ਦੇ ਕਿਸੇ ਹਿੱਸੇ ਦੇ ਸੁੰਗੜ ਜਾਣ ਦੇ ਨਾਲ-ਨਾਲ ਡੀਜੈਨੇਰੇਟਿਵ ਰੋਗਾਂ ਦਾ ਵੀ ਪੂਰਾ ਇਲਾਜ ਕੀਤਾ ਜਾ ਸਕੇਗਾ।
ਐਲਜ਼ੀਮਰ ਮਰੀਜ਼ਾਂ ਦੇ ਐਮ.ਆਰ.ਆਈ. ਸਕੈਨ ਵਿਚ ਜਿਨ੍ਹਾਂ ਹਿੱਸਿਆਂ ਵਿਚ ਘੱਟ ਲਹੂ ਜਾਂਦਾ ਸੀ ਤੇ ਘੱਟ ਕੰਮ ਕਰ ਰਹੇ ਸਨ, ਉਨ੍ਹਾਂ ਹਿੱਸਿਆਂ ਵਿਚ ਗਲੂਕੋਜ਼ ਵੀ ਘੱਟ ਮਾਤਰਾ ਵਿਚ ਲੱਭਿਆ ਸੀ। ਮਸ਼ੀਨ ਲਾਉਣ ਤੋਂ ਇੱਕ ਮਹੀਨੇ ਬਾਅਦ ਉਨ੍ਹਾਂ ਹਿੱਸਿਆਂ ਵਿਚ ਗਲੂਕੋਜ਼ ਵੱਧ ਦਿਸਿਆ ਤੇ ਉਨ੍ਹਾਂ ਹਿੱਸਿਆਂ ਵਿਚ ਲਹੂ ਵੀ ਵੱਧ ਜਾਣ ਲੱਗ ਪਿਆ ਸੀ।
ਇਸ ਖੋਜ ਤੋਂ ਬਾਅਦ ਐਮਰੀ ਯੂਨੀਵਰਸਿਟੀ ਦੀ ਹੈਲਨ ਮੇਅਬਰਗ ਨੇ ਮਨੁੱਖੀ ਮੂਡ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਜਿਹੜਾ ਦਵਾਈਆਂ ਤੇ ਸਾਈਕੋਥੈਰੇਪੀ ਨਾਲ ਠੀਕ ਨਹੀਂ ਕੀਤਾ ਜਾ ਸਕਿਆ ਸੀ।
ਇਸ ਵਾਸਤੇ ਦਿਮਾਗ਼ ਦੇ ''ਬਰੈਡਮੈਨ ਹਿੱਸੇ 25'' ਜੋ ਉਦਾਸੀ ਦਾ ਸੈਂਟਰ ਹੈ ਵਿਚ ਡੀ.ਬੀ.ਐਸ. ਮਸ਼ੀਨ ਫਿੱਟ ਕੀਤੀ ਗਈ। ਕੁੱਝ ਮਹੀਨਿਆਂ ਬਾਅਦ ਉਦਾਸੀ ਦੇ ਸੈਂਟਰ ਵਿਚਲੀ ਹਲਚਲ ਬਹੁਤ ਘੱਟ ਹੋ ਗਈ ਤੇ ਬੰਦੇ ਦਾ ਮੂਡ ਬਹੁਤ ਵਧੀਆ ਹੋ ਗਿਆ।
ਫਿਰ 200 ਮਰੀਜ਼ਾਂ ਉੱਤੇ ਇਹੀ ਅਜ਼ਮਾਇਆ ਗਿਆ ਤਾਂ ਉਨ੍ਹਾਂ ਵਿਚ ਕਈ ਸਾਲ ਉਦਾਸੀ ਉੱਕਾ ਹੀ ਨੇੜੇ ਨਹੀਂ ਫਟਕੀ। ਹੁਣ ਇਹ ਮਸ਼ੀਨ ਪੂਰੀ ਉਮਰ ਵਾਸਤੇ ਵੀ ਸੁਰੱਖਿਅਤ ਮੰਨੀ ਜਾਣ ਲੱਗ ਪਈ ਹੈ।
ਕੁੱਝ ਕਿਸਮਾਂ ਦੀਆਂ ਰਸੌਲੀਆਂ ਵਿਚ ਵੀ ਇਹ ਮਸ਼ੀਨ ਅਜ਼ਮਾਈ ਜਾ ਚੁੱਕੀ ਹੈ ਜਿੱਥੇ ਅਪਰੇਸ਼ਨ ਦੇ ਮਾੜੇ ਅਸਰਾਂ ਤੋਂ ਮਰੀਜ਼ ਬਚ ਗਿਆ।
ਫੈਸਲਾ ਨਾ ਲੈ ਸਕਣ ਵਾਲੀ ਬੀਮਾਰੀ, ਯਾਦਾਸ਼ਤ ਦੀ ਕਮਜ਼ੋਰੀ, ਨਵੀਆਂ ਚੀਜ਼ਾਂ ਸਿੱਖਣ ਵਿਚ ਦਿੱਕਤ ਅਤੇ ਓ.ਸੀ.ਡੀ. ਦੇ ਮਰੀਜ਼ਾਂ ਵਿਚ ਵੀ 40 ਤੋਂ 60 ਫੀਸਦੀ ਫ਼ਾਇਦਾ ਦਿਸਿਆ।
ਟੂਰੈਟ ਸਿੰਡਰੋਮ ਮਰੀਜ਼ਾਂ ਵਿਚ ਵੀ 70 ਫੀਸਦੀ ਫ਼ਾਇਦਾ ਹੋ ਗਿਆ। ਭੁੱਖ ਨਾ ਲੱਗਣ ਦੀ ਬੀਮਾਰੀ, ਬਾਈਪੋਲਰ ਬੀਮਾਰੀ ਦੇ ਮਰੀਜ਼ਾਂ ਵਿੱਚੋਂ ਵੀ 60 ਫੀਸਦੀ ਠੀਕ ਹੋ ਗਏ।
ਹਕਲਾਉਣ ਦੀ ਬੀਮਾਰੀ ਵਿਚ ਵੀ ਜ਼ਬਾਨ ਦੇ ਸੈਂਟਰ ਉੱਤੇ ਡੀ.ਬੀ.ਐਸ. ਮਸ਼ੀਨ ਦਾ ਵਧੀਆ ਅਸਰ ਦਿਸਿਆ। ਇਸ ਸੰਬੰਧੀ ਟੋਰਾਂਟੋ ਯੂਨੀਵਰਸਿਟੀ ਦੇ ਨਿਊਰੋਸਰਜਰੀ ਵਿਭਾਗ ਦੇ ਐਂਦਰੇ ਲੋਜ਼ਾਨੋ ਲਗਾਤਾਰ ਖੋਜ ਜਾਰੀ ਰੱਖ ਰਹੇ ਹਨ ਤੇ ਕਈ ਖੋਜਾਂ ਦੁਨੀਆਂ ਦੇ ਚੋਟੀ ਦੇ ਲੈਂਸੱਟ ਰਿਸਾਲੇ ਵਿਚ ਛੱਪ ਵੀ ਚੁੱਕੀਆਂ ਹਨ।
ਹੁਣ ਸਪਸ਼ਟ ਹੋ ਚੁੱਕਿਆ ਹੈ ਕਿ ਆਉਣ ਵਾਲੇ ਸਮੇਂ ਵਿਚ ਮਨੁੱਖੀ ਮਨ ਨੂੰ ਕਾਬੂ ਵਿਚ ਕੀਤਾ ਜਾ ਸਕਦਾ ਹੈ ਤੇ ਅਨੇਕ ਲਾਇਲਾਜ ਰੋਗਾਂ ਨੂੰ ਠੀਕ ਵੀ ਕੀਤਾ ਜਾ ਸਕਦਾ ਹੈ।
ਸਿਰਫ਼ ਇੱਕ ਨੁਕਤਾ ਜਿਸ ਬਾਰੇ ਕਈ ਸੀਨੀਅਰ ਖੋਜੀਆਂ ਨੇ ਚਿੰਤਾ ਜਤਾਈ ਹੈ, ਉਹ ਇਹ ਹੈ ਕਿ ਜੇ ਦਿਮਾਗ਼ ਦ ਅੰਦਰ ਪਾਈ ਮਸ਼ੀਨ ਦੀਆਂ ਮਹੀਨ ਤਰੰਗਾਂ ਏਨੀ ਜ਼ਬਰਦਸਤ ਤਬਦੀਲੀ ਲਿਆ ਸਕਦੀਆਂ ਹਨ ਤਾਂ ਇਸ ਤੋਂ ਹਜ਼ਾਰ ਗੁਣਾਂ ਤੇਜ਼ ਤਰੰਗਾਂ, ਜੋ ਕੰਨ ਦੇ ਬਾਹਰੋਂ ਦਿਮਾਗ਼ ਨਾਲ ਲੱਗ ਕੇ, ਸਾਰਾ ਦਿਨ ਅੰਦਰ ਪਹੁੰਚ ਕੇ ਘੰਟਿਆਂ ਬੱਧੀ ਅਸਰ ਛੱਡਦੀਆਂ ਹੋਣ ਅਤੇ ਨਿੱਕੇ ਬੱਚਿਆਂ ਦੇ ਬਣਦੇ ਦਿਮਾਗ਼ ਦੇ ਹਿੱਸਿਆਂ ਵਿਚ ਵੀ ਲੰਮੇ ਸਮੇਂ ਤੱਕ ਬਣਤਰ ਤੇ ਹਰਕਤ ਵਿਚ ਅਸਰ ਪਾ ਰਹੀਆਂ ਹੋਣ ਤਾਂ ਕੀ ਬਣੇਗਾ?
ਇਹ ਤਰੰਗਾਂ ਹਨ ਮੋਬਾਈਲ ਫ਼ੋਨ ਦੀਆਂ। ਹੁਣ ਤੱਕ ਦੀਆਂ ਖੋਜਾਂ ਸਪਸ਼ਟ ਕਰ ਚੁੱਕੀਆਂ ਹਨ ਕਿ ਬੱਚਿਆਂ ਵਿਚ ਵੱਧਦਾ ਮਨੋਰੋਗ ''ਓਟਿਜ਼ਮ'' ਮੋਬਾਈਲ ਫ਼ੋਨ ਦੀ ਹੀ ਦੇਣ ਹੈ। ਬਾਕੀ ਫੈਸਲਾ ਪਾਠਕਾਂ ਉੱਤੇ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
         ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783

ਕੀ ਹਾਲੇ ਵੀ ਸਮਾਜ ਕਹੇਗਾ ਕਿ  ਔਰਤ ਹੀ ਔਰਤ ਦੀ ਦੁਸ਼ਮਨ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.,   ਮੁੰਬਈ ਵਿਚ ਚਲਦੀ ਸੜਕ ਦੇ ਇਕ ਪਾਸੇ ਇਕ ਨਾਬਾਲਗ ਬੱਚੀ ਦੇ ਢਿੱਡ ਤੇ ਛਾਤੀ ਵਿਚ ਇਕ ਮੁਸ਼ਟੰਡੇ ਵੱਲੋਂ 22 ਛੁਰੇ ਦੇ ਵਾਰ ਕੀਤੇ ਗਏ। ਆਉਂਦਾ ਜਾਂਦਾ ਹਰ ਜਣਾ ਉਸ ਦੀ ਪੂਰੀ ਵੀਡੀਓ ਬਣਾਉਂਦਾ ਰਿਹਾ ਤੇ ਨਾਲੋ-ਨਾਲ ਫੇਸਬੁੱਕ ਤੇ ਵੱਟਸਐਪ 'ਤੇ ਪਾਉਂਦਾ ਰਿਹਾ। ਕੀ ਮਜਾਲ ਇਕ ਵੀ ਜਣਾ ਉਸ ਦੀ ਮਦਦ ਨੂੰ ਅੱਗੇ ਆਇਆ ਹੋਵੇ। ਲਹੂ ਵਹਿ ਵਹਿ ਕੇ ਉਸ ਦੀ ਉੱਥੇ ਹੀ ਮੌਤ ਹੋ ਗਈ ਪਰ ਨਾ ਪੁਲਿਸ ਨੂੰ ਖ਼ਬਰ ਕੀਤੀ ਗਈ ਤੇ ਨਾ ਕਿਸੇ ਨੇ ਹਸਪਤਾਲ ਲਿਜਾਉਣ ਦੀ ਕੋਸ਼ਿਸ਼ ਕੀਤੀ।
    ਵਾਰ ਕਰਨ ਵਾਲੇ ਦੇ ਚਲੇ ਜਾਣ ਬਾਅਦ ਕੁੱਝ ਜਣੇ ਬਿਲਕੁਲ ਮੂੰਹ ਦੇ ਲਾਗੇ ਤੱਕ ਜਾ ਕੇ ਆਖ਼ਰੀ ਸਾਹ ਨਿਕਲਣ ਤੱਕ ਕੁੜੀ ਦਾ ਪੂਰਾ ਵੀਡੀਓ ਬਣਾ ਕੇ ਅਪਲੋਡ ਕਰਦੇ ਰਹੇ। ਹਰ ਜਣੇ ਨੇ ਆਪੋ ਆਪਣੀ ਵੀਡੀਓ ਨੂੰ ਸਭ ਤੋਂ ਵਧੀਆ ਦਰਸਾਉਣ ਦੇ ਚੱਕਰ ਵਿਚ ''ਮੇਰੀ ਕਲਿੱਪ ਇਸ ਤੋਂ ਵੀ ਹੋਰ ਨੇੜੇ ਦੀ ਹੈ,'' ''ਮੇਰੀ ਕਲਿੱਪ ਵਿਚ ਤਾਂ ਢਿੱਡ 'ਚੋਂ ਨਿਕਲਦੇ ਲਹੂ ਦੀਆਂ ਧਤੀਰੀਆਂ ਵੀ ਦਿਸਦੀਆਂ ਨੇ,'' ਆਦਿ ਦੇ ਕੁਮੈਂਟ ਨਾਲ ਅੱਗੇ ਤੋਂ ਅੱਗੇ ਤੋਰੀ। ਪੂਰੇ ਹਿੰਦੁਸਤਾਨ ਵਿਚ ਇਹ ਕਲਿੱਪ ਘੁੰਮਦੀ ਰਹੀ ਤੇ ਲੋਕ ਕੁਮੈਂਟ ਲਿਖ ਕੇ ਸ਼ੇਅਰ ਕਰਦੇ ਰਹੇ!
    ਰਾਜਸਥਾਨ ਵਿਚ ਇਕ ਹਿੰਦੂ ਕੁੜੀ ਨੇ ਮੁਸਲਮਾਨ ਮੁੰਡੇ ਨਾਲ ਵਿਆਹ ਕਰਨ ਬਾਰੇ ਗੱਲ ਕੀਤੀ ਤਾਂ ਪੂਰੀ ਭੀੜ ਨੇ ਉਸ ਨਾਲ ਖਿੱਚ ਧੂਹ ਕੀਤੀ, ਵਾਲ ਪੁੱਟੇ, ਕਪੜੇ ਪਾੜੇ ਤੇ ਅਖ਼ੀਰ ਉਸ ਉੱਤੇ ਤੇਲ ਸੁੱਟ ਕੇ ਅੱਗ ਲਾ ਦਿੱਤੀ। ਇਸ ਪੂਰੇ ਸਿਲਸਿਲੇ ਦੀ ਸ਼ੁਰੂ ਤੋਂ ਅਖ਼ੀਰ ਤੱਕ ਪਲ-ਪਲ ਦੀ ਵੀਡੀਓ, ਨੇੜਿਓ ਦੂਰੋਂ ਉਸ ਦੇ ਚੀਕਣ ਦੀ, ਲਹੂ ਨਿਕਲਣ ਦੀ, ਫਟੇ ਕਪੜਿਆਂ ਹੇਠਲੇ ਜਿਸਮ ਦੀ, ਅੱਗ ਲੱਗੀ ਹੋਈ ਦੇ ਤੜਫਣ ਦੀ ਤੇ ਢਿੱਡ ਅੰਦਰੋਂ ਬਲਦੇ ਮਾਸ ਦੇ ਭਬਕਣ ਦੀ, ਆਖ਼ਰੀ ਸਾਹ ਨਿਕਲ ਜਾਣ ਤਕ ਤੇ ਅੱਖ ਦੇ ਡੇਲੇ ਦੇ ਪਟਾਕਾ ਮਾਰ ਕੇ ਫਟ ਜਾਣ ਤਕ ਦੀ ਪੂਰੀ ਵੀਡੀਓ ਤੇ ਨਾਲ ਉੱਚੀ-ਉੱਚੀ ਹੱਸਣ, ਤਾਅਨੇ ਮਿਹਣੇ ਕੱਸਣ, ਜਿਸਮ ਦੇ ਅੰਦਰੂਨੀ ਹਿੱਸਿਆਂ ਬਾਰੇ ਚਟਕਾਰੇ ਲੈ ਕੇ ਗੱਲਾਂ ਕਰਨ ਤੱਕ ਦੀ ਵੀਡੀਓ ਪੂਰੇ ਹਿੰਦੁਸਤਾਨ ਵਿਚ ਸ਼ੇਅਰ ਹੋਈ। ਕਿਸੇ ਇੱਕ ਨੇ ਅਗਾਂਹ ਹੋ ਕੇ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਦੂਰੋਂ ਖੜ੍ਹੇ ਵੀ ਦਰਖ਼ਤਾਂ ਉੱਤੋਂ ਚੜ੍ਹ ਕੇ ਪੂਰੀ ਵੀਡੀਓ ਖਿੱਚਣ ਲਈ ਕਾਹਲੀ ਤਮਾਸ਼ਬੀਨਾਂ ਦੀ ਭੀੜ ਇਸ ਫ਼ਿਲਮ ਵਿਚ ਵਿਖਾਈ ਗਈ। ਕੁਮੈਂਟ ਕੁੱਝ ਇਸ ਤਰ੍ਹਾਂ ਦੇ ਲਿਖੇ ਗਏ ਸਨ-''ਸਾਲੀ ਕੋ ਬੁੱਚੜਖ਼ਾਨੇ ਮੇਂ ਹਲਾਲ ਕਰਨਾ ਚਾਹੀਏ,'' ''ਐਸੀ ਲੜਕੀਓਂ ਕੀ ਸਜ਼ਾ ਯਹੀ ਹੋਣੀ ਚਾਹੀਏ।''
    ਮੁੰਬਈ ਦੇ ਇਕ ਪੱਬ ਵਿਚ ਉੱਪਰ ਟੰਗੀ ਤਰਪਾਲ ਨੂੰ ਅੱਗ ਲੱਗੀ ਤਾਂ ਉਹ ਹੇਠਾਂ ਨੱਚ ਰਹੇ ਜਵਾਨਾਂ ਉੱਤੇ ਡਿੱਗ ਪਈ। ਬਲਦੀ ਤਰਪਾਲ ਕਪੜਿਆਂ ਤੇ ਚਮੜੀ ਨੂੰ ਚਿੰਬੜ ਗਈ। ਤਰਪਾਲ ਨੂੰ ਚਮੜੀ ਸਮੇਤ ਹੀ ਖਿੱਚ ਕੇ, ਲਾਹ ਕੇ ਜਿੰਨੇ ਜਣੇ ਬਾਹਰ ਜਾਨ ਬਚਾ ਕੇ ਭੱਜ ਸਕੇ, ਭੱਜੇ! ਲਹੂ ਲੁਹਾਨ ਨਿਰਵਸਤਰ ਤੇ ਬਿਨਾਂ ਚਮੜੀ ਦੇ, ਜਦੋਂ ਸਾਹਮਣੇ ਵਾਲੀ ਕੌਫ਼ੀ ਸ਼ਾਪ ਤੋਂ ਪਾਣੀ ਮੰਗਣ ਗਏ ਤਾਂ ਦੁਕਾਨਦਾਰ ਨੇ ਪੈਸਿਆਂ ਤੋਂ ਬਿਨਾਂ ਪਾਣੀ ਦੇਣ ਨੂੰ ਨਾ ਕਰ ਦਿੱਤੀ।
    ਇਹੀ ਜਵਾਨ ਜਦੋਂ ਸੜਕ ਉੱਤੋਂ ਲੰਘਦਿਆਂ ਬੰਦਿਆਂ ਨੂੰ ਹੱਥ ਦੇ ਇਸ਼ਾਰੇ ਨਾਲ ਰੋਕ ਕੇ ਹਸਪਤਾਲ ਲਿਜਾਉਣ ਲਈ ਅਰਜ਼ੋਈ ਕਰਨ ਲੱਗੇ ਤਾਂ ਹਰ ਕਾਰ, ਸਕੂਟਰ, ਟੈਂਪੂ, ਬਸ, ਟਰੱਕ ਵਾਲੇ ਨੇ ਉਨ੍ਹਾਂ ਦੇ ਨਿਰਵਸਤਰ ਜਿਸਮਾਂ ਦੀਆਂ ਵੀਡੀਓ ਬਣਾ ਕੇ ਝਟਪਟ ਅਪਲੋਡ ਕਰ ਦਿੱਤੀਆਂ ਪਰ ਕੋਈ ਮਦਦ ਲਈ ਨਹੀਂ ਰੁਕਿਆ। ਕੁੱਝ ਮਨਚਲੇ ਤਾਂ ਦੋ ਜਾਂ ਤਿੰਨ ਗੇੜੇ ਲਾ ਕੇ ਵੀਡੀਓਜ਼ ਨਾਲ ਸਟਿੱਲ ਫੋਟੋਜ਼ ਵੀ ਖਿੱਚਣ ਲਈ ਮੁੜੇ!
    ਹਰ ਰੋਜ਼ ਐਕਸੀਡੈਂਟ ਵਿਚ ਲਹੂ ਲੁਹਾਨ ਬੰਦਿਆਂ ਦੀਆਂ ਤੇ ਉਨ੍ਹਾਂ ਦੇ ਸਰੀਰਾਂ ਵਿੱਚੋਂ ਧਤੀਰੀਆਂ ਮਾਰ ਕੇ ਵਗਦੇ ਲਹੂ ਦੀਆਂ ਵੀਡੀਓਜ਼, ਫਟ ਚੁੱਕੇ ਕਪੜਿਆਂ ਵਿੱਚੋਂ ਦਿਸਦੇ ਜਿਸਮ ਦੀਆਂ ਤੇ ਹਾਏ ਹਾਏ ਕਰ ਕੇ ਆਖ਼ਰੀ ਸਾਹ ਨਿਕਲ ਜਾਣ ਤੱਕ ਦਾ ਪੂਰਾ ਵੀਡੀਓ ਸ਼ੂਟ ਕਰਨ ਲਈ ਭੀੜ ਜਮਾਂ ਹੋ ਜਾਂਦੀ ਹੈ ਤੇ ਰੋਜ਼ ਅਜਿਹੀ ਨਵੀਂ ਵੀਡੀਓ ਫੇਸ ਬੁੱਕਾਂ ਉਤੇ ਘੁੰਮਣ ਲੱਗ ਜਾਂਦੀ ਹੈ ਪਰ ਕਦੇ ਕੋਈ ਮਦਦ ਲਈ ਅਗਾਂਹ ਨਹੀਂ ਆਉਂਦਾ ਦਿਸਦਾ।
    ਅਣਮਨੁੱਖੀ ਫੋਟੋਗ੍ਰਾਫ਼ਰਾਂ ਦੀ ਭਰਮਾਰ ਚੁਫ਼ੇਰੇ ਸਿਰਫ਼ ਆਪਣਾ ਸ਼ਿਕਾਰ ਲੱਭਣ ਲਈ ਦਨਦਨਾਉਂਦੀ ਫਿਰਦੀ ਹੈ। ਜੇ ਕੁੱਝ ਘੰਟਿਆਂ ਤਕ ਕੋਈ ਨਵੀਂ ਫ਼ਿਲਮ ਤਿਆਰ ਨਾ ਹੋ ਸਕੇ ਤਾਂ ਇਹ ਭੀੜ ਆਪਣਾ ਕਾਰਨਾਮਾ ਕਰਨ ਲਈ ਤਿਆਰ ਹੋ ਜਾਂਦੀ ਹੈ। ਹਰ ਜਣਾ ਦੂਜੇ ਨਾਲੋਂ ਵੱਧ ਭਿਆਨਕ ਵੀਡੀਓ ਬਣਾਉਣ ਲਈ ਜੁਟ ਜਾਂਦਾ ਹੈ। ਅਜਿਹੇ ਕਾਰਨਾਮੇ ਸ਼ੂਟ ਕਰਨ ਲਈ ਕਿਸ ਹਦ ਤਕ ਇਹ ਅਣਮਨੁੱਖੀ ਫੋਟੋਗ੍ਰਾਫ਼ਰ ਜਾਂਦੇ ਹਨ, ਟੈਲੀਵਿਜ਼ਨ ਉੱਤੇ ਇਕ ਚਿਹਰਾ ਢਕੇ ਹੋਏ ਨਾਬਾਲਗ ਬਲਾਤਕਾਰੀ ਨੇ ਸਪਸ਼ਟ ਕਰ ਦਿੱਤਾ ਸੀ। ਉਸ ਬਿਆਨ ਦਿੱਤਾ, ''ਮੈਂ ਬਲਾਤਕਾਰ ਕਰ ਕੇ ਵੀਡੀਓ ਕਲਿੱਪਾਂ ਤਿਆਰ ਕਰਨ ਦਾ ਸੈਂਕੜਾ ਪੂਰਾ ਕਰਨ ਦਾ ਟੀਚਾ ਮਿੱਥਿਆ ਹੋਇਆ ਸੀ।''
    ਇਸ ਤਰ੍ਹਾਂ ਦੀਆਂ ਦਿਲ ਵਲੂੰਧਰਦੀਆਂ ਵੀਡੀਓਜ਼ ਕਿਵੇਂ ਹੌਲੀ-ਹੌਲੀ ਨਾਬਾਲਗ ਬੱਚਿਆਂ ਦੇ ਬਣਦੇ ਦਿਮਾਗ਼ ਵਿਚ ਸ਼ੈਤਾਨੀ ਕਾਰੇ ਕਰਨ ਵਾਲਾ ਬਾਰੂਦ ਇਕੱਠਾ ਕਰ ਰਹੀਆਂ ਹਨ, ਇਹ ਅੰਦਾਜ਼ਾ ਲਾਉਣਾ ਔਖਾ ਨਹੀਂ ਕਿਉਂਕਿ ਨਿਤ ਦਿਨ ਪਹਿਲਾਂ ਤੋਂ ਵੱਖ ਤੇ ਪਹਿਲਾਂ ਤੋਂ ਵੱਧ ਭਿਆਨਕ ਤਰੀਕੇ ਨਾਲ ਨਾਬਾਲਗ ਬੱਚੀਆਂ ਦੇ ਸਮੂਹਕ ਬਲਾਤਕਾਰ ਕਰਨ ਬਾਅਦ ਉਨ੍ਹਾਂ ਨੂੰ ਜਿਉਂਦੇ ਸਾੜ ਕੇ, ਡੁਬੋ ਕੇ ਜਾਂ ਲੱਤਾਂ ਬਾਹਵਾਂ ਤੋੜ ਕੇ ਕਤਲ ਕਰਨ ਦੇ ਕੇਸ ਸਾਹਮਣੇ ਆ ਰਹੇ ਹਨ।
    ਅਜਿਹੇ ਬਰਬਰ ਕਤਲ ਸਮਾਜ ਵਿਚ ਵੱਧ ਰਹੀ ਵਹਿਸ਼ੀਅਤ ਦਾ ਚਰਮ ਪ੍ਰਗਟਾਵਾ ਹਨ। ਔਰਤ ਨੂੰ ਸਿਰਫ਼ ਭੋਗ ਵਿਲਾਸ ਦੀ ਵਸਤੂ ਮੰਨ ਕੇ, ਹਵਸ ਤ੍ਰਿਪਤ ਕਰਨ ਵਿਚ ਪਸ਼ੂਵਤ ਪ੍ਰਵਿਰਤੀ ਖੁੱਲ ਕੇ ਉਜਾਗਰ ਹੋਣ ਲੱਗ ਪਈ ਹੈ।
    ਪਾਨੀਪਤ ਵਿਚ ਉਰਲਾਨਾ ਕਲਾਂ ਪਿੰਡ ਦੇ ਬਾਹਰਵਾਰ ਇਕ ਛੱਪੜ ਲਾਗੇ ਅਧਨੰਗੀ, ਅਧਸੜੀ, ਬਾਹਵਾਂ ਲੱਤਾਂ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਦੀ 11 ਵਰ੍ਹਿਆਂ ਦੀ ਬਾਲੜੀ ਦੀ ਲਾਸ਼ ਮਿਲੀ। ਜਦੋਂ ਕਾਤਲਾਂ ਦੀ ਭਾਲ ਸ਼ੁਰੂ ਕੀਤੀ ਤਾਂ 28 ਸਾਲਾ ਪ੍ਰਦੀਪ ਕੁਮਾਰ ਤੇ 22 ਸਾਲਾ ਸਾਗਰ ਜੋ ਉਸੇ ਪਿੰਡ ਦੇ ਸਨ, ਨੇ ਮੰਨਿਆ ਕਿ ਉਨ੍ਹਾਂ ਨੇ ਬਾਲੜੀ ਦਾ ਜਬਰਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੂਰਾ ਜ਼ੋਰ ਲਾ ਕੇ ਸਾਨੂੰ ਨੇੜੇ ਨਾ ਫਟਕਣ ਦਿੱਤਾ। ਇਸੇ ਲਈ ਪਹਿਲਾਂ ਅਸੀਂ ਉਸੇ ਦੇ ਸਕਾਰਫ਼ ਨਾਲ ਉਸ ਦਾ ਗਲਾ ਘੁੱਟਿਆ, ਫੇਰ ਕਪੜੇ ਸਾੜੇ ਤੇ ਫੇਰ ਆਰਾਮ ਨਾਲ ਚਟਕਾਰੇ ਲੈ ਕੇ ਲਾਸ਼ ਨਾਲ ਚਾਰ ਘੰਟੇ (ਸ਼ਾਮ 7 ਵਜੇ ਤੋਂ ਰਾਤ 11 ਵਜੇ ਤਕ) ਬਲਾਤਕਾਰ ਕੀਤਾ। ਉਸ ਤੋਂ ਬਾਅਦ ਵੀਡੀਓ ਬਣਾ ਕੇ ਲਾਸ਼ ਨੂੰ ਛੱਪੜ ਕਿਨਾਰੇ ਸੁੱਟ ਦਿੱਤਾ।
    ਝਾਂਸਾ ਪਿੰਡ (ਕੁਰਕਸ਼ੇਤਰ ਜ਼ਿਲ੍ਹਾ) ਵਿਚ ਰਹਿ ਰਹੀ ਇਕ 15 ਸਾਲਾ ਦਲਿਤ ਬੱਚੀ ਦੀ ਲਾਸ਼ ਕੁਰਕਸ਼ੇਤਰ ਤੋਂ 110 ਕਿਲੋਮੀਟਰ ਦੂਰ ਸਫੀਦੋਂ ਦੇ ਨੇੜੇ ਪਿੰਡ ਬੁੱਢਾ ਖੇੜਾ 'ਚੋਂ ਮਿਲੀ। ਉਹ ਤਿੰਨ ਦਿਨ ਪਹਿਲਾਂ ਲਾਪਤਾ ਹੋਈ ਸੀ। ਇਕ ਗਵਾਂਢੀ ਬਾਰਵੀਂ ਜਮਾਤ ਦੇ ਵਿਦਿਆਰਥੀ ਨੇ 9 ਜਨਵਰੀ 2018 ਨੂੰ ਆਪਣੇ ਕਈ ਦੋਸਤਾਂ ਨਾਲ ਇਸ ਬੱਚੀ ਨੂੰ ਚੁੱਕ ਕੇ ਰੱਜ ਕੇ ਦੋ ਦਿਨ ਉਸ ਦਾ ਸਮੂਹਕ ਬਲਾਤਕਾਰ ਕੀਤਾ। ਫੇਰ ਲੋਹੇ ਦੇ ਮੋਟੇ ਡੰਡੇ ਨਾਲ ਬੱਚੇਦਾਨੀ ਰਾਹੀਂ ਜਿਗਰ ਤੱਕ ਘੁਸਾ ਕੇ, ਪੂਰਾ ਢਿੱਡ ਪਾੜ ਕੇ ਉਸ ਨੂੰ ਬੇਦਰਦੀ ਨਾਲ ਡਾਂਗਾਂ ਮਾਰ-ਮਾਰ ਕੇ ਮਾਰਿਆ। ਫੇਰ ਪਾਣੀ ਵਿਚ ਡੁਬੋ ਕੇ ਆਖ਼ਰੀ ਸਾਹ ਖ਼ਤਮ ਕਰਕੇ ਦੁਬਾਰਾ ਜਬਰਜ਼ਨਾਹ ਕੀਤਾ। ਉਸ ਤੋਂ ਬਾਅਦ ਬੱਚੇਦਾਨੀ ਨੂੰ ਬੁਰੀ ਤਰ੍ਹਾਂ ਕੱਟ ਵੱਢ ਕੇ ਨਿਰਵਸਤਰ ਲਾਸ਼ ਸੁੱਟ ਦਿੱਤੀ। ਪੂਰੀ ਲਾਸ਼ ਨਿਰੇ ਡੂੰਘੇ ਜ਼ਖਮਾਂ ਨਾਲ ਭਰੀ ਹੋਈ ਲੱਭੀ।
    ਕੁਰਕਸ਼ੇਤਰ ਵਿਖੇ ਇਕ ਹੋਰ 11 ਵਰ੍ਹਿਆਂ ਦੀ ਨਾਬਾਲਗ ਬੱਚੀ ਦੀ ਲਾਸ਼ ਲੱਭੀ ਜਿਸ ਨਾਲ ਸਮੂਹਕ ਬਲਾਤਕਾਰ ਕਰਨ ਬਾਅਦ ਉਸ ਨੂੰ ਵੱਢ ਟੁਕ ਕੇ, ਮਾਰ ਕੇ ਸੁੱਟ ਦਿੱਤਾ ਗਿਆ ਸੀ।
    ਇਨ੍ਹਾਂ ਸਭ ਦੀਆਂ ਪੀੜ ਸਹਿਨ ਕਰਦੀਆਂ ਦੀਆਂ ਕੂਕਾਂ ਤੇ ਜਿਸਮ ਵਿੱਚੋਂ ਵਹਿੰਦੇ ਲਹੂ ਦੀਆਂ ਧਤੀਰੀਆਂ ਦੀ ਨਰਭਖ਼ਸ਼ੀ ਫੋਟੋਗ੍ਰਾਫਰਾਂ ਨੇ ਵੀਡੀਓਜ਼ ਖਿੱਚੀਆਂ।
    ਜਦੋਂ ਅਜਿਹੇ ਗ਼ੈਰ ਮਨੁੱਖੀ ਕਤਲਾਂ ਬਾਰੇ ਤੇ ਨਿਤ ਵਧਦੇ ਜਾਂਦੇ ਭਿਆਨਕ ਜੁਰਮਾਂ ਬਾਰੇ ਆਵਾਜ਼ ਚੁੱਕੀ ਗਈ ਤਾਂ ਮਰਦ ਪ੍ਰਧਾਨ ਸਮਾਜ ਵੱਲੋਂ ਬੜੀ ਬੁਲੰਦ ਆਵਾਜ਼ ਗੂੰਜੀ-''ਔਰਤ ਹੀ ਔਰਤ ਦੀ ਦੁਸ਼ਮਨ ਹੈ।''
    ਸਪਸ਼ਟ ਹੋ ਗਿਆ ਕਿ ਬਹੁਗਿਣਤੀ ਲੋਕਾਂ ਨੇ ਵਹਿਸ਼ੀਪੁਣੇ ਤੇ ਬਰਬਰਤਾ ਨੂੰ ਵੇਖਦਿਆਂ ਗੋਡਿਆਂ 'ਚ ਸਿਰ ਦੇ ਕੇ ਬਹਿਣ ਦਾ ਫੈਸਲਾ ਕਰ ਲਿਆ ਹੋਇਆ ਹੈ। ਜਿਨ੍ਹਾਂ ਨੇ ਕੁੱਝ ਵੀ ਨਹੀਂ ਕਰਨਾ ਤੇ ਇਨ੍ਹਾਂ ਸਾਰੇ ਭੂਤਰੇ ਸਾਨ੍ਹਾਂ ਵੱਲੋਂ ਕੀਤੇ ਕੁਕਰਮਾਂ ਉੱਤੇ ਪਰਦਾ ਪਾਉਣਾ ਹੈ, ਉਨ੍ਹਾਂ ਕੋਲ ਇਹ ਕਹਿਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ।
    ਸਿਰਫ਼ ਇਹ ਕਹਿ ਕੇ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ, ਇਨ੍ਹਾਂ ਸਾਰੇ ਕੁਕਰਮਾਂ ਲਈ ਔਰਤ ਉੱਤੇ ਹੀ ਜ਼ਿੰਮੇਵਾਰੀ ਸੁੱਟ ਦਿਓ। ਇੰਜ ਜਾਪਣ ਲੱਗ ਪਿਆ ਹੈ ਜਿਵੇਂ ਪਾਸਾ ਵੱਟ ਕੇ ਆਪੋ ਆਪਣੇ ਕੰਮਾਂ ਵਿਚ ਰੁੱਝ ਚੁੱਕੇ ਅਸੰਵੇਦਨਸ਼ੀਲ ਲੋਕ ਬਰਬਰ ਸਮੱਸਿਆਵਾਂ ਨਾਲ ਸਮਝੌਤਾ ਕਰਨ ਦੀ ਰੌਂਅ ਵਿਚ ਹਨ।
    ਆਖ਼ਰ ਸਮਝ ਤਾਂ ਆਵੇ ਕਿ 10 ਸਾਲਾਂ ਦੀ ਬੱਚੀ ਨੂੰ ਅਧਖੜ ਉਮਰ ਦੇ ਗਵਾਂਢੀ ਨੇ ਪਿੰਜੌਰ ਵਿਚ ਸ਼ਾਮ ਨੂੰ ਖੇਡਦੀ ਨੂੰ ਚੁੱਕ ਕੇ ਉਸ ਦੀ ਬੱਚੇਦਾਨੀ ਵਿਚ ਸੋਟੀ ਪਾ ਕੇ, ਪਾੜ ਕੇ, ਆਖ਼ਰੀ ਸਾਹ ਗਿਣਦੀ ਦਾ ਬਲਾਤਕਾਰ ਕੀਤਾ, ਤਾਂ ਇਸ ਵਿਚ ਔਰਤ ਔਰਤ ਦੀ ਦੁਸ਼ਮਨ ਕਿਵੇਂ ਬਣ ਗਈ?
    ਇਹ ਹਾਦਸਾ ਵੀ 14 ਜਨਵਰੀ 2018 ਨੂੰ ਵਾਪਰਿਆ। 13 ਜਨਵਰੀ ਨੂੰ ਫਰੀਦਾਬਾਦ ਵਿਖੇ 20 ਸਾਲਾਂ ਦੀ ਮੁਟਿਆਰ ਕੰਮ ਕਰ ਕੇ ਵਾਪਸ ਮੁੜ ਰਹੀ ਸੀ, ਜਦੋਂ ਚਲਦੀ ਕਾਰ ਵਿਚ ਚਾਰ ਜਣਿਆਂ ਨੇ ਉਸ ਦਾ ਜਬਰਜ਼ਨਾਹ ਕੀਤਾ। ਇਸ ਵਿਚ ਵੀ ਕਸੂਰ ਕੀ ਔਰਤ ਜ਼ਾਤ ਦਾ ਹੈ?
    9 ਦਸੰਬਰ 2017 ਨੂੰ ਇਕ 6 ਵਰ੍ਹਿਆਂ ਦੀ ਗ਼ਰੀਬ ਦਲਿਤ ਬੱਚੀ ਦਾ ਉਕਲਾਨਾ ਬਲਾਕ (ਜ਼ਿਲ੍ਹਾ ਹਿਸਾਰ) ਵਿਖੇ ਬੁਰੀ ਤਰ੍ਹਾਂ ਹੱਡੀਆਂ ਤੋੜ ਕੇ ਵੱਢਿਆ ਤੇ ਬਲਾਤਕਾਰ ਕੀਤਾ ਹੋਇਆ ਮੁਰਦਾ ਜਿਸਮ ਲੱਭਿਆ। ਪੋਸਟ ਮਾਰਟਮ ਰਾਹੀਂ ਖੁਲਾਸਾ ਹੋਇਆ ਕਿ ਬਲਾਤਕਾਰ ਤੋਂ ਪਹਿਲਾਂ ਉਸ ਬੱਚੀ ਦੀਆਂ ਹੱਡੀਆਂ ਤੋੜੀਆਂ ਗਈਆਂ, ਚਾਕੂ ਦੇ ਅਨੇਕ ਵਾਰ ਕੀਤੇ ਗਏ, ਮਾਸ ਦੇ ਲੋਥੜੇ ਲਾਹੇ ਗਏ ਤੇ ਬੱਚੇਦਾਨੀ ਦਾ ਰਾਹ ਪਾੜ ਕੇ ਉਸ ਵਿਚ ਸੋਟੀ ਘੁਸਾਈ ਗਈ, ਜਿਸ ਦਾ ਢਾਈ ਇੰਚ ਲੰਮਾ ਟੋਟਾ ਬੱਚੇਦਾਨੀ ਪਾੜ ਕੇ ਢਿੱਡ ਵਿਚ ਫਸਿਆ ਰਹਿ ਗਿਆ ਲੱਭਿਆ।
    ਕੀ ਇਸ ਨੂੰ ਸਿਰਫ਼ ਹੈਵਾਨੀਅਤ ਕਹਿ ਕੇ ਸਾਰ ਲਿਆ ਜਾਵੇਗਾ? ਕੀ ਸਮਾਜ ਇਸਨੂੰ ਵੀ ਔਰਤ ਹੀ ਔਰਤ ਦੀ ਦੁਸ਼ਮਨ ਕਹਿ ਕੇ ਪਾਸਾ ਵੱਟ ਲਵੇਗਾ?
    ਘੱਟ ਸਜ਼ਾਵਾਂ ਤੇ ਸਮਾਜਿਕ ਨਪੁੰਸਕਤਾ ਹੀ ਦਿਨੋ ਦਿਨ ਅਪਰਾਧੀਆਂ ਨੂੰ ਪਹਿਲਾਂ ਨਾਲੋਂ ਹੋਰ ਭਿਆਨਕ ਤਰੀਕੇ ਸਮੂਹਕ ਜਬਰਜ਼ਨਾਹ ਤੇ ਕਤਲ ਕਰਨ ਲਈ ਉਕਸਾਉਣ ਲੱਗ ਪਏ ਹਨ। ਦਿਨੋ ਦਿਨ ਵਧਦੀ ਜਾਂਦੀ ਜਿਸਮਾਨੀ ਭੁੱਖ ਤੇ ਚੁਫ਼ੇਰੇ ਕਾਮੁਕਤਾ ਵਧਾਉਣ ਵਾਲੀਆਂ ਫ਼ਿਲਮਾਂ ਤੇ ਲੱਚਰ ਸਾਹਿਤ ਦੀ ਭਰਮਾਰ ਨੇ ਪੂਰੇ ਸਮਾਜ ਦਾ ਚਿਹਰਾ ਵਿਗਾੜ ਕੇ ਰੱਖ ਦਿੱਤਾ ਹੈ। ਔਰਤ ਵਿਰੋਧੀ ਮਾਨਸਿਕਤਾ ਤੇ ਮੱਧਯੁਗੀ ਕਦਰਾਂ ਕੀਮਤਾਂ ਹਾਲੇ ਵੀ ਔਰਤਾਂ ਨੂੰ ਜੰਜੀਰਾਂ ਵਿਚ ਜਕੜੀਆਂ ਬੈਠੀਆਂ ਹਨ। ਸਸਤੀ ਕਿਰਤ ਨਾਲ ਜੋੜ ਕੇ ਜੋ ਔਰਤ ਦੀ ਬੇਕਦਰੀ ਹੋ ਰਹੀ ਹੈ, ਉਸ ਵਿਚ ਰਾਖਸ਼ੀ ਪ੍ਰਵਿਰਤੀ ਉਭਰ ਕੇ ਸਾਹਮਣੇ ਆ ਚੁੱਕੀ ਹੈ। ਭੋਗ ਵਿਲਾਸ ਦੀ ਵਸਤੂ ਮੰਨ ਕੇ, ਦੇਹਵਾਦ ਨੂੰ ਮੁਨਾਫ਼ੇ ਦਾ ਸਰੋਤ ਮੰਨ ਲਿਆ ਗਿਆ ਹੈ।
    4 ਦਸੰਬਰ 2017 ਨੂੰ ਹਿਸਾਰ ਦੇ ਮਿਲਟਰੀ ਕੈਨਟੋਨਮੈਂਟ ਵਿਚ 27 ਸਾਲਾ ਕੰਮ ਤੋਂ ਮੁੜਦੀ ਮੁਟਿਆਰ ਦਾ ਤਿੰਨ ਬੰਦਿਆਂ ਨੇ ਆਟੋ ਰਿਕਸ਼ਾ ਵਿਚ ਬਲਾਤਕਾਰ ਕਰਨ ਬਾਅਦ ਅਧਨੰਗਾ ਕਰ ਕੇ ਸੜਕ ਕਿਨਾਰੇ ਸੁੱਟ ਕੇ ਇਹ ਐਲਾਨ ਕਰ ਦਿੱਤਾ ਕਿ ਉਨ੍ਹਾਂ ਨੂੰ ਨਾ ਕਿਸੇ ਕਾਨੂੰਨ ਦਾ ਡਰ ਹੈ, ਨਾ ਪੁਲਿਸ ਦਾ ਤੇ ਨਾ ਹੀ ਮਿਲਟਰੀ ਦਾ!
    ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ,
''ਚੂੰ ਕਾਰ ਅਜ਼ ਹਮਾਂ ਹੀਲਤੇ ਦਰ ਗੁਜ਼ਸ਼ਤ।
ਹਲਾਲ ਅਸਤ ਬੁਰਦਨ ਬ ਸ਼ਮਸ਼ੀਰ ਦਸਤ।''
    ਜੇ ਜ਼ੁਲਮ ਦੀ ਅਤਿ ਹੋ ਜਾਏ ਤਾਂ ਤਲਵਾਰ ਚੁੱਕਣੀ ਜਾਇਜ਼ ਹੁੰਦੀ ਹੈ।
    ਕੀ ਹਾਲੇ ਵੀ ਜ਼ਰੂਰਤ ਨਹੀਂ ਕਿ ਜਦੋਂ ਤੱਕ ਜਾਗਰੂਕ ਤੇ ਸੰਵੇਦਨਸ਼ੀਲ ਮਰਦ ਮੋਰਚਾ ਨਹੀਂ ਸੰਭਾਲਦੇ, ਉਦੋਂ ਤੱਕ ਹਰ ਬੱਚੀ ਘਰੋਂ ਬਾਹਰ ਨਿਕਲਣ ਲੱਗਿਆਂ ਇਕ ਬਰਛਾ, ਕਿਰਪਾਨ ਤੇ ਪੈੱਪਰ ਸਪਰੇਅ ਲੈ ਕੇ ਨਿਕਲੇ ਤੇ ਆਪ ਸ਼ਿਕਾਰ ਬਣ ਜਾਣ ਨਾਲੋਂ ਇਨ੍ਹਾਂ ਹੈਵਾਨਾਂ ਦਾ ਖ਼ਾਤਮਾ ਕਰ ਦੇਵੇ?
    ਕਾਨੂੰਨ ਤਾਂ ਇਨਸਾਨਾਂ ਦੇ ਮਾਰੇ ਜਾਣ ਉੱਤੇ ਸਜ਼ਾ ਦਿੰਦਾ ਹੈ। ਕੀ ਇਸ ਤਰ੍ਹਾਂ ਦੇ ਅਣਮਨੁੱਖੀ ਕਾਰਾ ਕਰਨ ਵਾਲਿਆਂ ਨੂੰ ਇਨਸਾਨ ਮੰਨਿਆ ਜਾਵੇਗਾ? ਜੇ ਹਾਂ, ਤਾਂ ਇਹ ਵੀ ਦਸ ਦਿੱਤਾ ਜਾਵੇ ਕਿ ਔਰਤ ਜ਼ਾਤ ਨੂੰ ਕੀ ਮੰਨਿਆ ਜਾ ਰਿਹਾ ਹੈ? ਜੇ ਨਹੀਂ, ਤਾਂ ਫਿਰ ਮਾਰ ਦੇਣਾ ਆਪੇ ਜਾਇਜ਼ ਹੋ ਗਿਆ।
    ਭਾਰਤ ਵਿਚ ਕੁੱਤਿਆਂ ਦੇ ਹੱਕਾਂ ਬਾਰੇ ਸਖ਼ਤ ਕਾਨੂੰਨ ਬਣਾਏ ਜਾ ਚੁੱਕੇ ਹਨ। ਗਾਵਾਂ ਉੱਤੇ ਹੱਥ ਚੁੱਕਣ ਵਾਲੇ ਵੀ ਕਤਲ ਕਰ ਦਿੱਤੇ ਜਾਂਦੇ ਹਨ। ਇਸ ਦਾ ਮਤਲਬ ਇਹ ਹੈ ਕਿ ਔਰਤ ਜ਼ਾਤ ਇਨ੍ਹਾਂ ਤੋਂ ਵੀ ਬਦਤਰ ਗਿਣੀ ਜਾ ਰਹੀ ਹੈ ਜਿਸ ਨੂੰ ਬੁੱਚੜਾਂ ਵਾਂਗ ਵੱਢਿਆ ਟੁੱਕਿਆ ਜਾ ਰਿਹਾ ਹੈ ਤੇ ਇਸ ਦੇ ਹੱਕ ਵਿਚ ਆਵਾਜ਼ ਚੁੱਕਣ ਦੀ ਥਾਂ ਸਿਰਫ਼ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਹੈ ਕਿ ਕਸੂਰਵਾਰ ਔਰਤ ਹੀ ਹੈ!
    ਗੁੰਡਾਗਰਦੀ ਤੇ ਹੈਵਾਨੀਅਤ ਦੇ ਨਿਤ ਟੁੱਟਦੇ ਰਿਕਾਰਡ ਵੇਖਦਿਆਂ ਜੇ ਔਰਤ ਕਹੇ ਕਿ ਬੇਟੀ ਨਹੀਂ ਜੰਮਣੀ ਤਾਂ ਜੋ ਉਹ ਰਾਖਸ਼ਾਂ ਹੱਥੋਂ ਵੱਢੇ ਟੁੱਕੇ ਜਾਣ ਤੋਂ ਬਚ ਜਾਵੇ, ਤਾਂ ਕੀ ਇਸ ਦਾ ਮਤਲਬ ਹੈ ਕਿ ਔਰਤ ਔਰਤ ਦੀ ਦੁਸ਼ਮਣ ਬਣ ਗਈ ਹੈ?
    ਪਰ, ਕੋਈ ਤਾਂ ਦੱਸੇ ਕਿ ਕਾਨੂੰਨ ਦੇ ਘਾੜਿਆਂ ਵੱਲੋਂ ਹੈਵਾਨਾਂ ਲਈ ਕਿਹੜੀਆਂ ਸਜ਼ਾਵਾਂ ਬਣਾਈਆਂ ਗਈਆਂ ਹਨ? ਇਨ੍ਹਾਂ ਨੂੰ ਇਨਸਾਨਾਂ ਵਾਲੀਆਂ ਸਜ਼ਾਵਾਂ ਕਿਉਂ ਸੁਣਾਈਆਂ ਜਾ ਰਹੀਆਂ ਹਨ?
    ਕਿਉਂ ਨਹੀਂ ਇਨ੍ਹਾਂ ਮਾਨਸਿਕ ਰੋਗੀਆਂ ਨੂੰ ਆਖ਼ਰੀ ਸਾਹ ਤਕ ਜੇਲ੍ਹ ਅੰਦਰ ਤਾੜ ਦਿੱਤਾ ਜਾਂਦਾ? ਕਿਉਂ ਨਹੀਂ ਇਨ੍ਹਾਂ ਨੂੰ ਵੀ ਜ਼ਿੰਦਗੀ ਦਾ ਹਰ ਪਲ ਤੜਫ ਕੇ ਗੁਜ਼ਾਰਨ ਉਤੇ ਮਜਬੂਰ ਕੀਤਾ ਜਾਂਦਾ?
    ਕਦੇ ਤਾਂ ਅਸੰਵੇਦਨਸ਼ੀਲ ਸਮਾਜ ਆਪਣੀ ਜ਼ਿੰਮੇਵਾਰੀ ਮੰਨਦੇ ਹੋਏ ਇਹ ਕਹਿਣਾ ਛੱਡੇਗਾ ਕਿ ਔਰਤ ਔਰਤ ਦੀ ਦੁਸ਼ਮਨ ਨਹੀਂ, ਬਲਕਿ ਮਰਦ ਜ਼ਿਆਦਾ ਵੱਡਾ ਦੁਸ਼ਮਨ ਹੈ। ਉਦੋਂ ਹੀ ਸਹੀ ਮਾਅਣਿਆਂ ਵਿਚ ਅਜਿਹੇ ਭਿਆਨਕ ਕਾਰਾ ਕਰਨ ਵਾਲਿਆਂ ਉੱਤੇ ਨਕੇਲ ਕੱਸਣ ਵੱਲ ਧਿਆਨ ਜਾਵੇਗਾ।
    ਕਦੇ ਤਾਂ ਚੰਗੇ ਲੋਕ ਆਪਣੀ ਚੁੱਪੀ ਤੋੜ ਕੇ ਔਰਤਾਂ ਦੇ ਹੱਕ ਵਿਚ ਆਵਾਜ਼ ਚੁੱਕਦੇ ਹੋਏ ਸਖ਼ਤ ਸਜ਼ਾਵਾਂ ਦੀ ਮੰਗ ਕਰਨਗੇ! ਆਖ਼ਰ ਕਦੇ ਤਾਂ ਹਜ਼ਾਰਾਂ ਸਾਲਾਂ ਬਾਅਦ ਔਰਤ ਨੂੰ ਵੀ ਇਨਸਾਨ ਹੋਣ ਦਾ ਦਰਜਾ ਦਿੱਤਾ ਜਾਵੇਗਾ!
    ਉਮੀਦ ਉੱਤੇ ਦੁਨੀਆ ਟਿਕੀ ਹੈ! ਆਓ ਸਾਰੇ ਰਲ ਕੇ ਸਾਈਬਰ ਕਰਾਈਮ ਵਿਚ ਤਬਦੀਲੀ ਲਿਆਉਣ ਬਾਰੇ ਮੁੱਦਾ ਚੁੱਕੀਏ ਕਿ ਅਜਿਹੀਆਂ ਭਿਆਨਕ ਵੀਡੀਓਜ਼ ਅਪਲੋਡ ਕਰਨ ਵਾਲਿਆਂ ਨੂੰ ਵੀ ਉਮਰ ਕੈਦ ਮਿਲਣੀ ਚਾਹੀਦੀ ਹੈ। ਪੋਰਨ ਫਿਲਮਾਂ, ਜਿਨ੍ਹਾਂ ਉੱਤੇ ਕਾਰਪੋਰੇਟ ਘਰਾਣਿਆਂ ਦਾ ਪੈਸਾ ਲੱਗਿਆ ਹੋਇਆ ਹੈ, ਉਤੇ ਵੀ ਸੰਪੂਰਨ ਰੋਕ ਲੱਗਣੀ ਚਾਹੀਦੀ ਹੈ। ਅਸ਼ਲੀਲਤਾ ਤੇ ਲੱਚਰਤਾ ਪਰੋਸਣ ਵਾਲੀਆਂ ਫਿਲਮਾਂ ਤੇ ਗੀਤਾਂ ਉਤੇ ਬੈਨ ਲੱਗਣਾ ਚਾਹੀਦਾ ਹੈ। ਔਰਤ ਦੇ ਮਨੁੱਖੀ ਅਧਿਕਾਰਾਂ ਲਈ ਇਕਜੁੱਟ ਹੋ ਕੇ ਸਮਾਜਿਕ ਤਬਦੀਲੀ ਲਿਆਉਣ ਦੀ ਲੋੜ ਹੈ।
    ਜਾਗਦੀ ਜ਼ਮੀਰਾਂ ਵਾਲੇ ਲੋਕਾਂ ਨੂੰ ਹੁਣ ਆਪਣੀ ਚੁੱਪੀ ਤੋੜ ਕੇ ਨਾਬਾਲਗ ਬੱਚੀਆਂ ਦੀ ਰਾਖੀ ਲਈ ਅੱਗੇ ਆਉਣਾ ਪਵੇਗਾ ਤੇ ਉਨ੍ਹਾਂ ਨਾਲ ਕੁਕਰਮ ਕਰਨ ਵਾਲਿਆਂ ਲਈ ਫਾਂਸੀ ਦੀ ਸਜ਼ਾ ਦੀ ਮੰਗ ਕਰਨੀ ਪਵੇਗੀ।
    ਜੇ ਇਹ ਜ਼ੁਲਮ ਦੀ ਹਨ੍ਹੇਰੀ ਬੰਦ ਨਾ ਹੋਈ ਤਾਂ ਕੋਈ ਵੱਡੀ ਗੱਲ ਨਹੀਂ ਕਿ ਔਰਤ ਸਚਮੁੱਚ ਔਰਤ ਦੀ ਦੁਸ਼ਮਨ ਬਣਨ ਲੱਗ ਜਾਏ ਤੇ ਆਪਣੇ ਕੁੱਖੋਂ ਬੱਚੀ ਦਾ ਜੰਮਣਾ ਬੰਦ ਕਰ ਦੇਵੇ ਤਾਂ ਜੋ ਉਹ ਅਣਮਨੁੱਖੀ ਤਸੀਹਿਆਂ ਤੋਂ ਬਚ ਜਾਵੇ।
    ਪਰ ਇਹ ਤਾਂ ਸੋਚੋ ਕਿ ਜੇ ਕਿਤੇ ਔਰਤ ਨੇ ਇਹ ਫੈਸਲਾ ਲੈ ਲਿਆ ਕਿ ਮੈਂ ਆਪਣੇ ਕੁੱਖੋਂ ਹੋਰ ਹੈਵਾਨਾਂ ਦਾ ਜੰਮਣਾ ਬੰਦ ਕਰ ਦੇਣਾ ਹੈ! ਕੀ ਬਣੇਗਾ ਜੇ ਕੁੱਖ ਵਿਚ ਉਹ ਮੁੰਡਿਆਂ ਨੂੰ ਮਾਰਨ ਲੱਗ ਪਈ ਤਾਂ?
    ਪੈਪੂਆ ਨਿਊ ਗਿਨੀ ਵਿਚ ਇਹ ਵਾਪਰ ਚੁੱਕਿਆ ਹੈ! ਜੇ ਅਸੀਂ ਨਹੀਂ ਚਾਹੁੰਦੇ ਕਿ ਅਜਿਹਾ ਭਾਰਤ ਵਿਚ ਹੋਵੇ, ਤਾਂ ਇਸ ਤਰ੍ਹਾਂ ਦੇ ਭਿਆਨਕ ਜੁਰਮਾਂ ਵਿਚ ਹਰ ਹਾਲ ਠੱਲ ਪਾਉਣੀ ਪਵੇਗੀ।
    ਜੇ ਹਾਲੇ ਵੀ ਕੋਈ ਸਸ ਨੂੰਹ ਦੇ ਝਗੜੇ ਨੂੰ ਆਧਾਰ ਬਣਾ ਕੇ ਔਰਤ ਨੂੰ ਔਰਤ ਦੀ ਦੁਸ਼ਮਣ ਕਹਿਣਾ ਚਾਹੁੰਦਾ ਹੈ ਤਾਂ ਉਹ ਇਨ੍ਹਾਂ ਤੱਥਾਂ ਬਾਰੇ ਕੀ ਕਹੇਗਾ :-
1.    71 ਫੀਸਦੀ ਔਰਤਾਂ ਆਪਣੇ ਪਤੀਆਂ ਹੱਥੋਂ ਮਾਰ ਕੁਟਾਈ, ਜ਼ਲਾਲਤ ਤੇ ਗਾਹਲਾਂ ਸੁਣ ਰਹੀਆਂ ਹਨ (ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਅੰਕੜੇ)
2.    ਅਨੇਕ ਪੁੱਤਰ ਆਪਣੇ ਪਿਓਆਂ ਦਾ ਜਾਇਦਾਦ ਖ਼ਾਤਰ ਕਤਲ ਕਰ ਚੁੱਕੇ ਹਨ। ਕਿਉਂ ਫੇਰ ਮਰਦ ਵੀ ਮਰਦ ਦਾ ਦੁਸ਼ਮਨ ਨਹੀਂ ਕਿਹਾ ਜਾਂਦਾ?
    ਘਰੇਲੂ ਝਗੜਿਆਂ ਦੀ ਗੱਲ ਛੱਡ ਕੇ, ਬਿਹਤਰ ਹੈ ਛੇਤੀ ਤੋਂ ਛੇਤੀ ਬਾਲੜੀਆਂ ਉੱਤੇ ਹੋ ਰਹੀ ਹੈਵਾਨੀਅਤ ਰੋਕਣ ਵਾਸਤੇ ਠੋਸ ਕਦਮ ਚੁੱਕੇ ਜਾਣ। ਜੇ ਹਾਲੇ ਵੀ ਆਵਾਜ਼ ਨਾ ਚੁੱਕੀ ਤਾਂ ਇਹ ਅੱਗ ਸਾਡੇ ਆਪਣੇ ਘਰ ਨੂੰ ਵੀ ਹੜੱਪ ਕਰ ਜਾਏਗੀ। ਉਦੋਂ ਚੀਕਣ ਦਾ ਕੋਈ ਫਾਇਦਾ ਨਹੀਂ ਹੋਣਾ। ਅੱਜ ਲੋੜ ਹੈ ਹਰ ਪਿੰਡ ਤੇ ਸ਼ਹਿਰ ਦੇ ਨੌਜਵਾਨਾਂ ਨੂੰ ਗਰੁੱਪ ਬਣਾ ਕੇ ਵੱਡੀ ਪੱਧਰ ਉੱਤੇ ਲਹਿਰ ਖੜੀ ਕਰਨ ਦੀ ਤੇ ਅਜਿਹੇ ਹੈਵਾਨਾਂ ਦੀ ਰੱਜ ਕੇ ਨਿਖੇਧੀ ਕਰ ਕੇ ਉਨ੍ਹਾਂ ਦੇ ਟੱਬਰਾਂ ਦਾ ਸੰਪੂਰਨ ਬਾਈਕਾਟ ਕਰਨ ਦੀ!
    ਬੱਚੀਆਂ ਦੇ ਮਾਪਿਆਂ ਲਈ ਫਿਰ ਦੁਹਰਾਉਂਦੀ ਹਾਂ ਕਿ ਆਪਣੀਆਂ ਬੱਚੀਆਂ ਨੂੰ ਸਿਹਤ ਪੱਖੋਂ ਤਗੜੇ ਕਰਨ ਲਈ ਖੇਡਾਂ, ਜੂਡੋ-ਕਰਾਟੇ, ਗਤਕਾ ਜ਼ਰੂਰ ਸਿਖਾਓ ਅਤੇ ਘਰੋਂ ਬਾਹਰ ਨਿਕਲਣ ਲੱਗਿਆਂ ਆਪਣੀ ਰਾਖੀ ਲਈ ਹਥਿਆਰ ਜ਼ਰੂਰ ਫੜਾਓ, ਭਾਵੇਂ ਛੋਟੀ ਕਿਰਪਾਨ ਜਾਂ ਪੈੱਪਰ ਸਪਰੇਅ ਹੀ ਕਿਉਂ ਨਾ ਹੋਵੇ!
    ਜਿਸ ਨੂੰ ਆਉਣ ਵਾਲੇ ਸਮੇਂ ਬਾਰੇ ਹਾਲੇ ਵੀ ਕੋਈ ਸ਼ੰਕਾ ਰਹਿ ਗਈ ਹੋਵੇ, ਉਹ 18 ਜਨਵਰੀ 2018 ਦੀ ਮੁੱਖ ਪੰਨੇ ਉੱਤੇ ਲੱਗੀ ਖ਼ਬਰ ਪੜ੍ਹ ਸਕਦਾ ਹੈ ਜਿੱਥੇ 14 ਵਰ੍ਹਿਆਂ ਦੇ ਬੱਚੇ ਨੇ ਹਿਸਾਰ ਵਿਚ ਮੰਨਿਆ ਹੈ ਕਿ ਉਸ ਨੇ ਅਪਾਣੀ ਗਵਾਂਢਣ ਤਿੰਨ ਸਾਲ ਦੀ ਬੱਚੀ ਦਾ ਬਲਾਤਕਾਰ ਕਾਮੁਕ ਵੀਡੀਓ ਫਿਲਮਾਂ ਤੋਂ ਉਤਸਾਹਿਤ ਹੋ ਕੇ ਕੀਤਾ ਹੈ। ਭਾਰਤ ਮਾਤਾ ਦੇ ਦੋਗਲੇ ਪੁੱਤਰ 800 ਸਾਲ ਪਹਿਲਾਂ ਮਰ ਚੁੱਕੀ ਇਕ ਰਾਣੀ ਲਈ ਪੂਰੇ ਮੁਲਕ ਨੂੰ ਅੱਗ ਲਾਉਣ ਲਈ ਕਾਹਲੇ ਹਨ ਪਰ ਰੋਜ਼ ਦੀਆਂ ਮਸਲੀਆਂ ਜਾਂਦੀਆਂ 100 ਤੋਂ ਵੱਧ ਨਾਜ਼ੁਕ ਕਲੀਆਂ ਵਰਗੀਆਂ ਪਦਮਨੀਆਂ ਲਈ ਕੋਈ ਆਵਾਜ਼ ਚੁੱਕਣ ਨੂੰ ਤਿਆਰ ਨਹੀਂ। ਗੁਆਂਢੀ ਮੁਲਕ ਪਾਕਿਸਤਾਨ ਵਿਚ ਇਕ ਬੱਚੀ ਨਾਲ ਜ਼ੁਲਮ ਹੋਇਆ ਤਾਂ ਪੂਰੇ ਮੁਲਕ ਵਿਚ ਹਾਹਾਕਾਰ ਮਚ ਗਈ। ਪਰ ਅਸੀਂ ਮਰ ਚੁੱਕੇ ਜ਼ਮੀਰਾਂ ਵਾਲੇ ਬਣ ਚੁੱਕੇ ਹਾਂ। ਸਿਰਫ਼ ਵਿਖਾਵਾ ਕਰ ਸਕਦੇ ਹਾਂ। ਹੁਣ ਇਸ ਤੋਂ ਵੱਧ ਹੋਰ ਕੀ ਕਹਿਣ ਨੂੰ ਰਹਿ ਗਿਆ ਹੈ?

ਡਾ. ਹਰਸ਼ਿੰਦਰ ਕੌਰ, ਐਮ.ਡੀ.,
                    ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਇਕ ਸਰਵੇਖਣ ਅਨੁਸਾਰ ਭਾਰਤ ਦੀਆਂ ਵੱਖੋ-ਵੱਖ ਸਿਆਸੀ ਪਾਰਟੀਆਂ ਵੱਲੋਂ ਬਲਾਤਕਾਰ ਕਰ ਚੁੱਕੇ ਜਾਂ ਜਿਸਮਫਰੋਸ਼ੀ ਦਾ ਧੰਧਾ ਚਲਾਉਂਦੇ 327 ਜਣਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ। ਪਿਛਲੇ 5 ਸਾਲਾਂ ਵਿਚ ਨਾਮਵਰ ਪਾਰਟੀਆਂ ਵਿਚ 26 ਅਜਿਹੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਜਿਨ੍ਹਾਂ ਉੱਤੇ ਬਲਾਤਕਾਰ ਦਾ ਜੁਰਮ ਸਾਬਤ ਹੋ ਚੁੱਕਿਆ ਸੀ। ਤੱਥਾਂ ਮੁਤਾਬਕ ਚੌਵੀ ਅਜਿਹੇ ਘਿਨਾਉਣੇ ਜੁਰਮ ਕਰਨ ਵਾਲਿਆਂ ਨੂੰ ਕਾਂਗਰਸ ਪਾਰਟੀ ਵੱਲੋਂ ਲੋਕ ਸਭਾ, ਰਾਜ ਸਭਾ ਤੇ ਸੂਬੇ ਦੀਆਂ ਸਰਕਾਰਾਂ ਵਿਚ ਟਿਕਟਾਂ ਮਿਲੀਆਂ। ਬੀ.ਜੇ.ਪੀ. ਪਾਰਟੀ ਵਿਚ ਅਜਿਹੇ ਕੁਕਰਮੀਆਂ ਦੀ ਗਿਣਤੀ ਸਭ ਤੋਂ ਵੱਧ ਦੱਸੀ ਗਈ ਹੈ।
    ਮਹਾਰਾਸ਼ਟਰ ਵਿਚ ਔਰਤਾਂ ਦਾ ਘਾਣ ਕਰਨ ਵਾਲੇ ਮੈਂਬਰ ਪਾਰਲੀਮੈਂਟ/ਐਮ.ਐਲ.ਏ. (12) ਸਭ ਤੋਂ ਵੱਧ ਹਨ। ਦੂਜੇ ਨੰਬਰ ਉੱਤੇ 11 ਜਣਿਆਂ ਨਾਲ ਵੈਸਟ ਬੰਗਾਲ ਤੇ ਤੀਜੇ ਨੰਬਰ ਉੱਤੇ 5 ਜਣਿਆਂ ਨਾਲ ਆਂਧਰ ਪ੍ਰਦੇਸ।
    ਭਾਰਤੀ ਜਨਤਾ ਪਾਰਟੀ (47 ਕੁਕਰਮੀ) ਤੋਂ ਬਾਅਦ ਬੀ.ਐਸ.ਪੀ. (24 ਜਣੇ) ਮੁਲਕ ਵਿਚ ਦੂਜੇ ਨੰਬਰ ਦੀ ਅਜਿਹੀ ਪਾਰਟੀ ਮੰਨੀ ਗਈ ਹੈ ਜਿਸ ਵਿਚ ਬਲਾਤਕਾਰੀਏ ਜਾਂ ਔਰਤਾਂ ਵਿਰੁੱਧ ਘਿਨਾਉਣੇ ਜੁਰਮ ਕਰਨ ਵਾਲਿਆਂ ਦੀ ਭਰਮਾਰ ਹੈ।
    ਇਸ ਲੇਖ ਵਿਚ ਲਿਖੇ ਸਾਰੇ ਤੱਥ ਐਸੋਸੀਏਸ਼ਨ ਫਾਰ ਡੈਮੋਕਰੈਟਿਕ ਰੀਫਾਰਮਜ਼ ਵੱਲੋਂ ਜਨਤਕ ਕੀਤੇ ਗਏ ਹਨ। ਮਮਤਾ ਬੈਨਰਜੀ ਦੀ ਤ੍ਰਿਨਾਮੂਲ ਕਾਂਗਰਸ ਵਿਚ ਵੀ ਅਜਿਹੇ ਬੰਦੇ ਸ਼ਾਮਲ ਹਨ।
    ਚੋਣਾਂ ਦੌਰਾਨ ਭਰੇ ਐਫੀਡੈਵਿਟਾਂ ਅਨੁਸਾਰ 33 ਫੀਸਦੀ ਐਮ.ਪੀ./ਐਮ.ਐਲ.ਏ. ਮੰਨੇ ਹਨ ਕਿ ਉਨ੍ਹਾਂ ਵਿਰੁੱਧ ਔਰਤਾਂ ਪ੍ਰਤੀ ਕੀਤੇ ਜੁਰਮ ਸਾਬਤ ਹੋ ਚੁੱਕੇ ਹਨ। ਬੀ.ਜੇ.ਪੀ. ਵਿਚ 12, ਸ਼ਿਵ ਸੇਨਾ ਵਿਚ 7 ਤੇ ਤ੍ਰਿਨਾਮੂਲ ਵਿਚ 6 ਜਣੇ ਸ਼ਾਮਲ ਹਨ।
ਇਹ ਤੱਥ ਕਿੰਨੇ ਕੁ ਗੰਭੀਰ ਹਨ, ਉਹ ਅਗਲੀ ਜਾਣਕਾਰੀ ਤੋਂ ਬਾਅਦ ਸਮਝ ਆਉਣਗੇ।
ਭਾਰਤ ਵਿਚ ਵਾਪਰ ਰਹੀ ਅਸਲੀਅਤ ਵੱਲ ਝਾਤ ਮਾਰੀਏ। ਤੀਹ ਹਜ਼ਾਰ ਤੋਂ ਵੱਧ ਦਰਜ ਹੋਏ ਬਲਾਤਕਾਰਾਂ ਵਿੱਚੋਂ ਸਿਰਫ਼ ਹਰ ਚਾਰਾਂ 'ਚੋਂ ਇਕ ਕੇਸ ਵਿਚ ਹੀ ਕਾਰਾ ਕਰਨ ਵਾਲਾ ਫੜ ਕੇ ਅੰਦਰ ਕੀਤਾ ਜਾਂਦਾ ਹੈ ਤੇ ਉਨ੍ਹਾਂ ਵਿੱਚੋਂ ਵੀ 85 ਫੀਸਦੀ ਕਿਸੇ ਨਾ ਕਿਸੇ ਢੰਗ ਨਾਲ ਬਾਹਰ ਨਿਕਲ ਆਉਂਦੇ ਹਨ।
ਸੰਨ 2016 ਵਿਚ ਔਰਤਾਂ ਵਿਰੁੱਧ ਹੁੰਦੇ ਜੁਰਮਾਂ ਦੇ 3.38 ਲੱਖ ਕੇਸ ਦਰਜ ਹੋਏ ਪਰ ਸਜ਼ਾ ਸਿਰਫ਼ 0.5 ਫੀਸਦੀ ਤੋਂ ਵੀ ਘੱਟ ਲੋਕਾਂ ਨੂੰ ਸੁਣਾਈ ਗਈ।
ਭਾਰਤ ਵਿਚ ਲਗਭਗ 40 ਫੀਸਦੀ ਲੋਕ ਘੱਟ ਪੜ੍ਹੇ ਲਿਖੇ ਤੇ ਵਿਹਲੜਪੁਣੇ ਦੇ ਸ਼ਿਕਾਰ ਹਨ। ਅਜਿਹੇ ਲੋਕ ਜੁਰਮ ਕਰਨ ਵਾਲੇ ਸਿਆਸਤਦਾਨਾਂ ਦੇ ਮੋਹਰੇ ਬਣ ਜਾਂਦੇ ਹਨ ਤੇ ਇਸੇ ਲਈ ਔਰਤਾਂ ਪ੍ਰਤੀ ਹੁੰਦਾ ਜੁਰਮ ਸਿਖਰਾਂ ਛੂਹ ਰਿਹਾ ਹੈ।
ਬਲਾਤਕਾਰੀਆਂ ਦੇ ਮਨ ਵਿਚ ਆਖਰ ਵਾਪਰ ਕੀ ਰਿਹਾ ਹੁੰਦਾ ਹੈ, ਇਸ ਵੱਲ ਝਾਤ ਮਾਰੀਏ।
ਸਵੀਡਨ ਤੇ ਅਮਰੀਕਾ ਵਿਚਲੇ 1200 ਬਲਾਤਕਾਰੀਆਂ ਦੀ ਸਕੈਨਿੰਗ, ਪਿਛੋਕੜ ਤੇ ਉਨ੍ਹਾਂ ਦੀ ਸੋਚ ਉੱਤੇ ਆਧਾਰਿਤ ਫਾਰਮ ਭਰੇ ਗਏ। ਉਸ ਫਾਰਮ ਵਿਚ ਕੁੱਝ ਗੱਲਾਂ ਉਭਰ ਕੇ ਸਾਹਮਣੇ ਆਈਆਂ।
1.    ਬਚਪਨ ਤੋਂ ਹੀ ਬਹੁਤਿਆਂ ਵਿਚ ਦਿਮਾਗ਼ੀ ਨੁਕਸ ਸੀ
-    ਆਰਗੈਨਿਕ ਬਰੇਨ ਡੈਮੇਜ
-    ਗੱਲ ਸਮਝਣ ਵਿਚ ਦਿੱਕਤ ਆਉਣੀ
-    ਦਿਮਾਗ਼ੀ ਸੱਟ ਵੱਜੀ ਹੋਈ (3.9 ਫੀਸਦੀ ਕੇਸਾਂ ਵਿਚ)
-    ਦਿਮਾਗ਼ ਦੇ ਟੈਂਪੋਰਲ ਹੌਰਨ ਹਿੱਸੇ ਵਿਚ ਨੁਕਸ
-    ਗੁੱਸੇ ਨੂੰ ਕਾਬੂ ਨਾ ਕਰ ਸਕਣਾ (ਗੁੱਸੇ ਤੇ ਸਰੀਰਕ ਸੰਬੰਧਾਂ ਨੂੰ ਕਾਬੂ ਕਰਨ ਵਾਲਾ ਦਿਮਾਗ਼ ਵਿਚ ਇੱਕੋ ਹੀ ਸੈਂਟਰ ਹੈ। ਇਸੇ ਲਈ ਕਾਫੀ ਬਲਾਤਕਾਰੀਆਂ ਵਿਚ ਇਸ ਹਿੱਸੇ ਵਿਚ ਨੁਕਸ ਲੱਭਿਆ ਹੈ।)
2.    ਸ਼ਰਾਬੀ (9.93 ਫੀਸਦੀ ਬਲਾਤਕਾਰੀਆਂ ਵਿਚ ਲੱਭਿਆ)
3.    ਨਸ਼ਾ (3.9 ਫੀਸਦੀ)
4.    ਸਾਈਕੋਸਿਸ (1.7 ਫੀਸਦੀ)
5.    ਵਿਕਾਰੀ ਸ਼ਖ਼ਸੀਅਤ (2.6 ਫੀਸਦੀ)
6.    ਚੌਰਾ :- ਵਡੇਰੀ ਉਮਰ ਵਿਚ ਵੀ ਔਰਤ ਉੱਤੇ ਹੱਥ ਪਾਉਣ ਜਾਂ ਬੱਚੀਆਂ ਨਾਲ ਭੱਦੀ ਛੇੜਛਾੜ ਕਰਨ ਵਾਲਿਆਂ ਵਿਚ ਵੀ ਦਿਮਾਗ਼ੀ ਵਿਗਾੜ ਲੱਭੇ ਜਾ ਚੁੱਕੇ ਹਨ।
7.    ਲੌਂਡੇਬਾਜ਼ੀ :- ਕਈ ਸਮਲੈਂਗੀ ਨਾਬਾਲਗ ਮੁੰਡਿਆਂ ਨਾਲ ਬਦਫੈਲੀ ਕਰਦੇ ਹੋਏ ਫੜੇ ਗਏ ਸਨ।
8.    ਸਕੀਜ਼ੋਫਰੀਨੀਆ ਬੀਮਾਰੀ ਦੇ ਮਰੀਜ ਵੀ ਲੱਭੇ
9.    ਵਿਕਾਰੀ ਸਰੀਰਕ ਸੰਬੰਧਾਂ ਵੱਲ ਝੁਕਾਓ-ਜਾਨਵਰਾਂ ਨਾਲ ਸਰੀਰਕ ਸੰਬੰਧ ਜਾਂ ਵਸਤੂਆਂ ਨਾਲ ਭੱਦੀ ਜਿਸਮਾਨੀ ਛੇੜਛਾੜ
10.    ਇਕਦਮ ਭੜਕ ਕੇ ਚੀਜ਼ਾਂ ਭੰਨਣ ਲੱਗ ਪੈਣਾ
11.    ਆਪਣੇ ਮਰਦਊਪੁਣੇ ਤੇ ਸ਼ੱਕ ਹੋਣਾ/ਅੰਗ ਦੀ ਛੋਟੇ ਹੋਣ ਨਾਲ ਜੁੜੀ ਹੀਣ ਭਾਵਨਾ (ਬੱਚੀਆਂ ਉੱਤੇ ਜ਼ੁਲਮ ਢਾਹੁਣ ਨਾਲ ਤਸੱਲੀ ਮਹਿਸੂਸ ਕਰਨਾ)
12.    ਔਰਤ ਜ਼ਾਤ ਪ੍ਰਤੀ ਨਫ਼ਰਤ ਭਰੀ ਹੋਣੀ ਤੇ ਉਸ ਨੂੰ ਨੀਵਾਂ ਸਮਝਣਾ
13.    ਔਰਤਾਂ ਦੇ ਕਪੜਿਆਂ ਵੱਲ ਖਿੱਚ ਮਹਿਸੂਸ ਕਰਨੀ
14.    ਬਚਪਨ ਤੋਂ ਹੀ ਜਾਨਵਰਾਂ ਦੇ ਅੰਦਰੂਨੀ ਅੰਗ ਟੋਹਣੇ
15.    ਪਤਨੀ ਨਾਲ ਸਰੀਰਕ ਸੰਬੰਧ ਬਣਾਉਣ ਵੇਲੇ ਵੀ ਉਸ ਨੂੰ ਜ਼ਖ਼ਮੀ ਕਰਨਾ ਜਾਂ ਤਿਰਸਕਾਰ ਦੀ ਭਾਵਨਾ ਵਾਲਾ ਵਰਤਾਰਾ ਰੱਖਣਾ
16.    ਭੈਣ ਨਾਲ ਵੀ ਭੱਦੀ ਛੇੜਛਾੜ ਕਰਨਾ
17.    ਲੋੜੋਂ ਵੱਧ ਹੱਥਰਸੀ ਕਰਦੇ ਰਹਿਣਾ
18.    ਔਰਤਾਂ ਨਾਲ ਖਬਤੀ ਵਿਹਾਰ
19.    ਲੱਚਰਤਾ ਭਰਪੂਰ ਟਿੱਪਣੀਆਂ ਕਰਨੀਆਂ
ਇਹ ਲੱਛਣ ਬਲਾਤਕਾਰੀਆਂ ਵਿੱਚੋਂ ਲੱਭੇ ਜਾਣ ਉੱਤੇ ਕਿਆਸ ਲਾਇਆ ਗਿਆ ਹੈ ਕਿ
ਇਹੋ ਜਿਹੇ ਲੱਛਣ ਜੇ ਬੱਚੇ ਵਿਚ ਹੋਣ ਤਾਂ ਉਸ ਦਾ ਵੇਲੇ ਸਿਰ ਇਲਾਜ ਕਰਵਾ ਲੈਣਾ ਚਾਹੀਦਾ ਹੈ।
    ਸਵੀਡਨ ਵਿਖੇ 535 ਬਲਾਤਕਾਰੀ ਜੋ ਜੇਲ੍ਹਾਂ ਵਿੱਚੋਂ ਛੱਡੇ ਗਏ, ਉਨ੍ਹਾਂ ਦੇ ਦਿਮਾਗ਼ ਵਿਚ ਲੱਭੇ ਨੁਕਸਾਂ ਤਹਿਤ ਇਹ ਨਤੀਜਾ ਕੱਢਿਆ ਗਿਆ ਕਿ ਕੁੱਝ ਹਾਈਪੋਮੇਨਿਕ ਤੇ ਕੁੱਝ ਮੇਨਿਕ ਬੀਮਾਰੀ ਨਾਲ ਗ੍ਰਸਤ ਸਨ। ਕੁੱਝ ਬਲਾਤਕਾਰੀ ਪਹਿਲਾ ਡਾਕਾ ਮਾਰਨ ਤੇ ਕਤਲ ਦੀਆਂ ਵਾਰਦਾਤਾਂ ਵੀ ਕਰ ਚੁੱਕੇ ਸਨ। ਕੁੱਝ ਡੀਮੈਂਸ਼ੀਆ (ਭੁੱਲ ਜਾਣ ਵਾਲੀ ਬੀਮਾਰੀ) ਤੇ ਦਿਮਾਗ਼ ਦੇ ਤਰਕ ਕਰ ਸਕਣ ਵਾਲੇ ਹਿੱਸੇ ਵਿਚਲੇ ਸੈੱਲਾਂ ਦੇ ਖੁਰ ਜਾਣ ਦੇ ਨੁਕਸ ਪਾਲੀ ਬੈਠੇ ਸਨ। ਸਕੀਜ਼ੋਫਰੀਨੀਆ ਦੇ ਮਰੀਜ਼ ਜ਼ਿਆਦਾ ਭਿਆਨਕ ਤਰੀਕੇ ਬਲਾਤਕਾਰ ਕਰਨ ਬਾਅਦ ਕਤਲਾਂ ਨੂੰ ਅੰਜਾਮ ਦੇ ਰਹੇ ਸਨ।

    ਕੁੱਝ ਬਲਾਤਕਾਰੀਆਂ ਦੇ ਦਿਮਾਗ਼ੀ ਨੁਕਸਾਂ ਵਿਚ ਵੱਖ ਕਿਸਮਾਂ ਸਾਹਮਣੇ ਆਈਆਂ। ਇਹ ਸਨ :-
1.    ਬੋਤਲ ਪੀਂਦੇ ਬੱਚੇ ਨੂੰ ਵੇਖ ਕੇ ਉਸ ਦੇ ਸਰੀਰ ਨੂੰ ਭੋਗਣ ਦੀ ਚਾਹ
2.    ਬੱਚੇ ਦਾ ਡਾਇਪਰ ਵੇਖ ਕੇ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਜਾਗਣੀ
3.    ਆਪ ਬੱਚੇ ਦੀ ਬੋਤਲ ਵਿਚ ਦੁੱਧ ਚੁੰਘਣ ਦਾ ਦਿਲ ਕਰਨਾ (ਇਨਫੈਂਟੀਲਿਜ਼ਮ)
4.    ਕਿਸੇ ਨੂੰ ਉਲਟੀ ਕਰਦੇ ਵੇਖ ਕੇ ਸਰੀਰਕ ਸੰਬੰਧ ਬਣਾਉਣ ਦੀ ਇੱਛਾ ਜਾਗਣੀ। ਇਸ ਨੂੰ ''ਇਮੈਟੋਫਿਲੀਆ'' ਕਿਹਾ ਜਾਂਦਾ ਹੈ।
5.    ਕਿਸੇ ਕਿਸਮ ਦੀ ਖਾਣ ਵਾਲੀ ਚੀਜ਼ ਵੇਖਦੇ ਸਾਰ ਜਿਸਮਾਨੀ ਤਾਂਘ ਜਾਗਣੀ
6.    ਸੜਕਾਂ ਤੇ ਤੁਰਦੇ ਕਛਿਹਰਾ ਲਾਹ ਦੇਣਾ
7.    ਸਹਿਵਾਸ ਦੌਰਾਨ ਔਰਤ ਨੂੰ ਦਰਦ ਨਾਲ ਚੀਕਦੇ ਵੇਖ ਕੇ ਖ਼ੁਸ਼ੀ ਮਹਿਸੂਸ ਕਰਨੀ ਤੇ ਬਲੇਡ, ਲੱਕੜ, ਲੋਹਾ, ਪਾਈਪ, ਆਦਿ ਚੀਜ਼ਾਂ ਔਰਤਾਂ ਦੀ ਬੱਚੇਦਾਨੀ ਅੰਦਰ ਵਾੜ ਕੇ ਤਸੱਲੀ ਮਹਿਸੂਸ ਕਰਨੀ।
8.    ਕੰਮ ਕਾਰ ਵਾਲੀ ਥਾਂ ਔਰਤ ਦੇ ਜਿਸਮ ਨੂੰ ਨਿਹਾਰਦੇ ਰਹਿਣਾ ਤੇ ਭੈੜੀ ਤੱਕਣੀ ਰੱਖਣੀ
9.    ਔਰਤ ਜਾਂ ਬੱਚੀ ਨੂੰ ਭੱਦੇ ਤਰੀਕੇ ਟੋਹਣਾ
10.    ਔਰਤ ਦੇ ਪਾਏ ਤੰਗ ਕੱਪੜਿਆਂ ਨੂੰ ਵੇਖ ਕੇ ਜਾਂ ਸ਼ੋਖ਼ ਕਪੜਿਆਂ ਨੂੰ ਵੇਖ ਕੇ ਬੇਲੋੜੇ ਖਿੱਚੇ ਜਾਣਾ ਤੇ ਵੀਰਜ ਦਾ ਨਿਕਲ ਜਾਣਾ
11.    ਸਪਨਦੋਸ਼ ਦਾ ਇਲਾਜ ਹੀ ਬਲਾਤਕਾਰ ਨੂੰ ਮੰਨਣਾ
12.    ਬਚਪਨ ਵਿਚ ਮਾਰ ਕੁਟਾਈ ਦੇ ਸ਼ਿਕਾਰ ਆਪ ਅੱਗੋਂ ਔਰਤ ਦਾ ਬਲਾਤਕਾਰ ਕਰ ਕੇ ਮਨ ਨੂੰ ਸ਼ਾਂਤ ਕਰ ਲੈਂਦੇ ਹਨ।
13.    ਸੋਚ ਵਿਚ ਵਿਗਾੜ ਕਿ ਜਿਸ ਕਿਸੇ ਔਰਤ ਉੱਤੇ ਮਨ ਆ ਜਾਏ, ਉਹ ਹਰ ਹਾਲ ਹਾਸਲ ਕਰਨੀ ਹੈ।
14.    ਔਰਤ ਦੋਸਤ ਵੱਲੋਂ 'ਇਨਕਾਰ' ਸੁਣ ਲੈਣ ਉੱਤੇ ਉਸਦਾ ਤੇ ਹੋਰ ਔਰਤਾਂ ਜਾਂ ਬੱਚੀਆਂ ਦਾ ਬਲਾਤਕਾਰ ਕਰ ਕੇ ਤਸੱਲੀ ਮਹਿਸੂਸ ਕਰਨਾ।
    ਮੈਸਾਚੂਟਿਸ ਵਿਖੇ ਬਲਾਤਕਾਰੀਆਂ ਦੀਆਂ ਕੁੱਝ ਕਿਸਮਾਂ ਵੀ ਲੱਭੀਆਂ ਗਈਆਂ ਹਨ। ਉਹ ਹਨ :-

1.    ਮੌਕਾਪ੍ਰਸਤ ਬਲਾਤਕਾਰੀ :- ਅਜਿਹੇ ਬਲਾਤਕਾਰੀ ਆਮ ਤੌਰ ਉੱਤੇ ਵੱਡੇ ਅਹੁਦਿਆਂ, ਮਕੈਨਿਕ, ਵਿਹਲੜ, ਆਟੋ ਰਿਕਸ਼ਾ, ਪੁਲਿਸ ਕਰਮੀ, ਜੇਲ ਅਧਿਕਾਰੀ, ਹੋਸਟਲ ਵਾਰਡਨ, ਧਾਰਮਿਕ ਆਗੂ, ਖੇਡਾਂ ਦੀ ਟੀਮ ਦਾ ਕੋਚ, ਆਦਿ ਯਾਨੀ ਕੋਈ ਵੀ ਅਜਿਹਾ ਬੰਦਾ ਜਿਹੜਾ ਮਜਬੂਰ ਔਰਤ ਵੇਖੇ ਤੇ ਮੌਕਾ ਵੀ ਮਿਲ ਰਿਹਾ ਹੋਵੇ ਤਾਂ 86 ਫੀਸਦੀ ਅਜਿਹੇ ਬੰਦੇ ਮੌਕੇ ਦਾ ਫਾਇਦਾ ਉਠਾ ਲੈਂਦੇ ਹਨ। ਕਈ ਵਾਰ ਅਹੁਦੇ ਦਾ ਲਾਭ ਉਠਾ ਕੇ ਤੇ ਕਈ ਵਾਰ ਧੱਕੇ ਨਾਲ ਵਕਤੀ ਆਨੰਦ ਵਾਸਤੇ ਅਜਿਹਾ ਕੀਤਾ ਜਾਂਦਾ ਹੈ।

2.    ਗੁੱਸੈਲ ਬਲਾਤਕਾਰੀ :- ਅਜਿਹਾ ਬਲਾਤਕਾਰੀ ਹਮੇਸ਼ਾ ਸ਼ਿਕਾਰ ਹੋਹੀ ਔਰਤ ਨੂੰ ਬੇਹੂਦਾ ਤਰੀਕੇ ਕੱਟ ਵੱਢ ਕੇ ਕਤਲ ਕਰਦਾ ਹੈ। ਮਨ ਅੰਦਰ ਭਰਿਆ ਗੁੱਸਾ ਜੋ ਸਮਾਜ ਪ੍ਰਤੀ ਹੋਵੇ ਜਾਂ ਆਪਣੇ ਨਾਲ ਹੋਏ ਕਿਸੇ ਧੱਕੇ ਸਦਕਾ ਹੋਵੇ, ਉਸ ਕਰਕੇ ਦਿਮਾਗ਼ ਹੱਥੋਂ ਮਜਬੂਰ ਗੁੱਸੈਲ ਬਲਾਤਕਾਰੀ ਔਰਤ ਦੇ ਸਰੀਰ ਨੂੰ ਤਹਿਸ ਨਹਿਸ ਕਰ ਦਿੰਦਾ ਹੈ।


3.    ਬਾਲੜੀਆਂ ਦਾ ਬਲਾਤਕਾਰੀ :- ਇਸ ਕਿਸਮ ਦਾ ਬਲਾਤਕਾਰੀ ਮਾਨਸਿਕ ਰੋਗੀ ਹੁੰਦਾ ਹੈ। ਉਹ ਬੱਚੀ ਦੀ ਕਿਸੇ ਵੀ ਹਰਕਤ, ਉਸ ਦੇ ਖਿਡੌਣੇ, ਫਰਾਕ, ਸੁਕਣੇ ਪਾਏ ਕਪੜੇ ਜਾਂ ਦੁੱਧ ਦੀ ਬੋਤਲ ਤੱਕ ਵੇਖ ਕੇ ਵਿਚਲਿਤ ਹੋ ਜਾਂਦਾ ਹੈ ਤੇ ਮਜਬੂਰੀਵਸ ਕਿਸੇ ਬਾਲੜੀ ਨੂੰ ਵੇਖਦੇ ਹੀ ਦਬੋਚ ਲੈਣ ਲਈ ਕਾਹਲਾ ਪੈ ਜਾਂਦਾ ਹੈ।


4.    ਜਿਨਸੀ ਦੋਖੀ ਬਲਾਤਕਾਰੀ :- ਅਜਿਹਾ ਬਲਾਤਕਾਰੀ ਔਰਤ ਨੂੰ ਸੌਖਾ ਸ਼ਿਕਾਰ ਮੰਨਦਿਆਂ ਆਪਣੀ ਤਾਕਤ ਤੇ ਰੁਤਬੇ ਦਾ ਰੋਅਬ ਵਿਖਾਉਣ ਲਈ ਔਰਤ ਦਾ ਆਪ ਨਹੀਂ ਬਲਕਿ ਆਪਣੇ ਸਾਹਮਣੇ ਦੂਜੇ ਕੋਲੋਂ ਬਲਾਤਕਾਰ ਕਰਵਾਉਂਦਾ ਹੈ।

5.    ਮਰਦਾਨਗੀ ਨੂੰ ਸੱਟ ਖਾਧਾ ਬਲਾਤਕਾਰੀ :- ਆਪਣੇ ਆਪ ਨੂੰ ਸਰੀਰਕ ਸੰਬੰਧ ਕਾਇਮ ਕਰਨ ਵਿਚ ਅਸਮਰਥ ਮੰਨਦਿਆਂ ਇਸ ਕਿਸਮ ਦਾ ਬਲਾਤਕਾਰੀ ਛੋਟੀ ਉਮਰ ਦੀਆਂ ਬੱਚੀਆਂ ਨੂੰ ਸ਼ਿਕਾਰ ਬਣਾ ਕੇ ਆਪਣੀ ਭੁੱਖ ਤ੍ਰਿਪਤ ਕਰਨ ਦੇ ਨਾਲ ਆਪਣੀ ਮਰਦਾਨਗੀ ਸਾਬਤ ਕਰ ਲੈਂਦਾ ਹੈ।


6.    ਸ਼ਿਕਾਰੀ ਬਲਾਤਕਾਰੀ :- ਇਸ ਕਿਸਮ ਦਾ ਸ਼ਿਕਾਰੀ ਆਪਣੇ ਗੁੱਸੇ ਦੇ ਆਧਾਰ ਉੱਤੇ ਔਰਤ ਦਾ ਸ਼ਿਕਾਰ ਕਰਦਾ ਹੈ। ਅਜਿਹੇ ਸ਼ਿਕਾਰੀ ਨੂੰ ਬਲਾਤਕਾਰ ਕਰਨ ਨਾਲੋਂ ਔਰਤ ਨੂੰ ਜ਼ਲੀਲ ਕਰਨ ਵਿਚ ਵੱਧ ਮਜ਼ਾ ਆਉਂਦਾ ਹੈ। ਨਿਰਵਸਤਰ ਕਰ ਕੇ, ਲਾਚਾਰ ਬਣਾ ਕੇ ਵੀਡੀਓ ਬਣਾਉਣੀ, ਔਰਤ ਕੋਲੋਂ ਤਰਲੇ ਕਰਵਾਉਣੇ, ਉਸ ਕੋਲੋਂ ਹਰ ਸ਼ਰਤ ਮੰਨਵਾ ਕੇ ਗਲਤ ਹਰਕਤਾਂ ਕਰਵਾਉਣੀਆਂ ਆਦਿ ਸ਼ਿਕਾਰੀ ਬਲਾਤਕਾਰੀ ਦੀ ਖ਼ਾਸ ਪਛਾਣ ਹੁੰਦੀ ਹੈ। ਇਸ ਕਿਸਮ ਦੇ ਸ਼ਿਕਾਰੀ ਬਲਾਤਕਾਰੀ ਵੀਡੀਓ ਬਣਾ ਕੇ ਆਪਣੇ ਆਪ ਨੂੰ ਉੱਚਾ ਵਿਖਾਉਣ ਦਾ ਦਾਅਵਾ ਵੀ ਕਰਦੇ ਹਨ ਤੇ ਖੁੱਲੇਆਮ ਇਸ ਦਾ ਪ੍ਰਚਾਰ ਵੀ ਕਰਦੇ ਹਨ।
    ਕੁੱਝ ਖੱਚਰੇ ਤੇ ਦਾਅ ਲੱਗ ਜਾਣ 'ਤੇ ਬਲਾਤਕਾਰ ਕਰਨ ਵਾਲੇ ਇਹੋ ਜ਼ਾਹਿਰ ਕਰਦੇ ਹਨ ਕਿ ਇਨਸਾਨ ਅੰਦਰੋਂ ਹੈ ਪੂਰਾ ਜਾਨਵਰ ਹੀ, ਸਿਰਫ਼ ਮੁਖੌਟਾ ਹੀ ਇਨਸਾਨ ਦਾ ਚਾੜ੍ਹਿਆ ਹੋਇਆ ਹੈ।
    ਵਿਕਸਿਤ ਮੁਲਕਾਂ ਵਿਚ ਇਸ ਜਾਣਕਾਰੀ ਤੋਂ ਵਾਕਿਫ਼ ਹੋਣ ਬਾਅਦ ਜਦੋਂ ਇੱਕ ਵਾਰ ਬਲਾਤਕਾਰੀ ਪੁਲਿਸ ਹੱਥੇ ਚੜ੍ਹ ਜਾਵੇ ਤਾਂ ਪੂਰੀ ਉਮਰ ਲਈ ਅੰਦਰ ਤਾੜ ਦਿੱਤਾ ਜਾਂਦਾ ਹੈ। ਜੇ ਕਦੇ ਕੁੱਝ ਸਮੇਂ ਲਈ ਬਾਹਰ ਨਿਕਲੇ ਤਾਂ ਚੁਫੇਰੇ 'ਵਾਰਨਿੰਗ ਜ਼ੋਨ' ਬਣਾ ਕੇ ਛੱਡਿਆ ਜਾਂਦਾ ਹੈ ਕਿ ਖ਼ਤਰਨਾਕ ਅਪਰਾਧੀ ਜੇਲ੍ਹੋਂ ਬਾਹਰ ਹੈ ਸੋ ਪੁਲਿਸ ਦੀ ਨਜ਼ਰ ਹੇਠ ਰਹੇ ਤੇ ਲੋਕ ਵੀ ਸਾਵਧਾਨੀ ਵਰਤਣ।
    ਇਹ ਸਾਬਤ ਹੋ ਚੁੱਕੇ ਤੱਥ ਹਨ ਕਿ ਭਾਰਤ ਵਿਚ ਸਜ਼ਾਵਾਂ ਓਨੀਆਂ ਸਖ਼ਤ ਨਹੀਂ ਤੇ ਕਾਨੂੰਨ ਵਿਚਲੀ ਢਿੱਲ ਸਦਕਾ ਢੇਰਾਂ ਦੇ ਢੇਰ ਬਲਾਤਕਾਰੀ ਆਜ਼ਾਦ ਘੁੰਮ ਰਹੇ ਹਨ। ਸਿਰਫ਼ ਆਜ਼ਾਦ ਹੀ ਨਹੀਂ, ਬਲਕਿ ਸਿਆਸੀ ਤਾਕਤ ਵੀ ਬਣ ਰਹੇ ਹਨ ਤੇ ਰਾਜ ਪਾਟ ਵੀ ਸਾਂਭ ਰਹੇ ਹਨ। ਇਸੇ ਲਈ ਬਲਾਤਕਾਰਾਂ ਦੀ ਗਿਣਤੀ ਵੀ ਦਿਨੋ-ਦਿਨ ਵੱਧਦੀ ਜਾ ਰਹੀ ਹੈ, ਸੀਰੀਅਲ ਰੇਪਿਸਟ ਵੀ ਸਾਹਮਣੇ ਆ ਰਹੇ ਹਨ, ਭਿਆਨਕ ਤਰੀਕੇ ਬਲਾਤਕਾਰ ਕਰਨ ਬਾਅਦ ਔਰਤਾਂ ਮਾਰੀਆਂ ਵੀ ਜਾ ਰਹੀਆਂ ਹਨ ਤੇ ਦਿਨੋ-ਦਿਨ ਬਾਲੜੀਆਂ ਦੇ ਜ਼ਬਰਜਨਾਹ ਵਿਚ ਵਾਧਾ ਵੀ ਹੁੰਦਾ ਜਾ ਰਿਹਾ ਹੈ। ਹਾਲਾਤ ਇਹ ਹੋ ਚੁੱਕੇ ਹਨ ਕਿ ਕਿਸੇ ਵੀ ਉਮਰ ਦੀ ਔਰਤ ਨਾ ਦਿਨੇ ਤੇ ਨਾ ਰਾਤ, ਨਾ ਇਕੱਲੀ ਤੇ ਨਾ ਭੀੜ ਵਿਚ, ਨਾ ਘਰ ਤੇ ਨਾ ਬਾਹਰ, ਕਿਤੇ ਵੀ ਸੁਰੱਖਿਅਤ ਨਹੀਂ।
    %ਗਲ ਤਾਂ ਅਖ਼ੀਰ ਇੱਥੇ ਮੁੱਕਦੀ ਹੈ ਕਿ ਜੇ ਸੈਕਸ ਰੈਕਟ ਚਲਾਉਣ ਵਾਲੇ ਹੀ ਰਾਜ ਸਾਂਭ ਕੇ ਬੈਠੇ ਹੋਣ ਤਾਂ ਕੀ ਇਹ ਤੁਕ ਸਹੀ ਨਹੀਂ ਬੈਠਦੀ :-
    ''ਕੁਤਾ ਰਾਜ ਬਹਾਲੀਐ ਫਿਰਿ ਚਕੀ ਚਟੈ''
ਹੁਣ ਤਾਂ ਪਾਠਕ ਹੀ ਦੱਸਣ ਕਿ ਇਨ੍ਹਾਂ ਬਲਾਤਕਾਰੀਆਂ ਦਾ ਇਲਾਜ ਕੀ ਹੋਣਾ ਚਾਹੀਦਾ ਹੈ? ਕੀ ਲੋਕ ਆਪ ਇਨਸਾਫ਼ ਕਰਨਾ ਸ਼ੁਰੂ ਕਰ ਦੇਣ? ਕੀ ਵੇਲੇ ਸਿਰ ਇਨ੍ਹਾਂ ਨੂੰ ਵੋਟਾਂ ਪਾਉਣੀਆਂ ਬੰਦ ਕਰ ਦੇਣ? ਕੀ ਫਰੈਂਚ ਰੈਵੋਲਿਊਸ਼ਨ ਵਾਂਗ ਆਰ ਜਾਂ ਪਾਰ ਦੀ ਲੜਾਈ ਕਰਨ? ਕੀ ਚੁੱਪੀ ਤੋੜ ਕੇ ਆਪਣੇ ਹੱਕਾਂ ਲਈ ਲੜਨਾ ਸ਼ੁਰੂ ਕਰਨ? ਜਾਂ ਫੇਰ ਬਹਿ ਕੇ ਓਦੋਂ ਤੱਕ ਤਮਾਸ਼ਾ ਵੇਖਣ ਜਦ ਤਕ ਆਪਣੀ ਧੀ ਭੈਣ ਦੀ ਪੱਤ ਉੱਤੇ ਹੱਥ ਨਹੀਂ ਪੈਂਦਾ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਪਸ਼ਟ ਕੀਤਾ ਹੈ ਕਿ ਜੇ ਮਨੁੱਖ ਸਿਰਫ਼ ਰੁੱਖੇ ਹੀ ਬਚਨ ਬੋਲਦਾ ਰਹੇ ਤਾਂ ਉਸ ਦਾ ਤਨ ਤੇ ਮਨ ਦੋਵੇਂ ਰੁੱਖੇ ਹੋ ਜਾਂਦੇ ਹਨ ਤੇ ਅਜਿਹਾ ਮਨੁੱਖ ਰੁੱਖਾ ਹੀ ਮਸ਼ਹੂਰ ਹੋ ਜਾਂਦਾ ਹੈ। ਪ੍ਰੇਮ ਵਿਹੂਣਾ ਅਜਿਹਾ ਮਨੁੱਖ ਯਾਦ ਵੀ ਰੁੱਖੇ ਬਚਨਾਂ ਨਾਲ ਹੀ ਕੀਤਾ ਜਾਂਦਾ ਹੈ। ਦਰਗਾਹ ਤੋਂ ਤਾਂ ਰੱਦ ਹੋ ਹੀ ਜਾਂਦਾ ਹੈ ਪਰ ਇਸ ਤਰ੍ਹਾਂ ਦੇ ਮਨੁੱਖ ਦੇ ਮੂੰਹ ਉੱਤੇ ਵੀ ਥੁੱਕਾਂ ਤੇ ਫਿਟਕਾਰਾਂ ਪੈਂਦੀਆਂ ਹਨ। ਪ੍ਰੇਮ ਹੀਣ ਰੁੱਖੇ ਮਨੁੱਖ ਨੂੰ ਮੂਰਖ ਆਖਣਾ ਚਾਹੀਦਾ ਹੈ ਕਿਉਂਕਿ ਉਸ ਦੀ ਸਦਾ ਹੀ ਬੇਇੱਜ਼ਤੀ ਹੁੰਦੀ ਹੈ ਤੇ ਜੁੱਤੀਆਂ ਦੀ ਮਾਰ ਪੈਂਦੀ ਹੈ।
    ਓਹੀਓ ਸਟੇਟ ਯੂਨੀਵਰਸਿਟੀ ਵਿਚ ਜੋਨ ਕੇਸੀਓਪੋ ਨੇ ਖੋਜ ਰਾਹੀਂ ਇਹ ਤੱਥ ਲੱਭੇ ਕਿ ਇਨਸਾਨੀ ਮਨ ਮਾੜਾ ਸੁਣ ਕੇ ਵੱਧ ਖਿੱਚਿਆ ਜਾਂਦਾ ਹੈ। ਇਸੇ ਲਈ ਜਿਹੜੇ ਸਿਆਸਤਦਾਨ ਦੂਜੇ ਨੂੰ ਭੰਡਦੇ ਹੋਣ, ਉਹ ਵੱਧ ਮਕਬੂਲ ਹੁੰਦੇ ਹਨ ਪਰ ਜਿਹੜੇ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦੇ ਹੋਣ, ਉਹ ਬਹੁਤਾ ਧਿਆਨ ਨਹੀਂ ਖਿੱਚਦੇ।
    ਕਿਸੇ ਬਾਰੇ ਮਾੜਾ ਸੁਣ ਕੇ, ਬੁਰੀ ਖ਼ਬਰ ਪੜ੍ਹ ਕੇ ਜਾਂ ਮਾੜੀ ਘਟਨਾ ਵੇਖ ਕੇ ਦਿਮਾਗ਼ ਦੀ ਬਿਜਲਈ ਹਰਕਤ ਵਿਚ ਤੂਫ਼ਾਨ ਆ ਜਾਂਦਾ ਹੈ।
    ਅਜਿਹਾ ਚੰਗੀ ਖ਼ਬਰ ਪੜ੍ਹ ਕੇ ਨਹੀਂ ਹੁੰਦਾ। ਪੱਥਰ ਯੁੱਗ ਸਮੇਂ ਤੋਂ ਹੀ ਖ਼ਤਰਾ ਭਾਂਪ ਕੇ ਨਵੀਂ ਚੀਜ਼ ਈਜਾਦ ਕੀਤੀ ਜਾਂਦੀ ਰਹੀ ਹੈ। ਸਭ ਕੁੱਝ ਚੰਗਾ ਵੇਖ ਸੋਚ ਕੇ ਹੌਲੀ-ਹੌਲੀ ਮਨ ਢਿੱਲਾ ਪੈ ਜਾਂਦਾ ਹੈ।
    ਵਿਆਹੁਤਾ ਜ਼ਿੰਦਗੀ ਵਿਚ ਵੀ ਨਿੱਘੇ ਰਿਸ਼ਤੇ ਉਹੀ ਹੁੰਦੇ ਹਨ ਜਿਨ੍ਹਾਂ ਵਿਚ ਸਭ ਕੁੱਝ 'ਠੀਕ' ਨਾ ਹੋਵੇ ਬਲਕਿ ਨਿੱਕੀ ਮੋਟੀ 'ਖਟਪਟ' ਚੱਲਦੀ ਰਹੇ। ਇਹ 'ਖਟਪਟ' ਰਿਸ਼ਤਿਆਂ ਦਾ 'ਥਰਮੋਸਟੈਟ' ਸਾਬਤ ਹੋ ਚੁੱਕੀ ਹੈ। ਜੇ ਖਟਪਟ ਲੜਾਈ ਵਿਚ ਜਾਂ ਮੰਦੀ ਸ਼ਬਦਾਵਲੀ ਵਿਚ ਤਬਦੀਲ ਹੋ ਜਾਏ ਤਾਂ ਰਿਸ਼ਤੇ ਵਿਚ ਫਿੱਕ ਪੈ ਜਾਂਦੀ ਹੈ। ਇਸ ਦਾ ਮਤਲਬ ਇਹ ਹੈ ਕਿ ਖਟਪਟ ਨੂੰ ਲੜਾਈ ਵਿਚ ਤਬਦੀਲ ਹੋਣ ਤੋਂ ਪਹਿਲਾਂ ਹੀ ਰੋਕ ਲੈਣਾ ਚਾਹੀਦਾ ਹੈ।
    ਇਹ ਹੀ ਸਭ ਤੋਂ ਗੁੰਝਲਦਾਰ ਨੁਕਤਾ ਹੈ ਕਿ ਕਿਸ ਗੱਲ ਉੱਤੇ ਰਿਸ਼ਤੇ ਵਿਚ ਫਿੱਕ ਪੈਣ ਤੋਂ ਰੋਕਣ ਦੀ ਲੋੜ ਹੁੰਦੀ ਹੈ।
    ਮਨੋਵਿਗਿਆਨੀਆਂ ਅਨੁਸਾਰ ਇਹ 5:1 ਅਨੁਪਾਤ ਨਾਲ ਠੀਕ ਰਹਿੰਦਾ ਹੈ। ਯਾਨੀ 5 ਚੰਗੀਆਂ ਸਾਂਝ ਵਾਲੀਆਂ ਗੱਲਾਂ ਤੇ ਇੱਕ ਅਣਬਣ, ਵਿਅੰਗ ਜਾਂ ਝਗੜੇ ਵਾਲੀ।
    ਜੇ ਇਹ ਅਨੁਪਾਤ 2:3 ਹੋ ਜਾਏ ਤੇ ਅਣਬਣ ਤਿੰਨ ਤੱਕ ਪਹੁੰਚ ਜਾਏ ਤਾਂ ਰਿਸ਼ਤੇ ਦਾ ਅਗਾਂਹ ਤੁਰਨਾ ਨਾਮੁਮਕਿਨ ਹੋ ਜਾਂਦਾ ਹੈ।
    ਲੰਬੇ ਸਮੇਂ ਤਕ ਨਿਭਣ ਵਾਲੀਆਂ ਦੋਸਤੀਆਂ ਵਿਚ ਵੀ ਇਹੀ ਕੁੱਝ ਸਹੀ ਸਾਬਤ ਹੋਇਆ ਹੈ। ਜੇ ਦੋਸਤਾਂ ਵਿਚ ਉੱਕਾ ਹੀ ਅਣਬਣ ਨਾ ਹੋਵੇ ਤਾਂ ਰਿਸ਼ਤਾ ਨਿੱਘਾ ਹੁੰਦਾ ਹੀ ਨਹੀਂ ਕਿਉਂਕਿ ਹਰ ਜਣਾ ਗਲ ਦਿਲ ਵਿਚ ਹੀ ਲੁਕਾਉਂਦਾ ਸਿਰਫ਼ ਆਪਣਾ ਚੰਗਾ ਪੱਖ ਉਜਾਗਰ ਕਰਦਾ ਰਹਿੰਦਾ ਹੈ ਜੋ ਰਿਸ਼ਤੇ ਵਿਚਲੀ ਖਿੱਚ ਖ਼ਤਮ ਕਰ ਦਿੰਦਾ ਹੈ।
    ਜੇ ਅਨੁਪਾਤ ਵਿਗੜ ਰਿਹਾ ਹੋਵੇ ਤਾਂ ਰਿਸ਼ਤਾ ਟਿਕਾਊ ਕਰਨ ਲਈ ਸਾਰਥਕ ਕਦਮ ਪੁੱਟਣ ਦੀ ਲੋੜ ਹੁੰਦੀ ਹੈ। ਇਸ ਵਾਸਤੇ ਆਪਣੇ ਮਨ ਅੰਦਰ ਭਰੀ ਕੌੜ ਨੂੰ ਕਿਸੇ ਹੋਰ ਢੰਗ ਨਾਲ ਬਾਹਰ ਕੱਢਣ ਤੇ ਦੋਸਤ ਨੂੰ ਨਿੱਘੀ ਜੱਫੀ ਜਾਂ ਕੁੱਝ ਚੰਗੇ ਸੁਣੇਹੇ ਭੇਜਣ ਨਾਲ ਰਿਸ਼ਤੇ ਵਿਚ ਨਿੱਘ ਭਰਿਆ ਜਾ ਸਕਦਾ ਹੈ।
    ਅਜਿਹਾ ਉਦੋਂ ਤੱਕ ਕਰਦੇ ਰਹਿਣਾ ਚਾਹੀਦਾ ਹੈ ਜਦੋਂ ਤਕ ਅਨੁਪਾਤ 5:1 ਨਾ ਹੋ ਜਾਵੇ।
    ਹੁਣ ਗੱਲ ਕਰੀਏ ਸਿਫਰ ਨਕਾਰਾਤਮਕ ਸੋਚ ਵਾਲੇ ਮਨੁੱਖ ਦੀ ਜੋ ਅਲੋਚਨਾ ਤੋਂ ਇਲਾਵਾ ਕੁੱਝ ਜਾਣਦਾ ਹੀ ਨਾ ਹੋਵੇ ਤੇ ਕਦੇ ਵੀ ਸਾਰਥਕ ਗੱਲ ਨਾ ਕਰਦਾ ਹੋਵੇ। ਅਜਿਹਾ ਮਨੁੱਖ ਆਪਣੇ ਮਨ ਨੂੰ ਇਹ ਸਮਝਾ ਲੈਂਦਾ ਹੈ ਕਿ ਰੁੱਖਾ ਬੋਲਣਾ ਉਸ ਦਾ ਖਾਸ ਗੁਣ ਹੈ ਤੇ ਇੰਜ ਹੀ ਉਹ ਆਪਣੇ ਆਪ ਨੂੰ ਬਾਕੀਆਂ ਤੋਂ ਵੱਖ ਤੇ ਉੱਚਾ ਸਮਝਣ ਲੱਗ ਪੈਂਦਾ ਹੈ। ਹੌਲੀ-ਹੌਲੀ ਅਜਿਹੇ ਮਨੁੱਖ ਦੀ ਸੋਚ ਹੀ ਤਬਦੀਲ ਹੋ ਜਾਂਦੀ ਹੈ ਤੇ ਹਉਮੈ ਉਸ ਨੂੰ ਜਕੜ ਲੈਂਦੀ ਹੈ। ਉਸ ਨੂੰ ਆਪਣੇ ਸਾਹਮਣੇ ਸਾਰੇ ਬੌਣੇ ਜਾਪਣ ਲੱਗ ਪੈਂਦੇ ਹਨ।
    ਦੂਜੇ ਦੀ ਚੀਸ ਨਾ ਸਮਝਣਾ ਤੇ ਦੂਜੇ ਨੂੰ ਨੀਵਾਂ ਵਿਖਾ ਕੇ ਖ਼ੁਸ਼ ਮਹਿਸੂਸ ਹੋਣਾ ਹੀ ਕਿਸੇ ਕਿਸੇ ਦਾ ਸੁਭਾਓ ਬਣ ਜਾਂਦਾ ਹੈ।
    ਅਜਿਹਾ ਮਨੁੱਖ ਰੁੱਖਾ ਹੋਣ ਦੇ ਨਾਲ ਅੜਬ ਤੇ ਆਪਣੇ ਆਲੇ-ਦੁਆਲੇ ਭੇਦ ਨਾ ਸਕਣ ਵਾਲਾ ਚੱਕਰਵਿਊ ਸਿਰਜ ਲੈਂਦਾ ਹੈ ਜਿਸ ਨੂੰ ਪਾਰ ਨਾ ਕਰ ਸਕਣ ਵਾਲਾ ਕਿਨਾਰਾ ਕਰਨ ਲੱਗ ਪੈਂਦਾ ਹੈ ਤੇ 'ਅੰਗੂਰ ਖੱਟੇ ਹਨ' ਵਾਂਗ ਹੀ ਉਸ ਬਾਰੇ ਮਾੜੀ ਸ਼ਬਦਾਵਲੀ ਵਰਤ ਕੇ ਪਰ੍ਹਾਂ ਹੋ ਜਾਂਦਾ ਹੈ। ਇਹੋ ਨਿੰਦਾ ਅਗਾਂਹ ਤੁਰਦੀ ਹੋਈ ਉਸ ਮਨੁੱਖ ਨੂੰ ਰੁੱਖਾ ਤੇ ਨਕਾਰਾਤਮਕ ਸਾਬਤ ਕਰ ਦਿੰਦੀ ਹੈ ਤੇ ਲੋਕਾਂ ਵਿਚ ਅਜਿਹੇ ਮਨੁੱਖ ਦੇ ਜ਼ਿਕਰ ਨਾਲ ਹੀ ਉਸ ਨੂੰ ਭੰਡਿਆ ਜਾਣ ਲੱਗ ਪੈਂਦਾ ਹੈ।
    ਇਹ ਸਾਰੀ ਖੋਜ ਮਨੋਵਿਗਿਆਨੀਆਂ ਨੇ ਸਿਰਫ਼ ਇਸ ਨੁਕਤੇ ਨੂੰ ਸਾਬਤ ਕਰਨ ਉੱਤੇ ਲਾਈ ਹੈ ਕਿ ਇਨਸਾਨੀ ਮਨ ਨਿੰਦਿਆ ਵੱਲ ਛੇਤੀ ਖਿੱਚਿਆ ਜਾਂਦਾ ਹੈ ਤੇ ਆਪ ਵੀ ਸੁਣੀ ਸੁਣਾਈ ਨਿੰਦਿਆ ਦਾ ਹਿੱਸਾ ਅਚੇਤ ਮਨ ਰਾਹੀਂ ਬਣ ਜਾਂਦਾ ਹੈ। ਪਰ, ਲਗਾਤਾਰ ਸੁਣੀ ਜਾ ਰਹੀ ਨਿੰਦਿਆ ਤੋਂ ਅਕੇਵਾਂ ਹੁੰਦੇ ਸਾਰ ਮਨੁੱਖੀ ਮਨ ਸਹਿਜ ਹੋਣ ਲਈ ਕੁੱਝ ਸੁਖਾਵੇਂ ਸ਼ਬਦ ਭਾਲਣ ਲੱਗ ਪੈਂਦਾ ਹੈ। ਯਾਨੀ ਬਹੁਤੀ ਦੇਰ ਰੁੱਖਾਪਨ ਸੁਣਿਆ ਨਹੀਂ ਜਾਂਦਾ ਤੇ ਦਿਮਾਗ਼ ਵਿਚਲੀਆਂ ਬਿਜਲਈ ਤਰੰਗਾਂ ਨੂੰ ਸ਼ਾਂਤ ਕਰਨ ਲਈ ਕੁੱਝ ਚੰਗਾ ਸੁਣਨਾ ਇਨਸਾਨੀ ਮਨ ਦੀ ਫਿਤਰਤ ਹੈ।
    ਜਿਹੜਾ ਮਨੁੱਖ ਸਦਾ ਹੀ ਰੁੱਖੇ ਬਚਨ ਉਚਾਰਦਾ ਰਹੇ, ਉਸ ਦੀ ਬਾਕੀਆਂ ਨਾਲ ਸਾਂਝ ਹੌਲੀ-ਹੌਲੀ ਟੁੱਟਣ ਲੱਗ ਪੈਂਦੀ ਹੈ ਤੇ ਲੋਕ ਉਸ ਤੋਂ ਪਾਸਾ ਵੱਟਣ ਲੱਗ ਪੈਂਦੇ ਹਨ।
    ਹੁਣ ਤਾਂ ਸੌਖਿਆਂ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਸ਼ਬਦ ਸਮਝ ਆ ਸਕਦਾ ਹੈ-
    ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ।
    ਫਿਕੋ ਫਿਕਾ ਸਦੀਐ ਫਿਕੇ ਫਿਕੀ ਸੋਇ।
    ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।
    ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।
                    (ਅੰਗ 473)
    ਅੱਗੇ ਤੋਂ ਜਿਹੜਾ ਜਣਾ ਸਿਰਫ਼ ਹੀ ਸਿਫ਼ਤ ਕਰਦਾ ਮਿਲੇ ਤਾਂ ਉਸ ਉੱਪਰ ਝੂਠ ਦੇ ਚੜ੍ਹੇ ਮੁਖੌਟੇ ਬਾਰੇ ਸਮਝ ਲੈਣਾ ਚਾਹੀਦਾ ਹੈ ਤੇ ਇਸ 'ਫੂਕ ਸ਼ਸਤਰ' ਤੋਂ ਬਚਾਓ ਹੀ ਬਿਹਤਰ ਹੁੰਦਾ ਹੈ।
    ਕਿਸੇ ਅੰਦਰ ਸਿਰਫ਼ ਹੀ ਗੁਣ ਹੋਣ, ਇਹ ਸੰਭਵ ਨਹੀਂ ਪਰ ਸਿਰਫ਼ ਔਗੁਣ ਹੋਣ, ਇਹ ਵੀ ਸਹੀ ਨਹੀਂ ਹੈ। ਰਿਸ਼ਤਿਆਂ ਨੂੰ ਲੰਮੇ ਸਮੇਂ ਤੱਕ ਚੱਲਦੇ ਰੱਖਣ ਲਈ 5:1 ਦੀ ਸਹੀ ਮਿਕਦਾਰ ਜ਼ਰੂਰ ਚਾਹੀਦੀ ਹੈ।


ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਅਣਖ ਖ਼ਾਤਰ ਹੋ ਰਹੇ ਕਤਲ - ਡਾ. ਹਰਸ਼ਿੰਦਰ ਕੌਰ, ਐਮ. ਡੀ.,

ਬਹੁਤ ਸਾਰੇ ਖੋਜ ਪੱਤਰਾਂ ਵਿਚ ਸਪਸ਼ਟ ਹੋ ਚੁੱਕਿਆ ਹੈ ਕਿ ਇਸ ਮਰਦ ਪ੍ਰਧਾਨ ਸਮਾਜ ਵਿਚ ਧੀਆਂ ਉੱਤੇ ਲੱਗੀਆਂ ਬੰਦਸ਼ਾਂ ਘੱਟ ਨਹੀਂ ਹੋਈਆਂ। ਅੱਜ ਵੀ ਕਿਸੇ ਟੱਬਰ ਕੋਲੋਂ ਆਪਣੀ ਧੀ ਦਾ ਵਿਆਹ ਤੋਂ ਪਹਿਲਾਂ ਕਿਸੇ ਨਾਲ ਪਿਆਰ ਕਰਨਾ ਸਹਾਰਿਆ ਨਹੀਂ ਜਾਂਦਾ ਤੇ ਇਸ ਨੂੰ ਵੱਡਾ ਜੁਰਮ ਮੰਨਿਆ ਜਾਂਦਾ ਹੈ ਪਰ ਦੂਜੇ ਪਾਸੇ ਪੁੱਤਰ ਨੂੰ ਅਜਿਹਾ ਕਰਨ ਉੱਤੇ ਸ਼ਾਬਾਸ਼ੀ ਦਿੱਤੀ ਜਾਂਦੀ ਹੈ।

    ਜੇ ਕਿਸੇ ਧੀ ਨੇ ਆਪਣੀ ਮਰਜ਼ੀ ਦਾ ਵਿਆਹ ਕਰਵਾ ਲਿਆ ਤੇ ਜਾਤ-ਪਾਤ ਅੜਿੱਕੇ ਆ ਗਈ ਤਾਂ ਯਕੀਨਨ ਧੀ ਤਾਂ ਕਤਲ ਹੋਵੇਗੀ ਹੀ, ਮੁੰਡੇ ਵਾਲਿਆਂ ਦੀਆਂ ਧੀਆਂ ਭੈਣਾਂ ਦੀ ਵੀ ਸ਼ਾਮਤ ਆ ਜਾਣੀ ਹੈ।
    ਟੱਬਰ ਪੂਰਾ ਹੀ ਵੱਢਿਆ ਜਾ ਸਕਦਾ ਹੈ। ਅਜਿਹਾ ਕਰਨ ਤੋਂ ਪਹਿਲਾਂ ਮੁੰਡੇ ਦੇ ਟੱਬਰ ਦੀਆਂ ਔਰਤਾਂ ਦੀ ਪੱਤ ਲਾਹੁਣ ਨੂੰ ਪਹਿਲ ਦਿੱਤੀ ਜਾਂਦੀ ਹੈ। ਕਮਾਲ ਦਾ ਦੋਗਲਾਪਨ ਵੇਖੋ ਕਿ ਆਪਣੀ ਧੀ ਉੱਤੇ ਬੰਦਸ਼ਾਂ ਲਾਉਣ ਵਾਲੇ ਬਹੁਤੇ ਪਿਓ ਆਪਣੇ ਪੁੱਤਰ ਨੂੰ ''ਮੌਜਾਂ ਕਰ'' ਕਹਿ ਕੇ ਹੱਲਾਸ਼ੇਰੀ ਦਿੰਦੇ ਰਹਿੰਦੇ ਹਨ। ਇਸ ਦੇ ਨਾਲੋ ਨਾਲ ਇਹ ਹਦਾਇਤ ਵੀ ਹੁੰਦੀ ਹੈ ਕਿ ਭਾਵੇਂ ਜਿੰਨੀਆਂ ਮਰਜ਼ੀ ਕੁੜੀਆਂ ਨਾਲ ਯਾਰੀ ਕਰੀ ਜਾ ਪਰ ਵਿਆਹ ਸਾਡੀ ਮਰਜ਼ੀ ਨਾਲ ਹੋਣਾ ਹੈ!
    ਜਿਹੜਾ ਮਰਜ਼ੀ ਪਾਸਾ ਵੇਖ ਲਵੋ, ਅਖ਼ੀਰ ਮਾਰ ਕੁੜੀਆਂ ਉੱਤੇ ਹੀ ਪੈਂਦੀ ਹੈ।
    ਧੀ ਦੀ ਆਪਣੀ ਮਰਜ਼ੀ ਨਾਲ ਹੋਏ ਵਿਆਹ ਵਾਸਤੇ ਪਿਓ, ਭਰਾ, ਰਿਸ਼ਤੇਦਾਰੀ ਆਦਿ ਤੋਂ ਇਲਾਵਾ ਕੰਨਟਰੈਕਟ ਕਿੱਲਰ ਤੱਕ ਤਿਆਰ ਕਰ ਕੇ ਧੀ ਨੂੰ ਮਾਰ ਦੇਣ ਦੇ ਫੈਸਲੇ ਲਏ ਜਾਂਦੇ ਹਨ।
    ਸਿਰਫ਼ ਭਾਰਤ ਵਿਚ ਹੀ ਨਹੀਂ, ਦੁਨੀਆ ਦੇ ਹੋਰ ਵੀ ਅਨੇਕ ਮੁਲਕਾਂ ਵਿਚ ਧੀਆਂ ਵੇਚੀਆਂ ਵੱਟੀਆਂ ਵੀ ਜਾਂਦੀਆਂ ਹਨ, ਦਾਜ ਖ਼ਾਤਰ ਸਾੜੀਆਂ ਵੀ ਜਾਂਦੀਆਂ ਹਨ ਤੇ ਆਪਣੀ ਮਰਜ਼ੀ ਦਾ ਵਿਆਹ ਕਰਨ ਉੱਤੇ ਕਤਲ ਵੀ ਕੀਤੀਆਂ ਜਾਂਦੀਆਂ ਹਨ।
    ਅਣਖ ਖ਼ਾਤਰ ਹੋ ਰਹੇ ਕਤਲਾਂ ਵਿਚ ਸ਼ਾਮਲ ਮੁਲਕ ਹਨ :-ਇਰਾਨ, ਤੁਰਕੀ, ਅਫਗਾਨਿਸਤਾਨ, ਇਰਾਕ, ਸਾਊਦੀ ਅਰਬ, ਈਜਿਪਟ, ਪਲਸਤੀਨ, ਜਾਰਡਨ, ਬੰਗਲਾਦੇਸ, ਐਲਜੀਰੀਆ, ਬਰਾਜ਼ੀਲ, ਇਕੂਏਡਰ, ਮੌਰੋਕੋ, ਇਜ਼ਰਾਈਲ, ਇਥੀਓਪੀਆ, ਸੋਮਾਲੀਆ, ਯੂਗਾਂਡਾ, ਪਾਕਿਸਤਾਨ, ਬਲਕਨ, ਸਵੀਡਨ, ਹੌਲੈਂਡ, ਜਰਮਨੀ, ਇਟਲੀ, ਯੇਮੇਨ ਤੇ ਅਨੇਕ ਹੋਰ।
    ਯੂਨਾਈਟਿਡ ਨੇਸ਼ਨਜ਼ ਪਾਪੂਲੇਸ਼ਨ ਫੰਡ ਅਨੁਸਾਰ 5000 ਔਰਤਾਂ ਤੇ ਬੱਚੀਆਂ ਹਰ ਸਾਲ ਅਣਖ ਖ਼ਾਤਰ ਦੁਨੀਆ ਭਰ ਵਿਚ ਕਤਲ ਕੀਤੀਆਂ ਜਾ ਰਹੀਆਂ ਹਨ (ਜੋ ਰਿਪੋਰਟ ਹੋ ਰਹੀਆਂ

ਹਨ) ਪਰ ਅਸਲ ਵਿਚ ਇਹ ਅੰਕੜਾ 20,000 ਪ੍ਰਤੀ ਸਾਲ ਤੱਕ ਪਹੁੰਚ ਚੁੱਕਿਆ ਹੈ ਕਿਉਂਕਿ ਵੱਡੀ ਗਿਣਤੀ ਕੇਸ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਤੇ ਅੰਦਰੋ ਅੰਦਰੀ ਕੁੜੀ ਦਾ ਜਿਸਮ ਵੀ ਖੁਰਦ ਬੁਰਦ ਕਰ ਦਿੱਤਾ ਜਾਂਦਾ ਹੈ।
    ਭਾਰਤ ਵਿਚ ਸਦੀਆਂ ਤੋਂ ਅਣਖ ਖ਼ਾਤਰ ਮਾਰੀਆਂ ਜਾ ਰਹੀਆਂ ਬੱਚੀਆਂ ਜ਼ਿਆਦਾਤਰ ਪੰਜਾਬ, ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ ਵਿਚ ਕਤਲ ਹੋ ਰਹੀਆਂ ਹਨ। ਅੱਜ ਦੇ ਦਿਨ ਸਭ ਤੋਂ ਵੱਧ ਕਤਲ ਭਾਰਤ ਵਿਚ ਹੀ ਹੋ ਰਹੇ ਹਨ। ਭਾਰਤ ਵਿਚ ਸਿਰਫ਼ ਧੀਆਂ ਹੀ ਨਹੀਂ ਉਸ ਮੁੰਡੇ ਦਾ ਵੀ ਕਤਲ ਹੋ ਰਿਹਾ ਹੈ ਜਿਸ ਨਾਲ ਧੀ ਭੱਜੀ ਹੋਵੇ। ਇਹ ਗਿਣਤੀ ਲਗਭਗ 1000 ਮੌਤਾਂ ਪ੍ਰਤੀ ਸਾਲ ਪਹੁੰਚ ਚੁੱਕੀ ਹੋਈ ਹੈ।
    ਇਨ੍ਹਾਂ ਕਤਲਾਂ ਨੂੰ ਰੋਕਣ ਲਈ ਕੋਈ ਕਾਨੂੰਨ ਹਾਲੇ ਤਕ ਕਾਰਗਰ ਸਾਬਤ ਨਹੀਂ ਹੋਇਆ। ਸੰਨ 1835-37 ਵਿਚ ਬਰਤਾਨੀਆ ਹਕੂਮਤ ਨੇ ਵੀ ਅਣਖ ਖ਼ਾਤਰ ਹੋ ਰਹੇ ਕਤਲਾਂ ਲਈ ਕਾਨੂੰਨ ਬਣਾਇਆ ਸੀ।
    ਅੱਜ ਦੇ ਦਿਨ ਜਿਹੜੀਆਂ 88 ਫੀਸਦੀ ਕੁੜੀਆਂ ਅਣਖ ਦੀ ਭੇਂਟ ਚੜ੍ਹ ਰਹੀਆਂ ਹਨ, ਉਨ੍ਹਾਂ ਵਿੱਚੋਂ ਅੱਗੋਂ 91 ਫੀਸਦੀ ਆਪਣੇ ਪਿਓ, ਭਰਾ, ਚਾਚੇ-ਤਾਏ ਦੇ ਹੱਥੋਂ ਹੀ ਮਰ ਰਹੀਆਂ ਹਨ।
    ਇਨ੍ਹਾਂ ਵਿੱਚੋਂ 59 ਫੀਸਦੀ ਕੇਸਾਂ ਵਿਚ ਮੁੰਡੇ ਵੀ ਕਤਲ ਕੀਤੇ ਜਾ ਰਹੇ ਹਨ। ਕੁੜੀ ਦੇ ਰਿਸ਼ਤੇਦਾਰੀ ਵੱਲੋਂ ਮਾਰੇ ਜਾ ਰਹੇ ਮੁੰਡਿਆਂ ਦੀ ਗਿਣਤੀ 12 ਫੀਸਦੀ ਹੈ। ਜ਼ਿਆਦਾਤਰ ਕਤਲ ਹੋ ਰਹੀਆਂ ਬੱਚੀਆਂ ਦੀ ਉਮਰ 15-25 ਸਾਲਾਂ ਦੀ ਹੈ।
    ਜਾਤ ਆਧਾਰਤ ਕਤਲ ਹੋ ਰਹੇ ਮੁੰਡਿਆਂ ਦੀ ਉਮਰ 20 ਤੋਂ 35 ਸਾਲਾਂ ਦੀ ਹੈ। ਮਾਰਨ ਵਾਲਿਆਂ ਵਿੱਚੋਂ 64 ਫੀਸਦੀ ਕੇਸਾਂ ਵਿਚ ਕੁੜੀ ਦਾ ਪਿਤਾ ਇਕੱਲਾ ਹੁੰਦਾ ਹੈ, 36 ਫੀਸਦੀ ਵਿਚ ਭਰਾ, 12 ਫੀਸਦੀ ਵਿਚ ਮਾਂ, 28 ਫੀਸਦੀ ਚਾਚੇ, ਮਾਮੇ, 8 ਫੀਸਦੀ ਜਾਤ ਬਿਰਾਦਰੀ ਵਾਲੇ ਵੀ ਨਾਲ ਰਲ ਜਾਂਦੇ ਹਨ ਤੇ 16 ਫੀਸਦੀ ਭਾੜੇ ਦੇ ਕਾਤਲ ਹੁੰਦੇ ਹਨ।
    ਇਨ੍ਹਾਂ ਵਿੱਚੋਂ ਜਿਸ ਨੇ ਆਪਣੀ ਧੀ ਵੀ ਮੁੰਡੇ ਦੇ ਨਾਲ ਹੀ ਮਾਰੀ ਹੋਵੇ, ਉਸ ਵਿਚ ਵੀ 64 ਫੀਸਦੀ ਪਿਓ ਹੀ ਆਪਣੀ ਧੀ ਦਾ ਕਤਲ ਕਰਦਾ ਫੜਿਆ ਗਿਆ ਹੈ।
    ਕਮਾਲ ਦੀ ਗੱਲ ਇਹ ਹੈ ਕਿ ਇਨ੍ਹਾਂ ਕਤਲਾਂ ਤੋਂ ਬਾਅਦ ਕੋਈ ਅਫ਼ਸੋਸ ਨਹੀਂ ਕੀਤਾ ਜਾਂਦਾ, ਬਲਕਿ ਜਸ਼ਨ ਮਨਾਇਆ ਜਾਂਦਾ ਹੈ ਕਿ ਅਸੀਂ ਆਪਣੀ ਅਣਖ ਉੱਤੇ ਲੱਗਿਆ ਦਾਗ਼ ਮਿਟਾ ਦਿੱਤਾ ਹੈ।
    ਖੋਜਾਂ ਅਨੁਸਾਰ ਪੰਜਾਬ ਦੇ ਪਿੰਡਾਂ ਵਿਚ, ਖ਼ਾਸ ਕਰ ਜੱਟ ਸਿੱਖ ਟੱਬਰਾਂ ਵਿੱਚ ਇਹ ਕਤਲ ਵੱਧ ਹੋ ਰਹੇ ਹਨ। ਜਿੰਨੇ ਵੀ ਕਤਲ ਸਾਹਮਣੇ ਆਏ ਹਨ, ਰਿਪੋਰਟ ਮੁਤਾਬਕ ਕਿਸੇ ਵਿਚ ਵੀ ਕੋਈ ਟੱਬਰ ਪਹਿਲਾਂ ਮੁਜਰਮ ਨਹੀਂ ਸੀ। ਪਰ, ਅਣਖ ਨੂੰ ਏਨਾ ਉਤਾਂਹ ਰੱਖਿਆ ਗਿਆ ਹੈ ਕਿ ਧੀ ਦੇ ਕਤਲ ਬਾਅਦ ਉਮਰ ਕੈਦ ਤਕ ਨੂੰ ਵੀ ਹੱਸਦੇ ਹੋਏ ਪਰਵਾਨ ਕਰ ਲਿਆ ਜਾਂਦਾ ਹੈ।
    ਕੁੱਝ ਜਾਤੀਆਂ ਵਿਚ ਤਾਂ ਕੁੜੀ ਦੇ ਭੱਜਣ ਨੂੰ 'ਸੱਤ ਜਨਮਾਂ ਦਾ ਕਲੰਕ' ਮੰਨ ਗਿਆ ਹੈ।
    ਇਸ ਸਾਰੇ ਵਰਤਾਰੇ ਤੋਂ ਕੁੱਝ ਗੱਲਾਂ ਬੜੀਆਂ ਸਪਸ਼ਟ ਰੂਪ ਵਿਚ ਉਭਰ ਕੇ ਸਾਹਮਣੇ ਆਉਂਦੀਆਂ ਹਨ :-
1.    ਸਦੀਆਂ ਤੋਂ ਚੱਲ ਰਹੇ ਅਣਖ ਖ਼ਾਤਰ ਕਤਲ ਕਿਸੇ ਵੀ ਸਦੀ ਵਿਚ ਰੋਕੇ ਨਹੀਂ ਜਾ ਸਕੇ।
2.    ਵਿਗਿਆਨਿਕ ਤਰੱਕੀ ਵੀ ਰੂੜੀਵਾਦੀ ਸੋਚ ਨੂੰ ਤਬਦੀਲ ਕਰਨ ਵਿਚ ਅਸਮਰਥ ਸਾਬਤ ਹੋ ਗਈ ਹੈ।
3.    ਔਰਤ ਨੂੰ ਹਮੇਸ਼ਾ ਤੋਂ ਮਰਦ ਦੇ ਹੇਠਾਂ ਹੀ ਮੰਨਿਆ ਗਿਆ ਹੈ ਤੇ ਅੱਜ ਵੀ ਅਧੀਨਗੀ ਦੀ ਜ਼ਿੰਦਗੀ ਬਤੀਤ ਕਰ ਰਹੀ ਹੈ।
4.    ਦੋਗਲੀ ਸੋਚ ਅਧੀਨ ਟੱਬਰਾਂ ਵਿਚ ਮੁੰਡਿਆਂ ਨੂੰ ਕੁੜੀਆਂ ਨਾਲ ਦੋਸਤੀ ਕਰਨ ਦੀ ਖੁੱਲ ਦਿੱਤੀ ਜਾਂਦੀ ਹੈ ਪਰ ਕੁੜੀਆਂ ਨੂੰ ਆਪਣਾ ਜੀਵਨ ਸਾਥੀ ਤੱਕ ਚੁਣਨ ਦੀ ਇਜਾਜ਼ਤ ਨਹੀਂ ਹੈ।
5.    ਆਪਣਾ ਹੀ ਖ਼ੂਨ ਯਾਨੀ ਅਣਖ ਖ਼ਾਤਰ ਧੀਆਂ ਨੂੰ ਕਤਲ ਕਰਨ ਵਿਚ ਪਿਓ ਇਕ ਮਿੰਟ ਵੀ ਨਹੀਂ ਲਾਉਂਦਾ ਤੇ ਸਕਾ ਭਰਾ ਵੀ ਓਨਾ ਹੀ ਜ਼ਹਿਰੀ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਧੀ ਨੂੰ ਟੱਬਰ ਦਾ ਜ਼ਰੂਰੀ ਅੰਗ ਕਦੇ ਮੰਨਿਆ ਹੀ ਨਹੀਂ ਜਾਂਦਾ! ਇਹੀ ਕਾਰਨ ਹੈ ਕਿ ਧੀਆਂ ਨੂੰ ਜੰਮਦੇ ਸਾਰ ਜਾਂ ਜੰਮਣ ਤੋਂ ਪਹਿਲਾਂ ਮਾਰ ਮੁਕਾਉਣ ਵਾਲੀ ਪ੍ਰਥਾ ਕਦੇ ਖ਼ਤਮ ਕੀਤੀ ਹੀ ਨਹੀਂ ਜਾ ਸਕੀ।
    ਸੋਚਣ ਵਾਲੀ ਗੱਲ ਇਹ ਹੈ ਕਿ ਜਿਹੜੇ ਟੱਬਰ ਆਪਣੀ ਸਕੀ ਧੀ ਨੂੰ ਵੱਢਣ ਵਿਚ ਇਕ ਪਲ ਵੀ ਨਹੀਂ ਲਾਉਂਦੇ, ਉਨ੍ਹਾਂ ਘਰਾਂ ਵਿਚ ਨੂੰਹਾਂ ਦਾ ਕੀ ਹਾਲ ਹੁੰਦਾ ਹੋਵੇਗਾ।
    ਧੀਆਂ ਨੂੰ ਬਰਾਬਰ ਦੇ ਹੱਕ ਦੇਣ ਦੀ ਗੱਲ ਤਾਂ ਦੂਰ ਰਹੀ, ਹਾਲੇ ਤਾਂ ਆਪਣਾ ਖ਼ੂਨ ਵੀ ਨਹੀਂ ਮੰਨਿਆ ਜਾ ਰਿਹਾ। ਸਪਸ਼ਟ ਹੈ ਕਿ ਬਰਾਬਰੀ ਤੱਕ ਪਹੁੰਚਣ ਦੀ ਵਾਟ ਹਾਲੇ ਲੰਮੀ ਹੈ ਕਿਉਂਕਿ ਹਰ ਪਿਓ ਆਪਣੇ ਪੁੱਤਰ ਨੂੰ ਹੋਰ ਕੁੱਝ ਦੇ ਕੇ ਜਾਵੇ ਜਾਂ ਨਾ, ਪਰ ਜਾਤ-ਪਾਤ ਤੇ ਅਣਖ ਬਾਰੇ ਗੂੜ੍ਹ ਗਿਆਨ ਜ਼ਰੂਰ ਦੇ ਦਿੰਦਾ ਹੈ ਤਾਂ ਜੋ ਅਣਖ ਖ਼ਾਤਰ ਹੁੰਦੇ ਕਤਲ ਪੁਸ਼ਤ-ਦਰ-ਪੁਸ਼ਤ ਜਾਰੀ ਰਹਿ ਸਕਣ।
    ਹੁਣ ਤਾਂ ਪਾਠਕ ਹੀ ਫ਼ੈਸਲਾ ਕਰਨ ਕਿ ਇੱਕੀਵੀਂ ਸਦੀ ਵਿਚ ਪਹੁੰਚ ਕੇ ਅਸੀਂ ਗੁਰੂ ਨਾਨਕ ਸਾਹਿਬ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਵਿਚ ਰੁੱਝਿਆਂ ਨੂੰ ਉਨ੍ਹਾਂ ਦਾ ਕੋਈ ਸੁਣੇਹਾ ਸਮਝਣ ਲਈ ਵੀ ਕਦੇ ਵਿਹਲ ਮਿਲੀ ਹੈ?
    ਨਾ ਅਸੀਂ ਔਰਤ ਨੂੰ ਉਤਾਂਹ ਚੁੱਕਣ ਦੀ ਗੱਲ ਮੰਨੀ, ਨਾ ਜਾਤ-ਪਾਤ ਦਾ ਰੇੜਕਾ ਛੱਡਿਆ ਤੇ ਨਾ ਹੀ ਊਚ ਨੀਚ ਦਾ! ਨਾ ਧਾਰਮਿਕ ਪਾਖੰਡਾਂ ਤੋਂ ਅਸੀਂ ਪਰ੍ਹਾਂ ਹੋਏ ਤੇ ਨਾ ਹੀ ਕਿਰਤ ਕਰਨ ਦਾ ਰਾਹ ਅਪਣਾਇਆ! ਫੇਰ ਭਲਾ ਅਸੀਂ ਕਿਸ ਤਰੱਕੀ ਦੀ ਗੱਲ ਕਰਦੇ ਹਾਂ ਤੇ ਕਿਹੜੇ ਮੂੰਹ ਨਾਲ 550 ਸਾਲਾ ਜਸ਼ਨ ਮਨਾਉਣ ਵਾਲੇ ਹਾਂ?

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਕੀ ਕਸ਼ਮੀਰੀ ਬੇਟੀਆਂ ''ਪ੍ਰਾਪਰਟੀ'' ਹਨ? - ਡਾ. ਹਰਸ਼ਿੰਦਰ ਕੌਰ, ਐਮ. ਡੀ.,

    ਇਤਿਹਾਸ ਗਵਾਹ ਹੈ ਕਿ ਧਾਰਮਿਕ ਦੰਗਿਆਂ ਤੇ ਜੰਗਾਂ ਵਿਚ ਸਭ ਤੋਂ ਵੱਧ ਮਾਰ ਔਰਤਾਂ ਤੇ ਬੱਚੀਆਂ ਸਹਿੰਦੀਆਂ ਹਨ।
    'ਵੈਲੀ ਆਫ ਵਿਡੋਜ਼' ਕੋਲੰਬੀਆ ਵਿਚਲੀਆਂ ਉਨ੍ਹਾਂ ਵਿਧਵਾਵਾਂ ਦੀ ਬਸਤੀ ਹੈ ਜਿੱਥੇ ਔਰਤਾਂ ਦੇ ਪਤੀ ਨਹੀਂ ਰਹੇ ਤੇ ਨਾ ਹੀ ਕੋਈ ਜ਼ਮੀਨ ਤੇ ਕਮਾਈ ਦਾ ਸਾਧਨ। ਇਹ ਸਭ ਖਾਨਾਜੰਗੀ ਤੇ ਨਸ਼ਿਆਂ ਦੀ ਭੇਂਟ ਚੜ੍ਹ ਗਿਆ।
    ਬੌਸਨੀਆ ਵਿਚ ਵੀ ਚੱਲੇ ਕਤਲੇਆਮ ਦੌਰਾਨ ਅਣਗਿਣਤ ਔਰਤਾਂ ਦੇ ਬਲਾਤਕਾਰ ਹੋਏ, ਬਥੇਰੀਆਂ ਚੁੱਕੀਆਂ ਗਈਆਂ, ਕੈਂਪਾਂ ਵਿਚ ਜਬਰੀ ਸਰੀਰਕ ਸ਼ੋਸ਼ਣ ਰਾਹੀਂ ਉਨ੍ਹਾਂ ਦੇ ਸਰੀਰਾਂ ਅੰਦਰ ਦੂਜੇ ਪਾਸੇ ਵਾਲਿਆਂ ਨੇ ਆਪਣੇ ਅੰਸ਼ ਛੱਡਣੇ ਚਾਹੇ ਤਾਂ ਜੋ ਨਸਲ ਦਾ ਨਾਸ ਮਾਰਿਆ ਜਾ ਸਕੇ।
    ਰਵਾਂਡਾ ਵਿਚ ਔਰਤਾਂ ਦਾ ਸਮੂਹਕ ਬਲਾਤਕਾਰ ਕਰ ਕੇ ਉਨ੍ਹਾਂ ਨੂੰ ਏਡਜ਼ ਦੀ ਬੀਮਾਰੀ ਦੇ ਦਿੱਤੀ ਗਈ ਤਾਂ ਜੋ ਨਸਲਕੁਸ਼ੀ ਹੋ ਸਕੇ।
    ਟਿਮੋਰ, ਕੌਂਗੋ ਅਤੇ ਗੁਟਮਲਾ ਦੀ ਵੀ ਕਹਾਣੀ ਕੋਈ ਵੱਖ ਨਹੀਂ ਸੀ। ਔਰਤਾਂ ਦਾ ਜੋ ਹਾਲ ਹੋਇਆ, ਉੱਥੇ ਬਲਾਤਕਾਰਾਂ ਦੀ ਗਿਣਤੀ ਕਰਨੀ ਔਖੀ ਹੋ ਗਈ ਸੀ।
    ਕਿਵੇਂ ਹੋਸਟਲਾਂ ਨੂੰ ਹਰਮਾਂ ਵਿਚ ਤਬਦੀਲ ਕਰ ਕੇ ਬੱਚੀਆਂ ਉਦੋਂ ਤੱਕ ਬੰਦ ਰੱਖੀਆਂ ਜਾਂਦੀਆਂ ਜਦ ਤਕ ਉਨ੍ਹਾਂ ਦਾ ਗਰਭ ਨਾ ਠਹਿਰ ਜਾਂਦਾ ਤਾਂ ਜੋ ਉੱਥੇ ਦੇ ਲੋਕਾਂ ਦਾ ਬੀਜ ਨਾਸ ਕੀਤਾ ਜਾ ਸਕੇ।
    ਦੁਨੀਆ ਵਿਚ ਕਿਤੇ ਵੀ ਜਦੋਂ ਖਾਨਜੰਗੀ ਹੋਵੇ, ਘਰੇਲੂ ਹਿੰਸਾ, ਰਿਸ਼ਤੇਦਾਰੀ ਵਿਚ ਪਾੜ, ਵਪਾਰ ਵਿਚ ਤ੍ਰੇੜ, ਗੱਲ ਕੀ ਹਰ ਥਾਂ ਸਿਰਫ਼ ਔਰਤਾਂ ਦੀ ਪੱਤ ਲੁੱਟਣ, ਜ਼ਲੀਲ ਕਰਨ ਤੇ ਕਤਲ ਕਰ ਕੇ ਉਸ ਦੇ ਸਰੀਰ ਦੀ ਨੁਮਾਇਸ਼ ਕਰਨ ਨੂੰ ਹੀ ਜੰਗ ਜਿੱਤਣ ਦਾ ਨਾਂ ਦੇ ਦਿੱਤਾ ਗਿਆ ਹੈ।
    ਲੁੱਟ-ਖਸੁੱਟ ਕਰਨ ਦਾ ਮਤਲਬ ਹੀ ਇਹੋ ਮੰਨ ਲਿਆ ਗਿਆ ਹੈ ਕਿ ਹਰ ਨਜ਼ਰੀਂ ਪਈ ਬੱਚੀ ਦਾ ਜਬਰਨ ਸ਼ਿਕਾਰ ਕੀਤਾ ਜਾਵੇ। ਇਹੀ ਕਾਰਣ ਸੀ ਕਿ ਸੰਨ 1947 ਵਿਚ ਭਾਰਤ ਪਾਕ ਵੰਡ ਵੇਲੇ ਪਿਓਆਂ ਨੇ ਆਪਣੀਆਂ ਵਹੁਟੀਆਂ, ਮਾਵਾਂ ਤੇ ਧੀਆਂ ਜ਼ਹਿਰ ਦੇ ਕੇ ਮਾਰ ਛੱਡੀਆਂ ਜਾਂ ਕਿਰਪਾਨਾਂ ਨਾਲ ਵੱਢ ਦਿੱਤੀਆਂ ਤੇ ਜਾਂ ਔਰਤਾਂ ਨੇ ਹੀ ਖੂਹ ਵਿਚ ਛਾਲ ਮਾਰ ਕੇ ਜਾਨ ਦੇ ਦਿੱਤੀ।
    ਅਜਿਹੇ ਹੱਲਿਆਂ ਵਿਚ ਨਾ 9 ਮਹੀਨਿਆਂ ਦੀ ਬਾਲੜੀ ਬਖ਼ਸ਼ੀ ਜਾਂਦੀ ਹੈ ਤੇ ਨਾ ਹੀ 90 ਵਰ੍ਹਿਆਂ ਦੀ ਮਾਂ।
    1984 ਵਿਚ ਇਹ ਵੇਖਣ ਵਿਚ ਆਇਆ ਕਿ ਮੁਹੱਲੇ ਦੇ ਲੋਕ ਹੀ ਧਾੜਵੀਆਂ ਵਿਚ ਸ਼ਾਮਲ ਹੋ ਕੇ ਆਪਣੀਆਂ ਹੀ ਗੁਆਂਢਣਾਂ, ਜੋ ਉਨ੍ਹਾਂ ਨੂੰ ਭਰਾ ਜਾਂ ਪਿਓ ਆਖਦੀਆਂ ਸਨ, ਦੀ ਪੱਤ ਲੁੱਟਣ ਨੂੰ ਕਾਹਲੇ ਹੋਏ ਪਏ ਸਨ।
    ਯਾਨੀ ਜਦੋਂ ਇਨਸਾਨੀਅਤ ਦੇ ਪਤਲੇ ਜਿਹੇ ਵਰਕ ਦਾ ਮੁਖੌਟਾ ਉਤਰਦਾ ਹੈ ਤਾਂ ਹੇਠੋਂ ਹੈਵਾਨ ਦਾ ਅਸਲ ਚਿਹਰਾ ਸਾਹਮਣੇ ਆ ਜਾਂਦਾ ਹੈ।
    ਇਹੋ ਅਸਲੀਅਤ ਹੈ। ਚੁਫ਼ੇਰੇ ਫਿਰਦੇ ਸੱਭਿਅਕ ਅਖਵਾਉਂਦੇ ਲੋਕ ਉਦੋਂ ਤਕ ਹੀ ਸੱਭਿਅਕ ਰਹਿੰਦੇ ਹਨ ਜਦੋਂ ਤੱਕ 'ਮੌਕਾ' ਨਹੀਂ ਮਿਲਦਾ। ਕਿੰਨੀ ਵੀ ਉੱਚੀ ਪਦਵੀ ਹੋਵੇ, ਮਜ਼ਲੂਮ ਸਾਹਮਣੇ ਵੇਖ ਕੇ ਸ਼ਿਕਾਰ ਕੀਤੇ ਬਗ਼ੈਰ ਰਿਹਾ ਨਹੀਂ ਜਾਂਦਾ!
    ਇਸ ਕੌੜੀ ਹਕੀਕਤ ਨੂੰ ਬੇਪਰਦਾ ਕਰਦਿਆਂ ਬਹੁਤ ਜਣੇ ਉੱਚੀ-ਉੱਚੀ ਚੀਕਦੇ, ਰੌਲਾ ਪਾਉਂਦੇ ਹਨ ਕਿਉਂਕਿ ਉਨ੍ਹਾਂ ਨੂੰ ਆਪਣਾ ਆਪ ਨੰਗਾ ਹੋਇਆ ਜਾਪਦਾ ਹੈ।
    ਕੋਈ ਵੀ ਜਣਾ ਕਿਆਸ ਲਾ ਸਕਦਾ ਹੈ ਕਿ ਅਜਿਹੀ ਹੈਵਾਨੀਅਤ ਦੀਆਂ ਸ਼ਿਕਾਰ ਔਰਤਾਂ ਕਿਸ ਬਦਲਾਲਊ ਸੋਚ ਨਾਲ ਵਿਚਰ ਰਹੀਆਂ ਹੋਣਗੀਆਂ ਤੇ ਅੱਗੋਂ ਕੀ ਕਹਿਰ ਢਾਅ ਸਕਦੀਆਂ ਹਨ।
    ਬਦਲਾਲਊ ਨੀਤੀ ਨਾਲ ਉੱਠੀ ਔਰਤ ਜ਼ਹਿਰੀਲੇ ਸੱਪ ਤੋਂ ਵੱਧ ਤਿੱਖਾ ਡੰਗ ਮਾਰਦੀ ਹੈ ਤੇ ਉਹ ਵੀ ਪੂਰੀ ਨੀਤੀ ਘੜ ਕੇ। ਉਹ ਨਿਸ਼ਾਨਾ ਸੇਧਦੀ ਹੈ ਤੇ ਉਸ ਨੂੰ ਪੂਰਾ ਕਰਨ ਲਈ ਸਹਿਜ ਤੇ ਸਿਆਣਪ ਨਾਲ ਸਮਾਂ ਚੁਣਦੀ ਹੈ ਤਾਂ ਜੋ ਚੂਕ ਨਾ ਹੋ ਜਾਵੇ। ਉਹ ਵਾਰ ਵੀ ਸਿਰਫ਼ ਉਨ੍ਹਾਂ 'ਤੇ ਕਰਦੀ ਹੈ ਜੋ ਉਸ ਉੱਤੇ ਜ਼ੁਲਮ ਢਾਅ ਕੇ ਹਟੇ ਹੋਣ।
    ਇਹ ਵੇਖਣ ਵਿਚ ਆਇਆ ਹੈ ਕਿ ਵੱਡੀ ਗਿਣਤੀ ਔਰਤਾਂ ਦੀ ਸੋਚ ਕੁੱਝ ਵੱਖ ਹੁੰਦੀ ਹੈ।
    ਯੂਨੀਫੈਮ ਦੀ ਸ਼ਾਂਤੀ ਦੀ ਟੌਰਚ ਜਦੋਂ ਬਲਾਤਕਾਰ ਪੀੜਤ ਅਫਰੀਕਨ ਔਰਤਾਂ ਨਾਲ ਬਾਲੀ ਗਈ ਅਤੇ ਜਦੋਂ ਬੀਜਿੰਗ ਵਿਖੇ 1995 ਵਿਚ ਚੌਥੀ ਵਿਸ਼ਵ ਔਰਤਾਂ ਦੀ ਕਾਨਫਰੰਸ ਦੌਰਾਨ ਇਸ ਗੱਲ ਦਾ ਖੁਲਾਸਾ ਹੋਇਆ ਤਾਂ ਦੁਨੀਆ ਦੰਗ ਰਹਿ ਗਈ।
    ਲਗਭਗ ਹਰ ਔਰਤ ਆਪਣੀ ਪੀੜ ਨੂੰ ਉਸਾਰੂ ਸੋਚ ਦੇ ਰਹੀ ਸੀ। ਹੋਰ ਜੰਗ ਜਾਂ ਬਦਲਾਲਊ ਨੀਤੀ ਦੀ ਥਾਂ ਚੰਗੇ ਸ਼ਹਿਰੀ ਪੈਦਾ ਕਰਨ ਤੇ ਨਵਾਂ ਸਮਾਜ ਸਿਰਜਣ ਦੀ ਗੱਲ ਕੀਤੀ ਗਈ, ਜਿੱਥੇ ਹਰ ਔਰਤ ਵਧੀਆ ਮਾਂ ਬਣ ਕੇ ਆਪਣੇ ਪੁੱਤਰ ਜਾਂ ਧੀ ਲਈ ਰਾਹ ਦਸੇਰਾ ਬਣਨ ਲਈ ਤਿਆਰ ਸੀ ਕਿ ਅੱਗੋਂ ਤੋਂ ਅਜਿਹਾ ਜ਼ੁਲਮ ਉਨ੍ਹਾਂ ਦੇ ਕੁੱਖੋਂ ਜੰਮਿਆ ਪੁੱਤਰ ਕਿਸੇ ਧੀ ਉੱਤੇ ਨਾ ਕਰੇ।
    ਸਪਸ਼ਟ ਸੀ ਕਿ ਆਪਣੀ ਪੀੜ ਨੂੰ ਔਰਤਾਂ ਨੇ ਵਿਸ਼ਵ ਸ਼ਾਂਤੀ ਦੇ ਪੁੱਲ ਦੀ ਉਸਾਰੀ ਲਈ ਵਰਤ ਲਿਆ ਸੀ।
    ਇਹ ਔਰਤਾਂ ਇਕ ਦੂਜੇ ਦਾ ਸਹਾਰਾ ਆਪ ਹੀ ਬਣੀਆਂ ਸਨ ਕਿਉਂਕਿ ਮਰਦਾਂ ਵੱਲੋਂ ਉਨ੍ਹਾਂ ਨੂੰ ਸਿਰਫ਼ 'ਵਰਤਣ' ਵਾਲੀ ਸ਼ੈਅ ਮੰਨ ਲਿਆ ਗਿਆ ਸੀ। ਸਭ ਨੂੰ ਤਿਰਸਕਾਰ ਹੀ ਹਾਸਲ ਹੋਇਆ ਸੀ।
    ਇਨ੍ਹਾਂ ਵਿੱਚੋਂ ਪੜੀਆਂ ਲਿਖੀਆਂ ਔਰਤਾਂ ਨੇ ਆਪਣੇ ਨਾਲ ਦੀਆਂ ਅਨਪੜ੍ਹ ਔਰਤਾਂ ਨੂੰ ਪੜ੍ਹਾਉਣ ਦਾ ਜਿੰਮਾ ਆਪ ਚੁੱਕਿਆ। ਨਤੀਜੇ ਵਜੋਂ 90 ਫੀਸਦੀ ਪੇਂਡੂ ਔਰਤਾਂ ਪੜ੍ਹ ਲਿਖ ਗਈਆਂ ਤੇ ਆਪਣੇ ਹੱਕਾਂ ਬਾਰੇ ਜਾਗਰੂਕ ਹੋ ਗਈਆਂ। ਇਨ੍ਹਾਂ ਵਿੱਚੋਂ ਹੀ ਕਈ ਇਕ ਦੂਜੇ ਨੂੰ ਨਵੇਂ ਕਿੱਤੇ ਸਿਖਾਉਣ ਵਿਚ ਲੱਗ ਗਈਆਂ ਤੇ ਕੁੱਝ ਚੋਣਾਂ ਵਿਚ ਵੀ ਖੜ੍ਹੀਆਂ ਹੋਈਆਂ।
    ਰਤਾ ਧਿਆਨ ਕਰੀਏ ਕਿ ਜੇ ਇਹ ਉਸਾਰੂ ਸੋਚ ਛੰਡ ਕੇ ਦੂਜੇ ਪਾਸੇ ਤੁਰ ਪਈਆਂ ਹੁੰਦੀਆਂ ਤਾਂ ਕੀ ਕਹਿਰ ਢਹਿ ਸਕਦਾ ਸੀ! ਚੁਫ਼ੇਰੇ ਸਿਰਫ਼ ਨਫਰਤ ਦੀ ਅੱਗ ਦਿਸਣੀ ਸੀ। ਹਰ ਮਾਂ ਆਪਣੇ ਪੁੱਤਰ ਨੂੰ ਨਸ਼ਤਰ ਚੁਭੋ ਕੇ ਇਕ ਆਦਮ ਕਦ ਬੰਬ ਤਿਆਰ ਕਰ ਦਿੰਦੀ ਤਾਂ ਦੁਨੀਆ ਵਿਚ ਤਬਾਹੀ ਆ ਜਾਣੀ ਸੀ।
    ਇਸ ਤਬਦੀਲੀ ਨੂੰ ਸਮਝਦਿਆਂ ਵੱਡੀ ਗਿਣਤੀ ਪੁਰਸ਼ ਅੱਗੇ ਆਏ ਤੇ ਅਨੇਕ ਵਿਸ਼ਵ ਪੱਧਰੀ ਕਾਨਫਰੰਸਾਂ ਕਰ ਕੇ ਅੰਤਰਰਾਸ਼ਟਰੀ ਕਾਨੂੰਨ ਬਣਾਏ ਗਏ ਤਾਂ ਜੋ ਔਰਤਾਂ ਉੱਤੇ ਹੁੰਦੀ ਹਿੰਸਾ ਘੱਟ ਕੀਤੀ ਜਾ ਸਕੇ ਤੇ ਉਨ੍ਹਾਂ ਨੂੰ ਨਿਆਂ ਮਿਲ ਸਕੇ।
    ਭਾਰਤ ਵਰਗਾ ਮੁਲਕ, ਜਿੱਥੇ ਮੁਲਕ ਨੂੰ ਹੀ 'ਮਾਤਾ' ਕਹਿ ਕੇ ਸਤਿਕਾਰਿਆ ਜਾਂਦਾ ਹੋਵੇ, ਨਿਰੀ ਦੋਗਲੀ ਨੀਤੀ ਦਾ ਸ਼ਿਕਾਰ ਹੈ। ਇੱਥੇ 'ਰੇਪ ਕੈਪੀਟਲ' ਵੀ ਹਨ ਤੇ ਇਸ ਨੂੰ ਦੁਨੀਆ ਭਰ ਵਿਚ ਔਰਤਾਂ ਲਈ ਖ਼ਤਰਨਾਕ ਮੁਲਕ ਐਲਾਨਿਆ ਜਾ ਚੁੱਕਿਆ ਹੈ!
    ਯੁਨਾਈਟਿਡ ਨੇਸ਼ਨਜ਼ ਅਨੁਸਾਰ ਪਾਰਲੀਮੈਂਟ ਵਿਚ ਬੈਠੀਆਂ 82 ਫੀਸਦੀ ਔਰਤਾਂ ਆਪਣੇ ਹੀ ਸਾਥੀਆਂ ਜਾਂ ਪਾਰਟੀ ਵਰਕਰਾਂ ਵੱਲੋਂ ਭੱਦੀ ਛੇੜ ਛਾੜ ਜਾਂ ਤਾਅਨੇ ਮਿਹਣੇ ਸੁਣ ਚੁੱਕੀਆਂ ਹਨ। ਇਹ ਕਿਵੇਂ ਔਰਤ ਜ਼ਾਤ ਲਈ ਆਵਾਜ਼ ਚੁੱਕਣਗੀਆਂ?
    ਮਸਲਾ ਇਹ ਹੈ ਕਿ ਜਿੱਥੇ ਪੁਰਸ਼ ਅਸੈਂਬਲੀ ਵਿਚ ਪੋਰਨ ਫਿਲਮਾਂ ਵੇਖ ਰਹੇ ਹੋਣ, ਆਪਣੀਆਂ ਸਾਥੀ ਔਰਤਾਂ ਦੇ ਜਿਸਮਾਂ ਨੂੰ ਨਿਹਾਰ ਰਹੇ ਹੋਣ ਅਤੇ ਹਰ ਲੋੜਵੰਦ ਔਰਤ ਨੂੰ ਚੂੰਢਣ ਨੂੰ ਤਿਆਰ ਹੋਣ, ਉੱਥੇ ਜਦੋਂ ਕਸ਼ਮੀਰ ਦੀਆਂ ਫੁੱਲਾਂ ਵਰਗੀਆਂ ਧੀਆਂ ਦਾ ਜ਼ਿਕਰ ਹੋਵੇ ਤਾਂ ਉਨ੍ਹਾਂ ਦੀ ਮਨਾਂ ਅੰਦਰਲੀ ਗੰਦਗੀ ਉਨ੍ਹਾਂ ਦੇ ਖੂੰਖਾਰ ਚਿਹਰੇ ਉੱਪਰਲੀ ਤਿਰਛੀ ਜ਼ਹਿਰੀਲੀ ਮੁਸਕਾਨ ਰਾਹੀਂ ਬਾਹਰ ਦਿਸਣੀ ਹੀ ਹੈ!
    ਕਸ਼ਮੀਰ ਦੀ ਤਰੱਕੀ ਬਾਰੇ ਜ਼ਿਕਰ ਕਰਨ ਦੀ ਥਾਂ ਵੱਡੀ ਗਿਣਤੀ ਲੋਕ ਟਵਿਟਰ, ਫੇਸ ਬੁੱਕ, ਵੱਟਸਐਪ ਉੱਤੇ ਕਸ਼ਮੀਰੀ ਬੱਚੀਆਂ ਤੇ ਔਰਤਾਂ ਨੂੰ ਪ੍ਰਾਪਰਟੀ ਮੰਨ ਕੇ ਹਥਿਆ ਲੈਣ ਦੀ ਗੱਲ ਕਰ ਰਹੇ ਹੋਣ ਤਾਂ ਅਜੀਬ ਨਹੀਂ ਲੱਗਦਾ ਕਿਉਂਕਿ ਭਾਰਤ ਵਿਚ ਇਹ ਆਮ ਗੱਲ ਬਣ ਚੁੱਕੀ ਹੈ।
    ਸਿਰਫ਼ ਹੁਣ ਉਸ ਵੇਲੇ ਦੀ ਉਡੀਕ ਹੈ ਜਦੋਂ ਕਈ ਪਿਓ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਧੀਆਂ ਨੂੰ ਆਪਣੀ ਮੰਨ ਕੇ ਜਾਗ੍ਰਿਤ ਹੋਣਗੇ! ਅਨੇਕ ਭਰਾ ਆਪਣੇ ਨਾਲ ਦੇ ਘਰ ਦੀ ਬੇਟੀ ਨੂੰ 'ਮਾਲ' ਨਾ ਮੰਨ ਕੇ ਉਸ ਦੀ ਰਾਖੀ ਲਈ ਅਗਾਂਹ ਆਉਣਗੇ! ਜਦੋਂ ਪੁੱਤਰ ਆਪਣੀ ਮਾਂ ਦੀ ਰਾਖੀ ਦੇ ਨਾਲ ਆਪਣੀ ਕਲੋਨੀ ਵਿਚਲੀ ਹਰ ਮਾਂ ਦੀ ਰਾਖੀ ਲਈ ਜਾਨ ਵਾਰਨ ਲਈ ਤਿਆਰ ਹੋਣਗੇ!
    ਉਹੀ ਸਮਾਂ ਹੋਵੇਗਾ ਅਸਲ ਤਬਦੀਲੀ ਦਾ! ਰਾਮ, ਬੁੱਧ, ਨਾਨਕ ਤੇ ਕ੍ਰਿਸ਼ਨ ਵਰਗੇ ਗੁਰੂਆਂ ਦੇ ਸੁਫ਼ਨਿਆਂ ਦੇ ਸਿਰਜੇ ਭਾਰਤ ਦਾ!
    ਹਰ ਮਾਂ ਨੂੰ ਅੱਜ ਤੋਂ ਹੀ ਆਪਣੇ ਪੁੱਤਰਾਂ ਤੇ ਧੀਆਂ ਨੂੰ ਇਸੇ ਰਾਹ ਉੱਤੇ ਤੁਰਨ ਲਈ ਤਿਆਰ ਕਰਨਾ ਪਵੇਗਾ ਤਾਂ ਜੋ ਅਗਲੀ ਪਨੀਰੀ ਔਰਤ ਵਿਚ ਸਿਰਫ਼ ਜਿਸਮ ਵੇਖਣਾ ਬੰਦ ਕਰ ਦੇਵੇ।
    ਸ਼ਾਲਾ ਕਦੇ ਤਾਂ ਉਹ ਸਮਾਂ ਜ਼ਰੂਰ ਆਏਗਾ ਜਦੋਂ ਭਾਰਤ ਦੀ ਕੋਈ ਧੀ ਅੱਧ ਰਾਤ ਵੀ ਬਿਨਾਂ ਡਰ ਦੇ ਇਕੱਲਿਆਂ ਵਾਪਸ ਘਰ ਪਰਤ ਰਹੀ ਹੋਵੇਗੀ।
    ਅੱਜ ਦੇ ਦਿਨ ਦੀ ਲੋੜ ਹੈ, ਸਾਰੇ ਅਣਖਾਂ ਵਾਲੇ ਇਕਜੁੱਟ ਹੋ ਕੇ ਜ਼ੋਰਦਾਰ ਬੁਲੰਦ ਆਵਾਜ਼ ਕਰਨ ਕਿ ਕਸ਼ਮੀਰ ਦੀ ਹਰ ਧੀ ਦੀ ਰਾਖੀ ਕਰਨਾ ਸਾਡਾ ਫਰਜ਼ ਹੈ। ਜੇ ਇਹ ਆਵਾਜ਼ ਬੁਲੰਦ ਹੋ ਗਈ ਤਾਂ ਸਾਰਾ ਕੂੜ ਕਬਾੜ ਜੋ ਹੁਣ ਖਿੱਲਰ ਰਿਹਾ ਹੈ, ਸਭ ਹੂੰਝਿਆ ਜਾਵੇਗਾ। ਚਲੋ ਸਾਰੇ ਜਣੇ ਆਵਾਜ਼ ਚੁੱਕ ਕੇ ਆਪਣੇ ਜੀਉਂਦੇ ਹੋਣ ਦਾ ਸਬੂਤ ਦੇਈਏ।
    ਜੇ ਹਾਲੇ ਵੀ ਵੀਰ ਹਿੰਮਤ ਨਹੀਂ ਜੁਟਾ ਸਕ ਰਹੇ ਤਾਂ ਚਲੋ ਭੈਣਾਂ ਹੀ ਇਕੱਠੀਆਂ ਹੋ ਕੇ ਆਪਣੀ ਤਾਕਤ ਵਿਖਾਈਏ ਕਿ ਜਦੋਂ ਭਾਰਤ ਵਿਚਲੀਆਂ ਬੇਟੀਆਂ ਜਾਗ ਜਾਣ ਤਾਂ ਇਸ ਸੈਲਾਬ ਅੱਗੇ ਕੋਈ ਨਹੀਂ ਟਿਕ ਸਕਣ ਲੱਗਿਆ।

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783

ਕੁੜੀਆਂ ਵਿਚ ਵੱਧ ਰਿਹਾ ਨਸ਼ੇ ਦਾ ਰੁਝਾਨ - ਡਾ. ਹਰਸ਼ਿੰਦਰ ਕੌਰ, ਐਮ. ਡੀ.

ਬੀ.ਬੀ.ਸੀ. ਨੇ 23 ਨਵੰਬਰ 2018 ਨੂੰ ਉਸ ਸਮੇਂ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦਾ ਬਿਆਨ ਜਾਰੀ ਕੀਤਾ ਸੀ, ''ਪੰਜਾਬ ਵਿਚ ਨਸ਼ਾ ਬਹੁਤ ਘੱਟ ਰਹਿ ਗਿਆ ਹੈ।'' ਜਦੋਂ ਪੱਤਰਕਾਰ ਨੇ ਅਗਲਾ ਸਵਾਲ ਪੁੱਛਿਆ ਕਿ ਕਿਉਂ ਸੰਨ 2018 ਵਿਚ ਪਿਛਲੇ ਸਾਲਾਂ ਨਾਲੋਂ ਨਸ਼ਿਆਂ ਕਾਰਨ ਨੌਜਵਾਨਾਂ ਦੀਆਂ ਮੌਤਾਂ ਵਿਚ ਵਾਧਾ ਹੋਇਆ ਹੈ ਤੇ ਕਿਉਂ ਕੁੜੀਆਂ ਵਿਚ ਵੀ ਨਸ਼ੇ ਦਾ ਰੁਝਾਨ ਵਧਣ ਲੱਗ ਪਿਆ ਹੈ, ਤਾਂ ਉਹ ਜਵਾਬ ਦੇਣ ਤੋਂ ਇਨਕਾਰੀ ਹੋ ਗਏ।
    ਆਲ ਇੰਡੀਆ ਇੰਸਟੀਚਿਊਟ ਦਿੱਲੀ ਵੱਲੋਂ ਸੰਨ 2015 ਵਿਚ ਜਾਰੀ ਕੀਤੀ ਰਿਪੋਰਟ ਅਨੁਸਾਰ ਉਸ ਸਮੇਂ ਪੰਜਾਬ ਵਿਚ 2 ਲੱਖ ਤੋਂ ਵੱਧ ਨਸ਼ੇੜੀ ਸਨ ਜਿਨ੍ਹਾਂ ਵਿੱਚੋਂ ਬਹੁਤ ਜਣਿਆਂ ਦੇ ਟੱਬਰ ਬੇਬਸੀ ਵਿਚ ਉਨ੍ਹਾਂ ਦੀ ਮਰਨ ਦੀ ਉਡੀਕ ਕਰ ਰਹੇ ਸਨ।
    ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਜੀ ਨੇ ਉਦੋਂ ਮੰਨਿਆ ਸੀ ਸ਼ਹਿਰਾਂ ਵਿਚ ਦਵਾਈਆਂ ਦੀਆਂ ਦੁਕਾਨਾਂ ਉੱਤੇ ਨਸ਼ੇ ਦੀਆਂ ਸ਼ੀਸੀਆਂ ਵਿਕ ਰਹੀਆਂ ਹਨ ਤੇ ਪਿੰਡਾਂ ਵਿਚ ਅਫੀਮ, ਭੰਗ ਤੇ ਹੈਰੋਇਨ ਵਿਕ ਰਹੇ ਹਨ।
    ਇੱਕ ਭਾਰਤੀ ਇੰਟੈਲੀਜੈਂਸ ਅਫ਼ਸਰ ਨੇ ਮੰਨਿਆ ਕਿ ਬਾਰਡਰ ਪਾਰ ਤੋਂ ਖੇਤਾਂ ਵਿਚ ਪੈਕਟ ਸੁੱਟ ਦਿੱਤੇ ਜਾਂਦੇ ਹਨ ਜਿੱਥੋਂ ਕਿਸਾਨ ਇਨ੍ਹਾਂ ਨੂੰ ਚੁੱਕ ਕੇ ਆਪਣੇ ਘਰ ਲੈ ਆਉਂਦੇ ਹਨ। ਘਰ ਲਿਆਉਣ ਲਈ ਆਪਣੇ ਸੰਦਾਂ ਨੂੰ ਖੋਖਲੇ ਕਰ ਕੇ ਨਸ਼ੇ ਦੇ ਪੈਕਟ ਭਰ ਲਏ ਜਾਂਦੇ ਹਨ ਤੇ ਅੱਗੋਂ ਵਪਾਰੀ ਆਪਣੇ ਕੋਰੀਅਰ ਰਾਹੀਂ ਇਨ੍ਹਾਂ ਨੂੰ ਅਗਾਂਹ ਤੋਰ ਦਿੰਦੇ ਹਨ।
    ਇਸ ਸਾਰੇ ਵਰਤਾਰੇ ਵਿਚ ਕਿਸੇ ਨੂੰ ਇੱਕ ਦੂਜੇ ਦਾ ਨਾਂ ਪਤਾ ਨਹੀਂ ਹੁੰਦਾ। ਸਿਰਫ਼ ਕਿਸੇ ਨੰਬਰ ਜਾਂ ਕਿਸੇ ਸੁਣੇਹੇ ਨੂੰ ਹੀ ਆਧਾਰ ਬਣਾ ਕੇ ਕੰਮ ਕੀਤਾ ਜਾਂਦਾ ਹੈ।
    ਜੂਨ 2016 ਵਿਚ ਪਾਰਲੀਮੈਂਟ ਵਿਚ ਕਿਰਨ ਰਿਜੀਜੂ ਨੇ ਮੰਨਿਆ ਸੀ ਕਿ ਬਹੁਤ ਸਾਰੇ ਪੁਲਿਸ ਕਰਮੀ ਤੇ ਕੁੱਝ ਫੌਜ ਵਿਚਲੇ ਬੰਦੇ ਵੀ ਇਸ ਨਸ਼ੇ ਦੇ ਕਾਰੋਬਾਰ ਵਿਚ ਸ਼ਾਮਲ ਹਨ ਤੇ 68 ਜਣੇ ਫੜੇ ਵੀ ਜਾ ਚੁੱਕੇ ਹਨ।
    ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਈਂਸਿਸ ਦਿੱਲੀ ਨੇ ਆਪਣੀ ਖੋਜ ਰਾਹੀਂ ਪੁਸ਼ਟੀ ਕੀਤੀ ਹੈ ਕਿ ਵੱਡੀ ਗਿਣਤੀ ਕੁੜੀਆਂ ਵੀ ਨਸ਼ੇ ਦੀ ਲੱਤ ਪਾਲ ਚੁੱਕੀਆਂ ਹਨ। ਬਹੁਤੀਆਂ ਆਪਣੇ ਆਪ ਨੂੰ ਅਗਾਂਹ ਵਧੂ ਸਾਬਤ ਕਰਨ ਦੇ ਚੁੱਕਰ ਵਿਚ, ਹਾਣੀਆਂ ਵੱਲੋਂ ਪਏ ਦਬਾਓ ਜਾਂ ਵੈਸੇ ਹੀ ਸ਼ੌਕੀਆ ਇਸ ਪਾਸੇ ਵੱਲ ਧੱਕੀਆਂ ਜਾਂਦੀਆਂ ਹਨ ਤੇ ਫੇਰ ਉਨ੍ਹਾਂ ਕੋਲੋਂ ਇਹ ਲੱਤ ਛੁਟਦੀ ਨਹੀਂ। ਲੋਕ ਮੁੰਡਿਆਂ ਦੇ ਇਲਾਜ ਲਈ ਤਾਂ ਫਿਰ ਵੀ ਅਗਾਂਹ ਆ ਜਾਂਦੇ ਹਨ ਪਰ ਕੁੜੀਆਂ ਨੂੰ ਸਮਾਜਿਕ ਸ਼ਰਮ ਸਦਕਾ ਬਹੁਤੀ ਵਾਰ ਇਲਾਜ ਕਰਵਾਉਣ ਲਈ ਵੀ ਨਹੀਂ ਲਿਜਾਇਆ ਜਾਂਦਾ।
    ਸ਼ਰਾਬ ਨੂੰ ਤਾਂ ਅੱਜ ਕੱਲ ਫੈਸ਼ਨ ਮੰਨ ਕੇ ਜਾਂ ਰਿਵਾਜ਼ ਦੀ ਤੌਰ 'ਤੇ ਹੀ ਬਹੁਤ ਘਰਾਂ ਵਿਚ ਜਾਂ ਹੋਟਲਾਂ ਵਿਚ ਔਰਤਾਂ ਤੇ ਬੱਚੀਆਂ ਨੂੰ ਆਮ ਹੀ ਪੀਂਦੇ ਵੇਖਿਆ ਜਾ ਸਕਦਾ ਹੈ, ਇਹ ਜਾਣੇ ਬਗ਼ੈਰ ਕਿ ਸ਼ਰਾਬ ਔਰਤਾਂ ਦੇ ਜਿਗਰ ਉੱਤੇ ਛੇਤੀ ਤੇ ਵੱਧ ਨੁਕਸਾਨ ਕਰਦੀ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ''ਐਲਕੋਹਲ ਡੀਹਾਈਡਰੋਜੀਨੇਜ਼'' ਰਸ ਘੱਟ ਹੁੰਦਾ ਹੈ।
    ਜਲੰਧਰ ਦੀ ਜਸਮੀਤ, ਜੋ ਘਰਾਂ ਵਿਚ ਕੰਮ ਕਰਦੀ ਹੈ, ਨੇ ਮੰਨਿਆ ਹੈ ਕਿ ਸੰਨ 2014 ਤੋਂ ਉਹ ਕਪੂਰਥਲੇ ਦੇ ਡੀਅਡਿਕਸ਼ਨ ਸੈਂਟਰ ਵਿਚ ਆਪਣੇ ਪਤੀ ਤੇ ਨਾਬਾਲਗ ਬੇਟੀ ਨੂੰ ਲੈ ਕੇ ਜਾ ਰਹੀ ਹੈ ਕਿਉਂਕਿ ਉਨ੍ਹਾਂ ਤੋਂ ਹੁਣ ਨਸ਼ਾ ਛੱਡਿਆ ਹੀ ਨਹੀਂ ਜਾ ਰਿਹਾ। ਉਸ ਨੂੰ ਸਭ ਤੋਂ ਪਹਿਲਾਂ ਉਸ ਦੀ ਧੀ ਨੇ ਹੀ ਥੱਕੀ ਰਹਿੰਦੀ ਨੂੰ ਵੇਖ ਕੇ ਉਸ ਨੂੰ ਹੈਰੋਇਨ ਦਾ ਟੀਕਾ ਲਵਾਉਣ ਦੀ ਸਲਾਹ ਦਿੱਤੀ ਸੀ। ਉਸ ਟੀਕੇ ਨਾਲ ਉਸ ਦੀ ਥਕਾਵਟ ਝਟਪਟ ਲਹਿ ਗਈ ਤੇ ਉਸ ਨੇ ਅਗਲੇ ਦਿਨ ਕੰਮ ਵੀ ਝਟਪਟ ਮੁਕਾ ਲਿਆ। ਚੌਥੇ ਦਿਨ ਜਦ ਟੀਕਾ ਨਹੀਂ ਲਾਇਆ ਤਾਂ ਉਸ ਨੂੰ ਸਰੀਰ ਟੁੱਟਿਆ ਭੱਜਿਆ ਜਾਪਿਆ। ਮਜਬੂਰੀ ਵਿਚ ਫਿਰ ਟੀਕਾ ਲਵਾਇਆ। ਹੌਲੀ-ਹੌਲੀ ਪਤੀ ਵੀ ਇਸੇ ਪਾਸੇ ਪੈ ਗਿਆ। ਨਸ਼ੇ ਵਾਲੇ ਪਾਸੇ ਸਾਰੇ ਟੱਬਰ ਨੂੰ ਧੱਕਣ ਵਾਲੀ ਨਾਬਾਲਗ ਧੀ ਸੀ।
    ਉਸ ਦੀ ਧੀ ਪਹਿਲਾਂ ਤੋਂ ਹੀ ਆਪਣੀਆਂ ਕਈ ਸਹੇਲੀਆਂ ਨਾਲ ਬਹਿ ਕੇ ਟੀਕਾ ਲਾਉਂਦੀ ਹੁੰਦੀ ਸੀ। ਉਸ ਦੀਆਂ ਸਹੇਲੀਆਂ ਨੂੰ ਇੱਕ ਏਜੰਟ ਹੈਰੋਇਨ ਮੁਹੱਈਆ ਕਰਵਾ ਰਿਹਾ ਸੀ। ਉੱਥੋਂ ਹੀ ਪਤਾ ਲੱਗਿਆ ਕਿ ਅਜਿਹੀਆਂ ਕੁੜੀਆਂ ਦੇ ਢੇਰਾਂ ਦੇ ਢੇਰ ਗਰੁੱਪ ਹਨ ਜੋ ਕਾਕਟੇਲ ਤੇ ਹੋਰ ਕਈ ਤਰ੍ਹਾਂ ਦੇ ਵੱਖੋ-ਵੱਖ ਨਸ਼ਿਆਂ ਨੂੰ ਅਜ਼ਮਾ ਰਹੀਆਂ ਸਨ ਤੇ ਆਦੀ ਵੀ ਬਣ ਚੁੱਕੀਆਂ ਸਨ। ਕਈ ਘਰਾਂ ਵਿਚ ਭਰਾਵਾਂ ਨੇ ਆਪਣੀਆਂ ਭੈਣਾਂ ਨੂੰ ਲਤ ਲਾਈ ਸੀ ਤੇ ਕਈ ਥਾਈਂ ਮਾਵਾਂ ਨੂੰ ਵੇਖ ਕੇ ਨੌਜਵਾਨ ਬੱਚੀਆਂ ਇਸ ਪਾਸੇ ਧੱਕੀਆਂ ਗਈਆਂ ਸਨ।
    ਜਸਮੀਤ ਮੰਨੀ ਕਿ ਪਹਿਲਾਂ ਉਸ ਨੇ ਘਰ ਦੀਆਂ ਚੀਜ਼ਾਂ ਵੇਚੀਆਂ, ਫੇਰ ਸੋਨੇ ਦੀਆਂ ਵਾਲੀਆਂ ਵੇਚੀਆਂ ਤੇ ਫੇਰ ਮਜਬੂਰੀ ਵਿਚ ਉਨ੍ਹਾਂ ਘਰਾਂ ਵਿਚ ਚੋਰੀ ਕਰਨ ਲੱਗੀ ਜਿੱਥੇ ਉਹ ਕੰਮ ਕਰਦੀ ਸੀ।
    ਫੇਰ ਉਸ ਦੀ ਧੀ ਦਾ ਵਿਆਹ ਹੋ ਗਿਆ ਪਰ ਰੀਹੈਬਿਲੀਟੇਸ਼ਨ ਸੈਂਟਰ ਵਿੱਚੋਂ ਲਈ ਮੈਥਾਡੋਨ ਵੀ ਉਸ ਦੀ ਆਦਤ ਛੁਡਾ ਨਾ ਸਕੀ। ਅਖ਼ੀਰ ਅੱਗੋਂ ਉਸ ਦਾ ਬੇਟਾ ਵੀ ਜੰਮ ਪਿਆ। ਫੇਰ ਪਤੀ ਨੂੰ ਵੀ ਲਤ ਲਾ ਦਿੱਤੀ ਤੇ ਉਹ ਦੋਵੇਂ ਵੀ ਆਪਣੇ 18 ਮਹੀਨੇ ਦੇ ਬੱਚੇ ਨੂੰ ਲੈ ਕੇ ਹਸਪਤਾਲ ਨਸ਼ਾ ਛੁਡਾਉਣ ਆਉਣ ਲੱਗ ਪਏ।
    ਯਾਨੀ ਨਾਨਾ ਨਾਨੀ ਦੀ ਆਪਣੇ ਦੋਹਤਰੇ ਨਾਲ ਮੁਲਾਕਾਤ ਨਸ਼ਾ ਛੁਡਾਊ ਕੇਂਦਰ ਵਿਚ ਹੀ ਹੋਣ ਲੱਗ ਪਈ।
    ਇਸ ਤਰ੍ਹਾਂ ਦੀ ਕੋਈ ਇੱਕ ਟੱਬਰ ਦੀ ਕਹਾਣੀ ਨਹੀਂ ਹੈ। ਕੁੜੀਆਂ ਦੀ ਵਧਦੀ ਜਾਂਦੀ ਗਿਣਤੀ ਸਦਕਾ ਹੀ ਕਪੂਰਥਲੇ ਕੁੜੀਆਂ ਲਈ ਵੱਖ ਨਸ਼ਾ ਛੁਡਾਊ ਕੇਂਦਰ ਖੋਲ੍ਹਣਾ ਪਿਆ ਹੈ। ਇਸ ਤੋਂ ਇਲਾਵਾ 31 ਹੋਰ ਸਰਕਾਰੀ ਕੇਂਦਰਾਂ ਵਿਚ ਨਸ਼ਾ ਛੁਡਾਉਣ ਦਾ ਕੰਮ ਜਾਰੀ ਹੈ।
    ਡਾ. ਸੰਦੀਪ ਭੋਲਾ, ਜੋ ਕਪੂਰਥਲੇ ਸੈਂਟਰ ਦੇ ਇੰਚਾਰਜ ਸਨ, ਨੇ ਮੰਨਿਆ ਕਿ ਕੁੱਝ ਸਰਕਾਰੀ ਸਕੂਲਾਂ ਦੀਆਂ ਅਧਿਆਪਿਕਾਵਾਂ ਵੀ ਨਸ਼ਿਆਂ ਦੀ ਆਦੀ ਹੋ ਚੁੱਕੀਆਂ ਹਨ ਤੇ ਅੱਗੋਂ ਉਨ੍ਹਾਂ ਦੀਆਂ ਕਈ ਸਹੇਲੀਆਂ ਵੀ ਇਸ ਪਾਸੇ ਪੈ ਚੁੱਕੀਆਂ ਹਨ। ਇਨ੍ਹਾਂ ਵਿੱਚੋਂ ਹੀ ਕਈ ਪੈਸੇ ਕਮਾਉਣ ਦੇ ਚੱਕਰ ਵਿਚ ਆਪ ਵੀ ਨਸ਼ਾ ਵੰਡਣ ਦੇ ਕਾਰੋਬਾਰ ਵਿੱਚ ਲੱਗ ਗਈਆਂ ਹਨ।
    ਨਸ਼ਾ ਤਸਕਰਾਂ ਨੂੰ ਵੀ ਨਾਬਾਲਗ ਬੱਚੀਆਂ ਰਾਹੀਂ ਨਸ਼ਾ ਅਗਾਂਹ ਤੋਰਨਾ ਆਸਾਨ ਲੱਗਦਾ ਹੈ। ਇਸੇ ਲਈ ਉਨ੍ਹਾਂ ਨੂੰ ਰਤਾ ਕੁ ਚਟਾ ਕੇ ਬਿਨਾਂ ਕੋਈ ਪੈਸਾ ਧੇਲਾ ਦਿੱਤਿਆਂ ਆਪਣੇ ਕੰਮ ਨੂੰ ਵਧੀਆ ਤਰੀਕੇ ਤੋਰੀ ਜਾ ਰਹੇ ਹਨ। ਆਦੀ ਹੋਈਆਂ ਬੱਚੀਆਂ, ਆਪਣੀ 'ਡੋਜ਼' ਵਾਸਤੇ ਸਭ ਕੁੱਝ ਕਰਨ ਨੂੰ ਤਿਆਰ ਹੋ ਜਾਂਦੀਆਂ ਹਨ।
    ਇਸ ਵੇਲੇ ਡਾਕਟਰਾਂ, ਪੁਲਿਸ ਕਰਮੀਆਂ ਤੇ ਸਰਕਾਰ ਲਈ ਸਿਰਦਰਦੀ ਬਣਿਆ ਨਸ਼ੇ ਦਾ ਵਪਾਰ ਨਾਬਾਲਗ ਬੱਚੀਆਂ ਰਾਹੀਂ ਪ੍ਰਫੁੱਲਿਤ ਹੋ ਰਿਹਾ ਹੈ ਜਿਨ੍ਹਾਂ ਦੀ ਗਿਣਤੀ ਦਾ ਅੰਦਾਜ਼ਾ ਹੀ ਨਹੀਂ ਲੱਗ ਰਿਹਾ ਕਿਉਂਕਿ ਵੱਡੀ ਗਿਣਤੀ ਮਾਪੇ ਸਮਾਜਿਕ ਸ਼ਰਮ ਸਦਕਾ ਇਹ ਗੱਲ ਬਾਹਰ ਕੱਢਦੇ ਹੀ ਨਹੀਂ ਤੇ ਨਾ ਹੀ ਇਲਾਜ ਕਰਵਾਉਣ ਲਈ ਬਾਹਰ ਨਿਕਲਦੇ ਹਨ।
    ਕੁੱਝ ਔਰਤਾਂ, ਜੋ ਖਾਣਾ ਬਣਾਉਣ ਦਾ ਕੰਮ ਕਰਦੀਆਂ ਹਨ ਤੇ ਆਪ ਆਦੀ ਵੀ ਹੋ ਚੁੱਕੀਆਂ ਹਨ, ਉਨ੍ਹਾਂ ਰਾਹੀਂ ਖਾਣ ਦੇ ਸਮਾਨ ਵਿਚ ਰਤਾ ਕੁ ਨਸ਼ਾ ਪੁਆ ਕੇ ਅਨੇਕ ਟੱਬਰਾਂ ਦੇ ਟੱਬਰ ਨਸ਼ੇ ਦੇ ਅਸਰ ਹੇਠ ਲਿਆਏ ਜਾ ਰਹੇ ਹਨ।
    ਸੰਗੀਤਾ, ਜਿਸ ਦਾ ਪਤੀ ਟਰੱਕ ਡਰਾਈਵਰ ਹੈ, ਨੇ ਮੰਨਿਆ ਕਿ ਕਈ ਘਰਾਂ ਵਿਚ ਕੰਮ ਕਰਦਿਆਂ ਉਹ ਬਹੁਤ ਥੱਕ ਜਾਂਦੀ ਸੀ। ਫੇਰ ਉਸ ਦੀ ਧੀ ਨੇ ਹੀ ਉਸ ਨੂੰ ਇਕ ਦਿਨ ਹੈਰੋਇਨ ਦਾ ਟੀਕਾ ਲਾਇਆ ਤਾਂ ਉਸ ਨੂੰ ਚੰਗਾ ਮਹਿਸੂਸ ਹੋਇਆ। ਉਸ ਤੋਂ ਬਾਅਦ ਆਦਤ ਹੀ ਹੋ ਗਈ। ਘਰ ਜਦ ਕੁੱਝ ਨਾ ਬਚਿਆ ਤਾਂ ਨਸ਼ੇ ਦੇ ਵਪਾਰੀਆਂ ਵੱਲੋਂ ਜਬਰੀ ਜਿਸਮਾਨੀ ਸੰਬੰਧ ਬਣਾਉਣ 'ਤੇ ਜ਼ੋਰ ਪਾਇਆ ਗਿਆ। ਹੋਰ ਕੋਈ ਰਾਹ ਨਾ ਲੱਭਣ ਉੱਤੇ ਉਸ ਨੇ ਨਸ਼ੇ ਦੇ ਵਪਾਰੀਆਂ ਕੋਲੋਂ ਟੀਕਾ ਲੈਣ ਲਈ ਉਨ੍ਹਾਂ ਨਾਲ ਜਿਸਮਾਨੀ ਸੰਬੰਧ ਬਣਾਉਣੇ ਸ਼ੁਰੂ ਕਰ ਦਿੱਤੇ। ਤਿੰਨ ਕੁੜੀਆਂ ਤੇ ਇੱਕ ਮੁੰਡੇ ਦੀ ਮਾਂ ਸੰਗੀਤਾ ਹੁਣ ਨਸ਼ਾ ਛੁਡਾਊ ਕੇਂਦਰ ਦੇ ਗੇੜੇ ਕੱਢ ਰਹੀ ਹੈ।
    ਉਸ ਮੰਨਿਆ ਕਿ ਵੱਡੇ ਘਰਾਂ ਦੀਆਂ ਢੇਰਾਂ ਦੀਆਂ ਢੇਰ ਕੁੜੀਆਂ ਇਸ ਪਾਸੇ ਵੱਲ ਧੱਕੀਆਂ ਜਾ ਚੁੱਕੀਆਂ ਹਨ ਪਰ ਉਹ ਰੈਗੂਲਰ ਇਲਾਜ ਵਾਸਤੇ ਆ ਨਹੀਂ ਰਹੀਆਂ ਕਿਉਂਕਿ ਉਨ੍ਹਾਂ ਦੇ ਟੱਬਰਾਂ ਦੀ ਸਾਖ ਖ਼ਰਾਬ ਹੋਣ ਦਾ ਡਰ ਹੈ। ਇੰਜ ਹੀ ਮੱਧ ਵਰਗੀ ਟੱਬਰਾਂ ਦੀਆਂ ਬਥੇਰੀਆਂ ਧੀਆਂ ਸ਼ੌਕੀਆ ਇਸ ਪਾਸੇ ਵੱਲ ਤੁਰੀਆਂ ਹੁਣ ਪੱਕੀ ਲਤ ਲਾ ਚੁੱਕੀਆਂ ਹਨ।
    ਕਈ ਤਾਂ ਏਨੇ ਵੱਖੋ-ਵੱਖ ਤਰ੍ਹਾਂ ਦੇ ਨਸ਼ੇ ਵਰਤ ਰਹੀਆਂ ਹਨ ਕਿ ਉਨ੍ਹਾਂ ਨੂੰ ਦਾਖ਼ਲ ਵੀ ਕਰਵਾਉਣਾ ਪਿਆ ਹੈ। ਇਹ ਸਾਰੀ ਜਾਣਕਾਰੀ ਗੁਪਤ ਰੱਖੀ ਗਈ ਹੈ ਕਿਉਂਕਿ ਮਾਪੇ ਇਸ ਬਾਰੇ ਚੁੱਪ ਧਾਰੀ ਬੈਠੇ ਹਨ ਕਿ ਜੇ ਰਤਾ ਵੀ ਬਾਹਰ ਖ਼ਬਰ ਨਿਕਲੀ ਤਾਂ ਉਹ ਇਲਾਜ ਕਰਵਾਉਣੋਂ ਹਟ ਜਾਣਗੇ।
    ਰਿੰਪੀ ਤੇ ਸ਼ਮਿੰਦਰ (ਨਾਂ ਬਦਲੇ ਹੋਏ) ਵੀ ਮੰਨੀਆਂ ਕਿ ਉਨ੍ਹਾਂ ਨੂੰ ਨਸ਼ੇ ਦੀ ਲੱਤ ਲੱਗਣ ਬਾਅਦ ਜਦੋਂ ਪੈਸੇ ਦੀ ਕਿੱਲਤ ਹੋਈ ਤਾਂ ਉਨ੍ਹਾਂ ਨੂੰ ਹੈਰੋਇਨ ਲੈਣ ਬਦਲੇ ਨਸ਼ੇ ਦੇ ਵਪਾਰੀਆਂ ਨਾਲ ਸਰੀਰਕ ਸੰਬੰਧ ਬਣਾਉਣੇ ਪਏ ਜੋ ਹੋਰ ਵੀ ਬਥੇਰੀਆਂ ਨਾਬਾਲਗ ਬੱਚੀਆਂ ਨੂੰ ਸ਼ਿਕਾਰ ਬਣਾ ਰਹੇ ਹਨ।
    ਮਨਪ੍ਰੀਤ, ਜੋ ਕਾਲਜ ਦੀ ਵਿਦਿਆਰਥਣ ਹੈ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਸਕੂਲਾਂ ਕਾਲਜਾਂ ਦੀਆਂ ਅਨੇਕ ਵਿਦਿਆਰਥਣਾਂ ਜੋ ਵੱਡੇ ਛੋਟੇ ਘਰਾਂ ਵਿੱਚੋਂ ਹਨ, ਛੋਟੇ ਮੋਟੇ ਨਸ਼ੇ ਤੋਂ ਸ਼ੁਰੂ ਹੋ ਕੇ ਹੁਣ ਹੈਰੋਇਨ ਦੀਆਂ ਆਦੀ ਬਣ ਚੁੱਕੀਆਂ ਹਨ। ਅਫ਼ਸੋਸ ਇਹ ਹੈ ਕਿ ਉਸ ਨਾਲ ਦੀਆਂ ਬਹੁਤ ਥੋੜੀਆਂ ਬੱਚੀਆਂ ਨਸ਼ਾ ਛਡਾਉਣ ਲਈ ਲਿਆਈਆਂ ਗਈਆਂ ਹਨ। ਬਾਕੀਆਂ ਦਾ ਇਲਾਜ ਵੀ ਨਹੀਂ ਕਰਵਾਇਆ ਜਾ ਰਿਹਾ। ਜਦੋਂ ਜਿਸਮਾਨੀ ਸ਼ੋਸ਼ਣ ਬਾਰੇ ਪੁੱਛਿਆ ਗਿਆ ਤਾਂ ਅੱਖਾਂ ਨੀਵੀਆਂ ਪਾ ਕੇ ਉਹ ਬੋਲੀ, ''ਜਦੋਂ ਪੈਸਾ ਕਿਤੋਂ ਮਿਲਣਾ ਹੀ ਨਹੀਂ ਤਾਂ ਹੋਰ ਰਾਹ ਕਿਹੜਾ ਬਚਦਾ ਹੈ?'' ਮਨਪ੍ਰੀਤ ਨੂੰ ਇਸ ਪਾਸੇ ਉਸ ਦੇ ਕਾਲਜ ਦੇ ਦੋਸਤ ਨੇ ਤੋਰਿਆ ਸੀ, ਜੋ ਆਪਣੇ ਹਾਣੀਆਂ ਨਾਲ ਪਹਿਲਾਂ ਤੋਂ ਹੀ ਨਸ਼ੇ ਦਾ ਵਪਾਰ ਵੀ ਕਰ ਰਿਹਾ ਸੀ ਤੇ ਆਪ ਵੀ ਵਰਤ ਰਿਹਾ ਸੀ।
    ਪੁੱਛੇ ਜਾਣ ਉੱਤੇ ਮਨਪ੍ਰੀਤ ਨੇ ਦੱਸਿਆ ਕਿ ਹੁਣ ਤਾਂ ਉਹ ਗਿਣਤੀ ਵੀ ਨਹੀਂ ਕਰ ਸਕਦੀ ਕਿ ਸਿਰਫ਼ ਹੈਰੋਇਨ ਦੀ ਤੋੜ ਪੂਰੀ ਕਰਨ ਲਈ ਕਿੰਨੇ ਵੱਖੋ-ਵੱਖ ਜਣਿਆਂ ਨੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਹੈ।
    ਨਸ਼ਾ ਲੈਣਾ ਕਿੰਨਾ ਸੌਖਾ ਹੈ, ਇਹ ਵੀ ਉਸ ਦੱਸਿਆ ਕਿ ਸਿਰਫ਼ ਇੱਕ 'ਮਿੱਸਡ ਕਾਲ' ਮਾਰਨ ਨਾਲ ਹੀ ਅੱਧੇ ਘੰਟੇ ਦੇ ਅੰਦਰ-ਅੰਦਰ ਉਸ ਦੇ ਘਰ ਦੇ ਦਰਵਾਜ਼ੇ ਬਾਹਰ ਕੋਈ ਕੁੜੀ ਜਾਂ ਕੋਰੀਅਰ ਦੀ ਸ਼ਕਲ ਵਿਚ ਮੁੰਡਾ 'ਡੋਜ਼' ਪਹੁੰਚਾ ਜਾਂਦਾ ਹੈ।
    ਪੀ.ਜੀ.ਆਈ. ਚੰਡੀਗੜ੍ਹ ਨੇ ਸੰਨ 2018 ਮਾਰਚ ਵਿਚ 'ਏਸ਼ੀਅਨ ਜਰਨਲ ਔਫ਼ ਸਾਈਕੈਟਰੀ' ਵਿਚ ਛਾਪਿਆ ਸੀ ਕਿ ਪੰਜਾਬ ਅੰਦਰ 4.1 ਮਿਲੀਅਨ ਤੋਂ ਵੱਧ ਲੋਕਾਂ ਨੇ ਨਸ਼ਾ ਵਰਤਿਆ ਹੈ। ਇਨ੍ਹਾਂ ਵਿੱਚੋਂ 4 ਮਿਲੀਅਨ ਮੁੰਡੇ ਹਨ ਤੇ 0.1 ਮਿਲੀਅਨ ਕੁੜੀਆਂ। ਇਨ੍ਹਾਂ ਵਿੱਚੋਂ 3.1 ਮਿਲੀਅਨ ਮਰਦ ਤੇ 0.1 ਮਿਲੀਅਨ ਔਰਤਾਂ ਨਸ਼ੇ ਦੇ ਪੱਕੇ ਆਦੀ ਬਣ ਚੁੱਕੇ ਹੋਏ ਹਨ। ਸ਼ਰਾਬ, ਸਿਗਰਟ ਤੋਂ ਲੈ ਕੇ ਭੰਗ, ਅਫ਼ੀਮ, ਹੈਰੋਇਨ, ਸਮੈਕ, ਕੋਕੀਨ, ਆਦਿ ਸਭ ਕੁੱਝ ਵਰਤਿਆ ਜਾ ਰਿਹਾ ਹੈ।
    ਖੋਜ ਪੱਤਰ ਵਿਚ ਸ਼ਾਮਲ 2 ਲੱਖ 2 ਹਜ਼ਾਰ ਅੱਠ ਸੌ ਸਤਾਰਾਂ ਬੰਦੇ ਤੇ 10,658 ਔਰਤਾਂ ਉਮਰ ਭਰ ਲਈ ਆਦੀ ਬਣ ਚੁੱਕੇ ਹੋਏ ਸਨ ਜਿਨ੍ਹਾਂ ਦਾ ਇਲਾਜ ਸੰਭਵ ਹੀ ਨਹੀਂ ਸੀ।
    ਉਸ ਖੋਜ ਪੱਤਰ ਵਿਚ ਜੋ ਚੇਤਾਵਨੀ ਲਿਖੀ ਸੀ, ਉਹ ਸੀ :- 1,56,942 (ਇੱਕ ਲੱਖ ਛਪੰਜਾ ਹਜ਼ਾਰ ਨੌਂ ਸੌ ਬਤਾਲੀ) ਮੁੰਡੇ ਬਿਨਾਂ ਨਸ਼ੇ ਦੇ ਇਕ ਦਿਨ ਵੀ ਨਹੀਂ ਕੱਢ ਰਹੇ ਜਦਕਿ ਬਾਕੀ ਨਸ਼ਾ ਛਡਾਉਣ ਲਈ ਤਿਆਰ ਹਨ। ਪਰ ਕੁੜੀਆਂ, ਵਿੱਚੋਂ ਇਕ ਵੀ ਨਸ਼ਾ ਛੱਡਣ ਨੂੰ ਤਿਆਰ ਨਹੀਂ ਤੇ ਸਾਰੀਆਂ 10,658 ਹੀ ਰੋਜ਼ ਦੀ 'ਡੋਜ਼' ਲੈਣ ਤੋਂ ਬਗ਼ੈਰ ਇੱਕ ਦਿਨ ਵੀ ਨਹੀਂ ਲੰਘਾ ਸਕ ਰਹੀਆਂ।''
    ਇਸ ਦਾ ਮਤਲਬ ਇਹ ਹੋਇਆ ਕਿ 'ਆਦੀ' ਹੋਣ ਵਿਚ ਕੁੜੀਆਂ ਦੀ ਗਿਣਤੀ ਵੱਧ ਹੈ ਜਿਨ੍ਹਾਂ ਨੇ ਇਹ ਆਦਤ ਕਦੇ ਵੀ ਨਹੀਂ ਛੱਡਣੀ। ''ਸਮਾਜ ਨੂੰ ਭਿਆਨਕ ਨਤੀਜਿਆਂ ਲਈ ਤਿਆਰੀ ਕੱਸ ਲੈਣੀ ਚਾਹੀਦੀ ਹੈ,'' ਪੀ.ਜੀ.ਆਈ. ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ ਦੇ ਡਾ. ਸੁਬੋਧ ਨੇ ਸਪਸ਼ਟ ਕਰ ਦਿੱਤਾ ਹੈ। ਡਾ. ਸੁਬੋਧ ਨੇ ਇਹ ਵੀ ਕਿਹਾ ਹੈ ਕਿ ਅਸਲ ਗਿਣਤੀ ਤਾਂ ਇਸ ਤੋਂ ਸ਼ਾਇਦ ਦੁਗਣੀ, ਤਿਗਣੀ ਜਾਂ ਚੌਗੁਣੀ ਵੀ ਹੋ ਸਕਦੀ ਹੈ ਕਿਉਂਕਿ ਮਾਪੇ ਆਪਣੀਆਂ ਕੁੜੀਆਂ ਬਾਰੇ ਗੱਲ ਵੀ ਕਰਨ ਨੂੰ ਤਿਆਰ ਨਹੀਂ, ਇਲਾਜ ਤਾਂ ਦੂਰ ਦੀ ਗੱਲ ਹੈ।
    ਪੀ.ਜੀ.ਆਈ. ਵੱਲੋਂ ਇਹ ਵੀ ਸਪਸ਼ਟ ਕਰ ਦਿੱਤਾ ਗਿਆ ਹੈ ਕਿ ਅਨੇਕ ਬੱਚੀਆਂ ਤੇ ਔਰਤਾਂ ਇਸ ਕਰਕੇ ਅੱਧਾ ਇਲਾਜ ਛੱਡ ਕੇ ਤੁਰ ਜਾਂਦੀਆਂ ਹਨ ਕਿਉਂਕਿ ਪਿੰਡਾਂ ਵਿਚ ਤੇ ਮੁਹੱਲਿਆਂ ਵਿਚ ਉਨ੍ਹਾਂ ਦੀ ਮਦਦ ਕਰਨ ਦੀ ਥਾਂ ਉਨ੍ਹਾਂ ਨੂੰ ਮਜ਼ਾਕ ਦਾ ਪਾਤਰ ਬਣਾ ਦਿੱਤਾ ਜਾਂਦਾ ਹੈ। ਪੂਰੇ ਟੱਬਰ ਨੂੰ ਹੀ ਮਿਹਣੇ ਸੁਣਨੇ ਪੈਂਦੇ ਹਨ।
ਖ਼ਤਰੇ ਦੀ ਘੰਟੀ :- (ਅਮਰੀਕਨ ਅਕੈਡਮੀ ਵੱਲੋਂ ਜਾਰੀ ਕੀਤੀ ਹੋਈ)
1.    ਨਸ਼ੇ ਦੇ ਆਦੀ ਮਾਪਿਆਂ ਦੇ ਬੱਚੇ ਮਾਰ ਕੁਟਾਈ, ਗਾਲ੍ਹਾਂ ਦੇ ਸ਼ਿਕਾਰ ਤਾਂ ਹੁੰਦੇ ਹੀ ਹਨ ਪਰ ਮਾਨਸਿਕ ਪਰੇਸ਼ਨੀ ਸਹੇੜ ਕੇ ਆਪ ਵੀ ਹੌਲੀ-ਹੌਲੀ ਸ਼ਾਂਤ ਹੋਣ ਲਈ ਨਸ਼ੇ ਦਾ ਸਹਾਰਾ ਲੈਣ ਲੱਗ ਪੈਂਦੇ ਹਨ। ਇਹ ਬੱਚੇ ਵੱਡੇ ਹੋ ਕੇ ਅੱਗੋਂ ਕਤਲ, ਖ਼ੁਦਕੁਸ਼ੀ, ਚੋਰੀ, ਡਾਕੇ ਆਦਿ ਦੇ ਨਾਲ-ਨਾਲ ਆਪ ਵੀ ਘਰੇਲੂ ਹਿੰਸਾ ਕਰਨ ਲੱਗ ਪੈਂਦੇ ਹਨ ਤੇ ਵਧੀਆ ਵਿਆਹੁਤਾ ਰਿਸ਼ਤੇ ਨਹੀਂ ਗੰਢ ਸਕਦੇ।
2.    ਨਸ਼ੇ ਦੇ ਆਦੀ ਮਾਪਿਆਂ ਦੇ ਬੱਚਿਆਂ ਵਿੱਚੋਂ ਵੱਡੇ ਹੋ ਕੇ ਬਹੁਤ ਸਾਰੇ ਨੌਜਵਾਨ ਬੱਚੇ ਨਾਬਾਲਗ ਬੱਚੀਆਂ ਦਾ ਬਲਾਤਕਾਰ ਕਰ ਕੇ ਤਸੱਲੀ ਮਹਿਸੂਸ ਕਰਦੇ ਹਨ।
3.    ਅਜਿਹੇ ਘਰਾਂ ਦੇ ਬੱਚੇ ਵੱਖੋ-ਵੱਖ ਤਰ੍ਹਾਂ ਦੇ ਮਾਨਸਿਕ ਰੋਗਾਂ ਦਾ ਸ਼ਿਕਾਰ ਬਣ ਜਾਂਦੇ ਹਨ ਜਿਨ੍ਹਾਂ ਵਿੱਚ ਢਹਿੰਦੀ ਕਲਾ, ਘਬਰਾਹਟ, ਨੀਂਦਰ ਠੀਕ ਨਾ ਆਉਣੀ, ਖੁਦਕੁਸ਼ੀ ਤੋਂ ਲੈ ਕੇ ਖਾਣ ਪੀਣ ਵਿਚ ਦਿੱਕਤ ਆਉਣੀ ਵੇਖੇ ਗਏ ਹਨ।
4.    ਕਈ 'ਸੀਰੀਅਲ ਕਿੱਲਰ' ਵੀ ਅਜਿਹੇ ਘਰਾਂ ਵਿੱਚੋਂ ਹੀ ਨਿਕਲਦੇ ਹਨ।
5.    ਮਿਗਰੇਨ, ਅੰਤੜੀਆਂ ਦੇ ਰੋਗ, ਦੱਬੂ, ਧਿਆਨ ਨਾ ਲਾ ਸਕਣਾ, ਪੜ੍ਹਾਈ ਵਿਚ ਪੱਛੜਨਾ, ਯਾਦਾਸ਼ਤ, ਘਟਣੀ, ਆਦਿ ਵਰਗੇ ਰੋਗ ਵੀ ਇਨ੍ਹਾਂ ਘਰਾਂ ਦੇ ਬੱਚਿਆਂ ਵਿਚ ਵੇਖੇ ਗਏ ਹਨ।
6.    ਕਿਸੇ 'ਤੇ ਯਕੀਨ ਨਾ ਕਰ ਸਕਣਾ, ਦੂਜੇ ਦੀ ਇਜ਼ਤ ਨਾ ਕਰਨੀ, ਡਰਨਾ, ਤ੍ਰਭਕਣਾ ਆਦਿ ਵੀ ਹੋ ਸਕਦੇ ਹਨ।
7.    ਸਭ ਤੋਂ ਖ਼ਤਰਨਾਕ ਗੱਲ ਇਹ ਹੈ ਕਿ ਅਜਿਹੇ ਘਰਾਂ ਦੇ ਬੱਚਿਆਂ ਵਿਚ ਨਸ਼ੇ ਵਲ ਜਾਣ ਦਾ ਰੁਝਾਨ ਬਾਕੀਆਂ ਨਾਲੋਂ ਤਿੰਨ ਗੁਣਾ ਵੱਧ ਹੁੰਦਾ ਹੈ।
8.    ਅਮਰੀਕਨ ਅਕੈਡਮੀ ਔਫ ਪੀਡੀਐਟਰਿਕਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੀਆਂ ਮਾਵਾਂ ਨਸ਼ੇ ਕਰਦੀਆਂ ਹੋਣ, ਉਨ੍ਹਾਂ ਦੇ ਬੱਚਿਆਂ ਵਿਚ :-
*    ਓਟਿਜ਼ਮ
*    ਦਿਮਾਗੀ ਨੁਕਸ
*    ਭਾਰ ਘੱਟ ਰਹਿ ਜਾਣਾ
*    ਧਿਆਨ ਨਾ ਲਾ ਸਕਣਾ
*    ਜਮਾਂਦਰੂ ਨੁਕਸ ਹੋਣੇ
*    ਭਰੂਣ ਦੀ ਮੌਤ ਹੋ ਜਾਣੀ, ਆਦਿ ਹੋਣ ਦਾ ਖ਼ਤਰਾ ਬਹੁਤ ਵੱਧ ਹੁੰਦਾ ਹੈ।
    ਕੀ ਇਹ ਸਭ ਜਾਣ ਲੈਣ ਬਾਅਦ ਹੁਣ ਕੋਈ ਜਾਗਣ ਨੂੰ ਤਿਆਰ ਹੈ? ਪੰਜਾਬ ਨੂੰ ਪਿਆਰ ਕਰਨ ਵਾਲੇ ਸੌਖਿਆਂ ਸਮਝ ਸਕਦੇ ਹਨ ਕਿ ਨਸ਼ਿਆਂ ਦੀ ਦਲਦਲ ਵਿਚ ਫਸ ਚੁੱਕੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਨੂੰ ਮੋਇੰਜੋਦੜੋ ਵਿਚ ਤਬਦੀਲ ਕਰਨ ਲਈ ਤਿਆਰ-ਬਰ-ਤਿਆਰ ਹੋ ਚੁੱਕੇ ਹਨ।
    ਹਾਲੇ ਵੀ ਵੇਲਾ ਹੈ। ਪਹਿਲਾਂ ਮੰਨੀਏ ਕਿ ''ਨਸ਼ਾ ਹੈ''! ਫੇਰ ਹੀ ਰੋਕਣ ਲਈ ਕਦਮ ਪੁੱਟੇ ਜਾ ਸਕਦੇ ਹਨ। ਜਾਗ੍ਰਿਤੀ ਦੀ ਤਗੜੀ ਲਹਿਰ, ਖੇਡਾਂ ਵੱਲ ਰੁਝਾਨ ਤੇ ਵਧੀਆ ਨਸ਼ਾ ਛਡਾਊ ਕੇਂਦਰਾਂ ਬਾਰੇ ਅੱਜ ਤੋਂ ਹੀ ਕੰਮ ਕਰਨ ਦੀ ਲੋੜ ਹੈ।
    ਜੇ ਸਰਕਾਰਾਂ ਫੇਲ੍ਹ ਹੋ ਰਹੀਆਂ ਹਨ ਤਾਂ ਲੋਕ ਹੀ ਆਪੋ ਆਪਣੇ ਪਿੰਡਾਂ ਅੰਦਰ ਅਜਿਹੇ ਜਵਾਨੀ ਨੂੰ ਚੱਬ ਜਾਣ ਵਾਲੇ ਡਾਕੂਆਂ ਤੋਂ ਬਚਾਉਣ ਲਈ ਪਿੰਡਾਂ ਵਿਚ ਨਸ਼ਾ ਛੁਡਾਊ ਕਲੱਬ ਬਣਾ ਕੇ ਪਹਿਰਾ ਦੇਣ ਦੀ ਡਿਊਟੀ ਸੰਭਾਲ ਲੈਣ ਤਾਂ ਯਕੀਨਨ ਕੁੱਝ ਵਧੀਆ ਨਤੀਜਿਆਂ ਦੀ ਉਮੀਦ ਰੱਖੀ ਜਾ ਸਕਦੀ ਹੈ।
    ਆਮ ਲੋਕਾਂ ਅੱਗੇ ਬੇਨਤੀ ਹੈ ਕਿ ਨਸ਼ੇ ਦੇ ਆਦੀ ਨੂੰ ਤਮਾਸ਼ਾ ਬਣਾਉਣ ਦੀ ਥਾਂ ਰੋਗੀ ਮੰਨ ਕੇ, ਸ਼ਹਿਨਸ਼ੀਲਤਾ ਨਾਲ ਪੇਸ਼ ਆ ਕੇ ਉਸ ਦਾ ਇਲਾਜ ਕਰਵਾਉਣ ਲਈ ਹਸਪਤਾਲ ਦਾਖ਼ਲ ਕਰਵਾਇਆ ਜਾਵੇ ਤਾਂ ਚੰਗੇ ਸ਼ਹਿਰੀ ਹੋਣ ਦਾ ਸਬੂਤ ਦਿੱਤਾ ਜਾ ਸਕਦਾ ਹੈ ਤੇ ਪੰਜਾਬ ਨੂੰ ਵੀ ਸਿਹਤਮੰਦ ਰੱਖਿਆ ਜਾ ਸਕਦਾ ਹੈ!
    ਚਲੋ ਰਲ ਮਿਲ ਹੰਭਲਾ ਮਾਰੀਏ ਤੇ ਘਰਾਂ ਵਿਚ ਹੋਰ ਸੱਥਰ ਵਿਛ ਜਾਣ ਤੋਂ ਬਚਾਓ ਕਰ ਲਈਏ! ਆਮੀਨ!!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783