ਕੀ ਪੰਜਾਬੀਆਂ ਲਈ ਹੁਣ ਸ਼ਰਾਬ ਧੀ ਨਾਲੋਂ ਵੀ ਵੱਧ ਕੀਮਤੀ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.,
ਇਕ ਪੁਰਾਣੀ ਖ਼ਬਰ ਕਈਆਂ ਨੇ ਪੜ੍ਹੀ ਹੋਵੇਗੀ-''ਰਾਜਪੁਰੇ ਦੇ ਇਕ ਨਸ਼ਈ ਟਰੱਕ ਡਰਾਈਵਰ ਨੇ ਸ਼ਰਾਬ ਦੀ ਬੋਤਲ ਪਿੱਛੇ ਆਪਣੀ 13 ਵਰ੍ਹਿਆਂ ਦੀ ਧੀ ਵੇਚੀ।''
ਇਸ ਖ਼ਬਰ ਦੇ ਛਪਣ ਤੋਂ ਸਾਢੇ ਕੁ ਚਾਰ ਮਹੀਨੇ ਬਾਅਦ ਮੈਨੂੰ ਇਕ ਪੱਤਰਕਾਰ ਭੈਣ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਚ ਇਕ ਕੁੜੀ ਬੜੀ ਤਰਸਯੋਗ ਹਾਲਤ ਵਿਚ ਦਾਖਲ ਹੋਈ ਹੈ ਜੋ ਤਿੰਨ ਵਾਰ ਵਿਕ ਚੁੱਕੀ ਹੈ। ਪਹਿਲੀ ਵਾਰ ਜਿਹੜੇ ਰਾਜਪੁਰੇ ਦੇ ਟਰੱਕ ਡਰਾਈਵਰ ਨੇ ਆਪਣੀ ਧੀ ਹਰਿਆਣੇ ਦੇ ਟਰੱਕ ਡਰਾਈਵਰ ਕੋਲ ਵੇਚੀ ਸੀ, ਉਹ ਦੂਜੀ ਵਾਰ ਫਿਰ ਯੂ.ਪੀ. ਵੇਚ ਦਿੱਤੀ ਗਈ ਤੇ ਤੀਜੀ ਵਾਰ ਮੁੰਬਈ ਵਿਕੀ। ਉੱਥੋਂ ਭੱਜਣ ਦੇ ਚੱਕਰ ਵਿਚ ਸਮੂਹਕ ਬਲਾਤਕਾਰ ਦਾ ਸ਼ਿਕਾਰ ਹੋ ਕੇ ਭੋਪਾਲ ਪਹੁੰਚੀ।
ਉੱਥੋਂ ਬੇਹੋਸ਼ੀ ਦੀ ਹਾਲਤ ਵਿਚ ਕਿਸੇ ਬਜ਼ੁਰਗ ਟੈਕਸੀ ਡਰਾਈਵਰ ਨੇ ਚੁੱਕਿਆ ਤੇ ਆਪਣੇ ਘਰ ਲੈ ਗਿਆ। ਹੋਸ਼ ਆਉਣ ਉੱਤੇ ਉਸ ਨੇ ਇਸ ਦਾ ਪਤਾ ਪੁੱਛ ਕੇ ਥਾਣੇ ਇਤਲਾਹ ਦਿੱਤੀ ਤੇ ਫੇਰ ਇੱਥੇ ਹਸਪਤਾਲ ਵਿਚ ਦਾਖਲ ਕਰਵਾਈ ਹੈ।
ਪੱਤਰਕਾਰ ਭੈਣ ਦੇ ਜ਼ੋਰ ਪਾਉਣ ਉੱਤੇ ਮੈਂ ਉਸ ਨੂੰ ਵੇਖਣ ਗਈ। ਹਸਪਤਾਲ ਦੇ ਵਾਰਡ ਵਿਚ ਦਾਖਲ ਉਸ ਬੱਚੀ ਕੋਲ ਉਸ ਦਾ ਆਪਣਾ ਕੋਈ ਵੀ ਨਹੀਂ ਸੀ। ਡਿਊਟੀ ਉੱਤੇ ਤੈਨਾਤ ਮਹਿਲਾ ਪੁਲਿਸ ਅਫਸਰ ਨੇ ਦੱਸਿਆ ਕਿ ਉਸ ਦੀ ਮਾਂ ਕਿਸੇ ਬੰਦੇ ਨਾਲ ਭੱਜ ਗਈ ਹੋਈ ਸੀ ਤੇ ਪਿਓ ਥਾਣੇ ਅੰਦਰ ਬੰਦ ਕਰ ਦਿੱਤਾ ਗਿਆ ਸੀ। ਬੱਚੀ ਦਾ ਹਾਲ ਵੇਖਿਆ ਨਹੀਂ ਸੀ ਜਾਂਦਾ।
ਜਿਉਂ ਹੀ ਕੋਈ ਉਸ ਦੇ ਮੰਜੇ ਤੋਂ ਤਿੰਨ ਮੰਜੇ ਪਰ੍ਹਾਂ ਤੋਂ ਵੀ ਆਉਂਦਾ ਦਿਸਦਾ ਤਾਂ ਉਹ ਬੱਚੀ ਉੱਚੀ-ਉੱਚੀ ਚੀਕਣ ਲੱਗ ਪੈਂਦੀ ਤੇ ਮਹਿਲਾ ਅਫਸਰ ਦਾ ਹੱਥ ਘੁੱਟ ਕੇ ਫੜ ਕੇ ਚੀਕਦੀ, ''ਫੜ ਲੈ, ਬਚਾ ਲੈ, ਸਲਵਾਰ ਲਾਹੂਗਾ।''
ਰੌਂਗਟੇ ਖੜ੍ਹੇ ਕਰਨ ਵਾਲਾ ਮਾਹੌਲ ਸੀ। ਵਾਰਡ ਵਿਚ ਉਸ ਦੀਆਂ ਚੀਕਾਂ ਦਿਲ ਦੇ ਆਰ-ਪਾਰ ਲੰਘ ਰਹੀਆਂ ਸਨ। ਮੈਂ ਉਸ ਦੇ ਨੇੜੇ ਜਾਣ ਦੀ ਤਿੰਨ ਵਾਰ ਕੋਸ਼ਿਸ਼ ਕੀਤੀ ਪਰ ਉਸ ਦੀਆਂ 'ਬਚਾ ਲੈ' ਵਾਲੀਆਂ ਚੀਕਾਂ ਹੋਰ ਤਿੱਖੀਆਂ ਹੋਣ ਲੱਗ ਪੈਂਦੀਆਂ। ਮੇਰੇ ਕੋਲ ਹੋਰ ਹਿੰਮਤ ਨਹੀਂ ਸੀ ਬਚੀ ਕਿ ਵਾਰਡ ਵਿਚ ਖੜੀ ਰਹਿੰਦੀ।
ਉਸ ਹਾਦਸੇ ਤੋਂ ਤਿੰਨ ਵਰ੍ਹੇ ਬਾਅਦ ਮੈਨੂੰ ਦੱਸਿਆ ਗਿਆ ਕਿ ਭਾਵੇਂ ਉਹ ਬੱਚੀ ਇਕ ਸੰਸਥਾ ਵਿਖੇ ਭੇਜ ਦਿੱਤੀ ਗਈ ਸੀ ਜਿੱਥੇ ਉਸ ਦੀ ਠੀਕ ਦੇਖਭਾਲ ਹੋ ਰਹੀ ਸੀ ਪਰ ਉਹ ਮਾਨਸਿਕ ਪੱਖੋਂ ਪੂਰੀ ਤਰ੍ਹਾਂ ਨਾਰਮਲ ਨਹੀਂ ਹੋ ਸਕੀ। ਕਿਸੇ ਵੀ ਪੁਰਸ਼ ਨੂੰ ਦੂਰੋਂ ਦੇਖ ਕੇ ਹੀ ਤ੍ਰਹਿੰਦੀ ਰਹਿੰਦੀ ਸੀ ਤੇ ਹਾਲੇ ਵੀ ''ਬਚਾ ਲੈ, ਸਲਵਾਰ ਲਾਹੂਗਾ'' ਕਹਿਣੋਂ ਹਟੀ ਨਹੀਂ ਸੀ।
ਮੈਂ ਦਿਲ ਹੱਥੋਂ ਮਜਬੂਰ ਉਸ ਸੰਸਥਾ ਵਿਖੇ ਉਸ ਨੂੰ ਮਿਲਣ ਗਈ। ਉਸ ਸਮੇਂ ਉਹ ਕਿਸੇ ਔਰਤ ਨੂੰ ਵੇਖ ਕੇ ਤਾਂ ਤ੍ਰਹਿੰਦੀ ਨਹੀਂ ਸੀ ਪਰ ਜਿਉਂ ਹੀ ਕੋਈ ਉਸ ਦਾ ਹੱਥ ਘੁੱਟ ਕੇ ਫੜਦਾ ਸੀ, ਉਹ ਕੰਬਣ ਲੱਗ ਪੈਂਦੀ ਸੀ ਉਹ ਜਿਵੇਂ ਹੁਣੇ ਕੋਈ ਉਸ ਨੂੰ ਪਾੜ ਖਾਏਗਾ।
ਮੈਡੀਕਲ ਸਾਇੰਸ ਇਹ ਸਾਬਤ ਕਰ ਚੁੱਕੀ ਹੋਈ ਹੈ ਕਿ ਇਸ ਤਰ੍ਹਾਂ ਦੇ ਨਰਕ ਵਿੱਚੋਂ ਨਿਕਲਦੀਆਂ ਬੱਚੀਆਂ ਪੱਕੀਆਂ ਮਾਨਸਿਕ ਰੋਗੀ ਬਣ ਜਾਂਦੀਆਂ ਹਨ ਤੇ ਇਹ ਕਸਕ ਪੂਰੀ ਉਮਰ ਮਨ ਵਿੱਚੋਂ ਨਿਕਲਦੀ ਨਹੀਂ। ਇਸੇ ਕਰ ਕੇ ਇਹ ਵਿਆਹੁਤਾ ਜ਼ਿੰਦਗੀ ਵੀ ਚੰਗੀ ਤਰ੍ਹਾਂ ਨਿਭਾਉਣ ਯੋਗ ਨਹੀਂ ਰਹਿੰਦੀਆਂ।
ਪਰ ਕਿਉਂ ਇਹ ਗੱਲ ਕਿਸੇ ਨੂੰ ਚੁੱਭ ਨਹੀਂ ਰਹੀ ਕਿ ਪੰਜਾਬ ਦੀ ਧਰਤੀ ਉੱਤੇ ਹੁਣ ਧੀਆਂ ਸ਼ਰਾਬ ਦੀ ਬੋਤਲ ਪਿੱਛੇ ਵਿਕਣ ਲੱਗ ਪਈਆਂ ਹਨ? ਕਿੱਥੇ ਗਈ ਪੰਜਾਬੀਆਂ ਦੀ ਅਣਖ? ਕੀ ਵਾਕਈ ਪੰਜਾਬ ਦੀ ਧਰਤੀ ਉੱਤੇ ਧੀ ਦਾ ਜੰਮਣਾ ਗੁਣਾਹ ਮੰਨ ਲੈਣਾ ਚਾਹੀਦਾ ਹੈ?
ਇਹ ਤਾਂ ਇੱਕ ਮਾਮਲਾ ਹੈ ਜੋ ਮੀਡੀਆ ਦੀ ਨਜ਼ਰੀਂ ਆ ਗਿਆ ਤਾਂ ਉਜਾਗਰ ਹੋ ਗਿਆ ਪਰ ਕਿੰਨੀਆਂ ਹੋਰ ਹਨ ਜਿਨ੍ਹਾਂ ਦਾ ਕੇਸ ਉਜਾਗਰ ਨਹੀਂ ਹੋਇਆ, ਉਨ੍ਹਾਂ ਦੀ ਹਾਲਤ ਬਾਰੇ ਕਿਸੇ ਨੇ ਸੋਚਿਆ ਹੈ?
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783
ਮੋਲਕੀ - ਡਾ. ਹਰਸ਼ਿੰਦਰ ਕੌਰ, ਐਮ. ਡੀ.,
''ਵਿਚਾਰੀ ਬਹੁਤ ਮਾੜੀ ਹਾਲਤ ਵਿਚ ਹੈ। ਬੋਲ ਵੀ ਨਹੀਂ ਸਕਦੀ। ਮਾਨਸਿਕ ਰੋਗੀ ਬਣ ਚੁੱਕੀ ਹੋਈ ਹੈ। ਭੁੱਖਮਰੀ ਦਾ ਸ਼ਿਕਾਰ ਵੀ ਹੈ। ਕੋਈ ਉਸ ਦੇ ਨਾਲ ਵੀ ਨਹੀਂ ਹੈ। ਸੜਕ ਕਿਨਾਰੇ ਬੇਹੋਸ਼ੀ ਦੀ ਹਾਲਤ ਵਿਚ ਲੱਭੀ ਹੈ। ਉਮਰ ਤਾਂ ਸ਼ਾਇਦ 35-36 ਸਾਲਾਂ ਦੀ ਹੋਵੇ ਪਰ 50 ਦੀ ਲੱਗਦੀ ਪਈ ਹੈ। ਲੀੜੇ ਪਾਟੇ ਪਏ ਨੇ। ਖ਼ੌਰੇ ਬਲਾਤਕਾਰ ਹੋਇਐ? ਕੁੱਝ ਪਤਾ ਨਹੀਂ ਲੱਗ ਰਿਹਾ। ਡਾਕਟਰ ਵੀ ਉਸ ਬਾਰੇ ਦੱਸ ਨਹੀਂ ਰਹੇ। ਤੁਸੀਂ ਪਤਾ ਕਰ ਕੇ ਕੁੱਝ ਦੱਸੋ, ''ਇਹ ਸਵਾਲ ਮੇਰੇ ਨੇੜੇ ਬੈਠੀ ਇਕ ਨਰਸ ਤੋਂ ਹਿੰਦੀ ਅਖ਼ਬਾਰ ਦਾ ਇੱਕ ਪੱਤਰਕਾਰ ਵੀਰ ਪੁੱਛ ਰਿਹਾ ਸੀ ਤੇ ਬੇਨਤੀ ਵੀ ਕਰ ਰਿਹਾ ਸੀ ਕਿ ਉਹ ਆਪਣੀ ਡਿਊਟੀ ਛੱਡ ਕੇ ਗਾਈਨੀ ਵਿਭਾਗ ਜਾ ਕੇ ਉਸ ਔਰਤ ਬਾਰੇ ਪੜਤਾਲ ਕਰ ਕੇ ਦੱਸੇ ਤਾਂ ਜੋ ਖ਼ਬਰ ਲੱਗ ਸਕੇ। ''ਓਹੋ ਇਕ ਹੋਰ ਗ਼ਰੀਬ ਦਾ ਬਲਾਤਕਾਰ'' ਸੋਚ ਕੇ ਮੈਂ ਦਿਲ ਉੱਤੇ ਪੱਥਰ ਰੱਖ ਕੇ ਉਸ ਦਿਨ ਵਾਪਸ ਘਰ ਮੁੜੀ। ਸ਼ਾਇਦ ਪਾਠਕਾਂ ਨੂੰ ਇਹ ਗੱਲ ਅਜੀਬ ਲੱਗੇ ਪਰ ਡਾਕਟਰ ਦੂਜੇ ਵਿਭਾਗ ਦੇ ਮਰੀਜ਼ਾਂ ਦੇ ਚੈੱਕਅੱਪ ਵਿੱਚ ਦਖ਼ਲ ਅੰਦਾਜ਼ੀ ਨਹੀਂ ਕਰਦੇ। ਵੈਸੇ ਵੀ ਬਲਾਤਕਾਰ ਵਰਗੇ ਜੁਰਮ ਵਿਚ ਏਨਾ ਵਾਧਾ ਡਾਕਟਰਾਂ ਵਾਸਤੇ ਚੈੱਕਅੱਪ ਇਕ ਰੁਟੀਨ ਵਾਂਗ ਹੀ ਬਣ ਚੁੱਕਿਆ ਹੈ।
ਅਗਲੇ ਦਿਨ ਅਖ਼ਬਾਰਾਂ ਵਿੱਚੋਂ ਹੀ ਖ਼ਬਰ ਪੜ੍ਹ ਲਵਾਂਗੀ ਸੋਚ ਕੇ ਘਰ ਮੁੜੀ। ਦਿਲ ਵਿਚ ਫਿਰ ਵੀ ਇਕ ਹੂਕ ਸੀ ਕਿ ਖ਼ੌਰੇ ਉਸ ਦੇ ਘਰ ਵਾਲਿਆਂ ਨੂੰ ਉਸ ਬਾਰੇ ਕੁੱਝ ਪਤਾ ਲੱਗਿਆ ਕਿ ਨਹੀਂ। ਆਪਣੇ ਮਨ ਨੂੰ ਇਹ ਸਮਝਾ ਕੇ ਸ਼ਾਂਤ ਕੀਤਾ ਕਿ ਚਲੋ ਹੁਣ ਮੀਡੀਆ ਤੇ ਪੁਲਿਸ ਨੂੰ ਪਤਾ ਲੱਗ ਚੁੱਕਿਆ ਹੈ, ਸੋ ਉਹ ਔਰਤ ਜ਼ਰੂਰ ਆਪਣਿਆਂ ਤੱਕ ਪਹੁੰਚ ਜਾਵੇਗੀ।
ਅਗਲੇ ਦਿਨ ਅਖ਼ਬਾਰਾਂ ਵਿਚ ਸੁਰਖ਼ੀ ਬੜੀ ਅਜੀਬ ਸੀ। ਇਕ ਅੰਗਰੇਜ਼ੀ ਦੀ ਅਖ਼ਬਾਰ ਵਿਚ ਤਾਂ ਪੂਰੇ ਪੰਨੇ ਉੱਤੇ ਵੱਖੋ-ਵੱਖ ਥਾਵਾਂ ਦੀਆਂ ਅਜਿਹੀਆਂ ਔਰਤਾਂ ਦੇ ਇੰਟਰਵਿਊ ਛਾਪੇ ਪਏ ਸਨ। ਸੁਰਖ਼ੀ ਵਿਚ ਇਕ ਸ਼ਬਦ ਦੀ ਮੈਨੂੰ ਸਮਝ ਨਹੀਂ ਆਈ। ਲਿਖਿਆ ਸੀ-''ਪੰਜਾਬ ਵਿਚ ਵੀ ਮੋਲਕੀਆਂ ਦਿਸਣ ਲੱਗੀਆਂ।''
ਮੈਂ ਉਸ ਦਿਨ ਤੋਂ ਪਹਿਲਾਂ ਕਿਸੇ ਮੋਲਕੀ ਬਾਰੇ ਕਦੇ ਪੜ੍ਹਿਆ ਸੁਣਿਆ ਨਹੀਂ ਸੀ। ਅਖ਼ਬਾਰ ਰਾਹੀਂ ਹੀ ਜਾਣਕਾਰੀ ਮਿਲੀ ਕਿ ਹਰਿਆਣੇ ਦੇ ਪਿੰਡਾਂ ਵਿਚ ਔਰਤਾਂ ਦੀ ਕਮੀ ਸਦਕਾ ਨਾਬਾਲਗ ਬੱਚੀਆਂ ਹਿਮਾਚਲ, ਬਿਹਾਰ ਜਾਂ ਅਸਾਮ ਤੋਂ ਖ਼ਰੀਦ ਕੇ ਲਿਆਈਆਂ ਜਾਂਦੀਆਂ ਹਨ ਜੋ ਆਪਣੀ ਉਮਰ ਤੋਂ ਤਿੰਨ ਗੁਣਾ ਵੱਡੀ ਉਮਰ ਵਾਲੇ ਨਾਲ ਬਿਠਾ ਦਿੱਤੀਆਂ ਜਾਂਦੀਆਂ ਹਨ। ਇਨ੍ਹਾਂ ਨੂੰ ਕੋਈ ਹੱਕ ਨਹੀਂ ਦਿੱਤਾ ਜਾਂਦਾ। ਨਾ ਜਾਇਦਾਦ ਵਿਚ ਤੇ ਨਾ ਹੀ ਬੱਚਿਆਂ ਉੱਤੇ। ਗੁਆਂਢੀਆਂ ਨਾਲ ਵੀ ਮਿਲਣ ਨਹੀਂ ਦਿੱਤਾ ਜਾਂਦਾ। ਇਨ੍ਹਾਂ ਨੂੰ ਇਕ ਵੇਲੇ ਦੀ ਰੋਟੀ ਦਿੱਤੀ ਜਾਂਦੀ ਹੈ ਤੇ ਬੰਧੂਆਂ ਮਜੂਰ ਵਾਂਗ ਕੰਮ ਕਰਵਾਇਆ ਜਾਂਦਾ ਹੈ। ਲਗਭਗ 100 ਰੁਪੈ ਤੋਂ 50,000 ਰੁਪੈ ਤੱਕ ਦੀ ਇਨ੍ਹਾਂ ਦੀ ਵਿਕਰੀ ਦੀ ਰਕਮ ਵਿਚੋਲੇ ਲੈਂਦੇ ਹਨ। ਕਈ ਤਾਂ ਦਿਓਰਾਂ ਜੇਠਾਂ ਹੱਥੋਂ ਵੀ ਜਿਸਮਾਨੀ ਸ਼ੋਸ਼ਣ ਸਹਿੰਦੀਆਂ ਰਹਿੰਦੀਆਂ ਹਨ। ਕੁੱਝ ਸਹੁਰੇ ਹੱਥੋਂ ਵੀ ਜ਼ਲੀਲ ਹੁੰਦੀਆਂ ਹਨ। ਇਨ੍ਹਾਂ ਨੂੰ ਪੇਕੇ ਘਰ ਜਾਣ ਨਹੀਂ ਦਿੱਤਾ ਜਾਂਦਾ।
ਇਹ ਮੁੱਲ ਵਿਕਦੀਆਂ ਔਰਤਾਂ ਜਦੋਂ ਮੁੰਡਾ ਜੰਮ ਲੈਣ ਤਾਂ ਅੱਗੇ ਦੂਜੀ ਵਾਰ, ਤੀਜੀ ਵਾਰ ਜਾਂ ਚੌਥੀ ਵਾਰ ਤੱਕ ਵਿਕਦੀਆਂ ਰਹਿੰਦੀਆਂ ਹਨ ਤੇ ਵੇਚਣ ਵਾਲੇ ਆਪਣਾ ਖਰੀਦਣ ਵੇਲੇ ਦਾ ਪੈਸਾ ਪੂਰਾ ਕਰ ਕੇ ਇਨ੍ਹਾਂ ਨੂੰ ਬੱਚੇ ਜੰਮਣ ਦੀ ਮਸ਼ੀਨ ਮੰਨ ਕੇ ਅਗਾਂਹ ਤੋਰਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਬਹੁਤੀਆਂ ਅਖ਼ੀਰ ਇੰਜ ਹੀ ਭੁਖਮਰੀ ਦਾ ਸ਼ਿਕਾਰ ਹੋ ਕੇ, ਅੰਨ੍ਹੇ ਹੋ ਕੇ, ਅਪੰਗ ਹੋ ਕੇ ਜਾਂ ਮਾਨਸਿਕ ਰੋਗੀ ਬਣ ਕੇ ਆਵਾਰਾ ਪਸ਼ੂਆਂ ਵਾਂਗ ਸੜਕ ਕਿਨਾਰੇ ਸੁੱਟ ਦਿੱਤੀਆਂ ਜਾਂਦੀਆਂ ਹਨ ਜਿੱਥੇ ਆਪੇ ਹੀ ਮਾਰ ਖੱਪ ਜਾਂਦੀਆਂ ਹਨ।
ਮੈਨੂੰ ਇਹ ਸਭ ਪੜ੍ਹ ਕੇ ਬਹੁਤ ਧੱਕਾ ਲੱਗਿਆ ਤੇ ਮੈਂ ਉਸ ਮੋਲਕੀ ਨੂੰ ਮਿਲਣ ਅਗਲੇ ਦਿਨ ਵਾਰਡ ਵਿਚ ਚਲੀ ਗਈ। ਪੰਜਾਬ ਵਿਚਲੀ ਇਸ ਮੋਲਕੀ (ਹਰਿਆਣੇ ਵਿਚ ਪਾਰੋ ਨਾਂ ਵੀ ਇਨ੍ਹਾਂ ਨੂੰ ਦਿੱਤਾ ਗਿਆ ਹੈ) ਨੂੰ ਮੇਰੇ ਪਹੁੰਚਣ ਸਮੇਂ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਜਾ ਰਿਹਾ ਸੀ। ਉਸ ਦੇ ਨੇੜੇ ਹੁੰਦਿਆਂ ਹੀ ਏਨੀ ਭੈੜੀ ਮੁਸ਼ਕ ਆ ਰਹੀ ਸੀ ਜਿਵੇਂ ਅੱਠ ਦਿਨ ਪੁਰਾਣੀ ਲਾਸ਼ ਕੋਲੋਂ ਆਉਂਦੀ ਹੈ। ਮਸਾਂ ਹੀ ਨੱਕ ਉੱਤੇ ਰੁਮਾਲ ਰੱਖ ਕੇ ਨੇੜੇ ਹੋਇਆ ਗਿਆ। ਨਿਰੀ ਹੱਡੀਆਂ ਦੀ ਮੁੱਠ ਉਸ ਔਰਤ ਦੀ ਮੈਡੀਕਲ ਰਿਪੋਰਟ ਅਨੁਸਾਰ :-
1. ਅੱਖਾਂ ਦੀ ਰੌਸ਼ਨੀ ਜਾ ਚੁੱਕੀ ਸੀ।
2. ਬੱਚੇਦਾਨੀ ਵਿਚ ਪੀਕ ਪੈ ਚੁੱਕੀ ਸੀ ਤੇ ਉਸ ਥਾਂ ਕੀੜੇ ਪੈ ਚੁੱਕੇ ਸਨ ਜਿਨ੍ਹਾਂ ਨੇ ਲਗਭਗ ਪੂਰੀ ਬੱਚੇਦਾਨੀ ਖਾ ਲਈ ਸੀ।
3. ਗੁਰਦੇ ਫੇਲ੍ਹ ਹੋ ਚੁੱਕੇ ਸਨ।
4. ਏਡਜ਼ ਪੀੜਤ ਸੀ।
5. ਪੀਲੀਆ ਕਾਫੀ ਵਧਿਆ ਪਿਆ ਸੀ।
6. ਉਲਟੀਆਂ ਕਰ-ਕਰ ਕੇ ਉਸ ਦੇ ਪਾਟੇ ਕਪੜੇ ਲੀੜੇ ਲਿਬੜੇ ਪਏ ਸਨ।
7. ਨੀਮ ਬੇਹੋਸ਼ ਸੀ।
8. ਦਿਮਾਗ਼ ਅੰਦਰ ਸੋਜ਼ਿਸ਼ ਹੋ ਚੁੱਕੀ ਹੋਈ ਸੀ।
9. ਬਲੱਡ ਪ੍ਰੈੱਸ਼ਰ ਬਹੁਤ ਘੱਟ ਚੁੱਕਿਆ ਸੀ।
10. ਨਬਜ਼ ਬਹੁਤ ਕਮਜ਼ੋਰ ਤੇ ਤੇਜ਼ ਸੀ।
ਅਗਲੇ ਦਿਨ ਪਤਾ ਲੱਗਿਆ ਕਿ ਪੀ.ਜੀ.ਆਈ. ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ ਸੀ। ਜ਼ਿੰਦਗੀ ਵਿਚ ਪਹਿਲੀ ਵਾਰ ਕਿਸੇ ਦੀ ਮੌਤ ਉੱਤੇ ਮੈਂ ਸ਼ੁਕਰ ਮਨਾਇਆ ਕਿ ਘੱਟੋ-ਘੱਟ ਇਕ ਮੋਲਕੀ ਤਾਂ ਆਪਣੀ ਇਸ ਨਰਕ ਤੋਂ ਬਦਤਰ ਜ਼ਿੰਦਗੀ ਤੋਂ ਨਿਜਾਤ ਪਾ ਗਈ।
ਇਨ੍ਹਾਂ ਔਰਤ ਰੂਪੀ ਮਸ਼ੀਨਾਂ ਦੇ ਹੱਕਾਂ ਲਈ ਹਾਲੇ ਤੱਕ ਤਾਂ ਕਿਸੇ ਨੇ ਆਵਾਜ਼ ਨਹੀਂ ਚੁੱਕੀ। ਉਡੀਕ ਰਹੇ ਹਾਂ ਕਿ ਕਦੇ ਤਾਂ ਕਿਸੇ ਸਦੀ ਵਿਚ ਫਿਰ ਕੋਈ ਔਰਤ ਦੇ ਹੱਕ ਵਿਚ ਆਵਾਜ਼ ਚੁੱਕਣ ਵਾਲਾ ਜੰਮੇਗਾ ਤੇ ਲੋਕਾਂ ਨੂੰ ਸਮਝਾਏਗਾ ਕਿ ਔਰਤ ਦੇ ਕੁੱਖੋਂ ਹੀ ਮਨੁਖਾ ਜਨਮ ਸੰਭਵ ਹੈ ਤੇ ਏਸੇ ਕੁੱਖ ਵਿੱਚੋਂ ਹੀ ਰਾਜੇ ਮਹਾਰਾਜੇ ਤੇ ਪੀਰ ਪੈਗੰਬਰ ਜੰਮੇ ਹਨ ! ਪਰ ਇਹ ਤਾਂ ਦੱਸੋ ਕਿ ਕੀ ਹੁਣ ਔਰਤ ਦੇ ਕੁੱਖੋਂ ਮਲੰਗ ਜੰਮਣ ਲੱਗ ਪਏ ਹਨ, ਜੋ ਕਦੇ ਵੀ ਇਨ੍ਹਾਂ ਔਰਤਾਂ ਦੇ ਹੱਕ ਵਿਚ ਬੁਲੰਦ ਆਵਾਜ਼ ਚੁੱਕਣ ਦਾ ਹੀਆ ਨਹੀਂ ਕਰਦੇ?
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783
01 April 2019
ਕੀ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ! - ਡਾ. ਹਰਸ਼ਿੰਦਰ ਕੌਰ, ਐਮ. ਡੀ.,
(ਅਸਲ ਵਾਪਰੀ ਘਟਨਾ)
''ਮੇਰਾ ਨਾਂ ਅੰਗਰੇਜ਼ ਕੌਰ ਹੈ। ਮੇਰੇ ਮਾਪਿਆਂ ਨੇ ਬੜੇ ਚਾਅ ਨਾਲ ਮੇਰਾ ਨਾਂ ਰੱਖਿਆ ਸੀ। ਮੇਰੇ ਪਿਓ ਨੂੰ ਲੱਗਦਾ ਸੀ ਕਿ ਅੰਗਰੇਜ਼ ਬਹੁਤ ਅਗਾਂਹਵਧੂ ਹੁੰਦੇ ਨੇ ਤੇ ਗੋਰੇ ਚਿੱਟੇ ਵੀ। ਮੈਨੂੰ ਉਹ ਅਸਮਾਨ ਦੀਆਂ ਉਚਾਈਆਂ ਛੂਹੰਦੀ ਨੂੰ ਵੇਖਣਾ ਚਾਹੁੰਦਾ ਸੀ।
''ਮੈਂ ਨਿਰੀ ਦੁੱਧ ਦੀ ਧੋਤੀ, ਗੋਰੀ-ਚਿੱਟੀ, ਹੱਥ ਲਾਇਆ ਵੀ ਮੈਲੀ ਹੁੰਦੀ ਸੀ। ਇਸੇ ਲਈ ਮੇਰੇ ਪਿਓ ਨੇ ਬਸ ਇੱਕੋ ਨਾਂ-ਅੰਗਰੇਜ਼ ਕੌਰ 'ਤੇ ਹੀ ਹਾਮੀ ਭਰੀ।
''ਸਾਰਾ ਦਿਨ-ਮੇਰੀ ਧੀ ਅੰਗਰੇਜੋ ਮੇਰਾ ਨਾਂ ਚਮਕਾਏਗੀ, ਮੇਰਾ ਨਾਂ ਚਮਕਾਏਗੀ ਕਰਦਾ ਮੇਰਾ ਪਿਓ ਮੈਨੂੰ ਮੋਢੇ ਉੱਤੇ ਚੁੱਕ ਕੇ ਘੁੰਮਾਉਂਦਾ ਹੁੰਦਾ ਸੀ। ਕੀ ਮਜਾਲ ਸੀ ਕੋਈ ਐਰਾ ਗ਼ੈਰਾ ਮੈਨੂੰ ਹੱਥ ਵੀ ਲਾ ਜਾਂਦਾ। ਮੇਰਾ ਪਿਓ ਤਾਂ ਮਾਂ ਨੂੰ ਮੇਰੇ ਵਾਸਤੇ ਦੋ-ਦੋ ਵਾਰ ਨੁਹਾਉਣ ਨੂੰ ਕਹਿ ਕੇ ਘਰੋਂ ਨਿਕਲਦਾ ਕਿ ਕਿਤੇ ਅੰਗਰੇਜੋ ਮੈਲੀ ਨਾ ਹੋ ਜਾਏ।
''ਕਿੰਨਾ ਚਾਅ ਸੀ ਮੇਰੇ ਪਿਓ ਨੂੰ ਮੇਰੇ ਗੋਰੇ ਰੰਗ 'ਤੇ! ਮੈਂ ਵੀ ਫੁੱਲੀ ਨਾ ਸਮਾਉਂਦੀ। ਸਾਰਾ ਦਿਨ ਪਿਓ ਦੇ ਮੋਢੇ ਚੜ੍ਹ ਆਪਣੀਆਂ ਮੰਗਾਂ ਮਨਵਾਉਂਦੀ। ਮੇਰਾ ਪਿਓ ਤਾਂ ਨਿਰਾ ਦੇਵਤਾ ਸੀ। ਹਰ ਕਿਸੇ ਨੂੰ ਕਹਿੰਦਾ ਰਹਿੰਦਾ-ਮੇਰੇ ਘਰ ਤਾਂ ਦੇਵੀ ਪੈਦਾ ਹੋਈ ਐ। ਸਾਕਸ਼ਾਤ ਦੇਵੀ। ਗੋਰੀ ਚਿੱਟੀ ਦੁੱਧ ਧੋਤੀ!
''ਮੇਰੇ ਵਿਆਹ ਦੇ ਚਾਅ ਤਾਂ ਉਸ ਏਨੇ ਪੂਰੇ ਕੀਤੇ ਕਿ ਕੀ ਦੱਸਾਂ। ਵਿੱਤੋਂ ਬਾਹਰ ਹੋ ਉਸਨੇ ਮੇਰੇ ਸਹੁਰਿਆਂ ਨੂੰ ਰਜਾ ਦਿੱਤਾ। ਉਸਦਾ ਇਹੋ ਸੁਫ਼ਨਾ ਸੀ ਕਿ ਉਸਦੀ ਧੀ ਅੰਗਰੇਜ਼ ਕੌਰ ਨੂੰ ਦੁਨੀਆ ਦੀ ਹਰ ਖ਼ੁਸ਼ੀ ਮਿਲੇ।
''ਨਿਆਲ ਪਿੰਡ ਵਿਚ ਮੈਂ ਵਿਆਹ ਕੇ ਗਈ। ਮੇਰੇ ਦੋ ਪੁੱਤਰ ਹੋਏ। ਮੇਰੇ ਮਾਪੇ ਫੁੱਲੇ ਨਾ ਸਮਾਏ। ਸਾਰੇ ਪਿੰਡ 'ਚ ਮੇਰੀ ਟੌਹਰ ਸੀ। ਸਾਰੇ ਹੈਰਾਨ ਸਨ ਕਿ ਰਬ ਨੇ ਏਨੀ ਮਿਹਰ ਕਿਵੇਂ ਕੀਤੀ ਐ। ਇਕ ਤਾਂ ਮੈਂ ਰਜ ਕੇ ਸੁਹਣੀ। ਉੱਤੋਂ ਜੋੜੀਆਂ ਪੁੱਤਰਾਂ ਦੀਆਂ। ਬਸ ਪੁੱਛੋ ਨਾ ਕੀ ਚਾਅ ਲਾਹੇ ਮੈਂ ਤੇ ਮੇਰੇ ਸਹੁਰਿਆਂ ਨੇ।
''ਮੇਰੇ ਪਿਓ ਦਾ ਤਾਂ ਅੰਗਰੇਜੋ ਅੰਗਰੇਜੋ ਕਰਦੇ ਦਾ ਗਲਾ ਸੁੱਕਦਾ ਸੀ। ਮੈਨੂੰ ਡਾਕਟਰ ਨੇ ਕਿਹਾ ਸੀ ਪੂਰੇ ਡੇਢ ਸਾਲ ਤਾਈਂ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਆਈ। ਮੈਂ ਤਾਂ ਪੂਰੇ ਦੋ ਸਾਲ ਪਿਆਇਆ ਤਾਂ ਜੋ ਮੇਰੇ ਬੱਚੇ ਪੂਰੇ ਪਿੰਡ 'ਚੋਂ ਤਗੜੇ ਹੋਣ। ਨਾਲੇ ਦੁੱਧ ਦਾ ਕਰਜ਼ਾ ਵੀ ਦੂਣਾ ਚੜ੍ਹਦਾ। ਆਖ਼ਰ ਮੇਰੇ ਪੁੱਤਰ ਮੇਰੇ ਬੁਢੇਪੇ ਦੀ ਡੰਗੋਰੀ ਸਨ। ਮੇਰੇ ਪਿਓ ਤੇ ਭਰਾ ਗੁਜ਼ਰੇ ਤਾਂ ਮੈਨੂੰ ਸਿਰਫ਼ ਆਪਣੇ ਪੁੱਤਰਾਂ ਉੱਤੇ ਆਸ ਰਹਿ ਗਈ। ਅਖ਼ੀਰ ਮੇਰਾ ਪਤੀ ਵੀ ਤੁਰ ਗਿਆ। ਫੇਰ ਤਾਂ ਮੈਂ ਦਿਨ-ਰਾਤ ਆਪਣੇ ਬੱਚਿਆਂ ਦੀ ਸੇਵਾ ਵਿਚ ਜੁਟ ਗਈ। ਮੇਰੇ ਸਾਈਂ ਦੀ ਆਖ਼ਰੀ ਨਿਸ਼ਾਨੀ।
''ਮੇਰੇ ਵੱਡੇ ਪੁੱਤਰ ਕੁਲਦੀਪ ਸਿੰਘ ਉਰਫ਼ ਕਾਲਾ ਨੇ ਸੰਨ 2007 ਵਿਚ ਸ਼ਹਿਰ ਦੀ ਇਕ
2
ਟਰਾਂਸਪੋਰਟ ਕੰਪਨੀ, ਗਰਗ ਬਸ ਸਰਵਿਸ ਵਾਲਿਆਂ ਦੀ ਬੱਚੀ ਨੂੰ ਅਗਵਾ ਕਰਕੇ ਫਿਰੌਤੀ ਮੰਗ ਲਈ। ਉਦੋਂ ਹੀ ਮੈਨੂੰ ਪਤਾ ਲੱਗਿਆ ਕਿ ਉਹ ਨਸ਼ੇ ਦੀ ਲਤ ਪਾਲ ਚੁੱਕਿਆ ਸੀ ਤੇ ਪੈਸੇ ਇਕੱਠੇ ਕਰਨ ਲਈ ਉਸਨੇ ਇਹ ਸਭ ਕੀਤਾ ਸੀ। ਮੇਰੇ ਲਈ ਇਹ ਧੱਕਾ ਕਿੰਨਾ ਅਸਿਹ ਹੋਵੇਗਾ, ਇਸ ਦਾ ਅੰਦਾਜ਼ਾ ਸੌਖਿਆਂ ਲਾਇਆ ਜਾ ਸਕਦਾ ਹੈ। ਪਰ ਮੈਂ ਠਾਣ ਲਿਆ ਕਿ ਮੈਂ ਆਪਣਾ ਪੁੱਤਰ ਹਰ ਹਾਲ ਵਿਚ ਠੀਕ ਰਸਤੇ ਉੱਤੇ ਲਿਆਉਣਾ ਹੈ। ਇਸੇ ਲਈ ਮੈਂ ਪੁਲਿਸ ਵਾਲਿਆਂ ਨੂੰ ਉੱਕਾ ਹੀ ਨਹੀਂ ਰੋਕਿਆ ਜਦੋਂ ਉਹ ਮੇਰੇ ਮੁੰਡੇ ਨੂੰ ਫੜਨ ਲਈ ਆਏ। ਫੇਰ ਕੇਸ ਚੱਲਿਆ ਤੇ ਉਹ ਕੇਂਦਰੀ ਜੇਲ੍ਹ ਪਟਿਆਲਾ ਵਿਚ ਉਮਰ ਕੈਦ ਲਈ ਅੰਦਰ ਭੇਜ ਦਿੱਤਾ ਗਿਆ।
''14 ਜੁਲਾਈ 2016 ਨੂੰ ਡੇਢ ਮਹੀਨੇ ਦੀ ਛੁੱਟੀ ਲੈ ਕੇ ਉਹ ਮੈਨੂੰ ਮਿਲਣ ਲਈ ਘਰ ਆਇਆ। ਮੈਨੂੰ ਪੂਰੀ ਉਮੀਦ ਸੀ ਕਿ ਪਛਤਾਵੇ ਦੇ ਹੰਝੂ ਉਸਨੂੰ ਬਦਲ ਚੁੱਕੇ ਹੋਣਗੇ। ਪਰ, ਇਹ ਕੀ ਹੋਇਆ? ਘਰ ਪਹੁੰਚਦੇ ਸਾਰ ਕੁਲਦੀਪ ਨੇ ਆਪਣੇ ਛੋਟੇ ਵੀਰ ਹਰਦੀਪ ਸਿੰਘ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਮਾਂ ਵਾਰੀ, ਮੈਂ ਤਾਂ ਤਰਲੇ ਕਰਦੀ ਰਹਿ ਗਈ ਪਰ ਉਸ ਕੁੱਝ ਨਾ ਸੁਣਿਆ। ਪੂਰਾ ਦਿਨ ਤੇ ਰਾਤ ਉਹ ਸ਼ਰਾਬ ਪੀਂਦਾ ਰਿਹਾ।
''ਮੈਂ ਬੜੇ ਚਾਅ ਨਾਲ ਉਸ ਲਈ ਖੀਰ ਬਣਾਈ ਸੀ। ਉਹ ਚਾਅ ਵੀ ਅੱਧਾ ਰਹਿ ਗਿਆ। ਦੂਜੇ ਦਿਨ ਦੀ ਸ਼ਾਮ ਹੋ ਚੱਲੀ ਪਰ ਉਸ ਦੀਆਂ ਸ਼ਰਾਬਾਂ ਦੀਆਂ ਬੋਤਲਾਂ ਨਹੀਂ ਮੁੱਕੀਆਂ। ਮੈਂ ਤਾਂ ਬੂਹਾ ਢੋਅ ਕੇ ਬਿਨਾਂ ਕੁੱਝ ਖਾਧੇ ਪੀਤੇ ਸੌਣ ਚਲੀ ਗਈ। ਮੈਂ ਹਾਲੇ ਲੇਟੀ ਹੀ ਸੀ ਕਿ ਮੇਰਾ ਪੁੱਤਰ ਮੇਰੇ ਕਮਰੇ ਅੰਦਰ ਆ ਗਿਆ ਤੇ ਉਸ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
''ਮੈਂ ਬਹੁਤ ਖ਼ੁਸ਼ ਹੋਈ ਕਿ ਚਲੋ ਆਖ਼ੀਰ ਪੁੱਤਰ ਨੂੰ ਮਾਂ ਦੀ ਯਾਦ ਤਾਂ ਗਈ। ਉਹ ਮੇਰੇ ਨੇੜੇ ਆ ਕੇ ਮੈਨੂੰ ਚਿੰਬੜ ਗਿਆ। ਮੇਰੇ ਜਿਗਰ ਦਾ ਟੁੱਕੜਾ! ਮੈਨੂੰ ਤਾਂ ਮੇਰਾ ਉਹੀ ਨਿੱਕਾ ਕੁਲਦੀਪ ਮੇਰੀ ਗੋਦੀ 'ਚ ਆਉਂਦਾ ਲੱਗਿਆ। ਮੈਂ ਘੁੱਟ ਕੇ ਹਿੱਕ ਨਾਲ ਲਾ ਲਿਆ।
''ਆਹ ਕੀ ਹੋ ਰਿਹੈ। ਮੇਰੇ ਪੁੱਤਰ ਨੇ ਮੇਰੀ ਕਮੀਜ਼ ਪਾੜ ਦਿੱਤੀ। ਓਹੋ ਆਹ ਕੀ ਕਰਨ ਡਿਹੈਂ? ਓਏ ਪੁੱਤਰਾ ਸ਼ਰਮ ਕਰ! ਓਏ ਏਥੋਂ ਹੀ ਜੰਮਿਐਂ ਤੂੰ। ਓਏ ਕੰਜਰਾ, ਇਸ ਕੁੱਖ ਨੂੰ ਕਲੰਕਤ ਨਾ ਕਰ। ਬਸ ਕਰ ਓਏ। ਇਹ ਕੁਕਰਮ ਕਿਵੇਂ ਬਖਸ਼ਵਾਏਂਗਾ? ਹਾਏ ਓ ਮੇਰਿਆ ਰੱਬਾ! ਇਹ ਦਿਨ ਵੀ ਵਿਖਾਉਣਾ ਸੀ। ਹੁਣ ਪੁੱਤਰ ਹੱਥੋਂ ਵੀ ਪੱਤ ਲੁਟਾਉਣੀ ਸੀ। ਇਹ ਲਾਸ਼ ਹੁਣ ਕਿਵੇਂ ਢੋਹਾਂਗੀ? ਓ ਮੇਰੇ ਬਾਪੂ, ਵੇਖ ਤਾਂ ਸਹੀ, ਬਹੁੜ ਤਾਂ ਸਹੀ, ਤੇਰੇ ਅੰਗਰੇਜੋ ਮੈਲੀ ਹੋ ਚੱਲੀ। ਹੁਣ ਨ੍ਹਾਤਿਆਂ-ਧੋਤਿਆਂ ਵੀ ਇਹ ਮੈਲ ਨਹੀਂ ਸਾਫ ਹੋਣੀ। ਮੇਰੇ ਸਿਰ ਦੇ ਸਾਈਆਂ, ਤੇਰੀ ਅੰਗਰੇਜੋ ਦੀ ਹਰ ਖ਼ੁਸ਼ੀ ਖੋਹ ਲਈ ਗਈ ਐ। ਕੀ ਮੈਂ ਅਸਮਾਨ ਦੀਆਂ ਇਹੋ ਜਿਹੀਆਂ ਊਚਾਈਆਂ ਛੂਹਣੀਆਂ ਸਨ?
''ਮੈਂ ਆਪਣੀ ਜ਼ਿੰਦਗੀ ਦੀ ਸਭ ਤੋਂ ਨਹਿਸ਼ ਰਾਤ ਉਸ ਦਿਨ ਕੱਢੀ। ਮੈਂ ਸਵਖ਼ਤੇ ਇਕ ਪੱਕਾ ਫ਼ੈਸਲਾ ਲਿਆ ਤੇ ਕਮਰੇ ਨੂੰ ਜੰਦਰਾ ਲਾ ਸਿੱਧਾ ਥਾਣੇ ਗਈ। ਪਾਤੜਾਂ ਦੇ ਥਾਣੇ ਮੁਖੀ ਨਰਾਇਣ ਸਿੰਘ ਨੂੰ
3
ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੋਡਲ ਅਫਸਰ ਰਾਜਵਿੰਦਰ ਕੌਰ ਨੇ ਮਾਮਲਾ ਦਰਜ ਕਰ ਕੇ ਮੇਰਾ ਮੈਡੀਕਲ ਕਰਵਾਇਆ ਤੇ ਪਿੰਡ ਵਾਲਿਆਂ ਨੂੰ ਵੀ ਸਭ ਦੱਸਿਆ।
''ਫਿਟ ਲਾਅਨਤ ਇਹੋ ਜਿਹੇ ਪੁੱਤਰਾਂ 'ਤੇ। ਮੇਰਾ ਕੀ ਕਸੂਰ ਸੀ? ਪੂਰੀ ਉਮਰ ਇਨ੍ਹਾਂ ਦੀ ਪਰਵਰਿਸ਼ ਉੱਤੇ ਲਾ ਦਿੱਤੀ। ਇਹ ਬੁਢੇਪੇ ਦੀ ਡੰਗੋਰੀ ਹੈ ਕਿ ਸਪੋਲੀਆ? ਕਿੱਥੇ ਮਰ ਗਏ ਕਹਿਣ ਵਾਲੇ ਕਿ ਔਰਤ ਹੀ ਔਰਤ ਦੀ ਦੁਸ਼ਮਨ ਹੈ? ਕਿਉਂ ਪੁੱਤਰਾਂ ਨੂੰ ਜੰਮੀਏ? ਜਿਸ ਕੁੱਖੋਂ ਜੰਮੀਏ, ਉਸੇ ਨੂੰ ਪੜ੍ਹਵਾਉਣ ਲਈ? ਕੀ ਚੰਨ ਚਾੜ੍ਹਿਐ, ਇਸ ਬੇਗ਼ੈਰਤ ਨੇ?
''ਵੇ ਡੁੱਬ ਜਾਣਿਓ, ਕੋਈ ਕੁਸਕਦਾ ਕਿਉਂ ਨਹੀਂ? ਪੁੱਤਰਾਂ ਦੇ ਜੰਮਣ 'ਤੇ ਲੱਡੂ ਵੰਡਣ ਵਾਲਿਓ, ਮੇਰੀਆਂ ਅੱਖਾਂ 'ਚ ਅੱਖਾਂ ਪਾ ਕੇ ਮਾਂ ਬਣਨ ਦੇ ਜੁਰਮ ਦੀ ਮਿਲੀ ਸਜ਼ਾ ਬਾਰੇ ਕੁੱਝ ਤਾਂ ਬੋਲੋ! ਜੇ ਮੇਰੇ ਸਵਾਲਾਂ ਦਾ ਜਵਾਬ ਨਾ ਮਿਲਿਆ ਤਾਂ ਮੈਂ ਹਰ ਮਾਂ ਨੂੰ ਇਹੀ ਸਲਾਹ ਦੇਵਾਂਗੀ ਕਿ ਜੰਮਦੇ ਸਪੋਲੀਏ ਦੀ ਹੀ ਸੰਘੀ ਨੱਪ ਦੇਣ ਤਾਂ ਜੋ ਅੱਗੇ ਤੋਂ ਕਿਸੇ ਮਾਂ ਨੂੰ ਅਜਿਹੀ ਸ਼ਰਮਨਾਕ ਘਟਨਾ ਵਿੱਚੋਂ ਨਾ ਲੰਘਣਾ ਪਵੇ।
''ਲੱਖ ਲਾਅਨਤ ਹੈ ਇਸ ਮੁਲਕ ਨੂੰ ਮਾਂ ਦਾ ਨਾਂ ਦੇਣ ਵਾਲਿਆਂ ਨੂੰ! ਹੱਥ ਲਾਇਆਂ ਨੂੰ ਵੀ ਮੈਲੀ ਹੁੰਦੀ ਅੰਗਰੇਜ਼ ਕੌਰ ਦੀ ਇਹ ਮੈਲ ਹੋਰ ਸੈਂਕੜੇ ਵਰ੍ਹੇ ਨਹਾਉਣ ਧੋਣ ਨਾਲ ਵੀ ਨਹੀਂ ਲੱਥਣ ਲੱਗੀ। ਔਂਤਰਿਓ, ਕੋਈ ਤਾਂ ਬੋਲੋ ਹੁਣ!
''ਧੀ ਜੰਮਣਾ ਤਾਂ ਅਪਸ਼ਗਨ ਹਮੇਸ਼ਾ ਤੋਂ ਸੀ, ਕੀ ਹੁਣ ਪੁੱਤਰ ਜੰਮਣਾ ਵੀ ਗੁਣਾਹ ਹੋ ਗਿਆ ਹੈ?''
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783
17 March 2019
ਜਦੋਂ ਦਿਲ ਟੁੱਟਦਾ ਹੈ...... - ਡਾ. ਹਰਸ਼ਿੰਦਰ ਕੌਰ, ਐਮ. ਡੀ.
ਉਮੀਦ ਉੱਤੇ ਦੁਨੀਆ ਟਿਕੀ ਹੈ। ਜਦੋਂ ਕਿਸੇ ਚੀਜ਼ ਦੇ ਹਾਸਲ ਹੋਣ ਦੀ, ਬੱਚਿਆਂ ਵੱਲੋਂ ਪਿਆਰ ਤੇ ਹਮਦਰਦੀ ਦੀ, ਕਿਸੇ ਰਿਸ਼ਤੇ ਵਿਚ ਪਕਿਆਈ ਹੋਣ ਦੀ, ਅਹੁਦਾ ਮਿਲਣ ਦੀ, ਤਨਖਾਹ ਵਧਣ ਦੀ, ਨਿੱਘੀ ਦੋਸਤੀ ਦੀ, ਜੰਗ ਜਿੱਤਣ ਦੀ ਜਾਂ ਕਿਸੇ ਨੂੰ ਢਾਹੁਣ ਦੀ ਉਮੀਦ ਟੁੱਟ ਜਾਏ ਤਾਂ ਦਿਲ ਟੁੱਟ ਜਾਂਦਾ ਹੈ ਤੇ ਇਨਸਾਨ ਢਹਿ ਢੇਰੀ ਹੋ ਜਾਂਦਾ ਹੈ। ਕਿਸੇ ਲਈ ਇਹ ਸਮਾਂ ਵਕਤੀ ਹੋ ਸਕਦਾ ਹੈ ਤੇ ਉਹ ਆਪਣੇ ਆਪ ਨੂੰ ਨਵਾਂ ਮੁਕਾਮ ਹਾਸਲ ਕਰਨ ਲਈ ਛੇਤੀ ਤਿਆਰ ਕਰ ਲੈਂਦਾ ਹੈ, ਪਰ ਕਿਸੇ ਲਈ ਏਨੀ ਢਹਿੰਦੀ ਕਲਾ ਦਾ ਸਮਾਂ ਹੁੰਦਾ ਹੈ ਕਿ ਉਹ ਜੀਉਣ ਦੀ ਚਾਹ ਹੀ ਤਿਆਗ ਦਿੰਦਾ ਹੈ।
ਆਓ ਵੇਖੀਏ ਕਿ ਕਿਸੇ ਵੱਲੋਂ ਪਿਆਰ ਵਿਚ ਧੋਖਾ ਮਿਲਣ ਬਾਅਦ ਜਾਂ ਕਿਸੇ ਵੱਲੋਂ ਠੁਕਰਾਏ ਜਾਣ ਬਾਅਦ ਸਰੀਰ ਅੰਦਰ ਕੀ ਵਾਪਰਦਾ ਹੈ। ਇਹ ਪੀੜ ਇਕ ਨਾਸੂਰ ਵਾਂਗ ਮਹਿਸੂਸ ਹੁੰਦੀ ਹੈ ਤੇ ਕੁੱਝ ਸਮੇਂ ਲਈ ਇੰਜ ਜਾਪਦਾ ਹੈ ਕਿ ਸਾਰਾ ਜਹਾਨ ਹੀ ਲੁੱਟਿਆ ਗਿਆ ਹੋਵੇ। ਕੁੱਝ ਵੀ ਬਾਕੀ ਨਾ ਬਚੇ ਦਾ ਇਹਸਾਸ ਮਾਤਰ ਹੀ ਸਰੀਰ ਨੂੰ ਜਕੜਿਆ ਤੇ ਸਿਰ ਭਾਰਾ ਮਹਿਸੂਸ ਕਰਵਾ ਦਿੰਦਾ ਹੈ।
ਛਾਤੀ ਵਿਚ ਤਿੱਖੀ ਪੀੜ, ਜਕੜਨ, ਸੁੰਨ ਹੋ ਜਾਣਾ, ਹੰਝੂ ਵਹਿਣੇ, ਧੜਕਨ ਘਟਣੀ ਜਾਂ ਵਧਣੀ, ਹੱਥਾਂ ਪੈਰਾਂ 'ਚ ਜਾਨ ਨਾ ਮਹਿਸੂਸ ਹੋਣੀ, ਤੁਰਨ ਫਿਰਨ ਦੀ ਹਿੰਮਤ ਨਾ ਬਚਣੀ, ਚੀਕਾਂ ਮਾਰ ਕੇ ਰੋਣ ਨੂੰ ਦਿਲ ਕਰਨਾ, ਸਰੀਰ ਵਿਚ ਗੰਢਾਂ ਪਈਆਂ ਮਹਿਸੂਸ ਹੋਣੀਆਂ, ਘਬਰਾਹਟ, ਡਰ, ਭੁੱਖ ਵਧਣੀ ਜਾਂ ਉੱਕਾ ਹੀ ਘਟ ਜਾਣੀ, ਨਸ਼ਾ ਕਰਨਾ, ਉਲਟੀ ਆਉਣੀ ਜਾਂ ਜੀਅ ਕੱਚਾ ਮਹਿਸੂਸ ਹੋਣਾ, ਇਕੱਲਾਪਨ, ਉਦਾਸੀ, ਨਹਾਉਣ ਧੋਣ ਨੂੰ ਜੀਅ ਨਾ ਕਰਨਾ, ਤਿਆਰ ਹੋਣ ਨੂੰ ਜੀਅ ਨਾ ਕਰਨਾ, ਚੀਜ਼ਾਂ ਤੋੜਨੀਆਂ ਭੰਨਣੀਆਂ, ਬਹੁਤ ਉਦਾਸ ਹੋ ਜਾਣਾ, ਖਿੱਝਣਾ, ਚੀਜ਼ਾਂ ਰੱਖ ਕੇ ਭੁੱਲਣ ਲੱਗ ਪੈਣਾ, ਹਾਰਟ ਅਟੈਕ ਹੋਣਾ, ਨੀਂਦਰ ਉੱਡ ਪੁੱਡ ਜਾਣੀ (ਡੋਪਾਮੀਨ ਦੇ ਵਧ ਜਾਣ ਸਦਕਾ), ਥਕਾਵਟ ਛੇਤੀ ਹੋਣੀ, ਮਾਹਵਾਰੀ ਵਿਚ ਗੜਬੜੀ, ਹਾਰਮੋਨਾਂ ਵਿਚ ਤਬਦੀਲੀ, ਨਿੱਕੀ ਨਿੱਕੀ ਗੱਲ ਉੱਤੇ ਫਿਸ ਪੈਣਾ ਜਾਂ ਗਿੜਗਿੜਾਉਣ ਲੱਗ ਪੈਣਾ, ਰਬ ਨੂੰ ਕੋਸਣ ਲੱਗ ਪੈਣਾ, ਵਾਲਾਂ ਦਾ ਝੜਨਾ, ਇਮਿਊਨ ਸਿਸਟਮ ਦਾ ਢਿੱਲਾ ਪੈਣ ਜਾਣਾ, ਜਿਸ ਸਦਕਾ ਵਾਰ ਵਾਰ ਖੰਘ ਜ਼ੁਕਾਮ ਹੋਣ ਲੱਗ ਪੈਣਾ ਜਾਂ ਬੁਖ਼ਾਰ ਹੋਣ ਲੱਗ ਪੈਣਾ, ਤਿੱਖੀ ਢਿਡ ਪੀੜ ਹੋਣੀ, ਆਪਣੇ ਆਪ ਨਾਲ ਸਵਾਲ ਕਰਨ ਲੱਗ ਪੈਣੇ, ਆਪਣੇ ਆਪ ਨੂੰ ਗ਼ਲਤ ਮੰਨਣ ਲੱਗ ਪੈਣਾ, ਨਕਾਰਾ ਮਹਿਸੂਸ ਹੋਣਾ, ਮਰਨ ਨੂੰ ਜੀਅ ਕਰਨਾ, ਆਦਿ ਵਰਗੇ ਲੱਛਣ ਕਿਸੇ ਵਿਚ ਵੱਧ ਤੇ ਕਿਸੇ ਵਿਚ ਘੱਟ, ਪਰ ਦਿਸਦੇ ਜ਼ਰੂਰ ਹਨ।
ਇਸ ਨਾਲ ਕਿਵੇਂ ਨਜਿੱਠੀਏ ?
ਜ਼ਿੰਦਗੀ ਇੱਕੋ ਵਾਰ ਮਿਲਦੀ ਹੈ। ਦਿਲ ਟੁੱਟਣ ਦਾ ਮਤਲਬ ਮਰ ਜਾਣਾ ਨਹੀਂ ਹੁੰਦਾ। ਜ਼ਿੰਦਗੀ ਵਿਚ ਹਮੇਸ਼ਾ ਹਰ ਚੀਜ਼ ਹਾਸਲ ਨਹੀਂ ਹੁੰਦੀ ਤੇ ਨਾ ਹੀ ਜ਼ਿੰਦਗੀ ਦੀ ਗੱਡੀ ਸਾਡੇ ਕਹੇ ਅਨੁਸਾਰ ਚੱਲਦੀ ਹੈ। ਇਸ ਰਸਤੇ ਵਿਚ ਉੱਚੀ ਨੀਵੀਂ ਥਾਂ, ਠੇਡੇ ਆਦਿ ਸਭ ਇਕ ਤਜਰਬਾ ਦੇਣ ਲਈ ਆਉਂਦੇ ਹਨ। ਅਜਿਹੇ ਸਪੀਡ ਬਰੇਕਰਾਂ ਅੱਗੇ ਪੱਕੀ ਤੌਰ ਉੱਤੇ ਖੜ੍ਹੇ ਨਹੀਂ ਹੋਣਾ ਹੁੰਦਾ। ਬਸ ਰਤਾ ਕੁ ਰਫ਼ਤਾਰ ਘਟਾ ਕੇ ਮੁੜ ਪਹਿਲਾਂ ਵਾਂਗ ਹੀ ਤੁਰ ਪੈਣਾ ਹੁੰਦਾ ਹੈ।
1. ਮੰਨੋ :- ਇਹ ਮੰਨਣਾ ਜ਼ਰੂਰੀ ਹੈ ਕਿ ਧੱਕਾ ਹੋਇਆ ਹੈ ਤਾਂ ਜੋ ਮਨ ਸਹਿਜ ਹੋ ਸਕੇ। ਅਜਿਹੇ ਧੱਕੇ ਨੂੰ ਲੁਕਾਉਣ ਨਾਲ ਇਹ ਨਾਸੂਰ ਬਣ ਜਾਂਦਾ ਹੈ। ਇਸੇ ਲਈ ਇਸ ਨੂੰ ਜਰਨ ਲਈ ਲੋਕਾਂ ਵੱਲੋਂ ਜਾਣ ਬੁੱਝ ਕੇ ਪੁੱਛੇ ਸਵਾਲਾਂ ਦਾ ਵੀ ਮੁਸਕੁਰਾ ਕੇ ਜਵਾਬ ਦਿੱਤਾ ਜਾ ਸਕਦਾ ਹੈ-ਚਲੋ ਇਕ ਨਵਾਂ ਤਜਰਬਾ ਹੀ ਸਹੀ, ਜ਼ਿੰਦਗੀ ਦੀ ਕਿਤਾਬ ਵਿਚ ਇਕ ਪੰਨਾ ਹੋਰ ਜੁੜ ਗਿਆ।''
ਇੰਜ ਛੇਤੀ ਸਹਿਜ ਹੋਇਆ ਜਾ ਸਕਦਾ ਹੈ। ਆਪਣੇ ਮਨ ਨੂੰ ਇਹ ਸਮਝਾਉਣਾ ਬਹੁਤ ਜ਼ਰੂਰੀ ਹੈ ਕਿ ਹਾਲੇ ਜ਼ਿੰਦਗੀ ਮੁੱਕੀ ਨਹੀਂ। ਕੁੱਝ ਖੁੱਸਿਆ ਹੈ ਤਾਂ ਖਾਲੀ ਹੱਥ ਕਿਸੇ ਹੋਰ ਚੀਜ਼ ਨਾਲ ਜ਼ਰੂਰ ਭਰ ਜਾਣਗੇ।
2. ਉਦਾਸ ਹੋਣਾ ਗੁਣਾਹ ਨਹੀਂ ਹੈ :-
ਕਦੇ ਕਦਾਈਂ ਰੋਣਾ, ਉਦਾਸ ਹੋਣਾ, ਗੁੱਸੇ ਹੋਣਾ, ਚੀਕਣਾ ਜਾਂ ਇਕੱਲੇ ਬਹਿ ਕੇ ਸੋਚਣਾ ਮਾੜੀ ਗੱਲ ਨਹੀਂ ਹੈ, ਪਰ ਇਸ ਨੂੰ ਰੁਟੀਨ ਨਹੀਂ ਬਣਾਉਣਾ ਚਾਹੀਦਾ। ਅਜਿਹਾ ਸਭ ਮਨ ਅੰਦਰ ਫਸੇ ਵਿਚਾਰਾਂ ਨੂੰ ਬਾਹਰ ਕੱਢਣ ਲਈ ਕਦੇ ਕਦਾਈਂ ਕਰ ਲੈਣਾ ਚਾਹੀਦਾ ਹੈ।
3. ਲੰਮੇ ਸਾਹ ਖਿੱਚਣਾ :-
ਨੱਕ ਰਾਹੀਂ ਲੰਮਾ ਸਾਹ ਅੰਦਰ ਖਿੱਚ ਕੇ ਮੂੰਹ ਰਾਹੀਂ ਬਾਹਰ ਕੱਢਣ ਦੀ ਕਸਰਤ ਕਾਫੀ ਲਾਹੇਵੰਦ ਸਾਬਤ ਹੋ ਚੁੱਕੀ ਹੈ। ਇਕਦਮ ਲੱਗੇ ਧੱਕੇ ਬਾਅਦ ਜਦੋਂ ਇਕ ਦੋ ਦਿਨ ਲੰਘ ਜਾਣ ਤਾਂ ਇਹ ਕਸਰਤ ਦਿਨ ਵਿਚ ਤਿੰਨ ਵਾਰ, 15-15 ਵਾਰ ਸਾਹ ਖਿੱਚ ਕੇ ਛੱਡਣ ਨਾਲ ਵੀ ਦਿਮਾਗ਼ ਵਿੱਚੋਂ ਵਿਚਾਰ ਹੌਲੀ-ਹੌਲੀ ਛੰਡਣ ਲੱਗ ਪੈਂਦੇ ਹਨ।
ਜੇ ਕਈ ਜਣਿਆਂ ਸਾਹਮਣੇ ਦਿਲ ਟੁੱਟਿਆ ਹੋਵੇ ਤਾਂ ਉਸੇ ਵਕਤ ਇਹ ਸਾਹ ਵਾਲੀ ਕਸਰਤ ਕਰਨ ਨਾਲ ਵੀ ਉਹ ਪਲ ਟਪਾਏ ਜਾ ਸਕਦੇ ਹਨ। ਛੇਤੀ-ਛੇਤੀ ਪਲਕਾਂ ਝਪਕ ਲੈਣ ਨਾਲ ਹੰਝੂ ਟਪਕਣੋਂ ਵੀ ਰੋਕੇ ਜਾ ਸਕਦੇ ਹਨ ਤਾਂ ਜੋ ਲੋਕਾਂ ਤੋਂ ਪਰ੍ਹਾਂ ਜਾ ਕੇ ਆਪਣਾ ਦਿਲ ਹੌਲਾ ਕੀਤਾ ਜਾ ਸਕੇ।
4. ਸਟਰੈੱਸ ਬੌਲ :-
ਨਿੱਕੀ ਜਿਹੀ ਨਰਮ ਗੇਂਦ ਨੂੰ ਹੱਥ ਵਿਚ ਫੜ ਕੇ ਦੱਬਣ ਜਾਂ ਕੰਧ ਉੱਤੇ ਮਾਰ ਕੇ ਵਾਰ-ਵਾਰ ਬੋਚਣ ਨਾਲ ਵੀ ਤਣਾਓ ਘਟਾਇਆ ਜਾ ਸਕਦਾ ਹੈ। ਇੰਜ ਕਰਨ ਨਾਲ ਮਨ ਨੂੰ ਇਹ ਇਹਸਾਸ ਹੁੰਦਾ ਹੈ ਕਿ ਕਿਸੇ ਹੋਰ ਉੱਤੇ ਆਪਣਾ ਗੁੱਸਾ ਲਾਹ ਰਹੇ ਹਾਂ।
5. ਕਸਰਤ :-
ਖੇਡਾਂ ਵੱਲ ਧਿਆਨ ਦੇਣਾ, ਮੈਡੀਟੇਸ਼ਨ ਅਤੇ ਯੋਗ ਵੀ ਮਾੜੇ ਵਿਚਾਰਾਂ ਨੂੰ ਮਨ ਵਿੱਚੋਂ ਕੱਢਣ ਵਿਚ ਸਹਾਈ ਸਾਬਤ ਹੋਏ ਹਨ। ਰੋਜ਼ ਦੇ 15 ਮਿੰਟ ਦੀ ਕਸਰਤ ਵੀ ਸਰੀਰ ਅੰਦਰ ਸਿਰੋਟੋਨਿਨ ਵਧਾ ਦਿੰਦੀ ਹੈ ਜਿਸ ਨਾਲ ਚੰਗਾ ਮਹਿਸੂਸ ਹੋਣ ਲੱਗ ਪੈਂਦਾ ਹੈ।
6. ਟੁੱਟੇ ਰਿਸ਼ਤੇ ਬਾਰੇ ਵਿਚਾਰ :-
ਟੁੱਟ ਚੁੱਕੇ ਰਿਸ਼ਤੇ ਦੀਆਂ ਕੜੀਆਂ ਜੋੜ ਕੇ ਇਹ ਨਤੀਜਾ ਕੱਢਿਆ ਜਾ ਸਕਦਾ ਹੈ ਕਿ ਉਸ ਵਿਚ ਕੀ ਚੰਗਾ ਤੇ ਕੀ ਮਾੜਾ ਸੀ! ਕਿਸ ਗੱਲ ਉੱਤੇ ਰਿਸ਼ਤਾ ਤਿੜਕਿਆ? ਅੱਗੋਂ ਤੋਂ ਕਿਹੜੀਆਂ ਗੱਲਾਂ ਉੱਤੇ ਵੱਧ ਧਿਆਨ ਦੇਣ ਦੀ ਲੋੜ ਹੈ। ਅਖ਼ੀਰ ਵਿਚ ਇਸ ਨਤੀਜੇ ਉੱਤੇ ਪਹੁੰਚ ਕੇ ਮਨ ਨੂੰ ਸਮਝਾਓ ਕਿ ਹੁਣ ਜ਼ਿੰਦਗੀ ਦਾ ਅਗਲਾ ਵਰਕਾ ਪਲਟਿਆ ਜਾ ਚੁੱਕਿਆ ਹੈ। ਪਿਛਲੀ ਗੱਲ ਇਤਿਹਾਸ ਬਣ ਚੁੱਕੀ ਹੈ। ਉਸ ਨੂੰ ਹੁਣ ਵਾਪਸ ਹਾਸਲ ਨਹੀਂ ਕਰਨਾ।
ਜੇ ਹਾਸਲ ਕਰਨ ਦੀ ਚਾਹਤ ਮੱਠੀ ਨਾ ਪਾਈ ਜਾਏ ਤਾਂ ਸਹਿਜ ਹੋਣਾ ਔਖਾ ਹੋ ਜਾਂਦਾ ਹੈ।
7. ਆਪਣੀ ਜ਼ਿੰਦਗੀ ਵਿਚ ਹਾਸਲ ਕੀਤੇ ਮੁਕਾਮ : -
ਸਕਾਰਾਤਮਕ ਵਿਚਾਰ ਮਨ ਵਿਚ ਉਪਜਾਉਣ ਲਈ ਆਪਣੇ ਪਹਿਲਾਂ ਦੇ ਖ਼ੁਸ਼ੀ ਦੇ ਪਲ, ਹਾਸਲ ਕੀਤੇ ਇਨਾਮ ਸਨਮਾਨ, ਮਾਪਿਆਂ, ਭੈਣ ਭਰਾਵਾਂ, ਦੋਸਤਾਂ ਨਾਲ ਬਿਤਾਏ ਪਲ, ਆਦਿ ਯਾਦ ਕਰ ਕੇ ਉਦਾਸੀ ਦੇ ਪਲਾਂ ਨੂੰ ਟਪਾਇਆ ਜਾ ਸਕਦਾ ਹੈ।
8. ਰੋਣ ਲਈ ਮੋਢਾ :-
ਦੁਖ ਸਾਂਝੇ ਕਰ ਲੈਣ ਨਾਲ ਦੁਖ ਘੱਟ ਹੋ ਜਾਂਦਾ ਹੈ। ਜੇ ਕੋਈ ਹੋਰ ਮੋਢਾ ਨਾ ਲੱਭੇ ਤਾਂ ਸ਼ੀਸ਼ੇ ਸਾਹਮਣੇ ਖਲੋ ਕੇ ਸਾਰਾ ਮਨ ਖੋਲ੍ਹ ਲਵੋ, ਰੋ ਲਵੋ, ਗਾਲ੍ਹਾਂ ਕੱਢ ਲਵੋ ਤੇ ਮਨ ਹਲਕਾ ਕਰ ਕੇ ਘਰ ਅੰਦਰਲੇ ਕੰਮ ਕਾਰ ਵਿਚ ਰੁੱਝ ਜਾਓ।
9. ਗਮਲਿਆਂ ਵਿਚ ਫੁੱਲ ਲਾਉਣੇ :-
ਕਮਰੇ ਵਿੱਚੋਂ ਬਾਹਰ ਨਿਕਲ ਕੇ ਬਗੀਚੇ ਵਿਚ ਕੰਮ ਕਰਨਾ, ਗਮਲਿਆਂ ਵਿਚ ਗੋਡੀ ਕਰਨੀ, ਬੂਟੇ ਬੀਜਣੇ ਆਦਿ ਵੀ ਤਾਜ਼ਾ ਮਹਿਸੂਸ ਕਰਵਾ ਸਕਦੇ ਹਨ।
10. ਖ਼ਰੀਦਕਾਰੀ ਕਰਨੀ :-
ਕੁੱਝ ਖਰੀਦਣਾ, ਬਜ਼ਾਰ ਘੁੰਮਣਾ, ਘੁੰਮਦਿਆਂ ਸੰਗੀਤ ਸੁਣਨਾ, ਆਦਿ ਵੀ ਢਹਿੰਦੀ ਕਲਾ ਘਟਾ ਦਿੰਦੇ ਹਨ।
11. ਮਰਨ ਨੂੰ ਜੀਅ ਕਰਨਾ :-
ਜੇ ਅਜਿਹੀ ਸੋਚ ਉਪਜ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਇਲਾਜ ਕਰਵਾ ਲੈਣਾ ਚਾਹੀਦਾ ਹੈ।
12. ਯਾਦ :-
ਜਿਹੜਾ ਰਿਸ਼ਤਾ ਟੁੱਟਿਆ ਹੋਏ, ਉਸ ਨਾਲ ਜੁੜੀਆਂ ਯਾਦਾਂ, ਤਸਵੀਰਾਂ, ਮਹਿੰਗੀਆਂ ਸੁਗਾਤਾਂ, ਈ-ਮੇਲ, ਫੋਨ ਨੰਬਰ, ਚਿੱਠੀਆਂ ਆਦਿ ਸੱਭ ਪਾੜ ਜਾਂ ਨਸ਼ਟ ਕਰ ਦੇਣੀਆਂ ਚਾਹੀਦੀਆਂ ਹਨ।
13. ਨਵੀਆਂ ਦੋਸਤੀਆਂ ਗੰਢਣੀਆਂ :-
ਨਵੀਆਂ ਦੋਸਤੀਆਂ ਗੰਢਣੀਆਂ ਜਾਂ ਨਵਾਂ ਕੰਮ ਸਿੱਖਣਾ ਕਾਫੀ ਸਹਾਈ ਸਾਬਤ ਹੋਏ ਹਨ। ਮੋਤਬੱਤੀਆਂ ਬਣਾਉਣੀਆਂ, ਸਵੈਟਰ ਬੁਨਣੇ, ਪੇਂਟਿੰਗ ਕਰਨੀ, ਰਸੋਈ ਵਿਚ ਨਵੀਂ ਚੀਜ਼ ਬਣਾਉਣੀ ਆਦਿ ਧਿਆਨ ਵੰਢਾਉਣ ਲਈ ਚੰਗੇ ਰਹਿੰਦੇ ਹਨ।
14. ਪਾਲਤੂ ਜਾਨਵਰ ਨਾਲ ਸਮਾਂ ਬਿਤਾਉਣਾ :-
ਇੰਜ ਕਰਨ ਨਾਲ ਵੀ ਉਦਾਸੀ ਘਟਾਈ ਜਾ ਸਕਦੀ ਹੈ।
15. ਕਿਸੇ ਦੀ ਮਦਦ ਕਰਨੀ :-
ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਸਰੀਰ ਅੰਦਰ ਚੰਗੇ ਹਾਰਮੋਨਾਂ ਦਾ ਹੜ੍ਹ ਨਿਕਲ ਪੈਂਦਾ ਹੈ। ਇੰਜ ਕਰਦੇ ਰਹਿਣ ਨਾਲ ਪੁਰਾਣੀਆਂ ਮਾੜੀਆਂ ਯਾਦਾਂ ਖਿੰਡ-ਪੁੰਡ ਜਾਂਦੀਆਂ ਹਨ।
16. ਕਿਸੇ ਹੋਰ ਦਾ ਦਿਲ ਨਾ ਤੋੜੋ:-
ਜਦੋਂ ਆਪ ਇਹ ਪੀੜ ਮਹਿਸੂਸ ਕਰ ਕੇ ਦੁਖੀ ਹੋ ਚੁੱਕੇ ਹੋਵੇ ਤਾਂ ਸੌਖਿਆਂ ਸਮਝ ਆ ਸਕਦੀ ਹੈ ਕਿ ਦੂਜੇ ਦਾ ਦਿਲ ਤੋੜਨ ਲੱਗਿਆਂ ਅਗਲੇ ਨੂੰ ਵੀ ਏਨਾ ਹੀ ਮਾੜਾ ਮਹਿਸੂਸ ਹੁੰਦਾ ਹੈ।
ਏਨੀ ਕੁ ਗੱਲ ਜੇ ਸਮਝ ਆ ਜਾਵੇ ਤਾਂ ਕੋਈ ਵੀ ਜਣਾ ਦੂਜੇ ਦਾ ਦਿਲ ਤੋੜਨ ਤੋਂ ਪਹਿਲਾਂ ਦਸ ਵਾਰ ਸੋਚੇਗਾ।
ਬਿਲਕੁਲ ਏਸੇ ਤਰ੍ਹਾਂ ਹੀ ਪਹਿਲਾ ਇਨਾਮ ਖੁੱਸਣਾ ਜਾਂ ਮੰਜ਼ਿਲ ਹਾਸਲ ਨਾ ਹੋਣ ਸਦਕਾ ਟੁੱਟੇ ਦਿਲ ਨੂੰ ਵੀ ਸਮਝਾਉਣ ਦੀ ਲੋੜ ਹੈ ਕਿ ਮਕੜੀ ਭਾਵੇਂ 20 ਵਾਰ ਡਿੱਗੇ, ਫਿਰ ਦੁਬਾਰਾ ਹਿੰਮਤ ਕਰ ਕੇ ਹੌਲੀ ਹੌਲੀ ਆਪਣਾ ਜਾਲਾ ਪੂਰਾ ਕਰ ਹੀ ਲੈਂਦੀ ਹੈ। ਉਸੇ ਹੀ ਤਰ੍ਹਾਂ ਇਕ ਹਾਰ ਅੱਗੇ ਗੋਡੇ ਟੇਕਣ ਦੀ ਲੋੜ ਨਹੀਂ ਹੁੰਦੀ, ਬਲਕਿ ਉੱਦਮ ਕਰ ਕੇ ਦੁੱਗਣੀ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ ਤਾਂ ਜੋ ਅਗਲੀ ਕੋਸ਼ਿਸ਼ ਵਿਚ ਸਫ਼ਲਤਾ ਹਾਸਲ ਕੀਤੀ ਜਾ ਸਕੇ।
ਚੇਤੇ ਰਹੇ :- ਮਾਈਕਲ ਜੌਰਡਨ, ਜੋ ਅਮਰੀਕਾ ਦਾ ਚੋਟੀ ਦਾ ਬਾਸਕਟ ਬੌਲ ਖਿਡਾਰੀ ਹੈ, ਵੀ ਆਪਣੀ ਜ਼ਿੰਦਗੀ ਵਿਚ 9000 ਗੋਲ ਨਹੀਂ ਕਰ ਸਕਿਆ, 300 ਗੇਮਾਂ ਵਿਚ ਹਾਰ ਦਾ ਸਾਹਮਣਾ ਕੀਤਾ, 26 ਵਾਰ ਅਖ਼ੀਰੀ ਬੌਲ ਨਾਲ ਗੋਲ ਕਰਨੋਂ ਰਹਿ ਗਿਆ, ਪਰ ਫਿਰ ਵੀ ਉਸ ਨੇ ਹਿੰਮਤ ਨਹੀਂ ਹਾਰੀ ਤੇ ਦੁਨੀਆ ਭਰ ਵਿਚ ਆਪਣਾ ਲੋਹਾ ਮੰਨਵਾ ਲਿਆ।
ਡਾ. ਹਰਸ਼ਿੰਦਰ ਕੌਰ, ਐਮ. ਡੀ., ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ। ਫੋਨ ਨੰ: 0175-2216783
20 Feb. 2019
ਸਰਦੀਆਂ ਵਿਚ ਢਹਿੰਦੀ ਕਲਾ ਕਿਉਂ ਹੁੰਦੀ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.
ਭਾਰਤ ਵਿਚ ਸਰਦੀਆਂ ਵਿਚ ਇਸ ਬੀਮਾਰੀ ਵਾਲੇ ਹਰ ਸਾਲ ਇੱਕ ਕਰੋੜ ਮਰੀਜ਼ ਲੱਭ ਪੈਂਦੇ ਹਨ। ਠੀਕ ਹੋ ਸਕਣ ਵਾਲੇ ਇਸ ਰੋਗ ਦੀ ਪਛਾਣ ਨਾ ਹੋ ਸਕਣ ਕਰ ਕੇ ਹੀ ਕਈ ਕਿਸਮਾਂ ਦੀਆਂ ਤਕਲੀਫ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੁੱਝ ਤੱਥ :-
1. ਸਰਦੀਆਂ ਵਿਚ ਥੋੜੀ ਦੇਰ ਧੁੱਪ ਦਾ ਰਹਿਣਾ ਤੇ ਠੰਡ ਕਾਰਨ ਲੇਟ ਉੱਠਣਾ ਹੀ ਇਸ ਬੀਮਾਰੀ ਦਾ ਕਾਰਨ ਬਣ ਜਾਂਦੇ ਹਨ।
2. ਸਰੀਰ ਅੰਦਰ ਰਾਤ ਵੇਲੇ ਮੈਲਾਟੋਨਿਨ ਨਿਕਲ ਪੈਂਦੀ ਹੈ ਜੋ ਵਧੀਆ ਨੀਂਦਰ ਆਉਣ ਲਈ ਜ਼ਰੂਰੀ ਹੁੰਦੀ ਹੈ। ਰਾਤਾਂ ਲੰਮੀਆਂ ਹੋਣ ਕਾਰਨ ਇਸ ਹਾਰਮੋਨ ਦਾ ਵਾਧਾ ਜ਼ਿਆਦਾ ਦੇਰ ਤਕ ਟਿਕਿਆ ਰਹਿੰਦਾ ਹੈ।
3. ਸੂਰਜ ਦੀ ਰੌਸ਼ਨੀ ਜਿੱਥੇ ਸਰੀਰ ਲਈ ਚੰਗੀ ਹੁੰਦੀ ਹੈ, ਉੱਥੇ ਦਿਮਾਗ਼ ਨੂੰ ਚੁਸਤ ਰੱਖਣ ਵਿਚ ਵੀ ਸਹਾਈ ਹੁੰਦੀ ਹੈ।
4. ਔਰਤਾਂ ਨੂੰ ਇਹ ਬੀਮਾਰੀ ਪੁਰਸ਼ਾਂ ਨਾਲੋਂ ਦੁਗਣੀ ਵੱਧ ਹੁੰਦੀ ਹੈ।
5. ਬੱਚੇ ਛੇਤੀ ਤਣਾਓ ਨਹੀਂ ਸਹੇੜਦੇ, ਪਰ ਨੌਜਵਾਨ ਛੇਤੀ ਫੜੇ ਜਾਂਦੇ ਹਨ।
6. ਇਹ ਬੀਮਾਰੀ ਹਰ ਸਾਲ ਇੱਕੋ ਹੀ ਮਹੀਨੇ ਸ਼ੁਰੂ ਹੁੰਦੀ ਹੈ। ਕਦੇ ਕਦਾਈਂ ਗਰਮੀਆਂ ਵਿਚ ਵੀ ਹੋ ਸਕਦੀ ਹੈ।
ਲੱਛਣ :-
ਘੱਟ ਸਰਦੀ ਵਿਚ ਲੱਛਣ ਘੱਟ ਹੁੰਦੇ ਹਨ, ਪਰ ਜਿਉਂ ਹੀ ਠੰਡ ਵਧੇ, ਲੱਛਣ ਵੀ ਵੱਧ ਜਾਂਦੇ ਹਨ।
1. ਲਗਭਗ ਰੋਜ਼ ਹੀ ਦਿਨ ਵਿਚਲਾ ਜ਼ਿਆਦਾ ਸਮਾਂ ਢਹਿੰਦੀ ਕਲਾ ਮਹਿਸੂਸ ਹੁੰਦੀ ਰਹਿੰਦੀ ਹੈ।
2. ਰੋਜ਼ ਦੇ ਕਰਨ ਵਾਲੇ ਕੰਮਾਂ ਵਿਚ ਜੀਅ ਨਹੀਂ ਲੱਗਦਾ।
3. ਕਸਰਤ ਕਰਨ ਨੂੰ ਜੀਅ ਨਹੀਂ ਕਰਦਾ।
4. ਸੁਸਤੀ ਮਹਿਸੂਸ ਹੁੰਦੀ ਰਹਿੰਦੀ ਹੈ।
5. ਹਿੱਲਣ ਜੁੱਲਣ ਦੀ ਤਾਕਤ ਘੱਟ ਲੱਗਦੀ ਹੈ।
6. ਨੀਂਦਰ ਨਹੀਂ ਆਉਂਦੀ (ਗਰਮੀਆਂ ਵਿਚ) ਜਾਂ ਜ਼ਿਆਦਾ ਆਉਣ ਲੱਗ ਪੈਂਦੀ ਹੈ। (ਸਰਦੀਆਂ ਵਿਚ)
7. ਭੁੱਖ ਵਧ ਜਾਂ ਘਟ ਲੱਗਣ ਲੱਗ ਪਵੇ
8. ਭਾਰ ਵਧਣ ਜਾਂ ਘਟਣ ਲੱਗ ਪਵੇ
9. ਧਿਆਨ ਨਾ ਲਾਇਆ ਜਾ ਸਕੇ
10. ਨਕਾਰਾ ਮਹਿਸੂਸ ਹੋਣਾ
11. ਮਰਨ ਦਾ ਜੀਅ ਕਰਨਾ
12. ਵਿਹਲੜ ਜਾਪਣਾ
13. ਤਲੀ ਹੋਈ ਚੀਜ਼ ਵੱਧ ਖਾਣ ਨੂੰ ਜੀਅ ਕਰਨਾ
14. ਘਬਰਾਹਟ ਹੋਣੀ ਜਾਂ ਗੁੱਸਾ ਆਉਣਾ, ਆਦਿ।
ਕਾਰਨ :-
1. ਧੁੱਪ ਦੇ ਘੱਟਣ ਨਾਲ ਸਰੀਰ ਅੰਦਰਲੀ ਘੜੀ ਦੀ ਚਾਲ ਵਿਚ ਗੜਬੜ ਹੋ ਜਾਂਦੀ ਹੈ ਜਿਸ ਨਾਲ ਢਹਿੰਦੀ ਕਲਾ ਆ ਜਾਂਦੀ ਹੈ।
2. ਸਿਰੋਟੋਨਿਨ (ਇਹ ਹਾਰਮੋਨ ਮੂਡ ਚੰਗਾ ਰੱਖਣ ਲਈ ਸਹਾਈ ਹੁੰਦਾ ਹੈ) ਦਾ ਘਟਣਾ ਵੀ ਧੁੱਪ ਘੱਟ ਹੋਣ ਸਦਕਾ ਹੁੰਦਾ ਹੈ। ਇਹ ਵੀ ਢਹਿੰਦੀ ਕਲਾ ਦਾ ਕਾਰਨ ਬਣ ਜਾਂਦਾ ਹੈ।
3. ਮੈਲਾਟੋਨਿਨ ਦਾ ਵੱਧ ਦੇਰ ਟਿਕਣਾ ਤੇ ਸਵੇਰੇ ਲੇਟ ਉੱਠਣਾ ਵੀ ਢਹਿੰਦੀ ਕਲਾ ਵੱਲ ਤੋਰ ਦਿੰਦਾ ਹੈ।
4. ਜੇ ਟੱਬਰ ਵਿਚ ਪਹਿਲਾਂ ਕਿਸੇ ਨੂੰ ਹੋਵੇ ਤਾਂ ਇਸ ਬੀਮਾਰੀ ਦਾ ਖ਼ਤਰਾ ਵੱਧ ਹੁੰਦਾ ਹੈ।
5. ਪਹਿਲਾਂ ਵੀ ਢਹਿੰਦੀ ਕਲਾ ਰਹਿੰਦੀ ਹੋਵੇ ਤਾਂ ਸਰਦੀਆਂ ਵਿਚ ਬੀਮਾਰੀ ਕਾਫੀ ਵੱਧ ਸਕਦੀ ਹੈ।
6. ਵਿਟਾਮਿਨ ਡੀ ਦੀ ਘਾਟ ਵੀ ਇਸ ਬੀਮਾਰੀ ਨੂੰ ਵਧਾ ਦਿੰਦੀ ਹੈ।
ਡਾਕਟਰ ਕੋਲ ਕਦੋਂ ਜਾਣਾ ਚਾਹੀਦਾ ਹੈ ?
1. ਕਈ ਦਿਨਾਂ ਤਕ ਢਹਿੰਦੀ ਕਲਾ ਮਹਿਸੂਸ ਹੁੰਦੀ ਰਹੇ
2. ਦੇਰ ਰਾਤ ਤਕ ਨੀਂਦਰ ਨਾ ਆਏ ਜਾਂ ਭੁੱਖ ਬਹੁਤ ਜ਼ਿਆਦਾ ਵੱਧ ਜਾਏ।
3. ਸਵੇਰੇ ਉੱਠਣ ਨੂੰ ਉੱਕਾ ਹੀ ਜੀਅ ਨਾ ਕਰੇ ਤੇ ਇਕੱਲੇ ਬਹਿਣ ਜਾਂ ਮਰਨ ਨੂੰ ਜੀਅ ਕਰੇ।
4. ਦੋਸਤਾਂ ਮਿੱਤਰਾਂ ਤੋਂ ਟੁੱਟੇ ਮਹਿਸੂਸ ਹੋਣਾ
5. ਵਾਧੂ ਸ਼ਰਾਬ ਪੀਣ ਜਾਂ ਨਸ਼ਾ ਕਰਨ ਲੱਗ ਪੈਣਾ
6. ਪੜ੍ਹਨ ਨੂੰ ਉੱਕਾ ਹੀ ਜੀਅ ਨਾ ਕਰਨਾ
7. ਖ਼ੁਦਕੁਸ਼ੀ ਦਾ ਖ਼ਿਆਲ ਮਨ ਅੰਦਰ ਆਉਣਾ
8. ਥਾਇਰਾਈਡ ਹਾਰਮੋਨਾਂ ਵਿਚ ਗੜਬੜੀ
ਇਲਾਜ :-
1. ਲਾਈਟ ਥੈਰਪੀ :-
ਇਸ ਵਿਚ ਇਕ ਖ਼ਾਸ ਡੱਬੇ ਤੋਂ ਕੁੱਝ ਫੁੱਟ ਦੂਰ ਸੁੱਤੇ ਉਠਦੇ ਬਿਠਾ ਦਿੱਤਾ ਜਾਂਦਾ ਹੈ ਜਿਸ ਵਿੱਚੋਂ ਵਾਧੂ ਰੌਸ਼ਨੀ ਆ ਰਹੀ ਹੋਵੇ। ਇਹ ਬਿਲਕੁਲ ਸੂਰਜੀ ਰੌਸ਼ਨੀ ਵਾਂਗ ਜਾਪਦੀ ਹੈ ਜਿਸ ਨਾਲ ਸਰੀਰ ਅੰਦਰ ਸਿਰੋਟੋਨਿਨ ਬਣਨ ਲੱਗ ਪੈਂਦੀ ਹੈ ਜੋ ਢਹਿੰਦੀ ਕਲਾ ਦੂਰ ਕਰ ਦਿੰਦੀ ਹੈ ਤੇ ਸਰੀਰ ਚੁਸਤ ਹੋ ਜਾਂਦਾ ਹੈ।
ਇਸ ਇਲਾਜ ਦਾ ਅਸਰ ਕੁੱਝ ਦਿਨਾਂ ਵਿਚ ਜਾਂ ਦੋ ਕੁ ਹਫ਼ਤੇ ਵਿਚ ਸ਼ੁਰੂ ਹੁੰਦਾ ਹੈ।
ਇਸ ਵਿਚ ਰੌਸ਼ਨੀ ਦੇ ਡੱਬੇ ਅੱਗੇ ਦੋ ਫੁੱਟ ਪਰ੍ਹਾਂ 20-60 ਮਿੰਟ ਤੱਕ ਬੈਠਣਾ ਹੁੰਦਾ ਹੈ। ਡੱਬੇ ਵਿਚਲੀ ਰੌਸ਼ਨੀ ਆਮ ਕਮਰੇ ਵਿਚਲੀ ਰੌਸ਼ਨੀ ਤੋਂ 20 ਗੁਣਾਂ ਵੱਧ ਤੇਜ਼ ਹੁੰਦੀ ਹੈ। ਪਹਿਲੇ ਕੁੱਝ ਦਿਨ ਸਿਰਫ਼ 10 ਤੋਂ 15 ਮਿੰਟ ਹੀ ਬੈਠਣਾ ਚਾਹੀਦਾ ਹੈ।
2. ਢਹਿੰਦੀ ਕਲਾ ਦੀਆਂ ਦਵਾਈਆਂ :-
ਇਹ ਸਿਰਫ਼ ਡਾਕਟਰੀ ਦੇਖ-ਰੇਖ ਹੇਠਾਂ ਹੀ ਲੈਣੀਆਂ ਚਾਹੀਦੀਆਂ ਹਨ, ਖ਼ਾਸ ਕਰ ਬੂਪਰੋਪੀਓਨ। ਕਈ ਮਰੀਜ਼ਾਂ ਵਿਚ ਇਹ ਕੁੱਝ ਸਾਲ ਸਰਦੀਆਂ ਸ਼ੁਰੂ ਹੁੰਦੇ ਸਾਰ ਦੇਣੀਆਂ ਪੈ ਜਾਂਦੀਆਂ ਹਨ।
3. ਸਾਈਕੋਥੈਰਪੀ :-
ਮਨੋਵਿਗਿਆਨੀ ਡਾਕਟਰ ਨਾਲ ਗੱਲਬਾਤ ਕਰ ਕੇ ਆਪਣੇ ਆਪ ਨੂੰ ਸਹਿਜ ਕੀਤਾ ਜਾ ਸਕਦਾ ਹੈ।
4. ਯੋਗ ਜਾਂ ਰੋਜ਼ਾਨਾ ਕਸਰਤ :-
ਹਫ਼ਤੇ ਵਿਚ ਪੰਜ ਦਿਨ ਰੋਜ਼ ਸਵੇਰੇ 40 ਮਿੰਟ ਦੀ ਕਸਰਤ ਕਰਨ ਨਾਲ ਢਹਿੰਦੀ ਕਲਾ ਕਾਫੀ ਹੱਦ ਤੱਕ ਠੀਕ ਹੋ ਜਾਂਦੀ ਹੈ।
5. ਗੀਤ ਸੰਗੀਤ ਵੀ ਇਲਾਜ ਵਜੋਂ ਵਰਤੇ ਜਾ ਚੁੱਕੇ ਹਨ।
6. ਧਿਆਨ ਲਾਉਣਾ (ਮੈਡੀਟੇਸ਼ਨ) ਵੀ ਕਈਆਂ ਲਈ ਠੀਕ ਰਹਿੰਦਾ ਹੈ।
7. ਘਰ ਦੇ ਆਲੇ-ਦੁਆਲੇ ਦੇ ਵੱਡੇ ਦਰਖਤ ਛਾਂਗ ਦੇਣੇ ਚਾਹੀਦੇ ਹਨ ਤਾਂ ਜੋ ਧੁੱਪ ਨਾ ਰੁਕੇ।
8. ਦਿਨ ਵੇਲੇ ਖਿੜਕੀਆਂ ਅੱਗੋਂ ਮੋਟੇ ਪਰਦੇ ਪਰ੍ਹਾਂ ਕਰ ਦੇਣੇ ਚਾਹੀਦੇ ਹਨ।
9. ਸਵੇਰੇ ਉੱਠਣ ਬਾਅਦ ਦੋ ਕੁ ਘੰਟੇ ਧੁੱਪੇ ਜ਼ਰੂਰ ਬੈਠਣਾ ਚਾਹੀਦਾ ਹੈ, ਜਾਂ ਉਸ ਖਿੜਕੀ ਕੋਲ ਜਿੱਥੋਂ ਪੂਰੀ ਰੌਸ਼ਨੀ ਅੰਦਰ ਆ ਰਹੀ ਹੋਵੇ।
10. ਬਹੁਤੀਆਂ ਤਲੀਆਂ ਚੀਜ਼ਾਂ ਤੇ ਸ਼ਰਾਬ ਤੋਂ ਪਰਹੇਜ਼ ਜ਼ਰੂਰੀ ਹੈ।
11. ਦੋਸਤਾਂ ਮਿੱਤਰਾਂ ਜਾਂ ਗਵਾਂਢੀਆਂ ਨਾਲ ਰੋਜ਼ ਗੱਲਬਾਤ ਕਰਨੀ ਜ਼ਰੂਰੀ ਹੈ।
12. ਜੇ ਹੋ ਸਕੇ ਤਾਂ ਸਰਦੀਆਂ ਦੀਆਂ ਛੁੱਟੀਆਂ ਵਿਚ ਦੋ ਚਾਰ ਦਿਨ ਕਿਸੇ ਗਰਮ ਥਾਂ ਉੱਤੇ ਘੁੰਮ ਆਉਣਾ ਚਾਹੀਦਾ ਹੈ।
13. ਵਿਟਾਮਿਨ ਡੀ ਜ਼ਰੂਰ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਹੈ।
14. ਦਫ਼ਤਰੀ ਕੰਮ ਕਾਰ ਤੋਂ ਛੁੱਟੀ ਨਹੀਂ ਲੈਣੀ ਚਾਹੀਦੀ ਤਾਂ ਜੋ ਰੂਟੀਨ ਬਣਿਆ ਰਹੇ।
15. ਸੰਤੁਲਿਤ ਖ਼ੁਰਾਕ ਲੈਣੀ ਜ਼ਰੂਰੀ ਹੈ। ਮਿੱਠਾ ਘੱਟ ਖਾਣਾ ਚਾਹੀਦਾ ਹੈ।
16. ਸੀਲੀਨੀਅਮ ਦੀ ਘਾਟ ਸਦਕਾ ਵੀ ਢਹਿੰਦੀ ਕਲਾ ਮਹਿਸੂਸ ਹੋ ਸਕਦੀ ਹੈ ਸੋ ਖੁੰਭਾਂ, ਸੂਰਜਮੁਖੀ ਦੇ ਬੀਜ, ਕਣਕ, ਰਾਗੀ, ਬਾਜਰਾ, ਗੰਢੇ ਆਦਿ ਖਾਂਦੇ ਰਹਿਣੇ ਚਾਹੀਦੇ ਹਨ।
17. ਸਭ ਤੋਂ ਵੱਡਾ ਨੁਕਤਾ ਹੈ-ਰੋਜ਼ 10 ਮਿੰਟ ਖਿੜਖਿੜਾ ਕੇ ਹੱਸਣਾ ਜ਼ਰੂਰ ਚਾਹੀਦਾ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783
ਕਿਤਾਬ ਪੜ੍ਹਨ ਲੱਗਿਆਂ ਦਿਮਾਗ਼ ਅੰਦਰ ਕੀ ਵਾਪਰਦਾ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.
ਕੁੱਝ ਖੋਜਾਂ ਬੜੀਆਂ ਮਜ਼ੇਦਾਰ ਹੁੰਦੀਆਂ ਹਨ। ਇਹੋ ਜਿਹੀ ਹੀ ਇਕ ਖੋਜ ਹੈ ਕਿਤਾਬਾਂ ਪੜ੍ਹਨ ਬਾਰੇ। ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਦਿਮਾਗ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਹਿਲਜੁਲ ਪੈਦਾ ਕਰਦੀਆਂ ਹਨ। ਸਟੈਨਫੋਰਡ ਯੂਨੀਵਰਸਿਟੀ ਵਿਚ ਲੋਕਾਂ ਨੂੰ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਨੂੰ ਦਿੱਤੀਆਂ ਗਈਆਂ ਤੇ ਨਾਲੋ-ਨਾਲ ਬਰੇਨ ਮੈਪਿੰਗ ਕੀਤੀ ਗਈ। ਇਹ ਵੇਖਣ ਵਿਚ ਆਇਆ ਕਿ ਗਿਆਨ ਭਰਪੂਰ ਸਾਹਿਤਕ ਕਿਤਾਬਾਂ ਪੜ੍ਹਨ ਵੇਲੇ ਦਿਮਾਗ਼ ਦੇ ਕਈ ਹਿੱਸੇ ਬੜੇ ਗੁੰਝਲਦਾਰ ਤਰੀਕੇ ਨਾਲ ਹਿਲਜੁਲ ਕਰਦੇ ਹਨ ਜਦ ਕਿ ਹਾਸੇ ਠੱਠੇ ਵਾਲੀਆਂ ਕਿਤਾਬਾਂ ਪੜ੍ਹਨ ਲੱਗਿਆਂ ਬਿਲਕੁਲ ਵੱਖ ਹਿੱਸਿਆਂ ਵਿਚ ਹਰਕਤ ਹੁੰਦੀ ਹੈ।
ਜਦੋਂ ਕੋਈ ਰੋਮਾਂਚਕ ਨਾਵਲ ਪੜ੍ਹਿਆ ਜਾਵੇ ਤਾਂ ਦਿਮਾਗ਼ ਪੂਰਾ ਚੁਸਤ ਹੋ ਜਾਂਦਾ ਹੈ। ਇਸ ਨਾਲ ਸਾਡੇ ਦਿਮਾਗ਼ ਦਾ ਇਕ ਪਾਸਾ ਆਪਣੇ ਆਪ ਹੀ ਪੜ੍ਹੀ ਜਾ ਰਹੀ ਮਜ਼ੇਦਾਰ ਗੱਲ ਦੇ ਹਿਸਾਬ ਨਾਲ ਤਸਵੀਰਾਂ ਬਣਾਉਣ ਲੱਗ ਪੈਂਦਾ ਹੈ ਤੇ ਪੜ੍ਹਨ ਵਾਲੇ ਨੂੰ ਇਉਂ ਜਾਪਦਾ ਹੈ ਜਿਵੇਂ ਉਹ ਉਸ ਨਾਵਲ ਜਾਂ ਲਿਖਤ ਦਾ ਹੀ ਇਕ ਪਾਤਰ ਹੋਵੇ।
ਮਿਸਾਲ ਵਜੋਂ, ''ਜਿਉਂ ਹੀ ਨਾਇਕ ਨੇ ਦਰਵਾਜ਼ਾ ਖੋਲ੍ਹਿਆ'', ਪੜ੍ਹਦੇ ਸਾਰ ਪੜ੍ਹਨ ਵਾਲੇ ਨੂੰ ਇੰਜ ਜਾਪਣ ਲੱਗ ਪੈਂਦਾ ਹੈ ਜਿਵੇਂ ਉਹ ਵੀ ਨਾਵਲ ਵਿਚਲੇ ਨਾਇਕ ਨਾਲ ਦਰਵਾਜ਼ੇ ਅੰਦਰ ਝਾਕਣ ਲੱਗਿਆ ਹੈ।
ਬਿਲਕੁਲ ਇੰਜ ਹੀ ਜਦੋਂ ਕੋਈ ਨਾਵਲ ਵਿੱਚੋਂ ਕਹਾਣੀ ਪੜ੍ਹ ਕੇ ਸੁਣਾਏ ਤਾਂ ਨਾ ਸਿਰਫ਼ ਦਿਮਾਗ਼ ਅੰਦਰ ਚਿੱਤਰ ਬਣਦੇ ਜਾਂਦੇ ਹਨ, ਬਲਕਿ ਦਿਮਾਗ਼ ਦਾ ਉਹ ਹਿੱਸਾ ਜੋ ਜ਼ਬਾਨ ਦੀ ਬਰੀਕੀ ਸਮਝਣ ਲਈ ਬਣਿਆ ਹੋਇਆ ਹੈ, ਉਸ ਵਿਚ ਵੀ ਤਰਥੱਲੀ ਮਚ ਜਾਂਦੀ ਹੈ ਤੇ ਉਹ ਨਵਾਂ ਸੁਣਿਆ ਕੋਈ ਅੱਖਰ ਝਟਪਟ ਡੀਕੋਡਿੰਗ ਕਰਨ ਵਿਚ ਜੁਟ ਜਾਂਦਾ ਹੈ। ਸਿਰਫ਼ ਇਹ ਹੀ ਨਹੀਂ, ਜਜ਼ਬਾਤਾਂ ਨੂੰ ਕੰਟਰੋਲ ਕਰਨ ਵਾਲੇ ਸੈਂਟਰ ਵਿਚ ਵੀ ਬਹੁਤ ਹਿਲਜੁਲ ਹੁੰਦੀ ਹੈ। ਨਾਇਕ ਨਾਲ ਹੀ ਹੱਸਣਾ, ਰੋਣਾ, ਭਾਵੁਕ ਹੋਣਾ, ਗੁੱਸੇ ਵਿਚ ਆ ਜਾਣਾ, ਆਈਸਕ੍ਰੀਮ ਜਾਂ ਹੋਰ ਖਾਣ ਵਾਲੀ ਚੀਜ਼ ਨੂੰ ਨਾਇਕ ਦੇ ਨਾਲ ਹੀ ਖਾਣ ਲਈ ਆਪਣਾ ਜੀਅ ਲਲਚਾਉਣਾ, ਆਦਿ ਹੋਣ ਲੱਗ ਪੈਂਦੇ ਹਨ।
ਰੋਮਾਂਚਕ ਨਾਵਲ ਵਿਚ ਪੜ੍ਹੀ ਜਾ ਰਹੀ ਗੱਲ ਸਾਡੀ ਸੋਚ ਤੇ ਭਾਵਨਾਵਾਂ ਉਜਾਗਰ ਕਰਨ ਵਾਲੇ ਸੈਂਟਰ ਵਿਚ ਵੀ ਵੜ ਜਾਂਦੀ ਹੈ ਕਿਉਂਕਿ ਉਸ ਹਿੱਸੇ ਵੱਲ ਅਨੇਕ ਤਰੰਗਾਂ ਜਾਂਦੀਆਂ ਵੇਖੀਆਂ ਗਈਆਂ ਹਨ। ਇਹੀ ਕਾਰਨ ਹੈ ਕਿ ਕਈ ਵਾਰ ਕਿਤਾਬਾਂ ਜਿੱਥੇ ਸਾਡੀ ਸੋਚ ਨੂੰ ਤਬਦੀਲ ਕਰ ਦਿੰਦੀਆਂ ਹਨ, ਉੱਥੇ ਸਾਡੀ ਲੰਮੇ ਸਮੇਂ ਤੱਕ ਟਿਕੀ ਰਹਿਣ ਵਾਲੀ ਯਾਦ ਦਾ ਹਿੱਸਾ ਵੀ ਬਣ ਜਾਂਦੀਆਂ ਹਨ।
ਸਟੈਨਫੋਰਡ ਯੂਨੀਵਰਸਿਟੀ ਦੀ ਖੋਜ ਵਿਚ ਇਹ ਸਾਬਤ ਹੋਇਆ ਹੈ ਕਿ ਵੱਖੋ-ਵੱਖ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨੀਆਂ ਬਹੁਤ ਜ਼ਰੂਰੀ ਹਨ ਕਿਉਂਕਿ ਗਿਆਨ ਵਧਾਉਣ ਵਾਲੀਆਂ ਕਿਤਾਬਾਂ ਨਾਲ ਦਿਮਾਗ਼ ਦੇ ਵੱਖ ਹਿੱਸੇ ਵਿਚ ਹਲਚਲ ਹੁੰਦੀ ਹੈ ਜਦਕਿ ਹਾਸੇ ਠੱਠੇ ਵਾਲੀ ਨਾਲ ਵੱਖਰੇ ਹਿੱਸੇ ਵਿਚ ਲਹੂ ਦਾ ਵਹਾਓ ਵੱਧਦਾ ਹੈ। ਇੰਜ ਹੀ ਬੁਝਾਰਤਾਂ ਵਾਲੀ ਨਾਲ ਦਿਮਾਗ਼ ਦੇ ਅਲੱਗ ਹਿੱਸੇ ਦੀ ਕਸਰਤ ਹੁੰਦੀ ਹੈ। ਯਾਨੀ ਇਹ ਸਮਝ ਲੈਣਾ ਚਾਹੀਦਾ ਹੈ ਕਿ ਕਿਤਾਬਾਂ ਪੜ੍ਹਨ ਦਾ ਮਤਲਬ ਹੈ ਦਿਮਾਗ਼ ਦੀ ਤਗੜੀ ਕਸਰਤ ਤੇ ਅਨੇਕ ਔਖੀਆਂ ਸਮਝਣ ਵਾਲੀਆਂ ਗੁੰਝਲਾਂ ਨੂੰ ਸੁਲਝਾਉਣ ਦੇ ਨਾਲ ਹੀ ਵਿਚਾਰਾਂ ਦਾ ਉਜਾਗਰ ਹੋਣਾ ਤੇ ਜਜ਼ਬਾਤਾਂ ਸਦਕਾ ਸੈੱਲਾਂ ਦਾ ਤੇਜ਼ੀ ਨਾਲ ਸੁੰਗੜਨਾ-ਫੈਲਣਾ।
ਸਵੀਡਨ ਦੀ ਲੁੰਡ ਯੂਨੀਵਰਸਿਟੀ ਵਿਚਲੀ ਖੋਜ :-
ਸਵੀਡਨ ਦੇ ਫੌਜੀਆਂ ਨੂੰ ਵੱਖੋ-ਵੱਖ ਜ਼ਬਾਨਾਂ ਸਿਖਾਉਣ ਸਮੇਂ ਉਨ੍ਹਾਂ ਦੇ ਦਿਮਾਗ਼ ਦੇ ਸਕੈਨ ਕੀਤੇ ਗਏ। ਜਿੰਨੀਆਂ ਜ਼ਿਆਦਾ ਕਿਤਾਬਾਂ ਪੜ੍ਹੀਆਂ ਗਈਆਂ, ਓਨਾ ਹੀ ਉਨ੍ਹਾਂ ਦੇ ਦਿਮਾਗ਼ ਵਿਚਲੇ ਹਿੱਪੋਕੈਂਪਸ ਤੇ ਸੈਰੇਬਰਲ ਕੌਰਟੈਕਸ ਹਿੱਸੇ ਵੱਧ ਵਿਕਸਿਤ ਹੋਏ ਲੱਭੇ। ਸਿਰਫ਼ ਤਿੰਨ ਮਹੀਨਿਆਂ ਦੀ ਪੜ੍ਹਾਈ ਨਾਲ ਹੀ ਦਿਮਾਗ਼ ਦੇ ਹਿੱਸਿਆਂ ਦਾ ਏਨਾ ਜ਼ਿਆਦਾ ਵਿਕਾਸ ਹੋਣਾ ਆਪਣੇ ਆਪ ਹੀ ਸਪਸ਼ਟ ਕਰ ਦਿੰਦਾ ਹੈ ਕਿ ਲੰਮੇ ਸਮੇਂ ਤਕ ਦਿਮਾਗ਼ ਚੁਸਤ ਦਰੁਸਤ ਤੇ ਤੰਦਰੁਸਤ ਰੱਖਣ ਲਈ ਕਿਤਾਬਾਂ ਹਰ ਹਾਲ ਪੜ੍ਹਨੀਆਂ ਚਾਹੀਦੀਆਂ ਹਨ।
ਈ-ਕਿਤਾਬਾਂ (ਕਿੰਡਲ) :-
ਅੱਜ ਕਲ ਬਹੁਤ ਜਣੇ ਆਪਣੇ ਮੋਬਾਈਲ ਜਾਂ ਕੰਪਿਊਟਰ ਉੱਤੇ ਹੀ ਪੜ੍ਹਨਾ ਚਾਹੁੰਦੇ ਹਨ। ਜਿਨ੍ਹਾਂ ਨੇ ਕਦੇ ਕੰਪਿਊਟਰ ਉੱਤੇ ਕੰਮ ਨਾ ਕੀਤਾ ਹੋਵੇ, ਉਹ ਵੀ ਸੱਤ ਦਿਨਾਂ ਦੇ ਅੰਦਰ-ਅੰਦਰ ਇਸ ਨੂੰ ਸਿਖ ਸਕਦੇ ਹਨ। ਈ-ਕਿਤਾਬਾਂ ਨੂੰ ਪੜ੍ਹਨ ਦਾ ਭਾਵੇਂ ਰਿਵਾਜ਼ ਬਣ ਗਿਆ ਹੋਵੇ ਪਰ ਖੋਜਾਂ ਰਾਹੀਂ ਪਤਾ ਲੱਗਿਆ ਹੈ ਕਿ ਇਸ ਨਾਲ ਅੱਖਾਂ ਉੱਤੇ ਜ਼ਿਆਦਾ ਜ਼ੋਰ ਪੈਂਦਾ ਹੈ ਤੇ ਤੇਜ਼ ਰੌਸ਼ਨੀ ਨਾਲ ਅੱਖਾਂ ਅੰਦਰਲੀ ਪਰਤ ਉੱਤੇ ਵੀ ਅਸਰ ਪੈਂਦਾ ਹੈ। ਏਸੇ ਲਈ ਈ-ਕਿਤਾਬਾਂ ਪੜ੍ਹਦਿਆਂ ਅੱਖਾਂ ਦੀ ਛੇਤੀ ਥਕਾਵਟ ਹੋ ਜਾਂਦੀ ਹੈ।
ਸਿਰਫ਼ ਅੱਖਾਂ ਦੀ ਥਕਾਵਟ ਹੀ ਨਹੀਂ, ਇਸ ਨਾਲ ਦਿਮਾਗ਼ ਅੰਦਰ 'ਸਪੇਸ਼ੀਅਲ ਨੈਵੀਗੇਬਿਲਟੀ' ਵੀ ਨਹੀਂ ਬਣਦੀ। ਇਨਸਾਨੀ ਦਿਮਾਗ਼ ਵਧੀਆ ਨਕਸ਼ੇ ਬਣਾਉਣ ਵਿਚ ਮਾਹਿਰ ਹੁੰਦਾ ਹੈ। ਕਿਤਾਬ ਕਿੰਨੀ ਰਹਿੰਦੀ ਹੈ, ਕਿਵੇਂ ਕਿਸੇ ਜ਼ਰੂਰੀ ਕੰਮ ਨੂੰ ਕਰਨ ਲਈ ਉੱਠਣ ਸਮੇਂ ਝਟਪਟ ਪੰਨੇ 'ਚ ਨਿਸ਼ਾਨੀ ਟਿਕਾਉਣੀ ਹੈ, ਕਿਹੜਾ ਪੰਨਾ ਵਾਪਸ ਪਲਟਦੇ ਸਾਰ ਉਹੀ ਗੱਲ ਦੁਬਾਰਾ ਪੜ੍ਹਨੀ ਹੈ, ਵਰਗੀ ਗੱਲ ਈ-ਕਿਤਾਬ ਵਿਚ ਹੋ ਨਹੀਂ ਸਕਦੀ ਤੇ ਨਾ ਹੀ ਉਸ ਤੋਂ ਪੜ੍ਹਦਿਆਂ ਉਸਦੇ ਬਚੇ ਹੋਏ ਪੰਨਿਆਂ ਬਾਰੇ ਦਿਮਾਗ਼ ਵਿਚ ਨਕਸ਼ਾ ਬਣਦਾ ਹੈ। ਇਸੇ ਲਈ ਜਿੰਨਾ ਆਨੰਦ ਦਿਮਾਗ਼ ਕਿਤਾਬ ਪੜ੍ਹਦਿਆਂ ਲੈਂਦਾ ਹੈ, ਓਨਾ ਲਹੂ ਦਾ ਵਹਾਓ ਦਿਮਾਗ਼ ਦੇ ਵੱਖੋ-ਵੱਖ ਹਿੱਸਿਆਂ ਵਿਚ ਈ-ਕਿਤਾਬ ਪੜ੍ਹਦਿਆਂ ਨਹੀਂ ਦਿਸਦਾ।
ਕੁੱਝ ਈ-ਕਿਤਾਬਾਂ ਵਿਚ ਪੰਨਿਆਂ ਦੇ ਨੰਬਰ ਤੇ ਪੰਨੇ ਪਲਟਨ ਦਾ ਇਹਸਾਸ ਉਨ੍ਹਾਂ ਨੂੰ ਅਸਲ ਕਾਗਜ਼ ਦੀਆਂ ਕਿਤਾਬਾਂ ਵਾਂਗ ਹੀ ਮਹਿਸੂਸ ਕਰਵਾ ਦਿੰਦਾ ਹੈ ਪਰ ਫਿਰ ਵੀ ਦਿਮਾਗ਼ ਅੰਦਰ ਓਨੀ ਲਹੂ ਦੀ ਰਵਾਨੀ ਨਹੀਂ ਹੁੰਦੀ ਲੱਭੀ ਜਿੰਨੀ ਕਾਗਜ਼ ਦੀਆਂ ਕਿਤਾਬਾਂ ਨਾਲ ਹੁੰਦੀ ਲੱਭੀ ਗਈ ਹੈ।
ਕਿਤਾਬਾਂ ਪੜ੍ਹਨ ਨਾਲ ਦਿਮਾਗ਼ ਦੀ ਸੋਚਣ ਸਮਝਣ ਦੀ ਤਾਕਤ ਕਿਵੇਂ ਵੱਧਦੀ ਹੈ?
ਹਰ ਕਹਾਣੀ ਦਾ ਇੱਕ ਸ਼ੁਰੂ, ਇੱਕ ਮੱਧ ਤੇ ਇੱਕ ਅੰਤ ਹੁੰਦਾ ਹੈ। ਏਸੇ ਤਰਜ਼ ਉੱਤੇ ਦਿਮਾਗ਼ ਕਹਾਣੀ ਦੇ ਸ਼ੁਰੂ ਤੋਂ ਹੀ ਆਪਣੇ ਆਪ ਕੁੱਝ ਅੰਦਾਜ਼ੇ ਲਾਉਣ ਲੱਗ ਪੈਂਦਾ ਹੈ। ਇਨ੍ਹਾਂ ਅੰਦਾਜ਼ਿਆਂ ਦੌਰਾਨ ਦਿਮਾਗ਼ ਇਕ ਕ੍ਰਮ ਵਿਚ ਸੋਚਣਾ ਸਿੱਖਦਾ ਹੈ। ਫੇਰ ਦੋ ਸੋਚਾਂ ਨੂੰ ਜੋੜਨਾ ਤੇ ਉਸ ਵਿੱਚੋਂ ਨਿਚੋੜ ਕੱਢਣਾ। ਜਿੰਨਾ ਜ਼ਿਆਦਾ ਪੜ੍ਹਿਆ ਜਾਵੇ, ਓਨਾ ਹੀ ਦਿਮਾਗ਼ ਆਪਣੇ ਜੋੜ ਵਧਾਉਣ ਲੱਗ ਪੈਂਦਾ ਹੈ।
ਏਸੇ ਲਈ ਬੱਚਿਆਂ ਨੂੰ ਲਾਇਕ ਬਣਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਵੱਧ ਤੋਂ ਵੱਧ ਕਹਾਣੀਆਂ ਕਿਤਾਬਾਂ ਵਿੱਚੋਂ ਪੜ੍ਹ ਕੇ ਸੁਣਾਈਆਂ ਜਾਣ। ਇੰਜ ਉਨ੍ਹਾਂ ਦੇ ਦਿਮਾਗ਼ ਦੀ ਲਚਕ ਵਧਦੀ ਹੈ ਤੇ ਯਾਦਾਸ਼ਤ ਦਾ ਸੈਂਟਰ ਵੀ ਵੱਡਾ ਹੋ ਜਾਂਦਾ ਹੈ।
ਇਹ ਵੀ ਖੋਜਾਂ ਰਾਹੀਂ ਸਿੱਧ ਹੋ ਚੁੱਕਿਆ ਹੈ ਕਿ ਕਹਾਣੀਆਂ ਦੀਆਂ ਕਿਤਾਬਾਂ ਪੜ੍ਹਨ ਨਾਲ ਬੱਚਿਆਂ ਦੇ ਧਿਆਨ ਲਾਉਣ ਵਿਚ ਵਾਧਾ ਹੋ ਜਾਂਦਾ ਹੈ ਤੇ ਉਹ ਟਿਕ ਕੇ ਬਹਿਣ ਲੱਗ ਪੈਂਦੇ ਹਨ।
ਕੀ ਦਿਮਾਗ਼ ਦੀ ਬਣਤਰ ਵਿਚ ਵੀ ਫ਼ਰਕ ਪੈਂਦਾ ਹੈ?
ਕੁੱਝ ਖੋਜਾਂ ਦੌਰਾਨ ਅਜਿਹੇ ਬੰਦੇ ਲੱਭੇ ਗਏ ਜੋ ਬਿਲਕੁਲ ਕਿਤਾਬਾਂ ਨਹੀਂ ਸਨ ਪੜ੍ਹਦੇ। ਉਨ੍ਹਾਂ ਸਾਰਿਆਂ ਨੂੰ ਛੇ ਮਹੀਨੇ ਲਗਾਤਾਰ ਮਿਹਨਤ ਕਰ ਕੇ ਪੜ੍ਹਨ ਦੀ ਆਦਤ ਪਾਈ ਗਈ। ਜਦੋਂ ਸਭ ਦੀ ਪੜ੍ਹਨ ਵਿਚ ਰੁਚੀ ਪੈਦਾ ਹੋ ਗਈ ਤਾਂ ਉਨ੍ਹਾਂ ਦੇ ਪਹਿਲੇ ਦੇ ਅਤੇ ਬਾਅਦ ਦੇ ਦਿਮਾਗ਼ ਦੀ ਕੀਤੀ ਮੈਪਿੰਗ ਵਿਚਲਾ ਫਰਕ ਲੱਭਿਆ ਗਿਆ।
ਨਤੀਜੇ ਸਨ, ਕਿ 83 ਫੀਸਦੀ ਦੇ ਦਿਮਾਗ਼ਾਂ ਦੇ 'ਵਾਈਟ ਮੈਟਰ' ਵਿਚ ਕਾਫ਼ੀ ਵਾਧਾ ਹੋਇਆ ਲੱਭਿਆ। ਇਸ ਵਿੱਚੋਂ ਵੀ 'ਲੈਂਗੂਏਜ ਜ਼ੋਨ' ਹਿੱਸਾ ਕਾਫ਼ੀ ਫੈਲਿਆ ਹੋਇਆ ਲੱਭਿਆ। ਯਾਨੀ ਬੰਦੇ ਨੂੰ ਨਵੇਂ ਲਫ਼ਜ਼ ਚੁਣਨ, ਲੱਭਣ, ਸੋਚਣ, ਜੋੜਨ, ਤੋੜਨ ਤੇ ਹੋਰ ਜ਼ਬਾਨਾਂ ਵਿਚ ਸਾਂਝ ਗੰਢਣ ਵਿਚ ਆਸਾਨੀ ਹੋ ਗਈ।
ਇੰਜ ਸਪਸ਼ਟ ਹੋ ਗਿਆ ਕਿ ਕਿਤਾਬਾਂ ਪੜ੍ਹਨ ਨਾਲ ਜਾਣਕਾਰੀ ਤਾਂ ਵਧਦੀ ਹੀ ਹੈ, ਜ਼ਬਾਨ ਵਿਚ ਮਹਾਰਤ ਵੀ ਵਧਦੀ ਹੈ ਤੇ ਦਿਮਾਗ਼ ਆਪਣੀਆਂ ਨਵੀਆਂ ਕਾਢਾਂ ਕੱਢਣ ਤੇ ਹੋਰ ਸਿੱਖਣ ਦੀ ਚਾਹ ਸਦਕਾ ਵੱਡੀ ਉਮਰ ਤੱਕ ਸੁੰਗੜਦਾ ਨਹੀਂ ਤੇ ਤਰੋਤਾਜ਼ਾ ਰਹਿੰਦਾ ਹੈ।
ਸਹਿਨਸ਼ੀਲਤਾ ਤੇ ਕਿਸੇ ਦੀ ਖਿੱਚ ਦਾ ਕਾਰਨ ਬਣਨਾ :-
ਜਿੰਨੀਆਂ ਵੱਧ ਕਿਤਾਬਾਂ ਪੜ੍ਹਦੇ ਰਹੋ ਓਨਾ ਹੀ ਦਿਮਾਗ਼ ਹੌਲੀ-ਹੌਲੀ ਸਹਿਨਸ਼ੀਲ ਹੁੰਦਾ ਜਾਂਦਾ ਹੈ ਤੇ ਆਪਣੇ ਗਿਆਨ ਦੇ ਆਧਾਰ ਉੱਤੇ ਦੂਜੇ ਨੂੰ ਕੀਲ ਲੈਣ ਦੀ ਸਮਰੱਥਾ ਵੱਧ ਜਾਂਦੀ ਹੈ।
ਕਹਾਣੀ ਵਿਚਲੇ ਕਿਰਦਾਰ ਨਾਲ ਜੁੜਨਾ ਤੇ ਉਸ ਪ੍ਰਤੀ ਤਰਸ ਦੀ ਭਾਵਨਾ ਉਜਾਗਰ ਹੋਣੀ ਜਾਂ ਉਸ ਨਾਲ ਹੁੰਦੀਆਂ ਵਧੀਕੀਆਂ ਦੇ ਵਿਰੁੱਧ ਆਵਾਜ਼ ਚੁੱਕਣ ਦਾ ਹੀਆ ਕਰਨਾ ਤੇ ਜੁਰਮ ਕਰਨ ਵਾਲੇ ਦਾ ਵਿਰੋਧ ਕਰਨ ਦੀ ਚਿੰਗਾਰੀ ਪੈਦਾ ਹੋਣੀ ਜਾਂ ਲੀਡਰ ਬਣ ਕੇ ਸਮਾਜ ਸੁਧਾਰਨ ਦਾ ਜ਼ਿੰਮਾ ਚੁੱਕਣਾ ਵਰਗੇ ਵਿਚਾਰ ਕਿਤਾਬਾਂ ਪੜ੍ਹਨ ਤੋਂ ਬਾਅਦ ਬੜੇ ਤਰਤੀਬਵਾਰ ਤਰੀਕੇ ਨਾਲ ਸ਼ੁਰੂ ਹੁੰਦੇ ਹਨ।
ਗਿਆਨਵਾਨ, ਸੂਝਵਾਨ, ਚਿੰਤਕ ਜਾਂ ਖੋਜੀ ਸੁਭਾਓ, ਇਹ ਸਾਰੇ ਹੀ ਕਿਤਾਬਾਂ ਪੜ੍ਹਨ ਨਾਲ ਕਿਸੇ ਦੀ ਸ਼ਖ਼ਸੀਅਤ ਵਿਚ ਦਿਸ ਸਕਦੇ ਹਨ। ਇਸ ਤਰ੍ਹਾਂ ਦੀ ਸ਼ਖ਼ਸੀਅਤ ਵਾਲੇ ਦੇ ਦਿਮਾਗ਼ ਦੇ ਸ਼ਬਦਕੋਸ਼ ਵਿੱਚੋਂ ਢੁਕਵੇਂ ਤੇ ਲੋੜੀਂਦੇ ਸ਼ਬਦ ਲੋੜ ਪੈਣ ਉੱਤੇ ਸੌਖਿਆਂ ਹੀ ਉਘਾੜੇ ਜਾ ਸਕਦੇ ਹਨ।
ਅੱਜ ਦੀ ਪੀੜ੍ਹੀ ਕਿਤਾਬਾਂ ਤੋਂ ਦੂਰੀ ਵਧਾ ਰਹੀ ਹੈ। ਮੋਬਾਈਲ ਤੇ ਇੰਟਰਨੈੱਟ ਵੱਲ ਵਧਦਾ ਝੁਕਾਓ ਦਿਮਾਗ਼ ਨੂੰ ਸਹਿਜ ਕਰਨ ਦੀ ਥਾਂ ਭੜਕਾਊ ਵਿਚਾਰ ਤੇ ਘਬਰਾਹਟ ਨਾਲ ਭਰ ਦਿੰਦੇ ਹਨ। ਇਹੀ ਕਾਰਨ ਹੈ ਕਿ ਸਹਿਨਸ਼ੀਲਤਾ ਘੱਟਦੀ ਜਾ ਰਹੀ ਹੈ ਤੇ ਜੁਰਮ ਵਧਦਾ ਜਾ ਰਿਹਾ ਹੈ।
ਜੇ ਸਮਾਜ ਬਿਹਤਰ ਬਣਾਉਣਾ ਹੈ ਤਾਂ ਬੱਚਿਆਂ ਤੇ ਨੌਜਵਾਨਾਂ ਵਿਚ ਪੜ੍ਹਨ ਦੀ ਰੁਚੀ ਵਧਾਉਣੀ ਪੈਣੀ ਹੈ।
ਉਸ ਵਾਸਤੇ ਕੀ ਕੀਤਾ ਜਾਵੇ?
1. ਹਰ ਛੋਟੇ ਬੱਚੇ ਨੂੰ ਖਿਡੌਣਿਆਂ ਦੇ ਨਾਲ ਕਹਾਣੀਆਂ ਦੀਆਂ ਕਿਤਾਬਾਂ ਵੀ ਦੇਣੀਆਂ ਜ਼ਰੂਰੀ ਹਨ ਤੇ ਉਨ੍ਹਾਂ ਨੂੰ ਕਹਾਣੀਆਂ ਪੜ੍ਹ ਕੇ ਸੁਣਾਉਣੀਆਂ ਚਾਹੀਦੀਆਂ ਹਨ।
2. ਬੱਚੇ ਨੂੰ ਇਨਾਮ ਦੇਣ ਸਮੇਂ ਕਿਤਾਬਾਂ ਦੇਣੀਆਂ ਚਾਹੀਦੀਆਂ ਹਨ।
3. ਸਕੂਲਾਂ ਵਿਚ ਬੱਚਿਆਂ ਨੂੰ ਹਰ ਹਫ਼ਤੇ ਵਿਚ ਦੋ ਵਾਰ ਲਾਇਬਰੇਰੀ ਦੇ ਪੀਰੀਅਡ ਦੌਰਾਨ ਨਾਵਲ ਜਾਂ ਕਹਾਣੀਆਂ ਪੜ੍ਹ ਕੇ ਉਨ੍ਹਾਂ ਦਾ ਸਾਰ ਲਿਖਣ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
4. ਸਕੂਲ ਵਿੱਚੋਂ ਘਰ ਦੇ ਲਈ ਦਿੱਤੇ ਕੰਮ ਵਿਚ ਕੋਈ ਨਾ ਕੋਈ ਕਿਤਾਬ ਦੇ ਕਿਸੇ ਚੈਪਟਰ ਨੂੰ ਪੜ੍ਹ ਕੇ ਆਉਣ ਅਤੇ ਉਸ ਬਾਰੇ ਅਗਲੇ ਦਿਨ ਕਲਾਸ ਵਿਚ ਸਵਾਲ ਜਵਾਬ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।
5. ਬਸਾਂ, ਗੱਡੀਆਂ ਵਿਚ ਇਕ ਖ਼ਾਨਾ ਕਿਤਾਬਾਂ ਦਾ ਹੋਣਾ ਜ਼ਰੂਰੀ ਹੈ ਤਾਂ ਜੋ ਸਫ਼ਰ ਦੌਰਾਨ ਕਿਤਾਬਾਂ ਪੜ੍ਹੀਆਂ ਜਾ ਸਕਣ।
6. ਪਬਲਿਕ ਥਾਵਾਂ ਉੱਤੇ ਛੋਟੀਆਂ ਅਲਮਾਰੀਆਂ ਵਿਚ ਕਿਤਾਬਾਂ ਰਖਣੀਆਂ ਚਾਹੀਦੀਆਂ ਹਨ ਤਾਂ ਜੋ ਚਲਦੀਆਂ ਫਿਰਦੀਆਂ ਲਾਇਬਰੇਰੀਆਂ ਹੋਂਦ ਵਿਚ ਆ ਸਕਣ।
7. ਜਨਮ ਦਿਨ ਤੇ ਵਿਆਹਾਂ ਦੇ ਸਮਾਗ਼ਮਾਂ ਵਿਚ ਵੀ ਵਧੀਆ ਕਿਤਾਬਾਂ ਹੀ ਸੁਗ਼ਾਤ ਵਜੋਂ ਦੇਣੀਆਂ ਚਾਹੀਦੀਆਂ ਹਨ।
8. ਨਿੱਕੇ ਬੱਚਿਆਂ ਲਈ ਖ਼ੂਬਸੂਰਤ ਚਿਤਰਾਂ ਵਾਲੀਆਂ ਪਲਾਸਟਿਕ ਦੇ ਪੰਨਿਆਂ ਵਾਲੀਆਂ ਕਿਤਾਬਾਂ ਬਜ਼ਾਰ ਵਿਚ ਮਿਲਣੀਆਂ ਚਾਹੀਦੀਆਂ ਹਨ ਤਾਂ ਜੋ ਬੱਚਾ ਹਰ ਸਮੇਂ ਖਿਡੌਣੇ ਵਾਂਗ ਉਨ੍ਹਾਂ ਨੂੰ ਜੱਫੀ ਵਿਚ ਲੈ ਕੇ ਫਿਰਦਾ ਰਹੇ।
9. ਬੱਚਿਆਂ ਦੇ ਕਮਰੇ ਵਿਚ ਛੋਟੀ ਅਲਮਾਰੀ ਵਿਚ ਕਿਤਾਬਾਂ ਦੀ ਲਾਇਬਰੇਰੀ ਬਣਾ ਦੇਣੀ ਚਾਹੀਦੀ ਹੈ।
ਜੇ ਕਿਤਾਬਾਂ ਦੀ ਅਹਿਮੀਅਤ ਸਮਝ ਆ ਗਈ ਹੋਵੇ ਤਾਂ ਸਾਨੂੰ ਅੱਜ ਤੋਂ ਹੀ ਆਪਣੀ ਆਦਤ ਬਦਲ ਲੈਣੀ ਚਾਹੀਦੀ ਹੈ ਤੇ ਟੀ.ਵੀ., ਇੰਟਰਨੈੱਟ, ਮੋਬਾਈਲ ਦੀ ਵਰਤੋਂ ਘਟਾ ਕੇ ਕੁੱਝ ਸਮਾਂ ਕਿਤਾਬਾਂ ਪੜ੍ਹਨ ਵੱਲ ਵੀ ਲਾਉਣਾ ਚਾਹੀਦਾ ਹੈ। ਇਕ ਵਿਦਵਾਨ ਨੇ ਕਿਹਾ ਸੀ ਕਿ ''ਲਿਟਰੇਸੀ ਇਜ਼ ਏ ਬਰਿੱਜ ਫਰੌਮ ਮਿਜ਼ਰੀ ਟੂ ਹੋਪ''। ਸਚਮੁਚ ਉਮੀਦ ਦੀ ਕਿਰਨ ਜਗਾਉਣ ਵਾਲੀ ਕਿਤਾਬ ਨਾ ਸਿਰਫ਼ ਦਿਮਾਗ਼ ਅੰਦਰਲੇ ਹਨ੍ਹੇਰੇ ਨੂੰ ਦੂਰ ਕਰ ਕੇ ਚਾਨਣ ਕਰ ਦਿੰਦੀ ਹੈ, ਬਲਕਿ ਸਮਾਜ ਨੂੰ ਬਿਹਤਰ ਬਣਾਉਣ ਵਿਚ ਵੀ ਮਦਦ ਕਰਦੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783
21 Jan. 2019
ਪਲਾਸਟਿਕ ਦਾ ਕਹਿਰ - ਡਾ. ਹਰਸ਼ਿੰਦਰ ਕੌਰ, ਐਮ. ਡੀ.
ਇਨ੍ਹਾਂ ਤੱਥਾਂ ਵੱਲ ਧਿਆਨ ਕਰੀਏ :-
1. ਪੂਰੀ ਦੁਨੀਆ ਵਿਚ ਹਰ ਮਿੰਟ ਵਿਚ 10 ਲੱਖ ਪਲਾਸਟਿਕ ਦੀਆਂ ਬੋਤਲਾਂ ਖਰੀਦੀਆਂ ਜਾ ਰਹੀਆਂ ਹਨ।
2. ਪੂਰੀ ਦੁਨੀਆ ਵਿਚ ਬਣ ਰਹੇ ਤੇ ਵਿਕ ਰਹੇ ਪਲਾਸਟਿਕ ਵਿੱਚੋਂ ਲਗਭਗ ਅੱਧੇ ਤੋਂ ਰਤਾ ਕੁ ਵੱਧ ਇਕ ਵਾਰ ਵਰਤ ਕੇ ਸੁੱਟਣ ਵਾਲਾ ਹੁੰਦਾ ਹੈ।
3. ਇਕੱਲੇ ਭਾਰਤ ਵਿਚ ਲਗਭਗ 4000 ਕਰੋੜ ਪਾਣੀ ਕੋਕ ਜਾਂ ਜੂਸ ਪੀਣ ਵਾਲੇ ਸਟਰਾਅ ਹਰ ਸਾਲ ਵਰਤੇ ਜਾਂਦੇ ਹਨ।
4. ਦੁਨੀਆ ਭਰ ਵਿਚ ਹਰ ਮਿੰਟ ਵਿਚ 10 ਲੱਖ ਤੋਂ ਵੱਧ ਪਲਾਸਟਿਕ ਦੇ ਲਿਫ਼ਾਫੇ ਵਿਕ ਰਹੇ ਹਨ।
5. ਲਗਭਗ 80 ਫੀਸਦੀ ਤੋਂ ਵੱਧ ਟੂਟੀਆਂ ਵਿਚ ਆਉਂਦੇ ਪਾਣੀ ਵਿਚ ਵੀ ਮਾਈਕਰੋਪਲਾਸਟਿਕ ਲੱਭਿਆ ਗਿਆ ਹੈ। ਭਾਰਤ ਇਸ ਲਿਸਟ ਵਿਚ ਤੀਜੇ ਨੰਬਰ ਉੱਤੇ ਹੈ। ਇਸ ਨੂੰ ਕੈਂਸਰ ਤੇ ਮੋਟਾਪੇ ਦਾ ਇਕ ਕਾਰਣ ਮੰਨ ਲਿਆ ਗਿਆ ਹੈ।
6. ਲਗਭਗ 380 ਮਿਲੀਅਨ ਟਨ ਪਲਾਸਟਿਕ ਹਰ ਸਾਲ ਪੂਰੀ ਦੁਨੀਆ ਵਿਚ ਬਣਾਇਆ ਜਾ ਰਿਹਾ ਹੈ।
7. ਪੂਰੀ ਦੁਨੀਆ ਵਿਚ ਸੰਨ 1950 ਤੋਂ 2018 ਤੱਕ 6.3 ਬਿਲੀਅਨ ਟਨ ਪਲਾਸਟਿਕ ਬਣਾਇਆ ਜਾ ਚੁੱਕਿਆ ਹੈ ਜਿਸ ਵਿੱਚੋਂ 9 ਫੀਸਦੀ ਦੁਬਾਰਾ ਵਰਤਿਆ ਜਾ ਰਿਹਾ ਹੈ ਤੇ 12 ਫੀਸਦੀ ਨੂੰ ਅੱਗ ਲਾ ਦਿੱਤੀ ਜਾਂਦੀ ਹੈ।
8. ਇਕੱਲੇ ਇੰਗਲੈਂਡ ਵਿਚ 5 ਮਿਲੀਅਨ ਟਨ ਪਲਾਸਟਿਕ ਹਰ ਸਾਲ ਵਰਤਿਆ ਜਾਂਦਾ ਹੈ ਜਿਸ ਵਿੱਚੋਂ ਇਕ ਚੌਥਾਈ ਦੁਬਾਰਾ ਵਰਤਿਆ ਜਾਂਦਾ ਹੈ ਤੇ ਬਾਕੀ ਦੇ ਨਾਲ ਧਰਤੀ ਵਿਚਲੀ ਡੂੰਘੀ ਥਾਂ ਭਰ ਦਿੱਤੀ ਜਾਂਦੀ ਹੈ।
9. ਸਮੁੰਦਰੀ ਜੀਵਾਂ ਵਿੱਚੋਂ 90 ਫੀਸਦੀ ਦੇ ਨੇੜੇ ਤੇੜੇ ਦੇ ਸਰੀਰਾਂ ਵਿਚ ਪਲਾਸਟਿਕ ਦੇ ਅੰਸ਼ ਲੱਭ ਚੁੱਕੇ ਹਨ।
10. ਬੰਗਲਾਦੇਸ ਵਿਚ ਹੋਈ ਖੋਜ ਰਾਹੀਂ ਸਾਬਤ ਹੋਇਆ ਹੈ ਕਿ ਪਲਾਸਟਿਕ ਵਿਚ ਬਿਸਫਿਨੋਲ
ਏ, ਐਂਟੀਮਿਨੀ ਟਰਾਈਓਕਸਾਈਡ, ਬਰੋਮੀਨੇਟਿਡ ਫਲੇਮ ਰਿਟਾਰਡੈਂਟ, ਪੌਲੀ ਫਲੋਰੀਨੇਟਿਡ ਕੈਮੀਕਲ ਤੱਤ, ਆਦਿ ਜੋ ਅੱਖਾਂ ਵਿਚ ਰੜਕ, ਨਜ਼ਰ ਦਾ ਘਟਣਾ, ਸਾਹ ਦੀਆਂ ਤਕਲੀਫ਼ਾਂ, ਜਿਗਰ ਵਿਚ ਨੁਕਸ, ਕੈਂਸਰ, ਚਮੜੀ ਦੇ ਰੋਗ, ਸਿਰ ਪੀੜ, ਚੱਕਰ, ਜਮਾਂਦਰੂ ਨੁਕਸ, ਸ਼ਕਰਾਣੂਆਂ ਵਿਚ ਕਮੀ, ਦਿਲ ਦੇ ਰੋਗ, ਜੀਨ ਵਿਚ ਨੁਕਸ, ਅੰਤੜੀਆਂ ਵਿਚ ਨੁਕਸ, ਆਦਿ ਕਰ ਸਕਦੇ ਹਨ।
11. ਸਾਬਤ ਹੋ ਚੁੱਕਿਆ ਹੈ ਕਿ ਇਕ ਛੋਟਾ ਪਲਾਸਟਿਕ ਦਾ ਕੱਪ 50 ਸਾਲਾਂ ਵਿਚ ਗਲਦਾ ਹੈ, ਇਕ ਪਲਾਸਟਿਕ ਦੀ ਠੰਡੇ ਦੀ ਬੋਤਲ ਨੂੰ 400 ਸਾਲ ਲੱਗਦੇ ਹਨ ਤੇ ਪਲਾਸਟਿਕ ਦੇ ਇਕ ਵਾਰ ਵਰਤੇ ਜਾਣ ਵਾਲੇ ਬੱਚੇ ਦੇ ਨੈਪੀ 450 ਸਾਲਾਂ ਵਿਚ ਖੁਰਦੇ ਹਨ ਜਦਕਿ ਮੱਛੀ ਫੜਨ ਵਾਲੀ ਪਲਾਸਟਿਕ ਦੀ ਤਾਰ ਨੂੰ ਮਿੱਟੀ ਵਿਚ ਘੁਲ ਕੇ ਖ਼ਤਮ ਹੋਣ ਵਿਚ 600 ਸਾਲ ਲੱਗ ਜਾਂਦੇ ਹਨ।
12. ਧਰਤੀ ਵਿਚ ਰਲਦੇ ਪਲਾਸਟਿਕ ਵਿੱਚੋਂ ਨਿਕਲੇ ਕੈਮੀਕਲ ਧਰਤੀ ਹੇਠਲੇ ਪਾਣੀ ਵਿਚ ਪਹੁੰਚ ਕੇ ਉਸ ਨੂੰ ਹਾਣੀਕਾਰਕ ਬਣਾ ਦਿੰਦੇ ਹਨ ਜੋ ਕਿਸੇ ਇਕ ਮੁਲਕ ਵਿਚਲੀ ਸੀਮਾ ਤੱਕ ਸੀਮਤ ਨਾ ਰਹਿ ਕੇ ਪੂਰੀ ਧਰਤੀ ਉੱਤੇ ਵੱਸਦੇ ਹਰ ਜੀਵ ਨੂੰ ਸ਼ਿਕਾਰ ਬਣਾ ਸਕਦੇ ਹਨ।
13. ਮਿੱਟੀ ਵਿਚ ਪਲਾਸਟਿਕ ਨੂੰ ਖੋਰਨ ਲਈ ਸੂਡੋਮੋਨਾਜ਼ ਕੀਟਾਣੂ, ਫਲੇਵੋਬੈਕਟੀਰੀਆ, ਨਾਈਲੋਨੇਜ਼ ਕੱਢਦੇ ਕੀਟਾਣੂ, ਆਦਿ ਇਸ ਦੀ ਤੋੜ ਭੰਨ ਕਰਦਿਆਂ ਮੀਥੇਨ ਗੈਸ ਬਣਾ ਦਿੰਦੇ ਹਨ, ਜੋ ਪੂਰੇ ਵਾਤਾਵਰਣ ਨੂੰ ਗੰਧਲਾ ਕਰ ਸਕਦੀ ਹੈ।
14. ਸੰਨ 2012 ਵਿਚ 165 ਮਿਲੀਅਨ ਟਨ ਪਲਾਸਟਿਕ ਦੁਨੀਆ ਭਰ ਦੇ ਸਮੁੰਦਰਾਂ ਵਿਚ ਫੈਲ ਚੁੱਕਿਆ ਸੀ। ਪਲਾਸਟਿਕ ਦੀ ਇਕ ਕਿਸਮ 'ਨਰਡਲ' ਜੋ ਨਿੱਕੇ ਪਲਾਸਟਿਕ ਦੇ ਟੋਟਿਆਂ ਦੀ ਸ਼ਕਲ ਵਿਚ ਸਮੁੰਦਰੀ ਜਹਾਜ਼ਾਂ ਰਾਹੀਂ ਵੱਖੋ-ਵੱਖ ਮੁਲਕਾਂ ਵਿਚ ਪਹੁੰਚਦੀ ਹੈ, ਦੇ ਕਈ ਬਿਲੀਅਨ ਟੋਟੇ ਸਮੁੰਦਰ ਵਿਚ ਡਿੱਗ ਚੁੱਕੇ ਹਨ। ਇਹ ਟੋਟੇ ਸਾਲ ਕੁ ਦੇ ਵਿਚ ਗਲ ਜਾਂਦੇ ਹਨ ਤੇ ਇਸ ਵਿੱਚੋਂ ਪੌਲੀਸਟਾਈਰੀਨ ਤੇ ਬਿਸਫਿਰੋਲ ਏ ਸਮੁੰਦਰੀ ਪਾਣੀ ਵਿਚ ਘੁਲ ਜਾਂਦੇ ਹਨ।
15. ਤਾਜ਼ਾ ਖੋਜ ਅਨੁਸਾਰ ਪੰਜ ਟਰੀਲੀਅਨ ਪਲਾਸਟਿਕ ਦੇ ਛੋਟੇ ਵੱਡੇ ਟੋਟੇ, ਡੱਬੇ, ਬੋਤਲਾਂ, ਲਿਫਾਫੇ ਇਸ ਸਮੇਂ ਸਮੁੰਦਰ ਉੱਤੇ ਤੈਰ ਰਹੇ ਹਨ ਜਿਸ ਨਾਲ ਡਾਈਈਥਾਈਲ ਹੈਕਸਾਈਲ ਥੈਲੇਟ, ਸਿੱਕੇ, ਕੈਡਮੀਅਮ ਤੇ ਪਾਰੇ ਦੀ ਮਾਤਰਾ ਵਿਚ ਭਾਰੀ ਵਾਧਾ ਹੋ ਗਿਆ ਹੈ ਤੇ ਸਮਝਿਆ ਜਾ ਰਿਹਾ ਹੈ ਕਿ ਇਨ੍ਹਾਂ ਸਦਕਾ ਕੈਂਸਰ ਦੇ ਮਰੀਜ਼ਾਂ ਵਿਚ ਲਗਭਗ 38 ਫੀਸਦੀ ਵਾਧਾ ਹੋ ਚੁੱਕਿਆ ਹੈ।
16. ਪਲੈਂਕਟਨ, ਮੱਛੀ ਤੇ ਮਨੁੱਖ ਕਿਸੇ ਨਾ ਕਿਸੇ ਤਰੀਕੇ ਭਾਵੇਂ ਸਬਜ਼ੀਆਂ ਰਾਹੀਂ (ਧਰਤੀ ਵਿੱਚੋਂ), ਸਮੁੰਦਰੀ ਜੀਵਾਂ ਰਾਹੀਂ ਜਾਂ ਪਾਣੀ ਰਾਹੀਂ ਇਹ ਹਾਣੀਕਾਰਕ ਤੱਤ ਆਪਣੇ ਅੰਦਰ ਲੰਘਾ ਰਹੇ ਹਨ ਜੋ ਛੇਤੀ ਤੇ ਦਰਦਨਾਕ ਮੌਤ ਦਾ ਕਾਰਨ ਬਣ ਚੁੱਕੇ ਹਨ।
17. ਅਮਰੀਕਾ ਦੇ ਆਲੇ ਦੁਆਲੇ ਦੇ ਸਮੁੰਦਰ ਵਿਚ, ਖ਼ਾਸ ਕਰ 'ਹਵਾਈ' ਲਾਗੇ ਪਲਾਸਟਿਕ ਦੇ ਢੇਰ ਨੂੰ 'ਗਰੇਟ ਗਾਰਬੇਜ ਪੈਚ' ਦਾ ਨਾਂ ਦੇ ਦਿੱਤਾ ਗਿਆ ਹੈ। ਇਨ੍ਹਾਂ ਵਿਚ ਮੱਛੀਆਂ ਫੜਨ ਵਾਲੇ ਜਾਲ ਤੇ ਕੁੰਡੀਆਂ ਦੀ ਵੀ ਭਰਮਾਰ ਹੈ ਜੋ ਸਮੁੰਦਰੀ ਜੀਵਾਂ ਨੂੰ ਸਾਹ ਘੁੱਟ ਕੇ ਮਰਨ ਉੱਤੇ ਮਜਬੂਰ ਕਰ ਸਕਦੀ ਹੈ। ਇਸੇ ਲਈ ਸੰਨ 2013 ਵਿਚ ਦੋ ਲੱਖ 60,000 ਟਨ ਪਲਾਸਟਿਕ ਦੇ ਗੰਦ ਦੇ ਢੇਰ ਨੂੰ ਵੇਖਦਿਆਂ ਪਲਾਸਟਿਕ ਦੀ ਘੱਟ ਵਰਤੋਂ ਉੱਤੇ ਜ਼ੋਰ ਪਾਇਆ ਗਿਆ।
18. ਧਰਤੀ ਉੱਤੇ ਸੁੱਟਿਆ ਜਾ ਰਿਹਾ ਪਲਾਸਟਿਕ ਵੀ ਟਨਾਂ ਦੇ ਹਿਸਾਬ ਨਾਲ ਧਰਤੀ ਨੂੰ ਜ਼ਹਿਰੀਲੀ ਬਣਾ ਰਿਹਾ ਹੈ। ਸੰਨ 2015 ਵਿਚ ਖੋਜ ਰਾਹੀਂ ਤੱਥ ਸਾਹਮਣੇ ਆਏ ਕਿ 275 ਮਿਲੀਅਨ ਟਨ ਪਲਾਸਟਿਕ ਵਰਤ ਕੇ ਸੁੱਟਿਆ ਗਿਆ ਜੋ ਸਮੁੰਦਰ ਲਾਗਲੇ 192 ਮੁਲਕਾਂ ਵਿਚਲੀ ਗੰਦਗੀ ਸੀ।
'ਸਾਇੰਸ' ਰਸਾਲੇ ਵਿਚ ਛਪੀ ਖੋਜ ਅਨੁਸਾਰ ਸੰਨ 2015 ਵਿਚ 10 ਮੁਲਕਾਂ ਵੱਲੋਂ ਸਭ ਤੋਂ ਵੱਧ ਪਲਾਸਟਿਕ ਧਰਤੀ ਉੱਤੇ ਸੁੱਟਿਆ ਗਿਆ ਜੋ ਸਮੁੰਦਰ ਵਿਚ ਪਹੁੰਚਿਆ। ਇਹ ਮੁਲਕ ਸਨ-ਚੀਨ, ਇੰਡੋਨੇਸ਼ੀਆ, ਫਿਲੀਪੀਨ, ਵਿਅਤਨਾਮ, ਸਿਰੀ ਲੰਕਾ, ਥਾਈਲੈਂਡ, ਈਜਿਪਟ, ਮਲੇਸ਼ੀਆ, ਨਾਈਜੀਰੀਆ ਤੇ ਬੰਗਲਾਦੇਸ।
ਧਰਤੀ ਉੱਪਰਲਾ ਪਲਾਸਟਿਕ, ਗਾਵਾਂ, ਕੁੱਤਿਆਂ, ਆਦਿ ਦੇ ਢਿੱਡ ਅੰਦਰ ਫਸ ਕੇ ਉਨ੍ਹਾਂ ਦੀ ਮੌਤ ਦਾ ਕਾਰਨ ਬਣਦਾ ਜਾ ਰਿਹਾ ਹੈ।
ਜਾਪਾਨ, ਹਵਾਈ ਤੇ ਕੈਲੀਫੋਰਨੀਆ ਪਲਾਸਟਿਕ ਸਦਕਾ ਹੁੰਦੇ ਕੈਂਸਰ ਨਾਲ ਜੂਝ ਰਹੇ ਹਨ। ਇਨ੍ਹਾਂ ਦੇ ਨੇੜੇ ਦੇ ਸਮੁੰਦਰ ਵਿਚ 100 ਮਿਲੀਅਨ ਟਨ ਪਲਾਸਟਿਕ ਇਕੱਠਾ ਹੋਇਆ ਪਿਆ ਹੈ ਜੋ 100 ਫੁੱਟ ਡੂੰਘਾ ਪਹੁੰਚ ਚੁੱਕਿਆ ਹੋਇਆ ਹੈ।
19. ਹੈਂਡਰਸਨ ਟਾਪੂ ਦੇ ਦੁਆਲੇ 17.6 ਮਿਲੀਅਨ ਟਨ ਪਲਾਸਟਿਕ ਲੱਭਿਆ ਗਿਆ ਤੇ ਇਸ ਵਿਚ 37.7 ਮਿਲੀਅਨ ਵੱਖੋ-ਵੱਖਰੇ ਪਲਾਸਟਿਕ ਦੇ ਟੋਟੇ, ਤਾਰਾਂ, ਜਾਲ, ਲਿਫਾਫੇ, ਬੋਤਲਾਂ ਆਦਿ ਲੱਭੇ।
ਦਸ ਮੀਟਰ ਤੱਕ ਫੈਲੇ ਇਸ ਵਿਸ਼ਾਲ ਗੰਦ ਦੇ ਢੇਰ ਵਿੱਚੋਂ ਸੀਨੋਬੀਟਾ ਜਾਮਨੀ ਕੇਕੜੇ ਲੁਕੇ ਹੋਏ ਲੱਭੇ।
20. ਸੰਨ 2017 ਵਿਚ ਦੁਨੀਆ ਭਰ ਦੀਆਂ ਟੂਟੀਆਂ ਵਿੱਚੋਂ ਪਾਣੀ ਇਕੱਠਾ ਕਰ ਕੇ ਟੈਸਟ ਕਰਨ ਬਾਅਦ ਪਤਾ ਲੱਗਿਆ ਕਿ 83 ਫੀਸਦੀ ਸੈਂਪਲਾਂ ਵਿਚ ਪਲਾਸਟਿਕ ਦੇ ਅੰਸ਼ ਹਨ। ਅਮਰੀਕਾ ਦੇ 94 ਫੀਸਦੀ ਪੀਣ ਵਾਲੇ ਪਾਣੀ ਦੇ ਸੈਂਪਲਾਂ ਵਿਚ ਪਲਾਸਟਿਕ ਲੱਭਿਆ ਜਦਕਿ ਦੂਜੇ ਨੰਬਰ ਉੱਤੇ ਲੈਬਨਾਨ ਤੇ ਤੀਜੇ ਉੱਤੇ ਭਾਰਤ ਸੀ। ਉਸ ਤੋਂ ਅੱਗੇ ਯੂਰਪ, ਜਿਸ ਵਿਚ ਜਰਮਨੀ, ਇੰਗਲੈਂਡ ਤੇ ਫਰਾਂਸ ਵਿਚ 72 ਫੀਸਦੀ ਟੂਟੀਆਂ ਵਿਚ ਪਲਾਸਟਿਕ ਦੇ ਅੰਸ਼ ਲੱਭੇ।
ਇਸ ਦਾ ਮਤਲਬ ਸਪਸ਼ਟ ਹੈ ਕਿ ਲੋਕ ਲਗਭਗ 3000 ਤੋਂ 4000 ਪਲਾਸਟਿਕ ਦੇ ਮਹੀਨ ਅੰਸ਼ ਹਰ ਸਾਲ ਪਾਣੀ ਰਾਹੀਂ ਆਪਣੇ ਅੰਦਰ ਲੰਘਾ ਰਹੇ ਹਨ।
21. ਪਲਾਸਟਿਕ ਸਮੁੰਦਰੀ ਜੀਵਾਂ ਦੇ ਢਿੱਡ ਅੰਦਰ ਜਾ ਕੇ ਜੰਮ ਜਾਂਦਾ ਹੈ ਤੇ ਉਨ੍ਹਾਂ ਨੂੰ ਮਾਰ ਦਿੰਦਾ ਹੈ। ਅਨੇਕ ਮੱਛੀਆਂ, ਕੱਛੂ ਤੇ ਚਿੜੀਆਂ ਭੁੱਖ ਨਾਲ ਮਰ ਚੁੱਕੀਆਂ ਹਨ ਕਿਉਂਕਿ ਢਿੱਡ ਅੰਦਰ ਫਸਿਆ ਪਲਾਸਟਿਕ ਉਨ੍ਹਾਂ ਨੂੰ ਕੁੱਝ ਖਾਣ ਜੋਗਾ ਛੱਡਦਾ ਹੀ ਨਹੀਂ।
ਅਜਿਹੇ ਲਗਭਗ 4 ਲੱਖ ਸਮੁੰਦਰੀ ਜੀਵ ਹਰ ਸਾਲ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਮਰ ਰਹੇ ਹਨ।
ਵਹੇਲ ਮੱਛੀਆਂ ਵੀ ਸਿਰਫ਼ ਪਲਾਸਟਿਕ ਲੰਘਾਉਣ ਸਦਕਾ ਬੜੀ ਦਰਦਨਾਕ ਮੌਤ ਮਰ ਰਹੀਆਂ ਹਨ।
ਮੌਜੂਦਾ ਖੋਜ ਰਾਹੀਂ ਪਤਾ ਲੱਗਿਆ ਹੈ ਕਿ ਕਈ ਥਾਵਾਂ ਵਿਚ 200 ਤੋਂ 1000 ਮੀਟਰ ਤੱਕ ਸਮੁੰਦਰ ਤਲ ਤੱਕ ਪਹੁੰਚੇ ਇਸ ਪਲਾਸਟਿਕ ਨੇ ਉੱਥੇ ਹਨ੍ਹੇਰੇ ਵਿਚ ਤੇ ਡੂੰਘਾਈ ਵਿਚ ਰਹਿੰਦੀਆਂ ਬਰੀਕ ਮੱਛੀਆਂ ਨੂੰ ਵੀ ਨਹੀਂ ਛੱਡਿਆ ਜਿਨ੍ਹਾਂ ਨੇ ਇਹ ਪਲਾਸਟਿਕ ਆਪਣੇ ਅੰਦਰ ਲੰਘਾਇਆ ਹੋਇਆ ਹੈ।
ਸਮੁੰਦਰਾਂ ਉੱਤੇ ਖੋਜ ਕਰਨ ਵਾਲਿਆਂ ਨੇ ਤੱਥਾਂ ਦੇ ਆਧਾਰ ਉੱਤੇ ਮੱਛੀਆਂ ਦੇ ਢਿੱਡਾਂ 'ਚੋਂ ਕੱਢੇ ਪਲਾਸਟਿਕ ਤੇ ਸਮੁੰਦਰ ਦੀ ਡੂੰਘਾਈ 'ਚੋਂ ਕੱਢੇ ਪਲਾਸਟਿਕ ਦੇ ਹਿਸਾਬ ਨਾਲ ਦੱਸਿਆ ਹੈ ਕਿ 12000 ਤੋਂ 24000 ਟਨ ਪਲਾਸਟਿਕ ਹਰ ਸਾਲ ਸਮੁੰਦਰੀ ਜੀਵ, ਖ਼ਾਸ ਕਰ ਮੱਛੀਆਂ ਆਪਣੇ ਸਰੀਰਾਂ ਅੰਦਰ ਲੰਘਾਈ ਜਾ ਰਹੀਆਂ ਹਨ ਜੋ ਅੱਗੋਂ ਮਨੁੱਖੀ ਖ਼ੁਰਾਕ ਦਾ ਹਿੱਸਾ ਬਣਦੇ ਹਨ।
22. ਸਮੁੰਦਰ ਲਾਗੇ ਰਹਿੰਦੇ ਪੰਛੀ ਵੀ ਇਸ ਦੇ ਅਸਰ ਤੋਂ ਬਚੇ ਨਹੀਂ।
ਸੰਨ 2004 ਵਿਚ ਵੱਡੇ ਪੰਛੀਆਂ ਦੇ ਢਿੱਡਾਂ ਵਿੱਚੋਂ ਔਸਤਨ 30 ਪਲਾਸਟਿਕ ਦੇ ਲਿਫਾਫੇ ਅਤੇ ਹੋਰ ਟੋਟਿਆਂ ਦੇ ਹਿੱਸੇ ਲੱਭੇ ਜਿਸ ਸਦਕਾ ਉਹ ਮੌਤ ਦੇ ਮੂੰਹ ਵਿਚ ਚਲੇ ਗਏ। ਉਨ੍ਹਾਂ ਦੇ ਨਿੱਕੇ ਬੱਚੇ ਜੋ ਉਲਟੀ ਕਰ ਹੀ ਨਹੀਂ ਸਕਦੇ ਵੀ ਅਣਚਾਹੇ ਇਹ ਪਲਾਸਟਿਕ ਅੰਦਰ ਲੰਘਾ ਕੇ ਮਰ ਗਏ।
ਇਨ੍ਹਾਂ ਵਿੱਚੋਂ ਅਨੇਕ ਕਿਸਮਾਂ ਲਗਭਗ ਲੋਪ ਹੋਣ ਦੇ ਨੇੜੇ ਪਹੁੰਚ ਗਈਆਂ ਹਨ। ਜੀਨ ਤੇ ਹਾਰਮੋਨਾਂ ਉੱਤੇ ਅਸਰ ਪੈਣ ਸਦਕਾ ਮੱਛੀਆਂ ਤੇ ਪੰਛੀਆਂ ਦੀਆਂ ਪੂਛਾਂ, ਬੱਚੇ ਜੰਮਣ ਦੀ ਸਮਰਥਾ, ਲੰਬਾਈ, ਉਚਾਈ ਆਦਿ ਉੱਤੇ ਸਦੀਵੀ ਅਸਰ ਪੈ ਚੁੱਕਿਆ ਹੈ।
23. ਪਲਾਸਟਿਕ ਦੇ ਅਸਰ ਹੇਠ ਆਈਆਂ ਸਬਜ਼ੀਆਂ, ਪਾਣੀ ਜਾਂ ਮਾਸ ਮੱਛੀ ਖਾਣ ਵਾਲੇ ਮਨੁੱਖਾਂ ਉੱਤੇ ਪਲਾਸਟਿਕ ਦੇ ਅਸਰ ਜੋ ਦਿਸ ਰਹੇ ਹਨ, ਉਹ ਹਨ-ਹਾਰਮੋਨਾਂ ਵਿਚ ਗੜਬੜੀ, ਕੈਂਸਰ, ਚਮੜੀ ਦੇ ਰੋਗ, ਐਲਰਜ਼ੀ, ਦਮਾ ਅਤੇ ਗੁਰਦੇ ਉੱਤੇ ਅਸਰ।
ਇਸ ਸਮੇਂ ਅਮਰੀਕਾ ਦੇ 95 ਫੀਸਦੀ ਬਾਲਗਾਂ ਦੇ ਪਿਸ਼ਾਬ ਵਿਚ 'ਬੀ.ਪੀ.ਏ.' ਲੱਭਿਆ ਜਾ ਚੁੱਕਿਆ ਹੈ ਜੋ ਸਪਸ਼ਟ ਕਰਦਾ ਹੈ ਕਿ ਉਨ੍ਹਾਂ ਦਾ ਸਰੀਰ ਪਲਾਸਟਿਕ ਦੇ ਮਾੜੇ ਅਸਰਾਂ ਹੇਠ ਆ ਚੁੱਕਿਆ ਹੈ। ਬੀ.ਪੀ.ਏ. ਬੱਚੇ ਜੰਮਣ ਦੀ ਸਮਰਥਾ ਬਹੁਤ ਘਟਾ ਦਿੰਦਾ ਹੈ, ਲੰਬਾਈ ਘੱਟ ਕਰ ਦਿੰਦਾ ਹੈ ਤੇ ਹੋਰ ਵੀ ਅਨੇਕ ਪਹਿਲਾਂ ਦੱਸੇ ਜਾ ਚੁੱਕੇ ਮਾੜੇ ਅਸਰ ਵਿਖਾਉਂਦਾ ਹੈ, ਜਿਨ੍ਹਾਂ ਵਿੱਚੋਂ ਥਾਇਰਾਇਡ ਹਾਰਮੋਨਾਂ ਦੀ ਕਮੀ ਤੇ ਸੈਕਸ ਹਾਰਮੋਨਾਂ ਦੀ ਕਮੀ ਬਹੁਤ ਜ਼ਿਆਦਾ ਵੇਖਣ ਵਿਚ ਆ ਰਹੀ ਹੈ।
24. ਚਾਹ ਦੀਆਂ ਥੈਲੀਆਂ ਤੇ ਟੀ-ਬੈਗਜ਼ :-
ਕਿਸੇ ਵਿਰਲੇ ਹੀ ਮੁਲਕ ਵਿਚ ਚਾਹ ਦੀ ਵਰਤੋਂ ਨਹੀਂ ਹੁੰਦੀ ਹੋਵੇਗੀ। ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਚੁੱਕੀ ਚਾਹ ਅੱਜ ਕੱਲ ਟੀ-ਬੈਗਜ਼ ਵਿਚ ਮਿਲਣ ਲੱਗ ਪਈ ਹੈ। ਵੱਡੇ ਅਹੁਦੇ ਵਾਲੇ ਇਸ ਤਰ੍ਹਾਂ ਦੀ ਚਾਹ ਪੀਣ ਨੂੰ ਉੱਚਾ ਰੁਤਬਾ ਮੰਨਣ ਲੱਗ ਪਏ ਹਨ। ਇਨ੍ਹਾਂ ਨਿੱਕੀਆਂ ਥੈਲੀਆਂ ਵਿਚ 70 ਤੋਂ 80 ਫੀਸਦੀ ਕਾਗਜ਼ ਤੇ ਬਾਕੀ ਉਸ ਨੂੰ ਖੁਰਨ ਤੋਂ ਬਚਾਉਣ ਲਈ ਪਲਾਸਟਿਕ ਦਾ ਹਿੱਸਾ ਪੌਲੀਪਰੋਪਾਈਲੀਨ ਜੋ ਬਹੁਤੀ ਗਰਮੀ ਨੂੰ ਝਲ ਜਾਂਦਾ ਹੈ, ਪਾਇਆ ਗਿਆ ਹੈ। ਜਿਸ ਮਰਜ਼ੀ ਤਰ੍ਹਾਂ ਦੇ ਟੀ-ਬੈਗਜ਼ ਵਰਤ ਲਵੋ, ਹਰ ਕਿਸੇ ਵਿਚ ਵੱਧ ਜਾਂ ਘੱਟ ਪਲਾਸਟਿਕ ਦੇ ਟੋਟੇ ਹਨ ਜੋ ਚਾਹ ਦੇ ਉਬਲਣ ਸਮੇਂ ਜਾਂ ਉਬਲਦੇ ਗਰਮ ਪਾਣੀ ਵਿਚ ਡੁਬਾਉਣ ਨਾਲ ਚਾਹ ਦੇ ਵਿਚ ਰਲ ਜਾਂਦੇ ਹਨ ਤੇ ਚਾਹ ਪੀਣ ਨਾਲ ਹੀ ਸਾਡੇ ਢਿੱਡਾਂ ਅੰਦਰ ਲੰਘ ਜਾਂਦੇ ਹਨ।
ਜਿਨ੍ਹਾਂ ਟੀ-ਬੈਗਜ਼ ਨੂੰ ਚੁਫ਼ੇਰਿਓਂ ਵੱਟ ਪਾ ਕੇ ਬੰਦ ਕੀਤਾ ਜਾਵੇ, ਉਸ ਵਿਚ ਵੱਧ ਪਲਾਸਟਿਕ ਪਾਇਆ ਹੁੰਦਾ ਹੈ। ਕਾਗਜ਼ ਨੂੰ ਫਟਣ ਤੋਂ ਬਚਾਉਣ ਲਈ ਉਸ ਵਿਚ 'ਐਪੀਕਲੋਰੋਹਾਈਡਰਿਨ' ਪਾਇਆ ਜਾਂਦਾ ਹੈ ਜਿਸ ਬਾਰੇ ਸਾਬਤ ਹੋ ਚੁੱਕਿਆ ਹੈ ਕਿ ਇਸ ਦੀ ਵਾਧੂ ਵਰਤੋਂ ਕੈਂਸਰ ਕਰਦੀ ਹੈ। ਐਪੀਕਲੋਰੋਹਾਈਡਰਿਨ ਪਾਣੀ ਵਿਚ ਰਲ ਕੇ 'ਤਿੰਨ-ਐਮ.ਸੀ.ਪੀ.ਡੀ.' ਵਿਚ ਤਬਦੀਲ ਹੋ ਜਾਂਦਾ ਹੈ। ਇਹ ਵੀ ਕੈਂਸਰ ਕਰਦਾ ਹੈ।
ਸਟਾਰਚ ਨੂੰ ਐਨਜ਼ਾਈਮ ਰਸ ਵਿਚ ਮਿਲਾ ਕੇ ਪਲਾਸਟਿਕ ਦੇ ਧਾਗੇ ਬਣਾ ਕੇ ਟੀ-ਬੈਗ ਦੀ ਸ਼ਕਲ ਦੇ ਦਿੱਤੀ ਜਾਂਦੀ ਹੈ।
ਜਦੋਂ ਇਹ ਚਾਹ ਦੀਆਂ ਨਿੱਕੀਆਂ ਥੈਲੀਆਂ ਸੁੱਟ ਦਿੱਤੀਆਂ ਜਾਂਦੀਆਂ ਹਨ ਤਾਂ ਧਰਤੀ ਵਿਚ ਸਿੰਮ ਕੇ ਇਹ ਪਲਾਸਟਿਕ ਜ਼ਮੀਨ ਵਿਚ ਰਚ ਜਾਂਦਾ ਹੈ। ਬਥੇਰੇ ਟੀ-ਬੈਗਜ਼ ਉੱਤੇ ਲਿਖਿਆ ਮਿਲਦਾ ਹੈ ਕਿ ਇਹ ਪੂਰੀ ਤਰ੍ਹਾਂ ਘੁਲਣ ਵਾਲਾ ਹੈ ਪਰ ਅਜਿਹੇ ਬੈਗਜ਼ ਵੀ ਨਾਈਲਾਨ ਦੀਆਂ ਤਾਰਾਂ ਤੋਂ ਬਣਦੇ ਹਨ ਜੋ ਸੈਂਕੜੇ ਸਾਲ ਵੀ ਧਰਤੀ ਵਿਚ ਗਲਦੇ ਨਹੀਂ।
ਕਈ ਲੋਕ ਚਾਹ ਦੀਆਂ ਥੈਲੀਆਂ ਨੂੰ ਕੱਪ ਵਿਚ ਨੱਪ ਕੇ ਨਿਚੋੜ ਲੈਂਦੇ ਹਨ। ਇੰਜ ਥੈਲੀ ਵਿਚਲੇ 'ਥੈਲੇਟ' ਵੀ ਬਾਹਰ ਨਿਕਲ ਆਉਂਦੇ ਹਨ ਜੋ ਹੋਰ ਵੀ ਹਾਣੀਕਾਰਕ ਹੁੰਦੇ ਹਨ।
ਏਸੇ ਲਈ ਅੱਗੋਂ ਤੋਂ ਪਹਿਲਾਂ ਵਾਲੇ ਤਰੀਕੇ ਹੀ ਸਿੱਧੀ ਚਾਹ ਪੱਤੀ ਉਬਾਲ ਕੇ ਪੀਣੀ ਹੀ ਠੀਕ ਰਹਿਣੀ ਹੈ। ਰੁਤਬਾ ਵਧਾਉਣ ਦੇ ਚੱਕਰ ਵਿਚ ਵੇਖਿਓ ਕਿਤੇ ਜ਼ਿੰਦਗੀ ਦੇ ਵੀਹ ਸਾਲ ਛੋਟੇ ਨਾ ਹੋ ਜਾਣ। ਇਸ ਪਲਾਸਟਿਕ ਤੋਂ ਪਰਹੇਜ਼ ਬਹੁਤ ਜ਼ਰੂਰੀ ਹੈ।
ਨਿਚੋੜ :-
ਇਹ ਸਾਰਾ ਕੁੱਝ ਵੇਖਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪਲਾਸਟਿਕ ਨੇ ਨਾ ਹਰਿਆਲੀ ਛੱਡਣੀ ਹੈ, ਨਾ ਜਾਨਵਰ, ਪੰਛੀ ਤੇ ਜਲ ਜੀਵਨ, ਪਰ ਮਨੁੱਖ ਵੀ ਬਹੁਤੀ ਦੇਰ ਬਚਣ ਨਹੀਂ ਲੱਗਿਆ। ਜੇ ਮਨੁੱਖੀ ਹੋਂਦ ਬਚਾਉਣੀ ਹੈ ਤਾਂ ਹਰ ਹਾਲ ਪਲਾਸਟਿਕ ਤੋਂ ਪੂਰਨ ਰੂਪ ਵਿਚ ਤੌਬਾ ਕਰਨੀ ਪੈਣੀ ਹੈ।
ਅਮਰੀਕਾ ਦੇ 213 ਮਿਲੀਅਨ ਲੋਕਾਂ ਨੂੰ ਪਲਾਸਟਿਕ ਦੀ ਰੀਸਾਈਕਲਿੰਗ ਕਰਨ ਉੱਤੇ ਜ਼ੋਰ ਪਾਇਆ ਗਿਆ ਸੀ ਜਿਸ ਸਦਕਾ ਸੰਨ 2011 ਵਿਚ 2.7 ਮਿਲੀਅਨ ਟਨ ਪਲਾਸਟਿਕ ਰੀਸਾਈਕਲ ਕੀਤਾ ਗਿਆ ਪਰ ਹਾਲੇ ਵੀ ਬਹੁਤ ਕੁੱਝ ਕਰਨਾ ਬਾਕੀ ਹੈ।
ਕਿਸੇ ਇਕ ਮੁਲਕ ਵਿਚ ਵੀ ਜੇ ਪਲਾਸਟਿਕ ਦੀ ਵਰਤੋਂ ਜਾਰੀ ਰਹਿ ਗਈ ਤਾਂ ਮਨੁੱਖੀ ਨਸਲ ਦਾ ਘਾਣ ਹੋ ਜਾਣਾ ਹੈ। ਇਸੇ ਲਈ ਸੰਪੂਰਨ ਰੋਕ ਹੀ ਇੱਕੋ ਰਾਹ ਬਚਿਆ ਹੈ।
ਭਾਰਤ ਵਿਚ ਸਿਰਫ਼ ਖਿਡਾਰੀਆਂ ਨੂੰ ਸਟੀਲ ਦੀਆਂ ਬੋਤਲਾਂ ਵਿਚ ਪਾਣੀ ਦੇਣ ਨਾਲ ਹੀ 120 ਮੀਟਰਿਕ ਟਨ ਪਲਾਸਟਿਕ ਸੁੱਟਣ ਤੋਂ ਬਚਾਓ ਹੋ ਗਿਆ। ਜੁਲਾਈ 2018 ਵਿਚ ਐਲਬੇਨੀਆ ਨੇ ਪਲਾਸਟਿਕ ਉੱਤੇ ਸੰਪੂਰਨ ਰੋਕ ਲਾ ਕੇ ਇਸ ਦੀ ਵਰਤੋਂ ਉੱਤੇ ਭਾਰੀ ਫਾਈਨ (7900 ਤੋਂ 11800 ਡਾਲਰ) ਲਾ ਦਿੱਤਾ ਹੈ।
ਜੇ ਅਸੀਂ ਆਪਣੀ ਅਗਲੀ ਪੁਸ਼ਤ ਸਹੀ ਸਲਾਮਤ ਚਾਹੁੰਦੇ ਹਾਂ ਤਾਂ ਰੁੱਖ, ਕੁੱਖ ਦੀ ਸੰਭਾਲ ਦੇ ਨਾਲ ਨਾਲ ਹਰ ਹਾਲ ਪਲਾਸਟਿਕ ਦੀ ਰੋਕ ਉੱਤੇ ਪੂਰੇ ਜ਼ੋਰ ਸ਼ੋਰ ਨਾਲ ਕਾਰਵਾਈ ਕਰਨੀ ਪੈਣੀ ਹੈ। ਜੇ ਨਹੀਂ, ਤਾਂ ਭਿਆਨਕ ਮੌਤ ਦੀ ਤਿਆਰੀ ਕੱਸ ਲਵੋ!
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783
ਬੀਬੀ ਸੁਭਾਗੀ
ਮੀਰ ਮੰਨੂੰ ਨੂੰ ਕੌਣ ਭੁਲਾ ਸਕਦਾ ਹੈ? ਕਹਿਰ ਵਰਤਾਉਂਦਾ ਵਾ ਵਰੋਲਾ ਸੀ। ਉਸ ਦੇ ਸੈਨਿਕ ਘਰ-ਘਰ ਆਦਮ-ਬੋ, ਆਦਮ-ਬੋ ਕਰਦੇ ਸਿੱਖਾਂ ਨੂੰ ਸੁੰਘਦੇ ਫਿਰਦੇ ਸਨ। ਜਿਹੜੇ ਜੱਥੇ ਬਣਾ ਕੇ ਜੰਗਲਾਂ ਵੱਲ ਨਿਕਲ ਗਏ, ਉਹ ਤਾਂ ਬਚ ਗਏ, ਪਰ ਜਿਹੜੇ ਸਿੱਖ ਸ਼ਹਿਰਾਂ 'ਚ ਰਹਿ ਗਏ, ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਉਨ੍ਹਾਂ ਦੀਆਂ ਔਰਤਾਂ ਤੇ ਬੱਚਿਆਂ ਨੂੰ ਲਾਹੌਰ ਦੀਆਂ ਜੇਲ੍ਹਾਂ ਵਿਚ ਡਕ ਦਿੱਤਾ ਗਿਆ।
ਬਜ਼ੁਰਗ ਔਰਤਾਂ ਤਾਂ ਲੰਮੇ ਪੈਂਡੇ 'ਚ ਭੁੱਖੀਆਂ ਭਾਣੀਆਂ ਤੁਰਦੀਆਂ ਹੀ ਦਮ ਤੋੜ ਗਈਆਂ। ਬਾਕੀਆਂ ਨੂੰ ਭੁੱਖੀਆਂ ਰਖ ਕੇ ਰੋਜ਼ ਤਾਅਨੇ ਮਿਹਣੇ ਕੱਸੇ ਜਾਂਦੇ। ਉਨ੍ਹਾਂ ਦੇ ਪਤੀਆਂ ਨੂੰ ਵੱਢ ਦਿੱਤਾ ਗਿਆ ਸੀ। ਨਿੱਕੇ ਬੱਚੇ ਗੋਦੀ ਚੁੱਕੇ ਹੋਏ ਸਨ। ਰੋਜ਼ ਜੇਲ੍ਹਾਂ ਵਿਚ ਮੁਗ਼ਲ ਉਨ੍ਹਾਂ ਨੂੰ ਪੁੱਛਦੇ, ''ਹੁਣ ਬੋਲੋ ਕਿੱਥੇ ਐ ਤੁਹਾਡਾ ਖ਼ਾਲਸਾ? ਕੌਣ ਤੁਹਾਨੂੰ ਬਚਾਏਗਾ? ਸਿਰਫ਼ ਸਿੱਖ ਧਰਮ ਤਿਆਗ ਕੇ ਮੁਸਲਮਾਨ ਬਣ ਜਾਓ ਤਾਂ ਐਸ਼ੋ-ਆਰਾਮ ਦੀ ਜ਼ਿੰਦਗੀ ਬਤੀਤ ਕਰ ਸਕਦੇ ਹੋ।''
ਕੋਈ ਸੌਖਾ ਸਮਾਂ ਨਹੀਂ ਸੀ ਉਨ੍ਹਾਂ ਲਈ। ਪਤੀ ਸ਼ਹੀਦ ਕਰ ਦਿੱਤੇ ਗਏ ਸਨ। ਘਰ ਬਾਰ ਲੁੱਟ ਲਿਆ ਗਿਆ ਸੀ। ਭੁੱਖੀਆਂ ਭਾਣੀਆਂ ਜੇਲ੍ਹਾਂ ਵਿਚ ਡੱਕੀਆਂ। ਕੁਰਲਾਉਂਦੇ ਦੁੱਧ ਪੀਂਦੇ ਬੱਚਿਆਂ ਨਾਲ ਹਨ੍ਹੇਰੇ ਵਿਚ ਮੁਗ਼ਲਾਂ ਦੀ ਜੇਲ ਵਿਚ ਕੈਦ! ਉੱਤੋਂ ਰੋਜ਼ ਤਾਅਨੇ ਮਿਹਣੇ। ਧੰਨ ਉਨ੍ਹਾਂ ਸਿੱਖ ਔਰਤਾਂ ਦੇ ਜਿਗਰੇ। ਇਕ ਵਾਰ ਵੀ ਕਿਸੇ ਦਾ ਮਨ ਨਹੀਂ ਡੋਲਿਆ। ਸਿਰਫ਼ 'ਧੰਨ ਵਾਹਿਗੁਰੂ, ਤੇਰਾ ਹੀ ਆਸਰਾ' ਉਚਾਰਦੀਆਂ ਰਹੀਆਂ।
ਮੀਰ ਮੰਨੂ ਇਹ ਸਭ ਕੁੱਝ ਸੁਣ ਕੇ ਭੜਕ ਗਿਆ। ਕਿੰਨਾ ਕੁ ਜਿਗਰਾ ਹੋ ਸਕਦਾ ਹੈ ਔਰਤ ਵਿਚ। ਉਸਨੂੰ ਪੱਕਾ ਯਕੀਨ ਸੀ ਕਿ ਇਨ੍ਹਾਂ ਵਿੱਚੋਂ ਸਿਰਫ਼ ਇਕ ਵੀ ਡੋਲ ਗਈ ਤਾਂ ਸਭ ਯਰਕ ਜਾਣਗੀਆਂ ਤੇ ਸਿੱਖ ਧਰਮ ਖਿੰਡ ਪੁੰਡ ਜਾਏਗਾ। ਮੀਰ ਮੰਨੂ ਜਾਣਦਾ ਸੀ ਕਿ ਸਿਰਫ਼ ਔਰਤਾਂ ਹੀ ਕਿਸੇ ਧਰਮ ਨੂੰ ਅੱਗੇ ਪੂਰਨ ਰੂਪ ਵਿਚ ਤੋਰ ਸਕਣ ਤੇ ਸਮਰੱਥ ਹੁੰਦੀਆਂ ਹਨ ਕਿਉਂਕਿ ਉਹ ਆਪਣੇ ਬੱਚੇ ਨੂੰ ਸਖ਼ਤ ਜਾਨ ਬਣਾਉਣ ਦੀ ਤਾਕਤ ਰੱਖਦੀਆਂ ਹਨ।
ਮੀਰ ਮੰਨੂ ਨੇ ਭੁੱਖੀਆਂ ਭਾਣੀਆਂ ਮਾਵਾਂ, ਕੁੱਛੜ ਵਿਲਕਦੀਆਂ ਨਿੱਕੀਆਂ ਜਾਨਾਂ ਨੂੰ ਲਈ ਬੈਠੀਆਂ ਅੱਗੇ ਭਾਰੀਆਂ ਪੱਥਰ ਦੀਆਂ ਚੱਕੀਆਂ ਰੱਖਵਾ ਦਿੱਤੀਆਂ ਤੇ ਨਾਲ ਸਵਾ ਮਣ ਸਖ਼ਤ ਅਨਾਜ ਧਰ ਦਿੱਤਾ ਕਿ ਇਹ ਰੋਜ਼ ਹਰ ਕਿਸੇ ਨੂੰ ਪੀਸਣਾ ਪਵੇਗਾ।
ਬੀਬੀ ਸੁਭਾਗੀ ਨੇ ਆਪਣੀਆਂ ਸਾਰੀਆਂ ਸਾਥਣਾਂ ਨਾਲ ਬਿਨਾ ਮੱਥੇ ਉੱਤੇ ਰਤਾ ਵੀ ਸ਼ਿਕਨ ਵਿਖਾਇਆਂ 'ਤੇਰਾ ਕੀਆ ਮੀਠਾ ਲਾਗੈ'ਸ਼ਬਦ ਉਚਾਰਦਿਆਂ ਚੱਕੀ ਚਲਾਉਣੀ ਸ਼ੁਰੂ ਕਰ ਦਿੱਤੀ। ਜਿਉਂ ਜਿਉਂ ਮੋਟਾ ਅਨਾਜ ਹੋਰ ਵਧਾਇਆ ਜਾਂਦਾ, ਓਨੀ ਹੀ ਸ਼ਬਦ ਦੀ ਆਵਾਜ਼ ਉੱਚੀ ਹੁੰਦੀ ਜਾਂਦੀ। 'ਵਾਹਿਗੁਰੂ', 'ਵਾਹਿਗੁਰੂ', 'ਧੰਨ ਸਤਿਗੁਰ ਤੇਰਾ ਹੀ ਆਸਰਾ' ਨਾਲ ਜੇਲਾਂ ਦੀਆਂ ਕੰਧਾਂ ਗੂੰਜਣ ਲੱਗ ਪਈਆਂ। ਮੁਗ਼ਲ ਪਹਿਰੇਦਾਰਾਂ ਦੇ ਸਿਰ ਪੀੜ ਨਾਲ ਫੱਟਣ ਲੱਗ ਪਏ।
ਸ਼ਿਕਾਇਤ ਫੇਰ ਮੀਰ ਮੰਨੂ ਕੋਲ ਪਹੁੰਚੀ। ਦੱਸਿਆ ਗਿਆ ਕਿ ਸਿੰਘਣੀਆਂ ਤਾਂ ਕਿਸੇ ਹੋਰ ਮਿੱਟੀ ਦੀਆਂ ਬਣੀਆਂ ਹਨ। ਇਹ ਡੋਲ ਨਹੀਂ ਰਹੀਆਂ। ਸਜ਼ਾ ਨੂੰ ਵਾਹਿਗੁਰੂ ਦਾ ਭਾਣਾ ਮੰਨ ਕੇ ਅਨੰਦਿਤ ਹੋ ਜਾਂਦੀਆਂ ਹਨ। ਮੀਰ ਮੰਨੂ ਦੇ ਸੱਤੀਂ ਕਪੜੀਂ ਅੱਗ ਲੱਗ ਗਈ। ਕੀ ਉਹ ਏਨਾ ਗਿਆ ਗੁਜ਼ਰਿਆ ਹੈ ਕਿ ਇਕ ਸਿੱਖ ਔਰਤ ਨੂੰ ਆਪਣਾ ਧਰਮ ਛੱਡਣ ਲਈ ਤਿਆਰ ਨਾ ਕਰ ਸਕੇ?
ਉਸਨੇ ਜ਼ੁਲਮ ਦਾ ਅਤਿ ਕਰਨ ਦੀ ਸੋਚੀ। ਮਨ ਵਿਚ ਡਰ ਸੀ ਕਿ ਇਹ ਔਰਤਾਂ ਅੱਗੋਂ ਆਪਣੇ ਬੱਚਿਆਂ ਨੂੰ ਬਹੁਤ ਪੱਕਾ ਸਿੱਖ ਬਣਾ ਦੇਣਗੀਆਂ। ਇਸੇ ਲਈ ਉਸਨੇ ਅਨਾਜ ਦੀ ਮਾਤਰਾ ਵਧਾ ਦਿੱਤੀ ਤੇ ਸਾਰੇ ਦਿਨ ਵਿਚ ਸਿਰਫ਼ ਇਕ ਨਿੱਕੀ ਕੌਲੀ ਪਾਣੀ ਤੇ ਚੱਪਾ ਰੋਟੀ ਹੀ ਦੇਣੀ ਸ਼ੁਰੂ ਕਰ ਦਿੱਤੀ। ਜਿਹੜੀਆਂ ਔਰਤਾਂ ਥੱਕ ਕੇ ਬੇਹਾਲ ਹੋ ਜਾਂਦੀਆਂ, ਉਨ੍ਹਾਂ ਦੀ ਛਾਤੀ ਉੱਤੇ ਚੱਕੀ ਦਾ ਭਾਰਾ ਪਟ ਰੱਖ ਦਿੱਤਾ ਜਾਂਦਾ। ਬਥੇਰੀਆਂ ਇਸੇ ਤਰ੍ਹਾਂ ਭੁੱਖੀਆਂ ਭਾਣੀਆਂ ਸ਼ਹੀਦ ਹੋ ਗਈਆਂ।
ਸਾਢੇ ਤਿੰਨ ਸੌ ਸਿੱਖ ਔਰਤਾਂ ਜੋ ਏਨਾ ਜ਼ੁਲਮ ਸਹਿਣ ਬਾਅਦ ਵੀ ਜ਼ਿੰਦਾ ਰਹਿ ਗਈਆਂ, ਉਨ੍ਹਾਂ ਦੇ ਮਨ ਅੰਦਰਲੀ ਤਾਕਤ ਤੇ ਵਾਹਿਗੁਰੂ ਵਿਚ ਅਥਾਹ ਵਿਸ਼ਵਾਸ਼ ਨੇ ਮੀਰ ਮੰਨੂ ਦੀਆਂ ਰਾਤਾਂ ਦੀ ਨੀਂਦਰ ਹਰਾਮ ਕਰ ਦਿੱਤੀ।
ਇਕ ਵੀ ਸਿੱਖ ਔਰਤ ਦਾ ਧਰਮ ਤਬਦੀਲ ਨਾ ਕਰ ਸਕਣ ਦਾ ਗੁੱਸਾ ਮੀਰ ਮੰਨੂ ਨੂੰ ਗੁੱਸੇ ਨਾਲ ਅੰਨ੍ਹਾ ਕਰ ਗਿਆ।
ਅਗਲੇ ਦਿਨ ਉਸਨੇ ਹੈਵਾਨੀਅਤ ਦਾ ਨੰਗਾ ਨਾਚ ਕਰਨ ਬਾਰੇ ਫ਼ੈਸਲਾ ਲੈ ਲਿਆ। ਸਵੇਰ ਵੇਲੇ ਜੇਲ੍ਹ ਦੇ ਪਹਿਰੇਦਾਰਾਂ ਨੇ ਦਰਵਾਜ਼ਾ ਖੋਲ੍ਹਿਆ ਤੇ ਸਾਹਮਣੇ ਬੈਠੀ ਵਾਹਿਗੁਰੂ ਸਤਿਨਾਮ ਜਪਦੀ, ਛਾਤੀ ਦਾ ਦੁੱਧ ਚੁੰਘਾਉਂਦੀ ਬੀਬੀ ਸੁਭਾਗੀ ਕੋਲੋਂ ਉਸਦਾ ਡੇਢ ਵਰ੍ਹਿਆਂ ਦਾ ਬਾਲ ਖੋਹ ਲਿਆ। ਉਸ ਕੋਲੋਂ ਪੁੱਛਿਆ ਗਿਆ, ''ਆਖ਼ਰੀ ਵਾਰ ਪੁੱਛ ਰਹੇ ਹਾਂ। ਇਸਲਾਮ ਕਬੂਲ ਕਰ ਕੇ ਐਸ਼ੋ-ਆਰਾਮ ਦੀ ਜ਼ਿੰਦਗੀ ਜੀਅ ਲੈ। ਨਹੀਂ ਤਾਂ ਤੇਰਾ ਬੱਚਾ ਨੇਜ਼ਿਆਂ ਨਾਲ ਫੁੰਡ ਦਿੱਤਾ ਜਾਵੇਗਾ!'' ਬੀਬੀ ਸੁਭਾਗੀ ਨੇ ਸ਼ੇਰਨੀ ਵਾਂਗ ਦਹਾੜ ਕੇ ਕਿਹਾ, ''ਮੇਰੇ ਗੁਰੂ ਵਾਸਤੇ ਮੇਰਾ ਇਹ ਸਿਰ ਵੀ ਹਾਜ਼ਰ ਹੈ। ਆਪਣੇ ਗੁਰੂ ਤੋਂ ਹਜ਼ਾਰ ਪੁੱਤਰ ਵਾਰਨ ਨੂੂੰ ਤਿਆਰ ਹਾਂ। ਪਰ, ਕਿਸੇ ਵੀ ਹਾਲ ਵਿਚ ਸਿੱਖੀ ਤਿਆਗਣ ਨੂੰ ਤਿਆਰ ਨਹੀਂ।''
ਏਨਾ ਸੁਣਦੇ ਸਾਰ ਇਕ ਮੁਗ਼ਲ ਸੈਨਿਕ ਨੇ ਨੇਜ਼ਾ ਸਿੱਧਾ ਕੀਤਾ ਤੇ ਦੂਜੇ ਨੇ ਸੁਭਾਗੀ ਦਾ ਕੋਮਲ ਮਲੂਕ ਫੁੱਲ ਜਿਹਾ ਬਾਲ ਉਤਾਂਹ ਉਛਾਲ ਦਿੱਤਾ। ਬੀਬ ਸੁਭਾਗੀ ਨੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ। ਉਸ ਦੀਆਂ ਅੱਖਾਂ ਸਾਹਮਣੇ ਉਸ ਦੇ ਬੱਚੇ ਨੂੰ ਨੇਜ਼ੇ ਨਾਲ ਵਿੰਨ੍ਹ ਦਿੱਤਾ ਗਿਆ ਤੇ ਫੇਰ ਹੇਠਾਂ ਜ਼ਮੀਨ ਉੱਤੇ ਸੁੱਟ ਕੇ ਤਲਵਾਰ ਨਾਲ ਟੋਟੇ-ਟੋਟੇ ਕਰ ਦਿੱਤਾ ਗਿਆ। ਲਹੂ ਦੀਆ ਧਤੀਰੀਆਂ ਵਹਿ ਤੁਰੀਆਂ।
ਕਿਸੇ ਵੀ ਮਾਂ ਦਾ ਦਿਲ ਆਪਣੇ ਜਿਗਰ ਦੇ ਟੁਕੜੇ ਨਾਲ ਅਜਿਹਾ ਹੁੰਦਾ ਵੇਖ ਕੇ ਪਿਘਲ ਜਾਏ। ਧੰਨ ਸੁਭਾਗੀ ਵਰਗੀਆਂ ਸੈਂਕੜੇ ਬੀਬੀਆਂ ਦਾ, ਜਿਨ੍ਹਾਂ ਨੇ ਸਹੀ ਮਾਅਣਿਆਂ ਵਿਚ ਗੁਰੂ ਸਾਹਿਬ ਦੀ ਸਿੱਖਿਆ ਨੂੰ ਚੰਮ ਨਾਲ ਹੰਢਾਇਆ। ਬੀਬੀ ਸੁਭਾਗੀ ਨੇ 'ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨ ਕੀਜੈ' ਉਚਾਰਨ ਸ਼ੁਰੂ ਕਰ ਦਿੱਤਾ ਜਿਸ ਉੱਤੇ ਮੀਰ ਮੰਨੂ ਹੋਰ ਭੜਕ ਗਿਆ ਤੇ ਉਸ ਨੇ ਸੈਨਿਕਾਂ ਨੂੰ ਹੁਕਮ ਦਿੱਤਾ ਕਿ ਬੱਚੇ ਦੇ ਮਾਸ ਨੂੰ ਸੁਭਾਗੀ ਦੇ ਮੂੰਹ ਵਿਚ ਤੁੰਨਿਆ ਜਾਵੇ ਤੇ ਬਾਕੀ ਟੋਟਿਆਂ ਨੂੰ ਬੰਨ੍ਹ ਕੇ ਬੀਬੀ ਸੁਭਾਗੀ ਦੇ ਗਲ ਵਿਚ ਪਾ ਦਿੱਤਾ ਜਾਵੇ।
ਧੰਨ ਗੁਰੂ ਨਾਨਕ ਵੱਲੋਂ ਅਣਖ ਨਾਲ ਭਰਪੂਰ ਤੇ ਬੇਖ਼ੌਫ਼ ਕੌਮ ਦਾ ਨੀਂਹ ਪੱਥਰ ਰੱਖੇ ਜਾਣ ਅਤੇ ਬੇਮਿਸਾਲ ਕੁਰਬਾਨੀਆਂ ਨਾਲ ਸਿੰਜੇ ਜਾਣ ਨਾਲ ਤਿਆਰ ਹੋਈ ਦਲੇਰਾਨਾ ਕੌਮ ਦੀਆਂ ਬੀਬੀਆਂ, ਜਿਨ੍ਹਾਂ ਨੇ ਉਸ ਦਿਨ ਇਤਿਹਾਸਿਕ ਮਿਸਾਲ ਕਾਇਮ ਕੀਤੀ, ਜਿਸ ਦਾ ਅੱਜ ਤੱਕ ਕੋਈ ਹੋਰ ਸਾਨੀ ਨਹੀਂ।
ਇਕ ਪਾਸੇ ਜ਼ੁਲਮ ਦੀ ਇੰਤਹਾ ਸੀ, ਦੂਜੇ ਪਾਸੇ ਜਰ ਜਾਣ ਦੀ ਸਿਖਰ! ਦੁਨੀਆਂ ਵਾਸਤੇ ਇਕ ਅਜਿਹੀ ਦਿਲ ਟੁੰਬਵੀਂ ਘਟਨਾ ਜਿੱਥੇ ਬੀਬੀ ਸੁਭਾਗੀ ਦੇ ਨਾਲ ਦੀਆਂ ਸਾਰੀਆਂ ਸਿੱਖ ਔਰਤਾਂ ਨੇ ਇਸਲਾਮ ਕਬੂਲ ਕਰਨ ਦੀ ਥਾਂ ਆਪੋ ਆਪਣੇ ਬੱਚੇ ਨੇਜ਼ਿਆਂ ਨਾਲ ਫੁੰਡਵਾ ਕੇ ਟੋਟੇ-ਟੋਟੇ ਕਰਵਾ ਕੇ, ਗਲੇ ਦੁਆਲੇ ਬੰਨਵਾ ਲਏ। ਉਸ ਬੇਰਹਿਮ ਮੰਨੂ ਵੱਲੋਂ ਇੱਕੋ ਦਿਨ 300 ਮਾਸੂਮ ਸਿੱਖ ਬੱਚਿਆਂ ਦੇ ਟੋਟੇ ਕੀਤੇ ਗਏ ਪਰ ਕੀ ਮਜਾਲ ਕਿ ਇੱਕ ਵੀ ਸਿੱਖ ਬੀਬੀ ਨੇ ਗੁਰੂ ਦਾ ਲੜ ਛੱਡਿਆ ਹੋਵੇ ਜਾਂ ਹੰਝੂ ਵਹਾਇਆ ਹੋਵੇ!
ਇਨ੍ਹਾਂ ਵਿੱਚੋਂ ਇਕ ਬੀਬੀ ਲੱਛੀ ਅਤਿ ਦੀ ਖ਼ੂਬਸੂਰਤ ਸੀ। ਕਾਜ਼ੀ ਦਾ ਉਸ ਉੱਤੇ ਦਿਲ ਆ ਗਿਆ ਤੇ ਉਹ ਰੋਜ਼ ਉਸਨੂੰ ਵਿਆਹ ਕਰਵਾਉਣ ਉੱਤੇ ਜ਼ੋਰ ਪਾਉਣ ਲੱਗ ਪਿਆ। ਉਸ ਦਾ ਪੌਣੇ ਦੋ ਸਾਲ ਦਾ ਬੱਚਾ ਸੀ। ਬੀਬੀ ਲੱਛੀ ਨੇ ਕਿਸੇ ਵੀ ਹਾਲ ਵਿਚ ਆਪਣਾ ਧਰਮ ਛੱਡਣ ਤੋਂ ਨਾ ਕਰ ਦਿੱਤੀ।
ਅਖ਼ੀਰ ਇਕ ਦਿਨ ਕਾਜ਼ੀ ਹੁਕਮ ਦੇ ਗਿਆ ਕਿ ਅਗਲੇ ਦਿਨ ਸਵੇਰ ਤਕ ਲੱਛੀ ਦੇ ਬੱਚੇ ਉੱਤੇ ਰੱਜ ਕੇ ਤਸ਼ੱਦਦ ਕਰੋ ਜਦ ਤਕ ਲੱਛੀ ਦਾ ਆਪਣੇ ਧਰਮ ਉੱਤੇ ਵਿਸ਼ਵਾਸ਼ ਡੋਲ ਨਾ ਜਾਏ। ਉਸ ਰਾਤ ਬੀਬੀ ਲੱਛੀ ਨੂੰ ਬੰਨ੍ਹ ਦਿੱਤਾ ਗਿਆ ਤੇ ਉਸ ਦੇ ਬੱਚੇ ਨੂੰ ਪੁੱਠਾ ਟੰਗ ਦਿੱਤਾ ਗਿਆ। ਫੇਰ ਚੀਕਦੇ ਕੁਰਲਾਉਂਦੇ ਬੱਚੇ ਦੀ ਗਰਦਨ ਤੋਂ ਢਿੱਡ ਤਕ ਮਾਸ ਚੀਰ ਦਿੱਤਾ ਗਿਆ। ਲਹੂ ਦੀਆਂ ਧਾਰਾਂ ਵਹਿ ਤੁਰੀਆਂ। ਬੱਚਾ 'ਮਾਂ' 'ਮਾਂ' ਚੀਕਦਾ, ਹਾੜ੍ਹੇ ਕੱਢਦਾ ਰਿਹਾ ਪਰ ਬੇਰਹਿਮਾਂ ਨੂੰ ਤਰਸ ਨਹੀਂ ਆਇਆ। ਫੇਰ ਬੱਚੇ ਦੇ ਟੋਟੇ ਟੋਟੇ ਕਰ ਕੇ, ਤੜਫਾ ਤੜਫਾ ਕੇ ਸ਼ਹੀਦ ਕਰ ਦਿੱਤਾ ਗਿਆ।
ਬੀਬੀ ਲੱਛੀ ਅਡੋਲ, ਸ਼ਾਂਤ ਚਿਤ ਅਰਦਾਸ ਕਰਦੀ ਰਹੀ, ''ਗੁਰੂ ਜੀ, ਜਾਨ ਭਾਵੇਂ ਚਲੀ ਜਾਏ ਪਰ ਧਰਮ ਨਹੀਂ ਜਾਣਾ ਚਾਹੀਦਾ। ਬਸ ਏਨੀ ਹਿੰਮਤ ਬਖ਼ਸ਼ ਦੇਣਾ।''
ਇਹ ਸ਼ਾਂਤ ਚਿੱਤ ਰਹਿਣਾ ਵੀ ਸੈਨਿਕਾਂ ਤੋਂ ਜਰਿਆ ਨਹੀਂ ਗਿਆ ਤੇ ਉਨ੍ਹਾਂ ਬੀਬੀ ਲੱਛੀ ਨੂੰ ਪੁੱਠਿਆਂ ਟੰਗ ਦਿੱਤਾ। ਫੇਰ ਚਾਬੁਕ ਮਾਰ ਮਾਰ ਕੇ ਉਸ ਦੀ ਚਮੜੀ ਉਧੇੜ ਦਿੱਤੀ। ਅਠਾਰਾਂ ਘੰਟਿਆਂ ਬਾਅਦ ਉਸ ਨੂੰ ਕੁੱਟ ਕੁੱਟ ਕੇ ਲਹੂ ਲੁਹਾਨ ਕਰਨ ਬਾਅਦ ਹੇਠਾਂ ਲਾਹਿਆ ਗਿਆ। ਫੇਰ ਉਸ ਨੂੰ ਕਾਜ਼ੀ ਨਾਲ ਵਿਆਹ ਕਰਨ ਲਈ ਜ਼ੋਰ ਦਿੱਤਾ ਗਿਆ ਪਰ ਬੀਬੀ ਲੱਛੀ ਉਸ ਸਮੇਂ ਖੜ੍ਹੇ ਹੋ ਸਕਣ ਜਾਂ ਤੁਰਨ ਯੋਗ ਵੀ ਨਹੀਂ ਸੀ ਰਹੀ। ਉਸ ਹਾਲਤ ਵਿਚ ਵੀ ਉਸਨੇ ਨਾ ਵਿਚ ਸਿਰ ਹਿਲਾ ਕੇ ਜਿੰਨੀ ਕੁ ਹਿੰਮਤ ਬਚੀ ਸੀ, ਹੱਥ ਜੋੜ ਨਿਤਨੇਮ ਪੂਰਾ ਕੀਤਾ ਤੇ ਅਖ਼ੀਰ ਅਰਦਾਸ ਕੀਤੀ, ''ਸੱਚੇ ਪਾਤਸ਼ਾਹ ਸਾਰੀ ਰਾਤ ਆਪ ਜੀ ਦੇ ਭਾਣੇ ਨੂੰ ਮੰਨ ਕੇ ਸੁਖ ਨਾਲ ਬਤੀਤ ਕੀਤੀ ਹੈ। ਆਪ ਜੀ ਨੇ ਆਪਣੀ ਅਮਾਨਤ ਵਾਪਸ ਲੈ ਲਈ ਹੈ, ਉਸ ਲਈ ਆਪ ਜੀ ਦਾ ਕੋਟਣ ਕੋਟ ਧੰਨਵਾਦ। ਅੱਗੇ ਵਾਸਤੇ ਵੀ ਭਾਣਾ ਮੰਨਣ ਦਾ ਬਲ ਬਖ਼ਸ਼ਣਾ ਤੇ ਉੱਦਮ ਕਰਨ ਦੀ ਬਖ਼ਸ਼ੀਸ਼ ਦੇਣੀ। ਪ੍ਰਾਣ ਜਾਏ ਪਰ ਸਿੱਖੀ ਨਾ ਜਾਏ। ਬਸ ਏਨੀ ਮਿਹਰ ਕਰਨੀ। ਇਹ ਭੁੱਲੀਆਂ ਹੋਈਆਂ ਰੂਹਾਂ ਹਨ, ਜੋ ਜ਼ੁਲਮ ਕਰ ਰਹੀਆਂ ਹਨ। ਇਨ੍ਹਾਂ ਨੂੰ ਮੁਆਫ਼ ਕਰਨਾ।''
ਏਨਾ ਸੁਣ ਕੇ ਕੁੱਝ ਸੈਨਿਕਾਂ ਦਾ ਦਿਲ ਦਹਿਲ ਗਿਆ ਤੇ ਉਨ੍ਹਾਂ ਨੇ ਕਹਿ ਦਿੱਤਾ ਕਿ ਇਹ ਚੰਗੀਆਂ ਰੂਹਾਂ ਹਨ। ਅਸੀਂ ਇਨ੍ਹਾਂ ਉੱਤੇ ਹੋਰ ਜ਼ੁਲਮ ਨਹੀਂ ਕਰ ਸਕਦੇ। ਇਹ ਏਨੀਆਂ ਸਖ਼ਤ ਜਾਨ ਹਨ ਕਿ ਕਿਸੇ ਦਿਨ ਇਨ੍ਹਾਂ ਦੀ ਕੌਮ ਪੂਰੀ ਦੁਨੀਆ ਵਿਚ ਰਾਜ ਕਰਨ ਵਾਲੀ ਹੈ।
ਬਾਕੀ ਸੈਨਿਕ ਹੋਰ ਵੀ ਚਿੜ੍ਹ ਗਏ ਤੇ ਉਨ੍ਹਾਂ ਨੇ ਗੁੱਸੇ ਵਿਚ ਆ ਕੇ ਲੱਛੀ ਉੱਤੇ ਚੱਕੀ ਦੇ ਦੋ ਪਟ ਧਰ ਦਿੱਤੇ ਤੇ ਸਿਰ ਅਤੇ ਲੱਤਾਂ ਉੱਤੇ ਸੋਟੀਆਂ ਮਾਰ-ਮਾਰ ਕੇ ਸਾਰੀਆਂ ਹੱਡੀਆਂ ਤੋੜ ਦਿੱਤੀਆਂ। ਆਖ਼ਰੀ ਸਾਹ ਤਿਆਗਣ ਤੱਕ ਕਿਸੇ ਇਕ ਨੇ ਵੀ ਲੱਛੀ ਦੀ ਚੀਕ ਨਹੀਂ ਸੁਣੀ। ਸਿਰਫ਼ 'ਵਾਹਿਗੁਰੂ' ਦਾ ਉਚਾਰਣ ਹੀ ਸੁਣਿਆ।
ਸਿੱਖ ਔਰਤਾਂ ਦੀ ਇਸ ਹਿੰਮਤ ਅੱਗੇ ਪੂਰੀ ਸਿੱਖ ਕੌਮ ਨਤਮਸਤਕ ਹੋਈ ਤੇ ਆਉਣ ਵਾਲੀਆਂ ਸਾਰੀਆਂ ਪੁਸ਼ਤਾਂ ਨੂੰ ਵੀ ਇਹ ਕੁਰਬਾਨੀ ਯਾਦ ਦਵਾਉਂਦੇ ਰਹਿਣ ਲਈ ਸੰਨ 1760 ਵਿਚ ਹਰ ਰੋਜ਼ ਕਰਨ ਵਾਲੀ ਅਰਦਾਸ ਵਿਚ ਇਸ ਕੁਰਬਾਨੀ ਦਾ ਜ਼ਿਕਰ ਲਾਜ਼ਮੀ ਕਰ ਦਿੱਤਾ ਗਿਆ ਤਾਂ ਜੋ ਹਰ ਸਿੰਘਣੀ ਇਸ ਸ਼ਹਾਦਤ ਨੂੰ ਯਾਦ ਕਰ ਕੇ ਆਪਣੇ ਅੰਦਰਲੀ ਹਿੰਮਤ ਬਰਕਰਾਰ ਰੱਖ ਸਕੇ ਤੇ ਧਰਮ ਵਾਸਤੇ ਹਰ ਕੁਰਬਾਨੀ ਕਰਨ ਨੂੰ ਤਿਆਰ ਰਹੇ।
ਅਫ਼ਸੋਸ ਸਿਰਫ਼ ਇਹ ਹੈ ਕਿ ਸਿੱਖ ਇਤਿਹਾਸਕਾਰਾਂ ਨੇ ਬੀਬੀ ਸੁਭਾਗੀ ਤੇ ਬੀਬੀ ਲੱਛੀ ਦੇ ਨਾਲ ਦੀਆਂ 500 ਔਰਤਾਂ ਦੇ ਨਾਵਾਂ ਨੂੰ ਉਜਾਗਰ ਨਹੀਂ ਕੀਤਾ ਤੇ ਉਨ੍ਹਾਂ ਸਾਰੀਆਂ ਦੇ ਨਾਂ ਇਤਿਹਾਸ ਵਿਚ ਹੀ ਦਫ਼ਨ ਹੋ ਚੁੱਕੇ ਹਨ। ਪਰ, ਜੋ ਵੀ ਹੋਵੇ, ਇਹ ਲਾਸਾਨੀ ਸ਼ਹਾਦਤ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੇ ਕੌਮ ਹਮੇਸ਼ਾ ਇਨ੍ਹਾਂ ਦੀ ਰਿਣੀ ਰਹੇਗੀ।
ਇਨ੍ਹਾਂ ਸਿੱਖ ਬੀਬੀਆਂ ਨੇ ਗੁਰਬਾਣੀ ਨੂੰ ਪਿੰਡੇ ਉੱਤੇ ਹੰਢਾ ਕੇ ਸਾਬਤ ਕੀਤਾ-ਇਤੁ ਮਾਰਗਿ ਪੈਰੁ ਧਰੀਜੈ। ਸਿਰੁ ਦੀਜੈ ਕਾਣਿ ਨਾ ਕੀਜੈ।
ਬੀਬੀ ਲੱਛੀ ਤੇ ਬੀਬੀ ਸੁਭਾਗੀ ਵਾਸਤੇ ਤਾਂ ਦਿਲੋਂ ਹੂਕ ਉੱਠਦੀ ਹੈ ਤੇ ਇਹੀ ਸ਼ਬਦ ਉਚਾਰਨ ਕੀਤਾ ਜਾ ਸਕਦਾ ਹੈ, ''ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ।''
26 Dec. 2018
ਕੀ '84 ਸੱਚੀਂ ਮੁੱਚੀਂ ਭੁਲਾ ਦੇਣੀ ਚਾਹੀਦੀ ਹੈ? - ਡਾ. ਹਰਸ਼ਿੰਦਰ ਕੌਰ, ਐਮ. ਡੀ.
ਆਮ ਹੀ ਇਹ ਗੱਲ ਉਛਾਲੀ ਜਾਣ ਲੱਗ ਪਈ ਹੈ ਕਿ '84 ਬਾਰੇ ਗੱਲ ਕਰਨੀ ਦੇਸਧ੍ਰੋਹ ਹੈ। ਇਸੇ ਲਈ ਹਥਲੇ ਲੇਖ ਨੂੰ ਲਿਖਣ ਦੀ ਲੋੜ ਪਈ।
ਅੱਜ ਕੱਲ ਮੁੰਬਈ ਵਿਚ 26 ਨਵੰਬਰ ਦੀ ਯਾਦ ਉਸਾਰਣ ਬਾਰੇ ਜ਼ੋਰ ਸ਼ੋਰ ਦੀ ਆਵਾਜ਼ ਚੁੱਕੀ ਜਾਣ ਲੱਗ ਪਈ ਹੈ, ਜੋ ਕਿ ਜਾਇਜ਼ ਹੈ। ਕਾਰਨ ਜੋ ਦੱਸੇ ਜਾ ਰਹੇ ਹਨ, ਉਹ ਹਨ :-
1. ਯਾਦਾਂ ਸਾਂਭ ਕੇ ਰੱਖਣ ਸਦਕਾ ਹੀ ਅਸੀਂ ਇਨਸਾਨ ਮੰਨੇ ਜਾਂਦੇ ਹਾਂ।
2. ਪੁਰਾਣੀਆਂ ਯਾਦਾਂ ਤੋਂ ਸੇਧ ਅਤੇ ਸਿੱਖਿਆ ਲੈਣੀ ਤੇ ਅੱਗੇ ਤੋਂ ਅਜਿਹਾ ਹੋਣ ਤੋਂ ਰੋਕਣ ਲਈ ਸਮੂਹਿਕ ਜਤਨ ਆਰੰਭਣੇ।
3. ਮਨੁੱਖੀ ਹੱਕਾਂ ਦੇ ਘਾਣ ਤੇ ਮਨੁੱਖੀ ਅੱਤਿਆਚਾਰਾਂ ਨੂੰ ਯਾਦ ਰੱਖਣਾ ਜ਼ਰੂਰੀ ਹੁੰਦਾ ਹੈ ਕਿਉਂਕਿ ਹਰ ਡੂੰਘਾ ਜ਼ਖ਼ਮ ਜੋ ਜੰਗਾਂ ਜਾਂ ਮੰਦਭਾਗੀਆਂ ਘਟਨਾਵਾਂ ਵਿਚ ਨਾਸੂਰ ਬਣ ਕੇ ਮਨਾਂ ਵਿਚ ਖੁੱਭ ਜਾਂਦਾ ਹੈ, ਉਸ ਵੇਦਨਾ ਨੂੰ ਅਜਿਹੀਆਂ ਉਸਾਰੀਆਂ ਯਾਦਾਂ ਨੂੰ ਵੇਖ ਕੇ ਅੱਖਾਂ ਰਾਹੀਂ ਵਹਿ ਜਾਣ ਨਾਲ ਜ਼ਖ਼ਮਾਂ ਦੀ ਪੀੜ ਘੱਟ ਜਾਂਦੀ ਹੈ।
4. ਆਪਣੇ ਬੱਚਿਆਂ ਦੇ ਮਨਾਂ ਵਿਚ ਯਾਦਾਂ ਦਾ ਵਸਾਉਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਉਹ ਆਉਣ ਵਾਲੇ ਖ਼ਤਰਿਆਂ ਤੋਂ ਸੁਚੇਤ ਰਹਿਣ ਤੇ ਆਪਸੀ ਸਾਂਝ ਗੰਢ ਕੇ ਰੱਖਣ ਅਤੇ ਇਕਜੁੱਟਤਾ ਦਾ ਸੰਦੇਸ਼ ਸਿੱਖਣ।
5. ਕਿਸੇ ਖਾਸ ਕੌਮ ਜਾਂ ਮੁਲਕ ਉੱਤੇ ਹੋਏ ਅੱਤਿਆਚਾਰ ਨੂੰ ਜੇ ਯਾਦ ਨਾ ਰੱਖਿਆ ਜਾਵੇ ਤਾਂ ਅੱਗੋਂ ਉਹ ਆਪਣੀ ਰੱਖਿਆ ਕਰਨ ਯੋਗ ਨਹੀਂ ਰਹਿੰਦੇ ਤੇ ਸੌਖੇ ਸ਼ਿਕਾਰ ਬਣ ਜਾਂਦੇ ਹਨ।
6. ਮੁਲਕ ਦੇ ਰਾਖੇ ਵੀ ਤਾਂ ਹੀ ਆਪਣੀ ਡਿਊਟੀ ਪੂਰੀ ਤਨਦੇਹੀ ਤੇ ਇਕਾਗਰਤਾ ਨਾਲ ਨਿਭਾਉਣਗੇ ਜੇ ਉਨ੍ਹਾਂ ਨੂੰ ਆਪਣੇ ਤੋਂ ਪਹਿਲਾਂ ਸ਼ਹੀਦ ਹੋਇਆਂ ਦੀ ਯਾਦ ਹਰ ਸਾਲ ਕਰਵਾਈ ਜਾਏ ਤੇ ਸ਼ਹੀਦਾਂ ਦੀ ਯਾਦ ਅੱਗੇ ਨਤਮਸਤਕ ਹੋਣ ਲਈ ਉਤਸਾਹਿਤ ਕੀਤਾ ਜਾਏ। ਇੰਜ ਹੀ ਕਿਸੇ ਇਕ ਇਲਾਕੇ ਜਾਂ ਕੌਮ ਉੱਤੇ ਹਮਲਿਆਂ ਦੀ ਯਾਦ ਉਸਾਰਨ ਦੀ ਵੀ ਲੋੜ ਹੁੰਦੀ ਹੈ ਤਾਂ ਜੋ ਦੁਬਾਰਾ ਅਜਿਹੇ ਹਮਲੇ ਤੋਂ ਬਚਾਓ ਲਈ ਅਗਲੀ ਪੁਸ਼ਤ ਪੂਰਨ ਰੂਪ ਵਿਚ ਤਿਆਰ ਰਹੇ।
7. ਜ਼ੁਲਮਾਂ ਦੀਆਂ ਯਾਦਾਂ ਬਣਾਉਣ ਨਾਲ ਭਾਈਚਾਰਕ ਨੇੜਤਾ ਵਧਦੀ ਹੈ ਅਤੇ ਚੰਗੀ ਸੋਚ ਵਾਲੇ ਲੋਕ ਦੁਖ ਵਿਚ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਂਦੇ ਹਨ।
8. ਮੈਮੋਰੀਅਲ ਬਣਾਉਣ ਨਾਲ ਜ਼ਖ਼ਮ ਛੇਤੀ ਭਰਦੇ ਹਨ। ਜਿੱਥੇ ਇਕ ਪਾਸੇ ਜ਼ੁਲਮਾਂ ਦੀ ਦਾਸਤਾਨ ਤੇ ਜਾਨ ਗੁਆਇਆਂ ਦੀ ਯਾਦ ਤਾਜ਼ਾ ਹੁੰਦੀ ਰਹਿੰਦੀ ਹੈ, ਉੱਥੇ ਵੱਖੋ-ਵੱਖ ਲੋਕਾਂ ਦੀ ਚੰਗੀ ਰਾਇ ਮਿਲਣ ਨਾਲ ਮਨਾਂ ਵਿਚਲੀ ਕੌੜ ਘਟਣ ਲੱਗ ਜਾਂਦੀ ਹੈ। ਸਾਰੇ ਰਲ ਕੇ ਅਜਿਹਾ ਜ਼ੁਲਮ ਅੱਗੇ ਤੋਂ ਨਾ ਹੋਣ ਬਾਰੇ ਸੋਚ ਵਿਚਾਰ ਕਰਨ ਲੱਗ ਪੈਂਦੇ ਹਨ।
9. ਮੈਮੋਰੀਅਲ ਵਿਚ ਸੱਚਾਈ ਵਿਖਾ ਕੇ, ਅਖ਼ੀਰ ਵਿਚ ਅੱਲ੍ਹੇ ਜ਼ਖ਼ਮਾਂ ਨੂੰ ਭਰਨ ਅਤੇ ਪਿਆਰ ਮੁਹੱਬਤ ਫੈਲਾਉਣ ਦੇ ਨਾਲ ਸਾਂਝੀਵਾਲਤਾ ਦਾ ਸੰਦੇਸ਼ ਦੇਣਾ ਜ਼ਰੂਰੀ ਹੁੰਦਾ ਹੈ।
10. ਮੈਮੋਰੀਅਲ ਨਾ ਉਸਾਰ ਕੇ ਇਕ ਕੌਮ ਜਾਂ ਮੁਲਕ ਦੇ ਲੋਕਾਂ ਦੇ ਮਨਾਂ ਵਿਚਲਾ ਰੋਸ ਡੂੰਘਾ ਘਰ ਕਰ ਜਾਂਦਾ ਹੈ ਜੋ ਅਗਲੀ ਪੁਸ਼ਤ ਨੂੰ ਨਫ਼ਰਤ ਦਾ ਸੰਦੇਸ਼ ਦਿੰਦਾ ਰਹਿੰਦਾ ਹੈ ਤੇ ਜ਼ਖ਼ਮ ਭਰਨ ਹੀ ਨਹੀਂ ਦਿੰਦਾ।
11. ਮੈਮੋਰੀਅਲ ਬਣਾਉਣ ਨਾਲ ਸਰਕਾਰ ਦੀ ਨੀਅਤ ਬਾਰੇ ਪਤਾ ਲੱਗ ਜਾਂਦਾ ਹੈ ਕਿ ਉਹ ਲੋਕਾਂ ਨੂੰ ਜੋੜਨਾ ਚਾਹੁੰਦੀ ਹੈ ਜਾਂ ਪਾੜ ਪਾਉਣਾ ਚਾਹੁੰਦੀ ਹੈ। ਜੇ ਮੈਮੋਰੀਅਲ ਬਣਦਾ ਹੈ ਤਾਂ ਸਰਕਾਰ ਦੀ ਨੀਅਤ ਸਾਫ਼ ਹੈ ਪਰ ਜੇ ਨਹੀਂ ਤਾਂ ਇਸ ਦਾ ਮਤਲਬ ਹੈ ਕਿ ਉਹ ਭਾਈਚਾਰਕ ਸਾਂਝ ਪਾਉਣ ਨਹੀਂ ਦੇਣਾ ਚਾਹੁੰਦੀ ਤੇ ਲੋਕਾਂ ਦੇ ਮਨਾਂ ਵਿਚ ਇਕ ਲਕੀਰ ਖਿੱਚੀ ਰਹਿਣ ਦੇਣਾ ਚਾਹੁੰਦੀ ਹੈ।
ਇਹ ਲਕੀਰ ਦੋ ਮੁਲਕਾਂ ਵਿਚ ਵੀ ਹੋ ਸਕਦੀ ਹੈ ਜਾਂ ਕਿਸੇ ਘਟਨਾ ਨਾਲ ਸਬੰਧਤ, ਕਿਸੇ ਖ਼ਾਸ ਧਰਮ ਨਾਲ ਜਾਂ ਜਾਤ-ਪਾਤ ਵਿਚਲਾ ਵਿਤਕਰਾ।
12. ਜਿਹੜਾ ਮੈਮੋਰੀਅਲ ਬਣਾਇਆ ਜਾਵੇ, ਉਸ ਦੇ ਆਲੇ-ਦੁਆਲੇ ਦੀ ਥਾਂ ਵਿਚ ਸਭ ਧਰਮਾਂ ਦੇ ਲੋਕਾਂ ਲਈ ਬੈਠਣ ਦੀ ਥਾਂ ਹੋਣੀ ਚਾਹੀਦੀ ਹੈ ਤਾਂ ਜੋ ਸਭਨਾਂ ਦੇ ਮਨਾਂ ਵਿਚ ਤਰਕ ਉਪਜੇ ਤੇ ਉਹ ਮਾੜੇ ਚੰਗੇ ਵਿਚਲਾ ਫਰਕ ਪਛਾਣ ਸਕਣ।
13. ਸਾਂਝੀਵਾਲਤਾ ਦਾ ਇਹਸਾਸ ਉਦੋਂ ਹੀ ਜਾਗਦਾ ਹੈ ਜਦੋਂ ਕਈ ਲੋਕ ਇਕੱਲੇ ਹੋ ਕੇ ਦੁਖ ਸਾਂਝਾ ਕਰਨ ਤੇ ਆਪਣਿਆਂ ਦੀਆਂ ਜਾਨਾਂ ਚਲੀਆਂ ਜਾਣ ਲਈ ਇਕ ਦੂਜੇ ਨੂੰ ਦਿਲਾਸਾ ਦੇਣ! ਅਜਿਹਾ ਸਭ ਕੁੱਝ ਸਿਰਫ਼ ਕਿਸੇ ਯਾਦਗਾਰ ਵਾਲੀ ਥਾਂ ਉੱਤੇ ਹੀ ਹੋ ਸਕਦਾ ਹੈ। ਇੰਜ ਮਾਨਸਿਕ ਨਿਤਾਣਾਪਨ ਵੀ ਘੱਟ ਹੋ ਜਾਂਦਾ ਹੈ ਜੋ ਨਿਰੋਗ ਸਮਾਜ ਨੂੰ ਉਸਾਰਨ ਵਿਚ ਮਦਦ ਕਰਦਾ ਹੈ।
14. ਕਿਸੇ ਤ੍ਰਾਸਦੀ ਵਾਲੀ ਥਾਂ ਨੂੰ ਜਦੋਂ ਸੈਲਾਨੀਆਂ ਦੀ ਆਵਾਜਾਈ ਵਾਲੀ ਥਾਂ ਬਣਾ ਦਿੱਤੀ ਜਾਵੇ ਤਾਂ ਮਨੋਵਿਗਿਆਨੀ ਮੰਨਦੇ ਹਨ ਕਿ ਉਸ ਥਾਂ ਉੱਤੇ ਸ਼ਾਂਤੀ ਦਾ ਵਰਤਾਰਾ ਪਸਰ ਜਾਂਦਾ ਹੈ । ਜਿਨ੍ਹਾਂ ਘਰਾਂ ਦੀਆਂ ਜਾਨਾਂ ਗਈਆਂ ਹੁੰਦੀਆਂ ਹਨ, ਉਹ ਵੀ ਉੱਥੇ ਉਨ੍ਹਾਂ ਦੀ ਹਾਜ਼ਰੀ ਮਹਿਸੂਸ ਕਰ ਕੇ ਅਜਿਹੀ ਥਾਂ ਪਹੁੰਚ ਕੇ ਸ਼ਾਂਤ ਹੋ ਜਾਂਦੇ ਹਨ।
15. ਅਜਿਹੀ ਥਾਂ ਉੱਤੇ ਅਰਦਾਸ ਕਰਨ ਦੀ ਥਾਂ ਲਾਜ਼ਮੀ ਹੋਣੀ ਚਾਹੀਦੀ ਹੈ ਤੇ ਮੈਡੀਟੇਸ਼ਨ ਦੀ ਵੀ।
16. ਨਿਊਯਾਰਕ ਵਿਚ ਵੀ 9/11 ਦੀ ਯਾਦ ਬਣਾ ਕੇ ਉਸ ਦੀਆਂ ਕੰਧਾਂ ਉੱਤੇ ਅਲੱਗ-ਅਲੱਗ ਧਰਮਾਂ ਵਿਚਲੀਆਂ ਸ਼ਾਂਤੀ ਦੀਆਂ ਸਤਰਾਂ ਲਿਖ ਦਿੱਤੀਆਂ ਗਈਆਂ ਹਨ।
17. ਦੰਗੇ, ਬਲਾਤਕਾਰ, ਦਹਿਸ਼ਤਗਰਦੀ, ਨਸਲਕੁਸ਼ੀ, ਆਦਿ ਵਰਗੇ ਸੰਗੀਨ ਜੁਰਮਾਂ ਨੂੰ ਅੱਗੇ ਤੋਂ ਰੋਕਣ ਲਈ ਲੋਕਾਂ ਨੂੰ ਹਲੂਣਾ ਦੇਣਾ ਜ਼ਰੂਰੀ ਹੈ ਜਿਸ ਵਾਸਤੇ ਦਿਲ ਨੂੰ ਝੰਜੋੜਨ ਵਾਲੀਆਂ ਤਸਵੀਰਾਂ ਜ਼ਰੂਰ ਲਾਉਣੀਆਂ ਚਾਹੀਦੀਆਂ ਹਨ ਜਿਵੇਂ ਹਿਟਲਰ ਦੇ ਜ਼ੁਲਮਾਂ ਦੀਆਂ ਹੁਣ ਤਕ ਸਾਂਭੀਆਂ ਹੋਈਆਂ ਹਨ।
18. ਜਿਵੇਂ 'ਹੈਰੀਟੇਜ ਬਿਲਡਿੰਗਾਂ' ਪੂਰੀ ਦੁਨੀਆ ਵਿਚ ਬਣੀਆਂ ਹੋਈਆਂ ਹਨ, ਉਸੇ ਤਰ੍ਹਾਂ ਜ਼ੁਲਮ ਦੌਰਾਨ ਢਾਹੀਆਂ ਇਮਾਰਤਾਂ ਭਾਰਤ ਵਿਚ ਵੀ ਉਂਜ ਹੀ ਢਠੀਆਂ ਹੋਈਆਂ ਸਾਂਭੀਆਂ ਜਾਣੀਆਂ ਚਾਹੀਦੀਆਂ ਹਨ।
ਇਹ ਸਾਰੇ 18 ਨੁਕਤੇ ਪੂਰੇ ਜ਼ੋਰ ਸ਼ੋਰ ਨਾਲ ਮੁੰਬਈ ਵਿਚਲੇ ਤਾਜ ਹੋਟਲ ਵਿਚ ਹੋਏ ਦਹਿਸ਼ਤਗਰਦ ਹਮਲੇ ਲਈ ਚੁੱਕੇ ਜਾ ਰਹੇ ਹਨ ਤਾਂ ਜੋ ਉੱਥੇ ਮੈਮੋਰੀਅਲ ਦੀ ਉਸਾਰੀ ਹੋ ਸਕੇ।
ਸਵਾਲ ਇਹ ਉੱਠਦਾ ਹੈ ਕਿ ਨਿੱਕੀਆਂ ਵੱਡੀਆਂ ਹਰ ਤ੍ਰਾਸਦੀਆਂ ਦੀਆਂ ਯਾਦਾਂ ਤੇ ਯਾਦਗਾਰਾਂ ਸਾਂਭੀਆਂ ਜਾ ਰਹੀਆਂ ਹਨ, ਤਾਂ ਕੀ 1984 ਵਿਚ ਕੋਈ ਤ੍ਰਾਸਦੀ ਵਾਪਰੀ ਹੀ ਨਹੀਂ?
ਸੈਂਕੜੇ ਸਿੱਖ ਔਰਤਾਂ ਦੀ ਪੱਤ ਕੀ ਅਰਸ਼ੋਂ ਉੱਤਰੇ ਹੈਵਾਨ ਲੁੱਟ ਗਏ ਸਨ? ਕੀ ਸਿੱਖਾਂ ਨੇ ਬਲਦੇ ਟਾਇਰ ਆਪੇ ਹੀ ਆਪਣੇ ਗਲੇ ਵਿਚ ਪਾ ਕੇ ਲੋਹੇ ਦੀਆਂ ਰਾਡਾਂ ਨਾਲ ਆਪਣੇ ਆਪ ਨੂੰ ਮਾਰ ਲਿਆ? ਬੇਕਾਬੂ ਹੋਈ ਭੀੜ ਜਦੋਂ ਮਾਲ ਅਸਬਾਬ ਲੁੱਟ ਕੇ ਘਰਾਂ ਤੇ ਦੁਕਾਨਾਂ ਨੂੰ ਅੱਗ ਲਾ ਰਹੀ ਸੀ ਤਾਂ ਕੀ ਉਸ ਭੀੜ ਵਿਚ ਕੋਈ ਵੀ ਇਨਸਾਨ ਨਹੀਂ, ਸਭ ਆਦਮਖੋਰ ਹੀ ਸਨ?
ਆਖ਼ਰ ਕੋਈ ਤਾਂ ਕਾਰਨ ਹੋਵੇ ਕਿ ਸੈਂਕੜੇ ਕਤਲ ਹੋਏ ਹੋਣ ਦੇ ਸਬੂਤ ਹੋਣ ਤੇ ਕਾਤਲ ਕੋਈ ਹੋਵੇ ਹੀ ਨਾ? ਇਮਾਰਤਾਂ ਢਹਿ ਚੁੱਕੀਆਂ ਹੋਣ ਤੇ ਨਿਸ਼ਾਨੀ ਕੋਈ ਛੱਡੀ ਨਾ ਗਈ ਹੋਵੇ?
ਜੇ ਉੱਪਰ ਦੱਸੇ ਨੁਕਤੇ ਲਾਗੂ ਕੀਤੇ ਜਾਣ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਅੱਲ੍ਹੇ ਜ਼ਖ਼ਮਾਂ ਨੂੰ ਲਗਾਤਾਰ ਦੱਬੀ ਜਾਣ ਸਦਕਾ 34 ਸਾਲਾਂ ਬਾਅਦ ਤੱਕ ਮਨ ਅੰਦਰਲੀ ਅੱਗ ਹਾਲੇ ਵੀ ਧੁਖਦੀ ਪਈ ਹੈ।
ਜੇ ਦੁਨੀਆ ਭਰ ਦੇ ਚੋਟੀ ਦੇ ਮਨੋਵਿਗਿਆਨੀਆਂ ਦੇ ਸੁਝਾਓ ਮੰਨ ਲਏ ਜਾਣ, ਤਾਂ ਮੁਬੰਈ ਹਮਲੇ ਲਈ ਉਸਾਰੀ ਜਾਣ ਵਾਲੀ ਯਾਦਗਾਰ ਲਈ ਸੁਝਾਏ ਨੁਕਤਿਆਂ ਅਨੁਸਾਰ 1984 ਦੀ ਯਾਦਗਾਰ ਵੀ ਤੁਰੰਤ ਬਣਾਉਣ ਦੀ ਲੋੜ ਹੈ।
ਹੁਣ ਤਾਂ ਫੈਸਲਾ ਪਾਠਕ ਹੀ ਕਰਨ ਕਿ 1984 ਦੀ ਯਾਦਗਾਰ ਬਣਾਉਣ ਦੀ ਗੱਲ ਕਰਨ ਵਾਲਾ ਦੇਸਧ੍ਰੋਹੀ ਹੈ ਜਾਂ 1984 ਦੇ ਜ਼ਖ਼ਮਾਂ ਵਿਚ ਲੂਣ ਪਾ ਕੇ ਉਸ ਗੱਲ ਨੂੰ ਦੱਬੀ ਰੱਖ ਕੇ ਸਿਰਫ਼ ਚੋਣਾਂ ਦੌਰਾਨ ਮੁੱਦਾ ਬਣਾ ਕੇ ਉਛਾਲਣ ਵਾਲਾ ਦੇਸਧ੍ਰੋਹੀ ਅਖਵਾਉਣਾ ਚਾਹੀਦਾ ਹੈ।
ਅੰਤ ਵਿਚ ਇਹ ਦਸ ਦਿਆਂ ਕਿ ਹਾਅ ਦਾ ਨਾਅਰਾ ਮਾਰਨ ਵਾਲੇ ਹਿੰਦੂ ਧਰਮ ਦੇ ਵੀਰ ਭੈਣ, ਜਿਨ੍ਹਾਂ ਨੇ ਪੂਰੀ ਹਿੰਮਤ ਨਾਲ ਕਈ ਸਿਖ ਵੀਰਾਂ ਭੈਣਾਂ ਨੂੰ ਬਚਾਇਆ ਤੇ ਆਪਣੀਆਂ ਜਾਨਾਂ ਤੱਕ ਵਾਰ ਦਿੱਤੀਆਂ, ਦੀ ਵੀ ਸ਼ਮੂਲੀਅਤ ਅਜਿਹੀ ਯਾਦਗਾਰ ਵਿਚ ਵਧੀਆ ਤਰੀਕੇ ਹੋਣੀ ਚਾਹੀਦੀ ਹੈ ਜੋ ਸਾਂਝੀਵਾਲਤਾ ਦਾ ਸੁਣੇਹਾ ਦੇਵੇਗੀ।
ਪਰ, ਇਹ ਵੀ ਦੱਸੋ ਕਿ ਉਨ੍ਹਾਂ 12 ਔਰਤਾਂ ਦਾ ਕਿਵੇਂ ਜ਼ਿਕਰ ਕੀਤਾ ਜਾਵੇਗਾ ਜਿਨ੍ਹਾਂ ਦੀ ਪੱਤ ਲੁੱਟੀ ਗਈ, ਸਾਰੇ ਘਰ ਦੇ ਜੀਅ ਮਾਰ ਜਾਂ ਸਾੜ ਦਿੱਤੇ ਗਏ, ਘਰ ਬਾਰ ਲੁੱਟ ਲਿਆ ਗਿਆ ਤੇ ਕਿਸੇ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ!
ਇਨ੍ਹਾਂ ਬਾਰਾਂ ਔਰਤਾਂ ਦਾ ਜ਼ਿਕਰ ਮੇਰੇ ਕੋਲ ਇਕ ਮੁਸਲਮਾਨ ਵੀਰ ਨੇ ਕੀਤਾ, ਜੋ ਯੂਨਾਈਟਿਡ ਨੇਸ਼ਨਜ਼ ਵੱਲੋਂ ਭੇਜੇ ਵਫ਼ਦ ਵਿਚ ਸ਼ਾਮਲ ਸੀ ਤੇ ਉਸ ਨੇ ਲਾਅਨਤ ਪਾਉਂਦਿਆਂ ਮੈਨੂੰ ਪੁੱਛਿਆ ਸੀ, ''ਭੈਣ ਜੀ, ਤੁਹਾਡੀ ਕੌਮ ਵਿਖਾਵੇ ਵਿਚ ਰੁੱਝੀ ਪਈ ਹੈ। ਖ਼ਬਰਾਂ ਵਿਚ ਆਉਣ ਲਈ, ਇਮਾਰਤਾਂ ਉੱਤੇ ਸੋਨਾ ਚੜ੍ਹਾਉਣ ਲਈ, ਰੌਲਾ ਪਾਉਣ ਲਈ ਜਾਂ ਲੰਗਰ ਲਾਉਣ ਲਈ ਤਾਂ ਕਾਹਲੇ ਹਨ ਪਰ ਇਹ 12 ਔਰਤਾਂ ਸਾਂਭ ਸਕਣ ਯੋਗ ਨਹੀਂ ਜੋ ਅੱਜ ਵੀ ਆਪਣੀ ਪੱਤ ਲੁੱਟਣ ਵਾਲੇ ਹੈਵਾਨਾਂ ਦੇ ਘਰਾਂ ਵਿਚ, ਦਿੱਲੀ ਵਿਚ ਹੀ ਭਾਂਡੇ ਮਾਂਜ ਕੇ, ਕਪੜੇ ਧੋ ਕੇ ਤੇ ਸਫ਼ਾਈਆਂ ਕਰ ਕੇ ਆਪਣੀ ਜੂਨ ਮੁੱਕ ਜਾਣ ਦਾ ਇੰਤਜ਼ਾਰ ਕਰ ਰਹੀਆਂ ਹਨ! ਕੀ ਉਨ੍ਹਾਂ ਦੇ ਮਨਾਂ ਦੀ ਪੀੜ ਉੱਤੇ ਕੋਈ ਮਲ੍ਹਮ ਕੰਮ ਕਰ ਸਕਦੀ ਹੈ?''
ਮੇਰੇ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ ਸਿਵਾਏ ਸ਼ਰਮ ਨਾਲ ਸਿਰ ਝੁਕਾਉਣ ਦੇ! ਮੈਨੂੰ ਇਸ ਗੱਲ ਦਾ ਪਤਾ ਹੀ 34 ਸਾਲਾਂ ਬਾਅਦ ਲੱਗਿਆ ਸੀ। ਇਹ ਵੀ ਨਹੀਂ ਪਤਾ ਅੱਜ ਉਹ ਜਿਉਂਦੀਆਂ ਵੀ ਹਨ ਜਾਂ ਨਹੀਂ। ਜੇ ਹਨ, ਤਾਂ ਮੇਰੀ ਬੇਨਤੀ ਹੈ ਕਿ ਜਿਸ ਪਾਠਕ ਨੂੰ ਪਤਾ ਹੋਵੇ, ਇਨ੍ਹਾਂ ਬਾਰੇ ਦੱਸੇ ਤਾਂ ਜੋ ਪੰਥ ਵਿਚਲੇ ਦਰਦਵੰਦ ਇਨ੍ਹਾਂ ਨੂੰ ਮਦਦ ਪਹੁੰਚਾ ਸਕਣ! ਜੇ ਹੋਰ ਕੋਈ ਅਗਾਂਹ ਆਉਣ ਨੂੰ ਤਿਆਰ ਨਹੀਂ, ਤਾਂ ਮੈਂ ਹਾਜ਼ਰ ਹਾਂ।
ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਕਹੀ ਗ਼ੱਲ ਦਾ ਕਿਸੇ ਸਿਆਸਤਦਾਨ ਉੱਤੇ ਉੱਕਾ ਕੋਈ ਅਸਰ ਨਹੀਂ ਪੈਣਾ ਕਿਉਂਕਿ ਉਨ੍ਹਾਂ ਦਾ ਕੰਮ ਹੁੰਦਾ ਹੈ ਧਰਮ ਦੇ ਨਾਂ ਉੱਤੇ ਪਾੜ ਪਾ ਕੇ ਆਮ ਲੋਕਾਂ ਨੂੰ ਭੜਕਾ ਕੇ ਉਨ੍ਹਾਂ ਦਾ ਲਹੂ ਵਹਾ ਦੇਣਾ ਤੇ ਆਪ ਰਾਜ ਪਾਟ ਸਾਂਭ ਲੈਣਾ।
ਜੇ ਹਾਲੇ ਵੀ ਕਿਸੇ ਨੂੰ ਬੇਯਕੀਨੀ ਹੋਵੇ ਤਾਂ ਕਰਤਾਰਪੁਰ ਲਾਂਘੇ ਦੇ ਜਸ਼ਨਾਂ ਨੂੰ ਸਿਆਸੀ ਅਖਾੜੇ ਵਿਚ ਤਬਦੀਲ ਕਰ ਕੇ ਗੁਰੂ ਸਾਹਿਬ ਦੀ 'ਤੇਰਾ ਤੇਰਾ' ਵਾਲੀ ਸੋਚ ਨੂੰ ਛਿੱਕੇ ਟੰਗ ਕੇ 'ਮੇਰਾ ਮੇਰਾ' ਕਰਨ ਵਾਲੇ ਸਿਆਸੀ ਆਗੂਆਂ ਵੱਲ ਝਾਤ ਮਾਰ ਕੇ ਆਪਣੀ ਬੇਯਕੀਨੀ ਦੂਰ ਕਰ ਸਕਦਾ ਹੈ।
ਇਸੇ ਲਈ ਆਓ ਰਲ ਕੇ ਹੰਭਲਾ ਮਾਰੀਏ ਤੇ ਆਪਣੀ ਤਾਕਤ ਪਛਾਣ ਕੇ ਇਕਜੁੱਟ ਹੋ ਜਾਈਏ ਅਤੇ 1984 ਦੀ ਯਾਦਗਾਰ ਬਣਾਉਣ ਦੀ ਨੀਂਹ ਧਰੀਏ!
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783
18 Dec. 2018
ਜਬਰ ਤੇ ਜ਼ੁਲਮ ਦਾ ਵਿਰੋਧ - ਡਾ. ਹਰਸ਼ਿੰਦਰ ਕੌਰ, ਐਮ. ਡੀ.
ਪੰਜਾਬ ਨੇ ਬੜਾ ਜਬਰ ਤੇ ਜ਼ੁਲਮ ਵੇਖਿਆ ਹੈ। ਇਸੇ ਜਬਰ ਵਿੱਚੋਂ ਉਪਜੇ ਸੂਰਮੇ ਤੇ ਸੂਰਬੀਰ ਦੁਨੀਆ ਵਾਸਤੇ ਮਿਸਾਲ ਬਣ ਗਏ ਅਤੇ ਪੁਸ਼ਤ ਦਰ ਪੁਸ਼ਤ ਆਪਣੀ ਵੀਰਤਾ ਦੀਆਂ ਧੁੰਮਾਂ ਪਾਉਂਦੇ ਰਹੇ। ਇਸੇ ਪਹਿਚਾਣ ਸਦਕਾ ਪੂਰੇ ਵਿਸ਼ਵ ਵਿਚ ਪੰਜਾਬੀਆਂ ਦਾ ਅੱਜ ਡੰਕਾ ਵੱਜਦਾ ਪਿਆ ਹੈ।
ਜਿੱਥੇ ਕਿਤੇ ਬਹਾਦਰ ਕੌਮਾਂ ਦੀ ਗੱਲ ਚੱਲੇ ਉੱਥੇ ਸਿੱਖਾਂ ਦਾ ਨਾਂ ਜ਼ਰੂਰ ਆਉਂਦਾ ਹੈ। ਜੰਗਾਂ ਵਿਚ ਮੋਹਰੀ ਭੂਮਿਕਾ ਨਿਭਾਉਣ ਤੇ ਦੇਸ ਲਈ ਜਾਨ ਵਾਰਨ ਦਾ ਕੰਮ ਸਿੱਖਾਂ ਨੇ ਆਪਣੇ ਮੋਢਿਆਂ ਉੱਤੇ ਚੁੱਕਿਆ ਹੋਇਆ ਹੈ। ਇਹ ਜੰਗ ਭਾਵੇਂ ਆਪਣੇ ਮੁਲਕ ਦੀ ਹੋਵੇ ਜਾਂ ਵਿਸ਼ਵ ਜੰਗ, ਦਸਤਾਰਾਂ ਵਾਲੇ, ਲੰਮੇ ਜੁੱਸੇ ਵਾਲੇ ਤੇ ਮਜ਼ਬੂਤ ਇਰਾਦੇ ਵਾਲੇ ਸਿੰਘ ਹਮੇਸ਼ਾ ਮੂਹਰਲੀ ਕਤਾਰ ਵਿਚ ਦਿਸਦੇ ਰਹੇ ਹਨ।
ਅੱਜ ਵੀ ਇਤਿਹਾਸ ਵਿਚ ਪੰਜਾਬੀਆਂ ਬਾਰੇ ਇਹੀ ਜ਼ਿਕਰ ਮਿਲਦਾ ਹੈ-''ਬਦੇਸੀ ਜਰਵਾਣਿਆਂ ਨਾਲ ਲੋਹਾ ਲੈਣ ਵਾਲੇ'', ''ਮੌਤ ਨੂੰ ਮਖੌਲਾਂ ਕਰਨ ਵਾਲੇ'', ''ਸਿਰ ਵਾਰ ਦੇਣ ਵਾਲੇ'', ''ਚਰਖੜੀਆਂ ਉੱਤੇ ਹੱਸ ਕੇ ਚੜ੍ਹਨ ਵਾਲੇ'', ''ਤੱਤੀਆਂ ਤਵੀਆਂ ਨੂੰ ਜਰਨ ਵਾਲੇ'' ਆਦਿ!
ਰਤਾ ਕੁ ਇਤਿਹਾਸ ਵਿਚ ਹੋਰ ਝਾਤ ਮਾਰੀਏ। ਉੱਥੇ ਲੱਭਣਗੇ ਆਪਣਾ ਲੋਹਾ ਮੰਨਵਾਉਣ ਵਾਲੇ ਰੋਮਨ, ਇਟੈਲੀਅਨ, ਜਰਮਨ ਤੇ ਜਪਾਨੀ ਵੀ।
ਮੰਗੋਲੀਆ ਦੇ ਚੰਗੇਜ਼ ਖ਼ਾਨ ਸਦਕਾ ਮੰਗੋਲੀਆ ਨੇ ਪੂਰੇ ਏਸ਼ੀਆ ਤੇ ਯੂਰਪ ਉੱਤੇ ਆਪਣਾ ਰਾਜ ਸਥਾਪਤ ਕਰ ਲਿਆ।
ਐਲਗਜ਼ਾਂਡਰ, ਜੋ ਪੁਰਾਤਨ ਸਮੇਂ ਦਾ ਸਭ ਤੋਂ ਬਹਾਦਰ ਯੋਧਾ ਮੰਨਿਆ ਗਿਆ, ਨੇ ਵੀਹ ਸਾਲ ਦੀ ਉਮਰ ਵਿਚ ਹੀ ਗਰੀਸ ਦੇ ਮੈਸੇਡੋਨੀਆ ਤੋਂ ਸ਼ੁਰੂ ਹੋ ਕੇ ਅਫਰੀਕਾ, ਏਸ਼ੀਆ ਤੇ ਭਾਰਤ ਵਿਚ ਜਿੱਤ ਪ੍ਰਾਪਤ ਕਰ ਕੇ ਸਾਬਤ ਕਰ ਦਿੱਤਾ ਕਿ ਪੂਰੀ ਕੌਮ ਨੂੰ ਅਗਾਂਹ ਤੋਰਨ ਤੇ ਇਤਿਹਾਸ ਸਿਰਜਨ ਲਈ ਇੱਕੋ ਦੂਰਅੰਦੇਸ਼ੀ ਲੀਡਰ ਬਥੇਰਾ ਹੁੰਦਾ ਹੈ।
ਉਜ਼ਬੇਕਿਸਤਾਨ ਵਿਚ ਜੰਮੇ ਤੈਮੂਰ ਨੇ ਲੰਗੜੇ ਹੋਣ ਦੇ ਬਾਵਜੂਦ ਕਹਿਰ ਢਾਅ ਕੇ ਭਾਰਤ, ਰੂਸ ਤੋਂ ਮੈਡੀਟਰੇਨੀਅਨ ਸਮੁੰਦਰ ਤੱਕ ਆਪਣਾ ਝੰਡਾ ਫਹਿਰਾ ਦਿੱਤਾ। ਇਸੇ ਦੇ ਵੰਸ਼ਜ ਬਾਬਰ ਨੇ ਮੁਗਲ ਸਲਤਨਤ ਦਾ ਬੀਜ ਬੋਇਆ ਜਿਸ ਨੇ 300 ਸਾਲ ਤਕ ਭਾਰਤ ਉੱਤੇ ਰਾਜ ਕੀਤਾ।
ਇਸ ਜਬਰ ਤੇ ਜ਼ੁਲਮ ਦੇ ਬੂਟੇ ਨੂੰ ਜੜ੍ਹੋਂ ਪੁੱਟਣ ਲਈ ਇਕ ਲਹਿਰ ਸ਼ੁਰੂ ਹੋਈ ਗੁਰੂ ਨਾਨਕ ਦੇਵ ਜੀ ਦੇ ਰੂਪ ਵਿਚ। ਇਸ ਪ੍ਰਕਾਸ਼ਮਾਨ ਹੋਈ ਜੋਤ ਦੇ ਚਾਨਣ ਨੇ ਅਨੇਕ ਦੱਬੇ ਕੁਚਲੇ ਲੋਕਾਂ ਵਿਚ ਜਾਗ੍ਰਤੀ ਪੈਦਾ ਕੀਤੀ ਤੇ ਬਾਬਰ ਦੇ ਜਬਰ ਵਿਰੁੱਧ ਬਿਨਾਂ ਹਥਿਆਰਾਂ ਦੇ ਚੁੱਕੀ ਆਵਾਜ਼ ਨੇ ਇਕ ਲਹਿਰ ਪੈਦਾ ਕਰ ਦਿੱਤੀ।
ਅਸੀਂ ਵੇਖ ਚੁੱਕੇ ਹਾਂ ਕਿ ਆਮ ਤੌਰ ਉੱਤੇ ਅਜਿਹੀ ਪੈਦਾ ਕੀਤੀ ਲਹਿਰ ਜਾਂ ਤਾਂ ਉਸੇ ਇਕ ਸ਼ਖ਼ਸੀਅਤ ਤਕ ਸੀਮਤ ਰਹਿ ਜਾਂਦੀ ਹੈ ਜਾਂ ਦੋ ਤਿੰਨ ਪੁਸ਼ਤਾਂ ਤਕ ਜਾ ਕੇ ਸਮਾਪਤ ਹੁੰਦੀ ਰਹੀ ਹੈ।
ਬਾਬਰ, ਹੁਮਾਊਂ, ਅਕਬਰ, ਜਹਾਂਗੀਰ, ਸ਼ਾਹਜਹਾਨ, ਔਰੰਗਜ਼ੇਬ ਤੋਂ ਬਹਾਦਰਸ਼ਾਹ ਜ਼ਫ਼ਰ ਤਕ ਜਿੰਨਾ ਕੁਫ਼ਰ ਤੋਲਿਆ ਗਿਆ, ਉਸ ਨਾਲ ਟੱਕਰ ਲੈਣ ਲਈ ਇੱਕ ਤੋਂ ਬਾਅਦ ਇਕ ਗੁਰੂ ਸਾਹਿਬਾਨ ਨੇ ਅਹਿੰਸਾ ਨੂੰ ਪਹਿਲ ਦਿੰਦਿਆਂ ਹੋਇਆ ਜਬਰ ਵਿਰੁੱਧ ਆਵਾਜ਼ ਚੁੱਕਣੀ ਜਾਰੀ ਰੱਖੀ। ਇਸ ਦੇ ਨਾਲੋ ਨਾਲ ਲੋਕਾਂ ਦੀ ਭਲਾਈ, ਸੋਚ ਵਿਚ ਵਿਕਾਸ, ਕੁਦਰਤ ਨੂੰ ਸੰਭਾਲਣ, ਪਾਖੰਡਾਂ ਤੋਂ ਬਚਾਓ, ਰਬ ਨਾਲ ਜੁੜਨ ਦਾ ਤਰੀਕਾ ਤੇ ਰਾਜਿਆਂ ਮਹਾਰਾਜਿਆਂ ਅੱਗੇ ਗੋਡੇ ਨਾ ਟੇਕਣ ਦਾ ਸਬਕ ਵੀ ਦਿੱਤਾ।
''ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥
ਚਾਕਰ ਨਹਦਾ ਪਾਇਨਿ ਘਾਉ॥
ਰਤੁ ਪਿਤੁ ਕੁਤਿਹੋ ਚਟਿ ਜਾਹੁ॥
ਜਿਥੈ ਜੀਆਂ ਹੋਸੀ ਸਾਰ॥
ਨਕੀਂ ਵਢੀਂ ਲਾਇਤਬਾਰ॥''
(ਗੁਰੂ ਨਾਨਕ ਦੇਵ ਜੀ-ਅੰਗ 1288)
ਇਹ ਸ਼ਬਦ ਉਚਾਰ ਕੇ ਗੁਰੂ ਸਾਹਿਬ ਨੇ ਆਉਣ ਵਾਲਿਆਂ ਲਈ ਰਾਹ ਦਸੇਰੇ ਦਾ ਕੰਮ ਕੀਤਾ ਕਿ ਉਨ੍ਹਾਂ ਦੇ ਚਲਾਏ ਪੂਰਨਿਆਂ ਉੱਤੇ ਚੱਲਣ ਵਾਲੇ ਪੁਸ਼ਤ ਦਰ ਪੁਸ਼ਤ ਇਹੀ ਸੁਣੇਹਾ ਅੱਗੋਂ ਦਿੰਦੇ ਰਹਿਣਗੇ ਕਿ ਭਾਵੇਂ ਨਿਹੱਥੇ ਹੋਵੋ ਪਰ ਆਪਣੀ ਅਣਖ ਨਾ ਮਰਨ ਦਿਓ ਤੇ ਮਨ ਅੰਦਰਲੀ ਹਿੰਮਤ ਜਾਗ੍ਰਿਤ ਰੱਖੋ। ਜ਼ੁਲਮ ਭਾਵੇਂ ਆਪਣੇ ਉੱਤੇ ਹੋਵੇ ਤੇ ਭਾਵੇਂ ਆਪਣੇ ਆਲੇ ਦੁਆਲੇ, ਉਸ ਨੂੰ ਵੇਖ ਕੇ ਚੁੱਪ ਕਰ ਕੇ ਬਹਿਣ ਵਾਲੇ ਮੁਰਦਾ ਹੁੰਦੇ ਹਨ।
ਜ਼ੁਲਮ ਕਰਨ ਵਾਲੇ ਕੋਲ ਭਾਵੇਂ ਪੂਰੀ ਤਾਕਤ ਹੋਵੇ, ਪੂਰੀ ਸਰਕਾਰ ਦਾ ਮਾਲਕ ਹੋਵੇ ਤੇ ਭਾਵੇਂ ਇਕ ਗੁੱਟ ਦਾ ਸਰਗਨਾ ਹੋਵੇ, ਨਿਹੱਥੇ ਹੁੰਦੇ ਹੋਇਆਂ ਵੀ ਗ਼ਲਤ ਨੂੰ ਗ਼ਲਤ ਕਹਿਣ ਦੀ ਤਾਕਤ ਹਰ ਕਿਸੇ ਅੰਦਰ ਭਾਵੇਂ ਨਾ ਹੋਵੇ ਪਰ ਗੁਰੂ ਨਾਨਕ ਦੇਵ ਜੀ ਦੇ ਸਾਂਝੀਵਾਲਤਾ ਦੇ ਆਦਰਸ਼ਾਂ ਨੂੰ ਮੰਨਣ ਵਾਲੇ ਹਰ ਧਰਮ ਦੇ ਬਾਸ਼ਿੰਦੇ ਅੰਦਰ ਜ਼ਰੂਰ ਹੋਣੀ ਚਾਹੀਦੀ ਹੈ।
ਉਨ੍ਹਾਂ ਸਮਿਆਂ ਵਿਚ ਸਰਕਾਰਾਂ ਤੇ ਰਾਜਿਆਂ ਵੱਲੋਂ ਕੀਤੇ ਜਾ ਰਹੇ ਤਸ਼ਦਦ ਸਹਿ ਰਹੇ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਖ਼ੂਬੀ ਸਮਝਾ ਦਿੱਤਾ-
''ਅਹਿਲਕਾਰ ਤਾਂ ਆਪਣੇ ਹੀ ਜਾਤਿ ਭਰਾਵਾਂ ਨੂੰ ਫਸਾ ਦਿੰਦੇ ਹਨ ਕਿਉਂਕਿ ਉਹ ਰਾਜੇ ਪ੍ਰਤੀ ਵਫ਼ਾਦਾਰੀ ਦਿਖਾਉਣ ਬਦਲੇ ਆਪਣੀ ਸੁਰੱਖਿਆ ਤੇ ਕੁੱਝ ਮਾਲੀ ਲਾਲਚ ਤੱਕ ਹੀ ਆਪਣੀ ਸੋਚ ਨੂੰ ਸੀਮਤ ਕਰ ਲੈਂਦੇ ਹਨ। ਏਸੇ ਲਈ ਅੱਖਾਂ, ਕੰਨ, ਨੱਕ ਤੇ ਦਿਮਾਗ਼ ਬੰਦ ਕਰ ਕੇ ਗ਼ਲਤ ਹੁਕਮਾਂ ਨੂੰ ਵੀ ਲਾਗੂ ਕਰਨ ਵਾਸਤੇ ਗ਼ਰੀਬਾਂ ਦੇ ਹੱਕਾਂ ਦਾ ਘਾਣ ਕਰ ਕੇ ਉਨ੍ਹਾਂ ਨੂੰ ਪੀਹ ਦਿੰਦੇ ਹਨ। ਜਿਵੇਂ ਗਿਝਾਇਆ ਹੋਇਆ ਹਿਰਨ ਤੇ ਬਾਜ਼ ਆਪਣੇ ਹੀ ਜਾਤਿ-ਭਰਾਵਾਂ ਨੂੰ ਲਿਆ ਕੇ ਫਸਾ ਦਿੰਦਾ ਹੈ, ਉਵੇਂ ਹੀ ਰਾਜੇ ਦੇ ਅਹਿਲਕਾਰ ਆਪਣੇ ਹੀ ਹਮ ਜਿਨਸ ਮਨੁੱਖਾਂ ਦਾ ਲਹੂ ਪੀਂਦੇ ਹਨ।
ਸਖ਼ਤ ਸ਼ਬਦਾਵਲੀ ਵਰਤਦਿਆਂ ਗੁਰੂ ਸਾਹਿਬ ਨੇ ਅਜਿਹੇ ਰਾਜਿਆਂ ਨੂੰ ਸ਼ਿਕਾਰੀ ਸ਼ੇਰ ਤੇ ਉਨ੍ਹਾਂ ਦੇ ਅਹਿਲਕਾਰਾਂ ਨੂੰ ਕੁੱਤੇ ਮੰਨ ਕੇ ਸਮਝਾਇਆ ਹੈ ਕਿ ਜ਼ੁਲਮ ਸਹਿਣ ਵਾਲਿਓ, ਉੱਠੋ, ਜਾਗੋ ਤੇ ਮਨ ਦੀਆਂ ਅੱਖਾਂ ਖੋਲ੍ਹੋ!
ਹਰ ਸਦੀ ਵਿਚ ਜ਼ੁਲਮ ਹੁੰਦਾ ਰਿਹਾ ਹੈ ਤੇ ਜਬਰ ਕਰਨ ਵਾਲੇ ਵੀ ਪੈਦਾ ਹੁੰਦੇ ਰਹੇ ਹਨ। ਅੱਗੋਂ ਵੀ ਇਹੋ ਕੁੱਝ ਚੱਲਦਾ ਰਹਿਣਾ ਹੈ ਕਿਉਂਕਿ ਰਾਜ ਭਾਗ ਤੇ ਕੁਰਸੀ ਬੰਦੇ ਦੀ 'ਮਤ ਥੋਰੀ' ਕਰ ਦਿੰਦੀ ਹੈ। ਤਾਕਤ ਦਾ ਨਸ਼ਾ ਸੋਚਣ ਸਮਝਣ ਦੀ ਸਮਰਥਾ ਘਟਾ ਕੇ ਰਾਜ ਭਾਗ ਵਾਲੇ ਨੂੰ ਆਪਣੇ ਹੀ ਬਣਾਏ ਇਕ ਦਾਇਰੇ ਤਕ ਸੀਮਤ ਕਰ ਦਿੰਦਾ ਹੈ ਜਿੱਥੇ ਬਾਕੀ ਪਰਜਾ ਸਿਰਫ਼ ਕੀੜੇ ਮਕੌੜੇ ਜਾਪਣ ਲੱਗ ਪੈਂਦੀ ਹੈ।
ਇਸੇ ਕਰਕੇ ਆਪਣੀ ਗੱਦੀ ਪੱਕੀ ਕਰਨ ਪਿੱਛੇ ਹਰ ਬਗ਼ਾਵਤ ਕਰਨ ਵਾਲੇ ਨੂੰ ਕੁਚਲ ਦੇਣ, ਖ਼ਤਮ ਕਰ ਦੇਣ, ਜੇਲ੍ਹਾਂ ਵਿਚ ਡੱਕ ਦੇਣ ਜਾਂ ਭੁੱਖੇ ਭਾਣੇ ਤ੍ਰਾਹ-ਤ੍ਰਾਹ ਕਰ ਕੇ ਮਰ ਮੁੱਕ ਜਾਣ ਲਈ ਛੱਡ ਦਿੱਤਾ ਜਾਂਦਾ ਹੈ। ਕਮਾਲ ਤਾਂ ਇਹ ਹੈ ਕਿ ਹਰ ਸਦੀ ਵਿਚ ਜ਼ਾਲਮ ਹੋਏ ਸਨ ਅਤੇ ਉਨ੍ਹਾਂ ਪ੍ਰਤੀ ਬਗ਼ਾਵਤੀ ਸੁਰ ਕੱਢਣ ਵਾਲੇ ਆਮ ਲੋਕ ਵੀ ਉੱਠੇ ਸਨ ਜਿਨ੍ਹਾਂ ਨੇ ਉਨ੍ਹਾਂ ਨੂੰ ਤਖ਼ਤੋ ਤਾਜ ਤੋਂ ਮਹਿਰੂਮ ਕਰ ਦਿੱਤਾ।
ਰਾਜਿਆਂ ਦੇ ਅਹਿਲਕਾਰ ਬਿਲਕੁਲ ਉਂਜ ਹੀ ਮੰਨਣੇ ਚਾਹੀਦੇ ਹਨ ਜਿਵੇਂ ਸ਼ੇਰਾਂ ਦੇ ਨਹੁੰ ਹੋਣ। ਇਹ ਹਮੇਸ਼ਾ ਸ਼ੇਰਾਂ ਦੇ ਹੁਕਮਾਂ ਦੇ ਬੰਨੇ ਬਕਸੂਰ ਤੇ ਸੁੱਤੇ ਪਏ ਲੋਕਾਂ ਦਾ ਘਾਤ ਕਰ ਕੇ ਉਨ੍ਹਾਂ ਦਾ ਲਹੂ ਪੀਂਦੇ ਹਨ।
ਬੇਇਤਬਾਰੇ ਤੇ ਨਕ ਵੱਢੇ ਨਾਂ ਦੇ ਕੇ ਹਰ ਜਣੇ ਨੂੰ ਸਮਝਾਇਆ ਕਿ ਇਨ੍ਹਾਂ ਲੋਕਾਂ ਦੀ ਪਰਖ ਕਰ ਦੇ ਇਕਜੁੱਟ ਹੋ ਕੇ ਹਰ ਆਮ ਬੰਦੇ ਨੂੰ ਇਕੱਠੇ ਹੋ ਕੇ ਆਪਣੀ ਤਾਕਤ ਸਮਝਣੀ ਚਾਹੀਦੀ ਹੈ।
ਨੇਕ ਤੇ ਗ਼ਰੀਬ ਮਨੁੱਖ ਤਾਂ ਰੁਖ ਵਾਂਗ ਹੁੰਦਾ ਹੈ। ਜੇ ਉਹ ਆਪਣੀ ਟੇਕ ਰਬ ਉੱਤੇ ਛੱਡ ਕੇ ਇਕਜੁੱਟ ਹੋ ਜਾਵੇ ਤਾਂ ਉਹ ਡੂੰਘੀਆਂ ਜੜ੍ਹਾਂ ਵਾਲਾ ਰੁਖ ਬਣ ਜਾਂਦਾ ਹੈ ਜਿਸ ਨੂੰ ਕੋਈ ਹਨ੍ਹੇਰੀ ਸੌਖਿਆਂ ਸੁੱਟ ਨਹੀਂ ਸਕਦੀ।
ਇਹੋ ਕਾਰਨ ਹੈ ਕਿ ਲੋਕ ਰੋਹ ਅੱਗੇ ਜਾਬਰ ਰਾਜਿਆਂ ਦੇ ਤਖ਼ਤੇ ਪਲਟੇ ਗਏ ਤੇ ਉਨ੍ਹਾਂ ਦੇ ਖ਼ਾਨਦਾਨ ਨੇਸਤੋ-ਨਾਬੂਦ ਹੋ ਗਏ।
ਦੂਜਿਆਂ ਲਈ ਜਾਨ ਵਾਰ ਦੇਣ ਵਾਲੇ ਗੁਰੂ ਸਾਹਿਬ ਦਾ ਵੰਸ਼ ਸਰੀਰਕ ਤੌਰ ਉੱਤੇ ਭਾਵੇਂ ਖ਼ਤਮ ਕੀਤਾ ਗਿਆ ਹੋਵੇ ਪਰ ਬਗ਼ਾਵਤੀ ਸੋਚ ਨੂੰ ਖ਼ਤਮ ਨਹੀਂ ਕੀਤਾ ਜਾ ਸਕਿਆ ਕਿਉਂਕਿ ਉਹ ਜ਼ਾਲਮ ਨੂੰ ਮੂੰਹ-ਤੋੜ ਜਵਾਬ ਸੀ। ਸਾਢੇ 500 ਸਾਲ ਬਾਅਦ ਵੀ ਉਨ੍ਹਾਂ ਦੇ ਨਾਂ ਨੂੰ ਸਿਜਦਾ ਕਰਨ ਵਾਲੇ ਤੇ ਉਨ੍ਹਾਂ ਦੀ ਉਚਾਰੀ ਬਾਣੀ ਲਈ ਜਾਨਾਂ ਵਾਰ ਦੇਣ ਵਾਲੇ ਧਰਤੀ ਦੇ ਹਰ ਕੋਨੇ ਉੱਤੇ ਮੌਜੂਦ ਹਨ। ਪਰ ਕੀ ਜ਼ੁਲਮ ਕਰਨ ਵਾਲਿਆਂ ਦਾ ਖ਼ਾਨਦਾਨ ਕਿਤੇ ਦਿਸਦਾ ਹੈ?
ਸੰਨ 1947 ਵਿਚ ਵੀ ਰਾਜ ਕਰਨ ਵਾਲਿਆਂ ਦਾ ਕੁੱਝ ਨਹੀਂ ਖੁੱਸਿਆ ਪਰ ਰਾਜ ਹਾਸਲ ਕਰਨ ਲਈ ਆਮ ਲੋਕਾਂ ਨੂੰ ਵੱਢ ਘੱਤਿਆ ਗਿਆ। ਉਨ੍ਹਾਂ ਦਾ ਘਰ ਬਾਰ, ਰਿਸ਼ਤੇਦਾਰ, ਮਾਲ ਅਸਬਾਬ ਕੁੱਝ ਨਹੀਂ ਬਚਿਆ।
ਲਾਅਨਤ ਤਾਂ ਇਹ ਹੈ ਕਿ ਅੱਜ ਵੀ ਉਸੇ ਜ਼ਖ਼ਮ ਨੂੰ ਕੁਰੇਦ ਕੇ ਆਮ ਲੋਕਾਂ ਦੇ ਮਨਾਂ ਵਿਚ ਪਾੜ ਪਾ ਕੇ ਦੁਹਾਂ ਪਾਸੇ ਹਾਕਮ ਰਾਜ ਕਰਦੇ ਪਏ ਹਨ।
ਸੰਨ 1984 ਵਿਚਲੇ ਮਨੁੱਖੀ ਹੱਕਾਂ ਦੇ ਘਾਣ ਨੂੰ ਵੀ ਸਿਆਸਤਦਾਨਾਂ ਨੇ ਸਿਆਸਤ ਦੀ ਜੰਗ ਭਖਾਉਣ ਤੇ ਆਮ ਲੋਕਾਂ ਦੇ ਮਨਾਂ ਵਿਚਲੇ ਡੂੰਘੇ ਲੁਕੇ ਜ਼ਖ਼ਮਾਂ ਨੂੰ ਵਾਰ ਵਾਰ ਕੁਰੇਦ ਕੇ ਸਿੰਘਾਸਨ ਹਾਸਲ ਕਰਨ ਦਾ ਜ਼ਰੀਆ ਬਣਾ ਲਿਆ ਹੋਇਆ ਹੈ।
ਬਹਿਬਲ ਕਲਾਂ ਵਿਚ ਜਿਸ ਬਾਣੀ ਦੇ ਨਿਰਾਦਰ ਲਈ ਲੋਕ ਰੋਹ ਸ਼ਾਂਤ ਮਹਾਂਸਾਗਰ ਵਾਂਗ ਜਮਾਂ ਹੋਇਆ ਸੀ, ਉਸ ਬਾਣੀ ਵਿਚ ਮੁਸਲਮਾਨ ਫ਼ਕੀਰ ਤੇ ਹਿੰਦੂ ਜਾਤੀ ਨਾਲ ਸੰਬੰਧਿਤ ਸੰਤਾਂ ਦੀ ਬਾਣੀ ਵੀ ਦਰਜ ਹੈ। ਯਾਨੀ ਸਮੂਹ ਧਰਮਾਂ ਦੇ ਲੋਕਾਂ ਦੀ ਇੱਜ਼ਤ ਕਰਨ ਵਾਲਾ ਤੇ ਇਨਸਾਨੀਅਤ ਨੂੰ ਤਰਜੀਹ ਦੇਣ ਵਾਲਾ ਇਲਾਹੀ ਹੁਕਮ ਜਿਸ ਵਿਚ ਜ਼ਿੰਦਗੀ ਨੂੰ ਸਹੀ ਤਰੀਕੇ ਜੀਉਣ ਦਾ ਢੰਗ ਤੇ ਲੋਕ ਭਲਾਈ ਦਾ ਸੁਣੇਹਾ ਦਰਜ ਹੋਵੇ, ਉਸ ਦੀ ਬੇਕਦਰੀ ਕਰਨ ਵਾਲੇ ਇਨਸਾਨੀਅਤ ਦੇ ਦੁਸ਼ਮਨ ਤਾਂ ਆਪੇ ਹੀ ਸਾਬਤ ਹੋ ਜਾਂਦੇ ਹਨ। ਜਿਸ ਬਾਣੀ ਵਿਚ ਸਭ ਨੂੰ ਕੁਦਰਤ ਦੇ ਬੰਦੇ ਕਿਹਾ ਹੋਵੇ, ਉਸ ਨੂੰ ਰਾਜੇ ਦੇ ਮੁਕੱਦਮ ਕੁੱਤੇ ਸ਼ਿਕਾਰ ਕਰ ਕੇ ਰਾਜੇ ਅੱਗੇ ਪਰੋਸਣ ਤਾਂ ਕੀ ਲੋਕ ਇਸ ਨੂੰ ਸਹਿ ਜਾਣਗੇ? ਆਖਰ ਦੱਸੋ ਤਾਂ ਸਹੀ ਕਿ ਕਿਸੇ ਵੀ ਧਰਮ ਦਾ ਬੰਦਾ ਲੋਕ ਭਲਾਈ ਲਈ ਕਹੀ ਗੱਲ ਨੂੰ ਸਾੜੇ ਤੇ ਪਾੜੇ ਜਾਣ ਦਾ ਕੀ ਮਤਲਬ ਕੱਢੇ?
ਲੋਕ ਰੋਹ ਕਿਸੇ ਇਕ ਸਿਆਸਤਦਾਨ ਦੇ ਵਿਰੁੱਧ ਨਹੀਂ ਹੁੰਦਾ ਬਲਕਿ ਲੋਕ-ਪੱਖੀ ਸੋਚ ਨੂੰ ਮਿੱਧਣ ਵਾਲੇ ਹਰ ਰਾਜੇ ਤੇ ਉਸ ਦੇ ਸ਼ਿਕਾਰੀ ਅਹਿਲਕਾਰਾਂ ਵਿਰੁੱਧ ਉਜਾਗਰ ਹੁੰਦਾ ਹੈ। ਇਤਿਹਾਸ ਗਵਾਹ ਹੈ ਕਿ ਇਹ ਵਿਦਰੋਹ ਦਬਾਇਆ ਨਹੀਂ ਜਾ ਸਕਦਾ। ਸਿੱਖ ਪੰਥ ਵਿਚ ਤਾਂ ਇਸ ਗੱਲ ਦੀ ਵੀ ਪੱਕੀ ਨੀਂਹ ਰੱਖੀ ਗਈ ਹੈ ਕਿ ਰਹਿਨੁਮਾਈ ਵਾਸਤੇ ਹਮੇਸ਼ਾ ਕੋਈ ਮਰਜੀਵੜਾ ਗੁਰੂ ਦੀ ਬਾਣੀ ਤੋਂ ਸੇਧ ਲੈ ਕੇ ਜਬਰ ਦੇ ਵਿਰੋਧ ਲਈ ਆਮ ਬੰਦੇ ਤੋਂ ਬੰਦਾ ਸਿੰਘ ਬਹਾਦਰ ਬਣ ਕੇ ਅਗਾਂਹ ਆਉਂਦਾ ਰਿਹਾ ਹੈ। ਜਿੱਥੇ ਕੋਈ ਭਾਈ ਵੀਰ ਨਾ ਵੀ ਹੋਵੇ ਤਾਂ ਕਿਸੇ ਧੀ ਜਾਂ ਮਾਂ ਵਿੱਚੋਂ ਮਾਈ ਭਾਗੋ ਦੀ ਵੰਗਾਰ ਜ਼ਰੂਰ ਗਰਜਦੀ ਹੈ।
ਇਕ ਸਵਾਲ ਸੂਝਵਾਨ ਪਾਠਕਾਂ ਤੇ ਸੁਣਨ ਵਾਲਿਆਂ ਲਈ ਜ਼ਰੂਰ ਹੈ! ਕੀ ਇਹ ਕਿਤੇ ਲਿਖਿਆ ਮਿਲਦਾ ਹੈ ਕਿ ਰਾਜੇ ਜ਼ੁਲਮ ਕਰਨ ਤਾਂ ਧਾਰਮਿਕ ਥਾਵਾਂ ਉੱਤੇ ਪਹੁੰਚ ਕੇ ਮੱਥੇ ਰਗੜਨ ਦਾ ਡਰਾਮਾ ਕਰ ਕੇ ਸੁਰਖ਼ਰੂ ਹੋ ਸਕਦੇ ਹਨ ਪਰ ਪਰਜਾ ਵਿੱਚੋਂ ਜੇ ਕੋਈ ਰਾਜੇ ਨੂੰ ਜਾਂ ਉਸ ਦੇ ਅਹਿਲਕਾਰਾਂ ਵਿੱਚੋਂ ਕਿਸੇ ਦੀ 'ਮੈਂ' ਨੂੰ ਝਰੀਟ ਵੀ ਮਾਰ ਦੇਵੇ ਤਾਂ ਮਰਨ ਤੱਕ ਜੇਲ੍ਹ ਵਿਚ ਡੱਕੇ ਜਾਣ ਬਾਅਦ ਵੀ ਆਪਣਾ ਜੁਰਮ ਬਖ਼ਸਵਾ ਨਹੀਂ ਸਕਦਾ?
ਕੀ ਜ਼ੁਲਮ ਕਰਨ ਵਾਲੇ ਰਾਜਿਆਂ ਨੂੰ, ਜਿਹੜੇ ਲੋਕਾਂ ਦਾ ਲਹੂ ਪੀ ਰਹੇ ਹੋਣ ਤੇ ਗੁਰੂ ਦੀ ਬਾਣੀ ਦੀਆਂ ਧੱਜੀਆਂ ਉਡਾ ਰਹੇ ਹੋਣ ਤੇ ਜਿਸ ਬਾਣੀ ਵਿਚ ਰਾਜਿਆਂ ਤੇ ਉਨ੍ਹਾਂ ਦੇ ਜ਼ੁਲਮ ਕਰ ਰਹੇ ਅਹਿਲਕਾਰਾਂ ਨੂੰ ਲਾਅਨਤਾਂ ਪਾਈਆਂ ਹੋਣ ਤੇ ਜੋ ਬਾਣੀ ਸਪਸ਼ਟ ਕਰ ਰਹੀ ਹੋਵੇ ਕਿ ਲੋਕਾਂ ਦਾ ਲਹੂ ਪੀ ਕੇ ਪਲੀਤ ਹੋ ਚੁੱਕਿਆ ਤੋਂ ਮੂੰਹ ਮੋੜ ਲਵੋ ਤੇ ਉਨ੍ਹਾਂ ਦਾ ਦਬ ਕੇ ਵਿਰੋਧ ਕਰੋ, ਕੀ ਉਸੇ ਗੁਰੂ ਦੀ ਬਾਣੀ ਅੱਗੇ ਮੱਥਾ ਟੇਕ ਕੇ ਉਨ੍ਹਾਂ ਹੀ ਮੁਕੱਦਮ ਕੁੱਤਿਆਂ ਨੂੰ ਸਭ ਕੁੱਝ ਦੁਬਾਰਾ ਕਰਨ ਦਾ ਹੱਕ ਮਿਲ ਜਾਂਦਾ ਹੈ?
ਜੇ ਇਹੀ ਮੁਆਫ਼ੀ ਹੈ ਤਾਂ ਫੇਰ ਹਰ ਗ਼ਰੀਬ ਨੂੰ, ਹਰ ਅਣਖੀ ਨੂੰ ਤੇ ਹਰ ਗੁਰੂ ਦੇ ਪਿਆਰੇ ਨੂੰ ਵੀ ਅਜਿਹੇ ਰਾਜਿਆਂ ਤੇ ਅਹਿਲਕਾਰਾਂ ਨੂੰ ਰਾਜ ਪਾਟ ਤੋਂ ਧੂਅ ਕੇ ਲਾਹ ਦੇਣ ਬਾਅਦ ਵੀ ਮੱਥਾ ਟੇਕ ਕੇ ਮੁਆਫ਼ੀ ਮਿਲ ਜਾਣੀ ਚਾਹੀਦੀ ਹੈ!
ਇਸ ਸਵਾਲ ਦਾ ਜਵਾਬ ਸਿਰਫ਼ ਅਣਖ ਵਾਲਿਆਂ ਕੋਲ ਹੀ ਹੋ ਸਕਦਾ ਹੈ। ਜੁੱਤੀ-ਚੱਟਾਂ ਤੇ ਮਖ਼ਮਲੀ ਝੂਟਿਆਂ ਦੇ ਹੁਲਾਰੇ ਲੈਣ ਵਾਲਿਆਂ ਕੋਲ ਨਹੀਂ।
ਹੁਕਮਰਾਨਾਂ ਨੇ ਤਾਂ 47 ਦੇ ਜ਼ਖ਼ਮਾਂ ਨੂੰ ਵੀ ਵਕਤੀ ਮਲ੍ਹਮ ਲਾਉਣ ਵਾਸਤੇ ਕਦੇ ਅਫਸੋਸ ਦਾ ਦੀਵਾ ਬਾਲਣ ਹੀ ਨਹੀਂ ਦਿੱਤਾ। ਸਿਰਫ਼ ਆਜ਼ਾਦੀ ਦਾ ਜਸ਼ਨ ਮਨਾਉਣ ਤੱਕ ਹੀ ਸੀਮਤ ਕਰ ਦਿੱਤਾ ਹੈ। ਬਿਲਕੁਲ ਇੰਜ ਹੀ 84 ਬਾਰੇ ਗੱਲ ਕਰਨ ਵਾਲਾ ਵੀ ਦੇਸਧ੍ਰੋਹੀ ਬਣ ਜਾਂਦਾ ਹੈ ਤੇ ਉਹ ਜ਼ਖ਼ਮ ਵੀ ਉਂਜ ਹੀ ਦੱਬ ਦਿੱਤੇ ਗਏ ਹਨ।
ਇਨ੍ਹਾਂ ਦਾ ਜ਼ਿਕਰ ਤਾਂ ਕਰੀਏ ਜੇ ਕਿਸੇ ਸਿਖ ਧਰਮ ਨਾਲ ਜੁੜੇ ਬੱਚੇ ਨੂੰ ਤੱਤੀਆਂ ਤਵੀਆਂ ਦੀ ਪੀੜ ਮਹਿਸੂਸ ਹੋ ਰਹੀ ਹੋਵੇ। ਉਹ ਦਿਨ ਵੀ ਸਿਰਫ਼ ਗੁਰਦੁਆਰਿਆਂ ਵਿਚ ਲੰਗਰ ਛਕਣ ਤੇ ਛਬੀਲਾਂ ਲਾਉਣ ਦੇ ਜਸ਼ਨ ਵਿਚ ਤਬਦੀਲ ਹੋ ਚੁੱਕਿਆ ਹੈ। ਇੱਥੇ ਤਾਂ ਸੀਸ ਕਟਵਾਉਣ ਵਾਲੇ ਗੁਰੂ ਜੀ, ਜੋ ਪੂਰੇ ਹਿੰਦ ਦੀ ਚਾਦਰ ਸਾਬਤ ਹੋਏ ਸਨ, ਦਾ ਜ਼ਿਕਰ ਵੀ ਕਰਨ ਵਾਲੇ ਨੂੰ ਕੁਰਾਹਾ ਮੰਨ ਲਿਆ ਜਾਂਦਾ ਹੈ।
ਹੋਰ ਤਾਂ ਹੋਰ, ਚਰਖੜੀਆਂ ਉੱਤੇ ਚਿਰਵਾਉਣ ਵਾਲੇ, ਖੋਪਰੀਆਂ ਲੁਹਾਉਣ ਵਾਲੇ ਤੇ ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਨੂੰ ਅੱਜ ਸਿਰਫ਼ ਚੁਟਕਲਿਆਂ ਤੇ ਮਜ਼ਾਕ ਦਾ ਪਾਤਰ ਬਣਾਉਣ ਉੱਤੇ ਜ਼ੋਰ ਲਾਇਆ ਜਾ ਰਿਹਾ ਹੈ।
ਫਿਟਕਾਰ ਦੀ ਗੱਲ ਤਾਂ ਇਹ ਹੈ ਕਿ ਨੀਹਾਂ ਵਿਚ ਚਿਣੇ ਗਏ ਦੁੱਧ ਦੇ ਦੰਦਾਂ ਵਾਲੇ ਬਾਲਾਂ ਦੇ ਸ਼ਹੀਦੀ ਦਿਹਾੜੇ ਨੂੰ ਵੀ ਸਿਆਸੀ ਅਖਾੜਾ ਬਣਾ ਕੇ ਰੱਖ ਦਿੱਤਾ ਗਿਆ ਹੈ ਤਾਂ ਜੋ ਕਿਸੇ ਵੀ ਹਾਲ ਵਿਚ ਇਸ ਕੌਮ ਦੇ ਨੌਜਵਾਨ ਆਪਣੇ ਲਹੂ ਅੰਦਰ ਕਿਤੇ ਉਬਾਲ ਨਾ ਲੈ ਆਉਣ!
ਜਿਹੜਾ ਜ਼ੁਲਮ ਨਾਲ ਟੱਕਰ ਲੈਣ ਦੀ ਜੁਅਰਤ ਕਰੇ, ਉਹ ਭਾਵੇਂ ਕਿਸਾਨ ਹੋਵੇ, ਅਧਿਆਪਕ ਹੋਵੇ, ਦਿਹਾੜੀਦਾਰ ਮਜ਼ਦੂਰ ਹੋਵੇ, ਸਫ਼ਾਈ ਕਰਮਚਾਰੀ ਹੋਵੇ, ਪੱਤਰਕਾਰ ਹੋਵੇ, ਸਿਰਫ਼ ਇਸ ਲਈ ਦੱਬ ਦਿੱਤਾ ਜਾਂਦਾ ਹੈ ਕਿਉਂਕਿ ਪੰਜਾਬੀ ਇਕਜੁੱਟ ਹੋਣਾ ਭੁੱਲ ਗਏ ਹਨ। ਉਹ ਹਿੰਦੂ, ਸਿਖ, ਮੁਸਲਮਾਨ, ਈਸਾਈ ਜਾਂ ਕਿਸੇ ਸਿਆਸੀ ਪਾਰਟੀ ਦੇ ਨੁਮਾਇੰਦੇ ਹੀ ਬਣ ਕੇ ਰਹਿ ਗਏ ਹਨ।
ਇਜ਼ਰਾਈਲ ਵਿਚ ਅੱਜ ਦੇ ਦਿਨ ਵੀ ਸਾਲ ਵਿਚ ਇਕ ਵਾਰ ਦੋ ਮਿੰਟਾਂ ਲਈ ਪੂਰਾ ਮੁਲਕ ਇਕ ਹੂਟਰ ਵੱਜਣ ਉੱਤੇ ਖਲੋ ਜਾਂਦਾ ਹੈ। ਭਾਵੇਂ ਬਸ ਹੋਵੇ ਤੇ ਭਾਵੇਂ ਪੁਲਿਸ ਦੀਆਂ ਕਾਰਾਂ ਜਾਂ ਟੈਕਸੀਆਂ ਜਾਂ ਕੋਈ ਪੈਦਲ ਹੋਵੇ, ਹਰ ਜਣਾ ਇਸ ਹੂਟਰ ਉੱਤੇ ਰੁੱਕਦਾ ਹੈ। ਕਾਰਨ? ਸੱਠ ਲੱਖ ਯਹੂਦੀਆਂ ਦਾ ਨਾਜ਼ੀਆਂ ਵੱਲੋਂ ਨਸਲਕੁਸ਼ੀ ਕਰਨਾ! ਇਸੇ ਦੀ ਯਾਦ ਵਿਚ ਹਰ ਸਾਲ ਅਜਿਹਾ 12 ਅਪਰੈਲ ਨੂੰ ਕੀਤਾ ਜਾਂਦਾ ਹੈ। ਕਾਰਾਂ ਬਸਾਂ ਵਿੱਚੋਂ ਸਭ ਸਵਾਰੀਆਂ ਉਤਰ ਕੇ ਮੌਨ ਧਾਰਨ ਕਰ ਕੇ ਜਿੱਥੇ ਵਿਛੜੀਆਂ ਰੂਹਾਂ ਲਈ ਅਰਦਾਸ ਕਰਦੇ ਹਨ ਉੱਥੇ ਸਾਰੇ ਹੋਟਲ, ਰੈਸਤੋਰਾਂ ਤੇ ਸਾਰੀਆਂ ਮੌਜ ਮਸਤੀ ਦੀਆਂ ਥਾਵਾਂ ਬੰਦ ਕਰ ਦਿੱਤੀਆਂ ਜਾਂਦੀਆਂ ਹਨ। ਹਰ ਸਕੂਲ ਵਿਚ ਬੱਚਿਆਂ ਨੂੰ ਇਸ ਬਾਰੇ ਜਾਣਕਾਰੀ ਦੇ ਕੇ ਅਰਦਾਸਾਂ ਕਰਵਾਈਆਂ ਜਾਂਦੀਆਂ ਹਨ ਕਿ ਕਿਤੇ ਉਹ ਆਪਣਾ ਪਿਛੋਕੜ ਭੁੱਲ ਨਾ ਜਾਣ।
ਸਿਖ ਪੰਥ ਕੀ 365 ਦਿਨਾਂ ਵਿੱਚੋਂ ਕਿਸੇ ਇਕ ਦਿਨ ਵਿਚਲੇ 2 ਮਿੰਟ ਵੀ ਆਪਣੇ ਪਿਛੋਕੜ ਲਈ ਕੱਢ ਸਕਿਆ ਹੈ?
ਕੋਈ ਅਜਿਹਾ ਦਿਨ ਜਿੱਥੇ ਸਾਡੇ ਬੱਚੇ ਮੌਜ ਮਸਤੀ ਤੇ ਮੇਲਿਆਂ ਦੀ ਥਾਂ ਪੰਜ ਮਿੰਟ ਤੱਤੀਆਂ ਤਵੀਆਂ ਨੂੰ ਯਾਦ ਕਰਦੇ ਹੋਣ? ਚਰਖੜੀਆਂ ਤੇ ਚੜ੍ਹਿਆਂ ਲਈ, ਆਰਿਆਂ ਉੱਤੇ ਚਿਰਵਾਏ ਗਇਆਂ ਲਈ, ਨੇਜ਼ਿਆਂ ਨਾਲ ਵਿੰਨ੍ਹਿਆਂ ਗਇਆਂ ਲਈ, ਕਸ਼ਮੀਰੀ ਪੰਡਤਾਂ ਲਈ ਸੀਸ ਵਾਰਨ ਵਾਲੇ ਲਈ, ਚਮਕੌਰ ਦੀ ਜੰਗ ਵਿਚ ਸ਼ਹਾਦਤ ਪਾਉਣ ਵਾਲਿਆਂ ਲਈ, ਨੀਹਾਂ ਵਿਚ ਚਿਣੇ ਜਾਣ ਵਾਲਿਆਂ ਲਈ, 47 ਵਿਚ ਇੱਜ਼ਤਾਂ ਗੁਆਉਣ ਵਾਲਿਆਂ ਲਈ, ਅਜ਼ਾਦੀ ਲਈ ਸ਼ਹਾਦਤਾਂ ਪਾਉਣ ਵਾਲਿਆਂ ਲਈ, 84 ਵਿਚ ਗਲਾਂ ਵਿਚ ਬਲਦੇ ਟਾਇਰ ਪੁਆਉਣ ਵਾਲਿਆਂ ਲਈ, ਅਕਾਲ ਤਖ਼ਤ ਦੇ ਢਾਹੇ ਜਾਣ ਲਈ, ਸਿਰਾਂ ਦੇ ਮੁੱਲ ਪੁਆਉਣ ਵਾਲਿਆਂ ਲਈ, ਜੰਗੀ ਕੈਦੀਆਂ ਲਈ, ਧਰਮੀ ਫੌਜੀਆਂ ਲਈ ਤੇ ਅਨੇਕ ਹੋਰ ਕੁਰਬਾਨ ਹੋ ਚੁੱਕਿਆਂ ਲਈ ਕਦੇ ਕਿਸੇ ਨੇ ਸੋਚਿਆ ਹੈ ਕਿ ਅਜਿਹੀ ਪੀੜ ਨੂੰ ਪੀੜੀ ਦਰ ਪੀੜੀ ਜ਼ਿੰਦਾ ਰੱਖਣ ਲਈ ਅਸੀਂ ਵੀ ਮੌਨ ਵਰਤ ਰੱਖੀਏ, ਬੱਚਿਆਂ ਨੂੰ ਸਾਲ ਵਿਚ ਇਕ ਵਾਰ ਇਸ ਬਾਰੇ ਜਾਣਕਾਰੀ ਦੇਈਏ ਤੇ ਹਰ ਸਿੱਖ ਜਿਹੜਾ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਹੋਵੇ, ਇਸ ਇਕ ਦਿਨ ਲਈ ਅੱਧਾ ਘੰਟਾ ਆਪਣੇ ਦੋਸਤਾਂ ਮਿੱਤਰਾਂ ਨੂੰ ਸਿੱਖਾਂ ਦੇ ਪਿਛੋਕੜ ਨਾਲ ਜੋੜ ਕੇ ਆਤਮ ਪੜਚੋਲ ਕਰ ਲਵੇ?
ਕਿਸ ਸਦੀ ਵਿਚ ਸਮਝਾਂਗੇ ਕਿ ਸਿਆਸਤਦਾਨ ਲੋਕਾਂ ਨਾਲ ਦਗ਼ਾ ਕਰ ਕੇ ਸਿਰਫ਼ ਵਾਰੀਆਂ ਹੀ ਵੰਡਿਆਂ ਕਰਦੇ ਹਨ। ਉਨ੍ਹਾਂ ਦਾ ਸਿੰਘਾਸਨ ਗ਼ਰੀਬਾਂ ਦੀਆਂ ਹੱਡੀਆਂ ਨਾਲ ਹੀ ਉਸਰਦਾ ਹੈ। ਜਦ ਤਕ ਪਿੰਡ ਆਪਣੀ ਪੱਧਰ ਉੱਤੇ ਕੋਆਪਰੇਟਿਵ ਸਿਸਟਮ ਦੇ ਸ਼ਕਤੀਕਰਨ ਨਾਲ ਮਜ਼ਬੂਤ ਨਹੀਂ ਹੁੰਦੇ ਤੇ ਲੋਕ ਸਰਕਾਰਾਂ ਅੱਗੇ ਹੱਥ ਅੱਡ ਕੇ ਮੁਫ਼ਤ ਚੀਜ਼ਾਂ ਹਾਸਲ ਕਰਨ ਨੂੰ ਨਾ ਨਹੀਂ ਕਰਦੇ, ਇਹ ਕਾਲਾ ਦੌਰ ਕਦੇ ਨਹੀਂ ਮੁੱਕਣਾ। ਮੁਫ਼ਤ ਆਟਾ-ਦਾਲ ਤੋਂ ਅਗਾਂਹ ਤੁਰ ਕੇ ਆਪਣੀ ਸੋਚ ਮੁਫ਼ਤ ਵਿਦਿਆ ਤੇ ਮੁਫ਼ਤ ਸਿਹਤ ਸਹੂਲਤਾਂ ਵਲ ਕਰੀਏ। ਆਪਣੀ ਕਿਰਤ ਕਰ ਕੇ ਆਪਣੀ ਤਾਕਤ ਜਿਸ ਦਿਨ ਲੋਕ ਪਛਾਣ ਲੈਣਗੇ, ਉਦੋਂ ਹੀ ਇਹ ਚੱਕਰ ਉਲਟੇਗਾ। ਪਰ ਸਰਕਾਰਾਂ ਵਿਰੁੱਧ ਅਸਲ ਜਿੱਤ ਉਦੋਂ ਹੀ ਹੁੰਦੀ ਹੈ, ਜਦੋਂ ਦੱਬੇ ਜਾਣ ਵਾਲੇ ਲੋਕ ਇਕ ਦੂਜੇ ਦੀਆਂ ਬਾਹਵਾਂ ਬਣਨ ਲੱਗ ਪੈਣ।
ਇਕ ਗੱਲ ਦਿਮਾਗ਼ ਵਿੱਚੋਂ ਨਾ ਵਿਸਾਰਿਓ। ਜਦੋਂ ਸਿਆਸਦਾਨਾਂ ਕੋਲ ਕੋਈ ਰਾਹ ਨਾ ਬਚੇ ਤਾਂ ਰਾਜਿਆਂ ਦੇ ਮੁਕੱਦਮ ਕੁੱਤੇ 'ਪਾੜੋ ਤੇ ਰਾਜ ਕਰੋ' ਦੀ ਨੀਤੀ ਅਪਣਾ ਕੇ ਜਨਤਾ ਨੂੰ ਅਸਲ ਮੁੱਦਿਆਂ ਤੋਂ ਪਰ੍ਹਾਂ ਕਰ ਕੇ ਧਰਮ ਦੇ ਆਧਾਰ ਉੱਤੇ ਪਾੜ ਦਿੰਦੇ ਹਨ। ਕਈ ਵਾਰ ਅਜਿਹਾ ਹੋ ਚੁੱਕਿਆ ਹੈ ਪਰ ਅਸੀਂ ਸਮਝੇ ਨਹੀਂ।
ਕਦੇ ਮੁਸਲਮਾਨ ਅੱਤਵਾਦੀ ਤੇ ਕਦੇ ਸਿਖ ਅੱਤਵਾਦੀ ਕਹਿ ਕੇ ਪੰਜਾਬੀਆਂ ਨੂੰ ਪਾੜਿਆ ਜਾਂਦਾ ਰਿਹਾ ਹੈ। ਮਾਤਾ ਕੌਲਾਂ ਸਿਖ ਧਰਮ ਵਿਚ ਪਵਿੱਤਰ ਨਾਂ ਗਿਣਿਆ ਜਾਂਦਾ ਹੈ ਜਿਸ ਦਾ ਪਿਛੋਕੜ ਮੁਸਲਮਾਨ ਸੀ। ਆਜ਼ਾਦੀ ਦੀ ਜੰਗ ਵਿਚ ਪੰਜਾਬ ਦੀ ਆਮ ਵਸੋਂ ਵਿਚਲੇ ਹਿੰਦੂ ਸਿਖ ਤੇ ਮੁਸਲਮਾਨਾਂ ਨੇ ਇੱਕੋ ਜਿੰਨੀ ਮਾਰ ਝੱਲੀ।
ਖੇਮਕਰਨ ਦੇ ਸੱਤ ਟੈਂਕਰ ਤੋੜ ਕੇ ਮੁਲਕ ਵਾਸਤੇ ਜਾਨ ਵਾਰ ਕੇ ਪਰਮਵੀਰ ਚੱਕਰ ਹਾਸਲ ਕਰਨ ਵਾਲਾ ਵੀਰ ਅਬਦੁਲ ਹਮੀਦ ਮੁਸਲਮਾਨ ਹੋਣ ਕਰ ਕੇ ਨਹੀਂ ਬਲਕਿ ਭਾਰਤੀ ਹੋਣ ਕਰਕੇ ਲੜਿਆ ਸੀ। ਵੀਰ ਚੱਕਰ ਹਾਸਲ ਬ੍ਰਿਗੇਡੀਅਰ ਉਸਮਾਨ ਅਲੀ ਵੀ ਮੁਸਲਮਾਨ ਹੋਣ ਸਦਕਾ ਨਹੀਂ ਭਾਰਤੀ ਹੋਣ ਕਾਰਨ ਦੇਸ ਲਈ ਜਾਨ ਵਾਰ ਗਿਆ। ਸ਼ਹੀਦ ਵੀਰ ਮੇਜਰ ਸੋਮਨਾਥ ਸ਼ਰਮਾ ਪਰਮ ਵੀਰ ਚੱਕਰ ਵਿਜੇਤਾ ਜਾਂ ਸ਼ਹੀਦ ਵੀਰ ਵਿਕਰਮ ਬਤਰਾ ਪਰਮ ਵੀਰ ਚੱਕਰ ਜੇਤੂ ਨੇ ਹਿੰਦੂ ਹੋਣ ਕਰ ਕੇ ਨਹੀਂ ਭਾਰਤੀ ਹੋਣ ਕਰ ਕੇ ਜਾਨ ਵਾਰੀ। ਕੌਣ ਭੁਲਾ ਸਕਦਾ ਹੈ ਜਨਰਲ ਹਰਬਖਸ਼ ਸਿੰਘ ਦੀ ਵੀਰਤਾ? %ਪੂਰੀ ਸਿਖ ਕੌਮ ਉਸ ਦੀ ਰਿਣੀ ਹੈ। ਪਰਮ ਵੀਰ ਵਿਜੇਤਾ ਵੀਰ ਨਿਰਮਲ ਜੀਤ ਸਿੰਘ ਸੇਖੋਂ ਨੇ ਵੀ ਸਿੱਖ ਹੋਣ ਸਦਕਾ ਨਹੀਂ, ਭਾਰਤੀ ਹੋਣ ਸਦਕਾ ਹੀ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ। ਪਰ ਗ਼ੌਰ ਕਰਿਓ, ਸਿਆਸਤਦਾਨਾਂ ਦੇ ਲਾਡਲਿਆਂ ਨੇ ਕਦੇ ਆਪਣੀ ਜਾਨ ਨਹੀਂ ਵਾਰੀ।
ਇਸ ਨੁਕਤੇ ਨੂੰ ਸਮਝਦਿਆਂ ਕਦੇ ਤਾਂ ਅਸੀਂ ਧਰਮ ਦੇ ਨਾਂ ਉੱਤੇ ਪਾੜੇ ਜਾਣ ਤੋਂ ਬਚ ਕੇ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਤੋਂ ਖ਼ਬਰਦਾਰ ਹੋ ਕੇ ਸਿਰਫ਼ ਪੰਜਾਬੀਪੁਣਾ ਸਾਂਭ ਕੇ ਇਕਜੁੱਟ ਹੋਵਾਂਗੇ!
ਜੇ ਹਾਲੇ ਵੀ ਨਾ ਨਿੱਤਰੇ ਤਾਂ ਇਤਿਹਾਸ ਗਵਾਹ ਹੈ ਕਿ ਜ਼ੁਲਮ ਤੇ ਜ਼ਾਲਮ ਹਰ ਸਦੀ ਆਉਂਦੇ ਰਹੇ ਹਨ ਤੇ ਵਿਦਰੋਹ ਵੀ ਹਮੇਸ਼ਾ ਹੁੰਦਾ ਰਿਹਾ ਹੈ। ਜੇ ਰੱਜੇ ਪੁੱਜੇ ਨਾ ਨਿੱਤਰੇ ਤਾਂ ਕੰਮੀਆਂ ਦੇ ਵਿਹੜੇ ਵਿਦਰੋਹ ਦਾ ਬੀਜ ਜ਼ਰੂਰ ਪੁੰਗਰੇਗਾ ਤੇ ਉਹੀ ਕ੍ਰਾਂਤੀ ਦਾ ਮੁੱਢ ਬੰਨ੍ਹੇਗਾ। ਉੱਥੋਂ ਹੀ ਫਿਰ ਆਵਾਜ਼ ਗੂੰਜੇਗੀ-ਸਾਡੇ ਹੱਕ, ਏਥੇ ਰੱਖ! ਇਨਕਲਾਬ ਜ਼ਿੰਦਾਬਾਦ!!
ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤਕ ਰਾਤ ਬਾਕੀ ਹੈ
ਹਨ੍ਹੇਰੀ ਕਾਲੀ ਆਏਗੀ
ਗਰਦਿਸ਼ ਉਡਦੀ ਜਾਏਗੀ
ਘਟਾਵਾਂ ਨੇ ਵੀ ਆਉਣਾ ਹੈ
ਝਖੜਾਂ ਸ਼ੋਰ ਮਚਾਉਣਾ ਹੈ
ਬਿਜਲੀ ਹੋਰ ਵੀ ਕੜਕੇਗੀ
ਕੰਡਿਆਂ ਦੀ ਚੋਭ ਰੜਕੇਗੀ
ਵੇ ਵੀਰਾ ਥੱਕ ਨਾ ਜਾਣਾ
ਨੀ ਭੈਣਾ ਅੱਕ ਨਾ ਜਾਣਾ
ਚੰਗੇਜ਼ਾਂ ਫਿਰ ਵੀ ਆਉਣਾ ਹੈ
ਤੈਮੂਰਾਂ ਕਹਿਰ ਢਾਹੁਣਾ ਹੈ।
ਅੰਗਾਰਾਂ ਤੇ ਕਦਮ ਰੱਖਣਾ
ਜਦੋਂ ਤਕ ਵਾਟ ਬਾਕੀ ਹੈ
ਮਸ਼ਾਲਾਂ ਬਾਲ ਕੇ ਚੱਲਣਾ
ਜਦੋਂ ਤਕ ਰਾਤ ਬਾਕੀ ਹੈ
ਨਹੀਂ ਫਰਿਆਦ ਦਾ ਫ਼ਾਇਦਾ
ਹਨ੍ਹੇਰੇ ਦੀ ਅਦਾਲਤ ਵਿਚ
ਬਗ਼ਾਵਤ ਕਰ ਮੇਰੇ ਸਜਣਾ
ਜਦੋਂ ਤਕ ਰਾਤ ਬਾਕੀ ਹੈ।
ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ, 28, ਪ੍ਰੀਤ ਨਗਰ,
ਲੋਅਰ ਮਾਲ ਪਟਿਆਲਾ।
ਫੋਨ ਨੰ: 0175-2216783
18 Nov. 2018