Gurcharan Singh Noorpur

ਰੁੱਖਾਂ ਨਾਲ ਹੀ ਹੈ ਜ਼ਿੰਦਗੀ - ਗੁਰਚਰਨ ਸਿੰਘ ਨੂਰਪੁਰ

ਆਦਿ ਜੁਗਾਦ ਤੋਂ ਰੁੱਖ ਸਾਡੇ ਦੁੱਖ ਸੁੱਖ ਦੇ ਸਾਥੀ ਰਹੇ ਹਨ। ਰੁੱਖ ਨਾ ਹੁੰਦੇ ਤਾਂ ਇਹ ਸਾਰੀ ਧਰਤੀ ਵਿਰਾਨ ਹੋਣੀ ਸੀ। ਰੁੱਖ, ਧਰਤੀ 'ਤੇ ਰਹਿਣ ਵਾਲੇ ਜੀਵਾਂ ਦੇ ਪਾਲਣਹਾਰ ਹਨ। ਰੁੱਖ ਵਰਖਾ ਲਿਆਉਂਦੇ ਹਨ ਅਤੇ ਵਰਖਾ ਧਰਤੀ ਉਪਰਲੇ ਜੀਵਨ ਨੂੰ ਰਵਾਨੀ ਬਖਸ਼ਦੀ ਹੈ।
       ਰੁੱਖ ਹੀ ਸਨ ਜਿਨ੍ਹਾਂ ਨੇ ਆਦਿ ਕਾਲ ਦੇ ਨੰਗ ਧੜੰਗੇ ਸਾਡੇ ਵੱਡੇ-ਵਡੇਰਿਆਂ ਨੂੰ ਸ਼ਰਨ ਦਿੱਤੀ। ਓਟ ਆਸਰਾ ਦਿੱਤਾ। ਮਨੁੱਖੀ ਸੱਭਿਅਤਾ ਨੂੰ ਅੱਜ ਦੇ ਦੌਰ ਤੱਕ ਲੈ ਕੇ ਆਉਣ ਵਿਚ ਰੁੱਖ ਨੇ ਸਭ ਤੋਂ ਵੱਡੀ ਭੂਮਿਕਾ ਨਿਭਾਈ। ਕਹੀਆਂ, ਰੰਬੇ, ਦਾਤਰ, ਦਾਤਰੀਆਂ, ਭਾਲੇ, ਕੁਹਾੜੇ, ਬਣਾਉਣ ਲਈ ਰੁੱਖ ਦਸਤੇ ਬਣੇ। ਚਕਲਾ, ਵੇਲਣਾ, ਚਾਉਂਟੇ, ਨੇਹੀਆਂ, ਘੋਟਣਾ, ਮਧਾਣੀਆਂ ਤੇ ਕੜਛੀਆਂ ਦੇ ਰੂਪ ਵਿਚ ਰੁੱਖਾਂ ਨੇ ਸਾਡੇ ਘਰਾਂ ਨੂੰ ਸੋਹਝ ਅਤੇ ਸੁਹੱਪਣ ਬਖਸ਼ਿਆ। ਖੂਹ ਦਾ ਚੱਕ, ਕਾਂਝਣ, ਗਾਂਧੀ, ਹਲ, ਪੰਜਾਲੀ, ਜੰਦਰਾ ਵਰਗੇ ਸੰਦ ਬਣਾਉਣ ਲਈ ਰੁੱਖਾਂ ਨੇ ਸਦੀਆਂ ਤੱਕ ਮਹੱਤਵਪੂਰਨ ਭੂਮਿਕਾ ਨਿਭਾਈ। ਚਰਖਾ, ਅਟੇਰਨਾ, ਖੱਡੀ, ਸੰਦੂਖ ਬਣ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਕਲਾਤਮਿਕ ਬਣਾਇਆ। ਪੱਖੇ, ਪੱਖੀਆਂ, ਮੇਜ਼, ਕੁਰਸੀ, ਮੰਜਾ, ਪੀਹੜਾ ਅਤੇ ਪੰਘੂੜੇ ਤੋਂ ਲੈ ਕੇ ਬੰਦੇ ਨੂੰ ਸ਼ਮਸ਼ਾਨ ਘਾਟ ਤੱਕ ਲੈ ਕੇ ਜਾਣ ਵਾਲੇ ਫੱਟਿਆਂ ਦੇ ਰੂਪ ਵਿਚ ਰੁੱਖ ਮਨੁੱਖ ਦੇ ਨਾਲ ਨਾਲ ਰਹੇ। ਇੱਥੋਂ ਤੱਕ ਕਿ ਹਰ ਬੰਦੇ ਦੇ ਅੰਤਿਮ ਸਮੇਂ ਇਕ ਰੁੱਖ ਦਾ ਬੰਦੇ ਦੇ ਨਾਲ ਬਲਣਾ ਵੀ ਰੁੱਖਾਂ ਦੇ ਹੀ ਹਿੱਸੇ ਆਇਆ ਹੈ। ਛਣਕਣਾ, ਬੰਸਰੀ, ਤੂੰਬਾ, ਰਬਾਬ, ਢੱਡ, ਸਾਰੰਗੀ, ਢੋਲ, ਨਗਾਰਾ, ਡਮਰੂ, ਅਲਗੋਜ਼ੇ ਬਣ ਕੇ ਰੁੱਖਾਂ ਨੇ ਮਨੁੱਖ ਦੀ ਜ਼ਿੰਦਗੀ 'ਚ ਸੰਗੀਤਕ ਰੰਗ ਭਰੇ। ਗੱਡੇ, ਗਡੀਹਰੇ, ਰੱਥ, ਟਾਂਗੇ ਬਣ ਕੇ ਰੁੱਖਾਂ ਨੇ ਸਾਡੀ ਜ਼ਿੰਦਗੀ ਨੂੰ ਰਵਾਨਗੀ ਦਿੱਤੀ। ਰੁੱਖ ਦਾਤਣ ਬਣੇ, ਦਵਾਈਆਂ ਬਣੇ, ਇਨ੍ਹਾਂ ਸਾਨੂੰ ਮਿੱਠੇ ਫਲ ਦਿੱਤੇ ਅਚਾਰ ਦਿੱਤੇ, ਧੁੱਪਾਂ ਵਿਚ ਇਹ ਸਾਡੇ ਲਈ ਛਾਵਾਂ ਬਣੇ, ਸਿਰਾਂ ਦੀ ਛੱਤ ਬਣੇ ਗੱਲ ਕੀ ਰੁੱਖਾਂ ਨੇ ਹਰ ਦੁੱਖ-ਸੁੱਖ ਵਿਚ ਮਨੁੱਖ ਦਾ ਸਾਥ ਨਿਭਾਇਆ। ਮਨੁੱਖੀ ਸੱਭਿਅਤਾ ਨੂੰ ਚੰਗਾ ਸੋਹਣਾ ਸੁਖਾਲਾ ਬਣਾਉਣ ਲਈ ਰੁੱਖਾਂ ਨੇ ਬੜੀ ਵੱਡੀ ਭੂਮਿਕਾ ਨਿਭਾਈ।
       ਮਨੁੱਖ ਦੀ ਜ਼ਿੰਦਗੀ ਵਿਚ ਹੁਣ ਜਦੋਂ ਪਲਾਸਟਿਕ ਦਾ ਪ੍ਰਵੇਸ਼ ਹੋਇਆ ਤਾਂ ਰੁੱਖ 'ਤੇ ਸਾਡੀ ਨਿਰਭਰਤਾ ਘਟ ਗਈ ਹੈ। ਅਸੀਂ ਹੁਣ ਸਮਝਣ ਲੱਗ ਪਏ ਹਾਂ ਕਿ ਕੰਕਰੀਟ ਦੀਆਂ ਬਿਲਡਿੰਗਾਂ ਵਿਚ ਰਹਿੰਦਿਆਂ ਸਾਨੂੰ ਰੁੱਖਾਂ ਦੀ ਲੋੜ ਨਹੀਂ। ਪਰ ਇਹ ਮਨੁੱਖ ਦੀ ਭੁੱਲ ਵੀ ਹੈ ਅਤੇ ਅਕ੍ਰਿਤਘਣਤਾ ਵੀ ਹੈ। ਅੱਜ ਜਦੋਂ ਅਸੀਂ ਅਕਲਾਂ ਸਮਝਾਂ ਅਤੇ ਉੱਚੇ ਅਕਾਦਮਿਕ ਕੱਦਾਂ ਦੇ ਹੰਕਾਰ ਨਾਲ ਭਰ ਗਏ ਹਾਂ ਤੇ ਅੱਜ ਅਸੀਂ ਸਮਝਣ ਲੱਗ ਪਏ ਹਾਂ ਕਿ ਹਰ ਕੰਮ ਨੂੰ ਮਸ਼ੀਨੀ ਤਕਨੀਕ ਅਤੇ ਪਲਾਸਟਿਕ ਦੀ ਵਰਤੋਂ ਨਾਲ ਅਸਾਨੀ ਨਾਲ ਕੀਤਾ ਜਾ ਸਕਦਾ ਹੈ ਅਤੇ ਹੁਣ ਸਾਨੂੰ ਰੁੱਖਾਂ ਦੀ ਲੋੜ ਨਹੀਂ। ਪਰ ਅਸੀਂ ਭੁੱਲ ਗਏ ਕਿ ਰੁੱਖਾਂ ਦੀ ਮਹੱਤਤਾ ਕੇਵਲ ਘਰਾਂ ਦੇ ਅਤੇ ਖੇਤੀ ਦੇ ਸੰਦ ਬਣਨ ਤੱਕ ਹੀ ਸੀਮਤ ਨਹੀਂ। ਬਲਕਿ ਰੁੱਖ ਧਰਤੀ ਦੇ ਫੇਫੜੇ ਹਨ। ਅਸੀਂ ਭੁੱਲ ਗਏ ਹਾਂ ਕਿ ਪਹਾੜਾਂ 'ਤੇ ਜੋ ਬਰਫ ਜੰਮਦੀ ਹੈ ਇਸ ਦੇ ਜੰਮਣ ਵਿਚ ਵੀ ਰੁੱਖਾਂ ਦਾ ਯੋਗਦਾਨ ਹੁੰਦਾ ਹੈ। ਧਰਤੀ ਹੇਠਲਾ ਜੋ ਪਾਣੀ ਹੈ ਉਸ ਦੇ ਤਲ ਨੂੰ ਬਰਕਰਾਰ ਰੱਖਣ ਲਈ ਰੁੱਖ ਬੜੀ ਵੱਡੀ ਭੂਮਿਕਾ ਨਿਭਾਉਂਦੇ ਹਨ। ਦਰਿਆ ਗੰਦੇ ਨਾਲੇ ਨਾ ਬਣਨ ਇਹ ਸਾਰਾ ਸਾਲ ਵਹਿੰਦੇ ਰਹਿਣ ਧਰਤੀ ਤੇ ਜਨਜੀਵਨ ਦੀ ਚਾਲ ਬਣੀ ਰਹੇ, ਇਸ ਵਿਚ ਰੁੱਖਾਂ ਦੀ ਬੜੀ ਵੱਡੀ ਭੂਮਿਕਾ ਹੈ। ਪਰ ਅਸੀਂ ਇਸ ਸਭ ਕੁਝ ਤੋਂ ਉਲਟ ਰੁੱਖਾਂ ਦਾ ਵਢਾਂਗਾ ਕਰਕੇ ਉੱਚੀਆਂ ਵੱਡੀਆਂ ਸੰਗਮਰਮਰੀ ਬਿਲਡਿੰਗਾਂ ਉਸਾਰੀਆਂ। ਦਰਿਆਵਾਂ ਦੇ ਕੰਢਿਆਂ 'ਤੇ ਕੰਕਰੀਟ ਸੁੱਟ-ਸੁੱਟ ਹੋਟਲ ਬਣਾਏ ਡੇਰੇ ਬਣਾਏ ਅਤੇ ਇਨ੍ਹਾਂ ਵਿਚ ਸਜਾਵਟੀ ਬੂਟੇ ਲਾ ਕੇ ਆਪਣੇ-ਆਪ ਨੂੰ ਆਪੇ ਹੀ ਕੁਦਰਤ ਪ੍ਰੇਮੀ ਹੋਣ ਦੇ ਸਰਟੀਫੀਕੇਟ ਦਿੱਤੇ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਅਜਿਹਾ ਕਰਨ ਵਾਲਿਆਂ ਨੂੰ ਕਹੀਏ ਕਿ ਇਹ ਕੁਦਰਤ ਪ੍ਰੇਮ ਨਹੀਂ ਬਲਕਿ ਕੁਦਰਤ ਦੀ ਤੌਹੀਨ ਹੈ। ਅਸੀਂ ਏਨੇ ਅਕਿਰਤਘਣ ਹੋ ਗਏ ਕਿ ਜੋ ਰੁੱਖ ਸਾਡੀ ਹਵਾ ਨੂੰ ਸ਼ੁੱਧ ਕਰਦੇ ਹਨ ਸਾਡੇ ਲਈ ਆਕਸੀਜਨ ਪੈਦਾ ਕਰਦੇ ਹਨ ਉਨ੍ਹਾਂ ਦਾ ਕਤਲੇਆਮ ਕਰਕੇ ਆਪਣੀਆਂ ਪਿੱਠਾਂ ਥਾਪੜੀਆਂ। ਖੇਤਾਂ ਦੇ ਵੱਟਾਂ ਬੰਨਿਆਂ, ਰਾਹਾਂ, ਸੂਇਆਂ, ਆਡਾਂ, ਬੰਬੀਆਂ ਤੋਂ ਰੁੱਖਾਂ ਦੀਆਂ ਝਿੜੀਆਂ ਨੂੰ ਖ਼ਤਮ ਕਰਕੇ ਅਸੀਂ ਖੇਤਾਂ ਨੂੰ ਵੱਡੇ ਸਮਤਲ ਪਲਾਟਾਂ ਦਾ ਰੂਪ ਦਿੱਤਾ। ਜਿਸ ਦੇ ਸਿੱਟੇ ਵਜੋਂ ਸਾਡਾ ਵਾਤਾਵਰਨ ਪਲੀਤ ਹੋਣ ਲੱਗਿਆ। ਰੁੱਖਾਂ ਦਾ ਵੱਡੀ ਪੱਧਰ 'ਤੇ ਕਤਲੇਆਮ ਹੋਣ ਨਾਲ ਸਾਡੇ ਖੇਤਾਂ ਦੇ ਪੰਛੀ ਵੀ ਸਾਡੇ ਨਾਲੋਂ ਰੁੱਸ ਗਏ। ਜਿਸ ਕਰਕੇ ਕੀਟ ਪਤੰਗਾਂ ਦੀ ਭਰਮਾਰ ਹੋ ਗਈ। ਇਸ ਸਥਿਤੀ ਵਿਚ ਬਾਜ਼ਾਰ ਨੇ ਸਾਡੇ ਅੱਗੇ ਕਈ ਤਰ੍ਹਾਂ ਦੀਆਂ ਜ਼ਹਿਰਾਂ ਪੇਸ਼ ਕੀਤੀਆਂ ਹੁਣ ਇਨ੍ਹਾਂ ਦੀ ਖੇਤਾਂ ਵਿਚ ਵਰਤੋਂ ਕਰਕੇ ਅਸੀਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਦੁਸ਼ਵਾਰੀਆਂ ਦਾ ਸ਼ਿਕਾਰ ਬਣ ਰਹੇ। ਕੁਦਰਤ ਨਾਲੋਂ ਤੋੜ-ਵਿਛੋੜਾ ਕਰਕੇ ਪੈਦਾ ਕੀਤੇ ਇਸ ਵਿਕਾਸ 'ਤੇ ਬੇਸ਼ੱਕ ਅਸੀਂ ਲੁੱਡੀਆਂ ਪਾਈਏ ਆਪਣੀਆਂ ਪਿੱਠਾਂ ਆਪ ਥਪਥਪਾਈਏ ਪਰ ਹਕੀਕਤ ਵਿਚ ਇਹ ਵਿਕਾਸ ਨਹੀਂ ਵਿਨਾਸ਼ ਹੈ। ਪੰਜਾਬ ਦੇ ਉੱਤਰੀ ਇਲਾਕਿਆਂ ਵਿਚ ਰੁੱਖਾਂ ਦੀ ਤਾਦਾਦ ਕੁਝ ਵੱਧ ਹੈ ਉਸ ਪਾਸੇ ਕੈਂਸਰ ਦਾ ਪ੍ਰਕੋਪ ਘੱਟ ਹੈ ਇਸ ਦੇ ਉਲਟ ਮਾਲਵੇ ਦੇ ਕੁਝ ਜ਼ਿਲ੍ਹਿਆਂ ਜਿੱਥੇ ਰੁੱਖ ਵਿਰਲੇ ਟਾਂਵੇਂ ਹਨ ਉਧਰ ਕੈਂਸਰ ਦਾ ਪ੍ਰਕੋਪ ਤੇਜ਼ੀ ਨਾਲ ਵਧ ਰਿਹਾ ਹੈ। ਅੱਜ ਦੇ ਬੇਢੰਗੇ, ਕੁਚੱਜੇ ਅਤੇ ਬੇਲੋੜੇ ਵਿਕਾਸ ਦੀ ਉਸਾਰੀ ਅਸੀਂ ਲੱਖਾਂ ਰੁੱਖਾਂ ਦਾ ਕਤਲੇਆਮ ਕਰਕੇ ਉਨ੍ਹਾਂ ਦੀਆਂ ਲਾਸ਼ਾਂ 'ਤੇ ਕੀਤੀ ਹੈ। ਅਸੀਂ ਕੁਦਰਤ ਤੋਂ ਦੂਰ ਹੋ ਕੰਕਰੀਟ ਦੇ ਕਮਰਿਆਂ ਵਿਚ ਆਪਣੇ-ਆਪ ਨੂੰ ਬੰਦ ਕਰ ਲਿਆ ਅਤੇ ਅਖੌਤੀ ਵਿਕਾਸ ਦੀਆਂ ਲੁੱਡੀਆਂ ਪਾਉਣ ਲੱਗ ਪਏ। ਹੁਣ ਸਾਨੂੰ ਪਤਾ ਲੱਗਣ ਲੱਗਾ ਹੈ ਕਿ ਇਹ ਸਭ ਕੁਝ ਸਾਡੀ ਜ਼ਿੰਦਗੀ ਲਈ ਵਿਕਾਸ ਘੱਟ ਅਤੇ ਅਜ਼ਾਬ ਵੱਧ ਬਣ ਗਿਆ ਹੈ।
  ਬੇਸ਼ੱਕ ਤਕਨੀਕੀ ਵਿਕਾਸ ਨੇ ਸਾਡੀਆਂ ਲੋੜਾਂ ਬਦਲ ਦਿੱਤੀਆਂ ਹਨ ਪਰ ਕੁਦਰਤੀ ਵਿਗਾੜਾਂ ਦੇ ਇਸ ਦੌਰ ਵਿਚ ਰੁੱਖਾਂ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜ਼ਿਆਦਾ ਵਧ ਗਈ ਹੈ। ਇਹ ਗੱਲ ਅੱਜ ਸਾਨੂੰ ਸਮਝਣ ਦੀ ਲੋੜ ਹੈ। ਸਾਨੂੰ ਰੁੱਖਾਂ ਨਾਲ ਸਾਂਝ ਪਾਉਣੀ ਪਵੇਗੀ। ਜੇਕਰ ਅਸੀਂ ਜੀਵਨ ਨੂੰ ਪਿਆਰ ਕਰਦੇ ਹਾਂ ਤਾਂ ਇਸ ਤੋਂ ਪਹਿਲਾਂ ਸਾਨੂੰ ਰੁੱਖਾਂ ਨੂੰ ਪਿਆਰ ਕਰਨਾ ਸਿੱਖਣਾ ਪਵੇਗਾ।
     ਜਪਾਨ ਦੇ ਵਿਦਵਾਨ ਸੂਖਮਜੀਵ ਵਿਗਿਆਨੀ ਮਾਸਾਨੋਬੂ ਫੂਕੋਓਕਾ ਦੀ ਕਹੀ ਇਹ ਗੱਲ ਬੜੀ ਅਜੀਬ ਲਗਦੀ ਹੈ ਕਿ ਰੁੱਖਾਂ ਨੂੰ ਲਾਉਣ ਦੀ ਲੋੜ ਨਹੀਂ ਪੈਂਦੀ ਇਹ ਆਪਣੇ ਆਪ ਉਗਦੇ ਹਨ। ਧਰਤੀ ਦੇ ਵੱਖ ਵੱਖ ਖਿੱਤਿਆਂ ਦੇ ਵਿਸ਼ਾਲ ਜੰਗਲ ਜਿਨ੍ਹਾਂ ਨੂੰ ਅੱਜ ਮਨੁੱਖ ਤੇਜ਼ੀ ਨਾਲ ਖ਼ਤਮ ਕਰਦਾ ਜਾ ਰਿਹਾ ਹੈ ਇਨ੍ਹਾਂ ਜੰਗਲਾਂ ਵਿਚ ਕਿਸੇ ਨੇ ਰੁੱਖ ਲਾਏ ਨਹੀਂ ਸਨ ਇਹ ਆਪਣੇ ਆਪ ਉੱਗੇ ਸਨ। ਕੁਦਰਤ ਰੁੱਖਾਂ ਦੇ ਬੀਜਾਂ ਨੂੰ ਇਕ ਥਾਂ ਤੋਂ ਦੂਜੀਆਂ ਥਾਵਾਂ ਤੇ ਆਪ ਲੈ ਕੇ ਜਾਂਦੀ ਹੈ ਹਵਾ ਹਨੇਰੀ, ਵਰਖਾ ਅਤੇ ਪੰਛੀਆਂ ਦੇ ਆਹਾਰ ਰਾਹੀਂ ਬੀਜ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦੇ ਹਨ, ਉਗਦੇ ਹਨ ਅਤੇ ਬਿਰਖ ਬਣਦੇ ਹਨ। ਪਰ ਹੁਣ ਅਸੀਂ ਰੁੱਖਾਂ ਦਾ ਕਤਲੇਆਮ ਹੀ ਇੰਨੀ ਵੱਡੀ ਪੱਧਰ ਤੇ ਕਰ ਦਿੱਤਾ ਕਿ ਰੁੱਖਾਂ ਨੂੰ ਲਾਉਣਾ ਜ਼ਰੂਰੀ ਹੋ ਗਿਆ ਹੈ। ਰੁੱਖ ਲਾਏ ਜਾਣੇ ਚਾਹੀਦੇ ਹਨ ਪਰ ਇਸ ਤੋਂ ਜ਼ਰੂਰ ਇਹ ਹੈ ਰੁੱਖਾਂ ਨੂੰ ਪਾਲਿਆ ਸੰਭਾਲਿਆ ਵੀ ਜਾਵੇ। ਹੁਣ ਕੇਵਲ ਕੱਟ-ਵੱਡ ਕੇ ਹੀ ਰੁੱਖਾਂ ਦਾ ਖ਼ਾਤਮਾ ਨਹੀਂ ਕੀਤਾ ਜਾਂਦਾ ਬਲਕਿ ਹਰ ਛੇ ਮਹੀਨੇ ਬਾਅਦ ਖੇਤਾਂ ਵਿਚ ਲਗਦੀਆਂ ਅੱਗਾਂ ਵੱਡੀ ਪੱਧਰ 'ਤੇ ਰੁੱਖਾਂ ਦੀ ਮੌਤ ਦਾ ਕਾਰਨ ਬਣਦੀਆਂ ਹਨ। ਸਾਡੀ ਮਨੋਬਿਰਤੀ ਇਹ ਹੈ ਕਿ ਹਰ ਛੇ ਮਹੀਨੇ ਬਾਅਦ ਨਾੜ ਨੂੰ ਅੱਗ ਲਾ ਕੇ ਮਾਣ ਨਾਲ ਇਸ ਦੀਆਂ ਖਬਰਾਂ ਵੀ ਅਖ਼ਬਾਰਾਂ ਵਿਚ ਪ੍ਰਕਾਸ਼ਿਤ ਕਰਵਾਈਆਂ ਜਾਂਦੀਆਂ ਹਨ। ਮਿੱਥੀਆਂ ਤਰੀਕਾਂ ਤੋਂ ਪਹਿਲਾਂ ਝੋਨਾ ਲਾਉਣ ਵਿਚ ਵੀ ਮਾਣ ਮਹਿਸੂਸ ਕੀਤਾ ਜਾਂਦਾ ਹੈ। ਬਿਨਾਂ ਇਹ ਸੋਚ ਵਿਚਾਰ ਕੀਤਿਆਂ ਕਿ ਜਿਸ ਪਾਣੀ ਦੀ ਅਸੀਂ ਬਰਬਾਦੀ ਕਰਨੀ ਹੈ ਉਹ ਪਾਣੀ ਕਿਸ ਦਾ ਹੈ? ਉਹ ਕਿਸੇ ਸਰਕਾਰ ਦਾ ਪਾਣੀ ਨਹੀਂ ਹੈ ਉਹ ਸਾਡਾ ਪਾਣੀ ਹੈ। ਇਸ ਧਰਤੀ ਦੇ ਲੋਕਾਂ ਦਾ ਪਾਣੀ ਹੈ। ਇਹ ਵਾਤਾਵਰਨ ਜਿਸ ਨੂੰ ਅਸੀਂ ਬਚਾਉਣਾ ਹੈ ਨਿੱਕੇ ਨਿੱਕੇ ਮਾਸੂਮਾਂ ਦੇ ਸਾਹ ਲੈਣ ਲਈ ਹਵਾਵਾਂ ਨੂੰ ਸ਼ੁੱਧ ਰੱਖਣਾ ਹੈ ਇਹ ਕੋਈ ਸਰਕਾਰੀ ਹਵਾ ਨਹੀਂ ਬਲਕਿ ਸਾਡੇ ਪਿੰਡ ਦੀ ਹਵਾ ਹੈ ਸਾਡਾ ਆਲਾ-ਦੁਆਲਾ ਹੈ ਅਤੇ ਇਸ ਨੂੰ ਤੰਦਰੁਸਤ ਰੱਖਣਾ ਸਾਡਾ ਫਰਜ਼ ਹੈ। ਜੇਕਰ ਆਲਾ ਦੁਆਲਾ ਬਿਮਾਰ ਹੋ ਜਾਵੇਗਾ ਤਾਂ ਇਸ ਵਿਚ ਅਸੀਂ ਅਤੇ ਸਾਡੇ ਬੱਚੇ ਵੀ ਬਿਮਾਰੀਆਂ ਦਾ ਸ਼ਿਕਾਰ ਬਣਦੇ ਰਹਿਣਗੇ। ਹਾਂ ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੇ ਕੰਮਾਂ ਲਈ ਕਿਸਾਨਾਂ ਦੀ ਆਰਥਿਕ ਮਦਦ ਕਰਨ। ਪਰ ਜਿੱਥੇ ਅਸੀਂ ਸੜਕਾਂ ਕੰਢੇ ਵਿਸ਼ਾਲ ਲੰਗਰ ਲਾ ਕੇ ਲੋਕਾਂ ਨੂੰ ਰੱਸੇ ਸੁੱਟ-ਸੁੱਟ ਕੇ ਰੋਕਦੇ ਹਾਂ ਹੱਥ ਜੋੜ-ਜੋੜ ਕੇ ਚਾਹ ਪਕੌੜਿਆਂ, ਜਲੇਬੀਆਂ ਦੇ ਲੰਗਰ ਛਕਣ ਦੀਆਂ ਅਰਜੋਈਆਂ ਕਰਦੇ ਹਾਂ, ਉੱਥੇ ਸਾਡੇ ਵੱਟਾਂ-ਬੰਨ੍ਹਿਆਂ 'ਤੇ ਲੱਗੇ ਰੁੱਖ ਨੂੰ ਬਚਾਉਣ ਵਿਚ ਸਾਡੀ ਕੋਈ ਦਿਲਚਸਪੀ ਨਹੀਂ ਰਹੀ। ਜੇਕਰ ਅਸੀਂ ਰੁੱਖ ਲਗਾਉਂਦੇ ਹਾਂ ਅਤੇ ਆਲੇ-ਦੁਆਲੇ ਲੱਗੇ ਰੁੱਖਾਂ ਨੂੰ ਬਚਾਉਂਦੇ ਹਾਂ ਤਾਂ ਇਹ ਮਨੁੱਖਤਾ ਲਈ ਕਿਤੇ ਵੱਧ ਪੁੰਨ ਦਾ ਕੰਮ ਹੈ। ਪੰਜਾਬ ਦੇ ਬਹੁਤ ਸਾਰੇ ਪਿੰਡਾਂ ਵਿਚ ਡੇਰਿਆਂ, ਮਜ਼ਾਰਾਂ 'ਤੇ ਮੇਲੇ ਕਰਵਾ ਕੇ ਲੱਖਾਂ ਰੁਪਏ ਖ਼ਰਚ ਕੀਤੇ ਜਾਂਦੇ ਹਨ ਜੇਕਰ ਇਨ੍ਹਾਂ ਹੀ ਪੈਸਿਆਂ ਦੀ ਬੱਚਤ ਕਰਕੇ ਹਰ ਪਿੰਡ ਲਈ ਅਸੀਂ ਅਜਿਹੇ ਉਪਕਰਨ ਲੈ ਲਈਏ ਜੋ ਝੋਨੇ ਦੀ ਪਰਾਲੀ ਦਾ ਨਿਬੇੜਾ ਕਰ ਦੇਣ ਤਾਂ ਇਸ ਨਾਲ ਪੰਜਾਬ ਕਈ ਅਲਾਮਤਾਂ ਤੋਂ ਬਚ ਸਕਦਾ ਹੈ। ਰੁੱਖਾਂ ਨੂੰ ਵੱਢ ਕੇ, ਧਰਤੀ ਦੀ ਹਿੱਕ ਨੂੰ ਲੂਹ ਕੇ ਅਸੀਂ ਜਿਹੜੇ ਥੋੜ੍ਹੇ ਪੈਸਿਆਂ ਦੀ ਬੱਚਤ ਕਰਦੇ ਹਾਂ ਉਸ ਦਾ ਖਮਿਆਜ਼ਾ ਸਾਨੂੰ ਦਵਾਈਆਂ ਦੇ ਰੂਪ ਵਿਚ ਹਜ਼ਾਰਾਂ ਰੁਪਏ ਦੇ ਕੇ ਭੁਗਤਣਾ ਪੈ ਰਿਹਾ ਹੈ। ਇਸੇ ਹਵਾ, ਪਾਣੀ ਅਤੇ ਮਿੱਟੀ ਦਾ ਸਤਿਕਾਰ ਕਰਨ ਦੀ ਤਾਗੀਦ ਸਾਨੂੰ ਸਾਡੇ ਗੁਰੂ ਬਾਬੇ ਨਾਨਕ ਨੇ ਵੀ ਕੀਤੀ ਸੀ। ਸਾਨੂੰ ਗੁਰੂ ਦੇ ਕਹੇ ਸ਼ਬਦਾਂ ਦੀ ਅਵੱਗਿਆ ਨਹੀਂ ਕਰਨੀ ਚਾਹੀਦੀ। ਪਰ ਹਕੀਕਤ ਇੱਥੇ ਤਾਂ ਹੋਰ ਦੀ ਹੋਰ ਬਣੀ ਹੋਈ ਹੈ। ਇੱਥੇ ਜਿੱਥੇ-ਜਿੱਥੇ ਗੁਰੂ ਸਾਹਿਬਾਨ ਦੇ ਸਥਾਨ ਹਨ, ਜਿੱਥੇ ਜੰਗਲ ਸਨ, ਬੀੜਾਂ ਸਨ, ਝਿੜੀਆਂ ਸਨ, ਉਨ੍ਹਾਂ ਨੂੰ ਉਖਾੜ ਕੇ ਚਿੱਟੀਆਂ ਉੱਚੀਆਂ ਧੁੱਪ ਵਿਚ ਲਿਸ਼ਕਦੀਆਂ ਬਿਲਡਿੰਗਾਂ ਉਸਾਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿਚ ਗੁਰੂ ਸ਼ਬਦ ਨੂੰ ਅਸੀਂ ਮੱਥੇ ਤਾਂ ਟੇਕਦੇ ਹਾਂ ਪਰ ਗੁਰੂ ਦੇ ਕਹੇ ਨੂੰ ਮੰਨਣ ਲਈ ਤਿਆਰ ਨਹੀਂ।
     ਕੁਦਰਤੀ ਅਤੇ ਧਰਤੀ ਦੇ ਵਿਗਿਆਨ ਦੀ ਸਮਝ ਰੱਖਣ ਵਾਲੇ ਇਹ ਜਾਣਦੇ ਹਨ ਕਿ ਕੁਦਰਤ ਦੇ ਕੰਮ ਵਿਚ ਕੀਤੀ ਹੱਦੋਂ ਵੱਧ ਦਖ਼ਲਅੰਦਾਜ਼ੀ ਮਨੁੱਖ ਨੂੰ ਬੜੀ ਮਹਿੰਗੀ ਪੈਂਦੀ ਹੈ। ਸਾਡੇ ਦੇਸ਼ ਨੂੰ ਚਲਾਉਣ ਵਾਲੀ ਵਿਵਸਥਾ ਵਾਤਾਵਰਨ ਪ੍ਰਤੀ ਸੰਵੇਦਨਹੀਣ ਹੋਈ ਨਜ਼ਰ ਆਉਂਦੀ ਹੈ। ਸਾਡੇ ਦੇਸ਼ ਵਿਚ ਪਾਣੀ ਦੇ ਸੰਕਟ ਦੀ ਸ਼ੁਰੂਆਤ ਹੋ ਚੁੱਕੀ ਹੈ। ਪਰ ਇਸ ਸੰਕਟ ਪ੍ਰਤੀ ਸਾਡੀ ਨੀਂਦ ਅਜੇ ਵੀ ਬਰਕਰਾਰ ਹੈ। ਅਸੀਂ ਸੁੱਤੇ ਹੋਏ ਹਾਂ। ਜੇਕਰ ਸਾਨੂੰ ਕੋਈ ਇਸ ਪ੍ਰਤੀ ਜਗਾਉਣ ਦੀ ਵੀ ਕੋਸ਼ਿਸ਼ ਕਰਦਾ ਹੈ ਤਾਂ ਅਸੀਂ ਉਸ ਨਾਲ ਵੀ ਦੁਰਵਿਵਹਾਰ ਕਰਨ 'ਤੇ ਉਤਰ ਆਉਂਦੇ ਹਾਂ। ਸਾਨੂੰ ਸੋਚਣ ਦੀ ਲੋੜ ਹੈ, ਜਿਸ ਪਾਣੀ ਨੂੰ ਅਸੀਂ ਬਚਾਉਣਾ ਹੈ ਉਹ ਕਿਸ ਦਾ ਹੈ? ਆਓ, ਵਾਤਾਵਰਨ ਨੂੰ ਚੰਗਾ ਬਣਾਉਣ ਲਈ ਰੁੱਖ ਲਾਈਏ, ਰੁੱਖ ਪਾਲੀਏ ਅਤੇ ਰੁੱਖਾਂ ਦੇ ਵਢਾਂਗੇ ਦਾ ਵਿਰੋਧ ਕਰੀਏ।
- ਜੀਰਾ, ਮੋ: - 98550-51099

ਬਲਦੀ 'ਤੇ ਤੇਲ ਪਾਉਣਾ ਮੀਡੀਆ ਦਾ ਮਕਸਦ ਨਹੀਂ - ਗੁਰਚਰਨ ਸਿੰਘ ਨੂਰਪੁਰ

ਹੋਰ ਲੋੜਾਂ ਵਾਂਗ ਸਹੀ ਸੂਚਨਾ ਵੀ ਅਜੋਕੇ ਮਨੁੱਖ ਦੀ ਅਹਿਮ ਲੋੜ ਬਣ ਗਈ ਹੈ। ਜਿਵੇਂ ਸਾਨੂੰ ਖਾਣੇ ਵਿਚ ਕੁਝ ਗ਼ਲਤ ਮਿਲਾ ਕੇ ਦੇ ਦਿੱਤਾ ਜਾਵੇ ਤਾਂ ਇਹ ਖਾਣਾ, ਸਾਡੇ ਲਈ ਖਾਣਾ ਨਹੀਂ ਬਲਕਿ ਜ਼ਹਿਰ ਬਣ ਜਾਂਦਾ ਹੈ ਇਸੇ ਤਰ੍ਹਾਂ ਗ਼ਲਤ ਸੂਚਨਾਵਾਂ ਜਿਨ੍ਹਾਂ ਨਾਲ ਸਮਾਜ ਵਿਚ ਡਰ ਸਹਿਮ, ਫ਼ਿਰਕੂ ਤਣਾਅ, ਜਾਤਪਾਤ, ਧਰਮ ਕਰਮ ਦੇ ਨਾਂਅ 'ਤੇ ਲੋਕਾਂ ਵਿਚ ਤਣਾਅ ਪੈਦਾ ਹੋਵੇ ਤਾਂ ਇਹ ਵੀ ਨਾ ਮੁਆਫ਼ ਕੀਤੇ ਜਾਣ ਵਾਲਾ ਜੁਰਮ ਬਣ ਜਾਂਦਾ ਹੈ।
      ਅਡੋਲਫ ਹਿਟਲਰ ਕਿਹਾ ਕਰਦਾ ਸੀ ਕਿ 'ਜੇਕਰ ਇਕ ਝੂਠ ਨੂੰ ਸੌ ਵਾਰ ਬੋਲਿਆ ਜਾਵੇ ਤਾਂ ਬਹੁਗਿਣਤੀ ਲੋਕਾਂ ਨੂੰ ਇਹ ਸੱਚ ਪ੍ਰਤੀਤ ਹੋਣ ਲੱਗ ਜਾਂਦਾ ਹੈ।' ਬੇਸ਼ੱਕ ਇਹ ਕਥਨ ਕੁਝ ਹੱਦ ਤੱਕ ਠੀਕ ਹੋਵੇ, ਪਰ ਸੱਚ ਇਹ ਵੀ ਹੈ ਕਿ 'ਸੱਚ' ਦੇਰ ਸਵੇਰ ਪ੍ਰਗਟ ਜ਼ਰੂਰ ਹੁੰਦਾ ਹੈ ਅਤੇ ਇਸ ਦੇ ਸਾਹਵੇਂ ਝੂਠ ਦਾ ਪ੍ਰਾਪੋਗੰਡਾ ਜਿਸ ਨੂੰ ਬਿਨਾਂ ਪੈਰਾਂ ਤੋਂ ਖੜ੍ਹਾ ਕੀਤਾ ਜਾਂਦਾ ਹੈ ਢਹਿ-ਢੇਰੀ ਹੋ ਜਾਂਦਾ ਹੈ। ਮੀਡੀਆ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ ਜਿਸ ਨੇ ਲੋਕਾਂ ਨੂੰ ਹਰ ਚੰਗੀ ਮਾੜੀ ਸਥਿਤੀ ਤੋਂ ਜਾਣੂ ਹੀ ਨਹੀਂ ਕਰਨਾ ਹੁੰਦਾ ਬਲਕਿ ਹਰ ਤਰ੍ਹਾਂ ਦੀਆਂ ਬੁਰਾਈਆਂ ਪ੍ਰਤੀ ਜਾਗਰੂਕ ਵੀ ਕਰਨਾ ਹੁੰਦਾ ਹੈ। ਅੱਜ ਸਾਡੇ ਦੇਸ਼ ਵਿਚ ਮੀਡੀਆ ਖਾਸ ਕਰਕੇ ਕੁਝ ਹਿੰਦੀ ਨਿਊਜ਼ ਚੈਨਲ ਦੀ ਹਾਲਤ ਏਨੀ ਪਤਲੀ ਹੋ ਗਈ ਹੈ ਜਾਂ ਕਹਿ ਲਈਏ ਕਿ ਬਣਾ ਦਿੱਤੀ ਗਈ ਹੈ ਕਿ ਇਨ੍ਹਾਂ ਦੇ ਐਂਕਰ ਸੱਤਾਧਾਰੀ ਧਿਰ ਨੂੰ ਸਵਾਲ ਪੁੱਛਣ ਦੀ ਬਜਾਏ ਉਨ੍ਹਾਂ ਦੇ ਗੁਣਗਾਨ ਕਰਦੇ ਨਜ਼ਰ ਆਉਂਦੇ ਹਨ। ਹਾਲਤ ਇਹ ਹੈ ਕਿ ਜਦੋਂ ਕੋਈ ਐਂਕਰ ਚੀਕ ਚੀਕ ਕੇ ਕਹਿੰਦਾ ਹੈ ਕਿ 'ਅਬ ਤੱਕ ਕੀ ਸਬਸੇ ਬੜੀ ਖ਼ਬਰ' ਤਾਂ ਹੁਣ ਬਹੁਗਿਣਤੀ ਲੋਕਾਂ ਨੂੰ ਉਹ ਖ਼ਬਰ ਵੇਖਣ ਲਈ ਉਤਸੁਕਤਾ ਜਾਂ ਹੈਰਾਨੀ ਨਹੀਂ ਹੁੰਦੀ। ਬਹੁਗਿਣਤੀ ਹਿੰਦੀ ਨਿਊਜ਼ ਚੈਨਲਾਂ ਦੇ ਪ੍ਰਸਾਰਨ 'ਤੇ ਲੋਕ ਵਿਸ਼ਵਾਸ ਕਰਨੋ ਹਟ ਗਏ। ਇਨ੍ਹਾਂ ਦੀ ਸਥਿਤੀ ਅਜਿਹੀ ਬਣ ਗਈ ਹੈ ਕਿ ਲੋਕ ਇਨ੍ਹਾਂ ਦੇ ਪ੍ਰਸਾਰਨਾਂ 'ਤੇ ਚੁਟਕਲੇ ਬਣਾਉਣ ਲੱਗ ਪਏ ਹਨ। ਭਾਰਤੀ ਮੀਡੀਆ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਹੋਇਆ ਹੈ। ਮੀਡੀਆ ਦਾ ਕੰਮ ਵਿਵਸਥਾ ਦੇ ਵਿਰੁੱਧ ਲੋਕ ਹਿਤਾਂ ਲਈ ਖੜ੍ਹੇ ਹੋਣਾ ਹੁੰਦਾ ਹੈ। ਮੀਡੀਆ ਨੇ ਲੋਕਾਂ ਅੱਗੇ ਉਹ ਤੱਥ ਉਜਾਗਰ ਕਰਨੇ ਹੁੰਦੇ ਹਨ ਜੋ ਆਮ ਮਨੁੱਖ ਦੀ ਨਜ਼ਰ ਤੋਂ ਉਹਲੇ ਰਹਿ ਜਾਂਦੇ ਹਨ। ਮੀਡੀਆ ਦਾ ਹੀ ਕੰਮ ਹੈ ਕਿ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਹਿਤਾਂ ਲਈ ਜਾਣੂ ਕਰਵਾਏ। ਮੀਡੀਆ ਦਾ ਹੀ ਫਰਜ਼ ਬਣਦਾ ਹੈ ਕਿ ਉਹ ਆਮ ਲੋਕਾਂ ਨੂੰ ਉਹ ਸਮਝ ਦੇਵੇ ਕਿ ਉਨ੍ਹਾਂ ਨਾਲ ਕਿਸ ਧਿਰ ਵਲੋਂ ਫਰੇਬ ਕੀਤਾ ਜਾ ਰਿਹਾ ਹੈ। ਮੀਡੀਆ ਦਾ ਇਹ ਵੀ ਕੰਮ ਹੈ ਕਿ ਉਹ ਲੋਕਾਂ ਨੂੰ ਉਨ੍ਹਾਂ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਤੋਂ ਨਿਜਾਤ ਦਿਵਾਉਣ ਲਈ ਸੱਤਾਧਾਰੀ ਧਿਰ ਨੂੰ ਕਟਹਿਰੇ ਵਿਚ ਖੜ੍ਹਾ ਕਰੇ। ਪਰ ਜਦੋਂ ਮੀਡੀਆ ਪੈਸੇ ਵਾਲੇ ਲੋਕਾਂ ਦਾ ਹੱਥ-ਠੋਕਾ ਬਣ ਜਾਵੇ ਤਾਂ ਫਿਰ ਸਭ ਤੋਂ ਪਹਿਲਾਂ ਉਸ ਨੂੰ ਆਪਣੇ ਇਨ੍ਹਾਂ ਫਰਜ਼ਾਂ ਤੋਂ ਵਾਂਝੇ ਕਰ ਦਿੱਤਾ ਜਾਵੇਗਾ ਅਤੇ ਉਸ ਦੀ ਅਗਲੀ ਕੜੀ ਇਹ ਹੋਵੇਗੀ ਕਿ ਉਸ ਨੂੰ ਆਪਣੇ ਆਕਿਆਂ ਦਾ ਝੋਲੀ ਚੁੱਕ ਵੀ ਬਣਨਾ ਪਵੇਗਾ। ਅੱਜ ਹਾਲਾਤ ਇਹ ਹਨ ਕਿ ਬਹੁਤ ਸਾਰੇ ਨਿਊਜ਼ ਟੀ. ਵੀ. ਚੈਨਲਾਂ ਦੀ ਹਾਲਤ ਪਾਣੀ ਨਾਲੋਂ ਪਤਲੀ ਹੋਈ ਪਈ ਹੈ।
       ਪੁਲਵਾਮਾਂ ਵਿਚ ਵਾਪਰੀ ਘਟਨਾ ਜਿਸ ਵਿਚ ਸਾਡੇ 40 ਜਵਾਨ ਸ਼ਹੀਦ ਹੋ ਗਏ ਸਨ ਇਕ ਬੜੀ ਵੱਡੀ 'ਤੇ ਦੁਖਦਾਈ ਘਟਨਾ ਸੀ। ਇਸ ਨਾਲ ਪੂਰਾ ਦੇਸ਼ ਹਿੱਲ ਗਿਆ। ਇਸ ਘਟਨਾ ਸਬੰਧੀ ਲੋਕਾਂ ਨੂੰ ਜਾਣੂ ਕਰਾਉਣਾ ਮੀਡੀਆ ਦਾ ਫਰਜ਼ ਜੋ ਨਿਭਾਇਆ ਵੀ ਗਿਆ। ਇਸ ਘਟਨਾ ਤੋਂ ਕੁਝ ਦਿਨ ਜੇਕਰ ਪਿੱਛੇ ਜਾਈਏ ਤਾਂ ਬਹੁ ਗਿਣਤੀ ਟੀ. ਵੀ. ਚੈਨਲਾਂ 'ਤੇ ਰਾਮ ਮੰਦਰ ਦਾ ਮੁੱਦਾ ਸਭ ਤੋਂ ਵੱਡੀ ਖ਼ਬਰ ਸੀ ਜੋ ਪਿਛਲੇ ਕਈ ਦਿਨਾਂ ਤੋਂ ਸਭ ਤੋਂ ਅਹਿਮ ਖ਼ਬਰ ਬਣਾ ਕੇ ਚਲਾਈ ਜਾ ਰਹੀ ਸੀ। ਦੇਸ਼ ਦੇ ਲੋਕਾਂ ਨੂੰ ਇਹ ਦਰਸਾਇਆ ਜਾ ਰਿਹਾ ਸੀ ਕਿ ਇਸ ਵੇਲੇ ਬਸ ਰਾਮ ਮੰਦਰ ਹੀ ਇਕੋ-ਇਕ ਦੇਸ਼ ਵੀ ਸਭ ਤੋਂ ਵੱਡੀ ਸਮੱਸਿਆ ਹੈ ਜਿਸ ਦੇ ਹੱਲ ਹੁੰਦੇ ਹੀ ਦੇਸ਼ ਦੇ ਲੋਕਾਂ ਦੇ ਸਾਰੇ ਮਸਲੇ ਹੱਲ ਹੋ ਜਾਣੇ ਹਨ। ਇਸ ਮੁੱਦੇ 'ਤੇ ਜਟਾਧਾਰੀ ਸਾਧ ਸੰਤਾਂ ਅਤੇ ਮੁੱਲਾ-ਮੁਲਾਣਿਆਂ ਦੀਆਂ ਬਹਿਸਾਂ ਦਾ ਸਿਲਸਿਲਾ ਬਹੁਗਿਣਤੀ ਚੈਂਨਲਾਂ 'ਤੇ ਸ਼ੁਰੂ ਹੋ ਗਿਆ ਸੀ। ਧਰਮ ਕਰਮ ਦੇ ਨਾਂਅ 'ਤੇ ਹੁੰਦੀਆਂ ਬਹਿਸਾਂ ਦੀ ਬੋਲਬਾਣੀ ਤੋਂ ਲਗਦਾ ਸੀ ਕਿ ਜਿਵੇਂ ਅਗਲੇ ਕੁਝ ਦਿਨਾਂ ਵਿਚ ਦੋ ਵੱਡੇ ਫ਼ਿਰਕਿਆਂ ਵਿਚ ਵੱਡਾ ਭੇੜ ਹੋਣ ਜਾ ਰਿਹਾ ਹੋਵੇ। ਮੀਡੀਆ ਦਾ ਮਕਸਦ ਬਲਦੀ 'ਤੇ ਪਾਣੀ ਪਾਉਣਾ ਹੋਣਾ ਚਾਹੀਦਾ ਹੈ ਪਰ ਇੱਥੇ ਇਸ ਤੋਂ ਉਲਟ ਬਹੁਗਿਣਤੀ ਨਿਊਜ਼ ਚੈਨਲਾਂ ਦਾ ਕੰਮ ਬਲਦੀ 'ਤੇ ਤੇਲ ਪਾਉਣ ਦਾ ਬਣ ਗਿਆ ਹੈ। ਇਹ ਸਮਾਜ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਹੀ ਨਹੀਂ ਬਲਕਿ ਇਕ ਤਰ੍ਹਾਂ ਨਾਲ ਦੇਸ਼ ਦੇ ਤਾਣੇ ਬਾਣੇ ਨੂੰ ਜਾਤ-ਪਾਤ ਅਤੇ ਧਰਮ ਦੇ ਆਧਾਰ 'ਤੇ ਵੰਡਣ ਦੀਆਂ ਕੋਝੀਆਂ ਸਾਜਿਸ਼ਾਂ ਹਨ। ਜਿਹੜੀ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਰਾਮ ਮੰਦਰ ਨੂੰ ਵੱਡਾ ਮੁੱਦਾ ਬਣਾ ਕੇ ਸੱਤਾ ਵਿਚ ਆਈ ਸੀ ਨੂੰ ਲੋਕ ਸਵਾਲ ਕਰਨ ਲੱਗੇ ਸਨ ਕਿ ਤੁਸੀਂ ਆਪਣੇ ਪੰਜ ਸਾਲਾਂ ਦੇ ਸ਼ਾਸਨ ਦੌਰਾਨ ਰਾਮ ਮੰਦਰ ਕਿਉਂ ਨਹੀਂ ਬਣਵਾਇਆ? ਚੋਣਾਂ ਦੌਰਾਨ ਹੀ ਹੁਣ ਰਾਮ ਜੀ ਦੀ ਯਾਦ ਕਿਉਂ ਆਈ? ਜਦੋਂ ਅਜਿਹੇ ਸਵਾਲਾਂ ਦੀ ਗਿਣਤੀ ਵਧਣ ਲੱਗੀ ਤਾਂ ਜਾਪਿਆ ਕਿ ਰਾਮ ਮੰਦਰ ਵਾਲਾ ਮੁੱਦਾ ਸਗੋਂ ਉਲਟਾ ਪੈ ਰਿਹਾ ਹੈ। ਇਸੇ ਹੀ ਸਮੇਂ ਦੌਰਾਨ ਪੁਲਵਾਮਾਂ ਵਿਚ ਅਤਿਵਾਦੀ ਘਟਨਾ ਵਾਪਰ ਗਈ ਅਤੇ ਇਹੋ ਹੀ ਨਿਊਜ਼ ਚੈਨਲਾਂ ਨੇ ਰਾਮ ਮੰਦਰ ਵਾਲੇ ਮੁੱਦੇ ਨੂੰ ਇਸ ਤਰ੍ਹਾਂ ਪਰ੍ਹਾਂ ਕਰਕੇ ਰੱਖ ਦਿੱਤਾ ਜਿਵੇਂ ਦੀਵਾਰ ਤੋਂ ਕੋਈ ਤਸਵੀਰ ਉਤਾਰ ਕੇ ਪਾਸੇ ਕਰਕੇ ਰੱਖ ਦਿੱਤੀ ਜਾਂਦੀ ਹੈ। ਜੋ ਟੀ. ਵੀ. ਚੈਨਲ ਕੁਝ ਸਮਾਂ ਪਹਿਲਾਂ ਲੋਕਾਂ ਨੂੰ ਧਰਮ ਕਰਮ ਦੇ ਨਾਂਅ 'ਤੇ ਵੰਡ ਰਹੇ ਸਨ। ਧਰਮ ਕਰਮ ਦੇ ਇਸ ਮਸਲੇ ਨੂੰ ਦੋ ਧਿਰਾਂ ਦੇ ਵਕਾਰ ਦਾ ਸਵਾਲ ਬਣਾ ਕੇ ਦੋਵਾਂ ਵਿਚਕਾਰ ਟਕਰਾਅ ਪੈਦਾ ਕਰਨ ਦੀ ਹਰ ਕੋਸ਼ਿਸ਼ ਕਰ ਰਹੇ ਸਨ ਉਨ੍ਹਾਂ ਅੰਦਰ ਇਕਦਮ ਦੇਸ਼ ਭਗਤੀ ਜਾਗ ਪਈ ਅਤੇ ਇਸ ਲਈ ਬਹਿਸਾਂ ਦਾ ਰੁੱਖ ਭਾਰਤ ਬਨਾਮ ਪਾਕਿਸਤਾਨ ਹੋ ਗਿਆ।     
       ਪੁਲਵਾਮਾ ਵਿਚ ਹੋਏ ਅਤੰਕੀ ਹਮਲੇ ਤੋਂ ਦੇਸ਼ ਸਦਮੇ ਵਿਚ ਸੀ ਇਸ ਸਾਰੀ ਖ਼ਬਰ ਦੀ ਕਵਰੇਜ ਕਰਨਾ ਮੀਡੀਆ ਦਾ ਫਰਜ਼ ਵੀ ਸੀ ਜੋ ਇਸ ਵਲੋਂ ਪੂਰਾ ਕੀਤਾ ਗਿਆ ਪਰ ਅਗਲੇ ਕੁਝ ਦਿਨਾਂ ਦੌਰਾਨ ਜੋ ਕੁਝ ਵਾਪਰਿਆ ਬੜਾ ਨਿਰਾਸ਼ ਕਰਨ ਵਾਲਾ ਸੀ। ਇਸ ਅੱਤਵਾਦੀ ਹਮਲੇ ਦਾ ਬਦਲਾ ਲੈਣ ਲਈ ਸਾਡੇ ਬਹਾਦਰ ਫ਼ੌਜੀ ਜਵਾਨਾਂ ਨੇ ਪਾਕਿਸਤਾਨ ਦੀ ਹੱਦ ਵਿਚ ਦਾਖਲ ਹੋ ਕੇ ਇਕ ਤਰ੍ਹਾਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਕਿ ਅਸੀਂ ਪੁਲਵਾਮਾ ਵਰਗੀਆਂ ਕਾਇਰਾਨਾਂ ਅਤੇ ਬਰਬਰਤਾ ਭਰੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਾਂਗੇ। ਇਸ ਅਟੈਕ ਵਿਚ ਅੱਤਵਾਦੀਆਂ ਦੇ ਟਿਕਾਣੇ ਨਸ਼ਟ ਹੋਏ ਜਾਂ ਨਹੀਂ ਇਹ ਇਕ ਵੱਖਰੀ ਗੱਲ ਹੈ, ਪਰ ਜਿਸ ਢੰਗ ਨਾਲ ਇਸ ਕਾਰਵਾਈ ਨੂੰ ਸੱਤਾਧਾਰੀ ਧਿਰ ਨੇ ਆਪਣੇ ਹੱਕ ਵਿਚ ਭੁਨਾਉਣ ਦੀ ਕੋਸ਼ਿਸ਼ ਕੀਤੀ ਉਹ ਬੜੀ ਅਫ਼ਸੋਸਨਾਕ ਸੀ। ਹਫ਼ਤਾ ਪਹਿਲਾਂ ਸਾਰਾ ਦੇਸ਼ ਸਦਮੇ ਵਿਚ ਸੀ, ਫ਼ੌਜੀ ਜਵਾਨਾਂ ਦੇ ਪਰਿਵਾਰਾਂ ਦਾ ਵਿਰਲਾਪ ਅਤੇ ਲੋਕ ਰੋਹ ਟੀ ਵੀ ਚੈਂਨਲਾਂ ਤੇ ਵਿਖਾਇਆ ਜਾ ਰਿਹਾ ਸੀ। ਪਰ ਪਾਕਿਸਤਾਨ 'ਤੇ ਦੋ ਜੰਗੀ ਜਹਾਜ਼ਾਂ ਦੇ ਅਟੈਕ ਹੁੰਦਿਆਂ ਹੀ ਇਨ੍ਹਾਂ ਨਿਊਜ਼ ਚੈਨਲਾਂ ਨੇ ਵਿਖਾਉਣਾ ਸ਼ੁਰੂ ਕਰ ਦਿੱਤਾ ਕਿ ਦੇਸ਼ ਹੁਣ ਖੁਸ਼ੀਆਂ ਮਨਾ ਰਿਹਾ ਹੈ। ਹੁਣ ਟੀ. ਵੀ. ਸਕਰੀਨ ਤੇ ਹਰ ਪਾਸੇ ਢੋਲ ਦੇ ਡੱਗਿਆਂ 'ਤੇ ਪਾਏ ਜਾ ਰਹੇ ਭੰਗੜਿਆਂ ਦਾ ਜਸ਼ਨ ਸੀ। ਪਟਾਕੇ ਛੱਡੇ ਜਾ ਰਹੇ ਸਨ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ। ਕੀ ਇਹ ਸੰਵੇਦਨਹੀਣਤਾ ਦੀ ਸਿਖਰ ਨਹੀਂ? ਮਨੁੱਖੀ ਸੁਭਾਅ ਦੀਆਂ ਕੁਝ ਮਰਿਆਦਾਵਾਂ ਹੁੰਦੀਆਂ ਹਨ ਪਰ ਇਹ ਘਟਨਾਕਰਮ ਗ਼ੈਰ-ਜ਼ਿੰਮੇਵਾਰਨਾ ਵਰਤਾਰੇ ਦੀ ਹੱਦ ਸੀ ਜਿਹੜੀ ਸਾਡੇ ਚੈਨਲਾਂ ਨੇ ਇਨ੍ਹਾਂ ਦਿਨਾਂ ਵਿਚ ਪਾਰ ਕਰ ਲਈ। ਕਿਸੇ ਗਮ ਵਿਚ ਡੁੱਬੇ ਬੰਦੇ ਨੂੰ ਜੇਕਰ ਇਹ ਕਹੋ ਕਿ ਜਿਨ੍ਹਾਂ ਨੇ ਤੁਹਾਡਾ ਇਕ ਬੰਦਾ ਮਾਰਿਆ ਸੀ ਉਸ ਦੇ ਚਾਰ ਮਰ ਗਏ ਹਨ ਤਾਂ ਉਹ ਉੱਠ ਕੇ ਭੰਗੜੇ ਨਹੀਂ ਪਾਉਣ ਲੱਗ ਪੈਂਦਾ। ਲੋਕਾਂ ਨੂੰ ਵੱਖਰੀ ਤਰ੍ਹਾਂ ਦੀ ਦੇਸ਼ ਭਗਤੀ ਸਿਖਾਉਣ ਤੁਰੇ ਇਨ੍ਹਾਂ ਟੀ. ਵੀ. ਚੈਨਲਾਂ ਦੇ ਵਿਹਾਰ ਤੋਂ ਇਹ ਲੱਗਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਿਸੇ ਦੇਸ਼ ਜਾਂ ਦੇਸ਼ ਦੇ ਲੋਕਾਂ ਨਾਲ ਕੋਈ ਬਾਹਲਾ ਸਰੋਕਾਰ ਨਹੀਂ ਬਲਕਿ ਕਾਰਪੋਰੇਟ ਮੀਡੀਆ ਦਾ ਸਾਰਾ ਜੋਰ ਇਸ ਗੱਲ 'ਤੇ ਲੱਗਿਆ ਹੋਇਆ ਹੈ ਕਿ ਆਪਣੇ ਆਕਾਵਾਂ ਨੂੰ ਕਿਵੇਂ ਖੁਸ਼ ਰੱਖਣਾ ਹੈ। ਪ੍ਰਿੰਟ ਮੀਡੀਆ ਦੇ ਨਾਲ-ਨਾਲ ਕੁਝ ਹਿੰਦੀ ਅਖ਼ਬਾਰਾਂ ਵੀ ਇਸ ਵਿਚ ਪਿੱਛੇ ਨਹੀਂ ਰਹੀਆਂ ਜਿਨ੍ਹਾਂ ਨੇ ਜੰਗੀ ਜਹਾਜ਼ਾਂ ਨਾਲ ਰਾਜਸੀ ਨੇਤਾਵਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕਰਕੇ ਦੇਸ਼ ਭਗਤੀ ਦਾ ਸਬੂਤ ਦਿੱਤਾ। ਮੀਡੀਆ ਦਾ ਪੂਰਾ ਜ਼ੋਰ ਇਸ ਗੱਲ 'ਤੇ ਲੱਗਿਆ ਰਿਹਾ ਕਿ ਭਾਰਤ ਪਾਕਿਸਤਾਨ ਵਿਚ ਹੁਣੇ-ਹੁਣੇ ਜੋ ਯੁੱਧ ਛਿੜ ਪਿਆ ਹੈ ਇਸ ਦੀਆਂ ਤਾਜ਼ਾ ਤਰੀਨ ਖ਼ਬਰਾਂ ਪ੍ਰਸਾਰਤ ਕਰਨ ਲਈ ਸਟੂਡੀਓ ਵਿਚ ਵਾਰ ਰੂਮ (ਜੰਗੀ ਖ਼ਬਰਾਂ ਵਾਲੇ ਕਮਰੇ) ਸਥਾਪਤ ਕਰ ਦਿੱਤੇ ਗਏ ਹਨ। ਨਿਊਜ਼ ਚੈਨਲਾਂ 'ਤੇ ਛੂਕਦੇ ਜੰਗੀ ਜਹਾਜ਼, ਇਨ੍ਹਾਂ ਨਾਲ ਸੁੱਟੇ ਬੰਬਾਂ ਨਾਲ ਹੁੰਦੇ ਧਮਾਕੇ ਅਤੇ ਧਮਾਕਿਆਂ 'ਚੋਂ ਨਿਕਲਦੀਆਂ ਅੱਗ ਦੀਆਂ ਲਪਟਾਂ ਟੀ. ਵੀ. ਸਕਰੀਨਾਂ ਦਾ ਸ਼ਿਗਾਰ ਬਣ ਗਈਆਂ। ਹਰ ਪਾਸੇ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਕਰਨ ਦੀ ਪੂਰੀ-ਪੂਰੀ ਵਾਹ ਲਾਈ ਗਈ। ਸਾਡੇ ਭਾਰਤੀ ਸੈਨਾ ਦੇ ਹਥਿਆਰਾਂ/ਮਿਜ਼ਾਈਲਾਂ ਦੀ ਸਮਰੱਥਾ ਅਤੇ ਇਨ੍ਹਾਂ ਨੂੰ ਭਾਰਤ ਦੇ ਕਿਹੜੇ ਸਟੇਸ਼ਨ ਤੋਂ ਛੱਡ ਕੇ ਪਾਕਿਸਤਾਨ ਦਾ ਕਿਹੜਾ-ਕਿਹੜਾ ਸ਼ਹਿਰ ਤਬਾਹ ਕੀਤਾ ਜਾਣਾ ਹੈ ਇਸ ਸਭ ਕੁਝ ਦੀ ਰੂਪ ਰੇਖਾ ਇਸ ਤਰ੍ਹਾਂ ਬਣਾ ਕੇ ਪੇਸ਼ ਕੀਤੀ ਗਈ ਕਿ ਪਾਕਿਸਤਾਨ ਨਾਲ ਯੁੱਧ ਜਿਵੇਂ ਫ਼ੌਜ ਵਲੋਂ ਨਹੀਂ ਬਲਕਿ ਨਿਊਜ਼ ਚੈਨਲਾਂ ਦੇ ਸਟੂਡੀਓਜ਼ ਤੋਂ ਲੜਿਆ ਜਾਵੇਗਾ।
      ਇੱਥੇ ਮੀਡੀਆ ਦਾ ਫਰਜ਼ ਤਾਂ ਇਹ ਬਣਦਾ ਸੀ ਕਿ ਉਹ ਇਸ ਘਟਨਾ ਦੌਰਾਨ ਦੁਨੀਆ ਵਿਚ ਜੰਗਾਂ ਯੁੱਧਾਂ ਨਾਲ ਹੋਈ ਤਬਾਹੀ ਦੀ ਤਸਵੀਰ ਲੋਕਾਂ ਅੱਗੇ ਰੱਖਦਾ। ਜੰਗ ਦੇ ਮਾੜੇ ਪੱਖਾਂ ਤੋਂ ਲੋਕਾਂ ਨੂੰ ਜਾਗਰੂਕ ਕਰਦਾ ਪਰ ਇੱਥੇ ਹਾਲਾਤ ਇਹ ਸਨ ਕਿ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਅਤੇ ਸਰਕਾਰਾਂ ਜੰਗ ਲਈ ਓਨੀਆਂ ਕਾਹਲੀਆਂ ਨਹੀਂ ਸਨ ਜਿੰਨੀ ਕਾਹਲ ਕੁਝ ਕੁ ਨਿਊਜ਼ ਚੈਨਲ ਵਾਲਿਆਂ ਨੂੰ ਸੀ। ਟੀ. ਵੀ. ਚੈਨਲਾਂ ਨੂੰ ਦੇਖ-ਦੇਖ ਕੇ ਸਰਹੱਦਾਂ 'ਤੇ ਬੈਠੇ ਲੋਕ ਤਰਾਹ-ਤਰਾਹ ਕਰਨ ਲੱਗ ਪਏ ਸਨ। ਅੱਜ ਅਸੀਂ ਇਹ ਕਹਿ ਸਕਦੇ ਹਾਂ ਕਿ ਹੁਣ ਟੀ ਵੀ ਚੈਨਲਾਂ ਤੋਂ ਖ਼ਬਰਾਂ ਵਿਖਾਈਆਂ ਜਾਂ ਸੁਣਾਈਆਂ ਨਹੀਂ ਜਾਂਦੀਆਂ ਬਲਕਿ ਹੁਣ ਖਬਰਾਂ ਬਣਾਈਆਂ ਜਾਣ ਲੱਗੀਆਂ ਹਨ ਇਸ ਤੋਂ ਵੀ ਅਗਾਂਹ ਇਹ ਖ਼ਬਰਾਂ ਹੁਣ ਆਪਣੇ ਆਕਾਵਾਂ ਦੀ ਮਰਜ਼ੀ ਅਨੁਸਾਰ ਘੜੀਆਂ ਤਰਾਸ਼ੀਆਂ ਜਾਂਦੀਆਂ ਹਨ। ਗੁੰਮਰਾਹਕੁੰਨ ਅਤੇ ਸਨਸਨੀ ਪੈਦਾ ਕਰਨ ਵਾਲੀਆਂ ਬਣਾਉਟੀ ਖ਼ਬਰਾਂ ਬਣਾ ਕੇ ਪ੍ਰਸਾਰਤ ਕਰਨਾ ਸਮਾਜ ਲਈ ਹੀ ਘਾਤਕ ਸਿੱਧ ਨਹੀਂ ਹੁੰਦਾ ਬਲਕਿ ਇਹ ਸਭ ਕੁਝ ਸਾਡੀਆਂ ਸੰਵਿਧਾਨਕ ਮਰਿਆਦਾਵਾਂ ਦੇ ਵੀ ਉਲਟ ਹੈ।
       ਅੱਜ ਜਦੋਂ ਦੇਸ਼ ਬਹੁਤ ਵੱਡੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੇ ਸਨਮੁੱਖ ਹੈ ਦੇਸ਼ ਵਿਚ ਗ਼ਰੀਬੀ ਮੰਦਹਾਲੀ ਦੀ ਜੂਨ ਭੋਗਦੇ ਲੋਕ ਦਰ-ਬ-ਦਰ ਭਟਕਣ ਤੇ ਮਜਬੂਰ ਹਨ। ਸਾਡੇ ਹਸਪਤਾਲਾਂ ਵਿਚ ਲੋੜੀਂਦੀਆਂ ਸਿਹਤ ਸਹੂਲਤਾਂ ਨਾ ਹੋਣ ਕਰਕੇ ਇੱਕੋ ਵਾਰ ਦਰਜਨਾਂ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਕਿਸਾਨ, ਮਜ਼ਦੂਰ, ਮੁਲਾਜ਼ਮ, ਵਪਾਰੀ ਵਰਗ, ਆਪਣੀਆਂ ਹੱਕੀ ਮੰਗਾਂ ਲਈ ਧਰਨੇ ਮੁਜ਼ਾਹਰੇ ਕਰ ਰਹੇ ਹਨ। ਬੇਰੁਜ਼ਗਾਰੀ ਕਾਰਨ ਦੇਸ਼ ਦੀ ਹਾਲਤ ਵਿਸਫੋਟਕ ਬਣੀ ਹੋਈ ਹੈ ਤਾਂ ਇਨ੍ਹਾਂ ਸਭ ਮਸਲਿਆਂ ਨੂੰ ਉਭਾਰਨਾ ਮੀਡੀਆ ਦਾ ਫਰਜ਼ ਬਣਦਾ ਹੈ। ਪਰ ਇਸ ਦੇ ਉਲਟ ਸੱਚ ਤੋਂ ਦੂਰ ਹੋ ਕੇ ਮੀਡੀਆ ਰਾਜਸੀ ਪਾਰਟੀਆਂ ਦੇ ਨੇਤਾਵਾਂ ਦਾ ਭੌਂਪੂ ਬਣਨਾ ਕਿਸੇ ਲਈ ਵੀ ਮਾਣ ਵਾਲੀ ਗੱਲ ਨਹੀਂ ਹੋਵੇਗੀ। ਸਗੋਂ ਇਹ ਇਕ ਅਜਿਹਾ ਜਾਲ ਹੈ ਜਿਸ ਨੂੰ ਮੀਡੀਆ ਨੇ ਆਪ ਬੁਣਿਆ ਹੈ ਅਤੇ ਆਪ ਹੀ ਇਸ ਵਿਚ ਉਲਝ ਕੇ ਰਹਿ ਜਾਵੇਗਾ। ਇਹ ਸਭ ਕੁਝ ਲੋਕਾਂ ਲਈ ਗੁੰਮਰਾਹਕੁੰਨ ਤਾਂ ਹੈ ਹੀ ਅਫ਼ਸੋਸਨਾਕ ਵੀ ਹੈ। ਅੱਜ ਇਸ ਵਿਸ਼ੇ 'ਤੇ ਗੰਭੀਰਤਾ ਨਾਲ ਮੰਥਨ ਕਰਨ ਦੀ ਲੋੜ ਹੈ।

- ਜ਼ੀਰਾ, ਸੰਪਰਕ - 98550-51099

ਆਜਾਦ ਭਾਰਤ ਦੇ ਲੋਕ ਅਤੇ ਸੰਵਿਧਾਨ - ਗੁਰਚਰਨ ਨੂਰਪੁਰ

ਆਜ਼ਾਦੀ ਤੋਂ ਲਗਪਗ ਤਿੰਨ ਸਾਲ ਬਾਅਦ ਕਈ ਵਾਰ ਸੋਧ ਕਰਨ ਉਪਰੰਤ 26 ਜਨਵਰੀ ਸੰਨ 1950 ਨੂੰ ਦੇਸ਼ ਦਾ ਸੰਵਿਧਾਨ ਲਾਗੂ ਕੀਤਾ ਗਿਆ। ਉਦੋਂ ਤੋਂ ਭਾਰਤ ਦੇ ਲੋਕ 26 ਜਨਵਰੀ ਦੇ ਦਿਨ ਨੂੰ ਗਣਤੰਤਰ ਦਿਵਸ ਵਜੋਂ ਮਨਾਉਂਦੇ ਆ ਰਹੇ ਹਨ। ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ, 'ਅਸੀਂ ਭਾਰਤ ਦੇ ਲੋਕ, ਭਾਰਤ ਨੂੰ ਇਕ ਸੰਪੂਰਨ ਪ੍ਰਭੂਸੱਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਲੋਕਤੰਤਰੀ ਗਣਰਾਜ ਐਲਾਨ ਕਰਦੇ ਹਾਂ।' ਸਾਡੇ ਸੰਵਿਧਾਨ ਅਨੁਸਾਰ ਭਾਰਤ ਇਕ ਧਰਮ ਨਿਰਪੱਖ ਰਾਜ ਹੈ, ਸੰਵਿਧਾਨ ਅਨੁਸਾਰ ਦੇਸ਼ 'ਚ ਜਾਤ-ਪਾਤ ਅਤੇ ਧਰਮ ਆਧਾਰਤ ਵਿਤਕਰੇ ਨਹੀਂ ਹੋਣਗੇ, ਗ਼ਰੀਬਾਂ, ਮਜ਼ਲੂਮਾਂ ਅਤੇ ਅਮੀਰਾਂ ਲਈ ਇਕੋ ਜਿਹੀ ਨਿਆਂ ਵਿਵਸਥਾ ਹੋਵੇਗੀ। ਸੰਵਿਧਾਨ ਅਨੁਸਾਰ ਸਰਕਾਰਾਂ, ਗ਼ਰੀਬਾਂ ਨਿਤਾਣਿਆਂ ਅਤੇ ਸਾਧਨਹੀਣ ਲੋਕਾਂ ਦੀ ਮਦਦ ਕਰਕੇ ਇਨ੍ਹਾਂ ਨੂੰ ਗ਼ਰੀਬੀ ਦੀ ਜਿੱਲ੍ਹਣ 'ਚੋਂ ਕੱਢਣ ਲਈ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਵਾਉਣਗੀਆਂ। ਸੰਵਿਧਾਨ ਅਨੁਸਾਰ ਸਰਕਾਰਾਂ ਭਾਰਤੀ ਨਾਗਰਿਕਾਂ ਦੀ ਵਿਗਿਆਨਕ ਸੋਚ ਬਣਾਉਣ ਲਈ ਯਤਨਸ਼ੀਲ ਹੋਣਗੀਆਂ। ਗ਼ਰੀਬੀ ਨੂੰ ਖ਼ਤਮ ਕਰਨ ਦੇ ਟੀਚੇ ਮਿੱਥੇ ਜਾਣਗੇ, ਗ਼ਰੀਬ-ਅਮੀਰ ਦਾ ਪਾੜਾ ਖ਼ਤਮ ਕਰਨਾ ਹੋਵੇਗਾ। ਘੱਟ-ਗਿਣਤੀਆਂ, ਫਿਰਕਿਆਂ ਨਾਲ ਕਿਸੇ ਪੱਖੋਂ ਵਿਤਕਰਾ ਨਹੀਂ ਹੋਵੇਗਾ ਆਦਿ।
       ਸੰਵਿਧਾਨ ਲਾਗੂ ਹੋਇਆਂ ਬੇਸ਼ੱਕ 68 ਸਾਲ ਹੋ ਗਏ ਹਨ ਪਰ ਭਾਰਤ ਇਕ ਗਣਤੰਤਰ ਰਾਜ ਵਜੋਂ ਵਿਕਸਤ ਨਹੀਂ ਹੋ ਸਕਿਆ। ਆਖਿਰ ਕਿਉਂ? ਪਛੜੀਆਂ ਜਾਤੀਆਂ, ਘੱਟ-ਗਿਣਤੀਆਂ ਅਤੇ ਗ਼ਰੀਬਾਂ-ਮਜ਼ਲੂਮਾਂ ਲਈ ਵਿਸ਼ੇਸ਼ ਅਧਿਕਾਰ ਕੁਝ ਸਮੇਂ ਲਈ ਸਨ ਅਤੇ ਬਾਅਦ ਵਿਚ ਇਨ੍ਹਾਂ ਲੋਕਾਂ ਨੂੰ ਸਾਧਨ ਸੰਪੰਨ ਬਣਾ ਕੇ ਇਨ੍ਹਾਂ ਲੋਕਾਂ ਨੂੰ ਗ਼ਰੀਬੀ ਦੀ ਜਿੱਲ੍ਹਣ 'ਚੋਂ ਬਾਹਰ ਕੱਢਣਾ ਸੀ, ਪਰ ਹੋਇਆ ਇਸ ਤੋਂ ਉਲਟ, ਦੇਸ਼ ਵਿਚ ਗ਼ਰੀਬੀ, ਮੰਦਹਾਲੀ ਦੀ ਸਮੱਸਿਆ ਵਿਕਰਾਲ ਰੂਪ ਧਾਰਨ ਕਰਦੀ ਗਈ ਅਤੇ ਕਰ ਰਹੀ ਹੈ। ਹੇਠਲੇ ਤਬਕੇ ਦੇ ਲੋਕਾਂ ਨੂੰ ਸਾਧਨ ਸੰਪੰਨ ਕਰਨ ਦੀ ਬਜਾਏ ਮੌਜੂਦਾ ਦੌਰ ਦੀ ਵਿਵਸਥਾ ਨੇ ਸਾਧਨਹੀਣ ਬਣਾਉਣਾ ਸ਼ੁਰੂ ਕਰ ਦਿੱਤਾ। ਸੰਵਿਧਾਨ ਅਨੁਸਾਰ ਦੇਸ਼ ਵਿਚ ਜਾਤ-ਪਾਤ ਦੇ ਆਧਾਰ 'ਤੇ ਵਿਤਕਰੇ ਨਹੀਂ ਹੋਣਗੇ, ਪਰ ਇਸ ਤੋਂ ਬਿਲਕੁਲ ਉਲਟ ਲੋਕਾਂ ਨੂੰ ਧਰਮ ਦੇ ਨਾਂਅ 'ਤੇ ਵੰਡਣਾ ਅਤੇ ਇਸ ਤੋਂ ਅਗਾਂਹ ਜਾਤਾਂ-ਪਾਤਾਂ, ਫਿਰਕਿਆਂ ਵਿਚ ਵੰਡਣ ਦਾ ਅਮਲ ਪਹਿਲਾਂ ਨਾਲੋਂ ਵੀ ਤੇਜ਼ ਹੋ ਗਿਆ ਹੈ। ਸਾਡੇ ਸੰਵਿਧਾਨ ਅਨੁਸਾਰ ਸਰਕਾਰਾਂ ਲੋਕਾਂ ਦੀ ਸੋਚ ਵਿਗਿਆਨਕ ਬਣਾਉਣ ਦਾ ਯਤਨ ਕਰਨਗੀਆਂ, ਪਰ ਦੇਸ਼ ਵਿਚ ਅੰਧਵਿਸ਼ਵਾਸਾਂ ਦਾ ਬੋਲਬਾਲਾ ਇੰਨਾ ਵਧ ਗਿਆ ਕਿ ਇਹ ਹੁਣ ਇਕ ਵੱਡਾ ਕਾਰੋਬਾਰ ਬਣ ਗਿਆ ਹੈ। ਦੇਸ਼ ਦੇ ਭੋਲੇ-ਭਾਲੇ ਲੋਕ ਅੰਧਵਿਸ਼ਵਾਸਾਂ ਦੀ ਦਲਦਲ ਵਿਚ ਫਸੇ ਆਪਣੀ ਮਿਹਨਤ ਦੀ ਕਮਾਈ ਤੋਂ ਇਲਾਵਾ ਆਪਣੇ ਬੱਚੇ-ਬੱਚੀਆਂ ਨੂੰ ਸਾਧਾਂ-ਸੰਤਾਂ ਦੇ ਡੇਰਿਆਂ ਨੂੰ ਸਮਰਪਿਤ ਕਰ ਰਹੇ ਹਨ।
       ਦੇਸ਼ ਦੀਆਂ ਬਹੁਤੀਆਂ ਪਾਰਟੀਆਂ ਦੇ ਨੇਤਾ ਸਾਧਾਂ, ਸੰਤਾਂ, ਮਹਾਤਮਾਵਾਂ ਤੋਂ ਅਸ਼ੀਰਵਾਦ ਲੈਂਦੇ ਹਨ। ਸੰਵਿਧਾਨ ਅਨੁਸਾਰ ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰਾਖੀ ਸਰਕਾਰ ਕਰੇਗੀ, ਸਰਕਾਰ ਲੋਕਾਂ ਲਈ ਸਿੱਖਿਆ, ਸਿਹਤ ਸਹੂਲਤਾਂ ਪ੍ਰਤੀ ਜਵਾਬਦੇਹ ਹੋਵੇਗੀ ਪਰ ਇਸ ਦੇ ਬਿਲਕੁਲ ਉਲਟ ਹਾਲਾਤ ਇਹ ਬਣੇ ਹੋਏ ਹਨ ਕਿਸੇ ਵੀ ਸਮੇਂ ਕਿਸੇ ਮਸਲੇ ਨੂੰ ਲੈ ਕੇ ਸੜਕਾਂ 'ਤੇ ਨਿਕਲੀਆਂ ਭੀੜਾਂ ਸਾੜ-ਫੂਕ ਕਰਦੀਆਂ ਹਨ, ਅੱਗਾਂ ਲਗਦੀਆਂ ਹਨ, ਔਰਤਾਂ ਅਤੇ ਮਾਸੂਮ ਬੱਚੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਹੁੰਦੇ ਹਨ। ਸਿੱਖਿਆ ਦਾ ਬੜੀ ਤੇਜ਼ੀ ਨਾਲ ਨਿੱਜੀਕਰਨ ਹੋ ਰਿਹਾ ਹੈ। ਸਿੱਖਿਆ ਹਰ ਇਕ ਲਈ ਇਕਸਾਰ, ਇਕੋ ਜਿਹੇ ਸਕੂਲਾਂ/ਸਿਲੇਬਸਾਂ ਵਾਲੀ ਹੋਣੀ ਚਾਹੀਦੀ ਸੀ ਪਰ ਸਿੱਖਿਆ ਅਮੀਰਾਂ ਲਈ ਵੱਖਰੀ ਅਤੇ ਗ਼ਰੀਬਾਂ ਲਈ ਵੱਖਰੀ ਬਣਾ ਦਿੱਤੀ ਗਈ ਹੈ। ਸਿਹਤ ਸਹੂਲਤਾਂ ਦੀ ਹਾਲਤ ਇਹ ਹੈ ਕਿ ਦੇਸ਼ ਦੇ ਲੱਖਾਂ ਗ਼ਰੀਬ ਅਤੇ ਨਿਤਾਣੇ ਲੋਕ ਇਲਾਜ ਕਰਵਾਉਣ ਤੋਂ ਅਸਮਰੱਥ ਹੋਏ ਬਿਮਾਰੀਆਂ, ਦੁਸ਼ਵਾਰੀਆਂ ਨਾਲ ਘੋਲ ਕਰਦੇ ਰੋਜ਼ ਮਰ ਰਹੇ ਹਨ। ਦਵਾਈਆਂ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ।
       ਹੁਣ ਸਵਾਲ ਪੈਦਾ ਹੁੰਦਾ ਹੈ ਦੇਸ਼ ਕੋਲ ਉਹ ਸੰਵਿਧਾਨ ਜੋ ਸਭ ਨਾਗਰਿਕਾਂ ਦੀ ਬਰਾਬਰੀ ਅਤੇ ਸਭ ਲਈ ਇਕੋ ਜਿਹੇ ਨਿਆਂ ਕਾਨੂੰਨ ਦੀ ਗੱਲ ਕਰਦਾ ਹੈ, ਹੋਣ ਦੇ ਬਾਵਜੂਦ ਵੀ ਦੇਸ਼ ਦੇ ਗ਼ਰੀਬਾਂ, ਮਜ਼ਲੂਮਾਂ, ਘੱਟ-ਗਿਣਤੀਆਂ, ਮਜ਼ਦੂਰਾਂ, ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਕਿਉਂ ਹੁੰਦੀ ਜਾ ਰਹੀ ਹੈ? ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ਦੇਸ਼ ਦੇ ਸਿੰਘਾਸਣ 'ਤੇ ਬਦਲ-ਬਦਲ ਕੇ ਰਾਜ ਕਰਦੀਆਂ ਆ ਰਹੀਆਂ ਵੱਖ-ਵੱਖ ਰਾਜਸੀ ਧਿਰਾਂ/ਨੇਤਾਵਾਂ ਦੀ ਸੋਚ ਲੋਕ-ਪੱਖੀ ਹੋਣ ਦੀ ਬਜਾਏ ਆਪਣੇ ਘਰਾਣਿਆਂ ਦਾ ਵਿਸਥਾਰ ਕਰਨ ਤੱਕ ਸੀਮਤ ਰਹੀ ਹੈ। ਰਾਜਸੀ ਪਾਰਟੀਆਂ ਨੇ ਦੇਸ਼ ਨੂੰ ਅੱਗੇ ਲੈ ਜਾਣ ਵਾਲੇ ਵੱਡੇ ਪ੍ਰੋਗਰਾਮ ਬਣਾਉਣ ਦੀ ਬਜਾਏ 'ਵਕਤੀ ਲੋਕ ਲੁਭਾਉਣੇ ਏਜੰਡਿਆਂ' 'ਤੇ ਕੰਮ ਕਰ ਕੇ ਦੇਸ਼ ਦੇ ਲੋਕਤੰਤਰ ਦਾ ਇਕ ਤਰ੍ਹਾਂ ਨਾਲ ਤਮਾਸ਼ਾ ਬਣਾ ਕੇ ਰੱਖ ਦਿੱਤਾ। ਹਾਲਾਤ ਹੁਣ ਇਹ ਹਨ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਅਖਵਾਏ ਜਾਂਦੇ ਸਾਡੇ ਦੇਸ਼ ਦੀਆਂ ਚੋਣਾਂ ਵਿਚ ਲੋਕ ਮੁੱਦੇ ਹਾਸ਼ੀਏ 'ਤੇ ਚਲੇ ਜਾਂਦੇ ਹਨ ਅਤੇ ਰਾਜਸੀ ਪਾਰਟੀਆਂ ਵੱਡੇ ਹੈਰਾਨੀਜਨਕ ਝੂਠ ਦਾ ਸਹਾਰਾ ਲੈ ਕੇ ਆਪਣੇ ਵਿਰੋਧੀਆਂ ਨੂੰ ਚਿੱਤ ਕਰਨ ਵਿਚ ਵਿਸ਼ਵਾਸ ਰੱਖਦੀਆਂ ਹਨ। ਚੋਣ ਏਜੰਡਿਆਂ 'ਚੋਂ ਗੰਭੀਰਤਾ ਨਦਾਰਦ ਹੋ ਗਈ ਹੈ ਅਤੇ ਇਹ ਚੋਣ ਜੁਮਲਿਆਂ ਦਾ ਰੂਪ ਲੈ ਰਹੇ ਹਨ।
        ਸਾਡੇ ਨੇਤਾਜਨ ਅੱਜ ਵੀ ਆਪਣੇ ਭਾਸ਼ਣਾਂ ਵਿਚ ਭਾਰਤ ਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦੀ ਗੱਲ ਕਰਦੇ ਹਨ ਪਰ ਸੋਚਣ ਵਾਲੀ ਗੱਲ ਇਹ ਹੈ ਕਿ ਜੇਕਰ ਹੁਣ ਤੱਕ ਭਾਰਤ ਸ਼ਹੀਦਾਂ ਦੇ ਸੁਪਨਿਆਂ ਦਾ ਦੇਸ਼ ਨਹੀਂ ਬਣ ਸਕਿਆ ਤਾਂ ਇਸ ਵਿਚ ਰੋੜੇ ਅਟਕਾਉਣ ਵਾਲੀਆਂ ਕਿਹੜੀਆਂ ਧਿਰਾਂ ਸਨ? ਹੁਣ ਤੱਕ ਸੰਵਿਧਾਨ ਅਨੁਸਾਰ ਦੇਸ਼ ਦੇ ਬੇਰੁਜ਼ਗਾਰਾਂ, ਗ਼ਰੀਬਾਂ, ਨਿਤਾਣਿਆਂ ਨੂੰ ਰੋਜ਼ੀ, ਰੋਟੀ, ਘਰ, ਨਿਆਂ, ਸਿੱਖਿਆ ਅਤੇ ਸਿਹਤ ਸਹੂਲਤਾਂ ਜੋ ਸੰਵਿਧਾਨ ਅਨੁਸਾਰ ਮਿਲਣੀਆਂ ਚਾਹੀਦੀਆਂ ਸਨ, ਕਿਉਂ ਨਹੀਂ ਮਿਲ ਸਕੀਆਂ? ਕਿਉਂ ਲੋਕ ਸਰਕਾਰਾਂ ਵਲੋਂ ਦਿੱਤੇ ਜਾਣ ਵਾਲੇ ਆਟੇ-ਦਾਲ ਦੇ ਮੁਥਾਜ ਹੋ ਗਏ? ਕਿਉਂ ਲੋਕ ਇੰਨੇ ਦੀਨਹੀਣ ਬਣਾ ਦਿੱਤੇ ਗਏ ਕਿ ਉਹ ਢਾਈ-ਢਾਈ ਸੌ ਰੁਪਏ ਬੁਢਾਪਾ ਪੈਨਸ਼ਨ ਲੈਣ ਲਈ ਲੰਮੀਆਂ ਲਾਈਨਾਂ ਵਿਚ ਘੰਟਿਆਂਬੱਧੀ ਖੜ੍ਹੇ ਰਹਿੰਦੇ ਹਨ? ਆਜ਼ਾਦ ਭਾਰਤ ਦੇ ਸਭ ਲੋਕ ਹੁਣ ਤੱਕ ਸਾਧਨ ਸੰਪੰਨ ਹੋਣੇ ਚਾਹੀਦੇ ਸਨ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਕੌਣ ਹਨ, ਜਿਨ੍ਹਾਂ ਨੇ ਕਈ-ਕਈ ਵਾਰ ਸੰਵਿਧਾਨ ਦੀਆਂ ਸਹੁੰਆਂ ਖਾਧੀਆਂ ਅਤੇ ਲੋਕਾਂ ਨਾਲ ਵਿਸ਼ਵਾਸਘਾਤ ਕਰ ਕੇ ਆਪਣੇ ਘਰ ਭਰੇ? ਉਨ੍ਹਾਂ ਤਰਜੀਹਾਂ 'ਤੇ ਸਾਫ਼ ਨੀਤੀਆਂ ਨਾਲ ਕੰਮ ਕਿਉਂ ਨਹੀਂ ਹੋ ਸਕਿਆ, ਜਿਨ੍ਹਾਂ ਨਾਲ ਦੇਸ਼ ਦੇ ਜਨ ਸਮੂਹ ਦੀ ਹੋਣੀ ਨੂੰ ਬਦਲਿਆ ਜਾ ਸਕਦਾ ਸੀ?

26 Jan. 2019

ਅਵਾਮ ਦੀਆਂ ਲੋੜਾਂ-ਥੁੜਾਂ ਅਤੇ ਸਿਆਸੀ ਪਾਰਟੀਆਂ ਦੀ ਪਹੁੰਚ - ਗੁਰਚਰਨ ਸਿੰਘ ਨੂਰਪੁਰ

ਮੁਲਕ ਦੀ ਆਜ਼ਾਦੀ ਲਈ ਸਾਡੀ ਧਰਤੀ ਦੇ ਜਾਇਆਂ ਨੇ ਹਜ਼ਾਰਾਂ ਕੁਰਬਾਨੀਆਂ ਦਿੱਤੀਆਂ, ਅੰਗਰੇਜ਼ ਹਕੂਮਤ ਖਿਲਾਫ ਲਹੂ ਵੀਟਵੀਂ ਲੜਾਈ ਲੜੀ ਪਰ ਹਾਕਮਾਂ ਨੇ ਇਸ ਮੁਲਕ ਦੇ ਜੋ ਹਾਲਾਤ ਬਣਾ ਦਿੱਤੇ ਹਨ, ਇਹ ਉਨ੍ਹਾਂ ਮਹਾਨ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਬਿਲਕੁਲ ਨਹੀਂ ਹੈ। ਅਮਰੀਕਾ ਕੈਨੇਡਾ ਵਰਗੇ ਮੁਲਕਾਂ ਦੇ ਸੁੱਖ-ਆਰਾਮ ਤਿਆਗ ਕੇ ਗਦਰੀ ਬਾਬੇ ਆਜ਼ਾਦੀ ਖ਼ਾਤਰ ਸਿਰਾਂ ਉੱਤੇ ਕਫਨ ਬੰਨ੍ਹ ਵਤਨ ਪਰਤੇ ਸਨ। ਉਨ੍ਹਾਂ ਦਾ ਸੁਪਨਾ ਸੀ ਕਿ ਮੁਲਕ ਦੇ ਲੋਕ ਇੱਜ਼ਤ ਸਵੈਮਾਣ ਦੀ ਜ਼ਿੰਦਗੀ ਜਿਊਣ ਦੇ ਕਾਬਲ ਬਣ ਸਕਣਗੇ, ਆਜ਼ਾਦ ਫਿਜ਼ਾ ਵਿਚ ਸਾਹ ਲੈਣਗੇ ਪਰ ਆਏ ਦਿਨ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ।
        ਅੱਜ ਮੁਲਕ ਜਿਸ ਚੌਰਾਹੇ ਉੱਤੇ ਖੜ੍ਹਾ ਹੈ, ਉੱਥੇ ਅਵਾਮ ਕੋਲ ਸਮੱਸਿਆਵਾਂ ਹੀ ਸਮੱਸਿਆਵਾਂ ਹਨ। ਬੇਰੁਜ਼ਗਾਰੀ ਪੱਖੋਂ ਹਾਲਾਤ ਵਿਸਫੋਟਕ ਹਨ। ਉਂਜ ਤਾਂ ਦੁਨੀਆ ਭਰ ਵਿਚ ਬੇਰੁਜ਼ਗਾਰੀ ਵੱਡੀ ਸਮੱਸਿਆ ਹੈ ਪਰ ਹਿੰਦੋਸਤਾਨ ਵਿਚ ਇਹ ਭਿਆਨਕ ਰੂਪ ਅਖਤਿਆਰ ਕਰ ਰਹੀ ਹੈ। ਗਊ ਰੱਖਿਆ, ਬੁੱਤ-ਮੂਰਤੀਆਂ, ਸ਼ਹਿਰਾਂ ਦੇ ਨਾਮ ਬਦਲਣ, ਵੱਖ ਵੱਖ ਫਿਰਕਿਆਂ ਵਿਚ ਲੜਾਈਆਂ ਝਗੜੇ ਕਰਵਾ ਕੇ ਅੱਜ ਕੁਝ ਸਿਆਸੀ ਨੇਤਾ ਲੋਕਾਂ ਦੀਆਂ ਸਮੱਸਿਆਵਾਂ ਘਟਾਉਣ ਦੀ ਬਜਾਏ ਵਧਾ ਕਰ ਰਹੇ ਹਨ। ਕੁਝ ਸਾਲ ਪਹਿਲਾਂ ਤੱਕ ਲੋਕਾਂ ਨੂੰ ਲਾਰਿਆਂ ਵਾਅਦਿਆਂ ਨਾਲ ਵਰਚਾਇਆ ਜਾਂਦਾ ਸੀ ਪਰ ਅੱਜ ਸਿਆਸੀ ਪ੍ਰਬੰਧ ਸ਼ਾਇਦ ਵਧੇਰੇ ਆਧੁਨਿਕ ਹੋ ਗਈ ਹੈ, ਹੁਣ ਇਸ ਤੋਂ ਦੋ ਕਦਮ ਅੱਗੇ ਜਾ ਕੇ ਲੋਕਾਂ ਅੱਗੇ ਜੁਮਲੇ ਪਰੋਸੇ ਜਾਣ ਲੱਗੇ ਹਨ। ਲੋਕ ਮੰਗਦੇ ਕੁਝ ਹੋਰ ਹਨ, ਉਨ੍ਹਾਂ ਅੱਗੇ ਪਰੋਸਿਆ ਕੁਝ ਹੋਰ ਜਾਂਦਾ ਹੈ। ਕਈ ਵਾਰ ਤਾਂ ਮੁਫਤ ਤੀਰਥ ਯਾਤਰਾ ਵਰਗੀਆਂ ਅਜਿਹੀਆਂ ਸਕੀਮਾਂ ਪਰੋਸੀਆਂ ਜਾਂਦੀਆਂ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਕਦੇ ਚਿੱਤ-ਚੇਤਾ ਵੀ ਨਹੀਂ ਹੁੰਦਾ। ਬਿਮਾਰੀ ਦਾ ਇਲਾਜ ਨਹੀਂ ਬਲਕਿ ਬਿਮਾਰੀ ਦੇ ਲੱਛਣਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਹਨ।
        ਫੈਕਟਰੀਆਂ ਕਾਰਖਾਨਿਆਂ ਦੇ ਰਸਾਇਣਾਂ ਵਾਲੇ ਪਾਣੀ ਨਾਲ ਦਰਿਆ ਗੰਦੇ ਨਾਲਿਆਂ ਦਾ ਰੂਪ ਅਖ਼ਤਿਆਰ ਕਰ ਗਏ ਹਨ ਪਰ ਦੱਸਿਆ ਇਹ ਜਾ ਰਿਹਾ ਹੈ ਕਿ ਦਰਿਆਵਾਂ ਦੀ ਸਫਾਈ ਉੱਤੇ ਐਨੇ ਕਰੋੜ ਖਰਚੇ ਜਾਣਗੇ। ਹਕੀਕਤ ਇਹ ਹੈ ਕਿ ਕਿਸੇ ਵੀ ਦਰਿਆ ਨੂੰ ਕਦੇ ਸਾਫ ਕਰਨ ਦੀ ਲੋੜ ਹੀ ਨਹੀਂ ਪੈਂਦੀ, ਦਰਿਆ ਹਰ ਸਾਲ ਆਪਣੇ ਆਪ ਨੂੰ ਆਪ ਹੀ ਸਾਫ ਕਰ ਲੈਂਦੇ ਹਨ। ਲੋੜ ਤਾਂ ਇਹ ਹੈ ਕਿ ਇਸ ਵਿਚ ਗੰਦਾ ਪਾਣਾ ਅਤੇ ਕੂੜਾ ਕਰਕਟ ਸੁੱਟਣਾ ਬੰਦ ਕੀਤਾ ਜਾਵੇ ਪਰ ਅਜਿਹਾ ਨਹੀਂ ਹੁੰਦਾ, ਕਿਉਂਕਿ ਫੈਕਟਰੀਆਂ ਕਾਰਖਾਨਿਆਂ ਤੋਂ ਪਾਰਟੀਆਂ ਲਈ ਚੰਦੇ ਆਉਂਦੇ ਹਨ। ਲੋਕ ਪੈਣ ਢੱਠੇ ਖੂਹ ਵਿਚ। ਉਹ ਗੰਦਾ ਪਾਣੀ ਪੀ ਪੀ ਕੈਂਸਰ ਅਤੇ ਪੀਲੀਏ ਦੇ ਸ਼ਿਕਾਰ ਬਣ ਹਸਪਤਾਲਾਂ ਵਿਚ ਹੱਡ ਰਗੜਦੇ ਹਨ। ਲੱਖਾਂ ਗਰੀਬ ਲੋਕਾਂ ਕੋਲ ਰਹਿਣ ਲਈ ਘਰ ਨਹੀਂ ਪਰ ਉਨ੍ਹਾਂ ਨੂੰ ਪਖਾਨੇ ਬਣਾ ਕੇ ਦਿੱਤੇ ਜਾ ਰਹੇ ਹਨ। ਹਵਾ, ਮਿੱਟੀ ਅਤੇ ਪਾਣੀ ਦੇ ਪ੍ਰਦੂਸ਼ਨ ਨਾਲ ਗੰਦਾ ਵਾਤਾਵਰਨ ਬਿਮਾਰੀਆਂ ਪੈਦਾ ਕਰਨ ਦਾ ਜ਼ਰੀਆ ਬਣ ਰਿਹਾ ਹੈ, ਪਰ ਲੋਕਾਂ ਨੂੰ ਇਲਾਜ ਲਈ ਨੀਲੇ ਪੀਲੇ ਕਾਰਡ ਦੇ ਕੇ ਸਾਰਿਆ ਜਾ ਰਿਹਾ ਹੈ। ਔਰਤਾਂ ਦੀ ਸੁਰੱਖਿਆ ਲਈ ਜਾਗਰੂਕਤਾ ਪੈਦਾ ਕਰਕੇ ਔਰਤ ਪ੍ਰਤੀ ਮਾਨਸਿਕਤਾ ਬਦਲਣ ਦੀ ਲੋੜ ਹੈ ਪਰ ਵੱਖ ਵੱਖ ਥਾਈ ਕੈਮਰੇ ਲਾ ਕੇ ਔਰਤਾਂ ਦੀ ਰਾਖੀ ਕਰਨ ਦਾ ਢੰਗ ਸੋਚਿਆ ਜਾ ਰਿਹਾ ਹੈ। ਆਬਾਦੀ ਤੇਜ਼ੀ ਨਾਲ ਵਧ ਰਹੀ ਹੈ ਜੋ ਬਹੁਤ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਹੈ। ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਦੀ ਲੋੜ ਹੈ ਪਰ ਇਸ ਤੋਂ ਉਲਟ, ਸਾਧ ਬਣੇ ਸਿਆਸੀ ਨੇਤਾ ਆਪਣੇ ਫਿਰਕਿਆਂ ਨੂੰ ਫਰਮਾਨ ਜਾਰੀ ਕਰ ਰਹੇ ਹਨ ਕਿ ਵਧ ਬੱਚੇ ਪੈਦਾ ਕਰੋ, ਕਿਤੇ ਕੌਮ ਦੀ ਗਿਣਤੀ ਘਟ ਨਾ ਜਾਵੇ। ਜਿਨ੍ਹਾਂ ਸਾਧਾਂ ਨੇ ਆਪ ਵਿਆਹ ਵੀ ਨਹੀਂ ਕਰਵਾਇਆ, ਉਹ ਵੀ ਅਕਸਰ ਵੱਧ ਬੱਚੇ ਪੈਦਾ ਕਰਨ ਦੇ ਬਿਆਨ ਜਾਰੀ ਕਰਦੇ ਹਨ।
         ਸਮੁੱਚੇ ਵਿਕਾਸ ਲਈ ਲੋੜ ਤਾਂ ਇੱਥੋਂ ਦੀਆਂ ਸਨਅਤਾਂ ਨੂੰ ਬਚਾਉਣ ਦੀ ਹੈ ਪਰ ਉਲਟਾ ਗਲਾ ਘੁੱਟ ਕੇ ਇਹ ਬੰਦ ਕੀਤੀਆਂ ਜਾ ਰਹੀਆਂ ਹਨ ਅਤੇ ਬਾਹਰਲੀਆਂ ਕੰਪਨੀਆਂ ਨੂੰ ਸਨਅਤਾਂ ਲਾਉਣ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ। ਫਿਰਕਾਪ੍ਰਸਤੀ ਨੂੰ ਜਾਣਬੁੱਝ ਕੇ ਹਵਾ ਦਿੱਤੀ ਜਾਂਦੀ ਹੈ ਜਿਸ ਨਾਲ ਅਮਨ ਕਾਨੂੰਨ ਦੇ ਹਾਲਾਤ ਬਦਤਰ ਹੋ ਰਹੇ ਹਨ। ਅਜਿਹੇ ਬਿਆਨ ਦੇਣ ਵਾਲੇ ਕੁਝ ਕੁ ਨੇਤਾਵਾਂ ਨੂੰ ਖੁੱਲ੍ਹਾ ਹੀ ਨਹੀਂ ਛੱਡਿਆ ਜਾਂਦਾ ਸਗੋਂ ਸੁਰੱਖਿਆ ਕਰਮੀ ਮਿਲੇ ਹੋਏ ਹਨ। ਦੂਜੇ ਪਾਸੇ ਹਿੰਸਕ ਭੀੜਾਂ ਨੂੰ ਕਾਬੂ ਕਰਨ ਲਈ ਨਵੇਂ ਕਾਨੂੰਨ ਬਣਾਉਣ ਬਾਰੇ ਸੋਚਿਆ ਜਾ ਰਿਹਾ ਹੈ। ਨਵੀਂ ਪੀੜ੍ਹੀ ਨੂੰ ਚੰਗੀ, ਸਸਤੀ ਅਤੇ ਇਕਸਾਰ ਵਿਦਿਆ ਦੀ ਲੋੜ ਹੈ, ਡਿਗਰੀ ਹੋਲਡਰਾਂ ਨੂੰ ਨੌਕਰੀ ਦੀ ਲੋੜ ਹੈ ਪਰ ਉਨ੍ਹਾਂ ਨੂੰ ਮੁਫਤ ਮੋਬਾਇਲ ਦੇਣ ਦੇ ਬਿਆਨ ਆ ਰਹੇ ਹਨ। ਲੋਕ ਰੋਜ਼ਗਾਰ ਮੰਗਦੇ ਹਨ, ਸੱਤਾ ਉਨ੍ਹਾਂ ਨੂੰ ਮੁਫਤ ਦਾਲ ਆਟਾ ਦੇ ਰਹੀ ਹੈ। ਸੜਕਾਂ ਉੱਤੇ ਫਿਰਦੇ ਪਸ਼ੂਆਂ ਨਾਲ ਟਕਰਾ ਕੇ ਹਰ ਰੋਜ਼ ਕੀਮਤੀ ਜਾਨਾਂ ਜਾਂਦੀਆਂ ਹਨ ਪਰ ਸਰਕਾਰਾਂ ਗਾਵਾਂ ਦੇ ਸਿੰਗਾਂ ਤੇ ਪੂਛਾਂ 'ਤੇ ਸਟਿੱਕਰ ਲਾਉਣ ਦੀਆਂ ਮੁਹਿੰਮਾਂ ਚਲਾ ਰਹੀਆਂ ਹਨ। ਇਹ ਕਿਹੋ ਜਿਹੀ ਵਿਵਸਥਾ ਹੈ ਜਿਸ ਵਿਚ ਅਸੀਂ ਰਹਿ ਰਹੇ ਹਾਂ? ਇਸ ਵਿਵਸਥਾ ਦੇ ਸਿਰਜਕ ਕੌਣ ਹਨ?
        ਲੋਕਾਂ ਦੀ ਹੋਣੀ ਇਹ ਬਣ ਗਈ ਕਿ ਇਹ ਕਿਸੇ ਇਕ ਸਿਆਸੀ ਪਾਰਟੀ ਦੇ ਸ਼ਾਸਨ ਤੋਂ ਅੱਕ ਕੇ ਦੂਜੀ 'ਤੇ ਵਿਸ਼ਵਾਸ ਕਰਕੇ ਉਸ ਨੂੰ ਜਿਤਾਉਂਦੇ ਹਨ, ਸੱਤਾ ਵਿਚ ਲਿਆਉਂਦੇ ਹਨ ਪਰ ਬਾਅਦ ਵਿਚ ਮਹਿਸੂਸ ਕਰਦੇ ਹਨ ਕਿ ਬਦਲਿਆ ਤਾਂ ਕੁਝ ਵੀ ਨਹੀ੬ਂ। ਕੇਵਲ ਰਾਜ ਕਰਨ ਵਾਲੀ ਪਾਰਟੀ ਦਾ ਨਾਮ ਅਤੇ ਚਿਹਰੇ ਹੀ ਬਦਲਦੇ ਹਨ। ਕਈ ਵਾਰ ਤਾਂ ਚਿਹਰੇ ਵੀ ਉਹੀ ਹੀ ਰਹਿੰਦੇ ਹਨ। ਹੁਣ ਲੋਕ ਸਭਾ ਚੋਣਾਂ ਦੀ ਆਹਟ ਨਾਲ ਸੱਤਾਧਾਰੀ ਪਾਰਟੀ ਦਾ ਸਾਰਾ ਜ਼ੋਰ ਇਸ ਗੱਲ ਉੱਤੇ ਲੱਗ ਜਾਵੇਗਾ ਕਿ ਮੁਲਕ ਵਿਕਾਸ ਦੇ ਰਾਹ ਉੱਤੇ ਚੱਲ ਪਿਆ ਹੈ, ਸਭ ਕੁਝ ਬਦਲ ਗਿਆ ਹੈ, ਜਿਵੇਂ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਨੇ ਜਾਂਦੇ ਸਮੇਂ 'ਸ਼ਾਈਨਿੰਗ ਇੰਡੀਆ' ਦਾ ਨਾਹਰਾ ਦਿੱਤਾ ਸੀ। ਦੂਜੇ ਪਾਸੇ ਵਿਰੋਧੀ ਧਿਰਾਂ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਨਗੀਆਂ ਕਿ ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਸੱਤਾਧਾਰੀ ਪਾਰਟੀਆਂ ਜਿੰਨਾ ਪੈਸਾ ਆਪਣੀਆਂ ਪ੍ਰਾਪਤੀਆਂ ਦੱਸਣ ਲਈ ਪਾਣੀ ਵਾਂਗ ਵਹਾ ਦਿੰਦੀਆਂ ਹਨ, ਉਸ ਪੈਸੇ ਨਾਲ ਵੀ ਭੁੱਖ-ਨੰਗ ਅਤੇ ਗਰੀਬੀ ਨਾਲ ਘੁਲਦੇ ਲੋਕਾਂ ਅਤੇ ਇਲਾਜ ਖੁਣੋਂ ਤਿਲ ਤਿਲ ਮਰਦੇ ਲੋਕਾਂ ਦੀ ਮਦਦ ਕੀਤੀ ਜਾ ਸਕਦੀ ਹੈ ਪਰ ਸਿਆਸੀ ਗਲਿਆਰਿਆਂ 'ਚੋਂ ਸੇਵਾ ਭਾਵਨਾ ਦੀ ਹਰ ਸ਼ੈਅ ਨੂੰ ਹੁਣ ਫੰਡਰ ਪਸ਼ੂ ਵਾਂਗ ਕੁੱਟ ਕੇ ਬਾਹਰ ਕਰ ਦਿੱਤਾ ਗਿਆ। ਹੁਣ ਸਫਲ ਨੇਤਾ ਉਹ ਨਹੀਂ ਜਿਸ ਅੰਦਰ ਲੋਕਾਂ ਪ੍ਰਤੀ ਸੇਵਾ ਭਾਵਨਾ ਦੀ ਇੱਛਾ ਹੋਵੇ ਬਲਕਿ ਉਹ ਹੈ ਜੋ ਵੱਡਾ ਭਰਮ ਅਤੇ ਵੱਡੇ ਝੂਠਾਂ ਦਾ ਸਿਰਜਕ ਹੋਵੇ, ਅਜਿਹੇ ਝੂਠ ਜੋ ਅਵਾਮ ਨੂੰ ਪੈਂਦੀ ਸੱਟੇ ਸੱਚ ਲੱਗਣ ਲੱਗ ਪੈਣ।
        ਹਾਲਾਤ ਇੱਥੋਂ ਤੱਕ ਨਿੱਘਰ ਗਏ ਹਨ ਕਿ ਆਬਾਦੀ ਦੇ ਵਾਧੇ ਦੇ ਬਾਵਜੂਦ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਹੈ। ਇਹ ਫਿਕਰ ਵਾਲੇ ਮਸਲੇ ਹਨ ਪਰ ਮੁਲਕ ਦੇ ਸਿਆਸੀ ਨੇਤਾ ਲੋਕਾਂ ਨੂੰ ਤਿੰਨ ਤਲਾਕ, ਮੰਦਰ ਮਸਜਿਦ, ਕਿਹੜਾ ਨੇਤਾ ਕਿਸ ਤਰੀਕ ਨੂੰ ਕਿਸ ਮੰਦਰ ਵਿਚ ਗਿਆ, ਵਰਗੇ ਮਸਲਿਆਂ ਵਿਚ ਉਲਝਾ ਕੇ ਹਕੀਕੀ ਮਸਲਿਆਂ ਤੋਂ ਧਿਆਨ ਭਟਕਾ ਰਹੇ ਹਨ। ਬੇਕਾਰੀ, ਮਹਿੰਗਾਈ ਨਾਲ ਲੋਕ ਹਾਹਾਕਾਰ ਕਰ ਰਹੇ ਹਨ। ਬੇਰੁਜ਼ਗਾਰੀ ਵਰਗੇ ਵੱਡੇ ਮਸਲਿਆਂ ਦਾ ਹੱਲ ਕਰਨ ਦੀ ਬਜਾਏ ਹਾਲਾਤ ਹੁਣ ਇਹ ਹਨ ਕਿ ਸਰਕਾਰਾਂ ਬੇਰੁਜ਼ਗਾਰਾਂ ਤੋਂ ਵੀ ਕਮਾਈਆਂ ਕਰਨ ਲੱਗ ਪਈਆਂ ਹਨ। ਵੱਖ ਵੱਖ ਅਦਾਰਿਆਂ ਲਈ ਅਸਾਮੀਆਂ ਤਾਂ ਗਿਣਤੀ ਦੀਆਂ ਹੁੰਦੀਆਂ ਹਨ ਪਰ ਲਾਈਨਾਂ ਵਿਚ ਲੱਖਾਂ ਲੋਕ ਲੱਗ ਜਾਂਦੇ ਹਨ। ਮੁਲਕ ਵਿਚ ਵਧ ਰਹੀ ਬੇਕਾਰੀ ਦਾ ਫਾਇਦਾ ਬਾਹਰਲੇ ਮੁਲਕ ਅਸਾਨੀ ਨਾਲ ਲੈ ਰਹੇ ਹਨ। ਆਇਲੈੱਟਸ ਨਾਲ ਹੀ ਮੁਲਕ ਦੇ ਖਰਬਾਂ ਰੁਪਏ ਹਰ ਰੋਜ਼ ਬਾਹਰ ਜਾ ਰਹੇ ਹਨ। ਮਾਪੇ ਜ਼ਮੀਨਾਂ ਜਾਇਦਾਦਾਂ ਵੇਚ ਰਹੇ ਹਨ ਅਤੇ ਬੱਚੇ ਦੂਜੇ ਮੁਲਕਾਂ ਲਈ ਜਹਾਜ਼ ਚੜ੍ਹ ਰਹੇ ਹਨ ਪਰ ਇਨ੍ਹਾਂ ਵਿਚੋਂ ਕਈਆਂ ਨੂੰ ਸਬੰਧਤ ਮੁਲਕ ਦੇ ਹਵਾਈ ਅੱਡੇ ਤੋਂ ਹੀ ਵਾਪਸ ਭੇਜਿਆ ਜਾਣ ਲੱਗਿਆ ਹੈ। ਵੱਡੀਆਂ ਰਕਮਾਂ ਖਰਚ ਕੇ ਸੁਪਨੇ ਦੇਖਣ ਵਾਲੇ ਇਹ ਵਿਦਿਆਰਥੀ ਨਾ ਘਰ ਦੇ, ਨਾ ਘਾਟ ਦੇ ਹੋ ਕੇ ਰਹਿ ਜਾਂਦੇ ਹਨ। ਸਾਡੀਆਂ ਸਰਕਾਰਾਂ ਇਸ ਲਈ ਕੀ ਕਰ ਰਹੀਆਂ ਹਨ? ਜ਼ਾਹਿਰ ਹੈ ਕਿ ਕੁਝ ਵੀ ਨਹੀਂ। ਮੁਲਕ ਵਿਚ ਰੁਜ਼ਗਾਰ ਨਹੀਂ, ਦੇਸੀ ਸਨਅਤਾਂ ਦਾ ਮੰਦੜਾ ਹਾਲ ਹੈ, ਸਰਕਾਰੀ ਨੌਕਰੀਆਂ ਬੰਦ ਹਨ, ਕਰਜ਼ਿਆਂ ਤੋਂ ਬੇਹਾਲ ਕਿਸਾਨ ਫਾਹਾ ਲੈਣ ਲੱਗੇ ਹਨ। ਇਸ ਨਿਜ਼ਾਮ ਦੀ ਸਿਰਜਣਾ ਇਕ ਦਿਨ ਵਿਚ ਨਹੀਂ ਹੋਈ। ਇਸ ਦੇ ਲਈ ਜ਼ਿੰਮੇਵਾਰ ਕੌਣ ਹੈ?
       ਖੈਰ! ਲੋਕਾਂ ਦੀਆਂ ਲੋੜਾਂ-ਥੁੜਾਂ, ਸਮੱਸਿਆਵਾਂ ਅਤੇ ਮੁਸ਼ਕਿਲਾਂ ਤੋਂ ਧਿਆਨ ਹਟਾ ਕੇ ਹੋ ਸਕਦਾ ਹੈ, ਕੁਝ ਹੱਦ ਤੱਕ ਉਨ੍ਹਾਂ ਨੂੰ ਵਰਗਲਾਇਆ ਜਾ ਸਕੇ ਪਰ ਇਹ ਸਭ ਕੁਝ ਭਲਾ ਕਿੰਨਾ ਚਿਰ ਚੱਲ ਸਕਦਾ ਹੈ? ਹੁਣ ਲੋਕ ਸਭਾ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ। ਲੋਕਾਂ ਨੂੰ ਚਾਹੀਦਾ ਹੈ ਕਿ ਉਹ ਖੈਰਾਤਾਂ ਵੰਡਣ ਵਾਲਿਆਂ ਦੀ ਬਜਾਏ ਉਨ੍ਹਾਂ ਸੁਹਿਰਦ ਨੇਤਾਵਾਂ ਨੂੰ ਅੱਗੇ ਲਿਆਉਣ ਜਿਨ੍ਹਾਂ ਕੋਲ ਮੁਲਕ ਦੇ ਲੋਕਾਂ ਲਈ ਕੋਈ ਠੋਸ ਪ੍ਰੋਗਰਾਮ ਹੈ।

ਸੰਪਰਕ : 98550-51099
10 Jan. 2019

ਕੀ ਮਾਫ਼ੀਆ ਪ੍ਰਬੰਧ ਵੱਲ ਵਧ ਰਿਹਾ ਹੈ ਦੇਸ਼? - ਗੁਰਚਰਨ ਸਿੰਘ ਨੂਰਪੁਰ

ਅਸੀਂ ਭਾਰਤੀ ਲੋਕ ਪਿਛਲੇ ਸੱਤ ਦਹਾਕਿਆਂ ਤੋਂ ਆਪਣੇ ਚੰਗੇ ਭਵਿੱਖ ਦੀ ਕਾਮਨਾ ਕਰਦੇ ਆ ਰਹੇ ਹਾਂ। ਪਿਛਲੇ ਸੱਤਰ ਸਾਲਾਂ ਦਾ ਜੇਕਰ ਲੇਖਾ ਜੋਖਾਂ ਕਰੀਏ ਤਾਂ ਇਸ ਸਮੇਂ ਦੌਰਾਨ ਬਹੁਤ ਕੁਝ ਚੰਗਾ ਵੀ ਵਾਪਰਿਆ ਅਤੇ ਬਹੁਤ ਕੁਝ ਅਜਿਹਾ ਵੀ ਹੋਇਆ ਜੋ ਨਹੀਂ ਹੋਣਾ ਚਾਹੀਦਾ ਸੀ। ਅਸੀਂ ਕਹਿ ਸਕਦੇ ਹਾਂ ਜਦੋਂ ਦੇਸ਼ ਆਜ਼ਾਦ ਹੋਇਆ ਉਸ ਸਮੇਂ ਦੇਸ਼ ਕੋਲ ਅਜਿਹੀਆਂ ਕੁਝ ਕੁ ਰਾਜਸੀ ਸ਼ਖ਼ਸੀਅਤਾਂ ਸਨ ਜਿਨ੍ਹਾਂ ਦਾ ਇਹ ਸੁਪਨਾ ਸੀ ਕਿ ਦੇਸ਼ ਤਰੱਕੀ ਕਰੇ ਵਿਕਾਸ ਕਰੇ। ਕੀੜਿਆਂ ਮਕੌੜਿਆਂ ਦੀ ਜੂਨ ਭੋਗਦੇ ਗ਼ਰੀਬ ਭਾਰਤੀ ਲੋਕ ਆਪਣੀ ਕਿਸਮਤ ਆਪਣੇ ਹੱਥਾਂ ਨਾਲ ਲਿਖਣ ਦੇ ਸਮਰੱਥ ਹੋਣ। ਸਮਾਂ ਲੰਘਦਾ ਗਿਆ ਤੇ ਇਹ ਸੋਚ ਵੀ ਤਬਦੀਲ ਹੁੰਦੀ ਗਈ। ਸਾਡੇ ਦੇਸ਼ ਦਾ ਸੰਵਿਧਾਨ ਹਰ ਤਰ੍ਹਾਂ ਦੀ ਅਗਿਆਨਤਾ, ਉਚ ਨੀਚ, ਭੇਦ ਭਾਵ, ਜਾਤੀਵਾਦ ਦੀ ਮੁਖਾਲਫ਼ਤ ਕਰਦਾ ਹੈ। ਇਹ ਸਮਾਜਿਕ/ਆਰਥਿਕ ਬਰਾਬਰਤਾ, ਸਭ ਲਈ ਇਕ ਸਾਰ ਨਿਆਂ ਇਨਸਾਫ਼ ਦਾ ਅਦੇਸ਼ ਦਿੰਦਾ ਹੈ। ਸੰਵਿਧਾਨ ਨੂੰ ਲਾਗੂ ਕਰਨ ਦੀ ਭੂਮਿਕਾ ਦੇਸ਼ ਦੀਆਂ ਸਰਕਾਰਾਂ ਨੇ ਦੇਸ਼ ਦੇ ਪ੍ਰਸ਼ਾਸਕੀ ਢਾਂਚੇ ਰਾਹੀਂ ਨਿਭਾਉਣੀ ਹੁੰਦੀ ਹੈ। ਇੱਥੋਂ ਹੀ ਸਭ ਵਿਗਾੜਾਂ ਦੀ ਸ਼ੁਰੂਆਤ ਹੁੰਦੀ ਹੈ। ਜਿਹੜੇ ਲੋਕਾਂ ਦੀ ਜ਼ਿੰਮੇਵਾਰੀ ਸੰਵਿਧਾਨ ਤੇ ਕਾਨੂੰਨ ਨੂੰ ਲਾਗੂ ਕਰਨ ਦੀ ਹੁੰਦੀ ਹੈ, ਉਹ ਆਪਣੇ ਆਪ ਨੂੰ ਹਰ ਤਰ੍ਹਾਂ ਦੇ ਕਾਨੂੰਨ ਤੋਂ ਉੱਪਰ ਸਮਝਣ ਲੱਗ ਪੈਂਦੇ ਹਨ। ਹਕੀਕਤ ਇਹ ਹੈ ਕਿ ਦੇਸ਼ ਵਿਚ ਹੁਣ ਸਭ ਤੋਂ ਵੱਧ ਕਾਨੂੰਨ/ਸੰਵਿਧਾਨ ਦੀਆਂ ਧੱਜੀਆਂ ਉਨ੍ਹਾਂ ਧਿਰਾਂ ਨੇ ਉਡਾਈਆਂ ਜਿਹੜੀਆਂ ਅਵਾਮ ਨੂੰ ਕਹਿੰਦੀਆਂ ਹਨ ਕਿ 'ਕਾਨੂੰਨ ਆਪਣਾ ਕੰਮ ਕਰੇਗਾ। ਦੇਸ਼ ਦੇ ਸਵਿਧਾਨ ਤੋਂ ਉਪਰ ਕੁੱਝ ਨਹੀਂ?' ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਦੇਸ਼ ਦੇ ਲੋਕ ਪੁੱਛਣ ਕਿ ਕਾਨੂੰਨ ਨੂੰ ਲਾਗੂ ਕਰਨ ਵਾਲੇ ਹੀ ਕਾਨੂੰਨ ਦੀ ਸਭ ਤੋਂ ਵੱਧ ਦੁਰਵਰਤੋਂ ਕਿਉਂ ਕਰਦੇ ਹਨ?
        ਹਰ ਪੰਜ ਸਾਲਾਂ ਬਾਅਦ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ ਸੋਚਦੇ ਹਨ ਕਿ ਆਉਣ ਵਾਲਾ ਭਵਿੱਖ ਉਨ੍ਹਾਂ ਦਾ ਆਪਣਾ ਹੋਵੇਗਾ ਪਰ ਇਸ ਦੌਰਾਨ ਹੀ ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਦਾ ਹੈ ਕਿ ਬੀਤੇ ਪੰਜ ਸਾਲ ਮੌਜੂਦਾ ਦੌਰ ਨਾਲੋਂ ਚੰਗੇ ਸਨ। ਇਸ ਦੀ ਹਕੀਕਤ ਸ਼ਾਇਦ ਇਹ ਹੈ ਹਰ ਪੰਜ ਸਾਲ ਬਾਅਦ ਬਦਲਦਾ ਕੁਝ ਨਹੀਂ ਕੇਵਲ ਚਿਹਰੇ ਹੀ ਬਦਲਦੇ ਹਨ ਨੀਤੀਆਂ ਉਹੀ ਵੱਖ-ਵੱਖ ਢੰਗਾਂ ਰਾਹੀਂ ਦੇਸ਼ ਦੇ ਸਾਧਨਾਂ ਦੀ ਲੁੱਟ ਕਰਕੇ ਆਪਣੇ ਕੋੜਮੇ ਦਾ ਵਿਕਾਸ ਕਰਨ ਵਾਲੀਆਂ ਹੀ ਰਹਿੰਦੀਆਂ ਹਨ। ਵਿਕਾਸ ਦੇ ਅਰਥ ਹੁਣ ਲੋਕਾਂ ਦੀ ਖੁਸ਼ਹਾਲੀ ਨਹੀਂ ਰਿਹਾ। ਬਲਕਿ ਸਾਨੂੰ ਦੱਸਿਆ ਜਾ ਰਿਹਾ ਹੈ ਟੋਲ ਟੈਕਸ ਵਾਲੀਆਂ ਚਹੁਮਾਰਗੀ ਸੜਕਾਂ ਜਿਹੜੀਆਂ ਕਿਸੇ ਕਾਰਪੋਰੇਟ ਕੰਪਨੀ ਦੀ ਜਗੀਰ ਹਨ ਨੂੰ ਤੁਸੀਂ ਹੁਣ 'ਵਿਕਾਸ' ਆਖਣਾ ਹੈ। ਜਨਮ, ਮੌਤ ਅਤੇ ਜਾਤਾਂ ਪਾਤਾਂ 'ਤੇ ਆਧਾਰਿਤ ਸਾਰਟੀਫਿਕੇਟ ਲੈਣ ਲਈ ਖੁੱਲ੍ਹੇ 'ਟਾਵਰਾਂ ਵਾਲੇ ਅਖੌਤੀ ਸੇਵਾ ਕੇਂਦਰਾਂ', ਜ਼ਮੀਨਾਂ ਦੇ ਕਾਗਜ਼ ਲੈਣ, ਕਿਸੇ ਲਾਇਸੈਂਸ ਨੂੰ ਨਵਿਆਉਣ ਲਈ ਦਫਤਰਾਂ ਦੇ ਸ਼ੀਸ਼ਿਆਂ ਦੀਆਂ ਮੋਰੀਆਂ ਅੱਗੇ ਪੈਸੇ ਦੇ ਕੇ ਕੰਮ ਕਰਵਾਉਣ ਵਾਲਿਆਂ ਦੀਆਂ ਲੱਗੀਆਂ ਲੰਮੀਆਂ ਲਾਈਨਾਂ ਵੀ ਮੌਜੂਦਾ ਦੌਰ ਦਾ ਆਧੁਨਿਕ ਵਿਕਾਸ ਮਾਡਲ ਹੈ। ਇਹ ਕੰਮ ਪਹਿਲਾਂ ਬਿਨਾਂ ਪੈਸੇ ਤੋਂ ਹੁੰਦੇ ਸਨ। ਕੁਝ ਲੋਕ ਖੱਜਲ ਖੁਆਰੀ ਤੋਂ ਬਚਣ ਲਈ ਰਿਸ਼ਵਤ ਦੇ ਕੇ ਇਹ ਕੰਮ ਕਰਵਾ ਲੈਂਦੇ ਸਨ। ਫਿਰ ਇਸ ਵਿਵਸਥਾ ਨੂੰ ਚਲਾਉਣ ਵਾਲਿਆਂ ਨੇ ਸੋਚਿਆ ਕਿ ਕਿਉਂ ਨਾ ਇਸੇ ਰਿਸ਼ਵਤ ਨੂੰ ਨੇਮਬੱਧ ਕਰਕੇ ਇਸ ਤੋਂ ਕਮਾਈ ਕੀਤੀ ਜਾਵੇ, ਫਿਰ ਇਹ ਕੰਮ ਆਪਣੇ ਕੁਝ ਪ੍ਰਾਈਵੇਟ ਬੰਦਿਆਂ/ ਕੰਪਨੀਆਂ ਨੂੰ ਸੌਂਪ ਦਿੱਤੇ। ਇਹੋ ਕੁਝ ਰੇਤ ਬੱਜਰੀ ਦੀ ਨਿਕਾਸੀ ਨਾਲ ਹੋਇਆ। ਇਨ੍ਹਾਂ ਦੇ ਰੇਟ ਵਧ ਗਏ ਪਰ ਲੋਕਾਂ ਦੀ ਖੱਜਲ ਖੁਆਰੀ ਉਹੋ ਹੀ ਰਹੀ। ਇਹ ਸਭ ਕੁਝ ਵੀ 'ਆਧੁਨਿਕ ਵਿਕਾਸ' ਦੀ ਸ਼੍ਰੇਣੀ ਵਿਚ ਆਉਂਦਾ ਹੈ। ਇਸ ਤੋਂ ਅਸੀਂ ਇਹ ਵੀ ਸਮਝ ਸਕਦੇ ਹਾਂ ਕਿ ਅੱਜ ਦਾ ਦੌਰ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਦੌਰ ਨਹੀਂ ਬਲਕਿ ਭ੍ਰਿਸ਼ਟਾਚਾਰ ਨੂੰ ਮਾਨਤਾ ਦਿੱਤੇ ਜਾਣ ਦਾ ਦੌਰ ਹੈ। ਭ੍ਰਿਸ਼ਟ ਸਿਸਟਮ ਵਿਚ ਕੁਝ ਕੁ ਸੋਧਾਂ ਕਰਕੇ ਉਸ ਤੋਂ ਹੋਰ ਵੱਧ ਕਮਾਈਆਂ ਕਰਨ ਦਾ ਦੌਰ ਹੈ।
        ਲੋਕਤੰਤਰਿਕ ਢੰਗ ਨਾਲ ਚੁਣੀਆਂ ਸਰਕਾਰਾਂ ਭ੍ਰਿਸ਼ਟਾਚਾਰ ਨੂੰ ਪੈਦਾ ਕਰਨ ਵਿਚ ਕਿਵੇਂ ਆਪਣੀ ਭੂਮਿਕਾ ਨਿਭਾਉਂਦੀਆਂ ਹਨ ਇਸ ਨੂੰ ਅਸੀਂ ਇਕ ਛੋਟੀ ਜਿਹੀ ਉਦਾਹਰਣ ਨਾਲ ਸਮਝ ਸਕਦੇ ਹਾਂ- ਹਰ ਪੰਜ ਸਾਲਾਂ ਬਾਅਦ ਜਦੋਂ ਕੁਝ ਦਿਨ ਚੋਣ ਜ਼ਾਬਤਾ ਲੱਗਦਾ ਹੈ ਤਾਂ ਅਖੌਤੀ ਵਿਕਾਸ ਦੇ ਕੰਮਾਂ ਨੂੰ ਭਾਵੇਂ ਕੁਝ ਬਰੇਕ ਲੱਗ ਜਾਂਦੀ ਹੈ ਪਰ ਇਨ੍ਹਾਂ ਦਿਨਾਂ ਦੌਰਾਨ ਲੋਕਾਂ ਨੂੰ ਲੱਗਦਾ ਹੈ ਕਿ ਜਿਵੇਂ ਕਾਨੂੰਨ ਦਾ ਰਾਜ ਲਾਗੂ ਹੋ ਗਿਆ। ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਅਤੇ ਸਿਫਾਰਸ਼ੀ ਸੱਭਿਆਚਾਰ ਨੂੰ ਇਨ੍ਹਾਂ ਦਿਨਾਂ ਵਿਚ ਬਰੇਕ ਲੱਗ ਜਾਂਦੀ ਹੈ। ਲੋਕਾਂ ਨੂੰ ਕੁਝ ਦਿਨ ਸੁੱਖ ਦਾ ਸਾਹ ਆਉਣ ਲੱਗਦਾ ਹੈ। ਇਸ ਤੋਂ ਸਾਨੂੰ ਦੋ ਗੱਲਾਂ ਨੂੰ ਸਮਝਣ ਦੀ ਸਮਝਣ ਦੀ ਲੋੜ ਹੈ ਇਕ ਇਹ ਕਿ ਵੱਖ-ਵੱਖ ਦਫ਼ਤਰਾਂ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਨੂੰ ਰੋਕ ਕੇ ਕੰਮ ਦੀ ਰਫ਼ਤਾਰ ਨੂੰ ਵਧਾਇਆ ਜਾ ਸਕਦਾ ਹੈ। ਲੋਕਾਂ ਦੀ ਖਜਲ ਖੁਆਰੀ ਰੋਕੀ ਜਾ ਸਕਦੀ ਹੈ। ਦੂਜਾ ਇਹ ਇਹ ਕਿ ਜਦੋਂ ਰਾਜਸੀ ਜਮਾਤਾਂ ਕੁਝ ਦਿਨਾਂ ਲਈ ਸੱਤਾ ਤੋਂ ਲਾਂਭੇ ਹੋ ਜਾਂਦੀਆਂ ਹਨ ਤਾਂ ਸਰਕਾਰੀ ਮਸ਼ੀਨਰੀ ਪਹਿਲਾਂ ਨਾਲੋਂ ਵਧੀਆ ਢੰਗ ਨਾਲ ਕੰਮ ਕਿਵੇਂ ਕਰਨ ਲੱਗ ਪੈਂਦੀ ਹੈ? ਹਰ ਤਰ੍ਹਾਂ ਦੇ ਦੰਗੇ ਫ਼ਸਾਦ, ਰਿਸ਼ਵਤ ਖੋਰੀ, ਲੋਕਾਂ ਦੀ ਖੱਜਲ ਖੁਆਰੀ ਨੂੰ ਬਰੇਕ ਲੱਗ ਜਾਂਦੀ ਹੈ ਆਖਰ ਕਿਉਂ? ਇਸ ਦਾ ਅਰਥ ਤਾਂ ਫਿਰ ਇਹੋ ਹੀ ਹੋਵੇਗਾ ਕਿ ਰਾਜ ਸੱਤਾ 'ਤੇ ਕਾਬਜ਼ ਧਿਰਾਂ ਹੀ ਜੋ ਦੇਸ਼ ਦੇ ਵਿਕਾਸ ਦੀ ਗੱਲ ਕਰਦੀਆਂ ਹਨ ਲੋਕਾਂ ਦੇ ਦੁੱਖਾਂ ਦਰਦਾਂ ਤੇ ਫੇਹੇ ਬੰਨ੍ਹਣ ਦਾ ਮਕਰ ਕਰਦੀਆਂ ਉਹੀ ਹੀ ਧਿਰਾਂ ਹਨ ਜਿਨ੍ਹਾਂ ਦੀ ਸਰਪਰਸਤੀ ਹੇਠ ਕਈ ਤਰ੍ਹਾਂ ਦੇ ਜੁਰਮ ਅਤੇ ਭ੍ਰਿਸ਼ਟਾਚਾਰ ਪਨਪਦੇ ਹਨ। ਮਤਲਬ ਇਹ ਕਿ ਕਾਨੂੰਨ ਦਾ ਰਾਜ ਲਾਗੂ ਕਰਨ ਦਾ ਦਾਅਵਾ ਕਰਨ ਵਾਲੀਆਂ ਧਿਰਾਂ ਦੇ ਹੱਥ ਜਦੋਂ ਸ਼ਾਸਨ ਦੀ ਵਾਗਡੋਰ ਆਉਂਦੀ ਹੈ ਤਾਂ ਉਦੋਂ ਹੀ ਹਰ ਤਰ੍ਹਾਂ ਦੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ।   
      ਬੇਸ਼ੱਕ ਦੇਸ਼ ਵਿਚ ਹਰ ਪੰਜ ਸਾਲ ਬਾਅਦ ਚੋਣਾਂ ਹੁੰਦੀਆਂ ਹਨ ਲੋਕਾਂ ਲਈ ਸਰਕਾਰਾਂ ਨੂੰ ਚੁਨਣ ਦਾ ਭਰਮ ਸਿਰਜਿਆ ਜਾਂਦਾ ਹੈ ਪਰ ਚੋਣਾਂ ਦੇ ਮਾਹੌਲ ਦੌਰਾਨ ਲੋਕਾਂ ਦੀ ਇਕ ਸੀਮਤ ਭੂਮਿਕਾ ਹੀ ਹੁੰਦੀ ਹੈ। ਫਿਰ ਕੁਝ ਦਿਨਾਂ ਬਾਅਦ ਹੀ ਲੋਕ ਇਸ ਤੋਂ ਬਾਹਰ ਕਰ ਦਿੱਤੇ ਜਾਂਦੇ ਹਨ। ਨਿੱਜੀਕਰਨ ਦੀਆਂ ਨੀਤੀਆਂ 'ਤੇ ਚਲਦਿਆਂ ਲੋਕਾਂ ਅਤੇ ਲੋਕ ਮੱਤ ਦੀ ਭੂਮਿਕਾ ਲਗਾਤਾਰ ਮਨਫ਼ੀ ਹੋ ਰਹੀ ਹੈ। ਗ਼ਰੀਬੀ ਅਮੀਰੀ ਦਾ ਪਾੜਾ ਹੁਣ ਪਾੜਾ ਨਹੀਂ ਰਿਹਾ ਇਸ ਦੇ ਲੰਗਾਰ ਲਹਿ ਗਏ ਹਨ। ਇਹ ਉਹ ਸ਼ਰਮਨਾਕ ਵਿਵਸਥਾ ਹੈ ਜਿਸ 'ਤੇ ਚਲਦਿਆਂ 28 ਸਤੰਬਰ, 2017 ਨੂੰ ਝਾਰਖੰਡ ਵਿਚ ਭੁੱਖ ਨਾਲ ਵਿਲਕਦੀ 11 ਸਾਲਾਂ ਦੀ ਸੰਤੋਸ਼ੀ ਦਮ ਤੋੜ ਦਿੰਦੀ ਹੈ। ਕੀ ਇਹ ਵਿਵਸਥਾ ਜਿਸ ਨੂੰ ਲੋਕਾਂ ਦੁਆਰਾ ਲੋਕਾਂ ਤੇ ਰਾਜ ਆਖ ਕੇ ਮਾਣ ਕੀਤਾ ਜਾਂਦਾ ਹੈ। ਅੱਜ ਵੀ 11 ਸਾਲਾਂ ਦੀ ਬੱਚੀ ਲਈ ਭੁੱਖ ਨਾਲ ਮਰਨ ਦੇ ਹਾਲਾਤ ਪੈਦਾ ਕਰਨ ਲਈ ਜ਼ਿੰਮੇਵਾਰ ਨਹੀਂ? ਇਹੋ ਵਿਵਸਥਾ ਦੂਜੇ ਪਾਸੇ ਏਨੇ ਵੱਡੇ ਅਮੀਰ ਪੈਦਾ ਕਰਦੀ ਹੈ ਜਿਨ੍ਹਾਂ ਦੀ ਦੌਲਤ ਉਦੋਂ ਵੀ ਵਧ ਰਹੀ ਹੁੰਦੀ ਹੈ ਜਦੋਂ ਉਹ ਸੌਂ ਰਹੇ ਹੁੰਦੇ ਹਨ। ਇਹ ਉਹ ਵਿਵਸਥਾ ਹੈ ਜਿਸ 'ਤੇ ਚਲਦਿਆਂ ਦੇਸ਼ ਦੀ ਪੰਜਾਹ ਫ਼ੀਸਦੀ ਦੌਲਤ ਇਕ ਫ਼ੀਸਦੀ ਲੋਕਾਂ ਦੇ ਹੱਥਾਂ ਵਿਚ ਚਲੀ ਗਈ ਹੈ। ਇਹ ਉਹ ਵਿਵਸਥਾ ਹੈ ਜਿਸ ਵਿਚ ਇਕ ਪਾਸੇ ਇਕ ਸ਼ਖ਼ਸ ਦਾ ਬੁੱਤ ਲਾਉਣ ਲਈ ਸੈਂਕੜੇ ਕਰੋੜ ਖਰਚ ਕਰ ਦਿੱਤੇ ਜਾਂਦੇ ਹਨ। ਫਿਰ ਉਸ ਦੀ ਇਸ਼ਤਿਹਾਰਬਾਜ਼ੀ ਲਈ ਲੱਖਾਂ ਖ਼ਰਚ ਕਰ ਦਿੱਤੇ ਜਾਂਦੇ ਹਨ, ਦੂਜੇ ਪਾਸੇ ਇਕੋ ਦਿਨ 60 ਬੱਚੇ ਆਕਸੀਜਨ ਸਿਲੰਡਰਾਂ ਦੇ ਨਾ ਹੋਣ ਕਾਰਨ ਮੌਤ ਦੇ ਖੂਹ ਵਿਚ ਜਾ ਪੈਂਦੇ ਹਨ। ਇਸ ਵਿਵਸਥਾ 'ਤੇ ਜੇਕਰ ਸਾਨੂੰ ਸ਼ਰਮਿੰਦਗੀ ਮਹਿਸੂਸ ਨਹੀਂ ਹੁੰਦੀ ਤਾਂ ਅਸੀਂ ਸ਼ਾਇਦ ਇਨਸਾਨ ਕਹਾਉਣ ਦੇ ਹੱਕਦਾਰ ਨਹੀਂ ਹਾਂ। ਇਸ ਦੇਸ਼ ਵਿਚ ਇਕ ਪਾਸੇ ਵੱਡੇ ਧੰਨ ਕੁਬੇਰ ਹਨ, ਦੂਜੇ ਪਾਸੇ ਢਾਈ ਢਾਈ ਸੌ ਰੁਪਏ ਦੀ ਬੁਢਾਪਾ ਅਤੇ ਵਿਧਵਾ ਪੈਨਸ਼ਨ ਨੂੰ ਉਡੀਕਦੇ ਲੱਖਾਂ ਲੋਕ ਹਨ ਜੋ ਲਗਾਤਾਰ ਹਾਸ਼ੀਆਗ੍ਰਸਤ ਹੋ ਰਹੇ ਹਨ। ਇਹੋ ਹੀ ਵਿਵਸਥਾ ਹੈ ਜਿਸ ਨੂੰ ਅਸੀਂ ਲੋਕਾਂ ਦੁਆਰਾ ਲੋਕਾਂ 'ਤੇ ਰਾਜ ਆਖ ਕੇ ਮਾਣ ਕਰਦੇ ਨਹੀਂ ਥੱਕਦੇ। 'ਲੋਕਰਾਜ ਭਰਮ' ਦੇ ਨਿਗਾਰਖਾਨੇ ਵਿਚ ਤੂਤੀ ਬਣੇ ਲੋਕਾਂ ਦੀ ਕੀ ਭੂਮਿਕਾ ਹੁੰਦੀ ਹੈ ਇਸ ਨੂੰ ਪੰਚਾਇਤੀ ਜਾਂ ਨਗਰ ਪਾਲਿਕਾ ਚੋਣਾਂ ਵਿਚ ਦੇਖ ਸਕਦੇ ਹੋ ਇੱਥੇ ਆਗੂ ਹਮੇਸ਼ਾ ਉਹ ਚੁਣਿਆ ਜਾਂਦਾ ਹੈ ਜਿਸ ਨੂੰ ਸਬੰਧਿਤ ਹਾਕਮ ਦੀ ਸਰਪਰਸਤੀ ਹਾਸਲ ਹੋਵੇ।
      ਇਨ੍ਹਾਂ ਚੋਣਾਂ ਵਿਚ ਹੁਣ ਵੋਟਰ ਵੋਟ ਕਰਦਾ ਨਹੀਂ ਬਲਕਿ ਸੱਤਾਧਾਰੀ ਧਿਰ ਉਸ ਤੋਂ ਆਪਣੀ ਮਰਜ਼ੀ ਅਨੁਸਾਰ ਵੋਟ ਕਰਵਾਉਂਦੀ ਹੈ। ਲੋਕ ਮੱਤ ਜਿੱਧਰ ਮਰਜ਼ੀ ਵੱਧ ਘੱਟ ਹੋਵੇ, ਉਸ ਦਾ ਕੋਈ ਅਰਥ ਨਹੀਂ, ਇਸ ਨੂੰ ਅਸੀਂ ਕੀ ਕਹਾਂਗੇ? ਚੋਣਾਂ ਜਿੱਤੀਆਂ ਨਹੀਂ ਇਕ ਤਰ੍ਹਾਂ ਨਾਲ ਲੁੱਟੀਆਂ ਜਾਂਦੀਆਂ ਹਨ। ਇਕ ਭਰਮ ਸਾਡੇ ਵਿਚ ਅੱਜ ਵੀ ਬੜੇ ਸਾਜਿਸ਼ੀ ਢੰਗ ਨਾਲ ਫੈਲਾਇਆ ਜਾ ਰਿਹਾ ਹੈ ਕਿ ਲੋਕ ਸਿਆਣੇ ਹੋ ਰਹੇ ਹਨ। ਲੋਕ ਸੱਚ ਝੂਠ ਦਾ ਨਿਤਾਰਾ ਕਰਨ ਦੀ ਤਾਕਤ ਰੱਖਦੇ ਹਨ ਪਰ ਹਕੀਕਤ ਇਹ ਨਹੀਂ। ਲੋਕਾਂ ਨੂੰ ਕੱਲ੍ਹ ਵੀ ਵਰਗਲਾਇਆ ਜਾਂਦਾ ਸੀ ਅੱਜ ਵੀ ਵਰਗਲਾਇਆ ਜਾਂਦਾ ਹੈ। ਵੱਡੇ ਜੁਮਲਿਆਂ, ਹਵਾਈ ਵਾਅਦਿਆਂ ਨਾਲ ਲੋਕਾਂ ਨੂੰ ਅੱਜ ਵੀ ਗੁੰਮਰਾਹ ਕੀਤਾ ਜਾਂਦਾ ਹੈ। ਪਰਤੱਖ ਵਾਪਰ ਰਹੇ ਵਰਤਾਰਿਆਂ ਦੀ ਜਦੋਂ ਲੋਕਾਂ ਨੂੰ ਸਮਝ ਪੈਂਦੀ ਹੈ ਤਾਂ ਸਮਾਂ ਬਹੁਤ ਅੱਗੇ ਨਿਕਲ ਚੁੱਕਿਆ ਹੁੰਦਾ ਹੈ। ਹੁਣ ਤਾਂ ਇਹ ਕੰਮ ਹੋਰ ਵੀ ਆਸਾਨ ਹੋ ਗਿਆ ਹੈ। ਵਿਕਾਊ ਮੀਡੀਆਂ ਇਸ ਵਿਚ ਬੜੀ ਵੱਡੀ ਭੂਮਿਕਾ ਨਿਭਾਉਂਦਾ ਹੈ। ਵਿਕਾਊ ਮੀਡੀਆ ਟੀ. ਵੀ. ਚੈਨਲਾਂ ਤੋਂ ਇਲਾਵਾ ਸੋਸ਼ਲ ਸਾਈਟਾਂ 'ਤੇ ਵੀ ਕਾਬਜ਼ ਹੋ ਗਿਆ ਹਨ ਜੋ ਸੱਚ ਨੂੰ ਝੂਠ ਅਤੇ ਝੂਠ ਨੂੰ ਸੱਚ ਦਾ ਮੁਲੱਮਾਂ ਲਾ ਕੇ ਵੇਚਣ ਦਾ ਹੁਨਰ ਰੱਖਦਾ ਹੈ ਹਨ। ਇੱਥੇ ਇਹ ਗੱਲ ਨਹੀਂ ਕਿ ਲੋਕ ਮੁੱਦਿਆਂ ਦੀ ਗੱਲ ਹੀ ਨਹੀਂ ਹੁੰਦੀ। ਹੁੰਦੀ ਹੈ ਚਲਵੀਂ ਜਿਹੀ ਗੱਲ ਲੋਕ ਮੁੱਦਿਆਂ ਦੀ ਵੀ ਚਲਦੀ ਤਾਂ ਕਿ ਭਰਮ ਬਣਿਆ ਰਹੇ ਕਿ ਇਹ ਮੰਚ, ਲੋਕ ਮੰਚ ਹਨ। ਲੋਕ ਮੰਚ ਦਾ ਮਖੌਟਾ ਲਾ ਕੇ ਆਪਣੇ ਅਸਲ ਮਕਸਦ ਨੂੰ ਹੋਰ ਵੀ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕਦਾ ਹੈ। ਅੱਜ ਅਸੀਂ ਜਿਸ ਦੌਰ ਵਿਚ ਵਿਚਰ ਰਹੇ ਹਾਂ ਉਸ ਵਿਚ ਲੋਕਰਾਜ ਦੀ ਗੱਲ ਬੀਤੇ ਦੀ ਬਾਤ ਬਣ ਗਈ ਹੈ। ਹਕੀਕਤ ਤਾਂ ਇਹ ਹੈ ਕਿ ਅਸੀਂ ਇਕ ਤਰ੍ਹਾਂ ਨਾਲ ਮਾਫੀਆ ਰਾਜ ਪ੍ਰਬੰਧ ਵੱਲ ਵਧ ਰਹੇ ਹਾਂ। ਦੇਸ਼ ਦੇ ਨਿਆਇਕ ਅਦਾਰਿਆਂ, ਸੀ. ਬੀ. ਆਈ., ਚੋਣ ਕਮਿਸ਼ਨ ਅਤੇ ਮੀਡੀਆ ਵਿਚ ਰਾਜਸੀ ਦਖ਼ਲਅੰਦਾਜ਼ੀ ਲਗਾਤਾਰ ਵਧ ਰਹੀ ਹੈ। ਬੇਸ਼ੱਕ ਅੱਜ ਇਹ ਗੱਲ ਕੁਝ ਅਜੀਬ ਲੱਗੇ ਪਰ ਜੇਕਰ ਥੋੜ੍ਹਾ ਜਿਹਾ ਗਹੁ ਨਾਲ ਦੇਖਿਆ ਹੀ ਪਤਾ ਚੱਲ ਜਾਵੇਗਾ ਕਿ ਸਾਡੀਆਂ ਸਭ ਤਰ੍ਹਾਂ ਦੀਆਂ ਲੋੜਾਂ ਤੇ ਮਾਫੀਆ ਗਰੋਹ ਕਾਬਜ਼ ਹੋ ਰਹੇ ਹਨ। ਸਾਡੀਆਂ ਸੜਕਾਂ, ਜ਼ਮੀਨਾਂ, ਜੰਗਲ, ਊਰਜਾ ਦੇ ਸਾਧਨ, ਸਿਹਤ ਸਹੂਲਤਾਂ, ਜਨਤਕ ਅਦਾਰਿਆਂ ਤੇ ਧਨਾਢ ਕਾਰਪੋਰੇਸ਼ਨਾਂ ਕਾਬਜ਼ ਹੋ ਰਹੀਆਂ ਹਨ। ਇਸ ਵਿਵਸਥਾ 'ਚੋਂ ਮਨਫ਼ੀ ਹੋਏ ਲੋਕ ਨਿਆਂ ਇਨਸਾਫ਼ ਅਤੇ ਰੁਜ਼ਗਾਰ ਮੰਗਣ ਲਈ ਰੈਲੀਆਂ ਧਰਨੇ ਰੋਸ ਮੁਜਾਹਰੇ ਭੁੱਖ ਹੜਤਾਲਾਂ ਕਰ ਰਹੇ ਹਨ। ਦੋ ਹੀ ਅਦਾਰੇ ਹਨ ਜਿਨ੍ਹਾਂ ਵਿਚ ਸਰਕਾਰੀ ਨੌਕਰੀਆਂ ਹਨ ਇਕ ਪੁਲਿਸ ਅਤੇ ਦੂਜਾ ਸੁਰੱਖਿਆ ਬਲ। ਪੁਲਿਸ ਦੀ ਨਫ਼ਰੀ ਹੋਰ ਵੀ ਵਧ ਸਕਦੀ ਹੈ, ਇਹ ਇਸ ਲਈ ਜ਼ਰੂਰੀ ਹੈ ਕਿ ਲੋਕਾਂ ਨੂੰ ਠੀਕ ਢੰਗ ਨਾਲ ਸਿੱਧੇ ਕਰਕੇ ਰੱਖਿਆ ਜਾ ਸਕੇ। ਪ੍ਰਾਈਵੇਟ ਟੋਲ ਪਲਾਜਿਆਂ, ਬੈਕਾਂ, ਹਸਪਤਾਲ, ਹੋਟਲਾਂ ਆਦਿ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਨਿੱਜੀ ਫੋਰਸਾਂ/ਬੌਕਸਰ ਰੱਖਣੇ ਆਮ ਵਰਤਾਰਾ ਹੋ ਗਿਆ ਹੈ।
        ਹੁਣ ਸ਼ਾਇਦ ਇਹ ਵਕਤ ਆ ਗਿਆ ਹੈ ਕਿ ਦੇਸ਼ ਦੇ ਲੋਕਾਂ ਨੂੰ ਸੰਵਿਧਾਨਕ ਮਰਿਆਦਾਵਾਂ ਦੀ ਰਾਖੀ ਲਈ ਇਕ ਵੱਡੀ ਲੜਾਈ ਲੜਨੀ ਪਵੇਗੀ।

- ਸੰਪਰਕ : 9855051099

19 Dec. 2018

ਸਿੱਖਿਆ, ਨਿੱਜੀਕਰਨ ਦੀ ਕਵਾਇਦ ਅਤੇ ਅਧਿਆਪਕ - ਗੁਰਚਰਨ ਨੂਰਪੁਰ

ਇਕ ਕਥਾ ਅਨੁਸਾਰ ਇਕ ਵਿਚਾਰਕ ਦੇ ਆਸ਼ਰਮ ਵਿਚ ਗਿਆਨ ਲੈਣ ਲਈ ਦੂਰੋਂ-ਦੂਰੋਂ ਲੋਕ ਆਉਂਦੇ ਸਨ। ਇਕ ਦਿਨ ਆਸ਼ਰਮ ਵਿਚ ਇਕ ਅਜੀਬ ਘਟਨਾ ਵਾਪਰੀ। ਹੋਇਆ ਇਹ ਕਿ ਆਸ਼ਰਮ ਵਿਚੋਂ ਕੁਝ ਸਾਮਾਨ ਚੋਰੀ ਹੋ ਗਿਆ। ਪੁਰਾਣੇ ਚੇਲਿਆਂ ਨੇ ਗੁਰੂ ਕੋਲ ਸ਼ਿਕਾਇਤ ਕੀਤੀ ਕਿ ਆਸ਼ਰਮ ਵਿਚ ਇਕ ਨਵਾਂ ਚੇਲਾ ਆਇਆ ਹੈ ਸਾਨੂੰ ਉਸ 'ਤੇ ਸ਼ੱਕ ਹੈ। ਪਰ ਗੁਰੂ ਨੇ ਗੱਲ ਗਈ ਆਈ ਕਰ ਦਿੱਤੀ। ਅਗਲੀ ਵਾਰ ਚੇਲਿਆਂ ਨਵੇਂ ਆਏ ਸਿਖਿਆਰਥੀ ਨੂੰ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ ਅਤੇ ਉਸ ਵਿਚਾਰਕ (ਗੁਰੂ) ਅੱਗੇ ਲਿਜਾ ਪੇਸ਼ ਕੀਤਾ ਤੇ ਕਿਹਾ, 'ਦੇਖੋ ਇਸ ਨੂੰ ਅਸੀਂ ਚੋਰੀ ਕਰਦਿਆਂ ਰੰਗੇ ਹੱਥੀਂ ਫੜ ਲਿਆ ਹੈ। ਅਸੀਂ ਪਹਿਲਾਂ ਵੀ ਕਿਹਾ ਸੀ ਕਿ ਇਹ ਵਿਅਕਤੀ ਆਸ਼ਰਮ ਵਿਚ ਰੱਖਣ ਦੇ ਲਾਇਕ ਨਹੀਂ ਇਸ ਨੂੰ ਸਜ਼ਾ ਦੇ ਕੇ ਇੱਥੋਂ ਕੱਢ ਦਿੱਤਾ ਜਾਵੇ।' ਗੁਰੂ ਨੇ ਕਿਹਾ, 'ਤੁਹਾਡੇ 'ਚੋਂ ਕੋਈ ਜਾਣਾ ਚਾਹੇ ਤਾਂ ਜੀਅ ਸਦਕੇ ਜਾ ਸਕਦਾ ਹੈ, ਪਰ ਇਹ ਨਵਾਂ ਚੇਲਾ ਕਿਤੇ ਨਹੀਂ ਜਾਵੇਗਾ।' ਜਦੋਂ ਪੁਰਾਣੇ ਚੇਲਿਆਂ ਨੇ ਇਸ ਦਾ ਕਾਰਨ ਪੁੱਛਿਆ ਤਾਂ ਉਸ ਵਿਚਾਰਕ ਨੇ ਕਿਹਾ, 'ਤੁਹਾਡੇ 'ਚੋਂ ਕੋਈ ਚਲਾ ਵੀ ਜਾਵੇਗਾ ਤਾਂ ਉਹ ਸਮਾਜ ਵਿਚ ਕੁਝ ਚੰਗਾ ਕਰੇਗਾ। ਪਰ ਇਸ ਨੂੰ ਅਜੇ ਹੋਰ ਇੱਥੇ ਰੱਖਣ ਦੀ ਲੋੜ ਹੈ ਤਾਂ ਕਿ ਇਹਦੀ ਸਮਝ ਹੋਰ ਵਿਕਸਤ ਹੋਵੇ ਅਤੇ ਇਹ ਮਾੜੇ ਵਿਕਾਰਾਂ ਤੋਂ ਬਚ ਜਾਵੇ ਜੋ ਇਸ ਦਾ ਨੁਕਸਾਨ ਕਰਨ ਦੇ ਨਾਲ-ਨਾਲ ਸਮਾਜ ਦਾ ਨੁਕਸਾਨ ਕਰਨਗੇ।'
       ਅਧਿਆਪਕ ਕਿਸੇ ਵੀ ਦੇਸ਼ ਸਮਾਜ ਵਿਚ ਉਪਰੋਕਤ ਵਿਚਾਰਕ ਦੀ ਭੂਮਿਕਾ ਨਿਭਾਉਂਦਾ ਹੈ। ਉਸ ਦੇ ਸਿਰ ਸਮਾਜ ਨੂੰ ਚੰਗਾ ਬਣਾਉਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਹ ਸਮਾਜ ਦਾ ਰਾਹ-ਦਸੇਰਾ ਹੈ। ਅਧਿਆਪਕ ਦਾ ਸਨਮਾਨ ਹੋਵੇਗਾ ਤਾਂ ਉਹ ਆਪਣਾ ਕੰਮ ਵਧੇਰੇ ਲਗਨ ਨਾਲ ਕਰੇਗਾ। ਅਗਰ ਉਹ ਅਪਮਾਨਿਤ ਹੁੰਦਾ ਰਹੇਗਾ ਤਾਂ ਇਸ ਦਾ ਸਿੱਧਾ ਮਤਲਬ ਇਹ ਹੈ ਕਿ ਅਸੀਂ ਆਪਣੇ-ਆਪ ਦਾ ਅਪਮਾਨ ਕਰ ਰਹੇ ਹਾਂ। ਜਿਹੜੇ ਦੇਸ਼, ਸਮਾਜ, ਕੌਮਾਂ ਅਧਿਆਪਕ ਦਾ ਸਤਿਕਾਰ ਨਹੀਂ ਕਰਦੇ ਉਹ ਆਪਣਾ ਭਵਿੱਖ ਗਵਾ ਬਹਿੰਦੇ ਹਨ। ਇਸ ਸਥਿਤੀ ਦਾ ਇਕ ਦੂਜਾ ਪਾਸਾ ਵੀ ਹੈ ਕਿ ਕੁਝ ਕੁ ਅਧਿਆਪਕ ਵੀ ਅਜਿਹੇ ਹਨ ਜੋ ਅਧਿਆਪਕ ਦੀ ਪਦਵੀ ਨਾਲ ਇਨਸਾਫ਼ ਨਹੀਂ ਕਰਦੇ। ਇਨ੍ਹਾਂ ਦੀਆਂ ਨਾਂਹ-ਪੱਖੀ ਕਾਰਵਾਈਆਂ ਕਰਕੇ ਕਈ ਵਾਰ ਦੂਜਿਆਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ।
      ਦੇਸ਼ ਵਿਚ ਲੱਖਾਂ ਲੋਕ ਹਨ ਜੋ ਅਧਿਆਪਕ ਲੱਗਣ ਲਈ ਲੋੜੀਂਦੀ ਯੋਗਤਾ ਪੂਰੀ ਕਰਦੇ ਹਨ, ਅਧਿਆਪਕਾਂ ਦੀਆਂ ਅਸਾਮੀਆਂ ਵੀ ਖਾਲੀ ਹਨ ਪਰ ਸਰਕਾਰਾਂ ਨਵੇਂ ਅਧਿਆਪਕਾਂ ਦੀ ਨਿਯੁਕਤੀ ਨਹੀਂ ਕਰਦੀਆਂ। ਇਸ ਦਾ ਕਾਰਨ ਬੜਾ ਸਪੱਸ਼ਟ ਹੈ, ਜਿਵੇਂ ਦੂਜੀਆਂ ਜਨਤਕ ਸੇਵਾਵਾਂ ਜਿਵੇਂ ਬਿਜਲੀ, ਆਵਾਜਾਈ, ਥਰਮਲ ਪਲਾਂਟ, ਖੰਡ ਮਿੱਲਾਂ, ਪੈਟਰੋਲ ਡੀਜ਼ਲ, ਦੂਰਸੰਚਾਰ, ਸੜਕਾਂ ਆਦਿ ਨਿੱਜੀ ਹੱਥਾਂ ਵਿਚ ਦੇ ਦਿੱਤੀਆਂ ਗਈਆਂ ਹਨ ਉਸੇ ਤਰ੍ਹਾਂ ਸਿੱਖਿਆ ਸੇਵਾਵਾਂ ਨੂੰ ਨਿੱਜੀ ਹੱਥਾਂ ਵਿਚ ਦੇਣ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਨਿੱਜੀ ਸਕੂਲਾਂ ਨੂੰ ਗਰੀਬਾਂ ਦੇ ਬੱਚੇ ਦਾਖਲ ਕਰਨ ਦੀ ਹਦਾਇਤ ਅਤੇ ਸਰਕਾਰੀ ਸਕੂਲਾਂ ਨੂੰ ਪੰਚਾਇਤਾਂ ਜਾਂ ਐਨ. ਜੀ. ਓ. ਦੇ ਹਵਾਲੇ ਕਰਨ ਵਰਗੀਆਂ ਨੀਤੀਆਂ ਦੱਸਦੀਆਂ ਹਨ ਕਿ ਜਲਦੀ ਹੀ ਹੋਰ ਅਦਾਰਿਆਂ ਵਾਂਗ ਪੰਜਾਬ ਵਿਚ ਸਿੱਖਿਆ ਦਾ ਵੀ ਪੂਰੀ ਤਰ੍ਹਾਂ ਨਿੱਜੀਕਰਨ ਹੀ ਹੋ ਜਾਵੇਗਾ। ਨਿੱਜੀਕਰਨ ਦੀਆਂ ਲੋਕ ਮਾਰੂ ਚਾਲਾਂ ਜਨ ਸਾਧਾਰਨ ਦੀ ਸਮਝ ਵਿਚ ਤਾਂ ਕੀ ਆਉਣੀਆਂ ਹਨ ਇਹ ਕਈ ਵਾਰ ਪੜ੍ਹਿਆਂ ਲਿਖਿਆਂ ਦੀ ਵੀ ਸਮਝ ਵਿਚ ਨਹੀਂ ਆਉਂਦੀਆਂ। ਇਸ ਦਾ ਕਾਰਨ ਇਹ ਹੈ ਕਿ ਸ਼ੁਰੂਆਤੀ ਦੌਰ ਵਿਚ ਇਹ ਲੁਭਾਵਣੀਆਂ ਬਣਾ ਕੇ, ਕੁਨੀਨ ਦੀ ਗੋਲੀ 'ਤੇ ਖੰਡ ਦਾ ਮੁਲੱਮਾ ਲਾ ਕੇ ਪੇਸ਼ ਕੀਤੀਆਂ ਜਾਂਦੀਆਂ ਹਨ ਪਰ ਮਗਰੋਂ ਇਨ੍ਹਾਂ ਦੇ ਸਿੱਟੇ ਬੜੇ ਭਿਅੰਕਰ ਨਿਕਲਦੇ ਹਨ। ਕਿਸੇ ਵੀ ਅਦਾਰੇ ਦਾ ਨਿੱਜੀਕਰਨ ਕਰਨ ਲਈ ਪਹਿਲਾਂ ਕੁਝ ਚਾਲਾਂ ਚੱਲੀਆਂ ਜਾਣੀਆਂ ਜ਼ਰੂਰੀ ਹੁੰਦੀਆਂ ਹਨ। ਇਹੋ ਚਾਲਾਂ ਇਹੋ ਖੇਡ ਇਸ ਵੇਲੇ ਸਿੱਖਿਆ ਅਦਾਰਿਆਂ ਨਾਲ ਖੇਡੀ ਜਾ ਰਹੀ ਹੈ। ਕਿਸੇ ਅਦਾਰੇ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ਇਹ ਬੜਾ ਜ਼ਰੂਰੀ ਹੁੰਦਾ ਹੈ ਕਿ ਉਸ ਅਦਾਰੇ ਨਾਲ ਜੁੜੇ ਕਰਮਚਾਰੀਆਂ ਨੂੰ ਹੋਰ ਕੰਮਾਂ ਵਿਚ ਉਲਝਾਅ ਦਿੱਤਾ ਜਾਵੇ। ਉਹ ਆਪਣੇ ਜ਼ਿੰਮੇ ਲੱਗਾ ਕੰਮ ਨਾ ਕਰ ਸਕਣ, ਲੋਕ ਇਨ੍ਹਾਂ ਦੀਆਂ ਸੇਵਾਵਾਂ ਨੂੰ ਆਪ ਹੀ ਨਕਾਰਨ ਲੱਗ ਪੈਣ। ਇਹੋ ਕੁਝ ਅਸੀਂ ਅੱਜ ਸਿੱਖਿਆ ਵਿਚ ਹੁੰਦਾ ਦੇਖ ਰਹੇ ਹਾਂ। ਅਧਿਆਪਕ ਨੂੰ ਅੱਜ ਅਧਿਆਪਕ ਹੋਣ ਦੀ ਬਜਾਏ ਡਾਟਾ ਉਪਰੇਟਰ ਬਣਾ ਦਿੱਤਾ ਗਿਆ ਹੈ। ਮਿੱਡ ਡੇ ਮੀਲ, ਬੀ ਐਲ ਓ, ਬੱਚਿਆਂ ਦਾ ਮੈਡੀਕਲ ਚੈੱਕਅਪ ਕਿੰਨੇ ਹੀ ਕੰਮਾਂ ਦੀ ਜ਼ਿੰਮੇਵਾਰੀ ਉਸ ਸਿਰ ਪਾ ਦਿੱਤੀ ਗਈ ਹੈ। ਇਸਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਖੰਡ ਮਿੱਲਾਂ ਦੀ ਉਦਾਹਰਨ ਨਾਲ ਅਸੀਂ ਸਮਝ ਸਕਦੇ ਹਾਂ। ਜਦੋਂ ਇਨ੍ਹਾਂ ਮਿੱਲਾਂ ਨੂੰ ਚਲਾਇਆ ਗਿਆ ਤਾਂ ਮੁਲਾਜ਼ਮਾਂ ਤੋਂ ਕੰਮ ਵੀ ਵਧੀਆ ਢੰਗ ਨਾਲ ਲਿਆ ਜਾਂਦਾ ਸੀ। ਖੰਡ ਦੀ ਪੈਦਾਵਾਰ ਅਤੇ ਗੁਣਵੱਤਾ ਵੀ ਚੰਗੀ ਸੀ। ਮਿੱਲ ਦੇ ਕਰਮਚਾਰੀਆਂ ਨੂੰ ਹਦਾਇਤਾਂ ਸਨ ਕਿ ਉਹ ਕਿਸਾਨਾਂ ਤੋਂ ਵੱਧ ਤੋਂ ਵੱਧ ਗੰਨਾ ਬਿਜਵਾਉਣ, ਗੰਨੇ ਦੀ ਖੇਤਾਂ ਵਿਚ ਜਾ ਕੇ ਆਪ ਦੇਖ ਭਾਲ ਕਰਨ ਅਤੇ ਗੰਨੇ ਦੀ ਪੈਦਾਵਾਰ ਵਧਾਉਣ ਦੇ ਕਿਸਾਨਾਂ ਨੂੰ ਗੁਰ ਦੱਸਣ। ਪਰ ਜਦੋਂ ਇਨ੍ਹਾਂ ਖੰਡ ਮਿੱਲਾਂ ਨੂੰ ਖ਼ਤਮ ਕਰਨਾ ਸੀ ਕਿਸਾਨਾਂ ਦੇ ਬਕਾਏ ਰੋਕ ਦਿੱਤੇ ਗਏ ਤਾਂ ਕਿ ਆਪ ਹੀ ਗੰਨਾ ਲਾਉਣ ਤੋਂ ਪਾਸਾ ਵੱਟ ਜਾਣ। ਖੰਡ ਮਿੱਲਾਂ ਨੂੰ ਘਾਟੇ ਦਾ ਸੌਦਾ ਦੱਸ ਕੇ ਬੰਦ ਕਰ ਦਿੱਤਾ ਗਿਆ। ਬਿਲਕੁਲ ਇਹ ਕੁਝ ਅੱਜ ਸਿੱਖਿਆ ਵਿਭਾਗ ਵਿਚ ਹੋ ਰਿਹਾ ਹੈ। ਬੱਚਾ ਸਕੂਲ ਵਿਚ ਚਾਹੇ ਸਾਰਾ ਸਾਲ ਨਾ ਆਵੇ ਜੇਕਰ ਉਹ ਪੇਪਰ ਦੇਣ ਆਇਆ ਹੈ ਤਾਂ ਉਸ ਦਾ ਪੇਪਰ ਲਿਆ ਜਾਵੇਗਾ ਅਤੇ ਉਸ ਨੂੰ ਅੱਠਵੀਂ ਤੱਕ ਫੇਲ੍ਹ ਵੀ ਨਹੀਂ ਕੀਤਾ ਜਾਵੇਗਾ। ਇਸ ਦਾ ਭਾਵ ਇਹ ਹੋਇਆ ਕਿ ਬੇਸ਼ੱਕ ਬੱਚਾ ਪਹਿਲੀ ਕੱਚੀ ਤੋਂ ਲੈ ਕੇ ਅੱਠ ਸਾਲ ਸਕੂਲ ਨਹੀਂ ਵੜਦਾ ਤਾਂ ਵੀ ਉਹ ਜਿਹੋ ਜਿਹੇ ਮਰਜ਼ੀ ਪੇਪਰ ਦੇ ਕੇ ਸਕੂਲ 'ਚੋਂ ਪਾਸ ਦਾ ਸਾਰਟੀਫਿਕੇਟ ਲੈ ਜਾਵੇ। ਕੀ ਸਿੱਖਿਆ ਦੇ ਨਾਂਅ 'ਤੇ ਲੋਕਾਂ ਨਾਲ ਇਹ ਮਜ਼ਾਕ ਨਹੀਂ? ਦੂਜੇ ਪਾਸੇ ਅਧਿਆਪਕਾਂ ਦੇ ਕੰਮ ਨੂੰ ਏਨਾ ਜ਼ਿਆਦਾ ਵਧਾ ਦਿੱਤਾ ਗਿਆ ਹੈ ਕਿ ਉਸ ਦੀ ਵਿਅਕਤੀਗਤ ਪਹਿਚਾਣ ਹੀ ਖ਼ਤਮ ਕਰ ਦਿੱਤੀ ਗਈ ਹੈ। ਉਸ ਨੂੰ ਬੱਚਿਆਂ ਦੇ ਵੱਖ-ਵੱਖ ਵਰਗ ਬਣਾਉਣ, ਬੱਚਿਆਂ ਦੇ ਵਜ਼ੀਫ਼ਾ ਪਛਾਣ ਪੱਤਰ ਬਣਾਉਣ, ਇੰਟਰਨੈੱਟ ਰਾਹੀਂ ਵਿਭਾਗ ਨਾਲ ਸਬੰਧਿਤ ਹਦਾਇਤਾਂ ਲੈਣ, ਬੱਚਿਆਂ ਲਈ ਖਾਣੇ ਦਾ ਇੰਤਜ਼ਾਮ ਕਰਨ ਅਤੇ ਇਨ੍ਹਾਂ ਸਭ ਕੁਝ ਦੀਆਂ ਰਿਪੋਰਟਾਂ ਤਿਆਰ ਕਰਨ ਵਰਗੀਆਂ ਇੰਨੀਆਂ ਕੁ ਜ਼ਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ ਕਿ ਉਸ ਨੂੰ ਰਾਤ ਨੂੰ ਸੁੱਤੇ ਪਏ ਨੂੰ ਵੀ ਵਿਭਾਗ ਦੇ ਸੁਪਨੇ ਆਈ ਜਾਂਦੇ ਹਨ। ਕਿਸੇ ਅਦਾਰੇ 'ਤੇ ਨਿੱਜੀਕਰਨ ਦਾ ਕੁਹਾੜਾ ਚਲਾ ਕੇ ਉਸ ਨੂੰ ਬਰਬਾਦ ਕਰਨ ਲਈ ਇਹ ਸਭ ਕੁਝ ਬੜਾ ਜ਼ਰੂਰੀ ਹੈ ਤਾਂ ਕਿ ਸਬੰਧਿਤ ਕਰਮਚਾਰੀ ਆਪ ਹੀ ਇਸ ਨਾਲੋਂ ਤੋੜ ਵਿਛੋੜਾ ਕਰਨ ਵਿਚ ਆਪਣੀ ਭਲਾਈ ਸਮਝਣ। ਦੇਸ਼ ਵਿਚ ਬੇਕਾਰੀ, ਬੇਰੁਜ਼ਗਾਰੀ ਅਤੇ ਬਾਹਰਲੇ ਮੁਲਕਾਂ ਵੱਲ ਨੂੰ ਹੁਨਰਮੰਦ ਨੌਜਵਾਨਾਂ ਦਾ ਪ੍ਰਵਾਸ ਇਹ ਸਭ ਕੁਝ ਵਿਚ ਨਿੱਜੀਕਰਨ ਦੀਆਂ ਮਾਰੂ ਨੀਤੀਆਂ ਨੂੰ ਲਾਗੂ ਕਰਨ ਦਾ ਨਤੀਜਾ ਹੈ। ਪੈਸਾ ਲੋਕਾਂ ਕੋਲ ਹੋਣ ਅਤੇ ਬਾਜ਼ਾਰ ਵਿਚ ਇਸ ਦੇ ਚੱਲਣ ਦੀ ਬਜਾਏ ਇਹ ਕਾਰਪੋਰੇਟ ਘਰਾਣਿਆਂ ਕੋਲ ਇਕੱਠਾ ਹੋ ਰਿਹਾ ਹੈ ਜਾਂ ਦੂਜੇ ਮੁਲਕਾਂ ਨੂੰ ਜਾ ਰਿਹਾ ਹੈ। ਲੰਮੇ ਸੰਘਰਸ਼ਾਂ ਤੋਂ ਬਾਅਦ ਦੇਸ਼ ਸਾਮਰਾਜ ਦੀ ਗੁਲਾਮੀ ਤੋਂ ਆਜ਼ਾਦ ਹੋਇਆ ਸੀ ਹੁਣ ਫਿਰ ਅਸੀਂ ਬੜੀ ਤੇਜ਼ੀ ਨਾਲ ਕਾਰਪੋਰੇਟ ਕੰਪਨੀਆਂ ਦੇ ਗੁਲਾਮ ਹੋ ਰਹੇ ਹਾਂ। ਇਹ ਗੁਲਾਮੀ ਸਾਮਰਾਜੀ ਗੁਲਾਮੀ ਨਾਲੋਂ ਵੀ ਵਧੇਰੇ ਖ਼ਤਰਨਾਕ ਹੈ। ਅੰਗਰੇਜ਼ ਹਕੂਮਤ ਨੇ ਪਿੰਡਾਂ ਸ਼ਹਿਰਾਂ ਵਿਚ ਜਾ ਕੇ ਸਕੂਲ ਖੋਲ੍ਹੇ ਤਾਂ ਕਿ ਲੋਕ ਕੁਝ ਹੱਦ ਤੱਕ ਪੜ੍ਹ ਲੈਣ ਅਤੇ ਸਰਕਾਰ ਨੂੰ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ ਵਿਚ ਕੋਈ ਦਿੱਕਤ ਨਾ ਆਵੇ। ਦੂਜੇ ਪਾਸੇ ਸਾਡੀਆਂ ਸਰਕਾਰਾਂ ਸਕੂਲ ਬੰਦ ਕਰਨ ਅਤੇ ਅਧਿਆਪਕਾਂ ਨੂੰ ਨੌਕਰੀਆਂ ਤੋਂ ਕੱਢਣ ਦੀ ਕਵਾਇਦ ਚਲਾ ਰਹੀਆਂ ਹਨ। ਗਰੀਬਾਂ ਦੇ ਬੱਚਿਆਂ ਦੇ ਦਾਖਲੇ ਅਤੇ ਉਨ੍ਹਾਂ ਨੂੰ ਮਿਲਦੇ ਵਜ਼ੀਫ਼ਿਆਂ ਤੋਂ ਟਾਲ-ਮਟੋਲ ਕਰਕੇ ਲੱਖਾਂ ਹੀ ਬੱਚਿਆਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਿਆਂ ਕੀਤਾ ਜਾ ਰਿਹਾ ਹੈ। ਲੋਕਤੰਤਰ ਦੇ ਮੌਜੂਦਾ ਦੌਰ ਲਈ ਕੀ ਇਹ ਹੁਣ ਜ਼ਰੂਰੀ ਹੋ ਗਿਆ ਹੈ ਕਿ ਲੋਕ ਅਨਪੜ੍ਹ ਗਵਾਰ ਬਣ, ਵੋਟ ਦੇ ਰੂਪ ਵਿਚ ਵਿਕਣ ਲਈ ਤਿਆਰ ਖੜ੍ਹੇ ਰਹਿਣ?
       ਅੱਜ ਪੂਰਾ ਦੇਸ਼ ਜਦੋਂ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਤਾਂ ਲੋਕਾਂ ਦੀ ਆਮਦਨ ਦਾ ਵੱਡਾ ਹਿੱਸਾ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋ ਰਿਹਾ ਹੈ। ਸ਼ਹਿਰੀ ਇਲਾਕਿਆਂ ਵਿਚ ਮੱਧਵਰਗੀ ਲੋਕਾਂ ਦੀ ਆਮਦਨ ਦਾ 40 ਫ਼ੀਸਦੀ ਹਿੱਸਾ ਬੱਚਿਆਂ ਦੀ ਪੜ੍ਹਾਈ 'ਤੇ ਖਰਚ ਹੋ ਰਿਹਾ ਹੈ। ਪ੍ਰਾਈਵੇਟ ਸਕੂਲਾਂ ਦੀ ਮਹਿੰਗੀ ਸਿੱਖਿਆ ਦੇਸ਼ ਵਿਚ ਇਕ ਵੱਡਾ ਮਸਲਾ ਬਣ ਰਹੀ ਹੈ। ਲੋਕ ਚਾਹੁੰਦੇ ਹਨ ਕਿ ਹਰ ਵਰਗ ਦੇ ਬੱਚਿਆਂ ਦੀ ਇਕਸਾਰ ਅਤੇ ਵਧੀਆ ਪੜ੍ਹਾਈ ਹੋਵੇ। ਇਸ ਸਥਿਤੀ ਵਿਚ ਲੋਕਾਂ ਦੁਆਰਾ ਚੁਣੀਆਂ ਸਰਕਾਰਾਂ ਅਧਿਆਪਕਾਂ ਨੂੰ ਨੌਕਰੀ ਦੇਣ ਦੀ ਬਜਾਏ ਉਨ੍ਹਾਂ ਦੀਆਂ ਤਨਖਾਹਾਂ ਘੱਟ ਕਰਨ ਲੱਗੀਆਂ ਹੋਈਆਂ ਹਨ। ਬੀ ਐਡ ਅਤੇ ਟੈਟ ਪਾਸ ਹਾਜ਼ਾਰਾਂ ਅਧਿਆਪਕ ਹਨ ਜੋ ਬੱਚਿਆਂ ਲਈ ਆਪਣੀਆਂ ਸੇਵਾਵਾਂ ਦੇਣੀਆਂ ਚਾਹੁੰਦੇ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਭਰਤੀ ਨਹੀਂ ਕਰ ਰਹੀਆਂ। ਸਗੋਂ ਇਸ ਦੇ ਉਲਟ ਕਈ ਸਾਲਾਂ ਤੋਂ ਵਿਭਾਗ ਵਿਚ ਕੰਮ ਕਰ ਰਹੇ ਅਧਿਆਪਕਾਂ ਨੂੰ ਪੱਕੇ ਕਰਨ ਲਈ ਉਨ੍ਹਾਂ ਨੂੰ ਘੱਟ ਤਨਖਾਹਾਂ 'ਤੇ ਕੰਮ ਕਰਨ ਲਈ ਕਹਿ ਰਹੀਆਂ ਹਨ। ਅਧਿਆਪਕ ਆਪਣੇ ਹੱਕ ਲੈਣ ਲਈ ਸੜਕਾਂ 'ਤੇ ਰੋਸ ਮੁਜ਼ਾਹਰੇ ਕਰ ਰਹੇ ਹਨ। ਭੁੱਖ ਹੜਤਾਲਾਂ ਕਰ ਰਹੇ ਹਨ। ਸਰਕਾਰਾਂ ਵਲੋਂ ਪੁਲਿਸ ਦੀ ਮਦਦ ਨਾਲ ਅਧਿਆਪਕਾਂ ਨੂੰ ਕੁੱਟਿਆ ਮਾਰਿਆ ਜਾਂਦਾ ਹੈ। ਪਿਛਲੇ ਕਈ ਸਾਲਾਂ ਤੋਂ ਕੁਝ ਅਧਿਆਪਕਾਂ ਨੇ ਰੋਜ਼ੀ-ਰੋਟੀ ਲਈ ਸੰਘਰਸ਼ ਕਰਦਿਆਂ ਆਪਣੀਆਂ ਜਾਨਾਂ ਵੀ ਗਵਾਈਆਂ ਹਨ। ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਅਧਿਆਪਕ ਜਿਸ ਨੇ ਸਮਾਜ ਪ੍ਰਤੀ ਉਪਰੋਕਤ ਕਹਾਣੀ ਵਿਚਲੇ ਮੁੱਖ ਪਾਤਰ ਵਾਲੀ ਭੂਮਿਕਾ ਨਿਭਾਉਣੀ ਹੁੰਦੀ ਹੈ ਆਪਣੇ ਕੋਲ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਕੀ ਸਿਖਾਵੇ? ਨਾਗਰਿਕ ਸ਼ਾਸਤਰ ਪੜ੍ਹਾਉਂਦਿਆਂ ਉਹ ਬੱਚਿਆਂ ਨੂੰ ਕਿਵੇਂ ਦੱਸੇ ਕਿ ਦੇਸ਼ ਦਾ ਸੰਵਿਧਾਨ ਅਤੇ ਤੁਹਾਡੇ ਦੁਆਰਾ ਚੁਣੀਆਂ ਸਰਕਾਰਾਂ ਤੁਹਾਡੀ ਜਾਨਮਾਲ ਦੀ ਰਾਖੀ ਕਰਨਗੀਆਂ? ਉਹ ਕਿਸ ਮੂੰਹ ਨਾਲ ਆਪਣੇ ਬੱਚਿਆਂ ਨੂੰ ਕਹੇ ਤਨ-ਮਨ ਲਾ ਕੇ ਪੜ੍ਹਾਈ ਕਰੋ ਅਤੇ ਪੜ੍ਹਨ ਉਪਰੰਤ ਇਸ ਪੜ੍ਹਾਈ ਦਾ ਬਹੁਤ ਵੱਡਾ ਮਹੱਤਵ ਹੈ। ਉਸ ਕਿਸ ਤਰ੍ਹਾਂ ਕਹੇ ਕਿ ਬੱਚਿਓ ਪੜ੍ਹ ਲਿਖ ਕੇ ਡਾਕਟਰ, ਇੰਜੀਨੀਅਰ ਅਤੇ ਅਧਿਆਪਕ ਬਣਕੇ ਦੇਸ਼ ਦੀ ਤਰੱਕੀ ਦੇ ਹਿੱਸੇਦਾਰ ਬਣੋ? ਉਹ ਪੜ੍ਹਨ ਵਾਲੇ ਬੱਚਿਆਂ ਨੂੰ ਕਿਸ ਤਰ੍ਹਾਂ ਕਹੇ ਸਾਡੇ ਮੁਲਕ ਵਿਚ ਸਾਡੀ ਇਸ ਪੜ੍ਹਾਈ ਦੀ ਬਹੁਤ ਕਦਰ ਹੈ। ਇਸ ਲਈ ਵੱਧ ਤੋਂ ਵੱਧ ਪੜੋ? ਇਹ ਸਵਾਲ ਸਾਡੇ ਸਮੇਂ ਦੀਆਂ ਸਰਕਾਰਾਂ 'ਤੇ ਹਨ, ਜਿਨ੍ਹਾਂ ਨੂੰ ਲੋਕਾਂ ਨੇ ਆਪ-ਆਪਣੇ ਲਈ ਚੁਣਿਆ ਹੈ।
      ਜਿਸ ਦੇਸ਼ ਵਿਚ ਸਾਡੇ ਭਵਿੱਖ ਦਾ ਨਿਰਮਾਤਾ ਆਪਣੇ ਹੱਕਾਂ ਲਈ ਪੁਲਿਸ ਦਾ ਜਬਰ ਸਹਿੰਦਾ ਹੋਵੇ, ਦੂਜੇ ਪਾਸੇ ਨੇਤਾ ਆਪਣੇ ਵਿਦੇਸ਼ੀ ਦੌਰਿਆਂ 'ਤੇ ਕਰੋੜਾਂ ਰੁਪਏ ਖ਼ਰਚ ਕਰ ਦੇਣ, ਜਿੱਥੇ ਬੁੱਤ ਬਣਾਉਣ ਲਈ ਸੈਂਕੜੇ ਕਰੋੜ ਖ਼ਰਚ ਕਰ ਦਿੱਤੇ ਜਾਣ, ਜਿਸ ਦੇਸ਼ ਵਿਚ ਵੋਟਾਂ ਦੁਆਲੇ ਵਲਗਣਾਂ ਖੜ੍ਹੀਆਂ ਕਰਨ ਲਈ ਧਰਮ ਅਸਥਾਨਾਂ, ਗਊਸ਼ਾਲਾਵਾਂ ਨੂੰ ਗਰਾਂਟਾਂ ਦਿੱਤੀਆਂ ਜਾਂਦੀਆਂ ਹੋਣ ਅਤੇ ਅਧਿਆਪਕਾਂ ਨੂੰ ਦਿਹਾੜੀਦਾਰ ਕਾਮੇ ਦੇ ਰੂਪ ਵਿਚ ਵੇਖਿਆ ਜਾਂਦਾ ਹੋਵੇ ਉਸ ਦੇਸ਼ ਦੇ ਲੋਕਾਂ ਦਾ ਭਵਿੱਖ ਕੀ ਹੋਵੇਗਾ ਇਸ ਦਾ ਅੰਦਾਜ਼ਾ ਸੌਖਿਆਂ ਹੀ ਲਾਇਆ ਜਾ ਸਕਦਾ ਹੈ।
        ਦੇਸ਼ ਦੇ ਹਕੀਕੀ ਵਿਕਾਸ ਲਈ ਇਹ ਬੜਾ ਜ਼ਰੂਰੀ ਹੈ ਕਿ ਅਧਿਆਪਕ ਦਾ ਸਨਮਾਨ ਹੋਵੇ। ਉਸ ਨੂੰ ਆਪਣੇ ਕੰਮ ਲਈ ਢੁੱਕਵੀਂ ਉਜਰਤ ਮਿਲੇ ਤੇ ਸੇਵਾ-ਮੁਕਤ ਹੋਣ ਉਪਰੰਤ ਪੈਨਸ਼ਨ ਮਿਲੇ। ਜਨਤਕ ਸਿੱਖਿਆ ਦੇ ਬਜਟ ਵਿਚ ਵਾਧਾ ਕੀਤਾ ਜਾਵੇ। ਪੂਰੇ ਮੁਲਕ ਵਿਚ ਸਿੱਖਿਆ ਦਾ ਨਿੱਜੀਕਰਨ ਰੋਕਿਆ ਜਾਵੇ। ਇਕਸਾਰ ਵਿਗਿਆਨਕ ਸੋਚ ਨੂੰ ਪ੍ਰਫੁੱਲਿਤ ਕਰਨ ਲਈ ਮਾਨਵਵਾਦੀ ਸਿੱਖਿਆ ਨੂੰ ਉਤਸ਼ਾਹਿਤ ਕੀਤਾ ਜਾਵੇ। ਵਿਦਿਆਰਥੀਆਂ ਦੇ ਸਰਬਪੱਖੀ ਬੌਧਿਕ ਵਿਕਾਸ ਨੂੰ ਮੁੱਖ ਰੱਖ ਕੇ ਸਿੱਖਿਆ ਦੇ ਸਿਲੇਬਸ ਅਤੇ ਨੀਤੀਆਂ ਬਣਾਈਆਂ ਜਾਣ।

ਸੰਪਰਕ : 9855051099

18 Nov. 2018

ਵਿਗਿਆਨਕ ਖੋਜਾਂ, ਗ੍ਰੰਥ ਸ਼ਾਸਤਰ ਅਤੇ ਮਨੁੱਖ - ਗੁਰਚਰਨ ਨੂਰਪੁਰ

ਧਰਮ ਅਤੇ ਵਿਗਿਆਨ ਕਦੇ ਵੀ ਇੱਕ ਨਹੀਂ ਰਹੇ। ਧਰਮ ਦਾ ਸਾਰਾ ਸਾਰ 'ਵਿਸ਼ਵਾਸ' ਕਰਨ 'ਤੇ ਹੈ ਜਦਕਿ ਕਿ ਵਿਗਿਆਨ ਦਾ ਜਨਮ ਹੀ ਸ਼ੱਕ ਦੀ ਨਜ਼ਰ ਤੋਂ ਹੁੰਦਾ ਹੈ। ਧਰਮ ਨੇ ਕਿਹਾ ਜੋ ਵਿਸ਼ਵਾਸ ਕਰਨਗੇ ਉਹ ਪਰਮਅਵਸਥਾ ਵਿੱਚ ਪ੍ਰਵੇਸ਼ ਕਰਨਗੇ। ਵਿਗਿਆਨ ਨੇ ਕਿਹਾ ਕਿ ਜੇਕਰ ਕੁਝ ਨਵਾਂ ਖੋਜਣਾ ਹੈ ਸਭ ਤੋਂ ਪਹਿਲਾਂ ਵਿਸ਼ਵਾਸ ਨੂੰ ਤਿਆਗਣਾ ਪਵੇਗਾ, ਪਹਿਲਾਂ ਬਣੀਆਂ ਰੂੜੀਵਾਦੀ ਧਾਰਨਾਵਾਂ ਤੇ ਸ਼ੱਕ ਕਰਨਾ ਪਵੇਗਾ। ਮਨੁੱਖ ਨੇ ਅੱਜ ਤਕ ਜੋ ਕੁਝ ਨਵਾਂ ਖੋਜਿਆ ਹੈ ਇਹ ਇਹਦੇ ਸ਼ੱਕ ਕਰਨ ਦਾ ਨਤੀਜਾ ਹੈ। ਵਿਸ਼ਵਾਸ ਨਾ ਕਰਨ ਦਾ ਨਤੀਜਾ ਹੈ।
       ਧਰਮ ਨੇ ਮਨੁੱਖ ਬਾਰੇ ਕਿਹਾ ਕਿ ''ਜੰਮਣ ਤੋਂ ਪਹਿਲਾਂ ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ ਤਾਂ ਤੇਰੇ ਮੂੰਹ ਵਿੱਚ ਗੰਦ ਮੰਦ ਜਾਂਦਾ ਸੀ। ਤੂੰ ਇਸ ਕੁੰਭੀ ਨਰਕ ਵਿੱਚ ਪੁੱਠਾ ਲਟਕਿਆ ਹੋਇਆ ਸੀ। ਤੂੰ ਅਰਦਾਸਾਂ ਬੇਨਤੀਆਂ ਕਰਦਾ ਸੈਂ ਕਿ ਭਗਵਾਨ ਮੈਨੂੰ ਇਸ ਨਰਕ 'ਚੋਂ ਬਾਹਰ ਕੱਢ। ਬਾਹਰ ਆ ਕੇ ਮੈਂ ਤੇਰਾ ਨਾਮ ਜੱਪਾਂਗਾ। ਪਰ ਤੂੰ ਜਨਮ ਲੈਣ ਤੋਂ ਬਾਅਦ ਦੁਨੀਆਂ ਦੇ ਰੰਗ ਤਮਾਸ਼ਿਆਂ ਵਿੱਚ ਗਲਤਾਨ ਹੋ ਗਿਆ।'' ਵਿਗਿਆਨ ਦੇ ਚਾਨਣ ਵਿੱਚ ਅਸੀਂ ਦੇਖਿਆ ਕਿ ਮਾਂ ਦਾ ਪੇਟ ਕੁੰਭੀ ਨਰਕ ਨਹੀਂ ਹੈ। ਵਿਗਿਆਨ ਨੇ ਸਾਨੂੰ ਦਿਖਾਇਆ ਮਾਂ ਦੇ ਪੇਟ ਵਿੱਚ ਬੱਚੇ ਦੇ ਦੁਆਲੇ ਇੱਕ ਪਤਲਾ ਝਿੱਲੀਦਾਰ ਪਰਦਾ ਹੁੰਦਾ ਹੈ ਜਿਹੜਾ ਬੱਚੇ ਦੀ ਹਰ ਤਰ੍ਹਾਂ ਸੁਰੱਖਿਆ ਕਰਦਾ ਹੈ। ਉਹਦੇ ਮੂੰਹ ਵਿੱਚ ਕੋਈ ਗੰਦ ਮੰਦ ਨਹੀਂ ਜਾਂਦਾ ਉਹ ਨਾੜੂਏ ਰਾਹੀਂ ਖੁਰਾਕ ਲੈਂਦਾ ਹੈ। ਕਿਲਕਾਰੀਆਂ ਮਾਰਦਾ ਬੱਚਾ ਮਾਂ ਦੇ ਪੇਟ ਵਿੱਚ ਦੀ ਮੁਸਕਾਉਂਦਾ ਹੈ ਸੁਪਨੇ ਦੇਖਦਾ ਹੈ। ਅਸੀਂ ਉਸ ਨੂੰ ਵਿਗਿਆਨ ਦੇ ਚਾਨਣ ਸਦਕਾ ਵੇਖ ਸਕਦੇ ਹਾਂ ਉਹ ਕਿਸੇ ਭਗਵਾਨ ਦੇ ਤਰਲੇ ਨਹੀਂ ਲੈ ਰਿਹਾ ਹੁੰਦਾ, ਜਿਵੇਂ ਕਿ ਸਾਡੇ ਗ੍ਰੰਥਾਂ ਸ਼ਾਸਤਰਾਂ ਵਿੱਚ ਦਰਜ ਹੈ। ਅੱਜ ਤੋਂ ਕੁਝ ਦਹਾਕੇ ਪਹਿਲਾਂ ਜਦੋਂ ਕਿਸੇ ਕਾਰਨ ਕਰਕੇ ਬੱਚੇ ਨੇ ਨੌਂ ਮਹੀਨੇ ਤੋਂ ਪਹਿਲਾਂ ਜਨਮ ਲਿਆ ਤਾਂ ਉਹ ਮਾਸੂਮ ਕੁਝ ਦੇਰ ਸਹਿਕਿਆ ਤੇ ਮਰ ਗਿਆ। ਇਹ ਸਦੀਆਂ ਤਕ ਚਲਦਾ ਰਿਹਾ।
      ਧਰਮ ਨੇ ਇੱਥੇ ਕਿਹਾ ਕਿ ਲਿਖੀ ਏਨੀ ਸੀ ਤੇ ਲਿਖੀ ਨੂੰ ਟਾਲਣ ਵਾਲਾ ਅੱਜ ਤਕ ਕੋਈ ਜੰਮਿਆ ਨਹੀਂ। ਇੱਥੇ ਜਦੋਂ ਵਿਗਿਆਨ ਹਾਜਰ ਹੋਇਆ ਤਾਂ ਉਸ ਨੇ ਮਾਂ ਦੇ ਗਰਭ ਜਿਹੀ ਵਿਵਸਥਾ ਵਾਲੀ (Inkubator) ਮਸ਼ੀਨ ਦੀ ਕਾਢ ਕੱਢੀ ਜਿਸ ਨਾਲ ਲੱਖਾਂ ਹੀ ਜਨਮ ਤੋਂ ਪਹਿਲਾਂ ਪੈਦਾ ਹੋਣ ਵਾਲੇ ਬੱਚਿਆਂ ਨੂੰ ਵਿਗਿਆਨ ਨੇ ਆਸਰਾ ਦੇ ਕੇ ਬਚਾ ਲਿਆ। ਜਿਸ ਅਵਸਥਾ ਨੂੰ ਧਰਮ ਨੇ ਕੁੰਭੀ ਨਰਕ ਕਿਹਾ ਸੀ। ਅੱਜ ਬੱਚਿਆਂ ਦੇ ਹਸਪਤਾਲਾਂ ਵਿੱਚ ਪਈਆਂ ਅਜਿਹੀਆਂ ਮਸ਼ੀਨਾਂ ਲੱਖਾਂ ਬੱਚਿਆਂ ਲਈ ਜੀਵਨਦਾਨ ਸਾਬਤ ਹੋਈਆਂ, ਜਦਕਿ ਧਰਮ ਦੀ ਨਿਗ੍ਹਾ ਵਿੱਚ ਇਹ ਅਵਸਥਾ ਕੁੰਭੀ ਨਰਕ ਹੈ।
      ਦਰਅਸਲ ਜਿਸ ਤਰ੍ਹਾਂ ਦੀ ਦੁਨੀਆਂ ਨੂੰ ਅਸੀਂ ਅੱਜ ਦੇਖ ਰਹੇ ਹਾਂ ਇਹ ਸਦਾ ਤੋਂ ਅਜਿਹੀ ਨਹੀਂ ਸੀ। ਵਿਗਿਆਨ ਨੇ ਸਾਨੂੰ ਦੱਸਿਆ ਕਿ ਬ੍ਰਹਿਮੰਡ ਦਾ ਹਰ ਜਰ੍ਹਾ ਵਿਕਾਸ ਕਰ ਰਿਹਾ ਹੈ। ਮਨੁੱਖੀ ਸਭਿਅਤਾ ਨੇ ਵੀ ਲਗਾਤਾਰ ਲੰਬੇ ਸੰਘਰਸ਼ਾਂ ਔਕੜਾਂ ਮੁਸੀਬਤਾਂ ਨੂੰ ਪਾਰ ਕਰਦਿਆਂ ਵਿਕਾਸ ਕੀਤਾ ਅਤੇ ਕੰਪਿਊਟਰ ਅਤੇ ਸਾਇੰਸ ਦੇ ਇਸ ਯੁੱਗ ਵਿੱਚ ਪ੍ਰਵੇਸ਼ ਕੀਤਾ। ਅੱਜ ਦਾ ਮਨੁੱਖ ਪੁਲਾੜੀ ਵਾਹਨ ਅਤੇ ਹਵਾਈ ਜਹਾਜ ਵਿੱਚ ਸਫਰ ਕਰਦਾ ਹੈ। ਇਸ ਤੋਂ ਪਹਿਲਾਂ ਸਾਡੇ ਵੱਡੇ ਵਡੇਰੇ ਬੇੜੀਆਂ, ਬੈਲ ਗੱਡੀਆਂ 'ਤੇ ਸਫਰ ਕਰਦੇ ਸਨ। ਜੇਕਰ ਇਸ ਤੋਂ ਪਿੱਛੇ ਜਾਈਏ ਤਾਂ ਮਨੁੱਖ ਦੀ ਸਵਾਰੀ ਕਰਨ ਲਈ ਸਿਰਫ ਘੋੜਾ ਅਤੇ ਊਠ ਸਨ। ਕੋਈ ਸਮਾਂ ਅਜਿਹਾ ਵੀ ਸੀ ਜਦੋਂ ਮਨੁੱਖ ਨੂੰ ਇੰਨੀ ਸਮਝ ਵੀ ਨਹੀਂ ਸੀ ਕਿ ਕਿਸੇ ਜਾਨਵਰ ਨੂੰ ਪਾਲਤੂ ਬਣਾਇਆ ਜਾ ਸਕਦਾ ਹੈ। ਇਸ ਤੋਂ ਪਿੱਛੇ ਕੋਈ ਅਜਿਹਾ ਸਮਾਂ ਅਜਿਹਾ ਸੀ ਜਦੋਂ ਅਜੇ ਮਨੁੱਖ ਨੂੰ ਘਰ ਬਣਾ ਕੇ ਰਹਿਣ ਦੀ ਸਮਝ ਵੀ ਨਹੀਂ ਸੀ।
       ਆਦਿ ਕਾਲ ਦਾ ਮਾਨਵ ਪਹਾੜਾਂ ਦੀਆਂ ਗੁਫਾਵਾਂ, ਖੁੰਦਰਾਂ ਵਿੱਚ ਰਹਿੰਦਾ ਸੀ। ਉਸ ਨੂੰ ਅੱਗ ਬਾਲਣ ਦੀ ਅਜੇ ਸੋਝੀ ਨਹੀਂ ਸੀ ਉਹ ਸਾਰਾ ਦਿਨ ਸ਼ਿਕਾਰ ਦੀ ਭਾਲ ਵਿੱਚ ਇਧਰ ਉਧਰ ਜੰਗਲ ਬੇਲਿਆਂ, ਨਦੀਆਂ ਦਰਿਆਵਾਂ ਦੇ ਕੰਢਿਆਂ ਦੇ ਆਸ ਪਾਸ ਭਟਕਦਾ। ਉਹ ਦੂਜੇ ਜਾਨਵਰਾਂ ਜਿਹਾ ਇੱਕ ਜਾਨਵਰ ਹੀ ਸੀ। ਇਸ ਅਵਸਥਾ ਵਿੱਚ ਉਸ ਦੇ ਹਜਾਰਾਂ ਸਾਲ ਬੀਤੇ। ਇਸ ਸਮੇਂ ਤੱਕ ਉਸ ਨੂੰ ਕਿਸੇ ਧਰਮ ਜਾਂ ਰੱਬ ਦਾ ਚਿੱਤ ਚੇਤਾ ਵੀ ਨਹੀਂ ਸੀ। ਮਨੁੱਖ ਦੀ ਸਮਝ ਵਧੀ ਉਸ ਨੇ ਵੇਖਿਆ ਕਿ ਉਸ ਦੇ ਆਲੇ ਦੁਆਲੇ ਵਾਪਰਦੇ ਕੁਦਰਤੀ ਵਰਤਾਰੇ ਉਸ ਦੀ ਸੋਚ ਨੂੰ ਹੈਰਾਨ ਕਰਦੇ। ਮਨੁੱਖ ਨੇ ਇਹਨਾਂ ਵਰਤਾਰਿਆਂ ਨੂੰ ਸੰਚਾਲਿਤ ਕਰਨ ਵਾਲੀਆਂ ਵੱਖ ਵੱਖ ਸ਼ਕਤੀਆਂ ਦੀ ਕਲਪਨਾ ਕੀਤੀ। ਜਿਹਨਾਂ ਨੂੰ ਉਸ ਨੇ ਬਾਅਦ ਵਿੱਚ ਵੱਖ ਵੱਖ ਦੇਵਤਿਆਂ ਦੀਆਂ ਉਪਾਧੀਆਂ ਦਿੱਤੀਆਂ। ਦੁਨੀਆਂ ਭਰ ਦੇ ਲੋਕਾਂ ਦੇ ਇਤਿਹਾਸ ਮਿਥਿਹਾਸ 'ਤੇ ਨਜਰ ਮਾਰਦਿਆਂ ਪਤਾ ਚਲਦਾ ਹੈ ਕਿ ਵੱਖ ਵੱਖ ਖਿੱਤਿਆਂ ਦੇ ਲੋਕਾਂ ਦੇ ਦੇਵਤੇ ਅਤੇ ਉਹਨਾਂ ਦੇ ਸੁਭਾਅ ਵੱਖ ਵੱਖ ਸਨ। ਲੋਕ ਦੇਵਤਿਆਂ ਦੀ ਕਰੋਪੀ ਤੋਂ ਬਚਣ ਅਤੇ ਇਹਨਾਂ ਦੀ ਕ੍ਰਿਪਾ ਹਾਸਲ ਕਰਨ ਲਈ ਇਹਨਾਂ ਨੂੰ ਜੀਵਾਂ ਦੀਆਂ ਬਲੀਆਂ ਦੇਂਦੇ। ਇਹਨਾਂ ਦੀ ਪੂਜਾ ਕਰਦੇ, ਇਹਨਾਂ ਨੂੰ ਵੱਸ ਚੋ ਕਰਨ ਲਈ ਮੰਤਰ ਫੂਕਦੇ। ਅਜਿਹੇ ਕਰਮਕਾਡਾਂ ਤੋਂ ਹੀ ਧਰਮ ਦਾ ਜਨਮ ਹੋਇਆ। ਧਰਮ ਕਰਮ ਨਾਲ ਸਬੰਧਤ ਕੀਤੇ ਜਾਣ ਵਾਲੇ ਅੱਜ ਦੇ ਪਾਠ, ਪੂਜਾ ਅਤੇ ਰੱਬ ਨੂੰ ਖੋਜਣ ਦੇ ਕਰਮਕਾਂਡ ਅਸਲ ਵਿੱਚ ਪੁਰਾਤਨ ਸਮੇਂ ਦੌਰਾਨ ਕੀਤੇ ਜਾਣ ਵਾਲੇ ਜੰਤਰ ਮੰਤਰ ਦਾ ਹੀ ਸੁਧਰਿਆ ਹੋਇਆ ਰੂਪ ਹਨ।
      ਵਿਗਿਆਨ ਨੇ ਮਨੁੱਖੀ ਸਭਿਅਤਾ ਨੂੰ ਨਵੇਂ ਅਰਥ ਦਿੱਤੇ। ਜੇਕਰ ਅੱਜ ਮਨੁੱਖ ਗੁਫਾਵਾਂ 'ਚੋਂ ਨਿਕਲ ਕੰਪਿਊਟਰ ਦੇ ਯੁੱਗ ਵਿੱਚ ਪ੍ਰਵੇਸ਼ ਕਰ ਗਿਆ ਹੈ ਤਾਂ ਇਸ ਪਿੱਛੇ ਵਿਗਿਆਨ ਦਾ ਹੱਥ ਹੈ। ਵਿਗਿਆਨ ਨੇ ਮਨੁੱਖੀ ਜਿੰਦਗੀ ਦਾ ਮੂੰਹ ਮੁਹਾਂਦਰਾ ਹੀ ਬਦਲ ਦਿੱਤਾ। ਵਿਗਿਆਨ ਸੁਣੀਆਂ ਸੁਣਾਈਆਂ ਗੱਲਾਂ 'ਤੇ ਵਿਸ਼ਵਾਸ਼ ਕਰ ਲੈਣ ਦਾ ਨਾਮ ਨਹੀਂ ਬਲਕਿ ਹਰ ਇਕ ਵਰਤਾਰੇ ਦੀ ਤਹਿ ਤਕ ਜਾ ਕੇ ਉਸ ਦੇ ਕਾਰਨਾਂ ਦੀ ਥਾਹ ਪਾਉਣ ਦੀ ਪ੍ਰੀਕਿਰਿਆ ਹੈ। ਵਿਗਿਆਨ ਇੱਕ ਅਜਿਹਾ ਚਾਨਣ ਹੈ ਜਿਸ ਦੇ ਝਲਕਾਰੇ ਨਾਲ ਕੁਦਰਤ ਅਤੇ ਸਾਡੇ ਜੀਵਨ ਦੇ ਅਨੇਕਾਂ ਗੁੱਝੇ ਭੇਦ ਸਾਡੇ ਸਾਹਵੇਂ ਪ੍ਰਗਟ ਹੋ ਗਏ ਤੇ ਅਸੀਂ ਆਵਾਕ ਰਹਿ ਗਏ। ਦੂਜੇ ਪਾਸੇ ਅੰਧਵਿਸ਼ਵਾਸ਼ ਨੂੰ ਅਸੀਂ ਹਨੇਰੇ ਦਾ ਇੱਕ ਅਜਿਹਾ ਗੁਬਾਰ ਕਹਿ ਸਕਦੇ ਹਾਂ ਜੋ ਮਨੁੱਖੀ ਸੋਚ ਨੂੰ ਰੂੜੀਵਾਦੀ ਅਤੇ ਪਿਛਾਂਹ ਖਿੱਚੂ ਬਣਾਉਦਾ ਹੈ। ਇਤਿਹਾਸ ਗਵਾਹ ਹੈ ਕਿ ਜਿਵੇਂ ਜਿਵੇਂ ਮਨੁੱਖ ਦਾ ਵਿਕਾਸ ਹੁੰਦਾ ਗਿਆ ਉਹ ਨਵੇਂ ਸਾਧਨਾਂ ਦੇ ਨਾਲ ਨਾਲ ਨਵੇਂ ਵਿਚਾਰਾਂ ਨੂੰ ਵੀ ਅਪਣਾਉਂਦਾ ਰਿਹਾ ਹੈ। ਧਾਰਮਿਕ ਅਤੇ ਅੰਧਵਿਸ਼ਵਾਸ਼ੀ ਵਿਚਾਰਧਾਰਾ ਨਵੇਂ ਵਿਚਾਰਾਂ ਦਾ ਹਮੇਸ਼ਾਂ ਵਿਰੋਧ ਕਰਦੀ ਆਈ ਹੈ। ਬਰੂਨੋ, ਕਾਪਰਨੀਕਸ (ਸੰਨ 1473) , ਗਲੈਲੀਓ (ਸੰਨ 1564) ਆਦਿ ਵਿਗਿਆਨੀਆਂ ਨੇ ਧਰਤੀ, ਚੰਦ, ਸੂਰਜ ਅਤੇ ਹੋਰ ਗ੍ਰਹਾਂ ਬਾਰੇ ਨਵੀਆਂ ਜਾਣਕਾਰੀ ਨਾਲ ਭਰਭੂਰ ਖੋਜਾਂ ਕੀਤੀਆਂ ਅਤੇ ਦੱਸਿਆ ਕਿ ਸੂਰਜ ਮੰਡਲ ਦਾ ਕੇਂਦਰ ਧਰਤੀ ਨਹੀਂ ਬਲਕਿ ਸੂਰਜ ਹੈ। ਪਰ ਉਸ ਸਮੇਂ ਦੀ ਧਾਰਮਿਕ ਜਮਾਤ ਨੇ ਇਹਨਾਂ ਮਹਾਨ ਵਿਗਿਆਨੀਆਂ ਨੂੰ ਸਖਤ ਤਸੀਹੇ ਦਿੱਤੇ। ਗਲੈਲੀਓ ਨੂੰ ਸਮੇਂ ਦੀ ਅਖੌਤੀ ਧਾਰਮਿਕ ਜਮਾਤ ਨੇ ਲਗਾਤਾਰ ਲੰਬਾਂ ਸਮਾਂ ਬੰਦੀ ਬਣਾਇਆ। ਉਸ 'ਤੇ ਤਸ਼ੱਦਦ ਕੀਤਾ ਅਤੇ ਅੰਤ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅੱਜ ਦੁਨੀਆਂ ਭਰ ਦੇ ਦੇਸ਼ ਇਹ ਮੰਨਦੇ ਹਨ ਕਿ ਹੁਣ ਪਾਗਲਖਾਨਿਆਂ ਦੀ ਲੋੜ ਨਹੀਂ। ਇਹ ਬਿਮਾਰੀ ਹੁਣ ਇਲਾਜਯੋਗ ਹੈ ਪਰ ਇਸ ਦਾ ਸਿਹਰਾ ਮਨੋਵਿਗਿਆਨ ਦਾ ਮੋਢੀ ਡਾ: ਸਿਗਮੰਡ ਫਰਾਇਡ (ਸੰਨ1856) ਨੂੰ ਜਾਂਦਾ ਹੈ। ਫਰਾਇਡ ਨੂੰ ਆਪਣੀਆਂ ਖੋਜਾਂ ਕਰਕੇ ਧਾਰਮਿਕ ਜਨੂਨੀਆਂ ਦੇ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਿਆ। ਇਸੇ ਤਰ੍ਹਾਂ ਡਾਰਵਿਨ ਚਾਰਲਸ (ਸੰਨ 1889) ਨੇ ਆਪਣੀ ਜੀਵ ਵਿਕਾਸ ਦੀ ਖੋਜ ਨਾਲ ਦੁਨੀਆਂ ਨੂੰ ਹਿਲਾ ਕੇ ਰੱਖ ਦਿੱਤਾ। ਪਰ ਉਸ ਸਮੇਂ ਦੀ ਧਾਰਮਿਕ ਜਮਾਤ ਨੇ ਇਹਨਾਂ ਮਹਾਨ ਵਿਗਿਆਨੀਆਂ ਦੀਆਂ ਲਿਖਤਾਂ ਨੂੰ ਗਲੀਆਂ, ਬਜਾਰਾਂ, ਚੌਰਾਹਿਆਂ ਵਿੱਚ ਰੱਖ ਕੇ ਸਾੜਿਆ। ਇਨ੍ਹਾਂ ਨੂੰ ਜਾਨੋ ਮਾਰਨ ਦੀ ਧਮਕੀਆਂ ਦਿੱਤੀਆਂ। ਇਹਨਾਂ ਦੇ ਪ੍ਰਕਾਸ਼ਨ ਤੇ ਪਾਬੰਦੀਆਂ ਲਗਵਾਈਆਂ। ਇਸ ਤੋਂ ਇਲਾਵਾ ਅੱਜ ਜੋ ਅਸੀਂ ਡਾਕਟਰੀ ਸਹੂਲਤਾਂ ਦਾ ਫਾਇਦਾ ਲੈ ਰਹੇ ਹਾਂ ਇਹ ਇਹਨਾਂ ਦੇ ਈਜ਼ਾਦਕਾਰਾਂ ਨੂੰ ਵੀ ਇਹਨਾਂ ਬਦਲੇ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ। ਮਨੁੱਖ ਦੇ ਸਰੀਰ ਨੂੰ ਸਮਝਣ ਲਈ ਵਿਗਿਆਨੀ ਰਾਤਾਂ ਜਾਗ ਕੇ ਮਨੁੱਖ ਦੀਆਂ ਲਾਸ਼ਾਂ ਕਬਰਾਂ ਵਿੱਚੋਂ ਚੋਰੀ ਪੁਟਦੇ ਇਹਨਾਂ 'ਤੇ ਖੋਜਾਂ ਕਰਦੇ ਤੇ ਦੁਬਾਰਾ ਦੱਬ ਕੇ ਆਉਂਦੇ ਅਜਿਹਾ ਪਤਾ ਲੱਗਣ ਤੇ ਇਹਨਾਂ ਨੂੰ ਸਖਤ ਸਜਾਵਾਂ ਦਿੱਤੀਆਂ ਜਾਂਦੀਆਂ।
      ਧਰਮ ਨੇ ਮਨੁੱਖ ਬਾਰੇ ਕਿਹਾ ਕਿ ਮਨੁੱਖ ਸਭ ਜੀਵਾਂ ਤੋਂ ਉਤਮ ਜੀਵ ਹੈ। ਮਨੁੱਖਾ ਜਨਮ ਹੀ ਹੈ ਕਿ ਜਿਸ ਨਾਲ ਪ੍ਰਭੂ ਭਗਤੀ ਕੀਤੀ ਜਾ ਸਕਦੀ ਹੈ ਅਤੇ ਰੱਬ ਨੂੰ ਪਾਇਆ ਜਾ ਸਕਦਾ ਹੈ ਪਰ ਅੱਜ ਧਰਤੀ ਤੇ ਸਭ ਤੋਂ ਵੱਧ ਗੰਦ ਪਾਉਣ ਵਾਲਾ ਵੀ ਇਹੋ ਮਨੁੱਖ ਨਾਮ ਦਾ ਜੀਵ ਹੈ ਜਿਸ ਦੀ ਕਰਤੂਤਾਂ ਕਰਕੇ ਧਰਤੀ ਤੇ ਬਾਕੀ ਜੀਵਾਂ ਦਾ ਖਾਤਮਾਂ ਹੋ ਰਿਹਾ ਹੈ।
       ਦੁਨੀਆਂ ਭਰ ਦੇ ਧਰਮਾਂ ਦਾ ਜੇਕਰ ਵਿਸ਼ਲੇਸ਼ਣ ਕਰੀਏ ਤਾਂ ਪਤਾ ਚਲਦਾ ਹੈ ਕਿ ਮਨੁੱਖ ਦੇ ਵਿਕਾਸ ਕਰਨ ਦੇ ਨਾਲ ਨਾਲ ਧਰਮ ਵੀ ਵਿਕਾਸ ਕਰਦੇ ਆਏ ਹਨ। ਪੁਰਾਤਨ ਧਰਮਾਂ ਦੇ ਨੇਮ ਜਿਆਦਾ ਸਖਤ ਸਨ। ਇੱਥੇ ਇਹ ਵੀ ਜਿਕਰਯੋਗ ਹੈ ਕਿ ਦੁਨੀਆਂ ਦੇ ਕਈ ਅਜਿਹੇ ਧਰਮ ਵੀ ਹਨ ਜੋ ਪ੍ਰਮਾਤਮਾਂ ਦੀ ਹੋਂਦ ਤੋਂ ਮੁਨਕਰ ਹਨ। ਜਿਵੇਂ ਜਿਵੇਂ ਨਵੇਂ ਧਰਮ ਹੋਂਦ ਵਿੱਚ ਆਉਂਦੇ ਗਏ ਉਵੇਂ ਉਵੇਂ ਧਰਮਾਂ ਦੇ ਨੇਮਾਂ ਵਿੱਚ ਵੀ ਲਚਕੀਲਾਪਣ ਆਉਂਦਾ ਗਿਆ। ਇਹ ਵਰਤਾਰਾ ਅੱਜ ਵੀ ਅਸੀਂ ਵੇਖ ਸਕਦੇ ਹਾਂ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਅਜਿਹੇ ਧਰਮ ਵੀ ਹੋਣ ਜਿਨ੍ਹਾਂ ਵਿੱਚ ਸਿਗਰਟ ਬੀੜੀ ਸ਼ਰਾਬ ਪੀਣ ਦੀ ਮਨਾਹੀ ਵੀ ਨਾ ਹੋਵੇ।
      ਮਨੁੱਖੀ ਇਤਿਹਾਸ 'ਤੇ ਨਜ਼ਰ ਮਾਰਿਆਂ ਪਤਾ ਚਲਦਾ ਹੈ ਕਿ ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਦਾ ਇਤਿਹਾਸ ਵੀ ਧਾਰਮਿਕ ਸੋਚ ਰੱਖਣ ਵਾਲੇ ਲੋਕਾਂ ਜਿੰਨਾ ਹੀ ਪੁਰਾਣਾ ਹੈ। ਇਹ ਗੱਲ ਵੱਖਰੀ ਹੈ ਕਿ ਧਰਤੀ 'ਤੇ ਤਰਕਸ਼ੀਲ, ਵਿਚਾਰਸ਼ੀਲ, ਵਿਗਿਆਨਕ ਸੋਚ ਰੱਖਣ ਵਾਲੇ ਲੋਕਾਂ ਦੀ ਸੰਖਿਆ ਆਮ ਲੋਕਾਂ ਨਾਲੋਂ ਹਮੇਸ਼ਾ ਘੱਟ ਰਹੀ ਹੈ ਪਰ ਇਹ ਉਹ ਲੋਕ ਹਨ ਜਿਨ੍ਹਾਂ ਦੀ ਵਿਚਾਰਧਾਰਾ ਨੂੰ ਪਹਿਲਾਂ ਨਕਾਰਿਆ ਜਾਂਦਾ ਹੈ, ਉਨ੍ਹਾਂ ਤੇ ਕਈ ਤਰ੍ਹਾਂ ਦੀ ਪਾਬੰਦੀਆਂ ਲਾਈਆਂ ਜਾਂਦੀਆਂ ਹਨ, ਪੁਰਾਣੇ ਸਮੇਂ ਦੌਰਾਨ ਅਖੌਤੀ ਧਾਰਮਿਕ ਜਮਾਤਾਂ ਵੱਲੋਂ ਉਨ੍ਹਾਂ ਤੇ ਕਈ ਤਰ੍ਹਾਂ ਦੇ ਜੁਲਮ ਢਾਹੇ ਜਾਂਦੇ ਰਹੇ ਪਰ ਬਾਅਦ ਵਿੱਚ ਇਨ੍ਹਾਂ ਮਹਾਨ ਲੋਕਾਂ ਦੀ ਵਿਚਾਰਧਾਰਾ ਦੇ ਮਨੁੱਖਤਾ ਵਾਦੀ ਪੱਖਾਂ ਨੂੰ ਹੌਲੀ ਹੌਲੀ ਅਪਣਾ ਲਿਆ ਗਿਆ।
      ਅਜਿਹੇ ਕਈ ਪੱਖਾਂ ਨੂੰ ਲੈ ਕੇ ਰੂੜੀਵਾਦੀ, ਧਾਰਮਿਕ ਅਤੇ ਅੰਧਵਿਸ਼ਵਾਸ਼ੀ ਲੋਕ ਵਿਗਿਆਨ ਅਤੇ ਵਿਗਿਆਨਕ ਵਿਚਾਰਧਾਰਾ ਦਾ ਵਿਰੋਧ ਕਰਦੇ ਹਨ। ਇਹ ਵਿਰੋਧ ਦੋ ਤਰਾਂ੍ਹ ਦਾ ਹੁੰਦਾ ਹੈ ਇੱਕ ਤਾਂ ਜਿਵੇਂ ਪਹਿਲਾਂ ਜਿਕਰ ਕੀਤਾ ਗਿਆ ਹੈ ਕਿ ਵਿਗਿਆਨਕ ਸਾਧਨਾਂ ਦੀ ਦੁਰਉਪਯੋਗ ਦੀ ਦ੍ਰਿਸ਼ਟੀ ਤੋਂ ਵਿਗਿਆਨਕ ਵਿਚਾਰਧਾਰਾ ਨੂੰ ਨਿੰਦਣਾ ਦੂਜਾ ਇਹ ਕਿ ਜਦੋਂ ਵੀ ਕਦੇ ਵਿਗਿਆਨੀਆਂ ਵੱਲੋਂ ਕੋਈ ਨਵੀਂ ਵਿਗਿਆਨਕ ਖੋਜ ਕੀਤੀ ਜਾਂਦੀ ਹੈ ਤਾਂ ਉਸ ਦਾ ਸਿਹਰਾ ਉਹਨਾਂ ਮਹਾਨ ਵਿਗਿਆਨੀਆਂ ਨੂੰ ਦੇਣ ਦੀ ਬਜਾਏ ਇਹ ਆਖ ਦਿਤਾ ਜਾਂਦਾ ਹੈ ਕਿ ਇਹ ਕਿਹੜੀ ਕੋਈ ਨਵੀਂ ਗੱਲ ਹੈ ਇਹ ਗੱਲਾਂ ਤਾਂ ਸੈਂਕੜੇ ਸਾਲ ਪਹਿਲਾਂ ਦੀਆਂ ਹੀ ਸਾਡੇ ਗ੍ਰੰਥਾਂ ਵਿੱਚ ਦਰਜ ਹਨ। ਇੱਕ ਪੜੇ ਲਿਖੇ ਮਿੱਤਰ ਨੇ ਇੱਕ ਵਾਰ ਮੈਨੂੰ ਕਿਹਾ ਕਿ ਅੱਜ ਵਿਗਿਆਨੀ ਜੋ ਪੁਲਾੜੀ ਵਾਹਣ ਅਤੇ ਰਾਕਟਾਂ ਦਾ ਪ੍ਰਯੋਗ ਕਰਦੇ ਹਨ ਇਹਨਾਂ ਉਡਣ ਸ਼ਾਸ਼ਤਰਾਂ ਦੀ ਵਰਤੋਂ ਤਾਂ ਮਹਾਂਭਾਰਤ ਦੇ ਸਮੇਂ ਆਮ ਹੁੰਦੀ ਸੀ। ਇਸੇ ਤਰ੍ਹਾਂ ਮੋਬਾਇਲ ਫੋਨ ਸਬੰਧੀ ਵੀ ਉਸ ਦੇ ਅਜਿਹੇ ਹੀ ਤਰਕ ਸਨ ਕਿ ਉਸ ਸਮੇਂ ਵੀ ਰਿਸ਼ੀ ਮੁਨੀ ਲੋਕ ਦੂਰ ਬੈਠਿਆਂ ਇੱਕ ਦੂਜੇ ਨਾਲ ਵਾਰਤਾਲਾਪ ਕਰ ਲੈਂਦੇ ਸਨ। ਪਰ ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਵਿਗਿਆਨ ਜਦੋਂ ਕੋਈ ਖੋਜ ਕਰਦਾ ਹੈ ਤਾਂ ਉਸ ਦਾ ਫਾਇਦਾ ਦੁਨੀਆਂ ਦੇ ਬਹੁਤ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਧਰਮ ਗ੍ਰੰਥਾਂ ਵਿਚਲੀਆਂ ਉਹ ਗੱਲਾਂ ਜਿਹਨਾਂ ਨੂੰ ਅੱਜ ਕੁਝ ਲੋਕਾਂ ਵੱਲੋਂ  ਵਿਗਿਆਨ ਦਾ ਆਧਾਰ ਮੰਨਿਆਂ ਉਹ ਉਸ ਸਮੇਂ ਜਾਂ ਉਹਨਾਂ ਲੋਕਾਂ ਤੱਕ ਹੀ ਸੀਮਤ ਕਿਉਂ ਰਹੀਆਂ? ਇਸ ਤਰ੍ਹਾਂ ਦੀ ਕੁਝ ਕੁ ਗੱਲਾਂ ਲਗਭਗ ਹਰ ਧਰਮ ਦੇ ਲੋਕ ਕਰਦੇ ਹਨ। ਉਨ੍ਹਾਂ ਦਾ ਮਨੋਰਥ ਇੱਕ ਤਰ੍ਹਾਂ ਨਾਲ ਵਿਗਿਆਨਕ ਕਾਢਾਂ ਨੂੰ ਈਜ਼ਾਦ ਕਰਨ ਵਾਲੇ ਲੋਕਾਂ ਮਿਹਨਤ ਦੀ ਖਿੱਲੀ ਉਡਾਉਣਾ ਅਤੇ ਪੁਰਾਤਨ ਗ੍ਰੰਥਾਂ ਸ਼ਾਸ਼ਤਰਾਂ ਦੀਆਂ ਪੁਰਾਤਨ ਕਾਲਪਨਿਕ ਕਹਾਣੀਆਂ ਨੂੰ ਵਡਿਆਉਣਾ ਹੀ ਹੁੰਦਾ ਹੈ। ਜਦਕਿ ਇਹ ਲੋਕ ਹਰ ਪਲ ਇਨ੍ਹਾਂ ਵਿਗਿਆਨਕ ਕਾਢਾ ਦਾ ਇਸਤੇਮਾਲ ਕਰ ਰਹੇ ਹੁੰਦੇ ਹਨ। ਬੈਂਜਾਮਨ ਫਰੈਂਕਲਨ ਨਾਮ ਦੇ ਵਿਗਿਆਨੀ ਨੇ ਬਿਜਲੀ ਦੀ ਕਾਢ ਕੱਢੀ ਜਿਸ ਨੇ ਮਨੁੱਖੀ ਜਿੰਦਗੀ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ। ਹੁਣ ਆਲਮ ਇਹ ਹੈ ਕਿ ਮਨੁੱਖੀ ਜਿੰਦਗੀ ਦਾ ਬਿਜਲੀ ਤੋਂ ਬਗੈਰ ਕਿਆਸ ਕਰਨਾ ਹੀ ਅਸੰਭਵ ਜਾਪਦਾ ਹੈ। ਉਹ ਲੋਕ ਜੋ ਕਹਿੰਦੇ ਹਨ ਕਿ ਵਿਗਿਆਨੀ ਜਿਹੜੀਆਂ ਖੋਜਾਂ ਅੱਜ ਕਰ ਰਹੇ ਹਨ ਇਹ ਤਾਂ ਕਈ ਸਾਲ ਪਹਿਲਾਂ ਦੀਆਂ ਹੀ ਸਾਡੇ ਸ਼ਾਸ਼ਤਰਾਂ ਵਿੱਚ ਲਿਖੀਆਂ ਹੋਈਆਂ ਹਨ ਉਨ੍ਹਾਂ ਨੂੰ ਪੁਛਣਾ ਬਣਦਾ ਹੈ ਕਿ ਬਿਜਲੀ ਦੀ ਇਹ ਕਾਢ ਕਿਸੇ ਪੁਰਾਤਨ ਗ੍ਰੰਥ ਦੇ ਕਿਹੜੇ ਪੰਨੇ ਤੇ ਲਿਖੀ ਹੋਈ? ਜਿੱਥੋ ਪਤਾ ਲਗਾਇਆ ਜਾ ਸਕਦਾ ਹੋਵੇ ਕਿ ਫਲਾਣੇ ਫਲਾਣੇ ਪੁਰਜੇ ਫਿੱਟ ਕਰਕੇ ਟ੍ਰਾਂਸਫਾਰਮਰ ਤੇ ਬਿਜਲੀ ਪੈਦਾ ਕਰਨ ਵਾਲੀਆਂ ਟਰਬਾਈਨਾਂ ਬਣਾਈਆਂ ਜਾ ਸਕਦੀਆਂ ਹਨ।
        ਇਸੇ ਤਰ੍ਹਾਂ ਲੂਈਸ ਪਾਸਚਰ (ਸੰਨ 1822) ਨੇ ਸੂਖਮ ਜੀਵਾਂ ਦੀ ਖੋਜ ਕਰਕੇ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਕਿ ਸਾਡੇ ਆਲੇ ਦੁਆਲੇ ਸੂਖਮ ਜੀਵਾਂ ਦੀ ਇੱਕ ਦੁਨੀਆਂ ਹੈ ਜੋ ਸਾਡੀ ਜਿੰਦਗੀ ਦੇ ਨਾਲ ਨਾਲ ਸਾਡੇ ਆਲੇ ਦੁਆਲੇ ਨੂੰ ਪ੍ਰਭਾਵਿਤ ਕਰਦੀ ਹੈ। ਉਸ ਦੀ ਜਿਵਾਣੂਆਂ, ਵਿਸ਼ਾਣੂਆਂ ਅਤੇ ਕੀਟਾਣੂਆਂ ਦੀ ਖੋਜ ਤੋਂ ਬਾਅਦ ਹਰ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਨਵੇਂ ਸਿਰਿਓ ਸਮਝਿਆ ਗਿਆ ਤੇ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਜਿਹਨਾਂ ਦੇ ਕਾਰਨ ਪਹਿਲਾਂ ਕਿਸੇ ਕੁਦਰਤੀ ਕਰੋਪੀ ਜਾਂ ਕਿਸੇ ਦੇਵੀ ਦੇਵਤੇ ਦੀ ਨਰਾਜਗੀ ਮੰਨਿਆ ਜਾਂਦਾ ਸੀ 'ਤੇ ਕਾਬੂ ਪਾਉਣ ਵਿੱਚ ਸਫਲਤਾ ਹਾਸਲ ਕੀਤੀ ਜਾ ਸਕੀ। ਇਸ ਤੋਂ ਪਹਿਲਾਂ ਚਿਕਨ ਪੌਕਸ, ਹੈਜਾ, ਮਲੇਰੀਏ ਜਿਹੀਆਂ ਕਈ ਬਿਮਾਰੀਆਂ ਸਨ ਜਿਹਨਾਂ ਨਾਲ ਕਈ ਵਾਰ ਏਨੇ ਲੋਕ ਮਰਦੇ ਸਨ ਕਿ ਪਿੰਡਾਂ ਦੇ ਪਿੰਡ ਖਾਲੀ ਹੋ ਜਾਂਦੇ ਸਨ। ਅੱਜ ਜਿਹੜੇ ਲੋਕ ਇਹ ਕਹਿੰਦੇ ਕਿ ਵਿਗਿਆਨਕ ਲੱਭਤਾਂ ਗ੍ਰੰਥਾਂ ਸ਼ਾਸ਼ਤਰਾਂ ਵਿੱਚ ਪਹਿਲਾਂ ਹੀ ਮੌਜੂਦ ਹਨ ਉਹਨਾਂ ਨੂੰ ਦੱਸਣਾਂ ਚਾਹੀਦਾ ਹੈ ਕੀ ਉਦੋਂ ਇਨ੍ਹਾਂ ਬਿਮਾਰੀਆਂ ਦੇ ਬਚਾਅ ਲਈ ਇਹਨਾਂ ਗ੍ਰੰਥਾਂ ਸ਼ਾਸ਼ਤਰਾਂ ਨੂੰ ਪੜਿਆ ਨਹੀਂ ਸੀ ਜਾਂਦਾ? ਬਿਮਾਰੀਆਂ ਮਹਾਂਮਾਰੀਆਂ ਦੇ ਬਚਾਅ ਲਈ ਲੋਕ ਜੰਤਰ ਮੰਤਰ ਕਰਵਾਉਂਦੇ। ਬੇਰੀਆਂ ਤੇ ਕੱਚੀਆਂ ਲੱਸੀਆਂ ਪਾਉਂਦੇ ਪਰ ਬਿਮਾਰੀਆਂ ਹਰ ਸਾਲ ਫਿਰ ਵੀ ਫੈਲਦੀਆਂ ਰਹਿੰਦੀਆਂ ਤੇ ਲੋਕ ਮਰਦੇ ਰਹਿੰਦੇ ਸਨ। ਇਸ ਸਿਲਸਿਲਾ ਹਜਾਰਾਂ ਸਾਲਾਂ ਤੋਂ ਚੱਲਿਆ ਆ ਰਿਹਾ ਸੀ। ਧਰਮ ਇਹਨਾਂ ਬਿਮਾਰੀਆਂ ਮਹਾਂਮਾਰੀਆਂ ਅੱਗੇ ਬੇਵੱਸ ਸੀ। ਐਡਵਰਡ ਜੈਨਰ (ਸੰਨ1749) ਨਾਮ ਦੇ ਵਿਗਿਆਨੀ ਦੀ ਚੇਚਕ ਦੇ ਟੀਕੇ ਦੀ ਖੋਜ ਨੇ ਇਸ ਬਿਮਾਰੀ ਤੇ ਕਾਬੂ ਪਾ ਲਿਆ। ਇਸੇ ਤਰਾਂ ਮੈਡਮ ਮੈਰੀ ਕਿਊਰੀ (ਸੰਨ1867) ਦੀ ਐਕਸ-ਰੇ ਦੀ ਕਾਢ ਨਾਲ ਡਾਕਟਰੀ ਵਿਗਿਆਨ ਦੇ ਖੇਤਰ ਵਿੱਚ ਇੰਕਲਾਬ ਆਇਆ।
      ਐਕਸ-ਰੇ ਕਿਰਨਾਂ 'ਤੇ ਲਗਾਤਾਰ ਕੰਮ ਕਰਦਿਆਂ ਇਨ੍ਹਾਂ ਕਿਰਨਾਂ ਨਾਲ ਉਨ੍ਹਾਂ ਦਾ ਸਰੀਰ ਰੋਗੀ ਹੋ ਗਿਆ। ਹੁਣ ਇਨ੍ਹਾਂ ਮਹਾਨ ਲੋਕਾਂ ਦੀ ਘਾਲਣਾ ਨੂੰ ਅਸੀਂ ਇਹ ਕਹਿ ਕੇ ਖਿੱਲੀ ਉਡਾਈਏ ਕਿ ਇਹ ਗੱਲਾਂ ਤਾਂ ਪਹਿਲਾਂ ਹੀ ਸਾਡੇ ਗ੍ਰੰਥਾਂ ਵਿੱਚ ਦਰਜ ਹਨ ਅਤੇ ਇਨ੍ਹਾਂ ਦਾ ਲਾਹਾ ਵੀ ਲੈਂਦੇ ਰਹੀਏ ਤਾਂ ਇਸ ਤੋਂ ਵੱਡੀ ਕਮੀਨਗੀ ਕੀ ਹੋ ਸਕਦੀ ਹੈ ਭਲਾ? ਇਹ ਅਫਸੋਸ ਉਦੋਂ ਜਿਆਦਾ ਹੁੰਦਾ ਹੈ ਜਦੋਂ ਪੜੇ ਲਿਖੇ ਬੁੱਧੀਜੀਵੀ ਕੈਟਾਗਿਰੀ ਦੇ ਲੋਕ ਧੱਕੇ ਨਾਲ ਹੀ ਧਰਮ ਅਤੇ ਵਿਗਿਆਨ ਨੂੰ ਰਲਗੱਡ ਕਰਨ ਦੀ ਅਸਫਲ ਕੋਸ਼ਿਸ਼ ਕਰਦੇ ਹਨ। ਮਨੁੱਖ ਜਾਤੀ ਸਾਹਮਣੇ ਅੱਜ ਵੀ ਅਨੇਕਾਂ ਸਮੱਸਿਆਵਾਂ ਹਨ ਜਿਵੇਂ ਪ੍ਰਦੂਸ਼ਣ, ਗਰੀਬੀ, ਤਾਪਮਾਨ ਦਾ ਵਾਧਾ, ਊਰਜਾ ਸਰੋਤਾਂ ਦਾ ਖਾਤਮਾਂ ਆਦਿ ਜੋ ਲੋਕ ਇਹ ਕਹਿੰਦੇ ਹਨ ਸਭ ਸਮੱਸਿਆਵਾਂ ਦੇ ਹੱਲ ਧਰਮ ਗ੍ਰੰਥਾਂ ਵਿੱਚ ਹਨ ਉਨ੍ਹਾਂ ਨੂੰ ਚਾਹੀਦਾ ਹੈ ਕਿ ਮਨੁੱਖ ਜਾਤੀ ਦੀਆਂ ਇਨ੍ਹਾਂ ਸਮੱਸਿਆਵਾਂ ਦਾ ਹੱਲ ਧਾਰਮਿਕ ਗ੍ਰੰਥਾਂ ਵਿੱਚੋਂ ਲੱਭ ਕੇ ਦੱਸਣੇ ਚਾਹੀਦੇ ਹਨ?
      ਦੂਜੇ ਪਾਸੇ ਧਰਮ ਮਹੱਤਤਾ ਨੂੰ ਵੀ ਕਿਸੇ ਤਰ੍ਹਾਂ ਘਟਾ ਨਹੀਂ ਵੇਖਿਆ ਜਾ ਸਕਦਾ ਵੱਖ ਵੱਖ ਸਮੇਂਆਂ ਤੇ ਵੱਖ ਵੱਖ ਧਾਰਮਿਕ ਕਈ ਧਾਰਮਿਕ ਸ਼ਖਸ਼ੀਅਤਾਂ ਨੇ ਸਮਾਜ ਦੀ ਸੁਚੱਜੀ ਅਗਵਾਈ ਕੀਤੀ ਜਿਸ ਨਾਲ ਵੱਡੇ ਇਨਕਲਾਬ ਆਏ ਅਤੇ ਸਮਾਜਿਕ ਕੁਰੀਤੀਆਂ ਦੇ ਖਿਲਾਫ ਵੀ ਆਵਾਜਾਂ ਉੱਠੀਆਂ।
        ਅੱਜ ਅਸੀਂ ਆਪਣੀ ਰੋਜਾਨਾ ਜਿੰਦਗੀ ਵਿੱਚ ਜਿਹਨਾਂ ਚੀਜ਼ਾਂ ਦਾ ਉਪਯੋਗ ਕਰਦੇ ਹਾਂ ਉਹਨਾਂ 'ਚੋਂ ਬਹੁਤੀਆਂ ਵਿਗਿਆਨ ਦੀਆਂ ਪੈਦਾ ਕੀਤੀਆਂ ਹੋਈਆਂ ਹਨ। ਆਪਣੀ ਜ਼ਿੰਦਗੀ ਦੀ ਗੱਡੀ ਨੂੰ ਵਧੀਆ ਅਤੇ ਸੁਖਾਲਾ ਚਲਾਉਣ ਲਈ ਅਸੀਂ ਪੈਰ ਪੈਰ ਤੇ ਇਹਨਾਂ ਸਾਧਨਾਂ ਦੀ ਮਦਦ ਲੈਂਦੇ ਹਾਂ। ਪਰ ਅਫਸੋਸ ਅਸੀਂ ਆਪਣੀ ਸੋਚ ਨੂੰ ਵਿਗਿਆਨਕ ਨਹੀਂ ਬਣਾ ਸਕੇ। ਕੀ ਕਦੇ ਉਹ ਦਿਨ ਆਏਗਾ ਜਦੋਂ ਬੈਜਾਮਨ ਫਰੈਂਕਲ ਜਿਹੇ ਮਹਾਨ ਵਿਗਿਆਨੀਆਂ ਜਿਹਨਾਂ ਨੇ ਚਮਤਕਾਰੀ ਖੋਜਾਂ ਕਰਕੇ ਮਨੁੱਖੀ ਇਤਿਹਾਸ ਵਿੱਚ ਇਨਕਲਾਬ ਲਿਆਂਦਾ ਦੀਆਂ ਤਸਵੀਰਾਂ ਵੀ ਸਾਡੇ ਘਰਾਂ ਦਾ ਸ਼ਿੰਗਾਰ ਹੋਣਗੀਆਂ?

ਸੰਪਰਕ : 98550 51099

12 Nov. 2018

ਆਓ, ਮਨਾਂ ਅੰਦਰ ਪਸਰੇ ਹਨੇਰ ਨੂੰ ਦੂਰ ਕਰਨ ਦਾ ਯਤਨ ਕਰੀਏ - ਗੁਰਚਰਨ ਸਿੰਘ ਨੂਰਪੁਰ

ਤਿਉਹਾਰ ਜ਼ਿੰਦਗੀ ਵਿਚ ਖੇੜਾ ਲਿਆਉਣ ਦਾ ਜ਼ਰੀਆ ਹੁੰਦੇ ਹਨ। ਲੋਹੜੀ, ਮਾਘੀ, ਵਿਸਾਖੀ, ਦੀਵਾਲੀ ਉੱਤਰੀ ਭਾਰਤ ਦੇ ਅਜਿਹੇ ਤਿਉਹਾਰ ਹਨ ਜਿਨ੍ਹਾਂ ਨੂੰ ਸਭ ਵਰਗਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ। ਸਾਡੇ ਕੁਝ ਲੋਕ ਇਨ੍ਹਾਂ ਸਭ ਤਿਉਹਾਰਾਂ ਨੂੰ ਭਾਵੇਂ ਧਾਰਮਿਕ ਅਕੀਦਿਆਂ ਨਾਲ ਜੋੜ ਕੇ ਵੇਖਦੇ ਹਨ ਪਰ ਇਨ੍ਹਾਂ ਦਾ ਜ਼ਿਆਦਾ ਸਬੰਧ ਰੁੱਤ ਚੱਕਰ ਅਤੇ ਬੀਜਣ ਵਾਲੀਆਂ ਫ਼ਸਲਾਂ ਨਾਲ ਹੁੰਦਾ ਹੈ। ਹਰ ਖਿੱਤੇ ਦੇ ਲੋਕਾਂ ਦਾ ਇਕ ਸੱਭਿਆਚਾਰਕ ਪਿਛੋਕੜ ਹੁੰਦਾ ਹੈ। ਸਾਡੇ ਲੋਕ ਬੇਸ਼ੱਕ ਵੱਖ-ਵੱਖ ਜਾਤਾਂ ਮਜ਼੍ਹਬਾਂ ਨਾਲ ਸਬੰਧ ਰੱਖਦੇ ਹਨ ਪਰ ਇਸ ਦੇ ਬਾਵਜੂਦ ਸਾਡੇ ਲੋਕਾਂ ਦੀ ਇਕ ਸੱਭਿਆਚਾਰਕ ਸਾਂਝ ਵੀ ਹੈ। ਤਿਉਹਾਰ ਸਾਡੀ ਸੱਭਿਆਚਾਰਕ ਸਾਂਝ ਨੂੰ ਦਰਸਾਉਂਦੇ ਹਨ।
   ਅਜੋਕੇ ਬੇਢੰਗੇ ਵਿਕਾਸ 'ਤੇ ਚਲਦਿਆਂ ਅਸੀਂ ਜਿਸ ਪੜਾਅ ਤੱਕ ਪਹੁੰਚੇ ਹਾਂ ਇੱਥੇ ਸਾਨੂੰ ਮੇਲਿਆਂ ਤਿਉਹਾਰਾਂ ਨੂੰ ਮਨਾਉਣ ਦੇ ਮੌਜੂਦਾ ਢੰਗ-ਤਰੀਕਿਆਂ ਬਾਰੇ ਗੰਭੀਰ ਸੋਚ ਵਿਚਾਰ ਕਰਨ ਦੀ ਲੋੜ ਹੈ। ਸਮੇਂ ਦੇ ਬੀਤਣ ਨਾਲ ਤਿਉਹਾਰਾਂ ਸਬੰਧੀ ਸਾਡੇ ਅੰਦਰ ਇਕ ਸਲੀਕਾ ਪੈਦਾ ਹੋਣਾ ਚਾਹੀਦਾ ਸੀ ਪਰ ਇਸ ਤੋਂ ਉਲਟ ਅਸੀਂ ਵਿਖਾਵਾ ਕਰਨ ਲਈ ਫਜ਼ੂਲ ਖਰਚੇ, ਵਾਤਾਵਰਨ ਪ੍ਰਦੂਸ਼ਣ ਵਰਗੀਆਂ ਕਈ ਤਰ੍ਹਾਂ ਦੀਆਂ ਕੁਰੀਤੀਆਂ ਇਨ੍ਹਾਂ ਨਾਲ ਜੋੜ ਦਿੱਤੀਆਂ ਹਨ ਜੋ ਨਹੀਂ ਹੋਣੀਆਂ ਚਾਹੀਦੀਆਂ ਸਨ। ਤਿਉਹਾਰਾਂ ਦੌਰਾਨ ਹਰ ਸਾਲ ਕਈ ਅਣਸੁਖਾਵੀਆਂ ਘਟਨਾਵਾਂ ਵੀ ਵਾਪਰਦੀਆਂ ਹਨ ਜਿਨ੍ਹਾਂ ਵਿਚ ਵੱਡੇ ਪੱਧਰ 'ਤੇ ਜਾਨੀ ਅਤੇ ਮਾਲੀ ਨੁਕਸਾਨ ਹੋਣ ਲੱਗ ਪਿਆ ਹੈ। ਪਿਛਲੇ ਦਿਨੀਂ ਅੰਮ੍ਰਿਤਸਰ ਵਿਖੇ ਦੁਸਹਿਰੇ ਦੌਰਾਨ ਹੋਈ ਦੁਰਘਟਨਾ ਵਿਚ 60 ਲੋਕ ਜਾਨਾਂ ਗਵਾ ਬੈਠੇ। ਜੇਕਰ ਸੂਝ ਸਮਝ ਤੋਂ ਕੰਮ ਲਿਆ ਜਾਵੇ ਤਾਂ ਅਜਿਹੀਆਂ ਦੁਖਦਾਈ ਘਟਨਾਵਾਂ ਨੂੰ ਰੋਕਿਆ ਵੀ ਜਾ ਸਕਦਾ ਹੈ। ਸਾਡੇ ਦੇਸ਼ ਦੇ ਲੋਕ ਅਤੇ ਪ੍ਰਸ਼ਾਸਕੀ ਢਾਂਚੇ ਦੀ ਇਹ ਵੱਡੀ ਕਮਜ਼ੋਰੀ ਹੈ ਕਿ ਅਸੀਂ ਬੀਤੇ ਤੋਂ ਕੁਝ ਨਹੀਂ ਸਿੱਖਦੇ। ਚਾਹੀਦਾ ਤਾਂ ਇਹ ਹੈ ਕਿ ਜੇਕਰ ਕਿਤੇ ਕੋਈ ਦੁਰਘਟਨਾ ਵਾਪਰਦੀ ਹੈ, ਉਸ ਦੇ ਕਾਰਨਾਂ ਨੂੰ ਸਮਝ ਕੇ ਉਸ ਸਬੰਧੀ ਜ਼ਰੂਰੀ ਸੋਧ ਕਰਕੇ ਕੁਝ ਨਵੇਂ ਨਿਯਮ ਬਣਾਏ ਜਾਣ ਤਾਂ ਕਿ ਅੱਗੇ ਤੋਂ ਅਜਿਹੀ ਘਟਨਾ ਵਾਪਰਨ ਦੀ ਗੁੰਜਾਇਸ਼ ਹੀ ਨਾ ਰਹੇ। ਪਰ ਸਾਡੇ ਦੇਸ਼ ਵਿਚ ਧਰਮ ਅਸਥਾਨਾਂ 'ਤੇ ਜੁੜੀਆਂ ਭੀੜਾਂ ਹਰ ਸਾਲ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ ਹਨ, ਹਰ ਸਾਲ ਤਿਉਹਾਰਾਂ ਦੌਰਾਨ ਵੱਡੇ ਹਾਦਸੇ ਵਾਪਰਦੇ ਹਨ, ਪਟਾਕਾ ਫੈਕਟਰੀਆਂ ਵਿਚ ਅੱਗਾਂ ਲੱਗਣ ਨਾਲ ਹਰ ਸਾਲ ਲੋਕ ਮਰਦੇ ਹਨ, ਪਰ ਅਜਿਹੇ ਵਰਤਾਰੇ ਜਾਰੀ ਰਹਿੰਦੇ ਹਨ।
      ਹਰ ਸਾਲ ਰਾਵਣ ਦੇ ਬੁੱਤ ਨੂੰ ਅੱਗ ਲਾ ਕੇ ਫੂਕਿਆ ਜਾਂਦਾ ਹੈ। ਹਰ ਸਾਲ ਰਾਵਣਾਂ ਦੇ ਬੁੱਤਾਂ ਦੀ ਉਚਾਈ ਤੇ ਗਿਣਤੀ ਵਧਦੀ ਜਾਂਦੀ ਹੈ। ਇਸ ਤਿਉਹਾਰ ਨੂੰ ਬਦੀ 'ਤੇ ਨੇਕੀ ਦੀ ਜਿੱਤ ਵਜੋਂ ਮਨਾਇਆ ਜਾਦਾ ਹੈ। ਹਰ ਸਾਲ ਰਾਵਣ ਦੇ ਬੁੱਤ ਬਣਾਉਣ ਲਈ ਹਜ਼ਾਰਾਂ ਹੀ ਰੁੱਖਾਂ ਦੀ ਬਲੀ ਚੜ੍ਹਦੀ ਹੈ। ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ, ਕੀ ਹਜ਼ਾਰਾਂ ਟਨ ਲੱਕੜੀ ਅਤੇ ਕਾਗਜ਼ ਨੂੰ ਅੱਗ ਹਵਾਲੇ ਕਰਕੇ, ਵਾਤਾਵਰਨ ਨੂੰ ਗੰਦਾ ਕਰਕੇ ਅਸੀਂ ਕਿਹੜੀ ਨੇਕੀ ਕਰ ਰਹੇ ਹਾਂ? ਸਾਨੂੰ ਆਪਣੀ ਨੌਜਵਾਨ ਪੀੜ੍ਹੀ ਨੂੰ ਇਹ ਦੱਸਣ ਦੀ ਲੋੜ ਹੈ ਜੀਵਨ ਰੱਖਿਅਕ ਰੁੱਖਾਂ, ਜਿਨ੍ਹਾਂ ਤੋਂ ਸਾਨੂੰ ਲੱਕੜੀ ਅਤੇ ਕਾਗਜ਼ ਹਾਸਲ ਹੁੰਦਾ ਹੈ, ਦੀ ਸਾਨੂੰ ਕਦਰ ਕਰਨੀ ਚਾਹੀਦੀ ਹੈ। ਜਦੋਂ ਰਾਵਣ ਦੇ ਉੱਚੇ ਲੰਮੇ ਪੁਤਲੇ ਸੜਦੇ ਹਨ ਤਾਂ ਇਹ ਲੰਕਾ ਪਤੀ ਰਾਵਣ ਨਹੀਂ ਬਲਕਿ ਸਾਡੀ ਧਰਤੀ ਦੇ ਹਜ਼ਾਰਾਂ ਰੁੱਖ ਬਲ ਰਹੇ ਹੁੰਦੇ ਹਨ, ਸੜ ਰਹੇ ਹੁੰਦੇ ਹਨ। ਹੁਣ ਲੋੜ ਹੈ ਅਸੀਂ ਅਜਿਹੀਆਂ ਰਹੁਰੀਤਾਂ ਨੂੰ ਪ੍ਰਤੀਕ ਵਜੋਂ ਮਨਾਈਏ। ਹਕੀਕਤ ਇਹ ਹੈ ਕਿ ਸਾਡੇ ਸਮਾਜ ਵਿਚ ਵਿਖਾਵੇ ਦੀ ਮਨੋਬਿਰਤੀ ਲਗਾਤਾਰ ਵਧ ਰਹੀ ਹੈ। ਮਕਾਨ ਉੱਚੇ ਹੋ ਰਹੇ ਹਨ ਸਾਡੀਆਂ ਸੋਚਾਂ ਬੌਣੀਆਂ ਹੋ ਰਹੀਆਂ ਹਨ। ਸਮਾਜ ਵਲੋਂ ਵਿਖਾਵੇ ਸੱਭਿਅਕ ਹੋਣ ਦੇ ਕੀਤੇ ਜਾ ਰਹੇ ਹਨ ਪਰ ਕਿਰਦਾਰ ਗਵਾਚ ਰਹੇ ਹਨ।
      ਦੀਵਾਲੀ ਸਾਡੇ ਭਾਰਤੀਆਂ ਦਾ ਇਕ ਵੱਡਾ ਤਿਉਹਾਰ ਹੈ ਜਿਸ ਨੂੰ ਸਭ ਵਰਗਾਂ ਦੇ ਲੋਕ ਮਿਲ ਕੇ ਮਨਾਉਂਦੇ ਹਨ। ਦੀਵਾਲੀ ਦੀਵਿਆਂ ਦਾ ਤਿਉਹਾਰ ਹੈ। ਹੁਣ ਅਸੀਂ ਇਸ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਆਖਣ ਲੱਗ ਪਏ ਹਾਂ। ਦਹਾਕਾ ਪਹਿਲਾਂ ਇਸ ਤਿਉਹਾਰ ਨੂੰ ਮਨਾਉਣ ਦੀਆਂ ਤਿਆਰੀਆਂ ਕਈ ਦਿਨ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਹਨ। ਘਰਾਂ ਵਿਚ ਸਫ਼ਾਈਆਂ ਕੀਤੀਆਂ ਜਾਂਦੀਆਂ ਹਨ। ਘਰਾਂ ਦੁਕਾਨਾਂ ਨੂੰ ਰੰਗ ਰੋਗਨ ਕਰਕੇ ਸਜਾਇਆ ਜਾਂਦਾ ਹੈ। ਸਾਡੀਆਂ ਮਾਵਾਂ ਦਾਦੀਆਂ ਇਸ ਦਿਨ ਜਗਾਉਣ ਵਾਲੇ ਦੀਵੇ ਕਈ ਦਿਨ ਪਹਿਲਾਂ ਹੀ ਖਰੀਦ ਕੇ ਰੱਖ ਲੈਂਦੀਆਂ ਸਨ। ਇਨ੍ਹਾਂ ਦੀਵਿਆਂ ਨੂੰ ਪਾਣੀ ਵਿਚ ਡੁਬੋਇਆ ਜਾਂਦਾ ਸੀ ਤਾਂ ਕਿ ਇਹ ਤੇਲ ਘੱਟ ਪੀਣ। ਗਾਵਾਂ, ਮੱਝਾਂ, ਬਲਦਾਂ ਦੇ ਗਲਾਂ ਲਈ ਟੱਲੀਆਂ ਗਾਨੀਆਂ ਖਰੀਦੀਆਂ ਜਾਂਦੀਆਂ ਸਨ। ਘਰਾਂ ਵਿਚ ਵੰਨ-ਸੁਵੰਨੇ ਪਕਵਾਨ ਬਣਾਏ ਅਤੇ ਖਾਧੇ ਜਾਂਦੇ ਸਨ। ਦੀਵਾਲੀ ਵਾਲੇ ਦਿਨ ਬਨੇਰਿਆਂ 'ਤੇ ਦੀਪ ਮਾਲਾ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਇਸ ਦਿਨ ਆਪਣੇ ਵੱਡੇ ਵਡੇਰਿਆਂ ਦੀ ਯਾਦ ਤਾਜ਼ਾ ਕਰਨ ਲਈ ਉਨ੍ਹਾਂ ਦੀ ਯਾਦ ਵਿਚ ਵੀ ਦੀਵਾ ਜਗਾ ਧਰਿਆ ਜਾਂਦਾ ਸੀ। ਖੇਤਾਂ ਖੂਹਾਂ 'ਤੇ ਵੀ ਰੌਸ਼ਨੀ ਦੇ ਪ੍ਰਤੀਕ ਦੀਵੇ ਨੂੰ ਬਾਲ ਕੇ ਰੱਖਿਆ ਜਾਂਦਾ ਸੀ। ਇਹ ਸਭ ਕੁਝ ਬੜੇ ਸਲੀਕੇ ਨਾਲ ਕੀਤਾ ਜਾਂਦਾ ਸੀ। ਪਰ ਅੱਜ ਇਹ ਤਿਉਹਾਰ ਵੱਡੀ ਪੱਧਰ 'ਤੇ ਪ੍ਰਦੂਸ਼ਣ ਫੈਲਾਉਣ ਦਾ ਕਾਰਨ ਬਣ ਗਿਆ ਹੈ।
      ਉੱਤਰੀ ਭਾਰਤ ਵਿਚ ਅੰਮ੍ਰਿਤਸਰ ਦੀ ਦੀਵਾਲੀ ਪ੍ਰਸਿੱਧ ਹੈ। ਸਾਡੀ ਲੋਕਧਾਰਾ ਵਿਚ 'ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ' ਨਾਲ ਇਸ ਦੀ ਮਹਾਨਤਾ ਨੂੰ ਦਰਸਾਇਆ ਗਿਆ ਹੈ। ਬੇਸ਼ੱਕ ਪੂਰੇ ਦੇਸ਼ ਵਿਚ ਦੀਵਾਲੀ ਧੂਮ ਧਾਮ ਨਾਲ ਮਨਾਈ ਜਾਂਦੀ ਹੈ ਪਰ ਅੰਮ੍ਰਿਤਸਰ ਦੀ ਦਿਵਾਲੀ ਵੇਖਣ ਯੋਗ ਹੁੰਦੀ ਹੈ। ਇਸ ਦਿਨ ਸ੍ਰੀ ਦਰਬਾਰ ਸਹਿਬ ਵਿਚ ਦੀਪਮਾਲਾ ਹੁੰਦੀ ਹੈ। ਆਤਿਸ਼ਬਾਜ਼ੀ ਚਲਾਈ ਜਾਂਦੀ ਹੈ। ਵੱਡੀ ਗਿਣਤੀ ਵਿਚ ਸੰਗਤਾਂ ਇਸ ਨਜ਼ਾਰੇ ਨੂੰ ਵੇਖਣ ਲਈ ਪੁੱਜਦੀਆਂ ਹਨ।
       ਹਿੰਦੂ ਧਰਮ ਵਿਚ ਦਿਵਾਲੀ ਦਾ ਸਬੰਧ ਸ੍ਰੀ ਰਾਮ ਚੰਦਰ ਜੀ ਉਨ੍ਹਾਂ ਦੇ ਭਰਾ ਲਕਸ਼ਮਣ ਅਤੇ ਸੀਤਾ ਦੇ ਅਯੁੱਧਿਆ ਵਾਪਸ ਆਉਣ ਦੀ ਖੁਸ਼ੀ ਵਿਚ ਕੀਤੀ ਗਈ ਦੀਪ ਮਾਲਾ ਨਾਲ ਹੈ। ਸਿੱਖ ਧਰਮ ਵਿਚ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਜੀ ਦੇ ਬਾਈ ਧਾਰ ਦੇ ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋ ਕੇ ਆਉਣ ਦੀ ਖੁਸ਼ੀ ਵਿਚ ਕੀਤੀ ਗਈ ਦੀਪਮਾਲਾ ਨਾਲ ਇਸ ਦਾ ਸਬੰਧ ਜੋੜਿਆ ਜਾਂਦਾ ਹੈ। ਇਨ੍ਹਾਂ ਦੋਵਾਂ ਘਟਨਾਵਾਂ ਦੀ ਖੁਸ਼ੀ ਮਨਾਉਂਦਿਆਂ ਲੋਕਾਂ ਨੇ ਦੀਪਮਾਲਾ ਕੀਤੀ ਹੋਵੇਗੀ ਪਰ ਆਤਿਸ਼ਬਾਜ਼ੀ ਨਹੀਂ। ਪਟਾਕਿਆਂ ਅਤੇ ਬਾਰੂਦ ਦੀ ਖੋਜ ਯੂਰਪ ਵਿਚ ਹੋਈ ਅਤੇ ਇਨ੍ਹਾਂ ਦੀ ਵਰਤੋਂ ਜੰਗਲੀ ਪੰਛੀਆਂ/ਜਾਨਵਰਾਂ ਤੋਂ ਫ਼ਸਲਾਂ ਨੂੰ ਬਚਾਉਣ ਅਤੇ ਦੂਰ ਭਜਾਉਣ ਲਈ ਕੀਤੀ ਜਾਂਦੀ ਸੀ। ਅਤਿਸ਼ਬਾਜ਼ੀ ਦਾ ਸਬੰਧ ਸਾਡੇ ਕਿਸੇ ਵੀ ਤਿਉਹਾਰ ਨਾਲ ਨਹੀਂ ਜੁੜਦਾ। ਪਰ ਅਸੀਂ ਦੇਖਦੇ ਹਾਂ ਕਿ ਇਸ ਦਿਨ ਪੂਰੇ ਦੇਸ਼ ਵਿਚ ਲੱਖਾਂ ਨਹੀਂ ਕਰੋੜਾਂ ਰੁਪਏ ਦੇ ਪਟਾਕੇ ਫੂਕ ਕੇ ਹਵਾ ਪਾਣੀ ਅਤੇ ਆਵਾਜ਼ ਦਾ ਪ੍ਰਦੂਸ਼ਣ ਫੈਲਾਇਆ ਜਾਂਦਾ ਹੈ। ਹੁਣ ਇਨ੍ਹਾਂ ਨੂੰ ਦੀਵਾਲੀ ਤੋਂ ਇਲਾਵਾ ਵਿਆਹਾਂ ਸ਼ਾਦੀਆਂ, ਜਿੱਤ ਦੇ ਜਸ਼ਨਾਂ, ਝਾਕੀਆਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ ਅਤੇ ਗੁਰਪੁਰਬਾਂ 'ਤੇ ਚਲਾਉਣ ਦਾ ਰਿਵਾਜ ਆਮ ਪ੍ਰਚੱਲਿਤ ਹੋ ਗਿਆ ਹੈ। ਧਰਮ ਅਸਥਾਨ ਜਿਨ੍ਹਾਂ ਤੋਂ ਸਾਨੂੰ ਅਮਨ ਸ਼ਾਂਤੀ ਦਾ ਪੈਗਾਮ ਮਿਲਦਾ ਹੈ। ਉਹ ਧਰਮ ਅਸਥਾਨ ਜੋ ਸਾਨੂੰ : ਬਲਿਹਾਰੀ ਕੁਦਰਤ ਵਸਿਆ॥ ਅਤੇ : ਪਵਣੁ ਗੁਰੂ ਪਾਣੀ ਪਿਤਾ ਦਾ ਪੈਗਾਮ ਦਿੰਦੇ ਹਨ ਤੇ ਅਤਿਸ਼ਬਾਜ਼ੀਆਂ ਚਲਾ ਕੇ ਹਵਾ ਨੂੰ ਪਲੀਤ ਕਰਨਾ ਕੋਈ ਮਾਣਯੋਗ ਵਰਤਾਰੇ ਨਹੀਂ ਹਨ। ਸ੍ਰੀ ਦਰਬਾਰ ਸਹਿਬ ਵਿਚ ਹੁੰਦੀ ਅਤਿਸ਼ਬਾਜ਼ੀ ਨੂੰ ਪ੍ਰਦੂਸ਼ਣ ਰਹਿਤ ਆਤਿਸ਼ਬਾਜ਼ੀ ਦਾ ਨਾਂਅ ਦਿੱਤਾ ਜਾਂਦਾ ਹੈ ਆਤਿਸ਼ਬਾਜ਼ੀ ਪ੍ਰਦੂਸ਼ਣ ਰਹਿਤ ਕਿਵੇਂ ਹੋ ਸਕਦੀ ਹੈ? ਜਿਸ ਚੀਜ਼ ਨੇ ਚੱਲਣਾ ਹੈ, ਆਵਾਜ਼ ਕਰਨੀ ਹੈ, ਚਾਨਣ ਕਰਨਾ ਹੈ, ਉਸ ਨੂੰ ਊਰਜਾ ਦੀ ਲੋੜ ਹੈ ਅਤੇ ਊਰਜਾ ਲਈ ਬਾਲਣ ਦੀ ਲੋੜ ਹੁੰਦੀ ਹੈ, ਜਦੋਂ ਬਾਲਣ ਬਲੇਗਾ ਤਾਂ ਪ੍ਰਦੂਸ਼ਣ ਹੋਵੇਗਾ ਹੀ। ਸ੍ਰੀ ਦਰਬਾਰ ਸਾਹਿਬ ਵਿਖੇ ਇਸ ਦਿਨ ਪਰਿਕਰਮਾਂ ਵਿਚ ਏਨਾ ਧੂੰਆਂ ਹੋ ਜਾਂਦਾ ਹੈ ਕਿ ਉੱਥੇ ਸਾਹ ਲੈਣਾ ਵੀ ਮੁਸ਼ਕਿਲ ਜੋ ਜਾਂਦਾ ਹੈ ਇੱਥੋਂ ਤੱਕ ਕਿ ਅਗਲੇ ਦਿਨ ਤੱਕ ਵੀ ਇੱਥੇ ਪ੍ਰਦੂਸ਼ਤ ਹੋਈ ਹਵਾ ਵਿਚ ਸਾਹ ਲੈਣਾ ਔਖਾ ਹੁੰਦਾ ਹੈ ਤਾਂ ਫਿਰ ਇਹ ਸਵਾਲ ਪੈਦਾ ਹੁੰਦਾ ਹੈ ਕਿ ਇਹ ਆਤਿਸ਼ਬਾਜ਼ੀ ਪ੍ਰਦੂਸ਼ਣ ਰਹਿਤ ਕਿਵੇਂ ਹੋਈ? ਇਸ ਵਾਰ ਭਾਵੇਂ ਅੰਮ੍ਰਿਤਸਰ ਵਿਚ ਰੇਲ ਹਾਦਸਾ ਹੋਣ ਕਾਰਨ ਹਰਿਮੰਦਰ ਸਾਹਿਬ ਵਿਚ ਆਤਿਸ਼ਬਾਜ਼ੀ ਨਹੀਂ ਹੋ ਰਹੀ ਪਰ ਅਗਲੇ ਸਾਲ ਸ਼੍ਰੋਮਣੀ ਕਮੇਟੀ ਨੂੰ ਵਧ ਰਹੇ ਵਾਤਾਵਰਨ ਪ੍ਰਦੂਸ਼ਣ ਦੇ ਪੱਖ ਤੋਂ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ। ਹੁਣ ਜਦੋਂ ਹਰ ਸਾਲ ਪ੍ਰਦੂਸ਼ਣ ਦਾ ਪ੍ਰਕੋਪ ਵਧ ਰਿਹਾ ਹੈ ਫੈਕਟਰੀਆਂ, ਕਾਰਖਾਨਿਆਂ, ਭੱਠਿਆਂ, ਬੱਸਾਂ ਮੋਟਰਾਂ, ਖੇਤਾਂ ਦੀ ਰਹਿੰਦ-ਖੂੰਹਦ ਨਾਲ ਹੋਏ ਪ੍ਰਦੂਸ਼ਣ ਅਕਤੂਬਰ ਨਵੰਬਰ ਦੇ ਦਿਨਾਂ 'ਚ ਹਵਾ ਦਾ ਪ੍ਰਦੂਸ਼ਣ ਬਹੁਤ ਵਧ ਜਾਂਦਾ ਹੈ। ਦਮਾ ਸਾਹ ਅਤੇ ਦਿਲ ਦੇ ਮਰੀਜ਼ਾਂ ਦੀਆਂ ਮੌਤਾਂ ਇਨ੍ਹਾਂ ਦਿਨਾਂ ਦੌਰਾਨ ਵਧ ਜਾਂਦੀਆਂ ਹਨ। ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਤਾਂ ਹੁੰਦੀਆਂ ਸਨ ਪਰ ਵਿਕਾਸ ਦੇ ਇਸ ਮੰਜ਼ਰ ਵਿਚ ਹੁਣ ਸਕੂਲਾਂ ਵਿਚ 'ਪ੍ਰਦੂਸ਼ਿਤ ਹਵਾ ਦੀਆਂ ਛੁੱਟੀਆਂ' ਕਰਨ ਦੀ ਨੌਬਤ ਵੀ ਆਉਣ ਲੱਗ ਪਈ ਹੈ (ਜਿਵੇਂ ਪਿਛਲੇ ਸਾਲ 2017 ਵਿਚ ਕਰਨੀਆਂ ਪਈਆਂ ਸਨ)। ਇਸ ਸਭ ਕੁਝ ਲਈ ਸਾਨੂੰ ਸਭ ਨੂੰ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ। ਧਾਰਮਿਕ ਸੰਸਥਾਵਾਂ ਤੋਂ ਤਾਂ ਇਹ ਪੈਗਾਮ ਦਿੱਤਾ ਜਾਣਾ ਚਾਹੀਦਾ ਹੈ ਕਿ ਅਸੀਂ ਇਸ ਕੁਦਰਤੀ ਵਾਤਾਵਰਨ ਨੂੰ ਗੰਧਲਾ ਨਾ ਕਰੀਏ। ਇਹ ਪੈਗਾਮ ਹਰ ਪਿੰਡ ਸ਼ਹਿਰ ਦੇ ਮੁਹੱਲੇ ਦੇ ਗੁਰਦਵਾਰੇ, ਮੰਦਰ, ਮਸਜਿਦ ਤੋਂ ਦਿੱਤੇ ਜਾਣ ਦੀ ਲੋੜ ਹੈ। ਪਰ ਇੱਥੇ ਹੋ ਇਸ ਤੋਂ ਉਲਟ ਰਿਹਾ ਹੈ। ਵੱਡੇ ਧਰਮ ਅਸਥਾਨਾਂ 'ਤੇ ਬੰਬ ਪਟਾਕੇ ਚਲਾ ਕੇ ਜਦੋਂ ਅਸੀਂ ਹਵਾ ਪਲੀਤ ਕਰਦੇ ਹਾਂ ਤਾਂ ਆਖਰ ਅਸੀਂ ਇਹ ਕੀ ਸਾਬਤ ਕਰਨ ਜਾ ਰਹੇ ਹੁੰਦੇ ਹਾਂ? ਇਸ ਤੋਂ ਇਲਾਵਾ ਨਿੱਜੀ ਪ੍ਰੋਗਰਾਮਾਂ ਸਮਾਗਮਾਂ 'ਤੇ ਪਟਾਕੇ ਚਲਾਉਣ 'ਤੇ ਰੋਕ ਲਾਏ ਜਾਣ ਦੀ ਲੋੜ ਹੈ। ਸਾਨੂੰ ਮਾਨਵਵਾਦੀ ਸੋਚਾਂ ਨੂੰ ਅੱਗੇ ਵਧਾਉਣ ਦੀ ਲੋੜ ਹੈ। ਅਵਾਮ ਨੂੰ ਇਹ ਦੱਸਣ ਦੀ ਲੋੜ ਹੈ ਕਿ ਆਤਿਸ਼ਬਾਜ਼ੀ ਨਾਲ ਕੇਵਲ ਹਵਾ ਪਾਣੀ ਮਿੱਟੀ ਅਤੇ ਆਵਾਜ਼ ਦਾ ਹੀ ਪ੍ਰਦੂਸ਼ਣ ਨਹੀਂ ਹੁੰਦਾ ਇਸ ਨਾਲ ਅਸੀਂ ਰੁੱਖਾਂ ਦਾ ਕਤਲੇਆਮ ਵੀ ਕਰ ਰਹੇ ਹੁੰਦੇ ਹਾਂ। ਧਰਮ ਅਸਥਾਨਾਂ ਅਤੇ ਧਾਰਮਿਕ ਸਰਗਰਮੀਆਂ ਕਰਨ ਵਾਲੇ ਆਗੂਆਂ ਨੂੰ ਇਸ ਕਤਲੇਆਮ ਦਾ ਭਾਗੀਦਾਰ ਨਹੀਂ ਬਣਨਾ ਚਾਹੀਦਾ।
      ਗੁਰੂ ਸਹਿਬਾਨਾਂ ਦੀ ਸਿੱਖਿਆ ਵਿਖਾਵੇ ਕਰਨ ਦੀ ਸਿੱਖਿਆ ਨਹੀਂ ਸਗੋਂ ਕੁਦਰਤ ਦਾ ਸਤਿਕਾਰ ਕਰਨ ਅਤੇ ਗ਼ਰੀਬਾਂ ਮਜ਼ਲੂਮਾਂ ਦੱਬੇ ਕੁਚਲੇ ਲੋਕਾਂ ਦੇ ਹੱਕ ਵਿਚ ਖੜ੍ਹੇ ਹੋਣ ਦੀ ਸਿੱਖਿਆ ਹੈ। ਆਓ ਦੀਵਾਲੀ ਦੇ ਪਵਿੱਤਰ ਮੌਕੇ ਅਸੀਂ ਗਿਆਨ ਦੇ ਦੀਵੇ ਬਾਲੀਏ। ਆਪਣੀ ਧਰਤੀ ਮਾਂ ਪ੍ਰਤੀ ਫ਼ਿਕਰਮੰਦ ਹੋਈਏ। ਬੱਚਿਆਂ ਨੂੰ ਇਸ ਦਿਨ ਕਿਤਾਬਾਂ ਨਾਲ ਜੋੜਨ ਦਾ ਅਹਿਦ ਕਰੀਏ। ਸਾਡੇ ਮਹਾਨ ਗੁਰੂ ਸਹਿਬਾਨਾਂ ਨੇ ਸਾਨੂੰ ਹਵਾ ਮਿੱਟੀ ਪਾਣੀ ਦੀ ਕਦਰ ਕਰਨ ਦਾ ਸੁਨੇਹਾ ਦਿੱਤਾ ਸੀ ਪਰ ਅਸੀਂ ਗੁਰੂ ਸਹਿਬਾਨਾਂ ਦੇ ਗੁਰਪੁਰਬ ਪ੍ਰਭਾਤ ਫੇਰੀਆਂ ਦੌਰਾਨ ਹੀ ਬੰਬ ਪਟਾਕੇ ਚਲਾ ਕੇ ਹਵਾ ਨੂੰ ਪਲੀਤ ਕਰਨ ਲੱਗ ਪਏ ਹਾਂ। ਧਰਮ ਅਸਥਾਨਾਂ 'ਤੇ ਲੰਗਰ ਲਾਉਣ ਲਈ ਸੜਕਾਂ ਨਹਿਰਾਂ ਤੋਂ ਰੁੱਖਾਂ ਨੂੰ ਕੱਟ ਕੇ ਲਿਆਉਣ ਨੂੰ ਵੀ ਕਾਰਸੇਵਾ ਸਮਝਿਆ ਜਾਂਦਾ ਹੈ। ਸੜਕਾਂ ਤੇ ਲੰਗਰ ਲਾ ਕੇ ਕੂੜਾ ਕਰਕਟ ਖਿਲਾਰਨਾ ਆਪਣਾ ਜਨਮ ਸਿੱਧ ਅਧਿਕਾਰ ਸਮਝਣ ਲੱਗ ਪਏ ਹਾਂ। ਆਤਿਸ਼ਬਾਜ਼ੀ 'ਤੇ ਲੱਖਾਂ ਰੁਪਏ ਖਰਚ ਕਰਨ ਦੀ ਬਜਾਏ ਧਾਰਮਿਕ ਸੰਸਥਾਵਾਂ ਨੂੰ ਇਹ ਪੈਸਾ 'ਰੁੱਖ ਲਾਉਣ ਰੁੱਖ ਬਚਾਉਣ' ਤੇ ਗ਼ਰੀਬਾਂ ਦੇ ਇਲਾਜ ਕਰਨ ਵਰਗੇ ਕੰਮਾਂ ਲਈ ਵਰਤਣਾ ਚਾਹੀਦਾ ਹੈ।
    ਇਸ ਦਿਨ ਹਜ਼ਾਰਾਂ ਰੁਪਏ ਦੇ ਪਟਾਕੇ ਚਲਾਉਣ ਦੀ ਬਜਾਏ ਇਹ ਪੈਸਾ ਕਿਸੇ ਗ਼ਰੀਬ ਲੋੜਵੰਦ ਨੂੰ ਦਿਓ ਜੋ ਇਲਾਜ ਲਈ ਕਿਸੇ ਦੀ ਮਦਦ ਨੂੰ ਉਡੀਕ ਰਿਹਾ ਹੈ। ਇਸ ਦਿਨ ਆਪਣੇ ਘਰਾਂ ਵਿਚ ਲਾਇਬਰੇਰੀ ਬਣਾਉਣ ਦੀ ਸ਼ੁਰੂਆਤ ਕਰੋ। ਪਟਾਕਿਆਂ 'ਤੇ ਖਰਚ ਕਰਨ ਨਾਲੋਂ ਸਾਰੇ ਸਾਲ ਲਈ ਘਰ ਲਈ ਚੰਗੀਆਂ ਅਖਬਾਰਾਂ ਲਗਵਾਓ। ਆਓ ਹਨੇਰਿਆਂ ਖਿਲਾਫ਼ ਮਨਾਂ ਅੰਦਰ ਗਿਆਨ ਵਿਗਿਆਨ ਦੇ ਦੀਪ ਜਗਾਈਏ ਕਿਉਂਕਿ ਦੀਵਾਲੀ ਦੀਵਿਆਂ ਦਾ ਤਿਉਹਾਰ ਹੈ ਅਤੇ ਦੀਵਾ ਗਿਆਨ ਦੇ ਚਾਨਣ ਦਾ ਪ੍ਰਤੀਕ ਹੈ।

- ਜ਼ੀਰਾ, ਸੰਪਰਕ : 9855051099

ਵਿਕਾਸ ਦਾ ਭਰਮ ਸਿਰਜ ਕੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ ਸਿਆਸੀ ਦਲ - ਗੁਰਚਰਨ ਸਿੰਘ ਨੂਰਪੁਰ

ਲੋਕਾਂ ਨੂੰ 'ਵੱਡੇ ਸੁਪਨੇ' ਦਿਖਾਉਣਾ ਰਾਜਨੀਤੀ ਦਾ ਹੁਣ ਕਾਰਗਰ ਨੁਸਖਾ ਹੈ। ਇਹ ਨੁਸਖਾ 'ਰਾਜਨੀਤਕ ਭਰਮ' ਦੀ ਉਮਰ ਲੰਮੀ ਕਰਨ ਵਿਚ ਵੀ ਬੜੀ ਮਹੱਤਵਪੂਰਨ ਭੂਮਿਕਾ ਅਦਾ ਕਰਦਾ ਹੈ। ਜਿੰਨਾ ਵੱਡਾ ਕੋਈ ਸੁਪਨਸਾਜ਼ ਹੋਵੇਗਾ, ਓਨਾ ਹੀ ਵੱਡਾ ਨੇਤਾ।
ਪਿਛਲੇ ਦਿਨੀਂ ਸਵਿਸ ਬੈਂਕ ਵਲੋਂ ਹੋਏ ਖੁਲਾਸੇ, ਜਿਸ ਵਿਚ ਕਿਹਾ ਗਿਆ ਹੈ ਕਿ ਭਾਰਤੀਆਂ ਦਾ ਕਾਲਾ ਧਨ ਪਿਛਲੇ 4 ਸਾਲਾਂ ਵਿਚ 50 ਫ਼ੀਸਦੀ ਵਧ ਗਿਆ ਹੈ ਇਹ ਦਰਸਾਉਂਦਾ ਹੈ ਕਿ ਕਾਲੇ ਧਨ ਨੂੰ ਰੋਕਣਾ ਅਤੇ ਵਾਪਸ ਦੇਸ਼ ਲਿਆਉਣਾ ਇਕ ਵਿਖਾਵਾ ਹੀ ਸੀ। ਸਵਿਸ ਬੈਂਕਾਂ ਵਿਚ ਕਾਲੇ ਧਨ ਦੇ ਵਾਧੇ ਤੋਂ ਅਸੀਂ ਇਹ ਵੀ ਕਿਆਸ ਕਰ ਸਕਦੇ ਹਾਂ ਕਿ ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੌਰਾਨ ਦੇਸ਼ ਵਿਚ ਭ੍ਰਿਸ਼ਟਾਚਾਰ ਵਧਿਆ ਹੈ। ਰੁਪਏ ਦੀ ਕੀਮਤ ਵਿਚ ਗਿਰਾਵਟ ਆਈ ਹੈ। ਵਿਕਾਸ ਦੀ ਦਰ ਘਟੀ ਹੈ ਅਤੇ ਆਮ ਮਨੁੱਖ ਦੀਆਂ ਜਿਊਣ ਹਾਲਤਾਂ ਬਿਹਤਰ ਹੋਣ ਦੀ ਬਜਾਏ ਬਦਤਰ ਹੋਈਆਂ ਹਨ। ਰਾਜਨੀਤਕ ਪਾਰਟੀਆਂ ਜਦੋਂ ਸੱਤਾ ਲਈ ਚਾਰਾਜੋਈ ਕਰ ਰਹੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਹਰ ਖੇਤਰ ਵਿਚ ਲੋਕਾਂ ਦੇ ਦੁੱਖ ਦਰਦ ਮੁਸੀਬਤਾਂ ਨਜ਼ਰ ਆਉਂਦੀਆਂ ਹਨ। ਸੱਤਾ ਦੀ ਮਿਆਦ ਖ਼ਤਮ ਹੋਣ ਦੇ ਨੇੜੇ ਜਾ ਕੇ ਇਨ੍ਹਾਂ ਨੂੰ ਸਭ ਪਾਸੇ ਵਿਕਾਸ ਖੁਸ਼ਹਾਲੀ ਨਜ਼ਰ ਆਉਣ ਲੱਗ ਪੈਂਦੀ ਹੈ ਅਤੇ ਵੱਡੇ ਖ਼ਰਚਿਆਂ ਨਾਲ ਲੋਕਾਂ ਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਹੈ ਕਿ ਲਓ ਹੁਣ ਤੁਹਾਡੇ ਸਾਰੇ ਧੋਣੇ ਧੋ ਦਿੱਤੇ ਗਏ ਹਨ। ਬਾਕੀ ਰਹਿੰਦੇ ਸਾਡੀ ਅਗਲੀ ਸਰਕਾਰ ਬਣਨ 'ਤੇ ਧੋ ਦਿੱਤੇ ਜਾਣਗੇ।
2014 ਵਿਚ ਕਈ ਘੁਟਾਲਿਆਂ ਵਿਚ ਫਸੀ ਸਾਂਝੇ ਪ੍ਰਗਤੀਸ਼ੀਲ ਗੱਠਜੋੜ ਦੀ ਸਰਕਾਰ ਤੋਂ ਨਿਜਾਤ ਪਾਉਣ ਲਈ ਲੋਕਾਂ ਦੇ ਵੱਡੇ ਸਮਰਥਨ ਨਾਲ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਬਣੀ। ਇਸ ਸਮੇਂ ਦੌਰਾਨ ਭਾਜਪਾ ਅਤੇ ਇਸ ਦੇ ਨੇਤਾਵਾਂ ਨੇ ਲੋਕਾਂ ਨੂੰ ਜੋ ਸੁਪਨੇ ਦਿਖਾਏ ਉਹ ਸੁਪਨੇ ਭਾਰਤੀ ਲੋਕਾਂ ਨੇ ਸ਼ਾਇਦ ਪਹਿਲੀ ਵਾਰ ਵੇਖੇ ਸਨ। ਇਹਦੇ ਵਿਚ ਵਿਦੇਸ਼ਾਂ ਤੋਂ ਕਾਲਾ ਧਨ ਦੇਸ਼ ਵਿਚ ਵਾਪਸ ਲਿਆ ਕੇ ਲੋਕਾਂ ਦੀ ਕਿਸਮਤ ਬਦਲਣ ਅਤੇ 15-15 ਲੱਖ ਰੁਪਏ ਹਰ ਖਾਤੇ ਵਿਚ ਪਾਉਣ ਦਾ ਵਾਅਦਾ ਵੀ ਸੀ, ਜਿਸ ਨੂੰ ਭਾਜਪਾ ਦੇ ਨੇਤਾਵਾਂ ਨੇ ਬਾਅਦ ਵਿਚ ਚੋਣ ਜੁਮਲਾ ਕਹਿ ਕੇ ਲੋਕਾਂ ਨੂੰ ਇਸ ਨੂੰ ਭੁਲਾ ਦੇਣ ਦੀ ਨਸੀਹਤ ਕੀਤੀ। ਭਾਜਪਾ ਦੀ ਸਰਕਾਰ ਬਣਨ 'ਤੇ ਭਾਰਤੀ ਲੋਕਾਂ ਨੂੰ ਪਹਿਲੀ ਵਾਰ ਇਹ ਸਮਝ ਵਿਚ ਆਇਆ ਕਿ ਚੋਣ ਵਾਅਦਿਆਂ 'ਚੋਂ ਕੁਝ ਚੋਣ ਜੁਮਲੇ ਵੀ ਹੁੰਦੇ ਹਨ। ਸਰਕਾਰ ਵਲੋਂ ਸਕਿੱਲ ਇੰਡੀਆ, ਨਿਊ ਇੰਡੀਆ, ਮੇਕ ਇੰਨ ਇੰਡੀਆ, ਬੇਟੀ ਬਚਾਓ ਬੇਟੀ ਪੜ੍ਹਾਓ, ਸਵੱਛ ਭਾਰਤ ਵਰਗੀਆਂ ਕਈ ਯੋਜਨਾਵਾਂ ਚਲਾਈਆਂ ਗਈਆਂ ਜਿਨ੍ਹਾਂ 'ਚੋਂ ਕੋਈ ਵੀ ਆਪਣਾ ਕ੍ਰਿਸ਼ਮਾ ਨਹੀਂ ਵਿਖਾ ਸਕੀ। ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਵੀ ਵਫਾ ਨਹੀਂ ਹੋਇਆ। ਬੇਰੁਜ਼ਗਾਰੀ, ਚੋਣਾਂ ਵੇਲੇ ਵੱਡਾ ਮੁੱਦਾ ਸੀ ਸਰਕਾਰ ਦਾ ਵਾਅਦਾ ਸੀ ਕਿ ਹਰ ਸਾਲ 2 ਕਰੋੜ ਲੋਕਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਪਰ ਇਸ ਦੇ ਉਲਟ ਕਈ ਅਦਾਰਿਆਂ ਵਿਚ ਨੌਕਰੀਆਂ ਦੀ ਕਟੌਤੀ ਹੋ ਰਹੀ ਹੈ। ਤੇਜ਼ੀ ਨਾਲ ਵਧ ਰਹੀ ਮਹਿੰਗਾਈ ਦੇਸ਼ ਵਿਚ ਇਕ ਬਹੁਤ ਵੱਡਾ ਮੁੱਦਾ ਹੈ। ਵਸਤੂ ਤੇ ਸੇਵਾ ਕਰ (ਜੀ. ਐਸ. ਟੀ.) ਲਾਗੂ ਕਰਨ ਸਮੇਂ ਇਹ ਪ੍ਰਚਾਰ ਕੀਤਾ ਗਿਆ ਕਿ ਜੀ ਐਸ ਟੀ ਲਾਗੂ ਹੋਣ ਨਾਲ ਦੇਸ਼ ਵਿਚ ਮਹਿੰਗਾਈ ਦਰ ਘੱਟ ਹੋਵੇਗੀ ਪਰ ਇਸ ਦੇ ਉਲਟ ਵਸਤਾਂ ਦੇ ਭਾਅ ਬੇਲਗਾਮ ਹੋ ਗਏ ਹਨ। ਜਦੋਂ ਵਸਤਾਂ ਦੇ ਭਾਅ ਘੱਟ ਹੋਣ ਦੀ ਬਜਾਏ ਸਗੋਂ ਹੋਰ ਵਧ ਗਏ ਤਾਂ ਇਸ ਨੂੰ ਵਿਕਾਸ ਲਈ ਪੈਸੇ ਦੀ ਲੋੜ ਦੱਸ ਕੇ ਪ੍ਰਚਾਰਿਆ ਜਾ ਰਿਹਾ ਹੈ। ਜਿਵੇਂ ਨੋਟਬੰਦੀ ਜਿਸ ਨੂੰ ਭਾਜਪਾ ਨੇ ਕਾਲੇ ਧਨ 'ਤੇ ਹਮਲਾ ਕਿਹਾ ਸੀ ਜਦੋਂ ਫੇਲ੍ਹ ਹੁੰਦੀ ਦਿਸੀ ਤਾਂ ਇਸ ਨੂੰ 'ਕੈਸ਼ਲੈੱਸ ਇਕਾਨਮੀ' ਬਣਾਉਣ ਦਾ ਨਾਂਅ ਦਿੱਤਾ ਗਿਆ। ਇਸੇ ਤਰ੍ਹਾਂ ਡੀਜ਼ਲ ਪੈਟਰੋਲ ਦੇ ਭਾਅ, ਜੋ ਦੇਸ਼ ਵਿਚ ਇਕ ਬਹੁਤ ਵੱਡਾ ਮੁੱਦਾ ਬਣੇ ਹੋਏ ਹਨ, ਬਾਰੇ ਵੀ ਭਾਜਪਾ ਦੇ ਆਗੂ ਵਾਰ-ਵਾਰ ਇਹ ਦੁਹਾਈ ਦਿੰਦੇ ਰਹੇ ਕਿ ਪਿਛਲੀ ਸਰਕਾਰ ਤੇਲ ਦੇ ਭਾਅ ਨੂੰ ਕੰਟਰੋਲ ਕਰਨ ਵਿਚ ਨਾਕਾਮ ਰਹੀ ਹੈ ਹੁਣ ਜਦੋਂ ਆਲਮੀ ਮੰਡੀ ਵਿਚ ਵੀ ਤੇਲ ਦੇ ਭਾਅ ਘੱਟ ਹਨ ਤਾਂ ਸਰਕਾਰ ਨੇ ਤੇਲ ਦੇ ਭਾਅ ਏਨੇ ਵਧਾ ਦਿੱਤੇ ਕਿ ਲੋਕਾਂ ਦਾ ਤੇਲ ਨਿਕਲਣ ਲੱਗ ਪਿਆ। ਸਰਹੱਦਾਂ 'ਤੇ ਹਰ ਦਿਨ ਹੋ ਰਹੀਆਂ ਨੌਜਵਾਨਾਂ ਦੀਆਂ ਸ਼ਹਾਦਤਾਂ ਨੂੰ ਰਾਜਨੀਤਕ ਰੰਗ ਦਿੱਤਾ ਜਾਂਦਾ ਰਿਹਾ ਹੈ ਪਰ ਭਾਜਪਾ ਸਰਕਾਰ ਦੇ ਕਾਰਜਕਾਲ ਸਮੇਂ ਵੀ ਗੋਲੀਬਾਰੀ ਦੀਆਂ ਘਟਨਾਵਾਂ ਵਧੀਆਂ ਹਨ ਅਤੇ ਜਵਾਨਾਂ ਦੀਆਂ ਸ਼ਹਾਦਤਾਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ। ਗੰਗਾ ਨਦੀ ਨਾਲ ਕਿਉਂਕਿ ਭਾਰਤੀ ਲੋਕਾਂ ਦੀ ਆਸਥਾ ਜੁੜੀ ਹੋਈ ਹੈ, ਇਸ ਲਈ ਗੰਗਾ ਨੂੰ ਸਾਫ਼ ਕਰਨਾ ਵੀ ਚੋਣਾਂ ਵੇਲੇ ਇਕ ਮੁੱਦਾ ਸੀ ਹੋਰ ਦਰਿਆਵਾਂ ਨੂੰ ਸਾਫ਼ ਕਰਨਾ ਤਾਂ ਦੂਰ ਗੰਗਾ ਵੀ ਸਾਫ਼ ਨਹੀਂ ਹੋ ਸਕੀ। ਹਾਲਾਂਕਿ ਦਰਿਆਵਾਂ ਨੂੰ ਸਾਫ਼ ਕਰਨ ਦੀ ਲੋੜ ਨਹੀਂ ਦਰਿਆ ਆਪਣੇ ਆਪ ਨੂੰ ਆਪ ਸਾਫ਼ ਕਰ ਲੈਂਦੇ ਹਨ ਉਹਨਾਂ ਨੂੰ ਸਾਫ਼ ਕਰਨ ਲਈ ਉਨ੍ਹਾਂ ਵਿਚ ਪੈਂਦੇ ਗੰਦੇ ਨਾਲਿਆਂ ਅਤੇ ਲੋਕਾਂ ਵਲੋਂ ਸੁਟੇ ਜਾਂਦੇ ਕੂੜੇ ਕਰਕਟ ਨੂੰ ਰੋਕਣ ਦੀ ਲੋੜ ਹੁੰਦੀ ਹੈ ਪਰ ਅਜਿਹਾ ਨਹੀਂ ਹੋਇਆ। ਇਸ ਦੌਰਾਨ ਭਾਰਤ ਵਿਚ ਇਕ ਜ਼ਿਕਰਯੋਗ ਪ੍ਰਾਪਤੀ ਜ਼ਰੂਰ ਹੋਈ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਵੱਖ-ਵੱਖ ਦੇਸ਼ਾਂ ਦੇ ਦੌਰੇ ਕਰਕੇ ਇਕ ਤਰ੍ਹਾਂ ਨਾਲ ਪਹਿਲੇ ਸਾਰੇ ਰਿਕਾਰਡ ਤੋੜ ਦਿੱਤੇ ਪਰ ਇਨ੍ਹਾਂ ਨਾਲ ਦੇਸ਼ ਦੇ ਲੋਕਾਂ ਨੂੰ ਕੀ ਹਾਸਲ ਹੋਇਆ ਕਿੰਨੇ ਕੁ ਵਪਾਰੀ ਦੇਸ਼ ਵਿਚ ਪੈਸਾ ਲਾਉਣ ਲਈ ਤਿਆਰ ਹੋਏ। ਇਸ ਦਾ ਸਰਕਾਰ ਕੋਲ ਸ਼ਾਇਦ ਕੋਈ ਵੀ ਜਵਾਬ ਨਹੀਂ। ਕਿਸਾਨਾਂ ਦੀਆਂ ਆਤਮ ਹੱਤਿਆਵਾਂ ਵੀ ਇਕ ਬੜਾ ਵੱਡਾ ਮਸਲਾ ਸੀ ਇਸ ਦੇ ਹੱਲ ਲਈ ਸਰਕਾਰ ਨੇ ਸਵਾਮੀਨਾਥਨ ਰਿਪੋਰਟ ਨੂੰ ਲਾਗੂ ਕਰਨ ਦੀ ਗੱਲ ਕਹੀ ਸੀ ਪਰ ਹੁਣ ਦੇਸ਼ ਭਰ ਵਿਚ ਹੋ ਰਹੇ ਵੱਡੇ ਕਿਸਾਨ ਅੰਦੋਲਨਾਂ ਨਾਲ ਵੀ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ। ਦੇਸ਼ ਭਰ ਵਿਚ ਕਿਸਾਨਾਂ ਮਜ਼ਦੂਰਾਂ ਦੀਆਂ ਆਤਮ-ਹੱਤਿਆਵਾਂ ਪਹਿਲਾਂ ਨਾਲੋਂ ਵੀ ਵਧ ਗਈਆਂ ਹਨ। ਸਰਕਾਰ ਇਸ ਸਬੰਧੀ ਸੰਵੇਦਨਾ ਮਹਿਸੂਸ ਕਰਨ ਦੀ ਲੋੜ ਵੀ ਨਹੀਂ ਸਮਝ ਰਹੀ। ਇਸੇ ਤਰਾਂ ਸੁੰਦਰ ਗ੍ਰਾਮ ਯੋਜਨਾ ਅਧੀਨ ਹਰ ਸੰਸਦ ਮੈਂਬਰ ਵਲੋਂ ਇਕ ਇਕ ਪਿੰਡ ਨੂੰ ਗੋਦ ਲੈਣ ਅਤੇ ਨਮੂਨੇ ਦਾ ਪਿੰਡ ਬਣਾਉਣ ਦੀ ਯੋਜਨਾ ਸੀ, ਭਾਰਤ ਦੇ ਸੌ ਸ਼ਹਿਰਾਂ ਨੂੰ ਸਮਾਰਟ ਸਿਟੀ ਬਣਾਉਣ ਦੀ ਯੋਜਨਾ ਸੀ ਪਰ ਪਿਛਲੇ ਚਾਰ ਸਾਲਾਂ ਵਿਚ ਸ਼ਹਿਰ ਕਿੰਨੇ ਕੁ ਸਮਾਰਟ ਹੋਏ? ਇਨ੍ਹਾਂ ਯੋਜਨਾਵਾਂ 'ਤੇ ਕਿੰਨਾ ਕੁ ਕੰਮ ਹੋਇਆ? ਇਹ ਵੀ ਵੱਡੇ ਸਵਾਲ ਹਨ। ਇਸ ਤੋਂ ਇਲਾਵਾ ਲੋਕਪਾਲ, ਬਿਹਾਰ ਵਰਗੇ ਰਾਜਾਂ ਨੂੰ ਪੈਕੇਜ, ਔਰਤਾਂ ਦੀ ਸੁਰੱਖਿਆ ਅਤੇ ਰਾਜਨੀਤੀ ਵਿਚ ਔਰਤਾਂ ਲਈ 33 ਫ਼ੀਸਦੀ ਹਿੱਸੇਦਾਰੀ ਆਦਿ ਵਰਗੇ ਮਸਲੇ ਹਨ ਜਿਨ੍ਹਾਂ 'ਤੇ ਤੇਲ ਅਤੇ ਤੇਲ ਦੀ ਧਾਰ ਵੇਖ ਕੇ ਚੁੱਪ ਧਾਰ ਲਈ ਗਈ ਹੈ।
ਲੋਕਾਂ ਲਈ ਵੱਡੇ ਸੁਪਨਿਆਂ ਦੀ ਸਿਰਜਣਾ ਸਦਕਾ ਹੀ ਭਾਜਪਾ ਨੂੰ ਏਨਾ ਵੱਡਾ ਬਹੁਮਤ ਹਾਸਲ ਹੋਇਆ ਜਿਸ ਦੀ ਪਾਰਟੀ ਨੂੰ ਆਪ ਨੂੰ ਵੀ ਸ਼ਾਇਦ ਆਸ ਨਹੀਂ ਸੀ। ਅਸੀਂ ਕਹਿ ਸਕਦੇ ਹਾਂ ਕਿ ਕੌਮੀ ਜਮਹੂਰੀ ਗੱਠਜੋੜ ਦੀ ਸਰਕਾਰ ਬਣਾਉਣ ਵਿਚ ਕਾਲਾ ਧਨ ਬੜਾ ਵੱਡਾ ਮੁੱਦਾ ਸੀ ਅਤੇ ਲੋਕਾਂ ਨੂੰ ਆਸ ਸੀ ਕਿ ਕਾਲਾ ਧਨ ਦੇਸ਼ ਵਿਚ ਵਾਪਸ ਲਿਆ ਕੇ ਦੇਸ਼ ਨੂੰ ਸੋਨੇ ਦੀ ਚਿੜੀ ਬਣਾਉਣ ਦਾ ਕਾਰਨਾਮਾ ਕੋਈ ਨਰਿੰਦਰ ਮੋਦੀ ਵਰਗਾ ਨੇਤਾ ਹੀ ਕਰ ਸਕਦਾ ਹੈ ਜੋ ਵੱਡੇ ਫ਼ੈਸਲੇ ਲੈਣ ਦੇ ਸਮਰੱਥ ਹੋਵੇ। ਹੁਣ ਜਦੋਂ ਕਾਲਾ ਧਨ ਦੇਸ਼ ਵਿਚ ਵਾਪਸ ਨਹੀਂ ਆਇਆ ਇਸ ਦੇ ਉਲਟ ਕਾਲਾ ਧਨ ਤੇਜ਼ੀ ਨਾਲ ਦੇਸ਼ 'ਚੋਂ ਬਾਹਰ ਗਿਆ ਹੈ ਤਾਂ ਭਾਜਪਾ ਨੇਤਾਵਾਂ ਨੂੰ ਹੁਣ ਕਾਲੇ ਧਨ ਦੇ ਵਿਸ਼ੇ 'ਤੇ ਗੱਲ ਕਰਨੀ ਵੀ ਚੰਗੀ ਨਹੀਂ ਲਗਦੀ। ਕਾਲੇ ਧਨ ਦੇ ਨਾਲ-ਨਾਲ ਪ੍ਰਧਾਨ ਮੰਤਰੀ ਸਾਹਿਬ ਦਾ ਇਹ ਵੀ ਵਾਅਦਾ ਸੀ ਕਿ 'ਨਾ ਖਾਊਂਗਾ ਨਾ ਖਾਣ ਦੂੰਗਾ' ਪਰ ਦੇਸ਼ ਵਿਚ ਭ੍ਰਿਸ਼ਟਾਚਾਰ ਪਹਿਲਾਂ ਨਾਲੋਂ ਘਟਣ ਦੀ ਬਜਾਏ ਵਧਿਆ ਹੈ। ਵਿਜੇ ਮਾਲੀਆ, ਲਲਿਤ ਮੋਦੀ, ਨੀਰਵ ਮੋਦੀ ਵਰਗੇ ਦੇਸ਼ ਦੇ ਹਜ਼ਾਰਾਂ ਕਰੋੜ ਰੁਪਏ ਲੁੱਟ ਕੇ ਆਰਾਮ ਨਾਲ ਬਾਹਰ ਜਾ ਬੈਠੇ ਪਰ ਪ੍ਰਧਾਨ ਮੰਤਰੀ ਨੇ ਇਸ ਵਿਸ਼ੇ 'ਤੇ ਇਕ ਸ਼ਬਦ ਵੀ ਬੋਲਣ ਦੀ ਲੋੜ ਨਹੀਂ ਸਮਝੀ। ਭਾਵ 'ਨਾ ਖਾਊਂਗਾ ਨਾ ਖਾਣ ਦੂੰਗਾ' ਵਾਲਾ ਫਾਰਮੂਲਾ ਵੀ ਬੁਰੀ ਤਰ੍ਹਾਂ ਫੇਲ੍ਹ ਹੋ ਗਿਆ। ਚੋਣਾਂ ਵੇਲੇ ਹੀ ਨਹੀਂ ਸਗੋਂ ਨੋਟਬੰਦੀ ਵੇਲੇ ਵੀ ਇਹ ਪ੍ਰਚਾਰਿਆ ਗਿਆ ਕਿ ਕਾਲਾ ਧਨ ਭਾਵੇਂ ਦੇਸ਼ ਵਿਚ ਹੋਵੇ ਜਾਂ ਵਿਦੇਸ਼ਾਂ ਵਿਚ ਇਸ ਦੇ ਮਾਲਕਾਂ ਦੀ ਹੁਣ ਖ਼ੈਰ ਨਹੀਂ, ਪਰ ਕਿੰਨੇ ਕੁ ਕਾਲੇ ਧਨ ਵਾਲੇ ਸਰਕਾਰ ਨੇ ਫੜੇ ਅਤੇ ਜੇਲ੍ਹ ਡੱਕੇ ਇਸ ਦਾ ਜਵਾਬ ਸਰਕਾਰ ਕੋਲ ਕੋਈ ਨਹੀਂ। ਸਗੋਂ ਕਾਲੇ ਧਨ ਦੇ ਨਾਂਅ 'ਤੇ ਹੋਈ ਨੋਟਬੰਦੀ ਨਾਲ ਦੇਸ਼ ਦੀ ਵਿਕਾਸ ਦਰ ਹੋਰ ਡਿੱਗ ਪਈ ਜੋ ਅਜੇ ਤੱਕ ਵੀ ਪੈਰਾਂ ਸਿਰ ਨਹੀਂ ਹੋਈ। ਨੋਟਬੰਦੀ ਨਾਲ ਦੇਸ਼ ਵਿਚ ਆਰਥਿਕ ਐਮਰਜੈਂਸੀ ਜਿਹੇ ਹਾਲਾਤ ਬਣੇ ਰਹੇ ਇਸ ਦਾ ਅਸਰ ਅਜੇ ਤੱਕ ਵੀ ਬਰਕਰਾਰ ਹੈ। ਭਾਜਪਾ ਸਰਕਾਰ ਦਾ ਇਹ ਬਿਨਾਂ ਸੋਚੇ ਸਮਝੇ ਜਲਦਬਾਜ਼ੀ ਵਿਚ ਲਿਆ ਫ਼ੈਸਲਾ ਸੀ ਜਿਸ ਨੂੰ ਬਾਅਦ ਵਿਚ 'ਕੈਸ਼ਲੈੱਸ ਇੰਡੀਆ' ਦੇ ਪਰਦੇ ਨਾਲ ਢਕਣ ਦੀ ਅਸਫ਼ਲ ਕੋਸ਼ਿਸ਼ ਕੀਤੀ ਗਈ।
ਖ਼ਾਸ-ਖ਼ਾਸ ਮੁੱਦੇ ਜਿਵੇਂ ਅੱਛੇ ਦਿਨ, ਮਹਿੰਗਾਈ, ਤੇਲ ਕੀਮਤਾਂ, ਕਾਲਾ ਧਨ, ਸਵੱਛ ਭਾਰਤ, ਭ੍ਰਿਸ਼ਟਾਚਾਰ ਆਦਿ ਵਰਗੇ ਜਿਹੜੇ ਮੁੱਦਿਆਂ ਨੂੰ ਉਭਾਰ ਕੇ ਭਾਜਪਾ ਸਰਕਾਰ ਨੂੰ ਬਹੁਮਤ ਹਾਸਲ ਹੋਇਆ ਸੀ, ਇਨ੍ਹਾਂ ਦਾ ਜ਼ਿਕਰ 2019 ਦੀਆਂ ਲੋਕ ਸਭਾ ਚੋਣਾਂ ਵਿਚ ਵਿਰੋਧੀ ਧਿਰ ਵਲੋਂ ਤਾਂ ਸ਼ਾਇਦ ਹੋਵੇਗਾ ਪਰ ਸੱਤਾਧਾਰੀ ਧਿਰ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਛੇੜਨ ਤੋਂ ਗੁਰੇਜ਼ ਹੀ ਕੀਤਾ ਜਾਵੇਗਾ। ਅਗਲੀਆਂ ਚੋਣਾਂ ਜਿੱਤਣ ਲਈ ਨਵੇਂ ਭਰਮਾਂ ਭੁਲੇਖਿਆਂ ਅਤੇ ਤਲਿੱਸਮੀ ਸੁਪਨਿਆਂ ਦੀ ਸਿਰਜਣਾ ਹੋਵੇਗੀ ਜੋ ਅਵਾਮ ਨੂੰ ਵਰਗਲਾਉਣ ਲਈ ਕਾਰਗਰ ਨੁਖਸਿਆਂ ਦਾ ਕੰਮ ਕਰਨਗੇ। ਪਰ ਇਹ ਭਾਰਤੀ ਲੋਕਾਂ ਅਤੇ ਦੇਸ਼ ਦੀ ਤ੍ਰਾਸਦੀ ਹੈ ਕਿ ਇੱਥੇ ਲੋਕ ਪੱਖੀ ਰਾਜਨੀਤੀ ਕਰਨ ਵਾਲਿਆਂ ਦੀ ਥਾਂ ਚੋਣਾਂ ਜਿੱਤਣ ਵਾਲੇ ਝੰਡਾ ਬਰਦਾਰਾਂ ਦੀ ਜੈ-ਜੈ ਕਾਰ ਹੋ ਰਹੀ ਹੈ ਅਤੇ ਲੋਕ ਮੁੱਦੇ ਲਗਾਤਾਰ ਹਾਸ਼ੀਆ ਗ੍ਰਸਤ ਹੋ ਰਹੇ ਹਨ। ਚਾਹੀਦਾ ਤਾਂ ਇਹ ਹੈ ਕਿ ਰਾਜਨੀਤੀ ਲੋਕ ਸੇਵਾ ਨੂੰ ਸਮਰਪਤ ਹੋਵੇ। ਕਿਸੇ ਹੋਰ ਮੁਲਕ ਵਿਚ ਜੇਕਰ ਸਾਡੇ ਨਾਲੋਂ ਬਿਹਤਰ ਹਾਲਾਤ ਹਨ ਤਾਂ ਉਹ ਇਸ ਕਰਕੇ ਨਹੀਂ ਕਿ ਉੱਥੇ ਲੋਕ ਚੰਗੀ ਕਿਸਮਤ ਲੈ ਕੇ ਪੈਦਾ ਹੋਏ ਹਨ ਬਲਕਿ ਇਸ ਕਰਕੇ ਹਨ ਕਿ ਉੱਥੇ ਲੋਕਾਂ ਨੂੰ ਚੰਗੇ ਸੁਹਿਰਦ ਰਾਜਨੀਤਕ ਨੇਤਾ ਮਿਲਦੇ ਰਹੇ ਹਨ। ਸਾਡੇ ਸਮਾਜ ਦੀ ਹਾਲਤ ਏਨੀ ਨਿੱਘਰੀ ਹੋਈ ਇਸ ਕਰਕੇ ਹੈ ਕਿ ਇੱਥੇ ਲੋਕਾਂ ਦੀ ਰਾਜਨੀਤਕ ਅਗਵਾਈ ਕਰਨ ਵਾਲਿਆਂ ਦੀ ਸੋਚ ਵਿਚ ਉਸ ਸੁਹਿਰਦਤਾ ਅਤੇ ਸਮਰਪਣ ਦੀ ਭਾਵਨਾ ਦੀ ਘਾਟ ਰਹੀ ਜੋ ਦੇਸ਼ ਦੇ ਲੋਕਾਂ ਪ੍ਰਤੀ ਹੋਣੀ ਚਾਹੀਦੀ ਸੀ।
ਲੋੜ ਤਾਂ ਇਸ ਦੀ ਸੀ ਕਿ ਚੋਣ ਵਾਅਦੇ, ਜਿਨ੍ਹਾਂ 'ਚੋਂ ਜ਼ਿਆਦਾਤਰ ਵਾਅਦੇ ਵਫ਼ਾ ਨਹੀਂ ਹੁੰਦੇ, ਵਾਅਦੇ ਹੀ ਬਣੇ ਰਹਿੰਦੇ ਹਨ, ਲਈ ਸਾਡੇ ਨੇਤਾ ਜਵਾਬਦੇਹ ਹੋਣ। ਪਰ ਗੱਲ ਤਾਂ ਇਸ ਤੋਂ ਅਗਾਂਹ ਚੋਣ ਜੁਮਲਿਆਂ ਤੱਕ ਵੀ ਪਹੁੰਚ ਗਈ ਹੈ। ਇਹ ਇਕ ਤਰ੍ਹਾਂ ਦਾ ਰਾਜਨੀਤਕ ਭ੍ਰਿਸ਼ਟਾਚਾਰ ਹੈ। ਲੋਕਾਂ ਨੂੰ ਇਸ ਸਭ ਕੁਝ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ। ਅੱਜ ਵੀ ਬਹੁਤੀਆਂ ਰਾਜ ਕਰਦੀਆਂ ਰਾਜਸੀ ਪਾਰਟੀਆਂ ਅਜਿਹਾ ਕਾਨੂੰਨ ਬਣਾਉਣ ਦੇ ਹੱਕ ਵਿਚ ਨਹੀਂ ਕਿ ਚੋਣਾਂ ਦੌਰਾਨ ਕੀਤੇ ਵਾਅਦਿਆਂ ਪ੍ਰਤੀ ਉਹ ਜਵਾਬ ਦੇਹ ਹੋਣ। ਇਸ ਵੇਲੇ ਦੇਸ਼ ਦੇ ਲੋਕਾਂ ਨੂੰ ਵੱਡੇ ਭਰਮਾਂ ਦੀ ਸਿਰਜਣਾ ਕਰਨ ਵਾਲੀਆਂ ਫੋਕੀਆਂ ਬਿਆਨਬਾਜ਼ੀਆਂ ਦੀ ਬਜਾਏ ਲੋਕ ਪੱਖੀ ਰਾਜਨੀਤੀ ਕਰਨ ਵਾਲੇ ਦੇਸ਼ ਪ੍ਰਤੀ ਸੁਹਿਰਦ ਆਗੂਆਂ ਦੀ ਲੋੜ ਹੈ।
ਸੰਪਰਕ : 98550-51099

19 Sep. 2018