Ninder Ghugianvi

ਆਓ, ਕਿਤਾਬਾਂ ਦੀਆਂ ਬਾਤਾਂ ਪਾਈਏ !   - ਡਾਇਰੀ ਦਾ ਪੰਨਾ -  ਨਿੰਦਰ ਘੁਗਿਆਣਵੀ

ਪਿਛਲੇ ਦਿਨੀਂ ਮੈਨੂੰ ਆਪਣੀ ਇਕ ਕਿਤਾਬ ਦੇ ਅੰਗ੍ਰੇਜ਼ੀ ਵਿਚ ਹੋ ਰਹੇ ਪਰਕਾਸ਼ਨ ਸਬੰਧੀ ਦਿੱਲੀ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦੇ ਦਫਤਰ ਇਕ ਮੀਟਿੰਗ ਲਈ ਜਾਣਾ ਪੈ ਗਿਆ।  ਨਹਿਰੂ ਭਵਨ ਦੇ ਨਾਂ ਹੇਠ ਇੰਡਸਟ੍ਰੀਅਲ ਏਰੀਏ ਵਿਚ ਬਣਿਆ ਹੋਇਆ ਇਹ ਇਕ ਖੂਬਸੂਰਤ 'ਸਾਹਿਤਕ ਦਫਤਰ' ਹੈ, ਤੇ ਇਹ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਦਾ ਹੈ। ਇਥੇ ਆਣ ਕੇ ਮੈਨੂੰ ਲੱਗਿਆ ਕਿ ਏਥੇ ਅੱਖਰ ਬੋਲਦੇ ਨੇ, ਰਸ ਘੋਲਦੇ ਨੇ ਤੇ ਸ਼ਬਦ ਆਪੋ ਵਿੱਚੀਂ  ਰਲ ਮਿਲ ਕੇ ਗਾਉਂਦੇ ਨੇ।  ਜਿੱਧਰ ਦੇਖੋ,ਕਿਤਾਬਾਂ ਹੀ ਕਿਤਾਬਾਂ ਦੀਦਾਰ ਦੇਂਦੀਆਂ ਨੇ। ਭਾਰਤ ਦੀ ਹਰੇਕ ਭਾਸ਼ਾ ਵਿਚ ਕਿਤਾਬਾਂ ਆਪ ਨੂੰ  'ਜੀਓ ਆਇਆਂ' ਆਖਣਗੀਆਂ ਤੇ ਆਪ ਦਾ ਮਨ ਕਿਤਾਬ ਖਰੀਦ ਕੇ ਝੋਲੇ 'ਚ ਪਾਉਣ ਨੂੰ  ਆਪ ਮੁਹਾਰੇ ਕਰ ਆਏਗਾ,  ਭਾਸ਼ਾ ਚਾਹੇ ਕੋਈ ਵੀ ਕਿਓਂ ਨਾ ਹੋਵੇ!  ਏਥੇ ਕਿਤਾਬਾਂ ਪਾਠਕ ਨੂੰ ਆਵਾਜਾਂ ਮਾਰਦੀਆਂ ਪ੍ਰਤੀਤ ਹੁੰਦੀਆਂ ਜਾਪੀਆਂ ਨੇ ਮੈਨੂੰ। ਥੱਲੜੇ ਫਲੋਰ ਉਤੇ ਕਿਤਾਬਾਂ ਦੀ ਭਾਰੀ ਭਰਕਮ ਹੱਟ ਹੈ, ਜੋ ਦੋ ਮੰਜਿਲੀ ਹੈ। ਗੋਲ ਘੇਰੇ ਵਿਚ ਗੇੜਾ ਕੱਢੋ ਤੇ ਕਿਤਾਬਾਂ ਦੀ ਪਰਿਕ੍ਰਮਾ ਕਰੋ, ਮਨ ਖੁਸ਼ ਹੋ ਜਾਂਦਾ ਹੈ, ਜਿਵੇਂ ਕਿਸੇ ਸਦਾ-ਬਹਾਰ ਬੁੱਕ ਫੇਅਰ 'ਚ ਫਿਰ ਰਹੇ ਹੋਈਏ। ਭਾਰਤ ਦੀ ਹਰ ਜੁਬਾਨ ਦੀ ਭਾਸ਼ਾ 'ਚ ਛਪੀ ਹੋਈ, ਖਾਸ ਕਰ ਸਾਹਿਤ, ਕਲਾ,ਖੇਡਾਂ  ਇਤਿਹਾਸ, ਮਨੋ ਵਿਗਿਆਨ ਤੇ ਇਸ ਤੋਂ ਇਲਾਵਾ ਵੰਨ ਸੁਵੰਨੇ ਵਿਸ਼ਿਆਂ ਬਾਬਤ ਕਿਤਾਬ, ਸਜ ਧਜ ਕੇ ਆਪਣੇ ਆਲਣੇ 'ਚ ਬੈਠੀ ਦਿਖਾਈ ਦੇਵੇਗੀ ਤੁਹਾਨੂੰ। ਭਾਰਤ ਦੇ ਵੱਖ ਵੱਖ ਖੇਤਰਾਂ ਦੀਆਂ ਮਹਾਨ ਹਸਤੀਆਂ ਦੇ ਜੀਵਨ ਨਾਲ ਸਬੰਧਿਤ ਕਿਤਾਬਾਂ ਦੇ ਟਾਈਟਲਾਂ ਉਪਰ ਝਾਤੀ ਮਾਰੋਗੇ, ਤਾਂ  ਕੋਈ ਉਦਾਸ ਸ਼ਖਸੀਅਤ ਦਿਸੇਗੀ, ਕੋਈ ਮੁਸਕਰਾਉਂਦੀ ਹੋਈ ਸ਼ਖਸੀਅਤ, ਤੇ ਕੋਈ ਸੋਚਦੀ ਹੋਈ ਸ਼ਖਸੀਅਤ, ਤੇ ਕੋਈ ਖਾਮੋਸ਼ ਬੈਠੀ ਸ਼ਖਸੀਅਤ। ਇਕ ਥਾਵੇਂ ਏਨੀਆਂ ਸ਼ਖਸੀਅਤਾਂ ਦਾ ਮੇਲਾ ਗੇਲਾ? ਵਾਹ ਵਾਹ! ਸਾਬਾਸ਼ੇ ਤੁਹਾਡੇ  ਨੈਸ਼ਨਲ ਬੁੱਕ ਟਰੱਸਟ ਵਾਲਿਓ! ਪ੍ਰੋ ਪਰਮਜੀਤ ਰੁਮਾਣਾ ਵੱਲੋਂ ਪਦਮ ਸ਼੍ਰੀ ਪ੍ਰੋ ਗੁਰਦਿਆਲ ਸਿੰਘ  ਦੀਆਂ ਅੰਗਰੇਜੀ 'ਚ ਅਨੁਵਾਦੀਆਂ ਕਹਾਣੀਆਂ ਦੀ ਮੋਟੀ ਕਿਤਾਬ ਨੇ ਮੈਨੂੰ  ਜਿਵੇਂ ਹਾਕ ਮਾਰਕੇ ਆਖਿਆ,"ਨਜਰ ਘੁੰਮਾ ਕੇ ਨਾ ਲੰਘ, ਫੋਲ ਮੇਰੇ ਵਰਕੇ ਤੇ ਵੇਖ ਮੇਰਾ ਰੰਗ,ਮੈਂ ਆਂ ਤੇਰੇ ਅੰਕਲ ਗੁਰਦਿਆਲ ਸਿੰਘ ਦੀ ਕਿਤਾਬ---।" ਸਵੈ ਜੀਵਨੀ ਪਈ ਸੀ ਕਰਤਾਰ ਸਿੰਘ  ਦੁੱਗਲ  ਦੀ ਤੇ ਨਾਲ ਈ ਉਹਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਵਿਚ ਹੋਇਆ ਅਨੁਵਾਦ। ਮੈਂ ਗਾਰਗੀ ਨੂੰ ਲੱਭਣ ਤੁਰਿਆ ਨਾ ਲੱਭਾ। ਸ਼ਿਵ, ਮੀਸ਼ਾ ਤੇ ਸਤੋਖ ਸਿੰਘ ਧੀਰ ਨੂੰ ਹਾਲੇ ਲੱਭ ਈ ਰਿਹਾ ਸਾਂ ਕਿ ਬੇਬੇ ਅੰਮ੍ਰਿਤਾ ਬੋਲੀ, "ਆਹ ਮੈਂ ਸਾਰੀ ਦੀ ਸਾਰੀ ਬੈਠੀ ਆਂ ਇੰਗਲਿਸ਼ 'ਚ ਬੇਟਾ, ਪਰ ਪੜਨਾ ਮੈਨੂੰ ਪੰਜਾਬੀ ਵਿਚ ਈ ਤੁਸਾਂ ਨੇ।"   ਵਰਿਆਮ ਸੰਧੂ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਲ ਹੀ  ਰਾਮ ਸਰੂਪ ਅਣਖੀ ਅੰਗ੍ਰੇਜ਼ੀ 'ਚ ਮੁਸਕਰਾ ਰਿਹਾ ਸੀ। ਦਲੀਪ ਕੌਰ ਟਿਵਾਣਾ ਤੇ ਬਚਿੰਤ ਕੌਰ  ਵੀ ਆਪੋ ਆਪਣੀ ਥਾਂ ਮੱਲੀ ਬੈਠੀਆਂ ਸਨ।ਕਿਆ ਬਾਤਾਂ ਸਨ। ਪੰਜਾਬੀ ਦੇ ਨਾਮਵਰ ਲੇਖਕਾਂ ਦਾ ਮੌਲਿਕ ਸਾਹਿਤ, ਵੰਨ ਸੁਵੰਨੜਾ ਅਨੁਵਾਦ, ਬਾਲ ਸਾਹਿਤ ਆਦਿ ਕੀ ਕੀ ਦੱਸਾਂ, ਬਾਗ ਬਗੀਚੇ ਭਰੇ ਪਏ ਸਨ ਕਿਤਾਬਾਂ ਦੇ। ਸਰਵਣ ਸਿੰਘ ਖੇਡਾਂ ਦੀਆਂ ਬਾਤਾਂ ਲਗਾਤਾਰ ਪਾਈ ਜਾ ਰਿਹੈ, ਸ਼ੁਕਰ ਹੈ ਕਿ ਭਾਰਤ ਸਰਕਾਰ ਦੇ ਇਸ ਅਦਾਰੇ ਨੇ ਉਹਦੀਆਂ ਲਿਖਤਾਂ  ਛਾਪ ਕੇ ਸੰਭਾਲ ਰੱਖੀਆਂ ਨੇ। ਸੰਤ ਸਿੰਘ ਸੇਖੋ ਅੰਗ੍ਰੇਜ਼ੀ ਵਿਚ  ਅਨੁਵਾਦ ਹੋਇਆ ਪਿਆ ਸੀ।
                      -------
ਭਾਰਤ ਦੀ ਸਮੁੱਚੀ ਬਾਣੀ ਪਰੰਪਰਾ, ਗੁਰੂਆਂ ਪੀਰਾਂ ਦੀਆਂ ਜੀਵਨ ਕਥਾਵਾਂ, ਇਤਿਹਾਸ ਮਿਥਿਹਾਸ, ਕਥਾ ਕਹਾਣੀ, ਨਾਟਕ, ਨਾਵਲ,ਕਵਿਤਾ, ਇਕਾਂਗੀ, ਵਾਰਤਕ, ਸਫਰਨਾਮਾ,ਸਵੈ ਜੀਵਨੀ ਸਮੇਤ ਹਰ ਤਰਾਂ ਦੀਆਂ ਕਿਤਾਬਾਂ ਦੀਆਂ ਕਤਾਰਾਂ  ਲਿਸ਼ਕਣ ਲੰਬੀਆਂ ਲੰਬੀਆਂ। ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ,ਲੋਕ ਧਾਰਾ,ਗਦਰ ਲਹਿਰ, ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਦੇਖ ਬੜਾ ਚੰਗਾ ਚੰਗਾ ਲੱਗਿਆ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਉਤੇ ਸਭ ਤੋਂ ਵੱਧ  ਪ੍ਰਕਾਸ਼ਨਾਵਾਂ ਇਸੇ ਅਦਾਰੇ ਨੇ ਕੀਤੀਆਂ।                 
  -----
ਅੱਜਕਲ ਇਸ ਟਰੱਸਟ ਦੇ ਡਾਇਰੈਕਟਰ ਕਰਨਲ  ਯੁਵਰਾਜ ਮਲਿਕ ਹਨ। ਤਿੰਨ ਸਾਲਾਂ ਤੋਂ ਟਰੱਸਟ ਦੀਆਂ ਉਪਲੱਬਧੀਆਂ 'ਚ ਪੰਜਾਬੀ ਭਾਸ਼ਾ ਵਾਸਤੇ ਕੀਤੀਆਂ ਉਪਲੱਬਧੀਆਂ ਦੇਖ ਸੁਣ ਕੇ ਪ੍ਰਸੰਨਤਾ ਮਹਿਸੂਸ ਹੋਈ ਹੈ, ਜਦ ਉਹ ਡਾਇਰੈਕਟਰ ਬਣੇ ਹਨ। ਪੰਜਾਬੀ ਸੈਕਸ਼ਨ ਦੀ ਇੰਚਾਰਜ ਡਾ ਨਵਜੋਤ ਕੌਰ ਹੈ ਤੇ ਨਾਲ ਸਹਾਇਕ ਸੁਖਵਿੰਦਰ ਸਿੰਘ ਹੈ। ਸਾਹਿਤਕਾਰਾਂ ਦੀ ਰਾਜਧਾਨੀ ਕਹੇ ਜਾਂਦੇ  ਬਰਨਾਲੇ  ਦੀ ਡਾ ਨਵਜੋਤ ਕੌਰ ਖੁਦ ਚੰਗਾ  ਤੇ ਸਾਂਭਣਯੋਗ  ਸਾਹਿਤ ਲੱਭ ਲੱਭ ਕੇ ਛਾਪਣ ਵਿਚ ਰੁਚੀ ਰਖਦੀ ਹੈ। ਪਿਛਲੇ ਸਾਲ ਮੇਰੀ ਚੋਣਵੀਂ ਵਾਰਤਕ ਛਾਪ ਕੇ ਮਾਣ ਦਿੱਤਾ। ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵੱਲੋਂ ਪੰਜਾਬ 'ਚ ਵੱਖ ਵੱਖ ਥਾਈਂ ਲਗਦੇ ਪੁਸਤਕ ਮੇਲਿਆਂ ਵਿੱਚ ਪਾਠਕਾਂ ਦੀਆਂ ਭੀੜਾਂ  ਹੁੰਦੀਆਂ ਨੇ ਪਰ ਇਸਦਾ ਮੈਨੂੰ ਪ੍ਰਤੱਖ ਪ੍ਰਮਾਣ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਪੁਸਤਕ ਮੇਲੇ ਵਿਚ ਦਿਸਿਆ ਸੀ, ਜਿਥੇ ਇਕ ਹਫਤੇ ਵਿਚ ਡੇਢ ਕਰੋੜ ਦੀਆਂ ਕਿਤਾਬਾਂ ਵਿਕੀਆਂ ਸਨ। ਟਰੱਸਟ ਭਾਰਤ ਭਰ ਵਿਚ ਪੁਸਤਕ ਮੇਲੇ ਹੀ ਨਹੀ ਲਾਉਂਦਾ  ਤੇ ਸਿਰਫ ਕਿਤਾਬਾਂ ਹੀ ਨਹੀਂ ਛਾਪਦਾ, ਸਗੋਂ ਭਾਸ਼ਾਵਾਂ ਤੇ ਕਲਾਵਾਂ ਦੇ ਪ੍ਰਚਾਰ  ਤੇ ਪ੍ਰਸਾਰ ਵਾਸਤੇ ਹੋਰ ਵੀ ਕਈ ਤਰਾਂ ਦੇ ਪ੍ਰੋਜੈਕਟ ਉਲੀਕਦਾ ਵਿਉਂਤਦਾ ਰਹਿੰਦਾ ਹੈ। ਡਾਇਰੈਕਟਰ ਕਰਨਲ ਮਲਿਕ ਖੁਦ ਨੌਜਵਾਨ ਹੈ, ਜਗਿਆਸੂ ਹੈ ਤੇ ਚੇਤੰਨ ਅਫਸਰ ਹੈ। ਦਫਤਰੀ ਕੰਮ ਤੇ ਮਸਲੇ ਵਿਚ ਨਾ ਉਹ ਆਪ ਅਰਾਮ ਨਾਲ ਬਹਿੰਦਾ ਹੈ, ਤੇ ਨਾ ਕਿਸੇ ਨੂੰ ਬਹਿਣ ਦਿੰਦਾ ਹੈ, ਹਰ ਸਮੇਂ ਸ਼ਬਦਾਂ ਨਾਲ ਖੇਡਦਾ ਰਹਿੰਦਾ ਹੈ ਤੇ ਹੋਰਨਾਂ ਨੂੰ ਖਿਡਾਉਂਦਾ ਰਹਿੰਦਾ  ਹੈ। ਮੇਜ ਉਤੇ ਪਈ ਫਾਈਲ ਨੂੰ ਬੋਝ ਮੰਨਦਾ ਹੈ ਮਲਿਕ।  ਦੁਨੀਆਂ ਭਰ ਵਿੱਚ ਹੁੰਦੇ ਪੁਸਤਕ ਮੇਲਿਆਂ ਵਿੱਚ ਹਾਜਿਰ ਹੋਣਾ ਤੇ ਟਰੱਸਟ ਵਲੋਂ ਪ੍ਰਕਾਸ਼ਨਾ ਦਾ ਦਾਇਰਾ ਹੋਰ ਅੱਗੇ ਵਧਾਉਣ ਵਰਗੇ ਯਤਨ ਹਰ ਸਮੇਂ ਕਰਦਾ ਹੈ ਯੁਵਰਾਜ ਮਲਿਕ। ਉਨਾਂ ਦੇ  ਡਾਇਰੈਕਟਰ ਬਣਨ ਬਾਅਦ  ਭਾਰਤੀ ਭਾਸ਼ਾਵਾਂ ਦੀ ਪ੍ਰਫੁੱਲਤਾ ਲਈ  ਕੁਝ  ਸਕੀਮਾਂ ਬਣਾਈਆਂ ਗਈਆਂ, ਤੇ ਪਿਛਲੇ ਸਾਲ ਤਿੰਨ ਯੁਵਾ ਲੇਖਕਾਂ ਨੂੰ 'ਯੁਵਾ ਮੈਟਰਸ਼ਿਪ ਯੋਜਨਾ' ਲਈ ਚੁਣਿਆ ਗਿਆ।
                ----
ਜਦ ਦੇਸ਼ ਅਜਾਦ ਹੋਇਆ ਤਾਂ 10 ਸਾਲ  ਬਾਅਦ ਹੀ  1 ਅਗਸਤ ਸੰਨ 1957  ਵਿਚ ਇਸ  ਨੈਸ਼ਨਲ ਬੁੱਕ ਟਰੱਸਟ ਦੀ ਸਥਾਪਨਾ ਹੋਈ। 24 ਜੁਲਾਈ 1985 ਨੂੰ ਰਾਜੀਵ:ਲੌਂਗੋਵਾਲ ਸਮਝੌਤੇ ਤਹਿਤ ਇਥੇ ਵਿਸ਼ੇਸ਼ ਪੰਜਾਬੀ ਸੈਲ ਦੀ ਸਥਾਪਨਾ ਕੀਤੀ ਗਈ। ਪਹਿਲਾਂ ਇਸਦਾ ਦਫਤਰ ਗਰੀਨ ਪਾਰਕ ਵਿਖੇ ਹੁੰਦਾ ਸੀ ਤੇ ਫਿਰ ਫੁੱਲ ਫਲੈਸ਼ ਰੂਪ ਵਿੱਚ ਆਪਣਾ ਵੱਡਾ ਦਫਤਰ, ਰਿਹਾਇਸ਼ੀ ਕਲੋਨੀ ਸਮੇਤ ਵਸੰਤ ਕੁੰਜ-5,  ਨਹਿਰੂ ਭਵਨ  ਵਿਚ ਬਣ ਗਿਆ। ਇਸਦੇ ਚੇਅਰਮੈਨ  ਪ੍ਰੋਫੈਸਰ ਗੋਵਿੰਦ ਪ੍ਰਸ਼ਾਦ ਸ਼ਰਮਾ ਹਨ। ਪੰਜਾਬ ਵਿਚ ਲਗਦੇ ਪੁਸਤਕ ਮੇਲਿਆਂ ਵਿੱਚ  ਟਰੱਸਟ ਦੀਆਂ ਬੱਸਾਂ  ਭਰਕੇ ਜਾਂਦੀਆਂ ਨੇ ਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਾਉਂਦੀਆਂ ਨੇ। ਕਰਨਲ ਮਲਿਕ ਜੀ ਨੇ ਖੁਸ਼ੀ ਦੀ ਗੱਲ ਇਹ ਦੱਸੀ  ਹੈ ਕਿ   ਟਰੱਸਟ  ਜਲਦੀ ਹੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਆਪਣੀਆਂ ਪ੍ਰਕਾਸ਼ਨਾਵਾਂ ਪਾਠਕਾਂ ਤੱਕ ਪਹੁੰਚਾਉਣ ਲਈ  ਪ੍ਰਬੰਧ ਕਰ ਰਿਹਾ ਹੈ, ਸਸਤੀਆਂ ਤੇ ਮਿਆਰੀ ਕਿਤਾਬਾਂ ਪੰਜਾਬ ਦੇ ਪਾਠਕਾਂ ਕੋਲ ਸੌਖੀਆਂ ਜਾਣ ਲੱਗਣਗੀਆਂ। ਇਹ ਯਤਨ ਬੜੀ ਦੇਰ ਪਹਿਲਾਂ ਦਾ ਹੋਣਾ ਚਾਹੀਦਾ ਸੀ ਪਰ 'ਦੇਰ ਆਏ ਦਰੁਸਤ ਆਏ', ਹੁਣ ਵੀ ਹੋ ਜਾਏ ਤਾਂ ਵਧੀਆ ਹੈ।

ਡਾਇਰੀ ਦਾ ਪੰਨਾ : ਪਿੱਛੇ ਪਰਤਣਾ ਪੈਣਾ ਹੈ---! - ਨਿੰਦਰ ਘੁਗਿਆਣਵੀ

ਇਹ ਲਿਖਤ ਪੜਨ ਵਾਲੇ ਪਹਿਲਾਂ ਹੀ ਜਾਣਦੇ ਨੇ ਕਿ ਮੈਂ ਕਿਸੇ ਵੀ ਪਾਰਟੀ ਦਾ ਸਿਆਸੀ 'ਰੱਸਾ' ਨਹੀਂ ਹਾਂ ਕਿ ਜਿਸਦੇ ਮਰਜੀ ਗਲ ਪੈ ਜਾਵਾਂ, ਮੈਂ ਸਰਵ ਸਾਂਝਾ ਹਾਂ ਤੇ ਸਿਰਫ ਲੇਖਕ ਹਾਂ ਤੇ ਕਲਾਮਈ ਬੰਦੇ ਹਮੇਸ਼ਾ ਸਰਵ ਸਾਂਝੇ ਈ ਹੋਣੇ ਚਾਹੀਦੇ ਨੇ।
 ਗੱਲ ਕਰਾਂ ਕਿ ਫੇਸ ਬੁੱਕ ਉਤੇ ਇਕ ਫੋਟੋ ਦੇਖੀ ਹੈ, ਇਕ ਸਿੱਖ ਯੁਵਾ ਨੇਤਾ ਕਿਸੇ ਪਿੰਡ  ਵਿਚ ਸੱਥਰ ਉਤੇ ਬੈਠਾ ਹੋਇਆ ਹੈ। ਕਿਸੇ ਦਾ ਮੁੰਡਾ ਮਰਿਆ ਹੈ, ਕਹਿੰਦੇ ਨੇ ਦਸ਼ਮੇਸ਼ ਨਗਰ ਕੋਠਿਆਂ ਦਾ  ਇਕੋ ਇੱਕ ਸੀ ਮੁੰਡਾ ਤੇ ਫਾਹਾ ਲੈ ਗਿਆ, ਗਿਦੜਬਾਹੇ ਦੀ ਫੋਟੋ ਹੈ।  ਉਹ ਯੁਵਾ ਨੇਤਾ ਮਰੇ ਮੁੰਡੇ ਦੀ ਮਾਂ ਕੋਲ ਅਫਸੋਸ ਕਰਨ ਗਿਆ ਹੈ। ਮਾਂ ਦਾ ਹੱਥ ਆਪਣੇ ਹੱਥ ਵਿਚ ਲਿਆ ਹੋਇਆ ਹੈ ਉਸਨੇ, ਤੇ ਮਾਂ ਦੀਆਂ ਅੱਖਾਂ ਵਿਚ ਅੱਖਾਂ ਪਾਕੇ ਝਾਕ ਰਿਹਾ ਹੈ ਉਹ। ਮਾਂ  ਸੱਥਰ ਉਤੇ ਬੈਠੀ ਉਸਨੂੰ ਕਹਿੰਦੀ ਹੈ-"ਵੇ ਪੁੱਤ,ਮੈਨੂੰ ਇਨਸਾਫ ਚਾਹੀਦੈ, ਕੌਣ ਦੇਊ ਮੈਨੂੰ ਇਨਸਾਫ ਵੇ ਪੁੱਤਰਾ?"
ਉਹ 'ਨਿਆਣਾ ਨੇਤਾ' ਬੋਲਦਾ ਹੈ,  "ਮਾਂ ਫਿਕਰ ਨਾ ਕਰ, ਮੈਂ ਲੜੂੰਗਾ ਤੇਰੇ ਵਾਸਤੇ, ਮੈਂ ਤੇਰਾ ਪੁੱਤ ਆਂ।"
ਮਾਂ ਬੋਲੀ, "ਵੇ ਪੁੱਤਰਾ, ਤੂੰ ਅੱਜ ਤੋਂ  ਮੇਰਾ ਪੁੱਤ  ਈ ਐਂ ਵੇ ਰੱਬ ਤੈਨੂੰ ਲੱਖਾਂ ਸਾਲ ਉਮਰਾਂ ਦੇਵੇ।"
    ***
ਫੋਟੋ ਬੜੀ ਦੁਖਦਾਈ ਹੈ। ਮੈਂ  ਆਪਣੇ ਕਿਸੇ ਰਿਸ਼ਤੇਦਾਰ ਨੂੰ ਗਿੱਦੜਬਾਹੇ  ਫੋਨ ਕਰਕੇ ਪੁੱਛਿਆ(ਏਸੇ ਸ਼ਹਿਰ ਤੇ ਇਸੇ ਇਲਾਕੇ ਵਿਚ ਮੇਰੀਆਂ ਬਹੁਤ ਸਾਰੀਆਂ ਰਿਸ਼ਤੇਦਾਰੀਆਂ ਨੇ, ਤੇ ਮੇਰਾ ਬਚਪਨ ਕੋਟ ਭਾਈ ਪਿੰਡ ਤੇ ਗਿੱਦੜਬਾਹੇ  ਵਿਚ ਈ ਬਹੁਤਾ ਬੀਤਿਆ ਹੈ), ਤਾਂ ਉਸ ਰਿਸ਼ਤੇਦਾਰ ਨੇ  ਮੈਨੂੰ ਦੱਸਿਆ ਕਿ ਏਹ ਫੋਟੋ ਚੰਨੂ ਵਾਲੇ ਸਰਦਾਰ ਸ਼ਿਵਰਾਜ ਸਿੰਘ ਢਿਲੋਂ ਦੇ ਪੋਤੇ ਦੀ ਐ, ਉਹ ਅੱਜਕਲ ਅਕਾਲੀ ਦਲ ਦਾ ਯੁਵਾ ਲੀਡਰ ਐ ਤੇ ਉਸਦਾ ਇਲਾਕੇ ਵਿਚ ਚੰਗਾ ਅਸਰ ਰਸੂਖ ਬਣਦਾ ਜਾ ਰਿਹੈ ਤੇ ਉਹਦਾ ਨਾਂ ਅਭੈ ਸਿੰਘ ਢਿਲੋਂ ਐਂ ਤੇ ਇਹ ਸੰਨੀ ਢਿਲੋਂ ਦਾ ਮੁੰਡਾ ਐ, ਸੁਖਬੀਰ ਬਾਦਲ ਏਸ ਮੁੰਡੇ ਨੂੰ ਆਪਣੇ ਢਿੱਡੋਂ ਭਵਿੱਖ ਦਾ ਲੀਡਰ ਬਣਿਆ ਦੇਖਣਾ ਚਾਹੁੰਦਾ ਹੈ ਤੇ  ਡਿੰਪੀ ਢਿਲੋਂ ਏਹਦਾ ਤਾਇਆ ਲਗਦਾ ਐ। ਰਿਸ਼ਤੇਦਾਰ ਨੇ ਏਨੀ ਦੱਸਕੇ ਫੋਨ ਬੰਦ ਕਰਿਆ ਪਰ ਮੇਰਾ ਧਿਆਨ ਉਸੇ ਤਸਵੀਰ ਉਤੇ ਹੀ ਟਿਕਿਆ ਹੋਇਆ ਹੈ, ਜੋ ਤੁਸੀਂ ਛਪੀ ਹੋਈ  ਦੇਖ ਰਹੇ ਓ।
***
ਮੈਂ ਸੋਚਿਆ ਕਿ ਇਹ ਢਿੱਲੋਂ ਤਾਂ ਦੀਪ ਟਰਾਂਸਪੋਰਟ ਵਾਲੇ ਹੋਏ, ਜੋ ਗਿੱਦੜਬਾਹੇ ਦੇ ਹੀ ਨੇ। ਇਹ ਤਾਂ ਬਾਦਲਾਂ ਦੇ 'ਖਾਸਮ ਖਾਸ' ਨੇ। ਇਨਾਂ ਦੀਆਂ ਬੱਸਾਂ ਤਾਂ ਦਿਨ ਦੀਵੀਂ ਬੰਦੇ ਮਿੱਧਦੀਆਂ ਫਿਰਦੀਆਂ ਨੇ ਸੜਕਾਂ ਉਤੇ, ਤੇ ਇਹ ਅਭੈ  ਸਿੰਘ ਢਿਲੋਂ ਜੇਕਰ   ਇਕ ਦੁਖਿਆਰੀ ਮਾਂ ਦੀਆਂ ਅੱਖਾਂ ਵਿਚ ਝਾਕ ਕੇ ਉਹਦਾ  ਦਰਦ ਜਾਣ ਰਿਹੈ, ਦੁਖਿਆਰੀ ਮਾਂ ਦਾ ਪੁੱਤਰ ਬਣ ਰਿਹੈ ਤਾਂ ਇਹ ਬਥੇਰੀ ਚੰਗੀ ਗੱਲ ਹੈ। ਇਹ ਤਸਵੀਰ ਨਵੀਨ ਨੇਤਾਵਾਂ ਨੂੰ, ਚਾਹੇ ਕਿਸੇ ਪਾਰਟੀ ਦਾ ਵੀ ਹੋਵੇ, ਆਪਣੇ ਮਨ ਮਸਤਕ ਵਿਚ ਵਸਾ ਲੈਣੀ ਚਾਹੀਦੀ ਹੈ ਅਭੈ ਸਿੰਘ ਵਾਂਗਰਾਂ। ਤੇ ਸਿਰਫ ਤਸਵੀਰਾਂ ਨਾਲ ਈ ਨਹੀਂ ਸਰਨਾ, ਜਮੀਰਾਂ ਨੂੰ ਵੀ ਹਲੂੰਣਕੇ ਰੱਖਣਾ! ਤੇ ਸਾਨੂੰ ਬੜਾ ਪਿਛੇ ਪਰਤਣਾ ਪੈਣਾ। ਸਮਾਂ,ਸਮਾਜ ਤੇ ਸਿਆਸਤ ਦਿਨੋਂ ਦਿਨ ਰੰਗ ਬਦਲ ਰਹੇ ਨੇ।
 ਫਿਲਹਾਲ ਅਭੈ ਸਿੰਘ ਢਿਲੋਂ ਨੂੰ ਸਾਬਾਸ਼ ਦੇਂਦਾ ਹਾਂ।

ਡਾਇਰੀ ਦਾ ਪੰਨਾ/ਨਿੰਦਰ ਘੁਗਿਆਣਵੀ

    ਬਰਾੜ ਸਾਹਿਬ ਗੁੱਸੇ ਨਾ ਹੋਵੋ!
                ***
ਸ੍ਰ ਅਵਤਾਰ ਸਿੰਘ ਬਰਾੜ ਦੀ ਜਿਹੜੀ ਏਹ ਫੋਟੋ, ਇਸ ਪੋਸਟ ਨਾਲ ਪਾਈ ਹੋਈ, ਆਪ ਜੀ ਦੇਖ ਰਹੇ ਹੋ, ਇਸ ਵਿਚ ਇਓਂ ਲਗਦਾ ਹੈ ਕਿ ਜਿਵੇਂ ਉਹ ਮੈਨੂੰ ਸਮਝੌਤੀਆਂ ਦੇ ਰਹੇ ਨੇ ਤੇ ਗੁੱਸੇ ਹੋ ਰਹੇ ਨੇ ਮੇਰੇ ਨਾਲ ਬਰਾੜ ਸਾਹਬ। ਮੈਨੂੰ ਯਾਦ ਹੈ ਕਿ ਇਹ ਫੋਟੋ ਲਗਪਗ 10 ਸਾਲ ਪਹਿਲਾਂ ਦੀ ਹੈ, ਤੇ ਮੈਂ ਆਪਣੇ ਨੋਕੀਆ ਫੋਨ ਨਾਲ ਸਾਦਿਕ ਵਿਖੇ ਅਰੋੜਾ ਸਾਹਬ ਦੇ ਮੈਡੀਕਲ ਹਾਲ ਉਤੇ ਬਰਾੜ ਸਾਹਬ ਦੇ ਆਉਣ ਸਮੇਂ ਖਿੱਚੀ ਸੀ ਤੇ ਉਹ ਅਕਸਰ ਹੀ ਲੰਘਦੇ ਟਪਦੇ ਆਪਣੇ ਚਹੇਤੇ ਸ਼ਿਵਰਾਜ ਢਿਲੋਂ ਨਾਲ ਮਿਲਣ ਆ ਜਾਂਦੇ ਸਨ। ਸੋ, ਇਸ ਫੋਟੋ ਵਿਚ ਸ਼ਾਇਦ ਬਰਾੜ ਸਾਹਬ ਆਪਣੇ ਬਹੁਤ ਸਾਰੇ ਨੇੜਲਿਆਂ ਨੂੰ ਹੀ ਉਲਾਂਭਾ ਦੇ ਰਹੇ ਲਗਦੇ ਨੇ ਕਿ ਜਦੋਂ ਨਿੰਦਰ ਘੁਗਿਆਣਵੀ ਫੇਸ ਬੁੱਕ ਉਤੇ ਮੇਰੇ ਬਾਰੇ ਪੋਸਟਾਂ ਲਿਖ ਲਿਖ ਪਾਉਂਦਾ ਸੀ, ਤੇ ਤੁਸੀਂ ਉਹਦੀ ਬੜੀ 'ਬੱਲੇ ਬੱਲੇ' ਕਰਦੇ ਸੀ ਤੇ ਕੁਮੈਂਟ ਲਿਖਦੇ ਨਹੀ ਸੀ ਥਕਦੇ ਤੇ ਹੁਣ ਜਦ ਮੇਰੇ ਬਾਬਤ ਕਿਤਾਬ ਛਪੀ ਨੂੰ ਲਗਭਗ 20 ਦਿਨ ਹੋ ਗਏ ਆ, ਕਿਤਾਬ ਛਾਪਣ ਵਾਲੀ ਸਟੂਡੈਂਟ ਕੁੜੀ ਪ੍ਰੀਤੀ ਸ਼ੈਲੀ ਤੋਂ ਸਿਰਫ 20 ਜਣਿਆਂ ਨੇ ਹੀ ਕਿਤਾਬ ਮੰਗਵਾਈ ਹੈ ਡਾਕ ਰਾਹੀਂ, ਤੇ ਬਸ?? ਬਰਾੜ ਸਾਹਬ ਇਹ ਆਖ ਰਹੇ ਜਾਪਦੇ ਨੇ ਕਿ ਮੇਰੇ ਵਰਕਰ ਤੇ ਚਹੇਤੇ ਸਿਰਫ 20 ਜਣੇ ਹੀ ਸਨ---ਬਾਕੀ ਕਿਥੇ ਗਏ? ਬਰਾੜ ਸਾਹਬ ਇਹ ਵੀ ਆਖ ਰਹੇ ਲਗਦੇ ਨੇ ਕਿ ਮੈਂ ਸਿੱਖਿਆ ਮੰਤਰੀ ਹੁੰਦਿਆਂ ਇਕ ਇਕ ਘਰ ਦੇ, ਦੋ ਦੋ ਤਿੰਨ ਜੀਆਂ ਨੂੰ ਟੀਚਰ ਭਰਤੀ ਕੀਤਾ, ਕਿਸੇ ਤੋਂ ਚਾਹ ਦਾ ਕੱਪ ਨਾ ਪੀਤਾ, ਤੇ ਘਰਾਂ ਚੋਂ ਸੱਦ ਸੱਦ ਕੇ ਕੀਤੇ ਸੀ ਭਰਤੀ, ਕੀ ਹੁਣ ਉਹ ਮੇਰਾ "ਸੌ ਰੁਪੱਈਆ" ਵੀ (ਕਿਤਾਬ ਦਾ ਮੁੱਲ) ਕਦਰ ਨੀ ਪਾ ਸਕੇ? ਹੱਦ ਹੋਗੀ ਯਾਰੋ! ਬੰਦੇ ਦਾ ਇਹੋ ਮੁੱਲ ਐ ਏਥੇ?
ਮੈਂ ਬਰਾੜ ਸਾਹਬ ਨੂੰ ਆਖਦਾ ਹਾਂ ਕਿ ਚਾਚਾ ਜੀ, ਏਥੇ ਬੰਦੇ ਨੂੰ ਬੰਦਾ ਨੀ ਪੜ ਰਿਹਾ, ਕਿਤਾਬ ਕੀਹਨੇ ਪੜਨੀ ਐਂ ਏਥੇ? ਆਪ ਜੀ ਗੁੱਸੇ ਨਾ ਹੋਵੋ ਚਾਚਾ ਜੀ, ਸੈਲਫਿਸ਼ ਹਨ ਲੋਕ ਤੇ ਮੁਫਤੋ ਮੁਫਤੀ ਕਿਤਾਬ ਭਾਲਦੇ ਨੇ ਤੇ ਹੁਣ 'ਬੱਬੂ ਵਿਚਾਰਾ' ਕੀਹਨੂੰ ਕੀਹਨੂੰ ਮੁਫਤੀ ਵੰਡੀ ਜਾਵੇ ਕਿਤਾਬ ਥੋਡੀ? ਫੇਸ ਬੁੱਕ ਉਤੇ ਸੈਂਕੜੇ ਕੁਮੈਂਟ ਲਿਖਣ ਵਾਲੇ ਹੁਣ ਕਿੱਧਰ ਛਪਣਛੋਤ ਹੋ ਗਏ ਨੇ ? ਲਓ,ਛਪਵਾ ਲਓ ਕਿਤਾਬ ਬਰਾੜ ਸਾਹਬ ਦੀਆਂ ਯਾਦਾਂ ਦੀ ਤੇ ਕਿੱਕੀ ਢਿਲੋਂ ਤੇ ਬੰਟੀ ਰੋਮਾਣੇ ਤੇ ਗੁਰਦਿੱਤ ਸੇਖੋਂ ਵਰਗੇ ਵੀ ਸ਼ਾਇਦ ਸਬਕ ਲੈ ਲੈਣ?ਕਰਲੋ ਸ਼ਰਧਾਂਜਲੀਆਂ ਭੇਟ ਯਾਰੋ। ਕਰ ਲੋ ਅਭੁੱਲ ਯਾਦਾਂ ਸਾਂਝੀਆਂ? ਬਰਾੜ ਸਾਹਬ ਦੇ ਚਹੇਤਿਓ, ਪ੍ਰਸ਼ੰਸਕੋ, ਵੋਟਰੋ ਤੇ ਸਪੋਟਰੋ ਜਿਊਂਦੇ ਰਹੋ। ਮੈਂ ਕਿਤਾਬ ਲਿਖਤੀ ਤੇ ਛਪ ਗਈ। ਸੱਚ ਜਾਣਿਓਂ,"ਸਰੀਰ" ਸੜ ਜਾਏਗਾ ਪਰ "ਸ਼ਬਦ" ਦੀ ਤਾਕਤ ਨੂੰ ਕੋਈ ਨਹੀ ਸਾੜ ਸਕੇਗਾ, "ਸ਼ਬਦ" ਹਮੇਸ਼ਾ ਜਿੰਦਾ ਰਿਹਾ ਹੈ ਤੇ ਰਹੇਗਾ ਵੀ।
 ਪ੍ਰੀਤੀ ਸ਼ੈਲੀ ਜੀ,(9115872450) ਕੋਈ ਨਾ, ਗੁੱਸਾ ਨਾ ਕਰੋ, ਇਹ ਸਭ ਕਿਤਾਬਾਂ ਆਪ ਜੀ ਮੋਮੀਜਾਮੇ ਦੇ ਤਰਪਾਲ ਵਿਚ ਲਪੇਟ ਕੇ ਘਰ ਦੀ ਕਿਸੇ ਨੁੱਕਰੇ ਰੱਖ ਦਿਓ, ਸ਼ਾਇਦ ਮੀਂਹ ਕਣੀ ਵਿਚ ਭਿੱਜਣੋਂ ਬਚੀਆਂ ਰਹਿਣ ਗੀਆਂ, ਕਿਉਂਕ ਬਰਸਾਤ ਦੇ ਦਿਨ ਚੱਲ ਰਹੇ ਨੇ। ਬਰਾੜ ਸਾਹਬ, ਪਲੀਜ, ਗੁੱਸੇ ਨਾ ਹੋਵੋ, ਆਪ ਦੀ ਕਿਤਾਬ ਉਵੇਂ ਪੜੀ ਜਾਏਗੀ, ਜਿਵੇਂ "ਜੱਜ ਦਾ ਅਰਦਲੀ" ਪੜੀ ਗਈ ਐ। ਖੈਰ ਕਰੇ ਖੁਦਾ!
(9115872450)

ਮੇਰਾ ਡਾਇਰੀਨਾਮਾ : ਮੀਤ ਹੇਅਰ ਨੂੰ ਕੰਮ ਕਰਨ ਦਿਓ! -  ਨਿੰਦਰ ਘੁਗਿਆਣਵੀ

ਪੰਜਾਬ ਵਿਚ ਇਹ ਅਕਸਰ ਆਖਿਆ ਜਾਂਦਾ ਹੈ ਕਿ ਸਿੱਖਿਆ ਮੰਤਰੀ ਬਣਨਾ, ਕੰਡਿਆਂ ਦਾ ਤਾਜ ਪਹਿਨਣ ਦੇ ਬਾਰਾਬਰ ਹੈ। ਚਾਹੇ ਕੋਈ ਸਰਕਾਰ ਹੋਵੇ, ਤੇ ਕੋਈ ਵੀ ਸਮਾਂ ਹੋਵੇ, ਸਿੱਖਿਆ ਮੰਤਰੀ ਨੂੰ ਮਾਸਟਰ ਘੇਰਦੇ ਹੀ ਘੇਰਦੇ ਹਨ ਤੇ ਕੰਮ ਕਰਨ ਦਾ ਮੌਕਾ ਹੀ ਨਹੀਂ ਦਿੰਦੇ। ਜਦ ਭਗਵੰਤ ਮਾਨ ਦੀ ਸਰਕਾਰ ਬਣੀ ਤਾਂ ਮੀਤ ਹੇਅਰ ਪੰਜਾਬ ਦੇ ਸਿੱਖਿਆ ਮੰਤਰੀ ਬਣੇ। ਮਹੀਨਾ ਕੁ ਵਧੀਆ ਲੰਘ ਗਿਆ। ਮਾਸਟਰ ਸ਼ਾਂਤ ਰਹੇ। ਮੀਤ ਹੇਅਰ ਨੌਜਵਾਨ ਹੈ ਤੇ ਠੰਢੇ ਸੁਭਾਓ ਦਾ ਹੋਣ ਕਰਕੇ ਮਾਸਟਰ ਤਬਕੇ ਦੀ ਗੱਲ ਗਹੁ ਨਾਲ ਸੁਣਦਾ ਹੈ। ਉਸਦੇ ਪਿਤਾ ਸ੍ਰ ਚਮਕੌਰ ਸਿੰਘ ਵੀ ਮਾਸਟਰ ਰਹੇ ਹਨ।ਮਾਸਟਰ ਤਬਕੇ ਨੂੰ ਵੀ ਇਹ ਗੱਲ ਚੰਗੀ ਲੱਗ ਰਹੀ ਸੀ ਕਿ ਉਨਾਂ ਦਾ ਮੰਤਰੀ ਉਨਾਂ ਨਾਲ ਹਮਦਰਦੀ ਪੂਰਨ ਵਤੀਰਾ ਰੱਖ ਰਿਹਾ ਹੈ। ਪਰ ਜਲਦੀ ਹੀ ਇਹ ਸਾਰਾ ਏਧਰੋਂ ਓਧਰ, ਤੇ ਓਧਰੋਂ ਏਧਰ ਹੁੰਦਾ ਜਾਪਿਆ ਜਦ ਮਾਸਟਰਾਂ ਦੇ ਧਰਨੇ ਉਹਦੇ ਘਰ ਮੂਹਰੇ ਸ਼ੁਰੂ ਹੋ ਗਏ। ਇਹ ਕੋਈ ਨਵੀਂ ਗੱਲ ਨਹੀਂ ਸੀ ਤੇ ਇਹ ਹੋਣਾ ਹੀ ਸੀ। ਮੀਤ ਹੇਅਰ ਦੇ ਪਾਸ ਕੇਵਲ ਸਿੱਖਿਆ ਦਾ ਹੀ ਮਹਿਕਮਾ ਨਹੀਂ ਸਗੋਂ ਰਾਜ ਦੀ ਭਾਸ਼ਾ ਪੰਜਾਬੀ ਦਾ ਵੱਕਾਰੀ ਮਹਿਕਮਾ ਹੋਣ ਕਰਕੇ ਹੋਰ ਵੀ ਕਾਰਜ ਕਰਨ ਵਾਲੇ ਪਏ ਹਨ, ਪਰ ਮੈਂ ਵੇਖਿਆ ਹੈ ਕਿ ਉਸਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ।ਉਸਦੀ ਚੰਗੀ ਗੱਲ ਇਹ ਵੀ ਲੱਗ ਰਹੀ ਹੈ ਕਿ ਉਹ ਰੋਜ ਹੀ ਪਿੰਡਾਂ ਦੇ ਸਕੂਲਾਂ ਵਿਚ ਬੱਚਿਆਂ ਤੇ ਅਧਿਆਪਕਾਂ ਦੀਆਂ ਸਮੱਸਿਆਵਾਂ ਸੁਣਨ ਜਾਂਦਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਵਿਚ ਸਿੱਖਿਆ ਸੁਧਾਰਾਂ ਲਈ ਮੀਤ ਹੇਅਰ ਨੂੰ ਉਤਸ਼ਾਹ ਵੀ ਦੇ ਰਹੇ ਹਨ ਤੇ ਦਿੱਲੀ ਦਾ ਸਿੱਖਿਆ ਸਿਸਟਮ ਵੀ ਮੁੱਖ ਮੰਤਰੀ ਜੀ ਤੇ ਮੰਤਰੀ ਮੀਤ ਹੇਅਰ ਦੇਖ ਆਏ ਹਨ, ਉਹੋ ਜਿਹਾ ਪੰਜਾਬ ਵਿਚ ਕਰਨ ਬਾਰੇ ਵੀ ਸੋਚਿਆ ਜਾ ਰਿਹਾ ਹੈ। ਖੈਰ!
                ਭਾਸ਼ਾ ਦਾ ਮੁੱਦਾ
ਮੈਂ ਦੇਖਿਆ ਕਿ ਮੀਤ ਹੇਅਰ ਬੜੀ ਠੇਠ ਪੰਜਾਬੀ ਬੋਲਦਾ ਹੈ ਸੰਗਰੂਰੀ ਨਿਰੋਲ ਪੰਜਾਬੀ। ਕਦੇ- ਕਦੇ ਚੰਗੀ ਕਿਤਾਬ ਹੱਥ ਲੱਗ ਜਾਏ, ਪੜ ਕੇ ਅਨੰਦ ਲੈਂਦਾ ਹੈ। ਇੱਕ ਦਿਨ ਕਾਫੀ ਸਮਾਂ ਇਕੱਠੇ ਬੈਠੇ ਤਾਂ ਮੈਂ ਇਕ ਲੇਖਕ ਵਜੋਂ ਆਪਣੀ ਜਿੰਮੇਵਾਰੀ ਸਮਝਦਿਆਂ ਮੀਤ ਹੇਅਰ ਨੂੰ ਉਸਦੇ ਅਧੀਨ ਆਉਂਦੇ ਭਾਸ਼ਾ ਵਿਭਾਗ ਬਾਬਤ ਕਾਫੀ ਕੁਝ ਅਪਡੇਟ ਕੀਤਾ। ਭਾਸ਼ਾ ਵਿਭਾਗ ਦਾ ਗੌਰਵਮਈ ਇਤਿਹਾਸ ਵੀ ਦੱਸਿਆ ਤੇ ਮੌਜੂਦ ਹੋਈ ਡਾਵਾਂਡੋਲ ਸਥਿਤੀ ਵੀ। ਇਹ ਵੀ ਦੱਸਿਆ ਕਿ ਭਾਸ਼ਾ ਵਿਭਾਗ ਦਾ ਮੰਤਰੀ ਹੋਣਾ ਆਪ ਦਾ ਇਕ ਮਾਣਮਤਾ ਸੁਭਾਗ ਹੈ। ਭਾਸ਼ਾ ਕਿਸੇ ਵੀ ਪਰਾਂਤ ਦੀ ਰੀੜ ਦੀ ਹੱਡੀ ਹੁੰਦੀ ਹੈ,ਜੇ ਇਹੋ ਹੀ ਕਮਜ਼ੋਰ ਪੈ ਗਈ ਤਾਂ ਰਾਜ ਵਿਚ ਭਾਸ਼ਾ ਬਚੇਗੀ ਕਿਥੋਂ? ਮੈਂ ਤੇ ਮੀਤ ਗੱਲਾਂ ਕਰ ਰਹੇ ਸਾਂ ਤਾਂ ਗੱਲੀ ਗੱਲੀਂ ਇਹ ਮਹਿਸੂਸ ਹੋਇਆ ਕਿ ਪੰਜਾਬ ਦੇ ਭਾਸ਼ਾ ਵਿਭਾਗ ਦੀ ਇਸ ਵੇਲੇ ਬਦਤਰ ਹੋ ਚੁੱਕੀ ਹਾਲਤ ਬਾਰੇ ਉਸਨੂੰ ਪਹਿਲਾਂ ਹੀ ਪਤਾ ਹੈ ਤੇ ਉਹ ਕਾਫੀ ਚਿੰਤਤ ਵੀ ਹੈ ਪਰ ਸਿੱਖਿਆ ਵਿਭਾਗ ਦੇ ਅਣਗਿਣਤ ਤੇ ਅਣ ਸੁਲਝੇ ਬਖੇੜੇ ਸਾਹ ਲੈਣ ਦੇਣ, ਤਾਂ ਹੀ ਉਹ ਕੁਝ ਭਾਸ਼ਾ ਵਿਭਾਗ ਬਾਰੇ ਸੋਚੇਗਾ। ਇਥੇ ਇਹ ਗੱਲ ਪਾਸੇ ਸੁੱਟਣ ਵਾਲੀ ਨਹੀਂ ਹੈ ਕਿ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਵਿਚ ਪ੍ਰਗਟ ਸਿੰਘ ਨੂੰ ਸਿੱਖਿਆ ਮੰਤਰੀ ਹੁੰਦੇ ਹੋਏ ਨਾਲ ਨਾਲ ਭਾਸ਼ਾ ਵਿਭਾਗ ਵੀ ਮਿਲਿਆ ਸੀ ਤੇ ਲਗਪਗ ਸੌ ਦਿਨ ਕੰਮ ਕਰਦਿਆਂ ਪ੍ਰਗਟ ਸਿੰਘ ਭਾਸ਼ਾ ਵਿਭਾਗ ਵਾਸਤੇ ਕੁਝ ਚੰਗੇ ਕਾਰਜ ਵੀ ਕਰ ਗਏ। ਉਨਾਂ ਦੇ ਵੱਡੇ ਕਾਰਜਾਂ ਵਿੱਚ ਲੈਕਚਰਾਰ ਲੇਖਕਾਂ ਤੇ ਕਵੀਆਂ ਨੂੰ ਡੈਪੂਟੇਸ਼ਨ ਉਤੇ ਭਾਸ਼ਾ ਵਿਭਾਗ ਦੇ ਜ਼ਿਲਿਆਂ ਵਿਚ ਖਾਲੀ ਪਏ ਜਿਲਾ ਭਾਸ਼ਾ ਅਫਸਰਾਂ ਦੇ ਦਫਤਰਾਂ ਵਿਚ ਤਾਇਨਾਤ ਕਰਨਾ ਸੀ। ਹੁਣ ਜਿਲਾ ਭਾਸ਼ਾ ਅਫਸਰਾਂ ਦੇ ਦਫਤਰਾਂ ਵਿਚ ਕੰਮ ਨੇ ਵੀ ਰਫਤਾਰ ਫੜੀ ਹੈ ਤੇ ਰੌਣਕਾਂ ਵੀ ਲੱਗਣ ਲੱਗੀਆਂ ਹਨ,ਸਿੱਟੇ ਵਜੋਂ ਮੋਹਾਲੀ ਤੇ ਫਰੀਦਕੋਟ ਦੇ ਦਫਤਰ ਵੇਖੇ ਜਾ ਸਕਦੇ ਹਨ ਪਰ ਫਿਰ ਪੰਜਾਬ ਵਿਚ ਭਾਸ਼ਾ ਸੁਧਾਰਾਂ ਵਾਸਤੇ ਜਰੂਰੀ ਯਤਨਾਂ ਦੀ ਅਹਿਮ ਲੋੜ ਹੈ ਤੇ ਅਸੀਂ ਭਾਸ਼ਾ ਮੰਤਰੀ ਦਾ ਸਾਥ ਤੇ ਸਹਿਯੋਗ ਦੇਣ ਲਈ ਤਿਆਰ ਹਾਂ। ਇਸ ਵੇਲੇ ਪੰਜਾਬ ਦੇ ਭਾਸ਼ਾ ਵਿਭਾਗ ਦਾ ਡਾਇਰੈਕਟਰ ਹੀ ਨਹੀਂ ਲਾਇਆ ਗਿਆ, ਜੋ ਵਿਭਾਗ ਵਿਚੋਂ ਹੀ ਤਰੱਕੀ ਦੇਕੇ ਲਾਉਣਾ ਹੁੰਦਾ ਹੈ। ਬਕਾਇਆ ਪਏ ਕੰਮਾਂ ਦੀ ਸੂਚੀ ਬੜੀ ਲੰਬੀ ਹੈ। ਪੰਜਾਬ ਦੇ ਲੇਖਕ, ਭਾਸ਼ਾ ਪ੍ਰੇਮੀ ਤੇ ਭਾਸ਼ਾ ਨਾਲ ਜੁੜੀਆਂ ਸੰਸਥਾਵਾਂ ਭਾਸ਼ਾ ਮੰਤਰੀ ਮੀਤ ਹੇਅਰ ਤੋਂ ਪੰਜਾਬੀ ਭਾਸ਼ਾ ਪ੍ਰਤੀ ਚੰਗੇ ਤੇ ਨੇਕ ਕਦਮਾਂ ਦੀ ਉਡੀਕ ਵਿਚ ਹਨ।

ਕੈਨੇਡਾ ਡਾਇਰੀ-(1) - ਨਿੰਦਰ ਘੁਗਿਆਣਵੀ

ਸੰਨ 2001 ਦੀਆਂ ਗਰਮੀਆਂ ਵਿਚ ਮੈਂ ਪਹਿਲੀ ਵਾਰੀ ਕੈਨੇਡਾ ਗਿਆ ਸਾਂ।ਉਦੋਂ ਉਥੋਂ ਦਾ ਆਰਥਿਕ,ਸਮਾਜਿਕ  ਤੇ ਧਾਰਮਿਕ ਮਾਹੌਲ ਬਿਲਕੁਲ ਹੋਰ ਤਰਾਂ ਦਾ ਸੀ,ਹੁਣ ਹੋਰ ਤਰਾਂ ਦਾ ਹੈ। ਲੋਕ ਇੰਡੀਆ ਤੋਂ ਆਉਣ ਵਾਲੇ ਆਪਣੇ ਰਿਸ਼ਤੇਦਾਰਾਂ ਦੇ ਦਰਸ਼ਨਾਂ ਨੂੰ ਬੁਰੀ ਤਰਾਂ ਤਰਸੇ ਪਏ ਸਨ। ਬੜਾ ਉਦਰੇਵਾਂ ਸੀ ਲੋਕਾਂ ਵਿਚ ਆਪਣਿਆਂ ਨੂੰ ਮਿਲਣ ਦਾ।  ਮਿਲਾਪ ਦੀ ਤਾਂਘ  ਦਿਨ ਰਾਤ ਠਾਠਾਂ ਮਾਰਦੀ। ਉਦੋਂ ਉਥੇ ਭੀੜ ਬੜੀ ਘੱਟ ਸੀ ਤੇ ਲੋਕਾਂ ਕੋਲ ਕੰਮਕਾਰ ਬਹੁਤ ਵੱਧ ਸਨ। ਇਧਰੋਂ ਗਏ ਲੋਕਾਂ ਵਿਚ ਕਾਹਲ ਵੀ ਨਹੀਂ ਸੀ ਦਿਸਦੀ ਤੇ ਪੰਜਾਬੀ ਲੋਕ ਏਧਰ-ਓਧਰ ਤੁਰੇ ਫਿਰਦੇ ਖੁਸ਼-ਖੁਸ਼ ਦਿਖਾਈ ਦਿੰਦੇ ਸਨ। ਮੈਂ ਦੇਖਿਆ ਕਿ ਉਦੋਂ ਵਿਦਿਆਰਥੀ ਵੀਜੇ ਦਾ ਕਿਸੇ ਨੇ ਨਾਂ ਤੱਕ ਨਹੀਂ ਸੀ ਸੁਣਿਆ ਹੋਇਆ। ਉਸ ਵੇਲੇ ਲੋਕਾਂ ਨੂੰ ਪੀ-ਆਰਾਂ ਪਲੋ-ਪਲੀ ਮਿਲੀ ਜਾਂਦੀਆਂ ਸਨ ਤੇ ਵਰਕ ਪਰਮਿਟ ਜਾਂ ਪੁਆਇੰਟਾਂ ਉਤੇ ਵੀ ਬਹੁਤ ਸਾਰੇ ਪਰਿਵਾਰ ਇੰਡੀਆ ਤੋਂ ਕੈਨੇਡੇ ਵੱਲ ਨੂੰ ਦੌੜੇ ਜਾ ਰਹੇ ਸਨ। ਉਦੋਂ ਕੁ ਜਿਹੇ ਹੀ ਏਧਰੋਂ ਪਤੀ-ਪਤਨੀ, ਚੰਗੀਆਂ-ਚੰਗੀਆਂ ਨੌਕਰੀਆਂ ਛੱਡਕੇ, ਸਮੇਤ ਆਪਣੇ ਬੱਚਿਆਂ ਦੇ, ਕੈਨੇਡਾ ਜਾ ਅੱਪੜੇ ਤੇ  ਬੇਸਮੈਂਟਾਂ ਵਿਚ ਬੈਠੇ ਆਪਣੀ ਕਿਸਮਤ ਉਤੇ ਝੂਰਨ ਲੱਗੇ। ਬੇਸਮੈਟਾਂ ਬਹੁਤ  ਸਸਤੀਆਂ ਮਿਲ ਰਹੀਆਂ ਸਨ ਤੇ ਖਾਣ ਪੀਣ ਵੀ ਸਸਤਾ ਸੀ। ਇੰਡੀਆ ਤੋਂ  ਨਵੇਂ- ਨਵੇਂ ਆਏ ਉਨਾਂ ਲੋਕਾਂ ਦਾ ਇਹ ਕਹਿਣਾ ਸੀ ਕਿ ਇੰਡੀਆ ਵਿਚੋਂ ਅਸੀਂ ਏਡੀਆਂ ਸੋਹਣੀਆਂ ਤੇ ਵੱਡੀਆਂ-ਵੱਡੀਆਂ  ਨੌਕਰੀਆਂ ਗੁਵਾ ਕੇ ਤੇ ਆਬਦੇ  ਵੱਡੇ-ਵੱਡੇ ਸ਼ਾਨਦਾਰ  ਘਰ ਛੱਡ ਕੇ ਏਥੇ  ਇਨਾਂ ਘੁਰਨਿਆਂ (ਬੇਸਮੈਂਟਾਂ) ਵਿਚ ਆ ਬੈਠੇ ਆਂ ਤੇ ਹੁਣ ਏਧਰ-ਓਧਰ ਦਿਹਾੜੀਆਂ ਕਰਨ ਜਾਂਦੇ ਆਂ, ਕੀ ਹੈ ਕਿਸਮਤ ਸਾਡੀ?  ਕੀ ਹੈ ਏਹ ਕੈਨੇਡਾ ਕਨੂਡਾ ਜਿਹਾ? ਅਸੀਂ ਆਪਣੇ ਮੁਲਕ ਵਿਚ ਹੀ ਬਹੁਤ ਵਧੀਆ ਸਾਂ, ਹੁਣ ਧੋਬੀ ਦੇ ਕੁੱਤੇ ਆਂ ਅਸੀਂ,ਨਾ ਘਰ ਦੇ ਆਂ, ਨਾ ਘਾਟ ਦੇ ਆਂ, ਵਾਪਸ ਜਾਵਾਂਗੇ ਤਾਂ ਜੱਗ ਹਸਾਈ ਹੋਵੇਗੀ ਤੇ  ਸ਼ਰੀਕੇ ਕਬੀਲੇ ਦੇ ਤਾਹਣੇ-ਮੇਹਣੇ ਸੁਣਾਂਗੇ ਜਾਕੇ? ਅਸੀਂ  ਏਥੇ ਭੁੱਖੇ ਚਾਹੇ ਮਰ ਜਾਈਏ ਪਰ ਵਾਪਸ ਨਹੀਂ ਅਸਾਂ ਜਾਣਾ।
 ਮੈਂ ਅਜਿਹੇ ਲੋਕਾਂ ਨੂੰ ਮਿਲ-ਸੁਣ ਕੇ ਮਹਿਸੂਸ ਕੀਤਾ ਕਿ ਜਿਹੜੇ ਇਨਾਂ ਦੇ ਰਿਸ਼ਤੇਦਾਰਾਂ ਨੇ ਇਨਾਂ ਨੂੰ ਵਰਕ ਪਰਮਿਟ ਜਾਂ ਪੁਆਇੰਟਾਂ ਉਤੇ ਕੈਨੇਡਾ ਆਉਣ  ਦੀ ਦੱਸ ਪਾਈ ਸੀ, ਜਾਂ ਸਲਾਹ ਦੇਕੇ ਬਣਦੀ -ਸਰਦੀ ਮੱਦਦ ਕੀਤੀ ਸੀ, ਉਹਨਾਂ ਨਾਲ  ਹੁਣ ਇਹਨਾਂ ਦੀ ਸਖ਼ਤ ਨਰਾਜ਼ਗੀ ਬਣੀ ਹੋਈ ਹੈ, ਤੇ ਇਹ ਉਨਾਂ ਨੂੰ ਦੇਖ-ਮਿਲ ਕੇ  ਭੋਰਾ ਵੀ ਰਾਜੀ ਨਹੀ ਹਨ, ਹੋ ਸਕਦੈ ਕਿ ਉਹ ਵਿਚਾਰੇ ਇਨਾਂ ਦੀ ਇਛਾਵਾਂ ਉਤੇ ਪੂਰੀ ਤਰਾਂ ਖਰੇ ਨਾ ਉਤਰ ਸਕੇ ਹੋਣ! ਮੈਂ ਦੇਖਿਆ ਕਿ ਰਿਸ਼ਤਿਆਂ ਵਿਚ ਤਰੇੜਾਂ ਆ ਚੁੱਕੀਆਂ ਸਨ ਤੇ ਮੋਹ-ਮਾਣ ਇਹਨਾਂ ਵਿਚੋਂ ਉੱਡ-ਪੁੱਡ ਗਿਆ ਸੀ। ਉਸ ਸਮੇਂ ਮੈਂ ਇਹੋ ਜਿਹੇ ਕਾਫੀ ਸਾਰੇ ਲੋਕਾਂ ਨੂੰ ਮਿਲਿਆ-ਗਿਲਿਆ ਸਾਂ, ਜਾਂ ਉਹ ਲੋਕ ਮੈਨੂੰ ਆਪ ਹੀ  ਲੱਭ ਕੇ ਮਿਲੇ ਸਨ, ਤੇ ਇੰਡੀਆ ਤੋਂ ਹੀ  ਮੇਰੀਆਂ ਲਿਖਤਾਂ ਸਦਕਾ ਮੈਨੂੰ ਜਾਣਦੇ ਵੀ ਸਨ। ਚਲੋ, ਖੈਰ!
 ਉਦੋਂ ਜਿਹੜੇ ਲੋਕ ਉਥੇ ਬੜੇ ਔਖੇ ਸਨ, ਹੁਣ ਉਹੀ ਲੋਕ ਉਥੇ ਬੜੇ ਸੌਖੇ ਹਨ ਤੇ  ਹੁਣ ਉਹੀ ਲੋਕ ਮੈਨੂੰ ਇਹ ਆਖ ਰਹੇ ਹਨ ਕਿ ਅਸੀਂ ਬਹੁਤ ਚੰਗੇ ਤੇ ਬਿਲਕੁਲ ਠੀਕ ਰਹਿ ਗਏ ਆਂ, ਹੁਣ ਤਾਂ  ਸਾਨੂੰ ਸੁਖ ਨਾਲ ਵੀਹ ਬਾਈ ਸਾਲ ਬੀਤ ਚੱਲੇ ਨੇ ਕੈਨੇਡਾ ਆਇਆਂ ਨੂੰ, ਹੁਣ ਤਾਂ ਸਾਡੇ ਬੱਚੇ ਵੀ ਏਥੇ ਜੁਆਨ ਹੋਏ ਐ,ਖੂਬ ਪੜੇ-ਲਿਖੇ ਐ,ਵਧੀਆ ਜਾਬਾਂ ਕਰਦੇ ਐ ਤੇ ਵਿਆਹੇ ਵਰੇ ਵੀ ਗਏ ਐ। ਸਾਡੀਆਂ ਵੀ ਸੁਖ ਨਾਲ ਹੁਣ ਪੈਨਸ਼ਿਨਾਂ ਲੱਗ ਗਈਆਂ ਨੇ, ਤੇ ਸਾਡੇ ਘਰ-ਘਾਟ ਵੀ ਵਾਧੂੰ ਵਧੀਆ ਨੇ। ਬਿਜਨੈਸ ਵੀ ਸਾਡੇ ਵਧ ਫੁਲ ਗਏ ਨੇ। ਮੈਨੂੰ ਉਨਾਂ ਲੋਕਾਂ ਪਾਸੋਂ ਇਹ ਬੋਲ ਸੁਣਕੇ ਖੁਸ਼ੀ ਹੁੰਦੀ ਹੈ ਕਿ ਇਹ ਲੋਕ ਕਰੜੇ ਸੰਘਰਸ਼ ਵਿਚੋਂ ਨਿਕਲ ਕੇ ਹੀ  ਹੁਣ ਆਪਣੇ ਸੁਖੀ ਹੋਣ ਦਾ ਦਾਅਵਾ ਕਰ ਰਹੇ ਹਨ, ਇਹ ਚੰਗੀ ਗੱਲ ਹੈ, ਮਨੁੱਖ  ਸਦਾ ਸੁਖੀ ਹੀ ਹੋਣਾ ਚਾਹੀਦਾ ਹੈ, ਚਾਹੇ ਕਿਹੋ ਜਿਹੀ ਵੀ ਧਰਤੀ ਹੋਵੇ ਉਹਦੇ ਵੱਸਣ ਵਾਸਤੇ! ਸੋ,ਦੋਸਤੋ, ਇਹੋ ਜਿਹੇ ਕਾਫੀ ਪਰਿਵਾਰ ਮੇਰੇ ਨਾਲ ਉਦੋਂ ਦੇ ਜੁੜੇ ਹੋਏ ਹਨ, ਤੇ ਫੋਨ ਉਤੇ ਗੱਲਾਂ ਬਾਤਾਂ ਵੀ ਅਕਸਰ ਹੀ ਕਰਦੇ ਹੀ ਰਹਿੰਦੇ ਹਨ।
                  ****
ਉਦੋਂ, (ਇੱਕੀ ਸਾਲ ਪਹਿਲਾਂ) ਕੈਨੇਡਾ ਦੇ ਪ੍ਰਧਾਨ ਮੰਤਰੀ ਜੌਂ ਕਰੈਚੀਆਂ ਸਨ ਤੇ ਲਿਬਰਲ ਦੀ ਸਰਕਾਰ ਸੀ।  ਗੁਰਬਖਸ਼ ਸਿੰਘ ਮੱਲੀ ਟੋਰਾਂਟੋ ਦੇ ਬਰੈਮਲੀ ਗੌਰ ਮਾਲਟਨ ਹਲਕਾ ਵਿਚੋ,(ਪਹਿਲੇ ਪਗੜੀਧਾਰੀ ਸਿੱਖ) ਮੈਂਬਰ ਪਾਰਲੀਮੈਂਟ ਸਨ ਤੇ ਲੇਬਰ ਦੇ ਪਾਰਲੀਮਾਨੀ ਸੈਕਟਰੀ ਵੀ ਸਨ। ਉਹ ਤੀਜੀ ਵਾਰ ਚੋਣ ਜਿੱਤੇ ਸਨ। ਮੱਲੀ ਜੀ ਦਾ ਪਿੰਡ ਚੁੱਘਾ ਕਲਾਂ ਮੋਗਾ ਜਿਲੇ ਵਿਚ ਪੈਂਦਾ ਹੈ। ਅਖਬਾਰ ਅਜੀਤ ਵੀਕਲੀ  ਵਿਚੋਂ ਪੜ ਕੇ  ਤੇ ਰੇਡੀਓ ਟੀਵੀ ਉਤੋਂ ਸੁਣ ਕੇ ਮੱਲੀ ਜੀ ਨੇ ਆਪੇ ਮੇਰਾ ਫੋਨ ਨੰਬਰ ਲੱਭਿਆ ਸੀ ਤੇ ਆਖ ਰਹੇ ਸਨ ਕਿ ਮੇਰੇ ਵਾਸਤੇ ਏਹ ਬੜੀ ਖੁਸ਼ੀ ਦੀ ਗੱਲ ਹੋਵੇਗੀ ਕਿ ਜਿੰਨੀ ਉਮਰ ਐ  ਤੇ ਉਸ ਤੋਂ ਵੱਧ ਕਿਤਾਬਾਂ ਦੇ ਲੇਖਕ ਲੜਕੇ ਨੂੰ ਮੈਂ ਆਪਣੇ ਮੁਲਕ ਦੇ ਪ੍ਰਧਾਨ ਮੰਤਰੀ ਕੋਲ ਲੈਕੇ ਜਾਵਾਂਗਾ ਤੇ ਤੇਰਾ ਉਨਾਂ ਪਾਸੋਂ ਸਨਮਾਨ  ਕਰਵਾਵਾਂਗਾ। ਮੱਲੀ ਜੀ ਕੋਲੋਂ  ਇਹ ਸੁਣ ਮੈਂ ਵੀ ਪ੍ਰਸੰਨ ਹੋਇਆ ਨਿਆਣਾ, ਨਿਮਾਣਾ ਤੇ ਨਿਤਾਣਾ।
 ਬੜਾ ਕਮਾਲ ਦਾ ਸਬੱਬ ਬਣਿਆ ਸੀ। ਇਹ ਸਾਰਾ ਕੁਝ ਖੂਬ ਹੋਇਆ। ਹਰਭਜਨ ਮਾਨ  ਦੇ ਸਹੁਰਾ ਸਾਹਿਬ ਹਰਚਰਨ ਸਿੰਘ ਮਾਸਟਰ ਜੀ,(ਬਾਪੂ ਕਰਨੈਲ ਸਿੰਘ ਪਾਰਸ ਰਾਮੂਵਾਲੀਆ ਦੇ ਵੱਡੇ ਬੇਟੇ) ਮੈਨੂੰ  ਟੋਰਾਂਟੋ ਤੋਂ ਕੈਨੇਡਾ ਦੀ ਪਾਰਲੀਮੈਂਟ  ਔਟਾਵਾ ਲੈ ਗਏ। ਮੈਂ ਹੈਰਾਨ  ਹੋ ਰਿਹਾ ਸਾਂ ਕੈਨੇਡਾ ਦੀ ਪਾਰਲੀਮੈਂਟ ਦੇਖ-ਦੇਖ ਕੇ, ਕਿਉਂਕ ਪੰਜਾਬ ਦੀ ਅਸੰਬਲੀ ਦੇ ਕਿਸੇ ਦਰਸ਼ਨ ਕਰਨ ਵਾਸਤੇ ਹੁਣ ਤਕ ਵੀ ਸੁਭਾਗ ਨਹੀਂ ਸੀ ਮਿਲਿਆ। (ਹੁਣ ਤਾਂ  ਭਾਵੇ ਕਿ ਮੇਰੇ ਇਲਾਕੇ ਦਾ ਸ੍ਰ  ਕੁਲਤਾਰ ਸਿੰਘ ਸੰਧਵਾਂ ਇਸ ਵੇਲੇ ਪੰਜਾਬ ਵਿਧਾਨ ਸਭਾ ਦਾ ਸਪੀਕਰ ਵੀ ਹੈ ਤੇ ਜਲਦੀ ਗੇੜਾ ਪੰਜਾਬ ਵਿਧਾਨ ਸਭਾ ਦਾ ਕੱਢਾਂਗੇ)।
(ਬਾਕੀ ਅਗਲੇ ਹਫਤੇ)

 ਡਾਇਰੀ - ਬਾਤਾਂ ਭਗਵੰਤ ਮਾਨ  ਦੀਆਂ-(1)  - ਨਿੰਦਰ ਘੁਗਿਆਣਵੀ

ਭਗਵੰਤ ਮਾਨ  ਨਾਲ ਮੇਰੀ ਕੀ ਸਾਂਝ ਹੈ? ਕਦੋਂ ਕੁ ਦੀ ਹੈ? ਕਿੰਨੀ ਕੁ ਹੈ? ਇਹ ਸਵਾਲ ਮੇਰੇ ਸਾਹਮਣੇ ਹਨ।

1997 ਦਾ ਵਰਾ ਸੀ। ਇਕ ਦਿਨ, ਮੈਂ ਜਲੰਧਰ  ਰੇਡੀਓ  ਉਤੇ ਗਾਉਣ ਗਿਆ ਹੋਇਆ ਸਾਂ। ਸਾਡੇ ਘਰ ਲੈਂਡ ਲਾਈਨ  ਫੋਨ  ਵੀ ਨਹੀਂ ਸੀ ਲੱਗਿਆ ਉਦੋਂ। ਬਸ, ਚਿੱਠੀ ਪੱਤਰ ਰਾਹੀਂ ਹੀ ਸਭ ਪਾਸੇ ਰਾਬਤੇ ਹੁੰਦੇ ਸਨ। ਮੈਂ ਦੇਰ ਰਾਤੀਂ ਘਰੇ ਆਇਆ ਤਾਂ ਮੇਰਾ ਤਾਇਆ ਰਾਮ ਦੱਸਣ ਲੱਗਿਆ, " ਅੱਜ  ਦੁਪਹਿਰ  ਵੇਲੇ ਜੱਸੋਵਾਲੀਆ ਜੀ ਆਇਆ ਸੀ, ਨਾਲ ਜੀਤ ਗੋਲੇਵਾਲੀਆ ਤੇ ਭਗਵੰਤ ਮਾਨ ਵੀ ਸੀ ਜੇਹੜਾ ਟੀਵੀ ਉਤੋਂ ਸਕਿੱਟਾਂ ਵਿਚ ਆਉਂਦਾ ਹੁੰਦਾ ਐ, ਗੋਲੇਵਾਲੀਆ ਕਾਰ 'ਚੋਂ ਉਤਰਿਆ ਤੇ ਤੇਰਾ ਉਹਨੇ ਪੁੱਛਿਆ ਤੇ  ਮੈਂ ਕਿਹਾ ਕਿ ਨਿੰਦਰ ਤਾਂ ਅੱਜ  ਰੇਡੀਓ ਉਤੇ ਗਾਉਣ ਗਿਆ ਵੈ ਜਲੰਧਰ ਨੂੰ ਤੇ  ਗੋਲੇਵਾਲੀਆ ਕਹਿੰਦਾ ਕਿ ਜਦ ਉਹ ਆਊਗਾ, ਤਾਂ ਦੱਸ ਦਿਓ ਕਿ ਭਗਵੰਤ ਮਾਨ  ਤੇ ਜੱਸੋਵਾਲ  ਸਾਹਬ ਉਹਨੂੰ ਲੈਣ ਆਏ ਸੀ।"  
ਤਾਏ  ਰਾਮ ਨੇ ਕਾਰ ਵਿਚ  ਬੈਠੇ ਜੱਸੋਵਾਲ  ਤੇ ਭਗਵੰਤ ਮਾਨ ਪਛਾਣ ਲਏ ਸਨ। ਤਾਇਆ ਜਲੰਧਰ ਟੀਵੀ ਦਾ ਕੋਈ ਪ੍ਰੋਗਰਾਮ ਵੇਖਣੋਂ ਨਹੀਂ ਸੀ ਛਡਦਾ, ਸਾਰੇ ਪ੍ਰੋਗਰਾਮ ਵੇਂਹਦਾ ਸੀ ਖਾਸ ਕਰਕੇ 'ਮੇਰਾ ਪਿੰਡ ਮੇਰੇ ਖੇਤ'। ਮੇਰੇ ਘਰ ਨਾ ਮਿਲਣ ਕਰਕੇ, ਮੈਂ ਜੱਸੋਵਾਲ ਜੀ ਨੂੰ ਪੀਲੇ ਰੰਗਾ ਪੋਸਟ ਕਾਰਡ ਲਿਖਕੇ ਮਾਫੀ ਮੰਗੀ। ਭਗਵੰਤ ਮਾਨ  ਦਾ ਮੇਰੇ ਕੋਲ ਸਿਰਨਾਵਾਂ ਹੀ ਨਹੀਂ ਸੀ। ਪਰ ਮੈਨੂੰ ਖੁਸ਼ੀ ਸੀ ਕਿ ਜੱਸੋਵਾਲ ਮੈਨੂੰ ਲੱਭਣ ਆਇਆ ਤੇ ਨਾਲ ਉਹਦੇ  ਭਗਵੰਤ ਮਾਨ ਵੀ ਸੀ।
                           ****
ਸੰਨ 1999 ਆ ਗਿਆ। ਮੈਂ ਇਕ ਪੁਸਤਕ  ਲਿਖ ਰਿਹਾ ਸਾਂ ਪੰਜਾਬ  ਦੇ ਵੱਖ ਵੱਖ ਖੇਤਰਾਂ ਵਿਚ  ਮਸ਼ਹੂਰ  ਹੋਏ  ਮਾਨਾਂ ਬਾਰੇ।  ਬਾਬੂ ਸਿੰਘ  ਮਾਨ  ਮਰਾੜਾਂ ਵਾਲੇ ਆਖਣ ਲੱਗੇ ਕਿ ਭਗਵੰਤ ਨੂੰ ਵੀ  ਮਿਲ ਆ, ਮੈਂ ਫੋਨ ਕਰਦਾਂ ਉਹਨੂੰ ਤੇਰੇ ਬਾਰੇ। ਮਾਨ ਸਾਹਿਬ  ਨੇ ਘਰ ਵਾਲੇ ਫੋਨ ਉਤੋਂ ਫੋਨ ਮਿਲਾਇਆ, ਨਹੀਂ ਮਿਲਿਆ। ਮੈਂ ਆਥਣੇ ਮਰਾੜਾਂ ਤੋਂ ਘੁਗਿਆਣੇ  ਮੁੜ ਆਇਆ। ਕਿਤਾਬ ਵਿਚ ਭਗਵੰਤ ਮਾਨ  ਬਾਰੇ ਲਿਖਣਾ ਤਾਂ ਬਣਦਾ ਹੀ ਸੀ।ਉਹਦਾ ਪਟਿਆਲੇ ਵਾਲਾ ਐਡਰੈਸ ਲੱਭਿਆ। ਸ਼ਾਇਦ ਅਫਸਰ ਕਲੋਨੀ ਸੀ, ਤੇ ਇਹ ਉਦੋਂ ਹਾਲੇ ਨਵੀਂ ਨਵੀਂ ਹੀ ਵੱਸੀ ਸੀ। ਮੈਂ ਚਿੱਠੀ ਲਿਖੀ ਕਿ  ਭਗਵੰਤ ਬਾਈ ਜੀ, ਮੈਂ ਆਪ ਦੀ ਇੰਟਰਵਿਊ  ਕਰਨੀ ਆਂ ਕਿਤਾਬ ਵਾਸਤੇ। ਮੈਨੂੰ ਕੋਈ ਜੁਆਬ ਨਾ ਆਇਆ। ਲੈਂਡ ਲਾਈਨ, ਫੋਨ ਜੋ  ਬਾਬੂ ਸਿੰਘ ਮਾਨ ਨੇ ਲਿਖਵਾਇਆ ਸੀ,ਉਹ ਮਿਲਾਇਆ, ਤਾਂ  ਭਗਵੰਤ ਦੇ ਪਿਤਾ ਜੀ ਨੇ ਉਠਾਇਆ। ਉਹ ਪੁੱਛਦੇ ਹਨ, ਕੌਣ ਬੋਲਦਾ ਐ? ਮੈਂ ਆਪਣਾ ਨਾਂ ਦੱਸਿਆ,ਤਾਂ ਉਹ ਬੋਲੇ, "ਹੱਛਾ ਹੱਛਾ, ਨਿੰਦਰ ਸਿੰਆਂ, ਮੈਂ ਤੇਰੇ ਲੇਖ ਪੰਜਾਬੀ ਟ੍ਰਿਬਿਊਨ ਵਿਚ  ਪੜਦਾ ਹੁੰਨਾ ਆਂ, ਤੂੰ ਐਂ ਕਰੀਂ ਸ਼ੇਰਾ, ਰਾਤ ਨੂੰ ਫੋਨ ਕਰੀਂ, ਜਦ ਨੂੰ ਭਗਵੰਤ  ਘਰੇ ਈ ਹੋਊ ਤੇ ਤੇਰੇ ਨਾਲ ਗੱਲ ਵੀ  ਹੋਜੂ, ਅੱਜ ਭਵਾਨੀਗੜ੍ਹ  ਵੰਨੀ ਗਿਆ ਐ, ਕੋਈ ਬਾਹਰੋਂ ਪ੍ਰਮੋਟਰ ਆਇਆ ਸੀ,ਉਹਨੂੰ ਮਿਲਣਾ ਸੀ ਉਹਨੇ।"
ਇਕ ਦਿਨ ਫਿਰ ਫੋਨ ਲਾਇਆ। ਭਗਵੰਤ ਮਾਨ ਨਹੀਂ ਮਿਲਿਆ। ਉਹ ਦਿੱਲੀ  ਗਿਆ ਹੋਇਆ ਸੀ ਤੇ ਭਗਵੰਤ  ਦੇ ਪਿਤਾ ਜੀ ਆਖਣ ਲੱਗੇ  ਕਿ ਨਿੰਦਰ ਯਾਰ, ਤੂੰ ਆਬਦਾ ਨੰਬਰ ਲਿਖਵਾ, ਮੈਂ ਤੇਰੀ ਗੱਲ ਕਰਵਾਊਂ ਭਗਵੰਤ ਨਾਲ। ਮੈਂ ਨੰਬਰ  ਲਿਖਵਾਂਦਿਆ ਆਖਿਆ ਕਿ ਐਂਕਲ ਜੀ, ਮੈਂ ਜਲੰਧਰ ਰਾਜੂ  ਠਾਕੁਰ ਦੇ ਪੀ ਸੀ ਓ  ਉਤੋਂ ਬੋਲਦਾ ਆਂ ਤੇ ਆਥਣੇ ਦੋ ਘੰਟੇ ਏਥੇ  ਈ ਬਹਿੰਨਾ ਆਂ,  ਜਦ ਤੁਸੀਂ ਗਲ ਕਰਵਾਓਗੇ, ਜੇ ਮੈਂ ਨਾ ਹੋਇਆ ਫੇਰ? ਉਹ ਹੱਸੇ, ਤੇ ਬੋਲੇ ਕਿ ਫੇਰ ਸਮਝੀਂ ਫਾਇਰ ਫੋਕਾ ਗਿਆ। ਸੋ, ਮੈਂ ਮਾਸਟਰ ਮਹਿੰਦਰ ਸਿੰਘ  ਦਾ ਕਾਇਲ ਹੋ ਗਿਆ।  ਤੇ ਇੱਕ ਨਾ ਇੱਕ ਦਿਨ, ਪਟਿਆਲੇ ਅਫਸਰ ਕਲੋਨੀ ਭਗਵੰਤ ਮਾਨ  ਦੇ ਘਰ ਜਾ ਪੁੱਜਾ ਮੈਂ । ਧੁੰਦਲਾ ਜਿਹ ਚੇਤਾ ਹੈ, ਮੇਰੇ ਕੋਲ ਕੈਮਰਾ ਵੀ ਨਹੀਂ ਸੀ। ਫੋਨ ਤਾਂ ਕਿਥੋਂ ਹੋਣਾ ਸੀ? ਬਸ, ਪੈਨ ਤੇ ਕਾਪੀ ਸਨ । ਭਗਵੰਤ  ਨੇ ਗੱਲਾਂ ਸੁਣਾਈਆਂ, ਤੇ ਮੈਂ ਨੋਟ ਕਰੀ ਗਿਆ। ਦੁਪਹਿਰ  ਹੋ ਗਈ ਸੀ,  ਉਹ ਆਖਣ ਲੱਗਾ ਕਿ ਦੋ ਦੋ ਫੁਲਕੇ ਖਾਨੇ ਆਂ ਆਪਾਂ।  ਅਸਾਂ ਅੰਨ ਪਾਣੀ ਵੀ ਛਕਿਆ। ਉਹਨੇ ਆਖਿਆ ਕਿ ਨਿੰਦਰ, ਜਦ ਇਹ ਕਿਤਾਬ ਛਪ ਜਾਏ  ਤਾਂ ਇਹਦੀਆਂ ਤੀਹ ਕਾਪੀਆਂ ਮੇਰੇ ਐਡਰੈਸ  ਉਤੇ ਭੇਜ ਦੇਣੀਆਂ, ਪਤੰਦਰਾ, ਤੂੰ ਐਡਾ ਕੰਮ ਕੀਤਾ  ਐ ਯਾਰ, ਸਾਰੇ ਮਾਨ ਖੇਰੂੰ ਖੇਰੂੰ ਹੋਏ ਪਏ ਐ ਤੇ ਤੂੰ  ਇਕ ਕਿਤਾਬ ਚ ਕੱਠੇ ਕਰਤੇ ਐ, ਏਹ ਤਾਂ ਰੱਬ ਦੇ ਕਹੇ ਤੇ ਵੀ ਨਹੀਂ ਕੱਠੇ ਹੁੰਦੇ,  ਸਾਬਾਸ਼  ਐ  ਛੋਟੇ ਵੀਰ ਤੈਨੂੰ।

(ਡਾਇਰੀ ਦਾ ਪੰਨਾ) ਤਾਇਆ ਮੈਨੂੰ ਮਾਫ ਕਰੀਂ! - ਨਿੰਦਰ ਘੁਗਿਆਣਵੀ 

ਗੁਰਦਾਸਪੁਰੀ ਤਾਇਆ, ਅੱਜ ਤੇਰਾ ਭੋਗ ਸੀ। ਮੈਂ ਨਹੀਂ ਆ ਸਕਿਆ ਉਦੋਵਾਲੀ ਤੇਰੇ ਡੇਰੇ ਤੇਰੇ ਭੋਗ ਉਤੇ। ਮੈਨੂੰ ਏਹਦਾ  ਝੋਰਾ ਰਹੇਗਾ। ਪਛਤਾਂਦਾ  ਰਹਾਂਗਾ ਮੈਂ।  ਤੇਰੇ ਛੋਟੇ ਭਰਾ ਵਰਗੇ ਲੁਧਿਆਣੇ ਰਹਿੰਦੇ ਗੁਰਭਜਨ ਗਿੱਲ  ਨੂੰ ਪਹਿਲਾਂ  ਈ ਪਤਾ ਸੀ ਕਿ ਨਿੰਦਰ ਭਤੀਜ ਨਹੀਂ  ਆ ਸਕੇਗਾ ਤੇਜ ਬੁਖ਼ਾਰ ਕਰਕੇ ਤੇ ਤੇਰੇ ਅਮਰੀਕਾ ਵੱਸਦੇ ਪੁੱਤਰ  ਤੇਜ ਵਿਕਰਮ ਸਿੰਘ ਦਾ ਫੋਨ ਵੀ ਆਇਆ ਕਿ ਭਾਜੀ, ਕਿਥੇ ਕੁ ਅੱਪੜੇ ਓ ਤੁਸੀਂ, ਅਸੀਂ ਉਡੀਕੀ ਜਾਨੇ ਆਂ?  
ਪਰ ਮੈਂ ਤਾਂ ਘਰ 'ਚ ਬੰਦੀ ਸਾਂ।   ਮੈਂ ਕਿਓਂ ਘਰ ਸਾਂ? ਏਹ ਮੈਂ ਈ ਜਾਣਦਾਂ।                     
 ਗੁਰਦਾਸਪੁਰੀ ਤਾਇਆ, ਤੂੰ  ਕਿਤੇ ਨਹੀਂ ਗਿਆ। ਸਦਾ ਸਦਾ ਲਈ ਸਾਡੇ ਦਿਲਾਂ-ਦਿਮਾਗਾਂ ਵਿਚ ਵੱਸਿਆ ਹੋਇਆ ਏਂ ਤੂੰ।  ਪੱਥਰਾਂ ਨੂੰ ਮੰਤਰ-ਮੁਗਧ  ਕਰਨ ਵਾਲੀ ਤੇਰੀ ਅਲੌਕਿਕ ਸੁਰੀਲੀ ਤੇ ਦਰਦੀਲੀ ਆਵਾਜ਼  ਨੇ ਕਿਧਰੇ ਨੀ ਜਾਣਾ ਤਾਇਆ! ਏਹ ਗੁਵਾਇਆਂ ਵੀ ਨੀ ਗੁਆਚਣੀ। ਨਾ ਗੁਵਾਚਣ ਦੇਣੀ ਏਂ ਤੇਰੇ ਸਰੋਤਿਆਂ, ਤੇਰੇ ਚਹੇਤਿਆਂ ।                                                     2 ਫਰਵਰੀ ਦੇ ਦਿਨ, "ਗੌਰਵ ਪੰਜਾਬ ਪੁਰਸਕਾਰ" ਲੈਣ ਆਇਆ ਸੈਂ ਜਦ ਤੂੰ  ਪੰਜਾਬ ਕਲਾ ਭਵਨ ਚੰਡੀਗੜ੍ਹ  ਦੀਆਂ  ਪਥਰੀਲੀਆਂ ਪੌੜੀਆਂ ਚੜ ਰਿਹਾ ਮੈਂ ਦੇਖਿਆ ਸੀ, ਡੋਬੂ ਪਿਆ ਦਿਲ ਨੂੰ, ਤਾਂ ਉਸੇ ਵੇਲੇ ਤੇਰੀ ਫੋਟੋ ਖਿਚਦਿਆਂ  ਮੈਂ ਹੌਕਾ  ਭਰਿਆ ਸੀ ਤੇ ਮੇਰੇ ਅੰਦਰੋਂ ਆਵਾਜ਼ ਆਈ ਸੀ ਕਿ ਤਾਏ ਗੁਰਦਾਸਪੁਰੀ  ਦੀ ਇਹ  ਚੰਡੀਗੜ੍ਹ  ਦੀ ਆਖੀਰਲੀ  ਫੇਰੀ ਹੈ।  ਇਵੇ  ਹੀ ਹੋਇਆ ਏ।
ਤਾਇਆ, ਮੈਨੂੰ 2019 ਦੀ ਆਥਣ ਵੀ ਚੇਤੇ ਆਈ ਓਦਣ,
ਜਦ ਤੂੰ ਤੇ ਤਾਈ ਆਏ ਸੀ ਕਲਾ ਭਵਨ, ਤੇ ਤੇਰੇ ਬਾਰੇ ਮੇਰੀ ਡਾਕੂਮੈਂਟਰੀ ਫਿਲਮ "ਮੇਰੀਆਂ  ਪੈੜਾਂ" ਦਿਖਾਈ ਗਈ ਸੀ ਪੰਜਾਬ ਸੰਗੀਤ ਨਾਟਕ ਅਕਾਦਮੀ ਤਰਫੋਂ। ਪਰਧਾਨ ਕੇਵਲ ਧਾਲੀਵਾਲ  ਕਹਿ  ਰਿਹਾ ਸੀ ਕਿ ਪੁੱਛ  ਤੇਰਾ ਤਾਇਆ ਕਿੱਥੇ ਕੁ ਪੁੱਜਾ ਐ?  ਤੇਰਾ ਭਤੀਜ ਮੰਤਰੀ ਸ੍ਰ  ਸੁਖਜਿੰਦਰ ਸਿੰਘ ਰੰਧਾਵਾ ਵੀ ਸਾਹੋ-ਸਾਹ ਹੋਇਆ ਡੇਰਾ ਬਾਬਾ ਨਾਨਕ ਤੋਂ  ਸਿੱਧਮ -ਸਿੱਧਾ ਚੰਡੀਗੜ੍ਹ  ਨੂੰ ਚੱਲਿਆ ਤੇ  ਤੇਰੀ ਫਿਲਮ ਦੇਖਣ ਆਇਆ ਸੀ।
ਤਾਇਆ, ਮੈਂ ਨਾ ਤਾਂ ਤੇਰੇ ਕਿਸੇ ਛੋਟੇ ਭਰਾ ਨੂੰ ਨਾ ਦੇਖਿਆ ਏ, ਨਾ ਮਿਲਿਆ ਹਾਂ ਤੇ ਨਾ  ਜਾਣਦਾ ਹਾਂ, ਪਰ ਲੁਧਿਆਣੇ  ਵੱਸਦੇ ਗੁਰਭਜਨ ਗਿੱਲ ਨੂੰ ਹੁਣ ਕੌਣ ਵਰਾਊ?     
ਭਾਈ ਮਰਨ ਤੇ ਜਾਂਦੀਆਂ  
ਭੱਜ ਬਾਹਾਂ,
ਗਾਵਣ ਵਾਲਿਆ ਗੁਰਦਾਸਪੁਰੀਆ ਤਾਇਆ! ਦੱਸ ਮੈਨੂੰ? ਖੈਰ!               
ਤਾਇਆ, ਤੇਰੀ ਉਮਰ ਨਹੀਂ, ਤੇਰਾ  ਪੰਧ ਵੇਖਿਆ ਜਾ ਰਿਹੈ। ਤੈਂ ਆਪਣੇ ਪੰਧ ਵਿਚ ਜੋ ਤੈਂ ਖੱਟਿਆ-ਕਮਾਇਆ, ਗੁਵਾਇਆ-ਗਵੀਚਿਆ, ਏਹਦਾ ਕੋਈ ਲੇਖਾ-ਜੋਖਾ ਨਹੀਂ ਏਂ। ਪਰ ਜੋ ਤੈਂ ਕਮਾਇਆ ਜਾਂ ਸਾਨੂੰ ਦੇਕੇ ਗਿਉਂ  ਸਾਨੂੰ, ਏਹਦੇ ਹਿਸਾਬ -ਕਿਤਾਬ ਵਾਸਤੇ  ਕੋਈ ਵਹੀ  ਨਹੀਂ ਲਭਦੀ ਪਈ ਤਾਇਆ ਸਾਨੂੰ। ਲੇਖਾ-ਜੋਖਾ ਸਮਾਜ ਕਰ ਰਿਹਾ ਏ ਅੱਜ। ਤੈਨੂੰ ਚੇਤੇ ਰੱਖਾਂਗੇ, ਪਰ ਤੂੰ ਨਾ ਸਾਨੂੰ ਭੁਲਾਵੀਂ। ਮੈਂ ਜਦ ਕਦੇ ਡੇਰੇ ਬਾਬਾ ਨਾਨਕ  ਆਇਆ, ਤਾਂ ਉਦੋਂ ਵਾਲੀ ਦੀਆਂ ਸੜਕਾਂ ਸੱਪ ਦੀ ਜੀਭੀ  ਜਾਪਣਗੀਆਂ ਮੈਨੂੰ, ਪਰ ਮੈਂ ਜਾਵਾਂਗਾ  ਤਾਇਆ, ਤਾਈ ਗੁਰਦੀਪ ਕੌਰ ਨੂੰ ਮਿਲਣ
ਤਾਇਆ!  ਮਾਫ਼ ਕਰੀਂ ਇਕੱਲ੍ਹਾ ਬੈਠਾ ਕਿਸ ਨਾਲ ਦਰਦ ਸਾਂਝਾ ਕਰਾਂ ਤੇਰੇ ਬਗੈਰ! ਤਾਇਆ! ਤੈਂ 1987 ਚ ਉਸਤਾਦ ਯਮਲਾ ਜੱਟ ਦੇ ਡੇਰੇ ਤੇ ਮੇਰੀ ਉਂਗਲੀ ਫੜੀ ਸੀ, ਜੱਸੋਵਾਲ ਤੇ ਗੁਰਭਜਨ ਗਿੱਲ ਦੀ ਹਾਜ਼ਰੀ ਵਿੱਚ, ਹੁਣ ਛੁਡਾ ਕੇ ਤੁਰ ਗਿਆ, ਜਗਤ ਮੇਲੇ ਚੋਂ ਮੈਨੂੰ ਇਕੱਲਿਆਂ ਛੱਡ ਕੇ।
ਅੱਲਾ ਬੇਲੀ,ਖ਼ੁਦਾ ਖੈਰ ਕਰੇ!
ਤੇਰਾ ਭਤੀਜ,
ਨਿੰਦਰ

ਮੇਰੀ ਡਾਇਰੀ ਦੇ ਪੰਨੇ : ਸਿੱਖਿਆ ਬੋਰਡ ਦੀ ਪ੍ਰਾਪਤੀ ਡਾ ਯੋਗਰਾਜ -  ਨਿੰਦਰ ਘੁਗਿਆਣਵੀ

ਪਟਿਆਲੇ ਯੂਨੀਵਰਸਿਟੀ ਵਾਲੇ ਪ੍ਰੋ ਯੋਗਰਾਜ ਜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਵੱਕਾਰੀ ਅਹੁਦਾ ਸੰਭਾਲਿਆ ਹੈ। ਪੰਜਾਬ ਦੇ ਵਿਦਵਾਨ ਤੇ ਬੁੱਧੀਜੀਵੀ ਦਿਲੋਂ ਪ੍ਰਸੰਨ ਹੋਏ ਹਨ ਤੇ ਜੀਹਨੇ ਕਿਸੇ ਨੇ ਮੱਚਣਾ-ਭੁੱਜਣਾ ਸੀ,ਉਹ ਵੀ ਅੰਦਰੋਂ ਅੰਦਰੀਂ ਮੱਚੇ-ਭੁੱਜੇ ਹਨ ਪਰ ਇਹੋ ਜਿਹਿਆਂ ਦੀ ਗਿਣਤੀ ਥੋਹੜੀ ਹੈ ਤੇ ਡਾ ਯੋਗਰਾਜ ਨੂੰ ਪਿਆਰਨ ਸਤਿਕਾਰਨ ਵਾਲਿਆਂ ਦੀ ਗਿਣਤੀ ਵਾਧੂ ਹੈ। ਮੈਂ ਵਧਾਈ ਦੇਣ ਵਿਚ ਪਛੜ ਗਿਆ। ਸੋਚਿਆ ਕਿ ਜਦ ਹੋਰ ਲੋਕ ਵਧਾਈਆਂ ਦੇ ਹਟੇ, ਤਾਂ ਫਿਰ ਚਾਰ ਸ਼ਬਦ ਲਿਖਾਂਗਾ।
ਡਾ ਯੋਗਰਾਜ ਮੈਨੂੰ ਪਟਿਆਲੇ ਯੂਨੀਵਰਸਿਟੀ ਦੇ ਸਮਾਗਮਾਂ,ਸੈਮੀਨਾਰਾਂ ਤੇ ਆਮ ਤੌਰ ਉੱਤੇ ਵੀ ਮਿਲ ਪੈਂਦੇ। ਬਾਅਦ ਵਿਚ ਜਦ ਇੱਕ ਦਿਨ ਉਨਾ੍ਹਂ ਦੱਸਿਆ ਕਿ ਆਪਾਂ ਤਾਂ ਗੁਆਂਢੀ ਪਿੰਡਾਂ ਦੇ ਆਂ। ਖੁਸ਼ੀ ਹੋਈ ਸੀ ਸੁਣਕੇ ਤੇ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਉਹ ਇਸੇ ਕਾਰਨ ਵੀ ਮੇਰੇ ਨਾਲ ਹਿਤ ਕਰਦੇ ਨੇ ਤੇ ਮੋਹ ਦਿੰਦੇ ਹਨ। ਉਹਨੀਂ ਦਿਨੀਂ ਉਹ ਪੰਜਾਬੀ ਵਿਕਾਸ ਵਿਭਾਗ ਵਿਚ ਕਾਰਜਸ਼ੀਲ ਸਨ,(ਬਾਅਦ ਵਿਚ ਤਾਂ ਇਸ ਵਿਭਾਗ ਦੇ ਮੁਖੀ ਵੀ ਰਹੇ) ਵਿਭਾਗ ਮੇਰੀ ਇਕ ਕਿਤਾਬ ਪ੍ਰਕਾਸ਼ਿਤ ਕਰ ਰਿਹਾ ਸੀ ਤੇ ਵਿਭਾਗ ਦੀ ਇਕ ਪਰੋਫੈਸਰਨੀ 'ਖਾਹ ਮਖਾਹ' ਅੜਿੱਕਾ ਡਾਹ ਰਹੀ ਸੀ। ਜਦ ਯੋਗਰਾਜ ਜੀ ਨੂੰ ਪਤਾ ਲੱਗਿਆ ਤਾਂ ਉਨਾ 'ਖਰੀਆਂ ਖਰੀਆਂ' ਸੁਣਾ ਕੇ ਠੰਡੀ ਕਰ ਦਿੱਤੀ। ਖਰੀਆਂ ਖਰੀਆਂ ਸੁਣਾਉਣ ਤੋ ਚੇਤਾ ਆਇਆ ਹੈ, ਹਾਲੇ ਸਾਲ ਡੇਢ ਸਾਲ ਦੀ ਹੀ ਗੱਲ ਹੈ। ਪੰਜਾਬੀ ਭਾਸ਼ਾ ਦੇ ਮੁੱਦੇ ਉਤੇ ਇਕ ਸਰਕਾਰੀ ਮੀਟਿੰਗ ਸੀ ਤੇ ਉਸ ਵਿਚ ਡਾ ਯੋਗਰਾਜ ਵੀ ਹਾਜ਼ਰ ਸੀ। ਬਾਦਲ ਸਾਹਬ ਦੇ ਪ੍ਰਿੰਸੀਪਲ ਸੈਕਟਰੀ ਰਹੇ ਐਸ ਕੇ ਸੰਧੂ (ਆਈ ਏ ਐਸ) ਵੀ ਭਾਸ਼ਾ ਸਕੱਤਰ ਵਜੋਂ ਬੈਠੇ ਹੋਏ ਸਨ। ਉਨਾ ਕਿਹਾ ਕਿ ਪੰਜਾਬੀ ਬੋਲੀ ਲਈ 'ਆਹ ਕਰਨਾ ਚਾਹੀਦਾ,ਅਹੁ ਕਰਨਾ ਚਾਹੀਦਾ।' ਯੋਗਰਾਜ ਤੋਂ ਰਿਹਾ ਨਾ ਗਿਆ,ਉਸ ਬੜੀ ਦਲੇਰੀ ਨਾਲ ਆਖਿਆ ਕਿ ਜਦ ਆਪ ਜੀ ਬਾਦਲ ਸਾਹਬ ਮੁੱਖ ਮੰਤਰੀ ਨਾਲ ਵੱਡੇ ਅਹੁਦੇ ਉਤੇ ਤਾੲਨਿਾਤ ਸੀ,ਉਦੋਂ ਆਪ ਨੂੰ ਇਹ ਗੱਲਾਂ ਚੇਤੇ ਕਿਓਂ ਨਾ ਆਈਆਂ? ਅੱਜ ਕਿਉਂ ਆਈਆਂ? ਇਸਦਾ ਮਤਲਬ ਕਿ ਤੁਸੀਨ ਲੋਕ ਅਹੁਦਿਆਂ ਉਤੇ ਹੁੰਦੇ ਹੋਏ ਭੁਲ ਜਾਂਦੇ ਓ ਤੇ ਬਾਅਦ ਵਿਚ ਹੀ ਗੱਲਾਂ ਚੇਤੇ ਆਉਂਦੀਆਂ ਨੇ? ਉਸਦੀ ਇਸ ਮੂੰਹ 'ਤੇ ਕਹਿਣੀ ਤੇ ਕਰਨੀ ਦੀ ਚਰਚਾ ਵਿਦਵਾਨਾਂ ਤੇ ਅਫਸਰੀ ਖੇਮਿਆਂ ਵਿਚ ਖਾਸੀ ਹੁੰਦੀ ਰਹੀ ਸੀ।
ਸਾਡੇ ਵਿਦਵਾਨ ਆਮ ਤੌਰ ਉਤੇ ਵੱਡੇ ਅਹੁਦਿਆਂ ਉਤੇ ਬਹਿਕੇ 'ਮੀਸਕ ਮੀਣੇ' ਬਣ ਜਾਂਦੇ ਨੇ ਪਰ ਯੋਗਰਾਜ ਗੜ੍ਹਕਦਾ ਹੈ। ਖੜਕਦਾ ਹੈ। ਗਲਤ ਗੱਲ ਹੁੰਦੀ ਜਾਂ ਭੈੜਾ ਫੈਸਲਾ ਹੁੰਦਾ ਹੈ, ਕਦੇ ਵੀ,ਕਿਤੇ ਵੀ ਉਹਦੇ ਜਰਿਆ ਨਹੀਂ ਜਾਂਦਾ। (ਸਕੂਲ ਸਿੱਖਿਆ ਵਿਚ ਸੁਧਾਰਾਂ ਵਾਸਤੇ ਉਹ ਜੁਟ ਗਏ ਨੇ ਤੇ ਹੁਣ ਚੰਗੇ ਦਿਨ ਆਵਣਗੇ ਬੋਰਡ ਉਤੇ)।
ਡਾ ਯੋਗਰਾਜ ਵੱਲੋਂ ਕੀਤੀ ਸਾਹਿਤ ਸਮੀਖਿਆ ਤੇ ਕੁਝ ਪੁਸਤਕਾਂ ਬਾਰੇ ਵੀ ਇੱਥੇ ਚਰਚਾ ਕਰਨੀ ਬਣਦੀ ਹੈ। ਉਨ੍ਹਾਂ ਭਾਈ ਵੀਰ ਸਿੰਘ ਦੀ ਸਮੁੱਚੀ ਕਵਿਤਾ ਸੰਪਾਦਿਤ ਕਰ ਕੇ ਵੱਡਾ ਕੰ ਕੀਤਾ। 'ਚੇਤਨਾ ਦਾ ਉਕਾਬ-ਭਰਥਰੀ' ਵੀ ਲਾਮਿਸਾਲ ਕਾਰਜ ਹੈ, ਜੋ ਉਹ ਕਈ ਸਾਲ ਨਿਠ ਕੇ ਕਰਦੇ ਰਹੇ ਤੇ ਫਿਰ ਪ੍ਰਕਾਸ਼ਿਤ ਕਰਵਾਇਆ। ਡਾ ਰਵੀ ਦੀਆਂ ਲਿਖਤਾਂ ਦਾ ਸੰਪਾਦਨ ਕੀਤਾ। 'ਗੁਲਜ਼ਾਰ ਸੰਧੂ ਦਾ ਕਥਾ ਜਗਤ' ਕਿਤਾਬ ਨੇ ਸੰਧੂ ਦੀ ਕਹਾਣੀ ਕਲਾ ਨਾਲ ਪੂਰਾ ਪੂਰਾ ਨਿਆਂ ਕੀਤਾ ਹੈ। ਅਨੁਵਾਦ ਕਾਰਜ ਵਿਚ ਹਰੀਸ਼ ਢਿੱਲੋਂ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰਨਾ ਮਿਹਨਤ ਵਾਲਾ ਕਾਰਜ ਸੀ। 'ਸ਼ਹਾਦਤ ਤੇ ਹੋਰ' ਬਲਰਾਮ ਦੇ ਨਾਟਕ ਸੰਪਾਦਤ ਕੀਤੇ। 'ਰਵਿੰਦਰ ਰਵੀ ਦਾ ਸਮੀਖਿਆ ਸਾਸ਼ਤਰ' ਕਿਤਾਬ ਆਪਣੇ ਆਪ ਵਿਚ ਮਹੱਤਵਪੂਰਨ ਹੈ। ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹੁੰਦਿਆਂ ਲਗਪਗ ਤੀਹ ਕਿਤਾਬਾਂ ਦਾ ਸੰਪਾਦਨ ਕੀਤਾ।
 ਸਿੱਖਿਆ ਬੋਰਡ ਦੇ ਚੇਅਰਮੈਨ ਬਣਨ ਤੋਂ ਪਹਿਲਾਂ  ਡਾ ਯੋਗਰਾਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫ਼ੈਸਰ, ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਤੇ ਰਜਿਸਟਰਾਰ ਵਜੋਂ ਕੰਮ ਕਰ ਰਹੇ ਸਨ, ਨਾਲ ਹੀ ਉਹ ਡੀਨ ਕਾਲਜ ਵਿਕਾਸ ਪਰਿਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਹਿਮ ਅਹੁਦਾ ਵੀ ਸੰਭਾਲ ਰਹੇ ਸਨ। ਉਨ੍ਹਾਂ ਨੇ ਐਮ.ਏ. ਹਿੰਦੀ, ਐਮ.ਏ. ਪੰਜਾਬੀ (ਆਨਰਜ਼), ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨਜ਼ ਅਤੇ ਪੀ ਐਚ .ਡੀ (ਪੰਜਾਬੀ) ਕੀਤੀ ਹੋਈ ਹੈ। ਡਾ ਯੋਗਰਾਜ ਕੋਲ ਲਗਭਗ 28 ਸਾਲਾਂ ਦਾ ਵਿਸ਼ਾਲ ਸਿੱਖਿਆ ਅਤੇ ਖੋਜ ਅਨੁਭਵ ਹੈ। ਉਹ ਯੂਨੀਵਰਸਿਟੀ ਦੀਆਂ ਵੱਖ-ਵੱਖ ਮਹੱਤਵਪੂਰਨ ਪ੍ਰਸ਼ਾਸ਼ਕੀ ਅਸਾਮੀਆਂ ਜਿਵੇਂ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਪਰਿਸ਼ਦ, ਵਧੀਕ ਡੀਨ ਕਾਲਜ ਵਿਕਾਸ ਪਰਿਸ਼ਦ, ਡਾਇਰੈਕਟਰ ਯੋਜਨਾਬੰਦੀ ਅਤੇ ਨਿਗਰਾਨੀ, ਸਿੰਡੀਕੇਟ ਮੈਂਬਰ, ਸੈਨੇਟ ਮੈਂਬਰ, ਵਿੱਤ ਕਮੇਟੀ ਮੈਂਬਰ, ਨੋਡਲ ਅਫ਼ਸਰ ਵਿਦਿਆਰਥੀ ਸ਼ਿਕਾਇਤ ਸੈੱਲ, ਮੈਂਬਰ ਸ਼ਿਕਾਇਤ ਐਡਰੈੱਸਲ ਸੈੱਲ, ਮੈਂਬਰ ਭਾਸ਼ਾਵਾਂ ਦੀ ਫੈਕਲਟੀ, ਮੈਂਬਰ ਅਕਾਦਮਿਕ ਕੌਂਸਲ ਉੱਪਰ ਬਿਰਾਜਮਾਨ ਰਹਿ ਚੁੱਕੇ ਹਨ । ਇਨ੍ਹਾਂ ਪ੍ਰਸ਼ਾਸ਼ਕੀ ਅਸਾਮੀਆਂ ਅੰਤਰਗਤ ਉਨ੍ਹਾਂ ਦੇ ਇਹ ਵਿਸ਼ੇਸ਼ ਕਾਰਜਾਂ ਵਿੱਚ ਕੋਆਰਡੀਨੇਟਰ  ਭਾਈ ਕਾਨ੍ਹ ਸਿੰਘ ਨਾਭਾ ਰਚਿਤ 'ਗੁਰਸ਼ਬਦ ਮਹਾਂਕੋਸ਼' ਤੇ ਸੰਪਾਦਕ ਪੰਜਾਬੀ ਯੂਨੀਵਰਸਿਟੀ ਸਲਾਨਾ ਰਿਪੋਰਟ 2017, ਸੰਪਾਦਕ ਪੰਜਾਬੀ ਯੂਨੀਵਰਸਿਟੀ ਸੰਦੇਸ਼ ਪੱਤਰ, ਆਦਿ ਹਨ। ਉਹਨਾਂ ਨੇ ਬਹੁਤ ਸਾਰੇ ਮਹੱਤਵਪੂਰਣ ਅਨੁਵਾਦ ਪ੍ਰਾਜੈਕਟ ਜਿਵੇਂ ਕਿ 'ਮਹਾਂਭਾਰਤ' (ਪੰਜਾਬੀ ਭਾਸ਼ਾ), 'ਬਾਲ ਵਿਸ਼ਵ ਪ੍ਰੋਗਰਾਮ'(ਸਮਾਜਿਕ ਅੰਤਿਮ ਨਾਮ ਨਿਗਰਾਨੀ)  ਅਤੇ ਹੋਰ ਪਰੋਜੈਕਟਾਂ ਉੱਤੇ ਕੰਮ ਕੀਤਾ ਹੈ।  ਉਹ ਵੱਖ-ਵੱਖ ਕਾਲਜ ਪ੍ਰਿੰਸੀਪਲ ਚੋਣ ਕਮੇਟੀਆਂ,ਵੱਖ-ਵੱਖ ਕਾਲਜ ਨਿਰੀਖਣ ਕਮੇਟੀਆਂ,ਵੱਖ ਵੱਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਲਜ ਨਿਰੀਖਣ ਕਮੇਟੀਆਂ ਦੇ ਕਨਵੀਨਰ, ਪੰਜਾਬ ਆਰਟਸ ਕੌਂਸਲ ਵਿਚ ਬਤੌਰ ਵਾਈਸ ਚਾਂਸਲਰ ਦੇ ਨੁਮਾਇੰਦਾ ਗਏ। ਵਿਦਿਆਰਥੀ ਪ੍ਰੀਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਮੈਂਬਰ, ਕੇਂਦਰੀ ਲੇਖਕ ਸਭਾ, ਜਲੰਧਰ, ਮੈਂਬਰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਆਦਿ ਲਈ ਵਾਈਸ ਚਾਂਸਲਰ ਦੁਆਰਾ ਨਾਮਜ਼ਦ ਰਹਿ ਚੁੱਕੇ ਹਨ । ਉਨ੍ਹਾਂ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਬਹੁਤ ਸਾਰੇ ਅਹਿਮ ਖੋਜ ਕਾਰਜ ਪ੍ਰਕਾਸ਼ਿਤ ਹਨ ।  ਪਹਿਲਾਂ ਹੀ ਉਹਨਾਂ ਦੀ ਨਿਗਰਾਨੀ ਹੇਠ ਐਮ. ਫਿਲ, ਪੀ ਐਚ ਡੀ ਦੇ ਵਿਦਿਆਰਥੀ ਅਤੇ 12 ਪੀ ਐਚ ਡੀ ਵਿਦਵਾਨ ਕੰਮ ਕਰ ਰਹੇ ਹਨ। ਇਹੋ ਜਿਹੇ ਵਿਦਵਾਨ ਬੰਦੇ ਦਾ ਪੰਜਾਬ ਸਕੂਲ ੱਿਖਿਆ ਬੋਰਣ ਦਾ ਚੇਅਰਮੈਨ ਬਣਨਾ ਬੋਰਡ ਵਾਸਤੇ ਵੀ ਅਹਿਮ ਗੱਲ ਹੈ।

ਡਾਇਰੀ ਦਾ ਪੰਨਾ : ਦਰਵਾਜੇ ਦਾ ਦਰਦ - ਨਿੰਦਰ ਘੁਗਿਆਣਵੀ

ਪੜਦਾਦੇ ਦੇ ਦਰਵਾਜੇ ਬਾਰੇ ਸੋਚਦਿਆਂ ਤੇ ਰੋਜ਼ ਏਹਦੇ ਵੱਲ ਦੇਖਦਿਆਂ ਹੌਕਾ ਜਿਹਾ ਨਿਕਲ ਜਾਂਦੈ। ਆਪਣੇ ਪੂਰਵਜਾਂ ਦੇ ਬਣਵਾਏ ਦਰਵਾਜੇ ਦੇ ਦਰਦ ਦੀ ਪੀੜ ਮੈਂ ਹੀ ਮਹਿਸੂਸਦਾ ਹਾਂ, ਸਾਡਾ ਬਾਕੀ ਦਾ ਸਾਰਾ ਲਾਣਾ-ਬਾਣਾ ਇਸ ਤੋਂ ਬੇਖ਼ਬਰ ਹੀ ਹੈ। ਕਈ ਤਾਂ ਹੁਣ ਇਸ ਦਰਵਾਜੇ ਨੂੰ ਬਦਸ਼ਗਨਾਂ ਸਮਝਕੇ ਇਸ ਵੱਲ ਝਾਕਦੇ ਵੀ ਨਹੀਂ। ਬਦਸ਼ਗਨਾਂ ਇਸ ਕਰ ਕੇ ਸਮਝਦੇ ਹਨ ਕਿ ਸਾਡੀ ਕੰਧ ਨਾਲ ਲਗਦੇ ਮੇਰੇ ਦਾਦੇ ਦੇ ਛੋਟੇ ਭਰਾ ਮੋਹਨ ਲਾਲ ਦੀ ਵੰਡ ਵਿਚ ਆ ਗਿਆ ਸੀ ਇਹ ਦਰਵਾਜਾ। ਮੋਹਨ ਲਾਲ ਦਾ ਇੱਕੋ ਪੁੱਤਰ ਸੀ ਕ੍ਰਿਸ਼ਨ ਲਾਲ, ਜੋ ਜੁਆਨੀ ਵਿਚ ਹੀ ਮਰ ਗਿਆ। ਅੱਗੋਂ ਕੋਈ ਔਲਾਦ ਨਹੀਂ ਸੀ। ਕ੍ਰਿਸ਼ਨ ਲਾਲ ਦੀ ਪਤਨੀ ਤੇ ਸਾਡੀ ਤਾਈ ਆਗਿਆ ਵੰਤੀ ਨੇ ਵੀ ਆਪਣਾ ਅੰਤਲਾ ਵੇਲਾ ਇਸੇ ਦਰਵਾਜੇ ਹੇਠ ਹੀ ਕੱਟਿਆ ਤੇ ਕੁਝ ਸਾਲ ਪਹਿਲਾਂ ਪੂਰੀ ਹੋ ਗਈ। ਦਰਵਾਜਾ ਤੇ ਘਰ ਨਾਲ ਲਗਦੇ ਜ਼ਿਮੀਦਾਰਾਂ ਨੂੰ ਵੇਚ ਗਈ।
ਕਿਸੇ ਵੇਲੇ ਏਸ ਦਰਵਾਜੇ ਹੇਠਾਂ ਰੌਣਕਾਂ ਹੀ ਰੌਣਕਾਂ ਹੁੰਦੀਆਂ ਸਨ। ਇਹਦੀ ਪੂਰੀ ਟੌਹਰ ਤੇ ਚੜ੍ਹਤ ਹੁੰਦੀ ਸੀ ਪਿੰਡ ਹੀ ਨਹੀਂ ਇਲਾਕੇ ਵਿਚ ਵੀ। ਫਰੀਦਕੋਟ ਦਾ ਰਾਜਾ ਵੀ ਇਸ ਦਰਵਾਜੇ ਹੇਠਾ ਆਕੇ ਬਹਿੰਦਾ ਤੇ ਪਿੰਡ ਦੇ ਲੋਕਾਂ ਦੀਆ ਬੇਨਤੀਆਂ ਸੁਣਦਾ।
ਇਹ ਗੱਲਾਂ ਸਾਡੇ ਪਿੰਡ ਦੇ ਵਡੇਰੀ ਉਮਰ ਦੇ ਬਜੁਰਗ ਦਸਦੇ ਹਨ। ਬਜੁਰਗ ਕਹਿੰਦੇ ਹਨ ਕਿ ਲਗਭਗ ਸਵਾ ਸੌ ਸਾਲ ਪਹਿਲਾਂ ਮੇਰੇ ਪੜਦਾਦੇ ਸੇਠ ਕੇਸਰ ਮੱਲ ਨੇ ਇਹ ਦਰਵਾਜਾ ਮੁਸਲਮਾਨਾਂ ਤੇ ਰਲੇ-ਮਿਲੇ ਮਿਸਤਰੀਆਂ ਕੋਲੋਂ ਬਣਵਾਇਆ ਸੀ। ਉਦੋਂ ਕੱਚੀਆ ਇੱਟਾਂ ਦਾ ਹੀ ਸਮਾਂ ਸੀ। ਕੋਈ ਕੋਈ ਭੱਠਾ ਇੱਟਾਂ ਪਕਾਉਂਦਾ ਤੇ ਬਹੁਤ ਧੀਮੀ ਗਤੀ ਇੱਟਾਂ ਪਕਦੀਆਂ। ਦੂਰੋਂ ਗੱਡਿਆਂ ਉਤੇ ਇੱਟਾਂ ਆਉਂਦੀਆਂ । ਸਾਡੇ ਦਰਵਾਜੇ ਦੀਆਂ ਨਾਨਕਸ਼ਾਹੀ ਇੱਟਾਂ ਅੱਜ ਵੀ ਉਵੇਂ ਖੜ੍ਹੀਆਂ ਨੇ। ਸੀਸਿਆਂ ਵਾਲੀ ਛੱਤ ਹੇਠਾਂ ਲੇਟ ਕੇ ਅਸੀਂ ਨਿਆਣੇ ਮੌਜਾਂ ਮਾਣਦੇ ਰਹੇ ਹਾਂ। ਇਹਦੇ ਤਖਤੇ ਕਿਸੇ ਕਿਲੇ ਦੇ ਤਖਤਿਆਂ ਵਰਗੇ ਸਨ, ਤਿੱਖੇ ਮੂੰਹਾਂ ਵਾਲੇ ਕਿੱਲ ਲੱਗੇ ਹੋਏ ਸਨ ਤਖਤਿਆ ਨੂੰ। ਹੁਣ ਉਹ ਤਖਤੇ ਨਹੀੰ ਹਨ। (ਕਈ ਸਾਲ ਪਹਿਲਾਂ ਬੂਹੇ ਵਿਕ ਗਏ ਸਨ ਤੇ ਛੋਟੇ ਬੂਹੇ ਲਗਵਾਏ ਗਏ) ਹੁਣ ਇਹ ਦਰਵਾਜਾ ਜਿੰਨਾ ਉਤੇ ਰਹਿ ਗਿਆ, ਓਨਾ ਹੀ ਹੇਠਾਂ ਰਹਿ ਗਿਆ ਹੈ।
ਏਨੇ ਸਾਲਾਂ ਵਿਚ ਸਾਲਾਂ ਵਿਚ ਬਥੇਰੀਆਂ ਭਰਤੀਆਂ ਪਈਆਂ। ਟਿੱਬਿਆਂ ਦੇ ਟਿੱਬੇ ਖਪ ਗਏ ਪਿੰਡ ਵਿਚ।
ਏਸ ਦਰਵਾਜੇ ਨੇ ਸੰਨ 1947 ਦਾ ਸੰਤਾਪ ਵੀ ਅੱਖੀਂ ਦੇਖਿਆ ਹੈ। ਦਸਦੇ ਨੇ ਕਿ ਦਰਵਾਜੇ ਦੀ ਛੱਤ ਪੈ ਜਾਣ ਉਪਰੰਤ ਸੇਠ ਨੇ ਵਿਸ਼ਾਲ ਯਗ ਰਚਾਇਆ। ਗਰੀਬਾਂ ਨੂੰ ਪੁੰਨ ਦਾਨ ਕੀਤਾ। ਚੌਲ ਵੰਡੇ।
                               """"""'
ਇੱਕ ਵਾਰ ਮੈਂ ਆਪਣੇ ਘਰ ਦਿਆਂ ਨੂੰ ਆਖਿਆ ਸੀ ਕਿ ਆਪਾਂ ਤਾਈ ਤੋਂ ਇਹ ਦਰਵਾਜਾ ਤੇ ਘਰ ਖਰੀਦ ਲਈਏ, ਕੋਈ ਹੋਰ ਵੀ ਤਾਂ ਖਰੀਦੂਗਾ। ਪਰ ਸਾਡੇ ਘਰ ਦੇ ਨਹੀਂ ਸਨ ਮੰਨੇ। ਮੇਰੀ ਰੀਝ ਪੂਰੀ ਨਾ ਹੋਈ। ਹੁਣ ਗਰਮੀਆਂ ਦੀ ਰੁੱਤੇ ਸੌਣ ਵੇਲੇ ਮੇਰਾ ਮੰਜਾ ਬਿਲਕੁਲ ਦਰਵਾਜੇ ਦੇ ਨਾਲ ਦੀ ਛੱਤ ਉਤੇ ਹੁੰਦਾ ਹੈ ਤੇ ਸਿਆਲਾਂ ਵਿਚ ਵੀ ਕਮਰੇ ਅੰਦਰਲੀ ਕੰਧ ਦਰਵਾਜੇ ਨਾਲ ਸਾਂਝੀ ਹੈ। ਇਉਂ ਮੈਂ ਦਰਵਾਜੇ ਦੇ ਅੰਗ ਸੰਗ ਹੀ ਰਹਿੰਦਾ ਹਾਂ। ਕਦੇ ਕਦੇ ਮੈਨੂੰ ਦਰਵਾਜੇ ਤੋਂ ਡਰ ਵੀ ਆਉਂਦਾ ਹੈ ਤੇ ਬਹੁਤੀ ਵਾਰ ਦਰਵਾਜੇ ਦਾ ਦਰਦ ਵੀ ਮਹਿਸੂਸ ਹੁੰਦਾ ਹੈ।
ਸਾਡੇ ਘਰ ਕੋਈ ਵੀ ਮਹਿਮਾਨ ਆਉਂਦਾ ਹੈ, ਤਾਂ ਮੈਂ ਚਾਅ ਤੇ ਮਾਣ ਨਾਲ ਪੜਦਾਦੇ ਦਾ ਦਰਵਾਜਾ ਵਿਖਾਉਂਦਾ ਹਾਂ। ਕਿੰਨਾ ਕੁ ਚਿਰ ਦਿਖਾਉਂਦਾ ਰਹਾਂਗਾ ਇਹ ਦਰਵਾਜਾ?
ਆਪਣੇ ਆਪ ਨੂੰ ਕੀਤਾ ਇਹ ਸਵਾਲ ਉਦਾਸ ਕਰ ਜਾਂਦਾ ਹੈ।

ਡਾਇਰੀ ਦੇ ਪੰਨੇ : ਡਾਇਰੀ ਉਦਾਸ ਹੈ! - ਨਿੰਦਰ ਘੁਗਿਆਣਵੀ

ਕਰੋਨਾ ਦੀ ਕਰੰਡੀ ਦੁਨੀਆਂ ਛੇਤੀ ਲੀਹ ਉਤੇ ਨਹੀਂ ਆਉਣੀ। ਮੁਲਕਾਂ ਦੇ ਮੁਲਕ ਮਸੋਸੇ ਗਏ। ਮੋਏ ਗਿਣੇ ਨਹੀਂ ਜਾਂਦੇ,ਕੌਣ ਗਿਣੇ ਮੋਏ? ਸੌਖਾ ਕੰਮ ਹੈ ਕਿਤੇ ਮੋਇਆਂ ਦੀ ਗਿਣਤੀ ਕਰਨਾ?
ਕੀ ਨਿਆਣਾ,ਕੀ ਸਿਆਣਾ, ਪਏ ਝੱਲਣ ਫਿਕਰਾਂ ਦਾ ਸਾਇਆ। ਦੁਨੀਆ ਥੰਮ੍ਹ ਜਿਹੀ ਗਈ ਹੈ, ਭੈਅ ਦਾ ਭਾਰ ਹੈ। ਘਰਾਂ 'ਚ ਕੈਦੀ ਬਣਗੇ ਘਰਾਂ ਦੇ ਜੀਅ। ਰੋਜ ਕਮਾ ਕੇ ਖਾਣ ਵਾਲਾ ਮਜਦੂਰ ਡਾਹਢਾ ਮਜਬੂਰ ਹੈ,ਸਮੇਂ ਨੇ ਝੰਬ ਦਿੱਤਾ ਹੈ। ਪਰਦੇਸੀਂ ਬੈਠੇ ਆਪਣਿਆਂ ਦਾ ਫਿਕਰ ਤੇ ਝੋਰਾ ਵੱਢ ਵੱਢ ਖਾ ਰਿਹੈ,ਏਧਰਲਿਆਂ ਨੂੰ। ਸਪੀਕਰਾਂ ਚੋਂ ਸੁਣਦੇ ਚੇਤੰਨ ਕਰਦੇ ਹੋਕੇ ਤੇ ਐਂਬੂਲੈਂਸਾਂ ਦੇ ਸਾਈਰਨ ਭਵਿੱਖ ਬਾਰੇ ਸੋਚਣ ਲਈ ਮਜਬੂਰ ਕਰਦੇ ਨੇ। ਅਰਦਾਸਾਂ ਤੇ ਦੁਆਵਾਂ ਦੇ ਰੱਬ ਕੋਲ ਢੇਰਾਂ ਦੇ ਢੇਰ ਲੱਗੀ ਜਾਂਦੇ ਨੇ। ਕਿੱਥੇ ਸਾਂਭ-ਸਾਂਭ ਕੇ ਰੱਖੇਗਾ ਰੱਬ ਏਨੇ ਢੇਰ ਅਰਦਾਸਾਂ, ਜੋਦੜੀਆਂ ਤੇ ਬੇਨਤੀਆਂ ਦੇ? ਸੱਚ ਹੈ ਕਿ ਰੱਬ ਨੇ ਬੰਦੇ ਉਤੇ ਭੀੜ ਪਈ ਦੇਖ ਬੂਹੇ ਭੇੜ ਲਏ ਨੇ। ਔਖੇ ਵੇਲੇ ਢੋਈ ਦੇਣ ਤੋਂ ਪਾਸਾ ਵੱਟ ਗਿਐ ਰੱਬ ਬੰਦੇ ਤੋਂ। ਕਿਸੇ ਨੇ ਆਖਿਆ ਕਿ ਨਹੀਂ, ਰੱਬ ਕਿਤੇ ਨਹੀਂ ਗਿਆ,ਡਾਕਟਰਾਂ ਦੇ ਰੂਪ ਵਿਚ ਹਸਪਤਾਲਾਂ ਵਿਚ ਹਾਜ਼ਰ ਹੈ ਰੱਬ!
                    ×××××××××××××××
ਕੁਦਰਤ ਕਰੋਪ ਹੈ। ਬੰਦੇ ਨੂੰ ਕੁਦਰਤ ਝਾੜਾਂ ਪਾ ਰਹੀ ਹੈ ਕਿ ਮੇਰੇ ਨਾਲ ਹੀ ਖਿਲਵਾੜ ਕਰਨ ਵਾਲਿਆ ਬੰਦਿਆ, ਬਹੁਤ ਦੇਰ ਤੋਂ ਮੈਂ ਤੇਰੇ ਮੂੰਹ ਵੱਲ ਵੇਂਹਦੀ ਰਹੀ ਆਂ, ਪਰ ਬੰਦਿਆ, ਤੂੰ ਆਪਣੀ ਕਰਨੀ ਤੋਂ ਬਿਲਕੁਲ ਬਾਜ ਨਾ ਆਇਆ,ਆਖਰ ਮੈਨੂੰ ਇਹੋ ਰੰਗ ਵਿਖਾਉਣਾ ਪਿਐ ਕਿ ਤੈਨੂੰ ਅੱਜ ਘਰ ਅੰਦਰ ਬੰਦ ਕਰਨਾ ਪਿਆ ਹੈ!
ਅੱਜ ਘਰ ਵੀ ਚੁੱਪ ਨਹੀਂ ਬੈਠ ਰਿਹਾ ਤੇ ਘਰ ਪੁੱਛਦਾ ਹੈ ਘਰ ਬੈਠੇ ਜੀਆਂ ਨੂੰ-ਕਿਉਂ? ਜਾਂਦੇ ਨਹੀਂ ਕਿਧਰੇ? ਜਾਓ,ਜਾ ਕੇ ਤਾਂ ਵਿਖਾਓ! ਮੈਂ 'ਘਰ' ਹਾਂ। ਮੈਂ ਹੀ ਔਖੇ ਸੌਖੇ ਸਭ ਨੂੰ 'ਸ਼ਰਨ' ਦਿੰਨੈ। ਪਰ ਕਈ ਵਾਰੀ ਮੈਨੂੰ ਵੀ ਇਕੱਲਿਆਂ ਰਹਿਣਾ ਪੈਂਦਾ ਹੈ। ਘਰਾਂ ਦੀ ਤਾਂ ਫਿਤਰਤ ਹੀ ਬਣਗੀ ਹੈ ਇਕੱਲਿਆਂ ਰਹਿਣਾ! ਕਿਉਂਕਿ ਮੈਂ 'ਘਰ' ਹਾਂ,ਕਿਧਰੇ ਨਹੀਂ ਆ-ਜਾ ਸਕਦਾ। ਮੇਰੀ ਕਿਸਮਤ ਵਿਚ ਇਕ ਥਾਂਓ ਟਿਕੇ ਰਹਿਣਾ ਹੀ ਲਿਖਿਐ,ਤੇ ਟਿਕਿਆ ਹੋਇਆਂ ਮੈਂ ਇਕੋ ਥਾਂ। ਤੁਹਾਡਾ ਜਦ ਦਿਲ ਕਰਦੈ,ਠੋਕਦੇ ਓ ਤਾਲਾ,ਤੇ ਚੱਲ ਪੈਂਦੇ ਓ ਘੁੰਮਣ ਘੁੰਮਾਉਣ। ਉਦੋਂ ਕੋਈ ਨਹੀ ਕਹਿੰਦਾ ਕਿ 'ਘਰ' ਨੂੰ ਵੀ ਨਾਲ ਲੈ ਚੱਲੀਏ ਦੋ ਦਿਨ ਨਾਲ ਘੁੰਮ ਆਊ! ਵਿਹੜੇ ਵਿਚ ਖਲੋਤੇ ਰੁੱਖ ਵੀ ਕਦੀ-ਕਦੀ ਮਨੁੱਖ ਵਾਂਗ ਆਪ ਮੁਹਾਰੇ ਹੋ ਜਾਂਦੇ ਨੇ ਤੇ ਕਹਿੰਦੇ ਨੇ-ਛੱਡੋ ਛੱਡੋ, ਘਰ ਨਾਲ ਕੀ ਗੱਲ ਕਰਨੀ ਐਂ। ਆਪਸ ਵਿਚੀਂ ਕਰਦੇ ਨੇ ਰੁੱਖ ਗੱਲਾਂ ਘਰ ਵੱਲੋਂ ਮੂੰਹ ਫੇਰ ਕੇ!!
              ××××××××××××××××
ਸਪੀਕਰ ਖੜਕਿਆ ਹੈ। ਗੁਰਦਵਾਰਿਓਂ ਬਾਬਾ ਕੁਛ ਬੋਲੇਗਾ,ਸੁਣ ਲਵਾਂ ਕੀ ਬੋਲੇਗਾ! ਕੰਨ ਚੁੱਕ ਲੈਂਦਾ ਹਾਂ ਸਪੀਕਰ ਵੱਲ। ਬਾਬਾ ਪਿੰਡ ਦੇ ਲੋਕਾਂ ਨੂੰ ਝਾੜਾਂ ਪਾਉਣ ਲੱਗ ਪਿਐ, ਜਿਵੇਂ ਕਦੇ ਕੁਦਰਤ ਨੇ ਬੰਦੇ ਨੂੰ ਝਾੜ ਪਾਈ ਸੀ। ਬਾਬਾ ਆਖ ਰਿਹਾ ਹੈ-ਕੁਝ ਸੋਚੋ, ਅਕਲ ਨੂੰ ਹੱਥ ਮਾਰੋ, ਘਰ 'ਚੋਂ ਬਾਹਰ ਨਾ ਨਿਕਲੋ, ਏਸ ਵਿਚ ਥੋਡਾ ਈ ਭਲਾ ਐ। ਸਰਕਾਰ ਹਿਦਾਇਤਾਂ ਦੇਈ ਜਾਂਦੀ ਐ ਕਿ ਘਰ 'ਚ ਟਿਕ ਕੇ ਬਹਿਜ ਪਰ ਭਾਈ ਪਤਾ ਲੱਗਿਆ ਐ ਕਿ ਕਿ ਮਨਚਲੇ ਲੋਕ ਟਿਕ ਨਹੀਂ ਰਹੇ, ਸੋ ਹੱਥ ਜੋੜ ਕੇ ਬੇਨਤਾ ਮੰਨ ਲਓ ਭਾਈ, ਨਾ ਖਰਾਬ ਕਰੋ ਤੇ ਨਾ ਹੋਵੋ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹਿ।
ਬਾਬੇ ਵੱਲੋਂ ਪਾਈਆਂ ਲਾਹਨਤਾਂ ਸੱਚੀਆਂ ਹਨ। ਮੇਰੇ ਮੂੰਹੋਂ ਸੁਭਾਵਕ ਹੀ ਨਿਕਲਿਆ, ''ਹੇ ਵਾਹਿਗੁਰੂ, ਸਰਬਤ ਦਾ ਭਲਾ ਕਰੀਂ।'' ਕਹਿੰਦੇ ਨੇ ਸੁਭਾਵਕ ਬੋਲਿਆ ਸੱਚ ਹੋ ਨਿਬੜਦਾ ਹੈ, ਹੋ ਸਕਦੈ,ਮੇਰਾ ਬੋਲਿਆ ਵੀ ਸੱਚ ਹੋ ਨਿੱਬੜੇ!
                ×××××××××××××××
ਮੋਬਾਈਲ ਫੋਨ ਕੁਸਕਿਆ ਹੈ। ਦੇਖਾਂ ਤਾਂ, ਕੀ ਆਖਦੈ। ਖੋਲ੍ਹਦਾ ਹਾਂ। ਕਿਸੇ ਪੁਲੀਸ ਵਾਲੇ ਨੇ ਲਿਖਿਆ ਹੈ ਕਿ ਅਸੀਂ ਆਪ ਦੀ ਸੁਰੱਖਿਆ ਲਈ ਘਰੋਂ ਬਾਹਰ ਹਾਂ, ਕਿਰਪਾ ਕਰ ਕੇ ਤੁਸੀਂ ਘਰ਼ ਵਿਚ ਹੀ ਰਹੋ। ਇੱਕ ਸਿਹਤ ਅਧਿਕਾਰੀ ਦਾ ਸੁਨੇਹਾ ਹੈ- ਕਰੋਨਾ ਓਨਾ ਚਿਰ ਤੁਹਾਡੇ ਘਰ ਵਿਚ ਦਸਤਕ ਨਹੀਂ ਦਿੰਦਾ, ਜਿੰਨਾ ਚਿਰ ਤੁਸੀਂ ਉਸਨੂੰ ਲੈਣ ਲਈ ਘਰੋਂ ਬਾਹਰ ਨਹੀਂ ਜਾਂਦੇ, ਸੋ ਕਿਰਪਾ ਕਰ ਕੇ ਘਰੋਂ ਬਾਹਰ ਨਾ ਜਾਓ। ਇੱਕ ਵੀਡੀਓ ਹੈ। ਪੁਲੀਸ ਬੰਦੇ ਕੁੱਟ ਰਹੀ ਹੈ ਤੇ ਬੰਦਿਆਂ ਨੂੰ ਕਰਫਿਊ ਦਾ ਅਰਥ ਦੱਸ ਰਹੀ ਹੈ। ਕਿਤੇ ਬੰਦੇ ਕੰਨ ਫੜ ਕੇ ਡੰਡ ਬੈਠਕਾਂ ਕੱਢ ਰਹੇ ਨੇ ਤੇ ਪੁਲੀਸ ਡੰਡੇ ਨਾਲ ਬੁਲਵਾ ਰਹੀ ਹੈ-ਅਸੀ ਸਮਾਜ ਦੇ ਦੁਸ਼ਮਣ ਆਂ, ਅਸੀਂ ਘਰੇ ਟਿਕ ਕੇ ਨਹੀਂ ਬੈਠ ਸਕਦੇ। ਸਾਰੇ ਬੰਦੇ ਰਲ-ਮਿਲ ਕੇ ਇੱਕ ਸੁਰ ਵਿਚ ਇਹ ਬੋਲ ਦੁਹਰਾ ਰਹੇ ਹਨ। ਬਹੁਤ ਉਦਾਸ ਹੋ ਗਿਆ ਹਾਂ। ਸੌਣ ਦਾ ਯਤਨ ਕਰਦਾ ਹਾਂ। ਕੀ ਪਤਾ ਹੈ, ਉੱਠਣ ਵੇਲੇ ਤੀਕ ਕੁਝ ਨਾ ਕੁਝ ਠੀਕ ਹੀ ਹੋ ਜਾਵੇ।