Ninder Ghugianvi

ਕੁਝ ਮਨ ਦੀਆਂ-ਕੁਝ ਜਗ ਦੀਆਂ, ਸ਼ੈਰੀ ਦੀ 'ਸ਼ਾਇਰੀ' ਨੇ ਮੋਹੇ ਪਾਕਿਸਤਾਨੀ - ਨਿੰਦਰ ਘੁਗਿਆਣਵੀ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੰਖੇਪ ਜਿਹੀ ਪਰ ਭਾਵਪੂਰਤ ਪਾਕਿਸਤਾਨ ਫੇਰੀ ਨੂੰ ਲੈ ਕੇ ਕਾਫੀ ਲੋਕ ਵਾਧੂੰ ਦਾ ਹੋ-ਹੱਲਾ ਮਚਾ ਰਹੇ ਹਨ। ਬਹੁਤ ਸਾਰੇ ਲੋਕ ਤਾਂ ਸਿੱਧੂ ਦੀ ਇਸ ਫੇਰੀ ਨੂੰ ਭਵਿੱਖ ਵਿਚ ਭਾਰਤ-ਪਾਕਿ ਰਿਸ਼ਤਿਆਂ ਵਿਚ ਆਈ ਖੜੋਤ ਨੂੰ ਤੋੜਨ ਵਾਲੀ ਆਖ ਰਹੇ ਹਨ। ਹਥਲੇ ਕਾਲਮ ਰਾਹੀਂ ਮੈਂ ਕੁਝ ਹਟਵੀਂ ਗੱਲ ਕਰਾਂਗਾ, ਸਿਰਫ਼ ਸਿੱਧੂ ਦੀ ਸ਼ਾਇਰੀ ਬਾਰੇ। ਸ਼ਾਇਰੀ ਸਾਹਿਤ ਦੀ ਅਜਿਹੀ ਵਿਧਾ ਹੈ, ਜੋ ਲੋਕ ਮਨਾਂ ਉਤੇ ਬਿਨਾਂ ਦੇਰੀ ਦੇ ਸਿੱਧਾ ਸਪਾਟ ਅਸਰ ਕਰਦੀ ਹੈ। ਸਿੱਦੂ ਬਚਪਨ ਤੋਂ ਸ਼ਾਇਰੀ ਦਾ ਸ਼ੌਕੀਨ ਹੇ ਤੇ ਬਹੁਤ ਸਾਰੇ ਸ਼ਾਇਰਾਂ ਦੀ ਕਵਿਤਾ ਉਸਨੂੰ ਜੁਬਾਨੀ ਚੇਤੇ ਹੈ। ਮੌਕੇ ਉਤੇ ਕਲਮ ਵੀ ਚਲਾ ਲੈਂਦਾ ਹੈ।ਕੁਝ ਵੀ ਹੈ,ਸਾਡਾ ਹਰਮਨ ਪਿਆਰਾ 'ਸ਼ੈਰੀ' ਆਪਣੀ 'ਸ਼ਾਇਰੀ' ਸੁਣਾ ਕੇ ਪਾਕਿਸਤਾਨੀਆਂ ਦੇ ਮਨ ਜਿੱਤ ਕੇ ਮੁੜਿਆ ਹੈ। ਉਸਦੀ ਸ਼ਾਇਰੀ ਨੂੰ ਭਰਵੀਂ ਦਾਦ ਵੀ ਮਿਲੀ ਹੈ। ਇਹ ਸ਼ਾਇਰੀ ਉਸ ਨੇ ਸਿਰਫ਼ ਲਿਖਣ ਵਾਸਤੇ ਜਾਂ ਬੋਲਣ ਵਾਸਤੇ ਹੀ ਨਹੀਂ ਲਿਖੀ, ਸਗੋਂ ਉਹਦੇ ਜਜ਼ਬਾਤ ਹੀ ਕਾਗਜ਼ ਦੀ ਹਿੱਕ ਉਤੇ ਆਪ-ਮੁਹਾਰੇ ਉਤਰ੍ਹੇ ਸਨ। ਪਾਕਿਸਤਾਨ ਯਾਤਰਾ ਅਰੰਭ ਕਰਨ ਵੇਲੇ ਉਹ ਵਾਹਗਾ ਬਾਰਡਰ ਉਤੇ ਬੋਲ ਰਿਹਾ ਸੀ, ਭਾਵੇਂ ਇਹ ਆਮ ਬੋਲ ਚਾਲ ਹੀ ਸੀ ਪਰ ਸ਼ਾਇਰੀ ਫਿਰ ਵੀ ਝਲਕ ਰਹੀ ਸੀ: ਇਹ ਲਮਹੇਂ ਬਹੁਤ ਖਾਸ ਨੇ,ਸੱਚ ਪੁਛੋਂ, ਕਰੋੜਾਂ ਦੀ ਆਸ ਤੇ ਵਿਸ਼ਵਾਸ ਨੇ, ਮੇਰੀ ਮੰਨੋ, ਇਹ ਜਿਊਂਦਾ ਜਾਗਦਾ ਇਤਿਹਾਸ ਨੇ।" ਉਸ ਆਖਿਆ, ''ਰਾਤੀਂ ਮੇਰੇ ਦਿਲ ਦਾ ਸ਼ਾਇਰ ਕਹਿ ਰਿਹਾ ਸੀ,ਕੁਝ ਲਾਇਨਾਂ ਲਿਖ ਰਿਹਾ ਸੀ ਤੇ ਆਂਹਦਾ ਸੀ,
                 ਹਿੰਦੋਸਤਾਨ ਜੀਵੇ ਤੇ ਪਾਕਿਸਤਾਨ ਜੀਵੇ,
                 ਹਸਦਾ ਵਸਦਾ ਇਹ ਸਾਰਾ ਜਹਾਨ ਜੀਵੇ,
                ਧਰਤੀ ਪੌਣ ਪਾਣੀ, ਬੂਟੇ ਜੀਵ ਪ੍ਰਾਣੀ,
                ਸੂਰਜ ਚੰਦ ਤਾਰੇ ਤੇ ਸਾਰਾ ਅਸਮਾਨ ਜੀਵੇ,
               ਜੀਵੇ ਰਹਿਮ ਹਰ ਇਨਸਾਨ ਦੇ ਦਿਲ ਅੰਦਰ,
               ਆਨ, ਬਾਨ ਤੇ ਮਾਨ ਦੇ ਨਾਲ, ਹਰ ਇਨਸਾਨ ਜੀਵੇ,
               ਪਿਆਰ, ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ,
              ਓਹ ਮੇਰਾ ਯਾਰ ਦਿਲਦਾਰ 'ਇਮਰਾਨ ਖਾਨ' ਜੀਵੇ
'ਵਾਹ-ਵਾਹ' ਕਰ ਰਹੇ ਪੱਤਰਕਾਰਾਂ ਦੀ ਟੋਲੀ ਦੇ ਮਨਾਂ ਨੂੰ 'ਸ਼ੈਰੀ ਦੀ ਸ਼ਾਇਰੀ' ਟੁੰਬ ਰਹੀ ਸੀ ਤੇ ਉਸ ਅੱਗੇ ਆਖਿਆ:
  - ਲੈਕੇ ਆਇਆਂ ਮੈਂ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ
    ਸਾਡੀ ਰੂਹ 'ਤੇ ਦਾਗ ਨਾ ਕੋਈ, ਬਸ ਕੁਝ ਕੁ ਇਲਜ਼ਾਮ ਮੁਹੱਬਤਾਂ ਦੇ
    ਪਹਿਰੇਦਾਰ ਹਾਂ ਵਫਾ ਦੀਆਂ ਦੌਲਤਾਂ ਦੇ, ਅਸੀਂ ਰਾਖੇ ਤਮਾਮ ਮੁਹੱਬਤਾਂ ਦੇ
   ਚੁੱਕੋ,ਚੁੱਕੋ,ਅੱਜ ਯਾਰੀ ਦੇ ਕਦਮ ਚੁੱਕੋ,ਓ ਚੁੱਕੋ ਚੁੱਕੋ,ਇਹ ਜਾਮ ਮੁਹੱਬਤਾਂ ਦੇ
       -ਦੁਆ ਹੈ ਆਪਕੀ ਹਸਤੀ ਕਾ, ਕੁਛ ਐਸਾ ਨਜ਼ਾਰਾ ਹੋ ਜਾਏ
        ਅਰੇ ਕਸ਼ਤੀ ਭੀ ਉਤਾਰੇਂ ਮੌਜੋਂ ਪੇ, ਅਰੇ ਤੂਫਾਂ ਹੀ ਕਿਨਾਰਾ ਹੋ ਜਾਏ
ਆਪਣੀ ਭਾਰਤ ਵਾਪਸੀ ਸਮੇਂ ਪ੍ਰੱੈਸ ਕਾਨਫਰੰਸ ਵਿਚ ਉਸ ਨੇ ਸ਼ਾਇਰੀ ਦੇ ਰੰਗ ਫਿਰ ਬਿਖੇਰੇ। ਉਸ ਆਖਿਆ,''ਮੈਂ ਜੋ ਕੁਛ ਕਹਿਣਾ ਹੈ,ਉਹ ਲਿਖ ਕੇ ਲਿਆਇਆ ਹਾਂ, ਰਾਤ ਮੈਂ ਲਿਖ ਰਿਹਾ ਸੀ,ਉਹਨਾਂ ਦਰਿਆਵਾਂ ਦੇ ਰਾਹੀਂ ਇੱਕ ਸੁਨੇਹਾ ਦੇ ਰਿਹਾ ਹਾਂ,ਚਨਾਬ ਤੇ ਜਿਹਲਮ ਏਧਰ, ਸਤਿਲੁਜ ਤੇ ਬਿਆਸ ਓਧਰ ਤੇ ਕੀ ਕਹਿੰਦੇ ਐ ਸਤਲੁਜ ਤੇ ਬਿਆਸ:
        ਕਹਵੇ ਸਤਲੁਜ ਦਾ ਪਾਣੀ,ਦੱਸੇ ਬਿਆਸ ਦੀ ਰਵਾਨੀ,
        ਆਪਣੀ ਲਹਿਰ ਦੀ ਜ਼ੁਬਾਨੀ, ਸਾਡਾ ਜੇਹਲਮ-ਚਨਾਬ
        ਨੂੰ ਸਲਾਮ ਆਖਣਾ, ਅਸੀਂ ਮੰਗਦੇ ਆਂ ਖੈਰ,
        ਸੁਭਾ ਸ਼ਾਮ ਆਖਣਾ,
       ਰਾਵੀ ਏਧਰ ਵੀ ਵਗੇ, ਤੇ ਰਾਵੀ ਓਧਰ ਵੀ ਵਗੇ
       ਲੈ ਕੇ ਜਾਂਦੀ ਕੋਈ ਸੁਖ ਦਾ ਸੁਨੇਹਾ ਜਿਹਾ ਲਗੇ
       ਇਹਦੀ ਤੋਰ ਨੂੰ ਹੀ ਪਿਆਰ ਦਾ ਪੈਗਾਮ ਆਖਣਾ
       ਅਸੀਂ ਮੰਗਦੇ ਆਂ ਖੈਰ, ਸੁਭਾ ਸ਼ਾਮ ਆਖਣਾ
                         """"'
ਆਪਣੀ ਗੱਲ ਨੂੰ ਵਿਸਤਾਰ ਵਿਚ ਕਰਦਾ ਹੋਇਆ ਉਹ ਫਿਰ ਸ਼ਾਇਰ ਹੋ ਜਾਂਦਾ ਹੈ: ਓਹਦੇ ਨਾਲ ਯਾਰੀ ਕਦੇ ਨਾ ਲਾਈਏ,ਜੀਹਨੂੰ ਆਪਣੇ ਆਪ 'ਤੇ ਗ਼ਰੂਰ ਹੋਵੇ,
ਮਾਂ-ਬਾਪ ਨੂੰ ਕਦੇ ਨਾ ਬੁਰਾ ਕਹੀਏ, ਚਾਹੇ ਲੱਖ ਵੀ ਉਹਨਾਂ ਦਾ ਕਸੂਰ ਹੋਵੇ
ਬੁਰੇ ਰਸਤੇ 'ਤੇ ਕਦੇ ਨਾ ਪੈਰ ਧਰੀਏ, ਮੰਜ਼ਿਲ ਚਾਹੇ ਵੀ ਕਿਤਨੀ ਦੂਰ ਹੋਵੇ
ਰਾਹ ਜਾਂਦੇ ਰਾਹੀ ਨੂੰ ਨਾ ਦਿਲ ਦੇਈਏ, ਚਾਹੇ ਲੱਖ ਮਣ ਚਿਹਰੇ 'ਤੇ ਨੂਰ ਹੋਵੇ
ਬੁੱਲ੍ਹੇ ਸ਼ਾਹ ਮੁਹੱਬਤਾਂ ਉਥੇ ਪਾਈਏ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ
ਕੁਝ ਪਾਕਿਸਤਾਨੀ ਤਾਂ ਉਸਦੀ ਸ਼ਾਇਰੀ ਦੇ ਦੀਵਾਨੇ ਹੋਏ ਉਸਨੂੰ 'ਸ਼ਾਇਰ ਭਾਜੀ ਸਿੱਧੂ' ਵੀ ਆਖ ਕੇ ਬੁਲਾਉਣ ਲੱਗੇ ਰਹੇ। ਸਿੱਧੂ ਕਹਿੰਦਾ ਹੈ, ''ਕਿਸੇ ਵੀ ਇਨਸਾਨ ਦੀ ਛੋਟੀ-ਵੱਡੀ ਯਾਤਰਾ ਨੂੰ ਕਲਾਤਮਿਕ ਪਲ ਸੁਹਾਵਣੀ ਤੇ ਯਾਦਗਾਰੀ ਬਣਾ ਦਿੰਦੇ ਨੇ, ਸ਼ਾਇਰੀ ਦੇ ਰੰਗ ਨੇ ਮੇਰੀ ਪਾਕਿਸਤਾਨ ਯਾਤਰਾ ਵਿਚ ਰਮਣੀਕ ਤੇ ਨਾ-ਭੁੱਲਣ ਵਾਲਾ ਰੰਗ ਭਰ ਦਿੱਤਾ ਹੈ,ਸ਼ਾਇਰੀ ਮੇਰੇ ਰੋਮ-ਰੋਮ ਵਿਚ ਵਸਦੀ ਹੈ ਤੇ ਵੱਸਦੀ ਰਹੇਗੀ।"

94174-21700

21 Aug 2018

ਇਹੋ ਜਿਹਾ ਸੀ ਮੇਰਾ ਬਚਪਨ-4 -   ਨਿੰਦਰ ਘੁਗਿਆਣਵੀ 

ਇੱਕ ਦਿਨ ਮੈਂ ਤਾਏ ਨੂੰ ਪੁੱਛਿਆ ਕਿ ਇਹ ਰੇਡੀਆ ਕਿੱਥੋਂ ਲਿਆਂਦਾ ਐ। ਤਾਏ ਨੇ ਦੱਸਿਆ ਕਿ ਬਹੁਤ ਸਾਲ ਪਹਿਲਾਂ ਉਹ ਫਿਰੋਜ਼ਪੁਰ ਗਿਆ ਸੀ ਵਿਸਾਖੀ ਵੇਖਣ। ਉਦੋਂ ਵਾਪਸ ਆਉਂਦੇ ਨੇ ਫੌਜੀ ਛਾਉਣੀ ਨੇੜੇ ਇੱਕ ਦੁਕਾਨ ਤੋਂ ਸੱਠਾਂ ਰੁਪੱਈਆਂ 'ਚ ਖਰੀਦਿਆ ਸੀ। ਤਾਏ ਦਾ ਰੇਡੀਓ ਕਦੇ ਖਰਾਬ ਨਾ ਹੁੰਦਾ। ਜਦ ਕਦੇ ਮੌਸਮ ਖਰਾਬ ਹੁੰਦਾ ਤਾਂ ਉਦੋਂ ਰੇਡੀਓ 'ਚੋਂ ਕਰੜ-ਕਰੜ ਕਰਰ-ਕਰਰ...ਦੀ ਆਵਾਜ਼ ਆਉਂਦੀ। ਇਹ ਆਵਾਜ਼ ਸੁਣ ਕੇ ਮੈਨੂੰ ਲਗਦਾ ਕਿ ਜਿਵੇਂ ਜ਼ੋਰਦਾਰ ਹਨੇਰੀ ਝੁੱਲ ਰਹੀ ਹੋਵੇ, ਤੇ ਰੇਡੀਓ ਵਿਚ ਆਵਾਜ਼ ਪਹੁੰਚਾਉਣ ਵਾਲੀਆਂ ਤਾਰਾਂ ਆਪੋ ਵਿਚ ਜੁੜ ਰਹੀਆਂ ਹੋਣ! (ਇਹ ਤਾਂ ਬਹੁਤ ਬਾਅਦ, ਜਦੋਂ ਆਪ ਰੇਡੀਓ ਦਾ ਕਲਾਕਾਰ ਜਾਂ ਵਕਤਾ ਬਣਿਆ, ਤਾਂ ਪਤਾ ਚੱਲਿਆ ਕਿ ਇਹ ਅਕਾਸ਼ਵਾਣੀ ਹੈ ਤੇ ਅਕਾਸ਼ ਵਿਚੋਂ ਦੀ ਹੋ ਕੇ ਆਵਾਜ਼ ਆਉਂਦੀ ਹੈ, ਤਾਰਾਂ ਰਾਹੀਂ ਨਹੀਂ।)
ਲਾਹੌਰ ਰੇਡੀਓ ਉਤੋਂ ਲੋਕ ਗਾਇਕ ਆਸ਼ਕ ਜੱਟ ਦਾ ਗਾਇਆ ਗੀਤ ਦੁਜੇ-ਤੀਜੇ ਦਿਨ ਵੱਜਦਾ ਰਹਿੰਦਾ:
                     ਮੈਨੂੰ ਪਾਰ ਲੰਘਾਦੇ ਵੇ ਘੜਿਆ
                    ਮਿੰਨਤਾ ਤੇਰੀਆਂ ਕਰਦੀ
                    ਪਿਛਾਂਹ ਮੁੜਜਾ ਸੋਹਣੀਏਂ ਨੀ                     
                   ਇੱਥੇ ਕੋਈ ਨਾ  ਤੇਰਾ ਦਰਦੀ
ਪਤਾ ਨਹੀਂ ਤਾਏ ਨੂੰ ਆਸ਼ਕ ਜੱਟ ਦੇ ਇਸ ਗੀਤ ਨੇ ਕਦੋਂ ਦਾ ਪੱਟਿਆ ਹੋਇਆ ਸੀ। ਤਾਇਆ ਆਸ਼ਕ ਜੱਟ ਦੇ ਆਉਣ ਦੀ ਉਡੀਕ ਕਰਦਾ ਰਹਿੰਦਾ। ਜਿਸ ਦਿਨ ਉਸਦਾ  ਗੀਤ ਨਾ ਆਉਂਦਾ ਤਾਂ ਉਹ ਬੁੜ-ਬੁੜਾਉਂਦਾ ਆਖਦਾ, ''ਅੱਜ ਆਇਆ ਈ ਨੀ ਆਸ਼ਕ ਜੱਟ, ਲਗਦੈ ਲੇਟ-ਲੂਟ ਹੋ ਗਿਆ ਹੋਣੈ ਰੇਡੀਓ ਸਟੇਸ਼ਨ ਆਉਂਦਾ ਆਉਂਦਾ...।" ਤਾਏ ਕੋਲ ਬੈਠਾ ਮੈਂ ਵੀ ਆਸ਼ਕ ਜੱਟ ਦੀ ਆਵਾਜ਼ ਦਾ ਅਨੰਦ ਲੈਂਦਾ। ਜਦ ਉਹ ਗੀਤ ਦਾ ਅਗਲਾ ਬੋਲ ਚੁੱਕਦਾ:
                           ਵੇ ਮੈਂ ਪਾਰ ਝਨਾਂ ਤੋਂ ਜਾਣਾ ਵੇ
                           ਮੈਨੂੰ ਮਿਲਣਾ ਮਾਹੀ ਨਿਮਾਣਾ ਵੇ
ਤਾਇਆ ਸਿਰ ਮਾਰ-ਮਾਰ ਝੂੰਮ ਰਿਹਾ ਹੁੰਦਾ। ਜੇ ਮੈਂ ਕੁਝ ਬੋਲਣਾ ਵੀ ਚਾਹੁੰਦਾ ਤਾਂ ਉਹ ਮੁੱਕਾ ਵੱਟ ਕੇ ਇਸ਼ਾਰੇ ਨਾਲ ਹੀ ਚੁੱਪ ਕਰਵਾ ਦਿੰਦਾ ਸੀ।
ਤਾਏ ਦੇ ਰੇਡੀਓ ਦਾ ਮੇਰੇ ਉੱਤੇ ਹਾਲੇ ਵੀ ਡਾਹਢਾ ਅਸਰ ਹੈ। ਰੇਡੀਓ ਵਿਚੋਂ ਸੁਣੀਆਂ ਧੁਨੀਆਂ ਆਪਣੇ ਵੱਲ ਹਾਕਾਂ ਮਾਰ-ਮਾਰ ਬਚਪਨ ਤੋਂ ਹੀ ਮੈਨੂੰ 'ਆਪਣਾ' ਬਣਾ ਲਿਆ ਸੀ। ਸ਼ਾਮਾਂ ਨੂੰ ਖਬਰਾਂ ਪ੍ਰਸਾਰਿਤ ਹੋਣੀਆਂ, ਤਾਂ ਤਾਇਆ ਕਿਸੇ ਨੂੰ ਕੁਸਕਣ ਤੱਕ ਨਹੀਂ ਸੀ ਦਿੰਦਾ। ਦਾਦੀ ਲਾਗਿਓਂ ਆਖਦੀ, ''ਵੇ ਰਾਮਿਆਂ, ਖੂਹੀ 'ਚੋਂ ਪਾਣੀ ਦੀ ਬਾਲਟੀ ਖਿੱਚ੍ਹ ਦੇ, ਭਾਂਡੇ ਧੋ ਲਾਂ ਮੈਂ...।" ਤਾਇਆ ਉੱਚੀ ਆਵਾਜ਼ ਵਿਚ ਬੋਲਦਾ, ''ਦੋ ਮਿੰਟ ਚੁੱਪ ਕਰਜਾ ਹੁਣ, ਖਬਰਾਂ ਸੁਣ ਲੈਣ ਦੇ, ਪਾਣੀ ਨੂੰ  ਅੱਗ  ਲੱਗ ਚੱਲੀ ਐ ਏਡੀ ਛੇਤੀ।"
'ਪਾਣੀ ਨੂੰ ਅੱਗ' ਇਹ ਬੋਲ ਮੇਰੇ ਮਨ ਦੇ ਕੋਨੇ ਵਿਚ ਅਚੇਤ ਹੀ ਪਥੱਲਾ ਮਾਰ ਕੇ ਬਹਿ ਗਏ ਸਨ ਤੇ ਹਾਲੇ ਵੀ ਬੈਠੇ ਹੋਏ ਨੇ । ਹੁਣ ਤਾਇਆ, ਦਾਦੀ, ਰੇਡੀਓ, ਖੂਹੀ, ਸਾਡਾ ਅੱਧ-ਪੱਕਾ ਘਰ, ਕਿਧਰੇ ਵੀ ਨਹੀਂ ਹੈ ਪਰ 'ਪਾਣੀ ਨੂੰ ਅੱਗ' ਵਾਲੇ ਬੋਲ ਅੱਜ ਵੀ ਸੁਰੱਖਿਅਤ ਹਨ ਜਿਉਂ ਦੀ ਤਿਉਂ।
ਆਥਣ ਹੋ ਚੱਲੀ ਸੀ। ਪਰਛਾਂਵੇਂ ਢਲ ਗਏ ਸਨ। ਧੁੱਪ ਨੇ ਵਿਹੜੇ ਵਿਚੋਂ ਆਪਣਾ ਬੋਰੀ-ਬਿਸਤਰਾ ਸਮੇਟ ਲਿਆ ਸੀ। ਦਿਨ ਭਰ ਬੇਰੋਕ ਚਹਿਕਾਰਾ ਪਾਉਂਦੀਆਂ ਚਿੜੀਆਂ ਵੀ ਆਪੋ-ਆਪਣੇ ਟਿਕਾਣੇ ਜਾ ਟਿਕੀਆਂ ਸਨ। ਗੁਰਦਵਾਰਿਉਂ ਹਾਲੇ ਭਾਈ ਜੀ ਨੇ ਰਹਿਰਾਸ ਦਾ ਪਾਠ ਸ਼ੁਰੂ ਕਰਨਾ ਸੀ। ਬੀੜ ਵਾਲੇ ਕੱਚੇ ਪਹੇ 'ਤੇ ਮੁੜੇ ਆਉਂਦੇ ਪਸੂਆਂ ਦੀ ਬਾਂ-ਬਾਂ ਰੋਜ਼ ਵਾਂਗ ਉੱਚੀ ਹੋ ਗਈ ਸੀ। ਦਾਦੀ ਚੁੱਲ੍ਹੇ-ਚੌਂਕੇ ਵਿਚ ਰੁੱਝੀ ਹੋਈ ਸੀ। ਤਾਇਆ ਮੰਜੇ ਉਤੇ ਚੌਂਕੜੀ ਮਾਰੀ ਬੈਠਾ ਦਾਲ ਦੇ ਤੁੜਕੇ ਲਈ ਨਿੱਕ-ਸੁੱਕ ਚੀਰ ਰਿਹਾ ਸੀ। ਲਾਗੇ ਪਏ ਰੇਡੀਓ 'ਚੋਂ ਸੋਗਮਈ ਸੰਗੀਤ ਵਿਲਕ ਉੱਠਿਆ ਤਾਂ ਤਾਇਆ ਬੋਲਿਆ, ''ਆਹ ਪਤਾ ਨੀ ਅੱਜ  ਪੀਪਲੀਆਂ ਜਿਹੀਆਂ ਕਾਹਤੋਂ ਵਜਾਈ ਜਾਂਦੇ ਐ।"
 ਮੈਨੂੰ ਚੇਤੇ ਹੈ ਕਿ ਉਹਨੀਂ ਦਿਨੀਂ ਤੀਰਥ ਸਿੰਘ ਢਿੱਲੋਂ ਦੀਆਂ ਖਬਰਾਂ ਮਸ਼ਹੂਰ ਸਨ,''ਹੁਣ ਤੁਸੀਂ ਤੀਰਥ ਸਿੰਘ ਢਿੱਲੋਂ ਪਾਸੋਂ ਖਬਰਾਂ ਸੁਣੋ।" ਉਸਦਾ ਪਹਿਲਾਂ ਵਾਕ ਇਹੋ ਹੁੰਦਾ ਸੀ।ਸੋ, ਖਬਰਾਂ ਸ਼ੁਰੂ ਹੋਈਆਂ। ਇੰਦਰਾ ਗਾਂਧੀ ਦੇ ਕਤਲ ਦੀ ਪਹਿਲੀ ਖ਼ਬਰ ਸੀ। ਖ਼ਬਰ ਕੰਨੀਂ ਪੈਂਦੇ ਸਾਰ ਤੁੜਕੇ ਚੀਰੇ ਵਾਲਾ ਭਾਂਡਾ ਪਰ੍ਹੇ ਕਰਦਿਆਂ ਤਾਇਆ ਬੋਲਿਆ,'' ਭਾਬੀਏ, ਹੋ ਭਾਬੀਏ,ਇੰਦਰਾ ਗਾਂਧੀ ਮਾਰਤੀ।" ( ਉਦੋਂ ਮਾਵਾਂ ਨੂੰ ਸਾਡੇ ਭਾਬੀ ਹੀ ਕਿਹਾ ਜਾਂਦਾ ਸੀ)।
''ਹਾਏ ਹਾਏ ਵੇ, ਕੀਹਨੇ ਮਾਰਤੀ? ਵੇ ਲੋਹੜਾ ਪੈ ਗਿਆ ਆਹ ਤਾਂ...।"
ਗੂੜ੍ਹੀ ਹੁੰਦੀ ਜਾ ਰਹੀ ਸ਼ਾਮ ਨੂੰ ਸਾਡੇ ਘਰੇ ਸੋਗ ਪੈ ਗਿਆ ਸੀ। ਮੈਂ ਸਭਨਾਂ ਦੇ ਨੇੜੇ-ਨੇੜੇ ਹੀ ਤੁਰਿਆ ਫਿਰਦਾ ਸਾਂ। ਮੈਨੂੰ ਲੱਗਣ ਲੱਗਿਆ ਕਿ ਜਿਵੇਂ ਇੰਦਰਾ ਗਾਂਧੀ ਹੀ ਨਹੀਂ ਸਗੋਂ ਮੇਰੇ ਤਾਏ ਦੀ ਦਿੱਲੀ ਰਹਿੰਦੀ ਸੱਕੀ ਮਾਸੀ ਮਾਰ ਦਿੱਤੀ ਹੋਵੇ!  ਆਪਣੀ ਮੈਲ਼ੀ ਚੁੰਨੀ ਨਾਲ  ਦਾਦੀ ਨੇ ਅੱਖਾਂ ਪੂੰਝੀਆਂ ਤੇ ਚੌਂਕੇ ਵਿਚੋਂ ਉਠ ਖਲੋਈ। ਤਾਏ ਤੇ ਦਾਦੀ ਨੂੰ ਪਰੇਸ਼ਾਨ ਹੋਏ ਦੇਖ ਮੈਂ ਸਾਡੀ ਹਵੇਲੀ ਵੱਲ ਨੂੰ ਭੱਜ ਆਇਆ। ਅੱਗੇ ਮੇਰੀ ਮਾਸੀ ਦਾ ਮੁੰਡਾ ਦੀਪਾ ਨਰਮੇਂ ਦੀਆਂ ਸੁੱਕੀਆਂ ਛਿਟੀਆਂ ਦਾ ਬਾਲਣ ਤੋੜ-ਤੋੜ ਕੇ ਇਕੱਠਾ ਕਰੀ ਜਾ ਰਿਹਾ ਸੀ, ਸ਼ਾਇਦ ਅੱਜ ਉਹਨਾਂ ਦੇ ਤੰਦੂਰ ਤਪਣਾ ਸੀ।
''ਦੀਪਿਆ ਉਏ, ਇੰਦਰਾ ਗਾਂਧੀ ਮਾਰਤੀ।" ਮੇਰੇ ਤੋਂ ਆਪ-ਮੁਹਾਰਾ ਹੀ ਬੋਲ ਹੋ ਗਿਆ।
''ਓਹ ਜਾਂ ਪਰਾ੍ਹਂ, ਆ ਗਿਆ ਵੱਡਾ ਬੀ.ਬੀ.ਸੀ ਦਾ ਪੱਤਰਕਾਰ, ਗੱਪਾਂ ਦਾ ਪਿਓ।" ਦੀਪਾ ਮੇਰੇ ਵੱਲ ਬਿਨਾਂ ਦੇਖੇ ਹੀ ਬੋਲਿਆ। ਸਾਡਾ ਇੱਕ ਗੁਆਂਢੀ ਕੋਠੇ 'ਤੇ ਚੜ੍ਹਿਆ ਤੇ ਸਾਡੇ ਵੱਲ ਨੂੰ ਮੁਖਾਤਿਬ ਹੋਇਆ, ''ਮਖਾਂ, ਮੁੰਡਿਓ ਇੰਦਰਾ ਮਾਰਤੀ, ਖਬਰ ਆਈ ਐ।" ਦੀਪਾ ਸੁੱਕੀਆਂ ਛਟੀਆਂ ਤੋੜਨੋ ਹਟ ਗਿਆ, ''ਚਾਚਾ, ਜਿੱਦਣ ਇੰਦਰਾ ਮਰੀ, ਓਦਣ ਤਾਰਾਂ ਖੜਕ ਜਾਣਗੀਆਂ, ਏਹ ਤਾਂ ਐਂਵੈਂ 'ਫਵਾਹ ਈ ਲਗਦੀ ਐ, ਆਹ ਸਾਡੇ ਆਲਾ ਵੀ ਕਹੀ ਜਾਂਦੈ।"
'ਤਾਰਾ ਖੜਕ ਜਾਣਗੀਆਂ' ਇਹ ਸ਼ਬਦ ਓਦਣ ਮੈਂ ਆਪਣੇ ਮਸੇਰ ਦੀਪੇ ਮੂੰਹੋਂ ਪਹਿਲੀ ਵਾਰੀ ਸੁਣਿਆ ਸੀ।
ਉਸ ਰਾਤ ਪਿੰਡ ਵਿਚ ਕੁਝ ਬੰਦਿਆਂ ਨੇ ਦਾਰੂ ਪੀ ਕੇ ਲਲਕਾਰੇ ਮਾਰੇ ਸਨ। ਸਾਡੇ ਹਿੰਦੂਆਂ ਦੇ ਘਰ ਬੂਹ ਭੇੜ ਤੇ ਸੋਗ ਦੀ ਚਾਦਰ ਲਪੇਟ ਕੇ ਸੌਂ ਗਏ ਸਨ।
(ਚਲਦਾ)

04 June 2018

ਇਹੋ ਜਿਹਾ ਸੀ ਮੇਰਾ ਬਚਪਨ-3 - ਨਿੰਦਰ ਘੁਗਿਆਣਵੀ 

ਸਾਡੇ ਖੂਹ ਵਾਲੇ ਖੇਤ, ਪਿੜ ਦੀ ਖੱਬੀ ਨੁੱਕਰੇ ਇੱਕ ਮੋਈ ਜਿਹੀ ਬੇਰੀ ਝਾੜ ਕਰੇਲਿਆਂ ਦੀ ਵਾੜ ਵਿਚ ਲਿਪਟੀ ਹੋਈ ਸੀ। ਇੱਕ ਪਾਸੇ ਵੱਡਾ ਖੂਹ ਸੀ। ਮੈਂ ਖੂਹ ਵਿਚ ਖਾਜਕਦਾ ਤਾਂ ਡਰ ਆਉਂਦਾ ਤੇ ਪਿਛਾਂਹ ਭੱਜ ਪੈਂਦਾ। ਖੂਹ ਦੀਆਂ ਟਿੰਡਾਂ ਲੁੜਕ ਚੁੱਕੀਆਂ ਸਨ। ਹੁਣ ਖੂਹ ਕੋਈ ਨਹੀਂ ਸੀ ਜੋੜਦਾ ਤੇ ਖੁਹ ਵਿਚਲਾ ਪਾਣੀ ਵੀ ਕਾਲਾ-ਮੈਲਾ ਹੋ ਚੁੱਕਾ ਸੀ। ਖੂਹ ਦੀ ਕੰਧ 'ਚ  ਵਿਚ ਇੱਕ ਪਿੱਪਲ ਤੇ  ਹੋਰ ਝਾੜ-ਬੂਟ ਉੱਗ ਆਇਆ ਸੀ। ਪਤਾ ਨਹੀਂ ਕਿਵੇਂ, ਇੱਕ ਦਿਨ ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲ ਗਿਆ, ''ਤਾਇਆ, ਆਪਣਾ ਉੱਜੜਿਆ ਖੂਹ ਐ।"  ਮੇਰੀ ਕਮਲੀ ਗੱਲ ਸੁਣ ਕੇ ਤਾਇਆ ਖਿਝ ਗਿਆ ਸੀ, ''ਤੂੰ ਕਦੇ ਭੌਕਣੋਂ ਨਾ ਹਟੀਂ...ਬਸ...ਸਾਰਾ ਦਿਨ ਕੁੱਤੇ ਭਕਾਈ ਲੱਗੀ ਰਹਿੰਦੀ ਤੈਨੂੰ।"
ਜਦ ਮੈਂ ਬੇਰੀ ਵੱਲ ਦੇਖਦਾ ਤਾਂ ਲਗਦਾ  ਕਿ ਝਾੜ ਕਰੇਲਿਆਂ ਦੀ ਪੁਰਾਣੀ ਚੰਬੜੀ ਵੇਲ ਨੇ ਹੀ ਇਸ ਬੇਰੀ ਨੂੰ ਜਿਊਣ ਹੀ ਨਹੀਂ ਦਿੱਤਾ ਸੀ ਤੇ ਉਸਦੇ ਆਲੇ ਦੁਆਲੇ ਅੰਬਰਵੇਲ ਵਾਂਗ ਵਲੀ ਗਈ ਸੀ। ਮੈਂ ਬਚਪਨ ਤੋਂ ਜੁਆਨੀ ਤੀਕ ਉਸ ਮਰੀਅਲ ਜਿਹੀ ਬੇਰੀ ਨੂੰ ਝਾੜ-ਕਰੇਲਿਆਂ ਦੀ ਸੰਘਣੀ ਵਾੜ ਵਿਚ ਲਿਪਟੀ ਤੇ ਲੁਕੀ ਹੋਈ ਦੇਖਿਆ ਸੀ।
ਮੈਂ ਤੇ ਤਾਇਆ ਰਾਮ ਦੂਜ-ਤੀਜੇ ਦਿਨ ਝਾੜ-ਕਰੇਲੇ ਤੋੜਨ ਲੈਂਦੇ ਸਾਂ। ਹਾਲੇ ਉਦੋਂ ਮੈਂ ਕਾਫੀ ਨਿਆਣਾ ਸਾਂ। ਕਈ ਵਾਰੀ ਬੇਰੀ ਦੇ ਤਿੱਖੇ-ਬਾਰੀਕ ਕੰਡੇ ਮੇਰੀਆਂ ਕੋਮਲ ਉਂਗਲਾਂ ਵਿਚ ਚੁਭ ਜਾਦੇ ਤਾਂ ਮੈਂ, ''ਹਈ ਤਾਇਆ...ਊਈ ਊਈ" ਕਰਨ ਦੀ ਬਿਜਾਏ ''ਸੀਅ ਸੀ..ਸੀ" ਕਰਨ ਲਗਦਾ ਤੇ ਤਾਏ ਦੀਆਂ ਝਿੜਕਾਂ ਤੋਂ ਬਚਦਾ। ਨਿੱਕੇ-ਨਿੱਕੇ ਤੇ ਮੋਟੇ-ਮੋਟੇ ਹਰੇ-ਭਰੇ ਕਰੇਲਿਆਂ ਨਾਲ ਵਾੜ ਭਰੀ ਪਈ ਹੁੰਦੀ ਸੀ  ਪਰ ਲਾਲ-ਰੱਤੇ ਪੱਕ ਚੁੱਕੇ ਕਰੇਲੇ ਹਵਾ ਵਗੀ ਤੋਂ ਆਪਣੇ ਆਪ ਹੇਠਾਂ ਡਿੱਗੇ ਹੁੰਦੇ ਤੇ ਕੁਝ ਵਾੜ  ਨਾਲ ਲਮਕ ਰਹੇ ਹੁੰਦੇ। ਲਾਲ ਕਰੇਲੇ ਮੈਨੂੰ ਸੁਹਣੇ-ਸੁਹਣੇ ਲਗਦੇ ਸਨ ਜਿਵੇਂ ਕੱਚ ਦੀਆਂ ਲਾਲ-ਲਾਲ ਗੋਲੀਆਂ ਹੋਣ, ਤੇ ਮੇਰੇ ਖੇਡ੍ਹਣ ਦੇ ਕੰਮ ਆਉਣ! ਮੈਂ ਅਗਾਂਹ ਤੀਕ ਹੱਥ ਕਰ ਕੇ  ਲਾਲ ਕਰੇਲੇ ਲਾਹੁੰਣ ਲਗਦਾ ਤਾਂ ਤਾਇਆ ਝਈ ਲੈ ਕੇ ਪੈਂਦਾ, ''ਲਾਲ ਕਰੇਲੇ ਤੂੰ ...ਡ 'ਚ ਲੈਣੇ ਆਂ...ਹਟਜਾ ਪਾਸੇ...ਨਹੀਂ ਤਾਂ ਕੋਈ ਕੀੜਾ-ਮਕੌੜਾ ਡੰਗ ਮਾਰਜੂ, ਫੇ ਤੇਰੀ ਮਾਂ ਨੇ ਮੈਨੂੰ ਨੀ ਛੱਡਣਾ ਉਏ ਕਮੂਤਾ...।"  ਤਾਏ ਦਾ ਦਬਕਾੜਾ ਸੁਣ ਕੇ  ਮੈਂ ਬੇਰੀ ਤੋਂ ਪਰ੍ਹੇ ਹੋ ਜਾਂਦਾ ਸਾਂ। ਤਾਇਆ ਆਪਣੀ ਥਾਂਵੇ ਸੱਚਾ ਸੀ ਕਿਉਂਕਿ ਇੱਕ ਦਿਨ ਤਾਏ ਨੇ ਬੇਰੀ ਦੇ ਕੁੱਛੜ (ਮੱਢ 'ਚ) ਬੈਠਾ ਕਾਲਾ ਨਾਗ ਦੇਖ ਲਿਆ ਹੋਇਆ ਸੀ। ਤਾਇਆ ਬਿਨਾਂ ਕਰੇਲੇ ਤੋੜੇ ਤੋਂ ਬੋਤੀ-ਗੱਡੀ ਜੋੜ ਤੇ ਪੱਠੇ ਲੱਦ ਘਰ ਆ ਗਿਆ ਸੀ। ਜਦ ਉਸਨੇ ਸੱਪ ਦੀ ਗੱਲ ਘਰੇ ਸੁਣਾਈ ਤਾਂ ਬਾਪੂ ਤਾਏ ਨਾਲ ਬਹਿਸਣ ਲੱਗ ਪਿਆ, ''ਤੂੰ ਕਿਹੜਾ ਮੇਰੇ ਆਖੇ ਲਗਦਾ ਐਂ, ਤੈਨੂੰ ਸੌਆਂ ਵਾਰੀ ਕਿਹੈ ਵਈ ਇੱਕ ਦਿਨ ਬੇਰੀ ਦਾ ਫਸਤਾ ਵੱਢ ਦਈਏ, ਸੱਪਾਂ ਤੇ ਕੋਹੜ ਕਿਰਲਿਆਂ ਨੂੰ ਥਾਂ ਬਣਾ ਰੱਖੀ ਐ, ਮੈਂ ਆਪ ਉਥੇ ਕਈ ਵਾਰ ਰਤੜਾ ਸੱਪ ਵੇਖਿਐ, ਜਿੱਦਣ ਕਿਸੇ ਦਾ ਕੂੰਡਾ ਕਰਤਾ ਫੇਰ ਈ ਪਟਵਾਵੇਂਗਾ ਤੂੰ ਬੇਰੀ?"
ਤਾਇਆ ਬੋਲਿਆ, ''ਸੱਪ ਕਿਹੜੇ ਉਥੇ ਪੱਕੇ ਬੈਠੇ ਰਹਿੰਦੇ ਆ, ਤੂੰ ਬੇਰੀ ਦਾ ਦੁਸ਼ਮਣ ਬਣਿਆ ਰਹਿੰਨੈ ਐਵੈਂ ਯਾਰ...ਨਹੀਂ ਪੱਟਣੀ ਬੇਰੀ, ਕੀ ,ਆਂਹਦੀ ਐ? ਨਾਲੇ ਕਰੇਲੇ ਤੇ ਨਾਲੇ ਪੀਲੂ ਬੇਰ ਦਿੰਦੀ ਐ...।"
ਤਾਏ ਨੇ ਦੋ ਮਹੀਨੇ ਕਰੇਲੇ ਨਾ ਤੋੜੇ। ਤਾਇਆ ਤੇ ਮੈਂ ਖੇਤ ਨੂੰ ਚੱਲੇ ਤਾਂ ਦਾਦੀ ਆਖਣ ਲੱਗੀ, ''ਵੇ ਰਾਮ, ਕਰੇਲੇ ਖਾਣ ਨੂੰ ਜੀਅ ਕਰਦਾ ਕਈ ਦਿਨਾਂ ਦਾ, ਅੱਜ ਲੈ ਆਵੀਂ ਵੇ।" ਰਾਤਾਂ ਨੂੰ ਸਾਰਾ ਟੱਬਰ ਤੰਦੂਰ ਦੀ ਰੋੇਟੀ ਨਾਲ ਕਰੇਲੇ ਖਾਂਦਾ ਤੇ ਠੰਡੀ ਲੱਸੀ ਪੀਂਦਾ ਸੀ। ਉਸ ਦਿਨ ਮੇਰਾ ਪਿਓ ਤੇ ਤਾਇਆ ਕਰੇਲੇ ਤੋੜ ਰਹੇ ਸਨ। ਲੱਪਾਂ-ਲੱਪ ਕਰੇਲੇ ਲੱਥ ਰਹੇ ਸਨ। ਤਾਏ ਨੇ ਤੂੜੀ ਵਾਲੇ ਕੁੱਪ ਵਿਚੋਂ ਤੰਗਲੀ ਵੀ ਨੇੜੇ ਲਿਆ ਕੇ ਰੱਖੀ ਹੋਈ ਸੀ ਕਿ ਕਿਤੇ ਕੋਈ ਸੱਪ-ਸਪੂੜੀ ਹੀ ਨਾ ਨਿਕਲ ਆਵੇ! ਮੈਂ ਦੇਖਦਾ ਰਿਹਾ ਸਾਂ, ਉਸ ਦਿਨ ਪੰਸੇਰੀ ਤੋਂ ਵੱਧ ਕਰੇਲੇ ਲੱਥੇ ਸਨ। ਤਾਏ ਤੇ ਪਿਓ ਨੇ ਆਪੋ ਆਪਣੇ ਪਰਨਿਆਂ ਵਿਚ ਕਰੇਲੇ ਬੰਨ੍ਹੇ।
ਦਾਦੀ ਨੇ ਦੋ ਵਾਰੀ ਵੱਡੀ ਬਾਲਟੀ 'ਚ ਕਰੇਲੇ ਧੋਤੇ ਤੇ ਆਥਣ ਨੂੰ ਤਲਣ ਜੋਕਰੇ  ਪਾਸੇ ਕੱਢੇ ਤੇ ਬਾਕੀ  ਦੂਜੇ ਦਿਨ ਕੁਝ  ਚੀਰ ਕੇ ਸੁੱਕਣੇ ਪਾ ਦਿੱਤੇ, ਤੇ ਜੁ ਦੇਰ ਬਾਅਦ ਤਲ ਕੇ ਖਾਧੇ ਜਾ ਸਕਣ। ਕੁਝ ਕਰੇਲਿਆਂ ਦਾ ਉਸਨੇ ਅਚਾਰ ਪਾ ਦਿੱਤਾ ਸੀ। ਤੰਦੂਰ ਤਪਦੇ ਸਾਰ ਰੋਟੀ ਖਾਣ ਵੇਲੇ ਮਰਤਵਾਨ ਬਾਹਰ ਕੱਢ ਕੇ ਕੰਧੋਲੀ ਉਤੇ ਰੱਖਿਆ ਜਾਂਦਾ ਤੇ ਸਾਰਾ ਟੱਬਰ ਰੋਟੀ ਨਾਲ ਕਰੇਲਿਆਂ ਦਾ ਅਚਾਰ ਖਾਂਦਾ ਰੱਜਦਾ ਨਹੀਂ ਸੀ ਹੁੰਦਾ। ਨਿੰਬੂ, ਮੇਥੀ, ਚਿੱਭੜ ਵਗੈਰਾ ਚੀਰ ਕੇ ਦਾਦੀ ਹਮੇਸ਼ਾਂ ਸੁਕਾ ਲੈਂਦੀ ਹੁੰਦੀ, ਜੋ ਕਈ-ਕਈ ਮਹੀਨੇ ਵਰਤੋਂ ਵਿਚ ਆਈ ਜਾਂਦਾ ਹੁੰਦਾ। (ਚਲਦਾ)

30 May 2018

ਦਾਣਾ ਪਾਣੀ ਦੇਖਦਿਆਂ - ਨਿੰਦਰ ਘੁਗਿਆਣਵੀ

ਫਿਲਮਾਂ ਵਿਚ ਮੇਰੀ ਦਿਲਚਸਪੀ 'ਨਾਂਹ' ਦੇ ਬਰਾਬਰ ਹੀ ਹੈ। ਹੁਣ ਤੱਕ ਦੀ ਜ਼ਿੰਦਗੀ ਵਿਚ ਕੁਝ ਕੁ ਹੀ ਫਿਲ਼ਮਾਂ ਦੇਖੀਆਂ ਹੋਣੀਆਂ ਨੇ ਉਹ ਵੀ ਕਿਸੇ ਖਾਸ ਸਬੱਬ ਕਾਰਨ। ਮੈਨੂੰ ਯਾਦ ਹੈ ਕਿ ਆਪਣੇ ਪਿੰਡ ਪਹਿਲੀ ਵਾਰ ਕਾਲੀ-ਚਿੱਟੀ ਪੰਜਾਬੀ ਫਿਲਮ  ਵੀ.ਸੀ.ਆਰ ਵਿਚ ਵੇਖੀ ਸੀ।  ਉਦੋਂ ਲੋਕ ਪੈਸੇ ਇਕੱਠੇ ਕਰ ਕੇ ਸਾਂਝੇ ਤੌਰ 'ਤੇ ਵੀ.ਸੀ.ਆਰ ਲਿਆਉਂਦੇ ਹੁੰਦੇ ਸਨ ਤੇ ਖੁੱਲ੍ਹੇ ਵਿਹੜੇ ਵਿਚ ਬੈਠ ਕੇ ਫਿਲਮਾਂ ਦੇਖਦੇ ਸਨ। ਸਵੇਰ ਦੀ ਟਿੱਕੀ ਚੜ੍ਹਦੇ ਨੂੰ ਵੀ.ਸੀ.ਆਰ ਵਾਪਿਸ ਕਰ ਆਉਂਦੇ। ਜਿਹੜੀ ਮੈਂ ਪਹਿਲੀ ਪੰਜਾਬੀ ਫਿਲਮ ਦੇਖੀ ਵੀ.ਸੀ.ਆਰ ਵਿਚ, ਉਹ 'ਬਲਬੀਰੋ ਭਾਬੀ' ਸੀ। ਉਸ ਬਾਅਦ ਇੱਕ ਵਾਰ ਪਿਤਾ ਜੀ ਨਾਲ ਸ਼ਹਿਰ (ਫਰੀਦਕੋਟ) ਗਿਆ ਸਾਂ। ਉਹਨਾਂ ਦੀ ਉਂਗਲੀ ਫੜੀ ਮੇਨ ਬਜ਼ਾਰ ਵਿਚ ਤੁਰ ਰਿਹਾ ਸਾਂ ਕਿ ਪੰਜਾਬੀ ਫਿਲਮ 'ਪੁੱਤ ਜੱਟਾਂ ਦੇ' ਦਾ ਬੋਰਡ ਸਾਹਮਣੇ ਖੰਭੇ ਉਤੇ ਲਟਕ ਰਿਹਾ ਸੀ। ਬੋਰਡ ਉਤੇ ਨਿਗਾਹ ਪੈਂਦੇ ਸਾਰ ਪਿਤਾ ਜੀ ਨੂੰ ਭੋਲੇਪਨ ਵਿਚ ਹੀ ਆਖ ਦਿੱਤਾ ਸੀ ਕਿ ਡੈਡੀ ਫਿਲਮ ਦੇਖਣੀ ਆਂ...। ਪਿਤਾ ਨੇ ਇੱਕ ਪਲ ਵੀ ਨਾਂਹ-ਨੁੱਕਰ ਨਾ ਕੀਤੀ ਤੇ ਮੈਨੂੰ ਉਵੇਂ ਉਂਗਲੀ ਫੜੀ ਸਵਰਨ ਸਿਨੇਮੇ ਵੱਲ ਲੈ ਤੁਰਿਆ। ਸਿਨੇਮੇ ਵਿਚ ਵੜਨ ਤੋਂ ਪਹਿਲਾਂ ਕੁਲਫੀ ਵੀ ਲੈ ਦਿੱਤੀ ਸੀ। ਮੈਂ ਬੜਾ ਖੁਸ਼ ਸਾਂ ਕਿ ਪਿਤਾ ਜੀ ਨਾਲ ਪਹਿਲੀ ਵਾਰ ਸਿਨੇਮੇ ਅੰਦਰ ਫਿਲਮ ਦੇਖ ਰਿਹਾ ਸਾਂ। ਉਦੋਂ ਸ਼ੱਤਰੂਘਨ ਸਿਨਹਾ ਦੀ ਅਦਾਕਾਰੀ ਤੇ ਫਿਲਮ ਵਿਚ ਸੁਰਿੰਦਰ ਸ਼ਿੰਦੇ ਦੇ ਗਾਏ ਗੀਤਾਂ ਨੇ ਬਚਪਨ ਵੇਲੇ ਮਨ ਮੋਹ ਲਿਆ ਸੀ, ''ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਮੋਢਿਆਂ 'ਤੇ ਡਾਗਾਂ ਧਰ ਕੇ।" ਫਿਲਮ ਦੇਖਣ ਬਾਅਦ ਇਹਨਾਂ ਬੋਲਾਂ ਨੂੰ ਬੜੀ ਵਾਰ ਆਪ-ਮੁਹਾਰੇ ਹੀ ਗੁਣਗੁਣਾਉਂਦਾ ਰਿਹਾ ਸਾਂ। ਸਮੇਂ ਬੜੀ ਤੇਜ਼ੀ ਨਾਲ ਬਦਲੇ ਤੇ ਬਦਲਦੇ ਜਾ ਰਹੇ ਨੇ।
ਹੁਣੇ ਜਿਹੇ ਮਿੱਤਰ ਗੁਰਪ੍ਰਤਾਪ ਗਿੱਲ ਦੇ ਆਖਣ 'ਤੇ ਫਿਲਮ 'ਦਾਣਾ ਪਾਣੀ' ਦੇਖੀ ਹੈ। ਫ਼ਿਲਮ ਦਾ ਰਿਵੀਊ ਨਹੀਂ ਕਰਨ ਲੱਗਾ ਬਲਕਿ ਕੁਝ ਉਡਦੇ-ਉਡਦੇ ਪ੍ਰਭਾਵ ਸਾਂਝੇ ਕਰਨ ਲੱਗਿਆ ਹਾਂ। ਮੈਂ ਮਹਿਸੂਸ ਕਰਦਾ ਹਾਂ ਕਿ ਫਿਲਮ ਮਿਆਰ 'ਤੇ ਖਰੀ ਉੱਤਰ੍ਹੀ ਹੈ। ਪੁਰਾਣੇ ਅਤੇ ਅਣਵੰਡੇ ਪੰਜਾਬ ਦੇ ਦੀਦਾਰ ਕਰਦਿਆਂ ਵਾਰ-ਵਾਰ ਉਸ ਪੰਜਾਬ ਵਿਚ ਵਿਚਰਨ ਲਈ ਦਿਲ ਕਰਦਾ ਹੈ। ਨਵੀਂ ਪੀੜ੍ਹੀ ਪੁਰਾਣੇ ਪੰਜਾਬ ਦੇ ਦੀਦਾਰ ਕਰ ਕੇ ਲਾਜ਼ਮੀ ਇਹੋ ਲੋਚਾ ਰੱਖੇਗੀ। ਨਿਰਦੇਸ਼ਕ ਤਰਨਵੀਰ ਜਗਪਾਲ ਨੇ ਆਪਣਾ ਆਪਾ ਇਸ ਫਿਲਮ ਵਿਚ ਘੋਲ ਦਿੱਤਾ ਹੈ। ਨਿਰੋਲ ਪੇਂਡੂ ਸਾਦਾ ਤੇ ਸੁੱਚਾ ਲੋਕ ਜੀਵਨ, ਬਾਲ ਵਿਆਹ, ਵਿਧਵਾ ਹੋਣਾ, ਔਰਤ ਦੀ ਤ੍ਰਾਸਦੀ ਸਮੇਤ ਕਈ ਪੱਖ ਲੋਕ ਜੀਵਨ ਦੇ ਉਘੜਕੇ ਸਾਹਮਣੇ ਆਉਂਦੇ ਹਨ। ਇੱਕ ਥਾਂ ਬਾਬੁਲ ਮਰਦਾ ਹੈ ਸੱਪ ਲੜ ਕੇ, ਤਾਂ ਵਿਹੜੇ ਵਿਚ ਖੜ੍ਹਾ ਅੰਬੀ ਦਾ ਬੂਟਾ ਪੁੱਟਿਆ ਜਾਂਦਾ ਹੈ। ਜਦ ਵਿਧਵਾ ਧੀ ਦੂਜੇ ਬੂਹੇ ਤੋਰੀ ਜਾਂਦੀ ਹੈ, ਤਾਂ ਇੱਕ ਕਿੱਲੇ ਤੋਂ ਦੂਜੇ ਕਿੱਲੇ ਉਤੇ ਪਸ਼ੂ ਬੰਨ੍ਹਣ ਵਾਲੇ ਬਿੰਬ ਮਨ ਨੂੰ ਧੂਹੀ ਪਾਉਣ ਵਾਲੇ ਹਨ। ਫਿਲਮ ਵਿਚ ਬਾਲ ਕਲਾਕਾਰਾਂ ਤੋਂ ਕੰਮ ਕਰਵਾ ਕੇ ਨਿਰਦੇਸ਼ਕ ਨੇ ਕਮਾਲ ਕਰ ਵਿਖਾਈ ਹੈ। ਫੌਜੀ ਜੀਵਨ ਬੜੇ ਪ੍ਰਭਾਵੀ ਤਰੀਕੇ ਨਾਲ ਪੇਸ਼ ਹੋਇਆ ਹੈ ਇਸ ਫਿਲਮ ਵਿਚ। ਕੁਰਬਾਨੀ ਤੇ ਜਿੱਤ ਹਮੇਸ਼ਾ ਫੌਜ ਪ੍ਰਾਪਤ ਕਰਦੀ ਹੈ ਪਰ ਫੈਸਲੇ ਕੇਂਦਰ ਕਰਦਾ ਹੈ। ਫੌਜੀਆਂ ਦੇ ਮਨ ਕਿਵੇਂ ਟੁੱਟਦੇ ਹਨ। ਇਹ ਵੀ ਦੇਖਣ ਨੂੰ ਮਿਲਦਾ ਹੈ। (ਫੌਜੀ ਜੀਵਨ ਬਾਬਤ ਪਿਛਲੇ ਸਮੇਂ ਕੁਝ ਫਿਲਮਾਂ ਆਉਣਾ ਸ਼ੁੱਭ ਕਾਰਜ ਹੈ)। ਮੈਨੂੰ ਚੇਤੇ ਹੈ ਕਿਸੇ ਸਮੇਂ ਦੂਰਦਰਸ਼ਨ ਕੇਂਦਰ ਜਲੰਧਰ ਤੋਂ ਨਾਵਲਕਾਰ ਓਮ ਪ੍ਰਕਾਸ਼ ਗਾਸੋ ਦੇ ਨਾਵਲ 'ਬੁੱਝ ਰਹੀ ਬੱਤੀ ਦਾ ਚਾਨਣ' ਉਤੇ ਲੀੜਵਾਰ ਸੀਰੀਅਲ ਵਿਖਾਇਆ ਗਿਆ ਸੀ, ਤਾਂ ਉਸ ਵਿਚ ਗੁਰਪ੍ਰੀਤ ਘੁੱਗੀ ਨੇ ਬੁਲਾਰੇ ਸਾਧ ਦਾ ਬੜਾ ਹੀ ਗੰਭੀਰ ਰੋਲ ਅਦਾ ਕੀਤਾ ਸੀ। ਇਸ ਫਿਲਮ ਵਿਚ ਮਾਸਟਰ ਦਾ ਰੋਲ ਅਦਾ ਕਰਦਿਆਂ ਘੁੱਗੀ ਆਪਣੀ ਪੈਂਠ ਜਮਾਉਂਦਾ ਹੈ ਕਿ ਉਹ ਕੇਵਲ ਹਾਸੇ-ਠੱਠੇ ਤੇ ਵਿਅੰਗ ਮਸਖਰੀਆਂ ਕਰਨ ਵਾਲਾ ਹੀ ਕਲਾਕਾਰ ਨਹੀਂ ਹੈ। ਜਦ ਉਹ ਰੋਂਦਾ ਹੈ ਤੇ ਦਰਸ਼ਕ ਵੀ ਰੋਂਦੇ ਨੇ।
ਮਜ਼ਾਕ, ਮਸਖਰੀਆਂ ਤੇ ਵਾਧੂ ਦੀ ਹਿੜ-ਹਿੜ ਤੋਂ ਦੂਰ ਪਰ੍ਹੇ ਇਹ ਫਿਲਮ ਸਮਾਜ ਨੂੰ ਸੋਚਣ ਲਈ ਮਜਬੂਰ ਕਰਦੀ ਹੈ। ਸੁਨੇਹਾ ਦਿੰਦੀ ਹੈ। ਪੁਰਾਣੇ ਪੰਜਾਬ ਦੇ ਲੋਕਾਂ ਦੇ ਭੋਲੇ-ਭਾਲੇ ਦਿਲਾਂ ਦੀਆਂ ਬਾਤਾਂ। ਕੱਚੇ ਵਿਹੜੇ। ਰੁੱਖ, ਹਵੇਲੀਆਂ ਦਰਵਾਜੇ, ਦਰੀਆਂ-ਖੇਸ, ਖਾਣਾ-ਪੀਣਾ, ਰੂੜੀਆਂ-ਗਹੀਰੇ, ਬੋਤੇ, ਖੇਤ, ਕੰਧੋਲੀਆਂ ਉਤੇ ਉੱਕਰੇ ਬੂਟੇ ਤੇ ਮੋਰ ਦੇਖਦਿਆਂ ਮਨ ਬਾਗ-ਬਾਗ ਹੋਇਆ। ਫਿਲਮਾਂ ਦੀ ਆਲੋਚਨਾ ਲਿਖਣਾ ਮੇਰਾ ਕਾਰਜ ਨਹੀਂ, ਚੰਗੀ ਕਲਾ ਦੀ ਪਛਾਣ ਕਰਨਾ ਤੇ ਪਾਠਕਾਂ ਨੂੰ ਦੱਸਣਾ ਮੇਰਾ ਕਾਰਜ ਹੈ।  ਫਿਲਮ ਦੇਖ ਕੇ ਦਰਸ਼ਕ ਫਿਲਮ ਦੇ ਪ੍ਰੋਡਿਊਸਰ ਗੁਰਪ੍ਰਤਾਪ ਗਿੱਲ ਨੂੰ ਮੁਬਾਰਕ ਦੇ ਸਕਦੇ ਹਨ

ਫੋਨ-94172-246000

14 May 2018

ਨਿੰਦਰ ਘੁਗਿਆਣਵੀ -  ਇਹੋ ਜਿਹਾ ਸੀ ਬਚਪਨ-1

ਬਚਪਨ ਤੋਂ ਮੈਨੁੰ ਗੁਰਬਾਣੀ ਨਾਲ ਲਗਾਵ ਹੋ ਗਿਆ ਸੀ ਤੇ ਪਿੰਡ ਵਿਚ ਜਿਸ ਵੀ ਕਿਸੇ ਦੇ ਘਰ ਜਾਂ ਗੁਰਦਵਾਰੇ ਪਾਠ ਖੁੱਲ੍ਹਣਾ ਹੁੰਦਾ ਤਾਂ ਮੈਂ ਬਿਨਾਂ ਬੁਲਾਏ ਅਵੱਸ਼ ਉਥੇ ਪੁੱਜਾ ਹੁੰਦਾ। ਕਈ ਕਈ ਦਿਨ ਸੇਵਾ ਕਰਿਆ ਕਰਨੀ। ਗੁਰਦਵਾਰੇ ਤਾਂ ਹਫਤਾ ਹਫਤਾ ਭਰ ਸੇਵਾ ਕਰਨੀ। ਫਰਸ਼ਾਂ ਧੋਂਦੇ ਤੇ ਪਿੰਡ ਵਿਚੋਂ ਰਾਸ਼ਨ ਤੁ ਲੱਕੜਾਂ ਇਕੱਠਾ ਕਰਦੇ। ਸੰਗਤਾਂ ਦੀ ਚਾਹ ਪਾਣੀ ਤੇ ਪ੍ਰਸ਼ਾਦਿਆਂ ਨਾਲ ਸੇਵਾ ਕਰਦੇ। ਸਭ ਤੋਂ ਵਧੇਰੇ ਸਤੁੰਸ਼ਟੀ ਦਿੰਦਾ ਸੀ ਗੁਰੂ ਘਰ ਦੇ ਪਾਠੀਆਂ ਨੂੰ ਜਲ-ਪਾਣੀ ਤੇ ਪ੍ਰਸ਼ਾਦਾ ਛਕਾਉਣਾ। ਇਹ ਸੇਵਾ ਮੈਂ ਚਾਈਂ-ਚਾਈਂ ਤੇ ਬੜੀ ਸ਼ਰਧਾ-ਭਾਵਨਾ ਨਾਲ ਨਿਭਾਉਂਦਾ ਸਾਂ। ਇਗ ਗੱਲਾਂ ਚੌਥੀ,ਪੰਜਵੀਂ ਜਾਂ ਛੇਵੀਂ ਜਮਾਤੇ ਪੜ੍ਹਨ ਵੇਲੇ ਦੀਆਂ ਨੇ। ਸਾਡੇ ਪਿੰਡਾਂ ਨੇੜੇ ਪਿੰਡ ਮਹਿਮੂਆਣਾ ਦੇ ਬੜੇ ਗੁਣੀ-ਗਿਆਨੀ ਤੇ ਪ੍ਰਕਾਂਡ ਪਾਠੀ ਸਨ ਗਿਆਨੀ ਪ੍ਰੀਤਮ ਸਿੰਘ ਕੰਚਨ। ਉਹ ਸਾਡੇ ਪਿੰਡ ਸਹਿਜ ਪਾਠ ਕਰਨ ਆਉਂਦੇ ਤੇ ਮੇਰੇ ਰੁਚੀ ਤੇ ਸ਼ਰਧਾ ਦੇਖ ਬੜੇ ਪ੍ਰਸੰਨ ਹੁੰਦੇ। ੳੱਜ ਵੀ ਚੇਤੇ ਹੈ ਸ਼ੁੱਧ ਪਾਠ ਕਰਨ ਦੀਆਂ ਕਈ ਵਿਧੀਆਂ ਉਹ ਦੱਸਣ ਲਗਦੇ ਤੇ ਮੈਂ ਬੜੇ ਧਿਆਨ ਪੂਰਬਕ ਸੁਣਦਾ ਰਹਿੰਦਾ। ਉਹ ਸਾਈਕਲ ਉੱਤੇ ਆਉਂਦੇ। ਲੰਬਾ ਦੁੱਧ ਧੋਤਾ ਦਾਹੜਾ।ਚਿੱਟਾ ਕੁਰਤਾ ਪਜਾਮਾ। ਨਿੱਕੀ ਪੱਗ। ਭੋਲ ਉੱਚਾ ਤੇ ਹੱਥ ਵਿਚ ਤਕੜਾ ਖੂੰਡਾ। ਛਾਲ-ਢਾਲ ਚੁਸਤ ਹੁੰਂਦੀ। ਮੈਂ ਖੂੰਡਾ ਦੇਖ ਕੇ ਸੋਚਦਾ ਕਿ ਬਾਬਾ ਜੀ ਨੂੰ ਇਸਦੀ ਕੀ ਲੋੜ ਹੈ? ਸਾਈਕਲ ਦੇ ਨਾਲ ਹੀ ਟੰਗੀ ਰੱਖਦੇ ਨੇ ਖੂੰਡਾ! ਇੱਕ ਦਨਿ ਭੋਲੇ ਪਣ ਵਿਚ ਪੁੱਛ ਬੈਠਿਆ ਤਾਂ ਹੱਸਦੇ ਹੋਏ ਬੋਲੇ, "ਏਹ ਤੇਰੇ ਵਰਗਿਆਂ ਦੀ ਭੁਗਤ ਸੰਵਾਰਨ ਨੂੰ ਰੱਖਿਐ।"
ੳੱਜ ਵੀ ਜਦ ਕਦੇ ਸਤਵਿੰਦਰ ਬਿੱਟੀ ਦਾ ਗੀਤ ਵਜਦਾ, " ਚੱਲੋ ਗੁਰੂ ਘਰ ਚੱਲੀਏ" ਤਾਂ ਮਨ ਨੂੰ ਹੁਲਾਰਾ ਜਿਹਾ ਆ ਜਾਂਦਾ ਹੈ ਤੇ ਪਲੋ-ਪਲੀ ਗੁਰੁ ਘਰ ਚਲੇ ਜਾਣ ਲਈ ਦਿਲ ਕਰਦਾ ਹੈ। ਮੇਰੇ ਪਿੰਡ ਦੇ ਲੋਕ, ਖਾਸ ਕਰ ਬੁੱਢੀਆਂ ਮਾਈਆਂ ਮੈਨੂੰ ਅਕਸਰ ਹੀ ਆਖ ਦਿੰਦੀਆਂ ਨੇ, " ਵੇ ਮੁੰਡਿਆਂ, ਨਿੱਕਾ ਹੁੰਦਾ ਤੂੰ ਗੁਰੂ ਘਰ ਦੀ ਬਾਹਲੀ ਸੇਵਾ ਕਰਦਾ ਹੁੰਦਾ ਸੈਂ, ਉਹੀ ਸੇਵਾ ਤੈਨੂੰ ਤਾਰਗੀ, ਰੱਬ ਰਾਜ਼ੀ ਰੱਖੇ।" ਘਰ ਵਿਚ ਜਦ ਮੈਂ ਗੁਟਕਾ ਸਾਹਬ ਰੱਖ ਕੇ ਪਾਠ ਕਰਿਆ ਕਰਨਾ ਤਾਂ ਮੇਰੀ ਦਾਦੀ ਖੁਸ਼ ਹੋ ਹੋ ਕੇ ਅਸੀਸਾਂ ਦੀਆਂ ਜੜੀਆਂ ਲਾ ਦਿੰਦੀ। ੳੱਜ ਵੀ ਦਾਦੀ ਦੇ ਬੋਲ ਚੇਤੇ ਨੇ, " ਮੇਰੇ ਲਾਲ ਨੂੰ ਵਾਖਰੂ ਤਰੱਕੀਆਂ ਬਖਸ਼ੂ।" ਮੈਂ ਉਤਸ਼ਾਹ ਵਿਚ ਆ ਕੇ ਕਈ ਵਾਰ ਸਾਰਾ ਸਾਰਾ ਦਿਨ ਬਾਣੀ ਪੜ੍ਹਦਾ ਰਹਿੰਦਾ। ਦਾਦੀ ਦੇਗ ਬਣਾ ਦਿੰਦੀ ਤੇ ਸਾਰੇ ਟੱਬਰ ਨੂੰ ਵੰਡਦੀ।
ਤਾਏ ਦੇ ਚਿੱਟੇ ਰੇਡੀਓ ਉਤੋਂ ਪ੍ਰਸਾਰਿਤ ਹੁੰਦਾ ਕੀਤਰਨ ਮੈਨੂੰ ਇੱਕ ਪਲ ਭਰ ਵੀ ਰੇਡੀਓ ਤੋਂ ਜੁਦਾ ਨਾ ਹੋਣ ਦਿੰਦਾ। ਰੇਡੀਓ ਸਾਡੇ ਘਰ ਦੇ ਵਰਾਂਡੇ ਵਿਚ ਬੇਰੋਕ ਤੇ ਸਾਰਾ ਸਾਰਾ ਦਿਨ ਬੋਲਦਾ। ਥਾਏ ਹੁਰੀਂ ਖੇਤੀ ਕਰਦੇ ਸਨ। ਦਿਹਾਤੀ ਪ੍ਰਗਰਾਮ ਵਿਚ ਪੇਸ਼ ਹੁੰਦੀ ਇੱਕ ਇੱਕ ਗੱਲ ਸੁਣਦੇ। ਮੰਡੀਆਂ ਦੇ ਭਆ। ਕਿਹਵੀ ਸਪਰੇਤ ਕਰਨੀ ਹੈ?(ਉਦੋਂ ਸਪਰੇਆਂ ਬਾਬਤ ਬੜਾ ਘੱਟ ਦੱਸਿਆ ਜਾਂਦਾ ਸੀ, ਕਿਉਂੁਕਿ ਕਰਦਾ ਹੀ ਕੋਈ ਨਹੀਂ ਸੀ) ਕਿਹੜਾ ਬੀਜ ਵਰਤਣਾ ਤੇ ਕਿੰਨਾਂ ਵਰਤਣਾ? ਪਾਣੀ ਕਿੰਨੇ ਲਾਉਣੇ ਨੇ ਰੂੜੀ ਕਦ ਪਾਉਣੀ ਹੈ? ਫਿਰ ਖੇਤੀ ਨਾਲ ਸਬੰਧਤ ਖਬਰਾਂ ਚਲਦੀਆਂ ਤੇ ਗੀਤ ਵਜਦੇ। ਉਤਸਾਦ ਯਮਲਾ ਜੱਟ ਦੀ ਤੁੰਬੀ ਟੁਣਕਦੀ ਤੇ ਉਹ ਗਾਊਂਦਾ, ਆਪ-ਮੁਹਾਰੇ ਉਹ ਬੋਲ ਅੱਜ ਵੀ ਚੇਤੇ ਵਿਚ ਵੱਸੇ ਨੇ:
                                                 ਜੱਟਾ ਜੀਵਨ ਜੋਗਿਆ
                                                ਕਿਉਂ ਬਣ ਬੈਠੋਂ ਅਨਜਾਣ
                                               ਤੇਰੀ ਕਣਕ ਦੇ ਦਾਣੇ ਵੇਖ ਕੇ
                                              ਜੱਟਾ ਮੋਤੀ ਪਏ ਸ਼ਰਮਾਨ
                                              ਤੇਰੀ ਹਲ ਤੇ ਪੰਜਾਲੀ ਹੀਰਿਆ
                                               ਰੱਖਿਆ ਦੇਸ਼ ਦਾ ਮਾਣ
                                             ਤੇਰੇ ਗੋਰੇ-ਲਾਖੇ ਸੋਹਣਿਆ
                                             ਹੱਲ ਦੁਨੀਆਂ ਦੇ ਭਗਵਾਨ
                                           ਦੁੱਧਾ ਵਿਚ ਮਧਾਣੀਆਂ ਪਈਆਂ
                                                   ਗੀਤ ਅਗੰਮੀ ਗਾਣ
                                               ਅੱਜ ਜੱਟਾ ਵੇਲਾ ਆ ਗਿਐ
                                             ਤੂੰ ਆਪਣਾ ਫਰਜ਼ ਪਛਾਣ
ਅੱਜ ਇਸ ਗੀਤ ਬਾਰੇ ਸੋਚਦਾ ਹਾਂ ਕਿ ਉਸਤਾਦ ਯਮਲਾ ਜੱਟ ਕਿਰਸਾਨ ਦੀ ਮਹਿਮਾ ਕਰਦੇ ਹੋਏ ਨਾਲ ਦੀ ਨਾਲ ਉਸਨੂੰ ਸਮੇਂ ਅਨੁਸਾਰ ਚੱਲਣ ਵਾਸਤੇ ਸੁਚੇਤ ਵੀ ਕਰਦੇ ਹਨ। ਰੇਡੀਓ ਨਾਲ ਮੈਂ ਬਚਪਨ ਤੋਂ ਜੁੜ ਗਿਆ ਇਸ ਲਈ ਰੇਡੀਓ ਨੇ ਮੈਨੂੰ ਬੜਾਂ ਕੁਝ ਸਿਖਾਇਆ। ਫਿਰ ਜਦ ਸਮਾਂ ਪਿਆ ਰੇਢੀਓ ਉਤੇ ਕੰਮ ਵੀ ਜਾ ਕੀਤਾ, ਅਨਾਊਸਰ ਵੀ ਬਣਿਆ। ਘਾਇਆ ਵੀ ਤੇ ਬਥੇਰੇ ਪ੍ਰੋਗਰਾਮ ਪੇਸ਼ ਕੀਤੇ ਤਾਏ ਦੇ ਚਿੱਟੇ ਰੰਗੇ ਰੇਡੀਓ ਨੇ ਕਦੇ ਖਹਿੜਾ ਨਾ ਛੱਡਆ, ਹਮੇਸ਼ਾ ਅੰਗ ਸੰਗ ਰਿਹਾ ਤਾਏ ਦਾ ਰੇਡੀਓ! ੳੱਜ ਤਾਇਆ ਵੀ ਨਹੀਂ। ਰੇਡੀਓ ਵੀ ਪਤਾ ਨਹੀਂ ਟੁੱਟ ਭੱਜ ਵਿਚ ਕਦੋਂ ਕਿਹੜਾ ਕਬਾੜੀਆ ਲੈ ਗਿਆ ਹੋਣਾ? (ਪਰ ਇਹ ਸਭ ਵਸਤਾਂ ਸਾਨੂੰ ਜ਼ਿੰਦਗੀ ਵਿਚ ਕਿੰਨਾ ਯੋਗਦਾਨ ਦਿੰਦੀਆਂ ਨੇ ਇਹ ਵੱਖਰੇ ਬੈਠ ਕੇ ਸੋਚਣ ਤੇ ਵਾਚਣ ਵਾਲੀ ਗੱਲ ਹੈ।) ਅੱਜ ਕਿਸ ਕੋਲ ਵਿਹਲ ਹੈ ਅਜਿਹੀਆਂ ਗੱਲਾਂ ਬਾਬਤ ਸੋਚਣ ਦੀ? ਕੋਈ ਸੋਚੇ ਨਾ ਸੋਚੇ, ਮੈਂ ਤਾਂ ਸੋਚਦਾ ਹਾਂ।
(ਚਲਦਾ)

09 May 2018

ਦੋ ਗੀਤਾਂ ਦੀ ਗੱਲ ਕਰਦਿਆਂ - ਨਿੰਦਰ ਘੁਗਿਆਣਵੀ

ਅਜੋਕੀ ਗਾਇਕੀ - ਗੀਤਕਾਰੀ ਹਨੇਰੀਆਂ ਤੂਫਾਨਾਂ ਨਾਲ ਜੂਝ ਰਹੀ ਹੈ। ਕਲਾਕਾਰਾਂ ਦੀ ਅਣਗਿਣਤ ਫੌਜ ਹੈ ਤੇ ਜੋ, ਜਦੋਂ, ਜਿਸਦੇ ਮਨ ਵਿਚ ਆਉਂਦਾ ਹੈ, ਉਹ ਰਿਕਾਰਡ ਹੋ ਕੇ ਤੇ ਵੀਡੀਓ ਬਣ ਕੇ ਲੋਕਾਂ ਵਿਚ ਪਲੋ-ਪਲੀ ਆਈ ਜਾ ਰਿਹਾ ਹੈ। ਪਰ ਉਸ ਸਭ ਦੇ ਸਮਾਜਿਕ ਅਰਥ ਕੀ ਹਨ, ਜਾਂ ਸਮਾਜ ਨੂੰ ਉਸ ਸਭ ਦਾ ਕੀ ਸੁਨੇਹਾ ਜਾ ਰਿਹਾ ਹੈ, ਇਸ ਬਾਬਤ ਕਿਸੇ ਦੀ ਕੋਈ ਖਾਸ ਤਵੱਜੋਂ ਨਹੀਂ ਹੈ। ਦਬੜੂ ਘੁਸੜੂ ਜਾਰੀ ਹੈ। 'ਚੱਕ ਦਿਓ', 'ਲਾਹ ਦਿਓ' ਵਰਗੇ ਦਿਨ ਚੱਲ ਰਹੇ ਹਨ ਗੀਤ-ਸੰਗੀਤ ਦੀ ਦੁਨੀਆਂ ਵਿਚ। ਕੁੱਲ ਮਿਲਾ ਕੇ ਸਿੱਟੇ ਨਿਰਸ਼ਾਜਨਕ ਨਿਕਲ ਰਹੇ ਹਨ।  ਪਰ ਇਸ ਸਭ ਕਾਸੇ ਦੇ ਬਾਵਜੂਦ ਵੀ  ਮਾਂਵਾਂ ਦੇ ਕੁਛ ਪੁੱਤ ਅਜਿਹੇ ਵੀ ਹਨ, ਜੋ ਸਮਾਜ ਦੀ ਨਬਜ਼ ਟੋਹਣ ਵਾਲੇ ਹਨ ਤੇ ਪੰਜਾਬ ਦੇ ਅਸਿਹ ਦਰਦ ਨੂੰ ਮਹਿਸੂਸ ਕਰਨ ਵਾਲੇ ਵੀ ਹਨ। ਅੁਹ ਇਸ ਸੰਕਟਮਈ ਸਮੇਂ ਵਿਚ ਕੋਈ ਚੱਜ ਦੀ ਗੱਲ ਕਰਨਾ ਆਪਣਾ ਅਹਿਮ ਫਰਜ਼ ਸਮਝਦੇ ਹਨ। ਬੱਬੂ ਮਾਨ ਦਾ ਗਾਇਆ ਸੁਣ ਕੇ ਅੱਜ ਵੀ ਮਨ ਪਸੀਜ ਜਾਦਾ ਹੈ:
                              ਜੱਟ ਦੀ ਜੂਨ ਬੁਰੀ
                              ਰਿੜਕ-ਰਿੜਕ ਮਰ ਜਾਣਾ...
ਇਹ ਗੀਤ ਕਈ ਸਾਲਾਂ ਤੋਂ ਬੁੱਢਾ ਜਾਂ ਬੇਹਾ ਨਹੀਂ ਹੋਇਆ। ਜੱਟ ਦੀ ਬਿਆਨੀ ਹਾਲਤ ਉਵੇਂ ਦੀ ਉਵੇਂ ਚੱਲੀ ਆ ਰਹੀ ਹੈ। ਭੋਰਾ ਫਰਕ ਨਹੀਂ ਪਿਆ। ਕਿਸਾਨਾਂ ਦੀਆਂ ਆਤਮ ਹਤਿਆਵਾਂ ਹੋਰ ਵਧ ਗਈਆਂ ਤੇ ਗੀ ਸਾਰਥਕਿਤਾ ਹੋਰ ਅਹਿਮ ਹੋਈ ਹੈ। ਰਾਜ ਬਰਾੜ ਦਾ ਗਾਇਆ:
                           ਪੁੱਤ ਵਰਗਾ ਫੋਹੜ ਟਰੈਕਟਰ
                           ਜੱਟ ਨੇ ਵੇਚਿਆ ਰੋ-ਰੋ ਕੇ
ਸੁਣਦਿਆਂ ਦਿਲ ਨੂੰ ਧੂਹੀ ਪੈ ਜਾਂਦੀ ਹੈ। ਹੁਣੇ ਜਿਹੇ ਹਰਮਨ ਪਿਆਰੇ ਗਾਇਕ ਰਵਿੰਦਰ ਗਰੇਵਾਲ ਦੇ ਗਾਏ ਤੇ ਫਿਲਮਾਏ ਗੀਤ ਨੇ ਸ੍ਰੋਤਿਆਂ ਦਾ ਧਿਆਨ ਆਪਣੀ ਤਰਫ ਖਿੱਿਚ੍ਹਆ ਹੈ। ਗੀਤ ਦਾ ਵੀਡੀਓ ਦੇਖਦੇ ਸਮੇਂ ਮੈਂ ਵਾਰ-ਵਾਰ ਉਦਾਸ ਹੁੰਦਾ ਰਿਹਾ ਹਾਂ। ਗੀਤ ਦਾ ਸਿਰਲੇਖ ਕਿਸਾਨ ਭਜਨ ਸਿੰਘ ਹੈ। ਪੱਕੀ ਫਸਲ ਦੀ ਭਿਆਨਕ ਤਬਾਹੀ ਸਹਿ ਨਹੀਂ ਹੁੰਦੀ ਉਸਤੋਂ। ਕੁਦਰਤ ਕਰੋਪੀ ਅੱਗੇ ਬੇਵੱਸ ਹੋ ਕੇ ਆਤਮ-ਹੱਤਿਆ ਕਰਦਾ ਹੈ। ਇਸ ਸਮੇਂ ਦੀ ਇਹ ਅਸਲ ਤਸਵੀਰ ਹੈ। ਇਸ ਵਾਰ ਕਣਕ ਦੀ ਵਾਢੀ ਦੇ ਦਿਨਾਂ ਤੇ ਖਰਾਬ ਮੌਸਮ ਸਮੇਂ ਨਿੱਤ ਦੀਆਂ ਹੀ ਖਬਰਾਂ ਸਨ, ਪੱਕੀ ਫਸਲ 'ਤੇ ਪਏ ਗੜਿਆਂ ਕਾਰਨ ਕਿਸਾਨ ਨੇ ਮੌਤ ਗਲੇ ਲਾਈ।  ਰਵਿੰਦਰ ਨੇ ਇਸਦਾ ਗਾਇਨ ਪ੍ਰੰਪਰਾਗਤ ਧੁਨੀ ਨਾਲ ਉੱਘੇ ਹੋਏ ਗੀਤ-'ਜੱਗ ਜੰਕਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ' ਨਾਲ ਕੀਤਾ ਹੈ। ਜਿਸ ਵਿਚ ਉਹ ਪੂਰਾ ਸਫਲ ਰਿਹਾ ਹੈ। ਇਸਦੇ ਫਿਲਮਾਂਕਣ ਵਿਚ ਵੀ ਕੋਈ ਕਮੀਂ ਨਹੀਂ ਦਿਸੀ। ਗੀਤ ਮੰਗਲ ਹਠੂਰ ਦਾ ਹੈ ਤੇ ਸੰਗੀਤ ਸੰਨੀ ਸਿੰਘ ਦਾ ਤੇ ਵੀਡੀਓ ਕੰਟੈਂਟ ਕੰਪਨੀ ਦੀ।
ਇਹਨੀਂ ਦਿਨੀਂ ਹੀ ਇੱਕ ਹੋਰ ਗੀਤ ਸਾਡੇ ਸਾਹਮਣੇ ਹੈ, ਜੋ ਟੁੱਟ ਰਹੇ ਸਮਾਜਿਕ ਸਰੋਕਾਰਾਂ  ਦੀ ਬਾਤ ਬੜੀ ਸ਼ਿੱਦਤ ਨਾਲ ਪਾਉਂਦਾ ਹੈ।  ਇਸਦਾ ਗਾਇਕ ਪਰਵਾਸੀ ਗਾਇਕ ਰੂਪ ਬਾਪਲਾ ਹੈ, ਜੋ ਕੈਨੇਡਾ ਦੇ ਸ਼ਹਿਰ ਐਬਟਸਫੋਰਡ ਰਹਿੰਦਾ ਹੈ। ਇਸਨੇ 'ਬਟਵਾਰਾ' ਨਾਂ ਹੇਠ ਗੀਤ ਦੀ ਵੀਡੀਓ ਕੀਤੀ ਹੈ। ਭੇਡ ਪੇਕੀਂ ਆਉਂਦੀ ਹੈ। ਦੋਵੇਂ ਵੀਰ ਲੜ ਕੇ ਵਿਹੜੇ ਵਿਚ ਕੰਧ ਉਸਾਰੀ ਜਾ ਰਹੇ ਹਨ। ਭੈਣ ਕਿਸਨੂੰ ਛੱਡੇ ਤੇ ਕਿਸਦੇ ਜਾਵੇ! ਉਸਨੂੰ ਦੋਵੇਂ ਵੀਰੇ ਇੱਕੋ ਜਿਹੇ ਹਨ। ਬੜੀ ਤ੍ਰਾਸਦਿਕ ਸਥਿਤੀ ਬਿਆਨੀ ਹੈ। ਗੀਤ ਸ਼ੇਰੋ ਮੱਟ ਵਾਲੇ ਨੇ ਲਿਖਿਆ ਹੈ। ਆਰ ਗੁਰੂ ਦਾ ਸੰਗੀਤ ਹੈ। ਪੇਸ਼ਕਸ਼ ਜਤਿੰਦਰ ਧਾਲੀਵਾਲ ਦੀ ਹੈ ਤੇ ਵੀਡੀਓ ਜੱਸ ਰਿਕਾਰਡਜ਼ ਦੀ ਹੈ। ਇਹਨਾਂ ਦੋਵਾਂ ਗੀਤਾਂ ਦੇ ਵੀਡੀਓ ਦੇਖਣ ਬਾਅਦ ਮੇਰੀ ਧਾਰਨਾ ਬਣਦੀ ਹੈ ਕਿ  ਜੇ ਅਸੀਂ ਸਮਾਜਿਕ ਕਦਰਾਂ-ਕੀਮਤਾਂ ਨੂੰ ਠੇਸ ਪਹੁੰਚਾਉਣ ਵਾਲੀ ਕਲਾ(?) ਦੀ ਆਲੋਚਨਾ ਕਰਦੇ ਹਾਂ ਤਾਂ ਇਹ ਲਾਜ਼ਮੀ ਹੈ ਕਿ ਸਾਨੂੰ ਅਜਿਹੇ ਲੋਕਾਂ ਦੇ ਚੰਗੇ ਯਤਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ।
ਗੀਤ-ਸੰਗੀਤ ਸਾਡੇ ਜੀਵਨ ਦਾ ਅਨਿੱਖੜਵਾਂ ਤੇ ਅਟੁੱਟ ਅੰਗ ਹੈ। ਸੰਗੀਤ ਬਿਨਾਂ ਸਾਡੀ ਜ਼ਿੰਦਗੀ ਨੀਰਸ ਤੇ ਬੋਝਲ ਹੈ ਪਰ ਸੰਗੀਤ ਹੀ ਹੈ, ਜੋ ਸਾਡੇ ਰਹਿਣ-ਸਹਿਣ ਤੇ ਸਮੁੱਚੀ ਜੀਵਨ ਜਾਚ ਉਤੇ ਆਪਣਾ ਅਮਿੱਟ ਪ੍ਰਭਾਵ ਪਾਉਂਦਾ ਹੈ। ਇੱਥੇ ਇਹ ਗੱਲ ਰਤਾ ਵੀ  ਸੁੱਟ੍ਹ ਪਾਉਣ ਵਾਲੀ ਨਹੀਂ ਹੈ ਕਿ ਸਾਡੀ ਅਜੋਕੀ ਪੀੜ੍ਹੀ ਗੀਤ-ਸੰਗਤਿ ਦੇ ਪ੍ਰਭਾਵ ਤੋਂ ਬਿਨਾਂ ਜ਼ਿੰਦਗੀ ਬਸਰ ਕਰ ਰਹੀ ਹੈ! ਜੇ ਅਸੀਂ ਪੁੱਖਤਾ ਭਰਪੂਰ ਤੇ ਸਮਾਜਿਕ ਸੇਧ ਵਾਲੀ ਕਲਾ ਸਮਾਜ ਨੂੰ ਦੇਵਾਂਗੇ ਤਾਂ ਸਮਾਜ ਦਾ ਕੁਝ ਨਾ ਕੁਝ ਭਲਾ ਕਰਨ ਵਿਚ ਆਪਣਾ ਯੋਗਦਾਨ ਦੇ ਰਹੇ ਹੋਵਾਂਗੇ। ਇਸ ਸਮੇਂ ਰਵਿੰਦਰ ਗਰੇਵਾਲ ਤੇ ਰੂਪ ਬਾਪਲਾ ਨੇ ਸਮਾਜ ਦੀ ਅਸਲ ਤਸਵੀਰ ਆਪਣੇ ਗੀਤਾਂ ਵਿਚ ਪੇਸ਼ ਕਰ ਕੇ ਚੰਗਾ ਯਤਨ ਕੀਤਾ ਹੈ।
94174-21700

30 April 2018

ਮੇਰੀ ਆਸਟਰੇਲੀਆ ਫੇਰੀ-2 - ਨਿੰਦਰ ਘੁਗਿਆਣਵੀ

ਟਹਿਲਦਾ-ਟਹਿਲਦਾ ਮੈਂ ਇੱਕ ਘਾਹ ਮੈਦਾਨ ਵੱਲ ਚਲਾ ਗਿਆ। ਘਾਹ ਮੈਦਾਨ ਏਨਾ ਸਾਫ਼ ਸੀ ਤੇ ਹਰਾ-ਕਚੂਰ ਘਾਹ ਏਨੇ ਕਰੀਨੇ ਨਾਲ ਘਰੜ ਕੇ ਕੱਟਿਆ ਹੋਇਆ ਸੀ,ਇਵੇਂ ਲਗਦਾ ਸੀ ਜਿਵੇਂ ਇਹ ਘਾਹ ਦਾ ਮੈਦਾਨ ਨਹੀਂ, ਸਗੋਂ ਦੂਰ-ਦੂਰ ਤੀਕ ਕੋਈ ਹਰੇ ਰੰਗ ਦੀ ਦਰੀ ਵਿਛਾ ਗਿਆ ਹੋਵੇ! ਅਜਿਹੀ ਦਰੀ, ਜਿਸ 'ਤੇ ਕੋਈ ਵੱਟ-ਵਲੇਂਵਾਂ ਨਹੀਂ ਸੀ ਦਿਸਦਾ। ਕੋਸੀ-ਕੋਸੀ ਧੁੱਪ ਨੇ ਮੈਨੂੰ ਘਾਹ ਦੀ ਉਸ ਇਕਸਾਰ ਵਿਛੀ ਦਰੀ 'ਤੇ ਕੁਝ ਪਲ ਲੇਟਣ ਲਈ ਮਜਬੂਰ ਕਰ ਦਿੱਤਾ ਸੀ। ਨਾ ਹਵਾ ਵਗਦੀ ਸੀ ਤੇ ਨਾ ਕੋਈ ਸ਼ੋਰ ਸੁਣੀਂਦਾ ਸੀ। ਕੋਈ-ਕੋਈ ਟਾਂਵਾ-ਟਾਂਵਾ ਯਾਤਰੀ ਕਿਸੇ ਨਾਲ ਕੋਈ ਗੱਲ ਵੀ ਕਰਦਾ ਸੀ ਤਾਂ ਉਹ ਸਿਰਫ਼ ਆਪਣੇ ਤੀਕ ਸੁਣਨ-ਸੁਣਾਉਣ ਜੋਗੀ ਆਵਾਜ਼ ਵਿੱਚ ਹੀ ਕਰਦਾ ਸੀ। ਮੈਂ ਕੁਝ ਪਲਾਂ ਦੀ ਸੋਚ ਕੇ ਹੀ ਲੇਟਿਆ ਸੀ ਪਰ ਜਦ ਮੈਂ ਜਾਗਿਆ ਸੀ ਤਾਂ ਦੋ ਘੰਟੇ ਤੋਂ ਵੀ ਵਧੇਰੇ ਦਾ ਸਮਾਂ ਹੋ ਚੱਲਿਆ ਸੀ, ਜਦ ਤੀਕ ਉਸ ਜੰਗਲ ਦੇ ਪੰਛੀ ਵੀ ਗਾਉਣ ਲੱਗ ਪਏ ਸਨ। ਵੰਨ-ਸੁਵੰਨੜੇ ਪੰਛੀਆਂ ਦੀਆਂ ਸੁਰ-ਭਿੱਜੀਆਂ ਆਵਾਜ਼ਾਂ ਮੰਤਰ-ਮੁਗਧ ਕਰਨ ਦੇਣ ਵਾਲੀਆਂ ਸਨ, ਉਹ ਪੰਛੀ ਇਉਂ ਲੱਗੇ, ਜਿਵੇਂ ਰਲ-ਮਿਲਕੇ ਸਮੂਹ-ਗਾਨ ਦਾ ਗਾਇਨ ਕਰ ਰਹੇ ਹੋਣ! ਜਦ ਘਰ ਵੱਲ ਤੁਰੇ ਤਾਂ ਦੂਰ ਤੀਕ ਪਸਰੇ ਪਹਾੜਾਂ ਪਿੱਛੇ ਲਹਿੰਦਾ ਸੂਰਜ ਵੀ ਘਰ ਪਰਤ ਰਿਹਾ ਸੀ।
                        """"'
                                              
ਮੈੱਲਬੌਰਨ ਦੀ ਏਅਰਪੋਰਟ ਤੋਂ ਬਾਹਰ ਆਇਆ ਤਾਂ ਠੰਢਾ ਝੱਖੜ ਝੁੱਲ ਰਿਹਾ ਸੀ। ਸਾਝਰਾ ਹੀ ਸੀ ਪਰ ਫਿਰ ਵੀ ਭੀੜ ਸੀ। ਆਸਮਾਨ ਛੂੰਹਦੀਆਂ ਇਮਾਰਤਾਂ ਦੀਆਂ ਬੱਤੀਆਂ ਹਾਲੇ ਜਗਮਗ-ਜਗਮਗ ਕਰ ਰਹੀਆਂ ਸਨ। ਸਵੇਰ ਹੋਈ ਹੀ ਸੀ ਤੇ ਨਾਲ ਹੀ ਦੁਨੀਆਂ ਦਾ ਮੇਲਾ ਵੀ ਸ਼ੁਰੂ ਹੋ ਗਿਆ ਸੀ। ਕੋਈ ਕਿਸੇ ਨੂੰ ਪੁਛਦਾ ਨਹੀ ਸੀਂ...ਕਿੱਥੋਂ ਦੀ ਜਾਣਾ ਐ? ਕਿੱਥੋਂ ਦੀ ਆਉਣਾ ਐ? ਬੋਰਡ ਜਗ ਰਹੇ ਸਨ ਤੇ ਟਿਮਟਿਮਾਉਂਦੇ ਅੱਖਰ ਦੱਸ ਰਹੇ ਸਨ...ਇੱਧਰੋਂ ਦੀ ਅੰਦਰ ਵੜੋ ਤੇ ਇੱਧਰੋਂ ਦੀ ਬਾਹਰ ਨਿਕਲੋ। ਏਥੋਂ ਕੌਫ਼ੀ ਪੀਓ ਤੇ ਇੱਧਰ ਪਿਸ਼ਾਬ ਕਰੋ। ਪੰਜਾਬੀ ਟੈਕਸੀ ਡਰੈਵਰ ਖੱਟੇ ਰੰਗ ਦੀਆਂ ਟੈਕਸੀਆਂ ਭਜਾਈ ਫਿਰਦੇ ਸਨ। ਨਾ ਕੋਈ ਹੌਰਨ ਮਾਰਦਾ ਸੀ, ਨਾ ਕੋਈ ਵਾਧੂੰ ਦੀਆਂ ਰੇਸਾਂ ਦੇ-ਦੇ ਕੇ ਧੂੜਾਂ ਪਟਦਾ ਸੀ। ਸਭ ਆਪਣੇ-ਆਪਣੇ ਧੰਦੇ ਲੱਗੇ ਹੋਏ, ਮਸਤ ਸਨ। ਜਹਾਜ਼ਾਂ 'ਚੋਂ ਉਤਰ੍ਹੇ ਸੂਟਿਡ-ਬੂਟਿਡ ਗੋਰੇ ਵਪਾਰੀ ਹੱਥਾਂ ਵਿੱਚ ਅਟੈਚੀ ਫੜੀ ਤੇ ਗਲਾਂ ਵਿੱਚ ਲੈਪ-ਟੌਪ ਲਟਕਾਈ ਤੇਜ਼ੀ ਨਾਲ ਟੈਕਸੀਆਂ ਪਕੜ ਰਹੇ ਸਨ। ਉਹ ਸਾਡੇ ਵਾਂਗ ਸੁੱਤ-ਉਣੀਂਦੇਂ ਨਹੀ ਸਗੋਂ ਚੁਸਤ-ਫੁਰਤ ਸਨ। ਚਾਲ ਵਿੱਚ ਚੁਸਤੀ ਸੀ...ਕਦਮ ਕਸੇ ਹੋਏ ਸਨ। ਜਿੱਧਰ ਦੇਖੋ, ਲੰਬੇ ਕੱਦਾਂ ਵਾਲੀਆਂ ਤੀਵੀਆਂ ਤੇ ਮਰਦ ਤੇਜ਼-ਤੇਜ਼ ਤੁਰਦੇ ਦਿਖਾਈ ਦਿੰਦੇ। ਤੁਰਿਆ ਜਾਂਦਾ ਕੋਈ-ਕੋਈ ਹਲਕੀ ਜਿਹੀ ਮੁਸਕਾਨ ਬਿਖੇਰਦਾ। ਸਭ ਆਪਣੇ-ਆਪਣੇ ਧਿਆਨ ਸਿਰ ਸਨ। ਤੁਰਦੇ ਜਾਂਦੇ ਗੋਰਿਆਂ ਨੂੰ ਜਿਵੇਂ ਧਰਤੀ ਵੀ ਆਪਣੇ-ਆਪ ਵਿਹਲ ਦੇ ਰਹੀ ਸੀ। ਉਹਨਾਂ ਦੇ ਲੰਬੀਆਂ ਚੁੰਝਾਂ ਵਾਲੇ ਬੂਟ ਲਿਸ਼ਕਦੇ ਤੇ ਲੰਬੇ ਕਾਲੇ ਕੋਟ ਝੂ਼ਲਦੇ। ਕੰਚ ਦੇ ਗੋਲ-ਗੋਲ ਬੰਟਿਆਂ ਜਿਹੀਆਂ ਉਹਨਾਂ ਦੀਆਂ ਬਿੱਲੀਆਂ ਅੱਖੀਆਂ ਚਾਰੇ ਪਾਸੇ ਮਾਰ ਕਰਦੀਆਂ। ਜਹਾਜ਼ੋ ਉਤਰਦਿਆਂ ਆਪਣਿਆਂ ਪਿਆਰਿਆਂ ਨੂੰ ਕੋਈ ਫੁੱਲ ਭੇਟ ਕਰ ਰਿਹਾ ਸੀ। ਕੋਈ ਤਸਵੀਰਾਂ ਖਿੱਚ੍ਹਦਾ ਸੀ। ਕੋਈ ਗਲਵੱਕੜੀ ਪਾਉਂਦਾ ਸੀ। ਕੋਈ ਹਲਕਾ ਜਿਹਾ ਚੁੰਮਣ ਲੈਂਦਾ ਸੀ ਤੇ ਆਪੋ-ਆਪਣਾ ਪਿਆਰ-ਸਤਿਕਾਰ ਪੇਸ਼ ਕਰ ਰਿਹਾ ਸੀ। ਦੋ-ਦੋ ਮੰਜ਼ਿਲੀਆਂ ਬੱਸਾਂ ਭਰੀਆਂ ਆਉਂਦੀਆਂ ਤੇ ਭਰ-ਭਰ ਜਾਈ ਜਾਂਦੀਆਂ। ਟੈਕਸੀ ਇੱਕ ਮਿੰਟ ਤੋਂ ਵੀ ਘੱਟ ਵਕਤ ਲਈ ਰੁਕਦੀ, ਸਵਾਰੀ ਚੁਕਦੀ ਤੇ ਛੂਟ ਵੱਟ ਲੈਂਦੀ...। ਟੈਕਸੀਆਂ ਦੀ ਲਾਮਡੋਰੀ ਲੱਗੀ ਹੋਈ ਸੀ, ਨਾ ਚੜ੍ਹਨ ਵਾਲੇ ਮੁਕਦੇ ਸਨ ਤੇ ਨਾ ਚੁੱਕਣ ਵਾਲੇ। ਜਹਾਜ਼ ਲਿਆ-ਲਿਆ ਉਤਾਰੀ ਜਾਂਦੇ ਸਨ, ਟੈਕਸੀਆਂ ਚੁਕ-ਚੁੱਕ ਲਈ ਜਾਂਦੀਆਂ ਸਨ।
ਮੈਨੂੰ ਠੰਢ ਸਤਾਉਣ ਲੱਗੀ, ਆਪਣਾ ਲੰਬਾ ਕਾਲਾ ਕੋਟ ਮੈਂ ਵੱਡੇ ਅਟੈਚੀ ਵਿੱਚ ਰੱਖ ਚੁੱਕਾ ਸਾਂ, ਜੁ ਉਥੇ ਖਲੋ ਕੇ ਕੱਢਣਾ ਸੌਖਾਲਾ ਨਹੀਂ ਜਾਪਦਾ ਸੀ। ਮੈਨੂੰ ਲੈਣ ਆ ਰਿਹਾ ਮੁਕਤਸਰੀਆ ਦੋਸਤ ਗਿੰਨੀ ਸਾਗੂ ਟਰੈਫਿਕ ਵਿੱਚ ਫਸ ਗਿਆ ਸੀ ਤੇ ਵਾਰ-ਵਾਰ ਫ਼ੋਨ ਕਰ ਰਿਹਾ ਸੀ ਕਿ ਮੈਂ ਹੁਣੇ ਆਇਆ ਕਿ ਆਇਆ!
ਸਿਡਨੀ ਦਾ ਮੌਸਮ ਤਾਂ ਠੀਕ-ਠਾਕ ਸੀ ਤੇ ਏਥੇ ਤਾਂ ਠੰਢ ਪਾਸੇ ਭੰਨੀ ਜਾਂਦੀ ਸੀ। ਮੈਂ ਗੁਲੂਬੰਦ ਗਲੋਂ ਲਾਹ ਕੇ ਗਲ ਵਿੱਚ ਲਪੇਟ ਲਿਆ ਤੇ ਟਰੇਲੀ ਰੋੜ੍ਹਦਾ ਬਾਹਰ ਨੂੰ ਆ ਗਿਆ। ਪੰਜ ਕੁ ਮਿੰਟ ਖਲੋਤਾ ਰਿਹਾ ਤਾਂ ਗਿੰਨੀ ਆ ਗਿਆ, ਆਖਣ ਲੱਗਾ, ''ਸਵੇਰ ਨੂੰ ਤਾਂ ਏਥੇ ਏਹੋ ਮੁਸੀਬਤ ਹੁੰਦੀ ਆ ਟਰੈਫ਼ਿਕ ਦੀ...ਭੋਰਾ ਥਾਂ ਨਹੀਂ ਕਿਤੇ ਕਾਰ ਪਾਰਕਿੰਗ ਲਈ...ਸਾਰੀਆਂ ਰੋਡਾਂ ਜਾਮ ਨੇ...ਆਉਂਦੇ ਨੂੰ ਡੇਢ ਘੰਟਾ ਲੱਗ ਗਿਆ...ਏਨਾ ਟਾਈਮ ਘਰ ਜਾਣ ਨੂੰ ਲੱਗ ਜਾਣਾ।"
ਮੈੱਲਬੌਰਨ ਤਾਂ ਖੁੱਲ੍ਹਮ-ਖੁੱਲ੍ਹਾ ਪਿਆ ਸੀ। ਸਿਡਨੀ ਨਾਲੋਂ ਇਹਦਾ ਬਹੁਤ ਫਰਕ ਸੀ। ਮੈਂ ਏਥੇ ਤਿੰਨ ਹਫ਼ਤੇ ਰੁਕਣਾ ਸੀ ਤੇ ਸਾਰੇ ਦਿਨ ਪਹਿਲਾਂ ਤੋਂ ਹੀ ਪ੍ਰੋਗਰਾਮਾਂ, ਆਪਣੀਆਂ ਸਾਹਿਤਕ-ਸੰਗੀਤਕ ਬੈਠਕਾਂ ਤੇ ਮਿੱਤਰਾਂ ਤੇ ਪਾਠਕਾਂ ਦੇ ਮੇਲ-ਗੇਲ ਲਈ ਮਿਤੀਆਂ ਮੁਤਾਬਕ ਮਿਥੇ ਹੋਏ ਸੀ। ਜੇ ਮੈੱਲਬੌਰਨ ਦੇ ਸਾਊਥ ਤੋਂ ਨੌਰਥ ਪਾਸੇ ਜਾਣਾ ਹੁੰਦਾ ਤਾਂ ਡੇਢ ਤੋਂ ਦੋ ਘੰਟੇ ਸੌਖੇ ਹੀ ਲੱਗ ਜਾਂਦੇ। ਇਵੇਂ ਵੈਸਟ ਤੋਂ ਈਸਟ ਨੂੰ ਵਕਤ ਲਗਦਾ। ਇਹਨਾਂ ਤਿੰਨ  ਹਫਤਿਆਂ ਨੂੰ ਮੈਂ ਚਹੁੰ ਪਾਸਿਆਂ ਵਿੱਚ ਵੰਡ ਲਿਆ ਹੋਇਆ ਸੀ, ਤਾਂ ਕਿ ਮੇਰੇ ਮੇਜ਼ਬਾਨਾਂ ਦਾ ਵਕਤ ਵੀ ਨਾ ਜ਼ਾਇਆ ਨਾ ਹੋਵੇ ਤੇ ਮੈਨੂੰ ਵੀ ਸੌਖਾ ਰਹੇ। ਪਤਾ ਹੀ ਨਾ ਲੱਗਿਆ ਕਿ ਮੈੱਲਬੌਰਨ ਵਿੱਚ ਤਿੰਨ ਹਫ਼ਤੇ ਕਦੋਂ ਤੇ ਕਿਵੇਂ ਬੀਤ ਗਏ! ਆਸਟ੍ਰੇਲੀਆ ਵਿਦਿਆਰਥੀ ਵੀਜ਼ਿਆਂ 'ਤੇ ਗਏ ਹੋਏ ਜਿਹੜੇ ਮੁੰਡੇ-ਕੁੜੀਆਂ ਮੈਨੂੰ ਮਿਲ-ਗਿਲ ਰਹੇ ਸਨ, ਉਹ ਸਾਰੇ ਪਹਿਲਾਂ ਤੋਂ ਭਾਰਤ ਵਿੱਚ ਛਪਦੀਆਂ ਮੇਰੀਆਂ ਲਿਖਤਾਂ ਪੜ੍ਹਦੇ ਰਹੇ ਸਨ, ਇਸ ਗੱਲ ਦਾ ਮੈਨੂੰ ਬਹੁਤ ਹੌਸਲਾ ਹੋਇਆ ਸੀ।
ਗੀਤਕਾਰ ਮਿੱਤਰ ਬੱਬਲ ਟਹਿਣਾ ਦੇ ਘਰ ਜਾ ਕੇ ਜਦ ਡਰਾਇੰਗ ਰੂਮ ਵਿੱਚ ਬੈਠਾ ਤਾਂ ਬੜੀ ਹੈਰਾਨੀ ਭਰੀ ਖੁਸ਼ੀ ਹੋਈ ਕਿ ਉਸਨੇ ਬਾਬੇ ਨਾਨਕ ਦੀ ਫੋਟੋ ਤੋਂ ਹੇਠਾਂ ਸੁਰਜੀਤ ਪਾਤਰ ਦੀ ਫੋਟੋ ਲਾਈ ਹੋਈ ਸੀ, ਬਾਕੀ ਹੋਰ ਕੋਈ ਫੋਟੋ ਨਹੀਂ ਸੀ। ਬੱਬਲ ਨੇ ਕਿਹਾ ਕਿ ਬਾਬੇ ਨਾਨਕ ਨੇ ਬਾਣੀ ਵਿੱਚ ਲਿਖਾਰੀਆਂ ਬਾਰੇ ਕਿੰਨਾ ਕਮਾਲ ਦਾ ਲਿਖਿਆ ਹੈ, ''ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸਚ।" ਉਸਨੇ ਦੱਸਿਆ ਕਿ ਪਹਿਲੇ ਨੰਬਰ 'ਤੇ ਬਾਬਾ ਨਾਨਕ ਤੇ ਦੂਜੇ ਨੰਬਰ 'ਤੇ ਪਾਤਰ ਸਾਹਬ ਮੇਰੇ ਮਨ-ਪਸੰਦੀਦਾ ਹਨ। ਉਸਨੇ ਆਪਣੀ ਇੱਛਾ ਪ੍ਰਗਟ ਕੀਤੀ ਕਿ ਉਹ ਪਾਤਰ ਸਾਹਬ ਨਾਲ ਫ਼ੋਨ 'ਤੇ ਗੱਲ ਕਰਨੀ ਚਾਹੁੰਦਾ ਹੈ ਪਰ ਝਕਦਾ ਹੈ ਕਿ ਏਡਾ ਵੱਡਾ ਸ਼ਾਇਰ ਉਸ ਨਵੇਂ ਨਾਲ ਗੱਲ ਕਰੇਗਾ ਜਾਂ ਨਾ? ਮੈਂ ਉਸ ਨੂੰ ਆਖਿਆ ਕਿ ਨਹੀਂ...ਅਜਿਹੀ ਕੋਈ ਗੱਲ ਨਹੀਂ ਹੈ...ਪਾਤਰ ਸਾਹਿਬ ਖ਼ੂਦ ਇਨਸਾਨ ਬਹੁਤ ਕੋਮਲ ਤੇ ਨਿਮਰ ਨੇ...ਲੈ ਤੇਰੀ ਹੁਣੇ ਹੀ ਉਹਨਾਂ ਨਾਲ ਗੱਲ ਕਰਵਾਉਂਦਾ ਹਾਂ। ਮੈਂ ਪਾਤਰ ਸਾਹਬ ਦਾ ਮੋਬਾਈਲ 'ਤੇ ਫੋਨ ਮਿਲਾਇਆ ਤੇ ਬੱਬਲ ਦੀ ਗੱਲ ਕਰਵਾਈ। ਉਹ ਬਹੁਤ ਪ੍ਰਸੰਨ ਸੀ ਪਾਤਰ ਸਾਹਬ ਨਾਲ ਗੱਲ ਕਰਕੇ।
                      """"""'
 ਆਥਣ ਹੁੰਦੀ ਸਾਰ ਏਥੇ ਰੌਣਕ ਬਹੁਤ ਵਧ ਜਾਂਦੀ ਹੈ। ਦੇਰ ਤੀਕ ਗਹਿਮਾ-ਗਹਿਮੀ ਲੱਗੀ ਰਹਿੰਦੀ ਹੈ।  ਮੈਂ ਘਰ ਵਿੱਚ ਇਕੱਲਾ ਬੋਰੀਅਤ ਮਹਿਸੂਸ ਕਰ ਰਿਹਾ ਸੀ। ਸੋਚਿਆ ਕਿਉਂ ਨਾ ਮਸਤੀ  ਮਾਰ ਆਵਾਂ! ਮੇਰੇ ਦੋਸਤ ਤੇ ਉਹਦੀ ਪਤਨੀ ਨੇ ਸਵੇਰੇ ਕੰਮ ਤੋਂ ਘਰ ਪਰਤਣਾ ਸੀ। ਮੈਂ ਘਰ ਤੋਂ ਬਾਹਰ ਆਇਆ ਤੇ ਬੱਸ ਵਿੱਚ ਬੈਠ ਗਿਆ। ਦਸ ਮਿੰਟਾਂ ਦੀ ਡਰਾਈਵ ਹੋਣੀ। ਇੱਥੇ ਆ ਕੇ ਸਾਰੀ ਬੱਸ ਖਾਲੀ ਹੋ ਗਈ। ਮੌਸਮ ਖਰਾਬ ਸੀ। ਕੋਈ-ਕੋਈ ਕਣੀ ਡਿਗਦੀ। ਕਾਹਲ ਨਾਲ ਭੀੜ ਹਾਲ ਦੇ ਅੰਦਰ ਜਾ ਰਹੀ ਸੀ।
ਲੰਮੇ ਖੰਭਿਆਂ ਵਿੱਚੋਂ ਅੱਗ ਦੀਆਂ ਲਾਟਾਂ ਉੱਚੀਆਂ ਉੱਠੀਆਂ ਤਾਂ ਨਾਲ ਲਗਦੀ ਬੀਚ ਵੀ ਜਗ-ਮਗ ਜਗ-ਮਗ ਕਰ ਉੱਠੀ ਤੇ ਫਿਰ ਜਲਦੀ ਹੀ ਖੰਭੇ ਸ਼ਾਂਤ ਹੋ ਗਏ, ਜਿਵੇਂ ਸਵੇਰ ਦੇ ਇਉਂ ਹੀ ਖਲੋਤੇ ਹੋਣ! ਗੋਲ ਫੁਹਾਰਿਆਂ ਵਿੱਚੋਂ ਪਾਣੀਆਂ ਦੀਆਂ ਪਤਲੀਆਂ ਧਾਰਾਂ ਕਦੇ ਅੁੱਚੀਆਂ ਤੇ ਕਦੇ ਟੇਢੀਆਂ-ਮੇਢੀਆਂ ਏਧਰ-ਓਧਰ ਹੋ ਡਿੱਗਣ ਲਗਦੀਆਂ। ਪਾਣੀ ਦੇ ਫੁਹਾਰਿਆਂ ਨੂੰ ਸੰਗੀਤ ਚਲਾ ਰਿਹਾ ਸੀ, ਜਿਵੇਂ-ਜਿਵੇਂ ਕਿਸੇ ਸਾਜ਼ ਦੀ ਧੁਨੀਂ ਉੱਚੀ-ਨੀਵੀਂ ਹੋਣ ਲਗਦੀ...ਉਵੇਂ-ਉਵੇਂ ਪਾਣੀ ਦੀਆਂ ਧਾਰਾਂ ਆਪਣੀ ਦਿਸ਼ਾ ਬਦਲਣ ਲਗਦੀਆਂ। ਰੌਸ਼ਨੀਆਂ ਦੀ ਝਿਲਮਿਲਾਹਟ, ਗੋਰਿਆਂ ਦੀਆਂ ਕੂਕਾਂ...ਸਿਗਰਟਾਂ ਦੇ ਲੰਬੇ-ਲੰਬੇ ਕਸ਼ ਖਿਚ੍ਹਦੀਆਂ ਚਹਿ-ਚਹਾ ਰਹੀਆਂ ਗੋਰੀਆਂ। ਬਾਹਰ ਕਿਣਮਿਣ ਹੋਰ ਤੇਜ਼ ਹੋ ਗਈ ਸੀ, ਪਤਾ ਨਹੀਂ ਕਾਹਦੀ ਛੱਤ ਸੀ...ਕਣੀਆਂ ਦਾ ਖੜਕਾ ਪ੍ਰਤੱਖ ਸੁਣਦਾ। ਮੈਂ ਵੱਡੇ ਹਾਲ ਅੰਦਰ ਤੁਰਦਾ ਜਾ ਰਿਹਾ ਸਾਂ। ਆਸਿਓ-ਪਾਸਿਓਂ ਲੱਪਾਂ-ਲੱਪ ਚਾਨਣਾ ਡਿੱਗਦਾ ਤਾਂ ਕੰਕਰੀਟ ਵਿੱਚ ਮੜ੍ਹੀ ਧਰਤੀ ਲਿਸ਼ਕ ਉਠਦੀ। ਲੰਬੇ-ਲੰਬੇ ਗੋਲ ਥਮਲੇ ਵੀ ਚਮਕ ਰਹੇ ਸਨ। ਆਸੇ-ਪਾਸੇ ਕੱਚ ਦੀਆਂ ਕੰਧਾਂ ! ਚਮਕੀਲੇ ਚਿਹਰੇ! ਤੁਰੇ-ਤੁਰੇ ਜਾਂਦੇ ਲੋਕਾਂ ਦੇ ਬੂਟ ਵੀ ਚਮਕ ਰਹੇ ਸਨ। ਕੈਸਾ ਮੁਲਕ, ਕੈਸੀ ਧਰਤੀ, ਕੈਸੇ ਲੋਕ, ਚਾਰੇ ਪਾਸੇ ਚਮਕ ਹੀ ਚਮਕ...! ਸ਼ਾਇਦ ਏਸੇ ਚਮਕ ਦੇ ਪੱਟੇ ਹੋਏ ਹੀ ਅਸੀਂ ਸਾਰੇ ਆਪਣੇ ਦੇਸ਼ ਦੀ ਕਾਲਖ ਛੱਡ ਏਧਰ ਨੂੰ ਆ ਗਏ? ਮੈਂ ਸੋਚਿਆ ਸੀ।
(ਚਲਦਾ)

4 Feb. 2018

ਰੰਗ-ਬਰੰਗਾ ਲੰਡਨ  - ਨਿੰਦਰ ਘੁਗਿਆਣਵੀ

ਵਲੈਤ ਵਿੱਚ ਸਵੇਰੇ ਉਠਕੇ ਬੁੱਢਾ ਜੇ ਆਪਣੀ ਬੁੱਢੀ ਦਾ ਹਾਲ ਨਾ ਪੁੱਛੇ...ਉਹ ਖਿਝਦੀ ਹੈ ਤੇ ਸਾਰਾ ਦਿਨ ਔਖੀ ਦਾ ਲੰਘਦਾ ਹੈ। ਮੈਨੂੰ ਇਹ ਵਰਤਾਰਾ ਚੰਗਾ ਲੱਗਿਆ। ਮੈਂ ਇੱਕ ਬੁੱਢੇ ਜੋੜੇ ਕੋਲ ਕਈ ਦਿਨ ਰਿਹਾ। ਅਲੋਕਾਰ ਜੀਵਨ ਸੀ ਬਜ਼ੁਰਗ ਜੋੜੇ ਦਾ। ਪਲ ਵਿੱਚ ਰੋਸਾ ਤੇ ਪਲ ਵਿੱਚ ਹਾਸਾ। ਬੁੱਢਾ ਬਾਪੂ ਦੱਸਣ ਲੱਗਿਆ ਕਿ ਜੇਕਰ ਤੜਕੇ ਉਠਕੇ ਤੇਰੀ ਬੇਬੇ ਦੇ ਬੈੱਡ 'ਤੇ ਨਾ ਜਾਵਾਂ...ਨਾ ਪੁੱਛਾਂ ਕਿ ਕਿਵੇਂ ਐਂ...ਤੇਰਾ ਸਰੀਰ... ਠੀਕ ਐ ਡਾਰਲਿੰਗ...? ਤਾਂ ਉਹ ਸਾਰਾ ਦਿਨ ਨਾਖੂਸ਼ ਰਹਿੰਦੀ ਐ...ਸਾਰਾ ਦਿਨ ਕੁੜ-ਕੁੜ ਕਰਦੀ ਦਾ ਲੰਘਦਾ ਐ।
ਬਹੁਤ ਸਾਰੇ ਬੁੱਢੇ-ਬੁੱਢੀਆਂ ਨੂੰ ਗੁਰੂ ਘਰਾਂ ਨੇ ਸੰਭਾਲਿਆ ਹੋਇਆ ਹੈ। ਉਨ੍ਹਾਂ ਕੋਲ ਬੱਸਾਂ ਦੇ ਪਾਸ ਮੁਫ਼ਤ ਹਨ। ਘਰ ਅੱਗੋਂ ਬੱਸ ਫੜੋ ਤੇ ਗੁਰੂ ਘਰ ਆਣ ਉਤਰ੍ਹੋ... ਸੇਵਾ ਕਰੋ... ਗੱਲਾਂ ਮਾਰੋ...ਮਨ-ਮਰਜ਼ੀ ਦਾ ਛਕੋ-ਛਕਾਓ.. ਲਾਇਬ੍ਰੇਰੀ ਵਿੱਚ ਬੈਠ ਕੇ ਪੜ੍ਹੋ ਤੇ ਜਦੋਂ ਦਿਲ ਕਰੇ ਬੱਸ ਚੜ੍ਹੋ ਤੇ ਘਰ ਅੱਗੇ ਆ ਉਤਰ੍ਹੋਂ। ਗੁਰੂ ਘਰ ਜਾਣ ਦੀ ਬਿਜਾਏ ਬਹੁਤ ਸਾਰੇ ਬੁੱਢੇ-ਬੱਢੀਆਂ ਡੇ-ਸੈਂਟਰ ਵੀ ਚਲੇ ਜਾਂਦੇ ਹਨ। ਇੱਥੇ ਡੇ-ਸੈਂਟਰਾਂ ਵਿੱਚ ਵੀ ਚੋਖੀ ਰੌਣਕ ਹੁੰਦੀ ਹੈ। ਡੇ-ਸੈਂਟਰਾਂ ਨੂੰ ਕਮਿਊਨਿਟੀ ਸੈਂਟਰ ਵੀ ਕਹਿੰਦੇ ਹਨ। ਮੈਂ ਬਹੁਤ ਸਾਰੇ ਕਮਿਊਨਿਟੀ ਸੈਂਟਰਾਂ ਵਿੱਚ ਗਿਆ ਤੇ ਬਜ਼ੁਰਗਾਂ ਦੀਆਂ ਰੌਣਕਾਂ ਦੇਖੀਆਂ। ਗੱਲਾਂ ਸੁਣੀਆਂ। ਬਜ਼ੁਰਗ ਆਪਸ ਵਿੱਚ ਖਹਿਬੜਦੇ ਦੇਖੇ। ਈਰਖਾ ਤੇ ਚੁਗਲੀਆਂ ਕਰਦੇ ਤੱਕੇ। ਪਿਆਰ ਤੇ ਹਮਦਰਦੀ ਜਿਤਾਉਂਦੇ ਨਜ਼ਰ ਆਏ। ਕੁਝ ਬਹੁਤ ਖ਼ਾਮੋਸ਼ ਦੇਖੇ ਆਪਣੇ ਆਪ ਵਿੱਚ ਮਸਤ...! ਹਫ਼ਤੇ ਦੇ ਅੰਤ 'ਤੇ ਪੰਜ-ਪੰਜ ਪੌਂਡ ਪਾ ਕੇ ਰੋਸਟ ਚਿਕਨ, ਭੁਜੀਆ ਮੰਗਾਉਂਦੇ ਤੇ ਫੇਮਸ ਗਰਾਊਸ (ਤਿੱਤਰ ਮਾਰਕਾ) ਵਿਸਕੀ ਦੇ ਪੈੱਗ ਟਕਰਾਉਂਦੇ ਤੇ ਪੰਜਾਬ ਨੂੰ ਝੂਰਦੇ ਤੇ ਆਪਣੇ ਨਿਆਣਿਆਂ ਨੂੰ ਕੋਸਦੇ ਦੇਖੇ।
                                             """"'
ਇਸ ਵੇਲੇ ਪੰਜਾਬੀਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਧੰਨ ਹਨ ਸਾਡੇ ਪੰਜਾਬੀ, ਜੋ ਕਰੜਾ ਸੰਘਰਸ਼ ਕਰਦਿਆਂ ਵੱਡੇ ਜਿਗਰੇ ਤੇ ਹਿੰਮਤ ਦੇ ਮਾਲਕ ਹਨ। ਇਸ ਵੇਲੇ ਸਭ ਤੋਂ ਵੱਡੀ ਸਮੱਸਿਆ ਹੈ ਬੱਚਿਆਂ ਦੀ। ਬੱਚਿਆਂ ਦੇ ਵਿਆਹ ਬੁਰੀ ਤਰਾ੍ਹਂ ਟੁੁੱਟ ਰਹੇ ਹਨ। ਦੱਸਿਆ ਗਿਆ ਕਿ ਕੁੜੀਆਂ ਵਿਆਹ ਨਹੀਂ ਕਰਵਾ ਰਹੀਆਂ। ਉਹ ਮਨੁੱਖੀ ਜੀਵਨ ਜਿਊਣਾ ਚਾਹੁੰਦੀਆਂ ਨੇ ਨਾ ਕਿ ਪਸੂਆਂ ਵਾਲਾ ਜੀਵਨ! ਉਹ ਇਹ ਨਹੀਂ ਚਾਹੁੰਦੀਆਂ ਕਿ ਅੱਜ ਵਿਆਹ ਕਰਵਾਓ ਤੇ ਕੱਲ੍ਹ ਨੂੰ ਉਹਨਾਂ ਨੂੰ ਘਰੋਂ ਕੱਢ ਦਿਓ। ਮੇਰੇ ਅੰਕਲ ਦੀ ਇੱਕ ਬੇਟੀ, ਜਿਸਦੀ ਉਮਰ 39 ਸਾਲ ਹੋ ਚੁੱਕੀ ਹੈ, ਅੰਕਲ ਨੇ ਮੈਨੂੰ ਪੁੱਛਿਆ ਕਿ ਤੂੰ ਇਸਨੂੰ ਵਲੈਤ ਦੇ ਜਨ-ਜੀਵਨ ਬਾਰੇ ਪੁੱਛ ਤੇ ਇਹ ਵੀ ਪੁੱਛ ਕਿ ਉਹ ਵਿਆਹ ਕਿਉ ਂਨਹੀਂ ਕਰਵਾ ਰਹੀ? ਮੈਂ ਪੁੱਛਿਆ ਤਾਂ ਉਹ ਆਖਣ ਲੱਗੀ, ''ਕੀ ਪਿਆ ਆ ਵਿਆਹ ਵਿੱਚ ? ਔਰਤ ਹਰ ਥਾਂ ਸੰਘਰਸ਼ਸ਼ੀਲ ਜੀਵਨ ਜਿਊਂਦੀ ਆ...ਚਾਹੇ ਵਲੈਤ ਆ...ਚਾਹੇ ਦੁਨੀਆਂ ਦਾ ਕੋਈ ਹੋਰ ਕੋਨਾ, ਔਰਤ ਪਹਿਲਾਂ ਪੜ੍ਹਦੀ ਆ...ਫਿਰ ਕੰਮ ਕਰਦੀ ਆ...ਵਿਆਹ ਦੇ ਬੰਧਨ ਵਿੱਚ ਬਝਦੀ ਆ...ਬੱਚੇ ਪੈਦਾ ਕਰਦੀ ਆ...ਕੰਮ ਦੇ ਨਾਲ ਸਾਰੇ ਘਰ ਦੀ ਦੇਖ ਭਾਲ...ਬੱਚਿਆਂ ਤੇ ਪਰਿਵਾਰ ਦੀ ਸਾਂਭ-ਸੰਭਾਲ ਤੇ ਹੋਰ ਵੀ ਸਾਰਾ ਬੋਝ ਹੀ ਬੋਝ ਆ ਤੇ ਜੇਕਰ ਬੱਚਾ ਮਾੜਾ ਨਿਕਲ ਗਿਆ ਤਾਂ ਸਾਰਾ ਦੋਸ਼ ਔਰਤ ਉੱਤੇ ਆਵੇਗਾ...ਬੰਦਾ ਆਪਣੇ 'ਤੇ ਦੋਸ਼ ਲੈਂਦਾ ਹੀ ਨਹੀਂ ਕਿ ਬੱਚਾ ਵਿਗਾੜਨ ਵਿੱਚ ਉਸਦਾ ਵੀ ਕੁਝ ਯੋਗਦਾਨ ਆਂ...।" ਉਸ ਕੁੜੀ ਨੇ ਆਖਿਆ ਕਿ ਇੰਡੀਆ ਵਿੱਚ ਤਾਂ ਖੇਡ੍ਹ ਬਣੀ ਹੋਈ ਆ ਕਿ ਵਲੈਤ ਜਾਓ, ਚਾਹੇ ਜਹਾਜ਼ ਦੇ ਪਰਾਂ ਹੇਠ ਲੁਕਜੋ ਤੇ ਚਾਹੇ ਕਿਸੇ ਕੁੜੀ ਦੇ ਲੜ ਲਗਜੋ...ਕਿੰਂਨੇ ਮੁੰਡਿਆਂ ਨੇ ਹੁਣ ਤੀਕ ਕਿੰਨੀਆਂ ਕੁੜੀਆਂ ਏਥੇ ਛਡੀਆਂ ਨੇ...?" 
ਕੁੜੀ ਦੀ ਇਹ ਗੱਲ ਸੁਣ ਕੇ ਮੈਂ ਕਿਹਾ ਕਿ ਕੁੜੀਆਂ ਨੇ ਵੀ ਤਾਂ ਮੁੰਡੇ ਬਹੁਤ  ਰੋਲੇ ਹਨ? ਤਾਂ ਉਹ ਇੱਕ ਪਲ ਲਈ ਚੁੱਪ ਹੋਈ ਤੇ ਫਿਰ ਆਖਣ ਲੱਗੀ, ''ਤੂੰ ਮੁੰਡਾ ਹੋਕੇ ਮੁੰਡਿਆਂ ਦੇ ਹੱਕ ਦੀ ਗੱਲ ਕਰੇਂਗਾ...ਏਹ ਤਾਂ ਮੈਨੂੰ ਪਤਾ ਈ ਸੀ...ਪਰ ਹਾਂ, ਮੈਂ ਮੰਨਦੀ ਆਂ ਇਹ ਗੱਲ...ਪਰ ਕਸੂਰ ਕਿਸਦਾ ਆ? ਸਾਰਾ ਕਸੂਰ ਸਾਡੇ ਮਾਪਿਆਂ ਦਾ ਆ...ਸਾਡੇ ਮਾਪੇ ਚਾਹੇ ਏਧਰ ਨੇ ਤੇ ਚਾਹੇ ਓਧਰ ਆ...ਲਾਲਚੀ ਆ...ਬੱਚਿਆਂ ਦਾ ਮੁੱਲ ਵਟਦੇ ਆ...ਇੱਕ ਜੀਅ ਦੇ ਆਸਰੇ ਸਾਰਾ ਟੱਬਰ ਵਲੈਤ ਵਿੱਚ ਲਿਆਉਣਾ ਚਾਹੁੰਦੇ ਆ...ਤਾਹੀਂ ਤੇ ਠੱਗੇ ਗਏ ਆ ਲੋਕ...ਪੰਜਾਬ ਦੇ ਅਣਖੀ ਲੋਕ ਚਾਹੇ ਏਧਰ ਆ ਤੇ ਚਾਹੇ ਓਧਰ ਆ...ਸੱਚੀ ਗੱਲ ਤਾ ਏਹ ਆ ਕਿ  ਆਪਣੇ ਬੱਚਿਆਂ ਦੇ ਮੁੱਲ ਵੱਟਣ ਲੱਗੇ ਹੋਏ ਆ ਬਦੇਸ਼ ਆਉਣ ਲਈ।" ਕੁੜੀ ਨੇ ਬੜੀ ਬੇਬਾਕੀ ਨਾਲ ਕਿਹਾ, ''ਵੀਰ ਜੀ ਮੈਂ ਵਿਆਹ ਨਹੀਂ ਕਰਵਾਉਣਾ...ਮੈਂ ਇਕੱਲੀ ਵੀ ਨਹੀਂ ਰਹਿਣਾ...ਏਸ ਤੋਂ ਚੰਗਾ ਆ ਮੈਂ ਇੱਕ ਬਿੱਲੀ ਰੱਖ ਲਵਾਂਗੀ... ਬਿੱਲੀ ਮੇਰੀ ਫਰੈਂਡ ਹੋਵੇਗੀ...ਮੇਰੀ ਸਾਥਣ ਹੋਵੇਗੀ...ਮੇਰਾ ਭਰਾ ਹੋਵੇਗੀ...ਮੇਰੀ ਭੈਣ ਹੋਵੇਗੀ...ਮੇਰਾ ਧਿਆਨ ਰੱਖੇਗੀ ਬਿੱਲੀ ਤੇ ਮੈਨੂੰ ਇਕੱਲਤਾ ਮਹਿਸੂਸ ਨਹੀਂ ਹੋਵੇਗੀ...ਵੀਰ ਜੀ ਹਰ ਮਨੁੱ਼ਖ ਸੈਲਫਿਸ਼ (ਮਤਲਬ ਪ੍ਰਸਤ) ਆ...ਪਰ ਬਿੱਲੀ ਤੇ ਕੁੱਤਾ ਮਨੁੱਖ ਤੋਂ ਵੱਧ ਵਫ਼ਾਦਾਰ ਹੁੰਦੇ ਆ..ਉਹ ਸੈਲਫ਼ਿਸ਼ ਨਹੀਂ ਹੁੰਦੇ...ਸਾਡੇ ਸਮਾਜ ਵਿੱਚ ਜਿੰਨੇ ਵੀ ਵਿਗਾੜ ਆਏ ਆ ...ਏਹ ਸਾਰੇ ਮਨੁੱਖ ਦੇ ਬਹੁਤ ਵੱਡਾ ਸੈਲਫ਼ਿਸ਼ ਹੋ ਜਾਣ ਕਾਰਨ ਹੀ ਆਏ ਆ...ਪਹਿਲੀ ਗੱਲ...ਚਾਹੇ ਕੁੜੀ ਆ ਤੇ ਚਾਹੇ ਮੁੰਡਾ ਆ...ਏਧਰ ਦੇ ਜੰਮਪਲ ਨੂੰ ਜਦੋਂ ਅਸੀਂ ਓਧਰਲੇ  ਜੰਮਪਲ ਨਾਲ ਵਿਆਹੁੰਦੇ ਆਂ ਤਾਂ ਬੜੀ ਵੱਡੀ ਮੂਰਖਤਾ ਹੁੰਦੀ ਆ...ਬਹੁਤ ਭਾਗਾਂ ਵਾਲੇ ਵਿਰਲੇ ਟਾਂਵੇ ਅਜਿਹੇ ਲੋਕਾਂ ਦੇ ਘਰ ਵੱਸ ਰਹੇ ਆ...ਨਹੀਂ ਓਧਰੋਂ ਆਇਆ ਚਾਹੇ ਮੁੰਡਾ ਆ...ਚਾਹੇ ਕੁੜੀ ਆ...ਆਪਸ ਵਿੱਚ ਮਿਕਸ ਹੀ ਨਹੀਂ ਹੋ ਪਾਉਂਦੇ ਕਿੰਂਨੇ૶ਕਿੰਂਨੇ ਸਾਲ...ਓਧਰੋਂ ਆਇਆ ਨੂੰ ਝੂਠ ਬੋਲਣ ਦੀ ਆਦਤ ਪੱਕੀ ਹੁੰਦੀ ਆ ਤੇ ਏਧਰਲੇ ਗੋਰਿਆਂ ਵਿੱਚ ਜੰਮੇ-ਪਲੇ ਹੋਣ ਕਾਰਨ ਝੂਠ ਨਹੀਂ ਬੋਲਦੇ...ਸੱਚੀ ਗੱਲ ਕਹਿੰਦੇ ਆ...ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਤਿੜਕ ਜਾਂਦੀ ਆ...ਓਧਰੋ ਆਇਆ ਮੁੰਡਾ ਕਹਿੰਦਾ ਮੈਂ ਤਾਂ ਪਰੌਂਠਾ ਖਾਣਾ ਆਂ..ਕੁੜੀ ਨੁੰ ਨਹੀਂ ਪਸੰਦ ਪਰੌਂਠਾ ਤੇ ਇਵੇਂ ਹੀ ਹੋਰ ਨਿਕੇ-ਨਿੱਕੇ ਕਾਰਨ ਬਣ ਜਾਂਦੇ ਆ ਤੇ ਜਲਦੀ ਹੀ ਫਿਰ ਅਲੱਗ-ਅੱਲਗ...ਹੁਣ ਤਾਂ ਵਿਸ਼ਵਾਸ ਨਾਂ ਦੀ ਚੀਜ਼  ਰਹਿ ਈ  ਨਹੀਂ ਗਈ...ਹੁਣ ਤਾਂ ਨਾ ਏਧਰਲੀਆਂ ਜੰਮਪਲ ਕੁੜੀਆਂ ਤੇ ਨਾ ਏਧਰਲੇ ਜੰਮਪਲ ਮੁੰਡੇ...ਚਾਹੁੰਦੇ ਈ ਨਹੀਂ ਇੰਡੀਆ ਵਾਲਿਆਂ ਨਾਲ ਵਿਆਹ ਕਰਵਾਉਣਾ...ਇਸਤੋਂ ਚੰਗਾ ਉਹ ਵਿਆਹ ਹੀ ਨਾ ਕਰਵਾਉਣ...ਮੈਂ ਇਹ ਵੀ ਨਹੀਂ ਕਹਿੰਦੀ ਕਿ ਏਧਰਲੇ ਸਾਰੇ ਮੁੰਡੇ ਕੁੜੀਆਂ ਦੁੱਧ ਧੋਤੇ ਆ...।"
ਉਸ ਕੁੜੀ ਨੇ ਇਹ ਵੀ ਆਖਿਆ,''ਏਥੇ ਨੂੰਹਾਂ ਨਹੀਂ ਚਾਹੁੰਦੀਆਂ ਕਿ ਪੁੱਤਰ ਆਪਣੇ ਮਾਂ-ਪਿਓ ਨਾਲ ਰਹਿਣ...ਵਿਆਹ ਦੇ ਝਟ ਮਗਰੋਂ ਹੀ ਜੁਦਾ-ਜੁਦਾ ਹੋਣਾ ਏਥੇ ਦੀ ਲਾਈਫ਼ ਆਂ...ਕਈ ਮੁੰਡੇ ਆਪਣੇ ਮਾਂ-ਪਿਓ ਤੇ ਨਿੱਕੇ-ਭੈਣਾਂ ਭਰਾਵਾਂ ਨਾਲ ਏਨੀ ਭਾਵੁਕਤਾ ਦੀ ਹੱਦ ਤੀਕ ਜੁੜੇ ਹੁੰਦੇ ਆ ਕਿ ਉਹ ਮਾਂ-ਪਿਓ ਨਾਲੋਂ ਜੁਦਾ ਨਹੀਂ ਹੋਣਾ ਚਾਹੁੰਦੇ ਹੁੰਦੇ...ਸਗੋਂ ਏਥੇ (ਵਲੈਤ ਵਿੱਚ) ਮਾਂ ਆਖ ਦਿੰਦੀ ਆ ਕਿ ਕੋਈ ਨਾ ਬੇਟਾ...ਇਸ ਗੱਲ ਵਿੱਚ ਕੀ ਫ਼ਰਕ ਆ...ਆਪਣੇ ਘਰ ਤਾਂ ਜਾਣਾ ਈ ਹੁੰਦਾ ਆ...ਮੁੰਡੇ ਰੋਂਦੇ ਨੇ ਆਪਣੇ ਮਾਪਿਆਂ ਤੋਂ ਵਿਛੜਦਿਆਂ...ਆਖਰ ਆਪਣਾ ਨਵਾਂ ਸੰਸਾਰ ਤੇ ਨਵਾਂ ਘਰ ਵਸਾਉਣ ਲਈ ਪਤਨੀ ਦੇ ਪਿੱਛੇ ਜਾਣਾ ਈ ਪੈਂਦਾ ਆ ਸਭ ਨੂੰ।"
ਵਲੈਤ ਦੀ ਜੰਮਪਲ ਇਸ ਕੁੜੀ ਦੇ ਲੋਕ-ਜੀਵਨ ਬਾਰੇ ਕਿੰਂਨੇ ਤਿੱਖੇ ਤੇ ਸਪੱਸ਼ਟ ਤੇ ਸੱਚੇ ਵਿਚਾਰ ਸਨ। ਇਸ ਬਾਰੇ ਸੋਚਦਾ ਮੈਂ ਮਨ ਹੀ ਮਨ ਗੱਲਾਂ ਕਰਦਾ ਰਿਹਾ।
                               """
ਦੇਖਿਆ ਕਿ ਵਲੈਤ ਦੇ ਹਰ ਘਰ ਵਿੱਚ ਟੇਬਲ 'ਤੇ ਫਰੂਟ ਪਏ ਹੋਏ ਹਨ, ਕੋਈ ਖਾਵੇ ਜਾਂ ਨਾ ਖਾਵੇ। ਜਦ ਪਏ-ਪਏ ਫਰੂਟ ਗਲ-ਸੜ ਜਾਂਦੇ ਨੇ ਤਾਂ ਹਫ਼ਤੇ ਦੇ ਅੰਤ 'ਤੇ ਲੋਕ ਨਵੇਂ ਫਰੂਟ ਲਿਆ ਧਰਦੇ ਨੇ। ਕੁਝ ਘਰਾਂ ਵਿੱਚ ਜਾ ਕੇ ਮੈਂ ਦੇਖਿਆ ਕਿ ਫਰੂਟ ਲਿਆ ਕੇ ਛਾਬੇ ਵਿੱਚ ਰੱਖ ਛੱਡਣਾ ਜਿਵੇਂ ਇੱਥੇ ਰਿਵਾਜ ਜਾਂ ਸ਼ੌਕ ਜਿਹਾ ਲਗਦਾ ਹੈ, ਘੱਟ ਹੀ ਕੋਈ ਇਹਨਾਂ ਨੂੰ ਖਾਂਦਾ ਹੈ, ਜਿਵੇਂ ਫਰੂਟ ਦੇਖਣ ਖਾਤਰ ਰੱਖੇ ਜਾਂਦੇ ਹੋਣ। ਮੈਨੂੰ ਯਾਦ ਆਇਆ ਕਿ ਨਿੱਕੇ-ਨਿਕੇ ਹੁੰਦੇ ਸਾਂ ਤਾਂ ਜਦ ਕਦੇ ਕਈ-ਕਈ ਦਿਨਾਂ ਬਾਅਦ ਮਹੀਨੇ ਦੋ ਮਹੀਨੇ ਪਿੱਛੋਂ ਬੇਬੇ ਜਾਂ ਬਾਪੂ ਨੇ ਕਦੀ ਸ਼ਹਿਰ ਜਾਣਾ ਤਾਂ ਝੋਲੇ ਵਿੱਚ ਕੇਲੇ ਤੇ ਸੇਬ ਦੇਖ-ਦੇਖ ਚਾਅ ਚੜ੍ਹੀ ਜਾਇਆ ਕਰਨਾ। ਮੈਂ ਸੋਚਿਆ ਕਿ ਕੀ ਕੋਈ ਬੱਚਾ ਵਲੈਤ ਵਿੱਚ ਵੀ ਇੰਝ ਸਾਡੇ ਵਾਂਗ ਫਰੂਟ ਦੇਖ-ਦੇਖ ਖੁਸ਼ ਹੁੰਦਾ ਹੋਵੇਗਾ?ਨਹੀਂ૴ਬਿਲੁਕਲ ਨਹੀਂ।
                                """'
ਏਥੇ ਵਕਤ ਦੀ ਬਹੁਤ ਕਿੱਲਤ ਹੈ, ਕਿਹੜਾ ਧਣੀਆਂ, ਹਰੀਆਂ ਮਿਰਚਾਂ, ਅਧਰਕ, ਲਸਨ ਆਦਿ ਨੂੰ ਕੂੰਡੇ ਵਿੱਚ ਰਗੜੇ? ਇਸ ਸਭ ਕਾਸੇ ਨੂੰ ਗਰਿੱਲ ਕਰਕੇ ਫਰੀਜ ਕਰ ਦਿੱਤਾ ਜਾਂਦਾ ਹੈ। ਲੋੜ ਮੁਤਾਬਕ ਚਮਚਾ ਭਰੋ ਤੇ ਸਬਜ਼ੀ ਵਿੱਚ ਸੁੱਟ੍ਹੋ। ਇੱਕ ਸ਼ਾਮ ਤੋਤੇ ਅੰਕਲ ਨੇ ਸਾਗ ਨੂੰ ਤੜਕਾ ਲਾਉਂਦਿਆਂ ਦੱਸਿਆ ਕਿ ਤੇਰੀ ਅੰਟੀ ਇੰਡੀਆ ਗਈ ਨੂੰ ਪੰਜ ਮਹੀਨੇ ਹੋਣ ਵਾਲੇ ਆ...ਜਾਣ ਲੱਗੀ ਕੱਠਾ ਸਾਰਾ ਸਾਗ ਬਣਾ ਕੇ ਆਹ ਫਰਿੱਜ ਭਰ ਗਈ ਸੀ...ਦੇਖ ਲੈ...ਉਵੇਂ ਦਾ ਉਵੇਂ ਪਿਆ ਆ ਸਾਰਾ ਸਾਗ...ਭੋਰਾ ਖ੍ਰਾਬ ਨਹੀਂ ਹੋਇਆ...ਜਦ ਦਿਲ ਕਰੇ ਤੜਕ ਲਈਦਾ ਆ...ਜਦ ਨੂੰ ਆਊਗੀ...ਤਦ ਨੂੰ ਮੁਕਾ ਦਿਆਂਗੇ...।" ਇਹ ਦੱਸਦਿਆਂ ਅੰਕਲ ਸਾਗ ਨੂੰ ਤੜਕਾ ਚਾੜ੍ਹਨ ਲੱਗਿਆ।

27 Feb. 2018

ਹੁਣ  'ਮੇਰਾ' ਜ਼ਮਾਨਾ ਹੈ ਬੰਦਿੳਡ! - ਨਿੰਦਰ ਘੁਗਿਆਣਵੀ

ਸਵੇਰ ਦੀ ਸੈਰ ਤੋਂ ਮੁੜਿਆ ਆਉਂਦਾ ਘੁਮੱਕੜ ਦਾਸ ਸਾਹੋ-ਸਾਹ ਹੋਇਆ ਪਿਆ ਸੀ। ਡੇਢ ਫੁੱਟ ਲੰਮਾ ਤੇ ਏਨੇ ਫੁੱਟ ਹੀ ਮੋਟਾ ਡੰਡਾ ਉਹਦੇ ਹੱਥ ਵਿੱਚ ਪਕੜਿਆ ਹੋਇਆ ਸੀ। ਚਿਹਰੇ ਤੋਂ ਡਾਹਢਾ ਪਰੇਸ਼ਾਨ। ਮੈਂ ਪੁੱਛਿਆ ਕਿ ਸਵੇਰ ਦੀ ਸੈਰ ਤਾਂ ਬੰਦੇ ਨੂੰ ਤਰੋ-ਤਾਜ਼ਾ ਕਰਦੀ ਐ ਤੇ ਆਪ ਜੀ ਖਫ਼ਾ ਕਿਉਂ ਹੋਏ ਪਏ ਓ? ਉਹ ਜਿਵੇਂ ਚਿਰਾਂ ਤੋਂ ਭਰਿਆ ਪੀਤਾ ਪਿਆ ਸੀ,ਬੇਰੋਕ ਬੋਲਣ ਲੱਗਿਆ,''ਰਾਹ ਵਿੱਚ ਢਾਣੀ ਵਾਲਿਆਂ ਨੇ ਕਈ ਕੁੱਤੇ ਰੱਖੇ ਹੋਏ ਨੇ, ਠੰਢ ਘਟਣ ਕਰਕੇ ਅੱਜ ਕੁਝ ਹੌਸਲਾ ਜਿਹਾ ਕੀਤਾ ਸੀ ਤੇ ਸੈਰ ਨੂੰ ਨਿਕਲਿਆ ਸਾਂ, ਕੁੱਤੇ ਮੇਰੇ ਮਗਰ ਇਉਂ ਪੈ ਗਏ ਕਿ ਜਿਵੇਂ ਅੱਜ ਕੱਚੇ ਨੂੰ ਹੀ ਖਾ ਜਾਣੈ ਹੁੰਦੈ, ਆਹ ਡੰਡਾ ਨਾ ਹੁੰਦਾ ਤਾਂ ਜਾਨ ਨਾ ਬਚਦੀ, ਨੰਬਰਦਾਰਾਂ ਦਾ ਕੁੱਤਾ ਮੱਝ ਦੇ ਕੱਟੇ ਵਰਗਾ ਐ, ਪਾੜ ਸੁੱਟ੍ਹਣਾ ਸੀ ਮੈਨੂੰ, ਅੱਜ ਤੋਂ ਸੈਰ ਬੰਦ, ਮੈਂ ਨੀ ਆਉਣਾ, ਬੰਦਾ ਤਾਂ ਰਾਹ 'ਚ ਕੋਈ ਮਿਲਿਆ ਨਹੀਂ, ...ਲੋਕ ਕੁੱਤੇ ਈ ਕੁੱਤੇ ਲਈ ਫਿਰਦੇ ਐ, ਜਿਹਦੇ ਹੱਥ 'ਚ ਦੇਖੋ, ਕੁੱਤੇ ਦੀ ਸੰਗਲੀ, ...ਹੁਣ ਬੰਦੇ ਦਾ ਨਹੀਂ, ਕੁੱਤੇ ਦਾ ਜ਼ਮਾਨਾ ਆ ਗਿਆ ਭਾਈ।"
ਘੁਮੱਕੜ ਦਾਸ ਦੀ ਗੱਲ ਸੁਣਨ ਮਗਰੋਂ ਮੈਂ ਵੀ ਆਪਣੀ ਸੈਰ ਅਧਵਾਟੇ ਛੱਡ ਕੇ ਘਰ ਨੂੰ ਮੁੜ ਆਇਆ।
ਅਜਕਲ ਪੰਜਾਬ ਤੇ ਆਸ-ਪਾਸ ਦੇ ਗੁਆਂਢੀ ਰਾਜਾਂ ਤੋਂ ਇਹ ਖ਼ਬਰਾਂ ਆਮ ਹੀ ਪੜ੍ਹਨ, ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਨੇ ਕਿ ਕੁੱਤਿਆਂ ਨੇ ਸਕੂਲ ਜਾਂਦਾ ਬੱਚਾ ਨੋਚ-ਨੋਚ ਕੇ ਖਾਧਾ। ਕਿਤੇ ਕਿਸੇ ਬਜੁਰਗ ਉਤੇ ਕੁੱਤੇ ਵੱਲੋਂ ਹਮਲਾ, ਅਵਾਰਾ ਕੁੱਤਿਆਂ ਨੇ ਲੋਕਾਂ ਦੀਆਂ ਸਵੇਰੇ ਦੀਆਂ ਸੈਰਾਂ ਬੰਦ ਕਰਵਾਈਆਂ। ਆਵਾਰਾ ਕੁੱਤਿਆਂ ਨੇ ਗਾਵਾਂ  ਵੱਢ ਖਾਧੀਆਂ। ਅਜਿਹੀਆਂ ਖਬਰਾਂ ਦੀ ਕੋਈ ਤੋਟ ਨਹੀਂ ਹੈ। ਪਹਿਲੋ ਪਹਿਲ ਪਾਲਤੂ ਕੁੱਤੇ ਰੱਖਣ ਦਾ  ਸ਼ੌਕ ਸਿਰਫ਼ ਸ਼ਹਿਰੀ ਲੋਕਾਂ ਵਿੱਚ ਹੀ ਸੀ ਜਾਂ ਫਿਰ ਪਿੰਡਾਂ ਵਿੱਚ ਕੋਈ ਵਿਰਲਾ-ਟਾਵਾਂ ਜਗੀਰਦਾਰ૶ਸਰਦਾਰ ਹੀ ਕੁੱਤਾ ਪਾਲਦਾ ਸੀ ਪਰ ਹੁਣ ਤਾਂ ਪਿੰਡਾਂ ਦੇ ਲੋਕ ਮਹਿੰਗੇ ਤੋਂ ਮਹਿੰਗੇ ਕੁੱਤੇ ਰੱਖਣ ਲੱਗੇ ਹਨ, ਏਨੇ ਮਹਿੰਗੇ ਕਿ ਤੁਸੀਂ ਸੋਚ ਵੀ ਨਹੀਂ ਸਕਦੇ! ਅਜਕਲ ਓਨੀ ਟਹਿਲ-ਸੇਵਾ ਪਰਿਵਾਰ ਦੇ ਮੈਂਬਰਾਂ ਦੀ ਨਹੀਂ ਹੋ ਰਹੀ, ਜਿੰਨੀ ਕੁੱਿਤਆਂ ਦੀ ਹੋਣ ਲੱਗੀ ਹੈ।
ਮੈਂ ਰੋਜ਼ ਵਾਂਗ ਆਪਣੇ ਡਾਕਟਰ ਦੋਸਤਾਂ ਦੀ ਅਰੋੜਾ ਕਲੀਨਿਕ ਉਤੇ ਬੈਠੇ ਨੇ ਪ੍ਰਤੱਖ ਰੂਪ ਵਿੱਚ ਦੇਖਿਆ ਹੈ ਕਿ ਕੁੱਤੇ ਨੂੰ ਭੋਰਾ ਜੁਕਾਮ ਵੀ ਲੱਗ ਜਾਵੇ ਸਹੀ, ਫਟਾਫਟ ਮਹਿੰਗੀ ਕਾਰ ਵਿੱਚ ਕੁੱਤੇ ਨੂੰ ਪਲੋਸ ਕੇ ਬਿਠਾਉਂਦੇ ਹਨ ਤੇ ਮੂੰਹ ਮਸੋਸ ਕੇ ਡਾਕਟਰ ਕੋਲ ਆਣ ਖਲੋਂਦੇ ਨੇ, ਆਹ ਦੇਖੋ ਜੀ...ਕੀ ਹੋ ਗਿਐ, ਕਦੋਂ ਠੀਕ ਹੋਊ?
ਆਮ ਹੀ ਦੇਖਣ ਵਿੱਚ ਆਇਆ ਹੈ ਕਿ ਜਿੰਨ੍ਹਾਂ ਲੋਕਾਂ ਕੋਲ ਕਾਰਾਂ ਨਹੀਂ, ਉਹ ਆਪਣੇ ਮੋਟਰ-ਸਾਈਕਲਾਂ ਉਤੇ, ਵਿਚਾਲੇ ਕੁੱਤਾ ਕੰਬਲ ਵਿੱਚ ਲਪੇਟਕੇ (ਜਿਵੇਂ ਨਿੱਕਾ ਨਿਆਣਾ ਲਪੇਟੀਦਾ ਹੈ) ਡਾਕਟਰ ਵੱਲ ਨੂੰ ਦੌੜਦੇ ਹਨ। ਘਰ ਵਿੱਚ ਬੁੱਢਾ-ਬੁੱਢੀ  ਬੀਮਾਰੀ ਨਾਲ ਜੂਝਦੇ ਚਾਹੇ ਦਿਵਾਈ ਖੁਣੋਂ ਮਰੀ ਜਾਂਦੇ ਹੋਣ ਪਰ ਕੁੱਤੇ ਦਾ ਸਭ ਨੂੰ ਸਭ ਤੋਂ ਵੱਧ ਫ਼ਿਕਰ ਹੈ।
ਅਜਿਹਾ ਆਮ ਹੀ ਦੇਖਣ ਵਿੱਚ ਆ ਰਿਹਾ ਹੈ ਕਿ  ਪਿੰਡਾਂ ਵਿੱਚ ਮੱਧਵਰਗੀ ਤਬਕੇ ਨਾਲ ਸਬੰਧਤ ਲੋਕਾਂ ਨੇ ਵੀ ਮਹਿੰਗੇ ਤੋਂ ਮਹਿੰਗੇ ਕੁੱਤੇ ਸਿਰਫ਼ ਸ਼ੌਕ ਵਜੋਂ ਰੱਖੇ ਹੋਏ ਨੇ। ਲਓ...ਕਿਸਮਾਂ ਵੀ ਸੁਣ ਲਓ, ਪਗ, ਜਰਮਨ ਸ਼ੈਪਰਡ,ਰੌਟ-ਵੀਲਰ,ਬੁਲੀ,ਬੂਲਮਸਟਿਫ,ਲੈਬਰੇ,ਪਿਟ-ਬੁਲ ਤੇ ਅਨੇਕਾਂ ਕਿਸਮਾਂ ਹੋਰ ਵੀ ਹਨ। ਘੱਟ ਤੋਂ ਘੱਟ ਰੇਟ ਪੰਜ ਹਜ਼ਾਰ ਤੇ ਵੱਧ ਤੋਂ ਵੱਧ ਲੱਖਾਂ ਵਿੱਚ ਹੈ। ਇੱਕ ਇੱਕ ਲੱਖ ਤੋਂ ਵੱਧ ਰੁੱਪਏ ਦੇ ਕੁੱਤੇ ਤਾਂ ਮੇਰੇ ਕਈ ਦੋਸਤਾਂ ਪਾਸ ਹਨ। ਕਿਸੇ ਵੇਲੇ ਲੱਖ ਰੁਪੈ ਵਿੱਚ ਕਿੰਨੀਆਂ ਹੀ ਮੱਝਾਂ ਤੇ ਗਾਵਾਂ ਆ ਜਾਂਦੀਆਂ ਸਨ ਤੇ ਸਾਰਾ ਟੱਬਰ ਰੱਜ-ਰੱਜ ਕੇ ਦੁੱਧ ਪੀਂਦਾ ਸੀ। ਵਧਿਆ ਹੋਇਆ ਦੁੱਧ ਡੇਅਰੀ ਵਿੱਚ ਜਾਂ ਦੋਧੀ ਨੂੰ ਵੇਚਕੇ ਕਮਾਈ ਵੀ ਹੁੰਦੀ ਸੀ। ਵਧੇ ਦੁੱਧ ਤੋਂ ਘਿਓ,ਦਹੀਂ,ਲੱਸੀ ਤੇ ਮੱਖਣ ਤੇ ਖੋਆ ਵੀ ਜਿੰਨਾ੍ਹਂ ਮਰਜ਼ੀ ਚਾੜ੍ਹੋ ਪਰ ਹੁਣ ਦੇਖਣ ਵਿੱਚ ਆਇਆ ਹੈ ਕਿ ਲੋਕ ਮਹਿੰਗੇ ਕੁੱਤੇ ਧੜਾ-ਧੜ ਖਰੀਦ ਰਹੇ ਹਨ। ਪਸ਼ੂ ਰੱਖਣੇ ਛੱਡ ਰਹੇ ਹਨ। ਦੁੱਧ ਦੋਧੀਆਂ ਤੋਂ ਮੁੱਲ ਲੈਣਾ ਸ਼ੁਰੁ ਕਰ ਦਿੱਤਾ ਹੈ। ਕੁੱਿਤਆਂ ਲਈ ਮਹਿੰਗੇ ਤੋਂ ਮਹਿੰਗੇ ਆ ਰਹੇ ਸਮਾਨ ਦੀ ਗੱਲ ਕਰੀਏ ਤਾਂ ਸਾਬਨ, ਸ਼ੈਂਪੂ, ਸਰਦੀ ਤੋਂ ਬਚਾਓ ਲਈ ਕੋਟ, ਗੱਦੇ, ਪਟੇ ਤੇ ਸੰਗਲੀਆਂ ਵੀ ਵੰਨ-ਸੁਵੰਨੇ ਤੇ ਮਹਿੰਗੇ ਤੋਂ ਮਹਿੰਗੇ। ਕੁੱਤਿਆਂ ਲਈ ਬਿਸਕੁਟ, ਮੀਟ ਤੋਂ ਇਲਾਵਾ ਅਨੇਕਾਂ ਕਿਸਮ ਦੀਆਂ ਫੀਡਾਂ ਨਾਲ ਬਜ਼ਾਰ ਭਰੇ ਦਿਸਦੇ ਹਨ। ਇੱਥੇ ਹੀ ਬਸ ਨਹੀਂ, ਕੁੱਤਿਆਂ ਲਈ ਭਾਂਤ-ਭਾਂਤ ਦੇ ਖਿਡਾਉਣੇ, ਛਣਨੰ-ਛਣਨੰ ਛਣਕਦੇ ਘੁੰਗਰੂ, ਨਹਾਈ-ਧੁਵਾਈ ਲਈ ਬੁਰਸ਼, ਤੌਲ਼ੀਏ, ਨੇਲ ਕਟਰ, ਛਿੱਕਲੀਆਂ, ਪ੍ਰਫਿਊਮ ਤੇ ਪਾਊਡਰ ਦੁਕਾਨਾਂ ਉਤੇ ਖੂਬ ਫੱਬੇ ਹੋਏ ਹਨ। ਹੋਰ ਤਾਂ ਹੋਰ ਹੁਣ ਫੇਸ ਬੁੱਕ ਅਤੇ ਵੈਟਸ ਐਪ ਉਤੇ ਨਵੇਂ ਖਰੀਦੇ ਗਏ ਕੁੱਤੇ ਦੀ ਫੋਟੋ ਬੜੇ ਚਾਵਾਂ ਨਾਲ ਅਪਲੋਡ ਕਰਨ ਵਾਲਿਆਂ ਦੀ ਗਿਣਤੀ ਸੈਕੜਿਆਂ ਤੋਂ ਹਜ਼ਾਰਾਂ ਵਿੱਚ ਜਾ ਪੁੱਜੀ ਹੈ। ਕਿਸੇ ਸਮੇਂ ਲੋਕ ਗੁਰੂਆਂ-ਪੀਰਾਂ,ਦੇਸ਼ ਭਗਤਾਂ, ਅਧਿਆਪਕਾਂ, ਤੇ ਪਰਿਵਾਰਕ ਮੈਂਬਰਾਂ ਦੀਆਂ ਤਸਵੀਰਾਂ ਆਪਣੇ ਫੋਨ ਦੀ ਸਕਰੀਨ ਉਤੇ ਸ਼ਿੰਗਾਰ ਬਣਾਉਂਦੇ ਸਨ ਪਰ ਹੁਣ ਮੈਂ ਆਪਣੇ ਅਨੇਕਾਂ ਦੋਸਤਾਂ ਦੇ ਫੋਨਾਂ ਦੀਆਂ ਸਕਰੀਨਾਂ ਉਤੇ ਉਹਨਾਂ ਦੇ ਪਾਲਤੂ-ਚਹੇਤੇ ਕੁੱਤਿਆਂ ਨੂੰ ਦੇਖ ਕੇ ਫ਼ਿਕਰਾਂ ਵਿੱਚ ਡੁੱਬ ਜਾਂਦਾ ਹਾਂ ਕਿ ਹੇ ਰੱਬਾ ਸਾਡੇ ਸਮਾਜ ਦਾ ਕੀ ਬਣੂੰ?
ਇਹ ਗੱਲ ਸੁੱਟ੍ਹਣ ਵਾਲੀ ਨਹੀਂ ਹੈ ਕਿ ਅਜੋਕਾ ਮਨੁੱਖ, 'ਮਨੁੱਖ' ਨਾਲੋਂ ਟੁੱਟ ਕੇ 'ਕੁੱਤੇ' ਨਾਲ ਜੁੜ ਗਿਆ ਹੈ। ਆਪਣੇ ਬਹੁਤ ਸਾਰੇ ਅਜਿਹੇ ਦੋਸਤਾਂ ਨੂੰ ਵੀ ਦੇਖਦਾ ਹਾਂ, ਜੋ ਕੁੱਤੇ ਨਾਲ ਸੌਂਦੇ, ਖਾਂਦੇ, ਖੇਡ੍ਹਦੇ ਤੇ ਲਾਡ-ਲਡਾਉਂਦੇ ਥਕਦੇ ਨਹੀਂ ਤੇ ਬੀਮਾਰੀ ਨਾਲ ਹੂੰਗਰ ਮਾਰ ਰਹੇ ਮਾਂ-ਪਿਓ ਦੀ ਗੱਲ ਸੁਣਨ ਨੂੰ ਰਤਾ ਵੀ ਤਿਆਰ ਨਹੀਂ ਹਨ। ਮੈਂ ਇਸ ਗੱਲ ਦੇ ਵਿਰੋਧ ਵਿੱਚ ਨਹੀਂ ਹਾਂ ਕਿ ਕੁੱਤਿਆਂ ਨਾਲ ਪਿਆਰ ਨਾ ਕਰੋ ਜਾਂ ਇਹਨਾਂ ਨੂੰ ਪਾਲੋ-ਸਾਂਭੋ ਨਾ, ਪਰ 'ਮਨੁੱਖ ਦਾ ਮਨੁੱਖ ਨਾਲੋਂ ਟੁੱਟਣਾ', ਪਰਿਵਾਰਾਂ ਵਿੱਚ ਭੈਣਾਂ-ਭਰਾਵਾਂ ਤੋਂ ਮੁੱਖ ਮੋੜ ਕੇ ਕੁੱਤੇ-ਕੁੱਤੀਆਂ ਨਾਲ ਰਿਸ਼ਤੇ ਗੰਢਣੇ ਭਾਰਤੀ ਸਮਾਜ ਦੀ ਅਹਿਮ ਤਬਦੀਲੀ ਤੇ ਮਨੁੱਖੀ ਮਨ ਦੀ ਖੰਿਡਤ ਹੋਈ ਤਾਜ਼ਾ ਮਿਸਾਲ ਹਨ।
ਅਜਕਲ ਖੇਡ ਮੇਲਿਆਂ ਵਿੱਚ ਮਨੁੱਖ ਨਹੀਂ ਸਗੋਂ ਕੁੱਤੇ ਦੌੜਦੇ ਆਮ ਹੀ ਦੇਖੇ ਜਾ ਸਕਦੇ ਹਨ।ਬੰਦੇ ਨੇ ਦੌੜਨਾ ਸੀ, ਬੰਦਾ ਹੰਭ ਗਿਆ ਤੇ ਕੁੱਤੇ ਬੰਦੇ ਦੀ ਥਾਂ ਮੱਲ ਬੈਠੇ। ਸਾਡਾ ਇੱਕ ਮਿੱਤਰ ਸਾਂਈ ਜੀ ਹੈ, ਹੁਣ ਸੰਗਤਾਂ ਨੂੰ ਕਤੂਰੇ-ਕਤੂਰੀਆਂ ਪ੍ਰਸ਼ਾਦ ਵਜੋਂ ਵੰਡਣ ਲੱਗ ਪਿਆ ਹੈ ਤੇ ਸੰਗਤਾਂ, ਖਾਸ ਕਰ ਨੌਜਵਾਨ ਸੰਗਤਾਂ ਦੀ ਗਿਣਤੀ ਉਸਦੇ ਸ਼ਰਧਾਲੂਆਂ ਵਿੱਚ ਵਧ ਗਈ ਹੈ ਕਿ ਅਜ ਬਾਬਾ ਜੀ ਕਤੂਰੇ ਜਾਂ ਕਤੂਰੀ ਦਾ ਪ੍ਰਸ਼ਾਦ ਦੇਣਗੇ। ਕਈ ਸ਼ਰਧਾਲੂ ਬਾਬਾ ਜੀ ਤੋਂ ਇਹ ਪ੍ਰਸਾਦਿ ਲੈ ਕੇ ਅਗਾਂਹ ਮਹਿੰਗੇ ਮੁੱਲ ਵੇਚ ਦਿੰਦੇ ਹਨ। ਖ਼ੈਰ!
ਦੂਸਰੇ ਦਿਨ ਮੈਂ ਘੁਮੱਕੜ ਦਾਸ ਨੂੰ ਆਖਿਆ, ''ਦਿਲ ਛੋਟਾ ਨਾ ਕਰ, ਡੰਡਾ ਥੋੜਾ ਜਿਹਾ ਹੋਰ ਵੱਡਾ ਤੇ ਮੋਟਾ ਰੱਖ ਲੈ, ਸੈਰ ਨਾ ਛੱਡ।" ਉਹ ਕਹਿਣ ਲੱਗਾ ਕਿ ਲੋਕਾਂ ਨੂੰ ਕੀ ਰੋਵਾਂ, ਕੱਲ ਮੇਰਾ ਪੋਤਰਾ ਜਰਮਨ ਸ਼ੈਪਰਿਡ ਕਿਸਮ ਦਾ ਕੁੱਤਾ ਲੈ ਆਇਆ ਐ, ਸਾਰੀ ਰਾਤ ਭੌਂਕੀ ਗਿਆ, ਨਾ ਆਪ ਸੁੱਤਾ ਤੇ ਨਾ ਸਾਰਾ ਟੱਬਰ ਸੌਣ ਦਿੱਤਾ, ਮੈਂ ਤਾਂ ਹੁਣ ਘਰੋਂ ਨਿਕਲਾਂਗਾ ਤੇ ਕਿਸੇ ਆਸ਼ਰਮ ਵਿੱਚ ਥਾਂ ਲੱਭਾਂਗਾ, ਕੁੱਤਿਆਂ ਪਿੱਛੇ ਪਏ ਕਲੇਸ਼ ਨੇ ਘਰਾਂ ਵਿੱਚੋਂ ਟੱਬਰਾਂ ਦੇ ਟੱਬਰ ਭਜਾ ਦਿੱਤੇ ਨੇ ਭਾਈ ਜਾਨ! ਬੰਦੇ ਨੂੰ ਕੌਣ ਪੁਛਦੈ, ਕੁੱਤੇ ਦਾ ਜ਼ਮਾਨਾ ਐ ਭਾਈ! ਚੁੱਪ ਰਹਿ ਤੇ ਢੱਕੀ ਰਿੱਝਣ ਦੇ।"
ਦਿਲ ਹੌਲਾ ਕਰਕੇ ਘੁਮੱਕੜ ਮੱਲ ਆਪਣੇ ਰਾਹੇ ਪੈ ਗਿਆ ਤੇ ਮੈਂ ਆਪਣੇ ਰਾਹੇ!

20 Feb 2018

ਆਪਣੇ ਪਲ - ਨਿੰਦਰ ਘੁਗਿਆਣਵੀ

ਅੱਖੀਆਂ ਨੂੰ ਰੋਣਾ ਪੈ ਗਿਆ-(2)

ਅਜਿਹਾ ਮੇਰੇ ਨਾਲ ਬਹੁਤ ਘੱਟ  ਵਾਰ ਵਾਪਰਿਆ  ਕਿ ਲਿਖਦੇ-ਲਿਖਦੇ ਕੋਈ ਲਿਖਤ ਅੜ ਕੇ ਖੜ ਗਈ ਹੋਵੇ! ਲਿਖਤ ਵੀ ਸਾਧਾਰਨ ਨਹੀਂ ਸੀ। .ਪਾਠਕ ਪਿਛਲੇ ਅੰਕ ਵਿਚ ਪੜ ਚੁੱਕੇ ਨੇ ਕਿ ਨੁਸਰਤ ਸਾਹਿਬ ਦੇ ਜੀਵਨ ਤੇ ਗਾਇਨ ਬਾਰੇ ਯੂਨੀਵਰਸਿਟੀ ਦੇ ਕੋਸ਼ ਵਾਸਤੇ ਐਂਟਰੀ ਸੀ। ਸੋ, ਅਜਿਹੇ ਕੰਮ ਕਾਹਲ ਕੀਤਿਆਂ ਵੀ ਨਹੀਂ ਫੱਬਦੇ। ਨਾ ਆਲਸ ਚੰਗੀ ਲੱਗਦੀ ਹੈ ਕਿਉਂਕਿ ਤਾਰੀਖ ਬੱਧ ਕੰਮ ਹੁੰਦਾ ਹੈ। ਜੇ ਨੁਸਰਤ ਸਾਹਿਬ ਦੀਆਂ ਕੇਵਲ ਯਾਦਾਂ ਹੀ ਇਕੱਠੀਆਂ ਕਰ ਕੇ ਲਿਖਣੀਆਂ ਹੁੰਦੀਆਂ ਤਦ ਵੀ ਇਹ ਕੰਮ ਕਦੋਂ ਨਿੱਬੜ ਗਿਆ ਹੁੰਦਾ, ਇਹ ਤਾਂ ਤਕਨੀਕੀ ਕੰਮ ਸੀ। ਮੈਨੂੰ ਯਾਦ ਆਉਂਦਾ ਹੈ ਕਿ  ਜਦ ਉਸਤਾਦ ਲਾਲ ਚੰਦ ਯਮਲਾ ਜੱਟ ਦੇ ਜੀਵਨ ਤੇ ਕਲਾ ਬਾਰੇ ਯੂਨੀਵਰਸਟੀ ਵੱਲੋਂ ਕੰਮ ਕਰ ਰਿਹਾ ਸਾਂ ਤਾਂ ਉਹਨਾਂ ਦੀਆਂ ਯਾਦਾਂ ਲਿਖਣ ਵਾਲਾ ਚੈਪਟਰ ਇੱਕੋ ਹੀ ਦਿਨ ਵਿਚ ਨਿਬੇੜ ਦਿੱਤਾ ਸੀ। ਸਰਦੀਆਂ ਦੇ ਦਿਨ ਸਨ। ਯੂਨੀਵਰਸਿਟੀ ਦੇ ਇੱਕ ਘਾਹ ਦੇ ਮੈਦਾਨ ਵਿਚ ਦੂਰ ਜਾ ਬੈਠਾ। ਇੱਧਰ ਵਿਦਿਆਰਥੀਆਂ ਦੀ ਆਵਾਜਾਈ ਵੀ ਬਹੁਤ ਘੱਟ ਸੀ, ਨਾਂਹ ਦੇ ਬਰਾਬਰ ਹੀ। ਸਗੋਂ ਕੋਈ ਕੋਈ ਜੋੜਾ ਏਧਰ-ਓਧਰ ਬੈਠਾ ਆਪਣੀ ਗੁਫਤਗੂ ਵਿਚ ਮਸਤ ਸੀ। ਮੇਰੇ ਕੋਲ ਸਫੈਦ ਕਾਗਜ਼। ਸਿਆਹੀ ਨਾਲ ਭਰਿਆ ਪੈੱਨ। ਚਾਹ ਦੀ ਕੇਤਲੀ ਤੇ ਪਾਣੀ ਦੀ ਬੋਤਲ ਸੀ। ਧੁੱਪ ਖੂਬ ਨਿੱਖਰੀ। ਊੱਠਣ ਨੂੰ ਦਿਲ ਨਾ ਕਰੇ। ਧੁੱਪ ਸੇਕਦੀ ਕੋਈ ਕੋਈ ਚਿੜੀ ਫਰ-ਫਰ ਕਰਦੀ ਉਡਦੀ ਤੇ ਕੋਈ ਪਿਆਰਾ ਜਿਹਾ ਗੀਤ ਗਾਉਂਦੀ ਤਾਜ਼ਗੀ ਭਰ ਦਿੰਦੀ। ਮੈਂ ਇੱਕ ਸੌ ਪੰਨਾ ਆਥਣ ਤੀਕ ਲਿਖ ਲਿਆ ਸੀ। ਸ਼ਬਦਾਂ ਨੇ ਪੂਰਾ-ਪੂਰਾ ਸਾਥ ਦਿੱਤਾ ਸੀ। ਆਪਣੇ ਕਮਰੇ ਵੱਲ ਆਉਦਿਆਂ ਮੈਂ ਉਸਤਾਦ ਜੀ ਦੇ ਇੱਕ ਗੀਤ ਦੇ ਕੁਝ ਬੋਲ ਗੁਣ-ਗੁਣਾ ਰਿਹਾ ਸਾਂ:
                               ਠੰਢੀ-ਠੰਡੀ ਵਾਅ ਚੰਨਾ ਪੈਂਦੀਆਂ ਫੁਹਾਰਾਂ ਵੇ
                              ਆਜਾ ਮੇਰੇ ਚੰਨਾ, ਜਿੰਦ ਤੇਰੇ ਤੋਂ ਦੀ ਵਾਰਾਂ ਵੇ...
ਕਾਸ਼ ਕਿ ਮੇਰੇ ਨਾਲ ਹੁਣ ਵੀ ਅਜਿਹਾ ਵਾਪਰੇ ਕਿ ਨੁਸਰਤ ਸਾਹਬ ਵਾਲਾ ਕੰਮ ਮੁਕੰਮਲ ਹੋ ਜਾਵੇ! ਮੈਂ ਕਈ ਵਾਰ ਸੋਚਿਆ ਸੀ।
                                         """""'                   """"""
ਚੁੱਪ ਦਾ ਸਖਤ ਪਹਿਰਾ ਸੀ। ਰਾਤ ਅਧੀਓਂ ਵੱਧ ਮੁੱਕਣ 'ਤੇ ਆਈ। ਮੇਰਾ ਹੱਥ ਮੇਜ਼ ਉਤੇ ਪਏ ਛੋਟੇ ਟੇਪ-ਰਿਕਾਰਡਰ ਵੱਲ ਵਧਿਆ। ਸੁਰਾਂ ਛਿੜੀਆਂ। ਬੈੱਡ ਉੱਤੇ ਉਠ ਬੈਠਾ ਤੇ ਧਿਆਨ ਲਗਾਉਣ ਲੱਗਿਆ।ਕਿੰਨਾਂ ਚਿਰ ਸੁਰਾਂ ਆਪਸ-ਵਿੱਚ ਖੇਡਦੀਆ ਰਹੀਆਂ। ਸੁਣ-ਸੁਣ ਕੇ ਕਾਗਜ਼ ਦੀ ਹਿੱਕ ਉੱਤੇ ਨੁਸਰਤ ਸਾਹਬ ਬਾਰੇ ਪਹਿਲਾ ਪੈਰਾ ਉਤਰ ਆਇਆ, ਜੋ ਇਉਂ ਸੀ, ''ਸੱਚਮੁਚ, ਜਿਵੇਂ ਕੋਈ ਸੁਆਣੀ, ਚੁਰ ਉਤੇ ਰੋਟੀਆਂ ਲਾਹੁੰਣ ਲਈ ਚੁਰ ਹੇਠਾਂ ਅੱਗ ਡਾਹੁੰਦੀ ਹੈ, ਤਵੀ ਤਪਣ ਦਾ ਉਡੀਕ ਕਰਦੀ ਹੈ, ਬਾਲਣ ਉੱਤੇ ਕੱਖ-ਕਾਨਾ ਸੁੱਟਦੀ ਹੈ। ਆਟਾ ਗੁੱਧਾ ਹੋਇਆ (ਤੌਣ) ਸਾਹਮਣੇ ਪਈ ਹੈ ਪਰਾਤ ਵਿੱਚ। ਪੇੜਾ ਕਰਦੀ ਹੈ। ਚਕਲਾ-ਵੇਲਣਾ ਲਾਗੇ-ਲਾਗੇ ਪਏ ਹਨ। ਰੋਟੀ ਵੇਲਦੀ ਹੈ ਤੇ ਤਵੀ ਉੱਤੇ ਸੁੱਟ ਦਿੰਦੀ ਹੈ, ਫਿਰ ਬਾਲਣ ਦਾ ਝੁਲਕਾ ਡਾਹੁੰਦੀ ਹੈ। ਰੋਟੀ ਪੱਕਣ ਲੱਗਦੀ ਹੈ...! ਉਸਦੀ ਮਨ-ਮੋਹਣੀ ਖੁਸ਼ਬੂ ਮਨੁੱਖੀ ਮਨ ਨੂੰ ਸੁਆਦ-ਸੁਆਦ ਕਰ ਦੇਂਦੀ  ਹੈ ਤੇ ਬਿਲਕੁਲ ਉਵੇਂ ਦਾ ਅਹਿਸਾਸ ਹੀ ਹੈ ਨੁਸਰਤ ਫਤਹਿ ਅਲੀ ਖਾਂ ਦੀ ਕਿਸੇ ਕੱਵਾਲੀ ਦਾ ਜਦੋਂ ਆਰੰਭ ਹੁੰਦਾ ਹੈ। ਉਹ ਸੱਚਮੁਚ ਹੀ ਕਿਸੇ ਨਿੱਘੇ ਸੁਭਾਅ ਦੀ ਸੁੱਘਣ ਸੁਆਣੀ ਵਰਗਾ ਸੱਚ-ਮੁੱਚ ਹੀ 'ਕਾਮਾ' ਸੰਗੀਤਕਾਰ ਸੀ। ਉਹ ਆਪਣੇ ਸਾਜ਼ਾਂ ਦੀ ਭੱਠੀ ਹੇਠਾਂ ਕੋਲੇ ਮਘਾਉਣ ਲਈ ਸੁਰਾਂ ਦੀਆਂ ਫੂਕਾਂ ਮਾਰਦਾ। ਲੰਬੀ ਜਿਹੀ ਤੇ ਤੜਪਣੀ ਲੈ ਰਹੀ ਕੋਈ ਹੂਕ ਉੱਠਦੀ। ਅਚਾਨਕ ਹੀ ਉਹ ਜਿਵੇਂ ਕੋਈ ਕੂਕ ਮਾਰਨ ਵਰਗਾ ਅਲਾਪ ਲੈਂਦਾ... ਜਿਵੇਂ ਦੂਰ ਜੰਗਲ ਵਿੱਚ ਕਿਸੇ ਰਿਸ਼ੀ ਨੇ ਸੰਖ ਵਜਾਇਆ ਹੋਵੇ ਤੇ ਉਸ ਸੰਖ ਦੀ ਸੁਰ ਨੇ ਦਰੱਖਤਾਂ ਦੇ ਪੱਤੇ ਵੀ ਛੇੜ ਦਿੱਤੇ ਹੋਣ! ਜਾਪਦਾ ਕਿ ਜਿਵੇਂ ਸੁਰਾਂ ਆਪੋ ਵਿੱਚ ਛੇੜਖਾਨੀਆਂ ਕਰਨ ਲੱਗੀਆ ਨੇਂ। ਅਵੱਲੜੀ ਸੁਰੀਲੀ ਭੱਠੀ ਮਘ ਉਠਦੀ। ਉਹ ਸ੍ਰੋਤਿਆਂ ਦੀ ਉਂਗਲੀ ਪਕੜ ਕੇ ਕਿਸੇ ਵਿਲੱਖਣ ਸੰਗੀਤ ਸੰਸਾਰ ਵੱਲ ਲੈ ਤੁਰਦਾ। ਵਿਛੜੇ ਸੱਜਣਾਂ ਦੀਆਂ ਯਾਦਾਂ ਹਾਵੀ ਹੋ ਉਠਦੀਆਂ:-
                              ਯਾਦਾਂ ਵਿਛੜੇ ਸੱਜਣ ਦੀਆਂ ਆਈਆਂ
                               ਤੇ ਅੱਖੀਆਂ 'ਚੋਂ ਮੀਂਹ ਵੱਸਦਾ...
ਵਾਰਿਸ ਸ਼ਾਹ ਭਵਨ ਦੇ ਬਾਹਰ ਹਰੇ-ਭਰੇ ਰੁੱਖਾਂ ਵਿੱਚੋਂ ਚਿੜੀਆਂ ਤੇ ਹੋਰ ਪੰਛੀਆਂ ਨੇ ਚਹਿਕਾ-ਚਹਿਕੀ ਸ਼ੁਰੂ ਕਰ ਦਿੱਤੀ ਸੀ, ਜਦ ਨੂੰ ਬਾਬੇ ਨੁਸਰਤ ਸਾਹਿਬ ਬਾਰੇ ਲੇਖ ਮੁਕੰਮਲ ਹੋ ਗਿਆ ਤੇ ਮੈਂ ਠੰਡੀ ਸਵੇਰ ਦੀ ਮੌਜ ਮਾਨਣ ਲਈ ਕਮਰੇ ਵਿੱਚੋਂ ਬਾਹਰ ਨਿਕਲ ਆਇਆ।---94174-21700

13 Feb. 2018