Ninder Ghugianvi

ਅੱਖੀਆਂ 'ਚੋਂ ਮੀਂਹ ਵੱਸਦਾ... -  ਨਿੰਦਰ ਘੁਗਿਆਣਵੀ

ਇਹ ਗੱਲ ਨਵੰਬਰ ਮਹੀਨਾ, 2007 ਦੀ ਹੈ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰਕਾਸ਼ਿਤ 'ਬਾਲ ਵਿਸ਼ਵ ਕੋਸ਼' (ਚਾਰ ਜਿਲਦਾਂ) ਵਿਚ ਲਿਖਣ ਲਈ ਮੈਨੂੰ ਚਾਰ ਇੰਦਰਾਜ (ਐਂਟਰੀਜ਼) ਅਲਾਟ ਕੀਤੀਆਂ ਗਈਆਂ। ਆਪਣੀ ਅਮਰ ਆਵਾਜ਼ ਦਾ ਜਾਦੂ ਬਖੇਰ ਕੇ ਤੇ ਨਿਆਣੀ ਉਮਰੇ ਸੰਸਾਰ ਛੱਡ ਗਏ ਗਏ ਮਾਸਟਰ ਮਦਨ ਬਾਰੇ ਬੜਾ ਔਖਾ ਹੋ ਕੇ ਸਮੱਗਰੀ ਲੱਭੀ ਤੇ ਐਂਟਰੀ ਲਿਖੀ।
ਮਦਨ ਤੋਂ ਇਲਾਵਾ ਤਿੰਨ ਹੋਰ ਮਹਾਨ ਹਸਤੀਆਂ ਸਨ, ਲਤਾ ਮੰਗੇਸ਼ਕਰ, ਸ਼ਹਿਨਾਈ ਦੇ ਬਾਬਾ ਬੋਹੜ ਉਸਤਾਦ ਬਿਸਮਿੱਲਾ ਖਾਂ ਤੇ ਨੁਸਰਤ ਫਤਹਿ ਅਲੀ ਖਾਂ ਸਾਹਬ। ਬਿਸਮਿੱਲਾ ਖਾਂ ਤੇ ਲਤਾ ਜੀ ਵਾਲਾ ਕੰਮ ਨਿਪਟਾਉਣ ਬਾਅਦ ਨੁਸਰਤ ਸਾਹਿਬ ਵਾਲਾ ਕੰਮ ਅੱਗੇ-ਅੱਗੇ ਪਾਈ ਜਾ ਰਿਹਾ ਸਾਂ, ਪਤਾ ਨਹੀਂ ਕਿਉਂ? ਯੂਨੀਵਰਸਿਟੀ ਵੱਲੋਂ ਵਾਰ-ਵਾਰ ਰੀਮਾਈਂਡਰ ਆ ਰਹੇ ਸਨ ਕਿ ਦੇਰੀ ਕਿਉਂ ਹੋ ਰਹੀ ਹੈ? ਮੈਂ ਜਦ ਵੀ ਉਨ੍ਹਾਂ ਬਾਬਤ ਲਿਖਣ ਬੈਠਦਾ ਤਾਂ ਕਲਮ ਅੱਗੇ ਤੁਰਦੀ ਹੀ ਨਾ। ਸ਼ਬਦ ਦੌੜ ਜਾਂਦੇ। ਸ਼ਬਦ ਰੁੱਸ ਕੇ ਜਿਵੇਂ ਮੂੰਹ ਮੋਟਾ ਕਰ ਗਏ ਹੋਣ! ਗੱਲ ਬਹੁੜਨੋਂ ਹਟਣ ਵਾਲੀ ਹੋਈ ਪਈ ਸੀ। ਪਤਾ ਨਹੀਂ ਕੀ ਹੋਇਆ ਸੀ! ਆਖ਼ਿਰ ਨੁਸਰਤ ਸਾਹਿਬ ਨੂੰ ਸੁਣਨਾ ਸ਼ੁਰੂ ਕੀਤਾ ਤੇ ਸੁਣਦਾ ਹੀ ਰਹਿਣ ਲੱਗਿਆ।
ਇਕ ਸਮਾਂ ਅਜਿਹਾ ਸੀ (1997-98-99 ਦੇ ਸਾਲ ਸਨ) ਜਦੋਂ ਸੂਫ਼ੀ ਕਲਾਮ ਦੇ ਮਹਾਨ ਗਵੱਈਏ ਉਸਤਾਦ ਪੂਰਨ ਸ਼ਾਹਕੋਟੀ ਤੇ ਉਸਦੇ ਪੁੱਤਰ ਸਲੀਮ ਦੇ ਬਹੁਤ ਕਰੀਬ ਹੋ ਚੁੱਕਾ ਹੋਇਆ ਸਾਂ। ਸਬੱਬ ਹੀ ਸੀ ਪੂਰਨ ਸ਼ਾਹਕੋਟੀ ਦੇ ਜੀਵਨ ਤੇ ਕਲਾ ਬਾਰੇ ਕਿਤਾਬ 'ਕੁੱਲੀ ਵਾਲਾ ਫ਼ਕੀਰ' ਲਿਖਣ ਦਾ। ਉਦੋਂ ਹੰਸ ਰਾਜ ਹੰਸ ਨਾਲ ਵੀ ਮੇਲ-ਮੁਲਾਕਾਤਾਂ ਰੋਜ਼ਾਨਾ ਵਾਂਗ ਹੁੰਦੀਆਂ ਤੇ ਇਨ੍ਹਾਂ ਦੋਵਾਂ ਪਰਿਵਾਰਾਂ ਵਿੱਚ ਸਾਰਾ ਦਿਨ 'ਨੁਸਰਤ ਸਾਹਬ-ਨੁਸਰਤ ਸਾਹਬ' ਹੁੰਦੀ ਰਹਿੰਦੀ। ਨੁਸਰਤ ਸਾਹਬ ਦੀ ਆਵਾਜ਼ ਬੇਰੋਕ ਗੂੰਜਦੀ, ਇਨਾ੍ਹਂ ਦੇ ਘਰਾਂ ਵਿੱਚ ਵੀ ਤੇ ਇਨ੍ਹਾਂ ਦੀਆਂ ਗੱਡੀਆਂ ਵਿੱਚ ਵੀ। ਇਹ ਲੋਕ ਰੋਟੀ ਖਾਂਦੇ, ਤੁਰਦੇ ਫਿਰਦੇ, ਨਹਾਉਂਦੇ-ਧੋਂਦੇ ਵੀ 'ਨੁਸਰਤ-ਨੁਸਰਤ' ਹੀ ਕਰੀ ਜਾਂਦੇ। ਮੈਨੂੰ ਜਾਪਿਆ ਕਿ ਜਿਵੇਂ ਨੁਸਰਤ ਇਹਨਾਂ ਸਭਨਾਂ ਨੂੰ ਭੂਤ ਬਣ ਕੇ ਚੁੰਬੜ ਗਿਆ ਹੈ। ਪਰ ਇਹ ਉਸਦੇ ਸੰਗੀਤ ਦਾ ਜਾਦੂ ਹੀ ਸੀ, ਜੋ ਇਹਨਾਂ ਸਭਨਾਂ ਉਤੇ ਹਾਵੀ ਹੋਇਆ ਪਿਆ ਸੀ। ਇਹ ਪਤਾ ਲਗਿਆ ਕਿ ਜਦ ਨੁਸਰਤ ਸਾਹਬ ਫੌਤ ਹੋਏ ਤਾਂ ਇਹਨਾਂ ਦੇ ਘਰਾਂ ਵਿੱਚ ਡਾਹਢਾ ਸੋਗ ਪੈ ਗਿਆ ਸੀ। ਇਹ ਸਾਰੇ ਕਈ ਦਿਨ ਨੁਸਰਤ ਸਾਹਬ ਨੂੰ ਸੁਣ-ਸੁਣ ਰੋਂਦੇ ਰਹੇ ਸਨ। ਏਨਾ ਪਿਆਰ ਕਰਦੇ ਸਨ ਉਨ੍ਹਾਂ ਨੂੰ ਏਹ!
"""
ਪਟਿਆਲੇ ਸਾਂ, ਯੂਨੀਵਰਸਿਟੀ ਦੇ ਵਾਰਿਸ ਸ਼ਾਹ ਭਵਨ। ਪੱਕੀ ਧਾਰ ਰੱਖੀ ਸੀ ਕਿ ਨੁਸਰਤ ਸਾਹਬ ਵਾਲੀ ਐਂਟਰੀ ਲਿਖ ਕੇ ਫਿਰ ਹੀ ਇਹ ਕਮਰਾ ਛੱਡਣਾ ਹੈ। ਆਪਣੇ ਲੈਪ-ਟਾਪ ਵਿਚੋਂ ਇੱਕ ਵੀਡੀਓ ਹੱਥ ਲੱਗੀ ਉਸਤਾਦ ਨੁਸਰਤ ਫਤਹਿ ਅਲੀ ਖਾਂ ਦੀ। ਇਹ ਵੀਡੀਓ ਕੁੱਲ ਪੌਣੇਂ ਛੇ ਮਿੰਟ ਦੀ ਹੈ, ਜਿਹਦੇ ਵਿੱਚੋਂ ਢਾਈ ਮਿੰਟ ਦੀ ਵੀਡੀਓ ਇਸ ਤਰਾ੍ਹਂ ਹੈ ਕਿ (ਨੁਸਰਤ ਸਾਹਿਬ ਆਪਣੇ ਘਰ ਬੈਠੇ ਹੋਏ ਹਨ। ਉਹਨਾਂ ਦੇ ਆਸ-ਪਾਸ ਕੁਝ ਵਿਅਕਤੀ ਤੇ ਸਾਜਿੰਦੇ ਵੀ ਬੈਠੇ ਹਨ। ਉਹਨਾਂ ਦੇ ਗੋਦ ਵਿੱਚ ਇੱਕ ਬਾਲੜੀ ਹੈ। ਨੁਸਰਤ ਸਾਹਿਬ ਕਿਸੇ ਨਾਲ ਗੱਲ ਕਰ ਰਹੇ ਹਨ ਲੈਂਡ-ਲਾਈਨ ਫ਼ੋਨ ਉਤੇ। ਏਨੀ ਕੁ ਸਮਝ ਆਉਂਦੀ ਹੈ,ਉਹ ਬੋਲਦੇ ਹਨ-''ਏਸ ਵਾਰਾਂ ਮੁਲਾਕਾਤ ਨਹੀਂ ਹੋ ਸਕੀ...।" ਉਹ ਕੁਝ ਹੋਰ ਗੱਲ ਕਰਦੇ ਹਨ ਸੰਖੇਪ ਵਿੱਚ, (ਜੋ ਸਮਝ ਨਹੀਂ ਆਉਂਦੀ) ਤੇ ਫੇਰ ਕੋਈ ਉਹਨਾਂ ਤੋਂ ਫ਼ੋਨ ਦਾ ਚੋਗਾ ਫੜ੍ਹ ਕੇ ਹੇਠਾਂ ਰੱਖਣ ਵਿੱਚ ਉਨਾਂ ਦੀ ਸਹਾਇਤਾ ਕਰਦਾ ਹੈ। ਲਾਲ ਕਪੜਿਆਂ ਵਾਲੀ ਬੱਚੀ ਨੂੰ ਕੁੱਛੜ ਚੁੱਕੀ ਨੁਸਰਤ ਸਾਹਿਬ ਨਿਹਾਰਦੇ ਹਨ ਤੇ ਉਹਦੇ ਨਾਲ ਲਾਡ ਵਿੱਚ ਗੱਲ ਕਰਦੇ ਹਨ-''ਹੈਂ...ਜਾਣਾ ਨਹੀਂ ਹੈ ਤੂੰ...ਹੈਂ? ਨਹੀਂ ਜਾਣਾ ਤੂੰ?" ਹੁਣ ਸਾਜ਼ ਵੱਜਣ ਲੱਗੇ ਹਨ। ਤਬਲਾ, ਢੋਲਕ ਤੇ ਵਾਜਾ। ਨੁਸਰਤ ਸਾਹਿਬ ਦੇ ਨਾਲ ਉਹਨਾਂ ਦਾ ਭਰਾ ਤੇ ਭਤੀਜਾ ਰਾਹਤ ਫ਼ਤਹਿ ਅਲੀ ਖ਼ਾਨ ਵੀ ਬੈਠੇ ਹੋਏ ਹਨ। ਭਤੀਜੇ ਦੇ ਹੱਥਾਂ ਵਿੱਚ ਸੁਰ-ਮੰਡਲ ਹੈ। ਸਭ ਜਣੇ ਮਿਲ ਕੇ ਰਿਆਜ਼ ਕਰਨ ਲੱਗੇ ਹਨ। ਏਨੇ ਨੂੰ ਕੋਈ ਜਣਾ, ਦੋ ਕੁ ਸਾਲਾਂ ਦੇ ਇੱਕ ਬਾਲਕ ਨੂੰ ਲਿਆਣ ਕੇ ਨੁਸਰਤ ਸਾਹਿਬ ਦੇ ਭਰਾ ਦੀ ਗੋਦ ਵਿੱਚ ਬਹਾ ਦਿੰਦਾ ਹੈ। ਭਾਈ ਸਾਹਿਬ ਬਾਲ ਦੇ ਮੂੰਹ ਵਿੱਚੋਂ ਬੁੱਬ੍ਹੀ (ਦੁੱਧ ਚੁੰਗਣ ਵਾਲੀ ਨਿੱਪਲ) ਕੱਢਦੇ ਹਨ।ਉਸਤਾਦ ਜੀ ਅਤੇ ਉਹਨਾਂ ਦੇ ਸਾਥੀ ਤਾਨਾਂ ਮਾਰ ਰਹੇ ਹਨ,ਅਲਾਪ ਲੈ ਰਹੇ ਹਨ,ਉਹ ਦੋ ਢਾਈ ਸਾਲਾ ਬਾਲਕ ਵੀ ਅਲਾਪ ਲੈਣ ਲੱਗਿਆ ਹੈ। ਉਸਤਾਦ ਜੀ ਦੇ ਭਰਾ ਦੀ ਗੋਦੀ ਵਿੱਚ ਬੈਠਾ ਬਾਲਕ ਮੁਸਕ੍ਰਾਂਦਾ ਹੈ,ਆਪਣੇ ਵਡੇਰਿਆਂ ਵੱਲ ਦੇਖ-ਦੇਖ ਕੇ ਅਲਾਪ ਲੈ ਰਿਹੈ।ਉਸਤਾਦ ਜੀ ਦਾ ਭਰਾ ਵੀ ਹੱਥ ਦੇ ਇਸ਼ਾਰੇ ਨਾਲ ਬਾਲ ਨੂੰ ਫੀਲਿੰਗ ਦੇ ਰਿਹਾ ਹੈ ਅਲਾਪ ਲੈਣ ਲਈ,ਅਲਾਪ ਲੈਂਦਾ ਬਾਲ ਪੂਰਾ ਮਸਤ ਗਿਆ ਹੈ। ਫਿਰ ਉਸ ਬਾਲ ਨੂੰ ਉਸਤਾਦ ਨੁਸਰਤ ਸਾਹਿਬ ਚੁੱਕ ਲੈਂਦੇ ਨੇ, ਆਪ ਅਲਾਪ ਲਾਉਂਦੇ ਹਨ ਤੇ ਉਸਨੂੰ ਅਲਾਪ ਲਾਉਣ ਲਈ ਹੱਥ ਹਿਲਾ-ਹਿਲਾ ਕੇ ਆਪਣੀ ਫੀਲਿੰਗ ਦਿੰਦੇ ਹਨ,ਬਾਲ ਅਲਾਪ ਲੈਂਦਾ ਹੈ,ਕਿਲਕਾਰੀ ਮਾਰਦਾ ਹੈ,ਅਜਬ ਸੰਗੀਤਕ ਨਜ਼ਾਰਾ ਤੇ ਬੜਾ ਪਿਆਰਾ ਦੇਖਦਾ-ਦੇਖਦਾ ਮੈਂ ਦੇਰ ਰਾਤ ਸੁੱਤਾ ਸਾਂ। ਮੈਂ ਹੌਲਾ ਫੁੱਲ ਹੋ ਗਿਆ ਸਾਂ।
""'
(ਚਲਦਾ)

30 Jan 2018

ਪੈੜਾਂ ਦੇ ਨਿਸ਼ਾਨ - ਨਿੰਦਰ ਘੁਗਿਆਣਵੀ

ਇਸ ਲੇਖ ਨੂੰ ਪੜ੍ਹਨ ਤੋਂ ਪਹਿਲਾਂ। ਪਾਠਲਕ ਇਹ ਸੋਚਣ ਕਿ ਜਿਵੇਂ ਲੇਖਕਕ ਸੋਚ ਰਿਹਾ ਹੈ, ਤਿਵੇਂ ਪਾਠਕ ਸੋਚਕ ਰਹੇ ਹੋਣਗੇ? ਮੈਨੂੰ ਲਗਦਾ ਨਹੀਂ ਪਰ ਮੈਂ ਇਹ ਰਚਨਾ ਅਜ ਤੋਂ ਲਗਭਗ ਪੰਦਰਾ ਸਾਲ ਪਹਿਲਾਂ ਕੀਤੀ ਸੀ।
                         """"""""""""

ਸਵੇਰ ਹੋਣ 'ਤੇ ਗੁਰਦੁਆਰੇ ਦਾ ਭਾਈ ਸਪੀਕਰ ਵਿੱਚ ਦੀ ਬੋਲ ਕੇ, ਸੁੱਤੇ ਲੋਕਾਂ ਨੂੰ ਜਗਾਉਂਦਾ ਹੈ, ਪਰ ਉਸ ਦੇ ਕਹੇ ਮੈਂ ਕਦੇ ਨਹੀਂ ਜਾਗਿਆ,
ਭਾਈ ਦੇ ਬੋਲ ਹਟਣ ਪਿੱਛੋਂ ਇੱਕ ਚਿੜੀ ਮੇਰੇ ਸਿਰਹਾਂਦੀ ਚੀਂ-ਚੀਂ ਕਰਨਾ ਸ਼ੁਰੂ ਕਰ ਦਿੰਦੀ ਹੈ, ਜਿਵੇਂ ਆਖਦੀ ਪਈ ਹੋਵੇ, ਉੱਠ ਵੀਰਾ ਵੇ, ਉੱਠ...ਦਿਨ ਚਿੱਟਾ ਚੜ੍ਹਨ ਵਾਲਾ ਏ... ਤੇ ਤੂੰ ਮੰਜਾ ਹਾਲੇ ਨਹੀਂ ਛੱਡਿਆ,
ਚਿੜੀ ਦੇ ਆਖਣ 'ਤੇ ਮੈਂ ਝੱਟ ਉੱਠ ਪੈਂਦਾ ਹਾਂ ਤੇ ਮੂੰਹ-ਹੱਥ ਧੋ, ਚਾਹ ਪੀ, ਸਿਰ ਉੱਤੇ ਪਟਕਾ ਬੰਨ੍ਹ ਤੇ ਬੂਟ ਪਾ ਕੇ ਘਰੋਂ ਨਿਕਲ ਪਿੰਡ ਚੇ ਚੜ੍ਹਦੇ ਵੱਲ ਨੂੰ ਪੁਰਾਣਾ ਜੰਗਲ ਹੈ, ਉਸ ਨੂੰ ਲੰਮਾ ਤੇ ਰੇਤਲਾ ਪਹਾ ਜਾਂਦਾ ਹੈ, ਚੌੜੇ ਪਹੇ ਦੇ ਆਸ-ਪਾਸ ਟਿੱਬੇ ਹਨ, ਪਹਾੜੀ ਕਿੱਕਰਾਂ ਹਨ, ਸਰ-ਕਾਂਹੀ, ਅੱਕ ਤੇ ਹੋਰ ਝਾੜ-ਬੂਟ ਹਨ, ਖੁੰਡਾਂ ਦੇ ਮਘੋਰੇ ਹਨ, ਪਹੇ ਦੀ ਰੇਤ ਮੀਂਹ ਪੈਣ 'ਤੇ ਥੋੜ੍ਹੇ ਦਿਨਾਂ ਲਈ ਪਰ ਫੇਰ ਉਠ ਖਲੋਂਦੀ ਹੈ, ਇਸ ਰਾਤ ਉੱਤੇ ਸਿਵਾਏ ਖੇਤਾਂ ਵਾਲਿਆਂ ਤੋਂ ਕੋਈ ਨਹੀਂ ਆਉਂਦਾ-ਜਾਂਦਾ,
ਸਵੇਰ ਨੂੰ ਨੀਵੀਂ ਪਾਈ ਪਹੇ 'ਤੇ ਤੁਰਦਾ ਜਾਂਦਾ ਹਾਂ, ਆਸੇ-ਪਾਸੇ ਦਰਖ਼ਤਾਂ ਵਿੱਚੋਂ ਕੋਈ-ਕੋਈ ਪੰਛੀ ਬੋਲਦਾ ਸੁਣਾਈ ਦਿੰਦਾ ਨਵੇਂ ਨਾਮ ਸਿਮਰ ਰਿਹਾ ਹੋਵੇ, ਰੇਤ ਉਪਰ ਨਿੱਕੀਆਂ ਪੈੜਾਂ, ਨਿਸ਼ਾਨ ਤੇ ਚਿੱਤਰ ਜਿਹੇ ਵਾਹੇ ਹੋਏ ਦਿਖਾਈ ਦਿੰਦੇ ਹਨ, ਜਿਵੇਂ ਨਿੱਕੇ ਪੈਰਾਂ ਵਾਲੇ ਨਿਆਣੇ ਡਕੇ ਫੜਕੇ ਰੇਤ ਉੱਤੇ ਮੂਰਤਾਂ ਬਣਾ-ਬਣਾ ਖੇਡਦੇ ਰਹੇ ਹੋਣ! ਸੱਪਾਂ ਦੀਆਂ ਲੀਹਾਂ ਤਾਂ ਏਨੀਆਂ ਜ਼ਿਆਦਾ ਹੁੰਦੀਆਂ ਹਨ ਕਿ ਮੈਥੋਂ ਗਿਣੀਆਂ ਹੀ ਨਹੀਂ ਜਾਂਦੀਆਂ... ਸਾਰਾ ਪਹਾ ਸੱਪਾਂ ਦੀਆਂ ਲੀਹਾਂ ਨਾਲ ਭਰਿਆ ਪਿਆ ਹੁੰਦਾ ਹੈ... ਲੰਮੀਆਂ ਤੇ ਮੋਟੀਆਂ ਡਾਗਾਂ ਵਰਗੀਆਂ ਲੀਹਾਂ...
ਪਤਲੀਆਂ ਪੈੜਾਂ ਤੇ ਸੁੰਦਰ ਨਿਸ਼ਾਨ ਅਨੇਕਾਂ ਜੀਵਨ-ਜੰਤੂਆਂ ਦੇ ਹਨ, ਜੋ ਸਾਰਾ ਦਿਨ ਝਾੜਾਂ-ਬੂਟਿਆ ਤੇ ਖੁੰਡਾਂ-ਖੁਰਲਿਆਂ ਵਿੱਚ ਤੜੇ ਰਹਿੰਦੇ ਹਨ, ਧਰਤੀ ਗਰਮਾਇਸ਼ ਛੱਡਦੀ ਹੈ, ਆਥਣ ਪੈਂਦੀ ਸਾਰ ਹੀ ਖੇਤਾਂ ਦੇ ਰਖਵਾਲੇ ਰੋਟੀ-ਟੁੱਕਰ ਖਾਣ ਆਪਣੇ ਖੇਤਾਂ ਵਿੱਚੋਂ ਚਲੇ ਜਾਂਦੇ ਹਨ, ਪਰ ਪਹਾ ਸੁੰਨਾ ਤੇ ਠੰਡਾ ਹੋ ਜਾਂਦਾ ਹੈ, ਰਾਤ ਹੋਣ 'ਤੇ ਜਦ ਲੋਕ ਟਿਕ ਜਾਂਦੇ ਹਨ ਤਾਂ ਇਹ ਸਬ ਜੀਵ-ਜੰਤੂ, ਝਾੜਾਂ-ਬੂਟਿਆਂ ਤੇ ਖੁੱਡਾਂ ਵਿੱਚੋਂ ਬਾਹਰ ਨਿਕਲ ਆਉਂਦੇ ਹਨ ਤੇ ਹੌਲੀ-ਹੌਲੀ, ਆਲਾ-ਦੁਆਲਾ ਤਾੜਦੇ ਹੋਏ, ਇੱਕ ਦੂਸਰੇ ਨੂੰ ਵਾਜਾਂ ਮਾਰਦੇ ਹਨ, ਆਜੋ... ... ਖੇਲ੍ਹੀਏ... ਗੱਲਾਂ ਕਰੀਏ... ਹੱਸੀਏ ਤੇ ਗਾਈਏ,
ਕਿਰਲੇ, ਨਿਊਲੇ, ਗੋਹਾਂ, ਸੱਪ, ਸੱਪਣੀਆਂ, ਕਿਰਲੀਆਂ, ਦੋਮੂੰਹੀਆਂ, ਕਾਟੋਆਂ, ਟਿੱਡੇ ਤੇ ਹੋਰ ਕਈ ਕੁਝ ਪਹੇ ਉਪਰ ਆ ਲਿਟਣ ਲਗਦੇ ਹਨ, ਅਠਖੇਲੀਆਂ ਕਰਦੇ ਹਨ, ਆਪਣੇ ਪਿੰਡੇ ਠੰਡੀ ਰੇਤ ਉਪਰ ਘਿਸਾਉਂਦੇ ਹਨ... ਉਨ੍ਹਾਂ ਦੇ ਇਕੱਠੇ ਹੋ ਕੇ ਖੇਡਣ-ਮੱਲਣ ਸਮੇਂ ਪਹੇ ਉਤੋਂ ਵੰਨ-ਸੁਵੰਨੀਆਂ ਆਵਾਜ਼ਾਂ ਆਉਣ ਲਗਦੀਆਂ ਹਨ ਤਾਂ ਨੇੜੇ-ਤੇੜੇ ਆਪਣੇ ਆਂਡਿਆਂ ਉਤੇ ਬੈਠੀ ਟਟਹਿਰੀ ਟੀਰੂ-ਰੂੰ-ਟੀਰੂ-ਰੂੰ ਕਰਦੀ ਕੁਰਲਾਹਟ ਮਚਾਉਣ ਲੱਗ ਪੈਂਦੀ ਹੈ, ਜਦ ਉਹ ਫਰ-ਫਰ ਖੰਭ ਫੜਕਾਉਂਦੀ ਪਹੇ ਉਤੋਂ ਦੀ ਉਡਾਰੀਆਂ ਲਾਉਣ ਲਗਦੀ ਹੈ ਤਾਂ ਇਹ ਚੁੱਪ ਹੋ ਜਾਂਦੇ ਹਨ, ਜੰਗਲ ਵਿੱਚੋਂ ਗਿੱਦੜਾਂ ਦੇ ਹੁਆਂਕਣ ਦੀਆਂ ਆਵਾਜ਼ਾਂ ਆਉਂਦੀਆਂ ਹਨ, ਇਹ ਖਾਮੋਸ਼ ਇੱਕ ਦੂਜੇ ਵੱਲ ਵੇਖਣ ਲਗਦੇ ਹਨ, ਫ਼ਸਲਾਂ ਨੂੰ ਪਾਣੀ ਲਾ ਰਿਹਾ ਕਿਸਾਨ ਆਪਣੇ ਗੁਆਂਢੀ ਨੂੰ ਚਾਹ ਪੀਣ ਲਈ ਸੱਦਦਾ ਹੈ, ਉੱਚੀ ਹਾਕ ਮਾਰਕੇ... ਇਹ ਸਹਿਮ ਜਾਂਦੇ ਹਨ,
ਜਦ ਚੰਨ ਆਪਣੇ ਟਹਿਕੇ ਵਿੱਚ ਆ ਜਾਂਦਾ ਹੈ ਤਾਂ ਇਨ੍ਹਾਂ ਦੀ ਰੌਣਕ ਹੋਰ ਵੀ ਵਧ ਜਾਂਦੀ ਹੈ,
ਅੱਧੀ ਰਾਤ ਹੋਣ 'ਤੇ ਆਸਮਾਨ ਤਰੇਲ ਸੁੱਟਣ ਲੱਗ ਪੈਂਦੀ ਹੈ, ਇਹ ਸਭ ਕੱਲ੍ਹ ਫੇਰ ਮਿਲਣ ਦਾ ਵਾਅਦਾ ਕਰਕੇ, ਆਪਣੇ ਸੁੱਕੇ ਪਿੰਡਿਆਂ ਨਾਲ, ਰੇਤ ਉੱਤੇ ਸੁਨੱਖੀਆਂ ਪੈੜਾਂ ਤੇ ਚਿਤਰ ਵਾਹੁੰਦੇ ਹੋਏ, ਖੁੱਡਾਂ ਤੇ ਝਾੜਾਂ ਵਿੱਚ ਵੜ ਜਾਂਦੇ ਹਨ,
ਸਾਰੇ ਰਾਹ ਮੈਂ ਪੈੜਾਂ, ਨਿਸ਼ਾਨ ਤੇ ਨਕਸ਼ੇ ਜਿਹੇ ਦੇਖਦਾ ਜੰਗਲ ਵੱਲ ਨੂੰ ਤੁਰਿਆ ਜਾਂਦਾ ਹਾਂ।

23 Jan 2018