Ninder Ghugianvi

ਡਾਇਰੀ ਦਾ ਪੰਨਾ : ਜ਼ਿੰਦਗੀ ਢੋਂਦੇ ਨਹੀਂ, ਜਿਊਣੇ ਆਂ... - ਨਿੰਦਰ ਘੁਗਿਆਣਵੀ

ਖਬਰ ਬਣਦੀ ਹੈ। ਛਪਦੀ ਹੈ ਤੇ ਪੜ੍ਹੀ ਜਾਂਦੀ ਹੈ। ਖਬਰ ਦੀ ਸਿਆਹੀ ਸੁੱਕ ਗਈ ਤਾਂ ਖਬਰ ਭੁੱਲ ਗਈ। ਸਭ ਕੁਛ ਆਮ ਵਾਂਗ ਹੋ ਗਿਆ ਪਰ ਸੁੰਨੀ ਕੋਠੀ ਦੁੱਖਾਂ ਮਾਰੇ ਕੱਲ-ਮੁਕੱਲੇ ਦਾਦੇ ਨੂੰ ਵੱਢ-ਵੱਢ ਖਾਂਦੀ ਹੈ। ਉਹ ਦਾਦਾ, ਜੋ ਪੋਤੇ ਦੀਆਂ ਗੋਲੀਆਂ ਦਾ ਸ਼ਿਕਾਰ ਹੋ ਕੇ ਜ਼ਖਮੀ ਤਾਂ ਹੋ ਗਿਆ ਪਰ ਹੁਣ ਜਿਉਂ ਕੇ ਵੀ ਮੋਇਆਂ ਤੋਂ ਵੱਧ ਹੈ! ''ਸੰਨੀ ਪੁੱਤ, ਤੈਂ ਏਹ ਕਾਰਾ ਕਿਉਂ ਕੀਤੈ...?" ਬਾਪੂ ਦੇ ਬੁੱਲ੍ਹ ਹਿਲਦੇ ਨੇ, ''ਨਾ ਮਾਂ ਛੱਡੀ, ਨਾ ਪਿਓ, ਨਾ ਦਾਦੀ, ਨਾ ਭੈਣ ਤੇ ਨਾ ਭੈਣ ਦੀ ਜਾਈ ਭਾਣਜੀ...ਤੇ ਨਾ ਆਪ ਰਿਹਾ...ਓ ਮੇਰੇ ਇੱਕ ਗੋਲੀ ਹੋਰ ਮਾਰ ਦਿੰਦਾ...ਮੈਂ ਜਿਉਂ ਕੇ ਕੀ ਕਰਨੈ...ਹਾਏ ਓ ਰੱਬਾ...ਸਾਰੇ ਈ ਮਾਰਤੇ...ਮੈਂ ਵੀ ਕਿਉਂ ਨਾ ਮਰ ਗਿਆ...?" ਬਾਪੂ  ਨੂੰ ਦੇਖ ਕੋਠੀ ਵਿਚ ਖਲੋਤੇ ਬੂਟੇ-ਵੇਲਾਂ ਵੀ ਆਪੋ ਵਿਚ ਸੋਗ ਸਾਂਝਾ ਕਰਦੇ ਨੇ, ''ਹੁਣ ਸਾਨੂੰ ਪਾਲਣਹਾਰੇ ਨਹੀਂ ਰਹੇ, ਅਸਾਂ ਰਹਿ ਕੇ ਕੀ ਕਰਨੈ ਏਸ ਮਨਹੂਸ ਕੋਠੀ ਵਿਚ।"
ਸੰਨੀ ਦੀ ਸੋਚ ਬਾਰੇ ਸੋਚਣ ਲਗਦਾ ਹਾਂ। ਉਹਦਾ ਮਨ ਪੜ੍ਹਨ ਦਾ ਯਤਨ ਕਰਦਾ ਹਾਂ। ਅਸਫ਼ਲ ਹਾਂ। ਜ਼ਮੀਨਾਂ, ਕੋਠੀਆਂ, ਕਾਰਾਂ ਤੇ ਹਥਿਆਰਾਂ ਵਾਲਿਆਂ ਨਾਲੋਂ ਤਾਂ ਇਹ 'ਜੋੜਾ' ਕਿੰਨਾ ਖੁਸ਼ਨਸੀਬ ਹੈ, ਜੋ ਮੈਨੂੰ  ਰੋਜ਼ ਵਾਂਗ ਰਾਹ ਵਿਚ ਮਿਲਦਾ ਹੈ। ਦੋਵਾਂ ਦੀ ਉਮਰ ਲਗਭਗ ਪੰਤਾਲੀ ਕੁ ਵਰ੍ਹੇ ਹੈ। ਪਤੀ ਸਿਧਰਾ ਹੈ। ਪਤਨੀ ਨੂੰ ਦਿਸਦਾ ਨਹੀਂ। ਪਤੀ ਦੀ ਬਾਂਹ ਫੜ ਕੇ ਤੁਰਦੀ ਹੈ। ਆਪਣੇ ਪਿੰਡ ਤੋਂ ਪੰਜ ਕਿਲੋਮਟਿਰ ਦੂਰ ਸਮੋਸਿਆਂ ਦੀ ਰੇਹੜੀ 'ਤੇ ਜਾ ਕੇ ਭਾਂਡੇ ਧੋਂਦੇ ਨੇ ਤੇ ਆਥਣੇ ਮਜ਼ਦੂਰੀ ਕਰ ਕੇ ਮੁੜਦੇ ਨੇ। ਸੜਕੇ ਸੜਕ ਤੁਰਦੇ ਜਾਂਦੇ ਨੇ, ਭਗਤਣੀ ਪਤੀ ਦੀ ਬਾਂਹ ਫੜ ਕੇ ਤੁਰਦੀ ਹੈ। ਮੋਬਈਲ ਫੋਨ ਵਿਚ ਭਰਵਾਏ ਚਮਕੀਲੇ ਦੇ ਗੀਤ ਸੁਣ ਕੇ ਮਨ ਬਹਲਾਂਦੇ ਨੇ। ਕਦੇ-ਕਦੇ ਹਸਦੇ ਵੀ ਨੇ। ਕਦੇ-ਕਦੇ ਮੈਂ ਆਪਣੀ ਸਕੂਟਰੀ ਪਿਛੇ ਬਿਠਾਲ ਲੈਂਦਾ ਹਾਂ ਦੋਵਾਂ ਨੂੰ। ਖੂਬ ਗੱਲਾਂ ਮਾਰਦੇ ਨੇ ਮੇਰੇ ਨਾਲ।
''ਜਦੋ ਘਰੋਂ ਆਉਂਦੇ ਓ,ਬੂਹਾ ਜਿੰਦਾ ਜੜ ਕੇ ਆਉਂਦੇ ਓ?" ਮੇਰੇ ਪੁੱਛਣ 'ਤੇ ਭਗਤਣੀ ਬੋਲੀ, ''ਵੇ ਬਾਈ, ਸਾਡੇ ਬੂਹਾ ਈ ਹੈਨੀ ਜੜਨਾ ਕੀ ਆ?" ਭਗਤ ਨੇ ਵੀ ਉਹਦੀ 'ਹਾਂ' ਵਿਚ 'ਹਾਂ' ਮਿਲਾਈ, ''ਸਾਡੇ ਗਰੀਬਾਂ ਕੋਲ ਕੀ ਐ, ਇਕੋ ਕਮਰਾ, ਕੀ ਲੈਜੂ ਕੋਈ, ਮੈਲੇ ਬਿਸਤਰੇ ਤੇ ਟੁੱਟੀਆਂ ਦੋ ਮੰਜੀਆਂ... ਕੀ ਕਿਸੇ ਨੇ ਫੂਕਣੀਆਂ ਆਂ ਬਾਈ?" ਭਗਤ ਨੇ ਆਖਿਆ ਤਾਂ ਭਗਤਣੀ ਖਿੜ-ਖਿੜ ਹੱਸੀ, ''ਵੇ ਵਾਹ ਵੇ ਮੇਹਰ ਮਿੱਤਲਾ...ਸੱਚੀ ਗੱਲ ਕੀਤੀ ਐ...।" ਮੈਂ ਉਦਾਸ ਹੋ ਗਿਆ ਹਾਂ। ਸਕੂਟਰੀ ਦੌੜੀ ਜਾ ਰਹੀ ਹੈ। ਮੇਰੇ ਮੂੰਹੋਂ ਨਿਕਲਿਆ, ''ਵਾਹ ਓ ਰੱਬਾ, ਕਾਹਦੀ ਜ਼ਿੰਦਗੀ ਆ...ਏਹਨਾਂ ਦੀ?"
''ਲੈ ਦੱਸ ਬਾਈ, ਸਾਡੀ ਜ਼ਿੰਦਗੀ ਨੂੰ ਕੀ ਸੱਪ ਲੜਿਆ, ਕੋਈ ਫਿਕਰ ਨੀ ਫਾਕਾ ਨੀ, ਨਾ ਕਿਸੇ ਦਾ ਲੈਣਾ, ਨਾ ਕਿਸੇ ਦਾ ਦੇਣਾ, ਮੌਜਾਂ ਕਰਦੇ ਆਂ ਅਸੀਂ ਤਾਂ...ਆਹਾ ਕਾਰਾਂ ਕੋਠੀਆਂ ਵਾਲਿਆਂ ਨਾਲੋਂ ਤਾਂ ਸੌ ਗੁਣੇ ਸੌਖੈ ਆਂ...ਸੁਖ ਦੀ ਨੀਂਦ ਸੌਨੇ ਤੇ ਉਠਦੇ ਆਂ।" ਭਗਤ ਬੋਲਿਆ ਤਾਂ ਭਗਤਣੀ ਨੇ ਹਮੇਸ਼ਾਂ ਵਾਂਗ ਉਹਦੀ ਸੁਰ ਨਾਲ ਸੁਰ ਮੇਚੀ,''ਬਾਈ, ਅਸੀਂ ਤਾਂ ਜ਼ਿੰਦਗੀ ਨੂੰ ਜਿਊਣੇ ਆਂ...ਲੋਕੀ ਜ਼ਿੰਦਗੀ ਢੋਂਦੇ ਆ।"
ਜੋੜੇ ਨੂੰ ਚੌਕ ਵਿਚ ਉਤਾਰ ਕੇ ਮੈਂ ਸਕੂਟਰੀ ਤੋਰ ਲਈ ਤੇ ਜ਼ਿੰਦਗੀ 'ਜਿਊਣ' ਤੇ 'ਢੋਣ' ਦੇ ਫਰਕ ਬਾਰੇ ਸੋਚਣ ਲੱਗਿਆ।
ninder_ghugianvi@yahoo.com

ਡਾਇਰੀ ਦਾ ਪੰਨਾ : ਨਦੀਆਂ ਤੇ ਪ੍ਰਬਤਾਂ ਦੇ ਅੰਗ-ਸੰਗ - ਨਿੰਦਰ ਘੁਗਿਆਣਵੀ

2005 ਦੀਆਂ ਗਰਮੀਆਂ। ਲੰਡਨ ਦਾ ਇਕ ਜੰਗਲ। ਇੱਕ ਨੁੱਕਰੇ ਨੀਰ ਵਹਾਉਂਦੀ ਦੇਖੀ  ਉਦਾਸੀ ਲੱਦੀ ਇੱਕ ਨਦੀ! ਜਦ ਉਸ ਨਿੱਕੀ ਨਦੀਓਂ ਨੀਰ ਵਿਛੜਨ ਲੱਗਿਆ ਤਾਂ ਆਥਣ ਵੀ ਉਦਾਸ ਹੋ ਗਈ। ਇਹ ਨਦੀ ਜਿੰਨੀਓ ਨਿੱਕੀ, ਓਨੀਓਂ ਤਿੱਖੀ! ਭਰ ਭਰ ਵਗਦੀ ਹੈ। ਡੁੱਲ੍ਹਦੀ ਹੈ। ਉਛਲਦੀ ਹੈ ਤੇ ਨਿੱਕੀਆਂ ਚੋਆਂ ਨੂੰ ਵਗਣਾ ਸਿਖਾਉਂਦੀ ਹੈ। ਕਦੇ ਕਦੇ ਸੋਗੀ ਨਗਮੇਂ ਗਾਉਂਦੀ ਹੈ। ਨੀਲੱਤਣ ਰੰਗਿਆ ਪਾਣੀ ਇਹਦਾ ਕਦੇ ਚਾਂਦੀ ਭਾਅ ਮਾਰਦਾ ਹੈ। ਨਦੀ ਨੇ ਨੰਗੀ ਹੋ ਨਾਚ ਨੱਚਣਾ ਚਾਹਿਐ ਅੱਜ। ਵੰਨ-ਸੁਵੰਨੜੇ ਤੇ ਰੰਗ ਰੰਗੀਲੜੇ ਗਾਉਂਦੇ ਤੇ ਚਹਿਚਾਉਂਦੇ ਪੰਛੀਆਂ ਦੀ ਇੱਕ ਲੰਬੀ ਉਡਾਰ ਇਹਦੀਆਂ ਲਹਿਰਾਂ ਤੇ ਝੱਗਾਂ ਉਤੋਂ ਦੀ ਉੱਡੀ ਹੈ। ਨਦੀ ਨੇ ਨਿਹੋਰਾ ਦਿੱਤੈ, ''ਨਿਰਮੋਹੇ ਪੰਛੀਓ, ਕੁਵੇਲੇ ਆਏ ਓ! ਕੀ ਨਗਮੇਂ ਗਾਓਗੇ ਨਿਖੱਟੁਓ! ਮੁੜ ਜਾਓ ਆਪਣੇ ਰੁੱਖਾਂ ਤੇ ਆਲਣਿਆਂ ਨੁੰ,ਜਿੱਥੋਂ ਭਰੀਆਂ ਉਡਾਰੀਆਂ ਵਿੱਤੋਂ ਬਾਹਰੀਆਂ! ਨਦੀ ਦੇ ਨੈਣ ਤ੍ਰਿਹਾਏ ਨੇ। ਬੱਦਲੀ ਦਾ ਕੋਈ ਟੁੱਟਿਆ ਟੋਟਾ ਲੱਭਦੀ ਹੈ।   ਨਾ ਡੁਬਦੇ ਸੂਰਜ ਦੀ ਲਾਲੀ ਹੈ। ਨਾ  ਬਦਲੀਆਂ ਦੀ ਆਹਟ ਹੈ। ਨਿਰੰਤਰ ਵਗਦੀ  ਰਹੀ ਕਰਮਾਂ ਮਾਰੀ ਪਰ ਸ਼ਾਂਤ ਹੁੰਦੀ ਜਾਂਦੀ ਨਦੀ ਨੂੰ ਥਕਾਵਟ ਹੈ। ਕਿਨਾਰਿਆਂ ਨੂੰ ਸਲਾਮ ਕਰਦੀ ਵਿਸ਼ਰਾਮ ਕਰਨ ਜਾ ਰਹੀ ਹੈ ਨਦੀ। ਕੈਸਾ ਹੈ ਵਹਿੰਦੀ ਨਦੀ ਦਾ ਵਿਯੋਗ!
                               """""""""'
2011, ਆਸਟਰੇਲੀਆ ਦਾ ਵਲਗੂਲਗਾ ਪਿੰਡ। ਨਿੱਘੀ ਦੁਪਹਿਰ ਹੈ। ਮੈਂ ਪਹਾੜੀਂ ਚੜ੍ਹਿਆ। ਕਾਲੇ ਭਾਰੀ ਪ੍ਰਬਤ ਉਤੇ ਕੈਮਰਾ ਗਲ ਪਾਈ ਫਿਰਦਾ ਸਾਂ। ਕੋਸੇ ਪਾਣੀ ਦੀ ਥਰਮਸ ਹੱਥ ਵਿਚ ਹੈ। ਪੱਥਰੀਲੀ ਇੱਕ ਤਰੇੜ 'ਚੋਂ ਹਰੀ ਕਰੂੰਬਲ ਨੇ ਹਾਕ ਮਾਰੀ ਤੇ ਬੋਲੀ, '' ਵੇ ਪਰਦੇਸੀਆ,ਦੇਖ ਮੇਰਾ ਜ਼ੇਰਾ, ਮੇਰੀ ਹਿੰਮਤ ਤੇ ਮੇਰੀ ਜੁਅੱਰਤ ਦੇਖ, ਫੁੱਟ ਆਈ ਆਂ ਕਾਲੇ ਤੇ ਖਾਰੇ ਪਰਬਤ ਦੀ ਹਿੱਕ ਵਿਚੋਂ ਦੀ...ਮਸਾਂ ਫੁੱਟੀ ਆਂ, ਆਪਣੀ ਬਲਬੂਤੇ ਅੱਗੇ ਵਧਾਂਗੀ, ਬਹਤ ਅੱਗੇ ਵਧਾਂਗੀ ਮੈਂ। ਮੈਂ ਜਾਣਦੀ ਆਂ, ਮੀਂਹ ਆਵਣਗੇ ਜ਼ੋਰੀਂ-ਸ਼ੋਰੀਂ,ਹਨੇਰ ਝੂੱਲਣਗੇ, ਤਪਦੀਆਂ ਧੁੱਪਾਂ ਤੇ ਅੰਨ੍ਹੀਆਂ ਧੁੰਦਾਂ ਪੈਣਗੀਆਂ ਪਰ ਮੈਂ ਵਧਾਂਗੀ, ਬਹੁਤ ਅੱਗੇ ਵਧਾਂਗੀ। ਸਾਰਾ ਪਰਬਤ ਮੇਰੀ ਹਰਿਆਵਾਲ ਨਾਲ ਲੱਦਿਆ ਹਰਿਆ-ਭਰਿਆ ਦਿਸੇਗਾ, ਤੂੰ ਮੇਰੀ ਫੋਟੂ ਖਿੱਚ੍ਹ ਲੈ...ਜਦੋਂ ਉਦਾਸ ਹੋਇਆ ਕਰੇਂ ਆਪਣੇ ਹੱਥੀਂ ਖਿੱਚ੍ਹੀ ਮੇਰੀ ਫੋਟੋ ਦੇਖ ਲਿਆ ਕਰੀਂ... ਢੇਰੀ ਨਾ ਢਾਹਵੀਂ ਕਦੇ ਵੀ, ਜਦੋਂ ਉਦਾਸੀ ਆਵੇ ਤਾਂ ਬੰਦਾਂ ਮਨੁੱਖਾਂ ਤੋਂ ਨਹੀਂ ਤਾਂ ਰੁੱਖਾਂ,ਵੇਲਾਂ,ਬੂਟਿਆਂ ਤੇ ਮੇਰੇ ਜਿਹੀਆਂ ਪੁੰਗਰਦੀਆਂ ਕਰੂੰਬਲਾਂ ਤੋਂ ਹੀ ਕੁਝ ਨਾ ਕੁਝ ਸਿੱਖ ਲਵੇ, ਏਨਾ ਈ ਬੜਾ ਹੈ। ਹਰੀ ਕਰੂੰਬਲ ਨੇ ਮੇਰਾ ਮਨ ਖੇੜੇ ਵਿਚ ਲੈ ਆਂਦਾ ਹੈ। ਫੋਟੋ ਖਿੱਚ੍ਹ ਮੈਂ ਅਗਾਂਹ ਤੋਰਿਆ, ਮੇਰਾ ਮਨ ਹਰਿਆ-ਭਰਿਆ ਤੇ ਭਰਿਆ ਭਰਿਆ ਹੈ। ਮੈਨੂੰ ਇਸ ਕਰੂੰਬਲ ਤੋਂ ਪ੍ਰੇਰਨਾ ਮਿਲੀ ਏ ਜੋ ਅਭੁੱਲ ਹੈ।
                                    """""""""
10 ਅਗਸਤ, 2019 ਦੀ ਆਥਣ ਕਮਾਲ ਹੈ। ਹੁਣ ਤੀਕ ਮੈਂ ਦੇਖਦਾ ਆਇਆ ਸਾਂ ਕਿ ਮੀਂਹ ਹਮੇਸ਼ਾ ਲਾਹੌਰ ਵਾਲੇ ਪਾਸਿਓਂ ਹੀ ਚੜ੍ਹਦਾ ਸੀ, ਚਮਕਦਾ ਸੀ। ਗਰਜਦਾ ਸੀ ਤੇ ਭਰ-ਭਰ ਬਰਸਦਾ ਸੀ। ਅੱਜ ਪੂਰਬੌਂ ਚੜ੍ਹਿਆ ਐ। ਪਹਿਲੀ ਵਾਰ ਦੇਖਿਆ। ਜਦ ਲਾਹੌਰੌਂ ਲਿਸ਼ਕਣਾ ਤਾਂ ਦਾਦੇ ਨੇ ਆਖਣਾ, ''ਭਾਈ, ਸਾਂਭ ਲਓ ਭਾਂਡੇ-ਟੀਂਡੇ ਏਹ ਨਾ ਸੁੱਕਾ ਨੀ ਜਾਂਦਾ...।" ਅੱਜ ਆਥਣੇ ਲਾਹੌਰੋ ਖੁਸ਼ਕੀ ਭਰੀ ਹਵਾ ਆਈ ਹੈ। ਸ਼ਾਇਦ ਹਵਾ ਨੇ ਵਗਣ ਤੋਂ ਪਹਿਲਾਂ ਜੰਮੂ ਕਸ਼ਮੀਰ ਵਾਲੇ  ਪਾਸਿਓਂ ਕਿਸੇ ਨੂੰ ਕੁਝ 'ਪੁੱਛ' ਲਿਆ ਹੋਵੇ!

ਡਾਇਰੀ ਦੇ ਪੰਨੇ : ਜੰਮੂ ਜਾਂਦਿਆਂ-(2) - ਨਿੰਦਰ ਘੁਗਿਆਣਵੀ

ਕੂਕਾਂ ਮਾਰਦੀ-ਮਾਰਦੀ ਰੇਲ ਕਾਫੀ ਪਿਛਾਂਹ ਖੜੋ ਗਈ ਸੀ। ਨੇੜਲੀ ਇੱਕ ਬੁੱਕ ਸਟਾਲ ਵਾਲੇ ਨੂੰ ਪੁਛਦਾ ਹਾਂ, ''ਪੰਜਾਬੀ ਦਾ ਅਖਬਾਰ ਕਿਹੜਾ ਤੁਹਾਡੇ ਕੋਲ...?"
ਖੁਸ਼ਕੀ ਨਾਲ ਜੁਆਬ ਮਿਲਦਾ ਹੈ,''ਕੋਈ ਨਹੀਂ...।" ਜੁਆਬ ਸੁਣ ਪੁਛੇ ਬਿਨਾਂ ਨਹੀਂ ਰਿਹਾ ਗਿਆ, ''ਕਿਉਂ...?"
ਫਿਰ ਖੁਸ਼ਕੀ ਭਰਿਆ ਜੁਆਬ ਹੈ, ''ਜਦ ਵਿਕਦਾ ਈ ਨਈ ਤੇ ਕਾਹਦੇ ਲਈ ਰੱਖਣਾਂ ਵਾਂ...?" ਬੇਹੱਦ ਨਿਰਾਸ਼ ਕਰਨ ਵਾਲਾ ਜੁਆਬ ਹੈ। ਆਪਣੇ ਆਪ ਨੂੰ ਪੁੱਛਦਾ ਹਾਂ ਕਿ ਕੀ ਪਠਾਨਕੋਟ ਵਿਚ ਪੰਜਾਬੀ ਨਹੀਂ ਵਸਦੇ। ਏਨਾ ਕੁ ਤਾਂ ਪਹਿਲਾਂ ਪਤਾ ਹੈ ਕਿ ਏਧਰਲੇ  ਇਲਾਕੇ ਵਿਚ ਹਿੰਦੀ ਦਾ ਅਸਰ ਪੰਜਾਬੀ ਨਾਲੋਂ ਵਧੇਰੇ ਹੈ ਪਰ ਸਟੇਸ਼ਨ 'ਤੇ ਮਾਂ ਬੋਲੀ ਦਾ ਇੱਕ ਵੀ ਅਖਬਾਰ ਨਾ ਹੋਵੇ, ਏਨੇ ਅਖਬਾਰ ਛਪਦੇ ਨੇ ਪੰਜਾਬੀ ਵਿਚ...? ਵਾਹ ਨੀ, ਮਾਂ ਪੰਜਾਬੀਏ ਆਪਣੇ ਘਰੇ ਤੇਰਾ ਇਹੋ ਹਾਲ ਐ? ਸਵਾਲਾਂ ਦੀ ਖਲਜਗਣ ਵਿਚ ਗੁਆਚ  ਗਿਆ ਹਾਂ। ਬੜਾ ਬੋਰਿੰਗ ਜਿਹਾ ਲੱਗ ਰਿਹੈ ਸਾਰਾ ਕੁਛ।
ਰੇਲ ਆਈ। ਆਪਣੀ ਸੀਟ ਲੱਭੀ ਤੇ ਅੱਖ ਲਾਉਣ ਦਾ ਯਤਨ ਕੀਤਾ।
                             """""
ਕਠੂਆ ਸਟੇਸ਼ਨ ਆ ਗਿਐ। ਇਹ ਉਹੀਓ ਕਠੂਆ ਹੈ ਜਿਥੇ ਪਿਛਲੇ ਵਰ੍ਹੇ ਬਲਾਤਕਾਰ ਦੀ ਘਟਨਾ ਵਾਪਰੀ ਸੀ ਤੇ ਪੂਰਾ ਮੁਲਕ ਹਿੱਲ ਗਿਆ ਸੀ। ਇਸਦਾ ਕੇਸ ਵੀ ਪਠਾਨਕੋਟ ਦੀ ਜਿਲਾ ਤੇ ਸੈਸ਼ਨ ਕੋਰਟ ਵਿਚ ਚੱਲਿਆ। ਕਠੂਆ ਦੇ ਦਰਸ਼ਨ ਕਰ ਕੇ ਉਦਾਸ ਹਾਂ।
ਫੋਨ ਫਰੋਲਿਆ। ਇੰਟਰਨੈਟ ਬੰਦ ਹੋ ਗਿਐ। ਫੋਨ ਘੁਮਾਉਂਦਾ ਹਾਂ ਕਿਧਰੇ ਨਹੀਂ ਘੁੰਮਦਾ। ਜੰਮੂ ਯੂਨੀਵਰਸਿਟੀ ਵਾਲੇ ਮਿੱਤਰ ਡਾ ਹਰਜਿੰਦਰ ਨੇ ਪਹਿਲਾਂ ਈ ਦੱਸਿਆ ਕਿ ਫੋਨ ਤੋਂ ਬਿਨਾਂ ਸਾਰਨਾ ਪੈਣਾ ਜਿੰਨੇ ਦਿਨ ਰਹਿਣਾ 'ਜੰਮੂ ਦੀ ਜੂਹ' ਵਿਚ ਵੜਦਿਆਂ ਤੇਰਾ ਫੋਨ ਨਾ ਆਣਾ, ਨਾ ਜਾਣਾ...। ਮੇਰੇ ਕੋਲ ਪ੍ਰੀਪੇਡ ਵਾਲਾ ਨੰਬਰ ਨਹੀਂ ਸੀ। ਸੋਚਦਾ ਹਾਂ ਕਿ ਫੋਨ ਬੰਦ ਕਰ ਕੇ ਬੈਗ ਵਿਚ ਹੀ ਕਿਉਂ ਨਾ ਪਾ ਲਵਾਂ! ਫਿਰ ਸੋਚ ਆਈ ਕਿ ਕੀ ਪਤੈ ਰਾਹ ਵਿਚ ਕੋਈ ਅਜਿਹਾ ਹਿੱਸਾ ਆ ਜਾਵੇ, ਜਿੱਥੇ ਫੋਨ ਚੱਲ ਪਵੇ!  ਪੱਟ 'ਤੇ ਰੱਖਿਆ ਫੋਨ ਗੂੰਗਾ ਬੋਲ਼ਾ ਹੋਇਆ ਪਿਐ। ਕਿੰਨੇ ਯੱਭ  ਵਿਚ ਪਾ ਰੱਖਿਐ ਏਸ ਛੋਟੀ ਜਿਹੀ ਡੱਬੀ ਨੇ, ਇਹਦੇ ਤੋਂ ਬਿਨਾਂ ਕਿੰਨੇ ਚੰਗੀ ਸਾਂ,ਵਾਧੂੰ ਦੀ ਟੈਨਸ਼ਿਨ...!! ਕਦੋਂ ਮਗਰੋਂ ਲੱਥੂ ਏਹੇ? ਲਗਦੈ ਕਿ ਜੀਂਦੇ ਜੀਅ ਤਾਂ ਨਹੀਂ ਲੱਥਣਾ...ਜਦ ਬਿਰਧ ਹੋਗੇ ਤਾਂ ਇਹ ਹੋਰ ਆਸਰਾ ਦੇਊ...ਘਰ ਦਿਆਂ ਨੂੰ ਇੱਕ ਦੂਸਰੇ ਨਾਲੋਂ ਤੋੜ ਕੇ ਬਾਹਰ ਦਿਆਂ ਨੂੰ ਜੋੜਨ ਵਾਲੀ ਇਹ ਡੱਬੀ ਜਿਹੀ ਹਰੇਕ ਨੂੰ ਪੰਗੇ ਵਿਚ ਪਾਈ ਫਿਰਦੀ ਹੈ ਦਿਨ ਰਾਤ। ਵੱਡੇ ਵੱਡੇ ਮਹਾਂਰਥੀ ਹਿਲਾਂ ਛੱਡੇ ਨੇ ਇਸ ਡੱਬੀ ਨੇ। ਪਤਾ ਨਹੀਂ ਸਾਡਾ ਕੀ ਗੁਆਚਾ ਹੈ, ਜੋ ਕੀ ਲੱਭਦੇ ਆਂ ਇਹਦੇ ਵਿਚੋਂ ਤੇ ਲਭਦਾ ਨਹੀਂ ਹੈ? ਵੈਸੇ ਫੋਨ ਵੱਲੋਂ ਬੇਫ਼ਿਕਰੀ ਹੋਣ 'ਤੇ ਕੁਝ ਕੁਝ ਰੀਲੈਕਸ ਮਹਿਸੂਸ ਕਰਦਾ ਹਾਂ ਆਪਣੇ ਆਪ ਨੂੰ।
                                """"

ਹਰੇ-ਭਰੇ ਜੰਗਲ ਵਿਚ...ਦੂਰ ਇੱਕ ਕੁਟੀਆ 'ਤੇ ਨਿਗਾ ਪਈ...ਗੇਰੂਏ ਰੰਗ ਨਾਲ ਰੰਗੀ ਕੁਟੀਆ 'ਤੇ ਗੇਰੂਆ ਹੀ ਝੰਡਾ ਝੁਲ ਰਿਹੈ। ਆਸ ਪਾਸ ਅੰਬੀਆਂ ਦੇ ਰੁੱਖ ਸੰਘਣੇ। ਬਚਪਨ ਤੋਂ ਹੀ ਗੇਰੂਆ ਰੰਗ ਮੈਨੂੰ ਆਪਣੇ ਵੱਲ ਖਿੱਚ੍ਹਦਾ ਰਿਹਾ ਹੈ।
ਦਿਲ ਕੀਤੇ ਕਿ ਇਥੇ ਹੀ ਉੱਤਰ ਜਾਵਾਂ ਤੇ ਬਾਬੂ ਨੂੰ ਕਹਾਂ ਕਿ ਰੋਕ ਗੱਡੀ ਤੇ ਲਾਹਦੇ ਏਥੇ ਮੈਨੂੰ। ਬੇਫਿਕਰ ਤੇ ਸ਼ਾਂਤ ਹੋ ਜਾਵਾਂ ਏਸ ਕੁਟੀਆ ਵਿਚ ਜਾ ਕੇ...ਜੁੱਤਾ ਬਜ਼ਾਰ ਪਟਿਆਲੇ ਨਿਰਮਲੇ ਸੰਤਾਂ ਦਾ ਡੇਰਾ ਚੇਤੇ ਆਇਆ, ਜਿਥੇ ਮੈਂ ਲੱਗਭਘ ਪੌਣੇ ਦੋ ਦਾਲ ਦਾ ਸਮਾਂ ਬਿਤਾਇਆ ਸੀ। ਸਾਧਾਂ ਨੇ ਮੈਨੂੰ ਗੇਰੂਏ ਰੰਗੇ ਸੂਟ ਸਿਲਵਾ ਦਿੱਤੇ ਸਨ, ਨੌਕਰੀ ਭਾਵੇਂ ਭਾਸ਼ਾ ਵਿਭਾਗ ਵਿਚ ਸ਼ੇਰਾਂ ਵਾਲੇ ਗੇਟ ਕੋਲ ਕਰਦਾ ਸਾਂ। ਕਦੇ-ਕਦੇ ਸਹਿਜ ਅਵਸਥਾ ਮਹਿਸੂਸ ਹੁੰਦੀ। ਸਾਰੇ ਪਟਿਆਲੇ ਵਿਚ ਸਾਈਕਲ ਦੁਬੱਲੀ ਫਿਰਦਾ ਹੁੰਦਾ ਸਾਂ। ਕਦੇ ਭਾਸ਼ਾ ਵਿਭਾਗ ਤੇ ਕਦੇ ਪ੍ਰੋ. ਕਿਰਪਾਲ ਸਿੰਘ ਦੇ ਘਰ, ਕਦੇ ਡੇਰੇ...ਕਦੇ ਬਾਰਾਦਰੀ, ਕਦੇ ਡਾਇਰੈਕਟਰ ਅਜੀਤ ਸਿੰਘ ਕੱਕੜ ਦੇ ਘਰ ਤੇ ਕਦੇ ਮੌਦਗਿਲ ਸਾਹਬ ਵੱਲ। ਜਿੱਧਰ ਦਿਲ ਕਰਦਾ,ਤੁਰ ਪੈਂਦਾ ਸਾਂ, ਨਾ ਕਿਸੇ ਨੂੰ ਦੱਸਣਾ, ਨਾ ਪੁਛਣਾ। ਮੋਬਾਈਲ ਫੋਨ ਨਹੀਂ ਸੀ ਆਇਆ ਉਦੋਂ। ਨਿਰਮਲੇ ਬਾਬੇ ਚੇਤੇ ਆਏ ਨੇ ਅੱਜ...ਕੁਟੀਆ ਦੇਖ ਕੇ। ਪਤਾ ਨਹੀਂ ਜਿਊਂਦੇ ਹੋਣੇ ਨੇ ਕਿ ਸੰਸਾਰ ਛੱਡ ਗਏ ਹੋਣੇ ਨੇ! ਸਾਲਾਂ ਦੇ ਸਾਲ ਬੀਤ ਚੱਲੇ ਨੇ। ਸੌਣ ਦਾ ਯਤਨ ਕਰਦਾਂ।
                               """"""""""                
ਵੰਨ-ਸੁਵੰਨੇ ਰੁੱਖਾਂ ਦੇ ਆਪ-ਮੁਹਾਰੇ ਵਧੇ ਟਾਹਣਿਆਂ ਤੇ ਤਣਿਆ, ਵੇਲਾਂ, ਝਾੜਬੂਟ ਦੇ ਜਮਘਟੇ ਵਿਚ ਗੁਆਚੇ ਜੰਮੂ ਦੇ ਜੰਗਲ ਛੋਟੇ-ਛੋਟੇ ਖੇਤਾਂ ਨੂੰ ਲੁਕੋਈ ਬੈਠੇ ਜਾਪਦੇ ਨੇ।
 ਗੀਤ ਚੇਤੇ ਆਇਆ, ਪਤਾ ਨਹੀਂ ਕਿਹਦਾ ਗਾਇਆ ਹੋਇਆ:              
                      ਗੱਡੀ ਜਾਂਦੀ ਏ ਛਲਾਂਗਾ ਮਾਰਦੀ
                    ਜਦੋਂ ਯਾਦ ਆਵੇ ਸੁਹਣੇ ਯਾਰ ਦੀ...
ਕੂਕਦੀ ਰੇਲ ਰੁਕਦੀ। ਮੋਢੇ ਬੈਗ-ਝੋਲ਼ੇ ਲਟਕਾਈ, ਅਟੈਚੀ ਚੁੱਕੀ ਤੇ ਕੁਝ ਨਿਆਣਿਆਂ   ਦੀ ਉਂਗਲ ਫੜ ਕੇ ਲੱਥ ਰਹੇ, ਕੁਝ ਚੜ੍ਹ ਰਹੇ ਨੇ ਮੁਸਾਫਿਰ। ਕੁਝ ਫੌਜੀ ਵੀਰ ਵੀ ਦਿਖਾਈ ਦਿੰਦੇ ਨੇ ਕੁਝ ਸਟੇਸ਼ਨਾਂ 'ਤੇ। ਮਹਿਸੂਸ ਕਰਦਾ ਹਾਂ ਕਿ ਸੁਖ ਤੇ ਸਹੂਲਤਾਂ ਦੀ ਘਾਟ ਕਾਰਨ ਇਹ ਦੂਰੇਡੀ ਵਾਟ ਤੇ ਉਦਰੇਵੇਂ ਦੇ ਝੰਬੇ ਹੋਏ ਆਏ ਨੇ। ਮੋਸੋਸੇ ਮਨੀਂ, ਉਤਰੇ ਹੋਏ ਚਿਹਰਿਆਂ ਨਾਲ ਦੂਰ ਪਿੱਛੇ ਆਪਣੇ ਘਰਾਂ ਵਿਚ ਮਾਂ-ਪਿਓ, ਭੈਣ-ਭਾਈ, ਨਿਆਣੇ ਆਦਿ ਛੱਡ ਕੇ ਮੁਲਕ ਦੀ ਸੇਵਾ ਕਰਨ ਦਾ ਜਜ਼ਬਾ ਮਨਾਂ ਅੰਦਰ ਭਰ ਕੇ ਤੁਰੇ ਹੋਏ ਨੇ। ਭਾਰੀ ਅਟੈਚੀ, ਭਾਰੀ ਬੈਗ ਤੇ ਭਾਰੀ ਮਨ। ਇਹਨਾਂ ਨੂੰ ਸਲਾਮ ਕਰਨੀ ਬਣਦੀ ਹੈ ਪਰ ਅਸੀਂ ਪੰਜਾਬੀ ਅਵੇਸਲੇ ਹਾਂ ਇਸ ਪੱਖੋਂ, ਵੇਂਹਦੇ ਰਹਿੰਦੇ ਆਂ ਇੱਕ ਦੂਜੇ ਵੱਲ ।
                                """""'
ਜੰਮੂ ਖੁਸ਼ ਹੈ। ਹੁਣ ਤੀਕ ਤਾਂ ਜ਼ਖਮੀਂ ਹੋਏ ਜੰਮੂ ਬਾਬਤ ਅਖਬਾਰਾਂ ਵਿਚ ਆਮ ਹੀ ਪੜ੍ਹਦਾ ਰਿਹਾ ਸਾਂ। ਸਟੇਸ਼ਨ 'ਤੇ ਭਾਰਤ ਦੀ ਸ਼ਾਨ ਸੌ ਫੁੱਟ ਤੋਂ ਵੀ  ਉੱਚਾ ਤਿਰੰਗਾ ਝੂਲ ਰਿਹਾ ਹੈ। ਮੇਰੇ ਮੂੰਹੋਂ ਆਪ-ਮੁਹਾਰੇ ਨਿਕਲਿਆ, ''ਜਿਉਂਦਾ ਰਹਿ ਜੰਮੂ...।" ਭਾਰਤੀ ਤਿਰੰਗੇ ਨੂੰ ਸਲਾਮ ਕਰਦਿਆਂ ਮੈਨੁੰ ਲੈਣ ਆਏ ਮਿੱਤਰ ਪ੍ਰੋ. ਹਰਜਿੰਦਰ ਨੂੰ ਲੱਭਣ ਲਗਦਾ ਹਾਂ।

94174-21700

ਡਾਇਰੀ ਦੇ ਪੰਨੇ : ਗਿੱਪੀ ਗਰੇਵਾਲ ਨੂੰ ਆਈ 'ਨਾਨਕੇ ਪਿੰਡੋਂ' ਚਿੱਠੀ - ਨਿੰਦਰ ਘੁਗਿਆਣਵੀ

ਪਿਆਰੇ ਗਿੱਪੀ ਜੀਓ, ਹੁਣੇ ਥੁਆਡੀ ਫਿਲਮ 'ਅਰਦਾਸ ਕਰਾਂ' ਦੇਖ ਕੇ ਆਇਆ ਹਾਂ। ਇਸਨੂੰ ਇਕੱਲੀ ਫਿਲਮ ਆਖਣ ਹੀ ਨਾਲ ਹੀ ਗੱਲ ਨਹੀਂ ਮੁੱਕ ਜਾਂਦੀ। ਇੱਕ ਫਲਸਫਾ ਹੈ। ਇੱਕ ਕੌਂਸਲਿੰਗ ਵਾਂਗ ਹੈ ਤੇ ਰੀਲੈਕਸੇਸ਼ਨ ਮਹਿਸੂਸ ਕਰਵਾਉਂਦੀ ਹੈ ਤੇਰੀ ਫਿਲਮ। ਜੋ ਮੈਨੂੰ ਮਹਿਸੂਸ ਹੋਇਆ, ਉਹੀ ਡਾਇਰੀ ਰੂਪੀ ਚਿੱਠੀ ਦੇ ਪੰਨੇ ਬਣ ਗਏ। ਗਾਇਕ ਤੇ ਅਦਾਕਾਰ ਤਾਂ ਤੂੰ ਹੈ ਈ ਸੀ ਤੇ ਹੁਣ ਸਫਲ ਨਿਰਦੇਸ਼ਕ ਵੀ ਬਣ ਗਿਆ ਏਂ...ਮੁਬਾਰਕਾਂ ਕਬੂਲ ਕਰ ਆਪਣੇ ਨਾਨਕੇ ਪਿੰਡ ਘੁਗਿਆਣੇ ਵੱਲੀਓਂ। ਦੋਹਤਿਆਂ 'ਤੇ ਸਾਰਾ ਪਿੰਡ ਡਾਹਢਾ ਮਾਣ ਕਰਦਾ ਹੁੰਦੈ, ਸੋ ਭਾਈ, ਜਦ ਦੋਹਤਰਵਾਨ ਹੁਨਰਮੰਦ ਜਾਂ ਗੁਣੀਂ ਨਿੱਕਲ ਆਉਣ ਤਾਂ ਇਹ ਮਾਣ ਹੋਰ ਵੀ ਵਧ ਜਾਂਦੈ। ਮੈਂ ਖੁਦ ਆਪਣੇ ਨਾਨਕੇ ਪਿੰਡ ਸ਼ਰੀਂਹ ਵਾਲੇ ਜਾਂਦਾ ਹਾਂ ਤਾਂ ਇਹੋ-ਜਿਹਾ ਅਹਿਸਾਸ ਮੈਨੂੰ ਅਕਸਰ ਹੀ ਹੁੰਦਾ ਰਹਿੰਦਾ ਹੈ।
ਤੇਰੀ ਫਿਲਮ ਦੇਖਦਿਆਂ ਮੈਨੂੰ ਤੇਰਾ ਨਾਨਕਾ ਪਰਿਵਾਰ ਵੀ ਯਾਦ ਆਈ ਗਿਆ। ਤੇਰੇ ਨਾਨਾ ਸ੍ਰ ਜੋਗਿੰਦਰ ਸਿੰਘ ਬਰਾੜ ਪੰਚਾਇਤ ਵਿਭਾਗ  ਵਰਗੇ ਮਹਿਕਮੇ ਦੇ ਉੱਪ ਮੁੱਖੀ ਹੁੰਦਿਆਂ ਤੇ ਚੰਡੀਗੜ ਰਹਿੰਦਿਆਂ ਵੀ ਹਮੇਸ਼ਾ ਚਿੱਟੀ ਦਸਤਾਰ ਤੇ ਚਿੱਟੇ ਪ੍ਰਕਾਸ਼ਮਾਨ ਦਾਹੜੇ ਵਿਚ ਸਜੇ ਹੋਏ, ਨੇਕੀ ਤੇ ਈਮਾਨਾਦਰੀ ਨੂੰ ਪ੍ਰਣਾਏ ਰਹੇ। ਜਦ ਕਦੀ ਮਿਲਦੇ ਤਾਂ ਬਹੁਤ ਪ੍ਰਸੰਨ ਹੁੰਦੇ। ਇੱਕ ਵਾਰ ਪਿੰਡੋਂ ਬੱਸ ਵਿਚ ਬੈਠੇ ਮਿਲ ਗਏ। ਚੰਡੀਗੜ ਨੂੰ ਮੁੜ ਰਹੇ ਸਨ। ਕਿਸੇ ਨੇ ਮੇਰੇ ਬਾਰੇ ਦੱਸਿਆ ਤਾਂ ਬਹੁਤ ਖੁਸ਼ ਹੋਏ ਤੇ ਟਿਕਟ ਦੇ ਪਿੱਛੇ ਹੀ ਆਪਣਾ ਫੋਨ ਨੰਬਰ ਲਿਖ ਕੇ ਦੇ ਦਿੱਤਾ। ਉਦੋਂ ਤੱਕ ਤਾਂ ਸ਼ਾਇਦ ਤੇਰੀ ਕਲਾਕਾਰੀ ਦੇ ਵਿਗਸਣ ਬਾਰੇ ਅੰਦਾਜ਼ਾ ਵੀ ਨਹੀਂ ਹੋਣਾ ਉਹਨਾਂ ਨੂੰ। ਤੇਰੇ ਮਾਮਾ ਸ੍ਰ ਸੁਰਿੰਦਰ ਸਿੰਘ ਤੇ ਉਹਨਾਂ ਦੇ ਬੇਟੇ ਗਿੱਪੀ ਬਰਾੜ ਤੇਰੇ ਵੱਡੇ ਭਾਈ ਸਿੱਪੀ ਹੁਰਾਂ ਨਾਲ 2011 ਵਿਚ ਆਪਣੀ ਆਰਸਟੇਲੀਆ ਫੇਰੀ ਸਮੇਂ ਦੀਆਂ ਯਾਦਾਂ ਵੀ ਇਹ ਫਿਲਮ ਦੇਖਦਿਆਂ ਤਾਜ਼ੀਆਂ ਹੋ ਗਈਆਂ ਨੇ।
ਫਿਲਮਾਂ ਬਹੁਤ ਬਣ ਰਹੀਆਂ ਨੇ। ਵੇਖੀਆਂ ਜਾ ਰਹੀਆਂ ਨੇ। ਨਾਵਾਂ ਤੇ ਨਾਮਣਾ ਕਮਾ ਰਹੀਆਂ ਨੇ। ਕਈ ਰੱਦੀਆਂ ਜਾ ਰਹੀਆਂ ਨੇ ਤੇ ਦਰਸ਼ਕ ਛੇਤੀ ਹੀ ਭੁੱਲ-ਭੁਲਾ ਜਾਂਦੇ ਨੇ ਪਰ ਲੋਕਾਂ ਨੂੰ ਮੂੰਹੋਂ-ਮੂਹੀਂ ਆਖਣ ਤੇ ਅੱਖੋਂ-ਅੱਖੀਂ ਦੇਖਣ-ਲਾਉਣ ਵਾਲੀ ਮੇਰੀ ਦੇਖੀ ਇਹ ਪੰਜਾਬੀ ਫਿਲਮ ਪਹਿਲੀ ਹੈ, ਜਿਹੜਾ ਦੇਖ ਆਇਆ, ਅਗਲੇ ਨੂੰ ਕਹਿ ਰਿਹਾ ਸੀ ਕਿ ਭਾਈ ਦੇਖਣ ਜਾਹ ਜ਼ਰੂਰ...ਦਰਸ਼ਕ ਅੱਗੇ ਅੱਗੇ ਦੱਸਾਂ ਪਾ ਰਹੇ ਸੁਣ-ਦੇਖ ਰਿਹਾ ਹਾਂ। ਕਹਿੰਦੇ ਨੇ ਕਿ ਉਹ ਕਲਾ ਹੀ ਕੀ, ਜੋ ਦਰਸ਼ਕ ਜਾਂ ਸ੍ਰੋਤੇ ਨੂੰ ਹੱਸਣ ਨਾ ਲਾਵੇ।ਰੋਣ ਨਾ ਲਾਵੇ ਤੇ ਸੋਚਣ ਨਾਲ ਲਾਵੇ?ਉਹ ਕਿਤਾਬ ਹੀ ਕੀ, ਜਿਹਦੇ ਪਾਤਰਾਂ ਦੀ ਉਂਗਲੀ ਫੜ ਕੇ ਪਾਠਕ ਨਾਲ-ਨਾਲ ਤੁਰੇ! ਨਿੱਕੇ ਹੁੰਦੇ ਨੇ ਮੈਂ ਆਪਣੇ ਪਿਤਾ ਨਾਲ 'ਪੁੱਤ ਜੱਟਾਂ ਦੇ' ਫਿਲਮ ਫਰੀਦਕੋਟ ਸਿਨੇਮੇ ਦੇਖੀ ਸੀ। ਹੁਣ ਮੁਕਤਸਰ ਸਾਹਿਬ ਇੱਕ ਸਿਨੇਮੇ ਗਿਆ ਫਿਲਮ ਦੇਖਣ, ਤਾਂ ਸ਼ਹਿਰ ਦੇ ਕੁਝ ਲੇਖਕ-ਵਿਦਵਾਨ ਵੀ ਸਿਨੇਮੇ ਬੈਠੇ ਨਿਗਾ ਪੈ ਗਏ। ਜਿਹੜੀ ਗੱਲ ਖਾਸ ਲੱਗੀ ਕਿ ਬੜੀ ਦੇਰ ਬਾਅਦ ਕਿਸੇ ਸਿਨੇਮੇ ਵਿਚ ਏਨੀ ਭੀੜ ਤੱਕੀ। ਬਜ਼ੁਰਗ ਬਾਪੂ, ਬੇਬੇਆਂ, ਨਿਆਣੇ ਤੇ ਮਾਪੇ, ਪਰਿਵਾਰਾਂ ਦੇ ਪਰਿਵਾਰਾਂ ਦਾ ਜਿਵੇਂ ਕੋਈ ਫ਼ਿਲਮੀ ਹੋਵੇ! ਆਖਿਰ ਕੀ ਅਜਿਹੀ ਖਿੱਚ ਹੈ? ਹਰੇਕ ਦਰਸ਼ਕ ਦੀਆਂ ਅੱਖਾਂ ਗਿੱਲੀਆਂ ਸਨ ਭਾਈ...। ਕੀ ਨਿਆਣੇ, ਕੀ  ਸਿਆਣੇ, ਸੱਭੇ ਸਾਹ ਰੋਕ ਕੇ ਦੇਖ ਰਹੇ ਸਨ। ਕੀ ਲੱਭ ਰਿਹਾ ਸੀ ਉਹਨਾਂ ਨੂੰ? ਅਜਿਹੇ ਸਵਾਲ ਬੜੇ ਅਹਿਮ ਨੇ। 'ਬਹੁਤ ਕੁਛ' ਸੀ। ਅੱਖਾਂ ਏਸ ਲਈ ਗਿੱਲੀਆਂ ਸਨ ਕਿ ਸੁੱਚਤਾ ਤੇ ਸੂਖਮਤਾ ਭਰੇ ਜਜ਼ਬਾਤ ਧੜਕ ਰਹੇ ਸਨ। ਮੁੱਠੀ 'ਚੋਂ ਕੁਝ ਕਿਰ ਰਿਹਾ ਸੀ ਰੇਤੇ ਵਾਂਗ।
ਗੁਰਪੀ੍ਰਤ ਘੁੱਗੀ ਦਾ ਮੈਂ ਉਦੋਂ ਤੋਂ ਬੇਲੀ ਹਾਂ, ਜਦ ਉਸਨੇ ਦੂਰਦਰਸ਼ਨ ਕੇਂਦਰ ਜਲੰਧਰ ਤੋਂ  ਓਮ ਪ੍ਰਕਾਸ਼ ਗਾਸੋ ਦੇ ਪੰਜਾਬੀ ਨਾਵਲ ਉਤੇ ਬਣੇ ਲੜੀਵਾਰ ਸੀਰੀਅਲ 'ਬੁਝ ਰਹੀ ਬੱਤੀ ਦਾ ਚਾਨਣ' ਵਿਚ ਬੁਲਾਰੇ ਸਾਧ ਦਾ ਰੋਲ ਏਨੀ ਕਲਾਤਮਿਕਤਾ ਤੇ ਪੁਖਤਗੀ ਨਾਲ ਨਿਭਾਇਆ ਸੀ ਕਿ 'ਘੁੱਗੀ ਘੁੱਗੀ' ਹੋ ਗਈ ਸੀ। ਹੱਸਣ-ਹਸਾਉਣ ਵਾਲਾ ਬੰਦਾ ਗੰਭੀਰਤਾ ਦਾ ਪੱਲਾ ਛਡਦਾ ਹੀ ਨਹੀਂ। ਉਸ ਬਾਅਦ ਉਹਨੇ ਇਸ ਫਿਲਮ ਵਿਚ ਵੀ ਇਉਂ ਹੀ ਕੀਤੈ। ਏਸ ਘੁੱਗੀ ਦਾ ਕੋਈ ਮੁਕਾਬਲਾ ਨਹੀਂ, 'ਮੈੋਜ਼ਿਕ ਸਿੰਘ' ਕਮਾਲ ਹੈ। ਇਹ ਕੁਦਰਤ ਦਾ ਵਰੋਸਾਇਆ ਕਲਾਕਾਰ ਹੈ। ਬੰਦੇ ਗੱਲਾਂ ਕਰਦੇ ਸੁਣੇ, ਫਿਲਮ ਦਾ ਇੱਕ ਇੱਕ ਡਾਇਲਾਗ ਕੋਈ ਸਨੇਹਾ ਦਿੰਦਾ ਹੈ। ਰਾਣਾ ਰਣਬੀਰ ਸਾਹਿਤਕ ਹੋਣ ਕਰਕੇ ਕੋਈ ਕਸਰ ਨਹੀਂ ਛਡਦਾ ਵਾਰਤਾਲਾਪ ਲਿਖਣ ਵਿਚ। ਵਿਅੰਗ ਵੀ ਗੁੱਝਾ ਹੈ। ਮਸਖਰੀ ਵੀ ਹੈ। ਉਦਰੇਵਾਂ, ਝੋਰਾ, ਕਿਤੇ ਕਿਤੇ ਹਾਸਾ ਤੇ ਰੋਣਾ...ਸਭ ਨਾਲੋ ਨਾਲ ਚਲਦੇ ਨੇ। ਕੈਂਸਰ ਦੇ ਮਰੀਜ਼ਾਂ ਨੂੰ ਜ਼ਿੰਦਾ ਦਿਲੀ ਦਿੰਦਾ ਹੈ ਘੁੱਗੀ ਦਾ ਰੋਲ। ਹਿੰਦੂ, ਮੁਸਲਿਮ ਤੇ ਸਿੱਖ, ਤਿੰਨਾ ਦੀ ਦੋਸਤੀ ਭਾਈਚਾਰਕ ਸੁਨੇਹਾ ਦੇਣ ਵਾਲੀ ਹੈ। ਮਲਕੀਤ ਰੌਣੀ ਆਸ ਤੋ ਵੱਧ ਨਿਭਿਆ ਹੈ। ਸੋ, ਪਿਆਰੇ ਵੀਰ, ਲਗੇ ਰਹੋ ਮੁੰਨਾ ਭਾਈ...। ਇਹ ਚਿੱਠੀ ਤੇਰੇ ਨਾਨਕੇ ਪਿੰਡ ਘੁਗਿਆਣੇ,ਆਪਣੇ ਕੋਠੇ 'ਦੀ ਛੱਤ 'ਤੇ ਡੱਠੇ ਬੈਂਚ ਉਤੇ ਬੈਠਾ ਲਿਖ ਰਿਹਾ ਹਾਂ।

94174-21700

2019-08-08

ਡਾਇਰੀ ਦੇ ਪੰਨੇ - ਨਿੰਦਰ ਘੁਗਿਆਣਵੀ

ਜੰਮੂ ਨੂੰ ਜਾਂਦਿਆਂ...(1)

12 ਮਈ, 2019, 11 ਵਜੇ ਸਵੇਰੇ। ਜੰਮੂ ਜਾ ਰਿਹਾਂ ਪਹਿਲੀ ਵਾਰੀ, ਪਠਾਨਕੋਟੋਂ ਰੇਲੇ ਚੜ੍ਹਿਆ ਹਾਂ। ਇੱਕ ਵਾਰੀ ਲੰਘਿਆ ਸਾਂ ਪਹਿਲਾਂ ਪਠਾਨਕੋਟ ਵਿਚਦੀ...ਪਾਲਮਪੁਰੋਂ ਮੁੜਦਿਆਂ ਪਰ ਰਾਤ ਪਹਿਲੀ ਵਾਰੀ ਕੱਟੀ ਹੈ ਏਥੇ। ਪਠਾਨਕੋਟ ਭੋਲਾ-ਭਾਲਾ ਜਿਹਾ ਸ਼ਹਿਰ ਲੱਗਿਐ, ਸਾਦ-ਮੁਰਾਦਾ ਜਿਹਾ...ਏਹਦੀ ਹਰੇਵਾਈ ਨੇ ਮਨ ਮੋਹ ਲਿਐ...ਪ੍ਰਸੰਨ ਹਾਂ ਮੈਂ ਡਾਇਰੀ ਲਿਖਦਿਆਂ। ਕੂਕਾਂ ਮਾਰਦੀ ਰੇਲ ਦੌੜੀ ਜਾ ਰਹੀ ਹੈ ਸਿਰਪੱਟ...ਸੁਸਤੀ ਮਾਰੀ ਨਹੀਂ ਹੈ ਰੇਲ, ਸਗੋਂ ਚੁਸਤੀ ਨਾਲ ਆਪਣੀ ਵਾਟ ਮੁਕਾ ਰਹੀ ਹੈ। ਪਠਾਨਕੋਟ ਨਾਲ ਪੈਂਦੇ ਛੋਟੇ-ਛੋਟੇ ਪਿੰਡ ਦੇਖ ਰਿਹਾਂ...ਸਟੇਸ਼ਨ ਉਤੇ ਪੁੱਜਾ ਸਾਂ, ਤਾਂ ਦੋ ਕਾਰਨਾ ਕਰਕੇ ਮਨ ਖੱਟਾ ਪੈ ਗਿਆ ਸੀ। ਇੱਕ ਕਾਰਨ ਦੱਸਾਂਗਾ...ਦੂਜਾ ਨਹੀਂ।
ਬੈਠਾ ਸਾਂ ਸੀਮਿੰਟ ਦੇ ਥੜ੍ਹੇ 'ਤੇ। ਇੱਕ ਕਮਲੀ ਕੁੜੀ ਲਿੱਬੜੀ-ਤਿੱਬੜੀ...ਕੂੜੇਦਾਨ ਫੋਲਦੀ ਫਿਰਦੀ ਸੀ। ਸੋਚਦਾ ਹਾਂ ਕਿ ਇਹ ਸਫਾਈ ਸੇਵਿਕਾ ਹੋਵੇਗੀ...ਪਰ ਨਹੀਂ...ਰੇਲਵੇ ਸਟੇਸ਼ਨਾਂ ਦੇ ਸਫਾਈ ਸੇਵਕ ਤਾਂ ਅੱਜਕਲ ਸੱਜ-ਧੱਜ ਕੇ ਰਹਿੰਦੇ ਨੇ। ਵਧੀਆ ਵਰਦੀਆਂ ਤੇ ਬੂਟ ਪਾਉਂਦੇ ਨੇ ਤੇ ਉਹਨਾਂ ਦੇ ਨਾਂ ਦੀ ਪਲੇਟ ਵੀ ਜੇਬੀ ਉਤੇ ਚਮਕ ਰਹੀ ਹੁੰਦੀ ਹੈ। ਅਕਸਰ ਹੀ ਖੁਸ਼ ਹੁੰਦਾ ਹਾਂ ਦੇਖ ਕੇ ਕਿ ਸਾਡੇ ਮੁਲਕ ਵਿਚ ਹੁਣ ਕੁਝ 'ਅੱਛਾ ਅੱਛਾ' ਹੋਣ ਲੱਗਿਐ। ਪਰ ਇਹ ਬੇਚਾਰੀ ਤਾਂ ਕੂੜੇਦਾਨਾਂ ਵਿਚੋਂ ਲੋਕਾਂ ਦਾ ਬਚਿਆ-ਖੁਚਿਆ ਜੂਠਾ-ਮੀਠਾ ਭੋਜਨ ਲੱਭ ਰਹੀ ਹੈ ਢਿੱਡ ਭਰਨ ਵਾਸਤੇ। ਕੀ ਹੋ ਰਿਹੈ ਏਥੇ 'ਅੱਛਾ ਅੱਛਾ'...? ਕਿੰਨੇ ਲੋਕਾਂ ਨੂੰ ਜੂਠ ਖਾ ਕੇ ਢਿੱਡ ਨੂੰ ਝੁਲਕਾ ਦੇਣਾ ਪੈਂਦਾ ਹੈ ਮੇਰੇ ਮੁਲਕ ਵਿਚ...? ਵਾਹ ਮੇਰੇ ਡਿਜ਼ੀਟਲ ਇੰਡੀਆ...ਤੇਰੀਆਂ ਰੀਸਾਂ ਕੌਣ ਕਰੇ...ਤੇਰੀਆਂ ਤੂੰ ਹੀ ਜਾਣੇ! ਮੇਰੇ ਮੂੰਹੋਂ ਇਹ ਬੋਲ ਸਿਰਫ਼ ਮੇਰੇ ਸੁਣਨ ਜੋਕਰੀ ਆਵਾਜ਼ ਵਿਚ ਹੀ ਨਿੱਕਲੇ।

ਉਸਨੂੰ ਦੋ ਕੂੜੇਦਾਨ ਖਾਲੀ ਮਿਲੇ,ਤੀਜੇ 'ਚੋਂ ਇੱਕ ਫਟਿਆ ਜਿਹਾ ਲਿਫਾਫਾ ਚੁੱਕ ਉਹ ਮੁਸਕ੍ਰਾ ਪਈ ਤੇ ਤੇਜ਼-ਤੇਜ਼ ਤੁਰਦੀ ਟੂਟੀਆਂ ਵੱਲ ਚਲੇ ਗਈ। ਮੈਂ ਦੇਰ ਤੀਕ ਉਹਨੂੰ  ਤੁਰੀ ਜਾਂਦੀ ਨੂੰ ਵੇਂਹਦਾ ਰਿਹਾ। ਕੀ ਬਣੂੰ ਇਹਦਾ ਵਿਚਾਰੀ ਦਾ? ਇਵੇਂ ਹੀ ਕਿਸੇ ਦਿਨ, ਰਾਤ-ਬਰਾਤੇ ਭੁੱਖੀ ਪਿਆਸੀ ਜਾਂ ਬੀਮਾਰ ਹੋਈ ਕਿਸੇ ਅੰਨੀ੍ਹ ਰੇਲ ਹੇਠਾ ਆ ਕੇ ਮਰ-ਖਪ ਜਾਵੇਗੀ...ਕਰਮਾਂ ਮਾਰੀ। ਇਹਦੇ ਮਾਂ-ਪਿਓ ਜਾਂ ਘਰ ਦੇ ਹੋਰ ਜੀਅ ਕਿੱਥੇ ਹੋਣਗੇ? ਹੋ ਸਕਦੈ ਨਾ ਹੋਣ...ਜੇ ਹੁੰਦੇ ਤਾਂ ਸਾਂਭ ਲੈਂਦੇ। ਕਿੱਥੇ-ਕਿੱਥੇ ਕਿੰਨੀ ਦੁਨੀਆਂ, ਮੇਰੇ ਇਸ ਡਿਜ਼ੀਟਲ ਮੁਲਕ ਦੇ ਹਿੱਸਿਆਂ ਵਿਚ ਇੰਝ ਹੀ ਤੁਰੀ ਫਿਰਦੀ ਹੈ। ਮੇਰੇ ਮੁਲਕ ਦਾ ਮੁਖੀ ਨਿੱਤ ਬੋਲਦੈ ਟੀਵੀ ਚੈਨਲਾਂ 'ਤੇ ਕਿ ਆਜ ਸਾਰੀ ਦੁਨੀਆਂ ਭਾਰਤ ਕੀ ਤਰਫ਼ ਦੇਖ ਰਹੀ ਹੈ...ਭਾਰਤ ਕੀ ਤਾਕਤ ਕਾ ਲੋਹਾ ਪੂਰਾ ਵਿਸ਼ਵ ਮਾਨ ਰਹਾ ਹੈ ਆਜ...ਦੁਨੀਆ ਚਾਹਤੀ ਹੈ ਕਿ ਵੋ ਭਾਰਤ ਕੀ ਰੀਸ ਕਰੇ...ਹਮ ਸਭੀ ਕੋਈ ਭੋਜਨ ਦੇਂਗੇ...ਸੋਨੇ ਕੇ ਲੀਏ ਛਤ ਦੇਂਗੇ...ਉਨਕੇ ਬੈਂਕ ਖਾਤੇ ਮੇਂ ਲਾਖੋਂ ਡਾਲੇਂਗੇ...ਹਮਾਰੇ ਮੁਲਕ ਮੇਂ ਕੋਈ ਭੂਕਾ ਨਹੀਂ ਮਰੇਗਾ...।"
                                   """""""'
ਬਚੇ-ਖੁਚੇ ਭੋਜਨ ਵਾਲਾ ਲਿਫਾਫਾ ਚੁੱਕੀ ਜਾਂਦੀ ਵੇਖ...ਇੱਕ ਵਾਰ ਤਾਂ ਮਨ ਵਿਚ ਆਇਆ ਸੀ ਕਿ ਉਹਨੂੰ ਆਖਾਂ...ਏਹ ਸੁੱਟ੍ਹ ਦੇ ਉਥੇ ਈ...ਜਿੱਥੋਂ ਚੁੱਕਿਐ...ਅਹਿ ਲੈ ਪੈਸੇ ਤੇ ਸੁੱਚਾ ਭੋਜਨ ਖਾ ਲੈ...। ਕੀ ਪਤਾ ਉਹ ਮੇਰੇ ਕਹੇ ਲੱਗੇਗੀ ਜਾਂ ਨਹੀਂ! ਮੈਨੂੰ ਦੇਖਣ ਵਾਲੇ ਆਸ-ਪਾਸ ਬੈਠੇ ਮੁਸਾਫਿਰ ਕੀ ਸੋਚਣਗੇ...ਇਹ ਮੁੰਡਾ ਵੀ ਏਹਦੇ ਵਰਗਾ ਕੋਈ ਕਮਲਾ-ਰਮਲਾ ਹੈ? ਕੋਈ ਕਹੇਗਾ ਆ ਗਿਐ ਵੱਡਾ ਦਾਨੀ...ਵਿਖਾਵਾ ਕਰਦਾ ਫਿਰਦੈ...! ਚੁੱਪ ਬੈਠਾ ਰਹਿੰਦਾ ਹਾਂ ਇਹ ਸੋਚ ਕੇ! ਜੰਮੂ ਜਾਣ ਦਾ ਚਾਅ ਮੈਲੇ ਕੁਰਤੇ ਵਾਂਗਰ ਧੋਤਾ ਗਿਆ ਹੈ। ਰੇਲ ਦੀ ਉਡੀਕ ਵਿਚ ਉਹ ਖਿੱਚ੍ਹ ਨਹੀਂ ਰਹੀ...ਜੋ ਮਿੱਤਰ ਦੇ ਘਰੋਂ ਤੁਰਨ ਵੇਲੇ ਸੀ। ਉਦਾਸ ਹਾਂ ਕਿ ਮੇਰਾ ਕੋਈ ਨੇੜੂ ਜਾਂ ਸਕਾ-ਸੋਧਰਾ ਇਹੋ-ਜਿਹੀ ਦੀ ਹਾਲਤ ਵਿਚ ਹੋਵੇ...ਤਾਂ ਫਿਰ...? ਮਰੀਅਲ ਜਿਹੀ ਕੂਕ ਵੱਜੀ ਹੈ ਰੇਲ ਦੀ, ਮੁਸਾਫਿਰ ਹਿੱਲਣ-ਜੁੱਲਣ ਲੱਗੇ ਨੇ...ਦੂਰੋਂ ਰੇਲ ਆ ਰਹੀ ਹੈ। (ਬਾਕੀ ਅਗਲੇ ਹਫਤੇ)

94174-21700                           

ਡਾਇਰੀ ਦੇ ਪੰਨੇ : ਮੀਂਹ ਦੀ ਉਡੀਕ ਵਿਚ ਤੱਤੇ ਦਿਨ - ਨਿੰਦਰ ਘੁਗਿਆਣਵੀ

22 ਜੂਨ, 2019, ਤਪਦਾ-ਸੜਦਾ ਤੇ ਲੋਅ ਨਾਲ ਲੂੰਹਦਾ ਸਭ ਤੋਂ ਵੱਡਾ ਦਿਨ! ਤੱਤੀ ਹਨੇਰੀ...ਬਰਬਰ ਉਡ ਰਹੀ ਹੈ ਖੇਤਾਂ 'ਚੋਂ...। ਮੀਂਹ ਕਣੀ ਦਾ ਨਾਮੋ-ਨਿਸ਼ਾਨ ਨਹੀਂ ਕਿਧਰੇ! ਸੜਦੀਆਂ ਅੱਖਾਂ...ਠੰਢਕ ਭਾਲਦੀਆਂ, ਖੁਸ਼ਕੀ ਮਾਰੇ ਚਿਹਰੇ ਲੂਸੇ ਹੋਏ, ਜਿਵੇਂ ਕੋਈ ਭੱਠੀ ਵਿਚ ਝਾਕਦਾ ਮੂੰਹ ਸੇਕ ਕੇ ਮੁੜਿਆ ਹੋਵੇ! ਮੁੱਕਣ 'ਚ ਹੀ ਨਹੀਂ ਆਉਂਦਾ, ਲੰਮੇਰੇ ਤੋਂ ਲੰਮੇਰਾ ਹੋਈ ਜਾਂਦੈ ਇਹ ਦਿਨ...।
ਸੁਖਚੈਨ ਦੇ ਰੁੱਖ ਨੂੰ 'ਚੈਨ' ਨਹੀਂ, ਦੂਜਿਆ ਨੂੰ 'ਸੁਖ' ਦੇਣ ਵਾਲਾ ਸੁਖਚੈਨ 'ਸੁਖ' ਭਾਲਦੈ ਪਿਆ ਲਗਦੈ। ਕਈ ਸਾਲ ਪਹਿਲਾਂ, ਇਹਨਾਂ ਹੀ ਦਿਨਾਂ ਵਿਚ ਮਾਮਾ ਜੱਗੂ ਆਇਆ ਸੀ, ਮਾਂ ਨੂੰ ਮਿਲਣ... ਤੇ ਨਾਲ ਤਿੰਨ ਲਿਫਾਫਿਆਂ ਵਿਚ ਸੁਖਚੈਨ ਦੇ ਤਿੰਨ ਬੂਟੇ ਲਈ ਆਇਆ ਸੀ। ਬੜੇ ਚਾਓ ਨਾਲ ਕੱਚੇ ਵਿਹੜੇ 'ਚ ਲਗਾ ਦਿੱਤੇ ਸਨ ਮੈਂ, ਦੋ ਸੜ ਗਏ,ਇੱਕ ਇਹ ਬਚ ਗਿਆ ਤੇ ਬੜੇ ਅਰਾਮ ਨਾਲ ਫੈਲਰ ਗਿਆ। ਸੁਹਣੀ ਜਵਾਨੀ ਚੜ੍ਹਿਐ ਹਰਾ-ਕਚੂਚ ਸੁਖਚੈਨ! ਦੋ ਮੰਜੇ ਡਾਹੁੰਣ ਜੋਕਰੀ ਛਾਂ ਤੇ ਥਾਂ ਦਿੰਦੈ। ਇਹਦੇ ਸੁੱਕ-ਮੜੁੱਕੇ ਪੱਤੇ ਹੇਠਾਂ ਗਿਰੇ ਦੇਖ ਅੱਜ ਇਹਦੀਆਂ ਟਾਹਣੀਆਂ ਟੋਹਣ ਨੂੰ ਦਿਲ ਨਹੀਂ ਕਰਦਾ...ਕਦੇ ਕਦੇ ਇਹਦੀਆਂ ਟਾਹਣੀਆਂ ਟੋਂਹਣਾ ਚੰਗਾ-ਚੰਗਾ ਲਗਦੈ। ਪਰ ਅੱਜ ਸੱਚਮੁੱਚ ਹੀ ਬੜਾ ਬੋਰਿੰਗ ਦਿਨ ਹੈ, ਬਰਦਾਸ਼ਤ ਤੋਂ ਬਾਹਰਾ...ਮੁੱਕਣ ਵਿਚ ਹੀ ਨਹੀਂ ਆਉਂਦਾ ਭੈੜਾ।
                            ""'   """    ""'   ""'
12 ਜੁਲਾਈ, 2019 ਦੀ ਦੁਪਿਹਰ। ਕਈ ਦਿਨ ਹੋ ਗਏ ਨੇ ਪਿੰਡ ਆਏ ਨੂੰ। ਆਇਆ ਸਾਂ ਕਿ ਹੁਣ ਤੀਕ ਮੀਂਹ੍ਹ ਦਾ ਮੂੰਹ ਏਧਰ ਨੂੰ ਹੋ ਹੀ ਜਾਊ,ਪਿੰਡ ਫੋਨ ਵੀ ਨਹੀਂ ਕਰਿਆ, ਹੋ ਸਕਦੈ ਕਣੀਆਂ ਆ ਗਈਆਂ ਹੋਣ, ਵਿਹੜੇ 'ਚ ਖੜ੍ਹੇ ਰੱਖਾਂ ਨੇ ਇਸ਼ਨਾਨ ਕਰ ਲਿਆ ਹੋਣੈ। ਲੂਅ ਨਾਲ ਝੁਲਸਦੇ ਸਬਜੀਆਂ ਦੇ ਬੂਟਿਆਂ ਤੇ ਕੱਦੂਆਂ, ਤੋਰੀਆਂ ਤੇ ਤਰਾ੍ਹਂ ਦੀਆਂ ਵੇਲਾਂ ਨੇ ਕੰਨ ਚੁੱਕ ਲਏ ਹੋਣੇ! ਸੁਖਚੈਨ, ਨਿੰਮੜੀ ਤੇ ਨਿੰਬੂ ਦਾ ਬੂਟਾ ਵੀ ਪ੍ਰਸੰਨ ਚਿਤ ਹੋਣਗੇ... ਪਰ ਨਹੀਂ...ਸਭ ਦੇ ਚਿਹਰੇ ਧੁਆਂਖੇ ਹੋਏ ...ਕੜਕਦੀ ਧੁੱਪ ਵਿਚ। ਬੰਦੇ-ਬੁੜ੍ਹੀਆਂ, ਪਸੂ-ਪੰਛੀ ਤੇ ਵਣ-ਵੇਲਾਂ ਕਣੀਆਂ ਦੀ ਉਡੀਕ ਵਿਚ ਬਿਹਬਲ ਹੋ ਰਹੇ ਨੇ। ਮੈਂ ਵੀ ਇਹਨਾਂ ਵਿਚ ਸ਼ਾਮਿਲ ਹੋ ਜਾਨੈ। ਰੱਬ ਨੂੰ ਕੋਸਿਆ ਜਾ ਰਿਹੈ...ਡਾਹਢੀ ਬੇਸਬਰੀ ਨਾਲ। ਕੁਦਰਤੀ ਹਵਾ ਦੇ ਠੰਢੇ ਬੁੱਲੇ ਨੂੰ ਜਿਵੇਂ ਹਰ ਕੋਈ ਤਰਸ ਗਿਆ ਜਾਪਦਾ  ਹੈ। ਭਾਈ ਜੀ ਗੁਰਦਵਾਰਿਓਂ ਨੇ ਸਪੀਕਰ ਵਿਚੋਂ ਦੀ ਆਵਾਜ਼ ਦਿੱਤੀ ਕਿ ਭਾਈ ਅੱਜ ਮੀਂਹ ਪੁਵਾਉਣ ਵਾਸਤੇ ਕੁੱਤਿਆਂ ਨੂੰ ਰੋਟੀਆਂ ਪਾਉਣੀਆਂ ਨੇ ਸੋ...ਬੀਬੀਆਂ-ਮਾਈਆਂ ਤੇ ਭੈਣਾਂ ਨੂੰ ਬੇਨਤੀ ਐ ਕਿ ਰੋਟੀਆਂ ਵੱਧ ਪਕਾ ਰੱਖਣ...ਸੇਵਾਦਰ ਲੈਣ ਆਉਣਗੇ ਭਾਈ...।
                             """"   """   """
ਖੇਤਾਂ ਕੋਲ ਦੀ ਲੰਘਦਾ ਹਾਂ, ਝੋਨਾ ਲਾਇਆ ਜਾ ਰਿਹੈ ਦਬਾ-ਦਬ! ਝੋਨੇ ਦੇ ਸੰਘ ਦਾ ਸੋਕਾ ਬੰਬੀਆਂ-ਮੋਟਰਾਂ ਤੇ ਖਾਲਾਂ ਦਾ ਪਾਣੀ ਨਹੀਂ ਮੁਕਾ ਸਕਦਾ, ਇਹ ਤਾਂ ਅੰਬਰੀਂ ਕਣੀਆਂ ਦੇ ਵੱਸ ਹੀ ਹੈ। ਸੱਚੀਓਂ ਸੜੇਵਾਂ ਹੁੰਦੈ...ਜਦ ਖਬਰ ਆਉਂਦੀ ਹੈ ਕਿਧਰੋਂ ਕਿ ਫਲਾਣੀ ਥਾਂਵੇਂ ਮੀਂਹ ਪੈ ਗਿਐ...ਅਸੀਂ ਕੀ ਤੇਰੇ ਮਾਂਹ ਮਾਰੇ ਨੇ ਇੰਦਰ ਦੇਵਤਾ! ਐਧਰ ਵੀ ਭੇਜਦੇ ਚਾਰ ਕਣੀਆਂ, ਵਾਰੇ ਨਿਆਰੇ ਹੋ ਜਾਵਣ। ਤਪਦੀ ਧਰਤੀ ਦੇ ਸੀਨੇ ਠੰਢਕ ਪੈ ਜਾਵੇ। ਖੁੱਡਾਂ-ਖੁਰਲਿਆਂ ਵਿਚ ਸਹਿਕ ਰਹੇ ਜੀਵ-ਜੰਤੂਆਂ ਤੇ ਲੁਕ ਕੇ ਠੁਮਕ ਗਏ ਪੰਛੀਆਂ-ਪੰਖੇਰੂਆਂ ਦਾ ਮਨ ਮੌਜ ਵਿਚ ਆ ਜਾਵੇ! ਸਵੇਰੇ ਸਵੇਰੇ ਕੋਈ ਕੋਈ ਪੰਛੀ ਚਹਿਕਦਾ ਹੈ ਤੇ ਸੂਰਜ ਦੇ ਸਿਰੀ ਚੁਕਦਿਆਂ ਹੀ ਪਤਾ ਨਹੀਂ ਕਿਧਰੇ ਦੁਬਕ ਗਿਆ ਹੈ। ਆਥਣ ਵੀ ਗਰਦੋ-ਗੁਬਾਰ ਲੱਦੀ। ਘਸਮੈਲਾ ਆਸਮਾਨ ਤੇ ਫਿੱਕੇ ਤਾਰੇ। ਆਸਮਾਨ ਵੱਲ ਵੇਂਹਦੇ ਅਣਗਿਣਤ ਚੇਹਰੇ। ਕੋਈ ਅਰਦਾਸਾਂ ਕਰਦੈ। ਕੋਈ ਸੁਖਣਾ ਸੁਖਦੈ...ਕੁਦਰਤ ਤੋਂ ਚਾਰ ਕਣੀਆਂ ਖਾਤਰ । ਕਿੰਨਾ ਲਾਜ਼ਮੀ ਹੈ ਬੰਦੇ ਲਈ ਮੀਂਹ ਦਾ। ਇਕੱਲੇ ਬੰਦੇ ਲਈ ਹੀ ਨਹੀਂ ਸਗੋਂ ਸਭਨਾਂ ਲਈ...ਸੋਚਦਾ  ਹਾਂ ਤੇ ਲਾਹੌਰ ਵਾਲੇ ਪਾਸੇ ਨੂੰ ਤੱਕਦਾ ਹਾਂ ਕਿ ਜਦ ਏਧਰ ਕਿਤੇ ਡੂੰਘਾ ਜਿਹਾ ਲਿਸ਼ਕਦਾ ਸੀ ਤਾਂ ਦਾਦੀ ਨੇ ਆਖਣਾ, '' ਅੱਜ ਵਰ੍ਹ ਕੇ ਰਹੂ...ਲਾਹੌਰੋਂ ਉਠਿਆ ਬੱਦਲ ਸੁੱਕਾ ਨੀ ਜਾਂਦਾ...ਬਾਲਣ-ਬਿਸਤਰਾ ਤੇ ਭਾਡੇ૶ਟੀਂਡੇ ਅੰਦਰ ਕਰ ਲਓ...।"
ਲਾਹੌਰ ਦਾ ਮੱਥਾ ਕਾਲਾ ਹੈ ਸੁੰਨ ਭਰਿਆ। ਮੂੰਹ ਪਾਸੇ ਕਰਿਆ।  ਮੋਢੇ ਬੈਗ ਲਟਕਾਈ ਜਦ ਘਰ ਵੜਿਆ ਸਾਂ, ਚੁਬਾਰੇ ਚੜ੍ਹਿਆ ਸਾਂ, ਤਾਂ ਗੁਆਂਢ ਵਿਚ ਖਲੋਤੀ ਭਰੀ-ਭੁਕੰਨੀ ਨਿੰਮ ਨੇ ਜਿਵੇਂ ਨਿਹੋਰੇ ਨਾਲ ਆਖਿਆ ਸੀ, '' ਆਪ ਆ ਗਿਆੈ, ਠੰਡੇ ਥਾਵੋਂ...ਠੰਢੀਆਂ ਹਵਾਵਾਂ ਲੈ ਕੇ...ਚਾਰ ਕਣੀਆਂ ਮੇਰੇ ਲਈ ਵੀ ਲੈ ਆਉਂਦਾ ਨਿਰਮੋਹਿਆ...?" ਪਤਾ ਨਹੀਂ ਕਿੰਨੇ ਵਰ੍ਹੇ ਪਹਿਲਾਂ ਤਾਈ ਆਗਿਆ ਵੰਤੀ ਦੀ ਲਾਈ ਇਹ ਨਿੰਮ ਹੁਣ ਫੈਲਰ-ਪਸਰ  ਗਈ ਹੈ ਪੂਰੀ ਦੀ ਪੂਰੀ... ਪਰ ਤਾਈ ਦੇ ਚਲੇ ਜਾਣ ਮਗਰੋਂ ਵਿਹੜੇ ਵਿਚ ਕੱਲ-ਮੁਕੱਲੀ ਤੇ ਉਦਾਸ ਰਹਿੰਦੀ ਹੈ...ਕੋਈ ਇਹਦੀ ਛਾਂ ਲੈ ਕੇ ਰਾਜ਼ੀ ਨਹੀਂ ਸਿਵਾਏ ਇੱਕ ਗਾਂ ਦੇ...! ( ਰਾਤ 8 ਵਜੇ)

94174-21700

ਡਾਇਰੀ ਦੇ ਪੰਨੇ : ਸੇਖਾ ਤਾਇਆ - ਨਿੰਦਰ ਘੁਗਿਆਣਵੀ

ਸੇਖੇ ਨੂੰ ਮੈਂ 'ਤਾਇਆ' ਆਖ ਕੇ ਬੁਲਾਉਂਦਾ ਹਾਂ ਪਹਿਲੇ ਦਿਨ ਤੋਂ ਹੀ। ਇਸ ਨਿਬੰਧ ਵਿਚ ਵੀ ਮੈਂ 'ਤਾਇਆ' ਹੀ ਆਖਾਂਗਾ। ਟੋਰਾਂਟੋ ਵਾਲੇ ਬਲਜਿੰਦਰ ਤੇ ਸਰ੍ਹੀ ਵਾਲੇ ਹਰਪ੍ਰੀਤ ਸੇਖੇ ਨੇ ਕੋਈ ਠੇਕਾ ਨਹੀਂ ਲੈ ਰੱਖਿਆ ਕਿ ਜਰਨੈਲ ਸਿੰਘ 'ਸੇਖਾ' ਸਿਰਫ ਉਹਨਾਂ ਦਾ ਹੀ 'ਤਾਇਆ' ਹੈ, ਉਹ ਮੇਰਾ ਤੇ ਗੁਰਮੀਤ ਕੜਿਆਲਵੀ ਦਾ ਵੀ ਤਾਇਆ ਹੈ। ਤਾਏ ਸੇਖੇ ਦੀ ਸੰਗਤ ਸੁਖ ਦੇਣ ਵਾਲੀ ਹੁੰਦੀ ਹੈ। ਸ਼ਾਂਤ, ਸਹਿਜ, ਸਿਆਣੀ ਤੇ ਸੁਹਣੀ ਜਿਹੀ ਸੰਗਤ! ਉਹਦਾ ਘੱਟ ਬੋਲਣਾ ਤੇ ਵੱਧ ਸੁਣਨਾ, ਚੰਗਾ-ਚੰਗਾ ਲਗਦੈ। ਮਿੰਨ੍ਹਾਂ-ਮਿੰਨ੍ਹਾ ਮੁਸਕ੍ਰਾਉਣਾ ਤੇ ਤੇਜ਼-ਤੇਜ਼ ਤੁਰਨਾ ਵੀ। ਉਹ ਲੰਮੀਆਂ ਲਾਂਘਾਂ ਭਰ-ਭਰ ਤੁਰਦੈ। ਸਰ੍ਹੀ ਦੀਆਂ ਕਿੰਨ੍ਹੀਆਂ ਹੀ ਗਲੀਆਂ ਵਿਚ ਉਹਦੇ ਨਾਲ-ਨਾਲ ਤੁਰਿਆ ਹਾਂ ਲੰਬੀ ਵਾਟ ਤੀਕਰ। ਉਹ ਹਫ਼ਦਾ ਨਹੀਂ ਤੇ ਨਾ ਹੀ ਡਾਹੀ ਦਿੰਦੈ। (ਹੁਣ ਪਿਛਲੇ ਕੁਝ ਸਮੇਂ ਤੋਂ ਤੁਰਨ ਸਪੀਡ ਘੱਟ ਕੀਤੀ ਹੋਣੀ, ਡਾਕਟਰਾਂ ਦੀ ਸਲਾਹ 'ਤੇ)।
ਮੈਂ ਜਦ ਵੀ ਬ੍ਰਿਟਿਸ਼ ਕੋਲੰਬੀਆ ਗਿਆ ਹਾਂ 2001 ਤੋਂ 2014 ਤੱਕ, ਤਾਂ ਤਾਏ ਸੇਖੇ ਦੇ ਘਰ ਟਿਕਾਣਾ ਹੁੰਦੈ, ਉਹ ਹਰ ਥਾਂ ਮੇਰੇ ਨਾਲ ਜਾਂਦੈ, ਜਿਵੇਂ ਘਰ ਦੇ ਕਿਸੇ ਨਿੱਕੇ ਨਿਆਣੇ ਨਾਲ ਜਾਈਦੈ ਹੁੰਦੈ ਸੁਰੱਖਿਆ ਤੇ ਸੰਭਾਲ ਵਜੋਂ। ਉਹਨੇ ਘਰੋਂ ਕਿਤੇ ਨਾ ਵੀ ਜਾਣਾ ਹੋਵੇ, ਤਦ ਵੀ ਬਣ-ਠਣ ਕੇ ਰਹਿੰਦਾ ਹੈ, ਟੌਹਰ ਨਾਲ ਪੱਗ ਬੰਨ੍ਹ ਕੇ ਤੇ ਬੂਟ ਲਿਸ਼ਕਾ ਕੇ। ਉਹਦਾ ਨਿੱਕਾ ਜਿਹਾ ਪੋਤਾ ਪਿੰਦਰ ਸੱਤ ਅੱਠ ਸਾਲ ਦਾ, (ਨਵਰੀਤ ਸੇਖਾ ਦਾ ਮੁੰਡਾ) ਮੇਰਾ ਬੇਲੀ ਬਣ ਗਿਆ, ਤੇ ਮੇਰੀ ਤੂੰਬੀ ਨਾਲ ਖੜਮਸਤੀਆਂ ਕਰਨ ਲੱਗ ਪਿਆ। ਹੌਲੀ-ਹੌਲੀ ਪਿੰਦਰ ਨੇ ਤੂੰਬੀ ਉਤੇ ਆਪਣੇ ਨਿੱਕੇ ਨਿੱਕੇ ਪੋਟੇ ਸਿੱਧੇ ਕਰ ਲਏ। ਵਧੀਆ ਤੂੰਬੀ ਵਜਾਈ ਤੇ ਕਈ ਇਨਾਮ ਵੀ ਹਾਸਲ ਕੀਤੇ। ਤਾਇਆ ਖੁਸ਼ ਸੀ। ਦਸਦਾ ਸੀ ਕਿ ਤੈਂ ਪਿੰਦਰ ਨੂੰ ਜਾਗ ਲਾਈ ਤੇ ਗੋਰੇ ਵੀ ਖੁਸ਼ ਹੋਗੇ ਉਹਦੀ ਤੂੰਬੀ ਤੋਂ।
 ਉਹ ਆਪਣੀਆਂ ਲਿਖਤਾਂ ਆਪੇ ਟਾਈਪ ਕਰਦੈ ਲੰਬੇ ਸਮੇਂ ਤੋਂ। ਕਿਸੇ ਉਤੇ ਨਿਰਭਰ ਨਹੀਂ ਕਰਦਾ। ਇੱਕ ਵਾਰ ਉਹਦਾ ਕਹਾਣੀ-ਨੁਮਾ ਮਜ਼ਮੂਨ ਪੜ੍ਹਿਆ ਉਸਤਾਦ ਲਾਲ ਚੰਦ ਯਮਲੇ ਜੱਟ ਬਾਬਤ, 'ਤ੍ਰਿਸ਼ਕੂ' ਵਿਚ ਛਪਿਆ ਸੀ। ਫੋਨ ਕੀਤਾ ਕਿ ਤਾਇਆ ਏਸ ਲਿਖਤ ਨੂੰ ਯਮਲਾ ਜੀ ਬਾਰੇ ਛਪ ਰਹੀ ਆਪਣੀ ਕਿਤਾਬ ਵਿਚ ਵਰਤ ਲਵਾਂ? ਤਾਂ ਉਹ ਹੱਸਿਆ, ''ਭਤੀਜ, ਏਹ ਵੀ ਕੋਈ ਪੁੱਛਣ ਵਾਲੀ ਗੱਲ ਐ?"
ਤਾਏ ਸੇਖੇ ਦੀ ਸ਼ਖਸੀਅਤ ਵਾਂਗ ਉਹਦੀ ਲਿਖਤ ਵੀ ਸਹਿਜ ਭਰੀ ਹੁੰਦੀ ਹੈ। ਸੰਜਮ ਭਰਪੂਰ। ਕਿਤੇ ਵੀ ਛਪੀ ਉਹਦੀ ਲਿਖਤ ਦਾ ਕੋਈ ਹਿੱਸਾ ਨਜ਼ਰ ਪੈ ਜਾਏ, ਮੈਂ ਛਡਦਾ ਨਹੀਂ। ਪਹਿਲੀ ਵਾਰ ਉਹਦਾ ਨਾਵਲ 'ਭਗੌੜਾ' ਪੜ੍ਹਿਆ ਸੀ ਤਾਂ ਅਜੀਤ ਵੀਕਲੀ ਦੇ ਮੁੱਖ ਸੰਪਦਾਕ ਡਾ ਦਰਸ਼ਨ ਸਿੰਘ ਨੂੰ ਟੋਰਾਂਟੋ  ਲੜੀਵਾਰ ਛਪਣ ਲਈ ਰਿਕਮੈਂਡ ਕੀਤਾ ਸੀ, ਜਦ ਉਹ ਛਪਿਆ ਤਾਂ 'ਸੇਖਾ ਸੇਖਾ' ਹੋ ਗਈ। ਦਿਨ ਵਿਚ ਪਾਠਕਾਂ ਦੇ ਫੋਨ 'ਤੇ ਫੋਨ ਆਈ ਜਾਣ। ਤਾਇਆ ਪ੍ਰਸੰਨ ਸੀ ਪਾਠਕਾਂ ਪਾਸੋਂ ਮਿਲ ਦਾਦ ਤੋਂ। ਦਰਸ਼ਨ ਸਿੰਘ ਨੇ ਪੰਜ ਸੌ ਡਾਲਰ ਦਾ ਸਨਮਾਨ ਉਸਨੂੰ ਭੇਜਿਆ। 'ਦੁਨੀਆਂ ਕੈਸੀ ਹੋਈ' ਉਸਦੀ ਕਿਤਾਬ ਪੜ੍ਹ ਕੇ ਸੋਚਦਾ ਰਿਹਾ ਸਾਂ ਪਰਵਾਸੀ ਪੰਜਾਬੀਆਂ ਦਾ ਜੀਵਨ ਬਾਰੇ ਤੇ ਬੀਸੀ ਵਿਚ ਬੇਰੀ ਤੋੜਨ ਵਾਲੇ ਬਜੁਰਗਾਂ ਬਾਰੇ। ਉਦਾਸ ਵੀ ਹੋਇਆ ਸਾਂ। ਤਾਏ ਸੇਖੇ ਨੇ ਇਸ ਲਿਖਤ ਵਿਚ ਲਿਖਣ ਕਲਾ ਦੀ ਸਿਖਰ ਛੁਹਣ ਦਾ ਕਾਰਜ ਕੀਤਾ ਸੀ। ਉਸਦੀ ਸਵੈ-ਜੀਵਨੀ 'ਸਿਮਰਤੀਆਂ ਦੀ ਲਾਲਟੈਨ' ਪੜ੍ਹ ਕੇ ਆਪਣੇ ਪੇਂਡੂ ਬਚਪਨ ਦੇ ਝਲਕਾਰੇ ਵੀ ਪਏ ਤੇ ਤਾਏ ਸੇਖੇ ਦੇ ਸਾਦ-ਮੁਰਾਦੇ, ਔਖੇ-ਸੌਖੇ ਪੇਂਡੂ ਮਲਵੱਈ ਜੀਵਨ ਬਾਰੇ ਪੜੑਿਦਆਂ ਮੈਂ ਉਹਦੇ ਹੋਰ ਵੀ ਕਲੋਜ਼ ਹੋ ਗਿਆ ਸਾਂ।
ਤਾਇਆ ਸੇਖਾ ਸਾਊ ਸਾਹਿਤਕਾਰ ਹੈ।ਢਕਵੰਜੀ ਨਹੀਂ। ਮੋਖੌਟੀਆ ਨਹੀਂ। ਤਿਕੜਮੀਂ ਨਹੀਂ। ਜੁਗਾੜੀ ਨਹੀਂ। ਹਿਰਖੀ ਨਹੀਂ। ਹਮਦਰਦ ਹੈ। ਈਰਖਾਲੂ ਨਹੀਂ। ਦਿਆਲੂ ਹੈ। ਦਾਨਿਸ਼ਵਰ ਹੈ। ਦਿਲ ਦਰਿਆ ਹੈ। ਮਹਿਫਿਲ ਵਿਚ ਬੈਠਾ ਕਿਸੇ ਨੂੰ ਚੁਭਦਾ ਨਹੀਂ ਸਗੋਂ ਸ਼ੋਭਦਾ ਹੈ। ਲੋੜ ਪਵੇ ਤਾਂ ਟਿੱਪਣੀ ਕਰਦਾ ਹੈ, ਟਿੱਪਣੀ ਕਰਨ ਵਾਸਤੇ ਹੀ ਨਹੀਂ ਟਿੱਪਣੀ ਨਹੀਂ ਕਰਦਾ। ਸੁਣਦਾ ਹੈ ਸਲੀਕੇ ਨਾਲ। ਹੱਸਦਾ ਹੈ ਲੋੜ ਜੋਕਰਾ। ਕਿਸੇ ਦੀ ਖਿੱਲੀ ਉਡਾਣਾ ਉਹਦੇ ਸੁਭਾਅ ਵਿਚ ਸ਼ਾਮਿਲ ਨਹੀਂ। ਉਸਨੂੰ ਮਿਲ ਕੇ ਲਗਦਾ ਹੈ ਕਿ ਸਹਿਜ ਸਹਿਜ ਹੋ ਗਿਆ ਹਾਂ।
ਆਥਣ ਮੁੱਕੀ ਤੇ ਰਾਤ ਬੋਲੀ, ''ਮੈਂ ਆਈ...।"  ''ਆਜਾ ਭਤੀਜ, ਘੁਟ-ਘੁਟ ਰੱੈਡ ਵਾਈਨ ਪੀਈਏ ਤੇ ਗੱਲਾਂ ਕਰੀਏ।" ਉਹਦੇ ਕਮਰੇ ਦੀਆਂ ਕਿਤਾਬਾਂ ਮੁਸਕਾਉਣ ਲਗੀਆਂ। ਸਾਰੀ ਸਰੀ੍ਹ ਰਾਤ ਵੱਲ ਸਰਕਣ ਲੱਗੀ ਹੈ। ਮੈਨੂੰ ਨਹੀਂ ਲੱਗ ਰਿਹਾ ਕਿ ਮੈਂ ਪਰਦੇਸ ਵਿਚ ਹਾਂ, ਲੱਗ ਰਿਹਾ ਹੈ ਕਿ ਮੈਂ ਆਪਣੇ ਕੈਨੇਡਾ ਵਾਲੇ ਘਰ ਵਿਚ ਹਾਂ। ਤਾਏ ਦੀ ਹਸਤੀ ਦਾ ਪ੍ਰਛਾਵਾਂ ਅੰਗ-ਸੰਗ ਹੈ। ਮੇਰਾ ਮਨ ਟਿਕਾਓ ਵਿਚ ਹੈ। ਥੋੜੇ ਦਿਨਾਂ ਨੂੰ ਟੋਰਾਂਟੋ ਚਲੇ ਜਾਣਾ ਹੈ ਪਰ ਤਾਏ ਕੋਲੋਂ ਜਾਣ ਨੂੰ ਦਿਲ ਨਹੀਂ ਕਰਦਾ। ਮੇਰੇ ਮੇਜ਼ਬਾਨ ਨਰਾਜ਼ ਨੇ ਕਿ ਤਾਏ ਘਰ ਡੇਰਾ ਲਈ ਬੈਠਾ, ਮਿਲਦਾ ਨਹੀਂ ਸਾਨੂੰ। ਤਾਏ ਕੋਲ ਬੈਠਾ ਹਾਂ ਡਾਇਰੀ ਦਾ ਪੰਨਾ ਲਿਖ ਰਿਹਾਂ, ਮੁਸਕਰਾ ਰਿਹਾ ਤਾਇਆ ਤੇ ਦੇਖ ਰਿਹਾ ਭਤੀਜ ਦੀ ਕਲਮ ਕਾਗਜ਼ ਦੀ ਹਿੱਕ ਉਤੇ ਮੇਲ੍ਹਦੀ ਪਈ ਹੈ।
''ਚੱਲ ਤਾਇਆ ਰੋਟੀ ਖਾਈਏ...।" ਅਸੀਂ ਪੌੜੀਆਂ ਚੜ੍ਹਨ ਲਗਦੇ ਹਾਂ। ''ਤਾਇਆ, ਤੂੰ ਸਦਾ ਖੁਸ਼ ਰਹਵੇਂ ਤੇ ਮੌਜਾਂ ਮਾਣੇਂ।" ਭਤੀਜ ਦੇ ਮੂੰਹੋਂ ਤਾਏ ਵਾਸਤੇ ਅਸੀਸ ਨਿੱਕਲੀ ਹੈ।
 (ਲਿਖੇ ਜਾ ਰਹੇ ਲੰਬੇ ਰੇਖਾ-ਚਿਤਰ ਵਿਚੋਂ)

ਡਾਇਰੀ ਦੇ ਪੰਨੇ : ਨੌਂਲੱਖੇ ਬਾਗ ਦੀਆਂ ਬਾਤਾਂ - ਨਿੰਦਰ ਘੁਿਗਆਣਵੀ

ਨਵਦੀਪ ਗਿੱਲ ਮੈਨੂੰ ਪਹਿਲੀ ਵਾਰੀ ਬਰਨਾਲੇ ਕੱਚਾ ਕਾਲਜ ਰੋਡ ਹਰੀ ਕਬਾੜੀਏ ਦੀ ਦੁਕਾਨ ਮੂਹਰੇ ਮਿਲਿਆ, ਮੇਰੀ ਕਿਤਾਬ ਛਪ ਰਹੀ ਸੀ ਮੇਘ ਰਾਜ ਮਿੱਤਰ ਦੇ ਘਰ ਵਿਸ਼ਵ ਭਾਰਤੀ ਪ੍ਰਕਾਸ਼ਨ ਵੱਲੋਂ। ਮੈਂ ਕਈ-ਕਈ ਦਿਨ ਬਰਨਾਲੇ ਮਿੱਤਰ ਹੁਰਾਂ ਦੇ ਘਰ ਰੁਕਦਾ,ਆਪਣੀਆਂ ਕਿਤਾਬਾਂ ਦੇ ਪਰੂਫ ਪੜ੍ਹਨ ਤੇ ਆਥਣੇ ਤੁਰਨ-ਫਿਰਨ ਬਾਹਰ ਨਿਕਲਦਾ, ਅਣਖੀ ਜੀ, ਗਾਸੋ ਤੇ ਪ੍ਰੋ.ਰਾਹੀ ਹੁਰਾਂ ਦੇ ਦੀਦਾਰ ਕਰਦਾ। ਨਵਦੀਪ ਜਦੋਂ ਮੈਨੂੰ ਮਿਲਣ ਆਇਆ, ਉਦੋਂ ਉਹ ਬਰਨਾਲੇ ਪੜ੍ਹਦਾ ਸੀ ਤੇ ਸਾਹਿਤਕ ਸੋਝੀ ਰੱਖਣ ਕਾਰਨ ਉਸਨੂੰ ਲੇਖਕਾਂ, ਕਲਾਕਾਰਾਂ ਤੇ ਕਲਾ ਖੇਤਰ ਨਾਲ ਜੁੜੇ ਲੋਕਾਂ ਨੂੰ ਮਿਲਣ-ਗਿਲਣ ਲਈ ਲਿਲ੍ਹਕ ਜਿਹੀ ਲੱਗੀ ਰਹਿੰਦੀ । ਗੋਲ-ਮਟੋਲ ਜਿਹਾ 'ਪਿਆਰਾ ਬੱਚੂ ਸਭਨਾਂ ਨੂੰ ਆਪਣੀ ਬੋਲ-ਬਾਣੀ ਤੇ ਅਪਣੱਤ ਨਾਲ ਪ੍ਰਭਾਵਿਤ ਕਰਦਾ ਤੇ ਹੱਸ-ਹੱਸ ਕੇ ਉਤਸ਼ਾਹ ਨਾਲ ਲਬਾ-ਲਬ ਗੱਲਾਂ ਮਾਰਦਾ।ਕੁਝ ਦੇਰ ਬਾਅਦ ਉਹਦੇ ਮਿਡਲ ਤੇ ਖੇਡਾਂ ਬਾਰੇ ਲਿਖੇ ਲੇਖ ਅਖ਼ਬਾਰਾਂ ਵਿੱਚ ਨਜ਼ਰੀਂ ਪੈਣ ਲੱਗੇ। ਪਾਠਕ ਪੜ੍ਹਨ ਲੱਗੇ, ਅਖ਼ਬਾਰਾਂ ਛਾਪਣ ਲੱਗੀਆਂ ਤੇ ਉਹਦਾ ਹੌਸਲਾ ਵਧਣ ਲੱਗਿਆ। ਉਹਦੀ ਪਹਿਲੀ ਮਿਲਣੀ ਤੋਂ ਹੀ ਲੱਗਿਆ ਸੀ ਕਿ ਉਹਦੇ 'ਚ ਕਲਮ ਤੇ ਕਲਾ ਪ੍ਰਤੀ ਲਗਨ ਹੈ। ਉਹ ਆਪਣੀ ਸੱਚੀ ਲਗਨ ਦੀ ਦਰੁੱਸਤ ਵਰਤੋਂ ਕਰਨ ਲੱਗਿਆ। ਮੈਂ ਉਹਨੂੰ ਹੌਸਲਾ ਵਧਾਊ ਚਿੱਠੀ ਲਿਖੀ। ਫੇਰ ਬੜ੍ਹੀ ਦੇਰ ਉਹਦੇ ਨਾਲ ਮੇਲ-ਗੇਲ ਨਾ ਹੋਇਆ, ਅਖ਼ਬਾਰੀ ਲਿਖਤਾਂ ਰਾਹੀਂ ਹੀ ਮਿਲਦਾ।
ਨਵਦੀਪ ਗਿੱਲ ਦਾ ਫੋਨ ਆਇਆ। ਉਹਨੇ ਕੋਈ ਲਿਖ਼ਤ ਪੜ੍ਹਕੇ ਫੋਨ ਘੁਮਾਇਆ ਸੀ। ਉਦੋਂ ਤੱਕ ਉਹ ਪੰਜਾਬੀ ਟ੍ਰਿਬਿਊਨ ਵਿੱਚ ਸਬ ਐਡੀਟਰ ਜਾ ਲੱਗਿਆ ਸੀ। ਕਦੇ ਮੇਰੀਆਂ ਅੱਖਾਂ ਅੱਗੇ ਪੰਜਾਬੀ ਟ੍ਰਿਬਿਊਨ ਦਾ ਨਿਊਜ਼ ਰੂਮ ਤੇ ਸਬ ਐਡੀਟਰ ਦੀ ਕੁਰਸੀ ਆਉਂਦੀ ਤੇ ਕਦੇ ਮੇਘ ਰਾਜ ਮਿੱਤਰ ਦੀ ਗਲੀ 'ਚ ਮਿਲਿਆ ਉਹ ਵਰ੍ਹਿਆਂ ਪਹਿਲਾਂ ਇਕ ਵਿਦਿਆਰਥੀ ਤੇ ਜਗਿਆਸੂ ਗੋਲ-ਮਟੋਲ ਬੱਚੂ। ਫਿਰ ਪਤਾ ਲੱਗਿਆ ਕਿ ਉਹ ਲੋਕ ਸੰਪਰਕ ਵਿਭਾਗ ਵਿੱਚ ਸੂਚਨਾ ਤੇ ਲੋਕ ਸੰਪਰਕ ਅਫ਼ਸਰ ਲੱਗ ਗਿਆ ਹੈ।
ਇੱਕ ਦਿਨ ਬਾਪੂ ਜੱਸੋਵਾਲ ਦੇ ਘਰ ਮਿਲ ਗਿਆ, ਜਦ ਮੈਂ ਗਿਆ ਤਾਂ ਉਹ ਪਹਿਲਾਂ ਵਾਲੇ ਉਤਸ਼ਾਹ ਨਾਲ ਗੱਲਾਂ ਮਾਰੀ ਜਾਂਦਾ ਸੀ।ਗੱਲਾਂ ਉਹ ਹਮੇਸ਼ਾ ਸਿਆਣੀਆਂ ਕਰਦਾ ਹੈ, ਤੇ ਸਿਆਣਿਆਂ ਨਾਲ ਕਰਦਾ ਹੈ ਪਰ ਜੁਆਕਾਂ ਵਾਂਗੂੰ ਕਰਦਾ ਹੈ ਪਰ ਹੁੰਦੀਆਂ ਨੇ ਕੰਮ ਦੀਆਂ ਗੱਲਾਂ! ਦਿਲ ਦਾ ਖੁੱਲ੍ਹਾ ਹੈ। ਹੋਰਨਾਂ ਕਈ ਬਰਨਾਲਵੀਆਂ ਵਾਂਗੂੰ ਮਿਸਕ-ਮੀਣਾ ਨਹੀਂ ਹੈ। ਮੇਰਾ ਵੀ ਮੋਹ ਕਰਦਾ ਹੈ। ਰੱਤੀ ਭਰ ਵੀ ਇਸ ਮੋਹ ਵਿੱਚ ਕੋਈ ਖੋਟ ਨਹੀਂ ਆਈ। ਮੈਂ ਕਦੀ ਨਿੱਕਾ ਹੋਣ ਕਾਰਨ ਦਬਕਾ ਵੀ ਮਾਰ ਲਵਾਂ, ਤਾਂ ਅੱਗੋਂ ਹੱਸੀ ਜਾਏਗਾ ਤੇ ਹਸਾਈ ਜਾਏਗਾ।ਹੁਣ ਉਸਦੀ ਪੁਸਤਕ 'ਨੌਂਲੱਖਾ ਬਾਗ਼' ਦਾ ਖਰੜਾ ਪੜ੍ਹਨ ਤੇ ਦੋ ਸ਼ਬਦ ਲਿਖਣ ਲਈ ਹੁਕਮ ਲਾ ਗਿਆ ਤੇ ਵੱਡੇ ਭਾਈ ਨੂੰ ਦਬਕਾ ਗਿਆ। ਦਿਨ ਵੀ ਸਾਰੇ ਤਿੰਨ ਦਿੱਤੇ। ਖ਼ੈਰ ਨਵਦੀਪ ਦੇ 'ਨੌਂਲੱਖੇ ਬਾਗ਼' ਦੀਆਂ ਬਾਤਾਂ ਪਾਵਾਂ ਪਰ ਇਹ ਬਾਤਾਂ ਮੁੱਕਣ ਵਾਲੀਆਂ ਨਹੀਂ। ਇਸ ਮਾਂ ਦੇ ਲਾਡਲੇ ਸ਼ੇਰ ਨੇ ਪੰਜਾਬ ਦੀਆਂ ਵੱਖ-ਵੱਖ ਖੇਤਰ ਦੀਆਂ 9 ਹਸਤੀਆਂ ਬਾਬਤ ਏਨੀ ਦਿਲਚਸਪ ਤੇ ਭਰਪੂਰ ਜਾਣਕਾਰੀ ਦੇ ਕੇ 'ਨੌਂਲੱਖਾ ਬਾਗ਼' ਖੂਬ ਸ਼ੰਗਾਰ ਗਿਆ ਹੈ, ਇੱਕ ਤਰ੍ਹਾਂ ਮੈਂ ਉਹਦੇ ਨੌਂ ਲੱਖੇ ਨੂੰ ਸੰਖੇਪ ਜੀਵਨੀਆਂ ਕਹਿ ਸਕਦਾ ਹਾਂ, ਪੰਜਾਬ ਦੀਆਂ ਮਾਣ ਮੱਤੀਆਂ ਹਸਤੀਆਂ ਦੀਆਂ ਜੀਵਨੀਆਂ। ਇਨ੍ਹਾਂ ਸਾਰੀਆਂ ਹਸਤੀਆਂ ਦੇ ਨਵਦੀਪ ਖਾਸਾ ਲਾਗੇ-ਲਾਗੇ ਹੈ। ਇਸਨੇ ਇਹ ਕਿਤਾਬ ਇੱਕ ਤਰ੍ਹਾਂ ਨਾਲ ਹਵਾਲਾ ਪੁਸਤਕ ਵੀ ਬਣਾ ਦਿੱਤੀ ਹੈ, ਜਦੋਂ ਕਿਸੇ ਖੋਜੀ ਵਿਦਿਆਰਥੀ ਨੇ ਇਨ੍ਹਾਂ 'ਚੋਂ ਕਿਸੇ ਬਾਰੇ ਕਿਤੇ ਜਾਣਕਾਰੀ ਲੈਣੀ ਚਾਹੀ, ਤਾਂ ਇਹ ਕਿਤਾਬ ਖਾਸੀ ਲਾਹੇਵੰਦ ਸਿੱਧ ਹੋਵੇਗੀ।
'ਨੌਂਲੱਖੇ ਬਾਗ਼' ਨੂੰ ਸ਼ੰਗਾਰ ਲੱਗਿਆ ਨਵਦੀਪ ਨੇ ਰਤਾ ਘੌਲ ਨਹੀਂ ਕੀਤੀ, ਤੇ ਨਾ ਕੋਈ ਕਿਰਸ-ਕੰਜੂਸੀ। ਖੁੱਲ੍ਹਾ ਡੁੱਲ੍ਹਾ ਤੇ ਦਿਲਚਸਪ ਲਿਖਿਆ ਹੈ ਹਰੇਕ ਬਾਰੇ। ਨਾਲ-ਨਾਲ ਯਾਦਮਈ ਟੋਟਕੇ ਵੀ ਪਰੋਸੇ ਹਨ ਤਾਂ ਕਿ ਪਾਠਕ ਲਈ ਲਿਖਤ ਰਵਾਂ ਬਣੀ ਰਹੇ। ਇੰਨ੍ਹਾਂ ਨੌਂ ਲੱਖਿਆਂ ਦੇ ਮੈਂ ਵੀ ਨਵਦੀਪ ਤੋਂ ਕਿਸੇ ਦੇ ਕਾਫ਼ੀ ਵੱਧ ਤੇ ਕਿਸੇ ਦੇ ਕਾਫ਼ੀ ਘੱਟ ਨੇੜ੍ਹੇ-ਤੇੜ੍ਹੇ ਰਿਹਾ ਹਾਂ, ਤੇ ਹਾਂ ਵੀ।ਬਾਪੂ ਜੱਸੋਵਾਲ ਤੋਂ ਲੈ ਕੇ ਅਣਖੀ ਜੀ, ਗਾਸੋ ਜੀ, ਪਿੰ ਸਰਵਣ ਸਿੰਘ, ਸਮਸ਼ੇਰ ਸੰਧੂ, ਜੌੜਾ ਜੀ, ਭੱਠਲ ਜੀ ਤੇ ਹਰਮਨ ਪਿਆਰਾ ਬਾਪੂ ਸਰਵ ਸਾਜਾ ਗੁਰਭਜਨ ਗਿੱਲ ਜੀ, ਸਾਰੇ ਹੀ ਪੰਜਾਬੀ ਜਗਤ ਦੇ ਆਪਣੇ ਆਪਣੇ ਖੇਤਰ ਵਿਚ 'ਧੁਨੰਤਰ' ਹਨ। ਮੇਰੇ ਆਪਣੇ ਹਨ। ਇਸ ਲਈ ਇੱਕ ਕਾਰਨ ਹੈ ਕਿ ਸਾਰੀ ਸਮੱਗਰੀ ਮੈਨੂੰ ਨਿੱਜੀ ਤੌਰ 'ਤੇ ਪਿਆਰੀ-ਪਿਆਰੀ ਤੇ ਆਪਣੀ-ਆਪਣੀ ਲੱਗੀ ਹੈ।

ਡਾਇਰੀ ਦੇ ਪੰਨੇ : ਕਿੰਨਾ ਪਿਆਰਾ ਲਗਦੈ ਸ਼ਬਦਾਂ ਨਾਲ ਖੇਡ੍ਹਣਾ - ਨਿੰਦਰ ਘੁਗਿਆਣਵੀ

ਬੰਦੇ ਬੋਲਦੇ ਸੁਣਦਾ ਹਾਂ, ਉਹਨਾਂ ਦੇ ਸਹਿਜ-ਸੁਭਾਵਕ ਬੋਲੇ ਬੋਲਾਂ ਦੇ ਅਰਥ ਕਢਦਾ ਹਾਂ। ਇਹ ਕਿਹੜੇ 'ਕੋਸ਼' ਵਿਚ ਦਰਜ ਹੋਊ? ਆਪਣੇ ਆਪ ਨੂੰ ਪੁਛਦਾ ਹਾਂ। ਚੰਗੀਆਂ-ਭਲੀਆਂ ਬੁੜ੍ਹੀਆਂ  ਬਿਲਕੁਲ ਹੀ ਕਮਲੀ ਗੱਲ ਕਰਦੀਆਂ-ਕਰਦੀਆਂ ਕਦੇ-ਕਦੇ ਬਹੁਤ ਹੀ ਸਿਆਣੀ ਜਿਹੀ ਗੱਲ ਕਰ ਜਾਂਦੀਆਂ ਨੇ। ਸੋਚਦਾ ਹਾਂ ਕਿ ਇਹ ਕਿਵੇਂ ਸੁੱਝੀ ਹੋਊ, ਕਿੱਥੋਂ ਸੁੱਝੀ ਹੋਊ? ਸੁਣੇ-ਸੁਣਾਏ ਸ਼ਬਦਾਂ ਬਾਬਤ ਸੋਚਣਾ,ਸ਼ਬਦਾਂ ਨਾਲ ਖੇਡ੍ਹਣਾ, ਸ਼ਬਦਾਂ ਨੂੰ ਰਿੜਕਣਾ, ਸ਼ਬਦਾਂ 'ਤੇ ਹੱਸਣਾ ਤੇ ਸ਼ਬਦਾਂ 'ਤੇ ਰੋਣਾ ਜਾਰੀ ਰਹਿੰਦਾ ਹੈ ਮੇਰਾ। ਪਿੰਡ ਆਇਆ ਹੋਵਾਂ ਤਾਂ ਸੱਥ 'ਚ ਗੇੜੀ ਲਾਉਣੀ ਖੁੰਝਾਉਂਦਾ ਨਹੀਂ ਹਾਂ, ਬਥੇਰਾ ਕੁਛ ਮਿਲ ਜਾਂਦੈ ਇੱਥੋਂ...! ਜੋ ਕੁਛ ਇੱਕ ਸੱਥ ਦਿੰਦੀ ਹੈ, ਉਹ ਕਿਤਾਬ ਨਹੀਂ ਦਿੰਦੀ ਤੇ ਜੋ ਕੁਛ ਇੱਕ ਕਿਤਾਬ ਦਿੰਦੀ ਹੈ, ਉਹ ਸੱਥ ਕੋਲ ਨਹੀਂ ਹੁੰਦਾ।
''ਬੰਦੇ ਨਾਲੋਂ ਜਾਨਵਰ ਚੰਗੈ...।" ਬੰਦੇ ਦੀ ਤੁਲਨਾ ਜਾਨਵਰਾਂ ਤੇ ਪੰਛੀਆਂ ਨਾਲ ਹੁੰਦੀ ਦੇਖ-ਸੁਣ ਕੇ ਅਕਸਰ ਹੀ ਸੋਚਦਾਂ। ਕੋਈ ਗਰੀਬ-ਮਜ਼ਦੂਰ ਮਾਲਕ ਦਾ ਭਾਰੀ ਭਾਰ ਢੋਅ ਰਿਹੈ, ਕਹਿ ਦਿੰਦੇ ਨੇ ਕਿ ਦੇਖ ਕਿਮੇਂ ਗਧੇ ਵਾਂਗੂੰ ਲੱਦਿਆ ਜਾਂਦੈ। ਤਕਲੀਫ ਮੰਨਦਾ ਹੈ ਮਨ ਇਹ ਸੁਣ ਕੇ! 'ਗਧੇ ਵਾਂਗ ਰਿੰਗਣਾ' ਤਾਂ ਆਮ ਹੀ ਵਰਤ ਲੈਂਦੇ ਨੇ, ਕਿਸੇ ਨੂੰ ਵੀ ਸੁਣ ਕੇ! ਸਿਧਰੇ ਜਿਹੇ ਬੰਦੇ ਨੂੰ 'ਬੋਕ' ਬਣਾ ਦਿੱਤਾ ਜਾਂਦੈ ਤੇ ਬਹੁਤਾ ਖਾਣ ਵਾਲੇ ਨੂੰ, ''ਦੇਖ ਕਿਮੇਂ ਬੱਕਰੀ ਵਾਂਗੂੰ ਚਰੀ ਜਾਦੈ૴।" ਆਖ ਕੇ ਮਾਣ-ਤਾਣ ਕੀਤਾ ਜਾਂਦੈ। ਹੁਣ ਵੀ ਕਈ ਵਾਰੀ ਸੱਥ 'ਚੋਂ ਸੁਣਨ ਨੂੰ ਮਿਲ ਜਾਂਦੈ, ''ਬਈ ਓਹਦਾ ਕੀ ਕਹਿਣੈ...ਢੱਟੇ ਆਂਗੂੰ ਭੂਸਰਿਆ ਰਹਿੰਦੈ ਤੇ ਓਹ ਅੱਡ ਝੋਟੀ ਆਗੂੰ ਆਫਰੀ ਪਈ ਐ ਖਾ ਖਾ ਕੇ...।" ਵਾਰ ਵਾਰ ਮੁੜ ਆਉਣ ਵਾਲੇ ਨੂੰ, ''ਮੁੜ-ਘੁੜ ਖੋਤੀ ਬੋਹੜ ਥੱਲੇ" ਆਖ ਕੇ ਸਨਮਾਨਿਆਂ ਜਾਂਦੈ। ਜੇ ਕੋਈ ਬਹੁਤੇ ਮਿੱਠੇ ਬੋਲ ਬੋਲਦੈ, ਤਾਂ ਉਹਦੀ ਤੁਲਨਾ ਕੋਇਲ ਨਾਲ ਕੀਤੀ ਜਾਂਦੀ ਹੈ। ਗਾਇਕਾ ਸੁਰਿੰਦਰ ਕੌਰ ਨੂੰ 'ਪੰਜਾਬ ਦੀ ਕੋਇਲ' ਆਖ ਕੇ ਵਡਿਆਇਆ ਗਿਆ ਹੈ। ਕੁੜੀ ਨੂੰ 'ਚਿੜੀ' ਨਾਲ ਤੋਲਿਆ ਗਿਐ ਤੇ ਤੇ ਸੋਹਣੀ ਕੁੜੀ ਨੂੰ ''ਗੁਟਾਰ੍ਹ ਵਰਗੀ" ਆਖਿਆ ਗਿਐ। 'ਬਹਾਦਰ' ਬੰਦੇ ਨੂੰ 'ਬੱਬਰ ਸ਼ੇਰ' ਨਾਲ ਤੇ 'ਡਰਪੋਕ' ਨੂੰ 'ਗਿੱਦੜ' ਨਾਲ। ਜੁਬਾਨੋ ਫਿਰਨ ਵਾਲੇ ਬੰਦੇ ਨੂੰ ਲੂੰਬੜ ਚਾਲੇ ਬੰਦੇ ਦੀ ਪਦਵੀ ਦੇ ਦਿੰਦੇ ਨੇ। ''ਨਗੌਰੀ ਬਲ੍ਹਦ ਵਰਗਾ" ਸ਼ਬਦ ਬਹੁਤ ਵਾਰ ਸੁਣਿਆ।
ਕੋਈ ਸੋਹਣਾ ਹੈ ਤਾਂ ਉਸਨੂੰ 'ਕਬੂਤਰ ਵਰਗਾ' ਕਹਿਣਾ ਸੌਖਾ-ਸੌਖਾ ਲਗਦੈ। ਤਿੱਖੀ ਆਵਾਜ਼ ਵਾਲੇ ਨੂੰ, ''ਕਾਂ ਅਰਗੀ ਆਵਾਜ਼ ਐ ਵਈ ਏਹਦੀ," ਆਖ ਦਿੰਦੇ ਸੁਣਿਆ ਹੈ।  ਤੇਜ਼ ਨਜ਼ਰ ਵਾਲੇ ਨੂੰ ''ਕਾਂ ਅੱਖਾ" ਵੀ ਆਖਦੇ ਨੇ। ਸੋਹਣੀ ਤੋਰ ਤੁਰਨ ਵਾਲੇ ਨੂੰ ''ਮੋਰ ਵਾਂਗ ਪੈਲਾਂ ਪਾਉਣ ਵਾਲਾ" ਆਖ ਕੇ ਉਹਦੀ ਤੋਰ ਦੀ ਤਾਰੀਫ਼ ਬਥੇਰੀ ਸੁਣੀ ਹੈ। ਸਾਡੇ ਗੀਤਾਂ ਤੇ ਲੋਕ ਗੀਤਾਂ ਵਿਚ ਇੱਕ ਨਹੀਂ, ਸਗੋਂ  ਅਣਗਿਣਤ ਉਦਾਹਰਨਾਂ ਅਜਿਹੀਆਂ ਮਿਲ ਜਾਣਗੀਆਂ।
                                 """""""""""""
ਰੋਜ਼ ਗਾਰਡਨ ਵਿਚ ਸੈਰ ਕਰਦਿਆਂ ਸਾਹਿਤਕ ਅੰਕਲ ਹਰਪ੍ਰੀਤ ਸਿੰਘ ਚੰਨੂ ਵਾਲੇ ਨੇ ਇੱਕ ਬੰਦੇ ਦੀ ਤੁਲਨਾ 'ਢੱਟੇ ਦੀ ਬੰਨ' ਨਾਲ ਕੀਤੀ। ਦੰਗ ਹੀ ਰਹਿ ਗਿਆ ਸੁਣਕੇ, ਤੇ ਪਲ ਦੀ ਪਲ ਕਦੇ ਉਹ ਬੰਦੇ  ਨੂੰ ਤੇ ਕਦੇ ਢੱਟੇ ਦੀ ਬੰਨ ਨੂੰ ਅੱਖਾਂ ਅੱਗੇ ਸਕਾਰਿਆ, ਤਾਂ ਉਹ ਬੰਦਾ ਸੱਚੀਓਂ ਡੱਟੇ ਦੀ ਬੰਨ ਵਰਗਾ ਦਿਖਦਾ ਸੀ। ਜੇ ਬੰਦਾ ਵਫ਼ਾਦਾਰ ਹੈ ਤਾਂ ਉਹਦੀ ਤੁਲਨਾ ਕੁੱਤੇ ਦੀ ਵਫਾਦਾਰੀ ਨਾਲ ਕਰਦੇ ਆਮ ਹੀ ਦੇਖਦੇ ਹਾਂ। ਜੇ ਕੋਈ ਜ਼ਿਆਦਾ ਬੋਲਦਾ ਹੈ ਤਾਂ ਇਹ ਆਖਣ ਤੋਂ ਵੀ ਸੰਕੋਚ ਨਹੀਂ ਕੀਤਾ ਜਾਂਦਾ, ''ਦੇਖ ਕਿਮੇਂ ਕੁੱਤੇ ਆਂਗੂੰ ਭੌਕੀ ਜਾਦੈ...ਚੁੱਪ ਕਰਜਾ ਹੁਣ ਬਥੇਰਾ ਭੌਕ ਲਿਐ...।" ''ਕੁੱਤੇ ਝਾਕ" ਸ਼ਬਦ ਵੀ ਇੰਝ ਹੀ ਜਨਮਿਆਂ ਹੋਣੈ। ਲੰਮ-ਸੁਲੰਮੇ ਬੰਦੇ ਨੂੰ ਬਹੁਤੀ ਵਾਰ ਆਖ ਦਿੰਦੇ, ''ਕੱਦ ਤਾਂ ਵਈ ਏਹਦਾ ਊਠ ਜਿੱਡਾ ਐ...।" ਜੇ ਕੋਈ ਬਹੁਤਾ ਹੁੰਦੜਹੇਲ ਹੈ ਤਾਂ ਉਹਦੀ ਤੁਲਨਾ ਹਾਥੀ ਨਾਲ ਵੀ ਕਰ ਦਿੱਤੀ ਜਾਂਦੀ ਹੈ। ਹੱਟੇ-ਕੱਟੇ ਬੰਦੇ ਨੂੰ ਕਹਿ ਦਿੰਦੇ ਨੇ, ''ਦੇਖ ਤਾਂ ਵਈ ਝੋਟੇ ਵਰਗਾ ਸਰੀਰ ਐ...।" ਇੱਕ ਦਿਨ ਕਿਸੇ ਮਿੱਤਰ ਦੇ ਬੁੱਢੇ ਤੇ ਸਿਹਤਮੰਦ ਬਾਪੂ ਨੂੰ ਉਹਦੇ ਬੇਲੀ ਨੇ ਹਾਸੇ ਹਾਸੇ ਛੇੜਿਆ ਸੀ, ''ਬਾਪੂ, ਤੂੰ ਤਾਂ ਨਾਈਆਂ ਦੇ ਕੱਟੇ ਅਰਗਾ ਪਿਆ ਏਂ, ਕੀ ਖਾਨੈ...।" ਇਹ ਸੁਣ ਬਾਪੂ ਹੱਸਿਆ ਸੀ। ਉਸਦੀ ਚੰਗੀ ਸਿਹਤ ਦੀ ਨਿਸ਼ਾਨਦੇਹੀ ਨਾਈਆਂ ਦੇ ਕੱਟੇ ਦੀ ਸਿਹਤ ਬਰੋਬਰ ਕਰ ਦਿੱਤੀ ਗਈ ਸੀ। ਇਹ ਮਨੁੱਖੀ ਮਨ ਦੀ ਹੀ ਕਾਢ ਹੈ ਬੰਦੇ ਦੀ ਤੁਲਨਾ  ਜਾਨਵਰਾਂ ਤੇ ਪੰਛੀਆਂ ਨਾਲ ਕਰਦਾ ਹੈ। ਇਸ ਮਾਮਲੇ ਵਿਚ ਬੰਦੇ ਨੂੰ ਸ਼ਬਦ ਦਗਾ ਨਹੀਂ ਦਿੰਦੇ, ਸਗੋਂ ਪੂਰਾ ਪੂਰਾ ਸਾਥ ਨਿਭਾਉਂਦੇ ਨੇ ਬੰਦੇ ਦਾ ਸ਼ਬਦ। ਮੈਂ ਵਾਰੀ ਤੇ ਬਲਿਹਾਰੀ ਜਾਵਾਂ ਸ਼ਬਦਾਂ ਤੋਂ, ਸ਼ਬਦਾਂ ਦੀ ਤਾਕਤ ਤੋਂ। ਕਿੰਨਾ ਪਿਆਰਾ-ਪਿਆਰਾ ਲਗਦੈ ਮੈਨੂੰ ਸ਼ਬਦਾਂ ਨਾਲ ਖੇਡ੍ਹਣਾ-ਸ਼ਬਦਾਂ ਨੂੰ ਕੁਰੇਦਣਾ, ਸ਼ਬਦਾਂ ਨਾਲ ਰੁੱਸਣਾ, ਸ਼ਬਦਾਂ ਨੂੰ ਮਨਾਉਣਾ, ਸ਼ਬਦਾਂ ਸੰਗ ਹੱਸਣਾ ਤੇ ਸ਼ਬਦਾਂ ਸੰਗ ਰੋਣਾ...!ਇਹ ਮੈਂ ਹੀ ਜਾਣਦਾ ਹਾਂ।

94174-21700

12 June 2019

ਡਾਇਰੀ ਦੇ ਪੰਨੇ : ਪੱਤਝੜ ਹੁਣ ਜਾਹ ਤੂੰ... - ਨਿੰਦਰ ਘੁਗਿਆਣਵੀ

28 ਅਪ੍ਰੈਲ, 2019 ਦੀ ਦੁਪਿਹਰ ਹੈ। ਝੜ-ਝੜ ਪੈਂਦੇ ਪੱਤਿਆਂ ਦੀ ਸ਼ਾਮਤ ਆਈ ਪਈ ਹੈ। ਜਿੱਧਰ ਲੰਘੋ,ਪੱਤੇ ਈ ਪੱਤੇ! ਜਿੱਧਰ ਤੱਕੋ, ਪੱਤੇ ਈ ਪੱਤੇ, ਜਿਵੇਂ ਪੱਤਿਆਂ ਤੋਂ ਰੁੱਖ ਰੁੱਸ ਗਏ ਨੇ ਤੇ ਬੁਰੀ ਝਾੜ-ਝਾੜ ਸੁੱਟ੍ਹੀ ਜਾਂਦੇ ਹੋਣ ਆਪਣੇ ਨਾਲੋਂ ਪੱਤਿਆਂ ਨੂੰ, ਮੋਹ ਭੰਗ ਹੋ ਗਿਆ ਲਗਦੈ ਰੁੱਖਾਂ ਤੋਂ ਪੱਤਿਆਂ ਦਾ ਜਿਵੇਂ। ਪੈਰਾਂ ਹੇਠ ਮਧੀਂਦੇ ਸੁੱਕ-ਮੜੁੱਕੇ, ਕੁਝ ਅੱਧ ਸੁੱਕੇ ਪੱਤੇ ਬੜੀ ਕੁਰੱਖਤ ਜਿਹੀ ਆਵਾਜ਼ ਪੈਦਾ ਕਰਦੇ ਨੇ ਜਦ ਮਿਧ ਕੇ ਅੱਗੇ ਲੰਘਦੇ ਜਾਂਦੇ ਹਾਂ। ਇਕੱਲੇ ਪੱਤੇ ਹੀ ਨਹੀਂ ਡਿੱਗ ਰਹੇ ਸਗੋਂ ਕਮਜ਼ੋਰ ਤੇ ਸਤ-ਹੀਣ ਪਤਲੀਆਂ ਟਾਹਣੀਆਂ ਵੀ ਤੜੱਕ-ਤੜੱਕ ਡਿੱਗ ਰਹੀਆਂ ਨੇ, ਟੁੱਟ-ਟੁੱਟ ਡਿਗਦੀਆਂ ਟਾਹਣੀਆਂ ਦੇਖ-ਦੇਖ ਮਨ ਡੋਲਦਾ ਹੈ। ਪਤਾ ਨਹੀਂ ਕਿਉਂ?
ਚੰਡੀਗੜ ਦੀ ਕਿਹੜੀ ਸੜਕ ਜਾਂ ਗਲੀ ਹੈ, ਪਾਰਕ ਜਾਂ ਰੋਜ਼ ਗਾਰਡਨ ਹੈ, ਸ਼ਾਂਤੀ ਕੁੰਜ ਜਾਂ ਰੌਕ ਗਾਰਡਨ ਹੈ, ਜਿੱਥੇ ਪੱਤਿਆਂ ਦੇ ਢੇਰ ਨਹੀਂ ਦਿਸਦੇ। ਮੇਰੇ ਕਮਰੇ ਦੇ ਮੂਹਰੇ ਖੁੱਲ੍ਹਮ-ਖੁੱਲ੍ਹੇ ਵਿਹੜੇ ਵਿਚ ਝੜ-ਝੜ ਡਿੱਗੀ ਜਾਂਦੇ ਪੱਤੇ ਮੈਨੂੰ ਉਦਾਸੀ ਵਿਚ ਡੋਬਦੇ ਨੇ। ਸਫਾਈ ਸੇਵਕ ਸਿਆਣਾ ਹੈ। ਉਸਨੂੰ ਕਹਿ ਰੱਖਿਐ ਕਿ ਦੋ-ਤਿੰਨ ਵਾਰ ਗੇੜਾ ਮਾਰ ਜਾਇਆ ਕਰ...। ਉਹ ਇਕਰਾਰ ਦਾ ਪੱਕਾ ਹੈ। ਆਉਂਦਾ ਹੈ,ਝਾੜੂ ਚੁੱਕਣ ਲੱਗਿਆ ਝਾੜੂ ਨੂੰ ਘੂਰਦਾ ਹੈ ਤੇ ਫਿਰ ਲਾਗੇ-ਲਾਗੇ ਖੜ੍ਹੇ ਰੁੱਖਾਂ ਨੂੰ ਦੇਖ ਬੁੜਬੁੜ ਕਰਦਾ ਹੈ। ਜਾਣ ਲੱਗਿਆਂ ਕਹਿੰਦਾ ਹੈ, ''ਸਰ ਜੀ,ਕਰ ਦੀਆ ਪੱਤੋਂ ਕਾ ਕਾਮ.. ਪਰ ਯੇ ਸਾਲੇ ਬੇਸ਼ਰਮ ਹੈਂ...ਅਭੀ ਫਿਰ ਆ ਗਿਰੇਂਗੇ...ਮੈਂ ਤੋ ਇਨਕਾ ਸਿਆਪਾ ਹੀ ਕਰਤਾ ਰਹਤਾ ਹੂੰ...।" ਉਸਦੇ ਇਸ ਵਾਕ 'ਤੇ ਮੈਨੂੰ ਹਾਸਾ ਆਉਂਦਾ-ਆਉਂਦਾ ਮਸੀਂ ਰੁਕਿਆ ਹੈ। ਉਸ ਤੋਂ ਕੁਦਰਤੀ ਹੀ ਘੜਿਆ ਗਿਐ ਇਹ ਵਾਕ!
                             """"""""""""""
ਚੰਡੀਗੜੋਂ ਪਿੰਡ ਜਾਂਦਾ ਹਾਂ ਤਾਂ ਲਗਦੈ ਕਿ ਪੱਤਝੜ ਨਾਲ-ਨਾਲ ਹੀ ਤੁਰੀ ਆਈ ਹੈ...ਮੇਰੇ ਪਿੱਛੇ ਤੇ ਪਿੰਡੋਂ ਫਿਰ ਨਾਲ ਹੀ ਪਰਤ ਆਉਂਦੀ ਹੈ ਚੰਡੀਗੜ ਨੂੰ...ਮੇਰਾ ਪਿੱਛਾ ਕਰਦੀ ਕੁਲੱਛਣੀ ਪੱਤਝੜ! ਪਤਾ ਨਹੀਂ, ਮੈਨੂੰ ਪੱਤਿਆਂ ਨਾਲ ਹਮਦਰਦੀ ਕਿਉਂ ਨਹੀਂ? ਦੇਰ ਪਹਿਲਾਂ ਕੋਈ ਰੇਡੀਓ 'ਤੇ ਗਾਉਂਦਾ ਸੁਣਿਆ ਸੀ:
                                ਇੰਨ੍ਹਾਂ ਪੱਤਿਆਂ ਨੇ ਝੜ ਜਾਣਾ
                                ਰੂਹਾਂ ਤਾਂ ਰੌਸ਼ਨ ਨੇ
                                ਇਹਨਾਂ ਪਿੰਡਿਆਂ ਨੇ ਸੜ ਜਾਣਾ...
ਪੱਤੇ, ਰੂਹਾਂ ਤੇ ਪਿੰਡਿਆਂ ਬਾਬਤ ਕਈ-ਕੁਝ ਸੋਚੀ ਗਿਆ ਸਾਂ ਤੇ ਦਰਦੀਲੀ ਆਵਾਜ਼ ਦੇ ਮਾਲਕ ਗਵੱਈਏ ਦਾ ਫੋਨ ਨੰਬਰ ਲੱਭ ਕੇ ਘੰਟੀ ਖੜਕਾਈ ਸੀ, '' ਤੈਂ ਵਧੀਆ ਗਾਇਐ ਮਿੱਤਰ, ਜੁਗ ਜੁਗ ਜੀਓ।"
ਇਸ ਵਾਰ ਹਨੇਰੀਆਂ ਨੇ ਝੁੱਲਣੋਂ ਖਹਿੜਾ ਨਹੀਂ ਛੱਡਿਐ। ਕਿਸ ਨੂੰ ਆਖਾਂ ਕਿ ਹਨੇਰੀ ਹਟਾਵੋ? ਪਿੰਡ ਤੂੜੀ ਕਢਦੇ ਜੱਟ ਕੁਰਲਾਣ ਲੱਗੇ ਕਿ ਹਨੇਰੀ ਚੰਦਰੀ ਤੂੜੀ ਨਹੀਂ ਬਣਾਉਣ ਦਿੰਦੀ। ਤੂੜੀ ਦਾ ਫੱਕ ਘਰਾਂ 'ਚ ਵੜ ਗਿਐ। ਲੋਕਾਂ ਬੂਹੇ-ਬਾਰੀਆਂ ਬੰਦ ਕਰ ਰੱਖੀਆਂ ਨੇ। ਥੋੜ੍ਹੇ ਦਿਨਾਂ ਤੀਕ ਕਣਕ ਦਾ ਨਾੜ ਸਾੜਨੈ, ਉਹਦੀ ਸਵਾਹ ਉਡ-ਉਡ ਮੂੰਹਾਂ ਤੇ ਸਿਰਾਂ 'ਚ ਪੈਣੀ ਹੈ ਤੇ ਪੈਂਦੀ ਆਈ ਹੈ ਹਰ ਵਰ੍ਹੇ! ਖੇਹ-ਸਵਾਹ ਤੇ ਘੱਟਾ ਮੂੰਹਾਂ-ਸਿਰਾਂ ਵਿਚ ਪੁਵਾਉਣ ਦੇ ਆਦੀ ਹੋ ਚੁੱਕੇ ਹਾਂ ਬੜੀ ਦੇਰ ਦੇ!
                                """""""""""'
2010 ਵਿਚ ਲੰਡਨ ਸਾਂ। ਲੰਡਨ ਦੀ ਪੱਤਝੜ ਬੜੀ ਭੈੜੀ ਸੀ। ਖੁਸ਼ਕੀ ਲੱਦੀ ਠੰਢੀ ਸੀਤ ਹਵਾ ਪਿੰਡਿਆਂ ਨੂੰ ਚੀਰਦੀ ਜਾਂਦੀ। ਮੈਂ ਦੋ-ਦੋ ਸਵੈਟਰ ਚਾੜ੍ਹ ਲੈਂਦਾ। ਕਦੇ ਲੰਬਾ ਕੋਟ ਪਾਉਂਦਾ। ਪੱਤਝੜ ਦੇ ਮਾਰੇ ਰੁੱਖ ਇੱਕ ਦੂਜੇ ਨਾਲ ਵੱਜ-ਵੱਜ ਕਮਲੇ ਹੁੰਦੇ ਦੇਖਦਾ, ਤਾਂ ਮੂੰਹ ਪਰ੍ਹੇ ਕਰ ਲੈਂਦਾ। ਮਨ ਕਾਹਲਾ ਪੈਣ ਲਗਦਾ। ਇੱਕ ਦਿਨ ਅਵਤਾਰ ਉੱਪਲ ਨੂੰ ਕਹਿੰਦਾ ਹਾਂ, ''ਮੇਰੀ ਟਿਕਟ ਓਕੇ ਕਰਵਾ ਦੇ, ਮੈਂ ਇੰਡੀਆ ਮੁੜਨੈ, ਮਨ ਬਹੁਤ ਕਾਹਲਾ ਪੈਂਦਾ ਐ, ਕਿਹੋ ਜਿਹੀ ਰੁੱਤੇ ਆ ਗਿਆ ਹਾਂ ਵਲੈਤ...!" ਉੱਪਲ ਦਸਦਾ ਹੈ, ''ਇਹਨਾਂ ਦਿਨਾਂ ਵਿਚ ਏਥੇ (ਵਲੈਤ) 'ਚ 'ਸੈਡ' ਨਾਂ ਦੀ ਇੱਕ ਬਿਮਾਰੀ ਪੈਂਦੀ ਆ,ਕੋਮਲ ਮਨਾਂ ਵਾਲੇ ਲੋਕਾਂ ਨੂੰ ਆ ਘੇਰਦੀ ਆ, ਏਹਦਾ ਨਾਂ ਆਂ 'ਸੈਡ'...ਭਾਵ ਕਿ 'ਸੀਜ਼ਨਲ ਇਫੈਕਟ ਆਫ ਡਿਸਓਰਡਰ'...ਚਿਤਰਕਾਰ, ਕਵੀ, ਸੰਗੀਤਕਾਰ ਤੇ ਕਲਾਕਾਰ ਲੋਕ ਬੇਹੱਦ ਉਦਾਸ ਤੇ ਨਿਰਾਸ ਹੋ ਜਾਂਦੇ ਨੇ, ਢਹਿੰਦੀ ਕਲਾ ਦੇ ਕਿਲੇ ਉਸਾਰਦੇ ਨੇ...ਰੋਂਦੇ ਨੇ, ਉਦਾਸੀ ਦੇ ਮਾਰੇ-ਮਾਰੇ ਏਧਰ-ਓਧਰ ਭਾਉਂਦੇ ਫਿਰਦੇ ਨੇ...ਮਨੋਰੋਗਾਂ ਦੇ ਮਾਹਰ ਡਾਕਟਰਾਂ ਕੋਲ ਅਜਿਹੇ ਮਰੀਜ਼ਾਂ ਦੀ ਭੀੜ ਵਧ ਜਾਂਦੀ ਆ ਇਹਨੀ ਦਿਨੀਂ, ਮੈਂ ਵੀ ਖੁਦ ਏਸੇ ਬੀਮਾਰੀ ਦਾ ਦੁਖੀ ਕੀਤਾ ਹੋਇਆਂ ਵਾਂ...ਡਾਕਟਰ ਸਲਾਹ ਦਿੰਦੇ ਨੇ ਕਿ ਛੋਟੇ ਕਮਰੇ ਵਿਚ ਹਲਕੇ ਜਿਹੇ ਰੰਗ ਦੇ ਪਰਦੇ ਤੇ ਹਲਕੀ ਜਿਹੀ ਰੌਸ਼ਨੀ ਵਿਚ ਰਹੋ,ਸੰਗੀਤ ਸੁਣੋਂ, ਕਿਤਾਬ ਪੜ੍ਹੋ, ਦਿਲ ਕਰੇ ਰੋ ਲਓ...ਫਿਲਮ ਦੇਖ ਲਓ...ਇੱਕ ਛੋਟੀ ਜਿਹੀ ਗੋਲੀ ਖਾਣ ਦੀ ਸਿਫਾਰਿਸ਼ ਵੀ ਕਰ ਦੇਂਦੇ ਨੇ, ਮਰੀਜ਼ ਨੂੰ ਹੌਸਲਾ ਦੇਂਦੇ ਕਹਿੰਦੇ ਨੇ ਕਿ ਠੀਕ ਹੋ ਜਾਓਗੇ, ਤੇ ਜਦ ਰੁੱਤ ਬਦਲਦੀ ਆ,ਖੁਸ਼ਕੀ ਚੱਕੀ ਜਾਂਦੀ ਆ,ਪੌਦਿਆਂ ਦੀਆਂ ਟਾਹਣੀਆਂ 'ਤੇ ਕਰੂੰਬਲਾਂ ਫੁੱਟਣ ਲਗਦੀਆਂ ਨੇ ਤੇ ਸਹਿਜੇ-ਸਹਿਜੇ ਠੀਕ ਹੋਣਾ ਸ਼ੁਰੂ ਹੋ ਜਾਂਦੇ ਨੇ ਆਪਣੇ ਵਰਗੇ ਲੋਕ...ਸੋ, ਤੂੰ ਘਬਰਾ ਨਾ...ਬਹੁਤੀ ਗੱਲ ਐ ਰੈੱਡ ਵਾਈਨ ਦਾ ਗਲਾਸ ਮਾਰ ਲੈ।"

94174-21700