Ninder Ghugianvi

ਸ਼ਬਦ ਚਿਤਰ : ਦੇਵ ਥਰੀਕਿਆਂ ਵਾਲਾ - ਨਿੰਦਰ ਘੁਗਿਆਣਵੀ

ਸੱਚੀ ਗੱਲ ਤਾਂ ਇਹੋ ਹੈ ਕਿ ਜਿੱਦਣ ਦਾ ਬਾਪੂ ਜੱਸੋਵਾਲ ਤੁਰਿਆ, ਮੇਰੇ ਤੇ ਮੇਰੇ ਜਿਹੇ ਕਈਆਂ ਹੋਰਾਂ ਵਾਸਤੇ ਓਦਣ ਦਾ ਲੁਧਿਆਣਾ ਬਿਲਕੁਲ ਬਿਗਾਨਾ ਹੋ ਗਿਐ। ਬਾਪੂ ਦੇ ਘਰ, ਜਿਸਦਾ ਨਾਂ ਉਹਨੇ 'ਜੱਸੋਵਾਲ ਦਾ ਆਲ੍ਹਣਾ' ਰੱਖਿਆ ਹੋਇਆ ਸੀ, ਗੁਰਦੇਵ ਨਗਰ ਜਾਂਦਿਆਂ ਇਵੇਂ ਲਗਦਾ ਸੀ ਕਿ ਜਿਵੇਂ ਆਪਣੇ ਲੁਧਿਆਣੇ ਵਾਲੇ ਘਰੇ ਜਾ ਰਹੇ ਹੋਈਏ! ਬਾਪੂ ਘਰ ਨਾ ਹੁੰਦਾ ਤਾਂ ਬੇਬੇ ਦੇ ਗੋਡੇ ਮੁੱਢ ਬਹਿ ਗੱਲਾਂ ਮਾਰੀ ਜਾਣੀਆਂ। ਬਹੁਤੀ ਵਾਰ ਬਾਪੂ ਨੇ ਕਹਿਣਾ ਕਿ ਚੱਲੋ ਥਰੀਕੇ ਚੱਲੀਏ ਦੇਵ ਕੋਲ ਦੀਵੇ ਜਗਾਈਏ। ਬਾਪੂ ਨੂੰ ਦੇਵ ਦਾ ਲਿਖਿਆ ਤੇ ਸੁਰਿੰਦਰ ਕੌਰ ਦਾ ਗਾਇਆ ਗੀਤ-'ਦੀਵਿਆਂ ਵੇਲੇ ਦਰ ਤੇਰੇ ਦਾ ਕਿਸ ਕੁੰਡਾ ਖੜਕਾਇਆ, ਜਾਹ ਵੇਖ ਨਣਾਨੇ ਨੀ ਅੱਜ ਕੌਣ ਪਰਾਹੁਣਾ ਆਇਆ' ਹਾਕਾਂ ਮਾਰਦਾ ਰਹਿੰਦਾ ਸੀ। ਉਸਦੇ ਹੋਰਨਾਂ ਗੀਤਾਂ ਨੂੰ ਘੱਟ ਚੇਤੇ ਕਰਦਾ ਬਾਪੂ ਤੇ ਕਹਿੰਦਾ ਹੁੰਦਾ-''ਦੀਵੇ ਵਾਲਾ ਦੇਵ।"
ਦੇਵ ਦੇ ਦੀਦਾਰ ਲੁਧਿਆਣੇ ਦੇ ਹਰੇਕ ਗੇੜੇ ਹੁੰਦੇ ਰਹਿੰਦੇ। ਉਹਦੇ ਲਿਖੇ ਹੋਏ ਪੋਸਟ ਕਾਰਡ ਵੀ ਸਾਂਭੀ ਬੈਠਾ ਹਾਂ, ਜੋ ਉਸਨੇ ਮੇਰੀਆਂ ਲਿਖਤਾਂ ਦੀ ਸਿਫ਼ਤ 'ਚ ਲਿਖੇ ਹੋਏ ਨੇ। ਇੱਕ ਵਾਰ ਸਿਖ਼ਰ ਦੁਪੈਹਿਰੇ ਦੇਵ ਦੀ ਲਾਇਬਰੇਰੀ ਦੇਖ ਦੇਖ ਰੱਜ ਨਾ ਆਵੇ, ਕਿਤਾਬਾਂ ਨਾਲ ਗੱਲਾਂ ਕਰਦਾ ਉਹ ਚਾਅ 'ਚ ਦੂਣਾ-ਚੌਣਾ ਹੋਇਆ ਪਿਆ ਸੀ ਤੇ ਚੁਕ-ਚੁਕ ਕਿਤਾਬਾਂ ਵਿਖਾਈ ਜਾਂਦਾ ਸੀ, '' ਆਹ ਵੇਖ, ਆਹ ਤਾਂ ਮੈਂ ਬਾਹਲੀ ਔਖੀ ਭਾਲ਼ੀ ਸੀ, ਵਾਰ ਵਾਰ ਪੜੀ੍ਹ, ਅਜੇ ਵੀ ਜੀਅ ਕਰਦੈ ਪੜਾਂ...ਰਸੂਲ ਦੀ।"
              """'  """"   """"'  """"

ਜੱਸੋਵਾਲ ਦੇ ਸਸਕਾਰ 'ਤੇ ਉਹ ਬਹੁਤ ਰੋਇਆ, ਗਲਵਕੜੀ 'ਚ ਲੇਖ ਕੇ ਆਖੇ... ਨਿੰਦਰਾ, ਆਪਣਾ ਹੁਣ ਕੁਛ ਨੀ ਰਿਹਾ, ਆਪਾਂ ਨੂੰ ਪਿਆਰਨ-ਦੁਲਾਰਨ ਵਾਲਾ ਤੁਰ ਗਿਆ, ਕਿਥੇ ਜਾਵਾਂਗੇ।" ਕਈ ਦਿਨਾਂ 'ਕੱਠਾ ਹੋਇਆ ਪਿਆ ਮੇਰਾ ਰੋਣ ਵਹਿ ਪਿਆ ਸੀ। ਹੁਣ ਦੇਵ ਦੀ ਦੀਦ ਨੂੰ ਦੇਰ ਹੋ ਚੱਲੀ ਹੈ। ਉਹਦਾ ਮੁੰਡਾ ਮੁੱਕਿਆ, ਜਾਇਆ ਨਹੀਂ ਗਿਆ। ਬਾਹਰ ਸਾਂ। ਫਿਰ ਘਰ ਵਾਲੀ ਚੱਲ ਵਸੀ। ਉਦੋਂ ਵੀ ਬਾਹਰ ਸਾਂ ਸਬੱਬੀਂ। ਫੋਨ ਕਰਨ ਨੂੰ ਮਨ ਨਹੀਂ ਮੰਨਦਾ। ਸਤੀਸ਼ ਗੁਲਾਟੀ ਦਾ ਘਰ ਤੇ ਉਹਦਾ ਨੇੜੈ ਨੇੜੈ ਹੀ ਨੇ। ਤਸੀਸ਼ ਨੂੰ ਥਰੀਕੇ ਘਰ ਉਹਨੇ ਹੀ ਦਿਲਵਾਾਇਆ ਸੀ ਤੇ ਇਹ ਰੋਜ਼ ਵਾਂਗ ਇਕੱਠੇ ਹੁੰਦੇ ਤੇ ਸੈਰਾਂ ਕਰਦੇ। ਸਤੀਸ਼ ਤੇ ਉਹਦਾ ਮੁੰਡਾ ਸੁਮਿਤ (ਸਨੀ) ਕੋਈ ਵੀ ਨਵੀਂ ਛਪੀ ਕਿਤਾਬ ਦੇਣ ਰੋਜ਼ ਵਾਂਗ ਜਾਂਦੇ ਤੇ ਦੇਵ ਦਅਿਾਂ ਕਿਤਾਬਾਂ ਵੀ ਛਾਪਦੇ। ਸਤੀਸ਼ ਗੁਲਾਟੀ ਦਸਦਾ ਹੈ ਕਿ ਬਾਪੂ ਦੇਵ  ਦੀ ਰੀੜ ਦੀ ਹੱਤਡੀ ਦਾ ਮਣਕਾ ਹਿੱਲਿਆ ਹੋਇਆ, ਜਾ-ਆ ਨਹੀਂ ਸਕਦਾ ਕਿਤੇ। ਘਰ ਹੀ ਹੁੰਦੈ। ਪੜ੍ਹਦਾ-ਲਿਖਦੈ। ਦਾਰੂ ਦੇਰ ਪਹਿਲਾਂ ਛੱਡ ਗਿਆ ਸੀ। ਸਤੀਸ਼ ਉਲਾਂਭਾ ਵੀ ਦੇ ਰਿਹਾ ਹੈ, ਦੇਵ ਬਾਪੂ ਕਹਿੰਦਾ ਕਿ ਨਿੰਦਰ ਮਿਲਦਾ ਨਹੀਂ, ਵੱਡਾ ਬੰਦਾ ਬਣ ਗਿਆ, ਉਹਨੂੰ ਆਖੀਂ ਮਿਲਜੇ, ਬੁੜ੍ਹੇ ਦਾ ਕੋਈ ਪਤਾ ਨੀ, ਕਿੱਦਣ ਗੱਡੀ ਚੜ੍ਹਜੇ...ਬੜਾ ਦਿਲ ਕਰਦੈ ਮਿਲਣ ਨੂੰ। ਸਤੀਸ਼ ਤੋਂ ਸੁਣ ਅੱਖਾਂ ਨਮ ਹੋ ਗਈਆਂ ਨੇ। ਦੇਵ ਦੀਆਂ ਹੋਰ ਗੱਲਾਂ ਕਰਨ ਨੂੰ ਦਿਲ ਕਰ ਆਇਐ।
ਬਹੁਤ ਘੱਟ ਲੋਕੀ ਜਾਣਦੇ ਨੇ ਕਿ ਦੇਣ ਦਾ ਅਸਲੀ ਪਿੰਡ ਰਹੀੜ ਸੀ। ਦੇਵ ਦਾ ਪਿਓ ਉਦੋਂ ਚਾਰ ਕੁ ਸਾਲਾਂ ਦਾ ਸੀ, ਉਹਦੇ ਮਾਂ-ਪਿਓ (ਦੇਵ ਦੇ ਦਾਦਾ ਦਾਦੀ)  ਮਰ ਗਏ। ਇਹਦੀ ਭੂਆ ਥਰੀਕੇ ਵਿਆਹੀ ਹੋਈ ਸੀ, ਉਹ ਆਪਣੇ ਭਰਾ ਰਾਮ ਸਿੰਘ ਨੂੰ  ਆਪਣੇ ਕੋਲ ਥਰੀਕੇ ਲੈ ਆਈ। ਦੇਵ ਦੇ ਪਿਤਾ ਰਾਮ  ਸਿੰਘ ਦਾ ਪਿੰਡ ਹੁਣ ਥਰੀਕੇ  ਹੋ ਗਿਆ ਸੀ। ਦੇਵ ਦਾ ਜਨਮ ਸੰਨ 1939 ਦੀ 13 ਸਤੰਬਰ ਦਾ ਹੈ। ਦੇਵ ਦੀ ਮਾਤਾ ਦਾ ਨਾਂ ਅਮਰ ਕੌਰ ਸੀ। ਸੰਨ 1955 ਵਿੱਚ ਦੇਵ ਲਲਤੋਂ ਪਿੰਡ ਦੇ ਸਕੂਲ ਵਿੱਚ ਪੜ੍ਹਦਾ ਸੀ, ਉਥੇ ਸ੍ਰ.ਹਰੀ ਸਿੰਘ ਦਿਲਬਰ ਮਾਸਟਰ ਸਨ (ਜੋ ਮੰਨੇ-ਪ੍ਰਮੰਨੇ ਕਹਾਣੀਕਾਰ ਤੇ ਨਾਵਲਕਾਰ ਸਨ), ਉਹਨਾਂ ਹੀ ਦੇਵ ਨੂੰ ਕਵਿਤਾਵਾਂ ਲਿਖਣ ਦੀ ਚੇਟਕ ਲਗਾਈ। ਦੇਵ ਨੇ ਆਪਣੀ ਲੇਖਣੀ ਦਾ ਸਫ਼ਰ ਬਾਲ-ਕਵਿਤਾਵਾਂ ਤੋਂ ਅਰੰਭ ਕੀਤਾ ਤੇ ਫਿਰ ਉਹ ਕਹਾਣੀਆਂ ਲਿਖਣ ਲੱਗ ਪਿਆ। ਉਸਦੇ ਤਿੰਨ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ ਹੋਏ, ਪਹਿਲੇ ਕਹਾਣੀ ਸੰਗ੍ਰਹਿ ਦੇ ਨਾਂ 'ਰੋਹੀ ਦਾ ਫੁੱਲ' ਸੀ, ਦੂਸਰਾ ਕਹਾਣੀ ਸੰਗ੍ਰਹਿ 'ਇੱਕ ਸੀ ਕੁੜੀ' ਤੇ ਤੀਸਰਾ 'ਜੀਹਦੀ ਬਾਂਹ ਫੜੀਏ'। ਸੰਨ 1960 ਵਿੱਚ ਦੇਵ ਲੁਧਿਆਣਾ ਦੇ ਮਲਟੀਪਰਪਜ਼ ਸਕੂਲ ਵਿੱਚ ਟੀਚਰ ਲੱਗ ਗਿਆ। ਜੇ.ਬੀ.ਟੀ. ਉਹ ਕਰ ਹੀ ਚੁੱਕਾ ਸੀ। ਦੇਵ ਦਾ ਵਿਆਹ ਸੰਨ 1958 ਵਿੱਚ ਸਹੌਲੀ ਪਿੰਡ ਦੀ ਪ੍ਰੀਤਮ ਕੌਰ ਨਾਲ ਹੋਇਆ। ਇੰਦਰਜੀਤ ਹਨਪੁਰੀ ਦਾ ਲਿਖਿਆ ਤੇ ਬਖ਼ਸੀ-ਸ਼ਾਦੀ ਦਾ ਗਾਇਆ ਗੀਤ, ''ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖ਼ੈਰ ਨਾ ਪਾਈਏ" ਰਿਕਾਰਡ ਹੋ ਕੇ ਵੱਜ ਰਿਹਾ ਸੀ ਤਾਂ ਦੇਵ ਦੇ ਇੱਕ ਮਿੱਤਰ ਪ੍ਰੇਮ ਕੁਮਾਰ ਸ਼ਰਮਾ, ਜਿਸਨੂੰ ਗਾਉਣ ਦਾ ਸ਼ੌਕ ਸੀ, ਨੇ ਦੇਵ ਨੂੰ ਕਿਹਾ ਕਿ ਮੈਨੂੰ ਗੀਤ ਲਿਖ ਕੇ ਦੇਹ... ਇਸਨੇ ਲਿਖ ਦਿੱਤੇ। ਸੰਨ 1961 ਵਿੱਚ ਪ੍ਰੇਮ ਸ਼ਰਮਾ ਨੇ ਇਹਦੇ ਦੋ ਗੀਤ ਐਚੱ.ਐਮੱ.ਵੀ ਕੰਪਨੀ ਵਿੱਚ ਰਿਕਾਰਡ ਕਰਵਾਏ, ਪਹਿਲਾ ਸੀ-''ਹੌਲੀ-ਹੌਲੀ ਨੱਚ ਪਤਲੋ, ਤੇਰੀ ਗੁੱਤ ਗਿੱਟਿਆਂ 'ਤੇ ਵੱਜਦੀ", ਦੂਸਰਾ ਸੀ-''ਭਾਬੀ ਤੇਰੀ ਧੌਣ ਦੇ ਉਤੇ ਗੁੱਤ ਮੇਲਦੀ ਨਾਗ ਬਣ ਕਾਲਾ"। ਇੰਜ ਹੋਇਆ ਸੀ ਦੇਵ ਦੀ ਗੀਤ ਕਲਾ ਦੇ ਸਫ਼ਰ ਦਾ ਆਰੰਭ। ਦੇਵ ਨੇ ਦੱਸਿਆ ਸੀ ਗੱਲੀਂ-ਗੱਲੀਂ ਕਿ ਪਹਿਲੋ-ਪਹਿਲ ਉਸਤਾਦ ਯਮਲਾ ਜੀ ਨੇ ਗੱਲ ਸੁਣੀ ਉਹਦੀ, ਹਸਨਪੁਰੀ ਨੂੰ ਮਿਲਣ ਗਿਆ ਤਾਂ ਉਹ ਕਹਿੰਦਾ ਕਿ ਯਮਲੇ ਕੋਲ ਜਾਹ। ''ਜਦ ਯਮਲਾ ਜੀ ਦੇ ਡੇਰੇ ਗਿਆ ਤਾਂ ਉਹ ਆਪਣੇ ਚੇਲਿਆਂ ਵਿਚ ਘਿਰੇ ਹੋਏ ਢਿਚਕੂੰ-ਢਿਚਕੂੰ ਕਰਦੇ ਬੈਂਚ 'ਤੇ ਬਿਰਾਜਮਾਨ ਸਨ। ਮੈਂ ਆਖਿਆ ਕਿ ਉਸਤਾਦ ਜੀ ਮੈਂ ਕੁਛ ਗੀਤ ਲਿਖੇ ਨੇ, ਰਿਕਾਰਡ ਕਰਵਾ ਦਿਓ, ਉਹ ਬੋਲੇ ਕਿ ਮੈਂ ਜੋ ਵੀ ਗਾਇਆ, ਆਪਣਾ ਲਿਖ ਕੇ ਗਾਇਆ ਐ, ਤੂੰ ਇਉਂ ਕਰ...ਨਰਿੰਦਰ ਬੀਬਾ ਤੇ ਸਵਰਨ ਲਤਾ ਕੋਲ ਚਲੇ ਜਾਹ...ਕਹੀਂ ਕਿ ਯਮਲੇ ਨੇ ਭੇਜਿਆ ਏ, ਤੇਰੇ ਗੀਤ ਉਨ੍ਹਾਂ ਦੇ ਪੂਰੇ ਪੂਰੇ ੀਪੱਟ ਬਹਿਣਗੇ, ਸੋ ਉਸਤਾਦ ਜੀ ਦਾ ਕਿਹਾ ਮੰਨ ਕੇ ਮੈਂ ਓਧਰ ਨੂੰ ਤੁਰ ਪਿਆ ਸੀ।"
 ਜਦ ਦੇਵ ਦੇ ਗੀਤ ਸਵਰਨ ਲਤਾ ਤੇ  ਬੀਬਾ ਦੀਆਂ ਆਵਾਜ਼ਾਂ ਵਿਚ ਰਿਕਾਰਡ ਹੋ ਗਏ ਤਾਂ ਕਰਮਜੀਤ ਧੂਰੀ ਵੀ ਇਸ ਤੋਂ ਗੀਤ ਲੈਣ ਆਇਆ। ਗੀਤ ਲੈ ਗਿਆ। ਬੀਬਾ  ਦੇ ਗਾਏ ਗੀਤ ਦੇ ਬੋਲ ਇਹ ਸਨ-''ਭੱਖੜੇ ਨੇ ਪੈਰ ਗਾਲ ਤੇ,ਜੁੱਤੀ ਲੈ ਦੇ ਵੇ ਮੁਲਾਜ਼ੇਦਾਰਾ", ਦੂਜੇ ਗੀਤ ਦੇ ਬੋਲ ਸਨ-''ਖਾਲੀ ਗੱਡੀ ਲੈ ਜਾ ਮੋੜਕੇ, ਅਸੀਂ ਜਾਣਾ ਨਹੀਓਂ ਭਾਰਿਆ ਸ਼ੌਕੀਨਾ"। ਇਸ ਬਾਅਦ ਸਦੀਕ ਤੇ ਬੀਬਾ ਦੇ ਗਾਏ ਦੋ ਗੀਤਾਂ ਦੇ ਬੋਲ ਇਹ ਸਨ-''ਲੌਂਗ ਨੀ ਬਿਸ਼ਨੀਏ ਮੇਰਾ, ਨਰਮੇ 'ਚੋਂ ਲਿਆਈਂ ਲੱਭਕੇ।" ਦੂਜਾ ਸੀ-''ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪਘੂੰੜਾ"।
 ਮੈਂ ਦੇਵ ਨੂੰ ਪੁੱਛਦਾ ਹਾਂ, ''ਮਾਣਕ ਨਾਲ ਮੇਲ ਕਦੋਂ ਹੋਇਆ ਸੀ ਪਹਿਲੀ ਵਾਰ?"
''ਮੈਂ ਉਦੋਂ ਨਰਿੰਦਰ ਬੀਬਾ ਨਾਲ ਜਾਂਦਾ ਹੁੰਂਦਾ ਸੀ ਤੇ ਇਹ ਉਦੋਂ ਹਰਚਰਨ ਗਰੇਵਾਲ ਨਾਲ ਹੁੰਦਾ ਸੀ ਚੁਬਾਰੇ 'ਚ...ਮੈਨੂੰ ਨਹੀਂ ਪਤਾ ਕੀ ਕਰਦਾ ਫਿਰਦਾ ਹੁੰਦਾ ਸੀ...ਨਾ ਈ ਇਹ ਪਤਾ ਸੀ ਕਿ ਇਹ ਕੁਲਦੀਪ ਮਾਣਕ ਐ...ਫਿਰ ਮੇਰੀ ਅਸਲੀ ਜਾਣ-ਪਛਾਣ ਕਰਾਈ ਇਹਦੇ ਨਾਲ ਮਾਸਟਰ ਗੁਰਦਿਆਲ ਸਿੰਘ ਪੀ.ਟੀ. ਨੇ...ਇਹ ਪਿੰਡ ਈਸੇਵਾਲ ਦਾ ਸੀ...ਇਹ ਮਾਣਕ ਨੂੰ ਪਹਿਲਾਂ ਤੋਂ ਜਾਣਦਾ ਸੀ ਕਿਉਂਕਿ ਮਾਸਟਰ ਨੂੰ ਵੀ ਗੀਤ-ਸੰਗੀਤ ਦਾ ਭੁੱਸ ਸੀ...ਮੈਂ ਤੇ ਮਾਸਟਰ ਢਾਬੇ 'ਤੇ ਬੈਠੇ ਪੈੱਗ-ਸ਼ੈੱਗ ਲਾਉਂਦੇ ਹੁੰਦੇ ਸੀ...ਇੱਕ ਦਿਨ ਮੈਂ ਤੇ ਮਾਣਕ ਵੀ ਪੀ ਰਹੇ ਸਾਂ...ਤੇ ਢਾਬੇ 'ਤੇ ਇੱਕ ਵੱਡੇ ਗਵੱਈਏ ਦਾ ਗੀਤ ਵੱਜ ਰਿਹਾ ਸੀ-''ਮਿੱਤਰਾਂ ਦੇ ਤਿੱਤਰਾਂ ਨੂੰ"....ਮੈਂ ਕਿਹਾ ਮਾਣਕਾ ਤੇਰੀ ਵਾਜ ਕਮਾਲ ਦੀ ਆ...ਆਪਾਂ ਐਹਦਾ ਮੁਕਾਬਲਾ ਕਰਨੈਂ...ਮਾਣਕ ਕਹਿੰਦਾ ਕਿ ਬਾਈ ਫੱਟੇ ਚੱਕ ਦਿਆਂਗੇ...ਤੂੰ ਜਮਾਂ ਨਾ ਘਬਰਾ...ਤੂੰ ਦੇਖੀਂ ਜਾਈਂ ਮੈਂ ਕਿਮੇਂ ਦਬੱਲਦਾ...ਤੂੰ ਮੈਨੂੰ ਲਿਖ ਕੇ ਤਾਂ ਦੇਹ? ਮੈਂ ਲਿਖੇ ਤੇ ਇਹਨੇ ਗਾਏ...-''ਹੀਰ ਦੀ ਕਲੀ" ૶''ਕਹਿ ਰਸਾਲੂ ਰਾਣੀਏਂ ਘੁੰਡ ਮੂੰਹ ਤੋਂ ਲਾਹ ਦੇ" ૶''ਤੇਰੀ ਖਾਤਰ ਹੀਰੇ ਛੱਡਕੇ ਤਖ਼ਤ ਹਜ਼ਾਰੇ ਨੂੰ" ਚਾਰ ਗੀਤ ਸਨ...ਧੰਨ ਧੰਨ ਹੋਗੀ...।"
''ਮੈਂ ਇੱਕ ਥਾਂ ਛਪਿਆ ਪੜ੍ਹਿਆ ਸੀ, ਜਿਸ ਵਿੱਚ ਮਾਣਕ ਨੇ ਕਿਹਾ ਸੀ ਕਿ  ਜਦ ਦੇਵ ਪਹਿਲੀ ਵਾਰੀ ਮਿਲਿਆ ਸੀ ਇਹ ਦਾਰੂ ਨਾਲ ਟੱਲੀ ਸੀ...ਪੱਗ ਲੱਥੀ ਹੋਈ ਸੀ...ਇਹ ਗੱਲ ਠੀਕ ਹੋਣੀ ਮਾਣਕ ਦੀ ਕਿ...?"
''ਛਡ ਯਾਰ...ਤੂੰ ਵੀ ਮੁਰਦੇ ਸਿਵੇਂ ਉਖੇੜਦਾਂ...ਪਤਾ ਨਹੀਂ ਮਾਣਕ ਨੇ ਕੀ-ਕੀ ਕਿਹਾ...ਕੋਈ ਨਾ ਉਹ ਜਾਣੇ...! ਇਹ ਲੋਕਾਂ ਨੂੰ ਪਤੈ ਈ ਐ ਕਿ ਮੈਂ ਕਿੰਨਾ ਕੁ ਡਿਗਦਾ ਸੀ ਪੀਕੇ...ਜਾਂ ਕਿੰਨੀ ਮੇਰੀ ਪੱਗ ਲੱਥਦੀ ਸੀ...ਪਤਾ ਨਹੀਂ ਮਾਣਕ ਨੇ ਇਹ ਗੱਲਾਂ ਕਿਹੜੀ ਮੱਤ 'ਚ ਆਖੀਆਂ ਸਨ ਉਦੋਂ...ਮੈਨੂੰ ਵੀ ਦੁੱਖ ਲੱਗਿਆ ਸੀ...ਜੇ ਮੈਂ ਸ਼ਰਾਬੀ ਹੋਕੇ ਡਿੱਗਿਆ ਹੁੰਦਾ ਤਾਂ ਫਿਰ ਸਾਈਕਲ 'ਤੇ ਪਿੰਡ ਕਿਵੇਂ ਜਾਵੜਦਾ...ਖ਼ੈਰ...ਸਾਡੇ ਰੋਸੇ ਤੇ ਗ਼ਿਲੇ-ਸ਼ਿਕਵੇ ਬੜੀ ਵੇਰ ਹੋਏ...ਮੈ ਸਟ੍ਰਗਲ ਵੇਲੇ ਦੀ ਗੱਲ ਕਰਦਾਂ...ਸਾਡੇ ਕੋਲ ਤਾਂ ਕਿਰਾਇਆ-ਭਾੜਾ ਵੀ ਹੈਨੀ ਸੀ ਜਦ ਅਸੀਂ ਦਿੱਲੀ ਗਏ ਮੈਂ ਤੇ ਮਾਣਕ...ਏਹ ਗੱਲ ਕੋਈ 1970 ਦੀ ਹੋਣੀ ਆਂ...ਮਾਣਕ ਦੀ ਰਿਕਾਰਡਿੰਗ ਲਈ ਡੇਟ ਲੈਣ ਗਏ ਸੀ...ਲੇਟ ਹੋ ਗਏ ਤਾਂ ਨਿਰਮਲ ਸਿੰਘ ਨਿਰਮਲ ਨੂੰ ਮਿਲਣ ਲਈ ਪਹਾੜ ਗੰਜ ਚਲੇ ਗਏ...ਨਿਰਮਲ ਦਾ ਗੀਤ 'ਪੰਚਣੀ ਪਿੰਡ ਦੀ ਬਣੀ' ਉਦੋਂ ਕਾਫ਼ੀ ਮਕਬੂਲ ਸੀ...ਖ਼ੈਰ...ਥਰੀਵੀਲਰ 'ਚੋਂ ਉਤਰ੍ਹੇ...ਗੱਡੀ ਤੁਰਨ ਵਾਲੀ ਸੀ ਤੇ ਅਸੀਂ ਟਿਕਟਾਂ ਲਏ ਬਗੈਰ ਈ ਭਜਕੇ ਗੱਡੀ ਵਿੱਚ ਜਾ ਵੜੇ...ਡਰਦੇ ਰਹੇ ਕਿ ਹੁਣ ਵੀ ਟੀਟੀ ਆਇਆ ਕਿ ਆਇਆ...ਪਹਿਲੀ ਵਾਰੀ ਬਿਨਾਂ ਟਿਕਟੋਂ ਸਫ਼ਰ ਕਰ ਰਹੇ ਸਾਂ...ਸਵੇਰੇ ਮੂੰਹ ਹਨੇਰੇ ਜਦ ਗੱਡੀ ਲੁਧਿਆਣੇ ਆਈ ਤਾਂ ਸੁਖ ਦਾ ਸਾਹ ਲਿਆ...ਗੱਡੀਓਂ ਉਤਰ੍ਹੇ...ਰੱਖ ਬਾਗ ਵੱਲ ਦੀ ਲਾਈਨਾਂ ਵਿੱਚੋਂ ਦੀ ਚੋਰੀਓਂ ਟੱਪੇ ਸਾਂ...ਮਾਣਕ ਆਖੇ ਜੇ ਫੜ੍ਹੇ ਗਏ ਜੁਰਮਾਨਾ ਵੀ ਹੋਜੂ...ਜ਼ੇਲ੍ਹ ਵੀ ਜਾਵਾਂਗੇ...ਸੋ ਮਾਣਕ ਨੇ ਤੇ ਮੈਂ ਬਹੁਤ ਔਖੇ ਦਿਨ ਕੱਠਿਆਂ ਕੱਟੇ...ਜੇ ਉਹ ਕੁਝ ਮਾੜਾ-ਮੋਟਾ ਬੁਰਾ-ਭਲਾ ਕਹਿ ਵੀ ਲੈਂਦਾ ਐ ਤਾਂ ਮੈਂ ਬੁਰਾ ਨਹੀਂ ਮੰਨਾਉਂਦਾ...ਹਾਂ ਹੋਰ ਦੱਸ ਦਿਆਂ ਤੈਨੂੰ ਕੁਝ ਗੱਲਾਂ ਮਾਣਕ ਦੀਆਂ...ਲੁਧਿਆਣੇ ਕੋਛੜ ਮਾਰਕੀਟ  'ਚ ਰਹਿੰਦੇ ਵੇਲੇ ਦੀ ਗੱਲ ਦਸਦਾਂ...ਰੋਜ਼ ਆਥਣੇ ਗੁਰਚਰਨ ਪੋਹਲੀ, ਸੀਤਲ ਸਿੰਘ ਸੀਤਲ ਤੇ ਸੰਤ ਰਾਮ ਖੀਵਾ ਤੇ ਹੋਰ ਵੀ ਕਈ ਜਣੇ ਆ ਜਾਣੇ...ਸੰਤਰਾ ਮਾਰਕਾ ਦਾਰੂ ਮੰਗਵਾ ਲੈਣੀ...ਖੀਵੇ ਨੇ ਜਾਂ ਪੋਹਲੀ ਨੇ ਕਹਿ ਦੇਣਾ ਕਿ ਮਾਣਕਾ ਯਾਰ ਬਹੁਤੀ ਨਾ ਪੀਆ ਕਰ...ਤਾਂ ਮਾਣਕ ਨੇ ਝਟ ਅਗਲੇ ਦੇ ਮੂੰਹ 'ਤੇ ਮਾਰਨੀ...ਅਖੇ ਜੇ ਮੈਂ ਨਾ ਪੀਊਂ ਤਾਂ ਥੋਨੂੰ ਮੁਫ਼ਤ ਖੋਰਿਆਂ ਨੂੰ ਕਿੱਥੋਂ ਮਿਲੂ ਪੀਣ ਨੂੰ...? ਰੰਡੀ ਤਾਂ ਰੰਡ ਕੱਟਲੇ...ਪਰ ਥੋਡੇ ਅਰਗੇ ਮੁਸ਼ਟੰਡੇ ਨੀ ਕੱਟਣ ਦਿੰਦੇ...ਮੈਂ ਤਾਂ ਛਡਦੂੰ ਦਾਰੂ...ਥੋਡੇ ਅਰਗੇ ਨੀ ਛੱਡਣ ਦਿੰਦੇ...ਆਹੋ ਏਹ ਗੱਲ 1979 ਦੀ ਆ...ਮਾਣਕ ਮੈਂ ਤੇ ਜਸਬੀਰ ਸੁਪਰਟੈਕ ਵਾਲਾ...ਅਸੀਂ ਬੰਬਈ ਗਏ...ਜਾਂਦੇ ਹੋਏ ਤਾਂ ਅਸੀਂ ਰੇਲੇ ਗਏ ਤੇ ਆਉਣ ਲੱਗਿਆਂ ਹਵਾਈ ਜਹਾਜ਼ ਦੀਆਂ ਟਿਕਟਾਂ ਲੈ ਲਈਆਂ...ਮਾਣਕ ਤਾਂ ਜਹਾਜ਼ 'ਤੇ ਪਹਿਲਾਂ ਵੀ ਸਫ਼ਰ ਕਰ ਚੁੱਕਾ ਸੀ ਪਰ ਮੈਂ ਨਹੀਂ ਸੀ ਕੀਤਾ...ਜਦੋਂ ਸ਼ਾਂਤਾ ਕਰੂਜ਼ ਹਵਾਈ ਅੱਡੇ ਤੋਂ ਜਹਾਜ਼ੇ ਬੈਠੈ ਤਾਂ ਜਹਾਜ਼ ਉਡਾਨ ਭਰਨ ਸਾਰ ਸਮੁੰਦਰ ਉਤੋਂ ਦੀ ਲੰਘਣ ਲੱਗਿਆ ਤੇ ਮੈਂ ਸੀਸੇ ਵਿਚਦੀ ਹੇਠਾਂ ਵੱਲ ਨੂੰ ਦੇਖ ਕੇ ਡਰ ਗਿਆ...ਚਾਰੇ ਪਾਸੇ ਪਾਣੀ ਹੀ ਪਾਣੀ...ਮੈਂ ਕੁਰਸੀ ਘੁੱਟ ਕੇ ਫੜ੍ਹ ਲਈ...ਮਾਣਕ ਨੂੰ ਕਿਹਾ ਵਈ ਓ ਏਹ ਪੰਗਾ ਕਾਸਨੂੰ ਲੈਣਾ ਸੀ...ਜੇ ਪਾਣੀ ਵਿੱਚ ਡਿਗ ਪਿਆ ਤਾਂ ਮੱਛੀਆਂ ਤੇ ਮਗਰਮੱਛ ਖਾ ਜਾਣਗੇ ਉਏ...ਓਏ ਕੰਜਰਾ ਘਰ ਦਿਆਂ ਨੂੰ ਕੁਛ ਪਤਾ ਨੀ ਲੱਗਣਾ...ਮਾਣਕ ਤਾੜੀ ਮਾਰਕੇ ਹੱਸਿਆ ਤੇ ਕਹਿੰਦਾ ਬੁੜ੍ਹਿਆ ਕਿਧਰੇ ਨੀ ਡਿਗਦਾ...ਮੈਂ ਵੀ ਤੇਰੇ ਨਾਲ ਈ ਆਂ...ਬਾਖਰੂ ਬਾਖਰੂ ਕਰੀ ਚੱਲ ਬੁੜ੍ਹਿਆ...ਨਰਾਜ਼ ਅਸੀਂ ਬੜੀ ਵਾਰੀ ਹੋਏ ਆਂ ਪਰ ਮਾਣਕ ਨੇ ਮੋਹ ਨੀ ਤੋੜਿਆ ਤੇ ਨਾ ਈ ਕਦੇ ਮੇਰੇ ਮੂਹਰੇ ਔਖਾ ਹੋਕੇ ਬੋਲਿਆ...ਇੱਕ ਵਾਰੀ ਦੀ ਗੱਲ ਸੁਣ...ਇੱਕ ਗੀਤਕਾਰ ਮਾਣਕ ਦੇ ਘਰ ਜਾ ਕੇ ਕਹਿੰਦਾ ਕਿ ਦੇਵ ਤੇਰੇ ਬਾਰੇ ਬੜਾ ਮਾੜਾ-ਚੰਗਾ ਬੋਲਦੈ...ਮਾਣਕ ਸੁਣੀ ਗਿਆ ਤੇ ਹੁੰਘਾਰਾ ਕੋਈ ਨਾ ਭਰਿਆ...ਜਦ ਉਹ ਗੀਤਕਾਰ ਬੋਲ ਹਟਿਆ ਤਾਂ ਮਾਣਕ ਕਹਿੰਦਾ...ਗੱਲ ਸੁਣ ਉਏ ਤੂੰ ਬੁੜ੍ਹੇ ਬਾਰੇ ਝੂਠੀਆਂ-ਮੂਠੀਆਂ ਗੱਲਾਂ ਕਰਕੇ ਮੇਰੇ ਤੋਂ ਆਬਦੇ ਗੀਤ ਰਿਕਾਰਡ ਕਰਵਾਉਣੇ ਚਾਹੁੰਨੈ? ਵੱਡਾ ਚੁਗਲਖੋਰ ਨਾ ਹੋਵੇ ਤਾਂ...ਤੂੰ ਤਿੰਨਾਂ 'ਚੋਂ ਨੀ ਤੇਰਾ੍ਹਂ 'ਚ ਨੀ...ਬੂਥਾ ਚੱਕ ਕੇ ਆ ਗਿਆ ਐਂ...ਅਸੀਂ ਲੜੀਏ-ਭਿੜੀਏ...ਤੂੰ ਕੀ ਵਿੱਚੋਂ ਟਿੰਡੀਆਂ ਲੈਣੀਆਂ? ਔਹ ਦਰਵਾਜ਼ਾ ਦੀਂਹਦਾ ਐ? ਉਡਜਾ ਏਥੋਂ...ਕਿਤੇ ਧੱਕੇ ਮਾਰਕੇ ਨਾ ਕੱਢਣਾ ਪਵੇ ਮੈਨੂੰ...ਏਹੋ ਜਿਹਾ ਆ ਮਾਣਕ...।"
ਦੇਵ ਮਾਣਕ ਬਾਰੇ ਇੱਕੋ-ਸਾਹੇ ਕਿੰਨੀਆਂ ਹੀ ਗੱਲਾਂ ਸੁਣਾ ਗਿਆ ਸੀ।         """""""""""""""""
ਇੱਕ ਦਿਨ ਮੈਂ ਪੁੱਛਿਆ ਸੀ-ਬਾਪੂ ਆਬਦੇ ਰਿਕਾਰਡ ਹੋਏ ਕਿੰਨੇ ਕੁ ਗੀਤ ਯਾਦ ਐ...ਜਿਹੜੇ ਵੱਖ-ਵੱਖ ਗਾਇਕਾਂ ਨੇ ਗਾਏ? ਜਦ ਮੈਂ ਇਹ ਸਵਾਲ ਪੁੱਛਿਆ ਤਾਂ ਆਖਣ ਲੱਗਿਆ, ''ਓ ਹੁਣ ਬੁੜ੍ਹੇ ਦਾ ਚੇਤਾ ਮਾੜਾ ਹੋ ਗਿਆ ਯਾਰ...ਪਹਿਲਾਂ ਮੇਰਾ ਚੇਤਾ ਬਹੁਤ  ਕਾਇਮ ਸੀ...ਕਿੰਨਾ-ਕਿੰਨਾ ਚਿਰ ਭੁੱਲਦਾ ਨਹੀਂ ਸਾਂ ਮੈਂ...।"
ਦੇਵ ਦੱਸ ਰਿਹਾ ਸੀ ਤਾਂ ਕੋਲ ਬੈਠੀ ਆਲੂ ਚੀਰਦੀ ਬੇਬੇ ਬੋਲੀ, ''ਚੇਤਾ ਕੀ ਕਰੇ? ਥੋੜ੍ਹੀ ਪੀ ਲਵੇ? ਦਾਰੂ ਤਾਂ ਵੱਡਿਆਂ-ਵੱਡਿਆਂ ਦੀ ਮੱਤ ਮਾਰ ਦਿੰਦੀ ਆ...ਏਹ ਤਾਂ ਸਕੰਜਮੀ ਵਾਂਗੂ ਪੀਂਦੈ ਡੀਕ ਲਾਕੇ...ਭਾਈ ਹੁਣ ਰੋਂਦੈ ਚੇਤੇ ਨੂੰ...।" ਬੇਬੇ ਬਾਪ ਵੱਲ ਕੌੜ ਕੇ ਝਾਕੀ ਤੇ ਆਲੂ ਥਾਲੀ ਵਿੱਚ ਰੱਖ ਕੇ ਗੰਢਾ ਛਿੱਲਣ ਲੱਗੀ।
''ਲੈ... ਹੁਣ ਜਿਹੜਾ ਚੇਤਾ ਕਰਨ ਲੱਗਿਆ ਸਾਂ...ਤੂੰ  ਵਿੱਚ ਆਪਣੀ ਹਾਅ  ਗੱਲ  ਕਰਕੇ ਭੁਲਾਤਾ...ਤੂੰ ਆਬਦੇ ਆਲੂ-ਗੰਢੇ ਛਿੱਲ ਖਾ...ਸਾਡੀਆਂ ਗੱਲਾਂ ਤੋਂ ਕੀ ਲੈਣਾ ਤੈਂ...ਫੇ ਕਹੇਂਗੀ ਜਦ ਹੱਥ 'ਤੇ ਚਾਕੂ ਫਿਰ ਗਿਆ ਤਾਂ...?"
''ਚਲ ਕੋਈ ਨਾ ਬਾਪੂ, ਬੇਬੇ ਦੀਆਂ ਗੱਲਾਂ ਤੋਂ ਬਿਨਾਂ ਤਾਂ ਆਪਣੀ 'ਬਾਤ ਅਧੂਰੀ' ਐ...ਕੋਈ ਨਾ ਸਹਿਜੇ-ਸਹਿਜੇ ਚੇਤਾ ਕਰਕੇ ਦੱਸ ਲੈ ਗੀਤਾਂ ਬਾਰੇ।"
''ਲੈ ਫਿਰ ਸੁਣੀ ਚੱਲ...ਸੁਰਿੰਦਰ ਕੌਰ ਨੇ ਗਾਇਆ ਸੀ-ਦੀਵਿਆਂ ਵੇਲੇ ਦਰ ਅਪਣੇ ਦਾ ਕਿਸ ਕੁੰਡਾ ਖੜਕਾਇਆ, ਨੀਂ ਆਹ ਵੇਖ ਨਣਾਨੇ ਕੌਣ ਪ੍ਰਹੁਣਾ ਆਇਆ...ਨਰਿੰਦਰ ਬੀਬਾ ਨੇ ਜਿਹੜੇ ਗਾਏ...ਉਹ ਦੱਸਦਾਂ-ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ...ਨਾਭੀ ਪੱਗ ਤੇ ਜ਼ਹਿਰ-ਮੂਹਰੀ ਵਰਦੀ ਚੰਨਾ ਵੇ ਤੈਨੂੰ ਬੜੀ ਫੱਬਦੀ...ਭਖੜੇ ਨੇ ਪੈਰ ਗਾਲਤੇ ਜੁੱਤੀ ਲੈ ਦੇ ਵੇ ਮੁਲਾਹਜ਼ੇਦਾਰਾ...ਮਾਣਕ ਤੇ ਸਤਿੰਦਰ ਬੀਬਾ ਨੇ ਗਾਇਆ-ਆਈਆਂ ਵਿਆਹ ਵਿੱਚ ਜੱਟ ਦੇ ਸਤਾਰਾਂ ਸਾਲੀਆਂ ਪਿੱਪਲੀ ਦੇ ਪੱਤੇ ਵੀ ਵਜੌਣ ਤਾਲੀਆਂ...ਚਾਂਦੀ ਰਾਮ ਤੇ ਸ਼ਾਂਤੀ ਦੇਵੀ ਨੇ ਗਾਏ-ਚਿੱਤ ਕਰੂ ਮੁਕਲਾਵੇ ਜਾਵਾਂਗੇ...ਰਾਵੀ ਦਿਆ ਪਾਣੀਆਂ ਤੂੰ ਠੋਕਰਾਂ ਨਾ ਮਾਰ ਉਏ ਤੇਰੀ ਗੋਦ ਵਿੱਚ ਬੈਠੀ ਸੱਚੀ ਸਰਕਾਰ ਉਏ...ਕਰਮਜੀਤ ਧੂਰੀ ਨੇ ਗਾਇਆ...ਇਹ ਗੀਤ ਆਮ ਹੀ ਗੁਰਦਵਾਰਿਆਂ ਵਿੱਚ ਸਵੇਰੇ-ਸਵੇਰੇ ਵੱਜਦਾ ਸੁਣਦਾ-ਰੱਬ ਨਾਲ ਠੱਗੀਆਂ ਕਿਉਂ ਮਾਰੇ ਬੰਦਿਆ ਦਿਨ ਰਾਤ ਪਾਪਾਂ 'ਚ ਗੁਜ਼ਾਰੇਂ ਬੰਦਿਆ...ਸੁਰਿੰਦਰ ਕੌਰ ਤੇ ਰੰਗੀਲਾ ਜੱਟ ਨੇ-ਮੱਛਰਦਾਨੀ ਲੈ ਦੇ ਵੇ ਮੱਛਰ ਨੇ ਖਾ ਲਈ ਤੋੜਕੇ...ਸਦੀਕ ਤੇ ਬੀਬਾ ਨੇ ਗਾਇਆ-ਰਾਤੀਂ ਰੋਂਦੀ ਦਾ ਭਿੱਜ ਗਿਆ ਲਾਲ ਪਘੂੰੜਾ..ਮਲਕੀਤ ਸਿੰਘ ਨੇ ૶ਝਾਂਜਰ ਬੋਲ ਪਈ...ਪਾਲੀ ਦੇਤਵਾਲੀਆ ਨੇ-ਧੀਆਂ ਦੇਣ ਦੁਹਾਈ...ਕਰਨੈਲ ਗਿੱਲ ਨੇ-ਗੱਡੀ ਚੜ੍ਹਦੀ ਭੰਨਾ ਲਏ ਗੋਡੇ...ਮਾਣਕ ਦੇ ਗਾਏ ਗੀਤ ਕੁਝ ਯਾਦ ਨੇ...ਜਿਵੇਂ-ਯਾਰਾਂ ਦਾ ਟਰੱਕ ਬੱਲੀਏ...ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ...ਵਹਿੰਗੀ ਚੱਕ ਲੈ ਸਰਵਣਾ ਵੇ...ਤੇਰੇ ਟਿੱਲੇ ਉਤੋਂ ਸੂਰਤ ਦੀਂਹਦੀ ਹੀਰ ਦੀ...ਸਾਹਿਬਾਂ ਬਣੀ ਭਰਾਵਾਂ ਦੀ ਭਾਈਆਂ ਤੋਂ ਯਾਰ ਮਰਵਾਤਾ...ਹੱਥ ਫੜ੍ਹਕੇ ਤੇਸੇ ਨੂੰ ਆਸ਼ਕ ਜਾਵੇ ਪਰਬਤ ਚੀਰੀ...ਤੇਰੀ ਖਾਤਰ ਹੀਰੇ ਛਡਕੇ ਤਖ਼ਤ ਹਜ਼ਾਰੇ ਨੂੰ...ਤੇਰਾ ਕਿਹੜਾ ਮੁੱਲ ਲਗਦਾ...ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ...ਛੇਤੀ ਕਰ ਸਰਵਣ ਬੱਚਾ ਪਾਣੀ ਤੇ ਪਿਲਾਦੇ ਉਏ...ਕਹੇ ਰਸਾਲੂ ਰਾਣੀਏਂ ਘੁੰਡ ਮੂੰਹ ਤੋਂ ਲਾਹਦੇ...ਦੁੱਲਿਆ ਵੇ ਟੋਕਰਾ ਚਕਾਈਂ ਆਣਕੇ...ਆਖੇ ਅਕਬਰ ਬਾਦਸ਼ਾਹ ਸੱਦ ਯੈਮਲ ਨੂੰ ਸਰਦਾਰ... ਪਿੰਡ ਸਿਆਲਾਂ ਦੇ ਧੀ ਜੰਮੀ ਚੂਚਕ ਚੌਧਰੀ ਨੂੰ...ਧੋਖਾ ਕੀਤਾ ਨੀ ਤੂੰ ਸਿਆਲਾਂ ਦੀਏ ਛੋਕਰੀਏ...ਛੰਨਾ ਚੂਰੀ ਦਾ ਵਿੱਚ ਬੇਲੇ ਚਾਕ ਰਲੇਟੇ ਨੂੰ...ਇੱਕ ਦਿਨ ਕੈਦੋਂ ਸੱਥ ਵਿੱਚ ਬੈਠਾ ਮੂਹਰੇ ਚੂਚਕ ਦੇ...ਇੱਕ ਦਿਨ ਮਿਲਕੇ ਚਾਕ ਨੂੰ ਹੀਰ ਆਈ ਜਦ ਬੇਲੇ 'ਚੋਂ...ਚੜ੍ਹੀ ਜਵਾਨੀ ਤੇ ਚੰਨ ਸੂਰਜ ਗੁੱਝੇ ਰਹਿੰਦੇ ਨਾ...ਚੱਕ ਕੇ ਝੰਮਣ ਹੀਰ ਡੋਲੀ ਬਹਿਗੀ ਖੇੜਿਆਂ ਦੀ...ਸਹਿਤੀ ਹੀਰ ਨੇ ਤਿਆਰੀ ਕਰਲੀ ਬਾਗ ਦੀ...ਵਾਰ ਬਾਬਾ ਬੰਦਾ ਸਿੰਘ ਬਹਾਦਰ ਬਹੁਤ ਮਸ਼ਹੂਰ ਹੋਈ ਸੀ...ਚੰਨਾ ਮੈਂ ਤੇਰੀ ਖ਼ੈਰ ਮੰਗਦੀ...ਰੰਨਾਂ ਚੰਚਲ ਹਾਰੀਆਂ ਕੀ ਇਹਨਾਂ ਦਾ ਇਤਬਾਰ...ਹੇਠ ਜੱਟ ਜੰਡੋਰੇ ਦੇ ਸੌਂ ਗਿਆ ਪੱਟ ਦਾ ਸਿਰਹਾਣਾ ਲਾਕੇ...ਮਾਣ ਕਰੀਂ ਨਾ ਜੱਟੀਏ...ਯਾਰ ਮੇਰਾ ਛਡ ਗਿਆ...ਘਰੇ ਮੇਰੇ ਜੇਠ ਦੀ ਪੁੱਗੇ...ਏਹ ਮਾਣਕ ਦੇ ਗਾਏ ਸੀ ਤੇ ਸੁਰਿੰਦਰ ਛਿੰਦਾ ਨੇ-ਜਿਊਣਾ ਮੌੜ...ਇਹਦੀ ਰਾਇਲਟੀ ਉਦੋਂ ਦੇ ਹਿਸਾਬ ਨਾਲ ਸਭ ਤੋਂ ਵੱਧ ਵੀਹ ਹਜ਼ਾਰ ਰੁਪੱਈਆ ਮਿਲੀ ਸੀ। ਸੁਰਜੀਤ ਬਿੰਦਰਖੀਆ ਨੇ ਗਾਇਆ-ਦੁੱਧ-ਪੁੱਤ ਤੇ ਰਿਜ਼ਕ ਘਰ ਤੇਰੇ...ਗੁਰਚਰਨ ਪੋਹਲੀ ਤੇ ਪ੍ਰਮਿਲਾ ਪੰਮੀ ਨੇ-ਭਜਨ ਕਰੇ ਕਰਤਾਰਾ...ਸਵਰਨ ਲਤਾ ਨੇ ਗਾਇਆ-ਮਿਰਚਾਂ ਵਾਰ ਸੱਸੇ...ਏਨੇ ਕੁ ਬਹੁਤ ਨੇ...ਹੋਰ ਤੂੰ ਆਪੇ ਲੱਭ ਲੈ ਯਾਰ...।"
''ਤੁਹਾਡਾ ਇੱਕ ਗੀਤ ਸਦੀਕ ਤੇ ਬੀਬਾ ਨੇ ਗਾਇਆ ਸੀ-'ਲੌਂਗ ਨੀ ਬਿਸ਼ਨੀਏ ਮੇਰਾ ਨਰਮੇਂ 'ਚੋਂ ਲਿਆਈਂ ਲੱਭ ਕੇ'....ਇੱਕ ਗੀਤ ਸੀ 'ਘਰੇ ਚੱਲ ਕੱਢੂੰ ਰੜਕਾਂ...ਇਹ ਕੀ ਹੋਏ ਭਲਾ ਗੀਤ? ਕਿਉਂ ਬੇਬੇ, ਬਾਪੂ ਨੂੰ ਇਹ ਲਿਖਣ ਦੀ ਕੀ ਲੋੜ ਪੈ ਗਈ ਸੀ?" ਕੋਲ ਬੈਠੀ  ਬੇਬੇ ਨੂੰ ਮੈਂ ਕਿਹਾ।
ਬਾਪੂ ਮੁਸਕ੍ਰਾਉਣ ਲੱਗਿਆ। ਬੇਬੇ ਉਹਦੇ ਵੱਲ ਕੁਨੱਖਾ ਜਿਹਾ ਝਾਕੀ ਤੇ ਬੋਲੀ, ''ਬੇ ਭਾਈ ਥੋਡੀਆਂ ਤੁਸੀਓਂ ਜਾਣੋ...ਮੈਨੂੰ ਕੀ ਪਤੈ...ਕੀ ਲਿਖੀ ਜਾਨੇ ਓਂ...ਇਹਦਾ ਕੰਮ ਏਸੇ ਨੂੰ ਈ ਪਤੈ।"
''ਓ ਯਾਰ ਲਿਖ ਹੋ ਗਿਆ...ਬਥੇਰਿਆਂ ਨੇ ਲਿਖੇ ਨੇ...ਮੈਂ ਤਾਂ ਏਨੇ ਨ੍ਹੀ ਲਿਖੇ...ਲੋਕਾਂ ਨੇ ਪੂਰਾ ਗੰਦ ਪਾਇਆ...ਛਡ ਯਾਰ...ਮਾਨ ਨੇ ਵੀ ਲਿਖਿਆ ਸੀ ਤੇ ਮਾਣਕ ਨੇ ਗਾਇਆ ਸੀ-ਜੀਜਾ ਅੱਖੀਆ ਨਾ ਮਾਰ ਵੇ ਮੈਂ ਕੱਲ੍ਹ ਦੀ ਕੁੜੀ...ਇੱਕ ਮੇਰੀ ਬਚਪਨ ਦੀਆਂ ਗੱਲਾਂ ਲਿਖ ਲੈ...ਬਈ ਲੋਕਾਂ ਨੇ ਮੇਰੇ ਬਾਪੂ ਨੂੰ ਆਖ-ਵੇਖ ਕੇ ਮੈਨੂੰ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਪੜ੍ਹਨ ਪਾ ਦਿੱਤਾ ਉਦੋਂ ਨਹਿਰ ਪੱਟੀ ਹੀ ਸੀ ਤੇ ਮੈਂ ਨਹਿਰ ਵਿਚਦੀ ਤੁਰਕੇ ਜਾਂਦਾ ਹੁੰਦਾ ਸੀ...ਮੈਂ ਨੌਵੀਂ 'ਚ ਸੀ, ਕਰਨੈਲ ਸਿੰਘ ਰਾਮੂਵਾਲੀਏ ਪਾਰਸ ਦੇ ਤਵੇ ਗੂੰਜਦੇ ਹੁੰਦੇ, ਸਾਡੇ ਪਿੰਡ ਮੋਗੇ ਵੱਲੋਂ ਬਰਾਤ ਆਈ, ਮੈਂ ਸਕੂਲੇ ਸੀ, ਭਿਣਕ ਪਈ ਕਿ ਪਾਰਸ ਦਾ ਜੱਥਾ ਆਉਣੈ, ਸਕੂਲੋਂ ਸਿੱਧਾ ਸਮੇਤ ਬਸਤੇ ਮੈਂ ਗਾਉਣ ਵਾਲੀ ਥਾਵੇਂ ਪਹੁੰਚ ਗਿਆ ਪਿੰਡੋਂ ਬਾਹਰ...ਜੁਆਕਾਂ 'ਚ ਸਭ ਤੋਂ ਮੂਹਰੇ ਜਾ ਬੈਠਿਆ, ਪਾਰਸ ਨੇ ਰਣਜੀਤ ਸਿਮਘ ਸਿੱਧਵਾਂ ਤੇ ਚੰਦ ਸਿੰਘ ਜੰਡੀ ਨਾਲ 'ਦਾਊਦ ਬਾਦਸ਼ਾਹ' ਦਾ ਕਿੱਸਾ ਸੁਣਾਇਆ, ਕਮਾਲਾਂ ਹੋਗੀਆਂ, ਅੱਜ ਵੀ ਚੇਤੇ ਨੇ ਬੋਲ, ਬੇਗਮ ਮਾਂ ਨੂੰ ਕਹਿੰਦੀ ਐ-'ਜਾਣਾ ਮੈਂ ਸੈਰ ਕਰਨ ਨੂੰ ਨਾਲ ਸਹੇਲੀਆਂ, ਮਾਤਾ ਨੀਂ ਜਾਂਦੀ ਵਾਰੀ' ਤੇ ਮਾਂ ਅੱਗੋਂ ਕਹਿੰਦੀ ਹੈ.'ਦੇਹੁਲੀ ਤੋਂ ਬਾਹਰ ਜਾਣ ਬਾ ਵਿਹੁਲੀਆਂ ਕੁੜੀਆਂ ਨੀਂ, ਸ਼ਾਦੀ ਨਾ ਰੋਜ਼ ਰਕਾਨੇ।' ਖੈਰ...ਪਾਰਸ ਦਾ ਅਸਰ ਬੜਾ ਪਿਆ ਮੇਰੇ 'ਤੇ। ਹਾਂ ਸੱਚ...ਏਸੇ ਸਕੂਲ ਵਿੱਚ ਸਾਹਿਰ ਲੁਧਿਆਣਵੀ ਤੇ ਕਰਤਾਰ ਸਿੰਘ ਸਰਾਭਾ ਵੀ ਪੜ੍ਹੇ ਸਨ ਤੇ ਹੋਰ ਬਹੁਤ ਵੱਡੀਆਂ ਹਸਤੀਆਂ ਵੀ ਏਥੇ ਹੀ ਪੜ੍ਹੀਆਂ ਸਨ...ਖ਼ੈਰ...ਕਹਿਰਾਂ ਦੀ ਗਰਮੀਂ 'ਚ ਤੁਰਕੇ ਜਾਂਦਾ ਸਾਂ...ਪੈਰ ਸੜ ਜਾਂਦੇ ਸਨ...ਇੱਕ ਦਿਨ ਬਾਪੂ ਨੂੰ ਮੇਰੀ ਹਾਲਤ 'ਤੇ ਤਰਸ ਆ ਗਿਆ...ਬਾਪੂ ਨੇ ਮੈਨੂੰ ਦਸਾਂ ਰੁਪੱਈਆਂ ਦਾ ਇੱਕ ਪੁਰਾਣਾ ਜਿਹਾ ਸਾਇਕਲ ਲੈ ਦਿੱਤਾ...ਉਹ ਵੀ ਬਿਗੜਿਆ ਰਹਿੰਦਾ...ਕਦੇ ਸਾਇਕਲ ਮੈਨੂੰ ਧੂੰਹਦਾ ਤੇ ਕਦੇ ਮੈਂ ਸਾਈਕਲ ਨੂੰ ਧੂੰਹਦਾ...ਇਹ ਤਾਂ ਬਚਪਨ ਦੇ ਹਾਲਾਤਾਂ ਦੀ ਗੱਲ ਅਜੇ ਨਹੀਂ ਭੁੱਲਦੀ...ਸਾਈਕਲ 'ਤੇ ਵੀ ਮੈਂ ਸਫ਼ਰ ਕਰ ਲਿਆ...ਸਕੂਟਰ 'ਤੇ ਵੀ...ਕਾਰ ਉਤੇ ਵੀ...ਬੱਸ ਉਤੇ ਵੀ...ਰੇਲ ਉਤੇ ਵੀ...ਜਹਾਜ਼ ਉਤੇ ਵੀ...ਹੁਣ ਇੱਛਾ ਸਮੁੰਦਰੀ ਜਹਾਜ਼ ਉੱਤੇ ਸਫ਼ਰ ਕਰਨ ਦੀ ਆ...।"
ਦੇਵ ਥਰੀਕੇ ਬਾਰੇ ਮੇਰੇ ਕੋਲ ਇਕ ਭਾਰੀ ਭਰਕਮ ਕਿਤਾਬ ਲਿਖਣ ਜਿੰਨੀ ਸਮੱਗਰੀ ਹੈ, ਜਿੰਨੀਆਂ ਗੱਲਾਂ ਕਰਾਂ, ਅਮੁੱਕ ਹਨ, ਕਦੇ ਫਿਰ ਸਹੀ!

94174-21700

ਡਾਇਰੀ ਦੇ ਪੰਨੇ : ਸਾਹ ਸੂਤਣ ਵਾਲੇ ਦੋ ਦਿਨ! - ਨਿੰਦਰ ਘੁਿਗਆਣਵੀ

ਜਦ ਡਾਇਰੀ ਦੇ ਇਹ ਪੰਨੇ ਟਾਈਪ ਕਰ ਰਿਹਾਂ ਕਮਰੇ ਵਿਚ ਬੈਠਾ, ਤਾਂ ਬਾਹਰ ਕਿਣਮਿਣ-ਕਿਣਮਿਣ ਵੀ ਹੋ ਰਹੀ ਹੈ ਤੇ ਝੁੱਲ ਰਹੇ ਹਨੇਰ ਨੇ ਜਿਵੇਂ ਹਨੇਰ-ਗਰਦੀ ਮਚਾਉਣੀ ਸ਼ੁਰੂ ਕੀਤੀ ਹੈ। ਦਰੱਖਤ ਇੱਕ ਦੂਜੇ ਵਿਚ ਵੱਜ ਰਹੇ ਨੇ, 'ਸਾਂਅ...ਆਂਅ..ਸਾਂਅ...' ਦੀ ਲੰਬੀ ਧੁਨੀ ਕੱਢਦੀ ਅੰਨ੍ਹੀ ਹਵਾ ਹੈਵਾਨੀ ਭਰੀ ਜਾਪਦੀ ਹੈ। ਪਸੂਆਂ ਨੇ ਅੜਿੰਗਣਾ ਸ਼ੁਰੂ ਕੀਤੈ। ਬੰਦਿਆਂ ਦੇ ਹੋਕਰੇ ਵੀ ਸੁਣਨ ਲੱਗੇ ਨੇ, ਕੋਈ ਘਰ ਦੇ ਜੀਆਂ ਨੂੰ ਵਿਹੜੇ ਵਿਚਲਾ ਸਮਾਨ ਸਾਂਭਣ ਲਈ ਆਵਾਜ਼ੇ ਕੱਸ ਰਿਹੈ। ਪਾਥੀਆਂ ਨਾਲ ਭਰੀਆਂ ਬੋਰੀਆਂ ਵਰਾਂਡੇ 'ਚ ਸਾਂਭਣ ਲਈ ਮਾਂ ਨੇ ਘਰ ਦੀ ਜੀਆਂ ਨੂੰ ਹਾਕਾਂ ਮਾਰੀਆਂ ਨੇ। ਮੋਟਰ-ਗੱਡੀਆਂ ਦੀ ਘੂਕਰ  ਤੇ ਹੌਰਨਾਂ ਦੀ ਪਾਂ-ਪਾਂ ਉੱਚੀ ਉਠ ਪਈ ਹੈ, ਹਰ ਕੋਈ ਇਸ ਹਨੇਰ ਤੋਂ ਬਚਣਾ ਚਾਹੁੰਦੈ ਤੇ ਆਪਣੇ ਟਿਕਾਣੇ ਲੱਗਣ ਲਈ ਕਾਹਲਾ ਹੈ। ਬੜੀ ਭੈੜੀ ਅਵਸਥਾ ਹੈ ਇਹ। ਨਾ ਕੋਈ ਕਿਧਰੇ ਆਣ ਜੋਗਾ, ਨਾ ਜਾਣ ਜੋਗਾ...ਰਾਹ ਡੱਕ ਦੇਣ ਵਾਲਾ ਝੱਖੜ ਜਿਵੇਂ ਹਰ ਕਿਸੇ ਨਾਲ ਝਗੜਾ ਕਰ ਰਿਹਾ ਹੋਵੇ! ਮਾਰਚ ਦੇ ਆਖਰੀ ਹਫਤੇ ਵੀ ਮੌਸਮ ਬੇਯਕੀਨਾ ਰਿਹਾ ਤੇ ਖੇਤੀਂ ਖੜ੍ਹੀ ਪੱਕੀ ਕਣਕ ਨੂੰ ਘੂਰੀਆਂ ਵੱਟਦਾ ਰਿਹਾ ਪਰ ਫਸਲਾਂ ਦੇ ਨੁਕਸਾਨ ਤੋਂ ਬੱਚਤ ਹੀ ਰਹੀ।
ਮਨੁੱਖ ਤੋਂ ਜੇਕਰ ਮੌਸਮ ਹੀ ਮੂੰਹ ਵੱਟੀ ਰੱਖੇ, ਤਾਂ ਮਨ 'ਚ ਬਹਾਰ ਨਹੀਂ ਆਉਂਦੀ। ਫੁਹਾਰ ਨਹੀਂ ਫੁਟਦੀ। ਘਰ-ਬਾਹਰ, ਅੰਨ-ਪਾਣੀ, ਫਸਲਬਾੜੀ, ਪਸੂ-ਪਰਿੰਦੇ ਤੇ ਢਿੱਡ ਦਾ ਝੁਲਕਾ, ਸਭ ਦਾ ਫਿਕਰ ਹੈ ਮਨੁੱਖ ਨੂੰ! ਵਾਹ ਤਾਂ ਚੱਲਦੀ ਨਹੀਂ, ਅੰਦਰੇ ਅੰਦਰ ਮਨੋ-ਮਨੀਂ ਕੋਸਦਾ ਹੈ, (ਜਿਹੜਾ ਰੱਬ ਨੂੰ ਨਹੀਂ ਵੀ ਮੰਨਦਾ) ਤੇ ਉਹ ਵੀ ਕਹਿ ਹੀ ਦਿੰਦਾ ਹੈ-''ਓਹ ਸਾਡਾ ਹਰਜੀ, ਓਸੇ ਦੀ ਮਰਜ਼ੀ, ਓਹਦੇ ਅੱਗੇ  ਕੀਹਦਾ ਜ਼ੋਰ...ਓਸੇ ਦੇ ਹੱਥ ਸਾਡੀ ਡੋਰ...?"
ਕਿਸੇ ਕਵੀ ਦਾ ਲਿਖਿਆ ਕਿਤਨਾ ਸੱਚ ਹੈ-'ਪੱਕੀ ਖੇਤੀ ਵੇਖ ਕੇ ਝੋਰਾ ਕਰੇ ਕਿਸਾਨ'। ਮੌਸਮ ਦੇ ਫਿਕਰ ਕਾਰਨ ਕਿਸਾਨ ਝੂਰਦਾ ਹੈ। ਅਰਦਾਸਾਂ ਵੀ ਕਰਦਾ ਹੈ। ਫਸਲ ਨੂੰ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ। ਫੁਟਦੀ-ਫਲਦੀ ਦੇਖਦਾ ਹੈ। ਜਵਾਨ ਹੁੰਦੀ ਨਿਹਾਰਦਾ ਹੈ। ਖੁਸ਼ ਹੁੰਦਾ ਹੈ। ਆਸ ਬੰਨ੍ਹਦਾ ਹੈ। ਸੌ-ਸੌ ਸਲਾਹਾਂ ਕਰਦਾ ਹੈ,ਕਦੇ ਕਰਜ਼ ਲਾਹੁੰਣ ਦੀਆਂ, ਕਦੇ ਕੋਠੀ ਪਾਉਣ ਦੀਆਂ,ਕਦੇ ਧੀ-ਪੁੱਤ ਵਿਹਾਉਣ ਦੀਆਂ,ਕਦੇ ਕਾਰ ਲਿਆਉਣ ਦੀਆਂ...ਘਰ ਦੇ ਜੀਆਂ ਨਾਲ ਕੀਤੀਆਂ ਸਲਾਹਾਂ ਸਿਰੇ ਕਦੋਂ ਚੜ੍ਹਦੀਆਂ ਨੇ,ਇਹ ਸਮਾਂ ਜਾਣਦਾ ਹੈ।
ਚਾਹੇ ਪੇਂਡੂ ਹਿੰਦੂ ਭਾਈਚਾਰੇ ਵਿਚੋਂ ਹਾਂ (ਖੱਤਰੀਆਂ ਦਾ ਮੁੰਡਾ)ਪਰ ਹਾਂ ਕਿਸਾਨ ਦਾ ਪੁੱਤਰ। ਪਿਓ ਤੇ ਤਾਇਆ ਆਪਣੇ ਆਖਰੀ ਵੇਲੇ ਤੱਕ ਖੇਤੀ ਕਰਦੇ ਰਹੇ ਸਨ। ਬਚਪਨ ਤੋਂ ਲੈ ਕੇ ਹੁਣ ਤੱਕ ਖੇਤ ਵਾਹੁੰਣ-ਸੰਵਾਰਨ,ਫਸਲ ਬੀਜਣ-ਬਜਾਉਣ,ਪਾਲਣ-ਪਲਾਉਣ ਤੇ ਵੱਢਣ-ਵਢਾਉਣ ਦੀ ਪ੍ਰਕਿਰਿਆ ਨੂੰ ਬੜੀ ਨੇੜਿਓਂ ਦੇਖ਼ਦਾ ਆ ਰਿਹਾ ਹਾਂ। ਇਸੇ ਲਈ ਮੈਨੂੰ ਪਤਾ ਹੈ ਕਿ ਇੱਕ ਕਿਸਾਨ ਦਾ ਦਰਦ ਕੀ ਹੈ? ਉਹਦੀਆਂ ਸਧਰਾਂ ਕੀ ਨੇ ਤੇ ਉਹਦੀਆਂ ਮਜਬੂਰੀਆਂ ਕੀ ਨੇ, ਜੋ ਬਹੁਤੀਆਂ, ਉਹ ਆਪ ਹੀ ਸਹੇੜਦਾ-ਪਾਲਦਾ ਹੈ। ਹਾਲੇ ਬਹੁਤੀ ਦੂਰ ਦੀ ਗੱਲ ਨਹੀਂ, ਰੁੱਖੀ-ਸੁੱਕੀ ਖਾ ਕੇ ਠੰਢਾ ਪਾਣੀ ਪੀਂਦੇ ਘਰ ਦੇ ਜੀਅ ਮੈਂ ਦੇਖੇ ਨੇ, ਮੇਰੀਆਂ ਲਿਖਤਾਂ ਵਿਚ ਵਾਰ-ਵਾਰ ਆਉਂਦੀ ਮੇਰੀ ਦਾਦੀ ਰੱਬ ਦਾ ਸ਼ੁਕਰਾਨਾ ਕਰਦੀ, ਸਰਬੱਤ ਦਾ ਭਲਾ ਮੰਗਦੀ ਹੁੰਦੀ ਸੀ-''ਹੇ ਵਾਖਰੂ ਕੁੱਲ ਨੂੰ ਦੇਈਂ ਰੁੱਖੀ-ਮਿੱਸੀ...ਕੁੱਲ ਜੀਆ ਜੰਤ ਦਾ ਢਿੱਡ ਭਰੀਂ ਹੇ ਮੇਰੇ ਮਾਲਕਾ...।" ਮੇਰੀਆਂ ਲਿਖਤਾਂ ਵਿਚ ਆਉਂਦੀ ਦਾਦੀ,ਇਕੱਲੀ ਮੇਰੀ ਦਾਦੀ ਹੀ ਨਹੀਂ ਹੈ,ਇਹ ਇੱਕ ਸਿੰਬਲ ਹੈ ਤੇ ਸਭਨਾਂ ਦੀ 'ਸਾਂਝੀ ਦਾਦੀ' ਦਾ। ਸਭਨਾਂ ਦੀਆਂ ਦਾਦੀਆਂ ਹੀ ਸਰਬੱਤ ਦਾ ਭਲਾ ਮੰਗਣ ਵਾਲੀਆਂ ਸਨ। 'ਨਾਨਕ ਨਾਮ ਚੜਦੀ ਕਲਾ-ਤੇਰੇ ਭਾਣੇ ਸਰਬੱਤ ਦਾ ਭਲਾ' ਆਖਣ-ਸੁਣਨ ਵਾਲੇ ਲੋਕ ਤੁਰਦੇ ਜਾ ਰਹੇ ਨੇ ਵਾਰੋ-ਵਾਰੀ। ਆਪੋ-ਆਪਣਾ 'ਭਲਾ' ਮੰਗਣ ਵਾਲਿਆਂ ਦਾ ਸੰਸਾਰ ਭਲਾ ਕਿੰਨਾ ਕੁ ਤੇ ਕਿੰਨਾ ਚਿਰ ਸੁਖੀ ਵੱਸ ਸਕਦਾ ਹੈ...?  ਇਹਨੀਂ ਦਿਨੀਂ ਮਨੋਂ ਹੀ ਮਨ ਖੁਸ਼ ਹੁੰਦਾ ਰਿਹਾ ਹਾਂ, ਜਦ ਕਿਸੇ ਤੋਂ ਇਹ ਸੁਣਦਾ ਸਾਂ ਕਿ ਇਸ ਵਾਰੀ ਤਾਂ ਫਸਲ ਭਾਰੀ ਹੋਵੇਗੀ, ਚੰਗੀ ਨਿੱਸਰੀ ਹੈ ਕਣਕ ਤੇ ਦਾਣੇ ਵੀ ਭਾਰੀ ਹੋਣਗੇ।
                     """""""""""""'
ਮੌਸਮੀਂ ਮਾਹਰਾਂ ਨੇ ਲੋਕਾਂ ਦੇ ਸਾਹ ਪਹਿਲਾਂ ਹੀ ਇਹ ਸੂਚਨਾ ਦੇ ਕੇ ਸੂਤ ਲਏ ਸਨ ਕਿ ਸੋਲਾਂ ਤੇ ਸਤਾਰਾਂ ਅਪ੍ਰੈਲ ਸੁੱਖ ਦੇ ਦਿਨ ਨਹੀਂ ਹੋਣਗੇ। ਝੱਖੜ ਝੁੱਲੇਗਾ ਤੇ ਮੀਂਹ ਵੀ ਆਵੇਗਾ, ਗੜੇ ਵੀ ਪੈ ਸਕਦੇ ਨੇ। ਪਹਿਲੇ ਦਿਨ ਦੀ ਰਾਤ ਝੱਖੜ ਨੇ ਬਾਰਾਂ ਸਾਲ ਦਾ ਰਿਕਾਰਡ ਤੋੜਿਆ। ਤਾਕਤਵਰ ਰੁੱਖ ਵੀ ਪੁੱਟ ਕੇ ਅਹੁ ਮਾਰੇ। ਵੱਖ ਵੱਖ ਥਾਈਂ ਇਹ ਝੱਖੜ ਤਿੰਨ ਜਾਨਾਂ ਵੀ ਲੈ ਗਿਆ। ਕਈ ਥਾਈਂ ਕਣਕ ਮੂਧੜੇ-ਮੂੰਹ ਸੁੱਟ੍ਹ ਦਿੱਤੀ, ਨਾ ਉਠੀਜੇ ਤੇ ਨਾ ਵਢੀਜੇ! ਮਾਲਵੇ 'ਚ ਬਹੁਤੇ ਕਿਸਾਨਾਂ ਵੱਲੋਂ ਬੀਜੀ ਸਬਜ਼ੀ ਦੀਆਂ ਫੁਦਟੀਆਂ ਕੂਲੀਆਂ ਵੱਲਾਂ-ਵੇਲਾਂ ਵੀ ਉਡ ਗਈਆਂ। ਜਦ ਦਿਨ ਚੜ੍ਹੇ ਪਿੰਡੋਂ ਨਿਕਲਦਾ ਹਾਂ, ਤਾਂ ਰੁੱਖ ਭਾਵੇਂ ਪੁੱਟੇ ਪਏ ਨੇ ਪਰ ਕਣਕ ਠੀਕ ਠਾਕ ਖੜ੍ਹੀ ਦੇਖ, ਮਨੋਂ ਕੁਦਰਤ ਦਾ ਸ਼ੁਕਰਾਨਾ ਅਦਾ ਕਰਦਾ ਹਾਂ। ਕਿਸਾਨ ਦੱਸ ਰਹੇ ਨੇ ਕਿ ਮੀਂਹ ਕਾਰਨ ਹੁਣ ਕਣਕ ਕੁਝ ਦਿਨ ਨਹੀਂ ਵੱਢੀ ਜਾ ਸਕਣੀ, ਖੇਤ ਗਿੱਲੇ ਹੋ ਗਏ ਨੇ, ਕੰਬਾਈਨਾਂ ਖੁੱਭਣ ਦਾ ਡਰ ਹੈ। ਕਈ ਪਿੰਡਾਂ 'ਚ ਲੋਕਾਂ ਨੇ ਫਸਲਾਂ ਦੀ ਸੁਖ-ਸਾਂਦ ਲਈ ਅਖੰਡ ਪਾਠ ਵੀ ਸੁੱਖ ਲਏ ਨੇ...। ਮਨ ਵਿਚ ਕਈ ਸੁੱਖਾਂ ਸੁਖਦਾ ਹਾਂ ਮੈਂ ਵੀ,ਪਿੰਡੋਂ ਸਕੂਟਰੀ 'ਤੇ ਚੜ੍ਹਦਿਆਂ ਤੇ ਅੱਗੋਂ ਚੰਡੀਗੜ ਵਾਲੀ ਬਸ ਫੜਦਿਆਂ। 

-9417421700

17 April 2019

ਮੇਰੀ ਡਾਇਰੀ ਦੇ ਪੰਨੇ : ਬੇਯਕੀਨਾ ਮੌਸਮ  - ਨਿੰਦਰ ਘੁਗਿਆਣਵੀ

2019 ਦਾ ਤੀਜਾ ਮਹੀਨਾ ਮਾਰਚ ਲੰਘ ਚੱਲਿਐ। ਇਹਨੀਂ ਦਿਨੀਂ ਗਰਮੀ ਆਪਣੇ ਰੰਗ ਤਾਂ ਭਾਵੇਂ ਹਾਲੇ ਨਹੀਂ ਵਿਖਾਉਂਦੀ ਹੁੰਦੀ ਪਰ ਦਸਤਕ ਦੇ ਕੇ ਇਹ ਜ਼ਰੂਰ ਦੱਸ ਦਿੰਦੀ ਹੁੰਦੀ ਹੈ ਕਿ ਮੈਂ ਆ ਗਈ ਹਾਂ...ਠੰਢਾ ਪਾਣੀ ਪੀਓ, ਲੰਮੀਆਂ ਉਮਰਾਂ ਜੀਓ! ਇਸ ਵਾਰ ਪਤਾ ਨਹੀਂ ਕੀ ਹੋਇਐ ਗਰਮੀਂ ਨੂੰ, ਲਗਦੈ ਜਿਵੇਂ ਰੁੱਸੀ ਬੈਠੀ ਹੈ। ਗਰਮੀਂ ਦੇ ਲੇਟ-ਫੇਟ ਹੋਣ ਕਾਰਨ ਤੇ ਲਗਾਤਾਰ ਟੁਟਵੀਂ ਬੱਦਲਵਾਈ ਕਾਰਨ ਸਾਰੀਆਂ ਹੀ ਫਸਲਾਂ ਨੂੰ ਤੇਲਾ ਲੱਗ ਚੁੱਕੈ ਤੇ ਖਾਸ ਕਰ ਕਣਕ ਦੀ ਫਸਲ ਨੂੰ। ਖੇਤੀ ਬਾੜੀ ਦੇ  ਮਾਹਰ ਦਸਦੇ ਨੇ ਕਿ ਇਸ ਵਾਰ ਕਣਕਾਂ ਦੇ ਦਾਣੇ ਕਮਜ਼ੋਰ ਰਹਿਣਗੇ ਕਿਉਂਕਿ ਲੋੜੀਂਦੀ ਧੁੱਪ ਇਸ ਵਾਰ ਫਸਲ ਨੂੰ ਮਿਲੀ ਨਹੀਂ ਹੈ। ਬੱਦਲ ਹੀ ਬੱਦਲ, ਕਿਣ ਮਿਣ...ਕਿਣ ਮਿਣ...। ਗੜੇ ਵੀ ਪੈਂਦੇ ਰਹੇ ਬਥੇਰੇ ਥਾਈਂ ਤੇ ਹਵਾ ਨੇ ਵੀ ਕਣਕਾਂ ਸੁੱਟ੍ਹੀਆਂ ਮੂਧੜੇ-ਮੂੰਹ। ਧੁੱਪ ਦੀ ਡਾਹਢੀ ਲੋੜ ਸੀ ਤੇ ਬੱਦਲਵਾਈ ਦੀ ਰਤਾ ਵੀ ਨਹੀਂ ਪਰ ਹੋਇਐ ਉਲਟ।
ਹੁਣ ਜਦ ਮੈਂ ਇਹ ਡਾਇਰੀ ਦੇ ਪੰਨੇ  ਟਾਈਪ ਕਰ ਰਿਹਾਂ ਕਮਰੇ ਵਿਚ ਬੈਠਾ ਤਾਂ ਬਾਹਰ ਕਿਣਮਿਣ-ਕਿਣਮਿਣ ਹੋ ਰਹੀ ਹੈ। ਬੜੀ ਭੈੜੀ ਅਵਸਥਾ ਹੈ ਇਹ। ਨਾ ਕੋਈ ਕਧਰੇ ਆਣ ਜੋਗਾ, ਨਾ ਜਾਣ ਹੋਗਾ। ਮੌਸਮ ਮੂੰਹ ਵੱਟੀ ਰੱਖੇ, ਤਾਂ ਮਨ ਵਿਚ ਕਿਧਰੇ ਵੀ ਬਹਾਰ ਨਹੀਂ ਆਉਂਦੀ। ਘਰ-ਬਾਹਰ, ਅੰਨ-ਪਾਣੀ, ਫਸਲਬਾੜੀ, ਪਸੂ-ਪਰਿੰਦੇ ਤੇ ਢਿੱਡ ਦਾ ਝੁਲਕਾ ਸਭ ਦਾ ਫਿਕਰ ਹੈ ਮਨੁੱਖ ਨੂੰ! ਵਾਹ ਤਾਂ ਚੱਲਦੀ ਨਹੀਂ, ਅੰਦਰੇ ਅੰਦਰ ਮਨੋ-ਮਨੀਂ ਕੋਸਦਾ ਹੈ ਤੇ ਕਹਿ ਦਿੰਦਾ ਹੈ-''ਓਹ ਸਾਡਾ ਹਰਜੀ, ਓਸੇ ਦੀ ਮਰਜ਼ੀ, ਓਸ ਅੱਗੇ  ਕੀਹਦਾ ਜ਼ੋਰ...ਓਸੇ ਦੇ ਹੱਥ ਸਾਡੀ ਡੋਰ...?"
ਕਿਸੇ  ਕਵੀ ਦਾ ਲਿਖਿਆ ਕਿਤਨਾ ਸੱਚ ਹੈ-'ਪੱਕੀ ਖੇਤੀ ਵੇਖ ਕੇ ਝੋਰਾ ਕਰੇ ਕਿਸਾਨ'। ਮੌਸਮ ਦੇ ਫਿਕਰ ਕਾਰਨ ਕਿਸਾਨ ਝੂਰਦਾ ਹੈ। ਅਰਦਾਸਾਂ ਵੀ ਕਰਦਾ ਹੈ। ਫਸਲ ਨੂੰ ਕਿਸਾਨ ਪੁੱਤਾਂ ਵਾਂਗ ਪਾਲਦਾ ਹੈ। ਫੁਟਦੀ-ਫਲਦੀ ਦੇਖਦਾ ਹੈ। ਜਵਾਨ ਹੁੰਦੀ ਨਿਹਾਰਦਾ ਹੈ। ਖੁਸ਼ ਹੁੰਦਾ ਹੈ। ਆਸ ਬੰਨ੍ਹਦਾ ਹੈ। ਸੌ-ਸੌ ਸਲਾਹਾਂ ਕਰਦਾ ਹੈ। ਕਦੇ ਕਰਜ਼ ਲਾਹੁੰਣ ਦੀਆਂ। ਕਦੇ ਕੋਠੀ ਪਾਉਣ ਦੀਆਂ। ਕਦੇ ਧੀ-ਪੁੱਤ ਵਿਹਾਉਣ ਦੀਆਂ। ਕਦੇ ਕਾਰ ਲਿਆਉਣ ਦੀਆਂ। ਘਰ ਦੇ ਜੀਆਂ ਨਾਲ ਕੀਤੀਆਂ ਸਲਾਹਾਂ ਸਿਰੇ ਕਦੋਂ ਚੜ੍ਹਦੀਆਂ ਨੇ, ਇਹ ਸਮਾਂ ਜਾਣਦਾ ਹੈ।
ਮੈਂ ਚਾਹੇ ਪੇਂਡੂ ਹਿੰਦੂ ਭਾਈਚਾਰੇ ਵਿਚੋਂ ਹਾਂ ਪਰ ਕਿਸਾਨ ਦਾ ਪੁੱਤਰ ਹਾਂ। ਪਿਓ ਤੇ ਤਾਇਆ ਆਪਣੇ ਆਖਰੀ ਵੇਲੇ ਤੱਕ ਖੇਤੀ ਕਰਦੇ ਰਹੇ ਸਨ। ਬਚਪਨ ਤੋਂ ਲੈ ਕੇ ਹੁਣ ਤੱਕ ਮੈਂ ਖੇਤ ਵਾਹੁੰਣ, ਫਸਲ ਬੀਜਣ-ਬਜਾਉਣ, ਪਾਲਣ-ਪਲਾਉਣ ਵੱਢਣ-ਵਢਾਉਣ ਦੀ ਪ੍ਰਕਿਰਿਆ ਨੂੰ ਬੜੀ ਨੇੜਿਓਂ ਦੇਖ਼ਦਾ ਆ ਰਿਹਾ ਹਾਂ। ਇਸੇ ਲਈ ਮੈਨੂੰ ਪਤਾ ਹੈ ਕਿ ਇੱਕ ਕਿਸਾਨ ਦਾ ਦਰਦ ਕੀ ਹੈ?ਉਹਦੀਆਂ ਸਧਰਾਂ ਕੀ ਨੇ ਤੇ ਉਹਦੀਆਂ ਮਜਬੂਰੀਆਂ ਕੀ ਨੇ, ਜੋ ਬਹੁਤੀਆਂ ਉਹ ਆਪ ਸਹੇੜਦਾ-ਪਾਲਦਾ ਹੈ। ਬਹੁਤੀ ਦੂਰ ਦੀ ਗੱਲ ਨਹੀਂ, ਰੁੱਖੀ-ਸੁੱਕੀ ਕਾਂ ਕੇ ਠੰਢਾ ਪਾਣੀ ਪੀਂਦੇ ਘਰ ਦੈ ਜੀਅ ਮੈਂ ਦੇਖੇ ਨੇ, ਮੇਰੀਆਂ ਲਿਖਤਾਂ ਵਿਚ ਵਾਰ-ਵਾਰ ਆਉਂਦੀ ਦਾਦੀ ਰੱਬ ਦਾ ਸ਼ੁਕਰਾਨਾ ਕਰਦੀ, ਸਰਬੱਤ ਦਾ ਭਲਾ ਮੰਗਦੀ ਹੁੰਦੀ ਸੀ-''ਹੇ ਵਾਖਰੂ ਕੁੱਲ ਨੂੰ ਦੇਈਂ ਰੁੱਖੀ-ਮਿੱਸੀ।" ਮੇਰੀਆਂ ਲਿਖਤਾਂ ਵਿਚ ਆਉਂਦੀ  ਦਾਦੀ ਇਕੱਲੀ ਮੇਰੀ ਦਾਦੀ ਹੀ ਨਹੀਂ ਹੈ, ਇਹ ਇੱਕ ਸਿੰਬਲ ਹੈ ਤੇ ਸਭਨਾਂ ਦੀ ਸਾਂਝੀ ਦਾਦੀ ਹੈ। ਸਭਨਾਂ ਦੀਆਂ ਦਾਦੀਆਂ ਹੀ ਸਰਬੱਤ ਦਾ ਭਲਾ ਮੰਗਣ ਵਾਲੀਆਂ ਸਨ। ''ਨਾਨਕ ਨਾਮ ਚੜਦੀ ਕਲਾ-ਤੇਰੇ ਭਾਣੇ ਸਰਬੱਤ ਦਾ ਭਲਾ" ਆਖਣ-ਸੁਣਨ ਵਾਲੇ ਲੋਕ ਤੁਰਦੇ ਜਾ ਰਹੇ ਨੇ ਵਾਰੋ-ਵਾਰੀ। ਆਪੋ-ਆਪਣਾ 'ਭਲਾ' ਮੰਗਣ ਵਾਲਿਆਂ ਦਾ ਸੰਸਾਰ ਭਲਾ ਕਿੰਨਾ ਕੁ ਤੇ ਕਿੰਨਾ ਚਿਰ ਸੁਖੀ ਵੱਸ ਸਕਦਾ ਹੈ। ਜੁਆਬ ਥੁਆਡੇ ਕੋਲ ਹੈ? (ਬਾਕੀ ਅਗਲੇ ਹਫਤੇ)

26 March 2019

ਮੇਰੀ ਡਾਇਰੀ ਦੇ ਪੰਨੇ : ਛੋਲੀਆ ਖਾਣ ਦੇ ਦਿਨ ਆਏ - ਨਿੰਦਰ ਘੁਗਿਆਣਵੀ

ਦੁਪੈਹਿਰ ਹੈ। ਸਾਦਿਕ ਮੰਡੀ ਆਪਣੇ ਇਲਾਕੇ ਵਿਚ ਉਤਰ੍ਹਿਆਂ ਰੋਡਵੇਜ਼ ਦੀ ਬੱਸ 'ਚੋਂ। ਧੁੱਪ ਖੂਬ ਖਿੜੀ ਹੈ। ਚੰਗਾ ਹੈ ਕਿ ਕੁਝ ਦਿਨਾਂ ਤੱਕ ਕਣਕਾਂ ਦੇ ਸਿੱਟੇ ਸੁਨੈਹਰੀ ਰੰਗ ਵਿਚ ਰੰਗੇ ਜਾਣਗੇ। ਸਬਜੀ ਵੇਚਣ ਵਾਲਿਆਂ ਦੀਆਂ ਫੜੀਆਂ ਤੇ ਰੇਹੜੀਆਂ 'ਤੇ ਰੌਣਕ ਹੈ, ਮੇਰੇ ਨੇੜੇ-ਤੇੜੇ ਦੇ ਪਿੰਡਾਂ ਦੇ ਲੋਕਾਂ ਦੀ ਖੂਬ ਚਹਿਲ-ਪਹਿਲ ਹੈ। ਨਿੱਕੀਆਂ-ਨਿੱਕੀਆਂ ਰੇਹੜੀਆਂ 'ਤੇ ਲਵੇ-ਲਵੇ ਕੱਦੂ ਵਿਕਣੇ ਆ ਗਏ ਨੇ ਅਗੇਤੇ ਹੀ। ਹਾਲੇ ਪਿਛਲੇ ਹਫਤੇ ਹੀ ਚੰਡੀਗੜ ਜਾਂਦਾ ਘਰੇ ਕੱਦੂ, ਘੀਆ ਤੋਰੀ, ਚੌਲੇ, ਕਰੇਲੇ, ਭਿੰਡੀਆਂ ਤੇ ਹੋਰ ਨਿੱਕ-ਸੁਕ ਦੇ ਬੀਜ ਬੋ ਕੇ ਗਿਆ ਸਾਂ। ਹੁਣ ਤੱਕ ਤਾਂ ਬੀਜ ਫੁੱਟ ਪਏ ਹੋਣੇ! ਮਗਰੋਂ ਹਲਕਾ ਜਿਹਾ ਮੀਂਹ ਵੀ ਪੈ ਹਟਿਆ ਹੈ, ਬੀਜਾਂ ਦੇ ਫੁੱਟਣ ਬਾਰੇ ਸੋਚ ਕੇ ਮਨ ਨੂੰ ਹੁਲਾਰਾ  ਆਇਆ ਲੱਗਿਐ। ਦੇਖ ਰਿਹਾਂ ਕਿ ਸਾਡੇ ਪਿੰਡ ਦੇ ਮਿਹਨਤਕਸ਼ ਬੌਰੀਏ, ਧਰਤੀ ਉਤੇ ਬੋਰੀਆਂ ਵਿਛਾਈ ਹਰਾ-ਕਚੂਚ ਛੋਲੀਆ ਰੱਖੀ ਬੈਠੇ ਨੇ,ਹਾਕਾਂ ਮਾਰ ਰਹੇ, ''ਆਜੋ ਬਈ ਲੈ ਜੋ...ਵੀਹਾਂ ਦਾ ਕਿਲੱੋ...ਤਾਜ਼ਾ ਤੇ ਕਰਾਰਾ ਛੋਲੀਆ...ਆਜੋ ਬਈ ਆਜੋ, ਫੇਰ ਨਾ ਆਖਿਓ ਕਿ ਮੁੱਕ ਗਿਆ...ਰੁੱਤ ਛੋਲੀਆ ਖਾਣ ਦੀ ਆਈ...।"  ਗਾਹਕਾਂ ਵੱਲ ਬੌਰੀਆਂ ਦੀ ਵੱਜ ਰਹੀਆਂ ਹਾਕਾਂ ਵਿਚੋਂ ਸਾਹਿਤਕਤਾ ਲੱਭਣ ਲਗਦਾ ਹਾਂ ਖੜ੍ਹਾ-ਖਲੋਤਾ। ਪਥਰੀਲੇ ਸ਼ਹਿਰ ਵਿਚੋਂ ਪਿੰਡ 'ਚ ਆਇਆ ਹਾਂ, ਖਵਰੈ ਮਨ ਤਦੇ ਈ ਹਲਕਾ-ਫੁਲਕਾ ਜਿਹਾ ਹੋ ਗਿਆ ਜਾਪਦੈ! ਹਫਤੇ ਮਗਰੋਂ ਆਇਆ ਹੋਵਾਂ ਤੇ ਘਰ ਛੋਲੀਆ ਲਿਜਾਣ ਨੂੰ ਦਿਲ ਨਾ ਕਰੇ! 16-ਸੈਕਟਰ ਵਿਚ ਤਾਂ ਛੋਲੀਏ ਦਾ ਸੁਫ਼ਨਾ ਵੀ ਨਹੀਂ ਆਉਂਦਾ,ਲੱਭਣਾ ਕਿੱਥੋਂ! ਨਾ ਲੱਭੇ ਨਹੀਂ ਲਭਦਾ ਤਾਂ...ਬਰਗਰ, ਨੂਡਲਜ, ਬਰੈਡ,ਬੜੇ ਤੇ ਪੀਜ਼ੇ ਖਾਣ ਵਾਲੇ ਕੀ ਜਾਨਣ ਏਹਦੀ ਤਰੀ ਦਾ ਸੁਆਦ! ਦੋ ਕਿਲੱੋ ਤੁਲਵਾਇਆ ਤੇ ਚੱਲ ਪਿਆਂ ਪਿੰਡ ਨੂੰ!
ਤਾਇਆ ਰਾਮ ਚੇਤੇ ਆ ਰਿਹੈ, ਉਸਦਾ ਖੂਹ ਵਾਲੇ ਖੇਤੋਂ ਆਥਣੇ ਛੋਲੀਆ ਪੁੱਟ ਕੇ ਲਿਆਉਣਾ ਤੇ ਦਾਦੀ ਤੇ ਭੂਆ ਨੂੰ ਕੱਢਣ ਲਈ ਕਹਿਣਾ, ਬਾਲਪਨ ਵਿਚ ਬੜਾ ਚੰਗਾ-ਚੰਗਾ ਲਗਦਾ ਸੀ ਤਦੇ ਹੀ ਨਹੀਂ ਹੁਣ ਤੀਕ ਭੁੱਲਿਆ। ਦਾਦੀ  ਤੇ ਭੁਆ ਛੰਨੇ ਵਿਚ ਛੋਲੀਆ ਕਢਦੀਆਂ, ਕੱਢੇ ਦਾਣਿਆਂ ਦੇ ਫੱਕੇ ਮਾਰਦਾ ਤੇ ਨਾਲ ਭੂਆ ਤੋਂ ਝਿੜਕਾਂ ਖਾਂਦਾ ਸਾਂ। ਪੱਕੀਆਂ ਡੋਡੀਆਂ ਦੀਆਂ ਹੋਲਾਂ ਭੁੰਨੀਆਂ ਜਾਂਦੀਆਂ ਤੇ ਹਰੇ ਦਾਣਿਆਂ ਨੂੰ ਮਸਾਲਾ ਭੁੰਨ ਕੇ ਰਿੰਨ੍ਹਿਆਂ ਜਾਂਦਾ।  ਚਾਹੇ ਖੇਤੋਂ ਛੋਲੀਆ ਲਿਆਉਣ ਵਾਲਾ ਤਾਇਆ ਵੀ ਨਹੀਂ ਹੈ ਹੁਣ, ਤੇ ਨਾ ਹੀ ਦਾਦੀ ਤੇ ਭੁਆ ਹੀ ਰਹੀਆਂ, ਪਰ ਚੌਂਕੇ ਵਿਚ ਭੁੱਜ ਰਹੇ ਮਸਾਲੇ ਦੀ ਮਹਿਕ ਹਾਲੇ ਤੀਕ ਵੀ ਨਹੀਂ ਮਰੀ।
ਖੂਹ ਵਾਲੇ ਖੇਤ ਵਾਲਾ ਟਿੱਬਾ ਬਥੇਰਾ ਕੁਝ ਦਿੰਦਾ ਰਿਹਾ ਸਾਡੇ ਟੱਬਰ ਨੂੰ। ਛੋਲੀਏ ਤੋਂ ਬਿਨਾਂ ਤੋਰੀਆ, ਤੇ ਤਾਰਾ-ਮੀਰਾ ਵੀ ਬਥੇਰਾ ਹੁੰਦਾ। ਉਹਨੀਂ ਦਿਨੀਂ ਉਥੇ ਸਰੋਂ ਦੀ ਵੀ ਕੋਈ ਤੋਟ ਨਾ ਰਹਿੰਦੀ ਤੇ  ਸਰੋਂ ਵੇਚਣ ਬਾਅਦ ਵਧੀ ਸਰੋਂ ਦਾ ਘਰ ਲਈ ਤੇਲ ਕਢਾ ਕੇ ਲਿਆਉਂਦੇ ਕੋਹਲੂ ਤੋਂ। ਸਿਵਿਆਂ ਦੇ ਖੱਬੇ ਹੱਥ, ਟਿੱਬੇ 'ਤੇ ਖਲੋਤੀ ਵੱਡੀ ਟਾਹਲੀ ਜਦ ਬਹੁਤੀ ਫੈਲ ਜਾਂਦੀ ਤਾਂ ਜਿਵੇਂ ਆਪਣੇ ਆਪ ਹੀ ਬੋਲ ਕੇ ਆਖਦੀ ਹੋਵੇ, ''ਛਾਂਗ ਲਵੋ ਹੁਣ, ਬਥੇਰੀ ਵਧ-ਫੁੱਲ ਗਈ ਆਂ, ਘਰੇ ਬਾਲਣ ਵੀ ਮੁੱਕ ਗਿਆ ਹੋਣੈ...।" ਬੇਰੀਆਂ ਨੂੰ ਬੂਰ ਪੈਣਾ ਤਾਂ ਤਾਏ ਨੇ ਪਿਤਾ ਨੂੰ ਕਹਿਣਾ, ''ਬਈ ਬਿੱਲੂ,ਐਤਕੀਂ ਬੇਰ ਬਹੁਤ ਲੱਥੂ...।" ਬੇਰੀਆਂ ਬੇਰ ਦਿੰਦੀਆਂ ਨਾ ਥਕਦੀਆਂ, ਨਾ ਤੋੜਨ ਤੇ ਚੁਗਣ ਵਾਲੇ ਤੇ ਨਾ ਹੀ ਖਾਣ ਵਾਲੇ ਥਕਦੇ। ਕੌੜ-ਤੁੰਮਿਆਂ ਦੀਆਂ ਵੇਲਾਂ ਆਪ-ਮੁਹਾਰੀਆਂ ਵਧੀ ਜਾਂਦੀਆਂ। ਕੌੜ-ਤੁੰਮਿਆਂ ਵਿਚ ਅਜਵੈਨ 'ਤੇ ਹੋਰ ਕਈ ਕੁਝ ਪਾ ਕੇ ਘਰ ਵਾਸਤੇ ਚੂਰਨ ਵੱਖਰਾ ਬਣਾ ਲੈਂਦੇ ਤੇ ਪਸੂਆਂ ਨੂੰ ਚਾਰਨ ਵਾਸਤੇ ਵੱਖਰਾ। ਚਿੱਬੜਾਂ ਦਾ ਤਾਂ ਅੰਤ ਹੀ ਕੋਈ ਨਹੀਂ ਸੀ। ਚਿੱਬੜਾਂ ਦੀ ਚਟਣੀ ਬਿਨਾਂ ਨਾਗਾ ਕੁੱਟੀ ਜਾਂਦੀ। ਅਚਾਰ ਵੀ ਪਾਉਂਦੇ ਤੇ ਚੀਰ ਕੇ ਸੁਕਾ ਵੀ ਲੈਂਦੇ। ਤਦੇ ਹੀ ਤਾਂ ਕਿਹੈ ਕਿ ਓਸ ਟਿੱਬੇ ਬਥੇਰਾ ਕੁਝ ਦਿੱਤਾ ਸਾਡੇ ਟੱਬਰ ਨੂੰ! ਜਦ ਟਿੱਬਾ ਥੋੜਾ ਕੁ ਪੱਧਰਾ ਕੀਤਾ ਤਾਂ ਇੱਕ ਸਾਲ ਵਾਸਤੇ ਕਰਤਾਰੇ ਬੌਰੀਏ ਨੂੰ ਹਿੱਸੇ 'ਤੇ ਦੇ ਦਿੱਤਾ, ਉਸ ਨੇ ਮਤੀਰੇ, ਖੱਖੜੀਆਂ ਤੇ ਖਰਬੂਜੇ ਖੂਬ ਉਗਾਏ। ਉਥੇ ਹੀ ਝੁੱਗੀ ਪਾ ਲਈ ਤੇ ਇੱਕ ਰਹਿੰਦਾ ਰਿਹਾ ਕਰਤਾਰਾ।
ਸਕੂਟਰੀ ਵਿਹੜੇ ਲਿਆ ਵਾੜੀ ਹੈ।  ਗੁਰਦਵਾਰੇ ਬਾਬਾ ਰਹਿਰਾਸ ਕਰ ਰਿਹੈ।  ਅੱਜ ਪਤਾ ਨਹੀਂ ਕਿਉਂ, ਆਪ-ਮੁਹਾਰੇ ਜਿਹੇ ਹੀ ਮੂੰਹੋਂ ਨਿਕਲ ਗਿਐ, ''ਹੇ ਸੱਚੇ ਪਾਤਸ਼ਾ...ਤੇਰਾ ਈ ਆਸਰਾ...ਚੜ੍ਹਦੀਆਂ ਕਲਾਂ ਰੱਖੀਂ...ਸਰਬੱਤ ਦਾ ਭਲਾ ਹੋਵੇ...।"

20 March 2019

ਡਾਇਰੀ ਦੇ ਪੰਨੇ :  ਇੱਕ ਚੰਨ ਦੇ ਵਾਪਿਸ ਆਉਣ ਦੀ ਉਡੀਕ ਕਰਾਂਗਾ ਮੈਂ...  - ਨਿੰਦਰ ਘੁਗਿਆਣਵੀ

6 ਮਾਰਚ 2019 ਦੀ ਸਵੇਰ ਸੁਹਣੀ ਨਿੱਖਰੀ ਹੈ। ਕੱਲ੍ਹ ਬੱਦਲ ਮੰਡਰਾਈ ਗਏ ਸਨ, ਸੂਰਜ ਨੂੰ ਸਿਰ ਨਹੀਂ ਚੁੱਕਣ ਦਿੱਤਾ ਬੱਦਲਾਂ ਨੇ। ਅੱਜ ਸੂਰਜ ਉਤਾਂਹ ਨੂੰ ਉੱਠ ਰਿਹੈ ਜਿਵੇਂ ਹੌਸਲੇ ਨਾਲ ਭਰਿਆ-ਭਰਿਆ ਹੋਵੇ! ਲਗਦੈ ਅੱਜ ਦਿਨ ਸੁਹਣਾ ਲੱਗੇਗਾ,ਕਈ ਦਿਨਾਂ ਤੋਂ ਚੱਲੀ ਆ ਰਹੀ ਮੌਸਮੀਂ ਟੁੱਟ-ਭੱਜ ਦੂਰ ਹੋਵੇਗੀ ਅੱਜ। ਨਿੱਖਰੇ ਮੌਸਮ ਦੀ ਖੁਸ਼ੀ ਅਖ਼ਬਾਰੀ ਖਬਰ ਨੇ ਪਲ ਵਿਚ ਹੀ ਖੋਹ ਕੇ ਅਹੁ ਮਾਰੀ ਹੈ। ਮਿੱਤਰ ਪਿਆਰੇ ਗੀਤਕਾਰ ਪਰਗਟ ਸਿੰਘ ਦੇ ਤੁਰ ਜਾਣ ਦੀ ਖ਼ਬਰ ਨਿਗ੍ਹਾ ਪੈਂਦਿਆਂ ਹੀ ਮੂੰਹੋਂ 'ਹਾਏ' ਨਿਕਲਿਆ। ਪਤਾ ਈ ਨਹੀਂ ਲੱਗਣ ਦਿੱਤਾ ਬਾਈ ਪਰਗਟ, ਤੈਂ  ਹੱਥਾਂ 'ਚੋਂ ਕਿਰ ਗਿਐਂ ਰੇਤੇ ਵਾਂਗ! ਮੈਨੂੰ ਆਪਣੇ ਅੰਦਰੋਂ ਕੁਝ ਭੁਰ ਗਿਆ ਮਹਿਸੂਸ ਹੋਇਐ। ਉਮਰ ਕਿਹੜੀ ਸੀ ਹਾਲੇ, ਸਾਰੀ ਪਚਵੰਜਾ ਵਰ੍ਹੇ। ਆਪਣਾ ਪਿੰਡ ਲਿੱਦੜਾਂ ਮਸ਼ਹੂਰ ਕਰ ਦਿੱਤਾ ਤੈਂ ਸਾਰੇ ਕਿਤੇ।
ਸੋਗ ਲੱਦੀ ਕਾਹਲੀ ਨਾਲ ਹਰਜੀਤ ਹਰਮਨ ਨੂੰ ਫੋਨ ਲਾਉਂਦਾ ਹਾਂ। ਫੋਨ ਬੰਦ ਹੈ। ਸਪੱਸ਼ਟ ਹੈ ਕਿ ਉਹ ਗੱਲ ਕਰਨ ਦੇ ਸਮਰੱਥ ਨਹੀਂ ਹੋਣਾ। ਪਰਗਟ ਦੇ ਪੁੱਤਰ ਤੇ ਆਪਣੇ ਅਜੀਜ ਪਿਆਰੇ ਸਟਾਲਿਨਵੀਰ ਨੂੰ ਫੋਨ ਕਰਨ ਲਈ ਮਨ ਨਹੀਂ ਮੰਨਦਾ ਪਿਆ। ਕੀ ਕਹਾਂਗਾ ਓਸ ਨੂੰ ਕਿ ਬਹੁਤ ਮਾੜੀ ਹੋਈ? ਰੱਬ ਭਾਣਾ ਮੰਨਣ ਦਾ ਬਲ ਬਖਸ਼ੇ! ਤੇ ਬਸ...?ਏਨੇ ਕੁ ਬੋਲਾਂ ਨਾਲ ਸਰ ਜਾਊ ਸਟਾਲਿਨ ਦਾ? ਨਹੀਂ ਕਰ ਹੋਣਾ ਫੋਨ ਮੈਥੋਂ।
                 """""   """"'     ""'
ਪਰਗਟ ਸਿੰਘ ਜਦ ਵੀ ਮਿਲਦਾ ਸੀ ਹਰਮਨ ਨਾਲ ਹੁੰਦਾ। ਉਲਾਂਭਾ ਵੀ ਉਹਦਾ ਹਰ ਵੇਲੇ ਇਹੋ ਹੁੰਦਾ, ''ਮੇਰੇ ਪਿੰਡ ਨੀ ਗੇੜਾ ਮਾਰਦਾ, ਨੇੜਿਓਂ ਦੀ ਲੰਘ ਜਾਨੈ।" ਪਿਆਰਾ ਜਿਹਾ ਮਨੁੱਖ ਸੀ। ਪਿਆਰੇ-ਪਿਆਰੇ ਗੀਤ ਲਿਖਣ ਵਾਲਾ।ਇੱਕ ਦਿਨ ਬਸ ਵਿਚ ਸਫ਼ਰ ਕਰ ਰਿਹਾ ਸਾਂ। ਹਰਮਨ ਦਾ ਗੀਤ ਵੱਜ ਰਿਹਾ ਸੀ। ਬੋਲ ਸਨ:
                  ਮੋੜਾਂ 'ਤੇ ਖੜ੍ਹੇ ਸਿਪਾਹੀਆਂ ਦਾ ਕੀ ਦੋਸ਼
                  ਜਦੋਂ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿਕ ਗਿਆ
                  ਕਿੱਥੋਂ ਇਨਸਾਫ਼ ਦੀ ਕੋਈ ਰੱਖੂਗਾ ਉਮੀਦ
                  ਜਦੋਂ ਜੱਜ ਮੂਹਰੇ ਖੜ੍ਹਾ ਹੀ ਗਵਾਹ ਵਿਕ ਗਿਆ
ਸੁਰਜੀਤ ਪਾਤਰ ਦੇ ਲਿਖੇ- 'ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ' ਗੀਤ ਤੋਂ ਬਾਅਦ ਅਦਾਲਤੀ ਦੁਨੀਆਂ ਬਾਰੇ ਮੇਰੇ ਧਿਆਨ ਵਿਚ ਇਹ ਦੂਜਾ ਗੀਤ ਆਇਆ ਸੀ। ਹਰਮਨ ਨੂੰ ਬਸ ਵਿਚੋਂ ਹੀ ਫ਼ੋਨ ਕੀਤਾ ਤੇ ਪਰਗਟ ਦਾ ਨੰਬਰ ਲਿਆ  ਤੇ ਉਸ ਨੂੰ ਇਸ ਖੂਬਸੂਰਤ ਰਚਨਾ ਲਈ ਵਧਾਈ ਦਿੱਤੀ। ਵਧਾਈ ਲੈਂਦਿਆਂ ਉਹ ਖੁਸ਼ ਵੀ  ਹੋਇਆ ਪਰ ਨਾਲ ਹੀ ਉਲਾਂਭਾ ਵੀ ਸੀ, ''ਪਿੰਡ ਗੇੜਾ ਨੀ ਮਾਰਨਾ?"
 ਬਾਈ ਪਰਗਟ, ਤੇਰੇ ਆਉਣ ਦਾ ਇੰਤਜ਼ਾਰ ਕਰਾਂਗਾ, ਇਹ ਆਪਣੇ ਵਾਸਤੇ ਲਿਖ ਕੇ ਸਾਨੂੰ ਦੇ ਗਿਉਂ:
                  ਚੰਨ ਚਾਨਣੀ ਰਾਤ ਤੋਂ ਹਨੇਰਾ ਹੋ ਗਿਆ
                 ਇੱਕ ਚੰਨ ਸੀ ਅੰਬਰੀਂ ਬੱਦਲਾਂ ਲੁਕੋ ਲਿਆ
                 ਹਵਾਵਾਂ ਨਾਲ ਬੱਦਲ ਉਡਾਉਣ ਦਾ
                  ਇੰਤਜ਼ਾਰ ਕਰਾਂਗਾ ਮੈਂ
                 ਇੱਕ ਚੰਨ ਦੇ ਵਾਪਸ ਆਉਣ ਦਾ
                 ਇੰਤਜ਼ਾਰ ਕਰਾਂਗਾ ਮੈਂ...
ਇੱਕ ਦਿਨ ਮੈਨੂੰ ਹਰਮਨ ਨੇ ਚੇਤਾ ਕਰਵਾਇਆ ਸੀ, ''ਘੁੱਗੀ ਬਾਈ, ਤੈਨੂੰ ਯਾਦ ਹੋਣੈ, ਸੰਗਰੂਰ ਪੰਚਾਇਤ ਭਵਨ 'ਚ ਤੇਰੀ ਕਿਤਾਬ ਰਿਲੀਜ਼ ਹੋਈ ਸੀ ਬਾਪੂ ਪਾਰਸ ਵਾਰੇ, ਉਥੇ ਹਰਭਜਨ ਮਾਨ ਵੀ ਬੈਠਿਆ ਸੀ ਤੇਰੇ ਨਾਲ ਦੀ ਕੁਰਸੀ 'ਤੇ...ਬਾਪੂ ਜੱਸੋਵਾਲ ਵੀ ਸੀ, ਮੈਂ ਤੇ ਪਰਗਟ ਬਾਈ ਤੈਨੂੰ ਪਹਿਲੀ ਵਾਰੀ ਮਿਲੇ ਸੀ, ਸਟੇਜ 'ਤੇ ਆਏ ਸੀ ਮਿਲਣ, ਮੈਂ ਉਦੋਂ ਫਾਰਮਾਸਿਸਟ ਹੁੰਦਾ ਸੀ ਤੇ ਬਾਈ ਪਰਗਟ ਅਜੀਤ ਦਾ ਪੱਤਰਕਾਰ ਮਸਤੂਆਣਿਓਂ...।"
ਹਰਮਨ ਦੇ ਚੇਤਾ ਕਰਵਾਣ 'ਤੇ ਮੇਰੀਆਂ ਅੱਖਾਂ ਅੱਗੇ ਕਿਸੇ ਫਿਲਮ ਦੇ ਸੀਨ ਵਾਂਗਰ ਸਾਰਾ ਕੁਝ ਘੁੰਮ ਗਿਆ ਸੀ। ਪਰਗਟ ਸਿੰਘ ਉਦੋਂ ਪੱਤਰਕਾਰੀ ਨੂੰ ਪ੍ਰਣਾਇਆ ਹੋਇਆ ਸੀ ਤੇ ਆਪਣੇ ਨਾਂ ਨਾਲ 'ਮਸਤੂਆਣਾ' ਲਿਖਦਾ ਹੁੰਦਾ, ਸੁਹਣੀ ਕਵਰੇਜ ਕਰਦਾ ਤੇ ਉਸਦੀਆਂ ਖਬਰਾਂ ਵੀ ਵਾਧੂ ਛਪਦੀਆਂ ਰਹਿੰਦੀਆਂ।
                    """""'      """""'
ਪਤਾ ਨਹੀਂ ਕਦੋਂ ਉਹਦੇ ਅੰਦਰ ਗੀਤ ਨੇ ਅੰਗੜਾਈ ਭੰਨੀ। ਗੀਤ ਲਿਖੇ ਉਤੋ- ੜੁੱਤੀ ਤੇ ਸਾਰੇ ਸਿਰੇ ਦੇ। ਹਰਮਨ ਨੇ ਪਤਾ ਨਹੀਂ ਉਹਦੇ ਗੀਤ ਦੀ ਰਗ ਕਿਵੇਂ ਫੜ ਲਈ ਸੀ ਤੇ ਆਪਣੀ ਰਗ ਵਿਚ ਰਲਾ ਲੋਕਾਂ ਦੀ ਰਗ ਰਗ 'ਤੇ ਚਾੜ੍ਹ ਦਿੱਤੇ ਇਹਨਾਂ ਦੋਵਾਂ ਨੇ ਗੀਤ ਹੀ ਗੀਤ! ਪਰਗਟ ਨੂੰ ਇਹ ਭਲੀਭਾਂਤ ਪਤਾ ਹੁੰਦਾ ਸੀ ਕਿ ਹਰਮਨ ਦੀ ਆਵਾਜ਼ ਕੀ ਭਾਲ ਰਹੀ ਹੈ! ਉਹ ਲਿਖਣ ਪੱਖੋਂ ਫੀਲਿੰਗ ਦੀ ਰਤਾ ਵੀ ਕਮੀਂ ਨਾ ਛਡਦਾ ਤੇ ਹਰਮਨ ਗਾਉਣ ਪੱਖੋਂ।
ਮੈਂ ਉਹਨਾਂ ਪਲਾਂ ਨੂੰ ਚੇਤੇ ਕਰ ਕੇ ਕਦੀ-ਕਦੀ ਭਾਵੁਕ ਹੋ ਜਾਨਾ, ਜਦ ਹਰਮਨ ਸਾਡੇ ਘਰ ਆਉਂਦਾ ਤਾਂ ਮੇਰੇ ਪਿਤਾ ਜੀ ਆਖਦੇ, ''ਉਹ ਸੁਣਾਈ ਗੀਤ...ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ...। ਹਰਮਨ ਤਰਾਰੇ ਵਿਚ ਆ ਜਾਂਦਾ। ਸੁਣ ਰਹੇ ਪਿਤਾ ਨੂੰ ਸ਼ਾਇਦ ਸਾਡੇ ਖੇਤ ਜਾਣਾ, ਸਰੋਂ ਤੇ ਤੋਰੀਏ ਦੇ ਪੀਲੇ-ਪੀਲੇ ਫੁੱਲ ਤੇ ਕਣਕ ਨੂੰ ਪਹਿਲਾ ਪਾਣੀ ਲਾਉਣਾ...ਸਭ ਕੁਛ ਚੇਤੇ ਆ ਜਾਂਦਾ ਸੀ। ਕੈਂਸਰ ਦੀ ਮਾਰ ਦਾ ਮਾਰਿਆ ਮੰਜੇ 'ਤੇ ਪਿਆ ਪਿਓ ਇਹੋ ਕਿਹਾ ਕਰੇ ਕਿ ਹਰਮਨ ਦਾ ਕਣਕਾਂ ਵਾਲਾ ਗੀਤ ਮੋਬਾਈਲ ਫੂਨ 'ਚੋਂ ਕੱਢ ਕੇ ਲਾ ਦੇ...ਭੋਰਾ ਮਨ ਖੁਸ਼ ਹੋਜੂ ਮੇਰਾ।" ਪਿਤਾ ਦੀ ਕਹੀ ਮੰਨ ਕੇ ਗੀਤ ਪਲੇਅ ਕਰ ਦਿੰਦਾ ਤੇ ਮੋਬਾਈਲ ਉਸਦੇ ਸਿਰਹਾਂਦੀ ਧਰ ਕੇ ਪਰ੍ਹੇ  ਜਾ ਕੇ, ਲੁਕ ਕੇ ਜਿਹੇ ਅੱਖਾਂ ਪੂੰਝਣ ਲਗਦਾ ਸਾਂ। ਗੀਤ ਦੇ ਪਹਿਲੇ ਬੋਲ ਸੁਣਾਏ ਬਿਨਾਂ ਰਹਿ ਨਹੀਂ ਹੁੰਦਾ, ਸੁਣੋਂ ਜ਼ਰਾ:
          ਜਿਹੜੇ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ
          ਤੋਰੀਏ ਨੂੰ ਪੈਂਦੇ ਉਦੋਂ ਪੀਲੇ ਪੀਲੇ ਫੁੱਲ ਵੇ
          ਓਸ ਰੁੱਤੇ ਸੱਜਣ ਮਿਲਾਦੇ ਰੱਬਾ ਮੇਰਿਆ
          ਸਾਰੀ ਹੀ ਉਮਰ ਤੇਰਾ ਤਾਰੀਂ ਜਾਊਂ ਮੁੱਲ ਵੇ...
ਦਿਲ ਕਰਦੈ ਕਿ ਉਸ ਦੇ ਭੋਗ ਵਾਲੇ ਦਿਨ ਹੀ ਪਿੰਡ ਜਾ ਆਵਾਂ, ਉਸ ਦੇ ਤੁਰ ਜਾਣ ਮਗਰੋਂ ਹੀ ਉਲਾਂਭਾ ਲਾਹ ਆਵਾਂ ਪਰ ਨਹੀਂ ਜਾ ਸਕਾਂਗਾ ਤੇ ਨਹੀਂ ਲਾਹ ਸਕਾਂਗਾ ਉਸਦਾ ਉਲਾਂਭਾ। ਮਜਬੂਰੀ ਹੈ ਉਸ ਦਿਨ ਡਾਹਢੀ। ਬਸ ਇਹ ਗੀਤ ਉਸਦਾ ਵਾਰ-ਵਾਰ ਚੇਤੇ ਆ ਰਿਹਾ ਹੈ, ਮਨ ਬੇਹੱਦ ਉਦਾਸ ਹੈ, ਮੋਬਾਈਲ ਫੋਨ ਵਿਚੋਂ ਕੱਢ ਕੇ ਸੁਣ ਰਿਹਾ ਹਾਂ ਗੀਤ:
               ਤੇਰੇ ਬਾਝੋਂ ਸੱਜਣਾ ਵੇ ਦੱਸ ਕਿਵੇਂ ਹੱਸੀਏ
                ਪਿੰਡ ਲਿੱਦੜਾਂ 'ਚ ਦੱਸ ਵੇ ਕਿਵੇਂ ਵੱਸੀਏ
               ਦਿੰਦੇ ਵੱਸਣ ਨਾ ਪਰਗਟ ਗੈਰ ਵੇ
               ਹੁਣ ਵੱਸਿਆ ਨਹੀਂ ਜਾਂਦਾ
               ਸਾਨੂੰ ਹੱਸਕੇ ਹਸਾਉਣ ਵਾਲੇ ਤੁਰਗੇ
               ਹੁਣ ਹੱਸਿਆ ਨੀ ਜਾਂਦਾ.....

12 March 2019

ਮੇਰੀ ਡਾਇਰੀ ਦਾ ਪੰਨਾ : ਮਲੇਰਕੋਟਲਿਓਂ ਚੰਡੀਗੜ ਨੂੰ ਮੁੜਦਿਆਂ...! - ਨਿੰਦਰ ਘੁਗਿਆਣਵੀ

ਮਲੇਰਕੋਟਲਿਓਂ ਮੁੜ ਰਿਹਾਂ, ਮਨ ਉਦਾਸ ਹੈ ਤੇ ਨਹੀਂ ਵੀ, ਰਲੇ-ਮਿਲੇ ਜਿਹੇ ਭਾਵ ਤਾਰੀ ਹੋ ਰਹੇ ਨੇ! ਕੱਲ 23 ਫਰਵਰੀ (2019) ਨੂੰ ਡਾ. ਐੱਸ.ਤਰਸੇਮ ਡੀ.ਐਮ.ਸੀ ਲੁਧਿਆਣਾ ਵਿਖੇ ਚੱਲ ਵਸੇ। ਕੱਲ ਆਥਣੇ ਮਲੇਰਕੋਟਲੇ ਉਹਨਾਂ ਦਾ ਅੰਤਿਮ ਸੰਸਕਾਰ ਹੋਇਆ। ਕੱਲ ਮੇਰੇ ਵਾਸਤੇ ਚੰਡੀਗੜੋਂ ਪਹੁੰਚਣਾ ਔਖਾ ਸੀ। ਸੋ, ਅੱਜ ਸਵੇਰੇ ਸੈਕਟਰ ਸੋਲਾਂ ਕਲਾ ਭਵਨ ਵਿਚੋਂ ਊਬਰ (ਟੈਕਸੀ) ਬੁੱਕ ਕੀਤੀ ਤੇ ਮਲੇਰਕੋਟਲੇ ਨੂੰ ਚੱਲ ਪਿਆ। ਜਾਂਦਿਆਂ ਮਨ ਹੋਰ ਵੀ ਉਦਾਸ ਸੀ ਕਿ ਫੋਨ 'ਤੇ ਰੋਜ-ਰੋਜ ਦਿਨ ਵਿਚ ਕਈ ਕਈ ਵਾਰ ਗੱਲਾਂ ਕਰਨ ਵਾਲਾ ਅੰਕਲ ਤਰਸੇਮ਼ ਹੁਣ ਆਪਣੇ ਲਿਖਣ ਕਮਰੇ ਵਿਚ ਨਹੀਂ ਮਿਲੇਗਾ। ਜੇ ਕੁਛ ਮਿਲੇਗਾ ਤਾਂ ਉਸਦੀਆਂ ਕਿਤਾਬਾਂ, ਕੁਰਸੀ, ਕਲਮ, ਉਸਦਾ ਮੰਜਾ, ਮੈਮੋਟੋ, ਤੇ ਮਾਣ-ਪੱਤਰ ਹੀ ਮਿਲਣਗੇ, ਇਹੋ ਕੁਛ ਹੀ ਹੋਇਆ। ਜਦ ਉਹਨਾਂ ਦਾ ਵੱਡਾ ਪੁੱਤਰ ਕ੍ਰਾਂਤੀ ਉਹਨਾਂ ਦੇ ਕਮਰੇ ਵੱਲ ਲੈ ਤੁਰਿਆ ਤਾਂ ਖਾਲਮ-ਖਾਲੀ ਕਮਰਾ ਵੇਖ ਅੱਖਾਂ ਨਮ ਹੋ ਗਈਆਂ। ਐਸ ਤਰਸੇਮ ਦਾ ਕਮਰਾ ਸੁੰਨ ਨਾਲ ਭਰਿਆ ਪਿਆ ਸੀ। ਇਸ ਕਮਰੇ ਵਿਚ ਰਹਿਣ ਵਾਲਾ,ਲਿਖਣ                           ૶ਪੜ੍ਹਨ ਵਾਲਾ ਦਾਨਿਸ਼ਵਰ ਉਡਾਰੀ ਮਾਰ ਗਿਆ ਸੀ ਕਦੇ ਨਾ ਮੁਕਣ ਵਾਲੇ ਅਕਾਸ਼ ਵੱਲ...!
                                          """
2017 ਦੇ ਮਾਰਚ ਮਹੀਨੇ ਡਾ.ਐਸ.ਤਰਸੇਮ ਨੇ ਆਪਣੀ ਧਰਮ ਪਤਨੀ ਸਵ: ਸੁਦਰਸ਼ਨਾ ਦੇ ਨਾਂ 'ਤੇ ਮੈਨੂੰ ਇਕਵੰਜਾ ਸੌ ਦੀ ਰਾਸ਼ੀ ਵਾਲਾ ਪੁਰਸਕਾਰ ਦਿੱਤਾ ਸੀ। ਉਸ ਦਿਨ ਮਗਰੋਂ ਅੱਜ ਮਾਲਰੇਕੋਟਲੇ  ਆਇਆ ਹਾਂ, ਉਹ ਵੀ ਉਹਨਾਂ ਦੇ ਚਲਾਣੇ 'ਤੇ ਅਫਸੋਸ ਕਰਨ। ਹੁਣ ਸਬੱਬੀਂ ਗੇੜਾ ਕਦੋਂ ਵੱਜੇਗਾ  ਕਦੇ, ਕੋਈ ਪਤਾ ਨਹੀਂ। ਅੱਜ ਵੀ ਚੇਤੇ ਆ ਰਿਹੈ ਕਿ ਵੀਹ-ਬਾਈ ਵਰ੍ਹੇ ਪਹਿਲਾਂ ਦਾ ਸਮਾਂ ਸੀ। ਜਦ ਮਲੇਰਕੋਟਲੇ ਵੱਡੀ ਪੱਧਰ ਉਤੇ ਉਸਤਾਦ ਯਮਲਾ ਜੱਟ ਦੀ ਯਾਦ ਵਿੱਚ ਸਭਿਆਚਾਰਕ ਮੇਲਾ ਲੱਗਿਆ ਸੀ। ਹੁਣ ਅਮਰੀਕਾ ਜਾ ਵੱਸੀ ਭੈਣ ਆਸ਼ਾ ਸ਼ਰਮਾ ਮੰਚ ਸੰਚਾਲਨ ਕਰ ਰਹੀ ਸੀ ਤੇ ਮੇਰੀ ਨਵੀਂ ਛਪ ਕੇ ਆਈ ਕਿਤਾਬ 'ਅਮਰ ਆਵਾਜ਼' ਜੀਵਨੀ ਯਮਲਾ ਜੱਟ ਉਹਨਾਂ ਮੇਹਰ ਮਿੱਤਲ ਤੇ ਪੂਰਨ ਸ਼ਾਹਕੋਟੀ ਹੱਥੋਂ ਰਿਲੀਜ਼ ਕਰਵਾਈ ਸੀ। ਉਹਨਾਂ ਪਲਾਂ ਦੀ ਯਾਦਗਾਰੀ ਤਸਵੀਰ ਮੈਂ ਹਾਲੇ ਵੀ ਸਾਂਭ ਕੇ ਰੱਖੀ ਹੋਈ ਹੈ।
ਮਾਲੇਰਕੋਟਲੇ ਆਪਣੇ ਮਿੱਤਰ ਪੱਤਰਕਾਰ ਹੁਸ਼ਿਆਰ ਸਿੰਘ ਰਾਣੂੰ,ਗੁਲਜ਼ਾਰ ਸ਼ੌਕੀ ਤੇ ਪ੍ਰੋ ਸਲੀਮ ਮਹੁੰਮਦ ਬਿੰਜੋ ਕੀ ਨਾਲ ਕਈ ਵਾਰ ਸੰਗੀਤ ਅਚਾਰੀਆ ਉਸਤਾਦ ਜਨਾਬ ਬਾਕੁਰ ਹੁਸੈਨ ਖਾਂ  ਨੂੰ ਮਿਲਣ ਜਾਇਆ ਕਰਦਾ ਸਾਂ। ਇੱਕ ਵਾਰੀ ਅੱਧੀ ਰਾਤੀਂ ਕਾਰ ਵਿਚ ਚੰਡੀਗੜੋਂ ਮਲੇਰਕੋਟਲੇ ਜਾਂਦਿਆਂ ਪੂਰਨ ਸ਼ਾਹਕੋਟੀ ਖਹਿੜੇ ਪੈ ਗਿਆ ਕਿ ਆਪਣੇ ਉਸਤਾਦ ਜੀ ਦੇ ਦਰਸ਼ਨ ਕਰਨੇ ਨੇ। ਅੱਧੀ ਰਾਤੀਂ ਪੂਰਨ ਚੇਲੇ ਨੇ ਆਪਣੇ ਗੁਰੂ ਨੂੰ ਦਰਸ਼ਨ ਦੇਣ ਲਈ ਜਾ ਜਗਾਇਆ ਸੀ। ਫਿਰ ਮੈਂ ਵਾਰਤਕ ਦਾ ਇੱਕ ਟੁਕੜਾ ਲਿਖਿਆ ਸੀ, ਜੋ ਕਈ ਥਾਂਈ ਛਪਿਆ ਸੀ-'ਨਹੀਉਂ ਲੱਭਣੇ ਲਾਲ ਗੁਆਚੇ-ਮਿੱਟੀ ਨਾ ਫਰੋਲ ਜੋਗੀਆ।'
                                           """'
ਕਾਰ ਲਾਂਡਰਾ ਲੰਘ ਆਈ ਹੈ। ਸੋਚਾਂ ਦੇ ਸਮੁੰਦਰ ਵਿਚ  ਡੁੱਬਾ ਹੋਇਆ ਸਾਂ। ਫੋਨ ਦੀ ਘੰਟੀ ਵੱਜੀ। ਪਦਮ ਸ੍ਰੀ ਡਾ. ਸੁਰਜੀਤ ਪਾਤਰ ਜੀ ਪੁੱਛ ਰਹੇ ਨੇ ਕਿੱਥੇ ਕੁ ਪੁੱਜਾਂ ਏਂ? ਪਾਤਰ ਜੀ ਨੇ ਪੰਜਾਬ ਸਰਕਾਰ ਦੀ ਕਲਾ ਪਰਿਸ਼ਦ ਵੱਲੋਂ ਸ਼ੌਕ ਸੰਦੇਸ਼ ਘੱਲਿਆ ਸੀ ਐਸ ਤਰਸੇਮ ਦੇ ਪਰਿਵਾਰ ਲਈ, ਉਹ ਵੀ ਲਿਫਾਫਾ ਦੇ ਆਇਆ ਸਾਂ। ਪੱਥਰੀਲੇ ਸ਼ਹਿਰ ਵਿਚ ਪ੍ਰਵੇਸ਼ ਕਰ ਗਈ ਹੈ ਕਾਰ! ਖਦੇ ਕਦੇ ਲਗਦੈ ਕਿ ਮਨ ਪੱਥਰ ਜਿਹਾ ਹੋ ਗਿਆ ਹੈ ਇ ਸ ਸ਼ਹਿਰ ਵਿਚ ਆਣ ਕੇ! ਪਤਾ ਨ੍ਹੀਂ ਇਸ ਵਿਚ ਕਿੰਨਾ ਕੁ ਸੱਚ ਹੈ ਤੇ ਕਿੰਨੀ ਕੁ ਕਲਪਨਾ ਹੈ! ਸਮਝੋਂ ਬਾਹਰੀ ਬਾਤ ਹੈ!

27 Feb. 2019

ਡਾਇਰੀ ਦੇ ਪੰਨੇ : ਚੰਡੀਗੜੋਂ ਪਿੰਡ ਨੂੰ ਮੁੜਦਿਆਂ! - ਨਿੰਦਰ ਘੁਗਿਆਣਵੀ

21 ਜਨਵਰੀ, 2019 ਦੀ ਸਵੇਰ। ਸਾਢੇ ਛੇ ਵਜੇ ਹਨ। ਸੈਕਟਰ 16 ਵਿਚੋਂ ਨਿਕਲਦਾ ਹਾਂ। ਪੰਜਾਬ ਕਲਾ ਭਵਨ ਸੁੱਤਾ ਪਿਐ, ਸਣੇ ਚੌਕੀਦਾਰ ਤੇ ਫੁੱਲਾਂ ਦੇ ਗਮਲੇ ਵੀ। ਆਸ-ਪਾਸ ਦੇ ਰੁੱਖ ਵੀ ਤੇ ਡਾ. ਰੰਧਾਵੇ ਦਾ ਬੁੱਤ ਵੀ। ਥੋੜਾ-ਥੋੜਾ ਰੋਜ਼ ਗਾਰਡਨ ਜਾਗ ਪਿਆ ਹੈ। ਸੈਰ ਕਰਨ ਵਾਲਿਆਂ ਦੀ ਚਹਿਲ-ਪਹਿਲ ਹੋਣ ਲੱਗੀ ਹੈ। ਰੋਜ਼ ਗਾਰਡਨ ਵਿਚੋਂ ਦੀ ਲੰਘ ਕੇ ਮੁੱਖ ਮਾਰਗ 'ਤੇ ਪੁੱਜਾ ਹਾਂ ਆਟੋ ਲੈਣ ਵਾਸਤੇ। ਇਹ ਆਟੋ ਮੈਨੂੰ 17 ਦੇ ਬੱਸ ਅੱਡੇ ਲਾਹ ਦੇਵੇਗਾ ਦਸ ਰੁਪੱਈਆਂ ਵਿਚ। ਉਤੋਂ 43 ਦੇ ਅੱਡੇ ਨੂੰ ਜਾਣ ਵਾਲੀ ਬੱਸੇ ਬੈਠਦਾ ਹਾਂ, ਤੇ ਉਥੇ ਪਹੁੰਚ ਕੇ 39 ਨੰਬਰ ਕਾਊਂਟਰ 'ਤੇ ਖਲੋਤੀ ਮਿੰਨ੍ਹੀ ਜਹਾਜ਼ ਜਿਹੀ ਵੋਲਵੋ ਵੱਲ ਵਧਦਾ ਹਾਂ। ਇਹਨੇ ਫਿਰੋਜ਼ਪੁਰ ਜਾਣਾ ਹੈ! ਇਹ ਰਾਹ ਵਿਚ ਬਹੁਤਾ ਨਹੀਂ ਰੁਕਦੀ। ਲੁਧਿਆਣੇ  ਤੇ ਮੋਗੇ ਵੀ, ਅੱਡਿਆਂ ਦੇ ਬਾਹਰ-ਬਾਹਰ ਸਵਾਰੀ ਲਾਹੁੰਦੀ-ਚੜ੍ਹਾਉਂਦੀ ਹੈ। ਇਹ ਸੱਚਮੁਚ ਹੀ ਕਿਸੇ ਪਰੀ ਵਾਂਗਰਾਂ ਉਡਦੀ ਜਾਂਦੀ ਹੈ ਤੇ ਕਦੇ-ਕਦੇ ਸੱਪ ਵਾਂਗ ਮੇਲ੍ਹਦੀ ਲਗਦੀ ਹੈ ਤੇ ਕਦੇ  ਪੈਲਾਂ ਪਾਉਂਦੀ ਜਾਪਦੀ ਹੈ। ਝੂਟੇ(ਠੂੰਹਣੇ) ਖੂਬ ਦਿੰਦੀ ਹੈ। ਮੈਨੂੰ ਲੰਡਨ ਵਿਚ ਥਾਂਦੀ ਕੋਚ ਵਿਚ ਬਿਤਾਏ ਪਲ ਚੇਤੇ ਆ ਜਾਂਦੇ ਨੇ ਤੇ ਕਦੇ ਬਰਮਿੰਘਮ ਤੋਂ ਸਾਊਥਾਲ ਦਾ ਲੰਬਾ ਸਫਰ ਯਾਦ ਆਉਂਦਾ ਹੈ ਇਹਦੇ ਵਿਚ ਬੈਠ ਕੇ! ਇਹਦੇ ਵਿਚ ਵੰਨ-ਸੁਵੰਨੀਆਂ ਫਿਲਮਾਂ ਲਗਦੀਆਂ ਨੇ। ਮੁਸਾਫਿਰ ਵੀ ਰਲੇ-ਮਿਲੇ ਹਨ, ਕੋਈ ਪੇਂਡੂ ਹੈ, ਕੋਈ ਸ਼ਹਿਰੀ ਹੈ। ਕੋਈ ਹਫਤੇ ਮਗਰੋਂ ਚੰਡੀਗੜੋਂ ਗੇੜੀ ਲਾ ਕੇ ਮੁੜ ਰਿਹੈ ਤੇ ਕੋਈ ਮਾਲਵੇ ਖਿੱਤੇ ਵਿਚ ਕੰਮ 'ਤੇ ਚੱਲਿਆ ਹੈ।
ਫਿਰੋਜ਼ਪੁਰ ਤੀਕ ਦਾ ਲਗਭਗ ਪੰਜ ਘੰਟੇ ਦਾ ਰਸਤਾ ਕਦੇ ਅਖਬਾਰ ਪੜ੍ਹ ਕੇ, ਕਦੇ ਫਿਲਮ ਦੇਖ ਕੇ ਤੇ ਕਦੇ ਕਿਸੇ ਨਾਲ ਗੱਲਾਂ ਕਰਦਿਆਂ ਬੀਤ ਜਾਂਦਾ ਹੈ। ਫਿਰੋਜ਼ਪੁਰ ਅੱਡੇ ਵਿਚ ਉੱਤਰ੍ਹ ਕੇ ਮੁਕਤਸਰ ਜਾਣ ਵਾਲੀ ਮਿੰਨ੍ਹੀ (ਪਨ) ਬੱਸੇ ਚੜ੍ਹਦਾ ਹਾਂ। ਇਹ ਰਾਹ ਵਿਚ ਮੈਨੂੰ ਡੋਡ ਪਿੰਡ ਲਾਹੁੰਦੀ ਹੈ ਤੇ ਅੱਗੇ ਉਥੋਂ ਮੇਰੇ ਪਿੰਡ ਨੂੰ ਜਾਣ ਵਾਲੀ ਮਿੰਨ੍ਹੀ ਬੱਸ ਖੜ੍ਹੀ ਹੁਦੀ ਹੈ, ਜਿਵੇਂ ਉਹ ਮੈਨੂੰ ਹੀ ਉਡੀਕ ਰਹੀ ਹੋਵੇ!
                            """    """        """     """'
ਭੁੱਖਣ-ਭਾਣਾ ਹਾਂ। ਚੰਡੀਗੜੋਂ ਤਾਂ ਇਕੱਲੀ ਚਾਹ ਪੀ ਕੇ ਹੀ ਚੱਲਿਆ ਸੀ। ਰਾਹ ਵਿਚ ਵੀ ਕੁਝ ਖਾਣ ਨੂੰ ਦਿਲ ਨਹੀਂ ਕਰਦਾ। ਘਰ ਪਹੁੰਚਦੇ ਤੀਕ ਭੁੱਖ ਪੂਰੀ ਤਰਾਂ ਚਮਕ ਆਉਂਦੀ ਹੈ। ਚੁੱਲ੍ਹੇ ਅੱਗ ਡਾਹੁੰਦੀ ਮਾਂ ਆਖਦੀ ਹੈ, ''ਪਤਾ ਨੀ ਕਿੰਨੇ ਦਿਨਾਂ ਦਾ ਭੁੱਖਾ ਮੇਰਾ ਪੁੱਤ...ਰੱਜ ਕੇ ਰੋਟੀ ਖਾ ਲੈ...ਸੌ ਜਾ ਘੰਟਾ ਤੇ ਫੋਨ ਬੰਦ ਕਰਲੀਂ ਆਬਦਾ।" ਮਾਂ ਦੀਆਂ ਹਿਦਾਇਤਾਂ ਦੇ ਨਾਲ-ਨਾਲ ਰੋਟੀ ਖਾਈ ਜਾਂਦਾ ਹਾਂ।
ਆਥਣੇ ਗੁਰੂ ਘਰ ਭਾਈ ਜੀ ਬੋਲਿਐ। ਨੀਂਦ ਟੁੱਟੀ। ਤੇ ਹੁਣ ਟੋਰਾਂਟੋ ਰੇਡੀਓ 'ਪੰਜਾਬ ਦੀ ਗੂੰਜ' ਲਈ ਨਿੱਤ ਵਾਂਗ ਖਬਰਾਂ ਬਣਾਉਣ ਤੇ ਬੋਲਣ ਦੇ ਆਹਰੇ ਲੱਗ ਗਿਆ ਹਾਂ। ਗਰਮ ਪਾਣੀ ਦੀ ਕੇਤਲੀ ਰੱਖਣ ਆਈ ਮਾਂ ਕਹਿੰਦੀ ਹੈ, ''ਵੇ ਭਾਈ, ਦਿਮਾਗ ਨੂੰ ਭੋਰਾ ਅਰਾਮ ਦੇ ਲਿਆ ਕਰ ਵੇ...ਵਾਖਰੂ ਤੇਰਾ ਸ਼ੁਕਰ ਐ...।" ਮਾਂ ਦੀ ਗੱਲ ਅਣਸੁਣੀ ਕਰ  ਦਿੰਦਾ ਹਾਂ। ਅਗਲੇ ਦਿਨਾਂ ਦੇ ਰੁਝੇਵਿਆਂ ਤੇ ਚੰਡੀਗੜ ਮੁੜਨ ਦਾ ਫ਼ਿਕਰ ਮਨ 'ਤੇ ਭਾਰੀ ਪੈ ਰਿਹੈ। ਬਾਬਾ ਬਾਣੀ ਪੜ੍ਹ ਰਿਹਾ ਹੈ-
              ਸੈਲ ਪਥਰ ਮੇਂ ਜੰਤ ਉਪਾਏ ਤਾ ਕਾ ਰਿਜਕ ਆਗੇ ਕਰ ਧਰਿਆ
             ਮੇਰੇ ਮਾਧਉ ਜੀ ਸਤਿ ਸੰਗਤ ਮਿਲੇ ਸੋ ਤਰਿਆ॥
ਬਾਣੀ ਸੁਣਦਾ ਤੇ ਡਾਇਰੀ ਦੇ ਪੰਨੇ ਲਿਖਦਾ-ਲਿਖਦਾ ਆਪਣੇ ਮਹਾਨ ਗੁਰੂਆਂ ਦੀ ਨਿੱਘੀ-ਮਿੱਠੀ ਤੇ ਪਵਿੱਤਰ ਯਾਦ ਵਿਚ ਡੁੱਬ ਗਿਆ ਹਾਂ। ਇਹ ਅਣਮੁੱਲਾ ਤੇ ਅਲੌਕਿਕ ਹੈ, ਜੋ ਸਾਡੇ ਗੁਰੂ ਸਾਨੂੰ ਗੁਰਬਾਣੀ ਦਾ ਮਹਾਨ ਵਿਰਸਾ ਸਾਨੂੰ ਦੇ ਗਏ ਨੇ, ਕਿਆ ਬਾਤਾਂ ਨੇ! ਕਿੰਨਾ ਪਿਆਰਾ ਸਮਾਂ ਹੈ, ਜੋ ਮੈਨੂੰ ਬਾਣੀ ਪੜ੍ਹਦਿਆਂ,ਸੁਣਦਿਆਂ ਤੇ ਇਹਦੇ ਅਰਥ ਕਰਦਿਆਂ ਡੂੰਘੇ ਸਕੂਨ ਵਿਚ ਲੈ ਜਾਂਦਾ ਹੈ।

ਡਾਇਰੀ ਦਾ ਪੰਨਾ : ਰੰਧਾਵਾ ਉਤਸਵ ਦੇ ਅੰਗ ਸੰਗ - ਨਿੰਦਰ ਘੁਗਿਆਣਵੀ

ਡਾ ਐਮ.ਐਸ.ਰੰਧਾਵਾ ਜੀ ਨੂੰ ਕਦੇ ਨਾ ਦੇਖਿਆ ਤੇ ਨਾ ਮਿਲਿਆ ਸਾਂ ਪਰ ਹਮੇਸ਼ਾ ਇਉਂ ਲੱਗਿਆ ਹੈ ਕਿ ਉਹਨਾਂ ਨੂੰ ਜਿਵੇਂ ਰੋਜ਼ ਨੇੜੇ ਤੋਂ ਦੇਖਦਾ ਤੇ ਮਿਲਦਾ ਰਿਹਾ ਹਾਂ। ਦੇਰ ਪਹਿਲਾਂ ਉਹਨਾਂ ਦੈ ਸਵੈ-ਜੀਵਨੀ 'ਮੇਰੀ ਆਪ ਬੀਤੀ' ਕਹਾਣੀ' ਸੀ ਤੇ ਉਦੋਂ ਕਦੇ ਇਹ ਵੀ ਨਾ ਸੀ ਸੋਚਿਆ ਕਿ ਇੱਕ ਦਿਨ ਇਸੇ ਰੰਧਾਵਾ ਸਾਹਿਬ ਦੀ ਚੰਡੀਗੜ ਸੈਕਟਰ ਸੋਲਾਂ ਰੋਜ਼ ਗਾਰਡਨ ਦੀ ਵੱਖੀ ਵਿਚ ਸਥਾਪਿਤ ਕੀਤੀ ਹੋਈ ਸੰਸਥਾ ਪੰਜਾਬ ਕਲਾ ਪਰਿਸ਼ਦ ਵਿਚ ਕੰਮ ਕਰਨ ਦਾ ਮੌਕਾ ਵੀ ਮਿਲੇਗਾ। ਇਸ ਸਾਲ ਦੇ ਮਾਰਚ ਵਿਚ ਇਸ ਟਿਕਾਣੇ 'ਤੇ ਕੰਮ ਕਰਦਿਆਂ ਸਾਲ ਹੋ ਜਾਏਗਾ। ਵੰਨ-ਸੁਵੰਨੇ ਦਿਨ ਦੇਖੇ ਹਨ ਤੇ ਇਸ ਵੱਕਾਰੀ ਤੇ ਸਰਕਾਰੀ ਸ੍ਰਪਰਸਤੀ ਵਾਲੀ ਸੰਸਥਾ ਵਿਚ ਕਲਾ, ਸਾਹਿਤ, ਸਭਿਆਚਾਰ ਦੇ ਅਣਗਿਣਤ ਸਿਤਾਰਿਆਂ ਦੀ ਚਮਕ-ਦਮਕ ਦੇਖੀ ਹੈ ਤੇ ਦੇਖ ਰਿਹਾ ਹਾਂ।
ਡਾ ਐਮ ਐਸ ਰੰਧਾਵਾ ਜੀ ਦੀ ਯਾਦ ਵਿਚ ਹਰ ਸਾਲ ਹੋਣ ਵਾਲਾ ਕਲਾ ਉਤਸਵ ਜੋ ਦੋ ਫਰਵਰੀ ਤੋਂ ਉਹਨਾਂ ਦੇ ਜਨਮ ਦਿਨ ਮੌਕੇ ਅਰੰਭ ਹੁੰਦਾ ਹੈ, ਤੇ ਸਾਰਾ ਹਫਤਾ ਰੋਜ਼ ਗਾਰਡਨ ਦੇ ਨਾਲ ਕਲਾ ਦਾ ਸਮੁੰਦਰ ਠਾਠਾਂ ਮਰਦਾ ਹੈ,ਇਸ ਵਾਰੀ ਇਸ ਕਲਾ ਮੇਲੇ ਦਾ ਪ੍ਰਬੰਧਕੀ ਹਿੱਸੇਦਾਰ ਬਣਨ ਦਾ ਸੁਭਾਗ ਵੀ ਮਿਲਿਆ ਹੈ ਨਿਮਾਣੇ ਸੇਵਕ ਵਜੋਂ। ਇਸੇ ਦਿਨ ਆਥਣੇ ਰੰਧਾਵਾ ਜੀ ਦੇ ਸਪੁੱਤਰ ਜਤਿੰਦਰ ਸਿੰਘ ਰੰਧਾਵਾ ਤੇ ਪੋਤੇ ਸਤਿੰਦਰ ਰੰਧਾਵਾ ਦੇ ਦੀਦਾਰ ਕਰ ਕੇ ਲੱਗਿਆ ਕਿ ਜਿਵੇਂ ਰੰਧਾਵਾ ਜੀ ਨੂੰ ਵੀ ਮਿਲ ਲਿਆ ਹੋਵੇ! ਰੰਧਾਵਾ ਜੀ ਦੇ ਪੁੱਤ-ਪੋਤੇ ਸੱਚੇ ਦਿਲੋਂ ਪ੍ਰਸੰਨ ਹੋ ਰਹੇ ਸਨ ਕਲਾ ਭਵਨ ਦੀ ਰੌਣਕ ਤੇ ਵੰਨ-ਸੁਵੰਨੇੜੇ ਰੰਗਾਂ ਵਿਚ ਰੰਗਿਆ ਦੇਖ ਕਿ ਉਹਨਾਂ ਦੇ ਪੂਰਵਜ ਦੀ ਕਰਨੀ ਕਿੰਨੀ ਚੰਗੀ ਤਰਾਂ ਨਿੱਖਰ ਕੇ ਸਾਹਮਣੇ ਆਈ ਹੈ। ਰੰਧਾਵਾ ਜੀ ਯਾਦਗਾਰੀ ਤਸਵੀਰਾਂ ਦੇ ਰੁਪ ਵਿਚ ਵੱਡੇ ਵੱਡੇ ਫਲੈਕਸਾਂ 'ਤੇ ਮੁਸਕਰਾ ਰਹੇ ਸਨ। ਇੱਕ ਤਸਵੀਰ ਵਿਚ ਰੰਧਾਵਾ ਜੀ ਨਾਲ ਬੈਠਾ ਬਲਵੰਤ ਗਾਰਗੀ ਨਿੱਘ ਮਹਿਸੂਸ ਕਰ ਰਿਹਾ ਸੀ ਤੇ ਇੱਕ ਪਾਸੇ ਸ਼ਿਵ ਕੁਮਾਰ ਬਟਾਲਵੀ ਦੀ ਰੰਧਾਵਾ ਜੀ ਬਾਰੇ ਲਿਖੀ ਕਵਿਤਾ ਸ਼ੰਗਾਰ ਬਣੀ ਹੋਈ ਸੀ। 
ਪੰਜਾਬ ਦੀਆਂ ਮਾਣਮੱਤੀਆਂ ਹਸਤੀਆਂ ਨੂੰ 'ਗੌਰਵ ਪੰਜਾਬ ਪੁਰਸਕਾਰ' ਭੇਟ ਕਰਨ ਮੌਕੇ ਸਟੇਜ ਉਤੇ ਲੱਗੀ ਡਿਊਟੀ ਸਮੇਂ ਹੱਥ-ਪੜੱਥੀ ਵਿਚ ਮਾਣ ਮਹਿਸੂਸ ਹੋਇਆ। ਸੱਤ ਫਰਵਰੀ ਦੀ ਸ਼ਾਮ ਇਹ ਉਤਸਵ ਸਮਾਪਤ ਹੋਇਆ ਆਪਣੇ ਰੰਗ ਬਿਖੇਰਦਾ। ਇੱਕ ਗੱਲ ਜੋ ਚੁਭਦੀ ਰਹਿੰਦੀ ਹੈ ਕਿ ਚੰਡੀਗੜੀਏ ਪੰਜਾਬੀ ਇਸ ਮਾਣਮੱਤੀ ਸੰਸਥਾ ਦੇ ਸਮਾਗਮਾਂ ਦੀ ਰੌਣਕ ਦਾ ਲਾਭ ਉਠਾਉਣ ਤੋਂ ਅਵੇਸਲੇ ਨਜ਼ਰ ਆਉਂਦੇ ਨੇ।  ਇਹ ਸੰਸਥਾ ਪੰਜਾਬੀ ਕਲਾਵਾਂ, ਸਾਹਿਤ ਤੇ ਸਭਿਆਚਾਰ ਦੇ ਵਿਕਾਸ ਖਾਤਰ ਰੰਧਾਵਾ ਜੀ ਨੇ ਸਰਕਾਰ ਦੀ ਸਰਪ੍ਰਸਤੀ ਹੇਠ ਸਥਾਪਿਤ ਕਰ ਕੇ ਪੰਜਾਬੀਆਂ ਨੂੰ ਸੌਂਪੀ ਸੀ। ਰੰਧਾਵਾ ਜੀ ਤੋਂ ਬਿਨਾਂ ਪੰਜਾਬ ਦੀਆਂ ਨਾਮੀਂ ਹਸਤੀਆਂ ਇਸ ਸੰਸਥਾ ਦੇ ਚੇਅਰਮੈਨ ਰਹੀਆਂ ਹਨ, ਜਿੰਨ੍ਹਾਂ ਵਿਚ ਕਰਤਾਰ ਸਿੰਘ ਦੁੱਗਲ ਦਾ ਨਾਂ ਵੀ ਸ਼ਾ਼ਮਿਲ ਹੈ ਤੇ ਅਜਕਲ ਡਾ ਸੁਰਜੀਤ ਪਾਤਰ ਜੀ ਚੇਅਰਮੈਨ ਹਨ। ਗੌਰਵ ਪੰਜਾਬ ਹਾਸਿਲ ਕਰਨ ਆਈ ਡਾ ਦ਼ਲੀਪ ਕੋਰ ਟਿਵਾਣਾ ਆਪਣੇ ਭਾਸ਼ਣ ਵਿਚ ਰੰਧਾਵਾ ਜੀ ਨੂੰ ਹੁੱਭ ਕੇ ਚੇਤੇ ਕਰ ਰਹੀ ਸੀ ਤੇ ਸ੍ਰੌਤੇ ਸਾਹ ਰੋਕ ਕੇ ਸੁਣ ਰਹੇ ਸਨ। ਇਹ ਪਲ ਮੈਨੂੰ ਪਿਆਰੇ ਪਿਆਰੇ ਲੱਗੇ ਤੇ ਯਾਦਗਾਰੀ ਵੀ।
ਕਲਾ ਭਵਨ ਦੇ ਪੱਕੇ ਵਿਹੜੇ ਵਿਚ ਮੰਜੇ ਜੋੜ ਕੇ ਉਹਨਾਂ ਉਤੇ ਸਪੀਕਰ ਬੰਨ੍ਹੇ ਜਾਂਦੇ ਹਨ ਤੇ ਕਾਲੇ ਤਵਿਆਂ ਵਿਚੋਂ ਗੀਤ ਗੂੰਜਦੇ ਨੇ-ਪਹਿਲੇ ਦਿਨ ਦੀ ਸਵੇਰ ਉਸਤਾਦ ਯਮਲੇ ਜੱਟ ਦਾ ਤਵਾ ਗੂੰਜਿਆਂ-'ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ'-ਤਾਂ ਲੱਗਿਆ ਕਿ ਜਿਵੇਂ ਪਿੰਡ ਵਿਚ ਕਿਸੇ ਮੁੰਡੇ ਦੇ ਮੰਗਣੇ ਉਤੇ ਗੀਤ ਵੱਜ ਰਿਹਾ ਹੈ। ਨਾਭੇ ਕੋਲੋਂ ਪਿੰਡ ਲੁਬਾਣੇ  ਤੋਂ ਤਵਿਆਂ ਦੀ ਸੰਭਾਲ ਕਰਨ ਵਾਲਾ ਭੀਮ ਸਿੰਘ ਹਰ ਸਾਲ ਤਵੇ ਗੂੰਜਾਉਣ ਆਉਂਦਾ ਹੈ। ਕਿਧਰੇ ਨੁੱਕੜ ਨਾਟਕ ਖੇਡ੍ਹਿਆ ਜਾ ਰਿਹਾ ਸੀ। ਕਿਧਰੇ ਕਵੀ ਦਰਬਾਰ ਵਿਚ ਕਵੀਆਂ ਦੇ ਤਰਾਨੇ ਗੂੰਜ ਰਹੇ ਸਨ। ਕਿਧਰੇ ਵੰਨ-ਸੁਵੰਂਨੀਆਂ ਨੁਮਾਇਸ਼ਾਂ ਲੱਗੀਆਂ ਹੋਈਆਂ। ਰੰਗ-ਬਿਰੰਗੇ ਝੰਡੇ ਝੂਲ ਰਹੇ ਸਨ ਤੇ ਕਿਧਰੇ ਸੂਫ਼ੀਆਨਾ ਕਲਾਮ ਗਾ ਰਿਹਾ ਸੀ ਰੱਬੀ ਸ਼ੇਰਗਿਲ। ਮਲਵੱਈ ਗਿੱਧਾ ਪਾ ਰਹੇ ਸਨ ਚੱਠੇ ਸੇਖਵਾਂ ਵਾਲੇ ਗੱਭਰੂ। ਦਿੱਲੀਓਂ ਆਏ ਡਾ ਮਦਨ ਗੋਪਾਲ ਦੀ ਗਾਇਕੀ ਨੇ ਸ੍ਰੋਤੇ ਮੋਹ ਲਏ। ਨਵੀਂ ਪੀੜ੍ਹੀ ਦੇ ਕਲਾਕਾਰ ਮਿਆਰੀ ਗਾਇਕੀ ਗਾ  ਰਹੇ ਤੇ ਇਸ ਬਾਰੇ ਗੱਲਾਂਬਾਤਾਂ ਵੀ ਕਰ ਰਹੇ ਸਨ। ਚੇਅਰਮੈਨ ਡਾ ਪਾਤਰ ਤੇ ਸਕੱਤਰ ਜਨਰਲ ਡਾ ਲਖਵਿੰਦਰ ਜੌਹਲ ਦੀ ਦੇਖ ਰੇਖ ਹੇਠ ਸਫਲਤਾ ਨਾਲ ਨੇਪਰੇ ਚੜ੍ਹੇ ਰੰਧਾਵਾ ਕਲਾ ਉਤਸਵ ਦੀਆਂ ਰੋਣਕਾਂ ਚਿਰ ਤੀਕ ਮਨ ਦੇ ਕੋਨਾਂ ਮੱਲੀ ਰੱਖਣਗੀਆਂ।

06 Feb. 2019

ਉਦਾਸ ਡਾਇਰੀ ਦਾ ਪੰਨਾ - ਨਿੰਦਰ ਘੁਗਿਆਣਵੀ

ਸਾਥ ਛੱਡ ਗਿਆ ਸਾਥੀ

17 ਜਨਵਰੀ 2019 ਦੀ ਰਾਤ। ਲੰਡਨ ਤੋਂ ਲੇਖਕ ਗੁਰਪਾਲ ਸਿੰਘ ਦੀ ਵੈਟਸ-ਐਪ ਕਾਲ  ਆ ਰਹੀ। ਹਾਲੇ ਕੱਲ ਹੀ ਉਸਦਾ ਭਾਣਜਾ ਉਸਦੀਆਂ ਕਿਤਾਬਾਂ ਦੇ ਕੇ  ਗਿਐ, ਹਾਂ...ਕਿਤਾਬਾਂ ਦੀ ਪਹੁੰਚ ਬਾਬਤ ਪੁੱਛਦਾ ਹੋਵੇਗਾ, ਇਹ ਸੋਚ ਕੇ "ਹੈਲੋ..." ਕਹਿੰਦਾ ਹਾਂ।
"ਮਾੜੀ ਖਬਰ ਐ, ਸਾਥੀ ਤੁਰ ਗਿਆ ਲੁਧਿਆਣਵੀ...।" ਉਹ ਦਸਦਾ ਹੈ।
"ਅੱਛਾ, ਮਾੜੀ ਹੋਈ ਬਹੁਤ, ਕਦੋਂ...?"
"ਅੱਜ ਹੀ, ਹਸਪਤਾਲ ਸੀ, ਕੈਂਸਰ ਨੇ ਢਾਹ ਲਿਆ ਸੀ, ਕਾਫੀ ਢਿੱਲਾ ਸੀ।"
 ਸਾਥੀ ਲੁਧਿਆਣਵੀ ਦੇ ਤੁਰ ਜਾਣ ਦੀ ਗੁਰਪਾਲ ਤੋਂ ਸੁਣੀਂ ਖਬਰ ਉਦਾਸ ਕਰ ਗਈ ਹੈ। ਉਸ ਨਾਲ ਆਪਣੀਆਂ ਵਲੈਤ ਫੇਰੀਆਂ ਸਮੇਂ ਹੋਈਆਂ ਮੁਲਾਕਾਤਾਂ ਚੇਤੇ ਆਣ ਲੱਗੀਆਂ, ਪਹਿਲਾਂ 2005ਬਤੇ ਫਿਰ 2010 ਵਿਚ।   ਦੁਨੀਆਂ ਦੇ ਕਿਸੇ ਕੋਨੇ ਵਿਚੋਂ ਕੋਈ ਅਦੀਬ, ਫ਼ਨਕਾਰ ਜਾਂ ਕਲਮਕਾਰ ਵਲੈਤ ਜਾਂਦਾ ਤਾਂ ਸਾਥੀ ਤੋਂ ਚਾਅ ਨਾ ਚੁਕਿਆ ਜਾਂਦਾ। ਉਹ ਹਰੇਕ ਨੂੰ ਹੁੱਭ੍ਹ ਕੇ ਮਿਲਦਾ ਹੁੰਦਾ। ਆਪਣੇ ਰੇਡੀਓ ਸਨਰਾਈਜ਼ ਵਿਚ ਮੁਲਾਕਾਤ ਰਿਕਾਰਡ ਕਰਦਾ। ਸਮਾਗਮਾਂ 'ਤੇ ਪਹੁੰਚਦਾ ਤੇ ਹਰ ਤਾਂ ਬੋਲਦਾ ਤੇ ਬਹੁਤੀ ਵਾਰ ਸਟੇਜ ਸਕੱਤਰੀ ਵੀ ਸੰਭਾਲਦਾ ਦੇਖਿਆ ਸੀ।
ਪਿਛਲੇ ਦਿਨਾਂ ਵਿਚ ਉਸ ਨਾਲ ਫੋਨ, ਈਮੇਲ ਤੇ ਵੈਟਸ-ਐਪ 'ਤੇ ਹੁੰਦੀ ਗੱਲਬਾਤ ਵੀ। ਮਹੀਨਾ ਪਹਿਲਾਂ ਤਾਂ ਉਸਨੇ ਆਪਣੀ ਇੱਕ ਰਚਨਾ ਈਮੇਲ ਕੀਤੀ ਸੀ, "ਸਲੌਹ 'ਚ ਨੁਸਰਤ ਫਤਹਿ ਅਲੀ ਖਾਂ ਦੀ ਫੇਰੀ।" ਹੱਥ ਲਿਖਤ, ਸਕੈਨ ਕਰ ਕੇ ਈਮੇਲ ਕੀਤੀ ਹੋਈ। ਗੱਲੀਂ-ਗੱਲੀਂ ਉਸ ਆਪਣੇ ਕੈਂਸਰ ਦੀ ਸੂਹ ਤੱਕ ਨਹੀਂ ਸੀ ਲੱਗਣ ਦਿੱਤੀ। ਜਦ ਇਹ ਗੱਲ ਗੁਰਪਾਲ ਸਿਮਘ ਨੂੰ ਦੱਸੀ, ਤਾਂ ਉਸ ਪ੍ਰੋੜਤਾ ਕੀਤੀ ਕਿ ਹਾਂ, ਸਾਥੀ ਕਿਸੇ ਨੂੰ ਦਸਦਾ ਨਹੀਂ ਸੀ, ਬਸ ਨੇੜਲਿਆਂ ਨੂੰ ਹੀ ਪਤਾ ਸੀ, ਸਾਥੀ ਕਹਿੰਦਾ ਸੀ ਕਿ ਬਿਮਾਰੀ ਨੇ ਤਾਂ ਢਾਹੁੰਣਾ ਹੀ ਢਾਹੁੰਣਾ ਐ ਸਗੋਂ ਪੁੱਛਣ-ਦੱਸਣ ਵਾਲੇ ਪੁੱਛ ਪੁੱਛ ਕੇ ਹੌਸਲਾ ਢਾਅ ਦਿੰਦੇ ਐ,।
ਪਿਛਲੇ  ਸਾਲ ਫੋਨ 'ਤੇ ਹੋਈਆਂ ਗੱਲਾਂ ਵਿਚ ਉਸ ਨੇ ਵਾਰ-ਵਾਰ ਕਿਹਾ ਸੀ ਕਿ ਉਸਦਾ ਨਵਾਂ ਛਪਿਆ ਨਾਵਲ 'ਸਾਹਿਲ' ਨਵਯੁਗ ਪਬਲਿਸ਼ਰਜ਼ ਦਿੱਲੀ ਵਾਲੇ ਦਸ ਕਾਪੀਆਂ ਕੋਰੀਅਰ ਕਰ  ਰਹੇ ਨੇ, ਇਸ ਨੂੰ ਭਾਸ਼ਾ ਵਿਭਾਗ ਵਿਚ ਇਨਾਮ ਵਾਸਤੇ ਰਿਕਮੈਂਡ ਕਰ ਦਿਓ।" ਮੈਂ ਦੱਸਿਆ ਕਿ ਲੇਖਕ ਵੱਲੋਂ ਇੱਕ ਪ੍ਰੋਫਾਰਮਾ ਵੀ ਨਾਲ ਭਰ ਕੇ ਭੇਜਣਾ ਪੈਂਦਾ ਹੈ, ਉਹ ਮਹਿਕਮੇ ਵਾਲੇ ਹੀ ਦਿੰਦੇ ਨੇ, ਉਸ ਕਿਹਾ ਕਿ ਮੈਂ ਕਿੱਥੋਂ ਲੱਭਾਂਗਾ ਪਰੋਫਾਰਮੇ? ਤੁਸੀਂ ਬਿਨਾਂ ਪਰੋਫਾਰਮੇ ਦੇ ਭੇਜ ਦੇਣਾ, ਜੇ ਚੰਗਾ ਲੱਿਗਆ ਤਾਂ ਇਨਾਮ ਮਿਲਜੂ, ਨਹੀਂ ਅੱਲਾ ਅੱਲਾ ਖੈਰ ਸੱਲਾ...ਵੈਸੇ ਮੈਨੂੰ ਮੇਨ ਇਨਾਮ ਪਰਵਾਸੀ ਸਾਹਿਤਕਾਰ ਵਾਲਾ ਤਾਂ ਮਿਲ ਈ ਚੁਕੈ...ਏਹ ਇਨਾਮ ਤਾਂ ਛੋਟਾ ਐ ਉਸਤੋਂ...।" ਉਹ ਨੌਬਰ-ਨੌਂ ਚੌਬਰ  ਵਾਂਗਰ ਹੱਸਿਆ ਤੇ "ਚੰਗਾ ਫੇ ਗੱਲ ਕਰਦੇ ਆਂ, ਓਕੇ ਬਾਏ ਬਾਏ" ਆਖ ਵੈਟਸ ਐਪ ਕਾਲ ਕੱਟ ਦਿੱਤੀ।
ਸਾਥੀ ਲੁਧਿਆਣਵੀ ਦੀ ਵਾਰਤਕ ਕਿਤਾਬ 'ਸਮੁੰਦਰੋਂ ਪਾਰ' ਦਿੱਲੀ ਵਿਸ਼ਵ ਪੁਸਤਕ ਮੇਲੇ ਤੋਂ ਕਈ ਸਾਲ ਪਹਿਲਾਂ ਖਰੀਦੀ ਸੀ ਤੇ ਵਲੈਤ ਦੁਆਲੇ ਘੁੰਮਦੀ ਉਸਦੀ ਵਾਰਤਕ ਦੇ ਨਮੂਨੇ ਦਿਲਚਸਪ ਸਨ। ਇਸੇ ਕਿਤਾਬ ਵਿਚੋਂ ਇੱਕ ਵੰਨਗੀ ਆਪਣੀ ਸੰਪਾਦਿਤ ਕਿਤਾਬ 'ਚੋਣਵੀਂ ਪੰਜਾਬੀ ਬਰਤਾਨਵੀਂ ਵਾਰਤਕ' ਲਈ ਵਰਤਣੀ ਚਾਹੁੰਦਾ ਸਾਂ ਪਰ ਸਾਥੀ ਨਵੀਂ ਰਚਨਾ ਦੇਣੀ ਚਾਹੁੰਦਾ ਸੀ। ਉਸਨੇ ਕਹਾਣੀ 'ਖਾਲੀ ਅੱਖਾਂ' ਭੇਜੀ। ਮੈਂ ਲੇਖ ਮੰਗ ਰਿਹਾ ਸਾਂ। ਫਿਰ ਕਈ ਦਿਨ ਕੋਈ ਜੁਆਬ ਨਾ ਆਇਆ। ਵਾਰ ਵਾਰ ਸੁਨੇਹੇ ਲਾਏ। ਗੁਰਪਾਲ ਸਿੰਘ ਦਾ ਫੋਨ ਆਇਆ ਤੇ ਉਸ ਦੱਸਿਆ ਕਿ ਉਹ ਚੈਕਅੱਪ ਲਈ ਹਸਪਤਾਲ ਗਿਆ ਹੋਇਆ ਸੀ, ਹੁਣ ਘਰ ਆ ਗਿਆ ਹੈ। ਨੁਸਰਤ ਫਤਹਿ ਖਾਂ ਬਾਰੇ ਲਿਖੀ ਹੱਥ ਲਿਖਤ ਦੇ 5 ਪੰਨੇ ਪੁੱਜ ਗਏ ਤੇ ਨਾਲ ਹੀ ਉਸ ਨੇ ਆਪਣੀ ਵਾਰਤਕ ਪੁਸਤਕ 'ਨਿੱਘੇ ਮਿੱਤਰ' ਦੀ ਪੀ.ਡੀ.ਐਫ ਭੇਜੀ ਹੋਈ ਸੀ ਤੇ ਪੜ੍ਹ ਕੇ ਸੁਝਾਵ ਲਿਖਣ ਲਈ ਵੀ ਕਿਹਾ ਹੋਇਆ ਸੀ।
ਸਾਥੀ ਹਾਸੇ-ਹਾਸੇ ਕਿਹਾ ਕਰਦਾ ਸੀ, ''ਮੈਂ ਲੁਧਿਆਣਵੀ ਤੇ ਤੂੰ ਘੁਗਿਆਣਵੀ...।" ਸਾਥੀ ਦੇ ਸਾਥ ਛੱਡਣ ਨਾਲ ਬਰਤਾਨੀਆਂ ਦੀਆਂ ਸਾਹਿਤਕ ਮਹਿਫਿਲਾਂ ਵਿਚ ਉਦਾਸੀ ਛਾਅ ਗਈ ਹੈ। ਭਾਰਤ ਬੈਠੇ ਉਹਦੇ ਮਿੱਤਰ ਵੀ ੳਦਾਸ ਹਨ। 'ਉਦਾਸ ਡਾਇਰੀ ਦਾ ਪੰਨਾ' ਲਿਖਦਿਆਂ ਮੈਂ ਵੀ ਉਦਾਸ ਹਾਂ।

-94174-21700
23 Jan. 2019

ਮਾਘੀ ਮੇਲੇ ਦੇ ਰੰਗ ਸਿਆਸਤ - ਨਿੰਦਰ ਘੁਗਿਆਣਵੀ

ਕੱਲ ਮਾਘੀ ਸੀ। ਪਰ ਇਸ ਵਾਰ ਮਾਘੀ ਦਾ ਸਿਆਸੀ ਰੰਗ ਫਿੱਕਾ ਫਿੱਕਾ ਰਿਹੈ। ਸਿਰਫ਼ ਅਕਾਲੀਆਂ ਨੇ ਸਟੇਜ ਲਾਈ। ਕੈਪਟਨ ਨੇ ਤਾਂ ਪਹਿਲਾਂ ਹੀ ਆਖ ਦਿੱਤਾ ਸੀ ਕਿ ਮਾਘੀ ਦੇ ਇਸ ਪਵਿੱਤਰ ਦਿਨ ਉਤੇ ਕਾਂਗਰਸ ਸਿਆਸੀ ਅਖਾੜਾ ਨਹੀਂ ਮਘਾਉਣਾ ਚਾਹੁੰਦੀ। ਪਰ ਬਾਦਲ ਨਹੀਂ ਟਲੇ! ਤਾਹਨੇ-ਮਿਹਣਿਆਂ ਦੇ ਰਾਗ ਤੇ ਡਫਲ਼ੀਆਂ ਖੂਬ ਗੂੰਜਾ ਗਏ। ਮਾਘੀ ਮੇਲੇ ਦਾ ਪਹਿਲਾ ਦਿਨ ਨੇਤਾਵਾਂ ਦੇ ਨਾਂ ਹੁੰਦੈ ਤੇ ਬਾਕੀ ਦਾ ਲਗਭਗ ਇੱਕ ਹਫ਼ਤਾ ਲੋਕਾਂ ਦੇ ਨਾਂ ਰਹਿੰਦੈ। ਇਹ ਮਾਘੀ ਮੇਲਾ ਕਈ ਦਿਨ ਮਘਦਾ ਰਹਿੰਦਾ ਹੈ! ਇਹਨਾਂ ਮਗਰਲੇ ਦਿਨਾਂ ਵਿੱਚ ਨਿਹੰਗ-ਸਿੰਘਾਂ ਦੇ ਗਤਕੇ ਦੇਖਣ ਨੂੰ ਮਿਲਦੇ ਨੇ, ਬਾਜ਼ੀਆਂ ਪੈਂਦੀਆਂ ਨੇ ਤੇ ਚੰਡੋਲਾਂ ਝੂਟਦੀਆਂ ਹਨ। ਲੱਖਾਂ ਰੁਪਏ ਦੇ ਘੋੜੇ-ਘੋੜੀਆਂ ਦੀਆਂ ਨੁਮਾਇਸ਼ਾਂ ਲਗਦੀਆਂ ਨੇ। ਡਾਂਗਾਂ ਤੇ ਖੂੰਡਿਆਂ ਦੀਆਂ ਦੁਕਾਨਾਂ ਕਈ-ਕਈ ਦਿਨ ਖੁੱਲ੍ਹੀਆਂ ਰਹਿੰਦੀਆਂ ਨੇ। ਪਿੰਡਾਂ ਤੋਂ ਟਰਾਲੀਆਂ ਭਰ-ਭਰ ਆਏ ਵੰਨ-ਸੁਵੰਨੇ ਭੋਜਨ-ਭੰਡਾਰੇ ਛਕਦੀਆਂ ਸੰਗਤਾਂ 'ਬੋਲੋ ਸੋ ਨਿਹਾਲ' ਦੇ ਜੈਕਾਰੇ ਗੁੰਜਾਉਂਦੀਆਂ ਦੂਰ ਤੱਕ ਸੁਣੀਂਦੀਆਂ ਹਨ।
ਅਕਸਰ ਦੇਖਦਾ ਰਿਹਾ ਹਾਂ ਕਿ ਸਿਆਣੇ ਲੋਕ ਤਾਂ ਸਿਆਣੇ ਨੇਤਾਵਾਂ ਦੇ ਭਾਸ਼ਣ ਸੁਣਕੇ ਸੁੱਖ ਸ਼ਾਂਤੀ ਨਾਲ ਘਰਾਂ ਨੂੰ ਪਰਤ ਆਉਂਦੇ ਨੇੴ ਵੱਖ-ਵੱਖ ਪਾਰਟੀਆਂ ਦੇ ਹੇਠਲੇ ਦਰਜੇ ਦੇ ਵਰਕਰ ਤੇ ਆਮ ਲੋਕ ਭਾਸ਼ਣ ਸੁਣਨ ਮਗਰੋਂ ਰਾਹ ਵਿੱਚ ਪੈਂਦੇ ਸ਼ਰਾਬ ਦੇ ਠੇਕਿਆਂ ਉੱਤੇ ਖੜ੍ਹ ਗਏ ਕਿ ਘੁਟ-ਘੁਟ ਹਾੜਾ ਲਾਉਂਦੇ ਨੇ, ਇਹ ਪੁਰਾਣੀ ਰੀਤ ਹੈ। ਲੀਡਰਾਂ ਲਈ ਸੰਘ ਪਾੜ-ਪਾੜ ਕੇ ਲਾਏ ਨਾਹਰਿਆਂ ਕਾਰਨ ਦਿਨ ਭਰ ਦਾ ਥਕੇਵਾਂ ਲਾਹੁੰਦੇ ਨੇ ਤੇ ਠੰਢ ਵੀ ਦੂਰ ਭਜਾਉਂਦੇ ਨੇ! ਇਹ ਵੀ ਦੇਖਿਆ ਹੈ ਕਿ ਸ਼ਰਾਬੀ ਹੋਏ ਵਰਕਰ ਕੁਝ ਪਿੰਡ ਆਣਕੇ ਲੜਦੇ ਨੇ, ਕੁਝ ਘਰ ਆਣ ਕੇ ਦਾਲ ਤੱਤੀ-ਠੰਢੀ ਦਾ ਬਹਾਨਾ ਬਣਾ ਕੇ ਆਪਣੀਆਂ ਤੀਮੀਆਂ ਨਾਲ ਖਹਿਬੜਦੇ ਨੇ, ਤੇ ਕੁਝ ਰਾਹ ਵਿੱਚ ਹੀ ਨਾਲ ਦਿਆਂ ਨਾਲ ਛਿੱਤਰੋ ਛਿੱਤਰੀ ਹੋ ਕੇ ਪਰਤਦੇ ਨੇੴ ਚਾਲੀ ਮੁਕਤਿਆਂ ਦੀ ਧਰਤੀ 'ਤੇ ਖਿਦਰਾਣੇ ਦੀ ਢਾਬ ਦਾ ਇਹ ਸਾਡਾ ਮਾਘੀ ਮੇਲਾ ਸਭਨਾਂ ਤੋਂ ਨਿਆਰਾ ਤੇ ਪਿਆਰਾ ਹੈ ਪਰ ਅਜਿਹਾ ਦੁਖਦਾਈ ਵਰਤਾਰਾ ਦਿਲ ਦੁਖਾ ਦਿੰਦਾ ਹੈ! ਸਵਾਲ ਹੈ ਕਿ ਕੀ ਕਿਸੇ ਨੇਤਾ ਨੂੰ ਪਤਾ ਹੈ ਕਿ ਅਸੀਂ ਕਿੱਥੇ ਆਏ ਹੋਏ ਹਾਂ? ਕੀ ਬੋਲ ਰਹੇ ਹਾਂ? ਕਿਸ ਲਈ ਬੋਲ ਰਹੇ ਹਾਂ? ਕਿਉਂ ਬੋਲ ਰਹੇ ਹਾਂ? ਮੰਨੋ ਚਾਹੇ ਨਾ ਮੰਨੋ, ਜਵਾਬ 'ਨਾਂਹ' ਵਿੱਚ ਹੀ ਮਿਲੇਗਾੴਇਤਿਹਾਸਿਕ  ਪਿਛੋਕੜ ਬਾਰੇ ਬੋਲਣ ਤੇ ਵਾਚਣ-ਵੇਖਣ ਦੀ ਵਿਹਲ ਕਿਸ ਕੋਲ ਹੈ ਭਲਾ? ਅਫੜਾ-ਤਫੜੀ ਪਈ ਹੋਈ ਦਿਸਦੀ ਹੈ। ਮੇਲਾ ਮਾਘੀ ਉਤੇ ਸਿਆਸੀ ਕਾਨਫਰੰਸਾਂ ਹਰ ਵਰ੍ਹੇ ਹੁੰਦੀਆਂ ਨੇ ਤੇ ਹੁੰਦੀਆਂ ਰਹਿਣਗੀਆਂੴ ਜੇਕਰ ਕਾਂਗਰਸੀ ਇਸ ਵਾਰ ਛੁੱਟੀ ਲੈ ਗਏ ਨੇ ਤਾਂ ਅਗਲੀ ਵਾਰੀ ਹਾਜਰ ਹੋ ਜਾਣਗੇ। 2019 ਦੀਆਂ ਵਿਧਾਨ ਸਭਾ ਚੋਣਾਂ ਦਾ ਐਲਾਨ ਹੁੰਦਿਆਂ ਚੋਣ ਜ਼ਾਬਤਾ ਇੱਕ ਮਹੀਨਾ ਪਹਿਲਾਂ ਲੱਗ ਜਾਵੇਗਾ। ਫਰਵਰੀ ਮਹੀਨਾ ਖਿਸਕਿਆ ਤਾਂ ਸਿਆਸੀ ਅਖਾੜਾ ਹੋਰ ਮਘ ਜਾਵੇਗਾ। ਇਹ ਗੱਲ ਸੁਟ੍ਹਣ ਵਾਲੀ ਨਹੀਂ ਕਿ  ਸਾਡੇ ਮੁਲਕ ਦੇ ਨੇਤਾਵਾਂ ਨੂੰ ਮੇਲਿਆਂ ਤੇ ਰੈਲੀਆਂ ਦੀ ਕੀ ਥੋੜ੍ਹ ਹੈ ਭਲਾ? ਅਜਿਹਾ ਕੁਝ ਤਾਂ ਇਨ੍ਹਾਂ ਨੂੰ ਕੋਈ ਰੋਜ਼ ਦੇਵੇੴ ਦੇਖਣ ਵਿਚ ਆਉਂਦਾ ਰਿਹੈ ਕਿ ਕੈਪਟਨ ਅਮਰਿੰਦਰ ਸਿੰਘ ਆਪਣੀਆਂ ਰੈਲੀਆਂ ਵਿਚ 'ਬਲੂੰਗੜਾ' 'ਬਿੱਲਾ' ਤੇ 'ਲੂੰਬੜ' ਜਿਹੇ ਸ਼ਬਦ ਆਪਣੇ ਭਾਸ਼ਨਾਂ ਵਿੱਚ ਵਰਤਦੇ ਰਹੇ ਹਨ, ਜੋ ਸ਼ੋਭਦੇ ਨਹੀਂ ਸਨ ਤੇ ਸੁਖਬੀਰ ਸਿੰਘ ਬਾਦਲ ਨੇ ਵੀ ਆਮ ਆਦਮੀ ਪਾਰਟੀ ਵਾਲਿਆਂ ਦੀਆਂ ਟੋਪੀਆਂ ਦੀ ਰਤਾ ਖੈਰ ਨਹੀਂ ਮੰਗੀ, ''ਚੱਕ ਦਿਓ ਏਹ ਟੋਪੀਆਂ-ਟੂਪੀਆਂ।" ਬੋਲੇ ਉਹਨਾਂ ਦੇ ਬੋਲ ਆਮ ਆਦਮੀ ਵਾਲਿਆਂ ਨੂੰ ਰੜਕਦੇ ਰਹੇ ਨੇ। ਇਸ ਵਾਰੀ ਸੁਖਬੀਰ ਨੇ ਮਾਘੀ ਮੇਲੇ 'ਤੇ ਕੈਪਟਨ ਨੂੰ ਇਹ ਵੀ ਆਖ ਦਿੱਤਾ ਕਿ ਉਹ ਤਾਂ ਦਾਰੂ ਪੀ ਕੇ ਡੱਕਿਆ ਰਹਿੰਦੈ। ਮਜੀਠਿਆ  ਮਨਪ੍ਰੀਤ ਬਾਦਲ ਨੂੰ 'ਡੁਪਲੀਕੇਟ ਬਾਦਲ' ਦੱਸ ਗਿਆ।
                        ਵੱਡੇ ਬਾਦਲ ਨੂੰ ਨਾਂ ਕਿਉਂ ਭੁੱਲਦੇ ਨੇ?
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਾਸ਼ਨ ਦਾ ਰੰਗ-ਰਾਗ ਹੁਣ ਚਾਹੇ ਪਹਿਲਾਂ ਵਾਲਾ ਨਹੀਂ ਰਿਹਾ ਪਰ ਆਪਣੇ ਭਾਸ਼ਣ ਦੌਰਾਨ ਦਿਲ-ਲਗੀਆਂ ਖੂਬ ਕਰ ਜਾਂਦੇ ਨੇੴ ਬੜੀ ਵਾਰੀ ਹਾਸਾ ਵੀ ਖੂਬ ਖਿਲੇਰਦੇ ਹਨੴ ਮੈਨੂੰ ਯਾਦ ਹੈ ਕਿ ਇੱਕ ਵਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਜਗਦੇਵ ਸਿੰਘ ਜੱਸੋਵਾਲ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਬਦਲੇ ਸਨਮਾਨਿਆ ਤਾਂ ਸ੍ਰ. ਜੱਸੋਵਾਲ ਖੂੰਡੀ ਦੇ ਸਹਾਰੇ ਸਟੇਜ ਉੱਤੇ ਪੁੱਜੇੴ ਬਾਦਲ ਸਾਹਿਬ ਆਪਣੇ ਭਾਸ਼ਣ ਵਿੱਚ ਬੋਲੇ, ''ਆਹ ਵੇਖੋ, ਮੈਥੋਂ ਛੋਟਾ ਐ ਤੇ ਖੂੰਡੀ ਲਈ ਫਿਰਦੈ, ਮੈਂ ਅਜੇ ਵੀ ਜੁਆਨ ਆਂੴ" ਇਹੋ ਗੱਲ ਆਪਣੇ ਜੁਆਨ ਹੋਣ ਵਾਲੀ, ਉਹ ਮਾਘੀ ਮੇਲੇ ਉੱਤੇ ਕਹਿ ਗਏੴ ਤੇ ਹਾਂ ਸੱਚ...ਉੱਥੇ ਹੀ ਉਨ੍ਹਾਂ ਆਪਣੇ ਨਾਲ ਖਲੋਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਨੂੰ ਪੁੱਛਿਆ, ''ਏਸ ਬੰਦੇ ਦਾ ਨਾਂ ਕੀ ਐ, ਮੈਂ ਭੁੱਲ ਗਿਆ?" ਹਾਲਾਂਕਿ ਬਾਦਲ ਨਾਲ ਜੱਸੋਵਾਲ ਨੇ ਦੋ ਵਾਰ ਵਿਧਾਨ ਸਭਾ ਦੀ ਚੋਣ ਵੀ ਲੜੀ ਹੋਈ ਸੀ ਤੇ ਉਹ ਜੱਸੋਵਾਲ ਨੂੰ ਚੰਗੀ ਤਰਾਂ ਜਾਣਦੇ-ਪਛਾਣਦੇ ਵੀ ਸਨ। ਸਿਆਣੇ ਕਹਿੰਦੇ ਹਨ ਕਿ ਸਟੇਜ ਉੱਤੇ ਬੋਲਦਿਆਂ ਜਦੋਂ ਕਿਸੇ ਦਾ ਨਾਂ ਭੁੱਲ ਜਾਓ ਤੇ ਨਾਲ ਖਲੋਤੇ ਨੂੰ ਪੁੱਛੋ ਤਾਂ ਅਗਲੇ ਨੂੰ ਭੁੰਜੇ (ਥੱਲੇ) ਲਾਹੁੰਣ ਵਾਲੀ ਗੱਲ ਹੀ ਹੁੰਦੀ ਹੈੴ ਸੋ, ਇੱਕ ਵਾਰ ਨਹੀਂ, ਵੱਡੇ ਬਾਦਲ ਸਾਹਿਬ ਬਥੇਰੇ ਵਾਰੀ 'ਵੱਡੇ-ਵੱਡੇ' ਇਉਂ ਹੀ ਭੁੰਜੇ ਲਾਹੇ ਹਨੴ ਪਿਛਲੇ ਮਾਘੀ ਮੇਲੇ ਉੱਤੇ ਉਹ ਸੁਖਪਾਲ ਸਿੰਘ ਖਹਿਰਾ, ਜਿਸਦਾ ਬਾਪ ਬਾਦਲ ਸਾਹਿਬ ਦਾ ਨਜ਼ਦੀਕੀ ਰਿਹਾ ਤੇ ਸੁੱਚਾ ਸਿੰਘ ਛੋਟੇਪੁਰ, (ਜੋ ਅਕਾਲੀ ਸਰਕਾਰ ਵਿੱਚ ਮੰਤਰੀ ਰਿਹਾ) ਦਾ ਨਾਂ ਵੀ ਭੁੱਲ ਗਏ ਤੇ ਲਾਗਿਓਂ ਕਿਸੇ ਨੂੰ ਦੋ ਵਾਰ ਪੁੱਛਿਆੴਉਂਝ ਕਹਿੰਦੇ ਹਨ ਕਿ ਵੱਡੇ ਬਾਦਲ ਸਾਹਬ ਦੀ ਯਾਦਦਸ਼ਤ ਬੜੀ ਕਮਾਲ ਦੀ ਹੈ ਤੇ ਉਹਨਾਂ ਆਪਣੇ ਪਿੰਡਾਂ ਲਾਗਲੇ ਪੁਰਾਣੇ ਸਾਥੀਆਂ ਦੇ ਨਾਂ ਹਾਲੇ ਵੀ ਚੇਤੇ ਰੱਖੇ ਹੋਏ ਹਨ। ਪਰ ਸਿਆਸੀ ਸਟੇਜ ਦੇ ਰੰਗ ਹੋਰ ਹੁੰਦੇ ਨੇ, ਮੌਕੇ 'ਤੇ ਹੀ ਪਤਾ ਚਲਦਾ ਹੈ ਕਿ ਜਦੋਂ ਇਹ ਰੰਗ ਬਦਲ ਜਾਂਦੇ ਨੇ!

ninder_ghugianvi@yahoo.com

16 Jan. 2019